ਬਲਬੀਰ ਆਤਿਸ਼ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਸੀ। ਖੰਨਾ ਦੇ ਏ ਐੱਸ ਕਾਲਿਜ ਵਿੱਚੋਂ ਪੜ੍ਹ ਕੇ ਉਹ ਪੰਜਾਬ ਸਰਕਾਰ ਦੇ ਲੋਕਲ ਆਡਿਟ ਵਿਭਾਗ ਵਿੱਚ ਆਡੀਟਰ ਬਣ ਗਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਡਿਟ ਵਿਭਾਗ ਵਿੱਚ ਸੇਵਾ ਕਾਰਨ ਉਮਰ ਦੇ ਆਖ਼ਰੀ ਸੋਲਾਂ ਸਾਲ ਉਹ ਸਾਡੇ ਸਭ ਅਦਬੀ ਦੋਸਤਾਂ ਦੇ ਸੰਪਰਕ ਵਿੱਚ ਰਿਹਾ। ਨਿੰਦਰ ਗਿੱਲ
ਵੀ ਇਸੇ ਮਹਿਕਮੇ ਵਿੱਚ ਹੋਣ ਕਾਰਨ ਸਾਡੀਆਂ ਕਈ ਦੁਪਹਿਰਾਂ ਇਕੱਠੀਆ ਲੰਘੀਆਂ। ਉਹ ਮੁਹੱਬਤੀ ਤੇ ਅਗਾਂਹਵਧੂ ਸੋਚ ਵਾਲਾ ਮਿੱਤਰ ਸੀ। ਇਪਟਾ ਦੀ ਸਿਲਵਰ ਜੁਬਲੀ ਸਮਾਗਮ ਵਿੱਚ
ਉਸ ਨੇ ਕੈਫ਼ੀ ਆਜ਼ਮੀ ਸਾਹਿਬ ਦੀ ਜੀਵਨ ਸਾਥਣ ਸ਼ੌਕਤ ਆਜ਼ਮੀ, ਤੇਰਾ ਸਿੰਘ ਚੰਨ, ਅਮਰਜੀਤ ਗੁਰਦਾਸਪੁਰੀ ਜੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਾਲ ਸਮਾਗਮ ਵਿੱਚ ਬੁਲਾਇਆ।
ਬਲਬੀਰ ਪਹਿਲਾਂ ਖੰਨਾ ਵਿੱਚ ਤੇ ਮਗਰੋਂ ਲੁਧਿਆਣਾ ਦੀ ਇਪਟਾ ਇਕਾਈ ਦਾ ਸਰਗਰਮ ਮੈਂਬਰ ਤੇ ਅਹੁਦੇਦਾਰ ਸੀ।
ਬਲਬੀਰ ਆਤਿਸ਼ ਦਾ ਜਨਮ 12 ਦਸੰਬਰ 1950 ਨੂੰ ਹੋਇਆ ਤੇ 1 ਜੁਲਾਈ 1999 ਨੂੰ ਉਹ ਪੀ ਏ ਯੂ ਵਿਖੇ ਸੇਵਾ ਦੌਰਾਨ ਹੀ ਸੁਰਗਵਾਸ ਹੋ ਗਿਆ।
ਉਹ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ “ਗੋਪ ਗਪੰਗਮ “ ਨਾਮ ਹੇਠ ਕਾਵਿ-ਵਿਅੰਗ ਲਿਖਦਾ ਹੁੰਦਾ ਸੀ।
ਬਲਬੀਰ ਆਤਿਸ਼ ਦੀਆਂ ਚਾਰ ਕਾਵਿ ਰਚਨਾਵਾਂ “ਕਲਮ ਦਾ ਕਰਜ਼” “ਮੌਸਮ ਕਿੰਨਾ ਬਦਲ ਗਿਆ ਹੈ” ,“ਪਾਗਲ ਘੋੜਿਆਂ ਦੇ ਸੁੰਮਾਂ ਹੇਠ” ਤੇ “ਅਨੁਭਵ”
ਪ੍ਰਕਾਸ਼ਿਤ ਹੋਏ।
ਉਘੇ ਕਮਿਊਨਿਸਟ ਆਗੂ ਕਾ. ਗੁਰਬਖਸ਼ ਸਿੰਘ ਦੇ ਘਰ ਖੰਨਾ ਵਿਖੇ ਪੈਦਾ ਹੋਇਆ ਬਲਬੀਰ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।
ਇੱਕ ਪੁੱਤਰ ਤੇ ਧੀ ਦਾ ਬਾਬਲ ਸੀ।
ਉਸ ਦਾ ਕਾਵਿ ਮੈਨੀਫੈਸਟੋ ਪੜ੍ਹੋ।
“ਕਵਿਤਾ ਨਾ ਤਾਂ ਮੇਰੇ ਲਈ ਫ਼ੈਸ਼ਨ ਵਜੋਂ ਅਪਣਾਇਆ ਵਾਦ ਹੀ ਹੈ ਅਤੇ ਨਾ ਹੀ ਜਾਣ ਬੁੱਝ ਕੇ ਅਗਲੇਰੀਆਂ ਸਫ਼ਾਂ ਵਿਚ ਜਬਰਦਸਤੀ ਖੜੋਣ ਲਈ ਛੇੜਿਆ ਵਾਦ-ਵਿਵਾਦ। ਮੈਂ ਸਾਹਾਂ ਵਾਂਗ ਕਵਿਤਾ ਰਚੀ ਹੈ
ਅਤੇ ਜ਼ਿੰਦਗੀ ਵਾਂਗ ਜੀਵੀ ਹੈ – ਬਿਨਾਂ ਕਿਸੇ ਪਰਹੇਜ਼ ਜਾਂ ਉਚੇਚ ਤੋਂ”
-ਗੁਰਭਜਨ ਗਿੱਲ।