Aasaan De Bot (Ghazals) : Kulwant Neelon
ਆਸਾਂ ਦੇ ਬੋਟ (ਗ਼ਜ਼ਲ ਸੰਗ੍ਰਹਿ) : ਕੁਲਵੰਤ ਨੀਲੋਂ
ਆਈ ਘੜੀ, ਉਨ੍ਹਾਂ ਦੇ ਵੀ; ਹੁਸ਼ਿਆਰ ਹੋਣ ਦੀ
ਆਈ ਘੜੀ, ਉਨ੍ਹਾਂ ਦੇ ਵੀ; ਹੁਸ਼ਿਆਰ ਹੋਣ ਦੀ, ਲੁੱਟੀ ਗਈ, ਹਰ ਮੋੜ ਤੇ, ਜੀਹਨਾਂ ਦੀ ਸਾਦਗੀ। ਆਉਂਦਾ ਪਿਐ ਉਨ੍ਹਾਂ ਚੋਂ ਵੀ ਅੱਜ ਲਾਲੀਆਂ ਦਾ ਸੇਕ, ਪੜ੍ਹਦਾ ਰਿਹਾ ਹਾਂ ਜਿਹੜੀਆਂ ਅੱਖਾਂ 'ਚ ਬੇਬਸੀ। ਜੀਵਨ ਨੂੰ ਗਰਮ ਰੱਖਣਾ, ਭਾਵਾਂ ਦੇ ਸੇਕ ਨਾਲ, ਮੈਨੂੰ ਤਾਂ, ਏਸੇ ਰੰਗ 'ਚੋਂ, ਮਿਲਦੀ ਹੈ ਬੰਦਗੀ। ਕਲ ਨੂੰ ਇਹ, ਦੁਸ਼ਟ ਉਹਨਾਂ ਦੇ, ਪੈਰਾਂ ਤੇ ਢਹਿਣਗੇ, ਜੀਹਨਾਂ ਦੀ ਅੱਜ ਗੱਲ ਵੀ ਕਰਦੇ ਨੇ ਅਣਸੁਣੀ। ਸੁਪਨੇ 'ਚ ਵੀ, ਸਕੇ ਨ ਉਹ, ਭਟਕਣ ਤੋਂ ਲੜ ਛੁੜਾ, ਲਭਦੇ ਰਹੇ ਜੋ, ਮੁੱਢ ਤੋਂ, ਪੈਸੇ 'ਚੋਂ ਹੀ ਖੁਸ਼ੀ। ਚੁੰਧਿਆ ਰਹੀ, ਇਸ ਦੌਰ ਦੀ, ਇਹ ਆਖਰੀ ਚਮਕ, ਜਿੱਧਰ ਵੀ, ਜੋ ਆਵਾਜ਼ ਹੈ, ਸਾਰੀ ਹੈ ਬੇਸੁਰੀ।
ਉਨ੍ਹਾਂ ਦੀ ਸੋਚ ਵੀ ਹਾਲਾਤ ਦੀ ਹਾਣੀ ਨਹੀਂ ਹੁੰਦੀ
ਉਨ੍ਹਾਂ ਦੀ ਸੋਚ ਵੀ ਹਾਲਾਤ ਦੀ ਹਾਣੀ ਨਹੀਂ ਹੁੰਦੀ। ਜਿਨ੍ਹਾਂ ਨੇ ਜ਼ਿੰਦਗੀ ਹਰ ਹਾਲ ਵਿਚ ਮਾਣੀ ਨਹੀਂ ਹੁੰਦੀ। ਸਮੂਹਕ ਪੀੜ ਦਾ ਇਹਸਾਸ, ਕੁਝ ਬੰਦਿਆਂ ਦੇ ਹੀ ਹਿੱਸੇ, ਹਰਿਕ ਨੇ ਜ਼ੌਕ ਦੀ ਵਾਦੀ ਤਾਂ ਮਹਿਕਾਣੀ ਨਹੀਂ ਹੁੰਦੀ। ਪਈ ਕੀਮਤ ਚੁਕਾਉਣੀ, ਰਮਜ਼ ਅਣਗੌਲੀ, ਕਰੀ ਜਿਸਨੇ, ਸਮੇਂ ਨੇ, ਬਾਹੋਂ ਫੜ ਕੇ, ਗੱਲ ਸਮਝਾਣੀ ਨਹੀਂ ਹੁੰਦੀ। ਸ਼ਿਕਾਰੀ ਵਾਂਗ, ਵਧ ਜਾਂਦਾ ਹੈ, ਸਗਵਾਂ ਹੌਸਲਾ ਦਿਲ ਦਾ, ਜਦੋਂ ਆਉਂਦੀ ਹੈ, ਉਹ ਔਕੜ, ਜੋ ਪਹਿਚਾਣੀ ਨਹੀਂ ਹੁੰਦੀ। ਭਵਿਖ ਦੇ ਰਾਣਿਆਂ ਦਾ, ਰਲਕੇ ਹਿਤ ਪੂਰਨ ਦੀ ਕੁਝ ਸੋਚੋ, ਵਫ਼ਾ ਮਨਵਾਈਦੀ ਹੈ, ਗੱਲ ਮਨਵਾਣੀ ਨਹੀਂ ਹੁੰਦੀ। ਇਸ਼ਾਰੇ, ਚਿੰਨ੍ਹ ਤੇ ਸੰਕੇਤ ਹੀ ਗ਼ਜ਼ਲਾਂ ਦੀ ਸ਼ੋਭਾ ਨੇ, ਜੇ ਹੋਵੇ ਗੱਲ ਵੀ, ਤਾਂ ਗੱਲ ਲਮਕਾਣੀ ਨਹੀਂ ਹੁੰਦੀ।
ਜਦ ਵੀ ਕੁੱਝ ਕਰਾਉਂਣਾ ਪੈਂਦੈ
ਜਦ ਵੀ ਕੁੱਝ ਕਰਾਉਂਣਾ ਪੈਂਦੈ, ਕੋਈ ਢੋਂਗ ਰਚਾਉਣਾ ਪੈਂਦੈ। ਕੀ ਹੋਇਆ ਜੇ ਵੋਟਾਂ ਵੇਲੇ, ਗੁਟਕੇ ਨੂੰ ਹੱਥ ਲਾਉਣਾ ਪੈਂਦੈ। ਗੁਰਗੱਦੀ ਨਹੀਂ ਇਹ ਕੁਰਸੀ ਹੈ, ਇਸਨੂੰ ਸਦਾ ਬਚਾਉਣਾ ਪੈਂਦੈ। ਸੱਚਾ ਹੋਵੇ ਚਾਹੇ ਝੂਠਾ, ਦੁਸ਼ਮਣ ਚੁੱਪ ਕਰਾਉਣਾ ਪੈਂਦੈ। ਜਿਹੜਾ ਜਿੱਦਾਂ ਟਿਕ ਸਕਦਾ ਹੈ, ਉਸਨੂੰ, ਉਵੇਂ ਟਕਾਉਣਾ ਪੈਂਦੈ। ਵੱਢੀਖੋਰੀ ਤੋਂ ਰਿਸ਼ਤੇ ਤਕ, ਹਰ ਇਕ ਢੰਗ ਅਪਣਾਉਣਾ ਪੈਂਦੈ। ਖਿੱਚ ਸਕੋ ਟੰਗਾਂ ਵੀ ਖਿੱਚੋ, ਗੋਡੀਂ ਹੱਥ ਵੀ ਲਾਉਣਾ ਪੈਂਦੈ। ਜੇ ਕੋਈ ਸਿੱਧੜ ‘ਨੀਲੋਂ’ ਵਰਗਾ, ਉੱਲੂ ਬਣੇ ਬਣਾਉਣਾ ਪੈਂਦੈ।
ਦਿਹੁੰ ਤੇ ਰਾਤਾਂ ਦੇ ਗੇੜੇ ਤਾਂ, ਓਵੇਂ ਦੇ ਓਵੇਂ ਨੇ ਪਰ
ਦਿਹੁੰ ਤੇ ਰਾਤਾਂ ਦੇ ਗੇੜੇ ਤਾਂ, ਓਵੇਂ ਦੇ ਓਵੇਂ ਨੇ ਪਰ, ਨਾ ਓਹੋ ਜਿਹਾ ਦਿਨ ਚੜਦਾ ਹੈ, ਨਾ ਓਹੋ ਜਿਹਾ ਢਲਦਾ ਹੈ। ਕੁਝ ਕੁਝ ਅਸਰ ਪਿਆ ਲਗਦਾ ਹੈ, ਬੁਝੇ ਬੁਝੇ ਹੁਏ ਸਾਹਾਂ ਦਾ, ਹਰ ਇਕ ਮੌਸਮ, ਹੁਣ ਏਧਰ ਨੂੰ, ਆਉਂਦਾ ਅੱਖਾਂ ਮਲਦਾ ਹੈ। ਸ਼ਾਮਾਂ ਵੇਲੇ, ਲਹਿੰਦੇ ਪਾਸੇ, ਲਾਲ ਸ਼ਿੰਗਰਫੀ ਤੇ ਸੁਰਮੱਈ, ਅੰਬਰ ਵੀ, ਨਿੱਤ, ਗਿਰਗਿਟ ਵਾਂਗੂੰ, ਆਪਣੇ ਰੰਗ ਬਦਲਦਾ ਹੈ। ਮੈਂ ਤਾਂ ਭਲਾਂ ਵਿਚਾਰਾ ਕਿਸਦਾ, ਮੇਰੇ ਰਾਹ ਹਨ ਹੀ ਔਖੇ, ਸੂਰਜ ਵੀ, ਹੁਣ, ਆਪਣੇ ਰਾਹ ਤੇ, ਦੇਖ ਦੇਖ ਕੇ ਚਲਦਾ ਹੈ। ਅੱਜ ਇਹ ਜਿਵੇਂ ਬੌਂਦਲੀ ਹੋਈ, ਹੁਝਕੇ ਖਾ ਖਾ ਤੁਰਦੀ ਏ, ਆਓ ! ਰਲ ਕੇ ਵਾ ਨੂੰ ਪੁੱਛੀਏ ਸਦਮਾ, ਕਿਹੜੀ ਗਲ ਦਾ ਹੈ। ਦੂਜੇ ਦਿਨ, ਇਕ ਹੋਰ ਨਵਾਂ ਹੀ, ਹੋਲੀ ਖੇਡਣ ਆ ਲਗਦੈ, ਇੱਕ ਸੂਰਜ ਨੂੰ, ਲਹਿੰਦਾ ਪਾਸਾ, ਭਾਵੇਂ ਨਿੱਤ ਨਿਗਲਦਾ ਹੈ।
ਵਫ਼ਾ 'ਚ ਭਿੱਜਿਆ ਹੁੰਘਾਰਾ, ਜੇ ਹੌਸਲੇ ਨੂੰ ਮਿਲੇ
ਵਫ਼ਾ 'ਚ ਭਿੱਜਿਆ ਹੁੰਘਾਰਾ, ਜੇ ਹੌਸਲੇ ਨੂੰ ਮਿਲੇ, ਅਥਾਹ ਦੁੱਖ ਵੀ, ਹਸ ਹਸ ਕੇ, ਜਰੇ ਜਾਂਦੇ ਨੇ। ਏਨੀ ਛਾਈ ਹੈ ਜ਼ਮੀਰਾਂ ਤੇ ਸਮੇਂ ਦੀ ਠੰਡਕ, ਬਚਾਏ ਕੌਣ ਕਿ ਸਾਰੇ ਹੀ ਠਰੇ ਜਾਂਦੇ ਨੇ। ਹਟਾਓ ਰਸਤਿਓਂ ਪਾਸੇ ਜੇ ਭਲਾ ਚਾਹੁੰਦੇ ਹੋ, ਇਹ ਲੋਕ ਸਾਰੇ ਹੀ ਗੁੱਸੇ 'ਚ ਭਰੇ ਜਾਂਦੇ ਨੇ। ਜਾਣਗੇ ਧੂਹੇ ਕਿਸੇ ਨਾ ਕਿਸੇ ਦਿਨ ਚੌਂਕਾਂ ਅੰਦਰ, ਦੁਸ਼ਟ, ਉਹ ਲੋਕ-ਹਿਤੋਂ ਜੋ ਪਰੇ ਜਾਂਦੇ ਨੇ। ਕੌਣ ਜਾਣੇ ਕਿ ਹੈ ਉਹਨਾਂ ਦੀ ਕੀਮਤ ਕਿੰਨੀ? ਪੈਰ ਜਿਹੜੇ ਵੀ ਇਨ੍ਹਾਂ ਰਾਹੀਂ ਧਰੇ ਜਾਂਦੇ ਨੇ।
ਕੱਠੇ ਹੋ ਹੋ ਤਾਕਤ ਬਣ ਗਏ
ਕੱਠੇ ਹੋ ਹੋ ਤਾਕਤ ਬਣ ਗਏ ਜਿਉਂ ਜਿਉਂ ਜਦੋਂ ਨਿਤਾਣੇ। ਤਿਓਂ ਤਿਓਂ ਸਫ਼ਾਂ ਵਲ੍ਹੇਟੀ ਜਾਂਦੇ ਜੱਗ ਤੋਂ ਆਦਮ-ਖਾਣੇ। ਤੰਦੂਏ ਨੂੰ ਫੈਲਣ ਦੀ ਦੇਵੇ ਸਮਾਂ ਕਿਵੇਂ ਮਨਜ਼ੂਰੀ, ਔਖੇ ਹੋ ਗਏ ਇਸ ਨੂੰ ਆਪਣੇ, ਆਪੂੰ ਫੰਧ ਛੁਡਾਣੇ। ਖਬਰੈ ਕਿੰਨਾ ਚਿਰ ਤਕ ਸਾਨੂੰ ਇਹ ਪਛਤਾਵਾ ਰਹਿਣਾ, ਓਦੋਂ ਅਸੀਂ, ਸਮੇਂ ਸਿਰ ਆਪਣੇ, ਕਿਉਂ ਨਾ, ਹਿਤੂ ਪਛਾਣੇ। ਦਮਗਜ਼ਿਆਂ ਦੇ ਸੁਰ ਵਿਚ ਜ਼ਾਲਮ ਹੁਬ ਹੁਬ ਚੌੜਾਂ ਕਰਦੇ, ਰੱਤ ਲੋਕਾਂ ਦੀ ਨਾੜਾਂ ਅੰਦਰ ਸੌਂ ਗਈ ਇਹਨਾਂ ਭਾਣੇ। ਸਿਦਕਾਂ ਵਾਲੇ ਤੁਰ ਪਏ ‘ਨੀਲੋਂ' ਜਦ ਵੀ ਨੂਰ ਵਿਹਾਜਣ, ਬੜੇ ਬੜੇ ਨੇਰ੍ਹਾਂ ਦੇ ਪਰਬਤ ਪੈਰਾਂ ਵਿਚ ਨਿਓਂ ਜਾਣੇ।
ਇਹ ਜੋ ਖੋਇਆ ਖੋਇਆ ਹੋਇਐ
ਇਹ ਜੋ ਖੋਇਆ ਖੋਇਆ ਹੋਇਐ। ਦਿਲ ਨੂੰ ਅਜ ਕੀ ਹੋਇਆ ਹੋਇਐ। ਪੱਤਿਆਂ ਦੇ ਟੇਪੇ ਜਿਹੇ ਕੀ ਨੇ, ਸ਼ਾਇਦ ਮੌਸਮ ਰੋਇਆ ਹੋਇਐ। ਭੁੱਲ ਗਏ ਉਹ ਵੀ ਜੀਹਨਾਂ ਦਾ, ਰਗ ਰਗ ਪਿਆਰ ਸਮੋਇਆ ਹੋਇਐ। ਫੁੱਲ ਐਵੇਂ ਨਹੀਂ ਟਹਿ ਟਹਿ ਕਰਦੇ, ਖੂਨ ਜੜਾਂ ਵਿਚ ਚੋਇਆ ਹੋ ਹੋਇਐ। ਬਚੋ ਬਚੋ ਮਾਲਾਧਾਰੀ ਤੋਂ, ਇਸਨੇ ਡੰਗ ਲੁਕੋਇਆ ਹੋਇਐ। ਹੋਰ ਅਗੇਰੇ ਕੀ ਹੋਣਾ ਸੀ, ਜੋ ਹੋਣਾ ਸੀ, ਹੋਇਆ ਹੋਇਐ। ਤੇਰੇ ਰਾਹ ਦਾ ਕਿਣਕਾ ਕਿਣਕਾ, ਨੈਣਾਂ ਵਿੱਚ ਪਰੋਇਆ ਹੋਇਐ। ਫੁੱਲਾਂ ਦਾ ਹੈ, ਜਾਂ ਕੰਡਿਆਂ ਦਾ, ਕਿਹੜਾ ਹਾਰ ਪਰੋਇਆ ਹੋਇਐ। ਆਪਣੇ ਓਹਲੇ ਦੇ ਵਿਚ ‘ਨੀਲੋਂ’ ਸਭ ਦਾ ਰੋਣਾ ਹੋਇਆ ਹੋਇਐ।
ਭਾਵੇਂ ਗਏ ਸੂਲੀਏ ਚਾੜ੍ਹੇ, ਭਾਵੇਂ ਧਰਤੀ ਗੱਡੇ
ਭਾਵੇਂ ਗਏ ਸੂਲੀਏ ਚਾੜ੍ਹੇ, ਭਾਵੇਂ ਧਰਤੀ ਗੱਡੇ, ਰੌਸ਼ਨ ਹੋਈਆਂ ਰੂਹਾਂ ਨੇ ਪਰ ਆਪਣੇ ਰਾਹ ਨ ਛੱਡੇ। ਲੋਟੂ ਢਾਣੇ ਤੋਂ ਜਦ ਤੀਕਰ ਖੋਹੀ ਨ ਸਰਦਾਰੀ, ਹੱਥ ਕਿਰਤੀ ਦੇ ਓਦੋਂ ਤੀਕਰ ਇੰਝ ਹੀ ਰਹਿਣੇ ਅੱਡੇ। ਮੁੱਠੀ ਭਰ ਮਦਮਸਤ ਮਦਾਰੀ ਇਕ ਦੂਜੇ ਤੋਂ ਮੂਹਰੇ, ਆਪਣੀ ਮੌਜ ਬਣਾ ਰੱਖਣ ਨੂੰ ਤੋੜ ਰਹੇ ਸਭ ਠੱਡੇ। ਕਿਹੜੀ ਥਾਂ ਤੇ ਲੁੱਕ ਜਾਵਣਗੇ, ਝੱਲੂ ਕਿਹੜਾ ਪਾਸਾ, ਲੋਕਾਂ ਨੇ ਜਦ ਭੁਗਤ ਸੁਆਰੀ, ਫੜ ਕੇ ਜਦੋਂ ਘਸੱਡੇ। ਕਾਲੇ ਧਨ ਦਾ ਨਾਮ ਧਿਆਕੇ, ਮਲ ਕੇ ਮੂੰਹ ਤੇ ਮਿੱਟੀ, ਵੋਟਾਂ ਮੰਗਣ ਤੁਰ ਪੈਂਦੇ ਨੇ, ਫੇਰ ਚੌਧਰੀ ਵੱਡੇ। ਬਹੁਤੀ ਪੁੱਗਣ ਨਾਲ ਜਦੋਂ ਵੀ ਬਹੁਤੇ ਮਾਣ 'ਚ ਆਵੇ, ਫਿਰ ਉਸ ਚਾਤਰ ਦੇ ਹੁੰਦੇ ਨੇ ਸਾਰੇ ਕੰਮ ਕੁਟੱਢੇ।
ਚੜ੍ਹਿਆ ਰਿਹਾ ਹਾਂ ਚਿਰਾਂ ਤੋਂ ਜਿਸਦੀ ਜ਼ੁਬਾਨ ਤੇ
ਚੜ੍ਹਿਆ ਰਿਹਾ ਹਾਂ ਚਿਰਾਂ ਤੋਂ ਜਿਸਦੀ ਜ਼ੁਬਾਨ ਤੇ, ਉਸਨੂੰ ਵੀ ਸ਼ੱਕ ਹੋ ਗਿਆ ਮੇਰੇ ਈਮਾਨ ਤੇ। ਹੈ ਬੇਸ਼ੁਮਾਰ ਦੁੱਖ ਦੀਆਂ ਪੰਡਾਂ ਦੇ ਹੇਠ ਸਿਰ, ਰੱਖੀ ਹੈ ਏਨੀ ਆਸ ਜੋ ਮੈਂ ਆਪਣੀ ਜਾਨ ਤੇ। ਹੱਥ ਅੱਡਣੋਂ ਸੰਕੋਚ ਜੋ ਕਰਦਾ ਹਾਂ-ਸੋਚ ਕੇ ਕੁਝ ਮੈਂ ਵੀ ਲੈ ਕੇ ਆਇਆ ਹਾਂ ਆਖਿਰ ਜਹਾਨ ਤੇ। ਲੈਂਦਾ ਨ ਜਾਣ ਬੁੱਝਕੇ ਫੁੱਲਾਂ ਦੀ ਸਾਰ ਜੋ, ਗੁੱਸਾ ਕਿਵੇਂ ਨ ਆਏਗਾ ਉਸ ਬਾਗ਼ਬਾਨ ਤੇ। ਸਿਫ਼ਤਾਂ ਕਰਾਂ ਕੀ ਓਸਦੇ ਅੜੀਅਲ ਸੁਭਾਅ ਦੀਆਂ, ਹਿੰਮਤ ਨ ਜਿਸ 'ਚ ਖੜਨ ਦੀ ਅਪਣੀ ਜ਼ੁਬਾਨ ਤੇ।
ਜੇ ਹੋਵੇ ਵਸ 'ਚ ਤਾਂ ਏਦੋਂ ਤਾਂ ਮੌਤ ਵੀ ਚੰਗੀ
ਜੇ ਹੋਵੇ ਵਸ 'ਚ ਤਾਂ ਏਦੋਂ ਤਾਂ ਮੌਤ ਵੀ ਚੰਗੀ, ਕਿਸੇ ਗ਼ਰੀਬ ਦੇ ਜੀਵਨ 'ਚ, ਬੇ-ਵਸੀ ਨਾਲੋਂ। ਨਹੀਂ ਫ਼ਰੇਬ, ਤਾਂ ਦੱਸੋ, ਇਹ ਹੋਰ ਹੈ ਵੀ ਕੀ, ਤੇ ਇਹ ਜੀਣ, ਕਿੰਨਾ ਕੁ ਚੰਗਾ ਹੈ ਖੁਦਕੁਸ਼ੀ ਨਾਲੋਂ। ਉਬਾਲ ਮਨ ਦੇ, ਜੋ ਦਰਦਾਂ ਦੇ ਲੇਸ ਤੋਂ ਸੱਖਣੇ, ਰਹੇ ਨੇ ਤੋੜਦੇ ਬੰਦੇ ਨੂੰ ਜ਼ਿੰਦਗੀ ਨਾਲੋਂ। ਹੇ ਰੂਪ ! ਕਿਧਰੇ ਬਨਾਵਟ ਦੀ ਇਹ ਰੁਚੀ ਤੇਰੀ, ਲਵੇ ਨ ਤੋੜ ਹੀ ਅਸਲੇ ਨੂੰ ਸਾਦਗੀ ਨਾਲੋਂ। ਜ਼ਰੂਰ ਹੋਵੇਗਾ ਗ਼ਜ਼ਲਾਂ ’ਤੇ ਵੀ ਅਸਰ ‘ਨੀਲੋਂ’ ਮੁਹਾਲ ਟੁਟਣਾ, ਜ਼ਮਾਨੇ ਦੀ ਬੇ-ਸੁਰੀ ਨਾਲੋਂ।
ਹੋਸ਼ 'ਚ, ਜਦ ਵੀ ਏਸ ਮੋੜ 'ਤੇ, ਆਇਆ ਹਾਂ
ਹੋਸ਼ 'ਚ, ਜਦ ਵੀ ਏਸ ਮੋੜ 'ਤੇ, ਆਇਆ ਹਾਂ, ਤਾਂ ਰੋਇਆ ਏ। ਦਿਲ ਚੰਦਰੇ ਨੂੰ, ਏਥੇ ਆ ਕੇ, ਏਵੇਂ ਹੀ ਕੁਝ ਹੋਇਆ ਏ। ਅੰਤਾਂ ਵਾਰੀ, ਉੱਚੀਆਂ ਛੱਲਾਂ, ਸਿਰ ਤੋਂ ਅਸੀਂ ਲੰਘਾਈਆਂ ਨੇ, ਸਾਡੇ ਅਪਣੇ ਹੀ ਸਾਹਾਂ ਨੇ, ਸਾਨੂੰ ਅੰਤ ਡੁਬੋਇਆ ਏ। ਜੋਸ਼ 'ਚ, ਹੋਸ਼ 'ਚ, ਬੇਸੁੱਧੀਆਂ ਵਿਚ ਤੇਰਾ ਹੀ ਦਰ ਦਿਸਦਾ ਏ, ਮੈਨੂੰ ਲਗਦਾ ਹੈ ਕਿ ਮੇਰਾ, ਏਧਰ ਹੀ ਕੁਝ ਖੋਇਆ ਏ। ਭਾਂਬੜ ਨ ਬਣ ਜਾਵੇ ਕਿਧਰੇ, ਚੰਗਾ ਹੈ ਜੇ ਸੌਂ ਜਾਵੇ, ਇਕ ਅਸਾਂ ਨੇ ਦਗਦਾ ਕੋਲਾ ਕੁੱਖਾਂ ਹੇਠ ਲਕੋਇਆ ਏ। ਹਾਲੇ ਤੱਕ ਇਹਨਾਂ ਦੇ ਨੇੜੇ, ਸਾਂਝੇ ਦੁਖ-ਸੁਖ ਦੀ ਗਲ ਹੈ, ਹੁਣ ਤੱਕ ਹੋਰ ਇਨ੍ਹਾਂ ਅੱਖਰਾਂ ਨੇ, ਕਿਹੜਾ ਰੋਣਾ ਰੋਇਆ ਏ। ਮੇਰੇ ਸਾਹਾਂ ਤੱਕ ਦੀ ਗਿਣਤੀ, ਕੀਤੀ ਹੈ ਜਿਸ ਚੰਦਰੇ ਨੇ, ਉਸਨੇ ਆਪਣੇ ਦਿਲ ਦਾ ਬੂਹਾ, ਕਿਉਂ ਮੇਰੇ ਲਈ ਢੋਇਆ ਏ। ਪੀ ਕੇ, ਬੇਸੁਰਤੀ ਵਿੱਚ ਡਿਗਿਆ, ਕੇਵਲ ‘ਨੀਲੋਂ' ਹੀ ਦਿਸਿਐ, ਨਿੰਦਣਯੋਗ ਤਾਂ ਓਥੇ ਉਸ ਦਿਨ, ਹੋਰ ਬੜਾ ਕੁਝ ਹੋਇਆ ਏ।
ਭਾਵੇਂ ਆਪਣਾ ਘਰ ਹੁੰਦਾ ਹੈ
