ਮੇਲਾ ਰਾਮ ਤਾਇਰ (2 ਜਨਵਰੀ, 1901 ਈ. ਤੋਂ 5 ਮਈ, 1976 ਈ.) ਦਾ ਜਨਮ ਮਾਤਾ ਮਲਾਵੀ ਦੇਵੀ ਤੇ ਪਿਤਾ ਦੌਲਤ ਰਾਮ ਦੇ ਘਰ ਬਟਾਲਾ ਵਿਖੇ ਹੋਇਆ। ਉਹਦਾ ਵਿਆਹ ਨਦੋਨ (ਹਿਮਾਚਲ ਪ੍ਰਦੇਸ਼) ਦੀ ਸ਼ੀਲਾ ਰਾਣੀ
ਨਾਲ ਹੋਇਆ। ਸ਼ੀਲਾ ਰਾਣੀ ਆਪ ਤੇ ਉਸ ਦਾ ਭਰਾ ਕਿਸ਼ਨ ਚੰਦ ਵੀ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਸਨ। ਇਹ ਵੀ ਗੱਲ ਪ੍ਰਚਲਿਤ ਹੈ ਕਿ ਸ਼ੀਲਾ ਰਾਣੀ ਮੇਲਾ ਰਾਮ ਤਾਇਰ ਨੂੰ ਲਾਹੌਰ ਜੇਲ੍ਹ ਵਿਚ ਹੀ ਮਿਲੀ ਸੀ।
ਮੇਲਾ ਰਾਮ ਤਾਇਰ, ਸ਼ੀਲਾ ਰਾਣੀ ਤੇ ਕਿਸ਼ਨ ਚੰਦ ਨੂੰ ‘ਤਾਮਰ ਪੱਤਰਾਂ' ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਮੇਲਾ ਰਾਮ ਤਾਇਰ ਤੇ ਉਸ ਦੀ ਪਤਨੀ ਸ਼ੀਲਾ ਰਾਣੀ ਸਵਤੰਤਰਤਾ ਸੰਗਰਾਮੀ ਸਨ। ਮੇਲਾ ਰਾਮ ਤਾਇਰ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ ਤਾਂ ਅਖ਼ਬਾਰਾਂ ਵਿਚ ਪ੍ਰਾਪਤ ਹੁੰਦੀਆਂ ਹਨ, ਪਰ ਅੱਜ ਤੀਕ ਕੋਈ ਵਿਸਤ੍ਰਿਤ ਦਸਤਾਵੇਜ਼ ਉਹਨਾਂ ਦੇ ਜੀਵਨ ਅਤੇ ਸਾਹਿਤ ਸੰਬੰਧੀ ਪ੍ਰਾਪਤ ਨਹੀਂ ਹੁੰਦਾ। 1947 ਦੀ ਦੇਸ਼ ਵੰਡ ਤੋਂ ਬਾਅਦ ਉਹ ਬਟਾਲਾ ਤਹਿਸੀਲ ਦੇ ਸਬ- ਰਜਿਸਟਰਾਰ ਵੀ ਰਹੇ। ਪੰਜਾਬ ਕਾਂਗਰਸ ਦੇ ਗੁਰਦਾਸਪੁਰ ਦੇ ਜਨਰਲ ਸਕੱਤਰ ਵੀ ਰਹੇ ਤੇ 1969 ਵਿਚ ਗਿਆਨੀ ਜ਼ੈਲ ਸਿੰਘ ਹੁਰਾਂ ਨੇ ਉਹਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਉਹ ਸਵਤੰਤਰਤਾ ਸੰਗਰਾਮੀਆਂ ਦੇ ਪ੍ਰਧਾਨ ਵੀ ਰਹੇ। 13 ਅਪ੍ਰੈਲ, 1919 'ਚ ਹੋਏ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਸਮੇਂ ਮੇਲਾ ਰਾਮ ਤਾਇਰ ਵੀ ਉਥੇ ਸੀ ਤੇ ਉਹਨਾਂ ਨੂੰ ਗੋਲੀਆਂ ਦੇ ਸ਼ਰਲੇ ਵੀ ਲੱਗੇ। ਮੇਲਾ ਰਾਮ ਤਾਇਰ 23 ਮਾਰਚ ਨੂੰ ਭਗਤ ਸਿੰਘ ਦੀ ਯਾਦ ਵਿਚ ਤਾ-ਉਮਰ ਕਵੀ ਦਰਬਾਰ ਵੀ ਕਰਵਾਉਂਦੇ ਰਹੇ। ਮੇਲਾ ਰਾਮ ਤਾਇਰ ਤੇ ਉਸ ਦੀ ਪਤਨੀ ਨੇ ਆਪਣੀ ਸਵਤੰਤਰਤਾ ਸਰਗਰਮੀਆਂ ਦੀ ਪੈਨਸ਼ਨ ਲੈਣ ਤੋਂ ਵੀ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਅਸੀਂ ਦੇਸ਼ ਦੀ ਸੇਵਾ ਪੈਸਿਆਂ ਲਈ ਨਹੀਂ ਸੀ ਕੀਤੀ। ਕ੍ਰਿਸ਼ਨ ਕੁਮਾਰ ਰਾਂਝਾ ਦੱਸਦਾ ਹੈ ਕਿ ਮੇਲਾ ਰਾਮ ਫ਼ਕੀਰ ਫ਼ਿਤਰਤ ਦਾ ਇਨਸਾਨ ਸੀ। ਉਸ ਦੇ ਘਰ ਆਉਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਸੀ। ਵੱਡੇ-ਵੱਡੇ ਲੇਖਕ ਤੇ ਕਾਂਗਰਸੀ ਨੇਤਾ ਉਹਨਾਂ ਘਰ ਆਮ ਆਉਂਦੇ ਸਨ। ਪ੍ਰਤਾਪ ਸਿੰਘ ਕੈਰੋਂ ਹੁਰਾਂ ਮੇਲਾ ਰਾਮ ਤਾਇਰ ਦੀ ਪਤਨੀ ਸ਼ੀਲਾ ਰਾਣੀ ਨੂੰ ਭੈਣ ਬਣਾਇਆ ਸੀ।
ਮੇਲਾ ਰਾਮ ਤਾਇਰ ਹੁਰਾਂ ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾ ਵਿਚ ਗੀਤ, ਗ਼ਜ਼ਲ, ਰੁਬਾਈਆਂ ਅਤੇ ਕਵਿਤਾਵਾਂ ਰਚੀਆਂ ਹਨ। ਉਹਨਾਂ ਦੀ ਰਚਨਾ ਕਈ ਰੰਗਾਂ ਨੂੰ ਸਾਂਭੀ ਬੈਠੀ ਹੈ। ਅਸਲ ਵਿਚ ਉਹ ਇਕ ਸਟੇਜੀ ਕਵੀ ਸਨ। ਉਹਨਾਂ ਦੀ ਆਤਮਾ ਦੇਸ਼ ਭਗਤੀ ਨਾਲ ਪ੍ਰਣਾਈ ਹੋਈ ਸੀ। ਉਹਨਾਂ ਨੂੰ ਅਜੇ ਵੀ ਪੰਜਾਬੀ ਸਾਹਿਤਕ ਜਗਤ ਵਿਚ ਉਹਨਾਂ ਦੀ ਇਕ ‘ਭਗਤ ਸਿੰਘ ਦੀ ਘੋੜੀ' ਤੀਕ ਹੀ ਜਾਣਿਆ ਜਾਂਦਾ ਸੀ। ਇਸ ਤੋਂ ਇਲਾਵਾ ਉਹਨਾਂ ਦੀ ਕੋਈ ਵੀ ਰਚਨਾ ਅਜੇ ਤੀਕ ਪ੍ਰਕਾਸ਼ਤ ਨਹੀਂ ਹੋਈ। ਉਹਨਾਂ ਨੇ ਬਹੁਤ ਕੁਝ ਲਿਖਿਆ ਹੈ। ਰਾਮ ਲੀਲ੍ਹਾ ਦੇ ਗੀਤ, ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਰਚਨਾਵਾਂ, ਭਜਨ, ਮਾਤਾ ਦੀਆਂ ਭੇਟਾਂ, ਦੇਸ਼ ਪ੍ਰੇਮ ਦੀਆਂ ਰਚਨਾਵਾਂ, ਮਨੁੱਖ ਤੇ ਸਮਾਜ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਰਚਨਾਵਾਂ। ਮੇਲਾ ਰਾਮ ਤਾਇਰ ਉਹਨਾਂ ਲੋਕਾਂ ਵਿੱਚੋਂ ਹੈ, ਜਿਨ੍ਹਾਂ ਨੇ ਦੇਸ਼ ਦੀ ਸਵਤੰਤਰਤਾ ਲਈ ਕੁਰਬਾਨੀਆਂ ਕੀਤੀਆਂ ਸਨ ਤੇ ਇਕ ਸਵਤੰਤਰ ਦੇਸ਼, ਖ਼ੁਸ਼ਹਾਲ ਸਮਾਜ ਦਾ ਸੁਪਨਾ ਲਿਆ ਸੀ, ਪਰ 1947 ਦੀ ਵੰਡ ਤੋਂ ਬਾਅਦ ਭ੍ਰਿਸ਼ਟ ਨੇਤਾਵਾਂ ਨੇ ਕੀ ਕੀਤਾ, ਇਹ ਸਾਰੀ ਗਾਥਾ ਤੇ ਹਾਲਾਤ ਮੇਲਾ ਰਾਮ ਤਾਇਰ ਦੀਆਂ ਰਚਨਾਵਾਂ ਬਿਆਨ ਕਰਦੀਆਂ ਹਨ। ਮੇਲਾ ਰਾਮ ਤਾਇਰ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਨੂੰ ਹੀ ਆਪਣੀਆਂ ਰਚਨਾਵਾਂ ਵਿਚ ਪੇਸ਼ ਕੀਤਾ ਹੈ। ਉਸ ਦੀਆਂ ਰਚਨਾਵਾਂ ਖ਼ਾਸ ਕਰ ਗ਼ਜ਼ਲਾਂ ਉਸ ਦੀ ਨਿਪੁੰਨਤਾ ਦਾ ਸਾਬੂਤ ਹਨ। ਹਾਂ, ਜੇ ਕਿਧਰੇ ਵਜ਼ਨ ਬਹਿਰ ਦੀ ਕਮੀ ਹੈ ਤਾਂ ਉਹ ਬਹੁਤ ਘੱਟ ਹੈ। ਮੇਲਾ ਰਾਮ ਤਾਇਰ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਉਰਦੂ ਦਾ ਮਾਹਿਰ ਸੀ। ਇਸੇ ਕਰਕੇ ਉਹਨਾਂ ਦੀਆਂ ਪੰਜਾਬੀ ਦੀਆਂ ਰਚਨਾਵਾਂ ਵਿਚ ਉਰਦੂ/ਫ਼ਾਰਸੀ ਦੇ ਸ਼ਬਦ ਵੀ ਆਮ ਹੀ ਮਿਲਦੇ ਹਨ। ਉਹਨਾਂ ਦੀ ਭਾਸ਼ਾ ਤੇ ਮੁਹਾਵਰਾ ਸਰੋਤਾਮੁਖੀ ਸੰਬੋਧਨੀ ਸ਼ੈਲੀ ਵਿਚ ਹੈ ਤੇ ਉਹ ਸਿੱਧਾ ਪਾਠਕ/ਸਰੋਤੇ ਨੂੰ ਮੁਖ਼ਾਤਿਬ ਹੁੰਦਾ ਹੈ।-ਡਾ. ਨਰੇਸ਼ ਕੁਮਾਰ