Parminderjit ਪ੍ਰਮਿੰਦਰਜੀਤ
ਪੰਜਾਬੀ ਕਵਿਤਾ ਵਿੱਚ ਪ੍ਰਮਿੰਦਰਜੀਤ ਖ਼ੂਬਸੂਰਤ ਅੰਦਾਜ਼ ਤੇ ਸੁਹਜ ਸਲੀਕੇ ਦਾ ਨਾਮ ਹੈ। ਨਿਰੰਤਰ ਤੁਰਨ ਦਾ ਅਭਿਆਸੀ ਸੀ ਉਹ। ਇੱਕ ਪਲ ਲਾਵੇ ਦਾ ਦਰਿਆ ਬਣ ਜਾਂਦਾ ਤੇ ਦੂਸਰੇ ਪਲ ਬਰਫ਼ਾਨੀ ਟੀਸੀ।
ਉਸ ਨੇ ਆਪ ਵੀ ਖ਼ੂਬ ਲਿਖਿਆ ਤੇ ਨਿੱਕਿਆਂ ਵੱਡਿਆਂ ਤੋਂ ਵੀ ਬਹੁਤ ਲਿਖਵਾਇਆ। ਉਹ ਨਹਿਰ ਨਹੀਂ ਸੀ, ਦਰਿਆ ਜਿਹਾ ਸੀ ਵੇਗ ਮੱਤਾ ਕੰਢੇ ਤੋੜਵਾਂ। ਬੰਧੇਜ ਦਾ ਗੁਲਾਮ ਨਹੀਂ ਸੀ। ਉਸ ਨੂੰ ਜੇ ਸਿਰਜਣਾ ਦਾ ਅੱਥਰਾ
ਅਮੋੜ ਵੇਗ ਕਹਿ ਲਈਏ ਤਾਂ ਇਸ ਵਿੱਚ ਅਤਿ ਕਥਨੀ ਨਹੀਂ। ਉਹ ਅਕਸਰ ਆਖਦਾ ਕਿ ਮੈਨੂੰ ਖਾਰੇ ਸੋਢੇ ਨਾਲ ਇਸ ਕਰਕੇ ਮੁਹੱਬਤ ਹੈ ਕਿਉਂਕਿ ਮੇਰਾ ਜੱਦੀ ਪਿੰਡ ਵੀ ਖਾਰੇ ਮਾਝੇ ਵਿੱਚ ਹੀ ਹੈ ਜੌੜਾ (ਤਰਨਤਾਰਨ ਲਾਗੇ)।
ਪ੍ਰਮਿੰਦਰਜੀਤ ਦਾ ਜਨਮ ਇੱਕ ਜਨਵਰੀ 1946 ਨੂੰ ਜੌੜਾ ਵਿਖੇ ਸਃ ਤੇਜਾ ਸਿੰਘ ਜੀ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁਖੋਂ ਹੋਇਆ। ਹੋਇਆ। ਉਹ 23 ਮਾਰਚ 2015 ਨੂੰ ਲਗਪਗ 69 ਸਾਲ ਦੀ ਉਮਰ ਹੰਢਾ ਕੇ
ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਜੀਵਨ ਸਾਥਣ ਸਰਦਾਰਨੀ ਸੁਰਿੰਦਰ ਕੌਰ ਨੈਨੀਤਾਲ(ਉੱਤਰਾਖੰਡ) ਵਿੱਚ ਖੇਡ ਅਧਿਕਾਰੀ ਹੋਣ ਕਾਰਨ ਪ੍ਰਮਿੰਦਰਜੀਤ ਨੂੰ ਸਾਹਿਤ ਸਿਰਜਣਾ, ਮਾਸਿਕ ਪੱਤਰ ਲੋਅ ਤੇ ਮਗਰੋਂ ਅੱਖਰ ਦੀ
ਨਿਰੰਤਰ ਸੰਪਾਦਨਾ ਵਾਂਗ ਹੀ ਦੋ ਸਪੁੱਤਰਾਂ ਸਵਜੋਤ ਸਿੰਘ ਤੇ ਰਵਜੋਤ ਸਿੰਘ ਦੀ ਪਰਵਰਿਸ਼ ਵਿੱਚ ਵੀ ਵੱਡਾ ਹਿੱਸਾ ਪਾਉਣਾ ਪਿਆ। ਮੈਂ ਪ੍ਰਮਿੰਦਰਜੀਤ ਨੂੰ ਕਦੇ ਵੀ ਦੋਸਤਾਂ ਨਾਲ ਰੁੱਸਦਿਆਂ ਨਹੀਂ ਵੇਖਿਆ ਜਦ ਕਿ ਆਪਣੇ ਨੁਕਤੇ
ਤੇ ਅੜਦਿਆਂ ਤੇ ਲੜਦਿਆਂ ਬਹੁਤ ਵਾਰ ਵੇਖਿਆ। ਇਸੇ ਕਾਰਨ ਉਸਨੂੰ ਪੁਰਸਕਾਰ ਵੰਡਣ ਵੰਡਾਉਣ ਵਾਲੇ ਵਰਤਾਵੇ ਕੰਨੀ ਦੇ ਕਿਆਰੇ ਵਾਂਗ ਸੁੱਕਾ ਹੀ ਰੱਖਦੇ ਰਹੇ। ਉਸ ਨੂੰ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਕਵੀ ਪੁਰਸਕਾਰ ਮਿਲਿਆ
ਤਾਂ ਉਸਦਾ ਫ਼ੋਨ ਆਇਆ, ਇਹ ਕਿਵੇਂ ਹੋ ਗਿਆ?