ਭਾਵੇਂ ਆਪਣਾ ਘਰ ਹੁੰਦਾ ਹੈ, ਫੇਰ ਵੀ ਕਾਫ਼ੀ ਡਰ ਹੁੰਦਾ ਹੈ। ਚਾਹੇ ਹੋਣ ਬੋਲਦੇ ਉੱਲੂ, ਆਖਿਰ ਨੂੰ ਦਫ਼ਤਰ ਹੁੰਦਾ ਹੈ। ਖ਼ੂਨ ਜਿਗਰ ਦਾ ਡੁਲ੍ਹਦਾ ਜਾਂਦੈ, ਜਰ ਲਓ ! ਜਦ ਤਕ ਜਰ ਹੁੰਦਾ ਹੈ ! ਨਾ ਬਹੁਤਿਆਂ ਨੂੰ ਜੀਣਾ ਆਉਂਦੈ, ਨਾ ਬਹੁਤਿਆਂ ਤੋਂ ਮਰ ਹੁੰਦਾ ਹੈ। ਜੇ ਬੈਠੋ ਤਾਂ ਬੈਠ ਨ ਹੋਵੇ, ਜੋ ਕਰਨੈ, ਨਾ ਕਰ ਹੁੰਦਾ ਹੈ। ਦੁੱਖ ਅਪਣੇ ਪਰਛਾਵੇਂ ਵਾਂਗੂ ਮੂਹਰੇ ਕਦੇ ਮਗਰ ਹੁੰਦਾ ਹੈ। ‘ਨੀਲੋਂ' ਹੋਰਾਂ ਵਾਂਗ ਸਬਰ ਹੀ, ਕਰ ਲੈ, ਜੇਕਰ ਕਰ ਹੁੰਦਾ ਹੈ।
ਖੋਇਆ ਖੋਇਆ ਜਹਾਨ ਦਿਸਦਾ ਹੈ
ਖੋਇਆ ਖੋਇਆ ਜਹਾਨ ਦਿਸਦਾ ਹੈ, ਮੋਇਆ ਮੋਇਆ ਈਮਾਨ ਦਿਸਦਾ ਹੈ। ਇਹਨਾਂ ਖ਼ੁਸ਼ੀਆਂ ਦੇ ਖੰਡਰਾਂ ਅੰਦਰ, ਹਾਲੇ ਦਿਲ ਦਾ ਨਿਸ਼ਾਨ ਦਿਸਦਾ ਹੈ। ਜਿਹੜੀ ਥਾਂ ਤੇ ਕਿਸੇ ਦਾ ਦਿਲ ਹੋਵੇ, ਜ਼ਰਰਾ ਜ਼ਰਰਾ ਮਹਾਨ ਦਿਸਦਾ ਹੈ। ਅਪਣੀ ਅਪਣੀ ਸਮਝ ਦੀ ਸ਼ੇਖੀ ਹੈ, ਅਪਣਾ ਅਪਣਾ ਜਹਾਨ ਦਿਸਦਾ ਹੈ। ਗੁੰਮ ਹੋਇਆਂ ਨੂੰ ਗੁੰਮ ਹੋਣ ਦਿਓ, ਸਾਨੂੰ ਖੁੱਲ੍ਹਾ ਜਹਾਨ ਦਿਸਦਾ ਹੈ। ਹੋਏ ਜਿੱਥੇ ਵੀ ਦੇਵਤੇ ਕੱਠੇ, ਮੈਨੂੰ ਉਸ ਥਾਂ ਸ਼ੈਤਾਨ ਦਿਸਦਾ ਹੈ।
ਹਾਲ ਦੇਖਕੇ ਘਰ ਦਾ, ਕੀਤਾ ਕੀ ਜਾਵੇ
ਹਾਲ ਦੇਖਕੇ ਘਰ ਦਾ, ਕੀਤਾ ਕੀ ਜਾਵੇ ! ਦਿਲ ਜਾਂਦੈ ਨਿਘਰਦਾ, ਕੀਤਾ ਕੀ ਜਾਵੇ ! ਮੂੰਹ-ਮੰਗੀ ਰਿਸ਼ਵਤ ਲੈਕੇ ਵੀ, ਜੇ ਕੋਈ, ਕੋਈ ਕੰਮ ਨ ਕਰਦਾ, ਕੀਤਾ ਕੀ ਜਾਵੇ ! ਮੂਰਖ ਗਾਲ੍ਹਾਂ ਕੱਢਦੇ ਨੇ ਚਪੜਾਸੀ ਨੂੰ, ਫਿੱਟੇ ਹੁਏ ਅਫ਼ਸਰ ਦਾ, ਕੀਤਾ ਕੀ ਜਾਵੇ ! ਹੁਣ ਤਨਖਾਹਾਂ ਨਾਲ ਮਸਾਂ ਮਘਦਾ ਚੁੱਲਾ, ਟੱਬਰ ਪਾਲੇ ਮਰਦਾ, ਕੀਤਾ ਕੀ ਜਾਵੇ ! ਵੋਟਾਂ ਵੇਲੇ ਖਬਰੈ ਕਿੱਦਾਂ ਪੈ ਜਾਂਦੈ, ਸਭ ਦੀ ਅਕਲ ਤੇ ਪਰਦਾ, ਕੀਤਾ ਕੀ ਜਾਵੇ! ਹਰ ਕੋਈ ਕਹਿੰਦੈ ਸੌ ਗੁੰਡਿਆਂ ਦਾ ਗੁੰਡਾ ਹੈ, ਮੁਖੀਆ ਏਸ ਇਸ ਨਗਰ ਦਾ, ਕੀਤਾ ਕੀ ਜਾਵੇ ! ਕਹਿੰਦੇ ਮੁਕਤਲ ਵਿੱਚੋਂ ਲੰਘ ਕੇ ਲੱਭਦਾ ਹੈ, ਬੂਹਾ ਤੇਰੇ ਘਰ ਦਾ, ਕੀਤਾ ਕੀ ਜਾਵੇ ! ਟੁੱਟਦਾ ਟੁੱਟਦਾ ਆਖਿਰ ਨੂੰ ਟੁੱਟ ਜਾਣਾ ਏਂ, ਠੂਠਾ ਲੋਕ-ਸਬਰ ਦਾ, ਕੀਤਾ ਕੀ ਜਾਵੇ ! ਹਰ, ‘ਨੀਲੋਂ’ ਦੇ ਚੰਗੇ ਜੀਵਨ ਦਾ ਸੁਪਨਾ, ਖਰ ਗਿਆ ਖਰਦਾ, ਖਰਦਾ ਕੀਤਾ ਕੀ ਜਾਵੇ !
ਮਹਿਕਦਾ ਨਾ ਰੂਪ ਮਹਿਕਾਏ ਬਿਨਾਂ
ਮਹਿਕਦਾ ਨਾ ਰੂਪ ਮਹਿਕਾਏ ਬਿਨਾਂ। ਸਾਰ ਲੈਂਦੇ ਇੰਜ ਅਖਵਾਏ ਬਿਨਾਂ। ਦਿਲ ਨੂੰ ਜਾਂ ਤੜਪਣ ਦੀ ਆਦਤ ਪੈ ਗਈ, ਜਾਂ ਤੁਸੀਂ ਰਹਿੰਦੇ ਨ ਤੜਪਾਏ ਬਿਨਾਂ। ਮਹਿਲ ਆਸਾਂ ਦੇ ਤੇ ਦਿਲ ਦਾ ਹੌਸਲਾ, ਇਹ ਕਦੇ ਵੀ ਨ ਢਹਿਣ ਢਾਏ ਬਿਨਾਂ। ਮੇਲ ਦੇ ਸੁਪਨੇ 'ਚ ਡੁੱਬ ਗਈ ਹਰ ਖੁਸ਼ੀ, ਹੁਣ ਨਹੀਂ ਸਰਦਾ ਤਿਰੇ ਆਏ ਬਿਨਾਂ। ਦਿਲ ਤਾਂ ਸਮਝਾਇਆ ਵੀ ਨ ਸਮਝੇ ਕਦੀ, ਨੈਣ ਬੇਸਮਝਾਂ ਨੂੰ ਸਮਝਾਏ ਬਿਨਾਂ। ਹਾਏ ! ਵਰ੍ਹਦੀ ਅੱਗ ਉਫ਼ ! ਪੱਲੂ ਤਿਰਾ, ਮਰ ਹੀ ਨਾ ਜਾਵਾਂ ਕਿਤੇ ਸਾਏ ਬਿਨਾਂ। ਤੇਰੇ ਗ਼ਮ ਨੂੰ ਓਟ ਖੁਸ਼ੀਆਂ ਦੀ ਕਰਾਂ, ਜੀ ਤਾਂ ਸਕਦਾ ਹਾਂ, ਮੈਂ, ਮੁਸਕਾਏ ਬਿਨਾਂ।
ਕਲੀ ਕਲੀ ਨੂੰ ਨਜ਼ਰ ਦਾ ਖ਼ੁਮਾਰ ਹੋਣ ਦਿਓ
ਕਲੀ ਕਲੀ ਨੂੰ ਨਜ਼ਰ ਦਾ ਖ਼ੁਮਾਰ ਹੋਣ ਦਿਓ, ਕਿਸੇ ਬਹਾਰ ਦੀ, ਅੱਜ, ਇੰਤਜ਼ਾਰ ਹੋਣ ਦਿਓ। ਹਮੇਸ਼ਾ ਵਾਸਤੇ, ਜਿੱਤਾਂ ਦਾ ਮੈਂ, ਨਹੀਂ ਕਾਇਲ, ਵਫ਼ਾ ਦੇ ਨਿੱਘ 'ਚ ਹੁੰਦੀ ਏ ਹਾਰ, ਹੋਣ ਦਿਓ ! ਨਿਰੋਲ ਵਹਿਮ ਹੀ ਜਾਪੇਗੀ ਫੇਰ ਹਰ ਦੂਰੀ, ਅਕਲ ਦੇ ਜ਼ੋਰ ’ਤੇ ਦਿਲ ਨੂੰ, ਉਡਾਰ ਹੋਣ ਦਿਓ। ਖਿ਼ਜ਼ਾਂ ਦੇ ਪਾਰ ਹੀ, ਹੁੰਦੇ ਨੇ ਫੁੱਲ ਖ਼ੁਸ਼ੀਆਂ ਦੇ, ਨਜ਼ਰ 'ਚ ਲੋਚ, ਤੇ ਪੈਰਾਂ 'ਚ ਖ਼ਾਰ, ਹੋਣ ਦਿਓ ! ਵਫ਼ਾ ਦਾ ਪਾਸ ਵੀ ਹੈ; ਦਰਦ ਵੀ ਅਮੀਰੀ ਵੀ, ਜੇ ਇਸ਼ਕ ਫੇਰ ਵੀ, ਹੈ ਦਾਗ਼ਦਾਰ, ਹੋਣ ਦਿਓ ! ਸਵੱਲੀ ਨਜ਼ਰ ਦੀ, ਅੱਜ ਮਿਹਰ ਹੋ ਗਈ ਭੁੱਲ ਕੇ, ਨਿਸਾਰ ਹੁੰਦਾ ਏ, ਲੂੰ ਲੂੰ, ਨਿਸਾਰ ਹੋਣ ਦਿਓ।
ਅਜੇ ਵੀ ਓਸ ਬੇ-ਵਫ਼ਾ ਦੇ ਹੀ
ਅਜੇ ਵੀ ਓਸ ਬੇ-ਵਫ਼ਾ ਦੇ ਹੀ, ਆਈ ਜਾਂਦੇ ਨੇ ਖ਼ਾਬ ਕੀ ਕਰੀਏ! ਜਿੰਨਾ ਕਰਦੇ ਹਾਂ ਵਧਦਾ ਜਾਂਦਾ ਹੈ, ਦਿਲ ਦੇ ਗ਼ਮ ਦਾ ਹਿਸਾਬ ਕੀ ਕਰੀਏ ! ਹੈ ਨਹੀਂ ਮਹਿਕ ਦਾ ਕੁਈ ਗਾਹਕ, ਰੂਹ ਦਾ ਖਿੜਿਆ ਗੁਲਾਬ ਕੀ ਕਰੀਏ? ਤੇਰੇ ਤਕ ਖ਼ਤ ਪੁਚਾਣ ਵਾਲਾ ਵੀ, ਬਣ ਗਿਐ ਅੱਜ ਨਵਾਬ, ਕੀ ਕਰੀਏ? ਮਾਣ ਮੱਤੇ ਦੇ ਰੋਸਿਆਂ ਦਾ ਜੇ, ਦੇ ਨਾ ਹੋਵੇ ਜਵਾਬ, ਕੀ ਕਰੀਏ !
ਮੇਰੇ ਕੋਲੋਂ, ਕੰਡਾ ਤੱਕ ਵੀ
ਮੇਰੇ ਕੋਲੋਂ, ਕੰਡਾ ਤੱਕ ਵੀ, ਜਦਕਿ ਝੱਲ ਨ ਹੁੰਦਾ, ਫਿਰ ਇਹ ਕਹੀਏ, ਏਥੇ ਕੋਈ, ਮਸਲਾ ਹਲ ਨ ਹੁੰਦਾ। ਸੋਚਾਂ ਵਿਚ ਪਰਬਤ ਦੀ ਟੀਸੀ, ਸਾਗਰ ਦੀ ਡੂੰਘਿਆਈ, ਪੈਰਾਂ ਤੋਂ ਪਰ ਦੋ ਕਰਮਾਂ ਵੀ, ਡਟਕੇ ਚੱਲ ਨਾ ਹੁੰਦਾ। ਲੋਕਾਂ ਦੇ ਕਲਿਆਣ ਦੀਆਂ ਜੋ ਸਾਹ ਸਾਹ ਬਾਤਾਂ ਪਾਉਂਦੇ, ਪਰਖੋ ਤਾਂ, ਉਹਨਾਂ ਦਾ ਦਿਲ ਵੀ, ਉਹਨਾਂ ਵੱਲ ਨ ਹੁੰਦਾ। ਨਿੱਕੇ ਰੋਸ ਇਕੱਠੇ ਹੋ ਕੇ, ਹੁਣ ਝੱਖੜ ਬਣ ਝੁੱਲਣ, ਪਰਬਤ ਜੇਡ ਇਰਾਦੇ ਬਾਝੋਂ, ਦੁਸ਼ਮਣ ਠੱਲ ਨ ਹੁੰਦਾ। ਨੌਸਰਬਾਜਾਂ ਦੀ ਨੌਸਰ ਦਾ, ਟੁੱਟ ਸਕਦਾ ਏ ਜਾਦੂ, ਬਿਨ ਕੁਰਬਾਨੀ, ਪਰ ਜੰਤਾ ਦਾ, ਖਾੜਾ ਮੱਲ ਨ ਹੁੰਦਾ। ਦੁਸ਼ਮਣ ਦੀਆਂ ਚਾਲਾਂ ਤੇ ਝਾਲਾਂ, ਝੱਲ ਕਦੇ ਨ ਸਕਦੇ, ਸੂਝਾਂ ਨਾਲ, ਸਿਰਾਂ ਵਿਚ ਜੇਕਰ, ਏਨਾਂ ਝੱਲ ਨ ਹੁੰਦਾ। ਇਹ ਵੀ ਢੋਰਾਂ ਦੇ ਢਾਣੇ ਵਿਚ, ਕੱਦਾ ਰਲ ਗਿਆ ਹੁੰਦਾ, ‘ਨੀਲੋਂ’ ਦੇ ਸੀਨੇ ਵਿਚ, ਜੇਕਰ ਕੋਈ ਸੱਲ ਨ ਹੁੰਦਾ।
ਦਿਸ਼ਾਹੀਣ, ਸੱਖਣੇ ਅੰਬਰ ਤੇ ਖੰਭ
ਦਿਸ਼ਾਹੀਣ, ਸੱਖਣੇ ਅੰਬਰ ਤੇ ਖੰਭ ਫੜਕਾਂਦੀਆਂ ਰਹੀਆਂ। ਲੱਖਾਂ ਜਿੰਦਾਂ, ਰੋਗਣ ਹੋਈਆਂ, ਏਸ ਤਰ੍ਹਾਂ ਮੈਂ ਜੇਹੀਆਂ। ਸਾਡੀਆਂ ਗੱਲਾਂ ਤਾਂ ਸਨ ਕੇਵਲ, ਨੀਂਦਰ ਤੋੜਨ ਜਿੰਨੀਆਂ, ਜੱਗ ਦੀ ਝੋਲੀ ਪਾ ਚੱਲੇ ਹਾਂ, ਸਭ ਕਹੀਆਂ ਅਣ-ਕਹੀਆਂ। ਬਾਹਰ, ਜੀਹਨਾਂ ਦੇ ਸਾਹਾਂ ਨੂੰ, ਮੌਸਮ ਰਾਸ ਨ ਹਾਲੇ, ਦਿਲ ਦੇ ਅੰਦਰ, ਗੱਲਾਂ ਪਈਆਂ, ਉਹ ਥੱਹੀਆਂ ਹੀ ਥੱਹੀਆਂ। ਜਦ, ਲੋਕਾਂ ਦਾ ਲੇਖਾ ਕੁਝ ਕੁਝ, ਨਿਬੜਨ ਨੇੜੇ ਆਇਆ, ਬੜੇ ਹਿਸਾਬੀ, ਫੋਲ ਕੇ ਬਹਿ ਗਏ, ਝੱਟ ਪੁਰਾਣੀਆਂ ਬਹੀਆਂ। ਲੰਮੇ ਪੈਂਡੇ ਦੇ ਰਾਹੀਆਂ ਨੇ, ਜਦੋਂ ਉਸਾਰੇ ਜਿਗਰੇ, ਸੋਚ ਦੁਆਲੇ ਵਲੀਆਂ ਕੰਧਾਂ, ਸਭ ਢੇਰੀ ਹੋ ਗਈਆਂ।
ਭਟਕਦੀ ਰੂਹ ਨੂੰ ਜਦੋਂ, ਕੋਈ ਠਿਕਾਣਾ
ਭਟਕਦੀ ਰੂਹ ਨੂੰ ਜਦੋਂ, ਕੋਈ ਠਿਕਾਣਾ ਮਿਲ ਗਿਆ। ਝੱਟ ਕੁਝ ਲੋਕਾਂ ਨੂੰ, ਕੋਸਣ ਦਾ ਬਹਾਨਾ ਮਿਲ ਗਿਆ। ਜਿਗਰ ਦਾ ਪੀ ਕੇ ਲਹੂ, ਤਾਂ, ਸ਼ਬਦ ਗੁਲਦਸਤਾ ਬਣੇ, ਐਵੇਂ ਲੋਕਾਂ ਨੂੰ ਨਹੀਂ ਕੋਈ ਤਰਾਨਾ ਮਿਲ ਗਿਆ। ਕਈ ਵਾਰੀ ਜ਼ਿੰਦਗੀ ਵਿਚ, ਮਿਲ ਕੇ ਇਕ ਇਨਸਾਨ ਨੂੰ, ਇੰਜ ਲਗਦਾ ਹੈ ਜਿਵੇਂ ਸਾਰਾ ਜ਼ਮਾਨਾ ਮਿਲ ਗਿਆ। ਭਾਲ ਜਿਸ ਦੀ ਵਿਚ ਲੋਕੀ, ਮੁੱਦਤਾਂ ਭਟਕੇ ਫਿਰੇ, ਮੈਨੂੰ ਤਾਂ ਉਹ ਜਨਮ ਤੋਂ ਹੀ ਦਿਲ ਦੀਵਾਨਾ ਮਿਲ ਗਿਆ। ਤੇਰਾ ਬਿਰਹਾ ਵੀ ਸੀ, ਇਕ ਇਨਸਾਨੀਅਤ ਦਾ ਹੀ ਪੜਾਅ, ਹੁਣ ਤਾਂ ਮੈਨੂੰ ਲੋਕ-ਗ਼ਮ ਦਾ ਵੀ ਖ਼ਜ਼ਾਨਾ ਮਿਲ ਗਿਆ।
ਗਲ ਕਰਦੇ ਹੋ, ਚਾਲ ਕਰਦੇ ਹੋ
ਗਲ ਕਰਦੇ ਹੋ, ਚਾਲ ਕਰਦੇ ਹੋ ! ਚੰਗਾ ਮੇਰਾ ਖਿਆਲ ਕਰਦੇ ਹੋ ! ਦੇ ਰਹੇ ਹੋ ਦਿਲਾਸੇ ਜੋ ਏਨੇ, ਮਿਹਰਬਾਨੋ ! ਕਮਾਲ ਕਰਦੇ ਹੋ ! ਚਾਤਰੋ ! ਕਿੰਝ ਹਰਾਮ ਦਾ ਖਾਧਾ, ਸਾਊ ਬਣ ਕੇ ਹਲਾਲ ਕਰਦੇ ਹੋ। ਲੋਟੂਓ ਲੋਕ-ਹਿਤ ਦੇ ਓਹਲੇ ਵਿਚ, ਆਪਣੀ ਸੁਹਰਤ ਬਹਾਲ ਕਰਦੇ ਹੋ ! ‘ਨੀਲੋਂ’ ਥੋਡੇ ਤੇ ਓਨਾਂ ਹੀ ਖੁਸ਼ ਹੈ, ਜਿੰਨਾਂ ਇਸਨੂੰ ਨਿਹਾਲ ਕਰਦੇ ਹੋ।
ਜੇ ਦਰਿਆ ਲਹੂ ਨਾਲ ਭਰਦੇ ਰਹਿਣਗੇ
ਜੇ ਦਰਿਆ ਲਹੂ ਨਾਲ ਭਰਦੇ ਰਹਿਣਗੇ, ਤਰਨ ਵਾਲੇ, ਇਸ ਨੂੰ ਵੀ ਤਰਦੇ ਰਹਿਣਗੇ। ਅਕਲ ਵਾਲਿਓ! ਸਿਰ-ਫਿਰੇ ਸਿਦਕ ਵਾਲੇ, ਸਦਾ ਰੰਗ ਜੀਵਨ 'ਚ ਭਰਦੇ ਰਹਿਣਗੇ। ਜਿਗਰ ਜਾਲ ਕੇ ਵੀ ਹਨੇਰੇ ਨੂੰ ਰੌਸ਼ਨ, ਜੋ ਕਰਦੇ ਰਹੇ ਨੇ, ਉਹ ਕਰਦੇ ਰਹਿਣਗੇ। ਕਦੋਂ ਤਕ ਇਹਨਾਂ ਦਾ ਸਬਰ ਤੇ ਗੁਜ਼ਾਰਾ? ਕਦੋਂ ਤਕ ਤਿਰੇ ਵਾਰ ਜਰਦੇ ਰਹਿਣਗੇ ? ਹਮੇਸ਼ਾ ਹੀ ਤੂਫ਼ਾਨ ਸਾਗਰ ਦੀ ਹਿੱਕ ਤੇ, ਉੱਭਰਦੇ ਰਹੇ ਨੇ, ਉੱਭਰਦੇ ਰਹਿਣਗੇ।
ਦੁਨੀਆਂ 'ਚ ਖ਼ਬਰ ਦਿਲ ਦੀ
ਦੁਨੀਆਂ 'ਚ ਖ਼ਬਰ ਦਿਲ ਦੀ, ਨਸ਼ਰ ਕਰਕੇ ਰਹਾਂਗੇ। ਹਾਲਾਤ ਤੋਂ ਹੁਣ, ਕਿੰਨਾ ਕੁ ਚਿਰ, ਡਰਕੇ ਰਹਾਂਗੇ। ਪੈ ਜਾਵੇ, ਸਿਆਹੀ ਦੀ ਥਾਂ ਜੇ, ਲੋੜ ਲਹੂ ਦੀ, ਹਰ ਹਾਲ, ਬਹਾਰਾਂ ਦਾ, ਜ਼ਿਕਰ ਕਰਕੇ ਰਹਾਂਗੇ। ਲਾਹ ਲੈਣ ਦਿਓ, ਕੁਝ ਕੁ ਅਕੇਵਾਂ ਅਤੇ ਥਕੇਵਾਂ, ਆਖਿਰ ਨੂੰ ਤਾਂ ਇਹ ਪੂਰਾ ਸਫ਼ਰ ਕਰ ਕੇ ਰਹਾਂਗੇ। ਉਹ ਕਿਹੜਾ ਸਿਤਮ ਹੈ ਜੋ ਅਸਾਂ ਨੇ ਨਾ ਹੰਢਾਇਆ, ਜ਼ਾਲਿਮ ਦੀ ਅਸੀਂ ਪੂਰੀ ‘ਕਦਰ’ ਕਰਕੇ ਰਹਾਂਗੇ। ਲਾਹ ਲੈ ਤੂੰ, ਜਿਵੇਂ ਡੰਝ ਤਿਰੀ, ਖ਼ੂਨ ਥੀਂ ਲਹਿੰਦੀ, ਇਹ ਅੱਗ ਦੇ ਦਰਿਆ ਵੀ, ਅਸੀਂ ਤਰਕੇ ਰਹਾਂਗੇ। ਰੁੱਖੀ ਹੀ ਰਹੇ ਖਾਂਦੇ, ਪਾਣੀ ਠੰਢਾ ਹੀ ਪੀਂਦੇ, ਏਦਾਂ ਹੀ ਰਹਾਂਗੇ ਤਾਂ, ਅਸੀਂ ਮਰਕੇ ਰਹਾਂਗੇ।
ਸਾਰੀ ਮੌਸਮ ਦੀ ਗੱਲ ਸੱਜਣਾ
ਸਾਰੀ ਮੌਸਮ ਦੀ ਗੱਲ ਸੱਜਣਾ, ਬਿੰਦ ਹੋਈ ਲਹਿਰਾਂਦੀਆਂ ਸਨ, ਚੰਦਰੀ 'ਵਾ ਵਿਚ, ਟਕਰਾ ਪਈਆਂ, ਪੱਤੀਆਂ ਇੱਕੋ ਡਾਲ ਦੀਆਂ। ਇੱਕ ਬਰਸਾਤੀ ਨਾਲੇ ਜਿੰਨਾ, ਦੁਸ਼ਮਣ ਵਿੱਚ ਹੈ ਬਲ ਹਾਲੇ, ਪੈਣਗੀਆਂ ਕਿੰਨਾ ਚਿਰ ਹੁੱਗਾਂ, ਹੋਰ ਪਰਾਏ ਮਾਲ ਦੀਆਂ। ਹੱਡ ਤੋੜ, ਰੱਤ ਚੂਸੀ, ਮਗਰੋਂ ਚਮੜੀ ਵੇਚ ਜਿਨ੍ਹਾਂ ਖਾਧੀ, ਉਹ ਅੱਜ ਉੱਚੀ ਉੱਚੀ ਕਰਦੇ, ਗੱਲਾਂ ਹੱਕ-ਹਲਾਲ ਦੀਆਂ। ਘੱਟੋ-ਘੱਟ ਓਥੇ ਤਕ ਮੇਰੀ, ਰਾਮ-ਕਹਾਣੀ ਪਹੁੰਚੇਗੀ, ਜਿੱਥੇ ਜਿੱਥੇ ਫਿ਼ਰਦੀਆ ਕੂੰਜਾਂ, ਢਿੱਡ ਦਾ ਬਾਲਣ ਭਾਲਦੀਆਂ। ਏਸ ਚਮਨ ਦਾ ਚੰਦਰਾ ਮਾਲੀ, ਏਥੇ ਫੁੱਲ ਕੀ ਖਿੜਨੇ ਨੇ ! ਰੂਪ ਦੀਆਂ ਤ੍ਰਹਾਈਆਂ ਨਜ਼ਰਾਂ, ਏਥੋਂ ਕੀ ਨੇ ਭਾਲਦੀਆਂ !
