Tan Takia/Takiya : Parminderjit

ਤਨ ਤਕੀਆ : ਪ੍ਰਮਿੰਦਰਜੀਤ



ਅਜੇ ਨਾ ਕਵਿਤਾ ਰੁਖ਼ਸਤ ਹੋਈ

ਅਜੇ ਮੁਹੱਬਤਾਂ ਹੋਰ ਕਰਨੀਆਂ ਅਜੇ ਨਫ਼ਰਤਾਂ ਹੋਰ ਜਰਨੀਆਂ ਅਜੇ ਸਫ਼ਰ ਕਰਨੇ ਅਣਕੀਤੇ ਅਣਬੀਤੇ ਨਹੀਂ ਹੋਏ ਬੀਤੇ ਹੁਣੇ ਹੁਣੇ ਕੁਝ ਬੋਲ ਸੁਣੇ ਨੇ ਹੁਣੇ ਹੁਣੇ ਹੈ ਦਸਤਕ ਹੋਈ ਅਜੇ ਨਾ ਕਵਿਤਾ ਰੁਖ਼ਸਤ ਹੋਈ ਅਜੇ ਨੇ ਸ਼ਾਮਾਂ ਸੁਪਨੇ ਰੰਗੀਆਂ ਅਜੇ ਪੌਣ ’ਚੋਂ ਆਉਣ ਸੁਗੰਧੀਆਂ ਅਜੇ ਸਿਰਜਣੇ ਨਕਸ਼ ਨਵੇਰੇ ਅਜੇ ਲਿਸ਼ਕਣੇ ਪੰਧ ਹਨੇਰੇ ਅਜੇ ਤੇ ਮੈਂ ਨੇ ਤੂੰ ਏਂ ਹੋਣਾ ਤੇ ਧਰਤੀ ਨੇ ਅੰਬਰ ਛੋਹਣਾ ਹੁਣੇ ਹੁਣੇ ਕੁਝ ਜਗਿਆ ਜਗਿਆ ਕਾਇਆ ਪਿਘਲੀ ਤਰਵਤ ਹੋਈ ਅਜੇ ਨਾ ਕਵਿਤਾ ਰੁਖ਼ਸਤ ਹੋਈ ਅਜੇ ਨਾ ਸਿਮਰਿਤੀਆਂ ਕੁਮਲਾਈਆਂ ਅਜੇ ਚੇਤਿਆਂ ਵਿਚ ਰੁਸ਼ਨਾਈਆਂ ਅਜੇ ਉਦਾਸ ਨਾ ਹੋਈਆਂ ਉਮਰਾਂ ਤਨ ਮਨ ਪਾਣੀ ਹੋਈਆਂ ਸੋਚਾਂ ਅਜੇ ਬਿਰਤੀਆਂ ਨੇ ਦਰ ਖੋਲ੍ਹੇ ਰੰਗ ਸੁਰਮਈ ਲੂੰ ਲੂੰ ਘੋਲੇ ਹੁਣ ਸਭ ਕੁਝ ਸਵੀਕਾਰ ਹੋਏਗਾ ਰੀਝ ਕੋਈ ਨਾ ਵਰਜਿਤ ਹੋਈ ਅਜੇ ਨਾ ਕਵਿਤਾ ਰੁਖ਼ਸਤ ਹੋਈ ਅਜੇ ਤਾਂ ਜ਼ਜਬੇ ਸੱਧਰਾਂ ਤਰਵਰ ਅਜੇ ਨਾ ਮੋਹ ਦੇ ਉਛਲੇ ਸਰਵਰ ਅਜੇ ਤਾਂ ਬਿਰਖੀਂ ਪਏ ਪੁੰਗਾਰੇ ਦੇਣੇ ਰੁੱਤਾਂ ਅਜੇ ਹੁੰਗਾਰੇ ਅਜੇ ਨਾ ਨੈਣੀਂ ਜਾਗ ਸੁਣੀਂਦੀ ਅਜੇ ਤਾਂ ਨੀਂਦਰ ਸੁਪਨੇ ਪੀਂਦੀ ਮੇਘ ਸੁਗੰਧੇ ਵਰਸਣ ਲੱਗੇ ਸੁੰਝੀ ਕਾਇਆ ਕੁਦਰਤ ਹੋਈ ਅਜੇ ਨਾ ਕਵਿਤਾ ਰੁਖਸਤ ਹੋਈ ਅਜੇ ਮੁਰਾਦਾਂ ਦੇ ਦਰ ਖੁੱਲ੍ਹਣੇ ਅਜੇ ਪੰਖੇਰੂ ਅੰਬਰੀਂ ਉੱਡਣੇ ਅਜੇ ਸੁਹਾਵੇ ਥਾਨ ਵਿਛਾਉਣੇ ਅਜੇ ਨੇ ਸੁੱਖ ਸੁਨੇਹੇ ਆਉਣੇ ਅਜੇ ਗੀਤ ਨਾ ਹੋਏ ਪੂਰੇ ਨਾ ਪੂਰੀ ਅਜੇ ਇਬਾਦਤ ਹੋਈ ਅਜੇ ਨਾ ਕਵਿਤਾ ਰੁਖ਼ਸਤ ਹੋਈ

ਵਸਤਾਂ ਤੇ ਪੁਰਖੇ

ਹੋਰ ਵੀ ਕਈ ਪਿਤਾ ਪੁਰਖੀ ਵਸਤਾਂ ਵਾਂਗ ਘਰ 'ਚ ਪਏ ਨੇ ਪਿਤਾ ਦੇ ਬਣਾਏ ਮੇਜ਼, ਕੁਰਸੀ, ਚੌਂਕੀਆਂ ਕੰਮ ਕਾਜ ਲਈ ਕੁਝ ਲੋੜੀਂਦੇ ਔਜ਼ਾਰ ਤੇਸਾ, ਆਰੀ, ਸੱਥਰੀ, ਹਥੌੜੀ ਤੇ ਹੋਰ ਨਿਕ-ਸੁਕ 1953 ’ਚ ਲਿਆ ਊਸ਼ਾ ਟੇਬਲ ਫੈਨ ਤੇ ਕੁਝ ਵਰ੍ਹੇ ਬਾਅਦ ਖਰੀਦਿਆ ਛੱਤ ਵਾਲਾ ਪੱਖਾ ਮਾਂ ਦੀ ਪੇਟੀ 'ਚ ਵੀ ਨੇ ਅੱਧੀ ਸਦੀ ਪੁਰਾਣੇ ਕੁਝ ਖੇਸ ਦਰੀਆਂ, ਰਜਾਈਆਂ, ਕੰਬਲ ਆਟੇ ਵਾਲਾ ਪੀਪਾ, ਉਹੋ ਛਾਨਣੀ, ਪਰਾਤ, ਕੜਾਹੀ ਚਕਲਾ ਵੇਲਣਾ, ਕੂੰਡਾ, ਲੂਣ ਘੋਟਣਾ, ਹਮਾਮ ਦਸਤਾ ਚੀਨੀ ਦੀਆਂ ਕੁਝ ਪਲੇਟਾਂ, ਕੜਛੀ, ਥਾਲੀਆਂ ਪਿੱਤਲ ਦੀਆਂ ਇਕ ਦੋ ਕੌਲੀਆਂ, ਪਤੀਲੀ ਬੱਤੀਆਂ ਵਾਲਾ ਸਟੋਵ, ਉਹੋ ਚਿਮਟਾ ਜਾਲੀ ਵਾਲੀ ਡੋਲੀ ’ਚ ਵੀ ਪਿਆ ਏ ਕਈ ਕੁਝ ਆਮ ਘਰ ਦੀ ਰਸੋਈ ਲਈ ਲੋੜੀਂਦਾ ਕੁਝ ਆਉਂਦਾ ਏ ਵਰਤੋਂ 'ਚ ਕਦੇ ਕਦਾਈਂ ਕਈ ਕੁਝ ਹੁੰਦਾ ਜਾਂਦਾ ਵਰਤੋਂ ਵਿਹੂਣਾ, ਬੇਲੋੜਾ ਕਈ ਕੁਝ ਦੀ ਵਰਤੋਂ ਕਦੇ ਵੀ ਨਹੀਂ ਹੋਣੀ ਸਮਾਂ ਆਪਣੀ ਵਰਤੋਂ ਲਈ ਘੜ ਲੈਂਦਾ ਏ ਵਸਤਾਂ ਨਵੀਆਂ ਘਰ 'ਚ ਪਈਆਂ ਇਨ੍ਹਾਂ ਲੋੜੀਆਂ ਬੇਲੋੜੀਆਂ ਵਸਤਾਂ ਕਰਕੇ ਵਡੇਰੇ ਆ ਜਾਂਦੇ ਨੇ ਯਾਦ ਅਕਸਰ ਹੌਲੀ ਹੌਲੀ ਕਿਵੇਂ ਵਸਤਾਂ ’ਚ ਢਲ ਜਾਂਦੇ ਨੇ ਪੁਰਖੇ ਮੈਨੂੰ ਨਹੀਂ ਪਤਾ ਆਪਣਿਆਂ ਬੱਚਿਆਂ ਨੂੰ, ਕਿਨ੍ਹਾਂ ਵਸਤਾਂ ਕਰਕੇ ਆਇਆ ਕਰਾਂਗਾ ਯਾਦ ਮੈਂ

ਆਪਣੇ ਪਿਤਾ ਦੀ ਉਮਰ ਦਾ ਹੋਣਾ

ਆਪਣੇ ਪਿਤਾ ਦੀ ਉਮਰ ਦਾ ਹੋਇਆ ਤਾਂ ਮਹਿਸੂਸ ਹੋਇਆ ਿ ਕਹੋ ਜਿਹੇ ਹੁੰਦੇ ਨੇ , ਢਲਦੀ ਉਮਰ ਦੇ ਪਿਓ ਦੇ ਤੌਖ਼ਲੇ ਸੋਚਾਂ, ਸੰਸੇ, ਹੇਰਵੇ, ਉਦਾਸੀਆਂ ਔਲਾਦ ਦਾ ਪਿਤਾ ਪੁਰਖੀ ਫ਼ਿਕਰ ਘਰ ਦੀ ਹੁੰਮਸ ਆਪਣੇ ਨਿੱਜ ਦੀ ਸੁੰਞ ਸੱਖਣਤਾ ਪੂਰੇ ਦੀ ਨਹੀਂ ਅਪੂਰੇ ਦੀ ਚਿੰਤਾ ਹਾਸਿਲ ਦਾ ਹੌਂਸਲਾ ਨਹੀਂ ਥੁੜਾਂ, ਵਿਗੋਚਿਆਂ ਦਾ ਸੱਲ ਆਪਣੇ ਪਿਤਾ ਦੀ ਉਮਰ ਦਾ ਹੋਇਆ ਤਾਂ ਇਉਂ ਮਹਿਸੂਸ ਹੋਇਆ ਜਿਵੇਂ ਚਾਣਚਕ ਆਪਣੇ ਪਿਤਾ ਦੇ ਫ਼ਿਕਰਾਂ ਸੰਸਿਆਂ 'ਚੋਂ ਨਿਕਲ ਕੇ ਆਪਣੇ ‘ਹੁਣ' ਤਕ ਆ ਗਿਆ ਹਾਂ ਪਿਤਾ ਦੀ ਉਮਰ ਨੇ ਜਿਵੇਂ ਪਹਿਨ ਲਿਆ ਏ ਮੇਰਾ ਹੀ ਜਿਸਮ ਮੇਰਾ ਪਿਤਾ ਹੀ ਜਿਵੇਂ ਮੇਰੇ ਅਪੂਰੇ ਦਾ ਪੂਰਕ ਹੋਵੇ ਆਪਣੇ ਪਿਤਾ ਦੀ ਉਮਰ ਦਾ ਹੋਇਆ ਤਾਂ ਇਉਂ ਮਹਿਸੂਸ ਹੋਇਆ ਕਿਹੋ ਜਿਹਾ ਹੁੰਦਾ ਏ ਇਕ ਕਾਇਆ ਦਾ ਦੂਜੀ ਕਾਇਆ ’ਚ ਢਲ ਜਾਣਾ ਇਕ ਉਮਰ ਦਾ ਦੂਜੀ ਉਮਰ ’ਚ ਰਲ ਜਾਣਾ ਪਿਤਾ ਦੀ ਉਮਰ ਦਾ ਹੋਇਆ ਤਾਂ ਇਉਂ ਮਹਿਸੂਸ ਹੋਇਆ ਏ...

ਰੱਖਿਆ ਕਵਚ

ਜੇ ਨਹੀਂ ਤੂੰ ਕੋਈ ਸਿਪਾਹੀ-ਨਾ ਸਿਪਾਹਸਲਾਰ ਤਾਂ ਕਿਉਂ ਪਹਿਨ ਰੱਖਿਆ ਏ ਤੂੰ ਰੱਖਿਆ ਕਵਚ ਇਹ ਤਾਂ ਲੋੜੀਂਦਾ ਉਦੋਂ ਜਦ ਹੋਵੇ ਸਿਪਾਹੀ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਦੇ ਰੂਬਰੂ ਹੱਥ ’ਚ ਹੋਵੇ ਲਿਸ਼ਕਦੀ ਤਲਵਾਰ ਤੇ ਅੱਖਾਂ 'ਚ ਰੋਹ ਦਾ ਗੁਬਾਰ ਲਹੂ ਦੀ ਨਦੀ ਇਕ ਵਹਿੰਦੀ ਦਿਸੇ ਤਾਂ ਸਿਪਾਹੀ ਪਹਿਨ ਲੜਦਾ ਰੱਖਿਆ ਕਵਚ ਕਰਥ ਤੇਰੀ ਤਾਂ ਲੜਾਈ ਨਿਹੱਥੀ ਨਾ ਹੱਥ ਵਿਚ ਲਿਸ਼ਕਦੀ ਤਲਵਾਰ ਕੋਈ ਨਾ ਅੱਖਾਂ ਵਿਚ ਰੋਹ ਜਗਿਆ ਨਾ ਦੁਸ਼ਮਣ ਸਾਹਮਣੇ ਕੋਈ ਨਾ ਕੋਈ ਅਹਿਦ-ਨਾ ਅਕੀਦਾ ਨਾ ਤੇਰੀ ਕੋਈ ਰਣਭੂਮੀ ਫੇਰ ਤੂੰ ਕਿਉਂ ਪਹਿਨ ਰੱਖਿਆ ਏ ਰੱਖਿਆ ਕਵਚ ਰੱਖਿਆ ਕਵਚ ਕੋਈ ਵੀ ਹੋਵੇ ਜੰਗ ਵਿਚ ਜਾਂ ਜ਼ਿੰਦਗੀ ਵਿਚ ਜੀਣ ਨਹੀਂ ਦਿੰਦਾ ਸੁਭਾਵਕ ਹਰ ਪਲ ਮਿਲਿਆ ਰਹੇ-ਕੋਈ ਸਰਾਪ ਤੌਖਲੇ ਡੱਸਣ ਅਨੇਕਾਂ ਨਾਗ ਡੰਗਣ ਸੰਸਿਆਂ ਦੇ ਰੱਖਿਆ ਕਵਚ ਦੇ ਹੁੰਦਿਆਂ ਵੀ ਕਾਇਆ ਲਗਦੀ ਲਹੂ ਲੁਹਾਨ ਸਾਹਾਂ 'ਚੋਂ ਸਿੰਮਦਾ ਜਾਪਦਾ ਸੰਘਣਾ ਹਨੇਰਾ ਰੱਖਿਆ ਕਵਚ ਕਿੰਨੀ ਕੁ ਕਰਦਾ ਰੱਖਿਆ ਨਾ ਤੂੰ ਜਾਣੇ-ਨਾ ਮੈਂ ਜਾਣਾ ਅਪਣੇ ਅਪਣੇ ਦੁਸ਼ਮਣ ਤੋਂ ਅਣਜਾਣ ਅਸੀਂ ਰੱਖਿਆ ਕਵਚ ਦੇ ਭਰਮ ਭੁਲੇਖੇ ਜੀਵੀ ਜਾਈਏ ਖੌਰੇ ਕਿਹੜੀ ਜੂਨ ਹੰਢਾਈਏ ਬਿਨ ਲੜਿਆਂ ਯੋਧੇ ਅਖਵਾਈਏ ਰੱਖਿਆ ਕਵਚ ਦੇ ਸੋਹਲੇ ਗਾਈਏ

ਮਾਂ ਦੀ ਸਹੇਲੀ

ਘਰ ਦੀ ਗਲੀ ਲੰਘਦੀ ਇਕ ਅੱਧ ਬਿਰਧ ਮਾਤਾ ਆਣ ਖਲੋਤੀ ਘਰ ਦੇ ਬੂਹੇ ਸਾਹਵੇਂ ਮੈਂ ਨਿਹਾਰਿਆ ਉਸ ਨੂੰ ਮਾਂ ਵਰਗਾ ਹੀ ਸੀ ਉਹਦਾ ਚਿਹਰਾ ਉਸ ਨੇ ਵੀ ਤੱਕਿਆ ਮੇਰੇ ਵੱਲ ਅਪਣੱਤ ਨਾਲ ਦੋਹਾਂ ਦੇ ਵਿਚਕਾਰ ਮਮਤਾ ਸਰਸਰਾਈ ਕਿਹਾ ਉਸ ਨੇ ਕੁਝ ਪਛਾਣ ਕੇ ਇਸੇ ਘਰ 'ਚ ਰਹਿੰਦੀ ਸੀ ਇਕ ਬੀਬੀ ਬੜੀ ਸਹੇਲੀ ਸੀ ਮੇਰੀ ਦੁਖ ਸੁਖ ਫੋਲ, ਸੁਣ ਲੈਂਦੀ ਸੀ ਮੈਂ ਤੱਕਿਆ ਮਾਂ ਦੀ ਸਹੇਲੀ ਵੱਲ ਨੀਝ ਨਾਲ ਤੇ ਕਿਹਾ ਇਸ ਘਰ 'ਚ ਰਹਿੰਦੀ ਬੀਬੀ ਮੇਰੀ ਮਾਂ ਸੀ ਨੀਝ ਲਾ ਉਸ ਤੱਕਿਆ ਘਰ ਵੱਲ, ਮੇਰੇ ਵੱਲ ਜਿਵੇਂ ਪੁੱਛ ਰਹੀ ਹੋਵੇ ਫਿਰ ਕਿਥੇ ਏ ਉਹ ਬੀਬੀ ਮੈਂ ਉਹਦੀ ਚੁੱਪ ਨੂੰ ਮਹਿਸੂਸ ਕੀਤਾ ਤੇ ਕਿਹਾ- ਮਾਂ ਪੂਰੀ ਹੋਈ ਨੂੰ ਤਾਂ ਵਰ੍ਹੇ ਹੋਏ ਉਸ ਨੇ ਮੇਰੇ ਬੋਲ ਸੁਣੇ ਹਓਕਾ ਲਿਆ ਤੇ ਬੋਲੀ ਬੜੀ ਚੰਗੀ ਸੀ ਉਹ ਬੀਬੀ ਬੜਾ ਮੋਹ ਕਰਦੀ ਸੀ ਏਨਾ ਆਖ ਉਹ ਚਲੀ ਗਈ ਤੁਰ ਗਈ ਮਾਂ ਦਾ ਧੁੰਦਲਾ ਜਿਹਾ ਆਕਾਰ ਵੇਖ ਕੇ ਮਾਂ ਦੀ ਬਿਰਧ ਸਹੇਲੀ ਕੁਝ ਹੋਇਆ ਸਾਕਾਰ ਉਸ ਔਰਤ ਦੇ ਜਾਣ ਪਿਛੋਂ ਇਉਂ ਲੱਗਾ ਮੈਨੂੰ ਆਪਣੀ ਆਪ ਸਹੇਲੀ ਬਣ ਕੇ ਆਪਣਾ ਕੁਨਬਾ ਵੇਖਣ ਦੇ ਲਈ ਮੋਈ ਮਾਂ ਜਿਵੇਂ ਘਰ ਆਈ ਰਿਸ਼ਤੇ ਤੋਂ ਬਿਨਾਂ ਵੀ ਹੁੰਦਾ ਇਕ ਰਿਸ਼ਤਾ ਇਸ ਰਿਸ਼ਤੇ ਦਾ ਨਾਓਂ ਨਾ ਕੋਈ ਏਹੋ ਰਿਸ਼ਤਾ ਸਦਾ ਸਦੀਵੀ

ਖਿਲਰੀ ਤਰਤੀਬ

ਖਿਲਰਿਆ ਖਿਲਾਰਿਆ ਜਿਵੇਂ ਮੈਂ ਸਾਂ ਉਵੇਂ ਹੀ ਹਾਂ ਕੋਈ ਤਰਤੀਬ ਨਹੀਂ ਮਿਲੀ ਮੈਨੂੰ ਮੈਂ ਤਰਤੀਬ ਵਿਚ ਢਲਿਆ ਵੀ ਨਹੀਂ ਆਪਣੇ ਖਿਲਰੇ ਖਿਲਾਰੇ ’ਚੋਂ ਕੁਝ ਨਾ ਕੁਝ ਲੱਭਣ ਦੀ ਪੈ ਗਈ ਏ ਆਦਤ ਜਿਹੀ ਇਸੇ ਆਦਤ ’ਚ ਬੀਤਿਆ ਬਿਤਾਇਆ ਮੈਂ ਸ਼ਾਇਦ ਕਿਸੇ ਹੋਰ ਆਦਤ ਦੇ ਮੇਚ ਨਾ ਆਵਾਂ ਉਂਜ ਖਿਲਰੇ ਖਿਲਾਰੇ ਦੀ ਵੀ ਹੁੰਦੀ ਹੋਏਗੀ ਤਰਤੀਬ ਕੋਈ ਲੋੜੀਂਦਾ ਲਭਦਿਆਂ ਕਈ ਵਾਰ ਲੱਭ ਪੈਂਦਾ ਏ ਕਈ ਕੁਝ ਨਵਾਂ ਨਕੋਰ ਜਿਹਾ ਵਿਸਰਿਆ ਹੁੰਦਾ ਏ ਜੋ ਚਿਤ ਚੇਤਿਆਂ 'ਚੋਂ ਵੀ ਇਹ ਖਿਲਰਿਆ ਖਿਲਾਰਿਆ ਈ ਹੁੰਦਾ ਏ ਕਈ ਕੁਝ ਗੁੰਮੇ ਗਵਾਚੇ ਦਾ ਸਿਰਨਾਵਾਂ ਖਿਲਰਿਆ ਖਿਲਾਰਿਆ ਜਿਵੇਂ ਮੈਂ ਹਾਂ ਉਵੇਂ ਹੀ ਹਾਂ ਖਿਲਰੀ ਜਿਵੇਂ ਤਰਤੀਬ ਕੋਈ

ਉਹ ਤੁਰੇ

ਉਹ ਤੁਰਦੇ ਤਾਂ ਤੁਰਦੀ ਜ਼ਿੰਦਗੀ ਉਹ ਨਹੀਂ ਹਾਰੇ ਕਦੇ ਤਾਂ ਹੀ ਜਿੱਤੀ ਜ਼ਿੰਦਗੀ ਸਦਾ ਸਭ ਕੁਝ ਤੋਂ ਵਿਹੂਣੇ ਹੋ ਕੇ ਵੀ ਉਹ ਰਹੇ ਭਰੇ ਪੂਰੇ ਆਪਣੇ ਹੋਣ ਦਾ ਅੰਬਰ ਉਨ੍ਹਾਂ ਦੇ ਸਿਰਾਂ 'ਤੇ ਰਿਹਾ ਉਨ੍ਹਾਂ ਦੇ ਪੈਰਾਂ ਨੂੰ ਰਾਹਾਂ ਦਾ ਖ਼ਾਬ ਆਉਂਦਾ ਰਿਹਾ ਸਾਂਭ ਕੇ ਰੱਖੇ ਉਨ੍ਹਾਂ ਜੀਣ ਦੇ ਕੁਝ ਕੁ ਸਬੱਬ ਅਰਥਹੀਣਤਾ ’ਚੋਂ ਵੀ ਲੱਭ ਲਏ ਕਈ ਅਰਥ ਨਵੇਂ ਨਵੇਰੇ ਆਪਣੇ ਹਿੱਸੇ ਦੀ ਜੰਗ ਵਿਚ ਭਾਵੇਂ ਉਹ ਰਹੇ ਸਦਾ ਸਿਪਾਹੀ ਹੀ ਨਹੀਂ ਰੱਖੀ ਲਾਲਸਾ ਨਾਇਕ ਹੋਣ ਦੀ ਆਪਣੇ ਸਿਰਾਂ 'ਤੇ ਸਜਾਈ ਰੱਖੀ ਉਨ੍ਹਾਂ ਆਪਣੇ ਅਕੀਦੇ ਦੀ ਦਸਤਾਰ ਆਪਣੀ ਠਾਰ ਵਿਚ ਠਰੇ ਆਪਣੇ ਸੇਕ ਵਿਚ ਭਿੱਜੇ ਉਹ ਤੁਰੇ ਮੈਂ ਵਿੰਹਦਾ ਰਿਹਾ ਉਨ੍ਹਾਂ ਨੂੰ ਤੁਰਦਿਆਂ ਮੇਰੀ ਕਵਿਤਾ ਉਨ੍ਹਾਂ ਤੁਰੇ ਜਾਂਦਿਆਂ ਦੇ ਪਰਛਾਵਿਆਂ ਦੀ ਛਾਵੇਂ ਤੁਰਦੀ ਰਹੀ... ਉਹ ਤੁਰੇ ਤਾਂ ਤੁਰੀ ਜ਼ਿੰਦਗੀ

ਲਿਸ਼ਕ ਤੇ ਗੂੰਜ

ਤੁਰਿਆ ਤਾਂ ਸੀ ਉਹ ਵੀ ਸੁਰਮਈ ਖ਼ਾਬਾਂ ਦੇ ਸਫ਼ਰ ’ਤੇ ਪਰ ਲੋੜਾਂ ਥੁੜਾਂ ਦੇ ਵਾਵਰੋਲਿਆਂ 'ਚ ਘਿਰਿਆ ਕਦੇ ਕਦਾਈਂ ਔਝੜ ਰਾਹਾਂ 'ਤੇ ਵੀ ਹੋ ਤੁਰਿਆ ਕਦੇ ਉਹ ਅਣਚਾਹੇ ਦਰਾਂ 'ਤੇ ਜਾ ਰੁਕਿਆ ਜਿਥੇ ਉਹਦੀ ਦਸਤਕ ਵੀ ਉਲ੍ਹਾਮਾ ਹੋਈ ਕਦੇ ਕਦਾਈਂ ਉਹ ਉਨ੍ਹਾਂ ਸੂਦਖੋਰ ਹਵੇਲੀਆਂ ਸਾਹਵੇਂ ਬਣ ਕੇ ਸਵਾਲੀ ਜਾ ਖਲੋਤਾ ਜਿਥੇ ਕੁਝ ਕੁ ਵਰ੍ਹਿਆਂ ਦੇ ਇਵਜ਼ ਵਿਚ ਉਮਰ ਹੀ ਰੱਖਣੀ ਪਵੇ ਗਿਰਵੀ ਸ਼ਾਹੂਕਾਰ ਬਸਤੀਆਂ 'ਚ ਉਹ ਬੜਾ ਰੁਲਿਆ ਹੰਕਾਰੀਆਂ ਸੋਚਾਂ ਦੇ ਚਾਬਕ ਉਹਦੇ ਸਵੈਮਾਣ ਨੂੰ ਕੋਂਹਦੇ ਰਹੇ ਹੌਲੀ ਹੌਲੀ ਉਹ ਹੋ ਗਿਆ ਉਸ ਜੀਵ ਜੰਤੂ ਜਿਹਾ ਜਿਹੜਾ ਰੱਖਿਆ ਗਿਆ ਹੋਵੇ ਬਲੀ ਦੇਣ ਦੀ ਰਸਮ ਲਈ ਰਾਖਵਾਂ ਲਿਸ਼ਕਦੀ ਤਲਵਾਰ ਹਰ ਪਲ ਉਸ ਦੀਆਂ ਰਗਾਂ ਦੇ ਵਿਚਕਾਰ ਰਹੇ ਕਦੇ ਕਦਾਈਂ ਤਾਂ ਇਉਂ ਲੱਗਦਾ ਉਹਦਾ ਸਿਰ ਨਿਸ਼ਾਨਚੀਆਂ ਦੇ ਨਿਸ਼ਾਨਾ ਘੜਨ ਦੇ ਅਭਿਆਸ ਲਈ ਰੱਖੀ ਗਈ ਕੋਈ ਵਸਤ ਹੋਵੇ ਗੋਲੀ ਲੰਘ ਤਾਂ ਜਾਂਦੀ ਰਹੀ ਭਾਵੇਂ ਉਹਦੇ ਸਿਰ ਉਪਰੋਂ ਪਰ ਉਹਦੀ ਗੂੰਜ ਸਾਹਾਂ ’ਚ ਖੁਰ ਜਾਂਦੀ ਹੁਣ ਭਾਵੇਂ ਬਲੀ ਦੀ ਰਸਮ ਹੋਵੇ ਜਾਂ ਨਾ ਹੋਵੇ ਨਿਸ਼ਾਨਾ ਉਹਦੇ ਸਿਰ ਦਾ ਲੱਗੇ ਭਾਵੇਂ ਨਾ ਲੱਗੇ ਤਲਵਾਰ ਦੀ ਲਿਸ਼ਕ ਤੇ ਗੋਲੀ ਦੀ ਗੂੰਜ ਉਹਦੇ ਮੱਥੇ 'ਚ ਤੁਰਦੀ ਰਹੇ

ਹਿਜਰਤ

ਕਿਨ੍ਹਾਂ ਬਿਨ ਮੈਂ ਇਕੱਲਾ ਉਦਾਸ ਏਨਾ ਮੇਰੇ ’ਚੋਂ ਕੌਣ ਹਿਜਰਤ ਕਰ ਗਿਆ ਏ ਨਹੀਂ ਸਾਂ ਮੈਂ ਦੋ ਟੋਟੇ ਹੋਇਆ ਮੁਲਕ ਕੋਈ ਨਹੀਂ ਸੀ ਤੌਖਲਾ ਮੇਰੇ ਤੋਂ ਕਿਸੇ ਫ਼ਿਰਕੂ ਕਤਲੋਗਾਰਤ ਦਾ ਨਹੀਂ ਸੀ ਕਿਸੇ ਧਰਮ ਮਜ਼ਹਬ ਨੂੰ ਮੇਰੇ ਤੋਂ ਖ਼ਤਰਾ ਮੇਰੇ ਜ਼ਿਹਨ 'ਚ ਨਹੀਂ ਸਨ ਲਿਸ਼ਕਦੇ ਤਿਰਸ਼ੂਲ ਤੇ ਕਿਰਪਾਨ ਨਹੀਂ ਸੀ ਮੇਰੇ ਲਹੂ 'ਚ ਰੀਂਗਦਾ ਬਦਲ ਜਾਂ ਇੰਤਕਾਮ ਕੋਈ ਨਹੀਂ ਸੀ ਕਿਸੇ ਨੂੰ ਮੇਰੀ ਰੱਤ ਦੀ ਪਿਆਸ ਇਹ ਕਿਹੜੇ ਭੈਅ ਕਾਰਨ ਮੇਰੇ ’ਚੋਂ ਉੱਠ ਕੇ ਮੇਰਾ ਕਈ ਕੁਝ ਤੁਰ ਗਿਆ ਏ ਆਪਣੇ ਬਿਨ ਤਾਂ ਕਦੇ ਨਹੀਂ ਹੋਇਆ ਮੈਂ ਏਨਾ ਉਦਾਸ ਕਿ ਲੱਗਦਾ ਨਹੀਂ ਪਤਾ ਕੋਈ ਕੌਣ ਕਿਧਰ ਤੁਰ ਗਿਆ ਏ ਫਿਰ ਕਿਉਂ ਮੇਰੇ ’ਚੋਂ ਕੋਈ ਅਣਬੋਲਿਆ ਜਿਹਾ ਤੁਰ ਗਿਆ ਏ ਕੇਹੀ ਹਿਜਰਤ ਏ ਇਹ

ਕਵਿਤਾ ਨਹੀਂ ਜਾਂਦੀ ਕਿਤੇ

ਨਹੀਂ ਜਾਂਦੀ ਕਵਿਤਾ ਕਿਤੇ ਨਿੱਕੇ ਨਿੱਕੇ ਸਰੋਕਾਰਾਂ ਚ ਵਿਚਰਦੀ ਬੇਪਛਾਣ ਨਕਸ਼ਾਂ ਦੀ ਸ਼ਨਾਖ਼ਤ ਕਰਦੀ ਤੁਹਾਡੇ ਕੋਲ-ਕੋਲ ਹੀ ਹੁੰਦੀ ਏ ਜੇ ਕਿਤੇ ਜਾਂਦੀ ਵੀ ਏ ਤਾਂ ਜੀਣ ਦੇ ਸਬੱਬ ਤਲਾਸ਼ ਕਰਨ ਨਿਹੱਥਿਆਂ ਦੀ ਜੰਗ ਵਿਚ ਸ਼ਰੀਕ ਹੋਣ ਦਰਿੰਦੀਆਂ ਪੌਣਾਂ ਨੂੰ ਵਰਜਣ ਲਈ ਅਮੋੜ ਪਾਣੀਆਂ ਦੇ ਰੂਬਰੂ ਹੋਣ ਕਵਿਤਾ ਜਾਂਦੀ ਏ ਆਪਣੀ ਪਹਿਚਾਣ ਲੱਭਣ ਆਪਣੀ ਗੁੰਮਸ਼ੁਦਗੀ ਦਾ ਕਾਰਨ ਤਲਾਸ਼ ਕਰਨ ਲਈ ਕਵਿਤਾ ਕਿਤੇ ਨਹੀਂ ਜਾਂਦੀ ਕਵਿਤਾ ਤਾਂ ਬਿਰਖ ਹੁੰਦੀ ਪੌਣਾਂ 'ਚ ਆਪਣੇ ਬੀਅ ਖਿਲਾਰਦੀ ਅਨੰਤ ਹਰਿਆਵਲ ਦੇ ਦਸਤਰਖ਼ਾਨ ਸਜਾਉਂਦੀ ਆਪਣੀ ਚੁੱਪ ਨੂੰ ਸੁਣਿਓ ਕਵਿਤਾ ਖ਼ੁਦ ਸਾਜ਼ ਬਣੀ ਗੁਣਗੁਣਾ ਰਹੀ ਹੋਵੇਗੀ

