Dil Darwaze (Ghazals): Trailochan Lochi

ਦਿਲ ਦਰਵਾਜ਼ੇ (ਗ਼ਜ਼ਲ ਸੰਗ੍ਰਹਿ) : ਤ੍ਰੈਲੋਚਨ ਲੋਚੀ


ਅੱਧੀ ਰਾਤੀਂ ਉੱਠਿਆ ਕੋਈ

ਅੱਧੀ ਰਾਤੀਂ ਉੱਠਿਆ ਕੋਈ, ਉੱਠਿਆ ਕੂਕਾਂ ਮਾਰ। ਜਾਂ ਤਾਂ ਉਸਦੇ ਵਿਹੜੇ ਧੀਆਂ, ਜਾਂ ਕੋਈ ਰੂਹ 'ਤੇ ਭਾਰ। ਏਸ ਨਗਰ ਦੇ ਲੋਕਾਂ 'ਤੇ ਹੁਣ, ਕਿੰਝ ਕਰੀਏ ਇਤਬਾਰ? ਹੱਥਾਂ ਵਿਚ ਗੁਲਦਸਤੇ ਰੱਖਣ, ਬੁੱਕਲ ਵਿੱਚ ਕਟਾਰ। ਸੁਬ੍ਹਾ-ਸਵੇਰੇ ਅੱਖ ਸੀ ਖੁੱਲ੍ਹੀ, ਰੂਹ 'ਤੇ ਬੜਾ ਸੀ ਭਾਰ। ਰਾਤੀਂ ਸੁਪਨੇ ਦੇ ਵਿਚ ਹੋਇਆ, ਕਿਸਦੇ ਸੰਗ ਤਕਰਾਰ? ਸਾਜ਼ਾਂ ਦੀ ਤੌਹੀਨ ਦੇਖ ਕੇ, ਹੁੰਦਾ ਬਹੁਤ ਖ਼ੁਆਰ। ਮੇਰੇ ਅੰਦਰ ਨਿੱਤ ਹੀ ਰੋਂਦਾ, ਰੋਂਦਾ ਇੱਕ ਫ਼ਨਕਾਰ। ਅੱਜ ਵੀ ਸਾਰਾ ਦਿਨ ਤੂੰ ਦੇਖੀਂ, ਰਹਿਣਾ ਸਿਰ 'ਤੇ ਭਾਰ। ਡਿੱਗੀ ਹੈ ਦਹਿਲੀਜ਼ 'ਤੇ ਆ ਕੇ, ਰੱਤ ਭਿੱਜੀ ਅਖ਼ਬਾਰ। ਨਾ ਗ਼ਜ਼ਲਾਂ ਦੀ ਪੀੜ ਪਛਾਣਨ, ਨਾ ਨਜ਼ਮਾਂ ਦੀ ਸਾਰ। ਅੰਨ੍ਹੇ-ਬੋਲੇ ਖਿੱਚੀ ਫਿਰਦੇ, ਦੋ-ਧਾਰੀ ਤਲਵਾਰ। ਨਾ ਮੈਥੋਂ ਇਨਕਾਰੀ ਹੈਂ ਤੂੰ, ਨਾ ਕਰਦੈਂ ਇਕਰਾਰ। ਭੋਲੇ ਪੰਛੀ ਅਪਣੀ ਰੂਹ ਨੂੰ, ਏਦਾਂ ਤਾਂ ਨਾ ਮਾਰ। ਦੁੱਖ ਤੇ ਸੁੱਖ ਦੀ ਮੰਡੀ ਲੱਗੀ, ਭਰਿਆ ਦੇਖ ਬਾਜ਼ਾਰ। ਅੰਦਰੋਂ ਬਾਹਰ ਆ ਜਾ ਤੂੰ ਵੀ, ਰੂਹ ਤੋਂ ਭਾਰ ਉਤਾਰ। ਉੱਡਣ ਦੇ ਏਹਨਾਂ ਨੂੰ ਹੁਣ ਤੂੰ, ਘਰ ਰੱਖ ਕੇ ਨਾ ਮਾਰ। ਤੇਰੀਆਂ ਗ਼ਜ਼ਲਾਂ ਜੀਕਣ 'ਲੋਚੀ', ਕੂੰਜੜੀਆਂ ਦੀ ਡਾਰ।

ਸਮਿਆਂ ਦੀ ਧੂੜ ਅੰਦਰ

ਸਮਿਆਂ ਦੀ ਧੂੜ ਅੰਦਰ, ਇੱਕ ਦਿਨ ਗੁਆਚ ਜਾਣਾ। ਮੰਨਿਆ ਹੈਂ ਤੂੰ ਸਿਕੰਦਰ, ਇੱਕ ਦਿਨ ਗੁਆਚ ਜਾਣਾ। ਚਿਹਰੇ ਦਾ ਨੂਰ ਤੌਬਾ, ਅੰਦਰ ਗ਼ਰੂਰ ਤੌਬਾ। ਬਾਹਰ ਤੇ ਜੋ ਹੈ ਅੰਦਰ, ਇੱਕ ਦਿਨ ਗੁਆਚ ਜਾਣਾ। ਇਹ ਮਹਿਲ-ਇਹ ਮੁਨਾਰੇ, ਉੱਚੇ ਤੇਰੇ ਚੁਬਾਰੇ। ਸਾਰਾ ਹੀ ਇਹ ਅਡੰਬਰ, ਇਕ ਦਿਨ ਗੁਆਚ ਜਾਣਾ। ਤੇਰੀ ਨਜ਼ਰ 'ਚ ਮੈਂ ਹਾਂ, ਮੇਰੀ ਨਜ਼ਰ 'ਚ ਤੂੰ ਹੈਂ। ਰੱਜ ਮਾਣ ਲੈ ਇਹ ਮੰਜ਼ਰ. ਇੱਕ ਦਿਨ ਗੁਆਚ ਜਾਣਾ। ਗ਼ਜ਼ਲਾਂ ਦੇ ਗੀਤ ਮੇਰੇ, ਵਿਚ ਕੁਝ ਸੁਆਸ ਤੇਰੇ। ਸਾਹਾਂ ਦਾ ਇਹ ਸਵੰਬਰ, ਇਕ ਦਿਨ ਗੁਆਚ ਜਾਣਾ। ਅੱਜ ਤੀਕ ਕਿਸਨੇ ਫੜ੍ਹੀਆਂ, ਟਿਕ-ਟਿਕ ਕਰਨ ਜੋ ਘੜੀਆਂ। ਏਹਨਾਂ ਦੇ ਜੋ ਵੀ ਅੰਦਰ, ਇਕ ਦਿਨ ਗੁਆਚ ਜਾਣਾ। 'ਲੋਚੀ' ਨੂੰ ਨ ਸਮਝ ਤੂੰ, ਹੁਣ ਰਾਜ਼ਦਾਨ ਅਪਣਾ। ਇਹ ਕਾਗਤਾਂ ਦਾ ਮੰਦਰ, ਇਕ ਦਿਨ ਗੁਆਚ ਜਾਣਾ।

ਕੈਸੇ ਰੰਗ ਦਿਖਾਏ ਵੇਖ ਮੁਕੱਦਰ ਨੇ

ਕੈਸੇ ਰੰਗ ਦਿਖਾਏ ਵੇਖ ਮੁਕੱਦਰ ਨੇ। ਸਭ ਕੁਝ ਹੁੰਦਿਆਂ ਸੁੰਦਿਆਂ ਵੀ ਘਰ ਖੰਡਰ ਨੇ। ਤੂੰ ਫੁੱਲਾਂ ਦੇ ਸ਼ਹਿਰ ਦਾ ਵਾਸੀ ਕੀ ਜਾਣੇ, ਸਾਨੂੰ ਤਾਂ ਖ਼ਾਬਾਂ ਵਿਚ ਦਿਸਦੇ ਖੰਜਰ ਨੇ। ਮਥੁਰਾ ਵਿਚ ਭਗਵਾਨ ਗੁਆਚਾ ਘਰ ਲੱਭੇ, ਏਸ ਗਲੀ ਵਿਚ ਬਣ ਗਏ ਥਾਂ-ਥਾਂ ਮੰਦਰ ਨੇ। ਜਿੰਨ੍ਹੇ ਮੇਰੇ ਚਿਹਰੇ ਤੋਂ ਤੂੰ ਪੜ੍ਹ ਲਏ ਨੇ, ਉਸ ਤੋਂ ਬਹੁਤੇ ਡਰ ਤਾਂ ਮੇਰੇ ਅੰਦਰ ਨੇ। ਐਵੇਂ 'ਲੋਚੀ' 'ਵਾ ਦੇ ਘੋੜੇ ਚੜ੍ਹਿਆ ਏਂ, ਇਸ ਮਿੱਟੀ ਦੇ ਥੱਲੇ ਬਹੁਤ ਸਿਕੰਦਰ ਨੇ।

ਰਹੀ ਨਾ ਰਿਸ਼ਤਿਆਂ ਵਿਚ ਜਾਨ ਬਾਕੀ

ਰਹੀ ਨਾ ਰਿਸ਼ਤਿਆਂ ਵਿਚ ਜਾਨ ਬਾਕੀ। ਰਹੇਗੀ ਕੀ ਇਨ੍ਹਾਂ ਦੀ ਸ਼ਾਨ ਬਾਕੀ। ਰਹੇਗਾ ਆਦਮੀ ਵਿਚ ਫਿਰ ਭਲਾ ਕੀ, ਰਹੀ ਨਾ ਜੇ ਰਤਾ ਵੀ ਆਨ ਬਾਕੀ। ਨਹੀਂ ਇਹ ਤਖ਼ਤ ਤੇਰੇ ਨਾਲ ਜਾਣੇ, ਰਿਹਾ ਕਿੱਥੇ ਕੋਈ ਸੁਲਤਾਨ ਬਾਕੀ। ਸੁਖ਼ਨਵਰ ਮਰਕੇ ਵੀ ਰਹਿੰਦੇ ਨੇ ਜ਼ਿੰਦਾ, ਉਨ੍ਹਾਂ ਦੀ ਹੀ ਰਹੇ ਪਹਿਚਾਣ ਬਾਕੀ। ਹਜ਼ਾਰਾਂ ਹਾਦਸੇ ਮੈਨੂੰ ਮਿਲੇ ਨੇ, ਮੇਰੇ ਹੋਠਾਂ 'ਤੇ ਪਰ ਮੁਸਕਾਨ ਬਾਕੀ। ਕਰੀਂ ਕਵੀਆ ਦੁਆ ਏਹੋ ਹਮੇਸ਼ਾ, ਰਹੇ ਬਚਿਆ ਮੇਰਾ ਈਮਾਨ ਬਾਕੀ। ਤੂੰ ਸਭਨਾਂ 'ਤੇ ਕਰੇਂ ਇਤਬਾਰ 'ਲੋਚੀ', ਅਜੇ ਹੋਣਾ ਤੇਰਾ ਨੁਕਸਾਨ ਬਾਕੀ।

ਮੈਂ ਕਦੇ ਮੁੜਕੇ ਨਹੀਂ ਆਉਣਾ

ਮੈਂ ਕਦੇ ਮੁੜਕੇ ਨਹੀਂ ਆਉਣਾ ਜੁਗਨੂੰਆਂ ਦੇ ਸ਼ਹਿਰ ਵਿਚ। ਜੇ ਮਿਲਾਂਗਾ ਤਾਂ ਮਿਲਾਂਗਾ ਸੂਰਜਾਂ ਦੇ ਸ਼ਹਿਰ ਵਿਚ। ਸ਼ਾਮ ਨੂੰ ਹੁਣ ਕੋਈ ਉੱਥੇ ਘੁੰਮਦਾ ਨਾ ਟਹਿਲਦਾ, ਖ਼ੂਨ ਦੇ ਧੱਬੇ ਪਏ ਨੇ ਤਿਤਲੀਆਂ ਦੇ ਸ਼ਹਿਰ ਵਿਚ। ਏਸ ਪਥਰੀਲੀ ਧਰਤ ਨੂੰ ਦੂਰ ਤੋਂ ਮੇਰਾ ਸਲਾਮ, ਅਲਵਿਦਾ! ਮੈਂ ਜਾ ਰਿਹਾ ਹਾਂ ਸ਼ਬਨਮਾਂ ਦੇ ਸ਼ਹਿਰ ਵਿਚ। ਕਿਉਂ ਮਲਾਹਾਂ ਨੇ ਛੁਡਾਇਆ ਮੇਰੇ ਪਤਵਾਰਾਂ ਦਾ ਸਾਥ, ਮੈਂ ਗੁਆਚਾ ਫਿਰ ਰਿਹਾ ਹਾਂ ਕਿਸ਼ਤੀਆਂ ਦੇ ਸ਼ਹਿਰ ਵਿਚ। ਤੇਰਿਆਂ ਮਹਿਲਾਂ ਦੇ ਸਾਏ ਤਪ ਰਹੇ ਨੇ ਰਾਤ ਦਿਨ, ਜਾ ਰਿਹਾ ਹੈ ਫਿਰ 'ਲੋਚੀ' ਮੁਫ਼ਲਸਾਂ ਦੇ ਸ਼ਹਿਰ ਵਿਚ।

ਆਇਆ ਕੀ ਬਾਜ਼ਾਰ ਘਰਾਂ ਵਿਚ

ਆਇਆ ਕੀ ਬਾਜ਼ਾਰ ਘਰਾਂ ਵਿਚ। ਚੱਲੇ ਕਾਰੋਬਾਰ ਘਰਾਂ ਵਿਚ। ਬੁੱਕਲ ਕਿਧਰੇ ਨਜ਼ਰ ਨਾ ਆਵੇ, ਲੁਕਦਾ ਫਿਰਦਾ ਪਿਆਰ ਘਰਾਂ ਵਿਚ। ਗਲ਼ ਲੱਗ ਰੋਂਦੇ ਕੰਧਾਂ ਕੌਲ਼ੇ, ਸੁਣ-ਸੁਣ ਕੇ ਤਕਰਾਰ ਘਰਾਂ ਵਿਚ। ਜੋੜ-ਤੋੜ ਵਿਚ ਉਲਝ ਗਏ ਨੇ, ਮਿਲਦੇ ਨਾ ਹੁਣ ਯਾਰ ਘਰਾਂ ਵਿਚ। ਪਹਿਲਾਂ ਕਿਹੜੀ ਭਟਕਣ ਥੋੜ੍ਹੀ, ਕੀ ਕਰਨੇ ਅਖ਼ਬਾਰ ਘਰਾਂ ਵਿਚ। ਕਿੱਥੇ ਜਾਵੇਂਗਾ ਫਿਰ 'ਲੋਚੀ', ਜੇ ਨਾ ਮਿਲੂ ਕਰਾਰ ਘਰਾਂ ਵਿਚ।

ਹਵਾ ਦਾ ਸ਼ੌਂਕ ਜੇ ਦੀਵੇ ਬੁਝਾਉਣਾ

ਹਵਾ ਦਾ ਸ਼ੌਂਕ ਜੇ ਦੀਵੇ ਬੁਝਾਉਣਾ। ਅਸਾਡਾ ਸਿਦਕ ਹੈ ਮੁੜ-ਮੁੜ ਜਗਾਉਣਾ। ਨਾ ਅਪਣੀ ਸੋਚ ਨੂੰ ਤੂੰ ਰੱਖ ਗਹਿਣੇ, ਕਿਸੇ ਦੇ ਹੱਥ ਦਾ ਨਾ ਬਣ ਖਿਡਾਉਣਾ। ਮਿਲੋ ਖ਼ੁਦ ਨੂੰ ਸਦਾ ਬੇ-ਪਰਦ ਹੋ ਕੇ, ਕੀ ਅਪਣੇ ਆਪ ਤੋਂ ਹੈ ਮੂੰਹ ਛੁਪਾਉਣਾ। ਮੇਰੀ ਤਾਂ ਹਰ ਗ਼ਜ਼ਲ ਗ਼ਮਖ਼ਾਰ ਮੇਰੀ, ਕਿਸੇ ਨੂੰ ਦਰਦ ਦਿਲ ਦਾ ਕੀ ਸੁਣਾਉਣਾ। ਇਹ ਫ਼ਨ ਸਮਝਾ ਦੇ 'ਲੋਚੀ' ਦੋਸਤਾਂ ਨੂੰ, ਜੇ ਤੈਨੂੰ ਆ ਗਿਆ ਹੈ ਮੁਸਕਰਾਉਣਾ।

ਘਰਾਂ ਵਿਚ ਰੌਸ਼ਨੀ ਹੁੰਦੇ ਹੋਏ ਵੀ

ਘਰਾਂ ਵਿਚ ਰੌਸ਼ਨੀ ਹੁੰਦੇ ਹੋਏ ਵੀ। ਨਹੀਂ ਹੁੰਦਾ ਕੋਈ ਹੁੰਦੇ ਹੋਏ ਵੀ। ਬੜਾ ਪਿਆਸਾ ਹਾਂ ਮੇਰੇ ਦੋਸਤੋ ਮੈਂ, ਨਗਰ ਦੇ ਵਿਚ ਨਦੀ ਹੁੰਦੇ ਹੋਏ ਵੀ। ਕਦੇ ਨਾ ਆਦਮੀ ਹੀ ਖ਼ੈਰ ਮੰਗੇ, ਇਹ ਬੰਦਾ, ਆਦਮੀ ਹੁੰਦੇ ਹੋਏ ਵੀ। ਤੂੰ ਗੁੰਝਲਦਾਰ ਘੁੰਮਣਘੇਰ ਕਿਉਂ ਹੈਂ? ਸੁਭਾਅ ਵਿਚ ਸਾਦਗੀ ਹੁੰਦੇ ਹੋਏ ਵੀ। ਇਹ ਕਿਉਂ ਅੰਦਰੋਂ ਨਹੀਂ ਸ਼ੈਤਾਨ ਮਰਦਾ? ਨਿਰੰਤਰ ਬੰਦਗੀ ਹੁੰਦੇ ਹੋਏ ਵੀ। ਸਦਾ ਮਿਲਦਾ ਹੈ 'ਲੋਚੀ' ਮੁਸਕਰਾਉਂਦਾ, ਕਿ ਅੱਖੀਆਂ ਵਿਚ ਨਮੀ ਹੁੰਦੇ ਹੋਏ ਵੀ।

ਝੀਲਾਂ ਤਰਦੇ ਨਦੀਆਂ ਤਰਦੇ

ਝੀਲਾਂ ਤਰਦੇ ਨਦੀਆਂ ਤਰਦੇ, ਡੂੰਘੇ ਸਾਗਰ ਤਰਦੇ ਲੋਕ। ਐਪਰ ਅਪਣੇ ਮਨ ਦੇ ਵਿਹੜੇ, ਪੈਰ ਕਦੇ ਨਾ ਧਰਦੇ ਲੋਕ। ਇਹਨਾਂ ਤੋਂ ਕਿਉਂ ਆਸ ਕਰੇਂ ਤੂੰ, ਤੇਰੀ ਪੀੜ ਪਛਾਣਨਗੇ। ਘਰ ਨੂੰ ਬਲਦਾ ਤੱਕ ਕੇ ਜਿਹੜੇ, ਹੌਕਾ ਵੀ ਨਾ ਭਰਦੇ ਲੋਕ। ਕੁੜੀਆਂ ਨੂੰ ਕਵਿਤਾਵਾਂ ਕਹਿੰਦਾ, ਕਿੰਨ੍ਹਾ ਕਵੀ ਅਜੀਬ ਹੈ ਉਹ! ਉਸਦੇ ਪਿੰਡ ਤਾਂ ਚਿੜੀਆਂ ਨੂੰ ਵੀ, ਅਗਨ ਹਵਾਲੇ ਕਰਦੇ ਲੋਕ। ਉਹਨਾਂ ਨੂੰ ਮੈਂ ਸਿਜਦਾ ਕਰਦਾਂ, ਸਿਜਦਾ ਕਰਦਾਂ ਘੜੀ-ਮੁੜੀ। ਰਾਤ ਹਨੇਰੀ ਤਲੀਆਂ ਉੱਤੇ, ਦੀਵੇ ਨੇ ਜੋ ਧਰਦੇ ਲੋਕ। ਇਹ ਇਕਲਾਪਾ, ਚੁੱਪ ਦਾ ਮੌਸਮ, ਗੁੰਬਦ ਵਿਚ ਗੁਆਚੀ ਚੀਕ। ਮੇਰੇ ਸਾਹਾਂ ਦੇ ਹਮਜੋਲੀ, ਇਹ ਤਾਂ ਮੇਰੇ ਘਰ ਦੇ ਲੋਕ। ਲਿਖਦਾ ਰਹੀਂ ਤੂੰ 'ਲੋਚੀ' ਇਹਨਾਂ, ਗੀਤਾਂ, ਗ਼ਜ਼ਲਾਂ, ਨਜ਼ਮਾਂ ਨੂੰ। ਤੂੰ ਹੀ ਦਿਲ ਦੇ ਵਰਕੇ ਫੋਲੇਂ, ਕਰ ਜਾਂਦੇ ਨੇ ਪਰਦੇ ਲੋਕ।

