Anubhav : Balbir Atish

ਅਨੁਭਵ : ਬਲਬੀਰ ਆਤਿਸ਼



ਬਲਬੀਰ ਆਤਿਸ਼ ਦੀ ਹਰੇਕ ਕਵਿਤਾ ਮਨ ਦੇ ਵੱਖਰੇ ਮੌਸਮ ਦਾ ਸ਼ਬਦ-ਚਿਤਰ ਹੈ। ਇਨ੍ਹਾਂ ਮੌਸਮਾਂ ਦੀ ਹੋਂਦ ਤੇ ਇਨ੍ਹਾਂ ਦੀ ਵਿਵਿਧਤਾ ਇਸ ਗੱਲ ਦੀ ਗਵਾਹੀ ਹੈ ਕਿ ਉਸਦਾ ਸੰਵੇਦਨਸ਼ੀਲ ਮਨ ਲਗਾਤਾਰ ਅਹਿਸਾਸ ਤੇ ਸੋਚ ਦਾ ਸਫ਼ਰ ਕਰ ਰਿਹਾ ਹੈ।‘ਜ਼ਿੰਦਗੀ ਕਿਹੋ ਜਿਹੀ ਹੈ’ ਤੇ ‘ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ।' ਇਨ੍ਹਾਂ ਦੋਹਾਂ ਵਿਚਲਾ ਫ਼ਾਸਲਾ ਉਸ ਦੀ ਸ਼ਾਇਰੀ ਦੀ ਪ੍ਰਮੁੱਖ ਚਿੰਤਾ ਹੈ। –ਸੁਰਜੀਤ ਪਾਤਰ

ਬੇਦੀ

ਉਸ ਨੂੰ ਕੀ ਪਤਾ ਸੀ ਦਰੋਣਾ-ਚਾਰੀਆ ਇਥੇ ਵੀ ਆ ਬੈਠਿਆ ਹੈ, ਅਰਜੁਨ ਦੀ ਕਲਮ ਦਾ ਪਹਿਰੇਦਾਰ ਬਣ ਕੇ। ਉਹ ਤਾਂ ਐਵੇਂ ਮੂਰਤੀ ਦੀ ਬੇਦੀ ਸਾਹਮਣੇ ਅੰਗੂਠਾ ਕਟਵਾ ਬੈਠਿਆ ਮਹਾਭਾਰਤ ਕਾਲ ਦੀ ਗੁਰੂ ਦਕਸ਼ਿਣਾ ਸਮਝ ਕੇ। ਉਸਨੂੰ ਕੀ ਪਤਾ ਸੀ ਕਲਜੁਗ ਵਿਚ ਵੀ ਤਿਆਰ ਹੋਵੇਗੀ ਇਕ ਬੇਦੀ ਉਸ ਦੇ ਹੱਥ ’ਤੇ ਨਵਾਂ ਅੰਗੂਠਾ ਉੱਗਣ ਤੋਂ ਪਹਿਲਾਂ ਹੀ। ਫ਼ਰਕ ਸਿਰਫ ਐਨਾ ਹੋਵੇਗਾ, ਤੀਰ ਅੰਦਾਜ਼ੀ ਦੀ ਥਾਂ 'ਤੇ ਉਸਦੇ ਅੰਗੂਠੇ ਨੇ ਮੁਹਾਰਤ ਹਾਸਲ ਕਰ ਲਈ ਹੋਵੇਗੀ ਕਲਮ-ਕਾਰੀ ਦੀ। ਇਸ ਵਾਰ ਅੰਗੂਠਾ ਮਿੱਟੀ ਦੀ ਮੂਰਤੀ ਸਾਹਵੇਂ ਨਹੀਂ ਅਖ਼ਬਾਰ ਦੀ ਬੇਦੀ 'ਤੇ ਕਟਾਉਣਾ ਹੋਵੇਗਾ ਸੰਪਾਦਕੀ ਲਿਖਣ ਤੋਂ ਪਹਿਲਾਂ। ਨਵਾਂ ਅੰਗੂਠਾ ਉੱਗਣ ਤੋਂ ਪਹਿਲਾਂ ਹੀ ਤਿਆਰ ਕਰ ਰਿਹਾ ਹੋਵੇਗਾ, ਇਕ ਹੋਰ ਬੇਦੀ, ਸੰਸਦ ਭਵਨ ਦਾ ਦਰੋਣਾਚਾਰੀਆ।

ਜੰਗਲ, ਕਲਮ ਤੇ ਪਿੱਪਲ

ਮੇਰੇ 'ਚੋਂ ਜੰਗਲ ਨੇ ਇਕ ਕਲਮ ਘੜੀ ਮੇਰੀ ਕਿਸਮਤ ਲਿਖ ਦਿੱਤੀ। ਲਿਖਤ ਨੂੰ ਪੜ੍ਹਨਾ ਤਾਂ ਇਕ ਪਾਸੇ ਰਿਹਾ ਉਸਨੂੰ ਮੇਰਾ ਸਿਰ ਨਿਵਾਉਣਾ ਵੀ ਵਰਜਿਤ ਕਰਾਰ ਦੇ ਦਿੱਤਾ ਗਿਆ। ਮੈਂ ਜੰਗਲ ਦੀ ਇਕ ਨੁੱਕਰੇ ਪਿਆਸ ਬੁਝਾਉਣ ਲਈ ਖੂਹ ਪੁੱਟ ਕੇ ਹੀ ਹੱਟਿਆ ਸੀ ਖੂਹ ਦੀ ਮੌਣ ਵਿਚੋਂ ਇਕ ਪਿੱਪਲ ਉੱਗ ਆਇਆ— ਖੂਹ ਦੇ ਪਾਣੀ 'ਚ ਡੋਲ ਫਰਾਉਣ ਲੱਗਾ ਪਿੱਪਲ ਦੇ ਦੋਵੇਂ ਟਾਹਣਿਆਂ ਨੇ ਆਪਣੇ ਹੱਥ ਵਧਾ ਕੇ ਲੱਜ ਖੋਹ ਲਈ। ਪਿੱਪਲ ਸਾਰੇ ਦਾ ਸਾਰਾ ਖੂਹ ਇਕੋ ਡੀਕ ਲਾ ਕੇ ਪੀ ਗਿਆ। ਮੇਰੇ ਲਈ ਜੰਗਲ ਦੇ ਹਰੇਕ ਪਿੱਪਲ ਲਈ ਇਕ ਖੂਹ ਪੁੱਟਣ ਦਾ ਹੁਕਮ ਸਾਦਰ ਕਰ ਦਿੱਤਾ ਗਿਆ।

ਬੱਚੇ ਦਾ ਸੁਪਨਾ

ਬੱਚੇ ਨੂੰ ਹਮੇਸ਼ਾ ਗੁਆਚੀ ਹੋਈ ਕਿਤਾਬ ਦਾ ਹੀ ਸੁਪਨਾ ਕਿਉਂ ਆਉਂਦਾ ਹੈ ? ਸੁਪਨਾ ਆਉਣ ਤੋਂ ਪਹਿਲਾਂ ਸਿਆਹੀ ਦੀ ਸਾਰੀ ਦੀ ਸਾਰੀ ਦਵਾਤ ਫੱਟੀ 'ਤੇ ਡੁਲ੍ਹ ਚੁੱਕੀ ਹੁੰਦੀ ਹੈ। ਟੁੱਟ ਚੁੱਕੀ ਹੁੰਦੀ ਹੈ ਕਲਮ ਦੀ ਨੋਕ। ਗੱਲ੍ਹ ਤੇ ਸੂਹਾ ਡੋਲ੍ਹ ਜਾਣ ਤੋਂ ਪਹਿਲਾਂ ਬੱਚਾ ਚਰਾਂਦਾਂ 'ਚ ਨਿਕਲ ਜਾਂਦਾ ਹੈ ਡੰਗਰ ਚਾਰਨ ਲਈ। ਬਲੈਕ ਬੋਰਡ ਅਤੇ ਸਫ਼ੈਦ ਚਾਕ ਅਜੇ ਵੀ ਉਸ ਦਾ ਪਿੱਛਾ ਕਰ ਰਹੇ ਹੁੰਦੇ ਨੇ ਬਾਪੂ ਦੀ ਸੋਟੀ ਬਣ ਕੇ । ਕਿੰਨਾ ਧਰਵਾਸ ਦਿੰਦੀ ਹੈ ਭਿੰਦਰੋ ਦੀਆਂ ਬਲੌਰੀ ਅੱਖਾਂ 'ਚੋਂ ਝਾਕਦੀ ਗੁਲਾਬੀ ਭਾਅ ਮਾਰਦੀ ਮੁਸਕਣੀ— ਆਖਦੀ ਚੱਲ ਛੱਡ ਆ— ਆਪਾਂ ਘਰ-ਘਰ ਖੇਡੀਏ। ਅੱਖ ਖੁਲ੍ਹਣ ਤਕ ਉਸਦੇ ਹੱਥ ਟਰੱਕ ਦੇ ਸਟੇਅਰਿੰਗ 'ਤੇ ਹੁੰਦੇ ਹਨ ਚੌਕ ਵਿਚ ਖੜਾ ਟਰੈਫ਼ਿਕ ਦਾ ਸਿਪਾਹੀ ਮਾਰ ਰਿਹਾ ਹੁੰਦੈ ਸੀਟੀ।

ਮੈਨੂੰ ਜਦ ਕਵਿਤਾ ਲੱਭੀ

ਮੈਨੂੰ ਜਦ ਕਵਿਤਾ ਲੱਭੀ ਮਸਤਕ ਦੇ ਵਿਚ ਆਸ-ਵਿਹੂਣਾ ਰੁੱਖ ਨਿਪੱਤਰਾ ਉੱਗ ਆਇਆ ਹੈ। ਅੱਖਾਂ ਦੇ ਸਭ ਸੰਦਲੀ ਸੁਪਨੇ ਕੋਹਰਾਈਆਂ ਰਾਤਾਂ ਦੀ ਸੂਲੀ ਚੜ੍ਹ ਚੁੱਕੇ ਹਨ। ਮੇਰੇ ਵਿਚਲਾ ਸਾਲਮ ਬੰਦਾ ਅੱਧ-ਪਚੱਧਾ ਰਹਿ ਚੁੱਕਿਆ ਹੈ। ਚੋਵਣ ਲੱਗੀਆਂ ਸਿਰ ਦੀਆਂ ਛੱਤਾਂ ਖ਼ਾਬਾਂ ਦੀ ਮੁੱਕ ਚੱਲੀ ਪੈਲੀ। ਮੈਨੂੰ ਜਦ ਕਵਿਤਾ ਲੱਭੀ ਕਲਮ 'ਚੋਂ ਸਿਆਹੀ ਮੁੱਕ ਚੁੱਕੀ ਹੈ ਖ਼ਾਲੀ ਪਈ ਦਵਾਤ ਘੂਰਦੀ ਕਮਰੇ ਦੇ ਵਿਚ ਖਿੰਡਰੇ ਵਰਕੇ। ਬਿਟ ਬਿਟ ਤੱਕੇ ਬਾਰੀ ਵਿਚੋਂ ਸਿਖਰ ਦੁਪਹਿਰੇ ਭਰ ਜੋਬਨ 'ਤੇ ਆਇਆ ਹੋਇਆ ਬੌਗਨ-ਵਿਲੀਆ। ਬੇਹਰਕਤ ਕੁਰਸੀ 'ਤੇ ਬੈਠਾ ਗੁੰਮ ਸੁੰਮ ਜਿਹਾ ਸੋਚ ਰਿਹਾ ਮੈਂ ਇਸ ਕਵਿਤਾ ਨੂੰ ਕਿੱਥੇ ਸਾਂਭਾਂ— ਦਿਲ ਵਿਚ ਡੋਬਾਂ ਹੱਥ ਦੀਆਂ ਉਂਗਲਾਂ ਭਰ ਦੇਵਾਂ ਕਮਰੇ ਦੀਆਂ ਕੰਧਾਂ ਮਸਾਂ ਮਸਾਂ ਹੈ ਕਵਿਤਾ ਲੱਭੀ।

ਯਕਸ਼ੀ

ਯਕਸ਼ੀ ਇਕ ਅੰਗੜਾਈ ਲੈ ਚੱਲ ਪੈਣ ਧਰਤੀ ਦੇ ਪਹੀਏ ਸ਼ੀਸ਼ਾ ਵੇਖ ਤੇ ਜੁੜ ਜਾਵਣ ਸਭ ਅੱਖਾਂ ਦੇ ਤਿੜਕੇ ਸ਼ੀਸ਼ੇ ਤੂੰ ਹੈਂ ਸਰਬ ਗਿਆਤਾ ਤੇਰੇ ਮਸਤਕ ਦੇ ਵਿਚ ਬਲਦੇ ਸੂਰਜ ਤੇਰੇ ਹੀ ਪਏ ਸਦਕੇ ਲਾਹਵਣ। ਮੇਰਿਆਂ ਹੱਥਾਂ ਦੇ ਵਿਚ ਯਕਸ਼ੀ ਬਿਜਲੀ ਦੀ ਇਕ ਖੜਗ ਫੜਾ ਦੇ ਮੇਰੇ ਜਿਸਮ ਦਾ ਇੱਕ ਹਿੱਸਾ ਉਤੇਜਕ ਹੋਇਆ ਉਸ ਦਾ ਕਤਲ ਜ਼ਰੂਰੀ ਹੋਇਆ ਮੇਰੇ ਵਿਚ ਯੱਖ਼ ਠੰਡੀ ਟੀਸੀ ਦੇ ਕਾਰਨ। ਯਕਸ਼ੀ ਜ਼ੁਲਫ ਵਰੋਲ ਜ਼ਰਾ ਤੂੰ ਬਰਸਣ ਸਾਰੇ ਮੇਘ ਭਟਕਦੇ ਇਕ ਬੂੰਦ ਨੂੰ ਤਰਸ ਰਿਹਾ ਮੈਂ ਦੂਜੀ ਨੂੰ ਮੇਰਾ ਪਿੰਡਾ ਤਰਸੇ ਯਕਸ਼ੀ ਇਕ ਅੰਗੜਾਈ ਲੈ ਚੱਲ ਪੈਣ ਮੇਰੇ ਪੈਰ ਖਲੋਤੇ।

ਵਿੱਥ

ਮੈਥੋਂ ਇਕ ਵਰਛੀ ਦੀ ਵਿਥ 'ਤੇ ਖੜੋ ਮੇਰੇ ਹੱਥ ਵਿਚ ਇਕ ਅੱਗ ਦਾ ਗੋਲਾ ਹੈ ਤੇ ਅੱਖਾਂ ਵਿਚ ਤਮਾਮ ਉਮਰ ਜਾਗਦੀ ਰਹਿਣ ਦਾ ਸੁਪਨਾ ਮੈਂ ਜਦੋਂ ਚਮੇਲੀ ਦੀ ਖ਼ੁਸ਼ਬੂ ਬਣ ਕੇ ਲੰਘੀ ਸੀ ਮੇਰੇ ਪੈਰਾਂ ਦੀਆਂ ਪਾਤਲੀਆਂ ਪਾਟ ਗਈਆਂ ਸਨ ਹੁਣ ਜਦੋਂ ਕਿਸੇ ਅੰਬ 'ਤੇ ਬੂਰ ਬਣ ਕੇ ਖਿੜਾਂਗੀ ਪਾਟ ਜਾਣਗੀਆਂ ਮੇਰੀਆਂ ਛਾਤੀਆਂ ਵੀ ਮੈਂ ਦੂਰ ਤਕ ਉੱਡਦੀ ਤਿੱਤਲੀ ਦੇ ਖੰਭਾਂ ਦਾ ਨਿਰਵਾਣ ਹੋ ਜਾਣ ਦੇ ਕਾਬਿਲ ਹੋ ਜਾਵਾਂਗੀ ਮੈਥੋਂ ਇਕ ਵਰਛੀ ਦੀ ਵਿਥ 'ਤੇ ਰਹੋ ਅਜੇ ਗੰਗਾ ਦੀ ਡਿਓਢੀ ਵਿਚ ਨਹਾਉਣ ਜਾਣਾ ਹੈ ਫੇਰ ਸੂਰਜ ਨੂੰ ਕਰਨੀ ਹੈ ਨਮਸਕਾਰ ਇਕ ਹੋਰ ਕਰਣ ਦੀ ਜਨਮਦਾਤੀ ਬਣਨ ਲਈ।

ਸ਼ੱਕ

ਜੇ ਮੇਰਾ ਸਿਰ ਹੁੰਦਾ ਤਾਂ ਧੜ ਨਾਲੋਂ ਅਲੱਗ ਨਹੀਂ ਹੋ ਸਕਦਾ ਸੀ। ਜੇ ਬਾਂਹਾਂ ਮੇਰੀਆਂ ਆਪਣੀਆਂ ਹੁੰਦੀਆਂ ਤਾਂ ਇਕ ਦੂਜੀ ਨੂੰ ਕਿਉਂ ਕੱਟਦੀਆਂ। ਜੇ ਮੇਰੇ ਹੱਥ ਮੇਰੇ ਆਪਣੇ ਹੁੰਦੇ ਤਾਂ ਇਕ ਦੂਜੇ ਦੇ ਨਹੁੰਆਂ 'ਚੋਂ ਮਾਸ ਨਾ ਉਚੇੜਦੇ। ਆਪਣੇ ਆਪ 'ਤੇ ਸ਼ੱਕ ਕਰਨ ਬਿਨਾਂ ਹੁਣ ਕੋਈ ਚਾਰਾ ਨਹੀਂ।

ਪਾਟਦੀ ਜਾ ਰਹੀ ਨਦੀ

ਕਿਨਾਰਿਆਂ 'ਤੇ ਖੜੋਤੇ ਰੁੱਖ ਡਿੱਗ ਰਹੇ ਹਨ ਢਹਿ ਢੇਰੀ ਹੋ ਰਹੇ ਹਨ ਝੌਂਪੜੀਆਂ ਅਤੇ ਮਕਾਨ। ਬਹੁਤ ਖ਼ੁਸ਼ ਹੈ ਨਦੀ ਵਿਚ ਤੈਰਦੀ ਕਿਸ਼ਤੀ ਉੱਪਰ ਝੁੱਲਦਾ ਇਕ ਬਾਦਬਾਨ ਆਪਣੇ ਦ੍ਰਿੜ੍ਹ ਇਰਾਦੇ ਉੱਪਰ। ਲਗਾਤਾਰ ਪਾਟਦੀ ਜਾ ਰਹੀ ਹੈ ਨਦੀ ਦੀ ਛਾਤੀ ਏਕਤਾ ਅਤੇ ਅਖੰਡਤਾ ਵਾਂਗ।

ਆਪਣੇ ਅੰਦਰ ਖੁੱਲ੍ਹਦੀ ਬਾਰੀ

ਕਿੰਨਾ ਕੁਝ ਲੈ ਆਉਂਦੀ ਹੈ ਅੰਦਰ ਆਪਣੇ ਅੰਦਰ ਖੁੱਲ੍ਹਦੀ ਬਾਰੀ। ਦਰਵਾਜ਼ੇ 'ਚੋਂ ਤਾਂ ਅੰਦਰ ਬਾਹਰ ਲੰਘਿਆ ਜਾ ਸਕਦਾ ਹੈ ਬਿੜਕ ਸੁਣੇ ਤਾਂ ਇੰਝ ਲੱਗਦਾ ਹੈ ਆਪਣਾ ਜਾਂ ਪਰਾਇਆ ਕੋਈ ਦਸਤਕ ਦੇਵੇ ਦਸਤਕ ਕੋਈ ਸੁਨੇਹਾ ਵੀ ਹੋ ਸਕਦੀ ਲਹੂ ਲਿਬੜਿਆ ਖਾ ਖੰਜਰ ਵੀ। ਬਾਰੀ 'ਚੋਂ ਤਾਂ ਨਿਰਛਲ ਨਿਰਛਲ ਚੰਨ ਝਾਕਦੇ ਤਾਰੇ ਟਿਮਕਣ ਜਾਂ ਫਿਰ ਸੂਰਜ ਚਾਨਣ ਦਾ ਹੋਕਾ ਦੇਵਣ ਆਵੇ ਜਾਂ ਕੋਈ ਸੰਦਲੀ ਜ਼ੁਲਫ਼ ਸੁਗੰਧੀ ਘਰ ਦੇ ਅੰਦਰ ਛਿੜਕਣ ਆਵੇ ਹੱਥ ਮਮੋਲਿਆਂ ਵਰਗੇ ਬਾਰੀ 'ਚੋਂ ਹੱਥਾਂ ਨੂੰ ਹੀ ਜੱਫੀਆਂ ਪਾਵਣ । ਜਿਸਮਾਂ ਦੀ ਦੁਰਗੰਧ 'ਚੋਂ ਜਿਹੜੇ ਅਕਸਰ ਫੁੱਲ ਕਮਲਾ ਜਾਂਦੇ ਨੇ ਬਾਰੀ ਦੇ ਗਮਲੇ ਵਿਚ ਉੱਗਦੇ। ਬਾਰੀ 'ਚੋਂ ਜੋ ਝਾਕਣ ਅੱਖਾਂ ਡੋਲ੍ਹਣ ਮਧ ਦੇ ਭਰੇ ਪਿਆਲੇ ਬੂਹੇ ਵਿਚੋਂ ਲੰਘਣ ਵੇਲੇ ਉਹੀਓ ਨਜ਼ਰ ਦੁਸਾਂਗਾਂ ਡੰਗ ਹੈ। ਕਿੰਨਾ ਕੁਝ ਲੈ ਆਉਂਦੀ ਅੰਦਰ ਆਪਣੇ ਅੰਦਰ ਖੁੱਲ੍ਹਦੀ ਬਾਰੀ ਵਿਹੜੇ ਵਿਚ ਹੀ ਛਿਣਕ ਜੋ ਆਉਂਦੀ ਖ਼ਤ ਸਾਰੇ ਹੀ ਵਿਭਚਾਰੀ ਕੂਲੇ ਕੂਲੇ ਸ਼ਬਦ ਛਾਂਟਦੀ ਬਾਰੀ ਵਿਚ ਟੰਗੀ ਫੁਲਕਾਰੀ ਵੇਲਾਂ ਦੇ ਵਿਚ ਲਿਪਟੇ ਚੁੰਮਣ ਕਾਰਨਸ 'ਤੇ ਰੱਖ ਆਉਂਦੀ ਹੈ ਰਹੇ ਝਾੜਦੀ ਕੰਧ 'ਤੇ ਟੰਗੀ ਫੋਟੋ ਵਿਚੋਂ ਸਮਿਆਂ ਦੀ ਸਭ ਗਰਦ ਗੁਬਾਰੀ। ਲਹੂ ਲਿਬੜੀ ਹਰ ਦਸਤਕ ਲਈ ਵਰਜਿਤ ਹੈ ਮੇਰੇ ਆਪਣੇ ਅੰਦਰ ਖੁਲ੍ਹਦੀ ਬਾਰੀ।

