ਪਾਇਲ (ਗ਼ਜ਼ਲ ਸੰਗ੍ਰਹਿ) - ਸੁਖਬੀਰ ਸਿੰਘ ਸੰਧੂ - Payal - Sukhbir Singh Sandhu



1. ਮਾਰੀ ਉਨ੍ਹਾਂ ਨੇ ਚੋਟ ਹੈ ਸਾਡੇ ਯਕੀਨ ਤੇ

ਮਾਰੀ ਉਨ੍ਹਾਂ ਨੇ ਚੋਟ ਹੈ ਸਾਡੇ ਯਕੀਨ ਤੇ। ਪੰਛੀ ਢਹੂ ਗ਼ਰੂਰ ਦਾ ਇਕ ਦਿਨ ਜ਼ਮੀਨ ਤੇ। ਬਿਜਲੀ ਉਹਦੇ ਜਮਾਲ ਦੀ ਫਿਰਦੀ ਹੈ ਲਿਸ਼ਕਦੀ, ਡਿਗਦੀ ਹੈ ਫੇਰ ਵੇਖੀਏ ਕਿਹੜੇ ਸ਼ੌਕੀਨ ਤੇ । ਐਵੇਂ ਨਹੀਂ ਨਾ-ਮੁਰਾਦ ਦਿਲ ਹੱਥੋਂ ਨਿਕਲ ਗਿਆ, ਆਇਆ ਹਜ਼ਾਰ ਵਾਰ ਹੈ, ਹਰ ਸ਼ੈ ਹੁਸੀਨ ਤੇ। ਖ਼ਤ ਦੇ ਕੇ ਹੱਥ ਰਕੀਬ ਦੇ ਕਾਸਦ ਕਿਉਂ ਰੋ ਪਿਐ, ਸ਼ਾਇਦ ਉਹ ਵੀ ਉਦਾਸ ਹੈ ਸਾਡੀ ਤੌਹੀਨ ਤੇ । ਜੰਨਤ ਵੀ ਹੋ ਗਈ ਏ ਹੁਣ ਜੁੱਗਾਂ ਪੁਰਾਣੀ ਚੀਜ਼, ਜਾਣੈਂ ਅਸਾਂ ਫ਼ਰਿਸ਼ਤਿਓਂ ਕਿਸੇ ਥਾਂ ਨਵੀਨ ਤੇ ।

2. ਜ਼ਖ਼ਮ ਹੋਏ, ਮਰ੍ਹਮ ਲਗਾਈ ਜਦ

ਜ਼ਖ਼ਮ ਹੋਏ,ਮਰ੍ਹਮ ਲਗਾਈ ਜਦ। ਪਿਆਸ ਭੜਕੀ,ਉਨ੍ਹਾਂ ਪਿਲਾਈ ਜਦ। ਉਹ ਨੇ ਅੱਜ ਸ਼ਾਮ ਮੁਸਕਰਾ ਕੇ ਮਿਲੇ, ਕਿੰਜ ਗੁਜ਼ਰੇਗੀ ਰਾਤ ਆਈ ਜਦ । ਮੇਰੇ ਸੀਨੇ ਹਜ਼ਾਰ ਦਿਲ ਧੜਕੇ, ਨਜ਼ਰ ਉਸ ਨੇ ਕਦੇ ਮਿਲਾਈ ਜਦ । ਰੁਕ ਗਈ ਪਹੁੰਚ ਕੇ ਮੈਖ਼ਾਨੇ ਤੇ, ਸ਼ਾਮ ਨੂੰ ਕੋਈ ਗੱਲ ਚਲਾਈ ਜਦ । ਸੁਣ ਕੇ ਪੰਡਤ ਨੇ ਮੰਗਿਆ ਪਾਣੀ, ਮੈਅ-ਕਸ਼ੀ ਦੀ ਮੈਂ ਗੱਲ ਸੁਣਾਈ ਜਦ । ਜਾਮ ਨਾਗਾਂ ਦੀ ਬਣ ਗਿਆ ਵਰਮੀ, ਜੁਲਫ਼ ਵਾਲੇ ਸ਼ਰਾਬ ਪਾਈ ਜਦ । ਯਾਦ ਉਸ ਦੀ ਹਰੇਕ ਗੱਲ ਆਈ, ਹੋਸ਼ ਆਪਣੀ ਅਸਾਂ ਭੁਲਾਈ ਜਦ ।

3. ਜੋ ਪਲਕਾਂ ਹੇਠ ਬਿਠਾਉਂਦਾ ਰਿਹਾ

ਜੋ ਪਲਕਾਂ ਹੇਠ ਬਿਠਾਉਂਦਾ ਰਿਹਾ, ਉਹ ਨੈਣ ਚੁਰਾਵੇ ਪਲ ਪਲ ਤੇ । ਕੀ ਹੁੰਦਾ ਜਾਵੇ ਉਹਨਾਂ ਨੂੰ, ਸਾਨੂੰ ਸਮਝ ਨਾ ਆਵੇ ਪਲ ਪਲ ਤੇ। ਮੈਂ ਲੱਖ ਦਰਵਾਜ਼ੇ ਢੋਏ ਨੇ, ਮੈਂ ਸੋ ਸੋ ਜਿੰਦਰੇ ਲਾਏ ਨੇ, ਪਰ ਫਿਰ ਵੀ ਇਕ ਦਰ ਪੀੜਾਂ ਦਾ, ਆਪੇ ਖੁੱਲ੍ਹ ਜਾਵੇ ਪਲ ਪਲ ਤੇ । ਕੀ ਆਸ ਕਦੇ ਹੋ ਸਕਦੀ ਹੈ, ਉਸ ਜਖ਼ਮ ਦੇ ਰਾਜ਼ੀ ਹੋਵਣ ਦੀ, ਖ਼ੁਦ ਮਰਮ ਲਗਾਵਣ ਵਾਲਾ ਹੀ, ਜੇ ਆਣ ਦੁਖਾਵੇ ਪਲ ਪਲ ਤੇ । ਇਹ ਯਾਦ ਹੈ ਸਾਡੇ ਸੱਜਣਾਂ ਦੀ, ਇਹ ਪਿਆਰ ਹੈ ਸਾਡੇ ਸੱਜਣਾ ਦਾ , ਸਾਨੂੰ ਪਾਰ ਸਮੁੰਦਰੋਂ ਸੁੱਤਿਆਂ ਨੂੰ, ਜੋ ਆਣ ਜਗਾਵੇ ਪਲ ਪਲ ਤੇ। ਅਸੀਂ ਗੰਗਾ ਜਾ ਕੇ ਕੀ ਲੈਣਾ ਅਸੀਂ ਜਮਨਾ ਨ੍ਹਾ ਕੇ ਕੀ ਲੈਣਾ, ਜਦ ਹੜ੍ਹ ਅੱਖੀਆਂ ਵਿੱਚ ਹੰਝੂਆਂ ਦਾ, ਸਾਨੂੰ ਆਣ ਨੁਹਾਵੋ ਪਲ ਪਲ ਤੇ। ਕੀ ਦੋਸ਼ ਕਿਸੇ ਨੂੰ ਦੇਣਾ ਹੈ ਆਪਣੀ ਹੀ ਸਲਾਹ ਹੈ ਡੁੱਬਣ ਦੀ, ਅਸੀਂ ਮੁੜ ਮੁੜ ਗੋਤੇ ਖਾਂਦੇ ਹਾਂ, ਕੋਈ ਪਾਰ ਲੰਘਾਵੇ ਪਲ ਪਲ ਤੇ। ਆਖ਼ਰ ਕੋਈ ਤੇ ਸਾਡਾ ਹੈ ਸਾਨੂੰ ਵੀ ਕੋਈ ਚਾਹੁੰਦਾ ਹੈ, ਇਹ ਮਾਣ ਅਸੀਂ ਤਦ ਕਰਦੇ ਹਾਂ, ਜਦ ਮੌਤ ਬੁਲਾਵੇ ਪਲ-ਪਲ ਤੇ।

4. ਬੇ-ਅਸਰ ਨਿਕਲੀ ਜਦੋਂ ਹਰ ਇੱਕ ਦਵਾ

ਬੇ-ਅਸਰ ਨਿਕਲੀ ਜਦੋਂ ਹਰ ਇੱਕ ਦਵਾ ਮੇਰੇ ਲਈ। ਰਾਸ ਆਈ ਤੇਰੇ ਪੱਲੂ ਦੀ ਹਵਾ ਮੇਰੇ ਲਈ । ਛੱਡ ਕੇ ਮੈਨੂੰ ਇਕੱਲਾ ਜਾਏਂਗਾ ਤੂੰ ਕਿੰਜ ਦੋਸਤ, ਆ ਰਿਹੈ, ਔਹ ਵੇਖ ਗ਼ਮ ਦਾ ਕਾਫ਼ਲਾ ਮੇਰੇ ਲਈ। ਨੱਚ ਉਠਦਾ ਹੈ ਮੇਰਾ ਦਿਲ ਹਰ ਕਿਸੇ ਨੂੰ ਵੇਖ ਕੇ, ਇੱਕ ਨੇ ਮੰਦਰ, ਮਸੀਤਾਂ, ਮੈਅਕਦਾ ਮੇਰੇ ਲਈ। ਮੁਸ਼ਕਿਲਾਂ ਨਾਲ ਅੜਣ ਦੀ ਹਸਰਤ ਨਾ ਤੜਪਾਵੇ ਕਿਤੇ, ਐ ਖੁਦਾ ! ਪੈਦਾ ਨਾ ਕਰਨਾ ਨਾ-ਖ਼ੁਦਾ ਮੇਰੇ ਲਈ । ਸਾਕੀਆ ! ਬੇਸ਼ਕ ਪਿਲਾ ਨਾ ਪੀਣ ਦੀ ਤ੍ਰਿਸ਼ਨਾ ਨਹੀਂ, ਬਹੁਤ ਹੈ 'ਪੀਓਗੇ' ? ਪੁੱਛਣ ਦਾ ਨਸ਼ਾ ਮੇਰੇ ਲਈ । ਰਾਤ ਨੇ ਪ੍ਰਭਾਤ ਦਾ ਸੰਧੂਰ ਸਿਰ ਵਿਚ ਧੂੜ ਕੇ, ਇੱਕ ਨਵਾਂ ਦਿਨ ਹੋਰ ਦਿੱਤਾ ਹੈ ਸਜ਼ਾ ਮੇਰੇ ਲਈ । ਮੌਤ ਮੇਰੀ ਕਿਸ ਤਰ੍ਹਾਂ, ਨਾ ਖ਼ੂਬਸੂਰਤ ਹੋਏਗੀ, ਹੈ ਜੇ ਸੋਹਣਾ ਜ਼ਿੰਦਗੀ ਦਾ ਹਰ ਪੜਾਅ ਮੇਰੇ ਲਈ।

5. ਮੇਰੇ ਤਰਲੇ ਉਸ ਦੀ ਓਹੋ ਬੇ-ਰੁਖ਼ੀ

ਮੇਰੇ ਤਰਲੇ ਉਸ ਦੀ ਓਹੋ ਬੇ-ਰੁਖ਼ੀ। ਮੌਤ ਆਖਾਂ ਏਸ ਨੂੰ ਜਾਂ ਜ਼ਿੰਦਗੀ। ਇਸ਼ਕ ਹੈ ਜੇ ਹੁਸਨ ਦਾ ਹਰ ਪਲ ਗੁਲਾਮ, ਹੁਸਨ ਹੈ ਕਿਉਂ ਇਸ਼ਕ ਦੀ ਕੈਦੋਂ ਬਰੀ। ਆਖਦਾ ਹੈ ਦਿਲ ਕਿ ਉਸਨੂੰ ਪੁੱਛ ਵੇਖ, ਅਕਲ ਕਹਿੰਦੀ ਏ ਕਿ ਜੇ ਪੁੱਛਾਂ ਤਾਂ ਕੀ ? ਭੁੱਲ ਗਏ ਅਾਪਣਾ ਉਹ ਬਣਨਾ ਸੰਵਰਨਾ, ਤੱਕ ਲਈ ਜਿੰਨ੍ਹਾਂ ਨੇ ਉਸ ਦੀ ਸਾਦਗੀ। ਆਖਦੇ ਨੇ ਖੁਦੀ ਲੈਂਦੀ ਮਾਰ ਹੈ, ਮਾਰ ਗਈ ਸਾਨੂੰ ਤਾਂ ਸਾਡੀ ਬੇ-ਖ਼ੁਦੀ । ਸਾਹਮਣੇ ਆ ਕੇ ਨੇ ਛੁਪ ਜਾਂਦੇ ਉਹ ਫੇਰ, ਦਿਲਬਰੀ ਆਖਾਂ ਜਾਂ ਇਸ ਨੂੰ ਦਿਲ-ਲਗੀ । ਗ਼ਮ ਮੇਰੇ ਸੀਨੇ 'ਚ ਵੱਸਦੈ ਇਸ ਤਰ੍ਹਾਂ, ਜਿਸ ਤਰ੍ਹਾਂ ਫੁੱਲਾਂ ’ਚ ਵੱਸੇ ਤਾਜ਼ਗੀ ।

6. ਜਦੋਂ ਦਾ ਰਾਤ ਨੂੰ ਆਵਣ ਦੇ

ਜਦੋਂ ਦਾ ਰਾਤ ਨੂੰ ਆਵਣ ਦੇ ਲਾ ਗਿਆ ਲਾਰੇ, ਭੁਲਾ ਕੇ ਹੋਰ ਹਿਸਾਬਾਂ ਨੂੰ, ਮੈਂ ਗਿਣੇ ਤਾਰੇ। ਮੈਂ ਤੇਰੇ ਪਿਆਰ 'ਚ ਤੂੰ ਹੀ ਨਾ ਬਣ ਗਿਆ ਹੋਵਾਂ, ਤੇਰਾ ਨਾਂ ਲੈਂਦੇ ਤੇ ਮੈਨੂੰ ਪੁਕਾਰਦੇ ਸਾਰੇ । ਮੈਂ ਅਪਨੀ ਕਬਰ ਸਜਾਵਣ ਲਈ ਸੰਭਾਲੇ ਨੇ, ਤੇਰੀ ਗਲ਼ੀ ‘ਚ ਨੇ ਪੱਥਰ, ਕਿਸੇ ਵੀ ਜੋ ਮਾਰੇ । ਬੜਾ ਵਿਸ਼ਾਲ ਮੁਹੱਬਤ ਦਾ ਜਿਗਰ ਹੈ ਕਿ ਅਸੀਂ , ਹਾਰ ਕੇ ਦੋਹਾਂ ਜਹਾਨਾਂ ਨੂੰ, ਕੁਛ ਨਹੀਂ ਹਾਰੇ। ਅਸੀਂ ਤੇ ਆਪ ਹੀ ਏਸੇ ਨੂੰ ਲਭਦੇ ਫਿਰਦੇ ਸਾਂ, ਐਵੇਂ ਭਰਮਾਉਣ ਦੇ ਕਾਤਲ ਤਾਂ ਕਰ ਰਿਹੈ ਚਾਰੇ।

7. ਚਮਨ ਹੈ, ਜਾਂ ਕੋਈ ਵੀਰਾਨਾ ਹੈ

ਚਮਨ ਹੈ, ਜਾਂ ਕੋਈ ਵੀਰਾਨਾ ਹੈ । ਸਾਰੀ ਦੁਨੀਆਂ ਸ਼ਰਾਬ-ਖ਼ਾਨਾ ਹੈ। ਓਦੋਂ ਅੰਬਰ ਸੁਰਾਹੀ ਬਣ ਜਾਵੇ, ਧਰਤ ਬਣਦੀ; ਜਦੋਂ ਪੈਮਾਨਾ ਹੈ । ਅਜੇ ਦੁਖ ਸੁਖ ਦੀ ਸਾਰ ਹੈ ਇਸ ਨੂੰ, ਅਜੇ ਪੂਰਾ ਨਾ ਦਿਲ ਦੀਵਾਨਾ ਹੈ । ਤੇਰਾ ਆਉਣਾ ਤਾਂ ਦਿਲ-ਲਗੀ ਨਿਕਲੀ, ਤੇਰਾ ਜਾਣਾ ਵੀ ਕੀ ਬਹਾਨਾ ਹੈ ? ਦਿਆਂ ਕੀ ਨਾਮ ਉਸ ਦੇ ਨਾਤੇ ਨੂੰ, ਜੋ ਨਾ ਅਪਣਾ ਤੇ ਨਾ ਬਿਗਾਨਾ ਹੈ। ਜਦ ਵੀ ਨੈਣਾਂ ਦੇ ਤੀਰ ਉਸ ਮਾਰੇ, ਮੇਰੇ ਦਿਲ ਦਾ ਲਿਆ ਨਿਸ਼ਾਨਾ ਹੈ। ਦਰ-ਅਸਲ ਮੌਤ ਨਾਲ ਵਾਅਦਾ ਹੈ, ਨਾਮ ਰੱਖਿਆ ਜਿਹਦਾ ਯਰਾਨਾ ਹੈ । ਇੱਕ ਤੇਰੀ ਦੋਸਤੀ ਦੇ ਬਦਲੇ ਹੀ, ਹੋਇਆ ਦੁਸ਼ਮਣ ਮੇਰਾ ਜ਼ਮਾਨਾ ਹੈ। ਜਲਾ ਨਾ ਦਿਲ, ਸਮਝ ਕੇ ਸ਼ੈ ਮੇਰੀ, ਯਾਦ ਤੇਰੀ ਦਾ ਆਸ਼ਿਆਨਾ ਹੈ ।

8. ਦੱਸਦਾ ਏ ਹਰ ਨਜ਼ਾਰਾ

ਦੱਸਦਾ ਏ ਹਰ ਨਜ਼ਾਰਾ ਕਰਵਟ ਬਦਲ ਬਦਲ ਕੇ। ਕੋਈ ਇਨਕਲਾਬ ਆਉਣਾ ਹੈ ਅੱਜ ਨਹੀਂ ਤਾਂ ਭਲਕੇ। ਪੂਰਬ 'ਚੋਂ ਕਿਰਨ ਚਮਕੀ, ਪੱਛਮ ਨਿਖ਼ਾਰ ਦਿੱਤਾ, ਜ਼ੱਰੇ ਜ਼ੱਰੇ ਤੇ ਸ਼ਬਨਮ ਮੋਤੀ ਦੇ ਵਾਂਗ ਡਲ੍ਹਕੇ। ਹੱਥ ਛੁਹ ਗਿਆ ਸਮੇਂ ਦਾ ਜੀਵਨ ਦੇ ਸਾਜ਼ ਤਾਈਂ, ਆਲਮ ਜਗਾ ਰਹੀ ਏ ਹੁਣ ਧੁਨ ਨਿਕਲ ਨਿਕਲ ਕੇ । ਨੈਣਾਂ 'ਚ ਹੰਝੂਆਂ ਦੀ ਹੁਣ ਸਿੱਲ੍ਹ ਵੀ ਰਹੂ ਨਾ, ਆਵੇਗੀ ਕਾਂਗ ਜੀਵਨ ਹੁਣ ਤਾਂ ਉਛਲ ਉਛਲ ਕੇ । ਅੱਜ ਕੰਡਿਆਂ ਤੋਂ ਡਰਦੇ ਉਹ ਹੱਥ ਕੰਬਦੇ ਨੇ, ਜਿੰਨ੍ਹਾਂ ਸੀ ਢੇਰ ਲਾਏ ਕਲੀਆਂ ਮਸਲ ਮਸਲ ਕੇ। ਹਰਦਾ ਹੀ ਜਾ ਰਿਹਾ ਏ ਹਰ ਕਦਮ ਤੇ ਹਨ੍ਹੇਰਾ , ਕਰਦਾ ਏ ਵਾਰ ਚਾਨਣ ਐਸੇ ਸੰਭਲ ਸੰਭਲ ਕੇ । ਧਰਤੀ ਨਾ ਸਹਿ ਸਕੇਗੀ ਹੁਣ ਭਾਰ ਕੈਦੋਆਂ ਦਾ, ਦਿਲ ਮਿਲਣਗੇ ਹਮੇਸ਼ਾਂ ਹੁਣ ਤਾਂ ਮਚਲ ਮਚਲ ਕੇ ।

