Punjabi Ghazals and Poems: Trailochan Lochi

ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਤ੍ਰੈਲੋਚਨ ਲੋਚੀਪੰਜਾਬੀ ਗ਼ਜ਼ਲਾਂ ਤ੍ਰੈਲੋਚਨ ਲੋਚੀ

1. ਅਪਣੇ ਬੋਲਾਂ ਤੋਂ ਹੀ ਥਿੜਕਾਂ ..ਨਾ ਬਈ ਨਾ

ਅਪਣੇ ਬੋਲਾਂ ਤੋਂ ਹੀ ਥਿੜਕਾਂ ..ਨਾ ਬਈ ਨਾ ! ਮੈਂ ਵੀ ਉਹਨਾਂ ਵਰਗਾ ਨਿਕਲਾਂ..ਨਾ ਬਈ ਨਾ! ਮੈਂ ਸ਼ਾਇਰ ਮੈਂ ਸ਼ਬਦ ਦੀ ਰਾਖੀ ਬੈਠਾ ‌ਵਾਂ‌, ਰੁਖ਼ ਹਵਾ ਦਾ ਦੇਖਕੇ ਬਦਲਾਂ...ਨਾ ਬਈ ਨਾ! ਦਾਣੇ ਦੁਣਕੇ ਨੂੰ ਜਦ ਖ਼ਲਕਤ ਤਰਸ ਰਹੀ, ਤੇ ਮੈਂ ਅਪਣੇ ਬੋਝੇ ਭਰ'ਲਾਂ...ਨਾ ਬਈ ਨਾ! ਇਸ ਤੋਂ ਵੱਡਾ ਹੋਰ ਗੁਨਾਹ ਕੀ ਹੋ ਸਕਦੈ, ਅਪਣੀ ਬੋਲੀ ਨੂੰ ਹੀ ਭੁੱਲਾਂ ....ਨਾ ਬਈ ਨਾ ! ਮੈਨੂੰ ਬਖ਼ਸ਼ੂ 'ਲੋਚੀ' ਕਿਵੇਂ ਜ਼ਮੀਰ ਮੇਰੀ, ਮੈਂ ਦਰਬਾਰੀ ਸ਼ਾਇਰ ਬਣ'ਜਾਂ ...ਨਾ ਬਈ ਨਾ!

2. ਸਜ਼ਾ ਕੈਸੀ ਮਿਲੀ ਇਹ ਸੋਚਦਾ ਹਾਂ

ਸਜ਼ਾ ਕੈਸੀ ਮਿਲੀ ਇਹ ਸੋਚਦਾ ਹਾਂ! ਮੈਂ ਖ਼ੁਦ ਤੋਂ ਹੀ ਬਗਾਨਾ ਹੋ ਰਿਹਾ ਹਾਂ! ਮਖੌਟਾ ਹੀ ਨਜ਼ਰ ਚਿਹਰੇ 'ਤੇ ਆਵੇ , ਮੈਂ ਜਿੰਨ੍ਹੀ ਵਾਰ ਸ਼ੀਸ਼ਾ ਦੇਖਦਾ ਹਾਂ ! ਖ਼ੁਦਾ ਉਸਨੂੰ ਵੀ ਅੰਬਰ ਬਖ਼ਸ਼ ਦੇਵੇ, ਮੈਂ ਜਿਸਦੀ ਅੱਖ ਦੇ ਵਿੱਚ ਰੜਕਦਾ ਹਾਂ! ਜਿਉਂਦੇ ਹੋਣ ਦਾ ਅਹਿਸਾਸ ਹੁੰਦੈ , ਮੈਂ ਦਿਲ ਦੇ ਬੂਹੇ ਖੁੱਲ੍ਹੇ ਰੱਖਦਾ ਹਾਂ! ਮੇਰੇ ਅੰਦਰ ਹੈ ਸ਼ਬਦਾਂ ਦਾ ਕਬੀਲਾ, ਮੈਂ ਅਪਣੇ ਆਪ ਵਿੱਚ ਹੀ ਕਾਫ਼ਲਾ ਹਾਂ! ਕਿਤੇ ਮਿੱਟੀ ਨਾ ਮੈਨੂੰ ਭੁੱਲ ਜਾਵੇ , ਮੈਂ ਅਪਣੀ ਮਾਂ ਦੀ ਬੋਲੀ ਬੋਲਦਾ ਹਾਂ! ਮੇਰੇ ਅੰਦਰ ਵੀ ਹੈ ਲੋਚੀ ਜਿਹਾ ਕੁਝ, ਮੈਂ ਵੈਰੀ ਦੇ ਵੀ ਸੀਨੇ ਧੜਕਦਾ ਹਾਂ!

3. ਘਰਾਂ ਦਾ ਸ਼ੋਰ ਸੁਣਕੇ ਡਰਦੀਆਂ ਨੇ

ਘਰਾਂ ਦਾ ਸ਼ੋਰ ਸੁਣਕੇ ਡਰਦੀਆਂ ਨੇ ! ਇਹ ਕੰਧਾਂ ਜਿਉਂਦੀਆਂ ਨਾ ਮਰਦੀਆਂ ਨੇ! ਕਦੇ ਇਹਨਾਂ ਦੀ ਵੀ ਸੁਣ ਪੀੜ ਬਹਿਕੇ, ਇਹ ਦੀਵਾਰਾਂ ਵੀ ਗੱਲਾਂ ‌ਕਰਦੀਆਂ ਨੇ! ਅਸਾਡੇ ਵਾਸਤੇ ਹੀ ਪਿੰਜਰੇ ਕਿਉਂ? ਇਹ ਚਿੜੀਆਂ ਰੋਜ਼ ਹੌਕੇ‌ ਭਰਦੀਆਂ ਨੇ! ਤੂੰ ਅਪਣੀ ਅੱਖ ਮੈਲੀ ਨੂੰ ਹਟਾ ਲੈ , ਨਦੀ 'ਚੋਂ ਨੀਰ ਧੀਆਂ ਭਰਦੀਆਂ ਨੇ! ਇਨ੍ਹਾਂ ਤੋਂ ਆਸ ਤਾਂ ਇਨਸਾਫ਼ ਦੀ ਸੀ, ਜਬਰ ਦਾ ਨਾਮ‌ ਹੀ ਕਿਉਂ ਵਰਦੀਆਂ ਨੇ! ਤੇਰੇ ਲੇਖਾਂ 'ਤੇ ਲੋਚੀ ਰਸ਼ਕ ਆਉਦੈਂ, ਕਿ ਗ਼ਜ਼ਲਾਂ ਪਿਆਰ ਤੈਨੂੰ ਕਰਦੀਆਂ ਨੇ!

4. ਜਿੰਨ੍ਹਾਂ ਨੂੰ ਦੇਖ ਨ੍ਹੇਰੇ ਝੂਰਦੇ ਨੇ

ਜਿੰਨ੍ਹਾਂ ਨੂੰ ਦੇਖ ਨ੍ਹੇਰੇ ਝੂਰਦੇ ਨੇ ! ਕ੍ਰਿਸ਼ਮੇ ਦੋਸਤੋ ਇਹ ਨੂਰ ਦੇ ਨੇ ! ਇਨ੍ਹਾਂ ਨੂੰ ਜਾਣ ਦੇ, ਨਾ ਰੋਕ ਐਵੇਂ , ਇਹ ਪਾਣੀ ਤਾਂ ਮੁਸਾਫ਼ਿਰ ਦੂਰ ਦੇ ਨੇ! ਖ਼ੁਦਾਇਆ ਇਹ ਵੀ ਵੇਲਾ ਵੇਖਣਾ ਸੀ? ਬਜ਼ੁਰਗਾਂ ਨੂੰ ਹੀ ਬੱਚੇ ਘੂਰਦੇ ਨੇ ! ਚਿੜੀ ਕੋਈ ਜਦੋਂ ਅਸਮਾਨ ਛੂਹੇ , ਇਹ ਲੋਕੀ ਤੜਪਦੇ ਕਿਉਂ ਝੂਰਦੇ ਨੇ ! ਮਿਲੇਂ ਲੋਚੀ ਤੂੰ ਅੱਜ ਕਲ੍ਹ ਇਸ ਤਰ੍ਹਾਂ ਕੁਝ , ਜਿਵੇਂ‌ ਰਿਸ਼ਤੇ ਹੀ ਅਪਣੇ ਦੂਰ ਦੇ ਨੇ !

5. ਕੈਸੇ ਰੰਗ ਦਿਖਾਏ ਵੇਖ ਮੁਕੱਦਰ ਨੇ

ਕੈਸੇ ਰੰਗ ਦਿਖਾਏ ਵੇਖ ਮੁਕੱਦਰ ਨੇ ! ਸਭ ਕੁਝ ਹੁੰਦਿਆਂ ਸੁੰਦਿਆਂ ਵੀ ਘਰ ਖੰਡਰ ਨੇ! ਤੁੰ ਫੁੱਲਾਂ ਦੇ ਸ਼ਹਿਰ ਦਾ ਵਾਸੀ ਕੀ ਜਾਣੇ , ਸਾਨੂੰ ਤਾਂ ਖ਼ਾਬਾਂ ਵਿੱਚ ਦਿੱਸਦੇ ਖੰਜਰ ਨੇ ! ਮਥੁਰਾ ਵਿੱਚ ਭਗਵਾਨ ਗੁਆਚਾ ਘਰ ਲੱਭੇ , ਘਰ ਕੀ ਲੱਭਣਾ, ਥਾਂ ਥਾਂ ਬਣ ਗਏ ਮੰਦਰ ਨੇ ! ਜਿੰਨ੍ਹੇ ਮੇਰੇ ਚਿਹਰੇ ਤੋਂਤੂੰ ਪੜ੍ਹ ਲਏ ਨੇ , ਉਸ ਤੋਂ ਬਹੁਤੇ ਡਰ ਤਾਂ ਮੇਰੇ ਅੰਦਰ ਨੇ ! ਐਵੇਂ ਲੋਚੀ ਹਵਾ 'ਚ ਉੱਡਿਆ ਫਿਰਦਾ ਏਂ , ਇਸ ਮਿੱਟੀ ਦੇ ਥੱਲੇ ਬਹੁਤ ਸਿਕੰਦਰ ਨੇ !

