Shabdan De Sur Panchhi : Harjit Singh Uppal

ਸ਼ਬਦਾਂ ਦੇ ਸੁਰ ਪੰਛੀ : ਹਰਜੀਤ ਸਿੰਘ ਉੱਪਲ

ਸ਼ਬਦਾਂ ਦੇ ਸੁਰ ਪੰਛੀ

ਰਿਆਸਤ ਜੰਮੂ-ਕਸ਼ਮੀਰ ਅਤੇ ਪੰਜਾਬੀ ਭਾਸ਼ਾ ਦਾ ਰਿਸ਼ਤਾ ਉਦੋਂ ਤੋਂ ਚੱਲਿਆ ਰਿਹਾ ਹੈ ਜਦੋਂ ਤੋਂ ਗੁਰੂ ਨਾਨਕ ਦੇਵ ਜੀ ਤਿੱਬਤ-ਲੱਦਾਖ ਤੋਂ ਵਾਪਸੀ ’ਤੇ ਕਸ਼ਮੀਰ ਤੋਂ ਹੁੰਦੇ ਹੋਏ ਜੰਮੂ ਦੇ ਰਸਤੇ ਪੰਜਾਬ ਵਾਪਸ ਆਏ ਸਨ। ਜੰਮੂ-ਕਸ਼ਮੀਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਇਸ ਫੇਰੀ ਦੇ ਕਦੀਮੀ ਆਸਾਰ ਪਹਿਲਗਾਮ, ਅਵੰਤੀਪੁਰਾ, ਮੱਟਨ ਸਾਹਿਬ ਅਤੇ ਜੰਮੂ ਸ਼ਹਿਰ ਵਿਖੇ ਮੌਜੂਦ ਹਨ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਜੰਮੂ ਕਸ਼ਮੀਰ ਅਤੇ ਪੰਜਾਬੀ ਭਾਸ਼ਾ -ਸਭਿਆਚਾਰ ਦਾ ਰਿਸ਼ਤਾ ਹੋਰ ਵੀ ਪੱਕਾ ਹੋਇਆ ਜੋ ਅੱਜ ਦੇ ਦੌਰ ਤੱਕ ਬਾਦਸਤੂਰ ਕਾਇਮ ਹੈ।

ਜੰਮੂ-ਕਸ਼ਮੀਰ ਵਿੱਚ ਪੰਜਾਬੀ ਸਾਹਿਤ ਦੇ ਵੱਡੇ-ਵੱਡੇ ਕਲਮਕਾਰ ਹੋ ਗੁਜ਼ਰੇ ਹਨ, ਜਿਵੇਂ ਕਿ ਪ੍ਰੋ. ਸੇਵਾ ਸਿੰਘ, ਪ੍ਰੋ. ਪ੍ਰੇਮ ਸਿੰਘ, ਗੁਰਚਰਨ ਸਿੰਘ ਗੁਲਸ਼ਨ ਆਦਿ ਆਦਿ ।

ਅੱਜ ਦੇ ਦੌਰ ਵਿੱਚ ਵੀ ਜੰਮੂ-ਕਸ਼ਮੀਰ ਵਿੱਚ ਬਹੁਤ ਸਾਰੇ ਪੰਜਾਬੀ ਲੇਖਕ ਮੌਜੂਦ ਹਨ।ਇਹ ਸਭ ਆਪੋ ਆਪਣੇ ਵਿੱਤ ਮੁਤਾਬਕ ਭਾਸ਼ਾ ਤੇ ਸਾਹਿਤ ਦੀ ਸੇਵਾ ਕਰ ਰਹੇ ਹਨ। ਖ਼ਾਸ ਤੌਰ ਤੇ ਬਲਜੀਤ ਸਿੰਘ ਰੈਨਾ, ਸੁਰਿੰਦਰ ਕੌਰ ਨੀਰ, ਸਵਾਮੀ ਅੰਤਰ ਨੀਰਵ, ਡਾ. ਮੋਨੋਜੀਤ, ਦਵਿੰਦਰ ਸਿੰਘ ਵਿਸ਼ਵ ਨਾਗਰਿਕ, ਰਛਪਾਲ ਸਿੰਘ ਬਾਲੀ, ਕੰਵਲ ਕਸ਼ਮੀਰੀ, ਹਰਭਜਨ ਸਿੰਘ ਸਾਗਰ ਅਤੇ ਖਾਲਿਦ ਹੁਸੈਨ ਆਦਿ ਦੇ ਨਾਮ ਜ਼ਿਕਰਯੋਗ ਹਨ।

ਪੰਜਾਬੀ ਦੀ ਸਮੁੱਚੀ ਕਵਿਤਾ ਅਤੇ ਖ਼ਾਸ ਤੌਰ ’ਤੇ ਗ਼ਜ਼ਲ ਦੀ ਵਿਧਾ ਵਿੱਚ ਵੀ ਜੰਮੂ-ਕਸ਼ਮੀਰ ਦੇ ਕਈ ਕਈ ਕਵੀਆਂ-ਸ਼ਾਇਰਾਂ ਨੇ ਆਪਣਾ ਆਪਣਾ ਹਿੱਸਾ ਪਾਇਆ ਹੈ। ਗ਼ਜ਼ਲ ਦੀ ਵਿਧਾ ਵਿੱਚ ਅਜੀਤ ਸਿੰਘ ਮਸਤਾਨਾ, ਸੁਮੇਰ ਸਿੰਘ ਮਸਤਾਨਾ, ਅਮਰ ਸਿੰਘ ਕੂਕਾ, ਦੇਸ ਰਾਜ ਦਾਨਿਸ਼, ਡਾ. ਨਿਰਮਲ ਵਿਨੋਦ, ਕੇ ਕੇ ਸ਼ਾਕਰ, ਦੀਪਕ ਆਰਸੀ, ਪਿਆਸਾ ਅੰਜੁਮ, ਬਲਜੀਤ ਸਿੰਘ ਰੈਨਾ, ਸੂਰਜ ਰਤਨ ਬਕਸ਼ੀ, ਐਮ ਐਸ ਕਾਮਰਾ ਤੇ ਬਲਵਿੰਦਰ ਦੀਪ ਆਦਿ ਸ਼ਾਮਿਲ ਹਨ।

ਜੰਮੂ-ਕਸ਼ਮੀਰ ਦੇ ਇਲਾਕੇ ਪੁੰਛ ਦਾ ਸਬੰਧ ਵੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਬਹੁਤ ਪੁਰਾਣਾ ਹੈ। ਪੁੰਛ ਸ਼ਹਿਰ ਵਿੱਚ ਭਾਈ ਜੈਦੇਵ ਦੱਤ, ਅਕਾਲੀ ਦਰਸ਼ਨ ਸਿੰਘ, ਰਣਜੀਤ ਸਿੰਘ ਨਾਜ਼ ਅਤੇ ਗੁਰਚਰਨ ਸਿੰਘ ਵਰਗੇ ਕਵੀ ਆਪਣੀ ਆਪਣੀ ਕਵਿਤਾ ਦਾ ਜਲਵਾ ਸਮੇਂ-ਸਮੇਂ ਦਿਖਾਉਂਦੇ ਰਹੇ ਹਨ।

ਹਰਜੀਤ ਸਿੰਘ ਉੱਪਲ ਵੀ ਜੰਮੂ ਕਸ਼ਮੀਰ ਦੇ ਇਲਾਕਾ ਪੁੰਛ ਨਾਲ ਸਬੰਧ ਰਖਦੇ ਹਨ। ਉਨ੍ਹਾਂ ਦੇ ਪਿਤਾ ਗਿਆਨੀ ਅਤਰ ਸਿੰਘ ਜੀ ਧਾਰਮਿਕ, ਸਭਿਆਚਾਰਿਕ ਅਤੇ ਆਪਣੀਆਂ ਸਾਹਿਤਕ ਸੇਵਾਵਾਂ ਲਈ ਬਾਖ਼ੂਬੀ ਜਾਣੇ ਜਾਂਦੇ ਹਨ। ਇਲਾਕਾ ਪੁੰਛ ਦੇ ਕੁੱਝ ਹਿੱਸਿਆਂ ਤੇ 1947 ਵਿੱਚ ਕਬਾਇਲੀ ਹਮਲਾਵਰਾਂ ਦੇ ਕਬਜ਼ਾ ਜਮਾ ਲੈਣ ਮੌਕੇ ਜਿਹੜੇ ਲੋਕ ਪੁੰਛ ਤੋਂ ਉੱਜੜ-ਪੁੱਜੜ ਗਏ ਸਨ, ਹਰਜੀਤ ਸਿੰਘ ਉੱਪਲ ਦੇ ਵੱਡੇ-ਵਡੇਰੇ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਸਨ। ਉੱਪਲ ਸਾਹਿਬ ਇੰਡੀਅਨ ਓਵਰਸੀਜ਼ ਬੈਂਕ ਵਿੱਚੋਂ ਬਤੌਰ ਸੀਨੀਅਰ ਮੈਨੇਜਰ 2015 ਵਿੱਚ ਰਿਟਾਇਰ ਹੋਏ ਹਨ ਅਤੇ ਅੱਜ ਕਲ੍ਹ ਨਾਨਕ ਨਗਰ ਜੰਮੂ ਵਿਖੇ ਆਬਾਦ ਹਨ। ਆਪਣੇ ਪਿਤਾ ਗਿਆਨੀ ਅਤਰ ਸਿੰਘ ਜੀ ਦੇ ਸਪੁੱਤਰ ਹੋਣ ਦੀ ਵਜ੍ਹਾ ਕਰਕੇ ਉੱਪਲ ਸਾਹਿਬ ਦਾ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਬੜਾ ਡੂੰਘਾ ਤੇ ਨਿੱਘਾ ਨਾਤਾ ਹੈ।

ਪਿਛਲੇ ਕੁੱਝ ਸਾਲਾਂ ਤੋਂ ਹਰਜੀਤ ਸਿੰਘ ਉੱਪਲ ਪੰਜਾਬੀ ਸ਼ਾਇਰੀ ਦੇ ਮੈਦਾਨ ਵਿੱਚ ਪੂਰੀ ਆਬੋਤਾਬ ਨਾਲ ਪੰਜਾਬੀ ਸਮੁੱਚੀ ਕਵਿਤਾ ਵਿੱਚ ਮਸਰੂਫ਼ ਹਨ। ਆਪ ਪੰਜਾਬੀ ਨਜ਼ਮ ਵੀ ਲਿਖਦੇ ਹਨ ਤੇ ਗ਼ਜ਼ਲ ਵੀ। ਪੰਜਾਬੀ ਭਾਸ਼ਾ ਤੇ ਉਨ੍ਹਾਂ ਦੀ ਪਕੜ ਬਹੁਤ ਮਜ਼ਬੂਤ ਹੈ। ਉਨ੍ਹਾਂ ਦੀ ਕਵਿਤਾ ਵਿੱਚ ਭਰਪੂਰ ਤਾਸੀਰ ਹੈ, ਉਰਦੂ ਵਿੱਚ ਕਹਿੰਦੇ ਹਨ, ‘‘ਗ਼ਮੇ ਜਾਨਾ, ਗ਼ਮੇ ਦੌਰਾਂ’’। ਉੱਪਲ ਸਾਹਿਬ ਦੀਆਂ ਨਜ਼ਮਾਂ ਵਿੱਚ ਖ਼ਾਸ ਤੌਰ ਤੇ ਸਮਾਜਿਕ, ਇਤਿਹਾਸਕ ਕਿਤੇ-ਕਿਤੇ ਸਿਆਸੀ ਅਤੇ ਕਿਤੇ ਕਿਤੇ ਅੰਤਰਮਨ ਦੇ ਬੜੇ ਗੰਭੀਰ ਤੱਥ ਉੱਭਰ ਕੇ ਸਾਹਮਣੇ ਆਉਂਦੇ ਹਨ।

ਉੱਪਲ ਸਾਹਿਬ ਦੀਆਂ ਜਿਨ੍ਹਾਂ ਨਜ਼ਮਾਂ ਨੇ ਖ਼ਾਸ ਤੌਰ ’ਤੇ ਮੈਨੂੰ ਪ੍ਰਭਾਵਿਤ ਕੀਤਾ ਹੈ, ਉਹਨਾਂ ਦੇ ਸਿਰਲੇਖ ਇਸ ਪ੍ਰਕਾਰ ਹਨ;

ਜਦ ਮੈਂ ਕੁੱਝ ਨਾਂ ਸਾਂ
ਇੱਕ ਪੰਛੀ ਸੁਰਖ਼ਾਬੀ
ਖੁੱਲ੍ਹ ਜਾ ਗੰਠੜੀਏ
ਦੁੱਮ ਛੱਲਾ ਨਾ ਅਖਵਾਇਆ ਕਰ
ਚੱਲ ਓਏ ਪੁੱਤਰਾ ਚਲਿਆ ਚੱਲ
ਅੱਖਰ ਮੌਲਾ ਅੱਖਰ ਰੱਬ ਨੇ
ਪ੍ਰੇਮ ਦਾ ਗੀਤ ਅਤੇ
ਰੂਹਾਂ ਤੇ ਭਾਰ

ਇਸਦਾ ਮਤਲਬ ਇਹ ਨਹੀਂ ਕਿ ਉੱਪਲ ਸਾਹਿਬ ਦੀਆਂ ਬਾਕੀ ਨਜ਼ਮਾਂ ਇਨ੍ਹਾਂ ਨਜ਼ਮਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਹਨ, ਕਹਿਣ ਤੋਂ ਭਾਵ ਸਿਰਫ ਇਹ ਹੈ ਕਿ ਉਪਰੋਕਤ ਨਜ਼ਮਾਂ ਨੇ ਮੈਨੂੰ ਖ਼ਾਸ ਤੌਰ ’ਤੇ ਪ੍ਰਭਾਵਿਤ ਕੀਤਾ ਹੈ।

ਗ਼ਜ਼ਲ ਇਕ ਬਹੁਤ ਹੀ ਮੁਸ਼ਕਿਲ ਅਤੇ ਬੜੀ ਹੀ ਆਸਾਨ ਵਿਧਾ ਹੈ। ਮੁਸ਼ਕਿਲ ਉਨ੍ਹਾਂ ਲਈ ਜਿਹੜੇ ਸ਼ਾਇਰ ਗ਼ਜ਼ਲ ਨੂੰ ਪੂਰੀ ਤਰ੍ਹਾਂ ਸਮਝ ਕੇ ਗ੍ਰਹਿਣ ਕਰਦੇ ਹਨ। ਆਸਾਨ ਉਨ੍ਹਾਂ ਲਈ ਜੋ ਗ਼ਜ਼ਲ ਦੇ ਤਕਨੀਕੀ ਅਤੇ ਕਾਵਿਕ ਤੱਥਾਂ ਨੂੰ ਸਮਝੇ ਬਗ਼ੈਰ ਗ਼ਜ਼ਲ ਨਾਮ ਦੀ ਕਵਿਤਾ ਦੇ ਢੇਰ ਲਗਾਈ ਜਾਂਦੇ ਹਨ। ਹਰਜੀਤ ਸਿੰਘ ਉੱਪਲ ਯਕੀਨਨ ਉਨ੍ਹਾਂ ਸ਼ਾਇਰਾਂ ਵਿੱਚ ਸ਼ਾਮਿਲ ਹਨ, ਜਿਨ੍ਹਾਂ ਲਈ ਗ਼ਜ਼ਲ ਮਿਹਨਤ, ਲਗਨ ਅਤੇ ਬੜੇ ਗੰਭੀਰ ਅਧਿਅਨ ਦੀ ਮੰਗ ਕਰਦੀ ਹੈ।

ਹਰਜੀਤ ਸਿੰਘ ਉੱਪਲ ਦੀਆਂ ਗ਼ਜ਼ਲਾਂ ਵਿੱਚ ਸ਼ਾਮਿਲ ਸ਼ਿਅਰਾਂ ਵਿੱਚ ਕਰੀਬ ਕਰੀਬ ਉਹ ਸਾਰੇ ਦੇ ਸਾਰੇ ਵਿਸ਼ੇ ਕਿਤੇ ਨਾ ਕਿਤੇ ਮਿਲ ਜਾਂਦੇ ਹਨ, ਜਿਹੜੇ ਗ਼ਜ਼ਲ ਦੀ ਵਿਧਾ ਵਿੱਚ ਸ਼ਾਮਿਲ ਹੋਣ ਦੇ ਕਾਬਿਲ ਹਨ। ਮੈਨੂੰ ਉੱਪਲ ਸਾਹਿਬ ਦੀ ਗ਼ਜ਼ਲੀਆ ਸ਼ਾਇਰੀ ਵਿੱਚ ਇੱਕ ਵੀ ਸ਼ੇਅਰ ਐਸਾ ਨਜ਼ਰ ਨਹੀਂ ਆਇਆ ਜਿਸਨੂੰ ਵਿਸ਼ੇ ਵਸਤੂ ਦੇ ਪੱਖ ਤੋਂ ਗ਼ਜ਼ਲ ਦਾ ਸ਼ੇਅਰ ਨਾ ਕਿਹਾ ਜਾ ਸਕੇ। ਇਸ ਸੰਦਰਭ ਵਿੱਚ ਉੱਪਲ ਸਾਹਿਬ ਦੇ ਨਿਮਨਲਿਖਤ ਸ਼ੇਅਰ ਵੇਖਣ-ਪਰਖਣਯੋਗ ਹਨ;

ਸੌਰਮੰਡਲ ਤੋਂ ਅਗਾਂਹ ਤਕ ਕਹਕਸ਼ੀਂ ਪਰਵਾਜ਼ ਸੀ
ਧਾਰ ਕੇ ਬੰਦੇ ਦੀ ਮੂਰਤ ਪਰ ਕਟਾ ਆਇਆ ਹਾਂ ਮੈਂ

ਬੇਸ਼ਕ ਪਰਾਂ ਨੂੰ ਕਟ ਲੈ ਉਗ ਪੈਣਗੇ ਦੁਬਾਰਾ
ਰਗ ਰਗ ਰਚੀ ਇਨ੍ਹਾਂ ਦੇ ਲੱਗੇ ਉਡਾਰ ਮੈਨੂੰ

ਪਰਿੰਦਾ ਹਾਂ ਅਜ਼ਾਦੀ ਜਨਮ ਸਿੱਧ ਅਧਿਕਾਰ ਹੈ ਮੇਰਾ
ਲਗਾਏ ਹਰ ਤੇਰੇ ਪਹਿਰੇ ਨੂੰ ਮੈਂ ਦੁਰਕਾਰ ਜਾਵਾਂਗਾ

ਓਪਰੇ ਹੀ ਸਭ ਮਿਲੇ ਕੋਈ ਮੇਰਾ ਅਪਣਾ ਨਾ ਸੀ
ਜਾਪਿਆ ਮੇਰਾ ਕਦੇ ਇਸ ਸ਼ਹਿਰ ਵਿੱਚ ਵਾਸਾ ਨਾ ਸੀ

ਪਿਆਸ ਜੇ ਮਿਹਨਤਕਸ਼ਾਂ ਦੀ ਆਪ ਤੋਂ ਬੁੱਝਦੀ ਨਹੀਂ
ਚਸ਼ਮਿਆਂ, ਨਦੀਆਂ ਦੇ ਪਾਣੀ ਹੈਣ ਖਾਰੇ ਨਾ ਕਹੋ

ਖੁੱਲ੍ਹੇ ਨੈਣ ਪਿਆਲੇ ਜਦ ਤੱਕ ਦੁਨੀਆ ਰੰਗ ਬਰੰਗੀ ਯਾਰਾ
ਅੱਖਾਂ ਮੀਚ ਕੇ ਇਕ ਵੀ ਤਿਤਲੀ ਫੜ ਦਿਖਲਾਵੇਂ ਤਾਂ ਮੈਂ ਮੰਨਾਂ

ਢਹਿੰਦੀ ਕਲਾ ਦਾ ਜੀਣਾ ਵੀ ਕੋਈ ਜੀਣਾ ਹੈ
ਘੁਟ ਘੁਟ ਕਰਕੇ ਜ਼ਹਿਰ ਪਿਆਲਾ ਪੀਣਾ ਹੈ

ਉਮਰਾਂ ਭਰ ਦੀਆਂ ਕਸਮਾਂ ਖਾਕੇ
ਪੰਛੀ ਬੈਠਾ ਦੂਜੀ ਟਾਹਣੀ
ਉੱਪਲ ਸੱਚੀ ਪ੍ਰੀਤ ਜੋ ਕਰਦੇ
ਰੰਗ ਖੁਦਾਏ ਰੱਤੇ ਜਾਣੀ

ਕੀ ਤੂੰ ਸਿੱਖਿਆ ਮੰਦਰਾਂ ਤੇ ਮਸਜਿਦਾਂ ਵਿੱਚ
ਨਫ਼ਰਤਾਂ ਦੀ ਬੂ ਤਾਂ ਤੈਥੋਂ ਆ ਰਹੀ ਹੈ

ਡੋਬਿਆ ਹੈ ਬਸਤੀਆਂ ਨੂੰ ਪਾਣੀਆਂ ਨੇ
ਜ਼ਿੰਦਗੀ ਹੀ ਜ਼ਿੰਦਗੀ ਨੂੰ ਖਾ ਰਹੀ ਹੈ

ਉਪਰੋਕਤ ਗੱਲਬਾਤ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਹਰਜੀਤ ਸਿੰਘ ਉੱਪਲ ਗ਼ਜ਼ਲ ਅਤੇ ਨਜ਼ਮ, ਸਾਹਿਤ ਦੀਆਂ ਦੋਹਾਂ ਵਿਧਾਵਾਂ ਵਿੱਚ ਪੂਰੇ ਤੌਰ ’ਤੇ ਪਰਪੱਕ ਕਵੀ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਅਤੇ ਨਜ਼ਮਾਂ ਪੰਜਾਬੀ ਸ਼ਾਇਰੀ ਦੇ ਸਰਮਾਏ ਵਿੱਚ ਵਾਧਾ ਕਰਨ ਦੀ ਸਮਰੱਥਾ ਰਖਦੀਆਂ ਹਨ। ਉਨ੍ਹਾਂ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਕਾਵਿ ਸੰਗ੍ਰਹਿ ਦੁਨੀਆ ਭਰ ਵਿੱਚ ਫੈਲੇ ਹੋਏ ਪੰਜਾਬੀ ਸਾਹਿਤ ਦੇ ਪਾਠਕਾਂ ਵਿੱਚ ਭਰਪੂਰ ਮਕਬੂਲੀਅਤ ਹਾਸਿਲ ਕਰੇਗਾ। ਸ਼ਬਦਾਂ ਦੇ ਸੁਰ ਪੰਛੀ ਅਤੇ ਹਰਜੀਤ ਸਿੰਘ ਉੱਪਲ ਲਈ ਆਪਣੀਆਂ ਨੇਕ ਦੁਆਵਾਂ।

ਧੰਨਵਾਦ ਸਹਿਤ,
ਪ੍ਰਿਤਪਾਲ ਸਿੰਘ ਬੇਤਾਬ
ਜੰਮੂ

ਕਾਵਿ ਸੰਗ੍ਰਹਿ-‘ਸ਼ਬਦਾਂ ਦੇ ਸੁਰ ਪੰਛੀ’

ਜੰਮੂ-ਕਸ਼ਮੀਰ ਦਾ ਪੰਜਾਬੀ ਸਾਹਿਤ ਦੇ ਖੇਤਰ ’ਚ ਬਹੁਤ ਹੀ ਸ਼ਲਾਘਾਯੋਗ ਯੋਗਦਾਨ ਹੈ। ਇਥੋਂ ਦੇ ਪੰਜਾਬੀ ਸਾਹਿਤ ਪ੍ਰੇਮੀਆਂ ਨੇ ਸਾਹਿਤ ਦੇ ਵੱਖੋ-ਵੱਖਰੇ ਰੂਪਾਂ ਵਿੱਚ ਲਿਖੀ ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ, ਖੋਜ, ਸਾਹਿਤ ਦਾ ਇਤਿਹਾਸ ਵਿੱਚ ਪ੍ਰਤਿਭਾਵਾਨ ਲੇਖਕਾਂ ਨੇ ਕਵਿਤਾ ਨੂੰ ਜ਼ਿਆਦਾ ਪਹਿਲ ਦਿੱਤੀ। ਇਹ ਪ੍ਰੰਪਰਾ ਕਈ ਸਦੀਆਂ ਤੋਂ ਚਲਦੀ ਆ ਰਹੀ ਹੈ। ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਰਾਜਾਂ ਵਿੱਚ ਰਚਿਤ ਸਾਹਿਤ ਦਾ ਪ੍ਰਭਾਵ ਕਬੂਲਦਿਆਂ ਹੋਇਆਂ ਵੀ ਇਥੇ ਰਚੇ ਸਾਹਿਤ ਵਿੱਚ ਵਿਲੱਖਣਤਾ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਵਿਲੱਖਣਤਾ ਦੇ ਅਹਿਸਾਸ ਵਿੱਚ ਇੱਕ ਪਰਪੱਕ ਅਤੇ ਸਟੇਜ ਦਾ ਧਨੀ ਸ਼ਾਇਰ ਹਰਜੀਤ ਸਿੰਘ ਉੱਪਲ ਦਾ ਨਾਂ ਉੱਭਰ ਕੇ ਸਾਹਮਣੇ ਆਉਂਦਾ ਹੈ, ਜਿਸ ਨੇ ਕਈ ਸਾਲਾਂ ਤੱਕ ਆਪਣੇ ਇਸ ਸ਼ੌਕ ਨੂੰ ਪਤਾ ਨਹੀਂ ਕਿਵੇਂ ਦਬਾਈ ਰੱਖਿਆ ਤੇ ਬੈਂਕ ਦੀ ਕਰੜੀ ਤਪੱਸਿਆ ਵਾਲੀ ਨੌਕਰੀ ਤੋਂ ਫਾਰਗ ਹੋ ਕੇ ਇਸ ਸੌਂਕ ਨੂੰ ਪੂਰਾ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ।

ਪੰਜਾਬੀ ਗ਼ਜ਼ਲ ਵਿੱਚ ਕਲਾ ਅਤੇ ਅਭਿਵਿਅਕਤੀ ਵਿੱਚ ਐਨਾ ਕੁ ਪ੍ਰੀਵਰਤਨ ਆਇਆ ਹੈ ਕਿ ਉਸਤਾਦ ਸ਼ਗਿਰਦ ਪ੍ਰੰਪਰਾ ਨੂੰ ਤਿਆਗ ਕੇ ਵੀ ਤੁਸੀਂ ‘‘ਗ਼ਜ਼ਲ ਕੀ ਹੈ’’ (ਰਚਿਤ ਉਸਤਾਦ ਦੀਪਕ ਜੈਤੋਈ ਸਾਹਿਬ) ਪੁਸਤਕ ਪੜ੍ਹ ਕੇ ਵਧੀਆ ਗ਼ਜ਼ਲ ਲਿਖਣ ਦੇ ਸਮਰੱਥ ਹੋ ਸਕਦੇ ਹੋ, ਜਿਸ ਦੀ ਉਦਾਹਰਣ ਬਹੁਤ ਸਾਰੇ ਪੰਜਾਬੀ ਸਥਾਪਿਤ ਗ਼ਜ਼ਲਕਾਰ ਹਨ, ਜਿਨ੍ਹਾਂ ਵਿੱਚ ਹਰਜੀਤ ਸਿੰਘ ਉੱਪਲ ਵੀ ਇੱਕ ਪ੍ਰਮੁੱਖ ਨਾਂ ਹੈ।

ਕਈ ਲੇਖਕਾਂ ਦਾ ਮੱਤ ਹੈ ਕਿ ਗ਼ਜ਼ਲ ਵਿੱਚ ਸਿਰਫ ਰਵਾਨਗੀ ਹੀ ਹੋਣੀ ਚਾਹੀਦੀ ਹੈ, ਉਹ ਗ਼ਜ਼ਲ ਵਿੱਚ ਉਸਤਾਦੀ ਸ਼ਗਿਰਦੀ ਤੋਂ ਵੀ ਬਚਣਾ ਚਾਹੁੰਦੇ ਹਨ ਅਤੇ ਗ਼ਜ਼ਲ ਦੇ ਤਕਨੀਕੀ ਪੱਖ ਰਦੀਫ਼ ਕਾਫੀਆ ਦਾ ਗਿਆਨ, ਬਹਿਰਾਂ, ਸਹੀ ਵਜ਼ਨ, ਗ਼ਜ਼ਲ ਦੇ ਸ਼ਿਅਰਾਂ ਵਿੱਚ ਐਬ ਆਦਿ ਤੋਂ ਵੀ ਬਚਣਾ ਚਾਹੁੰਦੇ ਹਨ ਪਰ ਉੱਪਲ ਨੂੰ ਗ਼ਜ਼ਲ ਲਿਖਣ ਲਈ ਅਰੂਜ਼ ਦੀ ਜਾਣਕਾਰੀ ਹੈ, ਜਿਸ ਕਰਕੇ ਉਹ ਇਕ ਸਫ਼ਲ ਕਵੀ ਦੇ ਨਾਲ ਨਾਲ ਸਫ਼ਲ ਗ਼ਜ਼ਲਕਾਰ ਵੀ ਹੋ ਨਿੱਬੜਦਾ ਹੈ।

ਪ੍ਰੀਵਾਰ ਵਿੱਚੋਂ ਸੰਗੀਤਕ ਮਾਹੌਲ ਦੀ ਵੱਡਮੁੱਲੀ ਦਾਤ ਮਿਲਣ ਸਦਕਾ ਹੀ ਉੱਪਲ ਦੀਆਂ ਗ਼ਜ਼ਲਾਂ ਤੇ ਕਵਿਤਾਵਾਂ ਵਿੱਚ ਫੁੱਲ, ਬੂਟੇ, ਰੇਤ, ਲਹਿਰਾਂ, ਸ਼ੋਖ਼ ਹਵਾਵਾਂ, ਚਸ਼ਮੇ, ਨਦੀਆਂ, ਸੂਰਜ, ਸਾਗਰ, ਸੁਰ, ਤਿਤਲੀ, ਗੁਲਸਿਤਾਂ ਆਦਿ ਸ਼ਬਦਾਂ ਦੀ ਭਰਮਾਰ ਹੈ, ਜਿਨ੍ਹਾਂ ਨੂੰ ਉੱਪਲ ਨੇ ਬੜੇ ਕਾਵਿਕ ਅੰਦਾਜ਼ ਵਿੱਚ ਯੋਜਨਾਬੰਦ ਤਰੀਕੇ ਨਾਲ ਬਿੰਬਾਤਮਕ ਸ਼ੈਲੀ ਵਜੋਂ ਇਸਤੇਮਾਲ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਜੋ ਮਨੋਭਾਵਾਂ ਨੂੰ ਬੜੀ ਸੂਖ਼ਮਤਾ ਅਤੇ ਬੁਲੰਦੀ ਪ੍ਰਦਾਨ ਕਰਦੀ ਹੈ।

ਉਸਦਾ ਆਪਣਾ ਵਿਲੱਖਣ ਕਾਵਿਕ ਅੰਦਾਜ਼ ਕਾਫ਼ੀ ਥਾਵਾਂ ਤੇ ਝਲਕਦਾ ਹੈ, ਜਦੋਂ ਇਕ ਕਵੀ ਦੀ ਸੰਵੇਦਨਸ਼ੀਲਤਾ ਮੌਜੂਦਾ ਹਾਲਾਤ ਨਾਲ ਜੂਝਦੀ ਹੈ ਤੇ ਵਲੂੰਧਰਿਆ ਜਾਂਦਾ ਹੈ ;

ਫੈਲਿਆ ਸੀ ਹਰ ਤਰਫ਼ ਜੰਗਲ ਹੀ ਜੰਗਲ ਦੂਰ ਤੱਕ
ਪਰ ਮੇਰੀ ਖ਼ਾਤਿਰ ਕਿਤੇ ਆਰਾਮ ਲਈ ਸਾਇਆ ਨਾ ਸੀ।

ਕੰਧ ਤੇ ਤਲਵਾਰ ਸੀ, ਬੰਦੂਕ ਸੀ ਖੰਜਰ ਵੀ ਸੀ
ਪੁਸਤਕਾਂ ਤਾਂ ਦੂਰ ! ਓਥੇ ਪੜ੍ਹਨ ਲਈ ਵਰਕਾ ਨਾ ਸੀ।

ਅਜੋਕੇ ਸਮਿਆਂ ਵਿੱਚ ਖ਼ੂਨ ਦੇ ਰਿਸ਼ਤਿਆਂ ਦਾ ਸਵਾਰਥੀਪਣ ਉਸ ਨੂੰ ਝੰਜੋੜਦਾ, ਵਲੂੰਧਰਦਾ ਹੈ, ਉਸਦੀ ਰੂਹ ਕੁਰਲਾ ਉਠਦੀ ਹੈ, ਮਣਾਮੂੰਹੀ ਦਰਦ ਮਹਿਸੂਸਦੀ ਕਹਿੰਦੀ ਹੈ;

ਤੇਰੀ ਮੇਰੀ ਮਿੱਟੀ ਇੱਕ ਵੇ
ਫਿਰ ਕਿਉਂ ਹੈ ਰਿਸ਼ਤੇ ਵਿੱਚ ਫਿੱਕ ਵੇ।

ਜਦੋਂ ਉਹ ਰੋਂਦੇ ਮਲੂਕ ਜਿਹੇ ਬੱਚੇ ਤੇ ਬੁਢੜੀ ਮਾਂ ਦੀ ਗੱਲ ਕਰਦਾ ਹੈ ਤਾਂ ਉਸਦਾ ਅੰਦਰਲਾ ਸੰਜੀਦਾ ਤੇ ਚੇਤੰਨ ਸ਼ਾਇਰ ਆਪਣੇ ਸ਼ਬਦਾਂ ਰਾਹੀਂ ਅੰਤਰੀਵ ਮਨ ਦੀਆਂ ਤਹਿਆਂ ਤੱਕ ਅੱਪੜਦਾ ਹੈ ;

ਕਿਤੇ ਰੋਂਦੇ ਮਲੂਕ ਜਿਹੇ ਬੱਚੇ ਨੂੰ
ਘੁੱਟ ਗਲ਼ ਦੇ ਨਾਲ ਲਗਾਇਆ ਕਰ
ਬੁਢੜੀ ਮਾਂ ਦੇ ਠਰਦੇ ਪੈਰੀਂ
ਆਪ ਚੱਪਲ ਹੱਥੀਂ ਪਾਇਆ ਕਰ।

‘ਬੋਹੜ ਦਾ ਬੂਟਾ’ ਨਾਮੀ ਕਵਿਤਾ ਵਿੱਚ ਉਹ ਆਪਣੇ ਪੁਰਖਿਆਂ ਨੂੰ ਯਾਦ ਕਰਦਾ ਹੈ, ਜਿਨ੍ਹਾਂ ਦੇ ਹਾਸਿਆਂ ਦੀ ਸੁਹਬਤ ਅਤੇ ਉਨ੍ਹਾਂ ਦੀ ਘਣੀ ਛਾਂ ਮਾਨਣ ਦੇ ਸਮਿਆਂ ਨੂੰ ਯਾਦ ਕਰਦਾ ਹੈ।

ਕੁਦਰਤ ਨਾਮੀ ਕਵਿਤਾ ਵਿੱਚ ਉਹ ਜਦੋਂ ਫੁੱਲਾਂ ਦੀ ਖਿਲਖਿਲਾਹਟ ਭਰੀ ਖ਼ੁਸ਼ਬੂ, ਅਲੌਕਿਕ ਰੰਗ ਬਖ਼ੇਰਦੀ ਮੁਸਕਾਨ, ਹਵਾ ਦੀ ਨਿੱਘੀ, ਮਿੱਠੀ, ਸ਼ੀਤਲ ਸੰਗੀਤਮਈ ਸਰਸਰਾਹਟ ਦੀ ਗੱਲ ਕਰਦਾ ਹੈ ਤਾਂ ਲਗਦਾ ਹੈ ਕਿ ਉਹ ਕੁਦਰਤ ਦੇ ਬਹੁਤ ਨਜ਼ਦੀਕ ਹੈ ਤੇ ਕੁਦਰਤੀ ਨਜ਼ਾਰੇ ਮਾਣਦਾ ਉਹ ਕਿੰਨਾ ਸੁਖਦਈ ਅਨੁਭਵ ਕਰਦਾ ਹੈ।

ਕਪਟੀ ਲੋਕਾਂ ਦੀ ਭੀੜ ਕਰਕੇ ਅਤੇ ਝੂਠਿਆਂ ਦੇ ਬੋਲਬਾਲੇ ਕਰਕੇ ਉਹ ਗੁਰੂ ਨਾਨਕ ਦੇਵ ਜੀ ਨੂੰ ਕਸ਼ਮੀਰ ਮੁੜ ਆਉਣ ਲਈ ਖਾਹਿਸ਼ਮੰਦ ਹੈ। ਆਧੁਨਿਕ ਪ੍ਰਤੀਕ ਇਸਤੇਮਾਲ ਕਰਦਿਆਂ, ਉੱਪਲ ਦੀ ਕਵਿਤਾ ਕਲਾਤਮਿਕ ਬਿੰਬਾਂ ਰਾਹੀਂ ਨਵੇਂ ਕੋਣ ਅਤੇ ਨਵੀਆਂ ਦਿਸ਼ਾਵਾਂ ਤਲਾਸ਼ਦੀ ਹੈ;

ਕਦੇ ਮੈਂ ਬਹੁਤਾਈ ਭਾਵੁਕ ਬੰਦਾ
ਕਦੇ ਬਣ ਬੈਠਾਂ ਸੁੱਕੀ ਲੱਕੜ
ਖੋਲ੍ਹਾਂ ਡੂੰਘੇ ਭੇਦ ਫਲਸਫ਼ੇ
ਕਦੇ ਮੈਂ ਭੁੱਲਣਹਾਰ ਭੁਲੱਕੜ

ਉਸਦੀ ਕਵਿਤਾ ਵਿੱਚ ਰਵਾਨਗੀ ਹੈ ਅਤੇ ਮਿਠਾਸ ਹੈ। ਵੰਨਗੀ ਵਜੋਂ ਪੇਸ਼ ਹੈ;

ਰੰਗ ਹਰੀ ਭਰੀ ਹਰਿਆਵਲ ਦੇ
ਰੰਗ ਉਡਦੀਆਂ ਕੂਜਾਂ ਡਾਰਾਂ ਦੇ
ਰੰਗ ਸ਼ਾਮਾਂ ਦੀਆਂ ਉਡੀਕਾਂ ਦੇ
ਰੰਗ ਸੁਬਾਂ ਦੀਆਂ ਸਰਸ਼ਾਰਾਂ ਦੇ।

ਉਹ ਜਿਹੜੇ ਬੇਗ਼ਮਪੁਰੇ ਦੀ ਤਲਾਸ਼ ਕਰਦਾ ਹੈ ਉਹ ਉਸ ਵਿੱਚ ਸੰਪਰੂਨ ਮਨੁੱਖ ਦੀ ਉਮੀਦ ਰੱਖਦਾ ਹੈ, ਜਦੋਂ ਉਸ ਨੂੰ ਨਗਰਾਂ, ਪਿੰਡਾਂ, ਸ਼ਹਿਰਾਂ ਵਿੱਚ ਅਜਿਹੇ ਬੰਦੇ ਨਹੀਂ ਮਿਲਦੇ ਤਾਂ ਉਸਦੀ ਰੂਹ ਕੁਰਲਾ ਉਠਦੀ ਹੈ;

ਪਿੰਡਾਂ ਨਗਰਾਂ ਸ਼ਹਿਰਾਂ ਦੇ ਵਿੱਚ ਨਜ਼ਰੀਂ ਕਿਤੇ ਨਾ ਆਏ ਬੰਦੇ
ਮੰਦਿਰ ਮਸਜਿਦ ਘੁੰਮ-ਘੁੰਮ ਡਿੱਠੇ ਕਿਹੜੇ ਮੁਲਕ ਸਿਧਾਏ ਬੰਦੇ।

ਉਸਦੇ ਅਛੂਹੇ ਬਿੰਬ, ਉਸਦੀ ਵਿਲੱਖਣਤਾ ਦੀ ਉਦਾਹਰਣ ਹਨ, ਜਿਵੇਂ;

ਮੈਂ ਲੋਹਾ ਲੈਣਾ ਵਿੱਚ ਮੈਦਾਨੇ ਜ਼ਾਲਮ ਨਾਲ
ਮੈਂ ਮੋਤੀ ਨਹੀਂ ਜੇ ਸਿੱਪੀ ਵੜਿਆ ਰਹਿਣਾ ਹੈ।

ਉਹ ਮੌਜੂਦਾ ਕਿਸਾਨੀ ਸੰਘਰਸ਼ ਤੋਂ ਵੀ ਵਾਕਿਫ਼ ਹੈ, ਦੁੱਖ ਦਰਦ ਸਹਿੰਦਾ ਹੈ ਅਤੇ ਅਤ੍ਰਿਪਤ ਕਿਸਾਨ ਦੀ ਵੇਦਨਾ ਇੰਝ ਪੇਸ਼ ਕਰਦਾ ਹੈ;

ਨਾ ਫਲ ਖਾ ਸਕੇ ਨਾ ਹੀ ਤ੍ਰਿਸ਼ਨਾ ਮਿਟੀ ਹੈ
ਉਵੇਂ ਤਾਂ ਬੜੀ ਹੀ ਫਸਲ ਹੋ ਗਈ ਹੈ।

ਉਹ ਗ਼ਜ਼ਲ ਦੀ ਸ਼ੈਲੀ ਵਿੱਚ ਵਿਅੰਗ ਵੀ ਕਮਾਲ ਦਾ ਕਰਦਾ ਹੈ;

ਬਾਗ਼ਬਾਂ ਜੇ ਗੁਲਸਿਤਾਂ ਦੀ ਰੱਖਿਆ ਨਾ ਕਰ ਸਕੇ
ਪਤਝੜਾਂ ਨੇ ਪੌਦਿਆਂ ਨੂੰ ਰੱਖ ਦੇਣਾ ਰੋਲ ਕੇ।

ਜ਼ੁਲਮ ਦੀ ਚੱਲੇ ਹਵਾ ‘ਉੱਪਲ’ ਜੀ ਫਿਰ
ਹਿਟਲਰੀ ਸੋਚਾਂ ਦਾ ਘੇਰਾ ਹੋ ਗਿਆ।

ਜਦੋਂ ਉੱਪਲ ਸ਼ਿਅਰਾਂ ਵਿੱਚ ਸਮੂਹਿਕ ਭਾਵਬੋਧ ਦਾ ਸੰਚਾਰ ਕਰਦਾ ਹੈ ਤਾਂ ਤਗੱਜ਼ੁਲ ਉਸਦੇ ਸ਼ਿਅਰਾਂ ਦੀ ਪ੍ਰਾਪਤੀ ਹੋ ਨਿੱਬੜਦਾ ਹੈ। ਉਸਦਾ ਵਿਲੱਖਣ ਰੰਗ ਨਿਮਨਲਿਖਤ ਸ਼ਿਅਰਾਂ ਵਿੱਚ ਸਪਸ਼ਟ ਦਿਖਾਈ ਦਿੰਦਾ ਹੈ;

ਖ਼ੁਦ ਆਪਣੀ ਮੌਤ ਸਹੇੜੇ ਕੀੜਾ ਰੇਸ਼ਮ ਦਾ
ਬਾਜਾਂ ਤਾਂ ਖੁੱਲ੍ਹੇ ਅੰਬਰੀਂ ਚੜ੍ਹਿਆ ਰਹਿਣਾ ਹੈ।

ਅਕੀਦਾ ਨਹੀਂ ਲੋਕਤੰਤਰ ’ਚ ਕੋਈ
ਇਹ ਕੈਸੀ ਚੁਨਾਵੀ ਨਸਲ ਹੋ ਗਈ ਹੈ।

ਹਰਜੀਤ ਸਿੰਘ ਉੱਪਲ ਦੇ ਦੋ ਸ਼ਿਅਰ ਪੇਸ਼ ਕਰ ਰਿਹਾ ਹਾਂ ਜਿਨ੍ਹਾਂ ਵਿੱਚ ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਸ ਨੇ ਆਪਣੀ ਲਗਭਗ ਪੰਜ ਸਾਲਾਂ ਦੀ ਕਾਵਿ ਯਾਤਰਾ ਵਿੱਚ ਕਿੰਨੀ ਸਾਧਨਾ ਕੀਤੀ ਹੈ, ‘ਜਨਮ’, ‘ਬਦਲ’, ‘ਗ਼ਜ਼ਲ’, ਸ਼ਬਦਾਂ ਨੂੰ ਉਸ ਨੇ ਤਰਤੀਬਵਾਰ ਫਾਇ, ਮੁਫਾ, ਮੁਫ਼ਾ ਦੇ ਵਜ਼ਨ ਤੇ ਬੰਨਿਆ ਹੈ ਜੋ ਕਿ ਸਹੀ ਹੈ। ਜਿਵੇਂ ਕਿ;

ਪਰਿੰਦਾ ਹਾਂ ਅਜ਼ਾਦੀ ਜਨਮ ਸਿੱਧ ਅਧਿਕਾਰ ਹੈ ਮੇਰਾ
ਲਗਾਏ ਹਰ ਤੇਰੇ ਪਹਿਰੇ ਨੂੰ ਮੈਂ ਦੁਰਕਾਰ ਜਾਵਾਂਗਾ।

ਗ਼ਜ਼ਲ ਤਰਕਸ਼ ਮੇਰੀ ਤੇ ਤੀਰ ਸਾਰੇ ਸ਼ਿਅਰ ਨੇ ਮੇਰੇ
ਚਲਾ ਕੇ ਬਾਣ ਸ਼ਬਦਾਂ ਦੇ ਬਦਲ ਕਿਰਦਾਰ ਜਾਵਾਂਗਾ।

