Aapna Ate Paraia Suraj (Ghazals) : Kulwant Neelon

ਆਪਣਾ ਅਤੇ ਪਰਾਇਆ ਸੂਰਜ (ਗ਼ਜ਼ਲ ਸੰਗ੍ਰਹਿ) : ਕੁਲਵੰਤ ਨੀਲੋਂ


ਕੁਲਵੰਤ ਨੀਲੋਂ ਦਾ ਦੂਜਾ ਗ਼ਜ਼ਲ ਸੰਗ੍ਰਹਿ, ਕੋਈ ਇੱਕ ਦਹਾਕੇ ਬਾਅਦ ੧੯੮੭ 'ਚ ਆਇਆ। ਬੜਾ ਹੀ ਖੂਬਸੂਰਤ ਨਾਂ, 'ਆਪਣਾ ਅਤੇ ਪਰਾਇਆ ਸੂਰਜ' ਇਸ ਨੂੰ ‘ਰਵੀ ਸਾਹਿਤ ਪ੍ਰਕਾਸ਼ਨ-ਅੰਮ੍ਰਿਤਸਰ' ਵਲੋਂ ਛਾਪਿਆ ਗਿਆ ਸੀ। ਕਲਾਤਮਕ ਸਰਵਰਕ ਸੁਖਵੰਤ ਸਿੰਘ ਹੁਰਾਂ ਦਾ ਸੀ। ਨੀਲੋਂ ਹੁਰਾਂ ਇਹ ਪੁਸਤਕ ਆਪਣੀ ਜੀਵਨ ਸਾਥਣ ਨਛੱਤਰ ਕੌਰ ਨੂੰ ਸਮਰਪਿਤ ਕੀਤੀ ਸੀ। ਇਸ ਪੁਸਤਕ 'ਤੇ ਨੀਲੋਂ ਵਿਖੇ ਹੋਏ ਸਮਾਗਮ ਵਿੱਚ ਪੰਜਾਬ ਭਰ ਚੋਂ ਪੁੱਜੇ ਉੱਘੇ ਸਾਹਿਤਕਾਰਾਂ/ਕਵੀਆਂ/ਸਮਾਲੋਚਕਾਂ ਨੇ ਇਸ ਦਾ ਭਰਵਾਂ ਖੈਰ ਮਕਦਮ ਕੀਤਾ। ਇਸ ਦੀਵਾਨ ਜਾਂ ਗ਼ਜ਼ਲ ਸੰਗ੍ਰਹਿ ਵਿਚਲੀ ਰਵਾਨੀ ਪਾਠਕ ਨੂੰ ਆਪਣੇ ਨਾਲ਼ ਤੋਰਨ ਦੇ ਸਮਰੱਥ ਹੈ। 'ਆਪਣਾ ਅਤੇ ਪਰਾਇਆ ਸੂਰਜ' ਕੁਲਵੰਤ ਨੀਲੋਂ ਦਾ ਦੂਜਾ ਅਤੇ ਆਖਰੀ ਗ਼ਜ਼ਲ ਸੰਗ੍ਰਹਿ ਹੈ। ਇਸ ਵਿੱਚ ਉਸਦੀ ਦਾਰਸ਼ਨਿਕਤਾ ਤੇ ਸੁਹਜ ਦੋਵੇਂ ਬਿਰਾਜਮਾਨ ਹਨ। ਆਓ ! ਜਾਨਦਾਰ ਸ਼ਾਇਰੀ ਦੇ ਦੀਦਾਰ ਕਰੀਏ। -ਸੰਪਾਦਕ

ਇਹ ਮਜ਼ਲੂਮਾਂ ਦੇ ਦਰਦਾਂ ਦੀ ਕਹਾਣੀ

ਇਹ ਮਜ਼ਲੂਮਾਂ ਦੇ ਦਰਦਾਂ ਦੀ ਕਹਾਣੀ। ਕਰੇਗੀ ਕੁਝ ਨਾ ਕੁਝ ਆਹਲੀ ਨਾ ਜਾਣੀ। ਨਹੀਂ ਹੰਝੂ ਇਹ ਦਿਲ ਦੀਆਂ ਹਸਰਤਾਂ ਨੇ, ਇਹ ਅੱਗ ਹੈ ਉਂਝ ਦੇਖਣ ਨੂੰ ਹੈ ਪਾਣੀ। ਕਿਵੇਂ ਖੰਭਾਂ ਨੂੰ ਪੰਛੀ ਨਿੰਦ ਸਕਦੈ, ਕਿਵੇਂ ਜਿੰਦੜੀ ਨੂੰ ਕਹਿ ਦੇਵਾਂ ਨਿਮਾਣੀ। ਉਹ ਕਿਹੜਾ ਦਰਦ ਜੋ ਸਾਨੂੰ ਨਾ ਮਿਲਿਆ, ਉਹ ਕਿਹੜੀ ਪੀੜ ਜੋ ਦਿਲ ਨੇ ਨਾ ਮਾਣੀ। ਅਜਨਬੀ ਗੀਤ ਤੇਰਾ ਤਾਂ ਸੁਹਾਣੈ, ਇਹ ਰੂਹ ਮੇਰੀ ਵੀ ਹੈ ਜਾਣੀ ਪਛਾਣੀ। ਸਮਾਂ ਪੈਰਾਂ 'ਚ ਵਿਛਿਆ ਵੇਖ ਲੈਣਾ, ਜਦੋਂ ਉਠੇਗੀ ਸਿਰਲੱਥਾਂ ਦੀ ਢਾਣੀ। ਉਹਨਾਂ ਜੀਵਨ ਨੂੰ ਰਸ-ਰੰਗ, ਰੂਪ ਦਿਤੈ, ਜਿਨ੍ਹਾਂ ਨੇ ਜ਼ਿੰਦਗੀ ਆਪਣੀ ਨਾ ਜਾਣੀ। ਤੂੰ ਚੁਸਤੀ ਝਾੜ ਨਜ਼ਮਾਂ ਵਿਚ ‘ਨੀਲੋਂ', ਗ਼ਜ਼ਲ ਹੁੰਦੀ ਹੈ ਦਿਲ ਦਰਗਾਹ ਦੀ ਬਾਣੀ।

ਜੀਹਨੂੰ ਖੁਸ਼ੀ ਦਾ ਹੇਜ ਤੇ ਨਾ ਹੀ

ਜੀਹਨੂੰ ਖੁਸ਼ੀ ਦਾ ਹੇਜ ਤੇ ਨਾ ਹੀ ਵਫ਼ਾ ਦਾ ਪਾਸ। ਕਰੀਏ ਕੀ ਵਾਹ ਪੈ ਗਿਆ ਐਸੇ ਚਲਾਕ ਨਾਲ਼। ਉਹਨਾਂ ਨੂੰ ਮੇਲ ਵਿੱਚ ਵੀ ਆਉਂਦਾ ਨਾ ਉਹ ਸੁਆਦ, ਚੰਡਿਆ ਨਾ ਹੋਵੇ ਦਿਲ ਜਿਨ੍ਹਾਂ ਅਪਣਾ ਫ਼ਰਾਕ ਨਾਲ਼। ਜੇ ਕੁਝ ਦਇਆ ਕਰੇ ਸਮਾਂ ਸ਼ਾਇਰ ਦੇ ਪੇਟ 'ਤੇ, ਪੌਣਾਂ ਨੂੰ ਰਜਾ ਸਕੇ ਰੂਹ ਦੀ ਖ਼ੁਰਾਕ ਨਾਲ਼। ਹੋਇਆ ਪਿਆ ਹੈ ਜਿਸ ਲਈ ਬੇਹਾਲ ਰੋਮ ਰੋਮ, ਪੁੱਛਦਾ ਹੈ ਸਾਡਾ ਹਾਲ, ਹੁਣ ਉਹ ਵੀ ਮਜ਼ਾਕ ਨਾਲ਼। ਹੋਣਾ ਸੀ ਖ਼ਬਰੇ ਕਿੱਥੇ ਕੁ ਲੈ ਜਾ ਕੇ ਹੋਰ ਖ਼ੁਸ਼, ਦੱਸਦਾ ਨਾ ਰੋਸ ਦਿਲ ਦਾ ਮੈਂ ਜੇਕਰ ਤਪਾਕ ਨਾਲ਼। ‘ਨੀਲੋਂ’ ਜੀ ਅਮਰ ਹੋਈ ਏ ਦਰਦਾਂ ਦੀ ਜੋ ਕਥਾ, ਹੋਈ ਏ ‘ਹੂਕ’ ਨਾਲ਼ ਜਾਂ ਹੋਈ ਏ 'ਹਾਕ' ਨਾਲ਼।

ਘਰ ਆ ਕੇ ਬੰਦਾ ਇੰਜ ਖਿੜਨਾ ਚਾਹੀਦੈ

ਘਰ ਆ ਕੇ ਬੰਦਾ ਇੰਜ ਖਿੜਨਾ ਚਾਹੀਦੈ, ਜਿੱਦਾਂ ਚੰਬੇ ਦਾ ਫੁੱਲ ਆਪਣੀ ਡਾਲੀ 'ਤੇ। ਜਿਹੜਾ ਫੁੱਲ ਬਣ ਕੇ ਨਾ ਟਹਿਕੇ ਫੁੱਲਾਂ ਵਿੱਚ, ਦੁੱਖ ਆਉਣਾ ਚਾਹੀਦੈ ਐਸੇ ਮਾਲੀ ’ਤੇ। ਰੂਹ ਦੀ ਗ਼ੁਰਬਤ ਤੇ ਵੀ ਰੋ ਕੇ ਦੇਖ ਲਵੋ, ਦੁੱਖ ਮਨਾਉਂਦੇ ਵੀ ਜਾਓ ਕੰਗਾਲੀ 'ਤੇ। ਆਖ਼ਿਰ ਹੱਥ ਮੂੰਹ ਕਾਲੇ ਹੋ ਕੇ ਰਹਿਣੇ ਨੇ, ਹੁੱਬੋ ਨਾ ਕੋਲਿਆਂ ਦੀ ਏਸ ਦਲਾਲੀ 'ਤੇ। ਧਰਨਾ ਚਾਹੀਦੈ, ਜੇ ਧਰਨਾ ਪੈ ਜਾਵੇ, । ਫੁੱਲਾਂ ਖਾਤਰ, ‘ਨੀਲੋਂ' ਹੱਥ ਦੁਨਾਲ਼ੀ ’ਤੇ।

ਸੱਲ ਵਿਛੋੜੇ ਦਾ ਉਹ ਜਾਨਣ

ਸੱਲ ਵਿਛੋੜੇ ਦਾ ਉਹ ਜਾਨਣ, ਰੋ ਰੋ ਜਿਨ੍ਹਾਂ ਗਵਾਈਆਂ ਅੱਖਾਂ। ਧਤ ਚੋਰੀ ਦੀ ਛੱਡ ਨਾ ਸਕਣ, ਬਹੁਤ ਵਾਰ ਸਮਝਾਈਆਂ ਅੱਖਾਂ। ਅੱਜ ਉਹ ਏਧਰ ਦੇਖ ਰਹੇ ਨੇ, ਲੈ ਕੇ ਜਿਵੇਂ ਪਰਾਈਆਂ ਅੱਖਾਂ। ਅੱਖ ਉਨ੍ਹਾਂ ਦੀ ਮੁਸ਼ਕਲ ਲੱਗੇ, ਜੀਹਨਾਂ ਕਿਧਰੇ ਲਾਈਆਂ ਅੱਖਾਂ। ਇਕ ਸੱਜਣਾਂ ਦੀ ਦੀਦ ਬਿਨਾਂ ਇਹ, ਪਰਚਣ ਨਾ ਪਰਚਾਈਆਂ ਅੱਖਾਂ। ਕਦੇ ਕਦੇ ਮਹਿਸੂਸ ਹੁੰਦੀਆਂ, ਆਪਣੇ ਵਿੱਚ ਪਰਾਈਆਂ ਅੱਖਾਂ। ਸਾਰੇ ਚਿਹਰੇ ਫੱਕ ਹੋ ਗਏ, ਤੂੰ ਜਦ ਰਤਾ ਘੁੰਮਾਈਆਂ ਅੱਖਾਂ। ਸਾਰੇ ਹੋ ਗਏ ਪਾਣੀ ਪਾਣੀ, ਅੱਗਾਂ ਜਦੋਂ ਵਰ੍ਹਾਈਆਂ ਅੱਖਾਂ। ਚਾਹੇ ਰੋ ਕੇ, ਚਾਹੇ ਹੱਸ ਕੇ, ਹਰ ਔਕੜ ਲੰਘ ਆਈਆਂ ਅੱਖਾਂ। ਸਭਨਾਂ ਨਾਲ਼ੋਂ ਸੁਹਣੀਆਂ ਲੱਗਣ, ਇਹ ਕਿਧਰੋਂ ਮੰਗਵਾਈਆਂ ਅੱਖਾਂ। ਸੱਜਣਾਂ ਮੂਹਰੇ ਭਰ ਭਰ ਆਵਣ। ‘ਨੀਲੋਂ’ ਚੁੱਪ ਕਰਾਈਆਂ ਅੱਖਾਂ।

ਜਾਨ ਹੈ ਕਿਥੋਂ ਆਈ ਏਨੀ

ਜਾਨ ਹੈ ਕਿਥੋਂ ਆਈ ਏਨੀ ਪਰਦੇ ਵਿਚ। ਮੱਚੀ ਪਈ ਏ ਹਾਲ ਦੁਹਾਈ ਪਰਦੇ ਵਿਚ। ਰੰਗ ਨਹੀਂ ਇਹ ਚੀਕ ਹੈ ਤਪਦੇ ਸਾਹਾਂ ਦੀ, ਲੁਕ ਸਕਦੀ ਏ ਕਦੋਂ ਲੁਕਾਈ ਪਰਦੇ ਵਿਚ। ਮੈਨੂੰ ਤਾਂ ਖੁੱਲ੍ਹ ਵਿੱਚ ਵੀ ਆਪਾ ਲਭਦਾ ਨਾ, ਤੂੰ ਵੀ ਆਪਣੀ ਹੋਸ਼ ਸੁਆਈ ਪਰਦੇ ਵਿੱਚ। ਰੂਪ 'ਤੇ ਇਹ ਵੀ ਇਕ ਇਜਾਰੇਦਾਰੀ ਹੈ, ਕੀ ਲੱਭਦੇ ਹੋ ਹੋਰ ਬੁਰਾਈ ਪਰਦੇ ਵਿੱਚ। ਉਹ ਕੀ ਜਾਣੇ ਖੁੱਲ੍ਹ 'ਚ ਇਕ ਪਲ ਦਾ ਜੀਵਨ, ਜਿਸ ਨੇ ਸਾਰੀ ਉਮਰ ਲੰਘਾਈ ਪਰਦੇ ਵਿੱਚ। ਲੋਕਾਂ ਵਿੱਚ ਚਰਚੇ ਨੇ ਰੰਗਲੇ ਜੀਵਨ ਦੇ, ਨ੍ਹੇਰੀ ਹੈ ਪਰ ਹੋਰ ਮਚਾਈ ਪਰਦੇ ਵਿੱਚ। ਲੋਕਾਂ ਦੀ ਹਰ ਘਾਲ ਦਾ ਸਿਹਰਾ ਆਪਣੇ ਸਿਰ, ਲੈ ਦਿੰਦੀ ਹੈ ਬਣਤ ਬਣਾਈਂ ਪਰਦੇ ਵਿੱਚ। ਗੱਲ ਨੂੰ ਹੋਰ ਹਵਾ ਦੇ ਕੰਨ੍ਹੇ ਨਾ ਚਾੜ੍ਹੋ, ‘ਨੀਲੋਂ’ ਕਰ ਲਉ ਮਨ-ਮਨਾਈ ਪਰਦੇ ਵਿੱਚ।

ਦਿਲ ਖੜ੍ਹਾ ਕਰੀਏ ਦੁਆ ਦੇ ਆਸਰੇ

ਦਿਲ ਖੜ੍ਹਾ ਕਰੀਏ ਦੁਆ ਦੇ ਆਸਰੇ। ਆਸ ਨਾ ਪੁੱਗੇ ਤਾਂ ਕੋਈ ਕੀ ਕਰੇ। ਜੋ ਅਮਲ ਦੇ ਮੇਚ ਆ ਸਕਦੀ ਨਹੀਂ, ਸੋਚ ਕੀ ਬਣਦੈ ਅਜਿਹੀ ਸੋਚ ਕੇ । ਇੱਕਨਾਂ ਦੀ ਉਮਰ ਭਰ ਟੁੱਟੀ ਨਾ ਨੀਂਦ, ਜੀਹਨਾਂ ਦੀ ਟੁੱਟੀ ਸੀ ਉਹ ਵੀ ਸੌਂ ਗਏ। ਹੌਸਲਾ ਸਭ ਤੋਂ ਵਡੇਰੀ ਸ਼ਰਤ ਹੈ, ਮਿਟ ਤਾਂ ਜਾਂਦੇ ਨੇ ਸਮੇਂ ਦੇ ਫ਼ਾਸਲੇ। ਜ਼ਿੰਦਗੀ ਦੀ ਪਰਖ ਹੈ ਦੁੱਖ ਦੀ ਘੜੀ, ਸਮਝ ਤਾਂ ਆਉਂਦੀ ਹੈ ‘ਨੀਲੋਂ’ ਜੂਝ ਕੇ ।

ਉਹ ਵੀ ਲੋਕ ਨੇ ਜਿਹੜੇ ਪਾਸਾ ਪਰਤਣ

ਉਹ ਵੀ ਲੋਕ ਨੇ ਜਿਹੜੇ ਪਾਸਾ ਪਰਤਣ ਤੋਂ ਸ਼ਰਮਾਉਂਦੇ ਨੇ। ਉਹ ਵੀ ਲੋਕ ਨੇ ਏਥੇ ਜਿਹੜੇ ਨਾਗਾਂ ਨੂੰ ਨੱਥ ਪਾਉਂਦੇ ਨੇ। ਜੇ ਰੱਬ ਉਹਨਾਂ ਵਲ ਹੈ ਤਾਂ ਹੀ ਅੱਜ ਕਾਕੇ ਧਨਵਾਨਾਂ ਦੇ, ਦੇਖੋ ਕਿੰਜ ਭਲਿਆਂ ਦੀ ਇੱਜ਼ਤ ਦਿਨ ਦੀਵੀਂ ਹਥਿਆਉਂਦੇ ਨੇ। ਕੁਝ ਲੋਕੀ ਸਭ ਤਾਣਾ-ਬਾਣਾ ਅਪਣੀ ਐਸ਼ ਲਈ ਬੁਣਦੇ, ਰੋਜ਼ੀ ਦਾ ਇਹਸਾਨ ਜਤਾ ਕੇ ਭੋਲਿਆਂ ਨੂੰ ਭਰਮਾਉਂਦੇ ਨੇ। ਦੁਨੀਆਂ ਦੇ ਸਾਰੇ ਨਾਸ਼ੁਕਰੇ ਪਲਦੇ ਇਹਨਾਂ ਦੇ ਸਿਰ 'ਤੇ, ਪਾਣੀ ਨਾਲ਼ ਲੰਘਾ ਕੇ ਟੁੱਕਰ ਜਿਹੜੇ ਸ਼ੁਕਰ ਮਨਾਉਂਦੇ ਨੇ। ਹੁਣ ਉਹਨਾਂ ਵਿੱਚ ਬਾਕੀ ਰਹਿ ਗਈ ਡੰਗ ਜੋਗੀ ਵੀ ਜਾਨ ਨਹੀਂ, ਸ਼ੁਹਦੇ ਹੱਡ ਗਾਲ ਕੇ ਜਿਹੜੇ ਛਿੱਲੜ ਚਾਰ ਕਮਾਉਂਦੇ ਨੇ। ਜਦ ਧਨਵਾਨਾਂ ਦਾ ਦਾਅ ਲੱਗਿਆ ਸਾਰੀ ਖੇਡ ਸਮੇਟਣਗੇ, ਸ਼ੁਗਲ ਵਜੋਂ ਹੀ ਇਹ ਲੋਕਾਂ ਵਿੱਚ ਵੋਟਾਂ ਮੰਗਣ ਆਉਂਦੇ ਨੇ।

ਜੋ ਨੇ ਅੱਜ ਇਸ ਧਰਤੀ ਉਤੇ

ਜੋ ਨੇ ਅੱਜ ਇਸ ਧਰਤੀ ਉਤੇ ਕੱਲ੍ਹ ਉਹ ਰੰਗ ਨਹੀਂ ਹੋਣੇ। ਹੁਣ ਜਿੰਨੇ ਤਾਂ ਸ਼ਾਇਦ ਲੋਕੀ ਦਿਲ ਦੇ ਤੰਗ ਨਹੀਂ ਹੋਣੇ। ਕੇਵਲ ਨਿੱਕੇ ਬਾਲਾਂ ਦੇ ਖੇਡਣ ਜੋਗੇ ਹੀ ਰਹਿ ਜਾਣੇ, ਇਕ ਵੇਲੇ ਤੱਕ ਜਿਹੜੇ ਸਾਥੋਂ ਲਾਂਘੇ ਲੰਘ ਨਹੀਂ ਹੋਣੇ। ਅੱਜ ਪ੍ਰੀਤਾਂ ਦੇ ਰਾਹ ਕੰਡਿਆਲੇ, ਜ਼ਹਿਰੀ ਨਾਗਾਂ ਦੇ ਪਹਿਰੇ, ਸਿਧੀਆਂ ਸੜਕਾਂ ਦੇ ਮੂੰਹ ਕੱਲ੍ਹ ਨੂੰ ਏਨੇ ਤੰਗ ਨਹੀਂ ਹੋਣੇ। ਜਦ ਪਾਪਾਂ ਦਾ ਪੁੰਜ ਸਰਮਾਇਆ ਨੱਪਿਆ ਜਾਵੇਗਾ ਲੋਕੀ, ਨਿੱਕੀਆਂ-ਨਿੱਕੀਆਂ ਭੁੱਖਾਂ ਬਦਲੇ ਸੂਲੀ ਟੰਗ ਨਹੀਂ ਹੋਣੇ। ਜਦ ਕੁਦਰਤ ਦੀ ਬੁੱਕਲ ਬਹਿ ਕੇ ਮਾਣੀ ਖੁੱਲ੍ਹ ਸਰੀਰਾਂ ਨੇ, ਦਿਲ ਵੀ ਹੁਣ ਜਿੰਨੇ ਲੋਕਾਂ ਦੇ ਉਦੋਂ ਤੰਗ ਨਹੀਂ ਹੋਣੇ। ਤੂੰ ਵੀ ਓਸ ਸਮੇਂ ਲਈ ‘ਨੀਲੋਂ', ਏਵੇਂ ਲੜਦਾ ਤੁਰਿਆ ਚੱਲ, ਹੁਣ ਜਿੰਨੇ ਜਦ ਸੁਹਣੇ ਸੁਪਨੇ ਤੇਰੇ ਭੰਗ ਨਹੀਂ ਹੋਣੇ।