6. ਬੰਦਾ ਬਣ'ਜੇ ਬੰਦਾ ਬਸ

ਬੰਦਾ ਬਣ'ਜੇ ਬੰਦਾ ਬਸ ! ਏਨਾ ਕਰ ਦੇ ਰੱਬਾ ਬਸ! ਕੰਬ ਗਿਆ ਅੰਧਕਾਰ ਓਦੋਂ, ਜਗਿਆ ਸੀ ਇੱਕ ਦੀਵਾ ਬਸ! ਮੇਰੇ ਸੁਪਨ'ਚ ਆਵੇਂ ਤੂੰ , ਮੇਰਾ ਏਹੋ ਸੁਪਨਾ ਬਸ! ਇੰਨ ਬਿੰਨ ਕਵਿਤਾ ਵਰਗਾ ਹੈ, ਸੱਚੀਓਂ ਤੇਰਾ ਚਿਹਰਾ ਬਸ ! ਮੈਂ ਚੋਟੀ ਸਰ ਕਰਨੀ ਸੀ , ਬਿੱਲੀ ਕੱਟ ਗਈ ਰਸਤਾ ਬਸ! ਗ਼ਰਜ਼ਾਂ ਪਿੱਛੇ ਟੁੱਟ ਗਿਆ , ਏਨਾ ਸੀ ਇੱਕ ਰਿਸ਼ਤਾ ਬਸ! ਕੀ ਏਨੀ ਸੀ ਦੌੜ ਤੇਰੀ ? ਕੁਰਸੀ, ਕਲਗੀ, ਰੁਤਬਾ ਬਸ!

7. ਹੋਵੇਗਾ ਇੱਕ ਦਿਨ ਇਹ ਆਖ਼ਰ ਹੋਵੇਗਾ

ਹੋਵੇਗਾ ਇੱਕ ਦਿਨ ਇਹ ਆਖ਼ਰ ਹੋਵੇਗਾ! ਧਰਤੀ ਦਾ ਹਰ ਸ਼ਖਸ ਬਰਾਬਰ ਹੋਵੇਗਾ! ਇਹ ਨਾ ਸਮਝੀਂ ਡੁੱਬ ਗਿਆ, ਉਹ ਮੁੱਕ ਗਿਆ, ਕੱਲ੍ਹ ਫਿਰ ਦੇਖੀਂ ਸੂਰਜ ਹਾਜ਼ਰ ਹੋਵੇਗਾ ! ਉਹ ਮਾਵਾਂ ਇੱਕ ਦਿਨ ਪਛਤਾਈਆਂ ਹੋਣਗੀਆਂ, ਜਿਹਨਾਂ ਜੰਮਿਆ ਕੋਈ ‌ਸਿਕੰਦਰ ਹੋਵੇਗਾ! ਜਿਸਦੇ ਸੁਪਨ ਸਬੂਤੇ, ਸਿਦਕ ਸਲਾਮਤ ਹੈ, ਇੱਕ ਦਿਨ ਉਸਦੇ ਪੈਰੀਂ ਅੰਬਰ ਹੋਵੇਗਾ! ਤੈਨੂੰ ਲੋਚੀ ਕਵੀ ਕਿਸੇ ਨੇ ਮੰਨਣਾ ਨਹੀਂ , ਜੇ ਨਾ ਤੇਰੀ ਅੱਖ 'ਚ ਅੱਥਰ ਹੋਵੇਗਾ!

8. ਹਊਮੈਂ ਦਾ ਨਾ ਕਿਧਰੇ ਕੋਈ ਖਿਲਾਰਾ ਸੀ

ਹਊਮੈਂ ਦਾ ਨਾ ਕਿਧਰੇ ਕੋਈ ਖਿਲਾਰਾ ਸੀ! ਨਿੱਕਾ ਸੀ ਪਰ ਸ਼ਹਿਰ ‌ਉਹ ਕਿੰਨਾ ਪਿਆਰਾ ਸੀ ਨਿੱਕੀ ਨਿੱਕੀ ਗੱਲ 'ਚੋਂ ਖੁਸ਼ੀਆਂ ਫੜਦੇ ਸੀ, ਮੇਰੇ ਵੱਡਿਆਂ ਦਾ ਵੀ ਸ਼ਾਹੂਕਾਰਾ ਸੀ ! ਇਹ ਗ਼ਜ਼ਲਾਂ ਤਾਂ ਟੋਟੇ ਟੁਕੜੇ ਓਸੇ ਦੇ , ਮੇਰੇ ਅੰਦਰੋਂ ਟੁੱਟਿਆ ਜੇਹੜਾ ਤਾਰਾ ਸੀ ! ਤੂੰ‌ ਤਾਂ ਐਵੇਂ ਢੇਰੀ ਢਾਹ ਕੇ ਬੈਠ ਗਿਓਂ, ਤੇਰੇ ਨਾਲ਼ੋਂ ਸਭ ਦਾ ਦੁੱਖੜਾ ਭਾਰਾ ਸੀ ! ਤੂੰ ਕਿਉਂ ਲੋਚੀ ਦਰਦ ਸੁਣਾਏ ਕੰਧਾਂ ਨੂੰ , ਹੂੰਗਰ ਸੀ ਨਾ ਕਿਧਰੇ ਕੋਈ ਹੁੰਗਾਰਾ ਸੀ !

