Punjabi Rubaian : Mela Ram Tair/Tayyar

ਪੰਜਾਬੀ ਰੁਬਾਈਆਂ : ਮੇਲਾ ਰਾਮ ਤਾਇਰ


1. ਬਰਖਾ ਦੇ ਬਿਨ ਕਦੇ ਨਹੀਂ ਹੋਏ, ਰਕੜ ਬੰਜਰ ਗਿੱਲੇ। ਬਿਨਾਂ ਮੁਰੀਦਾਂ ਕਦੇ ਨਹੀਂ ਵੱਸੇ, ਗੁਰ ਪੀਰਾਂ ਦੇ ਟਿੱਲੇ। ਬਿਨਾਂ ਭੁਚਾਲੋਂ ਧਰਤੀ ਦੇ ਤੁੜ, ਅੱਜ ਤਕ ਕਦੇ ਨਹੀਂ ਹਿੱਲੇ। ਰੋਕਿਆ ਤੀਰ ਕਦੇ ਨਹੀਂ ਰੁਕਦਾ, ਜੇ ਚੜ੍ਹ ਜਾਂਦਾ ਚਿੱਲੇ। ਫ਼ੌਜੀ ਕੋਈ ਸੁਸਤ ਨਹੀਂ ਹੁੰਦਾ, ਬਾਗ਼ੀ ਹੋਣ ਨਾ ਢਿੱਲੇ। ਇਨਕਲਾਬ ਸ਼ਾਹਾਂ ਦੇ ਭੱਨੇ, ਦੀਵੇ ਪਿੱਲੇ ਪਿੱਲੇ। 2. ਬਿਨਾਂ ਮਾਲੀਉਂ ਕਦੇ ਨਹੀਂ ਬਣਦੇ, ਜੰਗਲਾਂ ਦੀ ਥਾਂ ਬਾਗ਼। ਲੱਖਾਂ ਪੁੰਨਾਂ ਨਾਲ ਨਹੀਂ ਲੱਥਦੇ, ਪਾਪਾਂ ਦੇ ਦਾਗ਼। ਇਲਮ ਹੁਨਰ ਬਿਨ ਕਦੇ ਨਹੀਂ ਬਣਦੇ, ਕਾਬਲ ਜਹੇ ਦਿਮਾਗ਼। ਕਦੇ ਕਿਸੇ ਦੇ ਕੰਮ ਨਹੀਂ ਆਏ, ਟੁੱਟੇ ਹੋਏ ਔਜ਼ਾਰ। ਸੁਰ ਤਾਲ ਤੇ ਸਾਜ਼ ਬਿਨਾਂ ਏ, ਗਾਇਆ ਜਾਏ ਨਾ ਰਾਗ। ਹੰਸਾਂ ਦੀ ਮਜਲਿਸ ਵਿਚ ‘ਤਾਇਰ’, ਕਦੇ ਨਹੀਂ ਆਉਂਦੇ ਕਾਗ। 3. ਕਦੇ ਮਲਾਹ ਨਾ ਆਪਣੀ ਬੇੜੀ, ਆਪਣੇ ਆਪ ਡੁਬੋਏ। ਪਾਪਾਂ ਦੀ ਬੇਚੈਨ ਜ਼ਿੰਦਗੀ, ਪੁੰਨ ਕਦੇ ਨਾ ਹੋਏ। ਉਥੇ ਕਣਕ ਕਦੀ ਨਹੀਂ ਉਗਦੀ, ਜਿਥੇ ਬੀਜੋ ਸੋਏ। ਸੁਖ ਦਾ ਸਾਹ ਕਦੇ ਨਹੀਂ ਆਇਆ, ਕਰਜ਼ ਜੇ ਦੇਣਾ ਹੋਏ। ਉਸ ਨੂੰ ਕਾਹਦੀ ਲੋਕ ਲਜਿਆ, ਸੜਕ ਉੱਤੇ ਜੋ ਸੋਏ। ਬਿਨਾਂ ਕਫ਼ਨ ਦੇ ਜੋ ਮਰ ਜਾਏ, ਉਸ ਨੂੰ ਕੋਈ ਨਾ ਰੋਏ। 4. ਕੰਤ ਬਿਨਾਂ ਪਤਨੀ ਦਾ ਜੀਵਨ, ਜਿਉਂ ਭੱਠੀ ਦੀ ਅੱਗ। ਲਾਹੇ ਨੱਥ ਤੇ ਮਾਂਗ ਉਤਾਰੇ, ਟੁੱਟੇ ਜਦੋਂ ਸੁਹਾਗ। ਸੁਣਿਆ ਜਾਂਦਾ ਦੁਨੀਆਂ ਉੱਤੇ, ਚੰਗਾ ਬੜਾ ਤਿਆਗ। ਮਰੇ ਪੁਰਸ਼ ਦੀ ਨਾਰੀ ਜੇਕਰ, ਸਮਝੋ ਸੜ ਗਏ ਭਾਗ। ਵਿਛੜਿਆ ਸਾਥੀ ਕਦੇ ਨਹੀਂ ਮਿਲਦਾ, ਲਾ ਕੇ ਜਾਏ ਵੈਰਾਗ। ਸੁਤਿਆਂ ਬੀਤ ਗਈ ਜ਼ਿੰਦਗਾਨੀ, ਕੀ ਕਰੂੰ ਹੁਣ ਜਾਗ। 5. ਬਿਨਾਂ ਤਪੱਸਿਆ ਕਦੇ ਨਹੀਂ ਬਣਦੇ, ਜੋਗੀ ਗੁਰੂ ਫ਼ਕੀਰ। ਬਿਨਾਂ ਇਰਾਦੇ ਕੋਈ ਧਾਂਤ ਵੀ, ਬਣਦੀ ਨਹੀਂ ਅਕਸੀਰ। ਕਰਮ ਯੋਗ ਬਿਨ ਕਦੇ ਨਹੀਂ ਬਣਦੇ, ਰਾਜਾ ਅਤੇ ਵਜ਼ੀਰ। ਕਦੇ ਵੀ ਅੱਜ ਤੱਕ ਚੱਲ ਨਹੀਂ ਸਕਿਆ, ਬਿਨਾਂ ਕਮਾਨੋਂ ਤੀਰ। ਬਿਨਾਂ ਭਜਨ ਦੇ ਦਾਨ ਕਦੇ ਨਾ, ਆਵੇ ਮਨ ਨੂੰ ਧੀਰ। ਲਿਤਾ ਦਿੱਤਾ ਖੱਟਿਆ ਖਾਧਾ, ਲੇਖਾ ਹੋਵੇ ਅਖ਼ੀਰ। 6. ਚੁੱਪ ਚਾਪ ਸੇਵਾ ਕਿੰਨੀ ਕਰਦੇ, ਖੂਹ ਤਲਾਬ ਤੇ ਛਾਇਆ। ਹਵਾ ਅੱਗ ਆਕਾਸ਼ ਤੇ ਮਿੱਟੀ, ਕਿਨਾਂ ਯੋਗ ਰਚਾਇਆ। ਭੁੱਲ ਭੁਲੇਖੇ ਪਾਸ ਜੇ ਆ ਗਈ, ਤੇਰੇ ਦੌਲਤ ਮਾਇਆ। ਤੂੰ ਬਣਾ ਕੇ ਕੋਈ ਸ਼ਿਵਾਲਾ, ਆਪਣਾ ਨਾਮ ਲਿਖਾਇਆ। ਮੁੱਕਣ ਲੱਗੇ ਸਵਾਸ ਜੋ ਤੇਰੇ, ਭੱਜਣ ਲੱਗਣ ਕਾਇਆ। ਤਾਂ ਫਿਰ ਚੇਤਾ ਆਇਆ ‘ਤਾਇਰ’, ਵਿਰਥਾ ਜਨਮ ਗਵਾਇਆ। 7. ਚੁੱਪ-ਚੁੱਪੀਤੇ ਸਾਗਰ ਵੇਖੋ, ਨਦੀਆਂ ਸ਼ੋਰ ਮਹਾਨ। ਜੁਗਾਂ ਜੁਗਾਂ ਤੋਂ ਚੁੱਪ-ਚਪੀਤੇ, ਪਰਬਤ ਖੜੇ ਮਹਾਨ। ਚੁੱਪ ਚੁੱਪ ਜੰਗਲ ਬੇਲੇ ਹੁੰਦੇ, ਚੁੱਪ ਚੁੱਪ ਹਰੇ ਮੈਦਾਨ। ਲੱਖ ਲੱਖ ਨੇਹਮਤ ਚੁੱਪ ਚਪੀਤੇ, ਦੇਂਦਾ ਹੈ ਅਸਮਾਨ। ਚੁੱਪ ਨੇਕੀਆਂ ਵੰਡਦਾ ਇਥੇ, ਦਯਾ ਧਰਮ ਈਮਾਨ। ਦਰਿਸ਼ਟੀ ਨਾਲ ਏ ਸਾਰੀ ਸ੍ਰਿਸ਼ਟੀ, ਰਚਦਾ ਹੈ ਭਗਵਾਨ। 8. ਚੁੱਪ ਕੀਤੇ ਤਾਲਾਬ ਤੇ ਖੂਹ, ਸਭ ਦੀ ਪਿਆਸ ਬੁਝਾਨ। ਚੁੱਪ ਚਪੀਤੇ ਬਾਗ਼ ਬਗ਼ੀਚੇ, ਫੁੱਲਾਂ ਭਰੇ ਦਲਾਨ। ਚੁੱਪ ਚਪੀਤੇ ਮੰਦਰ ਗਿਰਜੇ, ਲੱਖਾਂ ਖੜੇ ਮਕਾਨ। ਚੁੱਪ ਚਪੀਤੇ ਸਵਾਸ ਜਿਸਮ ਵਿਚ, ਆਪੇ ਚਲਦੇ ਜਾਣ। ਚੁੱਪ ਚਪੀਤੇ ਮੁਰਦੇ ਖਾਣੇ, ਜਲਦੇ ਨੇ ਸ਼ਮਸ਼ਾਨ। ਜ਼ਰਾ ਕਿਸੇ ਦਾ ਦਰਦ ਵੰਡਾ ਕੇ, ਫੁੱਲ ਜਾਂਦਾ ਇਨਸਾਨ। 9. ਚੁੱਪ ਚਪੀਤੇ ਕਰਦੀ ਜਾਂਦੀ ਏਹ, ਕੁਦਰਤ ਕੁਛ ਮੇਲ। ਆਸਮਾਨ ਤੋਂ ਚੁੱਪ ਚਪੀਤੇ, ਡਿਗਰੀ ਰਹੇ ਤਰੇਲ । ਚੁੱਪ ਦੀਪਕ ਤੇ ਚੁੱਪ ਪਤੰਗਾ, ਜਾਏ ਜਾਨ ਤੋਂ ਖੇਲ। ਚੁੱਪ ਚਾਂਦਨੀ ਫੁੱਲ ਖਿਲਾਏ, ਚੁੱਪ ਚੁੱਪ ਵੱਧ ਜਾਏ ਵੇਲ। ਜੁਗਨੂੰ ਚੰਦ ਸਿਤਾਰੇ, ਕੈਸੇ ਤੇਰੇ ਖੇਲ। ਨਿਤ ਕਰਮ ਬਿਨਾ ‘ਤਾਇਰ', ਜੀਵਨ ਜਨਮ ਜਨਮ ਦੀ ਜੇਲ੍ਹ। 10. ਚੁੱਪ ਚਪੀਤੇ ਏਹ ਮੋਹ ਮਾਇਆ, ਸਭ ਸੰਸਾਰ ਵਸਾਏ। ਮੋਹ ਦਾ ਮਾਰਿਆ ਉਸ ਦਾ ਕਤਰਾ, ਉਤਰ ਅਸਮਾਨੋਂ ਆਏ। ਮੋਹ ਦਾ ਬੱਧਾ ਦੀਪਕ ਕੋਈ, ਅਪਣਾ ਆਪ ਜਲਾਏ। ਮੋਹ ਦਾ ਬੱਧਾ ਕੋਈ ਪਤੰਗਾ, ਚੁੱਪ ਚਾਪ ਪੰਖ ਜਲਾਏ। ਮੋਹ ਵੱਸ ਭੌਰਾ ਕਲੀ ਕਲੀ ਦਾ, ਰਸ ਚੂਸਦਾ ਜਾਏ। ਇਕ ਫੁੱਲ ਟੁੱਟੇ ਦੂਜਾ ਨਿਕਲੇ, ਮੋਹ ਮਾਇਆ ਦਿਖਲਾਏ। 11. ਪਾਗਲ ਜਿਹਾ ਪਪੀਹਾ ਕੋਈ, ਪੀ-ਪੀ ਦੀ ਰਟ ਲਾਏ। ਕਾਲੀ ਘਟਾ ਆਕਾਸ਼ ਦੇ ਉੱਤੇ, ਚੌਹ ਕੂੰਟਾਂ ’ਤੇ ਛਾਏ। ਬਦਲ ਗਰਜੇ ਬਿਜਲੀ ਲਿਸ਼ਕੇ, ਕੁਦਰਤ ਮੀਂਹ ਵਰਸਾਏ। ਨਦੀਆਂ ਨਾਲੇ ਛੱਪੜ ਟੋਏ, ਮੂੰਹ ਮੂੰਹ ਭਰਦੀ ਜਾਏ। ਬਦਲ ਬਰਸੇ ਤਰਸੇ ਪਾਗਲ, ਇਕ ਬੂੰਦ ਨਾ ਪਾਏ। ਪੀ-ਪੀ ਕਰਦਾ ਰਿਹਾ ਪਪੀਹਾ, ਮੋਹ ਵਿਚ ਜਾਨ ਗਵਾਏ। 12. ਚੁੱਪ ਚੁੱਪ ਆਏ ਰੁੱਤ ਬਸੰਤੀ, ਖਿਲਦੇ ਫੁੱਲ ਚੁਫੇਰੇ। ਅੋਸ ਦੀ ਰਾਣੀ ਫੁੱਲਾਂ ਦਾ ਮੂੰਹ, ਚੁੱਪ ਚੁੱਪ ਧੋਏ ਸਵੇਰੇ। ਆਸਾਂ ਭਰੀਆਂ ਆਉਣ ਹਵਾਵਾਂ, ਸਜਰੇ ਜਿਹੇ ਸਵੇਰੇ। ਕਿਰਨ ਸੂਰਜ ਦੀ ਜੀਵਨ ਅੰਮ੍ਰਿਤ, ਦੁਨੀਆਂ ਉੱਤੇ ਕੇਰੇ। ਵਾਲ ਸੁਨਹਿਰੀ ਜਿਵੇਂ ਕਾਮਨੀ, ਜੂੜਾ ਖੋਲ ਖਲੇਰੇ। ਚੁੱਪ ਚੁੱਪ ਕਵਿਤਾ ਕਿਰੇ ਦਿਮਾਗ਼ੋਂ, ਮੋਰ ਰੂਪ ਦਾ ਘੇਰੇ। 