ਆਪਣੇ ਘਰ ਅਣਗੌਲ਼ਿਆ ਸ਼ਾਇਰ ਸੁਖਬੀਰ ਸਿੰਘ ਸੰਧੂ - ਗੁਰਭਜਨ ਗਿੱਲ


ਤੁਸੀਂ ਦੱਸੋ! ਪੰਜਾਬੀ ਦਾ ਉਹ ਅਣਗੌਲ਼ਿਆ ਪਰ ਸਮਰੱਥ ਸ਼ਾਇਰ ਕੌਣ ਸੀ ਜਿਸ ਦੀ ਇੱਕੋ ਗ਼ਜ਼ਲ ਨੂੰ ਨੁਸਰਤ ਫ਼ਤਹਿ ਖਾਂ ਸਮੇਤ ਤਿੰਨ ਹੋਰ ਪਾਕਿ ਗਾਇਕਾਂ ਮਰਾਤਬ ਅਲੀ, ਨਸੀਬੋ ਲਾਲ ਤੇ ਅਕਰਮ ਰਾਹੀ ਨੇ ਵੀ ਗਾਇਆ। ਤੁਸੀਂ ਦੱਸੋ! ਉਹ ਗ਼ਜ਼ਲ ਕਿਹੜੀ ਸੀ ਤੇ ਸ਼ਾਇਰ ਕੌਣ ਸੀ? ਮੈਂ ਦੱਸਦਾ ਹਾਂ। ਉਹ ਸ਼ਾਇਰ ਸੁਖਬੀਰ ਸਿੰਘ ਸੰਧੂ ਸੀ ਤੇ ਗ਼ਜਲ਼ ਸੀਃ

ਉਸ ਬੇ-ਵਫ਼ਾ ਦੀ ਯਾਦ ਵਿਚ, ਰੋਇਆ ਕਰਾਂ ਕਿ ਨਾ।
ਬੀਤੇ ਦਿਨਾਂ ਦੀ ਫੇਰ ਤਮੰਨਾ ਕਰਾਂ ਕਿ ਨਾ।

ਸੁਣਿਆ ਹੈ ਰਾਤ ਗ਼ੈਰ ਨੂੰ ਸੁਪਨੇ ਚ ਮਿਲੇ ਹੋ,
ਦੱਸੋ ਤੁਸੀਂ ਹੀ ਏਸ ਦਾ ਸ਼ਿਕਵਾ ਕਰਾਂ ਕਿ ਨਾ।

ਮੈਨੂੰ ਤੇਰੀ ਉਡੀਕ ਹੈ, ਮੇਰੀ ਹੈ ਮੌਤ ਨੂੰ,
ਕਹਿ ਦੇ ਜ਼ਰਾ ਕਿ ਜਾਣ ਦਾ ਵਾਅਦਾ ਕਰਾਂ ਕਿ ਨਾ ।

ਇਹ ਸੋਚਦਾ ਹੀ ਸੋਚਦਾ ਕਾਅਬੇ ਤੋਂ ਮੁੜ ਪਿਆ,

ਤੇਰੀ ਦਲੀਜ਼ ਤੋਂ ਬਿਨਾਂ ਸਜਦਾ ਕਰਾਂ ਕਿ ਨਾ।

ਉਹ ਗੱਲ ਮੇਰੇ ਪਿਆਰ ਦੀ ਲੋਕਾਂ ਨੇ ਜਾਣ ਲਈ,
ਮੈਂ ਸਾਂ ਅਜੇ ਵਿਚਾਰਦਾ ਚਰਚਾ ਕਰਾਂ ਕਿ ਨਾ।

ਇਸ ਗ਼ਜ਼ਲ ਨੂੰ ਬੇਨਾਮ ਸ਼ਾਇਰ ਦੀ ਰਚਨਾ ਕਹਿ ਕੇ ਅਨੇਕਾਂ ਮਹਿਫ਼ਲੀ ਗਾਇਕਾਂ ਨੇ ਗਾਇਆ। ਇੱਕ ਗਾਇਕ ਨੇ ਤਾਂ ਕਮਾਲ ਹੀ ਕਰ ਦਿੱਤੀ। ਸੁੰਨੀ ਜ਼ਮੀਨ ਵੇਖ ਕੇ ਆਪਣੇ ਨਾਂ ਚੜ੍ਹਵਾ ਲਈ। ਜਿਸ ਜ਼ਮੀਨ ਦੇ ਸਾਈਂ ਅਵੇਸਲੇ ਹੋ ਜਾਣ ਜਾਂ ਮਰ ਮੁੱਕ ਜਾਣ ਉਸ ਨਾਲ ਏਦਾਂ ਹੀ ਹੁੰਦਾ ਹੈ। ਪਰ ਹੁਣ ਇਹ ਧੱਕਾ ਨਹੀਂ ਹੋਣ ਦਿਆਂਗੇ। ਵਾਰਸਾਂ ਨੇ ਨਿਸ਼ਾਨਦੇਹੀ ਕਰਵਾ ਲਈ ਹੈ।

ਮੇਰੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕਿਸੇ ਗਾਇਕ ਨੇ ਇਹ ਗ਼ਜ਼ਲ ਕਦੇ ਨਹੀਂ ਰੀਕਾਰਡ ਕੀਤੀ।