ਕਵਿਤਾ ਦੇ ਮੁਹਾਂਦਰੇ

ਨਿੱਕੇ ਬਾਲ ਨੂੰ ਦੁੱਧ ਚੁੰਘਾਉਂਦੀ ਮਾਂ ਪਿਤਾ ਦੀ ਉਂਗਲ ਫੜ੍ਹੀ ਤੁਰਿਆ ਜਾਂਦਾ ਬੱਚਾ ਆਪਣੀ ਸੁੰਵ ਨੂੰ ਨਿਹਾਰਦੀ ਮੋਹ ਦੇ ਨਕਸ਼ ਚਿਤਰਦੀ ਕੋਈ ਮੁਟਿਆਰ ਆਪਣੀ ਇਕੱਲ ਨੂੰ ਸੁਪਨਾਉਂਦਾ ਗੱਭਰੂ ਹਾਣ ਦੀ ਤਾਂਘ ’ਚ ਲਰਜ਼ਦੇ ਪਿੰਡੇ ਆਪਣੀ ਕਿਰਤ ਕਮਾ ਕੇ ਜੇਬ ’ਚ ਪਾਉਂਦਾ ਕਾਮਾ ਇਹ ਸਭ ਮੇਰੀ ਕਵਿਤਾ ਦੇ ਮੁਹਾਂਦਰੇ ਮੈਂ ਇਨ੍ਹਾਂ ਦੇ ਅੰਗ-ਸੰਗ

ਅਸਿਰਜਣ

ਉਨ੍ਹਾਂ ਨੇ ਇਕ ਦੂਜੇ ਦੀ ਮਿੱਟੀ ਨੂੰ ਪਤਾ ਨਹੀਂ ਕਿਵੇਂ ਗੋਇਆ ਕਿਵੇਂ ਢਾਲਿਆ ਨਾ ਕੋਈ ਬੁੱਤ ਘੜਿਆ ਗਿਆ ਨਾ ਕੋਈ ਮੂਰਤੀ ਬਣੀ ਨਾ ਢਲਿਆ ਲੋਚ ਦਾ ਆਕਾਰ ਕੋਈ ਤੇ ਨਾ ਹੀ ਸਿਰਜਣਾ ਸਾਕਾਰ ਕੋਈ ਬੇਡੌਲ ਢਾਂਚੇ ਇਕ ਦੂਜੇ ਵਿਚਲੀ ਦੂਰੀ ’ਤੇ ਖੜ੍ਹੇ ਰਹੇ ਇਕ ਦੂਜੇ ਦੀ ਮਿੱਟੀ ਨੂੰ ਛਿਲਦੇ ਕੋਂਹਦੇ ਰਹੇ ਸਿਰਜਣਾ ਦੇ ਸੇਕ ਬਿਨ ਕਦ ਸਿਰਜਣਾ ਸਾਕਾਰ ਹੋਵੇ

ਮੇਰਾ ਪਿਤਾ

ਮੇਰਾ ਪਿਤਾ ਹੋਰਨਾਂ ਪਿਤਾਵਾਂ ਵਰਗਾ ਹੀ ਸੀ-ਸਾਦ ਮੁਰਾਦਾ ਭਲਾਮਾਣਸ ਨਹੀਂ ਸੀ ਉਹਦੀਆਂ ਕੁੰਡੀਆਂ ਮੁੱਛਾਂ ਨਾ ਰੋਹਬਦਾਰ ਚਿਹਰਾ ਨਹੀਂ ਸੀ ਬਹੁਤਾ ਪੜ੍ਹਿਆ ਲਿਖਿਆ ਨਾ ਕੋਈ ਦਾਨਸ਼ਵਰ ਨਾ ਕਿਸੇ ਸਭਾ ਸੰਸਥਾ ਦਾ ਅਹੁਦੇਦਾਰ ਨਿੱਕੀਆਂ ਵੱਡੀਆਂ ਮੁਸ਼ਕਲਾਂ ਨਾਲ ਜੂਝਦਾ ਆਪਣੇ ਹਿੱਸੇ ਦੀ ਉਮਰ ਭੋਗ ਕੇ ਤੁਰਦਾ ਬਣਿਆ ਜਦੋਂ ਤੁਰਿਆ ਪਿਤਾ ਤਾਂ ਪਿਤਾ ਪੁਰਖੀ ਜਾਇਦਾਦ ਵਰਗਾ ਉਹਦਾ ਕੁਝ ਵੀ ਮੇਰੇ ਕੋਲ ਨਹੀਂ ਸੀ ਉਹਦੀ ਨਿਰਛਲਤਾ ਤੋਂ ਸਿਵਾ ਬੈਂਕ ਦੀ ਕਾਪੀ ’ਚ ਦੋ ਸੌ ਤੇਤੀ ਰੁਪਏ ਬਚੇ ਸਨ ਉਹਦੀ ਸਾਰੀ ਕਮਾਈ ਅਸਾਂ ਤਿੰਨ ਭਰਾਵਾਂ ਨੇ ਹੌਲੀ-ਹੌਲੀ ਚੂੰਡ ਲਈ ਸੀ ਕੁਝ ਉਹਦੇ ਵਿਹਲੇ ਦਿਨਾਂ ਵਿਚ ਖਾਧੀ ਗਈ ਸੀ ਕਮਾਊ ਪੁੱਤਾਂ ਦੀ ਕਮਾਈ ਖਾਣ ਦੀ ਉਹਦੀ ਰੀਝ ਅਧੂਰੀ ਹੀ ਰਹੀ ਮੇਰੇ ਕਿਰਾਏ ਦੇ ਕਮਰੇ 'ਚ ਉਹ ਬਿਮਾਰੀ ਨਾਲ ਘੁਲਿਆ ਤੇ ਪੀੜੋ-ਪੀੜ ਹੋਇਆ ਤੁਰ ਗਿਆ ਆਪਣੇ ਹਿੱਸੇ ਦੇ ਜੀਣ ਨਾਲੋਂ ਦੂਜਿਆਂ ਦੇ ਜੀਣ ਬਾਰੇ ਬਹੁਤਾ ਫ਼ਿਕਰਮੰਦ ਰਿਹਾ ਦੂਜਿਆਂ ਦੀ ਫ਼ਿਕਰਮੰਦੀ 'ਚ ਆਪਣੇ ਬਾਰੇ ਸਦਾ ਬੇਫ਼ਿਕਰ ਹੀ ਰਿਹਾ ਆਮ ਪਿਤਾਵਾਂ ਵਰਗਾ ਸੀ ਮੇਰਾ ਪਿਤਾ ਸਿਦਕਵਾਨ, ਸਿਰੜੀ ਤੰਗੀਆਂ ਤੁਰਸ਼ੀਆਂ ਦੇ ਮੋਢੇ 'ਤੇ ਹੱਥ ਰੱਖ ਕੇ ਟੱਬਰ ਟੀਰ੍ਹ ਪਾਲਦਾ ਤੁਰਿਆ ਰਿਹਾ ਔਲਾਦ ਦੀ ਸਦਾ ਖ਼ੈਰ ਸੁਖ ਮੰਗਦਾ ਇਕ ਪਲ ਵੀ ਨਾ ਮਾਣ ਸਕਿਆ ਆਪਣੀ ਔਲਾਦ ਦਾ ਸੁਖ ਇਕਹਿਰੇ ਜਿਹੇ ਸਰੀਰ ਦਾ ਮੇਰਾ ਪਿਤਾ ਨਹੀਂ ਸੀ ਪੈਸੇ ਰੁਤਬੇ ਵਾਲਾ ਸਿੱਧਾ ਸਾਧਾ ਇਕ ਕਿਰਤੀ ਬੰਦਾ ਸੀ ਉਹ ਬਹੁਤੇ ਵਲ ਛਲ ਨਹੀਂ ਸੀ ਜਾਣਦਾ ਆਪਣੀਆਂ ਹੀ ਲੋੜਾਂ, ਥੁੜਾਂ ਨੂੰ ਮਾਣਦਾ ਪਹਿਚਾਣਦਾ ਨਹੀਂ ਸੀ ਉਹਦੇ ਕੋਲ ਕੋਈ ਬਹੁਤ ਉੱਚੀ ਉਡਾਨ ਦੀ ਲਾਲਸਾ ਆਪਣੇ ਪਰਾਂ ਦੀ ਪਰਵਾਜ਼ ’ਤੇ ਵੀ ਭਰੋਸਾ ਸੀ ਇਕ ਨਿੱਕਾ ਜਿਹਾ ਸਰਕਾਰੀ ਘਰ ਹੀ ਉਹਦਾ ਅੰਬਰ ਸੀ ਆਪਣੇ ਆਲ੍ਹਣੇ ਦਾ ਖ਼ਾਬ ਸਦਾ ਰਿਹਾ ਉਹਦੇ ਅੰਗ ਸੰਗ 'ਉਹਦੀ ਰਜ਼ਾ’ ਵਿਚ ਪੂਰਾ ਯਕੀਨ ਸੀ ਉਸ ਨੂੰ ਆਪਣੀ ਹੀ ਮਿੱਟੀ ਦਾ ਸੇਕ ਹੰਢਾਇਆ ਜਿੰਨਾ ਵੀ ਹੋ ਸਕਿਆ ਦੂਜਿਆਂ ਦੇ ਕੰਮ ਆਇਆ ਨਿੱਕੇ ਵੀਰਾਂ ਭੈਣ ਨੂੰ ਪਿਓ ਬਣ ਕੇ ਪਾਲਿਆ ਆਪਣੇ ਪਿਤਾ ਦਾ ਫ਼ਰਜ਼ ਵੀ ਨਿਭਾਇਆ ਕਦੇ ਕਦਾਈਂ ਸਰੂਰ ਵਿਚ ਗੱਭਰੂ ਉਮਰੇ ਕੀਤੀਆਂ ਫ਼ੈਲਸੂਫ਼ੀਆਂ ਯਾਦ ਕਰਦਾ ਦੋਸਤੀਆਂ 'ਤੇ ਮਾਣ ਦਾਅਵਿਆਂ ਦੇ ਕਿੱਸੇ ਸੁਣਾਉਂਦਾ ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਕਿੱਸੇ ਚਿਤਵਦਾ ਜਿਵੇਂ ਕਿਸੇ ਸੁਪਨੇ ਦਾ ਹਾਣੀ ਹੋ ਜਾਂਦਾ ਜਾਣਦਾ ਸੀ ਕਵੀਸ਼ਰੀ ਦੀਆਂ ਰਮਜ਼ਾਂ ਵੀ ਬੁੱਝ ਲੈਂਦਾ ਸੀ ਜੋਤਿਸ਼ ਵਿਦਿਆ ਦੇ ਰਹੱਸ ਕਿਸੇ ਵੇਲੇ ਉਹ ਨਿਰਾ ਤੇਜਾ ਸਿੰਘ ਨਹੀਂ ਤੇਜਾ ਸਿੰਘ ਦੁਖੀ ਵੀ ਹੁੰਦਾ ਸੀ। ਆਪਣੇ ਉਪਨਾਮ ਦਾ ਭੇਤ ਸਿਰਫ਼ ਉਹ ਹੀ ਜਾਣਦਾ ਸੀ ਨਵਾਂ ਸਾਲ ਚੜ੍ਹਦਿਆਂ ਹੀ ਪੰਡਤ ਦੀਨ ਦਿਆਲ ਦੀ ਜੰਤਰੀ ਖਰੀਦਣੀ ਨਹੀਂ ਸੀ ਭੁੱਲਦਾ ਮੁਫ਼ਤੋ ਮੁਫ਼ਤੀ ਦੱਸ ਦਿੰਦਾ ਆਪਣੇ ਕਿਸੇ ਜਾਣਕਾਰ, ਹਮਸਾਏ ਨੂੰ ਉਹਦੇ ਨਛੱਤਰਾਂ ਦੀ ਗ੍ਰਹਿ ਚਾਲ ਕਸ਼ਟ ਨਿਵਾਰਣ ਦੇ ਉਪਾਅ ਨੰਗਲ ਰਹਿੰਦਿਆਂ ਉਹ ਸਾਰਿਆਂ ਦਾ ਭਾਈਆ ਤੇਜਾ ਸਿੰਘ ਬਣਿਆ ਰਿਹਾ ਵਗਾਰਾਂ ਕਰਦਾ, ਗਰਜ਼ਾਂ ਪਾਲਦਾ ਨਿਮਰਤਾ ਦੀ ਮੂਰਤ ਬਣਿਆ ਰਿਹਾ ਕਦੇ-ਕਦਾਈਂ ਮੇਰੇ ਵਿਹਲੜਪੁਣੇ ਤੋਂ ਅੱਕੀ ਮਾਂ ਜਦੋਂ ਝਿੜਕ ਦੇਂਦੀ ਤਾਂ ਉਹਨੂੰ ਕਹਿ ਦੇਂਦਾ ਗੁਰੋ-ਨਾ ਝਿੜਕਿਆ ਕਰ ਇਹਨੂੰ ਮੈਨੂੰ ਪਤੈ ਏਹਨੇ ਕਦੋਂ ਲੱਗਣੈ ਕੰਮ ਕਾਰ ’ਤੇ ਮੇਰੇ ਪਿਤਾ ਨੂੰ ਮੇਰੀਆਂ ਅੱਲ੍ਹੜਪੁਣੇ ਦੀਆਂ ਦੋਸਤੀਆਂ ’ਤੇ ਬੜਾ ਮਾਣ ਸੀ ਉਸ ਨੂੰ ਬੜਾ ਚੰਗਾ ਲੱਗਦਾ ਸੀ ਮੇਰੇ ਬੇਲੀਆਂ ਦਾ ਘਰ ਵਿਚ ਬਹਿ ਕੇ ਰੌਣਕ ਲਾਉਣਾ ਮੇਰੇ ਪਿਤਾ ਦਾ ਮਾਣ ਅੱਜ ਬਣਿਆ ਹੋਇਆ ਏ ਮੇਰਾ ਵੀ ਮਾਣ ਮੇਰੀਆਂ ਦੋਸਤੀਆਂ ਤੇ ਹੁਣ ਮੇਰੇ ਬਚੇ ਵੀ ਕਰਦੇ ਨੇ ਮਾਣ ਸਾਧਾਰਨ ਜਿਹਾ ਸੀ ਮੇਰਾ ਪਿਤਾ ਮੈਂ ਉਸੇ ਦੀ ਸਾਧਾਰਨਤਾ ਦੀ ਜ਼ਮੀਨ 'ਤੇ ਖਲੋਤਾ ਹਾਂ

ਪਓੜੀ ਜਾਂ ਪਗਡੰਡੀ

ਰਿਸ਼ਤਿਆਂ ਦੇ ਦੰਭ ਕਰਤਬ ਜਾਣਦਾ ਹੰਢਾਉਂਦਾ ਉਤਰ ਹੀ ਜਾਂਦਾ ਹਾਂ ਅਕਸਰ ਰਿਸ਼ਤਿਆਂ ਦੀਆਂ ਘੁੰਮਣਘੇਰੀਆਂ 'ਚ ਖਾਹਮਖਾਹ ਹੋ ਈ ਜਾਂਦੀ ਏ ਵਰਤੋਂ ਮੇਰੀ ਲੋੜੀ-ਬੇਲੋੜੀ ਬਣ ਜਾਵਾਂ ਆਪ ਹੀ ਪਓੜੀ ਪਗਡੰਡੀ, ਸਾਧਨ ਵਸੀਲਾ ਪੜਾਅ ਦਰ ਪੜਾਅ ਹੁੰਦੀ ਏ ਮੇਰੀ ਵਰਤੋਂ ਬੜੀ ਕੁਸ਼ਲਤਾ ਨਾਲ ਆਪ ਹੀ ਹਾਜ਼ਰ ਰਹਾਂ ਆਪਣੀ ਵਰਤੋਂ ਲਈ ਰਿਸ਼ਤਿਆਂ ਦੇ ਬੇਲੋੜੇ ਓੜਣ ਕੱਜਣ ਉਤਾਰਦਾ ਆਪ ਹੀ ਆਪਣੇ ਨਿੱਜ ’ਤੇ ਪਾ ਲਵਾਂ ਕਿਸੇ ਰਿਸ਼ਤੇ ਦਾ ਇਕ ਹੋਰ ਕੱਜਣ ਕੱਜਣ ਦਰ ਕੱਜਣ ’ਚ ਕੱਜੀ ਮੇਰੀ ਕਾਇਆ ਤਿਲਮਿਲਾਉਂਦੀ, ਵਿਲਕਦੀ ਜਦੋਂ ਤਾਂ ਤ੍ਰਬਕ ਕੇ ਜਾਗਦਾ ਵਿੰਹਦਾ ਹਾਂ ਆਪਣੇ ਤਨ 'ਤੇ ਉਕਰੀਆਂ ਪੈੜਾਂ ਆਪਣੀਆਂ ਸੋਚਾਂ ’ਤੇ ਪਈਆਂ ਝਰੀਟਾਂ ਸੋਚਦਾ ਹਾਂ ਕਈ ਕੁਝ ਨੂੰ ਅਲਵਿਦਾ ਆਖਣ ਲਈ ਪਰ ਜਾਣਦਾ ਹਾਂ ਤਾਸੀਰ ਆਪਣੇ ਪਾਣੀਆਂ ਦੀ ਆਪਣੀ ਮਿੱਟੀ ਦੀ ਫ਼ਿਤਰਤ ਇਸ ਨੇ ਬਣ ਹੀ ਜਾਣਾ ਏ ਫੇਰ ਪਓੜੀ ਜਾਂ ਪਗਡੰਡੀ ਹਰ ਥਾਂ ਹਰ ਵਾਰ ਵਰਤੋਂ ਲਈ ਬੇਸ਼ਕ ਰਿਸ਼ਤਿਆਂ ਦੇ ਦੰਭ ਕਰਤਬ ਜਾਣਦਾ ਹਾਂ

ਛੋਟੇ ਵੱਡੇ ਘਰ

ਘਰ ਹੁੰਦੇ ਛੋਟੇ ਵੱਡੇ ਛੋਟਿਆਂ ਘਰਾਂ 'ਚ ਰਹਿਣ ਵਾਲੇ ਵੱਡੇ ਤਾਂ ਨਹੀਂ ਹੁੰਦੇ ਭਾਵੇਂ ਛੋਟੇ ਵੀ ਨਹੀਂ ਹੁੰਦੇ ਉਹ ਆਪਣੇ ਵਰਗੇ ਹੁੰਦੇ ਉਨ੍ਹਾਂ ਕੋਲ ਹੁੰਦੀ ਛੋਟੇ ਘਰਾਂ ਦੀ ਨਿੱਘਤਾ ਨੇੜਤਾ ਵੱਡੇ ਘਰਾਂ 'ਚ ਰਹਿਣ ਵਾਲੇ ਪਤਾ ਨਹੀਂ ਕਿੰਨੇ ਕੁ ਵੱਡੇ ਹੁੰਦੇ ਜਿਥੇ ਵੀ ਜਾਂਦੇ ਇਕ ਸੁੰਞ ਨੂੰ ਨਾਲ ਲੈ ਜਾਂਦੇ ਆਕਾਰ ਵਿਚ ਹੋਈ ਘਰਾਂ ਦੀ ਵਡੱਤਣ ਉਨ੍ਹਾਂ ਦੇ ਮੇਚ ਨਹੀਂ ਆਉਂਦੀ ਛੋਟੇ ਘਰਾਂ ਵਾਲਿਆਂ ਨਾਲ ਘਰ ਵੀ ਉਨ੍ਹਾਂ ਦੇ ਨਾਲ ਜਾਂਦਾ ਘਰ ਉਨ੍ਹਾਂ ਦਾ ਕੱਜਣ ਵੀ ਹੁੰਦਾ ਲਿਬਾਸ ਵੀ ਘਰਾਂ ਦੀ ਨਿੱਘਤਾ ਨੇੜਤਾ ਹੀ ਘਰਾਂ ਨੂੰ ਘਰ ਬਣਾਉਂਦੀ

ਬੰਦਾ ਤੇ ਘਰ

ਘਰ ਬਣਾਇਆ ਵਰਤੋਂ ਲਈ ਪਰ ਕਿੰਨਾ ਕੁ ਵਰਤਿਆ ਗਿਆ-ਉਹ ਖ਼ੁਦ ਪਤਾ ਹੀ ਨਹੀਂ ਲੱਗਾ ਘਰ ਦਾ ਵਿਸਥਾਰ ਹੋਇਆ ਜਿੰਨਾ ਵੱਡਾ ਘਰ ਹੁੰਦਾ ਗਿਆ ਉਹਦੇ ਲਈ ਹੁੰਦਾ ਗਿਆ ਓਨਾ ਹੀ ਸੌੜਾ ਕੋਈ ਵੀ ਨੁੱਕਰ ਕੋਣਾ ਉਹਦੀ ਅਪਣੱਤ ਦਾ ਹਾਣੀ ਨਹੀਂ ਰਿਹਾ ਹੁਣ ਉਹ ਘਰ ਦੀ ਛੱਤ ਨਹੀਂ ਇਕ ਨੌਕਰ ਹੈ ਨਹੀਂ ਕੋਈ ਉਹਦੇ ਹਿੱਸੇ ਦੀ ਖਿੜਕੀ ਨਾ ਵਿਹੜਾ ਨਾ ਬੂਹਾ ਨਾ ਹੁਣ ਕੋਈ ਦਸਤਕ ਉਹਦੇ ਲਈ ਨਾ ਕੋਈ ਨਿੰਮ੍ਹੀ ਜਿਹੀ ਛੋਹ ਹੀ ਉਸ ਨੂੰ ਆਣ ਜਗਾਵੇ ਨਾ ਕੋਈ ਕਿਲਕਾਰੀ ਉਸ ਨੂੰ ਛੇੜੇ ਹੁਣ ਕੋਈ ਰਿਸ਼ਤਾ ਉਸ ਦੇ ਨਾਲ ਨਾ ਕਰੇ ਕਲੋਲਾਂ ਹੁਣ ਨਾ ਕੋਈ ਉਸ ਦੀ ਵਰਤੋਂ ਉਸ ਦੀ ਲੋੜ ਤਾਂ ਉਮਰਾਂ ਪਹਿਲਾਂ ਬੀਤ ਗਈ ਏ ਹੁਣ ਉਹ ਬੀਤ ਗਏ ਦਾ ਨਿੱਕ-ਸੁੱਕ ਕੁਝ ਵਰ੍ਹਿਆਂ ਦੀ ਭਨਘੜ ਉਹਦੇ ਕੋਲ ਬਚੀ ਹੈ ਬੰਦਾ ਘਰ ਬਣਾਉਂਦਾ ਵਰਤੋਂ ਲਈ ਵਰਤਿਆ ਆਪ ਹੀ ਜਾਂਦਾ ਬੇਲੋੜਾ ਕਦੋਂ ਇਕਸੁਰ ਹੋਣਗੇ ਬੰਦਾ ਤੇ ਘਰ

ਘਾਤਕ ਸਮਿਆਂ ’ਚ ਦੁਆ

ਬੜੇ ਘਾਤਕ ਸਮਿਆਂ 'ਚ ਜੀਅ ਰਹੇ ਹਾਂ ਅਸੀਂ ਖਾਰਜ ਹੋ ਰਹੇ ਲਗਾਤਾਰ ਜ਼ਿੰਦਗੀ 'ਚੋਂ ਜੀਣ ਦੇ ਸਬੱਬ ਅਰਥਹੀਣ ਹੋ ਰਹੇ ਨੇ ਹਰ ਸ਼ੈਅ ਦੇ ਅਰਥ ਇਕ ਵਿਕਾਊ ਮੌਸਮ ਅਸਾਡੇ ਸਿਰਾਂ 'ਤੇ ਹੈ ਇਕ ਸਾਰ ਵਹਿ ਰਿਹਾ ਏ ਤੇਲ ਤੇ ਲਹੂ ਬਾਰੂਦ ਵਿਕ ਰਿਹਾ ਏ ਮਨੁੱਖਾਂ ਦੇ ਭਾਅ ਵਿਸਫ਼ੋਟ ਤੁਰੇ ਫਿਰਦੇ ਨੇ ਸੜਕਾਂ 'ਤੇ ਜ਼ਿੰਦਗੀ ਦੇ ਹਾਣ ਦਾ ਬੜਾ ਕੁਝ ਲਾ-ਪਤਾ ਹੋਇਆ ਕਰਨੀ ਪੈਣੀ ਏ ਸਾਨੂੰ ਇਸ ਲਾ-ਪਤਾ ਦੀ ਤਲਾਸ਼ ਤੁਰਨਾ ਹੀ ਪੈਣਾ ਏਂ ਸਾਨੂੰ ਸੁਜਾਖੇ ਸਫ਼ਰ ’ਤੇ ਫੇਰ ਕਦੋਂ ਤਕ ਗੁਜ਼ਰਾਂਗੇ 'ਨੇਰੀਆਂ ਗੁਫ਼ਾਵਾਂ 'ਚੋਂ ਲੱਭਣੇ ਪੈਣੇ ਅਸਾਨੂੰ ਜੀਣ ਦੇ ਗੁੰਮਸ਼ੁਦਾ ਸਬੱਬ ਅਸੀਂ ਜਾਣਾ ਏਂ ਉਨ੍ਹਾਂ ਤਕ ਜਿਹੜੇ ਨਿਰੰਤਰ ਸਫ਼ਰ ’ਤੇ ਨੇ ਦੁਆ ਕਰੀਏ ਸਲਾਮਤ ਰਹਿਣ ਉਹ ਸਾਰੇ ਘਣਛਾਵੇਂ ਬਿਰਖ਼ ਜਿਨ੍ਹਾਂ ਨੇ ਰਾਹੀਆਂ ਨੂੰ ਲੰਮੇ ਸਫ਼ਰ ਦੀ ਦੁਆ ਦੇਣੀ ਉਨ੍ਹਾਂ ਦੇ ਸਿਰ 'ਤੇ ਅਸੀਸ ਧਰਨੀ ਸਲਾਮਤ ਰਹਿਣ ਉਹ ਸਾਰੇ ਹੱਸਦੇ ਆਕਾਰ ਜਿਨ੍ਹਾਂ ਨੂੰ ਵਿੰਹਦਿਆਂ ਬੰਜਰ ਨਦੀਆਂ ਨੂੰ ਪਾਣੀ ਦਾ ਖ਼ਾਬ ਆਵੇ ਬੜੇ ਕੁਝ ਅਣਤੱਕੇ ਦੀ ਜੁਸਤਜੂ ਸਾਕਾਰ ਹੋਵੇ ਸਲਾਮਤ ਰਹਿਣ ਉਹ ਸਾਰੇ ਸੰਗ ਸਾਥ ਜਿਨ੍ਹਾਂ ਦੀ ਆਮਦ 'ਚੋਂ ਨਵੇਂ ਇਕਰਾਰ ਜਾਗਣ ਹੁੰਦੀ ਰਹੇ ਜਿਨ੍ਹਾਂ ਕਰਕੇ ਮੁਹੱਬਤਾਂ ਦੀ ਬਾਰਿਸ਼ ਸਲਾਮਤ ਰਹਿਣ ਉਹ ਸਾਰੇ ਜਿਨ੍ਹਾਂ ਕਰਕੇ ਬੜਾ ਕੁਝ ਲੱਗਦਾ ਰਹੇ ਜੀਣ ਜੋਗਾ ਜ਼ਿੰਦਗੀ ਦੇ ਹਾਣ ਦਾ ਬੇਸ਼ਕ ਬੜੇ ਘਾਤਕ ਸਮਿਆਂ 'ਚ ਜੀਅ ਰਹੇ ਹਾਂ ਅਸੀਂ...

ਜਾਗ ਤੇ ਸੁੰਞ

ਜਾਗ ਖੁੱਲ੍ਹ ਗਈ ਤੜਕੇ ਸੋਚਿਆ ਕੀ ਕਰਾਂ ਤੜਕਸਾਰ ਦੀ ਕੁਲੀ ਛੋਹ ਮਾਣਾਂ ਗੁਰਬਾਣੀ ਸੁਣਾਂ ਪਹਿਲਾਂ ਬੱਚੇ ਲਈ ਨਾਸ਼ਤਾ ਬਣਾਵਾਂ ਮੈਂ ਕਿ ਕਵਿਤਾ ਲਿਖਾਂ ਕਈ ਦਿਨਾਂ ਤੋਂ ਉਪਰਾਮ ਸਾਂ ਸੁਤੇ ਬੱਚੇ ਨੂੰ ਜਗਾਇਆ ਜਾਗੋਮੀਟੀ ’ਚ ਉਸ ਆਖਿਆ ਅੱਜ ਮੈਂ ਟਿਊਸ਼ਨ ’ਤੇ ਜਾਣਾ ਏ ਦੇਰ ਨਾਲ ਵਾਪਸ ਆਪਣੇ ਕਮਰੇ 'ਚ ਆਇਆ ਆਪਣੀ ਸੁੰਞ ਨੂੰ ਨਿਹਾਰਿਆ ਤੇ ਸੌਂ ਗਿਆ...

