Shabad Sargam (Ghazals and Poems) : Harjit Singh Uppal

ਸ਼ਬਦ ਸਰਗਮ (ਗ਼ਜ਼ਲ ਅਤੇ ਕਾਵਿ ਸੰਗ੍ਰਹਿ) : ਹਰਜੀਤ ਸਿੰਘ ਉੱਪਲ

ਸਮਰਪਣ

ਸਮੁੱਚੇ ਜਗਤ ਵਿੱਚ ਵਸਦੀਆਂ ਉਨ੍ਹਾਂ ਮਹਾਨ ਰੂਹਾਂ ਨੂੰ
ਜੋ ਨਿਰੰਤਰ ਤੌਰ ਤੇ ਆਪਣੀ ਮਾਂ ਬੋਲੀ ਨੂੰ ਪਿਆਰਦੀਆਂ,
ਸਤਿਕਾਰਦੀਆਂ ਅਤੇ ਪ੍ਰਚਾਰਦੀਆਂ ਹਨ ।

ਹਰਜੀਤ ਸਿੰਘ ਉੱਪਲ - ਸ਼ਬਦਾਂ ਦੇ ਸੁਰ ਪੰਛੀ ਤੋਂ ਸ਼ਬਦ ਸਰਗਮ ਤੱਕ : ਪ੍ਰਿਤਪਾਲ ਸਿੰਘ ਬੇਤਾਬ

ਹਰਜੀਤ ਸਿੰਘ ਉੱਪਲ ਪਿਛਲੇ ਪੰਜ ਸਤ ਸਾਲਾਂ ਵਿਚ ਆਪਣੇ ਆਪ ਨੂੰ ਇਕ ਸਫ਼ਲ ਗ਼ਜ਼ਲਕਾਰ ਦੇ ਤੌਰ ਤੇ ਸਥਾਪਿਤ ਕਰ ਚੁੱਕੇ ਹਨ । ਰਿਆਸਤ ਜੰਮੂ ਕਸ਼ਮੀਰ ਵਿਚੋਂ ਪੰਜਾਬੀ ਸਾਹਿਤਕਾਰ ਹੁੰਦੇ ਹੋਏ ਆਪਣੇ ਆਪ ਨੂੰ ਸਮੁੱਚੇ ਪੰਜਾਬੀ ਸਾਹਿਤ ਸੰਸਾਰ ਵਿਚ ਗ਼ਜ਼ਲਕਾਰ ਵਜੋਂ ਮਨਵਾਉਣਾ ਇਕ ਬੜਾ ਕਠਿਨ ਕੰਮ ਹੈ । ਪਰ ਉੱਪਲ ਸਾਹਿਬ ਨੇ ਇਹ ਕੰਮ ਆਪਣੀ ਵਧੀਆ ਗ਼ਜ਼ਲਕਾਰੀ ਕਰਕੇ ਬੜੇ ਆਸਾਨ ਤਰੀਕੇ ਨਾਲ ਸਿਰੇ ਚੜ੍ਹਾ ਲਿਆ ਹੈ ।

ਉੱਪਲ ਸਾਹਿਬ ਦਾ ਇਕ ਕਾਵਿ ਸੰਗ੍ਰਹਿ, " ਸ਼ਬਦਾਂ ਦੇ ਸੁਰ ਪੰਛੀ" ਨਾਮ ਨਾਲ ਪਹਿਲੇ ਹੀ ਛਪ ਚੁੱਕਿਆ ਹੈ ਅਤੇ ਪੂਰੇ ਪੰਜਾਬੀ ਸਾਹਿਤ ਜਗਤ ਵਿਚ ਆਪਣੀ ਸਫ਼ਲਤਾ ਦੀਆਂ ਪੈੜਾਂ ਪਾ ਚੁੱਕਿਆ ਹੈ । ਉੱਪਲ ਸਾਹਿਬ ਦਾ ਇਹ ਦੂਜਾ ਕਾਵਿ ਸੰਗ੍ਰਹਿ, " ਸ਼ਬਦ ਸਰਗਮ" ਕੁਝ ਗ਼ਜ਼ਲਾਂ ਅਤੇ ਕੁਝ ਨਜ਼ਮਾਂ ਤੇ ਆਧਾਰਿਤ ਹੈ । ਇਸ ਗ਼ਜ਼ਲ ਅਤੇ ਕਾਵਿ ਸੰਗ੍ਰਹਿ ਚੋਂ ਇਕ ਗਲ ਜੋ ਖ਼ਾਸ ਤੌਰ ਤੇ ਮੈਂ ਸਮਝ ਪਾਇਆ ਹਾਂ ਉਹ ਇਹ ਹੈ ਕਿ ਉੱਪਲ ਸਾਹਿਬ ਨੇ ਆਪਣੇ ਪਹਿਲੇ ਕਾਵਿ ਸੰਗ੍ਰਹਿ ਤੋਂ ਇਸ ਕਾਵਿ ਸੰਗ੍ਰਹਿ ਤਕ, ਖ਼ਾਸ ਤੌਰ ਤੇ ਗ਼ਜ਼ਲ ਵਿਚ ਬਹੁਤ ਤਰੱਕੀ ਕੀਤੀ ਹੈ ।

ਉੱਪਲ ਸਾਹਿਬ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਜ਼ਿੰਦਗੀ ਦੇ ਕੌੜੇ ਮਿੱਠੇ, ਖੱਟੇ ਕਸੈਲੇ ਹਰ ਕਿਸਮ ਦੇ ਅਨੁਭਵ ਬੜੇ ਖ਼ੂਬਸੂਰਤ ਤਰੀਕੇ ਨਾਲ ਵਿਅਕਤ ਕੀਤੇ ਹੋਏ ਮਿਲ ਜਾਂਦੇ ਹਨ । ਗ਼ਜ਼ਲ ਦੇ ਸ਼ਿਅਰ ਵਿਚ ਵੈਸੇ ਵੀ ਇਤਨੀ ਵਿਸ਼ਾਲਤਾ ਹੁੰਦੀ ਹੈ ਕਿ ਉਹ ਆਪਣੇ ਆਪ ਵਿਚ ਦੁਨੀਆਂ ਅਤੇ ਜ਼ਿੰਦਗੀ ਦੇ ਕਿਸੇ ਵੀ ਕਿਸਮ ਦੇ ਅਨੁਭਵ ਨੂੰ ਸਮੇਟ ਸਕਦਾ ਹੈ । ਗ਼ਜ਼ਲ ਦੇ ਸ਼ਿਅਰ ਦੀ ਇਸ ਵਿਸ਼ੇਸ਼ਤਾ ਦਾ ਉੱਪਲ ਸਾਹਿਬ ਨੇ ਭਰਪੂਰ ਅਤੇ ਪੂਰੀ ਕਾਮਯਾਬੀ ਨਾਲ ਫਾਇਦਾ ਉਠਾਇਆ ਹੈ । ਗ਼ਜ਼ਲ ਦੀ ਤਕਨੀਕ ਨੂੰ ਸਮਝਣ ਵਾਲੇ ਪਾਠਕ, ਮੇਰੀ ਇਸ ਗਲ ਦੀ ਪੂਰੀ ਹਿਮਾਇਤ, ਉੱਪਲ ਸਾਹਿਬ ਦੀਆਂ ਗ਼ਜ਼ਲਾਂ ਨੂੰ ਪੜ੍ਹਨ ਬਾਦ ਕਰਨਗੇ ।

ਗ਼ਜ਼ਲ ਵਿਚ ਪ੍ਰਤੀਕ ਅਤੇ ਪ੍ਰਤੀਬਿੰਬ ਦਾ ਬੜਾ ਅਮਲ ਦਖਲ ਹੁੰਦਾ ਹੈ। ਉੱਪਲ ਸਾਹਿਬ ਦਾ ਹੇਠ ਲਿਖਤ ਸ਼ਿਅਰ ਮੇਰੀ ਇਸ ਗਲ ਦੀ ਗਵਾਹੀ ਭਰਦਾ ਹੈ ;

"ਚੀਰ ਕੇ ਪਰਬਤ ਉਤਰ ਆਈ ਨਦੀ ਮੈਦਾਨ ਵਿਚ
ਅੜਚਨਾ ਨਾ ਡਾਹ ਨਦੀ ਨੂੰ ਚਾਲ ਆਪਣੀ ਵਹਿਣ ਦੇ"

ਗ਼ਜ਼ਲ ਦੇ ਸ਼ਿਅਰ ਦੀ ਇਕ ਖ਼ਾਸਿਅਤ ਇਹ ਵੀ ਹੈ ਕਿ ਇਹ ਬੜੇ ਘਟ ਸ਼ਬਦਾਂ ਵਿਚ ਬੜੀ ਵੱਡੀ ਗਲ ਨੂੰ ਆਪਣੇ ਆਪ ਵਿਚ ਸਮੇਟਣ ਦੀ ਸਮਰਥਾ ਰੱਖਦਾ ਹੈ । ਉੱਪਲ ਸਾਹਿਬ ਦੇ ਹੇਠ ਲਿਖੇ ਦੋ ਸ਼ਿਅਰ ਇਸੇ ਪਿਠ ਭੂਮੀ ਵਿਚ ਵੇਖੇ ਜਾਣ;

"ਕਈ ਕਰ ਦਿੰਦੇ ਖ਼ਾਕੋਂ ਕੰਚਨ ਕਈ ਸੋਨਾ ਭਸਮਾਉਂਦੇ ਵੇਖੇ
ਪੇਟੋਂ ਭੁੱਖੇ ਬਾਹਰ ਤਰਸਣ ਰੱਜੇ ਲੰਗਰ ਪਾਉਂਦੇ ਵੇਖੇ "

ਗ਼ਜ਼ਲ ਵਿਚ ਫਾਰਸੀ ਦੀ ਰਿਵਾਇਤ ਤੋਂ ਲੈ ਕੇ ਉਰਦੂ ਦੇ ਆਗਮਨ ਤਕ ਅਤੇ ਪੰਜਾਬੀ ਗ਼ਜ਼ਲ ਦੇ ਸਫਰ ਤਕ ਗ਼ਜ਼ਲ ਵਿਚ ਇਕ ਬੜਾ ਵੱਡਾ ਮਜ਼ਮੂਨ ਇਸ਼ਕ ਰਿਹਾ ਹੈ । ਇਸ਼ਕ ਦੇ ਕਈ ਕਈ ਰੰਗ ਬਲਕਿ ਇਉਂ ਕਹੋ ਕਿ ਸੌ ਸੌ ਰੰਗ ਗ਼ਜ਼ਲ ਦੇ ਕਈ ਕਈ ਸ਼ਿਅਰਾਂ ਵਿਚ ਵੇਖੇ ਜਾ ਸਕਦੇ ਹਨ । ਉੱਪਲ ਸਾਹਿਬ ਦੇ ਇਸ ਕਾਵਿ ਸੰਗ੍ਰਹਿ, "ਸ਼ਬਦ ਸਰਗਮ" ਵਿਚ ਇਹ ਸ਼ਿਅਰ ਖਾਸ ਤੌਰ ਤੇ ਵੇਖਿਆ ਜਾਵੇ ;

" ਉਠ ਨੀ ਮਾਏ ਤੇਲ ਚੁਆਈਏ ਵੰਡੀਏ ਹਲਵੇ ਖੀਰਾਂ
ਬੂਹੇ ਮਾਹੀ ਵੇਖ ਕੇ ਮੇਰਾ ਫਿਰ ਜੋਬਨ ਮੁਸਕਾਇਆ"

ਗ਼ਜ਼ਲ ਦੇ ਸ਼ਿਅਰ ਵਿਚ ਕਈ ਵਾਰੀ ਬੜੀ ਸਿੱਧੀ ਸਾਦੀ ਗਲ ਨੂੰ ਇਤਨੇ ਖ਼ੂਬਸੂਰਤ ਅਤੇ ਕਾਵਿਮਈ ਅੰਦਾਜ਼ ਵਿਚ ਪੇਸ਼ ਕੀਤਾ ਜਾਂਦਾ ਹੈ ਕਿ ਗਲ ਦੀ ਤਾਸੀਰ ਹੋਰ ਦੀ ਹੋਰ ਹੋ ਜਾਂਦੀ ਹੈ । ਇਸੇ ਹੁਨਰ ਨੂੰ ਕਾਵਿ-ਕਲਾ ਕਿਹਾ ਜਾਂਦਾ ਹੈ । ਉੱਪਲ ਸਾਹਿਬ ਦਾ ਇਕ ਸ਼ਿਅਰ ਵੇਖੋ ;

" ਛੁਪ ਸਕਨੈਂ ਤਾਂ ਛੁਪ ਖੁਸ਼ਬੂ ਤੋਂ ਸਹੁੰ ਰੱਬ ਦੀ ਮਹਿਕਾ ਜਾਵਾਂਗਾ "

ਇਸੇ ਤਰ੍ਹਾਂ ਹੇਠਲਾ ਸ਼ਿਅਰ ਵੀ ਵੇਖੋ;

" ਬੀਜਾਂ ਵਾਂਗਰ ਮਿੱਟੀ ਹੋ ਕੇ ਫੁੱਲ ਕਲੀਆਂ ਜਿਉਂ ਖਿੜਿਆ ਕਰ ਬਈ"

ਗ਼ਜ਼ਲ ਦੇ ਸ਼ਿਅਰ ਵਿਚ ਕਈ ਵਾਰੀ ਮਿਥਿਹਾਸ ਦਾ ਅਹਿਸਾਸ ਵੀ ਸਿੱਧੇ ਅਸਿੱਧੇ ਤੌਰ ਤੇ ਆ ਜਾਂਦਾ ਹੈ । ਉੱਪਲ ਸਾਹਿਬ ਦਾ ਨਿਮਨ ਲਿਖਤ ਸ਼ਿਅਰ ਪੜ੍ਹਦੇ ਹੋਏ ਮੈਨੂੰ ਇਸ ਗਲ ਦਾ ਅਹਿਸਾਸ ਹੋਇਆ ;

" ਕਿਸੇ ਚੱਕਰਵਿਊ ਵਿਚ ਆ ਗਿਆ ਮਹਿਸੂਸ ਕਰਦਾਂ
ਜ਼ਮਾਨੇ ਦੀ ਬਦਲ ਚੁੱਕੀ ਲਗੇ ਤਾਸੀਰ ਮੈਨੂੰ"

ਉੱਪਲ ਸਾਹਿਬ ਦੇ ਕਈ ਕਈ ਸ਼ਿਅਰਾਂ ਵਿਚ ਧਾਰਮਿਕਤਾ ਬਲਕਿ ਰੂਹਾਨੀਅਤ ਦਾ ਝਲਕਾਰਾ ਵੀ ਨਜ਼ਰ ਆਉਂਦਾ ਹੈ । ਆਉ ਹੇਠਲਾ ਸ਼ਿਅਰ ਵੇਖੀਏ ;

"ਜੇ ਰਹਿਣਾ ਹੈ ਹਲਕੇ ਫੁਲਕੇ
ਲਾਹ ਦੇ ਪੰਡ ਬੜੀ ਹੈ ਭਾਰੀ"

ਉੱਪਲ ਸਾਹਿਬ ਦਾ ਹੇਠਾਂ ਦਰਜ ਸ਼ਿਅਰ ਪੜ੍ਹਕੇ ਤਾਂ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਉਚਾਰਨ ਕੀਤਾ ਸ਼ਬਦ ਯਾਦ ਆ ਗਿਆ ;

" ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥
ਸੁਖ ਸਨੇਹੁ ਅਰੁ ਭੈ ਨਹੀ ਜਾਕੇ ਕੰਚਨ ਮਾਟੀ ਮਾਨੈ ॥

ਸ਼ਿਅਰ ਹੈ;

" ਸੁਖ ਦੁਖ ਜਦ ਤੋਂ ਸਮ ਕਰ ਜਾਣੇ
ਜਿੰਦੜੀ ਲੱਗੀ ਪਿਆਰੀ ਪਿਆਰੀ "

ਮੈਂ ਉੱਪਲ ਸਾਹਿਬ ਦੀ ਗ਼ਜ਼ਲ ਨੂੰ ਪਾਠਕਾਂ ਦੇ ਹਵਾਲੇ ਕਰਦੇ ਹੋਏ ਕੁਝ ਹੋਰ ਸ਼ਿਅਰਾਂ ਦਾ ਜਿਕਰ ਕਰਨਾ ਚਾਹਾਂਗਾ ;

“ ਅੰਦਰ ਵਾਲ਼ੇ ਮੇਲੇ ਜਾਣਾ
ਆਪਣੇ ਆਪ ਨੂੰ ਪਿਆਰ ਕਰਾਂਗਾ ”

ਪੌਣਾਂ ਜਿਉਂ ਮੈਂ ਵਗਣਾ ਬਾਗੀਂ
ਮਾਰੂਥਲ ਸਰਸ਼ਾਰ ਕਰਾਂਗਾ

" ਅੱਧੀ ਖਾ ਕੇ ਵੀ ਕਈ ਖੁਸ਼ ਨੇ
ਕਈ ਨਹੀਂ ਰੱਜਦੇ ਖਾਕੇ ਸਾਰੀ "

" ਰੰਗੀ ਜਾਂਦਾ ਰੰਗ ਲਲਾਰੀ
‘ ਉੱਪਲ ' ਸੁਹਣੇ ਰੰਗ ਨੀ ਅੜੀਏ"

"ਇਸ਼ਕੇ ਦੀ ਖੇਡ ਖੇਡਣੀ, ਡੁਬਣਾ ਤੇ ਤੈਰਨਾ
ਕੱਚੇ ਘੜੇ ਨੂੰ ਪਰਖਣਾ, ਪਾਣੀ ਦੀ ਧਾਰ ਨਾਲ "

ਉੱਪਲ ਸਾਹਿਬ ਗ਼ਜ਼ਲਾਂ ਤੋਂ ਅਲਾਵਾ, " ਸ਼ਬਦ ਸਰਗਮ" ਦੇ ਦੂਜੇ ਭਾਗ ਵਿੱਚ ਦਰਜ ਆਪਣੀਆਂ ਦੂਜੀਆਂ ਕਵਿਤਾਵਾਂ ਵਿਚ ਬਿਲਕੁਲ ਅਲੱਗ ਕਿਸਮ ਦੇ ਕਵੀ ਨਜ਼ਰ ਆਉਂਦੇ ਹਨ । ਇਹ ਬਿਲਕੁਲ ਵੀ ਅਹਿਸਾਸ ਨਹੀਂ ਹੁੰਦਾ ਕਿ ਇਹ ਕਾਮਯਾਬ ਕਵਿਤਾਵਾਂ ਉਸੇ ਸ਼ਾਇਰ ਨੇ ਲਿਖੀਆਂ ਹਨ ਜਿਸ ਨੇ ਇਤਨੀਆਂ ਗ਼ਜ਼ਲੀਅਤ ਭਰਪੂਰ ਅਤੇ ਕਾਮਯਾਬ ਗ਼ਜ਼ਲਾਂ ਲਿਖੀਆਂ ਹਨ । ਇਹ ਗਲ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਗ਼ਜ਼ਲ ਦੀ ਤਕਨੀਕ ਬਿਲਕੁਲ ਅਲੱਗ ਅਤੇ ਫਾਰਮੈਟ ਬਿਲਕੁਲ ਅਲੱਗ ਹਨ ਅਤੇ ਗ਼ੈਰ ਗ਼ਜ਼ਲ ਦਾ ਸੁਭਾਅ ਅਤੇ ਬਣਤਰ ਪੂਰੀ ਤਰ੍ਹਾਂ ਵੱਖਰਾ ਹੁੰਦਾ ਹੈ । ਆਮ ਕਰਕੇ ਇਹ ਬਹੁਤ ਘਟ ਵੇਖਿਆ ਗਿਆ ਹੈ ਕਿ ਇਕ ਗ਼ਜ਼ਲ ਦਾ ਕਾਮਯਾਬ ਅਤੇ ਸਫ਼ਲ ਸ਼ਾਇਰ ਗੈਰ ਗ਼ਜ਼ਲ ਕਵਿਤਾਵਾਂ ਵੀ ਉਤਨੀ ਹੀ ਕਾਮਯਾਬੀ ਨਾਲ ਲਿਖਦਾ ਹੋਵੇ । ਉੱਪਲ ਸਾਹਿਬ ਦੀਆਂ ਕਵਿਤਾਵਾਂ ਵਿਚ ਆਮ ਜੀਵਨ ਵਿਚ ਵਿਚਰਨ ਵਾਲੇ ਜਗ ਬੀਤੀ ਆਪ ਬੀਤੀ ਦੇ ਵਿਭਿੰਨ ਰੰਗ ਬੜੀ ਖੂਬਸੂਰਤੀ ਨਾਲ ਪਰੋਏ ਨਜ਼ਰ ਆਉਂਦੇ ਹਨ । ਇਸ ਸੰਧਰਭ ਵਿਚ ਖਾਸ ਤੌਰ ਤੇ ;

"ਰੰਗਾਂ ਦੀ ਦੁਨੀਆਂ"
" ਫੁੱਲਾਂ ਜਿਹੀ ਮਹਿਕ "
" ਭੋਲਾਪਣ "
" ਮਿੱਟੀ ਦੀ ਖੁਸ਼ਬੂ "
" ਧਰਤ ਪੁੱਤਰ "
" ਵੈਦਾ ਤੂੰ ਆਪ ਬਿਮਾਰ ਹੈਂ "
" ਬੋਲ ਪੰਜਾਬੀ "
" ਸਮੁੰਦਰੀ ਲਹਿਰਾਂ "
" ਪੱਤੇ ਪੱਤੇ ਵਿਚ ਨੂਰ "
ਵਰਗੀਆਂ ਕਵਿਤਾਵਾਂ ਖਾਸ ਤੌਰਤੇ ਪੜ੍ਹਨਯੋਗ ਹਨ ।

ਕੁਲ ਮਿਲਾ ਕੇ ਮੈਂ ਇਹ ਕਹਿ ਸਕਦਾ ਹਾਂ ਕਿ ਉੱਪਲ ਸਾਹਿਬ ਗ਼ਜ਼ਲ ਅਤੇ ਗੈਰ ਗ਼ਜ਼ਲ ਕਵਿਤਾ ਦੇ ਇਕ ਕਾਮਯਾਬ ਸ਼ਾਇਰ ਹਨ । ਮੈਨੂੰ ਪੂਰੀ ਉਮੀਦ ਹੈ ਕਿ ਉੱਪਲ ਸਾਹਿਬ ਦਾ ਹਥਲਾ ਕਾਵਿ ਸੰਗ੍ਰਹਿ " ਸ਼ਬਦ ਸਰਗਮ" ਸਮੁੱਚੇ ਪੰਜਾਬੀ ਸਾਹਿਤਕ ਜਗਤ ਵਿਚ ਕਾਮਯਾਬੀ ਦੇ ਝੰਡੇ ਗੱਡੇਗਾ । ਆਪਣੀ ਭਰਪੂਰ ਮੁਹੱਬਤ, ਦਿਲੀ ਭਾਵਨਾ ਅਤੇ ਵਿਸ਼ਵਾਸ ਨਾਲ ਮੈਂ ਉੱਪਲ ਸਾਹਿਬ ਨੂੰ ਇਸ ਕਾਵਿ ਸੰਗ੍ਰਹਿ ਨੂੰ ਪਾਠਕਾਂ ਅਤੇ ਪੰਜਾਬੀ ਮਾਂ ਬੋਲੀ ਦੀ ਝੋਲੀ 'ਚ ਪਾਉਣ ਲਈ ਮੁਬਾਰਕਵਾਦ ਦਿੰਦਾ ਹਾਂ ਅਤੇ "ਸ਼ਬਦ ਸਰਗਮ" ਦੀ ਕਾਮਯਾਬੀ ਲਈ ਆਪਣੀਆਂ ਸੁਭ ਇਛਾਵਾਂ ਦਿੰਦਿਆਂ ਹੋਇਆਂ ਆਪ ਸਭ ਸੁਹਿਰਦ ਪਾਠਕਾਂ ਤੋਂ ਇਜਾਜ਼ਤ ਚਾਹੁੰਦਾ ਹਾਂ ।

ਪ੍ਰਿਤਪਾਲ ਸਿੰਘ ਬੇਤਾਬ
ਜੰਮੂ

ਸ਼ਬਦ ਸਰਗਮ ਸ਼ਾਇਰੀ - ਇੱਕ ਗੁਲਦਸਤਾ : ਪਾਲ ਗੁਰਦਾਸਪੁਰੀ

ਦੱਸ ਸਦੀਆਂ ਤੋਂ ਵੀ ਪਹਿਲਾਂ ਖਲੀਲ ਬਿਨ ਅਹਿਮਦ ਦੇ ਘਰ ਬਹੁਤ ਖ਼ੂਬਸੂਰਤ ਬੇਟੀ ਨੇ ਜਨਮ ਲਿਆ ਤਾਂ ਉਸ ਨੇ ਆਪਣੀ ਬੇਟੀ ਦਾ ਨਾਂ 'ਗ਼ਜ਼ਲ' ਰੱਖਿਆ । ਖਲੀਲ ਬਿਨ ਅਹਿਮਦ ਨੂੰ ਇਤਿਹਾਸਕਾਰ ਗ਼ਜ਼ਲ ਦਾ ਮੋਢੀ ਵੀ ਮੰਨਦੇ ਹਨ । ਕਈ ਗ਼ਜ਼ਲ ਨੂੰ ਹਿਰਨੀ ਦੀ ਤੋਰ ਨਾਲ ਜੋੜਦੇ ਹਨ ਅਤੇ ਕਈ ਮਹਿਬੂਬ ਨਾਲ ਗੱਲਾਂ ਕਰਨ ਨਾਲ ।

ਜਦੋਂ ਮਨੁੱਖੀ ਚੇਤਨਾ ਅਤੇ ਸੰਵੇਦਨਾ ਦੀ ਵਿਭਿੰਨ ਤਰੀਕਿਆਂ ਨਾਲ ਰਵਾਨੀ ਵਿੱਚ ਵਿਚਾਰਾਂ ਦੀ ਸੰਰਚਨਾ ਹੁੰਦੀ ਹੈ ਤਾਂ ਉਹ ਕਾਵਿ ਰੂਪ ਧਾਰ ਕੇ ਕਈ ਵਿਧਾਵਾਂ ਵਿੱਚ ਸਾਡੇ ਸਨਮੁਖ ਹੁੰਦੀ ਹੈ ।

ਪਹਿਲੇ ਕਾਵਿ ਸੰਗ੍ਰਹਿ "ਸ਼ਬਦਾਂ ਦੇ ਸੁਰ ਪੰਛੀ" ਨਾਲ ਪੰਜਾਬੀ ਸਾਹਿਤ ਵਿੱਚ ਹਰਜੀਤ ਸਿੰਘ ਉੱਪਲ ਨੇ ਆਪਣੇ ਪੈਰ ਰੱਖੇ ਸਨ । ਦੂਸਰੇ ਕਾਵਿ ਸੰਗ੍ਰਹਿ "ਸ਼ਬਦ ਸਰਗਮ" ਨਾਲ ਉੱਪਲ ਸਾਹਿਬ ਨੇ ਆਪਣੇ ਪੈਰ ਜਮਾਅ ਲਏ ਹਨ । ਉਹ ਚਰਚਿਤ ਮੈਗਜ਼ੀਨਾਂ ਵਿੱਚ, ਅਖਬਾਰਾਂ ਵਿੱਚ, ਸੋਸ਼ਲ ਮੀਡੀਆ ਤੇ ਆਪਣੀ ਧਾਕ ਜਮਾਅ ਕੇ ਪਾਠਕਾਂ ਦਾ ਚਹੇਤਾ ਕਵੀ ਬਣ ਚੁੱਕਾ ਹੈ । ਬੈਂਕ ਦੀ ਸਖ਼ਤ ਮਿਹਨਤ ਕਰਨ ਵਾਲੀ ਨੌਕਰੀ ਤੋਂ ਫਾਰਗ ਹੁੰਦਿਆਂ ਹੀ ਉਸ ਦੇ ਮਨ ਮਸਤਕ ਚੋਂ ਕਾਵਿ ਚਸ਼ਮਾ ਫੁੱਟਦਾ ਹੈ ਜੋ ਅੱਜ ਤਕ ਨਿਰੰਤਰ ਜਾਰੀ ਹੈ ।

ਪ੍ਰਤਿਭਾਸ਼ਾਲੀ ਅਤੇ ਸੂਝਵਾਨ ਸ਼ਾਇਰ ਸ. ਹਰਜੀਤ ਸਿੰਘ ਉੱਪਲ ਦੀ ਮਿਹਨਤ, ਸਿਦਕ ਦਿਲੀ, ਸੁਹਿਰਦਤਾ ਕਾਬਿਲੇ- ਤਾਰੀਫ਼ ਹੈ ਤਾਂ ਹੀ ਉਸ ਦੀਆਂ ਗ਼ਜ਼ਲਾਂ - ਕਵਿਤਾਵਾਂ ਵਿੱਚ ਸਹਿਜਤਾ, ਸਰਲਤਾ, ਸੁਚੱਜਤਾ, ਸੰਜਮ, ਸੂਖਮਤਾ, ਸੰਵੇਦਨਸ਼ੀਲਤਾ ਦੀ ਝਲਕ, ਠੇਠ ਪੰਜਾਬੀ ਬੋਲੀ ਦੀ ਸ਼ੁੱਧਤਾ, ਸ਼ਬਦਾਂ ਦਾ ਸ਼ੁਧ ਉਚਾਰਣ, ਉਸ ਦੀਆਂ ਗ਼ਜ਼ਲਾਂ ਦੀ ਮਾਣਮੱਤੀ ਪ੍ਰਾਪਤੀ ਹੈ । ਵਿਚਾਰਾਂ ਵਿੱਚ ਡੂੰਘਿਆਈ ਹੈ, ਕਵਿਤਾਵਾਂ, ਗ਼ਜ਼ਲਾਂ ਲਿਖਣ ਦਾ ਸਲੀਕਾ ਹੈ ।

ਕਵਿਤਾਵਾਂ ਵਿੱਚ ਪਾਣੀਆਂ ਜਿਹੇ ਕੁਦਰਤੀ ਵਹਾਅ ਵਰਗੀ ਰਵਾਨੀ ਹੈ । ਗ਼ਜ਼ਲ ਦੀ ਜ਼ੁਬਾਨ ਨੂੰ ਸਮਝਦਾ ਹੈ । ਬਹਿਰ ਵਜ਼ਨ ਦੀ ਪੂਰੀ ਸਮਝ ਹੈ, ਜਿਸ ਸਦਕਾ ਰਵਾਨੀ ਆਉਣਾ ਸੁਭਾਵਕ ਵੀ ਹੈ । ਉਸ ਨੂੰ ਗ਼ਜ਼ਲ ਦੀ ਬਣਤਰ ਦਾ ਪਤਾ ਹੈ । ਬੇਸ਼ਕ ਉਹ ਗ਼ਜ਼ਲ ਸਿੱਖਣ ਲਈ ਉਸਤਾਦੀ ਸ਼ਗਿਰਦੀ ਵਿੱਚ ਨਹੀਂ ਪਿਆ । ਉਸ ਨੇ ਗ਼ਜ਼ਲ ਅਰੂਜ਼ ਨਾਲ ਸਬੰਧਿਤ ਪੁਸਤਕਾਂ ਪੜ੍ਹ ਪੜ੍ਹ ਕੇ ਹੀ ਗ਼ਜ਼ਲ ਸਿਨਫ਼ ਦੀ ਵਿਆਕਰਣਕ ਜਾਣਕਾਰੀ ਪੂਰੀ ਕਾਮਯਾਬੀ ਨਾਲ ਹਾਸਿਲ ਕੀਤੀ ਹੈ । ਉਹ ਗ਼ਜ਼ਲ ਦੀਆਂ ਬਹਿਰਾਂ ਤੋਂ ਜਾਣੂ ਹੈ । ਗ਼ਜ਼ਲ ਦੇ ਮਿਜ਼ਾਜ ਨੂੰ ਚੰਗੀ ਤਰ੍ਹਾਂ ਸਮਝਦਾ ਹੈ । ਕਵਿਤਾ ਦੇ ਅਤੇ ਗ਼ਜ਼ਲ ਦੇ ਸੁਭਾਅ ਦਾ ਜਾਣਕਾਰ ਹੈ । ਉਸ ਨੂੰ ਪਤਾ ਹੈ ਕਿ ਗ਼ਜ਼ਲ ਦੇ ਸ਼ਿਅਰਾਂ ਵਿੱਚ ਐਬ-ਏ-ਤਨਾਫ਼ਰ ਤੋਂ ਕਿਵੇਂ ਬਚਣਾ ਹੈ, ਸ਼ੁਭਾ-ਏ-ਤਕਾਬੁਲ ਦੇ ਐਬ ਨੂੰ ਕਿਵੇਂ ਠੀਕ ਕਰਨਾ ਹੈ ਤਾਂ ਕਿ ਸਕਤਾ ਨਾ ਪਵੇ ਤੇ ਪਾਠਕ ਦੀ ਜ਼ੁਬਾਨ ਕੋਈ ਮਿਸਰਾ ਪੜ੍ਹਦਿਆਂ ਨਾ ਅਟਕੇ । ਉੱਪਲ ਨੂੰ ਇਸ ਗਲ ਦੀ ਵੀ ਪੂਰੀ ਸਮਝ ਹੈ ਕਿ ਕਾਫ਼ੀਏ ਕਿਹੜੇ ਠੀਕ ਹਨ ਤੇ ਕਿਹੜੇ ਗ਼ਲਤ । ਰਵਾਨੀ ਪਾਣੀ ਦੇ ਵਹਾਅ ਵਾਂਗੂੰ ਹੈ । ਉਹ ਗ਼ਜ਼ਲ ਦੀਆਂ ਖੁੱਲ੍ਹਾਂ ਅਤੇ ਬੰਦਿਸ਼ਾਂ ਤੋਂ ਸੁਚੇਤ ਹੈ ।

ਆਪਣੀ ਗ਼ਜ਼ਲ ਨੂੰ ਮੁਹੱਬਤ ਕਰਨ ਵਾਲਾ ਸ਼ਾਇਰ ਲਿਖਦਾ ਹੈ;

"ਕਿਤੇ ਗ਼ਾਲਿਬ ਜਿਹੀ ਗਹਿਰੀ, ਕਿਤੇ ਮੋਮਿਨ ਜਿਹੀ ਦਿਲਕਸ਼
ਲਿਖਾਵਟ ਹੈ ਕਿਤਾਬਾਂ ਦੀ, ਗ਼ਜ਼ਲ ਦੀਵਾਨ ਹੈ ਮੇਰੀ।"

ਕਾਣੀ ਵੰਡ ਦਾ ਇਕ ਸ਼ਿਅਰ ਵੇਖੋ;

"ਕਾਣੀ ਵੰਡਦਾ 'ਨ੍ਹੇਰਾ ਚਾਰ ਚੁਫੇਰੇ ਜਦ
ਮੈਂ ਜੁਗਨੂੰ ਵਾਂਗਰ ਜਗਣਾ ਤੜਿਆ ਰਹਿਣਾ ਹੈ ।"

ਰੁੱਖਾਂ ਦੀ ਮਹੱਤਤਾ ਤੇ ਗਲ ਕਰਦਿਆਂ, ਉਹ ਫ਼ਿਕਰਮੰਦ ਵੀ ਹੈ ਕਿ ਕਿਤੇ ਇਨ੍ਹਾਂ ਬਿਨਾਂ ਇਨਸਾਨੀਅਤ ਨਾ ਖ਼ਤਮ ਹੋ ਜਾਵੇ । ਸ਼ਿਅਰ ਵੇਖੋ ;

"ਬਲਦਿਆਂ ਰੁੱਖਾਂ ਨੂੰ ਤੱਕ, ਮਾਂ ਧਰਤ ਇਕ ਦਿਨ ਰੋ ਪਈ
ਕੰਕਰਾਂ ਦੇ ਸ਼ਹਿਰ ਵਿੱਚ ਇਨਸਾਨੀਅਤ ਸੜ ਜਾਵਣਾ ।"

ਸੰਤਾਲੀ ਦੀ ਵੰਡ ਤੋਂ ਬਾਅਦ ਸਰਹੱਦਾਂ ਜੋ ਮੇਲ ਮਿਲਾਪ ਲਈ ਰੁਕਾਵਟ ਬਣ ਗਈਆਂ, ਮਿਲਣ ਦੀ ਤਾਂਘ ਭਰਪੂਰ ਇਕ ਬਹੁਤ ਹੀ ਸੰਵੇਦਨਸ਼ੀਲ ਸ਼ਿਅਰ ਪੇਸ਼ ਹੈ ;

" ਅੰਬਰਸਰ ਨੂੰ ਉਹ ਆਵਣਗੇ
ਮੈਂ ਵੀ ਜਾਣੈ ਝੰਗ ਨੀ ਅੜੀਏ।"

ਉੱਪਲ ਲਈ ਜਾਤਾਂ-ਪਾਤਾਂ ਫ਼ਜੂਲ ਹਨ, ਧਾਰਮਿਕਤਾ ਅਤੇ ਵਿਅੰਗ ਨਾਲ ਭਰਪੂਰ ਸ਼ਿਅਰ ਵੇਖੋ;

"ਨਾ ਜਾਤ, ਨਾ ਨਸਲ ਸੀ, ਮੈਂ ਨੰਗ ਮਲੰਗ ਆਇਆ
ਲੋਕਾਂ ਨੇ ਫੜਕੇ 'ਉੱਪਲ' ਧਰਮੀ ਬਣਾ ਲਿਆ ਹੈ । "

ਸਹਿਣਸ਼ੀਲਤਾ ਦਾ ਰੱਬੀ ਗੁਣ ਉੱਪਲ ਦੀ ਸ਼ਖਸੀਅਤ ਵਿੱਚ ਹੈ ਤੇ ਸ਼ਿਅਰਾਂ ਵਿੱਚ ਵੀ ਝਲਕਦਾ ਹੈ । ਇਕ ਸ਼ਿਅਰ ਇਸੇ ਸੰਦਰਭ ਵਿੱਚ ਵੇਖੋ;

" ਕੰਕਰ ਤੋਂ ਜੇ ਮੋਤੀ ਬਣਨੈਂ
ਛੇਕ ਕਲੇਜੇ ਜਰਿਆ ਕਰ ਬਈ । "

ਇਕ ਸੰਖੇਪ ਮਿਸਰਿਆਂ ਵਿੱਚ ਵਿਅੰਗ ਵੇਖੋ;

" ਵਿਕਸਤ ਭਾਰਤ ਹੋਇਆ
ਮੁਫ਼ਤੀ ਰਾਸ਼ਨ ਖਾ ਕੇ । "

ਰੋਗ, ਇਸ਼ਕ, ਹਉਕੇ, ਵਸਲ ਤੇ ਇਕ ਸ਼ਿਅਰ ਵਿਚ ਸਰਲਤਾ ਤੇ ਰਵਾਨੀ ਮਾਣਨ ਵਾਲੀ ਹੈ ;

"ਇਹ ਇਸ਼ਕ ਦਾ ਹੈ ਰੋਗ, ਇਹ ਮਿੱਠਾ ਜ਼ਰੂਰ ਹੈ
ਵਸਲਾਂ ਦੀ ਰੁੱਤ ਵੀ ਨਾਲ ਤੇ, ਹਉਕੇ ਵੀ ਪਿਆਰ ਨਾਲ ।"

ਸਮਾਜਿਕ ਕਾਣੀ ਵੰਡ, ਅਨਿਆਂ, ਅੱਤਿਆਚਾਰ ਖਿਲਾਫ਼ ਉਹ ਤਨਜ਼ ਕਰਦਾ ਲਿਖਦਾ ਹੈ ;

"ਆਜਾ ਸੀਸ ਤਲੀ ਤੇ ਧਰਕੇ, ਆਪਣਾ ਆਪ ਲੁਟਾ ਕੇ ਆ
ਦੀਵੇ ਨਾਲ ਨਾ ਮਿਟਣਾ 'ਨ੍ਹੇਰਾ, ਅੱਗ ਤਲੀ ਤੇ ਲਾ ਕੇ ਆ ।"

ਗ਼ਜ਼ਲ ਨੂੰ ਉਹ ਆਪਣੀ ਬੰਦਗੀ ਮੰਨਦਾ ਹੈ, ਆਪਣੀ ਜ਼ਿੰਦਗੀ ਸਮਝਦਾ ਹੈ। ਆਪਣੀ ਜਾਨ ਬਿਆਨਦਾ ਹੈ, ਗ਼ਜ਼ਲ ਪ੍ਰਤੀ ਆਪਣੀ ਸੁਹਿਰਦਤਾ ਪ੍ਰਗਟਾਉਂਦਾ ਹੋਇਆ, ਉਹ ਆਪਣੀ ਇਕ ਗ਼ਜ਼ਲ ਦੇ ਮਤਲੇ ਵਿਚ ਇਉਂ ਲਿਖਦਾ ਹੈ;

"ਗ਼ਜ਼ਲ ਹੈ ਜ਼ਿੰਦਗੀ ਮੇਰੀ, ਗ਼ਜ਼ਲ ਜੀ ਜਾਨ ਹੈ ਮੇਰੀ
ਗ਼ਜ਼ਲ ਹੈ ਬੰਦਗੀ ਮੇਰੀ, ਗ਼ਜ਼ਲ ਪਹਿਚਾਨ ਹੈ ਮੇਰੀ ।"

ਕਾਫ਼ੀ ਸ਼ਿਅਰਾਂ ਵਿੱਚ ਵਫ਼ਾ ਦੀ ਗਲ, ਮਿਲਾਪ ਦੀ ਖੁਸ਼ੀ, ਮਤਲਬੀ ਸੰਸਾਰ ਦਾ ਜ਼ਿਕਰ, ਹਾਰ ਸ਼ਿੰਗਾਰ ਦੀ ਚਰਚਾ ਅਤੇ ਬਿਰਹਾ ਦਾ ਵਰਨਣ ਹੈ । ਹਿਜਰ, ਬਿਰਹਾ ਅਤੇ ਵਿਛੋੜਾ ਉਸ ਦੇ ਸ਼ਿਅਰਾਂ ਵਿਚ ਆਨੰਦਿਤ ਕਰਦਾ ਹੈ;

"ਉਹਦੀਆਂ ਰਮਜ਼ਾਂ ਮੈਂ ਨਾ ਜਾਣਾਂ, ਓਹੀ ਜਾਣੇ ਜੀ ਬਾਬਾ
ਮੇਰੀ ਝੋਲੀ ਦੇ ਵਿਚ ਕਾਸਾ, ਹਿਜਰਾਂ ਵਾਲਾ ਹੀ ਬਾਬਾ ।"

ਵਸਲ ਦੀ ਖੁਸ਼ੀ ਦਾ ਇਜ਼ਹਾਰ ਉਹ ਇਕ ਗ਼ਜ਼ਲ ਦੇ ਮਤਲੇ ਨਾਲ ਬੜੇ ਭਾਵਪੂਰਕ ਤਰੀਕੇ ਨਾਲ ਇਵੇਂ ਕਰਦਾ ਹੈ ;

"ਦਿਲ ਦੇ ਵਿਹੜੇ ਘੁੰਗਰੂ ਵੱਜਣ, ਕੌਣ ਮੇਰੇ ਘਰ ਆਇਆ
ਕਿਸ ਨੇ ਬੂਹੇ ਦਸਤਕ ਦਿੱਤੀ, ਕਿਸ ਨੇ ਰਾਗ ਅਲਾਇਆ ।"

ਹਿਜਰ ਨੂੰ ਮਾਣਦਿਆਂ, ਮਿਲਾਪ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਕਈ ਵਾਰੀ ਮੇਲ ਵਿੱਚ ਉਦਾਸੀਨਤਾ ਵੀ ਨਜ਼ਰ ਆਉਂਦੀ ਹੈ । ਇਕ ਮਤਲਾ ਵੇਖੋ;

" ਕਿੰਨਾ ਉਦਾਸ ਮੇਲ ਹੈ, ਜੀਵਨ ਦੀ ਧਾਰ ਨਾਲ
ਛੱਲਾਂ ਦੇ ਵੇਗ ਤੈਰਨਾ, ਆਪਣੀ ਨੁਹਾਰ ਨਾਲ ।"

ਕਈ ਸ਼ਿਅਰਾਂ ਵਿੱਚ ਉੱਪਲ ਦਾ ਵਿਅੰਗ ਕਾਬਿਲੇ ਤਾਰੀਫ਼ ਹੈ । ਬੜੇ ਸੰਖੇਪ ਸ਼ਬਦਾਂ ਵਿੱਚ ਕਹੇ ਹੋਏ ਨਿਮਨਲਿਖਤ ਸ਼ਿਅਰ ਵਿੱਚ ਕਿੰਨੀ ਵੱਡੀ ਗਲ ਕੀਤੀ ਗਈ ਹੈ, ਵਿਸਥਾਰ ਜਿੰਨਾ ਮਰਜ਼ੀ ਕਰ ਲਉ ;

"ਵਿਹਲੜ ਦੌਲਤਮੰਦ ਹੈ ਬਣਿਆ
ਖ਼ਬਰੇ ਇਸ ਦਾ ਕਾਹਦਾ ਧੰਦਾ।"

ਹਰਜੀਤ ਸਿੰਘ ਉੱਪਲ ਜੀ ਦੇ ਸ਼ਿਅਰ 'ਕਮਾਲ' ਪੱਖੋਂ ਵੀ ਬੜੇ ਅਮੀਰ ਹਨ ਤੇ ਪੇਸ਼ ਕਰਨ ਦਾ ਢੰਗ ਵੀ ਬਾ- ਕਮਾਲ ਹੈ । ਜਿਵੇਂ ;

"ਕਿਸੇ ਸੱਯਾਦ ਤਾਂ ਕਤਰੇ ਨਹੀਂ ਹਨ, ਖੰਭ ਮੇਰੇ
ਕਿ ਪੈਰਾਂ ਵਿੱਚ ਪਈ, ਮੇਰੇ ਲਗੇ ਜੰਜੀਰ ਮੈਨੂੰ ।"

ਉੱਪਲ ਦੀ ਕਲਾ- ਕੌਸ਼ਲਤਾ ਤੇ ਪ੍ਰਤਿਭਾ ਉਸ ਦੇ ਸ਼ਿਅਰਾਂ ਵਿੱਚ ਝਲਕਦੀ ਹੈ ;

" ਹਿੰਮਤੇ ਮਰਦਾਂ, ਮਦਦ ਖ਼ੁਦਾ ਹੈ, ਉੱਡਣ ਦੀ ਹਿੰਮਤ ਤਾਂ ਕਰ
ਸਾਵ੍ਹੇਂ ਹੈ ਕੋਹਕਾਫ਼ ਹਿਮਾਲਾ, ਥੋੜਾ ਜ਼ੋਰ ਲਗਾ ਕੇ ਰੱਖ । "

ਉੱਪਲ ਦੀ ਕਵਿਤਾ ਸਰੋਦੀ ਹੈ ਆਵੁਰਦ ਨਹੀਂ, ਕਵਿਤਾ ਆਪਣੇ ਆਪ ਉਤਰਦੀ ਹੈ;

"ਕਵਿਤਾ ਉਤਰੇ ਮਾਰ ਉਡਾਰਾਂ
ਕਵਿਤਾ ਲੋਕ ਬਣਾਉਂਦੇ ਵੇਖੇ ।"

ਪੰਚਮ ਪਾਤਸ਼ਾਹ ਨਾਮਿਕ ਕਵਿਤਾ ਵਿੱਚ ਰਵਾਨੀ ਦਾ ਸਿਖਰ ਹੈ। ਵਿਚਾਰਾਂ ਵਿਚ ਪੁਖਤਗੀ ਹੈ । ਖ਼ੂਬਸੂਰਤ ਰਚਨਾ ਹੈ । ਆਉ, ਇਕ ਬੰਦ ਦਾ ਆਨੰਦ ਮਾਣੀਏ;

"ਪਾਣੀ ਰਾਵੀ ਦਿਆ ਸਿਰ ਝੁਕਾਵਾਂ ਤੈਨੂੰ, ਤੇਰੀ ਗੋਦੀ ਬੈਠੀ ਸੱਚੀ ਸਰਕਾਰ ਹੈਂ ਜੀ
ਤੇਰੇ ਕੰਢੇ ਸ਼ਹੀਦੀ ਅਸਥਾਨ ਸੋਹੇ, ਕੋਲ਼ੇ ਵਹਿੰਦਾ ਤੂੰ ਠੰਢਾ ਠਾਰ ਹੈਂ ਜੀ
ਤੇਰੀ ਕਲਕਲ ਵਿਚ ਸੁਖਮਨੀ ਪਾਠ ਚੱਲੇ, ਤੱਪਦੇ ਦਿਲਾਂ ਨੂੰ ਕਰੇ ਸਰਸ਼ਾਰ ਹੈਂ ਜੀ
ਚੜ੍ਹਦਿਓਂ ਲੈ ਕੇ ਫੁੱਲ ਅਕੀਦਤਾਂ ਦੇ, ਲਹਿੰਦੇ ਵਹੇਂ ਨਾਲ ਸਤਿਕਾਰ ਹੈਂ ਜੀ ।"

"ਮੈਂ ਨਹੀਂ ਨਾਉਣਾ" ਕਵਿਤਾ, ਹਾਸ ਰਸ ਲਗਦੀ ਲਗਦੀ ਅੰਤਲੇ ਬੰਦ ਵਿੱਚ ਪਲਟੀ ਮਾਰ ਕੇ ਵਿਅੰਗਾਤਮਕ ਤਨਜ਼ ਨਾਲ ਬੜੀ ਸੂਖਮਤਾ ਨਾਲ ਆਪਣੇ ਦਿਲ ਦੀ ਗਲ ਲਿਖਦਿਆਂ ਕਵਿਤਾ ਦਾ ਸਾਰ ਕੱਢ ਲਿਆਉਂਦੀ ਹੈ ਕਿ ਮੈਂ ਨਹੀਂ ਨਾਉਣਾ, ਪਹਿਲਾਂ ਤੁਸੀਂ ਨਹਾਉਣ ਵਾਲੇ ਪਹਿਲਾਂ ਆਪਣੇ ਅੰਦਰ ਦੀ ਕਾਲਖ ਲਾਹ ਕੇ ਆਓ, ਅੰਦਰ ਦੀ ਮੈਲੀ ਦਲਦਲ ਵਿੱਚੋਂ ਬਾਹਰ ਨਿਕਲ ਕੇ ਆਓ ।

"ਧਰਤ ਪੁੱਤਰ" ਕਵਿਤਾ ਵਿਦੇਸ਼ਾਂ ਵਿੱਚ ਰੁਲਦੀ ਜਵਾਨੀ ਦਾ ਜ਼ਿਕਰ ਕਰਦੀ ਹੋਈ ਆਪਣਾ ਵਤਨ ਨਾ ਛੱਡਣ ਦੀ ਪ੍ਰੇਰਨਾ ਦਿੰਦੀ ਹੈ ।

ਪੰਜਾਬੀ ਭਾਸ਼ਾ, ਬੋਲੀ ਪ੍ਰਤੀ ਸਨੇਹ ਉਜਾਗਰ ਕਰਦੀ ਉਸਦੀ ਕਵਿਤਾ "ਬੋਲ ਪੰਜਾਬੀ" ਬੜੀ ਖ਼ੂਬਸੂਰਤ ਕਵਿਤਾ ਹੈ, ਜਿਸ ਦਾ ਇਕ ਬੰਦ ਤੁਹਾਡੀ ਨਜ਼ਰ ਹੈ;

" ਬਾਰ ਬਾਰ ਕੀ ਬੋਲੀ ਜਾਨੈ, ਬੋਲ ਪੰਜਾਬੀ
ਪੈਂਤੀ ਅੱਖਰਾਂ ਵਾਲਾ ਕਾਇਦਾ ਖੋਲ ਪੰਜਾਬੀ
ਹਿੰਦੀ, ਉਰਦੂ ਹੋਰ ਭਾਸ਼ਾਵਾਂ ਸਿਰ ਮੱਥੇ ਪਰ
ਜਦ ਬੋਲਾਂ ਪੰਜਾਬੀ, ਵੱਜੇ ਢੋਲ ਪੰਜਾਬੀ।"

"ਮੇਰੀ ਭਦਰਵਾਹ ਫੇਰੀ" ਕਵਿਤਾ ਇਕ ਲੰਬੀ ਕਵਿਤਾ ਹੈ। ਰਵਾਨੀ ਕਮਾਲ ਦੀ, ਸ਼ਬਦ ਕਮਾਲ ਦੇ, ਦ੍ਰਿਸ਼ ਬੜੇ ਹੀ ਸੁਹਾਵਨੇ, ਕਵਿਤਾ ਦਾ ਮੰਤਵ ਕਿ ਜੀਵਨ ਬੜਾ ਅਮੋਲਕ ਹੈ, ਇਸ ਨੂੰ ਰੱਜ ਰੱਜ ਕੇ ਜੀਓ। "ਭਰੂਣ ਹੱਤਿਆ" ਕਵਿਤਾ ਬੜੀ ਹੀ ਸਿੱਖਿਆਦਾਇਕ ਹੈ । ਹੋਰ ਕਵਿਤਾਵਾਂ ਵੀ ਬੜੀਆਂ ਰੌਚਿਕ ਹਨ । ਪਾਠਕ ਇਨ੍ਹਾਂ ਦਾ ਵੀ ਆਨੰਦ ਮਾਣਨਗੇ, ਇਹ ਮੇਰਾ ਵਿਸ਼ਵਾਸ ਹੈ ।

"ਕੁਦਰਤੀ ਖ਼ੂਬਸੂਰਤੀ" ਸਿਰਲੇਖ ਹੇਠਾਂ ਰਚਿਤ ਕਵਿਤਾ ਵਿੱਚ 'ਅਰਸ਼ੋਂ ਆਈ ਹੂਰ', ' ਮੋਰਨੀ ਦੀਆਂ ਪੈਲਾਂ', 'ਝਟਕ ਸੁਰਾਹੀ ਧੋਣ', 'ਹੱਸਦਿਆਂ ਦੇ ਦੰਦ ਮੋਤੀ ਲੱਗਣ', 'ਅੰਬਰੋਂ ਉਤਰੀ ਨਾਰ' ਆਦਿ ਬਿੰਬਾਂ ਨਾਲ ਹੋਰ ਵੀ ਖ਼ੂਬਸੂਰਤ ਬਣ ਗਈ ਹੈ ।

"ਚੁੱਪ ਰਹਿਣਾ ਹੀ ਤਕਦੀਰਾਂ ਨੇ" ਨਾਮ ਹੇਠ ਲਿਖੀ ਗਈ ਕਵਿਤਾ ਵਿੱਚ " "ਜਿੱਥੇ ਮਰ ਚੁੱਕੀਆਂ ਜ਼ਮੀਰਾਂ ਨੇ, ਚੁੱਪ ਰਹਿਣਾ ਹੀ ਤਕਦੀਰਾਂ ਨੇ" ਵਿੱਚ ਡੂੰਘਿਆਈ ਹੈ, ਗੰਭੀਰਤਾ ਹੈ, ਵਿਅੰਗ ਹੈ ।

" ਨੀਲੇ ਘੋੜੇ ਦਾ ਸਵਾਰ" ਕਵਿਤਾ ਵਿੱਚ ਉੱਪਲ ਸਾਹਿਬ ਦੇ ਭਾਵਾਂ ਦੀ ਤੀਬਰਤਾ ਹੈ । ਕਵਿਤਾ ਪੜ੍ਹਦਿਆਂ ਝਰਨਾਹਟ ਪੈਦਾ ਹੁੰਦੀ ਹੈ । ਜਜ਼ਬੇ ਤੇ ਵਿਚਾਰ ਸਲਾਹੁਣਯੋਗ ਹਨ । ਸਾਰਥਿਕਤਾ ਹੈ, ਢੁਕਵਾਂ ਪ੍ਰਗਟਾਵਾ ਹੈ । ਇਸੇ ਤਰ੍ਹਾਂ ਉਸ ਦੀਆਂ ਬਾਕੀ ਕਾਵਿਕ- ਰਚਨਾਵਾਂ ਵੀ ਦਿਲ ਟੁੰਬਦੀਆਂ ਹਨ ਅਤੇ ਆਪੋ ਆਪਣਾ ਵਿਸ਼ੇਸ਼ ਪ੍ਰਭਾਵ ਸਿਰਜਣ ਵਿਚ ਸਫਲ ਹੁੰਦੀਆਂ ਹਨ ।