ਕੇਵਲ ਇਹ ਇੱਕ ਪੜਾਅ ਹੈ
ਕੇਵਲ ਇਹ ਇੱਕ ਪੜਾਅ ਹੈ, ਮਿਰਾ, ਸੱਚ ਦੀ ਭਾਲਦਾ, ਲੱਕ ਤੋੜਨਾ ਹੈ ਬਾਕੀ ਅਜੇ, ਭਰਮ ਜਾਲ ਦਾ। ਤੈਨੂੰ ਜੁੜੇ ਨਾ ਤੇਰਿਆਂ ‘ਵਚਨਾਂ’ ਚੋਂ ਵੀ ਖੁਸ਼ੀ, ਮੈਨੂੰ ਤਾਂ ਹੌਂਸਲਾ ਵੀ ਹੈ, ਹੱਥਾਂ ਦੀ ਘਾਲ ਦਾ। ਕਾਹਦਾ ਹੈ ਰੂਹ ਦੇ ਵਣਜ ਵਿਚ ਘਾਟਾ, ਜੋ ਹੈ ਅਜ਼ਾਦ ! ਤੂੰ ਤਾਂ ਨਿਰਾ ਗ਼ੁਲਾਮ ਏਂ ਮਾਇਆ ਤੇ ਮਾਲ ਦਾ। ਨੌਸਰ ਦਾ ਇੱਕ ਰੂਪ ਹੈ ਤੇਰਾ ‘ਸਮਾਜਵਾਦ' ਬੋਦਾ ਪਿਆ ਹੈ ਤੰਦ ਹਰ ਇਕ ਏਸ ਜਾਲ ਦਾ। ਤੂੰ ਆਪਣੀ ਪਿਆਰੀ ਮੌਤ ਨੂੰ ਕੰਢੇ ਤੇ ਖੜ੍ਹ ਉਡੀਕ ! ਔਹ ਦੇਖ ! ਦੂਤ ਆ ਰਿਹੈ ਸਾਗਰ ਹੰਘਾਲਦਾ।
ਪੁੱਛਣ ਵਾਲਿਆਂ ਨੂੰ ਕੀ ਦੱਸੀਏ
ਪੁੱਛਣ ਵਾਲਿਆਂ ਨੂੰ ਕੀ ਦੱਸੀਏ, ਰੂਹ ਕਿਸ ਗੱਲੋਂ ਰੋਈ, ਦਿਲ ਤੋਂ ਸਾਂਭ ਕੇ ਰੱਖ ਨਾ ਹੋਈ, ਯਾਦਾਂ ਦੀ ਖੁਸ਼ਬੋਈ। ਤੈਨੂੰ, ਜਿਵੇਂ ਉਡੀਕ ਰਹੇ ਨੇ, ਰਾਹਾਂ ਦੇ ਰੁੱਖ ਓਵੇਂ, ਓਵੇਂ ਹੀ, ਲੁਛਦੀ ਫਿਰਦੀ ਏ, ਪਾਉਣ-ਵਿਯੋਗਣ ਹੋਈ। ਤੂੰ ਜਿੱਥੋਂ ਦੀਆਂ ਆਸਾਂ ਲਾਈਆਂ, ਆਸਾਂ ਦੇ ਵਣਜਾਰੇ, ਖਬਰੈ ਪਹੁੰਚੇ ਜਾਂ ਨਾ ਪਹੁੰਚੇ, ਓਥੋਂ ਤਕ ਅਰਜੋਈ। ਮੈਂ ਵੀ ਅਜ, ਓਸੇ ਪਾਸੇ ਵਲ, ਮੁੜਦਾ ਮੁੜਦਾ ਬਚਿਆ, ਜਿਸ ਪਾਸੇ ਵਲ, ਰੋਂਦਾ ਰੋਂਦਾ ਦਿਸਦਾ ਏ ਹਰ ਕੋਈ। ਕਦੇ ਕਦੇ ਤਾਂ, ਹੌਲਾ ਹੌਲਾ, ਕੁਝ ਕੁਝ, ਮਨ ਵੀ ਹੋਵੇ, ਕਿਤੇ ਕਿਤੇ ਤਾਂ ਲੋੜੀਂਦੀ ਹੈ, ਦਿਲ ਨੂੰ ਵੀ ਦਿਲਜੋਈ। ਧੂੜ ਬਣੇ, ਜਾਂ ਲੀਕਾਂ ਬਣਕੇ, ਚਿਹਰੇ ਤੇ ਖਿੰਡ ਜਾਵੇ, ਮਨ ਦੀ ਹਾਲਤ, ਲੰਮੇ ਚਿਰ ਤਕ, ਲੁਕਦੀ ਨਹੀਂ ਲਕੋਈ। ਜੀਵਨ ਥੱਲ ਵਿਚ ਜਿਹੜੀ ਰੂਹ ਦੀ, ਪਿਆਸ ਬੁਝਾਈ ਸ਼ਿਅਰਾਂ, ਉਹ ਵੀ ਖਬਰੈ ਕਿਉਂ ਕਰਦੀ ਏ ‘ਨੀਲੋਂ’ ਦੀ ਬਦਖੋਈ।
ਮੈਂ ਭੁਲਾ ਦੇਵਾਂਗਾ ਤੈਨੂੰ
ਮੈਂ ਭੁਲਾ ਦੇਵਾਂਗਾ ਤੈਨੂੰ, ਏਨਾ ਦਮ ਮੇਰਾ ਨਹੀਂ, ਜੋ ਰੁਕੇ ਨਾ ਤੇਰੇ ਦਰ ਤੇ, ਉਹ ਕਦਮ ਮੇਰਾ ਨਹੀਂ। ਮੈਂ ਦੁਖੀ ਹੋਵਾਂ, ਕਿਸ ਦੇ ਨਾਲ ਤੈਨੂੰ ਦੇਖ ਕੇ, ਇਸ ਤਰ੍ਹਾਂ ਵਹਿਮਾਂ 'ਚ ਡੁੱਬਿਆ ਹੋਇਆ ਮਨ, ਮੇਰਾ ਨਹੀਂ। ਦਾਗ਼ ਬਣਕੇ ਯਾਦ ਵਿਚ ਖੁੱਭਣਾ ਹੈ ਜਿਸਨੇ ਉਮਰ ਭਰ, ਇੰਜ ਨ ਆਖੋ ਤੁਸੀਂ ਕਿ "ਉਹ ਜ਼ਖ਼ਮ ਮੇਰਾ ਨਹੀਂ।” ਮੈਂ ਜਿਦ੍ਹੇ ਲਾਇਆ ਹੈ ਲੇਖੇ, ਬਸ, ਹੈ ਉਹੀ ਜਾਣਦਾ, ਜੱਗ ਨੂੰ ਇਹ ਕੀ ਪਤੈ ਕਿ ਇਹ ਜਨਮ ਮੇਰਾ ਨਹੀਂ। “ਇਸ ਤਰ੍ਹਾਂ ਹੀ ਇਸਦਿਆਂ ਭਾਗਾਂ 'ਚ ਲਿਖਿਆ ਹੋਵੇਗਾ”, ਹਸ ਕੇ, ਜ਼ਾਲਮ ਨੇ ਕਿਹਾ ਕਿ, 'ਇਹ ਸਿਤਮ ਮੇਰਾ ਨਹੀਂ।' ਮੈਂ ਸਮਾਂ ਖੋਇਆ ਹੈ ਕਿੰਨਾ ਸਮੇਂ ਦੀ ਪਹਿਚਾਣ ਵਿਚ, ਇਹ ਤਾਂ ਸਭ ਨੂੰ ਹੀ ਪਤਾ ਹੈ ਇਹ ਵਹਿਮ ਮੇਰਾ ਨਹੀਂ।
ਅਪਣੀ ਰੂਹ ਦੀਆਂ ਸਾਰਾਂ ਕਿੱਥੇ
ਅਪਣੀ ਰੂਹ ਦੀਆਂ ਸਾਰਾਂ ਕਿੱਥੇ, ਰੂਪ ਦੀਆਂ ਗੁਲਜ਼ਾਰਾਂ ਕਿੱਥੇ। ਢਲਿਆ ਰੂਪ ਕੁਠਾਲੀ ਦਿਲ ਦੀ, ਇਸ ਨੂੰ ਹੋਰ ਨਿਖ਼ਾਰਾਂ ਕਿੱਥੇ ! ਮੇਰੇ ਗੀਤਾਂ ਨਾਲ ਨਿਭਣ ਜੋ, ਸਾਜ਼ਾਂ ਵਿਚ ਉਹ ਤਾਰਾਂ ਕਿੱਥੇ। ਸਿਰ ਤੇ ਦੁਸ਼ਟ ਚੜੇ ਆਉਂਦੇ ਨੇ, ਵਿਸ਼-ਭਿੱਜੀਆਂ ਤਲਵਾਰਾਂ ਕਿੱਥੇ। ਐਵੇਂ ਇੱਕ ਭੁਲੇਖਾ ਹੁੰਦੈ, ਪਿਆਰ 'ਚ ਹੁੰਦੀਆਂ ਹਾਰਾਂ ਕਿੱਥੇ। ਰੂਹ ਤੇ ਰੰਗ ਚੜ੍ਹਾਵਾਂ ਕਿੱਥੋਂ, ਦਿਲ ਦਾ ਦਰਦ ਨਿਖ਼ਾਰਾਂ ਕਿੱਥੇ। ਪੈਰ ਪੈਰ ਤੇ ਸਿਰੀਆਂ ਚੁੱਕਣ, ਐਨੇ ਦੁੱਖ ਨਵਾਰਾਂ ਕਿੱਥੇ। ਹੌਲ ਜਿਹਾ ਪੈ ਜਾਂਦੈ ਦਿਲ ਨੂੰ, ਅੱਧੀ ਰਾਤ ਪੁਕਾਰਾਂ ਕਿੱਥੇ। ਹੌਕੇ ਤੱਕ ਵੀ ਸੈਂਸਰ ਹੋ ਗਏ, ਪਹੁੰਚ ਗਈਆਂ ਦੀਵਾਰਾਂ ਕਿੱਥੇ। ਬੈਠ ਗਏ ਥਾਂ ਥਾਂ ਤੇ ਪਹਿਰੇ, ਦਿਲ ਦੀ ਗੱਲ ਚਤਾਰਾਂ ਕਿੱਥੇ। ਤੂੰ ਤਾਂ ਇਸਦਾ ਮੁੱਲ ਨਾ ਪਾਇਆ, ਇਸ ਮੱਥੇ ਨੂੰ ਮਾਰਾਂ ਕਿੱਥੇ। ਕੁਝ ਅਹਿਸਾਸ ਤਾਂ ਚਾਹੀਦਾ ਹੈ, ਮਨ ਚੰਦਰੇ ਨੂੰ ਮਾਰਾਂ ਕਿੱਥੇ।
ਕੁਈ ਵੇਲਾ ਸੀ ਖੜ੍ਹਕੇ ਤੱਕਿਆ
ਕੁਈ ਵੇਲਾ ਸੀ ਖੜ੍ਹਕੇ ਤੱਕਿਆ ਕਰਦੇ ਸੀ ਰਾਹ ਮੇਰਾ, ਜਿ ਹੁਣ, ਜੀ ਭਰ ਕੇ ਤੱਕਣ ਤੇ ਦਿਲ, ਤਾਂ ਕੀ ਗੁਨਾਹ ਮੇਰਾ। ਤੂੰ ਮੇਰੀਆਂ ਧੜਕਣਾਂ ਤੋਂ ਕੰਮ ਜਿੰਨਾ ਲੈ ਸਕੇ ਲੈ ਲੈ ! ਬੜੀ ਵਾਰੀ ਕਿਹੈ, ਦਿਲ ਨੇ ਇਹ ਮੈਨੂੰ, ਕੀ ਵਸਾਹ ਮੇਰਾ। ਨਹੀਂ ਇਨਸਾਫ਼ ਨੇ ਹੁਣ ਬਹੁਤ ਚਿਰ, ਪੈਸੇ ਲਈ ਵਿਕਣਾਂ, ਤਿਰੇ ਚਿਹਰੇ ਦਾ ਉੜਿਆ ਰੰਗ ਹੈ ਪੱਕਾ ਗਵਾਹ ਮੇਰਾ। ਇਹਨਾਂ ਫੁੱਲਾਂ ਦੀਆਂ ਨਾੜਾਂ 'ਚ ਨੱਚਦਾ ਲਹੂ ਹੈ ਮੇਰਾ, ਬਹਾਰੋ ! ਰੁਮਕਦੇ ਬੁਲ੍ਹਿਆਂ ਨੇ, ਕਿਉਂ ਘੁੱਟਿਆ ਹੈ ਸਾਹ ਮੇਰਾ। ਇਹ ਅਣਹੋਣੀ ਨਹੀਂ ਦੁਸ਼ਮਣ ਕਿਸੇ ਤੇ ਤਰਸ ਖਾ ਜਾਵੇ, ਪਤਾ ਲੱਗਿਆ, ਪਿਆ ਜਦ, ਮਿੱਤਰਾਂ ਦੇ ਨਾਲ ਵਾਹ ਮੇਰਾ।
ਕੁਈ ਵੱਡੀ ਗੱਲ ਨਹੀਂ
ਕੁਈ ਵੱਡੀ ਗੱਲ ਨਹੀਂ, ਗੱਲ ਮਨ ਦੀ ਪੁਗਾ ਲੈਣੀ, ਹਰ ਪਿਆਰ ਦੇ ਕੁੱਠੇ ਦਾ, ਇਕ ਪੰਧ ਲੰਮੇਰਾ ਹੈ। ਜਿਸ ਫੁੱਲ ਦੀ ਖੁਸ਼ਬੋਈ ਨਿੰਦਰਾਉਂਦੀ ਹੈ ਅਨੁਭਵ ਨੂੰ, ਉਸ ਫੁੱਲ ਦੇ ਨਾਲੋਂ ਤਾਂ ਕੰਡਾ ਵੀ ਭਲੇਰਾ ਹੈ। ਦਿਨ ਕਾਲੇ ਲੰਘਾਏ ਨੇ, ਇਹ ਪਲਟਿਆਂ ਹੀ ਪਲਟੇ, ਇਹ ਸਾਡੀਓ ਹਿੰਮਤ ਹੈ, ਇਹ ਸਾਡਾ ਹੀ ਜੇਰਾ ਹੈ। ਤਕਰੀਰ ਤਾਂ ਲੰਮੀ ਹੈ ਦੋਹਰਫ਼ੀ ਹੈ ਗੱਲ ਕੇਵਲ, ਤਹਿ-ਦਿਲ ਤੋਂ ਜੇ ਹੋ ਜਾਵੇ, ਇਕ ਬੋਲ ਬਥੇਰਾ ਹੈ। ਅਸਚਰਜ ਕਹਾਣੀ ਹੈ ਵਿਗਿਆਨ ਦੇ ਯੁਗ ਅੰਦਰ, ਕਿਤੇ ਦਰਦ ਦਾ ਚਾਨਣ ਹੈ, ਕਿਤੇ ਧੰਨ ਦਾ ਹਨੇਰਾ ਹੈ।
ਚੁਫੇਰੇ ਪਸਰਿਆ ਹੋਇਆ ਹੈ, ਨ੍ਹੇਰਾ
ਚੁਫੇਰੇ ਪਸਰਿਆ ਹੋਇਆ ਹੈ, ਨ੍ਹੇਰਾ ਨਿੱਜ ਦਾ ਏਨਾ, ਨ ਦਿਲ ਵੀ, ਰੋਸ਼ਨੀ ਖਾਤਰ ਜਲਾਈਏ, ਹੋਰ ਕੀ ਕਰੀਏ। ਮਿਰੇ ਯਾਰਾਂ ਨੂੰ ਮੇਰੀ ਸੁਨਣ ਦੀ, ਅੱਜ ਵਿਹਲ ਹੈ ਕਿੱਥੇ ! ਹਵਾਵਾਂ ਨੂੰ ਵੀ, ਨਾ ਜੇ, ਕੁਝ ਸੁਣਾਈਏ, ਹੋਰ ਕੀ ਕਰੀਏ। ਜਦੋਂ ਚਿਹਰੇ ਦੀਆਂ ਰੇਖਾਵਾਂ, ਤੇ ਅਹਿਸਾਸ ਦੀ ਗਰਮੀ, ਕੁਈ ਬੁੱਝੇ ਨ, ਤਾਂ ਚੁੱਪ, ਬੈਠ ਜਾਈਏ, ਹੋਰ ਕੀ ਕਰੀਏ। ਵਫ਼ਾ ਸੀ ਅਣਖ ਸੀ ਜੀਹਨਾਂ ਨੂੰ, ਪੂਰਾ ਪਾਸ ਵਾਅਦੇ ਦਾ ਚਲੋ ! ਕਬਰਾਂ 'ਚੋਂ ਉਹ ਮੁਰਦੇ ਜਗਾਈਏ, ਹੋਰ ਕੀ ਕਰੀਏ। ਨਹੀਂ ਸ਼ਿਅਰਾਂ ਦੀ ਆਊ ਸਮਝ ਕਿਧਰੇ ਕੰਮ ਤਾਂ ਆਊ, ਤਿਰੇ ‘ਨੀਲੋਂ’ ਨੂੰ ਵੀ ਅੱਜ, ਸੁਣ ਹੀ ਜਾਈਏ, ਹੋਰ ਕੀ ਕਰੀਏ।
ਮਿਰੇ ਸੁਪਨੇ ਬਹਾਰਾਂ ਨਾਲ ਰਲਦੇ ਦੇਖ ਨਾ ਹੋਏ
ਮਿਰੇ ਸੁਪਨੇ ਬਹਾਰਾਂ ਨਾਲ ਰਲਦੇ ਦੇਖ ਨਾ ਹੋਏ, ਤਦੇ ਤਾਂ, ਪੈਰ, ਦੁਸ਼ਮਣ ਤੋਂ ਸੰਭਲਦੇ ਦੇਖ ਨਾ ਹੋਏ। ਕਦੇ ਵੀ ਸ਼ਿਕਰਿਆਂ, ਕਾਵਾਂ ਅਤੇ ਖੂੰਖਾਰ ਬਾਜ਼ਾਂ ਤੋਂ, ਕਿਸੇ ਦੇ ਆਹਲਣੇ ਵਿਚ ਬੋਟ ਪਲਦੇ ਦੇਖ ਨਾ ਹੋਏ। ਜੋ ਮਿੱਤਰ ਹੈ ਕਿਵੇਂ ਝੱਲਾਂ ਉਥੇ ਮਾਯੂਸ ਚਿਹਰੇ ਨੂੰ, ਮਿਰੇ ਦੁਸ਼ਮਣ ਵੀ ਮੈਥੋਂ ਹੱਥ ਮਲਦੇ ਦੇਖ ਨਾ ਹੋਏ। ਕਦੇ ਢਲਦੀ ਜੁਆਨੀ ਦਾ ਵੀ ਮੰਨਿਆ ਦੁੱਖ ਨਾ ਦਿਲ ਨੇ, ਕਿਤੇ ਰੁੱਖਾਂ ਦੇ ਪਰਛਾਵੇਂ ਵੀ ਢਲਦੇ ਦੇਖ ਨਾ ਹੋਏ। ਬੁਰੀ ਧਾਰੀ ਹੋਈ ਸੀ, ਪਰ ਸੁੱਤੇ ਸਿੱਧ ਹੀ ਬੁਲਾ ਬੈਠੇ, ਉਹ ਆਏ, ਪੈਰ ਜਿਹੇ, ਨੇੜੇ ਨੂੰ ਮਲਦੇ ਦੇਖ ਨਾ ਹੋਏ। ਸਿਰਾਂ ਤਕ ਵੀ ਨਹੀਂ ਸਾਂਭੇ, ਕਮਾਏ ਇਹੋ ਜਿਹੇ ਜਿਗਰੇ. ਜਦੋਂ ਸੁਪਨੇ ਇਨ੍ਹਾਂ ਝੁੱਗੀਆਂ 'ਚ ਗਲਦੇ ਦੇਖ ਨਾ ਹੋਏ?