9. ਉਹਨੂੰ ਮਿੱਟੀ ਵੀ ਨਹੀਂ ਭਰਦੀ ਕਲਾਵੇ

ਉਹਨੂੰ ਮਿੱਟੀ ਵੀ ਨਹੀਂ ਭਰਦੀ ਕਲਾਵੇ! ਜੁ ਸੁੱਚੇ ਰਿਸ਼ਤਿਆਂ ਦੀ ਖੇਹ ਉਡਾਵੇ ! ਅਜੇ ਤੂੰ ਖੋਲ੍ਹ ਨਾ ਪੰਡ ਸ਼ਿਕਵਿਆਂ ਦੀ , ਅਜੇ ਤਾਂ ਬਿਰਖਾਂ 'ਤੇ ਪੱਤਰ ਨੇ ਸਾਵੇ ! ਮੈਂ ਸੱਭੇ ਹਾਸੇ ਉਸ ਤੋਂ ਵਾਰਦੇਵਾਂ, ਕਦੇ ਤਾਂ ਹੱਸਕੇ ਉਹ ਮੈਨੂੰ ਬੁਲਾਵੇ ! ਤੂੰ ਸਿਰ ਤੋਂ ਲਾਹ ਜ਼ਰਾ ਹਾਉਮੈਂ ਦੀ ਛੱਤਰੀ, ਮੁਹੱਬਤ ਤੈਨੂੰ ਵੀ ਕੁਝ ਰਾਸ ਆਵੇ ! ਤੇਰੇ ਅੰਦਰ ਕੋਈ ਦਰਵੇਸ਼ 'ਲੋਚੀ', ਜੁ ਤੈਨੂੰ ਲਾਲਸਾਵਾਂ ਤੋਂ ਬਚਾਵੇ !

10. ਮੈਨੂੰ ਪਰਖਣ ਆਏ ਸੀ ਜੋ ਚਾਂਵਾਂ ਨਾਲ

ਮੈਨੂੰ ਪਰਖਣ ਆਏ ਸੀ ਜੋ ਚਾਂਵਾਂ ਨਾਲ ! ਝੂੰਮਣ ਲੱਗੇ ਮੇਰੀਆਂ ਹੀ ਕਵਿਤਾਵਾਂ ਨਾਲ ! ਨਿੱਤ ਬੁਝਾਉਣ ਉਹ ਦੀਵੇ, ਮੈਂ ਫਿਰ ਬਾਲ ਦਿਆਂ, ਅੱਜ ਕੱਲ ਮੇਰਾ ਇੱਟ ਖੜਿੱਕਾ 'ਵਾਂਵਾਂ ਨਾਲ ! ਤੇਰੀ ਥਾਲੀ ਵਿੱਚ ਹੀ ਚੁੰਝਾਂ ਮਾਰ ਗਏ , ਕੀ ਖੱਟਿਆ ਤੂੰ ਯਾਰੀ ਲਾ ਕੇ ਕਾਂਵਾਂ ਨਾਲ ! ਭਰਮ ਹੈ ਤੇਰਾ, ਤੇਰੇ ਲਈ ਕੋਈ ਹੋਰ ਲੜੂ , ਲੜਨਾ ਪੈਂਦਾ ਆਪਣੀਆਂ ਹੀ ਬਾਵ੍ਹਾਂ ਨਾਲ! ਧੁੱਪਾਂ ਵਿੱਚ ਨਾ ਤੁਰਨਾ ਔਖਾ ਹੋ ਜਾਵੇ , ਏਡਾ ਵੀ ਨਾ ਰਿਸ਼ਤਾ ਰੱਖੀਂ ਛਾਂਵਾਂ ਨਾਲ! ਜਿੱਥੇ ਲੋਚੀ ਤੇਰੀਆਂ ਗ਼ਜ਼ਲਾਂ ਟਹਿਲਦੀਆਂ , ਅੱਜ ਕੱਲ੍ਹ ਮੋਹ ਜਿਹਾ ਆਉਂਦੈ ਉਹਨਾਂ ਰਾਵ੍ਹਾਂ ਨਾਲ!

11. ਮੁਹੱਬਤ ਹੀ ਦਿਲਾਂ 'ਚੋਂ ਗੁੰਮਸ਼ੁਦਾ ਹੈ

ਮੁਹੱਬਤ ਹੀ ਦਿਲਾਂ 'ਚੋਂ ਗੁੰਮਸ਼ੁਦਾ ਹੈ ! ਕੀ ਏਥੇ ਜੀਣ ਨੂੰ ਹੁਣ ਰਹਿ ਗਿਆ ਹੈ ! ਚਲੋ ਇਨਸਾਫ਼ ਦੀ ਅਰਥੀ ਨੂੰ ਚੁੱਕੋ‌, ਅਦਾਲਤ ਨੇ ਸੁਣਾਇਆ ਫ਼ੈਸਲਾ ਹੈ! ਜ਼ਰਾ ਵਹਿੰਦੀ ਨਦੀ ਨੂੰ ਦੱਸ ਦੇਵੀਂ, ਸਮੁੰਦਰ ਕਿੰਨ੍ਹੇ ਦਰਿਆ ਪੀ ਗਿਆ ‌ਹੈ! ਸੰਭਾਲਣ ਸ਼ਬਦ ਹੀ ਮੈਨੂੰ ਹਮੇਸ਼ਾ, ਇਨ੍ਹਾਂ ਦਾ ਰੱਬ ਜਿੱਡਾ ਆਸਰਾ ਹੈ ! ਗੁਲਾਬੀ ਫੁੱਲ ਜਿੱਥੇ ਖਿੜ ਰਹੇ ਨੇ, ਮੁਹੱਬਤ ਦਾ ਹੀ ਓਥੇ ਮਕਰਬਾ ਹੈ ! ਮੈਂ ਤੇਰੇ ਤੀਕ ਪੁੱਜਾਂ ਸਾਂਭ ਲੈ ਤੂੰ, ਸਫ਼ਰ ਅਗਲੇ ਦਾ ਮੈਨੂੰ ਕੀ ਪਤਾ ਹੈ! ਮੈਂ ਤੈਨੂੰ ਸੁਣਦਿਆਂ ਐਸਾ ਗੁਆਚਾਂ, ਕਹੀਂ ਤੂੰ ‌ਫੇਰ ਮੈਨੂੰ, ਕੀ ਕਿਹਾ ਹੈ! ਕਿਸੇ ਦੀ ਪੀੜ ਨਾ ਖੁਸ਼ੀਆਂ 'ਚ ਸ਼ਾਮਿਲ, ਇਹ ਲੋਚੀ ਕਿਸ ਤਰ੍ਹਾਂ ਦਾ ਹੋ ਗਿਆ ਹੈ!

