Khat Di Akhri Sater : Ramandeep Kaur Virk

ਖ਼ਤ ਦੀ ਆਖ਼ਰੀ ਸਤਰ (ਕਾਵਿ ਪੁਸਤਕ) : ਰਮਨਦੀਪ ਕੌਰ ਵਿਰਕ

ਸਮਰਪਣ

ਜ਼ਿੰਦਗੀ ਅਤੇ ਇਸ ਵਿਚਲੇ
ਰੰਗਾਂ, ਰਿਸ਼ਤਿਆਂ, ਖ਼ਿਆਲਾਂ ਤੇ ਸੁਪਨਿਆਂ ਨੂੰ

ਮੇਰੇ ਵੱਲੋਂ

ਕਵਿਤਾ ਕਿਸੇ ਰਹੱਸ ਵਾਂਗ ਮੇਰੇ ਕੋਲ਼ ਆਈ। ਇਹ ਰਹੱਸ ਮੈਂ ਵੀ ਨਹੀਂ ਸਮਝ ਸਕੀ। ਸਮਝਣਾ ਚਾਹਿਆ ਵੀ ਨਹੀਂ। ਸਿਰਜਣਾ ਦੇ ਪਲਾਂ ’ਚ ਜ਼ਿੰਦਗੀ ਦਾ ਜਮ੍ਹਾਂ ਘਟਾਓ ਕੋਲ਼ ਆ ਖ਼ਲ਼ੋਂਦਾ ਹੈ ਤੇ ਉਸੇ ਨੂੰ ਜ਼ਰਬ ਤਕਸੀਮ ਦਿੰਦਿਆਂ ਇੱਕ ਕਵਿਤਾ ਜਨਮ ਲੈਂਦੀ ਹੈ। ਜਨਮ ਤੋਂ ਬਾਅਦ ਇਸਨੇ ਕਿੱਥੇ ਕਦੋਂ ਤੇ ਕਿਸ ਕੋਲ਼ ਪਹੁੰਚਣਾ ਹੈ, ਉਹ ਕੰਮ ਇਹ ਖ਼ੁਦ ਕਰਦੀ ਹੈ। ਆਪਣੀ ਹੀ ਲਿਖੀ ਕਿਸੇ ਕਵਿਤਾ ਦਾ ਪਾਠ ਕਰਦਿਆਂ ਕਈ ਵਾਰ ਖ਼ੁਦ ਨੂੰ ਵੀ ਸੋਚਣਾ ਪੈਂਦਾ ਹੈ ਕਿ ਕਿਹੜੇ ਮੌਸਮਾਂ ਤੇ ਕਿਸ ਧਰਾਤਲ ’ਤੇ ਇਸਦਾ ਜਨਮ ਹੋਇਆ ਹੋਣਾ। ਅੱਖ਼ਰਾਂ, ਸ਼ਬਦਾਂ, ਵਾਕਾਂ ਦਾ ਇਹ ਮੇਲ਼ ਰੂਹ ਦੇ ਜਿਸ ਹਿੱਸੇ ’ਚੋਂ ਹੁੰਦਾ ਹੋਇਆ ਬਾਹਰ ਨਿੱਕਲ਼ਿਆ ਹੈ, ਉੱਥੇ ਜ਼ਰੂਰ ਕੁਝ ਨਾ ਕੁਝ ਤਿੜਕਿਆ ਹੋਣਾ, ਟੁੱਟਿਆ ਹੋਣਾ ਤੇ ਜਿੱਥੇ ਜਿੱਥੇ ਤੇ ਜਦੋਂ ਜਦੋਂ ਕੋਈ ਫੁੱਲ ਖਿੜਿਆ ਹੋਣਾ, ਉੱਥੇ ਇਹਦੀ ਮਹਿਕ ਪਾਠਕ ਨੂੰ ਖ਼ੁਦ-ਬ-ਖ਼ੁਦ ਮਹਿਸੂਸ ਹੋਵੇਗੀ, ਇਹੋ ਇੱਕ ਭੇਦ ਹੈ ਜੋ ਮੇਰੀ ਜਾਚੇ ਮੈਂ ਸਮਝ ਸਕੀ ਹਾਂ।

-ਰਮਨਦੀਪ ਵਿਰਕ


ਆਪੋ ਆਪਣੀ ਗੱਲ

ਖ਼ਿਆਲ ਨੇ ਕਿਹਾ ਚਲੋ ਕਵਿਤਾ ਬਣਦੇ ਹਾਂ ਪੜ੍ਹੇ ਜਾਵਾਂਗੇ ਪੀੜ ਨੇ ਕਿਹਾ ਹੰਝੂ ਬਣਦੇ ਹਾਂ ਰਿਹਾਅ ਹੋ ਜਾਵਾਂਗੇ ਮੁਹੱਬਤ ਨੇ ਕੁਝ ਨਾ ਕਿਹਾ ਬਣਨ ’ਤੇ ਆਈ ਤਾਂ ਕਾਇਨਾਤ ਹੋ ਗਈ

ਨਜ਼ਰੀਆ

ਉਹ ਪਿਆਰ ਨੂੰ ਹੋਰ ਨਜ਼ਰ ਨਾਲ਼ ਦੇਖਦਾ ਹੈ ਦੱਸਦਾ ਹੈ ਕਦੇ ਕਦੇ ਕਿ ਬਦਾਮਾਂ ਦੇ ਦਰਖ਼ਤ ਹਮੇਸ਼ਾ ਇਕੱਠੇ ਉੱਗਦੇ ਹਨ ਮੇਲ ਫ਼ੀਮੇਲ਼, ਨਹੀਂ ਤਾਂ ਸੁੱਕ ਸੜ ਜਾਂਦੇ ਹਨ ਮੈਂ ‘ਹੂੰ’ ਆਖਦੀ ਹਾਂ— ਫਿਰ ਕਦੇ ਅਚਾਨਕ ਮੇਰੇ ਚਿਹਰੇ ’ਤੇ ਆਪਣੀ ਮੁਸਕਾਨ ਸੁੱਟਦਾ ਮੈਨੂੰ ਆਖਦਾ ਹੈ ਫ਼ਿੱਕੇ ਰੰਗਾਂ ਦੀ ਵੀ ਆਪਣੀ ਹੀ ਫ਼ੱਬਤ ਹੁੰਦੀ ਹੈ ਹੈ ਨਾ! ਉਹ ਪਿਆਰ ਨੂੰ ਹੋਰ ਨਜ਼ਰ ਨਾਲ਼ ਦੇਖਦਾ ਹੈ

ਤੈਨੂੰ ਪਤੈ?

ਮੇਜ ’ਤੇ ਪਈ ਚਾਹ ਠੰਢੀ ਹੋ ਜਾਇਆ ਕਰਦੀ ਸੀ ਅਕਸਰ ਗੱਲਾਂ ਕਰਦਿਆਂ ਵਕਤ ਦਾ ਇਲਮ ਹੀ ਨਹੀਂ ਸੀ ਤੈਨੂੰ ਪਤੈ? ਅੱਜ ਕੱਲ੍ਹ ਮੈਂ ਗਰਮ ਚਾਹ ਪੀਣ ਲੱਗ ਪਈ ਹਾਂ

ਆਦਮ ਬੋ

ਗੀਤਾ ਨੂੰ ਆਖਿਆ ਕੁਰਾਨ ਸੁਣਾ ਉਹ ਮੁਸਕੁਰਾ ਪਈ... ਹਵਾ ਨੂੰ ਆਖਿਆ ਮਹਿਕ ਨਾ ਵਰਤਾਅ ਉਹ ਮੁਸਕੁਰਾ ਪਈ... ਦੁਸ਼ਮਣੀ ਨੂੰ ਆਖਿਆ ਮਿੱਤਰ ਹੋ ਜਾ ਉਹ ਮੁਸਕੁਰਾ ਪਈ.. ਗਿਰਗਿਟ ਨੂੰ ਆਖਿਆ ਰੰਗ ਨਾ ਵਟਾ ਉਹ ਮੁਸਕੁਰਾ ਪਿਆ.. ਆਦਮ ਨੂੰ ਆਖਿਆ ਇਨਸਾਨ ਹੋ ਜਾ ?

ਉਹ ਗੱਲ

ਸ਼ਬਦਾਂ ਦੀ ਕਸਕ ’ਤੇ ਕਈ ਸਵਾਲ ਉੱਠਦੇ ਨੇ ਹਰ ਵਾਰ ਨਿਰ ਉੱਤਰ ਰਹਿ ਜਾਂਦੀ ਹਾਂ ਉੱਤਰ ਘੜਦੀ ਹਾਂ ਕੋਈ ਵੀ ਦਲੀਲ ਵਾਜਬ ਨਹੀਂ ਲਗਦੀ ਦਿਲ ਦੀ ਜ਼ਮੀਨ ’ਤੇ ਰਿਸ਼ਤਿਆਂ ਦੀਆਂ ਕੀਚਰਾਂ, ਪੁਰਜ਼ਾ ਪੁਰਜ਼ਾ ਹੋਈਆਂ ਰੀਝਾਂ ’ਕੱਠਿਆਂ ਕਰਦਿਆਂ ਵਿੱਚੇ ਹੀ ਕਿਤੇ ਰਹਿ ਜਾਂਦੀ ਹੈ ਉਹ ਗੱਲ.....

ਆਪੋ ਆਪਣੀ ਚੁੱਪ

ਤੇਰੇ ਖ਼ਤਾਂ ਤੇ ਮੇਰੇ ਖ਼ਿਆਲ ’ਚ ਇਹੋ ਇਕਸਾਰਤਾ ਰਹੀ ਤੂੰ ਉਹੋ ਲਿਖਿਆ ਜੋ ਮੈਂ ਸੋਚਿਆ ਦੁੱਖ ਹੈ ਮੈਂ ਖ਼ਤਾਂ ਦੇ ਜਵਾਬ ਨਾ ਦਿੱਤੇ ਤੇ ਤੂੰ ਕਦੇ ਮੇਰੀ ਚੁੱਪ ’ਤੇ ਸਵਾਲ ਨਾ ਕੀਤੇ ਉਂਝ ਮੁਹੱਬਤ ਬਾਬਤ ਅਸੀਂ ਸਭ ਜਾਣਦੇ ਸਾਂ.....

ਦੁਖਦਾਈ

ਅਚਾਨਕ ਮੇਰੇ ਹੀ ਹੱਥੋਂ ਮੇਰਾ ਪਸੰਦੀਦਾ ਕੱਪ ਟੁੱਟ ਗਿਆ ਕੀਚਰ ਕੀਚਰ ਬਿਖ਼ਰ ਗਿਆ ਕੀਚਰ ਕੀਚਰ ਹੀ ਚੁਗਦੀ ਰਹੀ ਇਹ ਕੀ! ਇੰਝ ਕਿਉਂ ਜਾਪਿਆ ਜਿਵੇਂ ਮੈਂ ਕਿਸੇ ਘਟਨਾ ਨੂੰ ਦੋਹਰੀ ਵਾਰ ਘਟਦਿਆਂ ਮਹਿਸੂਸ ਰਹੀ ਸੀ ਇੱਕ ਛਿਲਤਰ ਜਹੀ ਸੀਨੇ ਵਿੱਚ ਚੁੱਭੀ ਟੁੱਟਿਆ ਹੋਇਆ ਕੱਪ ਸਬੂਤਾ ਅੱਖਾਂ ਅੱਗੇ ਆ ਗਿਆ ਚੁਭਨ ਹੋਰ ਤਿੱਖੀ ਹੋ ਗਈ ਟੁੱਟੀਆਂ ਮੁੱਕੀਆਂ ਚੀਜ਼ਾਂ ਦਾ ਇਉਂ ਖ਼ਿਆਲਾਂ ’ਚ ਸੁਰਜੀਤ ਹੋਣਾ ਦੁਖਦਾਈ ਤਾਂ ਹੈ ਨਾ!

