Punjabi Poetry : Kulwant Neelon
ਪੰਜਾਬੀ ਕਵਿਤਾਵਾਂ : ਕੁਲਵੰਤ ਨੀਲੋਂ
ਕੁਲਵੰਤ ਨੀਲੋਂ ਦੇ ਅਪਣੇ ਕਹਿਣ ਅਨੁਸਾਰ ਉਹ ਕਵਿਤਾ ਤੋਂ ਗ਼ਜ਼ਲ ਦੇ ਖੇਤਰ ਵਿੱਚ ਆਇਆ ਸੀ।ਉਸ ਦੀਆਂ ਕਵਿਤਾਵਾਂ ਗਾਹੇ ਬਗਾਹੇ ਛਪਦੀਆਂ ਰਹਿੰਦੀਆਂ ਸਨ। ਕੁਝ ਕਵਿਤਾਵਾਂ ਡਾਇਰੀ ਦੇ ਪੰਨਿਆਂ ਵਿੱਚ ਹੀ ਪਈਆਂ ਰਹਿ ਗਈਆਂ। 'ਨੀਲੋਂ' ਦੀ ਰੀਝ ਸੀ ਕਿ ਉਸ ਦੀਆਂ ਕਵਿਤਾਵਾਂ ਵੀ ਛਪਣ। 'ਨੀਲੋਂ' ਤੁਰ ਗਿਆ ਤਾਂ ਇਹ ਸਭ ਕੁਝ ਥਾਏਂ ਧਰਿਆ ਧਰਾਇਆ ਰਹਿ ਗਿਆ। ਵੈਸੇ ਤਾਂ ਨੀਲੋਂ ਦੀਆਂ ਕੁਝ ਅਣਛਪੀਆਂ ਗ਼ਜ਼ਲਾਂ ਤੇ ਕੁਝ ਕਹਾਣੀਆਂ ਵੀ ਸਨ, ਜੋ ਘਰੇ ਫਰੋਲਣ ਤੇ ਅਜੇ ਤੱਕ ਉਪਲਭਦ ਨਹੀਂ ਹੋ ਸਕੀਆਂ। ਅਜੇ ਤਲਾਸ਼ ਜਾਰੀ ਹੈ। ਖ਼ੈਰ ਕੁਲਵੰਤ ਨੀਲੋਂ ਦੀਆਂ ਕਵਿਤਾਵਾਂ ਵਾਲਾ ਪੁਸਤਕ ਦਾ ਇਹ ਹਿੱਸਾ ਮੈਂ ‘ਨੀਲੋਂ" ਦੀ ਅਪੂਰਤ ਇੱਛਾ ਨੂੰ ਸਮਰਪਿਤ ਕਰਦਾ ਹਾਂ। -ਸੰਪਾਦਕ
ਭਾਗ
ਅੰਗ ਜਦ ਦੇਣ ਜੁਆਬ। ਤਨ ਜਦ ਦਏ ਜੁਆਬ। ਮਨ ਵੀ ਦਏ ਜੁਆਬ। ਹਰ ਨਿੱਕੀ ਜਿਹੀ ਹਰਕਤ ਹੁੰਦੀ ਇਕ ਅਜ਼ਾਬ। ਹਰ ਇੱਕ ਹਾਰ ਤੇ ਹਰ ਮਜਬੂਰੀ ਬਣ ਜਾਂਦੀ ਏ ਸਬਰ। ਬਣ ਜਾਂਦੀ ਸੰਤੋਖ ਆਖਿਰ ਮੰਦੇ ਭਾਗ। ਬੇਈਮਾਨੀ ਤੇ ਚਤੁਰਾਈ ਝੂਠ ਫਰੇਬ ਤੇ ਦਗ਼ੇਬਾਜ਼ੀਆਂ ਜਦੋਂ ਲਿਆਵਣ ਰੰਗ ਫਿਰ ਹਰ ਪਾਸੇ ਰੰਗ ਦੁਨੀਆਂ ਦਿਸੇ ਰੰਗੀਲੀ ਹਰ ਪਲ ਹਰ ਇਕ ਆਸ ਪੁੱਗਦੀ ਬਣ ਜਾਂਦੀ ਹੈ ਮੌਜ ਫਿਰ ਬਣਦੀ ਹੈ ਐਸ਼। ਆਖ਼ਿਰ ਚੰਗੇ ਭਾਗ। ਦੋਵੇਂ ਮਾਨਵਤਾ ਲਈ ਕਹਿਰ। ਦੋਵੇਂ ਸਭਿਅਤਾ ਨੂੰ ਫਟਕਾਰ ਦੋਵੇਂ ਇਨਸਾਨੀਅਤ 'ਤੇ ਦਾਗ਼। ਦੋਵੇਂ ਜਗ ਦੇ ਮੰਦੇ ਭਾਗ। ਦੋਵੇਂ ਕੂੜ ਦੋਵੇਂ ਅੰਧਕਾਰ। ਦੋਵੇਂ ਮੇਰੀ ਰੂਹ ’ਤੇ ਭਾਰ
ਨਿਰਾ ਸੱਚ ਨਿਰਾ ਝੂਠ
ਪੁੱਤਰ ! ਭੋਲੇ ਪੁੱਤਰ !! ਪੁੱਤਰ !!! ਕਿਸ ਧਰਤੀ ਵੱਲ ਮੂੰਹ ਭੁਆਇਆ? ਪੁੱਤਰ ! ਤੇਰੇ ਵਰਗੇ ਫੁੱਲ ਦੀ ਏਥੇ ਕੀ ਪਰਵਾਹ ਏਥੇ ਕੀ ਸਨਮਾਨ ਇਸ ਧਰਤੀ ਦੀਆਂ ਔੜਾਂ ਫੁੱਲਾਂ ਹਾਲੀ ਤੂੰ ਅਣਜਾਣ। ਪਹਿਲਾਂ ਤੇਰੇ ਨਾਲੋਂ ਵੀਹ ਜਾਂ ਪੰਝੀ ਸਾਲ ਆਇਆ ਤੇਰਾ ਬਾਪ ਏਨੇ ਲੰਮੇ ਅਰਸੇ ਵਿਚ ਵੀ ਏਨੀਂ ਭਰੀ ਭਰੀ ਦੁਨੀਆ 'ਚੋਂ ਭਾਲ ਨਾ ਸਕਿਆ ਲੱਭ ਨਾ ਸਕਿਆ, ਤੇਰੀਆਂ ਹੱਸਦੀਆਂ ਮਿੱਠੀਆਂ ਬੁੱਲੀਆਂ ਖ਼ਾਤਰ ਇੱਕ ਸ਼ਹਿਦ ਦੀ ਬੂੰਦ। ਤੇਰੀ ਮਾਂ ਦੇ ਹੰਭੇ ਹਾਰੇ ਹੱਡਾਂ ਖ਼ਾਤਰ ਜੋੜ ਨਾ ਸਕਿਆ, ਇੱਕ ਆਟੇ ਦੀ ਮੁੱਠੀ ਚਿੰਤਤ ਨਹੀਂ ਇੱਕ ਬੰਦੇ ਦੀ ਲਾਲ੍ਹ। ਪੁੱਤਰ ! ਜੰਮਦੇ ਇੱਕ ਦਰ ਲਾਲ ਹੋਵੇ ਪਿਆ ਸੁਆਗਤ। ਆਤਸ਼ਬਾਜ਼ੀ ਢੋਲ ਢਮੱਕੇ ਨਾਲ਼। ਚਾਂਦੀ ਸੋਨੇ ਨਾਲ਼। ਪਰ ਤੇਰੇ ਲਈ ਪੁੱਤਰ ! ਤੇਰੇ ਰਾਹ 'ਤੇ ਵਿਛੀਆਂ ਹੋਈਆਂ ਤੇਰੇ ਪਿਓ ਦੀਆਂ ਅੱਖਾਂ ਭਰੀਆਂ ਹੰਝੂਆਂ ਨਾਲ਼ ਨ ਸੱਚ ਮੋਤੀਆਂ ਨਾਲ਼।