13. ਚੁੱਪ ਚੁੱਪੀਤੇ ਬੜੇ ਨਿਰਾਲੇ, ਮੋਹ ਦੇ ਅਜਬ ਤਰੀਕੇ। ਜਾ ਜਾਣੇ ਵਿਦਵਾਨ ਕੋਈ ਜਾਂ ਜਾਣੇ ਸ਼ਾਇਰ ਸਲੀਕੇ। ਮੋਹ ਦੀ ਮਾਰੀ ਵਿਚ ਪਤਾਲੇ, ਸਿਪੀ ਬੂੰਦ ਉਡੀਕੇ। ਬੱਦਲੋਂ ਡਿਗੇ ਸਾਗਰ ਚੀਰੇ, ਆਏ ਸਿੱਧੀ ਲੀਕੇ। ਮੋਹ ਦੇ ਭੱਜੇ ਚੁੱਪ ਚੁੱਪੀਤੇ, ਸਾਰੇ ਕਾਜ ਹਰੀ ਕੇ। ਮੋਹ ਵੱਸ ਚੱਲਦਾ ਰੱਥ ਸੂਰਜ ਦਾ, ਸਾਗਰ ਦਾ ਜਲ ਪੀ ਕੇ। 14. ਚੁੱਪ ਚੁੱਪ ਠਾਕੁਰ ਚੁੱਪ ਚੁੱਪ ਪੂਜਾ, ਚੁੱਪ ਚੁੱਪ ਸ਼ਰਧਾ ਕਰਦੀ। ਚੁੱਪ ਕੀਹ ਪੜ੍ਹਨ ਨਮਾਜ਼ਾਂ, ਖਲਕਤ ਸੱਜਦੇ ਕਰਦੀ। ਚੁੱਪ ਚੁੱਪ ਝੋਲੀ ਚੁੱਪ ਚੁੱਪ ਦਾਮਨ, ਕੁਦਰਤ ਜਾਏ ਭਰਦੀ। ਚੁੱਪ ਚਪੀਤੇ ਸਾਗਰ ਦੇ ਵਿਚ, ਚੁੱਪ ਚੁੱਪ ਬੇੜੀ ਤਰਦੀ। ਚੁੱਪ ਚੁੱਪ ਹੈ ਦਰਦ ਜਾਗਦਾ, ਚੁੱਪ ਚੁੱਪ ਵਧੇ ਬੇਦਰਦੀ । ਚੁੱਪ ਚੁੱਪ ‘ਤਾਇਰ’ ਭਜਨ ਬੰਦਗੀ, ਦੁੱਖ ਦਲਿਦਰ ਹਰਦੀ। 15. ਚੁੱਪ ਚੁੱਪ ਖੜ੍ਹਿਆਂ ਰੁੱਖਾਂ ਉੱਤੇ, ਪੰਛੀ ਸ਼ੋਰ ਮਚਾਨ। ਵਿੱਠੀ ਪਤ ਲਬੇੜਨ ਉਸ ਦੇ, ਫੁੱਲ ਉਸ ਦੇ ਖਾਣ। ਚੁੱਪ ਚੁੱਪ ਛਾਂ ਦੇ ਥੱਲੇ ਲੋਕੀਂ, ਆਪਣਾ ਵਕਤ ਬਿਤਾਣ। ਚੱਲਦੇ ਰਾਹੀ ਥੱਕੇ ਪਾਂਧੀ, ਕਰਦੇ ਨੇ ਗੁਜ਼ਰਾਣ। ਚੁੱਪ ਚੁੱਪ ਟਹਣੇ ਪੱਤਾਂ ਵਾਲੇ, ਕੱਟ ਲੈਂਦੇ ਇਨਸਾਨ। ਕਿੰਨੀ ਸੇਵਾ ਕਰਦੇ ‘ਤਾਇਰ’, ਚੁੱਪ ਚੁੱਪ ਰੁਖ ਮਹਾਨ। 16. ਚੁੱਪ ਚੁੱਪ ਮੱਥੇ ਉੱਤੇ ਲਿਖੀਆਂ ਹੋਈਆਂ ਕਈ ਲਕੀਰਾਂ। ਚੁੱਪ ਚੁੱਪ ਸੌਂ ਜਾਨ ਚੁੱਪ ਚੁੱਪ ਜਾਗਣ, ਇਨਸਾਨੀ ਤਕਦੀਰਾਂ। ਚੁੱਪ ਚੁੱਪ ਜੜ੍ਹੀਆਂ ਬੂਟੀਆਂ ਉਗਣ, ਬਣ ਜਾਵਣ ਅਕਸੀਰਾਂ। ਚੁੱਪ ਚੁੱਪ ਸੋਚਾਂ ਰਸਤੇ ਦਸਣ, ਫ਼ਿਰ ਕਰੇ ਤਦਬੀਰਾਂ। ਰਾਜ਼ਾਂ ਭਰੀਆਂ ਸ਼ੀਸ਼ੇ ਜੜ੍ਹੀਆਂ, ਚੁੱਪ ਚੁੱਪ ਕਈ ਤਸਵੀਰਾਂ। ਚੁੱਪ ਚੁੱਪ ਆਤਮ ਦਰਿਸ਼ਟੀ ਜਾਗੇ, ਤੋੜ ਦਏ ਜੰਜ਼ੀਰਾਂ। 17. ਚੁੱਪ ਚੁੱਪ ਹੱਥੇ ਚੁੱਪ ਚੁੱਪ ਮਾਲਾ, ਫੇਰਨ ਬਾਰਮ ਬਾਰ। ਪੇਟ ਦੀ ਪੂਜਾ ਕਰਨੇ ਖ਼ਾਤਰ, ਕੰਮ ਕਰੇ ਤੇ ਕਾਰ। ਚੁੱਪ ਚੁੱਪ ਦਾਨ ਕਰਨ ਹੱਥ ਦੋਵੇਂ, ਕਰਦੇ ਜਨਮ ਸੁਧਾਰ। ਚੁੱਪ ਚੁੱਪ ਚਪੂ ਚੁੱਪ ਚੁੱਪ ਬੇੜੀ, ਕਰ ਦੇਂਦੇ ਨੇ ਪਾਰ। ਦੇਸ਼ ਦੀ ਰਕਸ਼ਾ ਖ਼ਾਤਰ ਫੜਦੇ, ਚੁੱਪ ਚੁੱਪ ਜਦ ਤਲਵਾਰ। ਕੰਮ ਕਰਨ ਤੇ ਧਰਮ ਨਿਭਾਵਣ, ਦੁਸ਼ਮਣ ਦੇਂਦੇ ਮਾਰ। 18. ਚੁੱਪ ਚੁੱਪ ਅੱਖਾਂ ਵੇਖੀ ਜਾਵਣ, ਨਜ਼ਰਾਂ ਅਤੇ ਨਜ਼ਾਰੇ। ਸੂਰਜ ਤੋਂ ਪ੍ਰਕਾਸ਼ ਨੂੰ ਲੈ ਕੇ, ਗਿਣ ਸੁੱਟਣ ਏ ਤਾਰੇ। ਚੁੱਪ ਚੁੱਪ ਏਹਦੇ ਵਿਚ ਛੁਪੇ ਨੇ, ਰਮਜ਼ਾਂ ਭਰੇ ਇਸ਼ਾਰੇ। ਅੱਖ ਕੁਪੱਤੀ ਕਾਤਲ ਬਣ ਜਾਏ, ਅੱਖ ਸੁਚੱਜੀ ਤਾਰੇ। ਅੱਖੋਂ ਵਣਜ ਇਸ਼ਕ ਦਾ ਕਰਦੇ, ਉਮਰਾਂ ਦੇ ਵੰਣਜਾਰੇ। ਚੁੱਪ ਚੁੱਪ ਅੱਖਾਂ ਲਾ ਕੇ ‘ਤਾਇਰ’, ਪਹੁੰਚਣ ਹਰੀ ਦਵਾਰੇ। 19. ਚੁੱਪ ਚਪੀਤੀ ਧਰਤੀ ਹੇਠਾਂ, ਦੱਬੇ ਹੋਏ ਖ਼ਜ਼ਾਨੇ। ਲੋਹਾ, ਕੋਲਾ, ਤੇਲ ਤੇ ਤਾਂਬਾ, ਕਢਣ ਜਿਸਤ ਸਿਆਣੇ। ਚਾਂਦੀ, ਸਿੱਕਾ, ਗੰਧਕ, ਪਾਰਾ, ਦੇਂਦੇ ਰਹਿਣ ਵੀਰਾਨੇ। ਧਰਤੀ ਥੱਲੇ ਚੁੱਪ ਚਪੀਤੇ, ਤੇਲਾਂ ਦੇ ਦਰਿਆ ਨੇ। ਅਕਲਾਂ ਵਾਲੇ ਲਿਖਦੇ ਵੇਖੇ, ਸ਼ੁਕਰਾਂ ਦੇ ਅਫ਼ਸਾਨੇ। ਮੂਰਖ ਲੋਗ ਪਰਖ ਨਾ ਸਕੇ, ਕੀ ਕੀ ਦਿੱਤਾ ਖ਼ੁਦਾ ਨੇ। 20. ਚੁੱਪ ਚਪੀਤੀਆਂ ਕਲਮਾਂ ਲਿਖਣ, ਦਰਦੀਲੇ ਅਫ਼ਸਾਨੇ। ਚੁੱਪ ਚੁੱਪ ਸਾਜ਼ਾਂ ਵਿੱਚੋਂ ਨਿਕਲਣ, ਨਗਮੇ ਰਾਗ ਤਰਾਨੇ। ਕੋਈ ਵੀ ਅੱਜ ਤੱਕ ਸਮਝ ਨਾ ਸਕਿਆ, ਕੀ ਚਾਹੁੰਦੇ ਦੀਵਾਨੇ। ਚੁੱਪ ਚਪੀਤੇ ਸੜਦੇ ਜਾਂਦੇ, ਸ਼ਮਾਂ ਉੱਤੇ ਪਰਵਾਨੇ। ਉਸ ਵੇਲੇ ਇਨਸਾਨ ਸਮਝ ਲੋ, ਪਹੁੰਚਣ ਕਿਸੇ ਟਿਕਾਣੇ। ਚੁੱਪ ਚਪੀਤੇ ਜਦ ਲੱਗ ਜਾਂਦੇ, ਮਾਹੀਏ ਨਾਲ ਯਰਾਨੇ। 21. ਸੀਨੇ ਪਾ ਕੇ ਛੇਕ ਲੇਖਨੀ, ਲਿਖੇ ਵਿਰਹਾਂ ਦੇ ਗੀਤ। ਚੰਦੇ ਨਾਲ ਚਕੋਰ ਦੀ ਵੇਖੋ, ਲੱਗੀ ਹੋਈ ਪ੍ਰੀਤ। ਮੋਰ ਘਟਾ ਬਿਨ ਅਤੀ ਵਿਆਕੁਲ, ਜੀਵਨ ਕਰੇ ਬਤੀਤ। ਜਲੇ ਪਤੰਗਾ ਦੀਪਕ ਉੱਤੇ, ਏ ਪ੍ਰੀਤ ਦੀ ਰੀਤ। ਚੁੱਪ ਚੁੱਪ ਗੀਤ ਬਣਦੇ ਜਾਵਣ, ਜੀਵਨ ਦਾ ਸੰਗੀਤ। ਚੁੱਪ ਲੇਖਣੀ ਏਹ ਲਿਖੇ ‘ਤਾਇਰ’, ਮਨ ਜੀਤੇ ਜਗ ਜੀਤ। 22. ਚੁੱਪ ਚੁਪੀਤੇ ਬੀਤੀ ਜਾਵਣ, ਏਹ ਘੜੀਆਂ ਤੇ ਪਲ। ਮਹੱਲਾਂ ਦੀ ਥਾਂ ਕਬਰਾਂ ਬਣੀਆਂ, ਕਬਰਾਂ ਸ਼ੀਸ਼ ਮਹੱਲ। ਚੁੱਪ ਚੁਪੀਤੇ ਭਾਣਾ ਵਰਤੇ, ਭਾਵੀ ਬੜੀ ਅਟੱਲ। ਦਿਲ ਦੀ ਰਹਿ ਰਾਏ ਦਿਲ ਦੇ ਅੰਦਰ, ਕੋਈ ਹੋਵੇ ਗੱਲ। ਕੁਛ ਕਰਨੀ ਕੁਛ ਕਰਮ ਗਤੀ, ਤੇ ਪੂਰਬ ਜਨਮ ਨਾ ਫਲ। ਕੀ ਭਰੋਸਾ ਦਮ ਦਾ ‘ਤਾਇਰ’, ਅਜ ਗਿਆ ਯਾ ਕਲ। 23. ਚੁੱਪ ਚਪੀਤੇ ਰੱਬ ਦੀ ਖਲਕਤ, ਰਹਿੰਦੀ ਸਜਦੇ ਕਰਦੀ। ਚੁੱਪ ਚੁਪੀਤੀ ਆ ਜਾਵੇ, ਏਹ ਗਰਮੀ ਤੇ ਸਰਦੀ। ਚੁੱਪ ਚੁਪੀਤੇ ਮਜ਼ਲੂਮਾਂ ਦੇ, ਬਣ ਜਾਂਦੇ ਨੇ ਦਰਦੀ। ਲੋਹਾ ਲੱਕੜ ਮਿਲੇ ਤੇ ਚੁੱਪ ਚੁੱਪ ਜਾਏ ਬੇੜੀ ਤਰਦੀ। ਚੁੱਪ ਸੁਬਾਹ ਦੀ ਲਾਲੀ ਆਏ, ਚੁੱਪ ਸ਼ਾਮ ਦੀ ਜ਼ਰਦੀ। ਚੁੱਪ ਚੁੱਪ ਆਪਣੀ ਮਿਹਨਤ ਰਾਣੀ, ਸਿਆਂ ਦੁੱਖਾਂ ਨੂੰ ਹਰਦੀ। 24. ਚੁੱਪ ਚੁਪੀਤੇ ਜੱਗ ਦੇ ਉੱਤੇ, ਆਪਣਾ ਆਪ ਸੰਵਾਰ। ਸੱਪ ਮੈਂਹਾ ਸੰਸਾਰ ਕਿਸੇ ਦੇ, ਕਦੇ ਨਹੀਂ ਬਣਦੇ ਯਾਰ। ਵਾਰਸ ਸ਼ਾਹ ਨੇ ਹੀਰ ਦੇ ਅੰਦਰ, ਦਿੱਤੀ ਗੱਲ ਨਤਾਰ। ਰੰਨ ਫ਼ਕਰ ਤਲਵਾਰ ਘੋੜੇ ਦਾ, ਕਰੀਏ ਨਾ ਇਤਬਾਰ। ਦੁਸ਼ਮਣ ਬਾਤ ਕਰੇ ਅਣਹੋਣੀ, ਚੌਕਸ ਰਹੇ ਹੁਸ਼ਿਆਰ। ਬਹੁਤ ਸਿਆਸੀ ਲੋਕ ਨੇ ਜ਼ਾਲਮ, ਸਾਥੀ ਦੇਂਦੇ ਮਾਰ। 25. ਸੁਨਮਸਾਨ ਉਦਾਸੇ ਮੰਦਿਰ, ਚੁੱਪ ਚਪੀਤੀਆਂ ਗਲੀਆਂ। ਟੁੱਟੇ ਪਲੰਗੀ ਕੌਣ ਵਿਛਾਵੇ, ਅੱਧ ਖਿਲੀਆਂ ਜਹੀਆਂ ਕਲੀਆਂ। ਜਦ ਜਦ ਜਾਂਦਾ ਹੁਸਨ ਹਕੂਮਤ, ਨਾ ਲੱਭਣ ਰੰਗ ਰਲੀਆਂ। ਦਾਸ ਦਾਸੀਆਂ ਪਾਸ ਨਾ ਆਵਣ, ਨਾ ਕੋਈ ਝੱਸੇ ਤਲੀਆਂ। ਲਪ ਲਪ ਮਿੱਟੀ ਵਿਚ ਜ਼ੁਲਫ਼ਾਂ ਦੇ, ਅਤਰਾਂ ਨਾਲ ਜੋ ਪਲੀਆਂ। ਉਹਦੀ ਮੇਹਰ ਬਿਨਾਂ ਏਹ ਕੋਲੇ, ਨਾ ਹੋਣ ਸੋਨੇ ਦੀਆਂ ਡਲੀਆਂ। 