Koi Kare Asaan Naal Baatan Ni : Swaraj Bir

‘ਕੋਈ ਕਰੇ ਅਸਾਂ ਨਾਲ ਬਾਤਾਂ ਨੀ'1 : ਸਵਰਾਜਬੀਰ

(1).

ਜਦੋਂ ਪ੍ਰਮਿੰਦਰਜੀਤ ਹੋਰਾਂ ਨੇ ਮੈਨੂੰ ‘ਤਨ ਤਕੀਆ’ ਬਾਰੇ ਲਿਖਣ ਲਈ ਕਿਹਾ ਤਾਂ ਪਤਾ ਨਹੀਂ ਕਿਉਂ ਮੇਰੇ ਮਨ ਵਿਚ ਸ਼ੈਲੇ ਦੇ ਲੇਖ 'ਏ ਡੀਫੈਂਸ ਆਫ ਪੋਇਟਰੀ’ ਦਾ ਖ਼ਿਆਲ ਆਇਆ । ਸ਼ੈਲੇ ਦਾ ਉਹ ਲੇਖ ਟਾਮਸ ਲਵ ਪੀਕਾਕ ਦੇ ਲੇਖ ‘ਦਾ ਫੋਰ ਏਜਜ਼ ਆਫ ਪੋਇਟਰੀ' ਦਾ ਮੋੜਵਾਂ ਉੱਤਰ ਸੀ।

ਪੱਛਮੀ ਯੂਰਪੀਅਨ ਕਵਿਤਾ ਦਾ ਜ਼ਿਕਰ ਕਰਦਿਆਂ ਪੀਕਾਕ ਆਪਣੇ ਲੇਖ ਵਿਚ ਸ਼ਾਇਰੀ ਦੇ ਚਾਰ ਯੁੱਗਾਂ ਦਾ ਵਰਨਣ ਕਰਦਾ ਹੈ। ਉਹ ਚਾਰ ਯੁੱਗ ਹਨ-ਲੋਹ ਯੁੱਗ, ਸੁਨਹਿਰੀ ਯੁੱਗ, ਚਾਂਦੀ ਯੁੱਗ ਤੇ ਤਾਂਬਾ ਯੁੱਗ। ਪੁਰਾਣੇ ਕਬਾਇਲੀ ਅਤੇ ਲੋਕ-ਗੀਤਾਂ ਨੂੰ ਉਹ ਲੋਹ ਯੁੱਗ ਵਿਚ ਰੱਖਦਾ ਹੈ ਤੇ ਕਲਾਸੀਕਲ ਯੂਨਾਨੀ ਸ਼ਾਇਰੀ ਤੇ ਨਾਟਕ ਨੂੰ ਸੁਨਹਿਰੀ ਯੁੱਗ ਵਿਚ । ਉਹ ਕਹਿੰਦਾ ਹੈ ਕਿ ਲੋਹ ਯੁੱਗ ਨੂੰ ਢਾਡੀ ਯੁੱਗ ਜਾਂ ਲੋਕ-ਗੀਤ ਯੁੱਗ ਅਤੇ ਸੁਨਹਿਰੀ ਯੁੱਗ ਨੂੰ ਹੋਮਰ ਦਾ ਯੁੱਗ ਵੀ ਕਿਹਾ ਜਾ ਸਕਦਾ ਹੈ। ਪੀਕਾਕ ਅਨੁਸਾਰ ਸ਼ਾਇਰੀ ਦਾ ਆਰੰਭ ਕਸੀਦਾਗੋਈ ਤੋਂ ਹੁੰਦਾ ਹੈ। ਉਸ ਵੇਲੇ ਦੀ ਸ਼ਾਇਰੀ ਵਿਚ ਕੁਝ ਮਸ਼ਹੂਰ ਲੋਕਾਂ ਅਤੇ ਯੋਧਿਆਂ ਦੇ ਕਾਰਨਾਮਿਆਂ ਦਾ ਜ਼ਿਕਰ ਹੁੰਦਾ ਹੈ। ਮਨੁੱਖ ਤੇ ਕਵੀ ਅਜੇ ‘ਸਭਿਅ’ ਨਹੀਂ ਹੋਏ ਹੁੰਦੇ ਅਤੇ ਭਾਸ਼ਾ ਆਪਣੇ ਟਕਸਾਲੀ ਰੂਪ ਵਿਚ ਨਹੀਂ ਆਈ ਹੁੰਦੀ। ਕਵੀ ਦੇ ਮਨ ’ਤੇ ਪਹਾੜਾਂ, ਸਮੁੰਦਰਾਂ, ਜੰਗਲਾਂ ਅਤੇ ਦਰਿਆਵਾਂ ਦੀ ਰਹੱਸਮਈ ਤਾਕਤ ਦਾ ਪ੍ਰਭਾਵ ਹੁੰਦਾ ਹੈ, ਕਿਉਂਕਿ ਮਨੁੱਖ ਨੇ ਅਜੇ ਇਨ੍ਹਾਂ ਨੂੰ ਸਰ ਕਰਨਾ ਹੈ। ਕਵੀ ਸਮਾਜ ਵਿਚ ਪ੍ਰਚਲਿਤ ਅੰਧ-ਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਦੀ ਜਕੜ ਵਿਚ ਹੁੰਦਾ ਹੈ ਤੇ ਉਸ ਦੀ ਕਵਿਤਾ ਵਿਚ ਜਿੰਨਾਂ, ਭੂਤਾਂ ਤੇ ਪਰੀਆਂ ਦੀਆਂ ਕਹਾਣੀਆਂ ਤੇ ਬਾਤਾਂ ਹੁੰਦੀਆਂ ਹਨ।

ਇਸ ਤੋਂ ਬਾਅਦ ਸ਼ਾਇਰੀ ਦਾ ਸੁਨਹਿਰੀ ਯੁੱਗ ਉਦੈ ਹੁੰਦਾ ਹੈ। ਇਹ ਯੁੱਗ ਓਦੋਂ ਆਉਂਦਾ ਹੈ ਜਦੋਂ ਮਨੁੱਖੀ ਇਤਿਹਾਸ ਵਿਚ ਸਭਿਆ ਸਮਾਜ ਅਤੇ ਰਾਜ-ਪ੍ਰਬੰਧ ਹੋਂਦ ਵਿਚ ਆਉਂਦੇ ਅਤੇ ਸਥਾਪਿਤ ਹੁੰਦੇ ਹਨ। ਸੱਚ ਦੀ ਲੋਅ ਤਗੜੀ ਹੁੰਦੀ ਹੈ ਤੇ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਜਿੰਨਾਂ, ਭੂਤਾਂ ਤੇ ਦੇਵਤਿਆਂ ਦਾ ਜ਼ਿੰਦਗੀ ਵਿਚ ਜ਼ਿਆਦਾ ਦਖਲ ਨਹੀਂ ਹੈ। ਮਨੁੱਖਾਂ ਤੇ ਦੇਵਤਿਆਂ ਦੇ ਕਾਰਨਾਮੇ ਇਕਮਿੱਕ ਕਰਕੇ ਪੇਸ਼ ਕੀਤੇ ਜਾਂਦੇ ਹਨ। ਇਸ ਤਰ੍ਹਾਂ ਸੁਨਹਿਰੀ ਯੁੱਗ ਦੇ ਕਵੀ ਲੋਹਯੁੱਗ ਦੇ ਨਾਇਕਾਂ ਦਾ ਗੁਣਗਾਨ ਕਰਦੇ ਹਨ। ਇਸ ਤਰ੍ਹਾਂ ਦਾ ਗੁਣਗਾਨ ਇਕ ਤਰ੍ਹਾਂ ਦੀ ਮਜਬੂਰੀ ਵੀ ਹੈ, ਕਿਉਂਕਿ ਕਵੀ ਆਪਣੇ ਵੇਲੇ ਦੇ ਹਾਕਮਾਂ ਦਾ ਤੇ ਆਪਣੇ ਵੇਲੇ ਦੇ ਮਨੁੱਖਾਂ ਦਾ ਗੁਣਗਾਨ ਕਰਨਾ ਚਾਹੁੰਦਾ ਹੈ, ਜੋ ਸੁਹਜਮਈ ਨਹੀਂ ਹੋ ਸਕਦਾ। ਇਸ ਲਈ ਉਹ ਆਪਣੇ ਵਡੇਰਿਆਂ ਵੱਲ ਵੇਖਦਾ ਹੈ ਤੇ ਉਨ੍ਹਾਂ ਦਾ ਗੁਣਗਾਣ ਕਰਦਾ ਹੈ। ਬੀਤੇ ਦਾ ਗੁਣਗਾਣ ਕਰਦਾ ਹੈ। ਇਸ ਨਾਲ ਰਵਾਇਤੀ ਕਵਿਤਾ ਦੀ ਪੁਨਰ-ਸਿਰਜਣਾ ਤੇ ਪੁਨਰ-ਸੰਰਚਨਾ ਹੁੰਦੀ ਹੈ ਅਤੇ ਰਵਾਇਤੀ ਕਵਿਤਾ ਵਿਚਲੀ ਅਨਿਯਮਤਾ ਖ਼ਤਮ ਹੁੰਦੀ ਹੈ। ਉਸ ਦੀ ਥਾਂ ਸ਼ੈਲੀ ਤੇ ਤਰਤੀਬ ਦੇ ਆਯਾਮ ਉੱਭਰਦੇ ਹਨ। ਇਸ ਯੁੱਗ ਦੇ ਮੁੱਖ ਕਵੀ ਹਨ-ਹੋਮਰ, ਪਿੰਡਾਰ, ਐਲਕੀਅਸ, ਐਸਕਾਈਲਸ ਸੋਫੋਕਲੀਜ਼ ਆਦਿ।

ਇਸ ਤੋਂ ਬਾਅਦ ਚਾਂਦੀ-ਯੁੱਗ ਆਉਂਦਾ ਹੈ। ਚਾਂਦੀ ਯੁੱਗ ਦੇ ਕਵੀ ਸੁਨਹਿਰੀ ਯੁੱਗ ਦੀ ਵਿਸ਼ੇ-ਵਸਤੂ ਅਤੇ ਕਾਵਿ- ਭਾਸ਼ਾ ਨੂੰ ਨਵੇਂ ਰੂਪ ਵਿਚ ਢਾਲਦੇ ਹਨ। ਇਸ ਪੁਨਰ-ਸਿਰਜਣਾ ਦਾ ਮੁੱਖ ਪਹਿਲੂ ਇਹ ਹੈ ਕਿ ਜਦੋਂ ਗੱਲ ਅਹਿਸਾਸ, ਆਵੇਸ਼ ਜਾਂ ਮਨੋਵੇਗ ਦੀ ਹੁੰਦੀ ਹੈ ਤਾਂ ਕਵੀ ਅਲੰਕਾਰਕ ਅਤੇ ਸ਼ਿੰਗਾਰਮਈ ਭਾਸ਼ਾ ਦਾ ਪ੍ਰਯੋਗ ਕਰਦੇ ਹਨ ਪਰ ਜਦ ਤਰਕ ਅਤੇ ਸੂਝ ਨਾਲ ਸੰਬੰਧਤ ਗੱਲ ਕਰਨੀ ਤਾਂ ਉਹ ਸਰਲ ਅਤੇ ਸਪੱਸ਼ਟ ਭਾਸ਼ਾ ਅਤੇ ਅਣ-ਅਲੰਕ੍ਰਿਤ ਉਕਤੀਆਂ ਵਰਤਦੇ ਹਨ। ਸ਼ਬਦਾਂ ਦੀ ਵਰਤੋਂ ਵਿਚ ਨਾਜ਼ਕ-ਮਿਜਾਜ਼ੀ ਵੀ ਹੁੰਦੀ ਹੈ ਤੇ ਬਣਾਵਟੀ ਸ਼ਿੰਗਾਰ ਵੀ। ਇਸ ਯੁੱਗ ਦੇ ਮੁੱਖ ਕਵੀ ਹਨ, ਵਿਰਜਲ, ਮਨੇਂਦਰ, ਅਰਿਸਟੋਫੇਨੀਜ਼, ਹੋਰੇਸ ਅਤੇ ਯੁਵੀਨਾਲ। ਪੀਕਾਕ ਅਨੁਸਾਰ ਇਸ ਯੁੱਗ ਨੂੰ ਵਿਰਜਲ ਦਾ ਯੁੱਗ ਵੀ ਕਿਹਾ ਜਾ ਸਕਦਾ ਹੈ।ਉਹਦੇ ਅਨੁਸਾਰ ਇਹ ਚਾਂਦੀ ਯੁੱਗ ਵੀ ਪਤਨ ਦਾ ਯੁੱਗ ਹੈ। ਇਸ ਤੋਂ ਭੈੜਾ ਤੇ ਮਾੜਾ ਯੁੱਗ ਅਜੇ ਆਉਣਾ ਹੈ, ਜਦੋਂ ਕਵਿਤਾ ਤੋਂ ਖ਼ਿਆਲਾਂ ਦਾ ਸਾਮਰਾਜ ਖੁੱਸ ਜਾਣਾ ਹੈ ਤੇ ਤੱਥਾਂ ਦਾ ਸਾਮਰਾਜ ਕਾਇਮ ਹੋਣਾ ਹੈ।

ਪੀਕਾਕ ਅਨੁਸਾਰ ਯੂਰਪ ਵਿਚ ਲੋਹ ਯੁੱਗ ਜਲਦੀ ਸ਼ੁਰੂ ਹੋ ਗਿਆ ਸੀ। ਅੰਗਰੇਜ਼ੀ ਸਾਹਿਤ ਵਿਚ ਇਹ ਇਤਿਹਾਸ ਵੱਖਰੀ ਤਰ੍ਹਾਂ ਦਾ ਹੈ। ਅੰਗਰੇਜ਼ੀ ਸਾਹਿਤ ਵਿਚ ਸ਼ੈਕਸ਼ਪੀਅਰ ਸੁਨਹਿਰੀ ਯੁੱਗ ਦਾ ਸਿਖਰ ਹੈ। ਪਰ ਉਹ ਸਭ ਤੋਂ ਮਹਾਨ ਕਵੀ ਮਿਲਟਨ ਨੂੰ ਮੰਨਦਾ ਹੈ, ਜਿਸ ਵਿਚ ਪੀਕਾਕ ਅਨੁਸਾਰ ਸੁਨਹਿਰੀ ਅਤੇ ਚਾਂਦੀ ਯੁੱਗ ਦੀਆਂ ਸਭ ਖੂਬੀਆਂ ਮੌਜੂਦ ਹਨ। ਅੰਗਰੇਜ਼ੀ ਸਾਹਿਤ ਵਿਚ ਚਾਂਦੀ ਯੁੱਗ ਡਰਾਈਡਨ ਨਾਲ ਸ਼ੁਰੂ ਹੁੰਦਾ ਹੈ, ਪੋਪ ਦੀ ਕਵਿਤਾ ਵਿਚ ਸਿਖਰ 'ਤੇ ਪਹੁੰਚਦਾ ਹੈ ਤੇ ਇਸ ਦਾ ਅੰਤ ਹੁੰਦਾ ਹੈ ਗੋਲਡਸਮਿੱਥ, ਕੋਲਿਨਜ਼ ਅਤੇ ਗਰੇ ਦੀ ਕਵਿਤਾ ਨਾਲ।

ਪੀਕਾਕ ਅਨੁਸਾਰ ਚਾਂਦੀ ਯੁੱਗ ਵਿਚ ਸੱਤਾ ਸ਼ਕਤੀ ਦਾ ਬੋਲਬਾਲਾ ਸੀ ਪਰ ਇਸ ਸੱਤਾ ਨੂੰ ਵੰਗਾਰਿਆ ਜਾਣ ਲੱਗ ਪਿਆ ਸੀ। ਇਹ ਵੰਗਾਰ ਨੂੰ ਪੇਸ਼ ਕਰਨ ਵਾਲੇ ਸਨ ਹਿਊਮ, ਗਿਬਨ, ਰੂਸੋ ਅਤੇ ਵਾਲਟੇਅਰ ।

ਪੀਕਾਕ ਅਨੁਸਾਰ ਚਾਂਦੀ ਯੁੱਗ ਤੋਂ ਬਾਅਦ ਸਭ ਤੋਂ ਭੈੜਾ ਅਤੇ ਮਾੜਾ ਯੁੱਗ ਆਉਂਦਾ ਹੈ, ਜਿਸ ਨੂੰ ਉਹ ਤਾਂਬਾ ਯੁੱਗ ਆਖਦਾ ਹੈ। ਪੀਕਾਕ ਕਹਿੰਦਾ ਹੈ ਕਿ ਲੋਹ ਯੁੱਗ ਦੇ ਕਵੀਆਂ ਨੇ ਆਪਣੇ ਸਮਕਾਲ ਅਤੇ ਸਮਕਾਲੀਆਂ ਦਾ ਗੁਣਗਾਣ ਕੀਤਾ ਸੀ, ਸੁਨਹਿਰੀ ਯੁੱਗ ਦੇ ਕਵੀਆਂ ਨੇ ਲੋਹ ਯੁੱਗ ਦੇ ਨਾਇਕਾਂ ਦੀਆਂ ਗਾਥਾਵਾਂ ਗਾਈਆਂ ਸਨ, ਚਾਂਦੀ ਯੁੱਗ ਦੇ ਕਵੀਆਂ ਨੇ ਸੁਨਹਿਰੀ ਯੁੱਗ ਦੇ ਕਾਵਿ-ਵਿਸ਼ਿਆਂ ਅਤੇ ਕਾਵਿ-ਭਾਸ਼ਾ ਨੂੰ ਨਵੇਂ ਰੂਪ ਵਿਚ ਢਾਲਿਆ ਸੀ, ਪਰ ਤਾਂਬਾ ਯੁੱਗ ਦੇ ਕਵੀਆਂ ਕੋਲ ਕੁਝ ਵੀ ਨਹੀਂ ਹੈ। ਯੂਰਪੀਅਨ ਕਾਵਿ-ਧਾਰਾ ਦਾ ਜ਼ਿਕਰ ਕਰਦਿਆਂ ਪੀਕਾਕ ਡਿਓਨੀਸ਼ੀਆ ਦੇ ਨੋਨਿਸ ਨੂੰ ਤਾਂਬਾ ਯੁੱਗ ਦਾ ਪ੍ਰਤੀਨਿਧ ਕਵੀ ਮੰਨਦਾ ਹੈ ਤੇ ਏਸ ਯੁੱਗ ਨੂੰ ਨੋਨਿਕ ਯੁੱਗ ਵੀ ਆਖਦਾ ਹੈ।

ਪਰ ਜਿਨ੍ਹਾਂ ਕਵੀਆਂ ਵਿਰੁੱਧ ਪੀਕਾਕ ਆਪਣਾ ਮੁੱਖ ਨਿਸ਼ਾਨਾ ਸਾਧਦਾ ਹੈ, ਉਹ ਹਨ ਅੰਗਰੇਜ਼ੀ ਸਾਹਿਤ ਦੇ ਉਸਦੇ ਅਨੁਸਾਰ ਗਰਦਾਨੇ ਗਏ ਤਾਂਬੀਰ ਯੁੱਗ ਦੇ ਕਵੀ।

ਪੀਕਾਕ ਅਨੁਸਾਰ ਇਨ੍ਹਾਂ ਕਵੀਆਂ ਨੂੰ ਇਤਿਹਾਸ, ਸਮਾਜ ਅਤੇ ਮਨੁੱਖੀ ਸੁਭਾਉ ਬਾਰੇ ਡੂੰਘਾ ਗਿਆਨ ਨਹੀਂ ਹੈ। ਇਹ ਲੋਕ ਸਿਮਰਤੀ ਅਤੇ ਤਰਕ ਦੇ ਸੰਸਾਰ ਨੂੰ ਤਿਆਗ ਰਹੇ ਹਨ ਅਤੇ ਤਰਕ ਨਾਲੋਂ ਸੁਪਨ-ਖ਼ਿਆਲੀ (ਫੈਂਤਸੀ) ਨੂੰ ਤਰਜੀਹ ਦਿੰਦੇ ਹਨ । ਪੀਕਾਕ ਆਪਣਾ ਪਹਿਲਾ ਨਿਸ਼ਾਨਾ ਉਨ੍ਹਾਂ ਕਵੀਆਂ ਨੂੰ ਬਣਾਉਂਦਾ ਹੈ, ਜਿਨ੍ਹਾਂ ਨੂੰ ਅੰਗਰੇਜ਼ੀ ਸਾਹਿਤ ਵਿਚ “ਲੇਕ ਪੋਇਟਸ’ ਵਜੋਂ ਜਾਣਿਆ ਜਾਂਦਾ ਹੈ। ਲੇਕ ਪੋਇਟਸ ਵਿਚੋਂ ਜਿਨ੍ਹਾਂ ਵਿਰੁੱਧ ਉਹ ਆਪਣੇ ਸਭ ਤੋਂ ਜ਼ਹਿਰੀਲੇ ਨਸ਼ਤਰ ਕੱਢਦਾ ਹੈ , ਉਹ ਹਨ ਵਰਡਜ਼ਵਰਥ ਅਤੇ ਕਾਲਰਿਜ। ਉਹ ਕਹਿੰਦਾ ਹੈ ਕਿ ਇਨ੍ਹਾਂ ਕਵੀਆਂ ਦੇ ਹੱਥ ਪੱਲੇ ਕੁਝ ਵੀ ਨਹੀਂ ਹੈ। ਇਹ ਐਵੇਂ 'ਕੁਦਰਤ ਵੱਲ ਵਾਪਸੀ’ ਅਤੇ ‘ਸੁਨਹਿਰੀ ਯੁੱਗ ਦੀ ਪੁਨਰ ਖੋਜ' ਦੀਆਂ ਗੱਲਾਂ ਕਰਦੇ ਹਨ। ਪੀਕਾਕ ਕਹਿੰਦਾ ਕਿ ਵਰਡਜ਼ਵਰਥ ਕੁਦਰਤ ਦੇ ਕਿਸੇ ਵੀ ਦ੍ਰਿਸ਼ ਦਾ ਚੰਗੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ । ਪੀਕਾਕ ਦੇ ਸ਼ਬਦਾਂ ਵਿਚ ਵਰਡਜ਼ਵਰਥ ਨੂੰ ਆਪਣਾ ਬਿਆਨ ਸਥਾਪਿਤ ਕਰਨ ਲਈ ਲੂਸੀ ਗਰੇ ਜਿਹੇ ਪ੍ਰਛਾਵਾਂਮਈ ਕਿਰਦਾਰਾਂ ਦੇ ਸਹਾਰੇ ਦੀ ਜ਼ਰੂਰਤ ਪੈਂਦੀ ਹੈ। ਕਾਲਰਿਜ, ਵਰਡਜ਼ਵਰਥ ਵਾਂਗ ਪਿੰਡ ਹੀਆਂ ਬੁੱਢੀਆਂ ਤੇ ਕਹਾਣੀਆਂ ਉਧਾਰ ਲੈਂਦਾ ਹੈ ਅਤੇ ਉਨ੍ਹਾਂ ਵਿਚ ਖਬਤੀ ਧਰਮ-ਸ਼ਾਸਤਰੀਆਂ ਦੇ ਸੁਪਨਿਆਂ ਅਤੇ ਜਰਮਨ ਰਹੱਸਵਾਦ ਮਿਲਾ ਕੇ ਪੇਸ਼ ਕਰਦਾ ਹੈ। ਪੀਕਾਕ ਬਾਇਰਨ ਦੀ ਵੀ ਚੰਗੀ ਖ਼ਬਰ ਲੈਂਦਾ ਹੈ। ਚੋਰਾਂ ਤੇ ਸਮੁੰਦਰੀ ਡਾਕੂਆਂ ਨੂੰ ਮਿਲਣ ਲਈ ਯੂਨਾਨ ਦੇ ਟਾਪੂਆਂ ਤਕ ਜਾਂਦਾ ਹੈ ਅਤੇ ਉਨ੍ਹਾਂ ਦੇ ਕਾਰਨਾਮਿਆਂ ਵਿਚੋਂ ਆਪਣੀ ਕਵਿਤਾ ਦੀ ਵਿਸ਼ਾ-ਵਸਤੂ ਤਲਾਸ਼ ਕਰਦਾ ਹੈ। ਪੀਕਾਕ ਅਨੁਸਾਰ ਇਹ ਹੈ ਇਨ੍ਹਾਂ ਕਵੀਆਂ ਦੀ ਕਾਵਿ-ਸਮੱਗਰੀ। ਇਨ੍ਹਾਂ ਕੋਲ ਹੈ ਕੀ : ਪਰੰਪਰਾ ਦੀ ਉਘੜ-ਦੁਘੜੀ ਰਹਿੰਦ-ਖੂੰਹਦ ਅਤੇ ਅਸਿੱਧੇ ਅਧਿਐਨ ਦੇ ਟੁਕੜੇ। ਪੀਕਾਕ ਅਨੁਸਾਰ ਤਾਂਬਾ ਯੁੱਗ ਦਾ ਕਵੀ ਸਭਿਆ ਸਮਾਜ ਵਿਚ ਰਹਿੰਦਾ ਹੋਇਆ ਵੀ ਅਰਧ-ਵਹਿਸ਼ੀ ਹੈ। ਉਸ ਦੀਆਂ ਸੋਚਾਂ ਅਤੇ ਅਹਿਸਾਸ ਦੇ ਸੰਸਾਰ ਉੱਤੇ ਵਹਿਸ਼ੀ ਤੌਰ-ਤਰੀਕਿਆਂ ਅਤੇ ਵੇਲਾ ਵਿਹਾ ਚੁੱਕੇ ਰੀਤ-ਰਿਵਾਜਾਂ ਤੇ ਵਹਿਮਾਂ-ਭਰਮਾਂ ਦਾ ਕਬਜ਼ਾ ਹੈ। ਉਸ ਦੀ ਤੋਰ ਕੇਂਕੜੇ ਵਰਗੀ ਹੈ, ਪਿੱਛੇ ਵੱਲ। ਉਹ ਵਰਡਜ਼ਵਰਥ ਨੂੰ ਪਾਗਲ ਤੇ ਮਨੋਰੋਗੀ ਸੁਫ਼ਨੇਸਾਜ਼ ਕਹਿੰਦਾ ਹੈ ਤੇ ਆਪਣੇ ਸਮਕਾਲ ਦੀ ਕਵਿਤਾ ਨੂੰ ਕੂੜਾ ਕਰਕਟ। ਪੀਕਾਕ ਕਹਿੰਦਾ ਹੈ ਕਿ ਪਹਿਲਾਂ ਹੀ ਬਹੁਤ ਚੰਗੀ ਕਵਿਤਾ ਲਿਖੀ ਜਾ ਚੁੱਕੀ ਹੈ, ਜਿਸ ਨੂੰ ਕਿ ਲੋਕ ਪੜ੍ਹ ਨਹੀਂ ਸਕਦੇ। ਇਸ ਲਈ ਸਮਕਾਲ ਦੇ 'ਹਿਰਸਮਈ ਕੂੜਾ ਕਰਕਟ' ਦੀ ਲੋੜ ਨਹੀਂ ਹੈ।

ਸ਼ੈਲੇ ਇਹ ਲੇਖ ਪੜ੍ਹਦਾ ਹੈ। ਨਿਸ਼ਚੇ ਹੀ ਉਹਦਾ ਮਨ ਦੁਖੀ ਹੁੰਦਾ ਹੈ । ਉਹ ਕਵਿਤਾ ਦਾ ਪੱਖ ਪੂਰਨ ਦੀ ਤਿਆਰੀ ਕਰਦਾ ਹੈ। ਉਹ ਇਸ ਲੇਖ ਦੇ ਪ੍ਰਕਾਸ਼ਕਾਂ ਚਾਰਲਸ ਓਲੀਅਰ ਤੇ ਜੇਮਜ਼ ਓਲੀਅਰ ਨੂੰ (ਜੋ ਉਸ ਦੇ ਪ੍ਰਕਾਸ਼ਕ ਵੀ ਸਨ) ਚਿੱਠੀ ਲਿਖਦਾ ਹੈ, “ਮੈਨੂੰ ਤੁਹਾਡੀ Literary Miscellang ਬਹੁਤ ਪਸੰਦ ਆਉਂਦੀ ਹੈ ਪਰ ਪਿਛਲੇ ਲੇਖ ਨੇ ਮੇਰੀਆਂ ਵਿਵਾਦੀ ਰੁਚੀਆਂ ਨੂੰ ਏਨਾ ਬੁਰੀ ਤਰ੍ਹਾਂ ਝੰਜੋੜਿਆ ਹੈ ਕਿ ਜਿਸ ਵੇਲੇ ਮੇਰੀ ਅੱਖਾਂ ਦੀ ਬਿਮਾਰੀ ਠੀਕ ਹੋ ਗਈ ਹੈ, ਮੈਂ ਇਸ ਲੇਖ ਦਾ ਜਵਾਬ ਲਿਖਣਾ ਸ਼ੁਰੂ ਕਰ ਦੇਣਾ ਹੈ।” ਪੀਕਾਕ ਦੇ ਲੇਖ ਦੇ ਜਵਾਬ ਵਿਚ ਸ਼ੈਲੇ ਆਪਣਾ ਲੇਖ ‘ਕਵਿਤਾ ਦਾ ਪੱਖ’ (ਏ ਡੀਫੈਂਸ ਆਫ ਪੋਇਟਰੀ) ਲਿਖਣਾ ਸ਼ੁਰੂ ਕਰਦਾ ਹੈ। ਸ਼ੈਲੇ ਏਨਾ ਸਾਊ ਬੰਦਾ ਹੈ ਕਿ ਉਹ ਆਪਣੇ ਲੇਖ ਦਾ ਪਹਿਲਾ ਹਿੱਸਾ ਪੀਕਾਕ ਨੂੰ ਭੇਜਦਾ ਹੈ ਤੇ ਕਹਿੰਦਾ ਹੈ ਕਿ ਉਹ ਇਸ ਲੇਖ ਵਿਚ ਕਵਿਤਾ ਬਾਰੇ ਸਮਾਲੋਚਨਾ ਕਰ ਰਿਹਾ ਹੈ (21 ਮਾਰਚ 1821 ਦਾ ਖ਼ਤ) । ਸ਼ੈਲੇ ਲਿਖਦਾ ਹੈ, “ਤੁਸੀਂ ਸ਼ਾਇਰੀ ਨੂੰ ਜਿਵੇਂ ਫਿਟਕਾਰਾਂ ਪਾਈਆਂ ਹਨ, ਉਨ੍ਹਾਂ ਨੇ ਮੇਰੇ ਅੰਦਰ ਇਕ ਪਵਿੱਤਰ ਗੁੱਸਾ ਜਗਾਇਆ ਹੈ।" ਸ਼ੈਲੇ ਆਪਣਾ ਲੇਖ ਸ਼ੁਰੂ ਕਰਨ ਤੋਂ ਲਗਭਗ 18 ਸਾਲ ਜ਼ਿੰਦਾ ਰਿਹਾ। ਪਰ ਉਹ ਲੇਖ ਪੂਰਾ ਨਾ ਕਰ ਸਕਿਆ। ਉਸ ਦੀ ਮੌਤ ਦੇ ਬਾਅਦ ਇਹ ਲੇਖ ਜਾਹਨ ਹੰਟ ਨੇ ਸੰਪਾਦਿਤ ਕੀਤਾ ਅਤੇ ਮੈਰੀ ਸ਼ੈਲੇ ਨੇ ਪ੍ਰਕਾਸ਼ਿਤ ਕੀਤਾ।

ਸ਼ੈਲੇ ਦੇ ਲੇਖ ਬਾਰੇ ਸਾਰੇ ਜਾਣਦੇ ਹਨ। ਉਸ ਵਿਚ ਸ਼ੈਲੇ ਕਵਿਤਾ ਦਾ ਪੱਖ ਪੇਸ਼ ਕਰਦਾ ਹੈ। ਉਹ ਕਵਿਤਾ ਦਾ ਪੱਖ ਪੂਰਦਾ ਹੈ ਅਤੇ ਖ਼ਾਸ ਕਰਕੇ ਆਪਣੇ ਵੇਲੇ ਦੀ ਕਵਿਤਾ ਦਾ ਪੱਖ ਪੂਰਦਾ ਹੈ। ਕਵਿਤਾ ਦੀ ਭਾਸ਼ਾ ਬਾਰੇ ਗੱਲ ਕਰਦਾ ਹੋਇਆ ਉਹ ਕਹਿੰਦਾ ਹੈ, ਕਵੀਆਂ ਦੀ ਭਾਸ਼ਾ ਇਕਸਾਰ ਤੇ ਸੁਰੀਲੀ ਧੁੰਨੀ-ਕੰਪਣ ਪੈਦਾ ਕਰਦੀ ਹੈ, ਜਿਸ ਤੋਂ ਬਿਨਾਂ ਕਵਿਤਾ ਕਵਿਤਾ ਨਹੀਂ ਹੋ ਸਕਦੀ। ਸ਼ੈਲੇ ਦੇ ਵਿਚਾਰ ਆਦਰਸ਼ਵਾਦੀ ਅਤੇ ਵਿਚਾਰਵਾਦੀ ਹਨ। ਉਹ ਕਵਿਤਾ ਦੇ ਪਰਿਭਾਸ਼ਾ ਕਰਨ ਦੇ ਫ਼ਿਕਰ ਵਿਚ ਯੂਰਪੀਅਨ ਪਰੰਪਰਾ ਦੀਆਂ ਪਰਤਾਂ ਫਰੋਲਦਾ ਹੈ ਅਤੇ ਕਹਿੰਦਾ ਹੈ ਕਿ ਪਲੈਟੋ ਅਤੇ ਬੇਕਨ ਵੀ ਕਵੀ ਸਨ। ਇਸ ਤਰਾਂ ਉਹ ਹੈਰੋਡੋਟਸ, ਪਲੂਟਾਰਕ, ਲਿਵੀ ਜਿਹੇ ਇਤਿਹਾਸਕਾਰਾਂ ਨੂੰ ਵੀ ਕਵੀਆਂ ਦੀ ਸ਼੍ਰੇਣੀ ਵਿਚ ਰੱਖਦਾ ਹੈ । ਇਹ ਵੀ ਕਹਿੰਦਾ ਹੈ ਕਿ ਸ਼ੈਕਸਪੀਅਰ ਅਤੇ ਮਿਲਟਨ ਕਵੀ ਹੋਣ ਦੇ ਨਾਲ ਨਾਲ ਦਾਰਸ਼ਨਿਕ ਵੀ ਹਨ। ਇਸ ਤਰ੍ਹਾਂ ਉਹ ਕਵੀਆਂ, ਚਿੰਤਕਾਂ ਅਤੇ ਇਤਿਹਾਸਕਾਰਾਂ ਵਿਚਲੀ ਸਾਂਝੀ ਜ਼ਮੀਨ ਤਲਾਸ਼ ਕਰਨੀ ਚਾਹੁੰਦਾ ਹੈ।

ਆਪਣੇ ਵੇਲਿਆਂ ਦੀ ਸੋਚ ਅਨੁਸਾਰ ਸ਼ੈਲੇ ਪੁਰਾਣੇ ਯੂਨਾਨ ਨੂੰ ਮਨੁੱਖਤਾ ਦਾ ਬਚਪਨ ਅਤੇ ਉਸ ਤੋਂ ਬਾਅਦ ਵਾਲੇ ਯੁੱਗ ਨੂੰ ਮਨੁੱਖ ਦੀ ਕਿਸ਼ੋਰ ਅਵਸਥਾ ਅਤੇ ਆਪਣੇ ਵਾਲੇ ਯੁੱਗ ਨੂੰ ਮਨੁੱਖਤਾ ਦੀ ਪ੍ਰੌਢ ਅਵਸਥਾ ਮੰਨਦਾ ਹੈ ਅਤੇ ਦੱਸਣਾ ਚਾਹੁੰਦਾ ਹੈ ਕਿ ਕਿਵੇਂ ਵੇਲੇ ਦੀ ਸ਼ਾਇਰੀ ਉਸ ਵੇਲੇ ਦਾ ਅਕਸ ਹੁੰਦੀ ਹੈ।

ਸ਼ੈਲੇ ਦੇ ਕਵਿਤਾ ਬਾਰੇ ਵਿਚਾਰ ਆਦਰਸ਼ਵਾਦੀ ਤੇ ਵਿਚਾਰਵਾਦੀ ਸਿਖਰ 'ਤੇ ਉਦੋਂ ਪਹੁੰਚਦੇ ਹਨ, ਜਦੋਂ ਉਹ ਕਹਿੰਦਾ ਹੈ ਇਹ ਮੂਸਾ, ਸੁਲੇਮਾਨ ਤੇ ਉਨ੍ਹਾਂ ਦੀ ਪੈਰੋਕਾਰਾਂ ਦੀ ਕਵਿਤਾ ਹੀ ਸੀ, ਜਿਸ ਨੇ ਯਸੂ ਮਸੀਹ 'ਤੇ ਪ੍ਰਭਾਵ ਪਾਇਆ । ਆਦਰਸ਼ਵਾਦੀ ਤੇ ਵਿਚਾਰਵਾਦੀ ਗੱਲਾਂ ਕਰਦਾ ਹੋਇਆ ਸ਼ੈਲੇ ਇਸ ਲੇਖ ਵਿਚ ਇਨਕਲਾਬੀ ਗੱਲਾਂ ਵੀ ਕਰਦਾ ਹੈ।ਉਹ ਗੁਲਾਮੀ ਨੂੰ ਮਿਟਾਉਣ ਦੀ ਗੱਲ ਕਰਦਾ ਹੈ।

ਆਪਣੇ ਵੇਲੇ ਦੀ ਕਵਿਤਾ ਦਾ ਪੱਖ ਪੂਰਦਿਆਂ ਹੋਇਆਂ ਸ਼ੈਲੇ ਪੁਰਾਣੇ ਵੇਲਿਆਂ ਦੀ ਕਵਿਤਾ ਦਾ ਪੱਖ ਵੀ ਪੂਰਦਾ ਹੈ। ਉਸ ਦੀ ਸਭ ਤੋਂ ਮਹੱਤਵਪੂਰਨ ਟਿੱਪਣੀ ਮਿਲਟਨ ਦੇ ਸੰਬੰਧ ਵਿਚ ਹੈ, ਜਿਥੇ ਉਹ ਪੈਰਾਡਾਈਜ਼ ਲਾਸਟ ਦੀ ਵਿਆਖਿਆ ਕਰਦਿਆਂ ਇਹ ਵਿਖਾਉਂਦਾ ਹੈ ਕਿ ਕਿਵੇਂ ਕਵੀ ਦੀ ਚੇਤਨ ਭਾਵਨਾ ਦੇ ਵਿਰੁੱਧ ਪੈਰਾਡਾਈਜ਼ ਲਾਸਟ ਵਿਚ ਜੋ ਕਿਰਦਾਰ ਨੈਤਿਕ ਅਤੇ ਸੰਗੀਤਮਈ ਊਰਜਾ ਅਤੇ ਜਲੌਅ ਨਾਲ ਭਰਿਆ ਹੋਇਆ ਹੈ, ਉਹ ਹੈ ਸ਼ੈਤਾਨ। ਸ਼ੈਲੇ ਡਾਂਟੇ ਨੂੰ ਪੁਰਾਤਨ ਅਤੇ ਆਪਣੇ ਸਮਕਾਲ ਦੇ ਸੰਸਾਰਾਂ ਵਿਚਲਾ ਪੁਲ ਆਖਦਾ ਹੈ। ਉਹ ਉਨ੍ਹਾਂ ਆਵਾਜ਼ਾਂ ਦਾ ਵੀ ਜ਼ਿਕਰ ਕਰਦਾ ਹੈ ਜੋ ਲਾਕ, ਹਿਊਮ, ਗਿਬਨ, ਵਾਲਟੇਅਰ ਅਤੇ ਰੂਸੋ ਨੇ ਦੱਬਿਆਂ ਕੁਚਲਿਆਂ ਲੋਕਾਂ ਤੇ ਦਮਿਤਾਂ ਦੇ ਹੱਕ ਵਿਚ ਉਠਾਈਆਂ। ਉਹ ਪ੍ਰਸ਼ਨ ਉਠਾਉਂਦਾ ਹੈ ਕਿ ਜੇ ਡਾਂਟੇ, ਪੈਟਰਾਰਕ, ਬੋਕੈਸ਼ੀਓ, ਚਾਸਰ, ਸ਼ੈਕਸਪੀਅਰ, ਕਾਲਡੀਰੋਨ, ਬੇਕਨ, ਮਿਲਟਨ, ਰੈਫਲ, ਮਾਈਕਲ ਐਂਗਲੋ ਆਦਿ ਇਸ ਸੰਸਾਰ ਵਿਚ ਨਾ ਆਏ ਹੁੰਦੇ ਤਾਂ ਸੰਸਾਰ ਦਾ ਨੈਤਿਕ ਜੀਵਨ ਕਿਹੋ ਜਿਹਾ ਹੁੰਦਾ ?

ਸ਼ੈਲੇ ਅਨੁਸਾਰ ਸ਼ਾਇਰੀ ਹਯਾਤੀ ਦਾ ਅਕਸ ਹੁੰਦੀ ਹੈ ਤੇ ਉਸ ਅਕਸ ਦੇ ਸਦੀਵੀ ਸੱਚ ਦੀ ਪੇਸ਼ਕਾਰੀ ਵੀ। ਕਾਵਿ-ਸ਼ਕਤੀ ਦੋ ਤਰ੍ਹਾਂ ਦੇ ਕਾਰਜ ਨਿਭਾਉਂਦੀ ਹੈ, ਪਹਿਲਾ ਇਹ ਕਿ ਇਹ ਗਿਆਨ ਅਤੇ ਤਾਕਤ ਦੀ ਨਵੀਂ ਸਾਮੱਗਰੀ ਪੈਦਾ ਕਰਦੀ ਹੈ2 ਅਤੇ ਖ਼ੁਸ਼ੀ ਤੇ ਆਨੰਦ ਦੀ ਭਾਵਨਾਵਾਂ ਦੀ ਜਨਮਦਾਤੀ ਹੈ। ਦੂਸਰਾ ਇਹ (ਕਾਵਿ-ਭਾਸ਼ਾ) ਜ਼ਿਹਨ ਵਿਚ ਇਹ ਖਾਹਿਸ਼ ਪੈਦਾ ਕਰਦੀ ਹੈ ਕਿ ਉਸ ਸਮੱਗਰੀ ਨੂੰ ਕਿਸੇ ਖ਼ਾਸ ਸੁਮੇਲਮਈ ਪ੍ਰਵਾਹ ਅਤੇ ਤਰਤੀਬ ਨਾਲ ਪੇਸ਼ ਕੀਤਾ ਜਾਵੇ। ਸ਼ੈਲੇ ਅਨੁਸਾਰ ਕਵਿਤਾ ਦੈਵੀ ਹੈ, ਇਹ ਗਿਆਨ ਦਾ ਕੇਂਦਰੀ ਧੁਰਾ ਵੀ ਹੈ ਤੇ ਇਸ ਦੀ ਬਾਹਰਲੀ ਸਰਹੱਦ ਵੀ, ਸਾਰਾ ਵਿਗਿਆਨ ਇਸ ਦੇ ਅੰਦਰ ਸਮਾਇਆ ਹੋਇਆ ਹੈ, ਇਹ ਹੋਰਨਾਂ ਸੋਚ-ਪ੍ਰਣਾਲੀਆਂ ਦੀ ਜੜ੍ਹ ਵੀ ਹੈ ਤੇ ਫਲ ਵੀ, ਸਾਰੀ ਸਚ ਇਸੇ ਤੋਂ ਪੈਦਾ ਹੁੰਦੀ ਹੈ ਅਤੇ ਇਹਦੇ ਰਾਹੀਂ ਸ਼ਿੰਗਾਰੀ ਜਾਂਦੀ ਹੈ ਤੇ ਜੇ ਕਵਿਤਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਵੇ ਤਾਂ ਸੰਸਾਰ ਨੂੰ ਗਿਆਨ ਰੂਪੀ ਆਹਾਰ ਨਹੀਂ ਮਿਲੇਗਾ, ਜ਼ਿੰਦਗੀ ਦੇ ਰੁੱਖਾਂ ਨੂੰ ਜ਼ਿੰਦਾ ਰੱਖਣ ਲਈ ਕਲਮਾਂ (ਪਿਉਂਦਾਂ) ਦਾ ਜਿਹੜਾ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ, ਉਹ ਨਹੀਂ ਮਿਲੇਗਾ।ਸ਼ੈਲੇ ਦੀ ਕਵਿਤਾ ਜਟਿਲ ਹੈ, ਉਸ ਦੀਆਂ ਦਲੀਲਾਂ ਵੀ ਜਟਿਲ ਹਨ। ਉਸਦਾ ਸੰਸਾਰ ਆਦਰਸ਼ਵਾਦੀ ਅਤੇ ਵਿਚਾਰਵਾਦੀ ਹੈ । ਉਹ ਏਸੇ ਤਰ੍ਹਾਂ ਦੇ ਜਟਿਲ ਤੇ ਆਦਰਸ਼ਵਾਦੀ ਬਿਆਨ ਦਿੰਦਾ ਹੋਇਆ ਫਿਰ ਆਪਣਾ ਅੰਤਿਮ ਤੇ ਮਸ਼ਹੂਰ ਫਤਵਾ ਦਿੰਦਾ ਹੈ, ‘‘ਕਵੀ ਇਸ ਦੁਨੀਆ ਦੇ ਅਪ੍ਰਵਾਣਿਤ ਵਿਧਾਨਕਾਰ ਹਨ।"

ਸ਼ੈਲੇ ਦੇ ਇਸ ਨਿਬੰਧ ਬਾਰੇ ਲੰਬੀ ਬਹਿਸ ਹੋ ਸਕਦੀ ਹੈ। ਇਸ ਲੇਖ ਦੇ ਇਸ ਅੰਤਿਮ ਫਿਕਰੇ ਬਾਰੇ ਬਹਿਸ ਹੋ ਸਕਦੀ ਹੈ । ਮੈਨੂੰ ਇਸ ਫਿਕਰੇ ਵਿਚਲਾ ‘ਅਪ੍ਰਵਾਣਿਤ' ਸ਼ਬਦ ਬਹੁਤ ਪਸੰਦ ਹੈ। ਇਹ ਸ਼ਬਦ ਸ਼ੈਲੇ ਦੇ ਆਦਰਸ਼ਵਾਦੀ ਸੰਸਾਰ ਹੇਠ ਬਾਰੂਦ ਦਾ ਕੰਮ ਕਰਦਾ ਹੈ। ਇਹੋ ਜਿਹੇ ਬਾਰੂਦ ਦੇ ਕਾਰਨ ਹੀ ਸ਼ੈਲੇ ਦਾ ਲੇਖ ਤਾਂ ਆਦਰਸ਼ਵਾਦੀ ਹੈ ਪਰ ਕਵਿਤਾ ਇਨਕਲਾਬੀ। ਉਸ ਦੀ ਕਵਿਤਾ ਵੇਲੇ ਦੀ ਗਾਲਿਬ ਵਿਚਾਰਧਾਰਾ ਦੇ ਵਿਰੁੱਧ ਜਾਂਦੀ ਹੈ ਤੇ ਵਿਦਰੋਹ ਦਾ ਝੰਡਾ ਉਠਾਉਂਦੀ ਹੈ। ਪਰ ਏਥੇ ਪ੍ਰਸ਼ਨ ਇਹ ਉੱਠਦਾ ਹੈ ਕਿ ਮੈਂ ਏਥੇ ਇਸ ਸਭ ਕੁਝ ਦਾ ਜ਼ਿਕਰ ਕਿਉਂ ਕਰ ਰਿਹਾ ਹਾਂ ? ਸ਼ੈਲੇ ਨੇ ਕਵਿਤਾ ਦਾ ਪੱਖ ਪੂਰਿਆ ਸੀ, ਮੈਂ ਕੀ ਕਰ ਰਿਹਾ ਹਾਂ ?ਕੀ ਮੈਂ ਪ੍ਰਮਿੰਦਰਜੀਤ ਦੀ ਕਵਿਤਾ ਦਾ ਪੱਖ ਪੂਰਨ ਲਈ ਭੂਮਿਕਾ ਬੰਨ੍ਹ ਰਿਹਾ ਹਾਂ ? ਇਸ ਪ੍ਰਸ਼ਨ ਦਾ ਉੱਤਰ ਹੈ-“ਸ਼ਾਇਦ ਹਾਂ ਜਾਂ ਫਿਰ ਮੈਂ ਕਵਿਤਾ ਦਾ ਪੱਖ ਪੂਰਨ ਦੀ ਤਿਆਰੀ ਕਰ ਰਿਹਾ ਹਾਂ ? ਇਸ ਦਾ ਉੱਤਰ ਵੀ ਹੈ ਕਿ “ਸ਼ਾਇਦ....ਹਾਂ। ਪਰ ਏਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਸ਼ੈਲੇ ਨੇ ਤਾਂ ਪੀਕਾਕ ਦੇ ਨਿਬੰਧ ਦਾ ਜਵਾਬ ਦਿੱਤਾ ਸੀ, ਪੀਕਾਕ ਦੁਆਰਾ ਕਵਿਤਾ ਤੇ ਕੀਤੇ ਗਏ ਹਮਲੇ ਦਾ ਉੱਤਰ ਖੋਜਣ ਦੀ ਕੋਸ਼ਿਸ਼ ਕੀਤੀ ਸੀ, ਕੀ ਏਥੇ (ਪੰਜਾਬੀ-ਸਾਹਿਤ ਦੇ ਸੰਸਾਰ ਵਿਚ) ਕਵਿਤਾ ਤੇ ਕੋਈ ਇਸ ਤਰੀਕੇ ਦਾ ਹਮਲਾ ਹੋਇਆ ਹੈ ਜਾਂ ਕਿਸੇ ਨੇ ਪ੍ਰਮਿੰਦਰਜੀਤ ਜਾਂ ਪ੍ਰਮਿੰਦਰਜੀਤ ਦੀ ਕਵਿਤਾ ਨੂੰ ਨਿਸ਼ਾਨਾ ਬਣਾਇਆ ਹੈ ? ਮੇਰੇ ਖ਼ਿਆਲ ਵਿਚ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਵੀ ਹਾਂ ਵਿਚ ਹੈ ? ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਸ਼ੈਲੇ ਵਰਗਾ ਵੱਡਾ ਕਵੀ ਨਹੀਂ ਹਾਂ। ਪਰ ਮੇਰੀ ਭਾਵਨਾ ਓਹੋ ਜਿਹੀ ਹੈ । ਨਾਲੇ ਕਿਸੇ ਨਾ ਕਿਸੇ ਦਾ ਤਾਂ ਇਹ ਫ਼ਰਜ਼ ਬਣਦਾ ਹੈ ਕਿ ਉਹ ਪ੍ਰਮਿੰਦਰਜੀਤ ਦੀ ਕਵਿਤਾ ਦਾ ਪੱਖ ਪੂਰੇ। ਫ਼ਰਜ਼ ਬੜਾ ਆਦਰਸ਼ਵਾਦੀ ਅਤੇ ਵਿਚਾਰਧਾਰਕ ਸ਼ਬਦ ਹੈ। ਜੇ ਫ਼ਰਜ਼ ਨਹੀਂ ਤਾਂ ਮੈਂ ਕਾਮੂ ਤੋਂ ਸ਼ਬਦ ਹੁਦਾਰੇ ਮੰਗ ਕੇ ਕਹਾਂਗਾ ਕਿ “ਸਾਧਾਰਨ ਭਲਮਾਣਸੀ’ ਦਾ ਚੱਜ ਆਚਾਰ ਇਹ ਮੰਗ ਕਰਦਾ ਹੈ ਕਿ ਇਹ ਕੰਮ ਕੀਤਾ ਜਾਵੇ ।

(2).

ਪ੍ਰਮਿੰਦਰਜੀਤ ਬਾਰੇ ਲਿਖਣਾ ਸੌਖਾ ਕੰਮ ਨਹੀਂ ਹੈ। ਬੜਾ ਜੋਖ਼ਮ ਭਰਿਆ ਕੰਮ ਹੈ। ਮੈਂ ਪ੍ਰਮਿੰਦਰਜੀਤ ਨੂੰ ਸੰਨ 1985 ਤੋਂ ਜਾਣਦਾ ਹਾਂ। ਪੰਝੀ ਵਰ੍ਹਿਆਂ ਤੋਂ। ਉਹ ਮੇਰਾ ਯਾਰ ਹੈ, ਭਰਾਵਾਂ ਵਰਗਾ ਯਾਰ ਹੈ, ਹਮਜਾਤ, ਹਮਗੋਤ। ਅਸੀਂ ਦੋਵੇਂ ਕਵੀ ਹਾਂ। ਮੈਂ ਪਹਿਲਾਂ ਵੀ ਲਿਖਿਆ ਸੀ ਕਿ ਕਵੀਆਂ ਦਾ ਆਪਣਾ ਸ਼ਰੀਕਾ ਹੁੰਦਾ ਹੈ। ਜਦ ਪ੍ਰਮਿੰਦਰਜੀਤ ਮੈਨੂੰ ਆਪਣੀ ਕਿਤਾਬ ਬਾਰੇ ਲਿਖਣ ਲਈ ਕਹਿੰਦਾ ਹੈ ਤਾਂ ਕਈ ਚਿਹਰੇ ਹਨ, ਜੋ ਕਹਿੰਦੇ ਹਨ 'ਨਾ ਲਿਖ’। ਉਹ ਚਿਹਰੇ ਸਾਡੇ ਸਾਂਝੇ ਯਾਰਾਂ ਦੇ ਚਿਹਰੇ ਹਨ। ਉਹ ਯਾਰ, ਜਿਨ੍ਹਾਂ ਨੂੰ ਪ੍ਰਮਿੰਦਰਜੀਤ ਨੇ ਕੋਸਿਆ ਹੈ, ਆਪਣੇ ਸੰਪਾਦਕੀਆਂ ਵਿਚ ਪੁਣਿਆ ਹੈ, ਮਹਿਫ਼ਲਾਂ ਵਿਚ ਉਨ੍ਹਾਂ ਦੀ ਰੁਸਵਾਈ ਕੀਤੀ ਹੈ , ਗਾਲਾਂ ਕੱਢੀਆਂ ਹਨ। ਉਹ ਚਿਹਰੇ ਪਿਆਰੇ ਯਾਰਾਂ ਦੇ ਚਿਹਰੇ ਹਨ। ਪਿਆਰੇ ਤਾਂ ਉਹ ਪ੍ਰਮਿੰਦਰਜੀਤ ਨੂੰ ਵੀ ਹਨ ਪਰ ਕਿਤੇ ਕੁਝ ਹੈ, ਜੋ ਕੜਕ ਕਰਕੇ ਟੁੱਟ ਗਿਆ ਹੈ। ਉਹ ਕਹਿੰਦੇ ਹਨ, "ਭਾਊ, ਨਾ ਲਿਖ । ਸਾਡੇ ਨਾਲ ਬੜੀ ਮਾੜੀ ਕੀਤੀ ਊ ਇਨ੍ਹੇ ।" ਤਾਂ ਫਿਰ ਮੈਂ ਲਿਖਾਂ ਜਾਂ ਨਾ ਲਿਖਾਂ ?