9. ਮੇਰੇ ਦੋਸਤੋ, ਰਲ ਕੇ ਮੇਰੇ ਦਿਲ ਦੀ

ਮੇਰੇ ਦੋਸਤੋ, ਰਲ ਕੇ ਮੇਰੇ ਦਿਲ ਦੀ ਦਵਾ ਭਾਲੋ । ਨਾ ਮੈਨੂੰ ਜੋ ਮਿਲੀ ਕਿਤਿਓਂ, ਰਤਾ ਮਾਸਾ ਵਫ਼ਾ ਭਾਲੋ । ਪਿਲਾਈ ਨਾ ਕਿਸੇ ਨੇਂ ਹੱਸ ਕੇ ਨੈਣਾਂ 'ਚੋਂ ਦੋ ਕਤਰੇ, ਮੈਂ ਹੰਝੂ ਪੀ ਲਵਾਂ ਜਿਸ ਦੇ ਉਹ ਰੋਂਦਾ ਮੈਅਕਦਾ ਭਾਲੋ । ਭਾਲੋ ਉਹ ਖ਼ੁਦਾ ਜਿਸ ਦੀ ਖ਼ੁਦਈ ਪਰਖ ਵੇਖਾਂ ਮੈਂ, ਕਿ ਪਾ ਕੇ ਆਖਦਾ ਹਾਂ ਮੈਂ ਖ਼ੁਦਾ ਦਾ ਵਾਸਤਾ ਭਾਲੋ । ਕਤਲਗਾਹ ਵਿੱਚ ਹੀ ਸਾਰੀ ਜਵਾਨੀ ਬੀਤਦੀ ਜਾਵੇ, ਓ ਮੇਰੇ ਵਾਸਤੇ ਕਿਸੇ ਈਦਗਾਹ ਦਾ ਵੀ ਪਤਾ ਭਾਲੋ । ਪਲਦਾ ਰਿਹਾ ਹਾਂ ਮੈਂ ਅੱਜ ਤੀਕਣ ਮੌਤ ਦੀ ਝੋਲੀ, ਤੁਰਾਂ ਜਿਸ ਨਾਲ, ਹੁਣ ਤਾਂ ਜ਼ਿੰਦਗੀ ਦਾ ਕਾਫ਼ਲਾ ਭਾਲੋ।

10. ਲੈ ਲੈਂਦਾ ਹੈ ਸਜਦਾ, ਰੋਕ ਕੇ,

ਲੈ ਲੈਂਦਾ ਹੈ ਸਜਦਾ, ਰੋਕ ਕੇ, ਇੱਕ ਦਰ ਕਦੀ ਕਦੀ । ਯਾਦਾਂ ਤਾਜ਼ੀਆਂ ਦੇਂਦਾ ਹੈ ਕਰ, ਇੱਕ ਘਰ ਕਦੀ ਕਦੀ । ਓ ਪਾਗਲ ਮਨਾਂ ! ਸੁਣਦਾ ਹੈ ਏਥੋਂ ਕੌਣ ਦੂਜੇ ਦੀ, ਲਿਆ ਕਰ ਪੀੜ ਆਪਣੀ ਆਪ ਹੀ ਤੂੰ ਜਰ ਕਦੀ ਕਦੀ। ਚਾਹੁੰਦਾ ਹੈਂ ਜੇ ਸਾਕੀ ਖ਼ੁਦ ਪਿਲਾਏ ਵਾਸਤੇ ਪਾ ਪਾ, ਹੋਇਆ ਕਰ ਓ ਰਿੰਦਾ ਪੀਣ ਤੋਂ ਮੁਨਕਰ ਕਦੀ ਕਦੀ । ਛਣ ਛਣ ਚੂੜੀਆਂ ਦੀ ’ਤੇ ਭਰੋਸਾ ਕੀ ਕਰੇ ਕੌਈ, ਜਿਨ੍ਹਾਂ ਦੀ ਟੁੱਟ ਕੇ ਬਣ ਜਾਂਵਦੀ ਨਸ਼ਤਰ ਕਦੀ ਕਦੀ । ਜ਼ਮਾਨੇ ਦਾ ਤਾਂ ਏਹੋ ਕੰਮ ਹੈ, ਇਸ ਤੇ ਗਿਲਾ ਕਾਹਦੈ, ਐਪਰ ਦਿਲ ਜਲਾਉਂਦਾ ਹੈ ਕਿਉਂ ਦਿਲਬਰ ਕਦੀ ਕਦੀ ।

11. ਉਸ ਦਾ ਕਹਿਰ ਵੀ ਦੇਖੋ

ਉਸ ਦਾ ਕਹਿਰ ਵੀ ਦੇਖੋ, ਮੇਰਾ ਸਬਰ ਵੀ ਦੇਖੋ। ਉਸ ਦੀ ਨਜ਼ਰ ਦੇ ਮਗਰੋਂ, ਮੇਰਾ ਜਿਗਰ ਵੀ ਦੇਖੋ । ਮੇਰੇ ਆਲ੍ਹਣੇ ਦਾ ਕੀ ਏ, ਮੁੜ ਕੇ ਬਣਾ ਲਵਾਂਗਾ, ਬਿਜਲੀ ਹੈ ਤਿਲਮਿਲਾ ਰਹੀ, ਉਸ ਦਾ ਜੌਹਰ ਵੀ ਦੇਖੋ I ਨਜ਼ਰਾਂ ਚੁਰਾ ਕੇ ਸਾਥੋਂ, ਹਰ ਨਜ਼ਰ ਵਿਚ ਸਮਾਇਆ, ਬਦਲੀ ਹੀ ਦਿਸ ਰਹੀ ਹੈ, ਜਿਹੜੀ ਨਜ਼ਰ ਵੀ ਦੇਖੋ । ਹੁਣ ਤਕ ਜਿਵੇਂ ਗੁਜ਼ਾਰੀ, ਮੇਰਾ ਦਿਲ ਹੀ ਜਾਣਦਾ ਹੈ, ਕਿੰਜ ਗੁਜ਼ਰਦੀ ਹੈ ਸਾਡੀ ਬਾਕੀ ਉਮਰ ਵੀ ਦੇਖੋ! ਦੱਸ ਕੇ ਰਕੀਬ ਤਾਈਂ ਮੇਰੋ ਕਤਲ ਦੀ ਕਹਾਣੀ, ਕੀਤਾ ਹੈ ਅੱਜ ਉਨ੍ਹਾਂ ਨੇ ਸਾਡਾ ਜ਼ਿਕਰ ਵੀ ਦੇਖੋ। ਵਰਨਣ ਸਿਤਾਰਿਆਂ ਦਾ ਕਿਤੇ ਰਹਿ ਨਾ ਜਾਏ ਅਧੂਗ, ਦੇਖੀ ਹੈ ਕਹਿਕਸ਼ਾਂ ਜੇ, ਉਹਦੀ ਰਾਹ-ਗੁਜ਼ਰ ਵੀ ਦੇਖੋ । ਪੂਰਬ ਨੂੰ ਸੌਂਪ ਕੇ ਦਿਲ, ਪੱਛਮ ਨੂੰ ਆ ਗਿਆ ਹਾਂ, ਬਣਦੀ ਹੈ ਕਿਸ ਜਗ੍ਹਾ ਤੇ ਸਾਡੀ ਕਬਰ ਵੀ ਦੇਖੋ? ਚੰਗੀ ਹੈ ਜਾਂ ਬੁਰੀ ਹੈ, ਆਖ਼ਰ ਤਾਂ ਹੈ ਤੁਹਾਡੀ, ਸਾਨੂੰ ਕਬੂਲ ਹੈ ਉਹ ਜਿਹੜੀ ਨਜ਼ਰ ਵੀ ਦੇਖੋ। ਪੁੱਛਦੇ ਓਹੋ ਨੇ ਮੈਨੂੰ, ਕੀ ਰੋਗ ਲਾ ਲਿਐ ਮੈਂ, ਬਣਦੇ ਨੇ ਖ਼ੂਬ ਬਣਦੇ ਜਦ ਬੇ-ਖ਼ਬਰ ਵੀ ਦੇਖੋ । ਕਿਸ਼ਤੀ ਵੀ ਹੁਣ ਤਾਂ ਜਾਪੇ ਡੋਬਣ ਲਈ ਬਣੀ ਏਂ, ਲਾਉਂਦਾ ਸੀ ਪਾਰ ਇਕ ਦਿਨ ਸਾਨੂੰ ਭੰਵਰ ਵੀ ਦੇਖੋ। ਉੱਠ ਰਹੇ ਉਦਾਸ ਹੋਏ, ਝੁੱਗੀਆਂ ਨਿਰਾਸੀਆਂ 'ਚੋਂ, ਏਥੇ ਕਿਤੇ ਜੇ ਹੋਣਾ ਰਤਾ ਮੇਰਾ ਘਰ ਵੀ ਦੇਖੋ I

12. ਗ਼ਮਾਂ ਦੀ ਲੋੜ ਹੈ ਮੈਨੂੰ

ਗ਼ਮਾਂ ਦੀ ਲੋੜ ਹੈ ਮੈਨੂੰ, ਇਹ ਗ਼ਮ ਨੇ ਜ਼ਿੰਦਗੀ ਮੇਰੀ। ਇਹਨਾਂ ਨੂੰ ਬੇ-ਘਰੇ ਕਰ ਦਏ, ਨਾ ਕਿਧਰੇ ਬੇ-ਰੁਖ਼ੀ ਮੇਰੀ । ਇਹ ਗ਼ਮ ਸਨ ਜੋ ਬਿਗਾਨੇ ਹੋਣ ਤੇ ਵੀ, ਹੋ ਗਏ ਮੇਰੇ, ਮੈਥੋਂ ਦੂਰ ਹੁੰਦੀ ਜਾ ਰਹੀ ਸੀ, ਜਦ ਖ਼ੁਸ਼ੀ ਮੇਰੀ। ਜਿਨ੍ਹਾਂ ਨੇ ਖ਼ੂਨ ਪੀ ਕੇ ਧਰਮ ਦੇ ਨਾਂ ਤੇ, ਨੇ ਬੁੱਲ੍ਹ ਰੰਗੋ, ਚੰਗੀ ਵੀ ਕਿਵੇਂ ਲੱਗੇ ਉਨ੍ਹਾਂ ਨੂੰ ਮੈ-ਕਸ਼ੀ ਮੇਰੀ । ਜੇ ਕਾਲੀ ਰਾਤ ਨਾ ਆਉਂਦੀ, ਕਿਤੇ ਨਾ ਚੰਨ ਜਾ ਛੁਪਦਾ, ਕਿਵੇਂ ਫਿਰ ਤਾਰਿਆਂ ਦੇ ਨਾਲ ਹੁੰਦੀ ਦੋਸਤੀ ਮੇਰੀ। ਜੀਉਂਦਾ ਹਾਂ ਮੈਂ ਦੁਨੀਆਂ ਤੇ ਇਸ ਇਕ ਅਰਮਾਨ ਦੇ ਸਦਕੇ, ਕਦੇ ਤਾਂ ਕੰਮ ਆਵੇਗੀ, ਕਿਸੇ ਦੇ ਮੁਫ਼ਲਸੀ ਮੇਰੀ । ਮੈਂ ਹਾਂ ਕਿ ਕਿਸੇ ਦੀ ਹਰ ਅਦਾ ਨੂੰ ਪਿਆਰ ਕਰਦਾ ਹਾਂ, ਕੋਈ ਹੈ ਕਿ, ਬੁਰੀ ਲਗਦੀ ਹੈ ਜਿਸ ਨੂੰ ਸਾਦਗੀ ਮੇਰੀ । ਗੱਲ ਇਤਫ਼ਾਕ ਦੀ ਹੈ, ਦੋਸ਼ ਨਾ ਉਸ ਦਾ ਨਾ ਮੇਰਾ ਹੈ, ਨਾ ਝਾਂਜਰ ਛਣਕਦੀ ਉਸ ਦੀ, ਨਾ ਨੀਯਤ ਬਦਲਦੀ ਮੇਰੀ।

13. ਜਦੋਂ ਘਰ ਕਿਸੇ ਦੇ ਸਮਾਏ ਗ਼ਰੀਬੀ

ਜਦੋਂ ਘਰ ਕਿਸੇ ਦੇ ਸਮਾਏ ਗ਼ਰੀਬੀ। ਤਾਂ ਕੀ ਕੀ ਸੁਣੋ ਕਰ ਵਿਖਾਏ ਗ਼ਰੀਬੀ । ਇਹ ਆਪਸ 'ਚ ਗੱਲ ਗੱਲ ਤੇ ਝਗੜੇ ਕਰਾਏ, ਤੇ ਪਲ ਪਲ ਪਿਆਰਾਂ ਨੂੰ ਖਾਏ ਗ਼ਰੀਬੀ। ਨਾ ਦਿਨ ਵਾਰ ਵੇਖੇ, ਨਾ ਵੇਲਾ ਕੁਵੇਲਾ, ਤੇ ਬਦ-ਸ਼ਗਨੀਆਂ ਪਈ ਕਰਾਏ ਗ਼ਰੀਬੀ। ਇਹ ਲੱਖਾਂ ਦੀ ਇੱਜ਼ਤ ਨੂੰ ਕੱਖਾਂ 'ਚ ਰੋਲੇ, ਹਯਾ ਅੱਖੀਆਂ 'ਚੋਂ ਉਡਾਏ ਗ਼ਰੀਬੀ। ਜਿਨ੍ਹਾਂ ਕਰਕੇ ਇਨਸਾਨ, ਇਨਸਾਨ ਹੁੰਦੈ, ਉਹ ਫ਼ਰਜ਼ ਦਿਲ 'ਚੋਂ ਭੁਲਾਏ ਗ਼ਰੀਬੀ । ਵਗਦੇ ਨੇ ਜਿਉਂ ਜਿਉਂ ਗ਼ਰੀਬਾਂ ਦੇ ਹੰਝੂ, ਸਗੋਂ ਹੋਰ ਵੱਧ ਮੁਸਕਰਾਏ ਗ਼ਰੀਬੀ । ਹੈ ਇਸ ਨੂੰ ਮਿਟਾਉਣਾ ਤਾਂ ਕੰਮ ਹੌਂਸਲੇ ਦਾ, ਤੇ ਹਿੰਮਤੋਂ ਸਦਾ ਹਾਰ ਜਾਏ ਗ਼ਰੀਬੀ ।

14. ਵੇਖ ਕੇ ਯਾਰ ਨੂੰ ਆਇਆਂ

ਵੇਖ ਕੇ ਯਾਰ ਨੂੰ ਆਇਆਂ, ਇਹ ਜਲ ਗਈ ਯਾਰੋ। ਪੈਂਦੀ ਪੈਂਦੀ ਹੀ ਜੋ, ਅੱਜ ਰਾਤ ਢਲ ਗਈ ਯਾਰੋ। ਪਏ ਨੇ ਪੈੜ ਤੇ ਉਸ ਦੀ, ਮੇਰੇ ਬੁੱਲ੍ਹਾਂ ਦੇ ਨਿਸ਼ਾਨ; ਮੇਰੀ ਉਸ ਨਾਲ ਹੈ ਤਕਦੀਰ ਰਲ ਗਈ ਯਾਰੋ । ਨਾ ਪਰਤੀ ਹੋਸ਼ ਜੇ ਸਾਡੀ ਤਾਂ ਕੋਈ ਗ਼ਮ ਨਾ ਕਰੋ, ਮੁੜੀ ਕਦੋਂ ਹੈ ਉਹ ਸੱਸੀ ਜੋ, ਥਲ ਗਈ ਯਾਰੋ । ਬਲ਼ਦੀ ਪਲਦੀ ਸੀਂ ਵਫ਼ਾ ਜਿਸ ਦੀ ਮਰ ਗਈ ਇਕ ਦਿਨ, ਮਰਦੀ ਮਰਦੀ ਵੀ ਉਹਦੀ ਯਾਦ ਪਲ ਗਈ ਯਾਰੋ। ਨਿਰੀ ਸ਼ਰਾਬ ਜੇ ਹੁੰਦੀ ਤਾਂ ਮੇਰੀ ਤੋਬਾ ਸੀ, ਵੇਖ ਕੇ ਸਾਕੀ ਨੂੰ ਨੀਯਤ ਬਦਲ ਗਈ ਯਾਰੋ।

