'Kavita Party Menifesto Nahin Hundi' : Parminderjit

'ਕਵਿਤਾ ਪਾਰਟੀ ਮੈਨੀਫੈਸਟੋ ਨਹੀਂ ਹੁੰਦੀ' : ਪ੍ਰਮਿੰਦਰਜੀਤ

ਆਪਣੀ ਇਸ ਨਵੀਂ ਕਾਵਿ-ਕਿਤਾਬ* ਨਾਲ ਫੇਰ ਤੁਹਾਡੇ ਸਨਮੁਖ ਹਾਂ । ਤਕਰੀਬਨ 45 ਵਰ੍ਹੇ ਹੋ ਗਏ ਹਨ-ਕਵਿਤਾ ਦੇ ਰਾਹ 'ਤੇ ਤੁਰਦਿਆਂ । ਇਹ ਮੇਰਾ ਚੌਥਾ ਕਾਵਿ-ਸੰਗ੍ਰਹਿ ਹੈ। ਮੇਰੀਆਂ ਪਹਿਲੀਆਂ ਕਾਵਿ-ਕਿਤਾਬਾਂ ਨੇ ਮੇਰਾ ਬਣਦਾ ਸਰਦਾ ਮਾਣ ਵਧਾਇਆ ਹੈ । ਆਪਣੀਆਂ ਛਪੀਆਂ ਕਾਵਿ-ਪੁਸਤਕਾਂ ਦੀ ਸੂਚੀ ਨੂੰ ਲੰਮੀ ਕਰਨ ਬਾਰੇ ਕਦੇ ਵੀ ਨਹੀਂ ਸੋਚਿਆ । ਮਿਕਦਾਰ ਕਦੇ ਵੀ ਰਚਨਾਤਮਕ ਪੁਖ਼ਤਗੀ ਦੀ ਜ਼ਾਮਨ ਨਹੀਂ ਹੁੰਦੀ। ਕਿਸੇ ਉੱਚੀ ਕਾਵਿਕ ਸਿਖ਼ਰ ਤੇ ਪਹੁੰਚੇ ਹੋਣ ਦਾ ਦਾਅਵਾ ਮੈਂ ਕਦੇ ਵੀ ਨਹੀਂ ਕੀਤਾ। ਮੇਰੀ ਕਵਿਤਾ ਵਿਸ਼ੇਸ਼ ਪ੍ਰਸੰਗਾਂ ਵਿਚ ਆਂਕੀ ਜਾਏ ਤੇ ਉਹਦਾ ਕਿਸੇ ਬ੍ਰਹਿਮੰਡੀ ਚੇਤਨਾ ਦੇ ਮਸਨੂਈ ਸੰਦਾਂ ਨੂੰ ਆਧਾਰ ਬਣਾ ਕੇ ਮੁਲਅੰਕਣ ਕੀਤਾ ਜਾਏ, ਮੇਰੀ ਅਜੇਹੀ ਕੋਈ ਲਾਲਸਾ ਨਹੀਂ ਰਹੀ। ਮੇਰੀ ਕਵਿਤਾ ਅਲੋਕਾਰ ਮੁਹਾਂਦਰੇ ਵਾਲੀ ਵੀ ਨਹੀਂ ਹੈ ਤੇ ਕਿਸੇ ਅਨਾਰ ਦੇ ਚੱਲਣ ਵਰਗਾ ਕੋਈ ਆਤਿਸ਼ੀ ਦ੍ਰਿਸ਼ ਵੀ ਨਹੀਂ ਸਿਰਜਦੀ। ਇਹ ਤਾਂ ਜੀਉਣ ਦੇ ਸਬੰਧ ਤਲਾਸ਼ ਕਰਦੀ ਅਭਿਲਾਸ਼ਾ ਦਾ ਰੂਪਾਂਤਰਣ ਹੈ। ਇਹ ਆਪਣੀ ਮਿੱਟੀ ’ਚੋਂ ਪੁੰਗਰੀ ਕੋਂਪਲ ਵਰਗੀ ਹੈ। ਇਹ ਰੱਜੇ-ਪੁੱਜਿਆਂ ਦਾ ਸ਼ਬਦੀ ਅਭਿਆਸ ਜਾਂ ਸਮਾਜਕ ਤੇ ਅਦਬੀ ਮਾਨਤਾ ਪ੍ਰਾਪਤੀ ਲਈ ਕੀਤਾ ਸ਼ਬਦੀ ਕਲੋਲ ਵੀ ਨਹੀਂ ਹੈ।

ਮੈਂ ਆਪਣੇ ਅੰਦਰੋਂ ਆਪਣੀ ਸੰਵੇਦਨਾ ਨੂੰ ਮਨਫ਼ੀ ਕਰਕੇ ਸਿਰਫ਼ ਸ਼ਬਦ ਘਾੜਤ ਦੇ ਰਾਹ ਨਹੀਂ ਪਿਆ । ਮੈਂ ਚਲੰਤ ਕਾਵਿਕ ਮੁਹਾਵਰੇ ਦੀ ਮਿਰਗਜਲੀ ਵੱਲ ਨਹੀਂ ਭੱਜਿਆ । ਵੱਖਰਤਾ ਬਣਾਉਣ ਲਈ ਕੋਈ ਉਚੇਚ ਨਹੀਂ ਕੀਤਾ ਤੇ ਨਾ ਹੀ ਹਰਮਨ ਪਿਆਰਤਾ ਦੀ ਡੰਗੋਰੀ ਨਾਲ ਤੁਰੇ ਰਹਿਣ ਦੀ ਜ਼ਿਦ ਹੀ ਪੁਗਾਈ ਹੈ । ਕਿਸੇ ਵੀ ਤਰ੍ਹਾਂ ਦੀ ਵਿਚਾਰਕ ਸੱਤਾ ਦੀ ਦਾਸਤਾ ਮੈਂ ਨਹੀਂ ਕਬੂਲੀ ਤੇ ਨਾ ਹੀ ਕਿਸੇ ਵਾਦ, ਜਾਤ ਤੇ ਅਹੁਦੇ/ਰੁਤਬੇ ਦੀ ਲੁਕਵੀਂ ਸਤਰੰਜ਼ ਹੀ ਖੇਡੀ ਹੈ ।

ਮੇਰੀ ਕਵਿਤਾ ਨੂੰ ਆਰੰਭ ਤੋਂ ਹੀ ਮੇਰੇ ਪਾਠਕਾਂ ਦਾ ਢੋਆ ਮਿਲਿਆ ਰਿਹਾ ਹੈ । ਮੇਰੀ ਕਵਿਤਾ ਤੇ ਮੇਰੇ ਪਾਠਕ ਇਕ ਦੂਜੇ ਦੀ ਥਾਹ ਪਾਉਣੀ ਜਾਣਦੇ ਹਨ। ਮੈਂ ਇਨ੍ਹਾਂ ਦੋਹਾਂ ਦੇ ਵਿਚਕਾਰ ਲਰਜ਼ਦੀ ਇਕਾਈ ਹਾਂ। ਮੇਰੀ ਇਕਾਈ ਕਈ ਹੋਰ ਇਕਾਈਆਂ ਦਾ ਹੀ ਵਿਸਥਾਰ ਹੈ, ਮੁਹਾਂਦਰਾ ਹੈ।

