Pagal Ghorian De Summa Heth : Balbir Atish

ਪਾਗਲ ਘੋੜਿਆਂ ਦੇ ਸੁੰਮਾਂ ਹੇਠ : ਬਲਬੀਰ ਆਤਿਸ਼



ਪਾਗਲ ਘੋੜਿਆਂ ਦੇ ਸੁੰਮਾਂ ਹੇਠ

ਜੰਗਲ ਦਾ ਧੂੰਆਂ ਤਮਾਮ ਅੰਬਰ ਤੇ ਲਿਖ ਗਿਆ ਹੈ ਕਾਲੇ ਦਿਨਾਂ ਦੀ ਦਾਸਤਾਨ ਵਿੰਗ-ਤੜਿੰਗੀਆਂ ਟਾਹਣਾਂ ਵਿਚ ਲੂਸਿਆਂ ਫੁੱਲਾਂ ਦੇ ਟੂਸੇ ਚੁੱਪ ਚਾਪ ਸਭ ਕੁਝ ਸਹਿ ਗਏ ਹਨ। ਇਕ ਟਾਹਣ ਤਾਂ ਸਾਬਤੀ ਹੋਵੇ ਜੋ ਕਲਮ ਬਣ ਸਕੇ ਇਕ ਟੋਟਾ ਧਰਤੀ ਤਾਂ ਅਣ-ਧੁਆਂਖੀ ਹੋਵੇ ਜਿਸ ਤੇ ਕੁਝ ਲਿਖਿਆ ਜਾ ਸਕੇ । ਡਰਾਉਣੀਆਂ ਚੀਖਾਂ ਦਾ ਤਾਂਡਵ ਭੜਕੀਆਂ ਭੀੜਾਂ ਦੀਆਂ ਖਰਮਸਤੀਆਂ ਫਲੈਗ ਮਾਰਚ ਦੀ ਕੁੜਿਤੱਣ ਤਿੜ ਤਿੜ ਕਰਦੀਆਂ ਗੋਲੀਆਂ ਦੀ ਕੁਰਲਾਹਟ— ਚਿਲਕਦੇ ਅੰਬਰ ਦਾ ਹੋ ਜਾਣਾ ਇਕ ਦਮ ਉਦਾਸ ਆਥਣ ਦੇ ਘੁਸਮੁਸੇ ਵਿਚ ਗੁਆਚ ਜਾਣੀਆਂ ਉਮਰ ਭਰ ਦੀਆਂ ਆਸਾਂ ਦਿਨ ਵੇਲੇ ਵੀ ਘਰਾਂ 'ਚ ਦੜੇ ਰਹਿਣ ਦੀ ਮਜਬੂਰੀ ਚੀਖ਼ਦੀਆਂ ਹਵਾਵਾਂ ਦੀਆਂ ਧੌਣਾਂ ਤੇ ਜੋ ਕੁਝ ਹੈ ਬਸ ਹੁੰਮਸੀ ਪਲਾਂ ਜਿਹਾ ਸੜ ਰਹੇ ਬਿਰਖਾਂ ਜਿਹਾ ਤੋਤਲੀਆਂ ਜੀਭਾਂ ਤੇ ਮਰ ਰਹੇ ਲਾਲੀ-ਪਾਪ ਦੇ ਸੁਆਦ ਜਿਹਾ । ਅੱਗ ਜੰਗਲ ਤੋਂ ਸੜਕ ਤੱਕ ਆਉਂਦਿਆਂ ਕਿੰਨਾਂ ਕੁਝ ਆਪਣੇ ਨਾਲ ਲੈ ਆਈ ਹੈ— ਅੱਧ-ਜਲੇ ਖਰਗੋਸ਼ ਬਘਿਆੜ ਦੀਆਂ ਜੀਭਾਂ ਲੁਕ ਲੁਕ ਕੇ ਵਾਰ ਕਰਨ ਵਾਲੀ ਲੂੰਮੜੀ ਦੀਆਂ— ਤਿਰਛੀਆਂ ਅਤੇ ਨੋਕਦਾਰ ਅੱਖਾਂ । ਸੜਕ ਨੂੰ ਗੁਲਾਬੀ ਧੁੱਪ ਦਾ ਮੌਸਮ ਵੇਖਿਆਂ ਚਿਰ ਹੋ ਗਿਆ ਹੈ ਸਿਧੇ ਸਤੂਪ ਖੰਭਿਆਂ ਦੀਆਂ ਆਕੜਾਂ ਖੰਭਿਆਂ ਤੋਂ ਉਤਰ ਕੇ ਸੜਕ ਤੇ ਵਿੱਛ ਗਈਆਂ ਹਨ ਤਾਰਕੋਲ ਦੀ ਕਮੀਜ਼ ਬਣ ਕੇ । ਘਰਾਂ ਦੇ ਪਾਰਦਰਸ਼ੀ ਸ਼ੀਸ਼ਿਆਂ ਨੂੰ ਤਾਂ ਸੜਕ ਤੇ ਚੱਲਦੀਆਂ ਗੋਲੀਆਂ ਨਾਲ ਕੰਬਣੀ ਛਿੜਦੀ ਹੈ ਪਰ ਕੁਰਸੀ ਤੇ ਬੈਠਾ ਆਦਮੀ ਬੇ ਅਸਰ ਰਹਿੰਦਾ । ਸੜਕ ਲਾਗਲੇ ਬਿਰਖ 'ਤੇ ਆਲ੍ਹਣੇ ਦੇ ਬੋਟ ਤਾਂ ਬੇਹੋਸ਼ ਹੋ ਜਾਂਦੇ ਕੁਰਸੀ ਤੇ ਬੈਠਾ ਆਦਮੀ ਚੁੱਪ ਚਾਪ ਨੈਸ਼ਨਲ ਹੁੱਕ ਅੱਪ ਦੇਖਦਾ । ਇਕ ਅੱਧ ਹਰਾਮੀ ਪੁੱਤ ਨੂੰ ਤਾਂ ਜਰ ਲੈਂਦੀ ਹੈ ਤਾਰਕੋਲ ਦੀ ਸੜਕ ਫੁੱਟ ਪਾਥ ਦਾ ਟੋਟਾ ਇਕ ਨਸਲ ਹੀ ਹਰਾਮੀ ਹੋ ਜਾਵੇ ਤਾਂ ਕਿਹੜੀ ਸੜਕ ਉਲ੍ਹਾਮੇ ਜਰਦੀ ਰਹੇ— ਹਿੱਕ ਤਾਣ ਕੇ ਵਿੱਛੀ ਰਹੇ ਲੰਘਣ ਦੇਣ ਲਈ ਗਾਰਦਾਂ ਦੀਆਂ ਗਾਰਦਾਂ। ਸੜਕ ਦੇ ਉੱਠ ਖਲੋਣ ਤੱਕ ਉਠ ਕੇ ਚੁੰਨੀ ਝਾੜਨ ਤੱਕ ਹੋ ਚੁੱਕੀ ਹੋਵੇ ਤਾਜਪੋਸ਼ੀ ਦੀ ਰਸਮ ਅਦਾ ਹੋ ਚੁੱਕਿਆ ਹੋਵੇ ਇਕ ਹੋਰ ਫੁਰਮਾਨ ਜਾਰੀ— ਸੜਕ ਨੂੰ ਇਕ ਸਦੀ ਹੋਰ ਵਿੱਛੀ ਪਈ ਰਹਿਣ ਦਾ ਗਾਰਦਾਂ ਦੀਆਂ ਗਾਰਦਾਂ ਆਪਣੇ ਉੱਪਰੋਂ ਲੰਘਦੀਆਂ ਰਹਿਣ ਦੇਣ ਦਾ ਭੀੜਾਂ ਨੂੰ ਚੁੱਪ ਚਾਪ ਭੜਕਣ ਦਾ ਮਿਲ ਜਾਵੇ ਸਰਾਪ । ਫੁੱਟ ਪਾਥ ਘੁਸਰ ਮੁਸਰ ਕਰੇ ਤਾਂ ਕਰਫ਼ਿਊ ਦੇ ਸਾਇਰਨ ਸੜਕਾਂ ਉੱਪਰ ਚੀਖ਼ਦੇ ਫਿਰਨ ਦਰਵਾਜ਼ਿਆਂ ਦੀਆਂ ਝੀਥਾਂ ਵਿਚੋਂ ਝਾਕਦੀਆਂ ਆਸਾਂ ਇੰਤਜ਼ਾਰ ਤੋਂ ਵੀ ਵਿਰਵੀਆਂ ਹੋ ਕਰ ਜਾਣ ਆਤਮ-ਹੱਤਿਆ। ਹਨ੍ਹੇਰੇ ਗੁੰਬਦ ਵਿਚੋਂ ਉੱਲੂ ਉੱਤਰ ਕੇ ਕਦੀ ਅਫ਼ਵਾਹਾਂ ਦੇ ਉਸਤਰੇ ਵੇਚਦੇ ਫਿਰਨ ਕਦੀ ਅਖਬਾਰੀ ਕਤਰਨਾਂ ਦੀਆਂ ਕੈਂਚੀਆਂ। ਪੱਤ੍ਰਕਾਰ ਤਿੜਕੀ ਹੋਈ ਐਨਕ ਰੇਸ਼ਮੀ ਰੂਮਾਲ ਨਾਲ ਪੂੰਝਦਾ ਝਰੀਟ ਦੇਵੇ ਇਕ ਹੋਰ ਟੇਬਲ ਨਿਊਜ਼- ਸਵੇਰ ਹੋਣ ਤੱਕ ਸ਼ਹਿਰ ਭਵਿੰਡੀ ਜਾਂ ਜਲਗਾਉਂ ਬਣ ਚੁੱਕਿਆ ਹੋਵੇ । ਹਾਂ-ਪਰਦੂਸ਼ਣ ਦਾ ਖ਼ਿਆਲ ਵਿਸ਼ੇਸ਼ ਤੌਰ ਤੇ ਰਖਿਆ ਜਾਂਦਾ ਸੁਖਨ ਖ਼ਿਆਲੀ ਵਿਚ ਹੋ ਰਹੇ ਪ੍ਰਦੂਸ਼ਣ ਤੋਂ ਬੇਨਿਆਜ਼ ਮਨਾਂ ਵਿਚ ਵੀ ਕੀਤਾ ਜਾਂਦਾ ਦਿਨ ਰਾਤ ਬਾਰੂਦ ਦਾ ਛਿੜਕਾਅ । ਮੁਖੌਟਿਆਂ ਦੀ ਲੋੜ ਨਹੀਂ ਰਹਿੰਦੀ ਸਪਾਟ ਅਤੇ ਸਰਚ ਲਾਈਟਾਂ ਨਾਲ ਹੀ ਬਦਲੇ ਜਾਂਦੇ ਚਿਹਰਿਆਂ ਦੇ ਰੰਗ ਉਡਦੇ ਪੰਛੀਆਂ ਦੇ ਖੰਭ ਕਰ ਕੇ ਭਰੇ ਜਾਂਦੇ ਸਰ੍ਹਾਣਿਆਂ ਵਿਚ । ਸੰਗੀਨ ਦੀ ਨੋਕ ਤੇ ਖਿੜੇ ਫੁੱਲ ਉੱਪਰ ਵੀ ਕਰ ਦਿੱਤਾ ਜਾਂਦਾ ਆਪਣੀ ਮਰਜ਼ੀ ਦਾ ਰੰਗ । ਟੋਰ ਲਿਆ ਜਾਂਦਾ ਉਂਗਲੀ ਲਗਾ ਕੇ ਚੌਂਕ ਵਿਚ ਖੜ੍ਹੇ ਸ਼ਹੀਦ ਦੇ ਬੁੱਤ ਨੂੰ ਵੀ ਅੱਗਜ਼ਨੀ ਦੀਆਂ ਵਾਰਦਾਤਾਂ ਲਈ । ਕਾਲਿੰਗਾ ਤੋਂ ਵਾਪਿਸ ਪਰਤਿਆ ਮਹਾਨ ਅਸ਼ੋਕ ਦਾ ਰਥ ਰੇੜ੍ਹ ਦਿੱਤਾ ਜਾਂਦਾ ਉੱਚੀ ਫਸੀਲ ਤੋਂ ਥੱਲੇ ਭਰ ਕੇ ਨੇਜ਼ਿਆਂ, ਭਾਲਿਆਂ ਤਰਸ਼ੂਲਾਂ, ਕ੍ਰਿਪਾਨਾਂ ਅਤੇ ਕਮਾਨਾਂ ਨਾਲ ਘੋਲ ਕੇ ਹਵਾ ਵਿਚ ਸੜ ਰਹੇ ਮਨੁੱਖੀ ਮਾਸ ਦੀ ਬੂ ਰਖਿਆ ਜਾਂਦਾ ਹੈ ਕਿੰਨਾਂ ਗੰਗਾਜਲੀ ਵਿਚ ਪਰਦੂਸ਼ਣ ਦਾ ਖਿਆਲ। ਚਿਤਕਬਰੇ ਫਰਜ਼ਾਂ ਉੱਪਰ ਚੋਗਾ ਚੁਗਦੇ ਕਬੂਤਰ ਹਿਰਾਸੇ ਜਿਹੇ ਪਰਤੀਤ ਹੁੰਦੇ ਉੱਚੀਆਂ ਮਮਟੀਆਂ ਤੋਂ ਪਾਰ ਚਿਲਕਦੇ ਕਲਸਾਂ ਦੇ ਉਪਰੋਂ ਲੰਘਦੀਆਂ ਬਦਲੋਟੀਆਂ ਜ਼ਿਹਨ ਵਿਚ ਕਚਿਆਣ ਭਰਦੀਆਂ ਧੁਆਂਖੇ ਫ਼ਰਸ਼ਾਂ ਉੱਪਰ ਚੋਗਾ ਚੁਗਦੇ ਕਬੂਤਰ ਖਬਰੇ ਫ਼ਰਸ਼ਾਂ ਤੋਂ ਕੀ ਪੜ੍ਹ ਰਹੇ ਹੁੰਦੇ ਗੰਧਲਾਏ ਪਾਣੀਆਂ ਵਿਚ ਟੁੱਭੀਆਂ ਲਾਉਂਦੀਆਂ ਮੱਛਲੀਆਂ ਖਬਰੇ ਪਾਣੀਆਂ ਤੇ ਕੀ ਲਿਖ ਰਹੀਆਂ ਹੁੰਦੀਆਂ । ਉੱਚੀਆਂ ਮਮਟੀਆਂ ਤੋਂ ਪਰ ਚਿਲਕਦੇ ਕਲਸਾਂ ਦੇ ਉਪਰੋਂ ਹੁਣ ਵੀ ਗਿਰਝਾਂ ਉਡਦੀਆਂ ਆਲ੍ਹਣਿਆਂ ਵਿਚੋਂ ਅਲੂਏਂ ਬੋਟਾਂ ਦਾ ਮਾਸ ਚਰੂੰਡ ਆਉਂਦੀਆਂ । ਲਹੂ ਭਿੱਜੀਆਂ ਚੁੰਜਾਂ ਪੂੰਝਦੀਆਂ ਪਤਾ ਨਹੀਂ ਕਿਸੇ ਗੁੰਬਦ ਵਿਚ ਅਲੋਪ ਹੋ ਜਾਂਦੀਆਂ। ਬੇਈਂ ਤੇ ਲਹੂ ਲਿਬੜੇ ਟਕੂਏ ਨੂੰ ਸਰਕੰਡੇ ਦੀਆਂ ਜੜ੍ਹਾਂ ਵਿਚ ਥੁੰਨ ਦਿੱਤਾ ਜਾਂਦਾ ਟਕੂਏ ਤੇ ਟੇਪਾ ਬਚੇ ਲਹੂ ਨੂੰ ਕੋਈ ਨਿਉਲਾ ਚੱਟਦਾ ਕੋਈ ਕਿਰਲਾ ਸੜਾਕਦਾ । ਬੇਈਂ ਲਾਗੇ ਦੀ ਤਮਾਮ ਬਸਤੀ ਨੂੰ ਹੱਡਾ-ਰੋੜੀ ਵਿਚ ਬਦਲਣ ਲਈ ਕਾਲੇ ਗੁੰਬਦ ਦੀਆਂ ਉੱਚੀਆਂ ਉਡਦੀਆਂ ਗਿਰਝਾਂ ਹੋਰ ਨੀਵੀਆਂ ਹੋ ਹੋ ਜਾਂਦੀਆਂ— ਸੰਖਾਂ ਅਤੇ ਘੜਿਆਲਾਂ ਦੀ ਆਵਾਜ਼ ਗਿਰਝਾਂ ਦੇ ਚੀਖ ਚਿਹਾੜੇ ਵਿਚ ਹੋਰ ਵੀ ਭਿਆਨਕ ਲੱਗਦੀ ਉਚੀਆਂ ਮਮਟੀਆਂ ਤੋਂ ਪਾਰ ਚਿਲਕਦੇ ਕਲਸਾਂ ਦੇ ਉਪਰ ਹੱਡਾ-ਰੋੜੀ ਤੋਂ ਉਡੀਆਂ ਗਿਰਝਾਂ ਸੁਸਤਾਉਣ ਲਈ ਆ ਬੈਠਦੀਆਂ। ਬੇਂਈ ਵਿਚ ਤੈਰਦੀਆਂ ਫੌਜੀ ਕਿਸ਼ਤੀਆਂ ਰੋਜ਼ ਰਾਤ ਨੂੰ ਧੁਆਂਖੀਆਂ ਲਾਲਟਣਾਂ ਦਾ ਜਲੂਸ ਕੱਢਦੀਆਂ ਛਪਾਕ ਛਪਾਕ ਵੱਜਦੇ ਚੱਪੂਆਂ ਨਾਲ ਹਰ ਰਾਤ ਲਿਖੀਆਂ ਜਾਂਦੀਆਂ ਨਿਰਮਲ ਪਾਣੀਆਂ ਤੇ, ਖੁਰਦਰੀਆਂ ਤੇ ਲਫ਼ੰਡਰ ਬੋਲੀਆਂ। ਕਬੂਤਰਾਂ ਜਿਹੇ ਖਿਆਲ ਕਰ ਜਾਂਦੇ ਪਾਟੇ ਪਾਣੀਆਂ ਵਿਚ ਡੁੱਬ ਕੇ ਸਾਮੂਹਿਕ ਖੁਦਕਸ਼ੀ । ਹੁਣ ਤਾਂ ਧੁਆਂਖੇ ਜੰਗਲ ਦੀ ਕਿਸੇ ਟਾਹਣ ਵਿਚ ਪੁੰਗਰਣ ਦੀ ਹਿੰਮਤ ਨਾ ਰਹਿੰਦੀ ਨਾ ਧਰਤੀ ਦਾ ਕੋਈ ਟੋਟਾ ਆਪਣਾ ਮੂੰਹ ਕਿਸੇ ਚਸ਼ਮੇ ਤੇ ਧੋਣ ਦੀ ਜੁਰਅਤ ਕਰਦਾ । ਕਿਸ਼ਤੀਆਂ ਜਿਹੇ ਚਿਹਰੇ ਮਨਾਂ ਵਿਚ ਨੋ-ਮੈਨਜ਼ ਲੈਂਡ ਸਿਰਜਦੇ ਪਾਣੀਆਂ ਵਿਚ ਲਕੀਰਾਂ ਪਾ ਕੇ ਦਿਖਾਉਂਦੇ ਕੱਛ ਦੀ ਹੋਰ ਟੁਰਦੇ ਟੁਰਦੇ ਚੀਤਿਆਂ ਵਾਂਗ ਦਹਾੜਨ ਲੱਗਦੇ ਕਾਨੂੰਨ ਵਿਚ ਉਨ੍ਹਾਂ ਲਈ ਕੁਝ ‘ਰੱਖ' ਰਾਖਵੇਂ ਕਰ ਦਿਤੇ ਜਾਂਦੇ ਦੁਰਲਭ ਖੂੰਖਾਰ ਜਾਨਵਰਾਂ ਵਾਂਗ। ਬੁਲਟ ਪਰੂਫ਼ ਸ਼ੀਸ਼ਿਆਂ ਅਤੇ ਜਾਕਟਾਂ ਦੀ ਕੰਡਿਆਲੀ ਤਾਰ ਵਿਚ ਉਲਝ ਕੇ ਰਹਿ ਜਾਂਦੇ ਫਰ ਫਰ ਕਰਦੇ ਨਿਸ਼ਾਨ ਕਾਲਰਾਂ ਤੇ ਟੰਗੇ ਗੁਲਾਬ ਦੇ ਫੁਲ ਕਾਂਸਟੇਬਲਰੀ ਦਾ ਗੋਰਖਾ । ਪੀਚੋ ਬੱਕਰੀ ਖੇਡਦੇ ਜੁਆਕ ਅਣ-ਪਛਾਤੇ ਬੰਦਿਆਂ ਦੀ ਬੋਲੀ ਬੋਲਣ ਲਗ ਜਾਂਦੇ । ਮੋਨੋ ਅਤੇ ਲਾਈਨੋ ਟਾਈਪ ਇਕੋ ਜਿਹੀਆਂ ਢਾਲਦੀਆਂ ਰਹਿੰਦੀਆਂ ਅਖਬਾਰੀ ਸੁਰਖੀਆਂ ਦਿਨ ਅਤੇ ਰਾਤ- ਟੈਲੀ ਪ੍ਰਿੰਟਰ ਤੇ ਵਜਦੀਆਂ ਫਲੀਆਂ ਵਰਗੀਆਂ ਉਂਗਲਾਂ ਵੀ— ਹੋ ਜਾਂਦੀਆਂ ਗੰਢੈਲ ਅਤੇ ਕੁਢੱਬੀਆਂ ਇਕੋ ਹਰਫ 'ਅਣਪਛਾਤੇ' ਉਪਰ ਮਾਰਦੀਆਂ ਸਟਰੋਕ । ਰੋਸ਼ਨਦਾਨਾਂ 'ਚ ਗੁਟਕਦੇ ਕਬੂਤਰ ਮੀਟ ਲੈਂਦੇ ਬਲੌਰੀ ਅੱਖਾਂ ਥੋਹਰ ਵਿਚ ਉਲਝੀ ਤਿਤਲੀ ਦੇ ਖੰਭਾਂ ਤੋਂ ਝੜ ਜਾਂਦਾ ਰੰਗੀਨ ਪਾਊਡਰ। ਵਲੂੰਦਰੇ ਆਲ੍ਹਣਿਆਂ ਵਿਚੋਂ ਜੋ ਵੀ ਚਿੜੀ ਨਿਕਲਦੀ ਆਪਣਾ ਅਕਸ ਪਾਣੀਆਂ ਵਿਚ ਵੇਖਦੀ ਬੇਹੋਸ਼ ਹੋ ਕੇ ਡਿਗ ਜਾਂਦੀ ਝੁਲਸੀ ਚੁੰਜ ਤੋਂ ਨਾ ਕੋਈ ਦਾਣਾ ਚੁਗ ਹੁੰਦਾ ਨਾ ਚੀਂ ਚੀਂ ਕਰ ਹੁੰਦੀ— ਮੁੜ ਕੇ ਉਹ ਜਿਸ ਪਾਣੀ ਵਿਚ ਵੀ ਆਪਣਾ ਮੂੰਹ ਦੇਖਦੀ— ਪਾਣੀ ਤਿੜਕ ਜਾਂਦਾ ਉਸ ਬੁੱਢੋ ਫੋਟੋਕਾਰ ਦੀ ਐਨਕ ਵਾਂਗ ਜੋ ਫਸਾਦਾਂ ਦੀ ਤਸਵੀਰ ਖਿੱਚਣ ਗਿਆ ਖੁਦ ਫਸਾਦੀ ਬਣ ਕੇ ਪਰਤਿਆ। ਉੱਚੀਆਂ ਮਮਟੀਆਂ ਤੋਂ ਪਾਰ ਚਿਲਕਦੇ ਕਲਸਾਂ ਦੇ ਉਪਰੋਂ ਉਹ ਜਦ ਵੀ ਤਿੜਕੀ ਐਨਕ ਨਾਲ ਝਾਕਦਾ ਖੁਸ਼ਫਹਿਮੀ ਦੀ ਹਾਸੀ ਹੱਸਦਾ ਮਹਿਰਾਬਾਂ ਹੇਠ ਖੜੇ ਸੰਤਰੀਨੁਮਾ ਰੌਬਟ ਜੁਆਬ ਵਿਚ ਕਾਰਬਾਈਨ ਵਾਲਾ ਹੱਥ ਉਪਰ ਉਠਾਉਂਦੇ ਗੰਧਲਾਇਆ ਵਾਤਾਵਰਣ ਕੁਖਾਂ ਵਿਚ ਫੁਟਦੀਆਂ ਕਰੂੰਬਲਾਂ ਨੂੰ ਪ੍ਰਭਾਵਤ ਕਰਨ ਤੱਕ ਜਾਂਦਾ। ਪਾਠ ਪੁਸਤਕਾਂ ਸਲੇਟਾਂ, ਅਤੇ ਬਲੈਕ ਬੋਰਡਾਂ ਉਪਰ ਕੌਮੀਅਤ ਅਤੇ ਕੌਮ ਦੇ ਅਰਥ ਹੋਰ ਦੇ ਹੋਰ ਹੁੰਦੇ । ਜੋਗੀ ਦੇ ਤਕੀਏ ਚਾੜ੍ਹੇ ਪੁਤਰ ਦੁਧ ਦੇ ਗੜਵੇ ਪੀਂਦੇ ਪੀਂਦੇ ਇਕ ਦਿਨ ਸਪੋਲੀਏ ਬਣ ਬੈਠੇ "ਜੋਗੀ ਏਸ ਲਈ ਤਾਂ ਨਹੀਂ ਸੀ, ਤੇਰੇ ਤਕੀਏ ਚਾੜ੍ਹੇ, ਅਸੀਂ ਕੱਟ ਆਂਦਰ ਦੇ ਟੋਟੇ ਇਕ ਦਿਨ ਸਭ ਨੂੰ ਸੱਪ ਬਣਾ ਤੂੰ ਮਾਂ ਦੀਆਂ ਦੁੱਧੀਆਂ ਡੰਗਣ ਭੇਜੇਂ ?" ਭੇਂਟ ਵਾਰਤਾ ਲਈ ਗਏ ਕਤਰੀਆਂ ਮੁੱਛਾਂ ਵਾਲੇ ਪੱਤਰਕਾਰ ਨੂੰ ਜੋਗੀ ਝਿੜਕੀ ਬਣ ਕੇ ਮਿਲਦਾ ਨੀਲੀਆਂ ਅੱਖਾਂ ਵਾਲੇ ਵਿਦੇਸ਼ੀ ਫ਼ਿਲਮਕਾਰਾਂ ਨੂੰ ਗੰਨੇ ਦੀਆਂ ਪੋਰੀਆਂ ਬਣ ਕੇ । ਖੜਾਵਾਂ ਵਾਲੇ ਜੋਗੀ ਦੇ ਸੈਰ ਤੋਂ ਮੁੜਨ ਤੱਕ ਨੀਲੀਆਂ ਅੱਖਾਂ ਵਾਲਾ ਫ਼ਿਲਮਕਾਰ ਕਿੱਲੀ ਤੇ ਟੰਗੇ ਜਾਮੇ ਉੱਪਰ ਬਣਾ ਰਿਹਾ ਹੁੰਦਾ ‘ਦਸਤਾਵੇਜ਼ੀ' ਅਗਲੇ ਦਿਨ ਬੀ. ਬੀ. ਸੀ. ਅਤੇ ਵਾਇਸ ਆਫ਼ ਅਮਰੀਕਾ ਇਹ ਫਿਲਮ ਸਾਰੀ ਦੁਨੀਆਂ ਨੂੰ ਵਿਖਾ ਰਹੇ ਹੁੰਦੇ । ਬੈਰਕਾਂ ਸੁੰਨੀਆਂ ਹੋ ਜਾਂਦੀਆਂ ਤਾਰਕੋਲ ਦੀ ਸੜਕ ਤੋਂ ਘੋੜਿਆਂ ਦੀਆਂ ਟਾਪਾਂ ਸੁਣਾਈ ਦੇਣ ਲਗਦੀਆਂ। ਕਮਾਦਾਂ ਅਤੇ ਮਿੱਧੇ ਟਿੰਡਿਆਂ ਉੱਪਰ ਪਹੇ ਦੀ ਮਿੱਟੀ ਦਾ ਕਰ ਰਹੀਆਂ ਹੁੰਦੀਆਂ ਛਿੜਕਾਅ ਬਖੱਤਰ ਬੰਦ ਗੱਡੀਆਂ। ਇਕ ਵਾਰ ਫਿਰ ਡਰ ਅਤੇ ਖੌਫ਼ ਦੇ ਸਰਕੰਡੇ ਪਿੰਡਾਂ ਦੀਆਂ ਸੱਥਾਂ 'ਚ ਉੱਗ ਆਉਂਦੇ- ਫਿਰਨੀ ਤੇ ਛਵ੍ਹੀਆਂ ਦੀ ਵਾੜ ਉਗ ਖਲੋਂਦੀ ਲਹਿੰਦੀ ਪੱਤੀ ਚੜ੍ਹਦੀ ਪੱਤੀ ਵੱਲ ਘੂਰ ਕੇ ਦੇਖਦੀ ਤੇ ਚੜ੍ਹਦੀ ਪੱਤੀ, ਰਾਤੋ ਰਾਤ ਸਮਾਨ ਲੱਦ ਕੇ ਤ੍ਰਿਸ਼ੂਲਾਂ ਵਾਲੇ ਮੁਹੱਲੇ ਵਿਚ ਜਾ ਪਨਾਹ ਲੈਂਦੀ । ਰਾਅ ਤੋਤੇ ਸੁੰਨਿਆਂ ਘਰਾਂ ਵਲ ਹਿਰਾਸੇ ਜਿਹੇ ਦੇਖਦੇ ਕਾਠ ਦੀ ਪਰਾਤ ਵਜਾਉਂਦਾ ਕਮਲਾ ਹੋਇਆ ਮਜ਼ਹਬੀਆਂ ਦਾ ਗਿੰਦਰ ਖੂਹ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਜਾਂਦਾ ਖੂਹ ਦਾ ਪਾਣੀ ਕੋਈ ਨਾ ਪੀਂਦਾ ਸਾਰਾ ਪਿੰਡ ਤਿਹਾਇਆ ਮਰ ਜਾਂਦਾ । ਸੱਥਾਂ ਦਾ ਸਰਕੰਡਾ ਬਿਨਾਂ ਬਾਰਿਸ਼ ਤੋਂ ਹੋਰ ਵੀ ਉੱਚੀ ਹੋ ਹੋ ਜਾਂਦਾ । ਨੀਲੀਆਂ ਅੱਖਾਂ ਵਾਲਾ ਫਿਲਮਕਾਰ ਬਖਤਰਬੰਦ ਗੱਡੀਆਂ ਤੇ ਕੈਮਰਾ ਜ਼ੂਮ ਕਰਦਾ ਸੱਥ ਵਿਚ ਉੱਗੇ ਸਰਕੰਡੇ ਤੇ ਜਾ ਟਿਕਾਉਂਦਾ- ਉਸ ਨੂੰ ਨਾ ਪਿੰਡ ਦੀ ਕੋਈ ਸਮਾਧ ਨਜ਼ਰ ਆਉਂਦੀ ਨਾ ਸ਼ਹੀਦਾਂ ਵਾਲਾ ਖੂਹ ਨਾ ਹੀ ਸੁੰਨੇ ਘਰ ਵਿਚ ਕਿੱਲੀ ਤੇ ਲਟਕਦੀ ਤੜਾਗੀ । ਬੰਦ ਕਮਰੇ ਦੀ ਵਾਰਤਾ ਦੂਰ ਦਰਸ਼ਨ ਤੋਂ ਨਸ਼ਰ ਹੁੰਦੀ ਬੱਦਲ ਅਸਮਾਨ ਖਾਲੀ ਕਰ ਦਿੰਦੇ ਬਰਾਂਡਿਆਂ ਵਿਚ ਵਿੱਛੀਆਂ ਦਰੀਆਂ ਇਕੱਠੀਆਂ ਹੋ ਜਾਂਦੀਆਂ— ਪਰ ਬੇਈਂ ਤੇ ਹੱਥ-ਗੋਲਿਆਂ ਦੀ ਚਾਂਦਮਾਰੀ ਬਾਕਾਇਦਾ ਚੱਲ ਰਹੀ ਹੁੰਦੀ, ਬੁਲਡੋਜ਼ਰ ਗਰੀਸ ਕਰ ਦਿੱਤੇ ਜਾਂਦੇ ਨਵੇਂ ਟੋਏ ਪੁੱਟਣ ਲਈ । ਬਰਾਂਡਿਆਂ ਦੀ ਹਾਸੜ ਸਫ਼ਾਰਤਖਾਨਿਆਂ ਦੇ ਬੂਹਿਆਂ ਤੇ ਅਛੋਪਲੇ ਜਾ ਦਸਤਕ ਦਿੰਦੀ ਇਕ ਵਾਰ ਫੇਰ ਆਪੋ ਆਪਣੇ ਜਾਮ ਵਟਾ ਕੇ ਪੀਂਦੀ। ਸਵੇਰ ਦੇ ਅਖਬਾਰ ਦੀ- ਸੁਰਖੀ ਸਫਾਰਤਖਾਨਿਆਂ ਦੀਆਂ ਗੁਪਤ ਫਾਇਲਾਂ ਨੇ ਆਪ ਤਿਆਰ ਕੀਤੀ ਹੁੰਦੀ। ਅਫਵਾਹਾਂ ਵਰਗੇ ਬੁੱਲ੍ਹੇ ਇਕ ਵਾਰ ਫੇਰ ਦਰਖਤਾਂ 'ਚੋਂ ਲੰਘਦੇ ਜ਼ਰਦ ਪੱਤਿਆਂ ਦਾ ਰੰਗ ਹੋਰ ਵੀ ਜ਼ਰਦ ਪੈ ਜਾਂਦਾ। ਕੀੜੇ ਮਾਰ ਦੁਆਈਆਂ ਦਾ ਛਿੜਕਾਅ ਵੀ ਕੋਈ ਅਸਰ ਨਾ ਕਰਦਾ ਬਾਗਬਾਨੀ ਮਹਿਕਮੇ ਦੀਆਂ ਸਿਫਾਰਸ਼ਾਂ ਦੂਰ ਦਰਸ਼ਨ ਤੋਂ ਚੀਖ਼ਦੇ ਚੀਖ਼ਦੇ ਸੜਕਾਂ ਤੇ ਦੋਹੀਂ ਪਾਸੀਂ ਖੜ੍ਹੇ ਦਰਖ਼ਤ ਬਲ ਉੱਠਦੇ ਅਫ਼ਵਾਹਾਂ ਵਰਗੇ ਬੁਲ੍ਹੇ ਜਿਸ ਗਲੀ ਵਿਚੋਂ ਵੀ ਲੰਘਦੇ ਦਸੰਬਰ ਵਿਚ ਵੀ ਟੀਨ ਦੀਆਂ ਛੱਤਾਂ ਨੂੰ ਤਪਣ ਲਾ ਦਿੰਦੇ ਕੰਧਾਂ ਨੂੰ ਪੰਜ ਭੱਠੀਆਂ ਤਾਪ ਚੜ੍ਹ ਜਾਂਦਾ ਮਿਆਨੀ 'ਚ ਡਾਹੇ ਜੁੜਵੇਂ ਪਲੰਘ ਦਿਆਂ ਪਾਵਿਆਂ ਹੇਠ ਚੂੜੀਆਂ ਆ ਆ ਟੁੱਟਦੀਆਂ ਕਾਰਨਸ ਤੇ ਪਈਆਂ ਸਾਂਝੀਆਂ ਤਸਵੀਰਾਂ ਆਪੋ ਆਪਣਾ ਮੂੰਹ ਭੁਆ ਲੈਂਦੀਆਂ। ਅਫ਼ਵਾਹਾਂ ਦੇ ਬੁੱਲ੍ਹੇ ਸੜਕ ਤੋਂ ਲੰਘਦੇ ਕੱਚ ਦੀਆਂ ਬੋਤਲਾਂ ਮੋੜ ਤੱਕ ਟੁੱਟੀਆਂ ਪਈਆਂ ਹੁੰਦੀਆਂ ਸੀਵਰੇਜ ਦੇ ਢੱਕਣ ਲਾਹੇ ਹੁੰਦੇ ਸਾਇਰਨ ਵਾਲੀਆਂ ਜੀਪਾਂ ਹਵਾ-ਖੋਰੀ ਕਰਦੀਆਂ ਫਿਰਦੀਆਂ ਚੌਂਤਰੇ ਤੇ ਤਾਸ਼ ਤੇ ਪੱਤੇ ਫਟੇ ਪਏ ਹੁੰਦੇ ਲਾਵਾਰਸ ਲਾਸ਼ ਤੇ ਹੀ ਕਰ ਰਹੇ ਹੁੰਦੇ ਸੀ. ਆਰ. ਪੀ. ਦੇ ਜੁਆਨ ਲਾਠੀ ਚਾਰਜ । ਕਰਫ਼ਿਊ ਵਿਚ ਵੀ ਭੀੜਾਂ ਲੋਹੇ ਦੀਆਂ ਸਲਾਮਾਂ ਫੜੀ ਸੜਕਾਂ ਉੱਪਰ ਘੁੰਮਣ ਲੱਗਦੀਆਂ। ਆਥਣੇ ਪਿੱਪਲਾਂ ਹੇਠ ਪਤੀਲਿਆਂ ਵਿਚ ਸ਼ਹਿਰ ਦੀਆਂ ਤਮਾਮ ਭੇਡਾਂ ਦੇ ਛਿੱਛੜੇ ਪੱਕ ਰਹੇ ਹੁੰਦੇ ਅਲਗੋਜ਼ਿਆਂ, ਡੱਫ਼ਾਂ, ਬੀਨਾਂ, ਢੋਲਕੀਆਂ, ਬੈਂਡਾਂ ਦੀਆਂ ਅੱਖਾਂ ਵਿਚ ਲਾਲ ਡੋਰੇ ਉੱਤਰ ਆਉਂਦੇ- ਚਿੱਟੀਆਂ ਐਚਕਨਾਂ ਤੇ ਕਾਲੀਆਂ ਐਨਕਾਂ ਵਾਲੇ ਹੱਥ ਪਤੀਲਿਆਂ ਵਿਚ ਭੇਡਾਂ ਦੇ ਛਿੱਛੜੇ ਸਰ੍ਹਾਣਿਆਂ ਹੇਠ ਦਾਰੂ ਦੀਆਂ ਬੋਤਲਾਂ ਪਤਾ ਨਹੀਂ ਕਦੋਂ ਰੱਖ ਜਾਂਦੇ-- ਪਿੱਪਲਾਂ ਉਪਰਲੇ ਆਲ੍ਹਣਿਆਂ ਦੇ ਪੰਛੀ ਵੀ-- ਸਾਰੀ ਰਾਤ ਸੌਂ ਨਾ ਸਕਦੇ। ਪੁਲਸ ਦੀ ਗਾਰਦ ਹਸਪਤਾਲ ਦੇ ਡਾਕਟਰ ਮੜ੍ਹੀਆਂ ਦੇ ਚੌਕੀਦਾਰ ਤੋਂ ਬਿਨਾਂ ਸਭ ਸਮਝਦੇ ਹਨ ਸ਼ਹਿਰ 'ਚ ਸ਼ਾਂਤੀ ਹੈ-- ਸੜਕ ਦੀ ਪਾਟੀ ਕਮੀਜ਼ ਤੇ ਚੇਪੀਆਂ ਲਾਉਂਦੇ ਪੈਰਾਂ ਵਿਚ ਕੱਚ ਦੇ ਟੋਟੇ ਚੁਭਦੇ ਬਿਜਲੀ ਦੀਆਂ ਤਾਰਾਂ ਵਿਚ ਫਸੀ ਪਾਟੀ ਪਤੰਗ ਛਟਪਟਾਉਦੀਂ ਹਵਾ ਹੋਰ ਵੀ ਤੇਜ਼ ਚੱਲਦੀ ਚੇਪੀਆਂ ਲਾਉਂਦੇ ਪੈਰ ਉੱਖੜ ਉੱਖੜ ਜਾਂਦੇ ਮੋੜ ਦੀ ਬੱਤੀ ਦਾ ਰੰਗ ਹਰੇ ਤੋਂ ਪੀਲਾ ਹੋ ਜਾਂਦਾ ਪੀਲੇ ਤੋਂ ਇਕ ਦਮ ਲਾਲ । ਸਾਇਰਨ ਵਾਲੀ ਜੀਪ ਦੁਹਾਈਆਂ ਪਾਉਣ ਲਗਦੀ ਚੇਪੀਆਂ ਲਾਉਂਦੇ ਪੈਰ ਸੀਵਰ ਦਾ ਢੱਕਣ ਚੁੱਕ ਕੇ ਗਟਰ ਵਿਚ ਉੱਤਰ ਜਾਂਦੇ ਆਥਣ ਦੇ ਅਖਬਾਰ ਦੀ ਸੁਰਖ਼ੀ ਰੇਡੀਓ ਦੀ ਖ਼ਬਰ ਤੋਂ ਰਤਾ ਗੂਹੜੀ ਹੁੰਦੀ । ਪੋਸਟ ਮਾਰਟਮ ਕਰਦੇ ਡਾਕਟਰਾਂ ਦੀਆਂ ਕੈਂਚੀਆਂ ਖੁੰਡੀਆਂ ਹੋ ਹੋ ਜਾਂਦੀਆਂ ਹਸਪਤਾਲ ਦੀਆਂ ਲਿਬਾਟਰੀਆਂ ਉਲਟੀਆਂ ਕਰਨ ਲੱਗਦੀਆਂ-- ਉਲਟੀਆਂ ਕਰਦੀ ਲਿਬਾਟਰੀ ਨਾ ਗੁਲੂਕੋਸ ਲਗਵਾਉਂਦੀ ਨਾ ਕਿਸੇ ਤੋਂ ਸਟਰੈਚਰ ਤੇ ਹੀ ਲਿਟਾਈ ਜਾ ਸਕਦੀ-- ਅਧੀਨ ਡਾਕਟਰ ਆਪਣੀਆਂ ਛਾਤੀਆਂ ਨਾਲ ਹੀ ਸਟੈਥੋਸਕੈਂਪ ਲਾ ਲਾ ਵੇਖਦੇ ਤਮਾਮ ਹਸਪਤਾਲ ਦੀਆਂ ਸ਼ੀਸ਼ੀਆਂ ਵਿਚ ਦਵਾਈਆਂ ਦੀ ਥਾਂ ਤੇ ਬਲਗ਼ਮ ਭਰ ਜਾਂਦੀ ਗੋਲੀਆਂ ਦੇ ਰੈਪਰਾਂ ਵਿਚ ਵਾਉਪਸੀ ਲਈ ਕੱਟੇ ਮਾਸ ਦੇ ਲੋਥੜੇ; ਹਸਪਤਾਲ ਦੇ ਬੀਮਾਰ ਹੋਣ ਦੀ ਖ਼ਬਰ ਨਾ ਦੂਰ-ਦਰਸ਼ਨ ਤੋਂ ਨਸ਼ਰ ਹੁੰਦੀ ਨਾ ਨੀਲੀਆਂ ਅੱਖਾਂ ਵਾਲੇ ਫਿਲਮਕਾਰ ਦੇ ਕੈਮਰੇ ਤੋਂ ਫੋਕਸ ਹੋ ਸਕਦੀ । ਚਿਲਕਦੇ ਕਲਸਾਂ ਹੇਠ ਗਿਰਝਾਂ ਦੀ ਗਿਣਤੀ ਲਗਾਤਾਰ ਵਧਦੀ ਜਾਂਦੀ ਬਰਾਂਡਿਆਂ ਵਿਚ ਹੱਡੀਆਂ ਤੋਂ ਮਾਸ ਦੇ ਲੋਥੜਿਆਂ ਦੇ ਨਾਲ ਨਾਲ ਖਰਸ ਖਾਧੇ ਕੁੱਤੇ ਵੀ ਦਿਖਾਈ ਦੇਣ ਲੱਗਦੇ । ਅਹਾਤੇ ਦੀਆਂ ਪੌੜੀਆਂ ਤੋਂ ਲੜਕੇ ਜਮਾਂਦਾਰ ਨੂੰ ਭਾਵੇਂ ਨਿਗਮ ਦੀ ਗੱਡੀ ਹੀ ਦਰੜ ਜਾਂਦੀ ਰਾਤੋ ਰਾਤ ਝਾੜੂਆਂ ਵਾਲੇ ਮੁਹੱਲੇ ਵਿਚ ਤ੍ਰਿਸ਼ੂਲਾਂ ਦੇ ਟਰੱਕ ਆ ਲਹਿੰਦੇ ਸਪਿਰਟ ਦੇ ਟੈਂਕਰ ਉੱਤਰਦੇ ਹਰੇਕ ਦੁਕਾਨ ਅੱਗੇ ਦਿਨ ਚੜ੍ਹਨ ਤੱਕ ਰੂੜ੍ਹੀਆਂ ਲੱਗੀਆਂ ਹੁੰਦੀਆਂ- ਲੰਬੀਆਂ ਅਚਕਨਾਂ ਵਾਲੇ ਹੱਥਾਂ ਦੀ ਅਧਿਕਾਰੀਆਂ ਨਾਲ ਗੁਫਤਗੂ ਕਰਨ ਤੱਕ ਸ਼ਹਿਰ ਦੇ ਸਾਰੇ ਧਾਰਮਿਕ ਸਥਾਨਾਂ ਅੱਗੇ ਅਣ-ਸੁਖਾਵੀਆਂ ਘਟਨਾਵਾਂ ਵਾਪਰ ਚੁੱਕੀਆਂ ਹੁੰਦੀਆਂ । ਸਿਗਰਟਾਂ ਦੀ ਡੱਬੀ ਅਤੇ ਗਊ ਦੀ ਕੱਟੀ ਹੋਈ ਪੂਛ ਆਥਣ ਦੇ ਘੁਸ-ਮੁਸੇ ਵਿਚ ਪਲਾਸਟਕ ਦੇ ਦਸਤਾਨੇ ਉਤਾਰ ਕੇ ਹੱਥ ਮਿਲਾਉਂਦੇ- ਦੇਰ ਰਾਤ ਤੱਕ ਹਮ-ਬਿਸਤਰ ਹੁੰਦੇ ਰਹਿੰਦੇ । ਧੁਆਂਖੇ ਜੰਗਲ ਦੇ ਅੱਧ-ਜਲੇ ਰੁੱਖ ਇਕ ਵਾਰ ਫੇਰ ਬਲ ਉਠਦੇ ਅੰਬਰ ਲੁਹਾਣਿਆ ਜਾਂਦਾ ਸੜਕਾਂ ਦੁਆਲੇ ਖੜੋਤੇ ਖੰਭੇ ਆਪੋ ਵਿਚ ਗੱਲਾਂ ਕਰਨੀਆਂ ਭੁੱਲ ਜਾਂਦੇ । ਸੀਵਰ ਹੋਲ 'ਚੋਂ ਨਿਕਲਿਆ ਆਮ ਆਦਮੀ ਸੜਕ ਤੇ ਆਉਂਦਾ ਸ਼ਹੀਦ ਦੇ ਬੁੱਤ ਕੋਲ ਨਮਸਕਾਰ ਕਰਨ ਲਈ ਰੁਕਦਾ— ਲਾਲ ਸਾਇਰਨ ਵਾਲੀ ਜੀਪ ਉਸ ਨੂੰ ਪਿੱਛਲ ਖੋੜੀ ਘੜੀਸਦੀ ਕੋਤਵਾਲੀ ਦੇ ਦਰਵਾਜ਼ੇ ਤੱਕ ਲੈ ਜਾਂਦੀ— ਫੀਤਿਆਂ ਵਾਲਾ ਅਫ਼ਸਰ ਕੰਟਰੋਲ ਰੂਮ ਵਿਚ ਖੁਦ ਡਿਯੂਟੀ ਦੇਣ ਲੱਗਦਾ ਕਾਲਜਾਂ ਅਤੇ ਸਕੂਲਾਂ ਦੇ ਅਹਾਤੇ ਬਖਤਰਬੰਦ ਗੱਡੀਆਂ 'ਤੇ ਟੈਂਕਾਂ ਨਾਲ ਭਰ ਜਾਂਦੇ। ਘੰਟਾ ਘਰ ਦੀਆਂ ਸੂਈਆਂ ਵਿਚ ਆਲ੍ਹਣਾ ਪਾਈ ਬੈਠੀਆਂ ਚਿੜੀਆਂ ਵੀ ਕਿਧਰੇ ਉਡ ਜਾਂਦੀਆਂ ਅੱਧ ਜਲੇ ਦਰਖ਼ਤ ਇਕ ਵਾਰ ਫੇਰ ਬਲ ਉਠਦੇ ਸਾਉਣ ਦੇ ਛਰਾਟੇ ਵੀ ਇਸ ਅੱਗ ਨੂੰ ਬੁਝਾ ਨਾ ਸਕਦੇ। ਮੋਟਿਆਂ ਸ਼ੀਸ਼ਿਆਂ ਵਾਲੀਆਂ ਐਨਕਾਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੀਆਂ ਰਹਿੰਦੀਆਂ। ਬੰਦੂਕਾਂ ਦੀਆਂ ਬੈਰਲਾਂ ਵਿਚੋਂ ਨਿਕਲਦੇ ਧੂੰਏ ਵਿਚ ਗੁਆਚ ਗਿਆ ਲਗਦਾ ਤਾਸ਼ ਦੇ ਪੱਤਿਆਂ ਵਰਗਾ ਕ੍ਰਾਂਤੀਕਾਰੀ ਸ਼ਾਇਰ ਦਾ ਮੂੰਹ । ਉਸ ਦਾ ਅੱਧਾ ਧੜ ਬੇਈਂ ਦੀਆਂ ਝਾੜੀਆਂ ਵਿਚ ਚਾਂਦਮਾਰੀ ਕਰਨ ਲੱਗਦਾ ਅਤੇ ਦੂਸਰਾ ਅੱਧਾ ਤੂੜੀ ਵਾਲੇ ਕੋਠੇ ਵਿਚ ਤ੍ਰਿਸ਼ੂਲਾਂ ਕਿਰਪਾਨਾਂ ਦੇ ਭੰਡਾਰ ਜਮ੍ਹਾਂ ਕਰਨ ਵਿਚ ਮਸਰੂਫ਼ ਹੋ ਜਾਂਦਾ-- ਉਸ ਦੀ ਸ਼ੈਲੀ ਕਦੇ ਧਮਕੀ ਪੱਤਰਾਂ ਦੀ ਜ਼ੁਬਾਨ ਬਣਨ ਲੱਗਦੀ ਕਦੇ ਵੱਖਵਾਦੀ ਪੋਸਟਰਾਂ ਦੀ ਅਲੰਕਾਰ ਭਰਪੂਰ ਭਾਸ਼ਾ। ਪਿੰਡਾਂ ਦੀਆਂ ਸੱਥਾਂ 'ਚੋਂ ਜਲਾਵਤਨ ਹੋਇਆ ਉਹ ਬਰਾਂਡਿਆਂ ਥੱਲੇ ਰੋਬਟ ਨੁਮਾ ਸੰਤਰੀਆਂ ਦੀ ਵਰਦੀ ਪਾ ਕੇ ਜਾ ਖਲੋਂਦਾ । ਪਾੜ ਕੇ ਡਾਇਰੀ ਵਿਚੋਂ ਮਾਰਕਸ, ਮਾਊ ਅਤੇ ਲੈਨਿਨ ਦੀ ਤਸਵੀਰ ਚੇਪ ਲੈਂਦਾ ਬਰਾਂਡਿਆਂ ਵਿਚ ਹਾਜ਼ਰੀ ਲਾਉਣ ਵਾਲੇ ਪਾਗਲ ਜਰਨੈਲ ਦੀ ਫੋਟੋ । ਉਹ ਤਹਿਖਾਨੇ ਵਿਚ ਹਾਜ਼ਰੀ ਲੁਆਉਣ ਜਾਂਦਾ ਤਾਂ ਗੁਰੀਲਾ ਯੁੱਧ ਅਤੇ ਕ੍ਰਾਂਤੀ ਉਸ ਨੂੰ ਪੌੜੀਆਂ ਵਿਚ ਸਵਾਗਤ ਕਰਦੇ ਲੱਗਦੇ ਪਿੰਡਾਂ ਦੀਆਂ ਸੱਥਾਂ 'ਚੋਂ ਜਲਾਵਤਨ ਹੋਣ ਦਾ ਬਦਲਾ ਉਸਦੇ ਅੰਦਰ ਤੱਕ ਜ਼ਹਿਰੀਲੇ ਖੰਜਰ ਵਾਂਗ ਹੋਰ ਡੂੰਘਾ ਉੱਤਰ ਜਾਂਦਾ ਉਸ ਦਾ ਅੱਧਾ ਧੜ ਹਸ਼ੀਸ਼ ਦਾ ਧੰਧਾ ਕਰਨ ਲੱਗਦਾ ਤੇ ਦੂਸਰਾ ਅੱਧਾ ਤਾਂ ਇਕ ਦੌਰ ਯੂਨੀਵਰਸਿਟੀਆਂ, ਦਫਤਰਾਂ, ਸਕੂਲਾਂ, ਅਖ਼ਬਾਰਾਂ ਵਿਚ ਪਹਿਲਾਂ ਹੀ ਪੁਰਜਾ ਬਣ ਫਿਟ ਹੋ ਜਾਂਦਾ । ਤੂਫਾਨ ਰਤੀ ਸ਼ਾਂਤ ਹੋਣ ਮਗਰੋਂ ਮੌਟਿਆਂ ਸ਼ੀਸ਼ਿਆਂ ਵਾਲੀ ਐਨਕ ਵਾਲਾ ਕ੍ਰਾਂਤੀਕਾਰੀ ਸ਼ਾਇਰ ਮਲਕੜੇ ਜਹੇ ਖੰਭਿਆਂ ਤੇ ਚੜ੍ਹਦਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਹੁਣ ਉਸ ਨੂੰ ਨਾ ਤੇਜ਼ ਹਵਾ ਦਾ ਡਰ ਸੀ ਨਾ ਕਰੰਟ-ਹੀਣ ਬਿਜਲੀ ਦੇ ਖੰਭੇ ਦਾ ਬਖਤਰ-ਬੰਦ ਗੱਡੀਆਂ ਵੀ ਤਾਂ ਕਦੋਂ ਦੀਆਂ ਬੈਰਕਾਂ ਵਿਚ ਪਰਤ ਚੁੱਕੀਆਂ ਸਨ— ਉਹ ਅਕਾਦਮਕ ਪੁਸਤਕਾਂ ਨੂੰ ਬੜੀ ਬੁਖਲਾਹਟ ਵਿਚ ਸੰਬੋਧਿਤ ਹੁੰਦਾ ਬੁਰਜੂਆ ਅਖ਼ਬਾਰ ਵਿਚ ਪਹਿਲੇ ਕਾਲਮਾਂ ਤੇ ਛਪੀ ਨਜ਼ਮ ਕੋਟ ਦੀ ਉਪਰਲੀ ਜੇਬ ਵਿਚ ਪਾਈ ਫਿਰਦਾ ਨੀਲੀਆਂ ਅੱਖਾਂ ਵਾਲੇ ਫਿਲਮਕਾਰ ਨਾਲ ਪੱਤਰ ਵਿਹਾਰ ਕਰਦਾ- ਉਸ ਦੀਆਂ ਨਜ਼ਮਾਂ ਦੀ ਸ਼ਕਲ ਹਿਟਲਰ ਦੀ ਕਾਲੀ ਜੈਕਟ ਨਾਲ ਮੇਲ ਖਾਂਦੀ ਵੇਖ ਕੇ ਬੀ, ਬੀ, ਸੀ, ਅਤੇ ਵਾਇਸ ਆਫ ਅਮਰੀਕਾ ਵੀ ਉਸ ਦੀਆਂ ਨਜ਼ਮਾਂ ਤੇ ਵਿਚਾਰ ਚਰਚਾ ਦਾ ਆਯੋਜਨ ਕਰਦੇ ਨਾਜ਼ੀ-ਨੁਮਾ ਬਰੇਨ ਵਾਸ਼ ਕੀਤੇ ਜ਼ਿਹਨ ਵਾਰ ਵਾਰ ਤਾੜੀਆਂ ਵਜਾਉਂਦੇ । ਹਰੇਕ ਨਜ਼ਮ ਦਾ ਅਨੁਵਾਦ ਬਰਾਂਡਿਆਂ ਵਿਚ ਖਲੋਤੇ ਸੰਤਰੀਆਂ ਨੂੰ ਸੁਣਾਇਆ ਜਾਂਦਾ ਬਰਾਂਡਿਆਂ ਦੇ ਢਹੇ ਚੜ੍ਹਿਆ ਸ਼ਾਇਰ ਵਿਰਸੇ ਦੀ ਕਟਾਰ ਨਾਲ ਆਪਣਾ ਸਿਰ ਕੱਟਦਾ ਕਿਸੇ ਫਾਸ਼ੀ, ਜਰਨੈਲ ਦੀ ਮੜ੍ਹੀ ਉੱਪਰ ਧਰ ਆਉਂਦਾ- ਉਸ ਦੇ ਮੁੜਨ ਤੱਕ ਅਨੇਕਾਂ ਸਿਰ-ਕਟੇ ਬੰਦੇ ਕਾਲੀਆਂ ਜਾਕਟਾਂ ਪਾਉਣੀਆਂ ਸ਼ੁਰੂ ਕਰ ਦਿੰਦੇ । ਕਾਲੀਆਂ ਜਾਕਟਾਂ ਵਾਲੇ ਸਿਰ-ਕਟੇ ਬੰਦੇ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ, ਦਫਤਰਾਂ, ਕਚਿਹਰੀਆਂ ਅਤੇ ਸੜਕਾਂ ਉੱਪਰ ਆਮ ਘੁੰਮਣ ਲੱਗਦੇ ਕਾਲੀਆਂ ਜਾਕਟਾਂ ਵਾਲੇ ਸਿਰ-ਕਟੇ ਬੰਦੇ ਜੋ ਵੀ ਕੋਲਾਜ ਸਿਰਜਦੇ ਸਨ ਚੁਰਾਸੀ ਦੇ ਬੁਧੀਜੀਵੀ ਜਿਹਾ ਹੁੰਦਾ। ਘਾਅ ਦੀਆਂ ਤਿੜਾਂ ਤੇ ਸ਼ਬਨਮ ਨਹੀਂ ਲਹੂ ਦੇ ਟੇਪੇ ਝਾਕਦੇ ਗਮਲਿਆਂ ਵਿਚ ਪਾਗਲ ਘੋੜੇ ਦਿਨ ਰਾਤ ਟਰਾਂਸਪਲਾਂਟ ਕੀਤੇ ਜਾਂਦੇ ਪਾਗਲ ਘੋੜਿਆਂ ਨੂੰ ਟਰਾਂਸਪਲਾਂਟ ਕਰਨ ਵਾਲੇ ਪਲਾਸਟਕ ਦੇ ਹੱਥ ਦਿਨ ਰਾਤ ਮਜ਼ਬੂਤ ਹੁੰਦੇ ਜਾਂਦੇ ਕਾਲੀਆਂ ਗਊਆਂ, ਪਲਾਸਟਕ ਦਿਆਂ ਹੱਥਾਂ ਉੱਪਰ ਆਪ ਧਾਰਾਂ ਮਾਰ ਕੇ ਆਉਂਦੀਆਂ ਘੋੜਿਆਂ ਨੂੰ ਅਲਸੀ ਦੀਆਂ ਪਿੰਨੀਆਂ ਖੁਆਉਣ ਵਾਲਿਆਂ ਵਿਚ ਉੱਚੀ ਫਸੀਲ ਵੀ ਪਿੱਛੇ ਨਾ ਰਹਿੰਦੀ ਘੋੜੇ ਅਗਲੇ ਸੁੰਮ ਤਹਾਂ ਚੁੱਕ ਚੁੱਕ ਹਿਣਕਦੇ । ਪਲਾਸਟਕ ਦੇ ਹੱਥ ਸਰਹਦ ਤੋਂ ਏਧਰ ਓਧਰ ਪਾਗਲ ਘੋੜਿਆਂ ਦੀ ਤਸਕਰੀ ਕਰਦੇ ਘੋੜਿਆਂ ਦੇ ਸੁੰਮ ਜਿਸ ਮਿੱਟੀ ਨੂੰ ਲਤਾੜਦੇ ਓਥੇ ਨਾ ਗੁਲਮੋਹਰ ਉੱਗਣ ਜੋਗਾ ਰਹਿੰਦਾ ਨਾ ਹੀ ਝੋਨੇ ਅਤੇ ਕਣਕ ਦੀਆਂ ਫ਼ਸਲਾਂ । ਤਿੜਕੀਆਂ ਐਨਕਾਂ ਵਾਲੇ ਡਾਕਟਰ ਰੋਜ਼ ਪਿਲਕਣ ਦੀ ਛਾਂ ਦੂਸ਼ਿਤ ਕਰਦੇ ਨਦੀਨ ਨਾਸ਼ਕ ਦੁਆਈਆਂ ਦੀ ਖੋਜ ਕਰਨ ਵਾਲੇ ਹੱਥਾਂ 'ਤੇ ਭੱਖੜਾ, ਕੰਡਿਆਲੀ ਤੇ ਥੋਹਰ ਆਪ ਮੁਹਾਰੇ ਉੱਗ ਪੈਂਦੇ । ਤਿੜਕੀਆਂ ਐਨਕਾਂ ਵਾਲੇ ਡਾਕਟਰ ਦਿਨ ਰਾਤ ਪਾਗਲ ਘੋੜਿਆਂ ਬਾਰੇ ਸੋਚਦੇ ਸੋਚਦੇ ਰੁਤਬਿਆਂ ਦੀ ਸੁਪਨਦੋਸ਼ੀ ਦਾ ਆਨੰਦ ਮਾਨਣ ਲੱਗਦੇ- ਟੈਸਟ-ਟਿਊਬਾਂ ਵਿਚ ਵੀ ਪਾਗਲ ਘੋੜੇ ਟਰਾਂਸਪਲਾਂਟ ਕਰਨ ਬਾਰੇ ਸੋਚਦੇ। ਟੈਸਟ-ਟਿਊਬਾਂ ਗੈਸਾਂ ਛੱਡਣ ਲਗਦੀਆਂ ਟੁੱਟਦੇ ਜਾਰਾਂ 'ਚੋਂ ਡੁਲ੍ਹੇ ਰਸਾਇਣਾਂ ਦੇ ਛਿੱਟੇ ਤਿੜਕਿਆਂ ਸ਼ੀਸ਼ਿਆਂ 'ਤੇ ਜੋ ਕੁਝ ਲਿਖਦੇ ਕਈ ਸਦੀਆਂ ਪਿਛਲੇਰੀ ਲਿਪੀ ਵਰਗਾ ਹੁੰਦਾ ਤਿੜਕੀਆਂ ਐਨਕਾਂ 'ਚੋਂ ਝਾਕਦੀਆਂ ਅੱਖਾਂ ਦਾ ਰੰਗ ਮਟਮੈਲੀਆਂ ਧੁਆਂਖੀਆਂ ਬੇਰਹਿਮ ਔਰੰਗਜ਼ੇਬੀ ਤਲਵਾਰਾਂ ਜਿਹਾ । ਪਿਲਕਣ ਦੀ ਛਾਂ ਨੂੰ ਦੂਸ਼ਿਤ ਕਰਦੀਆਂ ਪਾਗਲ ਘੋੜਿਆਂ ਦੀਆਂ ਗੱਲਾਂ ਵਾ-ਵਰੋਲਿਆਂ ਤੇ ਕਾਠੀ ਪਾਉਂਦੀਆਂ ਸਮੁੱਚੇ ਖਿਤੇ 'ਚ ਫੈਲ ਜਾਂਦੀਆਂ। ਮਿੱਟੀ ਦੀ ਪਰਖ ਕਰਦੇ ਹੱਥ ਆਪਣੀ ਮਿੱਟੀ ਵਿਚ ਹੀ ਤਲਵਾਰਾਂ ਗੱਡਦੇ ਦੇਰ ਤੱਕ ਬਰਾਂਡਿਆਂ ਵਿਚਲੇ ਸੰਤਰੀਆਂ ਵਰਗੀਆਂ ਹਾਸੜਾਂ ਹੱਸਦੇ ਰਹਿੰਦੇ । ਪੇਂਡੂ ਸਭਿਅਤਾ ਦੇ ਅਜਾਇਬ ਘਰ ਵਿਚ ਰੱਖੀਆਂ ਵਲਟੋਹੀਆਂ, ਗੜਵੇ, ਬਾਂਸੁਰੀਆਂ ਅਤੇ ਕ੍ਰਿਪਾਨਾਂ ਉਦਾਸ ਉਦਾਸ ਲੱਗਦੇ । ਤਿੜਕੀਆਂ ਐਨਕਾਂ ਵਾਲੇ ਡਾਕਟਰ ਅਜਾਇਬ ਘਰ ਦੀਆਂ ਕੰਧਾਂ 'ਤੇ ਬਰਾਂਡਿਆਂ ਦੇ ਮੰਤਰੀਆਂ ਦੇ ਹੁਕਮਨਾਮੇ ਲਿਖਣ ਲਗ ਜਾਂਦੇ । ਦੂਸ਼ਿਤ ਹੋਈ ਪਿਲਕਣ ਦੀ ਛਾਂ ਹਨੇਰੀ ਨਾਲ ਜਿਧਰ ਜਾਂਦੀ ਪਾਗਲ ਘੋੜਿਆਂ ਦੇ ਸੰਮਾਂ ਦਾ ਖੜਾਕ ਕਰਦੀ ਜਾਂਦੀ ਮੋਟਿਆਂ ਸ਼ੀਸ਼ਿਆਂ ਵਾਲੀ ਐਨਕ ਇਕ ਵਾਰੀ ਫੇਰ ਅਗਿਆਤਵਾਸ ਹੋ ਜਾਂਦੀ। ਪੜ੍ਹ ਤੁਮ—ਮੋਟਿਆਂ ਸ਼ੀਸ਼ਿਆਂ ਵਾਲੀ ਐਨਕ ਤੇਰੇ ਪਰਤ ਆਉਣ ਤੱਕ ਇਕ ਵਾਰ ਫੇਰ ਉਡ ਚੁੱਕਿਆ ਹੋਵੇਗਾ ਗੋਲੀਆਂ ਦਾ ਖੜਾਕ ਸੁਣ ਕੇ ਅੰਟੀਨੇ ਤੇ ਬੈਠਾ ਕਬੂਤਰ। ਬੂਹੇ 'ਤੇ ਮਰ ਚੁੱਕਿਆ ਹੋਵੇਗਾ ਪਿਆਸਾ ਸਦਾ ਬਹਾਰ ਬੋਗਨ ਵਿਲੀਆ ਘਰ 'ਚ ਦਰਿਆਵਾਂ ਦੇ ਹੁੰਦੇ ਸੁੰਦੇ । ਕਰ ਚੁੱਕਿਆ ਹੋਵੇਗਾ ਦੂਸ਼ਿਤ ਤਮਾਮ ਮੁਲਕ ਦੇ ਕੰਨ ਅਤੇ ਅੱਖਾਂ ਦੂਰ-ਦਰਸ਼ਨ ਦਾ ਰੰਗੀਨ ਟਾਵਰ ਚਿਮਨੀਆਂ 'ਚੋਂ ਉਠਦਾ ਧੂਆਂ ਗੁਆਚ ਚੁੱਕਾ ਹੋਵੇਗਾ ਅੱਗਜ਼ਨੀ ਦੇ ਧੂਏਂ ਦਿਆਂ ਘਟਾ ਟੋਪ ਬੱਦਲਾਂ ਅੰਦਰ । ਤੂੰ ਜੋ ਮੋਢੇ ਤੇ ਝੋਲਾ ਲਟਕਾਈ ਐਨਕ ਪੂੰਝਦਿਆਂ ਘਰ ਤੋਂ ਬਾਹਰ ਪੈਰ ਰਖਿਆ ਸੀ ਤੇਰੇ ਪਜ਼ੇਰਾਂ ਦੇ ਨਿਸ਼ਾਨ ਵੀ ਮਰ ਖੱਪ ਗਏ ਹੋਣਗੇ— ਪਾਗਲ ਘੋੜਿਆਂ ਦੇ ਸੁੰਮਾਂ ਹੇਠ ਤੇਰੇ ਡਿਗਰੀਆਂ ਵਾਲੇ ਹੱਥ ਵੀ ਖੁਰੀਆਂ ਬਣਾ ਕੇ ਜੜ ਦਿੱਤੇ ਜਾਣਗੇ ਪਾਗਲ ਘੋੜਿਆਂ ਦੇ ਸੁੰਮਾਂ ਹੇਠ। ਤੇ ਹਾਂ; ਪਾਗਲ ਘੋੜਿਆਂ ਦੇ ਸੁੰਮਾਂ ਹੇਠ ਆ ਕੇ ਮਰਨਾ ਸਾਮੂਹਿਕ ਖੁਦਕੁਸ਼ੀ ਤੋਂ ਵੱਧ ਹੋਰ ਕੁਝ ਨਹੀਂ ਹੁੰਦਾ ।