15. ਸਦਾ ਜੋ ਦਿਲ 'ਚ ਵੱਸਦਾ ਹੈ

ਸਦਾ ਜੋ ਦਿਲ 'ਚ ਵੱਸਦਾ ਹੈ, ਉਹੀ ਅੱਖਾਂ ਤੋਂ ਓਝਿਲ ਹੈ। ਬਿਨਾਂ ਉਸ ਦੇ ਕੋਈ ਮਹਿਫ਼ਿਲ ਵੀ ਦੱਸੋ ਕਾਹਦੀ ਮਹਿਫ਼ਿਲ ਹੈ । . ਰਵਾ ਦੀ ਸਰਸਰਾਹਟ 'ਚੋਂ ਮੈਂ ਉਸ ਦੇ ਗੀਤ ਸੁਣਦਾ ਹਾਂ; ਸਮਝਿਆ ਬਿਜਲੀਆਂ ਨੂੰ ਵੀ ਸਦਾ ਮੈਂ ਉਸਦਾ ਆਂਚਲ ਹੈ । ਅਜਬ ਵੇਖੀ ਹੈ ਰੀਤੀ ਇਸ਼ਕ ਦੇ ਸਾਗਰ 'ਚ ਠਿੱਲ੍ਹਣ ਦੀ, ਜੋ ਇਸ ਵਿਚ ਡੁੱਬ ਜਾਂਦਾ ਹੈ ਉਹ ਪਾਉਂਦਾ ਇਸ ਦਾ ਸਾਹਿਲ ਹੈ। ਕੀ ਲਭਦਾ ਹੋਰ ਹੈ, ਪਾਗਲ ਮਨਾਂ, ਇਸ ਪਿਆਰ ਦੇ ਖੇਤੋਂ, ਜੋ ਮਿਲਿਆ ਬੋਹਲ ਹੰਝੂਆਂ ਦਾ, ਉਰੀ ਤਾਂ ਇਸ ਦਾ ਹਾਸਿਲ ਹੈ । ਹੈ ਬਿਜਲੀ ਚਾਹ ਰਹੀ ਇਸ ਵਿਚ ਬਸੇਰਾ ਆਪਨਾ ਕਰਨਾ, ਬਚੋ ਇਹ ਆਲ੍ਹਣਾ ਅੱਜ ਵੀ ਨਜ਼ਰ ਆਉਂਦਾ ਇਹ ਮੁਸ਼ਕਿਲ ਹੈ। ਜੇ ਪੱਥਰ ਤੋੜੀਏ, ਤਾਂ ਵੀ ਨਿਕਲ ਆਉਂਦੇ ਨੇ ਚੰਗਿਆੜੇ, ਰਤਾ ਕੁਝ ਸੋਚ ਕੇ ਤੋੜੀਂ ਕਿ ਇਹ ਤਾਂ ਫੇਰ ਵੀ ਦਿਲ ਹੈ। ਨਹੀਂ ਗ਼ਮ ਨਾ ਮਿਲਣ ਦਾ ਹੁਣ ਰਤਾ ਵੀ ਖਾਇਗਾ ਦਿਲ ਨੂੰ, ਕਿ ਦਿਸਹੱਦੇ ਨੂੰ ਹੀ ਮੈਂ ਸਮਝਿਆ ਹੁਣ ਆਪਣੀ ਮੰਜ਼ਿਲ ਹੈ ।

16. ਤੇਰਾ ਮੁਸਕਰਾਣਾ ਤੇ ਮੁਸ਼ਕਿਲ ਨਹੀਂ ਹੈ

ਤੇਰਾ ਮੁਸਕਰਾਣਾ ਤੇ ਮੁਸ਼ਕਿਲ ਨਹੀਂ ਹੈ। ਮੇਰਾ ਦਿਲ ਜਲਾਣਾ ਤੇ ਮੁਸ਼ਕਿਲ ਨਹੀਂ ਹੈ । ਬਿਨਾਂ ਇਸ ਦੇ ਮੈਨੂੰ ਨਾਂ ਕੁਛ ਯਾਦ ਆਏ, ਤੇਰਾ ਗ਼ਮ ਭੁਲਾਣਾ ਤੇ ਮੁਸ਼ਕਿਲ ਨਹੀਂ ਹੈ । ਛੁਪਾਣਾ ਹੀ ਔਖੈ, ਮੁਹੱਬਤ ਦੀ ਗੱਲ ਨੂੰ, ਇਹਦਾ ਭੇਦ ਪਾਣਾ ਤੇ ਮੁਸ਼ਕਿਲ ਨਹੀਂ ਹੈ । ਪੀ ਕੇ ਭਲਾ ਕਾਇਮ ਰਹਿਣਾ ਵੀ ਆਉਂਦੈਂ ? ਨਿਰਾ ਲੜਖੜਾਣਾ ਤੇ ਮੁਸ਼ਕਿਲ ਨਹੀਂ ਹੈ । ਮੁਸ਼ਕਿਲ ਹੈ ਸਾਡਾ ਹੀ ਹੁਣ ਲੈਣ ਜਾਣਾ, ਤੇਰਾ ਪਰਤ ਆਣਾ ਤੇ ਮੁਸ਼ਕਿਲ ਨਹੀਂ ਹੈ । ਜ਼ਰਾ ਸ਼ੌਕ ਹੈ ਦਿਲ ਗੁਆ ਕੇ ਰਹਿਣ ਦਾ, ਇਹ ਲੱਭਣਾ ਲਭਾਣਾ ਤੇ ਮੁਸ਼ਕਿਲ ਨਹੀਂ ਹੈ । ਤੇਰੇ ਪਾਸਿਓਂ ਇਹ ਹਟੇ ਹੀ ਤਾਂ ਲਾਵਾਂ, ਕਿਤੇ ਦਿਲ ਲਗਾਣਾ ਤੇ ਮੁਸ਼ਕਿਲ ਨਹੀਂ ਹੈ । ਜੋ ਉਠ ਕੇ ਹੈ ਝੁਕਿਆ, ਉਹ ਉਠਿਆ ਨਾ ਜਾਣੋ, ਇਵੇਂ ਸਿਰ ਉਠਾਣਾ ਤੇ ਮੁਸ਼ਕਿਲ ਨਹੀਂ ਹੈ 1 ਕਿਵੇਂ ਯਾਰ ਨੂੰ ਕਹਿ ਦਿਆਂ ਅਪਨਾ ਕਾਤਿਲ, ਉਂਗਲੀ ਉਠਾਣਾ ਤੇ ਮੁਸ਼ਕਿਲ ਨਹੀਂ ਹੈ ।

17. ਜਦ ਵੀ ਆਏ ਨੇ

ਜਦ ਵੀ ਆਏ ਨੇ, ਉਨ੍ਹਾਂ ਜਾਣ ਦੀ ਗੱਲ ਕੀਤੀ ਏ। ਨਾ ਕਦੀ ਅਪਨੇ,ਮੇਰੇ, ਹਾਣ ਦੀ ਗੱਲ ਕੀਤੀ ਏ। ਫੇਰ ਅੱਜ ਤੜਪਦੇ ਦਿਲ ਨੂੰ ਮੇਰੇ ਆਵੇਗਾ ਆਰਾਮ, ਫੇਰ ਅੱਜ ਯਾਰ ਨੇ ਤੜਪਾਣ ਦੀ ਗੱਲ ਕੀਤੀ ਏ। ਉਸ ਨੇ ਦਿਲ ਤੋੜ ਕੇ ਤੱਕਿਆ ਤੇ ਕਿਹਾ ਨਹੀਂ ਬਣਨਾ, ਨਾਲ ਜਿਸ ਦੇ ਵੀ ਮੈਂ ਬਣਵਾਣ ਦੀ ਗੱਲ ਕੀਤੀ ਏ । ਨਾਲ ਹੱਥਾਂ ਦੇ ਕਿਸੇ ਮੂੰਹ 'ਚ ਨਾ ਪਾਇਆ ਪਾਣੀ, ਮੂੰਹ ਨਾਲ ਸਾਰਿਆਂ ਲੁਕਮਾਣ ਦੀ ਗੱਲ ਕੀਤੀ ਏ । ਇਹ ਜੋ ਮੈਖ਼ਾਨੇ 'ਚ ਮੁੱਲਾਂ ਦਾ ਜ਼ਿਕਰ ਛਿੜਿਆ ਹੈ, ਕਿਸੇ ਅਣਜਾਣ ਨੇ ਅਣਜਾਣ ਦੀ ਗੱਲ ਕੀਤੀ ਏ । ਉਸ ਨੇ ਮੇਰੇ ਗ਼ਮ ਦੀ ਇਬਾਦਤ 'ਚ ਵਿਘਨ ਪਾਇਆ ਹੈ, ਜਿਸ ਨੇ ਵੀ ਆਣ ਕੇ ਮੁਸਕਾਣ ਦੀ ਗੱਲ ਕੀਤੀ ਏ । ਵੇਖ ਕੇ ਮੇਰਾ ਜਨਾਜ਼ਾ ਉਨ੍ਹਾਂ ਮੂੰਹ ਫੇਰ ਲਿਆ, ਮੇਰੇ ਮਰ ਜਾਣ ਤੇ ਪਹਿਚਾਣ ਦੀ ਗੱਲ ਕੀਤੀ ਏ।

18. ਸੁਰਾਹੀ ਧੌਣ, ਮੈਅ ਜੌਬਨ ਤੋਂ ਇੱਕ ਇੱਕ

ਸੁਰਾਹੀ ਧੌਣ, ਮੈਅ ਜੌਬਨ ਤੋਂ ਇੱਕ ਇੱਕ ਨੈਣ ਪੈਮਾਨਾ। ਪੀਣੋਂ ਵਰਜਦੇ ਨੇ ਕਿਉਂ, ਬਣਾ ਕੇ ਆਪ ਮੈਖ਼ਾਨਾ । ਲਾਰੇ ਲਾਉਣ ਤੋਂ ਚੰਗਾ ਹੈ ਕਿ ਇਨਕਾਰ ਕਰ ਦੇਵੋ, ਐਵੇਂ ਕਰੋ ਨਾ ਲੰਮਾਂ ਮੁਹੱਬਤ ਦਾ ਇਹ ਅਫ਼ਸਾਨਾ । ਇੱਕੋ ਦਿਲ ਸੀ, ਉਹ ਵੀ ਤੋੜ ਕੇ ਤੂੰ ਹੈ ਗਵਾ ਦਿੱਤਾ, ਨਜ਼ਰ ਤੇਰੀ ਨੂੰ ਦੇਵਾਂ ਹੁਣ ਤਾਂ ਕੀ ਦੇਵਾਂ ਨਜ਼ਰਾਨਾ । ਹੱਸੋ ਹੋਰ ਹੱਸੋ ਦੁਸ਼ਮਣੀ ਮੋਰੇ ਮੁਕੱਦਰ ਤੇ, ਕਿ ਉਸ ਦਾ ਹੋਣ ਤੇ ਵੀ ਸਮਝਿਆ ਜਾਂਦਾ ਹਾਂ ਬੇਗਾਨਾ। ਖ਼ੁਦਾ ਤੋਂ ਘੱਟ ਵੀ ਫਿਰ ਕਿਸ ਤਰ੍ਹਾਂ ਹੋਈ ਮੁਹੱਬਤ ਜੋ, ਵੀਰਾਨੇ ਚਮਨ ਕਰ ਦੇਵੇ, ਚਮਨ ਨੂੰ ਕਰ ਦਏ ਵੀਰਾਨਾ । ਸ਼ਮ੍ਹਾਂ ਦਾ ਦੋਸ਼ ਕੀ ਏ, ਜੋ ਵਿਚਾਰੀ ਆਪ ਸੜਦੀ ਏ, ਕਿਸੇ ਨਹੀਂ ਸਾੜਿਆ ਇਸ ਨੂੰ, ਇਹ ਸੜਿਆ ਖ਼ੁਦ ਹੈ ਪ੍ਰਵਾਨਾ।

19. ਜਦ ਕਦੇ ਉਸ ਬੇਫਵਾ ਦੇ

ਜਦ ਕਦੇ ਉਸ ਬੇਫਵਾ ਦੇ ਹੁਣ ਸ਼ਹਿਰ ਜਾਵਾਂਗਾ ਮੈਂ। ਕਿਸ ਨੂੰ ਆਪਣਾ ਕਹਿ ਸਕਾਂਗਾ, ਕਿਸ ਦੇ ਘਰ ਜਾਵਾਂਗਾ ਮੈਂ ! ਜਾਪਦੈ ਉਸ ਦੀ ਗਲੀ 'ਚੋਂ ਲੰਘ ਸਕੂੰ ਕੁਝ ਇਸ ਤਰ੍ਹਾਂ, ਦੋ ਕਦਮ ਚੱਲਾਂਗਾ ਤੇ ਮੁੜ ਕੇ ਠਹਿਰ ਜਾਵਾਂਗਾ ਮੈਂ । ਉੱਸ ਦੇ ਘਰ ਤੇ ਕਤਲਗਾਹ ਵਿਚਕਾਰ ਜਦ ਪਹੁੰਚਾਂਗਾ ਮੈਂ, ਕੀ ਪਤੈ ਦਿਲ ਵਿਚ ਕੀ ਆਵੇ ਤੇ ਕਿਧਰ ਜਾਵਾਂਗਾ ਮੈਂ । ਇਹ ਤਾਂ ਉਸ ਦਾ ਹੋ ਗਿਆ ਸੀ, ਫੇਰ ਹੈ ਮੇਰੇ ਕਿਉਂ ਕੋਲ, ਜਾਂਦਾ ਜਾਂਦਾ ਦਿਲ, ਉਹਦੀ ਸਰਦਲ ਤੇ ਧਰ ਜਾਵਾਂਗਾ ਮੈਂ । ਲੱਖ ਯਤਨ ਭਾਵੇਂ ਕਰਾਂਗਾ ਕਿ ਨਾ ਓਧਰ ਮੂੰਹ ਕਰਾਂ, ਰਾਹ ਉਹਦੇ ਘਰ ਦਾ ਹੀ ਹੋਊ ਪਰ ਜਿਧਰ ਜਾਵਾਂਗਾ ਮੈਂ। ਅਪਨੇ ਰਾਹਾਂ ਤੇ ਨਹੀਂ ਇੱਕ ਸੂਲ ਸਹਿ ਸਕਿਆ ਕਦੀ, ਓਸਦੇ ਰਾਹਾਂ ਤੇ ਪਰ ਸੂਲੀ ਵੀ ਜਰ ਜਾਵਾਂਗਾ ਮੈਂ । ਲੋਕ ਵੇਖਣਗੇ ਤਮਾਸ਼ਾ ਜੋ ਕਦੇ ਨਾ ਵੇਖਿਆ, ਲਾਸ਼ ਅਪਨੀ ਹੀ ਉਠਾ ਕੇ ਜਦ ਗੁਜ਼ਰ ਜਾਵਾਂਗਾ ਮੈਂ ।

20. ਅੱਜ ਦੇ ਸੰਸਾਰ ਵਿੱਚ ਕੀ ਯਾਰ

ਅੱਜ ਦੇ ਸੰਸਾਰ ਵਿੱਚ ਕੀ ਯਾਰ ਕਰ ਜਾਂਦੇ ਨੇ ਲੋਕ । ਕਹਿਣ ਤੇ ਮਜਬੂਰ ਹਾਂ ਜੋ ਕਾਰ ਕਰ ਜਾਂਦੇ ਨੇ ਲੋਕ । ਆਉਣ ਵੇਲੇ ਜ਼ਿੰਦਗੀ ਦੇ ਜਾਮ ਭਰ ਭਰ ਦੇਣ ਇਹ, ਜਾਣ ਲੱਗਿਆਂ ਜੀਣ ਤੋਂ ਲਾਚਾਰ ਕਰ ਜਾਂਦੇ ਨੇ ਲੋਕ । ਵੇਖਦੇ ਹੀ ਵੇਖਦੇ ਅਪਨੇ, ਬੇਗਾਨੇ ਹੋ ਗਏ, ਸਮਝ ਨਹੀਂ ਆਉਂਦੀ ਕੀ ਟੂਣੇਹਾਰ ਕਰ ਜਾਂਦੇ ਨੇ ਲੋਕ । ਲਾਰਿਆਂ ਵਿੱਚ ਬੀਤ ਜਾਵੇ ਜਦ ਕਿਸੇ ਦੀ ਜ਼ਿੰਦਗੀ, ਮੌਤ ਮਗਰੋਂ ਆਉਣ ਦਾ ਇਕਰਾਰ ਕਰ ਜਾਂਦੇ ਨੇ ਲੋਕ । ਨਫ਼ਰਤਾਂ ਦੀ ਇਸ ਫ਼ਿਜ਼ਾ ਵਿੱਚ ਜੰਮ ਕੇ ਹੋ ਕੇ ਜਵਾਨ, ਦੇਵਤੇ ਹਨ ਉਹ ਕਿ ਜਿਹੜੇ ਪਿਆਰ ਕਰ ਜਾਂਦੇ ਨੇ ਲੋਕ । ਦੱਸਦੇ ਨੇ ਹੱਦ-ਬੰਨੇ, ਦੇਸ ਤੇ ਪਰਦੇਸ ਇਹ, ਧਰਤ ਦੇ ਵਿਹੜੇ 'ਚ ਵੀ ਦੀਵਾਰ ਕਰ ਜਾਂਦੇ ਨੇ ਲੋਕ । ਬੀਤਿਆ ਹੈ ਉਹ ਸਮਾਂ ਜਦ ਜੰਗ ਕੇਵਲ ਜੰਗ ਸੀ, ਅਮਨ ਦੇ ਨਾਂ ਤੇ ਵੀ ਹੁਣ ਤਾਂ ਵਾਰ ਕਰ ਜਾਂਦੇ ਨੇ ਲੋਕ । ਲੁਕ ਲੁਕਾ ਕੇ ਹੋਣ ਜੋ ਗੱਲਾਂ ਨੇ ਉਹ ਕੁਝ ਡੂੰਘੀਆਂ, ਮੌਤ ਤੱਕ ਹਰ ਗੱਲ ਸਰੋ-ਬਾਜ਼ਾਰ ਕਰ ਜਾਂਦੇ ਨੇ ਲੋਕ । ਜਿਨਸ ਨਾਲੋਂ ਮੰਗ ਬਹੁਤੀ ਹੋ ਗਈ ਬਾਰੂਦ ਦੀ, ਵੇਖੀਏ ਕਿੰਨਾ ਕੁ ਚਿਰ ਵਿਉਪਾਰ ਕਰ ਜਾਂਦੇ ਨੇ ਲੋਕ ।

21. ਏਨਾਂ ਕਠਿਨ ਹੈ ਉਸ ਦੀਆਂ ਯਾਦਾਂ

ਏਨਾਂ ਕਠਿਨ ਹੈ ਉਸ ਦੀਆਂ ਯਾਦਾਂ ਨੂੰ ਟਾਲਣਾ। ਜਿੰਨਾ ਕਠਿਨ ਹੈ ਚੜ੍ਹ ਰਹੇ ਸੂਰਜ ਨੂੰ ਢਾਲਣਾ। ਅੱਜ ਫੇਰ,ਉਸ ਦੇ ਗ਼ਮ ਦੀਆਂ ਝੁੱਲੀਆਂ ਹਨੇਰੀਆਂ, ਮੁੜ ਤਿਨਕੇ ਤਿਨਕੇ ਹੋ ਗਿਆ।ਇਸ ਦਿਲ ਦਾ ਆਲ੍ਹਣਾ । ਨਟ-ਖਟ ਜਦੋਂ ਵੀ ਚਾਹੁਣ ਇਹ ਡੰਗ ਦਿਲ ਤੇ ਲਾਉਂਦੀਆਂ, ਯਾਦਾਂ ਦਾ ਪਾਲਣਾ ਵੀ ਹੈ ਨਾਗਾਂ ਦਾ ਪਾਲਣਾ। ਨੀਵਾਂ ਸਮਝ ਕੇ ਪਿਆਰ ਨੂੰ ਠੁਕਰਾਉਣ ਵਾਲਿਓ, ਇਸ ਪਿਆਰ ਦਾ ਹੀ ਨਾਮ ਹੈ 'ਜੁੱਗਾਂ ਦੀ ਘਾਲਣਾ'। ਦਿਲ ਵਿੱਚ ਮਿਲਣ ਦੀ ਆਸ ਲੈ ਅੱਜ ਤੁਰ ਪਿਆ ਹਾਂ ਮੈਂ, ਹੇ ਵਕਤ !ਅਪਨੀ ਕੈਦ ਵਿੱਚ ਮੈਨੂੰ ਨਾ ਭਾਲਣਾ। ਓਸੇ ਸਮੇਂ ਹੀ ਆਣ ਕੇ ਤੂਫ਼ਾਨ ਜਾਗ ਪਏ, ਚਾਹਿਆ ਜਦੋਂ ਵੀ ਹੈ ਅਸਾਂ ਕੌਈ ਦੀਪ ਬਾਲਣਾ।

