Punjabi Poetry : Balbir Atish

ਪੰਜਾਬੀ ਕਵਿਤਾਵਾਂ : ਬਲਬੀਰ ਆਤਿਸ਼


ਮਹਿਰਾਬਾਂ

ਇੱਕ ਮਹਿਰਾਬ ਸਰੂ ਦਾ ਬੂਟਾ ਪਰ ਅੱਖਾਂ ਵਿੱਚ ਟੋਏ ਬੀਤ ਗਏ ਨੂੰ ਚੇਤੇ ਕਰਕੇ ਮੁੜ ਮੁੜ ਬੂਹਾ ਢੋਏ। ਇੱਕ ਮਹਿਰਾਬ ਕਸੀਦਾ ਕੱਢੇ ਕਿੱਕਰ ਦੇ ਮੁਢ ਉੱਤੇ ਫਿਰ ਵੀ ਫੁੱਲ ਕੌਲਾਂ ਦੇ ਕੱਚੇ ਨਹੀਂ ਉਠਦੇ ਸੁੱਤੇ। ਇੱਕ ਮਹਿਰਾਬ ਗਰੀ ਦਾ ਟੋਟਾ ਖਿੜੀ ਕਪਾਹ ਦੀ ਫੁੱਟੀ ਚੜ੍ਹਦੀ ਉਮਰੇ ਜਿਵੇਂ ਪਲਾਹੀ ਹੋਵੇ ਬਣ 'ਚੋਂ ਕੱਟੀ। ਇੱਕ ਮਹਿਰਾਬ ਨਿਰੀ ਸੰਧਿਆ ਹੈ ਵੇਸ ਗੇਰੂਆ ਪਾਇਆ ਦਸਤਕ ਵਾਂਗਰ ਬੂਹੇ ਚਿਪਕੀ ਜਿਉਂ ਹੌਕਾ ਤਰਹਾਇਆ। ਇੱਕ ਮਹਿਰਾਬ ਸੰਖ ਪੂਰਦੀ ਠਾਕਰ ਦੁਆਰੇ ਅੰਦਰ ਪਾਰਵਤੀ ਲਈ ਤਹਿਖਾਨਾ ਹੈ ਜਿਥੇ ਸ਼ਿਵ ਦਾ ਮੰਦਰ। ਇੱਕ ਮਹਿਰਾਬ ਸ਼ੀਸ਼ ਮਹਿਲ ਦੀ ਰੰਗਸ਼ਾਲਾ ਵਿੱਚ ਸੁੱਤੀ ਸੋਨੇ ਦੀਆਂ ਤਾਰਾਂ ਵਿੱਚ ਕੱਢੀ ਜਿਉਂ ਚਮੜੇ ਦੀ ਜੁੱਤੀ। ਇੱਕ ਮਹਿਰਾਬ ਸੜਕ ਤੇ ਚਿਪਕੀ ਲੁੱਕ ਦੇ ਅੰਦਰ ਝਾਕੇ ਅੰਬਰ ਦੀ ਪੌੜੀ ਤੇ ਚੜ੍ਹਦੀ ਤਰਲਾ ਲਾਈ ਢਾਕੇ। ਇੱਕ ਮਹਿਰਾਬ ਦੰਦਾਸਾ ਮਲ ਕੇ ਟਿੱਚਰ ਬਣੀ ਖਲੋਤੀ ਜੋ ਜਦ ਚਾਹੇ ਉਹਦੇ ਵਿਹੜੇ ਬੰਨ੍ਹ ਸਕਦਾ ਹੈ ਬੋਤੀ। ਇੱਕ ਮਹਿਰਾਬ ਰੋਟੀ ਦਾ ਟੁਕੜਾ ਮਿਹਨਤ ਦੇ ਦਰਵਾਜ਼ੇ ਜਿਸਦੀ ਖਾਤਰ ਜੂਝ ਰਹੇ ਹਨ ਹੱਕਾਂ ਦੇ ਸ਼ਹਿਜ਼ਾਦੇ।