26. ਲੱਖਾਂ ਪੂਜਾ ਕਰਨ ਪੁਜਾਰੀ, ਲੱਖਾਂ ਪੜ੍ਹਨ ਨਮਾਜਾਂ । ਲੱਖਾਂ ਹੀ ਘੜਿਆਲ ਤੇ ਟੱਲੀਆਂ, ਉਚੀਆਂ ਦੇਣ ਆਵਾਜ਼ਾਂ। ਲੱਖਾਂ ਰਾਗੀ ਰਾਗ ਅਲਾਪਣ, ਸ਼ੋਰ ਪਾਇਆ ਦਾ ਸਾਜ਼ਾਂ। ਪਾਪ ਅਪਰਾਧ ਨਾ ਮੁੱਕੇ ਜਗ ’ਚੋਂ, ਲਾਇਆ ਜ਼ੋਰ ਸਮਾਜਾਂ। ਲੱਖਾਂ ਏਥੇ ਕਤਲ ਕਰਾਏ, ਏਹਨਾਂ ਤਖ਼ਤਾਂ ਤਾਜ਼ਾਂ। ਲਾਜ ਕਾਜ ਵਿਚ ਫਿਰ ਵੀ ‘ਤਾਇਰ’, ਰਹੀਆਂ ਲੱਖ ਦਰਾਜ਼ਾਂ। 27. ਮਰਘਟ ਤੀਕਰ ਮਾਂ ਹੈ ਰੋਂਦੀ, ਉਮਰਾਂ ਤੀਕਰ ਨਾਰੀ। ਦੂਰ ਵਸੇਂਦੀ ਰੋਂਦੀ ਰਹਿੰਦੀ, ਸਦਾ ਹੈ ਭੈਣ ਵਿਚਾਰੀ। ਬੂਹਿਉਂ ਬਾਹਰ ਜਨਾਜ਼ਾ ਹੋਇਆ, ਭਾਈ ਦੀ ਮੁੱਕੀ ਯਾਰੀ। ਭੁੱਲ ਗਏ ਸਾਕ ਸੰਬੰਧੀ ਸਾਰੇ, ਭੁੱਲ ਗਈ ਦੁਨੀਆਂ ਸਾਰੀ। ਚੰਦ ਘੜੀਆਂ ਇਹ ਖੇਲ ਖੇਲ ਕੇ, ਵਿਦਿਆ ਹੋਇਆ ਖਿਲਾੜੀ। ਪੁੰਨ ਪਾਪ ਦੀ ਗਠੜੀ ‘ਤਾਇਰ’, ਲੈ ਗਿਆ ਨਾਲ ਖਿਲਾੜੀ। 28. ਮੈਹਲ ਮਾੜੀਆਂ ਰੰਗਲੇ ਬੰਗਲੇ, ਸੋਹਣੇ ਚਰਖ ਚੁਬਾਰੇ। ਦੌਲਤ ਮਾਇਆ ਹੁਸਨ ਹਕੂਮਤ, ਉੱਚ ਬੁਰਜ ਮੁਨਾਰੇ। ਰਾਗ ਰੰਗ ਤੇ ਨਾਚ ਮਜਲਸਾਂ, ਲੱਖਾਂ ਹੋਰ ਨਜ਼ਾਰੇ। ਸੌ ਸੌ ਵਾਰ ਸਲਾਮਾਂ ਲੈਂਦੇ, ਤੇਰੇ ਰਮਜ਼ ਇਸ਼ਾਰੇ। ਮੰਦਰ ਧੋਏ ਠਾਕੁਰ ਪੂਜੇ, ਗਿਆਂ ਗੁਰਾਂ ਦੇ ਦੁਆਰੇ। ਮਨ ‘ਤਾਇਰ’ ਦਮਾਂ ਦਾ ਲੋਭੀ, ਕੌਣ ਪਾਪੀ ਨੂੰ ਤਾਰੇ। 29. ਖੋਦੀਆਂ ਕਬਰਾਂ ਪੁੱਟੇ ਮੁਰਦੇ, ਫਿਰੀਆਂ ਕੂਟਾਂ ਚਾਰੇ । ਏਥੇ ਦੇ ਸਭ ਏਥੇ ਰਹਿ ਗਏ, ਕਾਰੂ ਦੇ ਗੰਜ ਸਾਰੇ। ਰਹੀ ਆਕਾਸ਼ ਤੇ ਉਂਜ ਹੀ ਰੌਣਕ, ਲੱਖਾਂ ਟੁੱਟੇ ਸਿਤਾਰੇ। ਜਿਤ ਲਿਆ ਸੰਸਾਰ ਜਿਨ੍ਹਾਂ ਨੇ, ਉਹ ਵੀ ਮੌਤ ਤੋਂ ਹਾਰੇ। ਧੂਣੇ ਤਾਏ ਰੜ੍ਹੇ ਸਮਾਧੀ, ਖੁੱਲ੍ਹੇ ਕੇਸ ਖਲਾਰੇ। ਮਨ ਪਾਪੀ ਦਾ ਪਾਪੀ ‘ਤਾਇਰ’, ਕੌਣ ਪਾਪੀ ਨੂੰ ਤਾਰੇ। 30. ਜਨਮਾਂ ਦੀ ਏਹ ਜੀਭ ਹੈ ਕੈਦਣ, ਦੰਦਾਂ ਜੰਦਰੇ ਮਾਰੇ। ਤੇਰੇ ਵਸ ਹੈ ਜ਼ਹਿਰ ਇਹ ਉਂਗਲੇ, ਥਾਂ ਏਹ ਸ਼ੈਹਦ ਖਿਲਾਰੇ। ਤੂੰ ਚਾਹੇਂ ਤੇ ਗੰਦ ਉਛਾਲੇ, ਥਾਂ ਕੋਈ ਸ਼ਬਦ ਉਚਾਰੇ। ਚਾਹੇ ਵਚਨ ਦਵੇ ਇਹ ਪੱਕੇ, ਚਾਹੇ ਕੌਲ ਇਹ ਹਾਰੇ। ਸ਼ਬਦ ਬਾਣੀਆਂ ਕਥਾ ਕੀਰਤਨ, ਏਹ ਕਰ ਸਕਣ ਸਾਰੇ। ਤੇਰੀ ਕੈਦਣ ਤੈਨੂੰ ‘ਤਾਇਰ’, ਡੋਬੇ ਚਾਹੇ ਤਾਰੇ। 31. ਹੀਰੇ ਲੱਭੇ ਮੋਤੀ ਟੋਲੇ, ਭਰ ਲਏ ਬੜੇ ਖ਼ਜ਼ਾਨੇ। ਘੋੜੇ ਬੱਧੇ ਹਾਥੀ ਝੂਲੇ, ਹੁਕਮ ਕੀਤੇ ਮਨ ਮਾਨੇ। ਭੁੱਜੇ ਪੰਛੀ ਜ਼ਬਰੀ ਮੁਰਗੇ, ਤਰ੍ਹਾਂ ਤਰ੍ਹਾਂ ਦੇ ਖਾਣੇ। ਹੂਰਾਂ ਪਰੀਆਂ ਦਾਸ ਦਾਸੀਆਂ, ਖੜ੍ਹੀਆਂ ਰਹੀਆਂ ਸਰਾਣੇ। ਰੂਹ ਬੁੱਤ ਨੂੰ ਛਡਣ ਲੱਗਾ, ਆਪਣੇ ਹੋਏ ਬੇਗਾਨੇ। ਖ਼ਾਲੀ ਹੱਥ ਕਫ਼ਨ ਤੋਂ ਬਾਹਰ, ਸੜ ਗਏ ਹੱਡ ਪੁਰਾਣੇ। 32. ਸੇਵਾ ਮੇਵਾ ਦਵੇ ਜਗਤ ਵਿਚ, ਇਜ਼ਤ ਦਵੇ ਤਿਆਗ। ਆਲਸ ਮੌਤ ਦਾ ਰੂਪ ਸਮਝ ਲੌ, ਉਦਮ ਖੋਲੇ ਭਾਗ । ਫ਼ਿਕਰ ਸੋਚ ਦੋ ਬਣੇ ਨੇ ਮਿੱਤਰ, ਸੇਵਾ ਕਰਨ ਬੇਲਾਗ। ਕਿਤੇ ਕਿਤੇ ਅਸ਼ਰਫ਼ੀਆਂ ਵੰਡਦੇ, ਕਿਤੇ ਕਿਤੇ ਵੈਰਾਗ । ਮੋਹ ਮਾਇਆ ਦੇ ਫਿਰਦੇ ਏਥੇ, ਅੱਗੇ ਪਿੱਛੇ ਨਾਗ। ਬਹੁਤੀ ਬੀਤੀ ਥੋੜੀ ਰਹਿ ਗਈ, ਹੁਣ ਤੇ ‘ਤਾਇਰ’ ਜਾਗ। 33. ਧਰਮੋਂ ਦੌਲਤ ਪਿਆਰੀ ਸਮਝੇ, ਏਤੋਂ ਵੱਧ ਕੀ ਪਾਪ। ਕਰਮਹੀਣ ਨੂੰ ਕਦੇ ਨਹੀਂ ਮਿਲਿਆ, ਰੂਪ ਤੇਜ ਪ੍ਰਤਾਪ। ਸ਼ਰਮੋਂ ਬਿਨਾਂ ਮਨੁੱਖੀ ਜੀਵਨ, ਉਮਰਾਂ ਦਾ ਸੰਤਾਪ । ਮਨ ਦਾ ਚੋਰ ਨਾ ਕਾਬੂ ਹੋਇਆ, ਕੀ ਤੇਰਾ ਜਪੁ ਜਾਪ । ਲੱਖਾਂ ਲੈਕਚਰ ਲੱਖਾਂ ਭਾਸ਼ਨ, ਲੱਖਾਂ ਹੋਏ ਅਲਾਪ। ਕਿਸੇ ਸਹਾਰੇ ਕੋਈ ਨਾ ਤਰਿਆ, ਜੋ ਤਰਿਆ ਸੋ ਆਪ। 34. ਹੌਕੇ ਰੋਣ ਕਲਾ ਕਲੰਦਰ, ਜਿਸ ਜਿਸ ਘਰ ਵਿਚ ਆਏ। ਝੂਠ ਜੂਠ ਪ੍ਰਧਾਨ ਹੋਏ ਤੇ, ਨਰਕ ਰੂਪ ਬਣ ਜਾਏ। ਦੌਲਤ ਇੱਜ਼ਤ ਨਾਰੀ ਪੁੱਤਰ, ਦਯਾ ਧਰਮ ਤੇ ਨਿਆਏ। ਏਥੋਂ ਵੱਡਾ ਸਵਰਗ ਕੋਈ ਨਹੀਂ, ਏਹੋ ਸਵਰਗ ਕਹਾਏ। ਜੰਤਰ ਮੰਤਰ ਟੂਣੇ ਤੰਤਰ, ਜੇ ਕੋਈ ਕਰੇ ਕਰਾਏ। ਬੇਚੈਨ ਨੂੰ ਚੈਨ ਨਾ ‘ਤਾਇਰ’, ਵਿਰਥਾ ਜਨਮ ਗਵਾਏ। 35. ਜੀਵਨ ਦੇ ਕੁਝ ਚਿੰਨ੍ਹ ਨੇ ਹੁੰਦੇ, ਜੇ ਸਮਝੇ ਇਨਸਾਨ। ਮੱਧ ਵਪਾਰ ਉੱਤਮ ਖੇਤੀ, ਕਰਦਾ ਜੋ ਕਿਰਸਾਨ। ਛੇਤੀ ਸੌ ਕੇ ਤੜਕੇ ਉਠੇ, ਓ ਨਰ ਚਤੁਰ ਸੁਜਾਨ। ਸਤਵੰਤੀ ਜਿਹੀ ਨਾਰੀ ਮਿਲ ਜਾਏ, ਨੇਕ ਮਿਲੇ ਸੰਤਾਨ। ਪੁਲ ਖੂਹਾਂ ਤਾਲਾਬ ਬਣਾਵੇ, ਓ ਨਰ ਬਹੁਤ ਮਹਾਨ। ਸੁੰਦਰ ਵਚਨ ਮਨੋਹਰ ਬਾਣੀ, ਕਰੇ ਇਲਮ ਦਾ ਦਾਨ। 36. ਟੌਹਰਾਂ ਵਾਲੇ ਹਰਦਮ ਲਭਣ, ਦੌਲਤ ਦੇ ਅੰਬਾਰ। ਮੰਦਰ ਫੁਲ ਚੜ੍ਹਾ ਕੇ ਮੰਗਣ, ਦੁੱਧ ਪੁੱਤ ਪਰਵਾਰ । ਪੈਸਾ ਇਕ ਚੜ੍ਹਾ ਕੇ ਕਰਦੇ, ਲੱਖਾਂ ਦਾ ਬਿਉਪਾਰ । ਇੱਜ਼ਤ ਸ਼ਿਵਾਂ ਦੀ ਕਰਕੇ ਮੰਗਦੇ, ਕੰਚਣ ਜੇਹੀ ਨਾਰ। ਝੂਠ ਝੂਠ ਅਪਰਾਧ ਉਪੱਦਰ, ਨਿਤ ਕਰੇ ਸ਼ਾਹੂਕਾਰ । ਖੋਟਾ ਮਨ ਪਾਪੀ ਏ ‘ਤਾਇਰ’, ਕਰੇ ਨਾ ਸੋਚ ਵਿਚਾਰ। 37. ਚਿੱਟੀ ਦਾੜ੍ਹੀ ਹੱਥੀਂ ਤਸਬੀਹ, ਸਿਰ ਸਜੇ ਦਸਤਾਰ । ਸ਼ਕਲੋ ਧੋਖਾ ਛੁਰੀ ਬਗਲ ਵਿਚ, ਮਾਰੇ ਚਿੜੀ ਗਟਾਰ । ਅਦਲੇ ਬੈਠਾ ਅੰਨ੍ਹਾ ਹੋ ਜਾਏ, ਜੇ ਹਾਕਮ ਮੱਕਾਰ । ਤੇਜ ਰਾਜ ਦਾ ਕਦੇ ਰਹੇ ਨਾ, ਉਠ ਜਾਏ ਇਤਬਾਰ। ਲੱਖ ਲੱਖ ਪਰਦੇ ਲਾ ਕੇ ਰੱਖੋ, ਛੁਪਦਾ ਨਹੀਂ ਅੰਧਕਾਰ। ਕਰਮ ਧਰਮ ਦੇ ਲੇਖੇ ਕਰਦੀ, ਉਹ ਸੱਚੀ ਸਰਕਾਰ। 