Rang-Sugandh : Sadhu Singh Hamdard

ਰੰਗ-ਸੁਗੰਧ : ਸਾਧੂ ਸਿੰਘ ਹਮਦਰਦ



ਰੁਬਾਈ

ਅਖੀਆਂ ਚੋਂ ਮਿਰੇ ਮੀਂਹ ਦੀ ਝੜੀ ਹੁੰਦੀ ਹੈ ਤੂੰ ਹੋਵੇਂ ਜਿਵੇਂ ਮੌਤ ਖੜੀ ਹੁੰਦੀ ਹੈ । ਦੀਦਾਰ ਤਿਰਾ ਜਿਹੜੀ ਘੜੀ ਹੋ ਜਾਂਦੈ ਉਹੀਉ ਤੇ ਕ਼ਿਆਮਤ ਦੀ ਘੜੀ ਹੁੰਦੀ ਹੈ। ਰੰਗ ਵੰਨ-ਸੁਵੰਨੀਆਂ ਗ਼ਜ਼ਲਾਂ ਦਾ

ਗ਼ਮਾਂ ਨਾਲ ਮੈਨੂੰ ਸ਼ਫ਼ਾ ਮਿਲ ਰਹੀ ਹੈ

ਗ਼ਮਾਂ ਨਾਲ ਮੈਨੂੰ ਸ਼ਫ਼ਾ ਮਿਲ ਰਹੀ ਹੈ । ਮਸੀਹਾ ਤੋਂ ਕੈਸੀ ਦਵਾ ਮਿਲ ਰਹੀ ਹੈ । ਇਹ ਕਿਸਮਤ ਹੈ ਮੇਰੀ ਕਿ ਅਜ ਤੇਰੇ ਬਾਝੋਂ ਵਫ਼ਾਵਾਂ ਦੇ ਬਦਲੇ ਜਫ਼ਾ ਮਿਲ ਰਹੀ ਹੈ। ਸੁਲਗਦੈ ਮਿਰਾ ਦਿਲ ਤੇਰੇ ਗ਼ਮ 'ਚ ਹਰਦਮ ਇਹ ਕਿਉਂ ਮੈਨੂੰ ਏਨੀ ਸਜ਼ਾ ਮਿਲ ਰਹੀ ਹੈ ? ਤਿਰੇ ਗ਼ਮ ਨੇ ਦਿਲ ਨੂੰ ਬਣਾਇਆ ਹੈ ਭਾਂਬੜ ਇਧੀ ਅਗ ਨੂੰ ਕਿੱਦਾਂ ਹਵਾ ਮਿਲ ਰਹੀ ਹੈ। ਤਿਹਾਇਆ ਤੇਰੇ ਬਾਝ ਉਹ ਜਾਏ ਕਿੱਥੇ ਜਿਨੂੰ ਹਰ ਤਰਫ਼ ਕਰਬਲਾ ਮਿਲ ਰਹੀ ਹੈ। ਮੈਂ ਬਰਬਾਦੀਆਂ ਵਿਚ ਪਨਾਹ ਭਾਲਦਾ ਹਾਂ ਮਿਰੇ ਦਿਲ ਨੂੰ ਕਿੱਥੇ ਜਗਾ ਮਿਲ ਰਹੀ ਹੈ ! ਮਿਰੀ ਜ਼ਿੰਦਗੀ ਮੌਤ ਦਾ ਰੂਪ ਹੋਈ ਇਹ ਕਿਸ ਗਲ ਦੀ ਮੈਨੂੰ ਸਜ਼ਾ ਮਿਲ ਰਹੀ ਹੈ ? ਮੈਂ ਬਿਜਲੀ ਨੂੰ ਸੱਦਾਂ ਨ ਕਿਉਂ ਆਹਲਣੇ ਵਿਚ ਇਹਦੇ ਵਿਚੋਂ ਤੇਰੀ ਅਦਾ ਮਿਲ ਰਹੀ ਹੈ । ਲਹੂ ਦਿਲ ਦਾ ਪੀ ਪੀ ਕੇ ਗ਼ਮ ਖਾ ਰਿਹਾ ਹਾਂ ਇਹੋ ਮੈਨੂੰ ਅਜਕਲ ਗਿ਼ਜ਼ਾ ਮਿਲ ਰਹੀ ਹੈ। ਤਿਰਾ ਗ਼ਮ ਉਧਾ ਗਮ, ਤਿਰਾ ਗ਼ਮ ਮਿਰਾ ਗ਼ਮ, ਤਿਰੇ ਗ਼ਮ ਨੂੰ ਕਿੰਨੀ ਹਵਾ ਮਿਲ ਰਹੀ ਹੈ । ਕਰਾਂ ਨਾਜ਼ ‘ਹਮਦਰਦ' ਕਿਸਮਤ ਤੇ ਕਿਉਂ ਨਾ ? ਇਥੇ ਵਿਚ ਉਧੀ ਮਿਹਰ ਸ਼ਾਮਿਲ ਰਹੀ ਹੈ ।

ਕੀ ਪਤਾ ਸੀ ਇਹ ਵੀ ਕਾਰਾ

ਕੀ ਪਤਾ ਸੀ ਇਹ ਵੀ ਕਾਰਾ ਹੋਏਗਾ। ਮੇਰਾ ਪਿਆਰਾ ਰਬ ਨੂੰ ਪਿਆਰਾ ਹੋਏਗਾ । ਤੇਰੇ ਗ਼ਮ ਦਾ ਹੁਣ ਸਹਾਰਾ ਹੋਏਗਾ। ਹੋਏਗਾ ਸਾਡਾ ਗੁਜ਼ਾਰਾ ਹੋਏਗਾ । ਰੋ ਕੇ ਹੌਲਾ ਕਰ ਲਵਾਂਗਾ ਇਸ ਨੂੰ ਮੈਂ ਜਦ ਮੇਰਾ ਦਿਲ ਭਾਰਾ ਭਾਰਾ ਹੋਏਗਾ । ਅਗ ਦੇ ਸਾੜੇ ਨੂੰ ਹਟਾਉਂਦੇ ਅਗ ਦਾ ਸੇਕ ਮੇਰੇ ਗ਼ਮ ਦਾ ਗ਼ਮ ਹੀ ਚਾਰਾ ਹੋਏਗਾ । ਜਾਣ ਵਾਲੇ ਸੋਚਣਾ ਸੀ ਇਹ ਵੀ ਤੂੰ ਕਿਸ ਤਰਾਂ ਸਾਡਾ ਗੁਜ਼ਾਰਾ ਹੋਏਗਾ ! ਕਰ ਦਿਆਂਗਾ ਜਾਨ ਦੇ ਕੇ ਹਲ ਸਵਾਲ ਗ਼ੈਰ ਨੂੰ ਉੱਤਰ ਕਰਾਰਾ ਹੋਏਗਾ । ਗ਼ੈਰ ਕੰਢੇ ਤੇ, ਤੇ ਮੈਂ ਮੰਝਧਾਰ ਵਿਚ ਹੋਏਗਾ ਸਾਡਾ ਨਿਤਾਰਾ ਹੋਏਗਾ। ਨਾ ਖ਼ੁਦਾ ਦਾ ਨੇੜ ਤਕਿਆ ਜੇ ਤੁਸੀਂ ਦੂਰ ਬੇੜੀ ਤੋਂ ਕਿਨਾਰਾ ਹੋਏਗਾ । ਕੀ ਮਿਰਾ ਘਰ ਫਿਰ ਬਣਾਏਂਗਾ ਬਹਿਸ਼ਤ ਕੀ ਕਦੇ ਏਦਾਂ ਦੁਬਾਰਾ ਹੋਏਗਾ ? ਤੂੰ ਨਹੀਂ ਆਏਂਗਾ ਫਿਰ ਵੀ ਹੈ ਉਡੀਕ ਹੁਣ ਤੇ ਅਨਹੋਣੀ ਸਹਾਰਾ ਹੋਏਗਾ । ਜਿਸ ਦੇ ਵਿਚ ਹਮਦਰਦ ਹੁੰਦਾ ਸਾਂ ਗੜੂੰਦ ਕੀ ਕਦੇ ਫਿਰ ਉਹ ਨਜ਼ਾਰਾ ਹੋਏਗਾ ?

ਇਕ ਵਹਿਮ ਨਿਰਾਧਾਰ ਤੋਂ

ਇਕ ਵਹਿਮ ਨਿਰਾਧਾਰ ਤੋਂ ਡਰ ਲਗਦਾ ਹੈ । ਕਿਰਪਾਲ ਨਿਰਾਕਾਰ ਤੋਂ ਡਰ ਲਗਦਾ ਹੈ । ਹੱਸੇ ਨ ਕਲੀ ਫੁਲ ਨ ਖਿੜੇ ਹੁਣ ਇਸ ਵਿਚ ਉਜੜੇ ਹੋਏ ਗੁਲਜ਼ਾਰ ਤੋਂ ਡਰ ਲਗਦਾ ਹੈ । ਜੋ ਪਾਲ ਰਿਹੈ ਦਿਲ ‘ਚ ਹਵਸ ਦੇ ਕੀੜੇ ਉਸ ਪਿਆਰ ਦੇ ਬੀਮਾਰ ਤੋਂ ਡਰ ਲਗਦਾ ਹੈ । ਗੁਫ਼ਤਾਰ ਦੇ ਗ਼ਾਜ਼ੀ ਤੇ ਮੈਂ ਹਸ ਛਡਦਾ ਹਾਂ ਕਿਰਦਾਰ ਦੇ ਮੁਰਦਾਰ ਤੋਂ ਡਰ ਲਗਦਾ ਹੈ । ਸ਼ਾਹਾਂ ਦੀ ਵੀ ਪਰਵਾਹ ਨਹੀਂ ਮੈਨੂੰ ਕੋਈ ਇਕ ਹੁਸਨ ਦੀ ਸਰਕਾਰ ਤੋਂ ਡਰ ਲਗਦਾ ਹੈ । ਤੈਨੂੰ ਤੇ ਤਿਰੇ ਗ਼ਮ ਨੂੰ ਭੁਲਾਵਾਂ ਕੀਕਰ ਤੈਥੋਂ ਤੇ ਤਿਰੇ ਪਿਆਰ ਤੋਂ ਡਰ ਲਗਦਾ ਹੈ । ਤਸਵੀਰ ਉਹਦੀ ਤੋਂ ਮੈਂ ਬੜਾ ਬਚਦਾ ਹਾਂ ਕਿਉਂ ਅਪਣੇ ਹੀ ਦਿਲਦਾਰ ਤੋਂ ਡਰ ਲਗਦਾ ਹੈ ? ਇਕ ਦੇਵੇ ਗ਼ਰੀਬੀ ਤੇ ਖਰੀਦੇ ਇਕ ਪਿਆਰ ਭਗਵਾਨ ਤੇ ਜ਼ਰਦਾਰ ਤੋਂ ਡਰ ਲਗਦਾ ਹੈ । ਬਿਦ ਬਿਦ ਕੇ ਜੋ ਯਾਰੀ ਦੇ ਲਗਾਉਂਦੈ ਨਅਰੇ ਮੈਨੂੰ ਤੇ ਉਸੇ ਯਾਰ ਤੋਂ ਡਰ ਲਗਦਾ ਹੈ। ਜਾਬਰ ਦੀ ਕਿਸੇ ਗਲ ਦਾ ਨਹੀਂ ਡਰ ਮੈਨੂੰ ਮਜਬੂਰ ਦੀ ਵੰਗਾਰ ਤੋਂ ਡਰ ਲਗਦਾ ਹੈ । ਖ਼ੁਦ ਆਪ ਹੀ ਦੁਸ਼ਮਣ ਹੈ ਉਹ ਅਪਣਾ ਜਿਸ ਨੂੰ ‘ਹਮਦਰਦ' ਜਿਹੇ ਯਾਰ ਤੋਂ ਡਰ ਲਗਦਾ ਹੈ ।

ਮਿਰੇ ਦਿਲ ਦੇ ਗ਼ਮ ਦੀ ਦਵਾ

ਮਿਰੇ ਦਿਲ ਦੇ ਗ਼ਮ ਦੀ ਦਵਾ ਕਰਦੇ ਕਰਦੇ । ਬੁਰਾ ਕਰ ਗਏ ਉਹ ਭਲਾ ਕਰਦੇ ਕਰਦੇ । ਤੇਰੇ ਇਸ਼ਕ ਦਾ ਹਕ਼ ਅਦਾ ਕਰਦੇ ਕਰਦੇ । ਅਸੀਂ ਮਰ ਗਏ ਹਾਂ ਵਫ਼ਾ ਕਰਦੇ ਕਰਦੇ । ਅਸੀਂ ਆਏ ਮਕ਼ਤਲ ਚ ਸਿਰ ਦੇਣ ਖ਼ਾਤਿਰ ਤੁਸੀਂ ਰੁਕ ਗਏ ਫੈਸਲਾ ਕਰਦੇ ਕਰਦੇ । ਜੁਦਾ ਹੋ ਰਹੇ ਨੇ ਜ਼ਮਾਨੇ ਤੋਂ ਆਸ਼ਿਕ ਤਿਰੇ ਗ਼ਮ ਨੂੰ ਦਿਲ ਤੋਂ ਜੁਦਾ ਕਰਦੇ ਕਰਦੇ । ਸਦਾ ਯਾਦ ਰੱਖੋ ਮੁਹੱਬਤ ਚ ਇਹ ਗਲ ਬਣੇਗਾ ਨ ਕੁਝ ਤੌਖਲਾ ਕਰਦੇ ਕਰਦੇ । ਉਨ੍ਹਾਂ ਦੇ ਬੁਲਾਵੇ ਤੇ ਪਹੁੰਚੇ ਅਸੀਂ ਜਦ ਉਹ ਕਿਉਂ ਰੁਕ ਗਏ ਫੈਸਲਾ ਕਰਦੇ ਕਰਦੇ ? ਜਫ਼ਾ ਦੇ ਸਹਾਰੇ ਹੀ ਜਿਉਂਦਾ ਰਿਹਾ ਮੈਂ ਉਹ ਸਮਝੇ ਨ ਇਹ ਗਲ ਜਫ਼ਾ ਕਰਦੇ ਕਰਦੇ । ਮਿਰਾ ਦਰਦ ਦਿਲ ਦਾ ਵਧੀ ਜਾ ਰਿਹਾ ਹੈ ਤਬੀਬ ਅਕ ਗਏ ਨੇ ਦਵਾ ਕਰਦੇ ਕਰਦੇ। ਅਸੀਂ ਅਪਣੇ ਆਪੇ ਤੋਂ ਹੋਏ ਹਾਂ ਬੇ-ਰੁਖ਼ ਤਿਰੀ ਬੇ-ਰੁਖ਼ੀ ਦਾ ਗਿਲਾ ਕਰਦੇ ਕਰਦੇ । ਅਸੀਂ ਜਦ ਵੀ ਪਹੁੰਚੇ ਤੁਹਾਡੀ ਗਲੀ ਵਿਚ ਤੁਸੀਂ ਰੁਕ ਗਏ ਵਾਰਤਾ ਕਰਦੇ ਕਰਦੇ । ਗੁਜ਼ਰ ਹੋ ਰਹੀ ਹੈ ਰਕੀਬਾਂ ਦੀ ਮਰ ਮਰ ਉਹ ਜਿਉਂਦੇ ਨੇ ‘ਹਮਦਰਦ' ਕਿਆ ਕਰਦੇ ਕਰਦੇ।

ਬਣਕੇ ਪਾਣੀ ਪਾਣੀ ਰਾਤ

ਬਣਕੇ ਪਾਣੀ ਪਾਣੀ ਰਾਤ। ਲੰਘੀ ਅੱਖਾਂ ਥਾਣੀ ਰਾਤ। ਖ਼ਾਬ 'ਚ ਆਇਆ ਹਾਣੀ ਰਾਤ । ਲੱਗੀ ਬਹੁਤ ਸੁਹਾਣੀ ਰਾਤ। ਤੂੰ ਸੈਂ ਤਾਂ ਸ਼ਿਵਰਾਤਾਂ ਸਨ ਫੇਰ ਕਦੇ ਨਹੀਂ ਮਾਣੀ ਰਾਤ । ਸੁੱਖਾਂ ਭਰਿਆ ਤੇਰਾ ਦਿਨ ਮੇਰੀ ਦਰਦ-ਕਹਾਣੀ ਰਾਤ। ਤੇਰੇ ਸਾਹਾਂ ਵਿਚ ਘੁਲ ਕੇ ਮਹਿਕੀ ਰਾਤ ਦੀ ਰਾਣੀ ਰਾਤ। ਦਿਨ ਸੀ ਹਿਜਰ ਦਾ ਪਰਬਤ ਵਾਂਗ ਬੈਠੀ ਤੰਬੂ ਤਾਣੀ ਰਾਤ। ਵਿਛੜੇ ਯਾਰ ਮਿਲਾਂਉਦੀ ਹੈ ਖ਼ਾਬਾਂ ਦੇ ਵਿਚ ਮਾਣੀ ਰਾਤ। ਸੁਪਨੇ ਸੁਪਨਾ ਹੋਏ ਨੇ ਆਈ ਖਸਮਾਂ-ਖਾਣੀ ਰਾਤ । ਨ੍ਹੇਰ ਮਚਾਇਆ ਜ਼ੁਲਫਾਂ ਨੇ ਹੋਈ ਪਾਣੀ ਪਾਣੀ ਰਾਤ। ਜੋ ਹਾਣੀ ਦੇ ਨਾਲ ਗਈ ਰੱਬਾ ਭੇਜ ਪੁਰਾਣੀ ਰਾਤ । ਬੇਦਰਦਾਂ ਬਿਨ 'ਹਮਦਰਦਾ' ਅੱਖਾਂ ਦੇ ਵਿਚ ਛਾਣੀ ਰਾਤ।

ਤੂੰ ਨਹੀਂ ਸਾਡੀ ਪਾਈ ਗਲ

ਤੂੰ ਨਹੀਂ ਸਾਡੀ ਪਾਈ ਗਲ। ਸਾਡੇ ਦਿਲ ਇਹ ਆਈ ਗਲ। ਜਦ ਵੀ ਉਹਨੇ ਲਾਈ ਗਲ। ਫੇਰ ਨ ਸਾਨੂੰ ਆਈ ਗਲ । ਗਲ ਗਲ ਉੱਤੇ ਟੋਕਣ ਦੀ ਤੈਨੂੰ ਕਿਸਨੇ ਸਿਖਾਈ ਗਲ। ਗ਼ੈਰ ਦੇ ਪਤਰਾ ਵਾਚਣ ਨੇ ਮੇਰੀ ਫੇਰ ਚਲਾਈ ਗਲ। ਤੇਰੇ ਸੌਂਹੇ ਆਂਉਦੇ ਹੀ ਰਹਿ ਗਈ ਮੂੰਹ ਵਿਚ ਆਈ ਗਲ। ਵਿਗੜੀ ਸਾਡੇ ਹੀ ਹੱਥੋਂ ਮੁਸ਼ਕਿਲ ਨਾਲ ਬਣਾਈ ਗਲ। ਮੇਰੇ ਦਿਲ ਦੀ ਗਲ ਸੁਣ ਕੇ ਉਸਨੇ ਹੋਰ ਚਲਾਈ ਗਲ। ਤੇਰੇ ਮੇਰੇ ਬਾਰੇ ਵਿਚ ਗ਼ੈਰਾਂ ਖੂਬ ਉਡਾਈ ਗਲ । ਤੇਰੇ ਦਿਲ ਚੋਂ ਜਾਂਦੀ ਨਹੀਂ ਐਸੀ ਗ਼ੈਰ ਬਿਠਾਈ ਗਲ ! ਵਾਰੇ ਜਾਵਾਂ ਸੁਪਨੇ ਦੇ ਜਿਸਨੇ ਫੇਰ ਬਣਾਈ ਗਲ। ‘ਹਮਦਰਦਾ' ਸਚ ਹੁੰਦੀ ਹੈ ਮੌਤ ਦੇ ਮੂੰਹੋਂ ਆਈ ਗਲ।

ਜੇ ਨਾ ਤੇਰਾ ਹਿਲਦਾ ਦਿਲ

ਜੇ ਨਾ ਤੇਰਾ ਹਿਲਦਾ ਦਿਲ। ਕਿੱਦਾਂ ਮੈਨੂੰ ਮਿਲਦਾ ਦਿਲ । ਤੇਰੇ ਨਾਲ ਬਹਾਰਾਂ ਸਨ ਹੁਣ ਬਿਲਕੁਲ ਨਹੀਂ ਖਿਲਦਾ ਦਿਲ । ਬਣਦੀ ਬਣਦੀ ਬਣਦੀ ਗਲ ਮਿਲਦਾ ਮਿਲਦਾ ਮਿਲਦਾ ਦਿਲ । ਮੋੜ ਕੇ ਦੇਂਦੋਂ ਜਦ ਦਿਲ ਤੂੰ ਰਹਿ ਗਇਆ ਉਹੀਉ ਦਿਲ ਦਾ ਦਿਲ । ਗ਼ੈਰਾ ਇਸ਼ਕ ਨ ਖੇਲ ਸਮਝ ਸਿਰ ਦੇ ਵੱਟੇ ਮਿਲਦਾ ਦਿਲ । ਦਿਲ ਨੂੰ ਦਿਲ ਦਾ ਰਾਹ ਹੁੰਦੈ ਜਾਣੂ ਹੁੰਦੈ ਦਿਲ ਦਾ ਦਿਲ । ਤੇਰੇ ਨਾਲ ਗਈ ਰੌਣਕ ਤੂੰ ਹੀ ਮੈਂ ਮਹਿਫ਼ਲ ਦਾ ਦਿਲ । ਪੂਜਣ ਨੂੰ ਦਿਲ ਕਰਦਾ ਹੈ ਇਕ ਜ਼ਾਲਿਮ ਕ਼ਾਤਿਲ ਦਾ ਦਿਲ। ਮੁਕਰੇ ਕਿਉਂ ਹੋ ਇਹ ਕਹਿ ਕੇ "ਲੈ ਲਉ ਸਾਥੋਂ ਦਿਲ ਦਾ ਦਿਲ ।” ਮੋਮ ਕਿਵੇਂ ਹੋ ਜਾਏਗਾ ਪੱਥਰ ਦਾ ਜਾਂ ਸਿਲ ਦਾ ਦਿਲ। ‘ਹਮਦਰਦਾ' ਕਿਉਂ ਲਗਦਾ ਨਹੀਂ ਮੇਰੇ ਦਿਲ ਦੇ ਦਿਲ ਦਾ ਦਿਲ ।

ਅਪਣੀ ਅਲਖ ਮੁਕਾਈ ਹੈ

ਅਪਣੀ ਅਲਖ ਮੁਕਾਈ ਹੈ। ਤੇਰੀ ਖ਼ੈਰ ਮਨਾਈ ਹੈ । ਉਹ ਭਾਵੇਂ ਹਰਜਾਈ ਹੈ । ਦਿਲ ਉਹਦਾ ਸ਼ੈਦਾਈ ਹੈ । ਭੜਕੇ ਭੜਕੇ ਫਿਰਦੇ ਹੋ ਕਿਸ ਨੇ ਲੂਤੀ ਲਾਈ ਹੈ ? ਅਧਵਾਟੇ ਮਰਿਆ ਆਸ਼ਕ ਉਸਨੇ ਤੋੜ ਨਿਭਾਈ ਹੈ । ਤੇਰੇ ਨਾਲ ਬਹਾਰ ਗਈ ਕੈਸੀ ਪਤਝੜ ਆਈ ਹੈ! ਇਕ ਥਾਂ ਕ਼ੈਦ ਕਿਵੇਂ ਹੋਵੇ ਹਰਜਾਈ ਹਰਜਾਈ ਹੈ। ਰੋਕੋ ਓਸ ਸੁਦਾਈ ਨੂੰ ਉਹ ਕਿਸਦਾ ਸ਼ੈਦਾਈ ਹੈ ? ਤੇਰੀ ਯਾਦ ਨੇ ਓ ਜ਼ਾਲਮ ਮੇਰੀ ਹੋਸ਼ ਭੁਲਾਈ ਹੈ। ਪਰਦਾ ਰਖਿਆ ਹੈ ਤੇਰਾ ਦਿਲ ਵਿਚ ਯਾਦ ਲੁਕਾਈ ਹੈ। ਯਾਰ ਗਇਆ ਕੀ ਦੁਨੀਆਂ ਚੋਂ ਮੇਰੀ ਸ਼ਾਮਤ ਆਈ ਹੈ। ਮੌਤ ਆਏ ‘ਹਮਦਰਦ' ਉਸਨੂੰ ਜਿਸ ਨੇ ਮੌਤ ਬਣਾਈ ਹੈ।

ਹੁਸਨ ਤਿਰਾ ਹਰਜਾਈ ਹੈ

ਹੁਸਨ ਤਿਰਾ ਹਰਜਾਈ ਹੈ। ਮੇਰਾ ਇਸ਼ਕ ਸੁਦਾਈ ਹੈ। ਹੁਸਨ ਤਿਰੇ ਅਤਿ ਚਾਈ ਹੈ। ਸਾਡਾ ਰਾਮ-ਸਹਾਈ ਹੈ। ਗ਼ੈਰ ਦਾ ਦੁਖ ਹੈ ਮੇਰਾ ਦੁਖ ਭਾਵੇਂ ਪੀੜ-ਪਰਾਈ ਹੈ। ਸ਼ੇਖ ਆਇਆ ਹੈ ਠੇਕੇ ਵਿਚ ਕਿਸ ਨੇ ਬਣਤ-ਬਣਾਈ ਹੈ ? ਨਾਂਹ ਕਹਿਕੇ ਵੀ ਆਏ ਹੋ ਲਾ ਕੇ ਫੇਰ ਬੁਝਾਈ ਹੈ। ਖੋਇਆ ਖੋਇਆ ਰਹਿੰਦਾ ਹਾਂ ਕੈਸੀ ਕਿਸਮਤ ਪਾਈ ਹੈ ? ਵਰਜਤ ਵਰਜਤ ਕਹਿਕੇ ਵੀ ਪੰਡਤ ਨੇ ਵਰਤਾਈ ਹੈ। ਨਾਗਣ ਵਾਂਗੂੰ ਫਨ ਚੁਕ ਕੇ ਜ਼ੁਲਫ ਉਧੀ ਲਹਿਰਾਈ ਹੈ । ਸ਼ੇਖ਼ ਗਇਆ ਹੈ ਠੇਕੇ ਨੂੰ ਉਸਨੂੰ ਸੋਝੀ ਆਈ ਹੈ । ਗ਼ੈਰ ਆਇਆ ਹੈ ਤੇਰੇ ਨਾਲ ਹੋਰ ਮੁਸੀਬਤ ਆਈ ਹੈ। ਮੈਥੋਂ ਖੋਹਿਆ ਯਾਰ ਮਿਰਾ ਕੀ ‘ਹਮਦਰਦ' ਖੁਦਾਈ ਹੈ ?

ਜਲਵਾ ਪਰਦਾ ਕਰਦਾ ਹੈ

ਜਲਵਾ ਪਰਦਾ ਕਰਦਾ ਹੈ । ਪਰਦਾ ਇਹ ਕੀ ਪਰਦਾ ਹੈ ? ਰਿੰਦੋ ਸ਼ੇਖ ਨੂੰ ਔਣ ਦਿਓ ਬੰਦਾ ਅਪਣੇ ਘਰ ਦਾ ਹੈ। ਖੁਲ੍ਹੇ ਦਰਸ਼ਨ ਸਭ ਨੂੰ ਹਨ ਮੈਥੋਂ ਹੀ ਕਿਉਂ ਪਰਦਾ ਹੈ ? ਇਹ ਦਿਲ ਇਕ ਹਰਜਾਈ ਦੀ ਕਿੱਦਾਂ ਹਾਮੀ ਭਰਦਾ ਹੈ । ਤੇਰੇ ਕਾਰਣ ਜੀਉਂਦੈ ਦਿਲ ਤੇਰੇ ਉੱਤੇ ਮਰਦਾ ਹੈ। ਪਿਆਰ 'ਚ ਛੱਲਾਂ ਹੀ ਛੱਲਾਂ ਡੁਬ ਡੁਬ ਬੇੜਾ ਤਰਦਾ ਹੈ। ਇਕੋ ਮਸਤ ਨਜ਼ਰ ਦੇ ਨਾਲ ਮੇਰਾ ਬੁੱਤਾ ਸਰਦਾ ਹੈ। ਬੰਦੇ ਦਾ ਬੰਦਾ ਬਣ ਕੇ ਬੰਦਾ ਹੱਥੀਂ ਚਰਦਾ ਹੈ । ਇਸ਼ਕ ‘ਚ ਸੱਚਾ ਆਸ਼ਕ ਹੀ ਪੈਰ ਟਿਕਾ ਕੇ ਧਰਦਾ ਹੈ । ਗ਼ੈਰ ਨਿਗੱਲਾ ਬਿਦ ਬਿਦ ਕੇ ਕਿੱਦਾਂ ਗੱਲਾਂ ਕਰਦਾ ਹੈ । ਜ਼ਾਹਿਦ ਪਿਆਸਾ ‘ਹਮਦਰਦਾ' ਅਪਣਾ ਕੀਤਾ ਭਰਦਾ ਹੈ ।

ਤੇਰੇ ਨਾਲ ਗੁਜ਼ਾਰੇ ਦਿਨ

ਤੇਰੇ ਨਾਲ ਗੁਜ਼ਾਰੇ ਦਿਨ । ਸਜਣਾ ਕੌਣ ਵਿਸਾਰੇ ਦਿਨ। ਖ਼ਾਬ ਜਗਾਏ ਰਾਤਾਂ ਨੇ ਜਿਤੀਆਂ ਰਾਤਾਂ, ਹਾਰੇ ਦਿਨ। ਅਪਣੇ ਸਾਥ ਦਾ ਇਕ ਦਿਨ ਦੇਹ ਲੈ ਲੈ ਮੇਰੇ ਸਾਰੇ ਦਿਨ। ਤੇਰੇ ਨਾਲ ਗਏ ਸਜਨਾ ਮੇਰੇ ਪਿਆਰੇ ਪਿਆਰੇ ਦਿਨ । ਖ਼ਾਬਾਂ ਭਰੀਆਂ ਰਾਤਾਂ ਨੇ ਮੇਰੇ ਫੇਰ ਨਿਖਾਰੇ ਦਿਨ । ਤੇਰੇ ਬਾਝੋਂ ਲਗਦੇ ਨੇ ਕਾਲੀਆਂ ਰਾਤਾਂ ਭਾਰੇ ਦਿਨ। ਕੀ ਸੀ, ਜੇ ਰਬ ਦੇ ਦੇਂਦਾ ਤੈਨੂੰ ਚਾਰ ਉਧਾਰੇ ਦਿਨ ! ਖ਼ਾਬਾਂ ਮੱਤੀਆਂ ਰਾਤਾਂ ਦੇ ਜਾਂਦੇ ਨੇ ਬਲਿਹਾਰੇ ਦਿਨ । ਸਾਲਾਂ ਬੱਧੀ ਰੜਕਣਗੇ ਰਬ ਨੇ ਇੰਝ ਖਿਲਾਰੇ ਦਿਨ। ਕੀ ਮੈਨੂੰ ਹੀ ਮਿਲਣੇ ਸਨ ਸਾਰੇ ਹੀ ਦੁਖਿਆਰੇ ਦਿਨ ? ਕਿੰਦਾਂ ਡੰਗ ਚਲਾਉਂਦੇ ਨੇ ‘ਹਮਦਰਦਾ’ ਵਿਸਿਆਰੇ ਦਿਨ ।

ਮੇਰੇ ਕੋਲ ਉਹ ਬਹਿੰਦਾ ਹੈ

ਮੇਰੇ ਕੋਲ ਉਹ ਬਹਿੰਦਾ ਹੈ। ਦੂਤੀ ਭੁੰਜੇ ਲਹਿੰਦਾ ਹੈ । ਮੈਨੂੰ ਉਹ ਜੋ ਕਹਿੰਦਾ ਹੈ। ਉਸ ਤੋਂ ਫਿਰਦਾ ਰਹਿੰਦਾ ਹੈ। ਖੁਦ-ਗਰਜ਼ੀ ਦੀ ਦੁਨੀਆਂ ਵਿਚ ਕੌਣ ਕਿਸੇ ਨੂੰ ਸਹਿੰਦਾ ਹੈ । ਮਨ ਮੌਜੀ ਮੌਜਾਂ ਦੇ ਵਿਚ ਚੜ੍ਹਦਾ ਲਹਿੰਦਾ ਰਹਿੰਦਾ ਹੈ ? ਆਸ਼ਕ ਚੋਟ ਜੁਦਾਈ ਦੀ ਸਹਿੰਦਾ ਸਹਿੰਦਾ ਸਹਿੰਦਾ ਹੈ । ਦੂਰ ਵੀ ਰਹਿਕੇ ਉਹ ਹਰਦਮ ਮੇਰੇ ਦਿਲ ਵਿਚ ਰਹਿੰਦਾ ਹੈ। ਰਖਦੈ ਢਿੱਲਾ ਢਿੱਲਾ ਮੂੰਹ ਖਿਚਿਆ ਖਿਚਿਆ ਰਹਿੰਦਾ ਹੈ । ਠੰਡੇ ਹੌਕੇ ਭਰਕੇ ਵੀ ਦਿਲ ਕਿਉਂ ਜਲਦਾ ਰਹਿੰਦਾ ਹੈ । ਸੁਣਦੈ ਕੌਣ ਕਿਸੇ ਦੀ ਗਲ ਕੌਣ ਦਿਲਾਂ ਦੀ ਕਹਿੰਦਾ ਹੈ ? ਦਾਗ਼ ਰਕ਼ਾਬਤ ਦਾ ਦਿਲ ਤੋਂ ਲਹਿੰਦਾ ਲਹਿੰਦਾ ਲਹਿੰਦਾ ਹੈ ? ‘ਹਮਦਰਦਾ’ ਇਹ ਗਲ ਹੈ ਕੀ ? ਗਲ ਕਰਿਆਂ ਦਿਲ ਬਹਿੰਦਾ ਹੈ ।

ਜੋ ਤੈਥੋਂ ਲਏ ਦਿਨ ਉਧਾਰੇ

ਜੋ ਤੈਥੋਂ ਲਏ ਦਿਨ ਉਧਾਰੇ ਅਸੀਂ। ਨ ਪੁੱਛੋ ਕਿਸ ਤਰ੍ਹਾਂ ਉਹ ਗੁਜ਼ਾਰੇ ਅਸੀਂ । ਉਡਾਇਆ ਤੂਫਾਨਾਂ ਨੇ ਸਾਡਾ ਮਜ਼ਾਕ ਤਰੇ ਜਦ ਕਿਨਾਰੇ ਕਿਨਾਰੇ ਅਸੀਂ । ਨਿਸ਼ਾਨੇ ਤੇ ਇਕ ਵੀ ਨ ਬੈਠਾ ਕਦੇ ਬੜੇ ਤੀਰ ਤੇ ਤੀਰ ਮਾਰੇ ਅਸੀਂ। ਤਿਰੇ ਨਾਂ ਤੇ ਕ਼ਾਤਲ ਨੇ ਵੰਗਾਰਿਆ ਤਿਰਾ ਨਾਮ ਇਕਦਮ ਪੁਕਾਰੇ ਅਸੀਂ। ਨ ਆਇਆ ਸਲੀਕਾ ਅਜੇ ਜੀਣ ਦਾ ਬਿਸ਼ਕ ਪੈਰ ਚੰਨ ਤਕ ਪਸਾਰੇ ਅਸੀਂ। ਹਸੀਨੋਂ ਤੁਸੀਂ ਸਾਡੇ ਕ਼ਾਤਿਲ ਨਹੀਂ ਮਰੇ ਹਾਂ ਮੁਹੱਬਤ ਦੇ ਮਾਰੇ ਅਸੀਂ। ਖਿਲਾਰੇਗਾ ਹਾਸੇ ਅਸਾਡੇ ਉਹ ਫੇਰ ਕਿਵੇਂ ਸੋਚੀਏ ਉਹਦੇ ਬਾਰੇ ਅਸੀਂ। ਮਲਾਹ ਦੌੜੇ ਆਏ ਉਦੋਂ ਸਾਡੇ ਵਲ ਜਦੋਂ ਆਣ ਲੱਗੇ ਕਿਨਾਰੇ ਅਸੀਂ ! ਤੁਸੀਂ ਪਿਆਰ ਕੀਤਾ ਤੇ ਕੀਤਾ ਉਦੋਂ ਜਦੋਂ ਹੋਏ ਅੱਲਾ ਨੂੰ ਪਿਆਰੇ ਅਸੀਂ । ਬੜਾ ਕੰਮ ਲਿਆ ਇਕੋ ਬੋਤਲ ਦੇ ਨਾਲ ਕਈ ਸ਼ੇਖ 'ਹਮਦਰਦ' ਤਾਰੇ ਅਸੀਂ।