ਜਵਾਨੀ ਚੜ੍ਹਦਿਆਂ ਬਹੁਤ ਵਾਰ ਇਹ ਗ਼ਜ਼ਲ ਦਿਲ ਟੁੱਟੇ ਮੁਹੱਬਤੀਆਂ ਮੂੰਹੋਂ ਮੂੰਹੋਂ ਤਾਂ ਅਨੇਕ ਵਾਰ ਸੁਣੀ ਪਰ ਬਹੁਤੇ ਬੰਦਾ ਇਸ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਆਖ ਕੇ ਗਾਉਂਦੇ ਨੇ। ਮੈਨੂੰ ਪੱਕਾ ਮਤਾ ਸੀ ਕਿ ਇਹ ਰਚਨਾ ਸ਼ਿਵ ਦੀ ਨਹੀਂ ਕਿਉਂਕਿ ਸ਼ਿਵ ਕੁਮਾਰ ਦੀ ਸਿਰਜਣ ਸ਼ੈਲੀ ਦਾ ਮੈਂ ਵੀ ਭੇਤੀ ਸਾਂ ਪਰ ਮੇਰੇ ਚਾਰ ਵੱਡੇ ਅਮਰਜੀਤ ਗੁਰਦਾਸਪੁਰੀ, ਗੁਰਚਰਨ ਸਿੰਘ ਬੋਪਾਰਾਏ, ਮੋਹਨ ਕਾਹਲੋਂ ਤੇ ਭੂਸ਼ਨ ਧਿਆਨਪੁਰੀ ਨੇ ਵੀ ਇਹੀ ਦੱਸਿਆ ਕਿ ਇਹ ਸ਼ਿਵ ਕੁਮਾਰ ਦੀ ਰਚਨਾ ਨਹੀਂ। ਪਰ ਅਸਲ ਲੇਖਕ ਬਾਰੇ ਕਿਤਿਓਂ ਸੋਅ ਨਾ ਮਿਲੀ।

ਏਨੀ ਕੁ ਗੱਲ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਜੀ ਨੇ ਦਸ ਪੰਦਰਾਂ ਸਾਲ ਪਹਿਲਾਂ ਮੈਨੂੰ ਜ਼ਰੂਰ ਦੱਸੀ ਸੀ ਕਿ ਇਸ ਗ਼ਜ਼ਲ ਦਾ ਸ਼ਾਇਰ ਸੁਖਬੀਰ ਸਿੰਘ ਸੰਧੂ ਦੀ ਹੈ ਜੋ ਕਦੇ ਤਰਨਤਾਰਨ ਰਹਿੰਦਾ ਸੀ।

ਇਸ ਗੱਲ ਦੀ ਗਵਾਹੀ ਇੱਗਲੈਂਡ ਰਹਿੰਦੀ ਪੰਜਾਬੀ ਕਵਿੱਤਰੀ ਮਨਜੀਤ ਪੱਡਾ ਨੇ ਵੀ ਪਾਈ। ਇਸ ਨਾਲ ਸਬੰਧਤ ਉਸ ਇੱਕ ਘਟਨਾ ਵੀ ਦੱਸੀ। ਇੰਗਲੈਂਡ ਵਿੱਚ ਸ਼ਿਵ ਕੁਮਾਰ ਦੀ ਪਹਿਲੀ ਜਾਂ ਦੂਜੀ ਬਰਸੀ ਦਾ ਸਮਾਗਮ ਚੱਲ ਰਿਹਾ ਸੀ। ਕਿਸੇ ਗਾਇਕ ਨੇ ਇਹ ਗ਼ਜ਼ਲ ਸ਼ਿਵ ਕੁਮਾਰ ਦੀ ਕਹਿ ਕੇ ਸੁਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਵੱਡਾ ਵੀਰ ਪ੍ਰਿਤਪਾਲ ਸਿੰਘ ਖੜ੍ਹਾ ਹੋ ਕੇ ਬੋਲਿਆ ਕਿ ਇਹ ਗ਼ਜ਼ਲ ਸ਼ਿਵ ਦੀ ਨਹੀਂ, ਸੁਖਬੀਰ ਸੰਧੂ ਦੀ ਹੈ। ਉਸ ਦੇ ਮੂੰਹੋਂ ਅਸੀਂ ਆਪਣੇ ਘਰ ਵਿੱਚ ਹੀ ਕਈ ਵਾਰ ਸੁਣੀ ਹੈ। ਮਨਜੀਤ ਪੱਡਾ ਪੰਜਾਬੀ ਕਵੀ ਸ. ਬਿਸ਼ੰਭਰ ਸਿੰਘ ਸਾਕੀ ਜੀ ਦੀ ਬੇਟੀ ਹੈ ਜਿੰਨ੍ਹਾਂ ਨੇ ਸੁਖਬੀਰ ਸੰਧੂ ਦੇ ਇਕਲੌਤੇ ਗ਼ਜ਼ਲ ਸੰਗ੍ਰਹਿ “ਪਾਇਲ” ਦਾ ਮੁੱਖ ਬੰਦ ਵੀ ਲਿਖਿਆ ਸੀ। ਮਨਜੀਤ ਨੇ ਹੀ ਦੱਸਿਆ ਕਿ ਸੁਖਬੀਰ ਸੰਧੂ ਤੇ ਉਨ੍ਹਾਂ ਦੀ ਜੀਵਨ ਸਾਥਣ ਨਿਰਮਲ ਵੀ ਬਹੁਤ ਸੁਰੀਲਾ ਗਾਉਂਦੇ ਸਨ। ਫਰਿਜ਼ਨੋ (ਅਮਰੀਕਾ) ਵਿੱਚ ਲੰਮਾ ਸਮਾਂ ਰਹੇ ਪੰਜਾਬੀ ਕਵੀ ਸਵਰਗੀ ਸ. ਪਸ਼ੌਰਾ ਸਿੰਘ ਢਿੱਲੋਂ ਵੀ ਉਸ ਦੇ ਬੇਹੱਦ ਨਜ਼ਦੀਕੀ ਦੋਸਤ ਤੇ ਰਿਸ਼ਤੇਦਾਰ ਸਨ।