ਸਾਧਨ, ਹਥਿਆਰ ਤੇ ਸ਼ਿਕਾਰ

ਰੰਗੀਲਾ ਦਸਤਰਖਾਨ ਵਿਛਿਆ ਮੈਂ ਤੇਰੇ ਸਾਹਮਣੇ। ਆ ! ਲਾਹ ਪੈਰਾਂ 'ਚੋਂ ਜੁੱਤੀ ਬੈਠ ਜਾ ਮੇਰੇ ਇਸ ਰੰਗੀਨ ਪਿੰਡੇ 'ਤੇ। ਉਂਝ ਤੇਰੇ ਪੈਰਾਂ 'ਚ ਪਾਈ ਜੁੱਤੀ ਵੀ ਮੈਂ ਹੀ ਹਾਂ ਮੇਰੇ ਪ੍ਰਭੂ ਜੀ ਕਰੇ ਲਾਹ ਜਾਂ ਸਣੇ ਜੁੱਤੀ ਹੀ ਤੂੰ ਬੈਠ ਜਾ । ਹੱਥ ਵਧਾ ਤੇ ਚੁੱਕ ਜਰਾ ਸੁਰਾਹੀ ਵੀ ਮੈਂ ਹੀ ਹਾਂ ਸੁਰਾਹੀ ਵਿਚਲੀ ਮਦਿਰਾ ਵੀ ਮੈਂ। ਮੈਂ ਤੇਰੀਆਂ ਅੱਖਾਂ ਦੀ ਲਾਲੀ ਜਾੜ੍ਹਾਂ ਦੇ ਵਿਚ ਪਿਸ ਰਹੀ ਬੋਟੀ ਵੀ ਮੈਂ। ਜੀ ਕਰੇ ਉਸ ਨੂੰ ਵੀ ਚਬਾ ਜਾ ਬੋਟੀ ਦੇ ਵਿਚ ਰੜਕਦੀ ਹੱਡੀ ਵੀ ਮੈਂ। ਮੈਂ ਤੇਰੇ ਜਿਸਮ ਲਈ ਤਾਕਤ ਦਾ ਇਕ ਸਾਧਨ ਮਾਤਰ ਮੇਰੀਆਂ ਜ਼ੁਲਫ਼ਾਂ ਥੀਂ ਖੇਡ ਚਾਹੇ ਪੱਟਾਂ 'ਤੇ ਲੇਟ। ਮੈਂ ਤੇਰੀ ਕਮਰ ਨਾਲ ਲਟਕਦੀ ਤਲਵਾਰ ਹਾਂ ਤੇਰੇ ਘੋੜੇ ਦਿਆਂ ਖੁਰਾਂ ਹੇਠ ਲੱਗੀ ਹੋਈ ਲੋਹੇ ਦੀ ਖੁਰੀ ਸੂਤ ਮੈਨੂੰ ਮਿਆਨ 'ਚੋਂ ਸੀਸ ਮੇਰਾ ਹੀ ਕਰ ਕਲਮ। ਮੈਂ ਤੇਰੇ ਹੱਥ 'ਚ ਫੜਿਆ ਕਮਾਨ ਹਾਂ ਤਰਕਸ਼ 'ਚ ਟੰਗਿਆ ਤੀਰ ਮੈਂ ਹੀ। ਕਮਾਨ ਨੂੰ ਚਿੱਲੇ ਚੜ੍ਹਾ ਤੀਰ ਨੂੰ ਤੂੰ ਖਿੱਚ ਜ਼ਰਾ ਮੱਛਲੀ ਦੀ ਅੱਖ ਫੁੰਡ ਮੈਂ ਹੀ ਮੱਛਲੀ ਹਾਂ ਤੇ ਅੱਖ ਮੱਛਲੀ ਦੀ ਮੈਂ ਹੀ। ਬਾਰੂਦ ਦਾ ਇਕ ਢੇਰ ਹਾਂ ਮੈਂ ਆ ਮੈਨੂੰ ਤੀਲੀ ਵਿਖਾ ਮੈਂ ਤੇਰਾ ਹਥਿਆਰ ਹਾਂ। ਮੈਂ ਹੀ ਜੰਗਲ ਹਾਂ ਤੇਰਾ ਮੈਂ ਤੇਰਾ ਹਾਂ ਸ਼ਿਕਾਰ ਆ ! ਮੇਰੇ ਜੰਗਲ 'ਚ ਆ ਮੇਰਾ ਕਰ ਤੂੰ ਸ਼ਿਕਾਰ ਦੂਰ ਤਕ ਉੱਗੇ ਖੜ੍ਹੇ ਸਭ ਦੇਵਦਾਰ ਆ ਤੂੰ ਕਰਦੇ ਤਾਰ ਤਾਰ ਸਾਧਨ ਮੈਨੂੰ ਬਣਾ, ਮੈਨੂੰ ਹੀ ਬਣਾ ਹਥਿਆਰ ਮੇਰਾ ਹੀ ਕਰ ਸ਼ਿਕਾਰ। ਮੈਂ ਹਾਂ ਤੇਰਾ ਦੇਣਦਾਰ।

ਅਗਨੀ ਹਵਾ ਤੇ ਆਕਾਸ਼

ਹੇ ਸੂਰਜ ਮੈਨੂੰ ਭੋਰਾ ਕੁ ਚਿਣਗ ਦੇ ਮੈਂ ਅਗਨੀ ਬਣ ਜਾਵਾਂ ਨਿਰੰਤਰ ਮੱਚਣ ਲਈ ਭੜਕਣ ਲਈ, ਬਣਨ ਲਈ ਦਾਵਾਨਲ ਮੇਰੇ ਅੰਦਰ ਅਤੇ ਬਾਹਰ ਉੱਗ ਆਏ ਨੇ ਕੰਡੇ ਮੈਂ ਲੋਚਦਾ ਹਾਂ ਸੜਨ ਲਈ ਸਾੜਨ ਲਈ ਆਪਣਾ ਅੰਦਰ ਅਤੇ ਬਾਹਰ। ਹੇ ਜੰਗਲ ਮੈਨੂੰ ਹਵਾ ਦਾ ਘੁਟ ਦਿਓ ਮਦਿਰਾ ਦੇ ਵਾਂਗ ਪੀਵਣ ਲਈ ਮੇਰਾ ਦਮ ਘੁਟ ਰਿਹਾ ਹੈ ਫੈਲ ਗਿਆ ਹੈ ਮੇਰੇ ਅੰਦਰ ਅਤੇ ਬਾਹਰ ਧੂੰਆਂ ਹੀ ਧੂੰਆਂ। ਮੇਰੇ ਨਿੱਸਲ ਪਏ ਅੰਗਾਂ ਨੂੰ ਲੋੜ ਹੈ ਇਕ ਘੁੱਟ ਹਵਾ ਦੀ। ਹੇ ਪ੍ਰਭੂ ਮੈਨੂੰ ਇਕ ਟੋਟਾ ਆਕਾਸ਼ ਦਿਓ ਸਿਰ ਢਕਣ ਲਈ ਨਗਨ ਅੰਗਾਂ ਨੂੰ ਕੱਜਣ ਲਈ ਅਲਫ਼ ਨੰਗਾ ਪਿਆ ਹਾਂ ਮੈਂ ਤਾਰਕੋਲ ਦੀ ਸੜਕ ਦਰਮਿਆਨ ਮੈਨੂੰ ਇਕ ਟੋਟਾ ਆਕਾਸ਼ ਦਿਓ ਓਢਣ ਲਈ ਆਪਣਾ ਆਪ ਇਕ ਟੋਟਾ ਅਸਮਾਨ ਓਢ ਕੇ ਮੈਂ ਜਾਣਾ ਹੈ ਅਗਨੀ ਤਕ ਮੇਰਾ ਦਮ ਘੁਟ ਰਿਹਾ ਹੈ— ਮੈਂ ਪਹੁੰਚਣਾ ਹੈ ਹਵਾ ਤਕ ।

ਕਵਿਤਾ

ਹੱਥਾਂ ਦਾ ਨਿੱਘ ਅਵਾਰਾ ਗਧਿਆਂ ਦੇ ਢਹੇ ਚੜ੍ਹੀ ਫਿਰਦਾ ਹੈ ਚਾਨਣੀਆਂ ਰਾਤਾਂ ਵਿਚ ਛੱਤ ’ਤੇ ਸੌਣ ਨੂੰ ਚਿੱਤ ਨਹੀਂ ਕਰਦਾ ਰਿਸ਼ਤਿਆਂ ਵਿਚਲਾ ਮੋਹ ਟੀ.ਵੀ. ਸੀਰੀਅਲ ਤੋਂ ਵਧ ਕੁਝ ਨਹੀਂ ਰਹਿ ਗਿਆ ਸਮਾਚਾਰ—ਰੇਡੀਓ-ਅਖ਼ਬਾਰ ਉਦਾਸ ਪਲਾਂ ਦਾ ਦਾਰੂ ਰਹਿ ਗਏ ਜਾਪਦੇ ਹਨ।

ਸ਼ਾਇਦ

ਬਹੁਤ ਔਖਾ ਹੈ ਇਸ ਗਿਜਗਿਜੀ ਗਲੀ ਵਿਚੋਂ ਗੁਜ਼ਰਨਾ ਤੇਰੇ ਬਿਨਾਂ। ਇਸ ਗਲੀ ਵਿਚ ਮਰੇ ਹੋਏ ਪੁੱਤਰਾਂ ਦੀਆਂ ਪੱਗਾਂ ਵਲੇਟੀਆਂ ਹਨ। ਖੰਮਣੀਆਂ ਟੰਗੀਆਂ ਠੂਠੀਆਂ ਨੂੰ। ਇਕ ਮੁੱਦਤ ਤੋਂ ਤਰਸਦੀਆਂ ਹਨ ਝੁਲਸੀਆਂ ਛੱਤਾਂ ਦੀਆਂ ਕੜੀਆਂ।

