Phikke Rang Di Muskan : Ramandeep Virk

ਫਿੱਕੇ ਰੰਗ ਦੀ ਮੁਸਕਾਨ : ਰਮਨਦੀਪ ਵਿਰਕ

ਸਮਰਪਣ

ਉਹਨਾਂ ਪਰਿਸਥਿਤੀਆਂ ਨੂੰ
ਜਿਨ੍ਹਾਂ ਦੀ ਹੋਂਦ ਸਦਕਾ
ਕਦੇ ਕਵਿਤਾ ਨੂੰ ਜਿਉਂਦੀ ਰਹੀ
ਤੇ ਕਦੇ ਲਿਖਦੀ ਰਹੀ।

ਫਿੱਕੀ ਮੁਸਕਾਨ ਦੇ ਗੂੜ੍ਹੇ ਰੰਗਾਂ ਦੀ ਸ਼ਾਇਰੀ

ਰਮਨਦੀਪ ਵਿਰਕ ਨਵੇਂ ਪੂਰ ਦੀ ਕਵੀ ਹੈ। ਮੈਂ ਸੁਚੇਤ ਤੌਰ ’ਤੇ ਕਵਿੱਤਰੀ ਸ਼ਬਦ ਨਹੀਂ ਵਰਤਿਆ। ਜਦੋਂ ਸਿਰਜਣਾ ਨੂੰ ਲਿੰਗ ਭੇਦ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਇਕ ਖ਼ਤਰਨਾਕ ਸਿਆਸੀ ਪੈਂਤੜਾ ਵੀ ਬਣ ਜਾਂਦਾ ਹੈ। ਕਵੀ ਦਾ ਲਿੰਗ, ਰੰਗ, ਜਾਤ, ਮਜ਼੍ਹਬ ਤੇ ਭਾਸ਼ਾ ਕੋਈ ਵੀ ਹੋ ਸਕਦੀ। ਉਸਦੀ ਕਵਿਤਾ ਵਿਚ ਇਹ ਵਖਰੇਵਾਂ ਤੇ ਇਸ ਵਖਰੇਵੇਂ ਦੇ ਪਸਾਰ ਪ੍ਰਗਟ ਵੀ ਹੋਣੇ ਚਾਹੀਦੇ ਹਨ। ਜਿਹੜੀਆਂ ਔਰਤ ਕਵਿਤਾ ਲੇਖਕ ਮਰਦ ਦੇ ਮੁਹਾਵਰੇ ਦੀ ਕਵਿਤਾ ਲਿਖਦੀਆਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਜਾਂ ਤਾਂ ਉਨ੍ਹਾਂ ਨੇ ਆਪਣੀ ਹੋਂਦ ਦੇ ਵੱਖਰੇਪਨ ਤੇ ਇਸਦੀਆਂ ਸੀਮਾਵਾਂ ਨੂੰ ਜਾਨਣ ਦਾ ਆਹਰ ਨਹੀਂ ਕੀਤਾ ਜਾਂ ਫਿਰ ਉਹ ਮੁੱਖਧਾਰਾ ਦੇ ਵਹਾਅ ਵਿਚ ਵਹਿਣ ਨੂੰ ਹੀ ਕਵਿਤਾ ਲੇਖਣ ਦਾ ਪ੍ਰਸੰਗ ਮੰਨਣ ਲੱਗ ਗਈਆਂ ਹੋਣਗੀਆਂ। ਇਹ ਰਸਤਾ ਮਕਬੂਲੀਅਤ ਦਾ ਗਾਡੀ ਰਾਹ ਹੈ। ਇਸ ਰਸਤੇ ਤੇ ਜ਼ੋਖਮ ਕੋਈ ਨਹੀਂ। ਦੂਜੇ ਪਾਸੇ ਜਿਸ ਔਰਤ ਕਵੀ ਦੀ ਕਵਿਤਾ ਪਿਤਰੀ ਪ੍ਰਬੰਧ ਲਈ ਇਨਕਾਰੀ ਹੋਵੇ ਜਾਂ ਘੱਟੋ ਘੱਟ ਉਸਦੀਆਂ ਵਿਸੰਗਤੀਆਂ ਦਰਸਾਉਣ ਵਾਲੀ ਹੋਵੇ ਉਸ ਵੱਲ ਪਾਠਕ ਦੀ ਕੰਡ ਹੋ ਜਾਂਦੀ ਹੈ। ਕਵੀ ਔਰਤ ਹੋਵੇ ਜਾਂ ਮਰਦ ਜਾਂ ਕਿਸੇ ਹੋਰ ਲਿੰਗ ਦਾ ਉਸਦੀ ਸਿਰਜਣਾ ਜੇ ਪਿਤਰਕੀ ਦੀ ਪਥਰੀਲੀ ਕੰਧ ਉੱਪਰ ਝਰੀਟ ਵੀ ਮਾਰਦੀ ਹੈ ਤਾਂ ਉਸਨੂੰ ਆਪਣੀ ਕਵਿਤਾ ਉੱਪਰ ਮਾਣ ਹੋਣਾ ਚਾਹੀਦਾ ਹੈ। ਤੇ ਜੇਕਰ ਇਹ ਕਵਿਤਾ ਸ਼ੋਰ ਪੈਦਾ ਕਰਨ ਦੀ ਥਾਂ ਡੂੰਘੀ ਚੁੱਪ ਤੇ ਖਾਮੋਸ਼ੀ ਪੈਦਾ ਕਰਦੀ ਹੋਵੇ ਤਾਂ ਇਸ ਕਵਿਤਾ ਦੀ ਲਾਜ਼ਮੀਅਤਾ ਉੱਪਰ ਕੋਈ ਸ਼ੁਭਾ ਰਹਿਣਾ ਹੀ ਨਹੀਂ ਚਾਹੀਦਾ। ਰਮਨਦੀਪ ਵਿਰਕ ਦੀ ਕਵਿਤਾ ਵਿਚ ਪੇਸ਼ ਔਰਤ ਦੀ ਫਿੱਕੇ ਰੰਗ ਦੀ ਮੁਸਕਾਨ ਪਿਤਰੀ ਸੱਤਾ ਵਲੋਂ ਮੁਸਕਾਨ ਦੇ ਰੰਗਾਂ ਦੀ ਵਿਆਖਿਆ ਤੋਂ ਇਨਕਾਰ ਕਰਨ ਵਾਲੀ ਹੈ। ਇਸ ਲਈ ਇਸ ਕਵਿਤਾ ਨੂੰ ਅਣਗੌਲਿਆਂ ਭਾਵੇਂ ਕੀਤਾ ਜਾਵੇ, ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਇਸ ਕਵਿਤਾ ਨੂੰ ਤਾੜੀਆਂ ਚਾਹੇ ਨਾ ਮਿਲਣ ਪਰ ਇਸਦਾ ਅਸਰ ਬੜਾ ਗਹਿਰਾ ਤੇ ਦੂਰ ਤਕ ਚੱਲਣ ਵਾਲਾ ਹੈ।

ਰਮਨ ਆਕਾਰ ਪੱਖੋਂ ਛੋਟੀ ਕਵਿਤਾ ਲਿਖਦੀ ਹੈ। ਕਵਿਤਾ ਦਾ ਆਕਾਰ ਹੀ ਉਸਦੀ ਅਰਥ ਸੰਚਾਰਨ ਦੀ ਅਹਿਮ ਜੁਗਤ ਹੈ। ਇਹ ਜੁਗਤ ਇਕ ਦੌਰ ਦੀ ਨਿੱਕੀ ਕਹਾਣੀ ਵਾਂਗ ਅੰਤ ਦੀ ਸਤਰ ਤੇ ਅਰਥਾਂ ਦਾ ਵਚਿੱਤਰ ਸੰਸਾਰ ਬਿਖ਼ੇਰਦੀ ਹੈ। ਨਾਲ ਹੀ ਕਾਵਿ ਬਿਰਤਾਂਤ ਪੱਖੋਂ ਇਹ ਜੁਗਤ ਸੰਕੇਤਕਤਾ ਦੀ ਧਾਰਨੀ ਵੀ ਹੈ। ਜਾਦੂਗਰ ਦੇ ਟੋਪ ਵਿਚੋਂ ਨਿਕਲਣ ਵਾਲੀ ਚੀਜ਼ ਦੇ ਅੰਦਾਜ਼ੇ ਵਾਂਗ ਉਸਦੀ ਕਵਿਤਾ ਦੀ ਬੁਣਤਰ ਅਚੰਭੇ ਨੂੰ ਗਹਿਰਾ ਕਰਦੀ ਹੈ ਤੇ ਅੰਤ ਤੇ ਅਰਥਾਂ ਦੀ ਆਤਿਸ਼ਬਾਜ਼ੀ ਅੱਖਾਂ ਸਾਮ੍ਹਣੇ ਕਈ ਰੰਗਾਂ ਦਾ ਕੋਲਾਜ ਸਿਰਜ ਦਿੰਦੀ ਹੈ। ਇਸ ਅੰਤਮ ਸਤਰ ਵਿਚ ਹੀ ਉਸਦੀ ਸਮਾਜਕ ਸਮਝ ਵੀ ਪਈ ਹੁੰਦੀ ਹੈ ਤੇ ਔਰਤ ਹੋਂਦ ਦੀਆਂ ਕਈ ਪਰਤਾਂ ਵੀ। ਇਨ੍ਹਾਂ ਪਰਤਾਂ ਵਿਚ ਮੋਹ, ਮੁਹੱਬਤ, ਦਰਦ, ਫਰਜ਼, ਇੱਛਾਵਾਂ, ਰੋਸੇ, ਸ਼ਿਕਵੇ ਕਿੰਨਾ ਕੁਝ ਸਿਮਟਿਆ ਹੋਇਆ ਹੈ। ਇਸ ਸਤਰ ਨਾਲ ਉਹ ਜੀਵੇ ਹੋਏ ਨੂੰ ਪੇਸ਼ ਕਰਦੀ ਹੈ ਤੇ ਔਰਤ ਦੀ ਹੋਂਦ ਬਾਰੇ ਅਰਥਾਂ ਨੂੰ ਉਲਟਾ ਦਿੰਦੀ ਹੈ।

ਉਦਾਸੀ ਰਮਨਦੀਪ ਵਿਰਕ ਦੀ ਕਵਿਤਾ ਵਿਚ ਥਾਂ ਬਥਾਂ ਮਿਲਦੀ ਹੈ। ਇਹ ਉਦਾਸੀ ਕਈ ਥਾਂ ਕਵੀ ਦੀ ਕਾਵਿਕ ਜੁਗਤ ਵੀ ਜਾਪਦੀ ਹੈ ਜਿਸਨੂੰ ਦੁਹਰਾ ਕੇ ਉਹਨੂੰ ਆਪਣੇ ਆਪ ਨੂੰ ਦੁੱਖ ਦੇਣ ਵਾਂਗ ਮਾਨਸਿਕ ਸੰਤੁਸ਼ਟੀ ਮਿਲਦੀ ਹੋਵੇ। ਉਦਾਸੀ ਦੀ ਇਹ ਪਰਤ ਚੀਜ਼ਾਂ ਤੇ ਵਰਤਾਰਿਆਂ ਨੂੰ ਦੇਖਣ ਦਾ ਕਵੀ ਦਾ ਨਜ਼ਰੀਆ ਹੈ। ਪਰ ਇਹ ਉਦਾਸੀ ਸਿਰਜਣਾਤਮਕ ਮੰਡਲਾਂ ਦਾ ਸਫ਼ਰ ਹੈ। ਇਹ ਕਿਤੇ ਵੀ ਉਦਾਸੀਨਤਾ ਨਹੀਂ ਬਣਦੀ। ਉਦਾਸੀ ਦਿੱਤੇ ਹੋਏ ਬਾਰੇ ਪ੍ਰਤੀਰੋਧ ਚਾਹੇ ਨਾ ਹੋਵੇ, ਰੋਹ ਜਾਂ ਮੁਖਰਤਾ ਵੀ ਨਾ ਹੋਵੇ, ਇਹ ਸਵੀਕਾਰ ਤਾਂ ਹਰਗਿਜ਼ ਨਹੀਂ, ਸਗੋਂ ਇਨਕਾਰ ਹੈ। ਕਵਿਤਾ ਵਿਚਲੀ ਔਰਤ ਮਰਦ ਨੂੰ ਮੁਸਕਾਨ ਦੇ ਅਰਥਾਂ ਤੋਂ ਵਿਰਵਾ ਚਿਤਰ ਕੇ ਉਸਦੀ ਸੰਵੇਦਨਾ ਵਿਚਲੇ ਰੋਹਬ ਨੂੰ ਰੱਦ ਕਰਦੀ ਹੈ। ਇਹੀ ਰਮਨਦੀਪ ਵਿਰਕ ਦੀ ਕਵਿਤਾ ਵਿਚਲੀ ਉਦਾਸੀ ਦਾ ਆਲਮ ਹੈ।

ਕਵੀ ਬਾਰੇ ਸ਼ੇਖ ਸਾਅਦੀ ਨੇ ਕਿਹਾ ਸੀ ਕਿ ਇਹ ਜਹਾਨ ਦਾ ਸਭ ਤੋਂ ਅਸੰਤੁਸ਼ਟ ਜੀਵ ਹੈ। ਜਿੱਥੇ ਸੰਤੁਸ਼ਟੀ ਦੀ ਭਾਵਨਾ ਹੋਵੇ ਓਥੇ ਕਵਿਤਾ ਵਰਗੀ ਸਿਰਜਣਾ ਫੈਸ਼ਨ ਵਜੋਂ ਭਾਵੇਂ ਲਿਖੀ ਜਾਂਦੀ ਰਹੇ, ਉਸ ਵਿਚ ਪੈਸ਼ਨ ਨਹੀਂ ਹੋ ਸਕਦਾ। ਕਵਿਤਾ ਵਿਚ ਕਵੀ ਆਪਣਾ ਚਿਤਵਿਆ ਸੰਸਾਰ ਉਲੀਕਦਾ ਹੈ। ਜਿੱਥੇ ਉਹ ਦਿੱਤੇ ਯਥਾਰਥ ਦਾ ਨਿਖੇਧ ਕਰਦਾ ਹੈ ਓਥੇ ਵੀ ਉਸਦਾ ਕਲਪਿਤ ਸੰਸਾਰ ਪਿਠਭੂਮੀ ਵਿਚ ਹਾਜ਼ਰ ਹੋਵੇਗਾ। ਰਮਨ ਦੀ ਕਵਿਤਾ ਦੇ ਦੋ ਉਭਰਵੇਂ ਸਿਰੇ ਕਵੀ ਦਾ ਸਵੈ ਤੇ ਸਾਮ੍ਹਣੇ ਵਾਲਾ ਉਹ ਹਨ। ਸਵੈ ਬੜੇ ਪੱਕੇ ਪੀਡੇ ਰੂਪ ਵਾਲਾ ਹੈ ਤੇ ਉਹ ਬਦਲਵਾਂ। ਦੋਵੇਂ ਧਿਰਾਂ ਵਿਚਾਰਕ ਮੁਹਾਜ਼ਾਂ ਪੱਖੋਂ ਉਲਟ ਧਰੁਵੀ ਹਨ। ਉਹ ਬਾਰੇ ਕਵਿਤਾ ਦੀ ਸ਼ਿਕਾਇਤ ਇਹ ਹੈ ਕਿ ਮੈਂ ਦੇ ਉਹਦੇ ਵਰਗਾ ਹੋਣ ਲਈ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਦੀ ਮੁਹੱਬਤ ਤੇ ਨੇੜਤਾ ਨਹੀਂ ਮਿਲੀ। ਫਿਰ ਇਹ ਪ੍ਰਵਚਨ ਇਨਕਾਰ ਵਿਚ ਵਟਿਆ ਹੈ। ਚੀਜ਼ਾਂ ਦੀ ਤਰਤੀਬ ਦੇ ਮੁਕਾਬਲੇ ਅਸਾਵਾਂ ਖਿਲਾਰਾ ਕਵੀ ਦੀ ਠਾਹਰ ਬਣਦਾ ਹੈ। ਇਹੀ ਕਵਿਤਾ ਦਾ ਘਰ ਹੈ।

ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਨਜ਼ਮਾਂ ਦੇ ਪੈਦਾ ਹੋਣ ਦੇ ਸੰਸਾਰ ਬਾਰੇ ਚਿੰਤਾ ਜ਼ਾਹਿਰ ਕਰਦੀਆਂ ਲਗਦੀਆਂ ਹਨ। ਉਹ ਸਥਾਨ ਅਸਲ ਵਿਚ ਔਰਤ ਦੀ ਆਪਣੀ ਸਪੇਸ ਹੈ। ਵਸਤੂਆਂ ਵਿਚ ਘੇਰ ਕੇ ਔਰਤ ਨੂੰ ਉਸਦੇ ਬਾਰੇ ਸ਼ੰਕਿਆਂ ਨਾਲ ਭਰਨ ਦਾ ਕੰਮ ਪਿਤਰੀ ਪ੍ਰਬੰਧ ਨੇ ਬਾਖੂਬੀ ਕੀਤਾ ਹੈ। ਨਤੀਜਨ ਉਹ ਸਿਰਜਣਾ ਦੇ ਨਾਲ ਹੀ ਹੋਂਦ ਦੀ ਪਰਮਾਣਿਕਤਾ ਤੇ ਇਸਦੇ ਨੈਤਿਕ ਜਾਂ ਠੀਕ ਦਿਸ਼ਾਵੀ ਹੋਣ ਬਾਰੇ ਦੁਚਿੱਤੀ ਵਿਚ ਹੈ।