ਖਾਲੀ ਭਾਂਡਾ
ਸ਼ੁਕਰ ਸ਼ੁਕਰ ਲੱਖ ਸ਼ੁਕਰ। ਮੈਂ ਇੱਕ ਖਾਲੀ ਭਾਂਡਾ। ਹੂੰਝ ਹੂੰਝ ਕੇ ਗੰਦ ਸੁੱਟਿਆ ਸਾਰਾ ਬਾਹਰ ਸ਼ੁਕਰ ਸ਼ੁਕਰ ਲੱਖ ਸ਼ੁਕਰ। ਮੈਂ ਇੱਕ ਖਾਲੀ ਭਾਂਡਾ। ਘੋਰ ਨਰਕ ਦਾ ਡਰ ਕਿਸੇ ਸੁਰਗ ਦੀਆਂ ਚਾਹਨਾਂ ਅੰਨ੍ਹੀ ਮਮਤਾ ਅੰਨ੍ਹੀ ਸ਼ਰਧਾ ਇਸ਼ਕ ਅੰਨ੍ਹਾਂ ਜਿਹਾ ਪਿਆਰ ! ਧੂਹ ਕੇ ਸੁੱਟਿਆ ਬਾਹਰ ਸ਼ੁਕਰ ਸ਼ੁਕਰ ਲੱਖ ਸ਼ੁਕਰ । ਮੈਂ ਇੱਕ ਖਾਲੀ ਭਾਂਡਾ। ਸਦਾਚਾਰ ਦੀ ਪੂੰਜੀ ਪੂੰਜੀਦਾਰਾਂ ਹੂੰਝੀ, ਸਭਿਆਚਾਰ ਦੇ ਠੇਕੇ, ਇਹ ਵੀ ਉਹਨਾਂ ਲੇਖੇ, ਮੇਰੇ ਕੋਲ! ਮੇਰੇ ਕੋਲ ਦਲਿੱਦਰ ਜਾਂ ਫਿਰ ਹੱਕ ਹਲਾਲ ਨਾ ਕੋਈ ਹੱਕ ਮੇਰੇ ਵੱਲ ਹੋਇਆ ਸਾਰੀਓ ਅੱਧੀ, ਅਧੀਓਂ ਚੱਪਾ ਮੇਰੇ ਲਈ ਹਲਾਲ, ਸਮਝ ਲਈ ਸਭ ਚਾਲ ਹਿੰਮਤ ਨਾਲ਼ ਕਰਾਂਗਾ ਹੁਣ ਮੈਂ ਹੱਕਾਂ ਦੀ ਪੜਤਾਲ ਯੁਗਾਂ ਯੁਗਾਂ ਦੀ ਜ਼ਹਿਰ ਰੋਮ ਰੋਮ ਵਿਚ ਮੇਰੇ... ਭਰਿਆ ਹੱਕ ਹਲਾਲ ਅੱਜ ਮੈਂ ਇੱਕ ਭੁਚਾਲ ਨਵੇਂ ਸਿਰੇ ਤੋਂ ਚਾਹੁੰਨਾਂ ਜਗ ਦਾ ਮੈਂ ਕਲਿਆਣ। ਸੁੱਚੀ ਮਿਹਨਤ ਸਾਂਝੀ ਨੀਂਹ 'ਤੇ ਉਸਰੇ ਫੇਰ ਜਹਾਨ ਖਾਲੀਪਣ ਮਿਰਾ ਸਹਿਕੇ ਜਿੰਨੀ ਦੇਰ ਸਮੱਗਰੀ ਸਾਰੀ ਹੋਵੇ ਪਰਵਾਨ ਸ਼ੁਕਰ ਸ਼ੁਕਰ ਲੱਖ ਸ਼ੁਕਰ, ਮੈਂ ਇੱਕ ਖਾਲੀ ਭਾਂਡਾ।
ਪਰਮ ਸੱਤ
ਪਾਪ ਜਦੋਂ ਸਿਖ਼ਰਾਂ ਛੂੰਹਦਾ ਹੈ। ਕੂੜ ਜਦੋਂ ਸਿਖਰਾਂ ਛੂੰਹਦਾ ਹੈ ਜ਼ਬਰ ਜਦੋਂ ਸਿਖ਼ਰਾਂ ਛੂੰਹਦਾ ਹੈ। ਸਬਰ ਜਦੋਂ ਸਿਖ਼ਰਾਂ ਛੂੰਹਦਾ ਹੈ ਪਰਮ ਸੱਤ ਜੰਤਾ ਦੀ ਸੇਵਾ ਲਈ ਮੂਹਰੇ ਆਉਂਦਾ ਹੈ। ਮੁੱਠੀ ਭਰ ਰਜਵਾੜੇ ਬਾਜਾਂ ਨੂੰ ਮੇਟਣ ਦਾ ਬਲ ਭਰਦਾ ਹੈ। ਪਰਮ ਸੱਤ ‘ਗੋਬਿੰਦ' ਬਣਦਾ ਹੈ। ਮੁੱਠੀ ਭਰ ਬਦ ਬਖ਼ਤ ਲੁਟੇਰੇ ਲੋਕਾਂ 'ਚੋਂ ਲਾਂਭੇ ਕਰਦਾ ਹੈ। ਪਰਮ ਸੱਤ ‘ਲੈਨਨ’ ਬਣਦਾ ਹੈ ਮੁੱਠੀ ਭਰ ਮਦ ਮਸਤ ਮਦਾਰੀ ਚੌਕਾਂ ਵਿਚ ਨੰਗੇ ਕਰਦਾ ਹੈ। ਪਰਮ ਸੱਤ ‘ਮਾਓ’ ਬਣਦਾ ਹੈ।
ਮਨ ਚੰਦਰਾ
ਜਿਵੇਂ ਸੁਣਦੇ ਹੁੰਦੇ ਸਾਂ ‘ਇੱਕ ਸੀ ਰਾਣੀ’ ਏਵੇਂ ਇੱਕ ਸੀ ਕੁੜੀ ਜਿਸਦੀ ਮੈਨੂੰ ਇੱਕ ਹਰਕਤ ਬੁਰੀ ਲੱਗੀ ਮੈਂ ਟੋਕ ਦਿੱਤਾ। ਇਸ ਤੋਂ ਪਿੱਛੋਂ ਫੇਰ ਮੈਨੂੰ ਉਸਨੇ ਕੁਈ ਹਰਕਤ ਬੁਰੀ ਨ ਲੱਗਣ ਦਿੱਤੀ। ਫੇਰ ਜਦ ਮੈਨੂੰ ਉਸਦੀ ਹਰਕਤ ਚੰਗੀ ਲੱਗਣ ਲੱਗੀ ਮੈਂ ਦਿਲ ਨੂੰ ਟੋਕ ਦਿੱਤਾ। ਹੁਣ ਮੈਨੂੰ ਉਸਦੀ ਤੇ ਆਪਣੇ ਦਿਲ ਦੀ ਹਰ ਹਰਕਤ ਬੁਰੀ ਲੱਗਦੀ ਹੈ!