ਮੈਂ ਆਪਣੇ ਆਪ ਨੂੰ ਸਵਾਲ ਕਰਦਾ ਹਾਂ-"ਪ੍ਰਮਿੰਦਰਜੀਤ ਕੌਣ ਹੈ ?" ਤੇ ਫਿਰ ਜਵਾਬ ਦੇਣ ਲੱਗਦਾ ਹਾਂ । ਨਹੀਂ ਜਵਾਬ 'ਬਣਾਉਣ' ਲੱਗਦਾ ਹਾਂ । ਇਸ ਲਈ ਮੈਂ ਆਪਣੇ ਦੋਸਤ ਚਰਨਜੀਤ ਸੋਹਲ ਦਾ ਆਸਰਾ ਵੀ ਲੈਂਦਾ ਹਾਂ । ਜਵਾਬ ਇਹ ਬਣਦੇ ਹਨ-'ਅੰਮ੍ਰਿਤਸਰ ਦਾ ਕਵੀ', 'ਪੰਜਾਬ ਦਾ ਕਵੀ',‘ਭਾਰਤ ਦਾ ਕਵੀ'! ਪੜਨਾਵਾਂ ਨੂੰ ਛੱਡ ਦੇਈਏ ਜਾਂ ਨਾ ਛੱਡੀਏ ? ਛੱਡ ਦੇਈਏ ਤਾਂ 'ਬੰਦੇ ਦਾ ਕਵੀ', 'ਜ਼ਿੰਦਗੀ ਦਾ ਕਵੀ' ਜਾਂ ਫਿਰ ਕੱਲ-ਮਕੱਲਾ ਮੁਕਤ ‘ਕਵੀ' ਤੇ ਸਿਰਫ਼ ‘ਕਵੀ'। ਜੇ ਪੜਨਾਵਾਂ 'ਤੇ ਧਿਆਨ ਦੇਈਏ ਤਾਂ ਮੇਰਾ ਜ਼ਿਆਦਾ ਧਿਆਨ ਪਹਿਲੇ ਪੜਨਾਂਵ ’ਤੇ ਜਾਂਦਾ ਹੈ 'ਅੰਮ੍ਰਿਤਸਰ ਦਾ ਕਵੀ'। ਅੰਮ੍ਰਿਤਸਰ ਵਿਚ ਪਹਿਲਾਂ ਵੀ ਕਵੀ ਹੋਏ ਹਨ ਅਤੇ ਹੁਣ ਵੀ ਕਈ ਹਨ। ਜੇ ਅੰਮ੍ਰਿਤਸਰ ਦੇ ਜੀਊਂਦੇ ਕਵੀਆਂ ਦੀ ਗੱਲ ਕਰਦੇ ਹਾਂ, ਵੇਖਦੇ ਹਾਂ ਹੁਣ ਵੀ ਅੰਮ੍ਰਿਤਸਰ ਵਿਚ ਬਹੁਤ ਸਾਰੇ ਕਵੀ ਹਨ... ਅਸੀਂ ਸਾਰੇ ਦੋਸਤ ਵੀ ਹਾਂ। ਜ਼ਰਾ ਧਿਆਨ ਮਾਰਨਾ.. ਪ੍ਰਮਿੰਦਰਜੀਤ ਤੋਂ ਸਿਵਾ ਅਸੀਂ ਸਾਰੇ ਨੌਕਰੀ ਪੇਸ਼ਾ ਬੰਦੇ ਹਾਂ ਜਾਂ ਨੌਕਰੀਆਂ ਵਿਚ ਰਹੇ ਹਾਂ। ਨੌਕਰੀਆਂ ਕਰਨ ਵਾਲੇ, ਬੱਝੀਆਂ ਤਨਖਾਹਾਂ, ਟੀ.ਏ., ਡੀ.ਏ. ਤੇ ਹੋਰ ਦਸ ਤਰ੍ਹਾਂ ਦੇ ਭੱਤੇ ਲੈਣ ਵਾਲੇ...ਐੱਲ.ਟੀ.ਸੀ., ਐਚ.ਟੀ.ਸੀ, ਸਿਹਤ ਭੱਤਾ, ਬਕਾਇਆ ਡੀ.ਏ., ਗਰੈਚੂਇਟੀ . ਪੈਨਸ਼ਨ...। ਅਸੀਂ ਇਹ ਸਭ ਕੁਝ ਲੈਂਦੇ ਹਾਂ। ਲੈ ਕੇ ਸਰਕਾਰਾਂ ਨੂੰ ਗਾਲ੍ਹਾਂ ਕੱਢਦੇ ਹਾਂ...ਸਰਕਾਰ ਇਹ ਨਹੀਂ ਕਰਦੀ, ਸਰਕਾਰ ਉਹ ਨਹੀਂ ਕਰਦੀ। ਪ੍ਰਮਿੰਦਰਜੀਤ ਇਹੋ ਜਿਹੇ ਹੀਲੇ-ਵਸੀਲੇ ਵਾਲਾ ਬੰਦਾ ਨਹੀਂ ਹੈ । ਉਹ ਧੀਰ ਤੇ ਸੁਖਬੀਰ ਦੀ ਪਰੰਪਰਾ ਵਿਚ ਆਉਂਦਾ ਹੈ । ਧੀਰ ਹੋਰਾਂ ਨੂੰ ਮਾਰਕਸਵਾਦ ਦੀ ਟੇਕ ਸੀ ਤੇ ਪਾਰਟੀ ਵਿਚ ਹੋਣ ਦਾ ਮਾਨਸਿਕ ਸੁਖ ਵੀ । ਸੁਖਬੀਰ ਹੋਰੀਂ ਬੰਬਈ ਰਹਿੰਦੇ ਹਨ। ਉਨ੍ਹਾਂ ਦੀ ਟੇਕ ਮਾਰਕਸ ਤੇ ਫਰਾਇਡ ਦੇ ਫਲਸਫ਼ਿਆਂ ਨੂੰ ਇਕੱਠੇ ਕਰਨ ਦੇ ਉਸ ਯਤਨ ’ਤੇ ਹੈ ਜਿਸ ਦਾ ਮੋਹਰੀ ਐਰਿਕ ਫਰੋਮ ਹੈ। ਉਹ ਅਨੁਵਾਦ ਦੇ ਮਾਹਿਰ ਹਨ। ਹਿੰਦੀ ਵਿਚ ਵੀ ਲਿਖਦੇ ਹਨ। ਪ੍ਰਮਿੰਦਰਜੀਤ ਕੋਲ ਇਹੋ ਜਿਹਾ ਵੀ ਕੁਝ ਨਹੀਂ ਹੈ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਪ੍ਰਮਿੰਦਰਜੀਤ ਕੀ ਕਰ ਰਿਹਾ ਹੈ ? ਕੁਝ ਲੋਕ ਜਵਾਬ ਦਿੰਦੇ ਹਨ...ਮਹੰਤੀ! ਮੱਠਧੀਸ਼ਤਾ! ਮੇਰੇ ਖ਼ਿਆਲ ਵਿਚ ਜਵਾਬ ਠੀਕ ਨਹੀਂ ਹੈ। ਇਹ ਜਵਾਬ ਇਸ ਲਈ ਠੀਕ ਨਹੀਂ ਹੈ, ਕਿਉਂਕਿ ਹਰ ਮਹੰਤ, ਹਰ ਮੱਠਾਧੀਸ਼ ਕੋਲ ਪੈਸੇ ਦੀ ਬਹੁਤਾਤ ਹੁੰਦੀ ਹੈ। ਪ੍ਰਮਿੰਦਰਜੀਤ ਕੋਲ ਇਹ ਵੀ ਨਹੀਂ ਹੈ। ਤਾਂ ਫਿਰ, ਪ੍ਰਮਿੰਦਰਜੀਤ ਕੀ ਕਰ ਰਿਹਾ ਹੈ ? ਮੇਰੇ ਖ਼ਿਆਲ ਵਿਚ ਪ੍ਰਮਿੰਦਰਜੀਤ ਨੇ ਸਥਾਪਤੀ ਨਾਲ ਆਢ੍ਹਾ ਲਾਇਆ ਹੋਇਆ ਹੈ...ਉਹ ਖੜ੍ਹਾ ਹੈ...ਸਾਹਿਤਕ ਸਥਾਪਤੀ ਦੇ ਵਿਰੁੱਧ, ਅਕਾਦਮਿਕ ਸਥਾਪਤੀ ਦੇ ਵਿਰੁੱਧ, ਵਾਦਾਂ ਵਿਚਲੀ ਸਥਾਪਤੀ ਦੇ ਵਿਰੁੱਧ । ਵਿਚ ਵਿਚ ਉਸ ਨੂੰ ਭਰਮ ਹੁੰਦਾ ਹੈ ਕਿ ਉਹ ਸਥਾਪਤੀ ਦੇ ਨਜ਼ਦੀਕ ਆ ਰਿਹਾ ਹੈ। ਉਹ ਸਥਾਪਤੀ ਦੇ ਸੋਹਿਲੇ ਵੀ ਗਾਉਂਦਾ ਹੈ। ਪਰ ਸਥਾਪਤੀ ਦੇ ਮਾਲਿਕ ਫਿਰ ਲੱਤ ਮਾਰਦੇ ਹਨ। ਉਹਨੂੰ ਉਹਦਾ ‘ਸਥਾਨ' ਵਿਖਾਉਂਦੇ ਹਨ। ਫਿਰ ਪ੍ਰਮਿੰਦਰਜੀਤ ਨੂੰ ਗੁੱਸਾ ਆਉਂਦਾ ਹੈ। ਖਿਝ ਤੇ ਆਕ੍ਰੋਸ਼ । ਫਿਰ ਉਹ ਆਪਣੇ ਸੰਪਾਦਕੀ ਲਿਖਦਾ ਹੈ। ਸ਼ਰਾਬ ਪੀ ਕੇ ਗਾਲ੍ਹਾਂ ਕੱਢਦਾ ਹੈ ।'ਬਣਾਏ ਯਾਰਾਂ' ਨਾਲ ਵਿਗਾੜ ਲੈਂਦਾ ਹੈ। ਕਈ ਬੇੜੀਆਂ ਵਿਚ ਛੇਕ ਕਰਦਾ ਹੈ। ਕਈ ਬਾਦਬਾਨ ਪਾੜ ਦਿੰਦਾ ਹੈ। ਲਿਖੇ ਗਏ ਜਾਂ ਹੋਈ ਬੀਤੀ ਤੋਂ ਇਹ ਪਤਾ ਲੱਗਦਾ ਹੈ ਕਿ ਪਹਿਲਾਂ ਕੁਝ ਲਿਖੇ ਗਏ ਜਾਂ ਬੋਲੇ ਗਏ ਬੋਲਾਂ ਵਿਰੁੱਧ ਪ੍ਰਤੀਕਰਮ ਹੈ। ਪਰ ਫਿਰ ਵੀ ਜੋ ਹੈ, ਉਹ ਲਿਖਿਆ ਜਾ ਚੁੱਕਾ ਹੈ, ਬੋਲਿਆ ਜਾ ਚੁੱਕਾ ਹੈ ਤੇ ਪ੍ਰਮਿੰਦਰਜੀਤ ਨੂੰ ਉਹਦੇ ਲਿਖੇ ਜਾਂ ਬੋਲੇ ਗਏ ਬੋਲਾਂ ਦਾ ਦੰਡ ਤਾਂ ਮਿਲਣਾ ਹੀ ਹੈ ।

ਇਸ ਸਭ ਕੁਝ ਦੇ ਹੁੰਦਿਆਂ, ਮੇਰੇ ਮਨ ਵਿਚ ਪ੍ਰਸ਼ਨ ਉੱਠਦਾ ਹੈ ਕਿ ਮੈਂ ਕੀ ਕਰਾਂ ? ਮੈਂ ਕੁਝ ਨਹੀਂ ਕਰ ਸਕਦਾ। ਲਿਖਣਾ ਤੇ ਮੈਨੂੰ ਪੈਣਾ ਹੈ। ਲਿਖਿਆਂ ਬਗ਼ੈਰ ਮੈਂ ਬਚ ਨਹੀਂ ਸਕਦਾ। ਪ੍ਰਮਿੰਦਰਜੀਤ ਦਾ ਕੋਈ ਹਿੱਸਾ ਮੇਰੇ ਵਿਚ ਵੀ ਮੌਜੂਦ ਹੈ।

(3).

ਆਪਣੀ ਕਿਤਾਬ ‘ਤਨ ਤਕੀਆ’ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਮਿੰਦਰਜੀਤ ਨੇ ਆਪਣੇ ਮੁਖਬੰਦ ਵਿਚ ਲਿਖਿਆ ਹੈ, “ਕਵਿਤਾ ਪਾਰਟੀ ਮੈਨੀਫੈਸਟੋ ਨਹੀਂ ਹੁੰਦੀ"। ਅੰਮ੍ਰਿਤਸਰ ਦੇ ਜੰਮਪਲ ਅਤੇ ਲਾਹੌਰ ਦੇ ਪੜ੍ਹੇ ਮੋਹਨ ਰਾਕੇਸ਼ ਹੋਰੀਂ ਕਹਿੰਦੇ ਹੁੰਦੇ ਸਨ, “ਮੈਂ ਮਾਰਕਸਵਾਦੀ ਹਾਂ, ਪਰ ਮੈਂ ਮੈਨੀਫੈਸਟੋ ਨਹੀਂ ਲਿਖਦਾ”। ਮਾਰਕਸਵਾਦ ਅਤੇ ਪਾਰਟੀ ਨਾਲ ਇਹ ਮੋਹ-ਘਿਰਣਾ ਦੇ ਰਿਸ਼ਤਿਆਂ ਦੀ ਗਾਥਾ ਅਤੇ ਕਸ਼ਮਕਸ਼ ਵੀਹਵੀਂ ਸਦੀ ਦੇ ਫਿਲਾਸਫਰਾਂ, ਚਿੰਤਕਾਂ, ਲੇਖਕਾਂ ਅਤੇ ਸਿਆਸੀ ਕਾਰਕੁਨਾਂ ਵਿਚ ਆਮ ਪਾਈ ਜਾਂਦੀ ਹੈ। ਮਾਰਕਸਵਾਦ, ਕਮਿਊਨਿਸਟ ਪਾਰਟੀਆਂ ਦੀ ਸਮਾਜ ਵਿਚਲੀ ਭੂਮਿਕਾ ਅਤੇ ਉਨ੍ਹਾਂ ਨਾਲ ਬੱਧੀਜੀਵੀਆਂ ਦੀ ਜੋੜ-ਬੰਦੀ ਅਤੇ ਵਿਛੋੜਾ ਉਹ ਚੇਤਨ ਅਤੇ ਅਵਚੇਤਨ ਭੂਮੀ ਸਿਰਜਦੇ ਰਹੇ ਹਨ, ਜਿਸ ’ਤੇ ਵੀਹਵੀਂ ਸਦੀ ਦੀ ਬੌਧਿਕ ਫ਼ਸਲ ਉੱਗਦੀ ਰਹੀ ਹੈ ਅਤੇ ਹੁਣ ਵੀ ਉੱਗ ਰਹੀ ਹੈ। ਜਾਰਜ ਓਰਵੈਲ ਅਤੇ ਆਰਥਰ ਕੋਸਲਰ ਜਿਹੇ ਲੇਖਕਾਂ ਤੋਂ ਲੈ ਕੇ ਸਾਰਤਰ, ਸਿਮੋ ਡੀ ਬੋਊਰ, ਫੂਕੋ, ਦਰੀਦਾ ਆਦਿ ਫਿਲਾਸਫਰਾਂ ਦੇ ਸਾਹਿਤ ਅਤੇ ਦਰਸ਼ਨ ’ਤੇ ਝਾਤੀ ਮਾਰੀਏ ਤਾਂ ਇਹ ਕਸ਼ਮਕਸ਼ ਸਾਫ਼ ਦਿਖਾਈ ਦਿੰਦੀ ਹੈ। ਸੰਨ 52-53 ਵਿਚ ਪਾਰਟੀ ਨੂੰ ਅਲਵਿਦਾ ਕਹਿਣ ਵਾਲਾ ਅਤੇ ਸਾਰੀ ਉਮਰ ਇਹ ਦੁਹਰਾਉਣ ਵਾਲਾ “ਕਿ ਮੈਂ ਕਦੇ ਵੀ ਫਰਾਇਡਵਾਦੀ ਨਹੀਂ ਸਾਂ, ਮਾਰਕਸਵਾਦੀ ਨਹੀਂ ਸਾਂ , ਸੰਰਚਨਾਵਾਦੀ ਨਹੀਂ ਸਾਂ" ਫੂਕੋ ਸਾਰੀ ਉਮਰ ਤਾਕਤ ਅਤੇ ਤਾਕਤ ਦੇ ਵਿਰੋਧ ਬਾਰੇ ਗੱਲਾਂ ਕਰਦਾ ਅਤੇ ਕਹਿੰਦਾ ਹੈ “ਜਿਥੇ ਤਾਕਤ ਹੋਏਗੀ ਓਥੇ ਵਿਰੋਧ ਹੋਏਗਾ"। ਆਪਣੀਆਂ ਕਿਤਾਬਾਂ ਵਿਚ ਫੂਕੋ ਇਹ ਦਿਖਾਉਣ ਦਾ ਯਤਨ ਕਰਦਾ ਹੈ ਕਿ ਤਾਕਤ ਹਰ ਥਾਂ ਸਮਾਈ ਹੋਈ ਹੈ। ਇਸ ਦੇ ਸੋਮੇ ਬਹੁਤ ਵਿਸ਼ਾਲ ਹਨ ਅਤੇ ਇਸੇ ਤਰ੍ਹਾਂ ਇਸ ਦੇ ਵਿਰੁੱਧ ਵਿਦਰੋਹ ਅਤੇ ਵਿਰੋਧ ਵੀ ਹਰ ਥਾਂ ਹੁੰਦਾ ਹੈ। ਨੋਟ ਕਰਨ ਵਾਲੀ ਗੱਲ ਹੈ ਕਿ ਤਾਕਤ ਦੇ ਸੋਮੇ ਅਤੇ ਉਨ੍ਹਾਂ ਦਾ ਵਿਰੋਧ ਵੀ ਮੂਲ ਮਾਰਕਸਵਾਦੀ ਮੁੱਦੇ ਹਨ। ਫੂਕੋ ਕਹਿੰਦਾ ਹੈ, “ਪਾਰਟੀ ਦੀ ਰਾਜਨੀਤੀ ਤੋਂ ਪਰ੍ਹੇ ਜਾ ਕੇ ਰਾਜਨੀਤੀ ਕਰਨਾ ਬਹੁਤ ਹੀ ਈਮਾਨਦਾਰੀ (ਜਿੰਨਾ ਕੁ ਸੰਭਵ ਹੋ ਸਕਦੀ ਹੈ) ਨਾਲ ਇਹ ਜਾਨਣ ਦਾ ਯਤਨ ਕਰਨਾ ਹੈ ਕਿ ਕੀ ਇਨਕਲਾਬ ਹੋਣਾ/ਕਰਨਾ ਮੁਮਕਿਨ ਹੈ ?" ਪ੍ਰਮਿੰਦਰਜੀਤ ਵੀ ਪਾਰਟੀ ਤੋਂ ਪਰ੍ਹੇ ਦੀ ਰਾਜਨੀਤੀ ਦੀ ਗੱਲ ਕਰਦਾ ਹੈ। ਉਸ ਨੂੰ 'ਚਿਪਚਿਪੀ ਕਾਮਰੇਡੀ' ਤੋਂ ਚਿੜ ਹੈ। ਉਹ ‘ਪਾਰਟੀ ਮੈਨੀਫੈਸਟੋ' ਜਿਹੀ ਕਵਿਤਾ ਨਹੀਂ ਲਿਖਣਾ ਚਾਹੁੰਦਾ।

ਪ੍ਰਮਿੰਦਰਜੀਤ ਦੀ ਕਵਿਤਾ ‘ਰੱਖਿਆ ਕਵਚ’ ਪੜ੍ਹ ਕੇ ਮਾਰਕਸ ਦਾ ਆਪਣੇ ਯੂਨੀਵਰਸਿਟੀ ਦੇ ਦਿਨਾਂ ਦੇ ਦੋਸਤ ਆਰਨਲਡ ਰਿਊਜ ਨੂੰ ਲਿਖਿਆ ਖ਼ਤ ਯਾਦ ਆਉਂਦਾ ਹੈ। ਮਾਰਕਸ ਉਸ ਖ਼ਤ ਵਿਚ ਲਿਖਦਾ ਹੈ, “ਆਉ, ਇਸ ਦੁਨੀਆ ਲਈ ਨਵੇਂ ਸਿਧਾਂਤਾਂ ਦੀ ਖੋਜ ਕਰੀਏ। (ਕਿਥੋਂ ?) ਦੁਨੀਆ ਦੇ ਆਪਣੇ ਸਿਧਾਂਤਾਂ 'ਚੋਂ। ਅਸੀਂ ਦੁਨੀਆ ਵਾਲਿਆਂ ਨੂੰ ਇਹ ਨਾ ਕਹੀਏ ਕਿ ‘ਆਪਣੇ ਨਿਰਰਥਕ ਜਾਂ ਬੇਤੁਕੇ ਸੰਘਰਸ਼ ਬੰਦ ਕਰ ਦਿਉ । ਅਸੀਂ ਤੁਹਾਨੂੰ ਸੰਘਰਸ਼ ਦੇ ਅਸਲੀ ਮਕਸਦ ਦੱਸਾਂਗੇ।' ਸਾਨੂੰ ਚਾਹੀਦਾ ਹੈ ਲੋਕਾਂ ਨੂੰ ਇਹ ਵਿਖਾਈਏ ਕਿ ਉਹ ਕਾਦ੍ਹੇ ਵਾਸਤੇ ਸੰਘਰਸ਼ ਕਰਦੇ ਪਏ ਨੇ ।" ਇਸ ਤਰ੍ਹਾਂ ਮਾਰਕਸ ਦੱਸਦਾ ਹੈ ਕਿ ਲੋਕ ਤਾਂ ਹਮੇਸ਼ਾ ਹੀ ਸੰਘਰਸ਼ ਕਰਦੇ ਹਨ। ਇਸ ਤਰ੍ਹਾਂ ਦੀ ਲੜਾਈ ਦੀ ਨਿਸ਼ਾਨਦੇਹੀ ਕਰਦਾ ਹੋਇਆ ਪ੍ਰਮਿੰਦਰਜੀਤ ਲਿਖਦਾ ਹੈ :

ਤੇਰੀ ਤਾਂ ਲੜਾਈ ਨਿਹੱਥੀ
ਨਾ ਹੱਥ ਵਿਚ ਲਿਸ਼ਕਦੀ ਤਲਵਾਰ ਕੋਈ
ਨਾ ਅੱਖਾਂ ਵਿਚ ਰੋਹ ਜਾਗਿਆ
ਨਾ ਦੁਸ਼ਮਣ ਸਾਹਮਣੇ ਕੋਈ
ਨਾ ਕੋਈ ਅਹਿਦ-ਨਾ ਅਕੀਦਾ
ਨਾ ਤੇਰੀ ਕੋਈ ਰਣਭੂਮੀ

ਇਸ ਖ਼ਤ ਤੋਂ ਬਾਅਦ ਮਾਰਕਸ ਨੇ ਇਸ ਸੰਘਰਸ਼ ਦੇ ਨਕਸ਼ ਉਲੀਕੇ ਸਨ। ਕਮਿਉਨਿਸਟ ਮੈਨੀਫੈਸਟੋ ਵਿਚ ਮਾਰਕਸ ਤੇ ਏਂਜਲਜ਼ ਨੇ ਬੜੇ ਹੀ ਤਿੱਖੇ ਵਾਕ ਰਾਹੀਂ ਕਿਹਾ, “ਹੁਣ ਤਕ ਦੇ ਸਮਾਜ ਦਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਇਤਿਹਾਸ ਹੈ।" ਪ੍ਰਮਿੰਦਰਜੀਤ ਕਵੀ ਹੈ। ਮਾਰਕਸ ਵੀ ਕਵੀ ਸੀ । ਪਰ ਮਾਰਕਸ ਕਵੀ ਘੱਟ ਸੀ ਅਤੇ ਰਾਜਨੀਤਕ ਚਿੰਤਕ ਜ਼ਿਆਦਾ। ਪ੍ਰਮਿੰਦਰਜੀਤ ਰਾਜਨੀਤਕ ਚਿੰਤਕ ਦੀ ਮੈਨੋਫੈਸਟੋ-ਭਾਸ਼ਾ ਨਹੀਂ ਅਪਣਾ ਸਕਦਾ। ਉਸ ਦੀ ਭਾਸ਼ਾ ਮਾਰਕਸ ਦੇ ਖ਼ਤ ਦੀ ਸੰਵਾਦੀ ਭਾਸ਼ਾ ਦੇ ਨਜ਼ਦੀਕ ਹੈ ।