ਇਸ ਸੰਗ੍ਰਹਿ ਦੀਆਂ ਕਵਿਤਾਵਾਂ ਔਰਤ ਮਨ ਦੇ ਬਹੁਤ ਸਾਰੇ ਵਰਕੇ ਹਨ। ਇਨ੍ਹਾਂ ਨੂੰ ਜੋੜ ਕੇ ਹੀ ਉਸ ਔਰਤ ਦੀ ਸਾਲਮ ਤਸਵੀਰ ਬਣ ਸਕਦੀ ਹੈ ਜੋ ਆਪਣੀ ਸਿਰਜਣਾ ਨੂੰ ਜੀਣ ਦਾ ਸਭ ਤੋਂ ਵੱਡਾ ਆਧਾਰ ਬਣਾਉਂਦੀ ਹੈ। ਲਾਜ਼ਮੀ ਤੌਰ ਤੇ ਇਹ ਕਵਿਤਾ ਵੀ ਸਮਾਜਕ ਮਾਨਤਾਵਾਂ ਦੇ ਇਨਕਾਰ ਦੀ ਕਵਿਤਾ ਹੈ। ਜਿਸ ਦਿਨ ਅਸੀਂ ਇਨਕਾਰ ਨੂੰ ਪ੍ਰਤੀਰੋਧ ਦੇ ਬੀਜ ਰੂਪ ਵਜੋਂ ਸਮਝ ਸਕਾਂਗੇ ਉਸ ਦਿਨ ਰਮਨਦੀਪ ਵਿਰਕ ਦੀ ਕਵਿਤਾ ਦਾ ਮਹੱਤਵ ਸਾਨੂੰ ਸਮਝ ਆਏਗਾ ਤੇ ਉਸੇ ਸਮੇਂ ਅਸੀਂ ਔਰਤ ਦੀ ਹੋਂਦ ਤੇ ਹੋਣੀ ਦੇ ਅਸਲੋਂ ਵੱਖਰੇ ਅਰਥ ਕਰਨ ਵਿਚ ਸਫ਼ਲ ਹੋਵਾਂਗੇ।

ਜਗਵਿੰਦਰ ਜੋਧਾ
ਰੱਖੜ ਪੁੰਨਿਆ 2023

ਦੋ ਸਬਦ

ਇਹ ਮੇਰੀ ਕਵਿਤਾ ਦੀ ਤੀਜੀ ਕਿਤਾਬ ਹੈ। ਤਕਰੀਬਨ ਚਾਰ ਸਾਲ ਦੇ ਵਕਫੇ ਨਾਲ ਇਹ ਕਿਤਾਬ ਪਾਠਕਾਂ ਲਈ ਲੈਕੇ ਹਾਜਰ ਹੋਈ ਹਾਂ। ਮੇਰੇ ਲਈ ਕਵਿਤਾ ਸਿਰਜਣਾ ਬਹੁਤ ਹੀ ਅਚਾਨਕ ਜਿਹੇ ਵਾਪਰਦਾ ਹੈ। ਬਿਨਾਂ ਕਿਸੇ ਉਚੇਚ ਦੇ। ਕੋਸ਼ਿਸ਼ ਕੀਤੀ ਹੈ ਕਿ ਸਰਲ ਸਬਦਾਂ ਰਾਹੀਂ ਬਿਆਨ ਕਰਾਂ ਤਾਂ ਕਿ ਮੇਰੇ ਪਾਠਕ ਸਹਿਜੇ ਹੀ ਕਵਿਤਾ ਨਾਲ ਜੁੜ ਸਕਣ। ਪਾਠਕ ਦਾ ਵੀ ਫਰਜ ਹੈ ਕਿ ਕਵਿਤਾ ਦੀ ਗਹਿਰਾਈ ਤੱਕ ਜਾਇਆ ਜਾਵੇ ਤਦ ਹੀ ਇਹ ਤੁਹਾਡੇ ਧੁਰ ਅੰਦਰ ਤੱਕ ਉਤਰੇਗੀ। ਕਵਿਤਾ ਪਾਠ ਕਰਦਿਆਂ ਤੁਸੀਂ ਨਿਰਾਸ ਨਹੀਂ ਹੋਵੋਗੇ, ਇਹ ਮੇਰਾ ਵਾਅਦਾ।


***

ਅਸਮਾਨ ਬਹੁਤਾ ਵੱਡਾ ਨਹੀਂ ਹੁੰਦਾ
ਬਸ ਉੱਨਾਂ ਈ ਹੁੰਦਾ ਜਿੰਨਾ ਕੁ ਕਲ਼ਾਵੇ ’ਚ ਭਰ ਸਕਦੇ ਹਾਂ
ਮੇਰੇ ਕਲ਼ਾਵੇ ’ਚ
ਚੰਨ
ਤਾਰੇ
ਬੱਦਲ਼
ਸਵੇਰ
ਦੁਪਹਿਰ
ਆਥਣ
ਸਭ ਕੁਝ ਹੈ
ਤੇ ਰਾਤ?
ਉਹ ਮੈ ਕਦੇ ਹੋਣ ਨਹੀਂ ਦਿੱਤੀ
ਅਸਮਾਨ ਮੇਰਾ ਐ ਨਾ!
ਮੇਰੀ ਏਨੀ ਤਾਂ ਮੰਨਦਾ ਹੈ… 
***

ਤੇਰੀ ਮੈਨੂੰ
ਇਸ ਤਰਾਂ ਉਡੀਕ ਹੈ
ਜਿਵੇਂ ਉਡੀਕ ’ਚ ਖੜ੍ਹੇ ਖੜ੍ਹੇ ਬਿਰਖ ਹੋ ਗਏ ਦੀ ਸ਼ਾਖ ’ਤੇ
ਕੋਈ ਕੋਇਲ ਕੂਕਣ ਲਗਦੀ ਹੈ ਅਚਾਨਕ
ਤੇ ਉਸ ਬਿਰਖ ਦੀ ਪੱਤੀ ਪੱਤੀ ’ਚ
ਲਰਜ਼ਣ ਲਗਦਾ ਹੈ ਕੋਈ ਸਾਜ਼
ਫਿਰ ਤੋਂ
ਹਾਂ ਮੈਨੂੰ ਤੇਰੀ ਇਸ ਤਰਾਂ ਉਡੀਕ ਹੈ…
***

ਇੱਕ ਝੱਲੀ ਨੇ ਆਖਿਆ ਇੱਕ ਦਿਨ
ਮੈ ਨਹੀਂ ਸੁਨਾਉਣੀ ਰੁਮਾਂਟਿਕ ਕਵਿਤਾ
ਮੈ ਤਾਂ ਦੀਨ ਦੁਨੀਆ ਦਾ ਦਰਦ ਲਿਖਦੀ ਆਂ
ਉਹੀ ਸੁਣਾਂਵਾਂਗੀ

ਤੇ ਦੂਜੀ ਝੱਲੀ
ਉਹਦੀ ਗੱਲ ਸੁਣ
ਆਪਣੀ ਲਿਖੀ ਮੁਹੱਬਤੀ ਕਵਿਤਾ ਵਾਲ਼ੇ ਕਾਗ਼ਜ਼ ਨੂੰ ਮੁੱਠੀ ਵਿੱਚ ਘੁੱਟ ਕੇ
ਦੀਨ ਦੁਨੀਆ ਦੇ ਦਰਦ ਬਾਰੇ ਸੋਚਣ ਲੱਗੀ
ਕਾਗ਼ਜ਼ ਉਤਲੇ ਸ਼ਬਦਾਂ ਦਾ ਦਮ ਘੁੱਟਦਾ ਮਹਿਸੂਸ ਹੋਇਆ ਤਾਂ ਉਸਨੇ
ਮੁੱਠੀ ਖੋਲ੍ਹ ਦਿੱਤੀ,
ਲੱਗਿਆ ਜਿਵੇਂ ਅੱਖਰਾਂ ਨੂੰ ਸੁਖਾਲ਼ਾ ਸਾਹ ਆਇਆ ਹੋਵੇ….
***

ਬਰਸਾਤ ਦੇ ਮੌਸਮ ’ਚ
ਕਿਸੇ ਖੋਖੇ ਅੰਦਰ ਬੈਠ
ਚਾਹ ਦੀ ਚੁਸਕੀ ਲੈਂਦਿਆਂ
ਬਰਸਾਤੀ ਬੂੰਦ,ਚਾਹ ਦੇ ਗਲਾਸ ’ਚ ,
ਪਤਾ ਨਹੀਂ ਕਿਵੇਂ ਛੜੱਪ ਦੇਣੇ ਡਿੱਗੀ  ਤਾਂ
ਤੂੰ ਮੇਰੇ ਵੱਲ ਦੇਖਿਆ

ਕਿੰਨਾ ਸੋਹਣਾ ਸਾਜ਼ ਸੀ!

ਬਾਰਿਸ਼ ਬੰਦ ਹੋਈ
ਚਾਹ ਖਤਮ ਹੋਈ
ਸਫ਼ਰ ਮੁੱਕ ਗਿਆ

ਸਾਜ਼ ਦੀ ਅਵਾਜ਼
ਉਦੋਂ ਤੋਂ ਹੁਣ ਤੀਕ
ਆ ਰਹੀ ਹੈ

ਹਰ ਬਰਸਾਤ ਵੇਲੇ
ਉਸ ਸਾਜ਼ ਦੀ ਤਲਾਸ਼ ‘ਚ
ਮੀਲਾਂ ਦਾ ਸਫ਼ਰ ਕਰ
ਪਰਤ ਆਉਂਦੀ ਹੈ
ਇੱਕ ਨਜ਼ਮ.......
***

ਕੋਈ ਗ਼ਰਜ਼ ਨਹੀਂ ਹੁੰਦੀ
ਹਵਾ ਨੂੰ
ਰੁਮਕਣ ਨਾਲ਼
ਰੁੱਖਾਂ ਨੂੰ
ਛਾਵਾਂ ਨਾਲ਼
ਪਾਣੀ ਨੂੰ
ਤ੍ਰੇਹ ਨਾਲ਼
ਅਗਨ ਨੂੰ
ਨਿੱਘ ਨਾਲ਼
ਫਿਰ ਮੁਹੱਬਤ ਦੇ ਸਿਰ ਇਹ ਕਿਸਦਾ ਇਲਜ਼ਾਮ ਹੈ...?
***

ਕਵਿਤਾ ਦਾ ਕੀ ਏ
ਇਹ ਤਾਂ ਕਿਧਰੇ ਵੀ ਘਰ ਬਣਾ ਲੈਂਦੀ ਐ
ਨਿੱਕੇ ਨਿੱਕੇ ਕੰਮ ਕਰਦਿਆਂ
ਵੱਡੇ ਵੱਡੇ ਹਉਕੇ ਭਰਦਿਆਂ
ਤੁਰਦਿਆਂ ਫਿਰਦਿਆਂ
ਹੱਸਦਿਆਂ ਮੁਸਕੁਰਾਉਂਦਿਆਂ
ਮਹਿਫ਼ਲਾਂ ਸਜਾਉਂਦਿਆਂ

ਯਾਦ ਪਰ ਰੱਖਣਾ
ਕਵਿਤਾ ਮੰਗਦੀ ਹੈ ਧਿਆਨ
ਕਿਸੇ ਬੱਚੇ ਨਿੱਕੇ ਵਾਂਗਰਾਂ

ਬੀਜ ਨੇ ਇਹ ਉਹ ,ਜਿਹੜੇ ਉੱਗਦੇ ਨੇ ਕਿਤੇ ਕਿਤੇ…
***

ਭਰੇ ਮੇਲੇ ’ਚ
ਵਾਰ ਵਾਰ ਉਸੇ ਦੁਕਾਨ ’ਤੇ ਜਾ ਖੜ੍ਹਦੀ
ਸੋਹਣੇ ਸੋਹਣੇ
ਹੱਥ ਨਾਲ਼ ਪੇਂਟ ਕੀਤੇ
ਚੀਨੀ ਮਿੱਟੀ ਦੇ ਭਾਰੇ ਬਰਤਨ ਦੇਖਣ ਲਗਦੀ

ਇੱਕ ਬਹੁਤ ਪਿਆਰਾ ਭਾਂਡਾ
ਹਾਂਡੀ ਵਰਗਾ
ਕੁਝ ਵੀ ਪਕਾਓ ਤੇ ਪੇਸ਼ ਵੀ ਕਰੋ ਉਸੇ ਵਿੱਚ,ਦੁਕਾਨਦਾਰ ਦੱਸਦਾ

ਮੁੱਲ ਪੁੱਛਦੀ ਤੇ ਅਗਾਂਹ ਤੁਰ ਪੈਂਦੀ

ਜੀਅ ਕਰਦਾ ਕੋਈ ਆਖ ਦੇਵੇ ,‘‘ ਲੈ ਲਾ ਜੇ ਚੰਗਾ ਲੱਗਦਾ”
ਪਰ ਕਿਸੇ ਨੂੰ ਕੀ ਇਲਮ ਏ!
ਕਿ
ਜੋ ਚੰਗਾ ਲੱਗੇ, ਜੀਹਦੇ ਲਈ ਵਾਰ ਵਾਰ ਰੁਕੀਏ
ਉਹ ਕਦੋਂ ਮਿਲ਼ਦੇ ਨੇ!
ਕਿੱਥੇ ਮਿਲ਼ਦੇ ਨੇ!
ਉਹਨਾਂ ਦੀ ਕੀਮਤ ਕਿੱਥੇ ਅਦਾ ਹੁੰਦੀ ਏ!
***

ਤੈਨੂੰ ਉਦਾਸ ਹੋਣਾ ਨਾ ਆਇਆ
ਮੈਨੂੰ ਝੂਠਾ ਜਿਹਾ ਹੱਸਣਾ ਨਾ ਆਇਆ

ਵਕਤ ਤਾਂ ਆਇਆ ਤੇ ਮਿਲ਼ਿਆ ਵੀ ਕਈ ਵਾਰੀ

ਤੈਨੂੰ ਪੁੱਛਣਾ ਨਾ ਆਇਆ
ਮੈਨੂੰ ਦੱਸਣਾ ਨਾ ਆਇਆ…...
***

ਜਦੋਂ ਚੁੱਪ ਬੋਲਦੀ ਹੈ
ਤਾਂ
ਨਜ਼ਮ ਹੋ ਜਾਂਦੀ ਹੈ
ਜਦੋਂ
ਨਜ਼ਮ ਬੋਲਦੀ ਹੈ
ਤਾਂ
ਚੁੱਪੀ ਛਾ ਜਾਂਦੀ ਹੈ …...
***

ਮੇਰੇ ਕੋਲ਼ ਉਡੀਕ ਆਈ
ਠਹਿਰ ਗਈ

ਪੀੜ ਆਈ
ਠਹਿਰ ਗਈ

ਮੁਹੱਬਤ ਆਈ
ਠਹਿਰ ਗਈ

ਫਿਰ ਮੈਂ ਕਿੱਥੇ ਜਾਣਾ ਸੀ ….!
***

ਮੈਂ ਅਕਸਰ ਭੁੱਲ ਜਾਂਦੀ ਹਾਂ
ਚਾਹ ਦਾ ਜ਼ਾਇਕਾ
ਕੌਫ਼ੀ ਦਾ ਲੁਤਫ਼
ਵਿਹਲ ਦਾ ਅਨੰਦ
ਮਿਹਨਤ ਦੀ ਥਕਾਨ
ਉਦਾਸੀ ਦੀ ਵਜ੍ਹਾ
ਖੁਸ਼ ਹੋਣ ਦਾ ਸਬੱਬ
ਜਿਉਣ ਦਾ ਮਕਸਦ
ਪੜ੍ਹਨ ਦਾ ਅਰਥ
ਲਿਖਣ ਦਾ ਕਾਰਨ
ਬਸ ਯਾਦ ਰਹਿ ਜਾਂਦਾ ਐਵੇਂ ਹੀ

ਕਿਤੇ ਤੇਰਾ ਹੋਣਾ ਤੇ ਕਿਤੇ ਤੇਰਾ ਨਾ ਹੋਣਾ….
***

ਗੋਲੂ ਪੱਛਦਾ ਹੈ
ਆਂਟੀ ਤੁਸੀਂ ਮੇਰੀ ਕੋਈ ਪੇਂਟਿੰਗ ਦੇਖੀ?
ਨਹੀਂ ਨਾ ਦੇਖੀ!