ਪੇਤਲੀ ਨਜ਼ਰ ਦਾ ਸੰਤਾਪ

ਅਸੀਂ ਤਾਂ ਅਜੇ ਤੱਕ ਸੁਕ ਕੇ ਝੜੇ ਟੂਸਿਆਂ ਦਾ ਖੜਾਕ ਹੀ ਸੁਣਿਆ ਹੈ ਦਰਖ਼ਤ ਦੀਆਂ ਜੜਾਂ ਨੂੰ ਲੱਗੀ ਦੀਮਕ ਨਹੀਂ ਦੇਖੀ। ਪਾਰਦਰਸ਼ੀ ਸ਼ੀਸ਼ਿਆਂ ਵਿਚੋਂ ਚਿਹਰਿਆਂ ਦੇ ਪਲ ਪਲ ਬਦਲਦੇ ਰੰਗਾਂ ਮੁਦਰਾਵਾਂ ਵਿਚ ਪੈਂਦੇ ਫਰਕ ਦਾ ਅਹਿਸਾਸ ਤਾਂ ਸਾਡੇ ਅੰਦਰ ਲੰਘ ਗਿਆ ਹੈ— ਪਰ ਬਦਲਦੇ ਰੰਗਾਂ ਵਿਚ ਘੁਲੇ ਹੋਏ ਲਹੂ ਦਾ ਰੰਗ ਅਸੀਂ ਹਾਲਾਂ ਪਹਿਚਾਨਣ ਦੇ ਕਾਬਿਲ ਨਹੀਂ ਹੋਏ ਅਤੇ ਨਾ ਹੀ ਭਿੰਨ ਭਿੰਨ ਮੁਦਰਾਵਾਂ ਪੈਦਾ ਕਰਨ ਖ਼ਾਤਰ ਮਨ ਦੀਆਂ ਤੈਹਾਂ 'ਚ ਤੈਰਦੇ ਅਸੀਂ ਸੋਚਾਂ ਦੇ ਟਾਪੂ ਦੇਖੇ ਹਨ । ਅਸੀਂ ਸਭ ਅਜੇ ਪੇਤਲੀ ਨਜ਼ਰ ਦਾ ਸੰਤਾਪ ਝਲ ਰਹੇ ਹਾਂ ਸੋਚ ਵਿਚ ਤੈਰਦੇ ਖਿਆਲਾਂ ਨੂੰ ਦੇ ਰਹੇ ਹਾਂ ਤਿਤਲੀਆਂ ਦੀਆਂ ਤਸ਼ਬੀਹਾਂ। ਸਾਡੇ ਵਿਚ ਅਜੇ, ਉਦਾਸ ਨਜ਼ਮ ਦੇ ਸੋਮਿਆਂ ਨੂੰ ਜਾਨਣ ਦੀ ਇੱਛਾ ਨਹੀਂ ਜਾਗੀ । ਅੱਖਾਂ ਬੰਦ ਕਰਕੇ ਅਸੀਂ ਤਾਂ ਮੰਤਰ ਸੁਘਦ ਹੋ ਕੇ ਸਿਰ ਹਿਲਾਣਾ ਹੀ ਸਿਖਿਆ ਹੈ ਮੂਰਤੀ ਦੇ ਸਿਰ ਤੋਂ ਚੋਰੀ ਹੁੰਦੇ ਮੁਕਟ ਦਾ ਕਾਰਨ ਨਹੀਂ ਜਾਣ ਸਕੇ । ਅਸੀਂ ਤਾਂ ਅਜੇ ਪੇਤਲੀ ਨਜ਼ਰ ਦਾ ਸੰਤਾਪ ਝੱਲ ਰਹੇ ਹਾਂ।

ਵਿਰਾਸਤ ਨਾਲ ਇਕ ਸੰਵਾਦ

ਤੈਨੂੰ ਸ਼ਾਇਦ ਖਬਰ ਹੋਵੇ ਜਾਂ ਨਾ ਪਰ ਇਹ ਸੱਚ ਹੈ— ਤੇਰੇ ਜਿਸਮ ਨੂੰ ਕਾਲੀਆਂ ਹਨੇਰੀਆਂ ਵਲੂੰਧਰੀ ਫਿਰਦੀਆਂ ਹਨ । ਤੇਰਾ ਭਗਤ ਸਿੰਘ ਅੱਜ ਮਾਰਕਸ ਅਤੇ ਲੈਨਿਨ ਦਾ ਪ੍ਹਾੜੂ ਨਾਸਤਕ ਮਨੁੱਖ ਨਹੀਂ, ਅਸੈਂਸਲਾਂ ਵਿਚ ਬੰਬ ਸੁੱਟਣ ਵਾਲਾ ਸਿੱਖ ਹੈ । ਹਨੂੰਮਾਨ ਦੀ ਬਾਨਰ ਸੈਨਾ ਦੰਭੀ ਰਾਵਣ ਦੀ ਲੰਕਾ ਨਹੀਂ ਦਿੱਲੀ ਦੀਆਂ ਸ਼ਕੂਰ ਬਸਤੀਆਂ ਫੂਕਦੀ ਹੈ। ਅਣਖ ਨਾਲ ਜਿਉਣ ਦੇ ਫਲਸਫੇ ਨੂੰ ਬੱਸਾਂ ਵਿਚੋਂ ਅਣਭੋਲ ਲੋਕੀ ਮਾਰਨ ਨਾਲ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ੩ਗੀਤਾ ਦਾ ਉਪਦੇਸ਼- ਮੰਦਰਾਂ ਵਿਚ ਤ੍ਰਿਸ਼ੂਲ, ਪੱਥਰ ਤਜ਼ਾਬ ਦੀਆਂ ਭਰੀਆਂ ਬੋਤਲਾਂ ਇਕੱਠੀਆਂ ਕਰਨ ਤੋਂ ਵਧ ਕੁਝ ਨਹੀਂ । ਬਹੁਤ ਛਾਤਰ ਹੈ ਸਾਮਰਾਜੀ ਸਭਿਆਚਾਰ ਰਾਮ ਨੂੰ ਰਾਵਣ ਦੇ ਦਸ ਸਿਰ ਲਗਾ ਸਕਦਾ ਹੈ ਗੁਰੂ ਗੋਬਿੰਦ ਸਿੰਘ ਹੱਥ ਫੜਾ ਸਕਦਾ ਹੈ-ਔਰੰਗਜ਼ੇਬੀ ਤਲਵਾਰ । ਤੈਨੂੰ ਸ਼ਾਇਦ ਖਬਰ ਹੋਵੇ ਜਾਂ ਨਾ, ਪਰ ਇਹ ਸੱਚ ਹੈ।

ਤਿਤਲੀ ਦੇ ਪਰਾਂ ਉੱਪਰ ਲਿਖਿਆ ਸੰਪਾਦਕੀ

ਤਿਤਲੀਆਂ ਦੇ ਪਰਾਂ ਉੱਪਰ ਨਿੱਕੇ ਨਿੱਕੇ ਸੰਪਾਦਕੀ ਲਿਖਦਾ ਉਹ ਕੰਡਿਆਲੀ ਤਾਰ ਵਿਚ ਉਲਝ ਕੇ ਡਿਗ ਪਿਆ- ਆਖਰ ਉਸ ਨੂੰ ਸੜਕ ਦੇ ਟੋਟੇ 'ਤੇ ਆਪਣੇ ਲਹੂ ਨਾਲ ਇਕ ਵਿਸ਼ਾਲ ਸੰਪਾਦਕੀ ਲਿਖਣਾ ਪਿਆ। ਉਸ ਦੀਆਂ ਘੁੱਗੀ ਵਰਗੀਆਂ ਅੱਖਾਂ ਸੱਥਰ ਤੇ ਜੁੜੀਆਂ ਤਿੜਕੀਆਂ ਐਨਕਾਂ ਨੂੰ ਗੁੱਸੇ ਵਿਚ ਲਾਲ ਪੀਲੀਆਂ ਵੀ ਹੋਈਆਂ ਪਰ ਕੰਡਿਆਲੀ ਤਾਰ ਵਿਚ ਫਸੀ ਡੱਬੀਆਂ ਵਾਲੀ ਕਮੀਜ਼ ਕਿਸੇ ਐਨਕ ਨੇ ਉਤਾਰਨ ਦੀ ਜ਼ੁਰਅਤ ਨਾ ਕੀਤੀ ਨਿਪੁੰਸਕ ਹੋ ਚੁੱਕਾ ਹਰਾਵਲ ਦਸਤਾ ਚੁੱਪ ਚਾਪ ਮਤਾ ਪਾਸ ਕਰਕੇ ਉੱਠ ਗਿਆ । ਤਿਤਲੀ ਕੰਡਿਆਲੀ ਤਾਰ ਤੇ ਲਿਟਦੀ ਲਹੂ ਲੁਹਾਣ ਹੁੰਦੀ ਰਹੀ। ਝੰਡੀ ਵਾਲੀ ਕਾਰ ਵੀ ਕੋਲੋਂ ਲੰਘ ਜਾਂਦੀ ਮੋਢੇ ਤੇ ਝੋਲਾ ਲਟਕਾਈ ਤਿਰਛੀ ਨਜ਼ਰ ਵਾਲਾ ਸ਼ਾਇਰ ਵੀ। ਕਾਰਨਸ ਤੇ ਰੱਖੀ— ਮੁਸਕਰਾਂਦੀ ਤਸਵੀਰ ਸਾਰੇ ਘਰ ਵਿਚ ਪਤਝੜ ਬੀਜਦੀ ਲੈਸ ਲੱਗੀ ਚਿੱਟੀ ਚਾਦਰ ਕਾਲਜੇ ਦਾ ਰੁਗ ਭਰ ਕੇ ਰਹਿ ਜਾਂਦੀ। ਰੋਂਦੀ ਹੋਈ ਬੂਟਿਆਂ ਵਾਲੀ ਫਰਾਕ ਨੂੰ ਕੋਈ ਨਾ ਵਰਾਉਂਦਾ— ਨਿੱਸਲ ਪਈ ਅਲਾਣੀ ਮੰਜੀ ਤੋਂ ਉਹ ਆਪੇ ਉੱਠਦੀ ਘਰ ਦੀਆਂ ਕੰਧਾਂ ਆਪਣੇ ਨਹੁੰਆਂ ਨਾਲ ਖੁਰਚਣ ਲੱਗ ਜਾਂਦੀ- ਜਦੋਂ ਤੱਕ ਬੂਟਿਆਂ ਵਾਲੀ ਫਰਾਕ ਸੰਪਾਦਕੀ ਲਿਖਣ ਜੋਗੀ ਹੁੰਦੀ ਹਰਾਵਲ ਦਸਤੇ ਵੱਲੋਂ ਆਪਣੇ ਹੀ ਇਕ ਸਿਪਾਹੀ ਨੂੰ ਕੋਰਟ ਮਾਰਸ਼ਲ ਕਰ ਦਿੱਤਾ ਹੁੰਦਾ ।