ਮੋਹਨ ਕਾਹਲੋਂ ਜੀ ਨੇ ਹੀ ਦੱਸਿਆ ਸੀ ਕਿ ਸੁਖਬੀਰ ਸੰਧੂ ਦਾ ਵੱਡਾ ਭਰਾ ਵੀ ਪੰਜਾਬੀ ਨਾਵਲਕਾਰ ਸੀ ਬਲਬੀਰ ਸਿੰਘ ਸੰਧੂ। ਉਹ ਕਦੇ ਜਲੰਧਰ ਰਹਿੰਦਾ ਸੀ।

“ਭਾਰਤ ਸੇਵਕ ਸਮਾਜ” ਸੰਸਥਾ ਵੱਲੋਂ ਚਲਾਏ ਜਾਂਦੇ ਪੰਚਾਇਤੀ ਰਾਜ ਟ੍ਰੇਨਿੰਗ ਸਕੂਲ ਵਿੱਚ ਪ੍ਰਿੰਸੀਪਲ ਸੀ। ਬਲਬੀਰ ਸਿੰਘ ਸੰਧੂ ਦਾ ਪਹਿਲਾ ਨਾਵਲ “ਮੌਤ ਦੇ ਸਾਏ ਹੇਠ” ਸੀ ਤੇ ਦੂਜਾ “ਧੂੜ ਉੱਡਦੀ ਰਹੀ”। ਦੂਜੇ ਨਾਵਲ ਨੂੰ ਤਾਂ ਮੈਂ ਚੜ੍ਹਦੀ ਉਮਰੇ ਪੜ੍ਹਿਆ ਵੀ ਸੀ। ਇਹ ਸਮਰੱਥ ਸਮਾਜਿਕ ਨਾਵਲ ਸੀ। ਤਰਨ ਤਾਰਨ ਦੇ ਬਹੁਤ ਲਿਖਾਰੀਆਂ ਨੂੰ ਮੈਂ ਵੱਖ ਵੱਖ ਸਮਾਂ ਸੁਖਬੀਰ ਸੰਧੂ ਬਾਰੇ ਪੁੱਛਿਆ ਪਰ ਕਿਸੇ ਨੇ ਦੱਸ ਨਾ ਪਾਈ।

ਅਚਨਚੇਤ ਮੋਹਾਲੀ ਵੱਸਦੇ ਵੱਡੇ ਵੀਰ ਕਰਨਲ ਜਸਬੀਰ ਭੁੱਲਰ ਨਾਲ ਕੁਝ ਕੁ ਸਾਲ ਪਹਿਲਾਂ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਮੈਂ ਵੀ ਭਾਰਤੀ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣਨ ਤੋਂ ਪਹਿਲਾਂ ਜਲੰਧਰ ਦੇ ਪੰਚਾਇਤੀ ਰਾਜ ਟ੍ਰੇਨਿੰਗ ਸਕੂਲ ਵਿੱਚ ਵਾਈਸ ਪ੍ਰਿੰਸੀਪਲ ਸਾਂ। ਬਲਬੀਰ ਸਿੰਘ ਸੰਧੂ ਸਾਡਾ ਪ੍ਰਿੰਸੀਪਲ ਸੀ। ਉਸ ਦਾ ਨਿੱਕਾ ਵੀਰ ਸੁਖਬੀਰ ਸੰਧੂ ਮੇਰਾ ਚੰਗਾ ਮਿੱਤਰ ਸੀ। ਉਸ ਦੀਆਂ ਗ਼ਜ਼ਲਾਂ ਦੀ ਇੱਕ ਕਿਤਾਬ ਵੀ ਛਪੀ ਸੀ “ਪਾਇਲ” ਦੇ ਨਾਮ ਹੇਠ। ਬਹੁਤ ਉਮਦਾ ਗ਼ਜ਼ਲਾਂ ਨੇ।

ਮੈਂ ਬੇਨਤੀ ਕੀਤੀ ਕਿ ਇਹ ਕਿਤਾਬ ਆਪਾਂ ਰਲ਼ ਕੇ ਛਪਵਾਈਏ।

ਕਰਨਲ ਜਸਬੀਰ ਭੁੱਲਰ ਸਾਹਿਬ ਨੇ ਕਿਤਾਬ ਲੱਭ ਕੇ ਰੱਖਣ ਦਾ ਭਰੋਸਾ ਦਿੱਤਾ ਪਰ ਇਸ ਤੋਂ ਅੱਗੇ ਗੱਲ ਨਾ ਤੁਰ ਸਕੀ। ਮੈਂ ਵੀ ਭੁੱਲ ਭੁਲਾ ਗਿਆ।