38. ਜਲ ਬਿਨ ਮੱਛੀ ਪਰ ਬਿਨ ਪੰਛੀ, ਉਡਨ ਤੋਂ ਲਾਚਾਰ। ਘਰ ਬਿਨ ਪਰਾਣੀ ਕਰ ਬਿਨ ਬੰਦਾ, ਧਨ ਬਿਨ ਦੁਖ ਹਜ਼ਾਰ। ਲਜ ਬਿਨ ਖੂਹਾ ਛਾਂ ਬਿਨ ਬੂਟਾ, ਫੁੱਲਾਂ ਬਿਨਾਂ ਬਹਾਰ। ਅੰਨ ਬਿਨ ਦੇਸ਼ ਤੇ ਦੇਸ਼ ਪਿਆਰ ਬਿਨ ਸੁਨਾ ਹੈ ਸੰਸਾਰ। ਪੁੱਤਰ ਇੱਜ਼ਤ ਦੌਲਤ ਸ਼ੋਹਰਤ, ਮਿਲੇ ਸੁਚੱਜੀ ਨਾਰ। ਏਦੋਂ ਵੱਧ ਨਹੀਂ ਏਸ ਜਗਤ ਵਿਚ, ਹੋਰ ਸਵਰਗ ਦਾ ਦਵਾਰ। 39. ਘਰ ਦੇ ਦਾਣੇ ਦੁੱਧ ਗਾਊ ਦਾ, ਆਏ ਗਏ ਦਾ ਮਾਨ। ਗੁਰੂ ਦਾ ਆਦਰ ਸਾਧ ਦੀ ਸੰਗਤ, ਪੂਜਾ ਤੇ ਇਸ਼ਨਾਨ। ਦਸਾਂ ਨੌਹਾਂ ਦੀ ਨੇਕ ਕਮਾਈ, ਦਯਾ ਧਰਮ ਤੇ ਦਾਨ। ਮਹਿਲਾਂ ਦਾ ਵਸਨੀਕ ਪ੍ਰਾਣੀ, ਯਾਦ ਰੱਖੇ ਸ਼ਮਸ਼ਾਨ। ਆਪਣੇ ਵਰਗਾ ਹਰ ਇਕ ਸਮਝੇ, ਦੁਨੀਆਂ ’ਤੇ ਇਨਸਾਨ। ਗਲ੍ਹੀ ਪੀਆ ਦੀ ਦੂਰ ਨਹੀਂ ‘ਤਾਇਰ’, ਤਲੀ ’ਤੇ ਰੱਖੇ ਜਾਨ। 40. ਸੂਰਜ ਦਾ ਪ੍ਰਕਾਸ਼ ਸਿਮਟ ਲਏ, ਘਟਾ ਚੜ੍ਹੇ ਘਣਘੋਰ। ਸੱਪ ਤੋਂ ਕੁੱਲ ਜ਼ਮਾਨਾ ਡਰਦਾ, ਉਸ ਨੂੰ ਖਾ ਲਏ ਮੋਰ। ਬਹੁਤਾ ਚਿਰ ਨਹੀਂ ਰਿਹਾ ਕਿਸੇ ਕੋਲ ਹੁਸਨ ਹਕੂਮਤ ਜ਼ੋਰ। ਕੱਲ ਜਿਥੇ ਸੀ ਬੁਰਜ ਮੁਨਾਰੇ, ਅੱਜ ਉਥੇ ਹੈ ਘੋਰ। ਫੁੱਲ ਦੀ ਰਾਖੀ ਕੰਡਾ ਕਰਦਾ, ਖੇਤ ਦੀ ਰਾਖੀ ਬੋਹੜ। ਏਦੋਂ ਵੱਧ ਕੀ ਸੇਵਾ ਕਰਨੀ, ਕਿਸੇ ਨੇ ‘ਤਾਇਰ’ ਹੋਰ। 41. ਜੁਗਾਂ ਜੁਗਾਂ ਤੋਂ ਰੱਥ ਸੂਰਜ ਇੰਜ ਹੀ ਚੱਲਦਾ ਆਇਆ। ਜੁਗਾਂ ਜੁਗਾਂ ਤੋਂ ਚੰਦ ਸਿਤਾਰੇ, ਕੈਸੀ ਪ੍ਰਬਲ ਮਾਇਆ। ਸਾਗਰ ਤੇ ਆਕਾਸ਼ ਦਾ ਰਿਸ਼ਤਾ, ਕੋਈ ਜਾਣ ਨਾ ਪਾਇਆ। ਮਿੱਟੀ ਦਾ ਕਲਬੂਤ ਬਣਾਇਆ, ਹਵਾ ਨੇ ਸਵਾਸ ਚਲਾਇਆ। ਜਲ ਜੀਵ ਤੇ ਪਸ਼ੂ ਪੰਛੀ, ਏਹ ਕਾਇਆ ਤੇ ਛਾਇਆ। ਤੇਰੀਆਂ ਤੂੰ ਹੀ ਜਾਣੇ ਸਾਹਿਬਾ, ਕੈਸਾ ਖੇਲ ਰਚਾਇਆ। 42. ਨੈਣ ਹੀਣ ਨੂੰ ਅਕਲ ਵਧੇਰੇ, ਅਕਲ ਹੀਣ ਨੂੰ ਮਾਇਆ। ਧਨ ਹੀਣ ਨੂੰ ਸਬਰ ਦੀ ਦੌਲਤ ਦੇ ਕਰਕੇ ਅਜ਼ਮਾਇਆ। ਜੀਵ ਜੰਤੂ ਤੇ ਪਸ਼ੂ ਪ੍ਰਾਣੀ ਸਭ ਨੂੰ ਦੇ ਕੇ ਕਾਇਆ। ਤਨ ਦਾ ਇਕ ਬਣਾ ਕੇ ਪੁਤਲਾ ਸਵਾਸਾਂ ਨਾਲ ਚਲਾਇਆ। ਏਨਾਂ ਕੁਛ ਜਿਸ ਕੁਦਰਤ ਦਿੱਤਾ, ਉਸ ਨੂੰ ਜਿਨੇ ਭੁਲਾਇਆ। ਉਹ ਨਰ ‘ਤਾਇਰ’ ਦੁਨੀਆਂ ਅੰਦਰ, ਆਇਆ ਯਾਂ ਨਾ ਆਇਆ। 43. ਦਿਨ ਰਾਤ ਸਰਦੀ ਗਰਮੀ, ਬਦਲ ਧੁੱਪ ਤੇ ਛਾਇਆ। ਹਵਾ ਹਨੇਰੀ ਮੌਤ ਜ਼ਿੰਦਗੀ, ਧਰਤ ਪਾਤਾਲ ਬਣਾਇਆ। ਜੀਵ ਜੰਤੂ ਤੇ ਪਸ਼ੂ ਪ੍ਰਾਣੀ ਸਭ ਨੂੰ ਦੇ ਕੇ ਕਾਇਆ। ਤਨ ਦਾ ਇਕ ਬਣਾ ਕੇ ਪੁਤਲਾ ਸਵਾਸਾਂ ਨਾਲ ਚਲਾਇਆ। ਹਾਲੇ ਤੱਕ ਏ ਮਨ ਦਾ ਪੰਛੀ ਫਿਰਦਾ ਹੈ ਘਬਰਾਇਆ। ਸੋਚ ਤੂੰ ‘ਤਾਇਰ’ ਦੁਨੀਆਂ ਅੰਦਰ, ਕੀ ਖੋਇਆ ਕੀ ਪਾਇਆ। 44. ਰੂਪ ਰੰਗ ਤੇ ਹੁਸਨ ਜਵਾਨੀ, ਜੇ ਇਕ ਵਾਰੀ ਜਾਵੇ। ਲੱਖਾਂ ਯਤਨ ਕਰੇ ਕੋਈ ਬੇਸ਼ੱਕ ਕਦੇ ਪਰਤ ਨਾ ਆਵੇ। ਕਰੇ ਸਖਾਵਤ ਦਾਨ ਪੁੰਨ ਤੇ, ਦੂਣੀ ਸ਼ਾਨ ਬਣਾਵੇ। ਜੇ ਨਾ ਹੋਵੇ ਸੱਚਾ ਸਾਹਿਬ, ਪਲ ਵਿਚ ਅਲਖ ਮੁਕਾਵੇ। ਤਖ਼ਤਾਂ ਤਾਜਾਂ ਰਾਜਾਂ ਵਾਲਾ, ਸੌ ਸੌ ਹੁਕਮ ਚਲਾਵੇ। ਕਦੇ ਭਿਖਾਰੀ ਭੀਖ ਮੰਗਤੇ, ਖ਼ੈਰ ਕੋਈ ਨਾ ਪਾਵੇ। 45. ਮੇਹਰ ਹੋਈ ਤੇ ਪੱਥਰ ਸੀ ਜੋ, ਬਣ ਗਏ ਹੀਰੇ ਮੋਤੀ। ਮੇਹਰ ਹੋਈ ਤੇ ਦੁਨੀਆਂ ਵਾਲੇ, ਬਣ ਗਏ ਨਾਤੀ ਗੋਤੀ। ਮੇਹਰ ਹੋਈ ਤੇ ਦਾਸੀ ਬਣ ਕੇ, ਲੱਛਮੀ ਆਪ ਖਲੋਤੀ। ਮੇਹਰ ਹੋਈ ਤੇ ਚਮਕਾਂ ਮਾਰੇ, ਏ ਜੀਵਨ ਦੀ ਜੋਤੀ। ਮੇਹਰ ਹੋਈ ਤੇ ਪ੍ਰੇਮ ਨੇਮ ਦੀ, ਮਾਲਾ ਜਾਏ ਪਰੋਤੀ। ਮੇਹਰ ਹੋਈ ਤੇ ਮੈਲ ਮਣਾਂ ਮੂੰਹ ਮਨ ਦੀ ਜਾਏ ਧੋਤੀ। 46. ਅੰਬੀ ਬੂਰ ਪਵੇ ਤੇ ਕੋਇਲ, ਕੂ ਕੂ ਦੀ ਰਟ ਲਾਏ। ਜਿਵੇਂ ਕਾਵਿਤਰੀ ਕੋਈ ਰਾਗਨੀ, ਸੁਰਤਾਲ ਵਿਚ ਗਾਏ। ਡਾਲ ਡਾਲ ਤੇ ਬੈਠੇ ਨੱਚੇ, ਖ਼ੁਸ਼ੀਆਂ ਵਿਚ ਹਰ ਸਾਏ। ਬੱਚੇ ਨਾਲ ਅਵਾਜ਼ਾਂ ਮੇਲਣ, ਜਿਉਂ ਜਿਉਂ ਰਾਗ ਅਲਾਏ। ਅੰਬੀ ਪੱਕੇ ਤੇ ਉਹ ਕੁਦਰਤ, ਜੀਭ 'ਤੇ ਛਾਲੇ ਪਾਏ। ਮੋਹ ਦੀ ਮਾਰੀ ਕਾਲੀ ਕੋਇਲ, ਕੂਕ ਕੂਕ ਮਰ ਜਾਏ। 47. ਬਾਦਸ਼ਾਹਾਂ ਘਰ ਫ਼ੌਜ ਰਸਾਲੇ, ਫ਼ਕਰਾਂ ਦੇ ਘਰ ਧੂਣੇ। ਕਿਸੇ ਦੇ ਲੱਖ ਪਦਾਰਥ ਨਾਲੋਂ, ਚੰਗੇ ਸਾਗ ਅਲੂਣੇ। ਦੌਲਤ ਦੌਲਤ ਨੂੰ ਹੈ ਖਿਚਦੀ, ਮਾਰਨ ਬਾਜ਼ ਚਮੂਣੇ। ਸ਼ਾਇਰ ਫ਼ਕੀਰਾਂ ਭਜਨ ਬੰਦਗੀ, ਨਿਤ ਦੂਣੇ ਦੇ ਦੂਣੇ। ਸਰਪਟ ਵਕਤ ਹੈ ਦੌੜੀ ਜਾਂਦਾ, ਦੇਂਦਾ ਜਾਏ ਹਲੂਣੇ। ਉਹੋ ਜਾ ਕੇ ਅੱਗੇ ਵੱਢਦਾ, ਜੋ ਕੁਝ ਬੀਜਿਆ ਤੂੰਨੇ। 48. ਇਕ ਰੂਪ ਵਿਚ ਆਏ ਏਥੇ, ਦੁਨੀਆਂ 'ਤੇ ਇਨਸਾਨ। ਏਥੇ ਆ ਕੇ ਵੱਖ ਵੱਖ ਹੋ ਗਏ, ਪੜ੍ਹ ਪੜ੍ਹ ਵੇਦ ਕੁਰਾਨ। ਜੰਮਦਿਆਂ ਕੋਈ ਪੰਡਤ ਨਹੀਂ ਸੀ, ਯਾ ਮੂਰਖ ਵਿਦਵਾਨ। ਗਰਭ ਜੂਨ 'ਚੋਂ ਨਿਕਲ ਕੇ ਬਣ ਗਏ, ਹਿੰਦੂ ਮੁਸਲਮਾਨ। ਧਰਮ ਈਮਾਨਾਂ ਨਾਲ ਨਾਲ ਹੀ ਪਰਗਟ ਹੋਇਆ ਸ਼ੈਤਾਨ। ਪਾਪ ਪੁੰਨ ਦੀ ਪਰਖ ਜੋ ਕਰਦਾ, ਓ ਨਰ ਚਤੁਰ ਸੁਜਾਨ। 49. ਰਾਤ ਰਾਤ ਵਿਚ ਕਈ ਕਈ ਵਾਰੀ ਸਿਆ ਹੀ ਮਤੇ ਪਕਾਏ। ਆਸ਼ਾ ਰਾਣੀ ਉਠ ਉਠ ਕੇ ਤੇ ਸੋਹਣੇ ਦੀਪ ਜਗਾਏ। ਅੱਖ ਲੱਗੀ ਤੇ ਸੁਰਤੀ ਭੁੱਲੀ, ਸੁੰਦਰ ਸੁਪਨੇ ਆਏ। ਧਨ ਲੱਛਮੀ ਤੇ ਧਨ ਪਦਾਰਥ, ਸੋਹਣੇ ਮਹਿਲ ਬਣਾਏ। ਪਾਸਾ ਪਰਤਿਆ ਹੋਇਆ ਸਵੇਰਾ, ਆਪਣੇ ਹੋਏ ਪਰਾਏ। ਲੱਖ ਪ੍ਰਾਣੀ ਗਏ ਸ਼ਮਸ਼ਾਨੀ, ਸੁੰਨੀ ਹੋਈ ਸਰਾਏ। 50. ਸ਼ਾਮ ਸਵੇਰਾ ਸਦਾ ਉਡੀਕੇ, ਸਧਰਾਂ ਦੇ ਪੁਲ ਬੰਨ੍ਹੇ। ਤਾਰਿਆਂ ਦੀ ਗੱਲ ਕੈਂਠੀ ਪਾਏ, ਚੰਦ ਦਾ ਵਾਲਾ ਕੱਨੇ। ਫੁੱਲਾਂ ਨੂੰ ਰਸ ਦਏ ਚਾਨਣੀ, ਪਹੁੰਚੇ ਬੰਨੇ ਬੰਨੇ। ਕਦ ਆਏ ਪ੍ਰਭਾਤ ਸੁਹਾਣੀ, ਨੂਰ ਦੇ ਭਰ ਦਏ ਛੰਨੇ। ਪਈ ਉਡੀਕੇ ਪੂਰਬ ਵੱਲੋਂ, ਪ੍ਰੀਤਮ ਨਿਕਲੇ ਮੱਨੇ। ਦਰਿਸ਼ਟੀ ਨਾਲ ਸਰਿਸ਼ਟੀ ਉੱਤੇ ਵੰਡੇ ਹੀਰੇ ਪੰਨੇ। 