ਨਹੀਂ ਦੇਖੀ
ਮੈ ਉਹਦੀ ਹਾਮੀ ਭਰਦੀ ਹਾਂ

ਉਹ ਰੋਜ਼ ਮੇਰੇ ਘਰ
ਸਾਫ਼ ਸਫਾਈ ਲਈ ਆਉਂਦਾ
ਬੜੀ ਰੀਝ ਨਾਲ਼ ਕੰਮ ਕਰਦਾ
ਵਿੱਚ ਵਿੱਚ ਮੈਨੂੰ ਹਦਾਇਤ ਕਰਦਾ
ਪੱਖਾ ਬੰਦ ਕਰ ਦਿਓ, ਮੈਟ ਝਾੜ ਦਿੱਤੇ ਤੁਸੀਂ ਵਿਛਾ ਲੈਣਾ

ਉਹਦੇ ਜਾਣ ਮਗਰੋੰ
ਸਭ ਕੁਝ ਸਾਫ਼ ਸੁਥਰਾ ਨਜ਼ਰੀਂ ਆਉਂਦਾ
ਮੈ ’ਕੱਲਾ ’ਕੱਲਾ ਕੋਨਾ ਨਿਹਾਰਦੀ
ਤਸੱਲੀਨੁਮਾ ਅਹਿਸਾਸ ਹੁੰਦਾ
ਮੈਨੂੰ  ਲੱਗਦਾ
ਮੈਂ ਗੋਲੂ ਦੀ ਪੇਂਟਿੰਗ ਦੇਖ ਲਈ ਹੈ...
***

ਤੇਰੇ ਜਾਣ ਬਾਅਦ
ਅੱਜ ਪਹਿਲੀ ਬਾਰਿਸ਼ ਹੋਈ ਐ
ਯਾਦ ਆਇਆ ਹੈ ਬਾਰਿਸ਼ ਦੇ ਦਿਨ ਦਾ ਇੱਕ ਵਾਕਿਆ

ਮੁਸਕੁਰਾਅ ਪਈ ਹਾਂ ‘ਚਿੱਕੜ’ ਨੂੰ ਤੇਰਾ ‘ਕਿੱਚੜ’ ਕਹਿਣਾ ਯਾਦ ਕਰਕੇ

ਸਿੱਲ੍ਹੀ ਧਰਤੀ
ਸਿੱਲ੍ਹਾ ਅੰਦਰ
ਸਿੱਲ੍ਹੀਆਂ ਅੱਖਾਂ
ਇਹ ਸਭ ਰਲ਼ ਕੇ ਵੀ ‘ਕਿੱਚੜ’ ਨਹੀਂ ਹੁੰਦਾ
ਅਜੇ ਹੋਰ ਗਹਿਰੀ ਬਾਰਿਸ਼ ਹੋਣੀ ਬਾਕੀ ਹੈ…
***

ਬੱਤੀਆਂ ’ਤੇ ਕਾਰ ਰੁਕਦੀ ਹੈ
ਗੁਬਾਰਿਆਂ ਨਾਲ਼ ਖੇਡਣ ਦੀ ਉਮਰ ਵਾਲ਼ੀ ਇੱਕ ਬੱਚੀ
ਮੇਰੇ ਕੋਲ਼ ਆ ਖੜ੍ਹਦੀ ਹੈ
ਮੂੰਹੋਂ ਕੁਝ ਨਹੀਂ ਬੋਲਦੀ
ਗ਼ੁਬਾਰੇ ਅੱਗੇ ਕਰ ਲਿਸ਼ਕਦੀਆਂ ਅੱਖਾਂ ਨਾਲ਼ ਮੇਰੇ ਵੱਲ ਤੱਕਦੀ ਹੈ

ਉਹ ਜਗਮਗ ਕਰਦੇ ਗੁਬਾਰੇ ਮੇਰੇ ਕੁਝ ਨਹੀਂ ਲਗਦੇ
ਉਸ ਬੱਚੀ ਦੇ ਨੈਣਾਂ ਦੀ ਚਮਕ ਜਿਵੇਂ ਮੇਰੀ ਕੁਝ ਲਗਦੀ ਹੈ
ਅਜੇ ਕੁਝ ਸੋਚਿਆ ਹੀ ਹੈ ਕਿ
ਹਰੀ ਬੱਤੀ ਹੋ ਗਈ ਹੈ
ਉਹ ਬੱਚੀ ਅਜੇ ਵੀ ਉੱਥੇ ਖੜ੍ਹੀ ਹੈ

ਅਗਲੇ ਹੀ ਪਲ ਮੇਰੀ ਸੋਚ ਵਿੱਚ ਕੁਝ ਨਵਾਂ ਚੱਲਣ ਲੱਗਦਾ ਹੈ
ਮੈਂ ਯੂ ਟਰਨ ਲੈ ਲਿਆ ਹੈ…
***

ਸੱਚ ਪੁੱਛੇਂ ਤਾਂ
ਮੁਹੱਬਤ ਬਾਰੇ ਬਹੁਤ ਗੱਲਾਂ ਕਰਨ ਨੂੰ
ਜੀਅ ਕਰਦਾ ਹੈ

ਕਦੇ ਕਦਾਈਂ ਆਪ ਮੁਹਾਰੇ ਹੀ
ਨਿੱਕਲ ਤੁਰਦੀ ਹੈ ਤੇਰੇ ਰਾਹਾਂ ਵੱਲ ਮੇਰੀ ਚੁੱਪ

ਦੱਸਣ ਦਾ ਮਨ ਹੈ
ਕਿ ਹੁਣ ਬਹੁਤ ਬਦਲ ਚੁੱਕਾ ਹੈ ਵਕਤ
ਹੁਣ ਲੋਕ ਮੁਹੱਬਤ ਨਹੀਂ ਕਰਦੇ
ਮੁਹੱਬਤ ਦੀ ਗੱਲ ਕਰਦੇ ਨੇ

ਮੈਂ ਵੀ ਰਲ਼ ਗਈ ਹਾਂ
ਭੀੜ ਵਿੱਚ
ਤੇ ਭੀੜ ਵਿੱਚ ਰਲ਼ਿਆਂ ਕੋਲ਼ ਸਿਰਫ ਗੱਲ ਹੁੰਦੀ ਹੈ

ਤੈਨੂੰ ਮਿਲਣਾ ਹੈ
ਚੁੱਪ ਹੋਰ ਗੂੜ੍ਹੀ ਕਰਨੀ ਹੈ….
***

ਗੱਲ ਤਾਂ ਏਨੀ ਕੁ ਹੈ
      ਸਾਨੂੰ ਹੀ, ਨਜ਼ਮ ਪੜ੍ਹਨੀ ਨਹੀਂ ਆਈ

ਅਸੀਂ ਹੀ , ਖੁੱਲ੍ਹੀ ਖਿੜਕੀ ਤੇ ਬੰਦ ਕਿਤਾਬ ਦੇ
ਅਰਥ ਕਰਨੋਂ ਖੁੰਝ ਗਏ

ਸਾਥੋਂ ਹੀ ,ਹੱਸਦਿਆਂ ਹੋਇਆਂ ਦੇ
           ਖਾਲੀ ਦੀਦਿਆਂ ਅੰਦਰ ਝਾਕ ਨਾ ਹੋਇਆ

ਅਸਾਡਾ ਹੀ, ਖ਼ਿਆਲ ਸੀ ਜੋ ਖਿੰਡ ਗਿਆ ਉਹ ਵੇਲ਼ੇ
             ਜਦ ਕਿਸੇ ਵਾਕ ਨੇ ਅਰਥ ਹੋਣਾ ਸੀ…...
***

ਉਸਨੇ ਮੈਨੂੰ
ਅਜਬ ਗ਼ਜ਼ਬ ਰੰਗਾਂ ਵਿੱਚ ਵੀ ਪਛਾਣ ਲਿਆ
ਹੈਰਾਨ ਨਹੀਂ ਹਾਂ ਮੈਂ

ਉਹ ਮੇਰੇ ਹਰ ਰੰਗ ਤੋਂ ਵਾਕਫ਼ ਐ

ਜਦੋਂ ਖੁਸ਼ ਹੋਵਾਂ
ਤਾਂ
ਫਿੱਕੇ ਰੰਗ ਦੀ ਮੁਸਕਾਨ ਓੜਦੀ ਹਾਂ

ਉਦਾਸ ਹੋਵਾਂ
ਤਾਂ
ਗੂੜ੍ਹੇ ਰੰਗ ਦਾ ਗੀਤ ਗਾਉਂਦੀ ਹਾਂ

ਜਦੋਂ ਕੁਝ ਵੀ ਨਾ ਹੋਵਾਂ
ਤਾਂ
ਰੰਗਾਂ ਦੀ ਪਰਿਭਾਸ਼ਾ ਲਿਖਣ ਲਗਦੀ ਹਾਂ …..
***

ਉਹ ਕੁੜੀ
ਹੁਣ ਉੱਥੇ ਨਹੀਂ ਰਹਿੰਦੀ
ਜਿੱਥੇ ਤੂੰ ਉਸਨੂੰ ਆਖਰੀ ਵਾਰ ਦੇਖਿਆ ਸੀ
ਉਹ ਕੁੜੀ ਤਾਂ ਇੱਥੇ ਵੀ ਨਹੀਂ ਰਹਿੰਦੀ
ਜਿੱਥੇ ਤੂੰ ਉਸਨੂੰ ਹਰ ਰੋਜ਼ ਦੇਖਿਆ ਹੈ
ਕਮਾਲ ਹੈ !
ਤੂੰ ਉਸਨੂੰ ਉੱਥੇ ਨਹੀਂ ਲੱਭਿਆ
ਜਿੱਥੇ ਤੂੰ ਉਸਨੂੰ ਪਹਿਲੀ ਵਾਰ ਦੇਖਿਆ ਸੀ
ਉਹ ਉੱਥੇ ਹੀ ਹੈ
ਉੱਥੇ ਕਿਤੇ !
***

ਖਿੜਖਿੜਾਉਂਦੇ ਹਾਸੇ ਨੇ
ਗਹਿਰੀ ਉਦਾਸੀ ਕੋਲ਼ੋਂ
ਕੁਝ ਪੁੱਛਣਾ ਚਾਹਿਆ ਹੈ

ਉਦਾਸੀ
ਹਾਸਿਆਂ ਦੇ ਭੇਤ ਨਾ ਜਾਣਦੀ
ਬਹੁਤ ਰੰਗ ਨੇ ਇਹਨਾਂ ਦੇ
ਵਿਅੰਗਮਈ, ਸ਼ਰਾਰਤੀ, ਮਤਲਬੀ

ਕੀ ਜਵਾਬ ਦਿੰਦੀ!
ਚੁੱਪ ਹੈ ਹਮੇਸ਼ਾ ਵਾਂਗ
ਬਸ ਦੇਖ ਰਹੀ ਹੈ
ਕਿ
ਉਸਦਾ ਅਗਲਾ ਰੰਗ ਕਿਹੜਾ ਹੋਵੇਗਾ …..
***

ਮੇਰੇ ਨਾਲ਼ ਤੁਰਦਿਆਂ ਤੁਰਦਿਆਂ
ਸ਼ਾਇਦ ਥੱਕ ਗਿਆ ਹੋਣਾ

ਇੱਕ ਦਿਨ ਉਸ ਕਿਹਾ “ਮੈਨੂੰ ਮੁਹੱਬਤ ਹੋ ਗਈ ਐ ਕਿਸੇ ਹੋਰ ਨਾਲ਼”
ਮੈਂ ਮੁਸਕੁਰਾਅ ਪਈ

ਉਸ ਫਿਰ ਕਿਹਾ,” ਤੈਨੂੰ ਦੁੱਖ ਨਹੀਂ ਹੋਇਆ ?”
ਮੈਂ ਫਿਰ ਮੁਸਕਰਾਅ ਪਈ

ਉਹ ,ਜੋ ਮੁਹੱਬਤ ਕਰਨੀ ਸਿੱਖ ਗਿਆ ਸੀ
ਮੁਸਕੁਰਾਹਟ ਦੇ ਅਰਥ ਕਰਨੇ ਭੁੱਲ ਗਿਆ…
***

ਪੁਰਾਣੇ ਬਰਤਨਾਂ ਨੂੰ ਸਾਂਭ ਸਾਂਭ ਰੱਖਦੀ
ਪੁਰਾਣੀ ਮੁਹੱਬਤ ਨੂੰ ਛੁਪਾਉਂਦੀ
ਬਰਤਨ , ਜੋ ਬਾਤ ਪਾਉਂਦੇ ਆਪਣੇ ਪਿਛੋਕੜ ਦੀ
ਮੁਹੱਬਤ ਜੋ ਹਉਕਾ ਭਰਦੀ ਆਪਣੀ ਹੋਣੀ ’ਤੇ
ਦੋਵੇਂ ਹੀ ਆਪਣੇ ਅੰਦਰ ਸਾਂਭੀ ਰੱਖਦੇ
ਪੱਕਦੀਆਂ ਰਿੱਝਦੀਆਂ ਚੀਜ਼ਾਂ…
***

ਉਦਾਸ ਹੈ ਮਾਂ ਇਹਨੀਂ ਦਿਨੀਂ
ਉਂਗਲ਼ਾਂ ’ਤੇ ਗਿਣਨ ਲਗਦੀ ਹੈ
ਕੌਣ ਕੌਣ ਤੁਰ ਗਏ ਪਿਛਲੇ ਪੰਜਾਂ ਚਾਰਾਂ ਮਹੀਨਿਆਂ ’ਚ

ਮੈ ਆਪਣਾ ਹਿਸਾਬ ਜਿਹਾ ’ਲਾ ਕੇ ਦੱਸਦੀ ਹਾਂ
ਉਹਨਾਂ ਜਾਣਾ ਹੀ ਸੀ
ਕੋਈ ਜ਼ਿੰਦਗੀ ਹੱਥੋਂ ਤੰਗ
ਕੋਈ ਉਮਰ ਹੰਢਾਅ ਚੁੱਕਾ
ਕੋਈ ਬੀਮਾਰੀ ਤੋਂ ਪਰੇਸ਼ਾਨ

ਪਰ ਇਉਂ ਨਾ ਸੋਚੋ ਤੁਸੀਂ

ਮੈਂ ਜੇ ਤੁਰ ਗਈ
ਫਿਰ ਕਿਹੜਾ ਹਿਸਾਬ ਲਾਏਂਗੀ?
ਕਿਹੜੇ ਖਾਤੇ ਪਾਏਂਗੀ?
ਮਾਂ ਮੇਰੇ ਮੂੰਹ ਵੱਲ ਦੇਖ ਕੇ ਸਵਾਲ ਕਰਦੀ ਹੈ

ਮੈਨੂੰ ਮਾਂ ਦੇ ਸਿਰੜ ਨਾਲ਼ ਪਰੁੰਨੇ
ਸੁੰਝੇ ਪਏ ਘਰ ਦਾ ਚਿਹਰਾ ਦਿਸਣ ਲੱਗਦਾ ਹੈ

ਮੈ ਨਿਰਉੱਤਰ
ਚੁੱਪ
ਮਾਂ ਨੂੰ ਕਲ਼ਾਵੇ ਭਰ ਲੈਂਦੀ ਹਾਂ
***

ਪੜ੍ਹ ਲਵਾਂਗੀ ਕੁਝ
ਉਦਾਸ
ਸ਼ੋਖ਼
ਤੇ ਗੰਭੀਰ ਸਫ਼ੇ

ਕੁਝ ਦੇਰ ਹੀ ਸਹੀ
ਜੀਅ ਲਵਾਂਗੀ ਆਪਣੀ ਮਰਜ਼ੀ ਦੇ ਪਲ

ਬਾਗ਼ੀ ਜਿਹੀ ਤਬੀਅਤ ‘ਤੇ
ਰਸ਼ਕ ਕਰ ਲਵਾਂਗੀ
ਚੰਦ ਕੁ ਘੜੀਆਂ

ਤਲਖ਼ ਜ਼ਿੰਦਗੀ ‘ਚੋਂ
ਮੁਹੱਬਤ ਦੇ ਕਸ਼ ਭਰਾਂਗੀ
ਤੇ ਮੁਸਕੁਰਾਅ ਲਵਾਂਗੀ ਦੇਰ ਤੱਕ

ਤੇਰਾ ਜਨਮ ਦਿਨ
ਕੁਝ ਇਸ ਤਰਾਂ ਮਨਾਵਾਂਗੀ…..

*ਅੰਮ੍ਰਿਤਾ ਦੇ ਜਨਮ ਦਿਨ ’ਤੇ
***

ਰਿਵਰਸਾਈਡ ਆਊਟਿੰਗ ਲਈ ਆਈਆਂ
ਉਹ ਔਰਤਾਂ
ਖ਼ੂਬਸੂਰਤ ਹਨ ਜਾਂ ਫਿਰ
ਖ਼ਾਕ ਸੋਹਣੀਆਂ !

