ਜੰਮੂ ਕਸ਼ਮੀਰ ਖਿੱਤੇ ਦੀ ਬੜੀ ਅਮੀਰ ਸਾਹਿੱਤਕ ਪਰੰਪਰਾ ਹੈ ਜੋ ਵਰਤਮਾਨ ਸਮੇ ਵੀ ਸਾਹਿੱਤ ਸਿਰਜਕਾਂ ਕਾਰਨ ਨਿਰੰਤਰ ਅੱਗੇ ਵਧ ਰਹੀ ਹੈ। ਇਨ੍ਹਾਂ ਵਿੱਚੋਂ
ਸ. ਹਰਜੀਤ ਸਿੰਘ ਉੱਪਲ ਵੀ ਅਜਿਹੇ ਲੇਖਕ ਹਨ ਜੋ ਕਿੱਤੇ ਵੱਲੋਂ ਭਾਵੇ ਬੈਂਕਰ ਰਹੇ ਹਨ ਪਰ ਲਗਾਤਾਰ ਸਾਹਿੱਤ ਸਿਰਜਣਾ ਕਾਰਨ ਮੁੱਲਵਾਨ ਕਾਰਜ ਕਰ ਰਹੇ ਹਨ।
ਉਨ੍ਹਾਂ ਦਾ ਪੂਰਾ ਨਾਮ ਹਰਜੀਤ ਸਿੰਘ ਉੱਪਲ ਹੈ ਪਰ ਕਲਮੀ ਨਾਮ ਹਰਜੀਤ ਉੱਪਲ ਹੈ।
ਪਿਤਾ ਸ. ਗਿਆਨੀ ਅਤਰ ਸਿੰਘ ਤੇ ਮਾਤਾ ਸਰਦਾਰਨੀ ਕ੍ਰਿਸ਼ਨ ਕੌਰ ਦੇ ਘਰ 12 ਅਪ੍ਰੈਲ 1955 ਨੂੰ ਉਨ੍ਹਾਂ ਦਾ ਜਨਮ ਹੋਇਆ।
ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਿੰਡ ਤਰੋਟੀ ਪੁੰਛ (ਜੰਮੂ ਕਸ਼ਮੀਰ) ਸੀ।
ਉਨ੍ਹਾਂ ਦਾ ਜਨਮ ਅਸਥਾਨ ਪਿੰਡ ਧੁੱਗਾ ਕਲਾਂ (ਹੁਸ਼ਿਆਰਪੁਰ,ਪੰਜਾਬ) ਹੈ।
ਪੰਜਾਬੀ ਦੀ ਪੜ੍ਹਾਈ ਦਸਵੀਂ ਤੀਕ ਹੀ ਕੀਤੀ। ਬਾਦ ਵਿੱਚ ਬੀ.ਐੱਸ.ਸੀ, ਐਮ. ਏ. (ਅੰਗਰੇਜ਼ੀ) ਸੀ ਏ ਆਈ ਆਈ ਬੀ (ਮੁੰਬਈ) ਤੋਂ ਕੀਤੀ।
ਉਰਦੂ ਸਰਟੀਫੀਕੇਟ ਕੋਰਸ ( ਭਾਸ਼ਾ ਵਿਭਾਗ) ਤੋਂ ਕੀਤਾ।
ਕਿੱਤੇ ਵਜੋਂ ਉਹ ਸੀਨੀਅਰ ਮੈਨੇਜਰ ,ਇੰਡੀਅਨ ਉਵਰਸੀਜ਼ ਬੈਂਕ (ਰਿਟਾਇਰਡ) ਵਜੋਂ ਰੀਟਾਇਰ ਹੋਏ।
ਉਨ੍ਹਾਂ ਦਾ ਸ਼ੌਂਕ ਸ਼ਾਇਰੀ, ਸੰਗੀਤ,ਪੜ੍ਹਨਾ ਲਿਖਣਾ,ਗੁਰਬਾਣੀ ਲੈਕਚਰ ਅਤੇ ਗੁਰਬਾਣੀ ਕੀਰਤਨ ਹੈ।