ਸੌ ਗੁਣ ਸੁੱਚਾ
ਚਿੱਟੀਆਂ ਕਾਰਾਂ 'ਚ ਮੁਸ਼ਕੇ ਸ਼ਰੀਰ ਦੀਆਂ ਕਬਰਾਂ ਲਈ ਫਿਰਦੇ। ਕਰਮਹੀਣ ਨਿਰ ਉਤਸ਼ਾਹ ਸੁਰਗਾਂ ਦਾ ਲਾਰਾ ਦਿੰਦੇ ਧਰਮ ਰਾਜਾਂ ਤੋਂ ਮਨਮਰਜੀ ਦਾ ਇਨਸਾਫ ਕਰਾਉਂਦੇ ਪਾਪੀਓ, ਦੰਭਿਓ, ਛਲੀਓ, ਵਿਹਲੜੋ, ਮਿੱਠੀਓ ਜੋਕੋ ! ਭੋਲਿਆਂ ਲੋਕਾਂ 'ਤੇ ਵਿਸ਼ਵਾਸ ਦਾ ਕਾਮਣ ਪਾ ਕੇ ਅਪਣੀ ਰਿੱਧੀਆਂ ਤੇ ਸਿੱਧੀਆਂ ਹੋ ਪੂਰਣ ਕਰਦੇ ਕੂਲੇ ਜਿਸਮਾਂ ਦੀ ਕਰਾਮਾਤ ਨੂੰ ਲੋਕੀਂ ਸਮਝੇ ਨਰਮ ਅੰਗਾਂ ਦਾ ਸੁਹਲ ਕਰਮ ਤੁਹਾਡੀ ਲੋਚਾ। ਇਹਨਾਂ ਸ਼ਬਦਾਂ, ਇਹਨਾਂ ਬਚਨਾਂ, ਇਹਨਾਂ ਉਪਦੇਸ਼ਾਂ ਨਾਲੋਂ ਅੱਟਣਾਂ ਭਰਿਆ ਕਿਸੇ ਕਿਰਤੀ ਦਾ ਹੱਥ ਸੌ ਗੁਣ ਸੁੱਚਾ
ਬਦਲੇ ਹੋਏ ਅਰਥ
ਤੁਸੀਂ ਕੀ ਕਰਦੇ ਹੋ! ਤੁਸੀਂ ਕੀ ਕਰ ਸਕਦੇ ਹੋ!! ਸ਼ਰਮ ਤਾਂ ਤੁਹਾਨੂੰ ਕਰਨੀ ਨਹੀਂ ਆਉਂਦੀ। ਸ਼ਰਮ ਤੋਂ ਭਾਵ ਸੰਕੋਚ ਨਹੀਂ ਤੇ ਨ ਹੀ ਸੁੰਗੜ ਜਾਣਾ ਲਾਜਵੰਤੀ ਵਾਂਗ ਨ ਆਪਣਾ ਆਪ ਲੁਕੋ ਲੈਣਾ ਕਿਸੇ ਦੇ ਕੋਲੋਂ ਝਿਜਕ ਨੂੰ ਵੀ ਸ਼ਰਮ ਆਖਣ ਦੀ ਕਈ ਭੁੱਲ ਕਰਦੇ ਨੇ ਮਸਾਂ ਮਸਾਂ ਤੁਰਨਾ ਵੀ ਸ਼ਰਮ ਨਹੀਂ, ਗੱਲ ਨਹੀਂ ਨ ਹੀ ਦਿਲ ਦੀ ਗੱਲ ਲਈ ਅੱਖੀਆਂ ਦੇ ਮਾਧਿਅਮ ਤੋਂ ਸੰਕੋਚ ਸਿਰ ਨੀਵਾਂ ਕਰਕੇ ਤੁਰਨਾ ਵੀ ਜ਼ਰੂਰੀ ਨਹੀਂ ਸ਼ਰਮ ਦਾ ਪ੍ਰਗਟਾਵਾ ਹੋਵੇ। 'ਇਨਸਾਨ ਰਹਿੰਦੇ ਹੋਏ ਤੁਸੀਂ ਜੋ ਕੁਝ ਕਰਦੇ ਹੋ ਮੈਂ ਤਾਂ ਇਸੇ ਨੂੰ ਸ਼ਰਮ ਕਹਿੰਦਾ ਹਾਂ।' ਹੁਣ ਤੁਸੀਂ,ਜੋ ਵੀ ਆਵੇ ਕਰੋ ਤੁਹਾਡੀ ਅਪਣੀ ਮਰਜ਼ੀ ਹੈ। ਹੋਰ ਤੁਸੀਂ ਸਭ ਕੁਝ ਕਰਦੇ ਹੋ ਸ਼ਰਮ ਹੀ ਨਹੀਂ ਕਰਦੇ ਸ਼ਰਮ ਹੀ ਨਹੀਂ ਕਰਦੇ
ਲੋਕ ਕਲਿਆਣ
ਚੰਗਾ ਕੰਮ ਕਰਦੇ ਜਾਓ ਲੋਕਾਂ ਦੀ ਪਰਵਾਹ ਨਾ ਕਰੋ। ਸਿਆਣੇ ਬਹੁਤ ਘੱਟ ਹਨ। ਲੋਕ ਤਾਂ ਕਮਲੇ ਹੁੰਦੇ ਹਨ। ਹਕੂਮਤ ਕਿਵੇਂ ਕਰੀਦੀ ਹੈ। ਲੋਕਾਂ ਨੂੰ ਕੀ ਪਤਾ ਹੈ। ਸੌ ਦਾਅ ਪੇਚ ਹੱਥਕੰਡੇ ਹੇਰਾ ਫੇਰੀਆਂ ਹਾੜੇ, ਕੁੱਟ, ਧਮਕੀਆਂ, ਚਾਪਲੂਸੀਆਂ ਇਨ੍ਹਾਂ ਬਰੀਕੀਆਂ ਦਾ ਲੋਕਾਂ ਨੂੰ ਕੀ ਪਤੈ ਲੋਕ ਹਿੱਤ, ਲੋਕ ਸੇਵਾ, ਲੋਕ ਕਲਿਆਣ ਲੋਕ ਕੀ ਜਾਨਣ ਭਲਾ ਸੇਵਾ, ਹਿਤ ਤੇ ਕਲਿਆਣ ਦੇ ਅਰਥ ਅਪਣੇ ਕਲਿਆਣ ਵਿਚ ਹੀ ਸਭ ਕੁਝ ਹੈ ਚੰਗਾ ਕੰਮ ਸਵੈ ਕਲਿਆਣ ਹੈ। ਕਰਦੇ ਜਾਵੋ, ਕਰਦੇ ਜਾਵੋ, ਲੋਕਾਂ ਦੀ ਪਰਵਾਹ ਨ ਕਰੋ ਲੋਕ ਤਾਂ ਕਮਲੇ ਹੁੰਦੇ ਹਨ। ਲੋਕ ਤਾਂ ਕਮਲੇ ਹੁੰਦੇ ਹਨ।
ਧਰਮ
ਉਹ ਬਹੁਤ ਧਰਮਾਤਮਾ ਸੀ। ਧਰਮ ਭਰੀ ਆਤਮਾ। ਧਰਮਾਤਮਾ ਹੀ ਯੁੱਗ ਪੁਰਸ਼ ਹੋ ਸਕਦੈ ਯੁੱਗ ਦਾ ਸਬੰਧ ਸਮੇਂ ਨਾਲ਼ ਧਰਮ, ਸੰਸਕ੍ਰਿਤੀ ਦਾ ਨਿਚੋੜ ਸੰਸਕ੍ਰਿਤੀ ਸੰਸਕਾਰਾਂ ਦਾ ਸਮੂਹ : ਸਮੇਂ ਸਥਾਨ ਦੀ ਦੇਣ ਸਮੇਂ ਵਿੱਚ ਪਿਛਲੀ ਪ੍ਰਾਪਤੀ ਤੇ ‘ਹੁਣ’ ਅੱਗੇ ਲਈ ਜੂਝਦਾ ਹੈ ਸਥਾਨ ਸਮਾਜਕ ਜਮਾਤਾਂ ਦਾ ਰਣ ਖੇਤਰ ਇਹਨਾਂ ਖੇਤਰਾਂ ਦਾ ਜੇਤੂ ਯੁੱਗ ਪੁਰਸ਼ ਹੁੰਦੈ ਧਰਮਾਤਮਾ ਹੁੰਦੈ ਧਰਮ ਭਰੀ ਆਤਮਾ
ਅਗਲਾ ਕਦਮ
ਹਰ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਪਿਛਲੇ ਕਦਮ ਨੂੰ ਜੋਖ ਜੋਖ ਪਰਖ ਵਿੱਚ ਬਾਣੀਆਂ ਕਦੇ ਕੰਜੂਸੀ ਨਹੀਂ ਵਰਤਦਾ। ਪਿਛਲੀ ਰਕਮ ਦਾ ਅਗਲਾ ਮੁਨਾਫ਼ਾ ਪਿਛਲੇ ਕਦਮ ਤੋਂ ਅਗਲਾ ਕਦਮ ਵੱਧ ਚੀਜ਼ ਨੂੰ ਘੱਟ ਦੱਸਣਾ ਘੱਟ ਪੈਸਿਆਂ ਨੂੰ ਵੱਧ ਕਰਨਾ ‘ਉਸਦਾ ਉਦੇਸ਼।’ ਉਸਦਾ ਪਹਿਲਾ ਕਦਮ ਤੇਰੇ ਘਰ ਵਲ, ਅਗਲਾ ਤੇ ਉਸ ਤੋਂ ਅਗਲਾ ਵੀ ਤੇਰਾ ਹਰ ਕਦਮ ਘਰ ਤੋਂ ਦੂਰ ਉਸਦਾ ‘ਨਫਾ’ ਤੇਰਾ ‘ਘਾਟੇ’ ਵਲ ਜਿਵੇਂ ਘਾਟਾ ਤੇ ਵਾਧਾ ਇੱਕ ਚੀਜ਼ ਨਹੀਂ ਜਿਵੇਂ ਤੂੰ ਤੇ ਬਾਣੀਆ ਇੱਕ ਚੀਜ਼ ਨਹੀਂ ਜੋਖ ਪਰਖ ਵਿਚ ਕੰਜੂਸੀ ਨ ਕਰ ਪਹਿਲਾਂ ਬਾਣੀਆਂ ਬਣ, ਅੱਗੋਂ ਕੀ ਬਣਨੈ ਇਸ ਬਾਰੇ ਸੋਚ
ਕਬੀਲਦਾਰੀ
ਮੇਰੀ ਆਦਤ ਤੜਕੇ ਉੱਠ ਕੇ ਕੁਝ ਸਮੇਂ ਤੋਂ ਨਿੱਤ ਹਰਮੋਨੀ ਵਾਜੇ ਉੱਤੇ ਆਪ ਮੁਹਾਰੇ 'ਲੈ' ਤੇ 'ਸੁਰਾਂ' ਦਾ ਸੁਰਗ ਮਾਨਣਾ। ਅੱਜ ਤੜਕੇ ਹੀ ਮੇਰੀ ਪਤਨੀ ਅੱਧ ਸੁੱਤੀ ਉਘਲਾਂਈ ਹੋਈ ਮੇਰੀ ਮੰਜੀ ’ਤੇ ਆ ਬੈਠੀ, ਤੇ ਉਸਨੇ ਦੋਵੇਂ ਹੀ ਲੱਤਾਂ ਚੁੱਪ ਮਾਰੀ ਬੈਠੇ ਹੋਏ ਦੇ ਖੱਬੀ ਲੱਤ ਉੱਤੇ ਰੱਖ ਦਿੱਤੀਆਂ 'ਤੂੰ ਜਿੱਥੇ ਲੱਤਾਂ ਰੱਖੀਆਂ ਨੇ ਮੈਂ ਏਥੇ ਬਾਜਾ ਰੱਖਣਾ ਏ' ਅੱਗੋਂ ਸੁਣਿਆਂ 'ਆਪਾਂ ਸਾਧੂ ਸੰਤ ਨਹੀਂ ਹਾਂ? ਆਪਾਂ ਤਾਂ ਕਬੀਲਦਾਰ ਹਾਂ। ਬਾਜੇ ਨਾਲ਼ ਨਾ ਬਾਜੇ ਹੋਵੋ।' ਕੁਝ ਚਿਰ ਪਿੱਛੋਂ ਸੋਚ ਸੋਚ ਕੇ ਮੈਂ ਪਤਨੀ ਨੂੰ ਇੰਜ ਆਖਿਆ 'ਰਾਗਾਂ ਦੀਆਂ ਖੁਸ਼ਬੋਆਂ ਲੱਦੀਆਂ ਸੁਰਾਂ ਗੁਆ ਕੇ, ਬੇਸੁਰੀਆਂ 'ਚੋਂ ਖੁਸ਼ੀ ਲੈਣ ਦੀ ਖੇਚਲ ਛੱਡੋ ਤੁਸੀਂ ਵੀ ਐਵੇਂ ਬਾਜੇ ਨਾਲ਼ ਨ ਬਾਜੇ ਹੋਵੋ।'
ਚੁਣ ਲਈਏ ਇੱਕ ਰਾਹ
ਨੀ ਜਿੰਦੇ ਚੁਣ ਲਈਏ ਇੱਕ ਰਾਹ ਲੋਕ ਲਾਜ ਹੀ ਹੀਮ ਕੀਮ ਦੀ ਕਰੀਏ ਨਾ ਪਰਵਾਹ ਇਹ ਜੱਗ ਮੋਮ, ਇਹ ਜੱਗ ਪੱਥਰ ਇਹ ਜੱਗ ਪਾਰਾ, ਇਹ ਜੱਗ ਪਰਬਤ ਇਹ ਜੱਗ ਜ਼ਹਿਰ, ਇਹ ਜੱਗ ਅੰਮ੍ਰਿਤ ਇੱਕ ਪਾਸੇ ਹਨ, ਚੀਕ ਚਿਹਾੜੇ ਇੱਕ ਪਾਸੇ ਹਨ, ਮਿੱਠੜੇ ਸਾਹ ਨੀ ਜਿੰਦੇ ਚੁਣ ਲਈਏ ਇੱਕ ਰਾਹ ਲੋਕ ਲਾਜ ਦੀ ਹੀਮ ਕੀਮ ਦੀ ਕਰੀਏ ਨ ਪਰਵਾਹ। ਇੱਕ ਪਾਸੇ ਕੋਈ ਫੁੱਲ ਉਗਾਂਦੈ, ਇੱਕ ਪਾਸੇ ਕੋਈ ਬੰਬ ਬੀਜਦੈ ਇੱਕ ਪਾਸੇ ਸੀਤਲ ਨਿਹੁੰ ਸੋਮੇ, ਇਕ ਲੈਂਦਾ ਅੱਗਾਂ ਦੇ ਸੁਪਨੇ ਇਕ ਸਭਿਤਾ ਤੇ ਅੰਗ ਸੰਵਾਰੇ, ਇਕ ਮਾਨਵ ਦੇ ਅੰਗ ਜਲਾਏ ਹਰ ਬੰਦੇ ਨੂੰ ਚੁਣਨਾ ਪੈਣਾ ਦੋਹਾਂ 'ਚੋਂ ਇੱਕ ਰਾਹ ਜੰਗਲ ਕੰਦਰ ਤੇ ਹਿੰਮ ਪਰਬਤ ਛੋਟੇ ਹੋ ਗਏ ਮੰਦਰ ਮਸਜਦ ਰਾਮ ਧਾਮ ਸਭ ਹੋ ਗਏ ਸੌੜੇ ਅੱਜ ਬੰਦੇ ਦਾ ਜੁੱਸਾ ਭਾਰੀ ਦੇ ਨ ਸਕਣ ਪਨਾਹ ਨੀ ਜਿੰਦੇ ਚੁਣ ਲਈਏ ਇਕ ਰਾਹ ਲੋਕ ਲਾਜ ਤੇ ਹੀਮ ਕੀਮ ਦੀ ਕਰੀਏ ਨ ਪਹਵਾਹ
ਖੱਦਰ
ਤਿਰਾ ਖੱਦਰ ਮਿਰਾ ਖੱਦਰ ਇਹ ਦੇਖਣ ਨੂੰ ਹਨ ਇੱਕੋ। ਤਿਰੇ ਖੱਦਰ 'ਚ ਤੇਰੇ ਖ਼ੂਨ ਚਿੱਟੇ ਦੀ ਹੈ ਚਟਿਆਈ। ਮਿਰੇ ਖੱਦਰ 'ਚ ਮਿਹਨਤ ਮਾਰਿਆਂ ਹੱਡਾਂ ਦਾ ਮੁੜਕਾ ਹੈ। ਤਿਰਾ ਖੱਦਰ ਮਿਰਾ ਖੱਦਰ ਇਹ ਦੇਖਣ ਨੂੰ ਤਾਂ ਹਨ ਇੱਕੋ। ਤਿਰਾ ਖੱਦਰ ਗਰੀਬਾਂ ਦੀ ਨਜ਼ਰ ਤੇ ਹੱਕ ਨੂੰ ਧੋਖਾ ਤਿਰਾ ਖੱਦਰ ਤਿਰੇ ਕਾਲੇ ਕੁਕਰਮਾਂ ਨੂੰ ਹੈ ਇੱਕ ਓਹਲਾ। ਮਿਰਾ ਖੱਦਰ ਮਿਰੀ ਲੁੱਟੀ ਗਈ ਮਿਹਨਤ ਦੀ ਮਜ਼ਬੂਰੀ। ਤਿਰਾ ਖੱਦਰ ਮਿਰਾ ਖੱਦਰ ਇਹ ਦੇਖਣ ਨੂੰ ਹਨ ਇਕੋ । ਤਿਰੇ ਖੱਦਰ ਨੂੰ ਕੋਈ ਤੋਟ ਨਹੀਂ ਖੱਦਰ ਭੰਡਾਰਾਂ ਦੀ। ਮਿਰੇ ਖੱਫਣ ਲਈ ਪਰ ਮੇਰੇ ਖੱਦਰ ਨੇ ਹੈ ਥੁੜ ਜਾਣਾ।