ਗ਼ਮ ਬਹੁਤ, ਜ਼ਿੰਦਗੀ ਦਾ ਸਜਨ
ਗ਼ਮ ਬਹੁਤ, ਜ਼ਿੰਦਗੀ ਦਾ ਸਜਨ ਖਾ ਲਿਆ ਅਸੀਂ, ਆਪਣਾ ਹੀ ਮਨ, ਅਖੀਰ ਨੂੰ, ਸਮਝਾ ਲਿਆ ਅਸੀਂ। ਇੱਕ ਦੋ ਘੜੀ ਦੀ ਨਿੱਘੀਆਂ ਬਾਹਾਂ ਦੇ ਨਿੱਘ 'ਚੋਂ, ਉਮਰਾਂ ਦਾ ਰੋਣ ਆਪਣੇ, ਗਲ ਪਾ ਲਿਆ ਅਸੀਂ। ਚਾਵਾਂ ਦੀ ਭਰਕੇ ਝੋਲ, ਤਿਰੇ ਦਰ ਤੇ ਆ ਗਏ, ਬੈਠੇ ਬਿਠਾਇਆਂ, ਇਹ ਕੀ ਉਛਾਲਾ ਲਿਆ ਅਸੀਂ। ਮਿਲਦੀ ਪਈ ਅਜੇ ਵੀ ਕਿਸ ਗੁਨਾਹ ਦੀ ਸਜ਼ਾ, ਸ਼ਾਇਦ, ਕਦੇ ਕਿਸੇ ਸਮੇਂ, ਮੁਸਕਾ ਲਿਆ ਅਸੀਂ। ਹੋਸ਼ ਅਪਣੀ, ਉਸ ਬੇ-ਦਾਦ ਦੀਆਂ ਯਾਦਾਂ ਸੌਂਪ ਕੇ, ਅਪਣੀ ਅਕਲ ਤੋਂ ਆਪ ਹੀ ਬਦਲਾ ਲਿਆ ਅਸੀਂ। ਜਦ ਵੀ ਸੁਖਾਵੇਂ ਮੇਲ ਦੀ ਘੜੀਆਂ ਨੂੰ ਚੇਤਿਆ, ਮਨ ਹੰਝੂਆਂ ਦੇ ਨਾਲ ਹੀ ਪਰਚਾ ਲਿਆ ਅਸੀਂ। ਹੱਸਦੇ ਨੂੰ ਦੇਖ ਚਿੜ੍ਹਦਿਓ ! ਥੋਨੂੰ ਕੀ ਇਲਮ ਹੈ, ਜੀਵਨ 'ਚੋਂ, ਕਿੰਨਾ ਮਹਿੰਗਾ ਇਹ ਹਾਸਾ ਲਿਆ ਅਸੀਂ।
ਘਸ ਗਿਆ ਮੱਥਾ ਸਿਜਦੇ ਕਰਦੇ ਕਰਦੇ ਦਾ
ਘਸ ਗਿਆ ਮੱਥਾ ਸਿਜਦੇ ਕਰਦੇ ਕਰਦੇ ਦਾ। ਮੁਕ ਗਿਆ ਹੇਜ ਵੀ ਮੜ੍ਹੀਏਂ ਦੀਵੇ ਧਰਦੇ ਦਾ। ਗੂਠੇ ਘਸ ਗਏ ਪਰਨੋਟਾਂ ਤੇ ਲਗ ਲਗ ਕੇ, ਸਾਹਾਂ ਇੰਝ ਲੜ ਫੜਿਆ ਮਰਦੇ ਮਰਦੇ ਦਾ। ਸੰਤਾਂ ਪ੍ਰੇਮ ਪੁਆਇਆ ਸਾਡਾ ਸੁੱਖੇ ਨਾਲ, ਮਿੱਤਰਾਂ ਸਾਨੂੰ ਕੀਤਾ ਸ਼ੌਂਕੀ ਜਰਦੇ ਦਾ। ਫੇਰ ਬਿਨਾਂ ਠੇਕੇ ਤੋਂ ਸ਼ਰਮ ਪਵੇ ਕਿਸਨੂੰ, ਦਿਲ ਜਦ ਡੁੱਬ ਗਿਆ ‘ਕੀਲੇ’ ਧਰਦੇ ਧਰਦੇ ਦਾ। ਅੱਜ ਚਲੋ ਅੱਡੇ ਚੋਂ ਗੋਲੀ ਹੀ ਛਕੀਏ, ਕੰਮ ਕਰਨਾ ਚਾਹੀਦੈ ਸਰਦੇ ਬਰਦੇ ਦਾ। ਥਾਣੇਦਾਰ ਲਈ ਵੀ ਤੋਲਾ ਰੱਖ ਲਵੋ, ਚਾਹੀਦੈ ਕੁਝ ਖਿਆਲ ਵੀ ਆਪਣੇ ਘਰਦੇ ਦਾ। ਥਾਂ ਥਾਂ ਠੇਕੇ ਖੋਲ੍ਹੋ ਨਾਲੇ ਫ਼ਿਕਰ ਕਰੋ, ਖਾਣਾ ਪੀਣਾ ਕੰਮ ਹੈ ਭਾਈ ਪਰਦੇ ਦਾ।
ਮੈਂ, ਗੰਢੀਂ ਤੁਰਿਆ ਜਾਂਦਾ ਹਾਂ
ਮੈਂ, ਗੰਢੀਂ ਤੁਰਿਆ ਜਾਂਦਾ ਹਾਂ, ਹੁਣ ਵੀ ਤਾਣਾ ਬਾਣਾ। ਮੇਰੇ ਸਾਥੀ ਬੈਠ ਗਏ ਕਈ ਮੰਨ ਕੇ ਰੱਬ ਦਾ ਭਾਣਾ। ਅੱਗੇ ਚੁੱਪ ਕਰਕੇ ਲੰਘਦਾ ਸੀ ਹੁਣ ਹੱਸਕੇ ਹੈ ਮਿਲਦਾ, ਮੇਰਾ ਦੋਖੀ ਅੱਗੇ ਨਾਲੋਂ, ਹੋ ਗਿਆ ਹੋਰ ਸਿਆਣਾ। ਅੱਗ ਵਰ੍ਹੇ ਸੋਕੇ ਪੈ ਜਾਵਣ, ਗੜੇਮਾਰ ਹੋ ਜਾਵੇ, ਫੁੱਲ ਸ਼ਹੀਦੀ ਵਾਲਾ ਐਪਰ, ਜਾਣੇ ਨਾ ਕੁਮਲਾਣਾ। ਦਿਲ ਨੂੰ ਬਾਲ, ਹਥੇਲੀ ਧਰਕੇ, ਸਿਦਕ ਨਾਲ ਜੋ ਤੁਰਦੇ, ਓਹੀ ਜਾਨਣ, ਸਿਰ ਬਾਝੋਂ ਵੀ ਕਿੱਦਾਂ ਪੰਧ ਮੁਕਾਣਾ। ਮੁਕਦੇ ਸਭੇ ਪੁਆੜੇ ਨ ਵੀ, ਕੁਝ ਨਾ ਕੁਝ ਤਾਂ ਘਟਦੇ, ਜੇਕਰ ਸਿੱਧੇ ਰਾਹ ਪੈ ਜਾਂਦਾ, ਮਨ ਆਪਣਾ ਮਰ ਜਾਣਾ। ਮੈਂ ਚੰਦਰੀ ਨੂੰ ਮੂੰਹ ਨ ਲਾਵਾਂ, ਪਰ, ਦੱਸੋ ਕੀ ਕਰਦਾ? ਠੇਕੇ ਵਲ ਨੂੰ ਧੂ ਕੇ ਲੈ ਗਿਆ ਬੇਲੀ ਇਕ ਪੁਰਾਣਾ । ਕਿੰਨਾਂ ਕੁਝ ਹੱਲ ਹੋ ਜਾਣਾ ਸੀ, ਉਸਨੂੰ ਹਾਲ ਸੁਣਾ ਕੇ, ਮਿਲ ਪੈਂਦਾ ਜੇ ਸਾਨੂੰ ਕਿਧਰੇ, 'ਨੀਲੋਂ' ਦਰਦ ਰਿਝਾਣਾਂ।
ਸਗਵਾਂ ਹੋਰ ਨਿਖਰ ਆਇਆ ਹੈ
ਸਗਵਾਂ ਹੋਰ ਨਿਖਰ ਆਇਆ ਹੈ, ਰੂਪ ਤਿਰਾ ਯਾਦਾਂ ਵਿਚ ਢਲਕੇ। ਇਕ ਹੁਸੀਨ ਜਿਹਾ ਸੁਪਨਾ ਹੀ, ਬਹਿ ਗਿਆ ਦਿਲ ਦਾ ਬੂਹਾ ਮੱਲਕੇ, ਲੱਖ ਭੁਲਾਇਆਂ ਵੀ ਨਾ ਭੁਲਣੇ, ਪੰਧ ਮੁਕਾਏ ਜਿਹੜੇ ਰਲ ਕੇ । ਪਿਆਰ ਨੂੰ ਦੋਜ਼ਖ਼ ਕਹਿ ਹੀ ਦੇਣਾ! ਕਹਿ ਦੇਣਾਂ ਪਰ; ਆਪ ਸੰਭਲ ਕੇ। ਹੋਰ ਵੀ ਹੌਲਾ ਕਰ ਜਾਂਦੀ ਹੈ ਦਿਲ ਨੂੰ ਦਿਲ 'ਚੋਂ ਆਹ ਨਿਕਲ ਕੇ। ਇਹ ਬੁੱਲ੍ਹ ਤੇ, ਇਹਨਾਂ ਤੇ ਹਾਸਾ, ਗ਼ਮ ਹੀ ਆਇਐ, ਭੇਸ ਬਦਲ ਕੇ। ਆਪ ਉਹ ਪੈ ਗਏ ਕਿਹੜੇ ਰਾਹੀਂ, ਕਿਹੜੀ ਥਾਂ ਤੇ ਸਾਨੂੰ ਘੱਲਕੇ। ਦੇਖੋ ! ਚਿੰਤਾ ਕਿੰਝ ਖਾਂਦੀ ਹੈ, ਮਨ ਨੂੰ ਹੀ, ਮਨ ਅੰਦਰ ਪਲਕੇ। ਪ੍ਰੇਮ ਦੀ ਅੱਗ ਵਿਚ ਧੂਆਂ ਵੀ ਨਾ, ਕੀ ਖੱਟਿਆਂ 'ਨੀਲੋਂ' ਨੇ ਜਲਕੇ।
ਹਰ ਪੈਰ 'ਤੇ ਠੇਡਾ ਤੇ ਹਰਿੱਕ ਮੋੜ 'ਤੇ ਧੋਖਾ
ਹਰ ਪੈਰ 'ਤੇ ਠੇਡਾ ਤੇ ਹਰਿੱਕ ਮੋੜ 'ਤੇ ਧੋਖਾ, ਖਾਏਗਾ ਉਹ, ਅਜ ਦਿਨ, ਜੋ ਖ਼ਬਰਦਾਰ ਨਹੀਂ ਹੈ। ਆਏਗੀ, ਸੁਆਰਥ ਦੀ ਹੀ ਬੋ, ਉਸਦੇ ਅਮਲ ਚੋਂ, ਜਿਸ ਦਿਲ 'ਚ, ਦੁਖੀ ਰੂਹਾਂ ਲਈ ਪਿਆਰ ਨਹੀਂ ਹੈ। ਦਮ ਤੋੜ ਰਹੇ, ਲਾਜ ਦੇ ਘੇਰੇ 'ਚ, ਵਲਵਲੇ, ਹੈ ਕੈਦ ਹੀ ਇਕ ਮਨ, ਦੀ, ਸਦਾਚਾਰ ਨਹੀਂ ਹੈ। ਕੀ ਦੋਸਤੋ ! ਹੱਕਾਂ ਦੀ ਲੜਾਈ ਦਾ ਬਣੇਗਾ, ਅੱਜ ਕੱਲ੍ਹ ਤਾਂ ਜਿਵੇਂ ਦਿਲ ਤੇ ਵੀ ਅਧਿਕਾਰ ਨਹੀਂ ਹੈ। ਉਹ ਭੋਲਿਆ! ਜੀਵਨ ਨੂੰ ਕਦੇ ਹੇਚ ਸਮਝ ਨਾ, ਇਕ ਕਿਣਕਾ ਵੀ ਇਸ ਧਰਤੀ ਤੇ ਬੇਕਾਰ ਨਹੀਂ ਹੈ। ਆ ਜਾਣਾ ਸੀ, ਹਰ ਹਾਲ, ਮਿਰੇ ਹਾਲ ਤੇ ਰੋਣਾ, ਚੰਗਾ ਹੈ ਅਜੇ ਉਸ ਨੂੰ ਮਿਰੀ ਸਾਰ ਨਹੀਂ ਹੈ। ਕਿਰਸਾਣ ਕਦੋਂ ਸੰਦਾਂ ਨੂੰ ਅਣਗੌਲਿਆਂ ਕਰਦਾ, ਇਹ ਦੇਖਕੇ ਕਿ ਭੋਂਏਂ, ਅਜੇ ਤਿਆਰ ਨਹੀਂ ਹੈ। ਬੰਦੇ ਦਾ ਨਹੀਂ, ਉਹ ਕਿਸੇ ਪੰਛੀ ਦਾ ਹੁਏਗਾ, ਜਿਸ ਸਿਰ ਤੇ ਕਿਸੇ ਕਿਸਮ ਦਾ ਕੁਈ ਭਾਰ ਨਹੀਂ ਹੈ। ਦੇਵੇਗੀ ਇਹ, ਹੁੰਮਸ ਹੀ ਤਾਂ ਹਾਲਤ ਨੂੰ ਗੇੜਾ, ਇਹ ਚੁੱਪ ਜੋ ਵਰਤੀ ਹੈ, ਤਿਰੀ ਹਾਰ ਨਹੀਂ ਹੈ। ਕੁਈ ਕੰਮ ਕਰੇ, ਲੋਕਾਂ ਨੂੰ, ਬੁੱਧੂ ਨ ਬਣਾਵੇ, ਜੇ 'ਨੀਲੋਂ' ਦੀਆਂ ਗ਼ਜ਼ਲਾਂ ਦਾ ਕਿਰਦਾਰ ਨਹੀਂ ਹੈ।
ਅੱਜ ਰੋਟੀ ਦੀ ਬੁਰਕੀ ਨਾਲੋਂ
ਅੱਜ ਰੋਟੀ ਦੀ ਬੁਰਕੀ ਨਾਲੋਂ ਤਨ ਹੋ ਗਏ ਸਵੱਲੇ, ਤੱਕਦੇ ਤੱਕਦੇ, ਲੋਕ ਤਿਰੇ ਵਲ, ਏਨੇ ਲਹਿ ਗਏ ਥੱਲੇ। ਹੁਣ ਆਪਸ ਵਿਚ ਭਿੜਨਾ ਛੱਡ ਕੇ ਪੈਣੇ ਨੇ ਗਲ ਤੇਰੇ, ਤੂੰ ਹੀ ਦੱਸ ! ਇਹ ਭੁੱਖੇ ਪਿੰਜਰ ਬੈਠਣ ਕਿਵੇਂ ਨਿਚੱਲੇ ! ਤੇਰੇ ਵਾਅਦੇ ਤਾਂ ਅਮਲਾਂ ਦੇ ਕਦੀ ਮੇਚ ਨਾ ਆਏ, ਸ਼ਬਦਾਂ ਨਾਲ ਕਰਾਉਣਾ ਜਾਣੇ, ਵਾਹਵਾ, ਬੱਲੇ ਬੱਲੇ ! ਕੱਲ੍ਹ ਨੂੰ ਪਤਾ ਨਹੀਂ ਇਹ ਉਠ ਕੇ, ਕੀ ਦਾ ਕੀ, ਕਰ ਬੈਠਣ, ਬੇਚੈਨੀ ਵਿਚ ਮਨ ਲੋਕਾਂ ਦੇ ਏਨੇ ਪਏ ਘਚੱਲੇ। ਬੰਦੇ, ਤਾਰਿਆਂ ਹੇਠਾਂ ਜੰਮਕੇ ਮਰਨ ਕਿਨਾਰੇ ਪਹੁੰਚੇ, ਇੱਕ ਪਾਸੇ ਕੋਠੀਆਂ ਵਿਚ ਕੁੱਤੇ ਐਸ਼ ਉਡਾਂਦੇ ਕੱਲੇ। ਹੁੰਮਸ ਹੋ ਗਈ ਏਨੀ ‘ਨੀਲੋਂ’ ਨ੍ਹੇਰੀ ਲੱਗਦੀ ਨੇੜੇ, ਫੰਬਿਆਂ ਵਾਂਗੂੰ ਉੱਡ ਜਾਣੇ, ਹੁਣ ਸਾਮਰਾਜ ਦੇ ਟੱਲੇ।
ਬਿਖੜੀਆਂ ਰਾਹਾਂ ਸਦਾ ਹਸ ਹਸ ਕੇ
ਬਿਖੜੀਆਂ ਰਾਹਾਂ ਸਦਾ ਹਸ ਹਸ ਕੇ ਪਧਰਾਉਂਦਾ ਰਿਹੈ, ਇਸ਼ਕ ਹੈ ਕਿ ਜ਼ਿੰਦਗੀ ਹਰ ਹਾਲ ਰੁਸ਼ਨਾਉਂਦਾ ਰਿਹੈ। ਵਰ੍ਹਦੀਆਂ ਅੱਗਾਂ ਮਿਟਾ ਸਕੀਆਂ ਨਹੀਂ ਰੌਸ਼ਨ ਖਿਆਲ ਪਿਆਰ ਦਾ ਬੁੱਲਾ, ਤੇਰੇ ਸਾਹਾਂ 'ਚੋਂ ਜੋ ਆਉਂਦਾ ਰਿਹੈ। ਕੁਝ ਨ ਕੁਝ ਮੇਰੇ 'ਚ ਵੀ ਹੈ ਓਸ ਚਾਨਣ ਦੀ ਲਿਸ਼ਕ, ਸਿਦਕ ਬਣਕੇ ਸੂਲੀਆਂ ਤੇ ਵੀ ਜੋ ਮੁਸਕਾਉਂਦਾ ਰਿਹੈ। ਕਿਸ ਤਰ੍ਹਾਂ ਦਾ ਹੈ ਮਨੁੱਖ ਨੂੰ ਸੁਪਨਕਾਰੀ ਵਿਚ ਸਰੂਰ, ਸੁਰਗ ਦੇ ਕਿੱਸੇ ਨੂੰ ਮੜ੍ਹੀਆਂ ਤੀਕ ਵੀ ਗਾਉਂਦਾ ਰਿਹੈ। ਪਰਖ ਇਸ ਤੋਂ ਹੈ ਵਡੇਰੀ ਕੀ ਸਮੇਂ ਦੇ ਸੱਚ ਦੀ, ਦੇ ਕੇ ਸਿਰ ਵੀ, ਜੋ ਸਮੇਂ ਤੋਂ, ਈਨ ਮਨਵਾਉਂਦਾ ਰਿਹੈ। ਪੇਸ਼ ਪੈ ਪੈ ਥੱਕਿਆ ਨਾ ਭਾਵੇਂ ਕੁਰਸੀ ਦਾ ਫਤੂਰ, ਰੋਸ ਤਾਂ ਸਾਡੇ ਸਿਰਾਂ ਨੂੰ ਹੋਰ ਮਹਿਕਾਉਂਦਾ ਰਿਹੈ। ਸਚ ਹੈ ਕਿ ਸਾਂਝ ਉੜ ਜਾਂਦੀ ਹਿਤਾਂ ਦੇ ਨਾਲ ਹੀ, ਪਿਆਰ ਨੂੰ ਗੀਤਾਂ 'ਚ ਤਾਂ ‘ਨੀਲੋਂ’ ਹੀ ਵਡਿਆਉਂਦਾ ਰਿਹੈ।
ਲੱਗੀ ਦਿਲਾਂ ਵਾਲੀ ਦਿਲਾਂ ਦੇ ਬੁਝਾਣ ਗੋਚਰੀ
ਲੱਗੀ ਦਿਲਾਂ ਵਾਲੀ ਦਿਲਾਂ ਦੇ ਬੁਝਾਣ ਗੋਚਰੀ, ਏਸ ਅੱਗ ਕੋਲ ਕੀ ਨੇ, ਆਬਸ਼ਾਰਾਂ ਦੀਆਂ ਗੱਲਾਂ। ਰੋਣ ਢਿੱਡ ਹੈ ਸਾਡਾ, ਸਾਨੂੰ ਰੋਈ ਜਾਣ ਦੇਹ, ਤੈਨੂੰ ਖੁੱਲ੍ਹ ਹੈ, ਤੂੰ ਕਰ ਲੈ ਬਹਾਰਾਂ ਦੀਆਂ ਗੱਲਾਂ ! ਜਿੱਥੇ ਕੂਲੀ ਕੂਲੀ ਜੀਭ, ਜਿੱਥੇ ਮਿੱਠੇ ਮਿੱਠੇ ਬੋਲ, ਓਥੇ ਅਗੋਂ ਪਿੱਛੋਂ ਦੇਖੀਆਂ ਕਟਾਰਾਂ ਦੀਆਂ ਗੱਲਾਂ। ਤੇਰੇ ਆਉਣ ਦੇ ਹੁਲਾਰੇ, ਤੇਰੇ ਜਾਣ ਦਾ ਝਰੇਵਾਂ, ਕਿੱਥੇ ਜਿੱਤਾਂ ਦੀਆਂ ਗੱਲਾਂ, ਕਿੱਥੇ ਹਾਰਾਂ ਦੀਆਂ ਗੱਲਾਂ। ਮੇਰੇ ਪੱਲੇ ਵਿਚ ਪਾ ਕੇ ਸੁੱਕੇ ਝੜੇ ਪੱਤਰੇ, ਫੇਰ ਪੁੱਛਦੇ ਹੋ ਮੈਥੋਂ ਆ ਬਹਾਰਾਂ ਦੀਆਂ ਗੱਲਾਂ। ਫੁੱਲਾਂ ਖੇੜੇ ਖੁਸ਼ਬੋਆਂ ਭਾਵੇਂ ਲੱਖ ਵੰਡ ਲੈ ! ਹਾਲੇ ਪੁੱਗਦੀਆਂ ਏਥੇ ਸਭੋ ਖਾਰਾਂ ਦੀਆਂ ਗੱਲਾਂ। ਐਵੇਂ ਜਾ ਕੇ ਨਾ ਖ਼ਿਜਾਵਾਂ ਕੋਲ ਛੇੜੀਂ ਮੂਰਖਾ! ਇਹਨਾਂ ਫੁੱਲਾਂ, ਇਹਨਾਂ ਟੂਸਿਆਂ, ਨਿਖ਼ਾਰਾਂ ਦੀਆਂ ਗੱਲਾਂ।
ਨਵੀਆਂ ਰਾਹਾਂ ਦੀ ਗੱਲ ਕਰੀਏ
ਨਵੀਆਂ ਰਾਹਾਂ ਦੀ ਗੱਲ ਕਰੀਏ, ਬੇ-ਪਰਵਾਹਾਂ ਦੀ ਗੱਲ ਕਰੀਏ। ਦੇਖ ਦੀਵਾਲਾ ਸਾਊਪਣ ਦਾ, ਨੇਕ-ਗੁਨਾਹਾਂ ਦੀ ਗੱਲ ਕਰੀਏ। ਉਦੋਂ ਮੁੱਲ ਸਿਰਾਂ ਦੇ ਪੈਂਦੇ, ਜਦ ਅਸਗਾਹਾਂ ਦੀ ਗੱਲ ਕਰੀਏ। ਆਓ ਰੋਹ ਦੀਆਂ ਰੀਤਾਂ ਘੜੀਏ, ਉੱਠੀਆਂ ਬਾਹਾਂ ਦੀ ਗੱਲ ਕਰੀਏ ! ਬੁਸੇ ਹੋਏ ਮਾਹੌਲ 'ਚ ਆਓ! ਘੁਟਦੇ ਸਾਹਾਂ ਦੀ ਗੱਲ ਕਰੀਏ। ਨਿੱਤ ਜੀਹਨਾਂ ਦਾ ਘਾਤ ਹੋ ਰਿਹੈ, ਉਨ੍ਹਾਂ ਵਿਸਾਹਾਂ ਦੀ ਗੱਲ ਕਰੀਏ। ਇਹ ਮੰਡਲ ਤਾਂ ਬਾਸੀ ਹੋ ਗਿਆ, ਹੋਰ ਉਤਾਹਾਂ ਦੀ ਗੱਲ ਕਰੀਏ।
ਇਨ੍ਹਾਂ ਹੰਝੂਆਂ ਦੀ ਧਾਰਾ ਨੇ ਸੁਲਘਦਾ
