Pravesh (Rang-Sugandh) : Atar Singh
ਪ੍ਰਵੇਸ਼ (ਰੰਗ-ਸੁਗੰਧ) : ਅਤਰ ਸਿੰਘ
ਹਮਦਰਦ ਹੁਰਾਂ ਨੇ ਆਪਣੇ ਆਪ ਨੂੰ ਇਕ ਸ਼ਿਅਰ ਵਿੱਚ 'ਨਿਹੰਗ’ ਮੰਨਿਆ ਹੈ ।
“ਮੈਂ ਉਮਰ ਬਿਤਾਈ ਹੈ ਨਿਹੰਗਾਂ ਦੀ ਤਰਾਂ ਹੀ"
ਤੇ ਸਮਕਾਲੀ ਪੰਜਾਬੀ ਸਾਹਿੱਤ ਦੇ ਪਿੜ ਵਿੱਚ ਉਹ ਨਿਹੰਗ ਬਣ ਨਿਬੜੇ ਹਨ । ਉਹ ਇਉਂ ਕਿ ਅਖੌਤੀ ਸਾਹਿਤਕ ਹਲਕਿਆਂ ਦੀਆਂ ਪ੍ਰਚਲਿਤ ਮਾਨਤਾਵਾਂ ਦਾ ਉਨ੍ਹਾਂ ਨੇ ਡਟਵਾਂ ਵਿਰੋਧ ਕਰਨ ਦਾ ਪੈਂਤੜਾ ਬੰਨ੍ਹ ਲਿਆ । ਇਕ ਮਾਨਤਾ ਤਾਂ ਇਹ ਸੀ ਕਿ ਗ਼ਜ਼ਲ ਦਾ ਕਾਵਿ ਰੂਪ ਪੰਜਾਬੀ ਬੋਲੀ ਦੇ ਸੁਭਾ ਦੇ ਅਨੁਕੂਲ ਨਹੀਂ ਪੰਜਾਬੀ ਬੋਲੀ ਇਸ ਨੂੰ ਆਪਣੇ ਮੁਹਾਵਰੇ ਵਿੱਚ ਢਾਲ ਹੀ ਨਹੀਂ ਸਕਦੀ । ਦੂਜੀ ਇਹ ਕਿ ਗ਼ਜ਼ਲ ਪੰਜਾਬੀ ਦੇ ਰੰਗ ਵਿੱਚ ਢਲ ਵੀ ਜਾਵੇ, ਪਰ ਫਿਰ ਵੀ ਇਹ ਇਕ ਬੀਤਿਆ ਬੀਤੀਤਿਆ ਕਾਵਿ ਰੂਪ ਹੈ ਜਿਸ ਦੀਆਂ ਸਾਰੀਆਂ ਕਰਤਾਰੀ ਸੰਭਾਵਨਾਵਾਂ ਸਮਾਪਤ ਹੋ ਚੁਕੀਆਂ ਹਨ । ਤੀਜੀ ਇਹ ਕਿ ਕਵਿਤਾ ਨੂੰ ਕਲਾ ਰੂਪ ਦੇ ਤੌਰ ਤੇ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ, ਨਾ ਚਾਲ ਤੇ ਲੈ ਦੀ ਬੰਦਸ਼ ਦਾ ਨਾ ਬੋਲੀ ਦੇ ਠੁਕ ਤੇ ਜ਼ਬਾਨਦਾਨੀ ਦਾ ਹੀ।
ਇਨ੍ਹਾਂ ਤਿੰਨਾਂ ਵੱਡੀਆਂ ਮਾਨਤਾਵਾਂ ਤੇ ਇਨ੍ਹਾਂ ਨਾਲ ਸਬੰਧਿਤ ਹੋਰ ਨਿੱਕੀਆਂ ਮੋਟੀਆਂ ਉਪ-ਮਾਨਤਾਵਾਂ ਨਾਲ ਭਿੜਨ ਦਾ ਅਰਥ ਕੇਵਲ ਇਸ ਯੁਗ ਦੇ ਸਥਾਪਤ ਕਵੀਆਂ ਦੀ ਮਾਨਤਾ ਨੂੰ ਵੰਗਾਰਨਾ ਹੀ ਨਹੀਂ ਸੀ, ਸਗੋਂ ਪੰਜਾਬੀ ਸਾਹਿੱਤ-ਧਾਰਾ ਦੀ ਇਕ ਧੁਰੋਂ ਤੁਰੀ ਆਉਂਦੀ ਮੂਲ ਪ੍ਰਵਿਰਤੀ ਨੂੰ ਬਦਲਣ ਦਾ ਜੇਰਾ ਕਰਨਾ ਵੀ ਸੀ। ਪੰਜਾਬੀ ਕਾਵਿ ਪਰੰਪਰਾ ਦਾ ਇਕ ਵਿਸ਼ੇਸ਼ ਲੱਛਣ ਚਲਿਆ ਆਇਆ ਹੈ, ਕਾਵਿ ਸ਼ਿਲਪ ਵਲੋਂ ਅਰੁਚੀ । ਕਹਿਣ ਨੂੰ ਇਸ ਰੁਚੀ ਦਾ ਨਾਂ ਭਾਵੇਂ ਪ੍ਰਤਿ-ਕਲਾਸੀ-ਕਲਵਾਦ ਰਖ ਲਵੋ ਭਾਵੇਂ ਰੋਮਾਂਟਿਕਵਾਦ । ਪੰਜਾਬ ਦੇ ਸਾਹਿਤਕ ਇਤਿਹਾਸ ਦਾ ਹਰ ਵਿਦਿਆਰਥੀ ਇਹ ਜਾਣਦਾ ਹੈ ਕਿ ਪੰਜਾਬੀ, ਕਾਵਿ ਧਾਰਾ, ਭਾਵੇਂ ਉਸਦਾ ਸਭਿਆਚਾਰਕ ਪਿਛੋਕੜ ਸਿੱਖੀ ਰਿਹਾ ਹੋਵੇ ਭਾਵੇਂ ਇਸਲਾਮੀ, ਰੂਪਕ ਪੱਖ ਤੋਂ ਲੋਕ- ਕਾਵਿ ਦੀ ਪੱਧਰ ਤੋਂ ਪੂਰੀ ਤਰ੍ਹਾਂ ਉਪਰ ਕਦੀ ਨਹੀਂ ਉੱਠੀ। ਜੇ ਸਿੱਖ ਕਾਵਿ ਧਾਰਾ ਵਿੱਚ ਗਹਿਰਾਈ ਤੇ ਸੂਖਮਤਾ ਆਈ ਤਾਂ ਕਾਵਿ-ਸ਼ਿਲਪ ਦੀ ਸਾਧਨਾ ਲਈ ਉਹ ਬ੍ਰਜ ਭਾਸ਼ਾ ਦੀ ਪਰੰਪਰਾ ਨਾਲ ਜੁੜ ਗਈ ਤੇ ਜੇ ਇਸਲਾਮੀ ਕਾਵਿ ਪਰੰਪਰਾ ਨੂੰ ਸ਼ਾਇਰੀ ਦੇ ਪਿੜ ਵਿਚ ਜੌਹਰ ਵਿਖਾਣ ਦੀ ਲਗਨ ਲੱਗੀ ਤਾਂ ਉਹ ਫ਼ਾਰਸੀ-ਉਰਦੂ ਦੀਆਂ ਧਾਰਾਵਾਂ ਵਿੱਚ ਜਾ ਰਲੀ । ਇਉਂ ਪੰਜਾਬ ਦੇ ਸਾਹਿਤਕ ਇਤਿਹਾਸ ਵਿਚ ਵਿਅਕਤੀ ਵੀ ਤੇ ਧਾਰਾਵਾਂ ਵੀ ਦੋ-ਭਾਸ਼ੀ ਹੋ ਕੇ ਵਿਚਰਦੇ ਰਹੇ । ਸ਼ੇਖ਼ ਫ਼ਰੀਦ ਦੀ ਕਾਵਿ ਪ੍ਰਤਿਭਾ ਇਕੋ ਸਮੇਂ ਪੰਜਾਬੀ ਵਿੱਚ ਵੀ ਪ੍ਰਫੁਲਿਤ ਹੁੰਦੀ ਹੈ ਤੇ ਫ਼ਾਰਸੀ ਵਿਚ ਵੀ, ਭਾਈ ਗੁਰਦਾਸ ਪੰਜਾਬੀ ਵਿੱਚ ਵਾਰਾਂ ਲਿਖਦੇ ਹਨ ਤਾਂ ਬ੍ਰਜ ਵਿੱਚ ਕਬਿੱਤ ਸਵਈਏ, ਗੁਰੂ ਗੋਬਿੰਦ ਸਿੰਘ ਪੰਜਾਬੀ ਤੇ ਬ੍ਰਜ ਦੋਵੇਂ ਕਾਵਿ ਸ਼ੈਲੀਆਂ ਨੂੰ ਹੀ ਨਹੀਂ ਅਪਣਾਂਦੇ ਸਗੋਂ ਅਗੋਂ ਬ੍ਰਜ-ਸੰਸਕ੍ਰਿਤ 'ਅਤੇ ਫ਼ਾਰਸੀ-ਅਰਬੀ ਦੇ ਭਾਸ਼ਾਈ ਸੁਮੇਲ ਦੇ ਅਨੂਪਮ ਪ੍ਰਯੋਗ ਵੀ ਕਰਦੇ ਹਨ । ਇਉਂ ਪੰਜਾਬ ਦੇ ਬਹੁਤੇ ਨਾਮਵਰ ਕਵੀ ਇਕ ਤੋਂ ਵੱਧ ਭਾਸ਼ਾਵਾਂ ਵਿਚ ਆਪਣੀ ਤਬ੍ਹਾ-ਆਜ਼ਮਾਈ ਕਰਦਿਆਂ ਅਸਲ ਵਿੱਚ ਹਰ ਭਾਸ਼ਾ ਨੂੰ ਦੂਜੀ ਦੀ ਪੂਰਕ ਵੱਜੋਂ ਧਾਰਨ ਕਰਦੇ ਤੇ ਵਰਤਦੇ ਸਨ ।
ਪਰ ਇਹ ਗੱਲ ਉਦੋਂ ਦੀ ਹੈ ਜਦੋਂ ਅਜੇ ਪੰਜਾਬ ਵਿੱਚ ਭਾਸ਼ਾਵਾਂ ਦੀ ਅੱਡਰੀ ਅੱਡਰੀ ਹਸਤੀ ਦੀ ਸਮਸਿਆ ਨਾ ਸਭਿਆਚਾਰਕ ਤੌਰ ਤੇ ਉਜਾਗਰ ਹੋਈ ਸੀ ਨਾ ਰਾਜਸੀ ਪੱਖ ਤੋਂ ਜਦੋਂ ਪੰਜਾਬੀ ਭਾਸ਼ਾ ਇਕ ਜਾਤੀ ਦੀ, ਹੋਰਾਂ ਸਣੇ, ਕੇਵਲ ਇਕ ਸਭਿਆਚਾਰਕ ਸ਼ੈਲੀ (ਤੇ ਉਹ ਵੀ ਬਹੁਤੀਆਂ ਹਾਲਤਾਂ ਵਿੱਚ ਕੇਂਦਰੀ ਮਹੱਤਤਾ ਦੀ ਨਹੀਂ) ਹੋਣ ਦੀ ਪੱਧਰ ਤੋਂ ਉਪਰ ਉਠ ਕੇ ਉਸ ਜਾਤੀ ਦੇ ਸੰਪੂਰਨ ਸਾਂਸਕ੍ਰਿਤਕ ਲੈਣ ਦੇਣ ਦਾ ਅੱਵਲ ਤਾਂ ਇਕੋ ਇਕ ਨਹੀਂ ਤਾਂ ਸਰਬ ਪ੍ਰਮੁਖ ਮਾਧਿਅਮ ਬਣਨ ਲੱਗੀ ਤਾਂ ਇਕ ਨਵੀਂ ਲੋੜ ਮਹਿਸੂਸ ਹੋਣ ਲੱਗੀ। ਉਹ ਸੀ ਖ਼ੁਦ ਪੰਜਾਬੀ ਬੋਲੀ ਅੰਦਰ ਭਿੰਨ ਭਿੰਨ ਸਭਿਆਚਾਰਕ ਲੋੜਾਂ ਦੀ ਪੂਰਤੀ ਲਈ ਗੱਦ-ਪੱਦ ਦੀਆਂ ਭਿੰਨ-ਭਿੰਨ ਸ਼ੈਲੀਆਂ ਵਿਗਸਾਉਣ ਦੀ।
ਜਦੋਂ ਸਾਧੂ ਸਿੰਘ ਹਮਦਰਦ ਨੇ ਬੋਲੀ ਵਿੱਚ ਗ਼ਜ਼ਲ ਦੀ ਸੰਭਾਵਨਾ ਦੀ ਗਲ ਤੋਰੀ ਜਾਂ ਇਹ ਕਿਹਾ ਕਿ ਸ਼ੁਰੂ ਸ਼ੁਰੂ ਵਿੱਚ ਮੇਰਾ ਪ੍ਰਯੋਜਨ ਤਾਂ ਪੰਜਾਬੀ ਬੋਲੀ ਵਿੱਚ ਅਜਿਹੇ ਸ਼ਿਅਰਾਂ ਦੀ ਰਚਨਾ ਕਰਨਾ ਸੀ ਜੋ ਪੰਜਾਬੀ ਵਕਤਾ ਆਪਣੇ ਭਾਸ਼ਣਾਂ ਵਿੱਚ ਜੜ ਕੇ ਵਰਤ ਸਕਣ ਤਾਂ ਉਹ ਅਸਲ ਵਿੱਚ ਪੰਜਾਬੀ ਬੋਲੀ ਨੂੰ ਸਾਰੇ ਪੱਖ ਤੋਂ ਭਰਪੂਰ ਬਣਾਉਣ ਦੀ ਹੀ ਚੇਸ਼ਟਾ ਕਰ ਰਹੇ ਸਨ । ਅਖੀਰ ਗਲ ਸਾਫ ਸੀ ਕਿ ਜੇ ਅਰਬੀ ਫਾਰਸੀ ਤੋਂ ਆ ਕੇ ਉਰਦੂ ਦਾ ਸੁਭਾਵਕ ਅੰਗ ਬਣ ਸਕਦੀ ਹੈ ਤਾਂ ਪੰਜਾਬੀ ਵਿੱਚ ਹੀ ਅਜਿਹੀ ਕਿਹੜੀ ਕਾਣ ਹੈ ਕਿ ਇਸ ਵਿੱਚ ਗ਼ਜ਼ਲ ਦੀ ਸਮਾਈ ਨਹੀਂ ? ਸੋ ਜੇ ਵਿਸ਼ਾਲ ਪ੍ਰਸੰਗ ਵਿੱਚ ਵੇਖੀਏ ਤਾਂ ਹਮਦਰਦ ਹੁਰਾਂ ਨੇ ਪੰਜਾਬੀ ਗ਼ਜ਼ਲ ਲਈ ਜੋ ਅੰਦੋਲਨ ਚਲਾਇਆ ਉਸ ਦਾ ਅਰਥ ਉਹੀ ਹੈ ਜੋ ਬਾਵਾ ਬਲਵੰਤ ਜਾਂ ਸੁਰਜੀਤ ਸਿੰਘ ਹਾਂਸ ਦੇ ਸਾਨਿਟਾਂ ਲਿਖਣ ਦਾ ਹੈ; ਪੰਜਾਬੀ ਕਵਿਤਾ ਤੇ ਸਾਹਿਤ ਰਚਨਾ ਵਿੱਚ ਨਵੀਆਂ ਲੀਹਾਂ ਤੋਰਨ ਦਾ ਵੀ ਤੇ ਕਾਵਿ ਤੇ ਗੱਦ ਦੇ ਸ਼ਿਲਪ ਵਿਚ ਕਲਾਸੀਕਲ ਪਕਿਆਈ ਲਿਆਉਣ ਦਾ ਵੀ। ਇਸ ਕਾਰਜ ਦੀ ਦਿਸ਼ਾ ਪੰਜਾਬੀ ਬੋਲੀ ਦੀਆਂ ਅਣਵਰਤੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਅਤੇ ਅਣਗੌਲੀਆਂ ਸ਼ਕਤੀਆਂ ਨੂੰ ਵਰਤਣ ਦਾ ਹੈ ।