ਉਪਰੋਕਤ ਸ਼ਿਅਰਾਂ ਦੀ ਬਹਿਰ ਵਿੱਚ ਪੰਜਾਬੀ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਬਹੁਤ ਸਾਰੇ ਸ਼ਾਇਰਾਂ ਨੇ ਲਿਖੀਆਂ ਹਨ ਜਿਨ੍ਹਾਂ ਦਾ ਵਜ਼ਨ ਮੁਫਾਈਲੁਨ ਮੁਫਾਈਲੁਨ ਮੁਫਾਈਲੁਨ ਮੁਫਾਈਲੁਨ ਹੈ ਤੇ ਉੱਪਲ ਨੇ ਵੀ ਇਹ ਬਹਿਰ ਬਾਖ਼ੂਬੀ ਨਿਭਾਈ ਹੈ। ਹਰਜੀਤ ਸਿੰਘ ਉੱਪਲ ਅਤ੍ਰਿਪਤੀ ਦੀ ਗੱਲ ਇਵੇਂ ਕਰਦਾ ਹੈ;

ਸਾਰੇ ਭਖਦੇ ਸੂਰਜ ਜਾਪਣ
ਕਿਸ ਨੇ ਸਾਡੀ ਪਿਆਸ ਬੁਝਾਣੀ
ਜੀਵਨ ਭਰ ਦਾ ਸਾਥ ਰਿਹਾ ਪਰ
ਸਾਗਰ ਵਿੱਚ ਨਾ ਮਿਲਿਆ ਪਾਣੀ।

ਉਪਰੋਕਤ ਦੋਹਾਂ ਸ਼ਿਅਰਾਂ ਵਿੱਚ ਅਤ੍ਰਿਪਤੀ ਦੀ ਗੱਲ ਹੈ, ਇਹ ਨਿੱਜੀ ਵੀ ਹੋ ਸਕਦੀ ਹੈ, ਸਮਾਜਿਕ ਵੀ, ਰਾਜਨੀਤਕ ਵੀ, ਤਗੱਜੁਲ ਹੈ ਜੋ ਵੱਖ ਵੱਖ ਕਈ ਅਰਥਾਂ ਵਿੱਚ ਵਿਚਾਰਿਆ ਜਾ ਸਕਦਾ ਹੈ, ਤਗੱਜੁਲ ਹੋਣਾ ਸ਼ਿਅਰਾਂ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ ਜੋ ਆਪਣਾ ਤਨਜ਼ ਕਰਦਿਆਂ ਆਪਣਾ ਦਾਇਰਾ ਵਿਸ਼ਾਲ ਕਰਦਾ ਹੈ।

ਉੱਪਲ ਦੀ ਜ਼ਿੰਦਗੀ ਦੇ ਲੰਬੇ ਤਜੁਰਬੇ ਵਿੱਚੋਂ ਨਿਕਲੇ ਕਾਵਿਕ ਚਸ਼ਮੇ, ਅਸਮਾਨ ਛੂੰਹਦੇ ਸਿਖਰਾਂ ਤੱਕ ਪਹੁੰਚੇ ਹਨ ਅਤੇ ਕੁੱਝ ਸਾਲਾਂ ਵਿੱਚ ਹੀ ਗ਼ਜ਼ਲ ਤਕਨੀਕ ਦੀ ਜਾਣਕਾਰੀ ਹਾਸਿਲ ਕਰਨਾ ਉਸਦੀ ਮਾਣਮੱਤੀ ਪ੍ਰਾਪਤੀ ਹੈ। ਉਸ ਨੂੰ ਸੰਕੇਤਾਂ ਨਾਲ ਗੱਲ ਕਰਨ ਵਿੱਚ ਮੁਹਾਰਤ ਹਾਸਿਲ ਹੈ, ਭਾਸ਼ਾ ਸਰਲ ਹੈ, ਅਕਾਊ ਨਹੀਂ, ਨਾ ਹੀ ਉਹ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ ਜੋ ਗ਼ਜ਼ਲ ਦੇ ਸੁਭਾਅ ਦੇ ਅਨੁਕੂਲ ਨਾ ਹੋਵੇ। ਕਾਵਿਕ ਰੰਗ ਵਿੱਚ ਵਿਲੱਖਣਤਾ ਹੈ, ਸੰਵੇਦਨਸ਼ੀਲਤਾ ਹੈ, ਉਸ ਕੋਲ ਜਜ਼ਬਾ ਹੈ, ਉਚੇਰੀ ਉਡਾਣ ਹੈ, ਮੁਹਾਵਰੇ ਦੀ ਜਾਣਕਾਰੀ ਹੈ, ਵਿਆਕਰਣ ਦੀ ਸਮਝ ਹੈ, ਅਰੂਜ਼ ਦੀ ਸੂਝ ਹੈ, ਗ਼ਜ਼ਲ ਤੇ ਨਜ਼ਮ ਦਾ ਫ਼ਰਕ ਸਮਝਦਾ ਹੈ। ਉਹ ਕਿਤੇ ਵੀ ਬੋਝਲ ਸ਼ਬਦਾਂ ਦੀ ਵਰਤੋਂ ਨਹੀਂ ਕਰਦਾ ਅਤੇ ਨਾ ਹੀ ਅਸਪਸ਼ਟਤਾ ਦਾ ਸ਼ਿਕਾਰ ਹੁੰਦਾ ਹੈ। ਉਹ ਅਰੂਜ਼ ਦੀਆਂ ਪਾਬੰਦੀਆਂ ਨੂੰ ਮੰਨਦਾ ਹੈ, ਆਪਣੀਆਂ ਕਾਵਿ ਅਨੁਭੂਤੀਆਂ ਅਤੇ ਕਾਵਿਕ ਉਡਾਰੀਆਂ ਨੂੰ ਬੜੇ ਹੀ ਪ੍ਰਭਾਵੀ ਢੰਗ ਨਾਲ ਅਤੇ ਸਰਲਤਾ ਨਾਲ ਕਹਿਣ ਦੀ ਸਮਰੱਥਾ ਰੱਖਦਾ ਹੈ। ਵਿਸ਼ਿਆਂ ਵਿੱਚ ਵਿਸ਼ਾਲਤਾ ਹੈ ਪਰ ਗ਼ਜ਼ਲ ਦੀ ਨਾਜ਼ੁਕਤਾ ’ਤੇ ਚੋਟ ਨਹੀਂ ਵੱਜਣ ਦਿੰਦਾ। ਉੱਪਲ ਦੀ ਕਾਵਿ ਉਡਾਣ ਤੋਂ ਸਾਨੂੰ ਪੱਕੀ ਆਸ ਬੱਝਦੀ ਹੈ ਕਿ ਉਹ ਆਉਣ ਵਾਲੇ ਕਾਵਿ ਸੰਗ੍ਰਹਿਆਂ ਨਾਲ ਹੋਰ ਵੀ ਬੁਲੰਦੀਆਂ ਛੂਹੇਗਾ ਅਤੇ ਆਪਣੀ ਕਾਵਿ ਸਾਧਨਾ ਨਾਲ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਹੋਰ ਵੀ ਵੱਡਮੁੱਲਾ ਯੋਗਦਾਨ ਪਾਵੇਗਾ।

ਆਮੀਨ !
ਪਾਲ ਗੁਰਦਾਸਪੁਰੀ
9988264707

ਦੋ ਸ਼ਬਦ ਮੇਰੇ ਵਲੋਂ

‘ਸ਼ਬਦਾਂ ਦੇ ਸੁਰ ਪੰਛੀ’, ਮੇਰਾ ਪਲੇਠਾ ਕਾਵਿ ਸੰਗ੍ਰਹਿ ਹੈ । ਪਹਿਲੇ ਭਾਗ ਵਿੱਚ ਗ਼ਜ਼ਲਾਂ ਤੇ ਦੂਜੇ ਭਾਗ ਵਿੱਚ ਕੁੱਝ ਕਵਿਤਾਵਾਂ ਹਨ। ਸੰਗੀਤ ਦੀ ਗੁੜ੍ਹਤੀ ਪਰਵਾਰ ਚੋਂ ਮਿਲੀ । ਮੇਰੇ ਪਿਤਾ ਗਿਆਨੀ ਅਤਰ ਸਿੰਘ ਜੀ, ਧਾਰਮਿਕ ਪ੍ਰਚਾਰ ਤੇ ਗੁਰਮਤ ਸਿਧਾਂਤ ਦੇ ਵਿਆਖਿਆਕਾਰ ਹੋਣ ਤੋਂ ਇਲਾਵਾ ਆਪਣੇ ਸਮੇਂ ਦੇ ਪ੍ਰਸਿੱਧ ਕੀਰਤਨੀਏ (ਨਿਰੋਲ ਗੁਰਬਾਣੀ ਅਤੇ ਢਾਡੀ ਵਿਧਾ ਵਿੱਚ) ਸਨ । ਮਾਤਾ ਕ੍ਰਿਸ਼ਨ ਕੌਰ ਜੀ ਵੀ ਕੀਰਤਨ ਕਰਦੇ ਸਨ ਤੇ ਸਾਹਿਤਕ ਰੁਚੀ ਰੱਖਦੇ ਸਨ । ਇਸੇ ਤਰ੍ਹਾਂ ਮੇਰੇ ਸਾਰੇ ਭੈਣ ਭਰਾ ਬੇਸ਼ਕ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਕਰਦੇ ਹਨ/ਸਨ ਪਰ ਕੀਰਤਨ ਦੀ ਦਾਤ ਸਾਰਿਆਂ ਨੂੰ ਘਰ ਪਰਵਾਰ ਦੇ ਸੰਗੀਤਕ ਮਾਹੌਲ ’ਚੋਂ ਮਿਲੀ ਹੈ।

ਅਪ੍ਰੈਲ 2015 ਵਿੱਚ, ਮੈਂ ਬਤੌਰ ਸੀਨੀਅਰ ਮੈਨੇਜਰ, ਇੰਡੀਅਨ ਓਵਰਸੀਜ਼ ਬੈਂਕ ਤੋਂ ਪੈਂਤੀ ਸਾਲ ਦੀ ਵਿਅਸਤ ਨੌਕਰੀ ਕਰਕੇ ਸੇਵਾ ਮੁਕਤ ਹੋਇਆ ਤੇ ਅਚਨਚੇਤ ਮੇਰੇ ਤੇ ਉਸ ਪ੍ਰਭੂ ਦੀ ਮਿਹਰਾਮਤ ਹੋਈ ਤੇ ਮੇਰੇ ਅੰਦਰੋਂ ਸ਼ਰਸ਼ਰ ਵਹਿੰਦੇ ਝਰਨਿਆਂ ਭਾਂਤੀ ਕਵਿਤਾ ਫੁੱਟਣ ਲੱਗੀ । ਪੰਜਾਬੀ, ਮਾਂ ਬੋਲੀ ਤੇ, ਹੈ ਹੀ ਸੀ, ਦਸਵੀਂ ਜਮਾਤ ਤੱਕ ਪੰਜਾਬੀ ਪੜ੍ਹੀ ਸੀ । ਪ੍ਰੋਫੈਸਰ ਸੁਰਜੀਤ ਸਿੰਘ ਸੇਵਕ ਜੀ ਨੇ ਭਾਪਾ ਜੀ ਨੂੰ ਇਹ ਕਹਿਕੇ ਕਿ ਹਰਜੀਤ ਨੇ ਦਸਵੀਂ ’ਚੋਂ ਹਾਈ ਫਸਟ ਡਿਵੀਜ਼ਨ ਲਈ ਹੈ ਇਸ ਨੂੰ ਸਾਇੰਸ ਕਾਲਜ ਵਿੱਚ ਫੁੱਲ ਮੈਡੀਕਲ ਸਬਜੈਕਟਸ ਨਾਲ ਦਾਖ਼ਲ ਕਰਾਉਣਾ ਹੈ ਤਾਂ ਕਿ ਇਹ ਲੜਕਾ ਡਾਕਟਰੀ ਦੀ ਪੜ੍ਹਾਈ ਕਰ ਸਕੇ । ਪਰ ਇਸ ਫ਼ੈਸਲੇ ਨੇ ਮੇਰੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ । ਪਹਿਲੇ ਬੀ ਐੱਸ ਸੀ (ਮੈਡੀਕਲ) ਪਹਿਲੇ ਦਰਜੇ ਵਿੱਚ ਤੇ ਫਿਰ ਜੰਮੂ ਸੂਬੇ ਵਿੱਚੋਂ ਜਿਨ੍ਹਾਂ ਨੌਂ ਵਿਦਿਆਰਥੀਆਂ ਨੂੰ ਐੱਮ ਐੱਸ ਸੀ (ਬੋਟੋਨੀ) ਵਿੱਚ ਸੀਟ ਮਿਲੀ, ਉਨ੍ਹਾਂ ਵਿੱਚੋਂ ਇੱਕ ਮੈਂ ਸਾਂ ।

ਮੈਂ, ਐੱਮ ਐੱਸ ਸੀ ਵਿੱਚ ਇੱਕ ਸਾਲ ਹੀ ਪੜ੍ਹ ਸਕਿਆ, ਮਾਤਾ ਜੀ ਦੇ ਪੂਰੇ ਹੋਣ ਕਾਰਨ ਘਰ ਦੇ ਹਾਲਾਤ ਕੁੱਝ ਐਸੇ ਬਦਲੇ ਕਿ ਨੌਕਰੀ ਵੱਲ ਮੂੰਹ ਕਰਨਾ ਪਿਆ, ਪਹਿਲੇ ਸਾਇੰਸ ਟੀਚਰ ਫਿਰ ਪੋਸਟ ਆਫ਼ਿਸ ਵਿੱਚ ਸਲੈਕਸ਼ਨ ਹੋਣ ਤੋਂ ਬਾਦ ਆਖ਼ਰ ਇੱਕ ਸਰਕਾਰੀ ਬੈਂਕ ਮਤਲਬ ਕੇ ਇੰਡੀਅਨ ਓਵਰਸੀਜ਼ ਬੈਂਕ ਵਿੱਚ ਭਰਤੀ ਹੋ ਗਿਆ। ਮੇਰੀ ਨਿਯੁਕਤੀ ਅੰਮ੍ਰਿਤਸਰ ਸ਼ਹਿਰ ਵਿੱਚ ਹੋਈ ਜਿੱਥੇ ਰਹਿੰਦਿਆਂ ਮੇਰਾ ਵਿਆਹ, ਜੰਮੂ ਦੀ ਵਸਨੀਕ ਤੇ ਫੂਡ ਕਾਰਪੋਰੇਸ਼ਨ ਵਿੱਚ ਨੌਕਰੀ ਕਰਦੀ ਮੇਰੀ ਜੀਵਨ ਸਾਥਣ ਸਰਦਾਰਨੀ ਨਿਰਮਲਤੇਜ ਕੌਰ ਜੀ ਨਾਲ ਹੋਇਆ । ਮੈਂ ਐੱਮ ਏ (ਇੰਗਲਿਸ਼) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ 1990-91 ਵਿੱਚ ਕਰਕੇ ਆਪਣੀ ਮਾਸਟਰਜ਼ ਦੀ ਵਿਦਿਆ ਪੂਰੀ ਕੀਤੀ ਤੇ ਬੈਂਕ ਦੀ ਪ੍ਰੋਫੈਸ਼ਨਲ ਕੁਆਲੀਫੀਕੇਸ਼ਨ, ਸੀ ਏ ਆਈ ਆਈ ਬੀ, ਪਾਰਟ ਵਨ ਤੇ ਟੂ ਵੀ ਇੱਥੇ ਦੀ ਤਾਇਨਾਤੀ ਦੌਰਾਨ ਹੀ ਹਾਸਿਲ ਕੀਤੀ । ਉਰਦੂ ਭਾਸ਼ਾ ਵਿਭਾਗ ਪੰਜਾਬ ਵਲੋਂ, ਇੱਕ ਉਰਦੂ ਸਰਟੀਫੀਕੇਟ ਕੋਰਸ ਵੀ ਮੈਂ ਅੰਮ੍ਰਿਤਸਰ ਵਿੱਚ ਵਸਦਿਆਂ ਹੀ ਕੀਤਾ ।

ਮੇਰੇ ਪੰਜਾਬੀ ਕਵਿਤਾ ਅਤੇ ਗ਼ਜ਼ਲ ਕਹਿਣ ਦਾ ਸਮਾਂ ਕੁਲ ਮਿਲਾ ਕੇ ਮਸਾਂ ਪੰਜ ਕੁ ਵਰ੍ਹੇ ਦਾ ਹੀ ਬਣਦਾ ਹੈ । ਕਵਿਤਾ ਮੈਂ ਲਿਖਦਾ ਸਾਂ ਪਰ ਗ਼ਜ਼ਲ ਵੱਲ ਮੇਰਾ ਝੁਕਾਓ, ਜਦੋਂ ਹੋਇਆ ਤਾਂ ਫਿਰ ਗ਼ਜ਼ਲ, ਗ਼ਜ਼ਲ ਤੇ ਬਸ ਗ਼ਜ਼ਲ ਹੀ ਸਿਰ ਤੇ ਸਵਾਰ ਰਹੀ । ਮੈਂ ਗ਼ਜ਼ਲ ਦੇ ਉਸਤਾਦ ਸ. ਅਮਰਜੀਤ ਸਿੰਘ ਸੰਧੂ ਜੀ ਦੀ ਕਿਤਾਬ ‘ਆਓ ਗ਼ਜ਼ਲ ਸਿੱਖੀਏ’ ਤੇ ਹੋਰ ਉਸਤਾਦਾਂ ਦੀਆਂ ਗ਼ਜ਼ਲ ਸਿਖਲਾਈ ਦੀਆਂ ਕਿਤਾਬਾਂ ਪੜ੍ਹੀਆਂ ਤੇ ਆਪਣੇ ਹੱਥ ਗ਼ਜ਼ਲ ਵਰਗੀ ਕਠਿਨ ਵਿਧਾ ਤੇ ਅਜਮਾਉਣੇ ਸ਼ੁਰੂ ਕਰ ਦਿੱਤੇ ਅਤੇ ਅੱਜ ਵੀ ਇਹੀ ਕਾਰਜ ਕਰ ਰਿਹਾ ਹਾਂ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਜੰਮੂ, ਮੇਰਾ ਪਹਿਲਾ ਸਾਹਿਤਕ ਸਕੂਲ ਹੈ, ਬਲਜੀਤ ਰੈਨਾ, ਦਵਿੰਦਰ ਵਿਸ਼ਵਨਾਗਰਿਕ, ਡਾਕਟਰ ਮੋਨੋਜੀਤ, ਸਵਾਮੀ ਅੰਤਰ ਨੀਰਵ, ਸ. ਅਮਰ ਸਿੰਘ ਕੂਕਾ ਅਤੇ ਡਾਕਟਰ ਨਿਰਮਲ ਵਿਨੋਦ ਵਰਗੇ ਰਿਆਸਤ ਦੇ ਸਾਹਿਤਕਾਰਾਂ ਨਾਲ ਹਰ ਪੰਦਰਵਾੜੇ ਮਾਣੀ ਹੋਈ ਸਾਹਿਤਕ ਸੰਗਤ ਨੇ ਮੇਰੀ ਕਵਿਤਾ ਤੇ ਗ਼ਜ਼ਲ ਵਿੱਚ ਭਰਵਾਂ ਨਿਖਾਰ ਲਿਆਂਦਾ ।

ਮੈਂ ਇੱਥੇ, ਪੰਜਾਬੀ ਸਾਹਿਤਕ ਸਭਾ ਆਰ ਐਸ ਪੁਰਾ ਜੰਮੂ, ਦੇ ਸਮੁੱਚੇ ਸਾਹਿਤਕਾਰਾਂ ਦਾ, ਜਿਨ੍ਹਾਂ ਨੇ ਮੈਨੂੰ ਸਭਾ ਦੀ ਪ੍ਰਧਾਨਗੀ ਕਰਨ ਦੇ ਯੋਗ ਸਮਝ ਕੇ ਮੈਨੂੰ ਇਹ ਜ਼ਿੰਮੇਦਾਰੀ ਸਰਬਸੰਮਤੀ ਨਾਲ ਸੌਂਪੀ ਅਤੇ ਬਾਦ ਵਿੱਚ ਹੋਈਆਂ, ਸਭਾ ਦੀਆਂ ਸਾਰੀਆਂ ਸਾਹਿਤਕ ਬੈਠਕਾਂ ਨੂੰ ਇਤਿਹਾਸਿਕ ਬਣਾਇਆ ਅਤੇ ਸਾਹਿਤ ਸਿਰਜਨ ਕਿਰਿਆ ਵਿੱਚ ਭਰਵਾਂ ਵਾਧਾ ਕੀਤਾ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ।

ਮੈਂ ਸਰਦਾਰ ਪ੍ਰਿਤਪਾਲ ਸਿੰਘ ਬੇਤਾਬ (ਆਈ ਏ ਐੱਸ ਸੇਵਾ ਮੁਕਤ) ਜੀ ਦਾ ਰਿਣੀ ਹਾਂ ਜਿਨ੍ਹਾਂ ਨੇ ਹਮੇਸ਼ਾਂ ਤੋਂ ਮੇਰੀਆਂ ਸਾਹਿਤਕ ਗਤੀਵਿਧੀਆਂ ਵਿੱਚ ਮਾਰਗ ਦਰਸ਼ਨ ਕੀਤਾ ਹੈ ਅਤੇ ਗ਼ਜ਼ਲ ਕਹਿਣ ਦੇ ਬਿਖੜੇ ਪੈਂਡੇ ਤੇ ਫੂਕ ਫੂਕ ਕੇ ਪੈਰ ਰੱਖਣ ਅਤੇ ਗ਼ਜ਼ਲ ਦੀਆਂ ਬਰੀਕੀਆਂ ਤੋਂ ਵੀ ਜਾਣੂ ਕਰਵਾਇਆ ਹੈ ਅਤੇ ਮੇਰੇ ਇਸ ਪਲੇਠੇ ਕਾਵਿ ਸੰਗ੍ਰਹਿ ਦੀ ਭੂਮਿਕਾ ਲਿਖ ਕੇ ਮੇਰੀ ਹੌਂਸਲਾ ਅਫ਼ਜ਼ਾਈ ਕੀਤੀ ਹੈ ਉਸ ਵਾਸਤੇ ਮੈਂ ਉਨ੍ਹਾਂ ਦਾ ਬਹੁਤ ਬਹੁਤ ਸ਼ੁਕਰਗ਼ੁਜ਼ਾਰ ਹਾਂ ।

ਮੈਂ ਦਿਲ ਤੋਂ ਧੰਨਵਾਦੀ ਹਾਂ, ਮੇਰੇ ਪਿਆਰੇ ਮਿੱਤਰ ਅਤੇ ਹਰਮਨ ਪਿਆਰੇ ਸ਼ਾਇਰ, ਪਾਲ ਗੁਰਦਾਸਪੁਰੀ ਜੀ ਦਾ, ਜਿਨ੍ਹਾਂ ਨੇ ਮੇਰੇ ਕਾਵਿਕ ਖਰੜੇ ਨੂੰ ਵਾਰ-ਵਾਰ ਪੜ੍ਹਿਆ ਅਤੇ ਆਪਣੇ ਖ਼ੂਬਸੂਰਤ ਸਾਹਿਤਕ ਵਿਚਾਰ ਇੱਕ ਮੁਖਬੰਦ ਦੇ ਰੂਪ ਵਿੱਚ ਲਿਖੇ ਹਨ । ਪੰਜਾਬੀ ਗ਼ਜ਼ਲ ਦੇ ਵਿਕਾਸ ਵਿੱਚ ਉਨ੍ਹਾਂ ਦਾ ਯੋਗਦਾਨ ਇੱਕ ਵਿਸ਼ੇਸ਼ ਅਸਥਾਨ ਰੱਖਦਾ ਹੈ ।

ਮੇਰੇ ਇਸ ਕਾਵਿ ਸੰਗ੍ਰਹਿ ਦੀ ਅੰਤਿਕਾ ਸਰਦਾਰ ਬਲਜੀਤ ਸਿੰਘ ਰੈਨਾ ਜੀ ਨੇ ਲਿਖੀ ਹੈ । ਬਲਜੀਤ ਰੈਨਾ ਬਹੁਪੱਖੀ ਸ਼ਖ਼ਸੀਅਤ ਦੇ ਮਾਲਿਕ ਹਨ ਅਤੇ ਨਿਰੰਤਰ ਸਾਹਿਤਕ ਸੇਵਾਵਾਂ ਵਿੱਚ ਰੁੱਝੇ ਰਹਿੰਦੇ ਹਨ । ਮੈਂ ਬਲਜੀਤ ਰੈਨਾ ਜੀ ਦਾ ਅਤੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ ਬਾਰੇ ਵਿੱਚ ਬਹੁਤ ਸੁੰਦਰ ਢੰਗ ਨਾਲ, ਥੋੜੇ ਜਿਹੇ ਸ਼ਬਦਾਂ ਵਿੱਚ ਲਿਖ ਕੇ ਮੇਰੇ ਸਾਹਿਤਕ ਪਰਾਂ ਨੂੰ ਉਕਾਬੀ ਉਡਾਰ ਦੀ ਸ਼ਕਤੀ ਪ੍ਰਦਾਨ ਕੀਤੀ ਹੈ ।

ਆਪਣੇ ਸ਼ਬਦਾਂ ਨੂੰ ਵਿਸਰਾਮ ਦੇਣ ਤੋਂ ਪਹਿਲਾਂ ਮੈਂ ਆਪਣੇ ਪਰਿਵਾਰਕ ਮੈਂਬਰਾਂ ਦਾ, ਜਿਨ੍ਹਾਂ ਵਿੱਚ ਮੇਰੀ ਸਰਦਾਰਨੀ ਨਿਰਮਲ ਤੇਜ ਕੌਰ ਜੀ, ਮੇਰੀਆਂ ਧੀ ਰਾਣੀਆਂ ਉਪਿੰਦਰ (ਸ਼ੈਲੀ), ਜਸਪ੍ਰੀਤ (ਦੀਪੂ) ਅਤੇ ਹਰਸਿਮਰ (ਸ਼ਾਈਨੀ) ਹਨ ਦਾ, ਇਸ ਕਾਵਿ ਸੰਗ੍ਰਹਿ ਦੀ ਸਿਰਜਣਾ ਵਿੱਚ ਹਰ ਸਮੇਂ ਸ਼ਾਨਾ ਬਸ਼ਾਨਾ ਮੇਰੇ ਨਾਲ ਖੜੇ ਰਹਿਣ ਲਈ ਅਤੀ ਧੰਨਵਾਦੀ ਹਾਂ । ਮੇਰੇ ਦੋਸਤਾਂ ਵਿੱਚ ਸ. ਅਮਰ ਸਿੰਘ ਕੂਕਾ, ਸ. ਕੁਲਬੀਰ ਸਿੰਘ ਅੰਮ੍ਰਿਤਸਰ ਅਤੇ ਚਰਨਜੀਤ ਸਿੰਘ ਚੰਨ ਜੀ ਦਾ, ਮੇਰੀਆਂ ਗ਼ਜ਼ਲਾਂ ਨੂੰ ਵਾਰ ਵਾਰ ਦੁਹਰਾਉਣ ਅਤੇ ਸੋਧਣ ਵਿੱਚ ਮੈਨੂੰ ਦਿੱਤੇ ਨਿਰੰਤਰ ਸਹਿਯੋਗ ਲਈ, ਮੈਂ ਦਿਲ ਤੋਂ ਧੰਨਵਾਦੀ ਹਾਂ ।

ਆਖ਼ਰ ਵਿੱਚ, ਮੇਰਾ ਇਹ ਪਲੇਠਾ ਕਾਵਿ ਸੰਗ੍ਰਹਿ, ਮੇਰੇ ਸਾਰੇ ਪਿਆਰੇ ਪਾਠਕਾਂ ਦੀ ਅਦਾਲਤ ਵਿੱਚ ਪੇਸ਼ ਕਰਦਾ ਹਾਂ, ਆਸ ਕਰਦਾ ਹਾਂ ਕਿ ਆਪ ਸਾਰੇ ਸੁਹਿਰਦ ਪਾਠਕ ਇਸ ਨੂੰ ਪੜ੍ਹੋਗੇ, ਮਾਣੋਗੇ ਅਤੇ ਆਪਣੇ ਅਮੋਲਕ ਸੁਝਾਵਾਂ ਨਾਲ ਮੈਨੂੰ ਅਮੀਰ ਬਣਾਉਗੇ।

ਆਪ ਸੱਭ ਦਾ ਆਪਣਾ,
ਹਰਜੀਤ ਸਿੰਘ ਉੱਪਲ
9419129886

ਭਾਗ ਪਹਿਲਾ ਗ਼ਜ਼ਲਾਂ


ਜਿਸਮ ਦੇ ਇਸ ਖੋਲ ਵਿੱਚ

ਜਿਸਮ ਦੇ ਇਸ ਖੋਲ ਵਿੱਚ ਜਦ ਰੂਹ ਪਾ ਆਇਆ ਹਾਂ ਮੈਂ ਆਪਣੀ ਆਜ਼ਾਦ ਹਸਤੀ ਖ਼ੁਦ ਮਿਟਾ ਆਇਆ ਹਾਂ ਮੈਂ। ਸੌਰ ਮੰਡਲ ਤੋਂ ਅਗਾਂਹ ਤਕ ਕਹਕਸ਼ੀਂ ਪਰਵਾਜ਼ ਸੀ ਧਾਰ ਕੇ ਬੰਦੇ ਦੀ ਮੂਰਤ ਪਰ ਕਟਾ ਆਇਆ ਹਾਂ ਮੈਂ। ਮੈਂ, ਤਦੋਂ ਦਿਨ ਰਾਤ ਸਾਂ, ਪੱਤਝੜ, ਬਸੰਤੀ ਰੁੱਤ ਵੀ ਹੁਣ ਮਨੁੱਖੀ ਭੇਸ ਧਾਰੀ, ਭਟਕਦਾ ਸਾਇਆ ਹਾਂ ਮੈਂ। ਤਾਰ ਜਿਹੜੀ ਛਿੜਦਿਆਂ ਹੀ, ਝੂਮ ਉੱਠੇ ਜ਼ਿੰਦਗੀ ਸਾਜ਼ ਉਹ ਅਣਛੇੜਿਆ ਹਾਂ, ਗੀਤ ਅਣਗਾਇਆ ਹਾਂ ਮੈਂ। ਕੀ ਪਤਾ ਆਦਮ ਹਵਾ, ਫ਼ਲ ਵੀ ਕੋਈ ਖਾਧਾ ਕਿ ਨਹੀਂ ! ਪਰ ਬਿਵਰਜਿਤ ਸੇਬ ਸਾਰੇ, ਛਕਛਕਾ ਆਇਆ ਹਾਂ ਮੈਂ। ਸੂਰਜੀ ਕਿਰਨਾਂ ਦੇ ਬੇਸ਼ਕ, ਚਹਿਕਦੇ ਸਤਰੰਗ ਨੇ ਪਰ ਤਿਲਸਮੀਂ ਰੰਗ ਦੀ, ਤਿਤਲੀ ਉਡਾ ਆਇਆ ਹਾਂ ਮੈਂ। ਸਾਥ ਸੀ ਮਿਲਿਆ ਮਗ਼ਰ, ਸਾਥੀ ਜਿਹੀ ਖੁਸ਼ਬੂ ਨਾ ਸੀ ਦਿਲਬਰਾ ਆਮਦ ਤੇਰੀ ਤੋਂ ਬਾਦ, ਮਹਿਕਾਇਆ ਹਾਂ ਮੈਂ। ਧੁੰਦ ਹੀ ਬਸ ਧੁੰਦ ਸੀ, ਨਾ ਚੰਨ ਸੂਰਜ ਸੀ ਕਿਤੇ ਹੋਂਦ ਬੰਦੇ ਦੀ ਤੋਂ ਪਹਿਲਾਂ, ਘੁਮਘੁਮਾ ਆਇਆ ਹਾਂ ਮੈਂ। ਜਿਸਮ ਤੋਂ ਚੱਲ ਰੂਹ ਤੱਕ ਮਕਸਦ ਹੈ ‘ਉੱਪਲ’ ਬਸ ਮੇਰਾ ਨਾਵ ਮੈਂ, ਮੈਂ ਹੀ ਮੁਸਾਫ਼ਿਰ, ਰੱਬ ਰਚੀ ਮਾਇਆ ਹਾਂ ਮੈਂ।

ਵੈਰੀ ਲਈ ਵੀ ਦਿਲ ਵਿੱਚ ਜਾਗੇ

ਵੈਰੀ ਲਈ ਵੀ ਦਿਲ ਵਿੱਚ ਜਾਗੇ ਹੈ ਪਿਆਰ ਮੈਨੂੰ ਲਗਦਾ ਹੈ ਉਹ ਵੀ ਅਜਕਲ੍ਹ ਅਪਣਾ ਹੀ ਯਾਰ ਮੈਨੂੰ। ਜਦ ਜ਼ਹਿਰ ਦਾ ਪਿਆਲਾ ਉਸ ਸ਼ਖਸ ਨੇ ਪਿਲਾਇਆ ਮਰ ਜਾਣ ਤਕ ਸੀ ਹਲਕਾ ਹਲਕਾ ਖ਼ੁਮਾਰ ਮੈਨੂੰ। ਹੱਥ ਛੋੜ ਦੇ ਨੀ ਹੀਰੇ ਉਠ ਵੇਖ ਕੌਣ ਆਇਆ ਲਗਦਾ ਹੈ ਜੰਗ ਛਿੜ ਪਈ ਆਈ ਹੈ ਤਾਰ ਮੈਨੂੰ। ਮੇਰੇ ਪੜੋਸ ਵਾਲੇ ਅੱਜ ਮੈਨੂੰ ਮਾਰ ਦਿੱਤਾ ਉਹ ਨਫ਼ਰਤਾਂ ਦਾ ਜਾਪੇ ਹੋਇਆ ਸ਼ਿਕਾਰ ਮੈਨੂੰ। ਬੇਸ਼ਕ ਪਰਾਂ ਨੂੰ ਕਟ ਲੈ ਉੱਗ ਪੈਣਗੇ ਦੁਬਾਰਾ ਰਗ ਰਗ ਰਚੀ ਇਨ੍ਹਾਂ ਦੇ ਲੱਗੇ ਉਡਾਰ ਮੈਨੂੰ। ਛਿਣ ਛਿਣ ਖਿਸਕਦੀ ਜਾਵੇ ਮੁੱਠੀ ਚੋਂ ਜ਼ਿੰਦਗ਼ਾਨੀ ਇਹ ਰੇਤ ਵਾਂਗ ਕਿਰਦੀ ਕਰਦੀ ਬੇਜ਼ਾਰ ਮੈਨੂੰ। ਦਸਤੂਰ ਹੈ ਕਿ ਪਿਆਸਾ ਪਾਣੀ ਦੇ ਕੋਲ ਜਾਵੇ ਜਾਵਾਂ ਜੇ ਘਰ ਖ਼ੁਦਾ ਦੇ ਆਵੇ ਫ਼ੁਹਾਰ ਮੈਨੂੰ। ਪੀੜਾਂ ਨੇ ਰੂਪ ਧਾਰਿਆ ਕਲੀਆਂ ਜਿਹੀ ਗ਼ਜ਼ਲ ਦਾ ਸ਼ਬਦਾਂ ਦੇ ਚਿਹਰਿਆਂ ਤੇ ਜਾਪੇ ਬਹਾਰ ਮੈਨੂੰ। ਰਲ ਮਿਲ ਕੇ ਜੀਣ ਵਾਲੀ ਰੁਤ ਪਰਤ ਕੇ ਨਾ ਆਈ ਆਦਮ ਹਵਾ ਨੇ ਬਦਲੀ ਲੱਗੇ ਨੁਹਾਰ ਮੈਨੂੰ। ਜੁਗਨੂੰ ਨੇ ਨੈਣ ਤੇਰੇ ਰਾਤਾਂ ਨੂੰ ਜਾਗਦੇ ਨੇ ਕਰਦੇ ਨੇ ਵੇਖ ‘ਉੱਪਲ’ ਇਹ ਬੇਕਰਾਰ ਮੈਨੂੰ।

ਮੇਰੀ ਫਿਤਰਤ ਉਡਾਰੀ ਹੈ

ਮੇਰੀ ਫਿਤਰਤ ਉਡਾਰੀ ਹੈ ਉਡਾਰੀ ਮਾਰ ਜਾਵਾਂਗਾ ਉਸਾਰੀ ਹਰ ਤੇਰੀ ਦੀਵਾਰ ਨੂੰ ਕਰ ਪਾਰ ਜਾਵਾਂਗਾ। ਪਰਿੰਦਾ ਹਾਂ ਅਜ਼ਾਦੀ ਜਨਮ ਸਿੱਧ ਅਧਿਕਾਰ ਹੈ ਮੇਰਾ ਲਗਾਏ ਹਰ ਤੇਰੇ ਪਹਿਰੇ ਨੂੰ ਮੈਂ ਦੁਰਕਾਰ ਜਾਵਾਂਗਾ। ਕਦੇ ਪੰਛੀ, ਹਵਾਵਾਂ ਮੈਂ ਕਦੇ ਹਾਂ ਮਹਿਕ ਫੁੱਲਾਂ ਦੀ ਕਦੇ ਵਹਿੰਦੇ ਝਨਾਵਾਂ ਦੀ ਤਰ੍ਹਾਂ ਉਸ ਪਾਰ ਜਾਵਾਂਗਾ। ਗ਼ਜ਼ਲ ਤਰਕਸ਼ ਮੇਰੀ ਤੇ ਤੀਰ ਸਾਰੇ ਸਿਅਰ ਨੇ ਮੇਰੇ ਚਲਾ ਕੇ ਬਾਣ ਸ਼ਬਦਾਂ ਦੇ ਬਦਲ ਕਿਰਦਾਰ ਜਾਵਾਂਗਾ। ਝਨਾ, ਰਾਵੀ, ਬਿਆਸਾ, ਸਤਲੁਜਾਂ ਦੀ ਲੋਰ ਸੀਨੇ ਵਿੱਚ ਮਿਟਾ ਕੇ ਆਪ ਨੂੰ ਫੁੱਲ ਆਪਣੇ ਮੈਂ ਤਾਰ ਜਾਵਾਂਗਾ। ਉਨੀਂਦਾ ਹਾਂ ਖ਼ਲਸ਼ ਅੰਦਰ ਦੀ ਮੈਨੂੰ ਸੌਣ ਨਹੀਂ ਦਿੰਦੀ ਮੈਂ ਗਾਫ਼ਿਲ ਸੁੱਤਿਆਂ ਲੋਕਾਂ ਨੂੰ ਵਾਜਾਂ ਮਾਰ ਜਾਵਾਂਗਾ। ਗ਼ੁਲਾਮੀ ਰਾਸ ਬੇਸ਼ਕ ਆ ਗਈ ਮੌਕਾ ਪਰਸਤਾਂ ਨੂੰ ਅਜ਼ਾਦੀ ਦੀ ਸ਼ਮਾ ਤੇ ਜ਼ਿੰਦਗੀ ਮੈਂ ਵਾਰ ਜਾਵਾਂਗਾ। ਵਿਆਕੁਲ ਬੱਚਿਆਂ ਦੀ ਮੁਫ਼ਲਿਸੀ ਤੇ ਤਰਸ ਖਾ ਰੱਬਾ ਤੂੰ ਲਿੱਸੇ ਚਿਹਰਿਆਂ ਤਾਈਂ ਹਸਾ ਬਲਹਾਰ ਜਾਵਾਂਗਾ। ਤੂਫਾਨਾਂ ਵਿੱਚ ਵੀ ਉੱਪਲ ਹਾਂ ਕਿਨਾਰਾ ਛੋੜ ਆਇਆ ਮੈਂ ਕਿ ਮੈਂ, ਤਰ ਕੇ ਨਦੀ, ਅੱਜ ਸੋਚਿਆ ਹੈ ਪਾਰ ਜਾਵਾਂਗਾ।

ਚੰਨ ਸੀ, ਸ਼ਬਰਾਤ ਸੀ, ਤਾਰੇ ਵੀ ਸਨ

ਚੰਨ ਸੀ, ਸ਼ਬਰਾਤ ਸੀ, ਤਾਰੇ ਵੀ ਸਨ, ਦਿਲਬਰ ਨਾ ਸੀ ਰੌਣਕਾਂ ਹੀ ਰੌਣਕਾਂ ਸਨ, ਪਰ ਮੇਰਾ, ਇਕ ਘਰ ਨਾ ਸੀ। ਸੀ ਕਿਨਾਰੇ, ਘਰ ਮੇਰਾ ਤਾਂ, ਲੋਕ ਰਿਸ਼ਤੇਦਾਰ ਸਨ ਜਦ ਤੁਫਾਨਾਂ ਘੇਰਿਆ, ਇਕ ਸ਼ਖਸ ਵੀ, ਤਤਪਰ ਨਾ ਸੀ। ਮੀਲ ਪੱਥਰ, ਰਸਤਿਆਂ ਵਿੱਚ, ਆਂਵਦੇ, ਜਾਂਦੇ ਰਹੇ ਰਸਤਿਆਂ ਦੀ ਮੌਜ ਮਸਤੀ, ਓਸ ਨੂੰ ਜ਼ਾਹਰ ਨਾ ਸੀ। ਓਸ ਦੇ ਘਰ ਦੌਲਤਾਂ ਦੇ ਤਾਂ ਲੱਗੇ ਅੰਬਾਰ ਸਨ ਪਰ, ਕਿਤਾਬਾਂ ਕਾਗ਼ਜ਼ਾਂ ਦੀ, ਦੂਰ ਤਕ ਕਾਤਰ ਨਾ ਸੀ। ਵਿਸ਼ ਭਰੇ, ਸ਼ਬਦਾਂ ਦੇ ਨਸ਼ਤਰ, ਬੋਲ ਕੇ ਸਭ ਲੜ ਪਏ ਸ਼ਖਸ ਇਕ ਨੇ ਹੱਥ ਫੜੀ, ਬੇਸ਼ਕ ਕੋਈ ਗਾਤਰ ਨਾ ਸੀ। ਰਹਿਮਤਾਂ ਤਾਂ ਵੰਡਦੀ ਰਈ, ਰੋਜ਼ ਭਰ ਭਰ ਜ਼ਿੰਦਗੀ ਪਰ ਘੜਾ, ਬਰਸਾਤ ਵਿੱਚ, ਖ਼ਾਲੀ ਰਿਹਾ, ਪਾਤਰ ਨਾ ਸੀ। ਸੜਕ ਕਾਲੀ, ਰਾਜ ਮਾਰਗ, ਮੀਲ ਪੱਥਰ, ਕਨਕਰੀਟ ਫ਼ਾਸਲੇ ਹੀ ਫ਼ਾਸਲੇ, ਪਰ ਦੂਰ ਤਕ, ਤਰਵਰ ਨਾ ਸੀ। ਪਰਬਤਾਂ, ਮਾਰੂਥਲਾਂ ਤੇ ਜੰਗਲਾਂ ਵਿਚ ਖੋਜਿਆ ਪਰ ਸਮਾਵਣ ਵਾਸਤੇ, ਸਾਹਵੇਂ ਮੇਰੇ ਸਾਗਰ ਨਾ ਸੀ। ਸਦਗੁਣੀ ਖੁਸ਼ਬੂ ਰਹੀ, ਪਰ ਅਵਗੁਣਾਂ ਦੀ ਸਾਂਝ ਸੀ ਸੀ ਬੜਾ ਚਾਤਰ, ਤਾਂ ‘ਉੱਪਲ’ ਪਰ ਕਦੇ ਸਾਬਰ ਨਾ ਸੀ।

ਓਪਰੇ ਹੀ ਸਭ ਮਿਲੇ

ਓਪਰੇ ਹੀ ਸਭ ਮਿਲੇ ਕੋਈ ਮਿਰਾ ਅਪਣਾ ਨਾ ਸੀ ਜਾਪਿਆ ਮੇਰਾ ਕਦੇ ਇਸ ਸ਼ਹਿਰ ਵਿਚ ਵਾਸਾ ਨਾ ਸੀ। ਫ਼ੈਲਿਆ ਸੀ ਹਰ ਤਰਫ਼ ਜੰਗਲ ਹੀ ਜੰਗਲ ਦੂਰ ਤੱਕ ਪਰ ਮੇਰੀ ਖ਼ਾਤਿਰ ਕਿਤੇ ਆਰਾਮ ਲਈ ਸਾਇਆ ਨਾ ਸੀ। ਛੋੜ ਕੇ ਘਰ ਬਾਰ ਮੈਂ ਜਿਸ ਦੇ ਬੁਲਾਵੇ ਸਾਂ ਗਿਆ ਉਹ ਤਾਂ ਮੈਨੂੰ ਲੈਣ ਬੂਹੇ ਤੀਕ ਵੀ ਆਇਆ ਨਾ ਸੀ। ਕੰਧ ਤੇ ਤਲਵਾਰ ਸੀ, ਬੰਦੂਕ ਸੀ, ਖੰਜਰ ਵੀ ਸੀ ਪੁਸਤਕਾਂ ਤਾਂ ਦੂਰ! ਓਥੇ, ਪੜ੍ਹਨ ਲਈ ਵਰਕਾ ਨਾ ਸੀ। ਸੋਚਿਆ ਸੀ ਮੈਂ, ਕੇ ਹੁਣ ਆਉਣਾ ਨਹੀਂ ਤੇਰੀ ਗਲੀ ਕੀ ਪਤਾ ਸੀ ਕੇ ਤੇਰੇ ਕੂਚੇ ਬਿਨਾਂ ਚਾਰਾ ਨਾ ਸੀ! ਬੋਝ ਮੇਰੀ ਹਿੱਕ ਤੇ ਪਰਬਤ, ਸਮੁੰਦਰ, ਰੁੱਖ, ਨਹੀਂ! ਕੁਦਰਤੀ ਬੰਦਾ ਸੀ ਜਦ ਤਕ, ਇਹ ਵੀ ਤਾਂ ਭਾਰਾ ਨਾ ਸੀ। ਧੂੜ, ਮਿੱਟੀ, ਪੱਤਿਆਂ ਤੇ ਮੌਤ ਬਣ ਕੇ ਛਾ ਗਈ ਰੂਹ ਮੈਲੀ ਨਾਲ ਤੇਰਾ ਖਾਤਮਾ ਔਖਾ ਨਾ ਸੀ। ਵੇਖ ‘ਉੱਪਲ’ ਅੱਜ ਫਜ਼ਾ, ਜੋਬਨ ਤੇ ਰੱਜ ਕੇ ਆ ਗਈ ਗੈਰ ਕੁਦਰਤ ਹੋਂਦ ਵਾਲਾ ਆਦਮੀ ਵਾਰਾ ਨਾ ਸੀ।