ਜ਼ਾਲਮ ਕਹਿਣ ਬਲਾਵਾਂ ਹੁੰਦੀਆਂ

ਜ਼ਾਲਮ ਕਹਿਣ ਬਲਾਵਾਂ ਹੁੰਦੀਆਂ। ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ। ਕਰਜ਼ ਇਨ੍ਹਾਂ ਦਾ ਕੌਣ ਉਤਾਰੇ? ਰੱਬ ਤੋਂ ਵੱਡੀਆਂ ਮਾਵਾਂ ਹੁੰਦੀਆਂ। ਉਮਰਾਂ ਦਾ ਇਹ ਜੋੜਨ ਰਿਸ਼ਤਾ, ਉਂਜ ਤਾਂ ਚਾਰ ਹੀ ਲਾਵਾਂ ਹੁੰਦੀਆਂ। ਮੈਂ ਜੰਗਲ ਨੂੰ ਤੁਰ ਜਾਣਾ ਸੀ, ਘਰ ਵਿਚ ਜੇ ਨਾ ਛਾਵਾਂ ਹੁੰਦੀਆਂ। ਮਰ-ਖਪ ਜਾਂਦਾ ਕਦ ਦਾ 'ਲੋਚੀ', ਜੇ ਨਾ ਨਾਲ ਦੁਆਵਾਂ ਹੁੰਦੀਆਂ।

ਘਰ ਤੋਂ 'ਕੱਲੇ ਸਾਂ ਤੁਰੇ

ਘਰ ਤੋਂ 'ਕੱਲੇ ਸਾਂ ਤੁਰੇ, ਨਾ ਕੋਈ ਤੁਰਿਆ ਨਾਲ। ਐਪਰ ਮਨ ਦੀ ਭਟਕਣਾ, ਤੁਰ ਪਈ ਸਾਡੇ ਨਾਲ। ਅਪਣੇ ਕਾਜ ਨਿਬੇੜਦੀ, ਅਪਣੀ ਮਰਜ਼ੀ ਨਾਲ। ਬੰਦਾ ਰਹਿ 'ਤੇ ਜੇ ਦੇਖਦਾ, ਹੋਣੀ ਕਰੇ ਕਮਾਲ। ਦਿਵਸ ਆਜ਼ਾਦੀ ਆ ਗਿਆ, ਕਿੰਝ ਮਿਲਾਈਏ ਤਾਲ? ਭੁੱਖੇ ਢਿੱਡੀਂ ਦੋਸਤੋ, ਪੈਂਦੀ ਕਦੋਂ ਧਮਾਲ। ਹਾਕਮ ਕਰੇ ਹਕੂਮਤਾਂ, ਅਪਣੀ ਮਰਜ਼ੀ ਨਾਲ। ਗੂੰਗੇ-ਬੋਲੇ ਸ਼ਹਿਰ ਵਿਚ, ਕਿਹੜਾ ਕਰੇ ਸੁਆਲ? ਕੈਦ 'ਚ ਇਹ ਮਰ ਜਾਣਗੇ, ਪਾ ਨਾ ਐਵੇਜਾਲ। ਅੰਬਰ ਵਿਚ ਹੀ ਸੋਹਣਿਆਂ, ਪੰਛੀ ਕਰਨ ਕਮਾਲ। ਤੂੰ ਕਿਉਂ ਦਰਦ ਛੁਪਾ ਰਿਹੈਂ, ਹਾਲੋਂ ਹੈਂ ਬੇ-ਹਾਲ। ਦਿਲ ਤੇਰੇ ਦੀ ਵਾਰਤਾ, ਦੱਸਣ ਅੱਖੀਆਂ ਲਾਲ। ਗੁੰਮਸੁੰਮ-ਗੁੰਮਸੁੰਮ ਜਾਪਦੈਂ, ਬਦਲੀ-ਬਦਲੀ ਚਾਲ। ਅੱਜਕਲ੍ਹ ਤੈਨੂੰ 'ਲੋਚੀਆ', ਰਹਿੰਦੀ ਕਿਸਦੀ ਭਾਲ?

ਚਿੜੀ ਜੋਂ ਪਿੰਜਰੇ ਵਿਚ ਤੜਪਦੀ ਹੈ

ਚਿੜੀ ਜੋਂ ਪਿੰਜਰੇ ਵਿਚ ਤੜਪਦੀ ਹੈ? ਉਡਾਰੀ ਨੂੰ ਬੜਾ ਹੀ ਤਰਸਦੀ ਹੈ? ਮੈਂ ਉਸਨੂੰ ਮਿਲਣ ਲਈ ਬਿਹਬਲ ਜੁਗਾਂ ਤੋਂ, ਮੈਂ ਮਾਰੂਥਲ ਤੇ ਉਹ ਚੰਚਲ ਨਦੀ ਹੈ। ਵਿਕਾਊ ਆਦਮੀ ਏਥੇ ਕਰੋੜਾਂ, ਖਰੀਦਣ ਵਾਲਿਆਂ ਦੀ ਹੀ ਕਮੀ ਹੈ। ਇਹ ਬੱਦਲਾਂ ਸਾਗਰਾਂ 'ਤੇ ਬਰਸ ਜਾਂਦੇ, ਅਸਾਡੀ ਰੂਹ ਕਣੀ ਨੂੰ ਤਰਸਦੀ ਹੈ। ਮੈਂ ਦਿਲ ਦਾ ਦਰਦ ਗ਼ਜ਼ਲਾਂ ਨੂੰ ਸੁਣਾਵਾਂ, ਤੁਹਾਡੇ ਵਾਸਤੇ ਇਹ ਦਿਲਲਗੀ ਹੈ। ਮੈਂ ਅਪਣੀ ਰੱਤ ਦੇ ਦੀਵੇ ਜਗਾਏ, ਮੇਰੇ ਲਈ ਏਹੋ ਸੁੱਚੀ ਬੰਦਗੀ ਹੈ। ਨਾ ਛੱਡੀਂ ਸਾਥ ਤੂੰ 'ਲੋਚੀ' ਦਾ ਜਿੰਦੇ, ਇਦ੍ਹੀ ਫ਼ਿਤਰਤ ਦੇ ਵਿਚ ਆਵਾਰਗੀ ਹੈ।

ਉਹ ਜੋ ਨੇ ਰਾਜਧਾਨੀ ਦੇ ਬਾਸ਼ਿੰਦੇ

ਉਹ ਜੋ ਨੇ ਰਾਜਧਾਨੀ ਦੇ ਬਾਸ਼ਿੰਦੇ। ਅਸਾਨੂੰ ਲਾਰਿਆਂ ਬਿਨ ਕੀ ਨੇ ਦਿੰਦੇ। ਕਿਹੋ ਜਿਹੇ ਜ਼ਿੰਦਗੀ ਦੇ ਹਾਦਸੇ ਨੇ. ਨਾ ਚੰਦਰੇ ਜੀਣ ਨਾ ਹੀ ਮਰਨ ਦਿੰਦੇ। ਸੁਰਾਂ ਦੀ ਹੁਣ ਨਹੀਂ ਹੈ ਕਦਰਦਾਨੀ, ਵਿਚਾਰੇ ਜਾਣ ਹੁਣ ਕਿੱਥੇ ਸਾਜ਼ਿੰਦੇ। ਰਹੇ ਨੇ ਬਿਰਖ਼, ਵਣ ਹਰਿਆਵਲੇ ਨਾ, ਉਸਾਰਨ ਆਲ੍ਹਣਾ ਕਿੱਥੇ ਪਰਿੰਦੇ? ਕਦੇ ਸ਼ੁਭ ਕਰਮ ਤੋਂ ਨਾ ਥਿੜਕ ਜਾਵਾਂ, ਤੂੰ ਦੇਹ ਵਰਦਾਨ ਮੈਨੂੰ ਹੇ ਗੋਬਿੰਦੇ। ਵਿਦੇਸ਼ਾਂ ਦੀ ਕੇਹੀ ਛਣਕਾਰ 'ਲੋਚੀ', ਨਚਾਈ ਜਾ ਰਹੀ ਹੈ ਪੁੱਤ ਛਿੰਦੇ।

ਕੱਚੇ ਘਰਾਂ ਦੀ ਖ਼ੁਸ਼ਬੂ ਚੇਤੇ ਕਰ ਕਰ ਕੇ

ਕੱਚੇ ਘਰਾਂ ਦੀ ਖ਼ੁਸ਼ਬੂ ਚੇਤੇ ਕਰ ਕਰ ਕੇ। ਸ਼ਹਿਰਾਂ ਦੇ ਵਿਚ ਸਾਹ ਵੀ ਆਉਂਦੇ ਮਰ ਮਰ ਕੇ। ਨਵੀਂ ਨਸਲ ਦੇ ਸੁਪਨੇ ਦੇਖਾਂ, ਡਰ ਜਾਵਾਂ? ਇਕ ਦਿਨ ਇਸਨੇ ਰੋਣਾ ਅੱਖੀਆਂ ਭਰ-ਭਰ ਕੇ। ਗ਼ਮ ਦੇ ਖ਼ੂਹ ਵਿਚ ਕਿੰਨਾ ਡੂੰਗਾ ਪਾਣੀ ਏਂ? ਸਦੀਆਂ ਤੋਂ ਨੇ ਆਉਂਦੀਆਂ ਟਿੰਡਾਂ ਭਰ-ਭਰ ਕੇ। ਤੇਰੀਆਂ ਕਵਿਤਾ ਹੰਝੂਆਂ ਦੇ ਵਿਚ ਰੁੜ੍ਹ ਚੱਲੀ, ਜ਼ਿੰਦਗੀ ਨੂੰ ਤੂੰ ਲੱਭਦਾ ਕਿਉਂ ਨਹੀਂ ਮਰ-ਮਰ ਕੇ? ਪਾਰ ਸਮੁੰਦਰ ਜਾਣਾ ਹੈ ਤਾਂ ਹਿੰਮਤ ਕਰ, ਕਿੰਨੇ ਲੋਕੀ ਪਹੁੰਚੇ ਉੱਥੇ ਤਰ-ਤਰ ਕੇ। ਨਜ਼ਮਾਂ, ਗੀਤ ਗੁਆਚੇ ਲਭਦਾ ਫਿਰਦਾ ਹਾਂ, ਭੁੱਲ ਜਾਨਾਂ ਮੈਂ ਮਹਿੰਗੀਆਂ ਵਸਤਾਂ ਧਰ-ਧਰ ਕੇ। ਤੇਰੀ ਹਸਤੀ ਬਰਤਨ ਕੱਚੀ ਮਿੱਟੀ ਦਾ, ਮੁੱਕ ਨਾ ਜਾਏ ਹੰਝੂਆਂ ਦੇ ਵਿਚ ਖਰ-ਖਰ ਕੇ। ਕੀਹਦੇ ਸਿਰ 'ਤੇ ਸ਼ਾਇਰ ਬਣਿਆ ਫਿਰਦਾ ਏਂ, ਜਦ ਵੀ ਬੋਲੇਂ, ਬੋਲੇਂ 'ਲੋਚੀ' ਡਰ-ਡਰ ਕੇ।

ਡਿੱਗਦੇ ਪੱਤੇ, ਟੁੱਟਦੇ ਤਾਰੇ, ਕਿੱਧਰ ਜਾਣ

ਡਿੱਗਦੇ ਪੱਤੇ, ਟੁੱਟਦੇ ਤਾਰੇ, ਕਿੱਧਰ ਜਾਣ? ਵਖ਼ਤਾਂ ਮਾਰੇ ਬੁੱਢੇ ਵਾਰੇ ਕਿੱਧਰ ਜਾਣ? ਮਨ ਦੀ ਵਿਥਿਆ ਕਹਿੰਦੇ-ਕਹਿੰਦੇ ਤੁਰ ਚੱਲੇ, ਅੱਖੀਉਂ ਕਿਰਦੇ ਹੰਝੂ ਖ਼ਾਰੇ ਕਿੱਧਰ ਜਾਣ? ਜ਼ਿੰਦਗੀ ਤੂੰ ਵੀ ਇਹਨਾਂ ਤੋਂ ਮੁੱਖ ਮੋੜ ਲਿਆ, ਬੰਦੇ ਤੇਰੇ ਹੱਥੋਂ ਹਾਰੇ ਕਿੱਧਰ ਜਾਣ? ਧਰਤੀ ਉੱਤੋਂ ਬਿਰਖ਼ ਗੁਆਚੇ ਫ਼ਿਰਦੇ ਨੇ, ਦੱਸੋਂ ਪੰਛੀ ਉੱਡਣਹਾਰੇ ਕਿੱਧਰ ਜਾਣ? ਬੇ-ਸੁਰਿਆਂ ਦੀ ਏਸ ਨਗਰ ਵਿਚ ਭੀੜ ਬੜੀ, 'ਲੋਚੀ' ਵਰਗੇ ਗਾਵਣਹਾਰੇ ਕਿੱਧਰ ਜਾਣ?

ਜੇ ਤੂੰ ਦਿਲ ਨੂੰ ਨਹੀਂ ਖੋਲ੍ਹਣਾ

ਜੇ ਤੂੰ ਦਿਲ ਨੂੰ ਨਹੀਂ ਖੋਲ੍ਹਣਾ। ਸ਼ੀਸ਼ੇ ਨੇ ਵੀ ਝੂਠ ਬੋਲਣਾ। ਅਸੀਂ ਤਾਂ ਜੰਮੇ ਛਵ੍ਹੀਆਂ ਰੁੱਤੇ, ਦਿਲ ਨਾ ਸਾਡੇ ਕੋਲ ਫ਼ੋਲਣਾ। ਲੱਭਣਾ ਕਿੱਥੋਂ, ਸੋਚ ਰਿਹਾ ਹਾਂ, ਬੰਦਾ ਜੇਕਰ ਪਿਆ ਟੋਲਣਾ। ਲੋਕਾਂ ਦੀ ਹੁਣ ਆਦਤ ਬਣ ਗਈ, ਪਿਆਰ ਨੂੰ ਤੱਕੜੀ ਵਿਚ ਤੋਲਣਾ। ਤੈਨੂੰ ਈਸਾ ਬਨਣਾ ਪੈਣੈਂ, ਜੇ ਤੂੰ 'ਲੋਚੀ' ਸੱਚ ਬੋਲਣਾ।

ਚਲੋ ਹੈਰਾਨ ਹੋ ਕੇ ਦੇਖਦੇ ਹਾਂ

ਚਲੋ ਹੈਰਾਨ ਹੋ ਕੇ ਦੇਖਦੇ ਹਾਂ। ਕਿ ਅੱਜ ਇਨਸਾਨ ਹੋ ਕੇ ਦੇਖਦੇ ਹਾਂ। ਚਲੋ ਕੁਝ ਜ਼ਿੰਦਗੀ ਵਿਚ ਰੰਗ ਭਰੀਏ, ਕਿਸੇ ਦੀ ਜਾਨ ਹੋ ਕੇ ਦੇਖਦੇ ਹਾਂ। ਤੇਰੇ ਦਰ 'ਤੇ ਨੇ ਝੁਕਦੇ ਸੀਸ ਕਿੰਨ੍ਹੇ, ਤੇਰੇ ਦਰਬਾਨ ਹੋ ਕੇ ਦੇਖਦੇ ਹਾਂ। ਫ਼ਕੀਰੀ ਵੇਸ ਵੀ ਆਪਣੀ ਜਗ੍ਹਾ ਹੈ, ਚਲੋ ਸੁਲਤਾਨ ਹੋ ਕੇ ਦੇਖਦੇ ਹਾਂ। ਕਿਵੇਂ ਲਿਖਦਾ ਹੈ 'ਲੋਚੀ+ ਗੀਤ ਗ਼ਜ਼ਲਾਂ, ਉਦ੍ਹੇ ਮਹਿਮਾਨ ਹੋ ਕੇ ਦੇਖਦੇ ਹਾਂ।

ਪੰਛੀ, ਪੌਣ ਤੇ ਵਗਦੇ ਪਾਣੀ

ਪੰਛੀ, ਪੌਣ ਤੇ ਵਗਦੇ ਪਾਣੀ। ਪੀੜ ਇਨ੍ਹਾਂ ਦੀ ਕਿਸ ਨੇ ਜਾਣੀ। ਕਿੱਥੇ ਦੇਖਾਂ ਅਪਣਾ ਚਿਹਰਾ, ਮੇਰੇ ਮਨ ਦੇ ਗੰਧਲੇ ਪਾਣੀ। ਬਹਿਰ ਵਜ਼ਨ ਤਾਂ ਸਿਰਫ਼ ਵਸੀਲਾ, ਗ਼ਜ਼ਲਾਂ ਨਾਲ ਤਾਂ ਸਾਂਝ ਪੁਰਾਣੀ। ਤਾਲ ਬੇਤਾਲੇ ਸੁਰ ਤੋਂ ਥਿੜਕੇ, ਵਿਲਕ ਰਹੀ ਬਾਬੇ ਦੀ ਬਾਣੀ। ਉਹ ਨਾ ਮੇਰੇ ਪਿਆਰ ਦੇ ਕਾਬਲ, ਜਿਸਦੀ ਅੱਖ ਦਾ ਮਰਿਆ ਪਾਣੀ। ਦਿਨ ਜੀਵਨ ਦੇ ਗਿਣਵੇਂ ਭਾਵੇਂ, 'ਲੋਚੀ' ਫਿਰ ਤੂੰ ਛੇੜ ਕਹਾਣੀ।

ਕਿਤਾਬਾਂ ਦੇ ਕੁੜੀਆਂ ਤੋਂ

ਕਿਤਾਬਾਂ ਦੇ ਕੁੜੀਆਂ ਤੋਂ, ਸੱਖਣੇ ਜੋ ਘਰ ਨੇ। ਉਹ ਘਰ ਕਾਹਦੇ ਘਰ ਨੇ, ਉਹ ਦਰ ਕਾਹਦੇ ਦਰ ਨੇ। ਅਸੀਸਾਂ ਭਰੀ ਇਹ, ਦੁਆ ਮਾਂ ਦੀ ਲੈ ਜਾ। ਤੇਰੇ ਪੈਂਡੇ ਬਿਖੜੇ, ਤੇ ਲੰਮੇ ਸਫ਼ਰ ਨੇ. ਨਾ ਸ਼ਬਨਮ, ਨਾ ਖ਼ੁਸ਼ਬੂ, ਨਾ ਤਾਜ਼ਾ ਹਵਾ ਹੈ, ਇਹ ਕੈਸੇ ਗਰਾਂ ਨੇ, ਇਹ ਕੈਸੇ ਨਗਰ ਨੇ। ਕਿਤਾਬਾਂ ਦੀ ਦੁਨੀਆਂ ਤੋਂ, ਰੱਖਦੇ ਜੋ ਦੂਰੀ। ਉਹ ਕਿੱਦਾਂ ਨੇ ਜਿਉਂਦੇ, ਉਹ ਕੈਸੇ ਬਸ਼ਰ ਨੇ। ਤੂੰ ਲੱਭੇਂਗਾ ਕਿੱਥੋਂ, ਗੁਆਚਾ ਜੇ 'ਲੋਚੀ'। ਲਿਖੇ ਜੀਹਦੇ ਪੈਰਾਂ 'ਚ, ਲੰਮੇ ਸਫ਼ਰ ਨੇ ।

ਨਵੇਂ ਲੋਕ ਨਵਿਆਂ 'ਚ ਬਸ ਖ਼ਲਬਲੀ ਹੈ

ਨਵੇਂ ਲੋਕ ਨਵਿਆਂ 'ਚ ਬਸ ਖ਼ਲਬਲੀ ਹੈ। ਬਜ਼ੁਰਗਾਂ ਦੇ ਨੈਣਾਂ 'ਚ ਦਿਸਦੀ ਨਮੀ ਹੈ. ਮੈਂ ਪਿਆਸਾ ਨਾ ਹੋ ਕੇ ਵੀ ਪਿਆਸਾ ਹਾਂ ਹੁੰਦਾ, ਮੇਰੇ ਨੇੜੇ ਤੇੜੇ ਕਿਤੇ ਤਾਂ ਨਦੀ ਹੈ। ਮੈਂ ਬੇਟੀ ਨੂੰ ਭਰਦਾ ਹਾਂ ਝੱਟ ਹੀ ਕਲਾਵੇ, ਬਨੇਰੇ ਤੋਂ ਉੱਡਦੀ ਕੋਈ ਜਦ ਚਿੜੀ ਹੈ। ਬਹੁਤ ਚਾਹ ਕੇ ਤੈਨੂੰ ਬੁਲਾਇਆ ਨਹੀਂ ਜੇ, ਇਹ ਸ਼ਬਦਾਂ ਦੀ ਚੁੱਪ ਹੀ ਮੇਰੀ ਬੇਬਸੀ ਹੈ। ਇਹ ਸੂਰਜ ਰੋਜ਼ਾਨਾ ਸਮੁੰਦਰ 'ਚ ਡੁੱਬੇ, ਇਦ੍ਹੇ ਲੇਖੀਂ ਦੇਖੋ ਅਜਬ ਖ਼ੁਦਕੁਸ਼ੀ ਹੈ। ਸਲੀਕਾ ਸੰਭਾਲੋ ਮੈਂ ਇਸ ਤੋਂ ਕੀ ਲੈਣਾ, ਲਿਖੀ ਮੇਰੇ ਲੇਖਾਂ 'ਚ ਆਵਾਰਗੀ ਹੈ। ਤੂੰ ਸ਼ਬਦਾਂ ਦੀ ਮਾਲਾ ਪਰੋਈ ਜਾ ਬਹਿਕੇ, ਕਿ ਇਸ ਦੌਰ ਅੰਦਰ ਇਹੀ ਬੰਦਗੀ ਹੈ। ਤੂੰ ਐਵੇਂ ਨਾ 'ਲੋਚੀ' ਮੁਕਾ ਬੈਠੀਂ ਹੰਝੂ, ਅਜੇ ਤਾਂ ਬਥੇਰੀ ਪਈ ਜ਼ਿੰਦਗੀ ਹੈ।