ਇੱਕ ਦਿਨ ਨੌਜਵਾਨ ਉਤਸ਼ਾਹੀ ਮਿੱਤਰ ਡਾ. ਇਮਰੋਜ਼ ਸਿੰਘ ਮਾਨ ਦਾ ਫੋਨ ਆਇਆ ਕਿ “ਰੇਖਤਾ ਫਾਉਂਡੇਸ਼ਨ” ਲਈ ਕੁਝ ਮਹੱਤਵ ਪੂਰਨ ਕਵੀ ਦੱਸੋ ਜੋ ਸੰਭਾਲ਼ੇ ਜਾ ਸਕਣ। ਮੈਂ ਸੁਖਬੀਰ ਸਿੰਘ ਸੰਧੂ ਦੀ ਦੱਸ ਪਾਈ ਤੇ ਕਰਨਲ ਜਸਬੀਰ ਭੁੱਲਰ ਨਾਲ ਸੰਪਰਕ ਕਰਕੇ ਇਹ ਕਿਤਾਬ ਹਾਸਲ ਕਰਨ ਲਈ ਕਿਹਾ।

ਹੁਣ ਇਮਰੋਜ਼ ਸਿੰਘ ਮਾਨ ਨੇ ਉਹ ਕਿਤਾਬ ਹਾਸਲ ਕਰਕੇ ਵਿੱਚੋਂ ਕੁਝ ਪੰਨੇ ਮੈਨੂੰ ਭੇਜੇ ਹਨ। ਸੱਚ ਮੁੱਚ ਕਮਾਲ ਦੀਆਂ ਗ਼ਜ਼ਲਾਂ ਹਨ।

ਹੁਣ ਸੁਣੋ ਸ਼ਾਇਰ ਸੁਖਬੀਰ ਸਿੰਘ ਸੰਧੂ ਦੀ ਜ਼ਿੰਦਗੀ ਬਾਰੇ ਜੋ ਮੈਂ ਏਧਰੋਂ ਓਧਰੋਂ ਜਾਂ ਕਿਤਾਬ ਵਿੱਚੋਂ ਸੁਖਬੀਰ ਸਿੰਘ ਸੰਧੂ ਦੀ ਲਿਖੀ ਲਿਖਤ ਵਿੱਚੋਂ ਲਏ ਹਨ। ਤਰਨਤਾਰਨ ਦਾ ਜੰਮ ਪਲ ਸੀ ਸੁਖਬੀਰ ਸੰਧੂ। ਉਸਦਾ ਜੱਦੀ ਪਿੰਡ ਕਲਸੀਆਂ ਖ਼ੁਰਦ (ਖਾਲੜਾ ਨੇੜੇ)ਜ਼ਿਲ੍ਹਾ ਤਰਨਤਾਰਨ ਵਿੱਚ ਹੈ। ਉਸ ਦੇ ਪਿਤਾ ਜੀ ਗਿਆਨੀ ਸਰਦਾਰਾ ਸਿੰਘ ਨੇ ਆਪਣਾ ਸਾਰਾ ਜੀਵਨ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ, ਤਰਨ ਤਾਰਨ ਦੇ ਹੀ ਲੇਖੇ ਲਾਇਆ । ਇਸੇ ਕਰਕੇ ਉਹ ਤਰਨਤਾਰਨ ਆਣ ਵੱਸੇ। 12 ਅਗਸਤ 1932 ਦੇ ਜੰਮਪਲ ਸੁਖਬੀਰ ਸਿੰਘ ਸੰਧੂ ਨੇ ਐਮ.ਏ. ਬੀ.ਟੀ. ਪਾਸ ਕਰਕੇ ਪਹਿਲਾਂ ਕੁਝ ਸਮਾਂ ਕਲਰਕੀ ,ਫਿਰ ਅਧਿਆਪਨ ਤੇ ਮਗਰੋਂ ਲੋਕ ਸੰਪਰਕ ਵਿਭਾਗ ਦੇ ਕਪੂਰਥਲਾ ਦਫ਼ਤਰ ਵਿਚ ਡਰਾਮਾ ਇੰਸਪੈਕਟਰ ਵਜੋਂ ਨੌਕਰੀ ਕੀਤੀ। ਫਿਰ ਉਹ ਇੰਗਲੈਂਡ ਚਲਾ ਗਿਆ ਜਿੱਥੇ ਉਸਨੂੰ ਸਪਰੇਅ ਪੇਂਟਰ ਵਰਗੇ ਮੁਸ਼ੱਕਤੀ ਕਿੱਤੇ ਕਰਨੇ ਪਏ। ਉਸ ਭਾਰਤ ਪਰਤ ਕੇ ਤਰਨਤਾਰਨ ਵਿਚ ਅੰਮ੍ਰਿਤਸਰ ਵੱਲ ਜਾਂਦੇ ਰਾਹ ਤੇ “ਪਾਇਲ ਹੋਟਲ ਐਂਡ ਰੈਸਟੋਰੈਂਟ”ਖੋਲ੍ਹਿਆ।

ਉਸਨੂੰ ਗਜ਼ਲ ਲਿਖਣ ਦਾ ਸ਼ੌਕ ਚੜ੍ਹਦੀ ਜਵਾਨੀ ਤੋਂ ਹੀ ਪੈ ਗਿਆ ਸੀ ਜੋ ਆਖ਼ਰੀ ਸਵਾਸਾਂ ਤੀਕ ਨਿਭਿਆ।

ਇੰਗਲੈਂਡ ਵਿਚ ਰਹਿੰਦਿਆਂ ਪੰਜਾਬੀ ਸਾਹਿਤਕਾਰਾਂ ਨੇ ਉਸਨੂੰ “ਪੰਜਾਬੀ ਲਿਖਾਰੀ ਸਭਾ" ਲੰਡਨ, ਯੂ:ਕੇ, ਦਾ ਜਨਰਲ ਸਕੱਤਰ ਬਨਣ ਦੀ ਸੇਵਾ ਵੀ ਬਖਸ਼ੀ। ਉਸਦੀ ਪਹਿਲੀ ਕਿਰਤ 'ਪਾਇਲ' ਗ਼ਜ਼ਲ ਸੰਗ੍ਰਹਿ ਪੜ੍ਹਦਿਆਂ ਉਸ ਦੇ ਗਹਿਰ ਗੰਭੀਰੇ ਕਲਾਮ ਦੇ ਦਰਸ਼ਨ ਰੁੰਦੇ ਹਨ। ਸ਼ਾਇਦ ਇਸੇ ਸਾਲ 1973 ਵਿੱਚ ਹੀ ਸਵਾਸ ਤਿਆਗ ਗਿਆ।