ਪਿਛਲੇ ਪੰਜ ਛੇ ਸਾਲ (ਸੇਵਾ ਮੁਕਤੀ ਤੋਂ ਬਾਦ) ਉਨ੍ਹਾਂ ਦੀਆਂ ਰਚਨਾਵਾਂ: 1. ਕਾਵਿ ਅਤੇ ਗ਼ਜ਼ਲ ਸੰਗ੍ਰਹਿ, "ਸ਼ਬਦਾਂ ਦੇ ਸੁਰ ਪੰਛੀ"
2."ਬੰਨਿ੍ ਉਠਾਈ ਪੋਟਲੀ" , ਸ. ਪ੍ਰਿਤਪਾਲ ਸਿੰਘ ਬੇਤਾਬ ਰਚਿਤ ਸਵੈ ਜੀਵਨੀ,"ਮੇਰੇ ਹਿੱਸੇ ਕੀ ਦੁਨੀਆ" ਦਾ ਪੰਜਾਬੀ ਲਿਪਾਂਤਰ ਹੈ।
ਉਨ੍ਹਾਂ ਦੀਆਂ ਲਿਖਤਾਂ (ਗ਼ਜ਼ਲਾਂ ਅਤੇ ਕਵਿਤਾਵਾਂ) ਜੰਮੂ ਕਸ਼ਮੀਰ ਅਤੇ ਪੰਜਾਬ ਦੇ ਨਾਮੀ ਰਸਾਲੇ ,ਮਹਿਰਮ,ਕਾਵਿ ਲੋਕ,ਏਕਮ, ਸੂਲ ਸੁਰਾਹੀ, ਆਬਰੂ, ਹੀਮਾਲ ਅਤੇ ਜੰਮੂ ਕਸ਼ਮੀਰ ਅਕੈਡਮੀ ਆਫ਼ ਆਰਟ ਕਲਚਰ ਐਂਡ ਲੈਂਗੂਏਜਜ਼ ਦੇ ਦੋਮਾਸੀ ਰਸਾਲੇ ਸ਼ੀਰਾਜ਼ਾ ਵਿੱਚ ਆਮ ਛਪਦੀਆਂ ਹਨ । ਇਸ ਤੋਂ ਅਲਾਵਾ ਉਨ੍ਹਾਂ ਦੇ ਲਿਖੇ ਲੇਖ ਸ਼ੀਰਾਜ਼ਾ ਅਤੇ ਪੰਜਾਬੀ ਵਿਭਾਗ, ਜੰਮੂ ਯੂਨੀਵਰਸਿਟੀ ਜੰਮੂ ਦੇ ਖੋਜ ਮੈਗਜੀਨ ਵਿੱਚ ਵੀ ਛਪਦੇ ਹਨ।
ਪੰਜਾਬੀ ਵਿਭਾਗ, ਜੰਮੂ ਯੂਨੀਵਰਸਿਟੀ ਨੇ ਉਨ੍ਹਾਂ ਦੇ ਕਾਵਿ ਅਤੇ ਗ਼ਜ਼ਲ ਸੰਗ੍ਰਹਿ ਤੇ ਉਨ੍ਹਾਂ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ।
16 ਅਕਤੂਬਰ 2023 ਨੂੰ ਚਿੰਤਨਸ਼ੀਲ ਸਾਹਿਤਧਾਰਾ ਵਲੋਂ ਡਾ. ਆਤਮ ਹਮਰਾਹੀ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਵਿੱਚ ਉਨ੍ਹਾਂ ਨੂੰ ਸਨਮਾਨ ਪੱਤਰ ਦਿੱਤਾ।
ਪਿਛਲੇ ਪੰਜ ਸਾਲ ਤੋਂ ਪ੍ਰਧਾਨ ,ਪੰਜਾਬੀ ਸਾਹਿਤਕ ਸਭਾ, ਆਰ ਐਸ ਪੁਰਾ, ਜੰਮੂ ਅਤੇ ਪ੍ਰਧਾਨ ਇੰਦਰਧਨੁਸ਼ ਲਿਟਰੇਰੀ ਫੋਰਮ ਵਜੋਂ ਵੀ ਉਹ ਕਾਰਜ ਸ਼ੀਲ ਹਨ।
-ਗੁਰਭਜਨ ਗਿੱਲ