Punjabi Poetry : Harjit Singh Uppal
ਪੰਜਾਬੀ ਕਵਿਤਾਵਾਂ : ਹਰਜੀਤ ਸਿੰਘ ਉੱਪਲ
ਰੱਬ ਦੇ ਰੰਗ
ਰੱਬ ਦੇ ਕਾਹਦੇ ਰੰਗ ਨੀ ਅੜੀਏ ! ਹਰ ਕੋਈ ਦਿੱਸੇ ਤੰਗ ਨੀ ਅੜੀਏ । ਉਹ ਕਹਿੰਦੈ, ਬਈ ਬਸ ਕਰ, ਬਸ ਕਰ ਉਸ ਛੇੜੀ ਹੈ ਜੰਗ ਨੀ ਅੜੀਏ । ਕਹਿੰਦੈ ਪੁੱਤਰਾ ਮਾਣ ਜਵਾਨੀ ਨਾਲ਼ੇ ਕੱਪਦੈ ਫੰਗ ਨੀ ਅੜੀਏ । ਅੰਬਰਸਰ ਨੂੰ ਉਹ ਆਵਣਗੇ ਮੈਂ ਵੀ ਜਾਣੈ ਝੰਗ ਨੀ ਅੜੀਏ । ਕਦੇ ਕਦਾਈਂ ਆ ਜਾਂਦਾ ਸੀ ਅੱਜਕਲ੍ਹ ਬਦਲੇ ਢੰਗ ਨੀ ਅੜੀਏ । ਹੱਥ ਵਧਾਵਾਂ ਜਦ ਵੀ ਉਸ ਵਲ ਅੱਗਿਓਂ ਮਾਰੇ ਡੰਗ ਨੀ ਅੜੀਏ । ਸੱਚ ਜਾਣੀ, ਕਿਆ ਫੱਬਦੀ ਤੇਰੇ ਵੀਣੀਂ ਨੀਲੀ ਵੰਗ ਨੀ ਅੜੀਏ । ਓਹ! ਮੁੰਡਿਆਂ ਦੀ ਢਾਣੀ ਆਵੇ ਮੋਢੇ ਚੁੰਨੀ ਟੰਗ ਨੀ ਅੜੀਏ । ਰੰਗੀ ਜਾਂਦਾ ਰੱਬ ਲਲਾਰੀ ਵੰਨ ਸਵੰਨੇ ਰੰਗ ਨੀ ਅੜੀਏ ।
ਧੋਖੇਬਾਜ਼
ਸੱਜਣ ਧੋਖੇਬਾਜ਼ ਨਾ ਹੁੰਦਾ । ਤਾਂ ਬੇਤਾਲਾ ਸਾਜ਼ ਨਾ ਹੁੰਦਾ । ਕਾਵਾਂਰੌਲ਼ੀ ਹੀ ਸੁਣਨੀ ਸੀ ਜੇ ਕੀਤਾ ਰੱਯਾਜ਼ ਨਾ ਹੁੰਦਾ । ਹਿੰਦੁਸਤਾਨੀ ਬਣ ਜਾਣਾ ਸੀ ਜੇ ਤੂੰ ਲੀਤਾ ਦਾਜ ਨਾ ਹੁੰਦਾ । ਜਾਤ ਪਾਤ ਤੂੰ ਛੱਡ ਦੇਣੀ ਸੀ ਜੇ ਵੋਟਾਂ ਦਾ ਕਾਜ ਨਾ ਹੁੰਦਾ । ਲੋਕਾਂ ਨੰਗੇ ਹੋ ਜਾਣਾ ਸੀ ਜੇ ਕੋਈ ਰਸਮ ਰਿਵਾਜ਼ ਨਾ ਹੁੰਦਾ । ਬੋਲੀ ਤੇਰੀ ਬਦਲ ਗਈ ਏ ਕੱਲ੍ਹ ਕਦੀ ਵੀ ਆਜ ਨਾ ਹੁੰਦਾ । ਲੋਕਾਂ ਦਾ ਮਨ ਪੜ੍ਹ ਲੈਂਦਾ ਜੇ ਖੁੱਲ੍ਹਿਆ ਤੇਰਾ ਪਾਜ ਨਾ ਹੁੰਦਾ । ਤੂੰ ਵੀ ਨਬਜ਼ ਪਕੜ ਲੈਣੀ ਸੀ ਜੇ ਤੇਰੇ ਸਿਰ ਤਾਜ਼ ਨਾ ਹੁੰਦਾ । ਮੁਰਗ ਮੁਸੱਲਮ ਕਿਸ ਖਾਣਾ ਜੇ ਤੜਕੇ ਵਿੱਚ ਪਿਆਜ਼ ਨਾ ਹੁੰਦਾ । ਕਿਸ ਦੱਸਣਾ ਸੀ ਜੀਵਨ ਜੀਣਾ ਜੇ ਦਸ਼ਮੇਸ਼ ਦਾ ਬਾਜ ਨਾ ਹੁੰਦਾ । ਗੀਤ ਗ਼ਜ਼ਲ ਕਿਉਂ ਕਹਿੰਦਾ 'ਉੱਪਲ' ਜੇ ਉਸ ਕੋਲ਼ੇ ਰਾਜ਼ ਨਾ ਹੁੰਦਾ ।
ਬੋਲ ਪੰਜਾਬੀ
ਬਾਰ ਬਾਰ ਕੀ ਸੋਚੀ ਜਾਨੈ, ਬੋਲ ਪੰਜਾਬੀ ਪੈਂਤੀ ਅੱਖਰਾਂ ਵਾਲ਼ਾ ਕੈਦਾ ਖੋਲ ਪੰਜਾਬੀ । ਮੰਨਿਆ ਤੇਰੀ ਮਾਸੀ ਤੈਨੂੰ ਮਾਂ ਵਰਗੀ ਪਰ ਮਾਂ ਆਪਣੀ ਨਾ ਮਾਸੀ ਕਰਕੇ ਰੋਲ ਪੰਜਾਬੀ । ਝੀਤਾਂ ਵਿੱਚ ਦੀ ਊੜਾ ਐੜਾ ਝਾਕ ਰਹੇ ਨੇ ਇੱਕ ਤਾਕੀ ਤਾਂ ਉਨ੍ਹਾਂ ਨੂੰ ਵੀ ਖੋਲ ਪੰਜਾਬੀ । ਹਿੰਦੀ ਉਰਦੂ ਹੋਰ ਭਾਸ਼ਾਵਾਂ ਸਿਰ ਮੱਥੇ ਪਰ ਜਦ ਬੋਲਾਂ ਪੰਜਾਬੀ ਵੱਜੇ ਢੋਲ ਪੰਜਾਬੀ । ਤੇਰੇ ਘਰ ਦਫ਼ਤਰ ਪਰਦੇਸੀ ਆਣ ਵੜੇ ਨੇ ਬਾਹਰ ਬੈਠ ਉਡੀਕਣ ਤੈਨੂੰ ਬੋਲ ਪੰਜਾਬੀ । ਪੁੱਛਣ ਭਾਈ ਵੀਰ ਸਿੰਘ ਪੂਰਨ ਸਿੰਘ ਦੋਨੋਂ ਵੇਚ ਛੱਡੀ ਪੰਜਾਬੀਓ ਕਿਸ ਮੋਲ ਪੰਜਾਬੀ । ਪਿਆਰ ਮੁਹੱਬਤ ਯਾਰ ਦੇ ਸਿਰ ਤੇ ਚੜ੍ਹ ਕੇ ਬੋਲੇ ਜਦ ਦੇਂਦੀ ਹੈ ਕੰਨੀਂ ਮਿਸ਼ਰੀ ਘੋਲ ਪੰਜਾਬੀ । ਮਾਂ ਬੋਲੀ ਛਡ, ਬੱਚੇ ਨੇ, ਜਦ ਬਾਤਾਂ ਪਾਉਂਦੇ ਕੀ ਦੱਸਾਂ ਕਿੰਝ ਅੰਦਰ ਪੈਂਦੇ ਹੋਲ ਪੰਜਾਬੀ । ਨੰਨਾ ਨਾਨਕ, ਬੱਬਾ ਬੁੱਲ੍ਹਾ, ਵਾਵਾ ਵਾਰਿਸ ਕੱਕਾ ਕੈਦੈ ਵਾਲ਼ਾ ਵਰਕਾ ਫੋਲ ਪੰਜਾਬੀ । ਪੰਜਾਬੀ ਵਿੱਚ ਵਾਕ ਉਚਾਰੇ ਬਾਣੀ ਗਾਵੇ ਜਾ ਉੱਠ ਬਹਿ ਜਾ ਬਾਬੇ ਨਾਨਕ ਕੋਲ ਪੰਜਾਬੀ । ਦੇਸ਼ ਮਿਰੇ ਵਿੱਚ ਵੱਗਣ ਨਦੀਆਂ ਵਾਂਗ ਬੋਲੀਆਂ ਪੰਜ ਆਬਾਂ ਦੇ ਨਾਲ ਵੀ ਪੂਰਾ ਤੋਲ ਪੰਜਾਬੀ । ਹਰ ਬੋਲੀ ਹੈ ਮਾਮੀ ਮਾਸੀ ਤਾਈ ਐਪਰ ਕਿੱਥੋਂ ਲੱਭਾਂ ਮੈਂ ਆਪਣੀ ਮਾਂ ਸੋਲ੍ਹ ਪੰਜਾਬੀ । ਗੁਰਮੁੱਖੀ ਸ਼ਾਹਮੁੱਖੀ ਸੱਕੀਆਂ ਭੈਣਾਂ ਲੱਭਣ ਵਿਛੜੇ ਜੱਟ ਅਲਬੇਲੇ ਵੀਰ ਨਿਰੋਲ ਪੰਜਾਬੀ । ਸੁਹਣੇ ਰੱਬ ਦਾ ਲੱਖ ਲੱਖ ਵਾਰੀ ਸ਼ੁਕਰ ਮਨਾਵਾਂ ਮਾਂ ਬੋਲੀ ਜਿਸ ਪਾਈ 'ਉੱਪਲ' ਝੋਲ ਪੰਜਾਬੀ ।
ਦਿਲ ਦਾ ਵਿਹੜਾ
ਦਿਲ ਦੇ ਵਿਹੜੇ ਘੁੰਗਰੂ ਵੱਜਣ,ਕੌਣ ਮੇਰੇ ਘਰ ਆਇਆ । ਕਿਸ ਨੇ ਬੂਹੇ ਦਸਤਕ ਦਿੱਤੀ,ਕਿਸ ਨੇ ਰਾਗ ਅਲਾਇਆ । ਸਖੀ ਸਹੇਲੀ ਰਲ਼ਮਿਲ਼ ਆਓ, ਗੀਤ ਖੁਸ਼ੀ ਦੇ ਗਾਈਏ ਮੁੱਦਤਾਂ ਬਾਦ ਕਿਤੇ ਜਾ ਕੇ, ਹੈ ਮਾਹੀ, ਦਰ ਖੜਕਾਇਆ । ਵਿਹੜੇ ਬੇਰੀ ਰੌਸ਼ਨ ਹੋਈ, ਪੁੰਨਿਆ ਦਾ ਚੰਨ ਚੜ੍ਹਿਆ ਚੰਨ ਮੁਖੜਾ,ਸੱਚੀਂ!ਦਿਲਬਰ ਦਾ,ਮੈਨੂੰ ਨਜ਼ਰੀਂ ਆਇਆ । ਉੱਠ ਨੀ ਮਾਏ, ਤੇਲ ਚੁਆਈਏ, ਵੰਡੀਏ ਹਲਵੇ ਖੀਰਾਂ ਬੂਹੇ ਮਾਹੀ ਵੇਖ ਕੇ ਮੇਰਾ, ਫਿਰ ਜੋਬਨ ਮੁਸਕਾਇਆ । ਨਾਜ਼ ਹੈ ਮੈਨੂੰ, ਫੌਜੀ ਮੇਰਾ, ਰੱਬ ਦਾ ਦੂਜਾ ਨਾਂ ਹੈ ਉਸਦੀ ਸੁੱਖ ਸਲਾਮਤ ਲਈ, ਮੈਂ ਸੂਫ਼ੀ ਬਾਣਾ ਪਾਇਆ । ਉਸਦੇ ਹੱਸਮੁੱਖ ਚਿਹਰੇ ਸਾਡੇ ਵਿਹੜੇ ਰੌਣਕ ਲਾਈ ਜੀਆ ਜੰਤ ਸੱਭ ਨੱਚਣ ਟੱਪਣ,ਚੜ੍ਹਿਆ ਰੂਪ ਸਵਾਇਆ । ਸ਼ਾਲਾ ਦਿਲ ਦੇ ਵਿਹੜੇ, ਰੱਬਾ, ਹੱਸਦੇ ਵੱਸਦੇ ਰੱਖੀਂ 'ਉੱਪਲ' ਦਰਦ ਵਿਛੋੜੇ ਵਾਲ਼ਾ, ਨਹੀਂ ਜਾਂਦਾ ਹੰਢਾਇਆ ।
ਮਿੱਟੀ ਦੀ ਖੁਸ਼ਬੋ
ਇਸ ਮਿੱਟੀ ਦੀ ਖੁਸ਼ਬੋ, ਮੈਥੋਂ ਹਰਦਮ ਆਉਂਦੀ ਹੈ ਮੇਰਾ ਰੰਗਲਾ ਵਿਰਸਾ ਮੈਨੂੰ ਯਾਦ ਕਰਾਉਂਦੀ ਹੈ ਭੁੱਲ ਕਿਵੇਂ ਜਾਵਾਂ ਮੈਂ ਡੁੱਲਿਆ ਖ਼ੂਨ ਸ਼ਹੀਦਾਂ ਦਾ ! ਉੱਧਮ ਸਿੰਹੁ ਦੀ ਸੂਰਤ ਮੈਨੂੰ ਆਣ ਜਗਾਉਂਦੀ ਹੈ । ਇਸ ਮਿੱਟੀ ਦੀ ਖੁਸ਼ਬੋ,ਮੈਥੋਂ ਹਰਦਮ ਆਉਂਦੀ ਹੈ ਮੇਰੇ ਵਤਨਾਂ ਦੀ ਮਿੱਟੀ ਕਿਰਤੀ ਕਿਰਸਾਨਾਂ ਦੀ ਵਾਰ ਗਏ ਜੋ ਜਾਨਾਂ ਫੌਜੀ ਵੀਰ ਜਵਾਨਾਂ ਦੀ ਰੱਤੀ ਭਰ ਨਾ ਡਰਦੇ ਰੱਖਣ ਮੋਢੇ ਡਾਂਗਾਂ ਜੋ ਦਿੱਖ ਇਨ੍ਹਾਂ ਦੀ ਟਿੱਡੀ ਦਲ ਨੂੰ ਭਾਜੜ ਪਾਉਂਦੀ ਹੈ । ਇਸ ਮਿੱਟੀ ਦੀ ਖੁਸ਼ਬੋ,ਮੈਥੋਂ ਹਰਦਮ ਆਉਂਦੀ ਹੈ ਨਲਵੇ ਵਰਗੇ ਯੋਧੇ ਜਾ ਖ਼ੈਬਰ ਨੂੰ ਮੱਲਦੇ ਨੇ ਅਟਕ ਜਿਹੇ ਦਰਿਆ ਰੁਕ ਰੁਕ ਕੇ ਸਿਜਦੇ ਕਰਦੇ ਨੇ ਠਾਂਨ ਲੈਣ ਤਾਂ ਦੁਨੀਆਂ ਭਰ ਵਿੱਚ ਝੰਡੇ ਗੱਡ ਆਵਣ ਉੱਜੜ ਕੇ ਵੱਸ ਜਾਣ ਕਲਾ ਨਾਨਕ ਨੂੰ ਭਾਉਂਦੀ ਹੈ । ਇਸ ਮਿੱਟੀ ਦੀ ਖੁਸ਼ਬੋ,ਮੈਥੋਂ ਹਰਦਮ ਆਉਂਦੀ ਹੈ ਬੰਜਰ ਧਰਤੀ ਹਰੀ ਭਰੀ ਲਹਿਰਾਉਣ ਲੱਗਦੀ ਹੈ ਮੋਰੀਂ ਰੁਣਝੁਣ,ਕੋਇਲ ਗੀਤ ਸੁਨਾਉਣ ਲੱਗਦੀ ਹੈ ਜਦ ਮੈਦਾਨੇ ਭਰਦੇ ਗਭਰੂ ਦੱਮ ਕਬੱਡੀ ਦਾ 'ਮਿੱਟੀ ਦੀ ਖੁਸ਼ਬੋ' ਉੱਡ ਉੱਡ ਕੇ ਰੂਹ ਮਹਿਕਾਉਂਦੀ ਹੈ । ਇਸ ਮਿੱਟੀ ਦੀ ਖੁਸ਼ਬੋ,ਮੈਥੋਂ ਹਰਦਮ ਆਉਂਦੀ ਹੈ