ਦਿਲ ਵਿਚ ਯਾਦ ਲਕੋਈ ਹੈ

ਦਿਲ ਵਿਚ ਯਾਦ ਲਕੋਈ ਹੈ । ਉਹ ਹੀ ਸਾਥ ਖਲੋਈ ਹੈ। ਤੇਰੀ ਨਜ਼ਰੋਂ ਗਿਰਿਆ ਜੋ ਉਸਨੂੰ ਕਿਥੇ ਢੋਈ ਹੈ ? ਜਿਸ ਵਿਚ ਇਸ਼ਕ ਨੇ ਜਨਮ ਲਿਆ 'ਮੈਂ' ‘ਮੈਂ' ਉਸਦੀ ਮੋਈ ਹੈ । ਓ ! ਪੱਥਰ ਦਿਲ ਮਿਹਰ ਤਿਰੀ ਹੁੰਦੀ ਹੁੰਦੀ ਹੋਈ ਹੈ । ਮੇਰਾ ਹਸਮੁੱਖ ਯਾਰ ਗਇਆ ਸਾਰੀ ਦੁਨੀਆ ਰੋਈ ਹੈ । ਹੰਝੂ ਵੇਖ, ਮਿਰੇ ਬਾਰਸ਼ ਪਾਣੀ ਪਾਣੀ ਹੋਈ ਹੈ । ਮਰਦੈ ਜਿਹੜਾ ਤੇਰੇ ਤੇ ਉਹ ਤੈਨੂੰ ਅਜ ਕੋਈ ਹੈ। ਖ਼ੁਸ਼ ਖੁਸ਼ ਕਿਧਰੋਂ ਆਏ ਹੋ ਮੇਹਰ ਅਜ ਕਿਸ ਤੇ ਹੋਈ ਹੈ ? ਧੌਣ ਝੁਕਾ ਕੇ ਚੱਲੇ ਕਿਉਂ ਜਿਸ ਦੀ ਜਾਨ ਨਰੋਈ ਹੈ। ਹਮਦਰਦੀ ਹਮਦਰਦੀ ਵਿਚ ਝੰਡ ਕਿਸੇ ਦੀ ਹੋਈ ਹੈ। ਹੁਕਮ ਚਲਾ ‘ਹਮਦਰਦ' ਉੱਤੇ ਉਸ ਦੀ ਇਹ ਅਰਜੋਈ ਹੈ।

ਦੂਤੀ ਗੱਲਾਂ ਮਾਰੇਗਾ

ਦੂਤੀ ਗੱਲਾਂ ਮਾਰੇਗਾ । ਆਸ਼ਕ ਆਪਾ ਵਾਰੇਗਾ। ਪੈਲਾਂ ਪਾਂਦੇ ਜਾਵਾਂਗੇ ਜਦ ਕ਼ਾਤਿਲ ਵੰਗਾਰੇਗਾ। ਹਥ ਨਾ ਆਈਂ ਵਾਇਜ਼ ਦੇ ਉਹ ਹੱਥਾਂ ਤੇ ਚਾਰੇਗਾ। ਮਰਦੈ ਰੋਜ਼ ਹਸੀਨਾਂ ਤੇ ਇਹ ਦਿਲ ਮੈਨੂੰ ਮਾਰੇਗਾ। ਮੌਤ ਸਹੇੜੇਗਾ ਕਿਹੜਾ ਤੈਨੂੰ ਕੌਣ ਵਸਾਰੇਗਾ ? ਆਸ਼ਿਕ ਭਾਵੇਂ ਜਿਤ ਜਾਵੇ ਆਸ਼ਿਕ ਫਿਰ ਵੀ ਹਾਰੇਗਾ। ਇੱਕੋ ਜਾਮ ਤਿਰਾ ਸਾਕ਼ੀ ਡੁਬਦੇ ਬੇੜੇ ਤਾਰੇਗਾ । ਪੀ ਪੀ ਕੇ ਅਗ ਨੂੰ ਆਸ਼ਿਕ ਅਪਣਾ ਹਿਰਦਾ ਠਾਰੇਗਾ। ਆਸ਼ਿਕ ਮਰਦੇ ਦਮ ਤੀਕਰ ਤੇਰਾ ਨਾਮ ਪੁਕਾਰੇਗਾ । ਇਸ਼ਕ ਦੇ ਵਿਹੜੇ ਵੜਿਆ ਜੋ ਮੌਤ ਨੂੰ ਵਾਜਾਂ ਮਾਰੇਗਾ । ‘ਹਮਦਰਦਾੱ ਨਾਂਹ ਲਿਖ ਕੇ ਵੀ ਤੇਰੇ ਚਿੱਠੇ ਤਾਰੇਗਾ ।

ਮੁੱਦਤ ਤੋਂ ਹੀ ਆਸਾਂ ਸਨ

ਮੁੱਦਤ ਤੋਂ ਹੀ ਆਸਾਂ ਸਨ ਉਸਨੇ ਸਾਡੇ ਆਣਾ ਹੈ । ਪਰ ਆਉਂਦਾ ਹੀ ਬੋਲ ਪਿਆ ‘ਜਾਣਾ ਹੈ ਮੈਂ ਜਾਣਾ ਹੈ।' ਉਹਦੀ ਹਿਰਸ ਮਿਟੇ ਕਿੱਦਾਂ ਉਹਦਾ ਪੇਟ ਭਰੇ ਕੀਕਣ ਸਭ ਤੋਂ ਰਿਸ਼ਵਤ ਖਾ ਕੇ ਜੋ ਫਿਰ ਵੀ ਭੁੱਖਣ-ਭਾਣਾ ਹੈ। ਜ਼ਾਹਿਦ ਮੈਨੂੰ ਮਿਲਿਆ ਸੀ ਇਕ ਦਿਨ ਐਸੀ ਮਹਿਫਿਲ ਵਿਚ ਮੈਂ ਵੀ ਉਸ ਤੋਂ ਕਾਣਾ ਹਾਂ ਉਹ ਵੀ ਮੈਥੋਂ ਕਾਣਾ ਹੈ। ਇਹ ਚੱਕਰ ਹੈ ਕੀ ਚੱਕਰ ਇਹ ਮੰਜ਼ਿਲ ਹੈ ਕੀ ਮੰਜ਼ਿਲ ਕਲ ਜਿਸ ਥਾਂ ਤੋਂ ਆਏ ਸਾਂ ਕਲ ਓਥੇ ਹੀ ਜਾਣਾ ਹੈ । ਸਾਕ਼ੀ ਦੇ ਨੈਣੋਂ ਪੀ ਕੇ ਮਸਤ ਰਿਹਾ ਕਰ ਰਿੰਦਾ ਤੂੰ ਮੈਅ ਜਿਹੜੀ ਤੂੰ ਪੀਂਦਾ ਹੈਂ ਉਸਨੇ ਤੈਨੂੰ ਖਾਣਾ ਹੈ। ਸਾਕ਼ੀ ਤੇ ਮੈਅ ਨਿੰਦ ਰਿਹੈ ਹੂਰ ਤੇ ਕੌਸਰ ਦਾ ਗਾਹਕ ਵਿਚੋਂ ਜ਼ਾਹਿਦ ਕਾਣਾ ਹੈ ਉਤੋਂ ਬੀਬਾ ਰਾਣਾ ਹੈ । ਰਾਗ ਕੁਵੇਲੇ ਦਾ ਜਿੱਦਾਂ ਜਾਣਾ ਅੱਲੋਕਾਰ ਤਿਰਾ ਵੈਸੇ ਤਾਂ ਇਸ ਦੁਨੀਆ ਤੋਂ ਇਕ ਦਿਨ ਸਭ ਨੇ ਜਾਣਾ ਹੈ । ਜ਼ਾਹਿਦ ਤੇਰੀ ਜੰਨਤ ਤਾਂ ਇਕ ਖਿੱਦੋ ਹੈ ਲੀਰਾਂ ਦੀ ਇਹ ਇਕ ਖ਼ਾਮ-ਖ਼ਿਆਲੀ ਹੈ ਐਵੇਂ ਤਾਣਾ ਬਾਣਾ ਹੈ । ਯਾਰਾਂ ਨਾਲ ਬਹਾਰਾਂ ਸਨ ਹੁਣ ‘ਹਮਦਰਦ’ ਖਿ਼ਜ਼ਾਂ ਆਈ ਉਹ ਵੀ ਉਸਦੀ ਰਹਿਮਤ ਸੀ ਇਹ ਵੀ ਉਸਦਾ ਭਾਣਾ ਹੈ ।

ਦਿਨ ਨੂੰ ਗ਼ੈਰਾਂ ਨਾਲ ਰਹਾਂ

ਦਿਨ ਨੂੰ ਗ਼ੈਰਾਂ ਨਾਲ ਰਹਾਂ ਖ਼ਾਬਾਂ ਦੇ ਵਿਚ ਤੇਰੇ ਨਾਲ ਦਿਨ ਰਾਤੀਂ ਇਉਂ ਰਹਿੰਦਾ ਹਾਂ ਸੱਪਾਂ ਨਾਲ, ਸਪੇਰੇ ਨਾਲ। ਗ਼ੈਰ ਹੈ ਮਤਲਬ ਦਾ ਬੰਦਾ ਉਸਦੀ ਕੀਮਤ ਕੁਝ ਵੀ ਨਹੀਂ ਕੀ ਹੋਇਆ ਜੇ ਹੋਇਆ ਉਹ ਤੇਰੇ ਨਾਲ ਕਿ ਮੇਰੇ ਨਾਲ । ਜ਼ਾਹਿਦ ਚਾਰ ਚੁਫੇਰ ਨੇ ਰਿੰਦਾ ! ਤੇਰਾ ਰਬ ਰਾਖਾ ਸਾਂਭ ਪਿਆਲਾ ਤੇ ਬੋਤਲ ਜੋ ਨਿਭਣੇ ਨੇ ਤੇਰੇ ਨਾਲ । ਤਿਲਕ ਲੰਮੇਰਾ ਮਸਤਕ ਦਾ ਤੇ ਜਾਂ ਮੱਥੇ ਦਾ ਰੱਟਣ ਕੁਝ ਨਾ ਕੁਝ ਤੇ ਰਹਿਣਾ ਹੈ, ਆਖ਼ਿਰ ਬੁੱਢੇ ਠੇਰੇ ਨਾਲ। ਇਕ ਮੰਜ਼ਿਲ ਬਾਅਦ ਇਕ ਮੰਜ਼ਿਲ ਇਸ਼ਕ ਦਾ ਪੰਧ ਲੰਮੇਰਾ ਹੈ ਇਸਦਾ ਅੰਤ ਨਹੀਂ ਹੁੰਦਾ ਇਕ ਮੰਜ਼ਿਲ ਦੇ ਘੇਰੇ ਨਾਲ। ਫਕ ਲਿਆ ਅਪਣਾ ਸਭ ਕੁਝ ਤਾਂ ਜੋ ਬਾਗ਼ ਆਬਾਦ ਰਹੇ ਬਿਜਲੀ ਖੁੰਧਕ ਖਾਂਦੀ ਹੈ ਮੇਰੇ ਰੈਣ-ਬਸੇਰੇ ਨਾਲ । ਅਪਣੇ ਘਰ ਹੀ ਰਖ ਜ਼ਾਹਿਦ ਅਮਲੇ-ਫੈਲੇ ਅਪਣੇ ਨੂੰ ਬੰਦੇ ਦੇ ‘ਹਮਦਰਦ' ਨੇ ਜੋ ਰਿੰਦ ਬੜੇ ਨੇ ਮੇਰੇ ਨਾਲ

ਬਹੁਤਾ ਹੈ ਜਾਂ ਥੋੜਾ ਹੈ

ਬਹੁਤਾ ਹੈ ਜਾਂ ਥੋੜਾ ਹੈ । ਥੋੜਾ ਫਿਰ ਵੀ ਤੋੜਾ ਹੈ। ਮੈਅਖ਼ਾਨਾ ਹੈ ਬਹੁਤ ਬੜਾ ਸਾਕ਼ੀ ਦਾ ਦਿਲ ਥੋੜਾ ਹੈ। ਜੁੱਤੀ-ਚੋਰ ਦਵੈਤੀ ਹੀ ਮੇਰੇ ਰਾਹ ਦਾ ਰੋੜਾ ਹੈ। ਇਨਸਾਨਾਂ ਦੀ ਦੁਨੀਆਂ ਵਿਚ ਇਨਸਾਨਾਂ ਦਾ ਤੋੜਾ ਹੈ। ਦਿੰਦੀ ਹੈ ਇਹ ਜਨਮ ਨਵਾਂ ਮੌਤ ਦਾ ਡਰ ਬੇਲੋੜਾ ਹੈ। ਤਿੱਖੀ ਚਾਲੇ ਚਲਦੇ ਹੋ ਕਿਸ ਦੇ ਘਰ ਨੂੰ ਮੋੜਾ ਹੈ ? ਜਿਹੜਾ ਗੁਜ਼ਰੇ ਤੇਰੇ ਨਾਲ ਉਹ ਪਲ ਕਿਹੜਾ ਥੋੜਾ ਹੈ ? ਭਰਦਾ ਫਿਸਦਾ ਰਹਿੰਦਾ ਏ ਦੂਤੀ ਹਿਕ ਦਾ ਫੋੜਾ ਹੈ । ਨਾਜ਼ ਨ ਏਨਾ ਵਸਲ ਤੇ ਕਰ ਆਖ਼ਰਕਾਰ ਵਿਛੋੜਾ ਹੈ। ਮਿਲਿਆ ਤੇ ਹੈ ਪਿਆਰ ਤਿਰਾ ਬਹੁਤਾ ਹੈ ਜਾਂ ਥੋੜਾ ਹੈ। ‘ਹਮਦਰਦਾ' ਦੁਨੀਆ ਵਿਚ ਕਿਉਂ ਹਮਦਰਦਾਂ ਦਾ ਤੋੜਾ ਹੈ ?

ਤੇਰੇ ਮੇਰੇ ਖ਼ਿਆਲ ਦਾ ਝਗੜਾ

ਤੇਰੇ ਮੇਰੇ ਖ਼ਿਆਲ ਦਾ ਝਗੜਾ । ਬਣਿਆ ਚਿੱਟੇ ਤੇ ਲਾਲ ਦਾ ਝਗੜਾ । ਵਾਰ ਕਰਦੇ ਹੋ ਮੁਸਕਰਾ ਤੇ ਤੁਸੀਂ ਕਰ ਰਹੇ ਹੋ ਕਮਾਲ ਦਾ ਝਗੜਾ। ਕਿੰਝ ਦੁਨੀਆਂ ‘ਚ ਫੈਲਿਆ ਹੈ ਸ਼ੇਖ਼ ਤੇਰੇ ਮੇਰੇ ਖ਼ਿਆਲ ਦਾ ਝਗੜਾ । ਤੇਰਾ ਸਾਨੀ ਨਜ਼ਰ ਨਹੀਂ ਆਉਂਦਾ ਪੈ ਗਇਆ ਹੈ ਮਿਸਾਲ ਦਾ ਝਗੜਾ। ਅਰਸ਼ ਤੇ ਤੂੰ ਤੇ ਫ਼ਰਸ਼ ਤੇ ਮੈਂ ਹਾਂ ਕਿੰਨਾ ਵਧਿਆ ਖ਼ਿਆਲ ਦਾ ਝਗੜਾ । ਜਾਣ ਲੀਤੀ ਹੈ ਤੇਰੇ ਦਿਲ ਦੀ ਮੈਂ ਤੇਰਾ ਝਗੜਾ ਹੈ ਮਾਲ ਦਾ ਝਗੜਾ। ਖ਼ਤਮ ਕੀਤਾ ਤੂੰ ਇਕ ਜਵਾਬ ਅੰਦਰ ਮੇਰੇ ਸੌ ਸੌ ਸਵਾਲ ਦਾ ਝਗੜਾ । ਦੋਸਤੋ ਪਿਆਰ ਇਹ ਨਹੀਂ ਹੈ ਅਜੇ ਇਹ ਹੈ ਛੱਲੇ ਰੁਮਾਲ ਦਾ ਝਗੜਾ । ਮਾਰਦਾ ਮੌਤ ਨੂੰ ਛੜਾਂ ਬੰਦਾ ਜੇ ਨ ਹੁੰਦਾ ਅਕਾਲ ਦਾ ਝਗੜਾ। ਸ਼ੇਖ਼ ਪੰਡਤ ਤੇ ਭਾਈ ਹੋਰਾਂ ਵਿਚ ਕਿਉਂ ਹੈ ਰੋਟੀ ਤੇ ਦਾਲ ਦਾ ਝਗੜਾ ? ਅੱਲਾ ਵਾਲੇ ਜ਼ਰੂਰ ਫਸ ਪੈਂਦੇ ਜੇ ਨ ‘ਹਮਦਰਦ' ਟਾਲਦਾ ਝਗੜਾ ।

ਧਮਕੀ ! ਤੇ ਉਹ ਵੀ ਮੈਨੂੰ !

ਧਮਕੀ ! ਤੇ ਉਹ ਵੀ ਮੈਨੂੰ ! ਪੈਰ ਪਿਛਾਹਾਂ ਧਰਨ ਲਈ ? ਕ਼ਾਤਲ ! ਹੋਸ਼ ਦਾ ਦਾਰੂ ਕਰ ਮੈਂ ਨਹੀਂ ਜੰਮਿਆ ਮਰਨ ਲਈ। ਗੋਡੇ ਗੋਡੇ ਚਾ ਚੜ੍ਹਿਆ ਪੈਰ ਜ਼ਿਮੀਂ ਤੇ ਟਿਕਦਾ ਨਹੀਂ ਆਇਆ ਮਕ਼ਤਲ ਵਿਚ ਆਸ਼ਕ ਮੌਤ ਦੀ ਲਾੜੀ ਵਰਨ ਲਈ । ਇਕ ਮੁਸਕਾਣ ਦਿਓ ਸਾਨੂੰ, ਜਾਨ ਲਓ ਇਸ ਦੇ ਵੱਟੇ ਸਧਰਾਂ ਲੈ ਕੇ ਆਏ ਹਾਂ ਇਸ਼ਕ ਦੇ ਸੌਦੇ ਕਰਨ ਲਈ। ਤੇਰਾ ਸੱਚਾ ਆਸ਼ਕ ਹਾਂ ਹਾਰ ਤੇ ਜਿਤ ਹੈ ਇਕ ਮੈਨੂੰ ਮੈਂ ਜਿਤਿਆ ਹੈ ਦੁਨੀਆ ਨੂੰ ਤੇਰੇ ਪਾਸੋਂ ਹਰਨ ਲਈ । ਜਮਣਾ ਉਹਦਾ ਹੈ ਜਮਣਾ ਮਰਨਾ ਉਹਦਾ ਹੈ ਮਰਨਾ ਜਮਦਾ ਹੈ ਤੇ ਮਰਦਾ ਹੈ ਆਸ਼ਕ ਦੁਖੜੇ ਜਰਨ ਲਈ ? ਸੋਚ ਸਮਝ ਕੇ ਹੀ ਆਸ਼ਕ, ਮਕ਼ਤਲ ਦੇ ਵਿਚ ਅਇਆ ਹੈ ਮੌਤ ਦਾ ਫੰਦਾ ਹੈ ਅੱਗੇ ਪਿੱਛੇ ਕੀ ਹੈ ਡਰਨ ਲਈ ? ਸ਼ੇਖ਼ ਆਸ਼ਕ ਦੀ ਕਬਰ ਉੱਤੇ, ਪਾਪ ਅਪਣੇ ਬਖ਼ਸ਼ਾਂਦਾ ਹੈ ਉਹਨਾਂ ਦਾ ਵੀ ਕੀ ਕਹਿਣਾ ਜਿਨ੍ਹਾਂ ਇਸ਼ਕ ਦੀ ਸ਼ਰਨ ਲਈ। ਦੂਰ ਕਿਨਾਰੇ ਤੇ ਖੜ ਕੇ ਗੱਲਾਂ ਕਰਨਾ ਸੌਖਾ ਹੈ ਦਿਲ ਗੁਰਦਾ ਪਰ ਚਾਹੀਦੈ ਮੰਝਧਾਰਾਂ ਵਿਚ ਤਰਨ ਲਈ। ਹਾਲ ਬੁਰਾ ਹੈ ਵਾਇਜ਼ ਦਾ ਜੱਨਤ ਵਿਚ ਵੀ 'ਹਮਦਰਦਾ' ਬੁੱਢੀਆਂ ਹੂਰਾਂ ਮਿਲੀਆਂ ਨੇ ਉਸ ਨੂੰ ਸੇਵਾ ਕਰਨ ਲਈ ।

ਸਧਰਾਏ ਸਧਰਾਏ ਦਿਨ

ਸਧਰਾਏ ਸਧਰਾਏ ਦਿਨ । ਕਿਦਾਂ ਦੇ ਇਹ ਆਏ ਦਿਨ । ਤੇਰੇ ਬਾਝੋਂ ਕੀ ਜਿਉਣਾ ਜਾਏ ਰਾਤ ਤੇ ਆਏ ਦਿਨ । ਘੁੱਪ ਹਨੇਰਾ ਫੁਰਕਤ ਦਾ ਰਾਤਾਂ ਵਰਗੇ ਆਏ ਦਿਨ। ਉਦ ਤੋਂ ਸਮਝੋ ਗ਼ੈਰ ਗਇਆ ਜਦ ਤੋਂ ਉਸਤੇ ਆਏ ਦਿਨ । ਤੇਰੇ ਨਾਂ ਦੀ ਮਾਲਾ ਹੈ ਇਕ ਜਾਏ ਇਕ ਆਏ ਦਿਨ । ਤੇਰਾ ਝੋਰਾ ਰਹਿੰਦਾ ਹੈ ਹਰ ਰਾਤੀਂ ਤੇ ਆਏ ਦਿਨ। ਤੇਰੇ ਨਾਲ ਗਏ ਜਿਹੜੇ ਮੁੜਕੇ ਨਾ ਉਹ ਆਏ ਦਿਨ। ਫੇਰ ਦਿਨਾਂ ਦਾ ਆਇਆ ਫੇਰ ਫੇਰ ਅਸਾਂ ਤੇ ਆਏ ਦਿਨ । ਭਾਗਾਂ ਵਾਲੇ ਆਸ਼ਕ ਦਾ ਮਕ਼ਤਲ ਅੰਦਰ ਆਏ ਦਿਨ। ਤੇਰੀ ਮੇਰੀ ਟੁਟ ਜਾਏ ਯਾ ਰਬ ਉਹ ਨਾ ਆਏ ਦਿਨ । ‘ਹਮਦਰਦਾ’ ਕੁਝ ਧੀਰਜ ਰਖ ਆਏ ਦਿਨ ਬਸ ਆਏ ਦਿਨ।

ਪੀਣਾ ਤੇਰੇ ਲਈ ਜ਼ਾਹਿਦ

ਪੀਣਾ ਤੇਰੇ ਲਈ ਜ਼ਾਹਿਦ ਸਚ ਮੁੱਚ ਹੀ ਬੀਮਾਰੀ ਹੈ । ਪਰ ਆਸ਼ਿਕ ਦੇ ਰੋਗ ਲਈ ਇਹ ਨੁਸਖਾ ਗੁਣ-ਕਾਰੀ ਹੈ । ਜਦ ਉਹ ਸਾਹਵੇਂ ਆਉਂਦਾ ਹੈ ਭੁਲ ਜਾਂਦੇ ਨੇ ਸਭ ਸ਼ਿਕਵੇ ਡਿੱਠਾ ਜੇ ! ਉਸ ਜ਼ਾਲਿਮ ਦੀ ਸੂਰਤ ਕਿੰਨੀ ਪਿਆਰੀ ਹੈ ? ਘੋਰ ਉਦਾਸੀ ਛਾਈ ਹੈ ਰਿੰਦ ਬੜਾ ਗ਼ਮਗੀਨ ਹੈ ਅਜ ਕੌਣ ਗਇਆ ਹੈ ਠੇਕੇ ਚੋਂ ? ਕਿਸਨੇ ਉਡਾਰੀ ਮਾਰੀ ਹੈ । ਕਢੀ ਜਾਨ ਮਿਰੀ ਹਸਕੇ ਸੁਖ ਦੀ ਮੌਤੇ ਮਰਿਆ ਮੈਂ ਇਕ ਬੇਦਰਦ ਮੁਹਾਣੇ ਨੇ ਡੁਬਦੀ ਬੇੜੀ ਤਾਰੀ ਹੈ। ਏਥੇ ਦਾਰੂ ਮਿਲਦਾ ਹੈ ਜ਼ਾਹਿਦ ਹੋੜ ਨਾ ਠੇਕੇ ਤੋਂ ਸਾਕ਼ੀ ਪਾਸੋਂ ਪੀਂਦਾ ਹਾਂ ਤੈਨੂੰ ਕੀ ਬੀਮਾਰੀ ਹੈ ? ਗਲ ਲਗ ਕੇ ਮਰਿਆ ਭੰਵਟ ਬੱਤੀ ਰੋ ਰੋ ਖ਼ਤਮ ਹੋਈ ਤੋੜ ਨਿਭਾਈ ਦੋਹਾਂ ਨੇ ਯਾਰੀ ਆਖ਼ਿਰ ਯਾਰੀ ਹੈ । ਖ਼ੁਸ਼ ਹੈ ਗੈਰਾਂ ਦੀ ਮਹਿਫਿਲ ਸ਼ੇਖ਼ ਬੜਾ ਹਸਦਾ ਹੈ ਅਜ ਸਾਦ-ਮੁਰਾਦੇ ਆਸ਼ਿਕ ਨੂੰ ਕਿਸ ਨੇ ਬੋਲੀ ਮਾਰੀ ਹੈ ? ਮੇਰੇ ਘਰ ਤੋਂ ਲੰਘ ਅੱਗੇ ਚਾਲ ਤੁਹਾਡੀ ਤੇਜ਼ ਹੋਈ ਪੈਲਾਂ ਪਾਂਦੇ ਜਾਂਦੇ ਹੋ ਹੁਣ ਕਿੱਧਰ ਦੀ ਧਾਰੀ ਹੈ ? ਰੰਗ ਭਰੇ ਨੇ ਮਨ ਮੋਹਣੇ ਤੇਰੇ ਸੁਹਣੇ ਖ਼ਾਕੇ ਵਿਚ ਅਲੋਕਾਰ ਮੁਸੱਵਰ ਨੇ ਕਿਆ ਤਸਵੀਰ ਉਤਾਰੀ ਹੈ । ਪਿਆਰ ਸੁਧਾ ਹੀ ਸੋਨਾ ਹੈ ਨੰਗਾ ਚਿੱਟੇ ਦਿਨ ਵਰਗਾ ਤੇਰਾ ਪਿਆਰ ਮੁਲੰਮਾ ਹੈ ਐਵੇਂ ਪਰਦੇਦਾਰੀ ਹੈ। ਹੋ ਜਾਉ ‘ਹਮਦਰਦ' ਅਮਰ ਪਿਆਰ 'ਚ ਮਰਨਾ ਮੌਤ ਨਹੀਂ ਅਨਿਆਈ ਮੌਤੇ ਮਰਕੇ ਮੌਤ ਕਿਸੇ ਨੇ ਮਾਰੀ ਹੈ।

ਖੁਸ਼ੀਆਂ 'ਚ ਰਿਹਾ ਹਾਂ

ਖੁਸ਼ੀਆਂ 'ਚ ਰਿਹਾ ਹਾਂ ਤੇ ਬਿਸ਼ਕ ਤੰਗ ਰਿਹਾ ਹਾਂ ਤੇਰਾ ਹੀ ਰਿਹਾ ਹਾਂ ਮੈਂ ਜਿੜ੍ਹੇ ਰੰਗ ਰਿਹਾ ਹਾਂ । ਦਿਲ ਵੱਟੇ ਬਿਸ਼ਕ ਤੈਥੋਂ ਮੈਂ ਦਿਲ ਮੰਗ ਰਿਹਾ ਹਾਂ ਪਰ ਵੇਖ ਕਿ ਮੈਂ ਫਿਰ ਵੀ ਕਿਵੇਂ ਸੰਗ ਰਿਹਾ ਹਾਂ । ਇਨਕਾਰ ਤੁਹਾਡੇ 'ਚ ਮਿਰੀ ਮੌਤ ਛੁਪੀ ਹੈ ਡਰ ਡਰ ਕੇ ਮੈਂ ਇਕ ਮੰਗ ਤਦੇ ਮੰਗ ਰਿਹਾ ਹਾਂ । ਮਨਸੂਰ ਬਣਾ ਦਿਲ ਨੇ ਕਈ ਨਾਚ ਨਚਾਏ ਸੂਲੀ ਤੇ ਮੈਂ ਤਾਂ ਹੀ ਤੇ ਇਨੂੰ ਟੰਗ ਰਿਹਾ ਹਾਂ । ਇਸ ਮੈਨੂੰ ਫਸਾਇਆ ਤੇ ਮੈਂ ਵੀ ਇਸਨੂੰ ਫਸਾਇਆ ਅੜਬੰਗ ਸੀ ਜੋ ਦਿਲ ਮੈਂ ਵੀ ਅੜਬੰਗ ਰਿਹਾ ਹਾਂ । ਮੈਂ ਉਮਰ ਬਿਤਾਈ ਹੈ ਨਿਹੰਗਾਂ ਦੀ ਤਰਾਂ ਹੀ ਤਾਂ ਹੀ ਤੇ ਮਲੰਗਾਂ ਦੀ ਤਰਾਂ ਨੰਗ ਰਿਹਾ ਹਾਂ। ਸੁਖ ਦੁਖ ਹੈ ਵਫ਼ਾ ਹੈ ਤੇ ਜ਼ਫ਼ਾ ਵੀ ਹੈ ਤੇ ਫਿਰ ਕੀ ? ਹਰ ਰੰਗ ੱਚ ਦਿਲ ਨੂੰ ਮੈਂ ਸਦਾ ਰੰਗ ਰਿਹਾ ਹਾਂ। ਦਿਲ ਤੰਗ ਰਿਹਾ ਹੈ ਤੇਰੀ ਫੁਰਕਤ 'ਚ ਸਦਾ ਹੀ ਮੈਂ ਖ਼ੁਦ ਵੀ ਇਧੇ ਹੱਥੋਂ ਬੜਾ ਤੰਗ ਰਿਹਾ ਹਾਂ । ‘ਹਮਦਰਦ' ਮਿਰੇ ਦਿਲ ਤੇ ਪਈ ਚੋਟ ਅਵੱਲੀ ਦੋ ਸਾਲ ਕਿਵੇਂ ਤਗਿਆ ਕਿ ਮੈਂ ਦੰਗ ਰਿਹਾ ਹਾਂ !

ਦੇਖਣ ਲਈ ਕਿ ਕੌਣ ਹੈ

ਦੇਖਣ ਲਈ ਕਿ ਕੌਣ ਹੈ ਪੱਕਾ ਅਸੂਲ ਦਾ ਤਲਵਾਰ ਫੜਕੇ ਆਇਆ ਉਹ ਮਹਿਫਲ 'ਚ ਝੂਲਦਾ । ਇਕਰਾਰ ਕਰਨਾ ਸਾਫ ਤੇ ਦੇਣਾ ਜਵਾਬ ਸਾਫ ਤੂੰ ਇਸ ਅਸੂਲ ਦਾ ਹੈਂ ਨ ਹੈਂ ਉਸ ਅਸੂਲ ਦਾ। ਸਿਖਿਆ ਮਿਲੀ ਹੈ ਗ਼ੈਰ ਨੂੰ ਜਿਹੜੇ ਸਕੂਲ ਤੋਂ ਤੂੰ ਵੀ ਤੇ ਪੜ੍ਹਿਆ ਹੋਇਆ ਏਂ ਓਸੇ ਸਕੂਲ ਦਾ । ਰਿੰਦਾਂ ਨੇ ਮੇਰਾ ਮਸ਼ਵਰਾ ਮੰਨਿਆ ਤੇ ਤੁਰ ਗਏ ਪਰ ਸ਼ੇਖ਼ ਮੇਰਾ ਮਸ਼ਵਰਾ ਕਿਉਂ ਨਹੀਂ ਕਬੂਲਦਾ? ਹਰ ਇਕ ਹਸੀਨ ਦੀ ਹੈ ਮੇਰੇ ਦਿਲ ਤੇ ਇਉਂ ਨਜ਼ਰ ਇਹ ਵੀ ਹੈ ਕੋਈ ਜਿਸ ਤਰਾਂ ਰਕ਼ਬਾ ਨਜ਼ੂਲ ਦਾ । ਮਕ਼ਤਲ ਚ ਜਾ ਕੇ ਫੈਸਲਾ ਹੋਏਗਾ ਅਜ ਕਿ ਉਹ ਮੈਨੂੰ ਕਬੂਲਦਾ ਹੈ ਕਿ ਉਹ ਤੈਨੂੰ ਕਬੂਲਦਾ । ਔਕ਼ਾਤ ਅਪਣੀ ਵੇਖ ਤੂੰ ਰਿੰਦਾਂ 'ਚ ਰਖ ਨ ਪੈਰ ਠੇਕੇ ਚ ਸੁਹੰਦਾ ਸੁਹਣਿਆ ਬੰਦਾ ਅਸੂਲ ਦਾ । ਦਿਲ ਲੈ ਲਿਆ ਹੈ ਉਸਨੇ ਮੁਹੱਬਤ ਦੇ ਕਰਜ਼ ਵਿਚ ਇਹ ਸੂਦ ਪੇਸ਼ਗੀ ਹੈ ਤੇ ਵਅਦਾ ਹੈ ਮੂਲ ਦਾ। ‘ਹਮਦਰਦ' ਮੈਂ ਤੇ ਓਸਨੂੰ ਦਿਲ ਦੇ ਰਿਹਾ ਹਾਂ ਮੁਫ਼ਤ ਹੈਰਾਨ ਹਾਂ ਕਿ ਇਸਨੂੰ ਉਹ ਕਿਉਂ ਨਹੀਂ ਕਬੂਲਦਾ!