ਪੰਜਾਬੀ ਕਵੀਆਂ ਵਿਚ ਇਹ ਗੱਲ ਕਾਫ਼ੀ ਦੇਰ ਤੋਂ ਕਹੀ ਜਾਂਦੀ ਰਹੀ ਹੈ ਕਿ ਕਵਿਤਾ ਦਾ ਸਿਆਸਤ ਨਾਲ ਕੋਈ ਵਾਸਤਾ ਨਹੀਂ ਹੈ। ਕਵੀ ਸਿਆਸੀ ਆਦਮੀ ਨਹੀਂ ਹੈ। ਕਹਿਣ ਤੇ ਸੁਨਣ ਨੂੰ ਇਹ ਗੱਲ ਚੰਗੀ ਲੱਗਦੀ ਹੈ ਪਰ ਇਹ ਗੱਲ ਸ਼ਾਇਦ ਇਸ ਤੱਥ ਦੇ ਅਹਿਸਾਸ ਤੋਂ ਪਰ੍ਹੇ ਰਹਿ ਜਾਂਦੀ ਹੈ ਕਿ ਇਸ ਤਰ੍ਹਾਂ ਕਹਿਣਾ ਵੀ ਇਕ ਖ਼ਾਸ ਤਰ੍ਹਾਂ ਦੀ ਸਿਆਸਤ ਹੈ। ਹੁਣ ਤਾਂ ਇਸ ਗੱਲ ਦੀ ਸਪੱਸ਼ਟ ਸਮਝ ਆ ਰਹੀ ਹੈ ਕਿ ਜੋ ਕੁਝ ਨਿੱਜੀ ਹੈ ਉਹ ਵੀ ਸਿਆਸੀ ਹੈ। ਫੂਕੋ ਦੇ ਫ਼ਿਲਾਸਫ਼ੀ ਦੇ ਚਿਤਰਪੱਟ ਤੇ ਉੱਭਰਣ ਤੋਂ ਪਹਿਲਾਂ ਮਨੋਰੋਗ ਚਿਕਿਤਸਾ ਮਾਹਿਰ ਆਰ.ਡੀ. ਲੈਂਗ ਨੇ ਮਨੋਰੋਗਾਂ ਦੇ ਰੋਗ ਹੋਣ ਬਾਰੇ ਗੰਭੀਰ ਸਵਾਲ ਉਠਾਏ ਸਨ। ਉਸ ਦੀ ਇਕ ਕਿਤਾਬ ਦਾ ਨਾਂ ਹੈ “ਅਨੁਭਵ ਦੀ ਸਿਆਸਤ ਅਤੇ ਸਵਰਗ ਦਾ ਪੰਛੀ।" ਇਸ ਕਿਤਾਬ ਵਿਚ ਲੈਂਗ ਅਨੁਭਵਾਂ ਦੇ ਸਿਆਸੀ ਖਾਸੇ ਦਾ ਜ਼ਿਕਰ ਕਰਦਾ ਹੈ ਜਿਸ ਅਨੁਸਾਰ ਅਸੀਂ ਮਨੁੱਖਾਂ ਨੂੰ ਮਾਨਸਿਕ ਪੱਖ ਤੋਂ ਸੰਤੁਲਿਤ (sane) ਜਾਂ ਮਾਨਸਿਕ ਪੱਖ ਤੋਂ ਮਨੋਰੋਗੀ (insane) ਕਰਾਰ ਦਿੰਦੇ ਹਾਂ । ਪੰਜਾਬ ਦੇ ਬਹੁਤੇ ਸਾਰੇ ਲੋਕ ਗੀਤ ਘਰ-ਪਰਿਵਾਰ, ਪਿਤਰੀ ਸਮਾਜ ਅਤੇ ਲੋਕ ਸੂਝ-ਬੂਝ ਵਿਚਲੀ ਸਿਆਸਤ ਵਿਚੋਂ ਪੈਦਾ ਹੋਏ ਹਨ, ਕੁਝ ਉਸ ਸਿਆਸਤ ਦਾ ਪੱਖ ਪੂਰਦੇ ਹੋਏ ਅਤੇ ਕੁਝ ਉਸ ਸਿਆਸਤ ਦਾ ਵਿਰੋਧ ਕਰਦੇ ਹੋਏ।“ਬੂਹੇ ਬਾਰੀਆਂ ਨਾਲੇ ਕੰਧਾਂ ਟੱਪ ਕੇ, ਆਵਾਂਗੀ ਮੈਂ ਹਵਾ ਬਣ ਕੇ" ਪੰਜਾਬੀ ਲੋਕ ਗੀਤਾਂ 'ਚੋਂ ਸ਼ਾਇਦ ਸਭ ਤੋਂ ਸਿਆਸੀ ਲੋਕ ਗੀਤ ਹੈ। ਏਸੇ ਤਰ੍ਹਾਂ ‘ਕਾਦ੍ਹੇ ਲਈ ਪਾਈਆਂ ਬੈਠਕਾਂ, ਕਾਦ੍ਹੇ ਲਈ ਰਖਿਆ ਈ ਵਿਹੜਾ’, ‘ਵੇ ਓਦੋਂ ਕਿਉਂ ਨਾ ਬੋਲਿਆ ਜਦੋਂ ਬੈਠੇ ਸਾਂ ਸਾਰੇ’, ‘ਚੱਲ ਨੀ ਬੀਬੀ ਚੱਲੀਏ, ਬਾਹਰ ਦੇ ਪੱਜ ਜੋਗੀ ਵੇਖੀਏ ਨੀਂ’, ‘ਹੁੰਦੇ ਭਾਈਆਂ ਦੇ, ਗੀਤ ਨਾ ਦਰੀ ਤੇ ਗਾਈਏ', ‘ਇਕ ਤਾਂ ਸਾਡੀ ਜੇਠਾਣੀ ਜੀ ਬੁਰੀ, ਚੌਕਾਂ ਤੇ ਮਲੱਦੀ ਸਾਰਾ’, ‘ਪੁੱਤਰਾਂ ਬਾਝ ਨਾ ਸੋਂਹਦੀਆਂ ਮਾਵਾਂ', “ਗਿੱਠ ਗਿੱਠ ਹੋਈਆਂ ਟਾਲ੍ਹੀਆਂ.. ਆਦਿ ਗੀਤ ਸਮਾਜਿਕ ਸਿਆਸਤ ਨੂੰ ਪੇਸ਼ ਹੀ ਨਹੀਂ ਕਰਦੇ, ਸਗੋਂ ਇਹ ਬਹੁਤ ਤਗੜੇ ਤੇ ਸਪੱਸ਼ਟ ਸਿਆਸੀ ਬਿਆਨ ਵੀ ਹਨ। ਪ੍ਰਮਿੰਦਰਜੀਤ ਵੀ ਚੇਤੰਨ ਤੌਰ ਤੇ ਸਿਆਸੀ ਹੋਣ ਤੋਂ ਇਨਕਾਰੀ ਹੋਣ ਦੇ ਬਾਵਜੂਦ ਸਿਆਸੀ ਕਵੀ ਹੈ। ਆਪਣੀ ਕਵਿਤਾ ‘ਆਪਣੀ ਕਵਿਤਾ ਵਿਚਲਾ ਚਿਹਰਾ’ ਵਿਚ ਉਹ ਕਹਿੰਦਾ ਹੈ :

ਮੈਂ ਹੀ ਕਿਉਂ
ਮਿੱਟੀ ਦੇ ਖਿਡਾਉਣੇ ਬਣਾ ਬਣਾ ਧਰੀ ਜਾਂਦਾ ਹਾਂ
ਇਕੱਲੀ ਬੱਦਲੀ ਜਿਹਾ
ਤਪਦੇ ਬਰੇਤਿਆਂ ’ਤੇ ਵਰ੍ਹੀ ਜਾਂਦਾ ਹਾਂ ।

ਇਸ ਕਵਿਤਾ ਵਿਚ ਉਹ 'ਪਲਾਸਟਿਕ ਦੇ ਫੁੱਲਾਂ ਜਿਹੀ ਕਵਿਤਾ' ਦੇ ਵਿਰੁੱਧ ਪੈਂਤੜਾ ਲੈਂਦਾ ਹੈ । ਇਹ ਪੈਂਤੜਾ ਸਿਆਸੀ ਪੈਂਤੜਾ ਹੈ। ਪਰ ਪ੍ਰਮਿੰਦਰਜੀਤ ਇਹ ਪੈਂਤੜਾ ਅਵਚੇਤਨ ਹੀ ਆਪਣੀ ਕਵਿਤਾ ਵਿਚ ਨਹੀਂ ਲੈਂਦਾ। ਉਹ ਚੇਤਨ ਤੌਰ 'ਤੇ ਵੀ ਇਹ ਪੈਂਤੜਾ ਲੈਂਦਾ ਹੈ ਜਦੋਂ ਉਹ ਕਹਿੰਦਾ ਹੈ "ਮੇਰੀਆਂ ਕਵਿਤਾਵਾਂ ਵਿਚਲਾ ਪਰਿਵੇਸ਼ ਤੇ ਪਰਿਪੇਖ ਗਲੋਬਲੀ ਚੇਤਨਾ ਵਾਲਾ ਨਹੀਂ ਹੈ, ਇਨ੍ਹਾਂ ਵਿਚ ਦੇਹੀ ਦੇ ਮਾਂਸਲ ਦ੍ਰਿਸ਼ ਵੀ ਸਾਕਾਰ ਨਹੀਂ ਹੁੰਦੇ...।" ਉਸਦੀ ਕਵਿਤਾ ਕੁਝ ਏਹੋ ਜਿਹੀ ਹੈ :

ਕਵਿਤਾ ਲਿਖਾਂ-ਲੋਰੀ ਜਿਹੀ
ਬਿਰਧ ਹੱਥਾਂ ਦੀ ਡੰਗੋਰੀ ਜਿਹੀ
ਬੱਚੇ ਨੂੰ ਸਕੂਲੋਂ ਮਿਲੇ
ਪਹਿਲੇ ਸਬਕ ਜਿਹੀ
ਧੀਰਜ ਭਰੋਸੇ ਸਿਦਕ ਜਿਹੀ
ਰਾਹੀਆਂ ਦੀ ਪਿਆਸ ਲਈ ਪਾਣੀ ਜਿਹੀ
ਜ਼ਿੰਦਗੀ ਨੂੰ ਜੀਣ ਦੇ ਚਾਵਾਂ ਦੇ ਹਾਣੀ ਜਿਹੀ

ਮੇਰੀ ਕਵਿਤਾ ਹੋਵੇ
ਨਿਹੱਥੇ ਦੀ ਲੜਾਈ ’ਚ ਉਹਦਾ ਹਥਿਆਰ
ਬਿਦੋਸ਼ੇ ਦੇ ਹੱਕ ਵਿਚ ਦਿੱਤੀ ਗਵਾਹੀ ਹੋਵੇ
ਉਹ ਕਿਸੇ ਵਹਿਸ਼ੀ ਦੇ ਹੱਥ 'ਚ ਫੜੇ ਖ਼ੰਜਰ ਨੂੰ
ਉਹਦੀ ਹੀ ਹਿੱਕ ਵੱਲ ਮੋੜ ਸਕੇ
ਗੋਲੀ ਨਾਲ ਵਿੰਨ੍ਹੀ ਕਿਸੇ ਨਿਹੱਥੇ ਦੀ ਲੋਥ ਕੋਲ
ਉਸਦੇ ਕਾਤਲ ਦੇ ਸਿਰਨਾਵੇਂ ਸਣੇ ਬਹਿ ਸਕੇ
ਰੋਕ ਸਕੇ ਉਹ ਨਫ਼ਰਤੀ ਯਾਤਰਾਵਾਂ
ਖਰੂਦੀ ਹਜੂਮ ਤੇ ਜਰਵਾਣੀਆਂ ਸੋਚਾਂ ਦਾ ਤਲਿੱਸਮ ਤੋੜ ਸਕੇ
ਆਪਣੇ ਹੱਕਾਂ ਲਈ ਨਿਕਲੇ ਜਲਸ ਵਿਚ ਸ਼ਾਮਲ ਹੋਵੇ

ਇਸ ਕਵਿਤਾ (ਲਿਖਾਂ ਅਜਿਹੀ ਮੈਂ ਇਕ ਕਵਿਤਾ) ਵਿਚ ਵੀ ਉਹ ਇਹ ਪੈਂਤੜਾ ਬੜੇ ਸਾਫ਼ ਸ਼ਬਦਾਂ ਵਿਚ ਲੈਂਦਾ ਹੈ ਤੇ ਕਹਿੰਦਾ ਹੈ ਕਿ ਉਹਦੀ ਕਵਿਤਾ :

ਹੋਵੇ ਨਾ ਉਹ ਕੇਵਲ ਬਿੰਬਾਂ ਦੀ ਉਸਾਰੀ
ਸ਼ਬਦਾਂ ਦੀ ਜਾਦੂਗਰੀ, ਕਲਾਕਾਰੀ
ਮੰਚ ਦੀ ਕਲਾਕਾਰੀ
ਮੰਚ ਦੀ ਅਦਾਕਾਰੀ

ਏਸ ਤਰ੍ਹਾਂ ਉਹ ਇਕ ਹੋਰ ਕਵਿਤਾ ‘ਨਵੀਂ ਕਵਿਤਾ’ ਵਿਚ ਆਪਣੇ ਇਨ੍ਹਾਂ ਬਿਆਨਾਂ ਨੂੰ ਹੋਰ ਵਿਸਥਾਰ ਦਿੰਦਾ ਹੈ :

ਮੇਰੀ ਕਵਿਤਾ ਨਹੀਂ ਸੁਹਜਵੰਤੀ
ਮੋਰਪੰਖੀ
ਕੂਲੀ ਭੂਲੀ ਭਾਸ਼ਾ ਦੀ ਸਤਰੰਗੀ
ਦੇਹ ਦੀਆਂ ਤੈਹਾਂ ’ਚ ਨਹੀਂ ਉਤਰਦੀ
ਮੇਰੀ ਕਵਿਤਾ

ਪ੍ਰਮਿੰਦਰਜੀਤ ਅਜਿਹੇ ਬਿਆਨਾਂ ਰਾਹੀਂ ਆਪਣਾ ਕਾਵਿ-ਸ਼ਾਸ਼ਤਰ ਤਾਂ ਪ੍ਰਭਾਵਿਤ ਕਰਦਾ ਹੀ ਹੈ ਪਰ ਇਸ ਦੇ ਨਾਲ ਹੀ ਉਸ ਦਾ ਕਾਵਿ-ਸੰਸਾਰ ਇਹੋ ਜਿਹੇ ਬਿਆਨਾਂ ਤਕ ਹੀ ਸੀਮਤ ਨਹੀਂ ਰਹਿੰਦਾ । ਉਹ ਸੰਘਰਸ਼ ਵਿਚ ਪਏ ਉਸ ਜਨ ਸਾਧਾਰਨ ਦੇ ਨਕਸ਼ ਉਲੀਕਦਾ ਹੈ , ਜੋ ਕਿਰਤ ਕਰਦੇ ਹਨ, ਝੂਠ/ਸੱਚ ਬੋਲਦੇ ਹਨ, ਜੀਉਣ ਦੇ ਸਬੱਬ ਤਲਾਸ਼ ਕਰਦੇ ਹਨ। ਉਹ ਕਿਸੇ ਜਨ ਅੰਦੋਲਨ ਵਿਚ ਸ਼ਾਮਿਲ ਨਹੀਂ ਹੁੰਦੇ ਪਰ ਉਨ੍ਹਾਂ ਦੇ ਫ਼ਿਕਰਾਂ ਵਿਚ ਉਹ ਸਭ ਕੁਝ ਸ਼ਾਮਿਲ ਹੈ ਜੋ ਬੰਦੇ ਨੂੰ ਬੰਦੇ ’ਚੋਂ ਖੋਰ ਦਿੰਦਾ ਹੈ । ਬੰਦੇ ਦਾ ਅਮਾਨਵੀਕਰਨ ਕਰ ਦਿੰਦਾ ਹੈ। ਪ੍ਰਮਿੰਦਰਜੀਤ ਲਿਖਦਾ ਹੈ :

ਭਾਵੇਂ ਮੈਂ ਕਿਸੇ ਜਨ ਅੰਦੋਲਨ ਵਿਚ ਸ਼ਾਮਿਲ ਨਹੀਂ
ਨਾ ਹੀ ਕਿਸੇ ਜਲਸੇ ਜਲੁਸ ਰੈਲੀ ਵਿਚ ਨਜ਼ਰ ਆਵਾਂ
ਕਿਸੇ ਧਰਨੇ ਭੁੱਖ ਹੜਤਾਲ ਚ ਨਾ ਹੋਵਾਂ ਸ਼ਰੀਕ
ਨਹੀਂ ਤਣਦੀਆਂ ਕਿਸੇ ਨਾਹਰੇ ਨਾਲ
ਮੇਰੀਆਂ ਬਾਹਵਾਂ
ਹੱਕਾਂ ਲਈ ਲੜੀ ਜਾ ਰਹੀ ਕਿਸੇ ਜੰਗ ਦਾ
ਮੋਹਰੀ ਵੀ ਨਹੀਂ ਮੈਂ
ਮੈਂ ਆਪਣੀ ਇਕਾਈ 'ਚ ਬੈਠਾ ਹਜੂਮ ਹਾਂ

ਬੇਸ਼ਕ ਇਸ ਸਭ ਕੁਝ ਵਿਚ
ਨਹੀਂ ਭਾਗੀਦਾਰ ਮੇਰਾ ਜਿਸਮਾਨੀ ਵਜੂਦ
ਪਰ ਮੇਰੇ ਅੰਗ ਸੰਗ ਰਹੇ
ਮੇਰੇ ਹਿੱਸੇ ਦੀ ਫ਼ਿਕਰਮੰਦੀ

ਮੇਰੇ ਫ਼ਿਕਰਾਂ 'ਚ ਸ਼ਾਮਿਲ ਏ
ਜੁੜਿਆ ਉਹ ਸਭ ਕੁਝ
ਜੋ ਬੰਦੇ ਨੂੰ ਬੰਦੇ 'ਚੋਂ ਹੀ ਖੋਰਦਾ ਏ

ਕਾਰਲ ਮਾਰਕਸ ਨੇ ਆਪਣੀ ਟਿੱਪਣੀਆਂ ਵਿਚ ਜਿਨ੍ਹਾਂ ਨੂੰ ਬਾਅਦ ਇਕਨਾਮਕ ਅਤੇ ਪੁਲੀਟੀਕਲ ਮੈਨੂਸਕਰਿਪਟਸ ਦੇ ਨਾਂ ਹੇਠ ਛਾਪਿਆ ਗਿਆ, ਵਿਚ ਬੰਦੇ 'ਚੋਂ ਖੋਰ ਦੇਣ ਵਾਲੀ ਇਸ ਪ੍ਰਕ੍ਰਿਆ ਨੂੰ ਅਰੇਂਜਮੈਂਟ ਜਾਂ ਐਲੀਨੇਸ਼ਨ ਦਾ ਨਾਂ ਦਿੱਤਾ। ਆਪਣੀ ਕਿਤਾਬ “ਸਰਮਾਏ' ਵਿਚ ਉਹਨੇ ਇਸ ਪ੍ਰਕ੍ਰਿਆ ਦੀ ਹੋਰ ਵਿਆਖਿਆ ਕੀਤੀ। ਬਾਅਦ ਵਿਚ ਫਰੈਂਕਫਰਟ ਸਕੂਲ ਦੇ ਚਿੰਤਕਾਂ ਅਤੇ ਅਸਤਿਤਵਵਾਦੀਆਂ ਨੇ ਬੇਗਾਨਗੀ ਦੇ ਇਸ ਪ੍ਰਕ੍ਰਿਆ ਦੇ ਹੋਰ ਨਕਸ਼ ਉਲੀਕੇ।ਇਨਾਂ ਨਕਸ਼ਾਂ ਨੂੰ ਉਲੀਕਣਾ ਸਾਹਿਤ ਦੀ ਹਰ ਵਿਧਾ ਅਤੇ ਸਾਹਿਤਕਾਰਾਂ ਦੇ ਹਿੱਸੇ ਵੀ ਆਇਆ ਹੈ। ਪਰ ਪ੍ਰਮਿੰਦਰਜੀਤ ਆਪਣੀ ਇਸ ਕਿਤਾਬ 'ਚ ਇਸ ਬੇਗਾਨਗੀ ਦੇ ਨਕਸ਼ ਕਈ ਥਾਵਾਂ 'ਤੇ ਉਲੀਕਦਾ ਹੈ। ਉਸ ਦੀ ਕਵਿਤਾ 'ਖਿਲਰੀ ਤਰਤੀਬ' ਵਿਚ ਇਸ ਬੇਗਾਨਗੀ ਦਾ ਵਰਨਣ ਕੁਝ ਇਸ ਤਰ੍ਹਾਂ ਹੈ :

ਖਿਲਰਿਆ ਖਿਲਾਰਿਆ
ਜਿਵੇਂ ਮੈਂ ਸਾਂ
ਉਵੇਂ ਹੀ ਹਾਂ
ਕੋਈ ਵੀ ਤਰਤੀਬ ਨਹੀਂ ਮਿਲੀ ਮੈਨੂੰ
ਮੈਂ ਤਰਤੀਬ ਵਿਚ ਢਲਿਆ ਵੀ ਨਹੀਂ

ਏਸ ਤਰ੍ਹਾਂ ਕਵਿਤਾ ‘ਲਿਸ਼ਕ ਤੇ ਗੂੰਜ’ ਉਸ ਬੇਗਾਨਗੀ ਦਾ ਬਿਆਨ ਹੈ ਜੋ ਆਮ ਮਨੁੱਖ ਦੇ ਪੱਲੇ ਪੈਂਦੀ ਹੈ। ‘ਲੋੜਾਂ ਥੁੜਾਂ ਦੇ ਵਾਵਰੋਲਿਆਂ ਚ ਘਿਰਿਆ’ ਉਹ ‘ਸੁਰਮਈ ਖ਼ਾਬਾਂ' ਦੇ ਸਫ਼ਰ ਤੇ ਤੁਰਦਾ ਅਤੇ ਤੁਰਨ ਦਾ ਯਤਨ ਕਰਦਾ ਹੈ। ਪਰ ਕਈ ਵਾਰੀ ਉਸ ਨੂੰ ‘ਅਣਚਾਹੇ ਦਰਾਂ' 'ਤੇ ਰੁਕਣਾ ਪੈਂਦਾ ਹੈ ਜਿਥੇ ਉਸਦੀ ‘ਦਸਤਕ ਵੀ ਉਲ੍ਹਾਮਾ' ਹੁੰਦੀ ਹੈ :

ਤੁਰਿਆ ਤਾਂ ਸੀ ਉਹ ਵੀ
ਸੁਰਮਈ ਖ਼ਾਬਾਂ ਦੇ ਸਫ਼ਰ ’ਤੇ
ਪਰ ਲੋੜਾਂ ਥੁੜਾਂ ਦੇ ਵਾਵਰੋਲਿਆਂ 'ਚ ਘਿਰਿਆ
ਕਦੇ ਕਦਾਈਂ ਔਝੜ ਰਾਹਾਂ 'ਤੇ ਵੀ ਹੋ ਤੁਰਿਆ

ਕਦੇ ਉਹ
ਅਣਚਾਹੇ ਦਰਾਂ 'ਤੇ ਜਾ ਰੁਕਿਆ
ਜਿਥੇ ਉਹਦੀ ਦਸਤਕ ਵੀ ਉਲ੍ਹਾਮਾ ਹੋਈ

ਕਦੇ ਕਦਾਈਂ
ਉਹ ਉਨ੍ਹਾਂ ਸੂਦਖੋਰ ਹਵੇਲੀਆਂ ਸਾਹਵੇਂ
ਬਣ ਕੇ ਸਵਾਲੀ ਜਾ ਖਲੋਤਾ
ਜਿਥੇ ਕੁਝ ਕੁ ਵਰ੍ਹਿਆਂ ਦੇ ਇਵਜ਼ ਵਿਚ
ਉਮਰ ਹੀ ਰੱਖਣੀ ਪਵੇ ਗਿਰਵੀ
ਸ਼ਾਹੂਕਾਰ ਬਸਤੀਆਂ 'ਚ ਉਹ
ਬੜਾ ਰੁਲਿਆ
ਹੰਕਾਰੀਆਂ ਸੋਚਾਂ ਦੇ ਚਾਬਕ
ਉਹਦੇ ਸਵੈਮਾਣ ਨੂੰ ਕੋਂਹਦੇ ਰਹੇ

ਇਸ ਸਫ਼ਰ 'ਤੇ ਤੁਰਦਿਆਂ ਬੰਦੇ ’ਚੋਂ ਬੰਦਾ ਖੁਰ ਜਾਂਦਾ ਹੈ ਤੇ ਉਹ ‘ਉਸ ਜੀਵ ਜੰਤੂ ਜਿਹਾ' ਹੋ ਜਾਂਦਾ ਹੈ ਜੋ ‘ਬਲੀ ਦੇਣ ਦੀ ਰਸਮ ਲਈ ਰਾਖਵਾਂ' ਹੋਵੇ। ਇਸ ਨਿਜ਼ਾਮ ਵਿਚ ਰਹਿੰਦਿਆਂ ਬੰਦਾ ਬੇਗਾਨਗੀ ਹੰਢਾਉਂਦਾ ਹੈ ਅਤੇ 'ਤਲਵਾਰ ਦੀ ਲਿਸ਼ਕ’ ਅਤੇ ‘ਗੋਲੀ ਦੀ ਗੂੰਜ ਦਾ' ਭੈਅ ਉਸ ਦੀ ਕਿਸਮਤ ਬਣ ਜਾਂਦੇ ਹਨ :

ਹੌਲੀ ਹੌਲੀ
ਉਹ ਹੋ ਗਿਆ
ਉਸ ਜੀਵ ਜੰਤੂ ਜਿਹਾ
ਜਿਹੜਾ ਰੱਖਿਆ ਗਿਆ ਹੋਵੇ
ਬਲੀ ਦੇਣ ਦੀ ਰਸਮ ਲਈ ਰਾਖਵਾਂ
ਲਿਸ਼ਕਦੀ ਤਲਵਾਰ ਹਰ ਪਲ
ਉਸ ਦੀਆਂ ਰਗਾਂ ਦੇ ਵਿਚਕਾਰ ਰਹੇ

ਕਦੇ ਕਦਾਈਂ ਤਾਂ ਇਉਂ ਲਗਦਾ
ਉਹਦਾ ਸਿਰ ਨਿਸ਼ਾਨਚੀਆਂ ਦੇ
ਨਿਸ਼ਾਨਾ ਘੜਨ ਦੇ ਅਭਿਆਸ ਲਈ
ਰੱਖੀ ਗਈ ਕੋਈ ਵਸਤ ਹੋਵੇ
ਗੋਲੀ ਲੰਘ ਤਾਂ ਜਾਂਦੀ ਰਹੀ ਭਾਵੇਂ
ਉਹਦੇ ਸਿਰ ਉਪਰੋਂ
ਪਰ ਉਹਦੀ ਗੂੰਜ
ਸਾਹਾਂ 'ਚ ਖੁਰ ਜਾਂਦੀ