ਇਨ੍ਹਾਂ ਹੰਝੂਆਂ ਦੀ ਧਾਰਾ ਨੇ ਸੁਲਘਦਾ ਰੱਖਿਆ ਦਿਲ ਨੂੰ, ਹਿਜਰ ਦੀ ਅੱਗ ਵਿਚ ਸੁਪਨੇ ਵੀ ਜਲ ਜਾਂਦੇ ਤਾਂ ਕੀ ਬਣਦਾ। ਬਰਫ਼ ਹੋਏ ਚੁਗਿਰਦੇ ਵਿਚ ਮਘਾ ਰੱਖੀ ਜ਼ਮੀਰ ਅਪਣੀ, ਜੇ ਚਾਅ ਵੀ ਅਪਣੀਆਂ ਅੱਖਾਂ ਬਦਲ ਜਾਂਦੇ, ਤਾਂ ਕੀ ਬਣਦਾ। ਮੈਂ ਪੱਟਿਆ ਅਪਣਿਆਂ ਦਾ ਹੀ ਅਜੇ ਤਕ ਤਾਬ ਨਾ ਆਇਆ, ਮਿਰੇ ਦੁਸ਼ਮਣ ਵੀ ਇਹਨਾਂ ਨਾਲ ਰਲ ਜਾਂਦੇ, ਤਾਂ ਕੀ ਬਣਦਾ? ਕੁਜੇਹੀ ਪਾਣ ਆਈ ਸੀ, ਸਰੀਰਾਂ ਸੀ ਨਹੀਂ ਕੀਤੀ, ਸਮੇਂ ਦੀ ਅੱਗ ਵਿਚ ਜਿਗਰੇ ਵੀ ਜਲ ਜਾਂਦੇ, ਤਾਂ ਕੀ ਬਣਦਾ। ਲਿਖੇ ਆਏ ਨੇ ਲਹੂਆਂ ਨਾਲ ਮੁੱਢੋਂ ਹੱਕ ਦੇ ਕਿੱਸੇ, ਅਸੀਂ ਵੀ ਜੇ ਜ਼ਮਾਨੇ ਨਾਲ ਢਲ ਜਾਂਦੇ, ਤਾਂ ਕੀ ਬਣਦਾ।
ਕੀ ਹੋਇਆ, ਹੋ ਗਏ ਨੇ ਜੇ
ਕੀ ਹੋਇਆ, ਹੋ ਗਏ ਨੇ ਜੇ, ਮੇਰੇ ਖਿਆਲ ਹੋਰ, ਉਹਨਾਂ ਦਾ ਹਾਲ ਹੋਰ ਹੈ, ਮੇਰਾ ਹੈ ਹਾਲ ਹੋਰ। ਏਥੇ ਨਿਰਾ ਨਹੀਂ ਹੈ ਤੇਰੇ ਪਿਆਰ ਦਾ ਸਵਾਲ, ਛੱਡਦੇ ਹੀ ਨਹੀਂ, ਸੋਚ ਦਾ ਖਹਿੜਾ ਚੰਡਾਲ ਹੋਰ। ਹੋਈਆਂ ਪਈਆਂ ਨੇ ਸੁੰਨ, ਜ਼ਮੀਰਾਂ ਤੇ ਫੇਰ ਵੀ, ਤਿੱਖੀ ਹੁਈ ਹੈ, ਵਕਤ ਦੇ, ਪੈਰਾਂ ਦੀ ਚਾਲ ਹੋਰ। ਡਰ ਹੈ ਇਹ ਤੋਰ ਦੇਣ ਨ ਸਾਨੂੰ ਵਿਆਜ ਵਿਚ, ਉਭਰਨਗੇ ਲੋਕ ਮੰਚ ਤੇ ਹਾਲੇ ਦਲਾਲ ਹੋਰ। ਸੁਣਦੇ ਨਹੀਂ, ਦਲੀਲ ਦੀ, ਹੱਕਾਂ ਦੇ ਹੱਕ ਵਿਚ, ਕਹਿੰਦੇ ਨੇ “ਹਾਲੇ ਅਪਣਿਆਂ ਫਰਜਾਂ ਨੂੰ ਪਾਲ ਹੋਰ !” ਵਧਦੀ ਹੈ ਕੂਲੇ ਮਾਸ ਦੀ ਜਿੰਨੀ ਕੁ ਗੰਧ ਹੋਰ, ਆ ਜਾਏ ਓਨਾ, ਹਵਸ ਦੀ ਮੰਡੀ 'ਚ ਮਾਲ ਹੋਰ।
ਜੋ ਚੋਰਾਂ ਵਿਚ ਰਲ ਜਾਂਦੇ ਨੇ
ਜੋ ਚੋਰਾਂ ਵਿਚ ਰਲ ਜਾਂਦੇ ਨੇ, ਸੂਰਾਂ ਵਾਂਗੂੰ ਪਲ ਜਾਂਦੇ ਨੇ। ਹੀਰਿਆਂ ਵਰਗੇ ਬੰਦੇ ਉੱਪਰ, ਗਲਦੇ ਗਲਦੇ ਗਲ ਜਾਂਦੇ ਨੇ। ਅੱਗੇ ਜਾਕੇ ਗਿਰਗਿਟ ਵਾਂਗੂੰ, ਸਾਰੇ, ਰੰਗ ਬਦਲ ਜਾਂਦੇ ਨੇ। ਏਨਾ ਵਧੇ ਹਾਜਮਾਂ, ਦੇਖੋ ! ਡੈਮਾਂ ਤੀਕ ਨਿਗਲ ਜਾਂਦੇ ਨੇ। ਗਿਣਤੀ ਦੇ ਪਰਵਾਰ ਹੀ ਉੱਪਰ, ਲੁੱਟਣ, ਬਦਲ ਬਦਲ ਜਾਂਦੇ ਨੇ। ਲੁੱਟ ਦੀ ਚੜ੍ਹਤ ਭਲਾਂ ਕੀ ਹੁੰਦੀ ! ਸੂਰਜ ਵਰਗੇ ਢਲ ਜਾਂਦੇ ਨੇ। ਵੋਟਾਂ ਵੇਲੇ ਏਹੋ ਪੱਥਰ, ਮੋਮ ਵਾਂਗਰਾਂ ਢਲ ਜਾਂਦੇ ਨੇ। ਓਥੇ ਹੀ ਕੁਝ ਗੱਲ ਬਣਦੀ ਏ, ਜਿੱਥੇ ਲੋਕ ਸੰਭਲ ਜਾਂਦੇ ਨੇ। ਸ਼ਿਅਰ ਤੇਰੇ ‘ਨੀਲੋਂ’ ਦੇ ਸੁਣਕੇ, ਕੁਝ ਲੋਕੀਂ ਤਾਂ ਜਲ ਜਾਂਦੇ ਨੇ।
ਪਿਆਰ 'ਚ ਸਾਰਿਆਂ ਨਾਲ ਹੀ ਉਂਝ ਤਾਂ
ਪਿਆਰ 'ਚ ਸਾਰਿਆਂ ਨਾਲ ਹੀ ਉਂਝ ਤਾਂ ਅਣਹੋਈਆਂ ਹੀ ਹੋਈਆਂ, ਪਰ ਨ ਸਾਡੇ ਵਾਂਗ ਕਿਸੇ ਦੀਆਂ, ਬਿੜਕਾਂ ਤੀਕ ਵੀ ਮੋਈਆਂ। ਕਾਹਦੇ ਦਿਲ, ਕਾਹਦੀਆਂ ਦਿਲ–ਜੋਈਆਂ, ਕਿੱਥੇ ਸੁਹਜ-ਸਮੀਰਾਂ, ਗੁੰਮ ਗੁੰਮ ਜਾਵਣ ਵਿਚ ਪੁਲਾੜਾਂ, ਨਿੱਤ ਲੱਖਾਂ ਅਰਜੋਈਆਂ। ਸਾਂਭ ਸਾਂਭ ਸੱਧਰਾਂ ਦੀਆਂ ਲਾਸ਼ਾਂ ਦਿਲ ਦੇ ਅੰਦਰ ਕੋਈ, ਕਿਥੋਂ ਤੀਕ ਖਿਲਾਰੀ ਜਾਵੇ ਪਿਆਰ ਦੀਆਂ ਖੁਸ਼ਬੋਈਆਂ। ਝੱਲੀਆਂ ਜਾਣ ਜਦੋਂ ਨਾ ਤੇਰੀ ਸਿੱਕ ਦੀਆਂ ਝਰਨਾਟਾਂ, ਹੰਝੂ ਬਣ ਅੱਖਾਂ 'ਚੋਂ ਤਿਲਕਣ ਸੱਧਰਾਂ ਵੀ ਸਤ-ਰੋਈਆਂ। ਜਿਉਂ ਜਿਉਂ ਤੇਰੇ ਜੀਵਨ ਦੇ ਵਿਚ ਝੱਖੜ ਝੋਲੇ ਆਉਂਦੇ, ਤਿਉਂ ਤਿਉਂ ‘ਨੀਲੋਂ' ਤੇਰੀਆਂ ਸੋਚਾਂ ਹੁੰਦੀਆਂ ਜਾਣ ਨਰੋਈਆਂ।
ਅਜੇ ਵੀ ਹੋਸ਼ ਹੈ ਏਨੀ ਤਿਰੇ, ਪਿਆਕਾਂ ਨੂੰ
ਅਜੇ ਵੀ ਹੋਸ਼ ਹੈ ਏਨੀ ਤਿਰੇ, ਪਿਆਕਾਂ ਨੂੰ, ਬਹਿਕ ਸਕੇਨ ਜ਼ਮਾਨੇ ਤੋਂ ਤੰਗ ਆ ਕੇ ਵੀ। ਸਮਾਂ ਹੈ, ਰੰਗ ਲਿਆਉਂਦੀ ਤਦੇ, ਹੀ ਬੇਸਬਰੀ, ਅਸੀਂ ਸੁਖੀ ਹਾਂ ਜੋ ਸਬਰਾਂ ਦੀ ਮਾਰ ਖਾ ਕੇ ਵੀ। ਇਹ ਦਿਲ ਹੈ ਦਿਲ, ਉਡੀਕਾਂ ਦਾ ਲੜ ਕਿਵੇਂ ਛੱਡਦਾ, ਕਿਸੇ ਦੇ ਨਿੱਤ ਦੇ ਬਹਾਨੇ ਤੋਂ ਤੰਗ ਆ ਕੇ ਵੀ। ਰਹੀ ਹੈ ਲੋੜ, ਜ਼ਮਾਨੇ ਦੀ ਤੋਰ ਦੀ ਜ਼ਾਮਨ, ਰੁਕੇ ਨ ਧੁੰਦਲੇ ਨਸ਼ਾਨੇ ਤੋਂ ਤੰਗ ਆ ਕੇ ਵੀ। ਵਫ਼ਾ 'ਚ ਪਿਆਰ ਦੇ ਗ਼ਮ ਦੀ ਤਸਵੀਰ ਤਾਂ ਦੇਖੋ ! ਸੁਖੀ ਹਾਂ ਏਸ ਖਜ਼ਾਨੇ ਤੋਂ ਤੰਗ ਆ ਕੇ ਵੀ।
ਸੀ ਮੇਰੀ ਪਰ ਹੰਢਾਈ ਏ ਉਨ੍ਹਾਂ ਨੇ
ਸੀ ਮੇਰੀ ਪਰ ਹੰਢਾਈ ਏ ਉਨ੍ਹਾਂ ਨੇ ਜ਼ਿੰਦਗੀ ਮੇਰੀ। ਸੁਖਾਈ ਹੈ ਸਦਾ ਜੀਹਨਾਂ ਨੂੰ ਲੋਕੋ ਬੇਬਸੀ ਮੇਰੀ। ਨਤੀਜਾ ਨਿਕਲਣਾ ਕੀ ਸੀ, ਮਿਰੀ ਹੱਕ ਦੀ ਕਹਾਣੀ ਦਾ, ਕਿ ਲੁਟਦੇ ਆ ਰਹੇ ਕੁਝ ਚੋਰ ਮੁੱਢੋਂ ਸਾਦਗੀ ਮੇਰੀ। ਮੇਰੇ ਹੱਥੋਂ ਮਰਨ ਦੇ ਹੱਕ ਤੋਂ ਵਾਂਝੇ ਰਹਿਣ ਕਿੱਦਾਂ, ਖੁਸ਼ੀ ਜੀਹਨਾਂ ਦੀ ਬਣਦੀ ਹੈ, ਅਜੇ ਵੀ ਖੁਦਕਸ਼ੀ ਮੇਰੀ। ਪੁਚਾਅ ਦਿੱਤਾ ਮੇਰੇ ਗਲ ਤੀਕ ਫਾਂਸੀ ਦਾ ਉਨ੍ਹਾਂ ਰੱਸਾ, ਕਰਨਗੇ ਏਸ ਤੋਂ ਵਧ ਕੇ ਉਹ ਇੱਜ਼ਤ ਹੋਰ ਕੀ ਮੇਰੀ। ਗਰਕ ਹੋਇਆ ਪਿਐ ਇਹ ਤਾਂ ਪੁਰਾਤਨ ਸੰਸਕਾਰਾਂ ਵਿਚ, ਤੁਸੀਂ ਆਏ ਹੋ ਘਰ ਮੇਰੇ ਕਿ ਸ਼ਾਮਤ ਆ ਗਈ ਮੇਰੀ। ਸਿਦਕ ਦੇ ਤੇਲ ਵਿਚ ਬਾਲੀ ਹੁਈ ਏ ਸੂਝ ਦੀ ਬੱਤੀ, ਹਨੇਰੇ ਪੀਣਗੇ ਕਿੰਨਾ ਕੁ ਚਿਰ ਤੱਕ ਰੋਸ਼ਨੀ ਮੇਰੀ। ਕਿਸੇ ਨੂੰ, ਵਾਰਤਾ ਅਪਣੀ, ਕਦੇ ਮੁੜਕੇ ਸੁਣਾਉਂਦਾ ਨਾ, ਜੇ ਨੀਲੋਂ ਨੇ ਵੀ ਗਹੁ ਦੇ ਨਾਲ ਨ ਹੁੰਦੀ ਸੁਣੀ ਮੇਰੀ।
ਬਿਖੜੀਆਂ ਰਾਹਾਂ 'ਚ ਆਪਣੇ ਦਿਲ ਨੂੰ
ਬਿਖੜੀਆਂ ਰਾਹਾਂ 'ਚ ਆਪਣੇ ਦਿਲ ਨੂੰ ਤੜਪਾਇਐ ਬੜਾ, ਪਿਆਰ ਵਿਚ ਤੇਰੇ ਅਸਾਂ ਨੂੰ ਵੀ ਮਜ਼ਾ ਆਇਐ ਬੜਾ। ਦੂਰ ਹੋ ਸਕਦੀ ਕਿਵੇਂ, ਹਾਲਾਤ ਦੀ ਚਿਹਰੇ ਤੋਂ ਧੂੜ, ਰੂਪ ਨੂੰ ਭਾਵੇਂ ਬਣਾਵਟ ਨੇ ਤਾਂ ਲਿਸ਼ਕਾਇਐ ਬੜਾ। ਔਕੜਾਂ ਵਿਚ ਨਾਲ ਨਿਭਿਆ ਏ ਸਦਾ ਸਾਡੇ ਜਨੂੰਨ, ਤੇ ਸਿਆਣਪ ਨੇ ਅਸਾਨੂੰ ਰਾਹ 'ਚ ਲਟਕਾਇਐ ਬੜਾ। ਭੋਲਾ ਜਗ ਦੁਸ਼ਮਣ ਦੀਆਂ ਗੱਲਾਂ 'ਚ ਆ ਜਾਂਦੈ ਜ਼ਰੂਰ, ਉਂਝ ਤਿਰੇ ਆਸ਼ਕ ਨੂੰ ਕਮਲਾ ਕਹਿ ਕੇ ਪਛਤਾਇਐ ਬੜਾ। ਪੈਰ ਡੋਲਣ ਤੋਂ ਬਚਾਏ ਨੇ ਸਦਾ ਸਵੈਮਾਨ ਨੇ, ਹੌਸਲਾ ਅਪਣੀ ਵਫ਼ਾਦਾਰੀ 'ਚੋਂ ਵੀ ਪਾਇਐ ਬੜਾ। ਹੁਣ ਇਹਦੇ ਪਰਚਣ ਦਾ ਹੀਲਾ ਮੇਲ ਤੋਂ ਘੱਟ ਕੁਝ ਨਹੀਂ, ਖੇਡਣੇ ਯਾਦਾਂ ਦੇ ਦਿਲ ਨੂੰ ਦੇ, ਦੇ ਪਰਚਾਇਐ ਬੜਾ। ਹੋਰ ਕੀ ਚਾਹੁੰਦਾ ਹੈ, ਚਰਚਾ ਤੋਂ ਬਿਨਾਂ, ਪੁੱਛੀਂ ਰਤਾ, ਪਿਆਰ ਦਾ ਕਿੱਸਾ ਤਿਰੇ ‘ਨੀਲੋਂ' ਨੇ ਲਮਕਾਇਐ ਬੜਾ।
ਰੂਪ ਦੇ ਰਾਹਾਂ 'ਤੇ ਆਪਣੇ ਰੂਪ ਨੂੰ ਗਾਲ਼ੀਂ ਗਿਆ
ਰੂਪ ਦੇ ਰਾਹਾਂ 'ਤੇ ਆਪਣੇ ਰੂਪ ਨੂੰ ਗਾਲ਼ੀਂ ਗਿਆ, ਮੈਂ ਤਾਂ ਸ਼ਮਸ਼ਾਨਾਂ 'ਚੋਂ ਵੀ ਇੱਕ ਜ਼ਿੰਦਗੀ ਭਾਲ਼ੀਂ ਗਿਆ। ਕਿਸ ਤਰ੍ਹਾਂ ਦਾ ਹੈ ਤਿਰੇ ਦਰ ਤੀਕ ਪਹੁੰਚਣ ਦਾ ਸਰੂਰ? ਭਾਲ ਸੀ ਮੰਜ਼ਿਲ ਦੀ, ਪਰ ਮੈਂ ਹਮਸਫ਼ਰ ਭਾਲ਼ੀਂ ਗਿਆ। ਜ਼ਾਲਮਾਂ ਵਾਅਦੇ ਤਿਰੇ ਲਾਰੇ ਬਣਨ ਤੋਂ ਨਾ ਹਟੇ, ਆਸ ਦੇ ਆਖੇ ਤੇ ਮੈਂ ਤਾਂ ਮੌਤ ਵੀ ਟਾਲ਼ੀਂ ਗਿਆ। ਲੜ ਕਿਸੇ ਮਜਲੂਮ ਦਾ, ਨੇਰ੍ਹਾਂ 'ਚ ਉਲਝੇ ਨ ਕਿਤੇ, ਜ਼ਿੰਦਗੀ ਦੇ ਰਾਹ 'ਤੇ ਇਸ ਲਈ ਜਿੰਦ ਨੂੰ ਜਾਲ਼ੀਂ ਗਿਆ। ਰਾਸ ਆਈ ਹੀ ਨਹੀਂ ਸਾਹਾਂ ਨੂੰ ਜ਼ਹਿਰੀਲੀ ਫਿਜ਼ਾ, ਆਸ ਦੇ ਬੋਟਾਂ ਨੂੰ ਦਿਲ ਦੇ ਆਲ੍ਹਣੇ ਪਾਲ਼ੀਂ ਗਿਆ।
ਸੋਚਦਾ ਹਾਂ ਕੁਝ ਮੈਂ ਆਪਣੀ ਜ਼ਿੰਦਗੀ
ਸੋਚਦਾ ਹਾਂ ਕੁਝ ਮੈਂ ਆਪਣੀ ਜ਼ਿੰਦਗੀ ਦੇ ਵਾਸਤੇ, ਸੋਚਦਾ ਹਾਂ, ਕੁਝ ਮੈਂ ਯਾਰਾਂ ਦੀ ਖੁਸ਼ੀ ਦੇ ਵਾਸਤੇ। ਰੋਸੇ, ਹਾਸੇ, ਚੁਹਲ, ਨਖ਼ਰੇ, ਰੋਟੀਆਂ, ਓਢਣ ਤੇ ਘਰ, ਕੀ ਨਹੀਂ ਚਾਹੀਦਾ ਯਾਰੋ ! ਜਿਉਂਦੇ ਜੀ ਦੇ ਵਾਸਤੇ। ਮੌਤ ਦਾ ਮੂੰਹ ਹੋਰ ਪੀਲਾ ਪੈ ਰਿਹਾ, ਇਹ ਦੇਖ ਕੇ, ਖੁੱਲ੍ਹ ਗਏ ਦਰ, ਅੰਬਰਾਂ ਦੇ, ਜ਼ਿੰਦਗੀ ਦੇ ਵਾਸਤੇ। ਹੋ ਗਿਆ ਮੂੰਹ ਜ਼ਿੰਦਗੀ ਵਲ ਤੇਰੇ ਆਸ਼ਕ ਦਾ ਜਦੋਂ, ਸਾਗਰੋਂ ਏਧਰ ਪੜਾਅ ਕਿਹੜੈ ਨਦੀ ਦੇ ਵਾਸਤੇ ? ਮੈਨੂੰ ਕੋਈ ਔਝੜ ਸਹੇੜਨ ਦਾ ਤੇ ਚਾਅ ਚੜ੍ਹਿਆ ਨਹੀਂ, ਮੈਂ ਮੁਸੀਬਤ ਨਾਲ ਸਿਝਦਾ ਹਾਂ, ਖੁਸ਼ੀ ਦੇ ਵਾਸਤੇ। ਏਥੇ ਗ਼ੈਰਤ ਹੈ, ਤੜਪ ਹੈ, ਦਰਦ ਹੈ, ਈਮਾਨ ਹੈ, ਦਿਲ ਨਹੀਂ ਰੱਖਿਆ ਅਸੀਂ, ਕੁਈ ਦਿਲਲਗੀ ਦੇ ਵਾਸਤੇ।
ਭੌਰੇ ਆਸ਼ਕ ਹੁੰਦੇ ਨੇ ਖੁਸਬੋਆਂ ਦੇ
ਭੌਰੇ ਆਸ਼ਕ ਹੁੰਦੇ ਨੇ ਖੁਸਬੋਆਂ ਦੇ, ਚਿੱਚੜ ਜੁੜ ਕੇ ਬੈਠੇ ਰਹਿੰਦੇ ਚੰਮ ਦੇ ਨਾਲ। ਕੁਝ ਇਸਦਾ ਇਹਸਾਸ ਵੀ ਕੀਤਾ ਹੋਵੇਗਾ, ਕੇਹਾ ਵਾਹ ਹੈ, ਸਾਡਾ, ਤੇਰੇ ਗ਼ਮ ਦੇ ਨਾਲ। ਫੁੱਲਾਂ ਨੂੰ ਵੀ, ਮਾਨਣਯੋਗ, ਉਹ ਹੁੰਦਾ ਏ, ਮੋਹ ਹੁੰਦਾ ਹੈ ਜਿਸਦਾ ਕਿਸੇ ਜ਼ਖ਼ਮ ਦੇ ਨਾਲ। ਜੀਂਦੇ ਨੇ ਜੋ, ਜੱਗ 'ਤੇ ਕਿਸੇ ਉਦੇਸ਼ ਲਈ, ਉਹ ਸਾਰਾ ਕੁਝ ਸਹਿ ਜਾਂਦੇ ਨੇ, ਦਮ ਦੇ ਨਾਲ। ਤੋਰੀਂ ਰੱਖੋ ਗੱਲ ਵੀ ਸਾਂਝੀਆਂ ਸੋਚਾਂ ਦੀ, ਨਫ਼ਰਤ ਵੀ ਚੰਗੀ ਨਹੀਂ ਨਿੱਜੀ ਕੰਮ ਦੇ ਨਾਲ। ਕੇਰ ਕੇਰ ਕੇ ਹੰਝੂ ਥੱਕਿਆ ਹੋਇਆ ਹੈ, ਇਹ ਰਿਸ਼ਤਾ ਹੈ, ‘ਨੀਲੋਂ' ਦਾ ਸ਼ਬਨਮ ਦੇ ਨਾਲ।
ਰੱਜਕੇ ਮਾਨਣ ਨੂੰ ਜੀ ਕਰਦੈ
ਰੱਜਕੇ ਮਾਨਣ ਨੂੰ ਜੀ ਕਰਦੈ, ਰੁੱਤ ਹੈ ਤੇਰੇ ਹਾਸੇ ਵਰਗੀ। ਕੀ ਕਰੀਏ ਜੇ ਹੋਂਦ ਮਨੁੱਖ ਦੀ, ਪਾਣੀ ਵਿਚ ਪਤਾਸੇ ਵਰਗੀ? ਅੱਜ ਹਰ ਬੰਦੇ ਦੀ ਹਾਲਤ ਹੈ, ਖੂਹ ਦੇ ਕੋਲ ਪਿਆਸੇ ਵਰਗੀ। ਸੰਸਦ ਤੇ ਸਦਨਾਂ ਦੇ ਅੰਦਰ, ਪੈਂਦੀ ਗੂੰਜ਼ ਤਮਾਸੇ ਵਰਗੀ। ਕਿਉਂ ਅੱਜ ਤੇਰੀਆਂ ਗੱਲਾਂ ਵਿਚੋਂ, ਪੈਂਦੀ ਭਿਣਕ ਨਿਰਾਸੇ ਵਰਗੀ। ਸ਼ਾਇਦ ਹੀ ਦੁਨੀਆਂ ਤੇ ਹੋਵੇ, ਕੋਈ ‘ਗੱਲ’ ਦਿਲਾਸੇ ਵਰਗੀ। ਮਜਬੂਰੀ ਵੱਡੀ ਨਹੀਂ ‘ਨੀਲੋਂ’ ਹੋਰ ਜਮਾਤੀ-ਖਾਸੇ ਵਰਗੀ।
ਦੱਸਾਂ ਅਪਣੇ ਯਾਰ ਦੀ ਕੀ ਗਲ