ਡਰ ਹੈ ਮੈਨੂੰ ਦੁਸ਼ਮਣੀ ਤੱਕ ਪਹੁੰਚ ਜਾਵੇ

ਡਰ ਹੈ ਮੈਨੂੰ ਦੁਸ਼ਮਣੀ ਤੱਕ ਪਹੁੰਚ ਜਾਵੇ ਨਾ ਕਿਤੇ, ਵਧ ਰਹੀ ਹੈ ਬੇਰੁਖੀ ਸਾਡੇ 'ਚ ਜਿਸ ਰਫ਼ਤਾਰ ਨਾਲ਼। ਮੇਰਿਆਂ ਸਾਹਾਂ ਦੇ ਵਿੱਚ ਏਨੀ ਕੁੜੱਤਣ ਘੋਲ ਨਾ, ਮੈਂ ਤਾਂ ਪੀ ਜਾਵਾਂਗਾ ਇਸ ਨੂੰ ਵੀ ਬੜੇ ਸਤਿਕਾਰ ਨਾਲ਼। ਕੋਟ ਗੱਲਾਂ ਦੇ ਉਸਾਰੇ ਬਹੁਤ ਚਿਰ ਨਿਭਣੇ ਨਹੀਂ, ਏਸ ਗੱਲ ਦੇ ਤਾਂ ਨਤਾਰੇ ਹੋਣਗੇ ਕਿਰਦਾਰ ਨਾਲ਼। ਵਧ ਰਹੇ ਜਿੰਨੇ ਛਲਾਵੇ ਹੁਸਨ ਦੇ ਇਕਰਾਰ ਵਿੱਚ, ਹੋ ਰਹੀ ਏਨੀ ਹੀ ਉੱਨਸ ਏਸ ਦੇ ਇਨਕਾਰ ਨਾਲ਼। ਉਹਨਾਂ ਦੇ ਧੜ ਤੋਂ ਜੁਦਾ ਹੋ ਜਾਣ ਵਿਚ ਕਿਹੜਾ ਗੁਨਾਹ, ਜਿਹੜੇ ਸਿਰ ਨਿੰਵਦੇ ਕਦੇ ਵੀ ਨਾ ਗੁਨਾਹ ਦੇ ਭਾਰ ਨਾਲ਼। ਵਧ ਰਹੇ ਤੰਦੂਏ ਦੇ ਤੰਦਾਂ ਵਿੱਚ ਹੀ ਇਸ ਦੀ ਹੈ ਮੌਤ, ਕੱਟ ਹੋ ਜਾਣੇ, ਜੋ ਆਖ਼ਿਰ ਨੂੰ ਸਮੇਂ ਦੀ ਧਾਰ ਨਾਲ਼।

ਹਰ ਹਿੰਡ ਪੁਗਾ ਲੈਣੀ

ਹਰ ਹਿੰਡ ਪੁਗਾ ਲੈਣੀ ਕੁਈ ਸ਼ਾਨ ਨਹੀਂ ਏ। ਗ਼ਲਤੀ ’ਤੇ ਝੁਕਣ ਵਿੱਚ ਵੀ ਅਪਮਾਨ ਨਹੀਂ ਏ। ਜੋ ਦਿਲ ਦਿਆਂ ਭਾਵਾਂ ਦਾ ਕਦਰਦਾਨ ਨਹੀਂ ਏ। ਇਕ ਬੁੱਤ ਹੈ ਮਿੱਟੀ ਦਾ ਉਹ ਇਨਸਾਨ ਨਹੀਂ ਏ। ਹੈ ਪਿਛਲਾ ਪਹਿਰ ਰਾਤ ਦਾ ਨ੍ਹੇਰੇ ਤੋਂ ਡਰੋ ਨਾ, ਇਹਦੇ 'ਚ ਵੀ ਹੁਣ ਪਹਿਲਾਂ ਜਿਹੀ ਜਾਨ ਨਹੀਂ ਏ। ਜੀਂਦੇ ਨੇ ਜਿਵੇਂ ਸਾਰੇ ਹੀ ਪੈਸੇ ਦੀ ਰਜ਼ਾ ਵਿੱਚ, ਇਸ ਦੌਰ 'ਚ ਤਾਂ ਕਿਧਰੇ ਵੀ ਭਗਵਾਨ ਨਹੀਂ ਏ। ਹੋਵੇ ਨਾ ਕਿਵੇਂ ਕੰਡਿਆਂ ਦੇ ਮੂੰਹਾਂ 'ਤੇ ਹੀ ਲਾਲੀ, ਫੁੱਲਾਂ ’ਤੇ ਜੇ ਮਾਲੀ ਹੀ ਮਿਹਰਬਾਨ ਨਹੀਂ ਏ। ਉਹ ਬੈਠੇ ਨੇ ਜਿਸ ਥਾਂ 'ਤੇ ਉਹੀ ਗੱਲ ਕਰਨਗੇ, ਜਿਸ ਗੱਲ 'ਚ ਕੋਈ ਓਹਨਾਂ,ਦਾ ਨੁਕਸਾਨ ਨਹੀਂ ਏ। ਪੈਂਦੀ ਹੈ ਸਿਰੇ ਤੀਕ ਤਦੇ ਲੋੜ ਸਿਰਾਂ ਦੀ, ਜੋ ਹੱਕ ਹੈ ਉਹ ਹੱਕ ਹੈ ਕੁਈ ਦਾਨ ਨਹੀਂ ਏ। ਉਸ ਗੱਲ ’ਚੋਂ ਮਿਲ ਜਾਏਗੀ ਦੁਸ਼ਮਣ ਨੂੰ ਖੁਸ਼ੀ ਕੀ, ਜੀਹਦੇ ’ਚ ਤਿਰੇ ‘ਨੀਲੋਂ’ ਦਾ ਅਪਮਾਨ ਨਹੀਂ ਏ।

ਹੋ ਜਾ ਯਾਰ ਆਪਿਓਂ ਬਾਹਰ

ਹੋ ਜਾ ਯਾਰ ਆਪਿਓਂ ਬਾਹਰ। ਮੁੱਕੇ ਰੋਜ਼ ਰੋਜ਼ ਦੀ ਚਰ ਚਰ। ਮੌਤ ਹੀ ਮੰਗ ਲੈ ਬੇ-ਡਰ ਹੋ ਕੇ, ਸਾਰੀ ਉਮਰ ਗੁਆ ਲੀ ਡਰ ਡਰ। ਪੂਜਾ ਸਭ ਤੋਂ ਬੜੀ ਪੇਟ ਦੀ, ਕੀ ਖੱਟਣਾ ਸੀ ਕਰ ਕਰ ਹਰ ਹਰ॥ ਸਾਡੇ ਦੀਨ ਦਿਆਲ ਹੀ ਸਾਡੀ, ਰੱਤ ਪੀ ਗਏ ਬੁੱਕਾਂ ਭਰ ਭਰ। ਜਬਰ ਤੁਹਾਡਾ, ਸਬਰਾਂ ਮਾਰੇ, ਆਖਿਰ ਅੱਕ ਜਾਣਗੇ ਜਰ ਜਰ। ਹੈਂਕੜਬਾਜ਼ ਉਚੇਰਾ ਪਰਬਤ, ਪੱਧਰ ਵੀ ਹੋ ਸਕਦੈ ਖਰ ਖਰ। ਹੁਣ ਕੁਝ ਰੁੱਖਾਂ 'ਤੇ ਬੀਤੇਗੀ, ਪੱਤਿਆਂ ਵਿਚ ਹੈ ਏਨੀ ਸਰ ਸਰ। ਵਹਿਮੀ ਹੋ ਗਿਐਂ ਐਵੇਂ ‘ਨੀਲੋਂ', ਏਹੋ ਕੁਛ ਹੁੰਦਾ ਏ ਘਰ ਘਰ।

ਨਿਰੀ ਸੂਝ ਦੇ ਸਿਰ 'ਤੇ ਕੋਈ ਕਦ ਬਣਿਐ

ਨਿਰੀ ਸੂਝ ਦੇ ਸਿਰ 'ਤੇ ਕੋਈ ਕਦ ਬਣਿਐ, ਸੁਕਰਾਤ ਜਿਹਾ। ਸੀਨੇ ਅੰਦਰ ਦਿਲ ਵੀ ਸੱਜਣਾਂ ਚਾਹੀਦੈ ਇਸਪਾਤ ਜਿਹਾ। ਘੁਲੇ ਹੁਏ ਮਿਹਰਾਂ ਦੇ ਬੱਦਲ ਤੇਰੇ ਭਖਦੇ ਚਿਹਰੇ 'ਤੇ, ਤਪਦੇ ਦਿਲ ਨੂੰ ਤੇਰਾ ਹਾਸਾ ਲੱਗਦਾ ਏ ਬਰਸਾਤ ਜਿਹਾ। ਹਰ ਇਕ ਰੂਹ ਜਿਉਂ ਭਟਕੀ ਭਟਕੀ ਫਿਰਦੀ, ਲੰਗ ਰੋਹੀ ਵਿੱਚ, ਹਰ ਪਾਸੇ ਹੀ ਝਾਉਲਾ ਪੈਂਦੈ ਅਪਣੇ ਦਿਲ ਦੀ ਰਾਤ ਜਿਹਾ। ਮੈਨੂੰ ਸਦਮਾ ਕਿਉਂ ਨਾ ਹੋਵੇ ਉਤਰ ਆਈਆਂ ਸ਼ਾਮਾਂ ਦਾ, ਹਰ ਚਿਹਰੇ 'ਤੇ ਤਕਣਾ ਚਾਹਾਂ ਮੈਂ ਤਾਂ ਕੁਝ ਪਰਭਾਤ ਜਿਹਾ। ਆਈ ਰੁੱਤ ਉਲਾਂਭੇ ਤਦ ਹੀ ਬੁੱਲ੍ਹਾਂ ਉਪਰ ਫਰਕੇ ਨੇ, ਤੇਰੀ ਤੱਕਣੀ ਦਾ ਰੰਗ ਵੀ ਤਾਂ ਮਨ ਦੀ ਪਾਈ ਬਾਤ ਜਿਹਾ।

ਮੇਰੇ ਨਾਲ਼ ਹੀ ਮੇਰਾ ਦਿਲ ਦਾ

ਮੇਰੇ ਨਾਲ਼ ਹੀ ਮੇਰਾ ਦਿਲ ਦਾ। ਮਹਿਕੇ ਚਾਰ ਚੁਫੇਰਾ ਦਿਲ ਦਾ। ਓਨਾ ਹੀ ਇਹ ਤੰਗ ਜਿਹਾ ਏ, ਜਿੰਨਾ ਚੌੜੈ ਘੇਰਾ ਦਿਲ ਦਾ। ਮੜ੍ਹੀਆਂ ਉਤੇ ਬਾਲ ਕੇ ਦੀਵੇ, ਕਰ ਲਓ ਦੂਰ ਹਨੇਰਾ ਦਿਲ ਦਾ। ਰਾਤਾਂ ਚਾਨਣ ਕਰਦੇ ਕਰਦੇ, ਕਰ ਲਿਆ ਰਾਤ ਸਵੇਰਾ ਦਿਲ ਦਾ। ਕਿਹੜਾ ਪਾਸਾ ਰਾਸ ਹੈ ਤੈਨੂੰ, ਕਿਹੜੇ ਪਾਸੇ ਡੇਰਾ ਦਿਲ ਦਾ ‘ਨੀਲੋਂ’ ਦੁੱਖ ਹੀ ਰੋਸ਼ਨ ਹੋ ਕੇ, ਰੋਸ਼ਨ ਕਰਨ ਬਨੇਰਾ ਦਿਲ ਦਾ।

ਆਪਣੀ ਰਹਿਮਤ ਵੰਡ ਕੇ ਸਾਥੋਂ

ਆਪਣੀ ਰਹਿਮਤ ਵੰਡ ਕੇ ਸਾਥੋਂ ਪਰੇ ਪਰੇ ਲੰਘ ਜਾਂਦਾ, ਜਿਸ ਮੌਸਮ ਨੂੰ ਸਦਾ ਸਹਿਕਦੇ ਸਾਡੇ ਨੈਣ ਪਿਆਸੇ। ਦੁਸ਼ਮਣ ਸੱਭੇ ਮੌਸਮ ਮਾਨਣ, ਮਾਨਣ ਸੰਝ ਸਵੇਰਾਂ, ਇਕ-ਰੰਗੇ ਲੰਘ ਜਾਂਦੇ ਸਾਡੇ ਮਾਸੇ ਅਤੇ ਚੁਮਾਸੇ। ਜੀਵਨ ਦੇ ਹਰ ਪਿੜ ਵਿਚ ਪਾਏ ਕਿਸਮ ਕਿਸਮ ਦੇ ਫਨੀਅਰ, ਲੋਕਾਂ ਨੇ ਦੁਖ ਦੁਖ ਕੇ ਜਦ ਵੀ ਤੱਕਿਆ ਜਿਹੜੇ ਪਾਸੇ। ਥਲ ਵਿਚ ਭੁੱਜ ਕੇ ਵੀ ਹੱਸਣ ਦੀ ਬਰਕਤ ਜੀਹਨਾਂ ਪੱਲੇ, ਉਹ ਪਿਆਸੇ ਤਾਂ ਰਹਿ ਸਕਦੇ ਹਨ ਮਰਦੇ ਨਹੀਂ ਨਿਰਾਸੇ। ਲੋਕ ਹਿਤਾਂ ਦਾ ਬੁਰਕਾ ਪਾ ਕੇ ਨੱਚਣ ਆਦਮ-ਖਾਣੇ, ‘ਨੀਲੋਂ’ ਕਿੰਨਾ ਚਿਰ ਦੇਖੇਂਗਾ, ਸਭ ਕੁਝ, ਬਹਿ ਕੇ ਪਾਸੇ।

ਅਸੀਂ ਤਾਕਤ ਵੀ ਨਾ ਜਾਚੀ

ਅਸੀਂ ਤਾਕਤ ਵੀ ਨਾ ਜਾਚੀ ਅਸੀਂ ਮੌਸਮ ਵੀ ਨਾ ਪਰਖੇ, ਨਿਭਾਇਆ ਹੈ ਸਿਦਕ ਅਪਣਾ ਸਿਰਫ਼ ਸਵੈਮਾਨ, ਦੇ ਸਿਰ 'ਤੇ। ਬੜਾ ਇਹਸਾਨ ਸਾਡੇ 'ਤੇ ਹੈ ਦੁਸ਼ਮਣ ਦੇ ਸਿਤਮ ਦਾ ਵੀ, ਸੁਝਾਇਆ ਜਿਸ ਨੇ ਸਾਨੂੰ ਕਿ ਤੁਰੇ ਨਾ ਕਾਰਵਾਂ ਬਣ ਕੇ। ਬੜੀ ਮਹਿੰਗੀ ਪਈ ਸਹਿਗਾਮੀਆਂ ਦੀ ਨੀਤ ਪਰਖੀ ਹੀ, ਬੜਾ ਔਖਾ ਸੀ ਜੋ ਲੱਗਦਾ ਪਤਾ ਅਗਲੇ ਪੜਾਵਾਂ ’ਤੇ। ਦਿਲਾਂ ਦੇ ਪਿਆਰ ਨਾਲ਼ੋਂ ਸਾਂਝ ਤਕੜੀ ਹੈ ਹਿਤਾਂ ਵਾਲੀ, ਇਹ ਟੁੱਟ ਸਕਦੈ, ਉਹ ਘਟਦੀ ਵੀ ਨਹੀਂ, ਪੈਂਦੀ ਜਦੋਂ ਰਾਹੇ। ਸਰੂਗਾ ਇਸ ਦਾ ਵੀ ਹੁਣ ਹੋ ਕੇ, ਪੁਰਸ਼ਾਰਥ ਦਾ ਹੀ ਕਾਇਲ, ਬੜਾ ਚਿਰ ਦੇਖਿਐ ‘ਨੀਲੋਂ’ ਨੇ ਵੀ ਤਕਦੀਰ ਨੂੰ ਰੋ ਕੇ।

ਨਹੀਂ ਕੁਝ ਵੀ ਤਾਂ ਮਿਲਿਆ ਦਾਸ ਨੂੰ

ਨਹੀਂ ਕੁਝ ਵੀ ਤਾਂ ਮਿਲਿਆ ਦਾਸ ਨੂੰ ਕੌਲਾਂ ਕਰਾਰਾਂ 'ਚੋਂ। ਕਿਵੇਂ ਕੀਤਾ ਹੈ ਵੱਖ ਮੈਨੂੰ ਤੁਸਾਂ ਨੇ ਸੋਗਵਾਰਾਂ 'ਚੋਂ। ਗਏ ਦੁਨੀਆਂ 'ਚੋਂ ਪਰ ਨਾ ਜਾਣ ਦਿੱਤੇ ਦਿਲ 'ਚੋਂ ਦੁਨੀਆਂ ਨੇ, ਵਫ਼ਾਦਾਰੀ ਦੀ ਖੁਸ਼ਬੋ ਅੱਜ ਵੀ ਆਉਂਦੀ ਮਜ਼ਾਰਾਂ 'ਚੋਂ। ਸਦਾ ਫੁੱਲਾਂ ਦਾ ਖੇੜਾ ਮਾਣ ਕੇ ਹੁੰਦੀ ਹੈ ਰੂਹ ਉੱਚੀ, ਤੇ ਸਿਰ ਹੁੰਦੇ ਨੇ ਉੱਚੇ ਲੰਘ ਕੇ ਤਿਖੀਆਂ ਕਟਾਰਾਂ 'ਚੋਂ। ਜਿਨ੍ਹਾਂ ਦੇ ਖੂਨ ਅੰਦਰ ਕਾਲਖਾਂ ਦੀ ਲਾਗ ਹੈ ਹਾਲੇ, ਗਈ ਬੋ ਨਾ ਅਜੇ ਤੀਕਰ ਉਨ੍ਹਾਂ ਪਰਹੇਜ਼ਗਾਰਾਂ 'ਚੋਂ। ਕਿਸੇ ਦੀ ਯਾਦ ਵਿੱਚ ਹੌਕੇ ਭਰਨ ਦੀ ਮਰਜ਼ ਹੀ ਪਾਲੀ, ਕੁਈ ਗੀਤਾਂ ਨੂੰ ਖੰਭ ਲਾਉਂਦਾ ਰਿਹਾ ਹੈ ਆਬਸ਼ਾਰਾਂ ’ਚੋਂ। ਅਜੇ ਸਰਦੀ ਹੈ ਮਜਬੂਰੀ ਕਿਸੇ ‘ਨੀਲੋਂ' ਦੀ ਕੁਰਸੀ ਦੀ, ਅਜੇ ਤਾਂ ਰੋਸ ਨੇ ਬਦਕਾਰ ਵੀ ਖਿੱਚਣੇ ਨੇ ਕਾਰਾਂ 'ਚੋਂ।

ਦਿਲ ਦਾ ਮਾਲਕ ਹੋ ਕੇ ਵੀ ਜਦ

ਦਿਲ ਦਾ ਮਾਲਕ ਹੋ ਕੇ ਵੀ ਜਦ ਦਿਲ ਦੀ ਹਾਥ ਨਾ ਪਾਈ। ਮੇਲ ਵਿਛੋੜੇ ਨਾਲ਼ੋਂ ਤਾਂ ਹੀ ਹੋਇਆ ਏ ਦੁਖਦਾਈ। ਕਿਸ ਪਾਸੇ ਨੂੰ ਲੰਘੇ ਕੋਈ ਸਾਰੇ ਹੀ ਦਰ ਭੀੜੇ, ਦਿਲ ਦੀ ਤਾਂਘ ਚੁਫ਼ੇਰੇ ਫਿਰਦੀ ਘਬਰਾਈ ਘਬਰਾਈ। ਕਿਹੜੇ ਬਾਗੋਂ ਰੁੱਤਾਂ ਮੰਗੇ ਕਿਸ ਬੇਲੇ ਤੋਂ ਸ਼ਾਮਾਂ, ਸ਼ਹਿਰ ਦੀਆਂ ਕੰਧਾਂ ਵਿਚ ਘਿਰ ਕੇ ਰੂਹ ਜਿਹੜੀ ਪਥਰਾਈ। ਮੁੜ੍ਹਕੇ ਡੁੱਬੇ ਦਿੰਹੁ ਜੀਹਨਾਂ ਦੇ ਦਰਦ ਵਿਗੁੱਤੀਆਂ ਰਾਤਾਂ, ਥਾਂ ਥਾਂ ਭਾਲ ਰਹੇ ਨੇ ਰਲ ਕੇ ਰੱਤਾਂ ਦੀ ਰੁਸ਼ਨਾਈ। ਬਹੁਤੀ ਵਾਰ ਪਿਆ ਹੈ ਇਹਨੂੰ ਮੱਥਾ ਫੜ ਪਛਤਾਉਣਾ, ‘ਨੀਲੋਂ’ ਨੂੰ ਮਨਜ਼ੂਰ ਨਹੀਂ ਏ ਹੁਣ ਦਿਲ ਦੀ ਅਗਵਾਈ।