ਹੁਣ ਭਾਵੇਂ
ਬਲੀ ਦੀ ਰਸਮ
ਹੋਵੇ ਜਾਂ ਨਾ ਹੋਵੇ
ਨਿਸ਼ਾਨਾ ਉਹਦੇ ਸਿਰ ਦਾ
ਲੱਗੇ ਭਾਵੇਂ ਨਾ ਲੱਗੇ

ਤਲਵਾਰ ਦੀ ਲਿਸ਼ਕ
ਤੇ ਗੋਲੀ ਦੀ ਗੂੰਜ
ਉਹਦੇ ਮੱਥੇ 'ਚ ਤੁਰਦੀ ਰਹੇ

ਪ੍ਰਮਿੰਦਰਜੀਤ ਦਾ ਇਹ ਬਿਆਨ ਗਾਲਿਬ ਵਿਚਾਰਧਾਰਾ ਅਤੇ ਹਾਲਤਾਂ ਦੁਆਰਾ ਬੰਦੇ ਦੀ ਜ਼ਿੰਦਗੀ ਨੂੰ ਆਪਣੇ ਸ਼ਿਕੰਜਿਆਂ ਵਿਚ ਕੱਸ ਲੈਣ ਦੀ ਸਮਰੱਥਾ ਦਾ ਬਿਆਨ ਹੈ। ਇਨ੍ਹਾਂ ਸ਼ਿਕੰਜਿਆਂ ਵਿਚ ਕੁਝ ਤਾਂ ਸਾਹਮਣੇ ਦਿਸਦੇ ਭੌਤਿਕ ਸ਼ਿਕੰਜੇ ਹਨ ਤੇ ਕੁਝ ਸ਼ਿਕੰਜੇ ਹਨ ਜੋ ਬੰਦੇ ਦੀ ਮਾਨਸਿਕਤਾ ਦੁਆਲੇ ਚੇਤਨ ਅਤੇ ਅਵਚੇਤਨ ਪੱਧਰਾਂ 'ਤੇ ਕੱਸੇ ਜਾਂਦੇ ਹਨ, ਦਿਸਦੇ ਨਹੀਂ। ਕੁਝ ਮਹਿਸੂਸ ਹੁੰਦੇ ਹਨ ਤੇ ਕਈ ਮਹਿਸੂਸ ਵੀ ਨਹੀਂ ਹੁੰਦੇ।

'ਉਹ ਤੁਰੇ' ਪ੍ਰਗਤੀਸ਼ੀਲ ਸਾਹਿਤ ਦੀ ਹਾਸਿਲ ਕਵਿਤਾ ਹੈ। ਪ੍ਰਮਿੰਦਰਜੀਤ ਨੂੰ ਸ਼ਾਇਦ ਪ੍ਰਤੀਸ਼ੀਲ ਜਾਂ ਜਨਵਾਦੀ ਸ਼ਬਦ ਚੰਗੇ ਨਹੀਂ ਲੱਗਦੇ। ਉਹਦਾ ਕਾਰਨ ਸ਼ਾਇਦ ਇਹ ਹੈ ਕਿ ਇਨ੍ਹਾਂ ਸ਼ਬਦਾਂ ਨਾਲ ਜੁੜੇ ਸਾਹਿਤਕਾਰਾਂ ਕਾਰਨ ਇਨ੍ਹਾਂ ਸ਼ਬਦਾਂ ਦੀ ਆਭਾ ਗੁਆਚ ਗਈ ਹੈ। ਪਰ ਉਸਦੀ ਕਵਿਤਾ 'ਉਹ ਤੁਰੇ' ਮਨੁੱਖ ਦੀ ਸੰਘਰਸ਼ਮਈ ਜ਼ਿੰਦਗੀ ਦੇ ਨਕਸ਼ ਉਲੀਕਦੀ ਹੈ ਅਤੇ ਉਨਾਂ ਦੇ ਸੰਘਰਸ਼ ਪ੍ਰਤੀ ਪ੍ਰਮਿੰਦਰਜੀਤ ਦੀ ਅਕੀਦਤ ਦਾ ਬਿਆਨ ਕਰਦੀ ਹੈ :

ਉਹ ਤੁਰਦੇ
ਤਾਂ ਤੁਰਦੀ ਜ਼ਿੰਦਗੀ
ਉਹ ਨਹੀਂ ਹਾਰੇ ਕਦੇ
ਤਾਂ ਹੀ ਜਿੱਤੀ ਜ਼ਿੰਦਗੀ ਸਦਾ
ਸਭ ਕੁਝ ਤੋਂ ਵਿਹੂਣੇ ਹੋ ਕੇ ਵੀ
ਉਹ ਰਹੇ ਭਰੇ ਪੂਰੇ

ਆਪਣੇ ਹੋਣ ਦਾ ਅੰਬਰ
ਉਨ੍ਹਾਂ ਦੇ ਸਿਰਾਂ 'ਤੇ ਰਿਹਾ
ਉਨ੍ਹਾਂ ਦੇ ਪੈਰਾਂ ਨੂੰ
ਰਾਹਾਂ ਦਾ ਖ਼ਾਬ ਆਉਂਦਾ ਰਿਹਾ
ਸਾਂਭ ਕੇ ਰੱਖੇ ਉਨ੍ਹਾਂ
ਜੀਣ ਦੇ ਕੁਝ ਕੁ ਸਬੱਬ
ਅਰਥਹੀਣਤਾ 'ਚੋਂ ਵੀ ਲੱਭ ਲਏ
ਕਈ ਅਰਥ ਨਵੇਂ ਨਵੇਰੇ

ਏਸੇ ਤਰ੍ਹਾਂ ਦੇ ਹੀ ਕਾਵਿ-ਚਿੱਤਰ ਹੋਰ ਕਵਿਤਾਵਾਂ ਵਿਚ ਵੀ ਪੇਸ਼ ਹੁੰਦੇ ਹਨ। ਇਨ੍ਹਾਂ ਸੰਘਰਸ਼-ਚਿੱਤਰਾਂ ਨੂੰ ਪੇਸ਼ ਕਰਦਿਆਂ ਪ੍ਰਮਿੰਦਰਜੀਤ ਪ੍ਰਗਤੀਸ਼ੀਲ ਮੁਹਾਂਦਰੇ ਨੂੰ ਨਵੇਂ ਸ਼ਬਦਾਂ ਤੇ ਅਰਥਾਂ ਵਿਚ ਸਜੌਂਦਾ ਹੈ। ਉਸਦੀ ਨਿੱਜਤਾ ਫੈਲਦੀ ਹੈ ਅਤੇ ਉਸਦਾ ਵਜੂਦ ‘ਤਣੀ ਹੋਈ ਮੁੱਠੀ' ਬਣ ਜਾਂਦਾ ਹੈ :

ਕਿਸੇ ਕਾਰਖਾਨੇ ਦੇ ਪੁਰਜ਼ਿਆਂ ਵਾਂਗ
ਹਜ਼ਾਰਾਂ ਕਾਮਿਆਂ ਦੀਆਂ ਨਾ ਘਸ ਜਾਣ ਉਮਰਾਂ
ਉਨ੍ਹਾਂ ਦਾ ਮਰਨਾ
ਜੀਣ ਨਾਲੋਂ ਔਖਾ ਨਾ ਹੋ ਜਾਏ

ਕੋਈ ਸਿਰ ਨਾ ਰਹੇ ਛੱਤ ਵਿਹੂਣਾ
ਕਿਸੇ ਮੁਟਿਆਰ ਦੀ ਡੋਲੀ ਨੂੰ
ਗੁਰਬਤ ਦੀ ਸਿਓਂਕ ਨਾ ਲੱਗੇ
ਕੋਈ ਬੂਹਾ ਨਿੰਮ ਦੇ ਪੱਤੇ ਬੱਝਣ ਤੋਂ ਨਾ ਵਿਰਵਾ ਰਹੇ
ਕਿਸੇ ਵੀ ਦਰ ਤੋਂ
ਨਿੱਕੀਆਂ-ਨਿੱਕੀਆਂ ਖੁਸ਼ੀਆਂ ਵਾਪਸ ਨਾ ਪਰਤਣ
ਕਿਸੇ ਗੱਭਰੂ ਦੀਆਂ ਅੱਖਾਂ 'ਚ
ਸੁਪਨੇ ਦੀ ਥਾਂ
ਮੋਤੀਆ ਨਾ ਉਤਰ ਆਵੇ
ਤੇ ਉਹਦੀ ਉਮਰ ਅੰਧਰਾਤੇ ਦੀ ਜੂਨੇ ਪੈ ਜਾਵੇ
ਹਰ ਅਸੀਸ ਦਾ ਚਿਹਰਾ ਖਿੜਿਆ ਰਹੇ
ਬਿਰਧ ਹੱਥਾਂ ਦੀ ਡੰਗੋਰੀ ਸਲਾਮਤ ਰਹੇ

ਇਹ ਸਭ ਕੁਝ ਸੋਚਦਾ ਮਹਿਸੂਸਦਾ
ਮੈਂ ਆਪਣੀ ਨਿੱਜਤਾ ਨੂੰ ਫੈਲਦੀ ਤੱਕਾਂ
ਤੇ ਮੇਰਾ ਵਜੂਦ ਹੀ ਜਿਵੇਂ
ਬਣ ਗਿਆ ਹੋਵੇ ਤਣੀ ਹੋਈ ਮੁੱਠੀ
ਤੇ ਮੇਰੇ ’ਚੋਂ ਗੁਜ਼ਰ ਕੇ ਜਾ ਰਿਹਾ ਹੋਵੇ
ਜਿਵੇਂ ਕਾਫ਼ਲਾ ਕੋਈ

ਪ੍ਰਮਿੰਦਰਜੀਤ ਦੀ ਇਹ ਕਿਤਾਬ ਜ਼ਿੰਦਗੀ ਦੇ ਨਰੋਏ ਮੁਹਾਂਦਰੇ ਉਲੀਕਦੀ ਹੋਈ ਆਸ ਅਤੇ ਉਮੀਦ ਦੇ ਮਹਾਂਦਰਿਆਂ ਨੂੰ ਬੜੀ ਸ਼ਿੱਦਤ ਨਾਲ ਉਲੀਕਦੀ ਹੈ। ਇਹ ਗਲੋਬਲੀ ਚੇਤਨਾ ਦੇ ਪਾਸਾਰ ਢੂੰਡਣ ਵਾਲੇ ਕਿਸੇ ਚਿੰਤਕ ਦਾ ਨਿਰਾਸ਼ਾਮਈ ਬਿਆਨ ਨਹੀਂ ਹੈ, ਸਗੋਂ ਉਸ ਕਵੀ ਦਾ ਬਿਆਨ ਹੈ, ਜਿਸ ਕੋਲੋਂ ਕਵਿਤਾ ਅਜੇ ਰੁਖਸਤ ਨਹੀਂ ਹੋਈ, ਜਿਸ ਨੇ ਅਜੇ ਨਵੇਰੇ ਨਕਸ਼ ਸਿਰਜਣੇ ਹਨ :

ਅਜੇ ਨੇ ਸ਼ਾਮਾਂ ਸੁਪਨੇ ਰੰਗੀਆਂ
ਅਜੇ ਪੌਣ ’ਚੋਂ ਆਉਣ ਸੁਗੰਧੀਆਂ
ਅਜੇ ਸਿਰਜਣੇ ਨਕਸ਼ ਨਵੇਰੇ
ਅਜੇ ਲਿਸ਼ਕਣੇ ਪੰਧ ਹਨੇਰੇ
ਅਜੇ ਤੇ ਮੈਂ ਨੇ ਤੂੰ ਏਂ ਹੋਣਾ
ਤੇ ਧਰਤੀ ਨੇ ਅੰਬਰ ਛੋਹਣਾ
ਹੁਣੇ ਹੁਣੇ ਕੁਝ ਜਗਿਆ ਜਗਿਆ
ਕਾਇਆ ਪਿਘਲੀ ਤਰਵਤ ਹੋਈ
ਅਜੇ ਨਾ ਕਵਿਤਾ ਰੁਖ਼ਸਤ ਹੋਈ

ਪ੍ਰਮਿੰਦਰਜੀਤ ਮਨੁੱਖੀ ਰਿਸ਼ਤਿਆਂ ਦਾ ਕਵੀ ਹੈ। ਉਸ ਦੀ ਪਿਛਲੀਆਂ ਕਿਤਾਬਾਂ ਦੇ ਨਾਂ ਹਨ-ਲਿਖਤੁਮ ਪ੍ਰਮਿੰਦਰਜੀਤ’, ‘ਮੇਰੀ ਮਾਰਫ਼ਤ’, ‘ਬਚਪਨ ਘਰ ਤੇ ਮੈਂ' ਤੇ 'ਮੇਰੇ ਕੁਝ ਹਾਸਿਲ’ । ਸਾਰੀਆਂ ਕਿਤਾਬਾਂ ਦੇ ਨਾਵਾਂ ਵਿਚ ਉਸਦੀ ਆਪਣੀ ਮੌਜੂਦਗੀ ਕੁਝ ਇਸ ਤਰ੍ਹਾਂ ਲਗਦੀ ਹੈ, ਜਿਵੇਂ ਉਹ ਆਪਣੀ ਨਿੱਜਤਾ ਦੇ ਨਕਸ਼ ਗੂੜ੍ਹੇ ਕਰ ਰਿਹਾ ਹੋਵੇ। ਆਪਣੇ ਨਾਲ ਜੁੜੇ ਨਾਤੇ ਰਿਸ਼ਤਿਆਂ ਦੇ ਨਕਸ਼ ਗੂੜ੍ਹੇ ਕਰ ਰਿਹਾ ਹੋਵੇ। ਇਸ ਕਿਤਾਬ ਵਿਚ ਵੀ ਬਹੁਤ ਸਾਰੀਆਂ ਕਵਿਤਾਵਾਂ ਜਿਵੇਂ 'ਵਸਤਾਂ ਤੇ ਪੁਰਖੇ’, ‘ਆਪਣੇ ਪਿਤਾ ਦੀ ਉਮਰ ਦਾ ਹੋਣਾ’, ‘ਮਾਂ ਦੀ ਸਹੇਲੀ, 'ਮੇਰਾ ਪਿਤਾ’, ‘ਪਉੜੀ ਜਾਂ ਪਗਡੰਡੀ’, ‘ਛੋਟੇ ਵੱਡੇ ਘਰ', ‘ਬੰਦਾ ਤੇ ਘਰ’, ‘ਮੁਹੱਬਤ ਲਿਖਦੀਆਂ ਕਵਿਤਾਵਾਂ’, ‘ਮੁਹੱਬਤ ਦਾ ਸਿਰਨਾਵਾਂ’, ‘ਜ਼ਿੰਦਗੀ ਦੇ ਸਿਰਨਾਵੇਂ ਜਿਹੀ ਉਹ’, ‘ਮੁਹੱਬਤ’, ‘ਭਰ ਸਰਵਰ’, ‘ਵਰਸਣ ਸੁੱਚੇ ਮੇਘਲੇ’, ‘ਖਰੇ ਖੋਟੇ’, ‘ਪਲੇਟਫਾਰਮ’, ‘ਜੇ ਮੇਰੇ ਘਰ ਧੀ ਜੰਮਦੀ, 'ਇਕ ਪਿਤਾ ਇਕ ਬੇਟਾ', 'ਹਰ ਘਰ ਪੁਰਖਿਆਂ ਵਰਗਾ’, ‘ਪਿਤਾ ਪੁਰਖ' ਮਨੁੱਖੀ ਰਿਸ਼ਤਿਆਂ ਦੀਆਂ ਕਵਿਤਾਵਾਂ ਹਨ। ਇਨ੍ਹਾਂ ਵਿਚਲੇ ਵਰਨਣ ਬਹੁ-ਪਰਤੀ ਹਨ, ਪੇਤਲੇ ਨਹੀਂ। ਇਨ੍ਹਾਂ ਕਵਿਤਾਵਾਂ ਵਿਚ ਰਿਸ਼ਤਿਆਂ ਵਿਚਲੇ ਨਿੱਘ ਦਾ ਬਿਆਨ ਵੀ ਹੈ ਅਤੇ ਉਨ੍ਹਾਂ ਵਿਚਲੀ ਸੰਵਾਦਹੀਣਤਾ ਤੇ ਉਨ੍ਹਾਂ 'ਚੋਂ ਉਪਜੀ ਬੇਗਾਨਗੀ ਦਾ ਵੀ।

ਪਿਤਾ ਅਤੇ ਪੁੱਤਰ ਵਿਚਲੇ ਰਿਸ਼ਤਿਆਂ ਨੂੰ ਸੰਬੰਧਿਤ ਕਵਿਤਾਵਾਂ ਵਿਚਲਾ ਸੰਸਾਰ ਵੀ ਜਟਿਲ ਅਤੇ ਬਹੁਪਰਤੀ ਹੈ। ਆਪਣੇ ਪਿਤਾ ਦੀ ਉਮਰ ਦਾ ਹੋਣਾ ਵਿਚ ਉਸ ਨੂੰ ਲਗਦਾ ਹੈ ਕਿ ਜਿਵੇਂ ਉਹਦੇ ਪਿਤਾ ਦੀ ਉਮਰ ਨੇ ਹੀ ਉਹਦੇ ਜਿਸਮ ਨੂੰ ਪਹਿਨ ਲਿਆ ਹੋਵੇ। “ਮੇਰਾ ਪਿਤਾ’ ਵਿਚ ਪ੍ਰਮਿੰਦਰਜੀਤ ਆਪਣੇ ਪਿਤਾ ਜੀ ਦਾ ਰੇਖਾ ਚਿਤ੍ਰ ਪੇਸ਼ ਕਰਦਾ ਹੈ। ਇਹ ਕਵਿਤਾ ਆਪਣੇ ਸਿਖ਼ਰ 'ਤੇ ਓਦੋਂ ਪਹੁੰਚਦੀ ਹੈ ਜਦੋਂ ਪ੍ਰਮਿੰਦਰਜੀਤ ਕਹਿੰਦਾ ਹੈ ਕਿ ਉਹਦਾ ਪਿਤਾ ਤੇਜਾ ਸਿੰਘ ਦੁਖੀ ਹੋਣ ਦੇ ਬਾਵਜੂਦ ਵੀ 'ਸਾਰਿਆਂ ਦਾ ਭਾਈਆ ਤੇਜਾ ਸਿੰਘ ਬਣਿਆ ਰਿਹਾ'। ਇਸ ਕਵਿਤਾ ਦਾ ਸਿਆਸੀ ਅਵਚੇਤਨ ਇਸ ਗੱਲ ਵਿਚ ਪਿਆ ਹੈ ਕਿ ਉਪਨਾਮ ਦਾ ਭੇਤ, ਭੇਤ ਰਹਿ ਜਾਂਦਾ ਹੈ, ਜੱਗ ਜਾਹਰ ਨਹੀਂ ਹੁੰਦਾ। ਜਿਥੇ 'ਮੇਰੇ ਪਿਤਾ' ਕਵਿਤਾ ਦਾ ਮੂੰਹ ਬੀਤੇ ਹੋਏ ਸਮੇਂ ਵੱਲ ਹੈ, ਓਥੇ ‘ਇਕ ਪਿਤਾ ਇਕ ਬੇਟਾ’ ਦਾ ਮੂੰਹ ਸਮਕਾਲ ਵੱਲ ਹੈ । ਜਨਰੇਸ਼ਨ ਗੈਪ ਜਾਂ ਪੀੜ੍ਹੀ-ਅੰਤਰ ਦੀ ਗੱਲ ਆਮ ਚਲਦੀ ਰਹੀ ਹੈ, ਜਿਸ ਦੇ ਅਰਥ ਹਨ, ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਪ੍ਰਤੀ ਦੋ ਪੀੜ੍ਹੀਆਂ ਦੇ ਨਜ਼ਰੀਏ ਵਿਚਲੇ ਫ਼ਰਕ ਅਤੇ ਉਨ੍ਹਾਂ ਵਿਚਲੀ ਸੰਵਾਦਹੀਣਤਾ ਦੀ ਸਥਿਤੀ।‘ਮੇਰੇ ਪਿਤਾ' ਵਿਚ ਪੀੜ੍ਹੀ-ਅੰਤਰ ਦੀ ਸਥਿਤੀ ਘੱਟ ਉੱਭਰਦੀ ਹੈ। ਉਹ ਤੁਰ ਗਏ ਪਿਤਾ ਦਾ ਰੇਖਾ ਚਿਤ੍ਰ ਹੈ। ਪਰ ‘ਇਕ ਪਿਤਾ ਇਕ ਬੇਟਾ’ ਵਿਚ ਪੀੜ੍ਹੀ-ਅੰਤਰ ਤੇ ਕਾਲ ਪੀੜ੍ਹੀਆਂ ਵਿਚਲੀ ਸਾਂਝ ਤੇ ਅਸਾਂਝ ਦੇ ਆਯਾਮ ਆਪਣੇ ਵੱਖਰੇ-ਵੱਖਰੇ ਨਕਸ਼ਾਂ ਨਾਲ ਉੱਭਰਦੇ ਹਨ। ਜਿਥੇ ਇਹ ਰਿਸ਼ਤੇ ਆਗਿਆਕਾਰੀ ਤੋਂ ਲੈ ਕੇ ਸੰਵਾਦਹੀਣਤਾ ਤਕ ਫੈਲੇ ਹੋਏ ਹਨ, ਓਥੇ ਇਨ੍ਹਾਂ ਰਿਸ਼ਤਿਆਂ ਵਿਚ ਠੰਡੇ ਸਮਕਾਲ ਦੀ ਸਲ੍ਹਾਬ ਹੰਢਾਉਣ ਦੀ ਸਾਂਝ ਵੀ ਹੈ ਅਤੇ ਇਕ ਦੂਸਰੇ ਦੀ ਚੁੱਪ ਦੇ ਗੁਬਾਰਿਆਂ ਨਾਲ ਬੱਝੇ ਹੋਣ ਦੀ ਮਜਬੂਰੀ ਵੀ। ਇਨ੍ਹਾਂ ਬਿਆਨਾਂ ਦੀ ਵਿਆਖਿਆਂ ਇਨ੍ਹਾਂ ਕਵਿਤਾਵਾਂ ਦੀਆਂ ਕੁਝ ਟੂਕਾਂ ਦੇ ਕੇ ਨਹੀਂ ਕੀਤੀ ਜਾ ਸਕਦੀ। ਪੂਰੀਆਂ ਕਵਿਤਾਵਾਂ ਪੜ੍ਹਨੀਆਂ ਚਾਹੀਦੀਆਂ ਹਨ। ਕਿਤੇ ਕਿਤੇ ਮੋਹ-ਭੰਗ ਅਤੇ ਬੇਗਾਨਗੀ ਦਾ ਤਲਖ ਬਿਰਤਾਂਤ ਵੀ ਮਿਲਦਾ ਹੈ :

ਘਰ ਪਰਤਣਾ ਹੀ ਸੀ, ਪਰਤ ਆਇਆ
ਘਰ ਨੂੰ ਮੇਰੀ ਨਹੀਂ
ਮੇਰੀ ਲੋੜ ਦੀ ਉਡੀਕ ਸੀ

ਕਵਿਤਾ 'ਜੇ ਮੇਰੇ ਘਰ ਧੀ ਜੰਮਦੀ' ਇਕ ਵੱਖਰੀ ਤਰ੍ਹਾਂ ਦੀ ਸੰਵੇਦਨਸ਼ੀਲਤਾ ਦਾ ਬਿਆਨ ਹੈ, ਜਿਸ ਵਿਚ ਕਵੀ ਆਪਣੇ ਅਣਜੰਮੀ ਧੀ ਦੇ ਨਾਲ ਹੋ ਸਕਣ ਵਾਲੇ ਰਿਸ਼ਤਿਆਂ ਬਾਰੇ ਸੋਚਦਾ ਹੈ ਤੇ ਉਨ੍ਹਾਂ ਰਿਸ਼ਤਿਆਂ ਨੂੰ ਪੰਜਾਬੀ ਲੋਕ-ਬੋਲ ਵਿਚ ਪਏ ‘ਧੀ ਦਾ ਬਾਬਲ’ ਹੋਣ ਦੇ ਲਕਬ ਵਿਚਲੀ ਸੁਚੇਤਤਾ ਤੇ ਫ਼ਿਕਰਾਂ ਨਾਲ ਜੋੜਦਾ ਹੈ। ਏਸੇ ਤਰ੍ਹਾਂ 'ਮਾਂ ਦੀ ਸਹੇਲੀ' ਕਵੀ ਦੇ ਮਨ ਵਿਚ ਮੋਈ ਮਾਂ ਦੀ ਯਾਦ ਨੂੰ ਵੀ ਤਾਜ਼ਾ ਕਰਦੀ ਹੈ ਅਤੇ ਉਸ ਦਾ ਆਉਣਾ ਇਕ ਨਿਵੇਕਲਾ ਕਾਵਿ-ਦ੍ਰਿਸ਼ ਅਤੇ ਅਹਿਸਾਸ ਸਿਰਜਦਾ ਹੈ :

ਉਸ ਔਰਤ ਦੇ ਜਾਣ ਪਿੱਛੋਂ
ਇਉਂ ਲੱਗਾ ਮੈਨੂੰ
ਆਪਣੀ ਆਪ ਸਹੇਲੀ ਬਣ ਕੇ
ਆਪਣਾ ਕੁਨਬਾ ਵੇਖਣ ਦੇ ਲਈ
ਮੋਈ ਮਾਂ ਜਿਵੇਂ ਘਰ ਆਈ

ਇਨ੍ਹਾਂ ਕਵਿਤਾਵਾਂ ਵਿਚ ਪਿਆਰ-ਕਵਿਤਾਵਾਂ ਵੀ ਹਨ ਜਿਵੇਂ ‘ਮੁਹੱਬਤ ਲਿਖਦੀਆਂ ਕਵਿਤਾਵਾਂ', ‘ਮੁਹੱਬਤ ਦਾ ਸਿਰਨਾਵਾਂ’, ‘ਭਰ ਸਰਵਰ’, ‘ਵਰਸਣ ਸੁੱਚੇ ਮੇਘਲੇ’, ‘ਥੋੜਾ ਜਿਹਾ ਜੀਣ' ਆਦਿ। ਮੁਹੱਬਤ ਦੇ ਚੇਤੇ ਜ਼ਿੰਦਗੀ ਦੀ ਮਕਾਨਕੀ ਚਾਲ ਨੂੰ ਤੋੜਦੇ ਹਨ ਤੇ ਕਵੀ ਸੋਚਦਾ ਹੈ :

ਕੀਤਾ ਜਾ ਸਕਦਾ ਉਸ ਨੂੰ ਫ਼ੋਨ ਵੀ
ਜਿਸਦੀ ਆਵਾਜ਼ 'ਚੋਂ
ਸੁਰਤਾਲ ਵਰ੍ਹਦਾ ਏ
ਜਿਸ ਨੂੰ ਯਾਦ ਕਰਨਾ
ਸਿਮਰਿਤੀਆਂ ਨੂੰ ਅਰਘ ਦੇਣ ਵਰਗਾ
ਮਹਿਸੂਸ ਹੁੰਦਾ ਸੀ

