ਪੰਜਾਬੀ ਗ਼ਜ਼ਲ ਨੂੰ ਨਵਾਂ ਮੁਹਾਂਦਰਾ ਦੇਣ ਵਿੱਚ ਜਿਹੜੇ ਮਹੱਤਵਪੂਰਨ ਕਵੀਆਂ ਦਾ ਵਡਮੁੱਲਾ ਹਿੱਸਾ ਹੈ, ਕੁਲਵੰਤ ਨੀਲੋਂ ਉਨ੍ਹਾਂ ਵਿੱਚੋਂ ਪ੍ਰਮੁੱਖ ਹੈ। ਲੁਧਿਆਣਾ ਤੋਂ ਚੰਡੀਗੜ੍ਹ ਜਾਂਦਿਆਂ ਸਮਰਾਲਾ ਤੋਂ ਪਹਿਲਾਂ ਪਿੰਡ ਨੀਲੋਂ ਉਸ ਦਾ ਜੰਦੀ ਪਿੰਡ ਹੈ ਪਰ ਜਨਮ ਸਥਾਨ ਨਾਨਕਾ ਪਿੰਡ ਜਸਪਾਲੋਂ ਹੈ ਦੋਰਾਹੇ ਲਾਗੇ। ਨੀਲੋਂ ਰਹਿੰਦਿਆਂ ਹੀ ਉਸ ਸਮੁੱਚੀ ਕਾਵਿ ਸਿਰਜਣਾ ਕੀਤੀ।
ਕੁਲਵੰਤ ਨੀਲੋਂ ਲਿਖਾਰੀ ਸਭਾ ਰਾਮਪੁਰ(ਲੁਧਿਆਣਾ) ਦੇ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਸੀ। ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਮੱਲ ਸਿੰਘ ਰਾਮਪੁਰੀ ਤੇ ਮਹਿੰਦਰ ਰਾਮਪੁਰੀ ਦੇ ਨਾਲ ਨਾਲ ਤੁਰਦਾ ਉਹ ਆਪਣੀ ਵੱਖਰੀ ਲੀਕ ਵਾਹੁਣ ਵਿੱਚ ਸਫ਼ਲ ਹੋ ਗਿਆ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਕੁਲਵੰਤ ਦਾ ਜਨਮ ਵੇਲੇ ਨਾਮ ਉਗਰ ਸੈਨ ਰੱਖਿਆ ਗਿਆ ਸੀ ਪਰ ਬਚਪਨ ਚ ਉਹ ਕਾਲੀਦਾਸ ਵਜੋਂ ਬੁਲਾਇਆ ਗਿਆ।
ਸਕੂਲੇ ਦਾਖ਼ਲ ਕਰਵਾਉਣ ਵੇਲੇ ਉਹ ਕੁਲਵੰਤ ਸਿੰਘ ਬਣ ਗਿਆ। ਪਿਤਾ ਜੀ ਸ. ਰਣ ਸਿੰਘ ਤੇ ਮਾਂ ਨੌਰਾਤੀ ਦੇਵੀ ਨੇ ਇਹ ਤਾਂ ਸੱਤ ਜਨਮ ਵੀ ਨਹੀਂ ਸੋਚਿਆ ਹੋਣਾ ਕਿ ਸਾਡਾ ਪੁੱਤਰ ਅੱਖਰਾਂ ਨਾਲ ਖੇਡਦਾ ਖੇਡਦਾ ਬੁਲੰਦ ਸ਼ਾਇਰ ਬਣ ਜਾਵੇਗਾ।
ਕੁਲਵੰਤ ਨੀਲੋਂ ਦਾ ਜਨਮ 15 ਅਗਸਤ 1936 ਨੂੰ ਹੋਇਆ ਤੇ 24 ਜੂਨ 1988 ਨੂੰ ਆਖਰੀ ਫ਼ਤਹਿ ਬੁਲਾ ਗਿਆ।
ਉਸ ਦੀ ਪਹਿਲੀ ਕਾਵਿ ਪੁਸਤਕ "ਆਸਾਂ ਦੇ ਬੋਟ" 1978 ਵਿੱਚ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ ਛਾਪੀ ਅਤੇ ਦੂਸਰੀ "ਆਪਣਾ ਤੇ ਪਰਾਇਆ ਸੂਰਜ" 1990 ਵਿੱਚ।