ਭਾਵੇਂ ਆਪੋ ਆਪਣੀ ਥਾਈਂ ਬਹੁਤੇ ਸਥਾਪਤ ਕਵੀ ਅਤੇ ਆਲੋਚਕ ਹਮਦਰਦ ਹੋਰਾਂ ਦੇ ਚਲਾਏ ਜਾ ਰਹੇ ਅੰਦੋਲਨ ਤੋਂ ਕੁੜ੍ਹਦੇ ਰਹੇ, ਪਰ ਸਹਿਜੇ ਸਹਿਜੇ ਹਮਦਰਦ ਹੋਰਾਂ ਦੀ ਸਥਾਪਨਾ ਪ੍ਰਵਾਨ ਵੀ ਹੁੰਦੀ ਗਈ ਤੇ ਦ੍ਰਿੜ੍ਹ ਵੀ। ਮਜ਼ੇ ਦੀ ਗੱਲ ਇਹ ਹੈ ਕਿ ਹਮਦਰਦ ਤੋਂ ਪਹਿਲਾਂ ਅਨੇਕਾਂ ਕਵੀਆਂ ਨੇ ਗ਼ਜ਼ਲ ਰਚਣ ਦੇ ਨਵੇਂ ਯਤਨ ਕੀਤੇ ਪਰ ਪੰਜਾਬੀ ਗ਼ਜ਼ਲ ਦੀ ਪੈਂਠ ਨਾ ਜੰਮ ਸਕੀ। ਮੁਹੰਮਦ ਬਖ਼ਸ਼, ਕੁਸ਼ਤਾ, ਧਨੀ ਰਾਮ ਚਾਤ੍ਰਿਕ, ਪ੍ਰੋ: ਮੋਹਣ ਸਿੰਘ, ਈਸ਼ਵਰ ਚਿਤ੍ਰਕਾਰ, ਤਖ਼ਤ ਸਿੰਘ ਆਦਿ ਨੇ ਗ਼ਜ਼ਲ ਦੇ ਕਾਵਿ-ਰੂਪ ਨੂੰ ਹੀ ਨਹੀਂ ਅਪਣਾਇਆ ਸਗੋਂ ਅਧੁਨਿਕਤਾਵਾਦ ਦੇ ਜ਼ੁਮਰੇ ਵਿਚ ਆਉਣ ਵਾਲੇ ਨਵੀਨ ਕਵੀਆਂ ਨੇ ਸਮੇਂ ਸਮੇਂ ਇਸ ਸ਼ਕਤੀ-ਬਧ ਕਾਵਿ ਰੂਪ ਦੀ ਖਿੱਚ ਮਹਿਸੂਸ ਕੀਤੀ । ਇਨ੍ਹਾਂ ਵਿਚੋਂ ਹਰਿਭਜਨ ਸਿੰਘ, ਜਗਤਾਰ, ਸੁਖਪਾਲ ਵੀਰ ਸਿੰਘ ਹਸਰਤ, ਸ. ਸ. ਮੀਸ਼ਾ, ਸੁਰਜੀਤ ਪਾਤਰ, ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ ਆਦਿ ਦੇ ਨਾਵਾਂ ਦਾ ਵਿਸ਼ੇਸ਼ ਤੌਰ ਤੇ ਉਲੇਖ ਕਰਨਾ ਜ਼ਰੂਰੀ ਹੈ । ਜਿਨ੍ਹਾਂ ਪੰਜਾਬੀ ਗ਼ਜ਼ਲ-ਗੋ ਸ਼ਾਇਰਾਂ ਨੂੰ ਆਮ ਤੌਰ ਤੇ ਰਵਾਇਤੀ ਸ਼ਾਇਰ ਕਿਹਾ ਜਾਂਦਾ ਹੈ ਉਨ੍ਹਾਂ ਦਾ ਜ਼ਿਕਰ ਮੈਂ ਜਾਣ ਬੁਝ ਕੇ ਇਸ ਲਈ ਨਹੀਂ ਕਰਦਾ ਕਿਉਂਕਿ ਉਹ ਉਸ ਘੇਰੇ ਵਿਚ ਨਹੀਂ ਆਉਂਦੇ ਜਿਨ੍ਹਾਂ ਨੂੰ ਪੰਜਾਬੀ ਗ਼ਜ਼ਲ ਦੀ ਸੰਭਾਵਨਾ ਉੱਤੇ ਹੀ ਸੰਦੇਹ ਸੀ। ਜੇ ਆਧੁਨਿਕ ਤੇ ਆਧੁਨਿਕਤਾਵਾਦੀ ਕਵੀਆਂ ਨੇ ਗ਼ਜ਼ਲ ਨੂੰ ਪ੍ਰਵਾਨ ਕੀਤਾ ਤਾਂ ਇਹ ਗੱਲ ਖ਼ੁਦ ਕਿਸੇ ਨਾ ਕਿਸੇ ਸਾਹਿਤਕ ਸੱਚ ਦੀ ਲਖਾਇਕ ਹੈ । ਜਾਂ ਤਾਂ ਇਹ ਕਿ ਇਸ ਕਾਵਿ-ਰੂਪ ਦੀਆਂ ਸਾਰੀਆਂ ਸ਼ਕਤੀਆਂ ਅਜੇ ਤੱਕ ਮੁੱਕੀਆਂ ਨਹੀਂ ਤੇ ਜਾਂ ਇਹ ਨਵੇਂ ਕਾਵਿ-ਰੂਪ ਨੂੰ ਸਮਕਾਲੀ ਪੰਜਾਬੀ ਕਵੀ ਦੇ ਸਮੁੱਚੇ ਅਨੁਭਵ ਨੂੰ ਸਵਰ-ਬੱਧ ਕਰਨ ਦੇ ਸਮਰਥ ਨਹੀਂ ਹੋਏ । ਜੋ ਵੀ ਹੋਵੇ ਇਸ ਗੱਲ ਦੀ ਭੱਲ ਸਾਧੂ ਸਿੰਘ ਹਮਦਰਦ ਨੂੰ ਹੀ ਜਾਂਦੀ ਹੈ ਕਿ ਉਸ ਨੇ ਇਕ-ਮਨ ਇਕ-ਚਿਤ ਹੋ ਕੇ ਆਪਣੀ ਮਹਾਨਤਾ ਉਤੇ ਪਹਿਰਾ ਦਿਤਾ ਅਤੇ ਉਸਦੇ ਯਤਨਾਂ ਦੁਆਰਾ ਪੰਜਾਬੀ ਗ਼ਜ਼ਲ ਦੀ ਸੁਣਵਾਈ ਹੀ ਨਾ ਹੋਣ ਲੱਗੀ ਸਗੋਂ ਪੁਛ ਪ੍ਰਤੀਤ ਵੀ ਹੋਣੀ ਸ਼ੁਰੂ ਹੋਈ ।