ਨੀਝ

ਜਦੋਂ ਕਦੇ ਸਿਰ ’ਤੇ ਲਿਆ ਦੁਪੱਟਾ ਕੰਨਾ ਪਿੱਛੇ ਕਰਦੀ ਹਾਂ ਤਾਂ ਅਚਾਨਕ ਤੇਰਾ ਚਿਹਰਾ ਸਾਹਵੇਂ ਆ ਜਾਂਦੈ ਤੂੰ ਅਕਸਰ ਟੋਕਿਆ ‘‘ਨਹੀਂ ਇਉਂ ਨਹੀਂ, ਪਹਿਲਾਂ ਠੀਕ ਸੀ’’ ਭਾਵੇਂ ਇਹ ਨਿੱਕੀ ਜਹੀ ਗੱਲ ਐ ਪਰ ਏਨੀ ਨਿੱਕੀ ਵੀ ਨਹੀੰ ਇਹ ਨੀਝ ਹਰ ਕਿਸੇ ਕੋਲ਼ ਨਹੀਂ ਹੁੰਦੀ ਜਿਵੇਂ ਮੇਰੇ ਕੋਲ਼ ਹੁਣ ਤੂੰ ਨਹੀਂ

ਕਵਿਤਾ ਦਿਵਸ

ਜੇ ਤੁਸੀਂ ਪੈਲਾਂ ਪਾਉਂਦੇ ਮੋਰ ਨੂੰ ਦੇਖ ਮੁਸਕੁਰਾਉਂਦੇ ਹੋ ਜੇ ਤੁਸੀਂ ਠੁਮਕ ਠੁਮਕ ਪੱਬ ਚੱਕਦੀ ਚਿੜੀ ਦੇ ਹੁਸਨ ਨੂੰ ਮਾਣਦੇ ਹੋ ਜੇ ਤੁਸੀਂ ਚੜ੍ਹਦੇ ਲਹਿੰਦੇ ਸੂਰਜ ’ਚ ਫ਼ਰਕ ਕਰਨਾ ਜਾਣਦੇ ਹੋ ਜੇ ਤੁਸੀਂ ਕੁਦਰਤ ਦੇ ਕਣ-ਕਣ ਤੋਂ ਵਾਕਫ਼ ਹੋ ਜੇ ਤੁਸੀਂ ਕਿਸੇ ਆਪਣੇ ਵੱਲੋਂ ਹੋਈ ਵਧੀਕੀ ਨੂੰ ਮੁਆਫ਼ ਕਰ, ਅੱਗੇ ਵਧ ਜਾਂਦੇ ਹੋ ਜੇ ਤੁਹਾਡਾ ਦਿਲ ਤੁਹਾਡੇ ਜ਼ਿਹਨ ਦਾ ਸਾਥੀ ਹੈ ਤਾਂ ਯਕੀਨਨ ਤੁਹਾਡੇ ਅੰਦਰ ਕਵਿਤਾ ਜਿਉਂਦੀ ਹੈ

ਮਾਂ

ਮਾਂ ਬੀਮਾਰ ਹੈ ਥੋੜ੍ਹਾ ਕਹਿੰਦੀ, ਬਹੁਤਾ ਸੋਚਦੀ ਕਦੇ ਕਦੇ ਸਬਰ ਵਾਲ਼ੇ ਕੰਨਾਂ ਨੂੰ ਦਿਲ ਦੀ ਗੱਲ ਆਖ਼ਦੀ ਸਾਥੋਂ ਵਕਤ ਮੰਗਦੀ ਵਕਤ ਸਾਨੂੰ ਸਾਥੋਂ ਮੰਗਦਾ ਆਪਣੇ ਲਈ ਕਿੰਨਾ ਜ਼ਰੂਰੀ ਹੈ ਆਪਣੇ ਵਕਤ ਨੂੰ ਬੰਨ੍ਹ ਲੈਣਾ ਮਾਂ ਨੂੰ ਆਪਣੇ ਬੱਚੇ ਵਾਂਗ ਨਿਹਾਰਨਾ, ਪੁਚਕਾਰਨਾ, ਸਾਂਭਣਾ ਕੁਝ ਚਿਰ ਲਈ ਮਾਂ ਦੀ ਮਾਂ ਬਣ ਜਾਣਾ

ਲਰਜ਼ਦਾ ਖ਼ਿਆਲ

ਤੇਰੀ ਖ਼ਵਾਹਿਸ਼ ਵਾਲ਼ਾ ਉਹ ਲਮਹਾ ਕਿਸੇ ਚਿਰੋਕਣੇ ਸਾਂਭੇ ਪਏ ਖ਼ਤ ਵਾਂਗ ਖੋਲ੍ਹਿਆ ਬਹੁਤ ਸਾਰੀਆਂ ਤੈਹਾਂ ’ਚ ਲਿਪਟਿਆ ਅੱਖ਼ਰ ਅੱਖ਼ਰ ਉਸਦਾ ਮੈਂ ਬੋਚ ਬੋਚ ਪੜ੍ਹਦੀ ਰਹੀ ਦੇਰ ਤੱਕ ਉਸ ਵਿਚਲਾ ਜ਼ਿਕਰ ਹੁਣ ਵੀ ਮੇਰੇ ਕੋਲ਼ ਲਰਜ਼ ਰਿਹੈ ਖ਼ਵਾਹਿਸ਼ ਵਾਲ਼ੇ ਉਸ ਲਮਹੇ ਦਾ ਮੈਂ ਹੁਣ ਕੀ ਕਰਾਂ?

ਇਤਫ਼ਾਕ

ਤੇਰਾ ਮੈਨੂੰ ਲੱਭਣਾ ਇਤਫ਼ਾਕ ਸੀ ਮੇਰੀ ਮੁਹੱਬਤ ਇਤਫ਼ਾਕ ਨਹੀਂ ਸੀ ਤੇਰਾ ਮੈਨੂੰ ਭੁੱਲਣਾ ਇਤਫ਼ਾਕ ਸੀ ਮੇਰੀ ਮੁਹੱਬਤ ਇਤਫ਼ਾਕ ਨਹੀਂ ਸੀ ਤੇਰਾ ਇਤਫ਼ਾਕ ਤੈਨੂੰ ਮੁਬਾਰਕ ਮੈਂ ਮੁਹੱਬਤ ਹੋ ਗਈ ਹਾਂ..

?

ਮੁਹੱਬਤ ਕਰਦੀ ਹਾਂ ਮੈਂ ਹਰ ਉਸਨੂੰ, ਜਿੱਥੇ ਮੁਹੱਬਤ ਜਿਉਂਦੀ ਹੈ ਕਵਿਤਾ ਪੜ੍ਹਦੀ ਹਾਂ ਉਹ ਕਵਿਤਾ, ਜਿੱਥੇ ਜ਼ਿੰਦਗੀ ਧੜਕਦੀ ਹੈ ਕਹਾਣੀ ਪੜ੍ਹਦੀ ਹਾਂ ਜਿੱਥੇ ਕਵਿਤਾ ਜਿਹਾ ਸਕੂਨ ਹੈ ਲੋਕਾਂ ਦਾ ਸੰਗ ਮਾਣਦੀ ਹਾਂ ਜੋ ਜਿਉਣਾ ਜਾਣਦੇ ਨੇ ਤੁਹਾਨੂੰ ਖੁੱਲ੍ਹ ਹੈ ਜੇ ਤੁਸੀਂ ਮੇਰੇ ਵਿੱਚੋਂ ਕੁਝ ਵੀ ਸਾਰਥਕ ਨਹੀਂ ਲੱਭ ਸਕਦੇ ਮੈਨੂੰ ਨਕਾਰੋ, ਰੱਦ ਕਰੋ ਆਪਣੀ ਜ਼ਿੰਦਗੀ ’ਚ ਸੋਹਣੇ ਸੋਹਣੇ ਰੰਗ ਭਰੋ

ਰਹੱਸ

ਕੱਚੀ ਕੰਧੋਲ਼ੀ ’ਤੇ ਮੋਰ, ਘੁੱਗੀਆਂ ਬਣਾਉਂਦੀ ਉਹ ਨਹੀਂ ਜਾਣਦੀ ਕਵਿਤਾਵਾਂ ਕਾਗਜ਼ਾਂ ’ਤੇ ਕਿਵੇਂ ਉਕੇਰੀਦੀਆਂ ਨਹੀਂ ਜਾਣਦਾ ਮੈਂ ਕਵਿਤਾ ਕਦੋਂ ਲਿਖ ਦਿੰਦਾ ਹਾਂ ਪਰ ਕਹਾਣੀ ਜਾਣਦੀ ਹੈ ਉਸਨੇ ਕਦੋਂ ਤੇ ਕਿਵੇਂ ਮੁਕੰਮਲ ਹੋਣਾ ਹੈ

ਕੀ ਖ਼ਿਆਲ

ਤੇਰੀ ਚੁੱਪ ਮੇਰੇ ਬੋਲਾਂ ’ਚ ਸ਼ਾਮਿਲ ਰਹੀ ਮੇਰੀ ਮੁਹੱਬਤ ਨੇ ਤੇਰੇ ਅੰਦਰ ਘਰ ਕਰ ਲਿਆ ਰਿਹਾਇਸ਼ ਬਦਲਣ ਵਾਲ਼ੇ ਸਮਾਨ ਛੱਡ ਨਹੀਂ ਜਾਇਆ ਕਰਦੇ

ਮੇਰੀ ਵਫ਼ਾ

ਇਸ ਵਕਤ ਦਾ ਉਸ ਵਕਤ ਨਾਲ਼ ਤਾੱਅਲੁਕ ਬਰਕਰਾਰ ਹੈ ਤੇਰੇ ਲਈ ਰਾਖਵੀਂ ਸਾਰੀ ਦੀ ਸਾਰੀ ਵਫ਼ਾ ਅਜਾਈਂ ਕਿਵੇਂ ਜਾਣ ਦਿਆਂ? ਮਸਲਾ ਹੈ ਮੁਹੱਬਤ ਨੂੰ ਤਾਂ ਖ਼ੈਰ! ਮਨਾ ਹੀ ਲਵਾਂਗੀ..

ਤਰੀਕ/ਤਵਾਰੀਖ਼

ਤੇਰੇ ਮੇਰੇ ਜਨਮ ਦੀਆਂ ਤਰੀਕਾਂ ਬਹਤੁ ਅਜ਼ੀਜ਼ ਸਨ ਮੈਨੂੰ ਤੇਰੀ ਤਰੀਕ ਵਿਚ ਮੇਰੀ ਤਰੀਕ ਸ਼ਾਮਿਲ ਸੀ ਆਪਣੇ ਹੋਣ ਦਾ ਅਰਥ ਸਮਝਣ ਲੱਗੇ ਸਾਂ ਅਸੀਂ ਪਰ ਤਰੀਕ ਤੇ ਤਵਾਰੀਖ਼ ਦਾ ਆਪੋ ਆਪਣਾ ਤਰਕ ਹੁੰਦੈ ਤੇ ਹੁਣ ਅਸੀਂ ਇਕ ਦੂਜੇ ਦੀ ਤਾਂ ਕੀ ਆਪੋ ਆਪਣੀ ਤਰੀਕ ਵੀ ਭੁੱਲ ਜਾਣੀ ਚਾਹੁੰਦੇ ਹਾਂ

ਫ਼ਰਕ

ਬੱਸ ਸੜਕ ’ਤੇ ਸਰਪੱਟ ਦੌੜਦੀ ਜਾ ਰਹੀ ਏ ਤੇ ਨਾਲ਼ ਨਾਲ਼ ਦੌੜ ਰਹੇ ਨੇ ਸੜਕ ਦੇ ਕਿਨਾਰੇ ਲੱਗੇ ਹਲਕੇ ਗੁਲਾਬੀ ਤੇ ਸਫ਼ੇਦ ਫੁੱਲ ਹਵਾ ਤੇਜ ਚੱਲ ਰਹੀ ਲੱਗਦੀ ਏ ਕੁਝ ਫੁੱਲ ਹਵਾ ਨਾਲ਼ ਝੂਮ ਰਹੇ ਨੇ ਉਹ ਜੋ ਅਡੋਲ ਖੜ੍ਹੇ ਨੇ,ਚੁੱਪਚਾਪ ਕੀ ਉਹਨਾਂ ’ਤੇ ਹਵਾ ਆਪਣਾ ਅਸਰ ਨਹੀਂ ਪਾ ਰਹੀ ਮੈਂ ਉਹਨਾਂ ਦੇ ਨਾਲ਼ ਹੀ ਕਿਤੇ ਖ਼ਲੋ ਜਾਂਦੀ ਹਾਂ ਬਾ-ਅਸਰ ਅਤੇ ਬੇ-ਅਸਰ ਵਿਚਲਾ ਫ਼ਰਕ ਲੱਭਣ ਲਗਦੀ ਹਾਂ..