ਇਹ ਕੋਈ ਸਵਾਲ ਨਹੀਂ
ਇੱਕ ਅਚੰਭਾ ਹੈ

ਅਗਾਂਹਵਧੂ ਮੁਲਕ ਦੀਆਂ ਵਸਨੀਕ
ਉਹ ਸਿਰ ਤੋਂ ਪੈਰਾਂ ਤੱਕ ਕੱਜੀਆਂ ਹੋਈਆਂ
ਆਪਣੇ ਗ੍ਰੁੱਪ ਵਿੱਚ ਅਲੱਗ ਥਲੱਗ ਬੈਠੀਆਂ
ਤੇ ਦਸ ਕਦਮਾਂ ’ਤੇ ਬੈਠੇ
ਉਹਨਾਂ ਦੇ ਬਾਪ, ਭਾਈ ਤੇ ਖ਼ਾਵੰਦ

ਸਭਨਾਂ ਲਈ ਬਾਰਬੀਕਿਊ ਕਰ ਰਹੀਆਂ
ਆਪਣੇ ਮਰਦ ਸੰਗੀਆਂ ਨੂੰ ਪਰੋਸ ਕੇ
ਫਿਰ ਆਪਣੀ ਥਾਂ ’ਤੇ ਆ ਬੈਠਦੀਆਂ

ਭਾਂਡਾ ਟੀਂਡਾ ਚੁੱਕਦੀਆਂ
ਆਸ ਪਾਸ ਪਿਆ ਸਭ ਸਾਜੋ ਸਮਾਨ ਸਮੇਟਦੀਆਂ
ਉਹਨਾਂ ਸਭਨਾਂ ਨੂੰ ਰੱਖਦੀਆਂ ਬੇਫ਼ਿਕਰ
ਜੋ ਉਹਨਾਂ ਦੀ ਹਿਫ਼ਾਜ਼ਤ ਲਈ ਪਾਬੰਦ ਹਨ

ਉਹ ਮਰਦ
ਦਲੇਰ ਹਨ, ਜ਼ੋਰਾਵਰ ਜਾਂ ਫਿਰ
ਅਸਲੋਂ ਕਮਜ਼ੋਰ!

ਇਹ ਵੀ ਕੋਈ ਸਵਾਲ ਨਹੀਂ
ਇੱਕ ਅਚੰਭਾ ਹੀ ਹੈ !
***

ਦਿਲਾਂ ਨੂੰ
ਦਿਲਾਂ ਦੀ ਰਾਹ ਹੁੰਦੀ ਹੈ
ਬੇਸ਼ੱਕ

ਰਾਹਾਂ ’ਤੇ ਚੁੱਪ ਉੱਗ ਆਈ ਹੈ
ਹੁਣ
ਉੱਧਰੋਂ ਕੋਈ ਨਹੀਂ ਗੁਜ਼ਰਦਾ

ਨਵੇਂ ਰਾਹ ਬਣਨ ਲਈ
ਇੱਕ ਉਮਰ ਲਗਦੀ ਹੈ

ਤੂੰ ਅਜੇ ਤੁਰਨਾ ਸਿੱਖਿਆ ਹੈ

ਤੇਰੇ ਲਈ
ਔਖਾ ਹੈ
ਉਹਨਾਂ ਰਾਹਾਂ ਵਿਚਲੀ ਚੁੱਪ ਨੂੰ ਪਾਰ ਕਰ
ਉਲ਼ੰਘ ਆਉਣਾ

ਮੇਰੇ ਲਈ ਔਖਾ ਹੈ
ਉਸੇ ਰਾਹ ’ਤੇ
ਨਵੀਂ ਪੈੜ ਤਲਾਸ਼ਣਾ

ਰਾਹ ਹੁੰਦੀ ਹੈ
ਜ਼ਰੂਰ ਹੁੰਦੀ ਹੈ
***

ਖ਼ੂਬਸੂਰਤ ਲੋਕ ਸਦਾ ਮੁਸਕੁਰਾਉਂਦੇ
ਸਾਦਗੀ ’ਚ ਰਹਿੰਦੇ
ਇਹ ਪਰਿਭਾਸ਼ਾ ਇੰਨੀ ਕੁ ਨਹੀਂ ਐ

ਉਹ ਮਨਪਸੰਦ ਪਹਿਰਾਵਾ ਪਾਉਂਦੇ
ਮਨ ਭਾਉਂਦਾ ਗੀਤ ਗਾਉੰਦੇ
ਜ਼ਿੰਦਗੀ ਨੂੰ ਜਿਉਣਾ ਜਾਣਦੇ
ਕਿਸੇ ਹੋਰ ਨੂੰ ਜਾਨਣ ਤੋਂ ਪਹਿਲਾਂ ਖ਼ੁਦ ਨੂੰ ਪਹਿਚਾਣਦੇ

ਹੋਰ ਵੀ ਬਹੁਤ ਕੁਝ ਕਰਦੇ ਨੇ
ਇਹ ਖ਼ੂਬਸੂਰਤ ਲੋਕ
ਕਦੇ ਚੁੱਪਚਾਪ ਮਰਦੇ ਨੇ
ਇਹ ਖ਼ੂਬਸੂਰਤ ਲੋਕ

ਇਹਨਾਂ ਨੂੰ ਮੁਹੱਬਤ ਦੇ ਮਾਇਨੇ ਸਮਝ ਆਉਂਦੇ ਨੇ
ਚਾਹੁੰਦੇ ਨੇ ਤਾਂ ਟੁੱਟ ਕੇ ਚਾਹੁੰਦੇ ਨੇ
ਸੱਚੀਂ ਕਿੰਨਾ ਸੱਚ ਜਿਉਂਦੇ ਨੇ
ਇਹ ਖ਼ੂਬਸੂਰਤ ਲੋਕ…
***

ਅੰਗਰੇਜ਼ੀ ਸਕੂਲੇ ਪੜ੍ਹਦੇ  ਪੁੱਤਰ ਨੂੰ
ਮਾਂ ਠੇਠ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਕਰਦੀ ਹੈ
ਉਹ ਗੱਲੀਂ ਬਾਤੀਂ ਵਰਤਦੀ ਰਹਿੰਦੀ ਹੈ
ਮੁਹਾਵਰੇ ਤੇ ਅਖਾਣ
ਬਹੁਤ ਖੁਸ਼ ਹੁੰਦੀ ਹੈ ਮਾਂ
ਉਹਦਾ ਪੁੱਤ ਮੁਕਾਬਲਤਨ ਮਾਂ ਬੋਲੀ ਵਧੀਆ
ਲਿਖ, ਪੜ੍ਹ, ਬੋਲ ਲੈਂਦਾ ਹੈ

ਤੇ ਫਿਰ ਇੱਕ ਦਿਨ ਪੁੱਛਦਾ ਹੈ ਮਾਂ ਨੂੰ
ਟੋਟਾ
ਅੱਤ
ਪਟੋਲਾ
ਸ਼ਬਦਾਂ ਦੇ ਕੀ ਅਰਥ ਨੇ?

ਟੋਟਾ ਤਾਂ ਟੁਕੜਾ ਹੁੰਦਾ ਜਾਂ ਹਿੱਸਾ
ਅੱਤ ਤਾਂ ਹੱਦ ਹੁੰਦੀ ਹੈ
ਤੇ ਪਟੋਲ੍ਹੇ ਤਾਂ ਬਾਲੜੀਆਂ ਦੇ ਖਿਡਾਉਣੇ ਹੁੰਦੇ ਨੇ

“ਹਮਮ”

ਪੁੱਤ ਏਨਾ ਹੀ ਆਖਦਾ ਹੈ ਹੋਰ ਕੁਝ ਨਹੀਂ ਪੁੱਛਦਾ

ਤੇ ਮਾਂ ਹੁਣ ਏਨਾ ਵੀ ਨਹੀਂ ਆਖਦੀ, ਪੁੱਤ ਸਭ ਸਮਝਦਾ ਹੈ…
***

ਹੁਣ ਅਸੀਂ
ਇੱਕ ਦਿਨ ਤੋਂ ਜ਼ਿਆਦਾ
ਉਦਾਸ ਨਹੀਂ ਰਹਿੰਦੇ

ਬਹੁਤੀ ਦੇਰ ਤੱਕ ਗ਼ਮਗੀਨ
ਨਹੀ ਹੁੰਦੇ

ਕਿੰਨੇ ਕਠੋਰ ਹਾਂ ਅਸੀਂ

ਦਿਲ ਦੇ ਜਿਉਂਦੇ ਹੋਣ ਦੀ
ਹਰ ਨਿਸ਼ਾਨੀ ਮਿਟਾਅ ਦਿੰਦੇ ਹਾਂ...
***

ਤੂੰ ਸ਼ਬਦ ਸ਼ਬਦ
ਮੁੱਕਰ ਜਾਵੀਂ
ਮੈ ਅਰਥ ਅਰਥ
ਮਨਾ ਲਵਾਂ
ਅਨਰਥ ਹੋਣੋ ਬਚ ਜਾਏ...
***

ਮਾਂ ਨਹੀਂ ਜਾਣਦੀ
ਅੱਜ ਧੀਆਂ ਦਾ ਦਿਨ ਐ
ਮਾਂ ਨੂੰ
ਜਨਮ ਤਰੀਕ ਵੀ ਭੁੱਲ ਜਾਂਦੀ ਏ ਧੀਆਂ ਦੀ

ਯਾਦ ਕਰਦੀ ਹੈ ਧੀ
ਉਹ ਦਿਨ
ਜਦ ਬੀਮਾਰ ਮਾਂ ਹਸਪਤਾਲ ਦੇ ਬੈੱਡ ’ਤੇ ਪਈ
ਨੀਮ ਬੇਹੋਸ਼ੀ ਵਿੱਚ
ਨਰਸ ਹੱਥੋਂ ਦਵਾਈ ਲੈਣ ਤੋਂ ਇਨਕਾਰੀ ਹੈ
ਉਹਨੂੰ ਜਾਪਦਾ ਹੈ
ਨਰਸ ਗ਼ਲਤ ਸਮੇਂ ਗ਼ਲਤ ਦਵਾਈ ਦੇ ਰਹੀ ਹੈ

ਬੇਸੁਰਤੀ ਵਿੱਚ ਆਖਦੀ ਹੈ
“ਮੇਰੇ ਬੱਚਿਆਂ ਨੂੰ ਬੁਲਾਓ”

ਧੀਆਂ ਨੂੰ ਕੋਲ਼ ਦੇਖਦਿਆਂ ਹੀ
ਨਰਸ ਦੀ ਸ਼ਿਕਾਇਤ ਲਾਉਂਦੀ ਹੈ
ਤੇ ਬੇਟੀ ਹੱਥੋਂ ਦਵਾਈ ਖਾਂਦੀ ਹੈ

ਉਂਝ ਮਾਂ, ਧੀਆਂ ਦਾ ਦਿਨ ਭੁੱਲ ਜਾਂਦੀ ਹੈ
ਹਰ ਖ਼ਾਸ ਤਰੀਕ
ਉਹਨੂੰ ਯਾਦ ਨਹੀਂ ਰਹਿੰਦੀ…
***

ਘਰ ਦੀ ਮੁਰੰਮਤ ਚੱਲ ਰਹੀ ਹੈ
ਤੇ ਕਈ  ਕੁਝ ਨਵਾਂ ਵੀ ਬਣ ਰਿਹਾ ਹੈ
ਕੁਝ ਢਹਿ ਰਿਹਾ ਹੈ
ਕੁਝ ਉੱਸਰ ਰਿਹਾ ਹੈ

ਮੈ ਮੂਕ ਦਰਸ਼ਕ ਵਾਂਗ
ਕਦੇ ਢਹਿ ਜਾਣਾ ਤੇ ਕਦੇ ਮੁੜ ਉੱਸਰਨਾ
ਦੇਖ ਰਹੀ ਹਾਂ

ਨਵਾਂ ਬਣ ਰਿਹਾ ਮਕਾਨ
ਮਿਹਨਤ ਮੰਗਦਾ ਹੈ
ਮਕਾਨ ਤੋਂ ਘਰ ਹੋਣ ਤੱਕ

ਜੁਟ ਗਈ ਹਾਂ ਮੈਂ
ਸਭ ਟੁੱਟਿਆ ਭੱਜਿਆ ਤੇ ਬੇਲੋੜਾ ਘਰੋਂ ਬਾਹਰ ਕਰਨ ਲਈ

ਮਕਾਨ ਮੁੜ ਤੋਂ ਘਰ ਲੱਗਣ ਲੱਗ ਪਿਆ ਹੈ…
***

ਕਵਿਤਾ ਰੋਜ਼ ਨਹੀਂ ਆਉਂਦੀ
ਕਦੇ ਕਦੇ ਖ਼ੁਦ ਜਾਣਾ ਪੈਂਦਾ ਉਸ ਕੋਲ਼
ਸੁਣਨੀ ਪੈਂਦੀ ਉਹਦੀ  ਗੱਲ
ਭਰਨਾ ਪੈਂਦਾ ਹੁੰਗਾਰਾ
ਤ੍ਰੇਹ ਜਾਣਦੀ ਹੈ ਤ੍ਰਿਪਤੀ ਕਿੱਥੇ ਹੈ
ਕਿਸੇ ਇੱਕ ਦਾ ਦੂਜੇ ਕੋਲ਼ ਚੱਲ ਕੇ ਆਉਣਾ
ਸ਼ਬਦਾਂ ਦਾ ਅਰਥ ਹੋ ਜਾਣਾ ਹੁੰਦਾ ਹੈ.....
***

ਮੈਂ ਇੱਕ ਬੇਰੰਗ ਤਸਵੀਰ ਦੇਖੀ ਹੈ
ਤੇ ਇੱਕ ਕਵਿਤਾ ਨੂੰ ਰੰਗੀਨ ਹੁੰਦੇ ਤੱਕਿਆ ਹੈ
ਭਰੇ ਭਰੇ ਬੱਦਲ਼ ਬਿਨਾਂ ਵਰ੍ਹੇ ਗੁਜ਼ਰਦੇ ਵੀ ਦੇਖੇ ਨੇ ਕਈ ਵਾਰ
ਕਦੇ ਕਦੇ ਪੱਤਝੜ ਨੂੰ ਵੀ ਖੁਸ਼ਾਮਦੀਦ ਆਖਿਆ ਹੈ
ਗੱਲ ਤਾਂ ਇੰਨੀ ਕੁ ਹੈ ਕਿ
ਹੁਣ ਮੌਸਮਾਂ ਦਾ ਹੀ ਰੁੱਤਾਂ ਦੇ ਅੰਗ ਸੰਗ ਕੋਈ ਅਰਥ ਨਹੀਂ …
***

ਅਸੀਂ
ਨਜ਼ਮ ਵਾਂਗਰਾਂ ਜਿਉੰਦੇ ਰਹੇ
ਸਹਿਜ ਸੁਭਾਅ
                   ਸ਼ਬਦਾਂ ’ਚੋਂ ਅਰਥ ਲੱਭਦੇ ਰਹੇ
                   ਜ਼ਿੰਦਗੀ ਨੂੰ ਅਰਥ ਦਿੰਦੇ ਰਹੇ

ਅਖੀਰ
ਨਜ਼ਮ ਵਾਂਗ ਹੀ
ਕਿਧਰੇ ਲਿਖੇ ਰਹਿ ਗਏ

                   ਜ਼ਿੰਦਗੀ ਹੁਣ ਵੀ ਹੈ
                   ਨਜ਼ਮ ਦੇ ਅਰਥ ਵੀ ਨੇ

ਪਰ ਸ਼ਬਦ ਹਨ ਕਿ ਲੱਭਦੇ ਨਹੀਂ.…
***

ਤੁਰਦਿਆਂ ਤੁਰਦਿਆਂ
ਖ਼ਿਆਲ ਆਇਆ
ਕਿੱਥੇ ਪੁੱਜਣਾ ਹੈ ਆਖਰ?

ਇਸ ਸਵਾਲ ਨੇ ਮੈਨੂੰ ਉਸ ਰਾਹ ਵੱਲ ਤੋਰਿਆ ਹੈ ਜਿੱਥੇ

                 ਗੱਲਾਂ ,
                 ਗੀਤ ਹੋ ਜਾਂਦੀਆਂ ਨੇ
                 ਚੁੱਪ,
                 ਨਜ਼ਮ ਹੋ ਜਾਂਦੀ ਹੈ
                 ਤੇ ਫਿਰ
                 ਨਜ਼ਮ ਕਦੇ ਚੁੱਪ ਨਹੀਂ ਹੁੰਦੀ.....
***

ਮੁੱਦਤ ਬਾਅਦ
ਤੇਰੇ ਸ਼ਹਿਰ ਦਾ ਨਾਂ ਲੈਕੇ
ਕਿਸੇ ਨੇ ਕੁਝ ਪੁੱਛਿਆ ਹੈ
ਤੇ ਮੈਂ
ਅਣਜਾਣ ਬਣ ਗਿਆ ਹਾਂ ਅਚਾਨਕ..

ਉਸ ਸ਼ਹਿਰ ‘ਚ
ਇੱਕ ਟ੍ਰੰਕਾਂ ਵਾਲ਼ੀ ਗਲ਼ੀ ਹੈ,ਹਨੇਰੀ ਜਿਹੀ
ਜਿੱਥੋਂ ਗ਼ੁਜ਼ਰਦਿਆਂ ਤੂੰ
ਅਕਸਰ ਡਰ ਜਾਂਦੀ ਸੀ..
ਇਸੇ ਸ਼ਹਿਰ ਦੇ ਕਿਸੇ ਮੁਹੱਲੇ
ਇੱਕ ਬੁੱਢੀ ਮਾਈ ਤੇਰੀਆਂ ਕਿਤਾਬਾਂ ’ਤੇ ਜਿਲ੍ਹਦਾਂ ਬੰਨਿ੍ਹਆ ਕਰਦੀ ਸੀ
ਤੇ ਤੂੰ ਉਸ ਕੋਲ਼ੋਂ ਸਾਖੀਆਂ ਸੁਣਿਆ ਕਰਦੀ ਸੈਂ
ਹਾਂ ਇੱਕ ਥਾਂ ਹੋਰ ਹੈ ਤੇਰੇ ਸ਼ਹਿਰ ਦੀ
ਰੇਲ ਪਟੜੀ ’ਤੇ ਬਣਿਆ ਉਹ ਪੁਲ਼
ਜਿਸ ਦੇ ਐਨ ਵਿਚਕਾਰ ਖੜੋ ਕੇ
ਤੂੰ ਗੁਜ਼ਰਦੀ ਰੇਲ ਨੂੰ ਦੇਖਣ ਲਈ ਖੜ੍ਹੀ ਰਹਿੰਦੀ ਸਓ ..
ਇੱਕ ਮੰਦਰ ਵੀ
ਜਿੱਥੇ ਹਰ ਮੰਗਲ਼ਵਾਰ ਤੇਰਾ ਜਾਣਾ ਹੁੰਦਾ ਸੀ..