ਗਰਦ ਮੇਰੇ ਪੱਤਿਆਂ ਤੇ ਆਦਮੀ ਹੈ ਪਾ ਗਿਆ

ਗਰਦ ਮੇਰੇ ਪੱਤਿਆਂ ਤੇ ਆਦਮੀ ਹੈ ਪਾ ਗਿਆ ਰੋਸ਼ਨੀ ਦੇ ਹੁੰਦਿਆਂ ਕਾਲਾ ਹਨੇਰਾ ਛਾ ਗਿਆ। ਉਮਰ ਭਰ ਜਿਸ ਆਦਮੀ ਮਾਣੀ ਹਵਾ ਤਾਜ਼ੀ ਮੇਰੀ ਲੈ ਕੁਹਾੜੀ ਟਾਹਣੀਆਂ, ਬੇਦਰਦ ਹੈ ਛੰਗਾ ਗਿਆ। ਸੜ ਚੁੱਕੇ ਜੰਗਲ ਨੂੰ ਹਰਿਆ, ਬੂਟ ਇੱਕ ਵੀ ਕਰ ਸਕੇ ਪਰ ਬਚੇ ਉਸ ਬੂਟ ਨੂੰ ਅੱਜ ਕੌਣ ਤੀਲੀ ਲਾ ਗਿਆ। ਕੀ ਰੁੱਖਾਂ ਤੇ ਪੱਥਰਾਂ ਵਿੱਚ, ਫ਼ਰਕ ਭੋਰਾ ਵੀ ਨਹੀਂ ਸਬਜ਼ ਰੰਗੀ ਪਤ ਹਟਾ, ਗੀਟੇ ਹੀ ਗੀਟੇ ਲਾ ਗਿਆ। ਆਦਮੀ ਤੇ ਰੁੱਖ ਹਮੇਸਾਂ ਆਪਸੀ ਪੂਰਕ ਰਹੇ ਆਪਸੀ ਇਸ ਮੇਲ ਨੂੰ ਫਿਰ ਕੌਣ ਲਾਂਬੂ ਲਾ ਗਿਆ। ਜਦ ਵੀ ਛੇੜੇਂਗਾ ਮਨੁੱਖ, ਕੁਦਰਤ ਬਣੇ ਦਸਤੂਰ ਨੂੰ ਆਦਮੀ ਤਦ ਵੇਖਣਾ ਜਦ ਆਦਮੀ ਨੂੰ ਖਾ ਗਿਆ। ਦੋਸਤੀ ਵਿੱਚ ਜ਼ਿੰਦਗੀ ਕੱਟਦੀ ਹੈ ‘ਉੱਪਲ’ ਸੌਖਿਆਂ ਕੁਝ ਗਵਾ ਕੇ ਹੀ ਤਾਂ ਦੋਸਤ ਦੋਸਤੀ ਨੂੰ ਪਾ ਗਿਆ।

ਨਿਰਧਨਾਂ ਦੇ ਵੇਖ ਦੁੱਖ ਕਿਸਮਤ ਦੇ

ਨਿਰਧਨਾਂ ਦੇ ਵੇਖ ਦੁੱਖ ਕਿਸਮਤ ਦੇ ਮਾਰੇ ਨਾ ਕਹੋ ਤੇ ਕਿਸੇ ਲਾਚਾਰ ਦੇ ਡੁੱਬੇ ਸਿਤਾਰੇ ਨਾ ਕਹੋ। ਕਹਿ ਦੇਵੋ ਕਿ ਔਖ ਵਿੱਚ ਕੰਮ ਆਉਣ ਦੀ ਹਿੰਮਤ ਨਹੀਂ ਪਰ ਖ਼ੁਦਾ ਦੇ ਬੰਦਿਆਂ ਨੂੰ ਬੇਸਹਾਰੇ ਨਾ ਕਹੋ। ਪਿਆਸ ਜੇ ਮਿਹਨਤਕਸ਼ਾਂ ਦੀ ਆਪ ਤੋਂ ਬੁੱਝਦੀ ਨਹੀਂ ਚਸ਼ਮਿਆਂ ਨਦੀਆਂ ਦੇ ਪਾਣੀ ਹੈਣ ਖਾਰੇ ਨਾ ਕਹੋ। ਦੇਸ਼ ਦੀ ਸਾਰੀ ਕਮਾਈ ਚੰਦ ਹੱਥਾਂ ਪਾਸ ਹੈ ਤੇ ਕਰੋੜਾਂ ਬੇਬਸਾਂ ਨੂੰ ਰੱਬ ਦੇ ਮਾਰੇ ਨਾ ਕਹੋ। ਪੇਟ ਭਰ ਰੋਟੀ ਕਿਸੇ ਕਿਰਤੀ ਨੂੰ ਜੇ ਹੈ ਮਿਲ ਗਈ ਹੋ ਗਏ ਉਸ ਸ਼ਖਸ ਦੇ ਵਾਰੇ ਨਿਆਰੇ ਨਾ ਕਹੋ। ਹੈ ਨਸੀਬਾਂ ਵਿੱਚ ਮਜ਼ੂਰੀ ਤੇ ਪਸੀਨਾ ਡੋਲਣਾ ਜੂਨ ਕਿਹੜੀ ਭੁਗਤਦੇ ਨੇ, ਇਹ ਵਿਚਾਰੇ ਨਾ ਕਹੋ। ਮਿਹਨਤੀ ਆਸਾਰ ਨੇ ਹਰ ਆ ਰਹੇ ਤੂਫਾਨ ਦੇ ਸੰਦ ਫੜੇ ਹੱਥ ਵੇਖ ਲਉ, ਕੰਮੀ ਵਿਚਾਰੇ ਨਾ ਕਹੋ। ਜ਼ਿੰਦਗੀ ਦੇਣੀ ਸੀ ਜਿਸ ਉਹ ਮੌਤ ਘਰ ਘਰ ਦੇ ਗਿਆ ਸਾਥ ਦਿੱਤਾ ਤਾਂ ਨਹੀਂ, ਅਪਦਾ ਦੇ ਮਾਰੇ, ਨਾ ਕਹੋ। ਕਿਰਤੀਆਂ ਦੀ ਜ਼ਿੰਦਗੀ ਮਿੱਟੀ ’ਚ ‘ਉੱਪਲ’ ਰੁਲ ਗਈ ਜੀਣ ਦਾ ਹੱਕ ਖੋਹ ਕੇ ਜੀਵਨ ’ਚ ਹਾਰੇ ਨਾ ਕਹੋ।

ਫੁੱਲਾਂ ਦੇ ਰੰਗਾਂ ਨੂੰ ਗ਼ਜ਼ਲਾਂ ਵਿੱਚ ਮਹਿਕਾਵੇਂ

ਫੁੱਲਾਂ ਦੇ ਰੰਗਾਂ ਨੂੰ ਗ਼ਜ਼ਲਾਂ ਵਿੱਚ ਮਹਿਕਾਵੇਂ ਤਾਂ ਮੈਂ ਮੰਨਾਂ ‘ਸ਼ਬਦਾਂ ਦੇ ਸੁਰ ਪੰਛੀ’ ਗੀਤਾਂ ਵਿੱਚ ਲਹਿਰਾਵੇਂ ਤਾਂ ਮੈਂ ਮੰਨਾਂ। ਵੇਖ ਸਵੇਰਾ, ਫੁੱਲ, ਬੂਟੇ, ਪੰਛੀ ਚਸ਼ਮੇ, ਨਦੀਆਂ ਜਾਗ ਪਏ ਉਗਦਾ ਸੂਰਜ, ਆਲਸ ਮਾਰੇ, ਨੂੰ ਦਿਖਲਾਵੇਂ ਤਾਂ ਮੈਂ ਮੰਨਾਂ। ਕਾਲੇ ਧਨ ਦੇ ਖੀਸੇ ਭਰਕੇ, ਝੂਠੀ ਦੌਲਤ ਕਿਸ ਕਾਰੀ ਦੀ ਸੁੱਚੀ ਕਿਰਤ ਕਮਾਈ ਕਰਕੇ ਡੰਗ ਟਪਾਵੇਂ ਤਾਂ ਮੈਂ ਮੰਨਾਂ। ਮਾਵਾਂ ਠੰਢੀਆਂ ਛਾਵਾਂ ਬੱਸ ਗੀਤਾਂ ਵਿੱਚ ਚੰਗਾ ਲਗਦਾ ਹੈ ਮਾਂ ਵਾਂਗੂੰ ਗਿੱਲੇ ਬਿਸਤਰ ਵਿੱਚ ਰਾਤ ਬਿਤਾਵੇਂ ਤਾਂ ਮੈਂ ਮੰਨਾਂ। ਸਿਰਫਿਰਿਆਂ ਦੀ ਬਸਤੀ ਅੰਦਰ ਹਰ ਕੋਈ ਰਾਂਝਾ ਮਜਨੂੰ ਹੈ ਪਰਬਤ ਦੀ ਹਿੱਕ ਤੋੜ ਕਿ ਪਾਣੀ ਕੱਢ ਲਿਆਵੇਂ ਤਾਂ ਮੈਂ ਮੰਨਾਂ। ਮੰਜ਼ਿਲ ਤੇ ਪਹੁੰਚਣ ਦੀ ਚਿੰਤਾ ਘੁਣ ਵਾਂਗੂੰ ਖਾਈ ਜਾਂਦੀ ਹੈ ਸਫ਼ਰੀ ਹੈਂ ਤਾਂ ਸਫ਼ਰਾਂ ਦੇ ਵਿੱਚ ਮੌਜ ਮਨਾਵੇਂ ਤਾਂ ਮੈਂ ਮੰਨਾਂ। ਨੀਵੇਂ ਰੁੱਖਾਂ ਨੂੰ ਹੀ ਮਿੱਠੇ ਫਲ ਲਗਦੇ ਹਨ ਇਹ ਜਾਣਦਿਆਂ ਹਉਮੈਂ ਦਾ ਜਿੰਨ ਆਪਣੇ ਵਿੱਚੋਂ ਮਾਰ ਮੁਕਾਵੇਂ ਤਾਂ ਮੈਂ ਮੰਨਾਂ। ਯਾਰਾਂ ਨਾਲ ਬਹਾਰਾਂ ਸੱਜਣਾ ਬੱਸ ਕਿਤਾਬੀ ਗੱਲਾਂ ਨੇ ਦਿਲ ਦੇ ਰਾਂਝੇ ਤਾਈਂ ਆਪਣਾ ਮੀਤ ਬਣਾਵੇਂ ਤਾਂ ਮੈਂ ਮੰਨਾਂ। ਖੁੱਲ੍ਹੇ ਨੈਣ ਪਯਾਲੇ ਜਦ ਤੱਕ ਦੁਨੀਆਂ ਰੰਗ ਬਰੰਗੀ ਯਾਰਾ ਅੱਖਾਂ ਮੀਚ ਕੇ ਇੱਕ ਵੀ ਤਿਤਲੀ ਫੜ ਦਿਖਲਾਵੇਂ ਤਾਂ ਮੈਂ ਮੰਨਾਂ। ਅੱਜ ਦੇ ਚਿੱਟੇ, ਭਗਵੇ, ਬਾਬੇ, ਸੰਤਾਂ, ਸਾਧਾਂ ਵਿੱਚੋਂ ‘ਉੱਪਲ’ ਸੂਫ਼ੀ ਬਾਬੇ ਬੁੱਲ੍ਹੇ ਵਾਲੀ ਝਲਕ ਵਖਾਵੇਂ ਤਾਂ ਮੈਂ ਮੰਨਾਂ।

ਹੈ ਜ਼ਿੰਦਗੀ ’ਚ ਆਇਆ ਕੋਈ ਬਹਾਰ ਵਰਗਾ

ਹੈ ਜ਼ਿੰਦਗੀ ’ਚ ਆਇਆ ਕੋਈ ਬਹਾਰ ਵਰਗਾ ਖਿੜਿਆ ਗ਼ੁਲਾਬ ਲੱਗੇ ਉਹ ਮੇਰੇ ਯਾਰ ਵਰਗਾ। ਹੋਇਆ ਚਮਨ ਹੈ ਸਬਜ਼ਾ ਹਰ ਸ਼ਾਖ ਮੁਸਕਰਾਏ ਲਗਦਾ ਹੈ ਆਇਆ ਕੋਈ ਮੇਰੇ ਹੀ ਪਿਆਰ ਵਰਗਾ। ਭੌਰਾ ਹੈ ਹਰ ਕਲੀ ਤੇ ਸਰਸ਼ਾਰ ਗੁਲਸਿਤਾਂ ਹੈ ਮੁਰਲੀ ਵਜਾਵੇ ਕੋਈ ਸੰਗੀਤਕਾਰ ਵਰਗਾ। ਸਜਰੀ ਸਵੇਰ ਵਰਗਾ ਫੱਗਣ ਦਾ ਹੈ ਮਹੀਨਾ ਉਜਲਾ ਜਿਹਾ ਉਹ ਰੌਸ਼ਨ ਦਿਨ ਐਤਵਾਰ ਵਰਗਾ। ਸੁਰਖ਼ਾਬ ਪੰਛੀ ਜਦ ਤੋਂ ਬਾਗਾਂ ਨੂੰ ਛਡ ਗਿਆ ਹੈ ਗੁੰਚਾ ਹਰੇਕ ਲੱਗੇ ਤਿੱਖੀ ਕਟਾਰ ਵਰਗਾ। ਕੋਈ ਹਵਾ ਦਾ ਬੁੱਲ੍ਹਾ ਜਾਂ ਤੈਨੂੰ ਛੂਹ ਕੇ ਆਵੇ ਜਾਪੇ ਕਿ ਆ ਗਿਆ ਹੈ ਮੌਸਮ ਖ਼ੁਮਾਰ ਵਰਗਾ। ਬਾਗਾਂ ’ਚ ਪਤਝੜੀ ਹੈ ਤੇਰੇ ਬਗ਼ੈਰ ਯਾਰਾ ਆ ਜਾ ਕਿ ਫਿਰ ਤੋਂ ਆਏ ਮੌਸਮ ਬਹਾਰ ਵਰਗਾ। ਸਮਿਆਂ ਦਾ ਉਹ ਸੀ ਹਾਣੀ ਬੋਹੜ ਜਿਹਾ ਸੀ ਬਾਬਾ ‘ਉੱਪਲ’, ਹੈ ਸੁੱਕਿਆ ਕਿਉਂ, ਬੂਟਾ ਚਨਾਰ ਵਰਗਾ!

ਸਾਡਾ ਹੈਂ ਤਾਂ ਸਾਡੇ ਵਿਹੜੇ ਆਇਆ ਕਰ

ਸਾਡਾ ਹੈਂ ਤਾਂ ਸਾਡੇ ਵਿਹੜੇ ਆਇਆ ਕਰ ਗ਼ੈਰਾਂ ਵਾਂਗੂੰ ਕੋਲੋਂ ਨਾ ਲੰਘ ਜਾਇਆ ਕਰ। ਤਿਣਕਾ ਤਿਣਕਾ ਕਰ ਸੰਜੋਇਆ ਸੀ ਆਪਾਂ ਮੇਰਾ ਹੋ ਕਿ ਮੇਰਾ ਘਰ ਨਾ ਢਾਇਆ ਕਰ। ਕਿਰਨਾਂ ਤਾਂ ਮਿਲਜੁਲ ਕੇ ’ਨੇਰਾ ਖਾ ਜਾਣਾ ਜੁਗਨੂੰ ਵਾਂਗੂੰ ਤੂੰ ਵੀ ਟਿਮਟਿਮਾਇਆ ਕਰ। ਕਿੱਕਰ ਕੰਡੇ ਚੋਭਾਂ, ਧੁੱਪਾਂ ਜਦ ਬਰਪਣ ਠੰਢੀ ’ਵਾ ਦਾ ਬੁੱਲ੍ਹਾ ਬਣ ਸਹਿਲਾਇਆ ਕਰ। ਚਸ਼ਮੇ, ਨਦੀਆਂ, ਰੇਤ, ਸਮੁੰਦਰ, ਲਹਿਰਾਂ ਵੇਖ ਰਿਸ਼ਤੇ ਨਾਤੇ ਤੂੰ ਵੀ ਕੁੱਝ ਨਿਭਾਇਆ ਕਰ। ਉਡ ਜਾ ਭੋਲੇ ਪੰਛੀ ਪਿੰਜਰਾ ਖੁੱਲ੍ਹਾ ਹੈ ਡਰਕੇ ਵਾਪਸ ਅੰਦਰ ਨਾ ਵੜ ਜਾਇਆ ਕਰ। ਹਰੇ ਭਰੇ ਰੁੱਖਾਂ ਨੂੰ ਏਦਾਂ ਕੱਟ ਵੱਢ ਕੇ ਮਾਂ ਧਰਤੀ ਦੇ ਦਿਲ ਨੂੰ ਨਾ ਤੜਪਾਇਆ ਕਰ। ਕਾਲ਼ੀ ਬੋਲ਼ੀ ਰਾਤ ਲਮੇਰੀ, ਝੱਖੜ ਮੀਂਹ ਆ ਕੇ ਯਾਰ ਤੂੰ ਬੂਹਾ ਤਾਂ ਖੜਕਾਇਆ ਕਰ। ਛੱਡ ਦੇ ਭੀੜਾਂ ਵੱਖਰੇ ਰਾਹ ਬਣਾ ‘ਉੱਪਲ’ ਲੋਕਾਂ ਲਈ ਦੁੱਮਛੱਲਾ ਨਾ ਅਖਵਾਇਆ ਕਰ।

ਪੰਜ ਸੌ ਪੰਜਾਹ ਵਰ੍ਹੇ ਦਾ ਦਿਨ ਮਨਾਈਏ ਸੰਗਤੇ

ਪੰਜ ਸੌ ਪੰਜਾਹ ਵਰ੍ਹੇ ਦਾ ਦਿਨ ਮਨਾਈਏ ਸੰਗਤੇ ਝੋਲੀਆਂ ਨਾਨਕ ਦੇ ਦਰ ਤੋਂ ਭਰ ਲਿਆਈਏ ਸੰਗਤੇ। ਸਤਗੁਰਾਂ ਦਾ ਆਗਮਨ ਦਿਨ ਅੱਜ ਮੁਬਾਰਕ ਆ ਗਿਆ ਨਾਨਕੀ ਦੇ ਵੀਰ ਦੇ ਦੀਦਾਰ ਪਾਈਏ ਸੰਗਤੇ। ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨਾ, ਧਰਮ ਹੈ ਗੁਰ ਦੇ ਇਸ ਉਪਦੇਸ਼ ਨੂੰ ਆਉ ਕਮਾਈਏ ਸੰਗਤੇ। ਕਰਮ ਕਾਂਢਾਂ, ਵਹਿਮ ਭਰਮਾਂ, ਵਿੱਚ ਫਸੀ ਹੈ, ਜ਼ਿੰਦਗੀ ਗੁਰ ਬਿਨਾਂ ਹੈ ਘੁੱਪ ਹਨੇਰਾ ਸਿਰ ਨਿਵਾਈਏ ਸੰਗਤੇ। ਹਿੰਦੂ, ਮੁਸਲਿਮ, ਸਿੱਖ, ਇਸਾਈ, ਰੱਬ ਦੇ ਜੀ ਤੇ ਜਾਨ ਹਨ ਇਕ ਪਿਤਾ ਦੇ ਸਭ ਹਾਂ ਬੱਚੇ ਕਿਉਂ ਭੁਲਾਈਏ ਸੰਗਤੇ। ਭੂਮੀਏ, ਕੌਡੇ, ਸੱਜਣ ਠੱਗਾਂ, ਦੀ ਨੇਰ੍ਹੀ ਰਾਤ ਹੈ ਜੋਦੜੀ ਕਰ ਸਤਗੁਰਾਂ ਨੂੰ ਫਿਰ ਬੁਲਾਈਏ ਸੰਗਤੇ। ਵੇਖ ਸਾਧੂ ਸੰਤ ਭੁੱਖੇ ਰੱਜ ਖਲਾਇਆ ਸਤਗੁਰਾਂ ਲੋੜਵੰਦਾ ਨੂੰ ਚਲੋ ਲੰਗਰ ਛਕਾਈਏ ਸੰਗਤੇ। ਸ਼ਬਦ ਗੁਰ, ਧੁਨ ਸੁਰਤ, ਚੇਲਾ, ਭੇਦ ਬਾਬੇ ਖੋਲਿਆ ਸ਼ਬਦ ਵਿੱਚ ਲਿਵਲੀਨ ਹੋ ਵਿਸਮਾਦ ਪਾਈਏ ਸੰਗਤੇ। ਓਸ ਨਹੀਂ ਮੰਦਾ ਕਹੀਦਾ ਜੋ ਜੰਮੇ ਰਾਜਾਨ ਜੀ ਆਬਰੂ ਅਬਲਾ ਦੀ ਜ਼ਾਲਮ ਤੋਂ ਬਚਾਈਏ ਸੰਗਤੇ। ਕੱਢਿਆ ਸੀ ਜਾਤਾਂ ਪਾਤਾਂ ਦੇ ਜਨੂ ’ਚੋਂ ਸਤਗੁਰਾਂ ਵੈਰ ਛੱਡ, ਛੱਡ ਨਫ਼ਰਤਾਂ ਨੂੰ, ਇਕ ਹੋ ਜਾਈਏ ਸੰਗਤੇ। ਕੀਰਤਨ ‘ਉੱਪਲ’ ਗੁਰਾਂ ਦੀ ਇਕ ਅਮੋਲਕ ਦਾਤ ਹੈ ਹੋ ਇਕੱਠੇ, ਧੁਰ ਕੀ ਬਾਣੀ, ਰੋਜ਼ ਗਾਈਏ ਸੰਗਤੇ।

ਪਿੰਡਾਂ ਸ਼ਹਿਰਾਂ ਨਗਰਾਂ ਦੇ ਵਿਚ

ਪਿੰਡਾਂ ਸ਼ਹਿਰਾਂ ਨਗਰਾਂ ਦੇ ਵਿਚ ਨਜ਼ਰੀਂ ਕਿਤੇ ਨਾ ਆਏ ਬੰਦੇ ਮੰਦਿਰ ਮਸਜਿਦ ਘੁਮ ਘੁਮ ਡਿੱਠੇ ਕਿਹੜੇ ਮੁਲਕ ਸਿਧਾਏ ਬੰਦੇ! ਪੰਖੇਰੂ ਸਭ ਬੈਠ ਬਨੇਰੇ, ਇਕ ਦੂਜੇ ਨੂੰ ਮੁੜ ਮੁੜ ਪੁੱਛਣ ਹਸਦੇ ਮੌਜ ਮਨਾਉਂਦੇ ਸਾਰੇ ਕਿਸ ਆਫ਼ਤ ਨੇ ਢਾਏ ਬੰਦੇ। ਸਾਡਾ ਚੋਗਾ ਪਾਣੀ ਲਗਦੈ ਹੁਣ ਬੰਦੇ ਦੇ ਵਸ ਦੀ ਗਲ ਨੲ੍ਹੀਂ ਆਪਣੇ ਪੇਟ ਭਰਨ ਦੀ ਖ਼ਾਤਰ ਥਾਂ ਥਾਂ ਲੰਗਰ ਲਾਏ ਬੰਦੇ। ਹਰਿਆਵਲ ਰੱਤੀ ਭਰ ਨਾ ਛੱਡੀ ਸਭ ਪਥਰੀਲਾ ਕਰ ਗਏ ਨੇ ਜ਼ਹਿਰੀਲਾ ਕੁਦਰਤ ਨੂੰ ਕਰਕੇ ਖੌਰੇ ਕਿੱਧਰ ਧਾਏ ਬੰਦੇ? ਚੰਚਲ ਪੰਛੀ, ਸ਼ੋਖ ਹਵਾਵਾਂ ਤੇ ਸ਼ੀਤਲ ਨਿਰਮਲ ਪਾਣੀ ਹੈ ਕੁਦਰਤ ਨੇ ਸਭ ਧੰਦੇ ਠਪ ਕੇ ਘਰ ਮੰਜੇ ਤੇ ਪਾਏ ਬੰਦੇ। ਸਿਰ ਖੁਰਕਣ ਦਾ ਟੈਮ ਨਹੀਂ ਹੈਂ ਦਸ ਰੋਟੀ ਟੁਕ ਕਦ ਖਾਵਾਂ ਮੈਂ? ਜੋ ਕਹਿੰਦੇ ਸੀ ਇਹ, ਜੀ ਭਰ ਕੇ, ਸਿਰ ਖੁਰਕਣ ਤੇ ਲਾਏ ਬੰਦੇ। ਸਾਧਨ ਸਾਰੀ ਉਮਰੇ ਲੱਗ ਕੇ ’ਕੱਠੇ ਕੀਤੇ ਸਨ ਜੋ ‘ਉੱਪਲ’ ਸਾਰੇ ਧਰੇ ਧਰਾਏ ਰਹਿ ਗਏ ਕਿਸ ਕਾਰੀ ਤੇਰੇ ਆਏ ਬੰਦੇ !

ਢਹਿੰਦੀ ਕਲਾ ਦਾ ਜੀਣਾ ਵੀ

ਢਹਿੰਦੀ ਕਲਾ ਦਾ ਜੀਣਾ ਵੀ ਕੋਈ ਜੀਣਾ ਹੈ ਘੁਟ ਘੁਟ ਕਰਕੇ ਜ਼ਹਿਰ ਪਿਆਲਾ ਪੀਣਾ ਹੈ। ਲੀੜੇ ਲੱਤੇ ਇੰਝ ਨਾ! ਕੱਟਿਆ ਵੱਢਿਆ ਕਰ ਤੋਪਾ ਤੋਪਾ ਕਰਕੇ ਪੈਂਦਾ ਸੀਣਾ ਹੈ। ਨੲ੍ਹੀਂ ਮੰਗਦੇ, ਬਸ ਵੰਡੀ ਜਾਂਦੇ, ਜ਼ਿੰਦਾ ਦਿਲ ਭਾਗਾਂ ਵਿੱਚ ਜੋ ਥੀਣਾ ਹੈ, ਸੋ ਥੀਣਾ ਹੈ। ਚੜ੍ਹਦੀ ਕਲਾ ਵਿੱਚ ਰਹਿੰਦਾ ਬੇਪਰਵਾਹ ਬੰਦਾ ਜਿਹੜਾ ਡਗਮਗ ਡੋਲੇ ਰੱਬੋਂ ਹੀਣਾ ਹੈ। ਨਾਲ ਚਲਾਕੀ ਜੇਬਾਂ ਕਤਰੀ ਜਾਵੇ ਜੋ ਘਰ ਉਸਦਾ ‘‘ਉੱਪਲ’’ ਜੀ ਖ਼ਾਕ ਭਰੀਣਾ ਹੈ!

ਜਦ ਦਿਲ ਦੀ ਬਾਜ਼ੀ ਹਾਰ ਗਏ

ਜਦ ਦਿਲ ਦੀ ਬਾਜ਼ੀ ਹਾਰ ਗਏ ਫੁੱਲ ਬੁਲਬੁਲ ਬਾਗ਼ ਬਹਾਰ ਗਏ। ਪਰਬਤ ਬਰਫ਼ਾ ਝੀਲਾਂ ਝਰਨੇ ਮਾਨਣ ਦੇ ਸਭ ਆਸਾਰ ਗਏ। ਪੰਛੀ ਮੁੜ ਆਏ ਪਿੰਜਰੇ ਨੂੰ ਮੰਨ੍ਹ ਪਿੰਜਰਾ ਹੀ ਘਰਬਾਰ ਗਏ। ਜਦ ਸੱਤ ਸਮੁੰਦਰ ਪਾਰ ਗਿਓਂ ਸਾਨੂੰ ਭੁੱਲ ਸਾਰੇ ਸ਼ਿੰਗਾਰ ਗਏ। ਕੋਮਲ ਹੱਥ ਪੌਣ ਦੇ ਛੂਹ ਮੈਨੂੰ ਜ਼ੁਲਫ਼ਾ ਦੇ ਪੇਚ ਸੰਵਾਰ ਗਏ। ਜਿਸ ਦਿਨ ਤੋਂ ਅੱਖਾਂ ਚਾਰ ਹੋਈਆਂ ਸਭ ਸ਼ਿਕਵੇ ਸਭ ਤਕਰਾਰ ਗਏ। ਛਡ ਪੈਨਸਿਲ ਕੋਮਲ ਹੱਥ ਵੇਖੋ ਰੋਜ਼ੀ ਭਾਲਣ ਬਾਜ਼ਾਰ ਗਏ। ਰੱਬ ਰਾਖਾ ਮਾਂ ਬਿਨ ਬੱਚਿਆਂ ਦਾ ਉਡ ਕੂੰਜਾਂ ਦੇ ਕਈ ਡਾਰ ਗਏ। ‘ਉੱਪਲ’ ਪੱਥਰਾਂ ਦੇ ਸ਼ਹਿਰ ਵਿੱਚੋਂ ਹਰਿਆਲੀ ਦੇ ਸ਼ਿੰਗਾਰ ਗਏ।

ਝੱਖੜਾਂ ਅੱਗੇ ਹਰਦਮ ਅੜਿਆ ਰਹਿਣਾ ਹੈ

ਝੱਖੜਾਂ ਅੱਗੇ ਹਰਦਮ ਅੜਿਆ ਰਹਿਣਾ ਹੈ ਮਜ਼ਲੂਮਾਂ ਦੀ ਢਾਲ ਹਾਂ ਖੜਿਆ ਰਹਿਣਾ ਹੈ। ਭਾਫ਼ ਤਰ੍ਹਾਂ ਉਡ ਜਾਵਾਂ ਮੈਂ ਕੋਈ ਪਾਣੀ ਨੲ੍ਹੀਂ ਮੈਂ ਸਹਿਜੇ ਪੱਕਣਾ ਚੁੱਲ੍ਹੇ ਚੜ੍ਹਿਆ ਰਹਿਣਾ ਹੈ। ਹੈ ਮਿੱਟੀ ਦੇ ਵਿੱਚ ਵਾਸਾ ਕਿਰਤੀ ਬੰਦੇ ਦਾ ਮੈਂ ਹੀਰਾ ਨੲ੍ਹੀਂ ਜਿਸ ਤਾਜੀਂ ਜੜਿਆ ਰਹਿਣਾ ਹੈ। ਮੈਂ ਲੋਹਾ ਲੈਣਾ ਵਿੱਚ ਮੈਦਾਨੇ ਜ਼ਾਲਮ ਨਾਲ ਮੈਂ ਮੋਤੀ ਨੲ੍ਹੀਂ ਜੇ ਸਿੱਪੀਂ ਵੜਿਆ ਰਹਿਣਾ ਹੈ। ਕਾਣੀ ਵੰਡ ਦਾ ’ਨੇਰਾ ਹੈ ਚਾਰ ਚੁਫੇਰੇ ਹੈ ਮੈਂ ਜੁਗਨੂੰ ਵਾਂਗਰ ਜਗਣਾ ਤੜਿਆ ਰਹਿਣਾ ਹੈ। ਖਾ ਗਈ ਹੈ ਨੇਤਾ ਭਗਤੀ ਲੋਕਤੰਤਰ ਨੂੰ ਪੰਖੇਰੂ ਪਿੰਜਰੇ ਵਿਚ ਜਕੜਿਆ ਰਹਿਣਾ ਹੈ। ਖ਼ੁਦ ਆਪਣੀ ਮੌਤ ਸਹੇੜੇ ਕੀੜਾ ਰੇਸ਼ਮ ਦਾ ਬਾਜਾਂ ਤਾਂ ਖੁੱਲ੍ਹੇ ਅੰਬਰੀਂ ਚੜ੍ਹਿਆ ਰਹਿਣਾ ਹੈ। ਅਵਿੱਦਿਆ ਤੇ ਭੁੱਖਮਾਰੀ ਫੈਲੀ ਹਰ ਪਾਸੇ ਤੂੰ ਬਗਲੇ! ਕਦ ਤਕ ਛਪੜੀਂ ਵੜਿਆ ਰਹਿਣਾ ਹੈ। ਹੱਥ ਫੜ ਇਨਸਾਫ ਦੀ ਤਕੜੀ ਡੰਡੀ ਮਾਰੇਂ ਤੂੰ ਰਿਣ ਗੁਰਬਤ ਦਾ ਤੇਰੇ ਸਿਰ ਮੜ੍ਹਿਆ ਰਹਿਣਾ ਹੈ। ਮਰਨੇ ਤੋਂ ਬਾਦ ਵੀ ਜੀਣੇ ਦਾ ਕੁੱਝ ਹੀਲਾ ਕਰ ਤਾਂ ਨਾਮ ਤੇਰਾ ਪੱਥਰਾਂ ਤੇ ਘੜਿਆ ਰਹਿਣਾ ਹੈ। ਅੱਖ ਨਮ ਹੈ ਅੱਜ ‘ਉੱਪਲ’ ਦੀ ਹਾਲਤ ਵੇਖ ਤੇਰੀ ਤੂੰ ਪੜ੍ਹ ਲਿਖ ਕੇ ਕਦ ਤਕ ਅਣਪੜ੍ਹਿਆ ਰਹਿਣਾ ਹੈ।

ਕਠਿਨ ਜ਼ਿੰਦਗੀ ਸੀ ਸਰਲ ਹੋ ਗਈ ਹੈ

ਕਠਿਨ ਜ਼ਿੰਦਗੀ ਸੀ ਸਰਲ ਹੋ ਗਈ ਹੈ ਮੇਰੀ ਜਾਨ ਤਾਜ਼ਾ ਗ਼ਜ਼ਲ ਹੋ ਗਈ ਹੈ। ਮੁਕੱਦਰ ਮੇਰਾ ਰੁਸ ਗਿਆ ਸੀ ਮੇਰੇ ਤੋਂ ਮੁਹੱਬਤ ਮਗ਼ਰ ਅੱਜ ਕਲ੍ਹ ਹੋ ਗਈ ਹੈ। ਅਕੀਦਾ ਨਹੀਂ ਲੋਕਤੰਤਰ ’ਚ ਕੋਈ ਇਹ ਕੈਸੀ ਚੁਣਾਵੀ ਨਸਲ ਹੋ ਗਈ ਹੈ! ਘਟਾ ਖ਼ੂਬ ਬਰਸੀ ਤੇ ਹੰਝੂ ਵੀ ਆਏ ਮੇਰੇ ਮੀਤ ਦੀ ਅੱਖ ਸਜਲ ਹੋ ਗਈ ਹੈ। ਕਿਵੇਂ ਯਾਦ ਤੇਰੀ ਮੈਂ ਦਿਲ ਚੋਂ ਭੁਲਾਵਾਂ ਨਸ਼ਾ ਹੋ ਗਈ ਹੈ ਅਮਲ ਹੋ ਗਈ ਹੈ। ਮਹੀਂਵਾਲ ਰਟਦੀ ਮਹੀਂਵਾਲ ਜਪਦੀ ਮਹੀਂਵਾਲ ਹੀ ਦਰਅਸਲ ਹੋ ਗਈ ਹੈ। ਨਾ ਫਲ ਖਾ ਸਕੇ ਨਾ ਹੀ ਤ੍ਰਿਸ਼ਨਾ ਮਿਟੀ ਹੈ ਉਵੇਂ ਤਾਂ ਬੜੀ ਹੀ ਫਸਲ ਹੋ ਗਈ ਹੈ। ਉਹ ਝੁੱਗੀ ਜ੍ਹਿਦੇ ਵਿਚ ਉਮਰ ਮੈਂ ਬਿਤਾਈ ਤੇਰੇ ਆਉਣੇ ਤੇ ਮਹਿਲ ਹੋ ਗਈ ਹੈ। ਜਦੋਂ ਵੀ ਤੂੰ ਆਵੇਂ ਚਮਨ ਮਹਿਕ ਜਾਵੇ ਦੁਆ ‘ਉੱਪਲ’ ਦੀ ਸਫ਼ਲ ਹੋ ਗਈ ਹੈ।

ਜਿਓਂਦੇ ਜੀ ਪਲਪਲ ਜੋ ਡਰਦਾ ਰਿਹਾ

ਜਿਓਂਦੇ ਜੀ ਪਲਪਲ ਜੋ ਡਰਦਾ ਰਿਹਾ ਉਹ ਸੱਚ ਹੀ ਤਾਂ ਦਮਦਮ ਹੈ ਮਰਦਾ ਰਿਹਾ। ਤਲੀ ਧਰ ਕੇ ਸਿਰ ਜੀਣ ਮਰਜੀਵੜੇ ਤੂੰ ਵੈਰੀ ਦਾ ਪਾਣੀ ਹੈਂ ਭਰਦਾ ਰਿਹਾ। ਤੇਰੀ ਹੋਂਦ ਤੋਂ ਬਾਦ ਵੀ ਬਸ ਤੂੰ ਹੈਂ ਤੂੰ ਤਾਂ ਖੋਲ ਆਪਣੇ ’ਚ ਮਰਦਾ ਰਿਹਾ। ਸਵਾਸਾਂ ਦੀ ਮਾਲਾ ਬਿਖਰਨੀ ਜ਼ਰੂਰ ਹਯਾਤੀ ਦਾ ਦਮ ਰੋਜ਼ ਭਰਦਾ ਰਿਹਾ। ਕਦੇ ਆਪਣੇ ਆਪ ਵਿੱਚ ਵੀ ਗਿਉਂ! ਪਰਾਏ ਘਰੀਂ ਹੀ ਵਿਚਰਦਾ ਰਿਹਾ। ਸਫ਼ਰ ਇੱਕ ਤੋਂ ਚੱਲ ਇੱਕ ਤੇ ਜਾਣਾ ਖੜੋ ਵਿਛੜ ਕੇ ਤੂੰ ਇੱਕ ਤੋਂ ਖ਼ਿਲਰਦਾ ਰਿਹਾ। ਚਮਕਦਾ ਰਵੀ ਚਾਨਣੀ ਚੰਨ ਦੀ ਤੂੰ ਹਨੇਰੇ ਤਰ੍ਹਾਂ ਤੂੰ ਪਸਰਦਾ ਰਿਹਾ। ਬਹਾਰਾਂ ਸਦੀਵੀ ਨਹੀਂ ਹੋਦੀਆਂ ਖ਼ਵਾਬੀ ਮਹਿਲ ਤੂੰ ਉਸਰਦਾ ਰਿਹਾ। ਲਹੂ ਰੋਜ਼ ਦੌੜੇ ਰਗ਼ਾਂ ਵਿੱਚ ਮਗ਼ਰ ਲਹੂ ਉਹ ਜੋ ਨੈਣੀਂ ਉਤਰਦਾ ਰਿਹਾ। ਮੁਬਾਰਕ ਉਡਾਰ ਉਕਾਬਾਂ ਨੂੰ ਪਰ ਜ਼ਮੀਂ ਤੇ ਹੀ ‘ਉੱਪਲ’ ਨਿਖ਼ਰਦਾ ਰਿਹਾ।

ਬਿਖੜਾ ਤਾਂ ਪੈਂਡਾ ਹੈ ਮਗ਼ਰ ਮੰਜ਼ਿਲ ਹੈ ਸਾਹਮਣੇ

ਬਿਖੜਾ ਤਾਂ ਪੈਂਡਾ ਹੈ ਮਗ਼ਰ ਮੰਜ਼ਿਲ ਹੈ ਸਾਹਮਣੇ ਜਿਸ ਵਾਸਤੇ ਸਾਂ ਦਰਬਦਰ ਮੰਜ਼ਿਲ ਹੈ ਸਾਹਮਣੇ। ਬੇਸ਼ਕ ਲੁਕਾਈ ਵੈਰ ਕੀਤਾ ਪੈਰ ਪੈਰ ਤੇ ਮੌਲਾ ਲਈ ਮੇਰੀ ਖ਼ਬਰ ਮੰਜ਼ਿਲ ਹੈ ਸਾਹਮਣੇ। ਤਾਜ਼ੀ ਹਵਾ ਮਹਿਬੂਬ ਨੂੰ ਜਾਂ ਛੂਹ ਕੇ ਆ ਗਈ ਮਹਿਕਾ ਗਈ ਮੇਰੀ ਸਹਰ ਮੰਜ਼ਿਲ ਹੈ ਸਾਹਮਣੇ। ਜਦ ਝੁਕ ਗਿਆ ਮੈਂ ਦਰ ਤੇਰੇ ਤੇ ਰੋਮ ਰੋਮ ਤੋਂ ਰਹਿਮਤ ਭਰੀ ਹੋਈ ਨਜ਼ਰ ਮੰਜ਼ਿਲ ਹੈ ਸਾਹਮਣੇ। ’ਕੱਲਾ ਸਾਂ ਮੈਂ ਕੋਈ ਨਹੀਂ ਸੀ ਦੂਰ ਦੂਰ ਤਕ ਹਾਂ ਕਾਫ਼ਲੇ ਦਾ ਹਮਸਫ਼ਰ ਮੰਜ਼ਿਲ ਹੈ ਸਾਹਮਣੇ। ਹੋਈ ਸਵੱਲੀ ਜਦ ਨਜ਼ਰ ਇਸ ਖ਼ਾਕ ਸਾਰ ਤੇ ਗੁਮਨਾਮ ਸਾਂ ਹੋਇਆ ਨਸ਼ਰ ਮੰਜ਼ਿਲ ਹੈ ਸਾਹਮਣੇ। ਰੁਕਨਾਂ ਦੇ ਚੱਕਰ ਤੋਂ ਗ਼ਜ਼ਲ ਆਜ਼ਾਦ ਹੋ ਗਈ ਇਹ ਹੈ ਰਵਾਨੀ ਦਾ ਅਸਰ ਮੰਜ਼ਿਲ ਹੈ ਸਾਹਮਣੇ। ਮਾਰੂਥਲਾਂ ਦੀ ਤਪਸ਼ ਸੀ ਜਿੱਧਰ ਵੀ ਵੇਖਿਆ ਹਰਿਆਵਲਾ ਹੈ ਹਰ ਸ਼ਜਰ ਮੰਜ਼ਿਲ ਹੈ ਸਾਹਮਣੇ। ਉਸ ਪਾਰ ਜਾਣਾ ਹਰ ਕਿਸੇ ‘ਉੱਪਲ’ ਜ਼ਰੂਰ ਹੈ ਬੇਗ਼ਮਪੁਰਾ ਰੱਬ ਦਾ ਨਗਰ ਮੰਜ਼ਿਲ ਹੈ ਸਾਹਮਣੇ।

ਮਹਿਕਦੇ ਫੁੱਲਾਂ ਨੇ ਦਰਵਾਜ਼ੇ ਚਮਨ ਦੇ

ਮਹਿਕਦੇ ਫੁੱਲਾਂ ਨੇ ਦਰਵਾਜ਼ੇ ਚਮਨ ਦੇ ਖੋਲ ਕੇ ਕੀਲਿਆ ਹੈ ਭੌਰਿਆਂ ਨੂੰ ਰਾਜ਼ ਕੋਈ ਬੋਲ ਕੇ। ਫੁੱਲ ਬਸੰਤੀ ਜ਼ਿੰਦਗੀ ਵਿੱਚ ਮੁਸਕਰਾਉਂਦੇ ਰੋਜ਼ ਨੇ ਬੋਲੀਏ ਸੱਭ ਨਾਲ ਜਦ ਸ਼ਬਦਾਂ ’ਚ ਮਿਸ਼ਰੀ ਘੋਲ ਕੇ। ਇਹ ਨਜ਼ਾਰਾ ਝੀਲ ਦਾ ਤੈਨੂੰ ਬੁਲਾਵੇ ਦਿਲਬਰਾ ਆ ਕਿਤੇ ਫਿਰ ਛੇੜ ਜਾ ਧੁਨ ਰੂਹ ਵਾਲੀ ਬੋਲ ਕੇ। ਰੁੱਤ ਜਵਾਨੀ ਕੂੰਜ ਵਾਂਗੂੰ ਉਡ ਗਈ ਕੁਮਲਾ ਗਈ ਬਾਬਿਆ ਕੀ ਲੋੜਦੈਂ ਹੁਣ ਕੂਚਿਆਂ ਨੂੰ ਟੋਲ ਕੇ। ਗਰਦਸ਼ੇ ਹਾਲਾਤ ਵਿੱਚ ਅੱਜ ਤਪ ਰਹੀ ਹੈ ਜ਼ਿੰਦਗੀ ਰੁਮਕਦੀ ਆਵੇ ਹਵਾ ਉਠ ਵੇਖ ਪੱਖਾ ਝੋਲ ਕੇ। ਬਾਗਬਾਂ ਜੇ ਗੁਲਸਿਤਾਂ ਦੀ ਰੱਖਿਆ ਨਾ ਕਰ ਸਕੇ ਪਤਝੜਾਂ ਤਾਂ ਪੌਦਿਆਂ ਨੂੰ ਰੱਖ ਦੇਣਾ ਰੋਲ ਕੇ। ਆਵਣੀ ਕਿਸ ਕੰਮ ਕਮਾਈ ਜੇ ਜ਼ਮੀਰੋਂ ਮਰ ਗਿਉਂ ਮਾਲ ਭਾਵੇਂ ਵੇਚ ਦੇਵੇਂ ਰੋਜ਼ ਸਾਰਾ ਤੋਲ ਕੇ। ਮੁਕ ਗਈ ਸਾਰੀ ਹਯਾਤੀ ਬੇਵਜ਼ਾ ਬੇਕਾਰ ਹੀ ਕੀ ਤੂੰ ਲੋੜੇਂ ਰਾਖ ਚੋਂ ਉੱਪਲ ਰੋਜ਼ਾਨਾ ਫੋਲ ਕੇ।