ਸ਼ਿਕਨ

ਅੱਜ ਵੀ ਤਾਂ ਅਸੀਂ ਇਕੱਠੇ ਹੀ ਤੁਰ ਰਹੇ ਹਾਂ ਆਪੋ ਆਪਣੇ ਰਾਹੀਂ, ਆਪੋ ਆਪਣੀ ਸੋਚ ਨਾਲ਼ ਫਿਰ ਵਕਤ ਹੱਸਦਾ ਕਿਉਂ ਹੈ ਸ਼ਾਇਦ ਵਕਤ ਉਹ ਨਹੀਂ ਦੇਖ ਰਿਹਾ ਜੋ ਮੈਂ ਦੇਖ ਲਿਆ ਹੈ ਹੌਲ਼ੀ ਹੌਲ਼ੀ ਬਦਲਦੀਆਂ ਹੱਥਾਂ ਦੀਆਂ ਲਕੀਰਾਂ ਨੂੰ ਤੇ ਉਹਦੇ ਮੱਥੇ ’ਤੇ ਕਦੇ ਬਣਦੀ ਤੇ ਮਿਟਦੀ ਸ਼ਿਕਨ ਨੂੰ

ਖੇੜਾ

ਮੁੱਦਤ ਬਾਅਦ ਮਿਲ਼ੇ ਤਾਂ ਤੇਰੇ ਮੂੰਹੋਂ ਆਪਣਾ ਨਿੱਕਾ ਨਾਂ ਸੁਣ ਰੂਹ ਤੱਕ ਰੱਜ ਗਈ ਸ਼ੁਕਰ! ਤੈਨੂੰ ਸਭ ਕੁਝ ਯਾਦ ਰਿਹਾ ਸਿਵਾਏ ਇਸ ਗੱਲ ਦੇ ਕਿ ਅਸੀਂ ਪਿਆਰ ਕਰਦੇ ਸਾਂ..

ਸ਼ੌਕ ਬਨਾਮ ਚਾਹਤ

ਤੇਰੇ ਉਹ ਨਿੱਕੇ ਨਿੱਕੇ ਸ਼ੌਕ ਅੱਜ ਵੀ ਯਾਦ ਨੇ ਮੈਨੂੰ ਇੱਕ ਸੋਹਣਾ ਜਿਹਾ ਹੈਂਡ ਬੈਗ ਇੱਕ ਨਿੱਕਾ ਜਿਹਾ ਵਾੱਕਮੈਨ ਤੇ ਵੰਨ ਸੁਵੰਨੇ ਫੁੱਟਵੀਅਰ ਪਰ ਮੇਰੀ ਖ਼ਵਾਹਿਸ਼ ਵੱਡੀ ਮੈਂ ਤੈਨੂੰ ਚਾਹਿਆ ...

ਨਕਸ਼-ਏ-ਕਦਮ

ਤੇਰੇ ਨਕਸ਼-ਏ-ਕਦਮਾਂ ’ਤੇ ਤੁਰਦਿਆਂ ਨਕਸ਼ ਸਾਂਭ ਲਏ ਤੇ ਕਦਮ ਪਿਛਾਂਹ ਮੋੜ ਲਏ ਹੁਣ ਉਹ ਪਗਡੰਡੀ ਮੈਨੂੰ ਅਕਸਰ ਘੂਰਦੀ ਹੈ ਤੇ ਮੈਂ ਅੱਖਾਂ ਬੰਦ ਕਰ ਆਪਣੇ ਆਪ ਕੋਲ਼ ਪਰਤ ਆਉਂਦੀ ਹਾਂ

ਆਸਿਫ਼ਾ ਲਈ

ਹਰ ਰੋਜ਼ ਦੀ ਤਰ੍ਹਾਂ ਗੁਰਦਵਾਰੇ ਕੀਰਤਨ ਹੋ ਰਿਹੈ ਮੰਦਰੀ ਟੱਲ ਖੜਕ ਰਹੇ ਨੇ ਸਾਰੇ ਥਾਂ ਧਰਮ ਕਰਮ ਚੱਲ ਰਿਹੈ ਪਰ ਰੱਬ ਚੁੱਪ ਹੈ ਸੁੰਨ ਹੋ ਗਿਐ ਕਿਸੇ ਮਾਸੂਮ ਦੀ ਚੀਖ਼ ਸੁਣਕੇ ਅਸਤੀਫ਼ਾ ਦੇ ਗਿਐ ਆਪਣੀ ਰੱਬਤਾ ਤੋਂ

ਇਸ ਵਾਰ ਵੀ

ਫ਼ੁੱਲਾਂ ਦੀ ਰੁੱਤੇ ਉੱਥੇ ਫੁੱਲ ਤਾਂ ਜ਼ਰੂਰ ਖਿੜੇ ਹੋਣਗੇ ਇਸ ਵਾਰ ਵੀ ਤੇ ਇਸ ਵਾਰ ਵੀ ਕੋਈ ਵਾਅਦਾ ਗਵਾਹ ਬਣਿਆ ਹੋਵੇਗਾ ਉਸ ਰੁੱਤ ਦਾ ਵਾਅਦੇ ਇੰਝ ਹੀ ਤਾਂ ਹੁੰਦੇ ਨੇ ਫੁੱਲਾਂ ਦੀ ਰੁੱਤੇ ਮਹਿਕਾਂ ਦੀ ਹੋਂਦ ਅੰਦਰ ਹਾਂ ਮੈਂ ਤਾਂ ਭੁੱਲ ਹੀ ਜਾਂਦੀ ਹਾਂ ਹਰ ਵਾਰ ਕਿ ਤੈਨੂੰ ਯਾਦ ਕਰਾਉਣਾ ਏ ਵਾਅਦੇ ਦੀ ਇੱਕ ਉਮਰ ਹੁੰਦੀ ਹੈ ਤੇ ਇੱਕ ਉਮਰ ਤੋਂ ਬਾਅਦ ਇਹਨੂੰ ਆਪਣਾ ਕੁਝ ਵੀ ਯਾਦ ਨਹੀਂ ਰਹਿੰਦਾ ਪਰ ਫੁੱਲ ਤਾਂ ਇਸ ਵਾਰ ਵੀ ਖਿੜੇ ਹੀ ਹੋਣਗੇ

ਆਤਮ ਮੰਥਨ

ਬੇਹੱਦ ਵਿਆਕੁਲ ਹੋ ਘਰੋਂ ਤੁਰਦੀ ਹਾਂ ਕਿਸੇ ਸਾਫ਼ ਸਵੱਛ ਕਵਿਤਾ ਦੀ ਭਾਲ਼ ’ਚ ਜਾਣਦੀ ਹਾਂ ਇਹ ਕਵਿਤਾ ਕਿਤਾਬਾਂ ਵਿੱਚੋਂ ਨਹੀਂ ਇੱਥੋਂ ਹੀ ਕਿਧਰੋਂ ਮਿਲ਼ੇਗੀ ਵਿਆਕੁਲਤਾ ਵਧਣ ਲੱਗਦੀ ਹੈ ਕਵਿਤਾ ਕਿਧਰੇ ਨਹੀਂ ਮਿਲ਼ਦੀ ਬੋਝਲ ਆਪਾ ਆਪਣੇ ਹੀ ਘਰ ਦੀ ਸਰਦਲ ਟੱਪਣ ਤੋਂ ਇਨਕਾਰੀ ਹੈ ਰਿਸ਼ਤਿਆਂ ਦੇ ਸਮੀਕਰਨ ਸਮਝਦਿਆਂ ਦੇਰ ਨਹੀਂ ਲਗਦੀ ਘਰ ਕਿੱਥੇ ਰਹਿ ਗਿਆ ਕਵਿਤਾ ਦਾ? ਸਵਾਲ ਹਾਜ਼ਰ ਹੈ ਸਾਫ਼ ਸਵੱਛ ਕਵਿਤਾ ਤਾਂ ਸ਼ਾਇਦ ਇਸਦੇ ਉੱਤਰ ਵਿੱਚ ਹੀ ਦੁਬਕੀ ਬੈਠੀ ਹੈ

ਕਵਿਤਾ ਦਾ ਦਰ

ਕਦੇ ਕਵਿਤਾ ਲੱਭਣ ਜਾਓ ਤਾਂ ਅੱਖਰਾਂ ਵਿੱਚੋਂ ਨਾ ਲੱਭਣਾ ਉੱਥੇ ਕਵਿਤਾ ਕਦੇ ਨਹੀਂ ਮਿਲ਼ੇਗੀ ਹੋ ਸਕੇ ਤਾਂ ਕਿਸੇ ਦੀ ਸਿਸਕੀ ਸੁਣ ਲੈਣਾ ਜਾਂ ਮੁਸਕੁਰਾਉਣ ਲਾ ਦੇਣਾ ਕਿਸੇ ਡੂੰਘੀ ਉਦਾਸੀ ਨੂੰ ਭਰ ਲੈਣਾ ਕਲ਼ਾਵੇ ਮੋਹ ਨੂੰ ਤਰਸਦੇ ਕਿਸੇ ਨਿੱਕੜੇ ਲਾਚਾਰ ਬਾਲ ਨੂੰ ਪੈਰੀਂ ਜਾ ਬਹਿਣਾ ਕਿਸੇ ਬੇਵੱਸ ਬਜ਼ੁਰਗ ਦੇ ਪੋਲੇ ਜਹੇ ਹੱਥ ਧਰ ਦੇਣਾ ਸਿਰ ’ਤੇ ਕਿਸੇ ਪਿਓ ਵਾਰ੍ਹੀ ਧੀ ਧਿਆਣੀ ਦੇ ਕਵਿਤਾ ਇੱਥੇ ਹੀ ਮਿਲ਼ੇਗੀ ਜਿਉਂਦੀ ਜਾਗਦੀ ਜਾਂ ਤੜਫ਼ ਤੜਫ਼ ਕੇ ਮਰਦੀ ਹੋਈ

ਏਨੀ ਕੁ ਗੱਲ

ਕਾਇਨਾਤ ਮੈਨੂੰ ਮੁਖ਼ਾਤਿਬ ਹੈ ਧਰਤ ਅਕਾਸ਼ ਜਲ ਹਵਾ ਅਗਨੀ ਵਿੱਚੇ ਕਿਤੇ ਤੇਰੀ ਹੋਂਦ ਵੀ..

ਸਿੱਖੀ ਮਹਾਨ

ਜਿਉਂ ਜਿਉਂ ਉੱਤਰਦੀ ਜਾਂਦੀ ਠੰਢ ਤਿਉਂ ਤਿਉਂ ਜਾਗਦਾ ਠੰਢੇ ਬੁਰਜ ਦੀ ਉਸ ਰਾਤ ਦਾ ਅਹਿਸਾਸ ਨਿੱਕੀਆਂ ਜਿੰਦਾਂ, ਵੱਡਾ ਜੇਰਾ ਮੇਰੀ ਨੀਂਦ ਦੁਆਲ਼ੇ ਘੇਰਾ ਪਾਉਂਦਾ ਬੇਚੈਨ ਕਰਦਾ ਦਾਦੀ ਦਾ ਦੁੱਖ ਸਮਝ ਆਉਂਦਾ ਧਰਮ ਦੇ ਅਰਥ ਹੋਰ ਗੂੜ੍ਹੇ ਹੁੰਦੇ

ਹਰ ਥਾਂ ਨਾਨਕ

ਤੇਰੇ ਘਰ ਤੱਕ ਜਾਣ ਲਈ ਲਾਂਘਾ ਖੋਲ੍ਹ ਦਿੱਤਾ ਗਿਆ ਹੈ ਬਾਬਾ ਨਾਨਕ ਖ਼ਬਰ ਆਈ ਹੈ ਤੂੰ ਆਪਣੇ ਘਰ ਦਾ ਬੂਹਾ ਉਲ਼ੰਘ ਕੇ ਸਦੀਆਂ ਪਹਿਲਾਂ ਹੀ ਲੰਘ ਗਿਆ ਸੈਂ ਚੌਂਹੀ ਦਿਸ਼ਾਈ ਤੂੰ ਹੁਣ ਮੈਨੂੰ ਉੱਥੇ ਕਿੱਥੇ ਮਿਲ਼ੇਂਗਾ....!