ਕਿਸੇ ਦੀ ਕਦੇ ਹਿੱਕ ਸਾੜੀ ਨਹੀਂ

ਕਿਸੇ ਦੀ ਕਦੇ ਹਿੱਕ ਸਾੜੀ ਨਹੀਂ। ਮੇਰੀ, ਭਾਈਆਂ ਪੰਡਤਾਂ ਨਾਲ਼ ਆੜੀ ਨਹੀਂ। ਪਿਲਾ ਘੁੱਟ ਸੁੱਕਾ ਗਿਆ ਸੌਣ ਵੀ, ਕੁਈ ਸ਼ਾਮੀ ਅਜਕੱਲ੍ਹ ਤੂੰ ਗਾੜ੍ਹੀ ਨਹੀਂ। ਸਰੇ ਨਾ ਨਿਰਾ ਕੰਮ ਨਖਰੇ ਦੇ ਨਾਲ਼, ਜਦੋਂ ਤੇੜ ਨਾਈਲੋਨ ਦੀ ਸਾੜ੍ਹੀ ਨਹੀਂ। ਬਨਣ ਨੂੰ ਬੜਾ ਪੰਚ ਬਣਿਆ ਫਿਰੇਂ, ਓ ਕੀ ਐਂ ਤੂੰ ਜੇ ਘੁੱਟ ਚਾੜ੍ਹੀ ਨਹੀਂ। ਤੂੰ ਸੱਚ ਬੋਲਦੈਂ ਕੋਲ ਖੱਫਣ ਵੀ ਹੈ, ਜੇ ਹੈ ਝੂਠ, ਚੱਲ ਗੱਲ, ਮਾੜੀ ਨਹੀਂ। ਕਿਵੇਂ ਗੱਲ ‘ਨੀਲੋਂ' ਕਰੇ ਕੰਮ ਦੀ, ਅਜੇ ਉਮਰ ਕੱਚੀ ਏ ਦਾਹੜੀ ਨਹੀਂ।

ਉਹ ਕਿਹੜਾ ਮਿਰਾ ਅੰਗ ਸੀ

ਉਹ ਕਿਹੜਾ ਮਿਰਾ ਅੰਗ ਸੀ ਜੋ ਚੂਰ ਨਹੀਂ ਸੀ। ਮੰਜ਼ਿਲ ਤਾਂ ਮਿਰੇ ਕਦਮਾਂ ਤੋਂ ਕੁਝ ਦੂਰ ਨਹੀਂ ਸੀ। ਇੱਕ ਨਿੱਘ ਜੀ ਇਹ ਦਿਲ ਦਾ ਛਲਾਵਾ ਤਾਂ ਨਹੀਂ ਸੀ, ਕੀ ਦਗ਼ਦਾ ਹੋਇਆ ਪਿਆਰ ਵੀ ਮਨਜ਼ੂਰ ਨਹੀਂ ਸੀ। ਝਿਜਕੇ ਨਾ ਰਤਾ ਜਿੰਨਾ ਵੀ ਮੁੱਲ ਤਾਰਨੋਂ ਉਸ ਦਾ, ਗੱਲ ਭਾਵੇਂ ਕਿ ਹਾਲਾਤ ਨੂੰ ਮਨਜ਼ੂਰ ਨਹੀਂ ਸੀ। ਲੁੱਟ ਲੈਣ ਤੋਂ ਪਿਛੋਂ ਵੀ ਉਮੀਦਾਂ ਦਾ ਅਸਾਸਾ, ਸੁਣਿਆ ਏ ਰਤਾ ਭਰ ਵੀ ਉਹ ਮਗ਼ਰੂਰ ਨਹੀਂ ਸੀ। ਮੁਨਸਫ਼ ਦੇ ਅਕਾਰਥ ਹੀ ਸਜ਼ਾ ਲਾਉਣ ਤੋਂ ਮਗਰੋਂ, ਚਿਹਰੇ 'ਤੇ ਸਿਆਹੀ ਸੀ ਰਤਾ ਨੂਰ ਨਹੀਂ ਸੀ।

ਅਸਾਡੇ ਵੀਰ ਕਈ ਕਰਦੇ ਨੇ

ਅਸਾਡੇ ਵੀਰ ਕਈ ਕਰਦੇ ਨੇ ਅਸਮਾਨਾਂ ਦੀਆਂ ਗੱਲਾਂ। ਸੁਰਾਹੀ ਜਾਮ ਜਾਂ ਸਾਕੀ ਦੇ ਫੁਰਮਾਨਾਂ ਦੀਆਂ ਗੱਲਾਂ। ਉਨ੍ਹਾਂ ਫੁੱਲ ਟਹਿਕਦੇ ਦੇਖੇ ਨਹੀਂ ਵੀਰਾਨਗੀ ਦੇਖੀ, ਜੋ ਕਰਦੇ ਹਰ ਸਮੇਂ ਕਲੀਆਂ ਦੀ ਮੁਸਕਾਨਾਂ ਦੀਆਂ ਗੱਲਾਂ। ਜਦੋਂ ਧੱਕਾ ਨਾ ਪੁੱਗੇ ਫੇਰ ਲੈ ਕੇ ਟੇਕ ਨੌਸਰ ਦੀ, ਕਰਨ ਬਦਜ਼ਾਤ ਵੀ ਲੋਕਾਂ ਦੇ ਅਰਮਾਨਾਂ ਦੀਆਂ ਗੱਲਾਂ। ਸਦਾ ਤੋਂ ਹੁੰਦੀਆਂ ਆਈਆਂ ਨੇ ਰਣ ਤੱਤੇ 'ਚ ਏਦਾਂ ਹੀ, ਲਿਸ਼ਕਦੇ ਦੀਵਿਆਂ ਹਿਸਦੇ ਸ਼ਮਾਦਾਨਾਂ ਦੀਆਂ ਗੱਲਾਂ। ਕਦੇ ਹੁੰਦੀ ਨਾ ਚੰਗੀ ਗੱਲ ਵਿਚ ਉਹਨਾਂ ਨੂੰ ਦਿਲਚਸਪੀ, ਹਮੇਸ਼ਾ ਹੁੰਦੀਆਂ ਦਿਲਚਸਪ ਨਾਦਾਨਾਂ ਦੀਆਂ ਗੱਲਾਂ।

ਭਟਕਦੀ ਰੂਹ ਨੂੰ ਜਦੋਂ ਕੋਈ ਠਿਕਾਣਾ

ਭਟਕਦੀ ਰੂਹ ਨੂੰ ਜਦੋਂ ਕੋਈ ਠਿਕਾਣਾ ਮਿਲ ਗਿਆ। ਝੱਟ ਕੁਝ ਲੋਕਾਂ ਨੂੰ ਕੋਸਣ ਦਾ ਬਹਾਨਾ ਮਿਲ ਗਿਆ। ਜਿਗਰ ਦਾ ਪੀ ਕੇ ਲਹੂ ਤਾਂ ਸ਼ਬਦ ਗੁਲਦਸਤਾ ਬਣੇ, ਐਵੇਂ ਲੋਕਾਂ ਨੂੰ ਨਹੀਂ ਕੋਈ ਤਰਾਨਾ ਮਿਲ ਗਿਆ। ਕਈ ਵਾਰੀ, ਜ਼ਿੰਦਗੀ ਵਿਚ, ਮਿਲ ਕੇ ਇਕ ਇਨਸਾਨ ਨੂੰ, ਇੰਜ ਲਗਦਾ ਏ ਜਿਵੇਂ ਸਾਰਾ ਜ਼ਮਾਨਾ ਮਿਲ ਗਿਆ। ਭਾਲ ਜਿਸ ਦੀ ਵਿਚ ਲੋਕੀਂ ਮੁੱਦਤਾਂ ਭਟਕੇ ਫਿਰੇ, ਮੈਨੂੰ ਤਾਂ ਉਹ ਜਨਮ ਤੋਂ ਹੀ ਦਿਲ-ਦੀਵਾਨਾ ਮਿਲ ਗਿਆ। ਮਿਲ ਨਹੀਂ ਸਕਿਆ ਸੰਜੀਦਾ ਇਕ ਦੀਵਾਨੇ ਜਿਹਾ, ਜ਼ਿੰਦਗੀ ਦੇ ਰਾਹ 'ਚ ਭਾਵੇਂ ਸੌ ਕੁ ਦਾਨਾ ਮਿਲ ਗਿਆ। ਇਹ ਨਾ ਸਮਝੋ ਕਿ ਬਚਣ ਦੀ ਬੱਝ ਗਈ ਕੋਈ ਉਮੀਦ, ਜੇ ਤੁਹਾਨੂੰ ਰਾਹ ਦੇ ਵਿੱਚ, ‘ਠੇਕਾ’ ਜਾਂ ‘ਠਾਣਾ’ ਮਿਲ ਗਿਆ। ਤੇਰਾ ਬਿਰਹਾ ਵੀ ਸੀ ਇਕ ਇਨਸਾਨੀਅਤ ਦਾ ਹੀ ਪੜਾ, ਹੁਣ ਤਾਂ ਮੈਨੂੰ ਲੋਕ-ਪੀੜਾ ਦਾ ਖਜ਼ਾਨਾ ਮਿਲ ਗਿਆ।

ਪਹਿਲਾਂ ਤਾਂ ਉਹ ਪਹਿਲਾਂ ਜਿਹੀ ਫੁਰਸਤ

ਪਹਿਲਾਂ ਤਾਂ ਉਹ ਪਹਿਲਾਂ ਜਿਹੀ ਫੁਰਸਤ ਹੀ ਨਹੀਂ ਹੈ। ਫੁਰਸਤ ਵੀ ਜੇ ਹੈ ਤਾਂ ਉਹ ਮੁਹੱਬਤ ਹੀ ਨਹੀਂ ਹੈ। ਮਾਰੇ ਹੋਏ ਤੇਰੇ ਗ਼ਮ ਦੇ ਉਹ ਹੁਣ ਪੀਂਦੇ ਨੇ ਏਨੀ, ਆਪਣੀ ਜਿਵੇਂ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਹੈ। ਉਹਨਾਂ ਤੋਂ ਕਿਸੇ ਕਿਸਮ ਦੀ ਕੀ ਆਸ ਹੋ ਰੱਖਦੇ, ਉੱਠਣ ਦੀ ਜਿਨ੍ਹਾਂ ਲੋਕਾਂ 'ਚ ਹਿੰਮਤ ਹੀ ਨਹੀਂ ਹੈ। ਖੱਦਰ ਦੀ ਤਜ਼ੋਰੀ ਨੂੰ ਰਤਾ ਭੰਨ ਕੇ ਵੇਖੋ ! ਇਹਦੇ 'ਚ ਸਭ ਕੁਝ ਹੈ, ਸ਼ਰਾਫ਼ਤ ਹੀ ਨਹੀਂ ਹੈ। ਪੈਸੇ ਦੇ ਲਈ ਵੇਚਣੀ ਇੱਜ਼ਤ ਵੀ ਹੈ ਇੱਜ਼ਤ, ਪੈਸੇ ਤੋਂ ਬਿਨਾਂ ਬੰਦੇ ਦੀ ਇੱਜ਼ਤ ਹੀ ਨਹੀਂ ਹੈ। ਲੜ ਲੱਗ ਕੇ ਵਜ਼ੀਰਾਂ ਦੇ ਅਸੀਂ ਐਸ਼ ਉਡਾਈਏ, ‘ਨੀਲੋਂ’ ਤਾਂ ਨਿਕੰਮਾ ਹੈ ਜੋ ਸਹਿਮਤ ਹੀ ਨਹੀਂ ਹੈ।

ਨੀਤ ਮਾਲੀ ਦੀ ਹੀ ਨੇਕ ਹੋਵੇ ਨਾ ਜੇ

ਨੀਤ ਮਾਲੀ ਦੀ ਹੀ ਨੇਕ ਹੋਵੇ ਨਾ ਜੇ। ਫੁੱਲ ਕਿੰਨਾ ਕੁ ਚਿਰ ਟਹਿਕਦੇ ਰਹਿਣਗੇ। ਰਮਜ਼ ਜੇ ਨਾ ਸਮੇਂ ਦੀ ਪਛਾਣੀ ਗਈ, ਲੋਕ ਏਸੇ ਤਰ੍ਹਾਂ ਬਹਿਕਦੇ ਰਹਿਣਗੇ। ਭੁੱਖ ਦੇਖੋ ਕਿਤੇ ਆਸ ਮਰਦੀ ਪਈ ਤੇ ਕਿਤੇ ਸਾਂਭੀਆਂ ਜਾਣ ਨਾ ਰਹਿਮਤਾਂ, ਵਧਦਾ ਜਾਣੈ ਹਨ੍ਹੇਰੇ ਨੇ ਜੇ ਇਸ ਤਰ੍ਹਾਂ ਬੋਲ ਚਾਨਣ ਭਰੇ ਸਹਿਕਦੇ ਰਹਿਣਗੇ। ਕੋਈ ਕਰਦਾ ਤੇ ਕੋਈ ਹੈ ਭਰਦਾ ਪਿਆ ਬੱਸ ਕੁਰਸੀ ਦਾ ਰਿਸ਼ਤਾ ਹੀ ਇੱਕ ਰਹਿ ਗਿਆ, ਹਾਲ ਇਹੋ ਰਿਹਾ, ਬੇਗੁਨਾਹਾਂ ਦੇ, ਤਾਂ, ਸੀਨੇ ਏਸੇ ਤਰ੍ਹਾਂ ਸਿਸਕਦੇ ਰਹਿਣਗੇ। ਜੇ ਤੂੰ ਫਿਰਦਾ ਰਿਹਾ ਮਾਰਿਆ-ਮਾਰਿਆ ਜੇ ਤੂੰ ਆਪਣੇ ਹਿਤਾਂ ਨੂੰ ਨਾ ਸਤਿਕਾਰਿਆ, ਜੇ ਤੂੰ ਦੁੱਖਾਂ ਨੂੰ ਨਾ ਡਟ ਕੇ ਵੰਗਾਰਿਆ ਤੇਰੇ ਰਾਹਾਂ 'ਚ ਕੰਡੇ ਵਿਛੇ ਰਹਿਣਗੇ। ਤੈਨੂੰ ਆਪਣੇ ਨਹੀਂ ਸਮਝਦੇ ਆਪਣਾ ਤੈਨੂੰ ਗ਼ੈਰਾਂ ਨੇ ਕੀ ਸਮਝਣੈ ਆਪਣਾ, ਤੇਰੀ ਗ਼ੈਰਤ ਨੂੰ ਮੇਟਣ ਲਈ ਜੋ ਤੁਰੇ ਜੇ ਨਾ ਰੋਕੇ ਤਾਂ ਏਵੇਂ ਤੁਰੇ ਰਹਿਣਗੇ। ਬਾਤ ਛੋਟੀ ਸੀ ਵੱਡੀ ਬਣਾ ਕੇ ਹਟੇ ਫੇਰ ਵਧਦੇ ਗਏ ਖ਼ੂਨ ਦੇ ਫ਼ਾਸਿਲੇ, ਆਪਣੀ ਮਾਂ ਨੂੰ ਵੀ ਮਾਂ ਨਾਂ ਜਿਨ੍ਹਾਂ ਸਮਝਿਆ ਲੋਕ ਨਜ਼ਰਾਂ 'ਚ ਉਹ ਤਾਂ ਡਿਗੇ ਰਹਿਣਗੇ। ਮੇਰੇ ਲੋਕਾ ਤਿਰੇ ਹਿਤ ਦੇ ਨਾਉਂ 'ਤੇ ਅਜੇ ਖੌਰੇ ਕਿੰਨੇ ਅਡੰਬਰ ਰਚੇ ਜਾਣਗੇ, ਨੀਤ ਪਰਖਣ ਦੀ ਜੋ ਸੂਝ ਆਈ ਨਹੀਂ ਬੋਲ ਤੇਰੇ ਇਵੇਂ ਵਿਲਕਦੇ ਰਹਿਣਗੇ। ਆਸ ਰੱਖੀ ਸੀ ਜੀਹਨਾਂ 'ਤੇ ਕੁਝ ਕਰਨ ਦੀ ਹੌਲੀ ਹੌਲੀ ਉਹ ਰਾਹ ਤੋਂ ਹੀ ਉਖੜ ਗਏ, ਆਸ ਗ਼ੈਰਾਂ 'ਤੇ ਰੱਖ ਕੇ ਜਿ ਤੁਰਦੇ ਰਹੇ ਪੈਰ ਜੰਗਲਾਂ 'ਚ ਹੀ ਭਟਕਦੇ ਰਹਿਣਗੇ। ਸੱਭੇ ਮੱਤਾਂ ਸੁਮੱਤਾਂ ਨੇ ਤੇਰੇ ਲਈ ਤੇਰੇ ਖ਼ਾਤਰ ਹੀ ਲੱਜਾ ਤੇ ਈਮਾਨ ਹੈ, ਆਪਣੇ ਜੋਗਾ ਜਦੋਂ ਤੀਕ ਹੋਇਆ ਨਾ ਤੂੰ ‘ਨੀਲੋਂ' ਵਰਗੇ ਇਵੇਂ ਆਫ਼ਰੇ ਰਹਿਣਗੇ।

ਨਾ ਮੌਸਮ ਹੀ ਤੰਗ ਸੀ

ਨਾ ਮੌਸਮ ਹੀ ਤੰਗ ਸੀ, ਨਾ ਦੁਨੀਆਂ ਹੀ ਤੰਗ ਸੀ। ਕੁਝ ਏਧਰ ਵੀ ਘੌਲ ਸੀ, ਕੁਝ ਓਧਰ ਵੀ ਸੰਗ ਸੀ। ਬਾਹਵਾਂ ਚੁੱਕ ਚੁੱਕ ਉੱਚੀਆਂ, ਕਿਸੇ ਪਰਾਈ ਸਭਾ ਵਿੱਚ, ਤੇਰਾ ਗੁੱਸੇ ਹੋਣ ਦਾ, ਵਾਹਵਾ ਸੁਹਣਾ ਢੰਗ ਸੀ। ਕੁਝ ਬੈਠੇ ਸਨ ਚੁੱਪ-ਚਾਪ, ਕਾਵਾਂ-ਰੌਲੀ ਪਾਣ ਕੁਝ, ਸਭ ਦਾ ਗੱਲ ਲੁਕੋਣ ਦਾ, ਆਪਣਾ ਢੰਗ ਸੀ। ਲਹਿੰਦਾ ਲਹਿੰਦਾ ਲਹਿ ਗਿਆ, ਜਾਦੂ ਸਾਰੇ ਢੌਂਗ ਦਾ, ਆਖਿਰ ਓਹੀ ਉਘੜਿਆ, ਜਿਹੜਾ ਜਿਸ ਦਾ ਰੰਗ ਸੀ। ਸੂਰਜ ਨੂੰ ਇਸ ਗੱਲ ਦਾ, ਸ਼ਾਇਦ ਹੋਵੇ ਨਾ ਪਤਾ, ਕੀ ਸੀ ਭੁੱਖ ਸਵੇਰ ਦੀ, ਕੀ ਆਥਣ ਦੀ ਮੰਗ ਸੀ।

ਕਰਦੀ ਏਂ ਵਾਏ ਕੰਮ ਤੂੰ ਨਿੱਤ

ਕਰਦੀ ਏਂ ਵਾਏ ਕੰਮ ਤੂੰ ਨਿੱਤ ਐਰ-ਗ਼ੈਰ ਹੋਰ, ਸਾਡੇ ਉਨ੍ਹਾਂ ਦੀ ਵੀ ਕਦੇ ਕੋਈ ਖ਼ਬਰ ਲਿਆ। ਐਸੀ ਵਧੀ ਹੈ ਉਨ੍ਹਾਂ ਦੇ ਅੱਜ ਦੀਦ ਦੀ ਪਿਆਸ, ਦਿਲ ਭਰ ਸਕੇ ਨਾ, ਸੋਚ ਕੇ ਹੌਕਾ ਹੀ ਭਰ ਲਿਆ। ਆਈਆਂ ਨਾ ਕੰਮ ਹੰਭੀਆਂ ਹੋਈਆਂ ਨਸੀਹਤਾਂ, ਬੀਮਾਰ ਓਹੜ-ਪੋਹੜ ਤੋਂ ਪਹਿਲਾਂ ਹੀ ਕਰ ਲਿਆ। ਇੱਲਤ ਤਾਂ ਇਕ ਸ਼ਰਾਰਤੀ ਕੋਲੋਂ ਹੀ ਕਰ ਗਿਆ, ਨੇੜੇ ਖੜ੍ਹਾ ਸ਼ਰੀਫ਼ ਸੀ ਓਸੇ ਨੂੰ ਧਰ ਲਿਆ। ਸਹੁੰ ਖਾਣ ਪਿਛੋਂ ‘ਨੀਲੋਂ’ ਨੂੰ ਠੇਕੇ ਨਾ ਦੇਖਿਆ, 'ਕੱਠੀ ਹੀ ਰੱਖੀ ਹੋਣੀ ਏਂ ਉਸ ਆਪਣੇ ਘਰ ਲਿਆ।