22. ਪਾਈ ਅਸਲ 'ਚ ਓਸ ਹੀ ਇਨਸਾਨ ਜ਼ਿੰਦਗੀ

ਪਾਈ ਅਸਲ 'ਚ ਓਸ ਹੀ ਇਨਸਾਨ ਜ਼ਿੰਦਗੀ । ਸਮਝੀ ਹੈ ਜਿਸਨੇ ਆਪਣਾ ਈਮਾਨ ਜ਼ਿੰਦਗੀ । ਦੁਖ ਸੁਖ, ਖ਼ੁਸ਼ੀ ਗ਼ਮੀ ਦੀ ਹੈ ਧੁੱਪ ਛਾਂ ਜਿਹੀ ਖੇਡ ਇਹ, ਹੰਝੂ ਕਦੀ ਤੇ ਹੈ ਕਦੀ ਮੁਸਕਾਨ ਜ਼ਿੰਦਗੀ । ਦੇਂਦੀ ਓਦੋਂ ਪਛਾੜ ਹੈ ਇਹ ਮੌਤ ਪੀੜ ਨੂੰ, ਬਣਦੀ ਜਦੋਂ ਹੈ ਆਣ ਕੇ ਤੂਫ਼ਾਨ ਜ਼ਿੰਦਗੀ । ਮਰ ਗਏ ਕਿਸੇ ਦਾ ਸਾਥ ਵੀ ਪਾਲੇ਼ ਕਦੇ ਕਦੇ, ਜੀਊਂਦੇ ਕਿਸੇ ਦਾ ਬਣ ਗਈ ਅਰਮਾਨ ਜ਼ਿੰਦਗੀ । ਕਿਉਂ ਇਸਨੂੰ ਅਪਣੇ ਆਪ ਤੋਂ ਵਿਸ਼ਵਾਸ ਉੱਠ ਰਿਹੈ, ਪੈਦਾ ਕਰੇ ਪਈ ਮੌਤ ਦੇ ਸਾਮਾਨ ਜ਼ਿੰਦਗੀ । ਸਾਡੀ ਅਕਲ ਦੇ ਕੋਝ ਨੇ ਇਸ ਨੂੰ ਸਰਾਪਿਆ, ਕੁਦਰਤ ਦਾ ਸੀ ਮਹਾਨ ਇਹ ਵਰਦਾਨ ਜ਼ਿੰਦਗੀ ।

23. ਗ਼ਮ ਹੀ ਬਣੇ ਨੇ ਪਿਆਰ ਦੇ ਗਵਾਹ

ਗ਼ਮ ਹੀ ਬਣੇ ਨੇ ਪਿਆਰ ਦੇ ਗਵਾਹ ਬਾਰ ਬਾਰ। ਹਰ ਸਾਹ ਬਣ ਕੇ ਰਹਿ ਗਿਆ ਇੱਕ ਆਹ ਬਾਰ ਬਾਰ। ਪਲ ਪਲ ਚੁਰਾਈ ਜਾਇਗੀ, ਸਾਨੂੰ ਸੀ ਕੀ ਪਤਾ, ਮਿਲਦੀ ਰਹੀ ਸੀ ਜੋ ਕਦੀ ਨਿਗਾਹ ਬਾਰ ਬਾਰ। ਉੱਸਦੇ ਸ਼ਹਿਰ 'ਚੋਂ ਲੰਘਦਿਆਂ ਕਿਉਂ ਮੇਰੇ ਰਾਹ ਤੇ, ਆਇਆ ਭਲਾ ਹੈ ਦੋਸਤੋ ਇੱਕ ਰਾਹ ਬਾਰ ਬਾਰ। ਜਿਸ ਦਿਨ ਦਾ ਕੋਈ ਤੋਝ ਕੇ ਹੈ ਦਿਲ ਚਲਾ ਗਿਆ, ਸੁਣਦੇ ਹਾਂ ਅਪਨੀ ਮੌਤ ਦੀ ਅਫ਼ਵਾਹ ਬਾਰ ਬਾਰ। ਹਾਏ ! ਰਕੀਬ ਕਿਸ,ਤਰ੍ਹਾ ਚੁੱਪ ਚਾਪ ਕਹਿ ਗਿਆ, ਕੀਤੀ ਅਸਾਂ ਜੋ ਕਹਿਣ ਦੀ ਸਲਾਹ ਬਾਰ ਬਾਰ । ਆਈ ਨਾ ਕੋਈ ਈਦਗਾਹ ਕਦੀ ਰਾਹ-ਪਿਆਰ ਤੇ, ਲੰਘਦਾ ਰਿਹਾ ਹੈ ਹੋ ਕੇ ਕਤਲਗਾਹ ਬਾਰ ਬਾਰ । ਨਿਕਲੇ ਘਰੋਂ ਅਸੀਂ ਹੀ ਸਾਂ ਡੁੱਬਣ ਦੀ ਠਾਣ ਕੇ, ਐਵੇਂ ਪੁਕਾਰਦੇ ਰਹੇ ਮਲਾਹ ਬਾਰ ਬਾਰ। ਸੁਣਿਓਂ ਸਮੇਂ ਦੇ ਵਾਰਸੋ ਜੇ ਪਿਆਰ ਹੈ ਗੁਨਾਹ, ਕਰਨਾ ਅਸਾਂ ਹੈ ਫੇਰ ਇਹ ਗੁਨਾਹ ਬਾਰ ਬਾਰ। ਬਦਲਣਗੇ ਰੁਖ਼ ਤੂਫ਼ਾਨ ਦਾ ਇੱਕ ਦਿਨ ਤਾਂ ਉਹ ਕਦੀ, ਕੀਤਾ ਜਿੰਨ੍ਹਾਂ ਨੂੰ ਏਸ ਨੇ ਤਬਾਹ ਬਾਰ ਬਾਰ।

24. ਇਕ ਦਿਨ ਟਿਕਾਣੇ ਪਹੁੰਚ ਗਏ

ਇਕ ਦਿਨ ਟਿਕਾਣੇ ਪਹੁੰਚ ਗਏ ਜਿਹੜੇ ਤੁਰੇ ਰਹੇ । ਉਹ ਵੇਖਦੇ ਹੀ ਰਹਿ ਗਏ ਜੋ ਵੇਖਦੇ ਰਹੇ । ਕਈ ਵੇਰ ਮਰ ਕੇ ਜੀਉਣ ਦੇ ਸੁਪਨੇ ਲਏ ਅਸਾਂ, ਕਈ ਵੇਰ ਉਸ ਦੇ ਪਿਆਰ ਵਿੱਚ ਜੀਊਂਦੇ ਮਰੇ ਰਹੇ । ਜੀਵਨ ਅਸਾਂ ਗੁਜ਼ਾਰਿਆ ਉਹਨਾਂ ਨੂੰ ਛੂਹਣ ਲਈ, ਐਪਰ ਦੁਮੇਲ ਵਾਂਗ ਉਹ ਸਾਥੋਂ ਪਰੇ ਰਹੇ। ਰੱਖੇ ਆਦਰਸ਼ ਨੇ ਜਿਨ੍ਹਾਂ ਉੱਚੇ ਅਕਾਸ਼ ਤੋਂ, ਉਹਨਾਂ ਦੇ ਰਾਹ ਤੇ ਸਦਾ ਤਾਰੇ ਝੁਕੇ ਰਹੇ । ਜੀਵਨ ਹੈ ਨਾਮ ਜ਼ਿੰਦਗੀ ਜੀਅ ਭਰ ਕੇ ਜੀਣ ਦਾ, ਮੋਇਆਂ `ਚ ਹੀ ਸ਼ੁਮਾਰ ਨੇ ਜੋ ਸਹਿਕਦੇ ਰਹੇ । ਦੱਸੀਂ ਜ਼ਰਾ ਐ ਸ਼ੇਖ ਤੂੰ ਸਾਨੂੰ ਤੇ ਖ਼ਬਰ ਨਹੀਂ, ਮਸਜਦ 'ਚ ਰਹੇ ਰਾਤ ਹਾਂ ਜਾਂ ਮੈਅ-ਕਦੇ ਰਹੇ । ਦੇਂਦੀ ਹੈ ਦੁਨੀਆਂ ਹੌਂਸਲਾ ਦਿਲ ਦੇ ਬੀਮਾਰ ਨੂੰ, ਉਸ ਦੇ ਬਗ਼ੈਰ ਦਿਲ ਭਲਾ ਕਿਸ ਹੌਂਸਲੇ ਰਹੇ । ਚਮਕੀ ਸਵੇਰ, ਨਾ ਕਦੇ, ਰਾਤਾਂ ਹਨੇਰੀਆਂ ਸਾਡੇ ਪਿਆਰ ਤੇ ਤਾਂ ਸਦਾ ਘੁਸਮੁਸੇ ਰਹੇ । ਉਹ ਆਸ਼ਿਆਨੇ ਬਣ ਗਏ ਚੰਨ ਤਾਰਿਆਂ ਦਾ ਰੂਪ, ਜਿਹੜੇ ਨਿਧੜਕ ਬਿਜਲੀਆਂ ਵੱਲ ਵੇਖਦੇ ਰਹੇ।

25. ਮੌਤ ਦਾ ਡਰ ਕੀ ਭਲਾ ਹੋਵੇਗਾ

ਮੌਤ ਦਾ ਡਰ ਕੀ ਭਲਾ ਹੋਵੇਗਾ ਉਸ ਹੱਯਾਤ ਨੂੰ। ਹੱਸ ਕੇ ਜੋ ਸਹਿੰਦੀ ਆਈ ਹੈ ਪਲ ਪਲ ਤੇ ਆਤਮਘਾਤ ਨੂੰ । ਜੀਉਣ ਨੂੰ ਹੀ ਜ਼ਿੰਦਗੀ ਦਾ ਨਾਮ ਦੇਵਣ ਵਾਲਿਓ, ਤਰਸਦਾ ਮੋਇਆ ਹਾਂ ਮੈਂ ਤੇ ਜ਼ਿੰਦਗੀ ਦੀ ਝਾਤ ਨੂੰ । ਉਸ ਦਿਆਂ ਰਾਹਾਂ ਦੀ ਹਾਲੇ ਧੂੜ ਉੱਡਦੀ ਰਹਿਣ ਦਏ, ਲੋੜ ਨਹੀਂ ਕਣੀਆਂ ਦੀ ਸਾਨੂੰ ਕਹਿ ਦਿਓ ਬਰਸਾਤ ਨੂੰ । ਰਾਤ ਦੀ ਕਾਲਖ਼ ਤੇ ਭਾਵੇਂ ਰੋਜ਼ ਹੱਸ ਛੱਡਦੀ ਹੈ ਇਹ, ਇਸ ਦੀਆਂ ਰੰਗੀਨੀਆਂ ਦਾ ਕੀ ਪਤੈ ਪ੍ਰਭਾਤ ਨੂੰ । ਯਾਦ ਦੀ ਬੱਦਲੀ ਤ੍ਰਿਕਾਲਾਂ ਤੋਂ ਹੈ ਦਿਲ ਤੇ ਛਾ ਰਹੀ, ਇੰਜ ਲੱਗਦਾ ਏ ਕਿ ਅੱਖੀਆਂ ਨੇ ਹੈ ਵੱਸਣਾ ਰਾਤ ਨੂੰ ।

26. ਦਿਲ ਫੂਕਦਾ ਹੈ ਮੇਰਾ ਕਿਉਂ

ਦਿਲ ਫੂਕਦਾ ਹੈ ਮੇਰਾ ਕਿਉਂ ਸੋਚ ਦਾ ਸ਼ਰਾਰਾ । ਹੱਸ ਕੇ ਨਹੀਂ ਤਾਂ ਰੋ ਕੇ ਹੋ ਜਾਏਗਾ ਗੁਜ਼ਾਰਾ । ਸੋਚਾਂ ਤਿਆਗ ਸੋਹਣੀ,ਜੇ ਨਾ ਝਨਾਂ 'ਚ ਠਿੱਲ੍ਹਦੀ, ਹੁਣ ਤੀਕ ਯਾਦ ਕਰਦਾ ਕਿੰਜ ਫਿਰ ਜਹਾਨ ਸਾਰਾ । ਲੁੱਡਣ ਨੇ ਫੜ ਕੇ ਬਾਹੋਂ ਬੇੜੀ ਬਿਠਾ ਲਿਆ ਤਦ, ਰਾਂਝਾ ਜਾਂ ਠਿੱਲ੍ਹ ਤੁਰਿਆ ਲਹਿਰਾਂ 'ਚ ਬੇ-ਸਹਾਰਾ । ਇੱਕ ਲੀਕ, ਬਣ ਪੁਜਾਰੀ, ਉਹਦੀ ਪੈੜ ਚੁੰਮਦੀ ਏ, ਜਦ ਵੀ ਅਕਾਸ਼ ਵਿਚੋਂ ਟੁੱਟਦੈ ਕੋਈ ਸਿਤਾਰਾ । ਆਖ਼ਰ ਮੁਹਾਰ ਉਸ ਦੀ ਆਉਂਦੀ ਹੈ ਹੱਥ ਕਿਸੇ ਦੇ , ਹੋ ਜਾਏ ਭਾਵੇਂ ਕੋਈ ਕਿੰਨਾ ਵੀ ਬੇ-ਮੁਹਾਰਾ । ਹੈਰਾਨ ਹੋ ਗਿਆ ਮੈਂ ਤੱਕਿਆ ਜਦੋਂ ਨਚਾਉਂਦਾ, ਦੁਨੀਆਂ ਦੇ ਇਸ਼ਕ ਤਾਈਂ ਇੱਕ ਹੁਸਨ ਦਾ ਇਸ਼ਾਰਾ । ਕੰਢੇ ਤੇ ਪਹੁੰਚ ਕੇ ਤਾਂ ਜਾਂਦੀ ਏ ਅਟਕ ਬੇੜੀ, ਗ਼ਮ ਇਸ ਲਈ ਨਹੀਂ ਕਿ ਮਿਲਿਆ ਨਹੀਂ ਕਿਨਾਰਾ ।

27. ਮੁਹੱਬਤ ਦੇ ਜੇ ਦੀਪ ਬਾਲੇ ਨਾ ਜਾਂਦੇ

ਮੁਹੱਬਤ ਦੇ ਜੇ ਦੀਪ ਬਾਲੇ ਨਾ ਜਾਂਦੇ । ਤਾਂ ਰਾਹ ਜ਼ਿੰਦਗੀ ਦੇ ਉਜਾਲੇ ਨਾ ਜਾਂਦੇ । ਬੜੇ ਕੀਮਤੀ ਨੇ ਮੇਰੇ ਦਾਗ਼ ਦਿਲ ਦੇ, ਤਦੇ ਤਾਂ ਕਿਸੇ ਨੂੰ ਦਿਖਾਲੇ ਨਾ ਜਾਂਦੇ । ਲਿਆ ਨਾਗ ਜ਼ੁਲਫ਼ਾਂ ਦੇ ਦਿਲ ਤੇ ਲੜਾ ਲਾਂ, ਇਹ ਲੱਗਦੈ ਕਿ ਤੈਥੋਂ ਸੰਭਾਲੇ ਨਾ ਜਾਂਦੇ । ਮੇਰੇ ਪਿਆਰ ਦੀ ਹੋਰ ਹੁੰਦੀ ਕਹਾਣੀ ਘੜੀ ਦੋ ਘੜੀ ਜੇ ਉਹ ਹਾਲੇ ਨਾ ਜਾਂਦੇ । ਬੜੀ ਖ਼ੁਬਸੂਰਤ ਸੀ ਸ਼ੈਅ ਜ਼ਿੰਦਗੀ ਇਹ, ਗਮਾਂ ਦੇ ਜੇ ਕੀਤੇ ਹਵਾਲੇ ਨਾ ਜਾਂਦੇ । ਮੇਰੀ ਪਿਆਸ ਏਨੀ ਭੜਕਦੀ ਕਦੀ ਨਾ, ਜੇ ਗ਼ੈਰਾਂ ਦੇ ਸਾਗਰ ਉਛਾਲੇ ਨਾ ਜਾਂਦੇ । ਜੀਉਂਦੇ ਹੀ ਬਹਿ ਗਏ ਸਾਂ ਜੰਨਤ 'ਚ ਜਾ ਕੇ, ਤੇਰੇ ਦਰ ਤੋਂ ਜੇਕਰ ਉਠਾਲੇ ਨਾ ਜਾਂਦੇ । ਉਨ੍ਹਾਂ ਰਸਤਿਆਂ ਤੋਂ ਹੀ ਮੰਜ਼ਿਲ ਹੈ ਸਾਡੀ, ਜਿਨ੍ਹਾਂ ਤੇ ਕਦੇ ਹੋਸ਼ ਵਾਲੇ ਨਾ ਜਾਂਦੇ।