12. ਸੁੱਕ ਨਾ ਕਿਧਰੇ ਜਾਣ ਇਹ ਸਰਵਰ ਸਾਂਭ ਲਵੋ

ਸੁੱਕ ਨਾ ਕਿਧਰੇ ਜਾਣ ਇਹ ਸਰਵਰ ਸਾਂਭ ਲਵੋ! ਸੋਹਣੇ ਸੋਹਣੇ ਦਿਲਕਸ਼ ਮੰਜ਼ਰ ਸਾਂਭ ਲਵੋ! ਆਉਣ ਵਾਲੀਆਂ ਨਸਲਾਂ 'ਤੇ ਕੁਝ ਤਰਸ ਕਰੋ, ਬਿਰਖ, ਬੂਟੜੇ, ਸਾਵੇ ਪੱਤਰ ਸਾਂਭ ਲਵੋ ! ਇਹਨਾਂ ਵਿੱਚ ਹੀ ਰਾਜ਼ ਰੌਸ਼ਨੀ ਦਾ ਛੁਪਿਐ, ਜਿਓਣ ਜੋਗਿਓ ਪੈਂਤੀ ਅੱਖਰ ਸਾਂਭ ਲਵੋ! ਚੰਨ, ਤਾਰਿਆਂ ਨੂੰ ਵੀ ਇੱਕ ਦਿਨ ਤਰਸੋਗੇ, ਅਜੇ ਵਕਤ ਹੈ ਨੀਲਾ ਅੰਬਰ ਸਾਂਭ ਲਵੋ ! ਬਿਨਾਂ ਲਗਾਮੋਂ ਭੱਜਿਆ ਇਹ ਬਾਜ਼ਾਰ ਫਿਰੇ, ਸੱਜਨੋ, ਆਪੋ ਆਪਣੀ ਚਾਦਰ ਸਾਂਭ ਲਵੋ ! ਉਹ ਵੀ ਜਿਓਂਦੇ ਜਾਗਦਿਆਂ ਵਿੱਚ ਹੋ ਜਾਊ, 'ਲੋਚੀ 'ਦੇ ਬਸ ਚੰਦ ਕੁ ਅੱਖਰ ਸਾਂਭ ਲਵੋ!

ਪੰਜਾਬੀ ਕਵਿਤਾਵਾਂ ਤ੍ਰੈਲੋਚਨ ਲੋਚੀ

13. ਸਤਲੁਜ ਅਤੇ ਬਿਆਸ

ਸਤਲੁਜ ਅਤੇ ਬਿਆਸ ਮਿਲੇ ਸੀ ਦੋਵੇਂ ਬਹੁਤ ਉਦਾਸ ਮਿਲੇ ਸੀ ਮੇਰੇ ਵੰਨੀਂ ਝਾਕ ਰਹੇ ਸੀ ਜਿੱਦਾਂ ਮੈਨੂੰ ਆਖ ਰਹੇ ਸੀ ਕਿੱਥੇ ਸਾਡੇ ਸੁੱਚੇ ਪਾਣੀ ਕਿਉਂ ਕਰਦੈਂ ਤੂੰ ਖਤਮ ਕਹਾਣੀ ਸੁਣ ਉਏ ਬੰਦਿਆ ਬੋਲ ਓ ਬੰਦਿਆ ਕਿਉਂ ਤੂੰ ਸਾਨੂੰ ਸੂਲੀ ਟੰਗਿਆ ਸੁਣਕੇ ਸੱਚੇ ਬੋਲ ਉਨ੍ਹਾਂ ਦੇ ਸਾਹ ਸੀ ਸੁੱਕੇ ਦਿਲ ਸੀ ਕੰਬਿਆ ਦਰਿਆਵਾਂ ਦਾ ਸੁਣਕੇ ਮਿਹਣਾ ਸਿੱਧੇ ਤੀਰ ਕਲੇਜੇ ਵੱਜੇ ਭੱਜਣ ਨੂੰ ਨਾ ਥਾਂ ਸੀ ਕਿਧਰੇ ਨਾ ਖੱਬੇ ਤੇ ਨਾ ਹੀ ਸੱਜੇ ਸੁਣਕੇ ਉਹਨਾਂ ਦੀ ਇਹ ਬੋਲੀ ਮੈਂ ਤਾਂ ਪਾਣੀਓਂ ਪਾਣੀ ਹੋਇਆ ਧਰਤੀ ਦਿੰਦੀ ਵੇਹਲ ਨਹੀਂ ਸੀ ਉਹਨਾਂ ਐਸਾ ਕਿੱਸਾ ਛੋਹਿਆ ਦਿਲ ਚਾਹੁੰਦਾ ਸੀ ਧਰਤੀ ਪਾਟੇ ਛੇਤੀ ਧਰਤੀ ਵਿੱਚ ਸਮਾਵਾਂ ਪਾਣੀਓਂ ਪਾਣੀ ਹੋਇਆ ਮੈਂ ਵੀ ਜਾਕੇ ਪਾਣੀ ‌ਵਿੱੱਚ ਰਲ ਜਾਂਵਾਂ ਜਾਕੇ ਪਾਣੀ ਵਿੱਚ ਰਲ ਜਾਂਵਾਂ....