ਪਨਾਹ

ਸੋਚ ਆਖਦੀ ਹੈ ਕਿ ਹੁਣ ਤੈਨੂੰ ਭੁੱਲ ਜਾਣਾ ਹੀ ਬਿਹਤਰ ਹੈ ਇਸੇ ਲਈ ਰੁੱਝ ਗਿਆ ਆਪਾ ਹੋਰਨਾਂ ਕੰਮਾਂ ਕਾਰਾਂ ਵਿੱਚ ਖਿੜਕੀ ਦਾ ਉਹ ਪਰਦਾ ਪਰ੍ਹੇ ਕੀਤਾ ਜੋ ਅਸਾਂ ਇਕੱਠਿਆਂ ਖ਼ਰੀਦਿਆ ਸੀ ਚਾਹਿਆ ਹੈ ਕਿ ਥੋੜ੍ਹੀ ਧੁੱਪ ਅੰਦਰ ਆਵੇ ਪਰ ਲੰਘ ਆਉਂਦੈ ਇੱਕ ਹਉਕਾ ਚੁੱਪ ਚੁਪੀਤੇ ਪੁਰਾਣੇ ਰਸਾਲੇ ਠੀਕ ਕਰਦਿਆਂ ਤੇਰਾ ਖ਼ਤ ਡਿੱਗ ਪੈਂਦਾ ਪੈਰਾਂ ਕੋਲ਼ ਅੰਦਰੋਂ ਬਾਹਰ ਵਿਹੜੇ ਵੱਲ ਪਰਤਦਿਆਂ ਜਾਪਦਾ ਹੈ ਜਿਵੇਂ ਤੇਰੇ ਹੱਥੀਂ ਲੱਗਿਆ ਪਾਮ ਮੇਰੇ ’ਤੇ ਹੱਸਦਾ ਹੈ ਅੰਦਰ ਬਾਹਰ ਸੱਭੋ ਕੁਝ ਮੇਰੀ ਖਿੱਲੀ ਉਡਾਉਂਦਾ ਮੇਰੇ ’ਤੇ ਹੱਸਦਾ ਹੋਇਆ ਆਖਦਾ ਹੈ ਇੱਕ ਜਗ੍ਹਾ ਹੈ ਜਿੱਥੇ ਭੁੱਲਿਆ ਜਾ ਸਕਦਾ ਏ ਸਭ ਕੁਝ ਜਾਹ! ‘ਉਸੇ’ ਦੀ ਪਨਾਹ ਵਿੱਚ ਬੈਠ ਜਾ

ਕਵਿਤਾ ਦੀ ਮੌਤ

ਜਿੱਥੇ ਹਵਾ ਸੰਗ ਗਾ ਲੈਣਾ ਜ਼ੁਰਮ ਹੈ ਜਿੱਥੇ ਚਾਂਦਨੀ ਰਾਤ ਨੂੰ ਨਿਹਾਰਨਾ ਕਿੰਤੂ ਪ੍ਰੰਤੂ ਦਾ ਸਬੱਬ ਹੈ ਜਿੱਥੇ ਹਰ ਡੂੰਘੇ ਹਉਕੇ ਦੀ ਜਵਾਬ ਤਲਬੀ ਹੁੰਦੀ ਹੈ ਜਿੱਥੇ ਉੱਚੀ ਹੱਸਣਾ/ਬੋਲਣਾ ਕਿਰਦਾਰ ਤੈਅ ਕਰਦਾ ਹੈ ਜਿੱਥੇ ਦਿਲ ਨੂੰ ਪੱਥਰ ਹੋਣਾ ਪੈਂਦਾ ਹੈ ਜਿੱਥੇ ਮੁਹੱਬਤ ਵਰਜਿਤ ਹੈ ਉੱਥੇ ਅਕਸਰ ਕਵਿਤਾ ਮਰ ਜਾਂਦੀ ਹੈ

ਸਜਦਾ

ਸਜਦਾ ਤੇਰੇ ਈਮਾਨ ਨੂੰ ਸਜਦਾ ਤੇਰੇ ਜਹਾਨ ਨੂੰ ਸਜਦਾ ਤੇਰੀ ਸੋਚ ਨੂੰ ਸਜਦਾ ਤੇਰੇ ਕਲਾਮ ਨੂੰ ਸਜਦਾ ਤੇਰੇ ਇਸ਼ਕ ਨੂੰ ਤੇਰੀ ਬਾਣੀ ਤੇਰੇ ਸਿਦਕ ਨੂੰ ਸਜਦਾ ਤੇਰੀ ਜ਼ਾਤ ਨੂੰ ਤੇਰੀ ਅਣਖ਼ ਤੇ ਇਖ਼ਲਾਕ ਨੂੰ ਸਭ ਸਜਦਿਆਂ ਦੇ ਅਸਰ ਤੋਂ ਅਣਜਾਣ ਤੂੰ ਇਸ ਫ਼ਖ਼ਰ ਤੋਂ ਤੇਰੀ ਇਹੀ ਤਾਂ ਪਹਿਚਾਣ ਹੈ ਤੇਰੇ ਭਾਣੇ ਮੇਰੀ ਜਾਨ ਹੈ....

ਇਉਂ ਹੈ

ਜੇ ਕਹਾਂ ਤੇਰੀ ਉਡੀਕ ਹੈ ਇਉਂ ਵੀ ਨਹੀਂ ਜੇ ਕਹਾਂ ਤੇਰੀ ਯਾਦ ਹੈ ਇਉਂ ਵੀ ਨਹੀਂ ਜੇ ਕਹਾਂ ਜੀਅ ਉਦਾਸ ਹੈ ਇਉਂ ਵੀ ਨਹੀਂ ਜੇ ਕਹਾਂ ਮੁਹੱਬਤ ਮੁੱਕ ਗਈ ਇਉਂ ਵੀ ਨਹੀਂ ਕੁਝ ਹੈ ਜੋ ਅਣਕਿਹਾ ਹੀ ਰਹਿ ਗਿਆ ਇਉਂ ਹੈ ਤੇ ਹਮੇਸ਼ਾ ਰਹੇਗਾ

ਹੈਰਾਨ ਨਹੀਂ ਹਾਂ

ਮੈਂ ਹੈਰਾਨ ਨਹੀਂ ਹਾਂ ਝੂਠ ਤੋਂ ਫ਼ਰੇਬ ਤੋਂ ਸ਼ੋਹਰਤ ਦੇ ਸ਼ਾਰਟ ਕੱਟ ਤੋਂ ਝੂਠੇ ਇਸ਼ਕ ਤੋਂ ਬਦਲਦੀ ਮੁਹੱਬਤ ਤੋਂ ਕੰਮ ਚਲਾਉ ਰਿਸ਼ਤਿਆਂ ਤੋਂ ਫ਼ੋਕੀ ਸ਼ੌਹਰਤ ਤੋਂ ਇਹ ਕੋਈ ਨਿਵੇਕਲੀ ਗੱਲ ਨਹੀਂ ਬੱਸ ਮੁਸਕੁਰਾਉਂਦੀ ਹਾਂ ਉਸ ਇਕਲੌਤੇ ਰਾਹ ਵੱਲ ਦੇਖ ਜਿੱਥੇ ਕੋਈ ਹੋਰ ਰਾਹਗੀਰ ਨਹੀਂ ਕੁਝ ਕਦਮ ਚਿੰਨ੍ਹ ਹਨ ਜੋ ਬਣੇ ਮੇਰੇ ਵੱਲ ਆਉਣ ਲੱਗਿਆਂ ਮੇਰੇ ਕੋਲ਼ੋਂ ਜਾਣ ਲੱਗਿਆਂ

ਵਿਰਸਾ

ਹੱਥੀਂ ਕੱਢਿਆ ਬਾਗ ਉਦਾਸ ਹੈ ਇਹਨੀਂ ਦਿਨੀਂ ਇਹਦੀ ਥਾਂ ਮਸ਼ੀਨੀ ਬਾਗ ਜੋ ਆ ਗਿਐ ਨਾਨੀ ਦੀ ਨਿਸ਼ਾਨੀ ਮੇਰੀ ਮਾਂ ਦੀ ਪੇਟੀ ’ਚੋਂ ਨਿੱਕਲ਼ ਮੇਰੇ ਘਰ ਤੱਕ, ਮੇਰੇ ਨਾਲ਼ ਆ ਗਿਆ ਉਹਨੂੰ ਬਾਹਰ ਕੱਢ ਕੇ ਆਖਦੀ ਹਾਂ ‘ਉਦਾਸ ਨਹੀਂ ਹੋਈਦਾ’ ਇਹ ਜੋ ਖ਼ਰੀਦ ਲਿਆਈ ਹਾਂ ਵਰਤਾਂਗੀ, ਹੰਢਾਵਾਂਗੀ ਤੇ ਭੁੱਲ ਜਾਵਾਂਗੀ ਪਰ ਤੈਨੂੰ, ਸੁੱਚੇ ਮੋਤੀ ਨੂੰ ਆਪਣੇ ਹੋਣ ਤੱਕ ਨਿਭਾਵਾਂਗੀ ਪਤਾ ਨਹੀਂ ਕਿੰਨੇ ਕੁ ਸ਼ਗਨ ਮਨਾਵਾਂਗੀ

ਦੱਸਿਆ ਸੀ

ਸ਼ੁਕਰ ਹੈ ਹੁਣ ਮੈਂ ਉਹ ਨਹੀਂ ਤੂੰ ਭਾਵੇਂ ਸਾਗਰ ਦੇਖ ਜਾਂ ਸਹਿਰਾਅ ਅੰਬਰ, ਚੰਨ, ਤਾਰੇ ਕੁਝ ਵੀ ਦੇਖ ਕਿਆਸ ਲਾ ਮੈਂ ਬਦਲ ਜਾਣਾ ਸੀ ਮੈਂ ਵਕਤ ਹਾਂ, ਤੈਨੂੰ ਉਦੋਂ ਵੀ ਦੱਸਿਆ ਸੀ..

ਸੁਨਹਿਰੀ ਧੁੰਦ

ਉਸ ਰੋਜ਼ ਉਸਨੇ ਹੋਰ ਕੋਈ ਗੱਲ ਨਹੀਂ ਕੀਤੀ ਚੁੱਪ-ਚਾਪ ਮੇਰੀ ਬਾਂਹ ’ਤੇ ਉੱਕਰੇ ਤਿਲ਼ ਨੂੰ ਨਜ਼ਰਾਂ ਥੀਂ ਚੁੰਮ ਲਿਆ ਤੇ ਮੈਂ ਬਰਸਾਤੀ ਚਿੱਕੜ ਨਾਲ਼ ਭਰੇ ਉਹਦੇ ਪੈਰਾਂ ਦੀਆਂ ਪੈੜਾਂ ਨੂੰ ਦੇਰ ਤੱਕ ਸਾਂਭੀ ਰੱਖਿਆ ਆਪਣੇ ਜ਼ਿਹਨ ’ਚ

ਯਾਦ ਐ?

ਘਰ ਰਸਤੇ ਥਾਵਾਂ ਤਰੀਕਾਂ ਗਿਲ੍ਹੇ ਸ਼ਿਕਵੇ ਰੋਸੇ ਮਨੌਤਾਂ ਚੁੱਪੀ ਹੰਝੂ ਹਾਸੇ ਸ਼ੌਕ ਖ਼ਵਾਹਿਸ਼ਾਂ ਤੈਨੂੰ ਵੀ ਯਾਦ ਨੇ?