28. ਇਸ਼ਕ ਵਿੱਚ ਸ਼ਰਮਾਣ ਦੀ ਆਦਤ ਨਹੀਂ

ਇਸ਼ਕ ਵਿੱਚ ਸ਼ਰਮਾਣ ਦੀ ਆਦਤ ਨਹੀਂ । ਦਿਲ ਤੇ ਪਹਿਰੇ ਲਾਣ ਦੀ ਆਦਤ ਨਹੀਂ । ਕਿੰਜ ਹੁਣ ਖ਼ੁਸ਼ੀਆਂ ਨੂੰ ਮੈਂ ਗਲ਼ ਲਾ ਲਵਾਂ, ਲੈ ਕੇ ਗ਼ਮ ਪਰਤਾਣ ਦੀ ਆਦਤ ਨਹੀਂ । ਜਾ ਤੇ ਸਕਦਾ ਹਾਂ ਉਹਦੀ ਮਹਿਫ਼ਿਲ 'ਚ ਮੈਂ, ਬਿਨ ਬੁਲਾਏ ਜਾਣ ਦੀ ਆਦਤ ਨਹੀਂ । ਦੁਸ਼ਮਣੀ ਹੋਵੇ ਤਾਂ ਕੋਈ ਚਾਰਾ ਕਰਾਂ, ਦੋਸਤੀ ਅਜ਼ਮਾਣ ਦੀ ਆਦਤ ਨਹੀਂ । ਦਿਲ ਦੀ ਗੱਲ ਬੁੱਲ੍ਹਾਂ ਤੇ ਆ ਕੇ ਮੁੜ ਗਈ, ਬੋਲ ਕੇ ਸਮਝਾਣ ਦੀ ਆਦਤ ਨਹੀਂ । ਉਸ ਦੀਆਂ ਜ਼ੁਲਫ਼ਾਂ ਦੇ ਕਿਹੜੇ ਨਾਗ ਨੂੰ, ਦੂਰ ਤੋਂ ਡੱਸ ਜਾਣ ਦੀ ਆਚਤ ਨਹੀਂ । ਰੋਣ ਤੇ ਵੀ ਨੇ ਮੇਰੇ ਪਾਬੰਦੀਆਂ, ਹੱਸ ਕੇ ਦਿਲ ਪਰਚਾਣ ਦੀ ਆਦਤ ਨਹੀਂ । ਖ਼ੂਬਸੂਰਤ ਹੀ ਮੈਂ ਕਰਦਾ ਹਾਂ ਗੁਨਾਹ, ਇਸ ਲਈ ਬਖ਼ਸ਼ਾਣ ਦੀ ਆਦਤ ਨਹੀਂ । ਤੋੜਿਓ ਨਾ ਦਿਲ ਕਿ ਸਾਨੂੰ ਸ਼ੈ ਕੋਈ, ਤੋੜ ਕੇ ਬਣਵਾਣ ਦੀ ਆਦਤ ਨਹੀਂ । ਪਿਆਰ ਹੀ ਉਹ ਫੁੱਲ ਹੈ ਖਿੜ ਕੇ ਜਿਨੂੰ, ਫਿਰ ਕਦੇ ਕੁਮਲਾਣ ਦੀ ਆਦਤ ਨਹੀਂ । ਪੀਣ ਦਾ ਹੈ ਸ਼ੌਕ ਮੈਨੂੰ ਵੀ ਬੜਾ, ਜਾਮ ਪਰ ਛਲਕਾਣ ਦੀ ਆਦਤ ਨਹੀਂ । ਲੈਣ ਆਈ ਮੌਤ ਨੂੰ ਮੋੜਾਂ ਕਿਵੇਂ, ਆਰਜ਼ੂ ਠੁਕਰਾਣ ਦੀ ਆਦਤ ਨਹੀਂ ।

29. ਜਾਗੋ ! ਕਿ ਸਮਾਂ ਉੱਜਲੇ ਸੰਗਰਾਮ ਦਾ

ਜਾਗੋ ! ਕਿ ਸਮਾਂ ਉੱਜਲੇ ਸੰਗਰਾਮ ਦਾ ਆਇਆ ਏ । ਰਾਹਾਂ ਨੂੰ ਲਤਾੜ ਕਿ ਮੰਜ਼ਿਲ ਨੇ ਬੁਲਾਇਆ ਏ । ਜੀਵਨ ਦੇ ਸ਼ਿਵਾਲੇ ਵਿਚ ਪ੍ਰਵਾਨ ਨੇ ਹੁਣ ਖ਼ੁਸ਼ੀਆਂ, ਗਮ ਚੀਜ਼ ਪੁਰਾਣੀ ਏਂ, ਗ਼ਮ ਬਹੁਤ ਹੰਢਾਇਆ ਏ । ਓ ਨੈਣਾਂ ਦੇ ਵਣਜਾਰੇ ਇੱਕ ਗੱਲ ਸਮਝਾਉਂਦਾ ਜਾ, ਪਲਕਾਂ ਦੀਆਂ ਨੋਕਾਂ ਤੇ ਅੱਥਰੂ ਕਿਉਂ ਆਇਆ ਏ ? ਅੱਜ ਕੋਈ ਕਿਸੇ ਦੇਸ਼ ਅੰਦਰ ਭੁੱਖ ਨਾਲ ਹੈ ਕਿਉਂ ਮੋਇਆ ? ਅਤੇ ਕਿਸ ਨੇ ਮੁਨਾਫ਼ੇ ਲਈ ਅਜੇ ਅੰਨ ਲੁਕਾਇਆ ਏ । ਧਰਤੀ ਦਿਆਂ ਜਾਇਆਂ ਲਈ ਮੁਸ਼ਕਿਲ ਵੀ ਭਲਾ ਕੀ ਏ, ਬਲਵਾਨ ਦਿਲਾਂ ਨੇ ਤਾਂ ਅਸਮਾਨ ਝੁਕਾਇਆ ਏ । ਕਾਹਦੀ ਹੈ ਉਹ ਫੁੱਲਵਾੜੀ ਕਿ ਜਿਸ ਦੇ ਖੇਤਰ ਵਿਚ, ਇੱਕ ਫੁੱਲ ਪਿਆ ਹੱਸਦਾ ਏ, ਇੱਕ ਫੁੱਲ ਕੁਮਲਾਇਆ ਏ । ਉਸ ਦਿਲ ਨੂੰ ਨਾ ਦਿਲ ਆਖੋ, ਕੋਈ ਪੱਥਰ ਗੀਟਾ ਹੈ, ਜਿਸ ਦਿਲ 'ਚ ਮਨੁੱਖਤਾ ਲਈ ਨਾ ਦਰਦ ਸਮਾਇਆ ਏ ।

30. ਦੋ ਕਦਮ ਅੱਜ ਮੈਂ ਉਹਨਾਂ ਦੇ ਨਾਲ

ਦੋ ਕਦਮ ਅੱਜ ਮੈਂ ਉਹਨਾਂ ਦੇ ਨਾਲ ਜਾ ਕੇ ਵੇਖਿਆ। ਕੀ ਕਹਾਂ, ਸਹੁੰ ਰੱਬ ਦੀ, ਜੰਨਤ ਪੈਰ ਪਾ ਕੇ ਵੇਖਿਆ । ਦੇ ਦਏ ਉੱਤਰ ਜਿਵੇਂ ਕੋਈ ਬੁੱਝ ਕੇ ਦਿੱਲ ਦਾ ਸੁਆਲ, ਇਸ ਤਰ੍ਹਾਂ ਉਨ੍ਹਾਂ ਮੇਰੇ ਵੱਲ ਮੁਸਕਰਾ ਕੇ ਵੇਖਿਆ । ਝੋਲ ਉਸਦੀ ਵਿੱਚ ਵੀ ਕਿਤਿਓਂ ਪੈ ਤਾਂ ਸਕਦਾ ਰਤਾ , ਪਿਆਰ ਜਿਸ ਨੇ ਜ਼ਿੰਦਗੀ ਭਰ ਹੋਏ ਲੁਟਾ ਕੇ ਵੇਖਿਆ । ਕੀ ਪਤੇ ਹੋਏ ਕਹਿਣ ਲੱਗਾ ਹਾਰ ਕੇ ਆਪੇ ਗਲੋਂ, ਗ਼ਮ ਉਮਰ ਸਾਰੀ ਹੈ ਜਿਹੜਾ ਮੈਂ ਹੰਢਾ ਕੇ ਵੇਖਿਆ । ਸੀਤਿਆਂ ਬੁੱਲ੍ਹਾਂ ਨੂੰ ਜਿਹੜਾ ਛੁਹ ਕੇ ਮੁੜ ਜਾਂਦਾ ਰਿਹਾ, ਆਤਮਾਂ ਮੇਰੀ ਨੇ ਅੱਜ ਉਹ ਗੀਤ ਗਾ ਕੇ ਵੇਖਿਆ। ਮਨ ਮੇਰਾ ਅੱਜ ਤੱਕ ਕਦੇ ਨਾ ਸ਼ਾਂਤ ਸੀ ਜਿੰਨਾਂ ਕਿ ਅੱਜ, ਤੀਰਥਾਂ ਤੇ ਮੈਂ ਅਨੇਕਾਂ ਵਾਰ ਨ੍ਹਾ ਕੇ ਵੇਖਿਆ। ਪਾ ਰਹੇ ਗਲਵਕੜੀਆਂ ਸਨ ਸਾਡੇ ਪੈਰਾਂ ਦੇ ਨਿਸ਼ਾਨ, ਜਦ ਪਿਛਾਂਹ ਨੂੰ ਮੈਂ ਰਤਾਕ ਮੂੰਹ ਭੁਆ ਕੇ ਵੇਖਿਆ।

31. ਰਾਤਾਂ ਨੂੰ ਦਿਨ ਬਣਾਉਂਦੀਆਂ

ਰਾਤਾਂ ਨੂੰ ਦਿਨ ਬਣਾਉਂਦੀਆਂ, ਯਾਦਾਂ ਕਿਸੇ ਦੀਆਂ। ਸੂਰਜ ਨਵੇਂ ਚੜ੍ਹਾਉਂਦੀਆਂ, ਯਾਦਾਂ ਕਿਸੇ ਦੀਆਂ । ਉਪਬਨ ਕੋਈ ਬਹਾਰ ਵਿੱਚ ਸਜਦਾ ਹੈ ਜਿਸ ਤਰ੍ਹਾਂ, ਦਿਲ ਨੂੰ ਇਵੇਂ ਸਜਾਉਂਦੀਆਂ, ਯਾਦਾਂ ਕਿਸੇ ਦੀਆਂ । ਝੱਲਣਾ ਕਠਨ ਹੈ ਰੂਪ ਵੀ ਇਹਨਾਂ ਦਾ ਉੱਸ ਸਮੇਂ, ਹੰਝੂਆਂ 'ਚ ਜਦ ਨਹਾਉਂਦੀਆਂ ਯਾਦਾਂ ਕਿਸੇ ਦੀਆਂ । ਭੈੜੀ ਨਜ਼ਰ ਕਿਸੇ ਦੀ ਨਾ ਇਹਨਾਂ ਨੂੰ ਖਾ ਲਵੇ, ਲੁਕ ਲੁਕ ਤਦੇ ਨੇ ਆਉਂਦੀਆਂ ਯਾਦਾਂ ਕਿਸੇ ਦੀਆਂ । ਕੋਈ ਭੁਲਾ ਕੇ ਪਿਆਰ ਨੂੰ ਭਾਵੇਂ ਚਲਾ ਗਿਐ, ਮੁੜ ਮੁੜ ਕੇ ਸਾਂਝ ਪਾਉਂਦੀਆਂ ਯਾਦਾਂ ਕਿਸੇ ਦੀਆਂ । ਪਰੀਆਂ ਦੇ ਵਾਂਗ ਆਣ ਕੇ ਮੇਰੇ ਦਿਲ ਦੇ ਖੂਹ ਤੇ, ਨਿੱਤ ਨੱਚਦੀਆਂ ਤੇ ਗਾਉਂਦੀਆਂ ਯਾਦਾਂ ਕਿਸੇ ਦੀਆਂ । ਰੁੱਸ ਕੇ ਅਸਾਂ ਦੇ ਨਾਲ ਤਾਂ ਤੁਰ ਗਈ ਸੀ ਜ਼ਿੰਦਗੀ, ਆ ਕੇ ਨਾਲੇ ਮਨਾਉਂਦੀਆਂ, ਯਾਦਾਂ ਕਿਸੇ ਦੀਆਂ। ਸ਼ਿਕਵਾ ਕਰਾਂ ਮੈਂ ਕਿਉਂ ਭਲਾ ਉਸ ਬੇ-ਵਫ਼ਾ ਤੇ ਫੇਰ, ਜਦ ਨੇ ਵਫ਼ਾ ਨਿਭਾਉਂਦੀਆਂ ਯਾਦਾਂ ਕਿਸੇ ਦੀਆਂ । ਕੱਟਣੀ ਜਿਨ੍ਹਾਂ ਦੇ ਆਸਰੇ ਆਪਾਂ ਹੈ ਜ਼ਿੰਦਗੀ, ਜੰਮ ਜੰਮ ਉਹ ਰਹਿਣ ਆਉਂਦੀਆਂ, ਯਾਦਾਂ ਕਿਸੇ ਦੀਆਂ। ਚਾਹਿਆ ਕਦੇ ਜਿਨ੍ਹਾਂ ਨੂੰ ਮੈਂ ਲਿਖਣਾ ਸੀ ਬਾਰ ਬਾਰ, ਉਹ ਗੀਤ ਨੇ ਲਿਖਾਉਂਦੀਆਂ, ਯਾਦਾਂ ਕਿਸੇ ਦੀਆਂ ।

32. ਗ਼ਮਾਂ ਵਾਲੀ ਕਮਾਲ ਹੋ ਗਈ ਏ

ਗ਼ਮਾਂ ਵਾਲੀ ਕਮਾਲ ਹੋ ਗਈ ਏ । ਖ਼ੁਸ਼ੀ ਮੇਰਾ ਸੁਆਲ ਹੋ ਗਈ ਏ । ਇੰਜ ਲਗਦੈ ਕਿ ਸਿਮਟ ਕੇ ਦੁਨੀਆਂ, ਬੱਸ, ਉਸ ਦਾ ਖ਼ਿਆਲ ਹੋ ਗਈ ਏ । ਪੀੜ ਸੀ ਜੋ ਕਦੀ ਜ਼ਮਾਨੇ ਦੀ, ਉਹ ਅਪਨਾ ਹੀ ਮਾਲ ਹੋ ਗਈ ਏ । ਹੋਸ਼ ਹੁੰਦਿਆਂ ਵੀ ਪਿਆਰ-ਤਾਲ ਬਿਨਾਂ, ਸਾਰੀ ਦੁਨੀਆਂ ਬੇ-ਤਾਲ ਹੋ ਗਈ ਏ । ਸੁਣ ਰਹੀ ਹੈ ਮੇਰੀ ਸਦਾਅ ਮੈਨੂੰ, ਕੌਣ ਕਹਿੰਦੈ ਨਿਢਾਲ ਹੋ ਗਈ ਏ । ਵੇਖ ਕੇ ਖੁਸ਼ ਉਨ੍ਹਾਂ ਨੂੰ ਖਵਰੇ ਕਿਉਂ, ਮੰਗ ਸਾਡੀ ਵਿਸ਼ਾਲ ਹੋ ਗਈ ਏ । ਜਾਨ ਬੁੱਲ੍ਹਾਂ ਤੇ ਅੜ ਕੇ ਬੈਠੀ ਏ, ਵੇਖੋ ਇਹ ਵੀ ਦਿਆਲ ਹੋ ਗਈ ਏ । ਜਲ ਗਿਆ ਹੈ ਸਗੋਂ ਕੀ ਦਿਲ ਮੇਰਾ ? ਰੌਸ਼ਨੀ ਕਾਹਦੇ ਨਾਲ ਹੋ ਗਈ ਏ । ਰਾਤ ਸ਼ਬਨਮ ਭਲਾ ਕਿਉਂ ਰੋਂਦੀ ਸੀ, ਕੀ ਉਹ ਮੇਰੀ ਭਿਆਲ ਹੋ ਗਈ ਏ ?

33. ਕੋਈ ਇਹ ਕਰਾਮਾਤ ਕਰਕੇ ਵਿਖਾਲੇ

ਕੋਈ ਇਹ ਕਰਾਮਾਤ ਕਰਕੇ ਵਿਖਾਲੇ । ਕਿ ਦਿਲ ਹੈ ਸਲਾਮਤ, ਬਦਨ ਛਾਲੇ ਛਾਲੇ । ਬੁਝਦੇ ਕਦੋਂ ਨੇ ਹਵਾਵਾਂ ਤੋਂ ਜਿਹੜੇ, ਦੀਪਕ ਨੇ ਹੱਥੀਂ ਤੂਫ਼ਾਨਾਂ ਨੇ ਬਾਲੇ । ਜ਼ੁਲਮ ਥੱਕ ਗਿਆ ਹੈ, ਕਹਿਰ ਹੁੱਸ ਗਿਆ ਹੈ, ਸਿਦਕ ਨੇ ਨਾ ਮੂੰਹੋਂ 'ਸੀ' ਆਖੀ ਹੈ ਹਾਲੇ । ਭਾਵੇਂ ਉਨ੍ਹਾਂ ਨੂੰ ਕੋਈ ਦੇਗੀਂ ਉਬਾਲੇ, ਨਾ ਡੋਲਣ ਕਦੇ ਸੁਖਮਨੀ ਸਾਰ ਵਾਲੇ । ਉਹ ਜ਼ਾਲਮ ਕੀ ਜਾਣਨ ਨਸ਼ੇ ਭਗਤੀਆਂ ਦੇ, ਜਿਨ੍ਹਾਂ ਨੇ ਇਹ ਜਲਵੇ ਨਾ ਵੇਖੇ, ਨਾ ਭਾਲੇ। ਸ਼ਹੀਦਾਂ ਦੀ ਜਦ ਵੀ ਕਿਸੇ ਗੱਲ ਛੇੜੀ, ਨਾ ਰੁਕ ਸੱਕੇ ਹੰਝੂ, ਨਾ ਦਿਲ ਗਏ ਸੰਭਾਲੇ । ਕਿੰਨੀਆਂ ਵੀ ਹੋਵਣ ਸਿਆਹ ਭਾਵੇਂ ਰਾਤਾਂ, ਮਿਟਾ ਪਰ ਨਾ ਸੱਕਣ ਦਿਲਾਂ ਦੇ ਉਜਾਲੇ ।

34. ਕਿਉਂ ਕਹਾਂ ਉਹ ਸ਼ੋਖ ਓਝਲ

ਕਿਉਂ ਕਹਾਂ ਉਹ ਸ਼ੋਖ ਓਝਲ ਹੋ ਗਿਆ ! ਅਰਸ਼ ਦਾ ਤਾਰਾ ਸੀ, ਝਿਲਮਿਲ ਹੋ ਗਿਆ ! ਇਸ਼ਕ ਦੀ ਮੰਜ਼ਿਲ ਵੀ ਮੰਜ਼ਿਲ ਨਾ ਬਣੀ, ਹੁਸਨ ਦਾ ਹਰ ਪੈਰ ਮੰਜ਼ਿਲ ਹੋ ਗਿਆ। ਦਿਲ ਦਾ ਸੌਦਾ ਕਰਨ ਲੱਗਾ ਹੀ ਤਾਂ ਮੈਂ, ਵੇਖ ਦਿਲ ਵਾਲੇ ਨੂੰ ਬੇ-ਦਿਲ ਹੋ ਗਿਆ । ਰਾਤ ਸਾਕੀ ਨੇ ਪਿਲਾਈ ਇਸ ਤਰ੍ਹਾਂ, 'ਹੋਰ ਪਾ' ਕਹਿਣਾ ਵੀ ਮੁਸ਼ਕਿਲ ਹੋ ਗਿਆ । ਲੈਣ ਮੈਖ਼ਾਨੇ 'ਚੋਂ ਆਇਆ ਮੈਨੂੰ ਜਦ, ਸ਼ੇਖ ਵੀ ਰਿੰਦਾਂ 'ਚ ਸ਼ਾਮਿਲ ਹੋ ਗਿਆ । ਸੁਪਨਿਆਂ ਵਿੱਚ ਉਸ ਨੂੰ ਆਉਂਦਾ ਵੇਖ ਮੈਂ, ਜਾਗਦਾ ਹੋਇਆ ਵੀ ਗਾਫ਼ਿਲ ਹੋ ਗਿਆ । ਮਰ ਗਿਆ ਜੋ ਵੀ ਕਿਸੇ ਤੇ ਮਰ ਗਿਆ, ਜੀਣ ਦੇ ਬੰਦਾ ਉਹ ਕਾਬਿਲ ਹੋ ਗਿਆ ।