ਮੁਹੱਬਤ ਲਿਖਦੀਆਂ ਕਵਿਤਾਵਾਂ

ਲਿਖ ਤਾਂ ਨਹੀਂ ਹੋਈਆਂ ਮੈਥੋਂ ਮੈਂ ਪੜ੍ਹਾਂ ਪਰ ਮੁਹੱਬਤ ਲਿਖਦੀਆਂ ਕਵਿਤਾਵਾਂ ਰਹਾਂ ਇਨ੍ਹਾਂ ਦੇ ਕੋਲ-ਕੋਲ ਜੀਵਾਂ ਇਨ੍ਹਾਂ ਦੀ ਬਹੁਰੰਗਤਾ ਮੁਹੱਬਤ ਲਿਖਦੀਆਂ ਕਵਿਤਾਵਾਂ ਉਮਰਾਂ ਵਿਸਾਰ ਦੇਂਦੀਆਂ ਸੰਘਣੀ ਸੁੰਞ ਵਿਚ ਸੁਰਾਂ ਛੇੜ ਦੇਂਦੀਆਂ ਸ਼ੀਸ਼ੇ 'ਚ ਆਪਣੀ ਥਾਂ ਕੋਈ ਹੋਰ ਚਿਹਰਾ ਵੇਖਣ ਦਾ ਝਓਲਾ ਪਾਉਂਦੀਆਂ ਮੁਹੱਬਤ ਲਿਖਦੀਆਂ ਕਵਿਤਾਵਾਂ ਸਮਝ ਨਹੀਂ ਆਉਂਦੀਆਂ ਕਈ ਵਾਰ ਪਰ ਮਹਿਸੂਸ ਹਰ ਵਾਰ ਹੁੰਦੀਆਂ ਨਜ਼ਰਾਂ 'ਚ ਤਿਤਲੀਆਂ ਪੈਰਾਂ ’ਚ ਸਫ਼ਰ ਬਣ ਰੁਮਕਦੀਆਂ ਦਿਸਦੇ, ਅਣਦਿਸਦੇ ਦੇ ਰਹੱਸ ਖੋਲ੍ਹਦੀਆਂ ਅਣਕਿਹਾ ਕਈ ਕੁਝ ਲਿਖ ਜਾਂਦੀਆਂ ਮੁਹੱਬਤ ਲਿਖਦੀਆਂ ਕਵਿਤਾਵਾਂ ਪੜ੍ਹਦਾ ਵਜੂਦ ਤਨ ਦੀਆਂ ਨਹੀਂ ਮਨ ਦੀਆਂ ਬੁਝਾਰਤਾਂ ਪਾਉਂਦਾ, ਬੁਝਦਾ ਇਕ ਅਨੰਤ ਨੂੰ ਆਪਣੇ ਕੋਲ ਬੈਠਾ ਮਾਣਦਾ ਆਪਣੀ ਇਕਾਈ ਦੇ ਵਿਸਥਾਰ ਨੂੰ ਇਕ ਉਮਰ ਜਿੰਨਾ ਜਾਣਦਾ

ਮੁਹੱਬਤਾਂ ਦਾ ਸਿਰਨਾਵਾਂ

ਜਿਵੇਂ ਬਰੇਤਿਆਂ ’ਤੇ ਵਰ੍ਹਦੇ ਮੇਘਲੇ ਜਿਵੇਂ ਕਿਨਾਰਿਆਂ ਨੂੰ ਛੋਹੇ ਲਹਿਰਾਂ ਦੀ ਸ਼ਰਗੋਸ਼ੀ ਪੰਛੀ ਭਰੇ ਕੋਈ ਲੰਮੀ ਉਡਾਨ ਤਾਂਘ ਭਰੀ ਜਿਵੇਂ ਰਾਤ ਦੀ ਨੀਂਦ ਨੂੰ ਸੁਬ੍ਹਾ ਦਾ ਖ਼ਾਬ ਆਵੇ ਜਿਵੇਂ ਆਪਣੇ ਅੰਦਰੋਂ ਹੀ ਕੋਈ ਗੁਣਗੁਣਾਵੇ ਤੇ ਆਪ ਹੀ ਸੁਣੇ ਜਿਵੇਂ ਆਪਣੀ ਬਾਤ ਦਾ ਕੋਈ ਖ਼ੁਦ ਹੀ ਹੁੰਗਾਰਾ ਬਣੇ ਜਿਵੇਂ ਆਪਣੀਆਂ ਬੇਚੈਨੀਆਂ ਨੂੰ ਭੋਰਾ ਕੁ ਸਕੂਨ ਮਿਲੇ ਜਦੋਂ ਆਪਣੀ ਹੀ ਤਰਲਤਾ 'ਚ ਭਿੱਜਣ ਨੂੰ ਜੀ ਕਰੇ ਸੁੰਞੇ ਚੇਤਿਆਂ ’ਚ ਜਦੋਂ ਡੁੱਲ੍ਹ ਡੁੱਲ੍ਹ ਜਾਣ ਰੰਗ ਸੁਰਮਈ ਜਦੋਂ ਆਪਣੇ ਖ਼ਾਬ ਦੀ ਆਪ ਹੀ ਤਾਬੀਰ ਹੋਈਏ ਆਪੇ ਆਪਣੀ ਪਿਆਸ ਦੀ ਤਾਸੀਰ ਹੋਈਏ ਤਾਂ ਮੁਹੱਬਤ ਸਿਰਨਾਵਾਂ ਲਿਖੇ

ਜ਼ਿੰਦਗੀ ਦੇ ਸਿਰਨਾਵੇਂ ਜਿਹੀ ਉਹ

ਸੂਰਤ ਓਸ ਨੂੰ ਤੱਕਾਂ ਮਮਤਾ ’ਚ ਭਰ ਜਾਵਾਂ ਸਤਰੰਗੀ ਹੰਢਾਵਾਂ ਹਰ ਰੰਗ ਦੀ ਲਿਸ਼ਕੋਰ ਜੀਵਾਂ ਅੰਬਰ ਥੋੜ੍ਹਾ ਜਿਹਾ ਨਿਉਂ ਕੇ ਜਿਵੇਂ ਧਰਤੀ ਦੇ ਕੰਨਾਂ 'ਚ ਕੁਝ ਕਹੇ ਪੰਛੀ ਦੇ ਪਰਾਂ ’ਚ ਰੁਮਕਦੀ ਪਰਵਾਜ਼ ਦਾ ਅਹਿਸਾਸ ਹੋਵੇ ਰਿਸ਼ਤਿਆਂ ਤੋਂ ਪਾਰ ਇਕ ਰਿਸ਼ਤਾ ਉਦੈ ਹੋਵੇ ਜਿਸਮ ਦੀ ਪਾਰਦਰਸ਼ਤਾ ਜਾਗੇ ਛਿਣ ਦਾ ਅੰਬਰ ਜ਼ਿਹਨ ਤੇ ਫੈਲ ਜਾਏ ਜਿਵੇਂ ਬੇਚੈਨ ਲਹਿਰਾਂ 'ਚੋਂ ਮਹਿਸੂਸ ਹੋਵੇ ਸਾਗਰ ਦੀ ਬੇਆਰਾਮੀ ਜਿਵੇਂ ਪੈੜਾਂ 'ਚੋਂ ਸੁਣੇ ਰਾਹਾਂ ਅਤੇ ਪੈਰਾਂ ਦੀ ਗੁਫ਼ਤਗੂ ਉਸ ਦੀ ਨਿੱਜਤਾ ਇਵੇਂ ਮਹਿਸੂਸ ਹੋਵੇ ਬਰੇਤਿਆਂ ਦੇ ਲੂੰ-ਲੂੰ ’ਚ ਵੱਸੇ ਤੇਹ ਜਿਹੀ, ਉਮੰਗ ਜਿਹੀ -ਤਰੰਗ ਜਿਹੀ ਨਿੱਕੀ ਜਿਹੀ ਪਹਾੜੀ 'ਤੇ ਬਣੇ ਘਰ ਨੂੰ ਜਾਂਦੀ ਪਗਡੰਡੀ ਆਪਣੇ ਘਰ ਨੂੰ ਪਰਤਣ ਦੀ ਤਾਂਘ ਜਿਹੀ ਮੁਹੱਬਤ ’ਚ ਮੁਹੱਬਤ ਫ਼ਿਕਰਾਂ 'ਚ ਫ਼ਿਕਰ ਨੀਂਦਾਂ ’ਚ ਖ਼ਾਬ ਲਰਜ਼ਦਾ ਵਜੂਦ ਇਕ ਅਣਛੋਹੀ ਨਿੱਘਤਾ ਆਸੇ ਪਾਸੇ ਪਸਰੀ ਆਲੀ-ਭੋਲੀ ਨਿਰਛਲ ਨੇੜਤਾ ਜ਼ਿੰਦਗੀ ਦੇ ਸਿਰਨਾਵੇਂ ਜਿਹੀ ਉਹ ਅਕਸਰ ਯਾਦ ਆਵੇ

ਮੁਹੱਬਤ

ਕੋਈ ਕਹੇ ਰਿਸ਼ਤੇ 'ਚ ਬੱਝੇ ਬਿਨਾਂ ਵੀ ਹੋ ਸਕਦੀ ਏ ਮੁਹੱਬਤ ? ਉਹ ਕਹੇ ਓਹੀ ਤਾਂ ਹੁੰਦੀ ਏ ਮੁਹੱਬਤ ਬੇਸ਼ਕ ਰਿਸ਼ਤੇ 'ਚ ਬੱਝੀ ਮੁਹੱਬਤ ਵੀ ਸਹੀ ਬੜਾ ਕੁਝ ਹੋਰ ਹੁੰਦੀ ਮੁਹੱਬਤ ਅਣਮੁੱਕ ਪੈਂਡਿਆਂ ਦਾ ਸਫ਼ਰ ਆਪਣੇ ਆਪੇ ’ਚੋਂ ਆਪਣਾ ਹੀ ਆਪਾ ਡੁੱਲ੍ਹ ਜਾਣ ਦਾ ਅਹਿਸਾਸ ਤੇਹ ਦਾ ਚਿਹਰਾ-ਰੂਹ ਦਾ ਲਿਬਾਸ ਆਪਣੇ ਆਪ ਦੀ ਪਿਆਸ ਸੁੰਨ ਸਮਾਧੀ ਸਾਰੇ ਅੰਬਰਾਂ ਤੇ ਧਰਤੀਆਂ ਦਾ ਜਾਗ ਪੈਣਾ ਸਾਰੇ ਪਾਣੀਆਂ ਦਾ ਵਰਸ ਜਾਣਾ ਅਸੀਮ ਪਰਬਤਾਂ ਦਾ ਖੁਰ ਜਾਣਾ ਵਹਿ ਜਾਣਾ ਅਣਹੋਏ ਵੀ ਕਿਸੇ ਦੇ ਹੋ ਜਾਣਾ ਦੇਹ ਦੀ ਦਹਿਲੀਜ਼ 'ਤੇ ਖਲੋਤੀ ਤਾਂਘ ਨੂੰ ਅੰਗਾਂ ’ਚ ਭਰ ਲੈਣਾ ਬੜਾ ਕੁਝ ਚਿਤਵ ਲੈਣਾ ਬੜਾ ਕੁਝ ਵਿਸਰ ਜਾਣਾ ਬੜਾ ਕੁਝ ਵਾਪਰ ਜਾਣਾ ਸਹਿਜ ਸੁਭਾ ਮੁਹੱਬਤ ਮੁਹੱਬਤ...

ਭਰ ਸਰਵਰ

ਉਸ ਨੂੰ ਸੋਚਾਂ ਤਾਂ ਸੁਜਾਖੀ ਦੇਹ ਦਾ ਮੌਨ ਬੋਲ ਪਵੇ ਉਸ ਨੂੰ ਤੱਕਾਂ ਤਾਂ ਛਲਕਣ ਦੇਹ ਦੇ ਪਾਣੀ ਮੈਂ ਆਪਣੀ ਉਤੇਜਨਾ ਦੀਆਂ ਅੱਖਾਂ ’ਤੇ ਹੱਥ ਰੱਖ ਦੇਵਾਂ ਉਸ ਨੂੰ ਸੋਚਣ ਉਸ ਨੂੰ ਤੱਕਣ 'ਚ ਕਈ ਕੁਝ ਭੋਗਾਂ ਮੈਂ ਅਨੰਤ ਸੁਰ ਲਿਪੀਆਂ ਹੋਣ ਤਰੰਗਤ ਗੂੰਜਣ ਬੋਲ ਅਨਾਦੀ ਮੈਂ ਹੋਵਾਂ-ਭਰ ਸਰਵਰ...ਭਰ ਸਰਵਰ

ਬੁਰੀ ਆਦਤ

ਬੁਰੀ ਆਦਤ ਏ ਮੇਰੀ ਮੈਂ ਆਪਣੀ ਸੁੰਞ ਤੋਂ ਮੁਕਤ ਹੋਣ ਲਈ ਦੂਜਿਆਂ ਦੇ ਸ਼ਾਂਤ ਪਾਣੀਆਂ ਜਿਹੀ ਚੁੱਪ ਵਿਚ ਆਪਣਾ ਸ਼ੋਰ ਘੋਲ ਦੇਂਦਾ ਹਾਂ ਉਨ੍ਹਾਂ ਦੀ ਹੱਸਦੀ ਇਕਾਈ ਨੂੰ ਆਪਣੀ ਚੁੱਪ ਰੰਗ ਦੇਂਦਾ ਹਾਂ। ਬੁਰੀ ਆਦਤ ਏ ਮੇਰੀ ਆਪਣੀਆਂ ਬੇਚੈਨੀਆਂ ਸੰਗ ਸੁਰਮਈ ਆਕਾਰਾਂ ਦੀ ਤਰਲਤਾ ਨੂੰ ਘਸਮੈਲਾ ਕਰ ਦੇਂਦਾ ਹਾਂ ਆਪਣੇ ਵਜੂਦ ਦੇ ਸਲ੍ਹਾਬੇ ਅਨਾਰ ਮੈਂ ਦੂਜਿਆਂ ਦੀਆਂ ਫੁਲਝੜੀਆਂ ਦੇ ਕੋਲ ਰੱਖ ਕੇ ਚਾਨਣ ਦੀ ਝਾਲਰ ਉਡੀਕਣ ਬਹਿ ਜਾਂਦਾ ਹਾਂ ਬੜੀ ਬੁਰੀ ਆਦਤ ਏ ਮੇਰੀ ਮੈਂ ਇਸ ਨੂੰ ਕਿੰਜ ਬਦਲਾਂ ਨਹੀਂ ਜੇ ਮਹਿਫੁਜ਼ ਮੈਂ ਆਪਣੀਆਂ ਪਨਾਹਾਂ ਵਿਚ ਤਾਂ ਕੌਣ ਦੇਂਦਾ ਏ ਨੇੜਤਾ ਆਪਣੀ ਧੁਖਦੇ ਆਕਾਰਾਂ ਨੂੰ ਤੇਜ਼ਾਬੀ ਪਾਣੀਆਂ ਸੰਗ ਫੁੱਲਾਂ ਦੀ ਖੇਤੀ ਕੌਣ ਕਰਦਾ ਏ ਇਹ ਮੇਰੀ ਬੁਰੀ ਆਦਤ ਉਮਰ ਵਧਣ ਨਾਲ ਵਧਦੀ ਹੀ ਜਾਂਦੀ ਏ ਹੁਣ ਇਹ ਆਦਤ ਵੀ ਜੀਣੀ ਪੈ ਰਹੀ ਮੈਨੂੰ ਮੈਂ ਅਜੇ ਜੀਣਾ ਵੀ ਚਾਹੁੰਦਾ ਹਾਂ

ਮੇਰੀ ਮੈਂ ਮਖੌਟਾ

ਬੜਾ ਉਤਾਰਾਂ ਮੈਂ ਨਹੀਂ ਉਤਰਦਾ ਮੇਰੇ ਚਿਹਰੇ ਤੋਂ ਅਣਦਿਸਦਾ ਮਖੌਟਾ ਵੇਖਾਂ ਪਰਖਾਂ ਨਿਹਾਰਾਂ ਚਿਹਰਾ ਆਪਣਾ ਮੈਂ ਇਉਂ ਜਾਪੇ ਮੇਰੀ ਮੈਂ ਵਿਚ ਨਹੀਂ ਮੈਂ ਮੇਰੀ ਪਹਿਨ ਲਿਆ ਏ ਮਖੌਟੇ ਨੇ ਜਿਵੇਂ ਮੇਰਾ ਹੀ ਚਿਹਰਾ ਪੋਲਾ ਪੋਲਾ ਖੁਰਚਦਾ ਹਾਂ ਆਪਣੇ ਚਿਹਰੇ ਨੂੰ ਮੈਂ ਤਨ ਦੀ ਤਪਸ਼ ਤੋਂ ਬਿਨਾਂ ਨਹੀਂ ਮਹਿਸੂਸ ਹੁੰਦਾ ਹੋਰ ਕੁਝ ਮੈਨੂੰ ਮੇਰਾ ‘ਮੈਂ’ ਦਾ ਇਹ ਕੇਹਾ ਰੂਪ ਬਣ ਕੇ ਜਿਸ ਨੇ ਮਖੌਟਾ ਪਹਿਨ ਲਿਆ ਏ ਮੇਰਾ ਵਜੂਦ ਕਿਵੇਂ ਹੋਈ ਮੇਰੀ ਮੈਂ ਮਖੌਟਾ

ਵਾਵਰੋਲਾ

ਅਕਸਰ ਇਉਂ ਜਾਪੇ ਘਰ ਵਿਚ ਉਹ ਨਹੀਂ ਕੋਈ ਹੋਰ ਆਇਆ ਪਿਛਾਂਹ ਰਹਿ ਗਿਆ ਏ ਸ਼ਾਇਦ ਹੱਸਦਾ ਹਸਾਉਂਦਾ ਅਕਾਰ ਘਰ ਜੋ ਪਰਤਿਆ ਏ ਕੋਈ ਵਾਵਰੋਲਾ ਏ ਖੁਰਦਰੀ ਤਾਸੀਰ ਜਿਹੀ ਕੋਈ ਬੇਸ਼ਕ ਵਾਵਰੋਲੇ ਦਸਤਕ ਨਹੀਂ ਦੇਂਦੇ ਨਾ ਹੁੰਦੀ ਏ ਉਨ੍ਹਾਂ ਦੀ ਪੈਰ ਚਾਪ ਇੰਜ ਹੀ ਆਉਂਦਾ ਏ ਉਹਦੇ ਨਾਲ ਕੋਈ ਸੁਰ ਤੋਂ ਸ਼ੋਰ ਦੀ ਇਬਾਰਤ ਜਿਹੀ ਪਤਾ ਏ ਉਸ ਨੂੰ ਉਹ ਘਰ ਦੀ ਉਡੀਕ ਵਿਚ ਸ਼ਾਮਲ ਨਹੀਂ ਘਰ ਨੂੰ ਉਡੀਕ ਏ ਰਿਸ਼ਤਿਆਂ ’ਚ ਬੱਝੇ ਲੋੜੀਦੀਆਂ ਵਸਤਾਂ ਢੋਂਦੇ ਵਜੂਦ ਦੀ ਘਰ ਉਸ ਨੂੰ ਨਹੀਂ ਉਹਦੀ ਵਰਤੋਂ ਨੂੰ ਉਡੀਕਦਾ ਏ ਪਤਾ ਹੀ ਨਹੀਂ ਲੱਗਦਾ ਕਿਥੇ ਰਹਿ ਜਾਂਦੀ ਏ ਉਹਦੀ ਸ਼ਨਾਖ਼ਤ ਰਿਸ਼ਤਿਆਂ ਦੇ ਵਸਤਾਂ 'ਚ ਢਲ ਜਾਣ ਦਾ ਪਤਾ ਹੀ ਨਹੀਂ ਲੱਗਦਾ ਧੁਆਂਖੀਆਂ ਜਾਂਦੀਆਂ ਨੇ ਉਹਦੇ ਅੰਦਰ ਜਗਣ ਜਗਣ ਕਰਦੀਆਂ ਰੰਗਦਾਰ ਮਤਾਬੀਆਂ ਸਰਗਮ ਦੀ ਲਾਲਸਾ ਸ਼ੋਰ ਚ ਢਲ ਜਾਂਦੀ ਏ ਘਰ ’ਚੋਂ ਹੋ ਜਾਂਦੀ ਏ ਉਹਦੀ ਪਹਿਚਾਣ ਮਨਫ਼ੀ ਅਕਸਰ ਜੋ ਬਣ ਕੇ ਵਾਵਰੋਲਾ ਉਹਦੇ ਨਾਲ ਆਉਂਦਾ ਏ ਕਿਥੇ ਛੱਡ ਆਉਂਦਾ ਏ ਉਹਦੇ ਅੰਦਰਲੀ ਇਕਾਈ ਸ਼ਾਇਦ ਉਸ ਨੂੰ ਪਤਾ ਏ ਘਰ ਨੂੰ ਉਸ ਦੀ ਨਹੀਂ ਵਸਤਾਂ 'ਚ ਢਲੇ ਉਹਦੇ ਵਜੂਦ ਦੀ ਉਡੀਕ ਏ ਜੇ ਉਹ ਆਇਆ ਤਾਂ ਕਿਵੇਂ ਸਾਂਭੇਗਾ ਘਰ ਉਸ ਨੂੰ ਘਰ ਤਾਂ ਆਉਂਦਾ ਏ ਵਾਵਰੋਲਾ ਕੋਈ ਜਾਂ ਇਕ ਸ਼ੂਕਦੀ ਇਬਾਰਤ ਵਾਵਰੋਲੇ ਨਹੀਂ ਰਹਿੰਦੇ ਘਰਾਂ ਵਿਚ ਵਾਵਰੋਲੇ ਤਾਂ ਹੁੰਦੇ ਵਾ ਵ ਰੋ ਲੇ...

ਮਨ ਦੀ ਕਵਿਤਾ

ਕਿਵੇਂ ਕਹਿ ਦੇਵੇ ਕੋਈ ਅੰਬਰ ਦੇ ਅਸੰਖ ਤਾਰਿਆਂ 'ਚੋਂ ਔਹ ਤਾਰਾ ਮੇਰਾ ਏ ਕਿਵੇਂ ਕਹਿ ਸਕਦਾ ਏ ਕੋਈ ਨਦੀ ਦੀਆਂ ਲਹਿਰਾਂ 'ਚੋਂ ਕਿਹੜੀ ਲਹਿਰ ਉਹਦੀ ਏ ਕਿਹੜੇ ਕਿਹੜੇ ਫੁੱਲ ਦੀ ਛੋਹ ਨੂੰ ਉਹ ਆਪਣੇ ਸਾਹਾਂ ’ਚ ਧਰੇਗਾ ਕਿਹੜੇ ਕਿਹੜੇ ਪੰਛੀ ਦੀ ਪਰਵਾਜ਼ ਨੂੰ ਆਪਣੇ ਅੰਗਾਂ ’ਚ ਭਰੇਗਾ ਕਿਹੜੇ ਰੰਗ ਉਹਦੀ ਬੇਰੰਗਤਾ ਨੂੰ ਰੰਗਣਗੇ ਕਿਹੜੇ ਬੋਲ ਉਹਦੀ ਅਜ਼ਲੀ ਚੁੱਪ ਨੂੰ ਤੋੜਨਗੇ ਸ਼ਬਦਾਂ ਦੀ ਧੂਣੀ ’ਚੋਂ ਉਹ ਕਿਹੜੀ ਕਿਹੜੀ ਚਿਣਗ ਚੁਣੇਂਗਾ ਸ਼ਬਦ ਬਿਨਾਂ ਉਹ ਅਰਥ ਵਿਹੂਣਾ ਕਿਵੇਂ ਕਰੇਗਾ ਪੂਰੀ ਮਨ ਦੀ ਕਵਿਤਾ

ਹੋਣ ਦਾ ਸਬੂਤ

ਆ ਕਿ ਆਪਾਂ ਇਕ ਦੂਜੇ ਨੂੰ ਆਪਣੇ ‘ਹੋਣ ਦਾ ਦੇਈਏ ਸਬੂਤ ਇਕ ਦੂਜੇ ਦੇ ਹੋਣ ਨੂੰ ਦਿੱਤੇ ਉਲ੍ਹਾਮੇ ਦੇਈਏ ਵਿਸਾਰ ਕਿੰਨਾ ਕੁ ਹੁੰਦਾ ਏ ਜੀਣਾ ਐਵੇਂ ਨਾ ਹਰ ਪਲ ਵਿਸਰੇ ਵਿਸਾਰੇ ਰਹਿਣ ਦੇ ਵਸੀਲੇ ਕਰੀਏ ਤਿਆਰ ਨਾ ਖ਼ਲਾਅ ਵਿਚ ਬਿਰਖ਼ ਉਗਦੇ ਨਾ ਪੱਥਰਾਂ 'ਚੋਂ ਨੀਰ ਸਿੰਮਦੇ ਆਪਾਂ ਕਿਉਂ ਇਕ ਦੂਜੇ ਦੀ ਮਿੱਟੀ ਨੂੰ ਦਿੱਤੇ ਸਰਾਪ ਕਿਉਂ ਇਕ ਦੂਜੇ ਦੇ ਸਫ਼ਰ ਨੂੰ ਮੈਲਾ ਕਿਹਾ ਪਤਝੜ ’ਚ ਵੀ ਕਿਸੇ ਬਿਰਖ ਦੀ ਕਾਇਆ 'ਚੋਂ ਉਹਦੀ ਹਰਿਆਵਲ ਮਨਫ਼ੀ ਨਹੀਂ ਹੁੰਦੀ ਖਲੋਤੇ ਪਾਣੀਆਂ ਵਿਚ ਵੀ ਰਵਾਨੀ ਲੁਪਤ ਹੁੰਦੀ ਏ ਅਸੀਂ ਵੀ ਇੰਜ ਹੀ ਸਾਂ ਇਕ ਦੂਜੇ ਦੀਆਂ ਪਨਾਹਾਂ ਵਿਚ ਸਾਨੂੰ ਵੀ ਆਪਣੇ ਸਾਹ ਸੁਣੀਂਦੇ ਸਨ ਇਕ ਦੂਜੇ ਦੇ ਸਾਹਾਂ ਵਿਚ ਅਸੀਂ ਉਡਦੇ ਸਾਂ ਇਕ ਦੂਜੇ ਦੀ ਪਰਵਾਜ਼ ਵਿਚ ਅਸੀਂ ਲਰਜ਼ਦੇ ਸਾਂ ਇਕ ਦੂਜੇ ਦੇ ਸਾਜ਼ ਵਿਚ ਅਸਾਨੂੰ ਪਤਾ ਏ ਬੜਾ ਕੁਝ ਬੀਤ ਚੁੱਕਾ ਏ ਸਿਸਕ ਰਹੀਆਂ ਨੇ ਚੇਤਿਆਂ ਦੀ ਭੁੱਬਲ ’ਚ ਦੱਬੀਆਂ ਸ਼ਨਾਖਤਾਂ ਸੀਤ ਹੋਈਆਂ ਸੁਰਤੀਆਂ ਬੇਸ਼ਕ ਬਹੁਤ ਕੁਝ ਨਹੀਂ ਹੋਣਾ 'ਤੇ ਵਾਪਰਨਾ ਚੇਤਿਆਂ ਦੀ ਭੁੱਬਲ ’ਚ ਦੱਬੀਆਂ ਸ਼ਨਾਖ਼ਤਾਂ ਕੁਝ ਕੁ ਮਘਾਈਏ ਉਦਾਸੀਆਂ ਬਰੂਹਾਂ 'ਤੇ ਨਿੰਮ੍ਹੀ ਜਿਹੀ ਉਡੀਕ ਦੇ ਦੀਵੇ ਜਗਾਈਏ ਪਰਾਂ ਵਿਚ ਪਰਵਾਜ਼ ਸਾਜ਼ਾਂ ਵਿਚ ਸੁਰ ਸਜਾਈਏ ਆ ਕਿ ਆਪਾਂ ਇਕ ਦੂਜੇ ਨੂੰ ਆਪਣੇ 'ਹੋਣ' ਦਾ ਦੇਈਏ ਸਬੂਤ

ਪਾਣੀ ਚੇਤਿਆਂ ਦੇ

ਹੌਲੀ-ਹੌਲੀ ਕਿਰ ਜਾਂਦੇ ਨੇ ਚੇਤਿਆਂ 'ਚੋਂ ਕੁਝ ਥਾਵਾਂ, ਨਾਂ, ਪਤੇ, ਚਿਹਰੇ ਬੀਤੀ ਉਮਰ ਵਾਂਗ ਕਿਰ ਗਏ ਹੋਵਾਂਗੇ ਅਸੀਂ ਵੀ ਨਾਵਾਂ, ਥਾਵਾਂ, ਚਿਹਰਿਆਂ ਦੇ ਚੇਤਿਆਂ 'ਚੋਂ ਬੀਤੀ ਉਮਰ ਵਾਂਗ ਵਗਣਾ ਏ ਪਾਣੀਆਂ ਨੇ ਇੰਜ ਹੀ ਨਹੀਂ ਬੰਨ੍ਹੀ ਜਾਂਦੀ ਚੇਤਿਆਂ ਦੀ ਗੰਢ ਏਨੀ ਘੁੱਟ ਕੇ ਕਿ ਉਮਰ ਭਰ ਹੀ ਨਾ ਖੁੱਲ੍ਹੇ ਜੇ ਸਾਡੇ ਚੇਤਿਆਂ ਦੀ ਇਬਾਰਤ ਏ ਤਿਲਕਵੀਂ ਤਾਂ ਪਰਾਏ ਚੇਤੇ ਵੀ ਤਾਂ ਸ਼ਿਲਾਲੇਖ ਨਹੀਂ ਕਿਰਨਾ ਰੇਤ ਨੇ ਵਗਣਾ ਪਾਣੀਆਂ ਨੇ ਉਮਰ ਨੇ ਬੀਤਣਾ ਵਗਣਾ ਅਸੀਂ ਵੀ ਅਸੀਂ ਵੀ ਬੀਤਣਾ ਸਿਰਹਾਣੇ ਬੀਤ ਗਏ ਦੇ ਕੌਣ ਬਹਿੰਦਾ ਚੇਤਿਆਂ ’ਚ ਕਈ ਵਾਰ ਚੁਭੀਆਂ ਹੁੰਦੀਆਂ ਛਿਲਤਰਾਂ ਵੀ ਉਨ੍ਹਾਂ ਦੀ ਚੋਭ ਵੀ ਅਕਸਰ ਡੰਗਦੀ ਰਹੇ ਸਾਹੀਂ ਸਰਕਦੀ ਰਹੇ ਨਹੀਂ ਕਰਦੀਆਂ ਚੇਤਿਆਂ 'ਚੋਂ ਛਿਲਤਰਾਂ ਦੀਆਂ ਇਹ ਡੰਗ ਛੋਹਾਂ ਇਹ ਕਿਰ ਜਾਵਣ ਤਾਂ ਚੇਤੇ ਸ਼ਾਂਤ ਚਿਤ ਨਿਰਲੇਪ ਹੋ ਜਾਵਣ ਦੁਆ ਕਰੀਏ ਰਹਿਣ ਵਗਦੇ ਸਦਾ ਚੇਤਿਆਂ ਦੇ ਸ਼ਾਂਤ ਚਿਤ ਪਾਣੀ

ਜੇ ਮੰਨ ਲਈਏ

ਜੇ ਮੰਨ ਲਈਏ ਤਾਂ ਬੀਤ ਗਏ ਜੇ ਨਾ ਮੰਨੀਏ ਤਾਂ ਨਹੀਂ ਬੀਤੇ ਉਂਜ ਤਾਂ ਬੀਤ ਗਿਆ ਏ ਕਈ ਕੁਝ ਕੁਝ ਕੁਝ ਪਰ ਅਜੇ ਨਹੀਂ ਬੀਤਿਆ ਕੁਝ ਕੁਝ ਇਸੇ ਅਣਬੀਤੇ ਸਾਹਵੇਂ ਲਿਸ਼ਕ ਰਿਹਾ ਏ ਅਜੇ ਤਾਂ ਸਭ ਕੁਝ ਨਹੀਂ ਬੀਤਿਆ ਅਜੇ ਵੀ ਜਾਗ ਰਹੀ ਏ ਕਾਇਆ ਨਿੰਮ੍ਹੀ ਨਿੰਮ੍ਹੀ ਭੂਰ ਅਜੇ ਵੀ ਮਨ ’ਤੇ ਵਰਸੇ ਨਕਸ਼ ਚੇਤਿਆਂ ਦੇ ਅਜੇ ਨਹੀਂ ਧੁੰਦਲੇ ਹੋਏ ਅਜੇ ਵੀ ਸਾਹਾਂ ਵਿਚ ਲਿਸ਼ਕੋਰਾਂ ਅਜੇ ਸੁਰਤੀਆਂ ਜਾਗਦੀਆਂ ਨੇ ਕਈ ਕੁਝ ਭਾਵੇਂ ਬੀਤ ਗਿਆ ਏ ਕੁਝ ਕੁਝ ਪਰ ਅਜੇ ਨਹੀਂ ਬੀਤਿਆ ਜੇ ਮੰਨ ਲਈਏ ਤਾਂ ਕੀ ਨਹੀਂ ਹੋਇਆ ਜੇ ਨਾ ਮੰਨੀਏ ਤਾਂ ਕੁਝ ਵੀ ਨਹੀਂ ਹੋਇਆ ਮੰਨ ਲਈਏ ਤਾਂ ਕਈ ਕੁਝ ਹੋਵੇ...

ਮੇਰੇ ਹਿੱਸੇ ਦਾ ਦ੍ਰਿਸ਼

ਸੁਬ੍ਹਾ ਉਠਦਾ ਹਾਂ ਰਾਤ ਦੇ ਵਾਵਰੋਲਿਆਂ ਨੂੰ ਜਿਸਮ ਨਾਲੋਂ ਝਾੜਦਾ ਹਾਂ ਖਿੜਕੀ ਖੋਲ੍ਹਦਾ ਹਾਂ ਧੁੱਪ ਚੜ੍ਹੀ ਹੋਈ ਏ ਕੁਦਰਤ ਅੱਜ ਫੇਰ ਮੇਰੇ ਤੋਂ ਪਹਿਲਾਂ ਜਾਗ ਪਈ ਏ ਮੇਰੀ ਜਾਗ ਅੱਜ ਫੇਰ ਕੁਦਰਤ ਦੀ ਜਾਗ ਦੇ ਮੇਚ ਨਹੀਂ ਆਈ ਕੁਦਰਤ ਨੇ ਮੇਰੇ ਤੋਂ ਪੁੱਛ ਕੇ ਨਹੀਂ ਸੀ ਜਾਗਣਾ ਕੁਦਰਤ ਤਾਂ ਸਦਾ ਸਦੀਵੀ ਜਾਗੇ ਖੁੱਲ੍ਹੀ ਖਿੜਕੀ 'ਚੋਂ ਬਾਹਰਲਾ ਦ੍ਰਿਸ਼ ਨਿਹਾਰਦਾ ਹਾਂ ਕੁਦਰਤ ਨੇ ਮੇਰੇ ਲਈ ਅਜੇ ਵੀ ਕੁਝ ਕੁ ਸਾਂਭ ਰੱਖਿਆ ਏ...

ਵੱਖਰੀ ਵੱਖਰੀ ਖੁਸ਼ੀ

ਕਿਸੇ ਦਿਨ ਸਾਰੇ ਮਿਥੇ ਹੋਏ ਕੰਮ ਕਰ ਲਈਏ ਖ਼ੁਸ਼ੀ ਹੁੰਦੀ ਏ ਕਿਸੇ ਜਾਣ ਵਾਲੀ ਥਾਂ 'ਤੇ ਆ ਜਾਈਏ ਖ਼ੁਸ਼ੀ ਹੁੰਦੀ ਏ ਡਾਕ ਵਿਚ ਆ ਜਾਏ ਕੋਈ ਕਿਤਾਬ ਮਿਲ ਜਾਏ ਕਿਸੇ ਆਪਣੇ ਦੀ ਖੈਰ ਸੁਖ ਖ਼ੁਸ਼ੀ ਹੁੰਦੀ ਏ ਚੇਤਿਆਂ 'ਚੋਂ ਖੁਰ ਰਹੇ ਕਿਸੇ ਚਿਹਰੇ ਨੂੰ ਚਿਤਵ ਲਈਏ ਖ਼ੁਸ਼ੀ ਹੁੰਦੀ ਏ ਕਿਸੇ ਸਫ਼ਰ ’ਤੇ ਜਾਣ ਦੀ ਸੂਚਨਾ ਮਿਲੇ ਕਿਸੇ ਰੁੱਸੇ ਹੋਏ ਨੂੰ ਮਨਾ ਲਈਏ ਕਿਸੇ ਨਾਲ ਬਿਤਾਏ ਨਿੱਘੇ ਪਲਾਂ ਨੂੰ ਯਾਦ ਕਰਕੇ ਕੁਝ ਕੁਝ ਉਦਾਸ ਵੀ ਹੋ ਜਾਈਏ ਖ਼ੁਸ਼ੀ ਹੁੰਦੀ ਏ ਪਰਤ ਆਉਣ ਗੁੰਮੀਆਂ ਗਵਾਚੀਆਂ ਮੁਹੱਬਤਾਂ ਕੁਝ ਵੀ ਨਾ ਗਵਾਚਣ ਦਾ ਸੰਸਾ ਮੁੱਕ ਜਾਵੇ ਖ਼ੁਸ਼ੀ ਹੁੰਦੀ ਏ ਜਦੋਂ ਕੋਈ ਖ਼ੁਸ਼ੀ ਬੜੀ ਕੋਲੋਂ ਦੀ ਲੰਘ ਜਾਏ ਖ਼ੁਸ਼ੀ ਹੁੰਦੀ ਏ ਜਦੋਂ ਵਾਪਰ ਜਾਏ ਕਈ ਖ਼ੁਸ਼ੀਆਂ ਜਿਹਾ ਖ਼ੁਸ਼ੀ ਹੁੰਦੀ ਏ ਏਨੀਆਂ ਖ਼ੁਸ਼ੀਆਂ 'ਚੋਂ ਲੰਘ ਜਾਣ ਪਿੱਛੋਂ ਹੋਰ ਕੀ ਹੁੰਦੀ ਏ ਖ਼ੁਸ਼ੀ ?