ਸਵਰਗੀ ਮਾਸਟਰ ਤਰਲੋਚਨ ਸਿੰਘ ਨੇ ਉਸ ਦੀ ਸਮੁੱਚੀ ਰਚਨਾ ਤੇ ਸਿਮ੍ਰਤੀਆਂ ਨੂੰ ਸਿਮਰਤੀ ਗ੍ਰੰਥ ਵਜੋਂ 2015 ਵਿੱਚ ਸੰਪਾਦਿਤ ਕਰਕੇ ਜਾਗ੍ਰਤੀ ਪ੍ਰਕਾਸ਼ਨ ਸਮਰਾਲਾ ਵੱਲੋਂ ਅਣਛਪੀਆਂ ਲਿਖਤਾਂ ਤੇ ਲੇਖਾਂ ਸਹਿਤ ਛਾਪਿਆ।
ਕੁਲਵੰਤ ਨੀਲੋਂ ਲਿਖਾਰੀ ਸਭਾ ਰਾਮਪੁਰ ਤੋਂ ਇਲਾਵਾ ਸਾਹਿੱਤ ਸਭਾ ਸਮਰਾਲਾ ਤੇ ਸਾਹਿੱਤ ਸਭਾ ਮਾਛੀਵਾੜਾ ਦਾ ਵੀ ਸਰਗਰਮ ਮੈਬਰ ਸੀ।
ਪ੍ਰਾਈਵੇਟ ਪੱਧਰ ਤੇ ਦਸਵੀਂ ਪਾਸ ਕਰਕੇ ਉਸ ਆਰਟ ਕਰਾਫਟ ਦਾ ਡਿਪਲੋਮਾ ਕਰ ਲਿਆ ਜਿਸ ਨਾਲ ਉਸ ਨੂੰ ਪਹਿਲਾ ਪ੍ਰਾਈਵੇਟ ਅਧਿਆਪਕ ਵਜੋਂ ਬਨੂੜ ਤੇ ਬਾਦ ਵਿੱਚ ਸਰਕਾਰੀ ਤੌਰ ਤੇ ਸਰਕਾਰੀ ਮਿਡਲ ਸਕੂਲ ਭੰਜਾਲ( ਊਨਾ) ਹੁਣ ਹਿਮਾਚਲ ਪ੍ਰਦੇਸ਼ ਵਿੱਚ ਨੌਕਰੀ ਮਿਲ ਗਈ।
ਬੀਬੀ ਨਛੱਤਰ ਕੌਰ ਨਾਲ ਵਿਆਹ ਹੋਣ ਉਪਰੰਤ ਆਪ ਦੇ ਘਰ ਪੰਜ ਬੱਚੇ ਰਾਮ ਪਾਲ, ਗਿਰਧਾਰੀ, ਸਰਬਜੀਤ ਕੌਰ, ਕਮਲਜੀਤ ਨੀਲੋਂ ਤੇ ਜਸਬੀਰ ਕੌਰ ਪੈਦਾ ਹੋਏ। ਵਿਚਕਾਰਲਾ ਪੁੱਤਰ ਗਿਰਧਾਰੀ ਅਕਾਸ਼ਵਾਣੀ ਜਲੰਧਰ ਦਾ ਪ੍ਰਵਾਨਤ ਲੋਕ ਗਾਇਕ ਬਣਿਆ ਜਦ ਕਿ ਨਿੱਕਾ ਪੁੱਤਰ ਕਮਲਜੀਤ ਨੀਲੋਂ ਬਾਲ ਸਾਹਿੱਤ ਤੇ ਮਿਮਿਕਰੀ ਗਾਇਨ ਦੀ ਦੁਨੀਆਂ ਦਾ ਆਲਮੀ ਰੌਸ਼ਨ ਸਿਤਾਰਾ ਹੈ। “ਸੌਂ ਜਾ ਬਬੂਆ” ਗੀਤ ਨਾਲ ਉਹ ਟੀ ਵੀ ਚੈਨਲਾਂ ਰਾਹੀਂ ਬਾਲ ਮਨਾਂ ਤੇ ਪੱਕੀ ਪੀਡੀ ਪੈੜ ਪਾ ਚੁਕਾ ਹੈ। ਭਾਰਤੀ ਸਾਹਿੱਤ ਅਕਾਡਮੀ, ਪੰਜਾਬੀ ਸਾਹਿੱਤ ਅਕਾਡਮੀ ਤੇ ਭਾਸ਼ਾ ਵਿਭਾਗ ਪੰਜਾਬ ਪਾਸੋਂ ਵੀ ਸਨਮਾਨ ਹਾਸਲ ਕਰ ਚੁਕਾ ਹੈ।
ਕੁਲਵੰਤ ਨੀਲੋਂ ਸਰਕਾਰੀ ਮਿਡਲ ਸਕੂਲ ਜਟਾਣਾ, ਸਮਰਾਲਾ, ਹੀਰਾਂ ਤੇ ਲੱਲ ਕਲਾਂ ਵਿਖੇ ਪੜ੍ਹਾਉਂਦਾ ਰਿਹਾ ਹੈ। - ਗੁਰਭਜਨ ਗਿੱਲ।