ਦੋਸਤਾ ਦੀਦਾਰ ਤੇਰਾ ਹੋ ਗਿਆ

ਦੋਸਤਾ ਦੀਦਾਰ ਤੇਰਾ ਹੋ ਗਿਆ ਸ਼ਹਿਰ ਸਾਰੇ ਵਿੱਚ ਸਵੇਰਾ ਹੋ ਗਿਆ। ਸਾਂਭ ਕਿ ਰੱਖ ਛੱਡਿਆ ਸੀ ਉਮਰ ਭਰ ਵੇਖ ਦੇ ਹੀ ਦਿਲ ਬਟੇਰਾ ਹੋ ਗਿਆ। ਰਹਿਮਤਾਂ ਦੇ ਫੁੱਲ ਬਾਗੀਂ ਖਿੜ ਪਏ ਰੂਹ ਤੋਂ ਜਿਸ ਦਿਨ ਮੈਂ ਤੇਰਾ ਹੋ ਗਿਆ। ਪਹਿਲੇ ਸੀ ਕਮਜ਼ੋਰ ਮੇਰਾ ਆਲ੍ਹਣਾ ਅੱਜ ਆਲੀਸ਼ਾਨ ਡੇਰਾ ਹੋ ਗਿਆ। ਹੁਸਨ ਹੀ ਤਾਂ ਹੈ ਗ਼ਜ਼ਲ ਇੱਕ ਦੋਸਤੋ ਗੁਨਗੁਨਾਈ ਤਾਂ ਸਵੇਰਾ ਹੋ ਗਿਆ। ਤੋਹਮਤਾਂ, ਹੌਕੇ, ਹਿਜਰ ਬਸ ਹੋਰ ਕੀ ! ਇਸ਼ਕ ਵਿੱਚ ਡੁੱਬਣਾ ਬਥੇਰਾ ਹੋ ਗਿਆ। ਸਾਜਿਸ਼ੀ ਨੇ ਸਿਲਸਿਲੇ ਓ ਭੋਲ਼ਿਆ ! ਜ਼ਹਿਰ, ਮਿੱਠੇ ਵਿੱਚ ਘਨੇਰਾ ਹੋ ਗਿਆ। ਕੌਣ ਸੀ ਆਮਦ ਜਿਹਦੀ ਹੋਈ ਜਦੋਂ ਵੇਖ ਦੇ ! ਰੌਸ਼ਨ ਚੁਫ਼ੇਰਾ ਹੋ ਗਿਆ। ਜ਼ੁਲਮ ਦੀ ਚੱਲੇ ਹਵਾ ‘ਉੱਪਲ’ ਜੀ ਫਿਰ ਹਿਟਲਰੀ ਸੋਚਾਂ ਦਾ ਘੇਰਾ ਹੋ ਗਿਆ।

ਕਾਹਦੀ ਤੰਦ ਤੇ ਕਾਹਦੀ ਤਾਣੀ

ਕਾਹਦੀ ਤੰਦ ਤੇ ਕਾਹਦੀ ਤਾਣੀ ਜਦ ਨਾ ਮਿਲਿਆ ਦਿਲ ਦਾ ਹਾਣੀ। ਸਜਣਾ ਮੁੱਖੋਂ ਫੁੱਲ ਕਿਰਦੇ ਸਨ ਦਿਲ ਚੀਰਨ ਜਦ ਬੋਲਣ ਬਾਣੀ। ਸਾਰੇ ਭਖਦੇ ਸੂਰਜ ਜਾਪਣ ਕਿਸਨੇ ਸਾਡੀ ਪਿਆਸ ਬੁਝਾਣੀ। ਆਸ ਵਫ਼ਾ ਦੀ ਭੋਲ਼ਿਆ ਨਾ ਕਰ ਖ਼ੁਦਗਰਜ਼ਾਂ ਦੀ ਸਾਰੀ ਢਾਣੀ। ਭੁੱਲ ਪ੍ਰੀਤਾਂ ਕੌਲ ਕਰਾਰਾਂ ਬਹਿਗੀ ਡੋਲੀ ਬਣ ਪਟਰਾਣੀ। ਫੁੱਲ ਬੂਟੇ ਪੰਛੀ ਤਿਰਹਾਏ ਚਾਰ ਚੁਫੇਰੇ ਸੁੱਕਿਆ ਪਾਣੀ। ਤਾਰੇ ਗਿਣ ਗਿਣ ਚੰਨ ਗਵਾਇਆ ਮਾਹੀ ਦੀ ਮੈਂ ਕਦਰ ਨਾ ਜਾਣੀ। ਜੀਵਨ ਭਰ ਦਾ ਸਾਥ ਰਿਹਾ ਪਰ ਸਾਗਰ ਵਿਚ ਨਾ ਮਿਲਿਆ ਪਾਣੀ। ਉਮਰਾਂ ਭਰ ਦੀਆਂ ਕਸਮਾਂ ਖਾ ਕੇ ਪੰਛੀ ਬੈਠਾ ਦੂਜੀ ਟਾਹਣੀ। ਯਾਦਾਂ ਦੇ ਡੰਗ ਮੁੜ ਮੁੜ ਡਸਦੇ ਔਖੀ ਹੁੰਦੀ ਪ੍ਰੀਤ ਨਿਭਾਣੀ। ‘ਉੱਪਲ’ ਸੱਚੀ ਪ੍ਰੀਤ ਜੋ ਕਰਦੇ ਰੰਗ ਖ਼ੁਦਾਏ ਰੱਤੇ ਜਾਣੀ।

ਤੇਰੀ ਮੇਰੀ ਮਿੱਟੀ ਇੱਕ ਵੇ

ਤੇਰੀ ਮੇਰੀ ਮਿੱਟੀ ਇੱਕ ਵੇ ਫਿਰ ਕਿਉਂ ਹੈ ਰਿਸ਼ਤੇ ਵਿੱਚ ਫਿਕ ਵੇ। ਚੋਗ਼ਾ ਚੁਗ਼ਣ ਨਾ ਆਵਣ ਚਿੜੀਆਂ ਸੁਣ ਮੋਬਾਇਲ ਦੀ ਟਿੱਕ ਟਿੱਕ ਵੇ। ਪਿੰਡ ਗਲੋਬਲ ਜਦ ਦਾ ਹੋਇਆ ਸਾਰੇ ਬਹਿਣ ਨਾ ਹੋ ਇੱਕ ਮਿਕ ਵੇ। ਪੰਖੇਰੂ ਸਭ ਮਿਲਕੇ ਸੋਚਣ ਇਨਸਾਨਾਂ ਵਿਚ ਕਿਉਂ ਨਾ ਸਿੱਕ ਵੇ। ਰਬ ਹੈ ਦੌਲਤ ਬੰਦੇ ਤਾਈਂ ਧਨ ਖ਼ਾਤਿਰ ਝਟ ਜਾਂਦਾ ਵਿੱਕ ਵੇ। ਭੁਲਕੇ ਵਿਰਸਾ, ਮੂਲੋਂ ਟੁੱਟਿਆ ਫਿਰਦਾ ਕਰਕੇ ਚੌੜੀ ਹਿੱਕ ਵੇ। ਰਹਿਬਰ ਹੈ ਜਦ ਲੋਭੀ ਨੇਤਾ ਆਟਾ ਘਟ ਤੇ ਬਹੁਤੀ ਰਿੱਕ ਵੇ। ਹਿੰਦੂ, ਮੁਸਲਿਮ, ਸਿਖ ਫੁਲਵਾੜੀ ਕਿੰਝ ਦਿਸੇ! ਤੂੰ ਤਾਣੀ ਚਿੱਕ ਵੇ। ‘ਉੱਪਲ’ ਮਾਲਾ ਵਿੱਚ ਪਰੋਤੇ ਸੁੱਚੇ ਮੋਤੀ ਹਾਂ ਇੱਕ ਇੱਕ ਵੇ।

ਵਤਨ ਮੇਰੇ ਦੀ ਮਿੱਟੀ ’ਚੋਂ ਸੁਹਾਨੀ

ਵਤਨ ਮੇਰੇ ਦੀ ਮਿੱਟੀ ’ਚੋਂ ਸੁਹਾਨੀ ਫਿਰ ਸਦਾ ਆਵੇ ਕਿ ਉੱਠੇ ਸੂਰਮਾ ਕੋਈ ਜ਼ੁਲਮ ਤਾਂਈ ਮਿਟਾ ਜਾਵੇ। ਹਨੇਰੀ ਪਾਪ ਦੀ ਅੱਜ ਫਿਰ ਚੱਲੀ ਹੈ ਘੋਰ ਜ਼ੋਰਾਂ ਤੇ ਗ਼ੁਲਿਸਤਾਂ ਖਿੜਨ ਤੋਂ ਪਹਿਲਾਂ ਨਾ ਕੋਈ ਵੀ ਮੁਕਾ ਜਾਵੇ। ਕਹੇ ਝੁੱਲੋ, ਹਵਾਵੋ, ਹੁਕਮ ਮੇਰੇ ਵਿਚ ਹੀ, ਬਸ ਝੁੱਲੋ ਇਹ ਪੁੱਠੀ ਖੋਪੜੀ ਜਗ ਨੂੰ ਜਹੱਨਮ ਨਾ ਬਣਾ ਜਾਵੇ। ਇਹ ਦੁਨੀਆ ਹੈ ਬੜੀ ਸ਼ਾਤਿਰ ਮਗ਼ਰ ਇਹ ਸਮਝ ਨਾ ਪਾਈ ਖ਼ਰੀਦੇ ਸੱਚ ਦਾ ਸੌਦਾ ਮਗ਼ਰ ਪਤ ਹੀ ਲੁਟਾ ਆਵੇ। ਸੱਚਾਈ ਤੋੜਦੀ ਪੱਥਰ ਤੇ ਪੀਸਣ ਪੀਸਦੀ ਵੇਖੀ ਤੇ ਟੇਢੀ ਦੁੰਮੜੀ ਵਾਲਾ ਇਹ ਸੱਭ ਕੁੱਝ ਚਟ ਚਟਾ ਜਾਵੇ। ਵਿਰੋਧੀ ਸੋਚ ਦੇ ਮਾਲਿਕ ਬਣੇ ਨੇ ਬਾਗ਼ ਦੇ ਮਾਲੀ ਰਹੋ ਚੌਕਸ ਨਾ ਕਿਧਰੇ ਵਾੜ ਹੀ ਖੇਤੀ ਨੂੰ ਖਾ ਜਾਵੇ। ਮਹਿਕ ਜਾਂਦਾ ਮੇਰਾ ਵਿਹੜਾ ਤੇਰੀ ਆਮਦ ਜੇ ਹੋ ਜਾਂਦੀ ਚਹਿਕ ਜਾਵੇ ਮੇਰਾ ਜੀਵਨ ਤੇਰੀ ਰਹਿਮਤ ਜੇ ਆ ਜਾਵੇ। ਛੁਪਣਗੇ ਫੁੱਲ ਭਲਾ ਕਿੱਦਾਂ ਸੁਗੰਧੀ ਫੈਲ ਜਾਂਦੀ ਹੈ ਹਵਾ ਫੁੱਲਾਂ ਦੇ ਸ਼ਹਿਰਾਂ ਦੀ ਸਹੀ ਪਹਿਚਾਣ ਪਾ ਜਾਵੇ। ਨਿਮਾਣਾ ਜੀ ਤੇਰਾ ‘ਉੱਪਲ’ ਅਜਾਈਂ ਮਾਣ ਕੀ ਕਰਨਾ ਇਹ ਜੀਵਨ ਹੀ ਭੁਲਾਵਾ ਹੈ ਕਿ ਅਗਲਾ ਦਮ ਹੀ ਨਾ ਆਵੇ।

ਖ਼ੂਬਸੂਰਤ ਲੱਗ ਰਹੀ ਹੈ ਜ਼ਿੰਦਗੀ

ਖ਼ੂਬਸੂਰਤ ਲੱਗ ਰਹੀ ਹੈ ਜ਼ਿੰਦਗੀ ਜਦ ਦੀ ਤੇਰੀ ਹੋ ਗਈ ਹੈ ਜ਼ਿੰਦਗੀ । ਖੁਸ਼ਨੁਮਾ ਹਾਲਾਤ ਨੇ ਕੁਛ ਇਸ ਤਰ੍ਹਾਂ ਮੁਸਕਰਾ ਕੇ ਲੰਘ ਰਹੀ ਹੈ ਜ਼ਿੰਦਗੀ । ਸਾਦਗੀ ਲਭਦੀ ਨਹੀਂ ਹੁਣ ਦੋਸਤੋ ਕਾਗ਼ਜੀ ਫੁੱਲਾਂ ਜਿਹੀ ਹੈ ਜ਼ਿੰਦਗੀ। ਬੇਵਫ਼ਾਈ ਹੈ ਕਿਤੇ ਨੇ ਸਾਜਿਸ਼ਾਂ ਰਿਸ਼ਤਿਂਆਂ ਨੂੰ ਛੱਲ ਰਹੀ ਹੈ ਜ਼ਿੰਦਗੀ। ਸਿਰ ਤਲੀ ਤੇ ਧਰ ਕੇ ਆਪਾ ਵਾਰਨਾ ਦੇਸ਼ ਦੀ ਰੱਖਿਆ ਲਈ ਹੈ ਜ਼ਿੰਦਗੀ। ਭੌਰਿਆਂ ਨੇ ਚੂਸਿਆ ਹਰ ਫੁੱਲ ਸਦਾ ਵਾਸ਼ਨਾ ਹੀ ਬਣ ਗਈ ਹੈ ਜ਼ਿੰਦਗੀ। ਹੁਸਨ ਉਸਦਾ ਵੇਖ ਮੈਂ ਹੈਰਾਨ ਹਾਂ ਰਹਿਮਤਾਂ ਬਰਸਾ ਰਹੀ ਹੈ ਜ਼ਿੰਦਗੀ। ਜੀਣ ਦਾ ਵਲ ਹਰ ਕਿਸੇ ਦੇ ਵਸ ਨਹੀਂ ਇਕ ਬੁਝਾਰਤ ਬਣ ਗਈ ਹੈ ਜ਼ਿੰਦਗੀ। ਯਾਰ ‘ਉੱਪਲ’ ਜਿੰਦਗੀ ਜੀ ਭਰ ਮਨਾ ਬੇਵਫ਼ਾ ਮਾਸ਼ੂਕ ਜਿਹੀ ਹੈ ਜ਼ਿੰਦਗੀ।

ਤੂੰ ਤਾਂ ਪਹਿਲਾ ਪਿਆਰ ਹੈਂ ਤੈਨੂੰ

ਤੂੰ ਤਾਂ ਪਹਿਲਾ ਪਿਆਰ ਹੈਂ ਤੈਨੂੰ ਭੁਲਾਵਾਂ ਕਿਸ ਤਰ੍ਹਾਂ ਤੂੰ ਹੀ ਦੱਸ ਮੈਂ ਸ਼ਹਿਰ ਤੇਰਾ ਛੋੜ ਜਾਵਾਂ ਕਿਸ ਤਰ੍ਹਾਂ। ਤੂੰ ਤਾਂ ਅਪਣਾ ਹੋ ਕੇ ਵੀ ਯਾਰਾ ਸਤਾਇਆ ਉਮਰ ਭਰ ਫਿਰ ਵੀ ਦਿਲ ਵਿਚ ਤੂੰ ਵਸੇਂ ਤੈਨੂੰ ਵਖਾਵਾਂ ਕਿਸ ਤਰ੍ਹਾਂ। ਹੈ ਲਕੀਰਾਂ ਹੱਥ ਦੀਆਂ ਤੇ ਉਕਰਿਆ ਜੋ ਦਿਲਬਰਾ ਨਾਮ ਤੇਰੇ ਨੂੰ ਮੈਂ ਲੇਖਾਂ ’ਚੋਂ ਮਿਟਾਵਾਂ ਕਿਸ ਤਰ੍ਹਾਂ। ਸੌਣ ਦੀ ਰੁੱਤੇ ਤੇਰੀ ਯਾਦਾਂ ਦੀ ਛਹਿਬਰ ਲੱਗ ਗਈ ਦਿਲ ਕਰੇ ਤੂੰ ਕੋਲ ਹੋਵੇਂ ਪਰ ਬੁਲਾਵਾਂ ਕਿਸ ਤਰ੍ਹਾਂ। ਫ਼ਾਸਲੇ ਹੀ ਫ਼ਾਸਲੇ ਨੇ ਦੂਰੀਆਂ ਹੀ ਦੂਰੀਆਂ ਧਰਤ ਤੇ ਆਕਾਸ਼ ਨੂੰ ਯਾਰੋ ਮਿਲਾਵਾਂ ਕਿਸ ਤਰ੍ਹਾਂ। ਮਾਰਿਆ ਪਰਵਾਨਿਆਂ ਨੂੰ ਕਿਉਂ ਸ਼ਮਾ ਨੇ ਸਾੜ ਕੇ ਸੜ ਮਰੀ ਪਰ ਆਪ ਵੀ ਇਹ ਜਾਣ ਪਾਵਾਂ ਕਿਸ ਤਰ੍ਹਾਂ। ਰੂਪ ਸੁਹਣਾ ਵੇਖ ਤੇਰਾ ਪਾਪ ਦਸ ਕੀ ਹੋ ਗਿਆ ਪਿਆਰ ਹੀ ਜਦ ਹੋ ਗਿਆ ਤਾਂ ਮੈਂ ਛੁਪਾਵਾਂ ਕਿਸ ਤਰ੍ਹਾਂ। ਪਿਆਰ ‘ਉੱਪਲ’ ਰੱਬ ਦੀ ਪੂਜਾ ਪਿਆਰ ਹੀ ਹੈ ਬੰਦਗੀ ਛੋੜ ਕੇ ਦਰ ਯਾਰ ਦਾ ਦਰ ਹੋਰ ਜਾਵਾਂ ਕਿਸ ਤਰ੍ਹਾਂ।

ਪਹਾੜਾਂ ਨੂੰ ਤਰਾਸ਼ੇ ਇਹ

ਪਹਾੜਾਂ ਨੂੰ ਤਰਾਸ਼ੇ ਇਹ ਟੋਏ ਮੈਦਾਨ ਕਰ ਜਾਵੇ ਰਵਾਂ ਪਾਣੀ ਦਵੇ ਜੀਵਨ ਕਦੇ ਨੁਕਸਾਨ ਕਰ ਜਾਵੇ। ਜੁੜੇ ਸਾਂ ਧਰਤ ਮਾਤਾ ਨਾਲ ਪੈਦਲ ਸਾਂ ਜਦੋਂ ਚਲਦੇ ਇਹ ਰਫ਼ਤਾਰ ਹੀ ਨਾ ਸਾਂਝ ਨੂੰ ਕੁਰਬਾਨ ਕਰ ਜਾਵੇ। ਭਸਮ ਹੋਏ ਬਿਰਖ ਬੂਟੇ ਲੱਗੀ ਹੈ ਅੱਗ ਹਰ ਪਾਸੇ ਬਚੇ ਇਕ ਬੂਟ ਦੀ ਹਰਿਆਵਲੀ ਹੈਰਾਨ ਕਰ ਜਾਵੇ। ਬਲੀ ਤੇਰੀ ਹੀ ਲੱਗੂਗੀ ਗ਼ੁਲਾਮੀ ਹੈ ਤੇਰੇ ਹਿੱਸੇ ਸਿਆਸੀ ਬੈਲ ਤੇਰਾ ਖੇਤ ਨਾ ਵੀਰਾਨ ਕਰ ਜਾਵੇ। ਮੁਹੱਬਤ ਹੈ ਨਿਰਾਲੀ ਇੱਕ ਕਹਾਣੀ ਬਿਰਹੜੀ ਯਾਰਾ ਛਿੜੇ ਤਾਂ ਦਿਲ ਹੀ ‘ਉੱਪਲ’ ਦਾ ਲਹੂ ਲੂਹਾਣ ਕਰ ਜਾਵੇ।

ਬਸੰਤੀ ਰੁੱਤ ਸਦੀਵੀ ਨਾ ਖ਼ਿਜ਼ਾਂ

ਬਸੰਤੀ ਰੁੱਤ ਸਦੀਵੀ ਨਾ ਖ਼ਿਜ਼ਾਂ ਹਰ ਹਾਲ ਆਉਣਾ ਹੈ ਬੁਰੇ ਵਕਤਾਂ ਨੂੰ ਪਿੰਡੇ ਤੇ ਦਰਖ਼ਤਾਂ ਨੇ ਹੰਢਾਉਣਾ ਹੈ। ਫ਼ਿਜ਼ਾ ਰੰਗੀਨ ਜੋਬਨ ਰੁੱਤ ਤੇ ਮਾਪੇ ਥਿਰ ਨਹੀਂ ਹੁੰਦੇ ਇਹ ਨਦੀਆਂ ਸਾਰੀਆਂ ਆਖ਼ਰ ਸਮੁੰਦਰ ਵਿਚ ਸਮਾਉਣਾ ਹੈ। ਕਿਤੇ ਆਦਤ ਨਾ ਬਣ ਜਾਵੇ ਤੁਹਾਡੀ ਬੇਰੁਖੀ ਦਿਲਬਰ ਰਜ਼ਾ ਵਿਚ ਰਹਿ ਕੇ ਮੌਲਾ ਦੀ ਤੁਸਾਂ ਹੱਸਣਾ ਹਸਾਉਣਾ ਹੈ। ਕਦੇ ਜਾਤਾਂ ਕਦੇ ਧਰਮਾਂ ਹੀ ਸਾਡੇ ਸਿਰ ਬਦਲ ਦਿੱਤੇ ਕਦੋਂ ਇਸ ਨਫ਼ਰਤਾਂ ਦੇ ਰੋਗ ਨੂੰ ਜੜ੍ਹ ਤੋਂ ਮੁਕਾਉਣਾ ਹੈ। ਬਿਮਾਰੀ ਫੈਲ ਜਾਣੀ ਨਫ਼ਰਤਾਂ ਦੀ ਇੱਕ ਹੋ ਜਾਵੋ ਜਿਗ਼ਰ ਅਪਣੇ ’ਚ ਖੰਜਰ ਆਪ ਹੀ ਕਿੱਦਾਂ ਖੁਬਾਉਣਾ ਹੈ। ਨਿਛਾਵਰ ਜ਼ਿੰਦਗੀ ਕਰਦੇ ਮੁਹੱਬਤ ਰਾਸ ਜੇ ਆਉਂਦੀ ਵਿਛੜਦੇ ਤਰਸਦੇ ਪਾਣੀ ਜ਼ਮੀ ਵਿੱਚ ਹੀ ਸਮਾਉਣਾ ਹੈ। ਕਲੀਆਂ ਦੇ ਦੁਆਲੇ ਤਿਤਲੀਆਂ ਨੇ ਰੰਗ ਛਿੜਕੇ ਨੇ ਇਸੇ ਕਰਕੇ ਤਾਂ ਏਥੇ ਭੰਵਰਿਆਂ ਦਾ ਜਾਣਾ ਆਉਣਾ ਹੈ। ਨਿਰਾਸਾ ਹੀ ਰਿਹਾ ‘ਉੱਪਲ’ ਤੇਰੇ ਲਾਰੇ ਰਹੇ ਲਾਰੇ ਮਲਾਹ ਦੀ ਨੀਤ ਖੋਟੀ ਹੈ ਤਾਂ ਮੁਸ਼ਕਿਲ ਪਾਰ ਪਾਉਣਾ ਹੈ।

ਝੱਖੜ ਝੁੱਲਣ ਖੜਕਣ ਰਾਤਾਂ

ਝੱਖੜ ਝੁੱਲਣ ਖੜਕਣ ਰਾਤਾਂ ਵੱਢ ਵੱਢ ਖਾਵਣ ਝਟਕਣ ਰਾਤਾਂ। ਦਿਲ ਦਾ ਰੋਗ ਅਵੱਲਾ ਲੱਗਾ ਰੱਤ ਚੂਸਣ ਜਿੰਦ ਪਟਕਣ ਰਾਤਾਂ। ਪੁਰਵਾਈ ਨਾ ਸੁਖ ਸੰਦੇਸ਼ੇ ਕਿਸ ਢੰਗ ਬੀਤਣ ਰੜਕਣ ਰਾਤਾਂ। ਨੈਣ ਮਿਲਾ ਉਸ ਜਦ ਦਾ ਤੱਕਿਆ ਦਿਲ ਨਾ ਧੜਕੇ ਧੜਕਣ ਰਾਤਾਂ। ਸੱਖਣੇ ਬੂਟੇ ਪੀਲੇ ਪੱਤੇ ਢਹਿੰਦੇ ਖੜਖੜ ਖੜਕਣ ਰਾਤਾਂ। ਦਿਲ ਮਰਜਾਣਾ ਬੇਪਰ ਪੰਛੀ ਫੜਫੜ ਫੜਕੇ ਫੜਕਣ ਰਾਤਾਂ। ਚਿਹਰੇ ਦੀ ਲਿਟ ਰਿਣ ਉਮਰਾਂ ਦਾ ਤਲਵਾਰਾਂ ਬਣ ਲਟਕਣ ਰਾਤਾਂ। ਦੂਰ ਉਡਾਰੀ ਸੀ ਅੰਬਰਾਂ ਤੱਕ ਸੱਪਾਂ ਵਾਂਗਣ ਸੁਰਕਣ ਰਾਤਾਂ। ਕਾਲ਼ੀ ਬੋਲ਼ੀ ਘੁੱਪ ਹਨੇਰੀ ਰਾਤੇ! ਦਿਲ ਨੂੰ ਰੜਕਣ ਰਾਤਾਂ। ਸਿੱਕ ‘ਉੱਪਲ’ ਜੇ ਸੂਫ਼ੀ ਹੋਵੇ ਰੱਤੀ ਭਰ ਨਾ ਅੜਕਣ ਰਾਤਾਂ।

ਘਰ ਮੇਰੇ ਆ ਕੇ ਬੜਾ ਹੀ ਰੋ ਗਿਆ ਉਹ

ਘਰ ਮੇਰੇ ਆ ਕੇ ਬੜਾ ਹੀ ਰੋ ਗਿਆ ਉਹ ਦਾਗ਼ ਦਿਲ ਦੇ ਕੋਲ ਬਹਿ ਕੇ ਧੋ ਗਿਆ ਉਹ। ਰੋ ਪਿਆ ਜਦ ਗੀਤ ਮੈਂ ਬਿਰਹਾ ਦਾ ਗਾਇਆ ਰਾਗ ਸੁਣ ਬੈਰਾਗ਼ ਦੇ ਵਿੱਚ ਖੋਹ ਗਿਆ ਉਹ। ਪਿਆਰ ਦਾ ਪੌਦਾ, ਤਾਂ ਬਾਗੀਂ ਖਿੜ ਪਿਆ ਸੀ ਫਿਰ ਨਾ ਜਾਣੇ ਕਿਉਂ ਬਟੇਰਾ ਹੋ ਗਿਆ ਉਹ। ਮੌਸਮੇ ਬਰਸਾਤ ਵਿੱਚ, ਹਸਦਾ ਤੇ ਗਾਉਂਦਾ ਰੁਣਝੁਣੇ ਮੋਰਾਂ ਤਰ੍ਹਾਂ ਅੱਜ ਮੋਹ ਗਿਆ ਉਹ। ਜ਼ੁਲਮ, ਗੁਰਬਤ ਤੇ ਬਿਮਾਰੀ ਸੀ ਚੁਫ਼ੇਰੇ ਇਕ ਮਸੀਹਾ ਬਣ ਕੇ ਦੁਖੜੇ ਧੋ ਗਿਆ ਉਹ। ਰੁੱਤ ਫਿਜ਼ਾ, ਫੁੱਲ, ਘਰ, ਜ਼ਮੀ, ਸਭ ਛੱਡ ਨਜ਼ਾਰੇ ਬਾਦਸ਼ਾਹ ਸੀ ਬੇਪਨਾਹ ਅੱਜ ਹੋ ਗਿਆ ਉਹ। ਧੂੜ, ਮਿੱਟੀ, ਤੇ ਸੱਨਾਟਾ, ਸੀ ਸ਼ਹਿਰ ਵਿੱਚ ਬੌਖਲਾ ਕੇ ਦਿਨ ਦਿਹਾੜੇ ਸੋ ਗਿਆ ਉਹ। ਖਿੜ ਗਏ ਨੇ ਫੁੱਲ, ਫ਼ਿਜ਼ਾ ਹੈ ਗੁਲਸਿਤਾਂ ਵਿੱਚ ਬਣਕੇ ਭੰਵਰਾ, ਹਰ ਕਲੀ ਨੂੰ, ਛੋਹ ਗਿਆ ਉਹ। ਨਫ਼ਰਤਾਂ ਦੇ ਕੱਢ ਹਨੇਰੇ ਯਾਰ ‘ਉੱਪਲ’ ਦੇ ਮੁਹੱਬਤਾਂ ਦੀ ਸਦੀਵੀ ਲੋਅ ਗਿਆ ਉਹ।

ਰੋਸ਼ਨੀ ਦੀ ਲਾਟ ਕਿੱਧਰੋਂ ਆ ਰਹੀ ਹੈ

ਰੋਸ਼ਨੀ ਦੀ ਲਾਟ ਕਿੱਧਰੋਂ ਆ ਰਹੀ ਹੈ ਜੁਗਨੂੰਆਂ ਦੀ ਡਾਰ ’ਨੇਰੇ ਖਾ ਰਹੀ ਹੈ। ਟੁਰ ਪਿਆਂ ਬੇਖ਼ੌਫ ਬਿਖੜੇ ਪੈਂਡਿਆਂ ਤੇ ਰਹਿਮਤਾਂ ਦੀ ਲੋਅ ਰਾਹ ਦਿਖਲਾ ਰਹੀ ਹੈ। ਕੀ ਸਿਕੰਦਰ ਲੈ ਗਿਆ ਸੀ ਇਸ ਜਹਾਂ ਤੋਂ? ਜੀਣ ਦੀ ਪਰ ਜਾਚ ਉਸ ਤੋਂ ਆ ਰਹੀ ਹੈ। ਨਾ ਨਿਭਾ ਸਕਿਆ ਮੁਹੱਬਤ ਮੈਂ ਕਦੇ ਵੀ ਪਰ ਵਫ਼ਾ ਦੀ ਮਹਿਕ ਮੈਥੋਂ ਆ ਰਹੀ ਹੈ। ਸੂਰਤਾਂ ਸੰਵਾਰ ਭੋਗੀ ਜ਼ਿੰਦਗੀ ਪਰ ਸੀਰਤਾਂ ਚੋਂ ਅੱਜ ਵੀ ਬਦਬੂ ਆ ਰਹੀ ਹੈ। ਕੀ ਤੂੰ ਸਿੱਖਿਆ ਮੰਦਿਰਾਂ ਤੇ ਮਸਜਿਦਾਂ ’ਚੋਂ? ਨਫ਼ਰਤਾਂ ਦੀ ਬੂ ਤਾਂ ਤੈਥੋਂ ਆ ਰਹੀ ਹੈ। ਡੋਬਿਆ ਹੈ ਬਸਤੀਆਂ ਨੂੰ ਪਾਣੀਆਂ ਨੇ ਜ਼ਿੰਦਗੀ ਹੀ ਜ਼ਿੰਦਗੀ ਨੂੰ ਖਾ ਰਹੀ ਹੈ। ਉਡ ਗਈ ਇਨਸਾਨੀਅਤ ਦੀ ਰੂਹ ਵੇਖੋ ਵਾਸ਼ਨਾ ਹੀ ਰਿਸ਼ਤਿਆਂ ਨੂੰ ਖਾ ਰਹੀ ਹੈ। ਮੁਸਕਰਾਉਂਦੇ ਵੇਖ ‘ਉੱਪਲ’ ਫੁੱਲ ਬਾਗੀਂ ਦਿਲਬਰਾ ਫਿਰ ਯਾਦ ਤੇਰੀ ਆ ਰਹੀ ਹੈ।

ਹੋ ਗਿਆ ਜੋ ਹੋ ਗਿਆ ਸੋ ਹੋਣ ਦੇ

ਹੋ ਗਿਆ ਜੋ ਹੋ ਗਿਆ ਸੋ ਹੋਣ ਦੇ ਆ ਹਸਾ ਸਭ ਨੂੰ ਕਿਸੇ ਨਾ ਰੋਣ ਦੇ। ਚਹਿਕਦੇ ਬੱਚੇ ਨੇ ਰੱਬ ਦਾ ਰੂਪ ਹੀ ਨਾ ਜਗਾ ਸੁੱਤੇ ਨਿਆਣੇ ਸੋਣ ਦੇ। ਮੈਲ ਜੰਮੀ ਜੋ ਦਿਲਾਂ ਵਿੱਚ ਸਾਫ਼ ਕਰ ਛਲਕਦੇ ਨੈਣਾਂ ਨੂੰ ਦੁਖੜੇ ਧੋਣ ਦੇ। ਪਾਪ ਕਰ ਕੇ ਤੀਰਥਾਂ ਨੂੰ ਟੁਰ ਪਿਉਂ ਮੈਲ ਦਾ ਪੱਲੂ ਨਾ ਧੁੱਲੇ ਧੋਣ ਦੇ। ਮਰ ਗਿਆ ਬਾਪੂ ਵਿਚਾਰਾ ਤਰਸਦਾ ਕਾਕਿਆਂ ਨੂੰ ਮਾਲ ਡੰਗਰ ਚੋਣ ਦੇ। ਵੇਖ ਬਚਪਨ ਔਖ ਵਿਚ ਮੈਂ ਰੋ ਪਿਆ! ਕਰ ਕਮਾਈਆਂ ਬਸਤਿਆਂ ਨੂੰ ਢੋਣ ਦੇ। ਬੇਸੁਰੇ ਸਭ ਸਾਜ਼ ਨੇ ਬਸ ਸ਼ੋਰ ਹੈ ਆਗੂਆਂ ਦੀ ਕਾਵਾਂਰੌਲੀ ਹੋਣ ਦੇ। ਜ਼ਿੰਦਗੀ ਜ਼ਿੰਦਾ ਦਿਲੀ ‘ਉੱਪਲ’ ਕਹੇ ਮੁਸਕਰਾਉਣਾ ਭੁੱਲ ਭੁਲਾ ਦਿਨ ਰੋਣ ਦੇ।

ਕਿਸ ਨੇ ਰਾਗ ਅਲਾਇਆ

ਕਿਸ ਨੇ ਰਾਗ ਅਲਾਇਆ, ਸਾਡੇ ਚੰਨ ਚੜ੍ਹਿਆ ਕੌਣ ਮੇਰੇ ਘਰ ਆਇਆ ਸਾਡੇ ਚੰਨ ਚੜ੍ਹਿਆ। ਕਾਲ਼ੀ ਬੋਲ਼ੀ ਰਾਤੇ ਨੀਂਦ ਨਾ ਆਉਂਦੀ ਸੀ ਮਹਿਰਮ ਆਣ ਸੁਆਇਆ ਸਾਡੇ ਚੰਨ ਚੜ੍ਹਿਆ। ਤਾਹਨੇ ਮਿਹਣੇ ਸੁਣ ਲੋਕਾਂ ਦੇ ਹਾਰੀ ਸਾਂ ਚੰਨ ਪ੍ਰਦੇਸੋਂ ਆਇਆ ਸਾਡੇ ਚੰਨ ਚੜ੍ਹਿਆ। ਕੀ ਹੋਇਆ ਜੇ ਸਾਡੇ ਫੁੱਲ ਹੁਣ ਖਿੜਦੇ ਨਾ ਸੂਲਾਂ ਦਾ ਸਰਮਾਇਆ ਸਾਡੇ ਚੰਨ ਚੜ੍ਹਿਆ। ਵਿਹੜੇ ਆਏ ਹਾਸੇ ਅੱਜ ਮਹਿਮਾਨ ਮੇਰੇ ਪਲਕਾਂ ਸੇਜ ਬਿਠਾਇਆ ਸਾਡੇ ਚੰਨ ਚੜ੍ਹਿਆ। ਮਹਿਕਾਂ ਕਿਧਰੋਂ ਆਵਣ ਵੇਖਾਂ ਬੂਹੇ ਵੱਲ ਯਾਰ ਮੇਰਾ ਘਰ ਆਇਆ ਸਾਡੇ ਚੰਨ ਚੜ੍ਹਿਆ। ਵਰ੍ਹਿਆਂ ਤੋਂ ਜਿਸ ਦੇ ਆਵਣ ਦੀ ਖਾਹਿਸ਼ ਸੀ ਅੱਜ ਮਾਹੀ ਘਰ ਆਇਆ ਸਾਡੇ ਚੰਨ ਚੜ੍ਹਿਆ। ਬੰਜਰ ਹੋਇਆ ਰਿਮਝਿਮ ਸਾਵਣ ਰੁੱਤ ਆਈ ਮੋਰੀਂ ਰੁਣਝੁਣ ਲਾਇਆ ਸਾਡੇ ਚੰਨ ਚੜ੍ਹਿਆ। ਥਾਲ ਸੋਨੇ ਦੇ ਕਣਕਾਂ ਵਿਛੀਆਂ ਹਰ ਪਾਸੇ ਵੈਸਾਖੀ ਦਿਨ ਆਇਆ ਸਾਡੇ ਚੰਨ ਚੜ੍ਹਿਆ। ਉਮਰ ਹੰਢਾ ਬਾਬੇ ਜਾ ਕਬਰੀਂ ਸੁੱਤੇ ਨੇ ਫਿਰ ਜੋਬਨ ਮੁਸਕਾਇਆ ਸਾਡੇ ਚੰਨ ਚੜ੍ਹਿਆ। ‘ਉੱਪਲ ਜੀ’ ਜਗ ਜੀਵਦਿਆਂ ਦੇ ਮੇਲੇ ਵਿੱਚ ਕੁੜੀਆਂ ਗਿੱਧਾ ਪਾਇਆ ਸਾਡੇ ਚੰਨ ਚੜ੍ਹਿਆ।

ਮੈਂ ਹਵਾ ਹਾਂ ਮੈਂ ਤੇਰਾ ਪਤਾ ਹਾਂ

ਮੈਂ ਹਵਾ ਹਾਂ ਮੈਂ ਤੇਰਾ ਪਤਾ ਹਾਂ ਆਪਣਾ ਘਰ ਹੀ ਮਗ਼ਰ ਭੁੱਲ ਗਿਆ ਹਾਂ। ਸੋਚ ਤੇਰੀ ’ਚ ਕਿਉਂ ਬੇਵਫਾ ਹਾਂ ਮੈਂ ਤੇਰਾ ਹਾਂ ਤੇਰਾ ਹਾਂ ਤੇਰਾ ਹਾਂ। ਆਸਥਾ ਵਿੱਚ ਮੈਂ ਪੂਰਾ ਮਿਲਾਂਗਾ ਆਸਥਾ ਬਿਨ ਅਧੂਰਾ ਜਿਹਾ ਹਾਂ। ਰਹਿਣ ਦੇ ਚੁੱਪ ਚੁਪੀਤਾ ਹੀ ਮੈਨੂੰ ਮੈਂ ਕਹਾਣੀ ਹਾਂ ਲੰਬੀ ਕਥਾ ਹਾਂ। ਮੈਨੂੰ ਪੱਥਰ ਹੀ ਘੜਿਆ ਨਾ ਜਾਣੀ ਜੀਂਵਦੀ ਜਾਗਦੀ ਇੱਕ ਕਲਾ ਹਾਂ। ਲਿਸ਼ਕ ਸੋਨੇ ਦੀ ਤੇ ਹੀ ਨਾ ਜਾਵੀਂ ਤਪ ਤਪ ਕੇ ਮੈਂ ਹੋਇਆ ਖਰਾ ਹਾਂ। ਹੋ ਕੇ ਮੇਰਾ ਤੂੰ ਮੈਨੂੰ ਨਾ ਜਾਣੇ ਏਸ ਕਰਕੇ ਮੈਂ ਥੋੜਾ ਖ਼ਫ਼ਾ ਹਾਂ। ਉਮਰ ਮਿਲਦੇ ਵਿਛੜਦੇ ਗੁਜ਼ਾਰੀ ਦੋਸਤੀ ਦਾ ਅਟੁੱਟ ਸਿਲਸਿਲਾ ਹਾਂ। ਨੀਰ ਹਾਂ ਗੀਤ ਮੇਰੇ ਤੇ ਨਾ ਲਿਖ ਮਿੱਟ ਜਾਂਗਾ ਮੈਂ ਕੋਰਾ ਸਫ਼ਾ ਹਾਂ। ਧੌਂਸ ਪੈਸੇ ਦੀ ਕਿਸ ਨੂੰ ਵਖਾਵੇਂ ਮੈਂ ਸਬਰ ਹਾਂ ਗਰੀਬੀ ਗ਼ਦਾ ਹਾਂ। ਮੈਂ ਮਨੁੱਖ ਹਾਂ ਇਹ ਮੇਰੀ ਸਜ਼ਾ ਹੈ ਸਾਂਭ ਕੇ ਮੈਂ ਵੀ ਬੈਠਾ ਖ਼ੁਦਾ ਹਾਂ। ਨਾਲ ਫੁੱਲਾਂ ਦੇ ਰਹਿੰਦਾ ਹਾਂ ‘ਉੱਪਲ’ ਕਿਉਂ ਭਲਾ! ਫਿਰ ਵੀ ਕੰਡੇ ਜੇਹਾ ਹਾਂ।

ਜੇ ਕੋਈ ਹੈ ਹੁਸਨ ਨੂੰ ਅਪਣਾ ਗਿਆ

ਜੇ ਕੋਈ ਹੈ ਹੁਸਨ ਨੂੰ ਅਪਣਾ ਗਿਆ ਆਪਣੀ ਪਹਿਚਾਨ ਨੂੰ ਖ਼ੁਦ ਖਾ ਗਿਆ। ਰੁਲ ਗਿਆ ਉਹ ਪਤਝੜੀ ਪੱਤਿਆਂ ਤਰ੍ਹਾਂ ਜੋ ਸਿਕੰਦਰ ਵਾਂਗਰਾਂ ਸੀ ਛਾ ਗਿਆ। ਜ਼ਿੰਦਗੀ ਭਰ ਉਹ ਉਡਾਰੂ ਬਾਜ਼ ਸੀ ਆਪਣੇ ਪਰ ਆਪ ਹੀ ਕਟਵਾ ਗਿਆ। ਲੈ ਇਲਾਹੀ ਨੂਰ ਆਇਆ ਆਦਮੀ ਧਾਰਮਿਕ ਗੁੰਜਲਾਂ ਦੇ ਵਿੱਚ ਭਰਮਾ ਗਿਆ। ਕੌਲ ’ਕੱਠਿਆਂ ਜੀਣ ਦੇ ਕੀਤੇ ਮਗਰ ਜਦ ਬੁਲਾਇਆ ਔਖ ਵਿੱਚ ਟਰਕਾ ਗਿਆ। ਦੂਰ ਮੰਜ਼ਿਲ ਰਾਹ ਸੀ ਮੁਸ਼ਕਿਲ ਬੜੀ ਪਰਤਿਆ ਤਾਂ ਸੌਖਿਆਂ ਘਰ ਆ ਗਿਆ। ਚਾਨਣਾ ਹੀ ਚਾਨਣਾ ਹੈ ਘਰ ਮੇਰੇ ਕੌਣ ਆ ਬੂਹਾ ਮੇਰਾ ਖੜਕਾ ਗਿਆ। ਕਈ ਵਰ੍ਹੇ ਹੋ ਗਏ ਨੇ ਜਿਸ ਨੂੰ ਵੇਖਿਆਂ ਅੱਜ ਖ਼ਾਬਾਂ ਵਿੱਚ ਉਹ ਮੇਰੇ ਆ ਗਿਆ। ਪਿਰਹੜੀ ‘ਉੱਪਲ’ ਨਿਭਾਈ ਖੂਬ ਉਸ ! ਕਾਗ਼ਜ਼ੀ ਫੁੱਲਾਂ ਦੇ ਮੇਲੇ ਲਾ ਗਿਆ।