ਗੁੱਸਾ ਯਾਦਾਂ 'ਚ ਹੰਢਾਈ ਜਾਣਾ

ਗੁੱਸਾ ਯਾਦਾਂ 'ਚ ਹੰਢਾਈ ਜਾਣਾ ਠੀਕ ਨਈਓਂ ਹੁੰਦਾ। ਖ਼ੂਨ ਐਵੇਂ ਈ ਸੁਕਾਈ ਜਾਣਾ ਠੀਕ ਨਈਓਂ ਹੁੰਦਾ। ਭਰ ਉਭੇ ਉਭੇ ਸਾਹ ਐਵੇਂ ਜਣੇ-ਖਣੇ ਕੋਲ, ਦਿਲ ਫੋਲ ਕੇ ਵਿਖਾਈ ਜਾਣਾ, ਠੀਕ ਨਈਓਂ ਹੁੰਦਾ। ਲੜ ਲਾਰਿਆਂ ਦੇ ਲਾ ਕੇ ਦੂਰ ਜਾਣ ਵਾਲਿਓ, ਯਾਦ ਬਦੋ-ਬਦੀ ਆਈ ਜਾਣਾ ਠੀਕ ਨਈਓਂ ਹੁੰਦਾ। ਕੰਮ ਸੋਚ ਦਾ ਓਹੋ, ਉਹੋ ਭਾਵਨਾ ਦੀ ਗੱਲ, ਭੇੜ ਦੋਹਾਂ ਦਾ ਕਰਾਈ ਜਾਣਾ ਠੀਕ ਨਈਓਂ ਹੁੰਦਾ। ਫੇਰ ਕਥਨੀ ਦਾ ਮੁੱਕਾ, ਰੁੱਤ ਕਰਨੀ ਦੀ ਆਈ, ਗੁੱਸਾ ਗੱਲਾਂ 'ਚ ਗਵਾਈ ਜਾਣਾ ਠੀਕ ਨਈਓਂ ਹੁੰਦਾ। ਜਿਹੜੇ ਰਾਹ ਹੋਣ ਬੇਲੀਆਂ ਦੀ ਰੱਤ ਦੇ ਤਿਹਾਏ, ਪੈਰ ਉਹਨਾਂ 'ਤੇ ਟਿਕਾਈ ਜਾਣਾ ਠੀਕ ਨਈਓਂ ਹੁੰਦਾ। ਗੱਲ ਟੋਕ ਦਿਓ ‘ਨੀਲੋਂ’ ਜਿਹੜੀ ਲੱਗਦੀ ਨਾ ਚੰਗੀ, ਪਿੱਠ ਪਿਛੇ ਮੁਸਕਾਈ ਜਾਣਾ ਠੀਕ ਨਈਓਂ ਹੁੰਦਾ।

ਜੋ ਮਿੰਟਾਂ ਵਿਚ ਬਣਦੇ ਮਿੱਤਰ

ਜੋ ਮਿੰਟਾਂ ਵਿਚ ਬਣਦੇ ਮਿੱਤਰ। ਗੌਂ ਕਢਣ ਹੋ ਜਾਵਣ ਤਿੱਤਰ। ਭਵਨਾਂ ਅੰਦਰ ਬੈਠੇ ਬਗ਼ਲੇ, ਨਿੱਤ ਖੇਡਦੇ ਨਵਾਂ ਚਲਿੱਤਰ। ਲੀਡਰ ਅੱਜ ਕਰੀ ਜਾਂਦੇ ਨੇ, ਸਾਡੀ ਹਾਲਤ ਹੋਰ ਬਚਿੱਤਰ। ਧਰਮ ਸਥਾਨਾਂ ਦਾ ਧਨ ਛਕ ਕੇ, ਹੁੰਦੀ ਰਸਨਾ ਖ਼ੂਬ ਪਵਿੱਤਰ। ਸ਼ਿਅਰਾਂ ਉਤੇ ਮਿਹਨਤ ਕਰਕੇ, ‘ਨੀਲੋਂ' ਸ਼ਾਇਰਾਂ ਵਿਚੋਂ ਨਿੱਤਰ।

ਦਿਲ ਦਾ ਦੁੱਖ ਭਾਵੇਂ ਲਕੋਇਆ

ਦਿਲ ਦਾ ਦੁੱਖ ਭਾਵੇਂ ਲਕੋਇਆ ਵੀ ਨਹੀਂ। ਉਂਜ ਚਿੱਚੜ ਕਿਤੇ ਹੋਇਆ ਵੀ ਨਹੀਂ। ਕਿਉਂ ਨਹੀਂ ਉਠਿਆ ਤਿਰੇ ਅੰਦਰ ਤੂਫ਼ਾਨ, ਜੀਣ ਦੀ ਖ਼ਾਤਰ ਤੂੰ ਕਿਉਂ ਮੋਇਆ ਨਹੀਂ। ਪਰਖ, ਬੈਠਾ ਹਾਂ ਸਭੇ ਪੱਥਰਾਂ ਦੇ ਰੰਗ, ਹਾਲੇ ਹਥਿਆਰਾਂ ਨੂੰ ਛੁਹਿਆ ਨਹੀਂ। ਕਿਹੜਿਆਂ ਰੰਗਾਂ ਦਾ ਹੈ ਮੇਰਾ ਵਜੂਦ, ਮਿੱਤਰ ਇਹਸਾਸ ਇਹ ਹੋਇਆ ਨਹੀਂ? ਨਾ ਦਬਾਓ ਪੈਸਿਆਂ ਹੇਠਾਂ ਜ਼ਮੀਰ। ਏਨਾਂ ਤਾਂ ਬੇਕਾਰ ਮੈਂ ਹੋਇਆ ਨਹੀਂ। ਮਿੱਤਰੋ ! ਸਾਰੇ ਉਲਾਂਭੇ ਨੇ ਫ਼ਜ਼ੂਲ, ਖ਼ੂਨ ਵਿਚ ਕਦ ਕਲਮ ਡਬਕੋਇਆ ਨਹੀਂ। ‘ਨੀਲੋਂ' ਮੱਤਾਂ ਦੇਣ ਦੀ ਸੁੱਝੀ ਕਿਵੇਂ, ਆਪਣੇ ਦਿਲ ਦਾ ਦਾਗ਼ ਤਾਂ ਧੋਇਆ ਨਹੀਂ।

ਹੁੱਬੋ ਨਿਰਾ ਨਾ ਤਨ ਦੀਆਂ ਮੈਲਾਂ

ਹੁੱਬੋ ਨਿਰਾ ਨਾ ਤਨ ਦੀਆਂ ਮੈਲਾਂ ਉਤਾਰ ਕੇ। ਚੰਗਾ ਸੀ ਮਨ ਵੀ ਰੱਖਦੇ ਜੇਕਰ ਨਿਖਾਰ ਕੇ। ਵਰ ਹੈ ਤੁਸਾਂ ਦੀ ਜ਼ਾਤ ਨੂੰ ਮੋਏ ਜਿਵਾਣ ਦਾ, ਭਾਲੋ ਖੁਸ਼ੀ ਨਾ ਪਿਆਰਿਓ ਮਰਿਆਂ ਨੂੰ ਮਾਰ ਕੇ। ਪੀੜਾਂ ਦੇ ਨਾਲ਼ ਵਿੰਨ੍ਹਿਆਂ ਹੋਇਆ ਜਿਗਰ ਹੀ ਤਾਂ, ਆਉਂਦਾ ਹੈ ਲੋਕ-ਮੰਚ 'ਤੇ ਆਖ਼ਿਰ ਨੂੰ ਹਾਰ ਕੇ। ਸਾਹਸ ਜਿਨ੍ਹਾਂ ਦੇ ਪਿਆਰ ਨੇ ਅਜ ਕੱਲ੍ਹ ਸੀ ਬਖਸ਼ਣਾ, ਬੈਠੇ ਨੇ ਸਾਡੇ ਸਾਹਮਣੇ ਸਾਨੂੰ ਵਿਸਾਰ ਕੇ। ‘ਨੀਲੋਂ’ ’ਚ ਏਨੀ ਆ ਗਈ ਤਲਖੀ ਕੀ ਬੁੱਝੀਏ, ਉਂਝ ਆਪਣੇ-ਜਾਣ ਗੱਲ ਤਾਂ ਕਰਦੈ ਵਿਚਾਰ ਕੇ।

ਚੁਗਿਰਦੇ ਢੇਰ ਸੀ ਇਕ ਗੰਦਗੀ ਦਾ

ਚੁਗਿਰਦੇ ਢੇਰ ਸੀ ਇਕ ਗੰਦਗੀ ਦਾ। ਇਹੋ ਕਾਰਨ ਸੀ ਅਪਣੀ ਬੇਰੁਖੀ ਦਾ। ਬਹੁਤ ਫਿਰ ਤੁਰ ਕੇ ਕਿਧਰੋਂ ਲੱਭ ਸਕਦੈ, ਕੋਈ ਇੱਕ ਅੱਧ ਕਿਣਕਾ ਹੀ ਖੁਸ਼ੀ ਦਾ। ਵਫ਼ਾਦਾਰੀ ਤਾਂ ਪਸ਼ੂਆਂ ਦਾ ਸੁਭਾਅ ਏ, ਵਫ਼ਾਦਾਰੀ ਨਹੀਂ ਕੰਮ ਆਦਮੀ ਦਾ। ਜਾਂ ਪੈਸਾ ਹੋਵੇ ਜਾਂ ਧੀ ਭੈਣ ਚੰਗੀ, ਹੁੰਗਾਰਾ ਖ਼ੂਬ ਮਿਲਦੈ ਦੋਸਤੀ ਦਾ। ਤੁਸੀਂ ਪਛਤਾਉਗੇ ਹੁਣ ਦਿਲਬਰੀ 'ਤੇ, ਜ਼ਮਾਨਾ ਪਾਤਸ਼ਾਹੋ! ਦਿਲਲਗੀ ਦਾ। ਲੜੀ ਏ ਚੋਣ ਬੰਦਾ ਸੀ ਤਾਂ ਬਿਹਤਰ, ਕਰੇ ਹੁਣ ਨਾ ਕਰੇ ਕੰਮ ਬਿਹਤਰੀ ਦਾ।

ਤੂੰ ਆਪਣੇ ਦਿਲ ਦੇ ਹਨ੍ਹੇਰੇ

ਤੂੰ ਆਪਣੇ ਦਿਲ ਦੇ ਹਨ੍ਹੇਰੇ ਗੁਆ ਕੇ ਦੇਖ ਸਹੀ। ਅਸੀਂ ਹਾਂ ਕਿਸ ਦੇ ਤੂੰ ਅਪਣਾ ਬਣਾ ਕੇ ਦੇਖ ਸਹੀ। ਤੂੰ ਖੁਸ਼ਕ ਦਿਲ ਏਂ, ਤੂੰ ਰਿੰਦੀ ਦੀ ਸਾਰ ਕੀ ਜਾਣੇਂ, ਕਿਸੇ ਨੂੰ ਘੱਟ ਵਫ਼ਾ ਦਾ ਪਿਆ ਕੇ ਦੇਖ ਸਹੀ। ਪੁਆੜੇ ਸਾਰੇ ਹੀ ਪਾਏ ਹੋਏ ਮਨਾਂ ਤੇਰੇ, ਤੂੰ ਆਪਣੇ ਆਪ ਤੋਂ ਬਾਹਰ ਤਾਂ ਆ ਕੇ ਦੇਖ ਸਹੀ। ਜੇ ਸਾਥੋਂ ਦੂਰ ਏਂ ਤਾਂ ਦੂਰ ਦੀ ਤਾਂ ਸੋਚ ਰਤਾ, ਹਾਂ, ਸਾਨੂੰ ਦੇਖ ਸਹੀ, ਨੇੜੇ ਆ ਕੇ ਦੇਖ ਸਹੀ। ਤੂੰ ਆਪਣੇ ਆਪ 'ਚ ਏਂ, ਭਾਲਦਾ ਏਂ ਕੀ 'ਨੀਲੋਂ' ! ਕਿਸੇ ਦੇ ਕੰਮ ਰਤਾ ਭਰ ਤਾਂ ਆ ਕੇ ਦੇਖ ਸਹੀ।

ਤੂੰ ਕਦੇ ਦੇਖੇ ਨਾ ਮਾਣੇ

ਤੂੰ ਕਦੇ ਦੇਖੇ ਨਾ ਮਾਣੇ ਤੇ ਨਾ ਸੋਚੇ ਹੋਣਗੇ। ਤੂੰ ਕੀ ਜਾਣੇ ਦਿਨ ਅਸਾਡੇ ਕਿੰਜ ਲੰਘੇ ਹੋਣਗੇ। ਬਚਪਨਾ ਸੀ, ਖੁੱਲ੍ਹ ਸੀ, ਹੱਦਾਂ ਨਾ ਬੰਨੇ ਸਨ ਕਿਤੇ, ਕੀ ਪਤਾ ਸੀ ਹਾਸਿਆਂ ਉਪਰ ਵੀ ਕਬਜ਼ੇ ਹੋਣਗੇ। ਕਹਿਣ ਮੂਜਬ ਇਨ੍ਹਾਂ ਦੇ ਹੋਇਆ ਵੀ ਜੇ ਅਗਲਾ ਜਹਾਨ, ਤਾਂ ਮੈਨੂੰ ਵਿਸ਼ਵਾਸ ਹੈ ਓਥੇ ਵੀ ਚਮਚੇ ਹੋਣਗੇ। ਆਗੂਆਂ ਦੇ ਹੱਥ ਜਿੰਨੇ ਵਧ ਰਹੇ ਕੁਰਸੀ ਦੇ ਵਲ, ਏਸੇ ਨਿਸਬਤ ਨਾਲ਼ ਹੁਣ ਭਾਸ਼ਨ ਵੀ ਲੰਬੇ ਹੋਣਗੇ। ਖੂਨ ਚਿੱਟਾ ਹੋਣ ਦੀ ਗਾਥਾ ਚੁਫੇਰੇ ਛਿੜ ਪਈ, ਹੁਣ ਤਾਂ ਲੋਕਾਂ ਵਾਸਤੇ ਦਿਨ ਹੋਰ ਕਾਲੇ ਹੋਣਗੇ। ਅਰਥ ਹੀ ‘ਸਦਭਾਵਨਾ' ਦੇ ਅੱਜ ਔਝੜ ਪੈ ਗਏ, ਹੋਰ ਨੇਤਾਵਾਂ ਦੇ ਕਿੰਨੇ ਬੋਲ ਸੁੱਚੇ ਹੋਣਗੇ। ਗਰਮ ਜੋਸ਼ੀ ਨਾਲ਼ ‘ਨੀਲੋਂ' ਹੁਣ ਕਦੇ ਮਿਲਿਆ ਨਹੀਂ, ਹੁਣ ਇਹਦੇ ਸੰਪਰਕ ਵਿਚ ਕਹੋ ਜਿਹੇ ਬੰਦੇ ਹੋਣਗੇ।

ਪੈ ਗਏ ਔਝੜ ਵਿਚ ਇਰਾਦੇ

ਪੈ ਗਏ ਔਝੜ ਵਿਚ ਇਰਾਦੇ ਸੋਝੀ ਰਹੀ ਨਾ ਰਾਹਾਂ ਦੀ। ਇੰਜ ਸਾਡੇ 'ਤੇ ਕਿਰਪਾ ਹੋ ਗਈ ਸਾਰੀ ਨੇਕ-ਸਲਾਹਾਂ ਦੀ। ਫੁੱਲ ਰਿਹਾ ਏਂ ਜੋ ਤੂੰ ਜ਼ਾਲਮ ਸਮਝ ਸਰਾਸਰ ਭੁੱਲ ਰਿਹੈਂ, ਵਕਤ ਠਹਿਰ ਕੇ ਕੀਮਤ ਪਾਉਂਦੈ ਮਜ਼ਲੂਮਾਂ ਦੀਆਂ ਆਹਾਂ ਦੀ। ਮੇਰੇ ਘੁੱਗ ਵਸਦੇ ਪੰਜਾਬ ਨੂੰ ਵਗ ਗਈ ਮਾਰ ਸਿਆਸਤ ਦੀ, ਭੁਗਤ ਰਹੇ ਨੇ ਲੋਕ ਵਿਚਾਰੇ ਅੱਜ ਕਰਤੂਤ ਵਿਸਾਹਾਂ ਦੀ। ਉਹਨਾਂ ਦੀ ਆਦਤ ਹੈ ਬਣ ਗਈ ਸ਼ੋਖ਼ੀ ਨਾਲ਼ ਨਜਿੱਠਣ ਦੀ, ਮਾਰ ਵਗੀ ਏ ਜੀਹਨਾਂ ਉੱਪਰ ਤੇਰੀਆਂ ਸ਼ੋਖ ਨਿਗਾਹਾਂ ਦੀ। ਪਤਾ ਨਹੀਂ ਇਹ ਰਲ ਕੇ ਕੱਲ੍ਹ ਨੂੰ ਕੀ ਦਾ ਕੀ ਕਰ ਬੈਠਣਗੇ, ਲਾਚੜ ਕੇ ਗਰਮੀ ਨਾ ਪਰਖੋ ਰੋਸ 'ਚ ਉੱਠੀਆਂ ਬਾਹਾਂ ਦੀ। ਸੁਰਗਾਂ ਵਿਚ ਵੀ ਠੰਢੀਆਂ ਵਾਵਾਂ ਕਹਿੰਦੇ ਵਗਣੋਂ ਹਟ ਗਈਆਂ, ਕੀ ਓਥੇ ਵੀ ਪੁੱਜ ਗਈ ‘ਨੀਲੋਂ’ ਗਰਮੀ ਤੇਰੇ ਸਾਹਾਂ ਦੀ।

ਕਿਹਾ ਹੋਣੈ ਤੂੰ ਕੁਝ ਮੌਸਮ ਦੇ ਕੰਨੀ

ਕਿਹਾ ਹੋਣੈ ਤੂੰ ਕੁਝ ਮੌਸਮ ਦੇ ਕੰਨੀ, ਇਹ ਰੁੱਖ ਕਰਦੇ ਪਏ ਨੇ ਕੀ ਜ਼ਿਕਰ ਅੱਜ। ਉਵੇਂ ਅੱਜ ਵੀ ਅਸੀਂ ਮੁੜਦੇ ਨਿਰਾਸੇ, ਜਿ ਸਾਡੇ ਦਿਲ ਦਾ ਹੁੰਦਾ ਕੋਈ ਡਰ ਅੱਜ। ਵਫ਼ਾ ਹੁੰਦੀ ਹੈ ਕੀ, ਕੀ ਸਿਦਕ ਹੁੰਦੈ, ਜਿ ਉਹ ਹੁੰਦੇ ਤਾਂ ਛਿੜਨਾ ਸੀ ਜ਼ਿਕਰ ਅੱਜ। ਸਭੇ ਰਲ ਮਿਲ ਕੇ ਭਾਲੋ ਹੱਲ ਕੋਈ, ਮੁਕਾ ਕੇ ਬਹਿ ਗਏ ਕਾਹਤੋਂ ਸਬਰ ਅੱਜ। ਨਹੀਂ ਮਿਲਦਾ ਜੇ ਕੰਮ ਵਿਹਲੇ ਨਾ ਬੈਠੋ, ਕਿਸੇ ਲਈ ਪੁੱਟ ਹੀ ਛੱਡੋ ਕਬਰ ਅੱਜ। ਚਲੋ ਝੱਲਿਆਂ ਦੇ ਝੱਲ ਦੀ ਜ਼ਾਤ ਪੁੱਛੀਏ, ਸਿਰਾਂ ਦੇ ਬਲ ਜਿਨ੍ਹਾਂ ਛੋਹਿਆ ਸਫ਼ਰ ਅੱਜ।

ਨਿਭਾਉਂਦੇ ਜੇ ਕਿਸੇ ਨਾਲ਼ ਤਾਂ ਯਾਰੀ

ਨਿਭਾਉਂਦੇ ਜੇ ਕਿਸੇ ਨਾਲ਼ ਤਾਂ ਯਾਰੀ ਦੀ ਗੱਲ ਕਰਦੇ। ਮਿਰੇ ਸਾਹਵੇਂ ਕਿਵੇਂ ਖੁੱਲ੍ਹ ਕੇ ਵਫ਼ਾਦਾਰੀ ਦੀ ਗੱਲ ਕਰਦੇ । ਭਲੇ ਲੋਕਾ! ਸੰਭਲ ਕੁਝ ਸੋਚ ਨੀਤੀਵਾਨ ਤਾਂ ਅੱਜਕੱਲ੍ਹ, ਤਿਰਾ ਹੰਮਾ ਹੀ ਰੱਖਣ ਨੂੰ ਤਰਫ਼ਦਾਰੀ ਦੀ ਗੱਲ ਕਰਦੇ। ਜਦੋਂ ਇਹ ਹੇਠ ਹੋ ਜਾਂਦੇ ਪੁਆੜੇ ਪਾਉਣ ਤੁਰ ਪੈਂਦੇ, ਜਦੋਂ ਕੁਰਸੀ 'ਤੇ ਹੁੰਦੇ ਤਾਂ ਵਫ਼ਾਦਾਰੀ ਦੀ ਗੱਲ ਕਰਦੇ। ਜੋ ਸੱਚੇ ਨੇ ਉਹ ਮੂੰਹ-ਦੇ ਕੌੜ-ਦੇ ਮਾਰੇ ਨੇ, ਪਛੜੇ ਨੇ, ਜੋ ਮਿੱਠ-ਬੋਲੇ ਨੇ ਉਹ ਵਧ ਚੜ੍ਹ ਕੇ ਹੁਸ਼ਿਆਰੀ ਦੀ ਗੱਲ ਕਰਦੇ। ਸਮਝਦਾ ਹਾਂ ਕਿ ਕਰਦੇ ਨੇ ਉਹ ਮੇਰੀ ਭੁੱਖ 'ਤੇ ਝੇਡਾਂ, ਜਦੋਂ ਕਾਰਾਂ 'ਚ ਬਹਿ ਬੱਦਕਾਰ ਬੇਕਾਰੀ ਦੀ ਗੱਲ ਕਰਦੇ। ਉਤਰ ਆਈ ਹੈ ਬਹੁਸੰਮਤੀ ਵੀ ਹੁਣ ਤਾਂ ਡੰਗ ਸਾਰਨ 'ਤੇ, ਅਸੀਂ ਉਲੂਆਂ 'ਚ ਘਿਰ ਕੇ ਕਿੰਜ ਸਮਝਦਾਰੀ ਦੀ ਗੱਲ ਕਰਦੇ।