ਮੇਰੇ ਇਸ ਲੇਖ ਦਾ ਸਿਰਲੇਖ ਹੈ ‘ਕੋਈ ਕਰੇ ਅਸਾਂ ਨਾਲ ਬਾਤਾਂ ਨੀ'।ਇਸ ਕਿਤਾਬ ਵਿਚ ਪ੍ਰਮਿੰਦਰਜੀਤ ਸਾਨੂੰ ਹੋਰ ਬਾਤਾਂ ਵੀ ਸੁਣਾਉਂਦਾ ਹੈ। ਆਪਣੀ ਕਵਿਤਾ ‘ਜਾਗ ਤੇ ਸੁੰਞ’ ਵਿਚ ਉਹ ਤੜਕੇ ਉੱਠਦਾ ਹੈ। ਤੜਕਸਾਰ ਦੀ ਕੂਲੀ ਛੋਹ ਮਾਨਣਾ ਚਾਹੁੰਦਾ ਹੈ, ਗੁਰਬਾਣੀ ਸੁਨਣਾ, ਬੱਚੇ ਲਈ ਨਾਸ਼ਤਾ ਬਣਾਉਣਾ ਤੇ ਕਵਿਤਾ ਲਿਖਣੀ ਚਾਹੁੰਦਾ ਹੈ। ਬੱਚੇ ਦਾ ਸੰਸਾਰ ਵੱਖਰਾ ਹੈ। ਅੱਜ-ਕੱਲ੍ਹ ਵਿਦਿਆ ਦੇ ਮੰਡੀਕਰਨ ਕਰਨ ਤੋਂ ਵਿਦਿਆ-ਖੇਤਰ ਵਿਚ ਜਿਹੜੀ ਚੂਹਾ-ਦੌੜ ਸ਼ੁਰੂ ਹੋਈ ਹੈ, ਬੱਚਾ ਉਸਦਾ ਹਿੱਸਾ ਹੈ । ਉਸ ਚੂਹਾ-ਦੌੜ ਦਾ ਆਪਣਾ ਵਿਸ਼ਾਲ ਜਗਤ ਹੈ, ਜੋ ਬੜੇ ਹੀ ਅਕਾਵਿਕ ਸ਼ਬਦ 'ਟਿਊਸ਼ਨ' ਰਾਹੀਂ ਪੇਸ਼ ਹੁੰਦਾ ਹੈ । ਪ੍ਰਮਿੰਦਰਜੀਤ ਨੂੰ ਆਪਣੇ ਕਮਰੇ ਚ ਵਾਪਸ ਆਉਣਾ ਤੇ ਆਪਣੀ ਸੁੰਞ ਦਾ ਸਾਮ੍ਹਣਾ ਕਰਨਾ ਪੈਂਦਾ ਹੈ । ਏਸੇ ਤਰ੍ਹਾਂ ਦੇ ਪ੍ਰਭਾਵ 'ਬੁਰੀ ਆਦਤ’ ’ਚੋਂ ਮਿਲਦੇ ਹਨ ਜਿਥੇ ਉਹ ਇਸ ਗੱਲ ਦਾ ਇਕਬਾਲ ਕਰਦਾ ਹੈ ਕਿ ਉਹ ਦੂਸਰਿਆਂ ਦੇ ਸ਼ਾਂਤ ਪਾਣੀਆਂ ਜਿਹੀ ਚੁੱਪ ਵਿਚ ਆਪਣਾ ਸ਼ੋਰ ਘੋਲ ਦਿੰਦਾ ਹੈ । 'ਮੇਰੀ ਮੈਂ, ਮਖੌਟਾ', ‘ਆਪਣੀ ਕਵਿਤਾ ਵਿਚਲਾ ਚਿਹਰਾ' ਅਤੇ ‘ਖਿਲਰੀ ਤਰਤੀਬ’ ਵੀ ਅਜਿਹੇ ਪ੍ਰਭਾਵ ਦਿੰਦੀਆਂ ਹਨ ਅਤੇ ਉਨ੍ਹਾਂ ਪਰੇਸ਼ਾਨੀਆਂ ਤੇ ਕਸ਼ਮਕਸ਼ਾਂ ਦਾ ਜ਼ਿਕਰ ਕਰਦੀਆਂ ਹਨ ਜੋ ਅੱਜ ਦੇ ਯੁੱਗ ਵਿਚ ਬੰਦੇ ਨੂੰ ਝੱਲਣੀਆਂ ਪੈਂਦੀਆਂ ਹਨ। ਆਪਣੀ ਕਵਿਤਾ 'ਸੇਲ' ਵਿਚ ਉਹ ਉਸ ਦ੍ਰਿਸ਼ਮਈ ਸਮਾਜ ਦਾ ਦ੍ਰਿਸ਼ ਉਲੀਕਦਾ ਹੈ ਤੇ ਦੱਸਦਾ ਹੈ “ਥਾਂ ਥਾਂ 'ਤੇ ਲੱਗੀ ਹੋਈ ਏ ਸੇਲ'। ਪਰ ਨਾਲ ਇਹ ਵੀ ਦੱਸਦਾ ਹੈ ਸਮਾਜ ਵਿਚ ਕਈ ਕੁਝ ਹੋਰ ਵੀ ਹੈ, ਜੋ ਸਸਤਾ ਹੋ ਰਿਹਾ ਹੈ ‘ਮਨੁੱਖ, ਮੁਹੱਬਤ, ਰਿਸ਼ਤੇ ਤੇ ਆਬਰੂ' । ਇਹੋ ਜਿਹੀਆਂ ਅਲਾਮਤਾਂ ਨੂੰ ਜੂਲੀਆ ਕ੍ਰਿਸਤੇਵਾ ਨੇ 'ਰੂਹ ਦੀਆਂ ਨਵੀਆਂ ਬਿਮਾਰੀਆਂ' ਕਿਹਾ ਹੈ। ਜੂਲੀਆ ਕ੍ਰਿਸਤੇਵਾ ਨੂੰ ਲੱਗਦਾ ਹੈ ਅੱਜ ਦੇ ਮਨੁੱਖ ਦੀ ਅੰਦਰਲੀ ਸਪੇਸ ਜਾਂ ਰੂਹ ਗਵਾਚਦੀ ਜਾ ਰਹੀ ਹੈ ਪਰ ਉਸ ਨੂੰ ਇਸ ਦਾ ਪਤਾ ਨਹੀਂ ਹੈ। ਪ੍ਰਮਿੰਦਰਜੀਤ ਆਪਣੀਆਂ ਕਵਿਤਾਵਾਂ ਵਿਚ ਇਨ੍ਹਾਂ ਅਲਾਮਤਾਂ ਤੇ ਬਿਮਾਰੀਆਂ ਦੀ ਸ਼ਨਾਖਤ ਕਰਦਾ ਹੈ।

ਪ੍ਰਮਿੰਦਰਜੀਤ ਦੀ ਕਵਿਤਾ ‘ਹਿਜਰਤ’ ਵਿਚਲਾ ਬਿਆਨ ਕੁਝ ਵੱਖਰੀ ਤਰ੍ਹਾਂ ਦਾ ਹੈ। ਇਹ ਕਵਿਤਾ ਪੰਜਾਬ ਅਤੇ ਪੰਜਾਬ ਦੀ ਹੋਣੀ ਨੂੰ ਬੜੇ ਮਾਰਮਿਕ ਸ਼ਬਦਾਂ ਵਿਚ ਉਲੀਕਦੀ ਹੈ। ਪ੍ਰਮਿੰਦਰਜੀਤ ਬਹੁਤ ਚਿਰਾਂ ਤੋਂ ਆਪਣੇ ਕਾਲਮਾਂ ਵਿਚ ਕਹਿੰਦਾ ਰਿਹਾ ਕਿ ਸਾਨੂੰ ਪੰਜਾਬ ਦੀ ਵੰਡ ਪ੍ਰਤੀ ਭਾਵੁਕ ਨਹੀਂ ਹੋਣਾ ਚਾਹੀਦਾ। ਬਟਵਾਰਾ ਹੁਣ ਇਤਿਹਾਸ ਦਾ ਹਿੱਸਾ ਏ। ਪਰ ਇਹ ਕਵਿਤਾ ਦੱਸਦੀ ਏ ਕਿ ਇਹ ਦਰਦ ਮਿਟਾਇਆਂ ਨਹੀਂ ਮਿਟਦਾ । ਯਾਸਮੀਨ ਖਾਨ ਅਨੁਸਾਰ ਇਹ ਵੰਡ ਬੜੀ ‘ਲੰਬੀ ਵੰਡ’ ਹੋ ਗੁਜ਼ਰੀ ਏ। ਉਹ ਕਹਿੰਦੀ ਏ ਕਿ ਬਟਵਾਰੇ ਵੇਲੇ “ਰਾਸ਼ਟਰਵਾਦ ਨੇ ਆਪਣੀ ਕੀਮਤ ਲਹੂ ਦੇ ਨਾਲ ਵਸੂਲੀ।" ਉਸ ਦਾ ਨਤੀਜਾ ਪ੍ਰਮਿੰਦਰਜੀਤ ਦੀ ਕਵਿਤਾ ਵਿਚਲਾ ‘ਦੋ ਟੋਟੇ ਹੋਇਆ ਮੁਲਕ' ਹੈ। ਉਹ ‘ਦੋ ਟੋਟੇ ਹੋਇਆ ਮੁਲਕ’ ਸਾਡੇ ਏਨਾ ਅੰਦਰ ਵੜ ਕੇ ਬੈਠਾ ਹੋਇਆ ਹੈ ਕਿ ਕਵੀ ਨੂੰ ਕਹਿਣਾ ਪੈਂਦਾ ਹੈ :

ਨਹੀਂ ਸਾਂ ਮੈਂ
ਦੋ ਟੋਟੇ ਹੋਇਆ ਮੁਲਕ ਕੋਈ
ਨਹੀਂ ਸੀ ਤੌਖਲਾ ਮੇਰੇ ਤੋਂ
ਕਿਸੇ ਫ਼ਿਰਕੂ ਕਤਲੋਗਾਰਤ ਦਾ

ਪ੍ਰਮਿੰਦਰਜੀਤ ਦੀ ਇਹ ਕਵਿਤਾ ਇਤਿਹਾਸ ਦੇ ਨਾਲ ਜੁੜੀ ਹੋਈ ਹੈ। ਬਟਵਾਰੇ ਤੋਂ ਡਰਿਆ ਕਵੀ/ਪੰਜਾਬੀ ਮਨੁੱਖ ਉਸ ਵੇਲੇ ਤਕ ਪਹੁੰਚਦਾ ਹੈ ਜਦ ਪੰਜਾਬ ਦੇ ਮਾਨਸਿਕ ਅਤੇ ਭੌਤਿਕ ਚਿੱਤਰਪਟ ਤੇ ਤ੍ਰਿਸ਼ੂਲ ਅਤੇ ਕਿਰਪਾਨਾਂ ਲਿਸ਼ਕ ਰਹੀਆਂ ਸਨ। ਇਨ੍ਹਾਂ ਹਾਲਤਾਂ ਵਿਚ ਪੰਜਾਬੀ ਬੰਦੇ ਚੋਂ ਕੋਈ 'ਹਿਜਰਤ' ਕਰ ਗਿਆ ਹੈ। ਇਹ ਹਿਜਰਤ ਕਰ ਗਿਆ ਕੌਣ ਹੈ ? ਮੁਲਖ, ਦੇਸ ਅਤੇ ਰਾਸ਼ਟਰ ਦੀ ਇਸ ਬਸਤੀਵਾਦੀ ਬਣਤਰ ਨੇ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਉਸਤਾਦ ਦਾਮਨ ਤੇ ਅਹਿਮਦ ਰਾਹੀ ਤੋਂ ਲੈ ਕੇ ਹੁਣ ਤੱਕ ਦੇ ਪੰਜਾਬੀ ਕਵੀਆਂ ਤੇ ਚਿੰਤਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲਈ ਰੱਖਿਆ ਹੈ ਤੇ ਲਈ ਰੱਖਣਾ ਹੈ ਤੇ ਅਸੀਂ ਵੀ 'ਮੁਲਕ' ਜਾਂ 'ਦੇਸ’ ਸ਼ਬਦਾਂ ਦੀ ਪਤਾ ਨਹੀਂ ਕਦੋਂ ਤਕ ਵਿਰਚਨਾ ਕਰਦੇ ਰਹਿਣਾ ਹੈ । ਜੋ ਸਾਡੇ 'ਚੋਂ 'ਹਿਜਰਤ’ ਕਰ ਗਿਆ ਹੈ, ਉਸ ਦੀ ਤਲਾਸ਼ ਕਰਦੇ ਰਹਿਣਾ ਹੈ।

ਇਸ ਤਰ੍ਹਾਂ ਇਨ੍ਹਾਂ ਕਵਿਤਾਵਾਂ ਦਾ ਪਾਠ ਇਹ ਗੱਲ ਸਪੱਸ਼ਟ ਕਰਦਾ ਹੈ ਕਿ ਇਹ ਕਵਿਤਾਵਾਂ ਕਿਸੇ ਪਾਰਟੀ ਵਿਸ਼ੇਸ਼ ਦਾ ਮੈਨੀਫੈਸਟੋ ਨਹੀਂ ਹਨ। ਇਹ ਉਤਰ-ਬਸਤੀਵਾਦ ਪੰਜਾਬ ਦੀਆਂ ਜਾਗੀਰਦਾਰੀ-ਸਰਮਾਏਦਾਰੀ ਸੰਰਚਨਾਵਾਂ ਵਿਚ ਘਿਰੇ ਮਨੁੱਖ ਦੀ ਬੇਗਾਨਗੀ, ਇਕਲਾਪੇ ਅਤੇ ਉਹਦੀ ਜ਼ਿੰਦਗੀ ਲਈ ਲਲਕ ਦਾ ਮੈਨੀਫੈਸਟੋ ਹੈ। ਇਹ ਅੱਜ ਦੇ ਪੰਜਾਬ ਦੀ ਕੋਹੀ ਹੋਈ ਰੂਹ ਦਾ ਮੈਨੀਫੈਸਟੋ ਹੈ। ਇਹ ਗੜ੍ਹ ਗੜ੍ਹ ਕਰਕੇ ਵੱਜਦੇ ਪੌਪ ਗਾਣਿਆਂ ਤੇ ਡੀ.ਜੇ. ਦੀਆਂ ਧੁਨਾਂ ਦੇ ਹੱਸਦੇ ਤੇ ਨੱਚਦੇ ਦਿਸਦੇ ਪੰਜਾਬ ਅੰਦਰਲੀ ਖ਼ਾਮੋਸ਼ੀ ਤੇ ਇਕੱਲ ਦਾ ਮੈਨੀਫੈਸਟੋ ਹੈ। ਇਹ ਉਸ ਮਨੁੱਖ ਦੇ ਸਫ਼ਰ ਦਾ ਮੈਨੀਫੈਸਟੋ ਹੈ, ਜੋ ਉਸ ‘ਇਕਲਾਪੇ ਨੂੰ ਝੇਲਦਾ ਹੈ ਪਰ ਨਾਲ-ਨਾਲ ਦੋਸਤ, ਸਾਥੀ ਅਤੇ ਕਾਰਵਾਂ ਤਲਾਸ਼ ਕਰਦਾ ਹੈ। ਇਹ ਉਸ ਦੇ ਹੌਸਲੇ ਦਾ ਮੈਨੀਫੈਸਟੋ ਹੈ ਜੋ ਵੱਖ ਵੱਖ ਤਰ੍ਹਾਂ ਦੀਆਂ ਸਥਾਪਤੀਆਂ ਵਿਰੁੱਧ ਪੈਂਤੜਾ ਲੈਂਦਾ ਹੈ, ਸਾਧਾਰਣ ਮਨੁੱਖ ਵਾਂਗ ਪੈਂਤੜੇ ਬਦਲਦਾ ਹੈ ਅਤੇ ਹਾਰ ਜਾਂਦਾ ਹੈ। ਉਸ ਦੀ ਹਾਰ ਹੀ ਉਸਦੀ ਜਿੱਤ ਹੈ।ਉਸਦਾ ਸਫ਼ਰ ਹੀ ਉਸ ਦਾ ਵਿਜੈ-ਨਾਦ ਹੈ।

(4).

ਪ੍ਰਮਿੰਦਰਜੀਤ ਨੇ ਆਪਣੀ ਕਿਤਾਬ ਦਾ ਨਾਂ ‘ਤਨ ਤਕੀਆ’ ਰੱਖਿਆ ਹੈ। ਕੁਝ ਸ਼ਬਦ ਇਹਦੇ ਬਾਰੇ ਵੀ ਕਹਿਣੇ ਬਣਦੇ ਹਨ। ਜਦ ਮੈਂ ਪ੍ਰਮਿੰਦਰਜੀਤ ਹੋਰਾਂ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਤਨ ਦੇ ਅਰਥ ਤਾਂ ਓਹੋ ਹਨ ਦੇਹ, ਸਰੀਰ, ਜਿਸਮ, ਜਿਹੜੇ ਅਸੀਂ ਆਮ ਵਰਤਦੇ ਹਾਂ । ਤਕੀਆ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਜੋ ਅਰਥ ਉਨ੍ਹਾਂ ਲਏ ਹਨ ਉਹ ਹਨ-ਥਾਂ, ਜਗ੍ਹਾ, ਸੱਥ ਆਦਿ।ਤਕੀਆ ਦੇ ਅਰਥ ਕਿਸੇ ਫ਼ਕੀਰ ਦੀ ਜਗ੍ਹਾ ਵੀ ਹੁੰਦੇ ਹਨ। ਤਾਂ ਕੁਝ ਰਲਾ-ਮਿਲਾ ਕੇ ਇਸ ਦੇ ਅਰਥ ਇਹ ਬਣਦੇ ਹਨ ਕਿ ਤਨ ਉਹ ਸੱਥ ਜਾਂ ਸਥਾਨ ਹੈ ਜਿਥੇ ਉਹ ਗੱਲਾਂ ਤੇ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦੀਆਂ ਬਾਤਾਂ ਪ੍ਰਮਿੰਦਰਜੀਤ ਨੇ ਆਪਣੀ ਕਿਤਾਬ ਵਿਚ ਕੀਤੀਆਂ ਹਨ।

ਸੰਸਕ੍ਰਿਤ ਵਿਚ ਤਨ ਸ਼ਬਦ ਜਿਸ ਧਾਤੂ ਧਾ ਤੋਂ ਬਣਿਆ ਹੈ ਉਸ ਦੇ ਅਰਥ ਹਨ ਫੈਲਾਉਣਾ, ਵਿਸਤਾਰ ਕਰਨਾ, ਤਨਣਾ। ਇਹ ਸ਼ਬਦ ਸੰਤਾਨ ਅਤੇ ਧਨ ਲਈ ਵੀ ਵਰਤਿਆ ਜਾਂਦਾ ਹੈ। ਗੁਰੂ ਬੋਲ ਹਨ-'ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ’ (ਰਾਗ ਆਸਾ)। ਗੁਰੂਬਾਣੀ ਵਿਚ ਇਸ ਦੇ ਅਰਥ ਸੰਗ ਸਾਥ ਵਾਲੇ ਵੀ ਹਨ “ਕ੍ਰਿਪਾ ਦ੍ਰਿਸਟਿ, ਤਨ ਜਾਹਿ ਨਿਹਰਿਹੋ" (ਚੌਪਈ) ‘ਦਯਾ ਛਿਮਾ ਤਨ ਪ੍ਰੀਤਿ' (ਹਜਾਰੇ 10)। ਗੁਰੂ ਰਵਿਦਾਸ ਜੀ ਨੇ ਵੀ ਇਸ ਸ਼ਬਦ ਨੂੰ ਸੰਗੀ ਸਾਥ ਲਈ ਵਰਤਿਆ ਹੈ “ਘਰ ਕੀ ਨਾਰਿ ਉਰਹਿ ਤਨ ਲਾਗੀ"।

ਪਰ ਇਹ ਫਾਰਸੀ ਤੋਂ ਆਇਆ ਸ਼ਬਦ ਤਨ ਹੈ, ਜਿਸ ਦੇ ਅਰਥ ਦੇਹ, ਸਰੀਰ, ਜਿਸਮ, ਬਦਨ ਆਦਿ ਹਨ ਜੋ ਪੰਜਾਬੀ ਵਿਚ ਮਕਬੂਲ ਹੁੰਦਾ ਹੈ ਤੇ ਸ਼ੇਖ ਫਰੀਦ ਤੋਂ ਲੈ ਕੇ ਅੱਜ ਤਕ ਦੇ ਪੰਜਾਬੀ ਸਾਹਿਤ ਅਤੇ ਬੋਲਚਾਲ ਵਿਚ ਇਉਂ ਸਮੋਇਆ ਜਾਂਦਾ ਹੈ ਜਿਵੇਂ ਇਹ ਮੌਲਿਕ ਪੰਜਾਬੀ ਸ਼ਬਦ ਹੋਵੇ।

ਉਨੀਵੀਂ ਅਤੇ ਵੀਹਵੀਂ ਸਦੀ ਦੇ ਪੱਛਮੀ ਦਰਸ਼ਨ ਵਿਚ ਤਨ ਕੇਂਦਰ ਵਿਚ ਰਿਹਾ ਹੈ । ਵੀਹਵੀਂ ਸਦੀ ਵਿਚ ਫੂਕੋ ਤੇ ਜੂਲੀਆ ਕ੍ਰਿਸਤੇਵਾ ਤੋਂ ਲੈ ਕੇ ਗਾਇਤਰੀ ਚੱਕਰਵਰਤੀ ਸਪੀਵਾਕ ਨੇ ਸਾਡਾ ਧਿਆਨ ਏਸ ਪਾਸੇ ਖਿੱਚਿਆ ਹੈ ਕਿ ਇਹ ਮਨੁੱਖੀ ਤਨ ਹਨ, ਜਿਨ੍ਹਾਂ ’ਤੇ ਇਤਿਹਾਸ ਦੀ ਸਭ ਤੋਂ ਦਹਿਸ਼ਤਨੁਮਾ ਤੇ ਖੌਫ਼ਨਾਕ ਨਿਸ਼ਾਨਦੇਹੀ ਹੁੰਦੀ ਹੈ । ਪਰ ਇਨ੍ਹਾਂ ਦਾਰਸ਼ਨਿਕਾਂ ਤੋਂ ਪਹਿਲਾਂ ਤਨ ਦੀ ਪ੍ਰਾਥਮਿਕਤਾ ਤੇ ਸਭ ਤੋਂ ਜ਼ਿਆਦਾ ਜ਼ੋਰ ਫਰਾਇਡ ਨੇ ਦਿੱਤਾ। ਉਸ ਨੇ ਖਾਹਿਸ਼ਾਂ, ਕਾਮਨਾਵਾਂ ਤੇ ਲੋੜਾਂ ਦਾ ਆਧਾਰ ਤਨ ਤੇ ਉਹ ਵੀ ਤਨ ਦੇ ਕਾਮ ਨਾਲ ਸੰਬੰਧਿਤ ਕੁਝ ਹਿੱਸਿਆਂ ਨੂੰ ਮੰਨਿਆ। ਉਸ ਨੇ ਸਾਰੇ ਮਨੁੱਖੀ ਜੀਵਨ, ਸਮਾਜਿਕਤਾ ਅਤੇ ਸਭਿਆਚਾਰ ਦਾ ਧੁਰਾ ਉਸ ਨੂੰ ਬਣਾਇਆ ਜੋ ਬਚਪਨ ਵਿਚ ਤਨ ਤੇ ਵਾਪਰਦਾ ਹੈ । ਉਸ ਤੋਂ ਬਾਅਦ ਆਉਣ ਵਾਲੇ ਮਨੋਵਿਗਿਆਨੀਆਂ, ਜਿਨ੍ਹਾਂ ਵਿਚ ਕਾਰਡਾਈਨਰ ਤੋਂ ਲੈ ਕੇ ਐਰਿਕ ਫਰੋਮ ਸ਼ਾਮਿਲ ਹਨ, ਨੇ ਤਨ ਦੀ ਕਿਰਿਆਵਾਂ ਦੇ ਨਾਲ-ਨਾਲ ਸਮਾਜਿਕ ਪ੍ਰਕਿਰਿਆਵਾਂ ਦੇ ਮਹੱਤਵ ਨੂੰ ਸ਼ਾਮਿਲ ਕੀਤਾ।ਲਾਕਾਂ ਨੇ ਭਾਸ਼ਾ ਦੇ ਰੋਲ ਨੂੰ ਬੁਨਿਆਦੀ ਮੰਨਿਆ। ਇਸ ਤੋਂ ਪਹਿਲਾਂ ਮਾਰਕਸ ਨੇ ਮਨੁੱਖੀ ਸਰੀਰ ਦੇ ਬੁਨਿਆਦੀ ਮਹੱਤਵ ਤੇ ਜ਼ੋਰ ਦਿੱਤਾ ਸੀ। ਉਹ ਚੀਜ਼ ਜਿਸ ਨੂੰ ਅਧਿਆਤਮਵਾਦੀ ਰੂਹ ਜਾਂ ਚੇਤਨਤਾ ਜਾਂ ਆਪਾ ਕਹਿੰਦੇ ਸਨ ਦੀ ਥਾਂ 'ਤੇ ਤਨ ਅਤੇ ਤਨ ਦੀਆਂ ਲੋੜਾਂ ਨੂੰ ਪ੍ਰਥਮ ਮੰਨਿਆ ਸੀ। ਪਰ ਇਹ ਸਭ ਕੁਝ ਮਾਰਕਸ ਅਨੁਸਾਰ ਕਿਸੇ ਇਤਿਹਾਸਕ ਜਾਂ ਸਮਾਜਿਕ ਸੰਦਰਭ ਵਿਚ ਉਸ ਵੇਲੇ ਦੇ ਉਤਪਾਦਨ ਦੇ ਰਿਸ਼ਤਿਆਂ ਨੇ ਤਹਿ ਕਰਨਾ ਹੈ। ਅਸਤਿਤਵਾਦੀਆਂ ਤੇ ਖ਼ਾਸ ਕਰਕੇ ਸਾਰਤਰ, ਕਾਮੂ ਤੇ ਸਿੰਮੋ ਦੀ ਬੈਊਰ ਨੇ ਵੀ ਆਪਣੇ ਵੇਲੇ ਦੇ ਮਨੁੱਖ ਦੀਆਂ ਆਪਣੇ ਤਨ ਦੇ ਨਾਲ ਹੋ ਰਹੀਆਂ ਲੜਾਈਆਂ ਅਤੇ ਉਸ ਤੋਂ ਉਪਜੀ ਖਿਝ ਦੀਆਂ ਕਹਾਣੀਆਂ ਦੱਸੀਆਂ। ਫੂਕੋ, ਜੂਲੀਆ ਕ੍ਰਿਸਤੇਵਾ ਅਤੇ ਗਾਈਜ ਡੀਲੂਜ ਤਕ ਆਉਂਦਿਆਂ ਹੋਇਆਂ ਤਨ ਤੇ ਵਾਪਰਣ ਵਾਲੀਆਂ ਪ੍ਰਕਿਰਿਆਵਾਂ ਅਤੇ ਜਬਰਾਂ ਦੀ ਕਹਾਣੀ ਸਿਆਸੀ ਕਹਾਣੀ ਬਣ ਗਈ। ਗਿਆਨ ਨੂੰ ਉਹ ਪ੍ਰਵਚਨ ਕਿਹਾ ਗਿਆ, ਜੋ ਹਮੇਸ਼ਾ ਮਨੁੱਖੀ ਤਨ ਅਤੇ ਮਨ ਨੂੰ ਵੱਸ ਵਿਚ ਰੱਖਣ ਲਈ ਵਰਤਿਆ ਜਾਂਦਾ ਹੈ।