ਦੱਸਾਂ ਅਪਣੇ ਯਾਰ ਦੀ ਕੀ ਗਲ, ਅਪਣੇ ਆਪ 'ਚ ਹੈ ਇਕ ਗੁੰਝਲ। ਪਿਆਰ ਜਿਨੂੰ ਕਹਿੰਦੇ ਨੇ ਅਜ ਕਲ, ਸ਼ਾਇਦ ਮੈਂ ਨਹੀਂ ਉਸਦੇ ਕਾਬਿਲ। ਕਿਹੜੇ ਪਾਸੇ ਜਾਵੇ ਕੋਈ, ਦਰ ਤੋਂ ਬਾਹਰ ਸਾਰੇ ਦਲਦਲ। ਅੱਗ ਬਰਸਦੀ ਫੁੱਲਾਂ ਤੇ ਹੀ; ਬਰਸਣ ਸਾਗਰ ਤੇ ਹੀ ਬੱਦਲ। ਸੌਂ ਗਈ ਅਪਣੇ ਦਿਲ ਦੀ ਦੁਨੀਆਂ, ਓੜ੍ਹ ਕੇ ਮਜਬੂਰੀ ਦਾ ਕੰਬਲ । ਮੈਨੂੰ ਮੇਰੇ ਹਾਲ ਤੇ ਛੱਡ ਕੇ। ਮੰਗਲ ਗਾਓ! ਗਾਓ ਮੰਗਲ ! ਮੈਨੂੰ ਏਥੋਂ ਤੀਕ ਪੁਚਾਅ ਦਿਉ, ਸੋਚਣ ਦੇ ਵੀ ਰਹਾਂ ਨਾ ਕਾਬਿਲ।
ਮਰ ਗਏ ਕਰਦੇ ‘ਹਿੰਮਤ', ਹਿੰਮਤ'
ਮਰ ਗਏ ਕਰਦੇ ‘ਹਿੰਮਤ', ਹਿੰਮਤ', ਚਾਰੇ ਪਾਸੇ ਗੁਰਬਤ ਗੁਰਬਤ। ਆਗੂ ਡੀਕਾਂ ਲਾ ਲਾ ਪੀ ਗਏ, ਲੋਕਾਂ ਦੀ ਰੱਤ, ਮੰਨ ਕੇ ਸ਼ਰਬਤ। ਮਰਨ ਲਈ ਜ਼ਹਿਰਾਂ ਵੀ ਨਕਲੀ, ਜੀਣ ਲਈ ਅਸਲੀ ਹੈ, ਆਫ਼ਤ। ਦੌਰ ਬਦਲਦੇ ਨਾਲ ਬਦਲ ਲਈ, ਠੱਗਾਂ ਨੇ ਵੀ, ਆਪਣੀ ਰੰਗਤ। ਔਹ ਵੇਖੋ ! ਹੋਟਲ ਦੀਆਂ ਸ਼ਾਨਾਂ! ਆਹ ਵੇਖੋ ! ਭੁੱਖਿਆਂ ਦੀ ਪੰਗਤ। “ਦੇਸ਼ ਕੋ ਆਗੇ ਲੇ ਜਾਨਾ ਹੈ, ਚਾਹੇ ਕਿਤਨੀ ਭੀ ਹੋ ਦੁਰਗਤ”। ਨਾਹਰਿਆਂ ਨੂੰ ਕੀ ਲੋੜ ਅਮਲ ਦੀ? ਫੂਕਾਂ ਨਾਲ ਉਡਾ ਦਿਓ ਪਰਬਤ ! ਲੱਖਾਂ ਕਰੰਗ ਤੁਰੇ ਫਿਰਦੇ ਨੇ, ਦੇਖੀ! ਜਨ-ਭਗਤਾਂ ਦੀ ਰਹਿਮਤ! ਅਕਲ ਲੋੜ ਦੇ ਮੇਚ ਨ ਆਵੇ, ਮੇਚ ਆਉਂਦੀ ਹੈ ਫੇਰ ਸ਼ਰਾਰਤ। ਉਲੂਆਂ ਤੇ ਵਰਤਾ ਦਿਓ ਜਾਦੂ ! ਜਾਗਿਆ ਤੇ ਵਰਤਾ ਦਿਓ ਤਾਕਤ।
ਮੈਂ ਸੰਜੀਦਾ ਹਾਂ, ਜਿੰਦੇ ਮੇਰੀਏ
ਮੈਂ ਸੰਜੀਦਾ ਹਾਂ, ਜਿੰਦੇ ਮੇਰੀਏ, ਐਵੇਂ ਨ ਡਰ ਮੈਥੋਂ, ਤੂੰ ਮੇਰੀ ਏਂ, ਰਹੇਂਗੀ ਫੇਰ ਕਿੱਦਾਂ, ਬੇ-ਅਸਰ ਮੈਥੋਂ। ਮੁਕਾਉਂਦਾ ਜਾ ਰਿਹਾ ਹਾਂ, ਸਾਂਝ ਪਾਲਣ ਦਾ ਸਫ਼ਰ ਕੇਹਾ ! ਦਿਨੋ ਦਿਨ, ਦੂਰ ਹੁੰਦਾ ਜਾ ਰਿਹਾ ਏ, ਮੇਰਾ ਘਰ ਮੈਥੋਂ। ਵਫ਼ਾ ਦੀ ਟੇਕ ਵੀ ਰੱਖੀ ਨਹੀਂ ਏਨੀ ਜ਼ਮਾਨੇ 'ਤੇ, ਉਮਰ ਨੂੰ, ਬੇ-ਸਹਾਰਾ ਵੀ ਨ, ਬਹੁਤਾ ਹੋਇਆ ਕਰ ਮੈਥੋਂ। ਵਗਾਇਆ ਖੂਨ ਦਾ ਹਰ ਇਕ ਟੇਪਾ, ਏਸਦੇ ਰਾਹ ਤੇ, ਭਲਾਂ ! ਹੁਣ ਹੋਰ ਕੀ ਮੰਗਦਾ ਪਿਐ!! ਦਿਲ ਦਾ ਸਫ਼ਰ ਮੈਥੋਂ !!! ਮੈਂ ਇਸਦੇ ਨਾਲ, ਹਰ ਇਕ ਹਾਲ ਵਿਚ, ਰੱਜਕੇ ਵਫ਼ਾ ਕੀਤੀ, ਲਿਆ ਹੈ, ਸ਼ੌਕ ਮੇਰੇ ਨੇ, ਸਦਾ ਬਦਲਾ ਹੀ, ਪਰ ਮੈਥੋਂ।
ਤੌਖਲਾ ਸੱਚਾ ਹੈ ਤੇਰਾ ਸਿਦਕ ਮੇਰੇ ਤੇ ਜ਼ਰੂਰ
ਤੌਖਲਾ ਸੱਚਾ ਹੈ ਤੇਰਾ ਸਿਦਕ ਮੇਰੇ ਤੇ ਜ਼ਰੂਰ, ਅਪਣੀ ਕਿਸਮਤ ਦਾ ਵੀ ਮੈਂ, ਕਰਤਾਰ ਬਣ ਸਕਿਆ ਨਹੀਂ। ਫੁੱਲ ਬਣਨੇ ਦੀ ਤਮੰਨਾ ਸੀ ਤਮੰਨਾ ਹੀ ਰਹੀ, ਖ਼ਾਰ ਬਣ ਸਕਦਾ ਸਾਂ, ਪਰ ਮੈਂ ਖ਼ਾਰ ਬਣ ਸਕਿਆ ਨਹੀਂ। ਬਦਲਣਾ ਪੈਣਾ ਏਂ ਹੁਣ ਤੈਨੂੰ ਪਸੀਨੇ ਦਾ ਸੁਭਾਅ, ਅੱਥਰੂ, ਅੱਥਰੂ ਹੀ ਸੀ, ਅੰਗਿਆਰ ਬਣ ਸਕਿਆ ਨਹੀਂ। ਹਾਲੇ ਪਹੁੰਚੀ ਨਾ ਮਨੁੱਖਤਾ ਤੀਕ ਹੀ ਜਗ ਦੀ ਵਫ਼ਾ, ਕੀ ਹੋਇਆ ‘ਨੀਲੋਂ' ਕਿਸੇ ਦਾ ਯਾਰ ਬਣ ਸਕਿਆ ਨਹੀਂ।
ਇਹ ਠੁਕਰਾਈ ਵਫ਼ਾ, ਫਿਰਦੀ ਹੈ ਦਰ ਦਰ
ਇਹ ਠੁਕਰਾਈ ਵਫ਼ਾ, ਫਿਰਦੀ ਹੈ ਦਰ ਦਰ, ਜ਼ਰੂਰਤ ਕਿਸ ਨੂੰ ਦੀਵਾਨਾ ਬਣਨ ਦੀ। ਕਰੇ ਜੇ ਪਿਆਸ ਅਪਣੀ ਰੂਪ ਜ਼ਾਹਰ, ਖੁਸ਼ੀ ਲੈ ਲਾਂਗਾ ਪੈਮਾਨਾ ਬਣਨ ਦੀ। ਅਦਾ ਤੇਰੀ ਨੂੰ, ਮੇਰੀ ਬੇਬਸੀ ਨੂੰ, ਹੈ ਚੇਟਕ ਧੁਰ ਤੋਂ ਅਫ਼ਸਾਨਾ ਬਣਨ ਦੀ। ਅਮਲ ਮੰਗਦੀ ਹੈ ਫ਼ਿਤਰਤ ਦੀ ਕਹਾਣੀ, ਨਹੀਂ ਕੁਈ ਜਾਂਚ ਪਰਵਾਨਾ ਬਣਨ ਦੀ। ਅਕਲ ਨੂੰ ਲੋੜ, ਜਜ਼ਬਾਤੀ ਬਣੇ ਕੁਝ, ਜ਼ਰੂਰਤ ਇਸ਼ਕ ਨੂੰ, ਦਾਨਾ ਬਣਨ ਦੀ। ਵਫ਼ਾ ਦਾ ਅੰਤ ਜੇ ਸੋਗੀ ਨ ਹੋਵੇ, ਤਾਂ ਕੀ ਤਕਲੀਫ਼ ਅਫ਼ਸਾਨਾ ਬਣਨ ਦੀ।
ਰਹਿਣ ਦੇ, ਕਿਸੇ ਦਾ, ਸਹਾਰਾ ਰਹਿਣ ਦੇਹ !
ਰਹਿਣ ਦੇ, ਕਿਸੇ ਦਾ, ਸਹਾਰਾ ਰਹਿਣ ਦੇਹ ! ਕਿਸੇ ਦਿਲ ਦਾ, ਚਾਨਣ-ਮੁਨਾਰਾ ਰਹਿਣ ਦੇ! ਇਹਨਾਂ ਸਾਗਰਾਂ ਦੀ ਮੈਂ ਮੰਝਧਾਰ ਹੈਨਾ, ਤੂੰ ਇਹਨਾਂ ਦਾ ਮੈਨੂੰ ਕਿਨਾਰਾ ਰਹਿਣ ਦੇਹ ! ਮੈਂ ਦਰ ਤੇ, ਕਿਸੇ ਦੇ ਨ, ਮੱਥਾ ਘਸਾਉਣਾ, ਮਿਰਾ ਇਸ਼ਕ ਹੁਸਨਾਂ 'ਤੇ ਭਾਰਾ ਰਹਿਣ ਦੇਹ ! ਲੁਕਾਈ ਨੂੰ ਖਾ ਖਾ ਕੇ ਢਿੱਡ ਭਰਨ ਨਾਲੋਂ, ਤਾਂ ਭੁੱਖਾਂ ਤੇ ਮੇਰਾ ਗੁਜ਼ਾਰਾ ਰਹਿਣ ਦੇਹ ! ਜਿ ਦੋ ਪਲ ਮਿਲਣ ਦੇ, ਤੇ ਮਗਰੋਂ ਜੁਦਾਈ, ਤਾਂ, ਏਦੋਂ ਤਾਂ ਚੰਗਾ ਹੈ ਲਾਰਾ ਰਹਿਣ ਦੇਹ ! ਕਿਸੇ ਦੇ ਹੁਸਨ 'ਚੋਂ ਜ਼ਹਿਰ ਟਪਕਦੀ ਏ, ਮਿਰਾ ਪਿਆਰ ਖਾਰੈ ਤਾਂ ਖਾਰਾ ਰਹਿਣ।
ਕਈ ਵਾਰ ਮੈਂ ਚਾਹਾਂ, ਦਿਲ ਦੀਆਂ
ਕਈ ਵਾਰ ਮੈਂ ਚਾਹਾਂ, ਦਿਲ ਦੀਆਂ, ਸਾਰੀਆਂ ਭੁੱਖਾਂ ਮਾਰ ਦਿਆਂ, ਤੇਰੀਆਂ ਯਾਦਾਂ ਨੂੰ ਪਰ ਸਜਣਾ, ਓਵੇਂ ਹੀ ਸਤਿਕਾਰ ਦਿਆਂ। ਮੇਰਿਆਂ, ਨੈਣਾਂ ਦੇ ਅੰਬਰ 'ਤੇ, ਬੱਦਲ ਰੰਗ-ਬਰੰਗੇ ਨੇ, ਹੋਵੇ ਜੇ ਮਨਜ਼ੂਰ ਤੁਸਾਂ ਨੂੰ, ਹੋਰ ਵੀ ਰੂਪ ਨਿਖਾਰ ਦਿਆਂ। ਤੜਪਣ, ਭਟਕਣ, ਬਿਹਬਲਤਾ ਤੇ ਭੋਲੇਪਣ ਵਿਚ ਹਮਦਰਦੀ, ਤੂੰ ਹੀ ਦਸ! ਤੇਰੀ ਤਕਣੀ ਦਾ ਕਿਹੜਾ ਰੰਗ ਵਿਸਾਰ ਦਿਆਂ! ਹੁਣ ਜਦਕਿ ਅਹਿਸਾਸ ਹੈ ਮੈਨੂੰ, ਅਪਣੇ ਨੰਗੇ ਪੈਰਾਂ ਦਾ, ਹੁਣ ਮੈਂ ਕੱਚ ਦੇ ਟੁਕੜੇ ਕਿੱਦਾਂ ਰਾਹਾਂ ਵਿਚ ਖਿਲਾਰ ਦਿਆਂ। ਵਸ ਦੀ ਗੱਲ ਨ ਮਿਲਣ ਸਮੇਂ ਵੀ ਮੱਥਾ ਖਿੜਿਆ ਨਾ ਮੇਰਾ, ਏਨੀ ਛੇਤੀਂ, ਐਨੇ ਦੁਖੜੇ, ਦਿਲ ਤੋਂ ਕਿਵੇਂ ਉਤਾਰ ਦਿਆਂ। ਅੰਤ, ਉਨ੍ਹਾਂ ਨੂੰ ਆ ਗਈ ਸੋਝੀ ‘ਨੀਲੋਂ’ ਸਾਰ ਪਛਾਨਣ ਦੀ, ਤਾਂ ਕੀ ਹੋਇਆ, ਜੇ ਚਿਰ ਹੋਇਆ, ਤੈਨੂੰ ਮੱਥਾ ਮਾਰਦਿਆਂ।
ਤੇਰੇ ਨਾਲ ਹੀ ਮੇਰਾ, ਦਿਲ ਦਾ
ਤੇਰੇ ਨਾਲ ਹੀ ਮੇਰਾ, ਦਿਲ ਦਾ, ਮਹਿਕੇ ਚਾਰ ਚੁਫੇਰਾ ਦਿਲ ਦਾ। ਓਨਾਂ ਹੀ ਇਹ ਤੰਗ ਜਿਹਾ ਏ, ਚੌੜੈ ਜਿਨ੍ਹਾਂ, ਘੇਰਾ ਦਿਲ ਦਾ। ਮੜ੍ਹੀਆਂ ਉੱਪਰ ਬਾਲ ਕੇ ਦੀਵੇ, ਕਰ ਲਿਆ ਦੂਰ ਹਨੇਰਾ ਦਿਲ ਦਾ। ਰਾਤਾਂ ਰੌਸ਼ਨ ਕਰਨ ਤੁਰੇ ਸੀ, ਕਰ ਲਿਆ ਰਾਤ ਸਵੇਰਾ ਦਿਲ ਦਾ। ਕਿਹੜਾ ਪਾਸਾ ਰਾਸ ਹੈ ਤੈ ਨੂੰ ? ਕਿਹੜੇ ਪਾਸੇ ਡੇਰਾ ਦਿਲ ਦਾ। ‘ਨੀਲੋਂ' ਦੁਖ ਹੀ ਰੌਸ਼ਨ ਹੋ ਕੇ, ਰੌਸ਼ਨ ਕਰਨ ਬਨੇਰਾ ਦਿਲ ਦਾ।
ਰਿਹਾ ਜਾਂਦਾ ਨਹੀਂ ਮੈਥੋਂ ਕਿਸੇ ਭਗਵਾਨ ਦੇ
ਰਿਹਾ ਜਾਂਦਾ ਨਹੀਂ ਮੈਥੋਂ ਕਿਸੇ ਭਗਵਾਨ ਦੇ ਸਿਰ ਤੇ। ਜੁ ਕੁਝ ਕਰਨਾ ਏ, ਮੈਂ ਕਰਨਾ ਏ, ਆਪਣੀ ਜਾਨ ਦੇ ਸਿਰ ਤੇ। ਨੀ ਮੌਤੇ ! ਤੇਰਾ ਜੀਅ ਆਵੇ ਜਦੋਂ, ਆ ਜਾਵੀਂ ਜੀ ਸਦਕੇ, ਮੈਂ ਫੁੱਲ ਟੰਗਦਾ ਹਾਂ, ਘਰ ਆਏ, ਹਰ ਇਕ ਮਹਿਮਾਨ ਦੇ ਸਿਰ ਤੇ। ਜੋ ਖ਼ੁਦਦਾਰੀ ਨੂੰ, ਕੁਝ ਕੁਝ ਨਿਮਰਤਾ ਦੀ ਪਾਣ ਦੇ ਲੈਂਦੇ, ਉਹ ਜਿੱਤ ਸਕਦਾ ਹੈ, ਹਰ ਔਕੜ ਦਾ ਰਣ ਇਸ ਬਾਣ ਦੇ ਸਿਰ ਤੇ। ਮਿਰੇ ਮਦਮਸਤ ਦਿਲ, ਮੈਥੋਂ ਹੀ ਜੇਕਰ, ਹੋ ਗਿਓਂ ਆਕੀ; ਮੈਂ ਤੈਨੂੰ ਛੱਡ ਦੇਵਾਂਗਾ, ਕਿਸੇ ਨਾਦਾਨ ਦੇ ਸਿਰ ਤੇ । ਬੜੇ ਈਮਾਨਦਾਰਾਂ ਨੇ, ਜਿਨੂੰ ਧਿਰਕਾਰਿਆ ਸੁਰਗੋਂ, ਮੈਂ ਹੁਣ ਤਕ ਜੀ ਰਿਹਾ ਹਾਂ, ਉਸ ਅਪਣੇ ਬੇਈਮਾਨ ਦੇ ਸਿਰ ਤੇ। ਹਮੇਸ਼ਾ ਲਾਭ ਦੀ ਝੋਲੀ 'ਚ ਸਿਰ ਦੇ ਕੇ ਜੋ ਸਾਹ ਲੈਂਦੈ, ਭਲਾ ਰਹਿੰਦਾ ਹੈ ਕਦ ਉਹ, ਸਬਰ ਤੇ ਈਮਾਨ ਦੇ ਸਿਰ ਤੇ। ਤੂੰ ਮਾਲਾ ਫੇਰਦੈਂ, ਜਗ ਚਾਰਦੈਂ, ਮਨ ਦੇਖ ਤਾਂ ਅਪਣਾ! ਉਹ ਭਲਿਆ ! ਮਾਰ ਨ ਠੋਲੇ, ਕਿਸੇ ਭਗਵਾਨ ਦੇ ਸਿਰ ਤੇ।
ਡਰ ਹੈ ਮੈਨੂੰ, ਦੁਸ਼ਮਣੀ ਤੱਕ
ਡਰ ਹੈ ਮੈਨੂੰ, ਦੁਸ਼ਮਣੀ ਤੱਕ, ਪਹੁੰਚ ਜਾਵੇ ਨ ਕਿਤੇ, ਵਧ ਰਹੀ ਹੈ ਬੇ-ਰੁਖੀ, ਸਾਡੇ 'ਚ, ਜਿਸ ਰਫ਼ਤਾਰ ਨਾਲ। ਮੇਰਿਆਂ ਸਾਹਾਂ 'ਚ ਉਂਝ ਐਨੀ ਕੁੜੱਤਣ ਘੋਲ ਨਾ, ਪੀ ਤਾਂ ਜਾਵਾਂਗਾ, ਮੈਂ ਭਾਵੇਂ, ਇਸਨੂੰ ਵੀ ਸਤਿਕਾਰ ਨਾਲ। ਕੋਟ ਗੱਲਾਂ ਦੇ ਉਸਾਰੇ, ਬਹੁਤ ਚਿਰ ਨਿਭਣੇ ਨਹੀਂ, ਏਸ ਗੱਲ ਦੇ ਤਾਂ ਨਬੇੜੇ ਹੋਣਗੇ ਕਿਰਦਾਰ ਨਾਲ। ਵਧ ਗਏ ਜਿੰਨੇ ਛਲਾਵੇ, ਹੁਸਨ ਦੇ ਇਕਰਾਰ ਵਿਚ। ਹੋ ਗਈ ਓਨੀ ਹੀ ਉਨੰਸ, ਏਸ ਦੇ ਇਨਕਾਰ ਨਾਲ। ਉਨ੍ਹਾਂ ਦੇ ਧੜ ਤੋਂ ਜੁਦਾ ਹੋ ਜਾਣ ਵਿਚ ਕਿਹੜਾ ਗੁਨਾਹ, ਜਿਹੜੇ ਸਿਰ ਨਿਉਂਦੇ ਕਦੇ ਵੀ ਨਾ, ਗੁਨਾਹ ਦੇ ਭਾਰ ਨਾਲ। ਵਧ ਰਹੇ ਤੰਦੂਏ ਦੇ ਤੰਦਾਂ, ਵਿਚ ਹੀ ਇਸਦੀ ਹੈ ਮੌਤ, ਕੱਟ ਹੋ ਜਾਣੇ ਜੋ ਆਖਿਰ ਨੂੰ ਸਮੇਂ ਦੀ ਧਾਰ ਨਾਲ।
ਹੈ ਜਿਹੜੀ ਗੱਲ ਦਾ ਤੈਨੂੰ
ਹੈ ਜਿਹੜੀ ਗੱਲ ਦਾ ਤੈਨੂੰ, ਉਸਦਾ ਮੈਨੂੰ ਪਾਸ ਨਹੀਂ, ਜੋ ਤੈਨੂੰ ਰਾਸ ਹੈ, ਉਹ ਗੱਲ ਮੈਨੂੰ ਰਾਸ ਨਹੀਂ। ਹੈ ਸੋਚ ਸਾਦਾ ਮਿਰੀ, ਪੇਚਦਾਰ ਹੈ ਤੇਰੀ, ਇਹਨਾਂ ਦੇ ਮਿਲਣ ਦੀ, ਕਿਧਰੇ ਵੀ, ਕੋਈ ਆਸ ਨਹੀਂ। ਮੈਂ ਦੋਸਤੀ ਦੇ ਭੁਲੇਖੇ 'ਚ ਵੀ ਸੁਰਗ ਮਾਣੇ, ਕਪਟ 'ਚ ਨਾਰਕੀ-ਲੋਕਾਂ ਨੂੰ, ਇਹ ਅਹਿਸਾਸ ਨਹੀਂ। ਸਮੇਂ ਨੇ ਅੜ ਕੇ, ਪੁਆਇਆ ਹੈ, ਅਪਣਾ ਮੁੱਲ ਏਨਾਂ, ਰਿਹਾ ਗੁਆਣ ਲਈ, ਕੋਲ ਇਕ ਵੀ ਸਾਸ ਨਹੀਂ। ਹਾਂ, ਰਹਿਕੇ ਦੂਰ ਹੀ, ਸੂਰਤ ਦਾ ਛਲ, ਖੁਸ਼ੀ ਦੇਵੇ, ਸ਼ੀਸ਼ੇ ਵਿਚ ਤਾਂ, ਕੂੜ ਕਪਟ ਜਾਂ ਭੜਾਸ ਨਹੀਂ। ਦਿਲੇ ਦੇ ਹੰਸ ਨੂੰ, ਭਾਵਾਂ ਦੇ ਏਨੇ ਮੋਤੀ ਜੁੜੇ, ਕਿਸੇ ਵੀ ਚੀਜ਼ ਦੀ ਇਸ ਰੂਹ ਨੂੰ ਹੁਣ ਪਿਆਸ ਨਹੀਂ।
ਦਿਲ ਨੂੰ ਲਾ ਕੇ ਜਿਵੇਂ ਪਲੀਤਾ
ਦਿਲ ਨੂੰ ਲਾ ਕੇ ਜਿਵੇਂ ਪਲੀਤਾ, ਮੁੜ ਗਿਆ ਕੋਈ ਚੁੱਪ ਚੁਪੀਤਾ। ਦਾਰੂ ਜਿਸਨੂੰ ਲੱਗ ਸਕੇ ਨਾ, ਉਹ ਵੀ ਜਖ਼ਮ ਸਮੇਂ ਨੇ ਸੀਤਾ। ਖਬਰੈ ਦਿਲ ਨੂੰ ਕਿਉਂ ਲੱਗਦਾ ਹੈ, ਬਦ ਨਾਲੋਂ ਭੈੜਾ ਬਦਨੀਤਾ। ਹੱਥ ਵਿਚ ਮਾਲਾ ਮੂੰਹ ਵਿਚ ਗਾਲਾਂ, ਕੰਮ ਸਾਰਾ ਦਿਨ ਏਹੋ ਕੀਤਾ। ਚੰਗਾ ਹੋਇਆ ਸਮਝ ਗਿਆ ਤੂੰ, ਮੈਂ ਆਇਆ ਸਾਂ ਭਰਿਆ ਪੀਤਾ। ਪੀਣੇ ਅਸੀਂ ਸੀਰਮੇ ਇਕ ਦਿਨ, ਸਾਡਾ ਲਹੂ ਜਿਨ੍ਹਾਂ ਨੇ ਪੀਤਾ। ਏਸ ਯੁੱਗ ਦੇ ਕੁੱਲ ਅਡੰਬਰ, ਹੋ ਜਾਣੇ ਹੁਣ ਫੀਤਾ ਕੀਤਾ। ‘ਨੀਲੋਂ' ਤੂੰ ਸੰਤਾਂ ਦਾ ਸੇਵਕ। ਸ਼ਾਇਦ ਪੜ੍ਹੀ ਨਹੀਂ ਤੂੰ ਗੀਤਾ।