ਮੇਰੀ ਕਵਿਤਾ ਨੇ ਆਪਣੀ ਸਧਾਰਨਤਾ 'ਚੋਂ ਹੀ ਆਪਣੀ ਨਿੱਜਤਾ ਤੇ ਨੁਹਾਰ ਘੜੀ ਹੈ । ਮੇਰੀ ਕਵਿਤਾ ਦਾ ਸ਼ਬਦਾਂ ਦੀਆਂ ਕਲਾਬਾਜ਼ੀਆਂ ਵਿਚ ਭਰੋਸਾ ਨਹੀਂ ਰਿਹਾ ਤੇ ਨਾ ਹੀ ਉਸ ਨੂੰ ਆਪਣੇ ਸਫ਼ਰ ਲਈ ਮਖਮਲੀ ਪਾਏਦਾਨਾਂ ਦੀ ਤਲਬ ਰਹੀ ਹੈ। ਮੇਰੀ ਕਵਿਤਾ ਉਚਤਮ ਕਾਵਿਕ ਮਾਪਦੰਡਾਂ ਦੇ ਮੇਚ ਨਈ ਆਉਂਦੀ ਤਾਂ ਨਾ ਸਹੀ, ਉਹ ਚਿੰਤਨੀ ਲਿਬਾਸ ਵਾਲੀ ਨਹੀਂ ਤੇ ਨਾ ਆਧੁਨਿਕ ਦਿਖ/ਭੇਖ ਵਾਲੀ ਵੀ ਨਹੀਂ ਹੈ-ਤਾਂ ਨਾ ਸਹੀ । ਮੇਰੀ ਕਵਿਤਾ ਨੂੰ ਆਪਣੇ ਵਰਗੀ ਹੋਣ ਲਈ ਕਿਸੇ ਚਿੰਤਨੀ ਵਿਧੀ ਵਿਧਾਨ ਦਾ ਆਸਰਾ ਤੇ ਪਨਾਹ ਲੈਣ ਦੀ ਲੋੜ ਨਹੀਂ ਪਈ। ਇਸ ਨੂੰ ਆਪਣੇ ਪਾਣੀਆਂ ਦੀ ਥਾਹ ਪਾਉਣੀ ਆਉਂਦੀ ਹੈ ।

ਮੈਂ ਇਹ ਬਿਆਨਬਾਜ਼ੀ ਕਿਸੇ ਨੂੰ ਆਪਣੀ ਕਵਿਤਾ ਦੇ ਹੱਕ ਵਿਚ ਭੁਗਤਣ ਜਾਂ ਭੁਗਤਾਣ ਲਈ ਨਹੀਂ ਕਰ ਰਿਹਾ। ਜੇ ਕਵੀ ਦਾ ਸਵੈ ਸੱਚਾ ਹੈ ਤਾਂ ਕਵਿਤਾ ਵੀ ਕਦੇ ਝੂਠੀ ਨਹੀਂ ਹੋ ਸਕਦੀ। ਦੰਭੀ ਤੇ ਝੂਠੀ ਸੋਚ ਕਵਿਤਾ ਦਾ ਸਵੈ ਵੀ ਗੰਧਲਾ ਕਰ ਦੇਂਦੀ ਹੈ। ਸੱਚੀ ਕਵਿਤਾ ਹਰ ਦੰਭ ਦਾ ਚੀਰਹਰਨ ਕਰਨ ਦੇ ਸਮਰੱਥ ਹੁੰਦੀ ਹੈ। ਕਵਿਤਾ ਕਿਸੇ ਦੀ ਇੱਛਾ ਜਾਂ ਸੋਚ ਅਨੁਸਾਰ ਉਸ ਦੇ ਹੱਕ ਜਾਂ ਵਿਰੋਧ ਵਿਚ ਨਹੀਂ ਭੁਗਤਦੀ, ਉਹ ਤਾਂ ਜ਼ਿੰਦਗੀ ਦੇ ਨਰੋਏ ਮੁਹਾਂਦਰੇ, ਤਲਾਸ਼ ਕਰਨ ਲਈ ਯਤਨਸ਼ੀਲ ਰਹਿੰਦੀ ਹੈ । ਕਵਿਤਾ ਬਾਜ਼ੀਗਰੀ ਵੀ ਨਹੀਂ ਹੁੰਦੀ, ਜੋ ਆਪਣਾ ਕਰਤਬ ਵਿਖਾ ਕੇ ਦਰਸ਼ਕਾਂ ਦੀਆਂ ਤਾੜੀਆਂ ਦੀ ਤਲਬਗਾਰ ਰਹਿੰਦੀ ਹੈ। ਕਵਿਤਾ ਸ਼ਬਦਾਂ ਦੇ ਗੁਬਾਰੇ ਵਾਂਗ ਫੁਲਾ ਕੇ ਫੇਰ ਮੁੱਕੀ ਮਾਰ ਕੇ ਪਟਾਕਾ ਪਾਉਣ ਵਰਗੀ ਕਿਰਿਆ ਵੀ ਨਹੀਂ ਹੁੰਦੀ।