ਸੰਤਾਲ਼ੀ ਦਾ ਸੰਤਾਪ

ਘਰਾਂ ਦੇ ਘਰ ਦਰਾਂ ਦੇ ਦਰ ਉੱਜੜੇ ਸੀ, ਸੱਖਣੇ ਸੀ ਕਿਹੜੀ ਫਿਰ ਸਰਦਲ ਅਸਾਂ ਘੀ ਦੇ ਦੀਵੇ ਰੱਖਣੇ ਸੀ ਯਾਦ ਪੁਰਾਣੀ ਝਾੜ ਨਾ ਹੋਈ ਤੇੜੋਂ ਮਿੱਟੀ ਦੇ ਵਾਂਗਰਾਂ ਮਿੱਟੀ ਦੀ ਖ਼ਾਤਰ ਜੋ ਹੋਏ ਫੱਟ ਕਿੱਥੇ ਭੁੱਲ ਸਕਣੇ ਸੀ ਵੰਡ ਵੀ ਹੋਏ, ਵਸ ਵੀ ਹੋਏ ਘਰ ਹੀ ਸਨ ਜੋ ਇੱਟਾਂ ਦੇ ਆਂਦਰ ਚੀਰੀ, ਲਹੂ ਤਤੀਰੀ ਇਹ ਕੁਝ ਕਿੱਸੇ, ਉਸ ਵੇਲ਼ੇ ਦੇ ਕੀਹਨੂੰ ਤੇ ਕਿੰਝ ਦੱਸਣੇ ਸੀ ਵਰ੍ਹੇ ਬੀਤ ’ਗੇ, ਸਦੀ ਬੀਤਣੀ ਵਕਤ ਨੇ ਤੁਰਨੋਂ ਨਹੀਂ ਰੁਕਣਾ ਆਪੋ ਆਪਣੇ ਪੁਰਖਿਆਂ ਦੇ ਪਰ, ਫੱਟ ਕਿਵੇਂ ਭੁੱਲ ਸਕਣੇ ਸੀ

ਬਦਲੇ ਹੋਏ ਅਰਥ

ਮੁੱਦਤ ਹੋਈ ਤੇਰੀ ਉਹ ਸਾਦਗੀ ਨਸੀਬ ਹੋਇਆਂ ਸੁਣਿਐ ਹੁਣ ਤੈਨੂੰ ਵੀ ਇਹ ਰੰਗ ਤਮਾਸ਼ੇ ਰਾਸ ਆ ਗਏ ਨੇ ਹੁਣ ਤੇਰੇ ਹਾਸੇ, ਜਲ ਤਰੰਗ ਜਹੇ ਨਹੀਂ ਸਗੋਂ ਠਹਾਕਿਆਂ ’ਚ ਬਦਲ ਗਏ ਨੇ ਤੇਰੇ ਨੈਣਾਂ ਵਿਚਲਾ ਸਹਿਮ ਕਿਸੇ ਨਸ਼ਤਰ ’ਚ ਢਲ਼ ਗਿਐ ਹੈਰਾਨ ਹਾਂ ਮੈਂ! ਕਿਸੇ ਕਵਿਤਾ ਦਾ ਇਉਂ, ਆਪਣੇ ਹੀ ਅਰਥ ਬਦਲ ਦੇਣਾ..

ਭਾਸ਼ਾ ਦਾ ਫ਼ਿਕਰ

ਸ਼ਹਿਰ ਦੇ ਚੌਰਾਹੇ ’ਚ ਵੱਡਾ ਸਾਰਾ ਕੂੜਾਦਾਨ ਪਿਆ ਹੈ ਉਸ ਉੱਤੇ ਪੰਜਾਬੀ ’ਚ ਲਿਖਿਆ ਹੈ ‘ਮੈਨੂੰ ਵਰਤੋ’ ਤੇ ਆਲ਼ੇ ਦੁਆਲ਼ੇ ਫੈਲਿਆ ਗੰਦਗੀ ਦਾ ਢੇਰ ਪੁੱਛ ਰਿਹਾ ਹੈ ਉਹ ਤੁਸੀਂ ਹੀ ਹੋ, ਜੋ ਮਾਤ ਭਾਸ਼ਾ ਦੀ ਬੇਅਦਬੀ ’ਤੇ ਦੁਖੀ ਹੁੰਦੇ ਹੋ?

ਆਪਣੇ ਤੱਕ

ਤੁਰਦੇ ਜਾ ਰਹੇ ਹਾਂ ਅਸੀਂ ਪੁੱਜ ਨਹੀਂ ਰਹੇ ਕਿਤੇ ਵੀ ਕਦੇ ਕਦੇ ਖ਼ੁਦ ਨੂੰ ਰੁਕੇ, ਖੜੋਤੇ ਜਹੇ ਨਜ਼ਰੀਂ ਪੈਂਦੇ ਹਾਂ ਅਚਾਨਕ! ਇੱਥੇ ਹੀ ਕਿਤੇ ਸਾਹ ਲੈਣ ਜੋਗੀ ਧਰਤ ਲੱਭਦੇ ਲੱਭਦੇ ਅਸੀਂ ਵਗਾਹ ਸੁੱਟਦੇ ਹਾਂ ਆਪਣੇ ਆਪ ਨੂੰ ਤੇ ਫਿਰ ਜਿਉਣਾ ਕਿੰਨਾ ਸਹਿਜ ਲੱਗਣ ਲਗਦਾ ਹੈ

ਕਵੀ ਹੋਣਾ

ਕਵੀ ਹੋਣਾ ਆਪਣੇ ਅੰਦਰ ਨਾਲ਼ ਵਾਬਸਤਾ ਹੋਣਾ ਹੈ ਬਾਹਰ ਕੀ ਹੈ ਉਸ ਨਾਲ਼ ਗੁਪਤ ਸੰਵਾਦ ਰਚਾਉਣਾ ਹੈ ਅਣਕਹੀਆਂ, ਅਣਸੁਲ਼ਝੀਆਂ ਦਾ ਲੇਖਾ ਜੋਖਾ ਕਰਨਾ ਹੈ ਕੁਦਰਤ ਨੂੰ ਅਛੋਪਲ਼ੇ ਜਹੇ ਭਾਂਪ ਲੈਣਾ ਹੈ ਘਰ, ਬਾਹਰ ਜਾਂ ਸਾਹਿਤ ਦੀ ਸਿਆਸਤ ਤੋਂ ਮੁਕਤ ਹੋਣਾ ਹੈ ਦਿਮਾਗ ਨੂੰ ਦਿਲ ਤੋਂ ਪਾਸੇ ਰੱਖਣਾ ਹੈ ਮੁਹੱਬਤ ਦਾ ਸਿਖ਼ਰ ਛੋਹ ਜਾਣਾ ਹੈ...

ਤਾਂਘ

ਇਹ ਸੱਚ ਹੈ ਚਿਰ ਹੋਇਆ ਕਿਸੇ ਕਵਿਤਾ ਨੂੰ ਮੇਰੇ ਕੋਲ਼ ਆਇਆਂ ਇਹੋ ਸੱਚ ਹੈ ਸੋਚ ਤੋਂ ਪਰ੍ਹੇ ਚਲਾ ਗਿਆ ਉਹ ਖ਼ਿਆਲ ਲੰਬੀ ਚੌੜੀ ਇਕਸਾਰ ਸੜਕ ਹੈ ਪਰ ਦਿਲ ਹੈ ਕਿਸੇ ਪਗਡੰਡੀ ਨੂੰ ਭਾਲ਼ਦਾ....

ਜ਼ਿੰਦਗੀ

ਜ਼ਿੰਦਗੀ ਤੇਰਾ ਸਵਾਲ ਤੈਨੂੰ ਮੋੜਦੀ ਹਾਂ ਉੱਤਰ ਚਾਹੀਦਾ ਹੈ ਤਾਂ ਮੋਹਲਤ ਨਾਲ਼ ਮਿਲ਼ੀਂ ਕਦੇ ਕੁਝ ਦੇਰ ਬੈਠੀਂ ਮੈਨੂੰ ਯਕੀਨ ਹੈ ਮੇਰੇ ਸਭ ਸਵਾਲਾਂ ’ਤੇ ਤੂੰ ਲਾ-ਜਵਾਬ ਹੋ ਜਾਣਾ ਮੈਂ ਤੇਰੇ ਹੀ ਕਾਇਦਿਆਂ ’ਤੇ ਚੱਲਣ ਦੀ ਹਿਮਾਕਤ ਕੀਤੀ ਸੀ

ਖ਼ੈਰ!

ਤੈਥੋਂ ਕਵਿਤਾ ਦੀ ਇੱਕ ਘੁੱਟ ਵੀ ਮਿਲ਼ ਜਾਂਦੀ ਤਾਂ ਮੇਰਾ ਕਾਸਾ ਭਰਿਆ ਰਹਿ ਸਕਦਾ ਸੀ ਤੇਰੀ ਮੁਹੱਬਤ ਦਾ ਇੱਕ ਜਾਮ ਪੀ ਲਿਆ ਹੁੰਦਾ ਕੋਈ ਗਿਲਾ ਬਾਕੀ ਨਾ ਰਹਿਣਾ ਸੀ ਖ਼ੈਰ! ਇੱਕ ਵਾਕ ਮੁਹੱਬਤ ਮੈਂ ਆਪਣੇ ਕੋਲ਼ ਰੱਖਿਆ ਹੈ ਤੇਰੀ ਪੂਰੀ ਗਾਥਾ ’ਚੋਂ ਕਿਣਕਾ ਤਾਂ ਚੱਖਿਆ ਹੈ......

ਆਰਸੀ

ਨਾ ਛੇੜ ਦਿਲ ਦੀ ਬਾਤ ਨੂੰ ਮੈਂ ਬਹੁਤ ਹੀ ਗ਼ਮਗ਼ੀਨ ਹਾਂ ਹਾਂ ਸੱਚ ਕੋਈ ਬਹੁਤ ਕੁਸੈਲੜਾ ਤੇ ਝੂਠ ਬਹੁਤ ਹਸੀਨ ਹਾਂ.. ਬਣ ਸਕੇਂ, ਤਾਂ ਬਣ ਜਾਵੀਂ ਆਰਸੀ ਇੱਕ ਸੱਚ ਦੀ ਤੈਨੂੰ ਭੇਦ ਆਪਣਾ ਦੱਸ ਦਿਆਂ ਮੈਂ ਸੱਚ ਦੇ ਹੀ ਅਧੀਨ ਹਾਂ ਆਖੇਂ ਤਾਂ ਸਿਰ ਤੋਂ ਲਾਹ ਦਿਆਂ ਇਹ ਪੰਡ ਗ਼ਮਾਂ ਦੇ ਬੋਝ ਦੀ ਜੇ ਬਣ ਰ੍ਹਵੇਂ ਰੂਹਦਾਰ ਤਾਂ ਫਿਰ ਮੈਂ ਤੇਰੀ ਤਸਕੀਨ ਹਾਂ ਧੁਰੋਂ ਹੀ ਲੇਖ ਲਿਖੰਵਦੇ ਤੇ ਮੇਟਦਾ ਵੀ ਪਾਤਸ਼ਾਹ ਅਸੀਂ ਕਿਹੜੇ ਦਰ ’ਤੇ ਭਟਕੀਏ ਅਸੀਂ ਅਜ਼ਲੋਂ ਹੀ ਮਸਕੀਨ ਹਾਂ

ਆਖ਼ਰੀ ਦਾਅਵਾ

ਬਹੁਤ ਸਮੇਂ ਤੋਂ ਕੁਝ ਕਵਿਤਾਵਾਂ ਨਾਲ਼ ਤੁਰ ਰਹੀਆਂ ਨੇ ਜੋ ਤੇਰੇ ਲਈ ਹਰਗਿਜ਼ ਨਹੀਂ ਮੇਰੇ ਲਈ ਵੀ ਨਹੀਂ ਫਿਰ ਵੀ ਨਾਲ਼ ਹੀ ਯਾਤਰਾ ’ਚ ਹਨ ਸ਼ਾਇਦ ਆਪਣੀ ਹੀ ਮੰਜ਼ਿਲ ਦੀ ਤਲਾਸ਼ ’ਚ. ਉਹ ਨਹੀਂ ਜਾਣਦੀਆਂ ਕਿਸੇ ਦੇ ਕਦਮਾ ਨਾਲ਼ ਕਦਮ ਮੇਲ਼ ਕੇ ਕਿਤੇ ਨਹੀਂ ਪੁੱਜਿਆ ਜਾਣਾ ਆਪਣੇ ਆਪ ਤੱਕ ਜ਼ਰੂਰ ਪਰਤ ਆਉਣਗੀਆਂ ਇਹ ਮੇਰਾ, ਤੇਰੇ ਨਾਲ਼ ਆਖ਼ਰੀ ਦਾਅਵਾ ਹੈ....