35. ਫਿਰ ਇਸ਼ਕ ਦੀ ਲਹਿਰ ਟਕਰਾਏ ਕਦੀ

ਫਿਰ ਇਸ਼ਕ ਦੀ ਲਹਿਰ ਟਕਰਾਏ ਕਦੀ । ਦਿਲ ਦਾ ਕੰਢਾ ਫੇਰ ਢਾਹ ਜਾਏ ਕਦੀ । ਮੈਂ ਕਦੋਂ ਮੰਗਦੈ ਤਸੱਲੀਆਂ ਓਸ ਤੋਂ, ਮੈਂ ਤਾਂ ਕਹਿੰਦਾ ਹਾਂ ਕਿ ਤੜਪਾਏ ਕਦੀ । ਬਣ ਗਿਆ ਹੈ ਫੇਰ ਮੇਰਾ ਆਲ੍ਹਣਾ, ਫੇਰ ਬਿਜਲੀ ਜੌਹਰ ਦਿਖਲਾਏ ਕਦੀ। ਵੇਖਣੀ ਹੈ ਜੋ ਕਣੀ ਰਾਂਝੇ ਦੀ ਫੇਰ, ਫੇਰ ਖੇੜਾ ਹੀਰ ਪਰਨਾਏ ਕਦੀ । ਵਾਰ ਦੇਵਾਂ ਅਪਣੀਆਂ ਸਭ ਸ਼ੋਖੀਆਂ, ਫੇਰ ਭੋਲੀ ਨਜ਼ਰ ਭਰਮਾਏ ਕਦੀ । ਚੰਨ, ਸੂਰਜ, ਧਰਤ, ਤਾਰੇ ਤੇ ਅਕਾਸ਼, ਹਾਏ ਉਸਦੀ ਯਾਦ ਬਣ ਜਾਏ ਕਦੀ। ਛੱਡ ਦਿਆਂਗਾ ਪੰਡਤੋ ਪੀਣੀ ਸ਼ਰਾਬ, ਫਿਰ ਨਸ਼ੀਲੀ ਅੱਖ ਛਡਵਾਏ ਕਦੀ । ਦਰਦ ਉਹ ਦੇਂਦੇ ਨੇ ਖ਼ੁਸ਼ੀਆਂ ਦਾ ਸੁਆਦ, ਜਿਹੜੇ ਜਾਵਣ ਹੱਸ ਕੇ ਅਪਨਾਏ ਕਦੀ। ਰਾਖ ਹਾਂ ਮੈਂ ਚਮਕ ਦੀ, ਨਿਕਲਣਗੇ ਫੁੱਲ, ਫੇਰ ਮੌਸਮ ਰਾਸ ਜੇ ਆਏ ਕਦੀ ।

36. ਹੁਣ ਦੱਬ ਕੇ ਨਹੀਂ ਰਹਿਣੇ ਬੋਲ

ਹੁਣ ਦੱਬ ਕੇ ਨਹੀਂ ਰਹਿਣੇ ਬੋਲ ਜ਼ਮੀਰਾਂ ਦੇ । ਲਾਹ ਸੁੱਟੇ ਕੋਈ ਭਾਵੇਂ ਪੌਸ਼ ਸਰੀਰਾਂ ਦੇ । ਪੱਛ ਸੁੱਟਿਆ ਹੈ ਪਿੰਡਾ ਮੇਰਾ ਰੇਸ਼ਮ ਨੇ, ਭਰ ਭਰ ਇਸ ਤੇ ਪਾਓ ਰੁੱਗ ਕਸੀਰਾਂ ਦੇ । ਅੱਜ ਦਿਲ ਆਖੇ, ‘ਛੱਡ ਚੰਦਨ ਦੀ ਗੇਲੀ ਨੂੰ, ਭਰ ਲੈ ਵਿੱਚ ਕਲਾਵੇ ਖੁੰਘ ਕਰੀਰਾਂ ਦੇ। ਇਕ ਦਿਨ ਘਰ ਤੋਂ ਖ਼ੋਲ਼ੇ ਬਣ ਕੇ ਰਹਿ ਜਾਵਣ, ਜੋ ਕੰਧਾਂ ਨਾ ਝੱਲਣ ਬੋਝ ਸ਼ਤੀਰਾਂ ਦੇ । ਮਿਹਨਤ ਦੀ ਇਕ ਰੇਖ ਤਲੀ ਤੇ ਕਾਫ਼ੀ ਏ, ਕੀ ਕਰਨੇ ਨੇ ਬਹੁਤੇ ਜਾਲ ਲਕੀਰਾਂ ਦੇ । ਚੋਰਾਂ ਨੇ ਜਾ ਹੋਰ ਕਿਤੇ ਸੰਨ੍ਹ ਲਾਈ ਏ, ਦੱਬੀ ਬੈਠੇ ਖੋਜੀ ਖ਼ੁਰੇ ਵਹੀਰਾਂ ਦੇ । ਤੁਰਦੇ ਨੇ ਜੋ ਆਪ ਲਕੀਰਾਂ ਟੋਹ ਟੋਹ ਕੇ, ਬਣਨਾ ਅਸਾਂ ਮੁਰੀਦ ਨਾ ਉਨ੍ਹਾਂ ਫ਼ਕੀਰਾਂ ਦੇ । ਸੋਚ ਕੇ ਜਾਮ ਮੁਹੱਬਤ ਦੇ ਨੂੰ ਮੂੰਹ ਲਾਉਂਦੇ , ਜੇਕਰ ਪਹਿਲੋਂ ਹੁੰਦੇ ਪਤੇ ਤਾਸੀਰਾਂ ਦੇ । ਸੁਪਨੇ ਤਾਂ ਹਰ ਰੋਜ਼ ਸੱਜਣ ਦੇ ਆਉਂਦੇ ਨੇ, ਐਪਰ ਬਣੇ ਸਬੱਬ ਨਾ ਕਦੇ ਤਾਬੀਰਾਂ ਦੇ ।

37. ਨੈਣ ਅਸਾਡੇ ਰਿੰਮ-ਝਿੰਮ

ਨੈਣ ਅਸਾਡੇ ਰਿੰਮ-ਝਿੰਮ, ਰਿੰਮ-ਝਿੰਮ । ਮੂੰਹੋਂ ਨਿਕਲੇ ਮਹਿਰਮ, ਮਹਿਰਮ। ਨਾਲ ਗ਼ਮਾਂ ਦੇ ਲਾ ਲਈ ਯਾਰੀ, ਮਾਰ ਸੁੱਟਣਗੇ ਇਹ ਗ਼ਮ, ਇਹ ਗ਼ਮ । ਖ਼ੁਸ਼ੀਆਂ ਦੀ ਜਿਉਂ ਰੁੱਤ ਲੰਘ ਜਾਏ, ਚਾਰ ਚੁਫੇਰੇ ਮਾਤਮ, ਮਾਤਮ । ਹੋਰ ਘੜੀ ਨੂੰ ਨਜ਼ਰ ਨਾ ਆਊ, ਜੀਵਨ ਬਣਿਆ ਸ਼ਬਨਮ, ਸ਼ਬਨਮ । ਸਾਡੇ ਲਈ ਤਾਂ ਸਭ ਕੁਝ ਉਹ ਨੇ, ਪਰ ਉਹ ਆਖਣ ‘ਯਿਹ ਹਮ-ਵੁਹ ਹਮ’ । ਯਾਦ ਸੱਜਣ ਦੀ ਦਿਲ ਦਾ ਗਹਿਣਾ, ਆਉਂਦੀ ਰਹੇ ਇਹ ਜੰਮ ਜੰਮ, ਜੰਮ ਜੰਮ । ਆਪੇ ਖਪ ਕੇ ਮਰ ਜਾਵਣਗੇ, ਗੀਤ ਇਹ ਲੱਭਦੇ ਸਰਗਮ,ਸਰਗਮ।

38. ਔਹ ਆ ਗਈ ਉ ਕਾਲੀ ਘਟਾ

ਔਹ ਆ ਗਈ ਉ ਕਾਲੀ ਘਟਾ ਸਾਕੀਆ ! ਜ਼ਰਾ ਦੌਰ ਮੁੜ ਕੇ ਚਲਾ ਸਾਕੀਆ ! ਮੇਰੀ ਭਗਤੀ, ਪੂਜਾ ਹੈ ਅੱਜ ਤੋਂ ਸ਼ਰਾਬ, ਤੂੰ ਮੇਰਾ ਅੱਜ ਤੋਂ ਖ਼ੁਦਾ ਸਾਕੀਆ ! ਨਾ ਤੂੰ ਹੈਂ ਬਿਗਾਨਾ, ਨਾ ਮੈਂ ਗ਼ੈਰ ਹਾਂ, ਆ ਦਿਨ ਰਲ ਕੇ ਲਈਏ ਲੰਘਾ ਸਾਕੀਆ ! ਸਵਰਗਾਂ 'ਚੋਂ ਆਵਣ ਨਿਕਲ ਦੇਵਤੇ, ਕੋਈ ਐਸੀ ਮਹਿਫ਼ਿਲ ਜਮਾ ਸਾਕੀਆ ! ਕਿਉਂ ਕਰਦਾ ਹੈ ਇਨਕਾਰ ਦੀਦਾਰ ਤੋਂ ? ਇਹ ਜੋਬਨ ਨਹੀਂ ਰਹਿਣਾ ਸਦਾ ਸਾਕੀਆ ! ਜੋ ਛਾਇਆ ਰਹੇ ਗ਼ਮ ਦਾ ਆਲਮ ਸਦਾ, ਘੜੀ ਦੋ ਘੜੀ ਲਈ ਭੁਲਾ ਸਾਕੀਆ ! ਪਿਲਾ ਹੁਣ, ਨਾ ਕਰ ਦੇਰ ਮਜਬੂਰ ਹਾਂ, ਸਬਰ ਦੀ ਵੀ ਹੈ ਇੰਤਕਾ ਸਾਕੀਆ !

39. ਪਿਆਰ ਦੀ ਦੁਨੀਆਂ ਦਾ ਝੂਠਾ

ਪਿਆਰ ਦੀ ਦੁਨੀਆਂ ਦਾ ਝੂਠਾ ਹਰ ਨਜ਼ਾਰਾ ਨਿਕਲਿਆ। ਰੂਪ ਦੀ ਸ਼ਬਨਮ ਵੀ ਨਫ਼ਰਤ ਦਾ ਸ਼ਰਾਰਾ ਨਿਕਲਿਆ । ਸੋਚਿਆ ਸੀ ਜੀਅ ਲਵਾਂਗਾ ਪੀ ਕੇ ਹੰਝੂ ਆਪਣੇ, ਪਿਆਰ ਦੇ ਖੂਹਾਂ ਦਾ ਪਰ ਪਾਣੀ ਵੀ ਖਾਰਾ ਨਿਕਲਿਆ । ਲੈ ਗਿਆ ਜਿਹੜਾ ਹੁਲਾਰਾ ਵੀ ਕਦੀ ਸਿਖਰਾਂ ਦੇ ਕੋਲ, ਪੀਂਘ ਮੇਰੀ ਦਾ ਉਹੀ ਅੰਤਮ ਹੁਲਾਰਾ ਨਿਕਲਿਆ। ਕਰਕੇ ਤੋਂਬਾ ਪੀਣ ਤੋਂ ਠਾਕਰ ਦੁਆਰੇ ਨੂੰ ਗਿਆ, ਪਹੁੰਚਿਆ ਜਿਥੇ ਉਹ ਸਾਕੀ ਦਾ ਚੁਬਾਰਾ ਨਿਕਲਿਆਂ। ਦੋਸ਼ ਡੋਬਣ ਦਾ ਮੈਂ ਤੂਫ਼ਾਨਾਂ ਦੇ ਸਿਰ ਮੜ੍ਹਦਾ ਰਿਹਾ, ਪਰ ਅਸਲ ਵਿਚ ਉਹ ਮਲਾਹਾਂ ਦਾ ਹੀ ਕਾਰਾ ਨਿਕਲਿਆ । ਉਮਰ ਭਰ ਦੀ ਨਾਂਹ ਮਗਰੋਂ, ਕਰ ਗਏ ਇਕਰਾਰ ਇੱਕ, ਪਰ ਜਦੋਂ ਪੁੱਗਣ ਤੇ ਆਇਆ, ਉਹ ਵੀ ਲਾਰਾ ਨਿਕਲਿਆ । ਆਪਣੇ ਦੀਵਾਨੇ ਨੂੰ ਵੇਖਣ ਇੱਕ ਉਹੀ ਆਇਆ ਨਹੀਂ, ਜਿਸ ਦੇ ਦੀਵਾਨੇ ਨੂੰ ਵੇਖਣ ਸ਼ਹਿਰ ਸਾਰਾ ਨਿਕਲਿਆ ।

40. ਤੇਰੇ ਹਿਜਰ ਦੀ ਰਤਾ ਵੀ ਅਜੇ

ਤੇਰੇ ਹਿਜਰ ਦੀ ਰਤਾ ਵੀ ਅਜੇ ਰਾਤ ਨ ਢਲੀ ਏ । ਪੁੱਛਦਾ ਹੈ ਦਿਲ ਕਦੋਂ ਦਾ 'ਕੀ ਸਹਰ ਹੋ ਚਲੀ ਏ ?” ਵੰਡਦਾ ਗਿਆ ਤੂੰ ਖ਼ੁਸ਼ੀਆਂ ਸਭ ਨੂੰ ਅਖ਼ੀਰ ਤਾਈਂ, ਗ਼ਮ ਧਰ ਗਿਆ ਹੈਂ ਜਿਸ ਤੇ ਮੇਰੀ ਹੀ ਉਹ ਤਲੀ ਏ । ਜੰਨਤ 'ਚ ਖੜਣ ਦੇ ਲਈ ਨਾ ਫ਼ਰਿਸ਼ਤਿਓ ਸਤਾਓ, ਓਥੇ ਮੈਂ ਤਦ ਹੈ ਜਾਣਾ ਜੇ ਉਹ ਯਾਰ ਦੀ ਗਲ਼ੀ ਏ । ਮੇਰੇ ਦਿਲ 'ਚੋਂ ਹੁਣ ਤੇ ਉਹ ਵੀ ਲੰਘ ਜਾਏ ਅਣ-ਪਛਾਤੀ, ਭੁੱਲ ਕੇ ਖ਼ੁਸ਼ੀ ਕਦੇ ਜੋ ਗਮੀਆਂ 'ਚ ਆ ਰਲ਼ੀ ਏ । ਮੇਰੇ ਜ਼ਖ਼ਮ ਤੇ ਉਨ੍ਹਾਂ ਨੇ ਅੱਜ ਆਪ ਕੁਛ ਲਗਾਇਐ, ਸੜਦੇ ਕਿਉਂ ਹੋ ਲੋਕੋ ,ਇਹ ਤਾਂ ਲੂਣ ਦੀ ਡਲੀ ਏ । ਦੀਪਕ ਮੁਹੱਬਤਾਂ ਦਾ ਲੱਟ ਲੱਟ ਉਦੋਂ ਹੈ ਬਲਦਾ, ਪਲ ਪਲ ਇਹਦੇ 'ਚ ਪੈਂਦੀ ਜਦੋਂ ਖ਼ੂਨ ਦੀ ਪਲੀ ਏ । ਲੁਕ ਲੁਕ ਕੇ ਕਰਨ ਵਾਲੀ ਨਹੀਂ ਚੀਜ਼ ਇਹ ਮੁਹੱਬਤ, ਉਹ ਅੱਗ ਹੈ ਬੁਝ ਹੀ ਜਾਂਦੀ ਖੁੱਲ੍ਹ ਕੇ ਨਾ ਜੋ ਬਲੀ ਏ । ਜਿਸ ਮੋੜ ਤੇ ਕੋਈ ਇਸ ਤੋਂ ਉਂਗਲੀ ਛੁਡਾ ਗਿਆ ਹੈ, ਮੇਰੀ ਵਫ਼ਾ ਅਜੇ ਵੀ ਉਸ ਮੋੜ ਤੇ .ਖਲੀ ਏ ।

41. ਮਾਂ ਧਰਤੀ ਦੀ ਹਿੱਕ ਤੇ ਕਿਧਰੇ

ਮਾਂ ਧਰਤੀ ਦੀ ਹਿੱਕ ਤੇ ਕਿਧਰੇ ਬੰਬਾਂ ਦੀ ਬਰਸਾਤ ਹੋ ਹੋਈ। ਖ਼ੂਨ ਮਨੁੱਖਤਾ ਦਾ ਕਿਤੇ ਹੋਇਆ, ਰੱਤ ਕਿਤੇ ਇਨਸਾਨ ਦੀ ਚੋਈ। ਲੋਕ ਹਿਤਾਂ ਦੇ ਰਾਖੇ ਹੀ ਨੇ, ਲੋਕ ਹਿਤਾਂ ਦੇ ਬਣੇ ਲੁਟੇਰੇ, ਨਾਨਕ ਦੁਨੀਆਂ ਕੈਸੀ ਹੋਈ ਸਾਲਕ ਮਿੱਤ ਨਾ ਰਹਿਓਂ ਕੋਈ। ਖਵਰੇ ਕਿਸ ਜਾਦੂਗਰ ਚੰਦਰੇ ਇਹ ਫੁੱਲਵਾੜੀ ਕੀਲ ਸੁੱਟੀ ਏ, ਜਿਸ ਫੁੱਲ ਮਹਿਕ ਰਤਾ ਵੀ ਵੰਡੀ ਟਾਹਣੀ ਨਾਲੋਂ ਝੜਿਆ ਸੋਈ। ਨਫ਼ਰਤ ਦੀ ਦੁਰਗੰਧ ਹਰ ਕਿਤੇ ਮਾਨਸ ਦਾ ਸਾਹ ਘੁੱਟੀ ਜਾਵੇ, ਮੁੱਕੀ ਅੱਜ ਮੁੱਕੀ ਵੇ ਲੋਕੋ ਏਸ ਬਗੀਚੇ ਚੋਂ ਖ਼ੁਸ਼ਬੋਈ । ਕੌਣ ਸੁਣੇ ਹੀਰਾਂ ਦੀਆਂ ਚੀਕਾਂ, ਕੌਣ ਸੁਣੇ ਸੁਹਣੀ ਦੀਆਂ ਕੂਕਾਂ ? ਕੌਣ ਸੁਣੇ ਸੱਸੀ ਦੇ ਹਾੜ੍ਹੇ ਕਿਸਦੀ ਕੌਣ ਸੁਣੇ ਅਰਜੋਈ ।

42. ਜੋ ਮਹਿਫ਼ਿਲ 'ਚ ਗਈਆਂ

ਜੋ ਮਹਿਫ਼ਿਲ 'ਚ ਗਈਆਂ, ਉਹ ਦਿਲਦਾਰੀਆਂ ਨੇ । ਜੋ ਬੂਹੇ ਤੇ ਰਹੀਆਂ ਉਹ ਲਾਚਾਰੀਆਂ ਨੇ । ਅੱਖੀਆਂ 'ਚ ਬਹਿ ਗਏ ਨੇ ਬਣ ਠਣ ਕੇ ਹੰਝੂ, ਤੇਰੀ ਯਾਦ ਆਵਣ ਦੀਆਂ ਵਾਰੀਆਂ ਨੇ । ਮਿਲੇ ਨਾ ਮਿਲੇ, ਹੁਣ ਮੁਹੱਬਤ ਦੀ ਮਰਜ਼ੀ, ਅਸਾਂ ਕੀਮਤਾਂ ਪੂਰੀਆਂ ਤਾਰੀਆਂ ਨੇ । ਮੇਰਾ ਦਿਲ ਅਜੇ ਵੀ ਤਾਂ ਆਹ ਭਰ ਹੈ ਲੈਂਦਾ, ਨਾ ਮਿਟੀਆਂ ਉਮੀਦਾਂ ਅਜੇ ਸਾਰੀਆਂ ਨੇ। ਰਕੀਬਾਂ ਨੇ ਮੇਰੀ ਕਿਵੇਂ ਗੱਲ ਜਾਣੀ, ਇਧਰ ਯਾਰੀਆਂ ਜਾਂ ਉਧਰ ਯਾਰੀਆਂ ਨੇ । ਤੈਰੀ ਯਾਦ ਆਈ ਤੇ ਗੁੱਸੇ 'ਚ ਬੋਲੀ, ਤੂੰ ਸਾਨੂੰ ਆਵਾਜ਼ਾਂ ਕਿਉਂ ਮਾਰੀਆਂ ਨੇ ?”