ਪਿਛਾਂਹ ਨੂੰ ਮੁੜਨੇ ਜੋਗੇ ਨਾ

ਪਿਛਾਂਹ ਨੂੰ ਮੁੜਨੇ ਜੋਗੇ ਨਾ ਅਗੇਰੇ ਵੀ ਨਾ ਚਲ ਹੋਵੇ। ਜਿ ਇਸ ਦਾ ਕੋਈ ਹੱਲ ਹੋਵੇ ਤਾਂ ਇਹ ਜੀਵਨ ਸਫ਼ਲ ਹੋਵੇ। ਇਹ ਰੱਬ ਦੀ ਮਿਹਰ ਬਦਜ਼ੌਕਾਂ ਹੰਢਾਈਆਂ ਮਖ਼ਮਲੀ ਸੇਜਾਂ, ਜਿ ਸਿਰ ਵਿਚ ਸ਼ੌਕ ਹੋਵੇ ਤਾਂ ਸਦਾ ਪੈਰਾਂ 'ਚ ਥਲ ਹੋਵੇ। ਕੁਰੀਤੀ ਨਾਲ਼ ਨੀਤੀ ਰਾਜਨੀਤੀ ਨਾਲ਼ ਬਦਨੀਤੀ, ਜਿ ਨੀਅਤ ਸਾਫ਼ ਹੋਵੇ ਤਾਂ ਕਿਸੇ ਮਸਲੇ ਦਾ ਹੱਲ ਹੋਵੇ। ਸੁਖਾਵੇਂ ਰੂਪ ਨੇ ਸਾਰੇ ਕਿਸੇ ਦੀ ਮਿਹਰਬਾਨੀ ਦੇ, ਕੁਈ ਰਮਣੀਕ ਪਲ ਹੋਵੇ, ਕੁਈ ਰੰਗੀਨ ਗੱਲ ਹੋਵੇ। ਤੂੰ ਰੰਗਾਂ ਵਿਚ ਐਂ ਤੈਨੂੰ ਤਦੇ ਹੀ ਸੁਝਦੀਆਂ ਠਿੱਲਾਂ, ਜਿ ਸੀਨੇ ਸੱਲ ਹੋਵੇ ਫੇਰ ਤੇਰੀ ਹੋਰ ਗੱਲ ਹੋਵੇ। ਇਹ ਤੇਰੀ ਬੇਰੁਖੀ ਤੇ ਬੇਬਸੀ ਮੇਰੀ ਦੇ ਝੇੜੇ ਨੇ, ਬੁਰਾ ਹੋਵੇ ਜਿ ਆਪਣੇ ਦਿਲ 'ਚ ਕੋਈ ਹੋਰ ਗੱਲ ਹੋਵੇ। ਢਹੇ ਗੈਰਾਂ ਦੇ ਚੜ੍ਹ ਕੇ ਸਬਰ ਪਰਖਣ ਦਾ ਨਾ ਛਲ ਕਰੀਏ, ਕਿਸੇ ਕੋਲੋਂ ਨਾ ਅੱਖੀਂ ਦੇਖ ਕੇ ਮੱਖੀ ਨਿਗਲ ਹੋਵੇ। ਸਹੇੜੇ ਦੁੱਖ ਇਸ ਅੱਖੜ ਸੁਭਾਅ ਨੇ ਮਾਰਿਆ ਇਸ ਨੂੰ, ਕਰੇ ਐਸ਼ਾਂ ਜਿ ‘ਨੀਲੋਂ' ਤੋਂ ਜ਼ਮਾਨੇ ਨਾਲ਼ ਚੱਲ ਹੋਵੇ।

ਲੱਗਦੀ ਹੈ ਗੱਲ ਗ਼ੈਰ ਦੀ ਪਰ

ਲੱਗਦੀ ਹੈ ਗੱਲ ਗ਼ੈਰ ਦੀ ਪਰ ਗ਼ੈਰ ਨਹੀਂ ਏ। ਇਹ ਮੇਰੀ ਨਹੀਂ ਫੇਰ ਵੀ ਇਹ ਮੇਰੇ ਲਈ ਏ। ਇਕ ਆਸ ਹੈ ਸੁੱਕਣ ਨਾ ਦਏ ਬੁੱਲ੍ਹ ਜੋ ਮੇਰੇ, ਇਕ ਪਿਆਸ ਹੀ ਤਾਂ ਹੈ ਜੋ ਅਜੇ ਤੀਕ ਜੁੜੀ ਏ। ਮਗਰੂਰ ਕਹੋਗੇ ਤਾਂ ਤੁਸੀਂ ਭੁੱਲ ਕਰੋਗੇ, ਇਕ ਦਰਦ ਭਰੀ ਚੁੱਪ ਹੈ ਜੋ ਫੜਨੀ ਪਈ ਏ। ਬੈਠੇ ਨੇ ਗੁਆਚੇ ਜੋ ਆਸਾਂ ਦੇ ਅਸਾਸੇ, ਉੱਠਣ ਤਾਂ ਉਨ੍ਹਾਂ ਵਾਸਤੇ ਹਾਲੇ ਵੀ ਖੁਸ਼ੀ ਏ। ਇਕ ਭਾਲ ਰਿਹੈ ਤੈਨੂੰ ਤੇ ਇਕ ਗੀਤ ਗੁਆਚੇ, ਇਸ ਹਾਲ 'ਚ ‘ਨੀਲੋਂ' ਦੀ ਰੂਹ ਹੂਕ ਰਹੀ ਏ।

ਫੁੱਲ ਵੀ ਲਗਦੇ ਖਾਰ ਕੀ ਹੋਇਆ

ਫੁੱਲ ਵੀ ਲਗਦੇ ਖਾਰ ਕੀ ਹੋਇਆ ਹੋਇਆ ਏ। ਤੇਰੇ ਬਾਝੋਂ ਯਾਰ ਕੀ ਹੋਇਆ ਹੋਇਆ ਏ। ਸਮਝੋ ਗੱਲ ਪਰੇਡੀ ਜਾਦੂ ਚਾਤਰ ਦਾ, ਕਰ ਬਹੀਏ ਇਤਬਾਰ ਕੀ ਹੋਇਆ ਹੋਇਆ ਏ। ਸਾਡਾ ਖ਼ੂਨ ਤਾਂ ਜੰਮ ਗਿਆ ਏ ਮੰਨ ਲਿਆ, ਥੋਨੂੰ ਬਰਖੁਰਦਾਰ ਕੀ ਹੋਇਆ ਹੋਇਆ ਏ। ਦਿਲਬਰ ਘੁੰਮਣੀ ਕੁਰਸੀ ਵਾਂਗੂੰ ਘੁੰਮ ਜਾਂਦੇ, ਕਰਕੇ ਕੌਲ ਕਰਾਰ ਕੀ ਹੋਇਆ ਹੋਇਆ ਏ। ਦੁਖੀ ਹਾਂ ਯਾਰੋ ਹੁਣ ਦਿਲ ਦੀ ਅੜਬਾਈ ਤੇ, ਚੁੱਕ ਬਹਿੰਦੇ ਅੰਗਿਆਰ ਕੀ ਹੋਇਆ ਹੋਇਆ ਏ। ਚੁੱਪ ਵੱਟੀ ਏ ਗੱਲ ਕੁਈ ਵੀ ਸੁਣਦੇ ਨਾ, ਅੱਜ ਮੇਰੀ ਸਰਕਾਰ ਕੀ ਹੋਇਆ ਹੋਇਆ ਏ।

ਸਾਰੇ ਰੱਬ ਦੇ ਮਾਰੇ ਤੰਗ

ਸਾਰੇ ਰੱਬ ਦੇ ਮਾਰੇ ਤੰਗ। ਹੋ ਗਏ ਹੋਰ ਗੁਜ਼ਾਰੇ ਤੰਗ। ਮਗ਼ਜ਼-ਰਹਿਤ ਸਾਰੇ ਹੀ ਖੁਸ਼, ਸੂਝਾਂ ਵਾਲੇ ਸਾਰੇ ਤੰਗ। ਪੈਸੇ ਦੀ ਭਰਮਾਰ ਤਦੇ, ਕੋਠੀਆਂ ਖੁਸ਼ ਤੇ ਢਾਰੇ ਤੰਗ। ਢਕਦੇ ਢਕਦੇ ਅੰਗਾਂ ਨੂੰ, ਆ ਗਏ ਅੰਤ ਲੰਗਾਰੇ ਤੰਗ। ਆ ਗਿਆ ‘ਨੀਲੋਂ’ ਉਹ ਵੇਲਾ, ਜਦ ਸਾਰੇ ਦੇ ਸਾਰੇ ਤੰਗ।

ਮਲੂਕ ਚਿਹਰੇ 'ਤੇ ਅੰਦਰ ਦੀ

ਮਲੂਕ ਚਿਹਰੇ 'ਤੇ ਅੰਦਰ ਦੀ ਬੇਬਸੀ ਵੀ ਹੈ। ਤਦੇ ਤਾਂ ਉਹਨਾਂ ਦੇ ਮਿਲਵਰਤਣ 'ਚ ਸਾਦਗੀ ਵੀ ਹੈ। ਕਿਸੇ ਦੇ ਸਾਹਮਣੇ ਝੁਕਿਆ ਨਹੀਂ ਤਾਂ ਕੀ ਹੋਇਆ, ਬੁਰੀ ਸਹੀ, ਇਹ ਗੱਲ, ਇਸ 'ਚ ਬਿਹਤਰੀ ਵੀ ਹੈ। ਜਿਹਦੇ ਈਮਾਨ ਹੈ ਪੱਲੇ ਉਸੇ ਤੋਂ ਪੁੱਛ ਵੇਖੋ, ਕਿਸੇ ਨੂੰ ਦਿਲ ਦੀ ਤਸੱਲੀ ਕਦੀ ਮਿਲੀ ਵੀ ਹੈ। ਕੁਈ ਕਿਸੇ 'ਤੇ ਨਹੀਂ ਐਵੇਂ ਹੀ ਉਮਲ ਪੈਂਦਾ, ਜਿ ਗ਼ਮ ਨੇ ਏਨੇ ਮੁਹੱਬਤ 'ਚ ਤਾਂ ਖੁਸ਼ੀ ਵੀ ਹੈ। ਫਰੇਬੀ ਦੌਰ ਦਾ ਰੌਲਾ ਤਾਂ ਹੈ ਫਰੇਬ ਨਿਰਾ, ਸਮੇਂ ਦੀ ਸੁਰ ਜੋ ਹੈ ਧੀਮੀ ਕਦੀ ਸੁਣੀ ਵੀ ਹੈ। ਜੋ ਮਰਦੇ ਲੱਗਦੇ ਮੁਹੱਬਤ ਦੇ ਗੀਤ ਗਾ ਗਾ ਕੇ, ਉਹਨਾਂ 'ਚ ਦੇਖਿਐ ਕਿ ਕੋਈ ਆਦਮੀ ਵੀ ਹੈ।

ਇਹ ਗੂੜ੍ਹੀ ਨੀਂਦ 'ਚ ਹੈ ਇਸ ਨੂੰ

ਇਹ ਗੂੜ੍ਹੀ ਨੀਂਦ 'ਚ ਹੈ ਇਸ ਨੂੰ ਕੁਝ ਨਾ ਭਾਵੇ। ਕਹੋ ਸਮੀਰ ਨੂੰ ਹੁਣ ਸਹਿਕਦੀ ਹੀ ਤੁਰ ਜਾਵੇ। ਜਿਹਨੂੰ ਜਨਮ ਤੋਂ ਹੀ ਸੱਪਾਂ ਦਾ ਸੰਗ ਪ੍ਰਾਪਤ ਹੈ, ਅਜਿਹੀ ਹੋਂਦ ਨੂੰ ਜ਼ਹਿਰਾਂ ਦਾ ਖੌਫ਼ ਕੀ ਖਾਵੇ। ਉਂਝ ਆਪਣੀ ਮੌਜ 'ਚ ਕੋਈ ਕੁਰਾਹੇ ਪਿਆ ਭਟਕੇ, ਪਛੜ ਕੇ ਦੌੜ 'ਚ ਏਨਾ ਨਾ ਕੋਈ ਪਛਤਾਵੇ। ਨਸ਼ਾ ਤਾਂ ਉਹ ਹੈ ਜੋ ਕਰਦਾ ਹੈ ਸੂਝ ਨੂੰ ਰੌਸ਼ਨ, ਨਸ਼ਾ ਉਹ ਕਾਹਦੈ ਜੋ ਅਣਖਾਂ ਨੂੰ ਠੇਸ ਲਾ ਜਾਵੇ। ਵਫ਼ਾ ਦੇ ਰੰਗ 'ਚ ਉਸ ਕਿਉਂ ਨਾ ਗੌਲਿਆ ਦਿਲ ਨੂੰ, ਇਹਦੀ ਅਸੀਸ ਹੈ ਹੁਣ ਉਹ ਵੀ ਚੈਨ ਨਾ ਪਾਵੇ। ਖੁਸ਼ੀ ਮਿਲੇ ਜਿ ਤਰੰਗਾਂ ਦੇ ਸੰਗ ਖੇਡਣ ਦੀ, ਜਿ ਫੇਰ ਡੁੱਬਦਾ ਏ ਕੋਈ ਤਾਂ ਫੇਰ ਡੁੱਬ ਜਾਵੇ। ਨਿਰਾ ਸ਼ਹਿਰ ਹੈ ਇਹ ਘੁਰਨਾ ਜਿਹਾ ਦਿਸੇ ‘ਨੀਲੋਂ', ਬਚੋ ! ਨਾ ਇਸ ਤੋਂ ਕੋਈ ਹੋਰ ਡੰਗਿਆ ਜਾਵੇ।

ਇਹ ਚਿਹਰੇ ਅੱਜ ਮੁਰਝਾਏ ਨ ਹੁੰਦੇ

ਇਹ ਚਿਹਰੇ ਅੱਜ ਮੁਰਝਾਏ ਨ ਹੁੰਦੇ। ਕਿਸੇ ਗੱਲ ਨੂੰ ਜਿ ਪਰਣਾਏ ਨ ਹੁੰਦੇ। ਪਤਾ ਲੱਗਣਾ ਸੀ ਕੀ ਕਹਿਣੀ ਦੇ ਬਲ ਦਾ, ਜਿ ਸਿਰ 'ਤੇ ਰੋਸ ਦੇ ਸਾਏ ਨ ਹੁੰਦੇ। ਨਹੀਂ ਤੈਨੂੰ ਸੀ ਪਰਵਾਹ ਆਪਣਿਆਂ ਦੀ, ਤਿਰੇ ਦੋਖੀ ਜਿ ਹਮਸਾਏ ਨ ਹੁੰਦੇ। ਉਹਨਾਂ ਦੀ ਗੱਲ ਨੂੰ ਸੁਣਦਾ ਜ਼ਮਾਨਾ, ਜੋ ਆਪਣੀ ਆਈ 'ਤੇ ਆਏ ਨ ਹੁੰਦੇ। ਤੁਹਾਨੂੰ ਦਿਲ 'ਚ ਥਾਂ ਦੇਣੀ ਸੀ ਲੋਕਾਂ, ਤੁਸੀਂ ਕੁਰਸੀ ਦੇ ਗਰਕਾਏ ਨ ਹੁੰਦੇ। ਨ ਕੰਡੇ ਚੁਗਣ ਦੀ ਆਉਣੀ ਸੀ ਨੌਬਤ, ਤੁਸੀਂ ਲੋਕੀ ਜਿ ਬਹਿਕਾਏ ਨ ਹੁੰਦੇ। ਸਫ਼ਾਇਆ ਕਰਦੇ, ਨ ਦਿੰਦੇ ਸਫ਼ਾਈਆਂ, ਤੁਸੀਂ ਏਨਾ ਤਾਂ ਘਬਰਾਏ ਨ ਹੁੰਦੇ। ਕਿੰਨ੍ਹੇ ਪੁੱਛਣਾ ਸੀ ਅੱਜ ਵੀ ‘ਨੀਲੋਆਂ’ ਨੂੰ, ਜਿ ਏਹਨਾਂ ਪੂਰਨੇ ਪਾਏ ਨ ਹੁੰਦੇ।

ਸਾਨੂੰ ਕੋਈ ਕੁਝ, ਕੋਈ ਕੁਝ ਕਹਿੰਦਾ ਹੈ

ਸਾਨੂੰ ਕੋਈ ਕੁਝ, ਕੋਈ ਕੁਝ ਕਹਿੰਦਾ ਹੈ। ਅਪਣਾ ਦਿਲ ਹੈ ਹਰ ਇਕ ਧੱਕਾ ਸਹਿੰਦਾ ਹੈ। ਅਸੀਂ ਤਾਂ ਆਪਣੀ ਹੋਸ਼ ਵੀ ਲੇਖੇ ਲਾ ਦਿੱਤੀ, ਹੁਣ ਦਸੋ ਕੀ ਹੋਰ ਉਲਾਂਭਾ ਰਹਿੰਦਾ ਹੈ। ਇਹ ਬੈਠੇ ਹੋਏ ਨੇ ਜਿਹੜੀ ਕੁਰਸੀ 'ਤੇ, ਇਸ ਤੇ ਬਹਿ ਕੇ ਕਿਸ ਦਾ ਚੇਤਾ ਰਹਿੰਦਾ ਹੈ। ਮਾਲੀ ਦੀ ਬਦਨੀਤ ਕਰੋਪੀ ਮੌਸਮ ਦੀ, ਪੱਤਾ ਪੱਤਾ ਏਹੋ ਵਿਥਿਆ ਕਹਿੰਦਾ ਹੈ। ਸੱਥਾਂ ਵਿੱਚ ਵੀ ਗੱਲ ਨ ਛਿੜਦੀ ਛੇੜਾਂ ਦੀ, ਹੁਣ ਓਥੇ ਵੀ ਥੁੜ ਦਾ ਚਰਚਾ ਰਹਿੰਦਾ ਹੈ। ਕਿਸ ਕਿਸ ਨਾਲ਼ ਬਿਗਾੜੀ ਜਾਵੇਂਗਾ ‘ਨੀਲੋਂ', ਬਿਨਾਂ ਕੁਰੱਪਸ਼ਨ ਬੰਦਾ ਫਿੱਟ ਨ ਬਹਿੰਦਾ ਹੈ।

ਨਵੇਂ ਹੀ ਦਰਦ ਦਿਲ ਦੇ ਮੰਚ ਤੇ ਆਉਂਦੇ

ਨਵੇਂ ਹੀ ਦਰਦ ਦਿਲ ਦੇ ਮੰਚ ਤੇ ਆਉਂਦੇ ਨੇ ਸਹੁੰ ਤੇਰੀ। ਜਦੋਂ ਖ਼ਾਬਾਂ 'ਚ ਤੇਰੇ ਬੁੱਲ੍ਹ ਮੁਸਕਾਉਂਦੇ ਨੇ ਸਹੁੰ ਤੇਰੀ। ਅਜੇ ਵੀ ਫੜਫੜਾਉਂਦੇ ਲਾਜ ਦੇ ਪਿੰਜਰੇ 'ਚ ਜੋ ਪੰਛੀ, ਉਹ ਆਪਣੀ ਹਿੰਡ ਤੋਂ ਇਕ ਹੌਸਲਾ ਪਾਉਂਦੇ ਨੇ ਸਹੁੰ ਤੇਰੀ। ਨਸ਼ਾ ਨਾ ਪੀੜ ਦੇ ਇਹਸਾਸ ਤੋਂ ਮੁਕਤੀ ਦਾ ਬਲ ਬਖਸ਼ੇ, ਤਦੇ ਸੂਲੀ 'ਤੇ ਵੀ ਕੁਝ ਲੋਕ ਮੁਸਕਾਉਂਦੇ ਨੇ ਸਹੁੰ ਤੇਰੀ। ਭਲਾ ਕਿਉਂ ਜ਼ਿੰਦਗੀ ਦਿਲ ਵਾਲਿਆਂ ਨੂੰ ਰਾਸ ਨਾ ਆਈ, ਕਿਵੇਂ ਦੁੱਖਾਂ 'ਚ ਆਪਣੇ ਦਿਲ ਨੂੰ ਪਰਚਾਉਂਦੇ ਨੇ ਸਹੁੰ ਤੇਰੀ। ਇਉਂ ਲਗਦੈ ਭੰਗ ਦੇ ਭਾੜੇ ਹੀ ਤੁਰ ਜਾਣਾ ਏਂ ਤੂੰ ‘ਨੀਲੋਂ’ ਤਿਰੇ ਆਪਣੇ ਵੀ ਤੈਨੂੰ ਇੰਜ ਅਜ਼ਮਾਉਂਦੇ ਨੇ ਸਹੁੰ ਤੇਰੀ।

ਲੰਘੀਆਂ ਝੂਮ ਕੇ ਏਧਰ ਦੀ ਬਹਾਰਾਂ

ਲੰਘੀਆਂ ਝੂਮ ਕੇ ਏਧਰ ਦੀ ਬਹਾਰਾਂ ਕਿੰਨੀਆਂ। ਗੂੰਜੀਆਂ ਮੇਰੇ ਹੀ ਸਿਰ ਕੋਲ ਕਟਾਰਾਂ ਕਿੰਨੀਆਂ। ਜੀਹਨਾਂ ਕਰੀਆਂ ਸੀ ਲਹੂ ਨਾਲ਼ ਹਵਾਵਾਂ ਨਿੱਘੀਆਂ, ਕਿ ਡਿੱਗੀਆਂ ਧਰਤ 'ਤੇ ਦਮ ਤੋੜ ਕੇ ਡਾਰਾਂ ਕਿੰਨੀਆਂ। ਹਾਏ ਇਸ ਦੌਰ 'ਚ ਸੁਪਨੇ ਵੀ ਛਲੇ ਜਾਂਦੇ ਨੇ, ਕੁਫ਼ਰ ਦੇ ਪੌੜ ਨੇ ਮਿੱਧ ਸੁਟਦੇ ਨੁਹਾਰਾਂ ਕਿੰਨੀਆਂ। ਇਹ ਮੇਰੀ ਮਿੱਟੀ ਨੂੰ ਅਥਾਹ ਪੀੜ ਹੈ ਕੁਝ ਤਾਂ ਸੋਚੋ ! ਹੋਰ ਇਸ ਹਾਲ 'ਚ ਘੜੀਆਂ ਮੈਂ ਗੁਜ਼ਾਰਾਂ ਕਿੰਨੀਆਂ। ਆਪਣੇ ਚਿਹਰੇ ’ਤੇ ਨਵੇਂ ਰੰਗ ਉਘਾੜਨ ਵਾਲੇ, ਤੇਰੇ ਰਾਹਾਂ 'ਚ ਅਜੇ ਹੋਰ ਨੇ ਹਾਰਾਂ ਕਿੰਨੀਆਂ। ਤੇਰੇ ‘ਨੀਲੋਂ' ਦੀ ਤਬਾਹੀ 'ਤੇ ਫਿਕਰਮੰਦ ਤਾਂ ਅੱਜ ਵੀ, ਕਰਦੇ ਨੇ ਬੈਠ ਕੇ ਸਦਨਾਂ 'ਚ ਵਿਚਾਰਾਂ ਕਿੰਨੀਆਂ।

