Punjabi Poetry : Ramandeep Kaur Virk

ਪੰਜਾਬੀ ਕਵਿਤਾਵਾਂ : ਰਮਨਦੀਪ ਕੌਰ ਵਿਰਕ


ਬੀਮਾਰ ਹੁੰਦਿਆਂ

ਬੀਮਾਰ ਹੁੰਦਿਆਂ ਉਪਰਾਮ ਹੁੰਦਿਆਂ ਜ਼ਿਹਨ ‘ਚ ਸਵਾਲ ਆਉਣ ਲੱਗਦਾ ਕਿਸ ਨਾਲ ਗੱਲ ਕੀਤੀ ਜਾਏ ਕਿਸ ਕੋਲ਼ੋਂ ਸ਼ਫਾ ਮਿਲ਼ੇ! ਇਸ ਦੌਰ ਦਾ ਹਰ ਸ਼ਖਸ ਬੀਮਾਰ ਲੱਗਦਾ ਬੇਚੈਨ ਦਿਸਦਾ ਉਂਝ ਮੈਂ ਕੋਈ ਗੱਲ ਨਹੀਂ ਕਰਨੀ ਬਸ ਚੁੱਪ ਬੈਠਣਾ ਹੈ ਉਂਝ ਉਸਨੇ ਵੀ ਕੋਈ ਗੱਲ ਨਹੀਂ ਕਰਨੀ ਚੁੱਪ ਦਾ ਹੁੰਗਾਰਾ ਭਰਨਾ ਹੈ.....

ਅੰਮ੍ਰਿਤਾ ਦੇ ਜਨਮ ਦਿਨ ‘ਤੇ

ਪੜ੍ਹ ਲਵਾਂਗੀ ਕੁਝ ਉਦਾਸ ਸ਼ੋਖ਼ ਤੇ ਗੰਭੀਰ ਸਫ਼ੇ। ਕੁਝ ਦੇਰ ਹੀ ਸਹੀ ਜੀਅ ਲਵਾਂਗੀ ਆਪਣੀ ਮਰਜ਼ੀ ਦੇ ਪਲ ਬਾਗ਼ੀ ਜਿਹੀ ਤਬੀਅਤ ‘ਤੇ ਰਸ਼ਕ ਕਰ ਲਵਾਂਗੀ ਚੰਦ ਕੁ ਘੜੀਆਂ। ਤਲਖ਼ ਜ਼ਿੰਦਗੀ ‘ਚੋਂ ਮੁਹੱਬਤ ਦੇ ਕਸ਼ ਭਰਾਂਗੀ ਤੇ ਮੁਸਕੁਰਾ ਲਵਾਂਗੀ ਦੇਰ ਤੱਕ। ਤੇਰਾ ਜਨਮ ਦਿਨ ਕੁਝ ਇਸ ਤਰਾਂ ਮਨਾਵਾਂਗੀ…..

ਮੈਨੂੰ ਔਖੀ ਕਵਿਤਾ

ਮੈਨੂੰ ਔਖੀ ਕਵਿਤਾ ਸਮਝ ਨਹੀਂ ਆਉਂਦੀ ਡੌਰ ਭੌਰ ਜਿਹੀ ਝਾਕਦੀ ਹਾਂ ਅੱਖਰਾਂ ਵੱਲ ਕਵਿਤਾ ‘ਚ ਰਿਦਮ ਲੱਭਦੀ ਹਾਂ ਤੇ ਮਾਯੂਸ ਹੁੰਦੀ ਹਾਂ ਆਪਣੀ ਨਾਸਮਝੀ ‘ਤੇ ਮੁੜ ਸੋਚਣ ਲਗਦੀ ਹਾਂ ਕਿਸੇ ਸੌਖੀ ਕਵਿਤਾ ਬਾਰੇ ਤੇਰਾ ਆਖਿਆ ਯਾਦ ਆਉਂਦਾ ਹੈ ਕਵਿਤਾ ਅੱਖਰਾਂ ਵਿੱਚ ਨਹੀਂ ਹੁੰਦੀ ਮੈਂ ਸ਼ੀਸ਼ੇ ਸਾਹਮਣੇ ਖੜੋ ਆਪਣੀਆਂ ਅੱਖਾਂ ਵਿੱਚ ਦੇਖਣ ਲਗਦੀ ਹਾਂ ਤੂੰ ਆਖਿਆ ਸੀ ਕਵਿਤਾ ਅੱਖਾਂ ਵਿੱਚ ਹੁੰਦੀ ਹੈ...