51. ਕਾਲੀ ਰਾਤ ਮਹਾਂ ਅੰਧਿਆਰੀ, ਡਾਹਢੇ ਸੁਨ ਸੁਨਾਟੇ। ਥੱਕ ਥੱਕ ਸੌਂ ਗਏ ਦੁਨੀਆਂ ਵਾਲੇ, ਮਾਰਨ ਪਏ ਖਰਾਟੇ । ਡੇਰੇ ਵਾਲੇ ਕਈ ਮੁਸਾਫ਼ਿਰ, ਰੁਕ ਗਏ ਅੱਧੀ ਵਾਟੇ। ਕਈ ਸੰਨਿਆਸੀ ਸਾਧ ਸੰਤ ਤੇ, ਕਈ ਜੋਗੀ ਕੰਨ ਪਾਟੇ। ਕਈ ਰਾਤ ਵਿਚ ਪੂਰੇ ਕਰ ਗਏ, ਜਨਮ ਜਨਮ ਦੇ ਘਾਟੇ। ਕਈ ਪ੍ਰਾਣੀ ਰਾਹ ਨੂੰ ਭੁੱਲ ਕੇ, ਪੈ ਗਏ ਪੁੱਠੀ ਵਾਟੇ। 52. ਖਾਂਦਾ ਪੀਂਦਾ ਉਠਦਾ ਬਹਿੰਦਾ, ਚਲੇ ਗਿਆ ਓ ਪ੍ਰਾਣੀ। ਟੁੱਟ ਗਿਆ ਏ ਤਨ ਦਾ ਪਿੰਜਰਾ, ਸੰਦ ਮੁਕੀ ਸੁਲਤਾਨੀ। ਧਨੁ ਪਦਾਰਥੁ ਮਾਤ ਪਿਤਾ, ਪੁੱਤ, ਛੱਡ ਗਿਆ ਦਿਲ ਜਾਨੀ। ਮਿੱਟੀ ਦੇ ਵਿਚ ਮਿੱਟੀ ਮਿਲ ਗਈ, ਪਾਣੀ ਦੇ ਵਿਚ ਪਾਣੀ। ਕਾਮ ਕ੍ਰੋਧ ਮੋਹ ਲੋਭ ਪਾਪ ਦੀ ਹੋ ਗਈ ਖ਼ਤਮ ਕਹਾਣੀ। ਯਸ਼ ਕੀਰਤੀ ਦੁਨੀਆਂ ਉੱਤੇ, ਰਹਿ ਗਈ ਸਿਰਫ਼ ਨਸ਼ਾਨੀ। 53. ਭਜਨ ਕੀਰਤਨ ਸੰਧਿਆ ਪੂਜਾ, ਲੋਕਾਂ ਨਾਲ ਸਮਾਗਮ। ਸ਼ੁੱਧ ਸ਼ਕਤੀ ਦਾਨ ਦਯਾ ਤੇ, ਵਿੱਦਿਆ ਵੰਡਣਾ ਆਲਮ। ਆਲਸ ਵਰਗਾ ਦੁਨੀਆਂ ਉੱਤੇ, ਹੋਰ ਕੋਈ ਨਾ ਜ਼ਾਲਮ। ਨਿਤ ਬੀਮਾਰ ਬੁਢਾਪਾ ਹੁੰਦਾ, ਹੌਕੇ ਮਾਰੇ ਦਮ ਦਮ । ਯਾਦ ਜਵਾਨੀ ਦੀ ਜਦ ਆਵੇ, ਹੰਝੂ ਵਗਦੇ ਛਮ ਛਮ। ਚੱਲਦੀ ਹੱਡੀਂ ਨਾਮ ਨਾ ਜਪਿਆ, ਕੋਈ ਨਾ ਬਣਿਆ ਮਹਿਰਮ। 54. ਕਰਮ ਦਾ ਰਾਜਾ ਕਿਸਮਤ ਵਾਲਾ, ਭਰਦਾ ਜਾਏ ਪਿਆਲਾ। ਜਿਉਂ ਜਿਉਂ ਗਿਆਨ ਪ੍ਰਾਪਤ ਹੋਵੇ, ਤਿਉਂ ਤਿਉਂ ਹੋਏ ਉਜਾਲਾ। ਮਨ ਦਾ ਮੰਦਰ ਸਾੜੇ ਫੂਕੇ, ਏ ਹਿਰਸ ਦੀ ਜਵਾਲਾ। ਦੌਲਤ ਦੇ ਆਪ ਦਰ ਕੋਲੋਂ, ਬਚੇ ਹੋਏ ਕਰਮਾਂ ਵਾਲਾ। ਲੱਖ ਸਬੂਣੀ ਧੋਏ ਮਨ ਨੂੰ, ਪਾਪੀ ਦਾ ਮਨ ਕਾਲਾ। ਜਿਉਂ ਮੂਰਖ ਨੂੰ ਮੱਤ ਨਾ ਹੁੰਦੀ, ਨਾ ਪੱਥਰ ਨੂੰ ਪਾਲਾ। 55. ਮਿੱਠਾ ਮਿੱਠਾ ਮੋਹ ਰੂਪ ਦਾ, ਹੱਸ ਹੱਸ ਕੇ ਤੇ ਮਾਰੇ। ਪਰ ਤਿਰਿਆਂ ਨਾਲ ਪ੍ਰੀਤੀ ਲੱਗੇ, ਸਾਰਾ ਜਗਤ ਵਸਾਰੇ। ਅੰਨ੍ਹਾ ਅੰਨ੍ਹਾ ਮੋਹ ਦੌਲਤ ਦਾ, ਖ਼ੂਨੀ ਕਰਦਾ ਕਾਰੇ। ਦਿਲ ਦਾ ਰਾਜਾ ਬਣੇ ਕਸਾਈ, ਖਲ 'ਤੇ ਖਲ ਉਤਾਰੇ। ਚੁਪ ਚਪੀਤਾ ਮੋਹ ਬੱਚਿਆਂ ਦਾ, ਚਾਤਰ ਅਕਲਾਂ ਹਾਰੇ। ਮਾਤਾ ਦਾ ਮੋਹ ਅਤੀ ਵਿਆਕੁਲ, ਲੱਖ ਪਦਾਰਥ ਵਾਰੇ। 56. ਮੋਹ ਉਤਪਤੀ ਕਰੇ ਜਗਤ ਦੀ, ਕਾਮ ਕਲਾ ਸੁਧਰਾਏ। ਬੂੰਦ ਪਾਣੀ ਤੋਂ ਪਸ਼ੂ ਪ੍ਰਾਣੀ, ਪੰਛੀ ਜੀਵ ਬਣਾਏ। ਅੰਡ ਕੋਸ਼ ਤੇ ਗਰਭ ਜੂਨ ਏ, ਸਰਿਸ਼ਟੀ ਕੁਲ ਵਸਾਏ। ਪਰ ਮੋਹ ਸੂਰਜ ਦਾ ਚੰਦ ਸਿਤਾਰਾ, ਆਪਣੀ ਸ਼ਾਨ ਦਖਾਏ। ਇੰਦਰ ਵਰਣ ਕੇਵਰ ਦੇਵਤਾ, ਮੋਹ ਦੇ ਵੱਧੇ ਵਧਾਏ। ਇਕ ਦਾਣੇ ਤੋਂ ਮੋਹ ਦੀ ਧਰਤੀ ਦਾਣੇ ਲੱਖ ਬਣਾਏ। 57. ਬਦਚਲਣ ਤੀਵੀਂਆ ਤੇ ਦੁਸ਼ਮਣ, ਹੁੰਦੇ ਬੜੇ ਮੱਕਾਰ। ਇਰਦ ਗਿਰਦ ਉਹਨਾਂ ਦੇ ਰਹਿੰਦਾ, ਝੂਠ ਪਾਪ ਤਕਰਾਰ। ਸਾਧ ਸੰਤ ਨੂੰ ਕ੍ਰੋਧ ਬੁਰਾ ਤੇ ਦੌਲਤ ਨੂੰ ਹੰਕਾਰ। ਕਿਥੇ ਹਾਥੀ ਕਿਥੇ ਕੀੜੀ ਲੜੇ ਤੇ ਦੇਵੇ ਮਾਰ। ਕਹਿੰਦੇ ਇਹਦਾ ਕੋਈ ਕਰੇ ਨਾ ਦੁਨੀਆਂ ਵਿਚ ਇਤਬਾਰ। ਸੌ ਸੌ ਵਾਰ ਬੁਰਾ ਹੈ ਡੰਗਦਾ ਸੱਪ ਡੰਗੇ ਇਕ ਬਾਰ। 58. ਹਰਾ ਮੋਤੀਆਂ ਗੋਰੀਆਂ ਕਲੀਆਂ ਭੌਰ ਫਿਰਨ ਹੰਕਾਰੇ। ਸੁੰਦਰ ਰੂਪ ਅਨੂਪ ਉਹਨਾਂ ਦਾ ਮਹਿਕ ਤੇ ਮਹਿਕ ਖਲਾਰੇ। ਹਰੇ ਭਰੇ ਫਰਸ਼ਾਂ ਦੇ ਉੱਤੇ, ਫੁਲੀ ਭਰੇ ਕਿਨਾਰੇ। ਆਏ ਫੁਲੇਰਾ ਤੋੜ ਲੈ ਜਾਏ, ਇੱਕੋ ਪਲ ਵਿਚ ਸਾਰੇ। ਇਕ ਟੁੱਟੇ ਤੇ ਦੂਜਾ ਨਿਕਲੇ, ਰੱਬੀ ਏਹ ਨਜ਼ਾਰੇ। ਲੱਖ ਵਿਚਾਰ ਵਿਚਾਰੇ ਜ਼ਿੰਦਗੀ ਮੌਤ ਚਿਖਾ ਤੇ ਚਾੜੇ। 59. ਪਾਪਾਂ ਦੇ ਨਾਲ ਚੋਰੀ ਰੌਲੇ ਪੁਨ ਬੜੇ ਖ਼ਾਮੋਸ਼ । ਬੂਟੇ ਨੂੰ ਜੋ ਫੁੱਲ ਹੈ ਲੱਗਦਾ, ਨਾਲ ਅਕਲ ਦੇ ਹੋਸ਼। ਗਰਮ ਲਹੂ ਦੇ ਨਾਲ ਹੈ ਦੇਰੀ, ਹਿੰਮਤ ਦੇ ਨਾਲ ਜੋਸ਼। ਧਰਮੀ ਕਰਮੀ ਇਸ ਦੁਨੀਆਂ ’ਤੇ, ਜੰਮਦੇ ਜਾਣ ਫ਼ਰੋਸ਼। ਸਾਥ ਸੁਚੱਜਾ ਜੇ ਮਿਲੇ ਤੇ ਕੋਈ ਨਾ ਲੱਗੇ ਦੋਸ਼। ਮਹਿਮਾ ਘਟੀ ਸਮੁੰਦਰ ਦੀ, ਜੇ ਰਾਵਣ ਜਿਹਾ ਪੜੋਸ। 60. ਮਦਿਰਾ ਜੇ ਕਰ ਮਿੱਠੀ ਹੋਏ, ਮੂੰਹ ਨੂੰ ਕੋਈ ਨਾ ਲਾਏ। ਸੋਨੇ ਵਿਚ ਖ਼ੁਸ਼ਬੂ ਜੇ ਹੋਵੇ, ਕੋਈ ਨਾ ਕੰਨੀ ਪਾਏ। ਸਿਆਂ ਮਣਾ ਜੇ ਦੁੱਧ ਦੇ ਅੰਦਰ, ਛਿਟ ਕਾਂਜੀ ਰਲ ਜਾਏ। ਗੋਰਖ ਇੱਕੋ ਪਲ ਦੇ ਅੰਦਰ, ਅਪਣਾ ਰੂਪ ਵਟਾਏ। ਤਾਕਤ ਰਾਜ ਦੇ ਵਿਚ ਨਾ ਹੋਵੇ, ਅਪਣਾ ਤੇਜ ਘਟਾਏ। ਸੇਵਾ ਬਿਨਾਂ ਸਮਾਜ ਏ ‘ਤਾਇਰ’, ਨਜ਼ਰੋਂ ਗਿਰਦੀ ਜਾਏ। 61. ਹੱਸਣ ਖੇਡਣ ਰੁੱਸਣ ਰੋਵਣ, ਜਿਦਾਂ ਕਰਨ ਨਿਆਣੇ। ਸੋਚਣ ਸਮਝਣ ਜਾਨਣ ਦੇਖਣ ਤੋਲਣ ਗੱਲ ਸਿਆਣੇ। ਕੁਰਸੀ ਕਰਮ ਤੇ ਹੁਕਮ ਹਕੂਮਤ ਤਾਕਤ ਲੱਭਦੇ ਰਾਣੇ। ਅਕਲ ਸ਼ਕਲ ਰੰਗ ਰੂਪ ਤੇ ਖ਼ੁਸ਼ੀਆਂ ਲੱਭਣ ਲੋਕ ਖ਼ਜ਼ਾਨੇ। ਸ਼ੀਸ਼ਾ ਸਾਗਰ ਜਾਮ ਸੁਰਾਹੀ ਵਸਣ ਤੇਰੇ ਮਹਿਖ਼ਾਨੇ। ਸ਼ਾਇਰ ਫ਼ਕੀਰਾਂ ਭਜਨ ਬੰਦਗੀ ਥਾਂ ਮੁੱਠੀ ਭਰ ਦਾਣੇ। 62. ਧੀਆਂ ਪੁੱਤਰ ਇੱਜ਼ਤ ਲੱਛਮੀ ਥਾਲ ਪਰੋਸੇ ਖਾਣੇ। ਹਾਥੀ ਘੋੜੇ ਪਲੰਗ ਪਾਲਕੀ ਲਭਣ ਠਾਠ ਸ਼ਾਹਾਨੇ। ਇਸ਼ਕ ਹੁਸਨ ਰੰਗ ਰੂਪ ਜਵਾਨੀ, ਨਗਮੇ ਗੀਤ ਤਰਾਨੇ। ਆਲਮ ਫ਼ਾਜ਼ਿਲ ਕਵੀ ਕਵੀਸ਼ਰ ਲਿਖਦੇ ਰਹੇ ਅਫ਼ਸਾਨੇ। ਕਾਬਾ ਕਾਸ਼ੀ ਮਸਜਦ ਮੰਦਿਰ ਗਿਰਜੇ ਤੇ ਬੁਤਖ਼ਾਨੇ। ਤੇਰੇ ਪੂਜਕ ਅੱਜ ਤੱਕ ਤੈਨੂੰ ਨਾ ਸਮਝੇ ਨਾ ਜਾਣੇ। 63. ਗਾਰਾਂ ਕੰਧਰਾਂ ਬੰਜਰ ਬੇਲੇ ਜੰਗਲ ਅਤੇ ਵੀਰਾਨੇ। ਝੀਲਾਂ ਚਸ਼ਮੇਂ ਨਦੀਆਂ ਨਾਲੇ ਕਿਲਕਾਂ ਕਾਈਆਂ ਕਾਨੇ। ਲੱਖ ਪਰਿੰਦ ਚਰਿੰਦ ਦਰਿੰਦ ਵੱਖੋ ਵੱਖ ਟਿਕਾਣੇ। ਜੁਗਨੂੰ ਚੰਦ ਸਿਤਾਰਾ ਦੀਪਕ ਕਿਆ ਕੋਈ ਮਹਿਮਾ ਜਾਣੇ। ਪੱਤੀ ਤਿਤਲੀ ਭੌਰ ਕਲੀ ਤੇ ਸ਼ਮ੍ਹਾਂ ਉੱਤੇ ਪਰਵਾਨੇ। ਕੈਸੇ ਸਾਜ ਸਜਾਏ ਵੇਖੋ ਆਪਣੇ ਆਪ ਖ਼ੁਦਾ ਨੇ। 