ਇਕ ਲੰਬਾ ਇਤਿਹਾਸ ਹੈ ਇਸ ਦੇ ਪਿੱਛੇ

ਇਕ ਲੰਬਾ ਇਤਿਹਾਸ ਹੈ ਇਸ ਦੇ ਪਿੱਛੇ ਤੇਰੇ ਜਬਰਾਂ ਦਾ, ਅਸੀਂ ਅਚਾਨਕ ਤਾਂ ਨਹੀਂ ਪਹੁੰਚੇ ਤਰਲਿਆਂ ਤੋਂ ਹਥਿਆਰਾਂ ਤੱਕ। ਕਿਸਮਤ ਦਾ ਡੋਬਾ ਨਹੀਂ ਇਹ ਤਾਂ ਮਾਂਝੀ ਹੀ ਡੁੱਬ-ਜਾਣਾ ਸੀ, ਬੇੜੀ ਆਪਣੀ ਕਦ ਆਉਣੀ ਸੀ ਰੱਤ ਭਰੀਆਂ ਮੰਝਧਾਰਾਂ ਤੱਕ। ਮਾਨਵਤਾ ਦੀ ਪਾਣ ਉਨ੍ਹਾਂ ਨੇ ਦਿੱਤੀ ਸੀ ਪੁਰਸ਼ਾਰਥ ਨੂੰ, ਜਿਹੜੇ ਹੰਝੂ ਦਰਦ ਵੰਡਾਉਂਦੇ ਪਹੁੰਚ ਗਏ ਅੰਗਿਆਰਾਂ ਤੱਕ। ਲੋਟੀ-ਪੋਟੀ ਹੇਰਾ-ਫੇਰੀ ਕਰਦੇ ਕਰਦੇ ਘਰ ਪਹੁੰਚੇ, ਵਾਧਾ ਕੀਤਾ ਗੱਲ ਪੁਚਾ ਕੇ ਆਪਣੇ ਬਰਖੁਰਦਾਰਾਂ ਤੱਕ। ਬੜੇ ਬੜੇ ਲੁਕ ਜਾਣ ਸਕੈਂਡਲ ‘ਨੀਲੋਂ’ ਦਾ ਕੁਝ ਨਾ ਲੁਕਦਾ, ਇਸ ਦੀ ਲਗ-ਮਾਤਰ ਦੀ ਗ਼ਲਤੀ ਜਾਂਦੀ ਪੁੱਜ ਅਖ਼ਬਾਰਾਂ ਤੱਕ।

ਨਾ ਕਿਤੇ ਲੋਕਾਂ 'ਚ ਚਰਚਾ

ਨਾ ਕਿਤੇ ਲੋਕਾਂ 'ਚ ਚਰਚਾ ਨਾ ਹੀ ਅਖ਼ਬਾਰਾਂ ’ਚ ਹੈ। ਆਪਣੀ ਗਿਣਤੀ ਇਕ ਲੇਖੇ ਨਾਲ਼ ਬੇਕਾਰਾਂ 'ਚ ਹੈ। ਮਾਅਰਕੇ ਇਤਿਹਾਸ ਦੇ ਸੁਣ ਕੇ ਤਾਂ ਆ ਜਾਂਦੈ ਜਲੌ, ਚਿੰਨ੍ਹਾਂ ਵਿਚ ਸ਼ਕਤੀ ਨਹੀਂ ਜੋ ਨਵਿਆਂ ਹਥਿਆਰਾਂ ’ਚ ਹੈ। ਸੱਚ ਦੀ ਤਲਖ਼ੀ ਸਹਾਰਨ ਵਿਚ ਵੀ ਜਿਸ ਨੂੰ ਖੁਸ਼ੀ, ਇਹ ਤਾਂ ਦੱਸ ਦੇਵੋ ਕਿ ਉਹ ਕਿਹੜੇ ਗੁਨਾਹਗਾਰਾਂ ’ਚ ਹੈ। ਕਿਸ ਦੀ ਹਿੰਮਤ ਹੈ ਕੁਈ ਬਦਬਖ਼ਤ ਨੂੰ ਕੁਝ ਪੁੱਛ ਲਵੇ, ਦੋਸ਼ ਜਿੰਨਾ ਵੀ ਹੈ ਸਾਰਾ ਆਗਿਆਕਾਰਾਂ 'ਚ ਹੈ। ਉਹ ਕੀ ਜਾਣੇ ਮਾਣਦੈ ਲਹਿਰਾਂ ਜੋ ਕੰਢੇ 'ਤੇ ਖਲੋ, ਜਾਣਦੈ ਹੈ ਉਹ ਬੇੜੀ ਜਿਸ ਦੀ ਮੰਝਧਾਰਾਂ 'ਚ ਹੈ। ਘਰ ਦੀਆਂ ਖੁਸ਼ੀਆਂ 'ਚ ਦਿਲ ਨੂੰ ਖੁਸ਼ੀ ਮਿਲਦੀ ਹੈ ਜ਼ਰੂਰ, ਉਹ ਤਾਂ ਵੱਖਰੀ ਹੀ ਖੁਸ਼ੀ ਹੈ ਜੋ ਖੁਸ਼ੀ ਯਾਰਾਂ 'ਚ ਹੈ। ਤੂੰ ਕਵੀ ਹੋਵਣ ਦਾ ਦਿਲ 'ਚ ਮਾਣ ਐਵੇਂ ਨਾ ਗੁਆ ! ਛੱਡ ਜੇ ਚਰਚਾ ਤਿਰਾ ਨਾ ਰਾਜ ਦਰਬਾਰਾਂ 'ਚ ਹੈ । ਸੁਣ ਕੇ ਬੇ-ਸਿਰ ਪੈਰ ਗੱਲਾਂ ਕੁੱਦ ਸਕਦਾ ਹੈ ਜਨੂੰਨ, ਉਂਝ ਤਾਂ ‘ਨੀਲੋਂ' ਦੀ ਗਿਣਤੀ ਵੀ ਸਮਝਦਾਰਾਂ 'ਚ ਹੈ।

ਵਫ਼ਾ ਵਿਚ ਦਿਲ ਨੂੰ ਲੈ ਆਈ ਹੈ

ਵਫ਼ਾ ਵਿਚ ਦਿਲ ਨੂੰ ਲੈ ਆਈ ਹੈ ਕਿਸ ਥਾਂ ਬੇਬਸੀ ਅਪਣੀ। ਨਾ ਅਪਣੇ ਗ਼ਮ ਰਹੇ ਅਪਣੇ, ਤੇ ਨਾ ਅਪਣੀ ਖੁਸ਼ੀ ਅਪਣੀ। ਕਿਸੇ ਵੀ ਆਸ ਨੂੰ ਡੋਬਾ ਹਮੇਸ਼ਾ ਹੋਸ਼ ਨੇ ਦਿੱਤਾ, ਨਿਭੀ ਹੈ ਜੇ ਸਿਰੇ ਤੱਕ, ਤਾਂ ਨਿਭੀ ਹੈ, ਬੇਖੁਦੀ ਅਪਣੀ। ਤੁਹਾਡੀ ਨਾ ਸਹੀ ਆਖਿਰ, ਕਿਸੇ ਦੀ ਤਾਂ ਸ਼ਰਾਫ਼ਤ ਹੈ, ਵਿਰੋਧੀ ਉਂਝ, ਕਿੱਥੇ ਰਹਿਣ ਦਿੰਦੇ ਸਨ ਧਰੀ ਅਪਣੀ। ਸਦਾਚਾਰੀ ਨਹੀਂ ਪਰ ਏਸ ਗੱਲ ਦਾ ਪਾਸ ਹੈ ਕਿਹਨੂੰ, ਕਿਸੇ ਮਾਸੂਮ 'ਤੇ ਇਲਜ਼ਾਮ ਹੋਵੇ ਨਾ ਖੁਸ਼ੀ ਅਪਣੀ। ਮਿਰੇ ਦਿਲ ’ਤੇ ਕਿਸੇ ਮੁਸਕਾਨ ਦਾ ਇਹਸਾਨ ਨਾ ਪੁੱਛੋ, ਬਿਨਾਂ ਚਾਹੇ ਹਰਿਕ ਢਾਣੀ 'ਚ ਇੱਜ਼ਤ ਹੋ ਗਈ ਅਪਣੀ। ਮੁਹੱਬਤ ਨਾ ਸਹੀ ਤੈਨੂੰ ਉਹ ਪੁੱਛਣਗੇ ਕਿਸੇ ਦਿਨ ਤਾਂ, ਕਿਸੇ ਵੇਲੇ ਜਿਨ੍ਹਾਂ ਲੋਕਾਂ ਨੂੰ ਸੰਗਤ ਹੋ ਗਈ ਅਪਣੀ। ਅਸੀਂ ਜੀਹਨਾਂ ਨੂੰ ਹਰ ਇਕ ਕਦਮ 'ਤੇ ਵੰਗਾਰਦੇ ਆਏ, ਤੁਸੀਂ ਦੱਸੋ ਇਉਂ ਦੋਖੀ ਕਿੰਜ ਛੱਡ ਦਿੰਦੇ ਧਰੀ ਅਪਣੀ। ਸੁਨਹਿਰੀ ਹੈ ਸਮਾਂ ਸੋਚਣ ਦਾ ਜੇਕਰ ਹੈ ਜ਼ੁਬਾਂ-ਬੰਦੀ, ਚਲੋ ਚੰਗਾ ਹੈ ਕੁਝ ਇਹਦੇ 'ਚ ਵੀ ਹੈ ਬਿਹਤਰੀ ਅਪਣੀ। ਤੂੰ ਅਪਣੇ ਤਲਖੀਆਂ ਭਰੇ ਪਲਾਂ ਨੂੰ ਭੁੱਲ ਜਾ ਯਾਰਾ, ਵਧੀ ਹੈ ਇੰਝ ਭਲੇ ਲੋਕਾਂ 'ਚ ਇੱਜ਼ਤ ਫੇਰ ਵੀ ਅਪਣੀ। ਚਾਹੇ ਬੇਸੂਝ ਨੇ ਬੇਸਮਝ ਨੇ ਅੱਖੜ ਵੀ ਨੇ ਭਾਵੇਂ, ਉਹ ਚੰਗੇ ਨੇ ਜਿਨ੍ਹਾਂ ਨੇ ਸਦਾ ਰੱਖੀ ਏ ਕਰੀ ਅਪਣੀ। ਕੋਈ ਵੇਲਾ ਸੀ ਜਦ ਬੇਰੰਗੀਆਂ ਵਿਚੋਂ ਵੀ ਸੀ ਰੰਗ ਮਾਣੇ, ਹੈ ਅੱਜ ਇਹ ਹਾਲ ਰੰਗਾਂ ਨਾਲ਼ ਵੀ ਰੂਹ ਨਾ ਭਰੀ ਅਪਣੀ। ਚਲੋ ਜੀਵਨ 'ਚ ਕੁਝ ਖ਼ਰਮਸਤੀਆਂ ਦਾ ਦੌਰ ਵੀ ਹੁੰਦੈ, ਤੂੰ ਲਾ ਦੇਹ ਹੁਣ ਕਿਸੇ ਮਕਸਦ ਦੇ ਲੇਖੇ ਜ਼ਿੰਦਗੀ ਅਪਣੀ। ਨਹੀਂ ਸਮਝੇਗਾ ਬੇਸਮਝੀ ਤੇ ਪਛਤਾਏਗਾ ਸਿਰ ਫੜ ਕੇ, ਜਿ ‘ਨੀਲੋਂ' ਸਮਝਦੈ ਸਾਂਝੀ ਖੁਸ਼ੀ ਵਿਚ ਬਿਹਤਰੀ ਅਪਣੀ।

ਤੁਸੀਂ ਭੁੱਖਾਂ ਹੀ ਭੁੱਖਾਂ ਟੋਲਦੇ ਹੋ

ਤੁਸੀਂ ਭੁੱਖਾਂ ਹੀ ਭੁੱਖਾਂ ਟੋਲਦੇ ਹੋ। ਮਿਰੇ ਜੀਵਨ ਦੇ ਵਰਕੇ ਫੋਲਦੇ ਹੋ। ਤੁਸੀਂ ਮਿੱਤਰ ਹੋ ਮਿੱਤਰਤਾ ਨਿਭਾਓ, ਕਿਉਂ ਸਿਕਿਆਂ ਥੀਂ ਮੈਨੂੰ ਤੋਲਦੇ ਹੋ। ਬੁਰੇ ਲੋਕਾਂ 'ਚ ਪੈ ਜਾਣੈ ਤੁਸਾਂ ਨੇ, ਬਿਸ਼ਕ ਮਿੱਤਰਾਂ ਦੀ ਬੋਲੀ ਬੋਲਦੇ ਹੋ। ਤੁਸੀਂ ਮਤਲਬ ਰਹਿਤ ਅਮਲਾਂ ਦੇ ਸਿਰ ’ਤੇ, ਕਿਵੇਂ ਦੁਸ਼ਮਣ ਦੀ ਬੋਲੀ ਬੋਲਦੇ ਹੋ। ਗੁਆ ਕੇ ਪਾਰਖੂ ਨਜ਼ਰਾਂ ਗੁਆ ਕੇ, ਕਿਵੇਂ ਪੈਰਾਂ 'ਚ ਮੋਤੀ ਰੋਲਦੇ ਹੋ। ਭਲਾ ‘ਨੀਲੋਂ’ ਤੋਂ ਏਨਾ ਦੂਰ ਜਾ ਕੇ, ਵਫ਼ਾਦਾਰੀ ਨੂੰ ਕਿੱਧਰ ਟੋਲਦੇ ਹੋ।

ਦੇਖ ਉਨ੍ਹਾਂ ਨੂੰ ਧੜਕੇ ਜੋ ਦਿਲ

ਦੇਖ ਉਨ੍ਹਾਂ ਨੂੰ ਧੜਕੇ ਜੋ ਦਿਲ। ਕੁਝ ਨਾ ਕੁਝ ਹੋ ਜਾਂਦੈ ਹਾਸਿਲ। ਮਿਲੇ ਸਹੀ ਪਿਆਰੇ ਨੂੰ ਪਿਆਰਾ, ਰੂਹ ਹੋ ਜਾਂਦੀ ਝਲ-ਮਿਲ ਝਿਲ-ਮਿਲ। ਏਹੋ ਕੁਝ ਕਰਨਾ ਹੈ ਬਾਕੀ, ਬੇੜੀ ਵਿੱਚ ਭਰਨਾ ਹੈ ਸਾਹਿਲ। ਵਾਹ ! ਵਾਹ !! ਅੱਜ ਤਾਂ ਇਸ ਪਾਸੇ ਵੀ, ਬੱਦਲ ਹੋਏ ਫਿਰਦੇ ਬੇਕਲ । ਬਿਜਲੀ ਗਿਰਦੀ ਹੋਈ ਆਖੇ, ਹੁਣ ਤਾਂ ਸੰਭਲ ! ਹੁਣ ਤਾਂ ਸੰਭਲ!! ਸ਼ਿਅਰਾਂ ਨਾਲ਼ ਮਾਰ ਕੇ ਮੱਥਾ, ‘ਨੀਲੋਂ’ ਕੀ ਹੁੰਦਾ ਏ ਹਾਸਿਲ।

ਅੱਜ ਪੁੱਛਦੇ ਹੋ ਕਿ ਗਿਲਾ ਕੀ ਐ

ਅੱਜ ਪੁੱਛਦੇ ਹੋ ਕਿ ਗਿਲਾ ਕੀ ਐ। ਮੈਂ ਇਹ ਪੁੱਛਦਾਂ ਇਹ ਸਿਲਸਿਲਾ ਕੀ ਐ ! ਦਿਲ ਤਾਂ ਅਪਣਾ ਤੁਹਾਨੂੰ ਦੇ ਬੈਠੇ, ਹੋਰ ਦੱਸੋ ਹੁਣ ਆਗਿਆ ਕੀ ਐ। ਸਾਨੂੰ ਕੋਸਣ 'ਚ ਹੈ ਮਜ਼ਾ ਵਾਹਵਾ, ਹੋਰ ਮਿੱਤਰਾਂ ਦਾ ਆਸਰਾ ਕੀ ਐ। ਖ਼ੂਨ ਇਕੋ ਹੈ ਧੜਕਣਾਂ ਇਕ ਨੇ, ਦਿਲ ਦਾ ਹੋਣਾ ਜੁਦਾ ਜੁਦਾ ਕੀ ਐ। ਮਿਲਦਾ ਕੀ ਕੀ ਨਾ ਆਸ ਦੇ ਬਦਲੇ, ਨਾ ਮਿਲਣ ਵਾਲੇ ’ਤੇ ਗਿਲਾ ਕੀ ਐ। ਸੁੰਨ ਰਾਤਾਂ ਉਦਾਸ ਨੇ ਸੂਰਜ, ਏਸ ਪਾਸੇ ਨੂੰ ਲੰਘਿਆ ਕੀ ਐ । ਹੋਏ ਫਿਰਦੇ ਹੋ ਏਨਾਂ ਜੋ ਨੇੜੇ, ਰਹਿ ਗਿਆ ਹੋਰ ਫ਼ਾਸਲਾ ਕੀ ਐ। ਆਪੇ ਲਾ ਕੇ ਜ਼ੁਬਾਨ 'ਤੇ ਜੰਦਰੇ, ਆਪੇ ਪੁੱਛਦੇ ਹੋ, ਹੋ ਗਿਆ ਕੀ ਐ। ਕਿਉਂ ਕਿਸੇ ਦੇ ਤੂੰ ਕੰਮ ਨਹੀਂ ਆਉਂਦਾ, ‘ਨੀਲੋਂ’ ਤੈਨੂੰ ਇਹ ਹੋ ਗਿਆ ਕੀ ਐ।

ਸਮਾਂ ਆ ਗਿਆ ਹੁਣ ਤਾਂ ਛੱਡ ਦੇ

ਸਮਾਂ ਆ ਗਿਆ ਹੁਣ ਤਾਂ ਛੱਡ ਦੇ ਗੱਲੀਂ ਗਿੱਲ ਗੁਆਣੀ। ਬੇਅਣਖੇ ਜੀਵਨ ਨਾਲ਼ੋਂ ਤਾਂ ਮੌਤ ਭਲੀ ਬੇਮਾਣੀ। ਛੱਪੜਾਂ ਕੰਢੇ ਝੂਰ ਰਹੇ ਨੇ ਅੱਜ ਹੰਸਾਂ ਦੇ ਜਾਏ, ਅੱਜ ਕਾਵਾਂ ਨੇ ਗੰਧਲਾ ਕੀਤਾ ਮਾਨਸਰਾਂ ਦਾ ਪਾਣੀ। ਅਪਣੇ ਹਿਤ ਦੀਆਂ ਗੱਲਾਂ ਸੁਣ ਸੁਣ ਕੰਨ ਪਕਾਈ ਫਿਰੀਏ, ਆਗੂ ਅੱਜ ਪਾਈ ਬੈਠੇ ਨੇ ਪਾਣੀ ਵਿੱਚ ਮਧਾਣੀ। ਬੱਸ ਕਰੋ ਹੁਣ ਹੋਰ ਰਹੇ ਨਾ ਅਸੀਂ ਵਿਉਂਤਣ ਜੋਗੇ, ਇਸ ਹਾਲਤ ਵਿੱਚ ਝੁੱਲ ਗਿਆ ਏ ਸਭ ਦੇ ਸਿਰ ਤੋਂ ਪਾਣੀ। ਮੌਜ 'ਚ ਆ ਕੇ ਕੁਝ ਸਰਾਲਾਂ ਹੁਣ ਤੇਰੇ ਸਾਹ ਪੀਣੇ, ਹੌਕਿਆਂ 'ਤੇ ਸੈਂਸਰ ਵਾਲੀ ਤਾਂ ਹੋ ਗਈ ਗੱਲ ਪੁਰਾਣੀ। ਹੁਣ ਟੁੱਟਣਾ ਚਾਹੀਦੈ ‘ਨੀਲੋਂ’ ਸ਼ਬਦ ਜਾਲ ਦਾ ਘੇਰਾ, ਹੁਣ ਤਾਂ ਕਿਧਰੇ ਕੰਮ ਆ ਜਾਵੇ ਤੇਰੀ ਜਿੰਦ ਨਿਮਾਣੀ।

ਮਿਰੇ ਵਜੂਦ 'ਚੋਂ ਹੀਣਤ ਦੀ ਭਾਲ

ਮਿਰੇ ਵਜੂਦ 'ਚੋਂ ਹੀਣਤ ਦੀ ਭਾਲ ਕਰਦੇ ਨੇ। ਮਿਰੇ ਮਿੱਤਰ ਮਿਰਾ ਕਿੰਨਾ ਖ਼ਿਆਲ ਕਰਦੇ ਨੇ। ਕਿਸੇ ਸੰਘਰਸ਼ ਤੋਂ ਲਾਂਭੇ ਹੀ ਰਹਿਣ ਦੇ ਇੱਛੁਕ, ਅਸਲ 'ਚ ਧੋਖਾ ਉਹ ਅਪਣੇ ਹੀ ਨਾਲ਼ ਕਰਦੇ ਨੇ। ਸਰਾਪੀ ਸੋਚ ਦੇ ਮਾਲਕ ਨਸੀਹਤਾਂ ਵੰਡਣ, ਇਨ੍ਹਾਂ ਨੂੰ ਪੁੱਛੋ ਇਹ ਗੱਲ ਕਿਸ ਦੇ ਨਾਲ਼ ਕਰਦੇ ਨੇ। ਕਿਸੇ ਵੀ ਹਾਲ 'ਚ ਹੋਵਣ ਇਹ ਸਿਦਕ ਵਾਲੇ ਤਾਂ, ਵਫ਼ਾ ਦੇ ਸਿਰ 'ਤੇ ਹੀ ਦਿਲ ਨੂੰ ਨਿਹਾਲ ਕਰਦੇ ਨੇ। ਕਿਸੇ ਗ਼ਰੀਬ 'ਚ ਸੱਚ ਦੀ ਅਣੀ ਭਲਾ ਹੋਵੇ, ਇਹ ਭਾਗਵਾਨ ਤਾਂ ਗੱਲ ਗੱਲ ਤੇ ਚਾਲ ਕਰਦੇ ਨੇ। ਹਿਤਾਂ ਦੀ ਸਾਂਝ ਹੈ ਗੁੱਸਾ ਫਜ਼ੂਲ ਹੈ ‘ਨੀਲੋਂ’ ਉਹ ਤੈਨੂੰ ਹਾਲੇ ਵੀ ਆਪਣਾ ਖ਼ਿਆਲ ਕਰਦੇ ਨੇ।