ਦੋ ਪਲ
ਦੋ ਪਲ ਤਾਂ ਮਿਲ ਜਾਣ ਤ੍ਰਿਪਤੀ ਭਰੇ ਸੁਗੰਧਾਂ ਮੱਤੇ ਦੋ ਪਲ ਤਾਂ ਮਿਲ ਜਾਣ। ਦੋ ਪਲ ਤਾਂ ਮਿਲ ਜਾਣ। ਨਿੱਘੇ ਨਿੱਘੇ ਪਿਆਰੇ ਪਿਆਰੇ ਦੋ ਪਲ ਤਾਂ ਮਿਲ ਜਾਣ। ਇਹ ਵੀ ਮੰਗ ਹੁਣ ਹੋਈ ਸੁਪਨਾ, ਕਿਧਰੇ ਇਹ ਦੋ ਬੋਲ ਵੀ ਹੁਣ ਏਸੇ ਰਾਹ ਤੁਰ ਜਾਣ।
ਨਫਰਤ
ਬਦੀ ਦਾ ਉਲਟ ਨੇਕੀ ਕਾਲੇ ਦਾ ਉਲਟ ਚਿੱਟਾ ਨਫਰਤ ਦਾ ਉਲਟ ਪਿਆਰ ਸਭ ਕਹਿੰਦੇ ਹਨ ਪਰ ਮੈਨੂੰ ਇਹਨਾਂ ਦੇ ਉਲਟ ਸਿੱਧ ਬਾਰੇ ਸ਼ੱਕ ਹੈ ਕੋਈ ਸਾਲਮ ਨੇਕ ਜਾਂ ਸਾਲਮ ਬਦ ਨਹੀਂ ਮਿੱਲ ਮਾਲਕ ਲਈ ਮਜ਼ਦੂਰ ਨੇਕ ਹੁੰਦਿਆਂ ਵੀ ਬਦ ਹੈ। ਮਜ਼ਦੂਰਾਂ ਨੂੰ ਅਪਣੇ ਬਦ ਮਾਲਕ ਨੂੰ ਵੀ ਨੇਕ ਕਹਿਣ 'ਚ ਹੀ ਰੋਜ਼ੀ ਹੈ। ਨੇਕੀ ਬਦੀ ਕਿਰਦਾਰ ਪਰਖਣ ਦਾ ਗਜ ਨਹੀਂ ਕਿਰਦਾਰ ਜਮਾਤੀ ਹੁੰਦੇ ਹਨ। ਗੁੰਡਿਆਂ ਲਈ ਗੁੰਡਾ ਨੇਕ। ਨੇਕ ਗੁੰਡਿਆਂ ਲਈ ਗੁੰਡਾ। ਇਹੋ ਹਾਲ ਕਾਲੇ ਤੇ ਚਿੱਟੇ ਦਾ ਹੈ ਦੋਹਾਂ ਤੋਂ ਬਿਨਾਂ ਕੋਈ ਚਿੱਤਰ ਨਹੀਂ ਬਣਦਾ। ਫਿਰ ਨਾ ਕਾਲਖ ਬੁਰੀ ਨਾ ਚਾਨਣ ਚੰਗਾ। ਜਿਸ ਨ੍ਹੇਰ ਵਿਚ ਖਤਰਾ ਨਹੀਂ ਉਸਨੂੰ ਬੁਰਾ ਕੌਣ ਕਹੇ। ਤੇ ਜਿਹੜਾ ਚਾਨਣ ਸ਼ਿਕਾਰੀ ਦਾ ਪੱਖੀ ਹੈ ਚੰਗਾ ਕਿਵੇਂ ਹੋ ਸਕਦਾ? ਅਜੋਕੀ ਤਰੱਕੀ ਦਾ ਨ੍ਹੇਰ ਪੱਖੀ ਚਾਨਣ ਤੇ ਚਾਨਣ ਪੱਖੀ ਨ੍ਹੇਰ ਸਾਫ ਦਿਸਦਾ ਹੈ ਮੈਨੂੰ ਕੇਵਲ ਇਹਨਾਂ ਦੇ ਉਲਟ ਸਿੱਧ ਬਾਰੇ ਸ਼ੱਕ ਹੈ ਹੁਣ ਮੈਨੂੰ ਹੋਰ ਸਿੱਧ ਕਰਨ ਦੀ ਲੋੜ ਨਹੀਂ ਇਹੋ ਹਾਲ ਪਿਆਰ ਤੇ ਨਫਰਤ ਦਾ ਹੈ
ਪੁੱਤਰ
ਸਾਰੇ ਅਪਣੀਆਂ ਮਾਵਾਂ ਦੇ ਪੁੱਤਰ ਹਨ। ਕਬੂਤਰ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ। ਸਪੋਲੀਏ ਤੋਂ ਲੈ ਕੇ ਹਿਟਲਰ ਤੱਕ। ਦੁਖੀ ਤੋਂ ਲੈ ਕੇ ਮਾਓ ਤੱਕ ਸਭ ਅਪਣੀਆਂ ਮਾਵਾਂ ਦੇ ਪੁੱਤਰ ਹਨ। ਅਸੀਂ ਭਾਰਤੀ ਵੀ ਅਪਣੀਆਂ ਮਾਵਾਂ ਦੇ ਪੁੱਤਰ ਹਾਂ ਜਾਂ ਕਦੇ ਕਦੇ ਗੁਆਂਢੀ ਦੇਸ਼ ਨਾਲ਼ ਲੜਦੇ ਹੋਏ ਭਾਰਤ ਮਾਤਾ ਦੇ ਪੁੱਤਰ ਬਣਦੇ ਹਾਂ ਮਾਤ ਪਿਆਰ ਨਾਲ਼ ਨਹੀਂ ਦੂਜਿਆਂ ਨਾਲ਼ ਨਫਰਤ, ਗੁੱਸੇ ਅਤੇ ਜੋਸ਼ ਦੇ ਨਸ਼ੇ ਵਿੱਚ ਕਦੇ ਕਦੇ ਅਸੀਂ ਧਰਤੀ ਮਾਤਾ ਦੀ ਜੈ ਵੀ ਬੁਲਾਉਂਦੇ ਹਾਂ ਉਹ ਵੀ ਮਾਂ ਦੇ ਸੁਆਰਥ ਵਿੱਚ ਕਿ ਪੇਟੋਂ ਪੈਦਾ ਕਰਨ ਵਾਲੀ ਮਾਂ ਦੀ ਇੱਜਤ ਧਰਤੀ ਮਾਤਾ ਦੇ ਮੋਹ ਤੇ ਕੁਰਬਾਨ ਕਰ ਦਿੰਦੇ ਹਾਂ ਨ ਮਾਤ ਪੁੱਤਰ, ਨ ਦੇਸ਼ ਪੁੱਤਰ, ਨ ਧਰਤੀ ਪੁੱਤਰ ਅਸਲ ਵਿੱਚ ਤਾਂ ਅਸੀਂ ਮਾਇਆ ਪੁੱਤਰ ਹਾਂ ਪੈਸੇ ਦੇ ਪੁੱਤਰ
ਅਵਿੱਦਿਆ ਬਨਾਮ ਵਿੱਦਿਆ