ਕਸੀਦੇ ਹਾਕਮਾਂ ਦੇ ਗਾ ਰਹੇ ਨੇ

ਕਸੀਦੇ ਹਾਕਮਾਂ ਦੇ ਗਾ ਰਹੇ ਨੇ। ਉਹ ਸ਼ਾਇਰ ਫੇਰ ਵੀ ਅਖਵਾ ਰਹੇ ਨੇ। ਪਰਿੰਦੇ ਬੈਠ ਕੇ ਕੁਰਲਾ ਰਹੇ ਨੇ, ਭਲਾ ਕਿਉਂ ਬਿਰਖ ਕੱਟੇ ਜਾ ਰਹੇ ਨੇ। ਮੁਸਲਸਲ ਸ਼ਹਿਰ ਦੀ ਇਹ ਰੁੱਤ ਕੈਸੀ? ਕਿ ਸ਼ਾਇਰ ਏਸ ਤੋਂ ਉਕਤਾਅ ਰਹੇ ਨੇ। ਉਨ੍ਹਾਂ ਦੀ ਨੀਤ ਵੀ ਬਦਨੀਤ ਜਾਪੇ, ਜੋ ਚੋਗਾ ਪੰਛੀਆਂ ਨੂੰ ਪਾ ਰਹੇ ਨੇ। ਉਨ੍ਹਾਂ ਪਰਵਾਜ਼ ਨੂੰ ਪਿੰਜਰੇ 'ਚ ਪਾਇਐ, ਪਰਿੰਦੇ ਫੇਰ ਵੀ ਤਾਂ ਗਾ ਰਹੇ ਨੇ। ਇਨ੍ਹਾਂ ਦੀ ਪੈੜ ਨਾ 'ਲੋਚੀ' ਕਿਤੇ ਵੀ, ਮੁਸਾਫ਼ਰ ਆ ਰਹੇ ਨੇ ਜਾ ਰਹੇ ਨੇ।

ਜਦੋਂ ਬੇ-ਸੁਰਿਆਂ ਦਾ ਸਨਮਾਨ ਹੋਵੇ

ਜਦੋਂ ਬੇ-ਸੁਰਿਆਂ ਦਾ ਸਨਮਾਨ ਹੋਵੇ, ਉਦੋਂ ਇਹ ਦਿਲ ਬੜਾ ਹੈਰਾਨ ਹੋਵੇ। ਇਹ ਧਰਤੀ ਸੁਰਗ ਬਣ ਸਕਦੀ ਹੈ ਹੁਣ ਵੀ, ਜੇ ਬੰਦੇ ਵਿਚ ਰਤਾ ਈਮਾਨ ਹੋਵੇ। ਮੇਰੀ ਆਵਾਰਗੀ ਹੈ ਰੋਜ਼ ਕਹਿੰਦੀ, ਤੇਰਾ ਵੀ ਗ਼ਜ਼ਲ ਦਾ ਦੀਵਾਨ ਹੋਵੇ। ਖ਼ੁਦਾਇਆ ਉਹ ਘੜੀ ਦੇਵੀਂ ਨਾ ਮੈਨੂੰ, ਕਿ ਮੈਥੋਂ ਸ਼ਬਦ ਦਾ ਅਪਮਾਨ ਹੋਵੇ। ਇਹ ਸੁੱਚੇ ਸ਼ਬਦ ਮੇਰੀ ਝੋਲੀ ਪਾਈਂ, ਤੇ ਉਹਨਾਂ ਵਿਚ ਜਿਉਂਦੀ ਜਾਨ ਹੋਵੇ। ਹਮੇਸ਼ਾ ਕੂੜ ਦੀ ਕਿਉਂ ਜਿੱਤ ਹੁੰਦੀ, ਸਦਾ ਹੀ ਸੱਚ ਕਿਉਂ ਕੁਰਬਾਨ ਹੋਵੇ। ਘਟਾ ਬਣ ਕੇ ਮੈਂ ਉਸਦੇ ਕੋਲ ਜਾਵਾਂ, ਜੇ 'ਲੋਚੀ' ਨਿਰਮਲਾ ਅਸਮਾਨ ਹੋਵੇ।

ਸੱਚੇ ਸੁੱਚੇ ਬੰਦੇ ਦਾ ਹੁਣ ਲੱਭਣਾ

ਸੱਚੇ ਸੁੱਚੇ ਬੰਦੇ ਦਾ ਹੁਣ ਲੱਭਣਾ ਕੀਹ ਸਿਰਨਾਵਾਂ। ਪਿੰਡਾਂ 'ਤੇ ਵੀ ਪੈ ਚੱਲਿਆ ਹੈ ਸ਼ਹਿਰਾਂ ਦਾ ਪਰਛਾਵਾਂ। ਏਸ ਬਾਜ਼ਾਰੀ ਦੌਰ ਦੇ ਅੰਦਰ ਏਦਾਂ ਹੀ ਸੀ ਹੋਣਾ। ਬੱਚੇ ਫਸੇ 'ਕਰੈੱਚਾਂ' ਅੰਦਰ ਦਫ਼ਤਰ ਦੇ ਵਿਚ ਮਾਵਾਂ। ਇੱਕ ਕਮਰੇ ਵਿਚ ਮੀਆਂ-ਬੀਵੀ ਦੂਜੇ ਦੇ ਵਿਚ ਬੱਚੇ, ਵਿਚ ਬਰਾਂਡੇ ਸੁੱਕਣੇ ਪਈਆਂ ਅਣਲਿਖੀਆਂ ਕਵਿਤਾਵਾਂ। ਉਸ ਘਰ ਵਿਚ ਤਾਂ ਆਉਣ ਬਰਕਤਾਂ ਖ਼ੁਦ ਹੀ ਭੱਜੀਆਂ-ਭੱਜੀਆਂ। ਜਿਹੜੇ ਘਰ ਵਿਚ ਰਹਿਮਤ ਵੰਡਣ ਦਾਦੀਆਂ, ਨਾਨੀਆਂ, ਮਾਵਾਂ। ਦੋਚਿੱਤੀ ਦਾ ਡੰਗਿਆ 'ਲੋਚੀ' ਬੈਠਾ ਮੈਥੋਂ ਫੜ ਕੇ। ਸੱਚ ਦੇ ਹੱਕ ਵਿਚ ਦੇਣ ਗਵਾਹੀ ਜਾਵਾਂ ਜਾਂ ਨਾ ਜਾਵਾਂ।

ਤਨਹਾ ਦਿਲ ਨੂੰ ਦੋਸਤੋ

ਤਨਹਾ ਦਿਲ ਨੂੰ ਦੋਸਤੋ, ਪਲ ਵਿਚ ਲੈਣ ਸੰਭਾਲ। ਸ਼ਬਦਾਂ ਦੀ ਇਹ ਦੋਸਤੀ, ਹੁੰਦੀ ਬਹੁਤ ਕਮਾਲ। ਉੱਠ ਕੇ ਬਾਲ ਚਿਰਾਗ਼ ਤੂੰ, ਸ਼ਬਦ ਬਣਾ ਲੈ ਢਾਲ। ਸੌਖਾ ਹੋ ਜੂ ਜੂਝਣਾ, ਗੂੜ੍ਹ ਹਨ੍ਹੇਰੇ ਨਾਲ। ਰਾਵਣ ਅੰਦਰੋਂ ਮਾਰ ਲੈ, ਸਮਝ ਸਮੇਂ ਦੀ ਚਾਲ। ਬੱਧਾ ਹੀ ਰਹਿ ਜਾਏ ਨਾ, ਪਾਵੇ ਬੰਨ੍ਹਿਆ ਕਾਲ। ਤਨ ਤੇ ਮਨ ਦੀ ਸਾਧਨਾ, ਲਾ ਤੂੰ ਹਿੱਕ ਦੇ ਨਲਾ। ਸ਼ਬਦ ਜਗਾਵਣ ਵਾਸਤੇ, ਸੁਰ ਤੇ ਤਾਲ ਸੰਭਾਲ। ਭਰਿਆ ਪੀਤਾ ਬੈਠ ਨਾ, ਨਾ ਕਰ ਚਿਹਰਾ ਲਾਲ। ਸੱਜਣ ਮਿੱਤਰ ਢੂੰਡ ਕੇ, ਕਹਿ ਤੂੰ ਦਿਲ ਦਾ ਹਾਲ। ਉਹ ਘਰ ਸੁਰਗਾਂ ਵਾਂਗ ਨੇ, ਉਹ ਘਰ ਬਹੁਤ ਕਮਾਲ। ਜਾਗਣ ਜਿੱਥੇ ਪੁਸਤਕਾਂ, ਪੜ੍ਹਦੇ ਜਿੱਥੇ ਬਾਲ। ਤੇਰੇ ਵਰਗਾ ਕੌਣ ਹੈ? ਖ਼ੁਦ ਨੂੰ ਕਰੀਂ ਸੁਆਲ। ਪਲ-ਪਲ 'ਲੋਚੀ' ਤੁਰਦੀਆਂ ਗ਼ਜ਼ਲਾਂ ਤੇਰੇ ਨਾਲ

ਹੁਣ ਨਵਾਂ ਧੋਖਾ ਕੋਈ ਖਾਣਾ ਨਹੀਂ ਹੈ

ਹੁਣ ਨਵਾਂ ਧੋਖਾ ਕੋਈ ਖਾਣਾ ਨਹੀਂ ਹੈ। ਦਿਲ ਦੇ ਨੇੜੇ ਭੁੱਲ ਕੇ ਜਾਣਾ ਨਹੀਂ ਹੈ। ਕੀ ਕਰਾਂ ਖੁਸ਼ਹਾਲੀਆਂ ਦੇ ਗੀਤ ਨੂੰ ਮੈਂ, ਜੇ ਭੜੋਲੀ ਇਕ ਵੀ ਦਾਣਾ ਨਹੀਂ ਹੈ। ਧਰਮ ਤੇ ਇਖ਼ਲਾਕ ਦੇ ਬਾਜ਼ਾਰ ਅੰਦਰ, ਕੌਣ ਦੱਸੋ ਏਸ ਥਾਂ ਕਾਣਾ ਨਹੀਂ ਹੈ। ਕਿੰਜ ਵਸਤਰ ਤੂੰ ਬਣਾਏਂਗਾ ਗ਼ਜ਼ਲ ਨੂੰ? ਤੇਰੇ ਪੱਲੇ ਤੰਦ ਨਹੀਂ ਤਾਣਾ ਨਹੀਂ ਹੈ। ਕਿਉਂ ਕਰੇਂ ਤੂੰ ਯਾਦ ਐਵੇਂ ਮੁਕਤਸਰ ਨੂੰ, ਜੇ ਤੂੰ 'ਲੋਚੀ' ਪਰਤਕੇ ਜਾਣਾ ਨਹੀਂ ਹੈ।

ਦਸ ਕਿੰਝ ਲੁੱਟੀਏ ਬੁੱਲੇ ਸਾਈਆਂ

ਦਸ ਕਿੰਝ ਲੁੱਟੀਏ ਬੁੱਲੇ ਸਾਈਆਂ। ਠੰਡੇ ਪਏ ਨੇ ਚੁੱਲ੍ਹੇ ਸਾਈਆਂ। ਕਿਹੜੀ ਮਿੱਟੀ ਨਾਲ ਬਣਾਏ, ਲੋਕ ਨੇ ਤੈਨੂੰ ਭੁੱਲੇ ਸਾਈਆਂ। ਜਦ ਜੀ ਚਾਹੇ ਆ ਜਾ ਬਹਿ ਜਾ, ਦਿਲ ਦਰਵਾਜ਼ੇ ਖੁੱਲ੍ਹੇ ਸਾਈਆਂ। ਰੱਖ ਸ਼ਾਇਰਾਂ 'ਤੇ ਨਜ਼ਰ ਸਵੱਲੀ, ਇਹ ਮੋਤੀ ਅਣਮੁੱਲੇ ਸਾਈਆਂ। ਖੁੱਲ੍ਹੇ ਘਰਾਂ ਨੇ ਕੁਝ ਨਹੀਂ ਦੇਣਾ, ਦਿਲ ਦੇਵੀਂ ਤੂੰ ਖੁੱਲ੍ਹੇ ਸਾਈਆਂ। ਇਕ ਵੀ ਸਿਰ ਨਾ ਰਿਹਾ ਸਲਾਮਤ, ਇਹ ਕੀ ਝੱਖੜੇ ਝੁੱਲੇ ਸਾਈਆਂ? 'ਲੋਚੀ' ਦੀ ਅਰਦਾਸ ਹੈ ਇੱਕੋ, ਲਹੂ ਕਿਤੇ ਨਾ ਡੁੱਲ੍ਹੇ ਸਾਈਆਂ।

ਜਿਸ ਕਿਤੇ ਆਉਣਾ ਨਹੀਂ ਜਾਣਾ ਨਹੀਂ

ਜਿਸ ਕਿਤੇ ਆਉਣਾ ਨਹੀਂ ਜਾਣਾ ਨਹੀਂ। ਪਾਰ ਨਦੀਉਂ ਓਸ ਨੇ ਲਾਣਾ ਨਹੀਂ। ਮੇਰਾ ਕੁਝ ਰਹਿਣਾ ਨਹੀਂ ਜੇ ਨਾ ਮਿਲੇ, ਜੇ ਮਿਲੇ ਤਾਂ ਤੇਰਾ ਕੁਝ ਜਾਣਾ ਨਹੀਂ। ਤੂੰ ਮੇਰੀ ਆਵਾਜ਼ ਨੂੰ ਮਹਿਸੂਸ ਕਰ, ਮਹਿਕ ਹੈ ਇਹ ਗੀਤ ਦਾ ਬਾਣਾ ਨਹੀਂ। ਏਸ ਮੰਡੀ ਤੋਂ ਨਾ ਕੋਈ ਆਸ ਰੱਖ, ਗੀਤ ਤੇਰਾ ਇਹ ਕਿਸੇ ਗਾਣਾ ਨਹੀਂ। ਓਸ ਨੂੰ ਪਿੰਜਰੇ ਦਾ ਕੈਦੀ ਜਾਣਿਉਂ, ਜਿਸਦੇ ਲੇਖੀਂ ਬਾਹਰ ਦਾ ਦਾਣਾ ਨਹੀਂ। ਤੂੰ ਮੇਰੇ ਗੀਤਾਂ ਦੀ ਸੁਰ ਤੇ ਨਾਲ ਤੁਰ, ਮੈਂ ਅਧੂਰੇ ਗੀਤ ਨੂੰ ਗਾਣਾ ਨਹੀਂ। ਹਰ ਹਕੀਕਤ ਨਾਲ 'ਲੋਚੀ' ਜੂਝਦੈ, ਏਸੇ ਕਰਕੇ ਮੰਨਦਾ ਭਾਣਾ ਨਹੀਂ।

ਕਿਧਰੇ ਵੀ ਨਾ ਦਿਸਦੇ ਫ਼ਰਜ਼ ਸ਼ਨਾਸ ਖੜ੍ਹੇ

ਕਿਧਰੇ ਵੀ ਨਾ ਦਿਸਦੇ ਫ਼ਰਜ਼ ਸ਼ਨਾਸ ਖੜ੍ਹੇ। ਏਸ ਸ਼ਹਿਰ ਵਿਚ ਤਾਂ ਹੀ ਕਵੀ ਉਦਾਸ ਬੜੇ। ਨਾ ਰੁਤਬੇ ਨਾ ਕਲਗੀ ਦਾ ਹੀ ਮੁੱਲ ਪਤਾ, ਬੌਣੇ ਬੰਦੇ ਤਖ਼ਤਾਂ ਉੱਤੇ ਆਣ ਚੜ੍ਹੇ। ਏਸ ਸ਼ਹਿਰ ਦੇ ਲੋਕੀਂ ਅਕਲੋਂ ਅੰਨ੍ਹੇ ਨੇ, ਘੁੱਪ ਹਨੇਰੇ ਨਾਲ ਲੜੇ ਤਾਂ ਕੌਣ ਲੜੇ? ਇਹ ਕੁਝ ਸੁਣਨੋਂ ਪਹਿਲਾਂ ਮਰਨਾ ਬੇਹਤਰ ਹੈ, ਬੇ-ਸੁਰਿਆਂ ਦੇ ਹੱਥਾਂ ਵਿਚ ਨੇ ਸਾਜ਼ ਫੜ੍ਹੇ। ਹੁਣ ਤਾਂ 'ਲੋਚੀ' ਤੂੰ ਹੀ ਕੋਈ ਗ਼ਜ਼ਲ ਸੁਣਾ, ਵਿਦਵਾਨਾਂ ਦੇ ਸੁਣ ਲਏ ਨੇ ਵਿਖਿਆਨ ਬੜੇ।

ਡਾਲਰਾਂ 'ਚੋਂ ਨਿਕਲਿਆ ਜਾਣਾ ਨਹੀਂ

ਡਾਲਰਾਂ 'ਚੋਂ ਨਿਕਲਿਆ ਜਾਣਾ ਨਹੀਂ। ਹੁਣ ਘਰਾਂ ਨੂੰ ਪਰਤਿਆ ਜਾਣਾ ਨਹੀਂ। ਤੋੜ ਨਾ ਤੂੰ ਸਾਰੇ ਰਿਸ਼ਤੇ ਤੋੜ ਨਾ, ਰੂਹ ਦਾ ਰਿਸ਼ਤਾ ਤੋੜਿਆ ਜਾਣਾ ਨਹੀਂ। ਮਨ ਦੇ ਅੰਦਰ ਖ਼ਲਬਲੀ ਤੇ ਸ਼ੋਰ ਹੈ, ਗੀਤ ਕੋਈ ਛੇੜਿਆ ਜਾਣਾ ਨਹੀਂ। ਦਿਲ 'ਚ ਏਨੀ ਮੈਲ਼ ਹੈ ਤੇ ਖੋਟ ਹੈ, ਦੋਸਤੋ ਇਹ ਰਿੜਕਿਆ ਜਾਣਾ ਨਹੀਂ। ਹੈ ਅਜਬ 'ਲੋਚੀ' ਮੁਹੱਬਤ ਦੀ ਕਥਾ, ਲਫ਼ਜ਼ ਇਕ ਵੀ ਸਮਝਿਆ ਜਾਣਾ ਨਹੀਂ।

ਹਵਾ ਇਹ ਸ਼ਹਿਰ ਵਿਚ ਕੈਸੀ ਵਗੀ ਹੈ

ਹਵਾ ਇਹ ਸ਼ਹਿਰ ਵਿਚ ਕੈਸੀ ਵਗੀ ਹੈ? ਕਿ ਹੁਣ ਤਾਂ ਖਿੜ੍ਹਨ ਤੋਂ ਡਰਦੀ ਕਲੀ ਹੈ। ਗ਼ਜ਼ਲ ਕਿਸਨੇ ਹੈ ਮੇਰੀ ਗੁਣਗੁਣਾਈ, ਚੁਫ਼ੇਰੇ ਰੌਸ਼ਨੀ ਹੀ ਰੌਸ਼ਨੀ ਹੈ। ਹਨੇਰਾ ਕੰਬਦਾ ਫਿਰਦਾ ਹੈ ਦੇਖੋ, ਕਿਸੇ ਬੱਚੇ ਦੇ ਹੱਥ ਵਿਚ ਫੁਲਝੜੀ ਹੈ। ਨਚਾਵੇ ਮੁਲਕ ਨੂੰ ਜਿੱਦਾਂ ਇਹ ਚਾਹੇ, ਸਿਆਸਤਦਾਨ ਦੇ ਹੱਥ ਡੁਗਡੁਗੀ ਹੈ। ਤੂੰ ਕੈਸੇ ਸ਼ਹਿਰ ਦਾ 'ਲੋਚੀ' ਹੈ ਵਾਸੀ? ਕਿ ਜਿੱਥੇ ਜ਼ਿੰਦਗੀ ਵੀ ਸਹਿਕਦੀ ਹੈ।

ਲਿਸ਼ਕ ਰਿਹਾ ਬਾਜ਼ਾਰ-ਪਿਆਰੇ

ਲਿਸ਼ਕ ਰਿਹਾ ਬਾਜ਼ਾਰ-ਪਿਆਰੇ। ਰੀਝਾਂ ਗਈਆਂ ਹਾਰ-ਪਿਆਰੇ। ਅੱਖੀਆਂ ਦੇ ਵਿਚ ਪਾਣੀ ਆਉਂਦਾ, ਜਦ ਆਉਂਦਾ ਅਖ਼ਬਾਰ-ਪਿਆਰੇ। ਹਬਦਾਂ ਤੋਂ ਇੰਝ ਓਹਲਾ ਕਰਕੇ, ਕੀ ਖੱਟੇਂਗਾ ਯਾਰ-ਪਿਆਰੇ। ਸਿਰਫ਼ ਕਸੀਦੇ ਸੁਣਨਾ ਚਾਹੇਂ, ਇਹ ਤੇਰਾ ਦਰਬਾਰ-ਪਿਆਰੇ। ਸਭ ਕੁਝ ਲੈ ਜਾ, ਦੇ ਜਾ ਮੈਨੂੰ, ਹਬਦਾਂ ਦਾ ਸੰਸਾਰ-ਪਿਆਰੇ। ਗ਼ਜ਼ਲਾਂ ਲਿਖ-ਲਿਖ ਰੱਖੀ ਜਾਵਾਂ, ਫਿਰ ਵੀ ਰੂਹ 'ਤੇ ਭਾਰ-ਪਿਆਰੇ। ਉੱਤੋਂ 'ਲੋਚੀ' ਲਿਸ਼ਕ ਰਿਹਾ ਏ, ਪਰ ਅੰਦਰ ਅੰਧਕਾਰ-ਪਿਆਰੇ।

ਤੇਰਾ ਮੇਰਾ ਰਾਬਤਾ ਬਣਿਆ ਰਹੇ

ਤੇਰਾ ਮੇਰਾ ਰਾਬਤਾ ਬਣਿਆ ਰਹੇ। ਧੜਕਣਾਂ ਦਾ ਸਿਲਸਿਲਾ ਬਣਿਆ ਰਹੇ। ਸ਼ਬਦ ਸੁਰ ਸੰਗੀਤ ਮੰਗੇ ਜ਼ਿੰਦਗੀ, ਜੀਣ ਦਾ ਕੁਝ ਆਸਰਾ ਬਣਿਆ ਰਹੇ। ਬੰਗਲੇ ਥੋਨੂੰ ਮੁਬਾਰਕ ਸੋਹਣਿਓ ਘਰ ਮੇਰਾ ਨਿੱਕਾ ਜਿਹਾ ਬਣਿਆ ਰਹੇ। ਬਹੁਤ ਭਟਕੇ ਹਾਂ ਮੁਸਾਫ਼ਰ ਵਾਂਗਰਾਂ, ਸ਼ਾਮ ਨੂੰ ਘਰ ਪਰਤਣਾ ਬਣਿਆ ਰਹੇ। ਭੀੜ ਵਿਚ ਗੁੰਮ ਜਾਏ ਨਾ 'ਲੋਚੀ' ਕਿਤੇ, ਦਿਲ 'ਚ ਏਹੋ ਤੌਖਲਾ ਬਣਿਆ ਰਹੇ।

ਲਿਸ਼ਕਦੇ ਥਾਂ-ਥਾਂ 'ਤੇ ਖੰਜਰ ਬਹੁਤ ਨੇ

ਲਿਸ਼ਕਦੇ ਥਾਂ-ਥਾਂ 'ਤੇ ਖੰਜਰ ਬਹੁਤ ਨੇ। ਸ਼ਹਿਰ ਵਿਚ ਏਦਾਂ ਦੇ ਮੰਜ਼ਰ ਬਹੁਤ ਨੇ। ਓਸ ਨੂੰ ਬੁਜ਼ਦਿਲ ਕਹਾਂ ਤਾਂ ਕਿਸ ਤਰ੍ਹਾਂ, ਖ਼ੌਫ਼ ਤਾਂ ਮੇਰੇ ਵੀ ਅੰਦਰ ਬਹੁਤ ਨੇ। ਇਕ ਅੰਬਰ ਖੋਹਣ ਵਾਲੇ ਸੋਚ ਲੈ, ਉੱਡਣੇ ਪੰਛੀ ਨੂੰ ਅੰਬਰ ਬਹੁਤ ਨੇ। ਤੇਰਿਆਂ ਨੈਣਾਂ ਤੋਂ ਡੂੰਘਾ ਹੋਰ ਨਾ, ਧਰਤ 'ਤੇ ਓਦਾਂ ਸਮੰਦਰ ਬਹੁਤ ਨੇ। ਤੂੰ ਕਦੇ 'ਲੋਚੀ' ਰਲੀ ਨਾ ਭੀੜ ਵਿਚ, ਤੇਜ਼ ਗੱਡੀ ਦੇ ਮੁਸਾਫ਼ਰ ਬਹੁਤ ਨੇ।

ਮੁਹੱਬਤ ਹੀ ਦਿਲਾਂ 'ਚੋਂ ਗੁੰਮਸ਼ੁਦਾ ਹੈ

ਮੁਹੱਬਤ ਹੀ ਦਿਲਾਂ 'ਚੋਂ ਗੁੰਮਸ਼ੁਦਾ ਹੈ। ਕੀ ਏਥੇ ਜੀਣ ਨੂੰ ਹੁਣ ਰਹਿ ਗਿਆ ਹੈ। ਚਲੋ ਇਨਸਾਫ਼ ਦੀ ਅਰਥੀ ਨੂੰ ਚੁੱਕੋ, ਅਦਾਲਤ ਨੇ ਸੁਣਾਇਆ ਫ਼ੈਸਲਾ ਹੈ। ਜ਼ਰਾ ਵਹਿੰਦੀ ਨਦੀ ਨੂੰ ਦੱਸ ਦੇਵੀਂ, ਸਮੁੰਦਰ ਕਿੰਨੇ ਦਰਿਆ ਪੀ ਗਿਆ ਹੈ? ਸੰਭਾਲਣ ਸ਼ਬਦ ਹੀ ਮੈਨੂੰ ਹਮੇਸ਼ਾ, ਇਨ੍ਹਾਂ ਦਾ ਰੱਬ ਜਿੱਡਾ ਆਸਰਾ ਹੈ। ਗੁਲਾਬੀ ਫੁੱਲ ਜਿੱਥੇ ਖਿੜ ਰਹੇ ਨੇ, ਮੁਹੱਬਤ ਦਾ ਹੀ ਏਥੇ ਮਕਬਰਾ ਹੈ। ਮੈਂ ਤੇਰੇ ਤੀਕ ਪੁੱਜਾਂ ਸਾਂਭ ਲੈ ਤੂੰ, ਸਫ਼ਰ ਅਗਲੇ ਦਾ ਮੈਨੂੰ ਕੀ ਪਤਾ ਹੈ? ਮੈਂ ਤੈਨੂੰ ਸੁਣਦਿਆਂ ਐਸਾ ਗੁਆਚਾ, ਕਹੀ ਤੂੰ ਫੇਰ ਮੈਨੂੰ, ਕੀ ਕਿਹਾ ਹੈ। ਕਿਸੇ ਦੀ ਪੀੜ ਨਾ ਖੁਸ਼ੀਆਂ 'ਚ ਸ਼ਾਮਿਲ, ਇਹ 'ਲੋਚੀ' ਤਾਂ ਕਲੰਦਰ ਜਾਪਦਾ ਹੈ।

ਦਿੱਲੀ ਦਾ ਦਰਬਾਰ ਓ ਲੋਕਾ

ਦਿੱਲੀ ਦਾ ਦਰਬਾਰ ਓ ਲੋਕਾ। ਰੂਹ 'ਤੇ ਬਣਿਆ ਭਾਰ ਓ ਲੋਕਾ। ਚੀਕ ਚਿਹਾੜਾ ਰੌਲਾ ਰੱਪਾ, ਗੁੰਮ ਸੁੰਮ ਪਈ ਸਿਤਾਰ ਓ ਲੋਕਾ। ਕੈਸਾ ਦੌਰ ਤਰੱਕੀ ਦਾ ਹੈ? ਲਹੂ 'ਚ ਪਈ ਦਰਾਰ ਓ ਲੋਕਾ। ਰੱਤ ਵਗੇ ਹਰ ਅੱਖਰ ਵਿਚੋਂ, ਕੀ ਪੜ੍ਹੀਏ ਅਖ਼ਬਾਰ ਓ ਲੋਕਾ? ਮੋਈਆਂ ਰੀਝਾਂ, ਟੁੱਟੇ ਸੁਪਨੇ, ਦਿਲ 'ਤੇ ਕਿੰਨਾ ਭਾਰ ਓ ਲੋਕਾ? ਚੱਲਣੀ ਨਹੀਉਂ ਲੁਕਣ ਮਿਚਾਈ, ਇਹ ਰੂਹ ਦਾ ਦਰਬਾਰ ਓ ਲੋਕਾ। ਗੁੰਮਸੁੰਮ 'ਲੋਚੀ' ਵਰਗੇ ਹੋਏ, ਦੇਖ ਤੇਰੀ ਰਫ਼ਤਾਰ ਵੇ ਲੋਕਾ।

ਬੰਦ ਰੱਖਣ ਦਿਲ ਦੇ ਬੂਹੇ ਬਾਰੀਆਂ

ਬੰਦ ਰੱਖਣ ਦਿਲ ਦੇ ਬੂਹੇ ਬਾਰੀਆਂ। ਸ਼ਹਿਰ ਦੇ ਲੋਕਾਂ ਦੀਆਂ ਕੀ ਯਾਰੀਆਂ? ਮਿਲਿਆ ਨਾ ਇਕ ਵੀ ਸਬੂਤਾ ਆਦਮੀ, ਕੋਸ਼ਿਸ਼ਾਂ ਬੇਕਾਰ ਗਈਆਂ ਸਾਰੀਆਂ। ਹੁਣ ਕਰੋ ਕੁਝ ਤਰਸ ਬੁੱਧੀਜੀਵੀਓ, ਉਫ਼! ਇਹ ਬੋਝਲ ਸ਼ਬਦ, ਗੱਲਾਂ ਭਾਰੀਆਂ। ਹੁਣ ਮੇਰਾ ਅੰਬਰ ਤੂੰ ਮੈਨੂੰ ਮੋੜ ਦੇ, ਨਾ ਮਸਲ ਰੀਝਾਂ ਇਹ ਉੱਡਣਹਾਰੀਆਂ। ਮੈਂ ਪਿਆਸੇ ਦਾ ਪਿਆਸਾ ਹੀ ਰਿਹਾ, ਸਾਰੀਆਂ ਝੀਲਾਂ ਹੀ ਮਿਲੀਆਂ ਖਾਰੀਆਂ। ਫ਼ਲ, ਫੁੱਲ, ਛਾਵਾਂ ਨੂੰ ਛਾਂਗਣ ਵਾਲਿਆ, ਬਿਰਖ਼ ਦੇ ਸਿਰ ਬਹੁਤ ਜ਼ਿੰਮੇਵਾਰੀਆਂ। eਰ ਗਿਆ ਨਾ ਬਿਰਖ਼ ਨੂੰ ਸਮਝੀਂ ਕਦੇ, ਬਹੁਤ ਵਾਰੀ ਦੇਖੀਆਂ ਇਸ ਆਰੀਆਂ। ਨਾਮ ਤੇਰੇ ਕਰਕੇ 'ਲੋਚੀ' ਚੱਲਿਐ, ਸਾਰੀਆਂ ਨਜ਼ਮਾਂ ਤੇ ਗ਼ਜ਼ਲਾਂ ਪਿਆਰੀਆਂ।

ਹੱਥਾਂ ਦੇ ਵਿਚ ਡਿਗਰੀਆਂ

ਹੱਥਾਂ ਦੇ ਵਿਚ ਡਿਗਰੀਆਂ, ਫਿਰਦੇ ਬੇ-ਰੁਜ਼ਗਾਰ। ਮੁਲਕ ਤਰੱਕੀ ਕਰ ਰਿਹੈ, ਨਿੱਤ ਕਹਿੰਦੀ ਸਰਕਾਰ। ਹਾਲੇ ਵੀ ਦਿਲ ਤੜਪਦਾ, ਮਿਲਿਆ ਨਹੀਂ ਕਰਾਰ। ਸਿਵਿਆਂ ਵਾਲੀ ਰਾਖ਼ ਵੀ, ਹੋ ਗਈ ਠੰਡੀ ਠਾਰ। ਗਿਆਨ ਦੀ ਅੰਨ੍ਹੀ ਦੌੜ ਵਿਚ, ਹੋਏ ਬਹੁਤ ਖ਼ੁਆਰ। ਅੰਦਰ ਵੀ ਨਈਂ ਰੌਸ਼ਨੀ, ਬਾਹਰ ਵੀ ਅੰਧਕਾਰ। ਕਿੱਥੋਂ ਕਲਯੁਗ ਆ ਗਿਆ, ਰਿਸ਼ਤੇ ਤਾਰੋ-ਤਾਰ। ਬੇਬੇ-ਬਾਪੂ ਸੋਚਦੇ, ਚੱਲੀਏ ਹਰੀਦੁਆਰ। ਥਿੜਕਣ ਕੰਧਾਂ ਘਰ ਦੀਆਂ, ਨੱਚਦਾ ਵੇਖ ਬਾਜ਼ਾਰ। ਨਿੱਕੀ ਜੇਬ ਉਦਾਸ ਹੈ, ਬੱਚੇ ਨੇ ਬੇ-ਜ਼ਾਰ। 'ਲੋਚੀ' ਤੇਰੇ ਸ਼ਹਿਰ ਦੇ, ਕੈਸੇ ਵਣਜ ਵਪਾਰ, ਲੋਕੀਂ ਰਾਤੀਂ ਜਾਗਦੇ, ਸੌਂਦੇ ਪਹਿਰੇਦਾਰ।

ਦੀਵੇ ਬਲਦੇ ਰਹਿਣ ਗਿਰਾਂ ਦੇ

ਦੀਵੇ ਬਲਦੇ ਰਹਿਣ ਗਿਰਾਂ ਦੇ। ਹਾਸੇ ਫਲਦੇ ਰਹਿਣ ਗਿਰਾਂ ਦੇ। ਸੱਤੇ ਖ਼ੈਰਾਂ ਮੰਗਦਾ ਰਹਿਨਾਂ, ਚੁੱਲ੍ਹੇ ਬਲਦੇ ਰਹਿਣ ਗਿਰਾਂ ਦੇ। ਨਾਲ ਦਾਣਿਆਂ ਭਰਨ ਭੜੋਲੇ, ਹਲਟ ਇਹ ਚੱਲਦੇ ਰਹਿਣ ਗਿਰਾਂ ਦੇ। ਸੱਥ ਸੁਣਾਵੇ ਨੇਕ ਫ਼ੈਸਲੇ, ਹੁਕਮ ਇਹ ਚੱਲਦੇ ਰਹਿਣ ਗਿਰਾਂ ਦੇ। ਮੰਗ ਦੁਆ ਤੂੰ ਏਹੋ 'ਲੋਚੀ', ਸੁਪਨੇ ਫਲਦੇ ਰਹਿਣ ਗਿਰਾਂ ਦੇ।

ਸਾਡੇ ਉੱਤੇ ਹੋਇਆ ਇਹ ਕੀ ਕਹਿਰ ਮੀਆਂ

ਸਾਡੇ ਉੱਤੇ ਹੋਇਆ ਇਹ ਕੀ ਕਹਿਰ ਮੀਆਂ। ਵਧੀ ਅਚਾਨਕ ਦਿਲ ਦੇ ਅੰਦਰ ਜ਼ਹਿਰ ਮੀਆਂ। ਹਰ ਬੰਦੇ ਦੇ ਬੋਲਾਂ ਵਿਚ ਚੰਗਿਆੜੇ ਨੇ, ਇਕ ਦਿਨ ਹੋਜੂ ਰਾਖ਼ ਵਸਦਾ ਸ਼ਹਿਰ ਮੀਆਂ। ਰਾਤੀ ਉੱਠ ਕੇ ਹੌਕੇ ਭਰਦਾ ਕੌਣ ਰਿਹਾ, ਹਾਲੇ ਤੀਕਣ ਅੰਬਰ ਕਾਲੀ ਗਹਿਰ ਮੀਆਂ। ਕਿੱਥੋਂ ਲੱਭੀਏ ਕੰਜਕਾਂ ਨੂੰ ਹੁਣ ਬੋਲ ਜ਼ਰਾ, ਕੁੱਖਾਂ, ਕਬਰਾਂ ਬਣੀਆਂ ਤੇਰੇ ਸ਼ਹਿਰ ਮੀਆਂ। ਗ਼ਜ਼ਲ ਸੁਣਾਂਗੇ ਅੱਜ 'ਲੋਚੀ' ਤੋਂ ਸ਼ਾਮ ਢਲੇ, ਇਕ ਦਿਹਾੜੀ ਸਾਡੇ ਕੋਲ ਤਾਂ ਠਹਿਰ ਮੀਆਂ।

ਤਾਂ ਹੀ ਤਾਂ ਉੱਥੇ ਉਜਿਆਰਾ ਰਹਿੰਦਾ ਏ

ਤਾਂ ਹੀ ਤਾਂ ਉੱਥੇ ਉਜਿਆਰਾ ਰਹਿੰਦਾ ਏ। ਜਿੱਥੇ ਕੋਈ ਸ਼ਖ਼ਸ ਪਿਆਰਾ ਰਹਿੰਦਾ ਏ। ਕੋਈ ਸੁਪਨਾ ਜੁੜਦਾ ਕੋਈ ਟੁੱਟ ਜਾਂਦਾ, ਨੀਂਦਰ ਵਿਚ ਵੀ ਪਿਆ ਖਲ੍ਹਾਰਾ ਰਹਿੰਦਾ ਏ। ਮਿੱਠੀਆਂ ਨਦੀਆਂ ਇਸ ਵਿਚ ਡਿੱਗਣ, ਪਰ ਫਿਰ ਵੀ, ਸਾਗਰ ਕਿਉਂ ਖ਼ਾਰੇ ਦਾ ਖ਼ਾਰਾ ਰਹਿੰਦਾ ਏ। ਉਜਲੇ ਬੋਲ ਜੋ ਬੋਲੇ ਲੱਗਦੈ ਉਸ ਅੰਦਰ, ਜਾਂ ਜੁਗਨੂੰ ਜੰ ਕੋਈ ਤਾਰਾ ਰਹਿੰਦਾ ਏ। ਗੀਤ, ਗ਼ਜ਼ਲ, ਕਵਿਤਾਵਾਂ ਮੇਰੀ ਸ਼ਕਤੀ ਨੇ, ਹਰ ਸੰਕਟ ਵਿਚ ਸ਼ਬਦ ਸਹਾਰਾ ਰਹਿੰਦਾ ਏ। ਉੱਥੇ 'ਲੋਚੀ' ਘਾਟਾ ਕੀ ਖੁਸ਼ਬੋਈਆਂ ਦਾ, ਜਿੱਥੇ ਤੇਰਾ ਮੀਤ ਪਿਆਰਾ ਰਹਿੰਦਾ ਏ।

ਤੇਰੇ ਘਰ ਵਿਚ ਤਾਂ ਹੀ ਰੌਣਕ ਦਿਸੀ ਨਹੀਂ

ਤੇਰੇ ਘਰ ਵਿਚ ਤਾਂ ਹੀ ਰੌਣਕ ਦਿਸੀ ਨਹੀਂ। ਤੇਰੇ ਘਰ ਦੇ ਵਿਹੜੇ ਇੱਕ ਵੀ ਚਿੜੀ ਨਹੀਂ। ਦੇ ਨਾ ਲਾਲਚ ਮੈਨੂੰ ਕੁਝ ਕੁ ਸਿੱਕਿਆਂ ਦਾ, ਮੈਂ ਦਰਬਾਰੀ ਕਵੀਆਂ ਵਰਗਾ ਕਵੀ ਨਹੀਂ। ਦੁਨੀਆਂ ਭਰ ਦੀਆਂ ਖ਼ਬਰਾਂ ਜੇਬ 'ਚ ਰੱਖਦੇ ਹਾਂ, ਅਪਣੀ ਹੀ ਪਰ ਖ਼ਬਰ ਕਿਤੋਂ ਵੀ ਮਿਲੀ ਨਹੀਂ। ਘੜੀਆਂ ਦੇ ਵੱਲ ਦੇਖ-ਦੇਖ ਕੇ ਲੋਕ ਤੁਰੇ, ਅੱਧੀ ਲੋਥ ਵੀ ਸਿਵੇ 'ਚ ਹਾਲੇ ਸੜੀ ਨਹੀਂ। ਤਾਂ ਹੀ 'ਲੋਚੀ' ਜਨਮ-ਜਨਮ ਤੋਂ ਪਿਆਸਾ ਏਂ, ਤੇਰੇ ਰਾਹ ਵਿਚ ਵਗਦੀ ਇੱਕ ਵੀ ਨਦੀ ਨਹੀਂ।

ਹਵਾਵਾਂ ਨਾਲ ਪਾ ਕੇ ਦੋਸਤਾਨਾ

ਹਵਾਵਾਂ ਨਾਲ ਪਾ ਕੇ ਦੋਸਤਾਨਾ। ਥਕਾਵਟ ਦਾ ਨਾ ਹੁਣ ਤੂੰ ਕਰ ਬਹਾਨਾ। ਤੁਹਾਨੂੰ ਮਾਣ ਹੀਰੇ ਮੋਤੀਆਂ ਦਾ, ਅਸਾਡੇ ਕੋਲ ਸ਼ਬਦਾਂ ਦਾ ਖ਼ਜ਼ਾਨਾ। ਇਹ ਠੰਢੇ ਚੁੱਲਿਆਂ ਦੀ ਹਾਜ਼ਰੀ ਵਿਚ, ਕਿਵੇਂ ਗਾਵਾਂ ਭਲਾ ਕੌਮੀ ਤਰਾਨਾ? ਘਰਾਂ ਵਿਚ ਪੁਸਤਕਾਂ ਰੱਖਦੇ ਨਹੀਂ ਜੋ, ਉਨ੍ਹਾਂ ਦੇ ਪੇਸ਼ ਹੀ ਪੈਂਦਾ ਵੀਰਾਨਾ। ਤੂੰ ਸੌਂਪੇ ਕਾਗਜ਼ਾਂ ਨੂੰ ਦਰਦ 'ਲੋਚੀ', ਅਸਾਨੂੰ ਸਮਝਦਾ ਏਂ ਕਿਉਂ ਬੇਗਾਨਾ?