ਕਦਮ ਰੁਕੇ ਨਹੀ

ਚੁੰਨੀ ਦੀਆਂ ਚਾਰੇ ਕੰਨੀਆਂ ਤੋਂ ਮੁਆਫ਼ੀ ਮੰਗ ਅੱਗੇ ਵਧਣ ਵੇਲ਼ੇ ਕਿਸੇ ਪਿੱਛਿਉਂ ਅਵਾਜ਼ ਮਾਰੀ ਰੁਕ ਜ਼ਰਾ ਠਹਿਰ ਮੈਂ ਉਹੋ ਹਾਂ ਜਿਸ ਦੀ ਮੁਹੱਬਤ ਨੂੰ ਤੂੰ ਸਹੁੰ ਖਾਣ ਦੇ ਕਾਬਿਲ ਬਣਾਇਆ ਏ ਕਦਮ ਰੁਕੇ ਨਹੀ ਜੰਮ ਗਏ....

ਆਪੇ ਤੱਕ

ਜ਼ਿੰਦਗੀ ਦੇ ਵਿੰਗ ਵਲ਼ੇਵਿਆਂ ’ਚੋਂ ਲੰਘਦੇ ਲੰਘਾਉਂਦਿਆਂ ਨਾ ਚਾਹ ਕੇ ਵੀ ਚਾਹਿਆ ਗੱਲ ਤੇਰੀ ਮੁਹੱਬਤ ਤੋਂ ਅਗਾਂਹ ਤੁਰੇ ਹਰ ਵਾਰ ਨਾਕਾਮ ਹੀ ਹੋਈ ਐ ਇਹ ਚਾਹਤ ਤੁਰ ਪਈ ਹੈ ਮੁੜ ਖ਼ਾਮੋਸ਼ੀ ਆਪਣੇ ਹਿੱਸੇ ਦੇ ਸ਼ੋਰ ਵੱਲ....

ਧਰਮ

ਧਰਮ ਦੇ ਨਾਂ ’ਤੇ ਹੋਰ ਬਹੁਤ ਕੁੱਝ ਹੁੰਦਾ ਹੈ ਇੱਕ ਧਰਮ ਹੀ ਨਹੀਂ ਹੁੰਦਾ ਕਾਨੂੰਨ ਦੇ ਨਾਂ ’ਤੇ ਕਾਨੂੰਨ ਹੀ ਭੰਗ ਹੁੰਦਾ ਹੈ... ਮੇਰੇ ਮੁਲਕ ਦੇ ਕਾਨੂੰਨ ਨੇ ਜਦੋਂ ਜਦੋ ਵੀ ਪਾਸਾ ਪਰਤਿਆ ਹੈ ਤਾਕਤ ਵਿਖਾਈ ਹੈ ਧਰਮ ਨੂੰ ਸੁੱਖ ਦਾ ਸਾਹ ਆਇਆ ਹੈ...

ਜ਼ਿੰਦਗੀ ਦੀ ਨਜ਼ਮ

ਮੈਂ ਤੈਨੂੰ ਇਉਂ ਨਹੀਂ ਮਿਲਣਾ ਸੀ ਜਿਵੇਂ ਤੂੰ ਚਾਹਿਆ ਤੇ ਇਕ ਸੱਚ ਇਹ ਵੀ ਜਿੰਨਾਂ ਤੂੰ ਚਾਹਿਆ ਬਸ ਉਤਨਾ ਕੁ ਜੀਵਿਆ ਹੈ ਜ਼ਿੰਦਗੀ ਨੂੰ ਉਸ ਤੋਂ ਪਰ੍ਹਾਂ ਜਾਂ ਉਰਾਂ ਜੇ ਕੁੱਝ ਬਾਕੀ ਹੈ ਸ਼ਾਇਦ ਉਸੇ ਨੂੰ ਨਜ਼ਮ ਆਖਦੇ ਨੇ ਜ਼ਿੰਦਗੀ ਦੀ ਨਜ਼ਮ...

ਕਰਿਸ਼ਮਾ

ਉਹ ਲੰਬੀ ਸੜਕ ਜੋ ਸਾਡੇ ਕਦਮਾਂ ਨੂੰ ਆਪਣੇ ਟੁੱਟੀ ਹੋਣ ਦਾ ਅਹਿਸਾਸ ਤੱਕ ਨਾ ਹੋਣ ਦਿੰਦੀ ਵਕਤ ਲੰਘਿਆ, ਖੋਰੇ ਉੱਡ ਹੀ ਗਿਆ ਸੜਕ ਦਾ ਨਵੀਂ ਨਰੋਈ ਬਣਨਾ ਐਵੇਂ ਕੁੱਝ ਰੜਕਣ ਲੱਗਦਾ ਪੈੜਾਂ ਫਿਰ ਵੀ ਉੱਥੇ ਹੀ ਪਈਆ ਦਿਸਦੀਆਂ ਜਿਉਂ ਦੀਆਂ ਤਿਉਂ ਜੀਕਣ ਕੋਈ ਕਰਿਸ਼ਮਾ....

ਮੈਂ ਤੈਨੂੰ

ਮੈਂ ਤੈਨੂੰ ਉਸੇ ਤਰਾਂ ਪਿਆਰ ਕਰਨਾ ਹੈ ਜਿਵੇਂ ਕੋਈ ਤਿੱਖੜ ਦੁਪਹਿਰੇ ਮੀਲਾਂ ਵਾਟ ਤੁਰਦਿਆਂ ਪਾਣੀ ਨੂੰ ’ਡੀਕ ਲਾ ਪੀਂਦਾ ਹੈ ਜਾਂ ਉਵੇਂ ਜਿਵੇਂ ਕੋਈ ਸੁਪਨੇ ’ਚ ਤੇਜ ਦੌੜਦੈ ਕਿਸੇ ਚੀਜ਼ ਪਿੱਛੇ ਤੇ ਉਹ ਵਸਤ ਉਸ ਕੋਲ਼ੋਂ ਛੁੱਟਦੀ ਜਾਂਦੀ ਮੈਂ ਤੈਨੂੰ ਬਿਲਕੁਲ ਏਸੇ ਤਰਾਂ ਪਿਆਰ ਕਰਨਾ ਹੈ

ਕਸਕ

ਕਿਸੇ ਖ਼ਿਆਲ ਜਿੰਨੀ ਹੀ ਹੁੰਦੀ ਤੇਰੇ ਇਸ਼ਕ ਦੀ ਉਮਰ ਤਾਂ ਵੀ ਸਰ ਜਾਣਾ ਸੀ ਰਹਿੰਦੀ ਉਮਰ ਤੱਕ ਤੇ ਹੁਣ ਜਦ ਖਿਆਲ ਆਉਂਦਾ ਏ ਤਾਂ ਬਾਕੀ ਬਚਦੇ ਸਾਰੇ ਵਰਿ੍ਹਆਂ ਨੂੰ ਕੋਈ ਥਾਂ ਨਹੀਂ ਲੱਭਦੀ ਆਪਣੇ ਬੀਤ ਜਾਣ ਲਈ.....

ਉਹ ਸਾਹ

ਇਤਮਿਨਾਨ ਦੇ ਕੁਝ ਕੁ ਸਾਹ ਜਿਹੜੀ ਰੁੱਤੇ ਬਹੁਤ ਕਾਹਲ਼ੀ ਨਾਲ਼ ਪੁੱਗ ਗਏ ਅੱਜ ਉਸੇ ਰੁੱਤ ਦੀ ਸਹੁੰ ਖਾਣ ਦਾ ਮਾਣ ਹੁੰਦਾ ਏ ਇਹੋ ਜਿਹੀਆਂ ਚੰਦ ਘੜੀਆਂ ‘ਤੇ ਸਦੀਆਂ ਨੂੰ ਗੁਮਾਨ ਹੁੰਦਾ ਏ...

ਤੇਰੇ ਲਈ

ਐ ਮੇਰੀ ਸਭ ਤੋਂ ਖ਼ੂਬਸੂਰਤ ਨਜ਼ਮ! ਤੈਨੂੰ ਵਾਰ ਵਾਰ ਪੜ੍ਹਦਿਆਂ ਮੈਂ ਰੋਜ਼ ਆਪਣੇ ਨਵੇਂ ਅਰਥਾਂ ਤੋਂ ਵਾਕਫ਼ ਹੁੰਦੀ ਹਾਂ

ਅਫ਼ਸੋਸ

ਅਚਾਨਕ ਅੰਬਰ ਦੇ ਉਹ ਸਾਰੇ ਤਾਰੇ ਯਾਦ ਆਏ ਜਿਨ੍ਹਾਂ ਨੂੰ ਆਪਣੀ ਇੱਕ ਦੁਆ ਬਦਲੇ ਟੁੱਟ ਜਾਣ ਦਿੱਤਾ

ਉਸਨੇ

ਇੱਕ ਸ਼ਬਦ ਆਪਣੀ ਰੂਹ ਨਾਲ਼ੋਂ ਤੋੜ ਮੇਰੀ ਗਾਥਾ ਨਾਲ਼ ਜੋੜ ਦਿੱਤਾ ਇੰਝ ਉਸਨੇ ਮੇਰੀ ਕਹਾਣੀ ਦਾ ਅੰਤ ਸੁਖ਼ਦ ਕਰ ਦਿੱਤਾ

ਕੁਝ ਗੱਲਾਂ

ਕੁਝ ਗੱਲਾਂ ਦੇਰ ਨਾਲ਼ ਸਮਝ ਆਉਂਦੀਆਂ ਏਨੀ ਦੇਰ ਨਾਲ਼ ਕਿ ਵਕਤ ਨਾਲ਼ ਰੁੱਸ ਜਾਣ ਨੂੰ ਜੀਅ ਕਰਦਾ....

ਯਾਤਰਾ

ਰਿਸ਼ਤਿਆਂ ਨੇ ਕਿਥੋਂ ਤੋਂ ਕਿੱਥੇ ਤੱਕ ਸਫ਼ਰ ਮੁਕਾ ਲਿਆ ਹੁਣ ਅੱਥਰੂਆਂ ਦੇ ਹਿੱਸੇ ਮੋਢਾ ਨਹੀਂ ਟਿਸ਼ੂ ਪੇਪਰ ਆਉਂਦਾ ਏ

ਜਾਹ

ਠੰਢੀ ਰੁਮਕਦੀ ਮਸਤੀ ਹੋਈ ਪੌਣ ਤੇਰੀ ਗੱਲ ਕਿੱਥੇ ਸੁਣੇਗੀ ਜਾਹ ਕਿਸੇ ਤਪਦੇ ਸੀਨੇ ਨਾਲ਼ ਲੱਗ ਉੱਥੇ ਹੀ ਸੁਣਿਆ ਜਾਵੇਂਗਾ ਤੂੰ

ਅਧੂਰੀ ਕਹਾਣੀ

ਉਹ ਕਹਾਣੀ ਅਜੇ ਵੀ ਅਧੂਰੀ ਹੈ ਜਿਸ ਦੇ ਆਖ਼ਰੀ ਵਾਕ ਤੋਂ ਬਾਅਦ ਦਾ ਹੁੰਗਾਰਾ ਗੁੰਮ ਗਿਆ ਤੇ ‘ਏਨੀ ਮੇਰੀ ਬਾਤ’ ਵਾਲ਼ਾ ਫ਼ਿਕਰਾ ਸੰਘ ’ਚ ਹੀ ਕਿਧਰੇ ਫ਼ਸ ਗਿਐ

ਖ਼ੂਬਸੂਰਤ ਖ਼ਤਾ

ਮੈਂ ਹਨ੍ਹੇਰੇ ’ਚ ਸੀ ਤੇਰੇ ਚਾਨਣ ਨੇ ਇਹੋ ਸੋਚਣ ਨਾ ਦਿੱਤਾ

ਇਹੋ ਸੱਚ

ਮੁਹੱਬਤ ਦਾ ਘੁੱਟ ਭਰਨ ਲਈ ਕਿਸੇ ਸੋਚ ਦਾ ਸਮੁੰਦਰ ਨਾ ਤਰਿਆ ਕਰ ਇੱਥੇ ਤਾਂ ਰੇਤੇ ’ਚ ਵੀ ਉੱਗ ਪੈਂਦੀ ਐ ਹਯਾਤੀ ਮੁਹੱਬਤ ਦਾ ਚਿਹਰਾ ਤੱਕਦਿਆਂ

ਅਦਿੱਖ

ਬੱਸ ਏਨਾ ਕੁ ਗੁੰਮ ਸਾਂ ਜਿੰਨਾ ਤੂੰ ਲੱਭ ਲਿਆ ਹਾਜ਼ਰ ਹਿੱਸਾ ਤਾਂ ਤੇਰੀ ਵੀ ਨਜ਼ਰ ’ਚ ਨਹੀਂ ਏ

ਨਤਮਸਤਕ

ਹਰ ਉਸ ਥਾਂ ਨੂੰ ਨਤਮਸਤਕ ਹਾਂ ਜਿੱਥੇ ਕੋਈ ਉਮਰਾਂ-ਬੱਧੀ ਇਕੱਲੇ ਬਹਿ ਮੁਹੱਬਤ ਦਾ ਸੰਗ ਮਾਣਦਿਆਂ ਆਪਣੀ ਇਕੱਲਤਾ ਹੰਢਾਉਂਦਾ ਹੈ...