ਸੋਚਿਆ ਹੈ

ਸੋਚਿਆ ਹੈ ਕਵਿਤਾ ਲਿਖਣੀ ਛੱਡ ਦੇਣੀ ਹੈ ਕੌਣ ਪੜ੍ਹਦਾ ਹੈ? ਕੀ ਸੰਵਰਦਾ ਹੈ ਇਸ ਨਾਲ਼ ਕਿਸੇ ਦਾ? ਅਜੇ ਖ਼ਿਆਲ ਆਇਆ ਹੀ ਹੈ ਕਿ ਮੇਰੇ ਜ਼ਿਹਨ ‘ਚ ਉਹ ਪਹਿਲੀ ਕਵਿਤਾ ਆਉਣ ਲੱਗੀ ਹੈ ਜੋ ਪਤਾ ਨਹੀਂ ਕਿਹੜੀ ਉਮਰੇ ਪੜ੍ਹੀ ਸੀ? ਜਿਸਨੂੰ ਪੜ੍ਹਕੇ ਪਹਿਲੀ ਵਾਰ ਕੁਝ ਮਹਿਸੂਸ ਹੋਇਆ ਸੀ ਉਹ ਕਵਿਤਾ ਸੀ ‘ਆਹ ਲੈ ਮਾਏ ਸਾਂਭ ਕੁੰਜੀਆਂ ‘ ਕਿਸੇ ਕੈਲੰਡਰ ‘ਤੇ ਛਪੀਆਂ ਇਹਨਾਂ ਸਤਰਾਂ ਦੇ ਨਾਲ਼ ਇੱਕ ਤਸਵੀਰ ਦੇਖ ਮੈਂ ਮਾਂ ਨੂੰ ਸਵਾਲ ਕੀਤਾ ਸੀ ਇਹ ਕਿਹੜੀਆਂ ਕੁੰਜੀਆਂ ਦੀ ਗੱਲ ਹੈ? ਤੇ ਇਸ ਸਵਾਲ ਦੇ ਉੱਤਰ ਨਾਲ ਕਿੰਨੇ ਹੀ ਹੋਰ ਸਵਾਲ ਪੈਦਾ ਹੋ ਗਏ ਸਨ? ਫਿਰ ਵਕਤ ਨਾਲ ਜਿੱਥੋਂ ਜਿੱਥੋਂ ਵੀ ਕੋਈ ਨਜ਼ਮ ਪੜ੍ਹੀ ਹਰ ਵਾਰ ਖ਼ੁਦ ਨਾਲ ਸੰਵਾਦ ਹੋਰ ਡੂੰਘਾ ਹੋਇਆ। ਕਵਿਤਾ ਸੰਗ ਰਹਿਣ ਦੇ ਬਹਾਨੇ ਹਯਾਤੀ ਦੇ ਨੋਕੀਲੇ ਰਾਹਾਂ ‘ਤੇ ਤੁਰਨਾ ਆਇਆ ….

ਅਲਵਿਦਾ ਤੋਂ ਬਾਅਦ

ਉਹਨੂੰ ਹਰ ਗੱਲ ਦੀ ਸਮਝ ਰਹੀ ਹਰ ਅਦਾ ‘ਚ ਸਲੀਕਾ ਰੁੱਸ ਜਾਣ ਦਾ ਮੰਨ ਜਾਣ ਦਾ ਗ਼ੁੱਸੇ ਹੋਣ ਦਾ ਮੁਹੱਬਤ ਕਰਨ ਦਾ ਤੇ ਫਿਰ ਇੱਕ ਦਿਨ ਸਲੀਕੇ ਨਾਲ਼ ਹੀ ਉਸ ਅਲਵਿਦਾ ਆਖ ਦਿੱਤਾ …..