14. ਪਰਿਕਰਮਾ

ਗੁਰੂ ਘਰ ਦੀ ਪਰਿਕਰਮਾ ਕਰਦਿਆਂ ਵੀ ਮਨ 'ਚੋਂ ਖਾਰਜ ਨਹੀਂ ਹੁੰਦੇ ਜੋੜ ਤੋੜ ਗਿਣਤੀਆਂ ਮਿਣਤੀਆਂ ਤੇ ਹੋਰ ਵੀ ਬੜਾ ਕੁਝ ਖ਼ੁਦ ਦੀ... ਪਰਿਕਰਮਾ ਕੀਤਿਆਂ ਮੁੱਦਤ ਹੋ ਗਈ।

15. ਬੇਟੀਆਂ

ਹੁੰਮਸ ਭਰੇ ਮੌਸਮ ਵਿੱਚ ਬੇਟੀ ਨੇ ਅਪਣੇ ਨਿੱਕੇ ਨਿੱਕੇ ਹੱਥਾਂ ਨਾਲ ਕਾਗਜ਼ 'ਤੇ ਬਣਾਈ ਹੈ ਵਰ੍ਹਦੇ ਬੱਦਲ ਦੀ ਤਸਵੀਰ ਤਨ ਮਨ ਤੇ ਘਰ ਦਾ ਕੋਨਾ ਕੋਨਾ ਸੀਤਲ ਹੋ ਗਿਆ ਜਿਵੇਂ ਸੱਚੀਓਂ ਹੀ ਬੇਟੀਆਂ ਦੇ ਹੱਥਾਂ ਵਿੱਚ ਕੋਈ ਜਾਦੂ ਹੈ ਕਰਾਮਾਤ ਜਿਹਾ

16. ਰਸੋਈ

ਕਿਸੇ ਘਰ ਦੀ ਰਸੋਈ ਨਿੱਕੀ ਜਾਂ ਵੱਡੀ ਇਸਦੇ ਕੋਈ ਅਰਥ ਨਹੀਂ ਕੋਈ ਮਾਇਨੇ ਨਹੀਂ ਦੇਖਣਾ ਤਾਂ ਇਹ ਹੈ ਪਕਵਾਨਾਂ ਵਿੱਚ ਮੁਹੱਬਤ ਦੀ ਚਾਸ਼ਨੀ ਕਿੰਨ੍ਹੀ ਕੁ ਹੈ ਦੇਖਣਾ ਤਾਂ ਇਹ ਹੈ..

17. ਸਫ਼ਰ

ਲੰਮੇ ਸਫ਼ਰ 'ਤੇ ਚੱਲੇ ਹੋ ਕੋਈ ਖ਼ੂਬਸੂਰਤ ਕਿਤਾਬ ਵੀ ਲੈ ਚੱਲੋ ਨਾਲ ਜ਼ਰੂਰੀ ਨਹੀਂ ਕਿ ਸਫ਼ਰ ਵਿੱਚ ਕਿਤਾਬਾਂ ਵਰਗੇ ਲੋਕ ਮਿਲਣ

18. ਚਿੱਠੀ

ਅੱਜਕੱਲ੍ਹ ਤਾਂ ਕੋਈ ਬਰੰਗ ਚਿੱਠੀ ਵੀ ਨਹੀਂ ਆਉਂਦੀ ਦਰਾਂ 'ਤੇ.. ..... ਕਦੇ ਆਵੇ ਤਾਂ ਸਹੀ ਡਾਕੀਏ ਭਰਾ ਦਾ ਵੀ ਮੂੰਹ ਮਿੱਠਾ ਕਰਾ ਛੱਡਾਂ

19. ਅੰਮ੍ਰਿਤ ਵੇਲਾ

ਭਾਈ ਜੀ ਦੀ ਆਵਾਜ਼ ਸਪੀਕਰ 'ਚੋਂ ਗੂੰਜੀ ਹੈ .......... ਪੰਡਿਤ ਜੀ ਨੇ ਸੰਖ ਵਜਾਇਆ ਉੱਚੀ ਉੱਚੀ ਟੱਲ ਖੜਕਾਏ ਨੇ ......... ਮੁੱਲਾਂ ਜੀ ਦੀ ਬਾਂਗ ਦੂਰ ਤਕ ਮਾਰ ਕਰ ਗਈ ਹੈ ......... ਅੰਮ੍ਰਿਤ ਵੇਲਾ ਕਿੱਡਾ ਸ਼ਾਂਤ ਕਿੱਡਾ ਦਿਲਕਸ਼ ਸੀ ਇਹਨਾਂ ਭਲੇ ਮਾਨਸਾਂ ਦੇ ਜਾਗਣ ਤੋਂ ਪਹਿਲਾਂ

20. ਵਿੱਥਾਂ

ਰਿਸ਼ਤਿਆਂ ਅੰਦਰ ਪਹਿਲਾਂ ਵੀ ਤਾਂ ਵਿੱਥਾਂ ਕੇਹੜਾ ਘੱਟ ਸੀ ਹੁਣ ਸੋਸ਼ਲ ਡਿਸਟੈਂਸ ਦੇ ਨਾਂਅ 'ਤੇ ਮਿਲਿਆ ਨਵਾਂ ਬਹਾਨਾ ........

21. ਮਾਂ ਦੀ ਜਾਦੂਗਰੀ

ਘੂਕ ਸੁੱਤੇ ਬੱਚੇ ਨੂੰ ਨਿਹਾਰਦੀ ਮਾਂ.... ਨਿੰਮਾ ਨਿੰਮਾ ਮੁਸਕਾਉਂਦੀ ਅਜਬ ਖੁਮਾਰੀ ਨਾਲ ਭਰ ਗਈ ਬੱਚਾ ਨੀਂਦ 'ਚ ਤ੍ਰਭਕਿਆ ਮਾਂ ਦੀਆਂ ਆਂਦਰਾਂ ਦਾ ਰੁੱਗ ਭਰਿਆ ਗਿਆ ਜਿਵੇਂ ਗਿੱਲੇ ਬਿਸਤਰੇ 'ਤੇ ਬੱਚਾ ਰੋਇਆ ਤਾਂ ਮਾਂ ਪੋਤੜਾ ਬਣ ਗਈ ਬੱਚਾ ਰਿਆੜ ਕਰਨ ਲੱਗਾ ਮਾਂ ਲਾਡ ਬਣ ਗਈ ਬੱਚੇ ਨੂੰ ਭੁੱਖ ਲੱਗੀ ਮਾਂ ਚੋਗ ਬਣ ਗਈ ਬੱਚਾ ਕਿਲਕਾਰੀਆਂ ਮਾਰਦਾ ਮਾਂ ਦੀ ਗੋਦ 'ਚ ਖੇਡਣ ਲੱਗਾ ਮਾਂ ਦੀ.... ਇਹ ਜਾਦੂਗਰੀ ਦੇਖਕੇ ਰੱਬ ਵੀ... ਹੈਰਾਨ ਹੁੰਦਾ ਹੋਵੇਗਾ ਜ਼ਰੂਰ

22. ਰਿਸ਼ਤਾ

ਗੁਰੂ ਘਰ ਦੇ ਹੋ ਕੇ ਵੀ ਜੇ ਮੱਥੇ 'ਤੇ ਤਿਊੜੀ ਰਹੀ ਜ਼ੁਬਾਨ ਕੌੜੀ ਰਹੀ ਤਾਂ ਦੱਸੋ ... ਗੂਰੂ ਕੋਲ ਕੇਹੜਾ ਮੂੰਹ ਲੈਕੇ ਜਾਵਾਂਗੇ ਸ਼ਬਦਾਂ ਤੋਂ ਟੁੱਟਿਆਂ ਨਾਲ ਗੁਰੂ ਦਾ ਭਲਾ ਕੀ ਰਿਸ਼ਤਾ

23. ਚੌਕੀਦਾਰਾ

ਨਿੱਕੇ ਨਿੱਕੇ ਹੁੰਦੇ ਸਿਆਣਿਆਂ ਤੋਂ ਸੁਣਦੇ ਸੀ ਇਹ ਵਾਰਤਾ ਚੌਕੀਦਾਰਾ ਬਹੁਤ ਔਖਾ ਹੁੰਦਾ ਸੁੱਖ ਆਰਾਮ ਨੀਂਦ ਤੇ ਚੈਨ ਤਿਆਗਣਾ ਪੈਂਦਾ ਸਾਰੀ ਸਾਰੀ ਰਾਤ ਜਾਗਣਾ ਪੈਂਦਾ ਪਲ ਪਲ ਦੀ ਖ਼ਬਰ ਰੱਖਣੀ ਪੈਂਦੀ ਹਰ ਸ਼ੈਅ 'ਤੇ ਨਜ਼ਰ ਰੱਣੀ ਪੈਂਦੀ ਚੌਕੀਦਾਰ ਹੀ ਸਾਡੀ ਰੱਖਿਆ ਕਰਦਾ ਕਿੱਡੀ ਵੱਡੀ ਤਪੱਸਿਆ ਕਰਦਾ ਸਿਆਣਿਆਂ ਦੀ ਸੁਣਕੇ ਅਸੀਂ ਹੈਰਾਨ ਹੋਈ ਜਾਂਦੇ ਚੌਕੀਦਾਰ ਤੋਂ ਕੁਰਬਾਨ ਹੋਈ ਜਾਂਦੇ ਇਹ ਤਾਂ ਇੱਕ ਨਿੱਕੇ ਜਿਹੇ ਸ਼ਹਿਰ ਦਾ ਕਿੱਸਾ ਏ ਇਸ ਤੋਂ ਅੱਗੇ ਇੱਕ ਹੋਰ ਵੀ ਕਿੱਸਾ ਏ ਵੱਡੇ ਹੋਏ ਤਾਂ ਦੇਖਿਆ ਮੁਲਕ ਦਾ ਚੌਂਕੀਦਾਰ ਸੁੱਖ ਆਰਾਮ ਨੀਂਦ ਤੇ ਚੈਨ ਭੋਰਾ ਵੀ ਨਹੀਂ ਤਿਆਗਦਾ ਸਗੋਂ ਨਿੱਤ ਕੋਈ ਡਰਾਉਣਾ ਜਿਹਾ ਬਿਆਨ ਦਾਗਦਾ ਖ਼ੁਦ ਤਾਂ ਸੌਂ ਜਾਂਦਾ ਬੇ ਖ਼ਬਰ ਹੋਕੇ ਸਾਰਾ ਮੁਲਕ ਤ੍ਰਭਕ ਤ੍ਰਭਕੇ ਜਾਗਦਾ ਹੁਣ ਅਸੀਂ ਸਿਆਣਿਆਂ ਤੋ ਇਹ ਤਾਂ ਪੁੱਛ ਸਕਦੇ ਹਾਂ ਭਲਾ ਚੌਕੀਦਾਰਾ ਕਿੱਡਾ ਕੁ ਔਖਾ ਹੁੰਦਾ