ਆਦਮੀ ਨੂੰ ਕੁਝ ਨਹੀਂ ਮਿਲੇਗਾ

ਦੂਰ ਤਕ ਭੀੜ ਵੀ ਹੋਵੇਗੀ ਨਾਅਰੇ ਵੀ ਹੋਵਣਗੇ ਦੰਗਾ ਅਤੇ ਫ਼ਸਾਦ ਵੀ ਹੋਵੇਗਾ ਆਦਮੀ ਦੇ ਨਾਂ ਤੇ ਆਦਮੀ ਨੂੰ ਕੁਝ ਨਹੀਂ ਮਿਲੇਗਾ। ਦਰਵਾਜ਼ੇ ਵਿਚ ਉਡੀਕਦੀ ਪਤਨੀ ਵੀ ਹੋਵੇਗੀ ਬੱਚੇ ਵੀ ਆਪਣਾ ਹੋਮ ਵਰਕ ਕਰ ਰਹੇ ਹੋਣਗੇ ਚੁੱਲ੍ਹਾ ਵੀ ਗਰਮ ਹੋਵੇਗਾ ਤੁਸੀਂ ਪੁੱਛੋਗੇ ਕਿਸ ਲਈ ? ਜਵਾਬ ਹੋਵੇਗਾ–ਆਦਮੀ ਲਈ। ਆਦਮੀ ਲਈ ਕੁਝ ਨਹੀਂ ਹੋਵੇਗਾ। ਅਖ਼ਬਾਰ ਦੀ ਪਹਿਲੀ ਸੁਰਖ਼ੀ ਕਹਿਣ ਲਈ ਆਦਮੀ ਲਈ ਹੋਵੇਗੀ ਕਿਸ਼ਤੀ ਵਿਚ ਡੁੱਬ ਕੇ ਮਰੇ ਵੀ ਆਦਮੀ ਹੋਣਗੇ ਹੜ੍ਹ ਹੋਵੇਗਾ ਤੂਫ਼ਾਨ ਹੋਵੇਗਾ ਤੂਫ਼ਾਨ ਵਿਚ ਮਾਰੇ ਇਲਾਕਿਆਂ ਲਈ ਰਾਹਤ ਦਾ ਐਲਾਨ ਹੋਵੇਗਾ ਕਿਸ਼ਤੀ ਵਿਚ ਡੁੱਬ ਕੇ ਮਰੇ ਬੰਦਿਆਂ ਲਈ ਇਵਜ਼ਾਨੇ ਦੀ ਖ਼ਬਰ ਹੋਵੇਗੀ ਪਰ ਆਦਮੀ ਨੂੰ ਕੁਝ ਨਹੀਂ ਮਿਲੇਗਾ। ਆਦਮੀ ਜੋ ਆਦਿ ਕਾਲ ਤੋਂ ਇਕ ਟੋਟਾ ਜ਼ਮੀਨ ਅਤੇ ਇਕ ਕਿਰਨ ਸੂਰਜ ਮੰਗਦਾ ਹੈ।

ਰਿਸ਼ਤਾ

ਜਾ ਕਵਿਤਾ ਪਰਵਾਨ ਨਹੀਂ ਇਹ ਕੋਰੇ ਕਾਗ਼ਜ਼ ਵਰਗਾ ਤੇਰਾ ਰਿਸ਼ਤਾ ਮੈਨੂੰ ਜਾਂ ਤੂੰ ਮੇਰੇ ਬਾਪੂ ਵਰਗਾ ਕਿੱਕਰ ਦਾ ਕੋਈ ਮੁੱਢ ਹੀ ਬਣ ਜਾ ਕੱਕਰੀਆਂ ਰਾਤਾਂ ਵਿਚ ਜਿਹੜਾ ਸੇਕ ਤਾਂ ਭੋਰਾ ਦੇ ਸਕਦਾ ਹੈ ਜਾਂ ਬਣ ਜਾ ਤੂੰ ਮਾਂ ਹੀ ਮੇਰੀ ਗਾਲ੍ਹ ਕਿਸੇ ਬਦਬਖ਼ਤ ਲਮਹੇ ਦੀ ਸਾਰੇ ਪਿੰਡ ਨੂੰ ਕੱਢੀ ਹੋਈ। ਤੂੰ ਮੇਰੇ ਪੁੱਤ ਵਰਗੀ ਬਣ ਜਾ ਜਿਸ ਦੇ ਹੱਥ ਵਿਚ ਅਗਨੀ ਸ਼ਸਤਰ ਗਲ ਵਿਚ ਖੁੱਲ੍ਹਿਆ ਹੋਇਆ ਸਾਫ਼ਾ ਜਾਂ ਬਣ ਜਾ ਮੇਰੀ ਧੀ ਵਰਗੀ ਤੂੰ ਜਣੇ ਖਣੇ ਦੀ ਟਿੱਚਰ ਵਰਗੀ। ਤੇਰਾ ਕੋਰੇ ਕਾਗ਼ਜ਼ ਵਰਗਾ ਰਿਸ਼ਤਾ ਨਹੀਂ ਪ੍ਰਮਾਣਿਤ ਰਿਸ਼ਤਾ ਇਕ ਵਿੱਥ 'ਤੇ ਕੁੜੀਆਂ ਵਾਂਗਰ ਗੱਲਾਂ ਕਰਦੇ ਟੁਰਦੇ ਜਾਣਾ। ਇਸ ਰਿਸ਼ਤੇ 'ਚੋਂ ਬੂ ਨਹੀਂ ਆਉਂਦੀ ਮੈਨੂੰ ਰਿਸ਼ਤੇਦਾਰੀ ਵਰਗੀ ਨਾ ਇਸ ਵਿਚ ਕੋਈ ਨਿੱਘ ਹੀ ਲੱਗਦੈ ਕਿਸੇ ਸਿਵੇ ਦੀ ਬੁੱਕਲ ਵਰਗਾ। ਜੇ ਤੂੰ ਬਣਨਾ ਕਵਿਤਾ ਬਣ ਜਾ ਜਾਂ ਫਿਰ ਮੇਰਾ ਖਹਿੜਾ ਛੱਡ ਦੇ।

ਰੰਗਾਂ ਦਾ ਇਲਮ

ਓਦੋਂ ਤਕ ਵੀ ਰੰਗਾਂ ਦਾ ਇਲਮ ਨਹੀਂ ਸੀ ਮੈਨੂੰ ਚੰਨ ਦੀ ਚਾਨਣੀ ਦਾ ਰੰਗ ਵੀ ਚਰਖੇ ਤੇ ਗੋਹੜੇ ਕੱਤਦੀ ਬੱਗੀ ਪੂਣੀ ਹੋਈ ਮੇਰੀ ਦਾਦੀ ਵਰਗਾ ਸੀ। ਰੰਗਾਂ ਦਾ ਓਦੋਂ ਵੀ ਪਤਾ ਨਹੀਂ ਲੱਗਿਆ ਜਦੋਂ ਕਿਸੇ ਨਿਲੰਬਰੀ 'ਚੋਂ ਡੋਲ੍ਹ ਗਈ ਕੋਈ ਕੁੜੀ ਕਪਾਹ ਰੰਗੀ ਪਿਚਕਾਰੀ। ਹੁਣ ਕਿਤੇ ਜਾ ਕੇ ਪਤਾ ਲੱਗਾ ਹੈ ਰੰਗਾਂ ਦਾ ਜਦੋਂ ਸੜਕ ’ਤੇ ਲਹੂ ਦਾ ਦਰਿਆ ਵਗਦਾ ਹੈ ਹਰੇਕ ਖੰਭੇ 'ਤੇ ਬੀੜੀ ਹੋਈ ਹੈ ਬੰਦੂਕ ਬੰਦੂਕ ਦੇ ਘੋੜੇ ਉੱਪਰਲੇ ਹੱਥਾਂ ਅੰਦਰ ਕਾਲੇ ਰੰਗ ਦਾ ਲਹੂ ਦੌੜ ਰਿਹਾ ਹੈ।

ਮੁੜ ਜਦੋਂ

ਮੁੜ ਜਦੋਂ ਇਤਿਹਾਸ ਲਿਖਿਆ ਜਾਵੇਗਾ ਨਾ ਤਾਂ ਮੈਂ ਸੂਤ ਪੁੱਤਰ ਕਰਣ ਹੋਵਾਂਗਾ ਅਤੇ ਨਾ ਹੀ ਤੂੰ ਬੇਬਸ ਕੁੰਤੀ। ਹੁਣ ਤਾਂ ਤੈਨੂੰ ਸਰਾਪ ਹੈ ਮੇਰੇ ਵਸਤਰਾਂ ਦੀ ਛਾਵੇਂ ਖਲੋਣ ਦਾ ਤੇ ਮੈਨੂੰ ਵਾਰ-ਵਾਰ ਗੰਗਾ ਇਸ਼ਨਾਨ ਦਾ। ਮੁੜ ਜਦੋਂ ਇਤਿਹਾਸ ਲਿਖਿਆ ਜਾਵੇਗਾ ਨਾ ਤਾਂ ਤੂੰ ਅਹੱਲਿਆ ਹੋਵੇਂਗੀ ਅਤੇ ਨਾ ਹੀ ਮੈਂ ਕੋਈ ਰਾਮ। ਇਕ ਸਪਰਸ਼ ਲਈ ਤਰਸਣ ਦਾ ਹੁਣ ਤਾਂ ਸਰਾਪ ਹੈ ਤੈਨੂੰ ਤੇ ਮੈਨੂੰ ਬਨਵਾਸ ਕੱਟਣ ਦਾ। ਹੁਣ ਜਦੋਂ ਇਤਿਹਾਸ ਲਿਖਿਆ ਜਾਵੇਗਾ ਤੂੰ ਸਿਰਫ਼ ਮਾਂ ਹੋਵੇਂਗੀ ਅਤੇ ਮੈਂ ਸਿਰਫ਼ ਪੁੱਤਰ।

ਆਵਾਜ਼

ਬੱਦਲ ਨਹੀਂ ਹੁਣ ਬਿਰਖ ਗਰਜਦਾ ਹੈ ਸੜ ਚੁੱਕੀ ਕਰੂੰਬਲ ਲਈ ਉਜੜ ਗਏ ਆਲ੍ਹਣੇ ਲਈ । ਬਿਰਖ ਦੀ ਆਵਾਜ਼ ਨੂੰ ਕਹੋ ਸ਼ਬਦ ਹੀ ਬਣੀ ਰਹੇ ਆਪਣੇ ਬਿੰਦੂ ਤੋਂ ਬਾਹਰ ਨਿਕਲੀ ਤਾਂ ਫ਼ਸਾਦ ਬਣ ਜਾਵੇਗੀ।

ਇਹ ਮੈਂ ਨਹੀਂ

ਇਹ ਮੈਂ ਨਹੀਂ ਮੇਰੇ ਅੰਦਰ ਇਕ ਜੰਗਲ ਉੱਗ ਆਇਆ ਹੈ ਮੈਂ ਤਾਂ ਇਕ ਸਾਊ ਜਿਹਾ ਬੰਦਾ ਇਸ ਸ਼ਹਿਰ ਵਿਚ ਆਇਆ ਸੀ ਚਾਨਣ ਦੀ ਤਲਾਸ਼ ਵਿਚ। ਇਕ ਬਿਰਖ ਦੀ ਟਾਹਣੀ ’ਤੇ ਆਲ੍ਹਣਾ ਬਣਾਉਣ ਦੀ ਕੀਤੀ ਸੀ ਗੁਸਤਾਖ਼ੀ। ਪਰ ਪਤਾ ਨਹੀਂ ਕਦੋਂ ਮੇਰੇ ਆਲ੍ਹਣੇ ਦੇ ਬੋਟ ਇਕ ਹੱਡੀ ਤੇ ਕੁੱਤਿਆਂ ਵਾਂਗ ਲੜਨ ਲੱਗ ਪਏ ਮੈਂ ਸਾਊ ਬੰਦੇ ਤੋਂ ਪਤਾ ਨਹੀਂ ਕਦੋਂ ਬਣ ਗਿਆ ਇਕ ਖੂੰਖਾਰ ਜਾਨਵਰ। ਮੇਰੇ ਅੰਦਰ ਜੰਗਲ ਬੀਜਣ ਵਾਲਾ ਅਜੇ ਵੀ ਸਟੇਡੀਅਮ 'ਚੋਂ ਅਮਨ ਕਬੂਤਰ ਉਡਾਉਂਦਾ ਹੈ ਰੱਖਦਾ ਹੈ ਸ਼ਹਿਰ ਵਿਚ ਪੁਲਾਂ ਕਾਰਖ਼ਾਨਿਆਂ ਸੜਕਾਂ ਅਤੇ ਸਕੂਲਾਂ ਦੇ ਨੀਂਹ ਪੱਥਰ ਤਾਂ ਜੋ ਬੋਟ ਹੱਡਾ-ਰੋੜੀ ਦੇ ਕੁੱਤਿਆਂ ਵਾਂਗ ਲੜਦੇ ਰਹਿਣ ਗਿਰਝਾਂ ਵਾਂਗ ਪਾੜਦਾ ਰਹੇ ਆਦਮੀ ਨੂੰ ਆਦਮੀ।