ਨਜ਼ਰੀਆ

ਉਹ ਪਿਆਰ ਨੂੰ ਹੋਰ ਨਜ਼ਰ ਨਾਲ ਦੇਖਦਾ ਹੈ ਦੱਸਦਾ ਹੈ ਕਦੇ ਕਦੇ ਕਿ ਬਦਾਮਾਂ ਦੇ ਦਰਖ਼ਤ ਹਮੇਸ਼ਾ ਇਕੱਠੇ ਉੱਗਦੇ ਹਨ ਮੇਲ ਫ਼ੀਮੇਲ, ਨਹੀਂ ਤਾਂ ਸੁੱਕ ਸੜ ਜਾਂਦੇ ਹਨ ਮੈਂ ‘ਹੂੰ` ਆਖਦੀ ਹਾਂ- ਫਿਰ ਕਦੇ ਅਚਾਨਕ ਮੇਰੇ ਚਿਹਰੇ 'ਤੇ ਆਪਣੀ ਮੁਸਕਾਨ ਸੁੱਟਦਾ ਮੈਨੂੰ ਆਖਦਾ ਹੈ ਫ਼ਿੱਕੇ ਰੰਗਾਂ ਦੀ ਵੀ ਆਪਣੀ ਹੀ ਫ਼ੱਬਤ ਹੁੰਦੀ ਹੈ ਹੈ ਨਾ! ਉਹ ਪਿਆਰ ਨੂੰ ਹੋਰ ਨਜ਼ਰ ਨਾਲ ਦੇਖਦਾ ਹੈ।

ਆਦਮ ਬੋ

ਗੀਤਾ ਨੂੰ ਆਖਿਆ ਕੁਰਾਨ ਸੁਣਾ ਉਹ ਮੁਸਕੁਰਾ ਪਈ... ਹਵਾ ਨੂੰ ਆਖਿਆ ਮਹਿਕ ਨਾ ਵਰਤਾਅ ਉਹ ਮੁਸਕੁਰਾ ਪਈ... ਦੁਸ਼ਮਣੀ ਨੂੰ ਆਖਿਆ ਮਿੱਤਰ ਹੋ ਜਾ ਉਹ ਮੁਸਕੁਰਾ ਪਈ.. ਗਿਰਗਿਟ ਨੂੰ ਆਖਿਆ ਰੰਗ ਨਾ ਵਟਾ ਉਹ ਮੁਸਕੁਰਾ ਪਿਆ.. ਆਦਮ ਨੂੰ ਆਖਿਆ ਇਨਸਾਨ ਹੋ ਜਾ ?

ਦੁਖਦਾਈ

ਅਚਾਨਕ ਮੇਰੇ ਹੀ ਹੱਥੋਂ ਮੇਰਾ ਪਸੰਦੀਦਾ ਕੱਪ ਟੁੱਟ ਗਿਆ ਕੀਚਰ ਕੀਚਰ ਬਿਖ਼ਰ ਗਿਆ ਕੀਚਰ ਕੀਚਰ ਹੀ ਚੁਗਦੀ ਰਹੀ ਇਹ ਕੀ ! ਇੰਝ ਕਿਉਂ ਜਾਪਿਆ ਜਿਵੇਂ ਮੈਂ ਕਿਸੇ ਘਟਨਾ ਨੂੰ ਦੋਹਰੀ ਵਾਰ ਘਟਦਿਆਂ ਮਹਿਸੂਸ ਰਹੀ ਸੀ ਇੱਕ ਛਿਲਤਰ ਜਹੀ ਸੀਨੇ ਵਿੱਚ ਚੁੱਭੀ ਟੁੱਟਿਆ ਹੋਇਆ ਕੱਪ ਸਬੂਤਾ ਅੱਖਾਂ ਅੱਗੇ ਆ ਗਿਆ ਚੁਭਨ ਹੋਰ ਤਿੱਖੀ ਹੋ ਗਈ ਟੁੱਟੀਆਂ ਮੁੱਕੀਆਂ ਚੀਜ਼ਾਂ ਦਾ ਇਉਂ ਖ਼ਿਆਲਾਂ 'ਚ ਸੁਰਜੀਤ ਹੋਣਾ ਦੁਖਦਾਈ ਤਾਂ ਹੈ ਨਾ!