ਪਤਾ ਨਹੀਂ ਮੇਰੇ ਵਰਗੇ ਕਿੰਨੇ ਲੋਕਾਂ ਨੂੰ ਉਸ ਕਲਮ ਫੜਨੀ ਤੇ ਲਿਖਣਾ ਸਿਖਾਇਆ ਹੋਵੇਗਾ। ਕਤਾਰ ਬਹੁਤ ਲੰਮੀ ਹੈ। 1973 ਵਿੱਚ ਛਪੀ ਪੁਸਤਕ ਕੋਲਾਜ ਕਿਤਾਬ ਵਿੱਚ ਉਸ ਦਾ ਤੀਸਰਾ ਹਿੱਸਾ ਸੀ। ਕੁਝ ਕਵਿਤਾਵਾਂ ਸੁਰਜੀਤ ਪਾਤਰ
ਦੀਆਂ ਸਨ ਤੇ ਕੁਝ ਰਚਨਾਵਾਂ ਡਾਃ ਜੋਗਿੰਦਰ ਕੈਰੋਂ ਦੀਆਂ। ਵੱਖਰਾ ਅੰਦਾਜ਼ ਸਭ ਨੂੰ ਭਾਇਆ। 1981 ਵਿੱਚ ਉਸ ਦੀ ਮੌਲਿਕ ਕਾਵਿ ਪੁਸਤਕ ਲਿਖਤੁਮ ਪ੍ਰਮਿੰਦਰਜੀਤ ਛਪੀ। ਫਿਰ 2000 ਵਿੱਚ ਮੇਰੀ ਮਾਰਫਤ ਛਪੀ ਜਿਸ ਨੂੰ ਡਾਃ ਸ ਪ ਸਿੰਘ ਜੀ
ਨੇ ਵਾਈਸ ਚਾਂਸਲਰ ਬਣਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਬਣਾਇਆ। 2005 ਵਿੱਚ ਕਾਵਿ ਪੁਸਤਕ ਬਚਪਨ ਘਰ ਤੇ ਮੈਂ ਛਪੀ। 2007 ਵਿੱਚ ਉਸ ਦੀ ਚੋਣਵੀਂ ਕਵਿਤਾ ਮੇਰੇ ਕੁਝ ਹਾਸਿਲ ਛਪੀ। ਤਨ ਤਕੀਆ
2010 ਵਿੱਚ ਛਪੀ ਮੁੱਲਵਾਨ ਪੁਸਤਕ ਹੈ। ਪ੍ਰਮਿੰਦਰਜੀਤ ਦੀਆਂ ਸੰਪਾਦਿਤ ਪੁਸਤਕਾਂ ਵਿੱਚ ਬੇੜੀਆਂ ਤੇ ਬਾਦਬਾਨ(ਸ਼ਹਰਯਾਰ ਨਾਲ) ਕਵਿਤਾ ਪੰਜਾਬ, ਸ਼ਾਇਰੀ-92, ਸ਼ਾਇਰੀ -2000 ਅਤੇ ਦਸਤਕ ਤੇ ਸਿਰਨਾਵੇਂ ਹਨ।
ਉਸ ਇੱਕ ਨਾਟਕ ਅੰਦਰ ਬਾਹਰ ਮੰਟੋ ਵੀ ਲਿਖਿਆ। ਤੇਜਿੰਦਰ ਬਾਵਾ ਨਾਲ ਰਲ਼ ਕੇ ਉਸ ਵਿਭੂਤੀ ਨਾਰਾਇਣ ਰਾਏ ਦੇ ਹਿੰਦੀ ਨਾਵਲ ਸ਼ਹਿਰ ਵਿੱਚ ਕਰਫਿਊ ਨੂੰ ਵੀ ਅਨੁਵਾਦ ਕੀਤਾ। ਸੀਤਾਕਾਂਤ ਮਹਾਂਪਾਤਰਾ ਦੀ ਕਾਵਿ ਪੁਸਤਕ ਭਾਰਤ ਵਰਸ਼ਃ
ਵਰ੍ਹਦੇ ਹਨ ਤਾਰੇ ਜਿਹੜੀ ਮਿੱਟੀ ਤੇ ਅਤੇ ਮੋਹਨ ਰਾਕੇਸ਼ ਦੀਆਂ ਕਹਾਣੀਆਂ ਦਾ ਅਨੁਵਾਦ ਵੀ ਕੀਤਾ । ਰੂਪੀ ਪ੍ਰਕਾਸ਼ਨ ਵੱਲੋਂ ਉਸ ਪੁਸਤਕ ਪ੍ਰਕਾਸ਼ਨ ਨੂੰ ਸੁਹਜ ਮਾਰਗ ਵਿਖਾਇਆ। ਮਾਸਿਕ ਪੱਤਰ ਅੱਖਰ ਦੀ ਸੰਪਾਦਨ ਸ਼ੈਲੀ ਵੀ ਨਿਵੇਕਲੀ ਰੱਖੀ ਉਸ।
ਇਪਸਾ ਆਸਟਰੇਲੀਆ ਵੱਲੋਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਹਰ ਸਾਲ ਕਿਸੇ ਉਚੇਰੀ ਸਾਹਿੱਤਕ ਸ਼ਖਸੀਅਤ ਨੂੰ ਪ੍ਰਦਾਨ ਕੀਤਾ ਜਾਂਦਾ ਹੈ।-ਗੁਰਭਜਨ ਗਿੱਲ