ਵਾਅਦਾ

ਮੈਨੂੰ ਆਪਣਾ ਵੋਟ ਦਿਓ ਮੈਂ ਤੁਹਾਨੂੰ ਦੰਗੇ, ਹਿਜਰਤ, ਦਹਿਸ਼ਤ, ਆਜ਼ਾਦ ਕਸ਼ਮੀਰ ਅਤੇ ਖ਼ਾਲਿਸਤਾਨ ਦੇਵਾਂਗਾ।

ਹੱਸਣਾ, ਰੋਣਾ ਅਤੇ ਟੁਰਨਾ

ਇਕ ਮੁੱਦਤ ਤੋਂ ਅਸੀਂ ਹੱਸਣਾ, ਰੋਣਾ ਅਤੇ ਟੁਰਨਾ ਛੱਡ ਦਿੱਤਾ ਹੈ ਸਾਡੀ ਥਾਂ 'ਤੇ ਹੁਣ ਦੂਰਦਰਸ਼ਨ ਹੱਸਦਾ ਹੈ ਅਖ਼ਬਾਰ ਰੋਂਦੇ ਹਨ ਅਤੇ ਸੰਸਦ ਟੁਰਦੀ ਹੈ।

ਹਿੱਕ ਦੇ ਜ਼ੋਰ 'ਤੇ

ਬੱਦਲ ਤਮਾਮ ਰਾਤ ਬਰਸਦੇ ਬਰਸਦੇ ਥੱਕ ਜਾਂਦੇ ਹਨ ਛਾਤੀਆਂ ਤਾਣੀ ਖੜੋਤੇ ਕੱਦਾਵਰ ਬਿਰਖ ਸੂਰਜ ਦੀ ਪਹਿਲੀ ਕਿਰਨ ਨੂੰ ਅੱਖ ਮਾਰ ਕੇ ਹੱਸਦੇ ਨੇ ਦੁਪਹਿਰ ਦੀ ਧੁੱਪ ਨੂੰ ਮਸ਼ਕਰੀ ਕਰਦੇ ਹਨ ਸੌਂ ਜਾਂਦੇ ਨੇ ਰਾਤ ਹੋਣ 'ਤੇ ਆਪਣੀਆਂ ਟਾਹਣਾਂ 'ਤੇ ਪਾਏ ਆਲ੍ਹਣਿਆਂ ਵਿਚ ਊਂਘਦੇ ਪੰਖੇਰੂਆਂ ਦੇ ਨਾਲ।

ਪ੍ਰਸਥਾਨ

ਚਲੋ ਇਸ ਥਾਂ ਤੋਂ ਪ੍ਰਸਥਾਨ ਕਰੋ ਕਵਿਤਾ ਬਹੁਤ ਹੋ ਗਈ ਇਸ ਥਾਂ ਆਦਮੀ ਨੇ ਆਦਮੀ ਨੂੰ ਕਿਹਾ ਤਾਰ 'ਤੇ ਬੈਠੀ ਚਿੜੀ ਬੋਲੀ- ਕਿਸ ਥਾਂ 'ਤੇ ਜਾਓਗੇ ਜਿਥੇ ਕਵਿਤਾ ਨਹੀਂ ਹੈ ?

ਥਾਪ

ਦਿਲ ਦੀ ਧੜਕਣ ਸੜੇ ਹੋਏ ਸ਼ਤੀਰ ਵਿਚ ਦੱਬੀ ਗਈ ਹੈ। ਸਾਹ ਅਟਕੇ ਪਏ ਨੇ ਖਿੜਕੀ ਵਿਚਲੀ ਸੁੱਕੀ ਹੋਈ ਬੋਗਿਨਵਿਲਾ ਦੀ ਵੇਲ ਵਿਚ। ਇਕ ਪੰਛੀ ਗਾਉਣ ਲਈ ਤਰਸਦਾ ਖੰਭ ਮਾਰਦਾ ਚਿਰਾਂ ਤੋਂ ਉੱਡ ਰਿਹਾ ਹੈ। ਗੋਲੀਆਂ ਵਿਚ ਗੁਆਚ ਗਈ ਹੈ ਪੜਛੱਤੀ 'ਤੇ ਟੰਗੀ ਢੋਲਕੀ ਦੀ ਥਾਪ ਆਪ ਹੀ ਹੁਣ ਢੋਲਕ ਮੈਂ ਬਣਿਆ ਆਪ ਹੀ ਬਣਿਆ ਹਾਂ ਥਾਪ।

ਅਨੁਭਵ

ਖ਼ਬਰ ਸੁਣਨ ਮਗਰੋਂ ਖਿੜਕੀ 'ਚ ਉਗਿਆ ਮਨੀ ਪਲਾਂਟ ਉਸ ਕੁੜੀ ਵਾਂਗ ਨਹੀਂ ਝਾਕ ਸਕਦਾ ਜਿਸਦੀ ਅੱਡੀ 'ਚ ਰੋੜੇ ਦੀ ਥਾਂ 'ਤੇ ਚੁੱਭ ਗਿਆ ਹੋਵੇ ਸਮੂਹਿਕ ਕਤਲਾਂ ਦਾ ਸੱਚ ਖੁਰਲੀ 'ਚ ਗੋਲੀ ਖਾ ਕੇ ਡਿੱਗੇ ਭੁਆ ਜਾਂਦਾ ਹੋਵੇਗਾ ਨਜ਼ਰ, ਸੱਨੀ ਖਾਂਦਾ ਬਲਦ ਭੁਲ ਕੇ ਆਰ ਦਾ ਅਨੁਭਵ। ਅਸਮਾਨ ਦੀ ਛਾਤੀ 'ਚ ਤੈਰਦੇ ਤਾਰੇ ਤਰਸਦੇ ਹੋਵਣਗੇ ਬਾਤਾਂ ਦਾ ਭਰਨ ਖ਼ਾਤਰ ਹੁੰਗਾਰਾ ਜਿਸ ਦਿਨ ਤੋਂ ਆਲ੍ਹਣੇ ਦੇ ਬੋਟ ਨੂੰ ਹੋਇਆ ਹੈ ਕਰਫ਼ਿਊ ਦਾ ਅਨੁਭਵ।

ਤਲਾਸ਼

ਪੁਲ ਬਿਲਕੁਲ ਤਿਆਰ ਹੈ ਉਰਾਰ ਅਤੇ ਪਾਰ ਜਾਣ ਲਈ ਕਰਨ ਖ਼ਾਤਰ ਵਿਆਪਕ ਹਿੰਸਾ ਅਤੇ ਨਰ ਸੰਘਾਰ। ਉਦਘਾਟਨ ਕਰੋ ਰਿਬਨ ਕੱਟੋ ਸਟੇਡੀਅਮ ਤਿਆਰ ਹੈ ਕਬੂਤਰ ਉਡਾਵਣ ਖ਼ਾਤਰ ਅਮਨ ਅਹਿੰਸਾ ਅਤੇ ਸ਼ਾਂਤੀ ਮਾਰਚ ਲਈ। ਜਾਮ ਚੁੱਕੋ ਟਕਰਾਓ ਉਸ ਖਿੱਤੇ ਦੀ ਤਲਾਸ਼ ਵਿਚ ਘੁੱਟ ਭਰੋ ਜਿੱਥੇ ਬਚੀ ਰਹਿ ਗਈ ਹੈ ਹੁਣ ਤੀਕਰ ਵੇਖਦੀ ਬੱਚੀ ਕੋਈ ਮੋਰ ਦੇ ਖੰਭਾਂ ਜਿਹਾ ਸੁਪਨਾ।

ਕੈਚੀਆਂ

ਅਸੀਂ ਜੋ ਕੈਚੀਆਂ ਬਣ ਗਏ ਹਾਂ ਕੁਤਰਦੇ ਰਹਿੰਦੇ ਹਾਂ ਦਿਨ ਰਾਤ ਆਪਣੇ ਅੰਦਰ ਤੇ ਬਾਹਰ ਉੱਡਦੇ ਪੰਖੇਰੂਆਂ ਦੇ ਖੰਭ ਤਾਂ ਕਿ ਉੱਡ ਨਾ ਸਕਣ ਉਹ ਨਾਲ ਸਾਡੇ ਉਸ ਉਬਲਦੀ ਬੇਈਂ ਤਕ ਜਿਥੇ ਜ਼ਹਿਰ ਤੇ ਅੰਮ੍ਰਿਤ ਆਪੋ ਵਿਚੀਂ ਗੁੱਥਮ-ਗੁੱਥਾ ਹਨ।

ਭਰਮ

ਚੁੰਨੀ 'ਤੇ ਪਾਈਆਂ ਬੂਟੀਆਂ ਤੇਰੀ ਹਯਾਤੀ ਹੁੰਦੀਆਂ ਤਾਂ ਸ਼ਹਿਰ ਵਿਚ ਕਰਫ਼ਿਊ ਨਹੀਂ ਲੱਗਣਾ ਸੀ ਪਿੰਡ ਵਿਚ ਫ਼ੌਜ ਨਹੀਂ ਸੀ ਆਉਣੀ ਨਾ ਹੀ ਬਣਨਾ ਸੀ ਤੂੜੀ ਵਾਲਾ ਕੋਠਾ ਪੱਕਾ ਕੰਕਰੀਟ ਦਾ ਬੰਕਰ। ਖੰਮਣੀ ਵਿਚ ਪਰੋ ਕੇ ਕੜੀ ਨਾਲ ਟੰਗੀਆਂ ਠੂਠੀਆਂ ਵੀ ਤੇਰੀ ਹਯਾਤੀ ਨਹੀਂ ਹਨ ਹੁਕਮਨਾਮੇ ਤੇ ਆਰਡੀਨੈਂਸ ਦੇ ਸਾਹਮਣੇ। ਤੂੰ ਤਾਂ ਅੱਖਾਂ ਵਿਚ ਘਸੁੰਨ ਦੇ ਕੇ ਰੋਣ ਨੂੰ ਜੰਮੀ ਸੈਂ ਚੁੰਨੀਆਂ ’ਤੇ ਬੂਟੀਆਂ ਪਾਉਣ ਨੂੰ ਨਹੀਂ ਨਾ ਕੜੀ ਨਾਲ ਟੰਗੀਆਂ ਠੂਠੀਆਂ 'ਚ ਸੁਪਨੇ ਸਾਕਾਰ ਹੁੰਦੇ ਦੇਖਣ ਲਈ ਤੂੰ ਤਾਂ ਭਰਮ ਪਾਲਦੀ ਰਹੀ ਏਂ ਹੁਣ ਤਕ।