64. ਜੀਵਨ ਦੇ ਚੌਰਾਹੇ ਉੱਤੇ ਕਈ ਕਈ ਆਉਂਦੇ ਮੋੜ। ਸੁਖ ਦੇ ਸਾਥੀ ਦੁਖ ਬਣੇ ਤੇ ਜਾਂਦੇ ਸਾਥ ਨੂੰ ਛੋੜ। ਦੁਖ ਦੇ ਸਾਥੀ ਭੀੜ ਬਣੇ ਤੇ ਦੇਂਦੇ ਖ਼ੂਨ ਨਚੋੜ। ਖੇਤੀ ਦੀ ਰਾਖੀ ਜਿਵੇਂ ਕਰਦੀ ਉਹ ਕੰਡਿਆਲੀ ਥੋੜ। ਲਹਿਰਾਂ ਆਸਰੇ ਤੂਫ਼ਾਨਾਂ ਵਿਚ ਬੇੜੀ ਦੇਂਦੇ ਰੋੜ। ਘੁੰਮਣ ਘੇਰਾ ਉਹ ਲੰਘ ਜਾਂਦੇ, ਜਾ ਪਹੁੰਚਦੇ ਤੋੜ। 65. ਤਨ ਦਾ ਚੋਲਾ ਆਖ਼ਰ ਫਟਣਾ, ਹੋਣਾ ਭੌਰ ਉਦਾਸ। ਖ਼ਾਲੀ ਹੱਥ ਕਫ਼ਨ ਤੋਂ ਬਾਹਰ, ਮੁਕਣੇ ਸਵਾਸ ਗਰਾਸ। ਮਰਨ ਬਾਦ ਵੀ ਨਾਲ ਲੈ ਜਾਵੇ, ਏਹੋ ਜਿਹੀ ਏ ਰਾਸ। ਪੱਤਿਆਂ ਵਿਚ ਹਰਿਆਲੀ ਏਦਾਂ, ਜਿਉਂ ਫੁੱਲਾਂ ਵਿਚ ਵਾਸ। ਕੀ ਛੱਡ ਚਲਿਆ ਕੀ ਲੈ ਜਾਣਾ, ਕੀ ਹੈ ਤੇਰੇ ਪਾਸ। ਕਿਹਦੀ ਮਿਟਾਈ ਦੁਨੀਆਂ ਉੱਤੇ ਆ ਕੇ ਭੁੱਖ ਪਿਆਸ। 66. ਤਨ ਉਜਲੇ ਦਾ ਕੀ ਮੁੱਲ ਪੈਣਾ, ਮਨ ਜੇ ਹੋਏ ਪਲੀਤ। ਹੱਥ ਟੱਡਿਆ ਜਗ ਥੁੱਕ ਦੇਂਦਾ, ਬੁਰੀ ਹੋਏ ਜੇ ਨੀਤ। ਪੂਜਾ ਪਾਠ ਸਮਾਧੀ ਸੰਧਿਆ, ਭਜਨ ਕੀਰਤਨ ਗੀਤ। ਕੀ ਕਰਨਗੇ ਮਨ ਜੇ ਖੋਟਾ, ਵੜਿਆ ਵਿਚ ਮਸੀਤ। ਛਿਨ ਛਿਨ ਪਲ ਪਲ ਘੜੀਆਂ, ਗਿਣ ਗਿਣ ਗਈ ਜ਼ਿੰਦਗੀ ਬੀਤ। ਇਕ ਘੜੀ ਤੂੰ ਕਰ ਨਾ ਸਕਿਆ, ਸਾਹਿਬ ਨਾਲ ਪ੍ਰੀਤ। 67. 'ਕੱਲਿਆਂ ਬੰਦਗੀ 'ਕੱਲਿਆਂ ਕਵਿਤਾ, ਉਜਲੇ ਦਵੇ ਵਿਚਾਰ। ਦੋ ਜਣਿਆਂ ਨਾਲ ਸੋਹਬਤ ਹੋਵੇ ਜੈਸੇ ਨਰ ਤੇ ਨਾਰ। ਤਿਨ........... ਬਹੁਤ ਸੁਚੱਜਾ ਸਫ਼ਰ ਉਹ ਹੁੰਦਾ, ਸਾਥੀ ਹੋਣ ਜੇ ਚਾਰ। ਪੰਜਾਂ ਨਾਲ ਪੰਚਾਇਤ ਦਾ ਚਲੇ, ਸੋਹਲ ਕਾਰੋਬਾਰ। ਜੰਗ ਅੰਦਰ ਤਲਵਾਰਾਂ ਵਾਲੇ, ਸਾਥੀ ਹੋਣ ਹਜ਼ਾਰ। 68. ਲੱਖਾਂ ਐਬ ਸਵਾਬ ਛੁਪਾਏ, ਕਾਲੀ ਰਾਤ ਡਰਾਉਣੀ। ਕੀ ਕੀ ਬੀਤੀ ਨਾਲ ਕਿਸੇ ਦੇ, ਕੀ ਕੀ ਬਣੀ ਕਹਾਣੀ। ਲੱਖ ਕਰੋੜ ਚਮਕਦੇ ਤਾਰੇ, ਦੇ ਦੇਂਦੇ ਕੁਰਬਾਨੀ। ਲੱਖਾਂ ਸਧਰਾਂ ਲੈ ਕੇ ਆਉਂਦੀ, ਤਦ ਪ੍ਰਭਾਤ ਸੁਹਾਣੀ। ਇੱਕੋ ਕਿਰਨ ਸੂਰਜ ਦੀ ਪੀ ਲਏ, ਸਾਰਾ ਉਸ ਦਾ ਪਾਣੀ। ਜੀਵਨ ਦੇ ਵਿਚ ਮੌਤ ਛੁਪੀ ਏ, ਮੌਤ ਦੇ ਵਿਚ ਜ਼ਿੰਦਗਾਨੀ। 69. ਲੱਖ ਕਰੋੜ ਵਾਲ ਜਿਸਮ `ਤੇ, ਗਿਣਿਆਂ ਗਿਣੇ ਨਾ ਜਾਂਦੇ। ਗਿਣੇ ਨਾ ਜਾਂਦੇ ਅੰਬਰੀ ਤਾਰੇ, ਲੱਖਾਂ ਨਜ਼ਰ ਜੋ ਆਂਦੇ। ਲੱਖ ਕਰੋੜਾਂ ਗੀਤ ਤੇ ਨਗਮੇਂ, ਸਾਜ਼ੀ ਸਾਜ ਵਜਾਂਦੇ। ਕਵੀ ਕਵੀਸ਼ਰ ਆਕਲ ਆਲਮ, ਫਿਰ ਵੀ ਭੇਦ ਨਾ ਪਾਂਦੇ। ਕਾਜੀ ਮੁੱਲਾਂ ਪੜ੍ਹਣ ਹਦੀਸਾਂ, ਪੋਥੀਆਂ ਪੜ ਗਏ ਪਾਂਧੇ। ਸੂਫ਼ੀ ਵਿਚ ਪਰਹੇਜ਼ਾਂ ਮਰ ਗਏ, ਹਿੰਦਵੀ ਪੀਂਦੇ ਖਾਂਦੇ। 70. ਬੁਰੀ ਕਿਸੇ ਦੀ ਨਿੰਦਿਆ ਚੁਗਲੀ, ਬੁਰੀ ਨਿਤ ਦੀ ਕੰਗ। ਬੁਰਾ ਇਰਾਦਾ ਜ਼ਾਹਰ ਨਾ ਕਰਨਾ, ਬੁਰੀ ਹੁੰਦੀ ਏ ਸੰਗ। ਬੁਰਾ ਊਂਟ ਦਾ ਵੈਰ ਹੈ ਹੁੰਦਾ, ਬੁਰਾ ਸੱਪ ਦਾ ਡੰਗ। ਬੁਰੀ ਬੁਰੇ ਦੀ ਮਜਲਸ ਹੁੰਦੀ, ਬੁਰਾ ਬੁਰੇ ਦਾ ਸੰਗ। ਬੁਰਾ ਧਰਮ ਕਰਮ ਦੀਆਂ ਹੱਦਾਂ, ਛੇਤੀ ਜਾਏ ਓਲੰਘ। ਅਦਬ ਅਦਾਬ ਕੋਈ ਨਾ ਰੱਖੇ, ਬੁਰੀ ਭੁੱਖ ਤੇ ਨੰਗ। 71. ਹੱਥ ਟੱਡ ਕੇ ਮੰਗਣਾ ਪੈਣਾ, ਬੁਰੀ ਕਿਸੇ ਦੀ ਆਸ। ਆਪਣੀ ਜਾਣ ਲਈ ਵਢ ਖਾਣਾ, ਬੁਰਾ ਤਲੇ ਦਾ ਮਾਸ। ਯਾਰੀ ਲਾ ਕੇ ਦਗ਼ਾ ਕਮਾਣਾ, ਬੁਰਾ ਟੁਟੇ ਵਿਸ਼ਵਾਸ। ਸ਼ੁਕਰ ਸਬਰ ਬਿਨ ਜੋ ਹੈ ਚੱਲਦਾ, ਓ ਹੈ ਬੁਰਾ ਸਵਾਸ। ਬਹੁਤ ਬੁਰਾ ਦਾਗ਼ੀ ਦਾ ਜੀਵਨ, ਬੁਰੀ ਪਰਾਈ ਰਾਸ । ਬੁਰੀ ਫੁਟ ਤੇ ਫ਼ਿਰਕਾਦਾਰੀ, ਕਰੇ ਦੇਸ਼ ਦਾ ਨਾਸ। 72. ਮੁਣੀਆਂ ਜੋਗੀਆਂ ਪੀਰਾ ਦਾਰੂ, ਨਾਥ ਨੇ ਜੋ ਕਨਪਟੀਏ। ਬਿਨਾਂ ਪਰਖ ਤੋਂ ਪਾਸ ਨਾ ਜਾਈਏ, ਦੇਖੀਏ ਮੱਥਾ ਵਟੀਏ। ਸੱਜਣਾਂ ਕੋਲੋਂ ਹੋਏ ਬੇਕਦਰੀ, ਦੂਰ ਦੂਰ ਤੱਕ ਹਟੀਏ। ਇੱਜ਼ਤ ਖ਼ਾਤਰ ਕੱਨੀ ਹੀਰੇ, ਚਟਨੀ ਪਵੇ ਤੇ ਚਟੀਏ। ਸਿਦਕ ਯਕੀਨ ਈਮਾਨ ਵਾਲੀ, ਸਦਾ ਹੀ ਮਾਲਾ ਜਪੀਏ। ਹੁਣ ਆਦਰਸ਼ਾਂ ਵਾਲੇ ਏਥੇ, ਬਣ ਬੈਠੇ ਗਲ ਕਟੀਏ। 73. ਖੱਬੀ ਅੱਖੀ ਅੱਜ ਫ਼ਰਕਦੀ, ਬੋਲੇ ਕਾਗ ਬਨੇਰੇ I ਮਹਿੰਦੀ ਲਾਵਾਂ ਮਾਂਗ ਸਵਾਂਰਾਂ, ਮਾਹੀ ਆਉਣਾ ਮੇਰੇ। ਮੁੱਢੋਂ ਸੁੱਢੀ ਅੱਜ ਨੇ ਵਸਣਾ, ਸੁੰਨੇ ਸੀ ਜੋ ਡੇਰੇ। ਚੜ੍ਹਨਾ ਅੱਜ ਕੋਈ ਨਵਾਂ ਚੰਦਰਮਾ, ਹੋਣੇ ਦੂਰ ਹਨੇਰੇ। ਆ ਕਾਂਵਾਂ ਤੈਨੂੰ ਚੂਰੀ ਪਾਵਾਂ, ਸਦਕੇ ਸੋਹਨਿਆ ਤੇਰੇ। ਬੜੇ ਪਿਆਰੇ ਅੱਜ ਨੇ ਲੱਗਦੇ, ਤੇਰੇ ਫੁੱਲ ਕਨੇਰੇ। 74. ਨਾ ਮੈਂ ਕੋਈ ਕਿਰਨ ਸੂਰਜ ਦੀ, ਨਾ ਰਾਤ ਦਾ ਚੰਦ। ਨਾ ਮੈਂ ਕਿਸੇ ਕੁਲੀ ਦਾ ਦੀਵਾ, ਨਾ ਮੈਂ ਕੋਈ ਮੁਰੀਦ। ਨਾ ਰੁਸ਼ਨਾਈ ਕਿਸੇ ਟਿਲੇ ਦੀ, ਨਾ ਮੈਂ ਕੋਈ ਅਨੰਦ। ਨਾ ਮਿਰਗ ਜਹੀ ਖਲੜੀ ਮੇਰੀ, ਨਾ ਹਾਥੀ ਦਾ ਦੰਦ। ਨਾ ਮੈਂ ਗੀਤ ਸੰਗੀਤ ਕਵੀ ਦਾ, ਨਾ ਦੋਹਾਂ ਨਾ ਛੰਦ। ਲੰਮਾ ਸਫ਼ਰ ਜੀਵਨ ਦਾ ਮੇਰਾ, ਮੈਂ ਭੁੱਲਿਆ ਦਾ ਪੰਧ। 75. ਨਾ ਮੈਂ ਚੱਪੂ ਨਾ ਮੈਂ ਬੇੜੀ, ਨਾ ਮੈਂ ਕੋਈ ਮਲਾਹ । ਨਾ ਮੈਂ ਨੁਸਖਾ ਕਿਸੇ ਵੈਦ ਦਾ, ਨਾ ਮੈਂ ਕੋਈ ਉਪਾਹ । ਨਾ ਮੈਂ ਪਾਰਸ ਨਾ ਮੈਂ ਲੋਹਾ, ਨਾ ਮੈਂ ਭਸਮ ਸਵਾਹ। ਨਾ ਕੋਈ ਸੋਜ਼ ਤੇ ਸਾਜ ਕਿਸੇ ਦਾ, ਨਾ ਜੀਵਨ ਦੀ ਚਾਹ। ਨਾ ਮੈਂ ਇਸ਼ਕ ਹੁਸਨ ਦਾ ਤਾਲਬ, ਨਾ ਸਖੀ ਨਾ ਸ਼ਾਹ। ਕੀ ਮੈਂ ਕੰਮ ਕਿਸੇ ਦੇ ਆਉਣਾ, ਮੈਂ ਭੁੱਲਿਆ ਦਾ ਰਾਹ। 76. ਨਾ ਮੈਂ ਮਸਜਿਦ ਨਾ ਮੈਂ ਮੰਦਿਰ, ਨਾ ਗਿਰਜੇ ਦਾ ਟੱਲ। ਨਾ ਮੈਂ ਦਰੀ ਨਾ ਮੈਂ ਚੇਲਾ, ਨਾ ਮੈਂ ਜੋਤਸ਼ ਦੀ ਗੱਲ। ਨਾ ਮੈਂ ਭੂਤ ਮਸਾਨ ਸੌਰਿਆ, ਨਾ ਛਾਇਆ ਦਾ ਛੱਲ । ਨਾ ਕਿਸੇ ਤਲਵਾਰ ਦੀ ਤਾਕਤ, ਨਾ ਯੋਧੇ ਦਾ ਬੱਲ। ਨਾ ਯੁਗ ਦਾ ਮੈਂ ਪੀਰ ਪੈਗ਼ੰਬਰ, ਨਾ ਮੁਸ਼ਕਿਲ ਦਾ ਹੱਲ। ਕੰਮ ਕਿਸੇ ਦੇ ਮੈਂ ਨਹੀਂ ਆਇਆ, ਨਾ ਮੈਂ ਫੁੱਲ ਨਾ ਫਲ। 