ਖ਼ੂਬ ਪੜ੍ਹਾਓ, ਖੂਬ ਲਿਖਾਓ, ਖ਼ੂਬ ਰਟਾਓ ਅਧਿਆਪਕੋ ਬੱਚਿਆਂ ਨੂੰ ਤੋਤੇ ਬਣਾ ਦਿਓ, ਤੋਤੇ ਕੌਮ ਨੂੰ ਤੋਤਿਆਂ ਦੀ ਬੜੀ ਲੋੜ ਹੈ। 'ਲਟ ਪਟ ਪੰਛੀ ਚਤੁਰ ਸਜਾਨ ਸਭ ਕਾ ਦਾਤਾ ਸ੍ਰੀ ਭਗਵਾਨ।' ਰਟਾ ਦਿਉ ਪਾਣੀਪਤ ਦੀਆਂ ਤਿੰਨਾਂ ਲੜਾਈਆਂ ਦੀਆਂ ਮਿਤੀਆਂ ਰਟਾ ਦਿਓ ਪੁਰਾਣੇ ਰਾਜੇ ਮਹਾਰਾਜੇ ਜਾਂ ਅੱਜ ਦੇ ਬਨਸਪਤੀ ਲੀਡਰਾਂ ਦੇ ਜਨਮ ਅਸਥਾਨ। ਸੂਝ ਬੂਝ ਤੇ ਕਿਸ਼ੋਰ ਕਲਪਨਾ ਨੂੰ ਦੱਬ ਦਿਓ ਗਿਆਨ ਦੀ ਰੂੜੀ ਹੇਠ ਬਣਾ ਕੇ ਅਪਣੇ ਵਰਗੇ ਹੀ ਲਾਟੂ ਭਵਿੱਖ ਨੂੰ ਵੀ ਆਪਣੇ ਵਾਂਗ ਹੀ ਰੀਂਗਣ ਲਾ ਦਿਓ ਤੇ ਪਰਾਪਤ ਕਰੋ ਸਟੇਟ ਤੇ ਨੈਸ਼ਨਲ ਐਵਾਰਡ। ਅਧਿਆਪਕ ਵੀਰੋ ਤੁਸੀਂ ਦੇਸ਼ ਦੇ ਵੱਡੇ ਸੇਵਾਦਾਰ ਹੋ। ਕੌਮ ਦੇ ਉਸਰਈਏ ਦੇਸ਼ ਨਉਕਾ ਦੇ ਖੇਵਈਏ ਗਰੀਬੀ ਹਟਾਓ ਸਮਾਜਵਾਦ ਲਿਆਓ ਖ਼ੂਬ ਹਟਾਓ ਰਟਣ ਮੰਤਰਾਂ ਦੀ ਬੜੀ ਲੋੜ ਹੈ ਇਸ ਦਾ ਇਲਮ ਕਿਸਨੂੰ ਹੈ ਅਮਲ ਦੀ, ਸੋਝੀ ਦੀ, ਅੱਜ ਲੋੜ ਨਹੀਂ ਖੂਬ ਰਟਾਓ, ਤੋਤੇ ਬਣਾ ਦਿਓ ਬੱਚਿਆਂ ਨੂੰ ਦੇਸ਼ ਨੂੰ ਤੋਤਿਆਂ ਦੀ ਬੜੀ ਲੋੜ ਹੈ।
ਤਿਰਸ਼ੂਲ
ਇਕ ਬੰਦਾ ਮੇਰੇ ਦਿਲ ਨੇ ਵਰ੍ਹਿਆ। ਇਕ ਦੇ ਨਾਲ਼ ਮਾਪਿਆ ਫਾਹਿਆ ਇਕ ਬੰਦਾ ਢਿੱਡ ਦੀ ਮਜ਼ਬੂਰੀ। ਤਿੰਨੇ ਬੰਦੇ ਮੇਰੇ ਮਾਲਕ ਨੇ ਮੈਂ ਤਿਰਸ਼ੂਲ ਚੜ੍ਹੀ ਇਕ ਰੂਹ ਇਕ ਬੰਦਾ ਮੇਰੀ ਦੁਨੀਆਂ ਹੈ। ਮੇਰੇ ਦੁੱਖ ਦਰਦ ਪੀੜਾਂ ਹੌਕਿਆਂ ਦਾ ਸਾਂਝੀ ਮੇਰੇ ਸਭ ਅੰਗਾਂ ਦਾ ਮਾਲਕ ਜਿਸਨੂੰ ਮਾਲਕ ਦਿਲ ਨੇ ਮੰਨਿਆਂ ਦੂਜਾ ਬੰਦਾ, ਦੂਜੀ ਦੁਨੀਆਂ ਲੋਕਾਂ ਨੇ ਮੇਰੇ ਲੜ ਬੱਧਾ ਮੇਰੇ ਇਕ ਮੁਸਾਫਰ ਸਾਥੀ ਦਿਲ ਤੋਂ ਬਿਨਾਂ ਜੋ ਮੇਰੀ ਹਰ ਗਲ ਦਾ ਸਾਂਝੀ ਹੈ ਜੋ ਮੇਰੇ ਅੰਗਾਂ ਦਾ ਮਾਲਕ ਇਕ ਬੰਦਾ ਭੁੱਖਾਂ ਨੇ ਦਿੱਤਾ ਉਹ ਦੂਜੇ ਬੰਦੇ ਦਾ ਮਿੱਤਰ ਜਿਸਨੇ ਮੈਨੂੰ ਇਸਦੇ ਸੇਜੇ ਆਪ ਚੜ੍ਹਾਇਆ। ਬੋਤਲ ਦੇ ਆਸ਼ਕ ਨੇ ਮੇਰੇ ਜੀਵਨ ਦਾ ਸਭ ਨਸ਼ਾ ਮੁਕਾਇਆ ਪਹਿਲਾਂ ਬੰਦਾ ਮੇਰਾ ਅਪਣਾ ਦੂਜਾ ਰੀਤਾਂ, ਧਰਮ ਸਮਾਜ ਤੇ ਮਰਯਾਦਾ ਦਾ ਤੀਜਾ ਕਾਰੂੰ ਦਾ ਪੋਤਾ ਮੈਂ ਤਿਰਸ਼ੂਲ ਚੜ੍ਹੀ ਇਕ ਰੂਹ ਹਾਂ
ਜਮਹੂਰੀਅਤ ਦੀ ਆਵਾਜ਼ ਲਈ
ਦੋਸਤੋ ਸੁਚੇਤ ਹੋ ਜਾਓ ਤੁਹਾਡੀ ਘਰਾੜੇ ਮਾਰ ਕੇ ਸੌਣ ਦੀ ਉਮਰ ਵਿਹਾ ਚੁੱਕੀ ਹੈ। ਅਪਣੀ ਚਾਲ ਠੀਕ ਰੱਖਣ ਲਈ ਗੁਪਤ ਅਰਥੀ ਸ਼ਬਦਾਂ 'ਚ ਲਿਖੇ ਰਾਹਾਂ 'ਚ ਸੁਚੇਤ ਬੋਰਡ ਗੱਡ ਦਿਓ ਸਮੇਂ ਨੇ ਸਾਡੇ ਰਾਹਾਂ 'ਚ, ਤਿਲਕਣ ਪੈਦਾ ਕਰ ਦਿੱਤੀ ਹੈ ਦੋਸਤੋ ਲੋਕ ਤਾਂ ਸਾਨੂੰ ਰਾਹ ਦੱਸਣਾ ਵੀ, ਪਾਪ ਸਮਝਣ ਵਲ ਤੁਰ ਪਏ ਹਨ। ਸਾਡੇ ਜਿਸਮਾਂ ਤੇ ਮਾਸ ਇਹ ਅਪਣੇ ਜਿਸਮਾਂ ਤੋਂ ਚੋਰੀ ਕੀਤਾ ਸਮਝਦੇ ਹਨ। ਲੋਕਾਂ ਨੂੰ ਪੱਟੀਆਂ ਪੜ੍ਹਾਉਣ ਵਾਲੇ ਹਥਿਆਰਾਂ ਦੀ ਗੱਲ ਤੋਂ ਹੇਠਾਂ ਨਹੀਂ ਉਤਰਦੇ। ਇਹਨਾਂ ਦੇ ਕੱਪੜੇ ਹੀ ਚਿੱਟੇ ਨਹੀਂ ਲਹੂ ਵੀ ਚਿੱਟਾ ਹੈ। ਕਾਰਾਂ 'ਚ ਪੈਟਰੋਲ ਨਹੀਂ ਸਾਡਾ ਖ਼ੂਨ ਬਲਦਾ ਹੈ। ਕਈ ਤਾਂ ਇਹ ਕਹਿਣੋਂ ਵੀ ਨਹੀਂ ਡਰਦੇ ਇਹਨਾਂ ਥਲਥਲਾਉਂਦੀਆਂ ਲੋਥਾਂ ਦੇ ਮਾਸ ਦੇ ਢੇਰ ਵਿਚ ਹੀ, ਗਰੀਬੀ ਦਾ ਅੰਤ ਹੈ। ਘੱਟੋ ਘੱਟ ਅੱਧੀਆਂ ਅੱਖਾਂ ਖੋਲ ਕੇ ਤਾਂ ਤੁਰੋ ਪੁਰਾਤਨ ਸੰਸਕ੍ਰਿਤੀ ਦਾ ਸਹਾਰਾ ਲਵੋ ਕੋਮਲ ਭਾਵਾਂ ਨੂੰ ਜਗਾਓ ਕਲਾ ਕ੍ਰਿਤੀ ਦੀ ਚੋਣ, ਬਹੁਤ ਸੂਝ ਮੰਗਦੀ ਹੈ। ਦੋਸਤੋ ਸੁਚੇਤ ਹੋ ਜਾਓ ਬਹੁਤ ਸਾਰੇ ਗਰਮ ਮਗਜ਼, ਖਤਮ ਕੀਤੇ ਜਾ ਚੁੱਕੇ ਹਨ। ਬਹੁਤ ਸਾਰਿਆਂ ਨੂੰ ਠੰਢੇ ਕਰਨ ਦੇ ਉਪਾ ਸੋਚੇ ਜਾ ਰਹੇ ਹਨ। ਪਰ ਇਹ ਤਾਂ ਖੁੰਬਾਂ ਵਾਂਗ ਥਾਂ ਥਾਂ ਉਭਰ ਰਹੇ ਹਨ।