ਜੋਗੀਆ

ਜੋਗੀਆ ਜਿਸ ਪਰਬਤ ਵੱਲ ਤੂੰ ਗਿਆ ਸੀ ਉਧਰੋਂ ਕੂੰਜਾਂ ਮੈਦਾਨਾਂ ਵੱਲ ਆ ਗਈਆਂ ਨੇ । ਪਤਝੜ ਨੇ ਪੱਤੇ ਝਾੜ ਝਾੜ ਕੇ ਅੰਦਰ ਭਰ ਦਿੱਤਾ ਹੈ । ਸੁੰਨੀ ਕੁਟੀਆ ਦੇ ਵਿੱਚ ਚਾਮ ਚੜਿੱਕਾਂ ਨੇ ਦੇ ਦਿੱਤੇ ਹਨ ਬੱਚੇ ਦਰਵਾਜੇ ‘ਚ ਅਹਿਲ ਪਈਆਂ ਖੜਾਵਾਂ ਨੂੰ ਦੀਮਕ ਖਾ ਗਿਆ ਹੈ। ਜੋਗੀਆ ਮੌਸਮ ਬਦਲ ਗਿਆ ਹੈ ਏਸ ਬਦਲੇ ਮੌਸਮ ‘ਚ ਕਿਸ ਦੇ ਗਲ ਪਾਵਾਂ, ਤੇਰੀ ਰੁਦਰਾਖ ਦੀ ਮਾਲਾ।

ਵੰਦਨਾ

ਅੱਜ ਜਦੋਂ ਮੈਂ ਬੌਣੀ ਧੁਪ ਦਾ ਠਿਗਨਾ ਸਾਇਆ ਤੇਰੀ ਅੱਗ ਥੀਂ ਹੋਠ ਛੁਹਾਇਆ ਮੇਰਾ ਅੰਗ ਅੰਗ ਨਸ਼ਿਆਇਆ ਮੈਂ ਨਿਰ-ਅੰਗਾ ਨਿਰ ਅੰਗੀਆ ਸੋਚਾਂ ਦੀ ਕਾਇਆ ਝੂਠੇ ਕੌਲਾਂ ਥੀਂ ਪ੍ਰਣਾਇਆ ਅੱਜ ਤੇਰੇ ਬੂਹੇ ਤੇ ਆਇਆ -- ਹੇ ਕਿਰਨਾ ਦੇ ਮਰਦ ਅਗੰਮੜੇ ਇੱਕ ਘੁੱਟ ਦੇ ਕਿਰਨਾਂ ਦੀ ਕਾਇਆ ਇੱਕ ਲੱਪ ਦੇ ਧੁਪਾਂ ਦਾ ਸਾਇਆ ਮੈਂ ਵੀ ਮੇਰੇ ਹੌਸਲਿਆਂ ਵਤ ਨਗਨ ਖੜਗ ਤੇ ਟੁਰਨਾ ਸਿੱਖਾਂ ਮੈਂ ਵੀ ਸਿੱਖਾਂ -- ਕਿੰਜ ਟੁਰਦੀ ਹੈ ਧਾਰ ਲਹੂ ਦੀ ਬੰਨ ਕੇ ਗੁੱਟ ਤੇ ਸੂਹਾ ਗਾਨਾ ਕਿੰਜ ਟੁਰਦੇ ਨੇ -- ਕੁਰਬਾਨੀ ਦੇ ਪੁੰਜ ਅਕੀਦੇ ਮਕਤਲ ਵੱਲ ਨੂੰ ਅੱਜ ਦੇ ਦਿਹੁੰ ਬੱਸ ਇੱਕੋ ਵਰ ਦੇ , ਹੇ ਕਿਰਨਾਂ ਦੇ ਮਰਦ ਅਗੰਮੜੇ ਚਾਨਣੀਆਂ ਦਾ ਸੁਰਖ ਮੁਆਤਾ ਮੇਰੇ ਸੁੱਤੇ ਸਾਹੀਂ ਧਰਦੇ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਬਲਬੀਰ ਆਤਿਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