ਵੇਖਣ ਲਈ ਕਿ ਕੌਣ ਹੈ

ਵੇਖਣ ਲਈ ਕਿ ਕੌਣ ਹੈ ਪੱਕਾ ਅਸੂਲ ਦਾ। ਥੈਲੀ ਉਹ ਫੜ ਕੇ ਆ ਗਇਆ ਮਹਿਫਿਲ ਚ ਝੂਲਦਾ । ਜੋ ਇਸ ਅਸੂਲ ਦਾ ਹੈ ਨ ਹੈ ਉਸ ਅਸੂਲ ਦਾ । ਬੰਦਾ ਫਜ਼ੂਲ ਦਾ ਹੈ ਉਹ ਬੰਦਾ ਫਜ਼ੂਲ ਦਾ । ਸਿਖਿਆ ਮਿਲੀ ਹੈ ਮੂੜ੍ਹ ਨੂੰ ਜਿਹੜੇ ਸਕੂਲ ਤੋਂ ਤੂੰ ਵੀ ਤੇ ਪੜ੍ਹਿਆ ਹੋਇਆ ਹੈ ਓਸੇ ਸਕੂਲ ਦਾ । ‘ਦਾਨਿਸ਼ਵਰੀ' ਦਾ ਲਾਹ ਦੇ ਮਖੌਟਾ ਤੇ ਸੋਚ ਇਹ ਪੰਜਾਬ ਤੇਰੀ ਲਿਖਤ ਨੂੰ ਕਿਉਂ ਨਹੀਂ ਕਬੂਲਦਾ ? ਦਾਨਿਸ਼ਵਰਾ ! ਤੂੰ ਆਪਣੀ ਦਾਨਿਸ਼ਵਰੀ ਨ ਘੋਟ ਆਲੋਚਨਾ ਨੂੰ ਸਮਝ ਕੇ ਰਕ਼ਬਾ ਨਜ਼ੂਲ ਦਾ। ਓ ਬੇਹੁਨਰ ! ਇਹ ਫੈਸਲਾ ਪੰਜਾਬ ਤੇ ਹੀ ਛਡ ਮੈਨੂੰ ਕਬੂਲਦਾ ਹੈ ਕਿ ਉਹ ਤੈਨੂੰ ਕਬੂਲਦਾ । ਔਕ਼ਾਤ ਅਪਣੀ ਵੇਖ ਤੂੰ ਦਾਨਿਸ਼ਵਰੀ ਨੂੰ ਛਡ ਤੂੰ ਤੇ ਹੈਂ ਮੇਰੇ ਸਾਹਮਣੇ ਬੱਚਾ ਸਕੂਲ ਦਾ । ਦਿਲ ਲੈ ਲਿਆ ਹੈ ਉਸਨੇ ਮੁਹੱਬਤ ਨੂੰ ਵੇਚ ਕੇ ਇਹ ਸੂਦ ਪੇਸ਼ਗੀ ਹੈ ਤੇ ਵਅਦਾ ਹੈ ਮੂਲ ਦਾ। ‘ਦਾਨਿਸ਼ਵਰਾ' ਤੂੰ ਵੇਚਦੈਂ ਸਾਹਿਤ ਟਕੇ ਟਕੇ ‘ਹਮਦਰਦ' ਇਸਨੂੰ ਕਿਉਂ ਨਹੀਂ ਫਿਰ ਵੀ ਕਬੂਲਦਾ ।

ਲਾਲੀ ਮਿਰੇ ਚਿਹਰੇ ਤੇ

ਲਾਲੀ ਮਿਰੇ ਚਿਹਰੇ ਤੇ ਚੜ੍ਹੀ ਹੁੰਦੀ ਏ । ਤਲਵਾਰ ਤੁਸੀਂ ਜਦ ਭੀ ਫੜੀ ਹੁੰਦੀ ਏ । ਇਕਰਾਰ, ਜਿਵੇਂ ਕੋਈ ਲੜੀ ਹੁੰਦੀ ਏ । ਇਕਰਾਰ, ਜਿਵੇਂ ਕੰਧ ਖੜੀ ਹੁੰਦੀ ਏ । ਲਗਦੈ ਕਿ ਤੁਸੀਂ ਆਉਗੇ ਮੈਨੂੰ ਮਾਰਨ ਅਜ ਪੀੜ ਮਿਰੇ ਦਿਲ ਚ ਬੜੀ ਹੁੰਦੀ ਏ। ਤੂੰ ਜਦ ਵੀ ਮਿਰੇ ਨਾਲ ਲੜਾਈ ਕਰਦੈਂ ਤਕਦੀਰ ਮਿਰੇ ਨਾਲ ਲੜੀ ਹੁੰਦੀ ਏ । ਦੀਦਾਰ ਤਿਰਾ ਜਿਹੜੀ ਘੜੀ ਹੋ ਜਾਂਦੈ ਉਹੀ ਤੇ ਕ਼ਿਆਮਤ ਦੀ ਘੜੀ ਹੁੰਦੀ ਏ । ਮਕ਼ਤਲ ਨੂੰ ਵੀ ਠੇਕਾ ਹੀ ਸਮਝਿਆ ਜਾਂਦੈ ਜਦ ਕਾਂਗ ਮੁਹੱਬਤ ਦੀ ਚੜ੍ਹੀ ਹੁੰਦੀ ਏ । ਮਕ਼ਤੂਲ ਇਧੇ ਨਾਲ ਅਮਰ ਹੋ ਜਾਂਦੈ ਤੇਗ਼ ਆਪਦੀ ਜਾਦੂ ਦੀ ਛੜੀ ਹੁੰਦੀ ਏ । ਬੀਮਾਰ ਤਿਰਾ ਇੰਵ ਉਡੀਕਾਂ ਕਰਦੈ ਅਖੀਆਂ ‘ਚ ਜਿਵੇਂ ਜਾਨ ਅੜੀ ਹੁੰਦੀ ਏ । ਹਰ ਗਲ 'ਚ ਦਵੈਤੀ ਨੂੰ ਉਹ ਅੱਗੇ ਕਰਦੈ ‘ਹਮਦਰਦ' ਮਿਰੇ ਨਾਲ ਬੜੀ ਹੁੰਦੀ ਏ।

ਕਿਵੇਂ ਬੋਲਦਾ ਬੋਲਦਾ ਰੁਕ ਗਇਆ

ਕਿਵੇਂ ਬੋਲਦਾ ਬੋਲਦਾ ਰੁਕ ਗਇਆ। ਮਿਰੇ ਨਾਂ ਤੇ ਆ ਕੇ ਉਹ ਝਟ ਉਕ ਗਇਆ । ਤੁਰੇ ਸਾਂ ਸਦਾ ਤੇਗ਼ ਦੀ ਧਾਰ ਤੇ ਤਿਰੇ ਅੱਗੇ ਸਿਰ ਝੁਕ ਗਇਆ ਝੁਕ ਗਇਆ । ਉਹ ਮੰਜ਼ਿਲ ਤੇ ਪਹੁੰਚੂ ਤੇ ਪਹੁੰਚੂ ਕਦੋਂ ਸਵੇਰੇ ਹੀ ਜੋ ਕਾਫ਼ਲਾ ਰੁਕ ਗਇਆ । ਅਜੇ ਲੋੜ ਸੀ ਮੈਨੂੰ ਉਹਦੀ ਬੜੀ ਮਿਰਾ ਯਾਰ ਛੇਤੀ ਹੀ ਕਿਉਂ ਲੁਕ ਗਇਆ ? ਕਈ ਰੁਕ ਗਏ ਪਰ ਜ਼ਮਾਨੇ ਦੇ ਨਾਲ ਮਿਲਾ ਕੇ ਕਦਮ ਮੈਂ ਹੀ ਇਕ-ਟੁਕ ਗਇਆ। ਜਿਨ੍ਹਾਂ ਰੋਕਿਆ ਮੈਨੂੰ ਪਛਤਾਏ ਉਹ ਜਦੋਂ ਅਪਣੀ ਮੰਜ਼ਿਲ ਤੇ ਮੈਂ ਢੁਕ ਗਇਆ। ਭਗੌੜੇ ਦਵੈਤੀ ਦੀ ਗਲ ਨਾ ਕਰੋ ਬਚਾ ਕੇ ਉਹ ਜਾਨ ਅਪਣੀ ਮਰ-ਮੁਕ ਗਇਆ । ਤਿਰੀ ਤੇਗ਼ ਡਿੱਠੀ ਅਸੀਂ ਕੁਦ ਪਏ ਦਵੈਤੀ ਦਾ ਵੇਂਹਦੇ ਹੀ ਸਾਹ ਸੁਕ ਗਇਆ । ਜ਼ਮਾਨਾ ਉਨੂੰ ਮਾਫ ਕਰਦਾ ਨਹੀਂ ਜ਼ਰਾ ਵੀ ਇਧੇ ਅੱਗੇ ਜੋ ਝੁਕ ਗਇਆ । ਦਵੈਤੀ ਉਦੋਂ ਬਹਿਣਗੇ ਅਮਨ ਨਾਲ ਤਿਰਾ ਮੇਰਾ ਝਗੜਾ ਜਦੋਂ ਮੁਕ ਗਇਆ । ਹਨੇਰੇ 'ਚ ਉਹ ਭਟਕਦਾ ਫਿਰ ਰਿਹੈ ਜਿਧਾ ਇਸ 'ਚ ‘ਹਮਦਰਦ' ਚੰਨ ਲੁਕ ਗਇਆ ।

ਬਹਿਬਲਤਾ ਦੇ ਵਿਚ ਜ਼ਾਹਿਦ

ਬਹਿਬਲਤਾ ਦੇ ਵਿਚ ਜ਼ਾਹਿਦ ਮੈ-ਖਾਨੇ ਨੂੰ ਧਾਇਆ ਹੈ। ਗ਼ਮ ਹੀ ਹੈ ਜਿਸਨੇ ਉਸਨੂੰ ਸਿਧੇ ਰਸਤੇ ਪਾਇਆ ਹੈ। ਤੇਰੀ ਯਾਦ 'ਚ ਖੌ ਕੇ ਮੈਂ ਅਪਣਾ ਆਪ ਗੁਆਇਆ ਹੈ। ਅਪਣਾ ਆਪ ਭੁਲਾ ਕੇ ਹੀ ਤੇਰਾ ਚੇਤਾ ਆਇਆ ਹੈ। ਏਸੇ ਨੇ ਹੀ ਦੁਨੀਆ ਦਾ ਕਾਰੋਬਾਰ ਚਲਾਇਆ ਹੈ। ਫਕਰਾਂ ਨੂੰ ਵੀ ਮੋਂਹਦੀ ਹੈ ਮਾਇਆ ਆਖ਼ਿਰ ਮਾਇਆ ਹੈ । ਭੇਦ ਹੈ ਇਸਦੇ ਵਿਚ ਕੋਈ ਅਜ ਤੇ ਖ਼ੈਰ ਨਹੀਂ ਦਿਸਦੀ ਹਸਦਾ ਤੁਸਦਾ ਜ਼ਾਲਿਮ ਜੋ ਮੇਰੇ ਵੇਹੜੇ ਆਇਆ ਹੈ । ਚੰਗਾ ਮੌਜ ਦਾ ਮਾਲਿਕ ਹੈਂ ਰੱਬਾ ਤੈਨੂੰ ਕੀ ਸੁੱਝੀ ਗ੍ਰਸ ਕੇ ਮੇਰੇ ਚੰਨ ਨੂੰ ਤੂੰ ਕਿੰਨਾ ਨ੍ਹੇਰ ਮਚਾਇਆ ਹੈ। ਦੁਖੜੇ ਦੇਣ ਸਮੇਂ ਉਸਨੂੰ ਇਹਵੀ ਵੇਂਹਦੋਂ ਤੂੰ ਰੱਬਾ ਆਸ਼ਕ ਵੀ ਇਕ ਬੰਦਾ ਹੈ ਉਹ ਵੀ ਮਾਂ ਦਾ ਜਾਇਆ ਹੈ । ਮੇਰੇ ਨਿਰਛਲ ਦਿਲ ਦੇ ਵਿਚ ਕਪਟ ਕਦੇ ਵੀ ਆਇਆ ਨਹੀਂ ਜੋ ਵੀ ਦਿਲ ਵਿਚ ਆਇਆ ਹੈ ਮੂੰਹ ਤੇ ਆਖ ਸੁਣਾਇਆ ਹੈ । ਇਸ਼ਕ 'ਚ ਦੂਤੀ ਅੱਗੇ ਵੀ ਸੀਸ ਨਿਵਾ ਦਿੱਤਾ ਮੈਂ ਤਾਂ ਗੈਰ ਕਿਵੇਂ ਸਮਝਾਂ ਉਸਨੂੰ ਜਿਹੜਾ ਤੈਨੂੰ ਭਾਇਆ ਹੈ । ਡਰਦਾ ਹਰ ਹਰ ਕਰਦਾ ਏਂ ਮੇਰੇ ਪਰਛਾਵੇਂ ਤੋਂ ਵੀ ਤੇਰੇ ਤੇ ਜੋ ਛਾਇਆ ਹੈ ਉਹ ਦੂਤੀ ਦਾ ਸਾਇਆ ਹੈ। ਇਕਧਰ ਹਾਸੇ ਦਿਤੇ ਨੇ ਹਸ ਕੇ ਵਿਖਾ ਦਿੱਤਾ ਇਕਧਰ ਹਰ ਪਾਸੇ ਹਰਜਾਈ ਨੇ ਵਖਰਾ ਰੰਗ ਜਮਾਇਆ ਹੈ। ਜ਼ਾਹਿਦ ਦੀ ਹਾਂ ਦੇ ਵਿਚ ਹਾਂ ਸ਼ੇਖ਼ ਮਿਲਾਉਂਦਾ ਥਕਦਾ ਨਹੀਂ ਜ਼ਾਹਿਦ ਵੀ ਤੇ ‘ਹਮਦਰਦਾ' ਸ਼ੇਖ਼ ਦਾ ਚਾਚਾ ਤਾਇਆ ਹੈ ।

ਏਨ੍ਹਾਂ ਚੋਂ ਕੀ ਮੇਰਾ ਹੈ

ਏਨ੍ਹਾਂ ਚੋਂ ਕੀ ਮੇਰਾ ਹੈ ਜਾਨ ਤਿਰੀ, ਦਿਲ ਤੇਰਾ ਹੈ । ਜਿੱਥੇ ਗ਼ਮ ਦਾ ਡੇਰਾ ਹੈ। ਉਥੇ ਵਾਸਾ ਮੇਰਾ ਹੈ । ਖ਼ੁਦਗਰਜ਼ੀ ਦੀ ਦੁਨੀਆ ਦਾ ਕਿੰਨਾ ਸੌੜਾ ਘੇਰਾ ਹੈ। ਚੰਨਾ ਤੇਰੇ ਬਿਨ ਮੈਨੂੰ ਚਾਨਣ ਘੁੱਪ ਹਨੇਰਾ ਹੈ। ਤਿਲਕਣ-ਬਾਜ਼ ਦਵੈਤੀ ਤਾਂ ਤੇਰਾ ਹੈ ਨਾ ਮੇਰਾ ਹੈ। ਆਵਾ-ਗਵਣੀ ਚੱਕਰ ਵਿਚ ਮਰਨਾ ਤੇ ਇਕ ਫੇਰਾ ਹੈ। ਗ਼ਮ ਸਹਿਕੇ ਵੀ ਹਸਦਾ ਹਾਂ ਕਿੰਨਾ ਮੇਰਾ ਜੇਰਾ ਹੈ । ਮੇਰੇ ਦਿਲ ਨੂੰ ਛੇੜ ਨ ਅਜ ਅਜ ਕੁਝ ਦਰਦ ਘਨੇਰਾ ਹੈ । ਤੇਰੇ ਹਿਜਰ ਦੇ ਮਾਰੇ ਨੂੰ ਇਕ ਪਲ ਵਸਲ ਬਥੇਰਾ ਹੈ । ਇਸ਼ਕ ਦੇ ਪਾਂਧੀ ਚਲਿਆ ਚਲ ਇਸ਼ਕ ਦਾ ਪੰਧ ਲਮੇਰਾ ਹੈ । ਚੋਟ ਹੈ ਉਹਦੀ ਫੁਕ਼ਰਤ ਦੀ ਦਿਲ 'ਹਮਦਰਦਾ' ਮੇਰਾ ਹੈ ।

ਰੋਣੇ ਧੋਣੇ ਨਾਲ ਲਈ ਇਕ

ਰੋਣੇ ਧੋਣੇ ਨਾਲ ਲਈ ਇਕ ਤੋਂ ਬਾਅਦ ਇਕ ਆਏ ਦਿਨ । ਰਬ ਨੇ ਕਿਦਾਂ ਆਸ਼ਿਕ ਤੋਂ ਮੀਂਹ ਵਾਂਗੂ ਬਰਸਾਏ ਦਿਨ । ਤੇਰੇ ਨਾਲ ਗਏ ਜਿਹੜੇ ਮੁੜਕੇ ਨਾ ਉਹ ਆਏ ਦਿਨ। ਸਾਨੂੰ ਫਿਰ ਕਦ ਦੇਵੇਂਗਾ ਅਪਣੇ ਨਾਲ ਵਿਹਾਏ ਦਿਨ । ਰਾਤ ਦਾ ਸੁਪਨਾ ਦਿਨ ਵੇਲੇ ਸੁਪਨਾ ਹੀ ਰਹਿ ਜਾਂਦਾ ਹੈ ਬੱਲੇ ਬੱਲੇ ਬੱਲੇ ਰਾਤ ਹਾਏ ਹਾਏ ਹਾਏ ਦਿਨ । ਸੁਪਨੇ ਤੇਰੇ ਆਉਂਦੇ ਨੇ ਰਾਤ ਤਾਂ ਜੀਵਨ ਦੇਂਦੀ ਹੈ ਐਪਰ ਤੇਰੇ ਬਿਨ ਸਜਨਾ ਮੈਨੂੰ ਮੌਤ ਵਿਖਾਏ ਦਿਨ । ਮੈਂ ਉਹ ਕਿਸਮਤ ਵਾਲਾ ਹਾਂ ਜਿਸ ਤੇ ਰਬ ਦੀ ਰਹਿਮਤ ਹੈ ਬਖਸ਼ੇ ਨੇ ਉਸ ਮੈਨੂੰ ਸਭ ਮੁਰਝਾਏ ਮੁਰਝਾਏ ਦਿਨ । ਰਾਤ ਵਿਛੋੜੇ ਦੀ ਲੰਮੀ ਪਰਬਤ ਜੇਡਾ ਦਿਨ ਗ਼ਮ ਦਾ ਰਾਤਾਂ ਆਈਆਂ ਦਿਨ ਬਣਕੇ ਰਾਤਾਂ ਵਰਗੇ ਆਏ ਦਿਨ। ਚੰਨਾ ਤੇਰੇ ਫੇਰੇ ਇਹ ਸੁਦੀਆਂ ਬਦੀਆਂ ਘੜਦੇ ਨੇ ਤੂੰ ਜਾਵੇਂ ਤਾਂ ਰਾਤ ਪਏ ਤੂੰ ਆਏਂ ਤਾਂ ਆਏ ਦਿਨ । ਉਮਰ ਵਡੇਰੀ ਹੁੰਦੀ ਹੈ ਜੀਵਨ ਘਟਦਾ ਜਾਂਦਾ ਹੈ ਜਿੱਦਾਂ ਟਿੰਡਾਂ ਹਲਟ ਦੀਆਂ ਰਾਤ ਆਏ ਤੇ ਜਾਏ ਦਿਨ। ਫਲ ਤਾਂ ਲਗਦੈ ਉਲਫ਼ਤ ਨੂੰ, ਹਾਂ, ਪਰ ਸਬਰ ਜ਼ਰੂਰੀ ਹੈ ਏਸੇ ਖ਼ਾਤਿਰ ਕੁਦਰਤ ਨੇ ਰਾਤਾਂ ਪਿੱਛੇ ਲਾਏ ਦਿਨ । ਫੇਰ ਉਨ੍ਹਾਂ ਦੇ ਚਿਹਰੇ ਤੇ ਤਿਉੜੀ ਦੇਖੀ ‘ਹਮਦਰਦਾ' ਫੇਰ ਦਿਨਾਂ ਦਾ ਆਇਆ ਫੇਰ ਫੇਰ ਕਸੂਤੇ ਆਏ ਦਿਨ।

ਮਿਰੇ ਦਿਲ ਦੇ ਅੰਬਰ ਤੇ ਤਾਰੇ

ਮਿਰੇ ਦਿਲ ਦੇ ਅੰਬਰ ਤੇ ਤਾਰੇ ਬੜੇ ਨੇ । ਮੁਹੱਬਤ ਦੇ ਇਹ ਦਾਗ਼ ਪਿਆਰੇ ਬੜੇ ਨੇ । ਕਿਸੇ ਦੀ ਨਜ਼ਰ ਦੇ ਇਸ਼ਾਰੇ ਬੜੇ ਨੇ । ਅਸਾਨੂੰ ਇਹ ਖ਼ਾਮੋਸ਼ ਲਾਰੇ ਬੜੇ ਨੇ । ਤਪਸ਼ ਫਿਕਰ ਤੇ ਦਰਦ ਸਭ ਦੇਣ ਤੇਰੀ ਮੁਹੱਬਤ ਦੇ ਇਹ ਵੀ ਸਹਾਰੇ ਬੜੇ ਨੇ । ਉਹ ਚੁੰਮੇਗਾ ਕੀ ਜਾਕੇ ਲਹਿਰਾਂ ਦਾ ਜੋਬਨ ਜਿਥੇ ਦਿਲ ਨੂੰ ਪਿਆਰੇ ਕਿਨਾਰੇ ਬੜੇ ਨੇ । ਇਧੀ ਲਾਟ ਖਿਚਦੀ ਹੈ ਪਰਵਾਨਿਆਂ ਨੂੰ ਤੇਰੇ ਹੁਸਨ ਦੇ ਰੰਗ ਨਿਆਰੇ ਬੜੇ ਨੇ । ਇਕੱਲਾ ਹੀ ਹੰਝੂ ਨਹੀਂ ਕੇਰਦਾ ਮੈਂ ਜ਼ਮਾਨੇ ਚ ਉਲਫ਼ਤ ਦੇ ਮਾਰੇ ਬੜੇ ਨੇ । ਨਿਸ਼ਾਨੇ ਤੇ ਬੈਠਾ ਨਹੀਂ ਇਕ ਵੀ ਅਜ ਤਕ ਤੁਸੀਂ ਤੀਰ ਕਸ ਕਸ ਕੇ ਮਾਰੇ ਬੜੇ ਨੇ। ਵਿਗੜਣਾ ਵੀ ਓਹਨਾਂ ਦਾ ਸਮਝ ਸੰਵਰਨਾ ਵਿਗੜ ਕੇ ਵੀ ਲਗਦੇ ਉਹ ਪਿਆਰੇ ਬੜੇ ਨੇਂ । ਤਿਰੀ ਮੁਸਕਰਾਹਟ ਹੈ ਜਾ ਕੋਈ ਬਿਜੁਲੀ ਤਿਰੀ ਮੁਸਕਰਾਹਟ ਦੇ ਮਾਰੇ ਬੜੇ ਨੇ। ਜੁਦਾਈ ਚ ਜਿਹੜੇ ਗੁਜ਼ਰਦੇ ਨਹੀਂ ਸਨ ਅਸੀਂ ਐਸੇ ਦਿਨ ਵੀ ਗੁਜ਼ਾਰੇ ਬੜੇ ਨੇ । ਨਿਭਾਇਆ ਨਹੀਂ ਕੌਲ ਉਸਨੇ ਕਦੇ ਵੀ ਉਧੇ ਪਾਸ 'ਹਮਦਰਦ' ਲਾਰੇ ਬੜੇ ਨੇ ।

ਜਾਨ ਬਚਾ ਕੇ ਭਜਦਾ ਹੈ

ਜਾਨ ਬਚਾ ਕੇ ਭਜਦਾ ਹੈ ਸਨਮੁਖ ਹੋ ਕੇ ਭਿੜਦਾ ਨਹੀਂ ਕੱਚੇ ਪੈਰੀਂ ਲੜਦਾ ਹੈ ਦੂਤੀ ਪੱਕਾ ਪਿੜਦਾ ਨਹੀਂ। ਤੇਰੇ ਨਾਲ ਬਹਾਰ ਗਈ ਤੇਰੀ ਫੁਰਕਤ ਮਾਰ ਗਈ ਮੁਰਝਾਇਆ ਮੁਰਝਾਇਆ ਹਾਂ ਫੁਲ ਦਿਲ ਦਾ ਹੁਣ ਖਿੜਦਾ ਨਹੀਂ। ਤੇਰੀ ਮਹਿਫ਼ਿਲ ਵਿਚ ਆ ਕੇ ਮੈਂ ਹੀ ਠੰਡਾ-ਠਾਰ ਰਿਹਾ ਵੈਸੇ ਗਰਮਾ-ਗਰਮੀ ਵਿਚ ਕਿਸਨੂੰ ਕਾਂਬਾ ਛਿੜਦਾ ਨਹੀਂ ? ਖੋਹਕੇ ਰੱਬਾ ਯਾਰ ਮਿਰਾ ਮੈਨੂੰ ਲਾਸ਼ ਬਣਾ ਦਿੱਤਾ ਹੁਣ ਇਹ ਜੀਵਨ ਦਾ ਗੇੜਾ ਸਿਰਫ਼ ਮੇਰੇ ਤੋਂ ਗਿੜਦਾ ਨਹੀਂ । ਮੈਂ ਉਹ ਸੱਚਾ ਆਸ਼ਿਕ ਹਾਂ ਜ਼ੋ ਮੁਹਤਾਜ ਕਿਸੇ ਦਾ ਨਹੀਂ ਮੈਨੂੰ ਤੇਰੀਆਂ ਰੱਖਾਂ ਨੇ ਐਂਵੇ ਤੇ ਮੈਂ ਤਿੜਦਾ ਨਹੀਂ। ਗ਼ਮ ਉਹਦਾ, ਤੇ ਦੁਨੀਆਂ ਦਾ ਦੋਇ ਭੁਲਾਣਾ ਚਾਹੁੰਦਾ ਹਾਂ ਪੀਣ ਤੋਂ ਰੋਕ ਨ ਓ ਜ਼ਾਹਿਦ ਲਾਭ ਕੋਈ ਕਿੜਕਿੜ ਦਾ ਨਹੀਂ । ਪੀ ਲੈ ਰਜ ਕੇ ‘ਹਮਦਰਦਾ' ਜੀਵਨ ਮਿਲਿਆ ਪੀਣ ਲਈ ਫੇਰ ਨਹੀਂ ਮੌਕਾ ਮਿਲਣਾ ਇਹ ਸੌਦਾ ਮੁੜਘਿੜ ਦਾ ਨਹੀਂ।

ਦੁਨੀਆਂਦਾਰੀ ਦੇ ਰਣ ਵਿਚ

ਦੁਨੀਆਂਦਾਰੀ ਦੇ ਰਣ ਵਿਚ ਮਾਇਆ ਕਾਰਨ ਭਿੜਦਾ ਹੈ ਦੂਤੀ ਸੱਚਾ ਆਸ਼ਿਕ ਨਹੀਂ ਤਾਂ ਹੀ ਕੱਚਾ ਪਿੜਦਾ ਹੈ । ਜਾਦ ਖੂਬ ਜਗਾਇਆ ਹੈ ਤੇਰੀ ਯਾਦ ਦੇ ਬੁੱਲੇ ਨੇ ਪਹਿਲੇ ਤੇ ਨਹੀਂ ਖਿੜਦਾ ਸੀ ਫੁਲ ਦਿਲ ਦਾ ਹੁਣ ਖਿੜਦਾ ਹੈ । ਮੇਰੇ ਇਸ਼ਕ ਦੇ ਭਾਂਬੜ ਨੂੰ ਇਹ ਠੰਡਾ ਕਰ ਸਕਦੀ ਨਹੀਂ ਤੇਰੀ ਸਰਦ-ਮਿਜ਼ਾਜੀ ਤੋਂ ਸਭ ਨੂੰ ਕਾਂਬਾ ਛਿੜਦਾ ਹੈ । ਖੋਹਕੇ ਮੈਥੋਂ ਯਾਰ ਮਿਰਾ ਮੈਨੂੰ ਕੱਲਾ ਕਿਉਂ ਕੀਤਾ ? ਜੀਵਨ ਦਾ ਗੇੜਾ ਰੱਬਾ ਜੋੜੀ ਤੋਂ ਹੀ ਗਿੜਦਾ ਹੈ। ਉਹ ਤੇ ਸੱਚਾ ਆਸ਼ਿਕ ਨਹੀਂ ਜੋ ਮੁਹਤਾਜ ਹੈ ਦੂਤੀ ਦਾ ਜਿਹਨੂੰ ਤੇਰੀਆਂ ਰੱਖਾਂ ਨਹੀਂ ਕਿਸ ਗਲ ਤੇ ਉਹ ਤਿੜਦਾ ਹੈ ? ਗ਼ਮ ਭੁੱਲਣ ਨੂੰ ਪੀਂਦਾ ਹਾਂ ਜ਼ਾਹਿਦ ਰੋਕ ਨ ਪੀਣੇ ਤੋਂ ਕੀ ਮਤਲਬ ਹੈ ਹੋੜਾਂ ਦਾ ਕੀ ਅਰਥ ਤਿਰੀ ਕਿੜਕਿੜ ਦਾ ਹੈ ? ਮਕ਼ਤਲ ਦੇ ਮੈਖਾਨੇ ਨੂੰ ਇਸ਼ਕ ਦਾ ਵਣਜਾਰਾ ਜਾਂਦਾ ਗ਼ੈਰ ਲਈ ਤੇ 'ਹਮਦਰਦਾ’ ਇਹ ਸੌਦਾ ਮੁੜਘਿੜ ਦਾ ਹੈ।

ਜਦ ਮੁਸੀਬਤ 'ਚ ਮੈਂ ਵੇਖਿਆ

ਜਦ ਮੁਸੀਬਤ 'ਚ ਮੈਂ ਵੇਖਿਆ ਗੈਰ ਨੂੰ ਉਸਦੇ ਗ਼ਮ ਨਾਲ ਮੈਨੂੰ ਗ਼ਮੀ ਹੋ ਗਈ ਇਹ ਕਰਿਸ਼ਮਾ ਮੁਹੱਬਤ ਦਾ ਮੈਂ ਵੇਖਿਆ ਦੁਸ਼ਮਣੀ ਜੋ ਸੀ ਉਹ ਦੋਸਤੀ ਹੋ ਗਈ। ਝੁਲ ਗਈ ਇਹ ਜ਼ਮਾਨੇ 'ਚ ਕੈਸੀ ਹਵਾ ਦੋਸਤੀ ਉੜ ਗਈ ਬਦਲੀਆਂ ਦੀ ਤਰਾਂ ਜਿਹੜੀ ਯਾਰੀ ਨੂੰ ਸਮਝੇ ਸੀ ਦਾਇਮ ਅਸੀਂ ਵੇਖਦੇ ਵੇਖਦੇ ਮੌਸਮੀ ਹੋ ਗਈ । ਜੀ ਰਿਹਾ ਸਾਂ ਵਿਛੋੜੇ 'ਚ ਮਰ ਮਰ ਕੇ ਮੈਂ ਜ਼ਿੰਦਗੀ ਮੌਤ ਸੀ ਮੈਨੂੰ ਤੇਰੇ ਬਿਨਾ ਮੈਨੂੰ ਮਹਿਸੂਸ ਹੋਇਆ ਤਿਰੇ ਆਉਣ ਤੇ ਜ਼ਿੰਦਗੀ ਹੁਣ ਮਿਰੀ ਜ਼ਿੰਦਗੀ ਹੋ ਗਈ । ਸਰਦ ਆਹਾਂ ਅਤੇ ਗਰਮ ਹੰਝੂਆਂ ਸਣੇ ਗੀਤ ਲਿਖਦਾ ਹਾਂ ਤੇਰੇ ਵਿਛੋੜੇ ਦੇ ਮੈਂ ਇਹ ਨਤੀਜਾ ਤਿਰੇ ਸੋਗ ਦਾ ਵੇਖਿਆ ਸ਼ਾਇਰੀ ਵੀ ਮਿਰੀ ਮਾਤਮੀ ਹੋ ਗਈ। ਇਕ ਛਲਾਵਾ ਵੀ ਹੈ ਭੋਲੀ ਸੂਰਤ ਤਿਰੀ ਇਹ ਹਸਾਂਦੀ ਵੀ ਹੈ, ਇਹ ਰੁਆਂਦੀ ਵੀ ਹੈ ਤੇਰੀ ਸੀਰਤ ਨੂੰ ਸਮਝਾਂ ਤੇ ਸਮਝਾਂ ਮੈਂ ਕੀ ਇਹ ਤੇ ਮੇਰੇ ਲਈ ਫ਼ਾਰਸੀ ਹੋ ਗਈ। ਸਾਡੇ ਦਿਲ ਵਿਚ ਨ ਬਾਕੀ ਰਕ਼ਾਬਤ ਰਹੀ ਤੇਰੇ ਨਾਂ ਦਾ ਇਹ ਜਾਦੂ ਅਸਾਂ ਵੇਖਿਆ ਗ਼ੈਰ ਨੇ ਵੀ ਤਿਰਾ ਨਾਂ ਲਿਆ ਜੇ ਕਦੇ ਸਾਡੀ ਉਸ ਨਾਲ ਵੀ ਦੋਸਤੀ ਹੋ ਗਈ। ਤੂਰ ਤੇ ਜਾਣ ਦੀ ਲੋੜ ਸਾਨੂੰ ਨਹੀਂ ਤੂਰ ਤੇ ਆਣ ਦੀ ਲੋੜ ਤੈਨੂੰ ਨਹੀਂ ਮੇਰੇ ਦਿਲ ਵਿਚ ਜਦੋਂ ਦਾ ਤੂੰ ਘਰ ਕਰ ਲਿਆ ਮੇਰੇ ਦਿਲ ਵਿਚ ਬੜੀ ਰੌਸ਼ਨੀ ਹੋ ਗਈ । ਤੇਰਾ ਇਕਰਾਰ ਵੀ ਤੇਰਾ ਇਨਕਾਰ ਹੈ ਤੇਰਾ ਇਨਕਾਰ ਵੀ ਤੇਰਾ ਇਕਰਾਰ ਹੈ ਰੰਗ ਇਸ ਵਿਚ ਸਿਆਸਤ ਦਾ ਕਿਉਂ ਆ ਗਇਆ ? ਦੋਸਤਾ ਦੋਸਤੀ ਤੇਰੀ ਕੀ ਹੋ ਗਈ ? ਮੈਅ ਸੁਰਾਹੀ ਦੀ ਹੂਰਾਂ-ਪਰੀ ਬਣ ਗਈ ਉਸਦੀਆਂ ਮਸਤ ਅਖੀਆਂ ਨੇ ਜਦ ਵੇਖਿਆ ਰੰਗ ਕੁਝ ਹੋਰ ਦਾ ਹੋਰ ਹੀ ਹੋ ਗਇਆ ਇਹ ਵੀ ‘ਹਮਦਰਦ' ਜਾਦੂਗਰੀ ਹੋ ਗਈ ।

ਜਿਹੜਾ ਇਕ ਵਾਰੀ ਤੇਰਾ ਮਸਤਾਨਾ

ਜਿਹੜਾ ਇਕ ਵਾਰੀ ਤੇਰਾ ਮਸਤਾਨਾ ਹੋ ਜਾਂਦਾ ਹੈ। ਉਹਦੇ ਭਾਣੇ ਮਕ਼ਤਲ ਵੀ ਮੈਅ ਖ਼ਾਨਾ ਹੋ ਜਾਂਦਾ ਹੈ। ਪਾਗਲ ਹੋਇਆ ਫਿਰਦਾ ਹੈ ਜਿਸਨੂੰ ਦਰਸ ਨਹੀਂ ਮਿਲਦਾ ਤਕ ਲੈਂਦਾ ਹੈ ਜੋ ਤੈਨੂੰ ਉਹ ਦੀਵਾਨਾ ਹੋ ਜਾਂਦਾ ਹੈ । ਖ਼ਾਮੋਸ਼ੀ ਹੈ ਓਧਰ ਵੀ ਖ਼ਾਮੋਸ਼ੀ ਹੈ ਏਧਰ ਵੀ ਫਿਰ ਕਿਉਂ ਭੇਤ ਮੁਹੱਬਤ ਦਾ ਅਫਸਾਨਾ ਹੋ ਜਾਂਦਾ ਹੈ ? ਦਿਲ ਦੀ ਰਬਾਬ ਉੱਤੇ ਜਿਹੜਾ, ਛੇੜੇ ਰਾਗ ਮੁਹੱਬਤ ਦਾ ਉਹ ਫਿਰ ਮਰਦੇ ਦਮ ਤੀਕਰ, ਮਰਦਾਨਾ ਹੋ ਜਾਂਦਾ ਹੈ। ਉਲਫ਼ਤ ਦੀ ਵਾਦੀ ਅੰਦਰ ਸੋਚ ਸਮਝ ਕੇ ਪੈਰ ਧਰੀਂ ਇਸ ਵਾਦੀ ਵਿਚ ਸਿਰ ਦਾ ਵੀ ਜੁਰਮਾਨਾ ਹੋ ਜਾਂਦਾ ਹੈ। ਸੜਨਾ ਹੈ ਪਰਵਾਨ ਜਿਨੂੰ, ਹੁੰਦਾ ਹੈ ਪਰਵਾਨ ਉਹੀ ਮੌਤੋਂ ਬੇ-ਪਰਵਾਹ ਹੈ ਜੋ ਪਰਵਾਨਾ ਹੋ ਜਾਂਦਾ ਹੈ। ਰਿੰਦ ਅਤੇ ਵਾਇਜ਼ ਦੋਨੋਂ ਲੜਦੇ ਰਹਿੰਦੇ ਨੇ ਅਕਸਰ ਪਰ ਠੇਕੇ ਵਿਚ ਦੋਹਾਂ ਦਾ ਯਾਰਾਨਾ ਹੋ ਜਾਂਦਾ ਹੈ । ਤੋਤਾ-ਚਸ਼ਮੀ ਏਨੀ ਹੈ ਤਕਦਾ ਵੀ ਨਹੀਂ ਉਹ ਏਧਰ ਅਪਣਾ ਹੁੰਦਾ ਹੋਇਆ ਵੀ ਬੇਗਾਨਾ ਹੋ ਜਾਂਦਾ ਹੈ । ਹੁਸਨ ਦੀ ਭੇਟਾ ਕਰਨ ਲਈ ਚੀਜ਼ ਅਮੁੱਲੀ ਜਦ ਨ ਮਿਲੇ ਇਸ਼ਕ ਵਲੋਂ ਫਿਰ ਸਿਰ ਦਾ ਹੀ ਨਜ਼ਰਾਨਾ ਹੋ ਜਾਂਦਾ ਹੈ । ਤਪ ਤੋਂ ਰਾਜ ਲਿਆ ਜਿਸਨੇ ਨਰਕ ਇਕਦਮ ਮਿਲਦਾ ਉਸਨੂੰ ਜਿਸ ਵੇਲੇ ਅੰਦਾਜ਼ ਉਸਦਾ ਸ਼ਾਹਾਨਾ ਹੋ ਜਾਂਦਾ ਹੈ। ਭੁਖ ਮਿਟ ਜਾਏ ਫੇਰ ਕਿਵੇਂ ‘ਹਮਦਰਦਾ' ਮਸਤਾਨੇ ਦੀ ਉਹਦੀ ਮੇਹਰ ਦਾ ਲੰਗਰ ਜਦ ਮਸਤਾਨਾ ਹੋ ਜਾਂਦਾ ਹੈ ।

ਮੇਰੇ ਪਾਸ ਆਓ ਮੈਂ ਮਰਦਾ ਪਿਆ ਹਾਂ

ਮੇਰੇ ਪਾਸ ਆਓ ਮੈਂ ਮਰਦਾ ਪਿਆ ਹਾਂ । ਬਚਾਓ ਬਚਾਓ ਮੈਂ ਮਰਦਾ ਪਿਆ ਹਾਂ । ਤੁਸੀਂ ਅਪਣੇ ਬਿਸਮਿਲ ਨੂੰ ਮਰਦਾ ਤੇ ਦੇਖੋ ਜ਼ਰਾ ਠਹਿਰ ਜਾਓ, ਮੈ ਮਰਦਾ ਪਿਆ ਹਾਂ । ਲਿਖੀ ਸੀ ਜੋ ਮੈਂ ਜ਼ਿੰਦਗੀ ਦੇ ਕੇ ਅਪਣੀ ਗ਼ਜ਼ਲ ਓਹੀ ਗਾਓ ਮੈਂ ਮਰਦਾ ਪਿਆ ਹਾਂ। ਤੁਸੀਂ ਜ਼ਿੰਦਗੀ ਬਖਸ਼ਦੇ ਹੋ ਪਿਲਾ ਕੇ ਪਿਲਾਓ ਪਿਲਾਓ ਮੈਂ ਮਰਦਾ ਪਿਆ ਹਾਂ। ਤੁਹਾਡਾ ਹੀ ਕੰਮ ਹੁਣ ਹੈ ਰਖਿਆ ਵਤਨ ਦੀ ਓ ਮੇਰੇ ਭਰਾਓ ਮੈਂ ਮਰਦਾ ਪਿਆ ਹਾਂ । ਮੇਰੇ ਬਾਅਦ ਹੀ ਮੇਰੀ ਕਿਸ਼ਤੀ ਨੂੰ ਤਕਣਾ ਮਿਰੇ ਨਾ-ਖ਼ੁਦਾਓ ਮੈਂ ਮਰਦਾ ਪਿਆ ਹਾਂ । ਉਹੀ ਹੈ ਮਿਰੀ ਜ਼ਿੰਦਗੀ ਦਾ ਸਹਾਰਾ ਉਧੀ ਗਲ ਸੁਣਾਓ ਮੈਂ ਮਰਦਾ ਪਿਆ ਹਾਂ । ਨਹੀਂ ਹੋਰ ਕੋਈ ਵੀ ਮੇਰਾ ਮਸੀਹਾ ਉਨ੍ਹਾਂ ਨੂੰ ਲਿਆਓ ਮੈਂ ਮਰਦਾ ਪਿਆ ਹਾਂ । ਤੁਹਾਡਾ ਸਤਾਣਾ ਮਿਰੀ ਜ਼ਿੰਦਗੀ ਹੈ ਸਤਾਓ ਸਤਾਓ ਮੈਂ ਮਰਦਾ ਪਿਆ ਹਾਂ । ਕਦੇ ਵੀ ਮੈਂ 'ਹਮਦਰਦ' ਕਹਿਣਾ ਨਹੀਂ ਇਹ ਰਕੀਬੋ ਬਚਾਓ ਮੈਂ ਮਰਦਾ ਪਿਆ ਹਾਂ ।