ਯਹੂਦੀ ਧਰਮ, ਇਸਾਈ ਧਰਮ ਅਤੇ ਇਸਲਾਮ ਦੀ ਮੁਕੱਦਸ ਕਿਤਾਬ ‘ਓਲਡ ਟੈਸਟਾਮੈਂਟ ਵਿਚ ਆਦਮ ਦੇ ਤਨ ਵਿਚੋਂ ਇਕ ਪਸਲੀ ਕੱਢ ਕੇ ਮਾਈ ਹੱਵਾ ਪੈਦਾ ਕੀਤੀ ਜਾਂਦੀ ਹੈ। ਸ਼ੈਤਾਨ ਦੇ ਉਕਸਾਉਣ ਤੇ ਆਦਮ ਰੂਹਾਨੀ ਪਾਤਸ਼ਾਹ ਰੱਬ ਦੇ ਆਦੇਸ਼ ਦੀ ਉਲੰਘਣਾ ਕਰਦਾ ਹੈ ਅਤੇ ਵਰਜਿਤ ਫਲ ਖਾਂਦਾ ਹੈ। ਇਹ ਫਲ ਖਾਣ ਨਾਲ ਉਹਨੂੰ ਤੇ ਮਾਈ ਹੱਵਾ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਤਨ ਨੰਗੇ ਹਨ। ਉਹ ਤਨ ਢੱਕਣ ਦੀ ਕੋਸ਼ਿਸ਼ ਕਰਦੇ ਹਨ। ਰੂਹਾਨੀ ਪਾਤਸ਼ਾਹ ਨੂੰ ਪਤਾ ਲੱਗ ਜਾਂਦਾ ਹੈ ਕਿ ਆਦਮ ਨੇ ਉਸ ਦੇ ਹੁਕਮ ਦੀ ਉਲੰਘਣਾ ਕੀਤੀ ਹੈ। ਉਸ ਨੂੰ ਸਜ਼ਾ ਮਿਲਦੀ ਹੈ ਤੇ ਉਹ ਰੱਬ ਦੇ ਦੇਸ ਤੋਂ ਦੇਸ-ਬਦਰ ਹੋ ਕੇ ਧਰਤੀ 'ਤੇ ਆ ਜਾਂਦਾ ਹੈ ਤੇ ਜਲਾਵਤਨੀ ਭੋਗਦਾ ਹੈ । ਫਿਰ ਤਨ ਨੂੰ ਆਤਮਾ ਬਖ਼ਸ਼ਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਮਰਦ ਤੇ ਔਰਤ ਦੇ ਤਨ ਨੂੰ ਹਿਰਸ ਦਾ ਘਰ ਮੰਨਿਆ ਜਾਂਦਾ ਹੈ । ਰੋਮਨ ਕੈਥੋਲਿਕ ਧਰਮ ਆਪਣੇ ਪਾਦਰੀਆਂ ਦੇ ਤਨ ਦੀ ‘ਪਵਿੱਤਰਤਾ' ਦੇ ਸਿਧਾਂਤ ਨੂੰ ਆਪਣੇ ਧਰਮ ਦਾ ਆਂਤਰਿਕ ਹਿੱਸਾ ਬਣਾ ਲੈਂਦਾ ਹੈ। ਤਨ ਦੀਆਂ ਖਾਹਿਸ਼ਾਂ ਨੂੰ ਅਪਰਾਧ ਭਾਵਨਾ ਨਾਲ ਜੋੜਿਆ ਜਾਂਦਾ ਹੈ।

ਭਾਰਤੀ ਪਰੰਪਰਾਵਾਂ ਵਿਚ ਤਨ ਦੀ ਕਹਾਣੀ ਕੁਝ ਵੱਖਰੀ ਤਰ੍ਹਾਂ ਦੀ ਹੈ। ਧਰਮ, ਅਰਥ, ਕਾਮ ਅਤੇ ਮੋਕਸ਼ ਦੇ ਸੰਕਲਪਾਂ ਨੂੰ ਬਰਾਬਰੀ ਦਾ ਮਹੱਤਵ ਦਿੱਤਾ ਜਾਂਦਾ ਹੈ । ਅਥਰਵ ਵੇਦ ਦੀ ਇਕ ਰਿਚਾ ਕਾਮ ਨੂੰ ਸਰਵਉੱਚ ਪਦਵੀ ਉੱਤੇ ਬਿਰਾਜਮਾਨ ਕਰਦੀ ਹੈ। ਵਾਇਤਸਾਨ ਦਾ ਕਾਮਸੂਤਰ, ਭਰਤਰੀ ਹਰੀ ਦਾ ਸ਼ਿੰਗਾਰ-ਸ਼ਤਕ, ਭੀਲਨ ਦੀ ਕਵਿਤਾ ਅਤੇ ਹੋਰ ਬਹੁਤ ਸਾਰੀਆਂ ਰਚਨਾਵਾਂ, ਖਜੁਰਾਹੋ ਅਤੇ ਕੋਨਾਰਕ ਦੇ ਮੰਦਰਾਂ ਦੀ ਪਰੰਪਰਾ ਤਨ ਦੀ ਲੀਲਾ ਉੱਤੇ ਕੇਂਦਰਿਤ ਹਨ। ਵੈਸ਼ਣਵ ਧਰਮ ਦੇ ਭਿੰਨ-ਭਿੰਨ ਪੰਥਾਂ ਤੇ ਚਿੰਤਕਾਂ ਤੇ ਕਵੀਆਂ ਦੀ ਕਵਿਤਾ ਵਿਚ ਹਿੰਦੋਸਤਾਨੀ ਬੰਧਨਾਂ ਵਿਚ ਬੱਧੇ ਮਰਦਾਂ ਤੇ ਔਰਤਾਂ ਦੀ ਤਨ ਦੀ ਕਹਾਣੀ ਨੂੰ ਕਈ ਵਾਰ ਅਧਿਆਤਮਕ ਮੁਹਾਵਰੇ ਰਾਹੀਂ ਕਿਹਾ ਜਾਂਦਾ ਹੈ ਤੇ ਕਈ ਵਾਰ ਸਿੱਧੀ ਸਪੱਸ਼ਟ ਭਾਸ਼ਾ ਵਿਚ। ਪਰ ਇਸ ਦੇ ਨਾਲ ਇਹ ਪਰੰਪਰਾ ਵੀ ਮੌਜੂਦ ਹੈ, ਜਿਸ ਵਿਚ ਤਨ ਉੱਤੇ ਵਿਜੇ ਪਾਉਣ, ਤਨ ਦੀਆਂ ਇੱਛਾਵਾਂ ਨੂੰ ਦਬਾਉਣ, ਤਨ ਨੂੰ ਤਸੀਹੇ ਦੇਣ ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਏਸੇ ਤਰ੍ਹਾਂ ਦੀ ਘਾਲਣਾ 'ਚੋਂ ਲੰਘਦੇ ਹੋਏ ਮਹਾਤਮਾ ਬੁੱਧ ਦਾ ਤਨ ਏਨਾ ਕਮਜ਼ੋਰ ਹੋ ਜਾਂਦਾ ਹੈ ਕਿ ਉਹ ਬੇਹੋਸ਼ ਹੋ ਜਾਂਦੇ ਹਨ। ਫਿਰ ਉਨ੍ਹਾਂ ਨੂੰ ਵੀਣਾ ਵਾਦਕਾਂ ਦਾ ਉਹ ਗਾਣ ਸੁਣਾਈ ਦੇਂਦਾ ਹੈ, ਜਿਸ ਵਿਚ ਵੀਣਾ-ਵਾਦਕ ਕਹਿੰਦੇ ਹਨ ਕਿ ਵੀਣਾ ਦੀਆਂ ਤਾਰਾਂ ਨੂੰ ਨਾ ਤੇ ਏਨਾ ਕੱਸਣਾ ਚਾਹੀਦਾ ਹੈ ਕਿ ਉਹ ਟੁੱਟ ਜਾਣ ਤੇ ਨਾ ਹੀ ਏਨਾ ਢਿੱਲਾ ਛੱਡਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ 'ਚੋਂ ਕੋਈ ਸੰਗੀਤ ਹੀ ਨਾ ਉਪਜੇ। ਉਪਨਿਸ਼ਦਾਂ ਵਿਚ ਤਨ ਦੀ ਪ੍ਰਾਥਮਿਕਤਾ ਅਤੇ ਰੂਹ ਦੀ ਪ੍ਰਾਥਮਿਕਤਾ ਬਾਰੇ ਹੋਈਆਂ ਬਹਿਸਾਂ ਅਲੋਕਾਰ ਹਨ। ਕਠੋਪਨਿਸ਼ਦ ਵਿਚ ਨਚੀਕੇਤਾ ਪੁੱਛਦਾ ਹੈ ਕਿ ਜਦ ਮੌਤ ਹੋ ਜਾਂਦੀ ਹੈ, ਤਨ ਖੇਹ ਹੋ ਜਾਂਦਾ ਹੈ ਤਾਂ ਬਾਕੀ ਕੀ ਬਚਦਾ ਹੈ। ਯਮ ਕਹਿੰਦੇ ਹਨ “ਇਹ ਪ੍ਰਸ਼ਨ ਨਾ ਪੁੱਛ । ਕਹਿੰਦੇ ਹਨ ਕਿ ਪੁਰਾਣੇ ਵੇਲਿਆਂ ਦੇ ਦੇਵਤਿਆਂ ਨੂੰ ਵੀ ਇਸ ਬਾਰੇ ਸੰਦੇਹ ਸੀ। “ਬਿਦਾਰਕ ਉਪਨਿਸ਼ਦ ਵਿਚ ਵੀ ਕਥਨ ਹੈ ਕਿ “ਤਨ ਤੱਤਾਂ ਦਾ ਬਣਿਆ ਹੋਇਆ ਹੈ ਤੇ ਤੱਤਾਂ ਵਿਚ ਵਾਪਸ ਮਿਲ ਜਾਂਦਾ ਹੈ। ਇਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਇਸ ਸਭ ਦੇ ਬਾਵਜੂਦ ਉਪਨਿਸ਼ਦਾਂ ਦਾ ਧੁਰਾ ਵਿਚਾਰਵਾਦੀ ਹੈ ਅਤੇ ਉਹ ਅੰਤ ਵਿਚ ਆਤਮਾ ਅਤੇ ਬ੍ਰਹਮ ਦੀ ਪਾਥਮਿਕਤਾ ਦੇ ਹੱਕ ਵਿਚ ਭੁਗਤਦੇ ਹਨ। ਗੀਤਾ ਵਿਚ ਤਨ ਨੂੰ ਬਿਲਕੁਲ ਪਿੱਛੇ ਧੱਕ ਦਿੱਤਾ ਜਾਂਦਾ ਹੈ। ਅਤੇ ਆਤਮਾ ਦੀ ਪ੍ਰਾਥਮਿਕਤਾ ਪੂਰੀ ਤਰ੍ਹਾਂ ਕਾਇਮ ਕੀਤੀ ਜਾਂਦੀ ਹੈ। ਇਸ ਤਰ੍ਹਾਂ ਆਵਾਗੌਣ ਅਤੇ ਕਰਮਵਾਦ ਦੇ ਸਿਧਾਂਤਾਂ ਦੀ ਨੀਂਹ ਪੱਕੀ ਹੁੰਦੀ ਜੋ ਵਰਣ-ਆਸ਼ਰਮ ਦੇ ਕਾਇਮ ਰੱਖਣ ਲਈ ਬੁਨਿਆਦੀ ਹਨ। ਇਸ ਤਰ੍ਹਾਂ ਤਨ ਤੇ ਆਤਮਾ ਦਾ ਝਗੜਾ ਭਾਰਤੀ ਸਮਾਜ ਦੀ ਸਮਾਜਿਕਤਾ ਦੀ ਸਿਆਸਤ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਇਸ ਤੋਂ ਉਲਟ ਆਜੀਵਕ ਅਤੇ ਚਾਰਵਕ ਇਸ ਬਾਰੇ ਸਪੱਸ਼ਟ ਸਨ ਕਿ ਜਿਸ ਨੂੰ ਅਸੀਂ ਆਪਣਾ ਆਪਾ ਜਾਂ ਆਤਮਾ ਕਹਿੰਦੇ ਹਾਂ, ਉਹ ਕੁਝ ਨਹੀਂ ਹੈ, ਸਭ ਕੁਝ ਤਨ ਹੀ ਹੈ। ਇਸ ਪਰੰਪਰਾ ਅਨੁਸਾਰ ਤਨ ਚਾਰ ਭੌਤਿਕ ਤੱਤਾਂ-ਪਾਣੀ, ਮਿੱਟੀ, ਅੱਗ ਤੇ ਹਵਾ ਦਾ ਬਣਿਆ ਹੈ। ਮੌਤ ਵੇਲੇ ਤਨ ਖੇਹ ਹੋ ਜਾਂਦਾ ਹੈ। ਬਾਕੀ ਕੁਝ ਨਹੀਂ ਬਚਦਾ। ਅਜੀਤ ਕੇਸ਼ਕੰਬਲੀ ਦਾ ਕਥਨ ਹੈ, “ਬੰਦਾ ਚਾਰ ਤੱਤਾਂ ਦਾ ਬਣਿਆ ਹੈ। ਜਦੋਂ ਉਹ ਮਰਦਾ ਤਾਂ ਉਸ ਵਿਚਲੀ ਮਿੱਟੀ ਭਾਵ ਜੋ ਚੀਜ਼ਾਂ ਸਥੂਲ ਹਨ, ਮਿੱਟੀ ਬਣ ਜਾਂਦੀਆਂ ਹਨ, ਜੋ ਤਰਲ ਹਨ ਪਾਣੀ ਬਣ ਜਾਂਦੀਆਂ ਹਨ, ਜੋ ਗਰਮੀ/ਊਰਜਾ ਹੈ ਉਹ ਅੱਗ ਵਿਚ ਚਲੀ ਜਾਂਦੀ ਹੈ, ਹਵਾ ਹਵਾ ਵਿਚ ਮਿਲ ਜਾਂਦੀ ਹੈ। ਬਾਅਦ ਵਿਚ ਬਾਹਮਣੀ ਪਰੰਪਰਾ ਇਸ ਭੌਤਿਕ ਸਿਧਾਂਤ ਨੂੰ ਵੀ ਅਧਿਆਤਮਕ ਰੰਗਣ ਦੇ ਦਿੰਦੀ ਹੈ। ਇਹ ਦੇਵਵਾਦ ਉਹ ਬੌਧਿਕ ਜ਼ਮੀਨ ਹੈ, ਜਿਥੇ ਲੋਕਾਇਤ ਦੇ ਮੱਤ ਨੂੰ ਪੁਰਾਣੇ ਸਮਿਆਂ ਵਿਚ ਦੇਹ-ਵਾਦ ਵੀ ਕਿਹਾ ਜਾਂਦਾ ਸੀ। ਇਸੇ ਤਾਂਤਰਿਕਾਂ, ਕਪਾਲਿਕਾਂ ਸਹਜਪੰਥੀਆਂ ਤੇ ਸ਼ਾਕਤਾਂ ਦੀ ਲੋਕਾਇਤ ਨਾਲ ਸਾਂਝ ਹੈ। ਸੁਖਮਨਾ ਨਾੜੀ ਦੇ ਆਲੇਦੁਆਲੇ ਫੈਲੇ ਸੱਤ ਪਦਮਾਂ ਦੀ ਕਹਾਣੀ ਦੱਸਦੇ ਹੋਏ ਇਹ ਸਾਰੇ ਮੱਤ ਤਨ ਉੱਤੇ ਕੇਂਦਰਿਤ ਹਨ। ਤਾਂਤਰਿਕ ਸ਼ਬਦ ਧਾਤੂ ਵੀ ਹਨ ਜਿਸ ਦੇ ਅਰਥ ਉੱਪਰ ਦਿੱਤੇ ਅਨੁਸਾਰ ‘ਫੈਲਣਾ ਜਾਂ ਫੈਲਾਉਣਾ’ ਹਨ। ਤਾਂਤਰਿਕ ਆਪਣੇ ਮੱਤਾਂ ਦਾ ਆਧਾਰ ਇਸ ਗੱਲ ਨੂੰ ਬਣਾਉਂਦੇ ਹਨ ਕਿ ਜੋ ਵੀ ਮਨੁੱਖੀ ਤਨ ਵਿਚ ਹੈ, ਓਹੀ ਬ੍ਰਹਿਮੰਡ ਵਿਚ ਹੈ। ਮਨੁੱਖੀ ਤਨ ਬ੍ਰਹਿਮੰਡ ਦਾ ਲਘੂ ਰੂਪ ਹੈ । ਤਾਂਤਰਿਕਾਂ ਤੋਂ ਹੀ ਮਹਾਯਾਨੀ ਬੁੱਧ ਧਰਮ ਇਹ ਮੱਤ ਹੁਦਾਰੇ ਲੈਂਦੇ ਹਨ ਅਤੇ ਆਪਣੇ ਤਰੀਕੇ ਨਾਲ ਉਨ੍ਹਾਂ ਦਾ ਵਿਕਾਸ ਅਤੇ ਵਿਆਖਿਆ ਕਰਦੇ ਹਨ। ਸਿੱਧ ਅਤੇ ਨਾਥ ਯੋਗੀ ਵੀ ਏਸੇ ਪਰੰਪਰਾ ਵਿਚ ਆਉਂਦੇ ਹਨ। ਤਨ ਬਾਬਤ ਤਾਂਤ੍ਰਿਕਾਂ ਦੀ ਵਿਆਖਿਆ ਤਾਓਵਾਦ ’ਤੇ ਵੀ ਡੂੰਘੀ ਛਾਪ ਛੱਡਦੀ ਹੈ।

ਲਿਖਤ ਪੰਜਾਬੀ ਸਾਹਿਤ ਵਿਚ ਸ਼ੇਖ ਫਰੀਦ ਸ਼ਬਦ ਤਨ ਲੈ ਕੇ ਆਉਂਦੇ ਹਨ “ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ।”-ਸਲੋਕ ਮਃ ੩ । ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, “ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥' ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਤਨ ਦਾ ਬਿਰਹਾ ਮਨ ਦੇ ਬਿਰਹੇ ਤੋਂ ਵੱਖਰਾ ਹੈ ਜਾਂ ਓਸੇ ਵਿਚ ਸਮਾਇਆ ਹੋਇਆ ਹੈ ? ਪਰ ਸ਼ਾਇਦ ਏਥੇ ਸ਼ਬਦ ਤਨ ਦੇ ਅਰਥ ਕੁਝ ਵੱਖਰੇ ਹਨ। ਮਨ ਵੀ ਤਨ ਦਾ ਹੀ ਹਿੱਸਾ ਹੈ। ਤਨ ਦੇ ਸਭ ਤੋਂ ਪੇਤਲੇ ਅਰਥ ਤੇ ਇਸ ਪ੍ਰਤੀ ਸਤਹੀ ਸੋਚ ਵੀਹਵੀਂ ਸਦੀ ਤੇ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਦੀਆਂ ਸਤਰਾਂ 'ਚ ਮਿਲਦੀ ਹੈ-“ਤਨ ਦੀ ਚਾਦਰ ਹੋ ਗਈ ਮੈਲੀ, ਉਸ ਪੈਰ ਜਾਂ ਪਲੰਘੇ ਪਾਇਆ" ਤੇ “ਸਾਨੂੰ ਲੱਖਾਂ ਦਾ ਤਨ ਮਿਲ ਗਿਆ ਪਰ ਇਕ ਦਾ ਮਨ ਵੀ ਨਾ ਮਿਲਿਆ"। ਇਹ ਵੱਖਰੀ ਗੱਲ ਹੈ ਲੂਣਾ ਵਿਚ ਸ਼ਿਵ ਤਨ ਦੇ ਹੱਕ ਵਿਚ ਭੁਗਤਦਾ ਹੈ ਅਤੇ ਇਕ ਕਲਾਸਿਕ ਮਹਾਂ-ਕਾਵਿ ਦੀ ਰਚਨਾ ਕਰਦਾ ਹੈ । ਤਨ ਸ਼ਬਦ ਦੇ ਪਰਾਇਵਾਚੀ ਸ਼ਬਦਾਂ ਜਿਸਮ, ਸਰੀਰ, ਕਲਬੂਤ, ਬਦਨ ਅਤੇ ਤਨ ਲਈ ਵਰਤੇ ਗਏ ਪ੍ਰਤੀਕਾਂ- ਚੋਲਾ, ਕੋਠੜੀ, ਜਾਮਾ ਆਦਿ ਨੂੰ ਨਿਰਖੀਏ ਤਾਂ ਬਹੁਤ ਵੱਡਾ ਕੋਲਾਜ ਬਣਦਾ ਹੈ। ਪਰ ਜੇ ਸ਼ਬਦ ਤਨ ਤਕ ਵੀ ਸੀਮਤ ਰਹੀਏ ਤਾਂ ਵੀ ਸਾਫ਼ ਦਿਖਾਈ ਦਿੰਦਾ ਹੈ ਕਿ ਤਨ ਸ਼ਬਦ ਪੰਜਾਬੀ ਕਵਿਤਾ ਵਿਚ ਬਾਰ ਬਾਰ ਉੱਭਰਦਾ ਹੈ ਤੇ ਵੱਖਰੇ-ਵੱਖਰੇ ਅਰਥ ਲੈਂਦਾ ਹੈ। ਇਸ ਤਰ੍ਹਾਂ ਚਿਹਨਕਾਰੀ ਅਤੇ ਅਰਥਕਾਰੀ ਦਾ ਅੰਤਹੀਣ ਚੱਕਰ ਚਲਦਾ ਹੈ । ਅਰਥ ਕਦੇ ਸੀਮਤ ਨਹੀਂ ਹੁੰਦੇ, ਸਗੋਂ ਹੋਰ ਵਿਸ਼ਾਲ ਹੁੰਦੇ ਹਨ, ਪਰ੍ਹੇ ਤੋਂ ਪਰ੍ਹੇ ਜਾਂਦੇ ਹਨ । ਸੁਲਤਾਨ ਬਾਹੂ ਕਹਿੰਦੇ ਹਨ-"ਅਲਫ, ਇਹ ਤਨ ਮਿਰਾ ਚਿਸ਼ਮਾ ਹੋਵੇ, ਮੈਂ ਮੁਰਸ਼ਦ ਵੇਖ ਨਾ ਰੱਜਾਂ ਹੂ/ਲੂੰ-ਲੂੰ ਦੇ ਮੁੱਢ ਲੱਖ ਲੱਖ ਚਿਸ਼ਮਾ ਇਕ ਖੋਲਾਂ ਇਕ ਕੱਜਾਂ ਹੂ।’’ ਤੇ ਫਿਰ ਕਹਿੰਦੇ ਹਨ ਕਿ ਮੈਂ ਰਾਤ ਨੂੰ ਲਹੂ ਦੇ ਹੰਝੂ ਰੋਂਦਾ ਹਾਂ ਤੇ ਤਨ ‘ਗ਼ਮ ਦਾ ਗ਼ਮਜ਼ਾ' ਬਣ ਗਿਆ ਹੈ ਜਾਂ ਤਨ ਵਿਚ ‘ਗ਼ਮ ਦਾ ਗ਼ਮਕਾ' ਸਮਾ ਗਿਆ ਹੈ । ਗ਼ਮ ਦਾ ਇਹ ਗਮਜ਼ਾ ਜਾਂ ਨਖਰਾ ਜਿਸ ਨੂੰ ਅਸੀਂ ਗ਼ਮ ਦੀ ਤੀਬਰਤਾ ਦੀ ਇਕ ਅਦਾ ਵੀ ਕਹਿ ਸਕਦੇ ਹਾਂ ਤੌਹੀਦ ਪੜ੍ਹ ਕੇ ਤਨ ਦੇ ਅੰਦਰ ਵੜ ਗਿਆ ਹੈ । ਕਹਿੰਦੇ ਹਨ “ਪੜ੍ਹ ਤੌਹੀਦ ਵੜਿਆ ਤਨ ਅੰਦਰ, ਸੁਖ ਆਰਾਮ ਨਾ ਸਕਾ ਹੂ’। ਇਕ ਹੋਰ ਥਾਂ 'ਤੇ ਕਹਿੰਦੇ ਹਨ “ਅਲਫ਼ ਇਹ ਤਨ ਰੱਬ ਸੱਚੇ ਦਾ ਹੁਜਰਾ, ਵਿਚ ਦਿਲ ਖਿੜਿਆ ਬਾਗ ਬਹਾਰਾਂ ਹੁ’ ਤੇ ਫਿਰ ਕਹਿੰਦੇ ਹਨ “ਅਲਫ਼ ਇਹ ਤਨ ਰੱਬ ਸੱਚੇ ਦਾ ਹੁਜਰਾ ਵਿਚ ਪਾ ਫਕੀਰਾ ਝਾਤੀ ਹੂ ।" ਸ਼ਾਹ ਹੁਸੈਨ ਲੋਕ-ਬੋਲ ਦੀ ਤਾਈਦ ਕਰਦਾ ਹੈ ਤੇ ਕਹਿੰਦਾ ਹੈ, “ਜਿਤੁ ਤਨ ਲਗੀ ਸੋਈ ਤਨੁ ਜਾਣੈ, ਹੋਰ ਗੱਲਾਂ ਕਰਨ ਸੁਖਾਲੀਆਂ"। ਇਸ ਤਰ੍ਹਾਂ ਤਨ ਸ਼ਬਦ ਦੇ ਨੈਣ ਨਕਸ਼ ਹੋਰ ਉਘੜਦੇ ਹਨ ਤੇ ਸ਼ਾਹ ਹੁਸੈਨ ਕਹਿੰਦਾ ਹੈ, “ਤਨ ਮਨ ਆਪਣਾ ਪੁਰਜੇ ਕੀਤਾ, ਤੈਨੂੰ ਮਿਹਰ ਨਾ ਆਈ ਮੀਤਾ"। ਤਨ ਉਸ ਸ਼ਹੁ ਨੂੰ ਅਰਪਿਤ ਹੋ ਗਿਆ ਹੈ, ਉਸ ਦਾ ਹੁਜਰਾ ਬਣ ਗਿਆ ਹੈ। ਸ਼ਾਹ ਹਬੀਬ ਕਹਿੰਦਾ ਹੈ “ਬਿਰਹ ਇਹ ਤਨ ਘੇਰਿਆ, ਰੱਤੀ ਰੱਤ ਨ ਤਨ ਤੇ ਬੇਰਿਆ"। ਮੂਸਾ ਕਹਿੰਦਾ ਹੈ "ਭੜਕ ਉਠੀ ਤਨ ਅਗਨ ਬਿਰਹੁ ਦੀ, ਹੋਇ ਮਗਨ ਪੇਮ ਰਸ ਪੀਵਨ ਵੋ”। ਹੈਦਰ ਅਲੀ ਕਹਿੰਦਾ ਹੈ, “ਸ਼ੌਕ ਜਿਨ੍ਹਾਂ ਤਨ ਯਾਰ ਦਾ ਈ, ਸੋਈ ਜਾਣਦੇ ਰਾਹ ਹਬੀਬ ਦੇ ਨੂੰ।" ਇਹ ਮੱਧਕਾਲੀਨ ਪੰਜਾਬੀ ਕਵਿਤਾ ਦਾ ਕਲਾਸਿਕ ਮੈਟਾਫਰ (ਰੂਪਕ) ਹੈ ਜਿਸ ਵਿਚ ਪਰਮਾਤਮਾ ਤੇ ਮਾਹੀ ਦੋਵੇਂ ਇਕਮਿਕ ਹੋ ਜਾਂਦੇ ਹਨ। ਸਰੀਰਕ ਪ੍ਰੇਮ ਉੱਤੇ ਆਤਮਿਕ ਪ੍ਰੇਮ ਦੀ ਪਿਉਂਦ ਕੀਤੀ ਜਾਂਦੀ ਹੈ ਪਰ ਕੱਚੀ ਲੱਗਦੀ ਹੈ । ਤਨ ਦਾ ਬਿਰਹਾ ਬਾਰ ਬਾਰ ਜ਼ੋਰ ਪਾਉਂਦਾ ਹੈ। ਇਸ ਰੂਪਕ ਦਾ ਆਸਰਾ ਲੈ ਕੇ ਤਨ ਦੀਆਂ ਗੱਲਾਂ ਕਰਨ ਲਈ ਪਰਮਾਤਮਾ, ਮੁਰਸ਼ਦ, ਗੁਰੂ ਤੇ ਜੋਗੀ ਦਾ ਆਸਰਾ ਲਿਆ ਜਾਂਦਾ ਹੈ ।ਉਹਲੇ ਦੀ ਸੰਰਚਨਾ ਕੀਤੀ ਜਾਂਦੀ ਹੈ। ਪੰਜਾਬ ਦੇ ਮੱਧਕਾਲੀਨ ਜਾਗੀਰਦਾਰੀ ਨਿਜ਼ਾਮ ਵਿਚ ਬੇਗਾਨਗੀ ਅਤੇ ਮਾਨਸਿਕ ਦਮਨ ਦੀਆਂ ਅਲਾਮਤਾ ਏਨੀਆਂ ਵੱਖਰੀਆਂ ਹਨ ਕਿ ਮਰਦ ਮਰਦ ਵਜੋਂ ਗੱਲ ਹੀ ਨਹੀਂ ਕਰਦਾ। ਉਹ ਔਰਤ ਬਣ ਕੇ ਗਲ ਕਰਦਾ ਹੈ। ਜਿਥੇ ਇਹ ਤਾਂਤਰਿਕ ਅਤੇ ਵੈਸ਼ਨਵ ਪ੍ਰਭਾਵਾਂ ਕਾਰਨ ਹੈ, ਓਥੇ ਏਹੋ ਜਿਹਾ ਪ੍ਰਗਟਾਵਾ ਅਤੇ ਤਾਂਤਰਿਕ ਤੇ ਵੈਸ਼ਨਵ ਪਰੰਪਰਾਵਾਂ ਏਸ ਮਾਨਸਿਕ ਦਮਨ 'ਚੋਂ ਨਿਕਲਣ ਦੇ ਯਤਨ ਵੀ ਹਨ।