ਪਹਿਲੀ ਕਾਵਿ-ਪੁਸਤਕ 'ਸ਼ਬਦਾਂ ਦੇ ਸੁਰ ਪੰਛੀ' ਵਾਂਗ ਇਹ ਕਾਵਿ- ਸੰਗ੍ਰਹਿ 'ਸ਼ਬਦ ਸਰਗਮ' ਵੀ ਹਰਜੀਤ ਸਿੰਘ ਉੱਪਲ ਦਾ ਪੰਜਾਬੀ ਸਾਹਿਤ ਜਗਤ ਨੂੰ ਇਕ ਅਨੂਠੀ ਦੇਣ ਹੈ ਜਿਸ ਨਾਲ ਉਹ ਪ੍ਰੋੜ ਗ਼ਜ਼ਲਗੋ ਹੋਣ ਦੇ ਨਾਲ ਨਾਲ ਇਕ ਪ੍ਰੋੜ ਕਵੀ ਹੋਣ ਦੀ ਮੋਹਰ- ਛਾਪ ਵੀ ਲਾਉਂਦਾ ਹੈ । ਅੰਤਰਮੁਖੀ ਭਾਵਨਾ ਵਿਚ ਵਿਚਰਦਿਆਂ ਉਸ ਨੇ ਬਹੁਤ ਹੀ ਪਾਏਦਾਰ ਗ਼ਜ਼ਲਾਂ/ਕਵਿਤਾਵਾਂ ਕਹੀਆਂ ਹਨ ਜਿਸ ਦਾ ਦਿਲੋਂ ਸਵਾਗਤ ਹੈ । ਪੰਜਾਬੀ ਸਾਹਿਤ ਵਿੱਚ ਨਿੱਗਰ ਵਾਧਾ ਕਰਨ ਤੇ ਮੈਂ ਹਰਜੀਤ ਸਿੰਘ ਉੱਪਲ ਜੀ ਨੂੰ ਮੁਬਾਰਕਵਾਦ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਕਾਵਿਮਈ ਅਤੇ ਗ਼ਜ਼ਲੀਅਤ ਭਰਪੂਰ ਰਚਨਾਵਾਂ ਨਾਲ ਹਾਜ਼ਰੀ ਲਗਵਾਉਂਦੇ ਰਹਿਣਗੇ । ਅੱਲਾ ਕਰੇ ਜ਼ੋਰੇ-ਕਲਮ ਔਰ ਜ਼ਿਆਦਾ ।

ਪਾਲ ਗੁਰਦਾਸਪੁਰੀ
ਪਠਾਨਕੋਟ
9988264707

ਜੀਵਨ ਲੈਅ, ਸੁਰ, ਤਾਲ ਸਾਧਕ-ਸ਼ਬਦ ਸਰਗਮ : ਡਾ. ਅਰਵਿੰਦਰ ਅਮਨ

ਪ੍ਰਕਿਰਤੀ ਦੀ ‘ਧੁਰ’ ਦੀ ਪ੍ਰਵਿਰਤੀ ਨੂੰ ਸਮਝਣ, ਵਿਚਾਰਨ ਵਿੱਚ ਯੁਗਾਂ ਯੁਗਾਂਤਰਾਂ ਤੋਂ ਪ੍ਰਕਿਰਤੀ ਤੋਂ ਹੀ ਉਪਜੀ ‘ਮਾਨਵ ਜਾਤ’ ਇਸ ‘ਧੁਰ’ ਨੂੰ ਜਾਨਣ, ਪਛਾਨਣ ਦੇ ਆਹਰ ਲੱਗੀ ਰਹੀ ਹੈ। ਨਾਲ ਹੀ ਮਾਨਵ ਜਾਤ ਦੀ ਇੱਕ ‘ਧਿਰ’ ਸਮੁੱਚੀ ਲੁਕਾਈ ਦੇ ਭੇਦ ਨੂੰ ਹੋਰ ਪੇਚੀਦਾ ਕਰਨ ਅਤੇ ਮਾਨਵ ਸੋਚ ਨੂੰ ਭਰਮਾਉਣ ਅਤੇ ਆਪਣੇ ਨਿਜ ਸਵਾਰਥ ਤੇ ਸੀਮਤ ਮਾਨਸਿਕਤਾ ਦੇ ਆਪਣੇ ਹੀ ਜਾਲ ਚ ਗ੍ਰਸਤ ਹੋ, ਭਟਕਾਉਣ ਚ ਲੀਨ ਹੈ।

ਪ੍ਰਕਿਰਤੀ ਦੀ ਉੱਤਮ ਕ੍ਰਿਤੀ ‘ਮਾਨਵ’ ਸਰਬ ਸ੍ਰੇਸ਼ਟ ਹੁੰਦੇ ਹੋਏ ਵੀ ਕੁਝ ਗੁਆਚਿਆ ਜਿਹਾ, ਭਟਕਣ ਦੇ ਦਵੰਧ ਤੇ ਆਣ ਅੱਟਕ ਗਿਆ ਹੈ। ਯੁਗਾਂ ਯੁਗਾਂਤਰਾਂ ਤੋਂ ‘ਮਾਨਵ’ ਦੀ ਹੋਂਦ ਦੇ ਹਵਾਲੇ ਨਾਲ ਉਸ ‘ਧੁਰ’ ਨੂੰ ਸਮਝਣ ਤੇ ਸਮਝਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਪ੍ਰਕਿਰਤੀ ਦੇ ਇਸ ਬ੍ਰਹਮੰਡੀ ਵਿਸਥਾਰ ਤੇ ਪਾਸਾਰ ਵਿੱਚ ਮਾਨਵ ਆਪਣੀਆਂ ਸੀਮਾਵਾਂ ਤੇ ਹੱਦਾਂ ਨੂੰ ਵਿਸਥਾਰ ਦਿੰਦਾ ਰਿਹਾ ਤੇ ਇਸ ‘ਧੁਰ’ ਦੇ ਭੇਦ ਦੇ ਅਭੇਦ ਸੀਮਾ ਕਵਚ ਨੂੰ ਭੇਦ ਨਾ ਸਕਿਆ।

ਮਾਨਵ ਜੀਵਨ ਆਪਣੇ ਇਸ ਲੰਮੇ ਜੀਵਨ ਕਾਲ ਦੌਰਾਨ ਮੁੜ ਵਿਗਸਨ ਤੇ ਸਵਰਨ ਦੀ ਕਸ਼ਮਕਸ਼ ਚ ਕਿੰਨੇ ਹੀ ਜੀਵਨ ਵਿਅਰਥ ਗਵਾਉਂਦਾ ਰਿਹਾ। ਹਾਲਾਤ ਇਹ ਹੋ ਗਈ ਹੈ ਕਿ ‘ਮੁਕਤੀ-ਮੋਕਸ਼’ ਦਾ ਅਭਿਲਾਖੀ ਮਨੁੱਖ ਅੱਜ ਭਰਮ ਭੁਲੇਖੇ, ਵਹਿਮ, ਪਾਖੰਡ, ਜੰਤਰ, ਤੰਤਰ ਜਿਹੇ ਕਈਂ ਭਟਕਾਊ ਮਾਇਆ ਜਾਲ ਚ ਉਲਝ ਗਿਆ ਜਿੱਥੋਂ ਉਸਦੀ ਵਾਪਸੀ ਹੋਰ ਗੁੰਝਲਦਾਰ ਹੁੰਦੀ ਗਈ।

ਮਨੁੱਖ ਅੱਜ ਦੇ ਦੌਰ ਚ ਕਾਡਾਂ, ਇਜਾਦਾਂ, ਵਿਕਾਸ ਤੇ ਉਪਲਬਧੀਆਂ ਦੀ ਜਿਸ ਗਿਣਤੀ ਮਿਣਤੀ 'ਚ ਖਲੋਤਾ ਹੈ ਇਸ ਗੱਲੋਂ ਅਵੇਸਲਾ ਹੈ ਕਿ ਪ੍ਰਾਚੀਨ ਵੇਦ ਸ਼ਾਸਤਰ ਪਰੰਪਰਾ ਤੇ ਵਿਸ਼ੇਸ਼ ਕਰ ਮੱਧ ਕਾਲੀ ਭਾਰਤ ਦੇ, ’ਗੁਰੂ ਨਾਨਕ ਕਾਲ’ ਦੌਰਾਨ ਗੁਰੂਆਂ, ਸੰਤਾਂ, ਪੀਰਾਂ, ਫਕੀਰਾਂ, ਸੂਫੀਆਂ ਨੇ ਆਪਣੇ ਗਿਆਨ ਸਾਗਰ ਦੇ ‘ਤੀਜੀ ਅੱਖ’ ਦੇ ਮਾਧਿਅਮ ਰਾਹੀਂ ਉਸ ‘ਧੁਰ’ ਦੇ ਜੋ ਦਰਸ਼ਨ ਕੀਤੇ ਹਨ ਉਹ ਉਹਨਾਂ ਵੱਲੋਂ ਰਚੀ ਤੇ ਉਚਾਰੀ ਗਈ ‘ਬਾਣੀ’ ਵਿੱਚ ਬਿਰਾਜਮਾਨ ਹਨ। ਮਾਨਵਤਾ ਦੇ ਇਤਿਹਾਸ ਵਿੱਚ ‘ਧੁਰ’ ਨੂੰ ਸਮਝਣ- ਜਾਨਣ ਦੇ ਸੰਦਰਭ ਵਿੱਚ ਵਰਣਨ ਯੋਗ ਉਪਲਬਧੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਵੱਲੋਂ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੋ ਮਾਨਵ ਦੇ ਉਸ ‘ਧੁਰ’ ਨਾਲ ਜੁੜਨ ਦਾ ਇੱਕ ਅਜਿਹਾ ਕਾਵਿਕ ਧੁਰਾ ਹੈ ਜਿਥੋ ਮਾਨਵ ਜੀਵਨ ਦੇ ਸੁਰਮਈ ਲੈਅ ਬੱਧ ਨਿਰੰਤਰ ਅਖੰਡ ਪ੍ਰਵਾਹ ਦੇ ਵਿਰਾਟ ਦਰਸ਼ਨ ਹੁੰਦੇ ਹਨ ਅਤੇ ਬ੍ਰਹਿਮੰਡੀ ਸੋਝੀ ਆਉਂਦੀ ਹੈ।

ਸ਼ਬਦ/ਅੱਖਰ ਦਾ ਇਹ ਲੈਅ ਬੱਧ, ਸੰਗੀਤਕ ਸਮੂਹ ‘ਪਰਮ ਗੁਰੂ’ ਹੋ ਨਿਬੜਦੇ ਹਨ ਤੇ ਜੀਵਨ ਲੈ ਸੁਰ ਤਾਲ ਦੇ ਸਾਧਕ ਦੇ ਰੂਪ ਚ ਕੁੱਲ ਕਾਇਨਾਤ ਚ ਪਸਰੇ ਸਨਾਟੇ ਤੇ ਹਨੇਰੇ ਨੂੰ ਮਿਟਾਉਂਦੇ ਹੋਏ ਲੈਅ, ਤਾਲ ਤੇ ਸੁਰਮਈ ਸੰਗੀਤਕ ਸਰਗਮ ਨਾਲ ਕੁੱਲ ਲੁਕਾਈ ਨੂੰ ਰੁਸ਼ਨਾਉਂਦੇ ਹੋਏ ਜਗ ਮਗ ਚਾਨਣ ਬਿਖੇਰਦੇ ਪ੍ਰਤੀਤ ਹੁੰਦੇ ਹਨ।

ਅੱਜ ਜਦੋਂ 21ਵੀਂ ਸਦੀ ਚ ਮਨੁੱਖ ਵਿਗਿਆਨਕ ਕਾਢਾਂ, ਖੋਜਾਂ ਅਤੇ ਪ੍ਰਾਪਤੀਆਂ ਦੀਆਂ ਹੱਦੋਂ ਵੱਧ ਉਪਲਬਧੀਆਂ ਗਿਣਾਉਂਦਿਆਂ ਬੜਾ ਮਾਣ ਮਤਾ ਮਹਿਸੂਸ ਕਰ ਰਿਹਾ ਹੈ ਅਤੇ ਵਿਕਾਸ ਦੇ ਨਾਂ ਤੇ ਅਜਿਹੇ ਨਸ਼ੇ ਚ ਚੂਰ ਹੈ ਕਿ ਉਹ ਮਨੁੱਖ ਦੇ ਮਨੁੱਖ ਹੋਣ ਦੀ ਪ੍ਰਵਿਰਤੀ ਨੂੰ ਵੀ ਗਵਾ ਚੁੱਕੇ ਹੋਣ ਦੀਆਂ ਹੱਦਾਂ ਟੱਪਣ ਲੱਗਾ ਹੈ। ਮਾਨਵ ਜੀਵਨ ਯਾਤਰਾ ਦੇ ਹਰ ਦੌਰ ਚ ਸ਼ਬਦ ਹਮੇਸ਼ਾ ਆਪਣੀ ਸਰਗਮ ਸਦਕਾ ਕਾਵਿਕ ਤਰੰਗਾਂ ਰਾਹੀ ਪ੍ਰਕਿਰਤੀ ਚ ਲੈਅ ਅਤੇ ਤਾਲ ਦੀ ਜੁਗਲਬੰਦੀ ਰਾਹੀਂ ਕੁਦਰਤ ਦੀ ਇਸ ਆਦਿ ਜੁਗਾਦੀ ਬ੍ਰਹਮੰਡੀ ਸੰਗੀਤਮਈ ਅਖੰਡਿਤ ਪ੍ਰਸਤੁਤੀ ਚ ਆਪਣਾ ਯੋਗਦਾਨ ਦੇ ਕੇ ਇਕ ਸਾਧਕ ਦੀ ਭੂਮਿਕਾ ਨਿਭਾਉਂਦੇ ਰਹੇ। ਕਾਵਿਕ ਸੰਸਾਰ ਦੇ ਵਸਨੀਕ (ਲੇਖਕ ਵਰਗ) ਹਰ ਦੌਰ/ਯੁੱਗ ਚ ਰਹਿਨੁਮਾਈ ਕਰਦਾ ਆ ਰਿਹਾ ਹੈ।

ਆਧੁਨਿਕ ਦੌਰ ਚ ਵੀ ਕਵਿਤਾ ਦੇ ਵਿਭਿੰਨ ਰੂਪਾਂ ਚੋਂ ਗ਼ਜ਼ਲ ਭਾਵੇਂ ਸਿਰਮੌਰ ਰਹੀ ਪਰ ਸਮੁੱਚੇ ਤੌਰ ਤੇ ਕਵੀ ਮਨ ਨੇ ਬ੍ਰਹਮੰਡੀ ਪਾਸਾਰ ਦੇ ਇਸ ਸੁਰਤਾਲ ਦੇ ਮੰਡਲ ਚ ਆਪਣੇ ਹੋਣ ਦੇ ਅਹਿਸਾਸ ਤੇ ਹੋਂਦ ਨੂੰ ਕਾਇਮ ਰੱਖਿਆ। ‘ਕਵਿਤਾ’ ਹਰ ਦੌਰ ਚ ਮਨੁੱਖ ਦੇ ਉਸ ‘ਧੁਰ’ ਤੇ ‘ਆਪਣੇ ਮੂਲ ਪਛਾਨਣ’ ਲਈ ਪ੍ਰੇਰਦੀ ਰਹੀ ਹੈ। ਭਗਤੀ ਅੰਦੋਲਨ, ਸੂਫੀ ਪਰੰਪਰਾ, ਵੈਦਿਕ ਤੇ ਸਾਧ ਸਮੁਦਾਇ ਤੇ ਫਿਰ ਅੱਜ ਦੇ ਮੌਜੂਦਾ ਆਧੁਨਿਕ ਕਵਿਤਾ ਦੇ ਰੁਝਾਨ ਨੇ ਮਾਨਵਤਾ ਦੇ ਪ੍ਰਕਿਰਤਿਕ ਹੋਣ ਦਾ ਪੱਲਾ ਨਹੀਂ ਛੱਡਿਆ।

ਉਸ ਅਕਾਲ ‘ਧੁਰ’ ਦੀ ਕਿਰਪਾ ਸਦਕਾ ਗੁਰੂ ਗ੍ਰੰਥ ਸਾਹਿਬ ਦੀ ਗਿਆਨ ਰੂਪੀ ਪਰਮ ਲੋਅ ਨੇ ਸੰਸਾਰ ਚੋਂ ਹਨੇਰੇ ਦੀ ਕਾਲਖ ਨੂੰ ਮਿਟਾਉਣ ਚ ਅਹਿਮ ਭੂਮਿਕਾ ਹੀ ਨਹੀਂ ਨਿਭਾਈ ਸਗੋਂ ਹੁਣ ਤੱਕ ਕਈਂ ਦੀਪਕ (ਕਵੀ/ ਲੇਖਕ ਵਰਗ) ਉਸ ਪਰਮ ਜੋਤ ਤੋਂ ਖੁਦ ਨੂੰ ਰੁਸ਼ਨਾਉਂਦੇ ਰਹੇ ਅਤੇ ਹੋਰ ਕਈ ਦੀਪਕ ਪੈਦਾ ਹੋਣ ਲੱਗ ਪਏ।

ਸਮੁੱਚੇ ਪੰਜਾਬੀ ਗ਼ਜ਼ਲ ਜਗਤ ਵਿੱਚ ਜਿੱਥੇ ਕਈ ਕਵੀ ਪੰਜਾਬੀ ਕਵਿਤਾ ਤੇ ਸ਼ਾਇਰੀ ਰਾਹੀਂ ਆਪਣੀ ਇਸ ਵਿਸ਼ਾਲ ਵਿਰਾਸਤ ਨੂੰ ਹੋਰ ਵਿਸਤਾਰ ਦੇਣ ਲਈ ਆਪਣਾ ਯੋਗਦਾਨ ਦਿੰਦੇ ਆ ਰਹੇ ਹਨ ਉਥੇ ਹੀ ਜੰਮੂ ਕਸ਼ਮੀਰ ਵਿੱਚ ਥੋੜੇ ਸਮੇਂ ਚ ਹੀ ਸਰਦਾਰ ਹਰਜੀਤ ਸਿੰਘ ‘ਉੱਪਲ’ ਆਪਣੀ ਕਲਮ ਰਾਹੀਂ ਕਵਿਤਾ ਤੇ ਵਿਸ਼ੇਸ਼ਕਰ ਗਜ਼ਲ ਮਾਧਿਅਮ ਰਾਹੀਂ ਆਪਣੇ ਭੀਤਰ-ਬਾਹਰ ਨੂੰ ਮੁੜ ਤੋਂ ਘੋਖਣ, ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੀ ਪੁਸਤਕ ‘ਸ਼ਬਦ ਸਰਗਮ’ ਗ਼ਜ਼ਲ ਅਤੇ ਕਵਿਤਾ ਸੰਗ੍ਰਹਿ ਜੀਵਨ ਲੈਅ, ਸੁਰਤਾਲ ਨੂੰ ਇਕ ਸਾਧਕ ਦੀ ਤਰ੍ਹਾਂ ਗ੍ਰਹਿਣ ਕਰਦੇ ਹਨ ਅਤੇ ਸ਼ਬਦਾਂ ਦੀ ਸਰਗਮ ਨਾਲ ਮਨੁੱਖ ਦੇ ਇਸ ਨੀਰਸ ਜੀਵਨ ਵਿੱਚ ਸੁਰਮਈ ਵਾਤਾਵਰਣ ਸਿਰਜਦੇ ਹੋਏ ਆਨੰਦਮਈ ਬਣਾਉਣ ਚ ਆਪਣਾ ਯੋਗਦਾਨ ਦੇ ਰਹੇ ਹਨ।

‘ਸ਼ਬਦ ਸਰਗਮ’ ਪੁਸਤਕ ਚੋਂ ਜੀਵਨ ਮੋਤੀਆਂ ਦੀ ਮਾਲਾ ਦੇ ਰੂਪ ਚ ਸ਼ਾਮਿਲ ਗ਼ਜ਼ਲਾਂ ਖਾਸ ਤੌਰ ਤੇ ਮਨੁੱਖ ਦੇ ਮਨੁੱਖ ਹੋਣ ਅਤੇ ਉਸ ‘ਧੁਰ’ ਦੇ ਅੰਸ਼ ਮਾਤਰ ਇਸ ਮਾਨਵ ਜੀਵਨ ਦਾ ਪਰਿਚਯ ਕਰਵਾਉਣ ਚ ਵਿਸ਼ੇਸ਼ ਕਰਕੇ ਕਾਮਯਾਬ ਹੁੰਦੇ ਪ੍ਰਤੀਤ ਹੁੰਦੇ ਹਨ। ਪਦਾਰਥਵਾਦ ਦੀ ਦਸ਼ਕਾਂ ਪੁਰਾਣੀ ਹੌੜ ਚ ਲਿਪਤ ‘ਮਾਨਵ’ ਉਸ ਪਰਮ ਲੋਅ ਨਾਲੋ ਨਿਖੜਿਆ ਹੋਇਆ ਭਟਕਣ ਚ ਦਿਸ਼ਾ ਹੀਣ ਹਿਚਕੋਲੇ ਖਾਂਦਾ ਵਿਅਰਥ ਜੀਵਨ ਗੁਆ ਰਿਹਾ ਹੈ। ‘ਉੱਪਲ’ ਇਸ ਅਹਿਸਾਸ ਨੂੰ ਕੇਵਲ ਮਹਿਸੂਸ ਹੀ ਨਹੀਂ ਕਰਦਾ ਸਗੋਂ ਆਪਣੀ ਕਾਵਿ ਕਲਾ ਕੌਸ਼ਲਤਾ ਰਾਹੀਂ ਮਾਨਵ ਦੀ ਰਹਿਨੁਮਾਈ ਵੀ ਕਰਦਾ ਹੈ। ਉਹਨਾਂ ਦੀਆਂ ਗਜ਼ਲਾਂ ਚੋਂ ਕੁਝ ਵੰਨਗੀਆਂ ਪ੍ਰਸਤੁਤ ਹਨ:-

ਆ ਜਾ ਸੀਸ ਤਲੀ ਤੇ ਧਰ ਕੇ
ਆਪਣਾ ਆਪ ਲੁਟਾ ਕੇ ਆ।
ਦੀਵੇ ਨਾਲ ਨਾ ਮਿਟਣਾ ਨ੍ਹੇਰਾ
ਅੱਗ ਤਲੀ ਤੇ ਲਾ ਕੇ ਆ।
….….
ਬੁਝਿਆ ਦੀਵਾ ਪਿਆਰ ਮੁਹੱਬਤ
ਨਫਰਤ ਦੀ ਅੱਗ ਫੈਲੀ ਹੈ।
ਸ਼ਿਵ ਵਾਂਗਰ ਵਿਸ਼ ਪੀ ਕੇ ‘ਉੱਪਲ’
ਅੰਮ੍ਰਿਤ ਵੰਡ ਵੰਡਾ ਕੇ ਆ।

ਹਰਜੀਤ ਸਿੰਘ ‘ਉੱਪਲ’ ਆਪਣੇ ਅਸਲ ਮਨੋਰਥ ਤੋਂ ਥਿੜਕ ਚੁੱਕੇ ਮਾਨਵ ਨੂੰ ਮੁੜ ਹੱਲਾਸ਼ੇਰੀ ਦਿੰਦੇ ਹੋਏ ਉਸਨੂੰ ਹਿੰਮਤ ਦਿੰਦਾ ਹੈ ਅਤੇ ਪ੍ਰਕਿਰਤੀ ਦੇ ‘ਖਾਲਕ’ ਤੇ ‘ਖਲਕ’ ਦੇ ਭੇਦ ਨੂੰ ਖੋਲਦੇ ਹੋਏ ਉਸ ਪਰਮ ਜੋਤ ਦੀ ਇਕ ਕਿਰਨ ‘ਮਾਨਵ’ ਦੀ ਬ੍ਰਹਿਮੰਡੀ ਸ਼ਕਤੀ ਨਾਲ ਮੇਲ ਕਰਵਾਉਂਦਾ ਹੈ। ਉਹ ਮਾਨਵ ਨੂੰ ਸਰੀਰ ਬਣਤਰ ਚ ਵਸੇ ਪਰਮ ਸ਼ਕਤੀਮਾਨ ਦੇ ਦੀਦਾਰ ਕਰਵਾਉਣ ਦੀ ਕੋਸ਼ਿਸ਼ ਚ ਹੈ ਅਤੇ ‘ਸ਼ਬਦ ਸਰਗਮ’ ਚੋਖਾ ਪ੍ਰਭਾਵ ਪਾਉਣ ਚ ਸਫਲਤਾ ਵੱਲ ਤੁਰਦੀ ਹੋਈ ਪਰਤੀਤ ਹੁੰਦੀ ਹੈ:-

“ਉਡਣ ਦੀ ਹਿੰਮਤ ਵੀ ਰੱਖ ਧਰਤੀ ਤੇ ਪੈਰ ਜਮਾ ਕੇ ਰੱਖ ॥
ਚੰਨ ਤਾਰੇ ਲੈ ਮੁਠੀ ਦੇ ਵਿੱਚ ਖੰਭਾਂ ਨੂੰ ਫੈਲਾ ਕੇ ਰੱਖ॥

ਆਪਣਾ ਮੂਲ ਪਛਾਣ, ਖਿਲਰ ਜਾ, ਜੋ ਦਿਸੇ ਸੋ ਤੂਹੀ ਹੈ

ਤੇਰਾ ਮੇਰਾ ਕੁਝ ਨਹੀਂ ਹੁੰਦਾ ਖੁਦ ਨੂੰ ਇਹ ਸਮਝਾ ਕੇ ਰੱਖ॥

ਇਸੇ ਤਰ੍ਹਾਂ ਕੁਝ ਹੋਰ ਗਜ਼ਲਾਂ ਦੇ ਸ਼ੇਅਰ ਵੇਖੋ:-

ਤੇਰੀ ਹੋਂਦ ਤੋਂ ਬਾਅਦ ਵੀ ਬਸ ਤੂੰ ਹੀ ਹੈ
ਤੂੰ ਤਾਂ ਖੋਲ ਆਪਣੇ ਚ ਮਰਦਾ ਰਿਹਾ॥
ਸਫਰ ਇੱਕ ਤੋਂ ਚੱਲ ਇਕ ਤੇ ਜਾਣਾ ਖੜੋ
ਵਿਛੜ ਕੇ ਤੂੰ ਇਕ ਤੋਂ ਖਿਲਰਦਾ ਰਿਹਾ॥
ਮਨ ਮੰਦਿਰ ਨੂੰ ਸਜਾ ਕੇ ਰੱਖ॥
ਦਿਲ ਨਫਰਤ ਤੋਂ ਬਚਾ ਕੇ ਰੱਖ॥
ਬਾਹਰ ਬਾਰਿਸ਼ ਦੀ ਹੈ ਝੜੀ
ਪਾਤਰ ਨੂੰ ਜਰਾ ਟਿਕਾ ਕੇ ਰੱਖ ॥
ਬੇਸ਼ਕ ਉੜ ਜਾ ਫਲਕ ਫਲਕ
ਧਰਤੀ ਤੇ ਪੈਰ ਜਮਾ ਕੇ ਰੱਖ ॥
ਸ਼ੀਸ਼ੇ ਦਾ ਨਹੀਂ ਕਸੂਰ ਕੋਈ
ਚਿਹਰੇ ਨੂੰ ਵੀ ਸਜ਼ਾ ਕੇ ਰੱਖ ॥
ਸੁਖ ਰੋਗਾਂ ਦੀ ਦਵਾ ਵੀ ਖਾ
ਦੁਖ ਦੋਸਤ ਵੀ ਬਣਾ ਕੇ ਰੱਖ॥
ਧਨ ਦਾ ਬੇਸ਼ਕ ਨਸ਼ਾ ਬੜਾ
ਇੱਕ ਝੁੱਗੀ ਵੀ ਬਣਾ ਕੇ ਰੱਖ॥

ਅੱਜ ਦੇ ਇਸ ਦੌਰ ਚ ਜਦੋਂ ਕਿ ਭੇੜ ਚਾਲ ਹੈ ਅਤੇ ਅੱਗੇ ਨਿਕਲਣ ਦੀ ਅੰਨੀ ਦੌੜ ਚ ਮਾਨਵ ਆਪਣੇ ਕਿਰਦਾਰ ਤੋਂ ਹੇਠਾਂ ਗਿਰ ਚੁੱਕਾ ਹੈ। ਵੈਰ ਵਿਰੋਧ, ਧਰਮਾਂ, ਜਾਤਾਂ ਦੇ ਨਾਂ ਤੇ ਨਫਰਤਾਂ, ਕਤਲੋਗਾਰਦ, ਝੂਠ, ਮਕਾਰੀ, ਬੇ ਭਰੋਸਗੀ, ਇਲਾਕਾਈ ਭਿੰਨ ਭੇਦ ਮਨੁੱਖੀ ਸੁਭਾਅ ਚ ਸ਼ਾਮਿਲ ਹੋ ਗਏ ਹਨ। ਝੂਠੀ ਸ਼ੋਹਰਤ ਤੇ ਸਰਮਾਏ ਦੀ ਭੁੱਖ ਨੇ ਮਨੁੱਖ ਦੇ ਅੰਦਰਲੇ ਮਨੁੱਖ ਨੂੰ ਮਾਰ ਮੁਕਾ ਦਿੱਤਾ ਹੈ। ਇਹ ਧਰਤੀ ਤੇ ਹਰਕਤਾਂ ਕਰਦੇ ਅਣਗਿਣਤ ਜੁੱਸੇ ਇੱਕ ਤਰ੍ਹਾਂ ਨਾਲ ਜਿਉਂਦੀਆਂ ਲਾਸ਼ਾਂ ਅਤੇ ਭਟਕੇ ਹੋਏ ਸਾਏ ਪ੍ਰਤੀਤ ਹੁੰਦੇ ਹਨ। ਕਿਰਤ ਕਰਨ, ਵੰਡ ਛਕਣ ਦੇ ਸਮੁੱਚੇ ਅਮਲਾਂ ਤੋਂ ਹਟ ਕੇ ਦਿਸ਼ਾ ਹੀਣ ਜ਼ਿੰਦਗ਼ੀ ਜਿਉਣ ਦੇ ਨਾਂ ਤੇ ਆਪਣੇ ਸਵਾਸਾਂ ਨੂੰ ਅਜਾਈਂ ਗੁਆ ਰਿਹਾ ਹੈ ਵਰਤਮਾਨ ਦਾ ਇਹ ਮਾਨਵ। ਹਰਜੀਤ ਸਿੰਘ ‘ਉੱਪਲ’ ਮਨੁੱਖ ਅੰਦਰਲੇ ਮਨੁੱਖ ਦੀ ਟੁੱਟ ਭੱਜ ਅਤੇ ਰੇਤ ਦੀ ਤਰ੍ਹਾਂ ਕਿਰਦੇ ਸਾਹਾਂ ਦੀ ਪੀੜਾ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। ਉਸ ਦੇ ਅੰਦਰਲਾ ਮਨੁੱਖ ਉਠਦਾ ਹੈ, ਕਲਮ ਝੁਕਦਾ ਹੈ ਅਤੇ ਮੁਰਦਾ ਮਾਨਸਿਕਤਾ ਦਾ ਧਾਰਨੀ ਮਾਨਵ ਜੋ ਕੁੰਭ ਕਰਨੀ ਨੀਦ ਸੁੱਤਾ ਹੈ, ਨੂੰ ਇੱਕ ਹਲੂਣਾ ਦੇਣ ਦੀ ਜੁੱਰਅਤ ਕਰਦਾ ਹੈ ਅਤੇ ਮਨੁੱਖ ਦੇ ਅੰਦਰਲੇ ਸੰਸਾਰ ਦੇ ਦਰਸ਼ਨ ਕਰਵਾਉਂਦਾ ਹੈ:-

ਸੁੱਖਾਂ ਖੇਹ ਹੈ ਬਹੁਤ ਖਿਲਾਰੀ॥
ਦੁੱਖਾਂ ਡੁਬਦੀ ਬੇੜੀ ਤਾਰੀ॥
ਦੁਖ ਹੀ ਦਾਰੂ ਬਣ ਜਾਂਦੇ ਨੇ
ਸੁਖ ਬਣਦੇ ਜਦ ਰੋਗ ਬਿਮਾਰੀ॥
ਜੇ ਰਹਿਣਾ ਹੈ ਹਲਕੇ ਫੁਲਕੇ
ਲਾਹ ਦੇ ਪੰਡ ਬੜੀ ਹੈ ਭਾਰੀ ॥
……
ਜੇਕਰ ਤੈਨੂੰ ਪਿਆਰ ਕਰਾਂਗਾ॥
ਆਪਣਾ ਆਪ ਬੇਕਾਰ ਕਰਾਂਗਾ॥
……
ਅੰਦਰ ਵਾਲੇ ਮੇਲੇ ਜਾਣਾ
ਆਪਣੇ ਆਪ ਨੂੰ ਪਿਆਰ ਕਰਾਂਗਾ॥

ਕੁਝ ਹੋਰ ਉਦਾਹਰਣਾ ਵੇਖੋ:-

“ ਚੁੱਪ ਕਰਜਾ ” ਉਸ ਨੂੰ ਵੀ ਆਪਣੀ ਕੁਝ ਕਹਿਣ ਦੇ ॥
ਸਿਲਸਿਲਾ ਗਲਬਾਤ ਦਾ ਨਾ ਰੋਕ ਚਲਦਾ ਰਹਿਣ ਦੇ॥
ਜਿੰਦਗੀ ਦੀ ਖੇਡ ਹਿੰਮਤ ਨਾਲ ਜਿੱਤੀ ਜਾਂਵਦੀ
ਨਾ ਉਠਾ ਲਗਣ ਦੇ ਚੋਟਾਂ ਹੋਰ ਦੁਖੜੇ ਸਹਿਣ ਦੇ॥
……
ਮੇਰੀ ਫਿਤਰਤ ਉਡਾਰੀ ਹੈ ਉਡਾਰੀ ਮਾਰ ਜਾਵਾਂਗਾ॥
ਉਸਾਰੀ ਹਰ ਤੇਰੀ ਦੀਵਾਰ ਨੂੰ ਕਰ ਪਾਰ ਜਾਵਾਂਗਾ॥
ਗ਼ਜ਼ਲ ਤਰਕਸ਼ ਮੇਰੀ ਤੇ ਤੀਰ ਸਾਰੇ ਸ਼ਿਅਰ ਨੇ ਮੇਰੇ
ਚਲਾ ਕੇ ਬਾਣ ਸ਼ਬਦਾਂ ਦੇ ਬਦਲ ਕਿਰਦਾਰ ਜਾਵਾਂਗਾ॥
ਝਨਾਂ, ਰਾਵੀ, ਬਿਆਸਾ, ਸਤਲੁਜਾਂ ਦੀ ਲੋਰ ਸੀਨੇ ਵਿੱਚ
ਮਿਟਾ ਕੇ ਆਪ ਨੂੰ, ਫੁੱਲ ਆਪਣੇ ਮੈਂ ਤਾਰ ਜਾਵਾਂਗਾ॥

ਹਰਜੀਤ ਸਿੰਘ ‘ਉੱਪਲ’ ‘ਸ਼ਬਦ ਸਰਗਮ’ ਕਾਵਿ ਸੰਗ੍ਰਹਿ ਵਿੱਚ ਇੱਕ ਜੀਵਨ ਅਹਿਸਾਸ ਦੇ ਰੂਪ 'ਚ ਜ਼ਿੰਦਗੀ ਦੇ ਹਰ ਰੰਗ ਨੂੰ ਮਾਨਣ ਦੀ ਆਪਣੀ ਸਮਰੱਥਾ ਨੂੰ ਪਛਾਣਦਾ ਹੈ ਅਤੇ ਜ਼ਿੰਦਗੀ ਦੇ ‘ਹੁਣ’ ਨੂੰ ਜਿਊਣ ਲਈ ਵਰਤਮਾਨ ਚ ਹੀ ਵਿਚਰਦਾ ਰਹਿੰਦਾ ਹੈ। ਉਹ ਆਪਣੇ ਬਿਤਾਏ ਪਲਾਂ ਨੂੰ ‘ਬੀਤ ਚੁੱਕੇ’ ਦੇ ਅਹਿਸਾਸ ਹੇਠਾਂ ਦਫਨ ਨਹੀਂ ਹੋਣ ਦਿੰਦਾ ਉਹ ਆਪਣੇ ‘ਹੁਣ’ ਨੂੰ ਹੁਣੇ ਹੀ ਪਛਾਣਦਾ ਹੈ ਤੇ ਰੱਜ ਕੇ ਜਿਉਂਦਾ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਅੱਜ ਕਦੀ ਕੱਲ ਚ ਨਹੀਂ ਬਦਲ ਸਕਦਾ ਸਗੋਂ ਆਉਣ ਵਾਲਾ ਪਲ ਮੇਰੇ ਲਈ ਭਵਿੱਖ ਵਿਚਲਾ ਕਲ ਨਹੀ ਸਗੋਂ ਅੱਜ ਹੀ ਹੋਣਾ ਹੈ ਇਸ ਲਈ ਉਹ ਦੁਖ ਦਰਦ ਤੇ ਸੁੱਖਾਂ ਨੂੰ ਆਪਣੀ ਜ਼ਿੰਦਗੀ ਦੀਆਂ ਵੈਸਾਖੀਆਂ ਨਹੀਂ ਬਣਾਉਂਦਾ ਸਗੋਂ ਆਪਣੇ ਵਰਤਮਾਨ ਤੇ ਬੀਤ ਰਹੇ ਨੂੰ ਸਭ ਤੋਂ ਵੱਧ ਪਿਆਰੇ ਹਮ ਸਫਰ ਦੀ ਤਰ੍ਹਾਂ ਕਬੂਲਦਾ ਹੈ।

‘ ਪੀੜਾਂ ਨੂੰ ਮੈ ਸੀਨੇ ਲਾਵਾਂ ਤੇ ਮੈਂ ਹੱਸਦੀ ਜਾਵਾਂ ’ ਨੂੰ ਹੋਰ ਵਿਸਥਾਰ ਦਿੰਦੇ ਹੋਏਉੱਪਲ ’ ਦੇ ਕੁਝ ਸ਼ੇਅਰ ਵੇਖਣ ਯੋਗ ਹਨ:-

“ਮੇਰੇ ਹੰਜੂ ਸੁੱਚੇ ਮੋਤੀ
ਪਲਕਾਂ ਹੇਠ ਲੁਕਾ ਲੈਂਦਾ ਹਾਂ ।
....
ਯਾਰ ਮਨਾਵਣ ਖਾਤਰ ‘ਉੱਪਲ’
ਆਪਣਾ ਆਪ ਲੁਟਾ ਲੈਂਦਾ ਹਾਂ “॥

ਇਸ ਮੁਕਾਮ ਤੇ ਖਲੋਤਾ ‘ਉੱਪਲ’ ਆਪਣੇ ਆਪ ਦੇ ਰੂ-ਬ-ਰੂ ਹੁੰਦਾ ਹੈ ਤੇ ਖੁਦ ਨੂੰ ਪਛਾਣ ਕੇ ਖੁਦ ਨੂੰ ਹੀ ਮੁਖਾਤਬ ਹੁੰਦਾ ਹੈ। ਜਦੋਂ ਮਾਨਵ ਖੁਦ ਨੂੰ ਮੁਖਾਤਿਬ ਹੋਣ ਲੱਗ ਪਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਹੁਣ ਆਪਣੇ ਅੰਦਰ ਦੀ ਯਾਤਰਾ ਲਈ ਤਿਆਰ ਹੈ ਅਤੇ ਉਸਦੇ ਖੁਦ ਦੇ ਸੰਬੋਧਨ ਵਿੱਚ ਪੂਰੀ ਲੁਕਾਈ ਸਿਮਟ ਆਉਂਦੀ ਹੈ। ਫਿਰ ਉਹ ਉਸ ਪਰਮ ਲੋਅ ਦੀ ਉਸ ਸੰਗਤ ਵਿੱਚ ਜੁੜ ਬੈਠਦਾ ਹੈ ਅਤੇ ਆਪਣੀ ਮੰਜ਼ਿਲ, ਆਪਣੇ ਅਸਲ ‘ਧੁਰ’ ਨਾਲ ਸੰਵਾਦ ਰਚਾਉਂਦਾ ਲੀਨ ਹੋ ਜਾਂਦਾ ਹੈ। ਅਜਿਹੀ ਅਵਸਥਾ ਵਿੱਚ ਮਾਨਵ ਵੈਰ ਵਿਰੋਧ, ਈਰਖਾ, ਨਫਰਤ, ਹੱਦਬੰਦੀ, ਜਾਤੀ ਵਖਰੇਵੇਂ, ਨਿੱਜ ਤੋਂ ਕਿੱਧਰੇ ਦੂਰ ਖਲੋਤਾ ਨਵੇਂ ਦਿਸਹੱਦੇ, ਨਵੀਆਂ ਲੀਹਾਂ ਸਥਾਪਿਤ ਕਰਨ ਦੀ ਅਵਸਥਾ ਵਿਚ ਐਲਾਨਨਾਮਾ ਜਾਰੀ ਕਰਦਾ ਜਾਪਦਾ ਹੈ:-

“ਨਵੀਆਂ ਪੈੜਾਂ ਪਾ ਜਾਵਾਂਗਾ ॥
ਵੈਰੀ ਮੀਤ ਬਣਾ ਜਾਵਾਂਗਾ ॥
ਹੱਦਾਂ ਹੋਣ ਮੁਬਾਰਕ ਤੈਨੂੰ
ਵਾਂਗ ਝਨਾਵਾਂ ਆ ਜਾਵਾਂਗਾ॥
ਬੇਸ਼ਕ ਫੁੱਲ ਪਿਆਰੇ ‘ਉੱਪਲ’
ਕੰਡਿਆਂ ਨਾਲ ਨਿਭਾ ਜਾਵਾਂਗਾ “ ॥

ਆਪਣੇ ਇਸ ਗ਼ਜਲ ਅਤੇ ਕਾਵਿ ਸੰਗ੍ਰਹਿ ‘ਸ਼ਬਦ ਸਰਗਮ’ ਵਿੱਚ ਸਰਦਾਰ ਹਰਜੀਤ ਸਿੰਘ ਉੱਪਲ ਜੀਵਨ ਦੇ ਅੰਮ੍ਰਿਤ ਰੂਪੀ ਸਰੋਵਰ ਚੋਂ ਚੁੱਭੀਆਂ ਲਾਉਂਦੇ ਹੋਏ ਕਾਵਿ ਰਚਨਾਵਾਂ ਜਿਹੇ ਸੁੱਚੇ ਮੋਤੀ ‘ਅਵਾਮ’ ਦੀ ਝੋਲੀ ਚ ਭੇਟ ਕਰਦਾ ਹੈ । ਉਸ ਦੇ ‘ਸ਼ਬਦ’ ਸਰਗਮ ਦੇ ਅਜਿਹੇ ਸ੍ਵਰ ਤੇ ਸੁਰ ਛੇੜਦੇ ਹਨ ਜਿਸ ਨਾਲ ਅਰਬਦ, ਨਰਬਦ, ਧੁੰਧੂਕਾਰਾ ਦੇ ਇਸ ਅਨਾਦੀ ਵਿਸਮਾਦ ਵਿੱਚ ਬਾਬੇ ਨਾਨਕ ਦੀ ਉਸ ਆਰਤੀ ਦੇ ਸੁਰ ਤਾਲ ਨਾਲ ਆਪਣਾ ਤਾਲ ਮਿਲਾਉਂਦੇ ਪ੍ਰਤੀਤ ਹੁੰਦੇ ਹਨ ਜਿਸ ਵਿੱਚ ਰਵ, ਚੰਦ, ਦੀਪਕ, ਤਾਰਿਕਾ ਮੰਡਲ, ਜਨਕ, ਮੋਤੀ, ਸਗਲ ਬਨਰਾਇ, ਫੁਲੰਤ ਜੋਤੀ ਹੋ ਨਿਬੜਦੇ ਹਨ। ਅਜਿਹੇ ਕੁਦਰਤੀ ਮਾਹੌਲ ਚ ਲੈਅ, ਸੁਰ ਤਾਲ ਜੀਵਨ ਲਈ ਸੁਨਹਿਰੇ ਪਲ ਸਿਰਜਦੇ ਹਨ ਅਤੇ ਕੁਲ ਲੁਕਾਈ ਇਕਸੁਰ ਹੋ ਗਾ ਉਠਦੀ ਹੈ ‘ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ’।

ਹਰਜੀਤ ਸਿੰਘ ‘ਉੱਪਲ’ ਹੋਰਾਂ ਦੀ ਪੁਸਤਕ ‘ਸ਼ਬਦ ਸਰਗਮ’ ਨੇ ਇਸ ਘੁੱਪ ਹਨੇਰੇ ਚ ਜਿਹੜੇ ਚਿਰਾਗ ਰੋਸ਼ਨ ਕੀਤੇ ਹਨ ਉਹ ਯਕੀਨਨ ਇਸ ਮੱਸਿਆ ਦੀ ਕਾਲਖ ਨੂੰ ਮੇਟਣਗੇ ਅਤੇ ਚਾਨਣੀ ਵਰਗੀ ਠੰਡੀ ਨਿਘ ਭਰੀ ਸਵੇਰ ਮਾਨਵਤਾ ਦਾ ਸਵਾਗਤ ਕਰੇਗੀ। ਹਰਜੀਤ ਸਿੰਘ ‘ਉੱਪਲ’ ਕੁਦਰਤ ਦੀ ਬਖਸ਼ੀ ਇਸ ਨੇਮਤ ਦੇ ਮਾਧਿਅਮ ਰਾਹੀਂ ਹੋਰ ਸੁੱਚੇ ਮੋਤੀ ਪੰਜਾਬੀ ਗ਼ਜ਼ਲ ਵਿਸ਼ੇਸ਼ ਕਰਕੇ ਅਤੇ ਸਮੁੱਚੇ ਰੂਪ ਵਿੱਚ ਪੰਜਾਬੀ ਕਾਵਿ ਜਗਤ ਦੀ ਗੋਦ ਚ ਅਰਪਿਤ ਕਰਦੇ ਰਹਿਣਗੇ। ਇਸੇ ਆਸ ਨਾਲ ਉਹਨਾਂ ਦੀ ਇਸ ਪੁਸਤਕ ‘ਸ਼ਬਦ ਸਰਗਮ’ ਦਾ ਸਵਾਗਤ ਕਰਦੇ ਹਾਂ।

ਡਾ ਅਰਵਿੰਦਰ ਸਿੰਘ ਅਮਨ
ਸਾਬਕਾ ਅਤਿਰਿਕਤ ਸਚਿਵ
ਜੰਮੂ ਕਸ਼ਮੀਰ ਕਲਾ, ਸੰਸਕ੍ਰਿਤੀ ਅਤੇ ਭਾਸ਼ਾ ਅਕੈਡਮੀ।
ਸੰਪਰਕ: 7889750588

ਕਵੀ ਅਤੇ ਗ਼ਜ਼ਲਗੋ, ਹਰਜੀਤ ਸਿੰਘ ਉੱਪਲ ਦਾ ਸਜਰਾ ਗ਼ਜ਼ਲ ਅਤੇ ਕਾਵਿ ਸੰਗ੍ਰਹਿ, 'ਸ਼ਬਦ ਸਰਗਮ' : ਅਜੀਤ ਸਿੰਘ ਮਸਤਾਨਾ

ਕਵੀ ਹਰਜੀਤ ਸਿੰਘ ਉੱਪਲ ਆਪਣੇ ਸਜਰੇ ਕਾਵਿ ਸੰਗ੍ਰਹਿ "ਸ਼ਬਦ ਸਰਗਮ" ਰਾਹੀਂ ਪਾਠਕਾਂ ਦੇ ਸਨਮੁਖ ਹਾਜ਼ਿਰ ਹੈ । ਇਸ ਕਾਵਿ ਚੰਗੇਰ ਚੋਂ ਗ਼ਜ਼ਲਾਂ ਦੀ ਮਹਿਕ ਅਤੇ ਕਵਿਤਾਵਾਂ ਦੀ ਖੁਸ਼ਬੋਈ ਆਪ ਮੁਹਾਰੇ ਆਕਰਸ਼ਿਤ ਕਰਦੀ ਮਹਿਸੂਸ ਹੁੰਦੀ ਹੈ । ਉੱਪਲ ਜੀ ਦਾ ਕਲਮੀ ਸਫਰ ਭਾਵੇਂ ਲਗਭਗ ਦਹਾਕਾ ਕੁ ਪਹਿਲਾਂ ਹੀ ਆਰੰਭ ਹੋਇਆ ਹੈ ਪਰ ਜੀਵਨ ਦੇ ਡੂੰਘੇ ਅਨੁਭਵ ਅਤੇ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਵਲ ਰਹੀ ਰੁਚੀ ਕਾਰਨ ਇਸ ਕਲਮ ਦਾ ਬੜੀ ਛੇਤੀ ਨਾਲ ਜੰਮੂ ਕਸ਼ਮੀਰ ਦੇ ਪੰਜਾਬੀ ਕਾਵਿ ਖੇਤਰ ਦੀ ਮੋਹਰਲੀ ਕਤਾਰ ਵਿਚ ਪਛਾਣ ਸਥਾਪਿਤ ਕਰਨਾ ਮਾਣਮੱਤਾ ਲਗਦਾ ਹੈ । ਜਿਸ ਗਤੀ ਅਤੇ ਲਗਨ ਨਾਲ ਉੱਪਲ ਜੀ ਨੇ ਆਪਣੇ ਕਾਵਿ ਮਾਰਗ ਦੇ ਮੀਲ ਪੱਥਰ ਗੱਡੇ ਹਨ ਉਹ ਇਸ ਗਲ ਦੀ ਗਵਾਹੀ ਭਰਦੇ ਹਨ ਕਿ ਕੇਵਲ ਲਮੇਰੇ ਸਮੇਂ ਦਾ ਅਭਿਆਸ ਹੀ ਕਿਸੇ ਲੇਖਕ ਨੂੰ ਮਹਾਨ ਨਹੀਂ ਬਣਾ ਸਕਦਾ ਉਸ ਵਿਚ ਰੁਚੀ, ਲਗਨ, ਸਾਧਨਾ ਅਤੇ ਦ੍ਰਿੜ ਨਿਸਚੇ ਦਾ ਹੋਣਾ ਵੀ ਲਾਜ਼ਮੀ ਹੁੰਦਾ ਹੈ । ਇਸ ਮਾਪਦੰਡ ਨੂੰ ਮੁੱਖ ਰਖਦਿਆਂ 'ਸ਼ਬਦ ਸਰਗਮ' ਨਵੀਆਂ ਕਲਮਾਂ ਲਈ ਪ੍ਰੇਰਨਾ ਦਾ ਸ੍ਰੋਤ ਵੀ ਕਹੀ ਜਾ ਸਕਦੀ ਹੈ ।

ਸੰਗੀਤ ਨਾਲ ਜੁੜੇ ਹੋਣ ਕਾਰਨ ਉੱਪਲ ਜੀ ਦੀ ਕਾਵਿ ਰਚਨਾ ਸੁਰਤਾਲ ਅਤੇ ਲੈਅ ਨਾਲ ਸ਼ਿੰਗਾਰੀ ਤੇ ਢੁਕਵੇਂ ਬਿੰਬਾਂ/ ਪ੍ਰਤੀਕਾਂ ਨਾਲ ਨਿਖਾਰੀ ਹੋਣ ਕਾਰਨ ਹੋਰ ਸਵਾਦਲੀ ਲਗਦੀ ਹੈ । ਇਹ ਰਚਨਾ ਅਜੋਕੇ ਕਾਲ ਖੰਡ ਵਿਚ ਧਾਰਮਿਕ, ਸਮਾਜਿਕ, ਰਾਜਨੀਤਕ, ਸਭਿਆਚਾਰਕ ਅਤੇ ਸਾਹਿਤਕ ਪਿੜ ਵਿਚ ਮਨੁੱਖੀ ਮੁਸ਼ਕਿਲਾਂ ਤੇ ਚੁਣੌਤੀਆਂ ਨੂੰ ਜਿੱਥੇ ਬੇਬਾਕੀ ਨਾਲ ਅਭਿਵਿਅਕਤ ਕਰਦੀ ਹੈ ਉਥੇ ਟੁੱਟ ਰਹੇ ਪਰਵਾਰਿਕ ਰਿਸ਼ਤਿਆਂ ਦੀ ਨਬਜ਼ ਤੇ ਵੀ ਉਂਗਲ ਧਰਦੀ ਹੈ । ਗੁਰਬਾਣੀ ਦੇ ਸੁਚਾਰੂ ਅਧਿਅਨ ਨਾਲ ਜੁੜੇ ਕਵੀ ਦੇ ਮਿਆਰੀ ਵਿਚਾਰ ਪਾਠਕ ਨੂੰ ਸੋਚਣ ਲਈ ਮਜਬੂਰ ਹੀ ਨਹੀਂ ਕਰਦੇ ਸਗੋਂ ਪ੍ਰੇਰਤ ਕਰਨ ਦੀ ਸਮਰਥਾ ਵੀ ਰੱਖਦੇ ਹਨ ।

ਦੋ ਭਾਗਾਂ ਵਿਚ ਰਚੀ ਇਸ ਪੁਸਤਕ ਦਾ ਪਹਿਲਾ ਭਾਗ 45 ਕੁ ਗ਼ਜ਼ਲਾਂ ਦਾ ਹੈ । ਗ਼ਜ਼ਲ ਨੂੰ ਕਵਿਤਾ ਦੀ ਸਭ ਤੋਂ ਔਖੀ ਸਿਨਫ ਮੰਨਿਆ ਗਿਆ ਹੈ । ਬਹਿਰ, ਵਜ਼ਨ ਤੇ ਅਰੂਜ਼ ਦੇ ਗਿਆਨ ਤੋਂ ਬਿਨਾਂ ਮਿਆਰੀ ਗ਼ਜ਼ਲ ਕਹਿਣ ਦੀ ਆਸ ਨਹੀਂ ਰੱਖੀ ਜਾ ਸਕਦੀ । ਉੱਪਲ ਜੀ ਦੀ ਗ਼ਜ਼ਲ ਕਾਫੀ ਹੱਦ ਤੀਕਰ ਇਨ੍ਹਾਂ ਮਾਪਦੰਡਾਂ ਤੇ ਖਰੀ ਉਤਰਦੀ ਹੈ । ਗ਼ਜ਼ਲ ਸਬੰਧੀ ਕਵੀ ਦੀ ਵਚਨਬੱਧਤਾ ਇਸ ਸ਼ਿਅਰ ਤੋਂ ਭਲੀ ਭਾਂਤ ਨਜ਼ਰੀਂ ਪੈਂਦੀ ਹੈ ;"ਗ਼ਜ਼ਲ ਹੈ ਜ਼ਿੰਦਗੀ ਮੇਰੀ, ਗ਼ਜ਼ਲ ਜੀ ਜਾਨ ਹੈ ਮੇਰੀ

ਗ਼ਜ਼ਲ ਹੀ ਬੰਦਗੀ ਮੇਰੀ, ਗ਼ਜ਼ਲ ਪਹਿਚਾਨ ਹੈ ਮੇਰੀ"

ਵਖ ਵਖ ਬਹਿਰਾਂ ਵਿਚ ਗ਼ਜ਼ਲ ਕਹਿਣ ਵਾਲੇ ਇਸ ਕਵੀ ਦਾ ਮੰਨਣਾ ਹੈ ;

" ਹਰ ਇਕ ਬਹਿਰ ਦੇ ਵਿਚ, ਬਸ ਤੂੰ ਹੀ ਰੌਸ਼ਨ ਹੈਂ
ਸ਼ਿੱਦਤ ਹੈਂ ਤੂੰ ਮੇਰੇ, ਕਾਵਿ-ਸੁਆਦਾਂ ਦੀ "

ਵਿਰਸੇ ਤੋਂ ਟੁੱਟੇ ਹੋਇਆਂ ਲਈ ਉਹਦਾ ਹਲੂਣਾ ਹੈ ;
"ਮੂਲੋਂ ਟੁੱਟੇ ਇਕ ਵੇਰਾਂ, ਬਾਹਰ ਦੇ ਨਾ ਘਰ ਦੇ ਨੇ "

ਮਨੁੱਖੀ ਚੇਤਨਾ ਨੂੰ ਟੁੰਭਦਾ ਬਾਕਮਾਲ ਸ਼ਿਅਰ ਵੇਖੋ;
"ਫੱਗਣ ਰੁੱਤੇ ਮੈਂ ਵੀ ਉੱਪਲ, ਕੁਝ ਨਾ ਕੁਝ ਫਲਦਾਰ ਕਰਾਂਗਾ"

ਦਰਦਾਂ, ਚੀਸਾਂ, ਪੀੜਾਂ ਤੋਂ ਕਵੀ ਨਿਰਾਸ਼ ਨਹੀਂ ਲਗਦਾ ;

"ਆਪਣਾ ਦਰਦ ਛੁਪਾ ਲੈਂਦਾ ਹਾਂ
ਹਸ ਲੈਂਦਾ ਹਾਂ, ਗਾ ਲੈਂਦਾ ਹਾਂ "

ਜੰਮੂ ਕਸ਼ਮੀਰ ਵਿਚ ਰਚੀ ਜਾ ਰਹੀ ਪੰਜਾਬੀ ਗ਼ਜ਼ਲ ਦੇ ਭਵਿੱਖੀ ਵਿਕਾਸ ਵਿਚ ਉੱਪਲ ਜੀ ਦੀ ਕਵਿਤਾ ਉੱਭਰ ਕੇ ਸਾਹਮਣੇ ਆਉਂਦੀ ਹੈ ਅਤੇ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ।