ਹਾਲ ਨ ਕੁਝ ਪੁੱਛੋ ਯਾਰੋ

ਹਾਲ ਨ ਕੁਝ ਪੁੱਛੋ ਯਾਰੋ, ਉਲਫ਼ਤ ਵਿਚ ਮਰ ਚੱਲੇ ਦਾ। ਆਸ ਕਰਾਂ ਕੀ ਮੈਂ ਦਿਲ ਤੋਂ, ਕੀ ਭਰਵਾਸਾ ਝੱਲੇ ਦਾ। ਸਿਰ ਵਿਚ ਪਿਆਰ ਦਾ ਪਾਗਲਪਨ, ਦਿਲ ਵਿਚ ਟੀਸ ਮੁਹੱਬਤ ਦੀ ਸੂਤ ਨਹੀਂ ਹੈ ਕੋਈ ਵੀ, ਉਪਰ ਦਾ ਨਾ ਥੱਲੇ ਦਾ। ਤੇਰੇ ਬਾਝੋਂ ਮੈਂ ਸਜਣਾ, ਹਰ ਮਹਿਫ਼ਿਲ ਵਿਚ ਕੱਲਾ ਹਾਂ ਪਾਗਲ ਹੋ ਜਾਵਾਂ ਨਾ ਕਿਉਂ, ਜੀ ਨਹੀਂ ਲਗਦਾ ਕੱਲੇ ਦਾ। ਲੁਕਮਾਨਾਂ ਨੇ ਸਦੀਆਂ ਤਕ, ਮੱਥੇ ਮਾਰ ਕੇ ਵੇਖ ਲਏ ਦਾਰੂ ਢੂੰਡ ਸਕੇ ਨਾ ਉਹ, ਇਸ਼ਕ ਦੇ ਰੋਗ ਅਵੱਲੇ ਦਾ । ਤੇਰੇ ਗ਼ਮ ਦੀ ਦੌਲਤ ਦਾ, ਮੇਰੇ ਪਾਸ ਖ਼ਜ਼ਾਨਾ ਹੈ ਇਸ ਨੂੰ ਸਾਂਭ ਕੇ ਰਖਦਾ ਹਾਂ, ਮੈਂ ਹਾਂ ਪੱਕਾ ਪੱਲੇ ਦਾ । ਮੇਲ ਦਿਲਾਂ ਦੇ ਹੁੰਦੇ ਨੇ, ਪਿਆਰ ਸਰੀਰੋਂ ਉੱਚਾ ਹੈ ਸਜਣਾ ਹੁਣ ਕਿਉਂ ਦੇਂਦਾ ਏਂ, ਹੋਰ ਭੁਲੇਖਾ ਛੱਲੇ ਦਾ ? ਚੋਰ ਨੂੰ ਕਹਿਦੈ ਚੋਰੀ ਕਰ ਫੇਰ ਜਗਾਉਂਦੈ ਘਰ ਵਾਲੇ ਦੂਤੀ ਦੀ ਕੀ ਪੁਛਦੇ ਹੋ, ਉਹ ਹੈ ਯਾਰ ਦੁਵੱਲੇ ਦਾ। ਹੁਸਨ ਤੇ ਇਸ਼ਕ ਦੇ ਝਗੜੇ ਦਾ ਰੋਜ਼ ਨਿਬੇੜਾ ਹੁੰਦਾ ਹੈ ਅਕਲ ਤੇ ਪਰਦਾ ਪੈ ਜਾਂਦੈ, ਆਖ਼ਰ ਇਸ਼ਕ ਦੇ ਹੱਲੇ ਦਾ । ਟੋਕ ਨ ਉਸਨੂੰ ‘ਹਮਦਰਦਾ, ਨਾਜ਼ਕ ਦਿਲ ਵਾਲਾ ਹੈ ਉਹ ਉਹਨੂੰ ਚੰਗਾ ਲਗਦਾ ਹੈ, ਰੌਲਾ ਬੱਲੇ ਬੱਲੇ ਦਾ।

ਘੜਦੈ ਉਹ ਰਬ ਰੋਜ਼ ਨਵਾਂ

ਘੜਦੈ ਉਹ ਰਬ ਰੋਜ਼ ਨਵਾਂ, ਬੰਦਾ ਭਾਵੇਂ ਬੰਦਾ ਹੈ । ਬੰਦੇ ਦੀ ਕੀ ਪੁਛਦੇ ਹੋ, ਬੰਦਾ ਗੋਰਖ ਧੰਦਾ ਹੈ । ਜ਼ਾਹਿਦ ਰਿੰਦ ਨੂੰ ਨਿੰਦ ਰਿਹੈ, ਹੂਰਾਂ ਉੱਤੇ ਮਰਕੇ ਵੀ ਗੰਦਾ ਹੈ ਜੇ ਰਿੰਦ ਏਦਾਂ, ਤਾਂ ਜ਼ਾਹਿਦ ਵੀ ਗੰਦਾ ਹੈ । ਦੁਖੀਆਂ ਦੇ ਜ਼ਖਮਾਂ ਉੱਤੇ, ਮਲ੍ਹਮ ਲਾਈਏ ਉਲਫ਼ਤ ਦੀ ਠੰਡ ਇਸ ਵਿਚ ਵਰਤਾ ਦੇਈਏ, ਆਤਰ ਜਗਤ ਜਲੰਦਾ ਹੈ । ਰੰਗੀਨੀ ਤੜਪਾਉਂਦੀ ਹੈ, ਮਾਰ ਮੁਕਾਉਂਦੀ ਹੈ ਖੁਸ਼ਬੂ ਫੁੱਲਾਂ ਦੇ ਮੌਸਮ ਵਿਚ ਵੀ, ਹਾਲ ਆਸ਼ਕ ਦਾ ਮੰਦਾ ਹੈ । ਦਰਦ ਸੁਆਦੀ ਹੈ ਇਸਦਾ, ਮਿੱਠਾ ਤੇ ਖਿੱਚ ਭਰਿਆ ਵੀ ਨਿਕਲਣ ਨੂੰ ਦਿਲ ਕਰਦਾ ਨਹੀਂ, ਪਿਆਰ ਅਜਿਹਾ ਫੰਦਾ ਹੈ । ਏਥੇ ਜ਼ਾਤ ਬਰਾਦਰੀਆਂ, ਬੰਦਾ ਕੋਈ ਲਭਦਾ ਨਹੀਂ ਬਖ਼ਸ਼ੀ ਸੰਧੂ ਕਲਸੀ ਨੇ, ਨੰਦਾ ਹੈ ਖਰਬੰਦਾ ਹੈ। ਬੰਦੇ ਅੱਗੇ ਝੁਕਦਾ ਜੋ, ਉਸਦੀ ਕੀਮਤ ਕੁਝ ਵੀ ਨਹੀਂ ਲਅਨਤ ਹੈ ਉਸ ਬੰਦੇ ਤੇ, ਜੋ ਬੰਦੇ ਦਾ ਬੰਦਾ ਹੈ । ਉਸਦੀ ਕਬਰ ਤੇ ਜਾ ਕੇ ਤੂੰ ਪਾਪ ਅਪਣੇ ਬਖ਼ਸ਼ਾ ਜ਼ਾਹਿਦ ਰਿੰਦ ਖ਼ੁਦਾ ਹੈ ਧਰਤੀ ਦਾ, ਫੱਕਰ ਹੈ ਬਖਸੰਦਾ ਹੈ। ਸਿਰ ਦੇਣਾ ਪੈਂਦੈ ਇਸ ਵਿਚ, ਜਾਣਕੇ ਮਕ਼ਤਲ ਨੂੰ ਠੇਕਾ ਇਸ ਤੋਂ ਲਾਭ ਦੀ ਆਸ ਨਾ ਰਖ, ਇਹ ਉਲਫ਼ਤ ਦਾ ਧੰਦਾ ਹੈ । ਮਰਜ਼ੀ ਨਾਲ ਨਹੀਂ ਜਾਂਦਾ, ਮਰਜ਼ੀ ਨਾਲ ਨਹੀਂ ਮਰਦਾ ਦੁਨੀਆਂਦਾਰ ਦੇ ਹਥ ਦੇ ਵਿਚ ਕੁੰਜੀ ਹੈ ਨਾ ਜੰਦਾ ਹੈ । ਫ਼ਰਕ ਨਹੀਂ ਹੈ 'ਹਮਦਰਦਾ', ਰਿੰਦ ਅਤੇ ਜ਼ਾਹਿਦ ਦੇ ਵਿਚ ਇਹ ਹੈ ਹੂਰ ਬਹਿਸ਼ਤੀ ਦਾ, ਉਹ ਸਾਕ਼ੀ ਦਾ ਬੰਦਾ ਹੈ ।

ਆਰਦੀਆਂ ਨਾ ਪਾਰਦੀਆਂ

ਆਰਦੀਆਂ ਨਾ ਪਾਰਦੀਆਂ, ਡੋਬਦੀਆਂ ਨਾ ਤਾਰਦੀਆਂ । ਭੂਲ ਭੁਲਯਾਂ ਬਣੀਆਂ ਨੇ, ਗੱਲਾਂ ਮੇਰੇ ਯਾਰ ਦੀਆਂ। ਇਧਰ ਜ਼ੋਰ ਵਫ਼ਾਵਾਂ ਦਾ, ਉਧਰ ਜ਼ੋਰ ਜਫ਼ਾਵਾਂ ਦਾ ਮੈਨੂੰ ਇਹ ਵੀ ਮਾਰਦੀਆਂ, ਮੈਨੂੰ ਉਹ ਵੀ ਮਾਰਦੀਆਂ। ਹਰ ਥਾਂ ਪਈਆਂ ਹੋਈਆਂ ਹਨ, ਹਰ ਮਹਿਫ਼ਲ ਵਿਚ ਹੁੰਦੀਆਂ ਨੇ ਧੁੱਮਾਂ ਤੇਰੇ ਹੁਸਨ ਦੀਆਂ, ਗੱਲਾਂ ਮੇਰੇ ਪਿਆਰ ਦੀਆਂ। ਝੂਠੇ ਵਅਦੇ ਕਰਦੇ ਹੋ, ਉਲਫ਼ਤ ਦਾ ਦਮ ਭਰਦੇ ਹੋ ਨਾਂ ਵੀ ਹੈ ਤੇ ਹਾਂ ਵੀ ਹੈ, ਕਿਆ ਬਾਤਾਂ ਸਰਕਾਰ ਦੀਆਂ ! ਹੁਸਨ ਤਿਰਾ ਹੈ ਤੇਜ਼ ਜਿਨੂੰ, ਪਾਣ ਚੜੀ ਹੈ ਨਖ਼ਰੇ ਦੀ ਦੋ ਧਾਰੀ ਤਲਵਾਰ ਦੀਆਂ, ਸੱਟਾਂ ਦਿਲ ਨੂੰ ਮਾਰਦੀਆਂ । ਹਸ ਹਸ ਕੇ ਦਿਲ ਖਸਦਾ ਹੈ, ਬੇਦਿਲ ਕਰਕੇ ਹਸਦਾ ਹੈ ਦਿਲ ਲੈ ਕੇ ਦਿਲ ਦੇਂਦਾ ਨਹੀਂ, ਕਿਆ ਬਾਤਾਂ ਦਿਲਦਾਰ ਦੀਆਂ। ਬੱਚੇ ਖੇਲਾਂ ਕਰਦੇ ਨੇ, ਬੁੱਢੇ ਹੌਕੇ ਭਰਦੇ ਨੇ ਮਿਲਣਗੀਆਂ ਨਹੀਂ ਫੇਰ ਕਦੇ, ਇਹ ਉਮਰਾਂ ਵਿਚਕਾਰ ਦੀਆਂ । ਓਨਾਂ ਦੀ ਪਰਵਾਹ ਨਾ ਕਰ, ਓਨਾਂ ਦਾ ਅਹਿਸਾਨ ਨ ਝਲ ਡੋਬਦੀਆਂ ਨੇ ਜੋ ਛੱਲਾਂ, ਜੋ ਲਹਿਰਾਂ ਨੇ ਤਾਰਦੀਆਂ। ਫਾਂਸੀ ਦੇ ਫੰਧੇ ਦੇ ਵਲ, ਹਸ ਹਸ ਕੇ ਮੈਂ ਜਾਵਾਂਗਾ। ਮੈਨੂੰ ਜ਼ੁਲਫ਼ਾਂ ਯਾਰਦੀਆਂ, ਬਿਦ ਬਿਦ ਕੇ ਨੇ ਮਾਰਦੀਆਂ । ਬੁਜ਼ਦਿਲ ਦੇ ਵਾਂਗੂੰ ਮਰਨਾਂ, ਬੁਜ਼ਦਿਲ ਦੇ ਵਾਗੂੰ ਜੀਣਾ ਰਿੰਦ ਕਦੇ ਵੀ ਕਰਦੇ ਨਹੀਂ, ਗੱਲਾਂ ਇਸ ਪ੍ਰਕਾਰ ਦੀਆਂ । ਸਾਕ਼ੀ ਦੇ ਕੇ ਮੋਹ ਲੀਤਾ, ਫਿਰ ਉਹ ਉਸ ਤੋਂ ਖੋਹ ਲੀਤਾ, ਰਿੰਦ ਤੇ ਅਜਕਲ ‘ਹਮਦਰਦਾ' ਮੇਹਰਾਂ ਨੇ ਕਰਤਾਰ ਦੀਆਂ।

ਹੁਣ ਤੂੰ ਆਪ ਵਿਚਾਰ ਲਈਂ

ਹੁਣ ਤੂੰ ਆਪ ਵਿਚਾਰ ਲਈਂ, ਚੰਗੀਆਂ ਨੇ ਜਾਂ ਬੁਰੀਆਂ ਨੇ । ਗੱਲਾਂ ਸਾਡੇ ਪਿਆਰ ਦੀਆਂ, ਹਰ ਮਹਿਫਿਲ ਵਿਚ ਤੁਰੀਆਂ ਨੇ । ਮਿੱਠੇ ਬੋਲ ਨੇ ਬੁਲ੍ਹਾਂ ਤੇ, ਅੰਦਰਵਾਰ ਕੁੜਿਤਣ ਹੈ, ਭੋਲੇ ਭਾਲੇ ਚਿਹਰੇ ਹਨ, ਬਗਲਾਂ ਦੇ ਵਿਚ ਛੁਰੀਆਂ ਨੇ । ਸ਼ੇਖਾ ਠੇਕੇ ਵਿਚ ਆ ਕੇ, ਤੋਬਾ, ਦੀ ਗਲ ਕਰਦੇ ਕਿਉਂ ? ਏਸ ਖ਼ੁਦਾਈ ਮਹਿਫਲ ਵਿਚ, ਇਹ ਗੱਲਾਂ ਬੇ-ਸੁਰੀਆਂ ਨੇ । ਫੁਲ ਕਿਰਦੇ ਨੇ ਮੂੰਹ ਵਿਚੋਂ, ਦਿਲ ਦੀ ਕੌੜ ਗਈ ਤੇਰੀ ਬੁੱਲਾਂ ਦੀ ਮੁਸਕਾਨ ਅੰਦਰ, ਕਿੱਦਾਂ ਝਿੜਕਾਂ ਖੁਰੀਆਂ ਨੇ । ਇਕ ਮੰਜ਼ਿਲ ਤੇ ਪੁੱਜਕੇ ਤੂੰ ਸਮਝ ਨ ਮੰਜ਼ਿਲ ਮਾਰ ਲਈ ਪੁਰੀਆਂ ਪਿਛੇ ਪੁਰੀਆਂ ਸਨ, ਪੁਰੀਆਂ ਅੱਗੇ ਪੁਰੀਆਂ ਨੇ । ਚੁੱਪ-ਚੁਪੀਤਾ ਫਿਰਦਾ ਸੀ, ਰਿੰਦ ਹੈ ਸੀ ਗ਼ਮਗੀਨ ਬੜਾ ਠੇਕੇ ਆ ਕੇ ਉਸਨੂੰ ਪਰ, ਫੁਰ ਫੁਰ ਗੱਲਾਂ ਫੁਰੀਆਂ ਨੇ। ਗੁੱਸੇ ਵਿਚ ਹਰਦਮ ਰਹਿਕੇ, ਨਢਾ ਬੁੱਢਾ ਲਗਦਾ ਹੈ ਵੱਟ ਨੇ ਮੱਥੇ ਦੇ ਉੱਤੇ, ਚਿਹਰੇ ਉਤੇ ਝੁਰੀਆਂ ਨੇ । ਇਹ ਹਾਲਤ ਹੈ ਕੀ ਹਾਲਤ, ਇਹ ਮੌਸਮ ਹੈ ਕੀ ਮੌਸਮ ਕਿੱਦਾਂ ਨਿੰਬੂ ਨਿਚੁੜੇ ਹਨ, ਕਿੱਦਾਂ ਛਲੀਆਂ ਭੁਰੀਆਂ ਨੇ। ਖ਼ੈਰ ਨਹੀਂ ਮੇਰੇ ਦਿਲ ਦੀ, ਖ਼ੂਨ ਇਸਦਾ ਹੋ ਜਾਏਗਾ ਉਹ ਪਲਕਾਂ ਵੀ ਨਸ਼ਤਰ ਹਨ, ਉਹ ਨਜ਼ਰਾਂ ਵੀ ਛੁਰੀਆਂ ਨੇ । ਮੇਰੇ ਮਰਨ ਤੇ ਗੈਰਾਂ ਦਾ, ਰੋਣਾ ਵੀ ਖੁਸ਼ ਹੋਣਾ ਹੈ ਇਹ ਰੋਣਾ ਹੈ ਇਉਂ ਜਿਦਾਂ, ਕੁੜੀਆਂ ਸੌਹਰੀਂ ਤੁਰੀਆਂ ਨੇ । ਰੰਗ ਉਲਫ਼ਤ ਦੇ 'ਹਮਦਰਦਾ', ਸਭ ਰੰਗਾਂ ਤੋਂ ਨਿਆਰੇ ਹਨ ਸਰਦੀ ਵਿਚ ਗਰਮਾਇਸ਼ ਹੈ, ਗਰਮੀ ਵਿਚ ਠੁਰਠੂਰੀਆਂ ਨੇ ।

ਕਲਾਮੇ-ਜੋਸ਼

ਚਲਾ ਕਹਾਂ ਸੇ ਕਹਾਂ ਜਾ ਰਹਾ ਹੂੰ ਕਿਆ ਮਾਲੂਮ । ਨ ਇਬਤਦਾ ਕੀ ਖ਼ਬਰ ਹੈ ਨ ਇੰਤਹਾ ਮਾਲੂਮ ! ਬਤਾ ਸਕਾ ਕੋਈ ਹਸਤੀ ਕਾ ਮੁਦਅ ਨ ਮੁਝੇ ਖ਼ੁਦਾ-ਪ੍ਰਸਤ ਭੀ ਕਹਿਨੇ ਲਗੇ ਖੁਦਾ ਮਾਲੂਮ । ਯੇ ਫ਼ਲਸਫੇ ਕੇ ਮਸਾਇਲ ਨ ਛੇੜ ਐ ਵਾਇਜ਼ ਮੇਰੀ ਨਜ਼ਰ ਮੇ ਤੋ ਮਾਲੂਮ ਭੀ ਹੈ ਨਾ-ਮਾਲੂਮ। ਨਿਗਾਹ ਕੋ ਤਾਬਿ-ਤਸੱਲੀ ਅਗਰ ਨ ਥੀ ਨ ਸਹੀ। ਨਕਾਬੇ ਹੁਸਨ ਕਾ ਮਕ਼ਸਦ ਤੋ ਹੋ ਗਇਆ ਮਾਲੂਮ ? ਦੀਏ ਹੈਂ ਰੰਜ ਮੁਝੇ ਦੋਸਤ ਨੇ ਕਿ ਦੁਸ਼ਮਨ ਨੇ ਯੇ ਵੁਹ ਖਬਰ ਹੈ ਨਹੀਂ ਜਿਸਕਾ ਮੁਬਤਦਾ ਮਾਲੂਮ । ਭਟਕਤਾ ਫਿਰਤਾ ਹੂੰ ਦਿਨ ਰਾਤ ਮੈਂ ਉਸੀ ਕੇ ਲੀਏ ਕਿ ਜਿਸ ਕੇ ਘਰ ਕਾ ਭੀ ਮੁਝ ਕੋ ਨਹੀਂ ਪਤਾ ਮਾਲੂਮ । ਖ਼ੁਦ ਅਪਨੇ ਹਾਲ ਸੇ ਹੈ ਬੇਖ਼ਬਰ ਸਭ ਅਹਿਲੇ ਜਹਾਂ ਕਿਸੀ ਕਾ ਹਾਲੇ ਪਰੇਸ਼ਾਂ ਕਿਸੀ ਕੋ ਕਿਆ ਮਾਲੂਮ ? ਕਦਮ ਕਦਮ ਪੇ ਯੇ ਰੁਕਨਾ ਘੜੀ ਘੜੀ ਯੇ ਮੁਕਾਮ ਯੇਹੀ ਹੈ ਕੋਸ਼ਿਸ਼ੇ ਪੈਹਮ ਤੋਂ ਫਾਇਦਾ ਮਾਲੂਮ ! ਰਹਾ ਭੀ ਹੋ ਗਏ ਕੈਦੇ ਹਿਯਾਤ ਸੇ ਲੇਕਿਨ ਨ ਹੋ ਸਕੀ ਹਮੇਂ ਅਬ ਤਕ ਕੋਈ ਖ਼ਤਾ ਮਾਲੂਮ। ਬਨਾ ਸਕੇ ਕੋਈ ਕਿਉਂ ਕਰ ਸਫਰ ਕਾ ਪੈਮਾਨਾ ਨਹੀਂ ਕਿਸੀ ਕੋ ਭੀ ਮੰਜ਼ਿਲ ਕਾ ਫਾਸਲਾ ਮਾਲੂਮ। ਬਸ ਇਕ ਕਜ਼ਾ ਪੈ ਭਰੋਸਾ ਹੈ ਅਬ ਮੁਝੇ ਐ ਜੋਸ਼, ਉਸੀ ਕੋ ਹੈ ਮੇਰੇ ਆਜ਼ਾਰ ਕੀ ਦਵਾ ਮਾਲੂਮ। ਅਨੁਵਾਦ ਕਿੱਧਰ ਨੂੰ ਤੁਰਿਆ ਜਾਂਦਾ ਹਾਂ ਕਿਥੋਂ ਆਇਆ ਮਾਲੂਮ ਨਹੀਂ । ਆਗ਼ਾਜ਼ ਮਿਰਾ ਕਿੱਥੋਂ ਹੁੰਦਾ ਤੇ ਅੰਤ ਹੈ ਕਿਆ ਮਾਲੂਮ ਨਹੀਂ । ਜੀਵਨ ਦਾ ਮਨੋਰਥ ਕੀ ਹੁੰਦੈ ਦਸ ਸਕਿਆ ਇਹ ਨਹੀਂ ਕੋਈ ਵੀ ਅੱਲਾ ਵਾਲੇ ਵੀ ਕਹਿੰਦੇ ਨੇ ਅੱਲਾ ਤੋਂ ਸਿਵਾ ਮਾਲੂਮ ਨਹੀਂ । ਜੀਵਣ ਦਰਸ਼ਣ ਦੇ ਮਸਲੇ ਨ ਛੇੜ ਮਿਰੇ ਅੱਗੇ ਵਾਇਜ਼ ਮਾਲੂਮ ਤੇ ਹੁੰਦੈ ਨਜ਼ਰਾਂ ਨੂੰ ਪਰ ਫਿਰ ਵੀ ਖ਼ੁਦਾ ਮਾਲੂਮ ਨਹੀਂ। ਝਲ ਸਕਦੀ ਨਹੀਂ ਸੀ ਨੂਰ ਉਸਦਾ ਇਹ ਠੀਕ ਹੈ ਪਰ ਐ ਮੇਰੀ ਨਜ਼ਰ ਕਿਉਂ ਪਰਦਾ ਕੀਤਾ ਸੀ ਉਸਨੇ ਕੀ ਹੋਇਆ ਇਹ ਮਾਲੂਮ ਨਹੀਂ। ਦਿੱਤੇ ਨੇ ਤਸੀਹੇ ਇਹ ਮੈਨੂੰ ਇਕ ਮਿੱਤਰ ਨੇ ਜਾਂ ਦੁਸ਼ਮਣ ਨੇ ਕਿਰਪਾ ਕਿਸ ਤਰਫੋਂ ਹੋਈ ਹੈ ਮੈਨੂੰ ਤੇ ਜ਼ਰਾ ਮਾਲੂਮ ਨਹੀਂ। ਦਿਨ ਰਾਤ ਭਟਕਦਾ ਫਿਰਦਾ ਹਾਂ ਏਧਰ ਓਧਰ ਮੈਂ ਜਿਸ ਖ਼ਾਤਿਰ ਮੈਨੂੰ ਤੇ ਉਸ ਵਲ ਛਲੀਏ ਦੇ ਘਰ ਦਾ ਵੀ ਪਤਾ ਮਾਲੂਮ ਨਹੀਂ। ਦੁਨੀਆਂ ਦੇ ਬੰਦੇ ਵੀ ਕੀ ਨੇ ਅਪਣੀ ਵੀ ਖਬਰ ਨਹੀਂ ਜੇਨਾਂ ਨੂੰ ਇਕ ਦੀ ਜੇ ਹਾਲਤ ਮੰਦੀ ਹੈ ਦੂਜੇ ਨੂੰ ਜ਼ਰਾ ਮਾਲੂਮ ਨਹੀਂ। ਰੁਕਣਾ, ਚਲਣਾ ਤੇ ਫਿਰ ਰੁਕਣਾ ਇਹ ਤੁਰਨਾ ਕਾਹਦਾ ਤੁਰਨਾ ਹੈ ਇੰਝ ਓਹੀ ਕਰਦਾ ਹੈ ਜਿਸਨੂੰ ਨੁਕਸਾਨ ਇਸਦਾ ਮਾਲੂਮ ਨਹੀਂ । ਜੀਵਣ ਦੀ ਕੈਦੋਂ ਹੁਣ ਸਾਡਾ ਬੇਸ਼ਕ ਛੁੱਟਕਾਰਾ ਹੋਇਆ ਹੈ ਜਿਸ ਦੇ ਵਿਚ ਕੈਦੀ ਹੋਏ ਸਾਂ ਸਾਨੂੰ ਉਹ ਖ਼ਤਾ ਮਾਲੂਮ ਨਹੀਂ। ਘੜ ਸਕਦਾ ਹੈ ਕੋਈ ਕੀਕਣ ਦੁਨੀਆਂ ਦੇ ਸਫਰ ਦਾ ਪੈਮਾਨਾ ? ਜਦ ਤੀਕਣ ਅਪਣੀ ਮੰਜ਼ਿਲ ਦਾ ਉਸਨੂੰ ਪੈਂਡਾ ਮਾਲੂਮ ਨਹੀਂ। ਬਸ ਮੌਤ ਦੇ ਉੱਤੇ ਹੀ ਹੁਣ ਤੇ ਮੈਨੂੰ ਐ ‘ਜੋਸ਼' ਭਰੋਸਾ ਹੈ ਉਸਤੋਂ ਤੇ ਸਿਵਾ ਮੇਰੇ ਦੁੱਖ ਦੀ ਦੂਜੇ ਨੂੰ ਦਵਾ ਮਾਲੂਮ ਨਹੀਂ।

ਮਾਡਰਨ ਗ਼ਜ਼ਲ

ਨ ਕਰ ਗੁੱਸਾ ਤੂੰ ਓਸ ਬਦਨਾਮ ਤੇ । ਜੋ ਵਿਕਦੈ ਪਿਆਲੀ ਤੇ ਇਕ ਜਾਮ ਤੇ । ਮਿਰੇ ਘਰ ਉਹ ਆਉਂਦੈ ਇਸੇ ਮੂਡ ਵਿਚ ਉਹ ਜਾਂਦਾ ਪਿਆ ਹੈ ਜਿਵੇਂ ਲਾਮ ਤੇ । ਉਹ ਅਖਾਂ ਵਿਖਾ ਸਕਦਾ ਏ ਮੈਨੂੰ ਕੀ ਜੋ ਵਿਕ ਜਾਂਦੈ ਥੋੜੇ ਜਿਹੇ ਦਾਮ ਤੇ । ਉਨ੍ਹਾਂ ਕਾਲੇ ਲੋਕਾਂ ਦੀ ਗਲ ਨਾ ਕਰੋ ਜ਼ੋ ਟਾਮੀ ਦੇ ਪਿੱਠੂ ਮਰੇ ‘ਸਾਮ' ਤੇ ਬੁਲਾਇਆ ਕਰੋ ਓਦੋਂ ਫਸਟ-ਏਡ ਨੂੰ ਤੁਸੀਂ ਚੜਦੇ ਹੁੰਦੇ ਹੋ ਜਦ ਬਾਮ ਤੇ। ਉਹ ‘ਹਮਦਰਦੱ ਨੂੰ ਆਖਦੈ ਬੇਵਫ਼ਾ ਜੋ ਚਲਦਾ ਹੈ ਏਦਾਂ ਦੇ ਇਲਜ਼ਾਮ ਤੇ। ਸੁਗੰਧ ਭਾਂਤ ਸੁਭਾਂਤੇ ਫੁੱਲਾਂ ਦੀ

ਰੁਬਾਈ

ਦੁਖ ਦਰਦ ਮਿਰੇ ਦਿਲ ਤੋਂ ਜੁਦਾ ਨਹੀਂ ਹੁੰਦਾ। ਲਗਦਾ ਹੈ ਮਿਰਾ ਕੋਈ ਖ਼ੁਦਾ ਨਹੀਂ ਹੁੰਦਾ । ਅਫਸੋਸ ਤੁਸੀਂ ਹੋਏ ਨ ਮੇਰੇ ਅੱਜ ਤਕ ਹੋਣੇ ਨੂੰ ਤੇ ਸੰਸਾਰ 'ਚ ਕਿਆ ਨਹੀਂ ਹੁੰਦਾ ।

ਹਾਣੀਆਂ ਵੇ ਹਾਣੀਆਂ-ਗੀਤ

ਹਾਣੀਆਂ ਵੇ ਹਾਣੀਆਂ ਕਿੱਥੇ ਲੁਕ ਛੁਪ ਕੇ ਤੂੰ ਪਾਨਾ ਏਂ ਕਹਾਣੀਆਂ ਬਿਰਹੋਂ ਦੀ ਅਗ ਵਿਚ ਏਦਾਂ ਵੀ ਨਾ ਜਾਲ ਵੇ । ਦੇਖ ਆਪ ਆ ਕੇ ਮੇਰਾ ਤਤੜੀ ਦਾ ਹਾਲ ਵੇ । ਤੇਰੇ ਬਾਝ ਇਕ ਦਿਨ ਜਾਪੇ ਇਕ ਸਾਲ ਵੇ । ਮੇਰੇ ਦਿਨ ਦੇਸੇ ਸਾਰੇ ਲੈ ਗਇਆ ਏਂ ਨਾਲ ਵੇ । ਤੇਰੇ ਬਿਨਾਂ ਹੁਣ ਕਦੇ ਖ਼ੁਸ਼ੀਆਂ ਨਹੀਂ ਮਾਣੀਆਂ । ਹਾਣੀਆਂ ਵੇ ਹਾਣੀਆਂ ਕਿੱਥੇ ਲੁਕ ਛੁਪ ਕੇ ਤੂੰ ਪਾਨਾ ਏਂ ਕਹਾਣੀਆਂ । ਮੁਖੜੇ ਦੇ ਗੋਰਿਆ ਤੇ ਦਿਲੇ ਦਿਆ ਕਾਲਿਆ। ਤੇਰੇ ਨਾਲ ਨੇਹੁੰ ਲਾ ਕੇ ਰੋਗ ਅਸਾਂ ਲਾ ਲਿਆ। ਆਸ਼ਕੀ ਦੇ ਸਾਜ਼ ਉੱਤੇ ਮਾਰੂ ਰਾਗ ਗਾ ਲਿਆ । ਹਾਸੇ ਹਾਸੇ ਵਿਚ ਇਕ ਫਾਹਾ ਗਲ ਪਾ ਲਿਆ । ਜਾ ਕੇ ਸਾਡੇ ਪਾਸੋਂ ਕਿੱਥੇ ਲੰਮੀਆਂ ਨੇ ਤਾਣੀਆਂ । ਹਾਣੀਆਂ ਵੇ ਹਾਣੀਆਂ- ਕਿੱਥੇ ਲੁਕ ਛੁਪ ਕੇ ਤੂੰ ਪਾਨਾ ਏਂ ਕਹਾਣੀਆਂ । ਸੁੱਕੀਆਂ ਨੇ ਆਸਾਂ ਸਾਡੇ ਦੀਦੇ ਨਹੀਂਉਂ ਸੁੱਕਣੇ । ਮੁੱਕੀਆਂ ਉਮੀਦਾਂ ਸਾਡੇ ਗ਼ਮ ਨਹੀਉਂ ਮੁੱਕਣੇ । ਰੁੱਕਣੇ ਨੇ ਸਾਹ ਸਾਡੇ ਹੌਕੇ ਨਹੀਉਂ ਰੁੱਕਣੇ । ਚੁੱਕ ਲਵੇ ਰਬ ਸਾਨੂੰ ਦੁਖ ਨਹੀਂ ਜੇ ਚੁੱਕਣੇ। ਨਾ ਤੂੰ ਏਸ ਤਰਾਂ ਤੋੜ ਯਾਰੀਆਂ ਪੁਰਾਣੀਆਂ । ਹਾਣੀਆਂ ਵੇ ਹਾਣੀਆਂ ਕਿੱਥੇ ਲੁਕ ਛੁਪ ਕੇ ਤੂੰ ਪਾਨਾ ਏਂ ਕਹਾਣੀਆਂ।

ਲਿਖ ਕੇ ਚਿੱਠੀ ਪਿਆਰੀ-ਗੀਤ

ਲਿਖ ਕੇ ਚਿੱਠੀ ਪਿਆਰੀ ਅਪਣੇ ਮਾਹੀ ਨੂੰ । ਮੈਂ ਇਕ ਅਰਜ਼ ਗੁਜ਼ਾਰੀ ਢੋਲ ਸਿਪਾਹੀ ਨੂੰ। ਆਣ ਬਣੀ ਹੈ ਭਾਰੀ ਮੇਰੀ ਜਿੰਦ ਉੱਤੇ। ਗ਼ਮ ਛਾਇਆ ਹਰ ਸਾਕ਼ੀ ਤੇ ਹਰ ਰਿੰਦ ਉੱਤੇ । ਵੈਰੀ ਚੜ੍ਹ ਕੇ ਆਇਆ ਤੇਰੀ ਹਿੰਦ ਉੱਤੇ । ਨਾਲ ਲਿਆਇਆ ਸਾਰੀ ਧਕੜ-ਸ਼ਾਹੀ ਨੂੰ । ਮੈਂ ਇਕ ਅਰਜ਼ ਗੁਜ਼ਾਰੀ ਢੋਲ ਸਿਪਾਹੀ ਨੂੰ । ਲਿਖਕੇ ਚਿੱਠੀ ਪਿਆਰੀ ਅਪਣੇ ਮਾਹੀ ਨੂੰ । ਚਾੜ੍ਹ ਲਿਆਇਆ ਖੇੜੇ ਦੋਖੀ ਹੀਰਾਂ ਦਾ। ਲੋਹ-ਪੁਰਖਾਂ ਨੂੰ ਛੇੜੇ ਪੁਤਲਾ ਲੀਰਾਂ ਦਾ। ਆਇਆ ਸਾਡੇ ਵੇਹੜੇ ਟੋਲਾ ਕੀਰਾਂ ਦਾ। ਜ਼ਰਬ ਲਗਾ ਦੇ ਭਾਰੀ ਏਸ ਗੁਨਾਹੀ ਨੂੰ। ਮੈਂ ਇਕ ਅਰਜ਼ ਗੁਜ਼ਾਰੀ ਢੋਲ ਸਿਪਾਹੀ ਨੂੰ। ਲਿਖ ਕੇ ਚਿੱਠੀ ਪਿਆਰੀ ਅਪਣੇ ਮਾਹੀ ਨੂੰ। ਕਰਦੇ ਪਧਰਾ ਕਢਕੇ ਰੜਕਾਂ ਏਸ ਦੀਆਂ। ਢੋਲ ਸਿਪਾਹੀਆ ਭੰਨ ਦੇ ਮੜਕਾਂ ਏਸ ਦੀਆਂ। ਸਾੜ ਕੇ ਰਖਦੇ ਸਾਰੀਆਂ ਭੜਕਾਂ ਏਸ ਦੀਆਂ। ‘ਹਮਦਰਦਾ' ਬਲਿਹਾਰੀ ਰੋਕ ਤਬਾਹੀ ਨੂੰ। ਮੈਂ ਇਕ ਅਰਜ਼ ਗੁਜ਼ਾਰੀ ਢੋਲ ਸਿਪਾਹੀ ਨੂੰ। ਲਿਖ ਕੇ ਚਿੱਠੀ ਪਿਆਰੀ ਅਪਣੇ ਮਾਹੀ ਨੂੰ।

ਜਦ ਮੈਥੋਂ ਸ਼ਰਮਾਂਦੇ ਹੋ-ਕਾਫ਼ੀ

ਜਦ ਮੈਥੋਂ ਸ਼ਰਮਾਂਦੇ ਹੋ ਖ਼ਾਬਾਂ ਵਿਚ ਕਿਉਂ ਆਂਦੇ ਹੋ ? ਪਹਿਲਾਂ ਝਲਕ ਵਖਾਂਦੇ ਹੋ ਪਿੱਛੇ ਫੇਰ ਫਿਰਾਂਦੇ ਹੋ ਮੁਖ ਤੇ ਪਰਦਾ ਪਾਂਦੇ ਹੋ ਕਿੰਨਾ ਨੇਰ੍ਹ ਮਚਾਂਦੇ ਹੋ ਜਦ ਮੈਥੋਂ ਸ਼ਰਮਾਂਦੇ ਹੋ ... ... ਦਿਲ ਵਿਚ ਖਿੱਚਾਂ ਪਾਂਦੇ ਹੋ ਕੰਨੀ ਵੀ ਕਤਰਾਂਦੇ ਹੋ ਨਾਲੇ ਪਿਆਰ ਵਧਾਂਦੇ ਹੋ ਨਾਲੇ ਲਾਰੇ ਲਾਂਦੇ ਹੋ ਜਦ ਮੈਥੋਂ ਸ਼ਰਮਾਂਦੇ ਹੋ ...... ਪਹਿਲਾਂ ਹਸਦੇ ਤੁਸਦੇ ਹੋ ਫੇਰ ਅਚਾਨਕ ਰੁਸਦੇ ਹੋ ਇਸਦੇ ਹੋ ਨਾ ਉਸਦੇ ਹੋ ਸਜਨੋ ! ਆਪ ਕਿਨ੍ਹਾਂ ਦੇ ਹੋ ? ਜਦ ਮੈਥੋਂ ਸ਼ਰਮਾਂਦੇ ਹੋ...... ਨਾਂ ਵੀ ਹੈ ਤੇ ਹਾਂ ਵੀ ਹੈ ਧੁੱਪ ਵੀ ਹੈ ਤੇ ਛਾਂ ਵੀ ਹੈ ਦਿਲ ਦੇ ਅੰਦਰ ਥਾਂ ਵੀ ਹੈ ਫਿਰ ਵੀ ਕਿਉਂ ਭੁਚਲਾਂਦੇ ਹੋ ਜਦ ਮੈਥੋਂ ਸ਼ਰਮਾਂਦੇ ਹੋ...... ਮਨ ਮੰਦਰ ਵਿਚ ਬਹਿ ਕੇ ਵੀ ਦੂਰ ਅਖੀਆਂ ਤੋਂ ਰਹਿ ਕੇ ਵੀ ਮੈਨੂੰ ਦੁਸ਼ਮਣ ਕਹਿ ਕੇ ਵੀ ਨੇੜੇ ਹੁੰਦੇ ਜਾਂਦੇ ਹੋ ਜਦ ਮੈਥੋਂ ਸ਼ਰਮਾਂਦੇ ਹੋ ......