ਤੂੰ ਭੋਲਾ ਏਂ ਮੰਗ ਪਾ ਰਿਹੈਂ ਪਿਆਰ ਦੀ

ਤੂੰ ਭੋਲਾ ਏਂ ਮੰਗ ਪਾ ਰਿਹੈਂ ਪਿਆਰ ਦੀ। ਕਦੇ ਮੰਗਿਆਂ ਮੌਤ ਵੀ ਨਾ ਮਿਲੀ। ਮਿਲੇ ਅੱਥਰੂ ਬੇਬਸੀ ਮਿਲ ਗਈ, ਭਲਾ ਰੂਪ ਤੋਂ ਹੋਰ ਮਿਲਣਾ ਸੀ ਕੀ। ਕਿਸੇ ਤੋਂ ਵੀ ਮਜ਼ਬੂਰ ਕੀਤੇ ਬਿਨਾਂ, ਵਫ਼ਾ ਨਾ ਮਿਲੀ, ਨਾ ਮਿਲੀ ਨਾ ਮਿਲੀ। ਨਾ ਚੁੱਕ ਹੋਣ ਇਕਨਾਂ ਤੋਂ ਗ਼ਮ ਦੇ ਪਹਾੜ, ਤੇ ਇਕਨਾਂ ਤੋਂ ਸਾਂਭੀ ਨਾ ਜਾਵੇ ਖੁਸ਼ੀ। ਜਿਨ੍ਹਾਂ ਨੂੰ ਮਿਹਰਬਾਨ ਹੋਣਾ ਪਿਆ, ਉਨ੍ਹਾਂ ਨੂੰ ਚੁਭੀ ਸੀ ਤਿਰੀ ਬੇਬਸੀ। ਬੜਾ ਦਿਲ ਨੂੰ ਖਿਚਦੀ ਹੈ ਚੰਚਲ ਅਦਾ, ਉਹ ਕੁਝ ਹੋਰ ਹੀ ਹੈ ਜੋ ਹੈ ਸਾਦਗੀ। ਤਿਰੇ ਦਿਲ 'ਚ ਉਹ ਅੱਗ ਉਹ ਸੇਕ ਨਾ, ਉਹ ਰੂਹ ‘ਨੀਲੋਂ’ ਨੈਣਾਂ ਦੀ ਵੀ ਨਾ ਰਹੀ।

ਚਿਹਰੇ 'ਤੇ ਕੁਝ ਰੌਣਕ ਵੀ ਹੈ

ਚਿਹਰੇ 'ਤੇ ਕੁਝ ਰੌਣਕ ਵੀ ਹੈ ਬੁੱਲਾਂ 'ਤੇ ਵੀ ਹਾਸਾ। ਪਰ ਮੈਨੂੰ ਹਰ ਬੰਦਾ ਲਗਦੈ ਅੰਦਰੋਂ ਬਹੁਤ ਪਿਆਸਾ। ਬੋਲਾਂ ਵਿਚ ਵੀ ਤੇਰੇ ਕੋਲੋਂ ਕੁਝ ਧਰਵਾਸ ਨਾ ਸਰਿਆ, ਤੇਰੇ ਦਰ ਤੋਂ ਮੁੜ ਚੱਲਿਆ ਏ ਕੋਈ ਅੱਜ ਨਿਰਾਸਾ। ਭਾਵੇਂ ਰੰਗਾਂ ਦੇ ਵਿਚ ਹੋਵੇ ਭਾਵੇਂ ਭੁੱਖਣ-ਭਾਣਾ, ਹਰ ਇਕ ਬੰਦਾ ਚਾਹੁੰਦਾ ਹੁੰਦੈ ਕੁਝ ਨਾ ਕੁਝ ਦਿਲਾਸਾ। ਹਰ ਮਸਲੇ ਦਾ ਹੱਲ ਹੁੰਦਾ ਹੈ ਪਰ ਸੰਜੀਦਾ ਹੋ ਕੇ, ਪਰ ਤੇਰੀ ਚਤੁਰਾਈ ਤੇਰਾ ਘੇਰ ਲਿਆ ਹਰ ਪਾਸਾ। ਨਾਮ ਲਏ ਤੋਂ ‘ਨੀਲੋਂ' ! ਕਹਿੰਦੇ, ‘ਮੁਕਤੀ ਨੂੰ ਜਾ ਪਹੁੰਚੀ, ਇਕ ਵਾਰੀ ਤਾਂ ਜਾ ਕੇ ਦੇਖੋ ਇਸ ਦੇ ਨਾਲ਼ ‘ਬਿਆਸਾ’।

ਹੈ ਮਿਟ ਜਾਣਾ ਹੀ ਟੁੱਟ ਜਾਣ ਹੈ

ਹੈ ਮਿਟ ਜਾਣਾ ਹੀ ਟੁੱਟ ਜਾਣ ਹੈ ਮਿੱਤਰਾਂ ਦੀ ਖੁਸ਼ੀ ਨਾਲ਼ੋਂ। ਨਹੀਂ ਕਈ ਹੋਰ ਵੱਡਾ ਰੋਗ ਦਿਲ ਦੀ ਬੇਬਸੀ ਨਾਲ਼ੋਂ। ਨਹੀਂ ਕੁਈ ਨਿਮਰਤਾ ਤੇਰੀ ਨੂੰ ਹੱਸ ਕੇ ਵਰਗਲਾਏਗਾ, ਤਿਰੀ ਸ਼ੋਖੀ ਹੀ ਚੰਗੀ ਹੈ ਤਿਰੀ ਬੇਚਾਰਗੀ ਨਾਲ਼ੋਂ। ਬੜਾ ਕੁਝ ਟੁੱਟ ਗਿਆ ਸੀ ਪਰ ਨਹੀਂ ਏਨਾਂ ਸੀ ਚਿੱਤ-ਚੇਤੇ, ਇਹਨਾਂ ਖੁਸ਼ੀਆਂ ਵੀ ਰਿਸ਼ਤਾ ਤੋੜ ਲੈਣੈ ਜ਼ਿੰਦਗੀ ਨਾਲ਼ੋਂ। ਇਹ ਸਭ ਝੰਜਟ ਝਮੇਲੇ ਜ਼ਿੰਦਗੀ ਦੀ ਹੋਂਦ ਨੇ ਜੇਕਰ, ਕਿਵੇਂ ਹੋਵੇਗਾ ਛੁਟਕਾਰਾ ਤਿਰਾ ਨੇਕੀ ਬਦੀ ਨਾਲ਼ੋਂ। ਮੈਂ ਆਪਣੀ ਸੂਝ ਤੱਕ ਵੀ ਜਿਸ ਲਈ ਕੁਰਬਾਨ ਕੀਤੀ ਸੀ, ਜ਼ਮਾਨਾ ਬਹੁਤ ਡਾਹਢੈ ਉਸ ਦੀ ਪਰਵਾਨਗੀ ਨਾਲ਼ੋਂ। ਇਹ ਵਾਸੀ ਹੈ ਜਹੱਨਮ ਦਾ, ਹਵਸ ਦਾ ਮਾਰਿਆ ਹੋਇਐ, ਰਿਆਹ ਡੰਗਰ ਵੀ ਚੰਗਾ ਏ ਸਿਆਸੀ ਆਦਮੀ ਨਾਲ਼ੋਂ। ਤੂੰ ਟੁਟਦੇ ਰਿਸ਼ਤਿਆਂ ਦਾ ਗ਼ਮ ਕਰੀ ਜਾਨਾ ਏਂ ਜੋ ‘ਨੀਲੋਂ', ਅਸਲ ਵਿਚ ਟੁੱਟ ਰਿਹਾ ਏਂ ਆਪ ਤੂੰ ਅਪਣੀ ਖੁਸ਼ੀ ਨਾਲ਼ੋਂ।

ਕਿਵੇਂ ਲੁੱਟੀ ਗਈ ਦਿਲ ਦੀ ਖੁਸ਼ੀ

ਕਿਵੇਂ ਲੁੱਟੀ ਗਈ ਦਿਲ ਦੀ ਖੁਸ਼ੀ ਦੱਸਾਂ ਕਿਵੇਂ ਦੱਸਾਂ। ਇਹੋ ਤਾਂ ਆਪਣੀ ਹੈ ਬੇਬਸੀ ਦੱਸਾਂ ਕਿਵੇਂ ਦੱਸਾਂ। ਤਜਰਬੇ ਬਹੁਤ ਹੋਏ ਪਰ ਤਿਰੀ ਸੰਜੀਦਗੀ ਸਦਕੇ, ਮੁਹੱਬਤ ਹੋ ਗਈ ਬਸ ਹੋ ਗਈ ਦੱਸਾਂ ਕਿਵੇਂ ਦੱਸਾਂ। ਸ਼ਰਾਰਤ ਇੰਜ ਲਿਪਟੀ ਹੈ ਸ਼ਰਾਫ਼ਤ ਦੇ ਗਿਲਾਫ਼ ਅੰਦਰ, ਕਿਵੇਂ ਆਵੇਗੀ ਰਾਸ ਹੁਣ ਸਾਦਗੀ ਦੱਸਾਂ ਕਿਵੇਂ ਦੱਸਾਂ। ਕਿਸੇ ਰਾਂਹਜ਼ਨ ਨੂੰ ਯੁਵਕਾਂ ਨੇ ਸਮਝ ਕੇ ਆਪਣਾ ਰਹਿਬਰ, ਜਨੂੰਨ ਅੰਦਰ ਕਰੀ ਸੀ ਖੁਦਕੁਸ਼ੀ ਦੱਸਾਂ ਕਿਵੇਂ ਦੱਸਾਂ। ਮੈਂ ਦਸਦਾ ਹਾਂ ਜਿਨੂੰ ਆਪੇ ਤੋਂ ਬਾਹਰ ਹੋਣ ਲਗਦਾ ਹੈ, ਕਿਸੇ ਨੂੰ ਆਪਣੀ ਮੈਂ ਬੇਖ਼ੁਦੀ ਦੱਸਾਂ ਕਿਵੇਂ ਦੱਸਾਂ। ਤੁਸੀਂ ਜਦ ਗ਼ੈਰ ਦੇ ਰਸਤੇ 'ਚ ਖੜ੍ਹ ਕੇ ਮੁਸਕਰਾਏ ਸੀ, ਇਹ ਉਦੋਂ ਦਿਲ ’ਤੇ ਸੀ ਕੀ ਕੀ ਵਾਪਰੀ ਦੱਸਾਂ ਕਿਵੇਂ ਦੱਸਾਂ। ਸਿਰੇ ਤੋਂ ਹੀ ਜੁੜੀ ਹੋਈ ਹੈ ਨੋਟਾਂ ਨਾਲ਼ ਵੋਟਾਂ ਦੀ, ਕਿਵੇਂ ਹੋਵੇਗੀ ਅਪਣੀ ਬਿਹਤਰੀ ਦੱਸਾਂ ਕਿਵੇਂ ਦੱਸਾਂ। ਇਹ ਬਾਹਰੋਂ ਸਾਬਤਾ ਹੈ ਪਰ ਹੈ ਵਿਚੋਂ ਟੁਟਿਆ ਹੋਇਆ, ਮੈਂ ਆਪਣੀ ਆਤਮਾ ਦੀ ਬੇਸੁਰੀ ਦੱਸਾਂ ਕਿਵੇਂ ਦੱਸਾਂ। ਕਿ ਮਹਿੰਗਾਈ ਵਧੀ ਤੇਜੀ ਵਧੀ ਹੈ ਖ਼ੂਨ ਦੀ ਨਾਲ਼ੇ, ਕਿਸੇ ਵੀ ਜੇ ਦਵਾਈ ਨੂੰ ਬੁਰੀ ਦੱਸਾਂ ਕਿਵੇਂ ਦੱਸਾਂ। ਉਨ੍ਹਾਂ ਨੇ ਨਿੰਦਣੈ ਹੀ ਨਿੰਦਣੈ ‘ਨੀਲੋਂ’ ਨੂੰ ਹਰ ਹਾਲਤ, ਤੁਹਾਨੂੰ ਹੋਰ ਲੋਕਾਂ ਦੀ ਬਦੀ ਦੱਸਾਂ ਕਿਵੇਂ ਦੱਸਾਂ।

ਬੜਾ ਦੁਖ ਹੈ ਕਿਸੇ ਦੁਸ਼ਮਣ ਦੀ ਕਿੱਦਾਂ

ਬੜਾ ਦੁਖ ਹੈ ਕਿਸੇ ਦੁਸ਼ਮਣ ਦੀ ਕਿੱਦਾਂ ਚਾਲ ਸਮਝਣਗੇ, ਮੇਰੇ ਮਿੱਤਰ ਜੋ ਹੁਣ ਤੱਕ ਮੇਰੀ ਬੀਮਾਰੀ ਨਹੀਂ ਸਮਝੇ। ਮਗਰ ਲੱਗ ਜਾਣ ਭੋਲੇ ਭਾਅ ਕਿਸੇ ਦੇ ਨਰਮ ਬੋਲਾਂ ਦੇ, ਨਹੀਂ ਸਮਝੇ ਇਨ੍ਹਾਂ ਦੁਸ਼ਟਾਂ ਹੀ ਹੁਸ਼ਿਆਰੀ ਨਹੀਂ ਸਮਝੇ। ਸਿਆਸਤ ਖੇਡ ਹੈ ਐਸੀ ਕਿ ਦਾਨਸ਼ਵਰ ਵੀ ਚਕਰਾਏ, ਸਮਝ ਵਾਲੇ ਵੀ ਚਾਤਰ ਦੀ ਸਮਝਦਾਰੀ ਨਹੀਂ ਸਮਝੇ। ਪਤਾ ਨਹੀਂ ਹੋਰ ਕਿੰਨੇ ਮੇਰੇ ਚਾਰਾਸਾਜ਼ ਹੋਵਣਗੇ, ਉਹ ਖ਼ੁਦ ਲਾਚਾਰ ਨੇ ਜੋ ਮੇਰੀ ਲਾਚਾਰੀ ਨਹੀਂ ਸਮਝੇ। ਕਿਸੇ ਵੀ ਘਾਟ ਦਾ ਇਹਸਾਸ ਤਾਂ ਕਰਵਾ ਦਏ ਕੋਈ, ਕਿਉਂ ਸਮਝਣਯੋਗ ਵੀ ਮੇਰੀ ਵਫ਼ਾਦਾਰੀ ਨਹੀਂ ਸਮਝੇ। ਜਿਵੇਂ ਗੁੱਸੇ ਮਿਟੇ ਨੇ ਇੰਜ ਇਹ ਦੁੱਸਰ ਵੀ ਮਿਟ ਜਾਂਦੀ, ਉਹ ਦਿਲ ਦੀ ਗੱਲ ਕੁਝ ਸਮਝੇ ਨੇ ਪਰ ਸਾਰੀ ਨਹੀਂ ਸਮਝੇ। ਕਿਤੇ ਰੌਲੇ ਪੁਆ ਦਿੰਦੇ ਕਿਤੇ ਕੁਸਕਣ ਵੀ ਨਾ ਦਿੰਦੇ, ਇਹ ਨੀਤੀ-ਨਾਥ ਦੀ ਲੋਕੀ ਰਵਾਦਾਰੀ ਨਹੀਂ ਸਮਝੇ। ਉਹ ਕਿਹੜਾ ਹੈ ਜੋ ਪਿਆਰਾਂ ਵਿੱਚ ਅੱਜ ਅੰਗਿਆਰ ਪਾਉਂਦਾ ਹੈ, ਭਲੇ ਲੋਕੋ ਤੁਸੀਂ ਭਲਿਆਂ ਦੀ ਹੁਸ਼ਿਆਰੀ ਨਹੀਂ ਸਮਝੇ। ਗਲਾਦੜ ਹੋ ਕੇ ਉਹਨਾਂ ਦਾ ਵੀ ਨਾ ਰੁਤਬਾ ਘਟਾ ‘ਨੀਲੋਂ’ ਜੋ ਆਪਣੀ ਜਿੰਦ ਨੂੰ ਆਦਰਸ਼ ਤੋਂ ਪਿਆਰੀ ਨਹੀਂ ਸਮਝੇ।

ਤੂੰ ਉਲੂ ਏਂ ਨਹੀਂ ਤੈਨੂੰ ਪਤਾ

ਤੂੰ ਉਲੂ ਏਂ ਨਹੀਂ ਤੈਨੂੰ ਪਤਾ ਹੁੰਦੀ ਹੈ ਕੀ ਕੁਰਸੀ। ਕਿਸੇ ਲਈ ਮੌਤ ਹੈ ਕੁਰਸੀ ਕਿਸੇ ਲਈ ਜ਼ਿੰਦਗੀ ਕੁਰਸੀ। ਇਹ ਪੱਕਾ ਤਖ਼ਤ ਹੁੰਦੀ ਸੀ ਕਦੇ ਰਜਵਾੜਿਆਂ ਵੇਲੇ, ਇਹ ਹੁਣ ਘੁੰਮਦਾ ਏ ਸਰਮਾਇਆ ਤੇ ਨਾਲ਼ੇ ਘੁੰਮਦੀ ਕੁਰਸੀ। ਮਿਰੇ ਸਾਹਵੇਂ ਜਿਵੇਂ ਕੱਠਪੁਤਲੀਆਂ ਦਾ ਨਾਚ ਹੁੰਦਾ ਏ, ਕਿਸੇ ਬੰਦੇ ਨੂੰ ਬੰਦਾ ਰਹਿਣ ਹੀ ਦਿੰਦੀ ਨਹੀਂ ਕੁਰਸੀ। ਨਹੀਂ ਵੇਖੀ ਸ਼ਰਮ ਆਉਂਦੀ ਹੈ ਅਖ਼ਬਾਰਾਂ 'ਚ ਪੜ੍ਹ ਕੇ ਹੀ, ਕਿਵੇਂ ਸਦਨਾਂ ਦੇ ਵਿਚ ਬੇਬਾਕ ਹੋ ਕੇ ਨੱਚਦੀ ਕੁਰਸੀ। ਨਹੀਂ ਇਸ ਮਾਮਲੇ ਵਿਚ ਫ਼ਰਕ ਕੁਈ ਬੰਦੇ ਕੁਬੰਦੇ ਦਾ, ਜੁ ਕੁਝ ਕਰਨਾ ਹੈ ਬਸ ਓਹੋ ਹੀ ਕੁਝ ਕਰਦੀ ਪਈ ਕੁਰਸੀ। ਗਏ ਹਿਟਲਰ, ਮਸੋਲੀਨੀ, ਖੁਮੀਨੀ ਤੇ ਜ਼ਿਆ ਕੀ ਨੇ, ਉਨ੍ਹਾਂ ਹੇਠੋਂ ਵੀ ਦਿਨ ਆਏ ਉੜੀ ਇਸਪਾਤ ਦੀ ਕੁਰਸੀ। ਘੁਮੇਰ ਹੁੰਦੀ ਅਸਲ ਵਿਚ ਅਫ਼ਸਰੀ ਦੀ ਏਸ ਦੇ ਅੰਦਰ, ਨਾ ਹੁੰਦੀ ਇਸਤਰੀ ਕੁਰਸੀ ਨਾ ਹੁੰਦਾ ਆਦਮੀ ਕੁਰਸੀ। ਧਰਮ ਈਮਾਨ ਇੱਜ਼ਤ ਉੜ ਗਈ ਨੈਤਿਕਤਾ ਵੀ ਨਾਲ਼ੇ, ਨਫ਼ਾਖੋਰੀ ਜਮ੍ਹਾਂ-ਖੋਰੀ ਜਾਂ ਪਿੱਛੇ ਰਹਿ ਗਈ ਕੁਰਸੀ। ਨਾ ਬੰਦਾ ਅੱਤਵਾਦੀ ਏ ਨਾ ਬੰਦਾ ਵੱਖਵਾਦੀ ਏ, ਇਹ ਸਰਮਾਇਆ ਹੈ ਜਿਸ ਦੇ ਨਾਲ਼ ਹੈ ਬੱਝੀ ਪਈ ਕੁਰਸੀ। ਭੁਲਾਓ ਦਫ਼ਤਰਾਂ ਨੂੰ ਇਹ ਤਾਂ ਦੁਨੀਦਾਰੀ ਦੀ ਗੱਲ ਹੈ, ਧਰਮ-ਧਾਮਾਂ 'ਚ ਵੀ ਹਲ਼ਕੀ ਪਈ, ਹਲ਼ਕੀ ਪਈ ਕੁਰਸੀ। ਸਦਾ ਸੱਤਾ ਲਈ ਲੋਕਾਂ ਦਾ ਇਸ ਨੇ ਖ਼ੂਨ ਪੀਤਾ ਹੈ, ਜਦੋਂ ਕਿਧਰੇ ਕਿਤੇ ਭਿੜਦੀ ਏ ਕੁਰਸੀ ਨਾਲ਼ ਹੀ ਕੁਰਸੀ। ਵਸੀਅਤ ਵਿਚ ਆਪਣੇ ਮਰਨ ਵੇਲੇ ਵੀ ਇਹ ਲੋਕਾਂ ਨੂੰ, ਸਦਾਚਾਰੀ ਬਨਣ ਦੀ ਹੀ ਨਸੀਹਤ ਕਰ ਗਈ ਕੁਰਸੀ। ਸਮਾਂ ਸਰਮਾਏ ਦਾ ਹੈ ਬੈਂਗਣੀ ਹੀ ਉਘੜਨੈ ਇਸ ਨੇ, ਚਾਹੇ ਚਿੱਟੀ ਚਾਹੇ ਨੀਲੀ ਹੈ ਚਾਹੇ ਕੇਸਰੀ ਕੁਰਸੀ। ਸ਼ੁਕਰ ਕਰ ਤੂੰ ਕਿ ਹਾਲੇ ਤੀਕ ਤੇਰੇ ਹੱਡ ਬਾਕੀ ਨੇ, ਲਹੂ ਮਿੱਝ ਮਾਸ ਚਰਬੀ ਤੀਕ ਤੇਰੀ ਖਾ ਗਈ ਕੁਰਸੀ। ਸਮੇਂ ਦੇ ਬਾਗ਼ੀਆਂ, ਦਾਨਸ਼ਵਰਾਂ ਤੇ ਮਿਹਰਬਾਨਾਂ ਨੂੰ, ਕਦੇ ਵੀ ਕਿਸੇ ਹਾਲਤ ਵਿਚ ਵੀ ਭਾਈ ਨਹੀਂ ਕੁਰਸੀ। ਅਸੂਲ ਹੁੰਦੇ ਨੇ ਕੁਝ ਠੱਗਾਂ, ਡਕੈਤਾਂ, ਵੇਸਵਾਵਾਂ ਦੇ, ਉਹ ਭਲਿਆ ਬੇਅਸੂਲੀ ਗ਼ਰਕ ਜਾਣੀ ਏ ਤਿਰੀ ਕੁਰਸੀ। ਕਿਸੇ ਵੀ ਗੱਲ 'ਤੇ ਲੋਕੀ ਕਦੀ ਵੀ ਹੋਣ ਨਾ 'ਕੱਠੇ, ਇਦ੍ਹੇ ਵਿਚ ਸਮਝਦੀ ਹੈ ਬਿਹਤਰੀ ਹੀ ਬਿਹਤਰੀ ਕੁਰਸੀ। ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ‘ਨੀਲੋਂ’ ਦੀ ਨਲਾਇਕੀ ਤੋਂ, ਇਦ੍ਹੇ ਆਲੇ ਦੁਆਲੇ ਵੀ ਬਹੁਤ ਘੁੰਮੀ ਫਿਰੀ ਕੁਰਸੀ।

