ਸਾਹਿੱਤ ਸਿਰਜਣਾ ਦੇ ਰਾਹ ਉਸਨੂੰ ਪ੍ਰੋ: ਰਾਜਬੀਰ ਕੌਰ, ਪ੍ਰੋ: ਲੋਕ ਨਾਥ ਤੇ ਪ੍ਰੋ: ਜਾਗੀਰ ਸਿੰਘ ਕਾਹਲੋਂ ਨੇ ਤੋਰਿਆ। ਪਹਿਲਾਂ ਗੀਤ ਫਿਰ ਗ਼ਜ਼ਲ ਤੇ ਕਵਿਤਾਵਾਂ ਉਸ ਦੀ ਪ ਛਾਣ ਬਣੀਆਂ। ਆਪਣੇ ਮਿੱਤਰ ਹਰਦਰਸ਼ਨ ਨੈਬੀ ਨਾਲ ਰਲ਼ ਕੇ ਉਸ ਨੇ ਬੜੀ ਮਿੱਠੇ ਗੀਤਾਂ ਦੀ ਕੈਸਿਟ ਦਿਲ ਵੀ ਰੀਕਾਰਡ ਕੀਤੀ ਜਿਸ ਨੂੰ ਅਤੁਲ ਸ਼ਰਮਾ ਦੇ ਸੰਗੀਤ ਚ ਕੈਟਰੈਕ ਕੰਪਨੀ ਵੱਲੋਂ ਗੌਰਵ ਤਰੇਹਨ ਨੇ ਰਿਲੀਜ਼ ਕੀਤਾ। ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਦੀ ਪ੍ਰੋਫ਼ੈਸਰ ਸ਼ਰਨਜੀਤ ਕੌਰ ਲੋਚੀ ਨਾਲ ਵਿਆਹ ਹੋਣ ਮਗਰੋਂ ਉਹ ਲੁਧਿਆਣੇ ਆ ਗਿਆ। ਬੇਟੀ ਸੁਖਮਨ ਤੇ ਪੁੱਤਰ ਸਰਗੁਣ ਦਾ ਬਾਪ ਤ੍ਰੈਲੋਚਨ ਲੋਚੀ ਇੱਕ ਗ਼ਜ਼ਲ ਸੰਗ੍ਰਹਿ ਦਿਲ ਦਰਵਾਜ਼ੇ ਦਾ ਸਿਰਜਕ ਹੈ। ਮਨਜਿੰਦਰ ਧਨੋਆ ਨਾਲ ਮਿਲਕੇ ਉਸ ਨੇ ਗੁਲਕੰਦ ਨਾਮ ਹੇਠ ਪਿਛਲੇ 100 ਸਾਲ ਦੀ ਚੋਣਵੀਂ ਗ਼ਜ਼ਲ ਦਾ ਸੰਗ੍ਰਹਿ ਸੰਪਾਦਿਤ ਵੀ ਕੀਤਾ ਹੈ। ਪੰਜਾਬ ਸਰਕਾਰ ਦੇ ਸਿੰਜਾਈ ਵਿਭਾਗ ਵਿੱਚ ਉਹ ਜ਼ਿਲ੍ਹੇਦਾਰ ਵਜੋਂ ਕਾਰਜਸ਼ੀਲ ਹੈ।
ਤ੍ਰੈਲੋਚਨ ਲੋਚੀ ਬਾਰੇ ਲਿਖਦਿਆਂ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਹੈ ਕਿ ਤ੍ਰੈਲੋਚਨ ਲੋਚੀ ਸੰਧੂਰੀ ਅੰਬ ਵਾਂਗ ਮਹਿਕਦੇ ਕਲਾਮ ਦਾ ਸਿਰਜਕ ਹੈ। ਸ੍ਵਰ ਸਾਧਨਾ ਤੇ ਸਾਹਿਤ ਸਿਰਜਣਾ ਦਾ ਖੂਬਸੂਰਤ ਸੁਮੇਲ। ਲੋਚੀ ਦੇ ਗ਼ਜ਼ਲ ਕਹਿਣ ਵਿੱਚ ਸਹਿਜ ਵੀ ਹੈ ਤੇ ਸੁਹਜ ਵੀ। ਇਹ ਦੋਵੇਂ ਗੁਣ ਉਸ ਦੇ ਧਰਤੀ ਤੇ ਦੁਖ ਸੁਖ ਦੀਪੇਸ਼ਕਾਰੀ ਵੇਲੇ ਸਹਿਯੋਗੀ ਧਿਰ ਬਣ ਕੇ ਨਾਲ ਖਲੋਂਦੇ ਹਨ। ਅਜੋਕੀ ਖ਼ੁਸ਼ਕ ਜ਼ਿੰਦਗੀ ਵਿੱਚ ਮਹਿਕਦੇ ਕਲਾਮ ਦੀ ਅੱਜ ਹੋਰ ਵੀ ਵਧੇਰੇ ਲੋੜ ਹੈ। ਰਾਜਗੁਰੂ ਨਗਰ ਲੁਧਿਆਣਾ ਚ ਵੱਸਦਾ ਤ੍ਰੈਲੋਚਨ ਲੋਚੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਵੀ ਮੀਤ ਪ੍ਰਧਾਨ ਰਿਹਾ ਹੈ।