ਕਵਿਤਾਵਾਂ ਦੇ ਭਾਗ ਵਿਚ ਧਾਰਮਿਕ, ਸਮਾਜਿਕ, ਇਤਿਹਾਸਕ ਅਤੇ ਸਾਹਿਤਕ ਵਿਸ਼ਿਆਂ ਸਬੰਧੀ ਰਚੀਆਂ ਖ਼ੂਬਸੂਰਤ ਲਗਭਗ 30 ਰਚਨਾਵਾਂ ਹਨ । ਜੀਵਨ ਨਾਲ ਸਬੰਧਿਤ ਵਖ ਵਖ ਪਹਿਲੂਆਂ ਨਾਲ ਜੁੜੀਆਂ ਇਹ ਕਵਿਤਾਵਾਂ ਸਿਰਫ ਟੁੰਬਦੀਆਂ ਹੀ ਨਹੀਂ ਸਗੋਂ ਪ੍ਰੇਰਨਾ ਦਾ ਸ੍ਰੋਤ ਹੋ ਨਿਭੜਦੀਆਂ ਹਨ । ਲੈਅ ਬੱਧ ਹੋਣ ਕਾਰਨ ਇਹ ਕਵਿਤਾਵਾਂ ਪਾਠਕ ਨੂੰ ਆਪਣੇ ਅੰਗ ਸੰਗ ਤੋਰੀ ਰੱਖਣ ਵਿਚ ਪੂਰੀ ਤਰ੍ਹਾਂ ਸਫਲ ਰਹੀਆਂ ਹਨ । ਚਾਰ ਲੰਮੀਆਂ ਕਵਿਤਾਵਾਂ, " ਮੇਰੀ ਭਦਰਵਾਹ ਫੇਰੀ", " ਨੀਲੇ ਦੀਆਂ ਟਾਪਾਂ ਤੇ", ਪਿੰਡ ਦੀ ਸੱਥ" ਅਤੇ "ਰੁੱਖ ਤੇ ਮਨੁੱਖ", ਵਖ ਵਖ ਵਿਸ਼ਿਆਂ, ਸਫਰਨਾਮਾ, ਇਤਿਹਾਸ, ਬਦਲਦੇ ਪੇਂਡੂ ਜੀਵਨ ਅਤੇ ਵਾਤਾਵਰਣ ਸਬੰਧੀ ਹਨ । ਕਵੀ ਦੀ ਕਾਵਿ-ਜੁਗਤ ਕਾਰਨ ਇਹ ਲੰਮੀਆਂ ਕਵਿਤਾਵਾਂ ਪਾਠਕ ਦੀ ਰੌਚਿਕਤਾ ਬਣਾਈ ਰਖਦੀਆਂ ਹਨ ਤੇ ਕਿਤੇ ਵੀ ਅਖਰਦੀਆਂ ਨਹੀਂ ।

ਇਸ ਪੜ੍ਹਨਯੋਗ ਅਤੇ ਸੰਭਾਲਣਯੋਗ ਰਚਨਾਵਾਂ ਦੇ ਸਮੂਹ, "ਸ਼ਬਦ ਸਰਗਮ" ਦਾ ਭਰਪੂਰ ਸਵਾਗਤ ਕਰਦਿਆਂ ਇਸ ਨੂੰ, "ਜੀ ਆਇਆਂ" ਆਖਦਾ ਹਾਂ ਤੇ ਕਵੀ ਹਰਜੀਤ ਸਿੰਘ ਉੱਪਲ ਜੀ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਅਗਲੇਰੀ "ਸਰਗਮ" ਸੁਣਨ ਲਈ ਉਡੀਕਵਾਨ ਹਾਂ ।

ਧੰਨਵਾਦ ਸਹਿਤ,

ਅਜੀਤ ਸਿੰਘ ਮਸਤਾਨਾ
ਸ੍ਰੀਨਗਰ, ਕਸ਼ਮੀਰ

ਕਵਿਤਾ ਦੇ ਖੇਤਰ ਵਿੱਚ ਦੂਜਾ ਕਦਮ : ਡਾ. ਮੋਨੋਜੀਤ

ਹਰਜੀਤ ਸਿੰਘ ਉੱਪਲ, ਰੱਬ ਵਲੋਂ ਵਰੋਸਾਈਆਂ ਉਹਨਾਂ ਰੂਹਾਂ ਵਿੱਚੋਂ ਹਨ ਜਿਨ੍ਹਾਂ ਨੂੰ ਉਹ ਦੁਨੀਆਂ ਵਿਚ ਭੇਜਣ ਵੇਲੇ ਪੰਜ ਸੂਖਮ ਕਲਾਵਾਂ ਵਿਚੋਂ ਘੱਟੋ ਘੱਟ ਇੱਕ ਨਾਲ ਤਾਂ ਨਿਵਾਜ਼ ਕੇ ਭੇਜਦਾ ਹੈ । ਅਲੱਗ ਅਲੱਗ ਕੌਮਾਂ, ਨਸਲਾਂ ਅਤੇ ਦੇਸ਼ਾਂ ਵਿਚ ਅਰਬਾਂ ਦੀ ਗਿਣਤੀ ਤਕ ਫੈਲੀ ਮਨੁੱਖਤਾ ਵਿਚੋਂ ਇਹ ਨਿਹਮਤਾਂ ਕੁਝ ਗਿਣੇ ਚੁਣੇ ਮਨੁੱਖਾਂ ਦੇ ਭਾਗਾਂ ਵਿੱਚ ਹੀ ਹੁੰਦੀਆਂ ਹਨ । ਦੁਨੀਆਂ ਭਰ ਵਿਚ ਫੈਲੇ ਚਿੱਤਰਕਾਰ, ਮੂਰਤੀਕਾਰ, ਸੰਗੀਤਕਾਰ, ਕਵੀ ਅਤੇ ਸਾਹਿਤਕਾਰ ਇਸੇ ਸ਼੍ਰੇਣੀ ਵਿਚ ਆਉਂਦੇ ਹਨ । ਦਰਅਸਲ ਇਹ ਰੱਬ ਵਲੋਂ ਵਰੋਸਾਏ ਹੋਏ ਮਨੁੱਖ ਕਿਸੇ ਕੌਮ, ਭਾਈਚਾਰੇ ਅਤੇ ਬਰਾਦਰੀ ਦੀ ਅਸਲੀ ਪੂੰਜੀ ਹੁੰਦੇ ਹਨ ਜੋ ਕਿਸੇ ਸਭਿਅਤਾ ਅਤੇ ਸੰਸਕ੍ਰਿਤੀ ਨੂੰ ਅਮੀਰ ਬਣਾਉਂਦੇ ਹਨ । ਹਰਜੀਤ ਸਿੰਘ ਉੱਪਲ ਹੋਰਾਂ ਕੋਲ ਇਹਨਾਂ ਨਿਹਮਤਾਂ ਵਿੱਚੋਂ ਸ਼ਾਇਰੀ ਅਤੇ ਸੰਗੀਤ ਜਿਹੀਆਂ ਸੂਖਮ ਕਲਾਵਾਂ ਦੀ ਦੌਲਤ ਉਹਨਾਂ ਦੀ ਰੂਹ ਦੇ ਭੰਡਾਰਾਂ ਵਿਚ ਭਰੀ ਪਈ ਹੈ । ਸੰਗੀਤ ਉਹਨਾਂ ਨੂੰ ਵਿਰਾਸਤ ਵਿਚ ਮਿਲਿਆ ਹੈ ਅਤੇ ਕਵਿਤਾ ਅਤੇ ਗ਼ਜ਼ਲ ਦੇ ਬੀਜ ਜਿਵੇਂ ਹੀ ਜੀਵਨ ਦੀ ਦੌੜ ਧੁੱਪ ਨੇ ਫੁਰਸਤ ਦਿੱਤੀ ਉਹਨਾਂ ਦੀ ਚੇਤਨਾ ਵਿਚੋਂ ਆ ਪ੍ਰਗਟ ਹੋਣ ਲਗ ਪਏ । ਸ਼ਬਦਾਂ ਦੇ ਲੀੜੇ ਪਾਉਣ ਲੱਗੇ । ਆਕਾਰ ਗ੍ਰਹਿਣ ਕਰਨ ਲਗ ਪਏ । ਰੂਪਮਾਨ ਹੋਣ ਲਗ ਪਏ । ਅਲੰਕਾਰਾਂ ਦੇ ਗਹਿਣਿਆਂ ਨਾਲ ਸੱਜਣ- ਸੰਵਰਨ ਲਗ ਪਏ । ਹਰਜੀਤ ਸਿੰਘ ਉੱਪਲ ਦੀ ਸੁਰ-ਸਾਧਨਾ ਚੋਂ ਉਪਜੀਆਂ ਸਵਰ-ਲਹਿਰੀਆਂ ਵਿਚ ਗੂੰਜਣ ਲਗ ਪਏ । ਇਸ ਤੋਂ ਪਹਿਲਾਂ ਕਿ ਉਹਨਾਂ ਦੀ ਕਵਿਤਾ ਅਤੇ ਗ਼ਜ਼ਲਾਂ ਦੀ ਪਹਿਲੀ ਪੁਸਤਕ "ਸ਼ਬਦਾਂ ਦੇ ਸੁਰ ਪੰਛੀ" ਪਾਠਕਾਂ ਦੇ ਹੱਥਾਂ ਦੀ ਸੋਭਾ ਬਣਦੀ 'ਉੱਪਲ' ਹੋਰੀਂ ਜੰਮੂ ਦੀਆਂ ਕਾਵਿ- ਮਹਿਫਲਾਂ ਦਾ ਸ਼ਿੰਗਾਰ ਬਣ ਚੁੱਕੇ ਸਨ ਅਤੇ ਉਹਨਾਂ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਸੀ ਰਿਹਾ । ਸੁਹਣੀ ਦਿੱਖ ਵਾਲੀ 'ਉੱਪਲ' ਸਾਹਿਬ ਦੀ ਇਹ ਪਹਿਲੀ ਕਾਵਿ-ਪੁਸਤਕ ਸੰਨ 2023 ਵਿਚ ਛਪੀ ਅਤੇ ਇਸ ਵਿਚ ਪੰਜਾਬੀ ਦੀਆਂ 41 ਗ਼ਜ਼ਲਾਂ ਅਤੇ ਇੰਨੀਆਂ ਕੁ ਹੀ ਕਵਿਤਾਵਾਂ ਸ਼ਾਮਿਲ ਹਨ । ਜਦੋਂ ਕਿਸੇ ਕਵਿਤਾ ਵਿਚ ਗੀਤਾਂ ਵਾਲੇ ਗੁਣ ਹੋਣ ਤਾਂ ਸ਼ਾਇਰ ਦੀ ਮਿੱਠੀ ਆਵਾਜ਼ ਉਸ ਨੂੰ ਚਾਰ ਚੰਨ ਲਾ ਦਿੰਦੀ ਹੈ ਅਤੇ ਉਸ ਨੂੰ ਹੋਰ ਮਕਬੂਲ ਬਣਾ ਦਿੰਦੀ ਹੈ ।

ਹਰਜੀਤ ਸਿੰਘ ਉੱਪਲ ਮੇਰੇ ਉਹਨਾਂ ਦੋਸਤਾਂ ਵਿਚੋਂ ਨੇ ਜੋ ਮੈਨੂੰ ਪੰਜਾਬੀ ਸਾਹਿਤ ਨੇ ਦਿੱਤੇ ਹਨ । ਉਹਨਾਂ ਨਾਲ ਦੋਸਤੀ ਸ਼ਬਦਾਂ ਦੀ ਸਾਂਝ ਸਦਕਾ ਹੀ ਹੈ । ਉੰਝ ਉਹ ਗੁਰੂ ਨਾਨਕ ਨਗਰ, ਜੰਮੂ ਵਿਚ ਮੇਰੇ ਘਰ ਤੋਂ ਇਕ ਦੋ ਗਲੀਆਂ ਅੱਗੇ ਹੀ ਰਹਿੰਦੇ ਹਨ । ਜਦੋਂ ਉਹਨਾਂ ਮੈਨੂੰ ਆਪਣੀ ਇਸ ਕਾਵਿ-ਪੁਸਤਕ, "ਸ਼ਬਦ ਸਰਗਮ" ਦਾ ਖਰੜਾ ਦਿੱਤਾ ਤਾਂ ਮੈਂ ਬੜਾ ਹੈਰਾਨ ਹੋਇਆ ਕਿਉਂਕਿ ਗ਼ਜ਼ਲ ਨਾਲ ਤਾਂ ਮੇਰਾ ਕੋਈ ਦੂਰ ਦੂਰ ਦਾ ਰਿਸ਼ਤਾ ਨਹੀਂ । ਦੂਰ ਦੂਰ ਤੋਂ ਮੇਰਾ ਭਾਵ ਗ਼ਜ਼ਲ ਲਿਖਣ ਤੋਂ ਹੈ ਕਿਉਂਕਿ ਜਦੋਂ ਤੋਂ ਵੱਡੇ ਵੱਡੇ ਗਾਇਕ ਗ਼ਜ਼ਲਾਂ ਦੀ ਗਾਇਕੀ ਵਲ ਮੁੜੇ ਨੇ ਕੋਈ ਸਮਾਜ ਵਿਚ ਚਲਦਾ ਫਿਰਦਾ ਮਨੁੱਖ ਗ਼ਜ਼ਲ ਤੋਂ ਅਛੂਤਾ ਨਹੀਂ ਰਿਹਾ । ਹਰਜੀਤ ਸਿੰਘ ਉੱਪਲ ਹੋਰਾਂ ਦੀ ਗ਼ਜ਼ਲ ਪੜ੍ਹਨਾ ਮੈਨੂੰ ਚੰਗਾ ਹੀ ਲੱਗਣਾ ਸੀ ... ਪਰ ਉਹਨਾਂ ਮੈਨੂੰ ਆਪਣੀਆਂ ਗ਼ਜ਼ਲਾਂ / ਕਵਿਤਾਵਾਂ ਤੇ ਕੁੱਝ ਲਿਖਣ ਲਈ ਵੀ ਕਹਿ ਦਿੱਤਾ । ਮੈਂ ਬੇਬਸੀ ਪ੍ਰਗਟ ਕੀਤੀ ਕਿ ਮੇਰਾ ਸੰਬੰਧ ਗ਼ਜ਼ਲ ਨਾਲ ਕੇਵਲ ਇੱਕ ਉਸ ਕਵੀ ਵਰਗਾ ਹੈ ਜੋ ਗ਼ਜ਼ਲ ਵਿਚ ਮਹਿਬੂਬ ਜਾਂ ਕਿਸੇ ਸੁੰਦਰ ਇਸਤ੍ਰੀ ਨਾਲ ਗੱਲਾਂ ਕਰਦਾ ਹੈ । ਇਸ ਗਲਬਾਤ ਦਾ ਆਨੰਦ ਮਾਨਣ ਤਕ ਹੈ । ਜੋ ਗ਼ਜ਼ਲਾਂ ਵਿਚ ਕਿਧਰੇ ਤਲਖੀ ਦਿਖਾਈ ਦਿੰਦੀ ਹੈ ਉਸ ਤਲਖੀ ਦੀ ਸ਼ਿੱਦਤ ਤਕ ਲਹਿ ਕੇ ਉਸਦੀ ਹਰਾਰਤ ਨੂੰ ਅਨੁਭਵ ਕਰਨ ਤਕ ਹੈ । ਇਸ ਤੋਂ ਥੋੜੀ ਬਹੁਤ ਸਿਰਜਣਾਤਮਕ ਊਰਜਾ ਪ੍ਰਾਪਤ ਕਰਨ ਤਕ ਹੈ । ਤੁਹਾਡੀ ਗ਼ਜ਼ਲ ਵੀ ਉੱਪਲ ਸਾਹਿਬ, ਮੈਂ ਫੇਸਬੁਕ ਤੇ ਪੜ੍ਹਦਾ ਰਹਿੰਦਾ ਹਾਂ । ਉਸ ਦਾ ਆਨੰਦ ਮਾਣਦਾ ਰਹਿੰਦਾ ਹਾਂ । ਉਹ ਅਕਸਰ ਮੈਨੂੰ ਚੰਗੀ ਲਗਦੀ ਹੈ । ਮੇਰੇ ਮਨ ਮਸਤਕ ਨੂੰ ਭਾਉਂਦੀ ਹੈ । ਇਸ ਲਈ ਅਕਸਰ ਲਾਈਕ ਵੀ ਕਰ ਦਿੰਦਾ ਹਾਂ। ਇਸ ਤੋਂ ਅੱਗੇ ਜੇ ਕਹੋ ਕਿ ਇਸ ਵਿਚੋਂ ਮੈਂ ਨੂਨ-ਨੁਕਤਾ ਕੱਢਾਂ। ਉਹ ਮੇਰੇ ਬਸ ਦੀ ਗਲ ਬਿਲਕੁਲ ਵੀ ਨਹੀਂ । ਮੈਨੂ ਗ਼ਜਲ ਦੇ ਵਜ਼ਨ, ਮੀਟਰ, ਪਿੰਗਲ ਆਦਿ ਦਾ ਊੜਾ ਐੜਾ ਨਹੀਂ ਆਉਂਦਾ । ਬਹਿਰ ਤੇ ਅਰੂਜ਼ ਦਾ ਕੁਝ ਪਤਾ ਨਹੀਂ । ਉਹਨਾਂ ਕਿਹਾ, "ਕਵਿਤਾ ਦਾ ਤਾਂ ਪਤਾ ਹੈ ? " ਕਵਿਤਾ ਦਾ ਮੈਨੂੰ ਇੰਝ ਪਤਾ ਹੈ ਕਿ ਜਦੋਂ ਆਉਂਦੀ ਹੈ ਤਾਂ ਕਿਸੇ ਦਰਿਆ ਵਿਚ ਹੜ੍ਹ ਵਾਂਗ ਆਉਂਦੀ ਹੈ । ਕੰਢੇ-ਕਿਨਾਰੇ ਕੁਝ ਨਹੀਂ ਮੰਨਦੀ । ਸਭ ਕੁਝ ਰੋੜ੍ਹ ਕੇ ਲੈ ਜਾਂਦੀ ਹੈ । ਸਾਰੀ ਸਾਰੀ ਰਾਤ ਸੌਣ ਨਹੀਂ ਦਿੰਦੀ । ਨਾ ਲਿਖਣ ਵਾਲੇ ਨੂੰ ਸੌਣ ਦਿੰਦੀ ਹੈ ਨਾ ਪੜ੍ਹਨ ਵਾਲੇ ਨੂੰ ਸੌਣ ਦਿੰਦੀ ਹੈ । ਉੱਪਲ ਸਾਹਿਬ ਹੱਸ ਪਏ । ਕਈ ਵਾਰੀ ਯਾਰਾਂ ਦੇ ਹਾਸੇ ਵੀ ਹੁਕਮਾਂ ਵਰਗੇ ਹੁੰਦੇ ਹਨ ।

ਮੈਂ ਉਹਨਾਂ ਦੀਆਂ ਗ਼ਜ਼ਲਾਂ ਵਿਚੋਂ ਲੰਘਿਆਂ, ਉਹਨਾਂ ਦੀ ਕਵਿਤਾ ਦੀਆਂ ਹਨੇਰੀਆਂ ਅਤੇ ਟੁੱਟੀਆਂ-ਭੱਜੀਆਂ ਗਲੀਆਂ ਵਿਚੋਂ ਰਾਹ ਲੱਭਦਾ ਲੱਭਦਾ ਅੱਗੇ ਵਧਿਆ ਅਤੇ ਅੰਤ ਤਕ ਜਾ ਪਹੁੰਚਿਆ । ਦੁਨੀਆਂ ਦੀ ਸਾਰੀ ਕਵਿਤਾ ਦੀ, ਜਿੱਥੇ ਵੀ ਲਿਖੀ ਜਾ ਰਹੀ ਹੈ, ਇਕ ਹੀ ਚਿੰਤਾ ਹੈ, ਇਕ ਹੀ ਮਸਲਾ ਹੈ । ਦੁਨੀਆਂ ਦੀ ਸਾਰੀ ਕਵਿਤਾ ਹੀ ਇਕ ਪ੍ਰੋਟੈਸਟ ਹੈ, ਇਕ ਵੰਗਾਰ ਹੈ, ਇਕ ਹਲੂਣਾ ਹੈ । ਜੇ ਕੋਈ ਕਵਿਤਾ ਵੰਗਾਰ ਨਹੀਂ ਫਿਰ ਉਹ ਕਵਿਤਾ, ਕਵਿਤਾ ਨਹੀਂ । ਕਵਿਤਾ ਦਾ ਮੂਲ ਤੱਤ ਪਿਆਰ ਹੈ ਅਤੇ ਪਿਆਰ ਵਿਚੋਂ ਹੀ ਵੰਗਾਰ ਉਪਜਦੀ ਹੈ । ਜਿਹੜੇ ਪਿਆਰ ਦੀ ਖੇਡ ਖੇਡਦੇ ਹਨ ਉਹੀ ਸਿਰ ਤਲੀ ਤੇ ਧਰ ਕੇ ਵੰਗਾਰ ਬਣ ਜਾਂਦੇ ਹਨ । ਮੈਂ ਉੱਪਲ ਜੀ ਦੀ ਕਵਿਤਾ ਨੂੰ ਇਕ ਸੁਹਿਰਦ ਸਾਹਿਤਕ ਦੋਸਤ ਦੀ ਨਜ਼ਰ ਨਾਲ ਪੜ੍ਹਿਆ ਹੈ । ਉਹ ਬੜੇ ਮਿਹਨਤੀ, ਸਿਦਕੀ ਅਤੇ ਸਿਰੜੀ ਕਵੀ ਹਨ । ਉਹਨਾਂ ਕੋਲ ਕਹਿਣ ਲਈ 'ਗਲ' ਹੈ । ਸੋਹਣੇ ਸ਼ਬਦ ਹਨ । ਸੰਗੀਤਕ ਧੁਨੀਆਂ ਹਨ ਅਤੇ ਸੁਰੀਲੀ ਗੂੰਜਦੀ ਆਵਾਜ਼ ਹੈ । ਉਹਨਾਂ ਕੋਲ ਇਕ ਚਿੰਤਕ, ਸਮੀਖਿਅਕ ਅਤੇ ਆਲੋਚਕ ਦੀ ਦ੍ਰਿਸ਼ਟੀ ਹੈ । ਵਿਦਵਾਨਾਂ ਦਾ ਮੱਤ ਹੈ ਕਿ ਕੋਈ ਲੇਖਕ ਆਪਣੀ ਰਚਨਾ ਦਾ ਸਭ ਤੋਂ ਵੱਡਾ ਅਤੇ ਪਹਿਲਾ ਆਲੋਚਕ ਹੁੰਦਾ ਹੈ । ਹਥਲੀ ਗ਼ਜ਼ਲ ਅਤੇ ਕਾਵਿ ਪੁਸਤਕ, "ਸ਼ਬਦ ਸਰਗਮ" ਉੱਪਲ ਹੋਰਾਂ ਦਾ ਕਵਿਤਾ ਅਤੇ ਗ਼ਜ਼ਲ ਦੇ ਖੇਤਰ ਵਿੱਚ ਦੂਜਾ ਕਦਮ ਹੈ । ਇਸ ਨਾਲ ਜੰਮੂ ਕਸ਼ਮੀਰ ਦੀ ਪੰਜਾਬੀ ਕਵਿਤਾ ਅਤੇ ਗ਼ਜ਼ਲ ਨੂੰ ਨਵੀਂ ਤਾਕਤ ਮਿਲੇਗੀ । ਸ਼ਕਤੀ ਮਿਲੇਗੀ । ਚੰਗੀ ਅਤੇ ਮਿਆਰੀ ਕਵਿਤਾ ਦੀ ਸਾਨੂੰ ਸਾਰਿਆਂ ਨੂੰ ਬਹੁਤ ਲੋੜ ਹੈ ।
ਆਮੀਨ।

ਡਾਕਟਰ ਮੋਨੋਜੀਤ

ਦੋ ਸ਼ਬਦ ਆਪਣੇ ਵਲੋਂ

ਪਿਆਰੇ ਸਾਹਿਤਕ ਦੋਸਤੋ, ਮੇਰੇ ਪਲੇਠੇ ਗ਼ਜ਼ਲ ਅਤੇ ਕਾਵਿ ਸੰਗ੍ਰਹਿ, "ਸ਼ਬਦਾਂ ਦੇ ਸੁਰ ਪੰਛੀ" ਨੂੰ ਆਪ ਸੱਭ ਨੇ ਭਰਵਾਂ ਹੁੰਗਾਰਾ ਦੇ ਕੇ ਮੇਰੇ ਸਾਹਿਤਕ ਖੰਭਾਂ ਨੂੰ ਹੋਰ ਮਜ਼ਬੂਤ ਕੀਤਾ ਹੈ । ਮੇਰਾ ਸਜਰਾ ਗ਼ਜ਼ਲ ਅਤੇ ਕਾਵਿ ਸੰਗ੍ਰਹਿ, " ਸ਼ਬਦ ਸਰਗਮ " ਵੀ, ਪਹਿਲੇ ਸੰਗ੍ਰਹਿ ਦੀ ਤਰ੍ਹਾਂ ਗ਼ਜ਼ਲਾਂ ਅਤੇ ਕਵਿਤਾਵਾਂ ਦਾ ਗੁਲਦਸਤਾ ਹੈ ਜਿਸਨੂੰ ਮੈਂ ਆਪ ਸੱਭ ਸੁਹਿਰਦ ਪਾਠਕਾਂ ਦੀ ਸਾਹਿਤਕ ਅਦਾਲਤ ਵਿੱਚ ਪੇਸ਼ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ । ਮੈਂ ਆਪਣੇ ਪਿਆਰੇ ਪਾਠਕਾਂ ਤੋਂ ਭਰਪੂਰ ਸਾਹਿਤਕ ਸਨੇਹ ਦੀ ਉਮੀਦ ਕਰਦਾ ਹਾਂ । ਮੈਂ ਇਹ ਵੀ ਪੁਰਜ਼ੋਰ ਬੇਨਤੀ ਕਰਦਾ ਹਾਂ ਕਿ ਮੇਰੇ ਸਮੁੱਚੇ ਪਾਠਕ ਪ੍ਰੇਮੀ ਇਸ ਸੰਗ੍ਰਹਿ ਵਿੱਚ ਦਰਜ ਰਚਨਾਵਾਂ ਨੂੰ ਪੜ੍ਹਨਗੇ, ਮਾਣਨਗੇ ਅਤੇ ਆਪਣੇ ਅਮੋਲਕ ਵਿਚਾਰਾਂ ਨਾਲ ਮੈਨੂੰ ਅਮੀਰ ਬਨਾਉਣਗੇ ।

ਮੈਂ ਸ. ਪ੍ਰਿਤਪਾਲ ਸਿੰਘ ਬੇਤਾਬ ਜੀ ਜੋ ਕੇ ਵਿਦਵਤਾ ਦੇ ਭਰਪੂਰ ਖਜ਼ਾਨੇ ਹਨ ਅਤੇ ਸਥਾਪਿਤ ਗ਼ਜਲਕਾਰ ਹੋਣ ਤੋਂ ਅਲਾਵਾ ਦੁਨਿਆਵੀ ਅਤੇ ਸਾਹਿਤਕ ਗਿਆਨ ਨਾਲ ਮਾਲਾਮਾਲ ਹਨ, ਦਾ ਇੱਕ ਵਾਰੀ ਫਿਰ ਮੇਰੇ ਦੂਸਰੇ ਗ਼ਜ਼ਲ ਅਤੇ ਕਾਵਿ ਸੰਗ੍ਰਹਿ " ਸ਼ਬਦ ਸਰਗਮ " ਲਈ ਭੂਮਿਕਾ ਵਜੋਂ ਆਪਣੇ ਕੀਮਤੀ ਸ਼ਬਦ ਲਿਖਣ ਲਈ ਅਤੀ ਧੰਨਵਾਦੀ ਹਾਂ ।

ਮੈਂ ਸਤਿਕਾਰਯੋਗ ਪਾਲ ਗੁਰਦਾਸਪੁਰੀ ਜੀ ਜੋ ਕੇ ਅਜੋਕੀ ਪੰਜਾਬੀ ਗ਼ਜ਼ਲ ਦੇ ਮੋਢੀ ਗ਼ਜ਼ਲਕਾਰਾਂ ਦੀ ਪਹਿਲੀ ਕਤਾਰ ਵਿਚ ਸੁਭਾਏਮਾਨ ਹਨ ਜੀ ਦਾ ਦਿਲ ਤੋਂ ਰਿਣੀ ਹਾਂ ਕਿ ਉਹਨਾਂ ਆਪਣੇ ਕੀਮਤੀ ਸ਼ਬਦਾਂ ਨਾਲ ਇਸ ਸੰਗ੍ਰਹਿ ਦੀ ਸਾਹਿਤਕ ਖ਼ੂਬਸੂਰਤੀ ਨੂੰ ਚਾਰ ਚੰਨ ਲਗਾਏ ਹਨ ਅਤੇ ਮੈਨੂੰ ਆਪਣੀ ਨਿਰੰਤਰ ਮੁਹੱਬਤ ਨਾਲ ਨਿਵਾਜ਼ਿਆ ਹੈ ।

ਡਾ. ਮੋਨੋਜੀਤ ਮੇਰੇ ਪਰਮ ਮਿੱਤਰ ਅਤੇ ਸਾਹਿਤਕ ਸਲਾਹਕਾਰ ਵੀ ਹਨ । ਸਥਾਪਿਤ ਵਿਅੰਗਕਾਰ, ਵਾਰਤਾਕਾਰ, ਚਿੰਤਕ, ਕਹਾਣੀਕਾਰ ਅਤੇ ਕਵੀ ਹਨ । ਮੇਰੇ ਨਾਲ ਸਨੇਹ ਕਰਦੇ ਹਨ । "ਸ਼ਬਦ ਸਰਗਮ " ਲਈ ਉਹਨਾਂ ਨੇ ਆਪਣੇ ਵਲੋਂ ਵਡਮੁੱਲੇ ਸ਼ਬਦ ਲਿਖ ਕੇ ਮੈਨੂੰ ਰਿਣੀ ਬਣਾ ਲਿਆ ਹੈ । ਮੈਂ ਦਿਲ ਤੋਂ ਸ਼ੁਕਰਗੁਜਾਰ ਹਾਂ ।

ਡਾ.ਅਰਵਿੰਦਰ ਅਮਨ ਜੀ ਮੇਰੇ ਸਾਹਿਤਕ ਜੀਵਨ ਵਿਚ ਪ੍ਰਵੇਸ਼ ਤੋਂ ਹੀ ਮੈਨੂੰ ਗ਼ਜ਼ਲ ਲਿਖਣ ਲਈ ਉਤਸ਼ਾਹਿਤ ਕਰਦੇ ਰਹੇ ਹਨ ਅਤੇ ਹੁਣ ਵੀ ਇਕ ਸੰਪੂਰਨ ਗ਼ਜ਼ਲ ਸੰਗ੍ਰਹਿ ਲਿਖਣ ਲਈ ਪ੍ਰੇਰਦੇ ਹਨ । ਬਾਵਜੂਦ ਆਪਣੇ ਸਾਹਿਤਕ ਅਤੇ ਸਭਿਆਚਾਰਕ ਰੁਝੇਵਿਆਂ ਦੇ ਉਹਨਾਂ ਨੇ ਮੇਰੇ ਲਈ ਸਮਾਂ ਕੱਢਿਆ ਅਤੇ ਆਪਣੇ ਵਿਸ਼ਾਲ ਤਜੁਰਬੇ ਦੀ ਰੌਸ਼ਨੀ ਵਿਚ ਬੜੇ ਹੀ ਮਨਮੋਹਕ ਸ਼ਬਦਾਂ ਨਾਲ ਭੂਮਿਕਾ ਲਿਖ ਕੇ ਮੈਨੂੰ ਆਪਣੀ ਸਾਹਿਤਕ ਮੁਹੱਬਤ ਦਾ ਪਾਤਰ ਬਣਾਇਆ ਹੈ । ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ।

ਮੈਂ, ਸ. ਅਜੀਤ ਸਿੰਘ ਮਸਤਾਨਾ ਜੀ ਦਾ ਸਦੀਵੀ ਰਿਣੀ ਹਾਂ ਕਿ ਉਹਨਾਂ ਨੇ ਮੇਰੇ ਇਸ ਗ਼ਜ਼ਲ ਅਤੇ ਕਾਵਿ ਸੰਗ੍ਰਹਿ ਲਈ ਆਪਣੇ ਵਲੋਂ ਕੁੱਝ ਮੁਹੱਬਤੀ ਸ਼ਬਦ ਲਿਖ ਕੇ ਇਸ ਸੰਗ੍ਰਹਿ ਦੀ ਸ਼ਾਨ ਵਿਚ ਚੋਖਾ ਵਾਧਾ ਕੀਤਾ ਹੈ । ਆਪ ਜੀ ਜੰਮੂ ਕਸ਼ਮੀਰ ਰਿਆਸਤ ਦੇ ਸਰਗਰਮ ਸਾਹਿਤਕਾਰ ਅਤੇ ਉੱਘੇ ਬੁਲਾਰੇ ਹੋਣ ਤੋਂ ਅਲਾਵਾ ਇਕ ਸਥਾਪਿਤ ਕਵੀ ਅਤੇ ਗ਼ਜ਼ਲਕਾਰ ਹਨ ।

ਆਖ਼ਰ ਵਿਚ ਮੈਂ ਡਾ. ਬਲਜੀਤ ਰੈਨਾ ਜੀ ਜੋ ਮੇਰੇ ਪਿਆਰੇ ਮਿੱਤਰ ਅਤੇ ਸਾਹਿਤਕ ਸਨੇਹੀ ਹਨ ਅਤੇ ਆਪਣੇ ਆਪ ਵਿਚ ਸਥਾਪਿਤ ਸਰਬਪੱਖੀ ਸ਼ਖਸੀਅਤ ਅਤੇ ਸਾਹਿਤਕ ਸੰਸਥਾ ਹਨ ਦਾ ਮੈਂ "ਸ਼ਬਦ ਸਰਗਮ" ਦਾ ਪਿਛਲਾ ਪੰਨਾ ਲਿਖਣ ਲਈ ਅਤੀ ਧੰਨਵਾਦੀ ਹਾਂ ।

ਆਪਣੇ ਸ਼ਬਦਾਂ ਨੂੰ ਸਮੇਟਣ ਤੋਂ ਪਹਿਲਾਂ ਮੈਂ ਆਪਣੀ ਜੀਵਨ ਸਾਥਣ ਸਰਦਾਰਨੀ ਨਿਰਮਲਤੇਜ ਕੌਰ ਜੀ, ਆਪਣੀਆਂ ਪੁੱਤਰਾਂ ਜਿਹੀਆਂ ਧੀਆਂ ਉਪਿੰਦਰ ਕੌਰ, ਜਸਪ੍ਰੀਤ ਕੌਰ ਅਤੇ ਹਰਸਿਮਰ ਕੌਰ ਦਾ ਮੇਰੇ ਨਾਲ ਹਰ ਸਮੇਂ ਪਰਸਪਰ ਖੜੇ ਰਹਿਣ ਲਈ ਵੀ ਸ਼ੁਕਰਗੁਜ਼ਾਰ ਹਾਂ ।

ਧੰਨਵਾਦ ਸਹਿਤ,

ਹਰਜੀਤ ਸਿੰਘ ਉੱਪਲ (ਜੰਮੂ)
ਸੀਨੀਅਰ ਮੈਨੇਜਰ ( ਰਿਟਾ.)
ਇੰਡੀਅਨ ਓਵਰਸੀਜ਼ ਬੈਂਕ
ਬੀ ਐਸ ਸੀ, ਐਮ ਏ ( ਇੰਗਲਿਸ਼)
ਸੀ ਏ ਆਈ ਆਈ ਬੀ.
ਮੋ. ਨੰਬਰ- 7006623970


ਭਾਗ ਪਹਿਲਾ.......ਗ਼ਜ਼ਲਾਂ

ਗ਼ਜ਼ਲ ਹੈ ਜ਼ਿੰਦਗੀ ਮੇਰੀ

ਗ਼ਜ਼ਲ ਹੈ ਜ਼ਿੰਦਗੀ ਮੇਰੀ ਗ਼ਜ਼ਲ ਜੀ ਜਾਨ ਹੈ ਮੇਰੀ ॥ ਗ਼ਜ਼ਲ ਹੀ ਬੰਦਗੀ ਮੇਰੀ ਗ਼ਜ਼ਲ ਪਹਿਚਾਨ ਹੈ ਮੇਰੀ ॥ ਗ਼ਜ਼ਲ ਉਤਰੇ ਤਾਂ ਜਾਪੇ ਜਿਉਂ ਮੇਰਾ ਮਹਿਬੂਬ ਆਇਆ ਹੈ ਮੁਹੱਬਤ ਹੈ ਗ਼ਜ਼ਲ ਮੇਰੀ ਗ਼ਜ਼ਲ ਜਿੰਦ ਜਾਨ ਹੈ ਮੇਰੀ ॥ ਨਿਥਾਵਾਂ ਸਾਂ ਗ਼ਜ਼ਲ ਕਰਕੇ ਦਿਲਾਂ ਵਿੱਚ ਹੈ ਜਗ੍ਹਾ ਪਾਈ ਗ਼ਜ਼ਲ ਬਿਨ ਪਤਝੜੀ ਹੈ ਜ਼ਿੰਦਗੀ ਵੀਰਾਨ ਹੈ ਮੇਰੀ ॥ ਕਿਤੇ ਗ਼ਾਲਿਬ ਜਿਹੀ ਗਹਿਰੀ ਕਿਤੇ ਮੋਮਿਨ ਜਿਹੀ ਦਿਲਕਸ਼ ਲਿਖਾਵਟ ਹੈ ਕਿਤਾਬਾਂ ਦੀ ਗ਼ਜ਼ਲ ਦੀਵਾਨ ਹੈ ਮੇਰੀ॥ ਸੁਰੀਲੇ ਸਾਜ਼ ਦੀ ਕੋਈ ਸਵਰਲਹਿਰੀ ਗ਼ਜ਼ਲ ਮੇਰੀ ਜਿਦ੍ਹੀ ਦਸਤਕ ਤੇ ਝੂਮੇ ਜ਼ਿੰਦਗੀ ਉਹ ਤਾਨ ਹੈ ਮੇਰੀ॥ ਪਦਾਰਥ ਹੈਨ ਫਾਨੀ ਜ਼ਿੰਦਗੀ ਦੇ ਪਰ ਮੇਰੇ ਯਾਰੋ ਗ਼ਜ਼ਲ ਹੀ ਆਨ ਹੈ ਮੇਰੀ ਗ਼ਜ਼ਲ ਹੀ ਸ਼ਾਨ ਹੈ ਮੇਰੀ॥ ਉਤਰ ਆਈ ਖ਼ਿਆਲਾਂ ਵਿਚ ਜਿਵੇਂ ਤਿਤਲੀ ਜਿਹੀ 'ਉੱਪਲ' ਇਹ ਦਿਲ ਵਿਚ ਆ ਵਸੀ ਮਨਮੋਹਨੀ ਮਹਿਮਾਨ ਹੈ ਮੇਰੀ ॥

ਦਿਲ ਦੇ ਵਿਹੜੇ ਘੁੰਗਰੂ ਵੱਜਣ

ਦਿਲ ਦੇ ਵਿਹੜੇ ਘੁੰਗਰੂ ਵੱਜਣ, ਕੌਣ ਮੇਰੇ ਘਰ ਆਇਆ ਕਿਸ ਨੇ ਬੂਹੇ ਦਸਤਕ ਦਿੱਤੀ, ਕਿਸ ਨੇ ਰਾਗ ਅਲਾਇਆ॥ ਸਖੀ ਸਹੇਲੀ ਰਲ਼ਮਿਲ਼ ਆਓ ਗੀਤ ਖੁਸ਼ੀ ਦੇ ਗਾਈਏ ਮੁੱਦਤਾਂ ਬਾਦ ਕਿਤੇ ਜਾ ਕੇ ਹੈ ਮਾਹੀ ਦਰ ਖੜਕਾਇਆ॥ ਵਿਹੜੇ ਬੇਰੀ ਰੌਸ਼ਨ ਹੋਈ, ਪੁੰਨਿਆ ਦਾ ਚੰਨ ਚੜ੍ਹਿਆ ਚੰਨ ਮੁਖੜਾ, ਸੱਚੀਂ ! ਦਿਲਬਰ ਦਾ, ਮੈਨੂੰ ਨਜ਼ਰੀਂ ਆਇਆ ॥ ਉੱਠ ਨੀ ਮਾਏ, ਤੇਲ ਚੁਆਈਏ, ਵੰਡੀਏ ਹਲਵੇ ਖੀਰਾਂ ਬੂਹੇ ਮਾਹੀ ਵੇਖ ਕੇ ਮੇਰਾ, ਫਿਰ ਜੋਬਨ ਮੁਸਕਾਇਆ ॥ ਹੈ ਨਾਜ਼ ਹੈ ਮੈਨੂੰ, ਫੌਜੀ ਮੇਰਾ, ਰੱਬ ਦਾ ਦੂਜਾ ਨਾਂ ਉਸਦੀ ਸੁੱਖ ਸਲਾਮਤ ਲਈ, ਮੈਂ ਸੂਫ਼ੀ ਬਾਣਾ ਪਾਇਆ॥ ਉਸਦੇ ਹੱਸਮੁੱਖ ਚਿਹਰੇ ਸਾਡੇ ਵਿਹੜੇ ਰੌਣਕ ਲਾਈ ਜੀਆ ਜੰਤ ਸਭ ਨੱਚਣ ਟੱਪਣ, ਚੜ੍ਹਿਆ ਰੂਪ ਸਵਾਇਆ॥ ਸ਼ਾਲਾ ਦਿਲ ਦੇ ਵਿਹੜੇ, ਰੱਬਾ, ਹੱਸਦੇ ਵੱਸਦੇ ਰੱਖੀਂ 'ਉੱਪਲ' ਦਰਦ ਵਿਛੋੜੇ ਵਾਲ਼ਾ, ਜਾਂਦਾ ਨਹੀਂ ਹੰਢਾਇਆ॥

ਨਵੀਆਂ ਪੈੜਾਂ ਪਾ ਜਾਵਾਂਗਾ

ਨਵੀਆਂ ਪੈੜਾਂ ਪਾ ਜਾਵਾਂਗਾ ॥ ਵੈਰੀ ਮੀਤ ਬਣਾ ਜਾਵਾਂਗਾ ॥ ਹੱਦਾਂ ਹੋਣ ਮੁਬਾਰਕ ਤੈਨੂੰ ਵਾਂਗ ਝਨਾਵਾਂ ਆ ਜਾਵਾਂਗਾ ॥ ਛੁੱਪ ਸਕਨੈਂ ਤਾਂ ਛੁੱਪ ਖੂਸ਼ਬੂ ਤੋਂ ਸਹੁੰ ਰੱਬ ਦੀ ! ਮਹਿਕਾ ਜਾਵਾਂਗਾ ॥ ਜੇ ਤੂੰ ਆਪਣਾ ਦਿਲ ਨਹੀਂ ਦੇਣਾ ਮੈਂ ਸਾਹਾਂ ਜਿਉਂ ਆ ਜਾਵਾਂਗਾ॥ ਸ਼ਹਿਰ ਤੇਰੇ ਦੀਆਂ ਉੱਚੀਆਂ ਕੰਧਾਂ ਪੰਛੀ ਝਾਤੀ ਲਾ ਜਾਵਾਂਗਾ॥ ਦੱਸੀਂ ! ਜਿਸ ਦਿਨ ਮਿਲਣਾ ਚਾਹਵੇਂ ਵਾਂਗ ਹਵਾਵਾਂ ਆ ਜਾਵਾਂਗਾ॥ ਬੇਸ਼ਕ ਫੁੱਲ ਪਿਆਰੇ, 'ਉੱਪਲ' ਕੰਡਿਆਂ ਨਾਲ ਨਿਭਾ ਜਾਵਾਂਗਾ॥

ਮੌਸਮ ਕਰਵਟ ਬਦਲੀ

ਮੌਸਮ ਕਰਵਟ ਬਦਲੀ, ਧੁੱਪਾਂ ਖਿੜੀਆਂ ਨੇ॥ ਸਾਡੇ ਵਿਹੜੇ ਚੀਂ ਚੀਂ ਲਾਈ ਚਿੜੀਆਂ ਨੇ॥ ਭੌਰਾ ਘੂੰ ਘੂੰ ਗਾਵੇ, ਤਿਤਲੀ ਰੰਗ ਵੰਡੇ ਫੁੱਲ ਪੱਤੀਆਂ ਵੀ ਆਪਸ ਦੇ ਵਿੱਚ ਭਿੜੀਆਂ ਨੇ॥ ਨਾਦ ਅਗੰਮੀ ਵੱਜੇ, ਬਿਸਮਿਲ ਬਿਸਮਿਲ ਹੈ ਤਰਬਾਂ ਸਾਜ਼ ਰਬਾਬੀ ਜਿਹੀਆਂ ਛਿੜੀਆਂ ਨੇ॥ ਗੁਲ ਦੋਪਹਿਰੀ ਕੋਲ ਬੁਲਾ ਮਹਿਕਾਂ ਵੰਡੇ ਰੰਗਾਂ ਲੱਧੀਆਂ ਫੁੱਲ ਕਤਾਰਾਂ ਖਿੜੀਆਂ ਨੇ ॥ ਸੋਚਾਂ ਨੇ ਜਦ ਤੱਕਿਆ ਖਿੜੀਆਂ ਧੁੱਪਾਂ ਨੂੰ ਨਿੱਕੇ ਰਿੜਦੇ ਬੱਚੇ, ਵਾਂਗਰ ਰਿੜੀਆਂ ਨੇ॥ ਜੀਵਨ ਇੱਕ ਤਿਤਲੀ ਜਾਂ ਬਾਗ ਪਰਿੰਦਾ ਹੈ ਬਾਕੀ 'ਉੱਪਲ' ਸਿਰਫ਼, ਸਿਆਪੇ ਸਿੜੀਆਂ ਨੇ॥

ਕਿੰਨਾ ਅਜੀਬ ਮੇਲ ਹੈ

ਕਿੰਨਾ ਉਦਾਸ ਮੇਲ ਹੈ, ਜੀਵਨ ਦੀ ਧਾਰ ਨਾਲ ॥ ਛੱਲਾਂ ਦੇ ਵੇਗ ਤੈਰਨਾ, ਆਪਣੀ ਨੁਹਾਰ ਨਾਲ ॥ ਦਿਲਬਰ ਦੀ ਤਾਂਘ ਨਾਲ ਹੀ, ਗ਼ਜ਼ਲਾਂ 'ਚ ਜ਼ਿੰਦਗੀ ਖੁਸ਼ੀਆਂ ਗ਼ਮਾਂ ਦੇ ਨਾਲ ਨੇ, ਕਲੀਆਂ ਨੇ ਖ਼ਾਰ ਨਾਲ ॥ ਮੌਸਮ ਬਸੰਤ ਦਰਦ ਵੀ, ਨਾਲੇ ਹੀ ਦੇ ਗਿਆ ਪੀੜਾਂ ਦੇ ਫੁੱਲ ਖਿੜ ਗਏ, ਮੌਸਮ ਬਹਾਰ ਨਾਲ ॥ ਬੇਸ਼ਕ ਬੜਾ ਅਮੀਰ ਹੈ, ਪਰ ਹੈ ਬੜਾ ਅਜੀਬ ਸੱਭ ਕੁੱਝ ਲੁਟਾ ਹੈ ਦੇਂਵਦਾ, ਨੈਣਾਂ ਦੇ ਵਾਰ ਨਾਲ ॥ ਇਸ਼ਕੇ ਦੀ ਖੇਡ ਖੇਡਣੀ, ਡੁੱਬਣਾ ਤੇ ਤੈਰਨਾ ਕੱਚੇ ਘੜੇ ਨੂੰ ਪਰਖਣਾ, ਪਾਣੀ ਦੀ ਧਾਰ ਨਾਲ ॥ ਇਹ ਇਸ਼ਕ ਦਾ ਹੈ ਰੋਗ ਇਹ, ਮਿੱਠਾ ਜ਼ਰੂਰ ਹੈ ਵਸਲਾਂ ਦੀ ਰੁੱਤ ਵੀ ਨਾਲ ਤੇ, ਹਉਕੇ ਵੀ ਪਿਆਰ ਨਾਲ ॥ ਉਹ ਛੱਡ ਕੇ ਚਲੇ ਗਏ, ਯਾਦਾਂ ਨਾ ਜਾਂਦੀਆਂ 'ਉੱਪਲ' ਅਜੇ ਵੀ ਰੋਈਦਾ, ਲੱਗ ਕੇ ਦੀਵਾਰ ਨਾਲ ॥

ਮੇਰੀ ਫਿਤਰਤ ਉਡਾਰੀ ਹੈ

ਮੇਰੀ ਫਿਤਰਤ ਉਡਾਰੀ ਹੈ ਉਡਾਰੀ ਮਾਰ ਜਾਵਾਂਗਾ ॥ ਉਸਾਰੀ ਹਰ ਤੇਰੀ ਦੀਵਾਰ ਨੂੰ ਕਰ ਪਾਰ ਜਾਵਾਂਗਾ ॥ ਪਰਿੰਦਾ ਹਾਂ ਆਜ਼ਾਦੀ ਜਨਮ ਸਿੱਧ ਅਧਿਕਾਰ ਹੈ ਮੇਰਾ ਲਗਾਏ ਹਰ ਤੇਰੇ ਪਹਿਰੇ ਨੂੰ ਮੈਂ ਦੁਰਕਾਰ ਜਾਵਾਂਗਾ ॥ ਕਦੇ ਪੰਛੀ ਹਵਾਵਾਂ ਮੈਂ ਕਦੇ ਹਾਂ ਮਹਿਕ ਫੁੱਲਾਂ ਦੀ ਕਦੇ ਵਹਿੰਦੇ ਝਨਾਵਾਂ ਦੀ ਤਰ੍ਹਾਂ ਉਸ ਪਾਰ ਜਾਵਾਂਗਾ ॥ ਗ਼ਜ਼ਲ ਤਰਕਸ਼ ਮੇਰੀ ਤੇ ਸ਼ਿਅਰ ਸਾਰੇ ਤੀਰ ਨੇ ਮੇਰੇ ਚਲਾ ਕੇ ਬਾਣ ਸ਼ਬਦਾਂ ਦੇ ਬਦਲ ਕਿਰਦਾਰ ਜਾਵਾਂਗਾ॥ ਝਨਾ, ਰਾਵੀ, ਬਿਆਸਾ, ਸਤਲੁਜਾਂ ਦੀ ਲੋਰ ਸੀਨੇ ਵਿਚ ਮਿਟਾ ਕੇ ਆਪ ਨੂੰ ਫੁੱਲ ਆਪਣੇ ਮੈਂ ਤਾਰ ਜਾਵਾਂਗਾ ॥ ਉਨੀਂਦਾ ਹਾਂ, ਖ਼ਲਸ਼ ਅੰਦਰ ਦੀ ਮੈਨੂੰ ਸੌਣ ਨਹੀਂ ਦਿੰਦੀ ਮੈ ਗਾਫ਼ਿਲ ਸੁੱਤਿਆਂ ਲੋਕਾਂ ਨੂੰ ਵਾਜਾਂ ਮਾਰ ਜਾਵਾਂਗਾ॥ ਗੁਲਾਮੀ ਰਾਸ ਬੇਸ਼ਕ ਆ ਗਈ ਮੌਕਾ ਪਰਸਤਾਂ ਨੂੰ ਆਜ਼ਾਦੀ ਦੀ ਸ਼ਮਾਂ ਤੇ ਜ਼ਿੰਦਗੀ ਮੈਂ ਵਾਰ ਜਾਵਾਂਗਾ ॥ ਵਿਆਕੁਲ ਬੱਚਿਆਂ ਦੀ ਮੁਫ਼ਲਿਸੀ ਤੇ ਤਰਸ ਖਾ ਰੱਬਾ ਤੂੰ ਲਿੱਸੇ ਚਿਹਰਿਆਂ ਤਾਈਂ ਹਸਾ ਬਲਹਾਰ ਜਾਵਾਂਗਾ॥ ਤੂਫਾਨਾਂ ਵਿਚ ਵੀ 'ਉੱਪਲ' ਹਾਂ ਕਿਨਾਰਾ ਛੱਡ ਆਇਆ ਮੈਂ ਕਿ ਮੈਂ ਤਰ ਕੇ ਨਦੀ ਅੱਜ ਸੋਚਿਆ ਹੈ ਪਾਰ ਜਾਵਾਂਗਾ॥

ਮਨ ਮੰਦਿਰ ਨੂੰ ਸਜਾ ਕੇ

ਮਨ ਮੰਦਿਰ ਨੂੰ ਸਜਾ ਕੇ ਰੱਖ ॥ ਦਿਲ ਨਫ਼ਰਤ ਤੋਂ ਬਚਾ ਕੇ ਰੱਖ॥ ਬਾਹਰ ਬਾਰਿਸ਼ ਦੀ ਹੈ ਝੜੀ ਪਾਤਰ ਨੂੰ ਜ਼ਰਾ ਟਿਕਾ ਕੇ ਰੱਖ॥ ਇੱਕ ਗਲ ਸੱਚੀ ਕਸਮ ਖ਼ੁਦਾ ਦਿਲ ਦੌਲਤ ਨੂੰ ਲੁਟਾ ਕੇ ਰੱਖ॥ ਬੇਸ਼ਕ ਉੜ ਜਾ ਫ਼ਲਕ ਫ਼ਲਕ ਧਰਤੀ ਤੇ ਪੈਰ ਜਮਾ ਕੇ ਰੱਖ॥ ਸ਼ੀਸ਼ੇ ਦਾ ਨਹੀਂ ਕਸੂਰ ਕੋਈ ਚਿਹਰੇ ਨੂੰ ਵੀ ਸਜਾ ਕੇ ਰੱਖ ॥ ਸੁਖ ਰੋਗਾਂ ਦੀ ਦਵਾ ਵੀ ਖਾ ਦੁਖ ਦੋਸਤ ਵੀ ਬਣਾ ਕੇ ਰੱਖ ॥ ਧਨ ਦਾ ਬੇਸ਼ਕ ਨਸ਼ਾ ਬੜਾ ਇੱਕ ਝੁੱਗੀ ਵੀ ਬਣਾ ਕੇ ਰੱਖ ॥ 'ਉੱਪਲ' ਐਸੀ ਗ਼ਜ਼ਲ ਸੁਣਾ ਦਿਲਬਰ ਤਾਈਂ ਮਿਲਾ ਕੇ ਰੱਖ ॥

ਜਿੰਦ ਨਿਮਾਣੀ ਯਾਦ ਤੇਰੀ

ਜਿੰਦ ਨਿਮਾਣੀ ਯਾਦ ਤਿਰੀ ਵਿੱਚ ਤੰਦੂਰਾਂ ਜਿਉਂ ਤੱਪਦੀ ਹੈ ॥ ਸੋਚ ਤਿਰੀ ਦੀ ਭੱਠੀ ਹਰਦਮ ਭਾਂਬੜ ਬਣ ਬਣ ਮੱਚਦੀ ਹੈ ॥ ਸਾਨੂੰ ਛੱਡ ਕਿ ਜਾਣਾ ਤੇਰਾ, ਸ਼ਾਇਦ ਤੈਨੂੰ ਮੁਮਕਿਨ ਸੀ, ਪਰ ਤੇਰੇ ਬਿਨ ਜੀਵਨ ਗੱਡੀ ਨਾ ਰੁਕਦੀ ਨਾ ਚੱਲਦੀ ਹੈ ॥ ਜੂਨ ਮਹੀਨੇ, ਲੂਹਾਂ ਸਾੜਨ, ਪਰ ਸਾਡਾ ਧੁੱਪੇ ਖੜਨਾ ਗੁਲ ਦੋਪਹਿਰੀ ਦੇ ਫੁੱਲਾਂ ਚੋਂ ਸੂਰਤ ਤੇਰੀ ਦਿੱਸਦੀ ਹੈ॥ ਤਪਦੀ ਧੁੱਪੇ ਅੋੜ ਦੁਪੱਟਾ ਰੋਜ਼ ਤੇਰਾ ਮਿਲਣੇ ਆਉਣਾ ਯਾਰ ਤੇਰੇ ਚਿਹਰੇ ਤੇ ਬੂੰਦ ਪਸੀਨੇ ਦੀ ਕਿਆ ਫੱਬਦੀ ਹੈ ॥ ਐਨਕ ਕਾਲ਼ੀ, ਗੋਰਾ ਮੁਖੜਾ, ਜੇਠ ਮਹੀਨਾ, ਵਾਹ ਬਈ ਵਾਹ ਕਾਲ਼ੀਆਂ ਜ਼ੁਲਫਾਂ ਵਾਲ਼ੀ ਕੋਈ ਹੂਰ ਪਰੀ ਜਿਹੀ ਲੱਗਦੀ ਹੈ ॥ ਧੁੱਪ ਸਿਰੇ ਦੀ, ਛਾਂ ਅੰਬਾਂ ਦੀ, ਬਾਗ਼ ਪਰਿੰਦੇ ਜੁੜ ਬੈਠੇ ਮਗਰ ਅਸਾਂ ਨੂੰ ਉਸਦੇ ਬਾਝੋਂ ਹਰ ਇੱਕ ਬਾਤ ਖਟਕਦੀ ਹੈ॥ ਤਪਦੀ ਧੁੱਪੇ ਉਸਦੀ ਆਮਦ, ਛਰਛਰ ਵਹਿੰਦੇ ਝਰਨੇ ਜਿਉਂ, ਤਪਸ਼ਾਂ ਮਾਰੇ ਹਿਰਦੇ ਉੱਤੇ, ਬਰਸਾਤਾਂ ਜਿਉਂ ਵਰ੍ਹਦੀ ਹੈ॥ ਸਾਡਾ ਵਿਹੜਾ ਸੁੱਕਮ ਸੁੱਕਾ, ਲੋਕਾਂ ਰਿਮਝਿਮ ਰਿਮਝਿਮ ਹੈ ਰੇਤ ਨਦੀ ਸਾਡੀ ਤਿਰਹਾਈ ਹਾਲੇ ਤੱਕ ਤਰਸਦੀ ਹੈ॥ ਮਸਤ ਬਹਾਰਾਂ, ਗਰਮੀ, ਸਰਦੀ ਤੇ ਪਤਝੜ ਦੀ ਆਮਦ ਤੇ ਕੀ ਦੱਸਾਂ ਉਹ, ਹਰ ਇੱਕ ਰੁੱਤੇ, 'ਉੱਪਲ' ਕਿੰਝ ਨਿਖਰਦੀ ਹੈ ॥