ਨਵੀਂ ਤਹਿਜ਼ੀਬ ਤੋਂ ਮਨ ਡਰ ਰਿਹਾ ਹੈ

ਨਵੀਂ ਤਹਿਜ਼ੀਬ ਤੋਂ ਮਨ ਡਰ ਰਿਹਾ ਹੈ! ਇਹ ਬੰਦਾ ਪੈਰ ਕਿੱਥੇ ਧਰ ਰਿਹਾ ਹੈ। ਅਸੀਂ ਜਿਸਨੂੰ ਮਿਲੇ ਸਾਂ ਫੁੱਲ ਬਣ ਕੇ, ਉਹੀ ਰਾਹਾਂ 'ਚ ਕੰਡੇ ਧਰ ਰਿਹਾ ਹੈ। ਜੋ ਉੱਤੋਂ ਜਾਪਦਾ ਸਾਲਮ ਸਬੂਤਾ, ਇਹ ਬੰਦਾ ਅੰਦਰੋਂ ਤਾਂ ਖਰ ਰਿਹਾ ਹੈ। ਹਨ੍ਹੇਰੀ ਰਾਤ ਵਿਚ ਕਮਜ਼ੋਰ ਬੰਦਾ, ਵਿਚਾਰਾ ਅਕਸ ਤੋਂ ਹੀ ਡਰ ਰਿਹਾ ਹੈ। ਅਜੇ ਵੀ ਬੇਖ਼ਬਰ ਹੈ ਇਸ ਤੋਂ 'ਲੋਚੀ', ਕਿ ਉਸਦਾ ਖ਼ਾਬ ਕਿੱਥੇ ਮਰ ਰਿਹਾ ਹੈ।

ਪੈਣਗੀਆਂ ਹੁਣ ਪੀਂਘਾਂ ਕਿੱਥੇ?

ਪੈਣਗੀਆਂ ਹੁਣ ਪੀਂਘਾਂ ਕਿੱਥੇ? ਕਿੰਜ ਵੱਜੂ ਕਿਲਕਾਰੀ। ਵੱਡੇ-ਵੱਡੇ ਮਾਲ ਪਲਾਜ਼ੇ, ਖਾ ਗਏ ਧਰਤੀ ਸਾਰੀ। ਮੰਨਿਆ ਤੇਰਾ ਤਖ਼ਤ ਹੈ ਉੱਚਾ, ਉੱਚੀ ਹੈ ਅਸਵਾਰੀ, ਮਨ ਦੀ ਮੈਲ਼ ਮਿਟਾ ਨਾ ਹੋਈ, ਕੀ ਤੇਰੀ ਸਰਦਾਰੀ। ਉੱਡ ਨੀ ਚਿੜੀਏ ਬਹਿ ਜਾ ਕਿਧਰੇ, ਛੱਡ ਚੋਗੇ ਦੀ ਯਾਰੀ, ਨੇੜੇ-ਤੇੜੇ ਬੈਠਾ ਕਿਧਰੇ, ਲਾ ਕੇ ਜਾਲ ਸ਼ਿਕਾਰੀ। ਜਦੋਂ ਕਦੇ ਮੈਂ ਪਿੱਤਰਾਂ ਵਾਲਾ, ਕਿੱਸਾ ਛੋਹਾਂ, ਰੋਵਾਂ, ਬੱਚੇ ਆਖਣ ਛੱਡੋ ਪਾਪਾ, ਕੀ ਮੋਇਆਂ ਦੀ ਯਾਰੀ। ਦਰਦ ਲੁਕਾ ਲੈ, ਪੂੰਝ ਲੈ ਅੱਥਰੂ, ਜੇ ਤੂੰ 'ਲੋਚੀ' ਜੀਣਾ, ਰੋਂਦਿਆਂ ਕੋਲੋਂ ਹੱਸ ਕੇ ਲੰਘੇ, ਏਥੇ ਦੁਨੀਆਂ ਸਾਰੀ।

ਮੁਹੱਬਤ ਦਾ ਕਿਤੇ ਦਿਸਦਾ ਨਾ ਸਾਇਆ

ਮੁਹੱਬਤ ਦਾ ਕਿਤੇ ਦਿਸਦਾ ਨਾ ਸਾਇਆ। ਤੂੰ ਕੈਸੇ ਸ਼ਹਿਰ ਅੰਦਰ ਘਰ ਬਣਾਇਆ। ਤੁਰੇਗਾ ਕੌਣ ਦੱਸੀਂ ਨਾਲ ਤੇਰੇ? ਤੇਰੇ ਤਾਂ ਨਾਲ ਨਾ ਤੇਰਾ ਹੀ ਸਾਇਆ। ਮੇਰੀ ਪਰਵਾਜ਼ 'ਤੇ ਇਤਰਾਜ਼ ਉਸਨੂੰ, ਕਿ ਜਿਸਨੂੰ ਉੱਡਣਾ ਸੀ ਮੈਂ ਸਿਖਾਇਆ। ਉਹਨੂੰ ਚੰਨ ਚਾਨਣੀ ਵਿਚ ਸੌਣ ਦੇਵੋ, ਬੜਾ ਧੁੱਪਾਂ ਨੇ ਉਸਨੂੰ ਹੈ ਤਪਾਇਆ। ਤੂੰ ਸਾਰੇ ਭੇਤ 'ਲੋਚੀ' ਖੋਲ ਦੇਵੇਂ, ਨਾ ਤੈਨੂੰ ਜੀਣ ਦਾ ਅੰਦਾਜ਼ ਆਇਆ।

ਮਹਿਕ ਵਰਗੇ ਬੋਲ ਝੋਲੀ ਪਾ ਦਵੀਂ

ਮਹਿਕ ਵਰਗੇ ਬੋਲ ਝੋਲੀ ਪਾ ਦਵੀਂ। ਸ਼ਬਦਕੋਸ਼ਾਂ ਵਿਚ ਨਾ ਉਲਝਾ ਦਵੀਂ। ਤੇਰੇ ਸਾਰੇ ਜ਼ਹਿਰ ਧੋਤੇ ਜਾਣਗੇ, ਬਿਰਖ਼ ਇੱਕੋ ਹੀ ਤੂੰ ਕਿਧਰੇ ਲਾ ਦਵੀਂ। ਸ਼ਹਿਰ ਵੱਡਾ ਕੌਣ ਕਿਸਨੂੰ ਜਾਣਦਾ? ਬੂਹੇ 'ਤੇ ਤਖ਼ਤੀ ਜ਼ਰਾ ਲਟਕਾ ਦਵੀਂ। ਫੁੱਲ ਸੁੱਕੀ ਸ਼ਾਖ 'ਤੇ ਆ ਜਾਣਗੇ, ਓਸ ਵੇਲੇ ਦੇਖ ਕੇ ਮੁਸਕਾ ਦਵੀਂ। ਸ਼ਹਿਰ ਦਾ ਵਾਸੀ ਜੇ 'ਲੋਚੀ' ਹੋ ਗਿਐਂ, ਅਪਣਾ ਭੋਲਾਪਨ ਕਿਤੇ ਦਫ਼ਨਾ ਦਵੀਂ।

ਰੋਸੇ ਭਰੀਆਂ ਗੱਲਾਂ ਨਹੀਉਂ ਕਰੀ ਦੀਆਂ

ਰੋਸੇ ਭਰੀਆਂ ਗੱਲਾਂ ਨਹੀਉਂ ਕਰੀ ਦੀਆਂ। ਪਲ-ਪਲ ਭੱਜੀਆਂ ਜਾਂਦੀਆਂ ਸੂਈਆਂ ਘੜੀ ਦੀਆਂ। ਬਹੁਤ ਕੀਮਤੀ ਹੁੰਦੇ ਮੋਤੀ ਨੈਣਾਂ ਦੇ, ਘੜੀ-ਮੁੜੀ ਨਹੀਂ ਅੱਖਾਂ ਐਵੇਂ ਭਰੀ ਦੀਆਂ। ਫੜਨਾ ਹੈ ਤਾਂ ਸੱਚ ਦਾ ਪੱਲੂ ਫੜ੍ਹਿਆ ਕਰ, ਹਵਾ 'ਚ ਉੱਡਦੀਆਂ ਗੱਲਾਂ ਨਹੀਉਂ ਫੜੀ ਦੀਆਂ। ਅੱਖ਼ਰਾਂ 'ਚੋਂ ਔਕਾਤ ਮੇਰੀ ਪਹਿਚਾਣ ਲਵੀਂ, ਮੱਥੇ ਤੋਂ ਰੇਖਾਵਾਂ ਨਹੀਉਂ ਪੜ੍ਹੀ ਦੀਆਂ। ਇੱਕੋ ਨੁਕਤਾ 'ਲੋਚੀ' ਦੀ ਨਾ ਸਮਝ ਪਵੇ, ਮੋਈਆਂ ਰੀਝਾਂ ਕਿਸ ਬਸਤੇ ਵਿਚ ਧਰੀ ਦੀਆਂ?

ਜਿੰਨ੍ਹਾਂ ਨੂੰ ਦੇਖ ਨ੍ਹੇਰੇ ਝੂਰਦੇ ਨੇ

ਜਿੰਨ੍ਹਾਂ ਨੂੰ ਦੇਖ ਨ੍ਹੇਰੇ ਝੂਰਦੇ ਨੇ। ਕ੍ਰਿਸ਼ਮੇ ਦੋਸਤੋ ਇਹ ਨੂਰ ਦੇ ਨੇ। ਇਨ੍ਹਾਂ ਨੂੰ ਜਾਣ ਦੇ, ਨਾ ਰੋਕ ਐਵੇਂ, ਇਹ ਪਾਣੀ ਤਾਂ ਮੁਸਾਫ਼ਰ ਦੂਰ ਦੇ ਨੇ। ਖ਼ੁਦਾਇਆ ਇਹ ਵੀ ਵੇਲਾ ਦੇਖਣਾ ਸੀ, ਬਜ਼ੁਰਗਾਂ ਨੂੰ ਹੀ ਬੱਚੇ ਘੂਰਦੇ ਨੇ। ਚਿੜੀ ਕੋਈ ਜਦੋਂ ਅਸਮਾਨ ਛੂਹੇ, ਇਹ ਲੋਕੀਂ ਤੜਪਦੇ ਕਿਉਂ ਝੂਰਦੇ ਨੇ? ਮਿਲੇਂ 'ਲੋਚੀ' ਤੂੰ ਅੱਜਕਲ੍ਹ ਇਸ ਤਰ੍ਹਾਂ ਕੁਝ, ਜਿਵੇਂ ਰਿਸ਼ਤੇ ਹੀ ਅਪਣੇ ਦੂਰ ਦੇ ਨੇ।

ਹਉਮੈਂ ਦਾ ਨਾ ਕਿਧਰੇ ਕੋਈ ਖਿਲ੍ਹਾਰਾ

ਹਉਮੈਂ ਦਾ ਨਾ ਕਿਧਰੇ ਕੋਈ ਖਿਲ੍ਹਾਰਾ ਸੀ। ਨਿੱਕਾ ਸੀ ਪਰ ਸ਼ਹਿਰ ਉਹ ਕਿੰਨਾ ਪਿਆਰਾ ਸੀ। ਨਿੱਕੀ-ਨਿੱਕੀ ਗੱਲ 'ਚੋਂ ਖ਼ੁਸ਼ੀਆਂ ਫੜਦੇ ਸੀ, ਮੇਰੇ ਵੱਡਿਆਂ ਦਾ ਵੀ ਸ਼ਾਹੂਕਾਰਾ ਸੀ। ਇਹ ਗ਼ਜ਼ਲਾਂ ਤਾਂ ਟੋਟੇ ਟੁਕੜੇ ਓਸੇ ਦੇ, ਮੇਰੇ ਅੰਦਰੋਂ ਟੁੱਟਿਆ ਜਿਹੜਾ ਤਾਰਾ ਸੀ। ਤੂੰ ਤਾਂ ਐਵੇਂ ਢੇਰੀ ਢਾਹ ਕੇ ਬੈਠ ਗਿਆ, ਤੇਰੇ ਨਾਲੋਂ ਸਭ ਦਾ ਦੁੱਖੜਾ ਭਾਰਾ ਸੀ। ਤੂੰ ਕਿਉਂ 'ਲੋਚੀ' ਦਰਦ ਸੁਣਾਏ ਕੰਧਾਂ ਨੂੰ? ਹੂੰਗਰ ਸੀ ਨਾ ਕਿਧਰੇ ਕੋਈ ਹੁੰਗਾਰਾ ਸੀ।

ਸ਼ੀਸ਼ੇ ਮੂਹਰੇ ਇੰਝ ਖਲੋਣੋਂ ਡਰ ਨਾ ਤੂੰ

ਸ਼ੀਸ਼ੇ ਮੂਹਰੇ ਇੰਝ ਖਲੋਣੋਂ ਡਰ ਨਾ ਤੂੰ। ਖ਼ੁਦ ਤੋਂ ਖ਼ੁਦ ਸ਼ਮਿੰਦਾ ਹੋਣੋ ਡਰ ਨਾ ਤੂੰ। ਮੰਡੀ ਵਿਚ ਗੁਆਚ ਗਿਆ ਜੇ ਸ਼ਹਿਰ ਤੇਰਾ, ਹਰਫ਼ਾਂ ਵਾਲੇ ਹਾਰ ਪਰੋਣੋਂ ਡਰ ਨਾ ਤੂੰ। ਮੇਰੇ ਦਿਲ ਦਰਿਆ ਵਿਚ ਲੱਖਾਂ ਰਾਜ਼ ਦਫ਼ਨ, ਮੇਰੇ ਸੀਨੇ ਲੱਗ ਕੇ ਰੋਣੋ ਡਰ ਨਾ ਤੂੰ। ਨਵੇਂ ਸ਼ਹਿਰ ਵਿਚ ਨਵੀਂ ਕਹਾਣੀ ਫੇਰ ਤੁਰੀ, ਕਿੱਸੇ ਯਾਰ ਪੁਰਾਣੇ ਛੋਹਣੋਂ ਡਰ ਨਾ ਤੂੰ। ਦੂਜੇ ਦੀ ਬਦਖੋਈ 'ਲੋਚੀ' ਕਿਉਂ ਕਰਦੈਂ, ਮਨ ਦਾ ਮੈਲ਼ਾ ਸ਼ੀਸ਼ਾ ਧੋਣੋ ਡਰ ਨਾ ਤੂੰ।

ਬੇ-ਸੁਰਿਆਂ ਦੇ ਸ਼ਹਿਰ ਵਿਚ ਚਾਰ ਚੁਫ਼ੇਰੇ ਸ਼ੋਰ

ਬੇ-ਸੁਰਿਆਂ ਦੇ ਸ਼ਹਿਰ ਵਿਚ ਚਾਰ ਚੁਫ਼ੇਰੇ ਸ਼ੋਰ। ਤਾਂ ਹੀ ਬਹੁਤ ਉਦਾਸ ਹੈ ਮੇਰੇ ਮਨ ਦਾ ਮੋਰ। ਮਾਣ ਮਰਤਬੇ ਮਾਣ ਲੈ ਪਰ ਤੂੰ ਇਹ ਵੀ ਜਾਣ, ਰੁਤਬਾ ਉੱਚਾ ਜੇ ਤੇਰਾ ਤੈਥੋਂ ਉੱਤੇ ਹੋਰ। ਚੋਰੀ ਯਾਰੀ ਕਰਦਿਆਂ ਲੁਕਦਾ ਫਿਰਦਾਂ ਰੋਜ਼। ਮੈਥੋਂ ਮਰਦਾ ਹੀ ਨਹੀਂ ਚੰਦਰੇ ਮਨ ਦਾ ਚੋਰ। ਅੱਜ ਨਾ ਛੱਡੀਂ ਕੱਲ੍ਹ 'ਤੇ ਕੀ ਸਾਹਾਂ ਦਾ ਮਾਣ, ਪਤਾ ਨਹੀਂ ਕਦ ਚੜ੍ਹ ਪਵੇ ਕਾਲੀ ਘਟ ਘਨਘੋਰ। ਅੰਨ੍ਹੀ ਬੋਲੀ ਭੀੜ ਵਿਚ ਤੂੰ ਨਾ ਜਾਈਂ ਗੁਆਚ, ਅਸੀਂ ਤਾਂ 'ਲੋਚੀ' ਦੇਖਣੀ ਤੇਰੀ ਉਹੀਓ ਤੋਰ।

ਅੱਜ ਨਾਨਕ ਕੱਲ੍ਹ ਕਬੀਰ ਮਿਲੇ

ਅੱਜ ਨਾਨਕ ਕੱਲ੍ਹ ਕਬੀਰ ਮਿਲੇ। ਮੇਰੇ ਪਿੰਡ ਨੂੰ ਵੀ ਤਕਦੀਰ ਮਿਲੇ। ਮੇਰੇ ਚਾਵਾਂ ਦੇ ਫੁੱਲ ਛਾਂਗਣ ਲਈ, ਤਲਵਾਰ ਮਿਲੇ ਜਾਂ ਤੀਰ ਮਿਲੇ। ਮੱਥੇ 'ਚੋਂ ਜ਼ਹਿਰ ਜੋ ਚੂਸ ਲਵੇ, ਕੋਈ ਐਸਾ ਸੰਤ ਫ਼ਕੀਰ ਮਿਲੇ। ਹੁਣ ਪਿਆਰ-ਵਪਾਰ 'ਚ ਅੰਤਰ ਨਾ, ਦੱਸ ਕਿਹੜਾ ਨਦੀਆਂ ਚੀਰ ਮਿਲੇ? ਤੇਰਾ ਮਿਲਣਾ 'ਲੋਚੀ' ਇੰਜ ਮਿਲਣਾ, ਜਿਉਂ ਮਾਰੂਥਲ ਨੂੰ ਨੀਰ ਮਿਲੇ।

ਫਰੇਬੀ ਮੌਸਮਾਂ ਦੀ ਚਾਲ ਦੇਖੋ

ਫਰੇਬੀ ਮੌਸਮਾਂ ਦੀ ਚਾਲ ਦੇਖੋ। ਕੋਈ ਵੀ ਨਾ ਕਿਸੇ ਦੇ ਨਾਲ ਦੇਖੋ। ਇਹ ਧਰਤੀ ਰਹਿਣ ਦੇ ਕਾਬਲ ਨਾ ਰਹਿਣੀ, ਮੁਹੱਬਤ ਜੇ ਰਹੀ ਨਾ ਨਾਲ ਦੇਖੋ। ਇਹ ਦੁਨੀਆਂ ਫਿਰ ਵੀ ਨੱਚੀ ਜਾ ਰਹੀ ਹੈ, ਨਾ ਕਿਧਰੇ ਲਚਕ ਨਾ ਸੁਰ-ਤਾਲ ਦੇਖੋ। ਹੈ ਬਣਿਆ ਕਾਲ ਇਹ ਅੰਨਦਾਤਿਆਂ ਲਈ, ਜੋ ਬੁਣਿਆ ਕਰਜ਼ਿਆਂ ਨੇ ਜਾਲ ਦੇਖੋ। ਹਨੇਰੀ ਰਾਤ 'ਲੋਚੀ' ਫਿਰ ਕੀ ਹੋਇਆ, ਮਸ਼ਾਲਾਂ-ਦਰ-ਮਸ਼ਾਲਾਂ ਬਾਲ ਦੇਖੋ।