ਬੁਲਡੋਜ਼ਰਾਂ ਦੇ ਚੁੱਪ ਹੋ ਜਾਣ ਤੱਕ

ਬੁਲਡੋਜ਼ਰਾਂ ਦੇ ਚੁੱਪ ਹੋ ਜਾਣ ਤੱਕ ਖਿੜੇ ਗੁਲਾਬਾਂ ਦੇ ਮੁਰਝਾ ਜਾਣ ਤੱਕ ਨਹਿਰ ਹੋਰ ਵੀ ਡੂੰਘੀ ਪੱਟੀ ਜਾ ਚੁੱਕੀ ਹੁੰਦੀ । ਚਿਰਾਂ ਤੋਂ ਠੱਪ ਪਿਆ ਰੁਜ਼ਗਾਰ ਫੁੱਲਾਂ ਵਾਲੀਆਂ ਧੋਤੀਆਂ ਨੂੰ ਕੁਰਸੀ ਮੇਜ਼ ਵਾਲੇ ਤੰਬੂ ਦੇ ਬਾਂਸਾਂ ਵਿਚ ਟੰਗ ਆਉਂਦਾ । ਜਿਸ ਦਾ ਇਲਮ ਨਾ ਏਜੰਸੀ ਨੂੰ ਹੁੰਦਾ ਨਾ ਬਰਾਂਡਿਆਂ ਵਿਚ ਵਿੱਛੀਆਂ ਦਰੀਆਂ 'ਤੇ ਇਹ ਖ਼ਬਰ ਦੱਸਣ ਲਈ ਮਾਈਕ ਖੋਹਿਆ ਜਾਂਦਾ। ਤੇਜ਼ ਹਵਾਵਾਂ ਵਿਚ ਬਾਂਸ ਉੱਪਰ ਟੰਗੀਆਂ ਧੋਤੀਆਂ ਲੀਰਾਂ ਲੀਰਾਂ ਹੋ ਕੇ ਉੱਡ ਜਾਂਦੀਆਂ ਬਾਂਸਾਂ ਵਾਂਗ ਅਲਫ਼ ਨੰਗੇ ਹੋਏ ਤੰਬੂਆਂ ਵਲ ਨਾ ਕੋਈ ਬੈਰਲ ਸੇਧਤ ਹੁੰਦੀ ਨਾ ਕਿਸੇ ਪੁਲਸੀਏ ਦੀ ਡਾਂਗ ਫੁੱਲਾਂ ਵਾਲੀਆਂ ਧੋਤੀਆਂ ਦੇ ਨੰਗੇ ਪੱਟਾਂ ਨੂੰ ਢਕਣ ਲਈ ਨਾ ਹੀ ਕਿਸੇ ਬੈਰਕਾਂ ਛੱਡਣ ਵਰਗੀ ਬਗ਼ਾਵਤ ਦਾ ਜਨਮ ਹੁੰਦਾ। ਮੇਜ਼ ਕੁਰਸੀਆਂ ਵਾਲੇ ਤੰਬੂਆਂ ਵਿਚ ਫੁੱਲਾਂ ਵਾਲੀਆਂ ਧੋਤੀਆਂ ਜਾਂਦੀਆਂ ਰਹਿੰਦੀਆਂ ਆਪਣੀਆਂ ਆਪਣੀਆਂ ਕੁੱਖਾਂ ਵਿਚ ਥੱਬਾ ਥੱਬਾ ਸੂਲਾਂ ਲੈ ਕੇ ਮੁੜਦੀਆਂ । ਮਾਰੂਥਲ ਪਾਰ ਕਰਨ ਤੋਂ ਪਹਿਲਾਂ ਹੀ ਉਹ ਕੀਚਰ ਕੀਚਰ ਹੋ ਚੁੱਕੀਆਂ ਹੁੰਦੀਆਂ ਕਿਸੇ ਰਾਕ ਗਾਰਡਨ ਵਿਚ ਲੱਗਣ ਜੋਗੀਆਂ ਵੀ ਨਾ ਰਹਿੰਦੀਆਂ । ਬਰਸਾਤ ਆਉਣ 'ਤੇ ਬਾਂਸ ਦੀਆਂ ਪੋਰਾਂ 'ਚੋਂ ਤਾਂ ਕਰੂੰਬਲਾਂ ਨਿੱਕਲ ਆਉਂਦੀਆਂ ਪਰ ਫੁੱਲਾਂ ਵਾਲੀਆਂ ਧੋਤੀਆਂ ਅਗਲੀ ਨਸਲ ਨੂੰ ਰੇਗਿਸਤਾਨ ਪਾਰ ਕਰਵਾ ਰਹੀਆਂ ਹੁੰਦੀਆਂ ਆਪਣੀ ਆਪਣੀ ਕੁੱਖ ਵਿਚ ਥੱਬਾ ਥੱਬਾ ਸੂਲਾਂ ਸਾਂਭਣ ਲਈ ਇਸ ਦੀ ਖਬਰ ਨਾ ਏਜੰਸੀ ਨੂੰ ਹੁੰਦੀ ਨਾ ਬਰਾਂਡਿਆਂ ਵਿਚ ਵਿੱਛੀਆਂ ਦਰੀਆਂ 'ਤੇ ਇਨ੍ਹਾਂ ਲਈ ਮਾਈਕ ਖੋਹਿਆ ਜਾਂਦਾ ।

ਖੁਰਚੋਗੇ ਕਿਵੇਂ

ਦਸਤਾਵੇਜ਼ ਤਾਂ ਰੱਖ ਦਿੱਤੀ ਜਾਵੇਗੀ ਸਿਉਂਕ ਤੋਂ ਮਹਿਫੂਜ਼ ਅਲਮਾਰੀਆਂ ਅੰਦਰ ਜ਼ਖਮਾਂ ਉੱਪਰ ਵੀ ਲਾ ਦਿੱਤੀ ਜਾਵੇਗੀ ਵਾਅਦਿਆਂ, ਗਰਾਂਟਾਂ, ਸਕੀਮਾਂ, ਰੁਜ਼ਗਾਰਾਂ ਅਤੇ ਮੁੜ-ਵਸੇਬੇ ਦੀ ਮਰਹਮ ਬੈਰਕਾਂ ਦੀਆਂ ਬਾਗੀ ਸਲਾਖਾਂ ਨੂੰ ਵੀ ਜੜ ਦਿੱਤਾ ਜਾਵੇਗਾ ਕਿਸੇ ਨੀਮ ਅਹਿਮੀਅਤ ਵਾਲੇ ਦਫਤਰ ਦੀਆਂ ਚੌਖਟਾਂ ਅੰਦਰ ਆਮ ਮੁਆਫੀ ਦੇ ਵੀ ਹੋ ਜਾਣਗੇ ਜਾਰੀ ਬੇਸ਼ੁਮਾਰ ਫੁਰਮਾਨ, ਮਨਾਂ 'ਚ ਉੱਗੀਆਂ ਕਿਕਰਾਂ ਦਾ ਕੀ ਬਣੇਗਾ ? ਹੱਥਾਂ ਤੇ ਉੱਗੀ ਕੰਡਿਆਲੀ ਕੌਣ ਕੱਟੇਗਾ। ਧੁਆਂਖੀਆਂ ਇਮਾਰਤਾਂ ਤਾਂ ਕਰ ਦਿਤੀਆਂ ਜਾਣਗੀਆਂ ਰੋਗਨ ਸੜਕ ਦੀ ਪਾਟੀ ਕਮੀਜ਼ ਨੂੰ ਵੀ ਲਾ ਦਿੱਤੀਆਂ ਜਾਣਗੀਆਂ ਤਾਰਕੋਲ ਦੀਆਂ ਟਾਕੀਆਂ ਪੇਂਟ ਕਰਵਾ ਦਿੱਤੇ ਜਾਣਗੇ ਸੈਕਟਰੀਏਟ ਦੇ ਤਮਾਮ ਦਰਵਾਜ਼ੇ ਖਿੜਕੀਆਂ ਓਵਰ-ਹਾਲ ਕਰਵਾ ਲਏ ਜਾਣਗੇ ਸਰਕਾਰੀ ਵਾਹਨ ਅੱਖਾਂ ਦੀਆਂ ਤਰੇੜ ਖਾਧੀਆਂ ਪੁਤਲੀਆਂ ਕਿੰਝ ਬਦਲੋਗੇ ਖੁਰਚੋਗੇ ਕਿਵੇਂ ਹਵਾ ਵਿਚ ਜਜ਼ਬ ਹੋ ਗਈਆਂ ਚੀਖਾਂ ਕੁਰਲਾਹਟਾਂ ਤੇ ਬਰਾਂਡਿਆਂ ਦੇ ਵਹਿਸ਼ੀ ਜਾਨਵਰਾਂ ਦੀ ਖੂੰਖਾਰ ਹਾਸੜ ਅੱਗਜ਼ਨੀ ਲਈ ਉਂਗਲੀ ਲਾ ਕੇ ਟੋਗੇ ਸ਼ਹੀਦ ਦੇ ਬੁੱਤ ਨੂੰ ਧੋਵੋਗੇ ਕਿਸ ਗੰਗਾ ਜਲ ਨਾਲ ਲਹੂ ਵਿਚਲੇ ਪ੍ਰਦੂਸ਼ਣ ਲਈ ਕਰੋਗੇ ਕਿਸ ਬੋਰਡ ਦੀ ਸਥਾਪਨਾ

ਸਥਾਪਤੀ

ਚੂਸ ਲੈਂਦੀ ਹੈ ਨੁਕੀਲੇ ਦੰਦ ਗੱਡ ਕੇ ਹਰੇਕ ਬੇਦਾਰੀ ਦਾ ਲਹੂ । ਬਦਲ ਦਿੰਦੀ ਹੈ ਪਲਾਂ ਵਿਚ ਕਿਰਤੀ ਮਨਾਂ ਦੇ ਜੁਆਰਭਾਟੇ ਨੂੰ ਸਮੁੰਦਰ ਦੀ ਝੱਗ ਅੰਦਰ । ਬੀਜਦੀ ਰਹਿੰਦੀ ਹੈ ਦਿਨ ਰਾਤ ਵਜਦ 'ਚ ਗਾਉਂਦੇ ਹਾਲੀਆਂ ਦੇ ਮਨਾਂ ਵਿਚ ਵੀ ਭਟਕਣਾ ਦੀ ਕੰਡਿਆਲੀ ਅਤੇ ਥੋਹਰ । ਸੜਕ 'ਤੇ ਨਾਹਰਾ ਬਣੀ ਭੀੜ ਨੂੰ ਕਰ ਦਿੰਦੀ ਹੈ ਸਹਿਜ ਭਾਅ ਤਬਦੀਲ ਧੂਏਂ ਦਿਆਂ ਘਟਾ-ਟੋਪ ਬੱਦਲਾਂ ਅੰਦਰ।

ਚਾਬੁਕ

ਕਿਸ ਤਰ੍ਹਾਂ ਦੀ ਤ੍ਰਾਸਦੀ ਹੈ ਜਿਸਮਾਂ ਅਤੇ ਮਨਾਂ ਵਿਚ ਕੋਈ ਫਰਕ ਨਹੀਂ ਰਹਿਣ ਦਿੱਤਾ ਗਿਆ । ਬੇਸ਼ਕ; ਮਨ ਜਿਸਮਾਂ ਵਾਂਗ ਚੀਖਾਂ ਨਹੀਂ ਮਾਰ ਸਕਦੇ ਨਿਢਾਲ ਹੋ ਡਿਗੇ ਰਹਿੰਦੇ ਹਨ ਲਹੂ ਦੇ ਛਿੱਟੇ ਵੀ ਪੇਪੜੀ ਬਣ ਕੇ ਜ਼ਮੀਨ ਤੇ ਨਹੀਂ ਜੰਮਦੇ ਇਤਿਹਾਸ ਨੂੰ ਗਾਲ੍ਹ ਦੇਣ ਲਈ ਕੋਈ ਮਾਸ ਦਾ ਲੋਥੜਾ ਵੀ ਟੁੱਟ ਕੇ ਚਾਬੁਕ ਨਾਲ ਨਹੀਂ ਚਿੰਬੜਦਾ । ਮਨਾਂ ਨਾਲ ਵੀ ਜਿਸਮਾਂ ਵਰਗਾ ਸਲੂਕ ਕੀਤਾ ਜਾ ਰਿਹੈ - ਅਣ-ਪਛਾਤੀਆਂ ਘਟਨਾਵਾਂ ਅਤੇ ਫਿਰਕੂ ਦੰਗਿਆਂ ਦੇ ਮਾਰੇ ਜਾਂਦੇ ਨੇ ਚਾਬੁਕ ਦਿਨ ਰਾਤ ਮਨਾਂ ਉੱਪਰ ।

ਬੇਪਰਦ ਸਥਿਤੀ

ਵਗਦੀਆਂ ਲੂਆਂ ਵਿਚ ਸਭ ਕੁਝ ਸੜ ਗਿਆ ਹੈ ਹਰੀਆਂ ਕੋਂਪਲਾਂ, ਗੁਲਾਬੀ ਟੂਸੇ, ਗੁਲਾਨਾਰੀ ਪੱਤੀਆਂ ਵਾਲੇ ਖੁਸ਼ਬੂਦਾਰ ਫੁੱਲ । ਰੁੰਡ ਮਰੁੰਡ ਬਿਰਖ ਫਿਰ ਵੀ ਅਹਿਲ ਖੜ੍ਹਾ ਹੈ ਤਪਦੀ ਰੋਹੀ ਅੰਦਰ ਇਕੱਲਾ, ਨਿੱਡਰ ਅਤੇ ਚੁੱਪ ਚਾਪ। ਬੇਈਂ ਵਿਚੋਂ ਪਾਣੀ ਸੁੱਕ ਗਿਆ ਹੈ ਧਰਤੀ ਘੁੰਡ-ਮੁੜੇ ਕੁਲਹਾੜੇ ਦੀ ਤਰ੍ਹਾਂ ਇਕ ਪਾਸੇ ਪਈ ਹੈ। ਇਹ ਕਿਸ ਤਰ੍ਹਾਂ ਦੀ ਬੇਪਰਦ ਸਥਿਤੀ ਹੈ ? ਵਰਖਾ ਦੀ ਪਹਿਲੀ ਫੁਹਾਰ ਤੱਕ ਬਹਾਰ ਦੇ ਆਉਣ ਤੱਕ ।

ਮਾਹੌਲ

ਮਾਹੌਲ ਨੇ ਸਭ ਕਾਸੇ ਦੇ ਅਰਥ ਬਦਲ ਦਿੱਤੇ ਹਨ ! ਅਖਬਾਰ ਬਣ ਕੇ ਰਹਿ ਗਏ ਹਨ ਫਿਰਕੂਆਂ ਦੇ ਕੰਧਾਂ ਤੇ ਚਿਪਕਾਏ ਭੜਕਾਹਟ ਭਰੇ ਇਸ਼ਤਿਹਾਰ— ਰੇਡੀਓ ਅਤੇ ਟੈਲੀਵੀਜ਼ਨ ਪ੍ਰਧਾਨ ਮੰਤਰੀ ਦੇ ਦੇਸ-ਪ੍ਰਦੇਸ ਦੌਰਿਆਂ ਦਾ ਅੱਖੀਂ ਡਿੱਠਾ ਹਾਲ। ਕੌਮ ਹੁਣ ਇਕ ਟੋਟਾ ਜ਼ਮੀਨ 'ਤੇ ਵਸਦੇ ਲੋਕਾਂ ਦੀ ਬੋਲੀ, ਪਹਿਰਾਵੇ, ਰਹੁ-ਰੀਤ ਮੇਲਿਆਂ ਅਤੇ ਮੁਸਾਹਬਿਆਂ ਦਾ ਨਾਮ ਨਹੀਂ ਸਗੋਂ ਬਦੇਸ਼ੀ ਸਾਖ਼ਤ ਦਾ ਹੈਂਡ ਗਰਨੇਡ ਹੈ । ਚਿਹਰੇ ਹੁਣ ਅਣ-ਪਛਾਤੇ ਬੰਦਿਆਂ ਦਾ ਰੂਪ ਧਾਰਨ ਕਰੀ ਫਿਰਦੇ ਹਨ।

ਹਿਜਰਤ

ਇਹ ਵਸਦੇ ਰਸਦੇ ਲੋਕ ਹਿਜਰਤ ਨਹੀਂ ਕਰਦੇ ਨਾ ਹੀ ਹਿਜਰਤ ਕਰਦੀਆਂ ਹਨ ਦੁਕਾਨਾਂ, ਮਕਾਨ, ਪਲਾਟ, ਟੈਂਪੂ, ਬੱਸਾਂ ਅਤੇ ਟਰੱਕ । ਛਾਂਦਾਰ ਬਿਰਖਾਂ ਦੀਆਂ ਜੜਾਂ ਕਦੋਂ ਆਪਣੀ ਮਿੱਟੀ ਛਡਦੀਆਂ ਹਨ । ਹਿਜਰਤ ਤਾਂ ਜਨੂੰਨੀਆਂ ਦੇ ਖੈਮੇ ਕਰਦੇ ਹਨ ਜਾਂ ਫੌਜ ਦੀਆਂ ਪਲਟਣਾਂ- ਜਿਥੋਂ ਉਠਦੀਆਂ ਹਨ ਉਜਾੜ ਛਡ ਜਾਂਦੀਆਂ ਹਨ ਜਿਥੇ ਉਤਰਦੀਆਂ ਹਨ ਮੌਤ ਬਣ ਕੇ ਉਤਰਦੀਆਂ ਹਨ। ਧਰਤੀ ਦੇ ਇਕ ਟੋਟੇ ਤੋਂ ਦੂਸਰੇ ਟੋਟੇ ਤੱਕ ਹਿਜਰਤ ਤਾਂ ਡਰ ਕਰਦਾ ਹੈ ਇਕ ਸਹਿਮ ਕਰਦਾ ਹੈ ਜਿਹੜਾ ਅੱਖਾਂ ਵਿਚ ਤਿੜਕੇ ਸ਼ੀਸ਼ਿਆਂ ਦੀ ਵੀਰਾਨੀ ਤੋਂ ਬਿਨਾਂ ਕੁਝ ਨਹੀਂ ਛੱਡਦਾ। ਹਿਜਰਤ ਤਾਂ ਖੁੱਲ-ਖਲਾਸ ਦੀ- ਮੌਤ ਬਣ ਕੇ ਆਉਂਦੀ ਹੈ ਸਰਕਾਰੀ ਅਫਸਰਾਂ ਦੀਆਂ ਸਹਾਇਤਾ ਫਾਇਲਾਂ ਬਣ ਕੇ ਰਹਿ ਜਾਂਦੀ ਹੈ । ਚਾਲਾਕਾਂ ਚਾਪਲੂਸਾਂ ਅਤੇ ਟੁੱਕੜ-ਬੋਚਾਂ ਦੀ ਇਕ ਕੌਮ ਪੈਦਾ ਕਰਦੀ ਹੈ। ਛਾਂਦਾਰ ਬਿਰਖ, ਆਪਣੀ ਮਿੱਟੀ ਵਿਚੋਂ ਜੜਾਂ ਨਹੀਂ ਪੁੱਟਦੇ ਉਮਰ ਭਰ ਕੁਲਹਾੜੀਆਂ, ਭਾਲਿਆਂ, ਨੇਜ਼ਿਆਂ, ਤ੍ਰਿਸ਼ੂਲਾਂ ਅਤੇ ਕ੍ਰਿਪਾਨਾਂ ਦੇ ਦਸਤੇ ਬਣਨ ਖ਼ਾਤਰ । ਹਿਜਰਤ ਤਾਂ ਕ੍ਰਿਪਾਨਾਂ, ਭਾਲਿਆਂ ਅਤੇ ਤ੍ਰਿਸ਼ੂਲਾਂ ਦੇ ਦਸਤੇ ਕਰਦੇ ਹਨ ।