24. ਫਜ਼ੂਲ ਖਰਚੀ

ਸਾਰਾ ਸਾਰਾ ਦਿਨ ਕਿਓਂ ਬੋਲਦਾ ਰਹਿੰਨੈਂ ਅਵਾ ਤਵਾ ਊਲ ਜਲੂਲ ਫਜ਼ੂਲ ਸ਼ਬਦਾਂ ਦੀ ਏਨੀ ਫ਼ਜ਼ੂਲ ਖਰਚੀ ? ਸ਼ਬਦਾਂ ਦੀ ਏਨੀ ਫਜ਼ੂਲ ਖਰਚੀ ਚੰਗੀ ਨਹੀਂ ਹੁੰਦੀ ਮਤੇ ਇਹ ਨਾ ਹੋਵੇ ਇੱਕ ਦਿਨ ਤੇਰੇ ਕੋਲ ਕਿਸੇ ਨੂੰ ਅਸੀਸ ਦੇਣ ਲਈ ਦੁਆ ਕਰਨ ਲਈ ਅਰਦਾਸ ਕਰਨ ਲਈ ਵੀ ਸ਼ਬਦ ਨਾ ਬਚਣ ਸਾਰਾ ਸਾਰਾ ਦਿਨ ਕਿਓਂ ਬੋਲਦਾ ਰਹਿੰਨੈੱ ਅਵਾ ਤਵਾ ਊਲ ਜਲੂਲ ਫਜ਼ੂਲ ਸੱਚੀਓਂ.... ਸ਼ਬਦਾਂ ਦੀ ਏਨੀ ਫਜ਼ੂਲ ਖਰਚੀ ਚੰਗੀ ਨਹੀਂ ਹੁੰਦੀ...

25. ਨਾਨਕ ਦੇ ਖੇਤਾਂ ਦੀ ਮਿੱਟੀ...

ਨਾਨਕ ਦੇ ਖੇਤਾਂ ਦੀ ਮਿੱਟੀ ਇੱਕ ਦਿਨ ਨਾਨਕ ਦੇ ਦਰ ਆਈ ਬਰਛਿਆਂ ਵਾਲੇ ਬਾਹਰ ਖੜ੍ਹੇ ਸੀ ਉਹਨਾਂ ਉਥੇ ਢੁਕਣ ਨਾ ਦਿੱਤਾ ਪਲ ਵੀ ਉਥੇ ਰੁਕਣ ਨਾ ਦਿੱਤਾ ਮਿੱਟੀ ਨੇ ਫਿਰ ਤਰਲਾ ਪਾਇਆ ਮੈਂ ਨਾਨਕ ਦੇ ਖੇਤਾਂ ਦੀ ਹਾਂ ਮੈਂ ਨਾਨਕ ਦੀ ਛੋਹ ਹੈ ਪਾਈ ਅੰਦਰ ਜਾਣ ਦਿਓ ਮੈਨੂੰ ਵੀ ਬੜੀ ਹੀ ਦੂਰੋਂ ਚੱਲਕੇ ਆਈ ਬਰਛਿਆਂ ਵਾਲੇ ਟੁੱਟਕੇ ਪੈ ਗਏ ਕਿੰਨ੍ਹੇ ਬੋਲ ਕਬੋਲ ਵੀ ਕਹਿ ਗਏ ਤੂੰ ਤਾਂ ਅੰਦਰ ਜਾ ਨਹੀਂ ਸਕਦੀ ਅੰਦਰ ਫੇਰਾ ਪਾ ਨਹੀਂ ਸਕਦੀ ਤੁਰ ਜਾ ਏਥੋਂ ਮੁੜ ਜਾਹ ਪਿੱਛੇ ਅੰਨ੍ਹੀਏਂ... ਤੈਨੂੰ ਦਿੱਸਦਾ ਹੈਂਨੀ ਅੰਦਰ ਸੰਗਮਰਮਰ ਪਿਆ ਲਿਸ਼ਕੇ ਸਭ ਕੁਝ ਮੈਲਾ ਕਰ ਦੇਵੇਂਗੀ ਚਿੱਟੇ ਚਿੱਟੇ ਸੰਗਮਰਮਰ ਨੂੰ ਆਪਣੇ ਵਰਗਾ ਕਰ ਦੇਵੇਂਗੀ ਸੁਣਕੇ ਕੌੜੇ ਬੋਲ ਉਨ੍ਹਾਂ ਦੇ ਮਿੱਟੀ ਤੜਪੀ ਮਿੱਟੀ ਰੋਈ ਬੜੇ ਤਮਾਸ਼ਾ ਦੇਖ ਰਹੇ ਸੀ ਬਣਿਆ ਨਹੀਂ ਸਹਾਰਾ ਕੋਈ ਨਾ ਅੰਬਰ ਨੇ ਭਰੀ ਗਵਾਹੀ ਤੇ ਨਾ ਕੁਝ ਹੀ ਬੋਲੀ ਧਰਤੀ ਡਿੱਗਦੀ ਢਹਿੰਦੀ ਰੋਂਦੀ ਮਿੱਟੀ ਨਾਨਕ ਦੇ ਖੇਤਾਂ ਨੂੰ ਪਰਤੀ ਨਾਨਕ ਦੇ ਖੇਤਾਂ ਨੂੰ ਪਰਤੀ

  • ਮੁੱਖ ਪੰਨਾ : ਕਾਵਿ ਰਚਨਾਵਾਂ, ਤ੍ਰੈਲੋਚਨ ਲੋਚੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