ਯਾਰੋ ਦੁਨੀਆਂ ਭਰ ਦਾ ਅਪਣੇ ਦਿਲ

ਯਾਰੋ ਦੁਨੀਆਂ ਭਰ ਦਾ ਅਪਣੇ ਦਿਲ ਵਿੱਚ ਦਰਦ ਸਮੋ ਕੇ। ਵਿਹੜੇ ਵਿੱਚ ਫੁੱਲਾਂ ਦੇ ਬੂਟੇ ਕੱਲ੍ਹ ਮੈਂ ਲਾਏ ਰੋ ਕੇ। ਫੁੱਲਾਂ ਦੇ ਚਿਹਰੇ 'ਤੇ ਖਿੜਦੇ ਮਿਹਨਤ ਦੇ ਰੰਗ ਭਾਵੇਂ, ਫਿਰ ਵੀ ਧਰਤ ਨੇ ਰੱਖੇ ਹੋਏ ਸੈਆਂ ਸੁਹਜ ਲੁਕੋ ਕੇ। ਭਾਵੇਂ ਰਾਸ ਕਿਸੇ ਨੂੰ ਆਵਣ ਜਾਂ ਨਾ ਆਵਣ ਰਾਤਾਂ, ਪਰ ਪੱਤਿਆਂ ਵਿਚ ਰਾਤਾਂ ਜਾਵਣ ਮੋਤੀ ਜਿਵੇਂ ਪਰੋ ਕੇ। ਜਦ ਵੀ ਮੀਂਹ ਵਰ੍ਹਿਆ ਤਾਂ ਵਰ੍ਹਿਆ ਜਾ ਕੇ ਸਾਗਰ ਉੱਤੇ, ਜਿਧਰ ਸੋਕੇ ਪੈ ਜਾਂਦੇ ਨੇ ਪੈਂਦੇ ਹੀ ਰਹਿੰਦੇ ਸੋਕੇ। ਸਹਿਕ ਰਹੀ ਏ ਤੇਰੀ ਛੁਹ ਨੂੰ ਹੁਣ ਤਾਂ ਡਾਲੀ ਡਾਲੀ, ਤੂੰ ਵੀ ਅੱਜ ਪੁਰੇ ਦੀ ਵਾਏ ਏਧਰ ਜਾਵੀਂ ਹੋ ਕੇ।

ਦੱਸਾਂ ਅਪਣੇ ਯਾਰ ਦੀ ਕੀ ਗੱਲ

ਦੱਸਾਂ ਅਪਣੇ ਯਾਰ ਦੀ ਕੀ ਗੱਲ। ਅਪਣੇ ਆਪ 'ਚ ਹੈ ਇਕ ਹਲਚਲ। ਪਿਆਰ ਜਿਨੂੰ ਕਹਿੰਦੇ ਨੇ ਅੱਜਕੱਲ੍ਹ। ਮੈਂ ਨਹੀਂ ਸ਼ਾਇਦ ਉਸ ਦੇ ਕਾਬਲ। ਕਿਹੜੇ ਪਾਸੇ ਜਾਵੇ ਕੋਈ, ਦਰ ਤੋਂ ਬਾਹਰ ਸਾਰੇ ਦਲਦਲ। ਅੱਗ ਬਰਸਦੀ ਫੁੱਲਾਂ 'ਤੇ ਹੀ, ਬਰਸਣ ਸਾਗਰ 'ਤੇ ਹੀ ਬੱਦਲ। ਸੌਂ ਗਈ ਅਪਣੇ ਦਿਲ ਦੀ ਦੁਨੀਆਂ, ਓੜ ਕੇ ਮਜਬੂਰੀ ਦਾ ਕੰਬਲ। ਮੈਨੂੰ ਮੇਰੇ ਹਾਲ 'ਤੇ ਛੱਡ ਕੇ, ਮੰਗਲ ਗਾਓ, ਗਾਓ ਮੰਗਲ। ਮੈਨੂੰ ਏਥੋਂ ਤੀਕ ਪੁਚਾਦਿਓ, ਸੋਚਣ ਦੇ ਵੀ ਰਹਾਂ ਨਾ ਕਾਬਿਲ !

ਨਾਹਰੇ ਬਣ ਚੌਕਾਂ ਵਿਚ ਉਡਣ

ਨਾਹਰੇ ਬਣ ਚੌਕਾਂ ਵਿਚ ਉਡਣ, ਹੁਣ ਤਾਂ ਹਰ ਇਕ ਘਰ ਦੀਆਂ ਗੱਲਾਂ। ਨਾ ਦਫ਼ਤਰ ਵਿਚ ਦਫ਼ਤਰ ਦੀ ਗੱਲ, ਨਾ ਘਰ ਦੇ ਵਿੱਚ ਘਰ ਦੀਆਂ ਗੱਲਾਂ। ਹੁਣ ਦੀ ਗੱਲ ਕਰੋ ਹੁਣ ਡਟ ਕੇ, ਛੱਡ ਦੇਵੋ ਸਭ ਪਰ ਦੀਆਂ ਗੱਲਾਂ। ਸੇਧਹੀਣ ਬਦਰੰਗ ਰਹਿਨੁਮਾ, ਕਰਨ ਹਮੇਸ਼ਾ ਡਰ ਦੀਆਂ ਗੱਲਾਂ। ਜਿਸ ਦਾ ਡੰਗ ਸਰਦੈ ਓਸੇ ਨੂੰ, ਸੁਝਦੀਆਂ ਰੂਪਨਗਰ ਦੀਆਂ ਗੱਲਾਂ। ਹੋਣੇ ਅਮਲਾਂ ਨਾਲ਼ ਨਬੇੜੇ, ਭੁੱਖੇ ਪੇਟ ਨ ਭਰਦੀਆਂ ਗੱਲਾਂ। ਰੋਟੀ ਦੇ ਰੋਣੇ ਧੋਣੇ ਵਿੱਚ, ਰੁਲ ਗਈਆਂ ਆਦਰ ਦੀਆਂ ਗੱਲਾਂ।

ਸ਼ਾਲਾ! ਹੁਸਨ ਤੇ ਇਸ਼ਕ ਦੀ

ਸ਼ਾਲਾ! ਹੁਸਨ ਤੇ ਇਸ਼ਕ ਦੀ ਹਿੰਮਤ ਬਣੀ ਰਹੇ। ਹਰ ਜ਼ਿੰਦਗੀ ਦੀ ਜ਼ਹਿਰ ਵੀ ਅਮ੍ਰਿਤ ਬਣੀ ਰਹੇ। ਨਾਲ਼ੇ ਤੂੰ ਸੋਚਦਾ ਏਂ ਤਿਰੀ ਪਤ ਬਣੀ ਰਹੇ। ਨਾਲ਼ੇ ਤੂੰ ਸੋਚਦਾ ਏਂ ਮੁਹੱਬਤ ਬਣੀ ਰਹੇ। ਸੁਖ ਹੈ ਜਿ ਸੁਖ 'ਚ ਦਰਦਾਂ ਦਾ ਅਨੁਭਵ ਅਮੀਰ ਹੈ, ਸੁਖ ਹੈ ਜੇ ਦੁੱਖ ਵੰਡਾਣ ਦੀ ਹਿੰਮਤ ਬਣੀ ਰਹੇ। ਕਰਦੀ ਕਲੋਲ ਮਨ 'ਚ ਕੁਈ ਯਾਦ ਲਾਡਲੀ, ਸ਼ਾਲਾ! ਇਵੇਂ ਮਾਹੌਲ ਦੀ ਰੰਗਤ ਬਣੀ ਰਹੇ। ਬੁੱਧੀ ਦੇ ਹੱਥ ਸਾਂਭ ਰੱਖ ਇੱਛਾ ਦੀ ਵਾਗ ਨੂੰ, ਚਾਹਤ ਨਾ ਪੈਰ ਪੈਰ 'ਤੇ ਪਰਬਤ ਬਣੀ ਰਹੇ। ਕਿੰਨਾ ਨਭਾਗਾ ਦਿਲ ਹੈ ਜੋ ਅੱਖਰਾਂ 'ਚ ਧੜਕਦੈ, ਕਾਹਦੀ ਉਹ ਪ੍ਰੀਤ ਹੈ ਜੋ ਨਿਰਾ ਖ਼ਤ ਬਣੀ ਰਹੇ। ਤੇਰੀ ਖੁਸ਼ੀ ਅਜੇ ਵੀ ਸ਼ਰਾਰਤ ਬਣੀ ਰਹੀ, ਮੇਰੀ ਵਫ਼ਾ ਕਿਵੇਂ ਨਾ ਬਗ਼ਾਵਤ ਬਣੀ ਰਹੇ।

ਜੇ ਹੋਵੇ ਵਸ 'ਚ ਤਾਂ ਇਸ ਤੋਂ ਤਾਂ ਮੌਤ

ਜੇ ਹੋਵੇ ਵਸ 'ਚ ਤਾਂ ਇਸ ਤੋਂ ਤਾਂ ਮੌਤ ਵੀ ਚੰਗੀ, ਕਿਸੇ ਗਰੀਬ ਦੇ ਜੀਵਨ 'ਚ ਬੇਬਸੀ ਨਾਲ਼ੋਂ। ਨਹੀਂ ਫਰੇਬ ਤਾਂ ਦੱਸੋ ਇਹ ਹੋਰ ਹੈ ਵੀ ਕੀ, ਇਹ ਜੀਣ ਕਿੰਨਾ ਕੁ ਚੰਗਾ ਹੈ ਖੁਦਕੁਸ਼ੀ ਨਾਲ਼ੋਂ। ਉਬਾਲ ਮਨ ਦੇ ਜੋ ਦਰਦਾਂ ਦੇ ਲੇਸ ਤੋਂ ਸੱਖਣੇ, ਰਹੇ ਨੇ ਤੋੜਦੇ ਬੰਦੇ ਨੂੰ ਜ਼ਿੰਦਗੀ ਨਾਲ਼ੋਂ। ਹੇ ਰੂਪ ! ਕਿਧਰੇ ਬਨਾਵਟ ਦੀ ਇਹ ਰੁਚੀ ਤੇਰੀ, ਲਵੇ ਨਾ ਤੋੜ ਹੀ ਅਸਲੇ ਨੂੰ ਸਾਦਗੀ ਨਾਲ਼ੋਂ। ਕਿਵੇਂ ਨਾ ਮੇਰੀਆਂ ਗ਼ਜ਼ਲਾਂ 'ਤੇ ਵੀ ਅਸਰ ਹੋਵੇ, ਮੁਹਾਲ ਟੁੱਟਣਾ ਜ਼ਮਾਨੇ ਦੀ ਬੇਸੁਰੀ ਨਾਲ਼ੋਂ।

ਖ਼ਬਰੇ ਕਿੱਧਰ ਕੱਟਦਾ ਚੱਕਰ ਰਾਤਾਂ ਦਾ

ਖ਼ਬਰੇ ਕਿੱਧਰ ਕੱਟਦਾ ਚੱਕਰ ਰਾਤਾਂ ਦਾ ਦਬਕਾਇਆ ਸੂਰਜ। ਕੱਲ੍ਹ ਸਵੇਰੇ ਨਿਮੋਝੂਣਾ ਹੋਇਆ ਹੋਇਆ ਆਇਆ ਸੂਰਜ। ਜਾਂ ਰੀਝਾਂ ਦੀ ਸ਼ਕਤੀ ਸਾਡੀ ਜਾਂ ਸਾਡੇ ਵਰਗਾ ਰੋਗੀ ਸੀ, ਸ਼ਾਮੀ ਤੇਰੀ ਇੰਤਜ਼ਾਰ ਨੇ ਕਿੰਨਾ ਚਿਰ ਅਟਕਾਇਆ ਸੂਰਜ। ਕਲਾਕਾਰ ਖ਼ੁਦ ਹੀ ਸੀ ਜਿਸ ਨੇ ਚਾਲ ਸਮੇਂ ਦੀ ਰੋਕਣ ਖ਼ਾਤਰ, ਮਹਾਂਬੀਰ ਦਾ ਭੇਸ ਬਣਾ ਕੇ ਸੰਘੋਂ ਹੇਠ ਲੰਘਾਇਆ ਸੂਰਜ। ਬਚਪਨ ਵਿੱਚ ਜੁਗਨੂੰ ਵੀ ਸਾਡੇ ਇਕ ਦੂਜੇ ਵਿੱਚ ਰਲ ਜਾਂਦੇ ਸਨ, ਹੁਣ ਤਾਂ ਦੂਰੋਂ ਦੇਖ ਲਈਦੈ ਆਪਣਾ ਅਤੇ ਪਰਾਇਆ ਸੂਰਜ। ਅੰਬਰ ਦਾ ਥਲ ਕਛਦੇ ਕਛਦੇ ਦਿਲ ਨੂੰ ਅੱਗ ਅਜਿਹੀ ਲੱਗੀ, ਪਾਣੀ ਪੀਣ ਗਿਆ ਸਾਗਰ 'ਤੇ ਡੁੱਬ ਗਿਆ ਤਿਰਹਾਇਆ ਸੂਰਜ। ਇਹਨਾਂ ਕੋਹੜੀ ਲੋਕਾਂ ਸ਼ਾਇਦ ਕੱਲ੍ਹ ਨੂੰ ਕੱਲ੍ਹ 'ਤੇ ਪਾ ਦੇਣੈ, ਭੰਨਾਂ ਘੜਤਾਂ ਦੇ ਵਿੱਚ ‘ਨੀਲੋਂ' ਅੱਜ ਦਾ ਇਨ੍ਹਾਂ ਗਵਾਇਆ ਸੂਰਜ।

ਕਿੰਨੇ ਨਿਘਾਰ ਜਾਏਗਾ ਰੋਸ਼ਨ

ਕਿੰਨੇ ਨਿਘਾਰ ਜਾਏਗਾ ਰੋਸ਼ਨ ਦਿਮਾਗ਼ ਹੋਰ, ਦੇਖਾਂਗੇ ਹੋਰ ਦੈਂਤ ਦੇ ਕਿੱਡੇ ਕੁ ਦੰਦ ਨੇ। ਆਖਿਰ ਉਹੀ ਜਨੂੰਨ ਦੇ ਘੇਰੇ 'ਚ ਆਉਣਗੇ, ਜੀਹਨਾਂ ਨੂੰ ਸੂਝ ਬੂਝ ਹੈ ਜੋ ਹੋਸ਼ਮੰਦ ਨੇ। ਜਾਵੇਗੀ ਐਸੀ ਕੌਮ ਕਿਵੇਂ ਨਾ ਨਿਘਾਰ ਵੱਲ, ਸਾਰੇ ਹੀ ਜਿਹੜੀ ਕੌਮ ਦੇ ਆਗੂ ਮਸੰਦ ਨੇ। ਧੱਕੇ ਦੇ ਪੁੱਤ ਮਾਰਦੇ ਡਾਕੇ ਤੇ ਹਨ ਅਜ਼ਾਦ, ਲੋਕਾਂ ਦੇ ਜਿਹੜੇ ਪੁੱਤ ਨੇ ਜਿਹਲਾਂ 'ਚ ਬੰਦ ਨੇ। ਆਓ! ਸਮੇਂ ਦੀ ਨਬਜ਼ ਨੂੰ ਮੁੜ ਕੇ ਪਛਾਣੀਏ, ਆਓ! ਤੁਹਾਡੇ ਹੌਸਲੇ ਜੇਕਰ ਬੁਲੰਦ ਨੇ।

ਗ਼ੈਰਾਂ ਦੀ ਦਾਲ ਗਲ਼ਦੀ ਪਈ ਐ

ਗ਼ੈਰਾਂ ਦੀ ਦਾਲ ਗਲਦੀ ਪਈ ਐ ਜਨਾਬ ਨਾਲ਼। ਹੋਣੀ ਨਾ ਹੁਣ ਤਸੱਲੀ ਕਿਸੇ ਵੀ ਜੁਆਬ ਨਾਲ਼। ਉਹਨਾਂ ਦੇ ਹਠ ਦੀ ਦਾਦ ਤਾਂ ਦੇਣੀ ਪਊ ਜ਼ਰੂਰ, ਹੰਭਦੇ ਨਾ, ਬੈਠਦੇ ਨਾ, ਜੋ ਤੁਰਦੇ ਹਿਸਾਬ ਨਾਲ਼। ਖੁਸ਼ੀਆਂ ਦੀ ਕਿੰਝ ਓਸਦੇ ਜੀਵਨ 'ਚ ਆਏ ਥੋੜ੍ਹ, ਮਹਿਕਾ ਸਕੇ ਚੁਫੇਰ ਜੋ ਦਿਲ ਦੇ ਗੁਲਾਬ ਨਾਲ਼। ਤਕੜੇ ਦੇ ਨਾਲ਼ ਰਲ਼ ਕੇ ਤੁਸੀਂ ਪਾਓ ਸ਼ੁਹਰਤਾਂ, ਭਿੜਦੇ ਪਏ ਹੋ ਐਵੇਂ ਕਿਉਂ ਖ਼ਾਨਾ ਖ਼ਰਾਬ ਨਾਲ਼। ਆਇਆ ਹੈ ਮੁੱਢੋਂ ਵੰਡਦਾ ਲੋਕਾਂ ਨੂੰ ਬਰਕਤਾਂ, ਧੋਖਾ ਹੀ ਹੁੰਦਾ ਆਇਆ ਏ ਮੇਰੇ ਪੰਜਾਬ ਨਾਲ਼।

ਹੁਣੇ ਹੀ ਆਏ ਹੁਣੇ ਜਾਣ ਜਾਣ ਕਰਦੇ ਹੋ

ਹੁਣੇ ਹੀ ਆਏ ਹੁਣੇ ਜਾਣ ਜਾਣ ਕਰਦੇ ਹੋ ! ਕਿਸੇ ਗ਼ਰੀਬ ਦੇ ਕਿਉਂ ਦਿਲ ਦਾ ਘਾਣ ਕਰਦੇ ਹੋ ! ਸ਼ੁਕਰ ਹੈ ਜੇ ਤੁਸੀਂ ਮੇਰਾ ਇਰਾਦਾ ਜਾਣ ਲਿਆ, ਸ਼ੁਕਰ ਹੈ ਜੇ ਤੁਸੀਂ ਏਨੀ ਪਛਾਣ ਕਰਦੇ ਹੋ ! ਇਹ ਰੂਪ ਰੰਗ ਜਵਾਨੀ 'ਚ ਰੱਤਿਆ ਜੋਬਨ, ਇਹ ਬੁਲਬੁਲੇ ਹੀ ਨੇ ਜੀਹਨਾਂ 'ਤੇ ਮਾਣ ਕਰਦੇ ਹੋ ! ਭਲਾ ਉਨ੍ਹਾਂ ਦਾ ਕਦੇ ਇੰਜ ਨਹੀਂ ਹੋ ਸਕਣਾ, ਭਲਾ ਜਿਨ੍ਹਾਂ ਦਾ ਤੁਸੀਂ ਅਪਣੀ ਜਾਣ ਕਰਦੇ ਹੋ ! ਇਹ ‘ਨੀਲੋਂ’ ਓਹੀ ਏ ਜਿਊਂਦੇ ਜੀ ਮਰ ਗਿਐ ਤਾਂ ਕੀ, ਕਾਹਨੂੰ ਬਦਬਖ਼ਤ ਦੀ ਮਿੱਟੀ ਬਰਾਨ ਕਰਦੇ ਹੋ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਕੁਲਵੰਤ ਨੀਲੋਂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