ਸੂਫ਼ੀ ਪਰੰਪਰਾ ਵਿਚ ਤਨ ਦਾ ਜ਼ਿਕਰ ਬੁੱਲੇ ਸ਼ਾਹ ਦੇ ਕਾਵਿ ਵਿਚ ਸਿਖਰਾਂ ਛੂੰਹਦਾ ਹੈ। ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਆਪਣੇ ਤਨ ਦੀ ਖ਼ਬਰ ਈ ਪਤਾ ਨਹੀਂ ਲੱਗਦੀ, ਸੱਜਣ ਦੀ ਖ਼ਬਰ ਕੌਣ ਲਿਆਵੇ-'ਆਪਣੇ ਤਨ ਦੀ ਖਬਰ ਨਾ ਕਾਈ, ਸਾਜਨ ਦੀ ਖਬਰ ਲਿਆਵੇ ਕੌਣ।" ਇਹ ਅਸਤਿਤਵਮਈ ਸੰਤਾਪ ਦੀ ਵੇਦਨਾ ਹੈ। ਏਸੇ ਲਈ ਬੁੱਲ੍ਹਾ ਏਸ ਕਾਫ਼ੀ ਵਿਚ ਕਹਿੰਦਾ ਹੈ “ਨਾ ਹਮ ਖਾਕੀ, ਨਾ ਹਮ ਆਤਸ਼, ਨਾ ਪਾਣੀ ਨਾ ਪੌਣ।" ਇਸ ਅਸਤਿਤਵਮਈ ਸੰਤਾਪ ਦਾ ਸਿਖਰ ‘ਬੁੱਲ੍ਹਾ ਕੀ ਜਾਣਾ ਮੈਂ ਕੌਣ ਵਾਲੀ ਕਾਫ਼ੀ ਵਿਚ ਕਹਿੰਦੀ ਹੈ ਕਿ ਏਸ ਸੰਤਾਪ ਤੋਂ ਨਿਕਲਣ ਲਈ ਬੁੱਲੇ ਸ਼ਾਹ ਕਹਿੰਦਾ ਹੈ “ਤਨ ਪੀਆ ਹੈ, ਮਨ ਪੀਆ ਹੈ' ਤੇ ਫਿਰ ਲੋਕ-ਬੋਲ ਕੋਲ ਪਰਤਦਾ ਹੈ “ਕਹਿ ਬੁੱਲ੍ਹਾ ਹੁਣ ਪ੍ਰੇਮ ਕਹਾਣੀ, ਜਿਸ ਤਨ ਲੱਗੇ ਸੋ ਤਨ ਜਾਣੇ।" ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਿਤੇ ਤਾਂ ਤਨ ਤੇ ਮਨ ਦੋਫਾੜ ਸਪੱਸ਼ਟ ਹੈ ਅਤੇ ਕਿਤੇ ਤਨ ਉਹ ਹੈ ਜਿਸ ਵਿਚ ਮਨੁੱਖ ਦਾ ਤਨ, ਮਨ, ਰੂਹ ਤੇ ਉਸ ਅੰਦਰਲੀ ਮਾਨਸਿਕ ਸੱਥ ਸਭ ਕੁਝ ਸ਼ਾਮਿਲ ਹਨ। ਕਿਤੇ ਤਾਂ ਸੱਜਣਾਂ ਦੇ ਵਿਛੋੜੇ ਕਾਰਨ ਬੁੱਲੇ ਦੇ ਤਨ ਦਾ ਲਹੂ ਛਣਿਆ ਜਾਂਦਾ ਹੈ ਤੇ ਕਿਤੇ ਤਨ ਇਸ਼ਕ ਵਿਚ ਮਸਤਾਨਾ ਹੋ ਕੇ ਸੁਰ ਤੇ ਤਾਲ ਭੁੱਲ ਜਾਂਦਾ ਹੈ, ਆਪ ਮੁਹਾਰਾ ਹੋ ਕੇ ਨੱਚਦਾ ਹੈ, ਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ। ਜਿਸ ਨਾਚ ਵਿਚ ਸੁਰ ਤੇ ਤਾਲ ਹੀ ਨਾ ਰਹੇ, ਉਹ ਨਾਚ ਨਾਚ ਤੋਂ ਅਗਾਂਹ ਦੀ ਚੀਜ਼ ਹੋਵੇਗਾ, ਕਿਸੇ ਵੱਖਰੇ ਸੁਰ ਤੇ ਤਾਲ 'ਚ ਬੱਝਿਆ ਹੋਇਆ ਜਾਂ ਸਭ ਤੋਂ ਆਜ਼ਾਦ, ਸਭ ਤੋਂ ਪਰੇ । ਬੁੱਲੇ ਸ਼ਾਹ ਦੇ ਕਾਵਿ ਵਿਚ ਤਨ ਦੇ ਕੌਤਕਾਂ ਦੇ ਨਜ਼ਾਰੇ ਤੇ ਅਚੰਭੇ ਥਾਂ-ਥਾਂ 'ਤੇ ਪੇਸ਼ ਹਨ।

ਭਗਤ ਲੋਕ ਵੀ ਤਨ ਦੀਆਂ ਬਾਤਾਂ ਪਾਉਂਦੇ ਹਨ। ਗਰੀਬ ਦਾਸ ਹੋਰੀਂ ਇਸ ਦੇ ਬਿਨਸਿਨ ਦੀ ਗੱਲ ਕਰਦੇ ਹਨ “ਯਹ ਤਨ ਦੇਹੀ ਬਿਨਸ ਜਾਤ ਹੈ, ਬਹੁਰ ਆਨਿਉ ਭੂੰਗੇ ਨੂੰ। ਪਰ ਨਾਲ ਹੀ ਕਹਿੰਦੇ ਹਨ ਇਹ ਮੁੜ ਨਹੀਂ ਮਿਲਣਾ, “ਯੇ ਤਨ ਦੇਹੀ ਹੱਥ ਨਾ ਆਵੇ, ਕਹਾ ਕਰੇਗਾ ਗੂੰਗੇ ਨੂੰ।’ ਈਸ਼ਰਦਾਸ ਹੋਰੀਂ ਸੱਸੀ ਦੇ ਹਵਾਲੇ ਨਾਲ ਬਹੁ-ਪਰਤੀ ਰੂਪਕ ਸਿਰਜਦੇ ਹਨ “ਕੱਚਾ ਘੜਾ ਕੁਮੌਤ ਕਬੂਲੀ ਉਡ ਗਈ ਜਾਨਵਰਾਂ ਦੇ ਨਾਂ। ਏਹੋ ਹਾਲ ਸਸੀ ਤਕ ਗੁਜ਼ਰੇ, ਹੇਤ ਪਿਆਰ ਘਰੀਂ ਦੇ ਨਾ।" ਨਉਨਿਧ ਤਨ ਤੇ ਮਨ ਦੀ ਦਵੈਤ ਕਾਇਮ ਰੱਖਦੇ ਹਨ ਤੇ ਕਹਿੰਦੇ ਹਨ, “ਮੈਂ ਮਨਿ ਤਨਿ ਪ੍ਰੇਮ ਉਮਾਹੜੇ, ਕਦਿ ਲੈਸਾਂ ਮੈਂ ਢੋਲ ਕਲਾਵੜੇ। ਉਨੀਵੀਂ ਸਦੀ ਦੇ ਅੰਤਲੇ ਸਮੇਂ ’ਤੇ ਵੀਹਵੀਂ ਸਦੀ ਦੇ ਭਗਤਾਂ ਅਤੇ ਆਰਫ਼ਾਂ ਤਕ ਆਉਂਦਿਆਂ ਇਹ ਕਲਾਵੜੇ ਲੈਣ ਵਾਲੀ ਬੋਲੀ ਭੁੱਲ ਜਾਂਦੀ ਹੈ। ਆਦਰਸ਼ਵਾਦੀ ਹੋ ਜਾਂਦੀ ਹੈ । ਇਸ ਦੀਆਂ ਉਦਾਹਰਣਾਂ ਬਾਵਾ ਦੇਸ ਰਾਜ ਅਤੇ ਪਾਲ ਸਿੰਘ ਆਰਿਫ਼ ਦੀ ਸ਼ਾਇਰੀ ਵਿਚ ਮਿਲਦੀਆਂ ਹਨ।

ਪੰਜਾਬੀ ਦੇ ਬਾਰਾਮਾਹ ਤਾਂ ਸ਼ਾਇਦ ਲਿਖੇ ਹੀ ਤਨ ਦੀਆਂ ਬਾਤਾਂ ਪਾਉਣ ਲਈ ਹਨ। ਕਿਤੇ ਭਗਵਾਨ ਦਾ ਉਹਲਾ ਹੈ ਤੇ ਕਿਤੇ ਮੁਰਸ਼ਦ ਦਾ ਤੇ ਕਿਤੇ ਕੰਧ ਦਾ ਵੀ ਨਹੀਂ। ਹਕੂਮਤ ਰਾਇ ਕਹਿੰਦਾ ਹੈ। ਕਿ ਮਹਿਬੂਬ ਚਲਾ ਗਿਆ ਤੇ ਉਹਦੇ ਵਿਛੋੜੇ ਕਾਰਨ ਤਨ ਨੂੰ “ਤੀਰ ਤੁਫੰਗਾ’ ਲੱਗਾ ਹੈ । ਤਨ ਸੂਲਾਂ ’ਤੇ ਟੰਗਿਆ ਗਿਆ ਹੈ। ਭਣਿਤ ਕਹਿੰਦਾ ਹੈ ਕਿ ਸੱਜਣ ਲਈ ਤਨ ਤਪਦਾ ਹੈ। ਮੁਹੰਮਦ ਅਜ਼ੀਮ ਕਹਿੰਦਾ ਹੈ। ਸੱਜਣ ਦੇ ਵਿਛੋੜੇ 'ਚ ਤਨ ਜ਼ਰਦ ਹੋ ਗਿਆ ਹੈ। ਇਸ਼ਕ ਦੀ ਛੁਰੀ ਤਨ ਦਾ ਕੀਮਾ ਕਰ ਰਹੀ ਹੈ ਪਰ ਤਨ ਇਸ਼ਕ ਦਾ ਨਵਾਂ ਅਹਿਦ ਕਰਦਾ ਹੈ। ਫ਼ਰਕ ਫਕੀਰ ਕਹਿੰਦਾ ਹੈ ਕਿ ਜਦ ਭਾਦੋਂ ਆਉਂਦਾ ਹੈ ਤਾਂ ਤਨ ਮਨ ਨੂੰ ਝੋਰਾ ਖਾਂਦਾ ਹੈ। ਦਿਆਲ ਸਿੰਘ ਦੇ ਬਾਰਾਂਮਾਹ ਵਿਚ ਭਗਵਾਨ ਦੇ ਮਿਲਣ ਨਾਲ ਹੀ ਤਨ ਦੀ ਪੀੜਾ ਖ਼ਤਮ ਹੁੰਦੀ ਹੈ। ਬਹੁਤੇ ਬਾਰਾਂਮਾਹ ਇਹ ਬਾਤਾਂ ਪਾਉਣ ਲਈ ਕ੍ਰਿਸ਼ਨ ਤੇ ਰਾਧਾ ਦੇ ਗੋਕਲ ਪਰਿਵੇਸ਼ ਵਿਚਲੀ ਪੇਮ-ਕਹਾਣੀ ਵਰਤਦੇ ਹਨ ਜਿਹੜੀ ਵੈਸ਼ਨਵ ਧਰਮ ਦੀ ਪਰਾਕੀਆ ਪਰੰਪਰਾ 'ਚੋਂ ਆਉਂਦੀ ਹੈ। ਉਨੀਵੀਂ ਸਦੀ ਵਿਚ ਕ੍ਰਿਸ਼ਨ ਕਾਵਿ ਆਪਣੇ ਸਿਖ਼ਰ 'ਤੇ ਪਹੁੰਚਦਾ ਹੈ ਤੇ ਭਿੰਨ-ਭਿੰਨ ਵੰਨਗੀਆਂ ਜਿਵੇਂ ਵਾਰਾਂ , ਪਚੀਸੀਆਂ, ਦੂਤੀਆਂ, ਮਿੱਠੜੀਆਂ, ਮਾਝਾ, ਬਿਸ਼ਨ ਪਦਿਆਂ ਅਤੇ ਬਾਰਾਂਮਾਹਾਂ ਰਾਹੀਂ ਸਾਹਮਣੇ ਆਉਂਦਾ ਹੈ। ਬਾਰਾਂਮਾਹ ਲਿਖਦਾ ਹੋਇਆ ਪੰਜਾਬੀ ਸ਼ਾਇਰ ਭਾਵੇਂ ਉਹ ਸਾਹਿਬ ਸਿੰਘ ਮ੍ਰਿਗੰਦ ਹੋਵੇ ਜਾਂ ਗੁਲਾਮ ਹੁਸੈਨ, ਬ੍ਰਿਹਾ ਤੇ ਮੇਲ ਦੀ ਗੱਲ ਰਾਧਾ ਤੇ ਕ੍ਰਿਸ਼ਨ ਦੀ ਕਹਾਣੀ ਰਾਹੀਂ ਹੀ ਹੁੰਦੀ ਹੈ। ਇਸ ਦੇ ਉਦਾਹਰਣ ਲਾਲ ਸਿੰਘ, ਮੂਲਾ ਸਿੰਘ, ਕੇਸਰ ਸਿੰਘ ਛਿੱਬਰ , ਤੇਜਾ ਸਿੰਘ, ਦਸੌਧੀ ਰਾਮ, ਕਾਨ੍ਹ ਸਿੰਘ, ਰਲੀਆ ਰਾਮ, ਈਸ਼ਰ ਦਾਸ ਉਦਾਸੀ, ਨਰਾਇਣ ਸਿੰਘ, ਰਣਜੀਤ ਸਿੰਘ, ਭਈਆ ਰਾਮ, ਦਿਆਲ ਦਾਸ, ਨਿਹਾਲ ਸਿੰਘ, ਤੇਜਾ ਸਿੰਘ, ਖ਼ੁਸ਼ੀ ਰਾਮ ਆਰਿਫ਼ ਤੇ ਹੋਰ ਕਵੀਆਂ ਦੁਆਰਾ ਰਚਿਤ ਬਾਰਾਂਮਾਹ ਹਨ।

ਉਪਰ ਮੈਂ ਕੁਝ ਸ਼ਾਇਰਾਂ ਦਾ ਜ਼ਿਕਰ ਕੀਤਾ ਜਿਹੜੇ ਤਨ ਦੀ ਗੱਲ ਸਿੱਧੇ ਤੌਰ 'ਤੇ ਨਹੀਂ ਕਰਦੇ ਸਗੋਂ ਅਸਿੱਧੇ ਤੇ ਲੁਕਵੇਂ ਰੂਪ ਵਿਚ ਕਰਦੇ ਹਨ। ਪੰਜਾਬੀ ਸਾਹਿਤ ਵਿਚ ਕਿੱਸਾਕਾਰੀ ਦੀ ਵੱਖਰੀ ਪਰੰਪਰਾ ਹੈ। ਦਮੋਦਰ ਤੋਂ ਲੈ ਕੇ ਵਾਰਸ ਸ਼ਾਹ ਤਕ ਤੇ ਫਿਰ ਕਾਦਰ ਯਾਰ ਤੇ ਹੋਰਨਾਂ ਰਾਹੀਂ ਵੀਹਵੀਂ ਸਦੀ ਤਕ ਪਹੁੰਚਦੀ ਹੋਈ। ਕਿੱਸਾਕਾਰਾਂ ਵਿਚੋਂ ਬਹੁਤੇ ਤਨ ਦੀਆਂ ਬਾਤਾਂ ਪਾਉਣ ਵਾਲੇ ਸ਼ਾਇਰ ਹਨ। ਉਨ੍ਹਾਂ ਅਨੁਸਾਰ ਤਾਂ “ਲਗਾ ਤਨ ਇਸ਼ਕ ਜਿਨ੍ਹਾਂ ਦੇ, ਕੁਰਬ ਉਨ੍ਹਾਂ ਦਾ ਆਲ੍ਹਾ ਰੁਤਬਾ ਵਾਲਾ" ਵੀਹਵੀਂ ਤੇ ਇੱਕੀਵੀਂ ਸਦੀ ਦੇ ਪੰਜਾਬੀ ਸਾਹਿਤ ਵਿਚੋਂ ਤਨ ਦੀਆਂ ਗੱਲਾਂ ਕਰਨ ਦਾ ਅੰਦਾਜ਼ ਬਦਲਦਾ ਹੈ ਜੋ ਵਿਸਥਾਰ ਮੰਗਦਾ ਹੈ। ਲੋਕ-ਗੀਤਾਂ ਵਿਚ ਵੀ ਸ਼ਬਦ ਤਨ ਬਾਰ-ਬਾਰ ਆਉਂਦਾ ਹੈ । ਪੰਜਾਬੀ ਮਰਦ ਤੇ ਔਰਤ ਆਪਣੇ ਦਿਲ ਦੀਆਂ ਗੱਲਾਂ ਕਹਿਣ ਲਈ ਤਨ ਦਾ ਤੰਬੂਰਾ ਅਤੇ ਰਗਾਂ ਦੀਆਂ ਤਾਰਾਂ ਬਣਾਉਂਦੇ ਹਨ। ਤਨ ਦੀ ਕਹਾਣੀ ਅਣਮੁੱਕਵੀਂ ਹੈ।

ਤਨ ਸ਼ਬਦ ਦੇ ਨਾਲ ਪ੍ਰਮਿੰਦਰਜੀਤ ਨੇ ਦੂਸਰਾ ਸ਼ਬਦ ਵਰਤਿਆ ਹੈ ਤਕੀਆ। ਤਨ ਤਕੀਆ ਵਿਚ ਅਨੁਪ੍ਰਾਸ ਦਾ ਸੁਹਜ ਹੈ। ਮਹਾਂਕੋਸ਼ ਦੇ ਅਨੁਸਾਰ ਤਕੀਆ ਸ਼ਬਦ ਦੇ ਅਰਥ ਹਨ-ਆਸਰਾ , ਆਧਾਰ, ਸਿਰ੍ਹਾਣਾ, ਆਸ਼ਰਮ, ਰਹਿਣ ਵਾਲੀ ਥਾਂ। ਪੰਜਾਬੀ ਸਾਹਿਤ ਵਿਚ ਇਹ ਇਨ੍ਹਾਂ ਸਾਰੇ ਅਰਥਾਂ ਵਿਚ ਲਿਖਿਆ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ “ਤੂੰ ਮੇਰੀ ਓਟ ਤੂੰ ਮੇਰਾ ਤਕੀਆ" "ਬਲ ਬਲ ਤਕੀਆ ਤੇਰਾ"। ਏਥੇ ਭਾਵ ਆਸਰਾ ਸੂਫ਼ੀ ਕਾਵਿ ਵਿਚ ਇਹ ਸ਼ਬਦ ਏਸੇ ਅਰਥ ਨਾਲ ਥਾਂ-ਥਾਂ 'ਤੇ ਵਰਤਿਆ ਗਿਆ ਹੈ । ਸ਼ਾਹ ਹੁਸੈਨ ਕਹਿੰਦਾ ਹੈ “ਇਕੋ ਤਕੀਆ ਤੇਰਾ ਰਾਖਣਾ"। ਜਦੋਂ ਮੈਂ ਪ੍ਰਮਿੰਦਰਜੀਤ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਸ਼ਬਦ ਬੰਦੇ ਦੇ ਅੰਦਰਲੀ ਸੱਥ ਸਥਾਨ ਲਈ ਵਰਤਿਆ ਹੈ। ਜਿਵੇਂ ਗੁਰੂ ਅਮਰਦਾਸ ਜੀ ਕਹਿੰਦੇ ਹਨ 'ਗੁਰੂ ਕੇ ਤਕੀਐ ਨਾਮ ਆਧਾਰੇ'। ਏਥੇ ਭਾਵ ਸਥਾਨ ਤੋਂ ਹੈ। ਤਨ ਉਹ ਅਸਥਾਨ ਹੈ ਜਿਸ ਤੋਂ ਜ਼ਿੰਦਗੀ ਦਾ ਸਭ ਕੁਝ ਉਦੈ ਹੋਣਾ ਹੈ। ਇਹ ਉਹ ਅਸਥਾਨ ਹੈ ਜਿਥੇ ਬਹਿ ਪ੍ਰਮਿੰਦਰਜੀਤ ਸਾਡੇ ਨਾਲ ਗੱਲਾਂ ਕਰਦਾ ਹੈ। ਅਸੀਂ ਉਹਦੇ ਨਾਲ ਗੱਲਾਂ ਕਰਦੇ ਹਾਂ। ਉਹ ਸਾਡੇ ਨਾਲ ਬਾਤਾਂ ਕਰਦਾ ਹੈ। ਅਸੀਂ ਉਹਦੇ ਨਾਲ ਬਾਤਾਂ ਕਰਦੇ ਹਾਂ। ਸਾਰਿਆਂ ਨਾਲ ਬਾਤਾਂ ਕਰਦੇ ਹਾਂ। ਤਨ ਦੀਆਂ ਬਾਤਾਂ ਦੀ ਯਾਤਰਾ ਵਿਚ ਪ੍ਰਮਿੰਦਰਜੀਤ ਆਪਣੀ ਕਿਤਾਬ ‘ਤਨ ਤਕੀਆ’ ਲੈ ਕੇ ਹਾਜ਼ਰ ਹੁੰਦਾ ਹੈ ਤੇ ਇਸ ਕਿਤਾਬ ਨਾਲ ਉਸਦੀ ਕਵਿਤਾ ਨਵੇਂ ਮੁਕਾਮ 'ਤੇ ਪਹੁੰਚਦੀ ਹੈ।

1. ਬੁੱਲ੍ਹੇ ਸ਼ਾਹ

2. ਇਹ ਗੱਲ ਵੱਲ ਧਿਆਨ ਦੇਣਾ ਬਣਦਾ ਹੈ, ਕਿਉਂਕਿ ਇਹ ਲੱਗਦਾ ਹੈ ਜਿਵੇਂ ਇਹ ਵਾਕ ਸ਼ੈਲੇ ਨਹੀਂ, ਫੂਕੋ ਨੇ ਲਿਖਿਆ ਹੋਵੇ।

(ਇਸ ਲੇਖ ਵਿਚਲੇ ਹਵਾਲੇ ਤੇ ਟਿੱਪਣੀਆਂ ਏਥੇ ਨਹੀਂ ਦਿੱਤੇ ਜਾ ਰਹੇ।)

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰਮਿੰਦਰਜੀਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