ਸੁਖਬੀਰ ਸਿੰਘ ਸੰਧੂ ਦੀ ਇਕਲੌਤੀ ਗ਼ਜ਼ਲ ਪੁਸਤਕ ਦੇ ਤਕਨੀਕੀ ਪੰਨੇ ਤੇ ਲਿਖੀ ਜਾਣਕਾਰੀ ਮੁਤਾਬਕ ਇਸ ਦੀ ਛਪਣ ਸੰਖਿਆ 1100 ਕਾਪੀਆਂ ਸੀ। ਬਾਕੀ ਕਾਪੀਆਂ ਕਿੱਥੇ ਗਈਆਂ, ਪਤਾ ਨਹੀਂ ਪਰ ਪਹਿਲੀਆਂ ਦਸ ਕਾਪੀਆਂ ਵਿੱਚੋਂ ਹੀ ਇੱਕ ਕਾਪੀ ਕਰਨਲ ਜਸਬੀਰ ਭੁੱਲਰ ਕੋਲ ਹੈ ਜਿਹੜੀਂਆਂ ਜਿਲਦ-ਸਾਜ਼ ਕੋਲੋਂ ਲੇਖਕ ਨੂੰ ਮਿਲੀਆਂ।

ਪਹਿਲੀਆਂ ਦਸ ਕਾਪੀਆਂ ਵੇਖ ਕੇ ਉਹ ਬੇਅੰਤ ਪ੍ਰਸੰਨ ਹੋਇਆ। ਫਿਰ ਖ਼ੁਸ਼ੀਆਂ ਦੀ ਝੜੀ ਲੱਗੀ। ਲੰਮੀ ਝੜੀ ਵਿੱਚ ਮੈਲ਼ਾ ਪਾਣੀ ਗਲ਼ ਗਲ਼ ਚੜ੍ਹ ਗਿਆ। ਪਹਿਲਾਂ ਵੀ ਸਿਹਤ ਚੰਗੀ ਨਹੀਂ ਸੀ। ਸ਼ੂਗਰ ਰੋਗ ਘੇਰੀ ਬੈਠਾ ਸੀ। ਉੱਤੋ ਇਹ ਪਾਣੀ ਜ਼ਹਿਰੀਲਾ ਬਣ ਟੱਕਰਿਆ। ਪੰਜ ਦਰਿਆਵਾਂ ਦਾ ਤੈਰਾਕ ਇਸ ਵਿੱਚ ਹੀ ਡੁੱਬ ਮੋਇਆ। ਸਬੱਬ ਦੇਖੋ, ਇਸੇ ਸਾਲ ਹੀ ਮਈ ਮਹੀਨੇ ਸ਼ਿਵ ਕੁਮਾਰ ਨੂੰ ਵੀ ਇਹੀ ਪਾਣੀ ਮਾਰ ਗਿਆ ਸੀ। ਅਸੀਂ 2026 ਤੀਕ ਵੀ ਅਸੀਂ ਅੱਜ ਤੀਕ ਸਬਕ ਨਹੀਂ ਸਿੱਖ ਰਹੇ। ਅਦਬੀ ਮਹਿਫ਼ਲਾਂ ਦੀ ਸ਼ਾਮ ਜ਼ਹਿਰੀਲੇ ਪਾਣੀ ਵਿੱਚ ਹੀ ਡੁੱਬਦੀ ਹੈ। ਕੌਣ ਰੋਕੇਗਾ ਇਸ ਮਹਾਂਮਾਰੀ ਨੂੰ।

ਗੱਲ ਫਿਰ ਸੁਖਬੀਰ ਸਿੰਘ ਸੰਧੂ ਦੀ ਪੁਸਤਕ “ਪਾਇਲ” ਦੀ ਕਰ ਲਵਾਂ। ਇਸ ਨੂੰ ਸ. ਸਵਿੰਦਰ ਸਿੰਘ ਬਾਜਵਾ ਨੇ ਬਾਜਵਾ ਆਰਟ ਪ੍ਰੈੱਸ ਤਰਨਤਾਰਨ ਵੱਲੋਂ ਛਾਪਿਆ ਸੀ। ਪਬਲਿਸ਼ਰ ਦਾ ਪਤਾ ਸੰਧੂ ਦੇ ਘਰ ਦਾ ਹੀ 12/31,32 ਤੇ 33 ਅੰਮ੍ਰਿਤਸਰ ਰੋਡ ਤਰਨ ਤਾਰਨ ਲਿਖਿਆ ਹੋਇਆ ਹੈ। ਕੁੱਲ 54 ਗ਼ਜ਼ਲਾਂ ਹਨ 96 ਸਫ਼ਿਆਂ ਤੇ ਫ਼ੈਲੀਆਂ ਹੋਈਆਂ।