ਕਵਿਤਾ ਦੀ ਰਚਨਾ ਕਰਨੀ ਕਿਸੇ ਤਲਿੱਸਮੀ ਸਥਿਤੀ 'ਚੋਂ ਗੁਜ਼ਰਨ ਦੀ ਕਿਰਿਆ ਨਹੀਂ ਹੈ ਤੇ ਨਾ ਹੀ ਸ਼ਬਦਾਂ ਦੀਆਂ ਫੁਲਝੜੀਆਂ ਚਲਾਉਣ ਵਰਗੀ ਕੋਈ ਮਨੋਰੰਜਕ ਸਥਿਤੀ ਹੁੰਦੀ ਹੈ । ਕਵਿਤਾ ਉਹਲਿਆਂ ਦੀ ਪਾਰਦਰਸ਼ਤਾ ਵੀ ਵੇਖ ਲੈਂਦੀ ਹੈ । ਇਹ ਕਿਸੇ ਪਾਰਟੀ ਵਿਸ਼ੇਸ਼ ਜਾਂ ਵਿਅਕਤੀ ਵਿਸ਼ੇਸ਼ ਦਾ ਸੀਮਤ ਹਿਤਾਂ ਲਈ ਘੜਿਆ ਮੈਨੀਫ਼ੈਸਟੋ ਵੀ ਨਹੀਂ ਹੁੰਦੀ । ਇਹ ਜ਼ਿੰਦਗੀ ਨਾਲ ਸੰਵਾਦ ਰਚਾਉਂਦੇ ਸੂਖ਼ਮ ਸਰੋਕਾਰਾਂ ਪ੍ਰਤੀ ਪ੍ਰਤੀਬੱਧਤਾ ਪ੍ਰਗਟਾਉਂਦੀ ਇਕ ਕੋਸ਼ਿਸ਼ ਹੁੰਦੀ ਹੈ-ਇਕ ਅਹਿਦ, ਇਕ ਅਕੀਦਾ । ਮੇਰੀ ਕਵਿਤਾ ਚਿਪਚਿਪੀ ਕਾਮਰੇਡੀ ਤੋਂ ਕਿਸੇ ਕਿਸਮ ਦੀ ਸਨਦ ਦੀ ਤਲਬਗਾਰ ਕਦੇ ਨਹੀਂ ਰਹੀ।

ਮੈਂ ਮੰਨਦਾ ਹਾਂ ਕਿ ਮੇਰੀਆਂ ਕਵਿਤਾਵਾਂ ਵਿਚਲਾ ਪਰਿਵੇਸ਼ ਤੇ ਪਰਿਪੇਖ ਗਲੋਬਲੀ ਚੇਤਨਾ ਵਾਲਾ ਨਹੀਂ, ਇਨ੍ਹਾਂ ਵਿਚ ਦੇਹੀ ਦੇ ਮਾਂਸਲ ਦ੍ਰਿਸ਼ ਵੀ ਸਾਕਾਰ ਨਹੀਂ ਹੁੰਦੇ, ਇਨ੍ਹਾਂ ਵਿਚ ਕੋਈ ਕਿਆਸੀ ਹੋਈ ਕਾਵਿਕ ਸਿਖ਼ਰ ਕਦੇ ਰੂਪਮਾਨ ਨਹੀਂ ਹੋਈ ਹੁੰਦੀ, ਪਰ ਇਨ੍ਹਾਂ ਵਿਚ ਮਾਨਵੀ ਸੰਵੇਦਨਾ ਦੇ ਝਲਕਾਰੇ ਜ਼ਰੂਰ ਹੁੰਦੇ ਹਨ। ਕੋਈ ਵੀ ਕਾਵਿਕ ਸਰੋਕਾਰ ਵੱਡਾ ਜਾਂ ਛੋਟਾ ਨਹੀਂ ਹੁੰਦਾ , ਇਹ ਲਿਖਣ ਵਾਲੇ ਦੀ ਸਮਰੱਥਾ 'ਤੇ ਨਿਰਭਰ ਕਰਦਾ ਏ ਕਿ ਉਹ ਕਿਸੇ ਸਰੋਕਾਰ ਨਾਲ ਨਜਿੱਠਦਾ ਕਿਵੇਂ ਹੈ। ਕਿਸੇ ਦਾ ਵਤੀਰਾ ਤੇ ਉਹਦੇ ਪ੍ਰਤੀ ਲਗਾਓ ਹੀ ਉਸ ਨੂੰ ਛੋਟਾ ਵੱਡਾ ਕਰ ਦੇਂਦਾ ਏ । ਕਈ ਵਾਰ ਨਿੱਕੇ-ਨਿੱਕੇ ਸਰੋਕਾਰਾਂ ਬਾਰੇ ਯਾਦਗਾਰੀ ਰਚਨਾਵਾਂ ਵੀ ਸਿਰਜੀਆਂ ਗਈਆਂ ਹਨ ਤੇ ਕਈ ਥਾਈਂ ਪੇਤਲੀ ਅਨੁਭਵ-ਸ਼ੀਲਤਾ ਕਿਸੇ ਵੱਡੇ ਸਰੋਕਾਰ ਨੂੰ ਵੀ ਬੌਣਾ ਬਣਾ ਦੇਂਦੀ ਹੈ।

ਮੈਂ ਇਹ ਸਭ ਕੁਝ ਆਪਣੇ ਲਈ ਜਾਂ ਆਪਣੀ ਕਵਿਤਾ ਲਈ ਕਿਸੇ ਤੋਂ ਕੋਈ ਰਿਆਇਤ ਲੈਣ ਲਈ ਨਹੀਂ ਲਿਖਿਆ, ਸਗੋਂ ਹੁਣ ਤਾਈਂ ਕਵਿਤਾ ਪ੍ਰਤੀ ਬਣੀਆਂ ਆਪਣੀਆਂ ਧਾਰਨਾਵਾਂ ਦਾ ਪ੍ਰਗਟਾ ਹੀ ਕੀਤਾ ਹੈ। ਹੋ ਸਕਦਾ ਹੈ ਕਿ ਮੇਰਾ ਇਹ ਕਿਹਾ ਕਈ ਕੁਝ ਕਈਆਂ ਨੂੰ ਨਾਗਵਾਰ ਵੀ ਲੱਗੇ ਪਰ ਮੈਥੋਂ ਇਹ ਸਭ ਕੁਝ ਕਹੇ ਜਾਣ ਤੋਂ ਆਪਣੇ ਆਪ ਨੂੰ ਰੋਕਿਆ ਨਹੀਂ ਗਿਆ। ਆਪਣੇ ਤੇ ਆਪਣੇ ਪਾਠਕਾਂ ਵਿਚ ਕਿਸੇ ਤੀਸਰੀ ਧਿਰ ਦੀ ਆਮਦ ਤੋਂ ਪਹਿਲਾਂ ਮੇਰਾ ਇਹ ਬਿਰਤਾਂਤ ਬਹੁਤਾ ਬੇਲੋੜਾ ਵੀ ਨਹੀਂ ਜਾਪੇਗਾ। ਕਵਿਤਾ ਲਿਖਣ ਤੋਂ ਬਿਨਾਂ ਵੀ ਮੇਰੇ ਕੁਝ ਸਰੋਕਾਰ ਹਨ, ਜਿਨ੍ਹਾਂ ਦਾ ਇਜ਼ਹਾਰ ਕਰਨਾ ਕਦੇ ਕਦੇ ਜ਼ਰੂਰੀ ਵੀ ਹੁੰਦਾ ਹੈ। ਇਸੇ ਜ਼ਰੂਰਤ ਹਿਤ ਹੀ ਮੈਂ ਇਹ ਸਭ ਕੁਝ ਲਿਖ ਦਿੱਤਾ ਹੈ। ਬੇਲੋੜਾ ਜਾਪੇ ਤਾਂ ਮੁਆਫ਼ ਕਰ ਦਿਉ ।