ਅਪਣੀ ਰਹਿਮਤ ਵੰਡਕੇ ਸਾਥੋਂ
ਅਪਣੀ ਰਹਿਮਤ ਵੰਡਕੇ ਸਾਥੋਂ, ਪਰੇ ਪਰੇ ਲੰਘ ਜਾਂਦੈ ਜਿਸ ਮੌਸਮ ਨੂੰ ਸਦਾ ਸਹਿਕਦੇ, ਸਾਡੇ ਨੈਣ ਪਿਆਸੇ। ਦੁਸ਼ਮਣ ਸੱਭੇ ਮੌਸਮ ਮਾਨਣ, ਮਾਨਣ ਸੰਝ ਸਵੇਰਾਂ, ਇਕ ਰੰਗੇ, ਲੰਘ ਜਾਂਦੇ ਸਾਡੇ, ਮਾਸੇ ਅਤੇ ਚੁਮਾਸੇ। ਜੀਵਨ ਦੇ ਹਰ ਪਿੜ ਵਿਚ ਪਾਏ, ਕਿਸਮ-੨ ਦੇ ਫਨੀਅਰ, ਲੋਕਾਂ ਨੇ, ਦੁਖ ਦੁਖਕੇ ਜਦ ਵੀ, ਤੱਕਿਆ ਜਿਹੜੇ ਪਾਸੇ। ਥਲ ਵਿਚ ਭੱਜ ਕੇ ਵੀ ਹੱਸਣ ਦੀ, ਬਰਕਤ ਜੀਹਨਾਂ ਪੱਲੇ, ਉਹ ਪਿਆਸੇ ਤਾਂ ਮਰ ਸਕਦੇ ਨੇ, ਮਰਦੇ ਨਹੀਂ ਨਿਰਾਸੇ। ਲੋਕ ਹਿਤਾਂ ਦਾ ਬੁਰਕਾ ਪਾ ਕੇ ਨੱਚਣ ਆਦਮਖਾਣੇ, ‘ਨੀਲੋਂ’ ਕਿੰਨਾਂ ਚਿਰ ਦੇਖੇਂਗਾ ਸਭ ਕੁਝ ਬਹਿ ਕੇ ਪਾਸੇ।
ਮਨ ਚ ਜਦ ਮਿਲਣੀ ਤੇ ਪਲ ਪਰਤਾ ਲਿਆ
ਮਨ ਚ ਜਦ ਮਿਲਣੀ ਤੇ ਪਲ ਪਰਤਾ ਲਿਆ ਕਰਦਾ ਹਾਂ ਮੈਂ, ਅਪਣੀ ਬਰਬਾਦੀ ਦੇ ਸੁਹਲੇ ਗਾ ਲਿਆ ਕਰਦਾ ਹਾਂ ਮੈਂ। ਬੇਖੁਦੀ ਵਿਚ ਸੁਪਨਿਆਂ ਦੇ ਮਹਿਲ ਉਸਰਦੇ ਨੇ ਜੋ, ਹੋਸ਼ ਵਿੱਚ ਆਕੇ ਉਹਨਾਂ ਨੂੰ ਢਾਅ ਲਿਆ ਕਰਦਾ ਹਾਂ ਮੈਂ। ਭੋਲਾਪਣ ਸਮਝੋ ਜਾਂ ਸਮਝੋ ਦਿਲ ਦੀ ਕਮਜ਼ੋਰੀ ਕੁਈ, ਦਿਲ ਦੇ ਭੇਤੀ ਸਾਹਮਣੇ ਹੌਕਾ ਲਿਆ ਕਰਦਾ ਹਾਂ ਮੈਂ। ਖੁਸ਼ ਰਹੋ ਜੀ! ਖੁਸ਼ ਰਹੋ !! ਖੁਸ਼ੀਆਂ ਹੰਡਾਵਣ ਵਾਲਿਓ!! ਗ਼ਮ ਮਿਰੇ ਵੰਡੇ 'ਚ ਨੇ ਗ਼ਮ ਖਾ ਲਿਆ ਕਰਦਾ ਹਾਂ ਮੈਂ। ਰੋਣ ਦੀ ਆਦਤ ਹੈ ਕਿਸਨੂੰ, ਹੱਸਣਾ ਲੋੜੇ ਨ ਕੌਣ, ਰੋਣ 'ਚੋਂ ਪਰ ਚੈਨ ਕੁਝ ਕੁਝ ਪਾ ਲਿਆ ਕਰਦਾ ਹਾਂ ਮੈਂ। ਮੁਸ਼ਕਲਾਂ ਦੇ ਨਾਲ ਰਸਤੇ ਅੱਟ ਜਾਂਦੇ ਨੇ ਮਿਰੇ, ਜਦ ਵੀ ਸੁਹਣੇ ਸਮੇਂ ਦਾ ਸੁਪਨਾ ਲਿਆ ਕਰਦਾ ਹਾਂ ਮੈਂ। ਮੈਨੂੰ ਰੋਸਾ ਨਾ ਕਿਸੇ ਦੀ ਬੇਰੁਖੀ ਤੇ ਦੋਸਤੋ, ਬੈਠ ਕੇ ਅਪਣਾ ਹੀ ਦਿਲ ਸਮਝਾ ਲਿਆ ਕਰਦਾ ਹਾਂ ਮੈਂ।
ਨ ਮਿਥਿਓ ਕੁਈ ਜ਼ਿੰਦਗੀ ਦਾ ਨਿਸ਼ਾਨਾ
ਨ ਮਿਥਿਓ ਕੁਈ ਜ਼ਿੰਦਗੀ ਦਾ ਨਿਸ਼ਾਨਾ ਬਣਾ ਲਉਗੇ ਵੈਰੀ ਇਉਂ ਸਾਰਾ ਜ਼ਮਾਨਾ । ਨਹੀਂ ਇਸ਼ਕ ਨੂੰ ਕੋਈ ਪੁੱਗਦਾ ਬਹਾਨਾ, ਤਿਰੇ ਏਸ ਸੌਦੇ 'ਚ ਸਿਰ ਦਾ ਬਿਆਨਾ। ਰਿਹਾ ਪਾਸ ਮੈਨੂੰ ਹਮੇਸ਼ਾ ਵਫ਼ਾ ਦਾ, ਰਤਾ ਜ਼ਾਲਮਾਂ ਤੈਨੂੰ ਆਈ ਦਯਾ ਨਾ। ਮੈਂ ਹਾਂ ਇਕ ਵਿਸ਼ਵ ਦਾ ਪਰੇਸ਼ਾਨ ਕਿਣਕਾ, ਜੋ ਬਣਦਾ ਰਿਹਾ ਬੇਵਸੀ ਦਾ ਨਿਸ਼ਾਨਾ। ਕਿਤੇ ਹੋਰ ਇਸ ਤੋਂ ਵੀ ਜਾਂਦਾ ਰਹਾਂ ਨਾ, ਲਵੋ ਨ ਮੇਰੇ ਕੋਲ ਹੁਣ ਪਿਆਰ ਦਾ ਨਾਂ। ਅਜੇ ਰੌਸ਼ਨੀ ਨੂੰ ਭਟਕਦੀ ਏ ਦੁਨੀਆਂ, ਹੁਣੇ ਬੂਝ ਰਿਹੈ ਮੇਰੀ ਰੂਹ ਦਾ ਤਰਾਨਾ।
ਇਹ ਠੁਕਰਾਈ ਵਫ਼ਾ ਫਿਰਦੀ ਹੈ ਦਰ ਦਰ
ਇਹ ਠੁਕਰਾਈ ਵਫ਼ਾ ਫਿਰਦੀ ਹੈ ਦਰ ਦਰ, ਜ਼ਰੂਰਤ ਕਿਸਨੂੰ ਦੀਵਾਨਾ ਬਣਨ ਦੀ। ਪਿਆਸ ਅਪਣੀ ਕਰੇ ਜੇ ਰੂਪ ਜ਼ਾਹਿਰ, ਖੁਸ਼ੀ ਲੈ ਲਾਂਗਾ ਪੈਮਾਨਾ ਬਣਨ ਦੀ। ਅਦਾ ਤੇਰੀ ਨੂੰ, ਮੇਰੀ ਬੇਬਸੀ ਨੂੰ, ਹੈ ਚੇਟਕ ਧੁਰ ਤੋਂ ਅਫ਼ਸਾਨਾ ਬਣਨ ਦੀ। ਅਮਲ ਮੰਗਦੀ ਹੈ ਫ਼ਿਤਰਤ ਦੀ ਕਹਾਣੀ, ਨਹੀਂ ਕੋਈ ਜਾਚ ਪਰਵਾਨਾ ਬਣਨ ਦੀ। ਅਕਲ ਨੂੰ ਲੋੜ ਜਜ਼ਬਾਤੀ ਬਣੇ ਕੁਝ, ਜ਼ਰੂਰਤ ਇਸ਼ਕ ਨੂੰ ਦਾਨਾ ਬਣਨ ਦੀ। ਵਫ਼ਾ ਦਾ ਅੰਤ ਜੇ ਸੋਗੀ ਨ ਹੋਵੇ, ਤਾਂ ਕੀ ਤਕਲੀਫ਼ ਅਫ਼ਸਾਨਾ ਬਣਨ ਦੀ।
ਮਿਰੇ ਕੰਨਾਂ ਚੋਂ ਜਦ ਮਿੱਠੇ ਹੁੰਘਾਰੇ
ਮਿਰੇ ਕੰਨਾਂ ਚੋਂ ਜਦ ਮਿੱਠੇ ਹੁੰਘਾਰੇ ਗੁੰਮ ਜਾਂਦੇ ਨੇ, ਮਿਰੇ ਨੈਣਾਂ ਚੋਂ ਟੁੱਟ ਟੁੱਟ ਕੇ ਸਿਤਾਰੇ ਗੁੰਮ ਜਾਂਦੇ ਨੇ। ਮਿਰੇ ਚਾਅ, ਮੇਰੀਆਂ ਸੱਧਰਾਂ, ਮਿਰੇ ਸੁਪਨੇ, ਮਿਰੇ ਹੰਝੂ, ਕਿਸੇ ਦੀ ਯਾਦ ਵਿਚ, ਸਾਰੇ ਦੇ ਸਾਰੇ ਗੁੰਮ ਜਾਂਦੇ ਨੇ। ਮਿਰੀ ਦੁਨੀਆਂ 'ਚ ਆ ਕੇ ਇਸ ਤਰ੍ਹਾਂ, ਹੈ ਗੁੰਮ ਗਿਆ ਕੋਈ, ਅਰਸ਼ ਤੋਂ, ਜਿਸ ਤਰ੍ਹਾਂ ਟੁੱਟ ਕੇ, ਸਿਤਾਰੇ ਗੁੰਮ ਜਾਂਦੇ ਨੇ। ਮਿਰੀ ਤਕਦੀਰ ਕਹਿਕੇ, ਹਰ ਕੋਈ ਰੋਂਦਾ ਹੈ ਦਿਲ ਵਾਲਾ, ਜਦੋਂ ਤਦਬੀਰ ਦੇ ਸਾਰੇ ਸਹਾਰੇ ਗੁੰਮ ਜਾਂਦੇ ਨੇ। ਮਿਰੀ ਜਾਚੇ ਮੁਹੱਬਤ, ਓਸ ਵੇਲੇ, ਬੋਝ ਬਣਦੀ ਏ, ਜਦੋਂ ਆਏ ਹੁਣੇ, ਕਹਿ ਕੇ ਪਿਆਰੇ ਗੁੰਮ ਜਾਂਦੇ ਨੇ। ਓ ਦੁਨੀਆਂ ਵਾਲਿਓ ਖੱਟਿਆ ਮੈਂ ਕੀ ਇਹਨਾਂ ਬਹਾਰਾਂ ਚੋਂ, ਇਹਨਾਂ ਵਿਚ ਸੱਜਣਾ ਦੇ ਵੀ ਹੁੰਘਾਰੇ ਗੁੰਮ ਜਾਂਦੇ ਨੇ। ਕਿਨਾਰਾ ਸਮਝਿਆ ਹੁੰਦੈ ਉਦੋਂ ਹਰ ਲਹਿਰ ਨੂੰ ਆਪਾਂ, ਜਦੋਂ ਨਜ਼ਰਾਂ ਚੋਂ ਹਟ ਹਟ ਕੇ ਕਿਨਾਰੇ ਗੁੰਮ ਜਾਂਦੇ ਨੇ।
ਕਿਸੇ ਵਲ ਨੂੰ, ਕੁਈ ਬੇਵਸ, ਇਸ਼ਾਰਾ ਹੁੰਦਾ
ਕਿਸੇ ਵਲ ਨੂੰ, ਕੁਈ ਬੇਵਸ, ਇਸ਼ਾਰਾ ਹੁੰਦਾ ਜਾਂਦਾ ਏ, ਉਹੀ ਮੁੜਕੇ ਗੁਨਾਹ ਮੈਥੋਂ, ਦੁਬਾਰਾ ਹੁੰਦਾ ਜਾਂਦਾ ਏ। ਕਿਸੇ ਦੀ ਪਿਆਰ ਤੱਕਣੀ ਨੇ ਅਜੇਹਾ ਧੂੜਿਆ ਜਾਦੂ, ਮਿਰੀ ਨਜ਼ਰਾਂ ਨੂੰ ਸਭ ਕੁਝ, ਪਿਆਰਾ ਪਿਆਰਾ ਹੁੰਦਾ ਜਾਂਦਾ ਏ। ਜੇ ਮੈਂ ਅਣਜਾਣ ਹਾਂ, ਦੱਸੋ ਕੁਈ, ਕੀ ਪਿਆਰ ਹੈ ਏਹੋ, ਕਿ ਜੋ ਕੁਝ ਹੁੰਦਾ ਏ, ਸਭ ਆਪ-ਮੁਹਾਰਾ, ਹੁੰਦਾ ਜਾਂਦਾ ਏ। ਅਸੀਂ ਚੰਨ ! ਤੇਰੇ ਬਿਨ, ਬਸ ਜੀਣ ਦੀ ਖਾਤਰ ਹੀ ਜੀਂਦੇ ਹਾਂ, ਗੁਜ਼ਾਰਾ ਹੁੰਦਾ ਨਹੀਂ, ਜਿੱਦਾਂ, ਗੁਜ਼ਾਰਾ ਹੁੰਦਾ ਜਾਂਦਾ ਏ। ਤਿਰੇ ਸਿਰ ਤੇ ਦੁਖੀ ‘ਨੀਲੋਂ’ ਬੁਰੇ ਦਿਨ ਵੀ, ਭਲੇ ਆਏ, ਕਿ ਹੁਣ ਅਪਣੇ ਬਗਾਨੇ ਦਾ ਨਤਾਰਾ ਹੁੰਦਾ ਜਾਂਦਾ ਏ।
ਕਿਸੇ ਨੂੰ ਬਖਸ਼ਦੈ ਏਨਾ ਕਿ ਛੱਡੇ ਨਾ ਕਸਰ ਕੋਈ
ਕਿਸੇ ਨੂੰ ਬਖਸ਼ਦੈ ਏਨਾ ਕਿ ਛੱਡੇ ਨਾ ਕਸਰ ਕੋਈ, ਰਹੇ ਵਾਂਝਾ ਤਿਰੀ ਛੁਹ ਤੋਂ ਵਿਚਾਰਾ ਉਮਰ ਭਰ ਕੋਈ। ਜਮਾਨੇ ਦੀ ਅਗਨ ਤੋਂ ਬਚਣ ਲਈ ਆਏ ਹਾਂ ਜਿਸ ਪਾਸੇ, ਉਧਰ ਹੀ ਲੂਸਿਆ ਜਾਂਦਾ ਰਿਹਾ ਚਾਵਾਂ ਦਾ ਘਰ ਕੋਈ। ਉਸ, ਇਕ ਨਾ ਇਕ ਦਿਨ, ਤੇਰੇ ਦਰਾਂ ਤਕ ਵੀ ਪਹੁੰਚ ਜਾਣੈ, ਮੁਕਾਅ ਬੈਠਾ ਹੈ, ਜੋ, ਦੀਵਾਨਗੀ ਤੱਕ ਦਾ ਸਫ਼ਰ ਕੋਈ। ਕਿਸੇ ਦੇ ਦਰਸ–ਚਾਅ ਵਿਚ ਨਜ਼ਰ ਮੇਰੀ, ਇਸ ਤਰ੍ਹਾਂ ਝੂਮੀ, ਜਿਵੇਂ ਇਕ ਨਾਚ ਅੰਦਰ ਝੂਮਦੀ ਹੋਵੇ ਕਮਰ ਕੋਈ। ਅਸੀਂ ਜੀਉਂਦੇ ਹਾਂ ਉਹ ਸਾਥੀ ਅਸਾਡਾ ਸਿਦਕ ਹੈ ਜੀਉਂਦਾ, ਪਰ ਉਂਝ ਦੁਨੀਆਂ 'ਚ ਸਾਡੇ ਨਾਲ ਕੀ ਛਡਦੈ ਕਸਰ ਕੋਈ। ਸੁਬਾਅ ਦੀ ਰੁਮਕਦੀ ਪੌਣ, ਮੈਂ ਤੈਨੂੰ ਰੱਜ ਕੇ ਮਾਣਾਂ ! ਸੁਣਾ ਤਾਂ ਜਾਹ ਤੂੰ ਸਾਨੂੰ, ਸਾਡੇ ਸਜਣਾਂ ਦੀ ਖ਼ਬਰ ਕੋਈ।
ਮਨੁੱਖ ਦੀ ਮੌਤ, ਖੁਦਗਰਜ਼ੀ ਦਾ ਜੀਣਾ
ਮਨੁੱਖ ਦੀ ਮੌਤ, ਖੁਦਗਰਜ਼ੀ ਦਾ ਜੀਣਾ, ਕਿਸੇ ਲਈ, ਮਰਨ ਵਿਚ ਵੀ ਜ਼ਿੰਦਗੀ ਏ। ਉਦਾਸੀ ਮੌਤ ਵਰਗੀ ਦੇਣ ਵਾਲੇ ! ਤਿਰੇ ਨੈਣਾਂ 'ਚ ਮੇਰੀ ਜ਼ਿੰਦਗੀ ਏ। ਲਹੂ ਆਸਾਂ ਦਾ, ਕਿ ਲਾਲੀ ਵਫ਼ਾ ਦੀ, ਤੇਰੇ ਹੱਥਾਂ ਤੇ, ਦਸ ਦੇਹ, ਅੱਜ ਕੀ ਏ? ਸਮਝਦਾ ਹਾਂ ਸਮੇਂ ਦੀ ਹਰ ਅਦਾ ਨੂੰ, ਮਿਰੇ ਹੰਝੂ ਤਾਂ ਮੇਰੀ ਸਾਦਗੀ ਏ। ਜੋ ਸੁਰ ਥਰਕਾ ਦਏ ਸਾਂਝੇ ਦਿਲਾਂ ਨੂੰ, ਮੇਰੇ ਰਬ ਦੀ ਉਸੇ ਵਿਚ ਬੰਦਗੀ ਏ। ਇਕੱਠਿਆਂ ਜੀਣ ਦਾ ਇਕਰਾਰ ਦੇ ਦੇਹ, ਨਹੀਂ ਡਰ, ਮੌਤ ਜੇ ਸਿਰ ਤੇ ਖੜ੍ਹੀ ਏ। ਤੁਸੀਂ ਆਏ ਸੀ, ਮੈਂ ਚਕਰਾ ਗਿਆ ਸਾਂ, ਉਹੀ ਸੋਅ, ਫੇਰ ਅੱਜ ਦਿਲ ਨੇ ਸੁਣੀ ਏ। ਪਹੁੰਚ ਜਾਂਦਾ ਹੈ ਜੋ ਹੱਥਾਂ ਦੀ ਛੁਹ ਨੂੰ, ਉਹੀ ਹੰਝੂ, ਵਫ਼ਾ ਦੀ ਜ਼ਿੰਦਗੀ ਏ । ਤਿਰਾ ਇਕਰਾਰ ਦਿਲ ਦਾ ਹੌਸਲਾ ਹੈ, ਤੇਰਾ ਇਨਕਾਰ ਆਸਾਂ ਦੀ ਮੜ੍ਹੀ ਏ।
ਉਹ ਜੇ ਸਾਡੇ ਵੱਲ ਨਹੀਂ ਹੈ
ਉਹ ਜੇ ਸਾਡੇ ਵੱਲ ਨਹੀਂ ਹੈ, ਕੀ ਇਹ ਵੱਡੀ ਗੱਲ ਨਹੀਂ ਹੈ? ਢਹਿ ਜਾਵੇਗਾ, ਜੇ ਢਾਵਾਂਗੇ, ਦਿਲ ਹੈ, ਕੋਈ ਮੱਲ ਨਹੀਂ ਹੈ। ਰਹਿ ਗਈ ਇਕੋ ਬਸ ਗਰੀਬੀ, ਇਸਦਾ ਕੋਈ ਹੱਲ ਨਹੀਂ ਹੈ ? ਮੂੰਹ ਤੇਰਾ ਮੁਰਝਾਇਆ ਹੋਇਐ, ਕੀ ਇਹ ਸਾਨੂੰ ਸੱਲ ਨਹੀਂ ਹੈ ? ਤੇਰੇ ਵਾਅਦੇ ਦਾ ਦਿਨ ‘ਨੀਲੋਂ’ ਉਹ ਤਾਂ ਅਜ ਸੀ ਕੱਲ ਨਹੀਂ ਹੈ।
ਸੱਜਣਾ ਜੀ ! ਤਿਰੀ ਯਾਦ ਜਦੋਂ
ਸੱਜਣਾ ਜੀ ! ਤਿਰੀ ਯਾਦ ਜਦੋਂ ਆਉਂਦੀ ਹੈ, ਆਕੇ, ਬਹਿ ਜਾਂਦੀ ਸਦਾ ਦਿਲ ਤੇ, ਨਵੀਂ ਪੀੜ ਸਜਾ ਕੇ। ਉਹ ਲੋਕ ਸੁਭਾਗੇ ਨੇ ਤੇ ਮੈਂ ਵੀ ਹਾਂ ਉਨ੍ਹਾਂ ਚੋਂ, ਮਿਲਿਆ ਹੈ ਦਰਦ, ਜੀਹਨਾਂ ਨੂੰ ਮੁਸਕਾਨ ਗੁਆ ਕੇ। ਕੀ ਸੁਹਜ ਬਿਨਾ ਬਸ਼ਰ ਹੈ, ਹਾਲਾਤ ਤੇ ਲਾਹਨਤ, ਛੱਡਦੇ ਨੇ ਜੋ ਦਾਰੂ ਨੂੰ ਵੀ ਇਕ ਰੋਗ ਬਣਾ ਕੇ । ਇਕ ਪਲ ਵੀ, ਜੁਦਾ ਦਿਲ ਤੋਂ, ਕਰਨ ਯੋਗ ਨ ਜਿਹੜਾ, ਕੀ ਹਾਲ ਹੈ ਅਜ ਉਸ ਦਾ ਰਤਾ ਦੇਖ ਤਾਂ ਆ ਕੇ ! ਤੁਰ ਜਾਵੇ ਤਿਰੀ ਦੀਦ ਬਿਨਾਂ, ਇਹ ਵੀ ਜ਼ੁਲਮ ਹੈ, ਰੱਖਦਾ ਹੈ ਸਦਾ ਰਾਹਾਂ 'ਚ ਜੋ ਪਲਕਾਂ ਵਿਛਾਕੇ । ਤੂੰ ਕੁਝ ਤਾਂ ਪਤਾ ਇਹਨਾਂ ਦਾ ਕਰ ਲੈਣਾ ਸੀ ‘ਨੀਲੋਂ' ! ਇਹ ਕੌਣ ਨੇ, ਖੁਸ਼ ਏਨੇ ਨੇ, ਜੋ ਤੈਨੂੰ ਸਤਾ ਕੇ।
ਨਦੀ ਵਗਦੀ ਪਰੀਤਾਂ ਦੀ
