Biography : Mela Ram Tair/Tayyar
ਜੀਵਨ ਤੇ ਰਚਨਾ : ਮੇਲਾ ਰਾਮ ਤਾਇਰ
ਮੇਲਾ ਰਾਮ ਤਾਇਰ ਦਾ ਜਨਮ 2 ਜਨਵਰੀ, 1901 ਈ. ਨੂੰ ਮਾਤਾ ਮਲਾਵੀ ਦੇਵੀ ਤੇ ਪਿਤਾ ਦੌਲਤ ਰਾਮ ਦੇ ਘਰ ਬਟਾਲਾ ਵਿਖੇ ਹੋਇਆ। ਮੇਲਾ ਰਾਮ ਤਾਇਰ ਦੇ ਦਾਦਾ ਦਾ ਨਾਮ ਸਾਂਈ ਦਾਸ ਸੀ। ਸਾਂਈ ਦਾਸ ਦੇ ਦੋ ਪੁੱਤਰ ਸਨ—ਵੱਡਾ ਮੇਲਾ ਰਾਮ ਤਾਇਰ ਤੇ ਛੋਟਾ ਹਰੀਸ਼ਰਣ। ਮੇਲਾ ਰਾਮ ਤਾਇਰ ਦਾ ਸਾਰਾ ਜੀਵਨ ਬਟਾਲਾ ਵਿਖੇ ਹੀ ਗੁਜ਼ਰਿਆ। ਉਹਦਾ ਵਿਆਹ ਨਦੋਨ (ਹਿਮਾਚਲ ਪ੍ਰਦੇਸ਼) ਦੀ ਸ਼ੀਲਾ ਰਾਣੀ ਨਾਲ ਹੋਇਆ। ਸ਼ੀਲਾ ਰਾਣੀ ਆਪ ਤੇ ਉਸ ਦਾ ਭਰਾ ਕਿਸ਼ਨ ਚੰਦ ਵੀ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਸਨ। ਇਹ ਵੀ ਗੱਲ ਪ੍ਰਚਲਿਤ ਹੈ ਕਿ ਸ਼ੀਲਾ ਰਾਣੀ ਮੇਲਾ ਰਾਮ ਤਾਇਰ ਨੂੰ ਲਾਹੌਰ ਜੇਲ੍ਹ ਵਿਚ ਹੀ ਮਿਲੀ ਸੀ। ਮੇਲਾ ਰਾਮ ਤਾਇਰ, ਸ਼ੀਲਾ ਰਾਣੀ ਤੇ ਕਿਸ਼ਨ ਚੰਦ ਨੂੰ ‘ਤਾਮਰ ਪੱਤਰਾਂ' ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਮੇਲਾ ਰਾਮ ਤਾਇਰ ਤੇ ਉਸ ਦੀ ਪਤਨੀ ਸ਼ੀਲਾ ਰਾਣੀ ਸਵਤੰਤਰਤਾ ਸੰਗਰਾਮੀ ਸਨ। ਉਹ ਦੋਵੇਂ ਲਾਹੌਰ, ਗੁਜਰਾਤ ਅਤੇ ਮੁਲਤਾਨ ਵਿਚ ਜੇਲ੍ਹਾਂ ਵਿਚ ਰਹੇ। 29 ਅਗਸਤ, 1942 ਅੰਗਰੇਜ਼ੀ ਟ੍ਰਿਬਿਊਨ ਤੇ ਇਸੇ ਅਖ਼ਬਾਰ ਦੀ 13 ਸਤੰਬਰ, 1942 ਦੀਆਂ ਖ਼ਬਰਾਂ ਅਨੁਸਾਰ ਮੇਲਾ ਰਾਮ ਤਾਇਰ ਨੂੰ 27 ਅਗਸਤ, 1942 ਨੂੰ ਗੁਰਦਾਸਪੁਰ ਜੇਲ੍ਹ ਵਿਚ ਕੈਦ ਕਰ ਲਿਆ ਗਿਆ ਅਤੇ ਫਿਰ 11 ਸਤੰਬਰ, 1942 ਨੂੰ ਮੁਲਤਾਨ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਮੇਲਾ ਰਾਮ ਤਾਇਰ ਤੇ ਉਸ ਦੀ ਪਤਨੀ ਸ਼ੀਲਾ ਰਾਣੀ ਦੋਵੇਂ ਹੀ ਮਹਾਤਮਾ ਗਾਂਧੀ ਦੁਆਰਾ ਚਲਾਏ ਗਏ ਭਾਰਤ ਛੱਡੋ ਅੰਦੋਲਨ ਵਿਚ ਵੀ ਕਾਰਜਸ਼ੀਲ ਰਹੇ, ਜਿਸ ਕਾਰਨ ਉਹ ਇਨ੍ਹਾਂ ਜੇਲ੍ਹਾਂ ਵਿਚ ਰਹੇ। ਮੇਲਾ ਰਾਮ ਤਾਇਰ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ ਤਾਂ ਅਖ਼ਬਾਰਾਂ ਵਿਚ ਪ੍ਰਾਪਤ ਹੁੰਦੀਆਂ ਹਨ, ਪਰ ਅੱਜ ਤੀਕ ਕੋਈ ਵਿਸਤ੍ਰਿਤ ਦਸਤਾਵੇਜ਼ ਉਹਨਾਂ ਦੇ ਜੀਵਨ ਅਤੇ ਸਾਹਿਤ ਸੰਬੰਧੀ ਪ੍ਰਾਪਤ ਨਹੀਂ ਹੁੰਦਾ।
1947 ਦੀ ਦੇਸ਼ ਵੰਡ ਤੋਂ ਬਾਅਦ ਉਹ ਬਟਾਲਾ ਤਹਿਸੀਲ ਦੇ ਸਬ- ਰਜਿਸਟਰਾਰ ਵੀ ਰਹੇ। ਪੰਜਾਬ ਕਾਂਗਰਸ ਦੇ ਗੁਰਦਾਸਪੁਰ ਦੇ ਜਨਰਲ ਸਕੱਤਰ ਵੀ ਰਹੇ ਤੇ 1969 ਵਿਚ ਗਿਆਨੀ ਜ਼ੈਲ ਸਿੰਘ ਹੁਰਾਂ ਨੇ ਉਹਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਉਹ ਸਵਤੰਤਰਤਾ ਸੰਗਰਾਮੀਆਂ ਦੇ ਪ੍ਰਧਾਨ ਵੀ ਰਹੇ। ਮੇਲਾ ਰਾਮ ਤਾਇਰ ਦਾ ਇਕ ਬੇਟਾ ਕ੍ਰਿਸ਼ਨ ਕੁਮਾਰ ਰਾਂਝਾ ਹੈ। ਕ੍ਰਿਸ਼ਨ ਕੁਮਾਰ ਰਾਂਝਾ ਤੇ ਉਸ ਦੀ ਪਤਨੀ ਰਮਾ ਦੇਵੀ ਅੱਜ-ਕੱਲ੍ਹ ਨਗਰੋਟਾ (ਹਿਮਾਚਲ ਪ੍ਰਦੇਸ਼) ਹਨ। ਉਸ ਦੇ ਦੋ ਬੇਟੇ ਅਨਿਲ ਕੁਮਾਰ ਤੇ ਨੀਰਜ ਕੁਮਾਰ ਤੇ ਬੇਟੀ ਰੇਨੂੰ ਹੈ। ਕ੍ਰਿਸ਼ਨ ਕੁਮਾਰ ਆਪਣੇ ਵੱਡੇ ਬੇਟੇ ਅਨਿਲ ਕੁਮਾਰ ਨਾਲ ਨਗਰੋਟਾ ਰਹਿੰਦਾ ਹੈ ਤੇ ਉਸ ਦਾ ਛੋਟਾ ਬੇਟਾ ਨੀਰਜ ਕੁਮਾਰ ਦਿੱਲੀ ਰਹਿੰਦਾ ਹੈ। ਕ੍ਰਿਸ਼ਨ ਕੁਮਾਰ ਰਾਂਝਾ 1990 'ਚ ਬਟਾਲਾ ਛੱਡ ਦਿੱਲੀ ਚਲਾ ਗਿਆ ਸੀ ਤੇ ਫਿਰ 2001 ਵਿਚ ਨਗਰੋਟਾ ਆ ਗਿਆ। ਕ੍ਰਿਸ਼ਨ ਕੁਮਾਰ ਰਾਂਝਾ ਨੇ ਮੈਨੂੰ ਦੱਸਿਆ ਕਿ 13 ਅਪ੍ਰੈਲ, 1919 'ਚ ਹੋਏ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਸਮੇਂ ਮੇਲਾ ਰਾਮ ਤਾਇਰ ਵੀ ਉਥੇ ਸੀ ਤੇ ਉਹਨਾਂ ਨੂੰ ਗੋਲੀਆਂ ਦੇ ਸ਼ਰਲੇ ਵੀ ਲੱਗੇ। ਮੇਲਾ ਰਾਮ ਤਾਇਰ ਦੀ ਪਤਨੀ ਦਾ ਦੇਹਾਂਤ 8 ਜੂਨ, 1968 ਨੂੰ ਹੋ ਗਿਆ ਸੀ। 1972 ਵਿਚ ਮੇਲਾ ਰਾਮ ਤਾਇਰ ਨੂੰ ਵੀ ਟੀ.ਬੀ. ਹੋ ਗਈ ਤੇ 5 ਮਈ, 1976 ਨੂੰ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਮੇਲਾ ਰਾਮ ਤਾਇਰ 23 ਮਾਰਚ ਨੂੰ ਭਗਤ ਸਿੰਘ ਦੀ ਯਾਦ ਵਿਚ ਤਾ-ਉਮਰ ਕਵੀ ਦਰਬਾਰ ਵੀ ਕਰਵਾਉਂਦੇ ਰਹੇ। ਮੇਲਾ ਰਾਮ ਤਾਇਰ ਤੇ ਉਸ ਦੀ ਪਤਨੀ ਨੇ ਆਪਣੀ ਸਵਤੰਤਰਤਾ ਸਰਗਰਮੀਆਂ ਦੀ ਪੈਨਸ਼ਨ ਲੈਣ ਤੋਂ ਵੀ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਅਸੀਂ ਦੇਸ਼ ਦੀ ਸੇਵਾ ਪੈਸਿਆਂ ਲਈ ਨਹੀਂ ਸੀ ਕੀਤੀ। ਕ੍ਰਿਸ਼ਨ ਕੁਮਾਰ ਰਾਂਝਾ ਦੱਸਦਾ ਹੈ ਕਿ ਮੇਲਾ ਰਾਮ ਫ਼ਕੀਰ ਫ਼ਿਤਰਤ ਦਾ ਇਨਸਾਨ ਸੀ। ਉਸ ਦੇ ਘਰ ਆਉਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਸੀ। ਵੱਡੇ-ਵੱਡੇ ਲੇਖਕ ਤੇ ਕਾਂਗਰਸੀ ਨੇਤਾ ਉਹਨਾਂ ਘਰ ਆਮ ਆਉਂਦੇ ਸਨ। ਪ੍ਰਤਾਪ ਸਿੰਘ ਕੈਰੋਂ ਹੁਰਾਂ ਮੇਲਾ ਰਾਮ ਤਾਇਰ ਦੀ ਪਤਨੀ ਸ਼ੀਲਾ ਰਾਣੀ ਨੂੰ ਭੈਣ ਬਣਾਇਆ ਸੀ।
ਇਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਮੇਲਾ ਰਾਮ ਤਾਇਰ ਦੀ ਰਚਨਾ ਮੇਰੇ ਤੀਕ ਕਿਵੇਂ ਪਹੁੰਚੀ ? ਮੇਲਾ ਰਾਮ ਤਾਇਰ ਇਕ ਉਸਤਾਦ ਸ਼ਾਇਰ ਵੀ ਸਨ ਤੇ ਪੰਜਾਬ ਵਿਚ ਉਸ ਦੇ ਬਹੁਤ ਸਾਰੇ ਸ਼ਾਗਿਰਦ ਸਨ, ਜਿਨ੍ਹਾਂ ਵਿੱਚੋਂ ਕਾਦੀਆਂ (ਮਿਰਜੇ ਦੀਆਂ) ਦੇ ਬਲਦੇਵ ਰਾਜ ਤੂਤੀ ਵੀ ਇਕ ਸਨ। ਬਲਦੇਵ ਰਾਜ ਤੂਤੀ ਸੰਗੀਤ ਦੇ ਮਾਹਿਰ ਸਨ ਤੇ ਸੁਰੀਲੇ ਗਾਇਕ ਵੀ। ਉਹ ਜ਼ਿਆਦਾਤਰ ਮੇਲਾ ਰਾਮ ਤਾਇਰ ਦੀਆਂ ਰਚਨਾਵਾਂ ਹੀ ਗਾਇਆ ਕਰਦੇ ਸਨ। ਉਹਨਾਂ ਤੋਂ ਸੰਗੀਤ ਸਿੱਖਣ ਵਾਲਿਆਂ ਦੀ ਗਿਣਤੀ ਬਥੇਰੀ ਸੀ। ਮੈਂ ਵੀ ਉਹਨਾਂ ਕੋਲੋਂ ਕੁਝ ਸਮਾਂ ਸੰਗੀਤ ਦੀ ਵਿੱਦਿਆ ਹਾਸਲ ਕੀਤੀ। ਉਹ ਆਪਣੇ ਸ਼ਾਗਿਰਦਾਂ ਨੂੰ ਆਪਣੇ ਹੱਥੀਂ ਲਿਖੀਆਂ ਮੇਲਾ ਰਾਮ ਤਾਇਰ ਦੀਆਂ ਰਚਨਾਵਾਂ ਦੀਆਂ ਕਾਪੀਆਂ/ਪੋਥੀਆਂ ਦਿਆ ਕਰਦੇ ਸਨ। ਇਹ ਪੋਥੀਆਂ ਦੇਵਨਾਗਰੀ ਤੇ ਸ਼ਾਹਮੁਖੀ ਵਿਚ ਹੁੰਦੀਆਂ ਸਨ। ਇਹ ਮੇਰੇ ਹਿੱਸੇ ਵੀ ਆਈਆਂ। ਬਲਦੇਵ ਰਾਜ ਤੂਤੀ ਹੁਰਾਂ 2006 'ਚ ਆਪਣੀ ਇੱਛਾ ਮੈਨੂੰ ਦੱਸੀ ਕਿ ਮੇਲਾ ਰਾਮ ਤਾਇਰ ਦੀਆਂ ਰਚਨਾਵਾਂ ਨੂੰ ਕਿਤੇ ਪੁਸਤਕ ਰੂਪ ਵਿਚ ਸਾਂਭਿਆਂ ਜਾਵੇ, ਪਰ ਉਹ ਵੀ ਉਸੇ ਸਾਲ ਹੀ ਇਸ ਜਹਾਨ ਨੂੰ ਅਲਵਿਦਾ ਕਹਿ ਗਏ। ਜਦ ਮੈਂ ਡਾ. ਰਵਿੰਦਰ, ਗੁਰਮੀਤ ਬਾਵਾ (ਲੋਕ ਗਾਇਕਾ), ਅਮਰਜੀਤ ਗੁਰਦਾਸਪੁਰੀ (ਲੋਕ ਗਾਇਕ), ਸਵਿੰਦਰ ਭਾਗੋਵਾਲੀਆ (ਲੋਕ ਗਾਇਕ), ਮਨਮੋਹਨ ਕਪੂਰ ਹੁਰਾਂ ਨੂੰ ਬਾਅਦ ਵਿਚ ਇਸ ਕਾਰਜ ਲਈ ਮਿਲਿਆ ਤਾਂ ਉਹ ਸਾਰੇ ਮੇਲਾ ਰਾਮ ਤਾਇਰ ਦੇ ਕਰੀਬੀਆਂ 'ਚੋਂ ਨਿਕਲੇ ਤੇ 2018 ਵਿਚ ਮੈਨੂੰ ਕ੍ਰਿਸ਼ਨ ਕੁਮਾਰ ਰਾਂਝਾ ਦਾ ਟਿਕਾਣਾ ਨਗਰੋਟਾ ਵੀ ਲੱਭ ਪਿਆ। ਉਹਨਾਂ ਮੈਨੂੰ ਇਕ ਮੇਲਾ ਰਾਮ ਤਾਇਰ ਦੀਆਂ ਰੁਬਾਈਆਂ ਦੀ ਕਾਪੀ ਦਿੱਤੀ, ਜੋ ਹੱਥਲੀ ਪੁਸਤਕ ਵਿਚ ਦਰਜ ਹਨ। ਪ੍ਰੋ. ਬਲਦੇਵ ਰਾਜ ਤੂਤੀ ਹੁਰਾਂ ਦੇ ਸ਼ਾਗਿਰਦ ਲਲਿਤ ਕੁਮਾਰ ਅਤੇ ਸੂਰਜ ਦੀਆਂ ਕਾਪੀਆਂ ਤੋਂ ਵੀ ਕਾਫ਼ੀ ਮਦਦ ਮਿਲੀ ਹੈ, ਮੈਨੂੰ ਇਹ ਪੁਸਤਕ ਤਿਆਰ ਕਰਨ ਵਿਚ। ਮੇਰੇ ਮਿੱਤਰ ਅਮਿਤ ਸ਼ਰਮਾ ਨੇ ਪ੍ਰੋ. ਬਲਦੇਵ ਰਾਜ ਤੂਤੀ ਹੁਰਾਂ ਦੀਆਂ ਦੇਵਨਾਗਰੀ ਵਿਚ ਹੱਥ-ਲਿਖਤਾਂ ਨੂੰ ਪੜ੍ਹਨ ਵਿਚ ਮੇਰੀ ਬਹੁਤ ਮਦਦ ਕੀਤੀ ਹੈ ਤੇ ਖ਼ਾਸ ਧੰਨਵਾਦ ਨਾਟ-ਸ਼੍ਰੋਮਣੀ ਕੇਵਲ ਧਾਲੀਵਾਲ (ਪ੍ਰਧਾਨ, ਪੰਜਾਬੀ ਸੰਗੀਤ ਨਾਟਕ ਅਕਾਦਮੀ) ਹੁਰਾਂ ਦਾ, ਜਿਨ੍ਹਾਂ ਕਰਕੇ ਇਹ ਪੁਸਤਕ ਪ੍ਰਕਾਸ਼ਤ ਹੋਣ ਜਾ ਰਹੀ ਹੈ।
ਮੇਲਾ ਰਾਮ ਤਾਇਰ ਹੁਰਾਂ ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾ ਵਿਚ ਗੀਤ, ਗ਼ਜ਼ਲ, ਰੁਬਾਈਆਂ ਅਤੇ ਕਵਿਤਾਵਾਂ ਰਚੀਆਂ ਹਨ। ਉਹਨਾਂ ਦੀ ਰਚਨਾ ਕਈ ਰੰਗਾਂ ਨੂੰ ਸਾਂਭੀ ਬੈਠੀ ਹੈ। ਅਸਲ ਵਿਚ ਉਹ ਇਕ ਸਟੇਜੀ ਕਵੀ ਸਨ। ਉਹਨਾਂ ਦੀ ਆਤਮਾ ਦੇਸ਼ ਭਗਤੀ ਨਾਲ ਪ੍ਰਣਾਈ ਹੋਈ ਸੀ। ਉਹਨਾਂ ਨੂੰ ਅਜੇ ਵੀ ਪੰਜਾਬੀ ਸਾਹਿਤਕ ਜਗਤ ਵਿਚ ਉਹਨਾਂ ਦੀ ਇਕ ‘ਭਗਤ ਸਿੰਘ ਦੀ ਘੋੜੀ' ਤੀਕ ਹੀ ਜਾਣਿਆ ਜਾਂਦਾ ਸੀ। ਇਸ ਤੋਂ ਇਲਾਵਾ ਉਹਨਾਂ ਦੀ ਕੋਈ ਵੀ ਰਚਨਾ ਅਜੇ ਤੀਕ ਪ੍ਰਕਾਸ਼ਤ ਨਹੀਂ ਹੋਈ। ਉਹਨਾਂ ਨੇ ਬਹੁਤ ਕੁਝ ਲਿਖਿਆ ਹੈ। ਰਾਮ ਲੀਲ੍ਹਾ ਦੇ ਗੀਤ, ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਰਚਨਾਵਾਂ, ਭਜਨ, ਮਾਤਾ ਦੀਆਂ ਭੇਟਾਂ, ਦੇਸ਼ ਪ੍ਰੇਮ ਦੀਆਂ ਰਚਨਾਵਾਂ, ਮਨੁੱਖ ਤੇ ਸਮਾਜ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਰਚਨਾਵਾਂ। ਮੇਲਾ ਰਾਮ ਤਾਇਰ ਉਹਨਾਂ ਲੋਕਾਂ ਵਿੱਚੋਂ ਹੈ, ਜਿਨ੍ਹਾਂ ਨੇ ਦੇਸ਼ ਦੀ ਸਵਤੰਤਰਤਾ ਲਈ ਕੁਰਬਾਨੀਆਂ ਕੀਤੀਆਂ ਸਨ ਤੇ ਇਕ ਸਵਤੰਤਰ ਦੇਸ਼, ਖ਼ੁਸ਼ਹਾਲ ਸਮਾਜ ਦਾ ਸੁਪਨਾ ਲਿਆ ਸੀ, ਪਰ 1947 ਦੀ ਵੰਡ ਤੋਂ ਬਾਅਦ ਭ੍ਰਿਸ਼ਟ ਨੇਤਾਵਾਂ ਨੇ ਕੀ ਕੀਤਾ, ਇਹ ਸਾਰੀ ਗਾਥਾ ਤੇ ਹਾਲਾਤ ਮੇਲਾ ਰਾਮ ਤਾਇਰ ਦੀਆਂ ਰਚਨਾਵਾਂ ਬਿਆਨ ਕਰਦੀਆਂ ਹਨ। ਮੇਲਾ ਰਾਮ ਤਾਇਰ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਨੂੰ ਹੀ ਆਪਣੀਆਂ ਰਚਨਾਵਾਂ ਵਿਚ ਪੇਸ਼ ਕੀਤਾ ਹੈ। ਉਸ ਦੀਆਂ ਰਚਨਾਵਾਂ ਖ਼ਾਸ ਕਰ ਗ਼ਜ਼ਲਾਂ ਉਸ ਦੀ ਨਿਪੁੰਨਤਾ ਦਾ ਸਾਬੂਤ ਹਨ। ਹਾਂ, ਜੇ ਕਿਧਰੇ ਵਜ਼ਨ ਬਹਿਰ ਦੀ ਕਮੀ ਹੈ ਤਾਂ ਉਹ ਬਹੁਤ ਘੱਟ ਹੈ। ਮੇਲਾ ਰਾਮ ਤਾਇਰ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਉਰਦੂ ਦਾ ਮਾਹਿਰ ਸੀ। ਇਸੇ ਕਰਕੇ ਉਹਨਾਂ ਦੀਆਂ ਪੰਜਾਬੀ ਦੀਆਂ ਰਚਨਾਵਾਂ ਵਿਚ ਉਰਦੂ/ਫ਼ਾਰਸੀ ਦੇ ਸ਼ਬਦ ਵੀ ਆਮ ਹੀ ਮਿਲਦੇ ਹਨ। ਉਹਨਾਂ ਦੀ ਭਾਸ਼ਾ ਤੇ ਮੁਹਾਵਰਾ ਸਰੋਤਾਮੁਖੀ ਸੰਬੋਧਨੀ ਸ਼ੈਲੀ ਵਿਚ ਹੈ ਤੇ ਉਹ ਸਿੱਧਾ ਪਾਠਕ/ਸਰੋਤੇ ਨੂੰ ਮੁਖ਼ਾਤਿਬ ਹੁੰਦਾ ਹੈ।
ਨਰੇਸ਼ ਕੁਮਾਰ (ਡਾ.)
ਅਸਿਸਟੈਂਟ ਪ੍ਰੋਫ਼ੈਸਰ
ਪੋਸਟ ਗ੍ਰੈਜੂਏਸ਼ਨ ਪੰਜਾਬੀ ਵਿਭਾਗ,
ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ, ਬਟਾਲਾ