77. ਨਾ ਮੈਂ ਸੂਫ਼ੀ ਭਗਤ ਪ੍ਰਭੂ ਦਾ, ਨਾ ਮੈਂ ਰਿੰਦ ਦੀਵਾਨਾ। ਨਾ ਹੈ ਮੇਰੀ ਮੰਜ਼ਿਲ ਕੋਈ, ਨਾ ਹੈ ਮੇਰਾ ਨਿਸ਼ਾਨਾ। ਨਾ ਮੈਂ ਸ਼ੀਸ਼ਾ ਜਾਮ ਸੁਰਾਹੀ, ਨਾ ਸਾਗਰ ਪੈਮਾਨਾ। ਮੇਰੀ ਰਾਹ ਵਿਚ ਕੋਈ ਨਾ ਆਉਂਦਾ, ਮੰਦਿਰ ਤੇ ਮੈਖਾਨਾ। ਸਮਝ ਨਾ ਆਵੇ ਕਿਸੇ ਨੂੰ ਸਮਝਾ, ਆਪਣਾ ਅਤੇ ਬੇਗਾਨਾ। ਰੈਣ ਬਸੇਰਾ ਕਰਕੇ ਏਥੇ, ਆਖ਼ਰ ਹੈ ਤੁਰ ਜਾਣਾ। 78. ਨਾ ਮੈਂ ਸਾਧ ਔਲੀਆ, ਨਾ ਮੈਂ ਕੋਈ ਗਾਜ਼ੀ। ਨਾ ਮੈਂ ਪੰਡਿਤ ਨਾ ਮੈਂ ਸੈਯਦ, ਨਾ ਮੱਕੇ ਦਾ ਹਾਜ਼ੀ । ਨਾ ਮੈਂ ਪੰਚ ਕਿਸੇ ਮਜਲਸ ਦਾ, ਨਾ ਮੁਲਾਂ ਨਾ ਕਾਜੀ। ਨਾ ਕਿਸੇ ਨਾਲ ਜ਼ਿੰਦਗੀ ਸਾਂਝੀ, ਨਾ ਗ਼ੁੱਸੇ ਨਾ ਰਾਜੀ। ਨਾ ਕਦੇ ਤਲਵਾਰ ਮੈਂ ਚੁੱਕੀ, ਨਾ ਮੈਂ ਬਣਿਆ ਗਾਜ਼ੀ। ਨਾ ਦੁਨੀਆਂ ਵਿਚ ਜਿਤ ਮੈਂ ਜਿਤੀ, ਨਾ ਮੈਂ ਹਾਰੀ ਬਾਜ਼ੀ। 79. ਨਾ ਮੈਂ ਰਾਜਾ ਸੇਠ ਸੌਦਾਗਰ, ਨਾ ਮੈਂ ਕੋਈ ਸੁਲਤਾਨ। ਨਾ ਖ਼ੁਸ਼ੀਆਂ ਨਾ ਐਸ਼ ਬਹਾਰਾਂ, ਨਾ ਗ਼ਮ ਵਿਚ ਗਲਤਾਨ। ਨਾ ਆਕੜ ਨਾ ਸ਼ੋਖੀ, ਨਾ ਕੋਈ ਵਹਿਮ ਗੁਮਾਨ । ਨਾ ਮੈਂ ਇਲਮ ਹੁਨਰ ਨੂੰ ਜਾਣਾ, ਨਾ ਮੈਂ ਚਤਰ ਸਜਾਨ। ਨਾ ਮੈਂ ਹਿੰਦੂ ਸਿੱਖ ਈਸਾਈ, ਜੈਨੀ ਮੁਸਲਮਾਨ। ਜਾਤ ਪਾਤ ਮਜ਼ਹਬਾਂ ਤੋਂ ਉੱਚਾ, ਮੈਂ ਹਾਂ ਇਕ ਇਨਸਾਨ। 80. ਏਥੇ ਦਾ ਏਥੇ ਰਹਿ ਜਾਣਾ, ਰੂਪ ਤੇਜ ਤੇ ਰੰਗ। ਨਾ ਕੁਝ ਲੈ ਕੇ ਨਾਲ ਸੀ ਆਇਆ, ਨਾ ਲੈ ਜਾਣਾ ਸੰਗ। ਜਿਹੜੀ ਜੰਮਨੀ ਅਤੀ ਵਿਆਕੁਲ, ਗੁਣਾਂ ਦੀ ਸੁੱਕੀ ਗੰਗ। ਟੁੱਟਣ ਲੱਗੀ ਕਚ ਦੀ ਕਾਇਆ, ਭੱਜਣ ਲੱਗੇ ਅੰਗ। ਕਾਮ ਦੇਵ ਦਾ ਦੁਨੀਆਂ ਉੱਤੇ, ਸਦਾ ਰਿਹਾ ਪ੍ਰਸੰਗ। ਜਾਣੇ ਰੱਬ ਕਿਧਰ ਨੂੰ ਜਾਂਦੀ, ਕੱਟੀ ਹੋਈ ਪਤੰਗ। 81. ਟੁੱਟਣਾ ਆਖ਼ਰ ਸਵਾਸ ਦਾ ਪਿੰਜਰਾ, ਮੁੱਕਣੀ ਉਮਰ ਦੀ ਡੋਰ। ਕੋਈ ਚਿਤਾ ਯਾਂ ਮੜ੍ਹੀ ਮਿਲੇਗੀ, ਯਾਂ ਉਡੇਗੀ ਘੋਰ। ਸਭਨਾਂ ਚੋਰਾਂ ਨਾਲੋਂ ਵੱਡਾ, ਇਹ ਹੈ ਮਨ ਦਾ ਚੋਰ। ਥੰਮ ਜਾਏ ਤੂਫ਼ਾਨ ਮਗਰ, ਨਾ ਏਹਦੀ ਥੰਮੇ ਤੋਰ। ਤਨ ਦੀ ਰਾਖੀ ਲਈ ਉਪੱਦਰ, ਕਰ ਨਾ ਬਹੁਤੇ ਹੋਰ। ਉਹੋ ਦਾਣਾ ਮੂੰਹ ਵਿਚ ਪੈਣਾ, ਲੱਗੀ ਜਿਸ 'ਤੇ ਮੋਹਰ। 82. ਚੂਹਾ ਵਧੇ ਜੇ ਖੇਤ ਦੇ ਅੰਦਰ, ਪੈ ਜਾਏ ਚੋਰ ਭਿਆਲ। ਤੋਤੇ ਵਧਣ ਤੇ ਨਾਸ਼ ਫਲਾਂ ਦਾ, ਮੁਸ਼ਕਿਲ ਹੋਏ ਸੰਭਾਲ। ਟਿਡੀ ਵਧੇ ਨਾ ਰਹੇ ਹਰਿਆਵਲ, ਹਰਿਆਂ ਰੁੱਖਾਂ ਨਾਲ। ਚਿੜੀ ਵਧੇ ਤੇ ਦੇਸ਼ ਦੇ ਅੰਦਰ, ਆਇਆ ਸਮਝੋ ਕਾਲ। ਭੁੱਖ ਕਲੇਸ਼ ਵਧੇ ਘਰ ਅੰਦਰ, ਜਿੰਨੇ ਵਧਦੇ ਬਾਲ। ਵੇਹਲ ਬੇਕਾਰੀ ਭੈੜੀ ‘ਤਾਇਰ’, ਕਰਦੀ ਦੇਸ਼ ਕੰਗਾਲ। 83. ਫੁੱਟ ਵਧੇ ਜੇ ਦੇਸ਼ ਦੇ ਅੰਦਰ, ਹੋ ਜਾਏ ਦੇਸ਼ ਅਧੀਨ। ਜਿਉਂ ਜਿਉਂ ਵਧੇ ਦਲਿਦਰ ਪਾਪੀ, ਤਿਉਂ ਤਿਉਂ ਮੰਨੇ ਈਨ। ਜਿਉਂ ਜਿਉਂ ਬੇਇਤਬਾਰੀ ਵੱਧ ਜਾਏ, ਟੁੱਟਦਾ ਜਾਏ ਯਕੀਨ। ਜਿਉਂ ਜਿਉਂ ਭੈੜੀ ਸੰਗਤ ਵੱਧ ਜਾਏ, ਹੋਵੇ ਬੁੱਧ ਮਲੀਨ। ਕੱਲਰ ਵਧੇ ਅੰਨ ਨਾ ਉੱਗੇ, ਸੜਦੀ ਜਾਏ ਜ਼ਮੀਨ। ਵਰਨ ਸ਼ੰਕਰ ਜੇ ਵਧੇ ਦੇਸ਼ ਵਿਚ, ਰਹੇ ਧਰਮ ਨਾ ਦੀਨ। 84. ਬਦਨ ਦੇ ਵਿਚ ਨੂਰ ਇਲਾਹੀ, ਵਰਖਾ ਦੇ ਵਿਚ ਅੰਨ। ਹਵਾ ਹੈ ਰਾਣੀ ਸ਼ਬਦ ਬਾਣੀ, ਜੋ ਸੁਣਦੇ ਨੇ ਕੰਨ। ਸਾਗਰ ਛਲਾਂ ਮਾਰਕੇ ਪੂਜੇ, ਧਨ ਚੌਦਸ਼ ਦਾ ਚੰਨ। ਨੂਰ ਬਥੇਰੇ ਕੁਲ ਧਰਤੀ 'ਤੇ, ਹੋਵੇ ਮਨ ਪ੍ਰਸੰਨ। ਸੂਰਜ ਰਾਜਾ ਕੁਲ ਸਰਿਸ਼ਟੀ ਦਾ, ਚਮਕੇ ਨੀਲ ਗਗਨ। ਲੱਖ ਪਦਾਰਥ ਪਾ ਕੇ ਰੱਜਦਾ, ਨਹੀਂ ਸਵਾਰਥੀ ਮਨ। 85. ਚੁੱਪ ਦੇ ਅੰਦਰ ਲੱਖ ਭੇਤ ਨੇ, 'ਕੱਲਿਆਂ ਵੀ ਹੈ ਮਹਿਫ਼ਲ। ਇਕ ਸਵਾਸ ਉਮਰ ਹੈ ਪੂਰੀ ਇਕ ਕਦਮ ਵੀ ਮੰਜ਼ਿਲ । ਸਬਰ ਸਬੂਰੀ ਨਾਲ ਜੇ ਗੁਜ਼ਰੇ, ਇਸ ਜੀਵਨ ਦਾ ਪਲ ਪਲ । ਸ਼ੁਕਰ ਬੜਾ ਸੰਤੋਸ਼ੀ ਹੁੰਦਾ, ਹਲ ਕਰ ਦੇਂਦਾ ਮੁਸ਼ਕਿਲ । ਚੁੱਪ ਚੁੱਪ ਭਗਤੀ ਧਿਆਨ ਧਾਰਨਾ, ਢੋਲ ਨਗਾਰੀਂ ਦੰਗਲ। ਮੇਹਰੀ ਬਰਕਤ ਹਿੰਮਤੀਂ ਦੌਲਤ, ਜੰਗਲੀ ਲਗਨ ਮੰਗਲ। 86. ਬਿਰਹਾ ਕਵਿਤਾ ਵਿਚ ਛਲਕਾਂ ਮਾਰੇ, ਜਿਉਂ ਸਾਗਰ ਦਾ ਪਾਣੀ। ਦੁੱਖਾਂ ਦੇ ਵਿਚ ਕਵਿਤਾ ਦੇਵੀ, ਪੈਦਾ ਕਰੇ ਅਸਾਨੀ। ਲਿਖੇ ਚਾਤਰਕ ਕਹੇ ਗਵਈਆ, ਲੱਗੇ ਮਨੋਹਰ ਬਾਣੀ। ਜਿਉਂ ਫੁੱਲਾਂ ਦੇ ਗਹਿਣੇ ਪਾਏ, ਸੋਹਣੀ ਰੁੱਤ ਦੀ ਰਾਣੀ। ਕੌਮ ਵਤਨ ਨੂੰ ਗੌਰਵ ਦੇਵੇ, ਰੂਪ ਲਾਜ ਜ਼ਿੰਦਗਾਨੀ। ਕਵਿਤਾ ਹੈ ਇਕ ਦਾਤ ਰੱਬ ਦੀ, ਨਹੀਂ ਕੋਈ ਇਹਦੇ ਸਾਨੀ। 87. ਹੀਰਾ ਰਤਨ ਤੇ ਮਾਨਕ ਮੋਤੀ, ਕਵੀ ਮੁਹਤਾਜ ਨਾ ਧਨ ਦਾ। ਸਿਰਫ਼ ਜੀਵਨ ਲਈ ਇੱਕੋ ਟੁਕੜਾ, ਚਾਹੀਦਾ ਸੁੱਚੇ ਅੰਨ ਦਾ। ਸ਼ਾਹ ਬਾਦਸ਼ਾਹ ਫ਼ੌਜ ਰਸਾਲੇ, ਨਾ ਕਿਸੇ ਨੂੰ ਮੰਨ ਦਾ। ਦੇ ਸਕਦਾ ਹੈ ਲਹੂ ਕਿਸੇ ਨੂੰ, ਇਹ ਤੇ ਆਪਣੇ ਤਨ ਦਾ। ਸਭ ਕੋਲੋਂ ਹੈ ਬਹੁਤਾ ਹੁੰਦਾ, ਇਸ ਨੂੰ ਪਿਆਰ ਵਤਨ ਦਾ। ਜਨਮ ਜਨਮ ਦੇ ਪੁੰਨ ਇਕੱਠੇ, ਹੋਣ ਤੇ ਸ਼ਾਇਰ ਬਣਦਾ। 88. ਨਾਨਕ ਦੇ ਕੋਲ ਕਵਿਤਾ ਦੇਵੀ, ਸ਼ਬਦ ਕੀਰਤਨ ਬਾਣੀ। ਤੁਲਸੀ ਜੀਭਾ ਆਈ ਸਰਸਵਤੀ, ਲਿਖੀ ਰਾਮ ਕਹਾਣੀ। ਮਿੱਠੇ ਮਿੱਠੇ ਗੀਤ ਮੀਰਾਂ ਦੇ, ਓ ਕਵਿਤਰੀ ਰਾਣੀ। ਭਗਤ ਕਬੀਰ ਦੇ ਪੜ੍ਹੇ ਜੋ ਦੋਹੇ, ਜਾਗੇ ਸੁੱਤਾ ਪ੍ਰਾਣੀ। ਮਹਾਂ ਕਵੀ ਟੈਗੋਰ ਗੀਤਾਂਜਲੀ, ਵਾਰਸ ਹੀਰ ਲਾਸਾਨੀ। ਫਾਨੀ ਹੈ ਸਭ ਦੁਨੀਆਂ ‘ਤਾਇਰ’, ਕਵਿਤਾ ਹੈ ਲਾਫ਼ਾਨੀ। 