ਡਾਢਿਆਂ ਦੇ ਦਰਬਾਰ ਤੋਂ ਡਰਨਾ

ਡਾਢਿਆਂ ਦੇ ਦਰਬਾਰ ਤੋਂ ਡਰਨਾ। ਉੱਠ ਕਵੀਆ ਹੁਣ ਇਉਂ ਨਹੀਂ ਸਰਨਾ। ਕਿੰਨ੍ਹਾ ਹੈ ਅੰਧਕਾਰ ਚੁਫ਼ੇਰੇ? ਹਰ ਥਾਂ ਦੀਵਾ ਪੈਣਾ ਧਰਨਾ। ਐਵੇਂ ਹਉਮੈਂ ਚੁੱਕੀ ਫਿਰੀਏ? ਇਕ ਦੂਜੇ ਬਿਨ ਕਿੱਥੇ ਸਰਨਾ? ਜਿੱਥੇ ਬੰਦੇ ਕਬਰਾਂ ਵਰਗੇ, ਉਸ ਧਰਤੀ ਨੂੰ ਸਮਝੋ ਘਰ ਨਾ। ਤੂੰ ਕਿਉਂ 'ਲੋਚੀ' ਦੌੜ ਗਿਆ ਏਂ? ਹੁਣ ਹਰਜਾਨਾ ਪੈਣਾ ਭਰਨਾ।

ਸ਼ਬਦਾਂ ਦਾ ਵਰਦਾਨ ਮਿਲੇ ਅਰਦਾਸ ਕਰੀਂ

ਸ਼ਬਦਾਂ ਦਾ ਵਰਦਾਨ ਮਿਲੇ ਅਰਦਾਸ ਕਰੀਂ। ਮਰਦੀ ਰੂਹ ਨੂੰ ਜਾਨ ਮਿਲੇ ਅਰਦਾਸ ਕਰੀਂ। ਚਿੜੀਆਂ ਚਹਿਕਣ ਜੀਕੂੰ ਨੀਲੇ ਅੰਬਰ ਵਿਚ, ਧੀਆਂ ਨੂੰ ਸਨਮਾਨ ਮਿਲੇ ਅਰਦਾਸ ਕਰੀਂ। ਦੂਰ ਦੇਸ-ਪ੍ਰਦੇਸ ਗੁਆਚੇ ਫਿਰਦੇ ਨੂੰ, ਅਪਣੀ ਮਾਤ-ਜ਼ੁਬਾਨ ਮਿਲੇ ਅਰਦਾਸ ਕਰੀਂ। ਵੇਦ, ਕਤੇਬ, ਗ੍ਰੰਥਾਂ ਵਿਚ ਨਾ ਮਰ ਜਾਵੇ, ਲੋਕਾਂ ਨੂੰ ਇਹ ਗਿਆਨ ਮਿਲੇ ਅਰਦਾਸ ਕਰੀਂ। ਕੂੜ ਦੁਕਾਨਾਂ ਦੇ ਵੱਲ ਤੁਰਿਆ ਰਹਿੰਦਾ ਏ, 'ਲੋਚੀ' ਨੂੰ ਈਮਾਨ ਮਿਲੇ ਅਰਦਾਸ ਕਰੀਂ।

ਸੋਚ ਰਿਹਾਂ ਹੁਣ ਜਾਵਾਂ ਕਿੱਥੇ?

ਸੋਚ ਰਿਹਾਂ ਹੁਣ ਜਾਵਾਂ ਕਿੱਥੇ? ਅਪਣੇ ਦਰਦ ਸੁਣਾਵਾਂ ਕਿੱਥੇ। ਸ਼ਹਿਰੋਂ ਬਿਰਖ਼ ਗੁਆਚ ਰਹੇ ਨੇ, ਮਿਲਣਗੀਆਂ ਹੁਣ ਛਾਵਾਂ ਕਿੱਥੇ? ਹਰ ਪਾਸੇ ਨੇ ਦੋਖੀ ਨਜ਼ਰਾਂ, ਤੈਨੂੰ ਗ਼ਲੇ ਲਗਾਵਾਂ ਕਿੱਥੇ? ਇਕ ਜੀ ਆਖੇ ਟਿਕ ਕੇ ਬਹਿ ਜਾਂ, ਦਿੰਦੀਆਂ ਟਿਕਣ ਇੱਛਾਵਾਂ ਕਿੱਥੇ? ਰੇਤ ਦੇ ਕਿਣਕੇ ਖੰਡ ਵਰਗੇ ਸੀ, ਗੁੰਮ ਗਈਆਂ ਉਹ ਰਾਹਵਾਂ ਕਿੱਥੇ? ਰੇਤ ਦੇ ਕਿਣਕੇ ਖੰਡ ਵਰਗੇ ਸੀ, ਗੁੰਮ ਗਈਆਂ ਉਹ ਰਾਹਵਾਂ ਕਿੱਥੇ। ਮੇਰੇ ਨਾਲ ਹੈ ਤੁਰਿਆ 'ਲੋਚੀ', ਹੁਣ ਮੇਰਾ ਪਰਛਾਵਾਂ ਕਿੱਥੇ।

ਸਾਰੀ ਉਮਰਾਂ ਹਰਫ਼ਾਂ ਤੋਂ ਜੋ ਦੂਰ ਰਹੇ

ਸਾਰੀ ਉਮਰਾਂ ਹਰਫ਼ਾਂ ਤੋਂ ਜੋ ਦੂਰ ਰਹੇ। ਸ਼ਬਦ-ਵਿਹੂਣੇ ਲੋਕ ਉਹੀ ਮਗ਼ਰੂਰ ਰਹੇ। ਸੁੱਚੇ ਮੋਤੀ ਲੈ ਕੇ 'ਕੱਲਾ ਬੈਠਾ ਹਾਂ, ਕੱਚ ਵਿਹਾਜਣ ਵਾਲੇ ਮੈਥੋਂ ਦੂਰ ਰਹੇ। ਤੂੰ ਰੋਇਆ ਤਾਂ ਲੋਕ ਤਮਾਸ਼ਾ ਦੇਖਣਗੇ, ਦੁਨੀਆਂ ਦੇ ਤਾਂ ਮੁੱਢੋਂ ਇਹ ਦਸਤੂਰ ਰਹੇ। ਜਿਹੜੇ ਲੋਕੀਂ ਕਰਨ ਇਬਾਦਤ ਰਿਸ਼ਤੇ ਦੀ, ਉਹਨਾਂ ਦੇ ਘਰ ਹਰ ਪਲ ਨੂਰੋ-ਨੂਰ ਰਹੇ। ਤੂੰ ਤਾਂ 'ਲੋਚੀ' ਦੋ-ਚਿੱਤੀ ਵਿਚ ਫਸ ਜਾਵੇਂ, ਤਾਂ ਹੀ ਤੈਥੋਂ ਤੇਰੀ ਮੰਜ਼ਿਲ ਦੂਰ ਰਹੇ।

ਬਹਾਰਾਂ ਨਾਲ ਧੋਖਾ ਕਰ ਨਾ ਜਾਈਂ

ਬਹਾਰਾਂ ਨਾਲ ਧੋਖਾ ਕਰ ਨਾ ਜਾਈਂ। ਤੂੰ ਐਵੇਂ ਪੱਤਝੜਾਂ ਤੋਂ ਡਰ ਨਾ ਜਾਈਂ। ਜੇ ਸ਼ਾਇਰ ਹੈ ਤਾਂ ਰੱਖੀਂ ਹੌਸਲਾ ਵੀ, ਕਿਤੇ ਸੱਚ ਬੋਲਣੋਂ ਤੂੰ ਡਰ ਨਾ ਜਾਈਂ। ਤੂੰ ਬੱਦਲ ਹੈਂ ਥਲਾਂ ਨੂੰ ਲੋੜ ਤੇਰੀ, ਸਮੁੰਦਰ 'ਤੇ ਭਰਾਵਾ ਵਰ੍ਹ ਨ ਜਾਈਂ। ਤੂੰ ਰੁਖ਼ਸਤ ਹੋਣ ਵੇਲੇ ਯਾਦ ਰੱਖੀਂ, ਕਿਸੇ ਸਿਰ ਦੋਸ਼ ਕੋਈ ਧਰ ਨਾ ਜਾਈਂ। ਇਹ ਜਗਦੇ ਸ਼ਬਦ 'ਲੋਚੀ' ਕੋਲ ਤੇਰੇ, ਇਕੱਲਾ ਰਾਤ ਵੇਲੇ ਘਰ ਨਾ ਜਾਈਂ। ਤੂੰ ਮੈਨੂੰ ਲਾਟ ਵਾਂਗੂੰ ਨਾਲ ਰੱਖੀ, ਤੂੰ ਕਿਧਰੇ ਨੇਰ੍ਹਿਆਂ ਤੋਂ ਡਰ ਨਾ ਜਾਈਂ।

ਹੈ ਭਾਵੇਂ ਦੂਰ ਮੇਰਾ ਮੀਤ ਰਹਿੰਦਾ

ਹੈ ਭਾਵੇਂ ਦੂਰ ਮੇਰਾ ਮੀਤ ਰਹਿੰਦਾ। ਮੇਰੇ ਹੋਠਾਂ 'ਤੇ ਬਣਕੇ ਗੀਤ ਰਹਿੰਦਾ। ਨਜ਼ਰ ਅੰਦਰ ਨਾ ਜੇਕਰ ਖੋਟ ਹੁੰਦੀ, ਕੋਈ ਤੇਰਾ ਵੀ ਬਣਕੇ ਮੀਤ ਰਹਿੰਦਾ। ਹੈ ਲਿਖਿਆ ਅੱਥਰਾਂ ਦੇ ਨਾਲ ਤਾਂ ਹੀ, ਗੁਆਚਾ ਅੱਖਰਾਂ ਵਿਚ ਗੀਤ ਰਹਿੰਦਾ। ਇਹ ਤੇਰੀ ਗਰਮਜੋਸ਼ੀ ਦਾ ਕ੍ਰਿਸ਼ਮਾ, ਬਿਨਾਂ ਇਸ ਤੋਂ ਮੈਂ ਠੰਡਾ ਸੀਤ ਰਹਿੰਦਾ। ਮੁਹੱਬਤ ਵਿਚ ਜੇ ਨਾ ਜਿਸਮ ਹੁੰਦੇ, ਇਹ ਕਿੱਸਾ ਵੀ ਸਦਾ ਸੁਰਜੀਤ ਰਹਿੰਦਾ। ਕਦੇ ਉਸਨੂੰ ਵੀ 'ਲੋਚੀ' ਜਾਣ ਲੈ ਤੂੰ, ਤੇਰੇ ਵਿਚ ਸ਼ਖ਼ਸ ਜੋ ਬਦਨੀਤ ਰਹਿੰਦਾ।

ਆਉਂਦੇ ਜਾਂਦੇ ਮਨ ਮੇਰਾ ਹਰ ਪਲ ਡਰੇ

ਆਉਂਦੇ ਜਾਂਦੇ ਮਨ ਮੇਰਾ ਹਰ ਪਲ ਡਰੇ। ਸ਼ਹਿਰ ਵਿਚ ਮਿਲਦੇ ਨੇ ਹਰ ਥਾਂ ਮਸਖ਼ਰੇ। ਮੈਂ ਦਰੱਖ਼ਤਾਂ ਦੀ ਸੁਣੀ ਗੱਲਬਾਤ ਸੀ, ਆਦਮੀ ਤੋਂ ਰਹਿਣ ਇਹ ਅੱਜਕੱਲ੍ਹ ਡਰੇ। ਨਾ ਤੂੰ ਕੀਤਾ ਇਸ਼ਕ ਨਾ ਸ਼ਾਇਰੀ ਕਰੀ, ਫਿਰ ਤੇਰੇ ਨੈਣਾਂ 'ਚ ਹੰਝੂ ਕਿਉਂ ਭਰੇ? ਤੂੰ ਗ਼ਜ਼ਲ ਦੇ ਨਾਲ ਹੀ ਰਹਿੰਦਾ ਰਿਹਾ, ਕੌਣ ਤੇਰੇ ਜਾਣ 'ਤੇ ਹੌਕਾ ਭਰੇ। ਯਾਰ ਬੇਲੀ ਪਰਤ ਜਾਂਦੇ ਹੋ ਉਦਾਸ, ਮਿਲਿਆ ਕਰ 'ਲੋਚੀ' ਕਦੇ ਤਾਂ ਤੂੰ ਘਰੇ।

ਨਾ ਕਿਤੋਂ ਛਣਕਾਰ ਨਾ ਝਾਂਜਰ ਮਿਲੇ

ਨਾ ਕਿਤੋਂ ਛਣਕਾਰ ਨਾ ਝਾਂਜਰ ਮਿਲੇ। ਹਰ ਜਗ੍ਹਾ ਤ੍ਰਿਸ਼ੂਲ ਜਾਂ ਖੰਜਰ ਮਿਲੇ। ਦਿਲ ਕਰੇ ਸਭ ਤੋੜ ਦੇਵਾਂ ਪਿੰਜਰੇ, ਪੰਛੀਆਂ ਨੂੰ ਆਪਣਾ ਅੰਬਰ ਮਿਲੇ। ਸਫ਼ਰ ਦਾ ਸਾਰਾ ਥਕੇਵਾਂ ਲਾਹੁਣ ਲਈ, ਸ਼ਾਮ ਵੇਲੇ ਜੀ ਕਰੇ ਅੱਖ਼ਰ ਮਿਲੇ। ਮਾਂ ਦੇ ਵਾਂਗੂੰ ਦਰਦ ਲੈਂਦੀ ਹੈ ਪਛਾਣ, ਧਰਤ ਨੂੰ ਜਦ ਅੱਖ ਦਾ ਅੱਥਰ ਮਿਲੇ। ਤੂੰ ਤਾਂ 'ਲੋਚੀ' ਮਹਿਕ ਹੀ ਵੰਡਦਾ ਰਿਹਾ, ਹਰ ਜਗ੍ਹਾ ਤੈਨੂੰ ਹੀ ਕਿਉਂ ਪੱਥਰ ਮਿਲੇ?

ਘਰਾਂ ਦਾ ਸ਼ੋਰ ਸੁਣ ਕੇ ਡਰਦੀਆਂ ਨੇ

ਘਰਾਂ ਦਾ ਸ਼ੋਰ ਸੁਣ ਕੇ ਡਰਦੀਆਂ ਨੇ। ਇਹ ਕੰਧਾਂ ਜਿਉਂਦੀਆਂ ਨਾ ਮਰਦੀਆਂ ਨੇ। ਕਦੇ ਇਹਨਾਂ ਦੀ ਵੀ ਸੁਣ ਪੀੜ ਬਹਿ ਕੇ, ਇਹ ਦੀਵਾਰਾਂ ਵੀ ਗੱਲਾਂ ਕਰਦੀਆਂ ਨੇ। ਅਸਾਡੇ ਵਾਸਤੇ ਹੀ ਪਿੰਜਰੇ ਕਿਉਂ? ਇਹ ਚਿੜੀਆਂ ਬੈਠ ਹੌਕੇ ਭਰਦੀਆਂ ਨੇ। ਇਨ੍ਹਾਂ ਤੋਂ ਆਸ ਤਾਂ ਇਨਸਾਫ਼ ਦੀ ਸੀ, ਜਬਰ ਦਾ ਨਾਮ ਹੀ ਕਿਉਂ ਵਰਦੀਆਂ ਨੇ? ਤੇਰੇ ਲੇਖਾਂ 'ਤੇ 'ਲੋਚੀ' ਰਸ਼ਕ ਆਉਂਦੈ, ਕਿ ਗ਼ਜ਼ਲਾਂ ਪਿਆਰ ਤੈਨੂੰ ਕਰਦੀਆਂ ਨੇ।

ਘਰ ਉਹਨਾਂ ਦੇ ਰੋਹੀ ਬੀਆਬਾਨ ਰਹੇ

ਘਰ ਉਹਨਾਂ ਦੇ ਰੋਹੀ ਬੀਆਬਾਨ ਰਹੇ। ਜੋ ਸ਼ਬਦੰ ਦੀ ਖ਼ੁਸ਼ਬੂ ਤੋਂ ਅਣਜਾਨ ਰਹੇ। ਇਸ ਤੋਂ ਵੱਡੀ ਰੱਬ ਦੀ ਰਹਿਮਤ ਕੀ ਹੋਣੀ, ਮੇਰੇ ਨਾਲ ਜੇ ਮੇਰਾ ਬਸ ਈਮਾਨ ਰਹੇ। ਤੈਨੂੰ ਹੋਣ ਮੁਬਾਰਕ ਉੱਚੇ ਦਰ ਤੇਰੇ, ਸਾਡੇ ਸਿਰ 'ਤੇ ਇੱਕ ਛਤਰੀ ਅਸਮਾਨ ਰਹੇ। ਬਲਦਾ ਜੰਗਲ ਇਹੀ ਦੁਆਵਾਂ ਮੰਗਦਾ ਹੈ, ਹੱਸਦਾ ਵੱਸਦਾ ਗਾਉਂਦਾ ਸਦਾ ਜਹਾਨ ਰਹੇ। ਖੌਰੇ ਲੋਕੀ ਸੌਂਦੇ ਕਿੱਦਾਂ ਰਾਤਾਂ ਨੂੰ, ਸਾਡੀ ਤਾਂ ਸੂਲੀ 'ਤੇ ਟੰਗੀ ਜਾਨ ਰਹੇ। ਕਿਹੜੀ ਦੁਨੀਆਂ ਦਾ ਤੂੰ 'ਲੋਚੀ' ਵਾਸੀ ਏਂ? ਪਲ ਪਲ ਤੇਰੇ ਹੋਠਾਂ 'ਤੇ ਮੁਸਕਾਨ ਰਹੇ।

ਖਿੜ ਲੈਣ ਦੇ ਫੁੱਲਾਂ ਨੂੰ

ਖਿੜ ਲੈਣ ਦੇ ਫੁੱਲਾਂ ਨੂੰ। ਅਸੀਂ ਤਰਸੇ ਮਹਿਕਾਂ ਨੂੰ। ਇਹ ਨ੍ਹੇਰ ਮਿਟਾਉਂਦੇ ਨੇ, ਕਰ ਸਜਦਾ ਹਰਫ਼ਾਂ ਨੂੰ। ਇਹ ਸਾਡੇ ਪੁਰਖ਼ੇ ਨੇ, ਕਿਉਂ ਚੀਰੇਂ ਬਿਰਖ਼ਾਂ ਨੂੰ? ਇਹਨਾਂ 'ਤੇ ਕਿਉਂ ਰੋਕਾਂ, ਉੱਡਣ ਦੇ ਚਿੜੀਆਂ ਨੂੰ। ਮੋਇਆਂ ਨੇ ਕਦ ਮੁੜਨਾ, ਤੂੰ ਸਾਂਭ ਲੈ ਯਾਦਾਂ ਨੂੰ। ਮਰਕੇ ਵੀ ਜੀਵੇਂਗਾ, ਗਲ ਲਾ ਲੈ ਗ਼ਜ਼ਲਾਂ ਨੂੰ।

ਤੇਰਾ ਨਹੀਂ ਕਸੂਰ-ਓ ਲੋਚੀ

ਤੇਰਾ ਨਹੀਂ ਕਸੂਰ-ਓ ਲੋਚੀ। ਜੇਕਰ ਦਿੱਲੀ ਦੂਰ-ਓ ਲੋਚੀ। ਚਾਰ ਕੁ ਵਰਕੇ ਕਾਲੇ ਕਰਕੇ, ਕਾਹਦਾ ਕਰੇਂ ਗ਼ਰੂਰ-ਓ ਲੋਚੀ। ਨੀਯਤ ਖੋਟੀ ਕੁਝ ਨਹੀਂ ਬਣਨਾ, ਮੰਨਿਆ ਤੂੰ ਮਸ਼ਹੂਰ-ਓ ਲੋਚੀ। ਫੂਕਾਂ ਮਾਰ ਬੁਝਾ ਨਾ ਦੀਵੇ, ਫਿਰ ਨਾ ਲੱਭਣਾ ਨੂਰ-ਓ ਲੋਚੀ। ਮੈਥੋਂ ਪਹਿਲਾਂ ਨ੍ਹੇਰਾ ਹੀ ਸੀ, ਇਹ ਵੀ ਨਿਰਾ ਫ਼ਤੂਰ-ਓ-ਲੋਚੀ। ਤੂੰ ਤਾਂ ਮਨ ਦਾ ਭਾਰ ਉਤਾਰੇਂ, ਸ਼ਾਇਰੀ ਦਾ ਘਰ ਦੂਰ-ਓ ਲੋਚੀ। ਤੈਨੂੰ 'ਮੁਕਸਰ' ਹਾਕਾਂ ਮਾਰੇ, ਆਵੀਂ ਕਦੇ ਜ਼ਰੂਰ-ਓ ਲੋਚੀ।