ਸੁਹਬਤ ਮਸਤੀ ਲਾਰੇ

ਸੁਹਬਤ, ਮਸਤੀ, ਲਾਰੇ॥ ਰਹਿਗੇ ਯਾਰ ਕੁਆਰੇ ॥ ਠੰਢ ਸਿਰੇ ਦੀ ਮੱਚਦੇ ਬਿਰਹਾ ਦੇ ਅੰਗਾਰੇ ॥ ਯਾਦਾਂ ਦੀ ਪੰਡ ਚਾ ਕੇ ਫਿਰਦੇ ਮਾਰੇ ਮਾਰੇ ॥ ਰੋਗ ਅਵੱਲੜਾ ਲਾਇਆ ਰੋਂਦੇ ਨੈਣ ਵਿਚਾਰੇ॥ 'ਉੱਪਲ' ਖੇਡ ਇਸ਼ਕ ਦੀ ਜਿਤਦੇ ਜਿਤਦੇ ਹਾਰੇ ॥

ਵਫ਼ਾ ਦਾ ਗੀਤ

ਵਫ਼ਾ ਦਾ ਗੀਤ ਗਾ ਲਈਏ, ਜੇ ਆਵੇਂ ॥ ਕਿਤੇ ਫਿਰ ਮਿਲਮਿਲਾ ਲਈਏ, ਜੇ ਆਵੇਂ ॥ ਗ਼ਮਾਂ ਦੀ ਰਾਤ ਦਾ ਨੇਰ੍ਹਾ ਡਰਾਵੇ ਚਰਾਗਾਂ ਨੂੰ ਜਗਾ ਲਈਏ, ਜੇ ਆਵੇਂ ॥ ਭਲਾ ਕੀ ਕਹਿ ਰਹੀ, ਮਹਿਕੀ ਹਵਾ ਹੈ ਕਹੇ ਕੁੱਝ ਸੁਣ ਸੁਣਾ ਲਈਏ, ਜੇ ਆਵੇਂ ॥ ਰਸਮ ਮਿਲਣੇ ਵਿਛਣਨੇ ਦੀ ਅਜਬ ਹੈ ਵਿਛੋੜਾ ਮੁਕ ਮੁਕਾ ਲਈਏ, ਜੇ ਆਵੇਂ ॥ ਅਮੀਰੀ ਤੇ ਗ਼ਰੀਬੀ ਕੀ ਬਲਾ ਹੈ ਜੜ੍ਹਾਂ ਤੋਂ ਇਹ ਮਿਟਾ ਲਈਏ, ਜੇ ਆਵੇਂ ॥ ਬੜੀ ਮੁੱਦਤ ਹੋਈ ਦੀਦਾਰ ਕੀਤੇ ਚਲੋ ਫਿਰ ਖਿੜਖਿੜਾ ਲਈਏ, ਜੇ ਆਵੇਂ ॥ ਸਦਾ 'ਉੱਪਲ' ਨਾ ਖਿੜਦੀ ਰੁੱਤ ਜੋਬਨ ਕਿ ਟੁੱਟਿਆ ਦਿਲ ਮਿਲਾ ਲਈਏ, ਜੇ ਆਵੇਂ ॥

ਨਵੇਂ ਮਿੱਤਰ ਮਿਲਾ ਦੇਵੇ

ਨਵੇਂ ਮਿੱਤਰ ਮਿਲਾ ਦੇਵੇ, ਮਿਰੀ ਤਕਦੀਰ ਮੈਨੂੰ ॥ ਨਿਭਾ ਜਾਵਣ ਕਈ, ਪਰ ਕੁਝ ਮਿਲਣ ਰਾਹਗੀਰ ਮੈਨੂੰ॥ ਕਿਸੇ ਚੱਕਰਵਿਊ ਵਿੱਚ, ਆ ਗਿਆ, ਮਹਿਸੂਸ ਕਰਦਾਂ ਜ਼ਮਾਨੇ ਦੀ, ਬਦਲ ਚੁੱਕੀ, ਲਗੇ ਤਾਸੀਰ ਮੈਨੂੰ॥ ਕਿਸੇ ਸੱਯਾਦ ਤਾਂ, ਕਤਰੇ ਨਹੀਂ ਹਨ, ਖੰਭ ਮੇਰੇ ! ਕਿ ਪੈਰਾਂ ਵਿੱਚ, ਪਈ ਮੇਰੇ, ਲਗੇ ਜ਼ੰਜੀਰ ਮੈਨੂੰ॥ ਭਟਕਦਾ, ਫਿਰ ਰਿਹਾ ਹਾਂ, ਆਪਣੇ ਹੀ, ਸ਼ਹਿਰ ਅੰਦਰ ਕਿ ਘਰ ਆਪਣੇ, ਦੀ ਹੀ ਭੁੱਲੀ, ਲਗੇ ਤਾਮੀਰ ਮੈਨੂੰ॥ ਮੈਂ ਫਲਿਆ ਫੁੱਲਿਆ ਏਥੇ, ਇਹ ਮੇਰਾ ਘਰ ਗਰਾਂ ਹੈ ਮਗਰ ਹੁਣ ਤਾਂ, ਬਦਲ ਚੁੱਕੀ, ਲਗੇ ਤਸਵੀਰ ਮੈਨੂੰ ॥ ਵਫ਼ਾਦਾਰੀ ਨਿਭਾਉਂਦੇ, ਓਸ ਨੂੰ, 'ਉੱਪਲ' ਕਿਹਾ ਮੈਂ ਤੇਰੀ ਯਾਰੀ ਹੀ, ਕਰ ਗਈ ਯਾਰ, ਲੀਰੋ ਲੀਰ ਮੈਨੂੰ ॥

ਕੁਝ ਲੋਕੀਂ ਰਸ ਜੀਵਨ

ਕੁਝ ਲੋਕੀਂ ਰਸ ਜੀਵਨ ਨੂੰ ਪੀ ਜਾਵਣ ਜੋਗੇ ਨੇ ॥ ਤੁੰਮਾ ਫਲ ਸੁਕਰਾਤੀ ਬੰਦੇ ਖਾਵਣ ਜੋਗੇ ਨੇ ॥ ਕਈਆਂ ਹਿੱਸੇ ਅੰਮ੍ਰਿਤ ਆਉਂਦਾ ਸਾਗਰ ਮੰਥਨ ਚੋਂ ਵਿਸ਼ ਸਾਰਾ ਸ਼ਿਵ ਵਰਗੇ ਕਈ ਪੀ ਜਾਵਣ ਜੋਗੇ ਨੇ ॥ ਝੱਖੜ ਛੱਤ ਉਡਾਈ ਟਿਪ ਟਿਪ ਪਾਣੀ ਚੋਂਦਾ ਹੈ ਬਰਸਾਤੀਂ ਲੈਣ ਨਜ਼ਾਰੇ ਜਿਹੜੇ ਸਾਵਣ ਜੋਗੇ ਨੇ ॥ ਕਈ ਲਗਾਉਂਦੇ ਕੰਡੇ ਸੁਹਣੇ ਸੁਥਰੇ ਰਾਹਾਂ ਤੇ ਕੁਝ ਪਥਰੀਲੇ ਰਾਹੀਂ ਫੁੱਲ ਵਿਛਾਵਣ ਜੋਗੇ ਨੇ ॥ ਮਜ਼ਦੂਰ ਸਕੂਲੇ ਤੋਰੇ ਜਦ ਬਾਵਰਦੀ ਬੱਚੇ ਨੂੰ ਲਗਦੈ ਗੀਤ ਖੁਸ਼ੀ ਦੇ ਕਿਰਤੀ ਗਾਵਣ ਜੋਗੇ ਨੇ ॥ ਸ਼ੂੰ ਕਰਕੇ ਲੰਘ ਜਾਵਣ ਕਾਰਾਂ ਵਿਚ ਬੈਠੇ ਬੰਦੇ ਪਰ ਕੁਝ ਨੰਗੇ ਪੈਰੀਂ ਘੱਟਾ ਖਾਵਣ ਜੋਗੇ ਨੇ ॥ ਕਈਆਂ ਅੱਗ ਨਹੀਂ ਬਲਦੀ ਚੁੱਲ੍ਹੇ ਸੁੰਨ ਮਸੁੰਨੇ ਪਰ ਐਸੇ ਵੀ ਜੋ ਹਰਦਮ ਮੌਜ ਮਨਾਵਣ ਜੋਗੇ ਨੇ ॥ ਲੱਖਾਂ ਜੇਬਾਂ ਕਟ ਕੇ ਘਰ ਨਹੀਂ ਭਰਦਾ ਕਈਆਂ ਦਾ ਸੱਭ ਕੁਝ ਵੇਚ ਵਟਾ ਕਈ ਲੰਗਰ ਲਾਵਣ ਜੋਗੇ ਨੇ ॥ ਸੱਭ ਸਮਾਜੀ ਅੰਤਰ ਬੇਸ਼ਕ ਕਰਮਾਂ ਕਰਕੇ ਹੈ ਰੱਬੀ ਬੰਦੇ 'ਉੱਪਲ' ਭੇਦ ਮਿਟਾਵਣ ਜੋਗੇ ਨੇ ॥

ਜਿਉਂਦੇ ਜੀ ਜੋ ਪਲਪਲ

ਜਿਓਂਦੇ ਜੀ ਪਲਪਲ ਜੋ ਡਰਦਾ ਰਿਹਾ ॥ ਉਹ ਸੱਚ ਹੀ ਤਾਂ ਦਮਦਮ ਹੈ ਮਰਦਾ ਰਿਹਾ ॥ ਤਲੀ ਧਰ ਕੇ ਸਿਰ ਜੀਣ ਮਰਜੀਵੜੇ ਤੂੰ ਵੈਰੀ ਦਾ ਪਾਣੀ ਹੈਂ ਭਰਦਾ ਰਿਹਾ ॥ ਤੇਰੀ ਹੋਂਦ ਤੋਂ ਬਾਦ ਵੀ ਬਸ ਤੂੰ ਹੈਂ ਤੂੰ ਤਾਂ ਖੋਲ ਆਪਣੇ ’ਚ ਮਰਦਾ ਰਿਹਾ ॥ ਸਵਾਸਾਂ ਦੀ ਮਾਲਾ ਬਿਖਰਨੀ ਜ਼ਰੂਰ ਹਯਾਤੀ ਦਾ ਦਮ ਰੋਜ਼ ਭਰਦਾ ਰਿਹਾ ॥ ਕਦੇ ਆਪਣੇ ਆਪ ਵਿੱਚ ਵੀ ਗਿਉਂ! ਪਰਾਏ ਘਰੀਂ ਹੀ ਵਿਚਰਦਾ ਰਿਹਾ ॥ ਸਫ਼ਰ ਇੱਕ ਤੋਂ ਚੱਲ ਇੱਕ ਤੇ ਜਾਣਾ ਖੜੋ ਵਿਛੜ ਕੇ ਤੂੰ ਇੱਕ ਤੋਂ ਖ਼ਿਲਰਦਾ ਰਿਹਾ ॥ ਚਮਕਦਾ ਰਵੀ ਚਾਨਣੀ ਚੰਨ ਦੀ ਤੂੰ ਹਨੇਰੇ ਤਰ੍ਹਾਂ ਤੂੰ ਪਸਰਦਾ ਰਿਹਾ ॥ ਬਹਾਰਾਂ ਸਦੀਵੀ ਨਹੀਂ ਹੁੰਦੀਆਂ ਖ਼ਵਾਬੀ ਮਹਿਲ ਤੂੰ ਉਸਰਦਾ ਰਿਹਾ ॥ ਲਹੂ ਰੋਜ਼ ਦੌੜੇ ਰਗ਼ਾਂ ਵਿੱਚ ਮਗ਼ਰ ਲਹੂ ਉਹ ਜੋ ਨੈਣੀਂ ਉਤਰਦਾ ਰਿਹਾ ॥ ਮੁਬਾਰਕ ਉਡਾਰਾਂ ਉਕਾਬਾਂ ਨੂੰ ਪਰ ਜ਼ਮੀਂ ਤੇ ਹੀ ‘ਉੱਪਲ’ ਨਿਖ਼ਰਦਾ ਰਿਹਾ ॥

ਆਪਣਾ ਦਰਦ ਛੁਪਾ

ਆਪਣਾ ਦਰਦ ਛੁਪਾ ਲੈਂਦਾ ਹਾਂ ॥ ਹੱਸ ਲੈਂਦਾ ਹਾਂ ਗਾ ਲੈਂਦਾ ਹਾਂ ॥ ਮੇਰੇ ਹੰਝੂ ਸੁੱਚੇ ਮੋਤੀ ਪਲਕਾਂ ਹੇਠ ਲੁਕਾ ਲੈਂਦਾ ਹਾਂ ॥ ਫੁੱਲ ਤਿਤਲੀ ਬੂਟੇ ਨੂੰ ਮਿਲਕੇ ਅਪਣਾ ਦਰਦ ਵੰਡਾ ਲੈਂਦਾ ਹਾਂ ॥ ਇਹ ਬਿਰਹਾ ਸੁਲਤਾਨ ਖ਼ੁਦਾ ਹੈ ਏਸੇ ਚੋਂ ਰੱਬ ਪਾ ਲੈਂਦਾ ਹਾਂ ॥ ਯਾਰ ਮਨਾਵਣ ਖ਼ਾਤਰ 'ਉੱਪਲ' ਆਪਣਾ ਆਪ ਲੁਟਾ ਲੈਂਦਾ ਹਾਂ ॥

ਆਜਾ ਸੀਸ ਤਲੀ ਤੇ

ਆਜਾ ਸੀਸ ਤਲੀ ਤੇ ਧਰ ਕੇ, ਆਪਣਾ ਆਪ ਲੁਟਾ ਕੇ ਆ ॥ ਦੀਵੇ ਨਾਲ ਨ ਮਿਟਣਾ ਨੇਰ੍ਹਾ, ਅੱਗ ਤਲੀ ਤੇ ਲਾ ਕੇ ਆ ॥ ਉੜਨ ਕਬੂਤਰ ਦੀ ਛਾਂ ਹੇਠਾਂ, ਲੱਖਾਂ ਖਾਕੂ ਰੁਲ ਗਏ ਨੇ ਇਤਿਹਾਸਕ ਜੇ ਕਰਨਾ ਕੁਝ ਤਾਂ ਜੀਣਾ ਭੁੱਲ ਭੁਲਾ ਕੇ ਆ ॥ ਅੱਜ ਹਨੇਰੇ ਦੇ ਸੌਦਾਗਰ, ਬਣ ਬੈਠੇ ਨੇ ਹਾਕਮ ਹੀ ਵਾਂਗ ਟਟਹਿਣੇ ਚਾਨਣ ਕਰ ਜਾ, ਇੱਕ ਮਸ਼ਾਲ ਜਗਾ ਕੇ ਆ ॥ ਚੁੰਝ ਗਿਆਨੀ ਬਣ ਬੈਠੇ ਨੇ, ਚਾਰ ਕਿਤਾਬਾਂ ਪੜ੍ਹ ਕੇ ਲੋਕ ਜੀਵਨ ਜਾਚ ਸਿਖਾਵਣ ਖ਼ਾਤਿਰ ਸੂਫ਼ੀ ਬਾਣਾ ਪਾ ਕੇ ਆ ॥ ਬੁੱਝਿਆ ਦੀਵਾ ਪਿਆਰ ਮੁੱਹਬਤ ਨਫ਼ਰਤ ਦੀ ਅੱਗ ਫ਼ੈਲੀ ਹੈ ਸ਼ਿਵ ਵਾਂਗਰ ਵਿਸ਼ ਪੀ ਕੇ 'ਉੱਪਲ' ਅੰਮ੍ਰਿਤ ਵੰਡ ਵੰਡਾ ਕੇ ਆ ॥

ਜਦ ਵੀ ਤੇਰੀਆਂ ਨਜ਼ਰਾਂ

ਜਦ ਵੀ ਤੇਰੀਆਂ ਨਜ਼ਰਾਂ ਮੈਨੂੰ ਛੋਹਿਆ ਹੈ ॥ ਸਹੁੰ ਰੱਬ ਦੀ ਤੂੰ ਮੈਨੂੰ ਡਾਢਾ ਮੋਹਿਆ ਹੈ ॥ ਤੇਰੇ ਨੈਣੀਂ ਕਾਲਾ ਸੁਰਮਾ ਕਹਿਰਾਂ ਦਾ ਹਾਏ ! ਤੇਰੇ ਮੁਖ ਤੇ ਕੈਹਾ ਸੋਹਿਆ ਹੈ ॥ ਟਾਪਸ ਲਿਸ਼ਕਾਂ ਮਾਰਨ ਤੇਰੇ ਕੰਨਾਂ ਤੇ ਸੁੰਦਰਤਾ ਨੇ ਤੈਨੂੰ ਰੱਜ ਕੇ ਟੋਹਿਆ ਹੈ ॥ ਤੇਰੇ ਨਾਲ ਹੈ ਰੌਣਕ- ਸ਼ੌਣਕ ਬਾਗਾਂ ਦੀ ਤੇਰੇ ਬਿਨ ਸੱਭ ਲੱਗੇ ਖੋਹਿਆ ਖੋਹਿਆ ਹੈ ॥ 'ਉੱਪਲ' ਤਿਤਲੀ ਰੰਗ ਬਰੰਗੀ ਲੱਗੇ ਨਾ ਲਗਦੈ ਤੇਰੇ ਹਿਜਰਾਂ ਇਸ ਨੂੰ ਕੋਹਿਆ ਹੈ ॥

ਖਿਲਰੇ ਜੀਵਨ ਵਰਕੇ

ਖਿੱਲਰੇ ਜੀਵਨ ਵਰਕੇ ਨੇ ॥ ਅੱਖੀਆਂ ਰੋਈਆਂ ਭਰਕੇ ਨੇ॥ ਕੋਰੇ ਕਾਗ਼ਜ਼ ਰੁੱਲ ਜਾਣੇ ਰੱਖੇ ਜੋ ਉਸ ਕਰਕੇ ਨੇ ॥ ਕੀ ਕਰਨਾ ਸੀ ਲਿਖ ਕੇ ਵੀ ਉਡਣ ਪੰਖੇਰੂ ਵਰਕੇ ਨੇ ॥ ਮੂਲੋਂ ਟੁੱਟੇ ਇੱਕ ਵੇਰਾਂ ਬਾਹਰ ਦੇ ਨਾ ਘਰ ਕੇ ਨੇ ॥ ਰੁੱਖਾਂ ਨਾਲੋਂ ਟੁੱਟ ਕੇ ਤੇ ਤਾਈਓਂ ਪੱਤੇ ਗਰਕੇ ਨੇ ॥ ਜਿਉਂਦੇ ਜੀ ਜੋ ਮਿਲਦੇ ਨਈਂ ਕਦ ਮਿਲਦੇ ਉਹ ਮਰਕੇ ਨੇ ॥ ਤਾਰੂ ਨਹੀਂ ਖਿੱਲਰਦੇ ਬਸ ਸਾਗਰ ਗਾਹਣ ਤਰ ਕੇ ਨੇ ॥ 'ਉੱਪਲ' ਖਿੱਲਰੇ ਜੀਵਨ ਵਿੱਚ ਕੀ ਆਪਣੇ ਕੀ ਪਰ ਕੇ ਨੇ ॥

ਗ਼ਜ਼ਲਾਂ ਦਾ ਹੈ ਪੱਜ

ਗ਼ਜ਼ਲਾਂ ਦਾ ਹੈ ਪੱਜ ਕਿ ਕਾਪੀ ਯਾਦਾਂ ਦੀ ॥ ਕਾਵਿ ਖ਼ਿਆਲਾਂ ਵਿੱਚ ਰਚੇ ਸੰਵਾਦਾਂ ਦੀ ॥ ਹਰ ਇੱਕ ਮਹਿਫ਼ਲ ਦੇ ਵਿੱਚ ਗਾਈਆਂ ਗ਼ਜ਼ਲਾਂ ਪਰ ਯਾਦ ਨਾ ਜਾਵੇ ਤੇਰੀਆਂ ਦਿੱਤੀਆਂ ਦਾਦਾਂ ਦੀ ॥ ਹਰ ਮਿਸਰਾ ਇੱਕ ਲਟ ਜਿਉਂ ਤੇਰੇ ਚਿਹਰੇ ਤੇ ਯਾਦ ਕਰਾਵੇ ਮੈਨੂੰ ਅਨਹਦ ਨਾਦਾਂ ਦੀ ॥ ਰੁਕਨਾਂ ਵਾਂਗਰ ਰੁਕ ਰੁਕ ਕੇਤੇਰਾ ਆਉਣਾ ਸਹੁਰੇ ਘਰ ਵਿੱਚ ਆਮਦ ਜਿਉਂ ਦਾਮਾਦਾਂ ਦੀ ॥ ਹਰ ਇੱਕ ਬਹਿਰ ਦੇ ਵਿੱਚ, ਬਸ, ਤੂੰ ਹੀ ਰੌਸ਼ਨ ਹੈਂ ਸ਼ਿੱਦਤ ਹੈਂ ਤੂੰ ਮੇਰੇ ਕਾਵਿ ਸੁਆਦਾਂ ਦੀ ॥ ਕਾਵਿ ਉਡਾਰਾਂ ਮਾਰ ਗ਼ਜ਼ਲ ਅਰਸ਼ੋਂ ਉਤਰੇ ਝੋਲ਼ੀ ਪੈਂਦੀ ਦਾਤ ਜਿਵੇਂ ਫਰਿਆਦਾਂ ਦੀ ॥ 'ਉੱਪਲ ਮੇਰੀ ਕਵਿਤਾ ਹੈ ਮਹਿਬੂਬ ਮੇਰਾ ਇਸ ਦੀ ਆਮਦ ਵਿੱਚ ਬਖਸ਼ੀਸ਼ ਮੁਰਾਦਾਂ ਦੀ ॥

ਇੱਕ ਅਜਨਬੀ ਨੂੰ

ਇੱਕ ਅਜਨਬੀ ਨੂੰ ਅੱਜਕਲ੍ਹ, ਦਿਲਬਰ ਬਣਾ ਲਿਆ ਹੈ ॥ ਉਸ ਬੇਵਫ਼ਾ ਬਸ਼ਰ ਤੋਂ, ਪਿੱਛਾ ਛਡਾ ਲਿਆ ਹੈ ॥ ਮਹਿਕਾਂ ਜੋ ਵੰਡਦਾ ਸੀ, ਮਾਲੀ ਸੀ ਬਾਗ ਦਾ ਜੋ ਉਸ ਕਾਗ਼ਜੀ ਕਲੀਆਂ ਦਾ ਹਾਰ ਪਾ ਲਿਆ ਹੈ ॥ ਜਦ ਵੇਖਿਆ ਘਰਾਂ ਵਿੱਚ, ਸੱਪਾਂ ਨੂੰ ਰੀਂਗਦੇ ਮੈਂ ਘਬਰਾ ਕਿ ਜੰਗਲਾਂ ਵਿਚ, ਡੇਰਾ ਲਗਾ ਲਿਆ ਹੈ ॥ ਜ਼ੁਲਫਾਂ ਸੀ ਜਦ ਝਟਕਦੀ, ਰੁੱਤ ਸੌਣ ਦੀ ਸੀ ਆਉਂਦੀ ਵਾਲਾਂ ਨੂੰ ਉਸਨੇ ਸੁਣਿਆ, ਅੱਜਕਲ ਸੁਣਿਆ ਕਟਾ ਲਿਆ ਹੈ ॥ ਤਿਤਲੀ ਜਿਹੇ ਸੁਹਾਨੇ, ਜੋ ਰੰਗ ਸੀ ਛਿੜਕਦਾ ਰੰਗ ਆਪਣਾ ਹੀ ਉਸਨੇ, ਅੱਜਕਲ੍ਹ ਵਟਾ ਲਿਆ ਹੈ ॥ ਪੰਛੀ ਨੇ ਆਲਣਾ ਚੁੱਕ, ਇਸ ਮਤਲਬੀ ਜਹਾਂ ਤੋਂ ਘਰ ਦੂਰ ਪਰਬਤਾਂ ਵਿਚ, ਆਪਣਾ ਸਜਾ ਲਿਆ ਹੈ ॥ ਨਾ ਜਾਤ ਨਾ ਨਸਲ ਸੀ, ਮੈਂ ਨੰਗ ਮਲੰਗ ਆਇਆ ਲੋਕਾਂ ਨੇ ਫੜ ਕੇ 'ਉੱਪਲ' ਧਰਮੀ ਬਣਾ ਲਿਆ ਹੈ ॥

ਤੇਰੇ ਨਾਲ ਬਿਤਾਏ ਦਿਨ

ਤੇਰੇ ਨਾਲ ਬਿਤਾਏ ਦਿਨ ॥ ਯਾਰਾ ਭੁੱਲ ਨਾ ਪਾਏ ਦਿਨ ॥ ਵਸਲਾਂ ਵਿੱਚ ਹੀ ਜੀਵੇ ਸਾਂ ਬਾਕੀ ਤਾਂ ਹੰਢਾਏ ਦਿਨ ॥ ਤੇਰੇ ਬਿਨ ਕਾਹਦਾ ਜੀਣਾ ਬੁੱਤ ਨੂੰ ਚਾ ਲੰਘਾਏ ਦਿਨ ॥ ਓਹ ਤੇਰਾ ਮਿਲਣੇ ਆਉਣਾ ਸੋਚਾਂ ਤਾਂ ਮਹਿਕਾਏ ਦਿਨ ॥ ਤੂੰ ਵੀ ਕੁੱਝ ਸੁਣਾ ਆਪਣੀ ਕਿੰਜ ਆਵੇ ਤੇ ਜਾਏ ਦਿਨ ॥ ਤਰਲੇ ਕਰ ਕਰ ਹਾਰ ਗਏ ਮੁੜ ਵਾਪਸ ਨਾ ਆਏ ਦਿਨ ॥ ਮੈਂ ਹੋਵਾਂ ਇੱਕ ਤੂੰ ਹੋਵੇਂ ਰੱਬ ਐਸਾ ਦਿਖਲਾਏ ਦਿਨ ॥ ਨਾਲ ਤੇਰੇ ਸਨ ਖਿੜੇ ਖਿੜੇ ਤੇਰੇ ਬਿਨ ਮੁਰਝਾਏ ਦਿਨ ॥ ਚਾਰ ਦਿਨਾਂ ਦੇ ਮੇਲੇ ਸਨ ਫਿਰ ਹਿਜਰਾਂ ਦੇ ਆਏ ਦਿਨ ॥ ਇਸ਼ਕ ਹਕੀਕੀ ਮਾਣਨ ਲਈ 'ਉੱਪਲ' ਰੱਬ ਦਿਖਲਾਏ ਦਿਨ ॥

ਫੁੱਲਾਂ ਨਾਲ ਮੈਂ ਬਾਤਾਂ

ਫੁੱਲਾਂ ਨਾਲ ਮੈਂ ਬਾਤਾਂ ਪਾਵਾਂ ਤੈਨੂੰ ਕੀ ॥ ਮੈਂ ਮੰਦਿਰ ਜਾਂ ਮਸਜਿਦ ਜਾਵਾਂ ਤੈਨੂੰ ਕੀ ॥ ਮੈਂ ਆਜ਼ਾਦ ਪਰਿੰਦਾ ਮਾਣ ਉਡਾਰਾਂ ਤੇ ਮੇਰੀ ਮਰਜ਼ੀ ਜਿੱਧਰ ਜਾਵਾਂ ਤੈਨੂੰ ਕੀ ॥ ਆਪਣੇ ਫੁੱਲ ਮੈਂ ਆਪੇ ਤਾਰ ਕੇ ਜਾਵਾਂਗਾ ਜੇ ਮੈਂ ਆਪਣਾ ਭੋਗ ਪਵਾਵਾਂ ਤੈਨੂੰ ਕੀ ॥ ਰਬ ਘਰ ਚੱਲਿਆਂ ਮੈਂ, ਸਰਕਾਰੀ ਦਫ਼ਤਰ ਨਹੀਂ ਖਾਲੀ ਖੀਸੇ ਵੀ ਟੁਰ ਜਾਵਾਂ ਤੈਨੂੰ ਕੀ ॥ ਤੇਰੀ ਗਲ ਨਾ ਮੰਨ ਕੇ ਜੇ ਮੈਂ ਕਾਕੇ ਨੂੰ ਉਸਦੀ ਮਰਜ਼ੀ ਨਾਲ ਪੜਾਵਾਂ ਤੈਨੂੰ ਕੀ ॥ ਕਿਉਂ ਮੈਂ ਗੱਪਾਂ ਮਾਰਾਂ ਐਰਾਂ ਗ਼ੈਰਾਂ ਨਾਲ ਜੇ ਮੈਂ ਖ਼ੁਦ ਨੂੰ ਯਾਰ ਬਣਾਵਾਂ ਤੈਨੂੰ ਕੀ ॥ ਰਫ਼ਤਾਰਾਂ ਹੈ ਪੁੱਟਿਆ ਧਰਤੀ ਮਾਤਾ ਤੋਂ ਜੇ ਮੈਂ ਪੈਦਲ ਟੁਰ ਕੇ ਜਾਵਾਂ ਤੈਨੂੰ ਕੀ ॥ ਤੇਰੇ ਰੌਲ਼ੇ ਰੱਪੇ ਤੋਂ ਮੈਂ ਭੱਜ ਕੇ ਜੇ ਆਪਣਾ ਅੰਦਰ ਚੁਪ ਕਰਾਵਾਂ ਤੈਨੂੰ ਕੀ ॥ ਤੇਰੇ ਮੇਰੇ ਸੋਚ ਕਿਨਾਰੇ ਅਡਰੇ ਨੇ ਜੇ ਮੈਂ ਆੜ੍ਹੀ ਹੋਰ ਬਣਾਵਾਂ ਤੈਨੂੰ ਕੀ ॥ ਕੀ ਰੱਖਿਆ ਉਮਰਾਂ ਦੇ ਝਗੜੇ ਝੇੜੇ ਵਿਚ ਮੁੰਡਿਆਂ ਜਿਉਂ ਮੈਂ ਢੋਲੇ ਗਾਵਾਂ ਤੈਨੂੰ ਕੀ ॥ ਛੋੜ ਦਿਮਾਗੀ ਦੌੜਾਂ 'ਉੱਪਲ' ਇਕ ਦਿਨ ਜੇ ਮੈਂ ਦਿਲ ਦੇ ਆਖੇ ਲਗ ਜਾਵਾਂ ਤੈਨੂੰ ਕੀ ॥

ਜੇਕਰ ਤੈਨੂੰ ਪਿਆਰ

ਜੇਕਰ ਤੈਨੂੰ ਪਿਆਰ ਕਰਾਂਗਾ ॥ ਆਪਣਾ ਆਪ ਬੇਕਾਰ ਕਰਾਂਗਾ ॥ ਜ਼ੁਲਫਾਂ ਦੇ ਪੇਚੇ ਨਹੀਂ ਪੈਣਾ ਦੂਰੋਂ ਹੀ ਦੀਦਾਰ ਕਰਾਂਗਾ ॥ ਮੈਂ ਨਹੀਂ ਬਣਨਾ ਮਜਨੂੰ ਤੇਰਾ ਖ਼ੁਦ ਨੂੰ ਕਿਉਂ ਗ੍ਰਿਫਤਾਰ ਕਰਾਂਗਾ ॥ ਮੈਂ ਰੇਸ਼ਮ ਦਾ ਕੀੜਾ ਤਾਂ ਨਹੀਂ ਕਿਉਂ ਖੁਫਟੀ ਘਰਬਾਰ ਕਰਾਂਗਾ ॥ ਪੌਣਾਂ ਜਿਉਂ ਮੈਂ ਵਗਣਾ ਬਾਗੀਂ ਮਾਰੂਥਲ ਸਰਸ਼ਾਰ ਕਰਾਂਗਾ ॥ ਅੰਦਰਵਾਲ਼ੇਮੇਲੇਜਾਣਾ ਆਪਣੇ ਆਪ ਨੂੰ ਪਿਆਰ ਕਰਾਂਗਾ ॥ ਮਾਨਸਰੋਵਰ ਦਾ ਮੈਂ ਵਾਸੀ ਪੋਖਰ ਨਾ ਸਵੀਕਾਰ ਕਰਾਂਗਾ ॥ ਮੈਂ ਨਹੀਂ ਮੋਤੀ, ਤਾਜੀਂ ਜੜਿਆ ਕਿਰਤੀ ਕਾਰੋਬਾਰ ਕਰਾਂਗਾ ॥ ਫੱਗਣ ਰੁੱਤੇ ਮੈਂ ਵੀ 'ਉੱਪਲ' ਕੁਝ ਨਾ ਕੁਝ ਫਲਦਾਰ ਕਰਾਂਗਾ ॥

ਉਹਦੀਆਂ ਰਮਜ਼ਾਂ

ਉਹਦੀਆਂ ਰਮਜ਼ਾਂ ਮੈਂ ਕੀ ਜਾਣਾਂ, ਓਹੀ ਜਾਣੇ ਜੀ ਬਾਬਾ ॥ ਮੇਰੀ ਝੋਲ਼ੀ ਦੇ ਵਿੱਚ ਕਾਸਾ ਹਿਜਰਾਂ ਵਾਲ਼ਾ ਹੀ ਬਾਬਾ ॥ ਦਰਸ ਦੀਦਾਰ ਲਈ ਮੈਂ ਤਰਸਾਂ ਰਾਤ ਬਨੇਰੇ ਕੱਟਾਂ ਮੈਂ ਰਾਤ ਲਮੇਰੀ, ਦੀਵੇ ਬਾਲਾਂ, ਉਸ ਬਿਨ ਜੀਣਾ ਕੀ ਬਾਬਾ ॥ ਚੰਨ ਮਾਹੀ ਜਦ ਮੁੜ ਘਰ ਆਵੇ, ਹੱਸਾਂ, ਨੱਚਾਂ, ਗਾਵਾਂ ਮੈਂ ਵੇਖੀ ਜਾਵਾਂ ਮੁਖੜਾ ਉਸਦਾ, ਮੈਂ ਬੁੱਲ੍ਹਾਂ ਨੂੰ ਸੀ ਬਾਬਾ ॥ ਇਸ਼ਕ ਹੁਲਾਰੇ, ਮਾਹੀ ਰਮਜ਼ਾਂ, ਦੋਵੇਂ ਇੱਕ ਮਿੱਕ ਹੋਏ ਨੇ ਮਾਹੀ ਜਪਦੀ ਮਾਹੀ ਰਟਦੀ, ਮੈਂ ਮਾਹੀ ਹੋਈ ਬਾਬਾ ॥ ਫੁੱਲ ਪੱਤੀਆਂ ਜਿਉਂ ਬੁੱਲ੍ਹ ਗੁਲਾਬੀ ਤੇ ਮਿੱਠੀ ਮੁਸਕਾਨ ਜਿਹੀ ਵੇਖ ਕੇ 'ਉੱਪਲ' ਇਉਂ ਜਾਪੇ ਜਿਉਂ ਜਿੰਦੜੀ ਲਈ ਹੈ ਜੀ ਬਾਬਾ ॥

ਘਰ 'ਚ ਹੈ ਇਹ ਆਦਮੀ

ਘਰ 'ਚ ਹੈ ਇਹ ਆਦਮੀ ਮਜ਼ਦੂਰ ਵਰਗਾ ॥ ਮਾਲਕਿਨ ਨੌਕਰ ਜਿਹੇ ਦਸਤੂਰ ਵਰਗਾ ॥ ਸ਼ੇਰ ਬਣ ਬੇਸ਼ਕ ਦਹਾੜੇ ਵਿੱਚ ਮੁਹੱਲੇ ਘਰ 'ਚ ਇੱਕ ਲਾਚਾਰ ਤੇ ਮਜਬੂਰ ਵਰਗਾ॥ ਘਰ 'ਚ ਘਿੱਗੀ ਓਸ ਦੀ ਹੈ ਬੈਠ ਜਾਂਦੀ ਜੋ ਬਜ਼ਾਰਾਂ ਵਿੱਚ ਫਿਰੇ ਮਗ਼ਰੂਰ ਵਰਗਾ ॥ ਆਪਣੇ ਘਰ ਵਿਚ ਲੂਅ ਪਿੰਡਾ ਸਾੜਦੀ ਹੈ ਨਾਲ ਯਾਰਾਂ ਦੇ ਝਨਾ ਅਖਨੂਰ ਵਰਗਾ । ਘਰ ਫਿਰੇ ਢਹਿੰਦੀ ਕਲਾ ਵਿੱਚ ਆਦਮੀ ਜੋ ਮਹਿਫਲਾਂ ਵਿੱਚ ਮਹਿਕਦਾ ਪੁਰਨੂਰ ਵਰਗਾ ॥ ਮੌਜ ਮਸਤੀ ਘਰ ਤੋਂ ਬਾਹਰ ਭਾਲਦਾ ਹੈ ਘਰ 'ਚ ਜੋ 'ਉੱਪਲ' ਜਿਹੇ ਰੰਜੂਰ ਵਰਗਾ ॥

ਚੁੱਪ ਕਰ ਜਾ ਓਸ ਨੂੰ ਵੀ

ਚੁੱਪ ਕਰ ਜਾ ਓਸ ਨੂੰ ਵੀ ਆਪਣੀ ਕੁਝ ਕਹਿਣ ਦੇ ॥ ਸਿਲਸਿਲਾ ਗਲਬਾਤ ਦਾ ਨਾ ਰੋਕ ਚਲਦਾ ਰਹਿਣ ਦੇ ॥ ਚੀਰ ਕੇ ਪਰਬਤ ਉਤਰ ਆਈ ਨਦੀ ਮੈਦਾਨ ਵਿੱਚ ਅੜਚਨਾ ਨਾ ਡਾਹ ਨਦੀ ਨੂੰ ਚਾਲ ਆਪਣੀ ਵਹਿਣ ਦੇ ॥ ਜੋਗੀਆਂ ਦੇ ਵਾਂਗਰਾਂ ਨੇ ਇਹ ਪਹਾੜੋਂ ਆ ਗਏ ਝਰਨਿਆਂ ਨੂੰ ਖੁ਼ੰਦਰਾਂ ਦੇ ਨਾਲ ਥੋੜਾ ਖਹਿਣ ਦੇ ॥ ਜ਼ਿੰਦਗੀ ਦੀ ਖੇਡ ਹਿੰਮਤ ਨਾਲ ਜਿੱਤੀ ਜਾਂਵਦੀ ਨਾ ਉਠਾ ਲੱਗਣ ਦੇ ਚੋਟਾਂ ਹੋਰ ਦੁੱਖੜੇ ਸਹਿਣ ਦੇ ॥ ਸਿਰ ਤੇ ਰੱਖ ਕੇ ਪੰਡ ਹਉਮੈ ਸੰਤ ਬਣਿਆ ਆਦਮੀ ਮੰਨ ਲਵਾਂਗੇ ਖ਼ਾਕ ਤੱਕ ਇਸ ਦੀ ਖ਼ੁਦੀ ਨੂੰ ਢਹਿਣ ਦੇ ॥ ਹਿੱਲੀਆਂ ਨੇ ਬੁੱਲੀਆਂ ਕੁਝ ਕਹਿ ਰਿਹਾ ਹੈ ਇਹ ਜ਼ਰੂਰ ਤੋਤਲੀ ਬੋਲੀ 'ਚ ਬੱਚਾ ਜੋ ਕਹੇ ਉਹ ਕਹਿਣ ਦੇ ॥ ਤਪਸ਼ ਹੈ 'ਉੱਪਲ' ਹਵਾ ਵਿੱਚ, ਲੂਅ ਹੈ ਪਿੰਡਾ ਸਾੜਦੀ ਪਰ ਵਗੇ ਦਿਲਬਰ ਦੇ ਦੇਸੋਂ, ਜਿਸਮ ਛੂੰਹਦੀ ਰਹਿਣ ਦੇ ॥

ਸੁੱਖਾਂ ਬਹੁਤੀ ਖੇਹ

ਸੁੱਖਾਂ ਬਹੁਤੀ ਖੇਹ ਖਿਲਾਰੀ ॥ ਦੁੱਖਾਂ ਡੁੱਬਦੀ ਬੇੜੀ ਤਾਰੀ ॥ ਦੁੱਖ ਹੀ ਦਾਰੂ ਬਣ ਜਾਂਦੇ ਨੇ ਸੁੱਖ ਬਣਦੇ ਜਦ ਰੋਗ ਬਿਮਾਰੀ ॥ ਅੱਧੀ ਖਾ ਕੇ ਵੀ ਕਈ ਖੁਸ਼ ਨੇ ਕਈ ਨਹੀਂ ਰੱਜਦੇ ਖਾ ਕੇ ਸਾਰੀ ॥ ਉਲਟ ਹਵਾਵਾਂ ਜੋ ਉਡਦੇ ਨੇ ਓਹੀ ਮਾਨਣ ਪਏ ਸਰਦਾਰੀ ॥ ਜੇ ਰਹਿਣਾ ਹੈ ਹਲਕੇ ਫੁਲਕੇ ਲਾਹ ਦੇ ਪੰਡ ਬੜੀ ਹੈ ਭਾਰੀ ॥ ਚੱਲ ਆ ਸਿੱਖ ਸਮੇਟਣ ਜੁਗਤਾਂ ਤੂੰ ਹੈ ਜੀਵਨ ਜਾਚ ਵਿਸਾਰੀ ॥ ਸਾਗਰ ਵਿੱਚ ਰਲ਼ ਜਾਣ ਤੋਂ ਪਹਿਲਾਂ ਕਦ ਹੁੰਦੀ ਹੈ ਸਰਿਤਾ ਖਾਰੀ ॥ ਉਹੀਓ ਸਾਦ ਮੁਰਾਦੀ ਸੋਹਣੀ ਹਾਰ ਸ਼ਿੰਗਾਰ ਬਿਨਾ ਜੋ ਪਿਆਰੀ ॥ ਜਿਸਨੇ ਪੁੱਛਣਾ ਸੀ ਬਾਪੂ ਨੂੰ ਓਸੇ ਲਾਈ ਕੂੰਜ ਉਡਾਰੀ ॥ ਸੁੱਖ ਦੁੱਖ ਜਦ ਤੋਂ ਸਮ ਕਰ ਜਾਣੇ ਜਿੰਦੜੀ ਲੱਗੀ ਪਿਆਰੀ ਪਿਆਰੀ॥ ਕੁੱਝ ਗਵਾ ਕੇ ਹੀ ਤਾਂ 'ਉੱਪਲ' ਜਿੱਤੀ ਦੀ ਹੈ ਬਾਜ਼ੀ ਹਾਰੀ ॥

ਬਾਲ ਨਿਆਣੇ ਭੁੱਖੇ

ਬਾਲ ਨਿਆਣੇ ਭੁੱਖੇ ਸੋਵਣ ਮੈਨੂੰ ਕੀ ॥ ਆਪਣੇ ਦੁਖੜੇ ਆਪੇ ਢੋਵਣ ਮੈਨੂੰ ਕੀ ॥ ਮੇਰੇ ਤਾਂ ਕੁੱਤੇ ਵੀ ਬਿਸਕੁਟ ਖਾਂਦੇ ਨੇ ਤੇਰੇ ਬੱਚੇ ਦੁੱਧੋਂ ਰੋਵਣ ਮੈਨੂੰ ਕੀ ॥ ਮੇਰੀ ਮੋਟਰ ਕਾਰ ਤਾਂ ਭੱਜਦੀ ਸ਼ੂੰ ਕਰਕੇ ਤੇਰੇ ਪੈਰੀਂ ਛਾਲੇ ਹੋਵਣ ਮੈਨੂੰ ਕੀ ॥ ਮੇਰਾ ਘਰ ਬਾਹਰ ਤਾਂ ਸੁਹਣਾ ਸੁਥਰਾ ਹੈ ਤੇਰੇ ਲੋਕੀਂ ਕਚਰਾ ਢੋਵਣ ਮੈਨੂੰ ਕੀ ॥ ਦੁੱਧ ਦਹੀਂ ਘਿਉ ਦੇਸੀ ਰੱਜ ਰੱਜ ਖਾਨਾਂ ਮੈਂ ਕਿਰਤੀ ਲੋਕੀਂ ਡੰਗਰ ਚੋਵਣ ਮੈਨੂੰ ਕੀ ॥ ਆਟਾ ਦਾਲਾਂ ਵਸਤਾਂ ਆਪ ਉਗਾਉਂਦੇ ਜੋ ਰਾਤੀਂ ਭੁੱਖੇ ਭਾਣੇ ਸੋਵਣ ਮੈਨੂੰ ਕੀ ॥ ਕਈਆਂ ਮੂੰਹ ਵਿੱਚ ਚਾਂਦੀ ਚਮਚੇ ਬਚਪਨ ਤੋਂ ਬੈਲ ਤਰ੍ਹਾਂ ਕਈ ਆਪਾ ਜੋਵਣ ਮੈਨੂੰ ਕੀ ॥ ਮਾੜੇ ਕੰਮੀ ਜਤਕਤ ਮੰਦਾ ਜਾਣਦਿਆਂ ਲੋਕੀਂ ਥਾਂ ਥਾਂ ਕੰਡੇ ਬੋਵਣ ਮੈਨੂੰ ਕੀ ॥ ਪਾਪ ਦਾ ਪੱਲੂ ਮੈਲ ਪਲੀਤਾ ਨਈਂ ਧੁੱਲਣਾ ਜਿੱਥੇ ਮਰਜੀ ਜਾ ਕੇ ਧੋਵਣ ਮੈਨੂੰ ਕੀ ॥ ਹੱਡ ਹਰਾਮੀ ਖ਼ੂਨ ਪਸੀਨਾ ਪੀਂਦੇ ਜੋ ਸਾਰੀ ਸਾਰੀ ਰਾਤ ਨਾ ਸੋਵਣ ਮੈਨੂੰ ਕੀ ॥ ਸਾਰੀ ਉਮਰੇ 'ਉੱਪਲ' ਕਹਿ ਕਹਿ 'ਮੈਨੂੰ ਕੀ' ਸਿਰ ਪਈ ਜਦ ਤਾਂ ਲੱਗੇ ਰੋਵਣ ਮੈਨੂੰ ਕੀ ॥

ਖ਼ਬਰੇ ਕੀ ਕੀ ਕਹਿ

ਖ਼ਬਰੇ ਕੀ ਕੀ ਕਹਿ ਜਾਂਦਾ ਹੈ ਫਿਰ ਵੀ ਦਿਲ ਵਿੱਚ ਰਹਿ ਜਾਂਦਾ ਹੈ ॥ ਮੈਂਵੀ ਕਿਹੜਾ ਘੱਟ ਗੁਜ਼ਾਰਾਂ ਉਹ ਵੀ ਸੱਭ ਕੁਝ ਸਹਿ ਜਾਂਦਾ ਹੈ ॥ ਰੁੱਸਿਆ ਡੁੱਸਿਆ ਭਾਵੇਂ ਹੋਵੇ ਮਾੜਾ ਜਿੰਨਾ ਖਹਿ ਜਾਂਦਾ ਹੈ ॥ ਉਸਦਾ ਗੁੱਸਾ ਕਾਹਦਾ ਗੁੱਸਾ ਪਲ ਦੋ ਪਲ ਵਿੱਚ ਲਹਿ ਜਾਂਦਾ ਹੈ ॥ ਦਿਲਬਰ ਮੇਰਾ ਸਾਵਣ ਵਰਗਾ ਰੂਹ ਮੇਰੀ ਤੱਕ ਲਹਿ ਜਾਂਦਾ ਹੈ ॥ ਮਾਂ ਦਾ ਚੰਨ ਬਾਪੂ ਦਾ ਤਾਰਾ ਮੇਰੇ ਕੋਲ ਵੀ ਬਹਿ ਜਾਂਦਾ ਹੈ ॥ ਖੁੱਦਾਰ ਬੜਾ ਪਰ ਡੁੱਲ ਪਏ ਤਾਂ ਝਰਨੇ ਵਾਂਗੂੰ ਵਹਿ ਜਾਂਦਾ ਹੈ ॥ 'ਉੱਪਲ' ਮਾਹੀ ਜਾਣ ਕਿ ਬਾਜ਼ੀ ਜਿੱਤਦਾ ਜਿੱਤਦਾ ਢਹਿ ਜਾਂਦਾ ਹੈ ॥

ਓਸ ਨੇ ਜਦ ਕੀਤੀਆਂ

ਓਸ ਨੇ ਜਦ ਕੀਤੀਆਂ ਬਦਕਾਰੀਆਂ ॥ ਜਿੱਤੀਆਂ ਜੰਗਾਂ ਸੀ ਉਸ ਨੇ ਹਾਰੀਆਂ ॥ ਸਿਰ ਉਠਾ ਕੇ ਚੱਲਣਾ ਭਾਰੀ ਪਿਆ ਕੀਮਤਾਂ ਉਸਨੇ ਬੇਸ਼ਕ ਸਨ ਤਾਰੀਆਂ ॥ ਆਪਣੇ ਹੀ ਜਾਲ ਵਿਚ ਜਦ ਫਸ ਗਿਆ ਤਦ ਪਤਾ ਚੱਲਿਆ ਕੀ ਨੇ ਲਾਚਾਰੀਆਂ ॥ ਸਚ ਤੇ ਪਹਿਰਾ, ਉਸ ਭਲਾ ਕੀ ਦੇਵਣਾ ਜਿਸ ਬਸ਼ਰ ਬਸ ਕੀਤੀਆਂ ਮੱਕਾਰੀਆਂ ॥ ਘਰ ਜ੍ਹਿਦੇ ਨਾਰੀ ਲਈ ਸਤਿਕਾਰ ਨਹੀਂ ਉਹ ਕੀ ਜਾਣੇ ਕੀ ਨੇ ਧੀਆਂ ਪਿਆਰੀਆਂ ॥ ਲਿਖਣ ਤੋਂ ਪਹਿਲਾਂ ਗ਼ਜ਼ਲ ਕਹਿਣੀ ਜ਼ਰੂਰ ਦੇਰ ਪਿੱਛੋਂ ਆਉਂਦੀਆਂ ਫਨਕਾਰੀਆਂ ॥ ਜ਼ਿੰਦਗੀ ਭਰ ਤਰਸਣਾ ਦੀਦਾਰ ਲਈ ਦਿਲਬਰਾ ਕਿਉਂ ਪਿਆਰ ਵਿਚ ਦੁਸ਼ਵਾਰੀਆਂ ॥ ਰੂਹ ਨੂੰ ਹੈ ਜੁੰਬਿਸ਼ ਜਿਨ੍ਹਾਂ ਦੀ ਠਾਰਦੀ ਹਸਤੀਆਂ 'ਉੱਪਲ' ਉਹੀ ਨੇ ਪਿਆਰੀਆਂ ॥

ਝੱਖੜਾਂ ਅੱਗੇ ਹਰਦਮ

ਮੈਂ ਝੱਖੜਾਂ ਅੱਗੇ ਹਰਦਮ ਅੜ੍ਹਿਆ ਰਹਿਣਾ ਹੈ॥ ਮੈਂ ਮਜ਼ਲੂਮਾਂ ਦੀ ਢਾਲ ਹਾਂ ਖੜ੍ਹਿਆ ਰਹਿਣਾ ਹੈ॥ ਮੈਂ ਭਾਫ਼ ਤਰ੍ਹਾਂ ਉਡ ਜਾਵਾਂ ਪਾਣੀ ਵਰਗਾ ਨਹੀਂ ਮੈਂ ਸਹਿਜੇ ਪੱਕਣਾ ਚੁੱਲ੍ਹੇ ਚੜ੍ਹਿਆ ਰਹਿਣਾ ਹੈ॥ ਹੈ ਮਿੱਟੀ ਦੇ ਵਿੱਚ ਵਾਸਾ ਕਿਰਤੀ ਬੰਦੇ ਦਾ ਮੈਂ ਹੀਰਾ ਨਹੀਂ ਜਿਸ ਤਾਜੀਂ ਜੜਿਆ ਰਹਿਣਾ ਹੈ॥ ਮੈਂ ਲੋਹਾ ਲੈਣਾ ਵਿੱਚ ਮੈਦਾਨੇ ਜ਼ਾਲਮ ਨਾਲ ਮੈਂ ਮੋਤੀ ਨਹੀਂ ਜੇ ਸਿੱਪੀਂ ਵੜਿਆ ਰਹਿਣਾ ਹੈ॥ ਹੈ ਕਾਣੀ ਵੰਡ ਦਾ ਘੋਰ ਹਨੇਰਾ ਹਰ ਪਾਸੇ ਮੈਂ ਜੁਗਨੂੰ ਵਾਂਗਰ ਜਗਣਾ ਤੜ੍ਹਿਆ ਰਹਿਣਾ ਹੈ॥ ਖਾ ਗਈ ਹੈ ਨੇਤਾ ਭਗਤੀ ਲੋਕਾਤੰਤਰ ਨੂੰ ਪੰਖੇਰੂ ਪਿੰਜਰੇ ਵਿੱਚ ਜਕੜਿਆ ਰਹਿਣਾ ਹੈ॥ ਖ਼ੁਦ ਆਪਣੀ ਮੌਤ ਸਹੇੜੇ ਕੀੜਾ ਰੇਸ਼ਮ ਦਾ ਬਾਜਾਂ ਤਾਂ ਖੁੱਲ੍ਹੇ ਅੰਬਰੀਂ ਚੜ੍ਹਿਆ ਰਹਿਣਾ ਹੈ॥ ਭੁੱਖਮਰੀ, ਆਵਿੱਦਿਆ ਫੈਲੀ ਹੈ ਹਰ ਪਾਸੇ ਤੂੰ ਬਗਲੇ! ਕਦ ਤਕ ਛਪੜੀਂ ਵੜਿਆ ਰਹਿਣਾ ਹੈ॥ ਹੱਥ ਫੜ ਇਨਸਾਫ ਦੀ ਤਕੜੀ ਡੰਡੀ ਮਾਰੇਂ ਤੂੰ ਰਿਣ ਗੁਰਬਤ ਦਾ ਤੇਰੇ ਸਿਰ ਮੜ੍ਹਿਆ ਰਹਿਣਾ ਹੈ॥ ਮਰਨੇ ਤੋਂ ਪਹਿਲਾਂ ਹੋਰਾਂ ਲਈ ਜੇ ਜੀ ਜਾਵੇਂ ਤਾਂ ਨਾਮ ਤੇਰਾ ਪੱਥਰਾਂ ਤੇ ਘੜਿਆ ਰਹਿਣਾ ਹੈ॥ ਅੱਖ ਨਮ ਹੈ ਅੱਜ ‘ਉੱਪਲ’ ਦੀ ਹਾਲਤ ਵੇਖ ਤੇਰੀ ਤੂੰ ਪੜ੍ਹ ਲਿਖ ਕੇ ਕਦ ਤਕ ਅਣਪੜ੍ਹਿਆ ਰਹਿਣਾ ਹੈ ॥