ਪਰ ਪੁੱਛਣ ਵਾਲ਼ੇ ਨੂੰ ਮੈਂ
ਸੱਚ ਆਖ ਦਿੱਤਾ ਹੈ
ਉਸ ਸ਼ਹਿਰ ਮੈਂ ਕਦੇ ਨਹੀਂ ਗਿਆ..
***

ਕੁਝ ਘਰਾਂ ਅੰਦਰ
ਸਭ ਕੁਝ ਸਾਫ਼ ਸੁਥਰਾ ਹੁੰਦਾ
ਥਾਂ  ਟਿਕਾਣੇ ਪਈਆਂ  ਵਸਤਾਂ
ਚੰਗੀਆਂ ਲੱਗਦੀਆਂ
ਲੱਭਣ ਦੀ ਲੋੜ ਨਾ ਪੈਂਦੀ

ਇੱਧਰ ਉੱਧਰ ਬੇਤਰਤੀਬਾ ਪਿਆ ਸਮਾਨ
ਕੁਝ ਵੀ ਵਕਤ ਸਿਰ ਨਾ ਲੱਭਦਾ
ਕਦੇ ਕਦੇ ਕਿਸੇ ਘਰੋਂ

ਮੇਰੇ ਅੰਦਰ ਬਹੁਤ ਸਾਰੇ ਘਰ ਹਨ
ਖਿੱਲਰੇ ਹੋਏ
ਜਾਂ ਸਲੀਕੇ ਨਾਲ਼ ਸਾਂਭੇ ਹੋਏ

ਮਨ ਦਾ ਮਾਲਕ, ਘਰ ਦਾ ਮਾਲਕ
ਜਿਹੋ ਜਿਹਾ ਹੁੰਦਾ
ਘਰ ’ਚੋਂ ਉਹੋ ਜਿਹੇ ਨਕਸ਼ ਹੀ ਉੱਘੜਨ ਲੱਗਦੇ

ਤਰਤੀਬੇ
ਬੇਤਰਤੀਬੇ.....
***

ਮੈਨੂੰ ਨਹੀਂ ਪਤਾ
ਹੁੰਦੀ ਕੀ ਹੈ ਨਜ਼ਮ
ਅਣਜਾਣ ਹਾਂ ਪਰਿਭਾਸ਼ਾ ਇਹਦੀ ’ਤੋਂ
ਮਾਲੂਮ ਹੈ ਤਾਂ ਬਸ ਇਹੀ
ਕਿ
ਕਿਸੇ ਦੀ ਅੱਖ ’ਚ ਪਥਰਾਅ ਗਿਆ
ਪਾਣੀ ਮੇਰੀ ਅੱਖ ’ਚੋਂ ਵਗ ਵੀ ਸਕਦਾ ਹੈ
ਕਿਸੇ ਦੇ ਅੰਦਰ ਮਰ ਗਿਆ ਹਉਕਾ
ਮੇਰਾ ਕੁਝ ਲੱਗ ਵੀ ਸਕਦਾ ਹੈ…..
***

ਉਹ
ਕੁਝ ਕੁਝ ਮੇਰੇ ਵਰਗੇ ਨੇ
ਚੁੱਪ ਚਾਪ ਉਦਾਸ ਜਿਹੇ
ਤੇ ਕਦੇ ਉਤਸ਼ਾਹ ਨਾਲ਼ ਭਰੇ ਹੋਏ..
ਉਹ
ਸਾਰੇ ਦੇ ਸਾਰੇ
ਕਿਸੇ ਕਿਤਾਬ ਦੇ ਵਰਕੇ
ਜੋ ਪੜ੍ਹੇ ਜਾਣ ਤੋਂ ਬਾਅਦ ਆਪਣੇ ਆਪ ਦੇ ਨਾ ਰਹਿੰਦੇ
ਉਹਦੇ ਹੋ ਜਾਂਦੇ
ਜੋ ਜਾਣਦੇ ਹਨ ਕਿ
ਕਿਤਾਬਾਂ ਮਹਿਜ਼ ਵਰਕੇ  ਨਹੀਂ ਹੁੰਦੀਆਂ
ਚਿਹਰੇ ਮਹਿਜ਼ ਚਿਹਰੇ ਨਹੀਂ ਹੁੰਦੇ...
***

ਤੈਨੂੰ ਯਾਦ ਕਰਨਾ
                      ਖ਼ੁਦ ਨੂੰ ਸਜ਼ਾ ਦੇਣਾ
ਤੈਨੂੰ ਮੁਆਫ਼  ਕਰਨਾ
                     ਖ਼ੁਦ ਨੂੰ ਮੁਆਫ਼ ਕਰਨਾ
ਇਹੋ ਹਸ਼ਰ ਨੇ ਮੁਹੱਬਤ ਦੇ
                              ਇਹੀ ਹਾਸਲ ਵੀ ਨੇ ...
***

ਕੋਈ ਨਜ਼ਮ ਜਦੋਂ
ਕਹਾਣੀ ਲਿਖਦੀ ਹੈ

ਤਾਂ ਸਭ ਰੰਗ ਛਟਪਟਾ ਜਾਂਦੇ ਨੇ

ਰੰਗਾਂ ਨੂੰ ਆਪਣੀ
ਰੰਗਤ ਦੀ ਪੈ ਜਾਂਦੀ ਹੈ

ਨਜ਼ਮ ਸੋਚਦੀ ਹੈ
ਕੀ ਲੈਣਾ ਕਿਸੇ ਰੰਗ ਨੂੰ ਬਦਰੰਗ ਕਰ ਕੇ
ਵਕਤ ਨਾਲ਼ ਫਿੱਕਾ ਪੈ ਹੀ ਜਾਣਾ ਉਸ

ਤੇ ਫਿੱਕਾ ਪੈ ਗਿਆ ਰੰਗ
ਮੁੜ ਕਿਧਰੇ ਨਹੀਂ ਚੜ੍ਹਦਾ

ਆਪਣੇ ਆਪ ’ਤੇ ਵੀ ਨਹੀਂ …..
***

ਕੜਾਕੇ ਦੀ ਠੰਢ ’ਚ
ਬਜ਼ਾਰ ’ਚੋਂ ਗੁਜ਼ਰਦੀ ਹਾਂ
ਥਾਂ ਥਾਂ ’ਤੇ ਲੱਗੇ ਲੰਗਰ ਤੇ ਚਾਹ ’ਚੋਂ ਉੱਡਦੀ ਭਾਫ਼
ਰੁਕਣ ਦਾ ਇਸ਼ਾਰਾ ਕਰਦੀ ਹੈ..
ਕੰਨੀ ਪੈਂਦੇ
ਸਪੀਕਰ ’ਚ ਵੱਜਦੇ ਸ਼ਬਦਾਂ ਦੇ ਬੋਲ
ਰੂਹ ਨੂੰ ਚੀਰ ਦੇਣ ਵਾਲ਼ੇ ਦਾਦੀ ਦੇ ਸੰਵਾਦ
ਨਮ ਅੱਖਾਂ ਨਾਲ਼ ਰੁਕੇ ਬਿਨਾਂ ਅੱਗੇ ਵਧ ਜਾਂਦੀ ਹਾਂ..
ਠੰਢੇ ਬੁਰਜ ਦੀ ਉਸ ਰਾਤ ਦਾ ਅਹਿਸਾਸ ਧਰਮ ਦੇ ਅਰਥ
ਗੂੜ੍ਹੇ ਕਰਨ ਲਗਦਾ ਹੈ
ਲੰਗਰ ਦਾ ਮਕਸਦ ਤੇ ਸ਼ਹਾਦਤ ਦੇ ਅਰਥ
ਆਪੋ ਵਿੱਚ ਭਿੜਨ ਲਗਦੇ  ਹਨ….
***

ਠੰਢੇ ਬੁਰਜ ’ਤੇ ਖੜੋ ਕੇ
ਉਸ ਆਖਿਆ
ਪੋਹ ਦੇ ਮਹੀਨੇ ਇੱਥੇ ਫਿਰ ਆਵਾਂਗੇ
ਪੂਰੀ ਰਾਤ ਗੁਜ਼ਾਰਾਂਗੇ
ਸ਼ਾਇਦ ਮਹਿਸੂਸ ਕਰ ਸਕੀਏ
‘ਉਸ’ ਰਾਤ ਦਾ ਦਰਦ

ਇਹ ਗੱਲ ਕੁਝ ਵਰ੍ਹੇ ਪੁਰਾਣੀ ਹੈ

ਮੈਂ ਹਰ ਵਰ੍ਹੇ ਉਸ ਰਾਤ
ਤੇਰੀ ਗੱਲ ਚਿਤਾਰਦੀ ਹਾਂ
ਠੰਢੇ ਬੁਰਜ ਦਾ ਧਿਆਨ ਧਰਦੀ ਹਾਂ
ਮਹਿਸੂਸ ਕਰਦੀ ਹਾਂ

ਨਤਮਸਤਕ ਹੁੰਦਿਆਂ ਹੀ
ਇੱਕ ਸੀਤ ਹਉਕਾ
ਸਾਰੇ ਵਿਛੋੜਿਆਂ ਦਾ ਚੇਤਾ ਕਰਾਉਂਦਾ ਹੈ....
***

ਤੇਰੇ ਨਾਲ਼ ਤੁਰਦਿਆਂ
ਤੇ ਤੈਥੋਂ ਬਾਅਦ
ਤੇਰੇ ਨਾਲ਼ ਤੁਰਦਿਆਂ

ਬਹੁਤ ਕੁਝ ਬਦਲਿਆ ਹੈ

ਕੁਝ ਨਜ਼ਮਾਂ ਲਿਖੀਆਂ
ਜ਼ਿੰਦਗੀ ਦੇ ਮਾਇਨੇ ਸਮਝ ਆਏ
ਤਰਤੀਬ ਵਿੱਚ ਰੱਖਿਆ ਹਰ ਪਲ

ਅਚਾਨਕ ਯਾਦ ਆਇਆ
ਤਰਤੀਬ ਤੈਨੂੰ ਪਸੰਦ ਨਹੀਂ
ਬਿਖਰਿਆ ਉਲਝਿਆ ਹੀ ਜ਼ਿੰਦਗੀ ਨੂੰ ਤੋਰਦਾ ਹੈ

ਹੁਣ ਸਭ ਤੇਰੇ ਵਰਗਾ ਹੈ
ਜ਼ਿੰਦਗੀ ਤੁਰ ਰਹੀ ਹੈ

ਮੈਂ ਕਿਣਕਾ ਕਿਣਕਾ ਬਿਖ਼ਰ ਰਹੀ
ਹਰ ਕੋਨੇ ਤੋਂ ਭੁਰ ਰਹੀ
ਜ਼ਿੰਦਗੀ ਸੰਵਰ ਰਹੀ...
***

ਬਹੁਤ ਦੇਰ ਤੋਂ
ਕਿਸੇ ਨੂੰ ਨਹੀਂ ਮਿਲ਼ੀ
ਆਪਣੇ ਆਪ ਨੂੰ ਵੀ ਨਹੀਂ

ਮਿਲਣਾ ਮਿਲਾਉਣਾ ਚੰਗਾ ਨਹੀਂ ਲਗਦਾ

ਇਹ ਕੋਈ ਮਾਨਸਿਕ ਉਲਝਣ ਨਹੀਂ
ਕੋਈ ਬੀਮਾਰੀ ਵੀ ਨਹੀਂ

ਇੱਕ ਬਦਲਾਅ ਚਾਹਿਆ ਹੈ
ਸਰਸਰੀ ਜਿਹੇ ਢੰਗ ਨਾਲ਼ ਜਿਉਣ ਦਾ
ਜਿੱਥੇ
ਕੁਦਰਤ ਕੁਝ ਕਹਿੰਦੀ ਸੁਣਾਈ ਦਿੰਦੀ ਹੈ
ਜਿੱਥੇ
ਆਪਣੇ ਹੀ ਘਰ ’ਚ ਪਈਆਂ ਵਸਤਾਂ ਗੱਲਾਂ ਕਰਦੀਆਂ ਲਗਦੀਆਂ ਨੇ
ਜਿੱਥੇ
ਸਭ ਬੇਜਾਨ ਚੀਜ਼ਾਂ ’ਚ ਵੀ ਹਰਕਤ ਨਜ਼ਰ ਆਉਂਦੀ ਹੈ
ਜਿੱਥੇ
ਗੁਨਾਹ ਹੋਣੋ ਝਿਜਕਦੇ ਨੇ
ਜਿੱਥੇ
ਫ਼ਰੇਬ  ਕਿਧਰੇ ਮੂੰਹ ਲੁਕੋਣ ਨੂੰ ਥਾਂ ਲੱਭਦੇ ਨੇ

ਬਹੁਤ ਸੋਹਣਾ ਹੈ ਇਹ ਆਲਮ
ਜਿੱਥੇ
ਸੱਚਮੁੱਚ ਕਿਸੇ ਹੋਰ ਦੀ ਭਾਲ਼ ਮੁੱਕ ਜਾਂਦੀ ਹੈ
ਆਪਣੇ ਆਪ ਦੀ ਵੀ…..
***

ਕੁਝ ਵੀ
ਝੂਠਾ ਸੱਚਾ ਕਹਿਣ ਵੇਲ਼ੇ
ਮੇਰੀਆਂ ਅੱਖਾਂ ਵਿੱਚ ਦੇਖ ਲਵੀਂ
ਤੇਰੇ ਬਹੁਤ ਸਾਰੇ ਕਥਨ
ਇੱਥੇ ਹੀ ਸੰਭੇ ਹੋਏ ਨੇ
ਜਿਉਂ ਦੇ ਤਿਓਂ
ਬਿਨਾਂ ਐਡਿਟ ਕੀਤੇ.....
***

ਕੁਝ ਇਸ ਤਰਾਂ
ਵਿਉਂਤਿਆ ਹੈ ਦਿਨ

ਸਵੇਰ ਦੀ ਸੈਰ ਤੋਂ ਬਾਅਦ
ਪਹਿਲਾ ਕੱਪ ਚਾਹ ਦਾ ਪੀਣਾ ਹੈ
ਚਾਹ ਦੀ ਘੁੱਟ ਭਰਦਿਆਂ ਹੀ
ਤੈਨੂੰ ਯਾਦ ਕਰਨਾ ਹੈ

ਨਾਸ਼ਤੇ ਵਿੱਚ ਉਹੀ
ਸੁਬ੍ਹਾ ਸਵੇਰੇ ਦੀ ਅਖਬਾਰ ਵਿੱਚੋਂ
ਕੋਈ ਸੋਹਣਾ ਸਫ਼ਾ ਤਲਾਸ਼ਣਾ ਤੇ
ਤੈਨੂੰ ਸੁਨਾਉਣਾ ਹੈ

ਦੁਪਹਿਰਾਂ ਨੂੰ ਭੁੱਖ ਬਹੁਤੀ ਨਹੀਂ ਲਗਦੀ
ਫਿਰ ਵੀ ਖਾ ਲੈਣੀ ਹੈ
ਕਿਸੇ ਚੁੱਪ ਹੁੰਗਾਰੇ ਦੀ ਬੁਰਕੀ

ਸ਼ਾਮ ਢਲ਼ੀ ਨੂੰ ਆਥਣ ਦੀ ‘ਚਾਹ’
ਫਿਰ ਕਿਸੇ ‘ਚਾਹ’ ਦੇ ਨਾਲ਼ ਡੀਕ ਜਾਣੀ ਹੈ

ਰਾਤ ਪਈ ਤੋਂ
ਤਾਰੇ ਤੂਰੇ ਨਹੀਂ ਗਿਣਨੇ
ਅਗਲੀ ਸਵੇਰ ਹੋਣ ਦੀ
ਉਡੀਕ ਕਰਨੀ ਹੈ

ਚਾਹ ’ਤੇ ਮਿਲਣਾ ਹੈ…...
***

ਜਿਸ ਦਿਨ
ਤੂੰ  ਮੇਰੇ ਵੱਲੋਂ ਕੰਡ ਕਰ ਰੁਖ਼ਸਤੀ  ਲਈ ਸੀ
ਮੈ ਦੂਰ ਤੱਕ ਖਾਲੀ ਨਜ਼ਰਾਂ ਨਾਲ਼
ਪਿੱਛਾ ਕੀਤਾ ਸੀ

ਉਸ ਦਿਨ ਸੱਚੀਂ ਮੈਂ ਨਜ਼ਮ ਨਾ ਲਿਖ ਸਕੀ

ਹਰ ਉਸ ਦਿਨ
ਜਦੋਂ ਜਦੋਂ ਵੀ ਗਹਿਰੀ ਚੀਕ ਨੇ
ਚੁੱਪ ਵੱਟੀ ਰੱਖੀ

ਨਜ਼ਮ ਨਾ ਲਿਖ ਹੋਈ

ਫਿਰ ਪਤਾ ਨਹੀਂ ਕੀ ਹੋਇਆ
ਨਜ਼ਮਾ ਦੇ  ਕਾਫ਼ਲੇ ਨੇ
ਮੇਰੇ ਘਰ ਦਾ ਰੁਖ ਕਰ ਲਿਆ

ਘਰ ਬਿਲਕੁਲ ਖਾਲੀ ਸੀ
ਕੌਣ ਕਿਸਨੂੰ ਮਿਲ਼ਦਾ!