ਨਾ ਠੰਡੀ ਪੌਣ ਨਾ ਕਿਧਰੇ ਹੀ ਛਾਂ ਹੈ

ਨਾ ਠੰਡੀ ਪੌਣ ਨਾ ਕਿਧਰੇ ਹੀ ਛਾਂ ਹੈ। ਇਹ ਤੇਰਾ ਸੋਹਣਿਆ ਕੈਸਾ ਗਿਰਾਂ ਹੈ? ਬੁਰਾ ਸੋਚਾਂ ਤਾਂ ਮੈਨੂੰ ਵਰਜ ਦੇਵੇ, ਮੇਰੇ ਅੰਦਰ ਕੋਈ ਦਰਵੇਸ਼ ਤਾਂ ਹੈ। ਸਮੁੰਦਰ, ਧਰਤ ਨਿੱਕੇ ਜਿਸਦੇ ਅੱਗੇ, ਉਸੇ ਬੁੱਕਲ ਦਾ ਹੀ ਤਾਂ ਨਾਮ ਮਾਂ ਹੈ। ਇਨ੍ਹਾਂ ਧੁੱਪਾਂ ਦੀ ਕੀ ਪਰਵਾਹ ਅਸਾਨੂੰ, ਅਸਾਡੇ ਸਿਰ ਤਣੀ ਸ਼ਬਦਾਂ ਦੀ ਛਾਂ ਹੈ। ਇਹ ਕਿਹੜੇ ਲੋਕ ਬੈਠੇ ਕੁਰਸੀਆਂ 'ਤੇ, ਮਿਲੇ ਇਨਸਾਫ਼ ਨਾ ਕਿਧਰੇ ਨਿਆਂ ਹੈ। ਸਿਵੇ ਅੰਦਰ ਤਾਂ ਬਾਬਲ ਸੜ੍ਹ ਗਿਆ ਸੀ, ਜਿਉਂਦੀ ਅੱਜ ਤੀਕਰ ਉਸਦੀ ਛਾਂ ਹੈ। ਗ਼ਜ਼ਲ ਤੇਰੀ ਸੁਣੇਗਾ ਕੌਣ 'ਲੋਚੀ'? ਕਿਸੇ ਦੇ ਕੋਲ ਹੁਣ ਕਿੱਥੇ ਸਮਾਂ ਹੈ।

ਮਾਰੂਥਲ ਜੇ ਪਿਆਸਾ ਹੈ

ਮਾਰੂਥਲ ਜੇ ਪਿਆਸਾ ਹੈ। ਨਦੀਆਂ ਨੂੰ ਕੀ ਚਿੰਤਾ ਹੈ। ਅੰਬਰ ਸੁੰਨ-ਮ-ਸੁੰਨਾ ਹੈ। ਕਿਹੜਾ ਤਾਰਾ ਟੁੱਟਿਆ ਹੈ। ਹਰ ਕੋਈ ਤਨਹਾ-ਤਨਹਾ ਹੈ। ਅਜਬ ਜਿਹਾ ਇਹ ਮੇਲਾ ਹੈ। ਨਾ ਸੌਂਦਾ ਨਾ ਸੌਣ ਦਵੇ, ਕਿਹੜਾ ਅੰਦਰ ਛੁਪਿਆ ਹੈ? ਰਿਸ਼ਤੇ ਬੇ-ਇਤਬਾਰੇ ਨੇ, ਹਰ ਰਿਸ਼ਤਾ ਇਕ ਸੌਦਾ ਹੈ। ਉਸਦਾ ਹਾਸਾ ਦੱਸ ਦਵੇ, Øਤਲਬ ਕੋਈ ਲੱਗਦਾ ਹੈ। ਸਭ ਦੀ ਆਪਣੀ ਹੈ ਪੀੜਾ, ਕੌਣ ਕਿਸੇ ਲਈ ਰੋਂਦਾ ਹੈ? ਐਵੇਂ ਰਿਸ਼ਤੇ ਤੋੜ ਲਏ, ਕੀ 'ਲੋਚੀ' ਤੂੰ ਖੱਟਿਆ ਹੈ?

ਜ਼ਰਾ ਸ਼ਹਿਰ ਦੇ ਜਲਵੇ ਦੇਖੋ

ਜ਼ਰਾ ਸ਼ਹਿਰ ਦੇ ਜਲਵੇ ਦੇਖੋ। ਖੋਟੇ ਸਿੱਕੇ ਚਲਦੇ ਦੇਖੋ। ਹੈਂਕੜ ਕਿੰਨ੍ਹੀ ਚੁੱਕੀ ਫਿਰਦੇ। ਬੌਣੇ ਬੰਦੇ, ਰੁਤਬੇ ਦੇਖੋ। ਕੰਕਰੀਟ ਦੇ ਸ਼ਹਿਰ ਦੇ ਅੰਦਰ, ਤਿੜਕਣਗੇ ਹੁਣ ਸ਼ੀਸ਼ੇ ਦੇਖੋ। ਨੀਂਦਰ ਦੀ ਨਾ ਕਰੋ ਤਿਆਰੀ, ਬੁਝਦੇ ਜਾਂਦੇ ਦੀਵੇ ਦੇਖੋ। 'ਲੋਚੀ' ਦੇ ਐਬਾਂ ਨੂੰ ਛੱਡੋ, ਮਤਲੇ ਦੇਖੋ, ਮਕਤੇ ਦੇਖੋ।

ਢੂੰਡੋ ਇਹ ਇਨਸਾਨ ਹੈ ਕਿੱਥੇ

ਢੂੰਡੋ ਇਹ ਇਨਸਾਨ ਹੈ ਕਿੱਥੇ। ਗਰਕ ਗਿਆ ਈਮਾਨ ਹੈ ਕਿੱਥੇ। ਹੱਕ ਸੱਚ ਇਨਸਾਫ਼ ਸੁਣਾਵੇ, ਐਸੀ ਕੋਈ ਜ਼ੁਬਾਨ ਹੈ ਕਿੱਥੇ। ਜਾਤੀਂ ਪਾਤੀਂ ਗੋਤੀਂ ਵੰਡਿਆ, ਮੇਰਾ ਹਿੰਦੁਸਤਾਨ ਹੈ ਕਿੱਥੇ। ਜੇ ਤੂੰ ਮੇਰੇ ਕੋਲ ਨਾ ਹੋਇਆ, ਨਿਕਲਣੀ ਫਿਰ ਜਾਨ ਹੈ ਕਿੱਥੇ। ਏਸ ਸ਼ਹਿਰ ਘਸਮੈਲਾ ਅੰਬਰ, ਨੀਲਾ ਉਹ ਅਸਮਾਨ ਹੈ ਕਿੱਥੇ। ਗ਼ਜ਼ਲਾਂ 'ਲੋਚੀ' ਬਹੁਤ ਸੁਣਾਵੇਂ, ਪਰ ਤੇਰਾ ਦੀਵਾਨ ਹੈ ਕਿੱਥੇ।

ਪੌਣਾਂ ਤੈਨੂੰ ਕੀ ਚੁੰਮ ਗਈਆਂ

ਪੌਣਾਂ ਤੈਨੂੰ ਕੀ ਚੁੰਮ ਗਈਆਂ। ਮਾਰੂਥਲ ਵਿਚ ਖਿੜੀਆਂ ਕਲੀਆਂ। ਲੂਆਂ ਤੈਨੂੰ ਛੂਹਕੇ ਲੰਘੀਆਂ, ਫੁੱਲਾਂ ਵਿਚ ਨਾ ਮਹਿਕਾਂ ਰਹੀਆਂ। ਕਬਰਾਂ ਵਰਗੀ ਚੁੱਪ ਘਰਾਂ ਵਿਚ, ਚਿੜੀਆਂ ਉੱਡ ਕੇ ਕਿੱਧਰ ਗਈਆਂ? ਥਲ ਦੀ ਪਿਆਸ ਉਡੀਕ ਰਹੀ ਹੈ, ਵਗਦੀਆਂ ਨਦੀਆਂ ਕਿੱਥੇ ਗਈਆਂ? ਭਟਕਦਿਆਂ ਇਹ ਉਮਰ ਬੀਤੀ, ਪੈੜਾਂ ਮਿੱਟੀ ਵਿਚ ਰਲ ਗਈਆਂ। ਏਨੀ ਚੁੱਪ ਕਿਉਂ ਵਰਤੀ 'ਲੋਚੀ', ਤੇਰੀਆਂ ਗ਼ਜ਼ਲਾਂ ਕਿੱਧਰ ਗਈਆਂ।

ਨੀਤ ਹੈ ਬਦਨੀਤ ਕਿਉਂ ਭਰਦੀ ਨਹੀਂ?

ਨੀਤ ਹੈ ਬਦਨੀਤ ਕਿਉਂ ਭਰਦੀ ਨਹੀਂ? ਸ਼ੋਹਰਤਾਂ ਦੀ ਭੁੱਕ ਹੀ ਮਰਦੀ ਨਹੀਂ। ਪੇਸ਼ ਪਈਆਂ ਸੈਂਕੜੇ ਦੁਸ਼ਵਾਰੀਆਂ? ਹੁਣ ਕਲੋਲਾਂ ਜ਼ਿੰਦਗੀ ਕਰਦੀ ਨਹੀਂ। ਉਮਰ ਭਰ ਧੁੱਪਾਂ 'ਚ ਉਹ ਤੁਰਦਾ ਰਿਹੈ, ਤਾਂ ਹੀ ਹੁਣ ਉਸਦੀ ਚਿਖਾ ਠਰਦੀ ਨਹੀਂ। ਜੀਣ ਦਾ ਇਸਨੂੰ ਸਲੀਕਾ ਆ ਗਿਐ, ਪਿੰਜਰੇ ਤੋਂ ਹੁਣ ਚਿੜੀ ਡਰਦੀ ਨਹੀਂ। ਕਿਹੜਿਆਂ ਦੇਸਾਂ ਨੂੰ 'ਲੋਚੀ' ਤੁਰ ਗਿਐਂ? ਬਿਨ ਤੇਰੇ ਪਿੱਛੋਂ ਕੋਈ ਦਰਦੀ ਨਹੀਂ।

ਗਿਣਤੀ ਮਿਣਤੀ ਜੋੜ ਘਟਾਓ

ਗਿਣਤੀ ਮਿਣਤੀ ਜੋੜ ਘਟਾਓ, ਸਾਰੀ ਉਮਰ ਨਾ ਆਏ। ਤਾਂ ਹੀ ਤਾਂ ਇਸ ਸ਼ਹਿਰ ਦੇ ਮੌਸਮ, ਰਾਸ ਨਾ ਮੈਨੂੰ ਆਏ। ਮੇਰੀ ਬੱਚੀ ਰੋਜ਼ ਸਵੇਰੇ, ਫੁੱਲ ਗੁਲਾਬੀ ਮੰਗੇ। ਕੰਕਰੀਟ ਦੇ ਇਸ ਜੰਗਲ 'ਚੋਂ, ਕਿੱਥੇ ਫੁੱਲ ਥਿਆਏ? ਚਾਰ ਕਿਤਾਬਾਂ ਕੀ ਪੜ੍ਹ ਬੈਠਾ, ਖ਼ੁਦ ਨੂੰ ਰੱਬ ਹੀ ਸਮਝੇ। ਚਹੁੰ ਗਿੱਠਾਂ ਦਾ ਬੰਦਾ ਦੇਖੋ, ਕੀ-ਕੀ ਭਰਮ ਬਣਾਏ? ਉਹ ਕੀ ਜਾਣੇ ਮਹਿਕ ਦੀ ਭਾਸ਼ਾ? ਤੇ ਤਿਤਲੀ ਦੀ ਮਸਤੀ। ਜਿਸਨੇ ਘਰ ਵਿਚ ਫੁੱਲ ਕਾਗਜ਼ੀ, ਚਾਵਾਂ ਨਾਲ ਸਜਾਏ। ਅੱਖਾਂ ਮੀਟ ਗ਼ਜ਼ਲ ਨੇ ਲਿਖਦੇ, 'ਲੋਚੀ' ਜਹੇ ਬਥੇਰੇ। ਫਿਰ ਵੀ ਖ਼ੁਦ ਨੂੰ ਕਵੀ ਕਹਾਉਂਦੇ, ਇਹ ਗੱਲ ਸਮਝ ਨਾ ਆਏ।

ਬੰਨ੍ਹਕੇ ਗੱਠੜੀ ਚੱਲੇ ਤਾਰੇ

ਬੰਨ੍ਹਕੇ ਗੱਠੜੀ ਚੱਲੇ ਤਾਰੇ। ਤੂੰ ਵੀ ਤਾਂ ਹੁਣ ਜਾਗ ਪਿਆਰੇ। ਇਹ ਮੇਰੇ ਹਮਦਰਦ ਨੇ ਸਾਰੇ, ਮੈਂ ਰੋਵਾਂ ਤਾਂ ਰੋਂਦੇ ਤਾਰੇ। ਐਵੇਂ ਬਹਿਸ ਰਿਹਾ ਏਂ ਕਾਹਨੂੰ? ਜਾਹ ਤੂੰ ਜਿੱਤਿਆ, ਆਪਾਂ ਹਾਰੇ। ਬੇ-ਤਰਤੀਬੇ ਸ਼ਹਿਰ 'ਚ ਅੜੀਏ, ਜ਼ੁਲਫ਼ ਤੇਰੀ ਨੂੰ ਕੌਣ ਸੰਵਾਰੇ? ਤੂੰ ਕਿਉਂ 'ਲੋਚੀ' ਘੂਕ ਹੈਂ ਸੁੱਤਾ? ਕਵਿਤਾ ਤੈਨੂੰ 'ਵਾਜ਼ਾਂ ਮਾਰੇ।

ਮੁਹੱਬਤ ਦੀ ਨਦੀ ਜੇਕਰ ਤੁਸਾਂ ਨੇ

ਮੁਹੱਬਤ ਦੀ ਨਦੀ ਜੇਕਰ ਤੁਸਾਂ ਨੇ ਵੀ ਤਰੀ ਹੁੰਦੀ। ਤੁਹਾਡੀ ਜ਼ਿੰਦਗੀ ਨਾ ਇਸ ਤਰ੍ਹਾਂ ਫਿਰ ਬੇ-ਸੁਰੀ ਹੁੰਦੀ। ਅਸੀਂ ਪਿੰਡਾਂ ਦੇ ਵਾਸੀ ਹਾਂ ਕਦੇ ਵੀ ਸ਼ਹਿਰ ਨਹੀਂ ਆਉਣਾ, ਅਸਾਨੂੰ ਸਭ ਪਤਾ ਹੈ ਏਸ ਥਾਂ ਬੇਗਾਨਗੀ ਹੁੰਦੀ। ਨਵੇਂ ਰਿਸ਼ਤੇ ਬਣਾਉਂਦੇ ਹੀ ਪੁਰਾਣੇ ਭੁੱਲ ਜਾਂਦੇ ਜੋ। ਉਨ੍ਹਾਂ ਦੇ ਖ਼ੂਨ ਅੰਦਰ ਦੋਸਤੋ ਕਦ ਦੋਸਤੀ ਹੁੰਦੀ। ਏਹ ਕਿਹੜੇ ਲੋਕ ਨੇ ਜੋ ਦੌੜਦੇ ਇਕ ਦੂਸਰੇ ਪਿੱਛੇ, ਚੁਰਸਤੇ-ਚੌਕ, ਗਲੀਆਂ ਵਿਚ ਸਦਾ ਕਿਉਂ ਖ਼ਲਬਲੀ ਹੁੰਦੀ। ਤੇਰੇ ਦਿਲ ਵਿਚ ਹੀ 'ਲੋਚੀ' ਨੇ ਹਮੇਸ਼ਾ ਵਾਸ ਕਰਨਾ ਸੀ। ਤੇਰੇ ਬੋਲਾਂ 'ਚ ਤਲਖ਼ੀ ਦੀ ਜਗ੍ਹਾ ਜੇ ਸਾਦਗੀ ਹੁੰਦੀ।

ਮੰਜ਼ਿਲ ਦੇ ਲਈ ਡਗਰ ਜ਼ਰੂਰੀ

ਮੰਜ਼ਿਲ ਦੇ ਲਈ ਡਗਰ ਜ਼ਰੂਰੀ। ਪੈਰਾਂ ਦੇ ਲਈ ਸਫ਼ਰ ਜ਼ਰੂਰੀ। ਕੋਲ ਤੇਰੇ ਹਰਫ਼ਾਂ ਦੀ ਖ਼ੁਸ਼ਬੂ, ਕੀ ਫਿਰ ਤੈਨੂੰ ਇਤਰ ਜ਼ਰੂਰੀ। ਇਸ਼ਕ ਸਲਾਮਤ ਹੋਵੇ ਜਿੱਥੇ, ਐਸਾ ਵੀ ਇਕ ਨਗਰ ਜ਼ਰੂਰੀ। ਰਿਸ਼ਤੇ ਇੰਝ ਹੀ ਰਹਿਣ ਸਲਾਮਤ, ਇਕ ਦੂਜੇ ਦੀ ਖ਼ਬਰ ਜ਼ਰੂਰੀ। ਸਿਦਕ ਪਰਖ਼ ਦੀ ਖਾਤਰ 'ਲੋਚੀ', ਜਾਬਰ ਦਾ ਵੀ ਜਬਰ ਜ਼ਰੂਰੀ।

ਮੇਰੀ ਇਬਾਦਤ ਦੋਸਤੀਆਂ

(ਮਨਜਿੰਦਰ ਧਨੋਆ ਦੇ ਨਾਮ) ਮੇਰੀ ਇਬਾਦਤ ਦੋਸਤੀਆਂ। ਰਹਿਣ ਸਲਾਮਤ ਦੋਸਤੀਆਂ। ਹੰਝੂਆਂ ਭਿੱਜੇ ਮੌਸਮ ਵਿਚ, ਦਿੰਦੀਆਂ ਰਾਹਤ ਦੋਸਤੀਆਂ। ਹੰਝੂਆਂ ਭਿੱਜੇ ਮੌਸਮ ਵਿਚ, ਦਿੰਦੀਆਂ ਰਾਹਤ ਦੋਸਤੀਆਂ। ਜੰਗਲ, ਸ਼ਹਿਰ, ਉਜਾੜਾਂ ਵਿਚ, ਕਰਨ ਹਿਫ਼ਾਜ਼ਤ ਦੋਸਤੀਆਂ। ਨਾ ਬਦਲੀ ਨਾ ਬਦਲੇਗੀ, ਮੇਰੀ ਆਦਤ ਦੋਸਤੀਆਂ। ਹੀਰੇ-ਮੋਤੀ ਸਾਂਭੀ ਜਾ, ਸਾਡੀ ਚਾਹਤ ਦੋਸਤੀਆਂ। ਤੇਰੀ ਤਾਕਤ ਕੁਰਸੀ ਜੇ, ਸਾਡੀ ਤਾਕਤ ਦੋਸਤੀਆਂ। ਦੇਖੀਂ 'ਲੋਚੀ' ਮੁੱਕਣ ਨਾ, ਪਿਆਰ-ਮੁਹੱਬਤ ਦੋਸਤੀਆਂ।

ਕੀ ਕਰਨੇ ਨੇ ਦੱਸੋ ਲੰਮੀਆਂ ਉਮਰਾਂ ਦੇ

ਕੀ ਕਰਨੇ ਨੇ ਦੱਸੋ ਲੰਮੀਆਂ ਉਮਰਾਂ ਦੇ ਸਿਰਨਾਵੇਂ। ਸਾਡੇ ਤੋਂ ਜਦ ਰੁੱਸ ਗਏ ਨੇ ਗੀਤਾਂ ਦੇ ਸਿਰਨਾਵੇਂ। ਹਰ ਥਾਂ ਉੱਚੀ ਦੇਖ ਇਮਾਰਤ ਉਹ ਘਬਰਾਇਆ ਫਿਰਦੈ, ਜਣੇ-ਖਣੇ ਤੋਂ ਪੁੱਛਦਾ ਰਹਿੰਦਾ ਖੇਤਾਂ ਦੇ ਸਿਰਨਾਵੇਂ। ਤਰਸਣਗੇ ਇਹ ਠੰਡੀ ਛਾਂ ਨੂੰ ਰੋਣਗੇ ਇਕ ਦਿਨ ਦੇਖੀਂ, ਲੋਕ ਜੋ ਅੱਜਕਲ੍ਹ ਭੁੱਲੇ ਫਿਰਦੇ ਬਿਰਖ਼ਾਂ ਦੇ ਸਿਰਨਾਵੇਂ। ਨਵੀਂ ਨਸਲ ਇਹ ਗੁੰਮੀ ਫਿਰਦੀ ਆਪਣੇ ਆਪ 'ਚ ਜਿੱਦਾਂ। ਇਸਨੂੰ ਕਿੱਥੋਂ ਲੱਭਣੇ ਅਪਣੇ ਪਿੱਤਰਾਂ ਦੇ ਸਿਰਨਾਵੇਂ। ਸੋਚ ਰਿਹਾ ਹੈ 'ਲੋਚੀ' ਆਪਾਂ ਕੈਸੇ ਯੁੱਗ 'ਚ ਜੰਮੇ, ਧੀਆਂ ਨੂੰ ਨਾ ਲੱਭਦੇ ਜਿੱਥੇ ਤੀਆਂ ਦੇ ਸਿਰਨਾਵੇਂ।