ਨੀਝ

ਜਦੋਂ ਕਦੇ ਸਿਰ 'ਤੇ ਲਿਆ ਦੁਪੱਟਾ ਕੰ ਕੰਨਾਂ ਪਿੱਛੇ ਕਰਦੀ ਹਾਂ ਤਾਂ ਅਚਾਨਕ ਤੇਰਾ ਚਿਹਰਾ ਸਾਹਵੇਂ ਆ ਜਾਂਦੈ ਤੂੰ ਅਕਸਰ ਟੋਕਿਆ “ਨਹੀਂ ਇਉਂ ਨਹੀਂ, ਪਹਿਲਾਂ ਠੀਕ ਸੀ" ਭਾਵੇਂ ਇਹ ਨਿੱਕੀ ਜਹੀ ਗੱਲ ਐ ਪਰ ਏਨੀ ਨਿੱਕੀ ਵੀ ਨਹੀਂ ਇਹ ਨੀਝ ਹਰ ਕਿਸੇ ਕੋਲ ਨਹੀਂ ਹੁੰਦੀ ਜਿਵੇਂ ਮੇਰੇ ਕੋਲ ਹੁਣ ਤੂੰ ਨਹੀਂ

ਕਵਿਤਾ ਦਿਵਸ

ਜੇ ਤੁਸੀਂ ਪੈਲਾਂ ਪਾਉਂਦੇ ਮੋਰ ਨੂੰ ਦੇਖ ਮੁਸਕੁਰਾਉਂਦੇ ਹੋ ਜੇ ਤੁਸੀਂ ਠੁਮਕ ਠੁਮਕ ਪੱਬ ਚੱਕਦੀ ਚਿੜੀ ਦੇ ਹੁਸਨ ਨੂੰ ਮਾਣਦੇ ਹੋ ਜੇ ਤੁਸੀਂ ਚੜ੍ਹਦੇ ਲਹਿੰਦੇ ਸੂਰਜ ਚ ਫ਼ਰਕ ਕਰਨਾ ਜਾਣਦੇ ਹੋ ਜੇ ਤੁਸੀਂ ਕੁਦਰਤ ਦੇ ਕਣ-ਕਣ ਤੋਂ ਵਾਕਫ਼ ਹੋ ਜੇ ਤੁਸੀਂ ਕਿਸੇ ਆਪਣੇ ਵੱਲੋਂ ਹੋਈ ਵਧੀਕੀ ਨੂੰ ਮੁਆਫ਼ ਕਰ, ਅੱਗੇ ਵਧ ਜਾਂਦੇ ਹੋ ਜੇ ਤੁਹਾਡਾ ਦਿਲ ਤੁਹਾਡੇ ਜ਼ਿਹਨ ਦਾ ਸਾਥੀ ਹੈ ਤਾਂ ਯਕੀਨਨ ਤੁਹਾਡੇ ਅੰਦਰ ਕਵਿਤਾ ਜਿਉਂਦੀ ਹੈ