ਬਸ ਨਜ਼ਮ ਠਹਿਰ ਗਈ …
***

ਤੂੰ ਜੇ ਕਦੇ
ਮੇਰੇ ਬਾਰੇ ਲਿਖੇਂ
ਕਹਾਣੀ, ਕਵਿਤਾ ਜਾਂ ਫਿਰ ਨਾਵਲ
ਕਿਹੋ ਜਿਹਾ ਹੋਵੇਗਾ?

ਇਹ ਸਵਾਲ ਉਸ ਕਦੇ ਨਹੀਂ ਪੁੱਛਿਆ
ਪਰ ਮੈਂ
ਹਰ ਵਾਰ ਜਵਾਬ ਦਿੱਤਾ ਹੈ

ਬਿਲਕੁਲ ਤੇਰੇ ਹੀ ਵਰਗਾ

ਕਹਾਣੀ ਜਿੰਨਾ ਦਿਲਚਸਪ
ਕਵਿਤਾ ਜਿੰਨਾ ਗਹਿਰਾ
ਨਾਵਲ ਜਿੰਨਾ ਵਿਸ਼ਾਲ
***

ਮੁਹੱਬਤ ਦੀ
ਤ੍ਰੇਹ ਨਹੀਂ ਲਗਦੀ
ਭੁੱਖ ਨਹੀਂ ਲਗਦੀ
ਤਲਬ ਵੀ ਨਹੀਂ

ਮੁਹੱਬਤ ਵਿੱਚ ਤਾਂ ਰੰਗੇ ਹੋਣਾ ਹੁੰਦਾ ਹੈ

ਉਦਾਸੇ ਜਾਣਾ ਹੁੰਦਾ
ਰਮ ਜਾਣਾ ਹੁੰਦਾ
ਉਮਰ ਨੂੰ ਪਲਾਂ ਛਿਣਾਂ ਵਿੱਚ ਮਾਪਣਾ ਹੁੰਦਾ

ਇਹ ਸਭ ਘੜੀਆਂ
ਇਹ ਸਾਰੇ ਪਹਿਰ
ਮੈਂ ਤੇਰੀ ਮੁਹੱਬਤ ਤੋਂ ਕੁਰਬਾਨ ਕੀਤੇ ਨੇ
ਜਿਸ ਮੁਹੱਬਤ ਨੇ
ਹਰ ਹਾਲ ’ਚ ਮੇਰੇ ਜਿਉਣ ਦੇ ਰਾਹ ਆਸਾਨ ਕੀਤੇ ਨੇ…
***

ਤੂੰ
ਤੇ ਮੈਂ
ਕਿਹੋ ਜਿਹਾ ਰਿਸ਼ਤਾ ਹੈ
ਜਿਵੇਂ ਸਾਰੇ ਹੀ ਭਰੇ ਹੋਈਏ
ਖੁੱਲ੍ਹ ਕੇ ਬਰਸ ਜਾਈਏ ਤਾਂ
ਇੱਕ ਅਸਮਾਨ ਸਾਫ਼ ਹੋ ਜਾਵੇ
ਚਾਹੁੰਦੇ ਹਾਂ ਬਸ ਅਸੀਂ ਇਕੱਠੇ ਰਹੀਏ
ਤੇ ਨਿੱਖਰ ਜਾਈਏ
ਬਾਰਿਸ਼
ਤੂੰ
ਤੇ ਮੈਂ…..
***

ਅੱਜ ਉਸਨੂੰ
ਇੱਕ ਖ਼ਤ ਲਿਖਾਂਗੀ
ਜਿਸ ਪੁੱਛਿਆ ਏ
ਕਿੱਥੇ ਕੁ ਪੁੱਜੀ ਤੇਰੀ ਕਵਿਤਾ?

ਮਨ ਬਹੁਤ ਉਲ਼ਝ ਗਿਆ ਹੈ
ਗੰਧਲ਼ਾਅ ਗਿਆ ਹੈ ਸਭ

ਲੋਕ ਤਰਲੋਮੱਛੀ ਹੋ ਰਹੇ ਨੇ
ਪਤਾ ਨਹੀਂ ਕਿਹੜੀ ਦੌੜ ਹੈ
ਕਿੱਥੋਂ ਤੱਕ ਜਾਣਾ ਹੈ
ਕਿਸ ਤੋਂ ਅਗਾਂਹ ਲੰਘਣਾ ਹੈ

ਕਵਿਤਾ ਨੇ ਕਿੱਥੇ ਜਾਣਾ ਸੀ!
ਇਸ ਦੌਰ ਵਿੱਚ ਇਸਦਾ ਕੀ ਠਿਕਾਣਾ ਸੀ!
ਅੱਖਰ ਅੱਖਰ ਹੋ ਕੇ
ਬਿਖ਼ਰ ਜਾਣਾ ਸੀ

ਚੁੱਪ ਹੈ ਅੱਜ-ਕੱਲ੍ਹ ਨਜ਼ਮ
ਸ਼ੋਰ ਨੂੰ ਸੁਣਨ ਦੀ ਕੋਸ਼ਿਸ਼ ਵਿੱਚ ਹੈ
ਸ਼ਾਇਦ ਕਿਧਰੇ ਕੋਈ ਗੱਲ ਮਿਲ਼ੇ
ਜੋ ਖ਼ਤ ਦਾ ਜੁਆਬ ਬਣ ਸਕੇ…..
***

ਮੈਨੂੰ ਔਖੀ ਕਵਿਤਾ ਸਮਝ ਨਹੀਂ ਆਉਂਦੀ
ਡੌਰ ਭੌਰ ਜਿਹੀ ਝਾਕਦੀ ਹਾਂ ਅੱਖਰਾਂ ਵੱਲ
ਕਵਿਤਾ ’ਚ ਰਿਦਮ ਲੱਭਦੀ ਹਾਂ
ਤੇ ਮਾਯੂਸ ਹੁੰਦੀ ਹਾਂ
ਆਪਣੀ ਨਾਸਮਝੀ ਤੇ
ਮੁੜ ਸੋਚਣ ਲਗਦੀ ਹਾਂ
ਕਿਸੇ ਸੌਖੀ ਕਵਿਤਾ ਬਾਰੇ
ਤੇਰਾ ਆਖਿਆ ਯਾਦ ਆਉਂਦਾ ਹੈ
ਕਵਿਤਾ ਅੱਖਰਾਂ ਵਿੱਚ ਨਹੀਂ ਹੁੰਦੀ
ਮੈ
ਸ਼ੀਸ਼ੇ ਸਾਹਮਣੇ ਖੜੋ ਆਪਣੀਆਂ ਅੱਖਾਂ ਵਿੱਚ ਦੇਖਣ ਲਗਦੀ ਹਾਂ
ਤੂੰ ਆਖਿਆ ਸੀ
ਕਵਿਤਾ ਅੱਖਾਂ ਵਿੱਚ ਹੁੰਦੀ ਹੈ...
***

ਏਨੀ ਲੰਬੀ ਕਵਿਤਾ ਕੌਣ ਪੜ੍ਹਦਾ ਹੈ!
ਸ਼ਬਦ ਹੋਣ
ਕਿ ਸਾਹ ਵਾਂਗ ਨਿੱਕਲ਼ ਜਾਣ
ਤੇ ਭੁੱਲ ਜਾਈਏ ਅਸੀਂ
ਕਿ ਸਾਹਾਂ ਪਰਤਣਾ ਵੀ ਹੁੰਦਾ ਹੈ

ਇੱਕ ਨਜ਼ਰ ਮਿਲ਼ਾਵੇ
ਤੇ ਦੂਜਾ ਸੋਚੇ
ਪਲਕ ਝਪਕਣਾ ਕਿਸਨੂੰ ਆਖੀਦਾ

ਤੁਸੀਂ ਪੱਥਰ ਨੂੰ ਦੇਖਿਆ ਹੈ ਕਦੇ?
ਪੱਥਰ ਪਿਘਲ਼ਦੇ ਵੀ ਸੁਣੇ ਤਾਂ ਹੋਣਗੇ….
***

ਉਸ ਰਾਹੋਂ ਲੰਘਣਾ
ਹੁਣ ਮੁਸ਼ਕਿਲ ਲਗਦਾ ਏ
ਜਿੱਥੇ ਤੁਰਦਿਆਂ ਤੁਰਦਿਆਂ
ਅਸੀਂ ਰੁਕ ਜਾਂਦੇ ਸੀ ਕਦੇ
ਉਹ ਰੁਕਣਾ ਇੰਝ ਦਾ ਸੀ
ਜਿਵੇਂ ਕੁਝ ਭੁੱਲ ਗਏ ਹੋਈਏ
ਪਰ ਕੀ ਅਤੇ ਕਿੱਥੇ ?
ਇਹੀ ਯਾਦ ਨਾ ਆਉਂਦਾ
ਇੱਕ ਦੂਜੇ ਨੂੰ ਦੇਖ ਮੁਸਕੁਰਾਉਂਦੇ ਤੇ ਫਿਰ ਤੁਰ ਪੈਂਦੇ
ਹੁਣ ਉਹੀ ਰਸਤੇ
ਮੈਥੋਂ ਤੇਰਾ ਪਤਾ ਪੁੱਛਦੇ ਨੇ
ਮੈ ਆਪਣੇ ਆਪ ਨਾਲ਼ ਮੁਸਕੁਰਾਅ  ਕੇ ਆਖਦੀ ਹਾਂ

ਹੋਏਗਾ ਕਿਧਰੇ ਮੇਰੀ ਮੁਸਕੁਰਾਹਟ ਵਿੱਚ....
***

ਪਹਿਲੀ ਬਾਰਿਸ਼ ਨਹੀਂ
ਮੈਨੂੰ ਉਹ ਆਖ਼ਰੀ ਬਾਰਿਸ਼ ਯਾਦ ਆਈ ਹੈ
ਜਿਸਤੋਂ ਬਚਿਆ ਵੀ ਜਾ ਸਕਦਾ ਸੀ
ਪਰ ਅਸੀਂ ਭਿੱਜ ਜਾਣਾ ਚੁਣਿਆ

ਇਸ ਬਰਸਾਤ ਵਿੱਚ
ਅਸੀਂ ‘ਵੋਹ ਕਾਗ਼ਜ਼ ਕੀ ਕਸ਼ਤੀ’ ਨੂੰ
ਕਿੰਨਾ ਯਾਦ ਕੀਤਾ
ਕਿਸ਼ਤੀ ਬਣਾਈ ਤੇ ਠੇਲ੍ਹ ਦਿੱਤੀ

ਬਾਰਿਸ਼ ਹਰ ਵਾਰ ਹੁੰਦੀ ਹੈ
ਉਸੇ ਮੌਸਮ ਵਿੱਚ

ਸ਼ਾਇਦ ਓਨੀ ਗਹਿਰੀ ਨਹੀਂ ਹੁੰਦੀ
ਹੁਣ ਜਿਵੇਂ ਕੁਝ ਭਿੱਜਦਾ ਹੀ ਨਹੀਂ…
***

ਸੋਚਿਆ ਹੈ
ਕਵਿਤਾ ਲਿਖਣੀ ਛੱਡ ਦੇਣੀ ਹੈ
ਕੌਣ ਪੜ੍ਹਦਾ ਹੈ?
ਕੀ ਸੰਵਰਦਾ ਹੈ ਇਸ ਨਾਲ਼ ਕਿਸੇ ਦਾ?
ਅਜੇ ਖਿਆਲ ਆਇਆ ਹੀ ਹੈ
ਕਿ ਮੇਰੇ ਜ਼ਿਹਨ ’ਚ ਉਹ ਪਹਿਲੀ ਕਵਿਤਾ ਆਉਣ ਲੱਗੀ ਹੈ
ਜੋ ਪਤਾ ਨਹੀਂ ਕਿਹੜੀ ਉਮਰੇ ਪੜ੍ਹੀ ਸੀ
ਜਿਸਨੂੰ ਪੜ੍ਹਕੇ ਪਹਿਲੀ ਵਾਰ ਕੁਝ ਮਹਿਸੂਸ ਹੋਇਆ ਸੀ
ਉਹ ਕਵਿਤਾ ਸੀ
‘ਆਹ ਲੈ ਮਾਏ ਸਾਂਭ ਕੁੰਜੀਆਂ’
ਕਿਸੇ ਕੈਲੰਡਰ ’ਤੇ ਛਪੀਆਂ ਇਹਨਾਂ ਸਤਰਾਂ ਦੇ ਨਾਲ਼
ਇੱਕ ਤਸਵੀਰ ਦੇਖ  ਮੈ ਮਾਂ ਨੂੰ ਸਵਾਲ ਕੀਤਾ ਸੀ

ਇਹ ਕਿਹੜੀਆਂ ਕੁੰਜੀਆਂ ਦੀ ਗੱਲ ਹੈ?

ਤੇ ਇਸ ਸਵਾਲ ਦੇ ਉੱਤਰ ਨਾਲ
ਕਿੰਨੇ ਹੀ ਹੋਰ ਸਵਾਲ ਪੈਦਾ ਹੋ ਗਏ ਸਨ
ਫਿਰ ਵਕਤ ਨਾਲ ਜਿੱਥੋਂ ਜਿੱਥੋਂ ਵੀ ਕੋਈ ਨਜ਼ਮ ਪੜ੍ਹੀ
ਹਰ ਵਾਰ ਖ਼ੁਦ ਨਾਲ ਸੰਵਾਦ ਹੋਰ ਗਹਿਰਾ ਹੋਇਆ
ਕਵਿਤਾ ਸੰਗ ਰਹਿਣ ਦੇ ਬਹਾਨੇ
ਹਯਾਤੀ ਦੇ ਨੁਕੀਲੇ ਰਾਹਾਂ ’ਤੇ ਤੁਰਨਾ ਆਇਆ...
***

ਉਸਦੇ ਕੋਲ਼
ਹਾਲ ਪੁੱਛਣ ਦੇ ਢੰਗ ਹੋਰ ਨੇ
ਉਸ ਕਦੇ ਨਹੀਂ ਆਖਿਆ, ਕੀ ਹਾਲ ਐ?

ਉਸਨੇ ਮੁਹੱਬਤ ਵੀ ਇਵੇਂ ਹੀ ਕੀਤੀ ਹੈ
ਬਿਨਾਂ ਕੁਝ ਦੱਸੇ
ਬਿਨਾਂ ਕੁਝ ਬੋਲੇ

ਉਂਝ ਮੈਥੋਂ ਕਦੇ ਕਦੇ
ਮੇਰੇ ਪਸੰਦੀਦਾ ਸੁਪਨਿਆਂ ਦੀ ਕਹਾਣੀ ਸੁਣੀ ਹੈ
ਜ਼ਿੰਦਗੀ ’ਚ ਇਹਨਾਂ ਨੂੰ ਹਕੀਕਤ ਕਰਨ ਦੀ
ਖ਼ਵਾਹਿਸ਼  ਰੱਖੀ ਹੈ….
***

ਉਹ ਨਜ਼ਮ
ਜੋ ਤੂੰ ਲਿਖੀ ਨਹੀਂ
ਮੁਹੱਬਤ ਦੇ
ਬਹੁਤ ਸਾਰੇ ਨਗਮੇਂ
ਜੋ ਤੂੰ ਸੁਣੇ ਨਹੀਂ
ਨਫ਼ਰਤ ਦੇ ਬਹੁਤ ਸਾਰੇ ਅੰਜਾਮ
ਜੋ ਤੂੰ ਦੇਖੇ ਨਹੀਂ
ਉਹਨਾਂ ਆ ਕੇ ਕਿਤੇ ਤਾਂ ਠਹਿਰਨਾ ਸੀ
ਨਜ਼ਮ ਨੇ ਕਿਤੇ ਤਾਂ ਉਤਰਨਾ ਸੀ
ਤੂੰ ਕਿਤੇ ਤਾਂ ਬਾਕੀ ਰਹਿਣਾ ਸੀ.....
***

ਉਹਨੂੰ
ਹਰ ਗੱਲ ਦੀ ਸਮਝ ਰਹੀ
ਹਰ ਅਦਾ ’ਚ ਸਲੀਕਾ
ਰੁੱਸ ਜਾਣ ਦਾ
ਮੰਨ ਜਾਣ ਦਾ
ਗ਼ੁੱਸੇ ਹੋਣ ਦਾ
ਮੁਹੱਬਤ ਕਰਨ ਦਾ
ਤੇ ਫਿਰ ਇੱਕ ਦਿਨ
ਸਲੀਕੇ ਨਾਲ਼ ਹੀ ਉਸ ਅਲਵਿਦਾ ਆਖ ਦਿੱਤਾ …..
***

ਜ਼ਰੂਰੀ ਨਹੀਂ
ਤੈਨੂੰ ਯਾਦ ਕਰਨ ਲਈ
ਕਿਸੇ ਨਜ਼ਮ ਦਾ ਸਹਾਰਾ ਲਵਾਂ
ਐਵੇਂ ਹੀ
ਭਰੇ ਹੋਏ ਮਨ ਨਾਲ਼
ਮੁਸਕੁਰਾਅ ਲਿਆ ਜਾਂਦਾ ਹੈ
ਕਦੇ ਕਦੇ….
***

ਨਾਨੀ ਨੇ
ਨਾਨੇ ਦੇ ਪਹਿਲੇ ਵਿਆਹੋਂ ਹੋਏ
ਦੋ ਵਰ੍ਹਿਆਂ ਦੇ ਪੁੱਤ ਨੂੰ
ਸਕਿਓਂ ਵੱਧ ਪਾਲ਼ਿਆ
ਮਾਂ ਮਹਿੱਟਰ ਦਾ
ਬਹੁਤ ਮੋਹ ਕਰਦੀ
ਮੇਰੇ ਘਰ ਦਾ ‘ਭਾਗ’ ਆਖ
ਭਾਗ ਸਿਉਂ ਨੂੰ ਬੁਲਾਉਂਦੀ
ਨਾਨਾ ਖੁਸ਼ ਹੁੰਦਾ

ਨਾਨੇ ਨਾਨੀ ਦਾ
ਆਪੋ ਵਿੱਚ ਬੜਾ ਹੀ ਨਿੱਘਾ ਰਿਸ਼ਤਾ ਦੇਖ
ਅਸੀਂ ਨਿਆਣੇ ਖੁਸ਼ ਹੁੰਦੇ
ਉਹ ਕਦੇ ਨਾ ਉੱਚੀ ਬੋਲਦੇ
ਰਲ਼ ਕੇ ਕੰਮ ਕਾਰ ਕਰਦੇ
ਦੁੱਖ ਸੁੱਖ ਕਰਦੇ
ਸਚਿਆਰਿਆਂ ਵਾਂਗ ਰਹਿੰਦੇ..