ਗੁੰਗੇ ਗ਼ਜ਼ਲਾਂ ਗਾਉਂਦੇ

ਗੁੰਗੇ ਗ਼ਜ਼ਲਾਂ ਗਾਉਂਦੇ ਵੇਖੇ ॥ ਪਿੰਗਲੇ ਭੰਗੜਾ ਪਾਉਂਦੇ ਵੇਖੇ ॥ ਕਈ ਕਰ ਦਿੰਦੇ ਖ਼ਾਕੋ ਕੰਚਨ ਕਈ ਸੋਨਾ ਭਸਮਾਉਂਦੇ ਵੇਖੇ ॥ ਪੇਟੋਂ ਭੁੱਖੇ ਬਾਹਰ ਤਰਸਣ ਰੱਜੇ ਲੰਗਰ ਪਾਉਂਦੇ ਵੇਖੇ ॥ ਕਈਆਂ ਹਿੱਸੇ ਹੁਸਨ ਜਵਾਨੀ ਕਈ ਬਸ ਡੰਗ ਟਪਾਉਂਦੇ ਵੇਖੇ ॥ ਰੰਗ ਤਮਾਸ਼ੇ ਵਿਚ ਲੋਕਾਂ ਨੂੰ ਲੋਕੀਂ ਹੀ ਭਰਮਾਉਂਦੇ ਵੇਖੇ ॥ ਜਿਸ ਕਿਰਤੀ ਤੋਂ ਘਰ ਬਣਵਾਇਆ ਓਸੇ ਦਾ ਘਰ ਢਾਉਂਦੇ ਵੇਖੇ ॥ ਵੇਖੇ ਪੰਛੀ ਵਿਚ ਉਡਾਰਾਂ ਪਰ ਕਈ, ਪਰ ਕਤਰਾਉਂਦੇ ਵੇਖੇ ॥ ਛਿੱਕੇ ਟੰਗ ਜਜ਼ਬਾਤ ਜ਼ਮੀਰਾਂ ਲੋਕੀਂ ਦਲ ਬਦਲਾਉਂਦੇ ਵੇਖੇ ॥ ਕਵਿਤਾ ਉਤਰੇ ਮਾਰ ਉਡਾਰਾਂ ਕਵਿਤਾ ਲੋਕ ਬਣਾਉਂਦੇ ਵੇਖੇ ॥ 'ਉੱਪਲ' ਛੱਡ ਹਿਸਾਬ ਕਿਤਾਬਾਂ ਸੂਫ਼ੀ ਮੌਜ ਮਨਾਉਂਦੇ ਵੇਖੇ ॥

ਕਈ ਵੇਰਾਂ ਉਸ ਰਾਹ ਤੇ

ਕਈ ਵੇਰਾਂ, ਉਹ ਰਾਹ ਅਪਨਾਉਣਾਪੈਂਦਾ ਹੈ ॥ ਦਿਲ ਰੋਂਦੈ! ਪਰ ਮੁਸਕਰਾਉਣਾ ਪੈਂਦਾ ਹੈ ॥ ਫੁੱਲ ਸੱਧਰਾਂ ਦੇ ਭਾਵੇਂ, ਸੱਭ ਮੁਰਝਾ ਜਾਵਣ ਗੀਤ ਹਯਾਤੀ, ਗੁਨਗੁਨਾਉਣਾ ਪੈਂਦਾ ਹੈ ॥ ਪੈਰੀਂ ਚੁੱਭਣ ਭੱਖੜੇ, ਮਨ ਮੁਸਕਾਨ ਜਿਹੀ ਇਸ਼ਕੇ ਦੀ, ਮੰਜ਼ਿਲ ਨੂੰ ਪਾਉਣਾ ਪੈਂਦਾ ਹੈ ॥ ਕੰਕਰ ਨੂੰ, ਹੀਰੇ ਦਾ ਰੁਤਬਾ, ਪਾਉਣ ਲਈ ਕਿਣਕਾ ਕਿਣਕਾ ਜਿਸਮ ਕਟਾਉਣਾ ਪੈਂਦਾ ਹੈ ॥ ਸੱਚ ਤੇ ਪਹਿਰਾ, ਦੇਣ ਲਈ, ਇਸ ਜੁਗ ਵਿੱਚ ਵੀ ਆਪਣਿਆਂ ਤੇ, ਤੀਰ ਚਲਾਉਣਾ ਪੈਂਦਾ ਹੈ ॥ ਕਲੀਆਂ ਦੇ, ਵਿਉਪਾਰੀ ਬੰਦੇ, ਨੂੰ ਇੱਕ ਦਿਨ ਥੋਹਰਾਂ ਨਾਲ, ਯਰਾਨਾ ਲਾਉਣਾ ਪੈਂਦਾ ਹੈ ॥ ਬੇਸ਼ਕ, ਮਿੱਤਰ ਪਿਆਰੇ, ਬਣਦੇ ਬੇਗਾਨੇ ਮਾਂ ਜਾਇਆਂ ਦਾ, ਸਾਥ ਨਿਭਾਉਣਾ, ਪੈਂਦਾ ਹੈ ॥ ਲੱਖਾਂ ਵਿੱਚੋਂ, ਮਿੱਤਰ ਪਿਆਰਾ, ਭਾਲਣ ਲਈ ਖ਼ਾਰਾਂ ਨੂੰ ਵੀ, ਯਾਰ ਬਨਾਉਣਾ ਪੈਂਦਾ ਹੈ ॥ ਖੁਸ਼ੀਆਂ ਛਿੱਕੇ ਟੰਗ ਕੇ, ਆਪਾ ਵਾਰਦਿਆਂ ਰੁੱਸਿਆਂ ਨੂੰ, ਹਰ ਹਾਲ ਮਨਾਉਣਾ ਪੈਂਦਾ ਹੈ॥ ਹਾਰ ਸ਼ਿੰਗਾਰ ਬਣਨ ਲਈ, ਮੋਤੀ ਨੂੰ 'ਉੱਪਲ', ਸੀਨੇ ਵਿੱਚ ਦੀ ਛੇਕ ਪਵਾਉਣਾ ਪੈਂਦਾ ਹੈ ॥

ਇੰਜ ਅਚਾਨਕ ਓਸ ਦਾ

ਇੰਝ ਅਚਾਨਕ ਓਸ ਦਾ, ਸਜਰੀ ਸਵੇਰੇ ਆਵਣਾ ॥ ਰੁੱਤ ਬਹਾਰਾਂ ਦਾ ਮੇਰੇ ਘਰ ਫੇਰ ਗੇੜਾ ਲਾਵਣਾ ॥ ਬਾਝ ਤੇਰੇ ਜ਼ਿੰਦਗੀ ਵੀਰਾਨ ਸੀ ਅੱਜ ਤਕ ਮੇਰੀ ਪਰ ਤੇਰੀ ਆਮਦ ਤੇ ਗੁਲਸ਼ਨ ਫੇਰ ਤੋਂ ਮਹਿਕਾਵਣਾ ॥ ਸੋਚ ਮੇਰੀ ਵਾਂਗ ਉਹ ਬੇਬਾਕ ਤੇ ਆਜ਼ਾਦ ਸੀ ਜਾਪਿਆ ਮੈਨੂੰ ਮੇਰਾ ਉਹ ਆਪਣਾ ਪਰਛਾਵਣਾ ॥ ਦੌੜ ਕੇ ਮੈਂ ਲੈਣ ਜਿਸ ਨੂੰ ਪਹੁੰਚਿਆ ਦਰ ਤੀਕ ਸਾਂ ਉਹ ਮਗਰ ਸੀ ਮ੍ਰਿਗਤ੍ਰਿਸ਼ਨਾ ਦਾ ਸਿਰਫ਼ ਭਰਮਾਵਣਾ ॥ ਫੁੱਲ ਰਹਿੰਦੇ ਗਮਲਿਆਂ ਵਿੱਚ ਤੇ ਪਰਿੰਦੇ ਪਿੰਜਰਿਆਂ ਏਸ ਰੱਬੀ ਖੇਡ ਨੂੰ ਮੁਸ਼ਕਿਲ ਬੜਾ ਸਮਝਾਵਣਾ ॥ ਮਹਿਕਦੇ ਨੇ ਰੰਗ ਸਾਰੇ, ਰੰਗ ਰਤੜੇ ਹਾਂ ਅਸੀਂ ਰੰਗ, ਭਗਵਾ, ਜਾਂ ਹਰਾ 'ਕੱਲਾ ਜ਼ਰਾ ਨਹੀਂ ਭਾਵਣਾ ॥ ਬਲਦਿਆਂ ਰੁੱਖਾਂ ਨੂੰ ਤੱਕ ਮਾਂ ਧਰਤ ਇੱਕ ਦਿਨ ਰੋ ਪਈ ਕੰਕਰਾਂ ਦੇ ਸ਼ਹਿਰ ਵਿੱਚ ਇਨਸਾਨੀਅਤ ਸੜ ਜਾਵਣਾ ॥ ਉਮਰ ਸਾਰੀ ਮੈਂ ਕਦੇ ਵੀ ਰੁੱਸਿਆ ਨਹੀਂ ਓਸ ਨਾਲ ਦੋਸਤੀ ਸੀ, ਭੁੱਲ ਉਸ ਦੀ, ਭੁਲਭੁਲਾਉਂਦੇ ਜਾਵਣਾ ॥ ਕਾਲਖਾਂ ਨਾ ਫੇਰ 'ਉੱਪਲ' ਜੀਣ ਦੇ ਇਤਿਹਾਸ ਨੂੰ ਛਟਪਟਾ ਜਾਣੇ ਨੇ ਬੱਦਲ ਚਾਨਣਾ ਹੋ ਜਾਵਣਾ ॥

ਲਾਲਸਾ ਵਿੱਚ ਮਤਲਬੀ

ਲਾਲਸਾ ਵਿੱਚ ਮਤਲਬੀ ਸੰਸਾਰ ਹੁੰਦਾ ਵੇਖਿਆ ਮੈਂ ॥ ਲਾਲਚੀ ਇਨਸਾਨ ਹੀ ਲਾਚਾਰ ਹੁੰਦਾ ਵੇਖਿਆ ਮੈਂ ॥ ਲੋਭ ਦੀ ਕੁੱਜੇ 'ਚ ਫੱਸਿਆ ਚੰਦ ਦਾਣੇ ਲੈਣ ਖ਼ਾਤਿਰ ਬਾਂਦਰਾਂ ਜਿਉਂ ਆਦਮੀ ਗ੍ਰਿਫ਼ਤਾਰ ਹੁੰਦਾ ਵੇਖਿਆ ਮੈਂ ॥ ਰੁੱਖ ਬੂਟੇ ਜੀਵ ਜੰਤੂ ਜੀਂਵਦੇ ਸਭ ਮਿਲ ਮਿਲਾਕੇ ਹਰ ਬਸ਼ਰ ਪਰ ਲੜਨ ਲਈ ਤਿਆਰ ਹੁੰਦਾ ਵੇਖਿਆ ਮੈਂ ॥ ਲਾਡਲੇ ਮਾਂ ਬਾਪ ਦੇ, ਮਿਲ ਬੈਠ ਖਾਂਦੇ ਭੈਣ ਭਾਈ ਮਾਲ ਖ਼ਾਤਿਰ ਅਜਨਬੀ ਪਰਵਾਰ ਹੁੰਦਾ ਵੇਖਿਆ ਮੈਂ ॥ ਰਾਜ ਦੀ ਹੈ ਲਾਲਸਾ, ਹੈ ਲਾਲਸਾ ਰੱਜ ਜੀ ਲਈਏ ਵਿੱਚ ਤਮਾ ਦੇ ਆਦਮੀ ਖੁੰਖਾਰ ਹੁੰਦਾ ਵੇਖਿਆ ਮੈਂ ॥ ਵੇਖ ਲੱਖਾਂ ਲੋਕ ਭੁੱਖੇ, ਭਰ ਲਿਆ ਘਰ ਆਪਣਾ ਹੈ ਖ਼ੂਨ ਪੀ ਕੇ ਆਦਮੀ, ਗੁਲਜ਼ਾਰ ਹੁੰਦਾ ਵੇਖਿਆ ਮੈਂ ॥ ਰੁੱਖ ਬੂਟੇ ਦੇਣ ਫਲ ਫੁੱਲ ਤੇ ਹਵਾਵਾਂ ਰੋਜ਼ 'ਉੱਪਲ' ਹਰ ਮਨੁੱਖ ਕੁਝ ਲੈਣ ਲਈ ਲਾਚਾਰ ਹੁੰਦਾ ਵੇਖਿਆ ਮੈਂ ॥

ਆਪੇ ਪੂਰਾ ਝੂਠ ਪਲੰਦਾ

ਲਾਲਸਾ ਵਿੱਚ ਮਤਲਬੀ ਸੰਸਾਰ ਹੁੰਦਾ ਵੇਖਿਆ ਮੈਂ ॥ ਲਾਲਚੀ ਇਨਸਾਨ ਹੀ ਲਾਚਾਰ ਹੁੰਦਾ ਵੇਖਿਆ ਮੈਂ ॥ ਲੋਭ ਦੀ ਕੁੱਜੇ 'ਚ ਫੱਸਿਆ ਚੰਦ ਦਾਣੇ ਲੈਣ ਖ਼ਾਤਿਰ ਬਾਂਦਰਾਂ ਜਿਉਂ ਆਦਮੀ ਗ੍ਰਿਫ਼ਤਾਰ ਹੁੰਦਾ ਵੇਖਿਆ ਮੈਂ ॥ ਰੁੱਖ ਬੂਟੇ ਜੀਵ ਜੰਤੂ ਜੀਂਵਦੇ ਸਭ ਮਿਲ ਮਿਲਾਕੇ ਹਰ ਬਸ਼ਰ ਪਰ ਲੜਨ ਲਈ ਤਿਆਰ ਹੁੰਦਾ ਵੇਖਿਆ ਮੈਂ ॥ ਲਾਡਲੇ ਮਾਂ ਬਾਪ ਦੇ, ਮਿਲ ਬੈਠ ਖਾਂਦੇ ਭੈਣ ਭਾਈ ਮਾਲ ਖ਼ਾਤਿਰ ਅਜਨਬੀ ਪਰਵਾਰ ਹੁੰਦਾ ਵੇਖਿਆ ਮੈਂ ॥ ਰਾਜ ਦੀ ਹੈ ਲਾਲਸਾ, ਹੈ ਲਾਲਸਾ ਰੱਜ ਜੀ ਲਈਏ ਵਿੱਚ ਤਮਾ ਦੇ ਆਦਮੀ ਖੁੰਖਾਰ ਹੁੰਦਾ ਵੇਖਿਆ ਮੈਂ ॥ ਵੇਖ ਲੱਖਾਂ ਲੋਕ ਭੁੱਖੇ, ਭਰ ਲਿਆ ਘਰ ਆਪਣਾ ਹੈ ਖ਼ੂਨ ਪੀ ਕੇ ਆਦਮੀ, ਗੁਲਜ਼ਾਰ ਹੁੰਦਾ ਵੇਖਿਆ ਮੈਂ ॥ ਰੁੱਖ ਬੂਟੇ ਦੇਣ ਫਲ ਫੁੱਲ ਤੇ ਹਵਾਵਾਂ ਰੋਜ਼ 'ਉੱਪਲ' ਹਰ ਮਨੁੱਖ ਕੁਝ ਲੈਣ ਲਈ ਲਾਚਾਰ ਹੁੰਦਾ ਵੇਖਿਆ ਮੈਂ ॥

ਰੱਬ ਦੇ ਕਾਹਦੇ ਰੰਗ

ਰੱਬ ਦੇ ਕਾਹਦੇ ਰੰਗ ਨੀ ਅੜੀਏ॥ ਹਰ ਕੋਈ ਦਿੱਸੇ ਤੰਗ ਨੀ ਅੜੀਏ॥ ਉਹ ਕਹਿੰਦੈ, ਬਈ, ਬਸ ਕਰ ਬਸ ਕਰ ਉਸ ਛੇੜੀ ਹੈ ਜੰਗ ਨੀ ਅੜੀਏ॥ ਕਹਿੰਦੈ ਪੁੱਤਰਾ ਮਾਣ ਜਵਾਨੀ ਨਾਲ਼ੇ ਕਟਦੈ ਫੰਗ ਨੀ ਅੜੀਏ ॥ ਅੰਬਰਸਰ ਨੂੰ ਉਹ ਆਵਣਗੇ ਮੈਂ ਜਾਵਾਂਗਾ ਝੰਗ ਨੀ ਅੜੀਏ॥ ਕਦੇ ਕਦਾਈਂ ਆ ਜਾਂਦਾ ਸੀ ਅੱਜਕਲ੍ਹ ਬਦਲੇ ਢੰਗ ਨੀ ਅੜੀਏ ॥ ਹੱਥ ਵਧਾਵਾਂ ਜਦ ਵੀ ਉਸ ਵਲ ਅੱਗੋਂ ਮਾਰੇ ਡੰਗ ਨੀ ਅੜੀਏ ॥ ਸੱਚ ਜਾਣੀ ਕਿਆ ਫੱਬਦੀ ਤੇਰੇ ਵੀਣੀਂ ਨੀਲੀ ਵੰਗ ਨੀ ਅੜੀਏ॥ ਓਹ ! ਮੁੰਡਿਆਂ ਦੀ ਢਾਣੀ ਆਵੇ ਮੋਢੇ ਚੁੰਨੀ ਟੰਗ ਨੀ ਅੜੀਏ॥ ਰੰਗੀ ਜਾਂਦਾ ਰੰਗ ਲਲਾਰੀ 'ਉੱਪਲ' ਸੁਹਣੇ ਰੰਗ ਨੀ ਅੜੀਏ॥

ਹਾਰ ਗਲੇ ਦਾ ਬਣਿਆ

ਹਾਰ ਗਲੇ ਦਾ ਬਣਿਆ ਕਰ ਬਈ ॥ ਸਿੱਪੀ ਵਿੱਚ ਨਾ ਵੜਿਆ ਕਰ ਬਈ ॥ ਕੰਕਰ ਤੋਂ ਜੇ ਮੋਤੀ ਬਣਨੈਂ ਛੇਕ ਕਲੇਜੇ ਜਰਿਆ ਕਰ ਬਈ॥ ਬੀਜਾਂ ਵਾਂਗਰ ਮਿੱਟੀ ਹੋ ਕੇ ਫੁੱਲ ਕਲੀਆਂ ਜਿਉਂ ਖਿੜਿਆ ਕਰ ਬਈ॥ ਰੂਹ ਦੀ ਸ਼ਾਂਤੀ ਚਾਹਨੈ ਜੇਕਰ ਵੇਖ ਲੁਕਾਈ ਖਿੜਿਆ ਕਰ ਬਈ॥ ਦੱਬਿਆ ਬੀ ਹੈ ਪੁੰਗਰ ਪੈਂਦਾ ਖ਼ੁਦ ਨੂੰ ਥੋੜਾ ਢਕਿਆ ਕਰ ਬਈ ॥ ਕੌਣ ਕਿਸੇ ਦੀ ਬਾਂਹ ਹੈ ਫੜਦਾ ਜੰਗ ਆਪਣੀ ਖ਼ੁਦ ਲੜਿਆ ਕਰ ਬਈ ॥ ਮੰਜ਼ਿਲ ਤੈਥੋਂ ਦੂਰ ਨਹੀਂ, ਬਸ ਭੀੜਾਂ ਵਿੱਚ ਨਾ ਵੜਿਆ ਕਰ ਬਈ ॥ ਵੇਖ ਪਸਰਦਾ ਘੁੱਪ ਹਨੇਰਾ ਵਾਂਗ ਟਟਹਿਣੇ ਜਗਿਆ ਕਰ ਬਈ ॥ ਸਾਹਿਤਕਾਰ ਜੇ ਬਣਨੈ 'ਉੱਪਲ' ਕੁਝ ਤਾਂ ਲਿਖਿਆ ਪੜ੍ਹਿਆ ਕਰ ਬਈ ॥

ਉੱਡਣ ਦੀ ਹਿੰਮਤ

ਉੱਡਣ ਦੀ ਹਿੰਮਤ ਵੀ ਰੱਖ, ਧਰਤੀ ਤੇ ਪੈਰ ਜਮਾ ਕੇ ਰੱਖ ॥ ਚੰਨ ਤਾਰੇ ਲੈ ਮੁੱਠੀ ਦੇ ਵਿੱਚ, ਖੰਭਾਂ ਨੂੰ ਫੈਲਾ ਕੇ ਰੱਖ ॥ ਅਨਮੋਲ ਜਿਹਾ ਤੂੰ ਸੁੱਚਾ ਮੋਤੀ, ਆਪਣੇ ਖੋਲ ਚੋਂ ਬਾਹਰ ਆ ਅੰਬਰੀਂ ਮਾਰ ਉਡਾਰਾਂ, ਯਾਰੀ ਕੁਦਰਤ ਨਾਲ ਬਣਾ ਕੇ ਰੱਖ ॥ ਆਪਣਾ ਮੂਲ ਪਛਾਣ, ਖਿਲਰ ਜਾ, ਜੋ ਦਿੱਸੇ ਸੋ ਤੂੰ ਹੀ ਹੈਂ ਤੇਰਾ ਮੇਰਾ ਕੁੱਝ ਨਹੀਂ ਹੁੰਦਾ, ਖ਼ੁਦ ਨੂੰ ਇਹ ਸਮਝਾ ਕੇ ਰੱਖ ॥ ਤੇਰੇ ਹੱਥ ਵਿੱਚ ਡੋਰ ਸਮੇਂ ਦੀ, ਉੱਠ ਹਿੰਮਤ ਕਰ, ਤੁਣਕੇ ਲਾ ਪਾ ਲੈ ਪੇਚਾ ਜੋ ਵੀ ਮਿਲਦੈ, ਗੁੱਡੀ ਦੂਰ ਉਡਾ ਕੇ ਰੱਖ ॥ ਬੇਸ਼ਕ ਤੇਰੇ ਖੰਭ ਕੱਟੇ ਨੇ, ਪਿੰਜਰੇ ਵਿੱਚ ਤੂੰ ਕੈਦੀ ਹੈਂ ਚੁੰਝ ਸਲਾਮਤ ਹਾਲੇ ਤੇਰੀ, ਪਿੰਜਰਾ ਕੱਟ ਕਟਾ ਕੇ ਰੱਖ ॥ ਹਿੰਮਤੇ-ਮਰਦਾਂ, ਮਦਦ-ਖ਼ੁਦਾ ਹੈ, ਉੱਡਣ ਦੀ ਹਿੰਮਤ ਤੇ ਕਰ ਸਾ'ਵੇਂ ਹੈ ਕੋਹਕਾਫ਼ ਹਿਮਾਲਾ, ਥੋੜਾ ਜ਼ੋਰ ਲਗਾ ਕੇ ਰੱਖ ॥ ਓਹੀ ਨੇ ਕਮਜ਼ੋਰ ਖਿਡਾਰੀ, ਢੇਰੀ ਢਾ ਜੋ ਬਹਿ ਜਾਂਦੇ ਤਾਕਤਵਰ ਜੇ ਬਣਨਾ 'ਉੱਪਲ', ਦੁਖ ਸੁਖ ਮੀਤ ਬਣਾ ਕੇ ਰੱਖ ॥

ਮੁਹੱਬਤ ਟੁੱਟਦਿਆਂ ਹੀ

ਮੁਹੱਬਤ ਟੁੱਟਦਿਆਂ ਹੀ ਵੇਖਣਾ, ਕੀ ਟੁੱਟ ਜਾਂਦਾ ਹੈ ॥ ਵਿਛੋੜਾ ਪੈਂਦਿਆਂ ਹੀ ਵੇਖਣਾ, ਕੀ ਟੁੱਟ ਜਾਂਦਾ ਹੈ ॥ ਕਰੀਦੀ ਹੈ ਕਦਰ ਕਿਸ ਦੀ, ਜਦੋਂ ਘਰ ਆਪਣੇ ਹੋਈਏ ਘਰੋਂ ਟੁਰ ਜਾਂਦਿਆਂ ਹੀ ਵੇਖਣਾ, ਕੀ ਟੁੱਟ ਜਾਂਦਾ ਹੈ ॥ ਵਫ਼ਾ ਤੇਰੀ ਦਾ ਬਦਲਾ ਦੇ ਗਈ ਉਹ ਬੇਵਫ਼ਾਈ ਵਿੱਚ ਕਿ ਡੋਲੀ ਚੜ੍ਹਦਿਆਂ ਹੀ ਵੇਖਣਾ, ਕੀ ਟੁੱਟ ਜਾਂਦਾ ਹੈ ॥ ਕਿਸੇ ਮਾੜੀ ਖ਼ਬਰ ਦੇ ਆਉਂਦਿਆਂ, ਸੱਜਰ ਵਿਆਹੀ ਦਾ ਕਿ ਚੂੜਾ ਟੁੱਟਦਿਆਂ ਹੀ ਵੇਖਣਾ, ਕੀ ਟੁੱਟ ਜਾਂਦਾ ਹੈ ॥ ਜ੍ਹਿਦੀ ਆਮਦ ਤੇ ਬਿਜਲੀ ਕੌਂਦ ਜਾਂਦੀ ਸੀ, ਰਗਾਂ ਦੇ ਵਿੱਚ ਉਹਦੇ ਟੁਰ ਜਾਂਦਿਆਂ ਹੀ ਵੇਖਣਾ, ਕੀ ਟੁੱਟ ਜਾਂਦਾ ਹੈ ॥ ਜਦੋਂ ਦਿਲ ਟੁੱਟਦਾ ਹੈ, ਤਾਂ ਕਿਵੇਂ ਦੀ ਵਾਜ ਆਉਂਦੀ ਹੈ ਕਿ ਸ਼ੀਸ਼ਾ ਟੁੱਟਦਿਆਂ ਹੀ ਵੇਖਣਾ, ਕੀ ਟੁੱਟ ਜਾਂਦਾ ਹੈ ॥ ਲਹੂ ਜਿਸ ਨੇ ਵਹਾਇਆ ਦੇਸ਼ ਲਈ ਪਰ ਉਹਦਾ ਇੱਕ ਦਿਨ ਅਨਾਦਰ ਹੋਂਦਿਆਂ ਹੀ ਵੇਖਣਾ, ਕੀ ਟੁੱਟ ਜਾਂਦਾ ਹੈ॥ ਜਿਹਦੀ ਛਾਵੇਂ ਗ਼ੁਜ਼ਾਰੀ ਜ਼ਿੰਦਗੀ, ਉਸ ਰੁੱਖ ਨੂੰ 'ਉੱਪਲ' ਜ਼ਮੀਂ ਤੇ ਢਹਿੰਦਿਆਂ ਹੀ ਵੇਖਣਾ, ਕੀ ਟੁੱਟ ਜਾਂਦਾ ਹੈ॥

ਇਸ਼ਕ ਦੀਆਂ ਅੱਜ

ਇਸ਼ਕ ਦੀਆਂ ਅੱਜ ਕਣੀਆਂ ਪਈਆਂ, ਫਿਰ ਭਰਵੀਂ ਬਰਸਾਤ ਹੋਈ ॥ ਯਾਦ ਪਰਿੰਦੇ ਵੀ ਉਡ ਆਏ, ਨਾਲ ਉਨ੍ਹਾਂ ਦੇ ਬਾਤ ਹੋਈ ॥ ਅੰਬਰੀਂ ਹੋਇਆ ਮੰਗਲ ਮੰਗਲ, ਚੰਨ ਤਾਰੇ ਵੀ ਚਮਕ ਉਠੇ ਜਿਉਂ ਦਿਲਬਰ ਦੀ ਆਮਦ ਤੇ ਮਹਿਕੀ ਮਹਿਕੀ ਸ਼ਬਰਾਤ ਹੋਈ ॥ ਬੱਦਲਾਂ ਪਿੱਛੋਂ ਝਾਤੀਆਂ ਮਾਰੇ, ਚੰਨ ਮੁਖੜਾ ਜਿਉਂ ਦਿਲਬਰ ਦਾ ਮੌਸਮ ਦੇ ਇਸ ਫੇਰ ਬਦਲ ਵਿੱਚ, ਕੀ ਦੱਸਾਂ, ਕੀ ਬਾਤ ਹੋਈ ॥ ਸਾਵਨ ਦੇ ਸੇਜਲ ਮੌਸਮ ਵਿਚ ਤੇਰੇ ਨਾਲ ਬਹਾਰਾਂ ਸਨ ਪਰ ਤੇਰੇ ਬਿਨ ਹੁੰਮਸ ਮਾਰੀ ਭਾਦੋਂ ਦੀ ਹਰ ਰਾਤ ਹੋਈ ॥ ਇੰਝ ਅਚਾਨਕ ਭੁੱਲ ਭੁਲਾ ਕੇ, ਸੱਜਣਾ ਤੇਰਾ ਟੁਰ ਜਾਣਾ ਸੁਪਨ ਸਲੋਨੇ ਦੇਵਣ ਵਾਲੀ, ਹੁਣ ਜ਼ਹਿਰੀਲੀ ਰਾਤ ਹੋਈ ॥ ਸੱਖਣਾ ਸੱਖਣਾ, ਪ੍ਰੀਤ ਵਿਹੂਣਾ, ਰੁੱਤ ਬਸੰਤੀ ਬਿਨ ਜੀਣਾ ਪੱਤਝੜ ਵਿਚ ਪੀਲ਼ੇ ਪੱਤਿਆਂ ਦੀ ਆਪਸ ਵਿੱਚ ਗਲਬਾਤ ਹੋਈ ॥ ਵਰ੍ਹਿਆਂ ਮਗਰੋਂ ਅੱਜ ਅਚਾਨਕ, ਫਿਰ ਉਸਦਾ ਮਿਲਣੇ ਆਉਣਾ 'ਉੱਪਲ' ਇਸ਼ਕ ਜਨੂੰ ਦੇ ਅੰਦਰ, ਇੱਕ ਰੱਬੀ ਖ਼ੈਰਾਤ ਹੋਈ ॥

ਖਿੜਦਾ ਹੈਂ ਤਾਂ ਕੰਡਿਆਂ

ਖਿੜਦਾ ਹੈਂ ਤਾਂ ਕੰਡਿਆਂ ਵਾਂਗਰ ਚੁੱਭਦਾ ਕਿਉਂ ਹੈਂ ॥ ਚੁੱਭਣਾ ਈ ਤਾਂ ਫੁੱਲਾਂ ਜੇਹਾ ਖਿੜਦਾ ਕਿਉਂ ਹੈਂ ॥ ਬਾਗਾਂ ਦੇ ਵਿੱਚ ਰੰਗ ਛਿੜਕਦੀ ਤਿਤਲੀ ਵੇਖੇਂ ਲੋਕਾਂ ਦੇ ਰੰਗਾਂ ਨੂੰ ਵੇਖ ਪਿਘਲਦਾ ਕਿਉਂ ਹੈਂ ॥ ਖੁੱਲ੍ਹ ਗਿਆ ਹੈ ਪਿੰਜਰਾ ਉਡ ਜਾ ਭੋਲ਼ੇ ਪੰਛੀ ਖੋਲ੍ਹ ਪਰਾਂ ਨੂੰ ਇੱਕੋ ਜਗ੍ਹਾ ਪਸਰਦਾ ਕਿਉਂ ਹੈਂ ॥ ਚਾਈਂ ਚਾਈਂ ਚੰਨ ਜਿਹਾ ਮਹਿਬੂਬ ਲਿਆ ਕੇ ਚੰਦਰਮਾ ਦੇ ਵਿੱਚੋਂ ਦਿਲਬਰ ਲੱਭਦਾ ਕਿਉਂ ਹੈਂ ॥ ਕੰਢਿਆਂ ਦੇ ਵਿੱਚ ਵਹਿਣਾ ਸਿੱਖ ਲੈ ਨਦੀਆਂ ਕੋਲ਼ੋਂ ਸਾਗਰ ਤੇਰੇ ਸ੍ਹਾਵੇਂ ਯਾਰ ਖਿਲਰਦਾ ਕਿਉਂ ਹੈ ॥ ਸੂਫ਼ੀ ਬਾਣਾ ਪਾ ਲੈ ਯਾਰ ਮਨਾਉਣਾ ਈ ਤਾਂ ਸ਼ੀਸ਼ੇ ਅੱਗੇ ਸਾਰਾ ਦਿਨ ਸੰਵਰਦਾ ਕਿਉਂ ਹੈਂ ॥ ਨੋਕਾਂ ਚੋਭਾਂ ਸੱਜਣਾ ਹੋਣ ਮੁਬਾਰਕ ਤੈਨੂੰ ਮਹਿਕ ਮੇਰੀ ਤੇ ਦੱਸ ਭਲਾ ਤੂੰ ਸੜਦਾ ਕਿਉਂ ਹੈਂ ॥ ਤੈਨੂੰ ਤੈਥੋਂ ਤੋੜੇ ਮਾਲ ਸਬਾਬ ਹੀ ਤੇਰਾ ਕੱਠੀਆਂ ਕਰ ਕਰ ਵਸਤਾਂ ਆਪ ਖਿਲਰਦਾ ਕਿਉਂ ਹੈਂ ॥ ਫੁੱਲ ਵਿਹੂਣੇ ਬੂਟੇ, ਪੱਤੇ ਪੀਲ਼ੇ ਹੁਣ ਤਾਂ ਮੋੜ ਮੁਹਾਰਾਂ, 'ਉੱਪਲ', ਯਾਰ ਥਿੜਕਦਾ ਕਿਉਂ ਹੈਂ ॥

ਖਾਰਾਂ ਨਾਲ ਨਿਭਾਉਣੀ

ਖ਼ਾਰਾਂ ਨਾਲ ਨਿਭਾਉਣੀ ਸਿੱਖ ਕੇ, ਅੰਦਰ ਤੀਕ ਸਵੇਰਾ ਹੋਇਆ॥ ਫੁੱਲ ਕੰਡੇ, ਜਦ ਵੇਖੇਕੱਠੇ, ਮੇਰਾ ਦੂਰ ਹਨੇਰਾ ਹੋਇਆ॥ ਮੈਂ ਹੀ ਮੈਂ ਸਾਂ, ਤਾਂ ਮੈਂ ਕੀ ਸਾਂ ! ਤੂੰ ਹੀ ਤੂੰ ਹੈਂ, ਤਾਂ ਤੂੰ ਕੀ ਹੈਂ ! ਚੋਭਾਂ ਮਹਿਕਾਂ ਦੇ ਸੰਗਮ ਵਿੱਚ, ਯਾਰਾ ਸੁੱਖ ਘਣੇਰਾ ਹੋਇਆ॥ ਸੂਰਜ ਕਿਰਨਾਂ ਰੌਸ਼ਨ ਕੀਤਾ ਤਾਂ ਹੀ ਮੇਰੇ ਨੈਣਾਂ ਡਿੱਠਾ ਮੇਰੀ ਤੀਜੀ ਅੱਖ, ਤਾਂ ਖੁੱਲ੍ਹੀ, ਜਦ ਹੀ ਘੁੱਪ ਹਨੇਰਾ ਹੋਇਆ ॥ ਜੋ ਸੁਖ ਭੋਗੇ ਉਮਰਾ ਸਾਰੀ, ਓਹੀ ਰੋਗ ਬਣੇ ਮੇਰੇ ਜਦ ਖ਼ਾਰਾਂ ਦੇ ਨਾਲ ਨਿਭਾਈ, ਤਾਂ ਫੁੱਲਾਂ ਦਾ ਡੇਰਾ ਹੋਇਆ॥ ਦਿਲਬਰ ਬਾਝੋਂ ਕਾਲ਼ੀ ਬੋਲ਼ੀ ਰਾਤ ਡਰਾਉਣੀ ਹਰ ਪਾਸੇ ਯਾਰਾ ਤੇਰੀ ਆਮਦ ਤੇ ਹੀ ਸ਼ਹਿਰ ਦੇ ਵਿਚ ਸਵੇਰਾ ਹੋਇਆ॥ ਬਾਗ ਬਹਾਰਾਂ, ਰੁੱਤ ਬਸੰਤੀ ਸੱਭ ਨੂੰ ਚੰਗੇ ਲੱਗਦੇ ਐਪਰ ਜੀਵਨ ਜਾਚ, ਤਦੋਂ ਹੀ ਆਈ, ਪਤਝੜ ਦਾ ਜਦ ਘੇਰਾ ਹੋਇਆ॥ ਸੱਚ ਝੂਠ ਬਦੀ, ਨੇਕੀ ਤੇ ਦੁਖ ਸੁਖ, ਸਾਰੇ ਫੁੱਲ ਤੇ ਕੰਡੇ ਨੇ ਕੁਦਰਤ ਦੂਜ ਰਚਾਈ 'ਉੱਪਲ' ਨਰ ਨਾਰੀ ਦਾ ਫੇਰਾ ਹੋਇਆ ॥

ਕਦੇ ਖੁਸ਼ੀਆਂ ਕਦੇ ਗ਼ਮ

ਕਦੇ ਖੁਸ਼ੀਆਂ ਕਦੇ ਗ਼ਮ ਨਾਲ ਲੈ ਆਵੇ ਨਵਾਂ ਦਿਨ ॥ ਹਸਾਵੇ ਤੇ, ਕਦੇ ਜੀ ਭਰ ਰੁਲਾ ਜਾਵੇ ਨਵਾਂ ਦਿਨ ॥ ਕਿ ਮੋਤੀ ਦੀ ਤਰ੍ਹਾਂ ਨਹੀਂ ਕੈਦ ਰਹਿਣਾ ਸਿੱਪੀਆ ਵਿਚ ਚਲਾਏਮਾਨ ਹੈ ਹਰ ਸ਼ੈ ਸਿਖਾ ਜਾਵੇ ਨਵਾਂ ਦਿਨ॥ ਚੜ੍ਹੇ ਸੂਰਜ ਕਿ ਆਸਾਂ ਦੀ ਚਮਕ ਦਾ ਨੂਰ ਦਿੱਸੇ ਖਿੜਾਵੇ ਬਾਗ਼ ਤੇ ਹਰ ਫੁੱਲ ਮਹਿਕਾਵੇ ਨਵਾਂ ਦਿਨ॥ ਨਵਾਂ ਦਿਨ ਆਂਵਦੀ ਰੁੱਤ ਦਾ ਨਵੇਲਾ ਹੈ ਇਸ਼ਾਰਾ ਕਿ ਤਿਤਲੀ ਦੇ ਪਰਾਂ ਤੇ ਰੰਗ ਛਿੜਕਾਵੇ ਨਵਾਂ ਦਿਨ॥ ਕਿ ਭੁੱਖੇ ਸੋਣ ਨਾ ਦੇਵੇ ਖਲਾਵੇ ਪੇਟ ਭਰ ਕੇ ਪਰਿੰਦੇ ਕੋਲ ਵੀ ਦਾਣਾ ਪਹੁੰਚਾਵੇ ਨਵਾਂ ਦਿਨ ॥ ਹਵਾ ਵੀ ਮਹਿਕਦੀ ਹੈ ਫੁੱਲ ਕਲੀਆਂ ਮੁਸਕਰਾਉਣ ਕਿਤੇ! ਦਿਲਬਰ ਦੇ ਦੇਸੋਂ ਮਹਿਕ ਲੈ ਆਵੇ ਨਵਾਂ ਦਿਨ॥ ਨਵਾਂ ਹੀ ਮਾਲ ਹੈ 'ਉੱਪਲ' ਨਵੀਂ ਅੱਜ ਪੋਟਲੀ ਹੈ ਤੇਰੀ ਪਰਚੀ ਕਿਤੇ ਨਾ ਕੱਢ ਲੈ ਆਵੇ ਨਵਾਂ ਦਿਨ॥

ਦਿਲ ਸੀ ਮਗਰ ਨਹੀਂ

ਦਿਲ ਸੀ ਮਗਰ ਨਹੀਂ ਸੀ ਦਿਲਦਾਰ ਹੋ ਗਏ ਹਾਂ॥ ਦਿਲ ਦੀ ਜ਼ਮੀਂ ਸੀ ਬੰਜਰ ਸਰਸ਼ਾਰ ਹੋ ਗਏ ਹਾਂ ॥ ਕਰਦੇ ਨਾਸੀ ਕਲੋਲਾਂ ਕਿੱਕਰਾਂ ਤੇ ਬੈਠ ਪੰਛੀ ਖਿੜੀਆਂ ਨੇ ਫੁੱਲ ਕਲੀਆਂ ਗੁਲਜ਼ਾਰ ਹੋ ਗਏ ਹਾਂ ॥ ਖੁਫਟੀ ਦੇ ਵਿੱਚ ਸਾਂ ਰੇਸ਼ਮ ਸਿੱਪੀ 'ਚ ਕੈਦ ਮੋਤੀ ਸੁਹਣੇ ਜਿਹੇ ਬਦਨ ਦਾ ਸ਼ਿੰਗਾਰ ਹੋ ਗਏ ਹਾਂ ॥ ਰਗ ਰਗ ਰਚੀ ਗੁਲਾਮੀ ਪੈਰਾਂ 'ਚ ਸੰਗਲੀਆਂ ਸਨ ਬਾਜਾਂ ਦੇ ਵਾਂਗਰਾਂ ਹੁਣ ਸਰਦਾਰ ਹੋ ਗਏ ਹਾਂ ॥ ਮੇਰਾ ਵਜੂਦ ਮੇਰਾ ਹੋ ਕੇ ਨਹੀਂ ਸੀ ਮੇਰਾ ਫੂਕੀ ਜੋ ਰੂਹ ਉਸਨੇ ਹਮਵਾਰ ਹੋ ਗਏ ਹਾਂ ॥ ਵੰਡਾਂ ਤੇ ਵਿਤਕਰੇ ਸਨ ਰੂਹਾਂ ਤੇ ਦਬਦਬਾ ਸੀ ਇੱਕ ਹੋ ਗਏ ਹਾਂ ਜਦ ਤੋਂ ਸਰਕਾਰ ਹੋ ਗਏ ਹਾਂ॥ ਬੇਪਤ ਨਹੀਂ ਹੈ ਜੀਣਾ ਚੰਗਾ ਹੈ ਜੂਝ ਮਰੀਏ ਆਜ਼ਾਦ ਪੰਛੀਆਂ ਦਾ ਪਰਿਵਾਰ ਹੋ ਗਏ ਹਾਂ ॥ ਬਸ ਵਾਜ ਸੀ ਸੁਣੀਂਦੀ ਨਦੀਆਂ ਦੇ ਪਾਣੀਆਂ ਦੀ ਹੁਣ ਤਰਲਤਾ ਦੇ ਸਚਮੁੱਚ ਕਿਰਦਾਰ ਹੋ ਗਏ ਹਾਂ॥ ਚੰਨ ਆਸ ਦਾ ਹੈ ਚੜ੍ਹਿਆ ਮੱਸਿਆ ਦੀ ਰਾਤ ਮੁੱਕੀ ਚੜ੍ਹਦੀ ਕਲਾ ਦੇ 'ਉੱਪਲ' ਆਸਾਰ ਹੋ ਗਏ ਹਾਂ॥

ਵਾਅਦਾ ਰੱਖ ਨਿਭਾ ਕੇ

ਵਾਅਦਾ ਰੱਖ ਨਿਭਾ ਕੇ॥ ਇੱਕ ਵੇਰਾਂ ਮਿਲ ਆਕੇ॥ ਦੂਰੀ ਸਹਿ ਨਾ ਪਾਵਾਂ ਜੀਵਾਂ ਬੁੱਤ ਨੂੰ ਚਾ ਕੇ॥ ਆਪ ਮਲਾਈਆਂ ਖਾਂਦਾ ਸਾਨੂੰ ਢੋਡਾ ਪਾ ਕੇ॥ ਛਾਈਂ ਮਾਈਂ ਕੀਤਾ ਲਾਜੋ ਨੂੰ ਹੱਥ ਲਾ ਕੇ॥ ਸੌਦਾ ਪਿੱਛੋਂ, ਪਹਿਲਾਂ ਪਿਛਲਾ ਮੋੜ ਟਿਕਾ ਕੇ॥ ਆਪੇ ਝੂਠ ਪਲੰਦਾ ਜਾਂਦੈ ਸੱਚ ਪੜ੍ਹਾ ਕੇ ॥ ਕਣ ਕਣ ਵਿੱਚ ਰੱਬ ਵੱਸਦਾ ਏਧਰ ਓਧਰ ਝਾਕੇ ॥ ਹਰਿਆਵਲ ਕਰਨੀ ਹੈ ਗੀਟੇ ਪੱਥਰ ਲਾ ਕੇ ॥ ਕੁੰਭ ਨਹਾਉਣ ਚੱਲਿਆ ਪਾਪਾਂ ਦੀ ਪੰਡ ਚਾ ਕੇ ॥ ਕਿਰਤੀ ਹੁੰਦਾ ਬੰਦਾ ਤਾਂ ਲੱਗਦੇ ਨਾ ਫਾ ਕੇ ॥ ਕਥਨੀ, ਕਰਨੀ ਅੰਤਰ ਕੀ ਲੈਣਾ ਸਮਝਾ ਕੇ ॥ ਪਿੰਡਾ ਧੋਂਦਾ ਰਹਿੰਦਾ 'ਉੱਪਲ' ਮੈਲ਼ਾ ਖਾ ਕੇ ॥

ਭਾਗ ਦੂਜਾ..........ਕਵਿਤਾਵਾਂ

ਆਜ਼ਾਦੀ

ਅੱਥਰੇ ਖੜਵੇਂ ਕੰਨਾਂ ਵਾਲੇ । ਰੱਖਣ ਖੁੱਲ੍ਹੇ ਪਲਕਾਂ ਤਾਲੇ । ਛੇਵਾਂ ਦਰਿਆ ਖ਼ਤਮ ਕਰਨਗੇ ਨਾਨਕ ਨਾਮ ਖ਼ੁਮਾਰੀ ਵਾਲੇ । ਤੇਗ ਧਨੀ, ਸ਼ਮਸ਼ੀਰਾਂ ਹੱਥੀਂ ਹੱਕਾਂ ਖ਼ਾਤਿਰ ਫੜਦੇ ਭਾਲੇ । ਕਿਰਤ ਕਮਾਈ ਦੱਸੀਂ ਨੌਹੀਂ ! ਤਾਂ ਵੀ ਸ਼ਾਹੂਕਾਰ ਨਿਰਾਲੇ । ਉੱਜੜ ਜਾਣ ਤਾਂ ਮੁੜ ਵੱਸ ਜਾਂਦੇ ਇਹ ਦੇਸਾਂ ਪ੍ਰਦੇਸਾਂ ਵਾਲੇ । ਬਾਜ ਜੁਝਾਰੂ ਹੈਨ ਜੁਸ਼ੀਲੇ ਇਹ ਥੋੜੇ ! ਕਾਂ ਢੋਡਰ ਕਾਲੇ । ਬਰਕਤ ਤੇਰ੍ਹਾਂ ਤੇਰ੍ਹਾਂ ਦੀ ਹੈ ਫ਼ਰਕ ਨਾ ਰਖਦੇ ਗੋਰੇ ਕਾਲੇ । ਦਾਤੇ, ਸੌਣ ਝੜੀ ਜਿਉਂ ਬਰਸਣ ਪ੍ਰਸ਼ਾਦਾ ਜੀ, ਵਾਹਿਗੁਰੂ ਦਾਲੇ । ਜਾਤ ਪਾਤ, ਧਰਮਾਂ ਤੋਂ ਉੱਠ ਕੇ ਸੱਭ ਆਪਣੇ ਮਰਦਾਨੇ ਬਾਲੇ । ਕਾਲ਼ੇ ਪਾਣੀ, ਫਾਂਸੀ, ਤੋਪਾਂ ਕੀ ਦੱਸਾਂ ਕਿੱਸੇ ਮਤਵਾਲੇ । ਵਾਂਗ ਹਿਮਾਲਾ ਸੀਨਾ ਤਾਣੀਂ ਸਰਹੱਦਾਂ ਦੇ ਨੇ ਰਖਵਾਲੇ । ਸੱਭ ਆਪਣੇ ਨੇ ਮੀਤ, ਜਵਾਨਾ ਨਫ਼ਰਤ ਵਾਲ਼ੇ ਧੋ ਲੈ ਜਾਲੇ । ਲੋਕਾਤੰਤਰ ਦੇ ਵੈਰੀ ਨੇ ਪੂੰਜੀਵਾਦ ਦੇ ਗੁਰਗੇ ਪਾਲੇ । ਮਿਲਵਰਤਨ ਦੇ ਦੁਸ਼ਮਨ ਨੇ ਜੋ ਨਫ਼ਰਤ ਵੰਡਣ ਦਿਲ ਦੇ ਕਾਲੇ । ਉੱਠੋ, ਜਾਗੋ, ਰੋਕੋ, ਸ਼ੇਰੋ ਹੁੰਦੇ ਪਏ ਜੇ ਘਾਲ਼ੇ ਮਾਲੇ । ਬਾਬੇ ਹੁਣ ਬੇਗ਼ਮਪੁਰ ਵਾਸੀ ਤੁਹਾਡੇ ਹਿੰਦੁਸਤਾਨ ਹਵਾਲੇ । ਕਿੱਕਰ ਬੀਜਣ, ਕੰਡੇ ਬੋਵਣ ਚੰਗੇ ਨਹੀੱ ਇਨ੍ਹਾਂ ਦੇ ਚਾਲੇ । ਕੁੜੀਆਂ ਮੁੰਡੇ ਖੰਭ ਲਗਾ ਗਏ ਬੇਬੇ ਬਾਪੂ ਘਰ ਸੰਭਾਲੇ । 'ਉੱਪਲ' ਉਹ ਕੌਮਾਂ ਮੁੱਕ ਜਾਵਣ ਜਿੰਨ੍ਹਾਂ ਵਿਰਸੇ ਨਹੀਂ ਸੰਭਾਲੇ ।

ਮੈਂ ਨਹੀਂ ਨ੍ਹਾਉਣਾ

ਭਾਵੇਂ ਕਹਿ ਲਉ ਭੰਡ ਮਰਾਸੀ ਸੱਦੋ ਚਾਚੀ ਤਾਈ ਮਾਸੀ ਮੈਨੂੰ ਮੁਸ਼ਕਿਲ ਜੇ ਰਿਝਾਣਾ ਮੈਂ ਨਹੀਂ ਨ੍ਹਾਉਣਾ.... ਲਾਓ ਬੰਦਿਸ਼ਾਂ ਸੱਦੋ ਬਾਬੇ ਮਾਰੋ ਧਰਮ ਧੁਰਮ ਦੇ ਦਾਬੇ ਵਰਤ ਗਿਆ ਜੇ ਹੁਣ ਤਾਂ ਭਾਣਾ ਮੈਂ ਨਹੀਂ ਨ੍ਹਾਉਣਾ.... ਮਾਤਾ ਮੈਂ ਨਈਂ ਰੋਟੀ ਖਾਣੀ ਪਿੱਛੇ ਪੈ ਗਈ ਪੂਰੀ ਢਾਣੀ ਰੋਟੀਆ ਖ਼ਾਤਰ ਗੱਡੀ ਦੇ ਵਿੱਚ ਭਾਵੇਂ ਪੈ ਜਾਏ ਗਾਉਣਾ ਮੈਂ ਨਹੀਂ ਨ੍ਹਾਉਣਾ.... ਜ਼ਾਲਮ ਮਾਸਟਰ ਸੱਦ ਲਿਆਵੋ ਪੰਚ ਸਰਪੰਚ ਵੀ ਨਾਲ ਬੁਲਾਵੋ 'ਕੱਠਾ ਕਰ ਲਉ ਪੂਰਾ ਥਾਣਾ ਮੈਂ ਨਹੀਂ ਨ੍ਹਾਉਣਾ.... ਠੰਢਾ ਪਾਣੀ ਨਾ ਦਿਖਲਾਵੋ ਮੇਰੀ ਪੂਛੇ ਪੈਰ ਨਾ ਪਾਵੋ ਲਗਦੈ ਮੈਨੂੰ ਇਹ ਘਰ ਛੱਡ ਕੇ ਇੱਕ ਦਿਨ ਪੈਣਾ ਜਾਣਾ ਮੈਂ ਨਹੀਂ ਨ੍ਹਾਉਣਾ...... ਭਾਵੇਂ ਮੈਨੂੰ ਤੌਣੀ ਚਾੜ੍ਹੋ ਮਾਰੋ 'ਕੱਠੇ ਹੋ ਕੇ ਮਾਰੋ ਮਾਰ ਮਾਰ ਕੇ ਕਰ ਦਿਉ ਬੇਸ਼ਕ ਅੰਨਾ ਬੋਲ਼ਾ ਕਾਣਾ ਮੈਂ ਨਹੀਂ ਨ੍ਹਾਉਣਾ..... ਰਮਤਾ ਜੋਗ਼ੀ ਬਣ ਜਾਵਾਂਗਾ ਗਲੀ ਗਲੀ ਹੋਕਾ ਲਾਵਾਂਗਾ ਛੱਡ ਦਿਓ ਲੋਕੋ ਨ੍ਹਾਣਾ ਨਉਣਾ ਪਾ ਲਉ ਸੂਫੀ ਬਾਣਾ ਮੈਂ ਨਹੀਂ ਨ੍ਹਾਉਣਾ...... ਮੱਸਿਆ ਵੁੱਸਿਆ ਨ੍ਹਾ ਆਈਦਾ ਡੇਰੇ ਲੰਗਰ ਖਾ ਆਈਦਾ ਤੁਸਾਂ ਤਾਂ ਸਿੱਖਿਆ ਇੱਕੋ ਪ੍ਹਾੜਾ ਨ੍ਹਾਉਣਾ ਨ੍ਹਾਉਣਾ ਨ੍ਹਾਉਣਾ ਮੈਂ ਨਹੀਂ ਨ੍ਹਾਉਣਾ.... ਭਾਵੇਂ ਪਿੱਛੇ ਕੁੱਤੇ ਲਾ ਲਉ ਭਾਵੇਂ ਲਹੂ ਲੁਹਾਨ ਕਰਾ ਲਉ ਮੈਂ ਅੱਗੇ ਮੇਰੇ ਪਿੱਛੇ ਪਿੱਛੇ ਪਿੰਡ ਦਾ ਪੂਰਾ ਲਾਣਾ ਮੈਂ ਨਹੀਂ ਨ੍ਹਾਉਣਾ... ਮੇਰੇ ਫਾਂਡੇ ਵੀ ਕਰਵਾਓ ਬੇਸ਼ਕ ਕੋਰਟ ਕਚਿਹਾਰੀ ਜਾਓ ਵੈਦ ਬੁਲਾਵੋ ਡਾਕਟਰ ਸੱਦੋ ਸੱਦੋ ਕੋਈ ਵੀ ਰਾਜਾ ਰਾਣਾ ਮੈਂ ਨਹੀਂ ਨ੍ਹਾਉਣਾ..... ਅੰਦਰੋਂ ਮੈਲੇ ਭਰੀ ਹੈ ਦਲਦਲ ਬਾਹਰੋਂ ਨ੍ਹਾਵੋ ਪਿੰਡੇ ਮਲਮਲ ਅੰਦਰੋਂ ਆਪੇ ਨ੍ਹਾ ਕੇ ਪਹਿਲਾਂ ਫੇਰ ਮੈਨੂੰ ਨਹਾਉਣ ਆਉਣਾ ਮੈਂ ਨਹੀਂ ਨ੍ਹਾਉਣਾ....

ਫੁੱਲਾਂ ਜਿਹੀ ਮਹਿਕ

ਫੁੱਲਾਂ ਜਿਹੀ ਮਹਿਕ ਖਿਲਾਰੀ ਜਾ ਪਥਰੀਲੇ ਰਾਹ ਸੰਵਾਰੀ ਜਾ l ਕਿਉਂ ਠਹਿਰੇਂ ਠਹਿਰੇ ਪੋਖਰ ਜਿਉਂ ! ਸ਼ੀਤਲ ਚਸ਼ਮੇ ਜਿਉਂ ਠਾਰੀ ਜਾ । ਫੁੱਲਾਂ ਜਿਹੀ ਮਹਿਕ ਖਿਲਾਰੀ ਜਾ..... ਬ੍ਰਹਿਮੰਡ ਚਲੰਤੀ ਮੇਲਾ ਹੈ ਕਣਕਣ ਵਿੱਚ ਰਮਿਆ ਰੇਲਾ ਹੈ ਟੁੱਟ ਟੁੱਟ ਕੇ ਜੁੱਸੇ ਬਣਦੇ ਨੇ ਵਿੱਚ ਗਰਦਿਸ਼ ਵੇਖ ਉਸਾਰੀ ਜਾ । ਫੁੱਲਾਂ ਜਿਹੀ ਮਹਿਕ ਖਿਲਾਰੀ ਜਾ..... ਕਈ ਕੰਡੇ ਰਾਹ ਵਿਛਾਉਂਦੇ ਨੇ ਕਈ ਰਾਹੀਂ ਫੁੱਲ ਖਿੜਾਉਂਦੇ ਨੇ ਤੂੰ ਬੇਪਰਵਾਹ ਹੋ ਦੁਨੀਆ 'ਚੋਂ ਕੁਦਰਤ ਦੇ ਰੰਗ ਨਿਹਾਰੀ ਜਾ । ਫੁੱਲਾਂ ਜਿਹੀ ਮਹਿਕ ਖਿਲਾਰੀ ਜਾ..... ਨਾ ਸੋਚ ਕਿ ਤੈਨੂੰ ਜਾਣਨ ਲੋਕ ਤਿਰੇ ਕੀਤੇ ਨੂੰ ਸਿਆਣਨ ਲੋਕ ਜੰਗਲੀ ਫੁੱਲਾਂ ਜਿਉਂ ਝੜਨੇ ਤੱਕ 'ਵਾਵਾਂ ਵਿੱਚ ਰੰਗ ਖਿਲਾਰੀ ਜਾ । ਫੁੱਲਾਂ ਜਿਹੀ ਮਹਿਕ ਖਿਲਾਰੀ ਜਾ...... ਕੀ ਹਉਮੈ ਵਾਲ਼ਾ ਦੀਰਘ ਰੋਗ ਕੀ ਝੂਠ ਫਰੇਬ ਸਦੀਵੀ ਸੋਗ ਵਹਿੰਦਾ ਜਾ ਵਹਿੰਦੇ ਦਰਿਆਵੀਂ ਮੌਲ਼ਾ ਤੋਂ ਵਾਰੀਵਾਰੀ ਜਾ । ਫੁੱਲਾਂ ਜਿਹੀ ਮਹਿਕ ਖਿਲਾਰੀ ਜਾ......