89. ਬਿਰਹਾ ਦੇ ਵਿਚ ਨਿਤ ਦੇ ਹੌਕੇ, ਅੱਠੋ ਪਹਿਰ ਉਦਾਸੀ। ਬੇਚੈਨ ਨੂੰ ਚੈਨ ਨਾ ਆਵੇ, ਅੱਖ ਦੀਦ ਦੀ ਪਿਆਸੀ। ਵਿਛੜ ਜਾਏ ਜੋ ਦੁਨੀਆਂ ਵਿੱਚੋਂ, ਮੁੜ ਕੇ ਕਦੇ ਨਾ ਆਸੀ। ਲੱਭ ਲਵਾਂਗੇ ਸਜਣੀ ਤੈਨੂੰ, ਭੋਗ ਕੇ ਲੱਖ ਚੌਰਾਸੀ। ਅੱਛਾ ਉਹ ਮਨਜ਼ੂਰ ਹੈ ਸਾਨੂੰ, ਜੋ ਹੈ ਕੁਦਰਤ ਕਰਦੀ। ਪੂਰਾ ਸ਼ਾਇਰ ਨਾ ਬਣਦਾ ‘ਤਾਇਰ’, ਜੇ ਨਾ ਸ਼ੀਲਾ ਮਰਦੀ। 90. ਕਦੀ ਦਰੱਖ਼ਤਾਂ ਫਲ ਨਹੀਂ ਖਾਂਦੇ, ਲੱਗੇ ਅੰਬ ਪਪੀਤੇ। ਆਪਣੇ ਪਾਣੀ ਆਪ ਤਲਾਵਾਂ, ਕਦੇ ਨਹੀਂ ਅੱਜ ਤੱਕ ਪੀਤੇ। ਵਰ੍ਹਿਆਂ ਬੱਧੀ ਗੱਡੇ ਹੋਏ ਮੀਲ, ਖੜ੍ਹੇ ਚੁੱਪ ਕੀਤੇ। ਮੰਦਰ ਗਿਰਜ਼ੇ ਕਦੇ ਨਹੀਂ ਬੋਲੇ, ਜੋ ਬੀਤੇ ਸੋ ਬੀਤੇ। ਨਾਲ ਨਮਾਜਾਂ ਰੱਬ ਨਹੀਂ ਮਿਲਦਾ, ਬਾਂਗਾਂ ਦਿਉ ਮਸੀਤੇ। ਜੋ ਮਿਲਦਾ ਇਸ ਜਗ ਵਿਚ ‘ਤਾਇਰ’, ਮਿਲਦਾ ਆਪਣੀ ਨੀਤੇ। 91. ਸੜਦੇ ਮੁਰਦੇ ਵੇਖ-ਵੇਖ, ਸ਼ਮਸ਼ਾਨ ਕਦੇ ਨਹੀਂ ਬੋਲੇ। ਮੌਤ ਨੇ ਕਦੇ ਲਿਹਾਜ਼ ਨਹੀਂ ਕੀਤਾ, ਜੋ ਹੋਏ ਸੋ ਹੋਏ। ਮੂਰਖ ਮਨ ਦਾ ਕਾਲਾ ਕੰਬਲ, ਸਾਬਣ ਦੇ ਨਾਲ ਧੋਏ। ਟੁੱਟਿਆ ਬੂਟਾ, ਕੱਟਿਆ ਪੱਤਾ, ਕਦੇ ਨਾ ਉਗ ਖਲੋਏ। ਸਾਫ਼ ਨਾ ਆਪਣੇ ਰਾਹ ਦੇ ਕੀਤੇ, ਕੰਡੇ ਟਿੱਬੇ ਟੋਏ। ਯਾਦ ਬੁਢਾਪਾ ਕਰੇ ਜਵਾਨੀ, ਹੰਝੂ ਹਾਰ ਪਰੋਏ। 92. ਪੁੰਨ-ਪਾਪ ਨੇ ਦੋਵੇਂ ਜਗ 'ਤੇ, ਜੋ ਚਾਹੇ ਸੋ ਕਰ ਲਏ। ਦੋ ਸਾਗਰ ਨੇ ਮਨ ਦੀ ਗਾਗਰ, ਜਿਥੋਂ ਚਾਹੇ ਭਰ ਲਏ। ਜਲ ਕਿਸੇ ਨੂੰ ਬੰਦ ਨਹੀਂ ਕਰਦਾ, ਡੁੱਬ ਜਾਏ ਜਾਂ ਤਰ ਲਏ। ਡਰ ਨੇ ਕਦੇ ਨਹੀਂ ਕਿਹਾ ਕਿਸੇ ਨੂੰ, ਮੈਥੋਂ ਕੋਈ ਡਰ ਲਏ। ਸੁੱਖ ਬੁਲਾ ਜੇ ਕਿਸੇ ਪੁਰਸ਼ ਤੇ, ਦੁੱਖ ਬਣੇ ਤੇ ਹਰ ਲਏ। ਖ਼ਾਲੀ ਉਹ ਜਾਏ ‘ਤਾਇਰ’, ਫਿਰ ਵੀ ਦਾਮਨ ਭਰ ਲਏ। 93. ਘੜੀ-ਘੜੀ ਏ ਬੀਤੀ ਜਾਏ, ਬੋਲ ਰਿਹਾ ਘੜਿਆਲ। ਕੋਈ ਕਿਸੇ ਦੇ ਨਾਲ ਨਹੀਂ ਆਇਆ, ਗਿਆ ਨਹੀਂ ਕੋਈ ਨਾਲ। ਸੁੱਖਾਂ ਦੇ ਸਭ ਸਾਥੀ ਦਿਸਦੇ, ਦੁੱਖਾਂ ਦਾ ਕੌਣ ਭਿਆਲ। ਮੋਹ ਮਾਇਆ ਦੇ ਅੱਗੇ ਪਿੱਛੇ, ਅਨ ਟੁੱਟ ਜਾਏ ਜਾਲ। ਏਥੇ ਦਾ ਏਥੇ ਰਹਿ ਜਾਣਾ, ਰੂਪ ਤੇਜ ਇਕਬਾਲ। ਕੀ ਭਰੋਸਾ ਦਮ ਦਾ ‘ਤਾਇਰ’, ਸਿਰ ’ਤੇ ਕੂਕੇ ਕਾਲ। 94. ਜਾਮ ਸੁਰਾਹੀ, ਸਾਗਰ ਸੀਸ਼ਾ, ਬੋਤਲ ਅਤੇ ਪੈਮਾਨੇ। ਕਦੇ ਕਿਸੇ ਨੂੰ ਆਵਾਜ਼ ਨਾ ਮਾਰਨ, ਆਪਣੇ ਆਪ ਮੈਖ਼ਾਨੇ। ਮੱਕਾ ਕਾਜੀ, ਮਸਜਦ ਮੰਦਰ, ਗਿਰਜੇ ਤੇ ਬੁੱਤ ਖ਼ਾਨੇ । ਏ ਨਾ ਜਾਨਣ ਕੌਣ ਕੌਣ ਨੇ, ਆਪਣੇ ਅਤੇ ਬੇਗ਼ਾਨੇ। ਕਲਮਾਂ ਅੱਜ ਤੱਕ ਕਦੇ ਨਹੀਂ ਥੱਕੀਆਂ, ਲਿਖ ਲਿਖ ਕੇ ਅਫ਼ਸਾਨੇ। ਅੱਜ ਦੀ ਗੱਲ ਨੂੰ ਜਾਣੇ ‘ਤਾਇਰ’, ਕੱਲ ਕੋਈ ਨਾ ਜਾਣੇ। 95. ਕਦੇ ਨਾ ਗ਼ਮੀਆਂ ਖ਼ੁਸ਼ੀਆਂ ਮੁੱਕੀਆਂ, ਨਾ ਰੋਣੇ ਨਾ ਹਾਸੇ। ਵੱਜ ਚੁੱਕੀਆਂ ਸ਼ਹਿਨਾਈਆਂ, ਜਿਥੇ ਦਿਸਣ ਮਹਿਲ ਉਦਾਸੇ। ਤਿਫ਼ਲਾਂ ਨਾਲ ਤਸੱਲੀਆਂ ਬਣੀਆਂ, ਸਬਰਾਂ ਲਈ ਦਿਲਾਸੇ। ਮੰਗਤੇਆਂ ਨੇ ਲੱਖ ਘਰ ਮੰਗੇ, ਕਦੇ ਭਰੇ ਨਾ ਕਾਸੇ। ਮੈਂ ਉਥੇ ਦਾ ਉਥੇ ਵੇਖਾਂ, ਜੁੱਤਾ ਬੈਲ ਖਡਾਸੇ। ਕੰਮ ਕੋਈ ਨੇਕੀ ਦਾ ਕਰ ਲੈ, ਕੀ ਦਮ ਦੇ ਭਰਵਾਸੇ। 96. ਕਦੇ ਗੱਲ ਨਹੀਂ ਵਾਪਸ ਮੁੜਦੀ, ਨਾ ਚਲਿਆ ਤੀਰ। ਵਾਪਸ ਕਦੇ ਨਹੀਂ ਘਰ ਨੂੰ ਆਉਂਦੇ, ਜੋਗੀ ਸਾਧ ਫ਼ਕੀਰ। ਕਦੇ ਤਪੱਸਿਆ ਨਹੀਂ ਕਰ ਸਕਦਾ, ਰੋਗੀ ਜਿਆ ਸਰੀਰ। ਡੁੱਲ ਕੇ ਕਦੇ ਨਹੀਂ ਵਾਪਸ ਆਇਆ, ਨੈਣਾਂ ਵਿੱਚੋਂ ਨੀਰ। ਦੁਸ਼ਮਣ ਦਾ ਜੇ ਵਜੇ ਪੱਥਰ, ਝੱਲੇ ਪੀੜ ਸਰੀਰ। ਸੱਜਣ ਦਾ ਜੇ ਫੁੱਲ ਵਜੇ ਤੇ, ਜਾਵੇ ਕਾਲਜਾ ਚੀਰ। 97. ਹਾਸੇ ਰੋਣੇ ਦੁਨੀਆਂ ਉੱਤੇ, ਅੱਜ ਤੱਕ ਕਦੇ ਨਹੀਂ ਮੁੱਕੇ। ਨੇਕੀ ਬਦੀ ਤੇ ਪਾਪ ਪੁੰਨ ਨਾ, ਪਰਦੇ ਅੰਦਰ ਲੁੱਕੇ । ਦਾਨਸ਼ਵਰ ਨਿਸ਼ਾਨਾ ਲਾ ਕੇ, ਕਦੀ ਨਾ ਰਾਹੋਂ ਉਕੇ। ਸੁੱਕ ਸੁੱਕ ਜਾਂਦੇ ਨਦੀਆਂ ਨਾਲੇ, ਸਾਗਰ ਕਦੇ ਨਾ ਸੁੱਕੇ। ਲੱਖਾਂ ਕੁੱਤੇ ਭੌਂਕਣ ਬੇਸ਼ਕ, ਹਾਥੀ ਕਦੇ ਨਾ ਰੁੱਕੇ। ਆਪਣਾ ਬੋਝ ਨਾ ਜਾਏ ਚੁੱਕਿਆ, ਕੌਣ ਕਿਸੇ ਦਾ ਚੁੱਕੇ। 98. ਮਰਦ ਤਰਿੰਝਨਾ ਦੇ ਵਿਚ ਬਹਿ ਕੇ, ਕਦੀ ਨਾ ਗੇੜੇ ਕੱਤੇ। ਵਿਧਵਾ ਨਾਰੀ ਕਦੇ ਨਾ ਪਾਵੇ, ਬਾਹੀਂ ਚੂੜੇ ਰੱਤੇ। ਮੂਰਖ ਕਾਹਦਾ ਮੂਰਖ ਹੋਊ, ਜੇ ਲੱਗ ਜਾਏ ਮੱਤੇ। ਤਾਕਤ ਦੇ ਬਿਨ ਸੂਤ ਨਹੀਂ ਆਉਂਦੇ, ਕਦੇ ਵੀ ਲੋਕ ਕੁਪੱਤੇ। ਰਾਜੇ ਅੱਗੇ, ਘੋੜੇ ਪਿੱਛੇ, ਖੜ੍ਹਿਆਂ ਪੈਣ ਦੁਲੱਤੇ। ਜੇ ਨੇਕੀ ਦੀ ਸ਼ੇਅ ਨਾ ਆਵੇ, ਕਿਸੇ ਕੰਮ ਪੁੱਤਰ ਸੱਤੇ। 99. ਕਦੇ ਨਹੀਂ ਅੱਗ ਬਿਨ ਭਠੀਆਂ ਤਪੀਆਂ, ਤਾਅ ਬਿਨ ਦਾਨੇ ਭੁੱਜੇ। ਇਸ਼ਕ ਮਾਹੀਏ ਦੇ ਰਮਜ਼ ਇਸ਼ਾਰੇ, ਕਦੇ ਨਹੀਂ ਰਹਿੰਦੇ ਗੁੱਝੇ । ਸਿਰੋਂ ਗੰਜੀ ਤੇ ਕੰਘੀ ਲੱਭੇ, ਕੌਣ ਬੁਝਾਰਤ ਬੁੱਝੇ। ਅਕਲਾਂ ਵਾਲੇ ਵੱਡੇ ਹਾਥੀ, ਪਾ ਲੈਂਦੇ ਵਿਚ ਕੁੱਜੇ। ਕਦੇ ਨਹੀਂ ਬਾਲ ਨਿਚੱਲੇ ਬੈਠੇ, ਰਹਿੰਦੇ ਨੇ ਉਹ ਰੁੱਝੇ। ਅੰਨੇ ਨੂੰ ਅੰਦਰੋਂ ਅੰਦਰੀਂ, ਗੱਲ ਦੂਰ ਦੀ ਸੁੱਝੇ। 100. ਏ ਨਜ਼ਮ ਨਹੀਂ ਏ ਗੀਤ ਨਹੀਂ, ਏ ਸ਼ੇਅਰ ਨਹੀਂ ਏ ਛੰਦ ਨਹੀਂ। ਬੰਦਿਸ਼ ਵੀ ਕਵੀਆਂ ਵਾਲੀ ਨਹੀਂ, ਸੁਰ ਤਾਲ ਦੇ ਵਿਚ ਆਨੰਦ ਨਹੀਂ। ਇਹ ਜੋੜ ਹੈ ਕੁਝ ਖ਼ਿਆਲਾਂ ਦਾ, ਅਤੇ ਦੇਸ਼ ਪ੍ਰੇਮ ਦੀਆਂ ਗੱਲਾਂ ਨੇ। ਇਹ ਦਿਲ ਦੇ ਸਾਗਰ ਵਿੱਚੋਂ, ਕੁੱਝ ਉਮੜੀਆਂ ਹੋਈਆਂ ਛੱਲਾਂ ਨੇ। ਜਾਂ ਦਿਲ ਦੀ ਤਖ਼ਤੀ ਉੱਤੇ, ਕੁੱਝ ਲਿਖੇ ਦੇ ਗੱਲ ਹਵਾਲੇ ਨੇ। ਜਜ਼ਬਾਤ ਨਹੀਂ ਇਹ ਸ਼ਾਇਰ ਦੇ, ਸੀਨੇ ਦੇ ਤੜਫਦੇ ਛਾਲੇ ਨੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੇਲਾ ਰਾਮ ਤਾਇਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