ਅਪਣੇ ਨਾਲ ਹੀ ਲੜ੍ਹਦਾ ਰਹਿੰਨਾਂ

ਅਪਣੇ ਨਾਲ ਹੀ ਲੜ੍ਹਦਾ ਰਹਿੰਨਾਂ। ਖਵਰੇ ਇਹ ਕੀ ਕਰਦਾ ਰਹਿੰਨਾਂ। ਮੈਨੂੰ ਰੇਗਿਸਤਾਨ ਉਡੀਕੇ , ਮੈਂ ਨਦੀਆਂ 'ਤੇ ਵਰ੍ਹਦਾ ਰਹਿੰਨਾਂ। ਬਾਜ਼ਾਂ ਤੋਂ ਮੈਂ ਲੁਕ ਜਾਂਦਾ ਹਾਂ, ਚਿੜੀਆਂ ਨੂੰ ਹੀ ਫੜ੍ਹਦਾ ਰਹਿੰਨਾਂ। ਚਿਹਰਾ ਫਿਰ ਮੈਲੇ ਦਾ ਮੈਲਾ, ਜਿਸਨੂੰ ਉਜਲਾ ਕਰਦਾ ਰਹਿੰਨਾਂ। ਲਿਖੇ ਲਿਖਾਏ ਕੰਮ ਨਾ ਆਏ, ਹੁਣ ਅਣਲਿਖਿਆ ਪੜ੍ਹਦਾ ਰਹਿੰਨਾਂ। ਦੇਖੋ, ਮੈਂ ਵੀ ਬੁਜ਼ਦਿਲ ਕਿੰਨਾ, ਆਪਣੀ ਅੱਗ 'ਚ ਸੜ੍ਹਦਾ ਰਹਿੰਨਾਂ। ਭੁੱਲੇ ਵੇਦ, ਕਤੇਬਾਂ ਸਾਰੇ, ਤੇਰਾ ਚਿਹਰਾ ਪੜ੍ਹਦਾ ਰਹਿੰਨਾਂ। ਫੁੱਲ ਕਿਤੇ ਮੁਰਝਾ ਨਾ ਜਾਵਣ ਤਾਂ ਹੀ ਹੌਕੇ ਭਰਦਾ ਰਹਿੰਨਾਂ। 'ਲੋਚੀ' ਵਾਂਗੂ ਜੁਗਨੂੰ ਫੜ੍ਹ ਕੇ, ਗ਼ਜ਼ਲਾਂ ਦੇ ਵਿਚ ਜੜਦਾ ਰਹਿੰਨਾਂ।

ਬੜਾ ਗੁਸਤਾਖ਼ ਹੈ ਕਿਉਂ ਸ਼ਹਿਰ ਤੇਰਾ?

ਬੜਾ ਗੁਸਤਾਖ਼ ਹੈ ਕਿਉਂ ਸ਼ਹਿਰ ਤੇਰਾ? ਕਿ ਜਿੱਥੇ ਸਹਿਮ ਕੇ ਚੜ੍ਹਦਾ ਸਵੇਰਾ। ਨਗਰ ਨੂੰ ਨੀਂਦ ਏਨੀ ਕਿਉਂ ਪਿਆਰੀ? ਚਿਰਾਗੋਂ ਸੱਖਣਾ ਹੈ ਹਰ ਬਨੇਰਾ। ਤੂੰ ਮੈਨੂੰ ਜਾਨਣਾ ਚਾਹੁੰਨੈਂ ਤਾਂ ਸੁਣ ਲੈ, ਹਵਾ ਵਿਚ ਘੁਲ ਗਿਆ ਹਰ ਗੀਤ ਮੇਰਾ। ਹਵਾ ਨੂੰ ਵਕਤ ਨੂੰ ਮੁੱਠੀ 'ਚ ਲਈਏ, ਕਦੇ ਵੀ ਪਰਖ ਲਈ ਸਾਡਾ ਤੂੰ ਜ਼ੇਰਾ। ਜੇ ਧਰਤੀ ਜਾਪਦੀ ਤੈਨੂੰ ਇਹ ਸੌੜ੍ਹੀ, ਤੂੰ ਅੰਬਰ 'ਤੇ ਵੀ ਕਰ ਸਕਦੈਂ ਬਸੇਰਾ। ਮੁਸੀਬਤ ਨੂੰ ਕਹੀਂ ਆਵੇ ਕਦੇ ਤਾਂ, ਪਛਾਣਾਂ ਕੌਣ ਹੈ ਹਮਦਰਦ ਮੇਰਾ। ਮੁਹੱਬਤ ਤੋਂ ਬਿਨਾਂ ਕਲਬੂਤ ਮਿੱਟੀ, ਬੜਾ ਪਰਪੱਕ ਹੈ ਵਿਸ਼ਵਾਸ ਮੇਰਾ। ਗ਼ਜ਼ਲ ਵਿਚ ਪੀੜ ਓਹੀ ਦਰਦ ਓਹੀ, ਬੜਾ ਪਰ ਵੱਖਰਾ ਅੰਦਾਜ਼ ਤੇਰਾ। ਬਚਾਈਂ ਡੋਰ ਤੂੰ ਸਾਹਾਂ ਦੀ 'ਲੋਚੀ', ਚੁਫ਼ੇਰੇ ਲਾ ਲਿਐ ਨਾਗਾਂ ਨੇ ਡੇਰਾ।

ਬਾਲ ਕੇ ਰਾਹ ਵਿਚ ਦੀਵੇ ਰੱਖੀਂ

ਬਾਲ ਕੇ ਰਾਹ ਵਿਚ ਦੀਵੇ ਰੱਖੀਂ। ਰਾਹੀਆਂ ਦੇ ਵਿਚ ਇਹ ਤੋਹਫ਼ੇ ਰੱਖੀਂ। ਜੇ ਸੱਚ ਵੇਖ ਕੇ ਚੜ੍ਹਦਾ ਕਾਂਬਾ, ਘਰ ਵਿਚ ਨਾ ਤੂੰ ਸ਼ੀਸ਼ੇ ਰੱਖੀਂ। ਜ਼ਿੰਦਗੀ ਦੀ ਆਧਾਰਸ਼ਿਲਾ ਨੇ, ਰਿਸ਼ਤੇ ਸੱਚੇ-ਸੁੱਚੇ ਰੱਖੀਂ। ਕੁਝ ਵੀ ਲਿਖਣਾ ਪੈ ਸਕਦਾ ਏ, ਕੋਰੇ ਦਿਲ ਦੇ ਵਰਕੇ ਰੱਖੀਂ। ਲੋਕੀ ਖੇਡਣ ਲੁਕਣ-ਮਚਾਈਆਂ, ਤਾਣ ਕੇ ਦਿਲ ਦੇ ਪਰਦੇ ਰੱਖੀਂ। ਡਰ ਨਾ ਜਾਵੀਂ ਠਰ ਨਾ ਜਾਵੀਂ, ਰੂਹ ਦੇ ਦੀਵੇ ਜਗਦੇ ਰੱਖੀਂ। ਪਤਾ ਨਹੀਂ ਕਦ ਮੁੜ ਪਏ 'ਲੋਚੀ', ਆਸ ਦੇ ਬੂਹੇ ਖੋਲ੍ਹ ਕੇ ਰੱਖੀਂ।

ਪਹਿਲਾਂ ਬਣ ਇਨਸਾਨ ਸੋਹਣਿਆ

ਪਹਿਲਾਂ ਬਣ ਇਨਸਾਨ ਸੋਹਣਿਆ। ਫੇਰ ਬਣੀਂ ਵਿਦਵਾਨ ਸੋਹਣਿਆ। ਆਪਣਿਆਂ ਤੋਂ ਵੱਖ ਹੋਇਆ ਏਂ, ਕੀ ਤੇਰੀ ਪਹਿਚਾਣ ਸੋਹਣਿਆ? ਫੁੱਲਾਂ ਦੀ ਰਖਵਾਲੀ ਖ਼ਾਤਰ, ਕੰਡੇ ਕਿਉਂ ਦਰਬਾਨ ਸੋਹਣਿਆ? ਅੰਬਰ ਜਿੱਡੇ ਬੰਨ੍ਹੇ ਦਾਅਵੇ, ਇਹ ਨਿੱਕੀ ਜਿਹੀ ਜਾਨ ਸੋਹਣਿਆ। ਉੱਚੀ ਤੇਰੀ ਸ਼ਾਨ ਬਥੇਰੀ, ਪਰ ਕਿੱਥੇ ਈਮਾਨ ਸੋਹਣਿਆ? ਮੈਂ ਫੁੱਲਾਂ ਦੀ ਰਾਖ਼ੀ ਬੈਠਾਂ, ਲੈ ਜਾ ਤੀਰ-ਕਮਾਨ ਸੋਹਣਿਆ। ਜ਼ਾਲਮ ਹੱਥ ਤਲਵਾਰ ਹਮੇਸ਼ਾਂ, ਸਾਡੇ ਤਾਂ ਕਿਰਪਾਨ ਸੋਹਣਿਆ। ਧਰਤੀ, ਧਰਮ ਗੁਆ ਕੇ 'ਲੋਚੀ', ਕਾਹਦਾ ਕਰੇ ਗੁਮਾਨ ਸੋਹਣਿਆ?

ਰੌਲੇ ਦੇ ਵਿਚ ਤੇਰੀ ਗਾਥਾ ਕੌਣ ਸੁਣੇ?

ਰੌਲੇ ਦੇ ਵਿਚ ਤੇਰੀ ਗਾਥਾ ਕੌਣ ਸੁਣੇ? ਕੰਡਿਆਂ ਦੇ ਵਿਚ ਫੁੱਲ ਦਾ ਹੌਕਾ ਕੌਣ ਸੁਣੇ? ਛਾਵਾਂ ਥੱਲੇ ਬੈਠ ਮੁਸਾਫ਼ਰ ਤੁਰ ਗਏ ਨੇ, ਧੁੱਪ 'ਚ ਸੜ੍ਹਦੇ ਬਿਰਖ਼ ਦੀ ਵਿਥਿਆ ਕੌਣ ਸੁਣੇ? ਏਥੇ ਸਭ ਦੇ ਸਿਰ 'ਤੇ ਗੱਠੜੀ ਦੁੱਖਾਂ ਦੀ, ਤੇਰਾ ਦਰਦਾਂ ਭਰਿਆ ਕਿੱਸਾ ਕੌਣ ਸੁਣੇ? ਬੇ-ਤਰਤੀਬੇ ਸ਼ਹਿਰ 'ਚ ਲੋਕ ਗੁਆਚ ਗਏ, ਸੁਰਾਂ 'ਚ ਬੰਨ੍ਹਿਆ ਤੇਰਾ ਨਗਮਾ ਕੌਣ ਸੁਣੇ? ਦਿਨ ਚੜ੍ਹਦੇ ਨੂੰ ਸਾਰੇ ਤੁਰ ਗਏ ਕੰਮਾਂ ਨੂੰ, ਹੁਣ ਅੰਮੀਂ ਨੂੰ ਆਇਆ ਸੁਪਨਾ ਕੌਣ ਸੁਣੇ? ਆਪੋ-ਅਪਣੇ ਰੋਣੇ ਧੋਣੇ ਮੁੱਕਦੇ ਨਈਂ, 'ਲੋਚੀ' ਤੇਰਾ ਪਿਆਰ ਤਰਾਨਾ ਕੌਣ ਸੁਣੇ?

ਉਹ ਤਾਂ ਐਵੇਂ ਖਫ਼ਾ ਹੋ ਗਿਆ

ਉਹ ਤਾਂ ਐਵੇਂ ਖਫ਼ਾ ਹੋ ਗਿਆ। ਕੋਈ ਸਾਥੋਂ ਜੁਦਾ ਹੋ ਗਿਆ। ਲੋਕਾਂ ਕੀਤੇ ਹਜ਼ਾਰਾਂ ਸੁਆਲ, ਸੱਚ ਤਾਂ ਹੀ ਹਵਾ ਹੋ ਗਿਆ। ਤੂੰ ਹੀ ਲਿਖ ਦੇ ਕਥਾ ਪਿਆਰ ਦੀ, ਦਿਲ ਤਾਂ ਕੋਰਾ ਸਫ਼ਾ ਹੋ ਗਿਆ। ਚਾਰੇ ਪਾਸੇ ਵੀਰਾਨੀ ਜਹੀ, ਕੌਣ ਏਥੋਂ ਵਿਦਾ ਹੋ ਗਿਰਆ। ਇਸ 'ਚ ਰਹਿੰਦਾ ਨਹੀਂ ਹੁਣ ਕੋਈ, ਦਿਲ ਤਾਂ ਸੁੰਨੀ ਗੁਫ਼ਾ ਹੋ ਗਿਆ। 'ਲੋਚੀ' ਤੂੰ ਵੀ ਦਗ਼ਾ ਕਰ ਗਿਐਂ, ਕੇਹੜਾ ਹੁਣ ਤੂੰ ਖ਼ੁਦਾ ਹੋ ਗਿਆ?

ਮੈਂ ਲਫ਼ਜ਼ਾਂ ਦੀ ਤੇਰੇ ਵਾਂਗੂੰ

ਮੈਂ ਲਫ਼ਜ਼ਾਂ ਦੀ ਤੇਰੇ ਵਾਂਗੂੰ ਹਮੇਸ਼ਾ ਨੇੜਤਾ ਚਾਹਾਂ। ਇਨ੍ਹਾਂ ਦੀ ਗੋਦ ਵਿਚ ਬੈਠਾਂ ਮੈਂ ਐਸਾ ਆਸਰਾ ਚਾਹਾਂ। ਮੇਰੇ ਵਿਚ ਐਬ ਨੇ ਲੱਖਾਂ ਨਹੀਂ ਤੈਥੋਂ ਗਿਣੇ ਜਾਣੇ, ਇਸੇ ਕਰਕੇ ਮੁਹੱਬਤ ਮੈਂ ਤੇਰੇ ਤੋਂ ਫ਼ਾਸਲਾ ਚਾਹਾਂ। ਬੜਾ ਆਰਾਮ ਕੀਤਾ ਹੈ ਇਹ ਦਿਲ ਉਪਰਾਮ ਹੈ ਫਿਰ ਵੀ, ਮੈਂ ਇਸ 'ਚੋਂ ਨਿਕਲਣਾ ਚਾਹਾਂ ਤੇ ਥੋੜ੍ਹਾ ਭਟਕਣਾ ਚਾਹਾਂ। ਅਜ਼ਲ ਤੋਂ ਥਲ ਪਿਆਸੇ ਨੇ ਇਸੇ ਕਰਕੇ ਉਦਾਸੇ ਨੇ, ਇਨ੍ਹਾਂ ਦੀ ਰੂਹ ਤ੍ਰਿਪਤੀ ਲਈ ਮੈਂ ਰੱਜ ਕੇ ਬਰਸਣਾ ਚਾਹਾਂ। ਮੁਹੱਬਤ ਮੋਮ ਦਾ ਘੋੜਾ ਅਗਨ ਦੇ ਨਾਲ ਖਹਿੰਦਾ ਹੈ, ਨਾ ਇਹ ਹਸਤੀ ਗੁਆ ਬੈਠੇ ਮੈਂ ਇਸਨੂੰ ਵਰਜਣਾ ਚਾਹਾਂ। ਮੈਂ ਖੁਸ਼ਬੂ ਹਾਂ ਮੁਹੱਬਤ ਵਾਂਗ ਮੈਨੂੰ ਸਾਂਭ ਲੈ ਦਿਲ ਵਿਚ, ਮੈਂ ਅਪਣੇ ਆਪ ਨੂੰ ਬਸ ਤੇਰੇ ਰੰਗ ਵਿਚ ਰੰਗਣਾ ਚਾਹਾਂ। ਇਹ ਨਾਗਣ ਰਾਤ ਮੇਰੇ ਕੋਲ ਆ ਕੇ ਰੋਜ਼ ਕਹਿੰਦੀ ਹੈ, ਤੂੰ ਚੰਦਨ ਬਿਰਖ਼ ਹੈਂ 'ਲੋਚੀ' ਤੇਰੇ ਸੰਗ ਲਿਪਟਣਾ ਚਾਹਾਂ।

ਖਾਰ ਜਾਂ ਫੁੱਲ ਦੇ ਨਾਲ ਰਹਾਂ ਮੈਂ

ਖਾਰ ਜਾਂ ਫੁੱਲ ਦੇ ਨਾਲ ਰਹਾਂ ਮੈਂ। ਠਹਿਰ ਜ਼ਰਾ ਕੁਝ ਸੋਚ ਲਵਾਂ ਮੈਂ। ਦਿਲ ਵੀ ਗੰਧਲੇ ਰੂਹ ਵੀ ਗੰਧਲੀ, ਕਿਸ ਬਸਤੀ ਵਿਚ ਬੋਲ ਰਹਾਂ ਮੈਂ? ਮੈਂ ਵੀ ਚਾਹਵਾਂ ਵੰਡਛਾ ਛਾਵਾਂ, ਜੀਅ ਕਰਦਾ ਹੈ ਬਿਰਖ਼ ਬਣਾ ਮੈਂ। ਤੇਰੇ ਬੋਲ ਗ਼ਜ਼ਲ ਦੇ ਮਿਸਰੇ, ਤਾਂ ਹੀ ਤੇਰੇ ਨਾਲ ਤੁਰਾਂ ਮੈਂ। ਮੈਂ ਵੀ ਕਿਹੜਾ ਦੁੱਧ ਧੋਤਾ ਹਾਂ? ਉਂਗਲ ਕਿਸਦੇ ਵੱਲ ਕਰਾਂ ਮੈਂ? ਬੇ-ਸੁਰਿਆਂ ਦੇ ਰਾਗ ਨੇ ਉੱਚੇ, ਸੁਰ ਵਿਚ ਕਿੱਦਾਂ ਸਾਜ਼ ਕਰਾਂ ਮੈਂ? ਜੇ ਤੂੰ 'ਲੋਚੀ' ਨੇੜੇ ਹੋਵੇਂ, ਸੱਜਰੇ ਫੁੱਲਾਂ ਵਾਂਗ ਖਿੜਾਂ ਮੈਂ।

ਬਹੁਤ ਹੀ ਨਿੱਕੀ ਜਹੀ ਇਹ ਜ਼ਿੰਦਗੀ

ਬਹੁਤ ਹੀ ਨਿੱਕੀ ਜਹੀ ਇਹ ਜ਼ਿੰਦਗੀ। ਦਿਲ 'ਚ ਦੀਵਾਰਾਂ ਦਾ ਯਾਰੋ ਕੰਮ ਕੀ। ਕਿੰਝ ਧੀ ਦੇ ਹੱਥ ਲਾਵੇ ਮਹਿੰਦੜੀ? ਬਾਬਲਾ ਬੇਜ਼ਾਰ ਦੁਨੀਆਂ ਸਿਰ ਚੜ੍ਹੀ। ਸਿਸਕੀਆਂ ਦੀ 'ਵਾਜ਼ ਨਾ ਤੈਨੂੰ ਸੁਣੇ, ਤੇਰਾ ਉੱਚਾ ਤਖ਼ਤ ਹੈ ਏਸੇ ਲਈ। ਚਿੱਟੇ ਵਸਤਰ ਪਹਿਨਕੇ ਕਿੱਦਾਂ ਤੁਰਾਂ? ਸ਼ਹਿਰ ਦੇ ਮੋੜ 'ਤੇ ਨ੍ਹੇਰੀ ਚੜ੍ਹੀ। ਰਿਸ਼ਤਿਆਂ ਵਿਚ ਜ਼ਹਿਰ ਕਾਹਨੂੰ ਘੋਲਦੈਂ? ਜ਼ਿੰਦਗੀ ਤਾਂ ਮੋਹ-ਮੁਹੱਬਤ 'ਤੇ ਖੜ੍ਹੀ। ਖ਼ੁਦ ਮਿਟਾ 'ਲੋਚੀ' ਦਿਲਾਂ ਦੇ ਫ਼ਾਸਲੇ, ਖਿਸਕ ਨਾ ਜਾਵੇ ਤੇਰੇ ਤੋਂ ਇਹ ਘੜੀ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਤ੍ਰੈਲੋਚਨ ਲੋਚੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