ਮੁਸਕਾਨ

ਹੁਣੇ ਹੁਣੇ ਪਾਸਾ ਪਰਤਿਆ ਹੈ ਤੇਰੀ ਯਾਦ ਨੇ ਤੇ ਤਲ਼ੀ ’ਤੇ ਡੁੱਲ੍ਹਿਆ ਹੰਝੂ ਮੁੜ ਗੁਲਾਬ ਹੋ ਗਿਆ

ਸੱਚ ਹੈ

ਕਿੰਨੇ ਅੱਖ਼ਰ ਮੇਟੇ ਤੈਨੂੰ ਲਿਖ਼ਣ ਲੱਗਿਆਂ ਉਹ ਆਪ ਮੁਹਾਰਾ ਸੀ ਜੋ ਪੁੱਜਿਆ ਤੇਰੇ ਤੀਕਰ..

ਮੇਰਾ ਸਵਾਲ

ਕਿਸਨੂੰ ਸਮਰਪਿਤ ਸੀ ਤੇਰੀ ਉਹ ਕਵਿਤਾ? ਜਿਸਦਾ ਇੱਕ ਇੱਕ ਸ਼ਬਦ ਮੈਨੂੰ ਮੁਖ਼ਾਤਿਬ ਸੀ

ਇਕਰਾਰ

ਮੈਂ ਪਰਤਾਂ ਜਾਂ ਨਾ ਪਰਤਾਂ ਤੇਰੇ ਸਫ਼ਰ ’ਤੇ ਨਜ਼ਰ ਰਹੇਗੀ ਤੂੰ ਭੁੱਲੀਂ ਚਾਹੇ ਯਾਦ ਰੱਖੀਂ ‘ਮੁਹੱਬਤ’ ਨੂੰ ਫ਼ਰਕ ਨਹੀਂ ਪੈਣਾ

ਭਰਮ

ਕੁੱਝ ਖ਼ਵਾਹਿਸ਼ਾਂ ਸਾਡੇ ਨਾਲ਼ ਹੀ ਜੁੜੀਆਂ ਰਹਿੰਦੀਆਂ ਤਿੜਕੀ ਵੰਗ ਵਾਗੂੰ ਪਤਾ ਵੀ ਹੁੰਦੈ ਕਿ ਟੁੱਟ ਜਾਣੀ ਫਿਰ ਵੀ ਭਰਮ ਰਹਿੰਦੈ ਕਿ ਖ਼ਣਕੇਗੀ

ਸਦੀਵੀ ਅਹਿਸਾਸ

ਵਰ੍ਹਿਆਂ ਦੇ ਵਰ੍ਹੇ ਬੀਤ ਗਏ ਪਰ ਉਹੀ ਇੱਕ ਚੁੰਮਣ ਸਦੀਵੀ ਰਸੀਦ ਬਣ ਮੇਰੇ ਮਸਤਕ ਵਿੱਚ ਮਘਦਾ ਪਿਐ ਜੋ ਸਾਡੇ ਹੱਥਾਂ ਦੀ ਕੰਘੀ ਤੇ ਕਦਮਾਂ ਦੀ ਇਕਸਾਰਤਾ ਵਿੱਚ ਪਤਾ ਨਹੀਂ ਕਦੋਂ ਆ ਰਲ਼ਿਆ ...

ਹੋ ਸਕਦੈ

ਕਿਸੇ ਮੁੱਲਵਾਨ ਕਿਤਾਬ ’ਤੇ ਹੋਈ ਗੁਫ਼ਤਗੂ ਦੇ ਅਸਰ ਵਾਂਗ ਕਿਉਂ ਨਾ ਚਿਰਾਂ ਤੱਕ ਇੱਕ ਦੂਜੇ ਨੂੰ ਯਾਦ ਹੋ ਜਾਈਏ

ਇੱਕ ਪਲ

‘ਸਦੀ’ ਨੇ ਪੁੱਛਿਆ ਇੱਕ ‘ਪਲ’ ਕੋਲ਼ੋਂ ‘ਤੂੰ ਸੱਚਮੁੱਚ ਮੈਨੂੰ ਜਿੱਤ ਸਕਨੈ?’ ਪਲ ਚੁੱਪ ਰਿਹਾ ਮੁਸਕਰਾਇਆ ਤੇ ਗੁਜ਼ਰ ਗਿਆ ਸਦੀ ਆਪਣਾ ਜਵਾਬ ਆਪਣੇ ਆਖਰੀ ਵਰ੍ਹੇ ਤੱਕ ਉਡੀਕੇਗੀ

ਇੱਛਾ

ਅੰਤਲੇ ਦਿਨ ਤੋਂ ਕੁਝ ਕੁ ਚਿਰ ਪਹਿਲਾਂ ਤੈਨੂੰ ਉਡੀਕਾਂਗੀ ਚਾਹਾਂਗੀ ਤੂੰ ਫਿਰ ਤੋਂ ਉਹੀ ਇਕਰਾਰ ਕਰੇਂ ਤੇ ਮੈਂ ਉਸੇ ਇਕਰਾਰ ਨੂੰ ਪੂਰ ਚੜ੍ਹਦਿਆਂ ਵੇਖ ਚੁੱਪ ਚਾਪ ਨਿਖੜ ਜਾਵਾਂ

ਪਿਆਸਾ ਕੌਣ

ਘਾਹ ਨੂੰ ਪਾਣੀ ਲਾਉਂਦਿਆਂ ਅਕਸਰ ਸੋਚਦੀ ਹਾਂ ਪਿਆਸ ਕਿਸ ਦੀ ਹੈ! ਧਰਤ ਦੀ ਘਾਹ ਦੀ ਜਾਂ ਫਿਰ ਪਾਣੀ ਦੀ

ਦੱਸ ਖਾਂ

ਤੇਰਾ ਖ਼ਤ ਖੋਲ੍ਹਿਆ ਤੇ ਬਿਨਾਂ ਪੜ੍ਹੇ ਹੀ ਫਿਰ ਤੋਂ ਉਸੇ ਥਾਂ ਧਰ ਦਿੱਤਾ ਜ਼ੁਬਾਨੀ ਯਾਦ ਹੋ ਗਈਆਂ ਕਹਾਣੀਆਂ ਕੋਈ ਅੱਖਾਂ ਨਾਲ਼ ਕਦੋਂ ਪੜ੍ਹਦੈ..

ਬੋਝਲ ਪਲ

ਤੂੰ ਆਪਣਾ ਹੱਥ ਅੱਗੇ ਕੀਤਾ ਤੇ ਮੈਂ ਤੇਰੀ ਹਥੇਲ਼ੀ ’ਤੇ ਇੱਕ ਸੱਚ ਧਰ ਦਿੱਤਾ ਤੂੰ ਮੁੱਠੀ ਬੰਦ ਕਰ ਰੁਖ਼ਸਤ ਹੋ ਗਿਆ ਮੈਂ ਪਰਤ ਆਈ ਭਰੀ ਭਰਾਈ, ਖਾਲ਼ੀ ਹੋਕੇ..

ਨਹੀਂ ਪਤਾ

ਮੈਨੂੰ ਨਹੀਂ ਪਤਾ ਮੈਂ ਤੇਰੇ ਨਾਲ਼ ਕਿੱਥੋਂ ਤੱਕ ਜਾਣਾ ਹੈ ਏਨੀ ਖ਼ਬਰ ਹੈ ਕਿ ਇਹਨਾਂ ਰਾਹਾਂ ਦੀ ਖ਼ਾਕ ਆਪਣੇ ਮੱਥੇ ’ਤੇ ਮਲ਼ਦਿਆਂ ਮੈਂ ਅਸਲੋਂ ਪਾਕ ਹੋ ਜਾਂਦੀ ਹਾਂ....

ਕਦੇ ਕਿਸੇ ਦਿਨ

ਨਿਰੇ ਸੱਚ ਤੇ ਕੋਰੇ ਝੂਠ ਵਿਚਲੀ ਕਿਸੇ ਪੇਤਲੀ ਜਿਹੀ ਜ਼ਮੀਨ ’ਤੇ ਆਪਾਂ ਮਿਲਣਾ ਹੈ ਕੁਝ ਚਿਰ ਬਹਿਣਾ ਹੈ ਤੇ ਫਿਰ ਸਾਫ਼ ਮੁੱਕਰ ਜਾਣਾ ਹੈ ਇਉਂ ਧਰਤੀ ਦੇ ਦੋਵਾਂ ਸਿਰਿਆਂ ਨੂੰ ਕੋਈ ਫ਼ਰਕ ਨਹੀਂ ਪੈਣਾ

ਹਰ ਵਾਰ

ਸ਼ਾਇਦ! ਮੇਰੇ ਕਦਮਾਂ ਦੀ ਨਿਸ਼ਾਨਦੇਹੀ ਬਾ-ਖ਼ਬਰ ਕਰ ਦੇਵੇ ਤੈਨੂੰ ਇਹੀ ਸੋਚ ਕੇ ਬਹੁਤ ਵਾਰ ਚੁੱਪ-ਚਾਪ ਗੁਜ਼ਰੀ ਹਾਂ ਤੇਰੇ ਰਾਹਾਂ ’ਚੋਂ..

ਤੇਰਾ ਦੀਦਾਰ

ਉਮਰਾਂ-ਬੱਧੀ ਚੁੱਪ ਨੇ ਅੰਗੜਾਈ ਲਈ ਮੁਸਕੁਰਾਹਟ ਪਰਤ ਆਈ ਪਥਰੀਲੇ ਨੈਣ ਨੀਰ ਬਣ ਵਗਣ ਲੱਗੇ ਮੈਂ ਫਿਰ ਤੈਨੂੰ ਸੁਪਨੇ ’ਚ ਤੱਕਿਆ...

ਦਸ਼ਾ

ਮੇਰੇ ਦੇਸ਼ ਦਾ ਕਨੂੰਨ ਉਸ ਨਿਪੱਤਰੇ ਰੁੱਖ ਵਰਗਾ ਹੈ ਜੀਹਦੇ ਹੇਠ ਖਲ਼ੋ ਕੇ ਛਾਂ ਨਹੀਂ ਮਿਲ਼ਦੀ ਇਨਸਾਨਾਂ ਨੂੰ ਇਨਸਾਫ਼ ਨਹੀਂ ਮਿਲ਼ਦਾ ਤੇ ਗ਼ੈਰਤ ਨੂੰ ਥਾਂ ਨਹੀਂ ਮਿਲ਼ਦੀ...

ਹੁਣ ਨਹੀਂ

ਤੇਰਾ ਮੁਆਫ਼ੀਨਾਮਾ ਹੁਣ ਮੈਨੂੰ ਕਬੂਲ ਨਹੀਂ ਆਪਣੇ ਹਿੱਸੇ ਦਾ ਵਕਤ ਬਹੁਤ ਵਾਰ ਕੁਰਬਾਨ ਕੀਤਾ ਹੈ ਇਹ ਤਾਂ ਮੇਰਾ ਜਨਮ ਹੀ ਆਖ਼ਰੀ ਸੀ..

ਹਮਮ

ਮੋਮ ਜਿਹੇ ਸੁਪਨੇ ਪਥਰਾਈਆਂ ਅੱਖਾਂ ’ਚ ਕਿੰਨਾ ਕੁ ਚਿਰ ਠਹਿਰਦੇ ਪਿਘਲ਼ ਹੀ ਗਏ ਆਖ਼ਰ ਸ਼ੁਕਰ ਹੈ ਟੁਕੜੇ ਟੁਕੜੇ ਹੋਣੋ ਬਚ ਗਏ..