ਇਕ ਬੂਟਾ ਰੁਦਨ ਕਰੇ

ਮਿੱਟੀ ਮੇਰੀਆਂ ਜੜ੍ਹਾਂ ਨਹੀਂ ਪਕੜਦੀ ਹਵਾ ਨਹੀਂ ਦਿੰਦੀ ਮੇਰੇ ਪੱਤਿਆਂ ਨੂੰ ਲੋਰੀ। ਝੱਖੜ ਵਿਚ ਉੱਡਦੀ ਫਿਰਦੀ ਟਾਹਣ ਵਾਂਗ ਮੇਰਾ ਵਲੂੰਧਰਿਆ ਆਪਣਾ ਆਪ। ਕਿਸ ਤਰ੍ਹਾਂ ਬੀਜਿਆ ਗਿਆ ਹਾਂ ਮੈਂ ਇਸ ਦੇਸ਼ ਵਿਚ ਇਕ ਬੂਟਾ ਰੁਦਨ ਕਰੇ।

ਆਸਥਾ

ਮੇਨ ਹੋਲ ਵਿਚੋਂ ਨਿਕਲ ਕੇ ਘੰਟਾ ਘਰ ਦੀਆਂ ਸੂਈਆਂ ਵੱਲ ਝਾਕਣ ਵਾਂਗ ਆਦਮੀ ਦੀ ਆਸਥਾ ਭੀੜ ਵਿਚ ਗੁਆਚ ਅੱਗ ਦੇ ਬੱਦਲ ਵਾਂਗ ਲੱਗਦੀ ਹੈ ਹਰੇਕ ਬਰਸਾਤ ਦੇ ਦਿਨਾਂ ਵਿਚ। ਹਰੇਕ ਬਰਸਾਤ ਤੋਂ ਪਹਿਲਾਂ ਜਦੋਂ ਹੁੰਦੀਆਂ ਨੇ ਚੋਣਾਂ ਓਹੀ ਆਦਮੀ ਬੇਪਛਾਣ ਲਾਸ਼ ਵਾਂਗ ਸਾੜ ਦਿੱਤਾ ਜਾਂਦਾ ਹੈ ਨਿਗਮ ਘਾਟ ਉੱਤੇ। ਚੋਣ ਤੋਂ ਬਾਅਦ ਜਦੋਂ ਸਰਕਾਰ ਬਣਦੀ ਹੈ ਨਿਗਮ ਘਾਟ 'ਚੋਂ ਉਠਾ ਕੇ ਉਸੇ ਬੇਪਛਾਣ ਆਦਮੀ ਦੀ ਲਾਸ਼ ਲੈ ਜਾਈ ਜਾਂਦੀ ਹੈ ਸੰਸਦ ਭਵਨ। ਇਸ ਤੋਂ ਵਧ ਕੀ ਹੋ ਸਕਦੀ ਹੈ ਆਸਥਾ ਲੋਕ-ਤੰਤਰ ਅੰਦਰ।

ਪੰਜਾਬ-1

ਜੇ ਮੈਂ ਸ਼ਬਦ ਨਹੀਂ ਹਾਂ ਤਾਂ ਇਸ ਦਾ ਅਰਥ ਇਹ ਤਾਂ ਨਹੀਂ ਮੈਂ ਨਜ਼ਮ ਨਹੀਂ ਹੋ ਸਕਦੀ ਜੇ ਖੋਹ ਲਈ ਗਈ ਹੈ ਅਜੇ ਮੈਥੋਂ ਕੀਰਨੇ ਪਾ ਕੇ ਦੁੱਖ ਭੁੱਲ ਜਾਣ ਦੀ ਵਿਧਾ ਤਾਂ ਇਸ ਦਾ ਅਰਥ ਇਹ ਤਾਂ ਨਹੀਂ ਮੈਂ ਮਾਂ ਨਹੀਂ ਹੋ ਸਕਦੀ। ਮੈਂ ਸ਼ਬਦ ਵੀ ਹਾਂ ਨਜ਼ਮ ਵੀ ਹਾਂ ਅਤੇ ਮਾਂ ਵੀ ਮੈਂ ਤਾਂ ਹੰਢਾ ਰਹੀ ਹਾਂ ਇਸ ਸਮੇਂ ਇਕ ਪ੍ਰਸੂਤ-ਪੀੜਾ। ਮਾਂ ਜਦੋਂ ਪ੍ਰਸੂਤ-ਪੀੜਾ ਹੰਢਾਉਂਦੀ ਹੈ ਸ਼ਬਦ ਹੀ ਨਹੀਂ ਹੁੰਦੀ ਨਜ਼ਮ ਹੀ ਨਹੀਂ ਹੁੰਦੀ ਇਕ ਮਹਾਂ ਸ਼ਕਤੀ ਵੀ ਹੁੰਦੀ ਹੈ ਜਾਂ ਬਸ ਇਕ ਪੰਜਾਬ ਹੁੰਦੀ ਹੈ।

ਪੰਜਾਬ-2

ਮੇਰੀ ਕੁੱਖ ਵਿਚ ਦੱਬੇ ਹੋਏ ਬੰਬ ਮੇਰਾ ਸੰਤਾਪ ਤਾਂ ਹਨ ਮੇਰੀ ਬਦਕਿਸਮਤੀ ਨਹੀਂ। ਮੇਰੇ ਹੱਥਾਂ 'ਤੇ ਅੱਜ ਵੀ ਅਸਮਾਨ ਤੋਂ ਚੰਦ ਅਤੇ ਸਿਤਾਰੇ ਉਤਰਦੇ ਹਨ ਮੇਰੀਆਂ ਅੱਖਾਂ ਦੇ ਲਟਬੋਰੇ ਕਬੂਤਰ ਅਜੇ ਵੀ ਕੰਗਣੀ ਵਾਂਗ ਚੁਗਦੇ ਹਨ ਇਨ੍ਹਾਂ ਚੰਦ ਅਤੇ ਸਿਤਾਰਿਆਂ ਨੂੰ। ਮੈਂ ਮਿੱਟੀ ਦਾ ਕੋਈ ਟੁੱਟਿਆ ਪੁਲ ਨਹੀਂ ਨਾ ਹੀ ਮੈਂ ਸੜਕ 'ਤੇ ਗੱਡਿਆ ਹੋਇਆ ਤਾਰਕੋਲ ਦਾ ਡਰੰਮ ਹਾਂ ਕਿ ਦਰੜ ਕੇ ਲੰਘ ਜਾਣ ਇਸ ਨੂੰ ਬਖ਼ਤਰਬੰਦ ਗੱਡੀਆਂ ਤੇ ਮਿੱਧੀਆਂ ਜਾਣ ਮੇਰੀਆਂ ਛਾਤੀਆਂ। ਮੇਰੀ ਕੁੱਖ ਵਿਚ ਦੱਬੇ ਬੰਬ ਮੇਰਾ ਸੰਤਾਪ ਤਾਂ ਬਣ ਸਕਦੇ ਹਨ ਪਰ ਬਣ ਨਹੀਂ ਸਕਦੇ ਬਾਂਝਪਨ ਦੀ ਗਾਲ੍ਹ। ਮੈਂ ਆਪਣੇ ਦੁੱਖ ਵਿਚ ਖ਼ੁਦ ਸ਼ਰੀਕ ਹਾਂ ਨਿਸ਼ਚਿੰਤ।

ਨਾਲ-ਨਾਲ

ਆਓ ਨਾਲ-ਨਾਲ ਟੁਰੀਏ ਉਸ ਟਾਹਲੀ ਤਕ ਜਿਸਦੀ ਇਕ ਟਾਹਣੀ 'ਤੇ ਅੱਜ ਤਕ ਰੇਸ਼ਮੀ ਰੁਮਾਲ ਬੰਨ੍ਹਿਆ ਹੈ। ਉਸ ਤੋਂ ਅੱਗੇ ਹਰ ਕੋਈ ਇਕੱਲਾ ਟੁਰ ਸਕਦਾ ਹੈ ਉਸ ਰੇਸ਼ਮੀ ਰੁਮਾਲ ਦੇ ਨਾਲ-ਨਾਲ ਬਸ ਅਗਲੇ ਚੌਕ ਤਕ ਤੂੰ ਮੇਰੇ ਨਾਲ-ਨਾਲ ਚੱਲ ਕਵਿਤਾ ਸ਼ਾਇਦ ਇਸ ਤੋਂ ਅੱਗੇ ਕਿਸੇ ਬਿਰਖ 'ਤੇ ਬੰਸਰੀ ਲਟਕਦੀ ਹੋਵੇ।

ਇਕ ਨੇਜ਼ੇ ਦੀ ਵਿੱਥ ਤੇ

ਮੇਰੇ ਅੰਦਰਲਾ ਆਦਮੀ ਚੁਪ-ਚਾਪ ਸਭ ਕੁਝ ਦੇਖ ਰਿਹਾ ਸੀ ਸਭ ਕੁਝ ਸੁਣ ਰਿਹਾ ਸੀ ਮੇਰੇ ਤੋਂ ਇਕ ਨੇਜ਼ੇ ਦੀ ਵਿੱਥ 'ਤੇ ਬੈਠਾ। ਸ਼ਹਿਰ ਦੀਆਂ ਤਮਾਮ ਬਾਂਹਾਂ ਨੇਜ਼ਿਆਂ ਦਾ ਰੂਪ ਧਾਰਨ ਕਰ ਗਈਆਂ ਸਨ ਮੇਰੇ ਅੰਦਰਲਾ ਆਦਮੀ ਓਦੋਂ ਵੀ ਚੁਪ-ਚਾਪ ਸਭ ਕੁਝ ਦੇਖਦਾ ਰਿਹਾ। ਫਿਰ ਜਦੋਂ ਨੇਜ਼ੇ ਬਣੀਆਂ ਬਾਂਹਾਂ ਮੇਰੇ ਅੰਦਰ ਤਕ ਉਤਰਨ ਲੱਗੀਆਂ ਓਦੋਂ ਗਸ਼ ਖਾ ਕੇ ਡਿੱਗਣ ਤੋਂ ਵਧ ਮੇਰੇ ਕੋਲ ਕੁਝ ਨਹੀਂ ਬਚਿਆ ਸੀ।

ਅਖੰਡਿਤ ਅਨੁਭੂਤੀਆਂ ਦੀ ਤਲਾਸ਼

ਦੂਰ ਤਕ ਫੈਲੇ ਹੋਏ ਦਿਸ਼ਾਹੀਣ ਕਪਲਵਸਤੂ ਵਿਚ ਯਸ਼ੋਧਰਾ ਦੀ ਦੀਕਸ਼ਾ ਤੋਂ ਘਾਇਲ ਹਾਂ ਸਵੀਕਾਰ ਨਹੀਂ ਮੈਨੂੰ ਮਹਾਤਮਾ ਬੁੱਧ ਦਾ ਭਿਖਿਆ ਪਾਤਰ ਜ਼ਖ਼ਮੀ ਹੈ ਮੇਰਾ ਅੰਦਰ ਕਪਲਵਸਤੂ ਦੀ ਨਾਰੀ ਦੇ ਕਾਮਉਤਸਵ ਤੋਂ ਬਣ ਸਕੇ ਮੇਰੇ ਅੰਦਰ ਅਤੇ ਬਾਹਰ ਦਾ ਦਵੰਦ ਕਾਮਉਤਸਵ, ਦੀਕਸ਼ਾ, ਭਿਖਿਆ ਪਾਤਰ ਮੇਰੇ ਨਿਰਵਾਣ ਦਾ ਸੂਤਰਧਾਰ ਖੰਡਿਤ ਅਨੁਭੂਤੀਆਂ ਦੀ ਹੋ ਜਾਵੇ ਤਲਾਸ਼।