ਮਾਂ

ਮਾਂ ਬੀਮਾਰ ਹੈ ਥੋੜ੍ਹਾ ਕਹਿੰਦੀ, ਬਹੁਤਾ ਸੋਚਦੀ ਕਦੇ ਕਦੇ ਸਬਰ ਵਾਲੇ ਕੰਨਾਂ ਨੂੰ ਦਿਲ ਦੀ ਗੱਲ ਆਖ਼ਦੀ ਸਾਥੋਂ ਵਕਤ ਮੰਗਦੀ ਵਕਤ ਸਾਨੂੰ ਸਾਥੋਂ ਮੰਗਦਾ ਆਪਣੇ ਲਈ ਕਿੰਨਾ ਜ਼ਰੂਰੀ ਹੈ ਆਪਣੇ ਵਕਤ ਨੂੰ ਬੰਨ੍ਹ ਲੈਣਾ ਮਾਂ ਨੂੰ ਆਪਣੇ ਬੱਚੇ ਵਾਂਗ ਨਿਹਾਰਨਾ, ਪੁਚਕਾਰਨਾ, ਸਾਂਭਣਾ ਕੁਝ ਚਿਰ ਲਈ ਮਾਂ ਦੀ ਮਾਂ ਬਣ ਜਾਣਾ

ਫ਼ਰਕ

ਬੱਸ ਸੜਕ 'ਤੇ ਸਰਪੱਟ ਦੌੜਦੀ ਜਾ ਰਹੀ ਏ ਤੇ ਨਾਲ ਨਾਲ ਦੌੜ ਰਹੇ ਨੇ ਸੜਕ ਦੇ ਕਿਨਾਰੇ ਲੱਗੇ ਹਲਕੇ ਗੁਲਾਬੀ ਤੇ ਸਫ਼ੇਦ ਫੁੱਲ ਹਵਾ ਤੇਜ਼ ਚੱਲ ਰਹੀ ਲੱਗਦੀ ਏ ਕੁਝ ਫੁੱਲ ਹਵਾ ਨਾਲ ਝੂਮ ਰਹੇ ਨੇ ਉਹ ਜੋ ਅਡੋਲ ਖੜੇ ਨੇ, ਚੁੱਪਚਾਪ ਕੀ ਉਹਨਾਂ ’ਤੇ ਹਵਾ ਆਪਣਾ ਅਸਰ ਨਹੀਂ ਪਾ ਰਹੀ ਮੈਂ ਉਹਨਾਂ ਦੇ ਨਾਲ ਹੀ ਕਿਤੇ ਖ਼ਲੋ ਜਾਂਦੀ ਹਾਂ ਬਾ-ਅਸਰ ਅਤੇ ਬੇ-ਅਸਰ ਵਿਚਲਾ ਫ਼ਰਕ ਲੱਭਣ ਲਗਦੀ ਹਾਂ..

ਖੇੜਾ

ਮੁੱਦਤ ਬਾਅਦ ਮਿਲੇ ਤਾਂ ਤੇਰੇ ਮੂੰਹੋਂ ਆਪਣਾ ਨਿੱਕਾ ਨਾਂ ਸੁਣ ਰੂਹ ਤੱਕ ਰੱਜ ਗਈ ਸ਼ੁਕਰ ! ਤੈਨੂੰ ਸਭ ਕੁਝ ਯਾਦ ਰਿਹਾ ਸਿਵਾਏ ਇਸ ਗੱਲ ਦੇ ਕਿ ਅਸੀਂ ਪਿਆਰ ਕਰਦੇ ਸਾਂ..

ਨਕਸ਼-ਏ-ਕਦਮ

ਤੇਰੇ ਨਕਸ਼-ਏ-ਕਦਮਾਂ 'ਤੇ ਤੁਰਦਿਆਂ ਨਕਸ਼ ਸਾਂਭ ਲਏ ਤੇ ਕਦਮ ਪਿਛਾਂਹ ਮੋੜ ਲਏ ਹੁਣ ਉਹ ਪਗਡੰਡੀ ਮੈਨੂੰ ਅਕਸਰ ਘੂਰਦੀ ਹੈ ਤੇ ਮੈਂ ਅੱਖਾਂ ਬੰਦ ਕਰ ਆਪਣੇ ਆਪ ਕੋਲ ਪਰਤ ਆਉਂਦੀ ਹਾਂ