ਨਦੀ ਵਗਦੀ ਪਰੀਤਾਂ ਦੀ, ਮਨਾ ਤਰ ਲੈਣ ਦੇ ਮੈਨੂੰ, ਬਥੇਰਾ ਥਲ 'ਚ ਭੁੱਜਿਆ ਹਾਂ, ਜਰਾ ਠਰ ਲੈਣ ਦੇ ਮੈਨੂੰ। ਰਿਜਕ ਦੀ ਸੋਚ ਨੇ ਮੇਰੀ, ਬਥੇਰੀ ਮੱਤ ਮਾਰੀ ਏ, ਹੈ ਦਿਲ ਕਰਦਾ ਮਿਰਾ ਅੱਜ, ਦਿਲ ਦੀਆਂ ਕਰ ਲੈਣ ਦੇ ਮੈਨੂੰ। ਜਿਨ੍ਹਾਂ ਜਿੱਤਾਂ ਦੀਆਂ ਕਬਰਾਂ ਤੇ ਖੜਕੇ ਹਾਰ ਹੱਸਦੀ ਏ, ਉਹਨਾਂ ਜਿੱਤਾਂ ਤੋਂ ਜੇ ਡਰਦਾ ਹਾਂ, ਤਾਂ ਡਰ ਲੈਣ ਦੇ ਮੈਨੂੰ। ਮਿਰੇ ਸੁਪਨੇ ਦੀ ਧਰਤੀ ਤੇ ਸੁਨਹਿਰੀ ਹੱਥ ਲਿਸ਼ਕੇ ਨੇ, ਹਨੇਰਾ ਹੈ ਕਿ ਲੂੰ ਲੂੰ ਚਾਨਣਾ ਭਰ ਲੈਣ ਦੇ ਮੈਨੂੰ। ਜਿਨ੍ਹਾਂ ਪੱਥਰ ਦਲੀਜਾਂ ਤੇ, ਮਿਰਾ ਸਵੈਮਾਨ ਮਰਿਆ ਏ, ਉਹਨਾਂ ਤੇ ਤੜਪ ਕੇ, ਮਰ ਲੈਣ ਦੇ, ਮਰ ਲੈਣ ਦੇ ਮੈਨੂੰ।
ਚਾਵਾਂ ਤੋਂ ਤੁਰੇ ਆਣ ਕੇ ਆਹਾਂ ਤੇ ਠਹਿਰਦੀ
ਚਾਵਾਂ ਤੋਂ ਤੁਰੇ ਆਣ ਕੇ ਆਹਾਂ ਤੇ ਠਹਿਰਦੀ, ਛਿੜਦੀ ਹੈ ਜਦੋਂ ਗਲ ਕਿਤੇ, ਦਿਲ ਦੇ ਸਫ਼ਰ ਦੀ। ਲਹਿ ਜਾਣਗੇ ਸਭ ਜੰਗ, ਜ਼ਮੀਰਾਂ ਤੋਂ ਜ਼ੁਲਮ ਦੇ, ਆਖਿਰ ਨੂੰ ਕੁਈ ਹੱਦ ਵੀ ਹੁੰਦੀ ਹੈ ਸਬਰ ਦੀ। ਐ ਕਾਰੂੰ ! ਤਿਰੀ ਹੋਸ਼ ਵੀ ਆਵੇਗੀ ਠਿਕਾਣੇ, ਸਿਰ ਪੈਣੀ, ਜਦੋਂ ਗੁਰਜ ਤਿਰੇ, ਲੋਕ ਲਹਿਰ ਦੀ। ਆਉਂਦੀ ਜਾਂ ਕੋਈ ਯਾਦ ਅਚਾਨਕ ਹੀ ਸੁਖਾਵੀਂ, ਹੁੰਦੀ ਹੈ ਘੜੀ ਸਾਡੇ ਲਈ, ਇਹ ਵੀ ਕਹਿਰ ਦੀ। ਧਰਵਾਸ ਹੈ ਇਹ, ਤੈਨੂੰ ਤਿਰੀ ਅਪਣੀ ਸਮਝ ਦਾ, ਇਹ ਚੌਂਧੀ ਹੈ, ਹਰ ਹਾਲ, ਤਿਰੀ ਅਪਣੀ ਨਜ਼ਰ ਦੀ। ਜੀਵਨ 'ਚ ਰਚੀ ਹੋਈ ਗ਼ਜ਼ਲ ਕਹਿੰਦਾ ਹੈ ‘ਨੀਲੋਂ’, ਛੱਡੋ ਜੇ ਸਮਝ ਇਸਨੂੰ ਨਹੀਂ ਏਨੀ ਬਹਿਰ ਦੀ।
ਆਗੂ ਬਣ ਕੇ ਕਰ ਸਕਦੇ ਹਾਂ
ਆਗੂ ਬਣ ਕੇ ਕਰ ਸਕਦੇ ਹਾਂ, ਤੀਹ ਤੀਹ ਸਾਲ ਅਸੀਂ ਕਾਲੇ, ਤਿਹੁੰ ਪਹਿਰਾਂ ਦਾ ਨ੍ਹੇਰ ਮਚਾਕੇ ਫਿਰਦੀ ਐ ਹੰਕਾਰੀ ਰਾਤ। ਸੰਸਦ ਤੇ ਸਦਨਾਂ ਦੇ ਅੰਦਰ ਕਾਲੇ ਦਿਲ ਕੀ ਦੱਸਣਗੇ, ਸਭ ਦਾ ਸਾਰਾ ਕੁਝ ਲੁੱਟ ਕੇ ਵੀ ਬਣਦੀ ਫਿਰੇ ਵਿਚਾਰੀ ਰਾਤ। ਬਹੁਤੇ ਬਹੁਤਾ ਕੁਝ ਦੇ ਮਾਲਕ ਜੋ ਮਿਲ ਪੈਂਦੇ ਰਸਤੇ ਵਿਚ, ਦੋ ਘੜੀਆਂ ਵਿਚ ਦੱਸ ਦੇਣੀ ਸੀ ਕੀ ਹੁੰਦੀ ਸਰਦਾਰੀ, ਰਾਤ। ਕੋਈ ਪੁੱਛੇ ਜਾਂ ਨ ਪੁੱਛੇ ਰਹਿ ਨਾ ਹੋਵੇ ਦੱਸੇ ਬਿਨ, ਕਿਹੜਾ ਕਿਹੜਾ ਚਾਨਣ ਪੀ ਗਈ ਲੋਕਾਂ ਦਾ ਸਰਕਾਰੀ ਰਾਤ। ਤਾਰਿਆਂ ਜਿੰਨਾਂ ਵੀ ਲੋਕਾਂ ਨੂੰ ਇਸ ਗੱਲ ਦਾ ਇਹਸਾਸ ਨਹੀਂ, ਕਿੱਦਾਂ ਕਾਇਮ ਰੱਖਦੀ ਆਈ, ਸੂਝ ਨਾਲ ਸਰਦਾਰੀ, ਰਾਤ। ਜਦ ਵੀ ਤਾਰਿਆਂ ਦਾ ਦਾਅ ਲੱਗਿਆ ਇਹਨਾਂ ਖੈਰ ਨਹੀਂ ਕਰਨੀ, ਹੁੱਬ ਹੁੱਬਕੇ ਇਹਨਾਂ ਦੇ ਮੂੰਹ ਤੇ ਜੀਹਨਾਂ ਨੇ ਫਟਕਾਰੀ ਰਾਤ। ਕੁਰਬਲ ਕੁਰਬਲ ਕਰਦੇ ਹੇਠਾਂ ਸਾਰੇ ਕੀੜੇ ਦਿਸਦੇ ਸਨ, ਲਾਲ ਪਰੀ ਦੇ ਖੰਭਾਂ ਸਦਕੇ ਐਸੀ ਭਰੀ ਉਡਾਰੀ ਰਾਤ। ਸਾਰੀ ਰਾਤ ਹੀ ਉਂਗਲਾਂ ਉਤੇ ਸਾਨੂੰ ਕਿਵੇਂ ਨਚਾਇਆ ਉਸ, ਖ਼ਬਰੈ ਕਿਧਰੋਂ ਲੱਭ ਕੇ ਲਿਆਈ ਏਹੋ ਜਿਹਾ ਮਦਾਰੀ, ਰਾਤ। ਦੁਸ਼ਮਣ ਦਿਲ 'ਤੇ ਚੜ੍ਹਿਆ ਰਹਿੰਦਾ, ਮੰਨਣਯੋਗ ਨਹੀਂ, ਯਾਰੋ! ਸਾਡੇ ਨਾਲ ਨਿਭਾਈ ਹੁੰਦੀ ਜੇ ਯਾਰਾਂ ਨੇ ਯਾਰੀ, ਰਾਤ। ਉਹਨਾਂ ਨੂੰ ਵੀ ਪੁੱਛ ਵੇਖੀਏ, ਉਹ ਕੀ ਕੀ ਲੱਭਦੇ ਮਰ ਗਏ, ਕੀ ਲੱਭਦੇ ਸਨ ਪਿਆਰੇ ਬੰਦੇ ਜਾਂ ਲੱਭਦੇ ਸਨ ਪਿਆਰੀ ਰਾਤ। ਹੌਲ ਜਿਹਾ ਪੈ ਜਾਂਦੈ ਦਿਲ ਵਿਚ ‘ਨੀਲੋਂ’ ਮੋਏ ਮਿੱਤਰਾਂ ਦਾ, ਕੱਟੀ ਏ ਸਿਰ ਦੇ ਕੇ ਜੀਹਨਾਂ ਲੋਕਾਂ ਦੀ ਦੁਰਕਾਰੀ ਰਾਤ। “ਭਾਣਾ ਮੰਨਣ ਦਾ ਬਲ ਬਖਸ਼ੇ ਹੋਵੇ ਆਪ ਦਿਆਲ ਜਦੋਂ" ਇਹਨਾਂ ਸ਼ਬਦਾਂ ਦੇ ਓਹਲੇ ਵਿਚ ਪਸਰੇ ਖੇਖਨ ਹਾਰੀ ਰਾਤ।
ਮੇਰੇ ਵਾਂਗੂੰ ਭਟਕ ਰਹੀ ਏ
ਮੇਰੇ ਵਾਂਗੂੰ ਭਟਕ ਰਹੀ ਏ ਖੰਡਾਂ ਤੇ ਬ੍ਰਹਿਮੰਡਾਂ ਵਿਚ, ਸੁਖ ਦਾ ਇਕ ਛਿਣ ਲੱਭਣ ਖ਼ਾਤਰ ਫਿਰਦੀ ਮਾਰੀ ਮਾਰੀ ਰਾਤ। ਆਖਣ ਨੂੰ ਦਿਨ ਚੜਿਆ ਹੋਇਐ, ਹੁਣ ਉਸਨੂੰ ਕਹੀਏ ਵੀ ਕੀ, ਸੰਝ ਪੈਣ ਤੋਂ ਹੀ ਜਿਸ ਖ਼ਾਤਰ ਪਲਕਾਂ ਨਾਲ ਬੁਹਾਰੀ ਰਾਤ। ਕਿਧਰੇ ਮੇਲ ਕਿਸੇ ਨੂੰ ਮੋਤੀ, ਸਾਨੂੰ ਨਿਰੇ ਪੁਰੇ ਸੁਪਨੇ, ਸਾਡੇ ਨਾਲ ਇਉਂ ਜਾਂਦੀ ਜਾਂਦੀ ਕਰ ਜਾਂਦੀ ਹੁਸ਼ਿਆਰੀ ਰਾਤ। ਨੰਗੇ ਪੈਰ ਵਫ਼ਾ ਸਾਡੀ ਦੇ ਭੱਜਦੇ ਸਾਰਾ ਸਾਰਾ ਦਿਨ, ਤੇਰੀ ਯਾਦ ਜਗਾਈਂ ਰਖਦੀ, ਸਾਨੂੰ ਸਾਰੀ ਸਾਰੀ ਰਾਤ। ਪਏ ਪਏ ਦੇ ਹੱਥ ਉਸਦੇ ਚੁੰਮਣ ਨੂੰ ਜੀਅ ਕਰ ਆਇਆ, ਚੰਨ ਦੀ ਟਿਕੀ ਲਾਕੇ ਜਿਸਨੇ ਚਾਂਦੀ ਵਾਂਗ ਨਿਖਾਰੀ ਰਾਤ। ਨ੍ਹੇਰੇ ਨਾਲੋਂ ਚਾਨਣ ਸ਼ਾਇਦ ਕਾਫ਼ੀ ਹੌਲਾ ਹੁੰਦਾ ਹੈ, ਏਸੇ ਲਈ ਦਿਨ ਹੌਲੇ ਲਗਦੇ ਲੱਗਦੀ ਭਾਰੀ ਭਾਰੀ ਰਾਤ। ਤਾਰਿਆਂ ਵਾਂਗੂੰ ਹੀ ਤਾਂ ਰਾਤੀਂ ਦਿਲ ਸਭਨਾਂ ਦੇ ਕੰਬੇ ਸਨ, ਮਿੱਤਰਾਂ ਮੂਹਰੇ ਜਦ ਮੈਂ ਖੋਲ੍ਹੀ ਦੁੱਖਾਂ ਭਰੀ ਪਟਾਰੀ ਰਾਤ। ਹਾਂ ਤਾਂ ਚਾਨਣ ਦੇ ਵਣਜਾਰੇ, ਕੋਈ ਠੱਗ ਜਾਂ ਚੋਰ ਨਹੀਂ, ਤੁਸੀਂ ਹੀ ਦੱਸੋ ਫਿੱਟ ਨ ਜਾਂਦੀ ਜੇ ਹੁੰਦੀ ਫਿਟਕਾਰੀ ਰਾਤ। ਪ੍ਰੀਤ ਵਿਹਾਜੀ ਹੋਈ ਦਿਲ ਦੀ ਏਥੋਂ ਤੀਕ ਪੁਚਾਂਦੀ ਨਾ, ਸਾਡੀ ਤੱਕ ਲੈਂਦਾ ਜੇ ਕੋਈ ਏਨੀ ਬੇਇਖਤਿਆਰੀ ਰਾਤ। ਪੀੜਾਂ ਸਾਥੋਂ ਪਹਿਲਾਂ ਜਾਗਣ ਸੂਰਜ ਦੀ ਟਿੱਕੀ ਦੇ ਨਾਲ, ਨੀਂਦਰ ਵਿਚ ਵੀ ਨਾਲ ਅਸਾਡੇ ਕਿਸਨੇ ਖ਼ੈਰ ਗੁਜ਼ਾਰੀ ਰਾਤ। ਦਿਲ ਨੂੰ ਆਸਾਂ ਦੇ ਲੜ ਲਾਕੇ ਇਕ ਭੁਲੇਖਾ ਦੇ ਰੱਖਿਆ ਸਾਡੀਆਂ ਅੱਖਾਂ 'ਚੋਂ ਨਹੀਂ ਲੰਘੀ ਕੋਈ ਬੇਇਤਬਾਰੀ ਰਾਤ। ਹੌਲੀ ਬੋਲੋ ! ਤੁਰੋ ਬੱਚਕੇ !! ਆਸੇ ਪਾਸੇ ਦੇ ਉੱਲੂ, ਕਿਧਰੇ ਨਰਕ ਬਣਾ ਨ ਦੇਵਣ ਆਪਣੀ ਪਿਆਰੀ ਪਿਆਰੀ ਰਾਤ। ਪਾਲ ਭੁਲੇਖੇ ਕਰ ਕਰ ਝੇਡਾਂ ਬਾਰ ਬਾਰ ਕੀ ਪੁੱਛਦੇ ਹੋ, ਸਾਡੇ ਦਰ ਤੋਂ ਲੰਘ ਕੇ ਡਸ ਗਈ ਕਿਸਨੂੰ ਟੂਣੇ ਹਾਰੀ ਰਾਤ। ਉਮਰਾਂ ਦੇ ਵਾਅਦਿਆਂ ਦਾ ਗਲ ਤਾਂ ਘੁੱਟ ਦਿੱਤਾ ਸੋ ਘੁੱਟ ਦਿੱਤਾ, ਚੰਗਾ ਹੋਵੇ ਜੇ ਮਿਲ ਜਾਵੇ ਸਾਨੂੰ ਇਕ ਉਧਾਰੀ ਰਾਤ। ਪੈਰ ਜਦੋਂ ਥਿੜਕੇ ਨ ਸਾਡੇ ਨ੍ਹੇਰਾਂ ਵਿਚ ਵੀ ਉਲਝੇ ਨਾ, ਸਿੱਝਣ ਆਈ ਨਾਲ ਅਸਾਡੇ ਹੋਕੇ ਔਖੀ ਭਾਰੀ ਰਾਤ। ਉਸਦਾ ਮੇਰੇ ਵਿਚ ਦਿਲ ਹੁੰਦਾ ਜੇ ਲੁਝਦਾ ਉਹ ਮੇਰੇ 'ਤੇ, ਫੇਰ ਮੈਂ ਉਸ ਤੋਂ ਪੁੱਛਕੇ ਹਟਦਾ, ਕਿੱਥੇ ਕਿਵੇਂ ਗੁਜ਼ਾਰੀ ਰਾਤ। ਸਾਡਾ ਮੂੰਹ ਡੱਕਣ ਲਈ ‘ਨੀਲੋਂ’ ਸ਼ਬਦ-ਜਾਲ ਦੀ ਲੋੜ ਨਹੀਂ, ਹੁਣ ਜੋ ਰੋਸੇ ਏਨੇ ਫੁਰਦੇ, ਕਾਹਤੋਂ ਹਾਕ ਨ ਮਾਰੀ ਰਾਤ।
ਮਨ ਚੰਦਰਾ ਅਪਣਾ ਹੀ ਹੁੰਦੈ
ਮਨ ਚੰਦਰਾ ਅਪਣਾ ਹੀ ਹੁੰਦੈ, ਸੜਿਆ ਜਾਂ ਖਿੜਿਆ ਹੋਇਆ, ਨਾ ਚਾਨਣ ਦੇ ਫੋੜੇ ਤਾਰੇ, ਨਾ ਹੁੰਦੀ ਫੁਲਕਾਰੀ ਰਾਤ। ਪੁੰਨਿਆਂ ਦਾ ਚੰਨ ਸਾਖੀ ਕਰਕੇ, ਕਰ ਕਰ ਕੇ ਚੇਤੇ ਗੱਲਾਂ, ਇਕ ਪਰਛਾਵੇਂ ਦੇ ਗਲ ਲੱਗ ਕੇ ਭੁੱਬ ਕਿਸੇ ਨੇ ਮਾਰੀ ਰਾਤ। ਇਹ ਨ੍ਹੇਰਾ ਚਾਨਣ ਦਾ ਗ਼ਮ ਹੈ, ਦਿਨ-ਦੀਵੀ ਦਾ ਨ੍ਹੇਰ ਨਹੀਂ, ਤਾਰਿਆਂ ਨੇ ਪੱਤਿਆਂ ਵਿਚ ਬਹਿ ਕੇ ਇਹ ਵੀ ਗੱਲ ਚਤਾਰੀ ਰਾਤ। ਕੋਈ ਮੇਰਾ ਹਾਣੀ ਹੁੰਦਾ ਮੇਰੇ ਦਿਲ ਦੀ ਵੀ ਸੁਣਦਾ ! ਹਾਏ ਮੇਰਾ ਦਰਦੀ ਕਿੱਥੇ ਅੱਧੀ ਰਾਤ, ਪੁਕਾਰੀ ਰਾਤ। ਸੂਰਜ ਨੂੰ ਇਸ ਕੀ ਰੋਣਾਂ ਸੀ, ਉਹ ਇਸਦਾ ਕੀ ਲੱਗਦਾ ਸੀ? ਕਿਹੜੇ ਨਿੱਘ ਨੂੰ ਤਰਸ ਰਹੀ ਸੀ ਪੁਛੋ ‘ਠਰ' ਦੀ ਮਾਰੀ ਰਾਤ? ਖ਼ਬਰੈ ਕਿਹੜੀ ਗੱਲ ਦਾ ਹਿਚਿਆ ਚੰਨ ਚੜ੍ਹਿਆ ਨਾ ਤੜਕੇ ਤੱਕ, ਤਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਹਿੰਮਤ ਨਾਲ ਨਿਹਾਰੀ ਰਾਤ। ‘ਨੀਲੋਂ’ ਸੱਚ ਕਿਸੇ ਨਹੀਂ ਕਹਿਣਾਂ, ਮਨ ਦੀਆਂ ਘੜਤਾਂ ਘੜਦੇ ਸਭ, ਚੰਨ ਦਾ ਮੱਥਾ ਚੁੰਮ ਚੁੰਮ ਹਾਰੀ, ਹਾਲੇ ਕਹਿਣ ‘ਕੁਆਰੀ ਰਾਤ’।
ਮੈਨੂੰ ਲੱਗਦੈ ਇਸ ਪਿੰਡ ਉਤੇ
ਮੈਨੂੰ ਲੱਗਦੈ ਇਸ ਪਿੰਡ ਉਤੇ ਕੋਈ ਭਾਰ ਡਿੱਗਣ ਵਾਲੇ, ਚੁੱਪ ਚੁਪੀਤਾ ਸੂਹਾਂ ਲੈਂਦਾ ਫਿਰਿਐ ਖੱਦਰ ਧਾਰੀ, ਰਾਤ। ਜੁਟਿਆ ਹੋਇਆ ਸੀ ਜੱਗ ਸਾਰਾ ਆਪਣੀਆਂ ਕਬਰਾਂ ਪੁੱਟਣ ਵਿਚ, ਸੁਪਨੇ ਵਿਚ ਕਿਧਰੇ ਨਹੀਂ ਵੇਖੀ ਧਰਤੀ 'ਤੇ ਬੇਕਾਰੀ ਰਾਤ। ਹੁਣ ਨੂੰਹ-ਧੀ ਦਾ ਸਮਾਂ ਨਹੀਂ ਏਂ, ਹੁਣ ਤੇ ਬੇੜਾ ਗਰਕ ਗਿਐ, ਹੱਟੀਆਂ ਮੂਹਰੇ ਖੜ੍ਹਕੇ ਕਹਿੰਦੀ ਨਾਈਆਂ ਦੀ ਕਰਤਾਰੀ, ਰਾਤ। ਭਾਈ ਜੀ ਦੇ ਨਾਲ ਤਦੇ ਅੱਜ ਤੜਕੇ ਤੜਕੇ ਲੜਦਾ ਸੀ, ਉਸਨੂੰ ਦੇ ਬੈਠਾ ਸੀ, ਸ਼ਾਇਦ, ਠੇਕੇਦਾਰ ਉਧਾਰੀ, ਰਾਤ। ਨਾ ਉਹ ਭਾਅ ਤੇ ਨਾ ਉਹ ਲਾਲੀ, ਨਾ ਉਹ ਤੇਜ, ਤੇ ਨਾ ਲਿਸ਼ਕੋਰ, ਏਦਾਂ ਲਗਦੈ, ਜਿੱਦਾਂ ਸੂਰਜ ਕਰ ਬੈਠੇ ਬਦਕਾਰੀ, ਰਾਤ। ਖਾਲੀ ਪੀਪਾ, ਟੁੱਟੀਆਂ ਦੌਣਾਂ, ਪਾਟੇ ਲੀੜੇ, ਚੋਂਦਾ ਘਰ, ਕਿਹੜੀ ਕਿਹੜੀ ਹੋਰ ਗਿਣਾਈਏ ਦਿਲ ਨੂੰ ਪਈ ਬਿਮਾਰੀ ਰਾਤ। ਤੂੰ ਵੀ ਹੁਣ ਸੋਨੇ ਦਾ ਬਣਕੇ ਚੋਰੀ ਹੋਣ 'ਚ ਰਾਜ਼ੀ ਏਂ, ਮਿੱਟੀ ਦਾ ਭਗਵਾਨ ਸਜਾਕੇ ਰੋਇਆ ਇਕ ਪੁਜਾਰੀ ਰਾਤ। ਸੁੱਤੇ ਉੱਠ ਕੇ ਸੁਣਿਆ ਏ ਅੱਜ ਚੋਰੀ ਹੋ ਗਈ ਉਸ ਪਾਸੇ, ਸਤਿ ਪੁਰਸ਼ਾਂ ਦੀ ਜਿਸ ਪਾਸੇ ਨੂੰ ਲੰਘੀ ਸੀ ਅਸਵਾਰੀ ਰਾਤ। ਦੌਣ 'ਤੇ ਬੈਠਾ ਡੱਬੀ ਦੇ ਵਿਚ ਬਚੀਆਂ ਤੀਲਾਂ ਗਿਣਦਾ ਏ, ਹਾਥੀ ਦਾ ਸੌਦਾ ਕਰਦਾ ਸੀ ਚੌਂਕ 'ਚ ਇਹੋ ਵਪਾਰੀ ਰਾਤ। ਧੋ ਧੋ ਨਿੱਤ ਪਿਆਲੇ ਸਭ ਨੂੰ ਜਿਸਦੇ ਚਰਨਾਂ ਦਾ ਅਮ੍ਰਿਤ, ਦਾਰੂ ਪੀ ਕੇ ਉਸ ‘ਰਾਧਾ’ ਨੂੰ ਚੁੰਮਦਾ ਰਿਹਾ ਪੁਜਾਰੀ ਰਾਤ। ਫੁਰਦੀ ਤਾਂ ਸਭ ਨੂੰ ਹੈ ਨ ਬਣਦੀ ਤੇਰੇ ਵਰਗੀ ਗੱਲ, ਥੱਕੇ ਨ ਸੁਣ ਸੁਣ ਕੇ ਤੂੰ ਜੋ ਸ਼ਿਅਰ ਸੁਣਾਏ ਸਾਰੀ ਰਾਤ। ਆਓ ਭਗਤ, ਸਮਾਜੀ ਦੁੱਖ-ਸੁੱਖ, ਨੀਤੀ ਬਾਰੇ ਕੁਝ ਨਿਰਣੇ, ਕਿੱਦਾਂ ਕੋਈ ਭੁੱਲ ਸਕੇਗਾ ‘ਨੀਲੋਂ’ ਨਾਲ ਗੁਜਾਰੀ, ਰਾਤ।