Ramandeep Kaur Virk
ਰਮਨਦੀਪ ਕੌਰ ਵਿਰਕ
ਰਮਨਦੀਪ ਕੌਰ ਵਿਰਕ ਪਟਿਆਲਾ ਚ ਵੱਸਦੀ ਸਹਿਜ ਨਦੀ ਦੀ ਤੋਰ ਵਰਗੀ ਸਿਰਜਕ ਹੈ ਜਿਸ ਨੇ ਆਪਣੀ ਕਵਿਤਾ ਨੂੰ ਵੀ ਉਸੇ ਮਾਰਗ ਤੇ ਤੋਰਿਆ ਹੈ ਜਿਸ ਦੀ ਉਹ ਆਪ ਪਾਂਧਣ ਹੈ।
ਕਿਲ੍ਹਾ ਰਾਏਪੁਰ (ਲੁਧਿਆਣਾ) ਦੀ ਪੱਤੀ ਕਰਮ ਪ੍ਰਕਾਸ਼ ਵਿੱਚ ਸ਼੍ਰੀਮਤੀ ਅਮਰਜੀਤ ਕੌਰ ਦੀ ਕੁਖੋਂ 2 ਜੂਨ 1974 ਨੂੰ ਸ.ਕਾਬਲ ਸਿੰਘ ਗਰੇਵਾਲ਼ ਪੀ ਸੀ ਐਸ ਦੇ ਘਰ ਜਨਮੀ ਰਮਨਦੀਪ ਦੱਸਦੀ ਹੈ ਕਿ ਉਸ
ਦੇ ਜਵਾਨ ਉਮਰੇ ਸੁਰਗਵਾਸ ਹੋਏ ਬਾਬਲ ਸਃ ਕਾਬਲ ਸਿੰਘ ਵੀ ਕਵਿਤਾ ਲਿਖਦੇ ਸਨ ਅਤੇ ਉਨ੍ਹਾਂ ਦੀ ਪੰਜਾਬੀ ਕਵੀ ਸੁਰਜੀਤ ਰਾਮਪੁਰੀ ਨਾਲ ਦੋਸਤੀ ਹੋਣ ਕਾਰਨ ਉਹ ਸਭ ਵੱਡੇ ਲੇਖਕਾਂ ਦੀ ਸੰਗਤ ਮਾਣਦੇ ਸਨ।
ਰਮਨਦੀਪ ਕੌਰ ਵਿਰਕ ਦਾ ਇਕਲੌਤਾ ਬੇਟਾ ਜ਼ੋਰਾਵਰ ਸਿੰਘ ਵਿਰਕ ਹੈ ਅਤੇ ਪਤੀ ਸਃ ਅਮਰਦੀਪ ਸਿੰਘ ਵਿਰਕ ਕੈਮਿਸਟਰੀ ਦੇ ਲੈਕਚਰਰ ਹਨ। ਐੱਮ ਏ ਪੰਜਾਬੀ ਕਰਨ ਦੇ ਬਾਵਜੂਦ ਉਹ ਘਰੇਲੂ ਔਰਤ ਹੈ।
ਉਹ ਅਕਸਰ ਕਵਿਤਾ ਲਿਖਦੀ ਹੈ ਪਰ ਕਦੇ ਕਦੇ ਕੋਈ ਕਹਾਣੀ ਵੀ, ਹੁਣ ਉਸ ਇੱਕ ਨਾਵਲੈੱਟ ਵੀ ਸੰਪੂਰਨ ਕੀਤਾ ਹੈ।
ਰਮਨਦੀਪ ਕੌਰ ਵਿਰਕ ਦੀਆਂ ਦੋ ਕਾਵਿ ਪੁਸਤਕਾਂ ਸਿਰਜਣਾ ਕਦੇ ਫੇਰ ਸਹੀ (2016) ਅਤੇ ਖ਼ਤ ਦੀ ਆਖ਼ਰੀ ਸਤਰ (2019) ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ ਵੱਲੋਂ ਛਪ ਚੁਕੀਆਂ ਹਨ। ਤੀਜੀ ਕਾਵਿ
ਪੁਸਤਕ ਤਿਆਰੀ ਅਧੀਨ ਹੈ। ਉਸ ਨੂੰ ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.)ਪਟਿਆਲ਼ਾ ਵੱਲੋਂ ਇਨ੍ਹਾਂ ਦੋਵਾਂ ਪੁਸਤਕਾਂ ਲਈ ਸਨਮਾਨ ਪੱਤਰ ਪ੍ਰਾਪਤ ਹੋ ਚੁਕਿਆ ਹੈ। ਅਸਲੋਂ ਨਿਵੇਕਲੇ ਅੰਦਾਜ਼ ਦੀ ਵੱਡੇ
ਅਰਥਾਂ ਵਾਲੀ ਨਿੱਕੀ ਕਵਿਤਾ ਲਿਖਦੀ ਕਵਿੱਤਰੀ ਰਮਨਦੀਪ ਕੌਰ ਵਿਰਕ ਦਾ ਸੁਆਗਤ ਹੈ। -ਗੁਰਭਜਨ ਗਿੱਲ