43. ਕਿਸ ਕਿਸ ਜ਼ਖ਼ਮ ਨੂੰ ਚੁੰਮਾਂ

ਕਿਸ ਕਿਸ ਜ਼ਖ਼ਮ ਨੂੰ ਚੁੰਮਾਂ, ਕਿਸ ਕਿਸ ਨੂੰ ਗਲ ਲਗਾਵਾਂ । ਸਭ ਨੇ ਜਵਾਨ ਦਿਸਦੇ, ਸਭ ਤੇ ਹੈ ਰੂਪ ਸਾਵਾਂ ! ਤੂੰ ਵੀ ਜਾਣ ਲਏ ਗੁਜ਼ਾਰੀ, ਕਿੰਜ ਹੈ ਮੈਂ ਉਮਰ ਸਾਰੀ, ਆਖੇਂ ਤਾਂ ਇੱਕ ਵਾਰੀ, ਤੈਨੂੰ ਵੀ ਯਾਦ ਆਵਾਂ । ਜਿਹੜੀ ਪੀੜ ਨਾਲ ਲੈਕੇ ਪੂਰਬ 'ਚੋਂ ਆ ਗਿਆ ਹਾਂ, ਕਿਤੇ ਖੋਹ ਨਾ ਲੈਣ ਮੈਥੋਂ, ਪੱਛਮ ਦੀਆਂ ਹਵਾਵਾਂ। ਗੁਲਸ਼ਨ 'ਚ ਕਰਨ ਵਾਲੇ ਕੰਮ ਹੋਰ ਵੀ ਬੜੇ ਨੇ, ਕੰਡਿਆਂ ਤੋਂ ਮੈਂ ਦਾਮਨ, ਕਿੰਨਾਂ ਕੁ ਚਿਰ ਬਚਾਵਾਂ । ਤੇਰੇ ਗ਼ਮ ਕਦੇ ਨਾ ਸੌਂਦੇ ਇਕ ਪਲ ਵੀ ਨੀਂਦ ਭਰ ਕੇ, ਸਾਰੇ ਨੇ ਜਾਗ ਪੈਂਦੇ ਇਕ ਨੂੰ ਜਦੋਂ ਜਗਾਵਾਂ । ਇਕ ਵਾਰ ਵੀ ਜਿਨ੍ਹਾਂ ਤੋਂ, ਵਰਖਾ ਦੀ ਆਸ ਕੀਤੀ, ਬੱਸ ਬਿਜਲੀਆਂ ਦਾ ਘਰ ਹੀ ਉਹ ਨਿਕਲੀਆਂ ਘਟਾਵਾਂ । ਦੀਵਾਨਿਆਂ ਨੇ ਪਲ ਵਿੱਚ ਮੇਰੇ ਰੰਗ ਨੂੰ ਪਛਾਤਾ, ਦੇਂਦੇ ਰਹੇ ਸਿਆਣੇ ਕਈ ਹੋਰ ਹੀ ਦਵਾਵਾਂ ।

44. ਮੈਂ ਗ਼ਮਾਂ ਦੇ ਰਾਣੀ-ਹਾਰ ਵਿੱਚ

ਮੈਂ ਗ਼ਮਾਂ ਦੇ ਰਾਣੀ-ਹਾਰ ਵਿੱਚ, ਇੱਕ ਹੋਰ ਮੋਤੀ ਪਰੋ ਲਿਆ । ਕਿਸੇ ਭਟਕਦੀ ਹੋਈ ਪੀੜ ਨੂੰ, ਅੱਜ ਫੇਰ ਦਿਲ 'ਚ ਸਮੋ ਲਿਆ । ਮੇਰੀ ਜ਼ਿੰਦਗੀ ਦੀ ਉਹ ਹਰ ਘੜੀ, ਮੇਰੇ ਵਾਸਤੇ ਹੈ ਨਿਰੀ ਖ਼ੁਸ਼ੀ, ਕਿ ਮੈਂ ਜਿਸ ਘੜੀ ਕਿਸੇ ਯਾਦ ਦਾ ਹੈ ਫੜ ਕੇ ਦਾਮਨ ਰੋ ਲਿਆ। ਕਿਸੇ ਖ਼ੁਸ਼-ਨਸੀਬ ਦੀ ਨਾਵ ਹੀ, ਹੋਈ ਪਾਰ ਪਿਆਰ ਦੇ ਸਾਗਰੋਂ, ਕਿਸੇ ਹੰਝੂਆਂ 'ਚ ਡਬੋ ਲਿਆ, ਕਿਸੇ ਹਾਸਿਆਂ 'ਚ ਡਬੋ ਲਿਆ। ਕਦੀ ਲਹਿਰ ਜਾਪੇ ਚਨਾਬ ਦੀ, ਕਦੀ ਥਲ ਦੀ ਰੋਤ ਤਪੀ ਹੋਈ, ਕੁਝ ਇਸ ਤਰ੍ਹਾਂ ਦੀ ਹੀ ਚੀਜ਼ ਹੈ, ਅਸਾਂ ਅੱਜ ਕਿਸੇ ਤੋਂ ਹੈ ਜੋ ਲਿਆ। ਕੀ ਇਹ ਦਰਦ ਦੀ ਹੀ ਤਸੀਰ ਹੈ, ਜਾਂ ਹੈ ਮੇਰੀ ਅਪਨੀ ਦੀਵਾਨਗੀ, ਕਿ ਜਦੋਂ ਵੀ ਇਸ ਦੀ ਦਵਾ ਮਿਲੀ, ਅਸਾਂ ਆਪਣਾ ਦਰਦ ਲੁਕੋ ਲਿਆ । ਦਿਸਦੇ ਉਨ੍ਹਾਂ ਨੂੰ ਨੇ ਕਾਫ਼ਲੇ ਆਰਾਮ ਦੇ ਵੀ ਥਕੇ ਥਕੇ, ਜਿਨ੍ਹਾਂ ਪੀੜ ਦੇ ਪਰਬਤ ਦੀਆਂ, ਕਦੇ ਟੀਸੀਆਂ ਤੇ ਖਲੋ ਲਿਆ । ਨਾ ਗਿਲਾ ਹੈ ਆਪਣੇ ਨਸੀਬ ਤੇ ਨਾ ਹੈ ਉਸ ਦੀ ਮਿਹਰ ਤੇ ਹੀ ਸ਼ੁਬ੍ਹਾ, ਜੋ ਵੀ ਮੁਸਕਰਾ ਕੇ ਉਹ ਦੇ ਗਏ, ਅਸਾਂ ਮੁਸਕਰਾ ਕੇ ਉਹੋ ਲਿਆ।

45. ਜੇ ਅੱਖ ਉਨ੍ਹਾਂ ਦੀ ਖੁੱਲ੍ਹਣ ਤੇ ਸੂਰਜ

ਜੇ ਅੱਖ ਉਨ੍ਹਾਂ ਦੀ ਖੁੱਲ੍ਹਣ ਤੇ ਸੂਰਜ ਨੇ ਵੰਡੇ ਹਾਸੇ ਨੇ। ਤਾਂ ਸ਼ਬਨਮ ਰੋਣ ਦਾ ਕਾਰਨ ਵੀ ਮੇਰੇ ਹੀ ਨੈਣ ਉਦਾਸੇ ਨੇ। ਜੋ ਉਸ ਦੇ ਸਾਹਵੇਂ ਹੋ ਬੈਠੇ, ਉਹ ਹੋਸ਼ ਨਾ ਮੁੜ ਕੇ ਪਰਤ ਸਕੇ, ਕੁਝ ਬੰਨ੍ਹ ਬਿਠਾ ਲਏ ਕੱਜਲੇ ਨੇ, ਕੁੱਝ ਦਿੱਤੇ ਕੀਲ ਦੰਦਾਸੇ ਨੇ । ਬਿਨ ਪੁੱਛਣ, ਦੱਸਣ, ਬੋਲਣ ਦੇ, ਐਵੇਂ ਨਹੀਂ ਰਮਜ਼ ਪਛਾਣੀਦੀ, ਕੁਝ ਉਹਨਾਂ ਵਿੱਚ ਰਸ ਵਾਧੂ ਏਂ, ਕੁਝ ਮੇਰੇ ਹੋਠ ਪਿਆਸੇ ਨੇ । ਹੁਣ ਹਾਲ ਤੇ ਸਾਨੂੰ ਯਾਦ ਨਹੀਂ, ਜੋ ਦਿਲ ਟੁੱਟਣ ਤੇ ਹੋਇਆ ਸੀ, ਪਰ ਇਸ ਤੋਂ ਵੱਧ ਉਹ ਕੀ ਹੋਣੈ, ਜੋ ਕੀਤੇ ਤੇਰੇ ਦਿਲਾਸੇ ਨੇ 1 ਕਹਿੰਦੇ ਨੇ ਲੋਕ, ਮੁਹੱਬਤ ਵਿੱਚ ਨਾ ਬੇਪਰਤੀਤੀ ਪੁੱਗਦੀ ਏ, ਮੈਂ ਕਿੰਜ ਲੁਕਾਵਾਂ ਉਹਨਾਂ ਨੂੰ ਜੋ ਚਾੜ੍ਹੇ ਚੰਨ ਭਰਵਾਸੇ ਨੇ । ਸਾਨੂੰ ਨਾਲ ਰਕੀਬਾਂ ਉਸ ਦਿਨ ਤੋਂ ਹੱਸ ਕੇ ਗੱਲ ਕਰਨੀ ਪੈ ਗਈ ਏ, ਅਸਾਂ ਜਿਸ ਦਿਨ ਤੋਂ ਇਹ ਜਾਣ ਲਿਐ, ਕਿ ਸੱਜਣ ਓਸੇ ਪਾਸੇ ਨੇ । ਜੋ ਭਰ ਦਿੱਤੇ ਤੂੰ, ਬੋਲੇ ਨਾ, ਚੁੱਪ ਕਰਕੇ ਅਪਨੇ ਰਾਹ ਪੈ ਗਏ ਨੇ, ਤੇਰਾ ਲੱਖ ਲੱਖ ਸ਼ੁਕਰ ਅਲਾਇਆ ਹੈ, ਮੇਰੇ ਹੀ ਖ਼ਾਲੀ ਕਾਸੇ ਨੇ ।

46. ਸੋਚਿਆ ਸੀ ਹੋਰ, ਹੋਇਆ ਹੋਰ ਹੈ

ਸੋਚਿਆ ਸੀ ਹੋਰ, ਹੋਇਆ ਹੋਰ ਹੈ । ਨਾਲ ਭਾਗਾਂ ਦੇ ਨਾ ਚੱਲਦਾ ਜ਼ੋਰ ਹੈ । ਯਤਨ ਕਰਨਾ ਫ਼ਰਜ਼ ਹੈ ਇਨਸਾਨ ਦਾ, ਹੱਥ ਅਣ-ਦਿਸਦੇ ਦੇ ਭਾਵੇਂ ਡੋਰ ਹੈ। ਮੌਤ ਘਰ ਨਾ ਪੈਰ ਪਾਏ ਜ਼ਿੰਦਗੀ, ਜ਼ਿੰਦਗੀ ਘਰ ਮੌਤ ਦਾ ਕਿਉਂ ਸ਼ੋਰ ਹੈ ? ਕੌਣ ਘੱਤੇਗਾ ਜ਼ੰਜੀਰਾਂ ਏਸ ਨੂੰ, ਅਟਕਣੀ ਨਹੀਂ ਇਹ ਸਮੇਂ ਦੀ ਤੋਰ ਹੈ । ਹਾਲ ਆਪਣੇ ਵਿੱਚ ਜ਼ਮਾਨਾ ਮਸਤ ਹੈ, ਹਰ ਕਿਸੇ ਦਾ ਆਪਨਾ ਹੀ ਲੋਰ ਹੈ । ਆਪਨੇ ਮਨ ਤੋਂ ਚੁਰਾਵੇ ਅੱਖ ਜੋ, ਆਖਣਾ ਉਹ ਆਪ ਬੰਦਾ ਚੋਰ ਹੈ । ਭੁੱਲਿਆ ਇਨਸਾਨ ਦਾ ਕਿਰਦਾਰ ਜੋ, ਆਦਮੀ ਬਣਿਆ ਉਹ ਆਦਮ-ਖੋਰ ਹੈ । ਜ਼ਿੰਦਗੀ ਤੋਂ ਦੂਰ ਦੌੜਣ ਵਾਲਿਓ, ਦੌੜ ਕੇ ਜਾਣਾ ਭਲਾ ਕਿਸ ਓਰ ਹੈ ?

47. ਜਿਸ ਜਿਸ ਦੇ ਨੈਣੀ ਛਿੱਟ ਕਣੀਆਂ

ਜਿਸ ਜਿਸ ਦੇ ਨੈਣੀ ਛਿੱਟ ਕਣੀਆਂ,ਉਸ ਉਸ ਦੀਆਂ ਪੀੜਾਂ ਮਹਿਕਣੀਆਂ । ਉਸ ਉਸ ਨੇ ਰਾਤਾਂ ਮਾਣਨੀਆਂ, ਜਿਸ ਜਿਸ ਦੀਆਂ ਅੱਖੀਆਂ ਜਾਗਣੀਆਂ । ਨਿੱਤ ਦਿਨ ਦੇ ਕਾਲ਼ੇ ਚਾਨਣ ਨੇ, ਇਹਨਾਂ ਨੂੰ ਮੈਲ ਲਗਾਈ ਏ, ਹਰ ਰਾਤ ਦੇ ਉਜਲੇ ਨ੍ਹੇਰੇ ਵਿੱਚ, ਪਈਆਂ ਨੇ ਪੀੜਾਂ ਮਾਂਜਣੀਆਂ। ਆਖੋਂ ਨਾ ਹੰਝੂ ਇਹਨਾਂ ਨੂੰ,ਸਮਝੀਂ ਨਾ ਪਾਣੀ ਦੇ ਕਤਰੇ, ਯਾਦਾਂ ਦਿਆਂ ਨਾਗਾਂ ਦਿੱਤੀਆਂ ਨੇ ਖ਼ੁਸ਼ ਹੋ ਕੇ ਸਾਨੂੰ ਇਹ ਮਣੀਆਂ। ਗ਼ਮ ਜੀਵਨ ਨਾਲ ਹੰਢਾਣੇ ਨੇ, ਗ਼ਮ ਮਰ ਕੇ ਵੀ ਨਾ ਜਾਣੇ ਨੇ, ਇਹਨਾਂ ਰੱਬ ਦੀ ਪਹੁੰਚ ਹਜ਼ੂਰੀ ਵਿੱਚ ਮੇਰੇ ਨਾਲ ਤਰੀਕਾਂ ਭੁਗਤਣੀਆਂ । ਜਿੰਨ੍ਹਾਂ ਦੀ ਸੰਘਣੀ ਛਾਂ ਹੇਠਾਂ ਵੇਖੋ ਨਾ ਅਪਣਾ ਸਾਇਆ ਵੀ, ਬਹਿ ਦਿਲ ਨਾਲ ਗੱਲਾਂ ਕਰਨ ਲਈ,ਜਿੰਦ ਲਭਦੀ ਹੈ ਅੱਜ ਉਹ ਵਣੀਆਂ । ਸੱਜਣਾਂ ਦੀਆਂ ਯਾਦਾਂ ਐਸੀਆਂ ਨਹੀਂ ਜੋ ਮੇਰੇ ਮੋਇਆਂ ਮਰਨਗੀਆਂ, ਇਹ ਯਾਦਾਂ, ਵਾਂਗ ਕਬੂਤਰੀਆਂ, ਮੇਰੀ ਕ਼ਬਰ ਤੇ ਆ ਕੇ ਗੁਟਕਣੀਆਂ । ਜਿੰਨੀ ਕੁ ਝਨਾਂ ਦੀ ਲਹਿਰ ਉਠੂ, ਜਿੰਨੀ ਕੁ ਥਲਾਂ ਦੀ ਰੇਤ ਤਪੂ, ਜਿੰਨੀ ਕੁ ਜ਼ਹਿਰ ਕੈਦੋ ਘੋਲੂ, ਇਹ ਓਨੀਆਂ ਪੀੜਾਂ ਮੌਲਣੀਆਂ।