ਗ਼ਜ਼ਲ-ਕਾਹਦੀ ਤੰਦ ਤੇ ਕਾਹਦੀ ਤਾਣੀ
ਕਾਹਦੀ ਤੰਦ ਤੇ ਕਾਹਦੀ ਤਾਣੀ ਜਦ ਨਾ ਮਿਲਿਆ ਦਿਲ ਦਾ ਹਾਣੀ ਸਜਣਾ ਮੁੱਖੋਂ ਫੁੱਲ ਕਿਰਦੇ ਸਨ ਦਿਲ ਚੀਰਨ ਜਦ ਬੋਲਣ ਬਾਣੀ ਸਾਰੇ ਭਖਦੇ ਸੂਰਜ ਜਾਪਣ ਕਿਸਨੇ ਸਾਡੀ ਪਿਆਸ ਬੁਝਾਣੀ ਆਸ ਵਫਾ ਦੀ ਭੋਲ਼ਿਆ ਨਾ ਕਰ ਖ਼ੁਦਗ਼ਰਜ਼ਾਂ ਦੀ ਸਾਰੀ ਢਾਣੀ ਭੁੱਲ ਪ੍ਰੀਤਾਂ ਕੌਲ ਕਰਾਰਾਂ ਬਹਿਗੀ ਡੋਲੀ ਬਣ ਪਟਰਾਣੀ ਫੁੱਲ ਬੂਟੇ ਪੰਛੀ ਤਿਰਹਾਏ ਚਾਰ ਚੁਫੇਰੇ ਸੁੱਕਿਆ ਪਾਣੀ ਤਾਰੇ ਗਿਣ ਗਿਣ ਚੰਨ ਗਵਾਇਆ ਮਾਹੀ ਦੀ ਮੈਂ ਕਦਰ ਨਾ ਜਾਣੀ ਜੀਵਨ ਭਰ ਦਾ ਸਾਥ ਰਿਹਾ ਪਰ ਸਾਗਰ ਵਿਚ ਨਾ ਮਿਲਿਆ ਪਾਣੀ ਉਮਰਾਂ ਭਰ ਦੀਆਂ ਕਸਮਾਂ ਖਾ ਪੰਛੀ ਬੈਠਾ ਦੂਜੀ ਟਾਹਣੀ ਯਾਦਾਂ ਦੇ ਡੰਗ ਮੁੜ ਮੁੜ ਡਸਦੇ ਔਖੀ ਹੁੰਦੀ ਪ੍ਰੀਤ ਨਿਭਾਣੀ 'ਉੱਪਲ' ਸੱਚੀ ਪ੍ਰੀਤ ਜੋ ਕਰਦੇ ਰੰਗ ਖੁਦਾਏ ਰੱਤੇ ਜਾਣੀ
ਗ਼ਜ਼ਲ-ਨਵੇਂ ਮਿੱਤਰ ਮਿਲਾ ਦੇਵੇ
ਨਵੇਂ ਮਿੱਤਰ ਮਿਲਾ ਦੇਵੇ, ਮਿਰੀ ਤਕਦੀਰ ਮੈਨੂੰ । ਨਿਭਾ ਜਾਵਣ ਕਈ, ਪਰ ਕੁੱਝ, ਲਗਣ ਰਾਹਗੀਰ ਮੈਨੂੰ । ਕਿਸੇ ਚੱਕਰਵਿਊ ਵਿੱਚ, ਆ ਗਿਆ, ਮਹਿਸੂਸ ਕਰਦਾਂ ਜ਼ਮਾਨੇ ਦੀ, ਬਦਲ ਚੁੱਕੀ, ਲਗੇ ਤਾਸੀਰ ਮੈਨੂੰ । ਕਿਸੇ ਸੱਯਾਦ ਤਾਂ, ਕਤਰੇ ਨਹੀਂ ਹਨ, ਖੰਭ ਮੇਰੇ ! ਕਿ ਪੈਰਾਂ ਵਿੱਚ, ਪਈ ਮੇਰੇ, ਲਗੇ ਜ਼ੰਜੀਰ ਮੈਨੂੰ । ਭਟਕਦਾ, ਫਿਰ ਰਿਹਾ ਹਾਂ, ਆਪਣੇ ਹੀ, ਸ਼ਹਿਰ ਦੇ ਵਿੱਚ ਕਿ ਆਪਣੇ ਘਰ, ਦੀ ਹੀ ਭੁੱਲੀ, ਲਗੇ ਤਾਮੀਰ ਮੈਨੂੰ । ਮੈਂ ਫਲਿਆ ਫੁੱਲਿਆ ਏਥੇ, ਇਹ ਮੇਰਾ ਘਰ ਗਰਾਂ ਹੈ ਮਗਰ ਹੁਣ ਤਾਂ, ਬਦਲ ਚੁੱਕੀ, ਲਗੀ ਤਸਵੀਰ ਮੈਨੂੰ । ਵਫ਼ਾਦਾਰੀ ਨਿਭਾਉਂਦੇ, ਓਸ ਨੂੰ, 'ਉੱਪਲ' ਕਿਹਾ ਮੈਂ ਤੇਰੀ ਯਾਰੀ ਹੀ, ਕਰ ਗਈ ਯਾਰ,ਲੀਰੋ ਲੀਰ ਮੈਨੂੰ ।
ਲਹੂ ਦਾ ਕੇਸਰ
ਡੁੱਲ੍ਹੇ ਲਹੂ ਦੀ ਕੇਸਰ ਜਿਹੀ ਖੁਸ਼ਬੂ ਮਹਿਕਾਵੇ ਵੇਖੀਂ ! ਕਿੱਧਰੇ ਡੁੱਲ੍ਹਿਆ ਲਹੂ ਬੇਕਾਰ ਨਾ ਜਾਵੇ ਬੇਸ਼ਕ ਕਰ ਲੈ ਪਿਆਰ ਨਿਮਾਣੀ ਜਿੰਦੜੀ ਤਾਈਂ ਪਰ ਚੜ੍ਹ ਜਾਵੀਂ ਦਾਰ ਜਦੋਂ ਵੀ ਮੌਕਾ ਆਵੇ । ਕਾਗ਼ਜ਼ ਜਿਹੇ ਫੁੱਲਾਂ ਜਿਉਂ ਜਿਉਂਦੇ ਬਹੁਤੇ ਲੋਕੀਂ ਮਹਿਕ ਬਿਨਾਂ ਖਿੜਦੇ ਤੇ ਵਿਕਦੇ ਬਹੁਤੇ ਲੋਕੀਂ ਖਾਂਦੇ,ਪੀਂਦੇ,ਜੰਮਦੇ ਤੇ ਮਰ ਜਾਂਦੇ ਨੇ ਬਸ ਲਹੂ ਦੇ ਕੇਸਰ ਜਿਉਂ ਪਰ ਕੁੱਝ ਮਹਿਕਾਉਂਦੇ ਲੋਕੀਂ । ਜੀਣੇ ਤੇ ਮਰਨੇ ਦਾ ਭੇਦ ਸਮਝ ਨਾ ਆਇਆ ਸੌਂ ਸੌਂ ਕੇ ਤੇ ਖਾ ਪੀ ਕੇ ਹੈ ਪੇਟ ਵਧਾਇਆ ਲੋੜਵੰਦ ਦੀ ਲੋੜ ਕਦੇ ਨਾ ਕੀਤੀ ਪੂਰੀ ਕਿਰਤ ਕਮਾਈ ਚੋਂ ਨਾ ਤੂੰ ਦਸਵੰਧ ਬਚਾਇਆ । ਦੇਸ਼ ਧਰਮ ਲਈ ਪੀ ਗਏ ਨੇ ਜੋ ਜਾਮ ਸ਼ਹੀਦੀ ਮੇਲੇ ਲੱਗਣ, ਕੇਸਰ ਛਿੜਕਣ, ਧਾਮ ਸ਼ਹੀਦੀ ਰਹਿੰਦੀ ਦੁਨੀਆਂ ਤੀਕ ਚਮਕਦੇ ਚੰਨ ਸਿਤਾਰੇ ਪੈ ਨਈਂ ਸਕਦਾ ਡੁੱਲ੍ਹੇ ਲਹੂ ਦਾ ਦਾਮ ਸ਼ਹੀਦੀ । ਜੋਬਨ ਰੁੱਤੇ ਨਸ਼ਿਆਂ ਵਿੱਚ ਗਲਤਾਨ ਰਿਹੈਂ ਤੂੰ ਆਪਣੇ ਗੁਰ ਪੈਗੰਬਰ ਤੋਂ ਬੇਈਮਾਨ ਰਿਹੈਂ ਤੂੰ ਜਿੱਤ ਲੈ ਬਾਜ਼ੀ ਹੁਣ ਤਾਂ ਛੱਡ ਦੇ ਨਸ਼ਿਆਂ ਤਾਈਂ ਪਹਿਲਾਂ ਵਰਗਾ ਨਾਹੀਂ ਸ਼ੇਰ ਜਵਾਨ ਰਿਹੈਂ ਤੂੰ ।
ਬਾਲ ਨਿਆਣੇ ਭੁੱਖੇ ਸੋਵਣ-ਗ਼ਜ਼ਲ
ਬਾਲ ਨਿਆਣੇ ਭੁੱਖੇ ਸੋਵਣ, ਮੈਨੂੰ ਕੀ । ਆਪਣੇ ਦੁੱਖੜੇ ਆਪੇ ਢੋਵਣ, ਮੈਨੂੰ ਕੀ । ਮੇਰੇ ਤਾਂ ਕੁੱਤੇ ਵੀ ਬਿਸਕੁਟ ਖਾਂਦੇ ਨੇ ਤੇਰੇ ਬੱਚੇ ਦੁੱਧੋਂ ਰੋਵਣ, ਮੈਨੂੰ ਕੀ । ਮੇਰੀ ਕਾਰ ਮਾਰੂਤੀ ਸ਼ੂੰ ਕਰਕੇ ਭੱਜਦੀ ਤੇਰੇ ਪੈਰੀਂ ਛਾਲੇ ਹੋਵਣ, ਮੈਨੂੰ ਕੀ । ਮੇਰਾ ਘਰ ਬਾਹਰ ਤਾਂ ਸੁਹਣਾ ਸੁਥਰਾ ਹੈ ਤੇਰੇ ਲੋਕੀਂ ਕਚਰਾ ਢੋਵਣ, ਮੈਨੂੰ ਕੀ । ਦੁੱਧ ਦਹੀਂ ਘਿਉ ਦੇਸੀ ਰੱਜ ਰੱਜ ਖਾਨਾਂ ਮੈਂ ਕਿਰਤੀ ਲੋਕੀਂ ਡੰਗਰ ਚੋਵਣ, ਮੈਨੂੰ ਕੀ । ਆਟਾ ਦਾਲਾਂ ਵਸਤਾਂ ਆਪ ਉਗਾਉਂਦੇ ਜੋ ਰਾਤੀਂ ਭੁੱਖੇ ਭਾਣੇ ਸੋਵਣ, ਮੈਨੂੰ ਕੀ । ਕਈਆਂ ਮੂੰਹ ਵਿੱਚ ਚਾਂਦੀ ਚਮਚੇ ਬਚਪਨ ਤੋਂ ਬੈਲ ਤਰ੍ਹਾਂ ਕਈ ਆਪਾ ਜੋਵਣ, ਮੈਨੂੰ ਕੀ । ਮਾੜੇ ਕੰਮੀ ਜਤਕਤ ਮੰਦਾ ਜਾਣਦਿਆਂ ਲੋਕੀਂ ਥਾਂ ਥਾਂ ਕੰਡੇ ਬੋਵਣ, ਮੈਨੂੰ ਕੀ । ਪਾਪ ਦਾ ਪੱਲੂ ਮੈਲ ਪਲੀਤਾ ਨਈਂ ਧੁੱਲਣਾ ਜਿੱਥੇ ਮਰਜੀ ਜਾ ਕੇ ਧੋਵਣ, ਮੈਨੂੰ ਕੀ । ਆਖਦਿਆਂ, 'ਮੈਨੂੰ ਕੀ',ਫਾਹੀ ਆਣ ਪਈ 'ਉੱਪਲ' ਢਾਈਆਂ ਮਾਰ ਕੇ ਰੋਵਣ, ਮੈਨੂੰ ਕੀ ।