ਫੁੱਲਾਂ ਵਾਂਗੂੰ ਖਿਲਣੇ ਨੂੰ ਜੀ ਕਰਦਾ ਹੈ

ਫੁੱਲਾਂ ਵਾਂਗੂੰ ਖਿਲਣੇ ਨੂੰ ਜੀ ਕਰਦਾ ਹੈ ਯਾਰਾਂ ਨੂੰ ਫਿਰ ਮਿਲਣੇ ਨੂੰ ਜੀ ਕਰਦਾ ਹੈ। ਵੇਖ ਬੁਰਸ਼ ਨੂੰ ਰੰਗ ਛਿੜਕਦਾ ਕਾਗ਼ਜ਼ ਤੇ ਕਲਮਾਂ ਲੈ ਕੁੱਝ ਲਿਖਣੇ ਨੂੰ ਜੀ ਕਰਦਾ ਹੈ। ਸੀਨੇ ਮੱਚਦੀ ਅੱਗ ਹਿਜਰ ਦੀ ਠਾਰਨ ਲਈ ਉਸ ਦੀ ਖ਼ਾਤਿਰ ਵਿਕਣੇ ਨੂੰ ਜੀ ਕਰਦਾ ਹੈ। ਆਪਣੀ ਥਾਵੇਂ ਹੋਵੇਗਾ ਉਹ ਨਾਢੂ ਖ਼ਾਨ ਮੇਰਾ ਵੀ ਕੁੱਝ ਕਹਿਣੇ ਨੂੰ ਜੀ ਕਰਦਾ ਹੈ। ਰਫ਼ਤਾਰਾਂ ਹੈ ਪੱਟਿਆ ਪੈਦਲ ਤੁਰਨਾ ਮੈਂ ਬੱਚੇ ਵਾਂਗਰ ਰਿੜਣੇ ਨੂੰ ਜੀ ਕਰਦਾ ਹੈ। ਹਰ ਮੌਕੇ ਹਰ ਥਾਵੇਂ ਹੋਵਾਂ ਮੁਮਕਿਨ ਨੲ੍ਹੀਂ ਤੇਰੀ ਅੱਖ ਵਿੱਚ ਟਿਕਣੇ ਨੂੰ ਜੀ ਕਰਦਾ ਹੈ। ਆਣ ਅਚਿੰਤ ਝਪਟਦੇ ਸ਼ਿਖਰੇ ਬਾਜਾਂ ਵਾਂਗ ਵੈਰੀ ਦੀ ਅੱਖ ਵਿੰਨਣੇ ਨੂੰ ਜੀ ਕਰਦਾ ਹੈ। ਤੇਰੇ ਬਾਝੋਂ ਜਿੱਤਣਾ ਹਾਰੋਂ ਬੱਤਰ ਹੈ ਦਿਲਬਰ ਤੈਥੋਂ ਪਿੱਧਣੇ ਨੂੰ ਜੀ ਕਰਦਾ ਹੈ। ਮਿੱਟੀ ਹੋ ਕੇ ਮਿਟਣਾ ਤੇ ਫਿਰ ਖਿੜ ਉਠਣਾ ਮੇਰਾ ਮਿੱਟੀ ਮਿਲਣੇ ਨੂੰ ਜੀ ਕਰਦਾ ਹੈ। ਕਾਵਿ-ਉਡਾਰ ਦੇ ਖੰਭ ਖਰੋਚਣ ਇਹ ਬਹਿਰਾਂ ਖੁੱਲ੍ਹੀ ਕਵਿਤਾ ਲਿਖਣੇ ਨੂੰ ਜੀ ਕਰਦਾ ਹੈ। ਗੂੰਜਾਂ ਅਨਹਦ ਨਾਦ ਤਰ੍ਹਾਂ ਤੇਰੇ ਅੰਦਰ ਤਰਬਾਂ ਵਾਂਗਰ ਛਿੜਣੇ ਨੂੰ ਜੀ ਕਰਦਾ ਹੈ। ਉੱਚਿਆਂ ਉੱਚਿਆਂ ਉਡਣਾ ਤੇ ਡੂੰਘੇ ਤਰਨਾ ‘ਉੱਪਲ’ ਸੱਭ ਕੁੱਝ ਸਿਖਣੇ ਨੂੰ ਜੀ ਕਰਦਾ ਹੈ।

ਰਕਤ ਵਿੱਚ ਲਾਲਗੀ ਬੜੀ ਹੈ ਅਜੇ

ਰਕਤ ਵਿੱਚ ਲਾਲਗੀ ਬੜੀ ਹੈ ਅਜੇ ਜ਼ੋਰ ਅਜਮਾਉਣ ਦੀ ਅੜੀ ਹੈ ਅਜੇ। ਛੋੜ ਕੇ ਸ਼ਹਿਰ ਉਹ ਕਦੋਂ ਦੀ ਗਈ ਉਹ ਤਾਂ ਹਰ ਮੋੜ ਤੇ ਖੜੀ ਹੈ ਅਜੇ। ਮਰਨ ਦੀ ਬਾਤ ਕਾਹਨੂੰ ਪਾਈ ਭਲਾ ਜ਼ਿੰਦਗੀ ਸਾਹਮਣੇ ਖੜੀ ਹੈ ਅਜੇ। ਆਦਮੀ ਇੱਕ ਦਮੀ ਸੱਚ ਹੈ ਮਗ਼ਰ ਜੀਣ ਦੀ ਲਾਲਸਾ ਬੜੀ ਹੈ ਅਜੇ। ਚੰਦਰੀ ਹਵਾ ਉਡਾ ਨਾ ਦੇਵੇ ਕਿਤੇ ਗੁੱਡੀ ਓਸ ਦੀ ਮਸਾਂ ਚੜ੍ਹੀ ਹੈ ਅਜੇ। ਜ਼ਿੰਦਗੀ ਜੀਣ ਦੀ ਤਲਬ ਹੀ ਨਹੀਂ ਉਸ ਤੇ ਮਰ ਜਾਣ ਦੀ ਘੜੀ ਹੈ ਅਜੇ। ਮਹਿਕ ਫੁੱਲਾਂ ਦੀ ਛੂਹ ਜਾਵੇ ਇਵੇਂ ਕੋਲ ਹੀ ਉਹ ਜਿਵੇਂ ਖੜੀ ਹੈ ਅਜੇ। ਮੁਫ਼ਲਿਸੀ ਆਪਣੀ ਬਚੇਗੀ ਕਿਵੇਂ ਸੌਣ ਰੁੱਤ ਦੀ ਲਗੀ ਝੜੀ ਹੈ ਅਜੇ। ਛੋੜ ‘ਉੱਪਲ’, ਗਏ ਉਹ ਜਿਸ ਮੋੜ ਤੇ ਆਸ ਆ ਜਾਣ ਦੀ ਬੜੀ ਹੈ ਅਜੇ।

ਗਲੀਆਂ ਕੱਛਾਂ ਕੂਚੇ ਗਾਹਵਾਂ ਦਿਲਬਰ

ਗਲੀਆਂ ਕੱਛਾਂ ਕੂਚੇ ਗਾਹਵਾਂ ਦਿਲਬਰ ਤੇਰੀਆਂ ਝਾਤਾਂ ਨੂੰ ਬੈਠ ਬਨੇਰੇ ਦੀਵੇ ਬਾਲਾਂ ਚੈਨ ਦਿਨੇ ਨਾ ਰਾਤਾਂ ਨੂੰ। ਗਾਨੀ, ਛੱਲਾ, ਕੋਕੇ, ਝਾਂਜਰ ਦਿਲ ਦੇ ਬੂਹੇ ਅੰਦਰ ਨੇ ਦੱਸ ਭਲਾ ਮੈਂ ਕਿੰਝ ਛੁਪਾਵਾਂ ਹਿਜਰ ਦੀਆਂ ਸੌਗਾਤਾਂ ਨੂੰ। ਨੰਗਿਆਂ ਨਾ ਕਰ, ਭੋਂਇ ਦਬਾ ਦੇ, ਬੀ ਨੂੰ ਢੱਕ ਕੇ ਰੱਖੀਦਾ ਮਿੱਟੀ ਮਿਲ ਇਸ ਪੁੰਗਰ ਪੈਣਾ ਆਉਂਦੀਆਂ ਬਰਸਾਤਾਂ ਨੂੰ। ਕੂੰਜ ਤਰ੍ਹਾਂ ਹੋਇਆ ਪ੍ਰਦੇਸੀ ਮੁੜ ਵਤਨੀਂ ਨਾ ਆਇਆ ਉਹ ਪ੍ਰੀਤਾਂ ਦੇ ਵਣਜਾਰੇ ਤਰਸਣ ਅੱਜ ਤੱਕ ਮਿੱਠੀਆਂ ਬਾਤਾਂ ਨੂੰ। ਛੋੜ ਜੁਗਾਲੀ ਬੀਤੇ ਕਲ੍ਹ ਦੀ ਅੱਜ ਦੀ ਲੋਰੀ ਗਾਇਆ ਕਰ ਡੋਰ ਸਮੇਂ ਦੀ ਹੱਥ ਵਿੱਚ ਤੇਰੇ ਤੁਣਕੇ ਲਾ ਹਾਲਾਤਾਂ ਨੂੰ। ਪੂੰਜੀਵਾਦ ਦੇ ਮੇਲੇ ਰਮਿਆ ਰੂਹੋਂ ਭੁੱਖਾ ਸਖਣਾ ਹੈ ਪ੍ਰੀਤ ਵਿਹੂਣੇ ਖ਼ਾਕ ਮਨਾਉਣਾ ਬਾਜੇ ਬੈਂਡ ਬਾਰਾਤਾਂ ਨੂੰ। ਮੀਂਹ ਵਰ੍ਹੇ ਗ਼ਜ਼ਲਾਂ ਦਾ ਰੱਬਾ ਸੁਖ਼ਨਵਰਾਂ ਦੀ ਰੂਹ ਭਿੱਜੇ ਕਾਵਿ ਉਡਾਰੀ ਭਰਨ ਅਕਾਸ਼ੀਂ ਲੈ ਕੇ ਕਲਮ ਦਵਾਤਾਂ ਨੂੰ। ਚਮਗਿੱਦੜਾਂ ਦੀ ਬਸਤੀ ਅੰਦਰ ਉਲਟੇ ਲਟਕੇ ਰਹਿਣਾ ਹੈ ਵਹਿੰਦਾ ਜਾ ਵਹਿੰਦੇ ਦਰਿਆਵੀਂ ਛਿੱਕੇ ਟੰਗ ਜਜ਼ਬਾਤਾਂ ਨੂੰ। ਸਿੰਗੋਂ ਫੜ ਕੇ ਬੈਲ ਜੁਆਨੀ ਕੌਣ ਭਲਾ ਰੋਕੇ ‘ਉੱਪਲ’ ਕੌਣ ਛੁਪਾਵੇ ਚਿਹਰੇ ਉੱਗੇ ਧੌਲੀ ਦੇ ਨਵਜਾਤਾਂ ਨੂੰ।

ਭੀੜ ਬਣੀ ਤਾਂ ਮੂੰਹ ਛੁਪਾਈ ਬੈਠਾ ਹੈ

ਭੀੜ ਬਣੀ ਤਾਂ ਮੂੰਹ ਛੁਪਾਈ ਬੈਠਾ ਹੈ ਸਾਡੀ ਵਾਰੀ ਨੀਵੀਂ ਪਾਈ ਬੈਠਾ ਹੈ। ਵਗਦੀ ਗੰਗਾ ਨ੍ਹਾਵੇ, ਸਿਜਦੇ ਚੜ੍ਹਦੇ ਨੂੰ ਅਣਖ ਜ਼ਮੀਰਾਂ ਵੇਚ ਵਟਾਈ ਬੈਠਾ ਹੈ। ਦੁੱਧ ਵਿਹੂਣਾ ਡੰਗਰ ਕਾਸੇ ਕੰਮ ਦਾ ਨੲ੍ਹੀਂ ਪਿੰਡ ’ਚ ਫੋਕੀ ਧੌਂਸ ਜਮਾਈ ਬੈਠਾ ਹੈ। ਅੰਡੇ ਆਪਣੇ ਆਕਾ ਘਰ ਦੇ ਆਇਆ ਹੈ ਘਰ ਘਰ ਝੂਠੀ ਕੁੜਕੁੜ ਲਾਈ ਬੈਠਾ ਹੈ। ਸਾਥੋਂ ਖੱਸੀ ਦੌਲਤ ਉੱਪਰ ਵੇਖੋ, ਕਿੰਝ! ਨਾਗਾਂ ਵਾਂਗੂੰ, ਆਸਨ ਲਾਈ ਬੈਠਾ ਹੈ। ਪਥਰੀਲੇ ਬੰਜਰ ਨੂੰ, ਸਿੰਜ ਸਿੰਜ ਕੇ, ਝੱਲਾ! ਫੁੱਲਾਂ ਦੀ ਉਮੀਦ ਲਗਾਈ ਬੈਠਾ ਹੈ। ਨੀਵਾਂ ਹੋ ਕੇ ਮਿਲਦੈ, ਅਕਸਰ ਬਚ ਕਿ ਰਹੁ ਲਗਦੈ, ਅਜਕਲ੍ਹ ਘਾਤ ਲਗਾਈ ਬੈਠਾ ਹੈ। ਜਿਸ ਟੋਲੇ ਦਾ, ਕਲ੍ਹ ਤਕ ਪੱਕਾ ਦੁਸ਼ਮਨ ਸੀ ਓਸੇ ਨੂੰ ਅੱਜ, ਜੱਫੀਆਂ ਪਾਈ ਬੈਠਾ ਹੈ। ਤੇਰੇ ਹੱਥ ਵਿੱਚ, ਖਾਲੀ ਲੋਟਾ, ਕਿਉਂ, ‘ਉੱਪਲ’! ਸੋਹਣਾ ਰੱਬ ਤਾਂ, ਲੋਟੀ ਪਾਈ ਬੈਠਾ ਹੈ।

ਲਾਚਾਰਾਂ ਤੇ ਕੁੱਝ ਕੁਰਬਾਨ ਵੀ ਕਰਿਆ ਕਰ

ਲਾਚਾਰਾਂ ਤੇ ਕੁੱਝ ਕੁਰਬਾਨ ਵੀ ਕਰਿਆ ਕਰ ਖ਼ਾਲੀ ਹੱਥਾਂ ਤੇ ਦੋ ਟੁੱਕਰ ਧਰਿਆ ਕਰ। ਚਹਿਕਣ ਪੰਛੀ ਕੋਇਲ ਗਾਵੇ ਪਰਭਾਤੀਂ ਅੰਮ੍ਰਿਤ ਵੇਲੇ ਨਾਮ ਦੀ ਮਾਲਾ ਫੜਿਆ ਕਰ। ਬਾਰ ਪਰਾਏ ਜੀਣਾ ਕਾਹਦਾ ਜੀਣਾ ਹੈ ਸੱਚੀ ਸੁੱਚੀ ਕਿਰਤ ਕਮਾਈ ਕਰਿਆ ਕਰ। ਦੌਲਤ ਕਿਹੜੀ ਪਿੱਛੋਂ ਲੈ ਕੇ ਆਇਆ ਸੈਂ ਮੀਂਹ ਵਾਂਗੂੰ, ਫੈਲੇ ਹੱਥਾਂ ਤੇ ਵਰ੍ਹਿਆ ਕਰ। ਸਿਦਕ ਪਿਆਲਾ ਪੀ ਕੇ, ਆਪਣੇ ਹੱਕਾਂ ਲਈ ਵਿੱਚ ਮੈਦਾਨੇ ਜੁਗਨੂੰ ਵਾਂਗਰ ਲੜਿਆ ਕਰ। ਚਾਰ ਦੀਵਾਰੀ ਅੰਦਰ ਲੋਕਤੰਤਰ ਨਹੀਂ ਖੁੱਲਮ ਖੁੱਲਾ ਮਜ਼ਲੂਮਾਂ ਨਾਲ ਖੜਿਆ ਕਰ। ਸਾਗਰ ਤੋਂ ਵੱਧ ਬੰਦੇ ਡੋਬੇ ਦਾਰੂ ਨੇ ਹਰ ਵੇਲੇ ਨਾ ਪੀਣ ਬਹਾਨੇ ਘੜਿਆ ਕਰ। ਮਾੜੀ ਘਟਨਾ ਹੋਣੋਂ ਟਲ ਗਈ ਹੈ, ਭਲਿਆ ! ਸੱਚੇ ਰੱਬ ਦਾ ਸ਼ੁਕਰ ਮਨਾ, ਨਾ ਲੜਿਆ ਕਰ। ਛੇਕ ਬਿਨਾ ਮੋਤੀ ਰਾਹਾਂ ਦਾ ਕੰਕਰ ਹੈ ਜੁੜ ਬਹਿਣਾ ਤਾਂ ਤੀਰ ਕਲੇਜੇ ਜਰਿਆ ਕਰ। ਬਿੱਲੀ ਦੇ ਗਲ ਘੰਟੀ ਪਾਉਣ ਜੁਝਾਰੂ ਹੀ ਸਿੱਪੀਂ ਬੈਠੇ ਮੋਤੀ ਵੇਖ ਨਾ ਸੜਿਆ ਕਰ। ਬੋਟ ਪਰਿੰਦੇ ਸਾਰੇ ਖਾ ਕੇ ਸੋਂਦੇ ਨੇ ! ਪੇਟ ਭਰਨ ਦੇ ਮਨਸੂਬੇ ਨਾ ਘੜਿਆ ਕਰ। ਸਿਰਦਾਰਾਂ ਨੂੰ ਸਿਰਤਾਜਾਂ ਦੀ ਲੋੜ ਨਹੀਂ ਹੀਰੇ ਮੋਤੀ ਦਸਤਾਰੀਂ ਨਾ ਜੜਿਆ ਕਰ। ਰੰਗ ਬਰੰਗੀ ਦੁਨੀਆ ਕਿੰਨੀ ਸੁਹਣੀ ਹੈ! ਤਿਤਲੀ ਜਾਂ ਮਾਸੂਮ ਕਲੀ ਨਾ ਫੜਿਆ ਕਰ। ਛੋੜ ਜੁਗਾਲੀ ਕਲ੍ਹ ਦੀ, ਅੱਗੇ ਵੱਧ ‘ਉੱਪਲ’ ਅੱਜ ਦੀ ਗੱਡੀ ਵਿਸਲ ਵਜਾਵੇ ਫੜਿਆ ਕਰ।

ਕੰਜਰੀ ਦਾ ਮੈਂ ਭੇਸ ਵਟਾ ਕੇ

ਕੰਜਰੀ ਦਾ ਮੈਂ ਭੇਸ ਵਟਾ ਕੇ ਵੇਖ ਲਵਾਂ ਬੁੱਲ੍ਹੇ ਵਾਂਗੂੰ ਯਾਰ ਮਨਾ ਕੇ ਵੇਖ ਲਵਾਂ। ਰੱਬ ਨੇ ਮੇਰਾ ਤਰਲਾ ਤਾਂ ਸੁਣਿਆ ਹੀ ਨੲ੍ਹੀਂ ਮਾਂ ਦੇ ਪੈਰੀਂ ਹੱਥ ਲਗਾ ਕੇ ਲਵਾਂ। ਮਨ ਪ੍ਰਦੇਸੀ ਵਿੱਚ ਆਕਾਸ਼ੀਂ ਉੱਡਦਾ ਹੈ ਇਸ ਦੇ ਪੈਰੀਂ ਝਾਂਜਰ ਪਾ ਕੇ ਵੇਖ ਲਵਾਂ। ਜਿੰਦ ਜਾਨ ਹੈ ਤੇਰੀ ਅਕਸਰ ਕਹਿੰਦਾ ਸੀ ਮੌਕਾ ਹੈ! ਉਸ ਨੂੰ ਅਜ਼ਮਾ ਕੇ ਵੇਖ ਲਵਾਂ। ਗੱਲੀਂ ਬਾਤੀਂ ਸੋਨੇ ਜੇਹਾ ਲਗਦਾ ਹੈ ਅੱਜ, ਕਸਵੱਟੀ ਤੇ ਘਸਾ ਕੇ ਵੇਖ ਲਵਾਂ। ਕੰਨ ਪੜਵਾਈ ਰਾਂਝਾ ਬਣਿਆ ਫਿਰਦਾ ਹੈ ਇਸ ਤੋਂ ਮੱਝੀਆਂ ਵੀ ਚਰਵਾ ਕੇ ਵੇਖ ਲਵਾਂ। ਉਸਦੀ ਕਥਨੀ ਕਰਨੀ ਵਿੱਚ ਹੈ ਫ਼ਰਕ ਬੜਾ ਇੱਕ ਇੱਕ ਵਾਦਾ ਯਾਦ ਕਰਾ ਕੇ ਵੇਖ ਲਵਾਂ। ਲੂੰਬੜ ਚਾਲਾਂ ਚਲ ਕੇ ਰਹਿਬਰ ਬਣਿਆ ਹੈ ਝੂਠ ਦਾ ਪਰਦਾ ਮੂੰਹ ਤੋਂ ਲਾਹ ਕੇ ਵੇਖ ਲਵਾਂ। ਵੇਚ ਜ਼ਮੀਰਾਂ ਕਠ ਪੁਤਲੀ ਜਿਉਂ ਨੱਚਦਾ ਹੈ ਮਾਲ ਬਜ਼ਾਰੂ! ਬੋਲੀ ਲਾ ਕੇ ਵੇਖ ਲਵਾਂ। ‘ਉੱਪਲ’, ਦੋਸਤ ਘਾਤ ਲਗਾਈ ਬੈਠਾ ਹੈ ਸੀਨੇ ਵਿੱਚ ਖੰਜਰ ਖੁਭਵਾ ਕੇ ਵੇਖ ਲਵਾਂ।

ਇਸ ਧਰਤੀ ਤੇ ਜਿਵੇਂ ਸੀ ਆਇਆ

ਇਸ ਧਰਤੀ ਤੇ ਜਿਵੇਂ ਸੀ ਆਇਆ, ਉਵੇਂ ਨਿਭਾਉਂਦਾ ਤਾਂ ਗਲ ਬਣਦੀ ਰੱਬ ਦੀ ਮਿੱਟੀ ਤੇ ਕੋਈ ਮਿੱਟੀ, ਨਾ ਚੜ੍ਹਵਾਉਂਦਾ ਤਾਂ ਗਲ ਬਣਦੀ। ਝੀਲ ਜਿਹੀਆਂ ਮਿਰਗਨੈਣੀ ਅੱਖਾਂ, ਰੰਗ ਰੋਈਆਂ ਰੰਗ ਹੱਸੀਆਂ ਨੇ ਮੀਚ ਕੇ ਅੱਖਾਂ, ਇੱਕ ਵੀ ਤਿਤਲੀ, ਫੜ ਦਿਖਲਾਉਂਦਾ, ਤਾਂ ਗਲ ਬਣਦੀ। ਕਾਵਾਂਰੌਲੀ ਦੇ ਕਚਰੇ ਨੂੰ, ਸੁਣ ਸੁਣ ’ਕੱਠਾ ਕੀਤਾ ਊ ਅੰਦਰ ਦੇ ਰਾਂਝੇ ਦਾ ਅਨਹਦ, ਨਾਦ ਵਜਾਉਂਦਾ, ਤਾਂ ਗਲ ਬਣਦੀ। ਦੌੜ ਭੱਜ ਵਿੱਚ ਸਾਰੀ ਉਮਰੇ, ਥਾਂ ਥਾਂ ਧੱਕੇ ਖਾ ਬੈਠੋਂ ਢੋ ਕੇ ਬੂਹਾ, ਆਪਣੇ ਅੰਦਰ, ਗੇੜਾ ਲਾਉਂਦਾ, ਤਾਂ ਗਲ ਬਣਦੀ। ਬਹੁਤ ਬੋਲ ਕੇ, ਮਲਭਖ ਖਾ ਕੇ, ਆਪਣੇ ਵੈਰੀ ਕਰ ਬੈਠੋਂ ਚੁਪ ਚੁਪੀਤੇ ਅੰਦਰ ਬਹਿਕੇ ਯਾਰ ਮਨਾਉਂਦਾ, ਤਾਂ ਗਲ ਬਣਦੀ। ਆਪਣਾ ਬਿਰਖ ਬਸੰਤੀ ਮਿੱਤਰਾ, ਕਿੰਨਾ ਸੋਹਣਾ ਲਗਦਾ ਹੈ! ਰੁੰਡ ਮੁੰਡ ਹੋਏ ਬੂਟੇ ਤਾਈਂ ਜਾ ਮਹਿਕਾਉਂਦਾ, ਤਾਂ ਗਲ ਬਣਦੀ। ਤੂੰ ਕੀ ਸੋਚੇਂ, ਉਹ ਕੀ ਸੋਚੂ, ਮੈਂ ਕੀ ਸੋਚਾਂ, ਕੀ ਲੈਣਾ ਆਪਣੀ ਮਿੱਟੀ ਦਾ ਇੱਕ ਕਿੱਸਾ ਖੋਲ ਸੁਣਾਉਂਦਾ, ਤਾਂ ਗਲ ਬਣਦੀ। ਹਥਿਆਰ ਚਲਾ ਕੇ ਅੱਜ ਦੇ ਬੰਦੇ, ਬੰਦੇ ਮਾਰੀ ਜਾਂਦੇ ਨੇ ਸ਼ਾਇਰ ਕਦ ਮਰਦੇ ਨੇ ‘ਉੱਪਲ’, ਕਲਮ ਚਲਾਉਂਦਾ, ਤਾਂ ਗਲ ਬਣਦੀ। ਜਗ ਦੇ ਰੰਗਲੇ ਮੇਲੇ ਦੇ ਵਿੱਚ, ਖ਼ੁਦ ਨੂੰ, ਬੜਾ ਗਵਾਇਆ ‘ਉੱਪਲ’ ਵਾਂਗ ਫਕੀਰਾਂ ’ਕੱਲਿਆਂ ਬਹਿਕੇ ਢੋਲੇ ਗਾਉਂਦਾ, ਤਾਂ ਗਲ ਬਣਦੀ। ਭਾਗ ਦੂਜਾ : ਕਵਿਤਾ

ਚੱਲ ਓਏ ਪੁੱਤਰਾ ਚੱਲਿਆ ਚੱਲ

ਚੱਲ ਓਏ ਪੁੱਤਰਾ ਚੱਲਿਆ ਚੱਲ ਪੈਣ ਕਲੇਜੇ ਭਾਵੇਂ ਸੱਲ੍ਹ। ਕਰੋਨੇ ਹਾਹਾਕਾਰ ਮਚਾਈ ਮਹਾਂਮਾਰੀ ਦੀ ਪਈ ਦੁਹਾਈ ਲੋਕਾਂ ਹੱਥੀਂ ਪੈਰੀਂ ਪੈ ਗਈ ਦੌਲਤ ’ਕੱਠੀ ਕੀਤੀ ਰਹਿ ਗਈ ਢੇਰ ਲਾਸ਼ਾਂ ਦੇ ਲੱਗੀ ਜਾਵਣ ਕੌਣ ਪਾਊਗਾ ਇਸਨੂੰ ਠੱਲ੍ਹ। ਚੱਲ ਓਏ ਪੁੱਤਰਾ ਚੱਲਿਆ ਚੱਲ ਪੈਣ ਕਲੇਜੇ ਭਾਵੇਂ ਸੱਲ੍ਹ। ਲਾਲ ਲਹੂ ਹੁਣ ਚਿੱਟਾ ਹੋਇਆ ਬੰਦਾ ਅਸਲੋਂ ਨੰਗਾ ਹੋਇਆ ਕਰੋਨੇ ਮਾਈ, ਮਾਰ ਮੁਕਾਈ ਬਾਪੂ ਲਾਸ਼ ਨੂੰ, ਅੱਗ ਨਾ ਲਾਈ ਗੱਡੀ ਬੈਠਾ ਪੁੱਤਰ ਸੋਚੇ ਸੌਖੇ, ਮਸਲਾ ਹੋਇਆ ਹੱਲ। ਚੱਲ ਓਏ ਪੁੱਤਰਾ ਚੱਲਿਆ ਚੱਲ ਪੈਣ ਕਲੇਜੇ ਭਾਵੇਂ ਸੱਲ੍ਹ। ਕੁਦਰਤ ਕੈਸਾ ਖੇਲ ਰਚਾਇਆ ਖ਼ੁਦ ਨੂੰ ਸੋਹਣਾ ਕਰ ਦਿਖਲਾਇਆ ਸੁਪਨੇ ਵਿੱਚ ਇਕ ਬਾਬਾ ਆਇਆ ਆਖੇ, ‘‘ਬੰਦਾ ਖੂੰਜੇ ਲਾਇਆ’’ ਮੈਂ ਪੁੱਛਿਆ, ਸਾਡਾ ਕੀ ਹੋਊ? ਕਹਿੰਦਾ, ਮਾਰ ਭਜਾਉਣਾ ਟਿੱਡੀਦਲ। ਚੱਲ ਓਏ ਪੁੱਤਰਾ ਚੱਲਿਆ ਚੱਲ ਪੈਣ ਕਲੇਜੇ ਭਾਵੇਂ ਸੱਲ੍ਹ। ਸੁਥਰੇ ਆਲ ਦੁਆਲੇ ਦੇ ਵਿੱਚ ਪ੍ਰਦੂਸ਼ਤ ਕੋਈ ਕਿੰਜ ਰਹੇ ਦੱਸ? ਜਿਉਂਦੇ, ਕਾਸੇ ਕੰਮ ਨਾ ਆਵੇ ਮਰ ਕੇ ਉਲਟੀ ਬਿਪਤਾ ਪਾਵੇ ਪਸ਼ੂ, ਪੰਛੀ, ਫੁੱਲ, ਬੂਟ, ਬਨਸਪਤ ਜਿਉਂਦੇ ਮਰਦੇ ਆਵਣ ਵੱਲ। ਚੱਲ ਓਏ ਪੁੱਤਰਾ ਚੱਲਿਆ ਚੱਲ ਪੈਣ ਕਲੇਜੇ ਭਾਵੇਂ ਸੱਲ੍ਹ। ਬੰਦਿਆ ਬੰਦਾ ਬਣਨਾ ਚਾਹੀਦਾ ਰੱਬ ਨਾਲ ਨਹੀਂ ਮੱਥਾ ਲਾਈਦਾ ਮਾਂ ਜਾਇਆ ਹੈਂ ਧਰਤੀ ਦਾ ਤੂੰ ਇੱਕ ਖਿਡੌਣਾ ਮਿੱਟੀ ਦਾ ਤੂੰ ਕਿਉਂ ਨਹੀਂ ਸਰਵਣ ਪੁੱਤਰ ਬਣਦਾ? ਮਾਂ ਅੰਮੜੀ ਨਾਲ ਕਰਦੈਂ ਛੱਲ। ਚੱਲ ਓਏ ਪੁੱਤਰਾ ਚੱਲਿਆ ਚੱਲ ਪੈਣ ਕਲੇਜੇ ਭਾਵੇਂ ਸੱਲ੍ਹ ਸਾਦ ਮੁਰਾਦੀ ਮਿੱਠੀ ਬੋਲੀ ਸਭ ਦੀ ਸਾਂਝੀ ਲੋਹੜੀ ਹੋਲੀ ਚੰਨ ਚੜ੍ਹੇ ਜਾਂ ਘਰ ਕੋਈ ਆਵੇ ਪੂਰੇ ਪਿੰਡ ਨੂੰ ਚਾਅ ਚੜ੍ਹ ਜਾਵੇ ਅੱਜ ਕਿਸੇ ਨੂੰ ਰਾਹ ਪੁੱਛ ਲਈਏ ਅੱਗੋਂ ਆ ਕੇ ਪੈਂਦਾ ਗਲ਼। ਚੱਲ ਓਏ ਪੁੱਤਰਾ ਚੱਲਿਆ ਚਲ ਪੈਣ ਕਲੇਜੇ ਭਾਵੇਂ ਸੱਲ੍ਹ। ਸਰਲ ਸੁਭਾ ਦਾ ਗਹਿਣਾ ਪਾ ਕੇ ਦਾਲ ਰੋਟੀ ਸਾਦੀ ਜਿਹੀ ਖਾ ਕੇ ਹਰ ਕੋਈ ਰਾਜਾ ਤੇ ਰਾਣੀ ਸੀ ਇਸ਼ਕ ਮੁਹੱਬਤਾਂ ਦੀ ਵਾਣੀ ਸੀ ਟੁੱਟਪੈਣੇ, ਇਸ ਮੋਬਾਇਲ ਨੇ ਹਰ ਇੱਕ ਨੂੰ ਕੀਤਾ ਪਾਗ਼ਲ। ਚੱਲ ਓਏ ਪੁੱਤਰਾ ਚੱਲਿਆ ਚੱਲ ਪੈਣ ਕਲੇਜੇ ਭਾਵੇਂ ਸੱਲ੍ਹ। ਮਾਂ ਧਰਤੀ ਨੂੰ ਸਵਰਗ ਬਣਾਈਏ ਸੱਚੇ ਰੱਬ ਦਾ ਸ਼ੁਕਰ ਮਨਾਈਏ ਸਾਡਾ ਨਾਨਕ, ਬਾਹੂ, ਬੁੱਲ੍ਹਾ ਸਾਡਾ ਵਾਰਿਸ, ਭੱਟੀ, ਦੁੱਲਾ ਨਲਵੇ ਪੁੱਤਰਾਂ, ਵੇਖੀਂ ਇਕ ਦਿਨ ਖ਼ੈਬਰ ‘ਉੱਪਲ’ ਲੈਣੇ ਮੱਲ੍ਹ। ਚੱਲ ਓਏ ਪੁੱਤਰਾ ਚੱਲਿਆ ਚੱਲ ਪੈਣ ਕਲੇਜੇ ਭਾਵੇਂ ਸੱਲ੍ਹ।

ਖੁੱਲ ਜਾ ਗੰਠੜੀਏ

ਖੁੱਲ ਜਾ ਗੰਠੜੀਏ ਮਸਤੀ ਰੁਮਕ ਤਾਂ ਜਾਏ ਛਾਏ ਨਸ਼ਾ ਪੁਰਨੂਰ ਪੈਮਾਨਾ ਛਲਕ ਤਾਂ ਜਾਏ ਖ਼ੁਮਾਰੀ ਚੜ੍ਹ ਤਾਂ ਜਾਏ ਜਾਮ ਠਨਕ ਤਾਂ ਜਾਏ ਮੈਲ ਧੁੱਲ ਤਾਂ ਜਾਏ ਜਿਹੜੀ ਰੂਹ ਤੇ ਜੰਮੀ ਸ਼ੋਧੀ ਸਨਕ ਤਾਂ ਜਾਏ ਹਯਾਤੀ ਖ਼ਨਕ ਤਾਂ ਜਾਏ ਧਰਤ ਮਾਤ ਤੂੰ ਮੇਰੀ ਪਿਤਾ ਫ਼ਲਕ ਤਾਂ ਆਏ ਪ੍ਰਦੇਸੀ ਪਵਨ ਇਉਂ ਝੁੱਲੇ ਝਾਂਜਰ ਝਣਕ ਤਾਂ ਜਾਏ ਗੁਫ਼ਤਗੂ ਓਹ ‘‘ਉੱਪਲ’’ ਯਾਦ ਜਦ ਵੀ ਆਏ। ਸੁਨੇਹਾ ਠੁਮਕ ਤਾਂ ਜਾਏ ਰੱਬੀ ਝਲਕ ਤਾਂ ਆਏ......

ਅਰਬਦ ਨਰਬਦ

ਅਰਬਦ ਨਰਬਦ ਧੁੰਦੂਕਾਰਾ ਦੀ ਸਦੀਵੀ ਸੁੰਨ ਨੂੰ ਪਛਾੜਦਿਆਂ ਲੱਖਾਂ ਸੂਰਜਾਂ, ਚੰਨਾਂ ਦੇ ਸਿਖ਼ਰ ਉਜਾਲਿਆਂ ਦੇ ਹੁੰਦਿਆਂ ਜਦ ਗੁਰੂ ਬਾਝੋਂ ਸੀ ਅੰਧਕਾਰ ਮਿਟੀ ਸੀ ਧੁੰਦ, ਪ੍ਰਗਟੀ ਸੀ ਗੁਰੂ ਨਾਨਕ ਸੱਚੀ ਸਰਕਾਰ। ਬੇਈਂ ਨਦੀ ਦੀਆਂ ਛੱਲਾਂ ਵਿੱਚ ਅਲੋਪਿਆ ਕੋਈ ਉਤਰਿਆ ਕੋਈ ਲੈ ਕੇ 'ੴ' ਨਿਰਭਉ ਨਿਰਵੈਰ ਕਰਤੇ ਦੀ ਸਤਿਨਾਮੀ ਕਿਰਤ ਗੁਰਪ੍ਰਸਾਦਿ ਦਾ ਇਕ ਅਜੂਨੀ ਸੈਭੰ ਤੋਹਫਾ ‘ਮੂਲ ਮੰਤਰ’ ਜਿਸ ਕੀਤਾ ਇਹ ਪਰਉਪਕਾਰ ਉਹੋ ਨੇ ਗੁਰੂ ਨਾਨਕ ਸੱਚੀ ਸਰਕਾਰ। ਕਿਵੇਂ ਸਚਿਆਰੇ ਹੋਈਏ ਕਿਵੇਂ ਟੁੱਟੇ ਕੂੜ ਦੀ ਪਾਲ ਹੁਕਮੀ ਦੇ ਹੁਕਮ ’ਚ ਰਹਿੰਦਿਆਂ ਕਿਵੇਂ ਦੇਈਏ ਦੀਰਘ ਹਉਮੈ ਮਾਰ ਭੈ ਵਿਚ ਸਭ ਬ੍ਰਹਿਮੰਡ ਹੈ ਭੈ ਵਿਚ ਹੈ ਭਾਉ ਦੀ ਭਰਮਾਰ ਕਹਿ ਗਏ ਗੁਰੂ ਨਾਨਕ ਸੱਚੀ ਸਰਕਾਰ। ਵਿਚ ਦੁਨੀਆ ਸੇਵ ਕਮਾਂਵਦਿਆਂ ਰਬ ਦੇ ਘਰ ਸੋਭਾ ਪਾਂਵਦਿਆਂ ਲਾਲੋ ਨੂੰ ਮਿੱਤਰ ਬਣਾਂਵਦਿਆਂ ਕਿਰਤੀ ਨੂੰ ਗਲੇ ਲਗਾਂਵਦਿਆਂ ਮਲਕ ਭਾਗੋ ਤਾਈਂ ਰਾਹ ਦਿਖਾਂਵਦਿਆਂ ਪੂੜੇ ’ਚੋਂ ਜਿਸ ਕੱਢੀ ਲਹੂ ਦੀ ਧਾਰ ਉਹੋ ਸੀ ਗੁਰੂ ਨਾਨਕ ਸੱਚੀ ਸਰਕਾਰ। ਕਰੋੜਾਂ ਸੂਰਜ ਤੇ ਚੰਨ ਤਾਰੇ ਜੀ ਫੁੱਲ ਬੂਟੇ ਪੰਛੀ ਸਾਰੇ ਜੀ ਕਲਕਲ ਨਦੀਆਂ ਛਰਛਰ ਚਸ਼ਮੇਂ ਸਭ ਹਵਾ ਦੇ ਬੁੱਲ੍ਹੇ ਪਿਆਰੇ ਜੀ ਕਰਨ ਆਰਤਾ ਰਲ ਮਿਲ ਕਰਤੇ ਦਾ ਬ੍ਰਹਿਮੰਡ ਗਗਨ ਦੇ ਧਰਤੇ ਦਾ ਜਾਈਏ ਕੁਦਰਤ ਤੋਂ ਬਲਿਹਾਰ ਕਹਿ ਗਏ ਗੁਰੂ ਨਾਨਕ ਸੱਚੀ ਸਰਕਾਰ। ਗਾਰਬਵਾਦ ਵੀ ਮਾਲਕ ਨਾਲ ਤੇ ਚਾਕਰ ਵੀ ਅਖਵਾਉਂਦਾ ਹੈਂ ਇਸ਼ਕ ਜੇ ਕੀਤਾ ਕਰਤੇ ਤਾਈਂ ਕਿਉਂ ਹਿਸਾਬਾਂ ਵਿਚ ਪੈ ਜਾਂਦਾ ਹੈਂ ਦਾਤੇ ਦੇ ਹੱਥ ਸਭ ਦਾਤਾਂ ਨੇ ਤੂੰ ਘੜਾ ਤਾਂ ਸਿੱਧਾ ਰੱਖ ਆਪਣਾ ਰੱਜ ਜਾਵੇਂਗਾ ਤੂੰ ਲੈ ਲੈ ਕੇ ਉਹਨੇ ਦੇ ਦੇ ‘ਉੱਪਲ’ ਨਹੀਂ ਥੱਕਣਾ ਬੇਪਰਵਾਹ ਨੂੰ ਕਰ ਪੁਕਾਰ ਕਹਿ ਗਏ ਗੁਰੂ ਨਾਨਕ ਸੱਚੀ ਸਰਕਾਰ।

ਦੁੱਮ ਛੱਲਾ ਨਾ ਅਖਵਾਇਆ ਕਰ

ਜਿਉਂਦੇ ਜੀ ਹੱਸਣਾ ਨੱਚਣਾ ਹੈ ਖ਼ਾਕ ਮਰਕੇ ਭਲਾ ਤੂੰ ਜੀਵੇਂਗਾ ਜਦ ਚੱਕ ਜਨਾਜ਼ਾ ਲੈ ਚੱਲੇ ਕੀ ਖਾਵੇਂਗਾ ਕੀ ਪੀਵੇਂਗਾ ਜਗ ਜੀਂਵਦਿਆਂ ਦੇ ਮੇਲੇ ਵਿੱਚ ਦੀਦਾਰੇ ਰੱਬ ਦੇ ਹੁੰਦੇ ਨੇ ਮਰਨੇ ਤੋਂ ਬਾਦ ਤਾਂ ਬੰਦਿਆ ਤੂੰ ਮਿੱਟੀ ਦੀ ਢੇਰੀ ਥੀਵੇਂਗਾ ਕਿਸੇ ਗ਼ਰੀਬ ਦੀ ਝੋਲੀ ਭਰਿਆ ਕਰ ਕਿਸੇ ਰੁੱਸੇ ਤਾਈਂ ਮਨਾਇਆ ਕਰ ਕਿਸੇ ਰੋਂਦੇ ਮਲੂਕ ਜਿਹੇ ਬੱਚੇ ਨੂੰ ਘੁੱਟ ਗਲ ਦੇ ਨਾਲ ਲਗਾਇਆ ਕਰ ਬੁੱਢੜੀ ਮਾਂ ਦੇ ਠਰਦੇ ਪੈਰੀਂ ਆਪ ਚੱਪਲ ਹੱਥੀਂ ਪਾਇਆ ਕਰ ਗ਼ਰੀਬੀ ਨੂੰ ‘ਗਦਾ’ ਬਣਾ ਕੇ ਤੇ ਇਸ ਜੱਗ ਨੂੰ ਜਿੱਤਦਾ ਜਾਇਆ ਕਰ ਜੋ ਪਾਸ ਹੈ ਸਬਰ ਸੰਤੋਖ ਤਾਈਂ ਕੁਝ ਖਾਇਆ ਕਰ, ਖਲਾਇਆ ਕਰ ਇਹ ਜੀਵਨ ਹੈ ਰਿਣ ਕਰਤੇ ਦਾ ਦੁਖੀਆਂ ਦਾ ਦਰਦ ਵੰਡਾਇਆ ਕਰ ਜਿੰਦੜੀ ਪਰਚਾ ਤਿੰਨ ਘੰਟੇ ਦਾ ਨਿੱਤ ਵਧੀਆ ਲਿਖਕੇ ਆਇਆ ਕਰ ਇਕ ਪਿਤਾ ਦੇ ਆਪਾਂ ਬੱਚੇ ਸੱਭ ਹਰ ਇੱਕ ਨੂੰ ਗਲੇ ਲਗਾਇਆ ਕਰ ਕਣ ਕਣ ਵਿੱਚ ਪ੍ਰਭੂ ਦਾ ਵਾਸਾ ਹੈ ਅਨੁਰਾਗ ਤਰ੍ਹਾਂ ਉਹ ਬਰਸ ਰਿਹਾ ਤੂੰ ਟੁਰਦਾ ਫਿਰਦਾ ਹਰ ਵੇਲੇ ਬਸ ਏਹੋ ਗੀਤ ਅਲਾਇਆ ਕਰ ਦੀਵਾਲੀ ਤਾਂ ਕਿੰਨੀ ਵਾਰੀ ਤੂੰ ਜੀਵਨ ਵਿੱਚ ਹੈਂ ਮਨਾ ਬੈਠੋਂ ਕਦੇ ਛੋੜ ਕੇ ਦਿਲ ਪ੍ਰਚਾਵੇ ਨੂੰ ਇਸ ਝੂਠੇ ਮਨ ਬਹਿਲਾਵੇ ਨੂੰ ਕਿਸੇ ਲੋੜਵੰਦ ਦੇ ਖੀਸੇ ਵਿੱਚ ਖੁਸ਼ੀਆਂ ਦਾ ਮੀਂਹ ਵਰ੍ਹਾਇਆ ਕਰ ਕਿਸੇ ਸੜੇ ਝੁਲਸ ਗਏ, ਬੱਚੇ ਨੂੰ ਵਿਲਕਦੀ ਮਾਂ ਕਿਸੇ ਦੁਖਿਆਰੀ ਨੂੰ ਦੋ ਸ਼ਬਦ ਸਿਦਕ ਭਰੋਸੇ ਦੇ ਤੂੰ ਮੂੰਹ ਤੋਂ ਕਹਿ ਕੇ ਆਇਆ ਕਰ ਕੋਲ ਖੜ ਕੇ ਮਾਂ ਕੁਰਲਾਂਦੀ ਦੇ ਕਦੇ ਮਲ੍ਹਮ ਪਿਆਰ ਦੀ ਲਾਇਆ ਕਰ ਪੁੰਨ ਪਾਪ ਤਾਂ ਬੱਸ ਕਹਾਵਤ ਨੇ ਕਰਮਾਂ ਦਾ ਸੂਰਾ ਬਣ ਬੰਦਿਆ। ਕਰਮ ਨੂੰ ਧਰਮ, ਸਮਝ ਆਪਣਾ ਬਸ ਚੰਗੇ ਕਰਮ ਕਮਾਇਆ ਕਰ ਕਿੱਕਰਾਂ ਦੀ ਬਾੜੀ ਲਾਵੇਂ ਜੇ ਕੰਡੇ ਹੀ ਹਿੱਸੇ ਆਉਣੇ ਨੇ ਬਾਬਾ ਜੇ ਬਣਨਾ ਚਾਉਨਾਂ ਏਂ ਬੋਹੜ ਦਾ ਬੂਟਾ ਲਾਇਆ ਕਰ ਫਿਰ ਸੱਥ ਉਹਦੀ ਤੇ ਬਹਿਕੇ ਤੇ ਸੂਫ਼ੀ ਸੰਤਾਂ ਨੂੰ ਲੈ ਕੇ ਤੇ ਕਿਸੇ ਬਿਰਹੇ ਨਾਦ ਪੁਰਾਣੇ ਦਾ ਦਿਲ ਟੁੰਬਵਾਂ ਗੀਤ ਸੁਣਾਇਆ ਕਰ ਕਿਤੇ ਗਿੱਧੇ, ਭੰਗੜੇ ਪੈ ਜਾਣੇ ਕਿਤੇ ਪੀਂਘ ਪਿਆਰ ਦੀ ਪੈ ਜਾਣੀ ਕਿਤੇ ਚਹਿਲ ਪਹਿਲ ਜਿਹੀ ਹੋ ਜਾਣੀ ਕਿਤੇ ਵੈਰੀ ਮੀਤ ਸਭ ਹੋ ਜਾਣੇ ਇਸ ਬੋਹੜ ਪਿਤਾ ਦੀ ਛਾਵੇਂ ਹੀ ਮੁਹੱਬਤਾਂ ਦੀ ਧੂਣੀ ਲਾਇਆ ਕਰ ਆਖੇ ‘ਉੱਪਲ’ ਓਹ! ਸੁਣ ਸੱਜਣਾ ਜਿਉਂਦੇ ਜੀ, ਜੀਣਾ ਹੁੰਦਾ ਹੈ ਦਿਲ ਆਪਣੇ ਦੀ ਹੀ, ਸੁਣਿਆ ਕਰ ਦੁਮ ਛੱਲਾ, ਨਾ ਅਖਵਾਇਆ ਕਰ।