ਗੱਲ ਸਿਰਫ਼ ਏਨੀ ਨਹੀਂ

ਗੱਲ ਸਿਰਫ਼ ਏਨੀ ਨਹੀਂ ਕਿ ਪਾਣੀਆਂ ਵਿਚ ਲਕੀਰਾਂ ਪਾਈਆਂ ਜਾ ਰਹੀਆਂ ਹਨ ਨਹੁੰਆਂ ਤੋਂ ਮਾਸ ਉਧੇੜਿਆ ਜਾ ਰਿਹਾ ਹੈ— ਨਾਨਕ ਅਤੇ ਵਾਰਿਸ ਦੇ ਪਿੰਡੇ ਉੱਪਰ ਖੇਡੀ ਜਾ ਰਹੀ ਹੈ ਖੂਨ ਦੀ ਹੋਲੀ । ਰਾਤੋ ਰਾਤ ਮੁਹੱਲਿਆਂ ਵਿਚ ਤ੍ਰਿਸ਼ੂਲ ਐਵੇਂ ਨਹੀਂ ਉੱਗ ਆਉਂਦੇ ਨਾ ਹੀ ਐਵੇਂ ਬੱਸਾਂ ਚੋਂ ਕੱਢ ਜ਼ਿਬ੍ਹਾ ਕੀਤੀਆਂ ਜਾ ਰਹੀਆਂ ਹਨ ਅਣਭੋਲ ਜਿੰਦਾਂ। ਗੱਲ, ਇਸ ਤੋਂ ਵੀ ਬਹੁਤ ਅੱਗੇ ਦੀ ਹੈ ਚਿੱਟੇ-ਘਰ ਦੀਆਂ ਗੁਪਤ ਫਾਈਲਾਂ ਵਿਚ ਹੀ ਮਿਲ ਸਕਦੀ ਹੈ ਇਸ ਦੀ ਹਿਸਟਰੀ ਸ਼ੀਟ । ਜਾਂ ਰੀਗਨ ਦੀ ਡਾਈਨਿੰਗ ਟੇਬਲ ਤੇ ਪਰੋਸੇ ਜਾ ਰਹੇ ਅਲੂੰਏ ਮਾਸ ਦੇ ਲੋਥੜੇ ਹੀ— ਦੱਸ ਸਕਦੇ ਹਨ ਇਸ ਦੀ ਅਸਲੀ ਕਥਾ । ਫਿਕਰ ਰਹਿੰਦੀ ਹੈ ਦਿਨ ਰਾਤ ਜਿਸ ਨੂੰ, ਫਿੱਡੀ ਹੁੰਦੀ ਜਾ ਰਹੀ ਨੱਕ ਨੂੰ ਤਾਣੀ ਰੱਖਣ ਦੀ । ਗੱਦਾਫੀ ਯਾਸਰ ਅਤੇ ਕਾਸਤਰੋ ਦੀ ਥਾਵੇਂ ਥੋਪਣ ਲਈ ਬੋਥਾ ਅਤੇ ਜ਼ਿਆ ਜਹੇ ਹੈਂਟਰ । ਗੱਲ ਸਿਰਫ ਏਨੀ ਨਹੀਂ ਕਿ ਪਾਣੀ ਵਿਚ ਲਕੀਰਾਂ ਪਾਈਆਂ ਜਾ ਰਹੀਆਂ ਹਨ ਨਹੁੰਆਂ ਨਾਲੋਂ ਮਾਸ ਉਧੇੜਿਆ ਜਾ ਰਿਹਾ ਹੈ।

ਫ਼ਿਕਰ

ਬਹੁਤੇ ਫਿਕਰ ਵਾਲੀ ਗੱਲ ਨਹੀਂ ਜੇ ਗਈ ਉਮਰ ਵਿਚ ਵੀ ਬੁੱਢੇ ਨੇ ਧੁੰਧਲੀ ਐਨਕ ਦਾ ਸ਼ੀਸ਼ਾ ਨਹੀਂ ਬਦਲਿਆ ਆਪੇ ਟੋਏ 'ਚ ਡਿਗੇਗਾ । ਕਿੰਨਾਂ ਕੁ ਚਿਰ ਕੋਈ ਕੋਈ ਜਿਉਂ ਸਕਦਾ ਹੈ ਮਸ਼ਕਰੀਆਂ ਦੀ ਵਾੜ ਕਰਕੇ ਵਿਦਵਤਾ ਦਾ ਰੋਅਬ ਪਾ ਕੇ । ਹਾਂ, ਉਸਦੀ ਲਿਬੜੀ ਹੋਈ ਗੁਲਾਬੀ ਪੱਗ ਜ਼ਰੂਰ ਚਿੰਤਾ ਦਾ ਕਾਰਨ ਹੈ। ਨਾ ਹੀ ਬਹੁਤੇ ਫਿਕਰ ਵਾਲੀ ਗੱਲ ਹੈ ਉਸ ਬੋਕ ਦਾਹੜੀਏ ਲੇਖਕ ਦੀ ਜਿਹੜਾ ਪਿੰਡ ਦੇ ਹਰੇਕ ਮਰੇ ਬੰਦੇ ਦਾ ਕਫ਼ਨ ਲਾਹ ਕੇ, ਪੁਸਤਕਾਂ ਦੇ ਪੰਨੇ ਲਿਖਣ ਦਾ ਧੰਦਾ ਕਰਦਾ ਹੈ। ਮੜ੍ਹੀਆਂ 'ਚ ਰਹਿੰਦੇ ਮਜ਼ੌਰ ਦੀ ਮੌਤ ਭਲਾ ਕਿਸ ਤੋਂ ਭੁੱਲੀ ਹੈ ।

ਰਿਸ਼ਤਿਆਂ ਦੇ ਆਰ ਪਾਰ

ਉਡਦੇ ਪੰਛੀਆਂ ਦੇ ਪਰਛਾਵਿਆਂ ਨੂੰ ਫੜਨ ਤੇ ਜੀ ਕਰਦਾ ਸੀ ਥਮ ਥਮ ਕੇ ਬਰਸਦੀ ਬਦਲੋਟੀ ਬੇਈਂ ਤੇ ਕੂਕਦੇ ਅਲਗੋਜ਼ਿਆਂ ਵਰਗੀ ਲੱਗਦੀ ਸੀ। ਹੁਣ ਤਾਂ, ਉੱਡਦੇ ਪੰਛੀਆਂ ਦੇ ਪਰਾਂ ਵਿਚੋਂ ਝੜਦੀ ਅਜੀਬ ਜੇਹੀ ਦੁਰਗੰਧ ਮੱਥੇ 'ਚ ਚੁਭਦੀ ਹੈ । ਤਖ਼ਲੀਕ ਦੇ ਪਲਾਂ ਵਿਚ ਵੀ ਇਉਂ ਲੱਗਦਾ ਹੈ ਜਿਵੇਂ ਨਹਾ ਕੇ ਤੌਲੀਆ ਨਚੋੜ ਰਹੇ ਹੋਈਏ ਜਾਂ ਸੁਣਾ ਰਹੇ ਹੋਈਏ ਬੌਗਨ ਵਿਲੀਏ ਦੀ ਵੇਲ ਨੂੰ ਕੋਈ ਪੱਤਝੜ ਦੀ ਨਜ਼ਮ । ਸਭ ਕੁਝ ਰੰਗਦਾਰ ਐਨਕਾਂ ਵਿਚ ਕੈਦ ਹੋ ਗਿਆ ਹੈ, ਭੂਤ, ਭਵਿਖ ਅਤੇ ਵਰਤਮਾਨ । ਕੰਧਾਂ ਅਤੇ ਆਦਮੀਆਂ ਦਾ ਰੰਗ ਇੱਕੋ ਜਿਹਾ ਲੱਗਦਾ ਹੈ ਫੈਲਦਾ ਜਾ ਰਿਹਾ ਹੈ ਇੱਕੋ ਹੀ ਭਟਕਣ ਦਾ ਰੰਗ ਰਿਸ਼ਤਿਆਂ ਦੇ ਆਰ ਪਾਰ ।

ਵਲਗਣ

ਚੌਂਤਰੇ 'ਤੇ ਧੁੱਪ ਸੇਕਦੀ ਹੱਡੀਆਂ ਦੀ ਮੁੱਠ ਕਦੋਂ ਚਾਹੁੰਦੀ ਹੈ ਸੂਰਜ ਅੱਗੇ ਦੀਵਾਰ ਕਰ ਦਿੱਤੀ ਜਾਵੇ । ਚੇਪ ਦਿੱਤਾ ਜਾਵੇ ਪਿੰਡ ਦੇ ਹਰੇਕ ਘਰ 'ਤੇ ਖਾਨਾ-ਬਦੋਸ਼ੀ ਦਾ ਇਸ਼ਤਿਹਾਰ । ਵਲਗਣ ਚਾਹੇ ਛਾਂਦਾਰ ਦਰਖ਼ਤਾਂ ਦੀ ਹੋਵੇ ਚਾਹੇ ਕੰਡਿਆਲੀਆਂ ਤਾਰਾਂ ਦੀ ਕਦੋਂ ਹੁੰਦੀ ਹੈ ਸਹਿਨ । ਨੁਕੀਲੀਆਂ ਜੀਭਾਂ ਬੇਸ਼ਕ ਸਾਰੇ ਪਿੰਡ ਦੀਆਂ ਝੀਥਾਂ 'ਚੋਂ ਝਾਕਣ ਲੱਗ ਪਈਆਂ ਹਨ। ਪਰ ਚੌਂਤਰੇ 'ਤੇ ਧੁੱਪ ਸੇਕਦੀ ਹੱਡੀਆਂ ਦੀ ਮੁੱਠ ਕਦੋਂ ਚਾਹੁੰਦੀ ਹੈ ਸੂਰਜ ਅੱਗੇ ਦੀਵਾਰ ਕਰ ਦਿੱਤੀ ਜਾਵੇ।

ਫੈਸਲਾਕੁਨ ਲੜਾਈ

ਹੁਣ ਜਦੋਂ, ਕਲਮ ਦੇ ਮੱਥੇ ਵਿਚ ਵੀ ਨੋ-ਮੈਨਜ਼ ਲੈਂਡ ਸਿਰਜੀ ਜਾ ਚੁੱਕੀ ਹੈ । ਲਕੀਰਾਂ ਦਾ ਸੰਤਾਪ ਫੈਲ ਗਿਆ ਹੈ ਲਹੂ ਦੇ ਕਣ ਕਣ ਅੰਦਰ ਕੀ ਫਰਕ ਪੈਂਦਾ ਹੈ ਜ਼ਖਮਾਂ ਦੇ ਮਰਹਮ ਨਾਲ। ਹੁਣ ਜਦੋਂ ਕਵਿਤਾ ਦੀਆਂ ਸਤਰਾਂ ਵਿਚ ਵੀ ਗੁਲਾਬੀ ਅਰਥਾਂ ਦੀ ਥਾਂ ਤੇ ਪੋਰ ਦਿੱਤੇ ਗਏ ਹਨ ਅੱਗਜ਼ਨੀ ਦੇ ਮੈਲੇ ਕੁਚੈਲੇ ਧੂੰਆਂਧਾਰ ਭਾਸ਼ਨ ਸੈਕੂਲਰ ਸੰਵਿਧਾਨ ਦੀ ਤਣੀ ਮੁੱਠੀ ਦਾ ਕਿਸ ਨੂੰ ਡਰ ਰਹਿ ਗਿਆ ਹੈ । ਹੁਣ ਤਾਂ ਬੱਸ ਇਕ ਅੰਤਮ ਅਤੇ ਫੈਸਲਾਕੁਨ ਲੜਾਈ ਦਾ ਦੌਰ ਬਾਕੀ ਹੈ ਉਹ ਵੀ ਤਾਂ— ਜੇ ਬੁਝੇ ਹੋਏ ਅੰਗਾਰੇ ਭਖਾ ਸਕਣ ਆਪਣੇ ਪਿੰਡੇ ਫੌਲਾਦੀ ਹੱਥ ਮਿਲ ਬੈਠਣ ਹਥਿਆਰਾਂ ਦੇ ਮੁੜ ਇਕੱਠੇ ਕਰਨ ਦੀ ਸੋਚਣ ਕੋਈ ਤਕਰੀਬ ਹੁਣ ਜਦੋਂ ਦੁਸ਼ਮਣ ਸਿਰ ਤੇ ਆ ਖੜ੍ਹਾ ਹੈ ਕਲਮ ਦੇ ਮੱਥੇ ਵਿਚ ਵੀ— ਨੋ-ਮੈਨਜ਼ ਲੈਂਡ ਸਿਰਜੀ ਜਾ ਚੁੱਕੀ ਹੈ ।

ਸੁਗੰਧ ਦੀ ਮਹਿਫੂਜ਼ੀ

ਵਰਮੀਆਂ ਦੇ ਸੱਪਾਂ ਦੀ ਰਿਹਾਈ ਦੇ ਐਲਾਨ-ਨਾਮੇ ਵਿਚ ਵੀ ਓਨਾਂ ਹੀ ਜ਼ਹਿਰ ਹੈ ਜਿਨਾਂ ਖੜਪਿਆਂ, ਦੁਸਾਂਗਿਆਂ, ਛੀਂਬਿਆਂ ਅੰਦਰ। ਕੁਰਸੀ ਦੀ ਮਹਿਫੂਜ਼ੀ ਲਈ ਪਾਟੀਆਂ ਜੀਭਾਂ 'ਤੇ ਦੁੱਧ ਦੀਆਂ ਧਾਰਾਂ ਮਾਰਨਾ ਅਣ-ਪਛਾਤੇ ਬੰਦਿਆਂ ਵਲੋਂ ਇਕੋ ਫਿਰਕੇ ਦੇ ਲੋਕਾਂ 'ਤੇ ਬੰਬ ਸੁੱਟਣ ਨਾਲੋਂ ਕਿਸੇ ਸੂਰਤ ਘੱਟ ਨਹੀਂ। ਦੁਸਾਂਗੇ ਸੱਪਾਂ ਨੂੰ ਜੁਆਈਆਂ ਵਾਂਗ ਝਿੜਕਣਾ ਕੰਮ ਚਲਾਊ ਰਾਜਨੀਤੀ ਤਾਂ ਹੋ ਸਕਦੀ ਹੈ ਪਰ ਬੇਹੁਰਮਤੀ ਦੀਆਂ ਕਾਰਵਾਈਆਂ ਦੇ ਬਹੁਤ ਨੇੜੇ ਦਾ ਕਰਮ ਹੈ। ਤਾੜੀਆਂ ਦੀ ਗੜਗੜਾਹਟ ਵਿਚ ਹਾਰ ਪਵਾ ਲੈਣੇ ਤਾਂ ਬਹੁਤ ਆਸਾਨ ਹਨ ਬਹੁਤ ਮੁਸ਼ਕਲ ਹੈ ਹਾਰ ਪਾਉਣ ਵਾਲੇ ਹੱਥਾਂ ਦੀ ਸੁਗੰਧ ਨੂੰ ਸੁੱਕੇ ਫੁੱਲਾਂ ਵਿਚ ਦੇਰ ਤੱਕ ਮਹਿਫੂਜ਼ ਰਖਣਾ ।

ਦੋਸਾਂਗੇ ਡੰਗ

ਬੁੱਢੇ ਬਿਰਖ ਦੀਆਂ ਜੜਾਂ ਸਾਡੇ ਖੂਨ ਤੱਕ ਫੈਲ ਰਹੀਆਂ ਹਨ । ਇਸ ਦੇ ਛਾਂਦਾਰ ਪੱਤੇ ਤਬਦੀਲ ਹੋ ਰਹੇ ਹਨ ਤਿੱਖੀਆਂ ਸੂਲਾਂ, ਸਰਕੰਡਿਆਂ ਅਤੇ ਝਾੜੀਆਂ ਵਿਚ । ਡਕਿਆਂ ਦੇ ਆਲ੍ਹਣਿਆਂ ਵਿਚ ਬੋਟਾਂ ਦਾ ਮਾਸ ਰਿਝਦਾ ਹੈ ਇਸ ਦੀਆਂ ਖੋੜਾਂ ਵਿੱਚਲੇ ਸੱਪ ਦੁੱਧ ਦੀਆਂ ਵਲਟੋਹੀਆਂ ਪੀਂਦੇ ਪੀਂਦੇ ਅਤਿ ਜ਼ਹਿਰੀ ਹੋ ਗਏ ਹਨ ਜਿਨ੍ਹਾਂ ਦੇ ਦੋਸਾਂਗੇ ਡੰਗ ਤਮਾਮ ਖਿੱਤੇ ਨੂੰ ਆਪਣੀ ਜੀਭ ਵਰਗਾ ਬਨਾਉਣ ਤੇ ਤੁਲੇ ਹੋਏ ਹਨ। ਬੁੱਢੇ ਬਿਰਖ ਦੀਆਂ ਜੜਾਂ ਜਿਸ ਲਹੂ ਵਿਚ ਵੀ - ਗੱਡੀਆਂ ਜਾਂਦੀਆਂ ਹਨ ਉਸ ਲਹੂ ਦੀ ਤਾਸੀਰ ਬਦਲ ਜਾਂਦੀ ਹੈ ਲਹੂ ਰੋਟੀ ਦਾ ਸੁਆਦ ਭੁੱਲ ਕੇ ਬਾਰੂਦ ਦੀ ਦੁਰਗੰਧ ਦਾ ਆਦੀ ਹੋ ਜਾਂਦਾ ਹੈ ਉਸ ਦੀਆਂ ਅੱਖਾਂ ਵਿਚ ਸੁਪਨੇ ਨਹੀਂ, ਹਾਦਸੇ ਵਿਗਸਣ ਲੱਗਦੇ ਹਨ । ਪਿੰਡੇ ਉੱਪਰ ਝਾੜੀਆਂ ਸਰਕੰਡੇ ਅਤੇ ਬੋਹਰ ਉਗ ਖਲੋਂਦੇ ਹਨ। ਬੁੱਢੇ ਬਿਰਖ ਦੀਆਂ ਜੜਾਂ ਸਾਡੇ ਲਹੂ ਤੱਕ ਫੈਲ ਰਹੀਆਂ ਹਨ ।