ਤੂੰ ਕਿਉਂ ਕਰਦਾ ਹੈਂ ਮੇਰ ਤੇਰ-ਕਾਫ਼ੀ

ਤੂੰ ਕਿਉਂ ਕਰਦਾ ਹੈਂ ਮੇਰ ਤੇਰ ਤੂੰ ਕਿਉਂ ਕਰਦਾ ਹੈਂ ਤੇਰ ਮੇਰ ਤੂੰ ਦੇਖ ਨ ਮੈਨੂੰ ਘੂਰ ਘੂਰ ਕਿਉਂ ਦਿਲ ਨੂੰ ਕਰਦੈਂ ਚੂਰ ਚੂਰ ਤੂੰ ਰਹਿ ਨ ਮੈਥੋਂ ਦੂਰ ਦੂਰ ਆਖੀ ਨਾ ਜਾ ਹੁਣ ਫੇਰ ਫੇਰ ਤੂੰ ਕਿਉਂ ਕਰਦਾ ਹੈਂ ਮੇਰ ਤੇਰ । ਮੈਂ ਥਕਿਆ ਤੈਨੂੰ ਟੋਲ ਟੋਲ ਛਡ ਦੂਰੀ ਆ ਜਾ ਕੋਲ ਕੋਲ ਘੁੰਡੀ ਹੁਣ ਦਿਲ ਦੀ ਖੋਲ ਖੋਲ ਹੁਣ ਸਜਣਾ ਨਾ ਕਰ ਦੇਰ ਦੇਰ ਤੂੰ ਕਿਉਂ ਕਰਦਾ ਹੈਂ ਮੇਰ ਤੇਰ । ਫੁਲ ਸੁਹੰਦਾ ਅਪਣੀ ਡਾਲ ਨਾਲ ਆ ਲਗ ਜਾ ਅਪਣੀ ਢਾਲ ਨਾਲ ਆ ਜਾ ਹੁਣ ਰਹੀਏ ਨਾਲ ਨਾਲ ਨਾ ਵੇਖ ਤੂੰ ਅੱਖਾਂ ਟੇਰ ਟੇਰ ਤੂੰ ਕਿਉਂ ਕਰਦਾ ਹੈਂ ਮੇਰ ਤੇਰ । ਤੇਰੇ ਦਿਲ ਵਿਚ ਬੈਠਾ ਘੇਰ ਘੇਰ ਜਿਸ ਦੇ ਹਥ ਤੇਰੀ ਡੋਰ ਡੋਰ ਤੂੰ ਸਾਨੂੰ ਸਮਝੇਂ ਹੋਰ ਹੋਰ । ਮਾਰੇ ‘ਹਮਦਰਦਾ’ ਗੇਰ ਗੇਰ ਤੂੰ ਕਿਉਂ ਕਰਦਾ ਹੈਂ ਮੇਰ ਤੇਰ

ਸੋਹਣੇ ਹੋਰ ਬੜੇ ਨੇ ਪਰ-ਕਾਫ਼ੀ

ਸੋਹਣੇ ਹੋਰ ਬੜੇ ਨੇ ਪਰ ਤੇਰੇ ਵਰਗਾ ਕੋਈ ਨਹੀਂ । ਹਰਦਮ ਹਉਕੇ ਭਰਦੇ ਨੂੰ ਗ਼ਮ ਦੇ ਸ਼ਹੁ ਵਿਚ ਤਰਦੇ ਨੂੰ ਤੇਰੇ ਘਰ ਦੇ ਬਰਦੇ ਨੂੰ ਤੇਰੇ ਦਰ ਦੀ ਓਟ ਬਿਨਾਂ ਹੋਰ ਤੇ ਕਿਧਰੇ ਢੋਈ ਨਹੀਂ, ਤੇਰੇ ਵਰਗਾ ...... ਅੱਖੀਆਂ ਰਾਹੀਂ ਖਰਦੇ ਨੂੰ ਰੁਖ਼ ਤੋਂ ਲਾਹ ਕੇ ਪਰਦੇ ਨੂੰ ਰਖ ਲੈ ਆਸ਼ਕ ਮਰਦੇ ਨੂੰ ਘੁੰਡ ਚੁਕਾਈ ਦੇ ਕੇ ਵੀ ਘੁੰਡ-ਚੁਕਾਈ ਹੋਈ ਨਹੀਂ, ਤੇਰੇ ਵਰਗਾ ... ਅੰਗਰੀ ਵਿਚ ਰਸਦਾ ਏਂ ਫੁੱਲਾਂ ਦੇ ਵਿਚ ਹਸਦਾ ਏਂ ਬਾਗ਼ਾਂ ਦੇ ਵਿਚ ਵਸਦਾ ਏਂ ਤੇਰੇ ਹਾਸੇ ਤੇ ਵਾਸੇ ਤੇ ਕਿਥੇ ਖੁਸ਼ਬੋਈ ਨਹੀਂ ? ਤੇਰੇ ਵਰਗਾ ... ... ਮੇਰੇ ਮਨ ਦੇ ਅੰਦਰ ਤੂੰ ਮੰਦਰ ਅੰਦਰ ਮੰਦਰ ਤੂੰ ਅੰਮ੍ਰਿਤ ਭਰਿਆ ਅੰਬਰ ਤੂੰ ਏਨਾ ਉੱਚਾ ਹੋ ਕੇ ਵੀ ਤੂੰ ਮੰਨੀ ਅਰਜ਼ੋਈ ਨਹੀਂ, ਤੇਰੇ ਵਰਗਾ ...... ‘ਹਮਦਰਦਾ' ਦੁਖ ਜਰ ਕੇ ਵੀ ਸੀਸ ਤਲੀ ਤੇ ਧਰ ਕੇ ਵੀ ਉਸਦੇ ਉੱਤੇ ਮਰ ਕੇ ਵੀ ਤੂੰ ਤੂੰ ਜਦ ਤਕ ਹੋਈ ਨਹੀਂ ਮੈਂ ਮੈਂ ਮੇਰੀ ਮੋਈ ਨਹੀਂ, ਤੇਰੇ ਵਰਗਾ ......

ਰੁਬਾਈਆਂ

ਚੁਗ਼ਲੀ ਦੇ ਸਮੁੰਦਰ ਚ ਤਾਰੀ ਤਰਦੀ । ਜੀਭ ਉਸਦੀ ਹਮੇਸ਼ਾ ਹੈ ਜੁਗਾਲੀ ਕਰਦੀ । ‘ਹਮਦਰਦ' ਨਹੀਂ ਮੂੰਹ ਦਾ ਉਹ ਸੁੱਚਾ ਬੰਦਾ ਦੂਤੀ ਹੈ ਨਿਰੀ ਜੂਠ ਜ਼ਮਾਨੇ ਭਰਦੀ। ਇਕ ਵਾਰ ਤੇ ਨੀਅਤ ਮੇਰੀ ਭਰਦੇ ਭਰਦੇ । ਸਾਕ਼ੀ ਕਦੇ ਅਹਿਸਾਨ ਇਹ ਕਰਦੇ ਕਰਦੇ। ਪੀ ਲੈਂਦੇ ਨੇ ਜਦ ਵੀ ਤੇਰੇ ਨੈਣਾਂ ਦੀ ਸ਼ਰਾਬ ਜੀ ਪੈਂਦੇ ਨੇ ਪਿਆਸੇ ਕਈ ਮਰਦੇ ਮਰਦੇ । ਪੂਰਾ ਮਿਰੇ ਜੀਵਣ ਦਾ ਨਿਸ਼ਾਨਾ ਹੁੰਦਾ । ਖੁਸ਼ੀਆਂ ਦਾ ਮਿਰੇ ਪਾਸ ਖ਼ਜ਼ਾਨਾ ਹੁੰਦਾ। ਇਕ ਤੂੰ ਜੇ ਮਿਰਾ ਸਾਥ ਨਿਭੌਦੋਂ ਜਾਨੀ ‘ਹਮਦਰਦ' ਮਿਰਾ ਸਾਰਾ ਜ਼ਮਾਨਾ ਹੁੰਦਾ । ਕੁਝ ਵਿੱਗ ਲਗਾ ਕੇ ਹੈ ਬਨਾਵਟ ਕੀਤੀ। ਗਲ੍ਹਾਂ ਤੇ ਹੈ ਸੁਰਖ਼ੀ ਦੀ ਸਜਾਵਟ ਕੀਤੀ । ‘ਹਮਦਰਦ' ਉਧਾ ਹੁਸਨ ਨਹੀਂ ਹੈ ਖ਼ਾਲਿਸ ਇਸ ਵਿਚ ਤੇ ਹੈ ਫੈਸ਼ਨ ਨੇ ਮਿਲਾਵਟ ਕੀਤੀ । ਉਸਨੂੰ ਤੇ ਮਿਰੀ ਛਾਂ ਤੋਂ ਵੀ ਡਰ ਲਗਦਾ ਹੈ । ਅਜ ਕਲ ਤੇ ਮਿਰੇ ਨਾਂ ਤੋਂ ਵੀ ਡਰ ਲਗਦਾ ਹੈ । ਕੀ ਅਰਜ਼ ਕਰਾਂ ਹਾਲ ਮੈਂ ਉਸਦੇ ਡਰ ਦਾ ਅਜ ਕਲ ਤੇ ਉਹਨੂੰ ਕਾਂ ਤੋਂ ਵੀ ਡਰ ਲਗਦਾ ਹੈ ਉਜੜੀ ਹੈ ਜੋ ਥਾਂ ਓਸ ਦਾ ਨਾਂ ਬਸਤੀ ਹੈ। ਏਥੇ ਤੇ ਮਰੇ ਹੋਏ ਦੀ ਹੀ ਹਸਤੀ ਹੈ। ਮਹਿੰਗੀ ਹੈ ਹਰ ਇਕ ਚੀਜ਼ ਬੜੀ ‘ਹਮਦਰਦਾ' ਇਸ ਦੇਸ਼ 'ਚ ਪਰ ਮੌਤ ਬੜੀ ਸਸਤੀ ਹੈ।

ਕਾਵਿ ਟੁਕੜੀਆਂ

1. ਉਸਦਾ ਪੌਡਰ ਤੇ ਅਪਣੀ ਭਸਮ ਵਲ ਤਕ ਉਸਦਾ ਜੰਪਰ ਤੇ ਅਪਣੇ ਲੰਗਾਰ ਵਲ ਵੇਖ ਅਪਣਾ ਦਿਲ ਤੇ ਓਸਦਾ ਤਕ ਨਖ਼ਰਾ ਅਪਣੀ ਆਜਜ਼ੀ ਓਹਦੇ ਟੰਗਾਰ ਵਲ ਵੇਖ ਜਲ ਜਾਣੇ ਪਰਵਾਨਿਆਂ ਸ਼ਕਲ ਅਪਣੀ ਅਤੇ ਉਸਦੀ ਸ਼ਮਾ ਸ਼ੰਗਾਰ ਵਲ ਵੇਖ ਪਾਣੀ ਅੱਗ ਦਾ ਮੇਲ ‘ਹਮਦਰਦ' ਕਿੱਥੇ ਰੋਂਦੀ ਅਖ ਤੇ ਨੈਣ ਅੰਗਾਰ ਵਲ ਵੇਖ । 2. ਫੁੱਲ ਕੇਸਾਂ ਦਾ ਉਨ੍ਹਾਂ ਨੇ ਖੂਬ ਰਚਿਆ ਜਿਹੜਾ ਇਤਰ ਦੀ ਛੱਡੇ ਮਹਿਕਾਰ ਵੇਖੋ ਗਲ੍ਹ ਡਲ੍ਹਕਦੀ ਵੇਖਕੇ ਫੁਲ ਵਾਂਗੂ ਖਾਂਦਾ ਸਦਾ ਬਹਾਰ ਏ ਖ਼ਾਰ ਵੇਖੋ ਕੰਨ ਦੀ ਪੰਖੜੀ ਪੰਖੜੀ ਜ਼ਰਾ ਤੱਕੋ ਤੇ ਖਿੜੇ ਫੁਲ ਦੀ ਓਧਰ ਬਹਾਰ ਵੇਖੋ ਤਿੱਖਾ ਦਿਲੇ 'ਹਮਦਰਦ' ਹੋ ਗਇਆ ਲੱਟੂ ਕਾਂਟਾ ਅੜ ਗਇਆ ਫੁੱਲਾਂ ਵਿਚਕਾਰ ਵੇਖੋ । 1935

ਰੁਬਾਈ

ਮੈਂ ਜਿਸਦੇ ਵੀ ਚਿਹਰੇ ਤੇ ਨਿਰਾਸ਼ਾ ਵੇਖਾਂ। ਜਿਸ ਨੂੰ ਵੀ ਮੈਂ ਤੁਰਦਾ ਹੋਇਆ ਲਾਸ਼ਾ ਵੇਖਾਂ। ਦੁਖਿਆਰ ਲਈ ਜਾਨ ਵੀ ਵਾਰਾਂ ਇਕ ਦਮ ‘ਹਮਦਰਦ' ਮੈਂ ਘਰ ਫੂਕ ਤਮਾਸ਼ਾ ਵੇਖਾਂ।

ਭੈਣ ਸਵਿਤੱਰੀਏ !

ਮੇਰੀ ਭੈਣ ਸਵਿਤੱਰੀਏ ਅਜ ਕਿਉਂ ਰੋਨੀ ਏਂ ? ਇਹ ਤੇ ਸ਼ੋਕ-ਸਭਾ ਨਹੀਂ ਕੋਈ ! ਇਹ ਵਿਦਵਾਨ ਕਵੀ ਤੇ ਲੇਖਕ ਹਰ ਸੂਬੇ ਨੇ ਚੁਣ ਕੇ ਭੇਜੇ ਮਿਲ ਬੈਠੇ ਨੇ ਇਸ ਹਾਲ ਅੰਦਰ ! ਸਨਮਾਨਤ ਕਰਦੇ ਨੇ ਇਹ ਸਭ ਡਾਇਸ ਤੇ ਬੈਠੇ ਤੇਰਾਂ ਨੂੰ ਜਿਨ੍ਹਾਂ ਵਿਚੋਂ ਇਕ ਤੂੰ ਵੀ ਹੈਂ। ਤੈਨੂੰ ਵੀ ਸਨਮਾਨ ਮਿਲੇਗਾ। ਫਿਰ ਵੀ ਭੈਣ ਸਵਿਤਰੀਏ ਤੂੰ ਰੋਂਦੀ ਏਂ ਤੇ ਨੈਣਾਂ ਵਿਚੋਂ ਨੀਰ ਬਹਾ ਕੇ ਮੇਰੇ ਵਰਗੇ ਜਜ਼ਬਾਤੀ ਨੂੰ ਅਪਣੇ ਨਾਲ ਰੁਆਨੀ ਏਂ ਕਿਉਂ ? ਅਜ ਤੇ ਨਾ ਰੋ ਏਸ ਤਰਾਂ ਤੂੰ ਮੇਰੀ ਭੈਣ ਸਵਿਤਰੀਏ ਅਜ ਕਿਉਂ ਰੋਨੀ ਏਂ ? ਦੋ ਪੰਜਾਬੀ ਨੇ ਤੇਰਾਂ ਚੋਂ, ਇਸ ਦੀ ਬਹੁਤ ਖ਼ੁਸ਼ੀ ਹੈ ਮੈਨੂੰ । ਇਕ ਪੰਜਾਬਣ, ਇਕ ਪੰਜਾਬੀ। ਅੱਛਾ ? ਅੱਛਾ ! ਤੂੰ ਡੁੱਗਰ ਲੋਕਾਂ ਦੀ ਜਾਈ ! ਫਿਰ ਵੀ ਕੋਈ ਫਰਕ ਨਹੀਂ ਹੈ, ਉਹ ਵੀ ਹੁੰਦੇ ਨੇ ਪੰਜਾਬੀ। ਤੂੰ ਵੀ ਪੰਜਾਬਣ ਲਗਦੀ ਏਂ । ਉਹੀਓ ਚਿਹਰਾ ਮੋਹਰਾ ਤੇਰਾ ਨਕਸ਼ ਵੀ ਪਹਿਰਾਵਾ ਵੀ ਉਹੀਓ ਤੇ ਤੱਕਣੀ ਪੰਜਾਬਣ ਵਰਗੀ ਫ਼ਰਕ ਬੜਾ ਥੋੜਾ ਹੈ ਭੈਣੇ ਫ਼ਰਕ ਹੈ ਕੇਵਲ ਕਹਿਣੇ ਮਾਤਰ। ਯੋਧਾ ਤੇ ਬਲਕਾਰ ਹੈ ਜਿਹੜਾ ਉਸ ਡੁੱਗਰ ਦੀ ਧੀ ਹੋ ਕੇ ਤੇ ਸਿਰ-ਲਥ ਪੰਜਾਬੀ ਸੂਰੇ ਦੀ ਭੈਣ ਛੁਟੇਰੀ ਹੋ ਕੇ ਏਦਾਂ ਅਜ ਦੇ ਦਿਨ ਤੂੰ ਕਿਉਂ ਰੋਨੀ ਏ ? ਅਜ ਤੈਨੂੰ ਸਨਮਾਨ ਮਿਲੇਗਾ । ਤੂੰ ਜਦ ਭਾਸ਼ਣ ਦੇਵੇਂਗੀ ਤਾਂ ਗੂੰਜ ਉਠੇਗਾ ਹਾਲ ਇਹ ਸਾਰਾ । ਸਾਰਾ ਦੇਸ਼ ਸੁਣੇਗਾ ਉਸਨੂੰ ਵਾਹ-ਵਾਹ ਹੋਵੇਗੀ ਸਭ ਪਾਸੇ। ਏਸ ਖ਼ੁਸ਼ੀ ਦੇ ਮੌਕੇ ਤੇ ਤੂੰ ਕਿਉਂ ਰੋਨੀ ਏਂ ? ਨਾ ਰੋ ਭੈਣ ਸਵਿੱਤਰੀਏ ਅਜ ਕਿਉਂ ਰੋਨੀ ਏਂ ? ਅੱਛਾ ? ਅੱਛਾ ਤਾਂ ਤੂੰ ਅਪਣੇ ਸਹਿਤਕਾਰ ਪਤੀ ਦੀ ਥਾਵੇਂ ਸਨਮਾਨਤ ਕੁਰਸੀ ਤੇ ਬੈਠੀ, ਨੈਣਾਂ ਵਿਚੋਂ ਨੀਰ ਵਹਾ ਕੇ, ਤਪਦਾ ਹਿਰਦਾ ਠਾਰ ਰਹੀ ਏਂ ! ਏਦਾਂ ਹਿਰਦਾ ਠਰ ਜਾਏਗਾ ? ਸੋਚ ਜ਼ਰਾ ਮੇਰੀ ਭੈਣੇ ਤੂੰ ਏਦਾਂ ਤੇਰੇ ਧੁਖਦੇ ਦਿਲ ਤੋਂ ਦਰਦ ਕਿਨਾਰਾ ਕਰ ਜਾਏਗਾ ? ਇਹ ਦੁਖੜੇ ਕਹਿਰਾਂ ਦੇ ਦੁਖੜੇ ਇਹ ਰੋਣੇ ਉਮਰਾਂ ਦੇ ਰੋਣੇ। ਇਹ ਗ਼ਮ ਧੁਖਦੀ ਧੂਣੀ ਵਾਂਗੂੰ ਧੁਖਦਾ ਹੀ ਰਹਿਣਾ ਹੈ ਭੈਣੇ ! ਇਹ ਧੂਣੀ ਧੁਖਦੀ ਰਹਿਣੀ ਹੈ। ਇਹ ਨਹੀਂ ਓਸ ਭਵਾਕੇ ਵਾਂਗੂੰ ਇਕੋ ਵਾਰ ਜੋ ਮਚ ਉਠਦਾ ਹੈ ਜੋ ਹਰ ਇਕ ਨੂੰ ਰਾਖ ਬਣਾ ਕੇ ਪਿੱਛੋਂ ਆਪੇ ਬੁਝ ਜਾਂਦਾ ਹੈ। ਇਹ ਇੰਜ ਆਪੇ ਮਰ ਜਾਏਗਾ ? ਤੇਰਾ ਹਿਰਦਾ ਠਰ ਜਾਏਗਾ ? ਦਰਦ ਕਿਨਾਰਾ ਕਰ ਜਾਏਗਾ ? ਨਹੀਂ ਭੈਣੇ ਏਦਾਂ ਨਹੀਂ ਹੋਣੀ; ਇਹ ਰੋਣਾਂ ਉਮਰਾਂ ਦਾ ਰੋਣਾ, ਛਡਦੇ ਤੂੰ ਇਹ ਰੋਣਾ ਧੋਣਾ, ਨਾ ਰੋ ਭੈਣ ਸਵਿੱਤਰੀਏ ਅਜ ਕਿਉਂ ਰੋਨੀ ਏਂ ? ਪੀ ਪਰਦੇਸ ਸਿਧਾਰ ਗਇਆ ਹੈ ? ਏਸੇ ਕਾਰਨ ਰੋਨੀ ਏ ਤੂੰ ? ਕਿਉਂਕਿ ਤੈਨੂੰ ਬਿਰਹੋਂ ਦੇਕੇ ਜੀਉਂਦੇ ਜੀ ਹੀ ਮਾਰ ਗਇਆ ਹੈ ? ਪਰ ਉਸਦਾ ਕੀ ਦੋਸ਼ ਹੈ ਭੈਣੇ ? ਇਹ ਤਾਂ ਕੁਦਰਤ ਦਾ ਭਾਣਾ ਹੈ । ਜੋ ਆਇਆ ਉਸਨੇ ਜਾਣਾ ਹੈ ; ਟੁਟ ਜਾਣਾ ਘੜਿਆ ਹੋਇਆ; ਜੋ ਜੰਮਿਆ ਹੈ ਉਸ ਮਰਨਾ ਹੈ । ਤੂੰ ਨਈਂ ਕੱਲੀ ਇਸ ਜਗ ਅੰਦਰ ਹੋਰ ਬੜੇ ਰੋਣੇ ਵਾਲੇ ਨੇ । ਕੋਈ ਅਪਣੇ ਨੂੰ ਰੋਂਦਾ ਹੈ; ਯਾਦ ਅਪਣੇ ਨੂੰ ਕਰਦੈ ਕੋਈ। ਯਾਦ ਸਤਾਉਂਦੀ ਹੈ ਤਾਂ ਉਸਦਾ ਦਿਲ ਦੁਖਦਾ ਹੈ, ਜੀ ਖੁਸਦਾ ਹੈ । ਬਿਹਬਲ ਹੋ ਕੇ, ਘਾਇਲ ਹੋ ਕੇ ਅਪਣੇ ਦਿਲ ਤੋਂ ਪੁਛਦਾ ਹੈ ਉਹ; "ਕਦ ਆਏਗਾ ਮੇਰਾ ਮਾਹੀ ਜੋ ਹੈ ਮੇਰੇ ਦਿਲ ਦਾ ਮਹਿਰਮ । ਮੇਰੇ ਵਿਹੜੇ ਆਉਂਣ ਲਈ ਉਹ ਕਰਦੈ ਕਿਉਂ ਏਨੀ ਕੋਤਾਹੀ ? ਦਰਦ ਨਹੀਂ ਕੀ ਉਸਨੂੰ ਮੇਰਾ । ਉਹ ਮੇਰਾ ਹਮਦਰਦ ਰਿਹਾ ਨਈਂ ? ਉਸ ਸੁਹਣੇ ਦੇ ਦਿਲ ਦੇ ਅੰਦਰ, ਕੀ ਹੁਣ ਮੇਰਾ ਦਰਦ ਰਿਹਾ ਨਈਂ ?” ਇਹ ਗਲ ਤਾਂ ਮਾਲੂਮ ਹੈ ਉਸਨੂੰ ਮੁੜਿਆ ਨਹੀਂ ਇਕ ਵਾਰ ਗਇਆ ਜੋ । ਅਣਹੋਣੀ ਤਾਂ ਅਣਹੋਣੀ ਹੈ । ਮੋਇਆ ਹੋਇਆ ਜਾਨੀ ਤੇਰਾ ਹੁਣ ਉਸਨੇ ਨਹੀਂ ਪਾਉਣਾ ਫੇਰਾ । ਕਰ ਲੈ ਬੀਬੀ ਕਰੜਾ ਜੇਰਾ ਦੂਰ ਉਸਨੇ ਅਖੀਆਂ ਤੋਂ ਰਹਿਣਾ । ਹੁਣ ਨਹੀਂ ਉਸਨੇ ਆਕੇ ਕਹਿਣਾ; “ਤੈਨੂੰ ਮਿਲਨੇ ਨੂੰ ਆਇਆ ਹਾਂ। ਤੇਰੇ ਦਿਲ ਦੀ ਫੁਲਵਾੜੀ ਨੂੰ ਮੁੜ ਆਬਾਦ ਕਰਨ ਆਇਆ ਹਾਂ । ਮੇਰੇ ਸਾਜਨ ਦਿਲ ਦੇ ਮਹਿਰਮ । ਕਿਉਂ ਰੋਨਾਂ ਏਂ ਮੈਨੂੰ ਏਦਾਂ ? ਆਹ ਲੈ ਮੇਰਾ ਦਰਸ਼ਨ ਕਰ ਲੈ ਪਿਆਸ ਮਿਟਾ ਲੈ ਅਪਣੇ ਦਿਲ ਦੀ ਅਪਣੀ ਖਾਲੀ ਝੋਲੀ ਭਰ ਲੈ !" ਪਰ ਭੈਣੇ ਇਹ ਹੈ ਅਨਹੋਣੀ ! ਕੌਣ ਆਇਆ ਤੇ ਕੌਣ ਆਏਗਾ ? ਕਿਹੜਾ ਮੁੜ ਫੇਰਾ ਪਾਏਗਾ ? ਇਹ ਅਨਹੋਣੀ ਹੈ ਪਰ ਫਿਰ ਵੀ ਇਹੀਓ ਤੇਰੀ ਆਸ ਬਣੇਗੀ, ਇਹੀਓ ਹੁਣ ਧਰਵਾਸ ਬਣੇਗੀ । ਪਿਰ ਪਰਦੇਸ ਸਿਧਾਇਆ ਜਿਹੜਾ ਉਸਨੇ ਨਈਂ ਹੁਣ ਵਾਪਸ ਆਉਣਾ, ਤੇਰੇ ਘਰ ਨਈਂ ਫੇਰਾ ਪਾਉਣਾ, ਹੁਣ ਨਈਂ ਉਹਨੇ ਏਧਰ ਭਉਣਾ: ਮੁਖ ਮੁੜ ਕੇ ਨਈਂ ਓਸ ਵਿਖਾਉਣਾ । ਜੇ ਦੁਨੀਆਂ ਦੀ ਰੀਤ ਏਹੀ ਹੈ; ਜੇ ਏਦਾਂ ਕੁੜ੍ਹਨਾ ਹੈ ਸਭ ਨੇ; ਜੇ ਹਰ ਇਕ ਦਾ ਦਿਲ ਧੁਖਣਾ ਹੈ; ਜੇ ਚਲਣਾ ਹੈ ਗ਼ਮ ਦਾ ਚੱਕਰ; ਜੇ ਹਰ ਦਿਲ ਹੈ ਜ਼ਖ਼ਮੀ ਹੋਣਾ ਤੇਰਾ ਮੇਰਾ ਤੇ ਸਭਨਾ ਦਾ । ਜੇਕਰ ਤੂੰ ਕੱਲੀ ਨਈਂ ਏਦਾਂ । ਤਾਂ ਅਜ ਦੇ ਦਿਨ ਮੇਰੀ ਭੈਣੇ ਨੈਣਾਂ ਵਿਚੋਂ ਨੀਰ ਵਹਾਕੇ ਮੇਰੇ ਵਰਗੇ ਜਜ਼ਬਾਤੀ ਨੂੰ ਅਪਣੇ ਵਾਂਗ ਰੁਆ ਨਾ ਏਦਾਂ ਤਾਂ ਜੋ ਤੈਨੂੰ ਪੁਛ ਨ ਸਕਾਂ ਮੈਂ : ‘ਮੇਰੀ ਭੈਣ ਸਵਿਤਰੀਏ ਤੂੰ ਕਿਉਂ ਰੋਨੀ ਏਂ ?' ਹਾਂ ਹਾਂ ਇਹ ਵੀ ਠੀਕ ਕਿਹਾ ਤੂੰ ਹੰਝੂ ਧੋ ਦੇਂਦੇ ਨੇ ਦਿਲ ਨੂੰ ਗ਼ਮ ਦੀ ਮੈਲ ਖਲੇਪੜ ਬਣ ਕੇ ਦਿਲ ਦੇ ਉੱਤੇ ਜਮ ਜਾਂਦੀ ਹੈ, ਹੰਝੂ ਉਸਨੂੰ ਧੋ ਦੇਂਦੇ ਹਨ । ਪਰ ਰਹਿ ਜਾਂਦੈ ਜਿਹੜਾ ਹੰਝੂ ਸੋਗ ਮਨਾਉਣੇ ਵਾਲੇ ਦਿਲ ਵਿਚ ਉਹ ਨੁਕਸਾਨ ਬੜਾ ਕਰਦਾ ਹੈ । ਦਿਲ ਨੂੰ ਹੀਰਾ ਕਹਿੰਦੇ ਨੇ ਸਭ ਉਧਰ ਹੰਝੂ ਵੀ ਹੀਰਾ ਹੈ । ਛੋਟਾ ਜਿੰਨਾ ਹੈ ਇਹ ਭਾਵੇਂ ਪਰ ਇਹ ਹੀਰੇ ਦਾ ਟੁਕੜਾ ਹੈ। ਹੀਰਾ ਹੀਰੇ ਨੂੰ ਕਟਦਾ ਹੈ ਏਸ ਲਈ ਉਹ ਚੰਗਾ ਹੁੰਦੈ ਜੋ ਹੰਝੂ ਬਾਹਰ ਆ ਜਾਏ । ਜੇ ਦਿਲ ਤੋਂ ਬਾਹਰ ਨਾ ਆਇਆ ਹੰਝੂ ਦਿਲ ਨੂੰ ਚੀਰ ਦਏਗਾ। ਉਂਜ ਵੀ ਦਾਨੇ ਫਰਮਾਉਂਦੇ ਨੇ : “ਜੇ ਹੰਝੂ ਬਾਹਰ ਆ ਜਾਏ ਦਿਲ ਹੋ ਜਾਂਦੈ ਹਲਕਾ ਫੁਲਕਾ ਬੋਝ ਨਹੀਂ ਫਿਰ ਉਸਤੇ ਰਹਿੰਦਾ ਕੋਈ ਵੀ ਉਲਫ਼ਤ ਦੇ ਗ਼ਮ ਦਾ। ਹਾਲਤ ਹੋ ਜਾਂਦੀ ਹੈ ਏਦਾਂ ਜਿੱਦਾਂ ਜ਼ੋਰ ਦੀ ਬਾਰਸ਼ ਪਿੱਛੋਂ ਠੰਡ-ਠੰਢਾਉਲਾ ਹੋ ਜਾਂਦਾ ਹੈ।” ਏਸੇ ਕਾਰਨ ਜੇ ਰੋਨੀ ਏਂ ਮੇਰੀ ਭੈਣ ਸਵਿੱਤਰੀਏ ਤੂੰ ਤਾਂ ਵੀ ਨਾ ਰੋ ! ਇਹ ਤਾਂ ਸਚ ਹੈ ਮੇਰੀ ਭੈਣੇ ਭੁਲ ਨਹੀਂ ਸਕਦਾ ਅਪਣਾ ਪਿਆਰਾ ! ਪਿਆਰਾ ਵੀ ਉਹ ਜੋ ਸੀ ਪਿਆਰਾ ਪਿਆਰੇ ਪਿਆਰੇ ਲੋਕਾਂ ਦਾ ਤੇ ਜਿਸਦੇ ਦਿਲ ਵਿਚ ਇਨਸਾਨਾਂ ਦੀ ਸੇਵਾ ਦਾ ਜਜ਼ਬਾ ਸੀ ਤੇ ਜੋ ਦੂਜੇ ਨੂੰ ਸੁਖ ਦੇਣ ਲਈ ਸੀ ਆਪੇ ਦੀ ਕੁਰਬਾਨੀ ਦੇਂਦਾ। ਏਹੋ ਹੀ ਜੀਵਣ ਹੈ ਬੀਬੀ ਜੋ ਜਿਉਂਦਾ ਹੈ ਦੂਜੇ ਖ਼ਾਤਰ ਉਸਦਾ ਜੀਵਣ ਲੇਖੇ ਲਗਦੈ । ਲਾਲੀ ਦਜੇ ਦੇ ਨੈਣਾਂ ਦੀ ਰੜਕੇ ਜਿਸਦੀਆਂ ਅਖੀਆਂ ਅੰਦਰ ਦੂਜੇ ਦੇ ਦੁੱਖਾਂ ਨੂੰ ਜਿਹੜਾ ਅਪਣਾ ਹੀ ਦੁਖ ਸਮਝੇ ਤੇ ਜੋ ਆਪਾ ਘੋਲ ਘੁਮਾਉਂਦੈ ਅਪਣੇ ਲੋਕਾਂ ਖ਼ਾਤਿਰ ਬੋਲੀ ਖ਼ਾਤਿਰ ਬੋਲੀ ਵੀ ਤੇ ਮਾਂ ਹੁੰਦੀ ਹੈ । ਜਿਹੜਾ ਇਸ ਤੋਂ ਮੁਨਕਿਰ ਹੁੰਦੈ ਓਸ ਕਪੁੱਤਰ ਦਾ ਕੀ ਜੀਣਾ। ਜੋ ਮਾਂ ਦਾ ਨਹੀਂ ਪੁੱਤਰ ਪਿਆਰਾ ਜਿਸਨੂੰ ਮਾਂ ਦਾ ਦਰਦ ਨਹੀਂ ਹੈ ਲੋਕਾਂ ਦਾ ‘ਹਮਦਰਦ' ਨਹੀਂ ਤੇ ਜਿਹੜਾ ਤੋਤਾ ਚਸ਼ਮੀ ਕਰਦੈ। ਮਾਂ ਦੀ ਸਾਂਝ ਗਵਾਕੇ ਕਹਿੰਦੈ “ਜਦ ਮਾਂ ਮੇਰੀ ਕੁਝ ਨਹੀਂ ਲਗਦੀ ਤਾਂ ਇਹ ਮੇਰੇ ਭਾਈ ਕਾਹਦੇ ?" ਕੌਣ ਕਪੁੱਤਰ ਨੂੰ ਰੋਏਗਾ ? ਤੂੰ ਹੀ ਦਸਦੇ ਮੇਰੀ ਭੈਣੇ । ਕੌਣ ਕਪੁੱਤਰ ਨੂੰ ਰੋਏਗਾ ! ਰੋਂਦਾ ਹੈ ਸਾਰਾ ਜਗ ਉਸਨੂੰ ਜਿਸਦੇ ਦਿਲ ਵਿਚ ਲੋਕ ਭਲਾਈ ਤੇ ਸਾਂਝਾਂ ਦਾ ਜਜ਼ਬਾ ਹੁੰਦੈ। ਪਰ ਜੋ ਹੈ ਸੀ ਅਪਣੀ ਮਾਂ ਦਾ ਸੱਚਾ ਪੁੱਤਰ, ਸੱਚਾ ਸੇਵਕ ਕਿੱਦਾਂ ਭੁਲੇਗਾ ਉਹ ਪਿਆਰਾ ਤੈਨੂੰ ਮੈਨੂੰ ਤੇ ਸਭਨਾਂ ਨੂੰ । ਉਹ ਨਹੀਂ ਭੁਲਣਾ, ਉਹ ਨਹੀਂ ਭੁਲਣਾ। ਪਰ ਫਿਰ ਵੀ ਅਜ ਰਾਣੀ ਭੈਣੇ ਡੋਲ੍ਹ ਨਾ ਏਸ ਤਰਾਂ ਤੂੰ ਅਪਣੇ ਨੈਣਾਂ ਵਿਚੋਂ ਪਾਣੀ ਭੈਣੇ । ਰੋਨੀ ਏਂ ਤੂੰ ਏਸ ਤਰਾਂ ਤੇ ਮੇਰੇ ਵਰਗੇ ਜਜ਼ਬਾਤੀ ਅਪਣੇ ਨਾਲ ਰੁਆਨੀ ਏਂ ਕਿਉਂ ? ਮੇਰੀ ਭੈਣ ਸਵਿੱਤਰੀਏ ਤੂੰ ਕਿਉਂ ਰੋਨੀ ਏਂ ! ਮੇਰੀ ਗਲ ਮੰਨੇਗੀ ਭੈਣੇ । ਪਿਆਰੇ ਕਾਰਨ ਰੋ ਨਾ ਏਦਾਂ । ਗ਼ਮ ਦੀ ਚੱਕੀ ਝੋ ਨਾ ਏਦਾਂ। ਭੈਣੇ ! ਇਸਦੇ ਉਲਟ ਸਗੋਂ ਤੂੰ ਉਸਦੀ ਯਾਦ ਛੁਪਾ ਲੈ ਦਿਲ ਵਿਚ । ਉਸਨੇ ਨਹੀਂ ਮਿਲਣਾ ਹੁਣ ਤੈਨੂੰ ਉਸਦੀ ਸੇਜ ਸਜਾ ਲੈ ਦਿਲ ਵਿਚ । ਭਟਕਣ ਮਿਟ ਜਾਏਗੀ ਤੇਰੀ ਉਸਦਾ ਵੇਸ ਵਸਾ ਲੈ ਦਿਲ ਵਿਚ। ਲੋਕਾਂ ਦਾ ਅਹਿਸਾਸ ਸੀ ਉਸਨੂੰ ਇਹ ਅਹਿਸਾਸ ਵਸਾ ਲੈ ਦਿਲ ਵਿਚ । ਤੇਰਾ ਦੁਖ ਘੁਲਮਿਲ ਜਾਏਗਾ ਲੋਕਾਂ ਦਾ ਦੁਖ ਪਾ ਲੈ ਦਿਲ ਵਿਚ । ਜੀਣਾ ਮਰਨਾ ਲੋਕਾਂ ਖ਼ਾਤਰ ਏਹੀ ਚੇਟਕ ਲਾ ਲੈ ਦਿਲ ਨੂੰ ਏਹੀ ਮਿਸ਼ਨ ਬਿਠਾ ਲੈ ਦਿਲ ਵਿਚ । ਕੰਮ ਕਰਨਾ ਹੈ, ਕੰਮ ਕਰਨਾ ਹੈ ਇਹੀ ਬਣਤ ਬਣਾ ਲੈ ਦਿਲ ਵਿਚ। ਪਰ ਇਹ ਗਲ ਵੀ ਚੇਤੇ ਰੱਖੀਂ ਦਰਦਾ ਦਾ ਅੰਬਾਰ ਬਣੇ ਜਦ ਤੇ ਦੁਖ ਭੁੱਲਣ ਖ਼ਾਤਰ ਕੋਈ ਨਾਜ਼ਕ ਦਿਲ ਤੇ ਭਾਰ ਰਹੇ ਜਦ ਦਿਲ ਦਾ ਰੋਗੀ ਬਣ ਜਾਂਦਾ ਹੈ। ਪੈ ਜਾਂਦਾ ਹੈ ਮੰਜੇ ਉੱਤੇ ਪੂਰਾ ਸੋਗੀ ਬਣ ਜਾਂਦਾ ਹੈ। ਕੁਝ ਕੁ ਸਮਾਂ ਲਗਦਾ ਹੈ ਉਸਨੂੰ ਠੀਕ ਤਬੀਅਤ ਕਰਨ ਲਈ ਤੇ ਖ਼ਤਰਾ ਰਹਿੰਦਾ ਹੈ ਇਹ ਉਸਨੂੰ ਫੇਰ ਨਹੀਂ ਕੰਮ ਕਰ ਸਕਦਾ ਉਹ ਜਿੰਨਾਂ ਪਹਿਲਾਂ ਕਰ ਸਕਦਾ ਸੀ। ਤਾਂ ਤੇ ਸਹਿਜ ਅਵਸਸਾ ਖ਼ਾਤਰ ਸ਼ਿੱਦਤ ਗ਼ਮ ਦੀ ਘਟ ਕਰਨੀ ਹੈ । ਬਹੁਤਾ ਰੋਣਾ ਵੀ ਚੰਗਾ ਨਹੀਂ। ਤਾਂ ਹੀ ਤੇ ਕਹਿੰਦਾ ਹਾਂ ਨਾ ਰੋ ਮੇਰੀ ਭੈਣ ਸਵਿਤਰੀਏ ਤੂੰ ਕਿਉਂ ਰੋਂਨੀ ਏ ?