ਚੰਨ, ਸੂਰਜ ਅਤੇ ਧਰਤੀ

ਚੰਨ, ਸੂਰਜ ਅਤੇ ਧਰਤੀ ਦਰਮਿਆਨ ਲਟਕ ਰਿਹਾ ਹਾਂ ਮੈਂ ਇਕ ਤ੍ਰਿਸ਼ੂਲ ਦੀਆਂ ਨੋਕਾਂ 'ਤੇ। ਮੇਰੀਆਂ ਅੱਖਾਂ 'ਚ ਮਣ-ਮਣ ਗਿੱਡ ਨਾੜਾਂ ਵਿਚ ਲਹੂ ਦੀ ਥਾਂ 'ਤੇ ਪੀਪ ਦਾ ਸਮੁੰਦਰ ਖੌਲਦਾ ਹੈ— ਪੈਰਾਂ ਵਿਚ ਮਟਕ ਨਹੀਂ ਝਟਕੇ ਹਨ ਹੱਥਾਂ ਵਿਚ ਹਰਕਤ ਨਹੀਂ ਬੇਚਾਰਗੀ ਹੈ, ਤਰਸੇਵਾਂ ਹੈ। ਛਾਤੀ ਵਿਚ ਸ਼ਕਤੀ ਨਹੀਂ ਸੜਿਆਂਦ ਹੈ ਉਸ ਰੂੜੀ ਜਿਹੀ ਜਿਸ ਵਿਚ ਸਮਸਤ ਬ੍ਰਹਮੰਡ ਦਾ ਕਚਰਾ ਸੁੱਟ ਦਿੱਤਾ ਗਿਆ ਹੋਵੇ। ਮੈਨੂੰ ਚੰਨ ਦੀ ਇਕ ਫਾਂਕ ਦਿਓ ਮੈਂ ਸੂਰਜ ਦੇ ਘੋੜੇ ਦੇ ਪੌੜਾਂ ਹੇਠ ਖੁਰੀਆਂ ਜੜਨੀਆਂ ਹਨ ਧਰਤੀ ਦੀ ਬੁੱਕਲ ਤਕ ਪਹੁੰਚਣਾ ਹੈ। ਮੇਰੇ ਮਰੀਅਲ ਜਹੇ ਸਰੀਰ ਨੇ ਅਜੇ ਹੋਰ ਜੀਣਾ ਹੈ ਧਰਤੀ ਦੀ ਛਾਤੀ ਦਾ ਦੁੱਧ ਸੁੱਕ ਜਾਣ ਤੋਂ ਪਹਿਲਾਂ ਮੈਂ ਪੀਣਾ ਹੈ।

ਦੇਵ ਨਾਲ ਸੰਵਾਦ

ਦੇਵ-ਰੈਪਲੀਕਾ ਹਾਊਸ ਦੀਆਂ ਕੰਧਾਂ 'ਤੇ ਝੂਠ ਪੇਂਟ ਕੀਤਾ ਹੈ ਤੂੰ। ਫੁਲਕਾਰੀ ਦੀ ਥਾਂ 'ਤੇ ਫਲਾਲੈਣ ਦੀ ਐਨਕ ਪੇਂਟ ਕਰਦਾ ਫੁੱਲ ਬੂਟੀਆਂ ਦੀ ਥਾਂ 'ਤੇ ਪੇਂਟ ਕਰਦਾ ਤੂੰ ਚੰਬਲ ਘਾਟੀ ਦੇ ਡਾਕੂਆਂ ਦੇ ਚਿਹਰੇ। ਗ਼ਲਤ ਕਲਪੇ ਹੋਣਗੇ ਤੂੰ ਹਾਰਿਆਂ 'ਤੇ ਚੁੱਲ੍ਹਿਆਂ ਦੀਆਂ ਕੰਧੋਲੀਆਂ 'ਤੇ ਘੁੱਗੀਆਂ ਅਤੇ ਮੋਰ ਅਬਦਾਲੀ ਦੇ ਘੋੜਿਆਂ ਦੇ ਪੌੜ ਹੀ ਪ੍ਰਤੀਬਿੰਬਤ ਹਨ ਅਜੇ ਲੋਕ ਮਨਾਂ ਵਿਚ। ਨਹੀਂ ਝਲਕਦੀ–ਤੇਰੇ ਪੇਂਟ ਕੀਤੇ ਗੁੱਡੀਆਂ ਪਟੋਲਿਆਂ ਵਿਚੋਂ ਪਾਰ-ਦੈਸਿਕ ਗਰਭ ਧਾਰਨ ਕੀਤੀਆਂ ਬਾਲ-ਵਰੇਸ ਕੁੜੀਆਂ ਦੀ ਫ਼ਸਲ ਅੱਜ ਤੀਕਰ ਜੰਮ ਰਹੀ ਹੈ ਜਿਨ੍ਹਾਂ ਦੀ ਕੁੱਖ ਵਿਚੋਂ ਹਰਾਮੀ ਪੁੱਤਾਂ ਦੀ ਨਸਲ। ਰੈਪਲੀਕਾ ਹਾਊਸ ਦੀ ਸਾਰੀ ਦੀ ਸਾਰੀ ਕੰਧ 'ਤੇ ਘੋੜੇ ਦੀਆਂ ਖੁਰੀਆਂ ਹੀ ਪੇਂਟ ਕਰ ਦਿੰਦਾ- ਪਿਕਾਸੋ ਹੋ ਜਾਣਾ ਸੀ ਤੂੰ। ਦੇਵ-ਰੈਪਲੀਕਾ ਹਾਊਸ ਦੀ ਕੰਧ 'ਤੇ ਝੂਠ ਪੇਂਟ ਕੀਤਾ ਹੈ ਤੂੰ।

ਸੁੱਕਿਆ ਹੋਇਆ ਅੱਥਰੂ ਹਾਂ ਮੈਂ

ਸੁੱਕਿਆ ਹੋਇਆ ਅੱਥਰੂ ਹਾਂ ਮੈਂ ਪਲਕਾਂ 'ਤੇ ਤਨਹਾਈ ਦਾ। ਮੌਸਮ ਦੇ ਵਿਹੜੇ ਵਿਚ ਵਿਛਿਆ ਮਾਤਮ ਹਾਂ ਪੁਰਵਾਈ ਦਾ। ਸੀਨੇ ਦੇ ਵਿਚ ਰੜਕਣ ਖੰਜਰ ਗ਼ਮ ਦੇ ਤੋਸ਼ਾ-ਖ਼ਾਨੇ ਦੇ, ਦੋਜ਼ਖ਼ ਦੇ ਤਹਿਖ਼ਾਨੇ ਅੰਦਰ ਚੁੰਮਣ ਹਾਂ ਦਿਲ ਆਈ ਦਾ। ਮੇਰੇ 'ਤੇ ਇਲਜ਼ਾਮ ਬੜੇ ਨੇ ਚਾਨਣ ਦੇ ਵੀ ਨੇਰ੍ਹੇ ਦੇ ਵੀ, ਬਲਕੇ ਬੁਝਿਆ ਸ਼ਮਾਦਾਨ ਹਾਂ ਮਹਿਫ਼ਲ ਭਰੀ ਭਰਾਈ ਦਾ। ਅੰਬਰ ਜੇਡੇ ਕੌਲ ਵਟਾ ਕੇ ਗੁੰਬਦ ਬਣ ਕੇ ਰਹਿ ਜਾਣਾ, ਦੱਸ ਦੁਨੀਆਂ ਤੋਂ ਕੀ ਲਿੱਤਾ ਹੈ ਸਾਥੋਂ ਨਜ਼ਰ ਚੁਰਾਈ ਦਾ। ਮੈਂ ਨ੍ਹੀਂ ਚਾਹੁੰਦਾ ਮੇਰੇ ਮਗਰੋਂ ਮੇਰਾ ਵੀ ਇਤਿਹਾਸ ਬਣੇ, ਫੁੱਟਿਆ ਹੋਇਆ ਠੀਕਰ ਹਾਂ ਮੈਂ ਮਈਅਤ ਸਜੀ ਸਜਾਈ ਦਾ। ਹਉਕਾ ਹਾਂ ਬੇਰਹਿਮ ਸ਼ਹਿਰ ਨਾਂਅ ਸੁਲਗ਼ਦੀਆਂ ਮਹਿਰਾਬਾਂ ਦਾ, ਸ਼ਾਇਰ ਦਿਲ ਨੂੰ ਤੇਜ਼ ਨਸ਼ਤਰੋ ਐਨਾ ਨ੍ਹੀਂ ਤੜਪਾਈ ਦਾ। ਮੇਰਾ ਨਾਂਅ ਦੀਵਾਰਾਂ ਉੱਪਰ ਲਿਖਣੋਂ ਪਹਿਲਾਂ ਸੋਚ ਲਿਓ, ਭੁੱਲ ਕੇ ਵੀ ਕੋਈ ਗੀ... ਵਹਿੜੇ ਨ੍ਹੀਂ ਦਫ਼ਨਾਈਦਾ।

ਹਵਾ ਵਿਚ ਲਟਕਦੇ ਖੰਜਰ

ਹਵਾ ਵਿਚ ਲਟਕਦੇ ਖੰਜਰ ਸਿਰਾਂ ਨੂੰ ਸਾਂਭ ਕੇ ਰੱਖਣਾ। ਉਜੜਨੋਂ ਬਚ ਗਏ ਜਿਹੜੇ ਘਰਾਂ ਨੂੰ ਸਾਂਭ ਕੇ ਰੱਖਣਾ। ਹਵਾ ਦੇ ਹੱਥ ਵਿਚ ਕੈਂਚੀ ਫੜਾਈ ਹੈ ਚੜੇਲਾਂ ਨੇ, ਅਜੇ ਤੂੰ ਹੋਰ ਉੱਡਣਾ ਹੈ ਪਰਾਂ ਨੂੰ ਸਾਂਭ ਕੇ ਰੱਖਣਾ। ਅਜੇ ਮੈਂ ਫੇਰ ਡੁੱਬਣਾ ਹੈ ਇਨ੍ਹਾਂ ਝੀਲਾਂ 'ਚ ਇਕ ਵਾਰੀ, ਖ਼ੁਦਾ ਦੇ ਵਾਸਤੇ ਡੂੰਘੇ ਸਰਾਂ ਨੂੰ ਸਾਂਭ ਕੇ ਰੱਖਣਾ। ਅੰਨ੍ਹੇਰੀ ਰਾਤ ਵਿਚ ਤਰਸਦੇ ਪਏ ਦਸਤਕ ਨੂੰ, ਸਵੇਰਾ ਹੋਣ ਤੀਕਰ ਤੂੰ ਦਰਾਂ ਨੂੰ ਸਾਂਭ ਕੇ ਰੱਖਣਾ । ਮੇਰੀ ਕੁੱਖ ਵਿਚ ਵਿਗਸੇ ਪਰਾਗਣ ਸੁਪਨਿਆਂ ਵਰਗੇ, ਸਰਾਪਣ ਵਾਸਤੇ ਇਕ ਦੋ ਵਰਾਂ ਨੂੰ ਸਾਂਭ ਕੇ ਰੱਖਣਾ।

ਹੁਣ ਜਦੋਂ ਵੀ ਗਮਲਿਆਂ ਵਿਚ ਫੁੱਲ

ਹੁਣ ਜਦੋਂ ਵੀ ਗਮਲਿਆਂ ਵਿਚ ਫੁੱਲ ਖਿੜਿਆ ਕਰਨਗੇ, ਟਾਹਣੀਆਂ 'ਤੇ ਗੋਲੀਆਂ ਜਾਂ ਬੰਬ ਫਟਿਆ ਕਰਨਗੇ। ਹੋ ਰਿਹਾ ਤਬਦੀਲ ਚੱਕਰ ਮੌਸਮਾਂ ਦਾ ਇਸ ਤਰ੍ਹਾਂ, ਬਿਰਖ ਤੋਂ ਪੱਤਝੜ ਬਿਨਾਂ ਵੀ ਪੱਤ ਝੜਿਆ ਕਰਨਗੇ। ਕੋਠਿਆਂ 'ਤੇ ਇਸ ਤਰ੍ਹਾਂ ਜੇ ਮੋਰਚੇ ਬਣਦੇ ਰਹੇ, ਬਾਲ ਕੇ ਦੀਵੇ ਇਹ ਕਿੱਥੇ ਲੋਕ ਧਰਿਆ ਕਰਨਗੇ। ਆਉਣ ਵਾਲੀ ਨਸਲ ਕੱਢੂ ਜਦ ਕਦੀ ਫੁਲਕਾਰੀਆਂ, ਪੋਟਿਆਂ ਵਿਚ ਬੂਟੀਆਂ 'ਚੋਂ ਕੱਚ ਪੁੜਿਆ ਕਰਨਗੇ। ਖਿੜਕੀਆਂ ਵਿਚ ਇਸ ਤਰ੍ਹਾਂ ਜੇ ਉਗਦਾ ਜੰਗਲ ਰਿਹਾ, ਨੈਣ ਕਿੱਦਾਂ ਅੰਬਰਾਂ ਦਾ ਚੰਨ ਤੱਕਿਆ ਕਰਨਗੇ। ਅਣਪਛਾਤੀ ਖ਼ਬਰ ਹੀ ਜੇ ਇਸ ਤਰ੍ਹਾਂ ਛਪਦੀ ਰਹੀ, ਸ਼ਾਇਦ ਫਿਰ ਅਖ਼ਬਾਰ ਹੀ ਨਾ ਲੋਕ ਪੜ੍ਹਿਆ ਕਰਨਗੇ।

ਪੀੜ ਦਾ ਪਰਚਮ ਮੇਰਾ ਜਿਸ ਸੋਚ ਵਿਚ

ਪੀੜ ਦਾ ਪਰਚਮ ਮੇਰਾ ਜਿਸ ਸੋਚ ਵਿਚ ਲਹਿਰਾਏਗਾ। ਸੋਚ ਦੇ ਮੱਥੇ 'ਚ ਉਸਦੀ ਪੀੜ ਸੀਖ ਜਾਵੇਗਾ। ਬਹੁਤ ਅਣਖੀ ਹੈ ਮੇਰੇ ਅਹਿਸਾਸ ਦਾ ਪੁੱਤਰ ਗ਼ਰੀਬ, ਛੱਡ ਕੇ ਜੇ ਟੁਰ ਗਿਆ ਤਾਂ ਮੁੜ ਕੇ ਘਰ ਨਾ ਆਏਗਾ। ਇਹ ਤੂੰ ਜੋ ਕਰ ਰਿਹੈਂ ਘੜ ਕੇ ਦਰੋਣਾਚਾਰੀਆ, ਇਹੋ ਦਰੋਣਾਚਾਰੀਆ ਹੱਥ ਤੇਰਾ ਕਟਵਾਏਗਾ। ਭੀਸ਼ਮ ਪਿਤਾਮਾ ਦਾ ਨਾ ਕਰ ਤੂੰ ਹੇਰਵਾ ਸੁਪਨੇ ਮੇਰੇ, ਬਹੁਤਾ ਚਿਰ ਨਾ ਤੜਪਦਾ ਇਹ ਮੌਤ ਨੂੰ ਤਰਸਾਏਗਾ। ਬਾਲਦਾ ਫਿਰਦੈਂ ਤੂੰ ਜਿਹੜਾ ਕਤਲਗਾਹਾਂ ਦਾ ਚਿਰਾਗ਼, ਤੇਰੇ ਘਰ ਨੂੰ ਵੀ ਅਗਨੀ ਇਹੋ ਚਿਰਾਗ਼ ਲਾਵੇਗਾ।

ਤਾਰਿਆਂ ਦੀ ਬੰਦ ਖਿੜਕੀ ਰਾਤ ਦਾ

ਤਾਰਿਆਂ ਦੀ ਬੰਦ ਖਿੜਕੀ ਰਾਤ ਦਾ ਉਹ ਖੋਲ੍ਹਣਾ। ਸੁਪਨਿਆਂ ਵਿਚ ਆ ਕੇ ਉਸਦਾ ਸ਼ਹਿਦ ਹੋਠੀਂ ਘੋਲਣਾ। ਚਿਣਗ ਨਾ ਅੰਗਿਆਰ ਕੋਈ ਇਹ ਮੜ੍ਹੀ ਖ਼ੁਰਸ਼ੀਦ ਹੈ, ਰਾਖ ਦੀ ਢੇਰੀ ਨੂੰ ਛੱਡਦੇ ਐ ਹਵਾ ਹੁਣ ਫੋਲਣਾ । ਇਹ ਸਜ਼ਾ ਤੈਨੂੰ ਹੀ ਮਿੱਤਰਾ ਬੰਦ ਬੂਹਾ ਬਣਨ ਦੀ, ਜਾਹ ਨਹੀਂ ਹੁਣ ਨਾਲ ਮੈਂ ਤੇਰੇ ਉਮਰ ਭਰ ਨੀ ਬੋਲਣਾ। ਕਿਸ ਤਰ੍ਹਾਂ ਦੀ ਇਸ ਨਗਰ ਪੰਖੇਰੂਆਂ ਦੀ ਨਸਲ ਹੈ, ਖੰਭ ਆਪਣੇ ਕੁਤਰਨਾ ਪਰਵਾਜ਼ ਨੂੰ ਨਾ ਨੌਲਣਾ। ਸ਼ੇਅਰ ਹਨ ਇਹ ਸਿਰ ਫਿਰੇ ਸ਼ਾਇਰ ਦੇ ਚਾਹੇ ਬੇਵਜ਼ਨ, ਗ਼ਜ਼ਲ ਦੇ ਸੇਠਾਂ ਦੀ ਤੱਕੜੀ ਨਾ ਇਨ੍ਹਾਂ ਨੂੰ ਤੋਲਣਾ।

ਕੰਧ 'ਤੇ ਲਿਖਿਆ ਪੜ੍ਹਿਆ ਕਰ ਤੂੰ

ਕੰਧ 'ਤੇ ਲਿਖਿਆ ਪੜ੍ਹਿਆ ਕਰ ਤੂੰ। ਨਾ ਅੰਦਰੇ ਅੰਦਰ ਸੜਿਆ ਕਰ ਤੂੰ। ਕੜੀ ਕੜੀ ਦੀਮਕ ਨੇ ਖਾਧੀ, ਛੱਤ ਉੱਪਰ ਨਾ ਚੜ੍ਹਿਆ ਕਰ ਤੂੰ। ਸੂਰਜ ਵੀ ਘੁੰਡ ਕੱਢ ਲੈਂਦਾ ਹੈ, ਖਿੜਕੀ ਵਿਚ ਨਾ ਖੜ੍ਹਿਆ ਕਰ ਤੂੰ। ਡਾਂਗ ਪੁਰਾਣੀ ਹੋ ਚੁੱਕੀ ਹੈ, ਕੋਕੇ ਨਾ ਹੁਣ ਜੜਿਆ ਕਰ ਤੂੰ। ਪੋਟਾ ਪੋਟਾ ਸੜ ਚੁੱਕਿਆ ਹੈ, ਜੁਗਨੂੰ ਨਾ ਹੁਣ ਫੜਿਆ ਕਰ ਤੂੰ। ਪਿਛਲੇ ਹੀ ਨਹੀਂ ਸਾਂਭ ਹੋਂਵਦੇ, ਰੱਬ ਨਵੇਂ ਨਾ ਘੜਿਆ ਕਰ ਤੂੰ। ਭੀੜਾਂ ਹੀ ਮਰਦੰਗ ਨੇ ਬਣੀਆਂ, ਢੋਲਾਂ ਨੂੰ ਨਾ ਮੜ੍ਹਿਆ ਕਰ ਤੂੰ।

ਤਾਰਾਂ ਦੇ ਵਿਚ ਵੀ ਹਲਚਲ ਹੈ

ਤਾਰਾਂ ਦੇ ਵਿਚ ਵੀ ਹਲਚਲ ਹੈ ਝਾਂਜਰ ਵੀ ਚੁਪ-ਚਾਪ ਨਹੀਂ। ਬੰਦਾ ਹੀ ਪੱਥਰ ਹੋਇਆ ਹੈ ਹੁਣ ਦਿਲ ਵਿਚ ਉਸਦੇ ਥਾਪ ਨਹੀਂ। ਬੋਲੀਦਾ ਬੋਸੀਦਾ ਮੌਸਮ ਲਿਪਟੇ ਹੋਏ ਦਰਖ਼ਤਾਂ ਨੂੰ, ਪੌਣਾਂ ਦੀ ਸਰਗੋਸ਼ੀ ਦੱਸੇ ਪੱਤਿਆਂ ਵਿਚ ਅਲਾਪ ਨਹੀਂ। ਬਲਦ ਦਿਆਂ ਸਿੰਗਾਂ 'ਤੇ ਧਰਤੀ ਨੱਚਦੀ ਤਾਂਡਵ ਨਾਚ ਪਈ, ਆਦਮ ਦੀ ਕਰਨੀ ਹੈ ਇਹ ਤਾਂ ਧਰਤੀ ਦਾ ਸੰਤਾਪ ਨਹੀਂ। ਪਾਪ ਉਡਾਰੀ ਹੈ ਵਲਗਣ 'ਚੋਂ ਨਿਕਲਣ ਦੀ ਖੰਭ ਤੋਲਣ ਦੀ ਪੰਛੀ ਦੀ ਪਰਵਾਜ਼ ਕਤਰਨਾ ਕੈਂਚੀ ਲਈ ਕੋਈ ਪਾਪ ਨਹੀਂ। ਰੰਗ-ਬਰੰਗੀਆਂ ਪੌਸ਼ਾਕਾਂ ਵਿਚ ਤੂੰ ਨੰਗ-ਮੁਨੰਗਾ ਘੁੰਮਿਆ ਕਰ ਬਦਰੰਗ ਹੋਏ ਤੇਰੇ ਪਿੰਡੇ ਦਾ ਕੋਈ ਏਸ ਸ਼ਹਿਰ ਵਿਚ ਨਾਪ ਨਹੀਂ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਬਲਬੀਰ ਆਤਿਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