ਕੋਵਿਡ-19

ਕਰੋਨਾ ਆਇਆ ਵਾਇਰਸ ਆਇਆ ਭੁੱਲੇ ਭਟਕੇ ਰਾਹੇ ਪਾਇਆ। ਜੋ ਛੱਡਨਾ ਅਸਥਿਰ ਕਹਿੰਦਾ ਸੀ ਨਿੱਜਘਰ ਛੱਡ ਪਰਘਰ ਰਹਿੰਦਾ ਸੀ ਕਮਲਾ ਹੋਇਆ ਭੱਜਾ ਫਿਰਦਾ ਕਰੋਨੇ ਫੜਕੇ ਘਰ ਬਿਠਾਇਆ। ਕਰੋਨਾ ਆਇਆ ਵਾਇਰਸ ਆਇਆ ਭੁੱਲੇ ਭਟਕੇ ਰਾਹੇ ਪਾਇਆ। ਘਰਵਾਲੀ ਛੱਡ ਪਰਨਾਰੀ ਭਾਲੇ ਦੁੱਧ ਵੈਰੀ, ਦੋਸਤ, ਠੇਕੇ ਵਾਲੇ ਗੁਰੂ ਘਰ, ਮੰਦਿਰ, ਮਸਜਿਦ ਭੁੱਲਿਆ ਭਜਨ ਕੀਰਤਨ ਪਾਸੇ ਲਾਇਆ। ਕਰੋਨਾ ਆਇਆ ਵਾਇਰਸ ਆਇਆ ਭੁੱਲੇ ਭਟਕੇ ਰਾਹੇ ਪਾਇਆ। ਮੁਰਗ ਮੁਸੱਲਮ ਨਾਲੇ ਦਾਰੂ ਹੋਟਲ, ਮੌਲ, ਕੰਮ ਬਾਜ਼ਾਰੂ ਬਾਲ਼ ਨਿਆਣੇ ਭੁੱਲੀ ਪਤਨੀ ਹੁਣ ਵੇਖੋ ਘਰ ਕੰਮੀ ਲਾਇਆ। ਕਰੋਨਾ ਆਇਆ ਵਾਇਰਸ ਆਇਆ ਭੁੱਲੇ ਭਟਕੇ ਰਾਹੇ ਪਾਇਆ। ਸੁਬੇ ਸ਼ਾਮ ਦਾ ਵੱਲ ਨਾ ਕੋਈ ਰੱਬ ਘਰ ਕਿੰਝ ਹੋਣੀ ਸੀ ਢੋਈ ਅੱਧੀ ਰਾਤ ਤਕ ਰੰਗ ਤਮਾਸ਼ੇ ਐਨ ਟੈਮ ਤੇ ਮੰਜੇ ਪਾਇਆ। ਕਰੋਨਾ ਆਇਆ ਵਾਇਰਸ ਆਇਆ ਭੁੱਲੇ ਭਟਕੇ ਰਾਹੇ ਪਾਇਆ। ਜਦ ਵੇਖੋ ਇਹ ਲੈਕਚਰ ਝਾੜੇ ਵਿਹਲਾ ਨੲ੍ਹੀਂ, ਮੈਂ ਸੌ ਪੁਆੜੇ ਹਰ ਸ਼ੈ ਦੱਸੇ ਆਪਣੇ ਅੰਡਰ ਅੱਜ ਝਾੜੂ ਹੈ ਹੱਥ ਫੜਾਇਆ। ਕਰੋਨਾ ਆਇਆ ਵਾਇਰਸ ਆਇਆ ਭੁੱਲੇ ਭਟਕੇ ਰਾਹੇ ਪਾਇਆ। ਪਸ਼ੂ ਪੰਛੀ ਤੇ ਕੁਦਰਤ ਸਾਰੀ ਆਖਣ ਬੰਦਾ ਹੈ ਬਿਮਾਰੀ ਧਰਤੀ ਮਾਂ ਨੂੰ ਵੇਖੋ ਇਸਨੇ ਕਿੱਦਾਂ ਹੈਗਾ ਨਰਕ ਬਣਾਇਆ। ਕਰੋਨਾ ਆਇਆ ਵਾਇਰਸ ਆਇਆ ਭੁੱਲੇ ਭਟਕੇ ਰਾਹੇ ਪਾਇਆ। ਘਰਵਾਲਾ ਅੱਜ ਹੈ ਘਰਵਾਲਾ ਨੌਕਰ ਚਾਕਰ ਜਾਂ ਰਖਵਾਲਾ ਕੰਮ ਕਾਜ ਖ਼ੁਦ ਭੱਜ ਭੱਜ ਕਰਦਾ ਹਰ ਨੌਕਰ ਨੂੰ ਘਰੋਂ ਭਜਾਇਆ। ਕਰੋਨਾ ਆਇਆ ਵਾਇਰਸ ਆਇਆ ਭੁੱਲੇ ਭਟਕੇ ਰਾਹੇ ਪਾਇਆ। ਕੋਇਲ ਭੀ ਹੁਣ ਕੂ ਕੂ ਬੋਲੇ ਮੋਟਰ ਗੱਡੀਆਂ ਦੇ ਨਾ ਰੌਲੇ ਸਾਫ਼ ਹਵਾਵਾਂ ਮਹਿਕਣ ਕਲੀਆਂ ‘ਉੱਪਲ’ ਮੌਸਮ ਹੈ ਨਸ਼ਿਆਇਆ। ਕਰੋਨਾ ਆਇਆ ਵਾਇਰਸ ਆਇਆ ਭੁੱਲੇ ਭਟਕੇ ਰਾਹੇ ਪਾਇਆ।

ਮਾਂ

ਮਾਂ ਤੂੰ ਠੰਡੜੀ ਮਿੱਠੜੀ ਛਾਂ ਮਾਂ ਮੈਂ ਵਾਰੀ ਵਾਰੀ ਜਾਂ ਮਾਂ ਘਣਾ, ਘਣ ਛਾਵਾਂ ਬੂਟਾ ਮਾਂ ਗੋਦੀ, ਇਕ ਅਰਸ਼ੀਂ ਝੂਟਾ ਮਾਂ ਵੇਖਾਂ, ਮੈਨੂੰ ਚੰਨ ਚੜ੍ਹਦਾ ਮਾਂ ਚਾਨਣੀ, ਠਾਰੇ ਹਿਰਦਾ ਮਾਂ ਵਾਲੇ ਹੋਵਣ ਵਡਭਾਗੀ ਮਾਂ ਬਿਨਾਂ ਸਭ ਹੁੰਦੇ ਬਾਗੀ ਮਾਂ ਆਲਣਾ ਥੱਕੇ ਬੱਚਿਆਂ ਦਾ ਮਾਂ ਝਰਨਾ ਅੱਗੀਂ ਮੱਚਿਆਂ ਦਾ ਮਾਂ ਮੇਰਾ ਰੱਬ, ਰੱਬ ਮੇਰੀ ਮਾਂ ਵੇ ਮਾਂ ਬਿਨਾਂ ਦਸ, ਕਿੰਝ ਜੀਵਾਂ ਵੇ? ਮਾਂ ਤੇਰੀ, ਅਜ ਯਾਦ ਜੋ ਆਈ ‘ਉੱਪਲ’ ਦੀ ਅੱਖ ਨਮ ਹੋ ਆਈ।

ਦਿਲ ਬਾਗੀ ਹੁੰਦਾ

ਦਿਲ ਬਾਗੀ ਹੁੰਦਾ ਮਨਾਈਦਾ ਨਹੀਂ ਅੱਗ ਬਲਦੀ ਤੇ ਤੇਲ ਪਾਈਦਾ ਨਹੀਂ। ਸੰਗ ਦਿਲ ਕਦ ਸੁਣਦੇ ਵੇਦਨਾ ਨੂੰ ਗੀਤ ਪੱਥਰਾਂ ਤਾਈਂ ਸੁਣਾਈਂਦਾ ਨਹੀਂ। ਕੀ ਹੋਇਆ ਜੇ ਬਹੁਤ ਹੈ ਦੂਰ ਮੰਜ਼ਿਲ ਮੰਜ਼ਰਾਂ ਨੂੰ ਦਿਲੋਂ ਭੁਲਾਈਦਾ ਨਹੀਂ। ਦੇਸ਼ ਭਗਤ ਦੀ ਗ਼ੈਰਤ ਪਛਾਣ ਹੁੰਦੀ ਗੱਦਾਰ ਲਈ ਰੰਗ ਵਟਾਈਦਾ ਨਹੀਂ। ਜਿਸ ਦਰ ਤੋਂ ਪਵੇ ਨਾ ਖ਼ੈਰ ਝੋਲੀ ਉਸ ਦਰ ਤੇ ਸੀਸ ਝੁਕਾਈਦਾ ਨਹੀਂ। ਗਿਰਗਟ ਵਾਂਗਰਾਂ ਰੰਗ ਜੋ ਬਦਲਦੇ ਨੇ ਖ਼ੁਦਗ਼ਰਜ਼ਾਂ ਨੂੰ ਮਿੱਤਰ ਬਣਾਈਦਾ ਨਹੀਂ। ਪੇਟੋਂ ਭੁੱਖੇ ਫਿਰਦੇ ਜਦ ਲੋਕ ਲੱਖਾਂ ਤਾਂ ਫਿਰ ਦਸਵੰਧ ਬਚਾਈਦਾ ਨਹੀਂ। ਚੇਤ ਆਇਆ ਬਸੰਤ ਬਹਾਰ ਆਈ ਖਿੜੇ ਰਹੀਏ ‘ਉੱਪਲ’ ਮੁਰਝਾਈਦਾ ਨਹੀਂ।

ਜੀਵਨ-ਜੋਤ ਸਰੂਪੀ

ਨਿੰਦਿਆ ਚੁਗ਼ਲੀ ਵਿੱਚ ਤੂੰ ਬੰਦਿਆ ਜੀਵਨ ਤਾਈਂ ਗਵਾਇਆ ਹੈ ਰਤਨ ਅਮੋਲਕ ਕੋਹਿਨੂਰ ਨੂੰ ਕੋਡੀਆਂ ਭਾਅ ਵਿਕਾਇਆ ਹੈ। ਕਾਮ ਕ੍ਰੋਧ ਦੇ ਪਿੱਛੇ ਲੱਗ ਤੂੰ ਆਪਣਾ ਪਰਕਾ ਭੁੱਲ ਬੈਠੋਂ ਜੋਤ ਸਰੂਪੀ ਹੁੰਦਿਆਂ ਹੋਇਆਂ ਆਪਣਾ ਮੂਲ ਭੁਲਾਇਆ ਹੈ। ਬੰਦਾ, ਬੰਦੇ ਦਾ ਦਾਰੂ ਹੈ ਮੁੱਢ ਕਦੀਮੀ ਪੜ੍ਹਿਆ ਸੀ ਬੰਦਾ, ਬੰਦੇ ਦਾ ਵੈਰੀ ਤੱਕ ਜੀ ਡਾਢਾ ਕੁਰਲਾਇਆ ਹੈ। ਵਿੱਦਿਆ, ਸਿਹਤ, ਪੇਟ ਭਰ ਰੋਟੀ ਲੁੱਟ ਖੋਹ ਦਾ ਵਿਉਪਾਰ ਹੈ ਹੁਣ ਪੂੰਜੀਵਾਦ ਲੁਟੇਰੇ ਨੇ ਸੇਵਾ ਨੂੰ ਜੜੋਂ ਮੁਕਾਇਆ ਹੈ। ਘਰ ਬਾਹਰ ਭਰ ਲਏ ਨੇ ਸਾਰੇ ਨੀਤਾਂ ਅਜੇ ਵੀ ਭੁੱਖੀਆਂ ਨੇ ਕੋਝੀ ਕਾਮੁੱਕ ਭੁੱਖ ਦੀ ਖ਼ਾਤਿਰ ਅਬਲਾ ਦਾ ਲਹੂ ਬਹਾਇਆ ਹੈ। ਰਾਂਝਣ, ਪੁੰਨਣ, ਮਹੀਂਵਾਲ ਜਿਹੇ ਆਸ਼ਕ ਬੱਸ ਕਿਤਾਬੀ ਨੇ ਛੱਟਾ ਮਾਰ ਤੇਜਾਬ ਦਾ ਅੱਜ ਸੋਹਣੀ ਦਾ ਰੂਪ ਜਲਾਇਆ ਹੈ। ਖ਼ੂਨ ਪਸੀਨਾ ਇੱਕ ਕਰਕੇ ਜਿਸ ਬੰਜਰ ਹੈ ਹਰਿਆ ਕੀਤਾ ਕਰੇ ਖ਼ੁਦਕਸ਼ੀ ਕਰਜੇ ਡੁੱਬਾ ਅੱਜ, ਤਰਸ ਕਿਸੇ ਨਾ ਆਇਆ ਹੈ। ਝਰਨੇ, ਨਦੀਆਂ ਬਰਫ਼ਾਂ ਦੇ ਇਸ ਮੁਲਕ ਨੂੰ ਚੰਦਰੀ ਨਜ਼ਰ ਲੱਗੀ ਸੁੱਕ ਗਏ ਪਾਣੀ ਦੇ ਸੋਮੇ ਜੀਅ ਜੰਤ ਫਿਰੇ ਤ੍ਰਿਹਾਇਆ ਹੈ। ਲੋਭੀ ਬੰਦੇ ਦੀ ਸੋਚ ਨਾਲ ਕੁਦਰਤ ਦਾ ਵਿਗੜ ਨਿਜ਼ਾਮ ਗਿਆ ਜੰਨਤ ਜਿਹੀ ਸੁਹਣੀ ਧਰਤੀ ਨੂੰ ਪੱਥਰਾਂ ਦਾ ਸ਼ਹਿਰ ਬਣਾਇਆ ਹੈ। ਛੱਡ ਯਾਰਾ ਹਿਸਾਬ ਕਿਤਾਬ ਠੱਠਾ ਮਖੌਲ ਵੀ ਕਰਿਆ ਕਰ ਰਿਸ਼ਤਿਆਂ ਦੀ ਕੁਝ ਸਮਝ ਨਾ ਤੈਨੂੰ ਆਪਣਾ ਮਜ਼ਾਕ ਉਡਾਇਆ ਹੈ। ‘ਉੱਪਲ’ ਇਹ ਦੁਨੀਆ ਐਸੀ ਹੈ ਆਪਣੀ ਚਾਲੇ ਟੁਰੀ ਜਾਏ ਕਿਸੇ ਵਿਰਲੇ ਮਰਦ ਅਗੰਮੜੇ ਨੇ ਜੀਵਨ ਦਾ ਰੁਖ ਵਟਾਇਆ ਹੈ।

ਮੈਂ ਹੀ ਕਿਉਂ

ਬੰਦਾ ਹਾਂ, ਫਰਿਸ਼ਤਾ ਨਹੀਂ ਬੇਸ਼ੱਕ ਕਿਉਂ ਨਾ ਮੈਂ ਸਤਿਕਾਰਿਆ ਜਾਵਾਂ। ਰਗ ਰਗ ਦੇ ਵਿੱਚ ਵਫ਼ਾਦਾਰੀਆਂ ਕਿਉਂ ਭਲਾ ਦੁਰਕਾਰਿਆ ਜਾਵਾਂ। ਜੁਗੰਤਰ ਸਮਿਆਂ ਘੜਿਆ ਮੈਨੂੰ ਫਿਰ ਮੈਂ ਕਿਉਂ ਪੁਚਕਾਰਿਆ ਜਾਵਾਂ। ਸਭ ਜੂਨਾਂ ਤੇ ਸਰਦਾਰੀ ਮੇਰੀ ਕਿਉਂ ਭਲਾ ਫਿਟਕਾਰਿਆ ਜਾਵਾਂ। ਮੇਰੇ ਹੱਥ ਪਰਚਮ ਖ਼ਾਲਿਕ ਦਾ, ਮੈਂ ਖ਼ਲਕਤ ਤਾਈਂ ਨਿਹਾਰਿਆ ਜਾਵਾਂ। ਜੁਗ ਜੁਗ ਜੀਵੋ ਜੀਵਣ ਦੇਵੋ ਕਿਉਂ ਮੈਂ ਸੂਲੀ ਚਾੜ੍ਹਿਆ ਜਾਵਾਂ। ਇੱਕ ਪਿਤਾ ਦੇ ਜੇ ਸਭ ਬੱਚੇ ਮੈਂ ਹੀ ਕਿਉਂ ਲਤਾੜਿਆ ਜਾਵਾਂ। ‘ਉੱਪਲ’ ਉੱਠ ਸੰਭਾਲੋ ਵਿਰਸਾ ਤਾਂ ਕਿ, ਮੈਂ ਵੀ ਪਿਆਰਿਆ ਜਾਵਾਂ।

ਰੂਹਾਂ ਤੇ ਭਾਰ

ਸਿਰਾਂ ਤੇ ਭਾਰ ਬਥੇਰੇ ਢੋਏ ਰੂਹਾਂ ਤੇ ਢੋਇਆ ਨਹੀਂ ਜਾਂਦੈ। ਬਿਸਤਰ ਬੜੇ ਮਖਮਲੀ ਬੇਸ਼ੱਕ ਪੀੜਾਂ ਲੈ ਸੋਇਆ ਨਹੀਂ ਜਾਂਦੈ। ਉਪਦੇਸ਼ ਨਸੀਹਤਾਂ ਸੁਣੀਆਂ ਐਪਰ ਸੌਖੇ ਮੋਤੀ ਪਰੋਇਆ ਨਹੀਂ ਜਾਂਦੈ। ਕੁਫ਼ਰ ਦਿਲਾਂ ਵਿੱਚ ਮੂੰਹੋਂ ਮਿੱਠੇ ਪੱਥਰਾਂ ਤੋਂ ਰੋਇਆ ਨਹੀਂ ਜਾਂਦੈ। ਕੰਧਾਂ ਨਹੀਂ ਸਨ ਤਾਂ ਹਾਸੇ ਸਨ ਵੰਡਾਂ ਦਾ ਗੰਦ ਧੋਇਆ ਨਹੀਂ ਜਾਂਦੈ। ਲੁੱਟ ਖਸੁੱਟ ਕਰ ਦੌਲਤ ਮਿਲ ਗਈ ਵੇਚ ਜ਼ਮੀਰਾਂ ਸੋਹਿਆ ਨਹੀਂ ਜਾਂਦੈ। ਕਰਮ ਮਾੜੇ ਕਰ ਮੰਗੇ ਮੁਕਤੀ ਇੰਝ ਸੁਰਖ਼ਰੂ ਹੋਇਆ ਨਹੀਂ ਜਾਂਦੈ। ਖ਼ੁਦ ਮਰ ਕੇ ਜੀਵੀਦਾ ‘ਉੱਪਲ’ ਖੋਹ ਕੇ ਕੁਝ ਖੋਹਿਆ ਨਹੀਂ ਜਾਂਦੈ।

ਕੁਦਰਤਿ ਭਉ ਸੁਖ ਸਾਰੁ

ਕੁਦਰਤ ਹੁੰਦੀ, ‘ਭਉ ਸੁਖ ਸਾਰੁ’ ਕੁਦਰਤ ਦਾ ਕੋਈ ਆਰ ਨਾ ਪਾਰ ਕੁਦਰਤ ਰੱਬ ਦਾ ਇੱਕ ਛਲਾਵਾ ਕੁਦਰਤ ਮੋਹ ਤੇ, ਭਰਮ, ਭੁਲਾਵਾ ਕੁਦਰਤ ਦੇ ਵਿੱਚ ਵੱਸਿਆ ਆਪੇ ਕੁਦਰਤ ਬਣ ਬਣ ਕਰੇ ਤਮਾਸ਼ੇ ਕੁਦਰਤ ਦੁੱਖਾਂ ਦਾ ਮਾਰੂ ਰਾਗ਼ ਕੁਦਰਤ ਖਿੜੇ ਫੁੱਲਾਂ ਦਾ ਬਾਗ਼ ਕੁਦਰਤ ਕੁਦਰਤੀਆਂ ਦੀ ਯਾਰ ਕੁਦਰਤ ਟੁੱਟੇ ਹੋਣ ਖ਼ੁਆਰ ਕੁਦਰਤ ਰੱਬ, ਰੱਬ ਕੁਦਰਤ ਜਾਣ ਕੁਦਰਤ ਹੀ ਸਾਡੀ ਪਹਿਚਾਨ ਕੁਦਰਤ ਤੋਂ ਬਲਿਹਾਰੇ ਜਾਈਏ ਕੁਦਰਤ ’ਚੋਂ ‘ਉੱਪਲ’ ਰੱਬ ਪਾਈਏ।

ਚੰਨ ਜਿਹਾ ਮੁਖੜਾ

ਚੰਨ ਜਿਹਾ ਮੁਖੜਾ ਸੁਹਣੀਏ ਨੀ ਤੇਰਾ ਦਿਲ ਥੱਕਦਾ ਨਈਓਂ ਤੱਕ ਤੱਕ ਤੱਕ। ਰੂਹ ਮੇਰੀ ਵਿੱਚ ਡੇਰਾ ਲਾਇਆ ਦਿਲ ਝੱਲਾ ਧੜਕੇ ਧਕ ਧਕ ਧਕ। ਜੱਗ ਦੇ ਧੰਦੇ ਜ਼ਰਾ ਨਾ ਭਾਉਂਦੇ ਇਹ ਲੱਗਣ ਸਾਰੇ ਬਕ ਬਕ ਬਕ। ਟੋਰ ਮਟਕਦੀ ਨੈਣ ਨਸ਼ੀਲੇ ਡੁੱਬ ਗਇਓਂ, ਮੈਂ ਲਕ ਲਕ ਲਕ। ਸੁਰਾਹੀ, ਮਦਿਰਾ ਤੂੰ ਜਾਮ ਪਯਾਲਾ ਪੀ ਜਾਵਾਂ ਤੈਨੂੰ ਗਟ ਗਟ ਗਟ। ਅੱਧ ਖੁੱਲੀਆਂ ਅੱਖਾਂ ਭਿੱਜੀਆਂ ਜ਼ੁਲਫਾਂ ਹਰ ਮਹਿਕੇ ਤੇਰੀ ਲਟ ਲਟ ਲਟ। ਲਹਿਰਾ ਕੇ ਜਦ ਗੇੜਾ ਮਾਰੇਂ ਹਰ ਦਿਲ ਤੇ ਵੱਜੇ ਸਟ ਸਟ ਸਟ। ਬਾਜ ਤੇਰੇ ਹੈ ਜੀਣਾ ਔਖਾ ਮਿਲ ਜਾਵੀਂ ਕੱਢ ਝਟ ਝਟ ਝਟ। ਚੰਨ, ਤਾਰੇ, ਫੁੱਲ, ਸੌਖ਼ ਹਵਾਵਾਂ ਨਾਂ ਤੇਰਾ ਜਪਦੇ ਰਟ ਰਟ ਰਟ। ਸ਼ਬ ਜੋਬਨ, ਚੰਨ ਦੂਜਾ ਚੜ੍ਹਿਆ ਤੂੰ ਚੰਨ ਦੇ ਕੱਢਤੇ ਵਟ ਵਟ ਵਟ। ‘ਉੱਪਲ’ ਹੈ ਜੀਵਨ ਬੜਾ ਅਮੋਲਕ ਐਵੇਂ ਨਾ ਸਮਝੀਂ ਘਟ ਘਟ ਘਟ।

ਦੱਸ ਮੈਂ ਕੀ ਕਰਾਂ

ਹਰ ਪਲ ਤੇਰੀ ਯਾਦ ਸਤਾਵੇ ਸੱਪਾਂ ਵਾਂਗੂੰ ਡੰਗ ਡੰਗ ਜਾਵੇ ਰਾਤਾਂ ਨੂੰ ਨੀਦਾਂ ਵਿੱਚ ਆਵੇਂ ਨਿੱਤ ਨਵੇਂ ਸੁਪਨੇ ਦਿਖਲਾਵੇਂ ਦੱਸ ਮੈਂ ਕੀ ਕਰਾਂ........ ਜਦ ਕੋਈ ਬੋਲੇ ਮਿੱਠੇ ਬੋਲ ਤੂੰ ਜਾਪੇਂ ਮੈਨੂੰ ਮੇਰੇ ਕੋਲ ਸਰਸਰ ਪੱਤਿਆਂ ਦੀ ਇਉਂ ਜਾਣੀ ਜਿਉਂ ਆਵੇ ਯਾਦਾਂ ਦੀ ਢਾਣੀ ਦੱਸ ਮੈਂ ਕੀ ਕਰਾਂ......... ਅਸਮਾਨਾਂ ਵਿੱਚ ਪੰਛੀ ਸੁਹਣੇ ਭਰਨ ਉਡਾਰੀ ਨੇ ਮਨਮੋਹਣੇ ਪਰ ਯਾਦਾਂ ਦੀ ਹੂਕ ਸਤਾਵੇ ਵਿੱਚ ਕਲੇਜੇ ਧੂਹ ਜਿਹੀ ਪਾਵੇ ਦੱਸ ਮੈਂ ਕੀ ਕਰਾਂ........ ਪਤਝੜ ਬਾਅਦ ਬਹਾਰ ਹੈ ਆਈ ਰੁੱਤ ਜੋਬਨ ਲਈ ਅੰਗੜਾਈ ਹਰ ਕੋਈ ਮਸਤ ਝੂਮੇ ਤੇ ਗਾਵੇ ਪਰ ਤੇਰੇ ਬਾਜੋਂ ਚੈਨ ਨਾ ਆਵੇ ਦੱਸ ਮੈਂ ਕੀ ਕਰਾਂ........... ਬਿਰਹਾ ਮਾਰੀ ਨਾ ਜੀ ਸਕਾਂ ਮੈਂ ਮਾਹੀ ਬਿਨ ਦੱਸ ਕੀ ਕਰਾਂ ਮੈਂ ‘ਉੱਪਲ’ ਆਖੇ ਮੁੜ ਘਰ ਆ ਜਾ ਇਸ ਤਤੜੀ ਨੂੰ ਸੀਨੇ ਲਾ ਜਾ ਦੱਸ ਮੈਂ ਕੀ ਕਰਾਂ............।

ਨੈਣ ਕਟੋਰੇ

ਨੈਣ ਕਟੋਰੇ ਜਗ ਵੇਖਣ ਨੂੰ, ਚਿਹਰੇ ਤਾਈਂ ਸਜਾਏ ਨੇ ਰੱਬੀ ਰੰਗ ਵੇਖ ਸੋਹਣਿਆਂ ਰੰਗ ਸਾਰੇ ਕੁਦਰਤ ਜਾਏ ਨੇ ਰੰਗ ਪਤਝੜ, ਗਰਮੀ, ਸਰਦੀ ਦੇ ਰੰਗ ਬਾਗੀਂ ਮਸਤ ਬਹਾਰਾਂ ਦੇ ਰੰਗ ਬੇਲੇ ਪਰਬਤ ਫੁੱਲਾਂ ਦੇ ਰੰਗ ਸੂਹ ਅੱਲੜ ਮੁਟਿਆਰਾਂ ਦੇ ਰੰਗ ਹਰੀ ਭਰੀ ਹਰਿਆਵਲ ਦੇ ਰੰਗ ਉਡਦੀਆਂ ਕੂੰਜਾਂ ਡਾਰਾਂ ਦੇ ਰੰਗ ਸ਼ਾਮਾਂ ਦੀਆਂ ਉਡੀਕਾਂ ਦੇ ਰੰਗ ਸੁਬਹ ਦੀਆਂ ਸਰਸ਼ਾਰਾਂ ਦੇ ਤੇਰੇ ਨਾਲ ਖੜਾ ਕੋਈ ਐਪਰ ਉਹ ਵੀ ਸਭ ਕੁੱਝ ਵੇਖ ਰਿਹਾ ਹੈ ਤੇਰੀ ਤੱਕਣੀ, ਲਿਖਣੀ ਉਸਦੀ ਉਹ ਲਿਖਦਾ ਤੇਰੇ ਲੇਖ ਰਿਹਾ ਹੈ ਖ਼ੂਬ ਹੈ ਨੈਣਾਂ ਦਾ ਨਜ਼ਰਾਨਾ ਜਿਸ ਦਿੱਤਾ ਉਹਨੂੰ ਭੁਲਾਈਂ ਨਾ ਛੋੜ ਕੇ ‘ਉੱਪਲ’ ਜੋਤ ਦਾ ਚਸ਼ਮਾ ਹੋਰ ਕਿੱਧਰੇ ਸੀਸ ਝੁਕਾਈਂ ਨਾ।

ਸਰਵਣ

ਸਰਵਣ ਅਮਲੀ ਆਵਾਜ਼ਾਂ ਦੇ, ਕੰਨਾਂ ਦਾ ਰਸ ਭਾਉਂਦਾ ਹੈ ਛੇੜੇ ਮਿੱਠੀ ਧੁਨ ਜਦ ਕੋਈ ਰਸ ਕੰਨਾਂ ਵਿਚ ਘੁਲ ਜਾਂਦਾ ਹੈ ਕਵਿਤਾ, ਨਜ਼ਮ, ਗ਼ਜ਼ਲ, ਟੱਪੇ ਕੰਨਾਂ ਨੂੰ ਸਹਿਲਾਉਂਦੇ ਨੇ ਰਫੀ, ਲਤਾ, ਗ਼ੁਲਾਮ ਅਲੀ ਕੰਨਾਂ ਵਿੱਚ ਡੇਰਾ ਲਾਉਂਦੇ ਨੇ ਕੋਇਲ ਕੂ ਕੂ, ਪਾਣੀ ਛਰ ਛਰ ਸਰਸਰ ਹਵਾ ਕੁੱਝ ਕਹਿ ਜਾਵੇ ਦਿਲਬਰ ਦੇ ਦੇਸੋਂ ਆਕੇ ਤੇ ਕੁਝ ਕਹਿ ਰੂਹਾਂ ਵਿਚ ਲਹਿ ਜਾਵੇ ਵੰਝਲੀ ਸੁਣ ਮੁਰਲੀ ਵਾਲੇ ਦੀ ਪਤਝੜ ਵੀ ਵੇਖੋ ਮਹਿਕ ਪਈ ਮਿਰਗਨੈਣੀ ਰਾਧਾ ਨੱਚ ਉੱਠੇ ਮਿਰਗਾਵਲ ਸਾਰੀ ਚਹਿਕ ਪਈ ਧੂਹ ਪੈਂਦੀ ਵਿਚ ਕਲੇਜੇ ਦੇ ਜਦ ਨਾਦ ਪ੍ਰੇਮ ਦਾ ਵਜਦਾ ਹੈ ਕਈ ਆਸ਼ਕ ਮਜਨੂੰ ਬਣ ਜਾਂਦੇ ਜਦ ਢੋਲ ਪਿਆਰ ਦਾ ਵਜਦਾ ਹੈ ਮਹਿਬੂਬ ਦਾ ਇਕ ਸੁਨੇਹਾ ਹੀ ਕੰਨਾਂ ਵਿਚ ਮਿਸ਼ਰੀ ਘੋਲ ਦਵੇ ਇਉਂ ਜਾਪੇ ਖ਼ੁਦਾ ਲੁਕਾਈ ਤੇ ਜੰਨਤ ਵੀ ਆਪਣੀ ਡੋਲ ਦਵੇ ਕੰਨ ਬਖਸ਼ੇ ਤੈਨੂੰ ਕੁਦਰਤ ਨੇ ਕੁਦਰਤ ਦੇ ਸੋਹਿਲੇ ਗਾ ਬੰਦਿਆ ਲੱਚਰ ਗੀਤਾਂ ਨੂੰ ਸੁਣ ਸੁਣ ਕੇ ਐਵੇਂ ਨਾ ਵਕਤ ਗਵਾ ਬੰਦਿਆ ਨਿੰਦਾ ਨਾ ਸੁਣਿਆ ਕਰਿਆ ਕਰ ਇਹ ਪਾਪਾਂ ਦੀ ਪਟਾਰੀ ਹੈ ‘ਉੱਪਲ’ ਇਹ ਲਗਦੀ ਚੰਗੀ ਹੈ ਪਰ ਕਿਰਦਾਰ ਤੇ ਪੈਂਦੀ ਭਾਰੀ ਹੈ।

ਰਸਨਾ

ਰਸਰਸਾਂ ਦੀ, ਪਟਰਾਣੀ ਹੈ ਇਹ ਜੋ ਤੇਰੀ ਰਸਨਾ ਹੈ ਜੀਵਨ ਜਾਚ ਦੀ ਕੁੰਜੀ ਹੈ ਇਸ ਹੱਸਣਾ ਜਾਂ ਫਿਰ ਡੱਸਣਾ ਹੈ ਸ਼ਮਸ਼ੀਰ ਤੇ ਤੇਜ ਕਟਾਰੀ ਇਹ ਲੱਖਾਂ ਦਾ ਲਹੂ ਬਹਾ ਦੇਵੇ ਇਕ ਵਾਰੀ ਜੇ ਹਿੱਲ ਪਵੇ ਮਹਾਂਭਾਰਤ ਤੱਕ ਕਰਵਾ ਦੇਵੇ ਚੁਗਲੀ ਕਰੇ ਤਾਂ ਇੱਕ ਛਿਣ ਵਿੱਚ ਯਾਰਾਂ ਨੂੰ ਖ਼ਾਰ ਬਣਾ ਛੱਡੇ ਉਮਰਾਂ ਦੀ ਲਾਈ ਯਾਰੀ ਨੂੰ ਝੱਟ ਮਿੱਟੀ ਵਿਚ ਮਿਲਾ ਛੱਡੇ ਇਹ ਰਸਨਾ ਜੇ ਸੱਚ ਰਸ ਮਾਣੇ ਇਹ ਮਿੱਠਾ ਮਿੱਠਾ ਬੋਲੇ ਜੇ ਚੰਗਿਆਈਆਂ ਦੀ ਪਾਤਰ ਹੋਵੇ ਤੋਲੇ ਤੇ ਫਿਰ ਬੋਲੇ ਜੇ ਸਭ ਹਿਰਦੇ ਰੱਬੀ ਹੁੰਦੇ ਨੇ ਇਹ ਸੱਚ ਨੂੰ ਜੇ ਪਛਾਣ ਲਵੇ ਕਦੇ ਕੌੜਾ ਬੋਲ ਇਹ ਬੋਲੇ ਨਾ ਇਕ ਵਾਰੀ ਜੇ ਇਹ ਠਾਣ ਲਵੇ ਜੀ ਕਹਿਣਾ ਸਾਡਾ ਵਿਰਸਾ ਹੈ ਅਸੀਂ ਤੂੰ ਤੂੰ ਦੇ ਵਿਉਪਾਰੀ ਨਹੀਂ ਪਿੰਡ ਦੇ ਸੱਭ ਸਾਡੇ ਆਪਣੇ ਨੇ ਸਾਡੀ ਵੱਖਰੀ ਰਿਸ਼ਤੇਦਾਰੀ ਨਹੀਂ ਐ ਜੀਭਾ! ਤੂੰ ਅੰਨਰਸ ਛੱਡ ਕੇ ਤੇ ਰੱਬ ਦੇ ਸੋਹਿਲੇ ਗਾਇਆ ਕਰ ‘ਉੱਪਲ’ ਤੂੰ ਜਿਸ ਦੀ ਬਖਸ਼ਿਸ਼ ਹੈਂ ਉੱਸੇ ਦਾ ਸ਼ੁਕਰ ਮਨਾਇਆ ਕਰ।

ਇੱਕ ਪੰਛੀ ਸੁਰਖ਼ਾਬੀ

ਇੱਕ ਪੰਛੀ ਸੁਰਖ਼ਾਬੀ ਮੇਰੇ ਦਿਲ ਵਿੱਚ ਆ ਵੱਸਿਆ ਰੰਗ ਲਾਲ, ‘ਗੁਲਾਬੀ’ ਮੇਰੀ ਰੂਹ ਵਿਚ ਜਾ ਧੱਸਿਆ ਧੌਣ ਉਹਦੀ ਸੁਰਾਹੀ ਜਿਹੀ ਚਾਲ ਬੇਪਰਵਾਹੀ ਜਿਹੀ ਜ਼ੁਲਫਾਂ ਦੇ ਪੇਚ ਪਏ ਨੂਰ ਮੁੱਖ ਤੇ ਹੈ ਮੱਚਿਆ ਝੀਲ ਜਹੀਆਂ ਅੱਖੀਆਂ ਨੇ ਨੀਲ ਕਮਲ ਜਿਉਂ ਰੱਖੀਆਂ ਨੇ ਬੁੱਲ੍ਹ ਨੇ, ਫੁੱਲ ਪੱਤੀਆਂ ਖੁਸ਼ਬੂਆਂ ਰੰਗ ਰੱਤੀਆਂ ਕੱਦ ਸਰੂ ਜਿਹਾ ਸੋਹਣਾ ਚੰਨ ਚੜ੍ਹਿਆ ਮਨਮੋਹਣਾ ਮਹਿਕਾਂ ਦੀ ਰਾਣੀ ਹੈ ਦਿਲਕਸ਼ ਸੁਆਣੀ ਹੈ ਜਿੱਧਰੋਂ ਦੀ ਲੰਘ ਜਾਵੇ ਖੁਸ਼ਬੂਆਂ ਵੰਡ ਜਾਵੇ ਉਹ ਜਦ ਵੀ ਬੋਲ ਪਵੇ ਮੋਤੀ ਹੀ ਡੋਲ ਦਵੇ ਬੁੱਲੀਆਂ ਜਾਂ ਹਿੱਲ ਜਾਵਣ ਕਲੀਆਂ ਹੀ ਖਿੱਲ ਜਾਵਣ ਦਿਲ ਲੈ ਗਈ ਉਹ ਮੇਰਾ ਸਖਣਾ ਹੋਇਆ ਡੇਰਾ ਰਾਤ ਦਿਨ ਦੀ ਖ਼ਬਰ ਨਹੀਂ ਸਭ ਕੁਝ ਹੈ ਸਬਰ ਨਹੀਂ ਉਹ ਨਜ਼ਰ ਨਹੀਂ ਆਵੇ ਰਾਤ ਨੀਂਦ ਨਹੀਂ ਆਵੇ ਦਿਲ ਨੂੰ ਸਮਝਾ ਬੈਠੋਂ ਕੀ ਰੋਗ ਲਵਾ ਬੈਠੋਂ ਕੋਈ ਹਲ ਨਹੀਂ ਚਾਰਾ ਫਿਰਦਾਂ ਮਾਰਾ ਮਾਰਾ ਉਹ ਪੰਛੀ ਸੁਰਖ਼ਾਬੀ ਰੰਗ ਗੂੜ੍ਹਾ ਗੁਲਾਬੀ ਉਹ ਕਿੱਥੇ ਉਡਰ ਗਿਆ ਕਿਉਂ ਸਾਨੂੰ ਭੁਲ ਗਿਆ ਕਦੇ ਸ਼ਹਿਰ ਮੇਰੇ ਆਵੇ ਐਧਰੋਂ ਵੀ ਉਡ ਜਾਵੇ ਚੂਰੀ ਖਲਾਂਵਾਂਗੇ, ਦਿਲ ਨਾਲ ਲਾਵਾਂਗੇ ਜੇ ਪਰਉਪਕਾਰ ਕਰੇ ਮੁੜ ਆਵੇ ਫੇਰ ਘਰੇ।

ਵਿਰਲੇ ਹੀ ਸੰਭਾਲਣ ਪੱਗ ਵੇ

ਦੁਨੀਆ ’ਚ ਲੋਕਾਂ ਦੇ ਵੱਗ ਵੇ ਸੰਤ, ਚੋਰ, ਕਈ ਪੂਰੇ ਠੱਗ ਵੇ। ’ਗਾਂਹ ਵਧੂ ਕਈ ਪਿੱਛੇ ਲੱਗ ਵੇ ਤੂਤੀ ਫੂਕਣ ਡੋਰੇ ਮਗ ਵੇ। ਸੁੱਕੀ ਚੌਧਰ ਵਿੱਚ ਰਗ ਰਗ ਵੇ ਅਕਲੋਂ ਅੰਨੇ ਪੂਰੇ ਨੱਗ ਵੇ। ਖੜਪੈਂਚੀ ਤੇ ਚੌਧਰ ਜਗ ਵੇ ਹੰਸੀਂ ਰੀਸਾਂ ਪਰ ਚਿੱਟੇ ਬਗ ਵੇ। ਸ਼ੇਰ ਦਹਾੜੇ ਤਾਂ ਬਹਿੰਦੀ ਝੱਗ ਵੇ ਵਿਰਲੇ ਹੀ ਸੰਭਾਲਣ ਪੱਗ ਵੇ।

ਸੁਣ ਪੱਤਿਆਂ ਦੀ ਮਿੱਠੜੀ ਸਰਸਰ

ਸੁਣ ਪੱਤਿਆਂ ਦੀ ਮਿੱਠੜੀ ਸਰਸਰ ਹੰਝੂ ਨੈਣੀਂ ਆਵਣ ਭਰਭਰ। ਬੁੱਲ੍ਹਾ ਹਵਾ ਸਰਨਾਵਾਂ ਦੱਸੇ ਕੋਇਲ ਕੂਕੇ ਉਸਦਾ ਘਰ ਘਰ। ਤੇਰੀ ਆਮਦ ਜੁੰਬਿਸ਼ ਆਵੇ ਝਰਨੇ ਫੁੱਟਣ ਪਾਣੀ ਛਰਛਰ। ਫੁੱਲਾਂ ਡਾਲੀ ਮਹਿਕ ਚਮਨ ਦੀ ਪੰਛੀ ਚਹਿਕਣ ਉੱਡਣ ਫਰਫਰ। ਤੂੰ ਸੰਤੋਖੀ ਸਬਰ ਪਿਆਲਾ ਤੂੰ ਹੋਵੇਂ ਕਿਉਂ ਰਹੀਏ ਡਰਡਰ। ਵਿੱਚ ਤ੍ਰ੍ਰਿੰਝਣ ਮੈਂ ਕੁਰਲਾਵਾਂ ਦਿਲ ਡੁੱਬੇ ਤੇ ਕੰਬਾਂ ਥਰਥਰ। ਭੁੱਲ ਕਿ ਹੀ ਇਕ ਗੇੜਾ ਤਾਂ ਲਾ ਕਿਉਂ ਤੜਪਾਵੇਂ ਵਾਅਦੇ ਕਰ ਕਰ। ਗੀਤ ਬਿਰਹੜਾ ‘ਉੱਪਲ’ ਗਾਏ ਨੱਚਦਾ ਗਾਉਂਦਾ ਭਟਕੇ ਦਰਦਰ।

ਬਾਬਾ ਨਾਨਕਾ ਮੁੜ ਆਵੀਂ ਕਸ਼ਮੀਰ

ਬਾਬਾ ਨਾਨਕਾ ਮੁੜ ਆਵੀਂ ਕਸ਼ਮੀਰ ਭੈਣ ਨਾਨਕੀ ਬੁਲਾਵੇ ਆ ਜਾ ਵੀਰ। ਤੀਸਰੀ ਉਦਾਸੀ ਗੇੜਾ ਵਾਦੀ ਬਾਬੇ ਲਾਇਆ ਸੀ ’ਮੀਰਾਂ ਕਦਲ ਝੰਡਾ ਗੁਰਾਂ ਸੱਚ ਦਾ ਝੁਲਾਇਆ ਸੀ ਪਾਏ ਰਾਹੇ ਵਿਦਵਾਨ ਸੂਫ਼ੀ ਪੀਰ। ਮੁੜ ਆਵੀਂ ਕਸ਼ਮੀਰ..... ਹਰੀ ਪਰਬਤ ਛੇੜੀ ਕੀਰਤਨ ਧੁਨੀ ਸੀ ਪੰਡਿਤ ਪ੍ਰਸ਼ੋਤਮ ਬੈਠਾ ਅਭਿਨਾਸ਼ੀ ਮੁਨੀ ਸੀ ਛਕੀ ਬਾਣੀ ਵਾਲੀ ਸਭ ਮਿੱਠੀ ਖੀਰ। ਮੁੜ ਆਵੀਂ ਕਸ਼ਮੀਰ..... ਸ਼ੰਕਰ ਚਾਰੀਆ ਬਾਬੇ ਚਾਲੇ ਪਾਏ ਸਨ ਫੇਰ ਅਵੰਤੀਪੁਰ ਬਾਬਾ ਜੀ ਸਿਧਾਏ ਸਨ ਸੂਫ਼ੀ ਕਮਾਲ ਹੋਇਆ ਸੱਚ ਦਾ ਸਫ਼ੀਰ। ਮੁੜ ਆਵੀਂ ਕਸ਼ਮੀਰ...... ਗੋਪੀ ਦੇਈ ਬੀਬੀ ਗੁਰੂ ਘਰ ਦੀ ਪਿਆਰੀ ਸੀ ਗੁਰਾਂ ਨੂੰ ਉਡੀਕੇ ਬਿਜ ਬਹੇੜੇ ’ਚ ਲਾਚਾਰੀ ਸੀ ਯਾਦ ਬਾਬੇ ਦੀ ’ਚ ਰੋਈ ਨੀਰੋ ਨੀਰ। ਮੁੜ ਆਵੀਂ ਕਸ਼ਮੀਰ....... ਧਰਤ ਮਟਨ ਦੇ ਬਾਬੇ ਭਾਗ ਜਗਾਏ ਸਨ ਬ੍ਰਹਮ ਦਾਸ ਜੈਸੇ ਕਈ ਗੁਰਾਂ ਰਾਹੇ ਪਾਏ ਸਨ ਵਿੰਨੇ ਹਿਰਦੇ ਮਾਰ ਸੱਚ ਵਾਲੇ ਤੀਰ। ਮੁੜ ਆਵੀਂ ਕਸ਼ਮੀਰ.... ਮਾਰੂ ਤੇ ਮਲਹਾਰ ਵਾਰ ਬਾਬੇ ਐਥੇ ਗਾਈ ਸੀ ਚਸ਼ਮੇ ਸ਼ੀਤਲ ਧੂਣੀ ਨਾਮ ਵਾਲੀ ਲਾਈ ਸੀ ਬੰਦੇ ਕਿਰਤੀ ਬਣਾਏ ਸੀ ਅਮੀਰ। ਮੁੜ ਆਵੀਂ ਕਸ਼ਮੀਰ..... ਅਮਰਨਾਥ ਤੋਂ ਬਾਬਾ ਜੀ ਕਾਜ਼ੀਗੁੰਡ ਪਧਾਰੇ ਨੇ ਗੁਰੂ ਸੰਗਤਾਂ ਦੇ ਹੋਏ ਵਾਰੇ ਤੇ ਨਿਆਰੇ ਨੇ ਘਰ ਆਇਆ ਭੈਣ ਨਾਨਕੀ ਦਾ ਵੀਰ। ਮੁੜ ਕੇ ਵੀ ਆਵੀਂ ਕਸ਼ਮੀਰ....... ਅੱਜ ਫੇਰ ਝੂਠਿਆਂ ਦਾ ਹੋਇਆ ਬੋਲ ਬਾਲਾ ਹੈ ਭਗਵਾ ਸਫ਼ੇਦ ਜਿਹੜਾ, ਅੰਦਰੋਂ ਉਹ ਕਾਲਾ ਹੈ ਕਪਟੀ ਲੋਕਾਂ ਦੀ ਲੱਗੀ ਫਿਰ ਭੀੜ। ਮੁੜ ਆਵੀਂ ਕਸ਼ਮੀਰ......