48. ਪੱਛਮ ਦੀਆਂ ਹਵਾਵਾਂ

ਪੱਛਮ ਦੀਆਂ ਹਵਾਵਾਂ ਸਾਨੂੰ ਨਾ ਰਾਸ ਆਈਆਂ, ਆਪਣਾ ਬਣਾ ਕੇ ਵੀ ਜੋ ਖ਼ੁਦ ਰਹਿੰਦੀਆਂ ਪਰਾਈਆਂ । ਇਹਨਾਂ 'ਚ ਸਾਹ ਲੈ ਕੇ, ਇਹਨਾਂ ਨੂੰ ਗਲ ਲਗਾ ਕੇ, ਤਨ 'ਚੋਂ ਨਾ ਮਹਿਕ ਆਈ, ਰੂਹਾਂ ਨਾ ਲਹਿਲਹਾਈਆਂ। ਹੱਕ ਵਿੱਚ ਕਦੇ ਜੇ ਸਾਡੇ, ਆਖੀ ਹੈ ਗੱਲ ਕਿਸੇ ਨੇ, ਗੱਲ ਗੱਲ ਤੇ ਬਹਿਸ ਛੇੜੀ, ਸੋ ਉਂਗਲੀਆਂ ਉਠਾਈਆਂ । ਇਸ ਚਮਨ ਨੂੰ ਅਸੀਂ ਵੀ ਸਿੰਜਦੇ ਹਾਂ ਖੂਨ ਪਾ ਕੇ, ਸਾਡੇ ਲਹੂ ਦੀਆਂ ਪਰ ਇਸ ਕੀਮਤਾਂ ਨਾ ਪਾਈਆਂ । ਰੰਗ ਨਸਲ ਦਾ ਬਿਨਾ ਤੇ ਰੱਖੀ ਹੈ ਨੀਂਹ ਜਿੰਨ੍ਹਾਂ ਦੀ, ਈਸਾ ਵੀ ਆਖਦਾ ਹੈ ਫੂਕੋ ਉਹ ਪਾਰਸਾਈਆਂ । ਆਪਣੇ ਬੁਲਾਵਿਆਂ ਤੇ ਵਤਨੰ ਬੇ-ਵਤਨ ਕਰਕੇ, ਮੁੜ ਵਾਪਸੀ ਦੀਆਂ ਨੇ ਹੁਣ ਦੇਂਦੀਆਂ ਦੁਹਾਈਆਂ । ਉਹਨਾਂ ਦੀ ਮਹਿਕ ਲੈਣੋਂ ਕਿਉਂ ਵਰਜਦਾ ਹੈ ਕੋਈ, ਮੁੜ੍ਹਕਾ ਅਸਾਂ ਚੁਆ ਕੇ ਕਲੀਆਂ ਨੇ ਜੋ ਖਿਲਾਈਆਂ। ਉਨ੍ਹਾਂ ਦੀ ਕਦਰ ਕੀਮਤ ਪਾ ਸਕਦੀਆਂ ਨੇ ਕੀ ਇਹ, ਸੱਜਣਾਂ ਤੋਂ ਦੂਰ ਆ ਕੇ ਸਹਿੰਦੇ ਹਾਂ ਜੋ ਜੁਦਾਈਆਂ ।

49. ਆਇਆ ਹੈ ਤੇਰਾ ਖ਼ਤ ਜੋ ਅੱਜ

ਆਇਆ ਹੈ ਤੇਰਾ ਖ਼ਤ ਜੋ ਅੱਜ, ਉਸ ਖ਼ਤ ਨੂੰ ਕੀ ਕਰਾਂ ! ਕਾਗ਼ਜ਼ ਤੇ ਲਿਖ ਕੇ ਭੇਜੀ, ਮੁਹੱਬਤ ਨੂੰ ਕੀ ਕਰਾਂ ! ਘੂਰੀ ਜਿਨ੍ਹਾਂ ਦੀ ਮਾਰ ਗਈ, ਹਾਸਾ ਜਵਾ ਗਿਆ, ਐਸੀ ਉਨ੍ਹਾਂ ਦੀ ਸ਼ੋਖ਼ ਤਬੀਅਤ ਨੂੰ ਕੀ ਕਰਾਂ ! ਪੀਤੀ ਬਗ਼ੈਰ ਸ਼ੈਖ ਜੀ, ਭੁੱਲਦੇ ਨਹੀਂ ਇਹ ਗ਼ਮ, ਦੱਸੋ ਤੁਸੀਂ ਕਿ ਫੇਰ ਨਸੀਹਤ ਨੂੰ ਕੀ ਕਰਾਂ ! ਜਾ ਕੇ ਜੋ ਉਸ ਦੇ ਸਾਹਮਣੇ ਰਹਿੰਦੀ ਨਹੀਂ ਰਤਾ, ਆਪਣੀ ਫ਼ਰੇਬ-ਬਾਜ਼, ਇਸ ਜੁੱਰਤ ਨੂੰ ਕੀ ਕਰਾਂ ! ਹੋਈ ਨਾ ਪੂਰੀ ਜੋ ਕਦੇ ਇਕ ਵਾਰ ਓ ਸਜਨ, ਤੈਨੂੰ ਮਿਲਣ ਲਈ ਆਪਣੀ ਹਸਰਤ ਨੂੰ ਕੀ ਕਰਾਂ !

50. ਛੱਡਕੇ ਤੈਨੂੰ, ਸਹਾਰੇ ਕੀ ਕਰਾਂ

ਛੱਡਕੇ ਤੈਨੂੰ, ਸਹਾਰੇ ਕੀ ਕਰਾਂ ! ਫੁੱਲ, ਕਲੀਆਂ, ਚੰਨ, ਤਾਰੇ ਕੀ ਕਰਾਂ ! ਮਹਿਕਦੇ ਸੀ ਨਾਲ ਤੇਰੇ ਜੋ ਖ਼ਿਆਲ, ਸਹਿਕਦੇ ਨੇ ਹੁਣ ਵਿਚਾਰੇ ਕੀ ਕਰਾਂ ! ਪੁੱਗ ਨਹੀਂ ਸਕਦਾ ਕੋਈ ਇਕਰਾਰ ਜੋ, ਰੱਖ ਅਪਨੇ ਕੱਲ, ਲਾਰੇ ਕੀ ਕਰਾਂ ! ਮੌਤ ਦਾ ਤਾਂ ਨਾਮ ਹੀ ਬਦਨਾਮ ਹੈ, ਮਾਰਿਆ ਤੇਰੇ ਇਸ਼ਾਰੇ, ਕੀ ਕਰਾਂ ! ਡੁੱਬ ਗਈ ਬੇੜੀ ਜਿਨ੍ਹਾਂ ਨੂੰ ਲੱਭਦੀ, ਦਿਸ ਪਏ ਨੇ ਹੁਣ ਕਿਨਾਰੇ ਕੀ ਕਰਾਂ ! ਛਿੜਕ ਕੇ ਰਾਤੀਂ ਮੇਰੇ ਜ਼ਖ਼ਮਾਂ ਤੇ ਲੂਣ, ਹੱਸਦੇ ਰਹੇ ਚੰਨ ਤਾਰੇ ਕੀ ਕਰਾਂ ! ਆ ਗਈ ਜਦ ਬਾਗ ਸਾਰਾ ਸੜ ਗਿਆ, ਦੱਸ ਹੁਣ ਤੈਨੂੰ ਬਹਾਰੇ ਕੀ ਕਰਾਂ !

51. ਪਰਦੇਸਾਂ ਦੀ ਤਨਹਾਈ ਵਿਚ

ਪਰਦੇਸਾਂ ਦੀ ਤਨਹਾਈ ਵਿਚ, ਮੈਂ ਯਾਰ ਬਣਾਈਆਂ ਦੋ ਜਣੀਆਂ। ਕੋਈ ਰਾਤ ਵੀ ਐਸੀ ਰਾਤ ਨਹੀਂ, ਜਿਸ ਰਾਤ ਨਾ ਆਈਆਂ ਦੇ ਜਣੀਆਂ । ਨਾ ਸੌਂਦੀਆਂ ਤੇ ਨਾ ਸੌਣ ਦੇਣ, ਇਹ ਬਾਣ ਅਨੋਖੀ ਇਹਨਾਂ ਦੀ, ਜਿਸ ਪਲ ਅੱਖ ਲੱਗਣ ਲਗਦੀ ਏ, ਪਾ ਦੇਣ ਦੁਹਾਈਆਂ ਦੋ ਜਣੀਆਂ। ਰੰਗ ਰੱਬ ਦੇ ਬੜੇ ਨਿਆਰੇ ਨੇ, ਕਦੇ ਇੱਕ ਨਾ ਖਲੋ ਕੇ ਲੰਘਦੀ ਸੀ, ਜਦ ਮਿਹਰ ਪਈ ਮਨ ਉਸ ਦੇ ਤਾਂ, ਲਿਆ ਕੋਲ ਬਿਠਾਈਆਂ ਦੋ ਜਣੀਆਂ । ਦਿਲ ਦੋਹਾਂ ਦਾ ਇਹ ਚਾਹੁੰਦਾ ਏ, ਕਿ ਮੈਂ ਓਸੇ ਦਾ ਹੋ ਜਾਵਾਂ. ਤੱਕ ਭਖ਼ਦੀ ਮੇਰੀ ਜਵਾਨੀ ਨੂੰ, ਕਿਹੀਆਂ ਲਲਚਾਈਆਂ ਦੋ ਜਣੀਆਂ । ਜ਼ੁਲਫ਼ਾਂ ਵਿੱਚ ਤਾਰੇ ਗੁੰਦ ਰਹੀ, ਲੱਕ ਰਾਤ ਦਾ ਦੂਹਰਾ ਹੋ ਜਾਵੇ, ਮੇਰੇ ਸੱਜੇ ਖੱਬੇ ਬੈਠ ਕੇ ਜਦ, ਲੈਵਣ ਅੰਗੜਾਈਆਂ ਦੋ ਜਾਣੀਆਂ । . ਕਈ ਵੇਰ ਖ਼ੁਸ਼ਾਮਦ ਇਹਨਾਂ ਦੀ, ਮੈਨੂੰ ਵੀ ਕਰਨੀ ਪੈਂਦੀ ਏ, ਕੱਤਕ 'ਚ ਕਪਾਹ ਦੇ ਗੁੱਲ ਵਾਂਗੂੰ, ਰੋ ਰੋ ਕੇ ਰਸਾਈਆਂ ਦੋ ਜਣੀਆਂ । ਇਹ ਦੋ ਜਣੀਆਂ, ਦੋ ਯਾਦਾਂ ਨੇ, ਇਕ ਵਤਨਾਂ ਦੀ, ਇਕ ਸੱਜਣਾਂ ਦੀ, ਏਸੇ ਲਈ ਰਾਤ ਨੂੰ ਆਉਣੋਂ ਵੀ, ਨਹੀਂ ਜੇ ਸ਼ਰਮਾਈਆਂ ਦੋ ਜਣੀਆਂ !

52. ਜਿਸ ਰਾਤ ਮੈਂ ਤੈਨੂੰ ਖੋ ਬੈਠਾ

ਜਿਸ ਰਾਤ ਮੈਂ ਤੈਨੂੰ ਖੋ ਬੈਠਾ, ਉਸ ਰਾਤ ਸਿਤਾਰੇ ਮਿਲਦੇ ਰਹੇ। ਧਰਤੀ ਤੇ ਪਿਆਰੇ ਵਿਛੜ ਗਏ, ਅੰਬਰ ਤੇ ਪਿਆਰੇ ਮਿਲਦੇ ਰਹੇ। ਜਦ ਲੋੜ ਸੀ ਜੀਅ ਪਰਚਾਵਣ ਦੀ ਰੰਗੀਨੀ ਮੈਥੋਂ ਦੂਰ ਰਹੀ, ਦਿਲ ਟੁੱਟ ਗਿਆ ਤਾਂ ਹਰ ਪਾਸੇ ਰੰਗੀਨ ਸਹਾਰੇ ਮਿਲਦੇ ਰਹੇ । ਰਾਹਾਂ ਦੀ ਦੂਰੀ ਮਿਟਦੀ ਰਹੀ, ਹਰ ਕਦਮ ਅਗੇਰੇ ਪੈਂਦਾ ਰਿਹਾ, ਜਿੰਨਾਂ ਚਿਰ ਤੇਰਿਆਂ ਨੈਣਾਂ 'ਚੋਂ ਮੰਜ਼ਿਲ ਦੇ ਇਸ਼ਾਰੇ ਮਿਲਦੇ ਰਹੇ । ਦਿਲ ਦੀ ਵੀਰਾਨੀ ਪਹਿਲਾਂ ਹੀ ਕੁਝ ਰੂਹ ਤੇ ਛਾਉਂਦੀ ਜਾਂਦੀ ਸੀ, ਤੇ ਇਸ ਦੇ ਨਾਲ ਹੁਸੀਨਾਂ ਦੇ ਲਾਰੇ ਤੇ ਲਾਰੇਂ ਮਿਲਦੇ ਰਹੇ । ਕੀ ਖੱਟਿਆ ਕੈਦੋਂ ਲੰਝੇ ਨੇ, ਵਿਸ਼ ਦੇ ਕੇ ਹੀਰ ਸਲੇਟੀ ਨੂੰ, ਜੇ ਉਸ ਦੀ ਮੌਤ ਦੇ ਮਗਰੋਂ ਵੀ ਝੰਗਾਂ ਤੇ ਹਜ਼ਾਰੇ ਮਿਲਦੇ ਰਹੇ ।

53. ਉਸ ਬੇ-ਵਫ਼ਾ ਦੀ ਯਾਦ ਵਿਚ

ਉਸ ਬੇ-ਵਫ਼ਾ ਦੀ ਯਾਦ ਵਿਚ, ਰੋਇਆ ਕਰਾਂ ਕਿ ਨਾ। ਬੀਤੇ ਦਿਨਾਂ ਦੀ ਫੇਰ ਤਮੰਨਾ ਕਰਾਂ ਕਿ ਨਾ। ਸੁਣਿਆ ਹੈ ਰਾਤ ਗ਼ੈਰ ਨੂੰ ਸੁਪਨੇ ਚ ਮਿਲੇ ਹੋ, ਦੱਸੋ ਤੁਸੀਂ ਹੀ ਏਸ ਦਾ ਸ਼ਿਕਵਾ ਕਰਾਂ ਕਿ ਨਾ। ਮੈਨੂੰ ਤੇਰੀ ਉਡੀਕ ਹੈ, ਮੇਰੀ ਹੈ ਮੌਤ ਨੂੰ, ਕਹਿ ਦੇ ਜ਼ਰਾ ਕਿ ਜਾਣ ਦਾ ਵਾਅਦਾ ਕਰਾਂ ਕਿ ਨਾ । ਇਹ ਸੋਚਦਾ ਹੀ ਸੋਚਦਾ ਕਾਅਬੇ ਤੋਂ ਮੁੜ ਪਿਆ, ਤੇਰੀ ਦਲੀਜ਼ ਤੋਂ ਬਿਨਾਂ ਸਜਦਾ ਕਰਾਂ ਕਿ ਨਾ। ਉਹ ਗੱਲ ਮੇਰੇ ਪਿਆਰ ਦੀ ਲੋਕਾਂ ਨੇ ਜਾਣ ਲਈ, ਮੈਂ ਸਾਂ ਅਜੇ ਵਿਚਾਰਦਾ ਚਰਚਾ ਕਰਾਂ ਕਿ ਨਾ।

54. ਬਣਦੇ ਨਜ਼ਰ ਨੇ ਆ ਰਹੇ

ਬਣਦੇ ਨਜ਼ਰ ਨੇ ਆ ਰਹੇ, ਰੁਖ਼ ਉਸ ਤੂਫ਼ਾਨ ਦੇ । ਦੁਸ਼ਮਣ ਅਜ਼ਲ ਤੋਂ ਜੋ ਰਹੇ, ਹਰ ਦਿਲ ਜਵਾਨ ਦੇ । ਕੀਤੀ ਹਜ਼ਾਰ 'ਹਾਂ’ ਦੇ ਬਾਅਦ, ਇਕ 'ਨਾਂਹ' ਉਨ੍ਹਾਂ ਜਦੋਂ, ਗੱਲ ਕਰ ਗਏ ਖਰੀ ਖਰੀ, ਝੂਠੇ ਜਹਾਨ ਦੇ । ਦਿਲ ਦਾ ਤਾਂ ਹਾਲ ਸੀ ਉਨ੍ਹਾਂ ਕਰਨਾ ਜੋ ਕਰ ਗਏ, ਐਪਰ ਕੀ ਨਾਲ ਕਰ ਗਏ, ਮੇਰੇ ਈਮਾਨ ਦੇ । ਉਹਨਾਂ ਦੇ ਜਾਣ ਨਾਲ ਹੀ, ਦਿਲ 'ਚੋਂ ਗਈ ਬਹਾਰ, ਡਰਦੇ ਨੇ ਕੋਲ ਆਉਣ ਤੋਂ ਸਭ ਦਿਲ ਵੀਰਾਨ ਦੇ । ਪਾਉਂਦੇ ਨੇ ਲੱਖ ਕਹਾਣੀਆਂ ਇੱਕ ਜ਼ਿੰਦਗੀ 'ਚ ਲੋਕ, ਬਣਦੇ ਅਸੀਂ ਹੀ ਰਹਿ ਗਏ ਇਕ ਦਾਸਤਾਨ ਦੇ । ਦੱਸ ਕੇ ਨਵਾਂ ਹੀ ਰਾਹ ਤੇ ‘ਆਹ’ ਭਰ ਕੇ ਤੁਰ ਗਏ, ਪੁੱਛੇ ਜਿਨ੍ਹਾਂ ਨੂੰ ਮੈਂ ਪਤੇ ਤੇਰੇ ਮਕਾਨ ਦੇ । ਤਲੀਆਂ ਭੰਵਾਂ ਕੇ ਯਾਰ ਨੇ ਤਲਵਾਰ ਦੀ ਤਰ੍ਹਾਂ, ਨੇੜੇ ਨੇ ਲਗਦੇ ਆ ਰਹੇ ਦਿਨ ਇਮਤਿਹਾਨ ਦੇ । ਜਿਸ ਕਾਰਵਾਂ 'ਚ ਉਹ ਗਿਆ, ਉਹ ਕਾਰਵਾਂ ਤਾਂ ਕੀ, ਸਾਨੂੰ ਮਿਲੇ ਨਿਸ਼ਾਨ ਨਾ ਉਸ ਕਾਰਵਾਨ ਦੇ । ਗ਼ਮ ਵੀ ਖੁਸ਼ੀ ਸਮਾਨ ਹੈ, ਸਾਨੂੰ ਜੋ ਦੇ ਗਿਐ , ਸ਼ਾਇਦ ਇਹੋ ਹੀ ਕੋਲ ਸੀ ਉਸ ਮਿਹਰਬਾਨ ਦੇ।

  • ਮੁੱਖ ਪੰਨਾ - ਪੰਜਾਬੀ ਕਾਵਿ ਰਚਨਾਵਾਂ - ਸੁਖਬੀਰ ਸਿੰਘ ਸੰਧੂ
  • ਮੁੱਖ ਪੰਨਾ - ਪੰਜਾਬੀ-ਕਵਿਤਾ.ਕਾਮ ਵੈਬਸਾਈਟ
  • ਮੁੱਖ ਪੰਨਾ - ਪੰਜਾਬੀ ਕਹਾਣੀਆਂ, ਨਾਵਲ, ਨਾਟਕ, ਲੇਖ ਤੇ ਹੋਰ ਸਾਹਿਤਕ ਰਚਨਾਵਾਂ