ਇਸ ਪੁਸਤਕ ਦੀ ਜਾਣ ਪਛਾਣ ਪੰਜਾਬੀ ਕਵੀ ਸ. ਬਿਸ਼ੰਭਰ ਸਿੰਘ ਸਾਕੀ ਜੀ ਨੇ ਲਿਖੀ ਜੋ 1973 ਵਿੱਚ ਪੰਜਾਬੀ ਲਿਖਾਰੀ ਸਭਾ ਲੰਡਨ ( ਯੂ ਕੇ) ਦੇ ਪ੍ਰਧਾਨ ਸਨ।

ਉਹ ਸੁਖਬੀਰ ਸਿੰਘ ਸੰਧੂ ਦੇ ਇੰਗਲੈਂਡ ਵਾਸ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਦੇ ਹਨ ਕਿ ਉਹ ਬਹੁਤ ਸੁਰੀਲਾ ਸੀ। ਆਪਣੇ ਕਲਾਮ ਨੂੰ ਪੂਰੇ ਵਜਦ ਵਿੱਚ ਆ ਕੇ ਗਾਉਂਦਾ, ਮੰਤਰ ਮੁਗਧ ਕਰ ਦਿੰਦਾ।

ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਹ ਦੱਸਦੇ ਹਨ ਕਿ ਇੱਕ ਵਾਰ ਕਿਸੇ ਗੁਰੂ ਘਰ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਕਵੀ ਦਰਬਾਰ ਵਿੱਚ ਸਾਨੂੰ ਸਭ ਨੂੰ ਬੁਲਾਇਆ। ਅਸਾਂ ਸੋਚਿਆ ਕਿ ਸੁਖਬੀਰ ਤਾਂ ਧਾਰਮਿਕ ਲਿਖਤ ਲਿਖਦਾ ਨਹੀਂ, ਇਹ ਕੀ ਸੁਣਾਵੇਗਾ?

ਸਬੱਬ ਵੇਖੋ! ਸੁਖਬੀਰ ਦੀ ਗ਼ਜ਼ਲ ਸਭ ਤੋਂ ਵੱਧ ਪਸੰਦ ਕੀਤੀ ਗਈ, ਖਾਸ ਕਰਕੇ ਇਹ ਸ਼ਿਅਰ

ਕੋਈ ਇਹ ਕਰਾਮਾਤ ਕਰਕੇ ਵਿਖਾਲ਼ੇ।
ਦਿਲ ਹੈ ਸਲਾਮਤ ਬਦਨ ਛਾਲੇ ਛਾਲੇ।

ਆਖ਼ਰ ਉਹ ਤਰਨਤਾਰਨੀ ਖ਼ੂਨ ਸੀ। ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਦਾ ਜਾਇਆ।

ਦੀ ਗ਼ਜ਼ਲ ਯਾਤਰਾ ਕੇਵਲ 20 ਸਾਲ ਲੰਮੀ ਸੀ ਪਰ ਉਸ ਦੀਆਂ ਗ਼ਜ਼ਲਾਂ ਦੀ ਬੁੱਕਲ਼ ਬਹੁਤ ਖੁੱਲ੍ਹੀ ਸੀ। ਉਹ ਹਰ ਵਿਸ਼ੇ ਨੂੰ ਆਪਣੇ ਸ਼ਬਦਾਂ ਵਿੱਚ ਏਨਾ ਸੋਹਣਾ ਲਪੇਟਦਾ ਤੇ ਸਮੇਟਦਾ ਕਿ ਪਾਠਕ ਤੇ ਸਰੋਤੇ ਅੰਸ਼ ਅੰਸ਼ ਕਰ ਉੱਠਦੇ। ਉਸ ਦੇ ਬੋਲਾਂ ਵਿੱਚ ਸੁਬਕ ਸਾਦਗੀ ਤੇ ਸੁਹਜ ਤਰਲਤਾ ਸੀ।
ਉਸ ਦੇ ਬੋਲਾਂ ਵਿਚਲੀ ਵੰਗਾਰ ਵੀ ਸੁੰਦਰ ਸਰੂਪ ਸੀ।

ਜਾਗੋ ਕਿ ਸਮਾਂ, ਉੱਜਲੇ ਸੰਗ੍ਰਾਮ ਦਾ ਆਇਆ ਹੈ।
ਰਾਹਾਂ ਨੂੰ ਲਿਤਾੜੇ ਕਿ ਮੰਜ਼ਲ ਨੇ ਬੁਲਾਇਆ ਹੈ।

ਧਰਤੀ ਦਿਆਂ ਜਾਇਆਂ ਲਈ, ਮੁਸ਼ਕਿਲ ਵੀ ਭਲਾ ਕੀ ਏ,
ਬਲਵਾਨ ਦਿਲਾਂ ਨੇ ਤਾਂ ਅਸਮਾਨ ਝੁਕਾਇਆ ਹੈ।

ਉਸ ਦੇ ਬੋਲਾਂ ਵਿਚਲੀ ਤਲਖ਼ੀ ਵੀ ਸਲੀਕੇ ਵਾਲੀ ਹੁੰਦੀ ਸੀ। ਇਹ ਗੱਲ ਸੁਖਬੀਰ ਸਿੰਘ ਸੰਧੂ ਦੇ ਕਲਾਮ ਤੋਂ ਸਿੱਖਣ ਵਾਲੀ ਹੈ ਕਿ ਕਵਿਤਾ ਬੜਬੋਲੀ ਨਾ ਹੋਵੇ।