ਫੁੱਲਾਂ ਦੇ ਬਹਾਨੇ

ਸਫ਼ੇਦ ਫੁੱਲਾਂ ਦੇ ਬਹਾਨੇ ਛੇੜ ਵਿਸਰੇ ਤਰਾਨੇ ਖ਼ੁਮਾਰ ਜਿਹਾ ਛਾ ਜਾਏ ਖੋਲ ਨੈਣ ਮਹਿਖਾਨੇ ਬਸੰਤੀ ਰੁੱਤ ਪੀਲੇ ਫੁੱਲ ਭਰੇ ਸੈਂਕੜੇ ਪੈਮਾਨੇ ਫ਼ਿਜ਼ਾ ਖ਼ਿਜ਼ਾ ਬਣ ਗਈ ਕਿੱਥੇ ਗਏ ਉਹ ਜ਼ਮਾਨੇ ਮਹਿਕ ਅੱਜ ਵੀ ਸਤਾਏ ਕਿਵੇਂ ਭੁਲੀਏ ਫਸਾਨੇ ਦਿਲੀ ਦਸਤਕ ਉਡੀਕਾਂ ਕਿਤੇ ਆ ਜਾਏ ਨਾ ਜਾਨੇ.....

ਤਵਾਰੀਖੀ ਛਾਪ

ਮਾਵਾਂ ਡਿੱਠੀਆਂ ਬਾਪ ਵੀ ਡਿੱਠੇ ਪੁੱਤਰ ਮੋਹ ਸੰਤਾਪ ਵੀ ਡਿੱਠੇ ਪੁੱਤਰਾਂ ਖ਼ਾਤਰ ਬੰਦੇ ਜੋ ਜੋ ਕਰਦੇ ਢੇਰਾਂ ਪਾਪ ਵੀ ਡਿੱਠੇ। ਬਲੀ ਪੁੱਤਰ ਦੀ ਦੇਵਣ ਵੇਲੇ ਰੂਹ ਬੰਦੇ ਦੀ ਕੰਬ ਉੱਠੀ ਅੱਖੀਂ ਪੱਟੀ ਬੰਨ ਸ਼ਹਾਦਤ ਪੁੱਤਰ ਦੀ ਦਿੰਦੇ ਬਾਪ ਵੀ ਡਿੱਠੇ। ਵੱਡੇ ਵੱਡੇ ਪਰਤਾਪੀ ਬੰਦੇ ਰੱਬੀ ਬਖ਼ਸ਼ਿਸ਼ ਦੇ ਪਾਤਰ ਵੀ ਭੁੱਲ ਕੇ ਰੱਬੀ ਰਹਿਮਤ ਸਾਰੀ ਪੁੱਤਾਂ ਲਈ ਕਰਦੇ ਜਾਪ ਵੀ ਡਿੱਠੇ। ਅੰਨ੍ਹੀਆਂ ਅੱਖਾਂ, ਰਾਜ ਭਾਗ ਮਾਣਨ ਲਈ ਘੁੱਪ ਹਨੇਰਾ ਸੀ ਪੁੱਤਰ ਲਈ ਮੰਨ ਜੂਆ ਜਾਇਜ਼ ਸਿਰ ਮੜ੍ਹਦੇ ਕਈ ਸਰਾਪ ਵੀ ਡਿੱਠੇ। ਬਾਬਰ ਜਿਹੇ ਮੁਗ਼ਲ ਬਾਦਸ਼ਾਹ ਪੁੱਤਰ ਮੋਹ ਵਿੱਚ ਢੇਰ ਹੋਏ ਜ਼ਿੰਦਗੀ ਪੁੱਤਰ ਤੇ ਵਾਰਨ ਲਈ ਸੱਤ ਫੇਰੇ ਲੈਂਦੇ ਆਪ ਵੀ ਡਿੱਠੇ। ਐਪਰ ਇੱਕੋ ਮਰਦ ਅਗੰਮੜਾ ਚਾਰ ਪੁੱਤਰ ਜੋ ਵਾਰ ਗਿਆ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਤਵਾਰੀਖੀ ਛੱਡਦੇ ਛਾਪ ਵੀ ਡਿੱਠੇ।

ਬੋਹੜ ਦਾ ਬੂਟਾ

ਇਸ ਬੋਹੜ ਦੇ ਬੂਟੇ ਦੀ ਘਣ ਛਾਂ ਅਸਾਂ ਮਾਣੀ ਹੈ ਇਨ੍ਹਾਂ ਸਾਵੇ ਪੱਤਿਆਂ ਦੀ ਦਿਲਚਸਪ ਕਹਾਣੀ ਹੈ ਇਨ੍ਹਾਂ ਖਿੜਖਿੜ ਹਾਸਿਆਂ ਦੀ ਬੇਬਾਕ ਰਵਾਨੀ ਹੈ ਕਿਤੇ ਬਸੰਤ ਬਹਾਰਾਂ ਦੀ ਕਿਤੇ ਵਿਛੜੀਆਂ ਡਾਰਾਂ ਦੀ ਇਨ੍ਹਾਂ ਖੜਖੜ ਪੱਤਿਆਂ ਦੀ ਆਵਾਜ਼ ਸੁਹਾਨੀ ਹੈ ਓਹ ਰੌਣਕ ਵੀਰਾਂ ਦੀ ਓਹ ਗੁਣੀ ਗਹੀਰਾਂ ਦੀ ਮਾਵਾਂ ਦੇ ਲੰਗਰਾਂ ਦੀ ਘਰ ਬੰਨ੍ਹੇ ਡੰਗਰਾਂ ਦੀ ਫੁੱਲ, ਪੰਛੀ, ਬੂਟਿਆਂ ਦੀ ਉਨ੍ਹਾਂ ਪੀਘਾਂ ਝੂਟਿਆਂ ਦੀ ਤਾਂਘਾਂ ਦੀ ਆਸਾਂ ਦੀ ਮਹਿਕੇ ਸਵਾਸਾਂ ਦੀ ਜੀਣੇ ਦੀ ਨਿਸ਼ਾਨੀ ਹੈ ਓਹ ਵੇਲਾ ਚਲਾ ਗਿਆ ਆਹ ਵੀ ਤਾਂ ਸੁਹਣਾ ਹੈ ਉਮਰਾਂ ਦਾ ਤਕਾਜ਼ਾ ਹੈ ਹੋਣਾ ਜੋ, ਹੋਣਾ ਹੈ ਨੱਚ ਟੱਪ ਕੇ ਜੀ ਲਈਏ ਕਾਹਦਾ ਰੋਣਾ ਧੋਣਾ ਹੈ ‘ਉੱਪਲ’ ਰਜ਼ਾ ’ਚ ਰਾਜ਼ੀ ਹੈ ਉਸ ਜਿੱਤ ਲਈ ਬਾਜ਼ੀ ਹੈ।

ਕੁਦਰਤ

ਫੁੱਲਾਂ ਦੀ ਖਿਲਖਿਲਾਹਟ ਭਰੀ ਖ਼ੁਸ਼ਬੂ, ਅਲੌਕਿਕ ਰੰਗ ਬਿਖ਼ੇਰਦੀ ਮੁਸਕਾਨ! ਹਰੇ ਭਰੇ ਪੱਤਿਆਂ ਨੂੰ, ਹਵਾ ਦੀ ਬਖਸ਼ੀ ਹੋਈ, ਮਿੱਠੀ, ਨਿੱਘੀ, ਸ਼ੀਤਲ ਤੇ, ਸੰਗੀਤਮਈ ਸਰਸਰਾਹਟ ! ਦੂਰ ! ਹਰਿਆਲੀ ਸਰਬੇਜ਼ ਪਰਬਤਾਂ ਚੋਂ, ਝਾਤੀਆਂ ਮਾਰਦੇ, ਸੂਰਜ ਦੀਆਂ ਸਤਰੰਗੀ ਕਿਰਨਾਂ ਨਾਲ, ਇਕਮਿਕ ਹੋ ਪੀਘਾਂ ਸਿਰਜਦੇ, ਚਾਂਦੀਨੁਮਾ ਸਫ਼ੇਦ ਪਾਣੀਆਂ ਦੀ, ਛਰਛਰਾਹਟ ! ਵੰਨ ਸਵੰਨੇ ਰੰਗਾਂ ਨਾਲ ਸੰਵਰੇ, ਪੰਛੀਆਂ ਦੇ ਝੁਰਮਟ, ਤੇ ਮਿੱਠੀਆਂ ਤੇ ਮਨਭਾਉਂਦੀਆਂ ਬੋਲੀਆਂ! ਅੱਲੜ ਮੁਟਿਆਰਾਂ ਦੀਆਂ ਬੇਫਿਕਰ, ਤੇ ਬੇਬਾਕ, ਮਸਤ ਗੱਪਾਂ! ਤੇ ਆਪਿਉਂ ਬਾਹਰ, ਨਿਧੜਕ ਤੇ ਜੋਬਨ ਮਤੀਆਂ ਟੋਰਾਂ! ਗਰਮੀਆਂ ਦੀਆਂ ਤਪਦੀਆਂ ਧੁੱਪਾਂ ! ਪਿੰਡ ਦੀਆਂ ਗਲੀਆਂ ’ਚ ਉਡਦੀਆਂ ਧੂੜਾਂ ! ਤੇ ਇਸ ਸਭ ਤੋਂ ਬੇਖ਼ਬਰ ਖੇਡਦੇ ! ਅਲਮਸਤ ਬੱਚੇ! ਸਰਦੀਆਂ ਦਾ ਮੌਸਮ ਤੇ, ਵਿਹੜੇ ਨੂੰ ਚਾਰ ਚੰਨ ਲਗਾਉਂਦੀਆਂ, ਮਿੱਠੀਆਂ ਤੇ ਨਿੱਘੀਆਂ ਧੁੱਪਾਂ! ਬਗੀਚੀ ਵਿੱਚ ਮੁਸਕਰਾਹਟਾਂ ਬਿਖ਼ੇਰਦੇ , ਗੁਲਦੁਪਹਿਰੀ ਦੇ ਰੰਗ ਬਰੰਗੇ ਫੁੱਲ! ਸ਼ਾਮਾਂ ਨੂੰ ਘਰਾਂ ਦੀਆਂ ਤਾਕੀਆਂ ’ਚ, ਟਿਮਟਮਾਉਂਦੇ ਚਿਰਾਗ਼ ! ਜਿਵੇਂ ਬਰੰਹੇ ਰੰਗ ਰੱਤੇ ! ਚਿਰ ਵਿਛੜੇ ਮਹਿਬੂਬ ਦੀ! ਨਾਮੁਕਦੀ ਉਡੀਕ ਦੇ ! ਅਣਬੁੱਝ ਸੁਨੇਹੜੇ ਬਣ ਬੈਠੇ ਹੋਣ! ਬਨੇਰੇ ਖੜੀ, ਕਿਸੇ ਸੁਖ ਸੁਹਾਗਨ ਦੀਆਂ, ਵਿਆਕੁਲ ਤੇ ਬੇਚੈਨ ਅਦਾਵਾਂ ! ਜਿਵੇਂ ਅਗਲੇਰੀ ਕਾਲ਼ੀ ਬੋਲ਼ੀ, ਲੰਬੇਰੀ, ਰਾਤ ਦੇ! ਨਾ ਮੁਕਦੇ ਵਿਛੋੜੇ ਨੂੰ ! ਦ੍ਰਿਸ਼ਟੀਮਾਨ ਕਰ ਰਹੀਆਂ ਹੋਣ! ਸਾਵਨ ਮਹੀਨੇ ਛਾਈਆਂ, ਘਨਘੋਰ ਘਟਾਵਾਂ, ਕਾਲੇ ਘਣੇ ਬਦਲਾਂ ਦੀ ਗੜਗੜਾਹਟ, ਬਿਜਲੀਆਂ ਦੀਆਂ ਧਰਤ ਛੋਹੰਦੀਆਂ ਚਮਕਾਰਾਂ! ਛਮਛਮ ਵਰਦੀਆਂ ਬਾਰਸ਼ਾਂ, ਲੰਬੀਆਂ ਲੰਬੀਆਂ ਝੜੀਆਂ, ਸਭ ਥਾਈਂ ਹੋਈ , ਜਲਥਲ ਜਲਥਲ! ਰੱਬੀ ਰੰਗਾਂ ’ਚ ਰੱਤੇ ! ਮਸਤ ਬਾਲ ਨਿਆਣੇ! ਤੇ ਗਲੀਆਂ ਦੇ ਪਾਣੀਆਂ ’ਚ, ਛੜਪ ਛੜਪ ਖੇਡਾਂ! ਘਰ ਗ੍ਰਹਿਸਥ ਨੂੰ ਮਾਣਨ ਵਾਲੀਆਂ, ਸੁਆਣੀਆਂ ਦੇ ਕੋਮਲ ਹੱਥੀਂ ਬਣੇ, ਗਰਮ ਮਾਲ ਪੂੜੇ! ਤੇ ਗਰਮ ਗਰਮ ਚਾਹ ਦੀਆਂ ਚੁਸਕੀਆਂ! ਜਿਵੇਂ ਪਰਵਾਰਿਕ ਸੁੱਖਾਂ ਨੂੰ, ਵਿਸਮਾਦਿਕ ਕਰ ਰਹੀਆਂ ਹੋਣ! ਤੇ ਸਾਵਨ ਦੀ ਛਹਬਰ ਨੂੰ, ‘‘ਜੀ ਆਇਆਂ’’ ਕਹਿ ਰਹੀਆਂ ਹੋਣ! ਪਿੰਡੋਂ ਬਾਹਰ, ਹਰਿਆਵਲ ਨਹਾਏ ਖੇਤ! ਔਹ! ਖੂਬਸੂਰਤੀ ਦਾ ਰੰਗਲਾ ਯਾਰ, ਅਨੂਠੀ ਮੇਘ ਮਸਤੀ ’ਚ ਰਮਿਆ, ਮੰਤਰਮੁਗਧ ਪੈਲਾਂ ਪਾਉਂਦਾ! ਨੱਚਦਾ ਮੋਰ ! ਤੇ ਮਹਿਬੂਬ ਮੋਰਨੀ ਦਾ ਦਿਲਕਸ਼ ! ਚੁਗਿਰਦੀ ਪਹਿਰਾ! ਜਿਵੇਂ ਕਿਤੇ, ਸਮੇਂ ਨੂੰ ਬੰਨ੍ਹ ਛੱਡਿਆ ਹੋਵੇ! ਤੇ ਬਾਬੇ ਨਾਨਕ ਦੇ ਇਹ ਪਾਵਨ ਬੋਲ, ਆਪ ਮੁਹਾਰੇ, ਸੰਗੀਤਨੁਮਾ ਹੋ ਜਾਵਣ! ‘‘ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣੁ ਆਇਆ’’ ਅੰਬਾਂ ਦੇ ਬਾਗਾਂ ਵਿੱਚ ਕੋਇਲ, ਮੇਘਮਲਹਾਰੀ ਧੁੰਨ ਛੇੜੀ, ਮਸਤ ਕੂ ਕੂ ਦੀ, ਸੁਰੀਲੀ! ਬਿਰਹੜੀ! ਤੇ ਦਿਲ ਟੁੰਬਵੀਂ ਅਵਾਜ਼ ਵਿੱਚ! ਠੰਡੀ ਛਹਿਬਰ ਨੂੰ, ਜਿਵੇਂ, ਹੋਰ ਵਰ੍ਹਨ ਲਈ, ਕਹਿ ਰਹੀ ਹੋਵੇ! ਪੀਘਾਂ ਝੂਟਦੀਆਂ ਤੇ ਗਿੱਧੇ ਪਾਉਂਦੀਆਂ, ਪਿੰਡ ਦੀਆਂ ਅੱਲੜ ਮੁਟਿਆਰਾਂ ਨੇ , ਹੁਲਾਸ, ਉਤਸਵ ਤੇ ਅਣਥੱਕ ਖੁਸ਼ੀਆਂ ਨੂੰ, ਆਪਣੇ ਸੁਪਨਿਆਂ ਦੇ ਰਾਜਕੁਮਾਰਾਂ ਲਈ, ਇਵੇਂ ਰੂਪਮਾਨ ਕਰ ਛੱਡਿਆ ਹੋਵੇ! ‘‘ਅੱਲੜ ਕੁੜੀਆਂ ਗਿੱਧੇ ਪਾਵਣ ਝੂਟਣ ਪੀਘਾਂ ਸ਼ੋਰ ਮਚਾਵਣ ਧਰਤੀ ਹਿੱਕ ਹਰਿਆਲੀ ਹੋਈਐ ਮੋਰਾਂ ਰੁਣਝੁਣ ਲਾਈ ਹੋਈਐ ਛੇੜ ਮਿੱਠੀ ਜਿਹੀ ਧੁੰਨ ਤੂੰ ਵੀ, ਕੋਈ ਦਿਲ ਚੀਰਦੀ ਹੇਕ ਤੇ ਲਾ ਤੂੰ ਮੇਰੇ ਪ੍ਰੀਤਮ ਘਰੀਂ ਤੇ ਆ.......!!!’’ ਗੁਰਬਾਣੀ ਦੀ ਠੰਡੀ ਫ਼ੁਹਾਰ ਫਿਰ ਬਰਸੀ ਹੈ! ‘‘ਰੰਗ ਸਭੇ ਨਾਰਾਇਣੈ ਜੇਤੇ ਮਨ ਭਾਵੰਨਿ’’ ਅਤੇ ‘‘ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰ ਜਾਹਿ ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ’’ ਰੰਗਾਂ ਲੱਧੀ ਰੁੱਤ, ਬਹਾਰ ਦੇ ਬਾਅਦ, ਪਤਝੜ ਦੀ ਆਮਦ ਸੁਭਾਵਕ ਹੈ! ਵਿਛੋੜੇ! ਬਿਰਹੇ ! ਤੇ ਬੈਰਾਗ ਦੀ ਰੁੱਤ! ਪਤਝੜ! ‘‘ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ, ਫਰੀਦਾ ਜਿਤ ਤਨਿ ਬਿਰਹੁ ਨ ਉਪਜੈ ਸੋ ਤਨੁ ਜਾਣੁ ਮਸਾਨੁ’’ ਖਿਜਾਂ ਦੀ ਦਸਤਕ! ਜੋਬਨ ਰੁੱਤ ਦੀ ਵਿਦਾਇਗੀ! ਤੇ ਬੁਢਾਪੇ ਦੀ ਆਮਦ ਦਾ! ਖ਼ੁਦਾਈ ਸੱਚ! ਧੁਰ ਕੀ ਬਾਣੀ ਦੀਆਂ ਇਹ ਪੰਕਤੀਆਂ , ਫਿਰ ਲਰਜੀਆਂ ! ‘‘ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ’’ ਕਿੰਨੀ ਸੁੰਦਰ! ਤੇ ਸੱਚੀ! ਤਸਵੀਰ ਹੈ ਇਹ! ਕਿ ਦੌਲਤ! ਜਵਾਨੀ ! ਤੇ ਫੁੱਲ ! ਸਦੀਵੀ ਨਹੀਂ ਹੁੰਦੇ! ਬੱਸ ਕੁਝ ਦਿਨਾਂ ਦੇ , ਮਹਿਮਾਨ ਹੀ, ਹੋਇਆ ਕਰਦੇ ਨੇ! ਸੋਹਣੇ ਬਾਂਕੇ! ਜੋਬਨਮੱਤੇ! ਹਰੇ ਭਰੇ ਫੁੱਲ, ਪੱਤੇ! ਜੋ ਕਦੇ ਵੱਡੇ ਵੱਡੇ, ਸਰੂ ਜਿਹੇ ਸ਼ੋਭਨੀਕ! ਤੇ ਦਰਸ਼ਨੀ ਰੁੱਖਾਂ ਤੇ , ਹੀਰੇ ਮੋਤੀਆਂ ਨਿਆਈ ਜੜੇ ਸਨ ! ਅੱਜ ਪੀਲੇ ਸੁੱਕੇ ਹੋਏ! ਭੁੰਜੇ ਢੱਠੇ ! ਜਿਵੇਂ, ਰੋ ਰੋ ਕਿ, ਦੁਹਾਈਆਂ ਦੇ ਰਹੇ ਹੋਣ! ਕਿ ਔਹ ! ਸਾਡੇ ਉਪਰੋਂ ਲੰਘਣ ਵਾਲਿਓ! ਸਾਨੂੰ ਮਿੱਧੋ, ਲਤਾੜੋ ! ਐਪਰ ਜ਼ਰਾ ਸਲੀਕੇ ਨਾਲ! ਭੁੱਲ ਗਏ ਹੋ? ਸਿਖਰ ਤਪਦੀਆਂ ਧੁੱਪਾਂ ਵਿੱਚ! ਤੁਸਾਂ ਸਾਡੀਆਂ ਠੰਡੀਆਂ ਤੇ ਮਿੱਠੀਆਂ ਛਾਵਾਂ ਨੂੰ, ਮਾਣਿਆ ਸੀ ਕਦੇ! ‘‘ਭਖਦਿਆਂ ਹੁਸਨਾਂ ਦੇ ਸਾਰੇ ਭੌਰ ਨੇ, ਧੌਲਿਆਂ ਦਾ ਨਾ ਕੋਈ ਮਿੱਤਰ, ਨਾ ਯਾਰ ਹਨ ਜਨਾਜ਼ੇ ਦੀ ਦੁਆ ਵਿੱਚ, ਤਿੰਨ ਸ਼ਰੀਕ ਯਾ ‘ਆਵਾਰਾ’ ਯਾ ਮਾਲੀ ਯਾ ਚਨਾਰ’’ ਇਹ ਮਿੱਟੀ ਪਏ ! ਸੁੱਕੇ ਪੀਲੇ ਪੱਤੇ! ਹਵਾ ਦੇ ਹਰ ਬੁੱਲੇ ਨਾਲ , ਇੱਧਰੋਂ ਉੱਧਰ ਰੁਲਦੇ! ਧਰਤੀ ਦੀ ਹਿੱਕ ਨਾਲ , ਸਦੀਵੀ ਸਾਂਝ ਪਾਈ ਬੈਠੇ! ਮੁੜ ਮਿੱਟੀ ਹੋ ਜਾਣਗੇ! ਕਿਉਂਕਿ, ਕਾਹਦਾ ਮਾਣ! ਜਦ ਕਾਦਿਰ ਦੇ ਨਿਜ਼ਾਮ ਵਿੱਚ! ਕੁੱਝ ਵੀ, ਸਥਾਈ ਨਹੀਂ ਹੁੰਦਾ! ਜੀਵਨ ਵੀ ਇਕ ! ਨਿਰੰਤਰ ਬਦਲਦਾ, ਮੌਸਮ ਹੈ! ਹਰ ਮੌਸਮ ਦੀ ਆਮਦ , ਉਸ ਸੱਚੇ ਰੱਬ ਦੀ ਅਮੋਲਕ ਬਖਸ਼ਿਸ਼ ਹੈ! ਸੁਨੇਹਾ ਹੈ! ਬਿਜਲੀ ਦੀ ਤਰੰਗਨੁਮਾ, ਜੁੰਬਿਸ਼ ਹੈ! ਕੁਦਰਤ ਦੀਆਂ ਅਸੀਮ ਨਿਆਮਤਾਂ ! ਬਰਕਤਾਂ! ਦਾਤਾਂ ! ਅਣਗਿਣਤ ਹਨ! ਬਸ ਲੋੜ ਹੈ , ਇਨ੍ਹਾਂ ਮਾਣੀਆਂ ਹੰਢਾਈਆਂ, ਦੁਰਲੱਭ ਦਾਤਾਂ ਦਾ , ਜਿੰਨ੍ਹਾ ਦਾ, ਕੋਈ ਭੀ ਮੁੱਲ ਨਹੀਂ ਤਾਰਿਆ! ਜ਼ਰਾ ਕੁ ਜਿੰਨਾ, ਅਹਿਸਾਸ ਹੋ ਜਾਏ! ਇਹ ਅਹਿਸਾਸ ਹੀ ਮਾਲਕ ਦੀ, ਬੰਦਗੀ ਹੈ! ਚਾਕਰੀ ਹੈ! ਗੁਰੂ ਬਾਬੇ ਦੇ ਬਾਣੀ ਦੇ ਸੰਗੀਤਮਈ ਬੋਲ, ਭਾਈ ਮਰਦਾਨੇ ਦੀਆਂ ਰਬਾਬੀ ਸੁਰਾਂ ਨਾਲ ਸਰਬੇਜ਼! ਫੇਰ ਸੰਗੀਤਮਈ ਹੋਏ ਨੇ! ‘‘ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ’’ ਹੇ ਪ੍ਰਭੂ! ਮੈਂ ਤੈਥੋਂ ਸਦ ਸਦ ਬਲਹਾਰ ਜਾਵਾਂ! ਤੂੰ! ਆਪਣੀ ਹੀ ਰਚੀ ਹੋਈ, ਕੁਦਰਤ ਦੇ ਅਨੇਕ ਰੰਗਾਂ ਵਿੱਚ , ਖ਼ੁਦ ਹੀ ਵਿਦਮਾਨ ਹੈਂ! ਇਹੀ ਅਹਿਸਾਸ ! ਇਹੀ ਖ਼ਿਆਲ ! ਇਹੀ ਸੋਚ! ਜਾਂ ਇਹੀ ਫੁਰਨਾ! ਉਸ ਬੇਪਰਵਾਰ ਵਾਹਿਗੁਰੂ ਦਾ ਸੱਚਾ ਸਿਮਰਨ ਹੈ!

ਅੱਖਰ ਮੌਲਾ ਅੱਖਰ ਰਬ ਨੇ

ਹਵਾ ਨਾਲ ਜੁੜੇਂ ਬਾਤ ਪੱਤਿਆਂ ਦੀ ਕਰੇਂ ਸੁਣੇ ਦਿਲ ਦੀ ਪੁਕਾਰ ਯਾਰੀ ਤਿਤਲੀਆਂ ਦੇ ਨਾਲ ਖੇਡਣ ਰੱਬੀ ਨਿੱਕੇ ਬਾਲ ਕਹੇਂ ਗ਼ਜ਼ਲ ਕਿੰਝ ਲਿਖਾਂ ਪਿੰਗਲ਼ ਅਰੂਜ਼ ਕਿਵੇਂ ਸਿੱਖਾਂ ਗੀਤ ਹੈਂ, ਕਵਿਤਾ ਹੈਂ ਤੂੰ ਗ਼ਜ਼ਲ ਹੈਂ ਸਰਿਤਾ ਹੈਂ ਤੂੰ ਕੁਝ ਲਿੱਖ ਬਾਹਰ ਤੇ ਆ ਆ! ਕੁਝ ਗਾ ਕੇ ਸੁਣਾ ਚਿੜੀਆਂ ਜਿਹੀ ਚੂੰ ਚੂੰ ਤੇ ਕਰ ਕੋਇਲ ਜਿਹੀ ਕੂ ਕੂ ਤੇ ਕਰ ਤੂੰ ਸ਼ਬਦਾਂ ਨੂੰ ਤਾਂ ਜੋੜ ਅੱਖਰ ਅੱਖਰ ਨੂੰ ਤਾਂ ਲੋੜ ਜਦ ਅੱਖਰ ਜਾਣ ਬਹੋੜ ਤਾਂ ਰਬ ਦੀ ਕਾ’ ਦੀ ਲੋੜ ਅੱਖਰ ਮੌਲਾ ਅੱਖਰ ਰਬ ਨੇ ਬਾਕੀ ਤਾਂ ਵਿਖਾਵੇ ਸਭ ਨੇ।

ਖਿੜਣ ਫੁੱਲ ਡਾਲੀ ਡਾਲੀ

ਅੱਜ ਉਹ ਨਹੀਂ ਆਇਆ ਲੱਗੇ ਸਭ, ਖਾਲੀ ਖਾਲੀ ਸਹਮੇ ਜਿਹੇ ਫੁੱਲ ਹਾਂ ਟੁਰ ਗਿਆ ਉਹ ਮਾਲੀ ਕਿਸਨੂੰ ਹੁਣ ਪੁੱਛੀਏ ਰਮਜ਼ਾਂ ਬਣ ਬੈਠੇ, ਹਾਂ ਸਵਾਲੀ ਜੇ ਉਸ ਜਾਣਾ ਸੀ ਤਾਂ ਕਾ’ ਨੂੰ ਪ੍ਰੀਤ ਸੀ ਪਾਲੀ? ਸੁੰਨ ਸੰਗੀਤ ਹੈ ਹੋਇਆ ਨਾ ਉਹ ਸੁਰ, ਉਹ ਤਾਲੀ ਲੋਕ ਗੀਤਾਂ ਜਿਹਾ ਸੀ ਰੂਹ! ਸੀ ਦਿਲਵਾਲੀ ਕਿਵੇਂ ਭੁੱਲਾਂਗੇ! ਉਸ ਨੂੰ ਬਣ ਗਏ ਸਾਂ, ਹਮਖਿਆਲੀ ਬੁੱਲ੍ਹਾ ਜੋ, ਹਵਾ ਦਾ ਆਵੇ ਲੱਗੇ ਰੁੱਤ ਮਿਲਨੇ ਵਾਲੀ ਉੱਪਲ, ਕਾਸ਼! ਉਹ ਆਵੇ ਖਿੜਣ, ਫੁੱਲ ਡਾਲੀ ਡਾਲੀ...

ਯਾਦ ਸੱਜਣ ਦੀ

ਯਾਦ ਸੱਜਣ ਦੀ ਲੂ ਵਾਂਗੂੰ ਖਾਵੇ ਕੋਈ ਆਸਾਂ ਵਾਲੀ ਹਵਾ ਤੇ ਚੱਲੇ ਨੲ੍ਹੀਂ ਆਉਣਾ ਬੇਸ਼ਕ ਨਾ ਆਵੇ ਸੁਖ ਸੁਨੇਹਾ ਤਾਂ ਕੋਈ ਘੱਲੇ। ਯਾਦਾਂ ਦੀ ਇਸ ਝੁੱਗੀ ਦੇ ਵਿੱਚ ਸਾਨੂੰ ਛੱਡ ਕੇ ਟੁਰ ਗਿਆ ’ਕੱਲੇ ਖ਼ਬਰੇ ਕਿਹੜੇ ਦੇਸ਼ ਜਾ ਬੈਠਾ ਰੱਬ ਜਾਣੇ ਕਿਹੜੇ ਪਿੜ ਮੱਲੇ। ਜ਼ਿੰਦਗੀ ਬਣੀਏ ਪਰਬਤੋਂ ਭਾਰੀ ਝੱਟ ਨੲ੍ਹੀਂ ਲੰਘਦਾ ਹੋਏ ਆਂ ਝੱਲੇ ਬੂਹੇ ਦੀ ਹਰ ਆਹਟ ਲੱਗੇ ਜਿਵੇਂ ਉਹ ਆਇਆ ਮੇਰੇ ਵੱਲੇ। ਮੈਨੂੰ ਸੁਰ ਸੰਗੀਤ ਨਹੀਂ ਭਾਉਂਦਾ ਰੋਗ ਇਸ਼ਕ ਦੇ ਬੜੇ ਅਵੱਲੇ ਕੋਇਲ ਦੀ ਕੂ ਕੂ ਪਈ ਖੱਲਦੀ ਬਾਜ ਉਦ੍ਹੇ ਕੁਝ ਪਵੇ ਨਾ ਪੱਲੇ ਹਰ ਇੱਕ ਗੀਤ ਗ਼ਜ਼ਲ ਦੇ ਅੰਦਰ ਉਦੀ ਆਵਾਜ਼ ਦੇ ਬੋਲ ਸੁਰੀਲੇ ‘ਉੱਪਲ’ ਅਮਰ ਨੇ ਮਿੱਠੀਆਂ ਯਾਦਾਂ ਬਿਰਹਾ ਦੇ ਸੋਹਲੇ ਨਵੇਂ ਨਵੱਲੇ।

ਦਰਿਆ

ਛਰਛਰ ਛਰਛਰ ਵਹਿੰਦਾ ਦਰਿਆ ਲਗਦਾ ਐ ਕੁੱਛ ਕਹਿੰਦਾ ਦਰਿਆ। ਖ਼ਬਰੇ ਕਿਹੜੇ ਦੇਸੋਂ ਆਇਆ ਚਲੋ ਚਲੀ ਵਿੱਚ ਰਹਿੰਦਾ ਦਰਿਆ। ਮਾਰੂਥਲਾਂ ਦੀ ਤਪਸ਼ ਹੰਢਾਏ ਸੜਦੀ ਧੁੱਪ ਨੂੰ ਸਹਿੰਦਾ ਦਰਿਆ। ਉਤਰ ਪਹਾੜੋਂ ਜੋਗੀ ਆਇਆ ਖੁੰਦਰੀਂ ਖਹਿੰਦਾ ਖਹਿੰਦਾ ਦਰਿਆ। ਧਰਤੀ ਸਿੰਜੇ, ਅੰਨ ਉਗਾਵੇ ਸਾਗਰ ਵੱਲ ਨੂੰ ਲਹਿੰਦਾ ਦਰਿਆ। ਸਾਗਰ ਤੋਂ ਪਹੁੰਚੇ ਆਕਾਸ਼ੀਂ ਛਮਛਮ ਵਰ੍ਹਦਾ ਰਹਿੰਦਾ ਦਰਿਆ। ਫਿਤਰਤ ਇਸਦੀ ਤੁਰਦੇ ਰਹਿਣਾ ਰੁਕਿਆ ਮਰਦਾ ਰਹਿੰਦਾ ਦਰਿਆ। ਅੰਮ੍ਰਿਤ ਜਲ ਨੇ ਵਗਦੇ ਪਾਣੀ ਠਹਿਰ ਕੇ ‘ਉੱਪਲ’ ਢਹਿੰਦਾ ਦਰਿਆ।

ਸਾਡੇ ਵਿਹੜੇ ਆਵੇ ਨਾਨਕ

ਸਾਡੇ ਵਿਹੜੇ ਆਵੇ ਨਾਨਕ ਚੰਨ ਮੁਖੜਾ ਦਿਖਲਾਵੇ ਨਾਨਕ ਬੂਹਾ ਖੋਲੀ ਬੈਠੀ ਹੋਈਆਂ ਸਤ ਕਰਤਾਰ ਬੁਲਾਵੇ ਨਾਨਕ ਬਿਰਹੋਂ ਮਾਰੀ ਮਾਤ ਸੁਲੱਖਣ ਪੁੱਤਰਾਂ ਨੂੰ ਗਲ ਲਾਵੇ ਨਾਨਕ ਰੱਬ ਜੀ ਵਰਗਾ ਵੀਰਾ ਮੇਰਾ ਸਭ ਦੀ ਆਸ ਪੁਗਾਵੇ ਨਾਨਕ ਨੱਚਾਂ ਟੱਪਾਂ ਗਿੱਧੇ ਪਾਵਾਂ ਮੇਰੀ ਪੱਕੀ ਖਾਵੇ ਨਾਨਕ ਔਰਤ ਸੀ ਸ਼ੈ ਦੱਬੀ ਕੁਚਲੀ ਰੱਬ ਤੋਂ ਬਾਅਦ ਬਠਾਵੇ ਨਾਨਕ ਝੂਠੇ ਭੋਜਨ ਰਸ ਕਸ ਛੱਡ ਕੇ ਸੁੱਚੀ ਰੋਟੀ ਖਾਵੇ ਨਾਨਕ ਰਬਾਬੀ ਮਰਦਾਨੇ ਨੂੰ ਲੈ ਧੁਰ ਕੀ ਬਾਣੀ ਗਾਵੇ ਨਾਨਕ ਮਰਜਾਣਾ ‘ਮਰਦਾ’ ਨਾ ਕਰਕੇ ਸੱਚੀ ਪ੍ਰੀਤ ਨਿਭਾਵੇ ਨਾਨਕ ਮਰਦ ਅਗੰਮੜਾ ਸੂਰਾ ਪੂਰਾ ਸੀਸ ਤਲੀ ਧਰ ਆਵੇ ਨਾਨਕ ਵੀਹ ਰੁਪਏ ਦੀ ਰਾਸ ਲਗਾ ਕੇ ਅੱਜ ਤੱਕ ਰੱਜ ਖਲਾਵੇ ਨਾਨਕ ਰੇਤ, ਸਮੁੰਦਰ, ਪਰਬਤ ਗਾਹ ਕੇ ਇਕ ਦਾ ਪਾਠ ਪੜ੍ਹਾਵੇ ਨਾਨਕ ਨਾਮ ਜਪੋ ਤੇ ਕਿਰਤ ਕਰੋ ਸਭ ਵੰਡ ਛਕਣਾ ਸਿਖਾਵੇ ਨਾਨਕ ਰਾਮ ਰਹੀਮ ਨੇ ਭਾਈ ‘ਉਪਲ’ ਸਭਨਾਂ ਨੂੰ ਗਲ ਲਾਵੇ ਨਾਨਕ।

ਜਦ ਮੈਂ ਕੁਝ ਨਾ ਸਾਂ

ਜਦ ਮੈਂ ਕੁਝ ਨਾ ਸਾਂ ਮੈਂ ਸਭ ਕੁਝ ਸਾਂ ਅੱਜ ਮੈਂ ਸਭ ਕੁਝ ਹਾਂ ਪਰ, ਸੱਚ ਜਾਣਿਉ! ਮੈਂ ਕੁਝ ਨਹੀਂ ਹਾਂ ਮੈਂ ਬੱਚਾ ਸਾਂ ਸ਼ਰਾਰਤੀ ਸਾਂ ਸ਼ੈਤਾਨ ਸਾਂ ਪਰ ਇੱਕ ਸਹੀ, ਇਨਸਾਨ ਸਾਂ ਮੇਰੀ ਸੋਚ ਵਿੱਚ ਸਾਦਗੀ ਸੀ ਇਸ ਸਾਦਗੀ ਵਿੱਚ ਛੁਪੀ ਅਣਭੋਲ ਜਿਹੀ ਸ਼ਰਾਰਤ ਸੀ ਮੈਂ ਸ਼ਰਾਰਤੀ ਸਾਂ, ਸ਼ੈਤਾਨ ਸਾਂ ਪਰ ਕੁਦਰਤ ਦਾ ਅਕਸ਼ ਸਾਂ ਬਿੰਬ ਸਾਂ, ਦੀਨ ਸਾਂ, ਇਮਾਨ ਸਾਂ ਅੱਜ ਮੈਂ ਵੱਡਾ ਹਾਂ, ਅਮੀਰ ਹਾਂ ਪੜ੍ਹਿਆ ਲਿਖਿਆ ਹਾਂ, ਜ਼ਿੰਮੇਵਾਰ ਹਾਂ ਪਰ ਸੱਚ ਆਖਾਂ, ਤਾਂ ਮੈਂ ਨਾਦਾਨ ਹਾਂ ਕਿਉਂਕਿ ਹੁਣ ਮੈਨੂੰ ਉਡਦੀਆਂ ਹਵਾਵਾਂ ਨਾਲ ਉਡਣਾ ਨਹੀਂ ਆਉਂਦਾ! ਬਰਸਾਤੀ ਬਾਰਸ਼ਾਂ ’ਚ ਬੇਬਾਕ ਨਹਾਉਣਾ ਨਹੀਂ ਭਾਉਂਦਾ! ਅਲਮਸਤ ਬੱਚਿਆਂ ਵਾਂਗ ਖੇਡਦਿਆਂ ਉਡਦਾ ਘੱਟਾ ਖਾਣਾ ਨਹੀਂ ਆਉਂਦਾ! ਕਿਉਂਕਿ ਹੁਣ ਮੈਂ ਕੁਦਰਤ ਦੇ ਇਨ੍ਹਾਂ ਰੰਗਾਂ ਤੋਂ ਬੇਇਮਾਨ ਹਾਂ! ਕਦੇ ਫੁੱਲ, ਬੂਟੇ ਤੇ ਪੰਛੀ ਮੇਰੇ ਮਿੱਤਰ ਸਨ ਮੇਰਾ ਪਰਵਾਰ ਸਨ ਮੇਰੇ ਜੀਵਨ ਦਾ ਸਰੋਕਾਰ ਸਨ ਪਰ ਹੁਣ, ਮੈਂ ਬਿਲਕੁਲ ਅਨਜਾਣ ਹਾਂ ਸ਼ਾਇਦ ਇਸੇ ਲਈ ਪ੍ਰੇਸ਼ਾਨ ਹਾਂ! ਮੈਂ, ਤੇ ਮੇਰਾ ਵਾਤਾਵਰਣ ਕਦੇ ਇੱਕ ਸਾਂ ਇਕ ਦੂਜੇ ਪ੍ਰਤੀ, ਰਖਦੇ ਨਿੱਘੀ ਸਿੱਕ ਸਾਂ! ਬੇਸ਼ਕ ਝੁੱਗੀਆਂ ਦੇ ਵਾਸੀ ਸਾਂ ਖਾਨਾਬਦੋਸ਼ ਸਾਂ, ਪ੍ਰਵਾਸੀ ਸਾਂ ਪਰ ਮਹਾਨ ਸਾਂ, ਗਿਆਨਵਾਨ ਸਾਂ ਤੇ ਦਇਆਵਾਨ ਵੀ ਸਾਂ ਹਾਂ! ਅੱਜ ਕੰਨਕਰੀਟ ਜੰਗਲ ਦੇ ਗੈਰ ਕੁਦਰਤੀ ਪ੍ਰਾਣੀ ਹਾਂ ਕਹਿੰਦੇ ਕਹਾਉਂਦੇ, ਵਕਤਾਂ ਦੇ ਹਾਣੀ ਹਾਂ ਧੰਨਵਾਨ ਹਾਂ, ਸਭ ਕੁਝ ਹਾਂ ਪਰ ਸੱਚ ਜਾਣਿਉ ਸ਼ੈਤਾਨ ਹਾਂ, ਹੈਵਾਨ ਹਾਂ ਬੇਇਮਾਨ ਹਾਂ ਤੇ ਨਾਸਵਾਨ ਭੀ ਹਾਂ....