ਇਹ ਗੱਲ ਕਿ ਸਾਧੂ ਸਿੰਘ ਹਮਦਰਦ ਪੰਜਾਬੀ ਗ਼ਜ਼ਲ ਦੀ ਪੈਰਵੀ ਕਰਦਿਆਂ ਇਕ ਸਚਾਈ ਨੂੰ ਸਿਧ ਤੇ ਸਥਾਪਤ ਕਰਨ ਵਿਚ ਜੁਟਿਆ ਹੋਇਆ ਸੀ, ਪਾਕਿਸਤਾਨ ਵਿਚ ਪੰਜਾਬੀ ਗ਼ਜ਼ਲ ਦੇ ਵਿਕਾਸ ਨੇ ਹੋਰ ਵੀ ਉਜਾਗਰ ਕਰ ਦਿੱਤੀ। ਪਾਕਿਸਤਾਨ ਵਿਚ ਜਦੋਂ ਪੰਜਾਬੀ ਵਿਚ ਲਿਖਣ ਦੀ ਲਹਿਰ ਚਲੀ ਤਾਂ ਉਰਦੂ ਦੇ ਅਨੇਕਾਂ ਮੰਨੇ-ਪ੍ਰਮੰਨੇ ਸ਼ਾਇਰਾਂ ਨੇ ਵੀ ਪੰਜਾਬੀ ਵੱਲ ਮੂੰਹ ਮੋੜਿਆ । ਇਹ ਠੀਕ ਹੈ ਕਿ ਸ਼ੁਰੂ ਸ਼ੁਰੂ ਵਿਚ ਪਾਕਿਸਤਾਨ ਦੀਆਂ ਪੰਜਾਬੀ ਗ਼ਜ਼ਲਾਂ ਉਤੇ ਉਰਦੂ ਪ੍ਰਤੀਕਾਂ, ਬਿੰਬਾਂ, ਉਪਮਾਵਾਂ ਤੇ ਰੂਪਕਾਂ ਦਾ ਰੰਗ ਬੜਾ ਗੂੜ੍ਹਾ ਸੀ; ਪਰ ਡੂੰਘੀ ਤੇ ਵਿਆਪਕ ਘਾਲਣਾ ਸਦਕਾ ਪਾਕਿਸਤਾਨੀ ਪੰਜਾਬੀ ਕਵੀਆਂ ਨੇ ਗ਼ਜ਼ਲ ਨੂੰ ਪੰਜਾਬੀ ਦਾ ਬਿਲਕੁਲ ਮੌਲਿਕ ਰੂਪ ਬਣਾ ਲਿਆ । ਉਨ੍ਹਾਂ ਨੇ ਨਾ ਕੇਵਲ ਪੰਜਾਬੀ ਦੇ ਪਰੰਪਰਾਗਤ, ਛੰਦਾਂ ਨੂੰ ਗ਼ਜ਼ਲ ਦੀ ਬੰਦਸ਼ ਵਿਚ ਬੰਨ੍ਹਿਆਂ ਸਗੋਂ ਪੰਜਾਬ ਦੀ ਧਰਤੀ ਦੇ ਰੰਗਾਂ-ਰਾਗਾਂ ਨੂੰ ਵੀ ਇਸ ਵਿਚ ਅਜਿਹਾ ਸਮੋਇਆ ਕਿ ਇਹ ਕਵਿਤਾ ਪੰਜਾਬ ਦੀ ਸੂਫ਼ੀ ਅਤੇ ਕਿੱਸਾ ਸ਼ਾਇਰੀ ਦਾ ਇਕ ਕਮਾਇਆ ਤੇ ਸਾਧਿਆ ਹੋਇਆ ਰੂਪ ਬਣ ਗਈ । ਸੂਖਮ ਤੋਂ ਸੂਖਮ ਵਿਚਾਰ, ਕੋਮਲ ਤੋਂ ਕੋਮਲ ਭਾਵ, ਉਚੀ ਤੋਂ ਉਚੀ ਕਲਪਨਾ, ਵਿਸ਼ਾਲ ਤੋਂ ਵਿਸ਼ਾਲ ਜੀਵਨ-ਦਰਸ਼ਨ ਨੂੰ ਇਕ ਇਕ ਸ਼ਿਅਰ ਵਿਚ ਬਿਆਨ ਕਰ ਸਕਣ ਦਾ ਸੰਜਮ ਇਨ੍ਹਾਂ ਪਾਕਿਸਤਾਨੀ ਪੰਜਾਬੀ ਗਜ਼ਲ-ਗੋ ਸ਼ਾਇਰਾਂ ਨੇ ਪੈਦਾ ਕੀਤਾ। ਪਾਕਿਸਤਾਨੀ ਗ਼ਜ਼ਲ ਦੀ ਇਹ ਕਮਾਈ ਸਾਧੂ ਸਿੰਘ ਹਮਦਰਦ ਦੇ ਯਤਨ ਦੀ ਇਕ ਅਕੱਟ ਦਲੀਲ ਬਣ ਗਈ । ਜੇ ਸਾਡੀ ਪੰਜਾਬੀ ਗ਼ਜ਼ਲ ਵਿਚ ਸਾਨੂੰ ਕੋਈ ਘਾਟ ਨਜ਼ਰ ਆਉਂਦੀ ਹੈ ਤਾਂ ਉਸਦਾ ਕਾਰਨ ਇਹ ਨਹੀਂ ਮਿਥਿਆ ਜਾ ਸਕਦਾ ਕਿ ਗ਼ਜ਼ਲ ਦੇ ਰੂਪ ਵਿਚ ਹੀ ਕੋਈ ਅਜਿਹੀ ਵਿਸ਼ੇਸ਼ਤਾ ਹੈ ਜਿਸ ਨੂੰ ਪੰਜਾਬੀ ਗ੍ਰਹਿਣ ਨਹੀਂ ਕਰ ਸਕਦੀ । ਗੱਲ ਤਾਂ ਇਸ ਦੇ ਉਲਟ ਇਹ ਹੈ ਕਿ ਸਾਡੇ ਭਾਰਤੀ ਪੰਜਾਬੀ ਕਵੀਆਂ ਨੇ ਅਜੇ ਗ਼ਜ਼ਲ ਨੂੰ ਆਪਣਾ ਤਨ-ਮਨ ਸੌਂਪ ਕੇ ਕੋਈ ਘਾਲ-ਕਮਾਈ ਕਰਨ ਦਾ ਯਤਨ ਹੀ ਨਹੀਂ ਕੀਤਾ ਤੇ ਇਸੇ ਗੱਲ ਵਿਚ ਸਾਧੂ ਸਿੰਘ ਹਮਦਰਦ ਦੀ ਪੰਜਾਬੀ ਕਵਿਤਾ ਨੂੰ ਦੇਣ ਹੈ ਕਿ ਉਸ ਨੇ ਗ਼ਜ਼ਲ ਨੂੰ ਜੋ ਆਪਣਾ ਇਕੋ ਇਕ ਨਹੀਂ ਤਾਂ ਪ੍ਰਮੁਖ ਕਾਵਿ-ਮਾਧਿਅਮ ਜ਼ਰੂਰ ਬਣਾਇਆ ਹੈ ।
ਸਾਧੂ ਸਿੰਘ ਹਮਦਰਦ ਦੀ ਗ਼ਜ਼ਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਪੰਜਾਬੀ ਭਾਸ਼ਾ ਦੀ ਅਭਿਵਿਅੰਜਨਾ-ਸ਼ਕਤੀ ਨੂੰ ਉਜਾਗਰ ਕਰਨ ਅਤੇ ਪੰਜਾਬੀ ਮੁਹਾਵਰੇ ਦੀ ਵਿਸ਼ਾਲਤਾ ਨੂੰ ਉਘਾੜਨਾ ਹੈ। ਪੜ੍ਹਨ ਸੁਣਨ ਨੂੰ ਸਾਧੂ ਸਿੰਘ ਹਮਦਰਦ ਦੇ ਸ਼ਿਅਰ ਬੜੇ ਸਰਲ, ਸਪੱਸ਼ਟ ਜਿਹੇ ਹੁੰਦੇ ਹਨ, ਪਰ ਸ਼ਬਦਾਂ ਅਤੇ ਵਾਕੰਸ਼ਾਂ ਦੇ ਪਲਟਿਆਂ ਦੁਆਰਾ ਉਹ ਅਰਥਾਂ ਦੀਆਂ ਸੂਖਮ ਤੈਹਾਂ ਆਪਣੇ ਸ਼ਿਅਰਾਂ ਵਿਚ ਕੁਝ ਇਸ ਕੁਸ਼ਲਤਾ ਨਾਲ ਬੀੜਦਾ ਹੈ ਕਿ ਪਲਟ ਪਲਟ ਕੇ ਦਾਦ ਦੇਣੀ ਪੈਂਦੀ ਹੈ। ਇਕ ਗ਼ਜ਼ਲਗੋ ਦੇ ਤੌਰ ਤੇ ਸਾਧੂ ਸਿੰਘ ਹਮਦਰਦ ਨੇ ਜੋ ਸਿਖਲਾਈ ਤੇ ਤਜਰਬਾ ਹਾਸਲ ਕੀਤਾ ਹੈ, ਜ਼ਬਾਨਦਾਨੀ ਉਸਦਾ ਇਕ ਬਹੁਤ ਵੱਡਾ ਅੰਗ ਹੈ। ਉਹ ਸ਼ਿਅਰ ਦੀ ਸ਼ਿਲਪ, ਬੰਦਸ਼ ਉਤੇ ਅਧਿਕਾਰ ਪ੍ਰਾਪਤ ਕਰਨ ਨੂੰ ਗਜ਼ਲ-ਗੋਈ ਦਾ ਮੂਲ ਆਧਾਰ ਤਾਂ ਮੰਨਦਾ ਹੈ ਪਰ ਸ਼ਿਅਰ ਦੀ ਸ਼ਿਅਰੀਅਤ ਨੂੰ ਇਸ ਤੱਕ ਮਹਿਦੂਦ ਨਹੀਂ ਕਰਦਾ । ਇਹ ਸ਼ਿਅਰੀਅਤ ਉਸ ਦੀਆਂ ਨਜ਼ਰਾਂ ਵਿਚ ਸਾਰਥਕਤਾ ਵਿਚ ਹੈ ਤੇ ਸਾਰਥਕ ਗੱਲ ਉਹੋ ਹੀ ਹੋਵੇਗੀ ਜਿਸ ਦਾ ਕਾਵਿਕ ਨਿਆਇ, ਆਤਮ ਸਿਧ ਹੋਵੇ । ਸ਼ਿਅਰ ਨਿਰੀ ਤੁਕਬੰਦੀ ਨਹੀਂ ਕਿ ਅਰਥ ਭਾਵੇਂ ਬੇ-ਤੁਕੇ ਹੋਣ ਤੇ ਸਿਰਫ ਵਜ਼ਨ ਠੀਕ ਹੋਵੇ। ਭਾਸ਼ਾ ਦੀ ਵਰਤੋਂ ਦੇ ਅਨਾਚਾਰ ਨੂੰ ਸਾਧੂ ਸਿੰਘ ਹਮਦਰਦ ਸ਼ਾਇਰ ਦਾ ਸਭ ਤੋਂ ਵੱਡਾ ਦੋਸ਼ ਮਿਥਦਾ ਹੈ। ਇਹੀ ਕਾਰਣ ਹੈ ਕਿ ਸਾਧੂ ਸਿੰਘ ਹਮਦਰਦ ਨੇ ਬੜੇ ਬੜੇ ਨਾਮੀ ਸ਼ਾਇਰਾਂ ਦੇ ਸ਼ਿਅਰਾਂ ਦੇ ਅਰਥ-ਸੰਜਮ ਦੀ ਕਚਿਆਈ ਨੂੰ ਨਸ਼ਰ ਕਰਨ ਦਾ ਸਾਹਸ ਸਮੇਂ ਸਮੇਂ ਕੀਤਾ ਹੈ ।