ਸਵਾਲ

ਤੂੰ ਮੈਨੂੰ ਰੌਸ਼ਨੀਆਂ ਦੀ ਭੀੜ ਵਿੱਚ ਲੈ ਤਾਂ ਆਇਆਂ ਏਂ ਜੇ ਇੱਕ ਅੱਧ ਚਿਣਗ ਮੈਂ ਆਪਣੇ ਮੱਥੇ ਧਰ ਲਈ ਤਾਂ ਮੇਰੇ ਲੇਖਾਂ ’ਤੇ ਗਿਲਾ ਤਾਂ ਨਹੀਂ ਕਰੇਂਗਾ..

ਸੱਲ੍ਹ

ਉਹ ਕੋਈ ਭੁੱਲ ਜਾਣ ਵਾਲੀ ਗੱਲ ਨਹੀਂ ਯਾਦ ਰਹਿਣ ਵਾਲ਼ਾ ਸੱਲ੍ਹ ਐ...

ਆਖ਼ਰਕਾਰ

ਬਹੁਤ ਗੁੰਮ ਗਵਾਚ ਕੇ ਆਖ਼ਰ ਪਰਤ ਆਈ ਹਾਂ ਆਪਣੇ ਆਪ ਕੋਲ਼ ਆਪਣੇ ਆਪ ਕੋਲ਼ ਹੋਣਾ ਹੀ ਤੇਰੇ ਕੋਲ਼ ਹੋਣਾ ਹੁੰਦਾ ਹੈ..

ਰੰਗ ਮਜੀਠੜਾ

ਸਾਰੇ ਰੰਗ ਲੋਕਾਈ ਤੋਂ ਵਾਰਕੇ ਸੁਪਨਿਆਂ ਦੀ ਫਿੱਕੀ ਪੈ ਗਈ ਰੰਗਤ ਲਈ ਕਿਹੜਾ ਰੰਗ ਬਾਕੀ ਖ਼ੈਰ! ਜੋ ਚੜ੍ਹਿਆ ਉਹ ਤਾ-ਉਮਰ ਕਿੱਥੇ ਲੱਥਣਾ

ਉਹ ਪਲ

ਕੁਝ ਖ਼ਾਸ ਪਲਾਂ ’ਚ ਹੀ ਮੁਹੱਬਤ, ਮੁਹੱਬਤ ਦੀ ਅੱਖ ਵਿੱਚ ਅੱਖ ਪਾਉਂਦੀ ਏ ਤੂੰ ਵੀ ਜ਼ਿੱਦ ਨਾ ਕਰੀਂ ਹਰ ਗੱਲ ਬੋਲ ਕੇ ਹੀ ਦੱਸਾਂ

ਮੇਰਾ ਖ਼ਿਆਲ

ਹਰ ਸਫ਼ਰ ’ਤੇ ਤੁਰਦਿਆਂ ਤੂੰ ਨਾਲ਼ ਹੋਵੇ ਇਹ ਕਿੰਝ ਮੁਮਕਿਨ ਸੀ ਹਰ ਕਦਮ ’ਤੇ ਤੂੰ ਨਾਲ਼ ਏਂ ਇਹ ਮੇਰਾ ਖ਼ਿਆਲ ਏ

ਅਲਵਿਦਾ

ਅਲਵਿਦਾ ਇੱਕ ਸ਼ਬਦ ਹੀ ਨਹੀਂ ਹੁੰਦਾ ਬਹੁਤ ਕੁਝ ਸਮੇਟਣਾ ਪੈਂਦਾ ਆਪਣੇ ਅੰਦਰੋਂ ਤੇ ਤੇਰਾ ਸ਼ਿਕਵਾ! ਤੁਰਨ ਲੱਗਿਆਂ ਮੁਸਕੁਰਾ ਤਾਂ ਦੇਣਾ ਸੀ..

ਪਹੁੰਚ

ਬਹੁਤ ਚਿਰ ਉਡੀਕਿਆ ਤਾਂਘ ਨੂੰ ਜਿਉਂਦੇ ਰੱਖਿਆ ਸਹਿਜ ਗਵਾਇਆ ਅਚਾਨਕ ਸਭ ਸ਼ਾਂਤ ਸੀ ਮੈਂ ਜਿਵੇਂ ਜ਼ਿੰਦਗੀ ਦੀ ਆਗ਼ੋਸ਼ ’ਚ ਸਦਾ ਲਈ ਠਹਿਰ ਗਈ..

ਕੇਹੀ ਭਾਲ਼

ਤੇਰੇ ਮੇਰੇ ਰਿਸ਼ਤੇ ਦਾ ਹੀ ਕਮਾਲ ਸੀ ਨਾਲ਼ ਹੋਕੇ ਵੀ ਹਰ ਵੇਲ਼ੇ ਰਹਿੰਦੀ ਭਾਲ਼ ਸੀ ਤੂੰ ਸੀ, ਮੈਂ ਸੀ ਫਿਰ ਕਿਸਦਾ ਖ਼ਿਆਲ ਸੀ!

ਐ! ਜ਼ਿੰਦਗੀ

ਤੇਰੇ ਸੰਗ ਮਹਿਕਣਾ ਖਿੜਨਾ, ਖੜੋਣਾ ਹੱਸਣਾ, ਰੋਣਾ ਹੈ ਐ! ਜ਼ਿੰਦਗੀ ਮੈਂ ਤੇਰਾ ਮਹਿਬੂਬ ਹੋਣਾ ਹੈ!

ਫ਼ਰਕ

ਮੁਹੱਬਤ ਇੱਕ ਖ਼ਤ ਲਿਖ ਕੇ ਚਿਰੋਕਣੀ ਰੁਖ਼ਸਤ ਹੋ ਗਈ ਚਾਹਤ ਸਦੀਆਂ ਤੋਂ ਉਸੇ ਖ਼ਤ ਦਾ ਜਵਾਬ ਲਿਖ ਰਹੀ ਹੈ

ਮੁੱਕਦੀ ਗੱਲ

“ਕੋਈ ਤਾਂ ਗੱਲ ਸੁਣਾ” ਵਰ੍ਹਿਆਂ ਦੀ ਚੁੱਪ ਮਗਰੋਂ ਉਸ ਆਖਿਆ “ਹੁਣ ਜ਼ਿੰਦਗੀ ਤਾਰੇ ਨਹੀਂ ਗਿਣਦੀ” ਮੈਂ ਆਖਿਆ

ਮੁੱਦਤਾਂ ਬਾਅਦ

ਮੁੱਦਤ ਬਾਅਦ ਖ਼ਿਆਲ ਆਇਆ ਕੋਈ ਖ਼ਤ ਆਵੇ ਅਮੁੱਕ ਜਿਹਾ ਤੂੰ ਵੀ ਚੇਤੇ ਰੱਖੀਂ ਕੁਝ ਖ਼ਿਆਲ ਮੁੱਦਤਾਂ ਬਾਅਦ ਵੀ ਆਉਂਦੇ ਨੇ....

ਹਿਸਾਬ/ਕਿਤਾਬ

ਰਿਸ਼ਤਿਆਂ ਦੇ ਗਣਿਤ ’ਚੋ ਪਾਸ ਹੋਣਾ ਸੌਖਾ ਨਹੀਂ ਇੱਥੇ ਜ਼ੀਰੋ ਹੋਇਆ ਹਿੰਦਸਾ ਪਿੱਛੇ ਲੱਗਿਆ ਵੀ ਕੋਈ ਅਰਥ ਨਹੀਂ ਰੱਖਦਾ

ਸਵਾਲ, ਜਵਾਬ

ਇੱਕ ਸਵਾਲ ਦੀ ਅੱਖ ਵਿੱਚ ਬਹੁਤ ਦੇਰ ਤੱਕ ਕੁਝ ਰੜਕਦਾ ਰਿਹਾ ਫਿਰ ਇਉਂ ਹੋਇਆ ਕਿ ਜਵਾਬ ਨੇ ਸਵਾਲ ਦੇ ਸਾਰੇ ਉਲ਼ਾਂਭੇ ਲਾਹ ਧਰੇ ਸਵਾਲ ਅਜੇ ਵੀ ਹੈਰਾਨ ਹੈ ਜਵਾਬ ਨੂੰ ਹੁਣ ਕਿਸੇ ਸਵਾਲ ਦੀ ਲੋੜ ਨਹੀਂ...

ਇਉਂ ਵੀ ਹੁੰਦਾ

ਤੇਰਾ ਸ਼ਹਿਰ ਘੁੰਮਦਿਆਂ ਨਜ਼ਰਾਂ ਨੇ ਤੇਰੀ ਉਂਗਲ਼ ਨਾ ਛੱਡੀ. ਹੱਥ ਸਨ ਕਿ ਤੇਰੀ ਛੋਹ ਨੂੰ ਤਰਸ ਗਏ...

ਧੁੰਧਲਾ ਖ਼ਤ

ਕਈ ਵਾਰ ਵਰ੍ਹਿਆਂ ਪੁਰਾਣੇ ਕਿਸੇ ਖ਼ਤ ਦੀ ਖ਼ਸਤਾ ਹਾਲਤ ਤੇ ਅੱਧ ਪਚੱਧੀਆਂ ਧੁੰਧਲੀਆਂ ਸਤਰਾਂ ਹੀ ਮੈਨੂੰ ਪੂਰੀ ਕਵਿਤਾ ਲੱਗਦੀਆਂ ਹਨ ਤੇ ਮੈਂ ਮੁੰਦੀਆਂ ਅੱਖਾਂ ਨਾਲ ਅੱਖ਼ਰ ਅੱਖ਼ਰ ਪੜ੍ਹਦਿਆਂ ਪੂਰੀ ਕਵਿਤਾ ਦੇ ਅੰਦਰ ਉਤਰਨ ਲਗਦੀ ਹਾਂ

ਕੀ ਬਣਿਆ

ਆਪੇ ਤੂੰ ਮੁਹੱਬਤ ਦਾ ਇਜ਼ਹਾਰ ਕੀਤਾ ਆਪ ਹੀ ਆਪਣੇ ਸ਼ਬਦ ਵਾਪਸ ਲੈ ਲਏ ਇਹ ਤਾਂ ਸ਼ਬਦਾਂ ਦਾ ਹੀ ਆਉਣਾ ਪਰਤਣਾ ਸੀ ਮੁਹੱਬਤ ਦਾ ਕੀ ਬਣਿਆ.....

ਲਾਜ਼ਿਮ ਹੈ

ਮੇਰੇ ਇਰਦ ਗਿਰਦ ਇੱਕ ਗਿਟਾਰ, ਕੁਝ ਕਿਤਾਬਾਂ ਤੇ ਚਾਹ ਦੀ ਤਲਬ ਪਈ ਹੈ ਕੋਈ ਸੁਰ ਛੇੜਾਂ ਕਿਤਾਬ ਪੜ੍ਹਾਂ ਜਾਂ ਡੀਕ ਲਾ ਪੀ ਜਾਵਾਂ ਤਲਬ ਨੂੰ ਕੁਝ ਤਾਂ ਕਰਾਂ ਕਿ ਚੈਨ ਮਿਲ਼ੇ ਕਿੰਨਾ ਲਾਜ਼ਿਮ ਹੈ ਕਿਸੇ ਤਲਬ ਦਾ ਲੱਗਣਾ ਤੇ ਮਿਟਣਾ ਵੀ..

ਅਜੇ ਬਾਕੀ ਹੈ

ਸਭ ਤੋਂ ਖ਼ੂਬਸੂਰਤ ਕਵਿਤਾ ਅਜੇ ਲਿਖੀ ਜਾਣੀ ਹੈ ਉਹ ਸੁੰਦਰ ਖ਼ਿਆਲ ਅਜੇ ਪਣਪ ਰਿਹਾ ਏ ਸਭ ਤੋਂ ਗਹਿਰਾ ਜ਼ਖ਼ਮ ਭਰਨ ਹੀ ਵਾਲ਼ਾ ਏ ਸਭ ਤੋਂ ਕਰੂਪ ਸੱਚ ਸਮੇਂ ਦੇ ਮੂੰਹ ’ਤੇ ਵੱਜਣਾ ਬਾਕੀ ਏ ਅਜੇ ਭਰਮ ਦਾ ਦੌਰ ਚੱਲ ਰਿਹੈ ਤੇ ਭਰਮ ਵਿੱਚ ਲਿਖੀ ਗਈ ਕੋਈ ਵੀ ਸਤਰ ਕਵਿਤਾ ਨਹੀਂ ਹੁੰਦੀ....

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਮਨਦੀਪ ਕੌਰ ਵਿਰਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