ਜਦ ਮੈਂ ਉਸਦੇ ਵਿਹੜੇ ਆਇਆ

(ਸੋਵੀਅਤ ਫੇਰੀ ਤੇ ਜਦੋਂ ਮੈਂ ਮਾਸਕੋ ਪੁੱਜਾ ਤਾਂ ਹਸਮੁਖ ਚਿਹਰਿਆਂ ਨੇ ਮੇਰਾ ਸੁਆਗਤ ਕੀਤਾ । ਮੇਰੇ ਸੁਆਗਤ-ਕਰਤਿਆਂ ਨੇ ਮੈਨੂੰ ਅਣ-ਮਿਣਿਆਂ ਪਿਆਰ ਦਿੱਤਾ। ਮੇਰੇ ਵਿਚਦੇ ਕਵੀ ਦੇ ਦਿਲ ਵਿਚ ਉਭਾਰ ਆ ਗਇਆ ਤੇ ਇਹ ਨਜ਼ਮ ਮਿਨਸਕ ਹੋਟਲ (ਗੋਰਕੀ ਸਟਰੀਟ) ਵਿਚ ਅਪਣੇ ਜਜ਼ਬਾਤ ਦਾ ਪ੍ਰਗਟਾਵਾ ਕਰ- ਦਿਆਂ ਲਿਖੀ :) ਜਦ ਮੈਂ ਉਸਦੇ ਵਿਹੜੇ ਆਇਆ ਵੇਖਕੇ ਮੈਨੂੰ ਉਹ ਮੁਸਕਾਇਆ । ਮਦ ਭਿੰਨੇ ਨੈਣਾਂ ਦੇ ਵਿਚੋਂ ਜਾਮ ਲੁੜ੍ਹਾਂਦਾ ਉਹ ਨਾ ਥਕਿਆ ਤੇ ਮੈਂ ਪੀਂਦਾ ਥਕਦਾ ਕਿੱਦਾਂ ! ਤੋਟ ਕਿਵੇਂ ਆ ਜਾਂਦੀ ਮੈਨੂੰ ? ਜਾਮ ਫੜਾਈ ਜਾਵੇ ਉਹ ਵੀ ਮੈਂ ਵੀ ਗਟ ਗਟ ਪੀਂਦਾ ਜਾਵਾਂ । ਹੋਰ ਤਿਹਾਇਆ ਥੀਂਦਾ ਜਾਵਾਂ । ਜਾਮ ਨਾ ਮੁਕਣ ਉਹਦੇ ਓਧਰ ਮੈਂ ਨ ਰੱਜਾਂ ਪੀਂਦਾ ਏਧਰ ਮੇਰਾ ਅੰਗ ਅੰਗ ਨਸ਼ਿਆਇਆ ਜਦ ਮੈਂ ਉਸਦੇ ਵਿਹੜੇ ਆਇਆ । ਜਦ ਮੈਂ ਉਸਦੇ ਵਿਹੜੇ ਆਇਆ ਵੇਖਕੇ ਮੈਨੂੰ ਉਹ ਮੁਸਕਾਇਆ । ਮੈਨੂੰ ਬਾਂਹ ਤੋਂ ਫੜਕੇ ਤਾਂ ਉਹ, ਵਿਹੜੇ ਦੇ ਵਿਚਕਾਰ ਲਿਆਇਆ। ਮਸਤੀ ਵਿਚ ਉਹ ਨੱਚੇ ਏਦਾਂ, ਜੀਕੂੰ ਮੋਰ ਕੋਈ ਖੁਸ਼ ਹੋ ਕੇ ਅਪਣੇ ਖੰਭ ਖਿਲਾਰ ਕੇ ਨੱਚੇ । ਚਿਤਰੇ-ਮਿਤਰੇ ਖੰਭ ਓਸਦੇ ਡੱਬ-ਖੜੱਬੇ ਇਸਦੇ ਕਪੜੇ ਮੇਰੀਆਂ ਨਜ਼ਰਾਂ ਨੂੰ ਇਕ ਲੱਗਣ । ਉਸਦਾ ਨਾਚ ਬੜਾ ਹੀ ਸੁਹਣਾ । ਏਧਰ ਗੇੜਾ ਓਧਰ ਗੇੜਾ ਗਿਠ ਗਿਠ ਲਾਲੀ ਚੜ੍ਹ ਚੜ੍ਹ ਜਾਵੇ । ਮੇਰੇ ਦਿਲ ਨੂੰ ਬਹੁਤ ਹੀ ਭਾਵੇ । ਮੇਰੀ ਰਗ ਰਗ ਫਰਕਣ ਲੱਗੀ ਅੱਡੀ ਉਸਦੀ ਉਠਦੀ ਵੇਖੀ । ਮੇਰੀ ਅੱਡੀ ਵੀ ਉਸ ਵੇਲੇ ਆਪ-ਮੁਹਾਰੀ ਉੱਠੀ ਏਕਣ, ਜੀਕਣ ਕੋਈ ਨਚਦਾ ਹੋਵੇ । ਜੀਕਣ ਭੰਗੜਾ ਪੈਂਦਾ ਹੋਵੇ ਉਸਦਾ ਨਾਚ ਓਧਰੋਂ ਹੁੰਦਾ ਮੇਰਾ ਭੰਗੜਾ ਇਧਰੋਂ ਪੈਂਦਾ ਨਚਦੇ ਨਚਦੇ ਨੇੜੇ ਹੋਏ, ਅਖੀਆਂ ਦੇ ਵਿਚ ਅਖੀਆਂ ਮਿਲੀਆਂ। ਚਾਰ ਹੋਣ ਤੇ ਵੀ ਇਕ ਹੋਈਆਂ। ਨਾਚ ਅਤੇ ਭੰਗੜਾ ਦੋਵੇਂ ਹੀ ਇਕਮਿਕ ਹੋਏ, ਇਕਮਿਕ ਹੋਏ। ਸਾਹ ਮਿਲੇ ਅਖੀਆਂ ਦੇ ਵਾਂਗੂੰ । ਥਰਕਣ ਲੱਤਾਂ ਫ਼ਰਕਣ ਬਾਹਾਂ ਗਲ-ਵਕੜੀ ਜਿਉਂ ਆਪ-ਮੁਹਾਰੀ ਪੈ ਜਾਂਦੀ ਏ ਦੋ ਸੱਜਣਾਂ ਦੀ । ਹਾਲਤ ਇਹ ਹੋਈ ਕਿ ਦੋ ਦਿਲ ਧੜਕਣ ਰਾਹੀਂ ਇੱਕੋ ਹੋਏ, ਨਾਚ ਅਗੰਮੀ ਏਦਾਂ ਹੋਇਆ। ਜਿਸ ਨੇ ਦਿਲ ਮੇਰਾ ਹੁਲਸਾਇਆ ਜਦ ਮੈਂ ਉਸਦੇ ਵਿਹੜੇ ਆਇਆ ਜਦ ਮੈਂ ਉਸਦੇ ਵਿਹੜੇ ਆਇਆ ਮੈਨੂੰ ਵੇਖ ਕੇ ਉਹ ਮੁਸਕਾਇਆ। ਉਹ ਵੀ ਬੋਲੇ ਮੈਂ ਵੀ ਬੋਲਾਂ, ਉਸਦੀ ਬੋਲੀ ਮੈਂ ਨਾ ਸਮਝਾਂ ਮੇਰੀ ਬੋਲੀ ਉਹ ਨਾ ਸਮਝੇ । ਐਪਰ ਫਿਰ ਭੀ ਬੋਲੀ ਜਾਈਏ ਭਾਵ ਦਿਲਾਂ ਦੇ ਖੋਲ੍ਹੀ ਜਾਈਏ । ਇਉਂ ਭਾਸੇ ਜਿਉਂ ਧੜਕਣ ਮੇਰੀ ਬੋਲੀ ਉਸਦੀ ਸਮਝ ਗਈ ਹੈ ਉਸਦੀ ਧੜਕਣ ਦੀ ਬੋਲੀ ਨੂੰ ਪੰਦਰਾਂ ਅੰਗ ਉਹਦੇ ਜਦ ਬੋਲਣ, ਅਪਣੀ ਅਪਣੀ ਬੋਲੀ ਸੁਹਣੀ ਸਮਝੀ ਜਾਵੇ ਉਹ ਏਨ੍ਹਾਂ ਨੂੰ ! ਮੈਂ ਵੀ ਏਦਾਂ ਸਮਝੀ ਜਾਵਾਂ, ਪੰਦਰਾਂ ਅੰਗਾਂ ਦੀ ਇਕ ਹੋਈ ਸੁਹਣੀ ਸੁਹਣੀ ਇਸ ਬੋਲੀ ਨੂੰ । ਉਹ ਵੀ ਮੇਰੇ ਦਿਲ ਦੀ ਧੜਕਣ ਦੀ ਬੋਲੀ ਨੂੰ ਸਮਝੀ ਜਾਵੇ । ਕਿਉਂ ਨਾ ਹੋਵੇ, ਪਿਆਰ ਦੀ ਬੋਲੀ ਹਰ ਇਕ ਸਮਝੇ ਤੇ ਨਾ ਉੱਕੇ । ਦਿਲ ਦੀ ਬੋਲੀ, ਅਖ ਦੀ ਬੋਲੀ ਪਿਆਰ ਦੀ ਬੋਲੀ ਬਣ ਜਾਂਦੀ ਹੈ। ਪਿਆਰ ਦੀ ਕਿਸ ਨੂੰ ਸਮਝ ਨਹੀਂ ਹੈ ? ਪਿਆਰ ਜਦੋਂ ਅਖੀਆਂ ਚੋਂ ਬੋਲੇ ਤੇ ਦਿਲ ਦੀ ਧੜਕਣ ਤੋਂ ਉਗਵੇ ਮਿਟ ਜਾਂਦੇ ਨੇ ਭੇਦ ਤਦੋਂ ਸਭ ਭਾਸ਼ਾ ਇਕੋ ਹੋ ਜਾਂਦੀ ਹੈ, ਮਾਨਵਤਾ ਦੇ ਰੁਸੀਆਂ ਦੀ ਤੇ ਪਿਆਰ 'ਚ ਮਤੇ ਹਸਮੁਖਿਆਂ ਦੀ । ਏਦਾਂ ਇਕੋ ਬੋਲੀ ਬੋਲੇ, ਮੈਂ ਤੇ ਮੇਰਾ ‘ਤਵਾਰਿਸ਼’-ਸਾਥੀ ਲੁਤਫ ਆਇਆ ਦੋਹਾਂ ਨੂੰ ਹੀ ਬਸ ਮੈਂ ਉਹਨੂੰ ਉਹ ਮੈਨੂੰ ਭਾਇਆ, ਜਦ ਮੈਂ ਉਸਦੇ ਵਿਹੜੇ ਆਇਆ । ਜਦ ਮੈਂ ਉਸਦੇ ਵਿਹੜੇ ਆਇਆ, ਮੈਨੂੰ ਵੇਖਕੇ ਉਹ ਮੁਸਕਾਇਆ। ਕੋਈ ਅੰਗ ਬੜਾ ਹੀ ਗੋਰਾ ਚਿੱਟਾ ਚਿੱਟਾ ਹਿਮ ਵਰਗਾ ਤੇ ਸੀਤਲ ਵੀ ਓਦਾਂ ਦਾ ਲੱਗੇ । ਉਸਦੇ ਹੇਠਾਂ ਪਰ ਦਿਲ ਦਿਸਿਆ ਪਿਆਰ ਦੀ ਗਰਮੀ ਨਾਲ ਧੜਕਦਾ । ਹਰ ਅੰਗ ਅੰਦਰ ਇਕ ਦਿਲ ਧੜਕੇ, ਹਰ ਰੰਗ ਇਕੋ ਹੀ ਭਾਅ ਮਾਰੇ । ਅੰਗ ਕਈ ਨੇ ਦਿਲ ਵੀ ਓਨੇ ਪਰ ਸਾਂਝੀ ਧੜਕਣ ਨੇ ਇਹ ਦਿਲ ਇਕੋ ਦਿਲ ਦਾ ਰੂਪ ਬਣਾਏ । ਰੰਗ ਕਈ ਨੇ ਵੇਖਣ ਦੇ ਵਿਚ ਚਿੱਟਾ ਵਿਚਲਾ ਗੰਦਮ ਵਰਗਾ । ਇਹ ਵੀ ਘੁਲਮਿਲ ਇਕੋ ਹੋਏ। ਭੇਦ ਮਿਟਾ ਕੇ ਅਪਣੇ ਸਾਰੇ ਸਾਰੇ ਇਕੋ ਹੀ ਭਾਅ ਮਾਰਨ । ਏਕਾ ਖ਼ੂਬ ਅਨੇਕਾਂ ਦਾ ਇਹ ਏਥੇ ਡਿੱਠਾ ਪਰਗਟ ਹੋਇਆ। ਇਕ ਜਾਦੂ ਛਾਇਆ ਮੇਰੇ ਤੇ ਪਲਟੀ ਦੇਖੀ ਅਪਣੀ ਕਾਇਆ ਜਦ ਮੈਂ ਉਸਦੇ ਵਿਹੜੇ ਆਇਆ ਜਦ ਮੈਂ ਉਸਦੇ ਵਿਹੜੇ ਆਇਆ। ਮੈਨੂੰ ਵੇਖ ਕੇ ਉਹ ਮੁਸਕਾਇਆ ।

ਮਾਂ ਦਾ ਪੁੱਤਰ

(ਇਹ ਕਵਿਤਾ ਲੈਨਿਨਗਰਾਡ ਵਿਚ ਲੈਨਿਨ ਦੇ ਬੁੱਤ ਸਾਹਮਣੇ, ਬੁਤ ਬਣ ਕੇ ਖਲੋਤਿਆਂ ਫੁਰੀ । ਇਹ ਲੈਨਿਨ ਦੀ ਧਰਤੀ ਦੀ ਭੇਟਾ ਹੈ :-) ਮਾਂ ਜਾਣਦੀ ਏ ਬੱਚਾ ਜਦ ਵੀ ਅਪਣਾ ਖ਼ੂਨ ਤੇ ਜੋਬਨ ਅਪਣਾ ਉਸਦੇ ਅਰਪਣ ਕਰ ਦੇਂਦੀ ਹੈ। ਲੋੜ ਉਸਨੂੰ ਰਹਿੰਦੀ ਨਹੀਂ ਅਪਣੀ ਸਭ ਕੁਝ ਬੱਚੇ ਦਾ ਹੋ ਜਾਂਦੈ। ਉਸਦੇ ਪਿਆਰ ਦਾ ਵੱਡਾ ਹਿੱਸਾ ਬੱਚੇ ਦਾ ਹੀ ਬਣ ਜਾਂਦਾ ਹੈ। ਹਰਦਮ ਉਸਦੀ ਖ਼ੈਰ ਮਨਾਵੇ ਵਾਰ ਦਏ ਅਪਣਾ ਸਭ ਕੁਝ ਹੀ ਪਰ ਬੱਚੇ ਨੂੰ ਖ਼ੁਸ਼ ਰਖਦੀ ਹੈ ਹਰ ਕੀਮਤ ਤੇ ਹਰ ਹਾਲਤ ਵਿਚ । ਬੱਚਾ ਜਿਹੜਾ ਫ਼ਰਜ਼ ਪਛਾਣੇ ਪਿਆਰ ਦਾ ਬਦਲਾ ਪਿਆਰ ਦੇ ਵਿਚ ਹੀ ਦੇਣ ਲਈ ਜੋ ਦੁਖੜੇ ਝੱਲੇ : ਵਾਰ ਜੋ ਹੁੰਦਾ ਹੈ ਮਾਂ ਉਤੇ ਅਪਣੀ ਛਾਤੀ ਤੇ ਝਲਦਾ ਹੈ। ਢਾਲ ਬਣਾ ਕੇ ਜਿਸਮ ਅਪਣਾ ਉਹ ਜਣਿਆ ਮਾਂ ਦਾ ਅਖਵਾਂਦਾ ਹੈ । ਖ਼ੂਨ ਨਿਚੋੜੇ ਅਪਣਾ ਜਿਹੜਾ ਅਪਣੀ ਪਿਆਰੀ ਅੰਮੀ ਖ਼ਾਤਰ । ਭੀੜ ਬਣੇ ਜਦ ਮਾਂ ਤੇ, ਜਿਹੜਾ ਛਾਤੀ ਠੋਕ ਕੇ ਅੱਗੇ ਆਵੇ ਬਣ ਜਾਂਦਾ ਹੈ ਰਾਖਾ ਮਾਂ ਦਾ। ਹਰ ਕੀਮਤ ਤੇ ਹਰ ਹਾਲਤ ਵਿਚ ਓਹੀਊ ਮਾਂ ਦਾ ਪੁੱਤ ਕਹੌਂਦੈ। ਜਣਿਆ ਮਾਂ ਦਾ ਅਖਵਾਉਂਦਾ ਹੈ। ਧਰਤੀ ਵੀ ਤੇ ਮਾਂ ਹੁੰਦੀ ਹੈ। ਓਹੀਉ ਰੁਤਬਾ ਹੋ ਜਾਂਦਾ ਹੈ ਉਸਦੇ ਲੋਕਾਂ ਦੀ ਜਨਤਾ ਦਾ ਉਹ ਜਨਤਾ ਹੁੰਦੀ ਹੈ ਹਿੱਸਾ ਮਾਨਵ ਦਾ ਇਨਸਾਨੀਅਤ ਦਾ । ਇਸਦੀ ਖ਼ਾਤਰ ਮਰਦਾ ਹੈ ਜੋ ਭੇਟ ਜਵਾਨੀ ਕਰਦਾ ਹੈ ਜੋ, ਅਪਣਾ ਆਪ ਸਮੇਂ ਲੈਂਦਾ ਹੈ ਅਪਣੀ ਮਾਂ ਦੇ ਪਿਆਰ ਦੇ ਵਿਚ ਹੀ । ਉਸਦੇ ਦੁੱਖਾਂ ਨੂੰ ਹਰਦਾ ਹੈ ਹਰ ਕੀਮਤ ਤੇ ਹਰ ਹਾਲਤ ਵਿਚ ਓਹੀਉਂ ਮਾਂ ਦਾ ਪੁੱਤ ਕਹੌਂਦੈ। ਐ ਲੈਨਿਨ ਦੀ ਧਰਤੀ ਪਿਆਰੀ ! ਤੂੰ ਓਦਾਂ ਦਾ ਪੁੱਤਰ ਜਣਿਆ। ਭੀੜ ਦੇਖਕੇ ਤੇਰੇ ਉੱਤੇ ਸਹਿ ਨਾ ਸਕਿਆ ਰਹਿ ਨਾ ਸਕਿਆ । ਛਾਤੀ ਠੋਕ ਕੇ ਅੱਗੇ ਆਇਆ ਸੀਸ ਤਲੀ ਤੇ ਆਇਆ ਧਰਕੇ ਕੁਰਬਾਨੀ ਦਾ ਹੋਕਾ ਦਿੱਤਾ, ਉਸਨੇ ਮਰ ਜੀਉੜੇ ਲੋਕਾਂ ਨੂੰ, "ਉਠ ਜਾਗੋ, ਜਾਗੋ, ਜਾਗੋ ਵੇਲਾ ਆਇਆ ਹੈ ਜਾਗਣ ਦਾ ਮਾਨਵਤਾ ਦੀ ਝੋਲੀ ਭਰੀਏ ਆਉ ਵੀਰੋ ਤੇ ਬਲਕਾਰੋ ਕੁਰਬਾਨੀ ਦਾ ਕੁੰਡ ਬਣਾਈਏ । ਅਪਣਾ ਖ਼ੂਨ ਤੇ ਮਿਝ ਅਪਣੀ ਦੀ ਧੂਣੀ ਦੇਈਏ ਜਨਤਾ ਮਾਂ ਨੂੰ ਮਹਿਲ ਬਣਾਈਏ ਮਾਨਵਤਾ ਦਾ ਅਪਣੇ ਖ਼ੂਨ ਤੇ ਮਿਝ ਅਪਣੀ ਦਾ ਗਾਰਾ ਲਾਈਏ ਦੀਵਾਰਾਂ ਵਿਚ । ਹਡੀਆਂ ਲਾਕੇ ਇੱਟਾਂ ਥਾਵੇਂ ਮਹਿਲ ਉਸਾਰੀ ਕਰੀਏ ਸੁਹਣੀ । ਜਿਸ ਵਿਚ ਬੈਠੇ ਜਨਤਾ ਮਾਤਾ। ਮਿਹਨਤ ਹਰ ਇਕ ਪਖ ਤੋਂ ਕਰੀਏ ! ਸੰਗਲ ਤੋੜ ਵਖਾਈਏ ਉਹ ਜੋ ਲਾਏ ਹੋਏ ਨੇ ਸਾਨੂੰ ਤੇ ਪੂੰਜੀ-ਪਤੀਆਂ ਤੇ ਧਨਵਾਨਾਂ, ਰਜਵਾੜੇ ਤੇ ਲੋਟੂ ਲੋਕਾਂ ਨੇ ਕੀਤਾ ਹੈ ਜਿਚ ਜਨਤਾ ਨੂੰ । ਆਉ ! ਕਰੀਏ ਮੁਕਤ ਏਨ੍ਹਾਂ ਤੋਂ ਅਪਣੀ ਜਨਤਾ ਮਾਤਾ ਤਾਈਂ।” ਹੋਕਾ ਸੁਣਕੇ ਮਰ-ਜੀਉੜੇ ਦਾ ਮਾਂ ਦੇ ਉਸ ਪੱਤਰ ਦਾ ਹੋਕਾ ਜਿਸ ਦੇ ਦਿਲ ਵਿਚ ਇਕ ਭਾਂਬੜ ਸੀ। ਕੁਰਬਾਨੀ ਦੇ ਜਜ਼ਬੇ ਦੀ ਤੇ ਆਤਮ-ਅਰਪਨ ਦੀ ਸੱਧਰ ਦਾ । ਹੋਕਾ ਸੁਣਕੇ ਮਰ-ਜੀਉੜੇ ਦਾ ਅੱਗੇ ਆਏ ਯੋਧੇ ਕਾਮੇ ਤੇ ਕਿਰਸਾਨ ਬੜੇ ਬਲਕਾਰੀ ਸੀਸ ਤਲੀ ਤੇ ਧਰਕੇ ਆਏ ਜਨਤਾ ਦੇ ਮਤਵਾਲੇ ਯੋਧੇ। ਉਸਦੇ ਪਿੱਛੇ ਹੋਏ ਕੱਠੇ ਜੁਗ-ਪਲਟਾਊ ਜਜ਼ਬਾ ਲੈ ਕੇ ਮਾਵਾਂ ਦੇ ਇਹ ਪੁੱਤਰ ਪਿਆਰੇ । ਗੱਜਿਆ ਜਦ ਉਹ ਸ਼ੇਰ ਦੇ ਵਾਂਗੂ ਸਰਮਾਇਦਾਰੀ ਕੰਬ ਉੱਠੀ ਵਖਤ ਪਿਆ ਸ਼ਾਹੀ ਠਾਠਾਂ ਨੂੰ । ਭੱਜਣ ਲੱਗੇ ਲੋਟੂ ਬੰਦੇ ਜੋ ਹੈ ਸਨ ਜਨਤਾ ਦੇ ਵੈਰੀ ਜੁਗ ਪਲਟੇ ਦੇ ਸਨ ਜੋ ਦੋਖੀ। ਥੰਮ ਥਿੜਕੇ ਮਹਿਲਾਂ ਦੇ ਉੱਚੇ ਬੁਰਜ ਉਨ੍ਹਾਂ ਦੇ ਭੋਂ ਤੇ ਡਿੱਗੇ । ਪੱਧਰ ਹੋਈ ਏਦਾਂ ਸਾਰੇ । ਡਿੱਗਣ ਲੱਗੇ ਇਕ ਇਕ ਕਰਕੇ ਮੋਟੇ ਢਿੱਡਾਂ ਵਾਲੇ ਸਾਰੇ । ਉੱਠਣ ਲੱਗੇ ਕਾਮੇ ਬਾਬੂ ਤੇ ਕਿਰਸਾਨ ਇਕੱਠੇ ਹੋ ਕੇ । ਚਾਰ ਕੁ ਉਤਲੇ ਥੱਲੇ ਆਏ ਬਾਕੀ ਜਨਤਾ ਉੱਤੇ ਆਈ । ਲਾਲ ਹਨੇਰੀ ਝੁੱਲੀਂ ਏਦਾਂ ਰੰਗ ਲਗਾਇਆ ਬਦਲਾਇਆ ਤੇ ਜੁਗ ਪਲਟਾਕੇ ਇੰਝ ਵਖਾਇਆ ਤੇਰੇ ਯੋਧੇ ਵੀਰ ਸਪੁੱਤਰ । ਸੀਸ ਤਲੀ ਤੇ ਧਰਕੇ ਜਦ ਉਸ ਜੁਗ-ਪਲਟੇ ਦਾ ਹੋਕਾ ਦਿੱਤਾ । ਤੇਰੀਆਂ ਅਖੀਆਂ ਦਾ ਇਹ ਤਾਰਾ ਤਾਰਾ ਦੁਨੀਆ ਦਾ ਬਣਿਆ ਫਿਰ । ਵਿਹੜਾ ਤੇਰਾ ਰੋਸ਼ਨ ਕੀਤਾ । ਜਗ-ਮਗ ਕੀਤਾ ਚਾਣਨ ਦੇ ਕੇ ਜਿਸਦਾ ਜਲਵਾ ਸਭ ਨੇ ਡਿੱਠਾ। ਜਿਸਦਾ ਚਾਨਣ ਸਾਰੇ ਹੋਇਆ ਇਸ ਵਿਹੜੇ ਵਿਚ ਉਸ ਵਿਹੜੇ ਵਿਚ । ਹੌਲੀ ਹੌਲੀ ਪਲਟਣ ਲੱਗੇ ਪਲਟ ਰਹੇ ਨੇ ਤੇ ਪਲਟਣਗੇ, ਕਿਉਂਕਿ ਪੁੱਤਰ ਜਣਿਆ ਤੇਰਾ ਰਣ ਭੂਮੀ ਵਿਚ ਕੁੱਦ ਪਿਆ ਸੀ, ਰਾਹ ਦਿਖਲਾਇਆ ਜਿਸਨੇ ਸਭ ਨੂੰ ਇਕਮਿਕਤਾ ਦਾ ਮਿਲ ਬੈਠਣ ਦਾ ਸਾਂਝਾਂ ਦਾ ਤੇ ਕੁਰਬਾਨੀ ਦਾ । ਸਾਰੇ ਭੇਦ ਮਿਟਾ ਕੇ ਅਪਣੇ ਵਖਰੇ ਰੰਗਾਂ ਦੇ, ਮਜ਼੍ਹਬਾਂ ਦੇ, ਵੱਖੋ ਵੱਖਰੀਆਂ ਨਸਲਾਂ ਦੇ। ਕੁੱਖ ਸੁਲਖਣੀ ਕੀਤੀ ਉਸ ਨੇ ਅਪਣੀ ਮਾਂ ਦੀ ਤੇ ਤੇਰੀ ਵੀ ਕਿਉਂਕਿ ਕਹਿੰਦੇ ਨੇ ਇਹ ਦਾਨੇ ਧਰਤੀ ਵੀ ਤੇ ਮਾਂ ਹੁੰਦੀ ਹੈ।

ਪਰ ਮੈਂ ਬੈਠਾ ਹਾਂ ਕੰਢੇ ਤੇ

(ਜਦੋਂ ਮੈਂ ਆਜ਼ਰ-ਬਾਈ-ਜਾਨ ਦੀ ਰਾਜਧਾਨੀ ਬਾਕੂ ਵਿਚ ਪੁੱਜਾ ਤਾਂ ਕੈਸਪੀਅਨ ਸਾਗਰ ਦੀਆਂ ਛੱਲਾਂ ਨੇ ਮੇਰੇ ਕਵੀ ਦਿਲ ਦੀਆਂ ਛਲਾਂ ਨੂੰ ਟੁੰਬ ਦਿੱਤਾ ਤੇ ਇਹ ਕਵਿਤਾ ਲਿਖੀ । ਇਸ ਵਿਚ ਈਰਾਨ ਦੀ ਰਜਵਾੜਾ ਸ਼ਾਹੀ ਤੇ ਤੁਰਕੀ ਦੀ ਡਿਕਟੇਟਰਸ਼ਿਪ ਵਲ ਵੀ ਇਸ਼ਾਰਾ ਹੈ। ਜਜ਼ਬਾਤ ਦੇ ਉਭਾਰ ਵਿਚੋਂ ਜੋ ਕਵਿਤਾ ਨਿਕਲੀ ਉਸਨੂੰ ਲੈਨਿਨ-ਗਰਾਡ ਦੀ ਪ੍ਰਸਿੱਧ ਲੇਖਕਾ ਬੀਬੀ ਨਤਾਸ਼ਾ ਨੇ ਰੂਸੀ ਭਾਸ਼ਾ ਕੇ ਛਾਪੀ। ਵਿਚ ਉਲਥਾਇਆ । ਰੂਸੀ ਅਖ਼ਬਾਰਾਂ ਨੇ ਇਹ ਚੰਗੇ ਹਾਸ਼ੀਏ ਚਾੜ੍ਹ ਕੇ ਛਾਪੀ ।) ਕੈਸਪੀਅਨ ਸਾਗਰ ਦਾ ਬੱਚਾ ਲਹਿਰਾਂ ਲੈਂਦਾ ਬੱਚੇ ਵਾਂਗਰ। ਲਹਿਰਾਂ ਛਡਦਾ ਮੌਜ 'ਚ ਆ ਕੇ ਮੌਜਾਂ ਚਾੜ੍ਹੇ ਕੰਢੇ ਉੱਤੇ, ਫੇਰ ਉਤਾਰੇ, ਪਿੱਛੇ ਜਾਵੇ ਚੜ੍ਹਦਾ ਲਹਿੰਦਾ ਜਜ਼ਬੇ ਵਾਂਗਰ। ਇਕ ਛਲ ਜਾਵੇ ਤੇ ਇਕ ਆਵੇ ਨਿਰਛਲ ਉਸਦੇ ਹਿਰਦੇ ਵਿਚੋਂ ਨਿਕਲਣ, ਤੇ ਛਾਤੀ ਤੇ ਉਸਦੀ ਕਰਨ ਕਲੋਲਾਂ ਮੌਜਾਂ, ਮਾਨਣ ਪਰ ਮੈਂ ਬੈਠਾ ਹਾਂ ਕੰਢੇ ਤੇ ਕੰਢੇ ਉੱਤੇ ਮੈਂ ਬੈਠਾ ਹਾਂ, ਵੇਖ ਰਿਹਾ ਹਾਂ ਚੌਹੀਂ ਪਾਸੀਂ ਬੱਚੇ ਬੁੱਢੇ ਕਾਮੇ ਬਾਬੂ ਕੁੜੀਆਂ ਮਾਵਾਂ ਤੇ ਭੈਣਾਂ ਤੇ ਜੋੜੇ ਜੋੜੇ, ਟੱਬਰ ਜੁੜਕੇ ਗੋਤੇ ਲਾ ਕੇ ਖੁਸ਼ ਹੁੰਦੇ ਨੇ । ਕੰਮ ਕਰ ਕਰ ਕੇ ਥੱਕੇ ਹੈ ਸਨ । ਦੂਰ ਥਕਾਵਟ ਕਰਦੇ ਨੇ ਤੇ ਮਿਹਨਤ ਕਰਕੇ ਆਇਆ ਸੀ ਜੋ ਉਸ ਮੁੜ੍ਹਕੇ ਨੂੰ ਲਾਹੁੰਦੇ ਨੇ ਸਭ ਤਾਂ ਜੋ ਅਗਲੇ ਦਿਨ ਨੂੰ ਵੀ ਉਹ ਕੰਮ ਕਰ ਸੱਕਣ ਤਕੜੇ ਹੋ ਕੇ ਇਸ ਵੇਲੇ ਭੁੱਲੇ ਨੇ ਸਭ ਕੁਝ। ਯਾਦ ਉਨ੍ਹਾਂ ਨੂੰ ਇਕੋ ਹੀ ਗਲ ਵੇਹਲ ਕਿਵੇਂ ਮਾਣੀ ਜਾਂਦੀ ਹੈ ਵਿਹਲ ਵੀ ਉਹ ਜੋ ਤਾਂ ਮਿਲਦੀ ਹੈ, ਜਾਨ ਲੜਾਉਣੀ ਜਦ ਆਉਂਦੀ ਹੈ। ਖ਼ੁਸ਼ ਹੁੰਦਿਆਂ ਨੂੰ ਵੇਖ ਰਿਹਾ ਹਾਂ ਦਰ ਕਿਨਾਰੇ ਉੱਤੇ ਬੈਠਾ । ਮਾਣ ਰਿਹਾ ਹਾਂ ਮੈਂ ਵੀ ਖੁਸ਼ੀਆਂ ਅਪਣਾ ਆਪ ਉਨ੍ਹਾਂ ਵਿਚ ਪਾ ਕੇ । ਇਉਂ ਲੱਗੇ ਜਿਉਂ ਮੈਂ ਵੀ ਗੋਤੇ ਲਾਉਂਦਾ ਹਾਂ ਓਨ੍ਹਾਂ ਦੇ ਵਾਂਗੂੰ । ਖ਼ੁਸ਼ ਹੁੰਦਾਂ ਓਹਨਾਂ ਦੇ ਵਾਗੂੰ । ਕਾਮਾ ਬਾਬੂ ਮੈਂ ਵੀ ਹਾਂ ਜਿਉਂ ਕੈਸਪੀਅਨ ਦੇ ਕੰਢੇ ਉੱਤੇ ਨ੍ਹਾਂਉਦੇ ਏਨ੍ਹਾਂ ਦੇਵਤਿਆਂ ਚੋਂ ਦੂਰ ਕਿਨਾਰੇ ਉੱਤੇ ਬੈਠਾ । ਕੈਸਪੀਅਨ ਦੇ ਕੰਢੇ ਉੱਤੇ ਵੇਖ ਰਿਹਾ ਹਾਂ ਚੌਹੀਂ ਪਾਸੀਂ ਮੇਹਨਤ ਦੀ ਬੱਤੀ ਦੇ ਜਲਵੇ ਚਾਨਣ ਕੀਤਾ ਹੈ ਜਿਹਨਾਂ ਨੇ ਹਰ ਇਕ ਪਾਸੇ ਤੇ ਹਰ ਤਰਫ਼ੇ । ਪਰ ਇਕ ਪਾਸੇ ਲੀਕ ਜਿਹੀ ਹੈ ਕੁਝ ਪੱਛੋਂ ਕੁਝ ਦੱਖਣ ਵਲ ਨੂੰ ਕਾਲੀ ਕਾਲੀ ਅੰਧਿਆਰੇ ਦੀ । ਇਕ ਪੁਰਖੀ ਰਜਵਾੜਾ ਸ਼ਾਹੀ ਦੀ ਇਹ ਕਾਲਖ ਅਜ ਵੀ ਕਾਇਮ । ਸੋਚ ਰਿਹਾਂ ਕਿ ਮਿਟ ਜਾਏਗੀ, ਹੁਣ ਇਹ ਕਾਇਮ ਰਹਿ ਨਹੀਂ ਸਕਦੀ । ਚਾਨਣ ਅੱਗੇ ਮਿਟ ਜਾਏਗੀ ਅੰਧਿਆਰੇ ਦੀ ਲੀਕ ਜਿਹੀ ਇਹ । ਕੈਸਪੀਅਨ ਦੇ ਆਲ ਦੁਆਲੇ ਸਭ ਪਾਸੇ ਚਾਨਣ ਪਸਰੇਗਾ। ਲੀਕ ਨਹੀਂ ਦਿੱਸੇਗੀ ਕੋਈ, ਅੰਧਿਆਰੇ ਦੀ ਕਾਲੀ ਕਾਲੀ । ਪਰ ਮੈਂ ਬੈਠਾ ਹਾਂ ਕੰਢੇ ਤੇ। ਸੋਚ ਰਿਹਾਂ ਕੰਢੇ ਤੇ ਬੈਠਾ ਗੋਤੇ ਮੈਂ ਵੀ ਲਾਵਾਂ ਇਸ ਵਿਚ ਪਰ ਇਕ ਸ਼ਰਮ ਜਿਹੀ ਆਉਂਦੀ ਹੈ । ਹਿੰਦ ਸਾਗਰ ਦਾ ਨੇੜ ਮੈਂ ਕੀਤਾ ਜੋ ਸਾਗਰ ਹੈ ਬਹੁਤਾ ਵਡਾ ਜਿਸ ਅੱਗੇ ਕੈਸਪੀਅਨ ਲੱਗੇ ਬੱਚਾ ਬੱਚਾ ਜੁੱਸੇ ਕਾਰਨ । ਐਪਰ ਉਂਞ ਇਹ ਬੱਚਾ ਵੇਖੋ ਅੱਗੇ ਲੰਘਿਆ ਹੋਇਆ ਦਿੱਸੇ ਓਸ ਵਡੇਰੇ ਪਾਸੋਂ ਕਿੰਨਾ ? ਸ਼ਰਮ ਇਹੋ ਖਾਂਦੀ ਹੈ ਮੈਨੂੰ, ਇਸ ਨੂੰ ਅਪਣਾ ਆਪ ਵਖਾਵਾਂ ? ਭਰਮ ਜੋ ਬਣਿਆ ਹੋਇਆ ਮੇਰਾ ਤੇ ਮੇਰੇ ਉਸ ਹਿੰਦ ਸਾਗਰ ਦਾ ਖੁਲ੍ਹ ਜਾਏਗਾ ਭਰਮ ਜਦੋਂ ਇਹ ਕੀ ਆਖਣਗੇ ਬਾਕੂ ਵਾਲੇ, ਆਜ਼ਰਬਾਈਜਾਨ ਦੇ ਲੋਕੀਂ। ਹਾਂ, ਮੈਂ ਹਾਂ ਕੰਢੇ ਤੇ ਬੈਠਾ ! ਸਾਥੀ ਕਹਿੰਦੇ ਨੇ ਤੂੰ ਵੀ ਹੁਣ ਹਮਦਰਦਾ ਕੁਝ ਗੋਤੇ ਲਾ ਲੈ ਅਲੈਗਜ਼ਾਂਦਰ ਮਿਰੋਨੋਵ ਤੇ ਆਨੰਦ ਭਾਈ ਆਖ ਰਹੇ ਨੇ । ਗ਼ੋਤੇ ਲਾ ਲੈ ਗੋਤੇ ਲਾ ਲੈ । ਨਾਂਹ ਕਰਾਂ ਤਾਂ ਆਖਣ ਇਹ ਕਿ ਇਹ ਸ਼ਰਮੀਲਾ ਕੁੜੀਆਂ ਵਾਂਗੂੰ। ਇਹ ਗਲ ਵੀ ਹੈ ਠੀਕ ਇਨ੍ਹਾਂ ਦੀ । ਸ਼ਾਇਰ ਨੇ ਸ਼ਰਮੀਲੇ ਹੁੰਦੇ ਨੰਗੇ ਕਰਦੇ ਨੇ ਦੂਜੇ ਨੂੰ : ਜੋ ਕਾਲਖ ਦੇ ਹੈਨ ਪੁਜਾਰੀ, ਜੋ ਅੰਧਿਆਰੇ ਦੇ ਗਾਹਕ ਨੇ । ਆਪ ਕਿਵੇਂ ਨੰਗੇ ਹੋ ਬੈਠਣ ਲੋਕਾਂ ਅੱਗੇ ਸਾਗਰ ਅੱਗੇ। ਭਰਮ ਜਿਹਾ ਬਣਿਆ ਰਹਿ ਜਾਏ। ਕੰਢੇ ਦੇ ਉੱਤੇ ਬੈਠੇ ਦਾ। ਪਰ ਮੈਂ ਵੀ ਲਾਵਾਂਗਾ ਇਸ ਵਿਚ ਗੋਤੇ, ਜਦ ਵੇਲਾ ਆਏਗਾ। ਜਦ ਮੈਨੂੰ ਡਰ ਨਹੀਂ ਭਾਸੇਗਾ । ਸ਼ਰਮ ਉੜੇਗੀ ਜਦ ਇਹ ਮੇਰੀ । ਮੈਂ ਵੀ ਗੋਤੇ ਲਾਵਾਂਗਾ ਫਿਰ ਹਿੰਦ ਸਾਗਰ ਵਿਚ ਕੈਸਪੀਅਨ ਵਿਚ । ਪਰ ਹੁਣ ਤਾਂ ਮੈਂ ਬੈਠਾ ਹੋਇਆਂ ਇਸ ਸਾਗਰ ਦੇ ਕੰਢੇ ਉੱਤੇ ।

ਤੇਰਾ ਹੁਸਨ ਤੇਰਾ ਹੀ ਵੈਰੀ

(ਇਹ ਨਜ਼ਮ ਆਰਮੀਨੀਆ ਦੀ ਰਾਜਧਾਨੀ ਯਰੇਵਾਨ ਵਿਚ ਜਾ ਕੇ ਲਿਖੀ । ਤੁਰਕੀ ਤੇ ਈਰਾਨ ਨੇ ਜੋ ਉਪੱਦਰ ਆਰਮੀਨੀਆ ਦੇ ਲੋਕਾਂ ਉਤੇ ਕੀਤੇ ਉਹਨਾਂ ਵਲ ਵੀ ਇਸ਼ਾਰਾ ਹੈ । ਇਹ ਪਰੀਆਂ ਦਾ ਦੇਸ਼ ਕਹਾਉਂਦਾ ਹੈ ਤੇ ਸ਼ਾਹ ਬਹਿਰਾਮ ਇਥੇ ਗਇਆ ਸੀ । ਉਸ ਕਿੱਸੇ ਦੀ ਬਹਿਰ ਵਿਚ ਮੈਂ ਇਹ ਨਜ਼ਮ ਲਿਖੀ ਹੈ । ਤੁਰਕੀ ਵੱਲੋਂ ਦੋ ਘੱਲੂਘਾਰੇ ਆਰਮੀਨੀਅਮ ਲੋਕਾਂ ਤੇ ਇਸ ਲਈ ਹੋਏ ਕਿ ਉਹ ਮੁਸਲਮਾਨ ਸਨ ਤੇ ਇਹ ਈਸਾਈ ਸਨ । 1898 ਦੇ ਪਹਿਲੇ ਘੱਲੂਘਾਰੇ ਵਿਚ ਤਿੰਨ ਲੱਖ ਦੇ ਲਗਪਗ ਈਸਾਈ ਮਰੇ ਅਤੇ 1935 ਦੇ ਦੂਜੇ ਘੱਲੂਘਾਰੇ ਵਿਚ ਪੰਦਰਾਂ ਕੁ ਲੱਖ ਈਸਾਈ ਕਤਲ ਕੀਤੇ ਗਏ।) ਹੁਸਨ ਤਿਰਾ ਜਾਦੂ ਕਰਦਾ ਹੈ ਕਸਕ ਏਸ ਦੀ ਭਾਵੇ, ਪਿਆਰ ਤਿਰੇ ਚੋਂ ਉਠਿਆ ਮੇਰੇ, ਦਿਲ ਵਿਚ ਉਤਰੀ ਜਾਵੇ। ਮਤਵਾਲੇ ਨੈਣਾ ਦੇ ਵਿਚ ਹੈ, ਉਹ ਕਹਿਰਾਂ ਦੀ ਮਸਤੀ ਜ਼ਾਹਿਦ ਵੀ ਏਨ੍ਹਾਂ ਚੋਂ ਪੀ ਕੇ ਭੁਲਦੈ ਅਪਣੀ ਹਸਤੀ । ਫਨੀਅਰ ਸੱਪ ਜੋ ਮੋਢੇ ਉਤੇ, ਤੂੰ ਰਖਦੈਂ ਹਰ ਵੇਲੇ ਡੱਸਣ ਦੇ ਵਿਚ ਦੋਵੇਂ ਹੀ ਨੇ ਹੁਸਨ ਤੇਰੇ ਦੇ ਚੇਲੇ ਡੰਗ ਇਨ੍ਹਾਂ ਦਾ ਬਹੁਤ ਸੁਆਦੀ ਇਕ ਵਾਰੀ ਜੋ ਖਾਵੇ ਦਿਲ ਉਸਦਾ ਇਹ ਚਾਹੁੰਦਾ ਹੈ ਕਿ ਡੰਗ ਇਹ ਖਾਂਦਾ ਜਾਵੇ । ਦੁਖ ਜੋ ਹੈ ਸੁੱਖਾਂ ਤੋਂ ਭਾਰੂ ਉਸ ਵਲ ਸਭ ਦੀਆਂ ਅੱਖਾਂ ਉਸ ਉੱਤੇ ਕੁਰਬਾਨ ਕਰਾਂ ਮੈਂ ਇਹ ਸੁਖ ਅਪਣੇ ਲੱਖਾਂ । ਜੁੱਗਾਂ ਤੋਂ ਤੁਰਿਆ ਆਉਂਦਾ ਹੈ ਤੇਰਾ ਹੁਸਨ ਛਬੀਲਾ ਮੈਂ ਵੀ ਸਦੀਆਂ ਤੋਂ ਹਮਜੋਲੀ ਮਾਣਾਂ ਹੁਸਨ ਨਸ਼ੀਲਾ । ਸ਼ਾਹ ਬਹਿਰਾਮ ਕਦੇ ਬਣ ਜਾਵਾਂ ਤੇ ਦਰਸ਼ਨ ਨੂੰ ਆਵਾਂ । ਪਿਆਰ ਦੇ ਬਦਲੇ ਪਿਆਰ ਦਏਂ ਤੂੰ ਮਨ ਚਾਹਿਆ ਫਲ ਪਾਵਾਂ । ਸੱਜਣਾ ! ਦੇਖ ਲਿਆ ਤੂੰ ਵੀ ਹੁਣ ਸਭ ਨਹੀਂ ਇਕੋ ਜੇਹੇ ਪਾਪ ਜਿਨ੍ਹਾਂ ਦੀ ਹੱਡੀਂ ਰਚਿਆ ਉਹ ਸੱਜਣ ਨੇ ਕੇਹੇ ? ਜੋ ਭੌਰੇ ਨਹੀਂ ਖੁਸ਼ਬੂ ਦੇ ਤੇ ਨਾ ਰਸ ਇਸ ਦਾ ਮਾਨਣ "ਤੋੜ ਕੇ ਫੁਲ ਨੂੰ ਝੋਲੀ ਪਾਈਏ" ਇਕ ਗਲ ਉਹ ਜਾਨਣ । ਨਾ ਇਹ ਜਾਨਣ ਕਿ ਫੁਲ ਟੁੱਟਾ ਮੁਰਝਾ ਕੇ ਰਹਿ ਜਾਂਦਾ ਡਾਲੀ ਨਾਲੋਂ ਤੋੜਨ ਵਾਲਾ ਖ਼ੂਨ ਓਸਦੇ ਨ੍ਹਾਂਦਾ । ਇਹ ਖ਼ੁਦਗਰਜ਼ੀ ਦਾ ਸੌਦਾ ਹੈ ਨਾ ਜਾਨਣ ਇਹ ਜ਼ਾਲਮ ਇਹ ਬੇ-ਮਰਜ਼ੀ ਦਾ ਸੌਦਾ ਹੈ ਨਾ ਜਾਨਣ ਇਹ ਜ਼ਾਲਮ ! ਮੁੱਢ ਕਦੀਮੋਂ ਕਰਦੇ ਆਏ ਅਤਿਆਚਾਰ ਲੁਟੇਰੇ ਮੇਰੇ ਸੱਜਣਾਂ ! ਹੁਣ ਤਕ ਪਿੱਛੇ ਪਏ ਹੋਏ ਨੇ ਤੇਰੇ । ਮਿਲਖ ਦਬਾਈ ਬੈਠੇ ਤੇਰੀ ਇਹ ਜ਼ਾਲਮ ਹਤਿਆਰੇ ਮੁਕ ਜਾਣੇ ਮੁਕਣ ਲੱਗੇ ਨੇ ਪਰ ਜਾਰੀ ਨੇ ਕਾਰੇ । ਖ਼ੁਸ਼ਬੂ ਫੁਲ ਦੀ ਬਣ ਜਾਂਦੀ ਹੈ ਉਸਦਾ ਦੁਸ਼ਮਣ ਵੱਡਾ ਚੰਗਿਆਈ ਹੀ ਪੁੱਟ ਦੇਂਦੀ ਹੈ ਚੰਗੇ ਖ਼ਾਤਰ ਖੱਡਾ। ਤੇਰੀ ਚੰਗਿਆਈ ਨੇ ਤੇਰੇ ਦੁਸ਼ਮਣ ਪੈਦਾ ਕੀਤੇ ਤੇਰੇ ਹੁਸਨ ਅਜੂਬੇ ਨੇ ਹੀ ਤੈਥੋਂ ਬਦਲੇ ਲੀਤੇ । ਪਰ ਇਹ ਭੈੜ ਨਹੀਂ ਹੈ ਸਜਣਾ ਬਹੁਤਾ ਸੁਹਣਾ ਹੋਣਾ ਇਹ ਵੀ ਚੰਗੀ ਗਲ ਨਹੀਂ ਕੋਈ ਅਪਣਾ ਹੁਸਨ ਲਕੋਣਾ। ਜੇ ਤੂੰ ਹੁਸਨ ਦੇ ਖੁਲ੍ਹੇ ਗੱਫੇ ਵੰਡਦੈਂ ਤਾਂ ਕੀ ਹੋਇਆ ? ਜਗ ਦੀ ਸੁਹਣੀ ਪੈਲੀ ਅੰਦਰ ਪਿਆਰ ਤੂੰ ਜੇਕਰ ਬੋਇਆ। ਆਪਾ ਅਪਣਾ ਵਾਰ ਕੇ ਭੀ ਤੂੰ ਜੇ ਹੈ ਤੋੜ ਨਿਭਾਈ ਇਹ ਤੇਰਾ ਚੰਗਾਪਨ ਹੈ ਤੇ ਹੈ ਤੇਰੀ ਵਡਿਆਈ ਭੈੜੇ ਭੈੜ ਕਮਾਉਂਦੇ ਨੇ ਪਰ ਚੰਗਾ ਮੂਲ ਨਾ ਉੱਕੇ ਮੁਕ ਜਾਂਦੀ ਹੈ ਬੁਰਿਆਈ ਪਰ ਨਾ ਚੰਗਿਆਈ ਮੁੱਕੇ। ਮੁਕ ਜਾਣੇ ਨੇ ਇਹ ਦਿਨ ਭੈੜੇ ਮੁਕ ਜਾਣੇ ਨੇ ਹਾਵੇ ਮੁਕ ਜਾਵੇਗਾ ਸਭ ਗ਼ਮ ਤੇਰਾ ਤੈਨੂੰ ਜਿਹੜਾ ਖਾਵੇ । ਭੌਰੇ ਤੇਰੇ ਗੂੰਜ ਰਹੇ ਨੇ ਤੇਰੇ ਆਲ ਦੁਆਲੇ ਵੇਖ ਜਿਨ੍ਹਾਂ ਨੂੰ ਭੱਜਣਗੇ ਇਹ ਸਾਰੇ ਨਫ਼ਰਤ ਵਾਲੇ। ਜੇ ਤੂੰ ਕਰਵਟ ਲੀਤੀ ਹੈ ਹੁਣ ਕਾਇਆ ਪਲਟੂ ਤੇਰੀ ਕੈਰੀ ਅੱਖੀਂ ਦੇਖੇਗਾ ਜੋ ਉਹ ਹੋ ਜਾਊ ਢੇਰੀ। ਤੂੰ ਜੋ ਰਸਤਾ ਫੜਿਆ ਹੈ ਹੁਣ ਪਾਏਗਾ ਇਹ ਪੂਰੀ ਕੋਈ ਜਾਬਰ ਕਰ ਨ ਸਕੇਗਾ ਕੋਈ ਬੇਦਸਤੂਰੀ। ਸ਼ਾਹ ਮੁੱਕੇ ਨੇ ਮੇਰੇ ਵੀ ਹੁਣ ਬਸ ਬਹਿਰਾਮ ਹਾਂ ਬਣਿਆ ਉਸ ਜਨਤਾ ਵੱਲੋਂ ਆਇਆ ਹਾਂ ਜਿਸ ਨੇ ਮੈਨੂੰ ਜਣਿਆ। ਦੋ ਦਿਨ ਦਾ ਮਹਿਮਾਨ ਹਾਂ ਤੇਰਾ ਬਸ ਚਲਿਆਂ ਹਾਂ ਆ ਕੇ ਹੁਸਨ ਤਿਰੇ ਦੀ ਚਰਚਾ ਕਰਨੀ ਮੈਂ ਵਤਨਾਂ ਵਿਚ ਜਾ ਕੇ। ਮੇਰੇ ਸੋਹਣੇ ਸਜਣਾ ਮੈਂ ਵੀ ਭੌਰਾ ਹਾਂ ਇਕ ਤੇਰਾ ਇਹ ਕਵਿਤਾ ਦਾ ਇਕ ਗੁਲਦਸਤਾ ਪਿਆਰ ਕਬੂਲੀਂ ਮੇਰਾ । ਤੇਰੇ ਉੱਤੇ ਮੇਰੇ ਯਾਰਾ ਆਈਆਂ ਰਹਿਣ ਬਹਾਰਾਂ ਖ਼ੁਸ਼ੀਆਂ ਮਾਣੇਂ ਖਿੜ ਖਿੜ ਹੱਸੇਂ ਬਣੀਆਂ ਰਹਿਣ ਨੁਹਾਰਾਂ। ਦਿਲ ਮੇਰੇ 'ਹਮਦਰਦ' ਦੇ ਅੰਦਰ ਯਾਦ ਰਹੇਗੀ ਤੇਰੀ । ਦੁਨੀਆ ਮੇਰੇ ਦਿਲ ਵਿਚ ਇੰਞ ਆਬਾਦ ਰਹੇਗੀ ਤੇਰੀ ।

ਹੇ ਮੇਰੇ ਕਰਤਾਰ

ਤੇਰੇ ਇਸ ਸੰਸਾਰ ਵਿਚ ਹੇ ਮੇਰੇ ਕਰਤਾਰ। ਰਿਸ਼ਵਤ ਖੋਰੀ ਭੁਖ਼-ਮਰੀ ਦਾ ਹੈ ਗਰਮ-ਬਜ਼ਾਰ । ਜ਼ੋਰ ਸਮਗਲਿੰਗ ਫੜ ਗਈ ਮਹਿੰਗਾਈ ਆਪਾਰ । ਚਿੱਟੇ ਚਾਨਣ ਹੋ ਰਿਹੈ ਕਾਲਖ ਦਾ ਬਿਉਪਾਰ । ਜਨਤਾ ਨੂੰ ਹਨ ਲੁੱਟਦੇ ਜਨਤਾ ਦੇ ਸਰਦਾਰ। ਫੁੱਲਾਂ ਸ਼ਕਲ ਵਟਾ ਲਈ ਤਿੱਖੇ ਖ਼ਾਰਾਂ ਹਾਰ । ਇਕ ਪਾਸੇ ਹੈ ਲੀਡਰਾਂ ਇਕ ਪਾਸੇ ਸਰਕਾਰ। ਏਧਰ ਓਧਰ ਚੋਰ ਹਨ ਤੇ ਜਨਤਾ ਵਿਚਕਾਰ । ਏਨ੍ਹਾਂ ਤੋਂ ਭੈ ਭੀਤ ਹੋ ਨਾ ਰੋਂਦੀ ਕਰੇ ਪੁਕਾਰ । ਗੁਰੂ ਨਾਨਕ ਸੀ ਪੁਛਿਆ ਵੇਖ ਕੇ ਪੈਂਦੀ ਮਾਰ। "ਤੈਂ ਕੀ ਦਰਦ ਨ ਆਇਆ ਹੇ ਮੇਰੇ ਕਰਤਾਰ ?" ਫੇਰ ਗੁਰਾਂ ਵਲ ਵੇਖਦਾ ਇਹ ਦੁਖੀਆ ਸੰਸਾਰ। ਤਾਂ ਜੋ ਕਰੇ ਪੁਕਾਰ ਉਹ ਫਿਰ ਤੇਰੇ ਦਰਬਾਰ । “ਜਗਤ ਜਲੰਦਾ ਰਖ ਲੈ ਅਪਣੀ ਕਿਰਪਾ ਧਾਰ ।”

ਅਰਸ਼ਾਂ ਤੋਂ ਫਰਸ਼ ਤੇ

ਦੇਵਤਿਆਂ ਨੇ ਖੀਰ ਸਮੁੰਦਰ ਰਿੜਕਿਆ, ਰਤਨ ਅਮਲੋਕ ਦਾਤ ਉਨ੍ਹਾਂ ਨੂੰ ਮਿਲ ਗਈ । ਕੂੜ ਕੁਸੱਤ ਅਗਿਆਨ ਦਾ ਭਾਂਡਾ ਤਿੜਕਿਆ, ਵਹਿਮਾਂ ਤੇ ਬਦੀਆਂ ਦੀ ਦੁਨੀਆ ਹਿਲ ਗਈ । ਸਚ ਦਾ ਚੜ੍ਹਦਾ ਚੜ੍ਹਦਾ ਸੂਰਜ ਚੜ੍ਹ ਗਇਆ, ਕੂੜੁ ਅਮਾਵਸ ਵੇਹੰਦੇ ਵੇਹੰਦੇ ਉੜ ਗਈ । ਸੱਚ ਪੈਰਾਂ ਤੇ ਖੜ੍ਹਦਾ ਖੜ੍ਹਦਾ ਖੜ੍ਹ ਗਇਆ, ਧਾਰ ਸਿਤਮ ਦੀ ਮੁੜਦੀ ਮੁੜਦੀ ਮੁੜ ਗਈ। ਰਤਨ ਅਮੋਲਕ ਸਭ ਦਾ ਸਾਂਝਾ ਮਾਲ ਸੀ, ਸੁਰ ਲੋਕਾਂ ਵਿਚ ਕੈਦ ਵਿਚਾਰਾ ਹੋ ਗਇਆ। ਦੇਵਤਿਆਂ ਦੇ ਕਬਜ਼ੇ ਦਾ ਇਹ ਹਾਲ ਸੀ, ਲੋਕਾਂ ਦਾ ਇਹ ਮਾਲ ਨਕਾਰਾ ਹੋ ਗਇਆ । ਦੇਵਤਿਆਂ ਦਾ ਹਾਲ ਉਦੋਂ ਤੇ ਠੀਕ ਸੀ, ਜਦ ਲਾਚਾਰ ਬੜੇ ਸਨ ਧੁੰਧੂਕਾਰ ਵਿਚ । ਘਾਲ ਉਨ੍ਹਾਂ ਦੀ ਇਸ ਗਲ ਦੀ ਪ੍ਰਤੀਕ ਸੀ, ਪਹਿਲਾਂ ਨਹੀਂ ਆਏ ਸਨ ਉਹ ਹੰਕਾਰ ਵਿਚ । ਐਪਰ ਪਾ ਕੇ ਵਸਤ ਨਸ਼ੇ ਵਿਚ ਆ ਗਏ, ਅਪਣਾ ਕਬਜ਼ਾ ਕਰਨ ਦੀ ਹੋਈ ਲਾਲਸਾ । ਹਉਮੈਂ ਦੇ ਵਿਚ ਆ ਕੇ ਧੋਖਾ ਖਾ ਗਏ ਘੱਟੇ-ਕੌਡੀ ਹੋਕੇ ਰਹੇ ਨ ਖ਼ਾਲਸਾ। ਪਰ ਇਕ ਪੁੱਠਾ ਗੇੜ ਸਮੇਂ ਨੇ ਕੱਟਿਆ, ਫੇਰ ਹਨੇਰੇ ਪਸਰਨ ਲੱਗੇ ਆਣ ਕੇ । ਫੇਰ ਬੁਰਾਈਆਂ ਪੈਰ ਅਗਾਹਾਂ ਪੁੱਟਿਆ, ਝੂਠ ਖਲੋਇਆ ਫੇਰ ਕਮਾਨਾਂ ਤਾਣ ਕੇ। ਰਤਨ ਅਮੋਲਕ ਉੱਤੇ ਘੱਟੇ ਪੈ ਗਏ, ਬੇ-ਅਮਲੀ ਦੀ ਧੂੜ ਉਧੇ ਤੇ ਜਮ ਗਈ । ਕੂੜ, ਕੁਸੱਤ, ਅਗਿਆਨ ਦੇ ਰੱਟੇ ਪੈ ਗਏ, ਧਰਮ ਦੀ ਹੁੰਦੀ ਹੁੰਦੀ ਬਾਰਸ਼ ਥਮ ਗਈ। ਵਸਤ ਅਮੋਲਕ ਅਰਸ਼ਾਂ ਵਿਚ ਵਿਹਾ ਗਈ, ਆ ਨਾ ਸੱਕੀ ਫਰਸ਼ਾਂ ਦੀ ਦਹਿਲੀਜ਼ ਤੇ । ਇਹ ਆਮਾਂ ਦੀ ਸ਼ੈ ਖਾਸਾਂ ਹਥ ਆ ਗਈ ਅਰਸ਼ ਨੇ ਕਬਜ਼ਾ ਕੀਤਾ ਫ਼ਰਸ਼ੀ ਚੀਜ਼ ਤੇ। ਉਂਲਝ ਗਈ ਇਹ ਦੇਵਤਿਆਂ ਦੀ ਜ਼ਾਤ ਵਿਚ, ਲੋਕਾਂ ਦੇ ਰੋਗਾਂ ਦਾ ਜਿਹੜੀ ਤੋੜ ਸੀ। ਦੁਨੀਆ ਦੇ ਵਿਗੜੇ ਹੋਏ ਹਾਲਾਤ ਵਿਚ, ਫ਼ਰਸ਼ਾਂ ਉੱਤੇ ਇਸ ਦੀ ਡਾਢੀ ਲੋੜ ਸੀ। ਜ਼ੁਲਮ ਸਿਤਮ ਦਾ ਸੀ ਅੰਧੇਰ ਪਲੋ ਰਿਹਾ, ਪਾਪ ਦੀ ਜੰਞ ਸੀ ਧਾਈ ਕਰ ਕੇ ਆ ਰਹੀ । ਲੋਕਾਂ ਦਾ ਸੀ ਨਕ ਦੇ ਵਿਚ ਦਮ ਹੋ ਰਿਹਾ, ‘ਬਾਬਰ-ਵਾਣੀ' ਦੁਨੀਆਂ ਤੇ ਸੀ ਛਾ ਰਹੀ । ਫੇਰ ਸਮੁੰਦਰ ਇਕ ਬੰਦੇ ਨੇ ਰਿੜਕਿਆ, ਰਤਨ ਅਮੋਲਕ ਦਾਤ ਸੀ ਉਹਨੂੰ ਮਿਲ ਗਈ । ਫੇਰ ਸੱਤ ਅਗਿਆਨ ਦਾ ਭਾਂਡਾ ਤਿੜਕਿਆ, ਵਹਿਮਾਂ ਤੇ ਬਦੀਆਂ ਦੀ ਦੁਨੀਆ ਹਿਲ ਗਈ। ਸਚ ਦਾ ਸੂਰਜ ਚੜ੍ਹਦਾ ਚੜ੍ਹਦਾ ਚੜ੍ਹ ਗਇਆ, ਕੂੜ ਅਮਾਵਸ ਫਿਰ ਇਕ ਵਾਰੀ ਉੜ ਗਈ । ਸਚ ਪੈਰਾਂ ਦੇ ਖੜ੍ਹਦਾ ਖੜ੍ਹਦਾ ਖੜ੍ਹ ਗਇਆ, ਧਾਰ ਸਿਤਮ ਦੀ ਮੁੜਦੀ ਮੁੜਦੀ ਮੁੜ ਗਈ । ਰਤਨ ਅਮੋਲਕ ਪਾ ਕੇ ਦਾਮਨ ਭਰ ਲਿਆ, ਇਸ ‘ਮਰਦੇ-ਕਾਮਲ' ਨੇ ਉਸਨੂੰ ਛੰਡ ਕੇ, ਸਾਂਝੀਵਾਲ ਸਦਾ ਕੇ ਸਾਂਝਾ ਕਰ ਲਿਆ, ਉਸਨੇ ਇਸਨੂੰ ਲੋਕਾਂ ਦੇ ਵਿਚ ਵੰਡ ਕੇ । ਰਾਤਾਂ ਤੇ ਦਿਨ ਕਟੇ ਉਸਨੇ ਜਾਗ ਕੇ, ਚਾਰੇ ਬੰਨੇ ਹੋਈਆਂ ਚਾਰ ਉਦਾਸੀਆਂ । ਦੁਖ ਤਕਲੀਫਾਂ ਅਪਣੇ ਸਿਰ ਤੇ ਝਾਗ ਕੇ, ਕੱਟੀਆਂ ਉਸਨੇ ਜਨਤਾ ਦੀਆਂ ਚੁਰਾਸੀਆਂ । ਆ ਕੇ ਪੂਰੇ ਜੋਬਨ ਤੇ ਆਵੇਸ਼ ਵਿਚ, ਹਰ ਥਾਂ ਤੇ ਇਹ ਵਸਤ ਸਥਾਨਕ ਹੋ ਗਈ। ਹਰ ਸਿੱਮਤ ਹਰ ਥਾਂ ਤੇ ਹਰ ਇਕ ਦੇਸ਼ ਵਿਚ, ਇਕ ਵਾਰੀ ਤੇ ਨਾਨਕ ਨਾਨਕ ਹੋ ਗਈ । ਸਹਿਣ ਲਈ ਹਰ ਵਾਰ ਨੂੰ ਅਪਣੀ ਹਿਕ ਉੱਤੇ, ਜ਼ੁਲਮ ਸਿਤਮ ਦੇ ਅੱਗੇ ਮਰਦ ਖਲੋ ਗਇਆ । ਤਕਵਾ ਉਸਨੇ ਰਖਿਆ ਕੇਵਲ ਇਕ ਉੱਤੇ, ਨਨਕਾਣੇ ਦਾ ਜੰਮ-ਪਲ ਸਭ ਦਾ ਹੋ ਗਇਆ। ‘ਏਤੀ ਮਾਰ ਪਈ’ ਕਰਲਾਈ ਆਤਮਾ, ਮਰਦ ਨੇ ਨਅਰਾ ਜ਼ੋਰ ਦਾ ਲਾਇਆ ਆਣ ਕੇ, "ਤੈਂ ਕੀ ਦਰਦ ਨਾ ਆਇਆ ਓ ਪਰਮਾਤਮਾ ! ਕਿੱਥੇ ਸੁੱਤਾ ਏਂ ਤੂੰ ਲੰਮੀਆਂ ਤਾਣ ਕੇ ? ਛੁਪਣ ਨਹੀਂ ਦੇਵਾਂਗਾ ਤੈਨੂੰ ਅਰਸ਼ ਤੇ ਹੁਣ ਹੋਵੇਂਗਾ ਮਾਲ ਤੂੰ ਸਿਰਫ਼ ਲੁਕਾਈ ਦਾ । ਲੋਕਾਂ ਵਿਚ ਸ਼ਾਮਲ ਹੋਏਂਗਾ ਫ਼ਰਸ਼ ਤੇ, ਏਥੇ ਦਿਖਲਾਵੇਂਗਾ ਜੌਹਰ ਖ਼ੁਦਾਈ ਦਾ ।"

ਭਾਰਤ ਦਾ ਲਾਲ ਬਹਾਦਰ

ਉੱਤਰ ਵਿਚ ਜੋ ਦਮਕ ਰਹਿਆ ਹੈ ਓਸ ਧਰੂ ਦੀ ਸ਼ਾਨ ਦਾ । ਉੱਤਰ ਜਾ ਕੇ ਤਾਰਾ ਟੁੱਟਾ ਭਾਰਤ ਦੇ ਅਸਮਾਨ ਦਾ। ਚਾਰ ਦਿਨਾਂ ਵਿਚ ਹੀ ਇਹ ਤਾਰਾ ਦੁਨੀਆ ਤੇ ਸੀ ਛਾ ਗਇਆ। ਚੜਿਆ ਤਾਂ ਝਟ ਪਟ ਓੜਕ ਦਾ ਚਾਨਣ ਉਸ ਵਿਚ ਆ ਗਇਆ । ਕੁਝ ਦਿਨ ਹੀ ਜਲਵਾ ਦਿਖਲਾ ਕੇ ਰਾਹ ਸਦੀਵੀ ਪਾ ਗਇਆ । ਨਿੱਕਾ ਜਿਹਾ ਸਰੀਰੋਂ ਸੀ ਪਰ ਵੱਡਾ ਸੀ ਉਹ ਜਾਨ ਦਾ। ਉਤਰ ਜਾ ਕੇ ਤਾਰਾ ਟੁੱਟਾ...... ਭਾਰਤ ਦੀ ਲਾਲੀ ਦਾ ਤਾਰਾ ਪਿਆਰ ਸੀ ਏਨਾ ਪਾ ਗਇਆ । ਖਿਚ ਲਇਆ ਪਛਮ ਦਾ ਤਾਰਾ ਇਹ ਸੀ ਏਨਾ ਭਾ ਗਇਆ। ਉੱਤਰ ਦਾ ਤਾਰਾ ਵੀ ਆਪੂੰ ਚਲ ਕੇ ਏਧਰ ਆ ਗਇਆ । ਟੁੱਟਾ ਹੋਇਆ ਵੀ ਇਹ ਵੇਖੋ ਦੋਇ ਅਜੋੜ ਮਿਲਾ ਗਇਆ। ਪੀਲਾ ਹੋਇਆ ਪੂਰਬ ਵਾਲਾ ਦੋਖੀ ਹਿੰਦੁਸਤਾਨ ਦਾ । ਉੱਤਰ ਜਾ ਕੇ ਤਾਰਾ ਟੁਟਾ ... ਨਰਮ ਤਬਅ ਦਾ ਮਾਲਕ ਸੀ ਉਹ ਪਰ ਦਿਲ ਦਾ ਫ਼ੌਲਾਦ ਸੀ । ਨੇਕ ਬੜਾ ਸੀ ਉਸ ਤੋਂ ਐਪਰ ਡਰਦਾ ਹਰ ਸੱਯਾਦ ਸੀ। ਸਾਰੀ ਉਮਰ ਫਕੀਰੀ ਕੱਟੀ ਇਸ ਵਿਚ ਉਨੂੰ ਸਵਾਦ ਸੀ । ਸਾਡਾ ਲਾਲ ਬਹਾਦਰ ਏਸੇ ਕਾਰਨ ਜ਼ਿੰਦਾਬਾਦ ਸੀ। ਮਿੱਤਰ ਚੰਗੇ ਦਾ ਸੀ ਉਹ, ਤੇ ਦੁਸ਼ਮਣ ਬੇਈਮਾਨ ਦਾ। ਉੱਤਰ ਜਾ ਕੇ ਤਾਰਾ ਟੁਟਾ ... ਲੋਹੜੇ ਹਥੀ ਲੋਹੜੀ, ਸਾਡੇ ਹੋਣੀ ਬਣ ਕੇ ਆ ਗਈ । ਖੁਸ਼ੀਆਂ ਦੇ ਖਲਿਆਣਾਂ ਤਾਈਂ ਲਾਂਬੂ ਕਿੱਦਾਂ ਲਾ ਗਈ । ਭਾਰਤ ਮਾਂ ਦਾ ਲਾਲ ਬਹਾਦੁਰ ਅਗ ਦਾ ਰੂਪ ਬਣਾ ਗਈ । ਮਾਤਮ ਰੂਪੀ ਕਾਲੀ ਨ੍ਹੇਰੀ ਸਾਰੇ ਜਗ ਤੇ ਛਾ ਗਈ । ਹਾਲ ਬੁਰਾ ਹੋਇਆ ਹਰ ਬੱਚੇ ਬੁਢੇ ਅਤੇ ਜਵਾਨ ਦਾ। ਉੱਤਰ ਜਾ ਕੇ ਤਾਰਾ ਟੁੱਟਾ ... ਰਾਂਝਾ ਬਣ ਕੇ ਜਿਸ ਨੇ ਲੱਭਾ ਆਜ਼ਾਦੀ ਦੀ ਹੀਰ ਨੂੰ। ਅਮਨ ਲਈ ਜਿਸ ਜੰਗ ਮਚਾਇਆ ਪਲਟਾਇਆ ਤਕਦੀਰ ਨੂੰ ਫੁੱਲਾਂ ਨਾਲ ਸਜਾਉ ਸਜਣੋ ਅਜ ਉਸ ਦੀ ਤਸਵੀਰ ਨੂੰ ਜ਼ਿੰਦਾਬਾਦ ਕਹੋ ਅਜ ਓਸੇ ਲਾਲ ਬਹਾਦੁਰ ਵੀਰ ਨੂੰ ਸਾਰਾ ਜਗ ‘ਹਮਦਰਦ' ਬਣਾਇਆ ਜਿਸਨੇ ਦੇਸ਼ ਮਹਾਨ ਦਾ ਉੱਤਰ ਜਾ ਕੇ ਤਾਰਾ ਟੁੱਟਾ ...