‘ਰੰਗ-ਸੁਗੰਧ' ਸਾਧੂ ਸਿੰਘ ਹਮਦਰਦ ਦੀ ਕਾਵਿ-ਯਾਤਰਾ ਵਿਚ ਕਈ ਪੱਖਾਂ ਤੋਂ ਬੜਾ ਮਹੱਤਵਪੂਰਨ ਸੰਗ੍ਰਹਿ ਹੈ । ਇਕ ਤਾਂ ਇਸ ਲਈ ਕਿ ਇਸ ਵਿਚ ਸ਼ਾਇਰ ਦੀਆਂ ਮੁਢਲੀਆਂ ਕਾਵਿ-ਕਿਰਤਾਂ ਤੋਂ ਲੈ ਕੇ ਅੱਜ ਤੱਕ ਦੀਆਂ ਰਚਨਾਵਾਂ ਦੇ ਨਮੂਨੇ ਮਿਲਦੇ ਹਨ । ਦੂਜਾ ਇਸ ਲਈ ਕਿ ਰੂਪ ਪੱਖ ਤੋਂ ਇਸ ਸੰਗ੍ਰਹਿ ਵਿਚ ਗ਼ਜ਼ਲਾਂ ਦੇ ਨਾਲ ਨਾਲ ਹੋਰ ਵੀ ਵੰਨ-ਸੁਵੰਨੇ ਕਾਵਿ-ਰੂਪ ਜਿਵੇਂ ਕਿ ਨਜ਼ਮ, ਰੁਬਾਈ, ਕਾਫ਼ੀ ਅਤੇ ਛੰਦਾਂ ਦੇ ਪੱਖ ਤੋਂ ਪੰਜਾਬੀ ਦੇ ਕਈ ਛੰਦ-ਵਿਧਾਨਾਂ ਜਿਵੇਂ ਕਿ ਬੈਂਤ, ਦੋਹਿਰਾ, ਕੋਰੜਾ ਆਦਿ ਵਿਚ ਕੀਤੀਆਂ ਰਚਨਾਵਾਂ ਸੰਕਲਤ ਹਨ । ਇਸ ਸੰਗ੍ਰਹਿ ਦੀਆਂ ਕੁਝ ਨਜ਼ਮਾਂ, ਖਾਸ ਤੌਰ ਤੇ ਜਿਨ੍ਹਾਂ ਦਾ ਸੰਬੰਧ ਕਵੀ ਦੀ ਰੂਸ ਯਾਤਰਾ ਨਾਲ ਹੈ, ਵਿਚ ਇਕ ਅਲੌਕਿਕ ਭਾਂਤ ਦੀ ਸਾਦਗੀ ਵੀ ਹੈ ਤੇ ਪੁਰਕਾਰੀ ਵੀ। ਸਾਦਗੀ ਤਾਂ ਇਉਂ ਕਿ ਪੜ੍ਹਨ ਨੂੰ ਇਹ ਨਜ਼ਮਾਂ ਬੜੀਆਂ ਸਰਲ ਪ੍ਰਤੀਤ ਹੁੰਦੀਆਂ ਹਨ ਪਰ ਪੁਰਕਾਰੀ ਇਸ ਗੱਲ ਵਿਚ ਕਿ ਲੇਖਕ ਨੇ ਰਵਾਇਤੀ ਢੰਗ ਨਾਲ ਰੂਸ ਦੀ ਉਪ- ਭਾਵਕ ਵਡਿਆਈ ਨਹੀਂ ਕੀਤੀ ਸਗੋਂ ਰੂਸੀ ਲੋਕਾਂ ਦੀ ਮਹਾਨਤਾ ਨੂੰ ਸਭਿਆਚਾਰਕ ਅਤੇ ਸਾਹਿਤਕ ਪਿਛੋਕੜ ਵਿਚ ਉਜਾਗਰ ਕੀਤਾ ਹੈ। ਇਨ੍ਹਾਂ ਨਜ਼ਮਾਂ ਨੂੰ ਪੜ੍ਹ ਕੇ ਇਸ ਗੱਲ ਦਾ ਗਿਆਨ ਹੁੰਦਾ ਹੈ ਕਿ ਬੰਦਸ਼ ਵਿਚ ਰਚਨਾ ਕਰਨ ਵਿਚ ਪ੍ਰਬੀਨ ਸ਼ਾਇਰ ਹੀ ਆਜ਼ਾਦ ਨਜ਼ਮ ਵਿਚ ਕਾਵਿਕ ਲੈਅ ਉਤਪੰਨ ਕਰ ਸਕਦਾ ਤੇ ਕਾਇਮ ਰੱਖ ਸਕਦਾ ਹੈ।
ਸਮੁਚੇ ਤੌਰ ਤੇ ਸਾਧੂ ਸਿੰਘ ਹਮਦਰਦ ਦੀ ਚਲਾਈ ਆਲੋਚਨਾ-ਪੱਧਤੀ ਅਤੇ ਉਸ ਦੀ ਆਪਣੀ ਮੌਲਿਕ ਸਿਰਜਣਾ ਦਾ ਸਮਕਾਲੀ ਪੰਜਾਬੀ ਸਾਹਿਤਕ ਧਾਰਾ ਉਤੇ ਪ੍ਰਭਾਵ ਦੋ ਪ੍ਰਕਾਰ ਦਾ ਹੈ । ਇਕ ਤਾਂ ਰੂਪਕ ਤੇ ਸ਼ਿਲਪੀ ਪਰਿਮਾਣਾਂ ਬਾਰੇ ਪੰਜਾਬੀ ਕਵੀਆਂ ਵਿਚ ਜਾਗ੍ਰਤੀ ਪੈਦਾ ਕਰਨੀ ਤੇ ਦੂਜਾ ਅਜੋਕੀ ਪੰਜਾਬੀ ਕਵਿਤਾ ਦੀ ਇਕਰਸਤਾ ਨੂੰ ਸਮਾਪਤ ਕਰਕੇ ਇਸ ਵਿਚ ਵੰਨ-ਸੁਵੰਨੇ ਰੂਪਾਂ ਦੀ ਬਹਾਰ ਲਿਆਉਣੀ, ਇਹ ਆਪਣੇ ਆਪ ਵਿਚ ਕੋਈ ਘੱਟ ਪ੍ਰਾਪਤੀ ਨਹੀਂ । ਸਾਧੂ ਸਿੰਘ ਹਮਦਰਦ ਦੇ ਯਤਨਾਂ ਦੁਆਰਾ ਹੁਣ ਉਹ ਸਮਾਂ ਆ ਚੁੱਕਾ ਹੈ ਜਦੋਂ ਪੰਜਾਬੀ ਗ਼ਜ਼ਲ ਦੀ ਵਕਾਲਤ ਕਰਨ ਦੀ ਲੋੜ ਨਹੀਂ ਰਹੀ, ਸਗੋਂ ਇਸ ਦੀਆਂ ਸਾਹਿਤਕ ਪ੍ਰਾਪਤੀਆਂ ਦੀ ਗੱਲ ਤੋਰਨ ਦਾ ਸਵਾਲ ਪੈਦਾ ਹੋ ਰਿਹਾ ਹੈ । ਕੁਝ ਵੀ ਹੋਵੇ ਆਪਣੀ ਅਟੁੱਟ ਲਗਨ ਤੇ ਦ੍ਰਿੜ੍ਹ ਨਿਸ਼ਚੇ ਦੁਆਰਾ ਸਾਧੂ ਸਿੰਘ ਹਮਦਰਦ ਨੇ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ ਆਪਣੀ ਨਵੇਕਲੀ ਥਾਂ ਬਣਾ ਲਈ ਹੈ। ਜਿਉਂ ਜਿਉਂ ਗ਼ਜ਼ਲ ਦਾ ਉਪਰੇਵਾਂ ਘਟੇਗਾ, ਪੰਜਾਬੀ ਸਰੋਤਿਆਂ ਤੇ ਪਾਠਕਾਂ ਨੂੰ ਗ਼ਜ਼ਲ ਦੇ ਗੁਣਾਂ ਦੀ ਪਛਾਣ ਆਉਂਦੀ ਜਾਵੇਗੀ, ਤਿਉਂ ਤਿਉਂ ਸਾਧੂ ਸਿੰਘ ਹਮਦਰਦ ਦੀ ਦੇਣ ਦਾ ਮੁਲ ਵਧਦਾ ਜਾਏਗਾ । ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਸਾਧੂ ਸਿੰਘ ਹਮਦਰਦ ਨੇ ਪੰਜਾਬੀ ਸਾਹਿਤ-ਜਗਤ ਦੀ ਆਤਮ ਸੰਤੁਸ਼ਟੀ ਦੀ ਭਾਵਨਾ ਅਤੇ ਇਸ ਦੀਆਂ ਅਨੇਕ ਮਾਨਤਾਵਾਂ ਨੂੰ ਹੀ ਭੰਗ ਨਹੀਂ ਕੀਤਾ ਸਗੋਂ ਕੁਝ ਨਵੀਆਂ ਮਾਨਤਾਵਾਂ ਨੂੰ ਸਥਾਪਤ ਕਰਨ ਲਈ ਵਾਤਾਵਰਣ ਵੀ ਤਿਆਰ ਕੀਤਾ ਹੈ ਤੇ ਇਸ ਵਾਤਾਵਰਣ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹੋ ਹੈ ਕਿ ਨਵੀਨ ਤੇ ਪਰੰਪਰਾਗਤ ਢਾਣੀਆਂ ਵਿਚ ਵੰਡੇ ਕਵੀਆਂ ਨੇ ਇਕ ਦੂਜੇ ਦੇ ਨੇੜੇ ਆ ਕੇ ਇਕ ਦੂਜੇ ਨੂੰ ਸਮਝਣ ਦੇ ਯਤਨ ਆਰੰਭ ਕੀਤੇ। ਦੋਹਾਂ ਵਿਚਕਾਰ ਵਿਜੋਗ ਮੁਕ ਚਲਿਆ ਹੈ ਤੇ ਸੰਜੋਗ ਦੇ ਸਹੰਸਰ ਅਵਸਰ ਜੁੜਨ ਲਗ ਪਏ ਹਨ ।
ਅਤਰ ਸਿੰਘ
ਮੁਖ ਸੰਪਾਦਕ, ਅੰਗ੍ਰੇਜ਼ੀ-ਪੰਜਾਬੀ ਡਿਕਸ਼ਨਰੀ ਵਿਭਾਗ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਚੰਡੀਗੜ੍ਹ