Sukhbir Singh Sandhu ਸੁਖਬੀਰ ਸਿੰਘ ਸੰਧੂ

ਪੰਜਾਬੀ ਕਵੀ ਸੁਖਬੀਰ ਸਿੰਘ ਸੰਧੂ ਦੀ ਤਸਵੀਰ

ਸੁਖਬੀਰ ਸਿੰਘ ਸੰਧੂ ਪੰਜਾਬੀ ਦਾ ਉਹ ਅਣਗੌਲ਼ਿਆ ਪਰ ਸਮਰੱਥ ਸ਼ਾਇਰ ਸੀ ਜਿਸ ਦੀ ਇੱਕੋ ਗ਼ਜ਼ਲ

ਉਸ ਬੇ-ਵਫ਼ਾ ਦੀ ਯਾਦ ਵਿਚ, ਰੋਇਆ ਕਰਾਂ ਕਿ ਨਾ।
ਬੀਤੇ ਦਿਨਾਂ ਦੀ ਫੇਰ ਤਮੰਨਾ ਕਰਾਂ ਕਿ ਨਾ।

ਸੁਣਿਆ ਹੈ ਰਾਤ ਗ਼ੈਰ ਨੂੰ ਸੁਪਨੇ ਚ ਮਿਲੇ ਹੋ,
ਦੱਸੋ ਤੁਸੀਂ ਹੀ ਏਸ ਦਾ ਸ਼ਿਕਵਾ ਕਰਾਂ ਕਿ ਨਾ।

ਮੈਨੂੰ ਤੇਰੀ ਉਡੀਕ ਹੈ, ਮੇਰੀ ਹੈ ਮੌਤ ਨੂੰ,
ਕਹਿ ਦੇ ਜ਼ਰਾ ਕਿ ਜਾਣ ਦਾ ਵਾਅਦਾ ਕਰਾਂ ਕਿ ਨਾ ।

ਇਹ ਸੋਚਦਾ ਹੀ ਸੋਚਦਾ ਕਾਅਬੇ ਤੋਂ ਮੁੜ ਪਿਆ,
ਤੇਰੀ ਦਲੀਜ਼ ਤੋਂ ਬਿਨਾਂ ਸਜਦਾ ਕਰਾਂ ਕਿ ਨਾ।

ਉਹ ਗੱਲ ਮੇਰੇ ਪਿਆਰ ਦੀ ਲੋਕਾਂ ਨੇ ਜਾਣ ਲਈ,
ਮੈਂ ਸਾਂ ਅਜੇ ਵਿਚਾਰਦਾ ਚਰਚਾ ਕਰਾਂ ਕਿ ਨਾ।

ਨੂੰ ਨੁਸਰਤ ਫ਼ਤਹਿ ਖਾਂ ਸਮੇਤ ਤਿੰਨ ਹੋਰ ਪਾਕਿ ਗਾਇਕਾਂ ਮਰਾਤਬ ਅਲੀ, ਨਸੀਬੋ ਲਾਲ ਤੇ ਅਕਰਮ ਰਾਹੀ ਨੇ ਵੀ ਗਾਇਆ। ਇਧਰਲੇ ਪੰਜਾਬ ਵਿੱਚ ਬਹੁਤੇ ਲੋਕ ਇਸ ਗ਼ਜ਼ਲ ਨੂੰ ਸ਼ਿਵ ਕੁਮਾਰ ਦੀ ਕਹਿ ਕੇ ਮਹਿਫ਼ਲਾਂ ਵਿੱਚ ਗਾਉਂਦੇ ਹਨ।

ਸੁਖਬੀਰ ਸਿੰਘ ਸੰਧੂ ਤਰਨਤਾਰਨ ਦਾ ਜੰਮ ਪਲ ਸੀ। ਉਸਦਾ ਜੱਦੀ ਪਿੰਡ ਕਲਸੀਆਂ ਖ਼ੁਰਦ (ਖਾਲੜਾ ਨੇੜੇ)ਜ਼ਿਲ੍ਹਾ ਤਰਨਤਾਰਨ ਵਿੱਚ ਹੈ। ਉਸ ਦੇ ਪਿਤਾ ਜੀ ਗਿਆਨੀ ਸਰਦਾਰਾ ਸਿੰਘ ਨੇ ਆਪਣਾ ਸਾਰਾ ਜੀਵਨ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ, ਤਰਨ ਤਾਰਨ ਦੇ ਹੀ ਲੇਖੇ ਲਾਇਆ । ਇਸੇ ਕਰਕੇ ਉਹ ਤਰਨਤਾਰਨ ਆਣ ਵੱਸੇ।

12 ਅਗਸਤ 1932 ਦੇ ਜੰਮਪਲ ਸੁਖਬੀਰ ਸਿੰਘ ਸੰਧੂ ਨੇ ਐਮ.ਏ. ਬੀ.ਟੀ. ਪਾਸ ਕਰਕੇ ਪਹਿਲਾਂ ਕੁਝ ਸਮਾਂ ਕਲਰਕੀ ,ਫਿਰ ਅਧਿਆਪਨ ਤੇ ਮਗਰੋਂ ਲੋਕ ਸੰਪਰਕ ਵਿਭਾਗ ਦੇ ਕਪੂਰਥਲਾ ਦਫ਼ਤਰ ਵਿਚ ਡਰਾਮਾ ਇੰਸਪੈਕਟਰ ਵਜੋਂ ਨੌਕਰੀ ਕੀਤੀ। ਫਿਰ ਉਹ ਇੰਗਲੈਂਡ ਚਲਾ ਗਿਆ ਜਿੱਥੇ ਉਸਨੂੰ ਸਪਰੇਅ ਪੇਂਟਰ ਵਰਗੇ ਮੁਸ਼ੱਕਤੀ ਕਿੱਤੇ ਕਰਨੇ ਪਏ। ਉਸ ਇੰਗਲੈਂਡ ਤੋਂ ਭਾਰਤ ਪਰਤ ਕੇ ਤਰਨਤਾਰਨ ਵਿਚ ਅੰਮ੍ਰਿਤਸਰ ਵੱਲ ਜਾਂਦੇ ਰਾਹ ਤੇ “ਪਾਇਲ ਹੋਟਲ ਐਂਡ ਰੈਸਟੋਰੈਂਟ” ਖੋਲ੍ਹਿਆ।

ਉਸਨੂੰ ਗਜ਼ਲ ਲਿਖਣ ਦਾ ਸ਼ੌਕ ਚੜ੍ਹਦੀ ਜਵਾਨੀ ਤੋਂ ਹੀ ਪੈ ਗਿਆ ਸੀ ਜੋ ਆਖ਼ਰੀ ਸਵਾਸਾਂ ਤੀਕ ਨਿਭਿਆ।

ਇੰਗਲੈਂਡ ਵਿਚ ਰਹਿੰਦਿਆਂ ਪੰਜਾਬੀ ਸਾਹਿਤਕਾਰਾਂ ਨੇ ਉਸਨੂੰ “ਪੰਜਾਬੀ ਲਿਖਾਰੀ ਸਭਾ" ਲੰਡਨ, ਯੂ:ਕੇ, ਦਾ ਜਨਰਲ ਸਕੱਤਰ ਬਨਣ ਦੀ ਸੇਵਾ ਵੀ ਬਖਸ਼ੀ। ਉਸਦੀ 1973 ਵਿੱਚ ਛਪੀ ਪਹਿਲੀ ਤੇ ਆਖਰੀ ਕਿਰਤ 'ਪਾਇਲ' ਗ਼ਜ਼ਲ ਸੰਗ੍ਰਹਿ ਪੜ੍ਹਦਿਆਂ ਉਸ ਦੇ ਗਹਿਰ ਗੰਭੀਰੇ ਕਲਾਮ ਦੇ ਦਰਸ਼ਨ ਰੁੰਦੇ ਹਨ। ਇਸੇ ਸਾਲ 1973 ਜਾਂ ਸਾਲ ਮਗਰੋਂ ਸਵਾਸ ਤਿਆਗ ਗਿਆ ਪਰ ਇਸ ਬਾਰੇ ਬਹੁਤ ਯਤਨ ਕਰਨ ਦੇ ਬਾਵਜੂਦ ਪੱਕੀ ਸੂਚਨਾ ਨਹੀਂ ਮਿਲ ਸਕੀ।

“ਪਾਇਲ” ਦਾ ਦੂਸਰਾ ਸੰਸਕਰਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਜੁਲਾਈ 2026 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। - ਗੁਰਭਜਨ ਗਿੱਲ

ਪਾਇਲ (ਗਜ਼ਲ ਸੰਗ੍ਰਹਿ) : ਸੁਖਬੀਰ ਸਿੰਘ ਸੰਧੂ