ਬੋਲ ਪੰਜਾਬੀ

ਬਾਰ ਬਾਰ ਕੀ ਸੋਚੀ ਜਾਨੈ, ਬੋਲ ਪੰਜਾਬੀ ਪੈਂਤੀ ਅੱਖਰਾਂ ਵਾਲ਼ਾ ਕੈਦਾ ਖੋਲ ਪੰਜਾਬੀ ॥ ਮੰਨਿਆ ਤੇਰੀ ਮਾਸੀ ਤੈਨੂੰ ਮਾਂ ਵਰਗੀ ਪਰ ਮਾਂ ਆਪਣੀ ਨਾ ਮਾਸੀ ਕਰਕੇ ਰੋਲ ਪੰਜਾਬੀ ॥ ਝੀਤਾਂ ਵਿੱਚ ਦੀ ਊੜਾ ਐੜਾ ਝਾਕ ਰਹੇ ਨੇ ਇੱਕ ਤਾਕੀ ਤਾਂ ਉਨ੍ਹਾਂ ਨੂੰ ਵੀ ਖੋਲ ਪੰਜਾਬੀ ॥ ਹਿੰਦੀ ਉਰਦੂ ਹੋਰ ਭਾਸ਼ਾਵਾਂ ਸਿਰ ਮੱਥੇ ਪਰ ਜਦ ਬੋਲਾਂ ਪੰਜਾਬੀ ਵੱਜੇ ਢੋਲ ਪੰਜਾਬੀ ॥ ਤੇਰੇ ਘਰ ਦਫ਼ਤਰ ਪਰਦੇਸੀ ਆਣ ਵੜੇ ਨੇ ਬਾਹਰ ਬੈਠ ਉਡੀਕਣ ਤੈਨੂੰ ਬੋਲ ਪੰਜਾਬੀ ॥ ਪੁੱਛਣ ਭਾਈ ਵੀਰ ਸਿੰਘ ਪੂਰਨ ਸਿੰਘ ਦੋਨੋਂ ਵੇਚ ਛੱਡੀ ਪੰਜਾਬੀਓ ਕਿਸ ਮੋਲ ਪੰਜਾਬੀ ॥ ਪਿਆਰ ਮੁਹੱਬਤ ਯਾਰ ਦੇ ਸਿਰ ਤੇ ਚੜ੍ਹ ਕੇ ਬੋਲੇ ਜਦ ਦੇਂਦੀ ਹੈ ਕੰਨੀਂ ਮਿਸ਼ਰੀ ਘੋਲ ਪੰਜਾਬੀ ॥ ਮਾਂ ਬੋਲੀ ਛਡ, ਬੱਚੇ ਨੇ, ਜਦ ਬਾਤਾਂ ਪਾਉਂਦੇ ਕੀ ਦੱਸਾਂ ਕਿੰਝ ਅੰਦਰ ਪੈਂਦੇ ਹੋਲ ਪੰਜਾਬੀ ॥ ਨੰਨਾ ਨਾਨਕ, ਬੱਬਾ ਬੁੱਲ੍ਹਾ, ਵਾਵਾ ਵਾਰਿਸ ਕੱਕਾ ਕੈਦੈ ਵਾਲ਼ਾ ਵਰਕਾ ਫੋਲ ਪੰਜਾਬੀ ॥ ਪੰਜਾਬੀ ਵਿੱਚ ਵਾਕ ਉਚਾਰੇ ਬਾਣੀ ਗਾਵੇ ਜਾ ਉੱਠ ਬਹਿ ਜਾ ਬਾਬੇ ਨਾਨਕ ਕੋਲ ਪੰਜਾਬੀ ॥ ਦੇਸ਼ ਮਿਰੇ ਵਿੱਚ ਵੱਗਣ ਨਦੀਆਂ ਵਾਂਗ ਬੋਲੀਆਂ ਪੰਜ ਆਬਾਂ ਦੇ ਨਾਲ ਵੀ ਪੂਰਾ ਤੋਲ ਪੰਜਾਬੀ ॥ ਹਰ ਬੋਲੀ ਹੈ ਮਾਮੀ ਮਾਸੀ ਤਾਈ ਐਪਰ ਕਿੱਥੋਂ ਲੱਭਾਂ ਮੈਂ ਆਪਣੀ ਮਾਂ ਸੋਲ੍ਹ ਪੰਜਾਬੀ ॥ ਗੁਰਮੁੱਖੀ ਸ਼ਾਹਮੁੱਖੀ ਸੱਕੀਆਂ ਭੈਣਾਂ ਲੱਭਣ ਵਿਛੜੇ ਜੱਟ ਅਲਬੇਲੇ ਵੀਰ ਨਿਰੋਲ ਪੰਜਾਬੀ ॥ ਸੁਹਣੇ ਰੱਬ ਦਾ ਲੱਖ ਲੱਖ ਵਾਰੀ ਸ਼ੁਕਰ ਮਨਾਵਾਂ 'ਉੱਪਲ' ਜਿਸ ਨੇ ਪਾਈ ਮੇਰੇ ਝੋਲ ਪੰਜਾਬੀ ॥

ਸਮੁੰਦਰੀ ਲਹਿਰਾਂ

ਸਮੁੰਦਰੀ ਲਹਿਰਾਂ, ਰੌਲ਼ਾ ਪਾਇਆ ਜਾਂ ਸਾਗਰ ਨੂੰ ਗੁੱਸਾ ਆਇਆ ? ਕੀ ਇਸ਼ਕੇ ਨੇ ਖੇਡ ਰਚਾਇਆ ! ਜਾਓ ਜਾ ਕੇ ਪਤਾ ਕਰੋ!......... ਜੋਬਨ ਰੁੱਤ ਜਦ ਚੰਨ ਤੇ ਆਏ ਲਹਿਰਾਂ ਨੂੰ ਜਿਉਂ ਚਾਅ ਚੜ੍ਹ ਜਾਏ ਕਿਉਂ ਨੱਚਣ, ਕਿਉਂ ਹੱਸਣ ਗਾਵਣ ਕਿਉਂ, ਕੁੜੀਆਂ ਗਿੱਧਾ ਪਾਇਆ ! ਜਾਓ ਜਾ ਕੇ ਪਤਾ ਕਰੋ !....... ਜੋ ਨੇ ਸੱਚੀ ਪ੍ਰੀਤ ਨਿਭਾਉਂਦੇ ਉਹ ਨੇ ਧਰਤ ਆਕਾਸ਼ ਮਿਲਾਉਂਦੇ ਕਿੰਝ, ਚੰਨ ਚਕੋਰੀ ਬੂੰਦ ਸੁਆਂਤੀ ਜਿਹਾ ਸੁਆਦ ਚਖਾਇਆ ਜਾਓ ਜਾ ਕੇ ਪਤਾ ਕਰੋ !....... ਕਣਕਣ ਵਿੱਚ ਖਿੱਚ ਬਣ ਕੇ ਵੱਸਿਆ ਆਦਮ ਤੇ ਹੱਵਾ ਵਿੱਚ ਰੱਸਿਆ ਕਿੰਝ, ਕੁਦਰਤ ਬਾਣ ਚਲਾ ਕੇ ਖਿੱਚ ਦਾ ਪ੍ਰੀਤਾਂ ਦਾ ਬਿਗਲ ਵਜਾਇਆ । ਜਾਓ ਜਾ ਕੇ ਪਤਾ ਕਰੋ !.........

ਪੱਤੇ ਪੱਤੇ ਵਿੱਚ ਨੂਰ

ਪੱਤੇ ਪੱਤੇ ਵਿੱਚ ਨੂਰ ਉਹਦਾ ਹੀ ਦਿੱਸਦਾ ਹੈ ਕਣ ਕਣ ਦੇ ਵਿੱਚ ਸਾਹਾਂ ਵਾਂਗਰ ਵੱਸਦਾ ਹੈ ਤਿਤਲੀ ਦੇ ਰੰਗਾਂ ਵਿੱਚ ਆਪ ਨੁਮਾਇਆ ਹੈ ਬਣ ਖੁਸ਼ਬੋਈਆਂ ਵਿੱਚ ਹਵਾਵਾਂ ਉਡਦਾ ਹੈ । ਰਸਨਾ ਵਿੱਚੋਂ ਅੰਮ੍ਰਿਤ ਜਿਉਂ ਕਦੇ ਡੁਲਦਾ ਹੈ ਵਾਂਗ ਪੰਚਾਲੀ ਵਿਸ਼ ਵੀ ਕਦੇ ਉਗਲਦਾ ਹੈ ਸਾਗਰ ਮੰਥਨ ਕਰਕੇ ਸੀਰ ਵਹਾ ਛੱਡੇ ਵਿੱਚ ਸਮੁੰਦਰ ਜ਼ਹਿਰ ਵੀ ਕਦੇ ਉਛਲਦਾ ਹੈ । ਫੁੱਲਾਂ ਦੇ ਨਾਲ ਕੰਡੇ ਆਪ ਉਗਾ ਦੇਵੇ ਸਾਗਰ ਉੱਪਰ ਬੱਦਲ ਵੀ ਬਰਸਾ ਦੇਵੇ ਮਾਰੂਥਲ ਦਾ ਦਰਿਆ ਭਾਵੇਂ ਖੁਸ਼ਕ ਰਹੇ ਉਹ ਚਾਹਵੇ ਤਾਂ ਪਾਣੀ ਨੂੰ ਅੱਗ ਲਾ ਦੇਵੇ। ਉਸਦੀ ਮਰਜ਼ੀ ਉਡਣ ਪੰਖੇਰੂ ਅੰਬਰਾਂ ਵਿੱਚ ਤੇ ਕੁੱਝ ਰੀਂਗੀ ਜਾਵਣ ਖੰਡਰਾਂ ਖੁੰਦਰਾਂ ਵਿੱਚ ਜੀਵਨਧਾਰਾ ਮੌਜ ਮਨਾਵੇ ਪਾਣੀਆਂ ਵਿੱਚ ਤੇ ਕੁੱਝ 'ਉੱਪਲ' ਜੀਵੀ ਜਾਵਣ ਪੱਥਰਾਂ ਵਿੱਚ।

ਬਦਲੀ ਦਾ ਚੰਨ

ਪੰਚਮ ਪਾਤਸ਼ਾਹ

ਪੰਚਮ ਪਾਤਸ਼ਾਹ ਅਰਜਨ ਗੁਰੂ ਜੀ ਦਾ, ਸੰਗਤਾਂ ਦਿਨ ਸ਼ਹੀਦੀ, ਮਨਾ ਰਹੀਆਂ ਭਾਣਾ ਮੰਨ ਮਿੱਠਾ, ਜੋ ਕੁਰਬਾਨ ਹੋ ਗਏ, ਅਰਜਨ ਗੁਰੂ ਨੂੰ ਸੀਸ ਝੁਕਾ ਰਹੀਆਂ ਜ਼ੁਲਮ ਹਾਰ ਜਾਂਦਾ ਸਬਰ ਦੇ ਤੱਪ ਅੱਗੇ, ਆਗਿਆ ਗੁਰਾਂ ਦੀ ਮਨ ਬਸਾ ਰਹੀਆਂ ਯਾਦ ਕਰਕੇ, ਅਰਜਨ ਗੁਰੂ ਤਾਈਂ, ਸਿਰਤਾਜ ਸ਼ਹੀਦਾਂ ਦੇ ਸੋਹਿਲੇ ਗਾ ਰਹੀਆਂ ॥ ਬੀੜਾ ਚੁੱਕ ਕੇ ਪਹਿਲੇ ਪਾਤਸ਼ਾਹ ਦਾ, ਗਾਡੀ ਰਾਹ ਗੁਰਾਂ ਚਲਾ ਦਿੱਤਾ ਅੰਗਦ ਗੁਰੂ ਨੇ ਗੁਰਮੁਖੀ ਸਾਜ ਕੇ ਤੇ, ਮਾਂ ਬੋਲੀ ਨੂੰ ਭਾਸ਼ਾ ਬਣਾ ਦਿੱਤਾ ਗੁਰੂ ਅਮਰ ਨੇ ਰਚ ਕੇ ਰੀਤ ਲੰਗਰ, ਅਕਬਰ ਬਾਦਸ਼ਾਹ ਪੰਗਤ ਬਿਠਾ ਦਿੱਤਾ ਅੰਮ੍ਰਿਤਸਰ ਜਿਹਾ ਥਾਪ ਕੇ ਹਰੀ ਮੰਦਿਰ, ਰਾਮਦਾਸ ਗੁਰਾਂ ਕਰਮ ਕਮਾ ਦਿੱਤਾ ॥ ਬੋਹਿਥ ਬਾਣੀ ਦਾ ਅਰਜਨ ਦੇਵ ਗੁਰੂ, ਸ਼ਾਂਤੀ ਪੁੰਜ, ਸ਼ਹੀਦੀਂ ਸਿਰਤਾਜ ਹੈ ਸੀ ਸੰਪਾਦਿਤ ਕਰਕੇ ਗੁਰੂ ਗਰੰਥ ਸਾਹਿਬ, ਕੀਤਾ ਜਗ ਅੰਦਰ ਵੱਡਾ ਕਾਜ ਹੈ ਸੀ ਹੰਕਾਰ ਹਉਮੇ ਨੂੰ ਜੜੋਂ ਮੁਕਾ ਕੇ ਤੇ, ਝੂਠੇ ਭਗਤਾਂ ਦਾ ਭੰਨਿਆ ਪਾਜ ਹੈ ਸੀ ਧੁਰ ਕੀ ਬਾਣੀ ਦਾ ਰਚ ਕੇ ਗਰੰਥ ਸਤਿਗੁਰ ਕੀਤੀ ਕੀਰਤ, ਵਜਾਇਆ ਸਾਜ ਹੈਸੀ ॥ ਸੁਖਮਨੀ, ਮਣੀ ਹੈ ਸੁੱਖਾਂ ਵਾਲੀ, ਅਰਜਨ ਗੁਰੂ ਦਾ ਵੱਡਾ ਸ਼ਾਹਕਾਰ ਬਾਬਾ ਕਲਜੁਗ ਅੰਦਰ, ਵਗਦਾ ਇਹ ਸ਼ੀਤ ਪਾਣੀ, ਤਪਦੇ ਦਿਲਾਂ ਨੂੰ ਦੇਵੇ ਜੋ ਠਾਰ ਬਾਬਾ ਨਿਤਾ ਕਰਮ ਜੇ ਕਰੀਏ ਪਾਠ ਇਸਦਾ, ਮੁਕਤੀ ਵਾਲੇ ਖੁੱਲ੍ਹ ਜਾਂਦੇ ਦਵਾਰ ਬਾਬਾ ਡਿੱਠਾ ਜਾਪ ਨਾ ਕੋਈ ਸੁਖਮਨੀ ਜੇਹਾ, ਡਿੱਠੇ ਜਾਪ ਬੇਸ਼ਕ ਬੇਸ਼ੁਮਾਰ ਬਾਬਾ ॥ ਹੱਟੀ ਗੁਰੂਆਂ ਦੇ ਨਾਮ ਦੀ ਖ਼ੂਬ ਚਲਦੀ, ਨਾਨਕ ਨਾਮ ਲੇਵਾ ਦੇਸ ਪ੍ਰਦੇਸ ਬੈਠੇ ਖ਼ਤਰਾ ਵੱਡਾ ਨੇ ਮੁਗਲ ਰਾਜ ਤਾਈਂ ਸਿਖ ਗੁਰੂ ਨੇ ਬਣ ਦਰਵੇਸ਼ ਬੈਠੇ ਕਰੋ ਬੰਦ ਹੱਟੀ, ਲਿਖਿਆ ਬਾਦਸ਼ਾਹ ਨੇ, ਮੇਰੇ ਹੁੰਦਿਆਂ ਨਾ ਕੋਈ ਕਲੇਸ਼ ਬੈਠੇ ਤੁਜ਼ਕਿ-ਜਹਾਂਗੀਰੀ ਹੈ ਵੱਡਾ ਸਬੂਤ ਇਸਦਾ, ਕਿਸੇ ਅੰਦਰ ਨਾ ਰੱਤਾ ਦਵੇਸ਼ ਬੈਠੇ ॥ ਗੁਰੂ ਘਰ ਦੋਖੀ 'ਕੱਠੇ ਹੋਣ ਲੱਗੇ, ਆਪੋ ਆਪਣੀ ਕਿੜ ਕਢਾਉਣ ਲੱਗੇ ਚੰਦੂ ਜੇਹੇ ਪਾਪੀ, ਪਾਪ ਕਰਮ ਕਰਕੇ, ਗੁਰੂ ਘਰ ਨਾ(ਲ) ਮੱਥਾ ਲਗਾਉਣ ਲੱਗੇ ਬਦਲਾ ਲੈਣਾ ਹੈ ਗੁਰੂ ਦਰਬਾਰ ਕੋਲੋਂ, ਨਿੱਤ ਨਵੀਆਂ ਵਿਉਂਤਾਂ ਬਨਾਉਣ ਲੱਗੇ ਨਹੀਂ ਜਾਣਦੇ, ਹੰਕਾਰ ਦੇ ਵੱਸ ਹੋਏ, ਕਿਹੜੇ ਦਰ ਨਾਲ ਵੈਰ ਕਮਾਉਣ ਲੱਗੇ ॥ ਬਸ ਫਿਰ ਕੀ ਸੀ, ਚੰਦੂ ਚੰਦਰੇ ਨੇ, ਗੁਰੂ ਸਾਹਿਬ ਤੇ ਕਹਿਰ ਕਮਾ ਦਿੱਤਾ ਲੈ ਆਏ ਬੰਨ੍ਹ ਸਾਹਿਬਾਂ ਨੂੰ ਕੋਤਵਾਲੀ, ਤਸੀਹੇ ਦੇ ਦੇ ਜ਼ੁਲਮ ਹੈ ਢਾ ਦਿੱਤਾ ਆਖਰ ਬਠਾ ਕੇ ਤੱਤੀ ਤਵੀ ਉੱਤੇ, ਸੜਦਾ ਬਲਦਾ ਹੈ ਰੇਤਾ ਪਵਾ ਦਿੱਤਾ ਕਤਰਾ ਲਹੂ ਦਾ ਡਿੱਗੇ ਨਾ ਧਰਤ ਉੱਤੇ, ਕਾਜ਼ੀ ਆਣ ਕੇ ਹੁਕਮ ਸੁਣਾ ਦਿੱਤਾ ॥ ਮੀਆਂ ਮੀਰ, ਮੁਰੀਦ ਸੀ ਗੁਰੂ ਜੀ ਦਾ, ਨਾਰ੍ਹਾ ਹਾ ਦਾ, ਲਾਇਆ ਆਣ ਮੀਆਂ ਨਾਲ ਇੱਟ ਦੇ ਇੱਟ ਵਜਾ ਦੇਸਾਂ, ਹੁਕਮ ਕਰੋ ਜੇ, ਦਾਸ ਜਾਣ ਮੀਆਂ ਗੁਰੂ ਹੱਸ ਬੋਲੇ, ਭਾਣਾ ਮਿੱਠੜਾ ਹੈ, ਹੁਕਮ ਮੰਨਣਾ, ਰੱਬੀ ਜਾਣ ਮੀਆਂ ਵਿੱਚ ਅਗਨ ਦੇ ਆਪ ਜਲਾ ਦਿਆਂਗੇ, ਯਾਦ ਕਰੋ ਸਾਡੇ ਬਚਨ ਬਿਆਣ ਮੀਆਂ ॥ ਪਾਣੀ ਰਾਵੀ ਦਿਆ ਸਿਰ ਝੁਕਾਵਾਂ ਤੈਨੂੰ, ਤੇਰੀ ਗੋਦੀ ਬੈਠੀ ਸੱਚੀ ਸਰਕਾਰ ਹੈਂ ਜੀ ਤੇਰੇ ਕੰਢੇ ਸ਼ਹੀਦੀ ਅਸਥਾਨ ਸੋਹੇ, ਕੋਲੇ ਵਹਿੰਦਾ ਤੂੰ ਠੰਢਾ ਠਾਰ ਹੈਂ ਜੀ ਤੇਰੀ ਕਲਕਲ ਵਿੱਚ ਸੁਖਮਨੀ ਪਾਠ ਚੱਲੇ, ਤਪਦੇ ਦਿਲਾਂ ਨੂੰ ਕਰੇਂ ਸਰਸ਼ਾਰ ਹੈਂ ਜੀ ਚੜ੍ਹਦਿਓਂ ਲੈ ਕੇ ਫੁੱਲ ਅਕੀਦਤਾਂ ਦੇ, ਲਹਿੰਦੇ ਵਹੇਂ ਨਾਲ ਸਤਿਕਾਰ ਹੈਂ ਜੀ॥ 'ਉੱਪਲ' ਚਾਹੋ ਜੇ ਗੁਰੂ ਨਿਹਾਲ ਹੋਵੇ, ਧੜਿਆਂ ਵਿੱਚ ਨਾ ਹੋਇਓ ਖੁਆਰ ਸਿੱਖੋ ਮੰਜੀਆਂ ਕਈ ਨੇ ਫਿਰ ਤੋਂ ਵਿੱਛ ਗਈਆਂ, ਹਮੇਸ਼ਾਂ ਲਈ ਰਹਿਓ ਖ਼ਬਰਦਾਰ ਸਿੱਖੋ ਧੜਾ ਇੱਕੋ ਵੱਡਾ ਪੰਜਵੇਂ ਪਾਤਸ਼ਾਹ ਦਾ, ਦੂਰੋਂ ਬਾਕੀਆਂ ਨੂੰ ਨਮਸਕਾਰ ਸਿੱਖੋ ਫੜ ਕੇ ਲੜ, ਇੱਕੋ ਗੁਰੂ ਗਰੰਥ ਜੀ ਦਾ, ਹਲਤ ਪਲਤ ਨੂੰ ਲਿਓ ਸੰਵਾਰ ਸਿੱਖੋ ॥

ਰੰਗਾਂ ਦੀ ਦੁਨੀਆਂ

ਰੰਗਾਂ ਦੀ ਦੁਨੀਆਂ ਹੈ, ਜਾਂ, ਨੇ ਰੰਗ ਦੁਨੀਆਂ ਦੇ ਰੰਗਾਂ ਕਰਕੇ ਹੀ ਖਿੜਦੇ ਨੇ, ਢੰਗ ਦੁਨੀਆਂ ਦੇ ਇੱਕ ਵੇਰਾਂ ਉਡ ਜਾਣ ਪਰਿੰਦੇ ਮੁੜ ਨਈਂ ਆਉਂਦੇ ਟਪਰੀਵਾਸਾਂ ਜਿਹੇ ਹੁੰਦੇ ਨੇ, ਸੰਗ ਦੁਨੀਆਂ ਦੇ । ਚਿੱਟੇ ਚਾਨਣ ਕੀਤੀ ਰੰਗ ਬਰੰਗੀ ਦੁਨੀਆਂ ਜਾਮਨ, ਨੀਲੀ, ਪੀਲੀ, ਲਾਲ ਨਰੰਗੀ ਦੁਨੀਆਂ ਜਿਵੇਂ ਦੇ ਆਪਾਂ ਹੋਈਏ ਤਿਉਂ ਦੇ ਰੰਗ ਖਿੜਦੇ ਨੇ ਕਿਉਂ ਕਾਵਾਂ ਜਿਉਂ ਹੁੰਦੇ ਕਾਲੇ ਰੰਗ ਦੁਨੀਆਂ ਦੇ ! ਨੀਲਾ ਰੰਗ ਵਿਸ਼ਾਲ ਸਮੁੰਦਰ ਅੰਬਰਾਂ ਵਰਗਾ ਲਾਲ ਗੁਲਾਬੀ ਖੇੜੇ ਖੁਸ਼ੀਆਂ ਸੱਧਰਾਂ ਵਰਗਾ ਕੁਦਰਤ ਵਰਗਾ ਰੰਗ ਹਰਾ ਧਰਤੀ ਦਾ ਸੁਹਣਾ ਮੌਲ਼ਾ ਰੰਗਾਂ ਕਰਕੇ ਹੀ ਅੰਗ ਸੰਗ ਦੁਨੀਆਂ ਦੇ । ਕਾਲ਼ੀ ਕੋਇਲ ਅੰਬੀਂ ਬੈਠੀ ਕੂ ਕੂ ਗਾਵੇ ਬਿਰਹਾ ਵਾਲ਼ਾ ਅੱਠਵਾਂ ਰੱਬੀ ਰੰਗ ਖਿੜਾਵੇ ਪਤਝੜ ਢੱਠੇ ਪੱਤੇ ਸੋਨ ਸੁਨਿਹਰੀ ਦਿੱਸਣ ਰੰਗਾਂ ਬਾਜ਼ ਬੇਤਾਲੇ ਸਾਜ਼ ਤਰੰਗ ਦੁਨੀਆਂ ਦੇ ।

ਮਿੱਟੀ ਦੀ ਖੁਸ਼ਬੂ

ਇਸ ਮਿੱਟੀ ਦੀ ਖੁਸ਼ਬੋ, ਮੈਥੋਂ ਹਰਦਮ ਆਉਂਦੀ ਹੈ ਮੇਰਾ ਰੰਗਲਾ ਵਿਰਸਾ ਮੈਨੂੰ ਯਾਦ ਕਰਾਉਂਦੀ ਹੈ ਭੁੱਲ ਕਿਵੇਂ ਜਾਵਾਂ ਮੈਂ ਡੁੱਲਿਆ ਖ਼ੂਨ ਸ਼ਹੀਦਾਂ ਦਾ ! ਉੱਧਮ ਸਿੰਹੁ ਦੀ ਸੂਰਤ ਮੈਨੂੰ ਆਣ ਜਗਾਉਂਦੀ ਹੈ । ਇਸ ਮਿੱਟੀ ਦੀ ਖੁਸ਼ਬੋ, ਮੈਥੋਂ ਹਰਦਮ ਆਉਂਦੀ ਹੈ ਦੇਸ਼ ਮੇਰੇ ਦੀ ਮਿੱਟੀ ਕਿਰਤੀ ਕਿਰਸਾਨਾਂ ਦੀ ਵਾਰ ਗਏ ਜੋ ਜਾਨਾਂ ਫੌਜੀ ਵੀਰ ਜਵਾਨਾਂ ਦੀ ਰੱਤੀ ਭਰ ਨਾ ਡਰਦੇ ਰੱਖਣ ਮੋਢੇ ਡਾਂਗਾਂ ਜੋ ਦਿੱਖ ਇਨ੍ਹਾਂ ਦੀ ਟਿੱਡੀ ਦਲ ਨੂੰ ਭਾਜੜ ਪਾਉਂਦੀ ਹੈ । ਇਸ ਮਿੱਟੀ ਦੀ ਖੁਸ਼ਬੋ, ਮੈਥੋਂ ਹਰਦਮ ਆਉਂਦੀ ਹੈ ਨਲਵੇ ਵਰਗੇ ਯੋਧੇ ਜਾ ਖ਼ੈਬਰ ਨੂੰ ਮੱਲਦੇ ਨੇ ਅਟਕ ਜਿਹੇ ਦਰਿਆ ਰੁਕ ਰੁਕ ਕੇ ਸਿਜਦੇ ਕਰਦੇ ਨੇ ਠਾਂਨ ਲੈਣ ਤਾਂ ਦੁਨੀਆਂ ਭਰ ਵਿੱਚ ਝੰਡੇ ਗੱਡ ਆਵਣ ਉੱਜੜ ਕੇ ਵੱਸ ਜਾਣ ਕਲਾ ਨਾਨਕ ਨੂੰ ਭਾਉਂਦੀ ਹੈ । ਇਸ ਮਿੱਟੀ ਦੀ ਖੁਸ਼ਬੋ, ਮੈਥੋਂ ਹਰਦਮ ਆਉਂਦੀ ਹੈ ਬੰਜਰ ਧਰਤੀ ਹਰੀ ਭਰੀ ਲਹਿਰਾਉਣ ਲੱਗਦੀ ਹੈ ਮੋਰੀਂ ਰੁਣਝੁਣ, ਕੋਇਲ ਗੀਤ ਸੁਨਾਉਣ ਲੱਗਦੀ ਹੈ ਜਦ ਮੈਦਾਨੇ ਭਰਦੇ ਗਭਰੂ ਦੱਮ ਕਬੱਡੀ ਦਾ 'ਮਿੱਟੀ ਦੀ ਖੁਸ਼ਬੋ' ਉੱਡ ਉੱਡ ਕੇ ਰੂਹ ਮਹਿਕਾਉਂਦੀ ਹੈ । ਇਸ ਮਿੱਟੀ ਦੀ ਖੁਸ਼ਬੋ, ਮੈਥੋਂ ਹਰਦਮ ਆਉਂਦੀ ਹੈ

ਧਰਤ ਪੁੱਤਰ

ਜਦੋਂ ਜੰਮਿਆ ਪਿਆਰ ਵੀ ਨਾਲ ਆਇਆ ਰਿਸ਼ਤੇਦਾਰਾਂ ਦਾ ਜਾਹੋ ਜਲਾਲ ਆਇਆ ॥ ਨਾਲੇ ਮਾਂ ਦੀ ਹਿੱਕ ਚੋਂ ਦੁੱਧ ਪੀਤਾ ਨਾਲੇ ਭੈਣਾਂ ਦਾ ਵੀਰ ਕਮਾਲ ਆਇਆ ॥ ਚਾਚੀ ਤਾਈ ਆਈ ਮਾਮੀ ਮਾਸੀ ਆਈ ਯਾਰਾਂ ਦੋਸਤਾਂ ਦਾ ਵੀ ਬਵਾਲ ਆਇਆ ॥ ਢੋਲ ਵੱਜਿਆ ਬਾਪੂ ਮਿਠਾਈ ਵੰਡੀ ਆਖੇ ਘਰ ਸਾਡੇ ਨੂਰੀ ਬਾਲ ਆਇਆ ॥ ਵੱਡਾ ਹੋ ਕੇ ਹੱਥ ਵਟਾਊ ਮੇਰਾ ਪੁੱਤ ਮੇਰਾ ਤਾਂ ਸੋਨੇ ਦਾ ਥਾਲ ਆਇਆ ॥ ਚਾਈਂ ਚਾਈਂ ਪੜ੍ਹਾਇਆ ਫਿਰ ਬਾਲਕੇ ਨੂੰ ਕੀਤਾ ਖਰਚਾ ਜੋ ਸਾਲੋ ਸਾਲ ਆਇਆ ॥ ਚੜ੍ਹਿਆ ਜੋਬਨ ਤਾਂ ਇਸ਼ਕੇ ਜ਼ੋਰ ਫੜਿਆ ਝੀਲ ਨੈਣਾਂ ਦਾ ਨਿੱਤ ਖ਼ਿਆਲ ਆਇਆ ॥ ਵੇਚ ਜ਼ਮੀਂ ਦਿੱਤੀ ਕੀਤਾ ਕੈਸ਼ ਕੱਠਾ ਬਾਪੂ ਦੌਲਤ ਲੈ ਮਾਲੋ ਮਾਲ ਆਇਆ ॥ ਆਖੇ ਜਾਊ ਬੱਚਾ ਪੜ੍ਹਨ ਵਿਦੇਸ਼ ਤਾਈਂ ਟਿਕਟਾਂ ਲੈ ਆਇਆ ਬੰਦੇ ਭਾਲ ਆਇਆ ॥ ਵੇਖ ਪੁੱਤ ਵਿਛੜਦਾ, ਮਾਂ ਰੋਈ ਖੇਡ ਕਿਵੇਂ ਦੀ ਬਾਪੂ ਹੈ, ਚਾਲ ਆਇਆ ॥ ਪਾਲ ਪੋਸ ਕੇ ਸੁਹਣੇ ਚਰਾਗ ਤਾਈਂ ਹੱਥੀਂ ਤੋਰ ਬਾਪੂ, ਆਪਣਾ ਬਾਲ ਆਇਆ ॥ ਘਰ ਖਾਲੀ, ਵਿਹੜਾ ਵੀ ਸੁੰਨ ਹੋਇਆ ਕੇਹੋ ਜੇਹਾ ਮਾੜਾ, ਹੈ ਕਾਲ ਆਇਆ ॥ ਲੋਭੀ ਬਾਪ ਵੇਖੋ, ਪਿੱਛੇ ਲੱਗ ਦੌਲਤ ਕੇਹੋ ਜੇਹੀ ਹੈ, ਘਾਲਣਾ ਘਾਲ ਆਇਆ ॥ ਸਮਾਂ ਬੀਤਦੇ ਹੀ, ਹੋਇਆ ਲਹੂ ਚਿੱਟਾ ਸੁਖ ਸੁਨੇਹਾ, ਡਾਲਰ, ਨਾ ਮਾਲ ਆਇਆ ॥ ਡਾਲਰ ਦੂਰ, ਕਾਲਾਂ ਵੀ ਬੰਦ ਹੋਈਆਂ ਪੁੱਤ ਬਾਪੂ ਲਈ, ਬਣ ਸਵਾਲ ਆਇਆ ॥ ਮੋਹ ਗ੍ਰਸਿਆ, ਬਾਪੂ ਬਿਮਾਰ ਹੋਇਆ ਸਾਹਵੇਂ ਮੌਤ ਦਾ, ਨਜ਼ਰੀਂ ਕਾਲ ਆਇਆ ॥ ਮਰ ਗਿਆ ਵਿਚਾਰਾ, ਉਹ ਤਰਸਦਾ ਹੀ ਪੁੱਤਰ ਪੁੱਛਣ ਨਾ, ਓਸ ਦਾ ਹਾਲ ਆਇਆ ॥ ਰੋਈ ਮਾਂ ਤੇ ਭੈਣਾਂ ਨੇ ਵੈਣ ਪਾਏ ਬਾਪੂ ਬੁਣ ਆਪਣਾ, ਆਪੇ ਹੈ ਜਾਲ ਆਇਆ ॥ ਸੋਹਣੀ ਧਰਤੀ, ਨਹੀਂ ਆਪਣੇ ਦੇਸ਼ ਵਰਗੀ ਚਾਰੇ ਕੁੰਡਾਂ ਹਾਂ ਯਾਰੋ, ਮੈਂ ਭਾਲ ਆਇਆ ॥ ਤੌਬਾ ਲੋਕੋ! ਨਾ ਛੱਡਿਓ ਵਤਨ ਤਾਈਂ ਦੇਂਦਾ ਹੋਕਾ 'ਉੱਪਲ' ਨਾਲੋ ਨਾਲ ਆਇਆ ॥

ਲਹੂ ਦਾ ਕੇਸਰ

ਡੁੱਲ੍ਹੇ ਲਹੂ ਦੀ ਕੇਸਰ ਜਿਹੀ ਖੁਸ਼ਬੂ ਮਹਿਕਾਵੇ ਵੇਖੀਂ ! ਕਿੱਧਰੇ ਡੁੱਲ੍ਹਿਆ ਲਹੂ ਬੇਕਾਰ ਨਾ ਜਾਵੇ ਬੇਸ਼ਕ ਕਰ ਲੈ ਪਿਆਰ ਨਿਮਾਣੀ ਜਿੰਦੜੀ ਤਾਈਂ ਪਰ ਚੜ੍ਹ ਜਾਵੀਂ ਦਾਰ ਜਦੋਂ ਵੀ ਮੌਕਾ ਆਵੇ । ਕਾਗ਼ਜ਼ ਜਿਹੇ ਫੁੱਲਾਂ ਜਿਉਂ ਜਿਉਂਦੇ ਬਹੁਤੇ ਲੋਕੀਂ ਮਹਿਕ ਬਿਨਾਂ ਖਿੜਦੇ ਤੇ ਵਿਕਦੇ ਬਹੁਤੇ ਲੋਕੀਂ ਖਾਂਦੇ, ਪੀਂਦੇ, ਜੰਮਦੇ ਤੇ ਮਰ ਜਾਂਦੇ ਨੇ ਬਸ ਲਹੂ ਦੇ ਕੇਸਰ ਜਿਉਂ ਪਰ ਕੁੱਝ ਮਹਿਕਾਉਂਦੇ ਲੋਕੀਂ । ਜੀਣੇ ਤੇ ਮਰਨੇ ਦਾ ਭੇਦ ਸਮਝ ਨਾ ਆਇਆ ਸੌਂ ਸੌਂ ਕੇ ਤੇ ਖਾ ਪੀ ਕੇ ਹੈ ਪੇਟ ਵਧਾਇਆ ਲੋੜਵੰਦ ਦੀ ਲੋੜ ਕਦੇ ਨਾ ਕੀਤੀ ਪੂਰੀ ਕਿਰਤ ਕਮਾਈ ਚੋਂ ਨਾ ਤੂੰ ਦਸਵੰਧ ਬਚਾਇਆ । ਦੇਸ਼ ਧਰਮ ਲਈ ਪੀ ਗਏ ਨੇ ਜੋ ਜਾਮ ਸ਼ਹੀਦੀ ਮੇਲੇ ਲੱਗਣ, ਕੇਸਰ ਛਿੜਕਣ, ਧਾਮ ਸ਼ਹੀਦੀ ਰਹਿੰਦੀ ਦੁਨੀਆਂ ਤੀਕ ਚਮਕਦੇ ਚੰਨ ਸਿਤਾਰੇ ਪੈ ਨਈਂ ਸਕਦਾ ਡੁੱਲ੍ਹੇ ਲਹੂ ਦਾ ਦਾਮ ਸ਼ਹੀਦੀ । ਜੋਬਨ ਰੁੱਤੇ ਨਸ਼ਿਆਂ ਵਿੱਚ ਗਲਤਾਨ ਰਿਹੈਂ ਤੂੰ ਆਪਣੇ ਗੁਰ ਪੈਗੰਬਰ ਤੋਂ ਬੇਈਮਾਨ ਰਿਹੈਂ ਤੂੰ ਜਿੱਤ ਲੈ ਬਾਜ਼ੀ ਹੁਣ ਤਾਂ ਛੱਡ ਦੇ ਨਸ਼ਿਆਂ ਤਾਈਂ ਪਹਿਲਾਂ ਵਰਗਾ ਸ਼ੇਰ ਨਹੀਂ ਜਵਾਨ ਰਿਹੈਂ ਤੂੰ ।

ਭੋਲਾਪਣ

ਭੋਲਾਪਣ ਹੈ ਰਾਜ਼ ਹਯਾਤੀ, ਭੋਲਾਪਣ ਸਰਮਾਇਆ ਭੋਲੇਪਣ ਵਿੱਚ ਰੱਬੀ ਵਰਖਾ, ਆਣ ਮਿਲੇ ਰਘੁਰਾਇਆ ॥ ਸੱਚੇ ਬੰਦੇ ਦਾ ਭੋਲਾਪਣ, ਉਸ ਦਾ ਸਿਮਰਨ ਹੁੰਦਾ ਝੂਠਾ ਬੰਦਾ ਨਾਲ ਚਲਾਕੀ, ਬੋਝ ਹਯਾਤੀ ਢੋਂਦਾ ॥ ਭੋਲੇਪਣ ਵਿੱਚ ਜੀਵਨ ਗੱਡੀ, ਸਰਪਟ ਭੱਜੀ ਜਾਵੇ ਸ਼ਾਤਰ ਬੰਦਾ ਨਾਲ ਚਤੁਰਤਾ, ਥਾਂ ਥਾਂ ਧੱਕੇ ਖਾਵੇ ॥ ਚਤੁਰਾਈ ਕਿਸੇ ਕੰਮ ਨਾ ਆਵੇ, ਕਹਿ ਗਏ ਲੋਕ ਸਿਆਣੇ ਰਹਿ ਕੇ ਵਿੱਚ ਹੁਕਮ ਦੇ ਬੰਦਾ, ਰੱਬੀ ਮੌਜਾਂ ਮਾਣੇ ॥ ਛੋੜ ਸਿਆਣਪ ਤੇ ਚਤੁਰਾਈ, ਜੋ ਜੀਵਨ ਰਸ ਪੀਂਦੇ ਉਹ ਪਤਵੰਤੇ, ਵਿੱਚ ਹਯਾਤੀ, ਬਾਦ ਹਯਾਤੀ ਜੀਂਦੇ ॥ ਕੁੱਝ ਲੱਗਦੇ ਨੇ ਭੋਲ਼ੇ ਭਾਲ਼ੇ, ਵਿੱਚੋਂ ਸ਼ਾਤਰ ਭਾਰੇ ਭੋਲ਼ੀ ਜਨਤਾ ਲੁੱਟੀ ਜਾਵਣ, ਕਰ ਕਰ ਕਾਲੇ ਕਾਰੇ ॥ ਕਲਜੁਗ ਵਿੱਚ ਐਸਾ ਵਰਤਾਰਾ, ਪੈਸੇ ਲਈ ਹਰ ਧੰਦਾ ਨਾਲ ਚਲਾਕੀ ਛਿੱਲੀ ਜਾਵੇ, ਬੰਦੇ ਨੂੰ ਹੀ ਬੰਦਾ ॥ ਨੇਕੀ ਨਾਲ ਬਦੀ ਦੀ ਲੋਕੋ, ਲੱਗੀ ਜੰਗ ਹੈ ਭਾਰੀ ਰੱਬੀ ਬੰਦੇ ਜਿੱਤੀ ਜਾਵਣ, ਲੋਭੀ ਹੋਣ ਖੁਆਰੀ ॥ ਪੂੰਜੀਵਾਦ ਦੇ ਮੇਲੇ ਰਮਿਆ, ਬੰਦਾ ਮੂਲੋਂ ਟੁੱਟਿਆ ਆਪੇ ਪੈਰ ਕੁਹਾੜੀ ਮਾਰੇ, ਆਪੇ ਨੂੰ ਹੀ ਲੁੱਟਿਆ ॥ ਰਿਜ਼ਕ ਸੰਬਾਹੇ ਪੱਥਰਾਂ ਵਿੱਚ ਵੀ, ਮਗਰ ਸਿਆਣਪ ਭੁੱਲੀ ਭੋਲੇਪਣ ਹੀ ਕੁਦਰਤ ਦੇਵੇ, 'ਉੱਪਲ' ਕੁੱਲੀ ਜੁੱਲੀ ॥

ਮੇਰੀ ਭਦਰਵਾਹ ਫੇਰੀ

(ਸਫ਼ਰਨਾਮਾ) 27 ਅਗਸਤ ਦਿਨ ਵੀਰਵਾਰ ਦਾ ਭਾਗਾਂ ਭਰਿਆ ਚੜ੍ਹਿਆ ਬਾਬੇ ਬੰਟੀ ਦੇ ਸੱਦੇ ਮੈਂ ਟੇਸ਼ਨ ਲਈ ਆਟੋ ਫੜਿਆ ॥ ਚਿਰ ਸੱਧਰ ਸੀ ਉਧਮਪੁਰ ਨੂੰ ਰੇਲ ਗੱਡੀ ਤੇ ਜਾਈਏ ਸੰਪਰਕ ਕ੍ਰਾਂਤੀ ਟਿਕਟ ਲਈ ਤੇ ਪਲੇਟਫਾਰਮ ਜਾ ਚੜ੍ਹਿਆ ॥ ਵੱਡੇ ਪੁੱਲਾਂ ਤੋਂ ਹੁੰਦੀ ਗੱਡੀ ਸੁਰੰਗਾਂ ਵਿੱਚ ਵੜ ਜਾਵੇ ਹਰੀ ਭਰੀ ਹਰਿਆਵਲ ਦੇ ਰੱਜ ਰੱਜ ਦੀਦਾਰ ਕਰਾਵੇ ॥ ਉਧਮਪੁਰ ਤੋਂ ਅੱਗੋਂ ਮੈਂ ਕੀਤੀ ਬਸ ਸਵਾਰੀ ਭਰ ਲਈ ਬਸ ਕੰਡਕਟਰ ਜਿੱਦਾਂ ਮੁਰਗੀਖਾਨਾ ਭਾਰੀ ॥ ਇੱਕ ਬੀਬੀ ਮੈਨੂੰ ਆ ਬੋਲੀ ਮੈਂ ਬਾਰੀ ਕੋਲ ਬਹਿਣਾ ਮੈਂ ਕਿਹਾ ਜਾ ਬਹਿਜਾ ਬੀਬੀ ਕਾਹਨੂੰ ਪੰਗਾ ਲੈਣਾ ॥ ਕਹਿੰਦੀ ਚੱਲ ਜੇ ਮੰਨ ਲਾਂ ਤੇਰੀ ਜੇ ਮੈਂ ਉਲਟੀ ਕੀਤੀ ਭਰ ਜਾਣੀ ਤੇਰੀ ਪੈਂਟ ਹੈ ਸਾਰੀ ਹੋਣੀ ਮੁਸ਼ਕ ਪਲੀਤੀ ॥ ਬਾਰੀ ਵਾਲ਼ੀ ਸੀਟ ਵੀ ਦਿੱਤੀ ਗੋਲ਼ੀ ਕੋਲੋਂ ਖਲਾਈ ਬੀਬੀ ਤੋਂ ਇੰਜ ਕਰਕੇ ਯਾਰੋ ਮਸਿਆਂ ਜਾਨ ਛੁੜਾਈ ॥ ਅੱਗੋਂ ਏਸੇ ਬਸ ਵਿੱਚ ਬਹਿ ਕੇ ਬਟੋਤ ਦੀ ਹੋਈ ਤਿਆਰੀ ਚਾਹ, ਦਹੀਂ ਤੇ ਨਾਲ ਪਰੋਂਠੇ ਕੀਤਾ ਨਾਸ਼ਤਾ ਭਾਰੀ ॥ ਦੋ ਘੰਟੇ ਦੇ ਵਿੱਚ ਹੀ ਬਸ ਨੇ ਜਾ ਬਟੋਤ ਪਹੁੰਚਾਇਆ ਬਾਬਾ ਬੰਟੀ ਪੀਲ਼ਾ ਪਟਕਾ ਬੰਨ੍ਹੀਂ ਨਜ਼ਰੀਂ ਆਇਆ ॥ ਸੰਤ ਸੁਭਾਅ ਸੂਫ਼ੀ ਬਾਬੇ ਦਾ ਵੇਖ ਕੇ ਚਿਹਰਾ ਖਿੜਿਆ "ਜੀ ਆਇਆਂ" ਕਹਿ ਬੰਟੀ ਸਾ'ਵੇਂ ਕੋਲਡ ਡ੍ਰਿੰਕ ਚਾ ਧਰਿਆ ॥ ਬਾਬੇ ਦਾ ਘਰ ਦੂਰ ਪਹਾੜੀਂ ਕਿੰਜ ਉੱਪਰ ਚੜ੍ਹ ਜਾਈਏ ਯਾਰੋ ਗਿਅਰ ਗੱਡੀ ਦਾ ਕਿਉਂ ਨਾ ਪਹਿਲੇ ਨੰਬਰ ਪਾਈਏ ॥ ਸੁਹਣਾ ਘਰ ਬੰਟੀ ਬਾਬੇ ਦਾ ਪੱਤਿਆਂ ਸਰਸਰ ਲਾਈ ਰੱਬ ਵਸਿਆ, ਬਲਿਹਾਰੀ ਕੁਦਰਤ, ਕੋਇਲਾਂ ਕੂ ਕੂ ਲਾਈ ॥ ਹਰਿਆਲੀ ਨ੍ਹਾਤੇ ਪੱਤਿਆਂ ਦੀ ਦਿਖ ਦਿਲ ਨੂੰ ਟੁੰਬਦੀ ਜਾਵੇ ਹਰ ਇਕ ਪੱਤਾ ਆਇਆਂ ਨੂੰ ਜੀ ਆਇਆਂ ਕਹਿ ਬੁਲਾਵੇ ॥ ਪਾਣੀ ਧਾਣੀ ਚਾਹ ਸ਼ਾਹ ਪੀਤੀ ਵਿੱਚ ਬਰਾਂਡੇ ਬਹਿ ਕੇ ਵੀਰ ਦਾ ਬਣਿਆ ਪਲਾਓ ਵੀ ਖਾਧਾ ਵਾਹਿਗੁਰੂ ਵਾਹਿਗੁਰੂ ਕਹਿ ਕੇ ॥ ਥੋੜੇ ਜੇਹੇ ਆਰਾਮ ਤੋਂ ਬਾਦਾਂ ਸ਼ਹਿਰ 'ਚ ਗੇੜਾ ਲਾਇਆ ਬੱਘੂ ਨਾਲ਼ੇ ਦਰਸ਼ਨ ਕੀਤੇ ਚਾਹ ਦਾ ਕੱਪ ਚੜ੍ਹਾਇਆ ॥ ਆਉਂਦੀ ਰਾਤ ਦਾ ਰਾਸ਼ਨ ਲੈ ਕੇ ਵਾਪਸ ਹੋਈ ਤਿਆਰੀ ਰਹਿਰਾਸ ਦਾ ਪਾਠ ਜੋ ਕੀਤਾ ਆਨੰਦ ਭਇਆ ਬਹੁ ਭਾਰੀ ॥ ਮੈਂ ਤੇ ਬੰਟੀ ਦੋਨਾਂ ਬਹਿ ਕੇ ਰੋਟੀ ਆਪ ਬਣਾਈ ਗਪਸ਼ਪ ਮਾਰੀ ਆਰਾਮ ਵੀ ਕੀਤਾ ਰਾਤ ਸੀ ਦੂਣ ਸਵਾਈ ॥ ਫਿਰ ਕਾਦਿਰ ਨੂੰ ਅੰਮ੍ਰਿਤ ਵੇਲ਼ੇ ਕੁਦਰਤ ਵੱਸਿਆ ਡਿੱਠਾ ਫੁੱਲਾਂ ਦੀ ਮਹਿਕ ਵਿੱਚ ਡਿੱਠਾ ਕਣ ਕਣ ਰਮਿਆ ਡਿੱਠਾ ॥ ਸੁਲਤਾਨ ਬਿਰਹੜਾ ਜਾਗ ਪਿਆ ਫਿਰ ਮਸਤ ਹਵਾਵਾਂ ਬੁੱਲੇ ਮੀਤ ਪਿਰਹੜਾ ਜਿਉਂ ਸੰਦੇਸਾ ਬਾਰ ਬਾਰ ਪਿਆ ਘੱਲੇ ॥ ਠੰਢੇ ਜਲ ਇਸ਼ਨਾਨ ਜੋ ਕੀਤਾ ਜਪੁਜੀ ਨੇ ਰੰਗ ਲਾਇਆ ਸੂਰਜ ਦੀ ਟਿੱਕੀ ਨੇ ਆ ਕੇ ਚਾਨਣ ਬਿਗਲ ਵਜਾਇਆ ॥ ਲੱਸੀ ਦਹੀਂ ਸਲੂਣਾ ਖਾਧਾ ਨਾਲ ਪਰੋਂਠੇ ਭਾਰੀ ਚਿਹਰੇ ਤੇ ਫਿਰ ਚੰਨ ਚੜ੍ਹ ਆਇਆ ਜਿਉਂ ਪੀ ਕੇ ਹੋਈਏ ਤਾਰੀ ॥ ਗਰਮ ਚਾਹ ਦੀ ਚੁਸਕੀ ਨੇ ਅੰਦਰ ਦੀ ਠੰਢ ਮਿਟਾਈ ਜੀਵਨ ਦੀ ਫਿਰ ਆਸ ਪੁੰਗਰ ਪਈ ਸੱਧਰਾਂ ਲਈ ਅੰਗੜਾਈ ॥ ਪੱਗਾਂ ਪੋਚਵੀਆਂ ਫਿਰ ਬੰਨ੍ਹ ਕੇ ਭਦਰਵਾਹ ਚਾਲੇ ਪਾਏ ਐਂਬਸਟਰ ਦੇ ਸ਼ੀਸ਼ੇ ਬਾਬੇ ਬੰਟੀ ਨੇ ਲਿਸ਼ਕਾਏ ॥ ਬੰਟੀ ਦਾ ਇਕ ਮਿੱਤਰ ਗੁਆਂਢੀ ਫਿਰ ਸਾਡੇ ਕੋਲ ਆਇਆ ਕਹਿੰਦਾ ਦਿਨ ਰੱਖੜੀ ਦਾ ਵੀਰੋ ਕੱਲ੍ਹ ਸਿਰ ਤੇ ਹੈ ਆਇਆ ॥ ਮੇਰੇ ਸਹੁਰੇ ਵੀ ਭਦਰਵਾਹ ਮੇਰੇ ਬੱਚੇ ਨਾਲ ਲੈ ਜਾਉ ਵੀਰੇ ਨੂੰ ਰਖੜੀ ਬੰਨ੍ਹ ਆਊ ਘਰਵਾਲ਼ੀ, ਕਰਮ ਕਮਾਉ ॥ ਪਰੀ ਜਿਹੀ ਇਕ ਸੋਹਲ ਬੱਚੀ, ਬੀਬੀ ਨਾਲ ਲਿਆਈ ਸਾਰੇ ਰਾਹ ਵਿਚ ਉਸ ਬੱਚੀ ਨੇ ਵਾਹ ਵਾਹ ਰੌਣਕ ਲਾਈ ॥ ਭਰ ਕੇ ਵਹਿੰਦੀ ਝਨਾ ਨਦੀ ਦੇ ਰੱਜ ਕੇ ਦਰਸ਼ਨ ਕੀਤੇ ਹਰੀ ਭਰੀ ਹਰਿਆਵਲ ਦੇ ਅਸਾਂ ਖ਼ੂਬ ਨਜ਼ਾਰੇ ਲੀਤੇ ॥ ਕੁਦਰਤ ਦੀ ਕੁਦਰਤ ਹੀ ਜਾਣੇ ਸੱਭ ਤੀਰਥ ਵਿੱਚ ਕੁਦਰਤ ਕੁਦਰਤ ਦਿੱਸੈ ਕੁਦਰਤ ਸੁਣੀਐ ਰੱਬ ਵਸਦੈ ਵਿੱਚ ਕੁਦਰਤ ॥ ਪੁੱਲ ਡੋਡੇ ਦਾ ਦ੍ਰਿਸ਼ ਆਲੌਕਿਕ ਦਿਲ ਨੂੰ ਛੂਹ ਛੂਹ ਜਾਵੇ ਮਨ ਕਰੇ ਇੱਕ ਵਾਰੀ ਬੰਦਾ ਐਥੇ ਹੀ ਟਿਕ ਜਾਵੇ ॥ ਹੱਸਦੇ ਮੁਸਕਰਾਉਂਦੇ ਝਰਨੇ ਲੰਘ, ਭਦਰਵਾਹ ਆਇਆ ਬੀਬੀ ਤੇ ਪਿਆਰੀ ਬੱਚੀ ਨੂੰ ਮੰਜ਼ਿਲ ਤੱਕ ਪਹੁੰਚਾਇਆ ॥ ਪਰੀ ਜਿਹੀ ਬੱਚੀ ਨੂੰ ਅੱਜ ਤੱਕ ਮੈਂ ਤਾਂ ਭੁੱਲ ਨਾ ਪਾਇਆ ਸੋਹਲ ਜ੍ਹਿਦੀ ਮੁਸਕਾਨ ਨੇ ਸਾਡਾ ਸਫ਼ਰ ਅਭੁੱਲ ਬਣਾਇਆ ॥ ਥੈਲੇ ਵੈਲੇ ਰੱਖ ਕੇ ਹੋਟਲ ਖਾਣਾ ਵਾਣਾ ਖਾਧਾ ਗੁਪਤ ਗੰਗਾ ਦੇ ਦਰਸ਼ਨ ਕੀਤੇ ਗਿਆਨ 'ਚ ਕੀਤਾ ਵਾਧਾ ॥ ਪੁਲਿਸ ਵਾਲ਼ੇ ਨੂੰ ਪੁੱਛ ਕੇ ਗੱਡੀ ਜਾਈ ਵੱਲ ਦੌੜਾਈ ਮਾਣਦਿਆਂ ਰਮਣੀਕ ਨਜ਼ਾਰੇ ਚਿੰਟਾ ਤੱਕ ਪਹੁੰਚਾਈ ॥ ਚਿੰਟਾ ਦੇ ਮੰਜ਼ਰ ਮਨਮੋਹਕ ਚਿੰਤਾ ਮੁਕਤ ਕਰਾਇਆ ਜਾਈ ਤੱਕ ਪਹੁੰਚਣ ਲਈ ਸਾਡਾ ਜਿਗਰਾ ਹੋਰ ਵਧਾਇਆ ॥ ਧਰਤੀ ਤੇ ਕੋਈ ਸੁਰਗ ਜਿਉਂ ਹੋਵੇ ਜਾਈ ਦਾ ਨਜ਼ਾਰਾ ਘਿਰਿਆ ਵਿੱਚ ਪਹਾੜਾਂ ਦੇ ਇਕ ਅਜਬ ਮੈਦਾਨ ਪਿਆਰਾ ॥ ਫੋਟੋ ਸ਼ੋਟੋ ਖਿੱਚ ਕੇ ਆਪਾਂ ਚਾਹ ਦੀਆਂ ਚੁਸਕੀਆਂ ਲਾਈਆਂ ਸੁਹਣੇ ਰੱਬ ਦਾ ਸ਼ੁਕਰ ਮਨਾਇਆ ਜਿਨ੍ਹੇਂ ਖ਼ੂਬ ਰੌਣਕਾਂ ਲਾਈਆਂ ॥ ਖ਼ਾਸ ਭਦਰਵਾਹ ਆਕੇ ਸੁਹਣਾ ਫੌਜੀ ਪਾਰਕ ਡਿੱਠਾ ਝਿਲਮਿਲ ਝੀਲ ਪਿਆਰੀ ਲੱਗੀ ਦ੍ਰਿਸ਼ ਵੀ ਬੜਾ ਅਨੂਠਾ ॥ ਫਿਰ ਸ਼ਾਮਾਂ ਨੂੰ ਬਹਿ ਕੇ ਯਾਰਾਂ ਮਸਤ ਬਹਾਰ ਬਣਾਇਆ ਸ਼ਹਿਰ ਭਦਰਵਾਹ ਸੁਹਣਾ ਲੱਗਾ ਹਰ ਕੋਈ ਸੀ ਨਸ਼ਿਆਇਆ ॥ ਰਾਤ ਥਕਾਵਟ ਉਤਰੀ ਸਾਰੀ ਅੰਮ੍ਰਿਤ ਵੇਲ਼ਾ ਹੋਇਆ ਚਿੜੀ ਜੋ ਚੁਹਕੀ ਉਠ ਗਏ ਸਾਰੇ ਕੋਈ ਨਹੀਂ ਸੀ ਸੋਇਆ ॥ ਪੰਛੀਆਂ ਦੇ ਝੁਰਮੁਟ ਮੁੜ ਆਏ ਚੀਂ ਚੀਂ ਸਮੇਂ ਨੂੰ ਬੰਨ੍ਹਿਆ ਹਰ ਪੰਛੀ ਦੀ ਬਿਰਹਾ ਬੋਲੀ ਹਿਰਦਾ ਮੇਰਾ ਵਿੰਨਿਆ ॥ ਦਹੀਂ ਪਰੋਂਠੇ ਨਾਲ ਨਾਸ਼ਤਾ ਚਾਹ ਦਾ ਸੇਵਨ ਕੀਤਾ ਚੰਡੀ ਮੰਦਰ ਦਰਸ਼ਨ ਕੀਤੇ ਦਿਲ ਆਨੰਦਿਤ ਕੀਤਾ ॥ ਘੁੱਗੀ ਸ਼ਾਹ ਰਾਜਮਾਹ ਵੇਚੇ ਦਾਲਾਂ ਦਾ ਵਿਉਪਾਰੀ ਦੋ ਦੋ ਕਿਲੋ ਤੋਹਫੇ ਦੇ, ਉਹਨੇ ਕੀਤੀ ਸੇਵਾ ਭਾਰੀ ॥ ਯੂਨੀਵਰਸਿਟੀ ਕੈਂਪ ਨਜ਼ਾਰਾ ਦਿਲ ਨੂੰ ਖਿੱਚ ਜਿਹੀ ਪਾਵੇ ਅੱਡੀਆਂ ਚੁੱਕ ਚੁੱਕ ਤੱਕੀਏ ਕਿੱਧਰੋਂ ਉਹ ਚਿਹਰਾ ਦਿੱਸ ਜਾਵੇ ॥ ਚਾਹ ਦਾ ਪਿਆਲਾ ਪੀ ਅਸਾਂ ਫਿਰ ਵਾਪਸ ਚਾਲੇ ਪਾਏ ਸਫਲ ਭਦਰਵਾਹ ਫੇਰੀ ਹੋਈ ਰੱਬ ਦੇ ਸ਼ੁਕਰ ਮਨਾਏ ॥ ਰਾਮਗੜ੍ਹ ਰਸਤੇ ਵਿੱਚ ਰੁਕ ਕੇ ਰੋਟੀ ਰੱਜਵੀਂ ਖਾਧੀ 'ਨਾਰਦਾਣੇ ਦੀ ਚੱਟਣੀ ਸੱਚਮੁਚ ਲੱਗੀ ਬੜੀ ਸੁਆਦੀ ॥ ਰਾਤ ਦੇ ਖਾਣੇ ਦੀ ਤਿਆਰੀ ਨਾਲ ਜੋਰਾਂ ਦੇ ਹੋਈ ਸੱਭ ਥਕੇਵਾਂ ਦੂਰ ਕਰਨ ਦੀ ਕਸਰ ਨਾ ਛੱਡੀ ਕੋਈ ॥ 30 ਅਗਸਤ ਦਿਨ ਐਤਵਾਰ ਦੀ ਸੱਜਰੀ ਸੁਬਹ ਆਈ ਫੁੱਲ, ਪੰਛੀਆਂ ਮਿਲਮਿਲਾ ਕੇ ਵਾਹ ਵਾਹ ਰੌਣਕ ਲਾਈ ॥ ਕਰ ਇਸ਼ਨਾਨ ਪਾਠ ਤੇ ਪੂਜਾ ਜੰਮੂ ਦੀ ਹੋਈ ਤਿਆਰੀ ਮਾਰ ਕੇ ਛਾਲਾਂ ਹੇਠਾਂ ਪਹੁੰਚੇ ਆ ਗਈ ਬਸ ਸਵਾਰੀ ॥ ਬੰਟੀ ਵੀਰਾ ਵਿਦਾ ਕਰਨ ਲਈ ਹੇਠਾਂ ਤੀਕਰ ਆਇਆ ਬਸ ਦੇ ਵਿੱਚ ਬਿਠਾ ਕੇ ਮੈਨੂੰ ਉਸ ਜੈਕਾਰਾ ਲਾਇਆ ॥ ਸਫ਼ਰ ਸੁਹਾਨਾ ਕਰਕੇ ਪਹੁੰਚੇ ਫੇਰ ਘਰਾਂ ਨੂੰ ਭਾਈ ਭਦਰਵਾਹ ਦੀਆਂ ਯਾਦਾਂ ਲੱਗਣ ਕਵਿਤਾ, ਗ਼ਜ਼ਲ, ਰੁਬਾਈ ॥ 'ਉੱਪਲ' ਜੀਵਨ ਬੜਾ ਅਮੋਲਕ ਰੱਜ ਰੱਜ ਇਸਨੂੰ ਜੀਏ ਰੱਬ ਜੇ ਦੇਵੇ ਪ੍ਰੇਮ ਪਿਆਲੇ ਕਿਉਂ ਨਾ ਭਰ ਭਰ ਪੀਏ !!