ਹੇ ਦਸ਼ਮੇਸ਼ ਪਿਤਾ

ਜਦ ਤੂੰ ਆਇਆ ਸਾਡੇ ਵੇਹੜੇ । ਹਿੰਮਤ ਆਈ ਸੁਰੱਅਤ ਆਈ । ਇੱਜ਼ਤ ਆਈ, ਕਿਸਮਤ ਆਈ ! ਮਾਣ ਇੱਜ਼ਤ ਦੀ ਦੌਲਤ ਆਈ। ਆਇਉਂ ਚਲਕੇ, ਕੁਦਰਤ ਆਈ । ਤੂੰ ਆਇਉਂ ਤੇ ਸਭ ਕੁਝ ਆਇਆ । ਆਈ, ਫਤਹ ਤੇ ਨੁਸਰਤ ਆਈ । ਕਾਂਬਾ ਛਿੜਿਆ ਕਾਇਰਤਾ ਨੂੰ ਬੁਜ਼ਦਿਲ ਦੇ ਵਿਚ ਗ਼ੈਰਤ ਆਈ। ਹਾਰ ਰਹੀ ਨਾ ਨੇੜੇ ਤੇੜੇ । ਜਦ ਤੂੰ ਆਇਆ ਸਾਡੇ ਵੇਹੜੇ । ਜਦ ਤੂੰ ਆਇਆ ਸਾਡੇ ਵੇਹੜੇ । ‘ਸੱਭੇ ਸਾਂਝੀਵਾਲ ਸਦਾਇਨ, ਕੋਈ ਨ ਦਿੱਸੇ ਬਾਹਰਾ ਜੀਓ ।' ਸ਼ਬਦ ਗੁਰੂ ਦਾ ਇਹ ਦਰਸਾ ਕੇ, ਜਾਤਾਂ ਦੇ ਸਭ ਫ਼ਰਕ ਮਿਟਾ ਕੇ, ਸਾਂਝੀ ਕੀਤੀ ਦੇਗ਼ ਕਿਸੇ ਨੇ । ਕ੍ਰਿਪਾ ਦੀ ਕ੍ਰਿਪਾਣ ਬਣਾਈ, ਢਾਲ ਬਣਾਈ, ਤੇਗ਼ ਕਿਸੇ ਨੇ । ਨਅਰਾ ਲਾਇਆ ‘ਜਾਗੋ ! ਜਾਗੋ ! ਨੁੱਕਰੇ ਲਾਉ ਸਾਰੇ ਭਾਗੋ ! ਵੰਡ ਛਕੋ ਤੇ ਮਿਲ ਕੇ ਖਾਉ, ਸੱਭੇ ਸਾਂਝੀਵਾਲ ਸਦਾਉ । ਵੱਟਾਂ ਬੰਨੇ ਸਾਰੇ ਢਾਉ । ਊਚ ਨੀਚ ਦੇ ਭੇਦ ਮਿਟਾਉ । ਮਾਇਆ ਮੱਤੇ ਲਵੇ ਨਾ ਲਾਉ । ਮਿਲਵਰਤਣ ਨੂੰ ਹੀਰ ਬਣਾਉ । ਦੂਰ ਹੋਏ ਦੂਈ ਦੇ ਖੇੜੇ । ਜਦ ਤੂੰ ਆਇਆ ਸਾਡੇ ਵੇਹੜੇ ਜਦ ਤੂੰ ਆਇਆ ਸਾਡੇ ਵੇਹੜੇ । ਜਗ ਦੀ ਮਾਤਾ ਰੁਲਦੀ ਹੈਸੀ ਜੁੱਤੀ ਦੇ ਤੁਲ ਤੁਲਦੀ ਹੈਸੀ, ਇਕ ਕੌਡੀ ਦੇ ਮੁੱਲ ਦੀ ਹੈਸੀ, ਨਰਗਸ ਏਦਾਂ ਰੁਲਦੀ ਹੈਸੀ । ਤੂੰ ਇਸ ਦਾ ਸਤਿਕਾਰ ਬਣਾਇਆ । ਫਰਸ਼ੋਂ ਚੁਕ ਕੇ ਅਰਸ਼ ਚੜ੍ਹਾਇਆ । ਹੋਰ ਕ੍ਰਿਸ਼ਮਾ ਇਕ ਤੂੰ ਕੀਤਾ । ਪੰਜਾਂ ਦਾ ਪਰਤਾਵਾ ਲੀਤਾ । ਸਫਲ ਹੋਏ ਜਦ ਪਰਤਾਵੇ ਵਿਚ ਪੰਜਾਂ ਨੂੰ ਪਰਧਾਨ ਬਣਾਇਆ। ਪੰਜਾਂ ਪਾਸੋਂ ਅੰਮ੍ਰਿਤ ਛਕ ਕੇ, ਪੰਜਾਂ ਨੂੰ ਭਗਵਾਨ ਬਣਾਇਆ । ਮੰਦਿਆਂ ਦੇ ਵਿਚ ਰਹਿ ਕੇ ਫਿਰ ਵੀ ਬੰਦਿਆਂ ਨੂੰ ਇਕ ਜਾਨ ਬਣਾਇਆ ਰੱਬ ਦੇ ਬੰਦੇ ਤੂੰ ਹੀ ਆ ਕੇ, ਬੰਦੇ ਨੂੰ ਇਨਸਾਨ ਬਣਾਇਆ । ਮੁੱਕੇ ਸਾਰੇ ਝਗੜੇ ਝੇੜੇ। ਜਦ ਤੂੰ ਆਇਆ ਸਾਡੇ ਵੇਹੜੇ । ਫਰਵਰੀ–1953

ਦੇਖ ਕਬੀਰਾ ਰੋਇਆ

ਤੋੜਕੇ ਫੁੱਲਾਂ ਨੂੰ ਫਿਰ ਬਿਨ੍ਹਣ, ਆਖਣ ਹਾਰ ਪਰੋਇਆ । ਹਮਦਰਦਾ ਇਹ ਉਲਟੇ ਕਾਰੇ, ਵੇਖ ਕਬੀਰਾ ਰੋਇਆ। ਗਲ ਦੇ ਨਾਲ ਲਗਾਵਾਂ ਜਿਸਨੂੰ ਉਹ ਮੇਰਾ ਗਲ ਘੁੱਟੇ ਵੇਲ ਵਧਾਵਾਂ ਮੈਂ ਜਿਸ ਦੀ ਵੀ ਜੜ ਮੇਰੀ ਉਹ ਪੁੱਟੇ ਰਖਿਆ ਜਿਸਦੀ ਵੀ ਮੈਂ ਕੀਤੀ ਉਹੀਓ ਮੈਨੂੰ ਲੁੱਟੇ ਜਿਸਨੂੰ ਸਿਰ ਉੱਤੇ ਮੈਂ ਚਾਇਆ, ਮੈਨੂੰ ਭੁੰਝੇ ਸੁੱਟੇ ਆਦਰ ਨਾਲ ਬਠਾਇਆ ਜਿਸਨੂੰ, ਅਗੇ ਓਹੋ ਖਲੋਇਆ। ਹਮਦਰਦਾ ਇਹ ਉਲਟੇ ਕਾਰੇ, ਵੇਖ ਕਬੀਰਾ ਰੋਇਆ। ਜਿਸਦੇ ਚਾਰੇ ਕਰ ਕਰ ਥੱਕਾ ਹੱਥਾਂ ਤੇ ਉਹ ਚਾਰੇ ਜਿਸਦੀ ਕਾਰ ਕਰਾਂ ਦਿਨ ਰਾਤੀਂ ਕਰਦਾ ਓਹੀ ਕਾਰੇ ਮਿਰੀਆਂ ਮਾਰਾਂ ਤੇ ਜੋ ਜੀਂਦਾ ਉਹੀ ਮੈਨੂੰ ਮਾਰੇ ਤਾਰਾਂ ਜਿਸਦੇ ਚਿੱਠੇ ਮੈਂ ਉਹ ਦਿਨੇ ਦਿਖਾਂਦੈ ਤਾਰੇ ਜਿਸਦੀ ਖਾਤਿਰ ਖ਼ੂਨ ਦਿਆਂ ਮੈਂ ਖ਼ੂਨ ਮੇਰਾ ਉਸ ਚੋਇਆ ਹਮਦਰਦਾ ਇਹ ਉਲਟੇ ਕਾਰੇ, ਵੇਖ ਕਬੀਰਾ ਰੋਇਆ। ਜਿਸਨੂੰ ਪਿਆਰ ਦੀ ਠੰਡ ਦਿਆਂ ਮੈਂ ਉਹੀਓ ਮੈਨੂੰ ਜਾਲੇ ਭਾਲਾਂ ਜਿਸ ਲਈ ਸੁਖ, ਮਿਰੇ ਤੇ ਚੁਕਦਾ ਉਹੋ ਭਾਲੇ ਵਿੰਗਾ ਵਾਲ ਨਾ ਵੇਖ ਸਕਾਂ ਮੈਂ ਜਿਸਦਾ ਕਿਸੇ ਵੀ ਹਾਲੇ ਮੇਰੀ ਖ਼ਾਤਰ ਉਸ ਜਾਨੀ ਨੇ ਵੇਖੋ ਫਨੀਅਰ ਪਾਲੇ । ਜਿਸ ਮੱਖਣ ਨੂੰ ਅਕਲ ਦਿਆਂ ਮੈਂ ਪਾਣੀ ਉਨ੍ਹੇ ਬਲੋਇਆ ! ਹਮਦਰਦਾ ਇਹ ਉਲਟੇ ਕਾਰੇ, ਵੇਖ ਕਬੀਰਾ ਰੋਇਆ । ਜਿਸਦੀ ਬਾਤ ਬਣਾਵਾਂ ਮੈਂ ਉਹ ਗੱਲਾਂ ਕਰਦੈ ਖ਼ਾਲੀ ਦੁੱਧ ਪਿਲਾਇਆ ਵੀ ਭੁੱਲ ਜਾਵੇ ਮਿਲੇ ਨਾ ਜਦੋਂ ਪਿਆਲੀ ਜਿਸਦੀ ਲਾਲੀ ਰੱਖਣ ਖਾਤਰ ਗਲ ਪਾਵਾਂ ਬਦ-ਹਾਲੀ ਮਿਰੀ ਮੁਸੀਬਤ ਦੇਖ ਦੇਖ ਕੇ ਚੜ੍ਹਦੀ ਉਸ ਨੂੰ ਲਾਲੀ ਜਿਸਦੀ ਹੋਂਦ ਲਈ ਮੈਂ ਮਰਿਆ ਉਹ ਮੇਰਾ ਨਾ ਹੋਇਆ। ਹਮਦਰਦਾ ਇਹ ਉਲਟੋ ਕਾਰੇ, ਵੇਖ ਕਬੀਰਾ ਰੋਇਆ। ਅਧੂਰੀ−1950

ਅਛੂਤ ਦੇ ਤਅਨੇ

ਸਚਮੁਚ ਕਿਸੇ ਦਾ ਦੇਖਕੇ ਰੰਗ ਕਾਲਾ, ਕਾਲੇ ਦਿਲਾਂ ਦੇ ਮੂੰਹ ਜਦ ਮੋੜਦੇ ਨੇ । ਡੁੱਬ ਜਾਣੇ ਮੁਹਾਣੇ ਨਿਮਾਣਿਆਂ ਦੀ, ਜਦੋਂ ਇਜ਼ਤ ਦੀ ਬੇੜੀ ਨੂੰ ਬੋੜਦੇ ਨੇ । ਉਚ ਨੀਚਤਾ ਦੇ ਠਿੱਬਕ ਠੋਹਲੇ ਬਣਾ, ਜਦੋਂ ਭਾਈਆਂ ਦੇ ਪੈਰ ਮਚਕੋੜਦੇ ਨੇ । ਜਦੋਂ ‘ਪਰੇ ਰਹੁ' ‘ਪਰੇ ਰਹੁ' ਆਖ ਕਰਕੇ, ਸੀਨੇ ਤੀਰ ਗ਼ਰੀਬਾਂ ਦੇ ਪੋੜਦੇ ਨੇ । ਜਦੋਂ ਚੂਹੜੇ ਚਮਾਰਾਂ ਦਾ ਨਾਉਂ ਦੇ ਦੇਇ, ਪਾਪੀ ਮੰਦਰੀਂ ਜਾਣ ਤੋਂ ਹੋੜਦੇ ਨੇ । ਸਹੁੰ ਰਬ ਦੀ ਬੰਦੇ ਖੁਦਾ ਦੇ ਇਹ, ਓਦੋਂ ਰਬ ਦਾ ਦਿਲ ਪਏ ਤੋੜਦੇ ਨੇ । ਵੇਖੋ ! ਏਸੇ ਈ ਸਾਗਰ ਜਹਾਨ ਵਿਚੋਂ, ਕਈ ਸਾਕ਼ੀ ਜ਼ਮਾਨੇ ਨੇ ਦੌਰ ਬਦਲੇ । ਕਈਆਂ ਮਾੜਿਆਂ ਦੇ ਏਥੇ ਔਰ ਬਦਲੇ, ਕਈਆਂ ਚੰਗਿਆਂ ਦੇ ਏਥੇ ਤੌਰ ਬਦਲੇ । ਕਈ ‘ਟੈਕਸਲੇ' ਏਥੇ ਹੜਪ ਹੋਏ, ਕਈ ਦਿੱਲੀਆਂ ਅਤੇ ਪਸ਼ੌਰ ਬਦਲੇ । ਐਪਰ ‘ਚਾਲੀ-ਸੰਨੇ’ ਉੱਚੀ ਜ਼ਾਤ ਵਾਲੇ, ਅਜੇ ਤੀਕ ਨਾ ਸਾਡੇ ਇਹ ਭੌਰ ਬਦਲੇ । ਇਹਨਾਂ ਵਾਸਤੇ ਰੱਤ ਨਚੋੜਦਾ ਜੋ, ਇਹ ਤੇ ਓਸੇ ਨੂੰ ਪਾਣੀ ਤੋਂ ਮੋੜਦੇ ਨੇ । ਵੇਖੋ ! ਬੰਦਿਆਂ ਦਾ ਦਿਲ ਤੋੜ ਕੇ ਤੇ, ਬੰਦੇ ਰੱਬ ਦਾ ਦਿਲ ਪਏ ਤੋੜਦੇ ਨੇ । (ਅਧੂਰੀ) ਨਵੰਬਰ–1936

ਅਛੂਤ ਦੀ ਪੁਕਾਰ

ਰੱਬਾ ਮੇਰਿਆ ! ਮਨਾਂ ਦੇ ਘੋਖੀਆ ਵੇ, ਜਦ ਤੋਂ ਮਨੂੰ ਦੀ ਭੈੜੀ ਲਕੀਰ ਫਿਰ ਗਈ। ਹੌਲਾ ਕੁੱਖਾਂ ਤੋਂ ਓਦੋਂ ਦਾ ਹੋ ਗਿਆ ਹਾਂ, ਲੇਖ ਫੁਟੇ ਤੇ ਮੇਰੀ ਤਕਦੀਰ ਫਿਰ ਗਈ। ਕਿਦਾਂ ਦੰਦ ਨੇ ਜੀਭ ਨੂੰ ਖਾਣ ਲੱਗੇ, ‘ਢਾਲ’ ਚੋਟਾਂ ਪਈ ਮਾਰੇ, ਤਾਸੀਰ ਫਿਰ ਗਈ। ‘ਖੇੜੇ’ ਗ਼ੈਰਾਂ ਦੇ ਕਿਉਂ ਨਾ ਆਬਾਦ ਦਿਸਣ, ਮੇਰੀ ਆਪਣੀ ਮੈਥੋਂ ਜਾਂ ਹੀਰ ਫਿਰ ਗਈ । ਜੇਕਰ ਨਹੀਂ ਕਸਾਈ ਨੂੰ ਮਤ ਦੇਣੀ, ਤਾਂ ਗਰੀਬਣੀ ਗਾਂ ਵਲ ਵੇਖ ਤਾਂ ਸਹੀ। ਮੇਰੇ ਲਈ ਜੇ ਕੁਝ ਨਹੀਂ ਕਰਨ ਜੋਗਾ, ਤਾਂ ਤੂੰ ਅਪਣੇ ਨਾਂ ਵਲ ਵੇਖ ਤਾਂ ਸਹੀ। ਉਂਝ ਗੰਦ ਤੇ ਗਿਡ ਦੇ ਨਾਲ ਭਾਵੇਂ, ਬੱਚੇ ਸਿਰਾਂ ਤੋਂ ਪੈਰਾਂ ਤਕ ਭਰੇ ਹੀ ਨੇ । ਭਾਵੇਂ ਘਰਾਂ ਤੋਂ ਘ੍ਰਿਣਾਂ ਤੇ ਕਿਰਕ ਆਵੇ, ਭਾਵੇਂ ਬੋ ਦੇ ਵਹਿਣ ਵਿਚ ਤਰੇ ਹੀ ਨੇ । ਘਰ ਵਸਦੀਆਂ ਭਾਵੇਂ ਕੁਦੇਸਣਾਂ ਨੇ, ਭਾਵੇਂ ਨਾਨਕੇ ‘ਦਿੱਲੀਓਂ' ਪਰੇ ਹੀ ਨੇ । ਉੱਚੀ ਜ਼ਾਤ ਦੇ ਸਾਡੇ ਜਨਾਬ ਹੋਰੀਂ, ਵੇਖਾਂ ! ਫੇਰ ਵੀ ਖਰੇ ਦੇ ਖਰੇ ਹੀ ਨੇ । ਉਧਰ ਮੈਂ ਕਿ ਸੁਥਰਾ ਵੀ ਰਹਾਂ ਜੇਕਰ, ਮੈਨੂੰ ਕੁੱਤਿਆਂ ਵਾਂਗ ਦੁਰਕਾਰ ਦੇ ਨੇ । ਡੁੱਬ ਜਾਣੇ ਹਕਾਰਤ ਦੇ ਸ਼ਹੁ ਅੰਦਰ, ਮੈਨੂੰ ਪਾਣੀ ਦੀ ਘੁਟ ਤੋਂ ਮਾਰਦੇ ਨੇ । (ਅਧੂਰੀ) ਦਸੰਬਰ−1936

ਪੰਜਾਬੀ ਦੀ ਪੁਕਾਰ

ਇਕ ਦਿਨ ਕਲਮ ਦੇ ਖੁਲ੍ਹੇ ਮਜ਼ਮੂਨ ਉਤੇ, ਤੁਰਿਆ ਜਾਂਦਾ ਸਾਂ ਸੋਚਦਾ ਸੋਚਦਾ ਮੈਂ । ਹੱਥ ਮਾਰਿ ਖ਼ਯਾਲਾਂ ਦੇ ਚੌਹੀਂ ਪਾਸੀਂ, ਲਫ਼ਜ਼ ਢੁਕਵੇਂ ਜਾਂਦਾ ਸਾਂ ਬੋਚਦਾ ਮੈਂ । ਨਾਲ ਵਜ਼ਨ ਦੇ ਉਨ੍ਹਾਂ ਹੀ ਫਿਕਰਿਆਂ ਨੂੰ, ਅੱਛੀ ਤਰ੍ਹਾਂ ਸਾਂ ਮਾਂਜਦਾ ਪੋਚਦਾ ਮੈਂ । ਪਿੰਗਲ ਨਾਲਿ ਸੰਯੁਕਤ ਸ਼ੰਗਾਰ ਕਰਕੇ, ਨਜ਼ਮ ਇਕ ਬਣਾਨੀ ਸਾਂ ਲੋਚਦਾ ਮੈਂ । ਵਗਦਾ ਪਿਆ ਸਾਂ ਜ਼ਿਮੀਂ ਦੇ ਸਫੇ ਉਤੇ, ਆਪਾ ਵਹਿਣ ਦੇ ਵਿਚ ਡਬੋ ਗਿਆ ਸਾਂ । ਵਾਚ ਗਈ ਸੀ ਪੱਤਰਾ ਸੁਰਤਿ ਮੇਰੀ, ਜਦੋਂ ‘ਕਲਮੱ ਦਾ ਰੂਪ ਹੀ ਹੋ ਗਿਆ ਸਾਂ । ਚੁੱਕ ਚੁੱਕ ਕੇ ਮੇਰੀਆਂ ਸਾਥਣਾਂ ਨੂੰ, “ਇੰਡੀਪੈਨਡੈਂਟ ਲੋਕਾਂ ਬਣਾ ਛੱਡਿਆ । ਘਿਸਰ ਘਿਸਰ ਦੀ ਐਵੇਂ ਆਵਾਜ਼ ਨੂੰ ਹੀ ਸਾਰੇ ਜਗ ਦੇ ਵਿਚ ਗੁੰਜਾ ਛਡਿਆ । ਉਨ੍ਹਾਂ ਮਾੜੇ ਜਿਹੇ ਮੋਤੀ ਨੂੰ ਆਬ ਦੇ ਕੇ, ਕਿਵੇਂ ਅਰਸ਼ ਦੇ ਉਤੇ ਚਮਕਾ ਛਡਿਆ। ਐਪਰ ਏਧਰ ਤੂੰ ਹਾਏ ਬੇਕਦਰ ਬੰਦੇ, ਮੈਨੂੰ ਪਿੰਡਾਂ ਦੇ ਵਿਚ ਰੁਲਾ ਛਡਿਆ। ਦਿਲ ਵਿਚ ਹੂਕ ਤੇ ਕੂਕ ਜ਼ਬਾਨ ਉਤੇ, ਕੋਹੇ ਪਈ ਬੇਕਦਰੀ ਦੀ ਕਰਦ ਮੈਨੂੰ । ਮੇਰਾ ਹਾਲ ਇਹ ਸੌਰਨਾ ਨਹੀਂ ਉੱਚਰ, ਜਿੱਚਰ ਚੁਕੂ ਨਾ ਕੋਈ ‘ਹਮਦਰਦ’ ਮੈਨੂੰ। (ਅਧੂਰੀ) ਦਸੰਬਰ−1936

ਰਾਂਝਾ ਤੇ ਉਸਦਾ ਕਾਲਜ

"ਵਾਰਿਸ ਕੀ ਹਜ਼ਾਰੇ ਦੀ ਸਿਫਤ ਆਖਾਂ, ਗੋਯਾ ਸੁਰਗ ਜ਼ਮੀਨ ਤੇ ਆਇਆ ਈ ।" ਨੀਊ ਲਾਈਟ ਦੇ ਕਾਲਜ ਦੀ ਗਲ ਕੀ ਏ, ਜਿਥੇ ਰਾਂਝਿਆਂ ਰੰਗ ਮਚਾਇਆ ਈ । ਤੱਕੋ ਜਿਨੂੰ ਉਹ ਮਾਤਾ ਦਾ ਮਾਲ ਜਾਪੇ, ਹੁੰਦਾ ਜਿਵੇਂ ਕੋਈ ਮਾਲ ਪਰਾਇਆ ਈ। ਰੰਗ ਉਨ੍ਹਾਂ ਦੇ ਪੀਲੇ ਵਸਾਰ ਵਰਗੇ, ਲਕ ਦੋਹਰੇ ਤੇ ਗੁੱਸਾ ਸਵਾਇਆ ਈ। ਸਾਡਾ ਰਾਂਝਣਾ ਫੇਰ ਭੀ ਰਾਂਝਣਾ ਹੈ ਪੜ੍ਹਣ ਮਾਪਿਆਂ ਨੇ ਏਥੇ ਪਾਇਆ ਈ। ਰਵ੍ਹੇ ਨਚਦਾ ਫਿਲਮ ਦੀ ਤਰਜ਼ ਉੱਤੇ 'ਹਾਏ ਦਿਲ' ਦਾ ਸ਼ੋਰ ਮਚਾਇਆ ਈ। ਅੰਦਰ ਪਿਚਕੀਆਂ ਗਲ੍ਹਾਂ ਤੇ ‘ਦੰਦ ਬੋੜਾ' ਜਿਵੇਂ ਕਬਰ 'ਚੋਂ ਕਰੰਗ ਕੋਈ ਆਇਆ ਈ । "ਵੰਡਰਫ਼ੁਲ" ਉਹ ਆਖਦਾ ਖੁਸ਼ੀ ਅੰਦਰ “ਬਿਊਟੀਫ਼ੁਲ" ਵੀ ਮੁਖੋਂ ਅਲਾਇਆ ਈ। ਹਵਾ ਬੰਨ੍ਹੇ ਲਵਿੰਡਰ ਦੇ ਨਾਲ ਅਪਣੀ ਉਨ੍ਹੇ ਬੁੱਕ ਕਰੀਮ ਦਾ ਲਾਇਆ ਈ । ਉਹਦੇ ਚਿਹਰੇ ਤੇ ਦਾਗ਼ ਨੇ ਠੰਡੀਆਂ ਦੇ ਖਰਸ-ਖਾਧੜਾ ਜਿਨ੍ਹਾਂ ਬਣਾਇਆ ਈ । ਗਰਮ ‘ਸ਼ਰਟ ਸਵੈਟਰ ਦੇ ਹੇਠ ਦਿੱਤੀ ਉਨ੍ਹੇ ਕੋਟ ਤੇ ਕੋਟ ਚੜ੍ਹਾਇਆ ਈ। ਫਿਰ ਭੀ ਕੰਬਦਾ ਸਰਦੀਆਂ ਵਿਚ ਨੱਢਾ ਹੀਟਰ ਭਾਵੇਂ ਉਸ ਸਦਾ ਤਪਾਇਆ ਈ । ਕਿਸੇ ਨਾਲ ਨਾ ਕਦੇ ਭੀ ਹਸਦਾ ਹੈ ਮੱਥੇ ਵੱਟ ਤੇ ਨੱਕ ਚੜ੍ਹਾਇਆ ਈ। ਕਾਲਜ ਓਸਦਾ ਨਵੇਂ ਹੀ ਰੰਗ ਦਾ ਹੈ ਹੜ੍ਹ ਫੈਸ਼ਨਾਂ ਦਾ ਜਿੱਥੇ ਆਇਆ ਈ । ਜਿਵੇਂ ਏਥੇ ਮਰੀਜ਼ ਹੀ ਆਉਂਦੇ ਨੇ ਹਸਪਤਾਲ ਜਿਸ ਤਰਾਂ ਬਣਾਇਆ ਈ । ਬੰਦੋਬਸਤ ਹੈ ਟੀਕੇ ਲਗਾਉਣੇ ਦਾ ਹਰ ਇਕ ਰਾਂਝੇ ਨੂੰ ਟੀਕਾ ਲਵਾਇਆ ਈ । ਹੀਰਾਂ ਹਸਦੀਆਂ ਤੁਸਦੀਆਂ ਫਿਰਦੀਆਂ ਨੇ ਜਿਨ੍ਹਾਂ ਕਾਲਜ ਨੂੰ ਹੋਰ ਮਹਿਕਾਇਆ ਈ । ਮੀਊਜ਼ਕ ਵਿਚ ਕਲਾਸ ਮਸ਼ਹੂਰ ਇਸਦੀ ਇਹਦੇ ਡਾਂਸ ਨੇ ਡੰਕਾ ਵਜਾਇਆ ਈ । ਪੜ੍ਹੋ ਕੋਈ ਨਾ ਏਥੇ ਧਿਆਨ ਦੇ ਕੇ ਟਾਈਮ ਗੱਲਾਂ ਦੇ ਵਿਚ ਲੰਘਾਇਆ ਈ । ਹਰ ਇਕ ਸਮਝਦਾ ਪਿਆ ‘ਹਮਦਰਦ' ਏਥੇ ਜੇਕਰ ਰਬ ਦੀ ਜੰਞ ਉਹ ਆਇਆ ਈ ।

ਹੀਰ ਦਾ ਦੋ ਟੁਕ ਜਵਾਬ

"ਵਾਰਿਸ ਤੇਰਾ ਤੇ ਮੇਰਾ ਹੈ ਜੋੜ ਏਕਰ ਜਿਵੇਂ ਗਧੇ ਦੇ ਗਲ ਵਿਚ ਲਾਲ ਹੈ ਵੇ ।" ਮਿਸਟਰ ਰਾਂਝਿਆਂ ਕੜਕ ਕੇ ਹੀਰ ਬੋਲੀ ਤੇਰੀ ਬਣਾਂਗੀ, ਵਾਧ ਖ਼ਿਆਲ ਹੈ ਵੇ । ਸ਼ੀਸ਼ੇ ਵਿਚ ਤੂੰ ਵੇਖ ਲੈ ਸ਼ਕਲ ਪਹਿਲੋਂ ਫੇਰ ਵੇਖ ਕਿੰਨਾ ਪੱਲੇ ਮਾਲ ਹੈ ਵੇ । ਹੱਤਕ ਮੇਰਿਆਂ ਯਾਰਾਂ ਦੀ ਕਰੇਂ ਐਵੇਂ ਮੇਰੇ ਲਈ ਤਾਂ ਵਡੀ ਇਹ ਗਾਲ ਹੈ ਵੇ । ਪੈਸਾ ਹੈਗਾ ਤਾਂ ਮੈਨੂੰ ਬੁਲਾ ਰਾਂਝਾ ਮੇਰੇ ਲਈ ਤਾਂ ਪੈਸਾ ਕਮਾਲ ਹੈ ਵੇ । ਪੈਸਾ ਹੈਸੀ ਤਾਂ ਤੇਰੀ ਮੈਂ ਬਣੀ ਹੈਸਾਂ ਹੁਣ ਤੇ ਤੇਰੇ ਤੋ ਆਇਆ ਜ਼ਵਾਲ ਹੈ ਵੇ । ਪੈਸਾ ‘ਕੁਆਲੀ-ਫੀਕੇਸ਼ਨ' ਹੈ ਦੋਸਤੀ ਦੀ ਦੁਨੀਆ ਘੁੰਮਦੀ ਪੈਸੇ ਦੇ ਨਾਲ ਹੈ ਵੇ। ਪਾਕਿਟ ਨਾਲ ਹੈ ਹੀਰ ਦਾ ਮੇਲ ਡੀਅਰ ਪਾਕਿਟ ਖ਼ਾਲੀ ਤਾਂ ਖ਼ਾਲੀ ਖਿਆਲ ਹੈ ਵੇ । ਡਾਕਾ ਮਾਰ ਤੇ ਕਰ ਲੈ ਬਲੈਕ ਭਾਵੇਂ ਪੈਸਾ ਭਾਵੇਂ ਕੁਰਪਸ਼ਨ ਦੇ ਨਾਲ ਹੈ ਵੇ । ਹੋਣਾ ਚਾਹੀਦਾ ਹੈ ਤੇਰੇ ਪਾਸ ਪੈਸਾ ਦਿਲ ਅਸਾਡੜਾ ਤਾਹੀਂ ਨਿਹਾਲ ਹੈ ਵੇ । ਪੈਸੇ ਨਾਲ ‘ਹਮਦਰਦ' ਮੁਹੱਬਤਾਂ ਨੇ ਇਸ਼ਕ ਹੈ ਤਾਂ ਪੈਸੇ ਦੇ ਨਾਲ ਹੈ ਵੇ !

ਕਲਾਮ ਰਾਂਝਾ

"ਵਾਰਿਸਸ਼ਾਹ ਨਜ਼ਾਮ ਦਾ ਫਰਜ਼ ਵਡਾ, ਸਿਰੋਂ ਲਾਹ, ਓ ਦਿਲਬਰਾ ਵਾਸਤਾ ਈ।” ਕਿਹਾ ਰਾਂਝੇ ਨੇ ਮਾਰ ਕੇ ਚੀਕ ਉੱਚੀ, ਛਡ ਇਹ ਰਾਹ, ਓ ਦਿਲਬਰਾ ਵਾਸਤਾ ਈ । ਮਿਸਟਰ ਰਾਂਝੇ ਦੀ ਭਲਾ ਤਕਸੀਰ ਕੀ ਏ, ਕੀ ਗੁਨਾਹ, ਓ ਦਿਲਬਰਾ ਵਾਸਤਾ ਈ । ਦਿਨੇ ਰਾਤ ਨਾ ਰਾਂਝੇ ਨੂੰ ਟਿਕਣ ਦੇਂਦੀ, ਤੇਰੀ ਚਾਹ, ਓ ਦਿਲਬਰਾ ਵਾਸਤਾ ਈ । ਬੇਵਕੂਫ਼ਾਂ ਦਾ ਨੇੜ ਕਬੂਲ ਤੈਨੂੰ, ਮੈਂ ਤਬਾਹ, ਓ ਦਿਲਬਰਾ ਵਾਸਤਾ ਈ। ਪੈਰੀਂ ਪਿਆਂ ਨੂੰ ਮਾਰਦੈਂ ਲੱਤ ਉਤੋਂ, ਬੇ-ਪਰਵਾਹ, ਓ ਦਿਲਬਰਾ ਵਾਸਤਾ ਈ । ਤੇਰੇ ਲਈ ਮੈਂ ਭਾਈ ਨੇ ਛੋੜ ਦਿਤੇ, ਖਾਹਮਖਾਹ, ਓ ਦਿਲਬਰਾ ਵਾਸਤਾ ਈ । ਯਾਦ ਕਰੀਂ ਓਹ ਕੌਲ ਕਰਾਰ ਪਹਿਲੇ, ਹੁਣ ਨਿਬਾਹ ਓ, ਦਿਲਬਰਾ ਵਾਸਤਾ ਈ । ਦਿਲ ਕਰੇਗਾ ਪੀਣ ਨੂੰ ਰੋਜ਼ ਮੇਰਾ ਤੇਰੀ ਚਾਹ, ਓ ਦਿਲਬਰਾ ਵਾਸਤਾ ਈ। ਸਾਡੇ ਵਰਗਿਆਂ ਨੂੰ ਜਿਹੜੇ ‘ਨੋ’ ਆਖਣ, ਉਹ ਗੁਮਰਾਹ, ਓ ਦਿਲਬਰਾ ਵਾਸਤਾ ਈ। ਰੂਸੀ-ਰਾਕਟਾਂ ਦੀ ਸ਼ਾਨ ਵੇਖ ਲਈਏ, ਕਰ ਨਿਗਾਹ, ਓ ਦਿਲਬਰਾ ਵਾਸਤਾ ਈ । ਆਸ਼ਕ ਮਾਡਰਨ ਭਾਵੇਂ ‘ਹਮਦਰਦ' ਜੀ ਨੇ ਕਰ ਪਰਵਾਹ, ਓ ਦਿਲਬਰਾ ਵਾਸਤਾ ਈ । (ਅਧੂਰੀ−1963)

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਸਾਧੂ ਸਿੰਘ ਹਮਦਰਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