ਆਦਿ ਕਾਲੀ ਵਰਤਮਾਨ

ਧਰਤੀ ਹੇਠਾਂ ਪਏ ਬਹੁਤ ਕੁਝ ਦੇ ਅਵਸ਼ੇਸ਼ਾਂ ਵਾਂਗ ਬੜਾ ਕੁਝ ਸੁਰੱਖਿਅਤ ਪਿਆ ਏ ਮੇਰੇ ਵੀ ਅੰਦਰ ਜੀਵੇ, ਅਣ-ਜੀਵੇ ਪਲਾਂ ਦੀ ਪੂਰੀ ਦੀ ਪੂਰੀ ਇਕ ਸਭਿਅਤਾ ਮਹਿਫੂਜ਼ ਮੇਰੇ ਅੰਦਰ ਆਪਣਾ ਕਾਲ ਅਕਾਲ ਧਿਆਉਂਦੀ ਮੇਰੇ ਪੈਰਾਂ 'ਚ ਮੇਰੀਆਂ ਪੈੜਾਂ ਮੇਰੀਆਂ ਬਾਹਵਾਂ ’ਚ ਗਲਵੱਕੜੀਆਂ ਮੇਰੇ ਹੋਠਾਂ 'ਚ ਚੁੰਮਣ ਮੇਰੇ ਹੱਥਾਂ ’ਚ ਭਖਦੀਆਂ ਛੋਹਾਂ ਜਿਸਮ ਵਿਚ ਤਾਂਘਾਂ, ਉਮੰਗਾਂ ਦੇ ਹਿਮਕਲਸ਼ ਖ਼ਾਬਾਂ ਦੀਆਂ ਮੂਰਤੀਆਂ ਅੱਖਾਂ 'ਚ ਕਈ ਕੁਝ ਵੇਖਣ ਨਿਹਾਰਨ ਦੇ ਦ੍ਰਿਸ਼ ਲਾਲਸਾਵਾਂ ਦੇ ਕੰਧ ਚਿਤਰ ਮੇਰੇ ਅੰਦਰ ਅਣਗਿਣਤ ਨਿੱਕੇ ਨਿੱਕੇ ਪਿਰਾਮਿਡ ਸੋਚੇ ਅਣ-ਸੋਚੇ ਦੇ ਸ਼ਿਲਾਲੇਖ ਮੇਰਾ ਆਪਾ ਜਿਵੇਂ ਕੁਦਰਤ ਦੀ ਪ੍ਰਯੋਗਸ਼ਾਲਾ ਬੀਤੇ ਅਣਬੀਤੇ ਦੀ ਨਿਸ਼ਾਨਦੇਹੀ ਧੌਲਰ, ਸਤੰਬ, ਬਾਰਾਂਦਰੀਆਂ ਹੁਜਰੇ ਹਰਮ ਆਰਤੀ ਅਜ਼ਾਨ ਅਰਦਾਸ ਮੇਰੇ ਸਾਹਾਂ 'ਚ ਲੋਕ ਗੀਤਾਂ ਦੀ ਤਪਸ਼ ਸ਼ਬਦ ਦਾ ਬ੍ਰਹਿਮੰਡ ਸ਼ਾਂਤ ਅਬੋਲ, ਅਹਿਲ ਸ਼ੂਨ ਅਵਸਥਾ ਆਦਿ-ਕਾਲੀ ਵਰਤਮਾਨ ਮੈਂ ਵਰਤਮਾਨ ਦਾ ਮੈਂ ਅਤੀਤ ਸਮਿਆਂ ਦਾ ਅਨਹਦ ਮੈਂ ਅਹਨਦ ਦੀ ਗਾਥਾ

ਇਕ ਦੂਜੇ ਦੇ ਪੂਰਕ

ਜਿਵੇਂ ਪਿਆਸ ਵਿਚ ਪਾਣੀ ਪਾਣੀ ਵਿਚ ਪਿਆਸ ਇਵੇਂ ਹੀ ਰਹਿੰਦੀ ਏ ਕਵੀ ਕੋਲ ਕਵਿਤਾ ਕਵਿਤਾ ਕੋਲ ਕਵੀ ਕਵਿਤਾ ਮਿੱਟੀ ’ਚ ਉਤਰਦੀ ਤੇਹ ਦਾ ਬੀਜ ਬਣ ਹਰਿਆਵਲ ਦਾ ਖ਼ਾਬ ਹੋ ਕੇ ਤੇ ਕੋਂਪਲ ਵਾਂਗ ਮਿੱਟੀ 'ਚੋਂ ਉੱਗਦੀ ਕਵਿਤਾ ਮਿੱਟੀ ਦਾ ਸੁਪਨਾ ਸਾਕਾਰਦੀ ਨਿੱਕੇ ਨਿੱਕੇ ਸਰੋਕਾਰਾਂ 'ਚ ਵਿਚਰਦੀ ਬੱਚੇ ਦੇ ਹੱਥਾਂ 'ਚ ਖਿਡੌਣੇ ਵਾਂਗ ਕਵਿਤਾ ਵੀ ਕਰ ਰਹੀ ਹੁੰਦੀ ਅਠਖੇਲੀਆਂ ਕਵੀ ਦੀ ਸੁੰਞ ਅੰਦਰ ਬੱਚੇ ਦੀਆਂ ਅੱਖਾਂ 'ਚ ਨਿੱਤਰੀ ਲਿਸ਼ਕ ਵਰਗੀ ਮਾਂ ਦੀ ਗਲਵੱਕੜੀ ਬਣ ਜਾਂਦੀ ਏ ਕਵਿਤਾ ਜਿਵੇਂ ਜਾਂਦੇ ਨੇ ਪੰਛੀ ਆਲ੍ਹਣਿਆਂ 'ਚ ਬੈਠੇ ਬੋਟਾਂ ਲਈ ਚੋਗ ਚੁਗਣ ਇਵੇਂ ਹੀ ਜਾਂਦੀ ਏ ਕਵਿਤਾ ਕਿਤੇ ਜੀਣ ਦੇ ਸਬੱਬ ਲੱਭਣ ਲਿਆਉਂਦੀ ਏ ਮੋਹ ਮੁਹੱਬਤਾਂ ਦੇ ਸੁਨੇਹੇ ਕਵਿਤਾ ਜਾਂਦੀ ਏ ਨਿਹੱਥਿਆਂ ਦੀ ਲੜਾਈ ਵਿੱਚ ਸ਼ਰੀਕ ਹੋਣ ਲਈ ਦਰਿੰਦੀਆਂ ਪੌਣਾਂ ਨੂੰ ਵਰਜਣ ਲਈ ਕਵਿਤਾ ਜਾਂਦੀ ਏ ਆਪਣੇ ਹਾਣ ਦਾ ਆਕਾਸ਼ ਲੱਭਣ ਲਈ ਤੇ ਵਾਪਸ ਪਰਤਦੀ ਏ ਆਪਣੇ ਸਮੁੱਚੇ ਵਜੂਦ ਨਾਲ ਸੰਵਾਦ ਰਚਾਉਂਦੀ ਵਹਿਸ਼ੀ ਹਵਾਵਾਂ ਲਹੂ ਤਿਹਾਏ ਰਾਹਾਂ, ਗਰਾਵਾਂ ਹਲਕਾਏ ਚਿਹਰਿਆਂ ਤੇ ਦਾਨਵੀ ਸੋਚਾਂ ਤੋਂ ਆਪਣਾ ਪਿੰਡਾ ਬਚਾ ਕੇ ਕਵੀ ਵੇਖ ਲੈਂਦਾ ਏ ਉਹਦਾ ਹਿਰਾਸਿਆ ਮੂੰਹ ਮੁਹਾਂਦਰਾ ਉਹ ਦੱਸ ਦਿੰਦੀ ਏ ਕਵੀ ਨੂੰ ਆਪਣੀਆਂ ਵਿਲਕਣੀਆਂ ਦਾ ਇਤਿਹਾਸ ਸੁਣ ਪੈਂਦੇ ਨੇ ਕਵੀ ਨੂੰ ਉਹਦੀ ਚੁੱਪ ਦੇ ਨੁਕੀਲੇ ਬੋਲ ਕਵੀ ਕੀ ਕਹੇ ਉਸ ਨੂੰ ਇਨ੍ਹਾਂ ਸਮਿਆਂ 'ਚ ਬੜੇ ਇਕੱਲੇ ਨੇ ਕਵੀ ਤੇ ਕਵਿਤਾ ਇਕ ਦੂਜੇ ਲਈ ਧਰਵਾਸ ਬਣੇ ਤੁਰ ਪੈਂਦੇ ਨੇ ਇਕ ਦੂਜੇ ਦੇ ਮੋਢੇ 'ਤੇ ਹੱਥ ਧਰ ਕੇ ਕਿਸੇ ਅਣਦੇਖੀ ਦਿਸ਼ਾ ਵੱਲ ਉਨ੍ਹਾਂ ਨੂੰ ਆਉਂਦੀ ਏ ਜੀਊਣ ਦੇ ਸਬੱਬ ਤਲਾਸ਼ ਕਰ ਲੈਣ ਦੀ ਜਾਚ ਉਨ੍ਹਾਂ ਨੂੰ ਆਉਂਦਾ ਏ ਇਕ ਦੂਜੇ ਦਾ ਪੂਰਕ ਬਣਨਾ...

ਕੁਦਰਤ ਪੁਸਤਕ

ਬੰਦਾ ਸੌਂ ਜਾਂਦਾ ਜਾਗਦੀ ਰਹਿੰਦੀ ਕਿਤਾਬ ਜਾਗਦੀ ਕਿਤਾਬ ਵਿਚ ਸੁਰਤੀ ਜਾਗਦੀ ਸੰਵੇਦਨਾ ਸਾਕਾਰ ਹੁੰਦੀ ਸੁੱਤੇ ਬੰਦੇ ਨੂੰ ਪੁਸਤਕ ਲੋਰੀ ਸੁਣਾਉਂਦੀ ਜਾਗਦੇ ਨੂੰ ਜੀਣ ਦੇ ਸਬੱਬ ਦੱਸਦੀ ਪੁਸਤਕ ਬੰਦੇ ਦੀਆਂ ਕਈ ਅਪੂਰਤੀਆਂ ਦੀ ਪੂਰਕ ਉਹਦੇ ਨਿੱਜ ਦਾ ਅੰਬਰ ਉਹਦੀ ਸੀਮਾ ਦੀ ਅਸੀਮਤਾ ਉਹਦੇ ਅਵਚੇਤਨ ਦੀ ਚੇਤਨਾ ਜਾਗਦੀ ਕਿਤਾਬ ਨੂੰ ਰਹੇ ਸਦਾ ਜਾਗਦੇ ਬੰਦੇ ਦੀ ਭਾਲ ਇਕ ਦੂਜੇ ਨੂੰ ਪੜ੍ਹਨ ਦੋਵੇਂ ਤਾਂ ਜ਼ਿੰਦਗੀ ਸਾਕਾਰ ਹੋਵੇ... ਪੁਸਤਕ ਜਾਗਦੀ ਤਾਂ ਜਾਗਦੀ ਕੁਦਰਤ ਪੁਸਤਕ ਸਗਲੀ ਕੁਦਰਤ

ਵਰਸਣ ਸੁੱਚੇ ਮੇਘਲੇ

ਵਰਸਣ ਸੁੱਚੇ ਮੇਘਲੇ ਤਨ ਮਨ ਜਾਵਣ ਭਿੱਜ ਕੁਦਰਤ ਸਾਹੀਂ ਰੁਮਕਦੀ ਰਹੇ ਨਾ ਬੰਜਰ ਨਿੱਜ ਅੰਗ ਸੰਗ ਮਨ ਦੇ ਰਹੇ ਜਲਥਲ ਦੀ ਅਭਿਲਾਸ਼ਾ ਕੋਂਪਲ ਕੋਂਪਲ ਪੁੰਗਰਦੀ ਬਿਰਖਾਂ ਦੀ ਪਰਿਭਾਸ਼ਾ ਅੰਬਰ ਲਿਖਦਾ ਧਰਤ ’ਤੇ ਪਾਣੀ ਦੇ ਸਿਰਨਾਵੇਂ ਚਾਰ ਚੁਫ਼ੇਰੇ ਲਹਿਰਦੇ ਹਰਿਆਲੇ ਪਰਛਾਵੇਂ ਕਿਣਕਿਣ ਕਾਇਆ ਵਸਦੀ ਵਰਸੇ ਆਦਿ ਅਨੰਤ ਸਗਲੀ ਸ਼੍ਰਿਸ਼ਟੀ ਮੌਲਦੀ ਗਾਵਣ ਜੀਆ ਜੰਤ ਥਲ ਜਦ ਕਰੇ ਅਰਾਧਨਾ ਅਨਹਦ ਜਾਪ ਕਰੇ ਜਲ ਵਰਸੇ ਬਣ ਜਲਤਰੰਗ ਤੇ ਥਲ ਦੀ ਤਪਸ਼ ਠਰੇ ਉਸ ਪਲ ਸੁਰਾਂ ਉਚਾਰਦਾ ਰੁੱਤਾਂ ਦਾ ਸੁਰਤਾਲ ਨਿਰਤ ਕਰੇ ਜਦ ਮੇਘਲਾ ਆ ਪੌਣਾਂ ਦੇ ਨਾਲ ਜਲ ਦੀ ਬਰਕਤ ਲੋੜਦੀ ਮਿੱਟੀ ਦੀ ਤਾਸੀਰ ਜਲ ਮਿੱਟੀ ਦਾ ਖ਼ਾਬ ਹੈ ਬਣੇ ਖ਼ਾਬ ਤਾਬੀਰ

ਲਿਖਾਂ ਅਜਿਹੀ ਮੈਂ ਇਕ ਕਵਿਤਾ

ਲਿਖਾਂ ਮੈਂ ਕਵਿਤਾਵਾਂ ਆਪਣੇ ਵਰਗੀਆਂ ਆਪਣੇ ਵਰਗਿਆਂ ਵਰਗੀਆਂ ਸੋਹਲ ਸੁਨੱਖੀਆਂ ਮੁਹੱਬਤ ਰੰਗੀਆਂ ਸਤਰੰਗੇ ਨਕਸ਼ ਨੁਹਾਰਾਂ ਜਿਹੀਆਂ ਹਰ ਕਵਿਤਾ ਲਿਖਣ ਪਿੱਛੋਂ ਇਉਂ ਲੱਗਦਾ ਹਰ ਵਾਰ ਨਹੀਂ ਪਹੁੰਚਾ ਮੈਂ ਅਜੇ ਆਪਣੀ ਮਨਇੱਛਤ ਸਾਲਮ ਸਾਬਤ ਕਵਿਤਾ ਦੇ ਦੁਆਰ ਇਉਂ ਜਾਪੇ ਜਿਉਂ ਹਰ ਕਵਿਤਾ ਮੇਰੀ ਕਿਸੇ ਅਣਛੋਹ ਤਕ ਨਾ ਪਹੁੰਚੀ ਅਜੇ ਰਾਹ ਦੀਆਂ ਸੁੰਨ ਮਸਾਣਾਂ ਅੰਦਰ ਮੈਨੂੰ ਛੱਡ ਕੇ ਮੇਰੀ ਕਵਿਤਾ ਤੁਰ ਜਾਂਦੀ ਏ ਮੇਰੇ ਅੰਦਰ ਅਣਕਹੇ ਦੀ ਗਾਥਾ ਕਿਰਚਾਂ ਬਣ ਕੇ ਖੁਰ ਜਾਂਦੀ ਏ ਜੀਅ ਕਰਦਾ ਏ ਕਵਿਤਾ ਲਿਖਾਂ ਅਜੇਹੀ ਮੈਂ ਇਕ ਜੋ ਕਵਿਤਾ ਹੋਣ ਦੀਆਂ ਸਭ ਸ਼ਰਤਾਂ ਕਰੇ ਪੂਰੀਆਂ ਹੋਵੇ ਨਾ ਉਹ ਕੇਵਲ ਬਿੰਬਾਂ ਦੀ ਉਸਾਰੀ ਸ਼ਬਦਾਂ ਦੀ ਜਾਦੂਗਰੀ, ਕਲਾਕਾਰੀ ਮੰਚ ਦੀ ਕਲਾਕਾਰੀ ਮੰਚ ਦੀ ਅਦਾਕਾਰੀ ਕਵਿਤਾ ਲਿਖਾਂ-ਲੋਰੀ ਜਿਹੀ ਬਿਰਧ ਹੱਥਾਂ ਦੀ ਡੰਗੋਰੀ ਜਿਹੀ ਬੱਚੇ ਨੂੰ ਸਕੂਲੋਂ ਮਿਲੇ ਪਹਿਲੇ ਸਬਕ ਜਿਹੀ ਧੀਰਜ ਭਰੋਸੇ ਸਿਦਕ ਜਿਹੀ ਰਾਹੀਆਂ ਦੀ ਪਿਆਸ ਲਈ ਪਾਣੀ ਜਿਹੀ ਜ਼ਿੰਦਗੀ ਨੂੰ ਜੀਣ ਦੇ ਚਾਵਾਂ ਦੇ ਹਾਣੀ ਜਿਹੀ ਮੇਰੀ ਕਵਿਤਾ ਹੋਵੇ ਨਿਹੱਥੇ ਦੀ ਲੜਾਈ ਚ ਉਹਦਾ ਹਥਿਆਰ ਬਿਦੋਸ਼ੇ ਦੇ ਹੱਕ ਵਿਚ ਦਿੱਤੀ ਗਵਾਹੀ ਹੋਵੇ ਉਹ ਕਿਸੇ ਵਹਿਸ਼ੀ ਦੇ ਹੱਥ 'ਚ ਫੜ੍ਹੇ ਖੰਜਰ ਨੂੰ ਉਹਦੀ ਹੀ ਹਿੱਕ ਵੱਲ ਮੋੜ ਸਕੇ ਗੋਲੀ ਨਾਲ ਵਿੰਨ੍ਹੀ ਕਿਸੇ ਨਿਹੱਥੇ ਦੀ ਲੋਥ ਕੋਲ ਉਸਦੇ ਕਾਤਲ ਦੇ ਸਿਰਨਾਵੇਂ ਸਣੇ ਬਹਿ ਕੇ ਰੋਕ ਸਕੇ ਉਹ ਨਫ਼ਰਤੀ ਯਾਤਰਾਵਾਂ ਖਰੂਦੀ ਹਜੂਮ ਤੇ ਜਰਵਾਣੀਆਂ ਸੋਚਾਂ ਦਾ ਤਲਿੱਸਮ ਤੋੜ ਸਕੇ ਆਪਣੇ ਹੱਕਾਂ ਲਈ ਨਿਕਲੇ ਜਲੂਸ ਵਿਚ ਸ਼ਾਮਲ ਹੋਵੇ ਜੀਅ ਕਰਦਾ ਏ ਲਿਖਾਂ ਅਜੇਹੀ ਮੈਂ ਇਕ ਕਵਿਤਾ ਜੋ ਮੈਨੂੰ ਕਵਿਤਾ ਦੇ ਸਾਰੇ ਰੰਗ ਵਿਖਾਵੇ ਮੈਨੂੰ ਅਣਛੋਹ ਤਕ ਲੈ ਜਾਵੇ ਜੀਅ ਕਰਦਾ ਏ ਲਿਖਾਂ ਅਜੇਹੀ ਮੈਂ ਇਕ ਕਵਿਤਾ

ਕਾਇਆ ਦੇ ਪੈਂਡੇ

ਪੈਰਾਂ ਨੂੰ ਸਫ਼ਰ ਲੋੜੀਦਾ ਸਫ਼ਰ ਲਈ ਰਾਹ ਪੈਰਾਂ ਨੂੰ ਦੋਹਾਂ ਦਾ ਖ਼ਾਬ ਆਵੇ, ਜਗਾਵੇ ਪਾਣੀਆਂ ਬਿਨ ਤੇਹ ਕੈਸੀ ਤੇਹ ਬਿਨਾਂ ਪਾਣੀ ਅਧੂਰੇ, ਅਪੂਰੇ ਅਣਛੋਹੇ ਕੋਲ ਖਲੋਤੀ ਰੇਤ ਛਲਾਂ ਦੀ ਅਭਿਲਾਸ਼ਾ ਨਦੀ ਲੋੜੇ ਕਿਨਾਰਾ ਕਿਨਾਰੇ ਦੀ ਇੱਛਾ ’ਚ ਇਕ ਨਦੀ ਦੋਹਾਂ ਦੀ ਇੱਛਾ 'ਚੋਂ ਇਕ ਪੁਲ ਉਸਰਦਾ ਨੀਂਦਰ ਦੀ ਇੱਛਾ ’ਚ ਸੁਪਨਾ ਸੁਪਨੇ ਦੀ ਹੋਣੀ ’ਚ ਨੀਂਦਰ ਇਕ ਦੂਜੇ ਦੀ ਕੌਣ ਲਿਖੇ ਪਰਿਭਾਸ਼ਾ ਬੰਸਰੀ ’ਚੋਂ ਸੁਰ ਜਾਗੇ ਤੇ ਸੁਰ ਬਣਾਉਂਦਾ ਬੰਸਰੀ ਰਾਗ ਦਾ ਬ੍ਰਹਿਮੰਡ ਜਾਗੇ ਜਾਗਣ ਸੁੱਤੇ ਅਨਹਦ ਸਾਰੇ ਇਕ ਇਕੱਲੀ ਕਾਇਆ ਕਿੰਨੇ ਪੈਂਡੇ ਤੁਰਦੀ ਰਾਹ, ਨਦੀ, ਨੀਂਦਰ, ਬੰਸਰੀ

ਖਰੇ ਖੋਟੇ

ਰਿਸ਼ਤੇ ਹੁੰਦੇ ਨੇ ਸਿੱਕਿਆਂ ਜਿਹੇ ਚੱਲ ਗਏ ਤਾਂ ਖਰੇ ਨਾ ਚੱਲੇ ਤਾਂ ਖੋਟੇ ਕਦੇ-ਕਦਾਈਂ ਨਹੀਂ ਚੱਲਦੇ ਖਰੇ ਕਦੇ-ਕਦਾਈਂ ਖੋਟੇ ਚੱਲਦੇ ਇਸ ਦੀ ਵੀ ਸ਼ਾਇਦ ਹੁੰਦੀ ਇਕ ਤਰਕੀਬ ਕਿਸੇ ਕਿਸੇ ਨੂੰ ਬਹੁਤੀ ਆਵੇ ਕਿਸੇ ਕਿਸੇ ਨੂੰ ਥੋੜ੍ਹੀ ਆਵੇ ਕਿਸੇ ਕਿਸੇ ਨੂੰ ਆਵੇ ਹੀ ਨਾ ਸਿੱਕੇ ਚੱਲਦੇ ਰਹਿੰਦੇ...

ਸਰੋਕਾਰ

ਲਿਖੀਆਂ ਗਈਆਂ ਕੁਝ ਕਵਿਤਾਵਾਂ ਛਪ ਗਈ ਨਵੀਂ ਕਾਵਿ-ਕਿਤਾਬ ਕਵੀ ਸੁਰਖਰੂ ਹੋਇਆ ਪੁਸਤਕ ਛਪਣ ਤਕ ਕਵੀ ਹੁੰਦਾ ਕਈ ਸੰਸਿਆਂ ਤੌਖ਼ਲਿਆਂ ਦੇ ਰੂਬਰੂ ਫੇਰ ਹੋ ਜਾਂਦਾ ਨਿਰਭਓ ਪੁਸਤਕ ਆਪਣਾ ਫਰਜ਼ ਨਿਭਾਉਂਦੀ ਕਵਿਤਾ ਬਣਾਉਂਦੀ ਕਵੀ ਨੂੰ ਮਾਣਮੱਤਾ ਪ੍ਰਸੰਸਾ ਸੰਗ ਝੋਲੀ ਭਰਦੀ ਦਿਨ ਮਹੀਨੇ ਬੀਤ ਜਾਂਦੇ ਕਵੀ ਦੇ ਅੰਦਰ ਸੁੰਞ ਫੈਲਣ ਲੱਗਦੀ ਕਵੀ ਨੂੰ ਕਵੀ ਨਾ ਰਹਿਣ ਦਾ ਭੈਅ ਹੋਣ ਲੱਗਦਾ ਕਿਥੋਂ ਆਉਣਗੇ ਨਵੇਂ ਸਰੋਕਾਰ ਕਵਿਤਾ ਦੇ ਆਧਾਰ ਜਜ਼ਬਿਆਂ ਦੇ ਪਾਸਾਰ ਕਵੀ ਆਪਣੀ ਸੁੰਞ ’ਚ ਬੈਠਾ ਸੋਚਦਾ ਕਿਵੇਂ ਰਚਾਂਗਾ ਹੁਣ ਮੈਂ ਆਪਣੀ ਕਵਿਤਾ ਦਾ ਸੰਸਾਰ ਪਰ ਸੁੰਞ ਦਾ ਮੌਸਮ ਬੀਤਣ ਪਿੱਛੋਂ ਹੌਲੀ-ਹੌਲੀ ਮੌਲਣ ਲੱਗਦੀ ਚੁੱਪ ਕਵੀ ਦੀ ਪਤਝੜ ਪਿੱਛੋਂ ਜਿਉਂ ਬਿਰਖਾਂ 'ਚੋਂ ਕੋਂਪਲ ਫੁੱਟਦੀ ਪਸਰਨ ਲੱਗਦੀ ਚਾਰ ਚੁਫੇਰੇ ਕਵਿਤਾ ਦੀ ਹਰਿਆਵਲ ਪਹਿਨ ਕੇ ਆਉਂਦੀ ਕਵਿਤਾ ਨਵੇਂ ਆਕਾਰ ਸਰੋਕਾਰ

ਸੇਲ

ਕਿਸੇ ਸ਼ੈਅ ਦੇ ਸਸਤੀ ਹੋ ਜਾਣ ਪਿੱਛੋਂ ਵਿਕਣ ਦਾ ਨਵਾਂ ਨਾਂ ਤੇ ਅੰਦਾਜ਼ ਏ-ਸੇਲ ਥਾਂ-ਥਾਂ ਲੱਗੇ ਹੋਏ ਨੇ ਸੇਲ-ਸੇਲ ਦੇ ਬੈਨਰ ਭਰੇ ਪਏ ਨੇ ਅਖ਼ਬਾਰ ਸੇਲ ਦੇ ਇਸ਼ਤਿਹਾਰਾਂ ਨਾਲ ਥਾਂ-ਥਾਂ ਲੱਗੀ ਹੋਈ ਏ ਸੇਲ ਕਈ ਕੁਝ ਹੋਰ ਵੀ ਭਾਵੇਂ ਹੋ ਰਿਹਾ ਏ ਸਸਤਾ ਮਨੁੱਖ, ਮੁਹੱਬਤ, ਰਿਸ਼ਤੇ ਤੇ ਆਬਰੂ ਇਨ੍ਹਾਂ ਦੀ ਸੇਲ ਦਾ ਨਹੀਂ ਲੱਗਾ ਕਿਤੇ ਕੋਈ ਬੈਨਰ ਨਾ ਹੀ ਛਪਿਆ ਏ ਕੋਈ ਇਸ਼ਤਿਹਾਰ ਇਨ੍ਹਾਂ ਦੀ ਵਿਕਰੀ ਉਂਜ ਹੀ ਹੋ ਰਹੀ ਏ ਨਿਰੰਤਰ ਦੂਣੀ ਚੌਣੀ ਬਿਨ ਬੈਨਰ-ਬਿਨ ਇਸ਼ਤਿਹਾਰ ਇਨ੍ਹਾਂ ਤੋਂ ਸਸਤਾ ਜੇ ਕੁਝ ਹੋਰ ਹੋਵੇ ਤਾਂ ਆਓ ਚੱਲੀਏ ਖਰੀਦਣ ਲੱਗੀ ਹੋਈ ਏ ਸੇਲ

ਗਿਰਝਾਂ ਕਿਤੇ ਨਹੀਂ ਗਈਆਂ

ਰੋਜ਼ ਪੜ੍ਹਦੇ ਸੁਣਦੇ ਹਾਂ ਗਿਰਝਾਂ ਹੁਣ ਅਕਸਰ ਨਹੀਂ ਦੀਹਦੀਆਂ ਕਿਧਰ ਅਲੋਪ ਹੋ ਗਈਆਂ ਲੁਪਤ ਹੋ ਰਹੀਆਂ ਨੇ ਹੌਲੀ-ਹੌਲੀ ਮਰਿਆ ਢੋਰ ਡੰਗਰ ਵੇਖ ਕੇ ਹੁਣ ਨਹੀਂ ਦਿਸਦੀਆਂ ਅਸਮਾਨੀਂ ਉਡਦੀਆਂ ਸ਼ੋਰ ਪਾਉਂਦੀਆਂ ਝੁੰਡਾਂ ਦੇ ਝੁੰਡ ਹੁਣ ਨਹੀਂ ਦਿਸਦੇ ਹੱਡਾਂ ਰੋੜੀਆਂ 'ਚ ਵੀ ਕਿਸੇ ਖੜ-ਸੁਕ ਬਿਰਖ਼ ਉੱਤੇ ਵੀ ਬੈਠੀਆਂ ਨਹੀਂ ਦਿਸਦੀਆਂ ਕਿਧਰ ਅਲੋਪ ਹੋ ਗਈਆਂ ਗਿਰਝਾਂ ਗਿਰਝਾਂ ਕਿਤੇ ਨਹੀਂ ਗਈਆਂ ਨਾ ਹੀ ਅਲੋਪ ਹੋਈਆਂ ਲੁਪਤ ਨਹੀਂ ਹੋਈ ਇਨ੍ਹਾਂ ਦੀ ਨਸਲ ਜਾਤੀ ਨਹੀਂ ਬਹਿੰਦੀਆਂ ਹੁਣ ਇਹ ਪਹਿਲੀਆਂ ਥਾਵਾਂ 'ਤੇ ਮੋਏ ਮਾਸ ਦੀ ਤਲਾਸ਼ ਵਿਚ ਹੁਣ ਇਹ ਹੱਡਾ ਰੋੜੀਆਂ ’ਚ ਨਹੀਂ ਜਾਂਦੀਆਂ , ਕਈ ਤਰ੍ਹਾਂ ਦਾ ਬਹੁਰੰਗਾ ਮੀਟ, ਮੁਰਗਾ ਹੁਣ ਇਨ੍ਹਾਂ ਦੀਆਂ ਤਸ਼ਤਰੀਆਂ ’ਚ ਸਜਦਾ ਏ ਗਿਰਝਾਂ ਹੁਣ ਅੰਬਰ ’ਚ ਖੰਭ ਖਿਲਾਰੀ ਨਹੀਂ ਉੱਡਦੀਆਂ ਹੁਣ ਇਹ ਮਨਇੱਛਤ ਸਫ਼ਰ ਕਰਦੀਆਂ ਗਿਰਝਾਂ ਹੁਣ ਉਹ ਗਿਰਝਾਂ ਨਹੀਂ ਰਹੀਆਂ ਇਨਾਂ ਦੀ ਗਿਣਤੀ ਘਟੀ ਵੀ ਨਹੀਂ-ਵਧੀ ਏ ਸਗੋਂ ਗਿਰਝਾਂ ਹੁਣ ਗਿਰਝਾਂ ਨਹੀਂ ਕਈ ਕੁਝ ਹੋਰ ਲੱਗਦੀਆਂ ਇਹ ਹੁਣ ਭੈਭੀਤ ਹੀ ਨਹੀਂ ਕਈ ਕੁਝ ਹੋਰ ਕਰਦੀਆਂ ਇਹ ਹੁਣ ਮਾਸਾਹਾਰੀਆਂ ਵੀ ਨੇ ਤੇ ਸ਼ਾਕਾਹਾਰੀਆਂ ਵੀ ਇਨ੍ਹਾਂ ਨੇ ਬਦਲ ਲਈ ਆਪਣੀ ਸਮੁੱਚੀ ਸੁਰਤ ਨੁਹਾਰ ਬਦਲ ਲਿਆ ਏ ਆਪਣਾ ਲਹਿਜਾ ਲਿਬਾਸ ਹਰ ਰਿਸ਼ਤੇ ਸਾਂਝ ਵਿਚ ਆ ਰਲਦੀਆਂ ਇਹ ਹੁਣ ਤਨ ਹੀ ਨਹੀਂ ਮਨ ਵੀ ਪਲੀਤ ਕਰਦੀਆਂ ਗਿਰਝਾਂ ਕਿਤੇ ਨਹੀਂ ਗਈਆਂ ਪੁਰਾਣੇ ਵਰਗਾ ਹੁਣ ਇਹ ਕੁਝ ਵੀ ਨਹੀਂ ਕਰਦੀਆਂ ਹੁਣ ਤਾਂ ਇਹ ਰਾਜਤੰਤਰ ਦੇ ਮੁਕਟ ਬਣੀਆਂ ਇਨਾਂ ਦੇ ਕੋਲ ਹੁੰਦੀ ਏ ਆਪਣੇ ਮਨਪਸੰਦ ਕਿਸੇ ਵੱਡੇ ਅਦਾਰੇ ਦੀ ਸਰਪ੍ਰਸਤੀ ਕਿਸੇ ਸਭਾ ਸੰਸਥਾ ਦੀ ਖ਼ੁਦਮੁਖਤਾਰੀ ਹੱਡਾ ਰੋੜੀ ’ਚ ਨਹੀਂ ਹੁਣ ਕਈ ਥਾਈਂ ਚਲਦੀ ਏਨ੍ਹਾਂ ਦੀ ਸਰਦਾਰੀ ਇਨ੍ਹਾਂ ਦੇ ਪੈਰਾਂ 'ਚ ਹੁੰਦਾ ਕੋਈ ਅਹੁਦਾ ਤੇ ਰੁਤਬੇਦਾਰੀ ਘਟੀ ਨਹੀਂ ਇਨ੍ਹਾਂ ਦੀ ਬੜੀ ਵਧੀ ਏ ਕਬੀਲਦਾਰੀ ਆਪਣੇ ਆਸੇ-ਪਾਸੇ ਗੌਰ ਨਾਲ ਵੇਖਿਓ ਕਦੇ ਕੋਈ ਨਾ ਕੋਈ ਗਿਰਝ ਤੁਹਾਨੂੰ ਖੰਭ ਖਿਲਾਰੀ ਦਿਸੇਗੀ ਉਹਦੀ ਚੁੰਝ ’ਚ ਹੋਏਗੀ ਮਾਸ ਦੀ ਬੋਟੀ ਤੇ ਅੱਖਾਂ 'ਚ ਕਿਸੇ ਸ਼ਾਤਰ ਸ਼ਿਕਾਰੀ ਦੀ ਨਜ਼ਰ ਗਿਰਝਾਂ ਕਿਤੇ ਨਹੀਂ ਗਈਆਂ ਅਲੋਪ ਤੇ ਲੁਪਤ ਵੀ ਨਹੀਂ ਹੋਈਆਂ ਬਦਲ ਗਈ ਏ ਇਨ੍ਹਾਂ ਦੀ ਸੂਰਤ ਨੁਹਾਰ