ਹੁਣ ਦੱਬ ਕੇ ਨਹੀਂ ਰਹਿਣੇ, ਬੋਲ ਜ਼ਮੀਰਾਂ ਦੇ।
ਲਾਹ ਸੁੱਟੇ ਕੋਈ ਭਾਵੇਂ ਪੋਸ਼ ਸਰੀਰਾਂ ਦੇ।

ਅੱਜ ਦਿਲ ਆਖੇ ਛੱਡ ਚੰਦਨ ਦੀ ਗੇਲੀ ਨੂੰ,

ਭਰ ਲੈ ਵਿੱਚ ਕਲ਼ਾਵੇ, ਖੁੰਘ ਕਰੀਰਾਂ ਦੇ।

ਆਪਣੇ ਆਪ ਨੂੰ ਭਾਵੇਂ ਉਹ ਸਾਰੀ ਉਮਰ ਕਿਸੇ ਫਰੇਮ ਵਿੱਚ ਨਾ ਬੰਨ੍ਹ ਸਕਿਆ ਪਰ ਉਸ ਦੀ ਸੰਵੇਦਨਾ ਜਾਣਦੀ ਸੀ ਕਿ ਅਸਲ ਅਰਥਾਂ ਵਿੱਚ ਜ਼ਿੰਦਗੀ ਕੀ ਹੈ? ਉਹ ਜੀਵਨ ਫ਼ਲਸਫ਼ੇ ਨੂੰ ਸੂਤਰ ਬੱਧ ਕਰਦਿਆਂ ਲਿਖਦਾ ਹੈ ਕਿ

ਪਾਈ ਅਸਲ ‘ਚ ਓਸ ਹੀ ਇਨਸਾਨ ਜ਼ਿੰਦਗੀ।
ਸਮਝੀਂ ਹੈ ਜਿਸ ਨੇ ਆਪਣਾ ਈਮਾਨ ਜ਼ਿੰਦਗੀ।

ਦੁੱਖ ਸੁੱਖ, ਖ਼ੁਸ਼ੀ ਗ਼ਮੀ ਦੀ ਹੈ ਧੁੱਪ ਛਾਂ ਜਿਹੀ ਇਹ ਖੇਡ,
ਹੰਝੂ ਕਦੀ ਤੇ ਹੈ ਕਦੀ ਮੁਸਕਾਨ ਜ਼ਿੰਦਗੀ।

ਸਮੇਂ ਦੀ ਬਦਲਦੀ ਕਰਵਟ ਦਾ ਵੀ ਉਹ ਆਪਣੇ ਸ਼ਬਦਾਂ ਵਿੱਚ ਪ੍ਰਗਟਾਵਾ ਕਰਦਿਆਂ ਲਿਖਦਾ ਹੈ ਕਿ

ਦੱਸਦਾ ਹੈ ਹਰ ਨਜ਼ਾਰਾ, ਕਰਵਟ ਬਦਲ ਬਦਲ ਕੇ,
ਕੋਈ ਇਨਕਲਾਬ ਆਉਣਾ, ਹੈ ਅੱਜ ਨਹੀਂ ਤਾਂ ਭਲ਼ਕੇ।

ਧਰਤੀ ਨਾ ਸਹਿ ਸਕੇਗੀ, ਹੁਣ ਭਾਰ ਕੈਦੀਆਂ ਦਾ,
ਦਿਲ ਮਿਲਣਗੇ ਹਮੇਸ਼ਾਂ, ਹੁਣ ਤਾਂ ਮਚਲ ਮਚਲ ਕੇ।

ਸੁਖਬੀਰ ਸੰਧੂ ਦੀ ਗ਼ਜ਼ਲ ਵਿੱਚ ਜੰਗ ਦੇ ਵਿਰੋਧ ਦਾ ਅੰਦਾਜ਼ ਵੀ ਨਿਵੇਕਲਾ ਹੈ। ਉਹ ਨਾਅਰਾ ਨਹੀ ਲਾਉਂਦਾ, ਮਲਕੜੇ ਹੀ ਆਪਣੀ ਬਾਤ ਨੂੰ ਹੁੰਗਾਰਿਆਂ ਹਵਾਲੇ ਕਰ ਦਿੰਦਾ ਹੈ।

ਮਾਂ ਧਰਤੀ ਦੀ ਹਿੱਕ ਤੇ ਕਿਧਰੇ, ਬੰਬਾਂ ਦੀ ਬਰਸਾਤ ਹੈ ਹੋਈ।
ਖ਼ੂਨ ਮਨੁੱਖਤਾ ਦਾ ਕਿਤੇ ਹੋਇਆ, ਰੱਤ ਕਿਤੇ ਇਨਸਾਨ ਦੀ ਚੋਈ।

ਸੁਖਬੀਰ ਸੰਧੂ ਦੀ ਮੰਜ਼ਰ ਕਸ਼ੀ ਦੇ ਸ. ਬਿਸ਼ੰਭਰ ਸਿੰਘ ਸਾਕੀ ਵੀ ਕਾਇਲ ਸਨ। ਦ੍ਰਿਸ਼ ਬੰਨ੍ਹ ਕੇ ਤੁਹਾਨੂੰ ਗ਼ਜ਼ਲ ਪੜ੍ਹਨ ਲਈ ਨਹੀਂ, ਵੇਖਣ ਲਈ ਮਜਬੂਰ ਕਰਦਾ ਹੈ। ਮੰਜ਼ਰ ਕਸ਼ੀ ਵੇਖਣ ਲਈ ਇਹ ਦੋ ਸ਼ਿਅਰ ਪੜ੍ਹੋ।