ਘਰ ਮੁੜਨ ਤੱਕ

ਘਰ ਮੁੜਨ ਤੱਕ ਸਭ ਕੁਝ ਕਰੂਪ ਹੋ ਚੁੱਕਿਆ ਹੋਵੇਗਾ । ਘੜੇ ਦਾ ਪਾਣੀ ਬਕਲ ਚੁੱਕਿਆ ਹੋਵੇਗਾ ਧੁਆਂਖ ਚੁੱਕੀ ਹੋਵੇਗੀ ਭੜਕ ਭੜਕ ਕੇ ਬਲਦੀ ਬੁੱਢੀ ਲਾਲਟੈਣ। ਖਾ ਲਈ ਹੋਵੇਗੀ ਦੀਮਕ ਨੇ ਰੇਸ਼ਮੀ ਰੁਮਾਲੇ 'ਚ ਬੰਨ੍ਹ ਕੇ ਆਲੇ 'ਚ ਰੱਖੀ ਵਾਰਿਸ ਦੀ ‘ਅਸਲੀ ਅਤੇ ਵੱਡੀ ਹੀਰ' । ਪਿੱਤਲ ਦੀਆਂ ਬਲਟੋਹੀਆਂ 'ਤੇ ਹਰੇਵਾਈ ਜੰਮ ਚੁੱਕੀ ਹੋਵੇਗੀ ਬਲ ਕੇ ਉਡ ਚੁਕਿਆ ਹੋਵੇਗਾ ਬਿਰਧ ਪਿਓ ਦਾ ਸਿਵਾ । ਉੱਤਰ ਆਇਆ ਹੋਵੇਗਾ ਘਰ ਦੇ ਬੂਹੇ ਬਾਰੀਆਂ ਦੀਆਂ ਅੱਖਾਂ ਵਿਚ ਜਾਲਿਆਂ ਦਾ ਕਾਲਾ ਮੋਤੀਆ । ਖਰਸ ਖਾਧਾ ਲਿਟਦਾ ਹੋਵੇਗਾ ਰੂੜ੍ਹੀਆਂ ਉੱਪਰ ਰੇਸ਼ਮੀ ਜੱਤ ਵਾਲਾ ਕੁੱਤਾ ਬਣ ਚੁੱਕੀ ਹੋਵੇਗੀ ਮੰਗੋ ਗਾਂ ਹੱਡੀਆਂ ਦੀ ਮੁੱਠ । ਰੱਖ ਦਿੱਤੇ ਗਏ ਹੋਣਗੇ ਕੁਕੜਾਂ ਦੇ ਖੁੱਡਿਆਂ ਵਿਚ ਤਿੜਕੇ ਹੋਏ ਅਲਗੋਜ਼ੇ ਅਤੇ ਪਾਟੀ ਹੋਈ ਢੋਲਕੀ । ਘਰ ਮੁੜਨ ਤੱਕ ਪਿੰਡ ਦੇ ਕਈ ਘਰ ਕਰ ਗਏ ਹੋਣਗੇ ਹਿਜਰਤ ਬਦਲ ਚੁੱਕਿਆ ਹੋਵੇਗਾ ਪਿੱਪਲ ਹੇਠਲੀ ਹੱਟੀ ਦਾ ਮਾਲਕ। ਘਰ ਮੁੜਨ ਤੱਕ ਸਭ ਕੁਝ ਕਰੂਪ ਹੋ ਚੁੱਕਿਆ ਹੋਵੇਗਾ ਗੁਰੂਦੁਆਰੇ ਦਾ ਭਾਈ ਮੰਦਰ ਦਾ ਪੰਡਤ ਸ਼ਿਵਦੁਆਲੇ ਦਾ ਜਟਾ ਜੂਟ ਸਾਧ ਵੱਡੇ ਲਾਣੇ ਦਾ ਚੌਂਤਰਾ ਅਤੇ ਨੀਵੀਂ ਪੱਤੀ ਵਾਲੀ ਧਰਮਸ਼ਾਲਾ ।

ਚੁੱਲ੍ਹਾ

ਹਿਰਾਸੇ ਚੁਲ੍ਹੇ ਵਿਚ ਜੇ ਅੱਗ ਨਹੀਂ ਬਲਦੀ ਰੋਟੀ ਨਹੀਂ ਪੱਕਦੀ ਦਾਲ ਨਹੀਂ ਰਿਝਦੀ ਤਾਂ ਜ਼ਰੂਰ ਉੱਬਲ ਰਿਹਾ ਹੁੰਦਾ ਹੈ ਥਮਲੇ ਨਾਲ ਲਗੀ ਬੈਠੀ ਹਵਾ ਦੀਆਂ ਅੱਖਾਂ ਦਾ ਪਾਣੀ। ਆਕ੍ਰੋਸ਼ ਨਾਲ ਤੜ ਤੜ ਕਰ ਰਹੇ ਹੁੰਦੇ ਹਨ ਖਾਲੀ ਬੋਹੀਏ ਨੂੰ ਫਰੋਲਦੇ ਹੱਥ ਪੀਸ ਰਹੇ ਹੁੰਦੇ ਹਨ ਖਾਲੀ ਪਤੀਲੇ ਦੀ ਕੜਛੀ ਦਾ ਮੂੰਹ ਦੁੱਧ ਵਾਲੇ ਦੰਦ । ਚੁੱਲ੍ਹਾ ਕਦੇ ਠੰਢਾ ਨਹੀਂ ਹੁੰਦਾ ਚੁੱਲ੍ਹੇ ਵਿਚ ਹਮੇਸ਼ਾ ਅੱਗ ਬਲਦੀ ਹੈ — ਆਦਿ ਕਾਲ ਤੋਂ । ਉਹ ਕੇਵਲ ਆਪਣਾ ਸਥਾਨ ਬਦਲ ਲੈਂਦਾ ਹੈ ਓਟੀਏ ਵਿਚੋਂ ਕਿਸੇ ਛਾਤੀ ਅੰਦਰ ਛਾਤੀ ਵਿਚੋਂ ਕਿਸੇ ਮੁੱਕੇ ਅੰਦਰ ਅਤੇ ਕਿਸੇ ਮੁੱਕੇ ਵਿਚੋਂ ਸੜਕ ਉੱਪਰ । ਚੁਲ੍ਹਾ ਜਦੋਂ ਸੜਕ ਤੇ ਬਲਦਾ ਹੈ ਤਾਂ ਨੋਕਦਾਰ ਅੱਖਾਂ, ਲੂੰਬੜੀ ਦੀ ਜੀਭ, ਬਘਿਆੜ ਦੀ ਖੱਲ, ਅਤੇ ਸੈਂਟਰ ਵਾਲੀ ਕੁਰਸੀ ਉਸ ਦਾ ਬਾਲਣ ਹੁੰਦੇ ਹਨ ।

ਐਂਟੀਨੇ ਤੇ ਬੈਠਾ ਕਬੂਤਰ

ਸ਼ਹਿਰ ਭਰ ਵਿਚ ਸਹਿਮ ਛਾ ਗਿਆ ਹੈ ਦੰਗੇ, ਅੱਗਜ਼ਨੀ, ਸਾੜ ਫੂਕ ਲੁੱਟ ਮਾਰ, ਹੋਰ ਪਤਾ ਨਹੀਂ ਕੀ ਕੁਝ । ਰੇਡੀਓ ਤੇ ਪਰਸਾਰਤ ਹੁੰਦੀ ਹੈ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਕਰਫਿਊ ਲਾ ਦੇਣ ਦੀ ਖ਼ਬਰ । ਸਕੂਲਾਂ ਵਿਚ ਛੁੱਟੀਆਂ ਹੋ ਜਾਂਦੀਆਂ ਹਨ ਬੱਚੇ ਬਹੁਤ ਖੁਸ਼ ਹੁੰਦੇ ਹਨ ਇਸ ਗੱਲ ਤੋਂ ਬੇਨਿਆਜ਼ ਕਿ ਦੰਗੇ ਕੀ ਹੁੰਦੇ ਹਨ ? ਕਰਫਿਊ ਕਿਉਂ ਲੱਗਦਾ ਹੈ ? ਪਰ ਗੋਲੀਆਂ ਦੀ ਆਵਾਜ਼ ਸੁਣ ਕੇ ਐਂਟੀਨੇ ਤੇ ਬੈਠਾ ਕਬੂਤਰ ਜਦੋਂ ਬੇਹੋਸ਼ ਹੋ ਵਿਹੜੇ 'ਚ ਡਿਗਦਾ ਹੈ ਕਬੂਤਰ ਨੂੰ ਕੌਲੀ ਨਾਲ ਪਾਣੀ ਪਿਆਉਂਦੀ ਮੇਰੀ ਬੱਚੀ ਇਹ ਜ਼ਰੂਰ ਪੁੱਛਦੀ ਹੈ ਪਾਪਾ—ਕਬੂਤਰ ਕਦੋਂ ਠੀਕ ਹੋ ਕੇ ਮੁੜ ਐਂਟੀਨੇ ਤੇ ਬੈਠੇਗਾ। ਮੈਂ ਗੁੰਮ ਸੁੰਮ ਬੈਠਾ ਦੂਰਦਰਸ਼ਨ ਤੋਂ ਪਰਸਾਰਤ ਖਬਰਾਂ ਸੁਣਦਾ ਰਹਿੰਦਾਂ ਇਸ ਗੱਲ ਤੋਂ ਬੇਨਿਆਜ਼ ਕਿ ਬੱਚਿਆਂ ਨੂੰ ਐਂਟੀਨੇ ਤੇ ਬੈਠੇ ਕਬੂਤਰ ਕਿਉਂ ਚੰਗੇ ਲਗਦੇ ਹਨ ।

ਮੁਕਤੀ ਦਾ ਗੀਤ

ਚੰਨ ਦੀ ਚਾਨਣੀ ਖਿੜਕੀ ਦੀਆਂ ਬਰੂਹਾਂ ਤੋਂ ਕਾਰਨਸ ਤੇ ਪਏ ਫੂਲਦਾਨ ਤੱਕ ਪਹੁੰਚਦੀ ਪਹੁੰਚਦੀ ਬੁੱਢੀ ਹੋ ਗਈ ਲਗਦੀ ਹੈ । ਅਹਿਲ ਪਿਆ ਕਲਮ ਦਾਨ ਕਮਰੇ 'ਚ ਖਿੱਲਰੇ ਪਏ ਕਰੇ ਕਾਗ਼ਜ਼ਾਂ ਵੱਲ ਬਿਟ ਬਿਟ ਝਾਕ ਰਿਹਾ ਹੈ । ਪਰ, ਲੈਨਿਨ ਦੇ ਨਾਲ ਕਾਰਨਸ ਤੇ ਪਈ ਹੋ ਚੀ ਮਿਨ੍ਹ ਦੀ ਤਸਵੀਰ ਦੇ ਬੁੱਲ੍ਹਾਂ ਉੱਪਰ ਤਾਜ਼ਾ ਫੁੱਲਾਂ ਅਤੇ ਤਾਜ਼ਾ ਨਜ਼ਮ ਵਰਗੀ ਮੁਸਕਰਾਹਟ ਹੈ। ਬੇਸ਼ਕ ਇਜ਼ਰਾਇਲੀ ਘੇਰੇ ਵਿਚ ਫਲਸਤੀਨੀ ਗੁਰੀਲਿਆਂ ਦੇ ਘਿਰੇ ਹੋਣ ਦੀ ਖ਼ਬਰ ਵਾਰ ਵਾਰ ਕੰਨਾਂ ਵਿਚ ਸ਼ੀਸ਼ਾ ਪਰੋ ਰਹੀ ਹੈ ਪਰ ਉੱਚੇ ਅੰਬਰਾਂ ਵਿਚ ਕਬੂਤਰਾਂ ਦੀ ਉਡਾਰੀ ਵੀਅਤਨਾਮ ਤੋਂ ਲੈਬਨਾਨ ਵਲ ਹੁੰਦੀ ਵੇਖ ਕੇ ਚੰਨ ਦੀ ਚਾਨਣੀ ਜੁਆਨ ਹੋ ਗਈ ਲੱਗਦੀ ਹੈ । ਤਮਾਮ ਕਮਰੇ ਦੇ ਖਿਲਰੇ ਪਏ ਕਾਗ਼ਜ਼ ਇਕੱਠੇ ਕਰਕੇ ਮੈਂ ਰੱਖ ਦਿੰਦਾ ਹਾਂ ਹੋ ਚੀ ਮਿਨ੍ਹ ਦੀ ਤਸਵੀਰ ਦੇ ਨਾਲ ਮੈਨੂੰ ਯਾਸਰ ਅਰਾਫਾਤ ਆਪ ਮੁਹਾਰੇ ਮੁਸਕਰਾਉਂਦਾ ਨਜ਼ਰ ਆਉਂਦਾ ਹੈ । ਚੰਨ ਦੀ ਚਾਨਣੀ ਖਿੜਕੀ ਦੀਆਂ ਬਰੂਹਾਂ ਤੋਂ ਅੱਗੇ ਆਉਂਦੀ ਹੈ ਭਰ ਜੋਬਨ ਤੇ ਆਈ ਮੁਟਿਆਰ ਜਿਹੀ ਖੁਸ਼ ਖੁਸ਼ ਮੁਸਕਰਾਹਟਾਂ ਖਲੇਰਦੀ ਉਸ ਦੀਆਂ ਗਭਲੀਆਂ ਉਂਗਲਾਂ ਕਲਮਦਾਨ 'ਚੋਂ ਕਲਮ ਚੁੱਕਦੀਆਂ ਹਨ 'ਤੇ ਲਿਖ ਦਿੰਦੀਆਂ ਹਨ ਕੋਰੇ ਕਾਗ਼ਜ਼ਾਂ ਉੱਪਰ ਇਕ ਹੋਰ ਵੀਅਤਨਾਮ ਦੀ ਜਿੱਤ ਦੀ ਨਜ਼ਮ ਇਕ ਹੋਰ ਫਲਸਤੀਨੀ ਮੁਕਤੀ ਦਾ ਗੀਤ ।

ਸੰਸਾ

ਕਿਸੇ ਬਿਰਖ ਤੇ ਮੌਤ ਭਿਆਨਕ ਏਸ ਤਰ੍ਹਾਂ ਦੀ ਆਵੇ ਨਾ । ਖੜਾ ਖੜੋਤਾ ਪਲ ਛਿਣ ਅੰਦਰ ਸੜ ਬਲ ਕੇ ਡਿਗ ਜਾਵੇ ਨਾ। ਪੀਂਘ ਪਏ ਸੜ ਜਾਵਣ ਟਾਹਣੇ ਆਲ੍ਹਣਿਆਂ ਵਿਚ ਬੋਟ ਸੜਨ ਡੈਣ ਸਿਵੇ ਤੇ ਰਿੰਨ੍ਹ ਰਿੰਨ੍ਹ ਕੋਈ ਮਾਸ ਅਲੂੰਆਂ ਖਾਵੇ ਨਾ। ਗਲ ਲਗ ਬਿਰਖ ਦੇ ਸੁੱਤੀਆਂ ਪੌਣਾਂ ਸੁੱਤੀਆਂ ਹੀ ਸੜ ਜਾਵਣ ਨਾ ਸਾਰਾ ਪਿੰਡ ਇਸ ਮੌਤ 'ਤੇ ਉਲਟਾ ਜਿੱਤ ਦੇ ਜਸ਼ਨ ਮਨਾਵੇ ਨਾ। ਲਟ ਲਟ ਬਲਦੇ ਬਿਰਖ ਤੋਂ ਲੰਘਦੀ ਟਿਭ ਜਾਵੇ ਨਾ ਬਦਲੋਟੀ ਔਜੱੜੀਆਂ ਰੁੱਤਾਂ ਦੀ ਸਾਜਿਸ਼ ਬੱਦਲ ਕੋਈ ਹੰਡਾਵੇ ਨਾ। ਕੰਧਾਂ ਦੇ ਨਾਲ ਮੱਥੇ ਭੰਨ ਭੰਨ ਮਰ ਮਰ ਜਾਵਣ ਠੰਢੀਆਂ ਛਾਵਾਂ ਜੰਗਲ ਦੇ ਕਾਨੂੰਨ ਤੋਂ ਡਰਦਾ ਛਾਵਾਂ ਕੋਈ ਵਰਾਵੇ ਨਾ। ਝੁਲੇ ਨਾ ਕੋਈ ਤੇਜ਼ ਹਨ੍ਹੇਰੀ ਸਿਵਿਓਂ ਚੱਕ ਅੰਗਿਆਰ ਟੁਰੇ ਘਰ ਘਰ ਅੰਦਰ ਸੜੇ ਬਿਰਖ ਦੀ ਅੱਗ ਦੇ ਲਾਂਬੂ ਲਾਵੇ ਨਾ। ਸੜ ਬਲ ਕੇ ਸਭ ਬਿਰਖ ਡਿਗਣ ਨਾ ਕੋਹਾਂ ਤੱਕ ਕੁਹਰਾਮ ਮਚੇ ਕਲਮ ਬਾਂਸਰੀ ਖਾਤਰ ਵੀ ਕੋਈ ਟਾਹਣੀ ਨਜ਼ਰੀਂ ਆਵੇ ਨਾ।

ਇਸ ਪੰਜ ਪਾਣੀ ਦੀ ਧਰਤੀ ਦੇ-ਗੀਤ

ਇਸ ਪੰਜ ਪਾਣੀ ਦੀ ਧਰਤੀ ਦੇ ਪਾਣੀ ਵਿਚ ਜ਼ਹਿਰ ਮਿਲਾਓ ਨਾ । ਇਹਦੇ ਪੀਲੂ, ਵਾਰਿਸ, ਹਾਸ਼ਿਮ ਦੀ ਕਵਿਤਾ ਦੇ ਸਿਵੇ ਜਲਾਓ ਨਾ। ਮਮਤਾ ਦੀ ਕੱਟੀ ਆਂਦਰ 'ਤੇ ਛਿੜਕੋ ਨਾ ਲੂਣ ਜਨੂੰਨਾਂ ਦਾ ਅਜੇ ਜ਼ਖ਼ਮ ਪੁਰਾਣੇ ਭਰੇ ਨਹੀਂ ਫੱਟ ਨਵੇਂ ਏਸ ਨੂੰ ਲਾਓ ਨਾ। ਇਹਦੇ ਹੱਥ ਫੌਲਾਦੀ ਜੂਝਣ ਦਿਓ ਰੁਜ਼ਗਾਰ ਲਈ, ਘਰ ਬਾਰ ਲਈ ਇਹਦੇ ਖੱਬਿਆਂ ਸੱਜਿਆਂ ਹੱਥਾਂ ਨੂੰ ਆਪੋ ਵਿਚ ਭਿੜਵਾਓ ਨਾ। ਮਿਲ ਜੁਲ ਕੇ ਬੈਠੋ ਪਿਆਰ ਕਰੋ ਇਹ ਪਿਆਰ ਅਸਾਡਾ ਵਿਰਸਾ ਹੈ ਵਿਰਸੇ ਦੇ ਮਿੱਠੜੇ ਦੁੱਧ ਅੰਦਰ ਹਿੰਸਾ ਦੀ ਜਾਗ ਲਗਾਓ ਨਾ। ਇਹਦੇ ਵਸਦੇ ਰਸਦੇ ਵਿਹੜੇ ਵਿਚ ਮੁੜ ਸਿਹ ਦੇ ਤੱਕਲੇ ਗੱਡੋ ਨਾ ਸਿਟਿਆਂ ਦੀ ਛਾਂ ਤੇ ਖੇਤਾਂ ਵਿਚ ਕਿਰਚਾਂ ਦੀ ਫਸਲ ਉਗਾਓ ਨਾ। ਜੇ ਲੜਨਾ ਹੈ ਤਾਂ ਲੜਨੇ ਦਾ ਕੋਈ ਢੰਗ ਤਰੀਕਾ ਸਿੱਖੋ ਵੀ ਮਜ਼੍ਹਬਾਂ ਦੇ ਸੌੜੇ ਮੰਤਵ ਲਈ ਜਿੰਦਾਂ ਨੂੰ ਬਲੀ ਚੜ੍ਹਾਓ ਨਾ । ਇਹਦੇ ਗਦਰੀ, ਕੂਕੇ, ਬੱਬਰਾਂ ਨੇ ਜੋ ਸੀਸ ਤਲੀ ਤੇ ਰੱਖੇ ਸਨ, ਹੈ ਤਰਲਾ ਉਹਨਾਂ ਸੀਸਾਂ ਨੂੰ ਅੱਜ ਤਲੀਆਂ ਤੋਂ ਫਿਸਲਾਓ ਨਾ।