ਕਿਸੇ ਕਵੀ ਦੀਆਂ ਕੁਝ ਕਵਿਤਾਵਾਂ 'ਚੋਂ ਹੀ ਉਸਦੀ ਕਾਵਿਕ ਸਮਰੱਥਾ ਨੂੰ ਕਸ਼ੀਦ ਕਰਕੇ ਨਹੀਂ ਵੇਖਿਆ ਜਾ ਸਕਦਾ। ਕਵਿਤਾ ਦੇ ਅੰਤਰੀਵ ਭਾਵਬੋਧ ਦੀ ਤੀਬਰਤਾ ਹੀ ਉਸ ਦੀ ਸਮਰੱਥਾ ਦੀ ਪ੍ਰਥਮ ਸੂਚਕ ਹੁੰਦੀ ਹੈ। ਕਈ ਵਾਰ ਇਸੇ ਤੀਬਰਤਾ ਦੀ ਅਣਹੋਂਦ ਕਵੀ ਦੇ ਆਪਣੇ ਅਨੁਭਵ ਬੋਧ ਵਿਚ ਹੀ ਹੁੰਦੀ ਹੈ। ਇਸ ਅਣਹੋਂਦ ਕਾਰਨ ਉਹ ਕਵਿਤਾ ਨੂੰ ਸਿਰਜਣ ਵਾਂਗ ਸਿਰਜ ਨਹੀਂ ਰਿਹਾ ਹੁੰਦਾ, ਸਗੋਂ ਲਿਖਣ ਵਾਂਗ ਲਿਖ ਹੀ ਰਿਹਾ ਹੁੰਦਾ ਹੈ। ਅਜੇਹੇ ਕਵੀ ਪਹਿਲਾਂ ਇਕ ਬਿੰਬ ਘੜਦੇ ਹਨ ਜਾਂ ਇਕ ਦ੍ਰਿਸ਼ ਚਿਤਰਦੇ ਹਨ, ਇਸ ਤੋਂ ਅਗਾਂਹ ਉਨ੍ਹਾਂ ਨੇ ਆਪਣੀ ਵਿਧੀ ਅਨੁਸਾਰ ਸ਼ਬਦਾਂ ਦੀ ਚਿਣਾਈ ਕਰਨੀ ਹੁੰਦੀ ਹੈ। ਮੇਰਾ ਅਜੇਹੇ ਅਭਿਆਸੀ ਕਵੀਆਂ ਨਾਲ ਇਕ ਮੁੱਦਤ ਤੋਂ ਵਾਹ ਪੈਂਦਾ ਆ ਰਿਹਾ ਹੈ। ਇਹ ਕਵਿਤਾ ਨੂੰ ਤਾਬੀਰ ਵਾਂਗ ਨਹੀਂ, ਤਰਕੀਬ ਵਾਂਗ ਘੜਦੇ ਹਨ। ਅਜੇਹੇ ਕਵੀਆਂ ਦੀ ਕਵਿਤਾ ਕੁਝ ਪਲਾਂ ਲਈ ਸਮਕਾਲਿਕ ਉਤੇਜਨਾ ਤਾਂ ਭਾਵੇਂ ਪੈਦਾ ਕਰ ਲੈਂਦੀ ਹੋਵੇ ਪਰ ਅਜੇਹੀ ਕਾਵਿਕਾਰੀ ਦਾ ਕਾਵਿ-ਬੋਧ ਭਰਵੀਂ ਕਾਵਿਕਤਾ ਵਾਲਾ ਨਹੀਂ ਹੁੰਦਾ। ਅਜੇਹੀ ਕਵਿਤਾ ਨੇ ਹੀ ਵਰਗ ਵਿਚ ਇਕ ਨੀਰਸਤਾ ਤੇ ਉਪਰਾਮਤਾ ਦਾ ਭਾਵ ਪੈਦਾ ਕੀਤਾ ਹੋਇਆ ਹੈ। ਮੈਂ ਪਾਠਕਾਂ ਦੇ ਮਨਾਂ ਦੀ ਕਵਿਤਾ ਪ੍ਰਤੀ ਉਪਰਾਮਤਾ ਤੋਂ ਭਲੀਭਾਂਤ ਸੁਚੇਤ ਹਾਂ ਤੇ ਆਪਣੇ ਸਵੈ-ਬੋਧ ਦੇ ਹਾਣ ਦੀ ਹੀ ਕਵਿਤਾ ਰਚਣ ਦੀ ਕੋਸ਼ਿਸ਼ ਕਰਦਾ ਹਾਂ। ਨਿਰਸੰਦੇਹ ਮੈਂ ਕੋਈ ਬਹੁਤ ਵੱਡੀ ਅਦਬੀ ਭੁਮਿਕਾ ਨਹੀਂ ਨਿਭਾ ਰਿਹਾ ਪਰ ਸੰਘਣੇ ਹਨੇਰੇ ਦੇ ਖ਼ਿਲਾਫ਼ ਆਪਣੇ ਹਿੱਸੇ ਦਾ ਇਕ ਦੀਵਾ ਜਗਾਉਣ ਦੀ ਕੋਸ਼ਿਸ਼ ਜ਼ਰੂਰ ਕਰਦਾ ਰਿਹਾ ਹਾਂ। ਮੇਰੀ ਇਹ ਨਵੀਂ ਕੋਸ਼ਿਸ਼ ਤੁਹਾਡੇ ਰੂਬਰੂ ਹੈ। ਜੇ ਕਿਤੇ ਨਾ ਕਿਤੇ ਇਨ੍ਹਾਂ ਕਵਿਤਾਵਾਂ 'ਚੋਂ ਕੋਈ ਕਵਿਤਾ ਤੇ ਕਿਸੇ ਇਕ ਕਵਿਤਾ ਦੀ ਕੋਈ ਸਤਰ ਹੀ ਤੁਹਾਡੇ ਚੇਤਿਆਂ ਵਿਚ ਅੰਕਿਤ ਹੋ ਸਕਣ ਦੇ ਯੋਗ ਹੋ ਸਕੀ ਹੋਵੇ ਤਾਂ ਮੈਨੂੰ ਆਪਣੇ ਵਿਚਾਰ ਜ਼ਰੂਰ ਦੱਸਿਓ। ਤੁਹਾਡੇ ਵਿਚਾਰ ਤੇ ਸੁਝਾਅ ਮੇਰੀ ਕਾਵਿਕ ਸੋਝੀ ਵਿਚ ਜ਼ਰੂਰ ਵਾਧਾ ਕਰਨਗੇ। ਮੇਰੀ ਜਨ ਸਾਧਾਰਨਤਾ ਤੁਹਾਡੇ ਦਰਾਂ 'ਤੇ ਹੈ।