ਪਾਣੀ ਜਿਹਾ ਸੁਭਾਅ

ਮੇਰਾ ਪਾਣੀ ਜਿਹਾ ਸੁਭਾਅ, ਓ ਲੋਕੋ ਵਹਿ ਜਾਂਦਾਂ ਭਾਵੁਕ ਹੋਇਆ ਅਕਸਰ ਸਭ ਕੁੱਝ ਸਹਿ ਜਾਂਦਾਂ ਮੈਂ ਬਲਦੀ ਧੁੱਪੇ ਅੰਮ੍ਰਿਤ ਵੰਡਣ ਤੁਰਿਆ ਹਾਂ ਮੈਂ ਚਸ਼ਮੇ ਜਿਉਂ ਖੁੰਦਰਾਂ ਦੇ ਨਾਲ ਖਹਿ ਜਾਂਦਾਂ । ਮੇਰਾ ਪਾਣੀ ਜਿਹਾ ਸੁਭਾਅ........ ਮੈਂ ਸਭ ਦਾ, ਸੱਭ ਆਪਣੇ ਮੈਨੂੰ ਲੱਗਦੇ ਨੇ ਮੈਨੂੰ ਮਿਲਕੇ ਸਾਰੇ ਹੀ ਰੰਗ ਫੱਬਦੇ ਨੇ ਨੀਰ ਹਾਂ, ਨਾ ਮੇਰੇ ਤੇ, ਕੁਝ ਲਿਖਿਆ ਕਰ ਪੜ੍ਹ ਕੇ ਮੈਂ ਗ਼ਮ ਤੇਰਾ ਅਕਸਰ ਯਾਰਾ ਢਹਿ ਜਾਂਦਾਂ । ਮੇਰਾ ਪਾਣੀ ਜਿਹਾ ਸੁਭਾਅ.......... ਦੁਨੀਆਂ ਦੇ ਸੱਭ ਦੁੱਖ ਸੁਖ ਮੇਰੇ ਅੰਦਰ ਨੇ ਦਾਨਵ ਦੇਵ ਸਮੋਏ ਸੱਭ ਸਮੁੰਦਰ ਨੇ ਵਿਸ਼ ਅੰਮ੍ਰਿਤ ਸਨ ਰਿੜਕੇ ਮੇਰੇ ਵਿੱਚੋਂ ਹੀ ਹਰ ਕਿਸੇ ਰੂਹ ਤੱਕ ਤਾਈਓਂ ਲਹਿ ਜਾਂਦਾਂ । ਮੇਰਾ ਪਾਣੀ ਜਿਹਾ ਸੁਭਾਅ....... ਬਰਫ਼ਾਂ ਢਕਿਆ ਪਰਬਤ ਜੇਹਾ, ਆਕਾਰ ਹਾਂ ਮੈਂ ਸਾਗਰ ਵਾਂਗ ਅਸੀਮ, ਵਿਸ਼ਾਲ ਸਾਕਾਰ ਹਾਂ ਮੈਂ ਉੱਡਾਂ ਬਣ ਕੇ ਬੱਦਲ ਵਿੱਚ ਆਕਾਸ਼ਾਂ ਦੇ ਪਿਆਸੀ ਧਰਤੀ ਉੱਤੇ 'ਉੱਪਲ' ਲਹਿ ਜਾਂਦਾਂ । ਮੇਰਾ ਪਾਣੀ ਜਿਹਾ ਸੁਭਾਅ.......

ਰੁੱਖ ਤੇ ਮਨੁੱਖ

ਹਰੇ ਭਰੇ, ਇਹ ਨੇ ਜੋ ਰੁੱਖ ਰਖਦੇ ਨਹੀਂ ਕਿਸੇ ਲਈ ਦੁੱਖ ਮਾਵਾਂ ਜਿਹੀਆਂ ਠੰਢੀਆਂ ਛਾਵਾਂ ਪਿਤਾ ਵਾਂਗਰਾਂ ਦੇਂਦੇ ਸੁਖ ਹਰੇ ਭਰੇ, ਇਹ ਨੇ ਜੋ ਰੁੱਖ.........., ਨਿੱਕੇ ਨਿੱਕੇ ਸੁਹਣੇ ਬਾਲ ਭੋਰਾ ਜੇਹਾ ਨਹੀਂ ਮਲਾਲ ਦਵੈਸ਼ ਈਰਖਾ ਦਿਲ ਨਾ ਕਾਈ ਨੂਰੀ ਸੁਹਣੇ ਭੱਖਦੇ ਮੁੱਖ ਹਰੇ ਭਰੇ, ਇਹ ਨੇ ਜੋ ਰੁੱਖ......, . ਦਿਸਣ ਪੀਲ਼ੇ ਜ਼ਰਦ ਮਨੁੱਖ ਖੌਰੇ ਕਾਹਨੂੰ ਗਏ ਨੇ ਸੁੱਕ ਦੌਲਤ ਪਿੱਛੇ ਭੱਜੀ ਜਾਂਦੇ ਮੁਕਦੀ ਨਹੀਂ ਇਨ੍ਹਾਂ ਦੀ ਭੁੱਖ ਹਰੇ ਭਰੇ, ਇਹ ਨੇ ਜੋ ਰੁੱਖ......... ਪਾਣੀ ਗੁਰੂ ਪਿਤਾ ਅਖਵਾਏ ਸਭ ਜੀਆਂ ਦੀ ਪਿਆਸ ਬੁਝਾਏ ਮੂਲ ਕਦੇ ਨਾ ਛੋੜੇ ਬੇਸ਼ਕ ਦੂਜੇ ਦੇ ਵਿੱਚ ਜਾਏ ਮੁੱਕ ਹਰੇ ਭਰੇ, ਇਹ ਨੇ ਜੋ ਰੁੱਖ......... ਮਣਾਂ ਮੂੰਹੀ ਇਹ ਪਾਣੀ ਪੀ ਕੇ ਨਾਲੇ ਸਭ ਸੁੱਖਾਂ ਨੂੰ ਜੀ ਕੇ ਪੀਲ਼ਾ ਭੁੱਕ ਇਹ ਬੰਦਾ ਦਿੱਸੇ ਖੌਰੇ ਕਿਹੜਾ ਲਾਇਆ ਦੁੱਖ ਹਰੇ ਭਰੇ, ਇਹ ਨੇ ਜੋ ਰੁੱਖ......... ਸਰਸਰ ਵਗਣ ਸੀਤ ਹਵਾਵਾਂ ਰੱਬੀ ਰਹਿਮਤ, ਦੇਣ ਦੁਆਵਾਂ ਜਾਪਣ ਜਿਉਂ ਦਾਦੀ ਦੀ ਲੋਰੀ ਫਲ ਦੇਂਵਣ ਰੁੱਖਾਂ ਜਿਉਂ ਝੁਕ ਹਰੇ ਭਰੇ, ਇਹ ਨੇ ਜੋ ਰੁੱਖ....... ਮੇਰੀ ਮਾਤਾ ਧਰਤ ਪਿਆਰੀ ਜਿਸ ਨੇ ਆਪਣੀ ਝੋਲ ਖਿਲਾਰੀ ਅੰਨਦਾਤੀ ਦੇ ਭਰੇ ਭੰਡਾਰੇ ਲੰਗਰ ਇਸ ਦੇ ਰਹਿਣ ਅਮੁੱਕ ਹਰੇ ਭਰੇ, ਇਹ ਨੇ ਜੋ ਰੁੱਖ....... ਫਲਾਂ ਫੁੱਲਾਂ ਨਾਲ ਲੱਦੇ ਲੱਦੇ ਪੰਛੀ ਆਉਂਦੇ ਭੱਜੇ ਭੱਜੇ ਜੀਰਾਂਦ ਰੁੱਖਾਂ ਦੀ ਵੰਡੀ ਜਾਵੇ ਬੰਦੇ ਦੀ ਨਾ ਮੁਕਦੀ ਭੁੱਖ ਹਰੇ ਭਰੇ, ਇਹ ਨੇ ਜੋ ਰੁੱਖ.......... ਬਿਰਖਾਂ ਹੈ ਦੇਣਾ ਸਿਖਲਾਇਆ ਮਿਲਜੁਲ ਕੇ ਰਹਿਣਾ ਸਿਖਲਾਇਆ ਰਹਿਣ ਇਕੱਠੇ ਹੇਠਾਂ ਉੱਤੇ ਕਾਟੋ, ਕੀੜੀ ਅਤੇ ਮਨੁੱਖ ਹਰੇ ਭਰੇ, ਇਹ ਨੇ ਜੋ ਰੁੱਖ........ ਬੱਚੇ ਬੁੱਢੇ ਰਲ਼ ਮਿਲ ਆਏ ਬਾਬਾ ਬੋਹੜ ਪਿਆ ਮੁਸਕਾਏ ਆਓ ਬੱਚਿਓ, ਛਾਵਾਂ ਮਾਣੋ ਬਾਝ ਤੁਸਾਂ ਦੇ ਸੁਕਦੀ ਕੁੱਖ ਹਰੇ ਭਰੇ, ਇਹ ਨੇ ਜੋ ਰੁੱਖ.......... ਰਹਿਣ ਭਟਕਦੇ ਕਿਉਂ ਇਹ ਬੰਦੇ ਗ਼ੈਰ ਕੁਦਰਤੀ ਕਰਦੇ ਧੰਦੇ ਵੇਖੋ ਰੁਖ, ਵੰਡਦੇ ਨੇ ਦਾਤਾਂ ਲੁੱਟੀ ਜਾਵਣ ਪਏ ਮਨੁੱਖ ਹਰੇ ਭਰੇ, ਇਹ ਨੇ ਜੋ ਰੁੱਖ........ ਰਮਜ਼ ਜੀਣ ਦੀ ਭੁੱਲਿਆ ਬੰਦਾ ਛਿੱਲੀ ਜਾਂਦਾ ਫੜ ਕੇ ਰੰਦਾ ਬੱਚਾ ਪੈਦਾ ਕਰ ਨਹੀਂ ਸਕਦਾ ਲਗਦੈ ਸੁੱਕੀ ਇਸਦੀ ਕੁੱਖ ਹਰੇ ਭਰੇ, ਇਹ ਨੇ ਜੋ ਰੁੱਖ.......... ਮਿਲਦੈ ਜੀਵਨ ਕੁੱਝ ਗਵਾਇਆਂ ਰੁੱਖ ਬੂਟਿਆਂ ਵਾਂਗ ਲੁਟਾਇਆਂ ਚਿਹਰਾ ਨੂਰੀ ਤਦ ਖਿੜਦਾ ਹੈ ਦਈਏ ਜਦੋਂ ਕਿਸੇ ਨੂੰ ਸੁਖ ਹਰੇ ਭਰੇ, ਇਹ ਨੇ ਜੋ ਰੁੱਖ.......... ਅੱਡੀਆਂ ਚੁਕ ਚੁਕ ਰੁੱਖ ਬੁਲਾਵਣ ਸਭ ਨੂੰ ਜੀਵਨ ਜਾਚ ਸਿਖਾਵਣ ਵੰਡੋ ਦਾਤਾਂ, ਰੱਬ ਬਣ ਜਾਵੋ ਫਰਕ ਮਿਟਾਵੋ ਰੁੱਖ ਮਨੁੱਖ ਹਰੇ ਭਰੇ, ਇਹ ਨੇ ਜੋ ਰੁੱਖ.......... 'ਉੱਪਲ' ਇੱਕ ਬੂਟਾ ਘਰ ਲਾਇਆ ਉਸ ਨੂੰ ਆਪਣਾ ਮਿਤਰ ਬਣਾਇਆ ਢੇਰ ਬਰਕਤਾਂ ਮੁੜ ਘਰ ਆਈਆਂ ਆਣ ਢੁਕੇ ਦੁਨਿਆਵੀ ਸੁਖ ਹਰੇ ਭਰੇ, ਇਹ ਨੇ ਜੋ ਰੁਖ........

ਜਿਸ ਦੀ ਹੋਵੇ ਅੱਖ ਮੈਲ਼ੀ

ਇੱਕ ਇੱਕ ਅੱਖਰ ਸੋਨੇ ਦਾ ਕੌਡੀ ਦੇ ਭਾਅ ਵਿੱਚ ਵਿਕਦਾ ਨਹੀਂ । ਜਿਸਦੀ ਹੋਵੇ ਅੱਖ ਮੈਲੀ ਉਹ ਬੰਦਾ ਕਿਧਰੇ ਟਿਕਦਾ ਨਹੀਂ । ਜਿੰਦ ਜਾਨ ਹੈਂ ਸਾਡੀ ਇੱਕ ਤੂੰ ਹੀ, ਸਿੱਜਦਾ ਤੈਨੂੰ ਕਰਦੇ ਹਾਂ ਬਾਜ਼ ਤਿਰੇ ਇਹ ਸੀਸ ਮਿਰਾ ਸੱਚ ਜਾਣੀ ਕਿਧਰੇ ਝੁੱਕਦਾ ਨਹੀਂ । ਤੂੰ ਗ਼ਜ਼ਲਾਂ ਜੇਹੀ ਹੀਰ ਪਰੀ, ਰਾਂਝਣ ਗੀਤਾਂ ਵਰਗਾ ਮੈਂ ਇਸ਼ਕੇ ਦਾ ਰਾਗ ਅਲਾਪਦਿਆਂ, ਆਸ਼ਕ ਦਾ ਮਨ ਭਰਦਾ ਨਹੀਂ । ਉਹ ਅੰਦਰੋਂ ਬਾਹਰੋਂ ਇਕ ਜੈਸਾ, ਯਾਰ ਮਿਰਾ ਰੱਬ ਵਰਗਾ ਹੈ ਉਸ ਵੇਖ ਕਿ ਅੰਬਰੀਂ ਚੰਨ ਦਿੱਸੇ, ਬਿਨ ਉਸਦੇ ਦਿਨ ਚੜ੍ਹਦਾ ਨਹੀਂ । 'ਉੱਪਲ' ਜੀ ਮਸਤ ਬਹਾਰਾਂ ਨੇ, ਮੋਰਾਂ ਰੁਣਝੁਣ ਲਾਈ ਹੈ ਕੋਇਲ ਦੀ ਕੂ ਮੁੱਕਦੀ ਨਹੀਂ, ਭੌਰਾ ਫੁੱਲਾਂ ਤੇ ਥੱਕਦਾ ਨਹੀਂ ।

ਨੀਲੇ ਘੋੜੇ ਦਾ ਸਵਾਰ

ਨੀਲੇ ਘੋੜੇ ਦਾ ਸਵਾਰ ਬਾਜਾਂ ਵਾਲੜਾ ਦਾਤਾਰ ਦਾਨੀ ਪੁੱਤਰਾਂ ਦਾ ਆਵੇ ਯਾਦ ਬਾਰ ਬਾਰ ਬਾਰ ਵਹਿਣ ਅੱਥਰੂ ਅੱਖਾਂ ਦੇ ਵਿੱਚੋਂ ਜ਼ਾਰ ਜ਼ਾਰ ਜ਼ਾਰ । ਵੈਰੀ ਦਸ ਲੱਖ ਅਤੇ ਸੱਚੀ ਸਰਕਾਰ ਸੀ ਸਿੰਘ ਚਾਲੀ ਅਜੀਤ ਸਿੰਘ ਤੇ ਜੁਝਾਰ ਸੀ ਕੀਤਾ ਪੁੱਤਰਾਂ ਨੂੰ ਗੁਰਾਂ ਆਪ ਤੱਯਾਰ ਸੀ ਇੱਲਾਂ ਵਾਂਗਰਾਂ ਸੀ ਵੈਰੀਆਂ ਦੀ ਡਾਰ ਡਾਰ ਡਾਰ ਦਾਨੀ ਪੁੱਤਰਾਂ ਦਾ ਆਵੇ ਯਾਦ ਬਾਰ ਬਾਰ ਬਾਰ ਵਹਿਣ ਅੱਥਰੂ ਅੱਖਾਂ ਦੇ ਵਿੱਚੋਂ ਜ਼ਾਰ ਜ਼ਾਰ ਜ਼ਾਰ । ਅਜੀਤ ਸਿੰਘ ਗਰਜਿਆ ਵਿੱਚ ਮੈਦਾਨ ਦੇ ਵੇਖ ਝੂਲਦੇ ਨਿਸ਼ਾਨ ਸਿੱਖੀ ਆਨ ਸ਼ਾਨ ਦੇ ਵੈਰੀ ਝੱਲੇ ਜਦ ਵਾਰ ਅਜੀਤ ਸਿੰਘ ਜਵਾਨ ਦੇ ਹੋਏ ਹੌਂਸਲੇ ਵੈਰੀ ਦੇ ਫਿਰ ਤਾਰ ਤਾਰ ਤਾਰ ਦਾਨੀ ਪੁੱਤਰਾਂ ਦਾ ਆਵੇ ਯਾਦ ਬਾਰ ਬਾਰ ਬਾਰ । ਲੋਹਾ ਲੈਣ ਆਇਆ ਜੁਝਾਰ ਸਿੰਘ ਸਰਦਾਰ ਜੀ ਛੋਟਾ ਉਮਰਾਂ ਦਾ ਤੇਜ ਧਨੀ ਤਲਵਾਰ ਜੀ ਨੇਜ਼ਿਆਂ ਦੇ ਕੀਤੇ ਵਾਰ ਬੇਸ਼ੁਮਾਰ ਜੀ ਉਸ ਵੈਰੀ ਦਿੱਤੇ ਪਲਾਂ ਵਿੱਚ ਮਾਰ ਮਾਰ ਮਾਰ ਕੀਤੇ ਹੌਂਸਲੇ ਵੈਰੀ ਦੇ ਉਸ ਤਾਰ ਤਾਰ ਤਾਰ ਦਾਨੀ ਪੁੱਤਰਾਂ ਦਾ ਆਵੇ ਯਾਦ ਬਾਰ ਬਾਰ ਬਾਰ ਵਹਿਣ ਅੱਥਰੂ ਅੱਖਾਂ ਦੇ ਵਿੱਚੋਂ ਜ਼ਾਰ ਜ਼ਾਰ ਜ਼ਾਰ । ਅਜੀਤ ਤੇ ਜੁਝਾਰ ਜਾਮ ਸ਼ਹੀਦੀਆਂ ਦਾ ਪੀ ਗਏ ਦੇ ਕੇ ਅਹੂਤੀ ਸੱਚੇ ਸੂਰਮੇ ਨੇ, ਜੀ ਗਏ ਆਪਣੇ ਲਹੂ ਨਾ(ਲ) ਸਾਡੇ ਜ਼ਖਮਾਂ ਨੂੰ ਸੀ ਗਏ ਫੁੱਲ ਦੇ ਕੇ ਖ਼ੁਦ ਚੁਣੇ ਖ਼ਾਰ ਖ਼ਾਰ ਖ਼ਾਰ ਦਾਨੀ ਪੁੱਤਰਾਂ ਆਵੇ ਯਾਦ ਬਾਰ ਬਾਰ ਬਾਰ ਵਹਿਣ ਅੱਥਰੂ ਅੱਖਾਂ ਦੇ ਵਿੱਚੋਂ ਜ਼ਾਰ ਜ਼ਾਰ ਜ਼ਾਰ । ਪੰਥ ਆਖੇ ਲੱਗ ਗੁਰਾਂ ਛੱਡ ਦਿੱਤੀ ਗੜ੍ਹੀ ਸੀ ਆਈ ਸਿੰਘਾਂ ਲਈ ਬੜੀ ਮੁਸ਼ਕਿਲ ਦੀ ਘੜੀ ਸੀ ਗੁਰੂ ਜੀ ਸਾ'ਵੇਂ ਲਾਸ਼ ਜੁਝਾਰ ਸਿੰਘ ਦੀ ਪੜੀ ਸੀ ਗੁਰੂ ਪਿਤਾ ਲੰਘ ਗਏ ਉਥੋਂ ਪਾਰ ਪਾਰ ਪਾਰ ਵਹਿਣ ਅੱਥਰੂ ਅੱਖਾਂ ਦੇ ਵਿੱਚੋਂ ਜ਼ਾਰ ਜ਼ਾਰ ਜ਼ਾਰ ਦਾਨੀ ਪੁੱਤਰਾਂ ਦਾ ਆਵੇ ਯਾਦ ਬਾਰ ਬਾਰ ਬਾਰ । ਜੋਰਾਵਰ, ਫ਼ਤਿਹ ਸਿੰਘ, ਜਿੰਦਾਂ ਚਿਣਵਾਈਆਂ ਨੇ ਦੇ ਕੇ ਸ਼ਹੀਦੀ, ਜਿੰਦਾਂ ਸਾਡੀਆਂ ਬਚਾਈਆਂ ਨੇ ਵਾਸਤੇ ਵੈਰੀ ਦੇ, ਭਾਜੜਾਂ ਜੀ ਪਾਈਆਂ ਨੇ ਸਿੰਘਾਂ ਦੀ 'ਉੱਪਲ' ਤਿੱਖੀ ਧਾਰ ਧਾਰ ਧਾਰ ਦਾਨੀ ਪੁੱਤਰਾਂ ਦਾ ਆਵੇ ਯਾਦ ਬਾਰ ਬਾਰ ਬਾਰ ਵਹਿਣ ਅੱਥਰੂ ਅੱਖਾਂ ਦੇ ਵਿੱਚੋਂ ਜ਼ਾਰ ਜ਼ਾਰ ਜ਼ਾਰ ।

ਧੋਖੇਬਾਜ਼

ਸੱਜਣ ਧੋਖੇਬਾਜ਼ ਨਾ ਹੁੰਦਾ ॥ ਤਾਂ ਬੇਤਾਲਾ ਸਾਜ਼ ਨਾ ਹੁੰਦਾ ॥ ਕਾਵਾਂਰੌਲ਼ੀ ਹੀ ਸੁਣਨੀ ਸੀ ਜੇ ਕੀਤਾ ਰੱਯਾਜ਼ ਨਾ ਹੁੰਦਾ ॥ ਸੱਚਾ ਹਿੰਦੁਸਤਾਨੀ ਹੁੰਦਾ ਜੇ ਤੂੰ ਲੀਤਾ ਦਾਜ ਨਾ ਹੁੰਦਾ ॥ ਜਾਤ ਪਾਤ ਤੂੰ ਛੱਡ ਦੇਣੀ ਸੀ ਜੇ ਵੋਟਾਂ ਦਾ ਕਾਜ ਨਾ ਹੁੰਦਾ ॥ ਲੋਕਾਂ ਨੰਗੇ ਹੋ ਜਾਣਾ ਸੀ ਜੇ ਕੋਈ ਰਸਮ ਰਿਵਾਜ਼ ਨਾ ਹੁੰਦਾ ॥ ਬੋਲੀ ਤੇਰੀ ਬਦਲ ਗਈ ਏ ਕੱਲ੍ਹ ਕਦੀ ਵੀ ਆਜ ਨਾ ਹੁੰਦਾ ॥ ਲੋਕਾਂ ਦਾ ਮਨ ਪੜ੍ਹ ਲੈਂਦਾ ਜੇ ਖੁੱਲ੍ਹਿਆ ਤੇਰਾ ਪਾਜ ਨਾ ਹੁੰਦਾ ॥ ਤੂੰ ਵੀ ਨਬਜ਼ ਪਕੜ ਲੈਣੀ ਸੀ ਜੇ ਤੇਰੇ ਸਿਰ ਤਾਜ਼ ਨਾ ਹੁੰਦਾ ॥ ਮੁਰਗ ਮੁਸੱਲਮ ਕਿਸ ਖਾਣਾ ਜੇ ਤੜਕੇ ਵਿੱਚ ਪਿਆਜ਼ ਨਾ ਹੁੰਦਾ ॥ ਜੀਵਨ ਜੁਗਤੀ ਕਿਸ ਦਸਣੀ ਸੀ ਜੇ ਦਸ਼ਮੇਸ਼ ਦਾ ਬਾਜ ਨਾ ਹੁੰਦਾ ॥ ਗੀਤ ਗ਼ਜ਼ਲ ਕਿਉਂ ਕਹਿੰਦਾ 'ਉੱਪਲ' ਜੇ ਉਸ ਕੋਲ਼ੇ ਰਾਜ਼ ਨਾ ਹੁੰਦਾ ॥

ਗਲ ਵਿੱਚ ਢੋਲਕ

ਗਲ ਵਿੱਚ ਢੋਲਕ, ਹੱਥ ਵਿੱਚ ਛੈਣੇ ਉੱਚੀ ਉੱਚੀ ਹੇਕਾਂ ਲਾ ਕੇ ਉੱਚਾ ਦਰ ਨਾਨਕ ਦਾ ਗਾਉਨੈਂ ਨਾਨਕ ਨਾਮ ਲੇਵਾ ਅਖਵਾਉਨੈਂ..... ਕਿਆ ਹਿੰਦੂ ਸਿੱਖ ਮੁਸਲਿਮ ਭਾਈ ਅਮਲਾਂ ਬਾਜੋਂ ਢੋਈ ਨਾਹੀ ॥ ਹੱਥੀਂ ਕਿਰਤ ਤਾਂ ਕਰਦਾ ਨਈਓਂ ਖ਼ੁਦ ਨੂੰ ਪ੍ਰੈਕਟੀਕਲ ਅਖਵਾਉਨੈਂ...... ਉੱਚਾ ਦਰ ਨਾਨਕ ਦਾ ਗਾਉਨੈਂ ਨਾਨਕ ਨਾਮ ਲੇਵਾ ਅਖਵਾਉਨੈਂ....... ਬਾਬੇ ਭੁੱਖਿਆਂ ਤਾਈਂ ਖਲਾਇਆ ਮਾਰਾਂ ਖਾਕੇ ਲੰਗਰ ਲਾਇਆ ॥ ਰੱਜਿਆ ਪੁੱਜਿਆ! ਆਪ ਬਣਾਕੇ ਆਪੇ ਪੂੜੀ ਛੋਲੇ ਖਾਨੈਂ..... ਉੱਚਾ ਦਰ ਨਾਨਕ ਦਾ ਗਾਉਨੈਂ ਨਾਨਕ ਨਾਮ ਲੇਵਾ ਅਖਵਾਉਨੈਂ.....,, ਲੰਗਰ ਦੀ ਬਾਬੇ ਰੀਤ ਚਲਾਈ ਵੰਡ ਛਕਣ ਦੀ ਪਿੜਤ ਸੀ ਪਾਈ ॥ ਤੂੰ ਭੰਡਾਰ ਭਰੇ ਦੌਲਤ ਦੇ ਗ਼ਰੀਬ ਦਾ ਹੱਕ ਵੀ ਖਾਈ ਜਾਨੈਂ....., ਉੱਚਾ ਦਰ ਨਾਨਕ ਦਾ ਗਾਨੈਂ ਨਾਨਕ ਨਾਮ ਲੇਵਾ ਅਖਵਾਨੈਂ,, , , , ਪਵਨ ਗੁਰੂ ਤੇ ਪਿਤਾ ਹੈ ਪਾਣੀ ਧਰਤ ਨੂੰ ਮਾਤਾ ਕਰਕੇ ਜਾਣੀ ॥ ਛਿੱਕੇ ਟੰਗ ਕੇ ਬਚਨ ਗੁਰਾਂ ਦੇ ਵਾਤਾਵਰਣ ਵਿਗਾੜੀ ਜਾਨੈਂ....... ਉੱਚਾ ਦਰ ਨਾਨਕ ਦਾ ਗਾਉਨੈਂ ਨਾਨਕ ਨਾਮ ਲੇਵਾ ਅਖਵਾਉਨੈਂ....., ਨਿੰਦਾ ਚੁਗਲੀ ਤੋਂ ਬੱਚ ਰਹਿਣਾ ਝੂਠ ਫ਼ਰੇਬ ਹੈ ਝੂਠਾ ਗਹਿਣਾ ॥ ਦੌਲਤ ਵਿਚ ਗਲਤਾਨ ਹੋਇਆ ਤੂੰ ਆਖ਼ਰ ਵੇਲੇ ਦੋਜ਼ਖ ਜਾਨੈਂ..... ਉੱਚਾ ਦਰ ਨਾਨਕ ਦਾ ਗਾਉਨੈਂ ਨਾਨਕ ਨਾਮ ਲੇਵਾ ਅਖਵਾਉਨੈਂ.....,, ਔਰਤ ਅਬਲਾ ਰੱਬ ਨੂੰ ਪਿਆਰੀ ਰੱਬ ਨੇ ਆਪਣੇ ਬਾਦ ਖਲ੍ਹਾਰੀ ॥ ਜਨਮਦਾਤੀ ਜੋ ਸੱਭ ਸਿ੍ਸਟੀ ਦੀ ਓਸੇ ਨਾਲ ਤੂੰ ਵੈਰ ਕਮਾਉਨੈਂ........ ਉੱਚਾ ਦਰ ਨਾਨਕ ਦਾ ਗਾਉਨੈਂ ਨਾਨਕ ਨਾਮ ਲੇਵਾ ਅਖਵਾਉਨੈਂ........ ਹੱਥ ਫੜ ਸੋਟਾ ਸੋਧਣ ਤੁਰਿਆ ਕੱਛ ਕਿਤਾਬ, ਉਹ ਗਿਆਨ ਲੈ ਤੁਰਿਆ ॥ ਮਿੱਠੀ ਬੋਲੀ ਸੰਵਾਦ ਰਚਾਵੇ ਤੂੰ ਬਕਬਾਦ ਲਗਾਈ ਜਾਨੈਂ........, ਉੱਚਾ ਦਰ ਨਾਨਕ ਦਾ ਗਾਉਨੈਂ ਨਾਨਕ ਨਾਮ ਲੇਵਾ ਅਖਵਾਉਨੈਂ......... ਪੈਰੀਂ ਛਾਲੇ ਬੁੱਲ੍ਹ ਫੁੱਟ ਗਏ ਨੇ ਰੇਤ ਬਰਫ਼ ਵਿੱਚ ਦਮ ਘੁਟ ਗਏ ਨੇ ॥ ਪਰ ਬਾਬੇ, ਨਈਂ ਰੁਕਣਾ, ਚਲਣੈਂ ਤੂੰ ਘਰ ਬੈਠਾ ਮਰਦਾ ਰਹਿਨੈਂ ॥ ਉੱਚਾ ਦਰ ਨਾਨਕ ਦਾ ਗਾਉਨੈਂ ਨਾਨਕ ਨਾਮ ਲੇਵਾ ਅਖਵਾਉਨੈਂ....... ਵਹਿਮਾਂ ਭਰਮਾਂ ਨੂੰ ਛੁਡਵਾਵੇ ਜਾਤ ਪਾਤ ਨੂੰ ਜੜ੍ਹੋਂ ਮੁਕਾਵੇ ॥ ਊਚ ਨੀਚ ਦਾ ਭੇਦ ਮਿਟਾਉਂਦਾ ਤੂੰ ਵਖਰੇਵੇਂ ਪਾਈ ਜਾਨੈਂ....... ਉੱਚਾ ਦਰ ਨਾਨਕ ਦਾ ਗਾਉਨੈਂ ਨਾਨਕ ਨਾਮ ਲੇਵਾ ਅਖਵਾਉਨੈਂ........ ਆ ਬਾਬੇ ਦਾ ਰਾਗ ਸੁਣਾਵਾਂ ਮਿੱਠੀ ਧੁੰਨ ਰਬਾਬ ਵਜਾਵਾਂ ॥ ਬਾਣੀ ਬੋਲਾਂ ਬਾਣੀ ਗਾਵਾਂ ਤੂੰ ਤਾਂ ਲੱਚਰ ਗੀਤ ਸੁਣਾਉਨੈਂ........ ਉੱਚਾ ਦਰ ਨਾਨਕ ਦਾ ਗਾਉਨੈਂ ਨਾਨਕ ਨਾਮ ਲੇਵਾ ਅਖਵਾਉਨੈਂ...... ਨਾਨਕ ਨਾਮ ਲੇਵਾ ਜੇ ਬਣਨੈਂ ਦਰ ਸੱਚੇ ਤੇ ਜੇ ਅਪੜਨੈਂ 'ਉੱਪਲ' ਚੱਲ ਕਲਾਵੇ ਬਾਬੇ ਕਿਉਂ ਏਧਰ ਓਧਰ ਝਾਂਕੀ ਜਾਂਨੈ..... ਉੱਚਾ ਦਰ ਨਾਨਕ ਦਾ ਗਾਉਨੈਂ ਨਾਨਕ ਨਾਮ ਲੇਵਾ ਅਖਵਾਉਨੈਂ.......

ਵੈਦਾ ਤੂੰ ਆਪ ਬਿਮਾਰ ਹੈਂ

ਕੋਈ ਦਰਦ ਨਾ ਮੇਰੇ ਜਾਣਦਾ ਹੈ ਕੋਈ ਨਾ ਮੇਰੇ ਹਾਣ ਦਾ । ਵੈਦਾ ਤੂੰ ਆਪ ਬਿਮਾਰ ਹੈਂ ਮੇਰੀ ਨਬਜ਼ ਨਹੀਂ ਪਛਾਣਦਾ । ਰੱਬ ਕਾਸਾ ਦਿੱਤਾ ਹਿਜਰ ਦਾ ਵਸਲਾਂ ਨੂੰ ਭੁੱਲ ਭੁਲਾਣ ਦਾ । ਜੀਣਾ ਮਰਨਾ ਇੱਕ ਸਾਰ ਹੈ ਜਿਉਂਦੇ ਜੀ ਮਰ ਜਾਣਦਾ। ਹਿਰਦੇ ਹੈ ਹੂਕ ਮਿਲਣ ਦੀ ਸਾਡੇ ਹਾਲ ਨੂੰ ਬਿਰਹਾ ਜਾਣਦਾ । ਗੀਤਾਂ ਗ਼ਜ਼ਲਾਂ ਦੇ ਵਿਚ 'ਉੱਪਲ' ਉਸਨੂੰ ਕੁਝ ਕਹਿਣ ਸੁਨਾਣ ਦਾ ।

ਪਿੰਡ ਦੀ ਸੱਥ

ਪਿੰਡ ਦੀ ਸੱਥ ਰੋਵੇ ਕੁਰਲਾਵੇ ਪੱਤਾ ਪੱਤਾ ਨੈਣ ਵਹਾਵੇ ਬੈਠਾ ਬਾਬਾ ਬੋਹੜ ਝੂਰੇ ਮਿੱਟੀ ਘੱਟਾ ਖਾਣ ਨੂੰ ਆਵੇ ॥ ਬਾਬੇ ਕਰ ਗਏ ਕੂਚ ਜਹਾਨੋਂ ਬੱਚੇ ਟੁਰ ਗਏ ਹਿੰਦੁਸਤਾਨੋਂ ਆਉਣਾ ਜਾਣਾ ਬੀਤੀਆਂ ਗੱਲਾਂ ਖੁਸ਼ੀਆਂ ਦਾ ਨਾ ਨਾਮ ਨਿਸ਼ਾਨੋਂ । ਖੜਖੜ ਪੱਤੇ ਗੱਲਾਂ ਕਰਦੇ ਭੁੰਜੇ ਢੱਠੇ ਰਹਿੰਦੇ ਮਰਦੇ ਕੋਈ ਤਾਂ ਆਵੇ ਮਿੱਧੇ ਸਾਨੂੰ ਸਾਡੀ ਪਤਝੜ! ਹਾਸੇ ਭਰਦੇ ! ਬੱਚਿਆਂ ਦੀ ਕਿਲਕਾਰੀ ਕਿੱਥੇ ਜੋਬਨ ਰੁੱਤ ਉਹ ਪਿਆਰੀ ਕਿੱਥੇ ਤਖ਼ਤ ਲਾਹੋਰੀ ਹਿੱਕਾਂ ਵਾਲ਼ੀ ਮਨਮੋਹਣੀ ਵਣਜਾਰੀ ਕਿੱਥੇ । ਉਹ ਗੱਡਿਆਂ ਦਾ ਲਾਗੋਂ ਲੰਘਣਾ ਬਾਪੂ ਦਾ ਮੁੰਡਿਆਂ ਨੂੰ ਖੰਘਣਾ ਦੌੜ ਕਿ ਗੰਨੇ ਖਿੱਚ ਲਿਆਉਣੇ ਚੂਪੀ ਜਾਣਾ ਕੋਈ ਨਾ ਸੰਗਣਾ । ਪੜ੍ਹਨ ਸਕੂਲੇ ਭੱਜ ਕੇ ਜਾਣਾ ਆਉਂਦੀ ਵੇਰਾਂ ਖੌਰੂ ਪਾਉਣਾ ਆਉਂਦੇ ਜਾਂਦੇ ਮਸਤੀ ਕਰਨੀ ਖੂਹ ਤੇ ਚਲ੍ਹਿਆਂ ਵਿੱਚ ਨਹਾਉਣਾ । ਮੂਲ਼ੀ, ਗਾਜਰ, ਗੰਨੇ ਪੁੱਟਣੇ ਨਾਲ਼ੇ ਭੁੱਜੇ ਦਾਣੇ ਚੱਬਣੇ ਗਲ ਦੇ ਵਿੱਚ ਬਸਤੇ ਲਟਕਾ ਕੇ ਗੁਰੂ ਘਰਾਂ ਚੋਂ ਲੰਗਰ ਛੱਕਣੇ । ਸ਼ਾਮਾਂ ਨੂੰ ਫਿਰ ਖੇਡਣ ਜਾਣਾ ਖਿੱਧੋ ਡੰਡਾ ਨਾਲ ਲਿਆਉਣਾ ਘੋੜ ਕਬੱਡੀ, ਪਿੱਠੂ ਕਾਇਮ ਮਿੱਟੀ ਘੱਟਾ ਖ਼ੂਬ ਉਡਾਉਣਾ । ਮੁੜਕੋ ਮੁੜਕੀਂ ਹੋਇਆਂ ਨੇ ਫਿਰ ਫਿਰਨੀ ਦਾ ਇੱਕ ਗੇੜਾ ਲਾਉਣਾ ਕਾਰਗ਼ੁਜਾਰੀ ਸਾਰੇ ਦਿਨ ਦੀ ਇੱਕ ਦੂਜੇ ਨੂੰ ਕਹਿ ਸੁਨਾਉਣਾ । ਮਾਤਾ ਦਾ ਫਿਰ ਲੱਭ ਕੇ ਸਾਨੂੰ ਮੋੜ ਘਰਾਂ ਨੂੰ ਲੈ ਕੇ ਆਉਣਾ ਗੇੜ ਕੇ ਨਲਕਾ ਸਾਨੂੰ ਠੰਢੇ ਠੰਢੇ ਪਾਣੀ ਵਿੱਚ ਨਹਾਉਣਾ । ਜਿਉਂ ਪਿੰਡੇ ਤੇ ਠੰਢਾ ਠੰਢਾ ਪੈਂਦਾ ਜਾਣਾ ਪਾਣੀ ਮਾਤਾ ਸਾਨੂੰ ਡਾਂਟੀ ਜਾਣਾ ਪੜ੍ਹੀ ਜਾਣੀ! ਗੁਰਬਾਣੀ । ਮਾਖਿਓਂ ਮਿੱਠੀ ਮਾਂ ਦੀ ਬੋਲੀ ਮਿਸਰੀ ਜਿਉਂ ਘੁਲ ਜਾਵੇ ਚੂਰੀ ਕੁਟ ਮਾਂ ਮੂੰਹ ਵਿੱਚ ਪਾਵੇ ਨਾਲੇ ਲਾਡ ਲਡਾਵੇ । ਪਿੰਡ ਦੇ ਰੁੱਖ ਮਨੁੱਖਾਂ ਵਰਗੇ ਘਰ ਦੇ ਜੀਅ ਨੇ ਸਾਰੇ ਅੰਬ, ਤੂਤ ਤੇ ਬੇਰੀ ਸਿੰਬਲ ਝੂਲਣ ਦੇਣ ਨਜ਼ਾਰੇ । ਜੰਡ, ਟਾਹਲੀਆਂ, ਜਾਮਣ ਕਿੱਕਰ ਬੂਟਿਆਂ ਰੌਣਕ ਲਾਈ ਬਹਿ ਕੇ ਹੇਠਾਂ ਬੋਹੜ ਬਾਬਿਆਂ ਤਾਸ਼ ਦੀ ਬਾਜ਼ੀ ਲਾਈ । ਚਿੜੀਆਂ ਚਹਿਕਣ, ਘੁੱਗੀਆਂ ਘੂੰ ਘੂੰ ਉੱਡਣ ਬਾਜ, ਗੁਟਾਰਾਂ ਤਿੱਤਰ, ਤੋਤੇ, ਕਾਟੋ ਨੱਚਦੀ ਕੋਇਲ ਰਾਗ ਮਲਹਾਰਾਂ । ਮਾਘ ਮਹੀਨੇ ਰੁੱਤ ਬਸੰਤੀ ਲੱਗੀ ਧਰਤੀ ਮੌਲਣ ਪੀਲੇ ਫੁੱਲ ਸਰ੍ਹੋਂ ਦੇ ਖਿੜ ਕੇ ਲੱਗੇ ਮਹਿਕਾਂ ਘੋਲਣ । ਪ੍ਰੇਮ ਮੁਹੱਬਤ ਦੀ ਇਸ ਰੁੱਤੇ ਰੰਗ ਬਸੰਤੀ ਛਾਵੇ ਬੱਚੇ, ਬੁੱਢੇ ਦੇ ਚਿਹਰੇ ਤੇ ਨੂਰ ਇਲਾਹੀ ਆਵੇ । ਮੌਸਮ ਦੇ ਹਰ ਰੰਗ ਵਿੱਚ ਰੰਗਣਾ ਰੰਗਣ ਰੀਤ ਚਲਾਉਣੀ 'ਜੀ ਆਇਆਂ' ਰੁੱਤਾਂ ਨੂੰ ਕਹਿਕੇ ਰੱਜ ਰੱਜ ਮੌਜ ਮਨਾਉਣੀ । ਗੁਰੂ ਘਰਾਂ ਦੇ ਅਖੰਡ ਪਾਠ ਵਿੱਚ ਚਾਹ ਦੀ ਸੇਵਾ ਲਾਉਣੀ ਸੇਵਾ ਮਸਤੀ, ਪੁੰਨ ਤੇ ਫਲੀਆਂ ਪੜ੍ਹੀ ਜਾਣੀ ਗੁਰਬਾਣੀ । ਬਾਬੇ ਬੋਹੜ ਦੀ ਗੋਦੀ ਬਹਿਕੇ ਲੰਬੀ ਬਾਤ ਜੋ ਪਾਉਣੀ ਵੇਖਦਿਆਂ ਹੀ ਦੂਜੇ ਪਾਸੋਂ ਓਹ ਮੁੰਡਿਆਂ ਦੀ ਢਾਣੀ । ਸ਼ਾਲਾ! ਬਚਪਨ, ਪਿੰਡ ਤੇ ਖੇਡਾਂ ਝਲਕ ਜਿਹੀ ਦਿਖਲਾ ਜਾਵਣ ਇੱਕ ਵੇਰਾਂ ਫਿਰ ਆਕੇ ਓਦਾਂ ਦਿਲ ਮੇਰਾ ਪਰਚਾ ਜਾਵਣ । ਇੱਕ ਵੇਰਾਂ ਫਿਰ ਭੂਆ, ਦਾਦੀ ਮੇਰਾ ਮੁਖੜਾ ਚੁੰਮ ਜਾਵੇ ਇੱਕ ਵੇਰਾਂ ਫਿਰ ਅੰਮੜੀ ਮੇਰੀ ਕਿਤੇ ਪਜੀਰੀ ਭੁੰਨ ਜਾਵੇ । ਬਾਪੂ ਮੇਰੀ ਉੰਗਲ ਫੜ ਇੱਕ ਗੇੜਾ ਸ਼ਹਿਰ ਲਵਾ ਜਾਵੇ ਵੱਡਾ ਭਾ, ਚਾ ਘੇੜੀ ਮੈਨੂੰ ਮੇਲੇ ਵਿੱਚ ਘੁਮਾ ਆਵੇ । ਵੱਡੀ ਭੈਣ ਪਿਆਰੀ ਚੰਨੋ ਮੁੜ ਪ੍ਰਦੇਸੋਂ ਆ ਜਾਵੇ ਬਚਪਨ ਦੇ ਮੇਰੇ ਨਖਰੇ ਇੱਕ ਵੇਰਾਂ ਫਿਰ ਚੁਕਾ ਜਾਵੇ । ਇੱਕ ਵੇਰਾਂ ਫਿਰ ਲੋਹੜੀ ਰਾਤੇ ਗੀਤ ਖੁਸ਼ੀ ਦੇ ਗਾ ਲਈਏ ਇੱਕ ਵੇਰਾਂ ਫਿਰ ਰੁੱਸੇ ਦੁੱਲੇ ਭੱਟੀ ਨੂੰ ਮਨਾ ਲਈਏ । ਇੱਕ ਵੇਰਾਂ ਫਿਰ ਹੀਰ ਸਿਆਲੀ ਹੇਕਾਂ ਲਾ ਕੇ ਗਾ ਲਈਏ ਵਾਰਿਸ ਸ਼ਾਹ ਇਸ਼ਕ ਦਾ ਕਿੱਸਾ ਰੂਹਾਂ ਵਿੱਚ ਵਸਾ ਲਈਏ । ਪਿੰਡ ਮੇਰੇ ਦੀ ਸ਼ਾਮ ਸਲੇਟੀ ਸਰਘੀ ਲਾਲ ਗੁਲਾਬੀ ਸਿਖਰ ਦੁਪਹਿਰਾ ਭਖਦਾ ਸੂਹਾ ਰਾਤਾਂ ਪੈਣ ਸ਼ਰਾਬੀ । ਗਰਮੀ ਦੇ ਦਿਨ ਤਪਦੀਆਂ ਜੂਹਾਂ ਗਲੀਆਂ ਵਿੱਚ ਸੱਨਾਟੇ ਕਰਕੇ ਬੰਦ ਹਵੇਲੀ ਲੋਕੀਂ ਮਾਰਨ ਦੱਬ ਖੁੱਰਾਟੇ । ਸਾਵਣ ਰੁੱਤੇ ਜਲਥਲ ਜਲਥਲ ਮੋਰ ਪਪੀਹੇ ਗਾਉਣ ਛਪ ਛਪ ਪਾਣੀ ਖੇਡਣ ਬੱਚੇ ਨਾਲ ਤਾਰੀਆਂ ਲਾਉਣ । ਸਾਵਣ ਰੁੱਤੇ ਬੈਠ ਸੁਆਣੀ ਮਾਲ ਪੂੜੇ ਪਈ ਤੱਲਦੀ ਵਰ੍ਹਦੀ ਬਾਰਿਸ਼ ਪੂੜੇ ਬੀਬੀ ਨਾਲ ਦਿਆਂ ਦੇ ਘੱਲਦੀ। ਅੰਬੀਂ ਬੈਠੀ ਕੋਇਲ ਕੂ ਕੂ ਬਿਰਹਾ ਰਾਗ ਸੁਣਾਵੇ ਚਿਰੀਂ ਵਿਛੋੜਾ ਡਾਢਾ ਔਖਾ ਕਦ ਸੱਜਣ ਘਰ ਆਵੇ । ਯਾਦ ਹੈ ਭੂਆ ਭੱਠੀ ਵਾਲ਼ੀ ਖਿੜ ਖਿੜ ਖਿੱਲਾਂ ਹਾਸੇ ਨਾਲੇ ਭੁੰਨੇ ਦਾਣੇ ਸਾਡੇ ਨਾਲੇ ਦਏ ਦਲਾਸੇ । ਟਕ ਟਕ ਕੁੱਤੇ ਦੀ ਖੂਹ ਤੇ ਬਾਬੇ ਵਾਕ ਸੁਣਾਇਆ ਸੱਚੇ ਰੱਬ ਨੂੰ ਯਾਦ ਕਰਨ ਦਾ ਅੰਮ੍ਰਿਤ ਵੇਲ਼ਾ ਆਇਆ । ਇੱਕ ਡੁੱਲ੍ਹੇ ਦੂਜੀ ਭਰ ਜਾਵੇ ਟਿੰਡਾਂ ਦਾ ਨਜ਼ਾਰਾ ਭਰ ਭਰ ਮਸ਼ਕਾਂ ਚਲ੍ਹਿਆਂ ਪਾਵਣ ਨਾ ਮੁੱਕੇ ਜਲਧਾਰਾ । ਅੱਜ ਵੀ ਯਾਦ ਹੈ ਪੈਂਤੀ ਅੱਖਰੀ ਊੜਾ ਐੜਾ ਪੜ੍ਹਨਾ ਤਿਤਲੀ ਪਿੱਛੇ ਭੱਜਦੇ ਭੱਜਦੇ ਜਾ ਸਕੂਲੇ ਵੜਨਾ । ਪ੍ਰੇਮ ਪੋਸਤੀ, ਜੈਲਾ ਅਮਲੀ ਅੱਜ ਵੀ ਚੇਤੇ ਆਵਣ 'ਫੀਮਾਂ ਖਾਕੇ ਜੁਗਤਾਂ ਦੱਸਣ ਗੱਪਾਂ ਮਾਰੀ ਜਾਵਣ । ਜਦ ਵੀ ਪੈਲਾਂ ਪਾਉਂਦੀ ਜੱਟੀ ਭੱਤਾ ਲੈ ਕੇ ਆਵੇ ਆਉਂਦੀ ਵੇਖ ਹੀਰ ਨੂੰ ਰਾਂਝਣ ਕਲੀ ਹੀਰ ਦੀ ਗਾਵੇ । ਲਾਲੇ ਦੀ ਹੱਟੀ ਨੂੰ ਜਦ ਸੌਦਾ ਲੈਣ ਨੂੰ ਜਾਣਾ ਰੂੰਗੇ ਝੂੰਗੇ ਬਿਨ ਕਦੇ ਵੀ ਸੌਦਾ ਮੂਲ ਨਾ ਪਾਉਣਾ । ਧੀਆਂ ਭੈਣਾਂ ਸਹੁਰੇ ਪਿੰਡੋਂ ਜਦ ਪੇਕੇ ਘਰ ਆਉਣਾ ਬਾਬੁਲ ਦਾ ਵਿਹੜਾ ਖਿੜ ਜਾਣਾ ਵੀਰਾਂ ਭੰਗੜਾ ਪਾਉਣਾ । ਰੱਖੜੀ ਦੇ ਦਿਨ ਗੁੰਦੇ ਰੱਖੜੀ ਪ੍ਰੀਤੋ ਭੈਣ ਨਿਮਾਣੀ ਫੌਜੀ ਵੀਰਾ ਬਾਡਰ ਤੇ ਜਦ ਕਿੰਝ ਖਾਊ ਰੋਟੀ ਪਾਣੀ । ਸੂਹੇ ਜੋੜੇ ਨਜ਼ਰ ਨਾ ਲੱਗੇ ਚੂੜਾ ਛਣ ਛਣ ਛਣਕੇ ਬਾਹਰ ਨਿਕਲੇ ਵੀਰਾ ਭਾਬੀ ਵੇਖੋ! ਕਿੰਝ ਬਣ ਠਣਕੇ । ਤ੍ਰਿੰਝਣਾਂ ਦੇ ਵਿੱਚ ਰਲਮਿਲ ਬੈਠਣ ਪਿੰਡ ਦੀਆਂ ਮੁਟਿਆਰਾਂ ਖਿੜ ਖਿੜ ਹੱਸਣ, ਬੋਲੀਆਂ ਪਾਉਣ ਜੋਬਨ ਰੁੱਤ ਬਹਾਰਾਂ । ਚਿੜੀਆਂ ਵਿਹੜੇ ਆਉਣਾ ਛੱਡਿਆ ਫੋਨ ਹੈ ਟਿਕ ਟਿਕ ਕਰਦਾ ਦੇਸੀ ਚਿੜੇ ਚਿੜੀਆਂ ਦਾ ਕਿੱਥੇ ਡਿਜੀਟਲ ਦੇ ਨਾ(ਲ) ਸਰਦਾ । ਬੱਚੇ ਪੜ੍ਹਨ ਕਿਤਾਬਾਂ ਡਿਜੀਟਲ ਮਾਂ ਬੋਲੀ ਨੂੰ ਛੱਡਕੇ ਊੜਾ ਐੜਾ ਝਾਤੀਆਂ ਮਾਰਨ ਬੂਹਿਓਂ ਬਾਹਰ ਖੜਕੇ । ਮਾਮੀ, ਮਾਸੀ, ਚਾਚੀ, ਤਾਈ ਸੱਭ ਆਂਟੀਆਂ ਆਈਆਂ ਕੰਮ ਵਾਲੀ ਆਂਟੀ ਵੀ ਆਈ ਇੱਕੋ ਜਗ੍ਹਾ ਬਠਾਈਆਂ । ਮਾਲੀ, ਡਰਾਈਵਰ, ਦੋਧੀ, ਭਈਏ ਸਾਰੇ ਅੰਕਲ ਆਏ ਮਾਮਾ, ਮਾਸੜ, ਤਾਇਆ, ਚਾਚਾ ਵੀ ਅੰਕਲ ਅਖਵਾਏ । ਪਿੰਡ ਗਲੋਬਲ ਜਦ ਦਾ ਹੋਇਆ ਗਪ ਸ਼ਪ ਖੰਭ ਲਗਾ ਗਈ ਇੱਕੋ ਛੱਤ ਦੇ ਹੇਠਾਂ ਬਹਿਕੇ ਮਾਤਮਦਾਰੀ ਛਾ ਗਈ । ਆਪੇ ਹੱਸਣ ਆਪੇ ਰੋਵਣ ਦੁਖ ਸੁਖ ਨਾ ਫਰੋਲਣ ਫਰੋਲੀ ਜਾਵਣ ਯੂ ਟਿਊਬ ਨੂੰ ਆਪਸ ਵਿੱਚ ਨਾ ਬੋਲਣ । ਦਾਦਕਿਆਂ ਦੀ ਰੌਣਕ ਮੁੱਕੀ ਠਹਾਕੇ ਮੌਜ ਬਹਾਰਾਂ ਨਾਨਕਿਆਂ ਨਹੀਂ ਜਾਂਦੇ ਭਾਵਾਂ ਛੁੱਟੀਆਂ ਪੈਣ ਹਜ਼ਾਰਾਂ । ਕਾਸ਼! ਉਹ ਰੁੱਤਾਂ ਫਿਰ ਮੁੜ ਆਵਣ ਵੱਗਣ ਪ੍ਰੇਮ ਹਵਾਵਾਂ ਹੇਕਾਂ ਲਾ ਲਾ ਮਿਰਜਾ ਗਾਈਏ 'ਉੱਪਲ' ਇਸ਼ਕ ਗਾਥਾਵਾਂ ।

ਚੁੱਪ ਰਹਿਣਾ ਹੀ ਤਕਦੀਰਾਂ ਨੇ

ਜਿੱਥੇ ਧੱਕੇ ਸ਼ਾਹੀ ਹੁੰਦੀ ਹੈ ਜਿੱਥੇ ਜ਼ੋਰ ਅਜ਼ਮਾਈ ਹੁੰਦੀ ਹੈ ਓਥੇ ਇਕ ਚੁੱਪ, ਸੌ ਸੁੱਖਾਂ ਵਰਗੀ ਜਿੱਥੇ ਮਰ ਚੁੱਕੀਆਂ ਜ਼ਮੀਰਾਂ ਨੇ ਚੁੱਪ ਰਹਿਣਾ ਹੀ ਤਕਦੀਰਾਂ ਨੇ ........ ਜਿੱਥੇ ਤਰਕ ਦੀ ਗਲ ਤਾਂ ਕਰਦੇ ਨਹੀਂ ਜਿੱਥੇ ਮੁੱਦੇ ਵਲ ਨੂੰ ਟੁਰਦੇ ਨਹੀਂ ਓਥੇ ਤਾਂ ਮੱਛੀ ਮੰਡੀ ਹੈ ਕੀ ਕਰਨਾ ਇਥੇ ਸਫੀਰਾਂ ਨੇ ਚੁੱਪ ਰਹਿਣਾ ਹੀ ਤਕਦੀਰਾਂ ਨੇ....... ਜਿੱਥੇ ਲਾਠੀ ਦੀ ਸਿਕਦਾਰੀ ਹੈ ਬੜਬੋਲੇ ਦੀ ਸਰਦਾਰੀ ਹੈ ਖੰਭ ਲਾਏ ਦੂਰ ਅੰਦੇਸ਼ੀ ਨੇ ਕੀ ਕਰਨਾ ਗਹਿਰ ਗੰਭੀਰਾਂ ਨੇ ਚੁੱਪ ਰਹਿਣਾ ਹੀ ਤਕਦੀਰਾਂ ਨੇ........ ਜਿੱਥੇ ਸੱਭ ਚਮਗਾਦੜ ਉਲਟੇ ਨੇ ਕਾਰੇ ਵੀ ਉਲਟੇ ਪੁਲਟੇ ਨੇ ਦੜ ਵੱਟਕੇ ਓਥੋਂ ਲੰਘ ਜਾਈਏ ਕੀ ਕਰਨਾ ਉਥੇ ਫਕੀਰਾਂ ਨੇ ਚੁੱਪ ਰਹਿਣਾ ਹੀ ਤਕਦੀਰਾਂ ਨੇ ........ ਧੰਨ ਦੌਲਤ ਦੇ ਹਥਕੰਡੇ ਸੱਭ ਇਹ ਝੂਠੇ ਹਲਵੇ ਮੰਡੇ ਸੱਭ ਵਿਰਸੇ ਤੋਂ ਟੁੱਟ ਕੇ 'ਉੱਪਲ' ਲਾਈਲਗ ਹੋਈਆਂ ਵਹੀਰਾਂ ਨੇ ਚੁੱਪ ਰਹਿਣਾ ਹੀ ਤਕਦੀਰਾਂ ਨੇ ........

ਅਣਮੁੱਲੇ ਪਲ

ਜੀਵਨ ਦੇ ਅਣਮੁੱਲੇ ਪਲ, ਮੈਂ ਵਾਰੀ ਜਾਵਾਂ ਦਾਤਾਂ ਪਾ ਕੇ, ਦਾਤੇ ਨੂੰ ਮੈਂ ਕਿੰਜ ਭੁਲਾਵਾਂ ਨਾ ਸ਼ੁਕਰਾ ਨਈਂ, ਬੋਝ ਬਣਾਂ ਮੈਂ, ਇਸ ਧਰਤੀ ਤੇ ਬੁੱਲ੍ਹੇ ਵਾਂਗੂੰ, ਸੋਹਣੇ ਰੱਬ ਦੇ ਢੋਲੇ ਗਾਵਾਂ ! ਜੀਵਨ ਦੇ ਅਣਮੁੱਲੇ ਪਲ ਮੈਂ ਵਾਰੀ ਜਾਵਾਂ.... ਪਰਚਾ ਤਿੰਨ ਘੰਟੇ ਦਾ, ਆਖ਼ਰ ਖੋਹਿਆ ਜਾਣਾ ਭਾਵੇਂ ਲਿੱਖ ਸੁਜਾਖਾ, ਭਾਵੇਂ ਲਿਖ ਲੈ ਕਾਣਾ ਭੁੱਖੇ ਤਾਈਂ ਰਜਾ ਕੇ, ਫੇਰ ਮੈਂ, ਆਪੇ ਖਾਵਾਂ ਜੀਵਨ ਦੇ ਅਣਮੁੱਲੇ ਪਲ, ਮੈਂ ਵਾਰੀ ਜਾਵਾਂ....... ਹਵਾ, ਪਾਣੀ ਹਰਿਆਵਲ, ਸੱਭ ਪਰਿਵਾਰ ਨੇ ਮੇਰੇ ਤਿਤਲੀ, ਬਾਗ, ਪਰਿੰਦਾ, ਰਿਸ਼ਤੇਦਾਰ ਨੇ ਮੇਰੇ ਸੁਥਰੇ, ਸਾਫ਼ ਚੁਗਿਰਦੇ ਵਿੱਚ ਮੈਂ, ਨੱਚਾਂ ਗਾਵਾਂ ਜੀਵਨ ਦੇ ਅਣਮੁੱਲੇ ਪਲ, ਮੈਂ ਵਾਰੀ ਜਾਵਾਂ...... ਸਾਦ ਮੁਰਾਦਾ ਹਾਂ, ਪਰ ਤੇਰੀ ਅੱਖ ਦਾ ਤਾਰਾ ਤਾਹੀਓਂ ਯਾਰਾ ਮੈਨੂੰ ਵੀ ਤੂੰ ਲੱਗਦੈਂ ਪਿਆਰਾ ਸੂਰਤ ਤੇ ਸੀਰਤ ਵਿਚਲਾ, ਮੈਂ ਭੇਦ ਮਿਟਾਵਾਂ ਜੀਵਨ ਦੇ ਅਣਮੁੱਲੇ ਪਲ, ਮੈਂ ਵਾਰੀ ਜਾਵਾਂ........ ਦਿਲ ਮਰਜਾਣਾ ਮਜਨੂੰ ਤੇ ਮਹੀਂਵਾਲ ਜਿਹਾ ਏ ਹਾਲੇ ਵੀ ਕੋਈ ਸੁਹਣੀ ਹੀਰੀ ਭਾਲ ਰਿਹਾ ਏ ਉਡਣ ਪੰਖੇਰੂ ਦਿਲ ਦੇ ਪੈਰੀਂ ਝਾਂਜਰ ਪਾਵਾਂ ਜੀਵਨ ਦੇ ਅਣਮੁੱਲੇ ਪਲ ਮੈਂ ਵਾਰੀ ਜਾਵਾਂ....... ਯਾਦ ਤਿਰੀ ਦਾ ਜਦ ਵੀ ਯਾਰਾ ਬੁੱਲਾ ਆਵੇ ਤੇਰਾ ਕੋਲ਼ੇ ਹੋਣੇ ਦਾ ਅਹਿਸਾਸ ਕਰਾਵੇ ਵਸਲ ਵਿਛੋੜੇ ਦੀ ਦੂਰੀ ਮੈਂ ਇੰਜ ਮਿਟਾਵਾਂ ਜੀਵਨ ਦੇ ਅਣਮੁੱਲੇ ਪਲ ਮੈਂਵਾਰੀ ਜਾਵਾਂ....... ਜੀਵਨ ਹੈ ਹੱਥਠੋਕਾ ਜਾਂ ਜੁਗਾੜ ਜਿਹਾ ਹੈ ਇੱਕ ਤੋਂ ਪੈਦਾ ਹੋ ਕੇ ਵੀ ਦੋਫਾੜ ਜਿਹਾ ਹੈ ਦੂਜ ਦੁਹਾਈ ਤੋਂ 'ਉੱਪਲ' ਪਿੱਛਾ ਛੁੜਵਾਵਾਂ ਜੀਵਨ ਦੇ ਅਣਮੁੱਲੇ ਪਲ ਮੈਂ ਵਾਰੀ ਜਾਵਾਂ.......

ਕੁਦਰਤੀ ਖ਼ੂਬਸੂਰਤੀ

ਤੱਕ ਕੁਦਰਤੀ ਖ਼ੂਬਸੂਰਤੀ, ਹੈਰਾਨ ਹੋ ਗਿਆ ਮੈਂ ਤੇਰੀ ਸਾਦਗੀ ਤੇ ਦੋਸਤਾ ਕੁਰਬਾਨ ਹੋ ਗਿਆ ਮੈਂ ਤੂੰ ਅਪਸਰਾ ਕੋਈ ਹੂਰ ਹੈਂ ਅਰਸ਼ੋਂ ਆਈ ਹੋਈ ਹੋਂਠ ਤੱਕ ਫੁੱਲ ਪੱਤੀਆਂ, ਬੇਇਮਾਨ ਹੋ ਗਿਆ ਮੈਂ ਤੱਕ ਕੁਦਰਤੀ ਖ਼ੂਬਸੂਰਤੀ, ਹੈਰਾਨ ਹੋ ਗਿਆ ਮੈਂ....... ਪੈਲਾਂ ਜਿਉਂ ਪਾਵੇ ਮੋਰਨੀ, ਤੂੰ ਮਹਿਕਾਂ ਖਿਲਾਰਦੀ ਝਟਕ ਸੁਰਾਹੀ ਧੌਣ ਤੂੰ, ਹੈਂ ਜ਼ੁਲਫਾਂ ਸੰਵਾਰਦੀ ਪ੍ਰੇਸ਼ਾਨ ਲਟਾਂ ਤੱਕ ਤੇਰੀਆਂ, ਪ੍ਰੇਸ਼ਾਨ ਹੋ ਗਿਆ ਮੈਂ ਤੱਕ ਕੁਦਰਤੀ ਖ਼ੂਬਸੂਰਤੀ, ਹੈਰਾਨ ਹੋ ਗਿਆ ਮੈਂ...... ਅੱਖੀਆਂ ਦਿੱਸਣ ਤੇਰੀਆਂ ਅੱਧੇ ਜਿਉਂ ਫੁੱਲ ਖਿੜੇ ਤੇਰੇ ਹੱਸਦੀ ਦੇ ਦੰਦ ਸੋਹਣੀਏ ਮੋਤੀ ਲੱਗਣ ਜੜੇ ਤੱਕ ਰੂਪ ਤੇਰਾ ਬਸੰਤੀਏ, ਸੁਲਤਾਨ ਹੋ ਗਿਆ ਮੈਂ ਤੱਕ ਕੁਦਰਤੀ ਖ਼ੂਬਸੂਰਤੀ, ਹੈਰਾਨ ਹੋ ਗਿਆ ਮੈਂ....... ਸਾਦ ਮੁਰਾਦੀ ਹੀਰੀਏ ਤੂੰ ਅੰਬਰੋਂ ਉਤਰੀ ਨਾਰ ਨੀ ਤੈਨੂੰ ਤੱਕ ਫੁੱਲ ਬਨਾਵਟੀ ਹੋ ਜਾਂਦੇ ਸ਼ਰਮਸਾਰ ਨੀ 'ਉੱਪਲ' ਜਦ ਦੀ ਤੂੰ ਗਈ, ਵੀਰਾਨ ਹੋ ਗਿਆ ਮੈਂ ਤੱਕ ਕੁਦਰਤੀ ਖ਼ੂਬਸੂਰਤੀ, ਹੈਰਾਨ ਹੋ ਗਿਆ ਮੈਂ........

ਨੀਲੇ ਦੀਆਂ ਟਾਪਾਂ

ਗੋਬਿੰਦ ਦੇ ਸੋਹਲੇ ਗਾਵਾਂ ਮੈਂ ਜੋ ਗੁਰੂਆਂ ਨਾਦ ਵਜਾਏ ਸਨ ...... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ... ਜੋ ਹੇਮ ਤੇ ਆਸਨ ਲਾਉਂਦਾ ਹੈ ਜੋ ਦੁਸ਼ਟ ਦਮਨ ਅਖਵਾਉਂਦਾ ਹੈ ਜਿਹਨੂੰ ਪਰਮ ਪਿਤਾ ਨੇ ਘੱਲਿਆ ਸੀ ਜੋ ਰੱਬ ਦੇ ਸੁਤ ਬਣ ਆਏ ਸਨ.... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ ਉਹ ਤਪੀਆ ਆਦਿ ਜੁਗਾਦੀ ਹੈ ਉਹਦਾ ਭੀਖਣ ਸ਼ਾਹ ਫਰਿਆਦੀ ਹੈ ਦੋਵੇਂ ਹੱਥ ਰੱਖ ਉਹਨੇ ਕੁੱਜੀਆਂ ਤੇ ਧਰਮਾਂ ਦੇ ਭੇਦ ਮਿਟਾਏ ਸਨ... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ ... ਜਿੱਥੇ ਕਲਕਲ ਗੰਗਾ ਵਹਿੰਦੀ ਹੈ ਉਹ ਮਾਣਮੱਤੀ ਨਿੱਤ ਕਹਿੰਦੀ ਹੈ ਮੇਰੇ ਸ਼ਹਿਰ ਦਾ ਵਾਸੀ ਗੋਬਿੰਦ ਹੈ ਇਥੇ ਪ੍ਰੀਤਮ ਚੋਜ ਵਖਾਏ ਸਨ.... ਸਰਪਟ ਨੀਲੇ ਦੀਆਂ ਟਾਪਾਂ ਗੁਰ ਗੋਬਿੰਦ ਗੀਤ ਸੁਣਾਏ ਸਨ.... ਜੋ ਸਿਦਕੀ ਸਿਰੜੀ ਦਾਤਾ ਹੈ ਜੋ ਗ਼ਰੀਬ ਨਿਵਾਜ਼ ਵਿਧਾਤਾ ਹੈ ਉਹਨੇ ਦੱਬੇ ਕੁਚਲੇ ਫੜ ਕਈ ਗਿੱਦੜਾਂ ਤੋਂ ਸ਼ੇਰ ਬਣਾਏ ਸਨ... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ ... ਬਾਜਾਂ ਵਾਲਾ ਸ਼ਮਸ਼ੀਰ ਧਨੀ ਅੰਮ੍ਰਿਤ ਦਾ ਦਾਤਾ ਮਹਾਂ ਬਲੀ ਜਿਹਦੇ ਚਾਲੀ ਸਿੰਘਾਂ ਡਟ ਕੇ ਤੇ ਲੱਖਾਂ ਨੂੰ ਚਣੇ ਚਬਾਏ ਸਨ .... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ.... ਬਾਦਸ਼ਾਹ ਦਰਵੇਸ਼ ਹੈ ਉਹ ਬ੍ਰਹਮਾ, ਵਿਸ਼ਨੂੰ, ਮਹੇਸ਼ ਹੈ ਉਹ ਉਹ ਸਰਬਕਲਾ ਸੰਪੂਰਨ ਹੈ ਉਸ ਨਾਦ ਅਗੰਮੀ ਗਾਏ ਸਨ.... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ .... ਗੁਰੂ ਹੱਥੀਂ ਜਿਹੜਾ ਪਾਰ ਗਿਆ ਜੀਣਾ ਮਰਨਾ ਸੰਵਾਰ ਗਿਆ ਉਹਦੇ ਤੀਰ ਤੇ ਲੱਗਿਆ ਸੋਨਾ ਸੀ ਆਖਰ ਵੀ ਗੁਰੂ ਸਹਾਏ ਸਨ.... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ.... ਵਾਹ ਗੋਬਿੰਦ ਗੁਰੂ ਤੇ ਚੇਲਾ ਹੈ ਉਹ ਚੋਜੀ ਨਵਾਂ ਨਵੇਲਾ ਹੈ ਸਰਬੰਸਦਾਨੀ ਗੁਰ ਪੂਰੇ ਨੇ ਪੁੱਤ ਵਾਰ ਕੇ ਸ਼ੁਕਰ ਮਨਾਏ ਸਨ... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ.... ਮਾਂ ਗੁੱਜਰ ਕੌਰ ਦਾ ਜਾਇਆ ਜੋ ਨੌਵੇਂ ਘਰ ਪੁੱਤਰ ਆਇਆ ਜੋ ਉਸ ਹਿੰਦੂ ਦੇ ਜਨੇਊ ਲਈ ਬਾਪੂ ਦੇ ਸੀਸ ਕਟਾਏ ਸਨ... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ... ਕੀ ਹੋਇਆ ਮੇਰੇ ਚਾਰ ਗਏ ਮੇਰਾ ਨਾਗ ਖਾਲਸਾ ਜਿਉਂਦਾ ਹੈ ਇੱਟ ਨਾਲ ਇਟ ਖੜਕਾਉਣ ਲਈ ਬੰਦੇ ਜਿਹੇ ਸਿੰਘ ਸਜਾਏ ਸਨ....... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ... ਗੁਰ ਚੜ੍ਹਦੀ ਕਲਾ ਦਿਖਲਾ ਦਿੱਤੀ ਉਹਨਾਂ ਰੱਬ ਦੀ ਰਜ਼ਾ ਸਿਖਾ ਦਿੱਤੀ ਸਿਰ ਪਗੜੀ ਨੀਲੇ ਬਾਣੇ ਪਾ ਉਹਨੇ ਸਿੰਘ ਸਰਦਾਰ ਸਜਾਏ ਸਨ..... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ... ਦਸਮ ਪਿਤਾ ਕਲਮ ਦੇ ਮਾਹਿਰ ਨੇ ਉਹ ਕਵੀਆਂ ਲਈ ਜਗ ਜ਼ਾਹਰ ਨੇ ਮੁਗਲਾਂ ਦਾ ਛੱਡ ਦਰਬਾਰ ਕਵੀ ਕਈ ਨੰਦ ਲਾਲ ਜਿਹੇ ਆਏ ਸਨ..... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ... ਔਰੰਗਜੇਬ ਨੂੰ ਪੱਤਰ ਘੱਲਿਆ ਜਦ ਧਰਮ ਸਿੰਘ ਦਇਆ ਸਿੰਘ ਘੱਲਿਆ ਜਦ ਪੜ੍ਹ ਜਫ਼ਰਨਾਮਾ ਔਰੰਗੇ ਦੇ ਦਮ ਵਾਪਸ ਮੁੜ ਨਾ ਆਏ ਸਨ...... ਸਰਪਟ ਨੀਲੇ ਦੀਆਂ ਟਾਪਾਂ ਤੇ ਗੁਰ ਗੋਬਿੰਦ ਗੀਤ ਸੁਣਾਏ ਸਨ...

ਨਿੱਤ ਦਿਨ ਹੁੰਦੇ ਤਲਾਕ

ਨਿੱਤ ਦਿਨ ਹੁੰਦੇ ਤਲਾਕ, ਓ ਲੋਕੋ ਨਿੱਤ ਦਿਨ ਹੁੰਦੇ ਤਲਾਕ ਅੰਦਰ ਮਾਰੋ ਝਾਕ, ਓ ਲੋਕੋ ਅੰਦਰ ਨੂੰ ਮਾਰੋ ਝਾਕ...... ਵਿੱਦਿਆ, ਵਿਰਸੇ ਨੂੰ ਸਮਝਾਵੇ ਨਾ ਕੇ ਪੱਛਮ ਵੱਲ ਲੈ ਜਾਵੇ ਪਾਏ ਪੂਰਨਿਆਂ ਤੇ ਚੱਲੋ ਤੋੜੋ ਨਾ ਬੰਨ੍ਹੇ ਸਾਕ ਨਿੱਤ ਦਿਨ ਹੁੰਦੇ ਤਲਾਕ, ਓ ਲੋਕੋ ਨਿੱਤ ਦਿਨ ਹੁੰਦੇ ਤਲਾਕ......... ਸ਼ਾਦੀ ਵਿਆਹ ਰੱਬ ਖੇਡ ਬਣਾਇਆ ਵੱਸ ਸੰਜੋਗਾਂ ਜੀਵਨ ਪਾਇਆ ਬੰਧਨ ਬੰਧ ਜਾਣ ਤੋਂ ਬਾਅਦਾਂ ਹੋ ਜਾਵੋ ਪਾਕਮ-ਪਾਕ ਨਿੱਤ ਦਿਨ ਹੁੰਦੇ ਤਲਾਕ, ਓ ਲੋਕੋ ਨਿੱਤ ਦਿਨ ਹੁੰਦੇ ਤਲਾਕ...... ਠੋਕ ਵਜਾ ਕੇ ਰਿਸ਼ਤਾ ਜੋੜੋ ਬੇਸ਼ਕ ਬਣਦਾ ਸਾਥੀ ਲੋੜੋ ਪਰ ਜੇ ਲਾਵਾਂ ਲੈ ਲਈਆਂ ਤਾਂ ਨਾ ਹੋਵੋ ਨਾਪਾਕ ਨਿੱਤ ਦਿਨ ਹੁੰਦੇ ਤਲਾਕ, ਓ ਲੋਕੋ ਨਿੱਤ ਦਿਨ ਹੁੰਦੇ ਤਲਾਕ....... ਸਾਹਵੇਂ ਗੁਰਾਂ ਦੇ ਇੱਕ ਹੋ ਜਾਈਏ ਛੱਡ ਗੁਰੂ ਮਨਮੱਤ ਚਲਾਈਏ ਹਲਤ-ਪਲਤ ਦੋਵਾਂ ਤੋਂ ਝੂਠੇ ਜਾ ਰੁਲੀਏ ਵਿੱਚ ਖ਼ਾਕ ਨਿੱਤ ਦਿਨ ਹੁੰਦੇ ਤਲਾਕ, ਓ ਲੋਕੋ ਨਿੱਤ ਦਿਨ ਹੁੰਦੇ ਤਲਾਕ...... ਪਤਨੀ ਦੇਵੀ ਰੂਪ ਕਹਾਏ ਪਤੀ ਦੇਵਤਾ ਉਸਨੂੰ ਭਾਏ ਏਕ ਜੋਤ ਦੋ ਮੂਰਤ ਹੋ ਕੇ ਕਿਉਂ ਕਰੀਏ ਪੱਬੀਂ ਰਾਕ ਨਿੱਤ ਦਿਨ ਹੁੰਦੇ ਤਲਾਕ, ਓ ਲੋਕੋ ਨਿੱਤ ਦਿਨ ਹੁੰਦੇ ਤਲਾਕ....... ਮਾਇਆ ਦੇ ਲਈ ਪਾਗਲ ਬੰਦਾ ਕਾਰਾਂ, ਕਿੱਲੇ, ਸੋਨਾ ਧੰਦਾ ਆਪਣਿਆਂ ਤੋਂ ਮੂੰਹ ਫੇਰ ਹੋਰਾਂ ਨੂੰ ਮਾਰੇ ਹਾਕ ਨਿੱਤ ਦਿਨ ਹੁੰਦੇ ਤਲਾਕ, ਓ ਲੋਕੋ ਨਿੱਤ ਦਿਨ ਹੁੰਦੇ ਤਲਾਕ........ ਆਪਣਾ ਮੂਲ ਪਛਾਣੇ ਨਾਹੀ 'ਦੁੱਮ ਛੱਲਾ' ਲੈਂਦਾ ਅਖਵਾਈ ਛਿੱਕੇ ਟੰਗ ਕੇ ਸ਼ਰਮ ਧਰਮ ਨੂੰ ਵੇਖੇ ਤਾਕੋ ਤਾਕ ਨਿੱਤ ਦਿਨ ਹੁੰਦੇ ਤਲਾਕ, ਓ ਲੋਕੋ ਨਿੱਤ ਦਿਨ ਹੁੰਦੇ ਤਲਾਕ...... ਕੁੜੀਓ ਗੱਲ ਸੁਣੋ ਕੰਨ ਲਾ ਕੇ ਨਾਨਾ ਨਾਨੀ ਨੂੰ ਪੁੱਛਿਓ ਜਾ ਕੇ ਮਾਂ ਜਦ ਦੀ ਆਈ ਹੈ ਸਹੁਰੇ ਕੀ ਦਿੱਤਾ ਉਹਨੇ ਤਲਾਕ ਨਿੱਤ ਦਿਨ ਹੁੰਦੇ ਤਲਾਕ, ਓ ਲੋਕੋ ਨਿੱਤ ਦਿਨ ਹੁੰਦੇ ਤਲਾਕ ਨਰ ਨਾਰੀ ਬੈਠੇ ਬੰਨ੍ਹ ਕਤਾਰਾਂ ਤਲਾਕਸ਼ੁਦਾ ਲੋਕਾਂ ਦੀਆਂ ਡਾਰਾਂ ਮੁੜ ਤੋਂ ਲੱਭਦੇ ਜੀਵਨ ਸਾਥੀ ਅੱਗੋਂ ਬੱਚੇ ਭੀ ਬੇਬਾਕ ਨਿੱਤ ਦਿਨ ਹੁੰਦੇ ਤਲਾਕ, ਓ ਲੋਕੋ ਨਿੱਤ ਦਿਨ ਹੁੰਦੇ ਤਲਾਕ.......

ਭਰੂਣ ਹੱਤਿਆ

ਜਿਸ ਦੇਸ਼ 'ਚ ਮਾਂ ਨੂੰ ਪੂਜਿਆ ਜਾਵੇ ਜਿੱਥੇ ਮਾਂ, ਦੇਵੀ ਅਖਵਾਵੇ ਹਰ ਜੋੜੀ ਵਿੱਚ, ਪਹਿਲਾਂ ਜਿੱਥੇ ਔਰਤ ਸਭਿਆਚਾਰ ਸੁਣਾਵੇ ਭਰੂਣ ਹੱਤਿਆ ਦੀ ਲਾਹਨਤ ਓਥੇ ਕਿਉਂ ਘਰ ਘਰ ਵਿੱਚ ਕੀਤੀ ਜਾਵੇ ॥ ਜੇਕਰ ਵਿਸ਼ਵ ਗੁਰੂ ਅਖਵਾਉਣਾ ਲਿੰਗ ਭੇਦ ਨੂੰ ਪਊ ਮਿਟਾਉਣਾ ਰੱਬੀ ਜੋਤ ਨੇ ਲੜਕਾ ਲੜਕੀ ਇੱਕੋ ਜੇਹਾ ਪਊ ਵਰਤਾਉਣਾ ਨਾਨਕ ਕਹਿਆ ਰੱਬ ਤੋਂ ਬਾਦਾਂ ਔਰਤ ਜਾਤ ਨੂੰ ਪਊ ਬਿਠਾਉਣਾ ॥ ਅਨਪੜ੍ਹਤਾ ਹੈ, ਅੰਤਰ ਕਰਨਾ ਔਰਤ ਨਾਲ ਸਭ ਜੀਣਾ ਮਰਨਾ ਇਹ ਨਾਰੀ ਹੈ ਜੀਵਨ ਦਾਤੀ ਨਾਰੀ ਨਾਲ ਸਮਾਜ ਸੰਵਰਨਾ ਪੂਜਣਯੋਗ ਨੂੰ ਨਾ ਦੁਰਕਾਰੋ ਰੱਬੀ ਰਹਿਮਤ ਨੂੰ ਨਾ ਮਾਰੋ ॥ ਬਰਕਤਾਂ ਦੀ, ਪਟਾਰੀ ਔਰਤ ਮਾਂ ਸਰਸਵਤ ਪਿਆਰੀ ਔਰਤ ਦੁਨੀਆਦਾਰੀ ਔਰਤ ਕਰਕੇ ਸਭ ਜੀਆਂ ਵਿੱਚ ਨਿਆਰੀ ਔਰਤ ਮਾਤ ਗਰਭ ਵਿੱਚ ਮਾਰ ਕੇ ਲੋਕਾਂ ਮਾਂ ਆਪਣੀ ਹੀ ਮਾਰੀ ਔਰਤ ॥ ਭਰੂਣ ਹੱਤਿਆ ਜਿਸ ਦੇਸ਼ 'ਚ ਹੋਵੇ ਵਿਕਾਸ ਦਾ ਪਹੀਆ ਆਣ ਖੜੋਵੇ ਨਾਰੀ ਕਰਕੇ ਸਿਹਤ ਤੇ ਵਿੱਦਿਆ ਨਾਰੀ ਹੀ ਆਚਰਣ ਪਰੋਵੇ ਰੁੱਖਾਂ ਜਿਹੀ ਫਲਦਾਤੀ ਔਰਤ 'ਉੱਪਲ' ਸੱਭ ਦੇ ਦੁਖੜੇ ਢੋਵੇ ॥

ਮਿੱਟੀ ਦਾ ਬੁੱਤ

ਬੰਦਿਆ ਤੁੰ ਮਿੱਟੀ ਦਾ ਬੁੱਤ ਨੱਚ ਲੈ ਟੱਪ ਲੈ, ਮੌਜ ਮਨਾ ਲੈ ਮੁੜ ਨਹੀਂ ਆਉਣੀ ਜੀਵਨ ਰੁੱਤ ਬੰਦਿਆ ਤੂੰੰ ਮਿੱਟੁ ਦਾ ਬੁੱਤ......... ਤੇਰੀ ਹਸਤੀ ਕਰਮਾਂ ਕਰਕੇ ਨਾ ਦੌਲਤ ਨਾ ਧਰਮਾਂ ਕਰਕੇ ਉਡ ਲੈ ਜਿੰਨਾ ਉਡ ਸਕਨੈਂ ਤੂੰ ਕੀ ਜਾਣਾ ਕਦ ਬਦਲੇ ਰੁੱਤ ਬੰਦਿਆ ਤੂੰ ਮਿੱਟੀ ਦਾ ਬੁੱਤ...... ਪੇਕੇ ਘਰ ਨੱਸ ਭੱਜ ਲੈ ਕੁੜੀਏ ਖਿੜ ਖਿੜ ਹਾਸੇ ਹੱਸ ਲੈ ਕੁੜੀਏ ਜਾਣਾ ਪੈਣਾ ਇੱਕ ਦਿਨ ਸਹੁਰੇ ਮੋਤੀਆਂ ਵਾਲ਼ੀ ਕਰਕੇ ਗੁੱਤ ਬੰਦਿਆ ਤੂੰ ਮਿੱਟੀ ਦਾ ਬੁੱਤ........ ਮਨ ਦਾ ਮੌਸਮ, ਮਸਤ ਬਹਾਰਾਂ ਮਹਿਕਾਂ, ਫੁੱਲਾਂ ਵਾਂਗ ਖਲਾਰਾਂ ਮਾਂ ਅੰਮੜੀ ਦਾ ਸਰਵਣ ਪੁੱਤਰ ਮੈਂ, ਆਖ਼ਰ ਬੰਦੇ ਦਾ ਪੁੱਤ ਬੰਦਿਆ ਤੂੰ ਮਿੱਟੀ ਦਾ ਬੁੱਤ........ ਕਾਮ ਕ੍ਰੋਧ ਜਦ ਹੋਵੇ ਭਾਰੂ ਲੋਭ ਮੋਹ ਹੋ ਜਾਵੇ ਮਾਰੂ ਕਿਉਂ ਨਹੀਂ ਯਾਦ ਕਰੇਂਦਾ ਰੱਬ ਨੂੰ ਧਰਮਰਾਜ ਦੇ ਪੈਣੇ ਜੁੱਤ ਬੰਦਿਆ ਤੂੰ ਮਿੱਟੀ ਦਾ ਬੁੱਤ....... ਸੱਚ ਧਰਮ ਦਾ ਬਣ ਜਾ ਸੂਰਾ ਮਨ, ਬਚ ਤੇ ਕਰਮਾਂ ਦਾ ਪੂਰਾ ਛੱਡ ਦੇ ਕਰਨੀ ਨਿੰਦਾ ਚੁਗਲੀ ਲਾਉਣੀ ਏਧਰ ਓਧਰ ਲੁੱਤ ਬੰਦਿਆ ਤੁੰ ਮਿੱਟੀ ਦਾ ਬੁੱਤ........ 'ਉੱਪਲ' ਇੱਕ ਗਲ ਆਖ ਸੁਣਾਵਾਂ ਜਿਉਣਾ ਤੇਰਾ ਸਫਲ ਬਣਾਵਾਂ ਜਾਣਦਿਆਂ ਮਿੱਟੀ ਮਿਲ ਜਾਣਾ ਕਿਉਂ ਨਹੀਂ ਬਣਦਾ ਧਰਤੀ ਪੁੱਤ ਬੰਦਿਆ ਤੂੰ ਮਿੱਟੀ ਦਾ ਬੁੱਤ.......

ਕੋਸ਼ਿਸ਼ ਤਾਂ ਕਰ

ਛੱਡ ਦੇ ਆਲਸ, ਉੱਦਮ ਕਰ, ਉੱਠ ਸਮੇਂ ਦੀ ਗੱਡੀ, ਭੱਜ ਕੇ ਫੜ ਕਿਉਂ ਹੱਥ ਮਲਦੈਂ! 'ਕੋਸ਼ਿਸ਼ ਤਾਂ ਕਰ' ਸੁੱਟ ਪਰੇ, ਆਲਸ ਦਾ ਲੜ ॥ ਕੋਸ਼ਿਸ਼ ਹੈ, ਸਫਲਤਾ ਕੁੰਜੀ ਕੋਸ਼ਿਸ਼ ਵਾਲ਼ੇ ਹੋਣ ਉਕਾਬੀ ਕੋਸ਼ਿਸ਼ ਕਰ ਗੁਲਾਮ ਬਣੇ ਸੀ ਹਿੰਦ ਵਤਨ ਦੇ ਸ਼ਾਹ ਨਵਾਬੀ ॥ ਢੇਰੀ ਢਾਅ ਨਹੀਂ, ਬਹਿ ਜਾਈਦਾ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖ ਆਪੇ ਮੰਜ਼ਿਲ ਪੈਰੀਂ ਪੈ ਜਾਊ ਆਪਣੀ ਕਿਸਮਤ ਆਪੇ ਲਿਖ ॥ ਸਰਬਕਲਾ ਅੰਦਰ ਹੈ ਤੇਰੇ ਆਪਣਾ ਮੂਲ ਪਛਾਣ ਜ਼ਰਾ ਤੂੰ ਤੇਰੀ ਕੋਸ਼ਿਸ਼ ਰੰਗ ਲਾਵੇਗੀ ਆਪਣੀ ਤਾਕਤ ਜਾਣ ਜ਼ਰਾ ਤੂੰ ॥ ਨਲਵੇ ਵਰਗੇ ਪੁਰਖੇ ਤੇਰੇ ਖ਼ੈਬਰ ਮੰਜ਼ਿਲ ਪਾ ਜਾਵੇਂਗਾ ਹਮਲਾਵਰ ਵੀ ਬਚਣਗੇ ਤੈਥੋਂ ਐਸੇ ਚਣਾ ਚਬਾ ਜਾਵੇਂਗਾ ॥ ਬਾਰ ਪਰਾਏ ਬਹਿਣਾ ਛੱਡ ਦੇ ਆਪਣੇ ਪੈਰੀਂ ਖੜਨਾ ਸਿੱਖ ਤੇਰੀ ਹੋਂਦ ਪਛਾਣ ਹੈ ਤੇਰੀ ਹੋਂਦ ਦੀ ਖ਼ਾਤਰ ਮਰਨਾ ਸਿੱਖ । ਖੜੇ ਪਰਬਤੀਂ ਚੜ੍ਹਨੇ ਵਾਲ਼ੇ ਮੈਦਾਨਾਂ ਦੇ ਰਾਹੀ ਨਹੀਂ ਜਿਉਂਦੇ ਜੀ ਜੋ ਮਰਨਾ ਸਿੱਖਦੇ ਡਰ ਮੌਤ ਉਹਨਾਂ ਨੂੰ ਕਾਈ ਨਹੀਂ ॥ ਇਤਿਹਾਸ ਗਵਾਹ ਹੈ 'ਉੱਪਲ' ਜੀ ਓਹੀ ਸੁਲਤਾਨ ਸਰਦਾਰ ਬਣੇ ਸਿਰੜੀ, ਸਿਦਕੀ, ਧੁੰਨ ਦੇ ਪੱਕੇ ਤਖ਼ਤਾਂ ਦੇ ਹੱਕਦਾਰ ਬਣੇ ॥

ਪਤਨੀ ਟਾਪ

ਇਹ ਜੀਵਨ ਛੋਟਾ ਲਗਦਾ ਹੈ ਇਹ ਰਸਤੇ ਲੰਬੇ ਲੱਗਦੇ ਨੇ ਸਾਲ ਤਾਂ ਬੀਤੀ ਜਾਂਦੇ ਨੇ ਮੀਲ ਪੱਥਰ ਨਾ ਮੁੱਕਦੇ ਨੇ ਜਦ ਸੋਚਾਂ ਮੰਜ਼ਿਲ ਬਾਰੇ ਵਿੱਚ ਤਾਂ ਮੰਜਰ ਪਿਆਰੇ ਲੱਗਦੇ ਨੇ ਰੁੱਖ ਪੰਛੀ ਮੋਮੋਠਗਣੇ ਸੱਭ ਮੋਂਹਦੇ ਠੱਗਦੇ ਲੱਗਦੇ ਨੇ ਕੌਣ ਮਾਲੀ ਕਿਸ ਲਗਾਏ ਨੇ ਫੁੱਲ ਰੰਗਬਰੰਗੇ ਫੱਬਦੇ ਨੇ ਇਹ ਲੋਕੀਂ ਸਿੱਧੇ ਸਾਦੇ ਜਿਹੇ ਹਰਿਆਲੀ ਭਿੱਜੇ ਜੱਚਦੇ ਨੇ ਜਦ ਵੇਖਣ ਬਰਫਾਂ ਠੰਡਾਂ ਨੂੰ ਇਹ ਹੱਸਦੇ ਗਾਉਂਦੇ ਨੱਚਦੇ ਨੇ ਇਹ ਰੱਬੀ ਰੰਗਾਂ ਵਿੱਚ ਰੱਤੇ ਨਿੱਤ ਹਸਦੇ ਵਸਦੇ ਰਸਦੇ ਨੇ ਕਦੇ ਕੋਇਲ ਕੂ ਕੂ ਗਾਉਂਦੀ ਐ ਕਿਤੇ ਨੈਣ ਨਿਸ਼ਾਨੇ ਕੱਸਦੇ ਨੇ ਕਿਤੇ ਗਭਰੂ ਪਿਆਸੇ ਪਾਣੀ ਦੇ ਆ ਚਸ਼ਮੇ ਕੋਲ ਟਹਿਕਦੇ ਨੇ ਇਥੇ ਸੋਹਣੀ ਹੀਰ ਮਜਾਜਣ ਦੇ ਹਿਰਨੀ ਜਿਹੇ ਨੈਣ ਮਟਕਦੇ ਨੇ ਕਿਤੇ ਕੱਸੀਆਂ ਪਾਣੀ ਵਹਿੰਦਾ ਹੈ ਕਿਤੇ ਝਰਨੇ ਛਰਛਰ ਵਗਦੇ ਨੇ ਕਿਤੇ ਫਰਫਰ ਬੁੱਲ੍ਹੇ 'ਵਾਵਾਂ ਦੇ ਵੱਗਣ ਤਾਂ ਵਾਲ ਖਿਲਰਦੇ ਨੇ ਇਹ ਕਾਲ਼ੇ ਸ਼ਾਹ ਪਹਾੜੀ ਕਾਂ ਖ਼ਬਰੇ ਕੀ ਰਾਗ ਉਚਰਦੇ ਨੇ ਦਿਲ ਕਰਦੈ ਐਥੇ ਬਸ ਜਾਵਾਂ ਇਸ ਵਾਦੀ ਦੇ ਵਿੱਚ ਰਸ ਜਾਵਾਂ ਮੈਨੂੰ ਸੁਹਣੇ ਰੱਬ ਦੇ ਇਥੇ ਹੀ ਸਰਗੁਣ ਦੀਦਾਰੇ ਲੱਗਦੇ ਨੇ ਇਥੇ ਹੀ ਸੁਰਤੀ ਜੁੜਦੀ ਹੈ ਅਨਹਦ ਤਰਾਨੇ ਵੱਜਦੇ ਨੇ ।

ਮਨ ਦੇ ਚਾਅ

ਹੁੰਦੇ ਕਦੇ ਨਾ ਮਨ ਦੇ ਚਾਅ, ਪੂਰੇ ਬਾਬਾ ॥ ਜਿੰਨੀ ਕਰੀਏ ਕੋਸ਼ਿਸ਼, ਰਹਿਣ ਅਧੂਰੇ ਬਾਬਾ ॥ ਚਾਅ ਦੇ ਟਾਇਰ ਚੜ੍ਹਾ ਕੇ ਜੀਵਨ ਗੱਡੀ ਚਲਦੀ ਜਿੰਦ ਨਿਮਾਣੀ, ਚਾਵਾਂ ਬਾਝੋਂ, ਝੂਰੇ ਬਾਬਾ ॥ ਮਨ ਦੇ ਚਾਅ, ਹੁੰਦੇ ਨੇ, ਖੰਭ, ਉਕਾਬਾਂ ਵਰਗੇ ਜੋ ਲੈਂਦੇ ਤਨ ਤੇ ਲਾ, ਰਹਿਣ ਸਰੂਰੇ ਬਾਬਾ ॥ ਜੋਸ਼ ਹਯਾਤੀ ਕਾਇਮ ਦਾਇਮ ਚਾਵਾਂ ਕਰਕੇ ਚਾਵਾਂ ਬਾਝ ਤਾਂ, ਹਰਦਮ, ਜਿੰਦੜੀ, ਘੂਰੇ ਬਾਬਾ ॥ ਜੀਵਨ ਭੱਠੀ ਭੱਖਦੀ, ਚਾਅ ਦਾ ਬਾਲਣ ਬਲਿਆਂ ਸੂਲੀ ਚੁੰਮਦੇ, ਚਾਈਂ ਚਾਈਂ, ਸੂਰੇ ਬਾਬਾ ॥ ਕੱਦ ਤੱਕ ਮਨ ਦੇ ਪਿੱਛੇ ਲੱਗਿਆ ਰਹਿਣਾ 'ਉੱਪਲ' ਨਹੀਂ ਹੁੰਦੇ, ਦੁੱਮਛੱਲੇ, ਪੂਰ ਸਪੂਰੇ ਬਾਬਾ ॥

ਨਸੀਬ

ਆਪਣਾ ਨਸੀਬ ਚੰਨਾ ਆਪ ਹੀ ਬਣਾਈਦਾ ਹੱਥਾਂ ਵਿੱਚ ਸੰਦ ਫੜ ਪੁੰਨ ਹੈ ਕਮਾਈਦਾ ਵਰ੍ਹੇ ਵਿਹੜੇ ਵਿੱਚ ਦੌਲਤਾਂ ਦੀ ਬਾਰਿਸ਼ ਵੇ ਉੱਠ ਕੰਮ ਕਾਜ ਕਰ ਲੈ ਕੋਈ ਵਿਹਲੜਾਂ ਦਾ ਨਈਓਂ ਵਾਲੀ ਵਾਰਿਸ ਵੇ ਉੱਠ ਕੰਮ ਕਾਜ ਕਰ ਲੈ । ਏ ਸੀ ਅਤੇ ਟੀ ਵੀ ਤੇਰੀ ਜਾਨ ਕੱਢ ਲੀਤੀ ਹੈ ਸੁੱਕਿਆ ਲਹੂ ਤੂੰ ਨਾਲ਼ੇ ਤੋਂਦ ਕੱਢ ਲੀਤੀ ਹੈ ਸੁੱਖਾਂ ਵਾਲ਼ੀ ਨਈਓਂ ਚੱਲਣੀ ਸਿਫਾਰਿਸ਼ ਵੇ ਉੱਠ ਕੰਮ ਕਾਜ ਕਰ ਲੈ ਕੋਈ ਵਿਹਲੜਾਂ ਦਾ ਨਈਓਂ ਵਾਲੀ ਵਾਰਿਸ ਵੇ ਉੱਠ ਕੰਮ ਕਾਜ ਕਰ ਲੈ । ਨਾਮ ਜਪ, ਵੰਡ ਛੱਕ ਕਿਰਤ ਕਮਾਇਆ ਕਰ ਰੋਜ਼ ਗੁਰੂ ਘਰ ਵਿੱਚ ਹਾਜ਼ਰੀ ਲਵਾਇਆ ਕਰ ਪੂਰੀ ਹੋਊ ਤੇਰੀ ਹਰੇਕ ਖ਼ਵਾਹਿਸ਼ ਵੇ ਉੱਠ ਕੰਮ ਕਾਜ ਕਰ ਲੈ ਕੋਈ ਵਿਹਲੜਾਂ ਦਾ ਨਈਓਂ ਵਾਲੀ ਵਾਰਿਸ ਵੇ ਉੱਠ ਕੰਮ ਕਿਜ ਕਰ ਲੈ । ਘਰੋਂ ਵਿਹੂਣੇ ਘਰ ਹੋਰਾਂ ਦੇ ਬਣਾਉਂਦੇ ਨੇ ਖਾਣ ਲਈ ਨਈਂ ਦਾਣਾ ਅੰਨ ਲੋਕਾਂ ਲਈ ਉਗਾਉਂਦੇ ਨੇ ਝੋਲ਼ੀ ਭਰ ਜਾਂਦੀ, ਹੁੰਦੀ ਏ ਨਿਵਾਜਿਸ਼ ਵੇ ਉੱਠ ਕੋਈ ਕੰਮ ਕਰ ਲੈ ਕੋਈ ਵਿਹਲੜਾਂ ਦਾ ਨਈਓਂ ਵਾਲੀ ਵਾਰਿਸ ਵੇ ਉੱਠ ਕੰਮ ਕਾਜ ਕਰ ਲੈ । ਤਾਲ਼ਾ ਨਸੀਬਾਂ ਵਾਲ਼ਾ ਕੁੰਜੀ ਤੇਰੇ ਹੱਥ ਵੇ ਉੱਠ ਮਾਰ ਹੱਲਾ ਪਾ ਮੁਕੱਦਰਾਂ ਨੂੰ ਨੱਥ ਵੇ ਚੜ੍ਹਦੀ ਕਲਾ ਵਾਲ਼ੇ ਹੁੰਦੇ ਨਾ ਲਵਾਰਿਸ ਵੇ ਉੱਠ ਕੋਈ ਕੰਮ ਕਰ ਲੈ ਕੋਈ ਵਿਹਲੜਾਂ ਦਾ ਨਈਓਂ ਵਾਲੀ ਵਾਰਿਸ ਵੇ ਉੱਠ ਕੰਮ ਕਾਜ ਕਰ ਲੈ ।

ਆਖਰੀ ਜਿਲਦ ਕਵਰ ਵਾਸਤੇ : ਬਲਜੀਤ ਸਿੰਘ ਰੈਨਾ

ਹਰਜੀਤ ਸਿੰਘ ਉੱਪਲ, ਜੰਮੂ ਕਸ਼ਮੀਰ ਦੀ ਧਰਤੀ ਦਾ ਉਹ ਸ਼ਾਇਰ ਹੈ ਜਿਸ ਨੇ ਕਵਿਤਾ ਲਿਖਣੀ ਬੇਸ਼ਕ ਆਪਣੀ ਸਰਕਾਰੀ ਬੈਂਕ ਦੀ ਸੇਵਾ ਮੁਕਤੀ ਤੋਂ ਬਾਦ ਕੀਤੀ ਪਰ ਉਸਨੇ ਪਿਛਲੇ ਪੰਜ ਸੱਤ ਸਾਲਾਂ ਵਿੱਚ ਹੀ ਆਪਣੇ ਆਪ ਨੂੰ ਪੰਜਾਬੀ ਕਵਿਤਾ ਅਤੇ ਪੰਜਾਬੀ ਗ਼ਜ਼ਲ ਦੀ ਮੁਹਰਲੀ ਕਤਾਰ ਵਿਚ ਸਥਾਪਿਤ ਕਰ ਲਿਆ ਹੈ । ਇਹ ਸਚਮੁੱਚ ਉਸ ਦੀ ਮਾਣਮੱਤੀ ਪ੍ਰਾਪਤੀ ਹੈ । ਸੰਗੀਤਕ ਰਵਾਨਗੀ, ਵਿਸ਼ਾ ਵਸਤੂ ਅਤੇ ਸ਼ਬਦਾਵਲੀ ਦਾ ਉਹ ਧਨੀ ਹੈ । ਗ਼ਜ਼ਲ ਦੀ ਜ਼ੁਬਾਨ, ਅਰੂਜ਼ ਦਾ ਗਿਆਨ ਅਤੇ ਗ਼ਜ਼ਲੀਅਤ ਦਾ ਹੁਨਰ ਉਸ ਦੀ ਵਿਸ਼ੇਸ਼ ਉਪਲਭਦੀ ਹੈ ।

ਇੱਕ ਸ਼ਿਅਰ ਵੇਖੋ;

"ਚੰਨ ਮਾਹੀ ਜਦ ਮੁੜ ਘਰ ਆਵੇ, ਹੱਸਾਂ, ਨੱਚਾਂ, ਗਾਵਾਂ ਮੈਂ
ਵੇਖੀ ਜਾਵਾਂ ਮੁਖੜਾ ਉਸਦਾ, ਮੈਂ ਬੁੱਲ੍ਹਾਂ ਨੂੰ ਸੀ ਬਾਬਾ "

ਆਪਣੇ ਪਲੇਠੇ ਗ਼ਜ਼ਲ ਅਤੇ ਕਾਵਿ -ਸੰਗ੍ਰਹਿ, "ਸ਼ਬਦਾਂ ਦੇ ਸੁਰ ਪੰਛੀ" ਤੋਂ ਬਾਦ "ਸ਼ਬਦ ਸਰਗਮ" ਉਸਦਾ ਦੂਜਾ ਗ਼ਜ਼ਲ ਅਤੇ ਕਾਵਿ-ਸੰਗ੍ਰਹਿ ਹੈ । ਗ਼ਜ਼ਲ ਦੇ ਨਾਲ ਨਾਲ ਉਹ ਕਵਿਤਾ ਵੀ ਲਿਖਦਾ ਹੈ ਤੇ ਖ਼ੂਬ ਲਿਖਦਾ ਹੈ । ਉਸਦੀ ਇੱਕ ਕਵਿਤਾ, " ਬੋਲ ਪੰਜਾਬੀ" ਦੀਆਂ ਇਹ ਸਤਰਾਂ ਵੇਖੋ;

"ਬਾਰ ਬਾਰ ਕੀ ਸੋਚੀ ਜਾਨੈ ਬੋਲ ਪੰਜਾਬੀ
ਪੈਂਤੀ ਅੱਖਰਾਂ ਵਾਲ਼ਾ ਕੈਦਾ ਖੋਲ ਪੰਜਾਬੀ

ਹਿੰਦੀ ਉਰਦੂ ਹੋਰ ਭਾਸ਼ਾਵਾਂ ਸਿਰ ਮੱਥੇ ਪਰ
ਜਦ ਬੋਲਾਂ ਪੰਜਾਬੀ ਵੱਜੇ ਢੋਲ ਪੰਜਾਬੀ ।"

ਮਨੁੱਖੀ ਚੇਤਨਾ, ਸੰਵੇਦਨਾ ਦੇ ਵਲਵਲਿਆਂ ਨਾਲ ਭਰਪੂਰ ਉੱਪਲ ਦੀ ਗ਼ਜ਼ਲ ਅਤੇ ਕਵਿਤਾ, ਉਸਦੇ ਕਾਵਿ-ਹੁਨਰ ਨੂੰ ਉਸਦੀ ਹਰ ਰਚਨਾ ਵਿੱਚ ਉਜਾਗਰ ਕਰਦੀ ਹੈ । ਆਪਣੀ ਗਲ ਮੈਂ ਉਸਦੇ ਇੱਕ ਹੋਰ ਸ਼ਿਅਰ ਨਾਲ ਪੂਰੀ ਕਰਦਾ ਹਾਂ ;

"ਬੇਸ਼ਕ ਤੇਰੇ ਖੰਭ ਕੱਟੇ ਨੇ, ਪਿੰਜਰੇ ਵਿਚ ਤੂੰ ਕੈਦੀ ਹੈਂ
ਚੁੰਝ ਸਲਾਮਤ ਹਾਲੇ ਤੇਰੀ, ਪਿੰਜਰਾ ਕੱਟਕਟਾ ਕੇ ਰੱਖ ।"

ਬਲਜੀਤ ਸਿੰਘ ਰੈਨਾ
ਜੰਮੂ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਹਰਜੀਤ ਸਿੰਘ ਉੱਪਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