ਆਵਾਜ਼ ਹੈ ਸ਼ਾਇਰ ਦੀ

(ਬੈਂਜਾਮਿਨ ਮੋਲਾਇਸ ਲਈ) ਰੋਕੇ ਤੋਂ ਨਹੀਂ ਰੁਕਣਾ, ਬਰਸੇਗਾ ਜੀ ਭਰ ਕੇ ਰੁੱਸਿਆ ਹੋਇਆ ਅੰਬਰ ਇਹ, ਆਵਾਜ਼ ਹੈ ਸ਼ਾਇਰ ਦੀ । ਟੁੱਕੋਗੇ ਜ਼ੁਬਾਂ ਇਸ ਦੀ, ਘੁੱਟੋਗੇ ਗਲਾ ਇਸਦਾ, ਬਣ ਬੈਠੂ ਪੈਗੰਬਰ ਇਹ, ਆਵਾਜ਼ ਹੈ ਸ਼ਾਇਰ ਦੀ । ਸਾੜੋਗੇ ਜੇ ਖੰਭ ਇਸ ਦੇ ਇਹ ਹੋਰ ਵੀ ਉੱਡੇਗਾ ਅਲਮਸਤ ਪਰਿੰਦਾ ਇਹ, ਆਵਾਜ਼ ਹੈ ਸ਼ਾਇਰ ਦੀ। ਪਿੰਡੇ ਤੇ ਹੰਢਾਇਆ ਹੈ ਇਸ ਜੂਨ ਮਹੀਨਾ ਵੀ ਝੱਲੇਗੀ ਦਸੰਬਰ ਇਹ, ਆਵਾਜ਼ ਹੈ ਸ਼ਾਇਰ ਦੀ। ਮਿੱਟੀ ਦਾ ਮੋਹ ਇਸਦੇ ਅਹਿਸਾਸ ਦੀ ਸ਼ਿੱਦਤ ਹੈ ਬਣ ਬੈਠੇ ਨਾ ਖੰਜਰ ਇਹ, ਆਵਾਜ਼ ਹੈ ਸ਼ਾਇਰ ਦੀ । ਕਾਲੀ ਹੈ ਜਾਂ ਗੋਰੀ ਹੈ ਮਿੱਟੀ ਨੂੰ ਭੇਦ ਨਹੀਂ ਹੋ ਜਾਵੇ ਇਕੱਤਰ ਇਹ, ਆਵਾਜ਼ ਹੈ ਸ਼ਾਇਰ ਦੀ । ਬਿਜਲੀ ਦੀ ਬਰਛੀ ਹੈ ਸੂਰਜ ਦਾ ਟੋਟਾ ਹੈ ਘੋਲਾਂ ਦੀ ਮੁਸੱਵਰ ਇਹ, ਆਵਾਜ਼ ਹੈ ਸ਼ਾਇਰ ਦੀ। ਅਫਰੀਕਾ, ਅੰਗੋਲਾ ਹੈ, ਬੈਰੂਤ ਜਾਂ ਬਰਮਿੰਗਮ ਗੂੰਜੇਗੀ ਘਰ ਘਰ ਇਹ, ਆਵਾਜ਼ ਹੈ ਸ਼ਾਇਰ ਦੀ । ਛੇ ਗ਼ਜ਼ਲਾਂ

ਸੱਚ ਦਾ, ਤਖ਼ਲੀਕ ਦਾ, ਅਹਿਸਾਸ ਦਾ

ਸੱਚ ਦਾ, ਤਖ਼ਲੀਕ ਦਾ, ਅਹਿਸਾਸ ਦਾ, ਉਮਰਾਂ ਦਾ ਰੰਗ । ਕਿੰਨਾ ਭਿਆਨਕ ਹੋ ਗਿਆ ਇਸ ਦੌਰ ਵਿਚ ਸਭਨਾਂ ਦਾ ਰੰਗ । ਹੁਣ ਤਾਂ ਗਮਲੇ ਵਿਚ ਵੀ ਖਿੜਦੇ ਨੇ ਨਵੇਂ ਨਿੱਤ ਹਾਦਸੇ, ਜ਼ਰਦ ਰੁੱਤਾਂ ਵਾਂਗ ਹੋਇਆ ਮਹਿਕਦੇ ਫੁੱਲਾਂ ਦਾ ਰੰਗ । ਬੱਦਲੀਆਂ ਦੇ ਵਰ੍ਹਨ ਤੇ ਵੀ ਹੁਣ ਨਾ ਮਿਟਦੀ ਹੈ ਪਿਆਸ, ਹੋਰ ਵੀ ਹੋਇਆ ਸੰਧੂਰੀ ਸੜਦੀਆਂ ਮਿੱਟੀਆਂ ਦਾ ਰੰਗ । ਦੂਰ ਤੀਕਰ ਜੰਮਿਆ ਬਸ ਖੂਨ ਹੈ ਜਾਂ ਮਿੱਝ ਹੈ, ਸੜਕ ਨੂੰ ਭੁੱਲਿਆ ਚਿਰਾਂ ਤੋਂ ਆਪਣੇ ਪੱਥਰਾਂ ਦਾ ਰੰਗ । ਹਰ ਸੁਬਹ ਇਕ ਟੀਸ ਬਣ ਕੇ ਰੜਕਦੀ ਅਖ਼ਬਾਰ ਹੈ, ਅਣ-ਪਛਾਤੀ ਪੀੜ ਵਰਗਾ ਦੇਰ ਤੋਂ ਖ਼ਬਰਾਂ ਦਾ ਰੰਗ । ਮਿੱਟੀ 'ਚ ਹੈ ਕੋਈ ਬਾਂਝ-ਪਣ ਜਾਂ ਪੌਣ ਪਾਣੀ ਦਾ ਕਸੂਰ ਹੋਰ ਹੀ ਹੁੰਦਾ ਹੈ ਜਾਂਦੈ ਬਿਰਖ ਦੇ ਪੱਤਿਆਂ ਦਾ ਰੰਗ । ਸੜ ਗਏ ਬਾਂਸਾਂ ਦੇ ਪੋਰਾਂ ਵਿਚ ਮਰੇ ਨੇ ਗੀਤ ਜੋ ਲਿੱਖ ਗਏ ਨੇ ਚਿਹਰਿਆਂ ਤੇ ਸਭ ਉਹ ਹਿਜਰਾਂ ਦਾ ਰੰਗ।

ਖਿੰਡਰੇ ਪੁੰਡਰੇ ਉੱਜੜੇ ਘਰ 'ਚੋਂ

ਖਿੰਡਰੇ ਪੁੰਡਰੇ ਉੱਜੜੇ ਘਰ 'ਚੋਂ ਕੀ ਉੱਭਰੇਗਾ ਆਖਿਰ ਨੂੰ । ਇਹੋ ਸੋਚ ਹੈ ਖਾਈ ਜਾਂਦੀ ਦਿਲ ਵਿਚ ਬੈਠੇ ਸ਼ਾਇਰ ਨੂੰ। ਬੀਜ ਗਏ ਹੋ ਚੁੱਪ ਚੁਪੀਤੇ ਸਾਡੇ ਪਿੰਡਿਆਂ ਤੇ ਕੰਡਿਆਈ, ਖ਼ਬਰ ਹੋਈ ਨਾ ਮਾਸ ਨੂੰ ਸਾਡੇ ਨਾ ਦਿਲ ਨੂੰ ਨਾ ਆਂਦਰ ਨੂੰ । ਆਪਣੀ ਮਿੱਟੀ 'ਚੋਂ ਜੜ ਉੱਖੜੀ ਜਾਂਦੀ ਹੈ ਕਿਉਂ ਬਿਰਖਾਂ ਦੀ, ਕਿਸ ਨੂੰ ਦੇਈਏ ਦੋਸ਼ ਏਸ ਦਾ ਧਰਤੀ ਨੂੰ ਜਾਂ ਅੰਬਰ ਨੂੰ । ਤਾਰਾਂ ਦੇ ਵਿਚ ਉਲਝੀ ਤਿੱਤਲੀ ਤੜਪਾ ਰਹੀ ਹੈ ਫੁੱਲਾਂ ਨੂੰ, ਬੂਟਾਂ ਥੱਲੇ ਮਿੱਧੇ ਫੁੱਲ ਹਨ ਘੂਰ ਰਹੇ ਇਕ ਕਾਲਰ ਨੂੰ । ਬਿਜੜਿਆਂ ਵਤ ਤਿਣਕਾ ਤਿਣਕਾ ਚੁਗ ਕੇ ਘਰ ਤਾਂ ਛੱਤ ਲਈ ਏ, ਬਾਲਾਂਗੇ ਪਰ ਇਸ ਵਿਚ ਕਿਥੋਂ ਧੁੱਪ ਦੀ ਗੋਰੀ ਕਾਤਰ ਨੂੰ ।

ਮੇਰੇ ਘਰ 'ਚੋਂ ਹਵਾ ਇਹ ਜਿਧਰ ਜਾਂਦੀ ਹੈ

ਮੇਰੇ ਘਰ 'ਚੋਂ ਹਵਾ ਇਹ ਜਿਧਰ ਜਾਂਦੀ ਹੈ। ਬਣ ਕੇ ਪਤਝੜ ਹਰਿਕ ਥਾਂ ਵਿਖਰ ਜਾਂਦੀ ਹੈ । ਟੁਰਦੇ ਫਿਰਦੇ ਮਨੁੱਖ ਵੀ ਖੰਡਹਰ ਦਿੱਸਣ ਜਿਥੋਂ ਤੱਕ ਇਹ ਨਿਗੋੜੀ ਨਜ਼ਰ ਜਾਂਦੀ ਹੈ। ਸੜਨ ਵੇਲੇ ਦਰਖ਼ਤਾਂ 'ਚ ਮਘਦੀ ਹੈ ਉਹ, ਧੁੱਪ ਜਿਹੜੀ ਕਰੂੰਬਲਾਂ 'ਚ ਮਰ ਜਾਂਦੀ ਹੈ । ਗਾਉਂਦੀ ਹੋਈ ਸ਼ਾਮ ਨੱਚਦੀ ਹੋਈ ਰਾਤ ਇਕ, ਜ਼ਖ਼ਮੀ ਅਕਸਰ ਖਿਆਲਾਂ ਨੂੰ ਕਰ ਜਾਂਦੀ ਹੈ । ਸਾਡੇ ਆਪਣੇ ਲਹੂ 'ਚ ਡੋਬੀ ਕਲਮ ਸਾਡੇ ਮੂੰਹ ਤੇ ਡਰਾਉਣਾ ਚਿਤਰ ਜਾਂਦੀ ਹੈ।

ਤਿੜਕਿਆ ਸ਼ੀਸ਼ਾ ਰਹਾਂ ਤੇ ਅਕਸ ਦਾ

ਤਿੜਕਿਆ ਸ਼ੀਸ਼ਾ ਰਹਾਂ ਤੇ ਅਕਸ ਦਾ ਤਰਲਾ ਬਣਾਂ। ਮੈਂ ਕਦੋਂ ਚਾਹਿਆ ਸੀ ਵਸਦੇ ਸ਼ਹਿਰ ਵਿਚ ਸ਼ਹਿਰਾ ਬਣਾਂ। ਯੱਗ ਦੀ ਕਿੱਲੀ ਤੇ ਟੰਗਿਆ ਮੈਂ ਹਾਂ ਫਟਿਆ ਤੌਲੀਆ, ਦਿਨ 'ਚ ਮੈਂ ਓਢਣੇ ਬਣਾਂ ਤੇ ਰਾਤ ਨੂੰ ਖਟੀਆ ਬਣਾਂ। ਆਉਣਾ ਜਦ ਵੀ ਕਿਸ਼ਤੀਆਂ ਇਸ ਹਿਕ 'ਤੇ ਤੈਰਨ ਲਈ ਸ਼ੂਕਦੇ ਪਾਣੀ ਤੋਂ ਝਟਪਟ ਰੇਤ ਦਾ ਦਰਿਆ ਬਣਾਂ। ਬੇਸਵਾ-ਗ਼ਮਨੀ ਜ਼ਹਿਨ ਦੀ ਹੈ ਕਾਨੂੰਨ ਜਿਸ ਜਗ੍ਹਾ ਦੇਰ ਕਿੰਨੀ ਹੋਰ ਮੈਂ ਅਹਿਸਾਸ ਦਾ ਮੁਜਰਾ ਬਣਾਂ। ਅੱਜ ਦੇ ਨਾਟਕ ਦਾ ਇੱਕ ਸੀਨ ਬਾਕੀ ਰਹਿ ਗਿਆ, ਆਪ ਹੀ ਮੁਜਰਿਮ ਬਣਾਂ ਮੈਂ ਆਪ ਹੀ ਫਤਵਾ ਬਣਾਂ।

ਤੇਰੇ ਰੇਤ ਹੋਏ ਦਰਿਆਵਾਂ ਵਿਚ

ਤੇਰੇ ਰੇਤ ਹੋਏ ਦਰਿਆਵਾਂ ਵਿਚ ਨਾ ਡੁੱਬ ਹੋਵੇ ਨਾ ਤਰ ਹੋਵੇ । ਤੇਰੀ ਮਿੱਟੀ ਹੋਈ ਮਤਰੇਈ ਦਾ ਨਾ ਦੋਸ਼ ਕਿਸੇ ਤੇ ਧਰ ਹੋਵੇ। ਹੱਥਾਂ ਤੇ ਕੰਡੇ ਉੱਗ ਆਏ ਛਾਂ ਪਿੰਡਿਆਂ ਦੀ ਅੱਗ ਲਾਉਂਦੀ ਹੈ, ਹੁਣ ਬੰਦਿਆਂ ਅਤੇ ਦਰਖ਼ਤਾਂ ਵਿਚ ਕੋਈ ਭੇਤ ਨਾ ਸਾਥੋਂ ਕਰ ਹੋਵੇ । ਉਸ ਰਿਸ਼ਤੇ ਦਾ ਕੀ ਨਾਂ ਰੱਖੀਏ ਉਸ ਬਸਤੀ ਨੂੰ ਕੀ ਕਹਿ ਸੱਦੀਏ, ਜਿੱਥੇ ਰੋਜ਼ ਤਿੜਕਦੇ ਹਨ ਰਿਸ਼ਤੇ ਤੇ ਨਿੱਤ ਉੱਜੜਦਾ ਘਰ ਹੋਵੇ। ਕਿਉਂ ਚੀਖਾਂ ਦੇ ਇਸ ਜੰਗਲ ਵਿਚ ਸਾਰਾ ਕੁਝ ਰਲ ਗੱਡ ਹੋਇਆ ਹੈ ਨਾ ਆਪਣੀ ਚੀਖ ਪਛਾਣ ਹੋਵੇ ਨਾ ਜੰਗਲ ਦਾ ਭੈਅ ਹਰ ਹੋਵੇ। ਇਹ ਪੀੜ ਕੇਹੀ ਜੋ ਹੱਥਾਂ ਤੇ ਲਿਖ ਹੋਣੀ ਕਿਧਰੇ ਖਿਸਕ ਗਈ ਇਸ ਪੀੜ ਦੀ ਹੈ ਤਾਸੀਰ ਕਹੀ ਨਾ ਮਰ ਹੋਵੇ ਨਾ ਜਰ ਹੋਵੇ। ਹਰ ਬੂਹੇ ਚਿੱਪਰਾਂ ਲੱਥੀਆਂ ਹਨ ਉੱਕਰੇ ਹਨ ਜ਼ਖ਼ਮ ਹਾਲਾਤਾਂ ਨੇ ਜੀਦ੍ਹੀ ਸਰਦਲ ਨਹੀਂ ਧੁਆਂਖ ਹੋਈ ਕੋਈ ਇਕ ਤਾਂ ਐਸਾ ਦਰ ਹੋਵੇ । ਕੀ ਗਾਲ੍ਹ ਦਿਆਂ ਉਨ੍ਹਾਂ ਪਿੱਪਲਾਂ ਨੂੰ, ਬੋਹੜਾਂ ਨੂੰ, ਬੁਢਿਆਂ ਬਿਰਖਾਂ ਨੂੰ ਜਿਨ੍ਹਾਂ ਕੋਲੋਂ ਮਰਦੀਆਂ ਚਿੜੀਆਂ ਲਈ ਇਕ ਹੌਕਾ ਤੱਕ ਨਾ ਭਰ ਹੋਵੇ । ਇਨ੍ਹਾਂ ਆਪ ਬਣਾਈਆਂ ਛੱਤਾਂ ਦੀ ਹੁਣ ਮਿੱਟੀ ਸਿਰ ਵਿਚ ਕਿਰਦੀ ਹੈ ਨਾ ਭੇਤ ਲੁਕਾਇਆਂ ਲੁਕ ਹੋਵੇ ਨਾ ਚੁੱਪ ਕੀਤਿਆਂ ਸਰ ਹੋਵੇ।

ਰੇਜ਼ਾ ਰੇਜ਼ਾ ਹੋ ਗਈ ਪੱਤੀ ਗੁਲਾਬ ਦੀ

ਰੇਜ਼ਾ ਰੇਜ਼ਾ ਹੋ ਗਈ ਪੱਤੀ ਗੁਲਾਬ ਦੀ । ਉਡਦੀ ਹੈ ਮਿੱਟੀ ਦੂਰ ਤੱਕ ਖਾਨਾ ਖਰਾਬ ਦੀ ਦੀ। ਕਿਸ 'ਤੇ ਗਿਲਾ ਕਰਾਂ ਮੈਂ ਕਿਸ ਤੇ ਉਜਰ ਕਰਾਂ, ਹਰਫ਼ਾਂ ਦੇ ਹੱਥੋਂ ਹੋ ਰਹੀ ਦੁਰਮਤ ਕਿਤਾਬ ਦੀ। ਲੱਕੜ ਹੈ ਚਿੱਟੇ ਮਹਿਲ ਦੀ ਸਰਦਲ ਦੇ ਨਾਲ ਦੀ ਕੱਟੀ ਹੈ ਜਿਸ ਤੇ ਰੱਖ ਕੇ ਗਰਦਣ ਉਕਾਬ ਦੀ। ਭੁੱਲਿਆ ਸਲੀਕਾ ਸ਼ਹਿਰ ਨੂੰ ਪੀਵਣ ਪਿਆਣ ਦਾ ਤੋੜੀ ਪਈ ਹੈ ਚੌਂਕ ਵਿਚ ਬੋਤਲ ਸ਼ਰਾਬ ਦੀ। ਬਲਦੇ ਸਿਵੇ ਦੇ ਬੁਝਣ ਤੱਕ ਸੂਰਜ ਦੇ ਚੜ੍ਹਨ ਤੱਕ ਛੇੜਾਂਗਾ ਮੈਂ ਹੀ ਦੇਖਣਾ ਸਰਗਮ ਰਬਾਬ ਦੀ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਬਲਬੀਰ ਆਤਿਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