ਸੁਪਨੇ ਦਾ ਅੰਬਰ

ਇਕ ਸੁਪਨੇ ਨੂੰ ਅਰਘ ਦਿਆਂ ਤਾਂ ਦੂਜਾ ਰੰਜ ਕਰਦਾ ਜੇ ਮੈਂ ਇਕ ਦਾ ਨਿੱਘ ਹੰਢਾਵਾਂ ਤਾਂ ਦੂਜਾ ਹੰਝ ਭਰਦਾ ਜੇ ਇਕ ਸੁਪਨਾ ਦਿਲ ਦਰਵਾਜ਼ਾ ਦੂਜਾ ਏ ਸਤਰੰਗੀ ਅਸਾਂ ਆਪਣੇ ਹਰ ਸੁਪਨੇ ਦੀ ਖ਼ੈਰ ਸਦਾ ਏ ਮੰਗੀ ਪੋਟਾ ਪੋਟਾ ਮੇਰੀ ਤੇਹ ਦਾ ਸੁਪਨੇ ਦੀ ਛੋਹ ਮੰਗੇ ਇਕੋ ਰੰਗ ਦੇ ਸਾਂ ਅਭਿਲਾਸ਼ੀ ਸੈਅ ਰੰਗਾਂ ਵਿਚ ਰੰਗੇ ਅਸਾਂ ਆਪਣੇ ਬੋਲ ਜਦੋਂ ਵੀ ਸੁਪਨੇ ਵਿਚ ਪਰੋਏ ਜਾਗ ਪਈ ਕਾਇਆ ’ਚੋਂ ਕਿਣਮਿਣ ਚੇਤੇ ਗਏ ਖ਼ੁਸ਼ਬੋਏ ਜੇ ਸੁਪਨਾ ਹੋਵੇ ਮੋਹਰੱਤਾ ਤਾਂ ਫਿਰ ਸੁਰਤ ਮਤਾਬੀ ਜਦ ਜਜ਼ਬੇ ਦੀ ਘਟੇ ਊਰਜਾ ਤਾਂ ਕਾਇਆ ਏ ਸਲ੍ਹਾਭੀ ਭਰ ਸਰਵਰ ਬਣ ਛਲਕਣ ਸੁਪਨੇ ਜਲਥਲ ਹੋਣ ਬਰੇਤੇ ਕਦੇ ਕਦੇ ਕੋਈ ਯਾਦ ਇਉਂ ਆਵੇ ਜਗਮਗ ਜਗਦੇ ਚੇਤੇ ਕੋਈ ਸੁਰਮਈ ਕੋਈ ਬਸੰਤੀ ਕੋਈ ਕੋਈ ਸਾਵਾ, ਰੱਤਾ ਹਰ ਰੁੱਤ ਦੇ ਸਿਰਨਾਵੇਂ ਵਰਗਾ ਹਰ ਸੁਪਨਾ ਮਨ-ਮੱਤਾ ਇਕ ਸੁਪਨਾ ਬਣ ਵਰ੍ਹੇ ਮੇਘਲਾ ਦੂਜਾ ਔੜ ਹੰਢਾਵੇ ਹਰ ਸੁਪਨਾ ਸਾਹਾਂ ਦੀ ਸਰਗਮ ਤੀਜ ਤਿਉਹਾਰ ਕਹਾਵੇ ਹਰ ਸੁਪਨੇ ਦੀ ਹਰ ਅਭਿਲਾਸ਼ਾ ਕਦੇ ਨਾ ਪੂਰੀ ਹੋਵੇ ਹਰ ਸੁਪਨਾ ਆਪਣੀ ਹੀ ਤੇਹ ਵਿਚ ਆਪਣਾ ਚਿਹਰਾ ਧੋਵੇ ਸੁਪਨਾ ਦੰਭ ਕਦੇ ਨਾ ਕਰਦਾ ਸੁਪਨਾ ਨਿਰਛਲ ਜੋਗੀ ਇਸ ਦੀ ਦਰ ਦਰਵੇਸ਼ੀ ਸੁੱਚੀ ਇਹ ਨਾ ਆਦਿ ਵਿਜੋਗੀ ਆ ਮੇਰੇ ਮਨ ਓਥੇ ਚਲੀਏ ਜਿਥੇ ਰੰਜ ਨਾ ਰੋਸਾ ਹਰ ਸੁਪਨੇ ਦੀ ਕਾਇਆ ਉਹਲੇ ਵਰਸੇ ਰਸ ਰੰਗ ਕੋਸਾ ਜੇ ਸੁਪਨੇ ਦਾ ਅੰਬਰ ਹੋਵੇ ਤਾਰਾ ਬਣ ਕੇ ਚੜ੍ਹੀਏ ਜਾਂ ਆਪਣੀ ਕਾਇਆ ਦਾ 'ਨੇਰਾ ਜੁਗਨੂੰ ਬਣ ਕੇ ਫੜ੍ਹੀਏ ਕਦੀ ਕੁਝ ਬੀਤੇ ਕਈ ਕੁਝ ਵਿਸਰੇ ਸੁਪਨਾ ਕਦੇ ਨਾ ਬੀਤੇ ਸੁਪਨੇ ਸੱਚੀ ਤੇਹ ਦੇ ਪਾਣੀ ਐਵੇਂ ਜਾਣ ਨਾ ਪੀਤੇ ਡਰੀਏ ਜੱਗ ਦੀ ਕਥਨੀ ਕੋਲੋਂ ਸੁਪਨੇ ਤੋਂ ਨਾ ਡਰੀਏ ਸੁੱਚੇ ਸੁਪਨੇ ਦਾ ਨਿੱਘ ਲੈ ਕੇ ਕਾਇਆ ਸੁੱਚੀ ਕਰੀਏ ਤਨ ਜਗੇ ਉਜਿਆਰਾ ਹੋਵੇ ਮਨ ਦੀ ਜਾਗ ਅਥਾਹ ਸੁਪਨੇ ਰੇਤ ਛਲਾਂ ਦੇ ਚਿਹਰੇ ਤੁਰਨਾ ਕਿਹੜੇ ਰਾਹ ਸੁਪਨੇ ਦੀ ਪੌੜੀ 'ਤੇ ਚੜ੍ਹ ਕੇ ਅੰਬਰ ਛੋਹਣ ਨਾ ਜਾਈਏ ਸੁਪਨੇ ਵਿਚਲੇ ਅੰਬਰ ਦੀ ਤਾਂ ਆ ਪਹਿਲਾਂ ਥਾਹ ਪਾਈਏ

ਥੋੜ੍ਹਾ ਜਿਹਾ ਜੀਣ

ਜਦੋਂ ਕਦੇ ਵਰ੍ਹੇ ਦੇ ਕੈਲੰਡਰ ਦਾ ਨਵੇਂ ਮਹੀਨੇ ਵਾਲਾ ਵਰਕਾ ਬਦਲਣਾ ਭੁੱਲ ਜਾਵੇ ਜਦੋਂ ਵਿਸਰਣ ਲੱਗ ਪੈਣ ਚੇਤਿਆਂ ’ਚ ਰੁਮਕਦੇ ਚਿਹਰੇ ਜਦੋਂ ਭੁੱਲ ਜਾਏ ਬੇਸਬਬ ਹੀ ਖਿੜਖਿੜਾ ਕੇ ਹੱਸਣਾ ਕਦੇ-ਕਦਾਈਂ ਅੱਖਾਂ ਦਾ ਭਰ ਆਉਣਾ ਉਦਾਸ ਹੋ ਜਾਣਾ ਤਾਂ ਇਉਂ ਜਾਪਣਾ ਸੁਭਾਵਕ ਏ ਬੰਜਰ ਨਿਭਾ ਰਿਹਾ ਏ ਆਪਣੀ ਭੂਮਿਕਾ ਜਦੋਂ ਕਈ ਕਈ ਦਿਨ ਇਕੋ ਹੀ ਸਬਜ਼ੀ ਭਾਜੀ ਖਾਣੀ ਪਵੇ ਓਹੋ ਪੈਂਟ ਕਮੀਜ਼ ਪਾਉਣੀ ਪਵੇ ਵੱਟੋ-ਵੱਟ ਪਗੜੀ ਬੰਨ੍ਹਣੀ ਪਵੇ ਉਨ੍ਹਾਂ ਹੀ ਰਾਹਾਂ ਤੋਂ ਰੋਜ਼ ਲੰਘਣਾ ਪਵੇ ਉਨ੍ਹਾਂ ਹੀ ਚਿਹਰਿਆਂ ਨੂੰ ਰੋਜ਼ ਤੱਕਣਾ ਪਵੇ ਉਸੇ ਹੀ ਥਾਂ 'ਤੇ ਜਾ ਬਹਿਣਾ ਤੇ ਉਸੇ ਹੀ ਥਾਂ ਤੋਂ ਉੱਠਣਾ ਹੋਵੇ ਜਾਣ ਵਾਂਗ ਹੀ ਕਿਤੇ ਜਾਣਾ ਪਵੇ ਆਉਣ ਵਾਂਗ ਹੀ ਕਿਤੋਂ ਆਉਣਾ ਪਵੇ ਜਦੋਂ ਜੀਣ ਵਾਂਗ ਹੀ ਜੀਣਾ ਪਵੇ ਤਾਂ ਮਹਿਸੂਸ ਹੁੰਦਾ ਏ ਕਿੰਨੇ ਬਿਣਸ ਗਏ ਨੇ ਜੀਣ ਦੇ ਸਬੱਬ ਸੋਚਾਂ ਸ਼ਿਲਾਲੇਖ ਤੇ ਤਨ ਪਿਰਾਮਿਡ ਜਿਹਾ ਓਹੋ ਬਿਸਤਰ, ਓਹੋ ਚਾਦਰ ਲਿਹਾਫ਼ ਸਿਰਹਾਣੇ ਪਈ ਓਹੋ ਪਾਣੀ ਵਾਲੀ ਗੜਵੀ ਓਹੋ ਸਭ ਕੁਝ ਜਿਸ ਨੂੰ ਸਮਝਿਆ ਜਾ ਸਕਦਾ ਏ ਕੁਝ ਕੁਝ ਜੀਣ ਵਰਗਾ ਪਰ ਕਦੇ ਕਦਾਈਂ ਜਦੋਂ ਨਿਕਲ ਜਾਏ ਸਾਇਕਲ ਦੇ ਟਾਇਰ ’ਚੋਂ ਹਵਾ ਹੋ ਜਾਏ ਪੈਂਚਰ ਜਾਂ ਪੈ ਜਾਏ ਪਟਾਕਾ ਕਦੇ ਤਾਂ ਇਉਂ ਜਾਪੇ ਵਾਪਰ ਸਕਦਾ ਏ ਅਜੇ ਵੀ ਕੁਝ ਕੁਝ ਵੱਖਰਾ ਜਿਹਾ ਬਹੁਤੇ ਪੈਂਚਰਾਂ ਵਾਲੀ ਟਿਊਬ ਨੂੰ ਬਦਲਿਆ ਜਾ ਸਕਦਾ ਏ ਅੱਜ ਹੀ ਕੀਤਾ ਜਾ ਸਕਦਾ ਏ ਉਸ ਨੂੰ ਫ਼ੋਨ ਵੀ ਜਿਸ ਦੀ ਆਵਾਜ਼ 'ਚੋਂ ਸੁਰਤਾਲ ਵਰ੍ਹਦਾ ਏ ਜਿਸ ਨੂੰ ਯਾਦ ਕਰਨਾ ਸਿਮਰਿਤੀਆਂ ਨੂੰ ਅਰਘ ਦੇਣ ਵਰਗਾ ਮਹਿਸੂਸ ਹੁੰਦਾ ਸੀ ਅੱਜ ਹੀ ਉਸ ਨੂੰ ਮੁੜਮਿਲਾਂਗਾ ਜਿਸ ਨੂੰ ਮਿਲ ਕੇ ਵਿਸਰ ਜਾਂਦੀ ਸੀ ਨਵੀਂ ਨਜ਼ਮ ਲਿਖਣੀ ਜਿਸ ਦੀ ਤੱਕਣੀ ’ਚੋਂ ਰੁੱਤਾਂ ਦੀ ਸਤਰੰਗੀ ਲਿਸ਼ਕਦੀ ਸੀ ਜਿਸ ਦੇ ਕੋਲ ਹੋਣਾ ਜੀਣਾ ਸਿਖਾ ਦੇਂਦਾ ਸੀ ਸਾਈਕਲ ਨੂੰ ਪੈਂਚਰ ਲਵਾ ਸਭ ਤੋਂ ਪਹਿਲਾਂ ਉਹ ਸਭ ਕੁਝ ਕਰਾਂਗਾ ਕੀਤੀ ਰੱਖਿਆ ਸੀ ਜਿਸ ਨੂੰ ਬੜੇ ਦਿਨਾਂ ਤੋਂ ਮੈਂ ਮੁਲਤਵੀ ਅੱਜ ਕਰ ਹੀ ਲੈਣੇ ਨੇ ਉਹ ਸਾਰੇ ਕੰਮ ਜਿਨ੍ਹਾਂ ਨੂੰ ਬੜੇ ਚਿਰ ਤੋਂ ਵਿਸਾਰਿਆ ਹੋਇਆ ਸੀ ਮੈਂ ਸਫ਼ਰ ਦੇ ਨਕਸ਼ ਉਲੀਕ ਲੈਣੇ ਨੇ ਭਰ ਲੈਣੇ ਨੇ ਨਜ਼ਰਾਂ 'ਚ ਅਣਵੇਖੀਆਂ ਜੂਹਾਂ ਦੇ ਦ੍ਰਿਸ਼ ਹੰਢਾਅ ਲੈਣਾ ਏ ਅੰਬਰ ਦੀ ਨੀਲੱਤਣ 'ਚ ਖੁਰਨ ਦਾ ਅਹਿਸਾਸ ਨੀਂਦਰ 'ਚ ਖ਼ਾਬ ਜਿਵੇਂ ਪਾਣੀ ’ਚ ਪਿਆਸ ਸ਼ਬਦ ’ਚ ਕਵਿਤਾ ਵਾਂਗ ਤਨ ਮਨ ਵਿਚ ਮੌਜੂਦ ਏ ਅਜੇ ਜੀਣ ਦੀ ਜੁਸਤਜੂ ਤਾਂ ਫਿਰ ਕਿਉਂ ਨਾ ਥੋੜਾ ਜਿਹਾ ਜੀ ਲਿਆ ਜਾਏ

ਉਹ

ਕਿਵੇਂ ਜੀਣ ਦੇਣਗੇ ਉਹ ਤੁਹਾਨੂੰ ਜੀਣ ਵਾਂਗ ਜਿਨ੍ਹਾਂ ਕੋਲ ਗਿਰਵੀ ਨੇ ਤੁਹਾਡੇ ਜੀਣ ਦੇ ਸਾਰੇ ਹੱਕ ਰਾਖਵੇਂ ਉਹ ਕਰਦੇ ਨੇ ਤੁਹਾਡੇ ਸੁਪਨਿਆਂ ਦੀ ਤਿਜਾਰਤ ਤੇ ਤੁਹਾਨੂੰ ਮਿੱਟੀ ਤੇ ਪਸੀਨੇ ਦਾ ਮੁੱਲ ਵੀ ਨਹੀਂ ਮੋੜਦੇ ਉਨ੍ਹਾਂ ਦੇ ਵਹੀ ਖਾਤਿਆਂ 'ਚ ਤੁਸੀਂ ਮੂਲ ਦੀ ਰਕਮ ਵਾਂਗ ਨਹੀਂ ਵਿਆਜ ਦੀ ਦਰ ਵਾਂਗ ਅੰਕਿਤ ਹੋ ਉਨ੍ਹਾਂ ਦੀ ਮੰਡੀ 'ਚ ਸਸਤੇ ਦਰਾਂ 'ਚ ਖਰੀਦੀ ਵੱਡੀ ਮੰਡੀ 'ਚ ਮਹਿੰਗੇ ਭਾਅ ਵਿਕ ਰਹੀ ਜਿਣਸ ਹੋ ਤੁਸੀਂ ਵਿਕਣ ਦੇ ਹੱਕ ਵੀ ਰਾਖਵੇਂ ਨਹੀਂ ਤੁਹਾਡੇ ਕੋਲ ਤੁਹਾਡੀਆਂ ਸੋਚਾਂ 'ਤੇ ਵੀ ਹੱਕ ਉਨ੍ਹਾਂ ਦੇ ਰਾਖਵੇਂ ਉਹ ਤੁਹਾਨੂੰ ਇਕੋ ਹੀ ਰੰਗ ਵਿਖਾ ਕੇ ਖੋਹ ਰਹੇ ਨੇ ਤੁਹਾਡੇ ਸਾਰੇ ਹੀ ਰੰਗ ਤੁਹਾਡੇ ਘਰਾਂ 'ਚੋਂ ਚੁਰਾਈਆਂ ਸਤਰੰਗੀਆਂ ਨੂੰ ਉਹ ਨਿੱਤ ਨੀਲਾਮ ਕਰਦੇ ਨੇ ਤੁਹਾਡੇ ਖ਼ੂਬ ਧੁਖਦੀਆਂ ਨੀਂਦਾਂ 'ਚ ਅਣਿਆਈ ਮੌਤ ਮਰਦੇ ਨੇ... ਕਿਵੇਂ ਜੀਣ ਦੇਣਗੇ ਉਹ ਤੁਹਾਨੂੰ ਜੀਣ ਵਾਂਗ ਜਿਨ੍ਹਾਂ ਕੋਲ ਗਿਰਵੀ ਨੇ ਤੁਹਾਡੇ ਜੀਣਦੇ ਸਾਰੇ ਹੱਕ ਰਾਖਵੇਂ

ਅਭਿਲਾਸ਼ਾ

ਕੁਦਰਤ ’ਚ ਅਨਹਦ ਪਾਣੀ 'ਚ ਪਿਆਸ ਪਿਆਸ ਵਿਚ ਪਾਣੀ ਇਕ ਅਣਮੁੱਕ ਕਥਾ ਕਹਾਣੀ ਔਰਤ ’ਚ ਔਰਤ ਔਰਤ ’ਚ ਮਾਂ ਮਰਦ ’ਚ ਮਰਦ ਮਰਦ ’ਚ ਪਿਤਾ ਰੰਗਾਂ 'ਚ ਉਤੇਜਨਾ ਰੰਗਾਂ ਵਿਚ ਸੰਵੇਦਨਾ ਫੁੱਲਾਂ ’ਚ ਅਨੇਕ ਰੰਗ ਰੰਗਾਂ ਵਿਚ ਅਨਿਕ ਬ੍ਰਹਿਮੰਡ ਸ਼ਬਦਾਂ ਵਿਚ ਅੰਤਰੀਵਤਾ ਤਨ ਦੀ ਸੋਝੀ ਮਨ ਦੀ ਲੀਨਤਾ ਭਾਵ ਦੀ ਵਿਰਾਟਤਾ ਘਰ ’ਚ ਨਿੱਘਤਾ, ਮਮਤਾ, ਬਾਪਤਾ ਰਿਸ਼ਤਿਆਂ ਦੀ ਤਰਲਤਾ ਕਿਸੇ ’ਚ ਨਹੀਂ ਮੈਂ ਕਿਸੇ ’ਚ ਨਹੀਂ ਤੂੰ ਇਕ ਦੂਜੇ ਦੀ ਪੂਰਨ ਅਪੂਰਨਤਾ ਅਪੂਰਨਤਾ ਦੀ ਪੂਰਨਤਾ ਆਪਣੇ ਆਪਣੇ ਨਿੱਜ ਦੀ ਅਨੰਤ ਯਾਤਰਾ ਕੌਣ ਕਰੇ ਇਸਦੀ ਪਰਿਭਾਸ਼ਾ ਉਮਰਾਂ ਤੁਰਦੀ ਇਕ ਅਭਿਲਾਸ਼ਾ

ਸ਼ਬਦ ਸੁਰ

ਮੈਂ ਗਾਵਾਂ ਸ਼ਬਦ ਸੁਰ ਪਰ ਮੇਰੇ ਅੰਦਰ ਕਿਤੇ ਗਵਾਚੀ ਮੇਰੀ ਲੈਅ ਮੈਂ ਸ਼ਬਦ ਸੁਰ ’ਚ ਭਿੱਜਾ ਜੋ ਵੀ ਗਾਵਾਂ ਮੈਨੂੰ ਜਾਪੇ ਲੈਅ ਵਿਹੂਣਾ ਜਾਣਾ ਮੈਂ ਸ਼ਬਦ ਨੂੰ ਵੀ ਆਪਣੇ ਜਿੰਨਾ ਆਪਣੀ ਕਾਇਆ ਜਿੰਨਾ ਸੁਰ ਨੂੰ ਮਾਣਾ ਮੈਨੂੰ ਮੇਰੀ ਗੁੰਮ ਗਈ ਲੈਅ ਦਾ ਭਰਵਾਸਾ ਲੈਅ ਬਿਨ ਸ਼ਬਦ ਸੁਰ ਨਾ ਜਾਂਦੇ ਸਾਧੇ ਤੇ ਨਾ ਅੰਤਰ ਵੇਦਨ ਬਿਨ ਹੀ ਤ੍ਰੈਕਾਲ ਹੀ ਜਾਣ ਅਰਾਧੇ ਮੈਨੂੰ ਜਾਪੇ ਊਣੀ-ਊਣੀ ਆਪਣੇ ਹੋਣ ਥੀਣ ਦੀ ਮਾਇਆ ਮੈਂ ਪਾਣੀ ਆਪਣੀ ਤੇਹ ਦਾ ਹੀ ਤ੍ਰਿਹਾਇਆ ਸ਼ਬਦ ਸੁਰਾਂ ਦੀ ਮੈਂ ਕਿਥੋਂ ਥਾਹ ਪਾਵਾਂ ਲੈਅ ਵਿਹੂਣੀ ਮੇਰੀ ਕਾਇਆ ਮੈਂ ਸ਼ਬਦ ਸੁਰ ’ਚ ਭਿੱਜਾ ਜੋ ਵੀ ਗਾਵਾਂ ਲੈਅ ਵਿਹੂਣਾ

ਪਲੇਟ ਫਾਰਮ

ਕਿੰਨੀਆਂ ਵਿਦਾਵਾਂ, ਅਲਵਿਦਾਵਾਂ ਦਾ ਉਹ ਗਵਾਹ ਕਿੰਨੀਆਂ ਆਮਦਾਂ, ਘਰ ਪਰਤਣੀਆਂ ਦਾ ਚਸ਼ਮਦੀਦ ਤੱਕੀਆਂ ਓਹਨੇ ਪੀਚੀਆਂ ਗਲਵੱਕੜੀਆਂ ਵੇਖੇ ਹੰਝੂਆਂ ਨਾਲ ਸਲ੍ਹਾਭੇ ਚਿਹਰੇ ਤੱਕੀਆਂ ਛਣਕਦੀਆਂ ਚੂੜੀਆਂ ਵੇਖੀਆਂ ਕੰਬਦੀਆਂ ਡੰਗੋਰੀਆਂ ਵੇਖੇ ਮੇਲ ਤੇ ਵਿਜੋਗ ਮਹਿਸੂਸ ਕੀਤੇ ਦੇਸਾਂ ਤੇ ਪਰਦੇਸਾਂ ਦੇ ਰੋਗ ਉਹਦੀ ਨੀਂਦਰ ’ਚ ਉਹਦੀ ਜਾਗ ਉਹਦੀ ਜਾਗ ਹੀ ਉਹਦੀ ਨੀਂਦਰ ਉਹ ਪਰਾਈਆਂ ਅੱਖਾਂ ਦੇ ਸੁਪਨੇ ਜੀਵੇ ਤੁਰਦੇ ਪੈਰਾਂ ਦੀ ਛੋਹ ਵਿਚ ਥੀਵੇ ਉਹ ਕਦੇ ਸੁੰਞਾ ਉਦਾਸ, ਪੀੜ ਜਿਹਾ ਕਦੇ ਉਤੇਜਤ, ਉਡੀਕਵਾਨ, ਭੀੜ ਜਿਹਾ ਉਹ ਨਹੀਂ ਤੁਰਦਾ ਉਹਦੇ ਤੋਂ ਹਜੂਮ ਤੁਰਦੇ ਉਹਦੀ ਖੜੋਤ ’ਚੋਂ ਤੁਰੇ ਜ਼ਿੰਦਗੀ ਉਹਦੇ ’ਚ ਉਹਦਾ ਸਫ਼ਰ ਸੁੱਤਾ ਨਿਹਾਰਦਾ ਆਪਣੀ ਚੁੱਪ ਵਿਚ ਉਹ ਆਪ ਅਵਾਜ਼ਾਂ ਮਾਰਦਾ

ਨੁਮਾਇਸ਼

ਹੁਣੇ ਹੁਣੇ ਆਇਆ ਹਾਂ ਇਕ ਵੱਖਰੀ ਤਰ੍ਹਾਂ ਦੀ ਇਕ ਨੁਮਾਇਸ਼ ਵੇਖ ਕੇ ਦੰਭੀ ਮੁਸਕਰਾਹਟਾਂ, ਤੱਕਣੀਆਂ ਸਲ੍ਹਾਬੀਆਂ ਗਲਵੱਕੜੀਆਂ ਕੰਡਿਆਲੀਆਂ ਹੱਥ ਘੁਟਣੀਆਂ ਸਹੂਲਤੀ ਦੋਸਤੀਆਂ ਸ਼ੋਅ ਕੇਸਾਂ ਵਿਚ ਲਿਸ਼ਕ ਰਹੀਆਂ ਲੰਘ ਰਹੇ ਸਨ ਸਾਰੇ ਇਕ ਪਾਰਦਰਸ਼ੀ ਮਸ਼ੀਨ ਥਾਣੀਂ ਵਿੰਹਦੇ ਇਕ ਦੂਸਰੇ ਦੀ ਨਗਨਤਾ ਆਪਣੇ ਆਪ ਤੋਂ ਅਣਭਿੱਜ ਵੇਖ ਰਹੇ ਸਨ ਦੋਸਤੀਆਂ, ਸਾਂਝਾਂ ਦੀ ਵਿਕਰਾਲਤਾ ਰਿਸ਼ਤਿਆਂ ਦਾ ਕੋਹਜ ਦੂਜਿਆਂ ਦੀ ਨਗਨਤਾ ’ਚੋਂ ਆਪਣਾ ਲਿਬਾਸ ਭਾਲਦੇ ਹੰਕਾਰੀ ਚਿਹਰੇ ਜਿਸਮ ਦੀ ਕੈਨਵਸ ’ਤੇ ਸੋਚਾਂ ਦਾ ਕੋਹਜ ਡੋਲ੍ਹਦੇ ਸੋਚਵਾਨ, ਵਿਦਵਾਨ, ਸਿਰਜਣਸ਼ੀਲ, ਪਤਵੰਤੇ ਬੜੇ ਮਹਿਫੂਜ਼ ਆਪਣੀ ਨਗਨਤਾ ਵਿਚ ਇਸ ਸਭ ਕੁਝ ਨੂੰ ਵੇਖਦਾ ਮੈਂ ਆਣ ਖਲੋਤਾ ਇਕ ਦਰਪਣ ਸਾਹਵੇਂ ਮੇਰੇ ਚਿਹਰੇ 'ਤੇ ਚਿਪਕਿਆ ਮਖੌਟਾ ਮੇਰੀ ਕਾਇਆ ਦਾ ਕੱਜਣ ਚੁਰਾ ਕੇ ਲੈ ਗਿਆ ਸੀ ਸਾਰੇ ਦਰਸ਼ਕ ਹੁਣ ਮੈਨੂੰ ਹੀ ਵੇਖ ਰਹੇ ਸਨ

ਜੇ ਮੇਰੇ ਘਰ ਧੀ ਜੰਮਦੀ

ਪਿਤਾ ਤਾਂ ਮੈਂ ਜਿਹੋ ਜਿਹਾ ਆਪਣੇ ਪੁੱਤਾਂ ਦਾ ਹਾਂ ਉਹੋ ਜਿਹਾ ਹੀ ਹੋਣਾ ਸੀ ਪਰ ਜੇ ਮੇਰੇ ਘਰ ਧੀ ਜੰਮਦੀ ਤਾਂ ਮੈਂ ਕੁਝ ਕੁਝ ਥੋੜ੍ਹਾ ਜਿਹਾ ਵੱਖਰਾ ਜ਼ਰੂਰ ਹੁੰਦਾ ਘਰ 'ਚ ਧੀ ਦੇ ਹੋਣ ਦੀ ਹੁੰਦੀ ਏ ਇਕ ਮਰਿਆਦਾ ਲੋਕ ਲਾਜ ਦਾ ਹੁੰਦਾ ਵੱਖਰਾ ਮੂੰਹ ਮੁਹਾਂਦਰਾ ਧੀਆਂ ਨਾਲ ਕਈ ਕੁਝ ਵੱਖਰਾ ਵੱਖਰਾ ਜੜਿਆ ਹੁੰਦਾ ਮੈਂ ਇਹ ਚਾਹੁਣਾ ਹੀ ਸੀ ਮੇਰੀ ਧੀ ਸੁਹਣੀ ਹੁੰਦੀ ਬੇਸ਼ਕ ਸੁਹੱਪਣ ਗੋਰੇ ਰੰਗ ਵਿਚ ਹੀ ਨਹੀਂ ਹੁੰਦਾ ਉਹਦੀ ਸੀਰਤ ਉਹਦੀ ਸੂਰਤ ਦੀ ਪੂਰਕ ਹੁੰਦੀ (ਰਿਸ਼ਤਿਆਂ ਦੀ ਡੋਰ ਇਥੋਂ ਹੀ ਬੱਝਦੀ) ਕਵਿਤਾ ਭਾਵੇਂ ਉਹ ਨਾ ਲਿਖਦੀ ਧੀਆਂ ਦੇ ਹਾਣ ਦਾ ਹੋਰ ਕੁਝ ਕਰਦੀ ਨਵਾਂ ਨਵੇਕਲਾ ਮੈਂ ਉਸ ਨੂੰ ਲਾਡਲੀਆਂ ਜਿਹੀਆਂ ਸਲਾਹਾਂ ਵਾਂਗ ਇਹ ਸਲਾਹ ਵੀ ਦਿਆ ਕਰਨੀ ਸੀ ਮਨ ਦੀ ਨੁਹਾਰ ਤਾਂ ਤੱਕੀ ਦੀ ਏ ਬਾਦ ਵਿਚ ਤਨ ਦੀ ਨੁਹਾਰ ਨਜ਼ਰਾਂ 'ਚ ਪਹਿਲਾਂ ਉਤਰਦੀ ਬੇਢੰਗੇ ਆਕਾਰ ਸੁਹਣੀਆਂ ਸੂਰਤਾਂ ਦੇ ਅਰਥ ਬਦਲ ਦੇਂਦੇ ਉਹਦੇ ਵਿਆਹ ਦੀ ਉਮਰ ਤੋਂ ਪਹਿਲਾਂ ਹੀ ਮੈਂ ਫ਼ਿਕਰਮੰਦ ਨਹੀਂ ਸੀ ਹੋਣਾ ਤੇ ਉਹਦੇ ਵਿਆਹ ਦੀ ਉਮਰ ਮੈਂ ਲੰਘਣ ਨਹੀਂ ਸੀ ਦੇਣੀ ਮੈਂ ਉਹਦੇ ਸੁਪਨਿਆਂ ਦੇ ਰੰਗ ਵੀ ਨਿਹਾਰਨੇ ਸਨ ਨਿਭਾਉਣੀ ਸੀ ਮਾਣ ਮਰਿਆਦਾ ਵੀ ਮੈਂ ਉਹਦੀ ਉਮਰ ਨੂੰ ਸਲ੍ਹਾਬ ਨਹੀਂ ਸੀ ਚੜ੍ਹਨ ਦੇਣੀ ਪਰ ਉਸ ਨੂੰ ਇਹ ਜ਼ਰੂਰ ਕਹਿਣਾ ਸੀ ਧੀਏ ! ਜਿਸਮ ਦੇ ਖਰੂਦ ਦਾ ਖ਼ਿਆਲ ਰੱਖੀਂ ਬੇਮੁਹਾਰੀਆਂ ਉਡਾਰੀਆਂ ਤੋਂ ਬਚੀਂ ਵਾਵਰੋਲੇ ਸੁਪਨਗਾਹਾਂ ਨਹੀਂ ਹੁੰਦੇ ਬੜਾ ਦੁਖਦਾਈ ਹੁੰਦਾ ਏ ਸੁੰਞੀਆਂ ਜੂਹਾਂ 'ਚ ਭਟਕਣਾ ਮੇਰੇ ਭਾਈਚਾਰੇ ਦੇ ਭਰਮ ਨੂੰ ਖੁੰਢਾ ਵੀ ਨਾ ਹੋਣ ਦੇਈਂ ਆਪਣੇ ਸੁਪਨਿਆਂ ਦੀ ਲਿਸ਼ਕ ਤੇ ਰੀਝਾਂ ਦੇ ਰੰਗਾਂ ਨੂੰ ਘਸਮੈਲੇ ਨਾ ਕਰ ਲਵੀਂ ਕਥਾ ਕਹਾਣੀਆਂ ਦੀ ਨਾਇਕਾ ਬਣਨ ਨਾਲੋਂ ਮਾਣਮੱਤਾ ਹੁੰਦਾ ਏ ਜ਼ਿੰਦਗੀ ਦੀ ਨਾਇਕਾ ਬਣਨਾ ਮੇਰਾ ਕਿਹਾ ਇਹ ਸਭ ਕੁਝ ਨਸੀਹਤਾਂ ਵਰਗਾ ਨਹੀਂ ਪਿਓ ਦੇ ਮਸ਼ਵਰੇ ਵਰਗਾ ਹੋਣਾ ਸੀ ਸੁੱਘੜ ਧੀਆਂ ਪਿਉ ਦਾ ਮਾਣ ਹੁੰਦੀਆਂ ਨੇ ਮੈਂ ਉਸ ਨੂੰ ਕਹਿ ਹੀ ਦੇਣਾ ਸੀ ਹਾਣ ਦੀ ਅੱਖ ਵਿਚ ਤੱਕੀਂ ਭਾਵੇਂ ਜਿਸਮ ਦੇ ਵਾਵਰੋਲਿਆਂ ਨਾਲ ਮਨ ਦੀ ਡੋਰ ਨਾ ਬੰਨ੍ਹੀ ਮੈਨੂੰ ਪਤਾ ਏ ਧੀਆਂ ਦਾ ਜੰਮਣਾ ਨਹੀਂ ਹੁੰਦਾ ਸ਼ਗਨਾਂ ਰੱਤਾ ਧੀ ਜੰਮਣ ਦੇ ਹੁੰਦੇ ਤੌਖ਼ਲੇ ਬੜੇ ਧੀ ਦਾ ਜੰਮਣਾ ਹੁੰਦਾ ਏ ਜੰਮਣਾ ਪੱਥਰਾਂ ਦਾ ਧੀ ਦਾ ਜੰਮਣਾ ਸੋਚਾਂ ਉਦਾਸ ਕਰਦਾ ਕਈ ਕੁਝ ਤਪਦਾ, ਠਰਦਾ ਜੱਗ ਜਾਣਦਾ ਤਾਂ ਹੈ ਇਕਸਾਰ ਬੱਝੀ ਹੁੰਦੀ ਏ ਆਂਦਰਾਂ ਦੀ ਡੋਰ ਧੀਆਂ ਤੇ ਪੁੱਤਾਂ ਨਾਲ ਕੁੱਖ ਦੇ ਸੇਕ ਦੀ ਤਾਸੀਰ ਹੁੰਦੀ ਏ ਇਕੋ ਜਿਹੀ ਧੀ ਦੇ ਨਾਲ ਜੰਮਦੇ ਰਿਸ਼ਤੇ ਕਈ ਜਿਹੋ ਜਿਹਾ ਵੀ ਹਾਂ ਪਿਤਾ ਮੈਂ ਰਿਸ਼ਤਿਆਂ 'ਚ ਬੱਝਾ ਬੀਤ ਰਿਹਾ ਹਾਂ ਪਰ ਜੇ ਮੇਰੇ ਘਰ ਧੀ ਜੰਮਦੀ ਤਾਂ ਕੁਝ ਕੁਝ ਵੱਖਰਾ ਜ਼ਰੂਰ ਹੁੰਦਾ ਧੀ ਦਾ ਬਾਬਲ ਅਖਵਾਉਂਦਾ

ਮੇਰੀ ਥਾਵੇਂ

ਹਰ ਤੁਫਾਨ, ਜ਼ਲਜ਼ਲੇ, ਦੰਗੇ, ਕਤਲੋਗਾਰਤ ਤੇ ਮਹਾ ਵਿਸਫ਼ੋਟ, ਧਮਾਕੇ ਪਿੱਛੋਂ ਜਦੋਂ ਕਿ ਕਈ ਕੁਝ ਹੋ ਜਾਂਦਾ ਏ ਤਹਿਸ ਨਹਿਸ, ਖੇਰੂੰ-ਖੇਰੂੰ ਪੈ ਜਾਂਦੀਆਂ ਤਰਥੱਲੀਆਂ ਘਰ ਸ਼ਮਸ਼ਾਨ ਹੋ ਜਾਂਦੇ ਲਹਿਰਾਂ ਬਣ ਜਾਣ ਕਬਰਾਂ ਤੂੰਬਾ ਤੂੰਬਾ ਹੋ ਕੇ ਦੇਹਾਂ ਉਡਦੀਆਂ ਵਗਦੀਆਂ ਲਹੂ ਮਾਸ ਦੀਆਂ ਨਦੀਆਂ ਬਚਪਨ ਯਤੀਮ ਹੋ ਜਾਂਦੇ ਰਿਸ਼ਤੇ ਲਾਸ਼ਾਂ 'ਚ ਢਲ ਜਾਂਦੇ ਉਮਰਾਂ ਭੈਭੀਤ ਹੋ ਜਾਂਦੀਆਂ ਜ਼ਿੰਦਗੀ ਦੀ ਲਹਿਲਹਾਉਂਦੀ ਫ਼ਸਲ ਉੱਤੇ ਲਹੂ ਦੀ ਬਰਸਾਤ ਹੁੰਦੀ ਅੰਬਰ ਚੀਰਦੀ ਹਾਹਾਕਾਰ ਚੁਫ਼ੇਰੇ ਗੂੰਜਦੀ ਤਾਂ ਮੈਂ ਆਪਣੇ ਘਰ ਆਪਣੇ ਟੱਬਰ ’ਚ ਬੈਠਾ ਸੋਚਦਾ ਹਾਂ ਏਨਾ ਕੁਝ ਵਾਪਰ ਜਾਣ ਪਿੱਛੋਂ ਵੀ ਮੈਂ ਨਹੀਂ ਮੋਇਆ ਮੈਂ ਆਪਣੇ ਘਰ ਸਾਲਮ ਸਾਬਤ ਟੀ. ਵੀ. 'ਤੇ ਇਹ ਤਾਂਡਵ ਵਿੰਹਦਿਆਂ ਜਾਂ ਅਖ਼ਬਾਰ ਦੀ ਸੁਰਖ਼ੀ ਪੜ੍ਹਦਿਆਂ ਸੋਚਾਂ, ਪਰ ਬਸ ਏਹੋ ਹੀ ਸੋਚਾਂ ਸੱਚੀਂ-ਮੁੱਚੀਂ ਮੈਂ ਨਹੀਂ ਮੋਇਆ ਨਾ ਮੈਂ ਅੱਗ ਦੀ ਨਦੀਏ ਤਰਿਆ ਮੇਰਾ ਘਰ ਸ਼ਮਸ਼ਾਨ ਨਹੀਂ ਬਣਿਆ ਮੇਰੇ ਬੱਚੇ ਸਹੀ ਸਲਾਮਤ ਉਹ ਨਹੀਂ ਹੋਏ ਯਤੀਮ ਮੇਰੀ ਪਤਨੀ ਵੀ ਵਿਧਵਾ ਨਹੀਂ ਹੋਈ ਸਭ ਰਿਸ਼ਤੇ ਮਹਿਫੂਜ਼ ਨੇ ਮੇਰੇ ਪਰ ਇਹ ਸਭ ਕੁਝ ਸੋਚ ਰਿਹਾ ਮੈਂ ਇਹ ਵੀ ਸੋਚਾਂ ਜੇ ਮੈਂ ਏਥੇ ਸਹੀ ਸਲਾਮਤ ਤਾਂ ਮੇਰੀ ਥਾਂ ਉਸ ਥਾਂ ਉੱਤੇ ਕੌਣ ਹੈ ਮੋਇਆ ਕਿਸ ਦਾ ਘਰ ਸ਼ਮਸ਼ਾਨ ਏ ਹੋਇਆ ਕਿਸ ਦਾ ਮਾਂ ਪਿਓ, ਪਤੀ ਹੈ ਮੋਇਆ ਕਿਸ ਦਾ ਬਚਪਨ ਹੋਇਆ ਯਤੀਮ ਕਿਸ ਰਿਸ਼ਤੇ ਦੀ ਬਲੀ ਚੜ੍ਹੀ ਹੈ ਜੇ ਮੈਂ ਏਥੇ ਹਾਂ ਆਪਣੇ ਘਰ ਵਿਚ ਸਹੀ ਸਲਾਮਤ ਤਾਂ ਫਿਰ ਓਥੇ ਕੌਣ ਹੈ ਮੋਇਆ ? ਮੇਰੀ ਥਾਵੇਂ ਕੌਣ ਹੈ ਮੋਇਆ ?

ਜਨ ਸਾਧਾਰਨ

ਹਾਂ ਤੇ ਮੈਂ ਇਕ ਜਨ ਸਾਧਾਰਨ ਕਿਰਤੀ ਹਾਂ, ਕਿਰਤ ਕਰਦਾ ਛੋਟਾ ਵੱਡਾ ਝੂਠ ਸੱਚ ਬੋਲਦਾ ਜੀਣ ਦੇ ਸਬੱਬ ਤਲਾਸ਼ਦਾ ਰਹਿੰਦਾ ਹਾਂ ਭਾਵੇਂ ਮੈਂ ਕਿਸੇ ਜਨ ਅੰਦੋਲਨ ਵਿਚ ਸ਼ਾਮਿਲ ਨਹੀਂ ਨਾ ਹੀ ਕਿਸੇ ਜਲਸੇ ਜਲੂਸ ਰੈਲੀ ਵਿਚ ਨਜ਼ਰ ਆਵਾਂ ਕਿਸੇ ਧਰਨੇ ਭੁੱਖ ਹੜਤਾਲ 'ਚ ਨਾ ਹੋਵਾਂ ਸ਼ਰੀਕ ਨਹੀਂ ਤਣਦੀਆਂ ਕਿਸੇ ਨਾਹਰੇ ਨਾਲ ਮੇਰੀਆਂ ਬਾਹਵਾਂ ਹੱਕਾਂ ਲਈ ਲੜੀ ਜਾ ਰਹੀ ਕਿਸੇ ਜੰਗ ਦਾ ਮੋਹਰੀ ਵੀ ਨਹੀਂ ਮੈਂ ਮੈਂ ਆਪਣੀ ਇਕਾਈ ’ਚ ਬੈਠਾ ਹਜੂਮ ਹਾਂ ਬੇਸ਼ਕ ਇਸ ਸਭ ਕੁਝ ਵਿਚ ਨਹੀਂ ਭਾਗੀਦਾਰ ਮੇਰਾ ਜਿਸਮਾਨੀ ਵਜੂਦ ਪਰ ਮੇਰੇ ਅੰਗ ਸੰਗ ਰਹੇ ਮੇਰੇ ਹਿੱਸੇ ਦੀ ਫ਼ਿਕਰਮੰਦੀ ਨਹੀਂ ਬੇਫ਼ਿਕਰ ਮੈਂ ਦਿਨ ਬਦਿਨ ਅਮਾਨਵੀ ਹੋ ਰਹੇ ਰਾਜਤੰਤਰ ਬਾਰੇ ਮੈਨੂੰ ਪਤਾ ਏ ਖੇਤਾਂ 'ਚ ਫ਼ਸਲਾਂ ਦੀ ਥਾਂ ਲਾਸ਼ਾਂ ਦੀ ਖੇਤੀ ਕੌਣ ਕਰਦਾ ਏ ਦੰਗੇ ਤੇ ਕਤਲੇਆਮ ਦੇ ਹੁਕਮ ਕੌਣ ਦੇਂਦਾ ਏ ਕਿਵੇਂ ਕੋਈ ਗਲੀ ਮੁਹੱਲਾ ਬਸਤੀ ਅਚਾਨਕ ਬਣ ਜਾਂਦੀ ਏ ਮੁਲਕ ਦੋਖੀ ਆਪਣੇ ਘਰਾਂ 'ਚ ਰਹਿ ਕੇ ਵੀ ਸ਼ਰਨਾਰਥੀ ਕਿਵੇਂ ਹੋਈਦਾ ਏ ਮੇਰੇ ਫ਼ਿਕਰਾਂ 'ਚ ਸ਼ਾਮਿਲ ਏ ਜੁੜਿਆ ਉਹ ਸਭ ਕੁਝ ਜੋ ਬੰਦੇ ਨੂੰ ਬੰਦੇ ’ਚੋਂ ਹੀ ਖੋਰਦਾ ਏ ਮੇਰਾ ਫ਼ਿਕਰ ਏ ਭੁੱਖ ਨਾਲ ਕਿਸੇ ਢਿੱਡ ਵਿਚ ਗੰਢਾਂ ਨਾ ਬੱਝਣ ਬਹੁਮੁਲ ਦੀ ਚਕਾਚੌਂਧ 'ਚ ਮਿੱਧੀ ਨਾ ਜਾਏ ਗਰੀਬ ਦੀ ਦਾਲ ਰੋਟੀ ਕਿਸੇ ਹਟਵਾਣੀਏ ਤੋਂ ਉਧਾਰ ਲੈਣ ਲਈ ਹੱਥ ਬੰਨ੍ਹ ਕੇ ਨਾ ਖੜ੍ਹਾ ਹੋਵੇ ਦਿਹਾੜੀਦਾਰ, ਮਜ਼ਦੂਰ ਕੋਈ ਕਿਸੇ ਕਮੀਨੇ ਸੂਦਖੋਰ ਦੀ ਵਹੀ ਵਿਚ ਬੰਜਰ ਮੰਨ ਕੇ ਨਾ ਲਿਖ ਦਿੱਤੀ ਜਾਏ ਕਿਸੇ ਗਰੀਬ ਕਿਸਾਨ ਦੀ ਉਪਜਾਊ ਜ਼ਮੀਨ ਕਿਸੇ ਕਾਰਖਾਨੇ ਦੇ ਪੁਰਜ਼ਿਆਂ ਵਾਂਗ ਹਜ਼ਾਰਾਂ ਕਾਮਿਆਂ ਦੀਆਂ ਨਾ ਘਸ ਜਾਣ ਉਮਰਾਂ ਉਨ੍ਹਾਂ ਦਾ ਮਰਨਾ ਜੀਣ ਨਾਲੋਂ ਔਖਾ ਨਾ ਹੋ ਜਾਏ ਕੋਈ ਸਿਰ ਨਾ ਰਹੇ ਛੱਤ ਵਿਹੂਣਾ ਕਿਸੇ ਮੁਟਿਆਰ ਦੀ ਡੋਲੀ ਨੂੰ ਗੁਰਬਤ ਦੀ ਸਿਓਂਕ ਨਾ ਲੱਗੇ ਕੋਈ ਬੂਹਾ ਨਿੰਮ ਦੇ ਪੱਤੇ ਬੱਝਣ ਤੋਂ ਨਾ ਵਿਰਵਾ ਰਹੇ ਕਿਸੇ ਵੀ ਦਰ ਤੋਂ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਵਾਪਸ ਨਾ ਪਰਤਣ ਕਿਸੇ ਗੱਭਰੂਆਂ ਦੀਆਂ ਅੱਖਾਂ 'ਚ ਸੁਪਨਿਆਂ ਦੀ ਥਾਂ ਮੋਤੀਆ ਨਾ ਉਤਰ ਆਵੇ ਤੇ ਉਹਦੀ ਉਮਰ ਅੰਧਰਾਤੇ ਦੀ ਜੂਨ ਪੈ ਜਾਵੇ ਹਰ ਅਸੀਸ ਦਾ ਚਿਹਰਾ ਖਿੜਿਆ ਰਹੇ ਬਿਰਧ ਹੱਥਾਂ ਦੀ ਡੰਗੋਰੀ ਸਲਾਮਤ ਰਹੇ ਇਹ ਸਭ ਕੁਝ ਸੋਚਦਾ ਮਹਿਸੂਸਦਾ ਮੈਂ ਆਪਣੀ ਨਿੱਜਤਾ ਨੂੰ ਫੈਲਦੀ ਤੱਕਾਂ ਤੇ ਮੇਰਾ ਵਜੂਦ ਹੀ ਜਿਵੇਂ ਬਣ ਗਿਆ ਹੋਵੇ ਤਣੀ ਹੋਈ ਮੁੱਠੀ ਤੇ ਮੇਰੇ ’ਚੋਂ ਗੁਜ਼ਰ ਕੇ ਜਾ ਰਿਹਾ ਹੋਵੇ ਜਿਵੇਂ ਕਾਫ਼ਲਾ ਕੋਈ ਜਨ ਸਾਧਾਰਨ ਦੀ ਫ਼ਿਕਰਮੰਦੀ 'ਚ ਸ਼ਾਮਿਲ ਮੈਂ ਵੀ ਹਾਂ ਇਕ ਜਨ ਸਾਧਾਰਨ

ਮਾਂ ਧਰਤੀ

ਮਾਂ ਹੋਣ ਦਾ ਨਹੀਂ ਹੁੰਦਾ ਕੋਈ ਦਿਨ ਦਿਹਾਰ ਨਾ ਕੋਈ ਤਿੱਥ ਤਿਓਹਾਰ ਮਾਂ ਤਾਂ ਕੋਲ-ਕੋਲ ਬੈਠੀ ਕਾਇਨਾਤ ਇਕ ਜਿਸਮ ’ਚ ਸਿਮਟੀ ਸਗਲ ਕੁਦਰਤ ਮਾਂ ਧਰਤੀ ਤੇ ਧਰਤੀ ਮਾਂ ਇਕ ਤਾਸੀਰ ਦੇ ਨਾਮ ਦੋ ਧਰਤੀ ’ਚੋਂ ਪੁੰਗਰਦੀਆਂ ਕੋਂਪਲਾਂ ਮੌਲਦੇ ਬਿਰਖ਼ ਬੂਟੇ ਮਾਂ ਜਣਦੀ ਆਪਣੀ ਮਮਤਾ ਆਪਣੀ ਮੋਹ ਮਿੱਟੀ ਨੂੰ ਘੜਦੀ ਸੁਪਨਈ ਆਕਾਰ ਦੇਂਦੀ ਹਿੱਕ ਦਾ ਸੀਰ ਪਿਆਉਂਦੀ ਵੇਲਾਂ ਬੂਟੇ ਸਿੰਜਦੀ ਮਿੱਟੀ ’ਚੋਂ ਉਪਜਣਾ ਵਰਦਾਨ ਪਾਉਣਾ ਕੁੱਖ ਦੇ ਸੇਕ ਨੂੰ ਆਕਾਰ ਦੇਣਾ ਮਾਂ ਕਹਾਉਣਾ ਮਾਂ ਦੇ ਤਨ ’ਤੇ ਪਈਆਂ ਝੁਰੜੀਆਂ ਕੁੱਖੋਂ ਜੰਮੇ ਬਚਪਨ ਤੇ ਜਵਾਨੀ ਦੀਆਂ ਪੈੜਾਂ ਬੀਤ ਰਹੀ ਉਮਰ ਦੀਆਂ ਪਗਡੰਡੀਆਂ ਕਾਇਆ ਦੀ ਕੁਦਰਤ ਦਾ ਰੂਪ ਨਵਾਂ ਮਾਂ ਦੀਆਂ ਅੱਖਾਂ 'ਚ ਬਚਪਨ ਦੀ ਹਰਿਆਵਲ ਗੱਭਰੂ ਉਮਰਾਂ ਦੀ ਤਪਸ਼ ਮਾਂ ਦੇ ਝੁਰੜਾਏ ਹੱਥਾਂ 'ਚ ਸਿਦਕ ਬਰਕਤਾਂ ਅਸੀਸਾਂ ਮਾਂ ਦੇ ਬੋਲਾਂ ’ਚ ਚੁੰਮਣ ਲੋਰੀਆਂ ਕੋਈ ਆਦਿ-ਕਾਲੀ ਇਬਾਰਤ ਬ੍ਰਹਿਮੰਡ ਜਿਹੀ ਬੁਝਾਰਤ ਅੰਬਰਾਂ ’ਚ ਕਈ ਕੁਝ ਉਡਾਉਂਦੀ ਆਂਦਰਾਂ ਦੀ ਡੋਰ ਮਾਂ ਧਰਤੀ, ਮਾਂ ਮਿੱਟੀ ਮੈਂ ਇਕ ਬੀਜ ਤੇਰੇ ਦਰ ਆਇਆ

ਇਕ ਪਿਤਾ-ਇਕ ਬੇਟਾ

ਇਕ ਘਰ ਏ ਘਰ 'ਚ ਉਹ ਦੋਵੇਂ ਅਧਖੜ ਕਾਇਆ ਵਾਲਾ ਪਿਤਾ ਤੇ ਗੱਭਰੂ ਜਵਾਨ ਬੇਟਾ ਦੋਹਾਂ ਦੀ ਆਪਣੀ ਆਪਣੀ ਸੁੰਞ ਸੱਖਣਤਾ ਦੋਹਾਂ ਦੇ ਆਪਣੇ ਆਪਣੇ ਜੋਗ ਵਿਜੋਗ ਪਿਤਾ ਕੋਲ ਆਪਣੀ ਇਕੱਲਤਾ ਦੀ ਚੁਭਨ ਬੇਟੇ ਕੋਲ ਆਪਣੀ ਇਕੱਲ ਦਾ ਜਲਤਰੰਗ ਪਿਤਾ ਸੁਰ ਦੇ ਕੋਲ ਹੋਇਆ ਵੀ ਬੇਸੁਰਾ ਬੇਟਾ ਆਪਣੀ ਚੁੱਪ ਨੂੰ ਕਈ ਸੁਰ ਲਹਿਰੀਆਂ ’ਚ ਭਰ ਲੈਂਦਾ ਦੋਵੇਂ ਆਪਣੀ-ਆਪਣੀ ਚੁੱਪ ’ਚੋਂ ਕੁਝ ਬੋਲਦੇ ਜਿਵੇਂ ਦੋ ਗੁਫ਼ਾਵਾਂ ਹੋਵਣ ਬੋਲਦੀਆਂ ਦੋਹਾਂ ਦਾ ਰਿਸ਼ਤਾ ਤਾਂ ਏਹੋ ਏ ਇਕ ਪਿਤਾ ਏ ਤੇ ਇਕ ਬੇਟਾ ਆਪਣੇ ਆਪਣੇ ਵਜੂਦ ਦੇ ਟ ਾਪੂ 'ਤੇ ਖਲੋ ਕੇ ਉਹ ਹੱਥ ਹਿਲਾ ਰਹੇ ਨੇ ਇਕ ਦੇ ਹੱਥ ਵਿਚ ਵਿਦਾ ਏ ਦੂਸਰੇ ਦੇ ਖੁਸ਼ਆਮਦੀਦ ਪਿਤਾ ਨੂੰ ਮਹਿਸੂਸ ਹੁੰਦੀ ਏ ਬੇਟੇ ਦੀ ਜਵਾਨ ਉਮਰ ਦੀ ਤਪਸ਼ ਬੇਟਾ ਵੀ ਪਿਤਾ ਦੇ ਬੇਡੌਲ ਢਾਂਚੇ ਦਾ ਰੁਦਨ ਮਹਿਸੂਸਦਾ ਹੋਏਗਾ ਦੋਹਾਂ ਕੋਲ ਆਪਣੇ ਆਪਣੇ ਹਾਣ ਦੀ ਪਾਰਦਰਸ਼ਤਾ ਸਵੈ ਸਿਰਜੀ ਚੁੱਪ-ਲਿਪੀ ਉਨ੍ਹਾਂ ਦੀ ਨਿਰਬੋਲਤਾ ਦਾ ਬੋਲ ਬਣਦੀ ਬਿਰਧ ਤੇ ਜਵਾਨ ਉਮਰ ਦਾ ਫ਼ਾਸਲਾ ਉਹ ਇਕ ਦੂਜੇ ਦੀ ਫ਼ਿਕਰਮੰਦੀ ਰਾਹੀਂ ਮਿਟਾਉਂਦੇ ਇਕ ਸੰਵਾਦਹੀਣਤਾ ਹੀ ਬਣ ਰਹੀ ਏ ਉਨ੍ਹਾਂ ਦਾ ਸੰਵਾਦ ਇਕ ਦੂਜੇ ਦੀ ਚੁੱਪ ਤੇ ਉਦਾਸੀ ਨੂੰ ਉਹ ਇੰਜ ਹੀ ਮੁਖ਼ਾਤਿਬ ਨੇ ਦੋਵੇਂ ਇਕ ਦੂਜੇ ਲਈ ਪਰਗਟ ਕਰਦੇ ਆਪਣੇ-ਆਪਣੇ ਢੰਗ ਦੀ ਨੇੜਤਾ ਰਿਸ਼ਤੇ ਦੀ ਡੋਰ ਅਣਦਿਸਦੀ ਵੀ ਦਿਸਦੀ ਏ ਬੇਟਾ ਪਿਤਾ ਨੂੰ ਪੈੱਗ ਲਾਉਣ ਤੋਂ ਵਰਜਦਾ ਪਿਤਾ ਬੇਟੇ ਨੂੰ ਦੇਰ ਨਾਲ ਘਰ ਪਰਤਣ ਤੋਂ ਰੋਕਦਾ ਬੇਟਾ ਬਣਾਉਂਦਾ ਏ ਕਦੇ ਕਦਾਈਂ ਪਿਤਾ ਲਈ ਚਾਹ ਦਾ ਕੱਪ ਪਿਤਾ ਉਹਦੇ ਲਈ ਦੁੱਧ ਗਰਮ ਕਰਦਾ ਬੇਟੇ ਦੀ ਇਹ ਭੋਰਾ ਕੁ ਆਗਿਆਕਾਰੀ ਪਿਤਾ ਨੂੰ ਅਚੰਬਤ ਵੀ ਕਰੇ ਤੇ ਵਿਸਮਾਦਤ ਵੀ ਦੋਵੇਂ ਨਿਭਾ ਰਹੇ ਨੇ ਇਕ ਰਿਸ਼ਤਾ ਪਿਤਾ ਕੋਲ ਰਿਸ਼ਤਿਆਂ ਦੀ ਪੂਰੀ/ਅਧੂਰੀ ਪਰਕਰਮਾ ਬੇਟੇ ਕੋਲ ਅਜੇ ਕਈ ਰਿਸ਼ਤਿਆਂ ਦੀ ਜੁਸਤਜੂ ਪਿਤਾ ਅਤੀਤ ਦੇ ਹਨੇਰੇ 'ਚ ਖਲੋਤਾ ਵਰਤਮਾਨ ਦੇ ਧੁੰਦਲਕੇ ਨਿਹਾਰਦਾ ਬੇਟਾ ਵਰਤਮਾਨ ਦੀ ਸਤਰੰਗੀ ’ਚ ਭਿੱਜਾ ਆਪਣੀ ਆਪਣੀ ਸਹੂਲਤ ਵਰਗਾ ਏ ਦੋਹਾਂ ਦਾ ਵਰਤਮਾਨ ਦੋਹਾਂ ਕੋਲ ਉਹਲੇ ਨੇ ਆਪਣੀ-ਆਪਣੀ ਉਮਰ ਦੇ ਹਾਣ ਦੇ ਆਪਣੀਆਂ ਖ਼ੁਸ਼ੀਆਂ ਵੀ ਅਕਸਰ ਉਹ ਕਰਦੇ ਨਹੀਂ ਸਾਂਝੀਆਂ ਦੋਹਾਂ ਨੂੰ ਲੋੜ ਪੈਂਦੀ ਏ ਇਕ ਦੂਜੇ ਨਾਲ ਜੁੜਨ ਦੀ ਨੇੜਤਾ ਦੇ ਬਹਾਨੇ ਲੱਭਣ ਦੀ ਨਜ਼ਰ ਆਉਂਦੇ ਨੇ ਉਹ ਇਕ ਦੂਜੇ ਦੇ ਹੋਣ ਦੇ ਗਵਾਹ ਇਕ ਦੂਜੇ ਦੀ ਚੁੱਪ ਦੇ ਗੁਬਾਰਿਆਂ ਨਾਲ ਬੱਝੇ ਹੋਏ ਪੂਰੇ ਘਰ ਦੀ ਨੁਹਾਰ ਦੋਹਾਂ ਲਈ ਓਪਰੀ ਜੇਹੀ ਠਰੇ ਹੋਏ ਘਰ ਦੀ ਸਲ੍ਹਾਭ ਦੋਵਾਂ ਦੇ ਸਾਹਾਂ ’ਚ ਰੀਂਗਦੀ ਇਕ ਘਰ ਏ ਕੁਝ ਕਮਰਿਆਂ ਵਾਲਾ ਘਰ 'ਚ ਰਹਿੰਦੇ ਨੇ ਇਕ ਪਿਤਾ-ਇਕ ਬੇਟਾ

ਹਰ ਘਰ ਪੁਰਖਿਆਂ ਵਰਗਾ

ਕਿਰਤ ਕਮਾਈ ਨਾਲ ਬਣੇ ਇੱਟ-ਇੱਟ ਜੋੜ ਕੇ ਉਸਰੇ ਇਕ ਆਲ੍ਹਣੇ ਦੇ ਖ਼ਾਬ ਜਿਹੇ ਇਸ ਘਰ ਤੇ ਅਸੀਸ ਮੇਰੇ ਪੁਰਖ਼ਿਆਂ ਦੀ ਇਸ ਦੀਆਂ ਨੀਂਹਾਂ, ਕੰਧਾਂ ਤੇ ਛੱਤਾਂ ਜਿਵੇਂ ਕਿਸੇ ਆਕਾਰ ਵਿਚ ਢਲੇ ਰਿਸ਼ਤੇ ਇਸ ਘਰ ਵਿਚ ਵਿਚਰਿਆ ਬੁਢਾਪਾ ਦਾਦੀ ਮਾਂ ਦੀ ਤੁਰੀ ਡੰਗੋਰੀ ਇਸ ਘਰ ਵਿਚ ਪੂਰਾ/ਅਧੂਰਾ ਖੇਡਿਆ ਬਚਪਨ ਕਈ ਕੁਝ ਮਨਫ਼ੀ ਬੜਾ ਕੁਝ ਹਾਸਿਲ ਵੀ ਹੋਇਆ ਹੁਣ ਇਸੇ ਘਰ ਵਿਚ ਜਵਾਨੀ ਰੁਮਕਦੀ ਸਿਰਾਂ ਦੇ ਪਟਕੇ ਦਸਤਾਰਾਂ ਬਣੇ ਨਵੇਂ ਰਿਸ਼ਤਿਆਂ ਦੀ ਆਮਦ ਦੀ ਸੋਅ ਤੁਰੀ ਪੁਰਖਿਆਂ ਦੀ ਅਸੀਸ ਹੋਰ ਹੋਈ ਸੰਘਣੀ ਕੁਝ ਵਰ੍ਹੇ ਹੋਰ ਪੁਰਖਿਆਂ ਦੀ ਅਸੀਸ ਦੇ ਨਿੱਘ ’ਚ ਤੁਰ ਕੇ ਨਵੇਂ ਰਿਸ਼ਤਿਆਂ ਦੀ ਨਿੱਘਤਾ ਮਾਣ ਕੇ ਮੈਂ ਵੀ ਤੁਰ ਜਾਵਾਂਗਾ ਪੁਰਖਿਆਂ ਦੇ ਰਾਹ ਮੇਰੇ ਬੱਚੇ ਪੁਰਖਿਆਂ ਦੀ ਅਸੀਸ ਨੂੰ ਮਹਿਸੂਸ ਕਰਨਗੇ ਘਰ ਦੀ ਮਰਿਆਦਾ ਦਾ ਮਾਣ ਰੱਖਣਗੇ ਹੁੰਮਸ ਤੋਂ ਬਚਾਉਣਗੇ ਇਸ ਨੂੰ (ਘਰ ਬਾਹਰਲੇ ਮੀਂਹ ਹਨੇਰੀ ਗੜੇਮਾਰੀ ਨਾਲ ਨਹੀਂ ਟੁੱਟਦੇ ਨੇ ਜਦੋਂ ਵੀ ਅੰਦਰਲੀ ਹੁੰਮਸ ਨਾਲ ਹੀ ਟੁੱਟਦੇ) ਫਿਰ ਇਸੇ ਘਰ ਦੇ ਆਲ੍ਹਣੇ 'ਚੋਂ ਭਰਨਗੇ ਉਡਾਨ ਉਨ੍ਹਾਂ ਦੇ ਬੋਟ-ਬੱਚੇ ਪੁਰਖਿਆਂ ਦੀ ਅਸੀਸ ਨੂੰ ਵਿਸਥਾਰ ਮਿਲੇਗਾ ਆਪਣੇ ਘਰ ਨੂੰ ਮੈਂ ਨਿਹਾਰਾਂ ਤੇ ਸੋਚਾਂ ਇਹ ਘਰ ਪੁਰਖਿਆਂ ਵਰਗਾ ਪੀੜ੍ਹੀ ਦਰ ਪੀੜ੍ਹੀ ਤੁਰੀ ਕਥਾ ਕਹਾਣੀ ਜਿਹਾ ਉਂਜ ਤਾਂ ਹਰ ਘਰ ਹੀ ਹੁੰਦਾ ਪੁਰਖਿਆਂ ਵਰਗਾ ਹਰ ਘਰ ਤੇ ਅਸੀਸ ਹੁੰਦੀ ਤੇ ਹੋਵੇ ਪੁਰਖਿਆਂ ਦੀ ਹਰ ਘਰ ਪੁਰਖਿਆਂ ਵਰਗਾ ਉਨ੍ਹਾਂ ਦੀ ਅਸੀਸ ਵਰਗਾ

ਪਿਤਾ ਪੁਰਖ

ਇਕ ਘਰ ਏ ਅਸਾਡਾ ਮੇਰੇ ਬੱਚੇ ਖੇਡਦੇ ਨੇ ਇਸ ਵਿਚ ਨਿਸ਼ਚਿੰਤ ਹੋ ਕੇ ਲੀਕਾਂ ਪਾਉਂਦੇ ਨੇ ਕੰਧਾਂ 'ਤੇ ਕੱਟ ਕੱਟ ਕੇ ਲਾਉਂਦੇ ਨੇ ਮਨਪਸੰਦ ਨਾਇਕ/ਨਾਇਕਾਵਾਂ ਦੀਆਂ ਤਸਵੀਰਾਂ ਕਮਰੇ ਤੋਂ ਕਮਰੇ ਤਕ ਇਕ ਤਾਂਘ ਬਣੇ ਫਿਰਦੇ ਕਈ ਕੁਝ ਲੱਭ ਲੈਂਦੇ ਗਵਾ ਲੈਂਦੇ ਕਈ ਕੁਝ ਘਰ 'ਚ ਹੁੰਦੀ ਰਹਿੰਦੀ ਏ ਲੁਕਣਮੀਟੀ ਆਪੋ ਵਿਚ ਕਰਦੇ ਹਾਣ ਦੀਆਂ ਗੱਲਾਂ ਮੁਸਕਣੀਆਂ ’ਚ ਹੱਸਦੇ, ਚਹਿਕਦੇ ਸੈਨਤਾਂ ਦੀ ਬੋਲੀ ਬੋਲਦੇ ਘਰ ’ਚ ਨਿੱਘ ਜਿਹਾ ਭਰਦੇ ਇਹ ਸਭ ਕੁਝ ਵਿੰਹਦਿਆਂ ਯਾਦ ਆਵੇ ਮੈਨੂੰ ਆਪਣਾ ਪਿਤਾ ਜਿਸ ਨੂੰ ਸੀ ਆਪਣੇ ਘਰ ਦੀ ਜੁਸਤਜੂ ਸਦਾ ਰਹੀ ਉਸ ਦੇ ਅੰਗ ਸੰਗ ਆਪਣੇ ਘਰ ਲਈ ਅਰਦਾਸ ਆਪਣੇ ਆਲ੍ਹਣੇ ਦੀ ਲਾਲਸਾ ਮੈਨੂੰ ਜਾਪੇ ਮੇਰਾ ਘਰ ਮੇਰੇ ਪਿਤਾ ਦੀ ਅਰਦਾਸ ਦਾ ਹਾਸਿਲ ਮੇਰੀ ਮਾਂ ਦਾ ਖ਼ਾਬ ਉਸ ਦੀ ਅਸੀਸ ਇਉਂ ਜਾਪੇ ਮੇਰਾ ਪਿਤਾ ਮੇਰੇ ਬੱਚਿਆਂ ’ਚ ਖੇਡੇ ਆਪਣੀ ਅਰਦਾਸ ਨੂੰ ਸਾਕਾਰ ਵੇਖੇ ਇਸ ਸਭ ਕੁਝ ਵਿਚ ਮੈਂ ਵੀ ਸ਼ਾਮਿਲ ਸ਼ਾਮਿਲ ਮੇਰੇ ਪੁਰਖੇ

ਇਕ ਇਕੱਲਾ

ਨਹੀਂ ਹੁੰਦੇ ਖ਼ਾਬ ਸਾਰੇ ਇਕ ਨੀਂਦ ਲਈ ਸਾਰੇ ਪਾਣੀ ਨਹੀਂ ਹੁੰਦੇ ਇਕ ਪਿਆਸ ਲਈ, ਸਾਰੀ ਮਹਿਕ ਇਕ ਫੁੱਲ ਦਾ ਨਸੀਬ ਨਹੀਂ ਹੁੰਦੀ ਇਕ ਸ਼ਬਦ ਨਹੀਂ ਹੁੰਦਾ ਪੂਰੀ ਵਰਣਮਾਲਾ ਇਕ ਸੁਰ ਨਹੀਂ ਿ ਸਰਜਦਾ ਪੂਰੀ ਸੁਰ ਲਿੱਪੀ ਇਕ ਤਾਰਾ ਨਹੀਂ ਹੁੰਦਾ ਪੂਰੇ ਅੰਬਰ ਦੇ ਹਾਣ ਦਾ ਇਕ ਲਹਿਰ ਨਹੀਂ ਹੁੰਦੀ ਪੂਰੇ ਸਮੁੰਦਰ ਦਾ ਮੁਹਾਂਦਰਾ ਇਕ ਬੋਲ ਨਹੀਂ ਹੁੰਦਾ ਸਮੁੱਚਾ ਵਿਸਮਾਦ ਨਾਦ ਪਾਣੀ ਦੀ ਇਕ ਬੂੰਦ ਨਹੀਂ ਹੁੰਦੀ ਭਰਵੀਂ ਬਾਰਿਸ਼ ਦਾ ਸਬੱਬ ਇਕ ਇਕੱਲਾ ਹੁੰਦਾ ਈ ਏ-ਇਕ ਇਕੱਲਾ ਪਰ ਉਹ ਜਦੋਂ ਜਾਂਦਾ ਏ , ਕਿਸੇ ਇਕ ਹੋਰ ਇਕੱਲੇ ਕੋਲ ਤਾਂ ਉਹ ਨਹੀਂ ਹੁੰਦਾ ਇਕੱਲਾ ਉਹ ਹੁੰਦਾ ਏ ਪਿਆਸ-ਮਹਿਕ-ਪੂਰੀ ਵਰਣਮਾਲਾ ਸੁਰ ਲਿਪੀ ਕੋਈ-ਭਰਿਆ ਭਰਿਆ ਅੰਬਰ ਛਲਕਦਾ ਸਮੁੰਦਰ-ਸਮੁੱਚਾ ਵਿਸਮਾਦ ਨਾਦ ਭਰਵੀਂ ਬਾਰਿਸ਼ ਇਕ ਇਕੱਲਾ ਦੂਜੇ ਇਕੱਲੇ ਦੀ ਹੁੰਦਾ ਏ-ਨਿਰੰਤਰਤਾ ਭਰਪੂਰਤਾ...