ਦਿਲ ਦਰਵੇਸ਼ੀ ਮਿੱਠਾ ਸੁਭਾ

ਦਿਲ ਦਰਵੇਸ਼ੀ ਮਿੱਠਾ ਸੁਭਾ ਅੱਡੀਆਂ ਚੁਕ ਚੁਕ ਤੱਕੀਏ ਰਾਹ ਅਜਾਈਂ ਨਾ ਸਾਨੂੰ ਇੰਜ ਤੜਪਾ ਇਕ ਵਾਰੀ ਤਾਂ ਮੁਖ ਦਿਖਲਾ ਤੂੰ ਮੇਰੇ ਪ੍ਰੀਤਮ ਘਰੀਂ ਤੇ ਆ ਚਿੜੀ ਏ ਚੁਹਕੀ ਚਾਨਣ ਹੋਇਆ ਹਰ ਕੋਈ ਉੱਠਿਆ ਕੋਈ ਨਾ ਸੋਇਆ ਉੱਠ ਸੋਹਣਿਆ ਤੂੰ ਭੀ ਉੱਠ ਨਾ ! ਕਾਹਨੂੰ ਸੋਨਾ ਲੰਮੀਆ ਪਾ ! ਤੂੰ ਮੇਰੇ ਪ੍ਰੀਤਮ ਘਰੀਂ ਤੇ ਆ ਸਾਰੇ ਪੰਛੀ ਮੁੜ ਘਰ ਆਏ ਵਿੱਚ ਆਲਣਿਆਂ ਡੇਰੇ ਲਾਏ ਕਰਨ ਕਲੋਲਾਂ ਰਲ ਮਿਲ ਸਾਰੇ ਤੂੰ ਕਿਉਂ ਬੈਠੈਂ ਇੰਜ ਮੁਰਝਾ ! ਤੂੰ ਮੇਰੇ ਪ੍ਰੀਤਮ ਘਰੀਂ ਤੇ ਆ ਸਮੇਂ ਨਹੀਂ ਕਰਨੀ ਤੇਰੀ ਉਡੀਕ ਮੁਕਾ ਲੈ ਕੰਮ ਤੂੰ ਰੱਖੇ ਉਲੀਕ ਉੱਦਮ ਕਰ ਨਾ ਢੇਰੀ ਢਾ ਫੜ ਸਮੇਂ ਦੀ ਗੱਡੀ ਸਾਹੋਸਾਹ ਤੂੰ ਮੇਰੇ ਪ੍ਰੀਤਮ ਘਰੀਂ ਤੇ ਆ ਅੱਲੜ ਕੁੜੀਆਂ ਗਿੱਧੇ ਪਾਵਣ ਝੂਟਣ ਪੀਘਾਂ ਰੌਣਕ ਲਾਵਣ ਕੋਇਲ ਕੂ ਕੂ ਗੀਤ ਸੁਣਾਏ ਕਾਲੀ ਬਦਲੀ ਗਈ ਹੈ ਛਾ ਤੂੰ ਮੇਰੇ ਪ੍ਰੀਤਮ ਘਰੀਂ ਤੇ ਆ ਮੋਰਾਂ ਰੁਣ ਝੁਣ ਲਾਈ ਹੋਈ ਐ ਸਭ ਹਰਿਆਵਲ ਛਾਈ ਹੋਈ ਐ ਛੇੜ ਮਿੱਠੀ ਜੇਹੀ ਧੁੰਨ ਤੂੰ ਵੀ ਕੋਈ ਦਿਲ ਚੀਰਦੀ ਹੇਕ ਤੇ ਲਾ ਤੂੰ ਮੇਰੇ ਪ੍ਰੀਤਮ ਘਰੀਂ ਤੇ ਆ ਤੇਰਾ ਖ਼ਿਆਲ ਹੈ ਜੀਵਨ ਮੇਰਾ ਸਜਰੀ ਸੋਚ ਤੂੰ ਸ਼ੀਤਲ ਸਵੇਰਾ ਤੇਰੀ ਆਮਦ ਕਲੀਆਂ ਮਹਿਕਣ ਤਰਲੇ ਪਾਵਾਂ ਤੂੰ ਹੁਣ ਨਾ ਜਾ ਤੂੰ ਮੇਰੇ ਪ੍ਰੀਤਮ ਘਰੀਂ ਤੇ ਆ

ਸੁਰ ਸ਼ਬਦ

ਸੁਰ ਸ਼ਬਦ ਮਿਲੇ ਤਾਂ ਗੀਤ ਹੋ ਗਏ ਜਾਂ ਤਾਲ ਵੱਜੀ ਸੰਗੀਤ ਹੋ ਗਏ। ਸ਼ਬਦ ਸੱਜ ਧੱਜ ਢੁਕੇ ਬਾਰਾਤ ਵਾਂਗੂੰ ਕਾਵਿ ਸੁਪਨੇ ਮੇਰੇ ਸੁਰਜੀਤ ਹੋ ਗਏ। ਵਿਹੜੇ ਝਾਤ ਮਾਰੀ ਜਦ ਤੇਰੇ ਹਾਸਿਆਂ ਨੇ ਕਲੀ ਮਹਿਕ ਉਠੀ ਵੈਰੀ ਵੀ ਮੀਤ ਹੋ ਗਏ। ਪੌਣ ਚਲੀ ਸੁਰਮਈ ਸ਼ਬਦਾਂ ਦੀ ਜਦ ਸੁੱਖਾਂ ਪਾਈ ਸਾਂਝ ਦੁਖੜੇ ਅਤੀਤ ਹੋ ਗਏ। ਕਾਵਿ ਮੰਡਲਾਂ ਤੋਂ ਉਡ ਸੁਰਪੰਛੀ ਆ ਗਏ ਮਿਲੇ ਸ਼ਬਦਾਂ ਨੂੰ ਤਾਂ ਫਿਰ ਮਨਮੀਤ ਹੋ ਗਏ। ਸ਼ਬਦ ਮਿਲੇ ਸੁਆਣੀਆਂ ਦੀ ਸੁਰਤਾਲ ਵਿੱਚ ਉਠੀ ਚਰਖੇ ਦੀ ਘੂਕ ਲੋਕ ਗੀਤ ਹੋ ਗਏ। ਛੰਦ, ਬੰਦ, ਟੱਪੇ ਤੇ ਰੁਬਾਈ ਵੀ ਗੂੰਜੀ ‘ਉੱਪਲ’ ਜਿਹੇ ਕਈ ਪਤਿਤ ਪੁਨੀਤ ਹੋ ਗਏ।

ਰੱਬਾ ਦਰਿਆ-ਏ-ਦਰਦ ਵਹਾ

ਰੱਬਾ ਦਰਿਆ-ਏ-ਦਰਦ ਵਹਾ ਰੂਹ ਮੇਰੀ ਏ ਸੱਖਣੀ ਹੋਈ ਕੋਈ ਬਿਰਹਾ ਵਾਲੀ ਬਾਰਿਸ਼ ਪਾ । ’ਕੱਲਾ ਬੈਠਾਂ ਬਣਾਂ ਬਾਦਸ਼ਾਹ ਨਿੱਜ ਘਰ ਵਾਸਾ ਹੋਏ ਮੇਰਾ ਜੰਗਲ ਬੇਲੇ ਫਿਰਾਂ ਮੈਂ ਫੱਕੜ ਫੁੱਲ, ਬੂਟੇ, ਪੰਛੀ ਮਿੱਤਰ ਬਣਾ । ਤਪਦੀ ਧੁੱਪ ਵਿੱਚ ਫਿਰ ਮੈਂ ਘੁੰਮਾਂ ਉਡਦੇ ਘੱਟੇ ਫੇਰ ਨਵ੍ਹਾ ਸਿਰ ਤੋਂ ਪੈਰੀਂ ਪੂਰਾ ਭਿੱਜਾਂ ਐਸੀ ਛਮਛਮ ਬਾਰਿਸ਼ ਪਾ। ਬਿਰਹਾ ਦਾ ਸੁਲਤਾਨ ਕਹੀਦੈਂ ਬੈਰਾਗੀ ਰੂਹਾਂ ਵਿੱਚ ਰਹੀਦੈਂ ਮੈਂ ਚਾਤ੍ਰਿਕ ਦੀਦਾਰ ਪਿਆਸਾ ਦੇ ਬੂੰਦ ਸੁਆਂਤੀ ਪਿਆਸ ਬੁਝਾ । ਸੁਣਿਐ ਕੁਦਰਤ ਵਿੱਚ ਵਸਣੈ ਪੰਖ ਮੇਰੇ ਵੀ ਸੀਨੇ ਲਾ ਕਣ ਕਣ ਤੈਨੂੰ ਰਮਿਆ ਵੇਖਾਂ ਰਜ ਰਜ ਕਰਾਂ ਦੀਦਾਰ ਤੇਰਾ । ‘ਉੱਪਲ’ ਹਰ ਦਿਲ ਅੰਦਰ ਵਸਦੈ ਰਹਿੰਦਾ ਹਸਦਾ, ਨਚਦਾ ਟਪਦੈ ਕੀ ਜਾਣਾ ਕਿਤੇ ਮਿਲੇ ਮੁਹੱਬਤ ਹੋਵੇ ਜੀਣਾ ਸਾਕਾਰ ਮੇਰਾ ।

ਮੈਂ ਸ਼ਰਬਤੀ ਘਾਟ ਦਾ ਮਿੱਠਾ ਪਾਣੀ

ਮੈਂ ਸ਼ਰਬਤੀ ਘਾਟ ਦਾ ਮਿੱਠਾ ਪਾਣੀ ਮੈਂ ਮਿਲਿਆ ਨਿੰਮ ਦਾ ਕੌੜਾ ਬੂਟਾ। ਮੰਗੀ ਸੀ ਆਡੀ ਝੂੱਟਣ ਲਈ ਮੈਂ ਮਿਲਿਆ ਜੁਗਾੜ ਮਾਰੂਤਾ। ਸੋਚਿਆ ਸੀ ਸਕਾਚ ਪੀਆਂਗੇ ਸਾਕੀ ਭਰਿਆ ਦੇਸੀ ਫਰੂਟਾ। ਉਮੰਗ ਪਾਲੀ ਸੀ ਉੜਨ ਅਕਾਸ਼ੀਂ ਪਿੰਜਰੇ ਵਿੱਚ ਫੱਸ ਗਿਆਂ ਕਸੂਤਾ। ਵਿੱਚ ਜੰਗਲ ਦੇ ਅੱਗ ਫੈਲ ਗਈ ਫਿਰ ਵੀ ਬਚਿਆ, ਹਰਿਆ ਬੂਟਾ । ਰਿੜਕ ਸਮੁੰਦਰ ਕਿਸੇ ਅੰਮ੍ਰਿਤ ਪੀਤਾ ਜ਼ਹਿਰ ਦਾ ਕੋਈ ਮਾਰ ਗਿਆ ਸੂਟਾ। ਸੱਚ ਬੋਲਣ ਦਾ ਦਮ ਭਰਦਾ ਸੀ ਹੋਇਆ ਸਾਬਤ ਉਹੀਓ ਝੂਠਾ । ਐਵੇਂ ਨਹੀਂ ਝੱਲਿਆ ਝੁਰੀ ਜਾਈਦਾ ਰੱਬ ਕਿਸੇ ਨਾ ਦਿੰਦਾ ਭਰ ਸਬੂਤਾ । ‘ਉੱਪਲ’ ਮਾਣੀਦਾ ਅੱਜ ਹੀ ਮੌਜਾਂ ਅੱਜ ਵਿੱਚ ਹੈਗਾ ਅਰਸ਼ੀਂ ਝੂਟਾ ।

ਉਹ ਕਹਿੰਦੇ ਵੇਖ ਹਨੇਰਾ ਹੈ

ਉਹ ਕਹਿੰਦੇ ਵੇਖ ਹਨੇਰਾ ਹੈ ਮੈਨੂੰ ਜਾਪੇ ਸੱਜਰ ਸਵੇਰਾ ਹੈ । ਤੂੰ ਹੈਂ ! ਬਸ ਤੂੰ ਹੈਂ ! ਇਕ ਤੂੰ ਹੀ ਹੈਂ ! ਤੇਰੇ ਅੰਦਰ ਬ੍ਰਹਮ ਬਸੇਰਾ ਹੈ। ਉਹ ਕਹਿੰਦੇ ਉੱਠੋ, ਸੁਬਹ ਹੋਈ ਮੈਨੂੰ ਜਾਪੇ ਭਟਕਣ ਸ਼ੁਰੂ ਹੋਈ ਬਾਹਰਮੁਖੀ ਹੋਏ ਸਭ ਫਿਰਦੇ ਨੇ ਮੈਂ ਕਹਿਨਾ ਕੋਲ ਬਥੇਰਾ ਹੈ । ਅੱਖਾਂ ਵੇਖ ਵੇਖ ਨਹੀਂ ਰੱਜੀਆਂ ਨੇ ਰੰਗ ਰੋਈਆਂ ਤੇ ਰੰਗ ਹੱਸੀਆਂ ਨੇ ਮੈਂ ਕਹਿਨਾ ਝਾਤੀ ਮਾਰ ਅੰਦਰ ਰੰਗਾਂ ਦਾ ਬੇਅੰਤ ਖਲੇਰਾ ਹੈ । ਵੇਖਣ, ਸੁਣਨ, ਸੁੰਘਣ ਨੂੰ ਚੁੱਪ ਤੇ ਕਰਾ ਸੁਆਦਾਂ ਦਿਆ ਪੱਟਿਆ ਘੱਟ ਵੀ ਖਾ ਕਿਤੇ ਸਹਿਜ ਸਹਿਜ ਨਾਲ ਜੁੜਿਆ ਕਰ ਫੜ ਉਂਗਲ ਉਹਦੀ ਜੋ ਤੇਰਾ ਹੈ । ਅਮੀਰ ਸਿਆਣਾ, ਗਰੀਬ ਸ਼ੁਦਾਈ ਹੈ ਕੋਈ ਮਿੱਤਰ ਪਿਆਰਾ ਭਾਈ ਹੈ ਤੂੰ ਐਵੇਂ ਨਾ ਆਪ ਉਲਝਿਆ ਕਰ ਓਹ ਜਾਣੇ ਜੋ ਵੱਡਾ ਵਡੇਰਾ ਹੈ । ਯਕੀਂ ਕਰ ਦਰਵੇਸ਼ ਜਿਹਾ ਹੈਂ ਤੂੰ ਬ੍ਰਹਮਾ, ਵਿਸ਼ਨੂੰ, ਮਹੇਸ਼ ਜਿਹਾ ਹੈਂ ਤੂੰ ਤੇਰੇ ਅੰਦਰ ਬ੍ਰਹਮ ਦਾ ਵਾਸਾ ਹੈ। ‘ਉੱਪਲ’ ਤੂੰ ਅੰਦਰ ਲਾਉਣਾ ਫੇਰਾ ਹੈ।

ਪ੍ਰੇਮ ਦਾ ਗੀਤ

ਪ੍ਰੇਮ ਦਾ ਗੀਤ ਆ ਜਾ ਕਦੇ ਚਰਚ ਦੇ ਕੋਲ ਤੇਰੇ ਮਿੱਠੜੇ ਲਗਦੇ ਬੋਲ ਰੱਬ ਨੇ ਕੈਸੀ ਰੌਣਕ ਲਾਈ ਭੰਵਰਾ ਝੂਮੇ ਮਸਤ ਸ਼ੁਦਾਈ। ਘੂੰ ਘੂੰ ਸੁਣ! ਕਿੰਝ ਖਿੜਦੀ ਰੂਹ ਵੇ ! ਵਿੱਚ ਕਲੇਜੇ ਪਾਉਂਦੀ ਧੂਹ ਵੇ ! ਕਿਉਂ ਨਾ ਰੁੱਸਿਆ ਯਾਰ ਮਨਾਵੇਂ, ਭੰਨੇ ਘੜੇ, ਫਿਰ ਤੋੜੀ ਜਾਵੇਂ । ਜੀਵਨ ਤਾਈਂ ਵਿਅਰਥ ਗਵਾਵੇਂ ਛੱਡ ਬਨਾਵਟੀ ਖੇਡ ਤਮਾਸ਼ੇ, ਕਾਗ਼ਜ਼ੀ ਫੁੱਲ! ਇਹ ਝੂਠੇ ਹਾਸੇ । ਤੇਰਾ ਮੂਲ ਇਹ ਕੁਦਰਤ ਸਾਰੀ, ਮੂਲ ਵਿਸਾਰ ਤੂੰ ਮਤ ਵਿਗਾੜੀ। ਰੋਗੀ ਬਣ ਦਵਾਈਆਂ ਖਾਵੇਂ ਰੋਗ ਨਿਵਾਰਕ ਨੂੰ ਠੁਕਰਾਵੇਂ । ਅਨੁਰਾਗ ਜਿਹਾ ! ਬਰਸ ਰਿਹਾ ਹੈ ! ਬਿਰਹਾ ਦਾ ਪਾਂਧੀ ਤਰਸ ਰਿਹਾ ਹੈ । ਚਲ ਬਹਿ ਜਾ ! ਗੀਤ ਪ੍ਰੇਮ ਦੇ ਗਾਈਏ ਚਲ ! ਭੰਵਰੇ ਵਾਂਗੂੰ ਘੂੰ ਘੂੰ ਲਾਈਏ ।

ਭਾਵੁਕ ਬੰਦਾ

ਕਦੇ ਮੈਂ ਬਹੁਤਾਈ ਭਾਵੁਕ ਬੰਦਾ ਕਦੇ ਬਣ ਬੈਠਾਂ ਸੁੱਕੀ ਲੱਕੜ । ਕਦੇ ਸੁਲਝਿਆ ਸ਼ਰੀਫ ਸਿਆਣਾ ਕਦੇ ਇਓਂ ਜਿਵੇਂ ਪੂਰਾ ਜੱਕੜ । ਕਦੋਂ ਸੰਜੀਦ, ਗੰਭੀਰ, ਸੁਚੱਜਾ ਕਦੇ ਸ਼ੁਦਾਈ ਰੌਲਾ ਬੱਕੜ । ਕਦੇ ਮੈਂ ਫੁੱਲਾਂ ਲੱਧਿਆ ਬੂਟਾ ਕਦੇ ਮੈਂ ਭੁੰਜੇ ਢੱਠਾ ਸੱਕੜ। ਠਾਠ ਮੇਰੇ ਕਦੇ ਸ਼ਾਹ ਨਵਾਬੀ ਕਦੇ ਫਿਰਾਂ ਮੈਂ ਦਰ ਦਰ ਫੱਕੜ । ਖੋਲ੍ਹਾਂ ਡੂੰਘੇ ਭੇਦ ਫ਼ਲਸਫੇ ਕਦੇ ਮੈਂ ਭੁਲਣਹਾਰ ਭੁਲੱਕੜ । ਬੇਪਰਵਾਹ ਕਦੇ ਖੁੰਭ ਮੈਂ ਠੱਪਾਂ ਕਦੇ ਮੈਂ ਕੰਬਾਂ ਪਾਲਾ ਕੱਕੜ। ਪਯਾਲੇ ਰਜ਼ਾ ਦੇ ਸਰੂਰਨ ਮੈਨੂੰ ਕਹਿੰਦੇ ਪੀ ਕੇ ਪਿਆ ਪਿਆਕੜ ਬਾਜ ਵਾਂਗੂੰ ਕਦੇ ਅੰਬਰੀਂ ਰਾਜਾ ਟੈਂ ਨਾ ਮੰਨਾ ਇੱਕੜ ਦੁੱਕੜ ਫਲਦਾਰ ਬੂਟਾ, ਨਾ ਰੁੱਖ ਸਰਾਇਰਾ ਜੀਵਾਂ ਜਾਗਾਂ ਨਾ ਮੁਰਦਾ ਅੱਕੜ । ਪੰਜਤੱਤ ਪੁਤਲਾ, ਮੈਂ ਮਿੱਟੀ ਮਿਲਣਾ ਖ਼ਾਕ ਥੀਂਦੇ ਡਿੱਠੇ ਬਹੁਤੇ ਧੱਕੜ । ਰੰਗ ਰੰਗ ਰੰਗਰੇਜ਼ ਲਲਾਰੀ, ‘ਉੱਪਲ, ਹਰ ਰੰਗ ਮਿਸ਼ਰੀ ਸ਼ੱਕਰ ।

ਬਾਬਾ ਮਾਫ਼ ਕਰੀਂ

ਕਿਤੇ ਸਾਈਆਂ ਕਿਤੇ ਵਧਾਈਆਂ, ਬਾਬਾ ਮਾਫ਼ ਕਰੀਂ ਕਿਹੜੇ ਉਮਰੇ ਅੱਖੀਆਂ ਲਾਈਆਂ, ਬਾਬਾ ਮਾਫ਼ ਕਰੀਂ। ਫਲ ਖਾ ਖਾ ਉਮਰ ਹੰਢਾਈ, ਹਾਲੇ ਨਾ ਰੱਜਿਓਂ । ਅੱਖਾਂ ਲਲਚਾਈਆਂ ਲਲਚਾਈਆਂ ਬਾਬਾ ਮਾਫ਼ ਕਰੀਂ । ਹੁਣ ਤਾਂ ‘ਭੈ ਕੀਆਂ ਦੇ ਸਲਾਈਆਂ’, ਨੈਣੀਂ ਤੱਕਿਆ ਕਰ, ਸੱਭ ਨੇ ਬੀਬੀਆਂ, ਭੈਣਾਂ, ਮਾਈਆਂ ਬਾਬਾ ਮਾਫ਼ ਕਰੀਂ । ਇੰਦਰੇ ਇਕ ਇਕ ਕਰਕੇ ਸਾਰੇ, ਥੱਕੇ ਹਾਰੇ ਨੇ ਬਾਛਾਂ ਫਿਰ ਵੀ ਖਿੜ ਖਿੜ ਆਈਆਂ ਬਾਬਾ ਮਾਫ਼ ਕਰੀਂ। ਰੁੱਤ, ਜੋਬਨ, ਮੌਸਮ ਬਰਫ਼ਾਂ, ਝੀਲਾਂ ਤੇ ਝਰਨੇ, ਨੀਤਾਂ ਫਿਰ ਭੁੱਖੀਆਂ ਤ੍ਰਿਹਾਈਆਂ, ਬਾਬਾ ਮਾਫ਼ ਕਰੀਂ ਹਰ ਉਮਰ ਦਾ ਆਪਣਾ ਅਲੱਗ ਨਜ਼ਾਰਾ ਹੁੰਦਾ ਹੈ, ਤੈਨੂੰ ਰਮਜ਼ਾਂ ਸਮਝ ਨਾ ਆਈਆਂ ਬਾਬਾ ਮਾਫ਼ ਕਰੀਂ । ਟੱਕਰਾਂ ਖਾ ਖਾ ਚਸ਼ਮਾ, ਦਰਿਆ, ਸਾਗਰ ਹੋ ਜਾਵੇ, ਤੇਰੀ ਮੰਜ਼ਿਲ ਟੋਏ ਖਾਈਆਂ, ਬਾਬਾ ਮਾਫ਼ ਕਰੀਂ । ਉਮਰ ਦਰਾਜੇ ਚੁੱਪ ਚੁਪੀਤੇ ਝੱਟ ਲੰਘਾਈਦਾ, ਧੰਨ ਤੇਰੀਆਂ ਬੇਪਰਵਾਈਆਂ, ਬਾਬਾ ਮਾਫ਼ ਕਰੀਂ । ਥੂ ਕੌੜੇ ਪਹੁੰਚੋਂ ਬਾਹਰ ਫ਼ਲਾਂ ਨੂੰ ਕਹਿ ਦੇਈਦਾ, ਤੂੰ ਹਰ ਥਾਂ ਪੀਘਾਂ ਪਾਈਆਂ, ਬਾਬਾ ਮਾਫ਼ ਕਰੀਂ । ਗਲ ਹਰ ਇਕ ਦੇ ਨਾਲ ਕਰਨੀ, ਸੁਣਨੀ ਚੰਗੀ ਨੲ੍ਹੀਂ, ਕਿਉਂ ਕਰਨੈ ਜਗ ਰੁਸਵਾਈਆਂ, ਬਾਬਾ ਮਾਫ਼ ਕਰੀਂ । ਨੂੰਹ ਪੁੱਤਰ ਧੀ ਜਵਾਈ ਸਭ ਸਿਆਣੇ ਨੇ, ਕਿਉਂ ਲੜਨੈ ਕੁੰਜ ਕੁੰਜ ਬਾਈਆਂ, ਬਾਬਾ ਮਾਫ਼ ਕਰੀਂ । ‘ਉੱਪਲ’ ਸੋਚਾਂ ਦੇ ਪੰਖੀ ’ਤੇ ਪਹਿਰੇ ਲਾਉਂਦੇ ਜੋ, ਉਹੀਓ ਕਰਦੇ ਰਹਿਨੁਮਾਈਆਂ, ਬਾਬਾ ਮਾਫ਼ ਕਰੀਂ ।

ਆਈ ਹੈ ਬਸੰਤ

ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ, ਮੌਸਮ ਖੁਸ਼ਬੂਆਂ ਤੇ ਰੰਗਾਂ ਵਾਲਾ ਆਇਆ ਹੈ। ਹੱਡ ਕੜਕਾਉਂਦੀ ਠੰਡ, ਦੇ ਗਈ ਵਿਦਾਈ ਹੈ ਭੌਰਿਆਂ ਨੇ ਫੁੱਲਾਂ ਉੱਤੇ ਫੇਰਾ ਅੱਜ ਪਾਇਆ ਹੈ । ਸਰਸੋਂ ਦੇ ਪੀਲੇ ਫੁੱਲ, ਮਸਤ ਮਹਿਖ਼ਾਨੇ ਨੇ ਸ਼ਰਬਤਾਂ ਦੇ ਭਰੇ, ਪੀਲੇ ਪੀਲੇ ਪੈਮਾਨੇ ਨੇ ਨਿੱਘੀ ਨਿੱਘੀ ਹਵਾ, ਅੰਗ ਅੰਗ ਸਹਿਲਾਇਆ ਹੈ ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ । ਪਤਝੜ ਗਈ, ਪੱਤਾ ਪੱਤਾ ਸਰਸ਼ਾਰ ਹੈ ਕੂਲੀਆਂ ਨੇ ਸ਼ਾਖਾਂ, ਬੂਟੇ ਬੂਟੇ ’ਤੇ ਨਿਖ਼ਾਰ ਹੈ ਵੇਲਾ ਸਜਰੀ ਸਵੇਰ ਵਾਲਾ ਰੁਸ਼ਨਾਇਆ ਹੈ ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ। ਸਰਸਵਤੀ ਦੇਵੀ ਵੰਡੇ ਗਿਆਨ ਤੇ ਕਿਤਾਬਾਂ ਨੂੰ ਸੁਰ ਸੰਗੀਤ ਤਾਲ, ਵੀਣਾਂ ਤੇ ਰਬਾਬਾਂ ਨੂੰ ਪੂਜਾ ਪਾਠ ਵਾਲਾ ਅੱਜ ਪਾਠ ਵੀ ਪੜ੍ਹਾਇਆ ਹੈ ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ । ਰਾਜਿਆ ਦਾ ਰਾਜਾ ਹੈ, ਮੌਸਮ ਬਹਾਰਾਂ ਦਾ ਡਿੱਗੇ ਢੱਠੇ ਚਿਹਰਿਆਂ ਤੇ ਆਉਂਦੇ ਸ਼ਿੰਗਾਰਾਂ ਦਾ ਬੱਚਾ, ਬੁੱਢਾ, ਗਭਰੂ ਹਰੇਕ ਨਸ਼ਿਆਇਆ ਹੈ ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ । ਯਾਦ ਆਵੇ ਅੱਜ ਭਗਤ ਸਿੰਘ ਸਰਦਾਰ ਦੀ ਚੋਲਾ ਪਾ ਬਸੰਤੀ ਜਿਨ੍ਹੇ, ਚੁੰਮ ਲਈ ਤਾਰ ਸੀ ਦੇਸ਼ ਕੌਮ ਲਈ ਜਿਨ੍ਹੇ ਮਰਨਾ ਸਿਖਾਇਆ ਹੈ ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ । ਹਕੀਕਤ ਰਾਏ ਬਲੀ ਸ਼ਹੀਦੀਆਂ ਸੀ ਪਾ ਗਿਆ ਜਿੰਦ ਜਾਨ ਦੇਸ਼ ਕੌਮ ਲੇਖੇ ਸੀ ਲਾ ਗਿਆ ਹਕੀਕੀ ਸੱਚ ਨੂੰ ਜਿਸ ਅੱਜ ਸਮਝਾਇਆ ਹੈ ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ। ਲਾਲ, ਨੀਲੇ, ਪੀਲੇ ਗੁੱਡੇ ਭਰਨ ਉਡਾਰੀਆਂ ਪੱਗਾਂ ਨੇ ਬਸੰਤੀ ਵੇਖ, ਝੂਮਣ ਸਰਦਾਰੀਆਂ ਪੀਲੇ ਪੀਲੇ ਫੁੱਲਾਂ ਘਰ ਘਰ ਮਹਿਕਾਇਆ ਹੈ ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ। ‘ਉੱਪਲ’ ਰੰਗ ਮਾਣੀਏ ਬਸੰਤੀ ਭਾਈਚਾਰੇ ਦੇ ਮੰਦਿਰਾਂ, ਮਸਜਿਦਾਂ ਤੇ ਗੁਰੂਦਵਾਰੇ ਦੇ ਏਕਤਾ ਦਾ ਗੀਤ ਅਸਾਂ ਰਲਮਿਲ ਗਾਇਆ ਹੈ ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ।

ਸਭ ਥਾਈਂ ਹੋਇ ਸਹਾਇ

ਤੇਗ ਬਹਾਦਰ ਗੁਰੂ ਜਦ ਸਿਮਰੀਏ ਤਾਂ ਨਵ ਨਿੱਧੀਆਂ ਘਰ ਵਿੱਚ ਆਣ ਧਾਏ ਲੱਖ ਔਕੜਾਂ ਜਦ ਕਿਤੇ ਪੈ ਜਾਵਣ ਸਤਗੁਰੂ ਪਹੁੰਚ ਉਥੇ ਹੁੰਦਾ ਹੈ ਸਹਾਏ ਇਬਾਦਤਾਂ ਤੋਂ ਪਹੁੰਚੇ ਸ਼ਹਾਦਤਾਂ ਤਕ ਨੀਂਹ ਸਿੱਖੀ ਦੀ ਲਹੂ ਵਿੱਚ ਰੰਗ ਜਾਏ ਮੂਰਤ ਬੈਰਾਗ਼ ਦੀ ਚਾਦਰ ਉਹ ਹਿੰਦ ਦੀ ਹੈ ਸਿਰੜ ਛੱਡੇ ਨਾ ਸੀਸ ਨੂੰ ਵਾਰ ਜਾਏ। ਮੱਖਣ ਸ਼ਾਹ ਲੁਬਾਣਾ ਸਿੱਖ ਗੁਰੂ ਘਰ ਦਾ ਸ਼ਾਹ ਵਪਾਰੀ ਸੀ ਉਹ ਸਮੇਂ ਦਾ ਇੱਕ ਭਾਰਾ ਸੂਰਤ ਗੁਜਰਾਤ ਨਾਲ ਲਗਦੇ ਸਾਗਰਾਂ ਵਿੱਚ ਲੱਧ ਜਹਾਜ਼ ਟੁਰਿਆ ਮਾਲ ਸਬਾਬ ਸਾਰਾ ਠਿੱਲ ਪਿਆ ਜਹਾਜ਼ ਡੂੰਘੇ ਪਾਣੀਆਂ ਵਿੱਚ ਤਰਜਬੇਕਾਰ ਮੱਲਾਹ ਸੀ ਅੱਤ ਪਿਆਰਾ ਚੀਰ ਪਾਣੀ ਜਹਾਜ਼ ਵੱਧਦਾ ਜਾ ਰਿਹਾ ਸੀ ਗਵਾਹ ਮੱਲਾਹ ਸ਼ਾਹ ਤੇ ਇੱਕ ਇੱਕ ਤਾਰਾ। ਭਿਅੰਕਰ ਤੂਫਾਨ ਆ ਘੇਰਿਆ ਜਹਾਜ਼ ਤਾਈਂ ਹਿੱਸੇ ਪੁਰਜੇ ਜਹਾਜ਼ ਦੇ ਸਭ ਵਹਿਣ ਲੱਗੇ ਪਰਬਤੀ ਲਹਿਰਾਂ ਜਹਾਜ਼ ਤੇ ਚੜ੍ਹ ਆਈਆਂ ਹੌਂਸਲੇ ਸ਼ਾਤਰ ਮੱਲਾਹ ਦੇ ਵੀ ਢਹਿਣ ਲੱਗੇ ਛੱਲ ਭਰਵੀਂ ਦੇ ਨਾਲ ਮੱਖਣ ਸ਼ਾਹ ਜੀ ਵੀ ਇੱਧਰ ਉੱਧਰ ਜਹਾਜ਼ ਵਿੱਚ ਖਹਿਣ ਲੱਗੇ ਲੱਦੇ ਲਦਾਏ ਜਹਾਜ਼ ਨੂੰ ਵੇਖ ਡੁਬਦਾ ਹੱਥ ਮੱਲਾਹ ਦੇ ਵੀ ਖੜੇ ਰਹਿਣ ਲੱਗੇ। ਜਾਨ ਮਾਲ ਸੱਭ ਡੁਬਦਾ ਵੇਖ ਕੇ ਤੇ ਸ਼ਾਹ ਹੋਰਾਂ ਦਿਲੀ ਅਰਦਾਸ ਕੀਤੀ ਭੁੱਲਾਂ ਬਖਸ਼ ਦੇਵੋ ਸੱਚੇ ਸਤਗੁਰੂ ਜੀ ਮਾਫ਼ ਕਰ ਦੇਵੋ ਜੋ ਵੀ ਹੈ ਹੋਈ ਬੀਤੀ ਤੇਰੇ ਦਰ ਦੇ ਗੋਲੇ ਹਾਂ ਗੁਰੂ ਨਾਨਕ ਰੱਖੋ ਹੱਥ ਦੇ ਕੇ ਹੋਣੀ ਹੈ ਭਰੀ ਪੀਤੀ ਹੋਸਾਂ ਹਾਜ਼ਰ ਲੈ ਕੇ ਪੰਜ ਸੌ ਮੋਹਰਾਂ ਬੇੜਾ ਲਾਉ ਬੰਨੇ ਜੋਦੜੀ ਮੈਂ ਜੋ ਕੀਤੀ। ਮੱਖਣ ਸ਼ਾਹ ਜੀ ਦੱਸੋ ਕੀ ਕਰਾਂ ਹੁਣ ਮੈਂ ਪਾਣੀ ਜਹਾਜ਼ ਅੰਦਰ ਵੜੀ ਜਾਂਵਦਾ ਹੈ ਮੇਰੇ ਹੱਥੋਂ ਵੱਸੋਂ ਸੱਭ ਹੈ ਬਾਹਰ ਹੋਇਆ ਹੁਣ ਤਾਂ ਰੱਬ ਹੀ ਬੇੜੇ ਬੰਨੇ ਲਾਂਵਦਾ ਹੈ ਹਾਰੇ ਮੱਲਾਹ ਨੂੰ ਸ਼ਾਹ ਜੀ ਇੰਝ ਬੋਲੇ ਕਾਹਨੂੰ ਐਵੇਂ ਮੱਲਾਹਾ ਘਬਰਾਂਵਦਾ ਹੈਂ ਬਾਜ ਤੈਥੋਂ ਮੱਲਾਹ ਇੱਕ ਹੋਰ ਵੀ ਹੈ ਵੇਖੀਂ! ਗੁਰੂ ਮੇਰਾ ਕਿੰਝ ਬਚਾਂਵਦਾ ਹੈ। ਬਸ ਫਿਰ ਕੀ ਸੀ ਦੁਆ ਕਬੂਲ ਹੋ ਗਈ ਸ਼ਾਹ ਜੀ ਗੁਰੂ ਦਾ ਦਰ ਖੜਕਾ ਦਿੱਤਾ ਤੇਗ ਬਹਾਦਰ ਗੁਰੂ ਮੋਢਾ ਦੇ ਕੇ ਤੇ ਮੱਖਣ ਸ਼ਾਹ ਨੂੰ ਕੰਢੇ ਤੇ ਲਾ ਦਿੱਤਾ ਉੱਠ ਸਮਾਧੀ ਚੋਂ ਨੌਵੇਂ ਗੁਰੂ ਨਾਨਕ ਆਪ ਸੇਵਕ ਨੂੰ ਜਾ ਬਚਾ ਦਿੱਤਾ ਭਗਤ ਵਛਲ ਗੁਰੂ ਸੇਵਕ ਆਪਣੇ ਨੂੰ ਆਪ ਚੁੱਕ ਕੇ ਗਲੇ ਲਗਾ ਦਿੱਤਾ। ਦਿੱਲੀ ਪਹੁੰਚ ਸ਼ਾਹ ਨੂੰ ਪਤਾ ਲੱਗਾ ਅੱਠਵੇਂ ਗੁਰੂ ਜੋਤੀ ਜੋਤ ਸਮਾ ਗਏ ਨੇ ਬਾਬਾ ਵਿੱਚ ਬਕਾਲੇ ਦੇ ਵਾਸ ਕਰਦੈ ਕਹਿ ਕੇ ਸੰਗਤਾਂ ਨੂੰ ਸੱਭ ਸਮਝਾ ਗਏ ਨੇ ਬਾਈ ਮੰਜੀਆਂ ਡਾਈਆਂ ਨੇ ਧੀਰਮੱਲੀਆਂ ਦੋ ਦੋ ਮੋਹਰਾਂ ਦੇ ਭੇਦ ਨੂੰ ਪਾ ਗਏ ਨੇ ਮੱਖਣ ਸ਼ਾਹ ਪਛਾਣ ਕੇ ਭੇਖੀਆਂ ਨੂੰ ਅਸਲ ਗੁਰੂ ਲੱਭਣ ਚਾਲੇ ਪਾ ਗਏ ਨੇ। ਦਰਸ਼ਨ ਕੀਤੇ ਜਦ ਸੱਚੇ ਪਾਤਸ਼ਾਹ ਦੇ ਰੋਮ ਰੋਮ ਸ਼ਾਹ ਦਾ ਮਹਿਕਾਇਆ ਸਾਹਵੇਂ ਵੇਖ ਨਾਨਕ ਦੀ ਜੋਤ ਸੱਚੀ ਖੁਸ਼ੀ ਵਿੱਚ ਸੇਵਕ ਸੀ ਚਹਿਕਾਇਆ ਫਿਰ ਪਰਖ ਨੂੰ ਪੂਰਾ ਕਰਨ ਖਾਤਰ ਪੰਜ ਮੋਹਰਾਂ ਲਈ ਮਨ ਸੀ ਕਰ ਆਇਆ ਜਦ ਹੀ ਜਾਣ ਲੱਗਾ ਗੁਰੂ ਚਰਨਾਂ ’ਚੋਂ ਬਕਾਇਆ ਮੋਹਰਾਂ ਦਾ ਗੁਰਾਂ ਮੰਗ ਪਾਇਆ। ਮੋਢਾ ਵੇਖ ਕੇ ਜ਼ਖ਼ਮੀ ਸਤਗੁਰਾਂ ਦਾ ਮੱਖਣ ਸ਼ਾਹ ਅਥਰੂ ਵਹਾਈ ਜਾਵੇ ਕਦੇ ਹੱਸੇ ਤੇ ਕਦੇ ਫਿਰ ਰੋਣ ਲੱਗੇ ਦਰਸ ਗੁਰਾਂ ਦੇ ਇੰਜ ਹੀ ਪਾਈ ਜਾਵੇ ਨੂਰੋ ਨੂਰ ਹੋਇਆ ਕੋਠੇ ਜਾ ਚੜ੍ਹਿਆ ‘ਗੁਰੂ ਲਾਧੋ’ ਦਾ ਨਾਰ੍ਹਾ ਲਗਾਈ ਜਾਵੇ ਧੂੜਾਂ ਉੱਡਦੀਆ ਤੇ ਸੰਗਤਾਂ ਵੇਖ ਕੇ ਤੇ ਭਾਣੇ ਗੁਰੂ ਦੇ ਨੂੰ ਸਿਰ ਨਿਵਾਈ ਜਾਵੇ। ਸਿਰ ਸੁਆਹ ਪਈ ਭੇਖੀ ਬਾਬਿਆਂ ਦੇ ਇੱਕ ਇੱਕ ਭੇਖੀ ਸ਼ਰਮਸਾਰ ਹੋਇਆ ਗੁਰਾਂ ਸਭਨਾਂ ਨੂੰ ਸੀ ਬਖਸ਼ ਦਿੱਤਾ ਮੱਖਣ ਸ਼ਾਹ ਲੁਬਾਣਾ ਸਰਸ਼ਾਰ ਹੋਇਆ ਰੱਜ ਰੱਜ ਕਰਨ ਦੀਦਾਰੇ ਸਿੱਖ ਸੰਗਤਾਂ ਹਰ ਇੱਕ ਦਾ ਬੇੜਾ ਸੀ ਪਾਰ ਹੋਇਆ ਸੀਸ ਦਾਨੀ ਨੌਵੇਂ ਗੁਰੂ ਜਿਹਾ ‘ਉੱਪਲ’ ਅੱਜ ਤੱਕ ਨਾ ਕੋਈ ਅਵਤਾਰ ਹੋਇਆ।

ਮਿੱਤਰ ਪਿਆਰੇ ਨੂੰ

ਸੁੱਖਾਂ ਲੱਧੀ ਜਿੰਦੜੀ ਮਿੱਤਰਾ ਜੀ ਕਰਦੈ ਤੇਰੇ ਨਾਮ ਕਰਾਂ ਹਰ ਪਾਸੇ ਜਦ ਛਾਏ ਹਨੇਰਾ ਮੈਂ ਚਾਨਣ ਤੇਰੇ ਨਾਮ ਕਰਾਂ । ਯਾਦਾਂ ਦੀ ਜਦ ਲੂ ਸਤਾਵੇ ਮੈਂ ਛਾਵਾਂ ਤੇਰੇ ਨਾਮ ਕਰਾਂ ਜਿੱਥੇ ਹੋਵੇਂ ਜ਼ਿੰਦਗੀ ਮਾਣੇ ਹਰ ਸੁਹਣੀ ਸ਼ੈ ਤੇਰੇ ਨਾਮ ਕਰਾਂ । ਸੁਹਿਰਦ ਸੁਚੱਜਾ ਜੀਵਨ ਜੀਵੇਂ ਰੱਬ ਰਹਿਮਤ ਤੇਰੇ ਨਾਮ ਕਰਾਂ । ਮੁਹੱਬਤਾਂ ਦਾ ਪ੍ਰਤੀਕ ਬਣੇ ਤੂੰ ਹੀਰ, ਸੋਹਣੀ ਤੇਰੇ ਨਾਮ ਕਰਾਂ । ਫੁੱਲਾਂ ਵਾਂਗੂੰ ਮਹਿਕੇ ਸੱਜਣਾ ਹਰ ਖੁਸ਼ਬੂ ਤੇਰੇ ਨਾਮ ਕਰਾਂ ਮੋਰ, ਪਪੀਹੇ, ਕੋਇਲ, ਬੁਲਬੁਲ ਰੁੱਤ ਬਸੰਤੀ ਤੇਰੇ ਨਾਮ ਕਰਾਂ । ਪਾਵੇਂ ਮੰਜਿਲਾਂ, ਛੂਹੇਂ ਸਿਖਰਾਂ ਖੁਸ਼-ਕਿਸਮਤ ਤੇਰੇ ਨਾਮ ਕਰਾਂ ਜਵਾਨੀ ਮਾਣੇ, ਜੁਗ ਜੁਗ ਜੀਵੇਂ ਰੁੱਤ ਜੋਬਨ ਤੇਰੇ ਨਾਮ ਕਰਾਂ । ਤੂੰ ਸੋਹਣਾ ਪੁੰਨਣ, ਰਾਂਝਣ ਗਭਰੂ ਸੱਸੀ ਹੀਰ ਵੀ ਤੇਰੇ ਨਾਮ ਕਰਾਂ ਸਭ ਕੁਝ ਤੇਰਾ ਜੋ ਮੇਰਾ ਹੈ ਜੀਵਨ ਵੀ ਤੇਰੇ ਨਾਮ ਕਰਾਂ। ਹਰ ਰੰਗ ਹੱਸੀਂ ਹਰ ਰੰਗ ਮਾਣੀਂ ਮੈਂ ਹਰ ਰੰਗ ਤੇਰੇ ਨਾਮ ਕਰਾਂ ਤੂੰ ਬਣੀ ਸੁਨੇਹਾ ਸੱਚੇ ਰੱਬ ਦਾ ਬਖਸ਼ਿਸ਼ ਉਸਦੀ ਤੇਰੇ ਨਾਮ ਕਰਾਂ । ਮੁਹੱਬਤ ਹੈ ਇਬਾਦਤ ਰੱਬ ਦੀ ਹਰ ਸਿਮਰਨ ਤੇਰੇ ਨਾਮ ਕਰਾਂ ਪਰ ਕਦੇ ਨਾ ਤੋੜੀਂ ਦਿਲ ਕਿਸੇ ਦਾ ਰੱਬ ਹਿਰਦੇ ਤੇਰੇ ਨਾਮ ਕਰਾਂ । ਹਿਰਦੇ ਮੋਤੀ ਅਮੋਲ ਵੇ ਸੱਜਣਾ ਇਹ ਮੋਤੀ ਤੇਰੇ ਨਾਮ ਕਰਾਂ ਰੱਬ ਵਸਦਾ ‘ਉੱਪਲ’ ਹਿਰਦੇ ਅੰਦਰ ਹਰ ਹਿਰਦਾ ਤੇਰੇ ਨਾਮ ਕਰਾਂ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਹਰਜੀਤ ਸਿੰਘ ਉੱਪਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