ਉਮਰ ਦੇ ਸੱਤਰਵਿਆਂ ’ਚ
ਨਾਨਾ ਤੁਰ ਗਿਆ
ਨਾਨੀ ਚੁੱਪ ਚੁੱਪ ਰਹਿੰਦੀ
ਕਦੇ ਕੁਝ ਨਾ ਕਹਿੰਦੀ
ਉਂਝ ਇੱਕ ਹਉਂਕਾ ਜਿਹਾ ਲੈਂਦੀ

ਇੱਕ ਦਿਨ ਮਾਂ ਨੇ ਪੁੱਛਿਆ
“ਉਦਾਸ ਹੋ?”
ਨਾਨੀ ਨੇ ਫਿਰ ਹਉਕਾ ਲਿਆ

“ਕੱਲੀ ਤਾਂ ਮੈਂ ਹੋਈ ਹਾਂ,
ਉਹਨਾਂ ਨੂੰ ਤਾਂ ਉੱਥੇ ਭਾਗ ਦੀ ਮਾਂ ਮਿਲ ਗਈ ਹੋਣੀ”
***

ਉਦਾਸ ਰੁੱਤਾਂ ’ਚ
ਅਣਚਾਹੀ ਮਹਿਫ਼ਲ ਲਾਉਂਦਿਆਂ
ਮੁਸਕੁਰਾਹਟ ਘੁਟਨ ਮੰਨਦੀ ਹੈ

ਉਹ ਚਾਹੁੰਦੀ ਹੈ
ਥੋੜ੍ਹੀ ਜਿਹੀ ਅਜ਼ਾਦੀ
ਥੋੜ੍ਹਾ ਜਿਹਾ ਸ਼ਿਕਵਾ
ਥੋੜ੍ਹਾ ਜਿਹਾ ਆਪਣਾ ਸਾਥ

ਖੁਸ਼ਗਵਾਰ ਮੌਸਮ
ਮਨਚਾਹੀ ਸ਼ਾਮ
ਹੱਥਾਂ ਵਿੱਚ......ਕਾੱਫੀ

ਬਸ ਕਾਫ਼ੀ ਹੈ ....
***

ਤੇਰੇ ਲਿਖੇ
ਚੰਦ ਕੁ ਅੱਖਰ
ਮੇਰਾ ਉਮਰ ਭਰ ਦਾ ਜੀਵਣਾ

ਮੇਰੇ ਲਿਖੇ
ਬਹੁਤੇ ਸਾਰੇ
ਤੇਰੀ ਚੁੱਪ ਦਾ ਹੀ ਸਿਲਾ....
***

ਹਰੇ ਭਰੇ
ਵੰਨ ਸੁਵੰਨੇ ਬੂਟਿਆਂ ਦਾ ਸ਼ੌਕ
ਮੈਨੂੰ ਨਰਸਰੀ ਵੱਲ ਲੈ ਜਾਂਦਾ ਹੈ

ਹਜ਼ਾਰਾਂ ਪੌਦੇ
ਵੱਖ ਵੱਖ ਕਿਸਮਾਂ
ਮਨ ਮੋਹ ਲਿਆ ਹੈ

ਕੁਝ ਇੱਕ ਬੂਟੇ ਚੁਣ ਲੈਂਦੀ ਹਾਂ
ਉਹਨਾਂ ਦੇ ਨਾਂ ਮੈਨੂੰ ਯਾਦ ਨਹੀਂ ਰਹਿੰਦੇ

ਬਸ ਏਨਾ ਪਤਾ ਹੈ
ਜਦੋਂ ਵੀ ਉਦਾਸ ਹੋਵਾਂ
ਬੇਚੈਨ ਹੋਵਾਂ
ਮੈਨੂੰ ਸੈਨਤ ਮਾਰਦੇ
ਉਹਨਾਂ ਨਾਲ ਗੱਲਾਂ ਕਰਨ ਲਗਦੀ ਹਾਂ

ਰੂਹ ਖਿੜਨ ਲੱਗਦੀ ਹੈ
ਅੰਦਰ ਭਰਨ ਲੱਗਦਾ ਹੈ

ਮੈ ਇਹਨਾਂ ਦਾ ਨਾਂ ਰੱਖ ਦਿੱਤਾ ਹੈ

‘ਮੁਹੱਬਤ’
***

ਇਹ ਧਰਤੀ
ਹੁਣ ਨੱਚਣ ਵਾਸਤੇ ਬਚੀ ਹੀ ਨਹੀਂ
ਇਹ ਧਰਤੀ ਤਾਂ ਮੱਚਣ ਵਾਸਤੇ ਵੀ ਥੋੜ੍ਹੀ ਪੈ ਗਈ

ਨੱਚਣਾ ਮਨਮਰਜ਼ੀ ਸਹੀ
ਪਰ ਮੱਚਣਾ ਤਾਂ ਮਜਬੂਰੀ ਏ

ਬਦਲ ਗਏ ਨੇ ਅਰਥ ਹੁਣ
ਜਿਉਣ ਦੇ ਨਾਲ਼ ਨਾਲ਼
ਮਰਨ ਦੇ ਵੀ
ਵਕਤ ਦੀ ਇਹ ਕੈਸੀ ਕਰਵਟ ਹੈ

ਅਸੀਂ ਆਪਣਿਆਂ ਦਾ ਜਿਉਣ ਮਰਨ
ਬਸ ਦੂਰੋਂ ਦੇਖ ਰਹੇ ਹਾਂ

ਬਦਲ ਨੇ ਇਹ ਕੈਸਾ ਅਰਥ ਸਿਰਜਿਆ ਹੈ.....
                  
* ਕਰੋਨਾ ਕਾਲ
***

ਵਰ੍ਹਿਆਂ ਬਾਅਦ
ਤੇਰੇ ਮੂੰਹ ’ਤੇ
ਇੱਕ ਪੁਰਸਕੂਨ
ਮੁਸਕਾਨ ਤੱਕੀ ਹੈ

ਮੁਸਕਾਨ ਦਾ ਆਪਣਾ ਇੱਕ ਸੰਸਾਰ ਹੁੰਦਾ ਹੈ
ਕਈ ਰੰਗ ਪਹਿਨਕੇ ਬਾਹਰ ਆਉਂਦੀ ਹੈ

ਅੱਜ ਕੱਲ੍ਹ ਤੈਨੂੰ
ਇੱਕੋ ਰੰਗ ਵਿੱਚ ਦੇਖਿਆ ਹੈ
ਰੰਗ, ਜੋ ਚੜ੍ਹਦਾ ਹੈ
ਬਦਰੰਗਾਂ ਦੀ ਪਰਿਭਾਸ਼ਾ ਨੂੰ ਝੁਠਲਾਅ ਕੇ
ਰੰਗ
ਜੋ ਪੱਕਦਾ ਹੈ
ਆਪਣੇ ਹੀ ਅੰਦਰ ਦੀ ਅਗਨ ਨਾਲ਼

ਹੁਣ ਮੈਨੂੰ ਫ਼ਿਕਰ ਨਹੀਂ

ਤੂੰ ਰੰਗਾਂ ਦੀ ਸਲਤਨਤ ਠੁਕਰਾ ਦਿੱਤੀ ਹੈ......
***

ਕਦੇ ਕਦੇ
ਇਉਂ ਵੀ ਜਿਉਂ ਲਿਆ ਜਾਂਦਾ ਹੈ
ਕਿ
ਤੁਸੀਂ ਉਦਾਸ ਤੇ ਇਕੱਲੇ ਹੁੰਦਿਆਂ ਵੀ
ਕਿਸੇ ਉਦਾਸ ਤੇ ਇੱਕੱਲੇ ਨੂੰ
ਭਰੇ ਭਰੇ ਲੱਗੋਂ

ਤੇ ਕਦੇ ਇਉਂ ਵੀ
ਕਿ ਇੱਕ ਕਦਮ ਵੀ ਭਾਰਾ ਲੱਗੇ ਜ਼ਿੰਦਗੀ ਵੱਲ ਤੁਰਦਿਆਂ
ਤੇ ਕੋਈ ਤੁਹਾਡੀ ਉਂਗਲ਼ ਫੜ੍ਹ
ਪਾਰ ਹੋ ਜਾਵੇ

ਜਾਂ ਇਸ ਤਰ੍ਹਾਂ
ਕਿ ਤੁਸੀਂ ਜੀਅ ਰਹੇ ਹੋਵੋਂ
ਕੋਈ ਬਹੁਤ ਕੌੜਾ ਸੱਚ
ਤੇ ਕੋਈ ਤੁਹਾਡੀ ਸੁਹਬਤ ’ਚ
ਸ਼ਰਬਤ ਦੀਆਂ ਘੁੱਟਾਂ ਭਰ ਰਿਹਾ ਹੋਵੇ

ਹਾਂ
ਕਦੇ ਕਦੇ ਇੰਝ ਵੀ ਜਿਉਂ ਲੈਂਦੇ ਨੇ
ਜਿਉਣ ਵਾਲ਼ੇ....
***

ਰੰਗਾਂ ਸੰਗ
ਰੰਗ ਨਹੀਂ ਹੋਇਆ ਜਾਂਦਾ
ਰੰਗ ਕੋਈ ਹੋਰ ਚੀਜ਼ ਹੈ
ਅੰਦਰ ਦੀ ਕੋਈ ਸ਼ੈਅ

ਰੰਗਾਂ ਲਈ ਬੱਚੇ ਹੋਣਾ ਪੈਂਦਾ
ਦੁਨੀਆਂ ਨਿੱਕੀ ਕਰਨੀ ਪੈਂਦੀ
ਸਿਰਫ਼ ਅੱਜ ਤੇ ਹੁਣ ਵਿੱਚ ਜੀਣਾ ਪੈਂਦਾ

ਮੇਰੇ ਜਵਾਨ ਬੱਚੇ ਨੇ ਮੈਨੂੰ
ਪਿਆਰ ਨਾਲ ਪੁਕਾਰਿਆ
ਆਪਣੇ ਬਚਪਨ ਦੀਆਂ ਦੋ ਚਾਰ ਗੱਲਾਂ ਕੀਤੀਆਂ

ਮੈਂ ਰੰਗ ਰੰਗ ਹੋ ਗਈ......
***

ਨਵੀਂ ਕਲਮ ਖਰੀਦੀ ਹੈ
ਪੁਰਾਣੀ
ਸਿਆਹੀ ਭਰੀ ਹੈ
ਕੁਝ ਅੱਖਰ ਗੂੜ੍ਹੇ ਹੋਏ ਨੇ
ਕੁਝ ਸ਼ਬਦ ਉੱਘੜੇ ਨੇ
ਕੁਝ ਅਰਥ ਸੁਖਾਲ਼ੇ ਹੋਏ ਨੇ

ਸਮਝ ਆਉਣ ਲੱਗੀ ਹੈ ਬੁਝਾਰਤ
ਹੱਲ ਹੋਣ ਲੱਗੇ ਨੇ ਸਵਾਲ

ਕੁਝ ਖਾਲੀ ਥਾਂਵਾਂ
ਇੰਝ ਹੀ ਭਰਦੀਆਂ ਨੇ....
***

ਖ਼ਾਮੋਸ਼ ਹੋਣ ਤੋਂ ਪਹਿਲਾਂ ਦੀ
ਕੋਈ
ਦੱਬਵੀਂ ਜਿਹੀ ਚੀਕ ਹੈ
ਮੱਧਮ ਜਿਹਾ ਸੰਗੀਤ ਹੈ
ਲੰਮੀ ਜਿਹੀ ਉਡੀਕ ਹੈ
ਜ਼ਿੰਦਗੀ ਦਾ ਗੀਤ ਹੈ
ਨਜ਼ਮ, ਹੋਰ ਕੁਝ ਨਹੀਂ
ਬੱਸ ਪਾਣੀ ’ਤੇ ਲੀਕ ਹੈ...
***

ਕੰਧ ਉੱਪਰ ਲੱਗੀ ਡਿਜੀਟਲ ਘੜੀ
ਬਹੁਤ ਅੱਗੇ ਦਾ ਵਕਤ ਦਿਖਾ ਰਹੀ ਹੈ

ਮੈਂ ਇੱਕਦਮ ਦੋ ਹਜ਼ਾਰ  ਚੌਂਹਠ ’ਚ ਪਹੁੰਚ ਗਈ ਹਾਂ

ਉਹ ਸਾਰੇ ਵਰ੍ਹੇ
ਆਪਣੀ ਉਮਰ ’ਚ ਜੋੜਨ ਲਗਦੀ ਹਾਂ
ਮੇਰੀ ਸੋਚ ਨੂੰ ਕੰਪਨ ਮਹਿਸੂਸ ਹੋ ਰਹੀ ਹੈ

ਬਹੁਤ ਕੁਝ
ਜਿਵੇਂ ਤੇਜ਼ੀ ਨਾਲ਼ ਬੀਤ ਗਿਆ
ਵਿਚਲਾ ਸਾਰਾ ਸਮਾਂ ਗੁਆਚ ਹੀ ਗਿਆ ਜੀਕਣ

ਮੇਰੇ ਇਰਦ ਗਿਰਦ
ਇੱਕ ਚੁੱਪ ਪੱਸਰ ਗਈ ਹੈ

ਇਹ ਡਿਜੀਟਲ ਦੌਰ ਹੈ
ਇਸ ਵਿੱਚ ਬਹੁਤ ਕੁਝ ਗੁਆਚ ਰਿਹਾ ਹੈ

ਮੈਂ ਘੜੀ ਦਾ ਸਮਾਂ ਠੀਕ ਕਰ ਦਿੱਤਾ ਹੈ.....
***

ਸਾਥੋਂ ਬਾਅਦ
ਆਉਣ ਵਾਲ਼ੀਆਂ ਪੁਸ਼ਤਾਂ ਕੋਲ਼
ਸਾਡੇ ਇਹਨਾਂ ਸਮਿਆਂ ਦੀ
ਕੋਈ ਤਸਵੀਰ ਹੋਵੇਗੀ
ਕੋਈ ਤਕਰੀਰ ਹੋਵੇਗੀ
ਕੁਝ ਨਜ਼ਮਾ ਜਾਂ ਨਗ਼ਮੇ ਹੋਣਗੇ

ਉਹ
ਇਤਿਹਾਸ ਵਾਂਗ ਫਰੋਲਣਗੇ
ਅਸੀਂ ਅੱਜ ਜੋ ਸਫ਼ੇ ਲਿਖੇ ਨੇ

ਸਾਨੂੰ ਇਹ ਯਾਦ ਰੱਖਣਾ ਪਏਗਾ
ਕਿ ਇਸ ਜੰਗ ਦਾ ਇੱਕ ਅੰਤ ਹੋਵੇਗਾ
ਤੇ ਜੋ ਵੀ ਹੋਵੇਗਾ
ਉਸੇ ’ਤੇ ਖੜ੍ਹੀ ਹੈ
ਅਗਲੀਆਂ ਪੁਸ਼ਤਾਂ ਦੀ ਹੋਂਦ

ਸਾਡੇ ਹੌਸਲੇ ਦੀ ਇੱਕ ਵੀ ਤੰਦ
ਹੁਣ ਟੁੱਟਣ ਨਹੀਂ ਦੇਣੀ ਅਸਾਂ

ਸਾਨੂੰ ਪਤਾ ਹੈ
ਕਿ ਆਉਣ ਵਾਲ਼ੀਆਂ ਪੁਸ਼ਤਾਂ ਕੋਲ
ਇੱਕ ਇਤਿਹਾਸ ਹੋਵੇਗਾ.....