ਜ਼ੱਨਤ ਦਾ ਸਫ਼ਰ
ਰੁੱਤ ਸਰਦੀ ਦੀ, ਠਰੀ ਹੋਈ ਸਵੇਰ, ਥਾਲ ਸੋਨੇ ਦਾ ਪਹਾੜੀ ਦੀ ਸਿਖਰ, ਕੰਬਦਾ ਹੋਇਆ ਇਉਂ ਲਿਸ਼ਕੇ ਜਿਸ ਤਰ੍ਹਾਂ, ਬਸ ਵਿੱਚ ਬੈਠੀ ਹੋਈ ਇੱਕ ਕੁੜੀ ਨੇ, ਕਾਲ਼ੇ ਕੰਬਲਾਂ 'ਚੋਂ ਹੈ ਮੁਖੜਾ ਛੰਡਿਆ। ਸੀਟ ਅਗਲੀ 'ਤੇ ਮੂੰਹ ਪਿੱਛੇ ਵਲ ਨੂੰ ਦੋ ਕੁ ਮਿੰਟ ਦੇ ਸੁਗਮ ਢੌਂਕੇ ਦੀ ਲੋਰ, ਸੀ ਅਜੇ ਮੈਂ ਦੇਖਿਆ। ਸਾਹਮਣੇ ਰੂਹ ਦੇ ਸੀ ਉਹ ਚਿਹਰੇ ਦਾ ਫ਼ੁੱਲ ਇਸ ਤਰ੍ਹਾਂ ਖਿੜਿਆ ਕਿ ਸਾਰੀ ਉਮਰ ਸੁਪਨਿਆਂ ਵਿੱਚ ਸਦਾ ਖਿੜਿਆ ਰਹੇਗਾ। ਬੱਸ ਦਾ ਨਹੀਂ, ਇਹ ਸੀ ਜ਼ੱਨਤ ਦਾ ਸਫ਼ਰ ਇਹ ਸਫ਼ਰ ਕਦੇ ਲੰਬਾ ਹੁੰਦਾ ਨਹੀਂ ਜਾਂ ਜੱਨਤ ਦਾ ਸਫਰ ਹੈ ਇਹ ਉਮਰ । ਫੇਰ ਵੀ ਬਸ ਦਾ ਸਫਰ ਸੁਪਨਿਆਂ ਦੀ ਸੇਜ 'ਤੇ ਇਓਂ ਬਹਿ ਗਿਆ। ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿਵੇਂ ਪੇਸ਼ਗੀ ਸਾਰਾ ਥਕੇਵਾਂ ਲਹਿ ਗਿਆ। ਕਿਸੇ ਦਾ ਦਿਲ ਕਿਸੇ ਵਿੱਚ ਹੋਵੇ ਜਦੋਂ ਕੰਨ ਜਦ ਅਪਣੇ ਹੀ ਦਿਲ ਦੀ ਧੜਕਣ ਸੁਣਨ ਨਿਗਾਹ ਦਾ ਪੰਛੀ ਜਦੋਂ ਉਡਿਆ ਫਿਰੇ ਜ਼ੋਰ ਲਾ ਕੇ ਵੀ ਨਾ ਕਿਧਰੇ ਟਿਕ ਸਕੇ ਪਿਆਸ ਉਸ ਦੀ ਇੱਕ ਚਿਹਰੇ ਤੋਂ ਬੁਝੇ ਇੰਜ ਸੋਝੀ ਸਫ਼ਰ ਦੀ ਕਿਸਨੂੰ ਰਹੇ। ਜੇ ਭਲਾਂ ਹੋਵੇ ਉਹ ਦਿਲ ਵਾਲੀ ਕੁੜੀ, ਤੇ ਨਜ਼ਰ ਉਸਦੀ ਵੀ ਇਓਂ ਹੋਵੇ ਜੁੜੀ, ਤੇ ਓਵੇਂ ਦਰਸ਼ਕ ਦੇ ਚਿਹਰੇ ਤੇ ਟਿਕੇ, ਖਬਰ ਆਪੇ ਦੀ ਫਿਰ ਕਿਸਨੂੰ ਰਹੇ। ਇਸਨੂੰ ਵੀ ਜੇ ਕਹਿ ਲਿਆ ਬਸ ਦਾ ਸਫ਼ਰ ਤਾਂ ਉਹ ਕਿਹੜਾ ਹੈ ਜ਼ੱਨਤ ਦਾ ਸਫ਼ਰ ਇਕ ਘਸੀ ਹੋਈ ਫ਼ਿਲਮ ਦੇ ਸ਼ੁਰੂ ਵਾਂਗ, ਸੜਕ ਲੀਕਾਂ ਬਣ ਗਈ, ਏਦਾਂ ਦਿਸੇ, ਜਿਸ ਤਰ੍ਹਾਂ ਕੋਈ ਬੰਗਾਲੀ ਛੋਕਰੀ ਲੰਮਿਆਂ ਵਾਲਾਂ ਨੂੰ ਜਦ ਕੰਘੀ ਕਰੇ ਸੁਧਰਿਆਂ ਵਾਲਾਂ ਦੀ ਇੱਕ ਪੱਟੀ ਦਿਸੇ ਇੰਜ ਸੋਝੀ ਸਫ਼ਰ ਦੀ ਕਿਸਨੂੰ ਰਹੇ। ਖੇਤ, ਰੁੱਖ, ਖੂਹ ਪਿੰਡ ਸਾਰੇ ਘੁੰਮ ਰਹੇ, ਘੁੰਮ ਰਹੇ ਵਾਤਾਵਰਣ ਵਿਚ ਰਤਾ ਭਰ ਇੱਕ ਟਿਕਾਊ ਝਾਕਣੀ ਟੁੱਟੀ ਨਹੀਂ ਜਦੋਂ ਤੱਕ ਦੋਹਾਂ ਧਿਰਾਂ ਦੇ ਜਿਸਮ ਵਿਚ ਇਕ ਮਿੱਠੀ ਕੰਬਣੀ ਜਾਗੀ ਨਹੀਂ ਏਸ ਨੂੰ ਕੋਈ ਕਹੇ ਬਸ ਦਾ ਸਫ਼ਰ ਮੈਂ ਕਹਾਂਗਾ ਇਹ ਹੈ ਜੱਨਤ ਦਾ ਸਫ਼ਰ ਫੇਰ ਉਸ ਪਾਸੇ ਨੇ ਪਲਕਾਂ ਉੱਠੀਆਂ, ਨੀਲਿਆਂ ਨੈਣਾਂ ਦੀਆਂ ਰਸ ਪੁਤਲੀਆਂ। ਬੱਦਲੀ ਬਿਜਲੀ ਦੇ ਵਾਂਗੂ ਲਿਸ਼ਕੀਆਂ, ਨੇਰਿਆਂ ਘਿਰਿਆ ਮੇਰਾ ਮਨ ਚਮਕਿਆ। ਉਮਰ ਭਰ ਉਹ ਲੀਕ ਚਾਨਣ ਦੀ ਮਿਰੇ, ਦਿਲ ਦੇ ਅੱਥਰੂ ਤੇ ਰਹੇਗੀ ਚਮਕਦੀ। ਜ਼ਿੰਦਗੀ ਜਿਹੜੀ ਜਹੱਨੁਮ ਦਾ ਸਫ਼ਰ ਕੁਝ ਨ ਕੁਝ ਤਾਂ ਇੰਜ ਸੁਖਾਲੀ ਰਹੇਗੀ। ਭੁੱਲ ਜਾਂਦੇ ਦਿੱਤੇ ਹੀਰਿਆਂ ਦੇ ਇਨਾਮ। ਰਾਜ ਬਖਸ਼ੇ ਵੀ ਭੁਲਾਏ ਸੁਣੇ ਨੇ ਮਹਾਪੁਰਖ ਦੇ ਮਹਾਂ ਕਥਨਾਂ ਦਾ ਵੀ ਮੈਂ ਹਸ਼ਰ ਏਸੇ ਤਰ੍ਹਾਂ ਦੇਖਿਆ ਨਿੱਤ ਨਵੇਂ ਉਭਰੇ ਯਥਾਰਥ ਸਾਹਮਣੇ ਪੁਰਖਿਆਂ ਦਾ ਖੁਰ ਰਿਹਾ ਇਹਸਾਨ ਵੀ ਮਾਂ ਨੂੰ ਭੁੱਲੇ ਪੁੱਤ ਤੇ ਪੁੱਤਾਂ ਨੂੰ ਮਾਂ ਪੁੱਤ ਹੱਥੋਂ ਬਾਪ ਦਾਦੇ ਦਾ ਕਤਲ ਭੈਣ ਦਾ ਆਪਣੇ ਭਰਾ ਨੂੰ ਮਾਰਨਾ ਇਹ ਕਥਾ ਹੈ ਬਸ ਜੀਵਨ ਦੀ ਕਥਾ ਮੈਂ ਜੋ ਬਸ ਦੇ ਸਫਰ ਦੀ ਕਰਨਾਂ ਕਥਾ, ਬਸ ਵਿਚ ਬੈਠੇ ਵੀ ਤਾਂ ਇਹ ਲੋਕ ਨੇ ਫਿਰ ਇਹਨਾਂ ਨਾਲ਼ੋਂ ਮੈਂ ਕਿਸ ਗੱਲੋਂ ਜੁਦਾ ਦੱਬਿਆ ਜਾਨਾਂ ਇਸੇ ਇਹਸਾਨ ਦਾ। ਕਿ ਮਿਰੇ ਵਲ ਇੱਕ ਸੁੰਦਰ ਕਲੀ ਨੇ ਪਿਆਰ ਖੁਸ਼ਬੋਈ ਰਚਾ ਕੇ ਘੱਲਿਆ ਇਹ ਖੁਸ਼ਬੋਈ ਜਿਵੇਂ ਸਾਰੀ ਉਮਰ ਮੈਨੂੰ ਚੌਗਿਰਦੇ 'ਚੋਂ ਆਉਂਦੀ ਰਹੇਗੀ। ਇਸ ਯਥਾਰਥ 'ਚੋਂ ਜੋ ਆਖੇਗਾ ਰੁਮਾਂਸ ਹੋ ਤਾਂ ਸਕਦਾ ਹੈ ਉਹ ਵੱਡਾ ਵਿਦਵਾਨ ਪਰ ਉਹ ਹੋ ਸਕਦਾ ਨਹੀਂ ਬੰਦਾ ਮਹਾਨ।
ਬਲਦੀ ਤੀਲੀ
ਦਿਲਾਂ ਵਿਚ ਧੁਖਾਈਂ ਫਿਰਦਿਓ। ਲਟਾ ਲਟ ਬਾਲ ਲਵੋ ਇਸਨੂੰ ਤੁਹਾਡਾ ਮੱਛਰਾਂ ਨਾਲ਼ ਵਾਹ ਨਹੀਂ, ਜੋ ਧੂੰਏ ਨਾਲ਼ ਉੱਡ ਜਾਣ ਤੁਹਾਡੇ ਦਿਲਾਂ ਵਿਚ ਸੜ ਰਹੇ ਖੂਨ ਦਾ ਧੂੰਆਂ ਤਾਂ, ਇਹਨਾਂ ਲਈ ਸੁਗੰਧੀ ਹੈ। ਮੱਛੀ ਖਾਣ ਵਾਲੇ ਨੂੰ ਮੱਛੀ ਤਲਣ ਦੀ ਬੋ ਨਹੀਂ, ਖੁਸ਼ਬੂ ਆਉਂਦੀ ਹੈ। ਫਿਰ ਕਿਉਂ ਧੁਖਾਉਂਦੇ ਹੋ ਦਿਲਾਂ ਅੰਦਰ ਲਟ ਲਟ ਬਾਲ ਲਵੋ ਇਸਨੂੰ ਸਾਂਝੀ ਅੱਗ ਵਿਚ ਸਾਂਝੇ ਦੁਸ਼ਮਣ ਨੂੰ ਸੜਨ ਦਾ ਸਮਾਗਮ ਬਣਨ ਦਿਓ ਬਾਲ ਲਵੋ, ਬਾਲ ਲਵੋ, ਬਾਲ ਲਵੋ ਲਟਾ ਲਟ ਬਾਲ ਲਵੋ
ਚਾਲਾਂ
ਕਿਉਂ ਚਾਲਾਂ ਕਰਦੈਂ ਭਲਿਆ। ਹੁਣ ਤਾਂ ਕੌਮਾਂਤਰੀ ਪੱਧਰ ਦੀਆਂ ਚਾਲਾਂ ਸਮਝਣ ਵਾਲੇ ਵੀ ਲੋਕਾਂ ਵਿਚ ਬੰਦੇ ਲੱਭ ਪੈਂਦੇ ਹਨ। ਕਿਉਂ ਚਾਲਾਂ ਕਰਦੈਂ। ਹੁਣੇ ਹੁਣੇ ਲੰਘੀਆਂ ਵੋਟਾਂ ਨੇ ਮੇਰੇ ਪਿੰਡ ਦੇ ਭਗਤੂ ਜੱਟ ਤੇ ਕਾਲੂ ਘੁਮਿਆਰ ਨੂੰ ਵੀ ਕੌਮਾਂਤਰੀ ਚਾਲਾਂ ਸਮਝਣ ਜੋਗਾ ਕਰ ਦਿੱਤੈ !
ਸ਼ੌਕ
ਤਹਿ ਤੱਕ ਕਿਸੇ ਕਿਸੇ ਗੱਲ ਨੂੰ ਸਮਝਣ ਦਾ ਮੇਰਾ ਸ਼ੌਕ, ਕਿਸ ਗੁਨਾਹ ਦੀ ਸਜ਼ਾ ਹੈ ਤੇ ਇਹ ਵੀ ਮੇਰੇ ਕੋਲੋਂ ਖੋਹ ਲੈਣ ਦਾ ਭਾਗੀ ਮੇਰੇ ਸ਼ੌਕ ਦਾ ਹੀ ਸਾਇਆ ਹੈ
ਦੋ ਕਵਿਤਾਵਾਂ1
ਬੱਸ ਜਾ ਰਹੀ ਹੈ ਮੈਂ ਨ ਮੁਕਣ ਵਾਲੇ ਪਲਾਂ 'ਚ ਘਿਰਿਆ ਸੋਚਦਾ ਹਾਂ ਆਖਿਰ ਮੈਂ ਜਾਣਾ ਕਿੱਥੇ ਹੈ ਟਿਕਟ ਕਿੱਥੋਂ ਦੀ ਲਵਾਂ ਬੱਸ ਜਾ ਰਹੀ ਹੈ ਮੈਂ ਅਗਲੇ ਪੜਾਅ ਤੇ ਹੀ ਉੱਤਰ ਜਾਵਾਂਗਾ ਕਿਉਂਕਿ ਮੈਨੂੰ ਪਤਾ ਨਹੀਂ ਕਿੱਥੇ ਜਾ ਰਿਹਾ ਹਾਂ। ****** ਸਭ ਹਥਿਆਰ ਤਿੱਖੇ ਹੁੰਦੇ ਜਾ ਰਹੇ ਹਨ ਇਕ ਮੈਂ ਹੀ ਖੁੰਡਾ ਹੁੰਦਾ ਜਾ ਰਿਹਾ ਹਾਂ ਹੁਣ ਕੀ ਬਣੇਗਾ ਮੈਂ ਸਾਰੀ ਭੀੜ ਵਿਚ ਚੀਕ ਕੇ ਪੁੱਛਦਾ ਹਾਂ ਹੁਣ ਕੀ ਬਣੇਗਾ। 1. ਜੂਨ 88 ਨੂੰ ਲਿਖੀਆਂ ਇਹ ਦੋ ਕਵਿਤਾਵਾਂ ਕੁਲਵੰਤ ਨੀਲੋਂ ਦੀਆਂ ਆਖ਼ਰੀ ਕਵਿਤਾਵਾਂ ਹਨ। 24 ਜੂਨ 88 ਨੂੰ ਉਹ ਸਾਨੂੰ ਸਦੀਵੀਂ ਵਿਛੋੜਾ ਦੇ ਗਿਆ।