‘ਅੰਤਿਕਾ ਨਹੀਂ’ ਵਿਚ ਮੇਰੀ ਕਵਿਤਾ ਬਾਰੇ ਡਾ. ਸਵਰਾਜਬੀਰ ਦਾ ਕੀਤਾ ਮੁਲਅੰਕਣ ਮੇਰੀ ਕਾਵਿਕਤਾ ਦੀਆਂ ਕਈ ਤੈਹਾਂ ਫਰੋਲ ਗਿਆ ਹੈ। ਅਜੇਹਾ ਕੀਤਾ ਗਿਆ ਮੁਲਅੰਕਣ ਮੇਰੀ ਰੀਝ ਵੀ ਸੀ। ਸ਼ੁਕਰੀਆ ਕਰਕੇ ਮੈਂ ਸਵਰਾਜ ਨਾਲ ਆਪਣੀ ਨੇੜਤਾ ਨੂੰ ਪੇਤਲੀ ਨਹੀਂ ਕਰਨਾ ਚਾਹੁੰਦਾ। ਇਹ ਨੇੜਤਾ ਮੇਰਾ ਮਾਣ ਹੈ।

-ਪ੍ਰਮਿੰਦਰਜੀਤ

*ਤਨ ਤਕੀਆ

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰਮਿੰਦਰਜੀਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