ਆਸਿਫ਼ਾ ਲਈ

ਹਰ ਰੋਜ਼ ਦੀ ਤਰ੍ਹਾਂ ਗੁਰਦਵਾਰੇ ਕੀਰਤਨ ਹੋ ਰਿਹੈ ਮੰਦਰੀ ਟੱਲ ਖੜਕ ਰਹੇ ਨੇ ਸਾਰੇ ਥਾਂ ਧਰਮ ਕਰਮ ਚੱਲ ਰਿਹੈ ਪਰ ਰੱਬ ਚੁੱਪ ਹੈ ਸੁੰਨ ਹੋ ਗਿਐ ਕਿਸੇ ਮਾਸੂਮ ਦੀ ਚੀਖ਼ ਸੁਣਕੇ ਅਸਤੀਫ਼ਾ ਦੇ ਗਿਐ ਆਪਣੀ ਰੱਬਤਾ ਤੋਂ

ਆਪੋ ਆਪਣੀ ਗੱਲ

ਖ਼ਿਆਲ ਨੇ ਕਿਹਾ ਚਲੋ ਕਵਿਤਾ ਬਣਦੇ ਹਾਂ ਪੜ੍ਹੇ ਜਾਵਾਂਗੇ ਪੀੜ ਨੇ ਕਿਹਾ ਹੰਝੂ ਬਣਦੇ ਹਾਂ ਰਿਹਾਅ ਹੋ ਜਾਵਾਂਗੇ ਮੁਹੱਬਤ ਨੇ ਕੁਝ ਨਾ ਕਿਹਾ ਬਣਨ ’ਤੇ ਆਈ ਤਾਂ ਕਾਇਨਾਤ ਹੋ ਗਈ

ਸੁੱਤੇ ਪਏ ਜੌੜੇ ਪੁੱਤਰਾਂ ਦੀ

ਸੁੱਤੇ ਪਏ ਜੌੜੇ ਪੁੱਤਰਾਂ ਦੀ ਰਜਾਈ ਪਾਸਿਆਂ ‘ਤੋਂ ‘ਲੱਥ ਗਈ ਹੈ ਮਾਂ ਦੋਵਾਂ ਨੂੰ ਹਿਲਾਏ ਬਿਨਾਂ ਪਿੱਠ ‘ਤੇ ਇੱਕ ਇੱਕ ਨਿੱਕੀ ਕੰਬਲ਼ੀ ਓੜ ਦਿੰਦੀ ਹੈ ਸੁਰਖ਼ਰੂ ਹੈ ਮਾਂ ਪੁੱਤਰਾਂ ਨੂੰ ਨਿੱਘ ਮਿਲ਼ ਗਿਆ ਮੈਨੂੰ ਠੰਢੇ ਬੁਰਜ ਦਾ ਚੇਤਾ ਆਇਆ ਉਸ ਰਾਤ ਦੋਵਾਂ ਨਿੱਕਿਆਂ ਨੇ ਵੀ ਦਾਦੀ ਨੂੰ ਜ਼ਰੂਰ ਕਿਹਾ ਹੋਵੇਗਾ ‘ਸਾਨੂੰ ਠੰਢ ਲਗਦੀ ਐ’ ਦਾਦੀ ਨੇ ਆਪਣੇ ਸਿਦਕ ਦੀ ਲੋਈ ਨਾਲ਼ ਢਕ ਦਿੱਤੇ ਹੋਣੇ ਦੋਵੇਂ ਬਾਲ ਮੁੜ ਤਿੰਨਾਂ ਨੂੰ ਨਾ ਠੰਢ ਲੱਗੀ ਨਾ ਭੈਅ ਦਿਨ ਚੜ੍ਹਦੇ ਹੀ ਪੂਰੇ ਸਰਹੰਦ ਨੂੰ ਕਾਂਬਾ ਛਿੜਿਆ ਹੋਵੇਗਾ…

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਮਨਦੀਪ ਕੌਰ ਵਿਰਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