ਜਾਪਦਾ ਉਸ ਦੀ ਗਲ਼ੀ ‘ਚ ਲੰਘ ਸਕੂੰ ਕੁਝ ਇਸ ਤਰ੍ਹਾਂ,
ਦੋ ਕਦਮ ਚੱਲਾਂਗਾ ਤੇ, ਮੁੜ ਕੇ ਠਹਿਰ ਜਾਵਾਂਗਾ ਮੈਂ।

ਲੋਕ ਵੇਖਣਗੇ ਤਮਾਸ਼ਾ, ਜੋ ਕਦੇ ਨਾ ਵੇਖਿਆ,
ਲਾਸ਼ ਆਪਣੀ ਹੀ ਉਠਾ ਕੇ, ਜਦ ਗੁਜ਼ਰ ਜਾਵਾਂਗਾ ਮੈਂ।

ਸੁਖਬੀਰ ਸੰਧੂ ਇੰਗਲੈਂਡ ਤਾਂ ਚਲਾ ਗਿਆ ਪਰ ਉੱਥੋਂ ਦੀ ਆਬੋ ਹਵਾ, ਵਿਹਾਰ ਤੇ ਕਿਰਦਾਰ ਉਹ ਆਣੇ ਅੰਦਰ ਨਾ ਸਮੋ ਸਕਿਆ। ਸ਼ਾਇਦ ਇਸ ਦਰਦ ਨੂੰ ਉਸ ਨੇ ਇੰਜ ਸ਼ਬਦਾਂ ਵਿੱਚ ਢਾਲ਼ਿਆ।

ਪੱਛਮ ਦੀਆਂ ਹਵਾਵਾਂ, ਸਾਨੂੰ ਨਾ ਰਾਸ ਆਈਆਂ।
ਆਪਣਾ ਕੇ ਵੀ ਜੋ,ਖ਼ੁਦ ਰਹਿੰਦੀਆਂ ਪਰਾਈਆਂ।

ਸੁਖਬੀਰ ਸਿੰਘ ਸੰਧੂ ਦੀ ਸ਼ਾਇਰੀ ਪੜ੍ਹਦਿਆਂ ਆਪਣੇ ਵਡੇਰਿਆਂ ਤੇ ਰੰਜ ਆਉਂਦਾ ਹੈ ਕਿ ਕਿੰਨੇ ਸ ਰਥਾਵਾਨ ਸਿਰਜਕ ਸਾਡੀ ਲਾਪਰਵਾਹੀ ਨੇ ਰੋਸ਼ ਕੇ ਮਾਰ ਦਿੱਤੇ। ਧਰਮ ਨਾਲੋਂ ਧੜਾ ਪਿਆਰਾ ਕਰਨ ਦਾ ਇਹੀ ਨਤੀਜਾ ਨਿਕਲਦਾ ਹੈ।

ਮੁਜੱਫਰ ਰਜਮੀ ਦੇ ਲਿਖਣ ਮੁਤਾਬਕ

ਯੇ ਜਬਰ ਭੀ ਦੇਖਾ ਹੈ, ਤਾਰੀਖ਼ ਕੀ ਨਜਰੋਂ ਨੇ,
ਲਮਹੋਂ ਨੇ ਖ਼ਤਾ ਕੀ ਥੀ, ਸਦੀਉਂ ਨੇ ਸਜ਼ਾ ਪਾਈ।

ਅੰਤ ਵਿੱਚ ਇਹੀ ਕਹਾਂਗਾ -
ਸੁਖਬੀਰ ਵੀਰ, ਤੇਰੇ ਜਾਣ ਵੇਲੇ ਅਸੀਂ ਬਹੁਤ ਨਿੱਕੇ ਸਾਂ ਨਹੀਂ ਤਾਂ ਤੈਨੂੰ ਤੇ ਤੇਰੇ ਕਲਾਮ ਨੂੰ ਸਤਿਕਾਰਦੇ , ਪਿਆਰਦੇ, ਦੁਲਾਰਦੇ ਤੇ ਸਮੇਂ ਨੂੰ ਬਾਰ ਬਾਰ ਪੁਕਾਰਦੇ,” ਓ ਰਾਹਬਰੋ! 24 ਕੈਰਿਟ ਦਾ ਸੋਨਾ ਏਦਾਂ ਰੇਤ ਵਿੱਚ ਨਾ ਰੋਲ਼ੋ। “

ਪਿੱਛੋਂ ਸੁੱਝੀਃ

ਪਾਇਲ ਦਾ ਸਮਰਪਣ ਸ਼ਿਅਰ ਕਮਾਲ ਦਾ ਹੈ:

ਜਿਸ ਮੋੜ ਤੇ ਕੋਈ ਇਸ ਤੋ ਉਂਗਲੀ ਛੁਡਾ ਗਿਆ ਹੈ,
ਮੇਰੀ ਵਫ਼ਾ ਅਜੇ ਵੀ ਉਸ ਮੋੜ ਤੇ ਖਲੀ ਏ।

ਗੁਰਭਜਨ ਸਿੰਘ ਗਿੱਲ(ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ

  • ਮੁੱਖ ਪੰਨਾ - ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ - ਪੰਜਾਬੀ-ਕਵਿਤਾ.ਕਾਮ ਵੈਬਸਾਈਟ