*ਕਿਸਾਨੀ ਸੰਘਰਸ਼ ਵੇਲ਼ੇ
***

ਪਤਨੀ ਕਵਿਤਾ ਲਿਖਦੀ ਹੈ
ਚਾਈਂ ਚਾਈਂ ਮੈਨੂੰ ਸੁਣਾਉਂਦੀ ਹੈ
ਮੈਂ ਅਜੇ ਜਾਗੋ ਮੀਟੀ ਵਿੱਚ ਹਾਂ
ਚੰਗੀ ਤਰ੍ਹਾਂ ਹੁੰਗਾਰਾ ਨਹੀਂ ਦੇ ਰਿਹਾ
ਉਹਨੂੰ ਲਗਦਾ ਹੈ ਮੈ ਬੇਧਿਆਨ ਕੀਤਾ ਹੈ
ਉਹ ਚੁੱਪ ਚਾਪ ਨਾਸ਼ਤਾ ਬਣਾ ਕੇ ਤੁਰ ਪਈ ਹੈ ਆਪਣੇ ਕੰਮ ‘ਤੇ
ਵਾਪਸੀ ’ਤੇ ਉਸਦਾ ਚਿਹਰਾ ਤੱਕਦਾਂ ਹਾਂ
ਸੰਤੁਸ਼ਟ ਜਾਪਦਾ ਹੈ
ਮੈ ਸਵੇਰੇ ਲਿਖੀ ਕਵਿਤਾ ਦੀ ਗੱਲ ਕਰਦਾ ਹਾਂ
ਉਹ ਮੁਸਕੁਰਾਅ ਕੇ ਆਖਦੀ ਹੈ
ਮੇਰੀ ਉਹ ਨਜ਼ਮ ਸਭ ਨੇ ਪਸੰਦ ਕੀਤੀ, ਮੈ ਖੁਸ਼ ਹਾਂ
ਤੇ ਮੈਂ ਆਪਣੇ ਆਪਨੂੰ ਆਖਦਾ ਹਾਂ
ਹੁੰਗਾਰਾ ਸਮੇਂ ਸਿਰ ਦੇ ਦਿਆ ਕਰ
ਪਤਨੀ ਘਰੋਂ ਜਾਂਦਿਆਂ ਉਦਾਸ ਤੇ ਬਾਹਰੋਂ ਪਰਤਦਿਆਂ ਖੁਸ਼ ਹੋਵੇ
ਤਾਂ ਤੇਰੇ ਸਿਰ ਇਲਜ਼ਾਮ ਹੈ....
***

ਇੱਕ ਰਿਸ਼ਤਾ ਟੁੱਟਦਾ ਹੈ
ਦੁੱਖ ਹੁੰਦਾ ਹੈ
ਇੱਕ ਭਰਮ ਟੁੱਟਦਾ ਹੈ
ਦਿਲ ਟੁੱਟਦਾ ਹੈ
ਇੱਕ ਖ਼ਾਸ ਰਿਸ਼ਤਾ ਟੁੱਟਦਾ ਹੈ
ਜਾਨ ਨਿੱਕਲ਼ਦੀ ਹੈ
ਐਨੀ ਸਾਰੀ ਟੁੱਟ ਭੱਜ ਤੋਂ ਬਾਅਦ
ਸਥਿਰ ਹੋ ਜਾਂਦਾ ਆਖਰ ਨੂੰ ਸਭ ਕੁਝ
ਤੇ ਫਿਰ ਕੁਝ ਵੀ ਟੁੱਟੇ
ਰਿਸ਼ਤਾ ਜਾਂ ਭਰਮ
ਕੋਈ ਫ਼ਰਕ ਨਹੀਂ ਪੈਂਦਾ
ਆਪਣੇ ਕਦਮਾਂ ਦੀ ਤਾਲ ’ਤੇ ਨੱਚਣਾ ਸਿੱਖ ਜਾਂਦੀ ਹੈ ਜ਼ਿੰਦਗੀ ….
***

ਜ਼ਿੰਦਗੀ ਕਵਿਤਾ ਨਹੀਂ ਹੁੰਦੀ
ਉਸ ਖਿਝ ਕੇ ਆਖਿਆ
ਜ਼ਿੰਦਗੀ ਕਵਿਤਾ ਹੋ ਤਾਂ ਸਕਦੀ ਐ
ਮੈ ਆਖਿਆ

ਜ਼ਿੰਦਗੀ ’ਚ ਕਵਿਤਾ ਦਾ ਕੋਈ ਅਰਥ ਨਹੀਂ
ਉਸ ਫਿਰ ਆਖਿਆ
ਪਰ ਕਵਿਤਾ ’ਚ ਜ਼ਿੰਦਗੀ ਦੇ ਅਰਥ ਤਾਂ ਹੁੰਦੇ ਹਨ
ਮੈਂ ਆਖਿਆ

ਤੂੰ ਬਹਿਸ ਨਾ ਕਰ ,ਕਵਿਤਾ ਕਵਿਤਾ ਦਾ ਰਾਗ ਨਾ ਅਲਾਪ
ਕਵਿਤਾ ਢਿੱਡ ਨਹੀਂ ਭਰਦੀ
ਕਵਿਤਾ ਪਿਆਸ ਨਹੀਂ ਬੁਝਾਉਂਦੀ

ਪਰ ਕਵਿਤਾ ਤ੍ਰਿਪਤ ਕਰਦੀ ਹੈ

ਸਾਬਤ ਕਰ
ਉਹ ਬਜਿੱਦ ਸੀ

ਸਾਬਤ ਕਰਨ ਲੱਗਿਆਂ ਤਾਂ
ਰਿਸ਼ਤਾ, ਰਿਸ਼ਤਾ ਨਹੀਂ ਰਹਿੰਦਾ
ਸਾਬਤ ਹੋਣ ਮਗਰੋਂ
ਪਹਿਲਾਂ ਜਿਹੀ ਨਜ਼ਰ ਨਹੀਂ ਰਹਿੰਦੀ
ਨਜ਼ਰੀਆ ਨਹੀਂ ਰਹਿੰਦਾ
ਸਭ ਬਦਲ ਜਾਂਦਾ

‘ਹਮਮ’

ਇਸ ਵਾਰ ਉਸ ਇੰਨਾ ਹੀ ਆਖਿਆ…
***

ਅੱਜ ਦੇ ਦਿਨ
ਮੈ ਨਜ਼ਮ ਨਹੀਂ ਲਿਖੀ
ਕੁਝ ਨਵੇਂ ਗਮਲਿਆਂ ’ਚ ਨਵੇਂ ਬੂਟੇ ਲਾਏ ਨੇ
ਚੁੱਪ-ਚਾਪ ਜਿਹੀ ਸ਼ਾਮ
ਬੂਟਿਆਂ ਦੀ ਮਿੱਟੀ ਨੂੰ ਸੁਆਰਿਆ ਹੈ, ਪਾਣੀ ਤ੍ਰੌਂਕਿਆ ਹੈ
ਮਨ ’ਚ ਖ਼ਿਆਲ ਆਉਂਦਾ
ਅਹਿ ਵੇਲੇ ਪੇੜ ਪੌਦੇ ਨਹੀਂ ਛੇੜੀਦੇ
ਸੁੱਤੇ ਹੁੰਦੇ ਨੇ, ਤ੍ਰਭਕ ਸਕਦੇ ਨੇ
ਆਪਣੇ ਮਨ ਦਾ ਚੇਤਾ ਆਉਂਦਾ
ਕਦੇ ਕਦੇ ਤ੍ਰਭਕ ਜਾਂਦਾ ਹੈ,
ਤੇਰੇ ਖਿਆਲ ਦੀ ਛੋਹ ਮਿਲ਼ਦਿਆਂ... ਅਹਿ ਵੇਲ਼ੇ.....
***

ਕੁਝ ਨਜ਼ਮਾਂ
ਤੇਰੇ ਸਵਾਲ ਵਰਗੀਆਂ
ਕੁਝ ਨਜ਼ਮਾਂ
ਮੇਰੇ ਜਵਾਬ ਵਰਗੀਆਂ
ਕੁਝ
ਚੁੱਪ ਰਹੀਆਂ
ਕੁਝ
ਬੋਲ ਹੀ ਨਾ ਸਕੀਆਂ
ਜ਼ਿੰਦਗੀ ...ਫਿਰ ਵੀ ਚੱਲਦੀ ਰਹੀ
ਮੇਰੇ ਜਵਾਬਾਂ ਤੋਂ ਬਿਨਾ
ਤੇਰੇ ਸਵਾਲਾਂ ਤੋਂ ਬਗ਼ੈਰ…
***

ਤੇਰੇ ਨਾਲ਼ ਕੀਤੀਆਂ
ਨਿੱਕੀਆਂ ਨਿੱਕੀਆਂ ਗੱਲਾਂ
ਨਜ਼ਮ ਹੋ ਗਈਆਂ
ਤੇਰੇ ਬਾਰੇ ਕੀਤੀਆਂ
ਲੰਮੀਆਂ ਗੱਲਾਂ ਕਹਾਣੀ ਬਣ ਗਈਆਂ
ਅਸੀਂ ਦੋਵੇਂ ਹੀ ਗ਼ੈਰਹਾਜ਼ਰ ਰਹੇ
ਕਦੇ ਨਜ਼ਮ ਵਿੱਚੋਂ
ਕਦੇ ਕਹਾਣੀ ਵਿੱਚੋਂ........
***

ਪੂਰੀ ਰਾਤ ਭਿੱਜੀ ਰਹੀ
ਛੋਲਿਆਂ ਦੀ ਦਾਲ਼ ਹੁਣ ਰਿੱਝ ਰਹੀ ਐ
ਸਿਮ ’ਤੇ ਰੱਖਿਆ ਕੁੱਕਰ ਅਜੇ ਤੱਕ ਸੀਟੀ ਨਹੀਂ ਵਜਾ ਰਿਹਾ
ਉਂਝ ਅਵਾਜ਼ ਲਗਾਤਾਰ ਆ ਰਹੀ ਹੈ ਭਾਫ਼ ਬਣੀ ਦੀ
ਪੱਕ ਹੀ ਜਾਣੀ ਹੈ

ਤੁਸੀਂ ਕਦੇ ਇੰਝ ਨਹੀਂ ਕੀਤਾ?

ਅਕਸਰ ਕੀਤਾ ਹੋਵੇਗਾ ਜਾਂ ਹੁੰਦਾ ਦੇਖਿਆ ਹੋਵੇਗਾ
ਕੋਈ ਨਵੀਂ ਗੱਲ ਤਾਂ ਨਹੀਂ ਹੈ
ਫਿਰ ਨਵਾਂ ਕੀ ਹੈ?

ਬਸ ਇਹੀ ਕਵਿਤਾ ਹੈ
ਜਿਸਨੂੰ ਅਸੀਂ ਚੱਲਦੀ ਜਾਂਦੀ ਜ਼ਿੰਦਗੀ ’ਚੋਂ ਵਿਸਾਰ ਦਿੱਤਾ ਹੈ

ਕਿਸੇ ਵੱਡੀ ਤੇ ਅਲੋਕਾਰੀ ਗੱਲ ਦੇ ਹੋਣ ਜਾਂ ਵਾਪਰਨ ਦੇ ਇੰਤਜ਼ਾਰ ਵਿੱਚ…
***

ਕਿਸੇ ਮਹਿਫ਼ਲ ’ਚ ਜਾਕੇ ਵੀ
ਖਿੜਦਾ ਨਹੀਂ
ਵਿੱਛੜਨ ਲੱਗਿਆਂ ਵੀ ਭਰਦਾ ਨਹੀਂ
ਮਨ ਹੈ ਇਹ ਜਾਂ ਕੁਝ ਹੋਰ
ਜੋ ਤਪਦਾ ਨਹੀਂ
ਠਰਦਾ ਨਹੀਂ
***

ਮੇਰੇ ਪਿਤਾ
ਕਵਿਤਾ ਲਿਖਦੇ ਸਨ
ਉਹ ਹਰ ਰੋਜ਼
ਲੁਧਿਆਣੇ ਕਚਹਿਰੀਆਂ ਵਾਲ਼ੇ ਪਾਸਿਓ ਪੁਲ਼ ਚੜ੍ਹਦੇ
ਤੇ ਉੱਤਰਦਿਆਂ ਸਾਹਮਣੇ
ਲਹੌਰ ਬੁੱਕ ਸ਼ਾੱਪ ਤੋਂ ਕੋਈ ਨਾ ਕੋਈ ਕਿਤਾਬ ਖ਼ਰੀਦਦੇ

ਪੁਲ਼ ਤੋਂ ਗੁਜ਼ਰਦਿਆਂ
ਭੀਖ ਮੰਗਣ ਵਾਲ਼ੇ ਕਿਸੇ ਮੁੰਡੇ ਨਾਲ਼ ਉਹਨਾਂ ਦਾ ਸਾਹਮਣਾ ਹੁੰਦਾ
ਤੇ ਇਸੇ ਉੱਪਰ ਉਹਨਾਂ ਇੱਕ ਕਹਾਣੀ ਲਿਖੀ
‘ਕੁਛ ਤੋ ਦੇ ਦੋ ਬਾਬੂ ਜੀ’…

ਮੈਂ ਆਪਣੇ ਪਿਤਾ ਨੂੰ ਆਪਣੇ ਬਚਪਨ ਵਿੱਚ ਹੀ ਗਵਾ ਲਿਆ
ਰੱਜ ਗੱਲਾਂ ਨਾ ਕਰ ਸਕੀ
ਪਰ ਆਪਣੇ ਖ਼ਿਆਲਾਂ ਵਿੱਚ ਹੀ
ਉਸ ਪੁਲ਼ ’ਤੇ ਚੜ੍ਹਦੀ ਹਾਂ
ਬਾਪ ਦੀ ਪੈੜ ’ਤੇ ਪੈਰ ਧਰਦੀ ਹਾਂ
ਉੱਤਰਦਿਆਂ ਹੀ ਸਾਹਮਣੇ ਲਹੌਰ ਬੁੱਕ ਸ਼ਾੱਪ ’ਤੇ ਜਾਂਦੀ ਹਾਂ
ਕਿਸੇ ਨੂੰ ਕੁਝ ਨਹੀ ਪੁੱਛਦੀ
ਇੱਧਰ ਉੱਧਰ ਨਜ਼ਰ ਦੁੜਾਉਂਦੀ ਸੋਚਦੀ ਹਾਂ
ਉਹ ਲੱਕੜ ਪੁਲ਼ ’ਤੇ ਬੈਠਾ ਮੁੰਡਾ ਕਿੱਧਰ ਗਿਆ!
ਸ਼ਾਇਦ ਵੱਡਾ ਹੋਕੇ ਇੱਧਰ ਹੀ ਕਿਤੇ ਕੰਮ ਲੱਗ ਗਿਆ ਹੋਵੇ
ਸ਼ਾਇਦ ਉਹ ‘ਉਸ’ ਕਹਾਣੀ ਦੇ ਪਾਤਰ ਨੂੰ ਬਾਂਹ ਫੜ੍ਹ ਖਿੱਚ ਲਿਆਇਆ ਹੋਵੇ
ਸ਼ਾਇਦ
ਸ਼ਾਇਦ
ਸ਼ਾਇਦ…
***

ਰਾਹਾਂ ਗਵਾਚਦੀਆਂ ਨਹੀਂ
ਭੁੱਲ ਜਾਂਦੀਆਂ ਨੇ
ਪੈੜਾਂ ਮਿਟਦੀਆਂ ਨਹੀਂ
ਰੁਲ਼ ਜਾਂਦੀਆਂ ਨੇ…
***

ਚੁੱਪ ਦਾ ਦੋਸ਼ ਨਹੀਂ ਹੁੰਦਾ
ਚੁੱਪ ਦੀ ਸਜ਼ਾ ਹੁੰਦੀ ਐ
ਬੋਲਣ ਦਾ ਮਨ ਨਹੀਂ ਹੁੰਦਾ
ਬੋਲਣ ਦੀ ਵਜ੍ਹਾ ਹੁੰਦੀ ਐ…
***

ਮੁੱਦਤ ਗੁਜ਼ਰੀ ਹੈ
ਗਲ਼ੇ ਮਿਲ਼ਿਆਂ ਮੁਖਾਤਬ ਹੋਇਆਂ ਨੂੰ
ਦਿਲਾਂ ਦੇ ਖੋਲ੍ਹ ਕੇ ਬੂਹੇ
ਪਰ ਨੈਣਾਂ ਦੇ ਢੋਇਆਂ ਨੂੰ
ਰੱਜ ਰੱਜ ਕੇ ਖੁਸ਼ ਹੋਇਆਂ
ਡੁੱਬ ਡੁੱਬ ਕੇ ਰੋਇਆਂ ਨੂੰ
ਪਿਆਰ ਕੀਤਿਆਂ ਨੂੰ
ਫਿਰ ਉਦਾਸ ਹੋਇਆਂ ਨੂੰ…

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਮਨਦੀਪ ਕੌਰ ਵਿਰਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