ਆਪਣੀ ਕਵਿਤਾ ਵਿਚਲਾ ਚਿਹਰਾ

ਮੈਨੂੰ ਵੀ ਆਉਂਦੀ ਏ ਗਦਰਾਈਆਂ ਛੋਹਾਂ ਦੀ ਵਿਆਕਰਣ ਲਿਖਣੀ ਤਨ ਤੇ ਮਨ ਦੇ ਆਨੰਦ ਦੀ ਵਿਆਖਿਆ ਕਰਨੀ ਮੈਨੂੰ ਵੀ ਦਿਸਦੀ ਏ , ਅਧਖੜ ਬੀਵੀ ਦੇ ਕਰੀਮੀ ਚਿਹਰੇ 'ਚੋਂ ਕਿਸੇ ਭਰਵੇਂ ਜੁੱਸੇ ਦੀ ਨੁਹਾਰ ਕੁਲੀਆਂ ਸੁਹਬਤਾਂ 'ਚ ਮੇਰੇ ਚਿਹਰੇ 'ਤੇ ਹੁੰਦੀ ਏ ਖਚਰੀ ਜਿਹੀ ਮੁਸਕਾਨ ਮੇਰੇ ਅੰਦਰ ਦਾ ਐਰੌਟਿਕਾ ਮੇਰੀ ਮਿਠਬੋਲਤਾ ’ਚੋਂ ਡੁੱਲ੍ਹ-ਡੁੱਲ੍ਹ ਪੈਂਦਾ ਹਰ ਸ਼ੈਅ ਸਥਿਤੀ ਨੂੰ ਮਾਪਣ ਲਈ ਮੇਰਾ ਆਪਣਾ ਹੀ ਹੁੰਦਾ ਏ ਇੰਚੀ ਟੇਪ ਆਪਣੇ ਪਿਛੋਕੜ ਨੂੰ ਮੈਂ ਮੋਏ ਢੋਰ ਡੰਗਰ ਵਾਂਗ ਹੱਡਾ-ਰੋੜੀ ਚ ਛੱਡ ਆਇਆ ਹਾਂ ਹੁਣ ਮੈਂ ਪਤਵੰਤੀ ਕਾਲੋਨੀ ਦਾ ਵਾਸੀ ਪਿੰਡ ਥੇਹਾਂ ਵਾਲੇ ਭੋਲੂ ਦਾ ਹੁਣ ਬੜਾ ਵੱਡਾ ਰੁਤਬਾ ਏ ਸ਼ਾਲੀਨਤਾ ਹੁਣ ਮੇਰਾ ਲਿਬਾਸ ਮੈਨੂੰ ਨਹੀਂ-ਪਾਣੀ ਨੂੰ ਲੱਗਦੀ ਏ ਮੇਰੀ ਪਿਆਸ ਮੇਰੀ ਕਵਿਤਾ 'ਚੋਂ ਪਰ ਨਹੀਂ ਦਿਸਦਾ ਮੇਰਾ ਇਹ ਚਿਹਰਾ ਮੈਨੂੰ ਨਹੀਂ ਲੁਭਾਉਂਦੀ ਬ੍ਰਹਿਮੰਡੀ ਚੇਤਨਾ ਮੇਰੀ ਕਵਿਤਾ ਮੇਰੇ ਵਜੂਦ ਤੋਂ ਪਾਰ ਨਹੀਂ ਜਾਂਦੀ ਮੇਰੀ “ਮੈਂ” ਦੇ ਬਿੰਬ ਨੂੰ ਨਹੀਂ ਤੋੜਦੀ ਕਿਉਂ ਉਹ ਮੈਨੂੰ ਵਾਰ-ਵਾਰ ਮੇਰੇ ਨਿੱਜ ਨਾਲ ਜੋੜਦੀ ਕਿਉਂ ਨਹੀਂ ਲਿਖਦਾ ਮੈਂ ਕਵਿਤਾ ਕੋਈ ਸ਼ਰਬਤੀ ਜਿਹੀ ਚੇਤਿਆਂ ’ਚ ਮਤਾਬੀਆਂ ਦੇ ਜਗਣ ਵਰਗੀ ਮੈਂ ਹੀ ਕਿਉਂ ਮਿੱਟੀ ਦੇ ਖਿਡਾਉਣੇ ਬਣਾ ਬਣਾ ਧਰੀ ਜਾਂਦਾ ਹਾਂ ਇਕੱਲੀ ਬੱਦਲੀ ਜਿਹਾ ਤਪਦੇ ਬਰੇਤਿਆਂ ’ਤੇ ਵਰ੍ਹੀ ਜਾਂਦਾ ਹਾਂ ਲਿਖ ਤਾਂ ਸਕਦਾ ਹਾਂ ਪਰ ਮੈਥੋਂ ਲਿਖੀ ਨਹੀਂ ਜਾਣੀ ਪਲਾਸਟਿਕ ਦੇ ਫੁੱਲਾਂ ਜਿਹੀ ਕਵਿਤਾ

ਨਵੀਂ ਕਵਿਤਾ

ਨਵੀਂ ਕਵਿਤਾ ਲਿਖੀ ਏ ਕਿਹਨੂੰ ਸੁਣਾਵਾਂ ਹਰ ਕੋਈ ਆਪਣੇ ਆਪਣੇ ਤਲਿੱਸਮ ’ਚ ਮਸਰੂਫ਼ ਏ ਮੇਰੀ ਕਵਿਤਾ ਉਨ੍ਹਾਂ ਦੀ ਕੋਮਲਤਾ ਦੇ ਹਾਣ ਦੀ ਨਹੀਂ ਮੇਰੀ ਕਵਿਤਾ ਨਹੀਂ ਸੁਹਜਵੰਤੀ ਮੋਰਪੰਖੀ ਕੂਲੀ ਕੂਲੀ ਭਾਸ਼ਾ ਦੀ ਸਤਰੰਗੀ ਦੇਹ ਦੀਆਂ ਤੈਹਾਂ ’ਚ ਨਹੀਂ ਉਤਰਦੀ ਮੇਰੀ ਕਵਿਤਾ ਮੇਰੀ ਕਵਿਤਾ ਚਿੰਤਾਵਾਨ ਏ, ਉਦਾਸ ਏ ਮੇਰੀ ਕਵਿਤਾ ਕੋਲ ਹਨ ਕਈ ਕੁਝ ਗੁੰਮ ਗਵਾਚ ਗਏ ਦੇ ਸਿਰਨਾਵੇਂ ਉਹ ਇਨ੍ਹਾਂ ਸਿਰਨਾਵਿਆਂ ’ਤੇ ਦੇਣਾ ਚਾਹੁੰਦੀ ਏ ਦਸਤਕ ਬੇਸ਼ਕ ਉਸ ਨੂੰ ਪਤਾ ਏ ਉਹਦੀਆਂ ਦਸਤਕਾਂ ਨੇ ਉਹਦੀਆਂ ਤਲਖੀਆਂ 'ਚ ਸੌਂ ਜਾਣਾ ਕੌਣ ਕਰਦਾ ਏ ਹੁਣ ਗੁੰਮ ਗਵਾਚ ਗਏ ਦੀ ਤਲਾਸ਼ ਮੇਰੀ ਕਵਿਤਾ ਦੇ ਮੱਥੇ 'ਤੇ ਕਈ ਇਲਜ਼ਾਮ ਕਈ ਤੋਹਮਤਾਂ ਜਣੇ ਖਣੇ ਦੀ ਨਿੰਦਿਆ ਉਹਦੀ ਝੋਲੀ ਪਈ ਮੇਰੀ ਕਵਿਤਾ ਨਿਰਦੋਸ਼ ਅਪਰਾਧੀ ਅਣਕੀਤੇ ਗੁਨਾਹਾਂ ਦੀ ਕਸੂਰਵਾਰ ਮੈਂ ਵੀ ਆਪਣੀ ਕਵਿਤਾ ਜਿਹਾ ਮੇਰੀ ਕਵਿਤਾ ਅੰਬਰ ਨੂੰ ਆਪਣੀ ਮੁੱਠੀ 'ਚ ਨਹੀਂ ਫੜ੍ਹਦੀ ਸਮੁੰਦਰ ਨੂੰ ਕਿਸੇ ਬਿੰਬ ’ਚ ਨਹੀਂ ਜੜਦੀ ਵਾਵਰੋਲੇ ਜਿਹੀ ਮੇਰੀ ਕਵਿਤਾ ਸ਼ੂਕਦੇ ਬਰੇਤਿਆਂ ਦੀ ਹਮਸਫ਼ਰ ਹੁਣ ਤੁਸੀਂ ਹੀ ਦੱਸੋ ਕਸ ਨੂੰ ਸੁਣਾਵਾਂ ਮੈਂ ਆਪਣੀ ਨਵੀਂ ਕਵਿਤਾ ਕੌਣ ਸੁਣੇਗਾ ਮੇਰੀ ਕਵਿਤਾ ਜੇ ਕਹੋ ਤਾਂ ਤੁਹਾਨੂੰ ਸੁਣਾਵਾਂ ?

ਵਿਦਾ ਆਮਦ

ਰੋਜ਼ ਵਾਂਗ ਉੱਠਿਆ ਖੋਲ੍ਹੇ ਦਰ ਦਰਵਾਜ਼ੇ ਖਿੜਕੀ 'ਚੋਂ ਭੋਰਾ ਕੁ ਅਸਮਾਨ ਤੱਕਿਆ ਘਰ ਦੀ ਹੁੰਮਸ ਤੋਂ ਕੁਝ ਪਲ ਨਿਜਾਤ ਪਾਈ ਜੀਣ ਦੀ ਜੁਸਤਜੂ ਸਾਕਾਰ ਕੀਤੀ ਪਿਛਲੇ ਦਿਨੀਂ ਹੀ ਮੁੜਿਆ ਹਾਂ ਪਰਦੇਸ ਯਾਤਰਾ ਤੋਂ ਮੁਹੱਬਤੀ ਬੁਲਾਵੇ ਅੰਬਰੀ ਨੀਲੱਤਣ ’ਚ ਉਡਣ ਦੇ ਸਬੱਬ ਬਣ ਗਏ ਸਨ ਸਮੁੰਦਰ ਬਾਹਾਂ ’ਚ ਸਿਮਟਿਆ ਮਹਿਸੂਸ ਹੋਇਆ ਸੀ ਬੜਾ ਕੁਝ ਅਣਵੇਖਿਆ ਮੇਰੇ ਚੇਤਿਆਂ ਵਿਚ ਮਹਿਫੁਜ਼ ਹੋਇਆ ਅੰਬਰ ਦਾ ਇਕ ਟੋਟਾ ਮੇਰੇ ਨਿੱਜ ਨਾਲ ਆਣ ਲਿਪਟਿਆ ਸੀ ਮੈਂ ਜੀਣ ਜੋਗੇ ਪਲਾਂ ਨੂੰ ਮੁਖ਼ਾਤਿਬ ਹੋ ਕੇ ਪਰਤਿਆ ਸਾਂ ਘਰ ਪਰਤਣਾ ਹੀ ਸੀ, ਪਰਤ ਆਇਆ ਘਰ ਨੂੰ ਮੇਰੀ ਨਹੀਂ ਮੇਰੀ ਲੋੜ ਦੀ ਉਡੀਕ ਸੀ ਕਿਸੇ ਦੀ ਲੋੜ ਹੀ ਰਿਸ਼ਤਿਆਂ 'ਚ ਢਲੀ ਹੁੰਦੀ ਏ ਰਿਸ਼ਤੇ ਤਿਉੜੀਆਂ ਬਣ ਕੇ ਸਾਹਵੇਂ ਖਲੋਤੇ ਸਨ ਘਰ ਮੁੜਦਿਆਂ ਹੀ ਲੋੜਾਂ ਦੀ ਇਕ ਸੂਚੀ ਮੇਰੇ ਸਿਰਹਾਣੇ ਪਈ ਸੀ ਮੈਨੂੰ ਘੂਰ ਰਹੀਆਂ ਸਨ ਕਈ ਦੇਣਦਾਰੀਆਂ ਜੰਗ ਦੇ ਮੈਦਾਨ ਵਿਚ ਇਕ ਨਿਹੱਥੇ ਸਿਪਾਹੀ ਵਾਂਗ ਖੜ੍ਹਾ ਮੈਂ ਆਪਣੇ ਹਿੱਸੇ ਦੀ ਲੜਾਈ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹਾਂ ਇਹ ਜੰਗ ਮੈਨੂੰ ਹੀ ਲੜਣੀ ਪੈਣੀ ਏ ਕਿਸੇ ਨੇ ਨਹੀਂ ਬਣਨਾ ਢਾਲ ਮੇਰੀ ਨਾ ਭੇਜਣਾ ਏ ਕਿਸੇ ਨੇ ਮੇਰੇ ਲਈ -ਰੱਖਿਆ ਕਵਚ ਕੋਈ ਮੈਂ ਅੰਬਰ ਦੇ ਟੋਟਿਆਂ, ਸਮੁੰਦਰੀ ਕਲੋਲਾਂ ਵਿਸ਼ਾਲ ਜੂਹਾਂ ਦੀ ਰੰਗਤ ਤੇ ਨਿੱਘੀਆਂ ਸੁਹਬਤਾਂ ਨੂੰ , ਸਿਮਰਿਤੀਆਂ ’ਚ ਉਤਾਰ ਕੇ ਆਪਣੇ ਹਿੱਸੇ ਦੀ ਜੰਗ ਵਿਚ ਫੇਰ ਸ਼ਾਮਲ ਹੋ ਗਿਆ ਹਾਂ ਇਉਂ ਜਾਪੇ ਮੈਂ ਜਿਵੇਂ ਕਿਤੇ ਵੀ ਨਹੀਂ ਗਿਆ ਤੇ ਨਾ ਹੀ ਵਾਪਸ ਪਰਤਿਆ ਹਾਂ

ਜਾਗਦੀ ਮਿੱਟੀ

ਮੈਂ ਅੱਜ ਕੱਲ੍ਹ ਇਉਂ ਮਹਿਸੂਸ ਕਰਾਂ ਮੇਰੀ ਸੋਚ ਤੇ ਮੇਰੀ ਕਾਇਆ 'ਚ ਨਹੀਂ ਸਮਤੋਲ ਕੋਈ ਕੁਝ ਬੇਚੈਨੀਆਂ ਹਰ ਪਲ ਮੇਰੇ ਨਾਲ ਤੁਰਦੀਆਂ ਮੇਰੀਆਂ ਨੀਂਦਾਂ 'ਚ ਸੁਰੀਲੇ ਨਾਗ, ਇੱਛਾਧਾਰੀ ਬੌਣੇ ਤੇ ਛਲੇਡੇ ਸ਼ੋਰ ਪਾਉਂਦੇ ਮੇਰੇ ਅੰਗ ਸੰਗ ਨਿੰਦਕ ਸੁਹਬਤਾਂ, ਦੰਭੀ ਮੁਹੱਬਤਾਂ ਤੇ ਵਿਸ਼ੈਲੀਆਂ ਨੇੜਤਾਵਾਂ ਦਾ ਖਰੂਦ ਗੂੰਜੇ ਮੈਂ ਹੁਣ ਆਪਣੀਆਂ ਪਨਾਹਾਂ 'ਚ ਵੀ ਭੈਭੀਤ ਰਹਿਣ ਲੱਗਾ ਹਾਂ ਮਨ ਵਰਗੀਆਂ ਜੂਹਾਂ 'ਚ ਜਾਣੋਂ ਸਹਿਮਦਾ ਹਾਂ ਹੋਇਆ ਹਾਂ ਜਦੋਂ ਦਾ ਮੈਂ ਕਠਪੁਤਲੀਆਂ ਤੇ ਮਖੌਟਿਆਂ ਦਾ ਚਸ਼ਮਦੀਦ ਮੇਰਾ ਆਪਣਾ ਚਿਹਰਾ ਹੀ ਮੇਰੇ ਲਈ ਹੋ ਗਿਆ ਏ ਅਜਨਬੀ ਮੇਰੇ ’ਚੋਂ ਮੈਂ ਨਹੀਂ ਦਿਸਦਾ ਅਕਸਰ ਜੀਅ ਕਰੇ ਆਪਣੇ ਨਿੱਜ ਦਾ ਮੈਂ ਸ਼ੀਸ਼ਾ ਤੋੜ ਦੇਵਾਂ ਮੇਰੇ ਸਿਰ ਤੇ ਜਿਵੇਂ ਦੰਭ ਤੇ ਫਰੇਬ ਦੇ ਵਾਵਰੋਲੇ ਨਿਰਤ ਕਰਦੇ ਮੇਰੀ ਨਿੱਜਤਾ ਦਾ ਮੂੰਹ ਚਿੜਾਉਂਦੇ ਮੇਰੇ ਸਾਹਵੇਂ ਹਰ ਪਲ, ਹਰ ਦਿਨ ਕਈ ਭਰੋਸਾ, ਕੋਈ ਯਕੀਨ ਜ਼ਿਬਾ ਹੋਵੇ ਮੇਰੇ ਸਾਹਵੇਂ ਹੀ ਮੇਰੀ ਨੇੜਤਾ ਕੋਈ ਖੰਜਰ ਦਾ ਰੂਪ ਧਾਰ ਲਵੇ ਹਰ ਦਿਨ ਮੇਰੇ ਬੋਲਾਂ ਨੂੰ ਕਸ਼ੀਦ ਕਰਕੇ ਮੇਰੇ ਸਵੈ ਤੇ ਮੇਰੀ ਵਫ਼ਾਦਾਰੀ ਨੂੰ ਪਰਖਿਆ ਜਾਵੇ ਮੇਰੀ ਬੇਮੇਚਤਾ ਨਿੱਤ ਨਵੇਂ ਫ਼ਤਵੇ ਦਾ ਕਾਰਨ ਬਣੇ ਮੈਂ ਨਿੱਤ ਨਵੇਂ ਅਪਰਾਧ ਲਈ ਦੋਸ਼ੀ ਗਰਦਾਨਿਆ ਜਾਵਾਂ ਮੇਰੀ ਨਿਰਦੋਸ਼ਤਾ ਕਿਸੇ ਨੂੰ ਮਨਜ਼ੂਰ ਨਹੀਂ ਇਹ ਕਿੰਨੀ ਬੇਵਸੀ ਏ ਮੇਰੀ ਕਿ ਮੈਂ ਬੌਣੇ ਨੂੰ ਬੌਣਾ ਕਹਿ ਨਹੀਂ ਸਕਦਾ ਕਿਸੇ ਹੰਕਾਰ ਦਾ ਤਲਿੱਸਮ ਤੋੜ ਨਹੀਂ ਸਕਦਾ ਮੈਂ ਰੇਤਲੀ ਮਿੱਟੀ ਦੀਆਂ ਢੇਰੀਆਂ ਨੂੰ ਪਿਰਾਮਿਡ ਆਖਣ ਲਈ ਮਜਬੂਰ ਹਾਂ ਖੜਸੁਕ ਬਿਰਖ ਮੈਥੋਂ ਮੇਰੀ ਹਰਿਆਵਲ ਖੋਹ ਰਹੇ ਨੇ ਮੈਂ ਤੁਰਦਾ ਹਾਂ ਤਾਂ ਰਾਹਾਂ ਚ ਕੰਡਿਆਲੀ ਵਰ੍ਹੇ ਨਿਹੱਥੀ ਹੋਂਦ ਮੇਰੀ ਨਿੱਤ ਨਵੇਂ ਅਗਨ ਬਾਣਾਂ ਨੂੰ ਜਰੇ ਮੈਨੂੰ ਪਤਾ ਏ ਇਨ੍ਹਾਂ ਅਗਨ ਬਾਣਾਂ ਦੀ ਬਾਰਸ਼ ਕੌਣ ਕਰਦਾ ਏ ਰੋਜ਼ ਵਿੰਹਦਾ ਹਾਂ ਮੈਂ ਸ਼ਬਦਾਂ ਦੀ ਸੌਦਾਗਰੀ ਹੁੰਦੀ ਰਿਸ਼ਤਿਆਂ ਦੇ ਵਣਜ ਹੁੰਦੇ ਅੱਖਰਾਂ ਦੀ ਲੋਅ ’ਚੋਂ ਕਾਲਖ ਲਿਸ਼ਕਦੀ ਮੈਲਾਂ ਮਨਾਂ ਦੀ ਮੰਡੀ 'ਚ ਧੁਆਂਖੀ ਕੁਦਰਤ ਵਿਚਰਦੀ ਉਨ੍ਹਾਂ ਨੂੰ ਇਹ ਵੀ ਗਿਲਾ ਏ ਜੇ ਮੇਰੇ ਕੋਲ ਅੱਖਾਂ ਨੇ ਤਾਂ ਮੈਂ ਸਭ ਕੁਝ ਵੇਖਦਾ ਕਿਉਂ ਹਾਂ ਮੈਂ ਕਿਉਂ ਪਖੰਡੀ ਪਾਰਦਰਸ਼ਤਾ ਨੂੰ ਨਸ਼ਰ ਕਰਦਾ ਹਾਂ ਜੇ ਜੀਣਾ ਏ ਤਾਂ ਆਪਣੀ ਦੇਹ ਦੇ ਹਨੇਰੇ 'ਚ ਸਿਮਟ ਕੇ ਕਿਉਂ ਨਹੀਂ ਬਹਿੰਦਾ ਮੈਂ ਕਿਉਂ ਬ੍ਰਹਿਮੰਡੀ ਕਲੋਲਾਂ ਦੀ ਖਿੱਲੀ ਉਡਾਉਂਦਾ ਹਾਂ ਆਪਣੀ ਇਕਾਈ ਦੀ ਸੀਮਾ ਤੋਂ ਪਰ੍ਹੇ ਵੇਖਦਾ ਕਿਉਂ ਹਾਂ ਮੈਨੂੰ ਪਤਾ ਏ ਮੇਰੇ ਸੌਂ ਜਾਣ ’ਤੇ ਜਾਗ ਉੱਠਣਗੇ ਸੈਆਂ ਇੱਛਾਧਾਰੀ ਪ੍ਰੇਤ ਨਾਗ ਉਹ ਖੰਡਿਤ ਕਰਨਾ ਚਾਹੁਣਗੇ ਮੇਰਾ ਵਜੂਦ ਪਰ ਨਹੀਂ ਉਨ੍ਹਾਂ ਦਾ ਮਨਇੱਛਤ ਕੁਝ ਵੀ ਨਹੀਂ ਹੋਣਾ ਮੈਨੂੰ ਪਤਾ ਏ ਮੇਰੇ ਸੌਂ ਜਾਣ ’ਤੇ ਮੇਰੀ ਮਿੱਟੀ ਰਹੇਗੀ ਜਾਗਦੀ ਮੈਂ ਆਪਣੀ ਜਾਗਦੀ ਮਿੱਟੀ ਚ ਤੁਰਦਾ ਹਾਂ...

ਮੈਂ ਕਾਇਨਾਤ

ਮੇਰੇ ਹੀ ਅੰਦਰ ਸਨ ਰੰਗ ਸਾਰੇ ਮੇਰੇ ਹੀ ਅੰਦਰ ਸੀ ਮੁਹੱਬਤਾਂ ਦੀ ਝਾਲਰ ਝਿਲਮਿਲਾਉਂਦੀ ਆਪਣੇ ਨਿੱਜ ਦੇ ਟਾਪੂ ’ਤੇ ਮੈਂ ਹੀ ਖੜਾ ਸਾਂ ਵਿਦਾ ਤੇ ਅਲਵਿਦਾ ਬਣਿਆ ਮੇਰੇ ’ਚੋਂ ਪੰਛੀਆਂ ਦੀ ਡਾਰ ਉੱਡੀ ਸੀ ਮੇਰੇ ਵਜੂਦ ’ਚੋਂ ਹੀ ਕੋਈ ਲਿਸ਼ਕੋਰ ਉੱਠੀ ਸੀ ਮੇਰੇ ਹੀ ਅੰਦਰੋਂ ਆਪਣੇ ਹੋਣ ਦਾ ਅਹਿਸਾਸ ਜਾਗਿਆ ਸੀ ਮੇਰਾ ਹੀ ਲੂੰ ਲੂੰ ਜਲਤਰੰਗ ਮੈਂ ਹੀ ਸਾਂ ਸਰਗਮ ਸਮੁੱਚੀ ਮੇਰਾ ਚਿਹਰਾ ਸਮੁੰਦਰ ਮੇਰੀ ਨਜ਼ਰ ਵਿਚ ਅੰਬਰ ਲਹਿਰਾਂ ਦੀ ਪਾਰਦਰਸ਼ਤਾ ਵਿਚ ਅੰਬਰ ਦੀ ਨੀਲੱਤਣ ’ਚ ਮੈਂ ਸਾਂ ਮੈਂ ਹੀ ਸਾਂ ਜ਼ਿੰਦਗੀ ਦੀਆਂ ਸਰਦਲਾਂ ਤੇ ਅਲਖ਼ ਜਗਾਉਂਦਾ ਰਮਤਾ ਜੋਗੀ ਕੋਈ ਬੇਸ਼ਕ ਨਹੀਂ ਸੀ ਮੇਰੇ ਜੋਗ ਦੀ ਕੋਈ ਪਰਿਭਾਸ਼ਾ, ਨੁਹਾਰ ਮੇਰਾ ਤਨ ਤਕੀਆ ਮੈਂ ਧੁਖ਼ਦੀ ਧੂਣੀ ਆਪ ਹੀ ਅਹੂਤੀ ਆਪਣੀ ਮੈਂ ਆਪਣੀ ਗੂੰਜ ਵਿਚ ਇਉਂ ਭਿੱਜਿਆ ਜਿਵੇਂ ਸਾਰਾ ਹੀ ਅੰਬਰ ਵਰਸ ਕੇ ਧਰਤੀ ਦੇ ਕਣ-ਕਣ ਨੂੰ ਭਿਉਂ ਜਾਏ ਤੇ ਉਸੇ ਛਿਣ ’ਚੋਂ ਸਗਲੀ ਬਨਸਪਤ ਸਾਕਾਰ ਹੋਵੇ ਮੈਂ ਆਪਣੇ ਸਾਹਵੇਂ ਖਲੋਤਾ ਆਦਿ ਅੰਤ ਆਪਣੇ ਵਜੂਦ ’ਚੋਂ ਕਿਰੀ ਮੈਂ ਕਾਇਨਾਤ ਜਿਵੇਂ...

ਨਦੀਆਂ

ਭਾਵੇਂ ਰੇਤਥਲਾਂ ਦੇ ਮੇਰੇ ਸਿਰ ਤੇ ਨੇ ਪਰਛਾਵੇਂ। ਪਰ ਮੇਰੇ ਸਾਹਾਂ ਵਿਚ ਵਹਿੰਦੇ ਨਦੀਆਂ ਦੇ ਸਿਰਨਾਵੇਂ। ਕਿਸੇ ਕਿਸੇ ਨਦੀ ਨੇ ਮੇਰੇ ਸੁਪਨੇ ਰੰਗਲੇ ਕੀਤੇ। ਦੂਰ ਵਗੇ ਉਨ੍ਹਾਂ ਦੇ ਪਾਣੀ ਸਾਥੋਂ ਗਏ ਨਾ ਪੀਤੇ। ਕਿਸੇ ਕਿਸੇ ਨਦੀ ਨੇ ਕੀਤੇ ਚੇਤੇ ਰੰਗਲੇ ਸੂਹੇ। ਸੁੰਞੀ ਕਾਇਆ ਦੇ ਆ ਖੋਲ੍ਹੇ ਕਿਸੇ ਨਦੀ ਨੇ ਬੂਹੇ। ਹਰ ਨਦੀ ਮਨ ਦੀ ਅਭਿਲਾਸ਼ਾ ਪੂਰੀ ਕਦੇ ਅਧੂਰੀ ਪਰ ਨਦੀਆਂ ਹੀ ਰਹਿਣ ਕਰਦੀਆਂ ਹਰ ਅਭਿਲਾਸ਼ਾ ਪੂਰੀ ਕਈ ਨਦੀਆਂ ਦੇ ਪਾਣੀ ਪਾਉਂਦੇ ਕੁਝ ਕੁਝ ਭਰਮ ਭੁਲੇਖੇ ਕੋਲ ਕੋਲ ਤਾਂ ਆਉਂਦੇ ਦਿਸਦੇ ਦੂਰ ਨਾ ਜਾਂਦੇ ਵੇਖੇ ਪਾਣੀ ਦੇ ਵਿਚ ਭਿੱਜੀਆਂ ਸਿੰਜੀਆਂ ਰਹਿਣ ਸਦਾ ਤਿਰਹਾਈਆਂ ਪਹਿਨ ਕਿਨਾਰੇ ਦਿਸਣ ਆਉਂਦੀਆਂ ਛੱਡ ਜਾਵਣ ਪਰਛਾਈਆਂ ਕਿਸੇ ਕਿਸੇ ਨਦੀ ਨੇ ਛੋਹੇ ਤਪਦੇ ਆਣ ਕਿਨਾਰੇ ਕਾਇਆ ਦੇ ਠਰ ਗਏ ਬਰੇਤੇ ਮੌਲ ਪਏ ਕਣ ਸਾਰੇ ਕਈ ਨਦੀਆਂ ਦੇ ਵਹਿਣ ਅਵੱਲੇ ਖੋਰਨ ਨਿੱਤ ਕਿਨਾਰੇ ਤਣ ਪੱਤਣ ਨਾ ਹੋਣ ਉਨ੍ਹਾਂ ਦੇ ਤੇ ਪਾਣੀ ਵੀ ਖਾਰੇ ਕਈ ਨਦੀਆਂ ਨੇ ਹਰ ਰਿਸ਼ਤਾ ਹੀ ਪੌੜੀ ਵਾਂਗ ਹੰਢਾਇਆ ਰਹਿੰਦੀ ਨਜ਼ਰ ਚੁਬਾਰੇ ਉੱਤੇ ਖੇਡ ਰਚਾਉਂਦੀ ਕਾਇਆ ਕਈ ਨਦੀਆਂ ਦੀਆਂ ਅੱਖਾਂ ਕੱਟੇ ਉਮਰਾਂ ਭਰ ਜਗਰਾਤੇ ਇਕ ਸੁਪਨੇ ਲਈ ਤੁਰੀਆਂ, ਪਰ ਨਾ ਔਝੜ ਪੰਧ ਪਛਾਤੇ ਕਈ ਨਦੀਆਂ ਦੇ ਵਹਿਣ ਨਿਰੰਤਰ ਤੋਰ ਨਾ ਗੰਧਲੀ ਕਰਦੇ ਨਾ ਆਪਣੀ ਤੇਹ ਮੈਲੀ ਰੱਖਦੇ ਨਾ ਸਿਰ ਤੁਹਮਤ ਜਰਦੇ ਕਈ ਨਦੀਆਂ ਨਾ ਸੁਣਨ ਕਦੇ ਵੀ ਦਰ ਘਰ ਦੀ ਅਰਜੋਈ ਉਹ ਸਮਝਣ ਕਿ ਸ਼ਾਇਦ ਮਿਲਦੀ ਬਾਰ ਪਰਾਏ ਢੋਈ ਕਈ ਨਦੀਆਂ ਤਾਂ ਮਿਰਗ ਛਲਾਵੇ ਨਿੰਮ੍ਹਾ ਨਿੰਮ੍ਹਾ ਛੋਹ ਕੇ ਆਪਣਾ ਬੰਜਰ ਦੇ, ਲੈ ਜਾਵਣ ਸੁਪਨੇ ਵਰਗਾ ਖੋਹ ਕੇ ਕਈ ਕੁਝ ਨਦੀਆਂ ਬਿਨਾ ਅਧੂਰਾ ਸਦਾ ਰਹਿਣ ਇਹ ਤੁਰੀਆਂ ਏਨ੍ਹਾਂ ਦੇ ਵਿਚ ਤੋਰ ਸਮੇਂ ਦੀ ਇਹ ਸਮਿਆਂ ਵਿਚ ਖੁਰੀਆਂ ਕੁਝ ਨਦੀਆਂ ਨੇ ਮੇਰੀ ਚੁੱਪ ਨੂੰ ਬੋਲਾਂ ਵਿਚ ਪਰੋਇਆ ਤਨ ਮਨ ਜਗੀਆਂ ਸੁਰਤ ਸੁਗੰਧਾਂ ਮੈਂ ਗਿਆ ਖੁਸ਼ਬੋਇਆ।

ਕਵੀਆਂ ਨੂੰ ਅਰਜੋਈ

ਆਪਣੇ ਸਮੇਤ ਮੈਂ ਸਭ ਕਵੀਆਂ ਨੂੰ ਕਰਾਂ ਅਰਜੋਈ ਨਾ ਲਾਹੀਏ ਕਵਿਤਾ ਦੇ ਸਿਰੋਂ ਕਵਿਤਾ ਦੀ ਲੋਈ ਕਵਿਤਾ ਨੂੰ ਆਪਾਂ ਸਾਰੇ ਕਵਿਤਾ ਹੀ ਰਹਿਣ ਦੇਈਏ ਸਿਰੋਂ ਨੰਗੀ ਕਵਿਤਾ ਕਵਿਤਾ ਨਹੀਂ ਕੁਝ ਹੋਰ ਹੀ ਏ ਅਖਵਾਉਂਦੀ ਸ਼ਬਦਾਂ ਦੀ ਬਾਜ਼ੀਗਰੀ ਨੂੰ ਜੇ ਅਸੀਂ ਕਵਿਤਾ ਹੀ ਕਹਿੰਦੇ ਰਹੇ ਤੇ ਮਦਾਰੀਆਂ ਵਾਂਗ ਜੇ ਉਸ ਨੂੰ ਇੰਜ ਹੀ ਨਚਾਉਂਦੇ ਰਹੇ ਤਾਂ ਕਵਿਤਾ ਇਕ ਦਿਨ ਤੁਹਾਨੂੰ ਦੇ ਸਕਦੀ ਏ ਬੇਦਾਵਾ ਨਹੀਂ ਮੰਨੇਗੀ ਉਹ ਤੁਹਾਨੂੰ ਆਪਣਾ ਕਵੀ, ਆਪਣਾ ਸਿਰਜਕ ਇਸ ਤੋਂ ਪਹਿਲਾਂ ਕਿ ਇਹ ਸਭ ਕੁਝ ਵਾਪਰ ਜਾਏ ਕਵਿਤਾ ਨੂੰ ਕਵਿਤਾ ਹੀ ਰਹਿਣ ਦੇਈਏ ਜੇ ਤੁਹਾਡੀ ਕਵਿਤਾ ਵਿਚ ਆਉਂਦੇ ਨੇ ਖਰਬੂਜ਼ੇ ਹਦਵਾਣੇ ਤੇ ਕੇਲੇ ਤਾਂ ਆਉਣ ਦਿਉ ਦੇਹ ਦੇ ਸਾਜ਼ਾਂ ਦਾ ਜੀਅ ਭਰ ਕੇ ਆਰਕੈਸਟਰਾ ਵੀ ਵਜਾਓ ਕੁਦਰਤ ਦੀ ਬ੍ਰਹਿਮੰਡਤਾ ਨੂੰ ਨਾਸ਼ਤੇ ਵਾਲੀ ਪਲੇਟ ਵਿਚ ਆਮਲੇਟ ਵਾਂਗ ਵੀ ਸਜਾਓ ਪਰ ਕਵਿਤਾ ਨੂੰ ਕਵਿਤਾ ਜ਼ਰੂਰ ਰਹਿਣ ਦਿਓ ਵੱਖਰੇ ਹੋਵਣ ਲਈ ਹੀ ਨਾ ਹੋਵੋ ਵੱਖਰੇ ਕਵੀ ਹੋਣ ਦੇ ਭਰਮ ਦੀ ਜੁਗਾਲੀ ਹੀ ਨਾ ਕਰਦੇ ਰਹੋ ਕਵਿਤਾ ਹੁੰਦੀ ਏ ਸ਼ਬਦ ਦੀ ਅਰਾਧਨਾ ਮਨ ਦੀ ਸੁਰਤੀ ਚਿੱਤ ਦੀ ਸਾਧਨਾ ਕਵਿਤਾ ਦੀ ਕਾਇਆ ਨੂੰ ਸੂਲਾਂ ਸੰਗ ਨਾ ਖਹਿਣ ਦਿਓ ਕਵਿਤਾ ਨੂੰ ਕਵਿਤਾ ਹੀ ਰਹਿਣ ਦਿਓ ਤੁਸੀਂ ਹੋ ਬੜੇ ਸੁਹਜਵੰਤੇ, ਸ਼ਾਲੀਨ, ਮਿੱਠ ਬੋਲੇ ਤੁਹਾਡੀਆਂ ਸੋਚਾਂ ਤੇ ਪਈ ਰਹਿੰਦੀ ਏ ਹਰ ਵੇਲੇ ਚਿਤਰ ਮਿਤਰੀ ਮਨਾਂ ਦੀਆਂ ਛਿਲਤਰਾਂ ਨੂੰ ਤੁਸੀਂ ਬਿੰਬਾਂ ਵਿਚ ਖੂਬ ਸਜਾਉਂਦੇ ਹੋ ਬੜੀ ਜਾਦੂਗਰੀ ਵਿਖਾਉਂਦੇ ਹੋ ਪਲਾਸਟਿਕ ਵਰਗੀ ਕਵਿਤਾ ਦੇ ਕਬੂਤਰ ਹਵਾ 'ਚ ਉਡਾਉਂਦੇ ਹੋ ਆਪਣੇ ਮਨਾਂ ਵਿਚਲੇ ਦੰਭ ਤੋਂ ਤੁਸੀਂ ਸ਼ਾਇਦ ਇੰਜ ਹੀ ਨਿਜਾਤ ਪਾਉਂਦੇ ਹੋ ਤੁਸੀਂ ਸਭ ਕੁਝ ਕਰੋ ਜੋ ਵੀ ਜੀਅ ’ਚ ਆਉਂਦਾ ਏ ਕਰੋ ਪਰ ਆਪਣੇ ਕਵੀ ਹੋਣ ਨੂੰ ਕੁਝ ਦੇਰ ਲਈ ਮੁਲਤਵੀ ਕਰੋ (ਕਿੰਨਾ ਕੁ ਜ਼ਰੂਰੀ ਏ ਤੁਹਾਡਾ ਕਵੀ ਹੋਣਾ) ਕਵਿਤਾ ਨੂੰ ਰਹਿਣ ਦਿਓ ਇਕੱਲੀ ਆਪਣੀਆਂ ਪਨਾਹਾਂ ਵਿਚ ਬੈਠੀ ਉਦਾਸ ਉਸ ਨੂੰ ਵੇਖ ਲੈਣ ਦਿਓ ਉਹਦਾ ਚੀਰ ਹਰਨ ਕਰਨ ਵਾਲਿਆਂ ਦੇ ਮੂੰਹ ਮੁਹਾਂਦਰੇ ਸ਼ਨਾਖ਼ਤ ਕਰ ਲੈਣ ਦਿਓ ਉਸ ਨੂੰ ਉਸਦੀ ਅਸਮਤ ਦਾ ਵਣਜ ਕਰਨ ਵਾਲੇ ਵਿਉਪਾਰੀਆਂ ਤੇ ਜੁਗਾੜੀਆਂ ਦੀ ਏਨੀ ਦੇਰ ਤੁਸੀਂ ਕਵੀ ਹੋਣ ਦੀ ਥਾਂ ਕੁਝ ਹੋਰ ਹੋ ਲਵੋ ਉਨੀਂਦੇ ਸਰੋਤਿਆਂ ਤੇ ਦਰਸ਼ਕਾਂ ਨੂੰ ਆਪਣਾ ਕੋਈ ਬੇਹਾ ਗੀਤ ਜਾਂ ਗ਼ਜ਼ਲ ਹੀ ਸੁਣਾ ਦਿਓ ਆਪਣੇ ਭੇਖ ਨੂੰ ਕੁਝ ਹੋਰ ਦਿਲਕਸ਼ ਬਣਾ ਲਵੋ ਕਵਿਤਾ ਜਦੋਂ ਵੀ ਬੁਲਾਏਗੀ ਤੁਹਾਨੂੰ ਤਾਂ ਉਹਦੇ ਕੋਲ ਜਾਇਓ ਪਰ ਅਜੇ ਕਵਿਤਾ ਨੂੰ ਹੋਰ ਨਾ ਉਪਰਾਮ ਕਰੋ ਤੁਸੀਂ ਕਰ ਲਵੋ ਕੋਈ ਹੋਰ ਵਣਜ ਧੰਦਾ ਤੁਸੀਂ ਕੀ ਨਹੀਂ ਕਰ ਸਕਦੇ ਤੁਸੀਂ ਜਿਹੜੀ ਵੀ ਹੱਟੀ ’ਤੇ ਬਹੋਗੇ ਚੰਗੀ ਵਿਕਰੀ ਕਰੋਗੇ ਤੁਹਾਡੇ ਕੋਲ ਹਰ ਸਫ਼ਲਤਾ ਦੀ ਰਾਹਦਾਰੀ ਹੈ ਅਹੁਦੇ ਤੇ ਰੁਤਬੇ ਦੀ ਸਰਦਾਰੀ ਹੈ ਫ਼ਿਲਹਾਲ ਕਵਿਤਾ ਨੂੰ ਹੱਟੀ ਨਾ ਬਣਾਓ ਕਵਿਤਾ ਨੂੰ ਕਵਿਤਾ ਹੀ ਰਹਿਣ ਦਿਓ ਕਵਿਤਾ ਨੂੰ ਆਪਣੀ ਅਣਕਹੀ ਵੀ ਕਹਿਣ ਦਿਓ ਹੋਰ ਭਲਾ ਕੀ ਕਹਿ ਸਕਦਾ ਹਾਂ ਕਵੀਆਂ ਨੂੰ ਬਸ ਮੇਰੀ ਇਹੋ ਅਰਜੋਈ ਏ

ਮਰ ਗਏ ਉਹ

(ਅਜ਼ੀਮ ਸ਼ਹਾਦਤਾਂ ਦੇ ਨਾਮ) ਉਨ੍ਹਾਂ ਲਈ ਮਰ ਗਏ ਉਹ ਜਿਨ੍ਹਾਂ ਨੇ ਮਰ ਗਿਆਂ ਦੇ ਮਰਨ ਦੀ ਵੀ ਲਾਜ ਨਹੀਂ ਰੱਖੀ ਉਹ ਜਿਨ੍ਹਾਂ ਨੇ ਮਰ ਕੇ ਵੀ ਉਨ੍ਹਾਂ ਦੇ ਜੀਣ ਦੀ ਨੁਹਾਰ ਬਦਲ ਦਿੱਤੀ ਉਨ੍ਹਾਂ ਦੀ ਨਮੋਸ਼ੀ ਨੂੰ ਕਿਲਕਾਰੀ ਬਣਾ ਦਿੱਤਾ ਹੁਣ ਉਹ ਕੇਵਲ ਜਨਮ-ਸਦੀਆਂ ’ਤੇ ਹੀ ਆਉਂਦੇ ਨੇ ਯਾਦ ਉਨ੍ਹਾਂ ਦੇ ਬੁੱਤਾਂ ਦੇ ਪਰਛਾਵੇਂ ’ਚ ਖਲੋ ਕੇ ਭਾਸ਼ਣ ਕਰਦੀ ਏ ਛਲੇਡਿਆਂ ਦੀ ਭੀੜ ਉਨ੍ਹਾਂ ਦੇ ਮਰਨ ਨੂੰ “ਅਮਰ” ਕਹਿ ਕੇ ਆਪਣੇ ਘਰਾਂ ਨੂੰ ਪਰਤ ਜਾਂਦਾ ਏ ਘਸਮੈਲੀਆਂ ਦੇਹਾਂ ਦਾ ਹਜੂਮ ਉਹ ਮਰ ਗਏ ਸਨ ਇਸ ਲਈ ਕਿ ਬੀਤ ਜਾਣ ਨਿੱਤ ਨਵੀਂ ਜ਼ਿੱਲਤ ਦੇ ਮੌਸਮ ਬਚੀ ਰਹੇ ਪੁਰਖਿਆਂ ਦੇ ਸ਼ਮ੍ਹਲਿਆਂ ਦੀ ਆਬਰੂ ਕਿਰਤ ਦੇ ਮੱਥੇ ਤੇ ਤਿਲਕ ਸਜਦਾ ਰਹੇ ਧੁਆਂਖੀਆਂ ਰੁੱਤਾਂ ਦੇ ਦਰਾਂ 'ਤੇ ਦਸਤਕਾਂ ਦੇਵੇ ਜੀਣ ਦੀਆਂ ਉਮੰਗਾਂ ’ਚ ਰੱਤੇ ਮੋਰ-ਪੰਖੀ ਖ਼ਾਬਾਂ ਦੀ ਕਤਾਰ ਆਉਣ ਮੌਸਮ ਸੁਜਾਖੇ ਪਰਤ ਆਵੇ ਮਨ-ਰੱਤੀਆਂ ਸੋਚਾਂ ਦੀ ਬਹਾਰ ਉਹ ਮਰ ਗਏ ਸਨ ਇਸ ਲਈ ਕਿ ਦੇਸੀ ਤੇ ਪਰਦੇਸੀ ਜਰਵਾਣੇ ਸਾਡੀ ਮਿੱਟੀ ਨੂੰ ਪਲੀਤ ਨਾ ਕਰਦੇ ਰਹਿਣ ਅਸੀਂ ਆਪਣੀਆਂ ਨੀਂਦਾਂ 'ਚ ਸੁਨੱਖੇ ਸੁਪਨਿਆਂ ਦੀ ਲਟਕਦੀ ਝਾਲਰ ਸਣੇ ਸੁੱਤੇ ਹੀ ਨਾ ਰਹਿ ਜਾਈਏ ਉਹ ਆਪਣੀਆਂ ਉਮਰਾਂ ਦੇ ਸੂਰਜ ਸਾਡੀਆਂ ਸਰਘੀਆਂ ਦੇ ਨਾਮ ਲਿਖ ਗਏ ਉਹ ਮਰ ਗਏ ਕਿ ਬਚੇ ਰਹਿ ਜਾਣ ਸਾਡੇ ਜੀਣ ਦੇ ਸਬੱਬ ਆਪਣੇ ਹੀ ਲਹੂ ਵਿਚ ਨਾ ਰਹਿ ਜਾਈਏ ਨਹਾਉਂਦੇ ਤੇ ਆਪਣਿਆ ਦੀਆਂ ਹੀ ਲਾਸ਼ਾਂ ਦੇ ਵਿਛਾ ਕੇ ਸ਼ਤੀਰ ਦਰਿੰਦੀਆਂ ਧਾੜਾਂ ਲਈ ਨਿੱਤ ਨਵੇਂ ਪੁਲ ਨਾ ਉਸਾਰਦੇ ਰਹੀਏ ਜਿਨ੍ਹਾਂ ਤੋਂ ਲੰਘ ਕੇ ਹੀ ਉਹ ਆਉਂਦੇ ਨੇ ਸਾਡੇ ਖੇਤਾਂ, ਘਰਾਂ ਤੇ ਸਾਡੀਆਂ ਅਸਮਤਾਂ ਨੂੰ ਲੀਰੋ ਲੀਰ ਕਰਦੇ ਤੇ ਸਾਨੂੰ ਅਣਕੀਤੇ ਗੁਨਾਹਾਂ ਦੀ ਸਜ਼ਾ ਦੇ ਜਾਂਦੇ ਨੇ ਉਹ ਮਰ ਗਏ ਕਿ ਅਸੀਂ ਉਨ੍ਹਾਂ ਦੇ ਅਣਬੋਲੇ ਰਹਿ ਗਏ ਬੋਲਾਂ ਨੂੰ ਮਹਾਨਾਦ ਬਣਾਵਾਂਗੇ ਉਨ੍ਹਾਂ ਦੇ ਅਣਕੀਤੇ ਸਫ਼ਰ ਨੂੰ ਲੰਮੀ ਯਾਤਰਾ ਵਿਚ ਬਦਲ ਦੇਵਾਂਗੇ ਉਨ੍ਹਾਂ ਦੇ ਸੁਪਨਿਆਂ ਵਿਚ ਸੈਆਂ ਰੰਗ ਭਰਾਂਗੇ ਪਰ ਅਸੀਂ ਤਾਂ ਆਪਣੀਆਂ ਹੀ ਦੇਹਾਂ ਦੇ 'ਨੇਰਿਆਂ ਵਿਚ ਚਿਣੇ ਗਏ ਗੁੰਗੀਆਂ ਇਬਾਰਤਾਂ ਪੜ੍ਹਦੇ ਤੇ ਲਿਖਦੇ ਰਹੇ ਅਸੀਂ ਉਹ ਸਭ ਕੁਝ ਕੀਤਾ ਏ ਜੋ ਨਹੀਂ ਚਾਹਿਆ ਸੀ ਉਨ੍ਹਾਂ ਅਸਾਂ ਮਰ ਗਿਆਂ ਦੇ ਸੁਪਨਿਆਂ ਦਾ ਵਣਜ ਕੀਤਾ ਇਵਜ਼ਾਨੇ ਵਿਚ ਆਪਣੇ ਅੰਗੂਠੇ ਤੇ ਆਪਣੀ ਜ਼ਮੀਰ ਰੱਖਦੇ ਰਹੇ ਗਿਰਵੀ ਨਹੀਂ ਰੱਖਿਆ ਅਸਾਂ ਸਿਰਲੱਥ ਸੋਚਾਂ ਤੇ ਕਰਨੀਆਂ ਦਾ ਮਾਣ ਅਸਾਂ ਹਰ ਜਿਸਮ ਵਿਚ ਧਰ ਦਿੱਤਾ ਦੰਗਾ, ਫ਼ਸਾਦ ਤੇ ਵਿਸਫ਼ੋਟ ਅਸੀਂ ਕਾਤਲ ਦਾ ਆਪਣੇ ਸਿਰ ਸਣੇ ਸਨਮਾਨ ਕੀਤਾ ਤੇ ਇੱਛਧਾਰੀ ਨਾਗਾਂ ਦੇ ਦਰਬਾਰ ਵਿਚ ਨਿੱਤ ਹਾਜ਼ਰੀ ਦਿੱਤੀ ਅਸਾਂ ਉਹ ਸਭ ਕੁਝ ਕੀਤਾ ਏ ਜੋ ਨਹੀਂ ਚਾਹਿਆ ਤੇ ਸੋਚਿਆ ਸੀ ਉਨਾਂ ਕੀ ਤੇ ਕੌਣ ਹਾਂ ਅਸੀਂ ਏਹੋ ਹੀ ਕਹਿਣਗੇ ਅਸਾਨੂੰ ਆਉਣ ਵਾਲੇ ਸਮੇਂ ਅਸੀਂ ਉਹ ਹਾਂ ਜਿਨ੍ਹਾਂ ਨੇ ਮਰ ਗਿਆਂ ਦੇ ਮਰਨ ਦੀ ਵੀ ਲਾਜ ਨਹੀਂ ਰੱਖੀ ਮਰ ਗਿਆਂ ਦੀ ਮਿੱਟੀ ਨੂੰ ਸ਼ਰਧਾਂਜਲੀਆਂ ਤੇ ਰਾਖਵੇਂ ਦਿਨਾਂ ਵਿਚ ਬਦਲ ਦਿੱਤਾ ਏ ਅਸੀਂ ਪੁਰਖਿਆਂ ਦੀ ਅਣਖ ਦੇ ਸੱਚੇ ਵਾਰਿਸ ਨਹੀਂ ਹਾਂ

ਬਾਤ ਹੁੰਗਾਰੇ ਦੀ

ਬਿਰਖ ਹੁੰਦਿਆਂ ਮੇਰੇ ’ਚੋਂ ਛਾਂ ਅਲੋਪ ਹੋਈ ਜਿਵੇਂ ਅਗਨ 'ਚੋਂ ਸੇਕ ਲਹਿਰਾਂ 'ਚੋਂ ਤਰਲਤਾ ਰਾਗ 'ਚੋਂ ਸੁਰ ਅਲਾਪ ਸ਼ਬਦ ’ਚੋਂ ਅਰਥ ਦੀ ਊਰਜਾ ਨੀਂਦਾਂ ’ਚੋਂ ਖ਼ਾਬ ਜਜ਼ਬਿਆਂ 'ਚੋਂ ਸੰਵੇਦਨਾ ਕੁਝ ਕੁਝ ਇੰਜ ਹੀ ਵਾਪਰਿਆ ਮੇਰੇ ਵਜੂਦ ਨਾਲ ਮੇਰੇ ਪਰਾਂ 'ਚੋਂ ਪਰਵਾਜ਼ ਖੁਰ ਗਈ ਪੈਰਾਂ 'ਚੋਂ ਪੈਂਡੇ ਮੌਨ ਹੋਏ ਮੇਰੀ ਮਿੱਟੀ 'ਚ ਸੌਂ ਗਏ ਨਵੇਂ ਆਕਾਰ, ਘਾੜਤਾਂ ਨਵੀਆਂ ਸੌਂ ਗਈਆਂ ਹੱਥਾਂ 'ਚ ਦਸਤਕਾਂ ਮੇਰੇ ਵਜੂਦ ਵਿਚ ਕੀ ਕੁਝ ਬਚਿਆ ਏ ਮੇਰਾ ਤੇ ਕੀ ਕੀ ਨਹੀਂ ਕੀ ਕਹਾਂ ਨਹੀਂ ਹੋਇਆ ਇਹ ਸਭ ਕੁਝ ਅਚਾਨਕ ਚਾਣਚੱਕ ਜਲ ਦੀ ਬੂੰਦ ਵਿਚ ਹੀ ਲੁਪਤ ਹੁੰਦੇ ਨੇ ਜਿਵੇਂ ਸਮੁਹ ਪਾਣੀ ਮੇਰੇ ਵਿਚ ਹੀ ਕਿਤੇ ਅੰਬਰ ਦਾ ਆਕਾਰ ਹੱਸਦਾ ਸੀ ਪਰ ਇਸ ਪਲ ਮੈਂ ਇਹ ਕਿਹੋ ਜਹੇ ਤਾਂਡਵ ਦੇ ਰੂਬਰੂ ਹਾਂ ਕਾਇਨਾਤ ਸਾਰੀ ਜਿਵੇਂ ਹੈ ਵਾਵਰੋਲਾ ਹੋਈ ਸੋਚਾਂ ਵਿਚ ਵੀ ਹੋਇਆ ਬੰਜਰਾਂ ਦਾ ਬਸੇਰਾ ਤਣੇ ਹੋਏ ਨੇ ਸਿਰਾਂ ’ਤੇ ਰੇਤਲੇ ਮੌਸਮ ਵਿੰਹਦਿਆਂ ਹੀ ਵਿੰਹਦਿਆਂ ਅੱਖਾਂ 'ਚੋਂ ਪਾਣੀ ਮਰੇ ਰਿਸ਼ਤੇ ਵਣਜ ਵਿਚ ਤਬਦੀਲ ਹੋਏ ਦੋਸਤੀਆਂ ਨੇ ਦੰਭ ਦੇ ਵੇਸ ਪਾ ਲਏ ਉਂਜ ਤਾਂ ਹੋ ਹੀ ਰਿਹਾ ਏ ਸਭ ਕੁਝ ਆਮ ਜਿਹਾ ਪਰ ਬੜਾ ਕੁਝ ਗੈਰਹਾਜ਼ਰ ਹੈ ਬੜਾ ਕੁਝ ਹੈ ਲਾ-ਪਤਾ ਹੋਇਆ ਸਮਿਆਂ ਦੀ ਨਿਰਜਨ ਬਾਰਾਂਦਰੀ ’ਚ ਖਲੋਤਾ ਸੋਚਦਾ ਹਾਂ ਮੈਂ ਕਿਵੇਂ ਤਲਾਸ਼ ਕਰਾਂ ਮੈਂ ਆਪਣੀ ਖੰਡਤ ਪੂਰਨਤਾ ਨਹੀਂ ਲੋੜੀਦੀ ਮੈਨੂੰ ਬ੍ਰਹਿਮੰਡੀ ਚੇਤਨਾ ਮੈਂ ਆਪਣੀ ਇਕਾਈ ਦੇ ਅੰਬਰ 'ਚ ਉੱਡਣਾ ਲੋਚਦਾ ਹਾਂ ਮੇਰੇ ਪੈਰਾਂ 'ਚ ਸਫ਼ਰ ਦਾ ਹੁੰਗਾਰਾ ਜੀਵਤ ਹੈ ਅਜੇ ਮੈਂ ਓਸੇ ਹੀ ਹੁੰਗਾਰੇ ਦੀ ਬਾਤ ਪਾਉਣੀ ਹੈ...

ਅਸੀਂ ਅਜੇ ਮਸਰੂਫ਼ ਬਹੁਤ ਹਾਂ

ਇਸ ਪਲ ਦੰਭੀ, ਫਰੇਬੀ ਕਵੀਆਂ ਤੇ ਕਲਮਕਾਰਾਂ ਢਿੱਡੋਂ ਮੈਲੀਆਂ ਦੇਹਾਂ ਤੇ ਧੰਦੇਬਾਜ਼ ਸ਼ਬਦ ਜੀਵਾਂ ਦਾ ਚਰਚਾ ਨਾ ਹੀ ਕਰੀਏ ਤਾਂ ਚੰਗਾ ਏ ਕਵਿਤਾ ਦੀ ਦਿਨ ਬਦਿਨ ਨੀਲਾਮ ਹੋ ਰਹੀ ਅਸਮਤ ਦੀ ਗੱਲ ਵੀ ਨਾ ਕਰੀਏ ਨਰਿੰਦਰ ਮੋਦੀ ਤੇ ਬਾਲ ਠਾਕਰੇ ਨੇ ਸਾਡਾ ਨਾ ਕੀ ਵਿਗਾੜਿਆ ਏ ਕਾਮਰੇਡਾਂ ਦੀਆਂ ਕਲਾਬਾਜ਼ੀਆਂ ਤੋਂ ਅਸਾਂ ਕੀ ਲੈਣਾ ਪਰਮਾਣੂ ਸੰਧੀ ਜਾਂ ਵਿਸ਼ਵ ਵਪਾਰ ਸਮਝੌਤੇ ਬਾਰੇ ਅਸੀਂ ਕਿਉਂ ਸੋਚੀਏ ਕੋਈ ਵੀ ਬੰਬ ਸਾਡੇ ਇਕੱਲੇ 'ਤੇ ਨਹੀਂ ਡਿੱਗਣਾ ਤੇ ਗ਼ਰੀਬ ਨੂੰ ਭੁੱਖੇ ਮਰਨੋਂ ਕੌਣ ਰੋਕ ਸਕਦਾ ਏ ਕੁਰਬਲ ਕੁਰਬਲ ਕਰਦੀ ਜ਼ਿੰਦਗੀ ਬਾਰੇ ਅਸੀਂ ਹੀ ਕਿਉਂ ਸੋਚੀਏ ਅਸੀਂ ਤਾਂ ਅਜੇ ਕਿਤਾਬਾਂ 'ਚੋਂ ਚੁਰਾਈ ਹੋਈ ਗਲੋਬਲ ਚੇਤਨਾ ਬਾਰੇ ਹੀ ਫ਼ਿਕਰਮੰਦ ਹਾਂ ਜਾਂ ਕਿਸੇ ਯੂਨੀਵਰਸਿਟੀ, ਕਾਲਜ ਦੇ ਸੈਮੀਨਾਰ ਵਿਚ ਆਪਣੀ ਬੁੱਧੀਜੀਵਤਾ ਦੀ ਚਾਬੀ ਨਾਲ ਅੱਲ੍ਹੜ ਸਰੋਤਿਆਂ ਦੀ ਤਾਲਾਬੰਦ ਸੋਚ ਨੂੰ ਖੋਲ੍ਹਣ ਲਈ ਆਪਣਾ ਕੁੰਜੀਵਤ ਭਾਸ਼ਣ ਦੇਣ ਦੀ ਤਿਆਰੀ 'ਚ ਹਾਂ ਅਸੀਂ ਤਾਂ ਅਜੇ ਉਭਰਦੇ ਕਵੀਆਂ/ਕਵਿੱਤਰੀਆਂ ਲਈ ਚੋਗ ਵੀ ਖਿਲਾਰਨੀ ਹੈ ਕਿਸੇ ਨਵੇਂ ਜੁਗਾੜ ਤੇ ਗੰਢ ਤੁਪ ਵਿਚ ਮਸਰੂਫ਼ ਹਾਂ ਅਸੀਂ ਫਿਲਹਾਲ ਤੁਸੀਂ ਜੇ ਵਾਪਰ ਰਹੇ ਸਭ ਕੁਝ ਦੇ ਬਾਰੇ ਕੁਝ ਲਿਖਣਾ ਹੀ ਚਾਹੁੰਦੇ ਓ ਤਾਂ ਲਿਖ ਲਵੋ ਅਸੀਂ ਤਾਂ ਅਜੇ ਸ਼ਬਦਾਂ ਦੀ ਜੁਗਾਲੀ ਕਰ ਰਹੇ ਹਾਂ ਤੁਸੀਂ ਪਾਓੜੀ ਬਣਨਾ ਸਿਖਦੇ ਰਹੋ, ਸਿਖਾਉਂਦੇ ਰਹੋ ਅਸਾਨੂੰ ਤਾਂ ਪਾਓੜੀ ਚੜ੍ਹਨ ਦੀ ਹੀ ਜਾਚ ਹੈ ਸਾਡੇ ਅਹੁਦੇ ਤੇ ਰੁਤਬੇ ਦਾ ਕੁਝ ਤਾਂ ਖ਼ਿਆਲ ਕਰੋ ਸਾਡਾ ਕੀਤਾ ਹੋਇਆ ਕਈ ਕੁਝ ਤਾਂ ਸਾਡੇ ਅਹੁਦੇ ਤੇ ਰੁਤਬੇ ਨੇ ਹੀ ਕਰਨਾ ਹੈ ਐਥੋਂ ਚੁੱਕ ਕੇ ਓਥੇ ਹੀ ਧਰਨਾ ਹੈ ਤੁਸੀਂ ਬੇਸ਼ਕ ਸ਼ਬਦ ਦੀ ਸੁੱਚਤਾ ਹੰਢਾਓ ਸਾਨੂੰ ਇਸ ਦੀ ਸੱਤਾ ਦੀ ਖੇਡ ਹੀ ਖੇਡਣ ਦਿਓ ਖੰਭਾਂ ਵਾਲੇ ਘੋੜਿਆਂ ਦੇ ਅਸਵਾਰ ਅਸੀਂ ਨਿੱਤ ਵਾਹੁੰਦੇ ਹਾਂ ਸ਼ਬਦਾਂ ਦੀ ਤਲਵਾਰ ਅਸੀਂ ਜਾਗਦਿਆਂ ਹੋਇਆਂ ਨੂੰ ਅਸੀਂ ਸਵਾਉਂਦੇ ਹਾਂ ਸੁੱਤਿਆਂ ਨੂੰ ਜਾਗਣ ਦੀ ਰੀਤ ਭੁਲਾਉਂਦੇ ਹਾਂ ਅਸੀਂ ਤਾਂ ਹਾਂ ਚਿੰਤਕ ਸਾਨੂੰ ਆਪਣੀ ਚਿੰਤਾ ਵਿਚ ਹੀ ਰਹਿਣ ਦਿਓ ਜਿਸ ਕਿਸੇ ਨੇ ਜੋ ਕੁਝ ਵੀ ਕਹਿਣਾ ਹੈ ਕਹਿਣ ਦਿਓ ਅਸੀਂ ਅਜੇ ਮਸਰੂਫ਼ ਬਹੁਤ ਹਾਂ...

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰਮਿੰਦਰਜੀਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