Tara Singh Aalam
ਤਾਰਾ ਸਿੰਘ ਆਲਮ

ਤਾਰਾ ਸਿੰਘ ਆਲਮ ਜਗਰਾਉਂ (ਲੁਧਿਆਣਾ) ਦਾ ਜੰਮਪਲ ਅਜਿਹਾ ਕਵੀ ਹੈ ਜਿਸ ਨੇ ਪੰਜਾਬੀ ਕਵਿਤਾ ਚ ਸਹਿਜ ਸੰਤੋਖ ਤੇ ਸੁਬਕ ਕਦਮਾਂ ਨਾਲ ਤੁਰਦਿਆਂ ਆਪਣਾ ਕਾਵਿ ਸਫ਼ਰ ਪ੍ਰਿੰ: ਤਖ਼ਤ ਸਿੰਘ, ਸ਼ਾਕਿਰ ਪੁਰਸ਼ਾਰਥੀ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ,ਕੇਸਰ ਸਿੰਘ ਨੀਰ ਵਰਗੇ ਸਮਰੱਥ ਕਲਮਕਾਰਾਂ ਦੀ ਸੰਗਤ ਚ ਆਰੰਭਿਆ। ਪੰਜਾਬੀ ਲੇਖਕਾਂ , ਰੰਗ ਕਰਮੀਆਂ ਦੇਵ, ਹਰਜੀਤ ਸਿੰਘ(ਦੂਰਦਰਸ਼ਨ) ਪਵਨ ਕੁਮਾਰ(ਚੰਨ ਪ੍ਰਦੇਸੀ ਫਿਲਮ ਦਾ ਗੀਤਕਾਰ) ਪ੍ਰੋ: ਅਮਰਜੀਤ ਵਰਮਾ, ਪ੍ਰੋ: ਮੋਹਨ ਲਾਲ ਸ਼ਰਮਾ, ਅਜੀਤ ਪਿਆਸਾ, ਬਲਦੇਵ ਗਿੱਲ ਤੇ ਪ੍ਰੋ: ਗੁਰਭਜਨ ਗਿੱਲ ਨਾਲ ਦੋਸਤੀ ਸਦਕਾ ਉਹ ਸਾਹਿੱਤ ਸੰਗਤ ਨਾਲ ਲਗਾਤਾਰ ਜੁੜਿਆ ਹੋਇਆ ਹੈ। ਮਾਤਾ ਜੀ ਸ੍ਰੀਮਤੀ ਚੰਦ ਕੌਰ ਤੇ ਪਿਤਾ ਸਰਦਾਰ ਗਿਆਨ ਸਿੰਘ ਦੇ ਘਰ 25 ਫਰਵਰੀ 1947 ਨੂੰ ਜਗਰਾਉਂ ਵਿਖੇ ਤਾਰਾ ਸਿੰਘ ਆਲਮ ਦਾ ਜਨਮ ਹੋਇਆ। ਆਪ ਨੇ ਪੜ੍ਹਾਈ ਜਗਰਾਉਂ (ਲੁਧਿਆਣਾ) ਵਿੱਚ ਹੀ ਕੀਤੀ।

ਕਾਵਿ ਕਿਤਾਬਾਂ ਤਿਰਹਾਇਆ ਸਮੁੰਦਰ ,ਉੱਛਲਦਾ ਸਮੁੰਦਰ,ਇਕ ਮੁੱਠੀ ਅਸਮਾਨ,ਆਲਮੀ ਪਰਵਾਜ਼ ,ਆਲਮੀ ਸਾਜ਼ ਪ੍ਰਕਾਸ਼ਿਤ ਹੋ ਚੁਕੀਆਂ ਹਨ। ਚਿੱਤ ਨੂੰ ਟਿਕਾਣੇ ਰੱਖੀਏ,ਰੱਬ ਦੇ ਦਰਸ਼ਨ ਦੋ ਵਾਰਤਕ ਰਚਨਾਵਾਂ ਹਨ। ਇੰਗਲੈਂਡ ਤੋਂ ਛਪਦੇ ਸਾਹਿੱਤਕ ਸਭਿਆਚਾਰਕ ਪਰਚੇ ਸਾਹਿਬ ਦੇ ਵੀ ਸ: ਰਣਜੀਤ ਸਿੰਘ ਰਾਣਾ ਨਾਲ ਸੰਪਾਦਨ ਸਹਿਯੋਗੀ ਹਨ। ਜੀਵਨ ਸਾਥਣ ਅਮਰਜੀਤ ਕੌਰ ਆਲਮ ਤੋਂ ਇਲਾਵਾ ਬੇਟਾ ਰਮਨਜੋਤ ਸਿੰਘ ਤੇ ਅਮਨਜੋਤ ਸਿੰਘ ਤੋਂ ਇਲਾਵਾ ਬੇਟੀਆਂ ਅੰਮ੍ਰਿਤਾ ਸਿੰਘ ,ਰੇਖਾ ਕੌਰ,ਗੁਰਪ੍ਰੀਤ ਕੌਰ,ਸਿਮਰ ਕੌਰ ਹਨ। ਇਸ ਵੇਲੇ ਆਪ ਰੁਜ਼ਗਾਰ ਪੱਖੋਂ ਹੋਮਿਓਪੈਥਿਕ ਸਲਾਹਕਾਰ ਸਾਉਥਹਾਲ ਲੰਡਨ (ਯੂ ਕੇ) ਵਜੋਂ ਕਾਰਜਸ਼ੀਲ ਹਨ। ਹੋਰ ਸ਼ੌਕ ਲਿਖਣਾ ਪੜ੍ਹਨਾ, ਕੜ੍ਹਨਾ ਬੁਣਨਾ, ਖਾਣਾ ਪਹਿਨਣਾ,ਪਹਾੜਾਂ ਤੇ ਰਹਿਣਾ ਦਰਿਆਵਾਂ ,ਸਮੁੰਦਰਾਂ ਚ ਨਹਾਉਣਾ ,ਤਰਨਾ ਸੰਗੀਤ ਨੂੰ ਸਾਹਾਂ ਨਾਲ ਜਿਉਣਾ ਕਵਿਤਾ ਪੜ੍ਹਨਾ ਲਿਖਣਾ ਗਾਉਣਾ ਸੱਚ ਲਈ ਖੜ੍ਹਨਾ ਲੜਨਾ ਮਰਨਾ ਸ਼ਾਮਿਲ ਹੈ। ਰੂਹਾਨੀ ਰੂਹਾਂ ਦੀ ਸੰਗਤ ਮਾਨਣਾ ਬਚਪਨ ਤੋਂ ਹੀ ਨਾਨਕਸਰ ਕਾਰਨ ਸੰਭਵ ਹੈ। ਪਾਖੰਡ ਦਾ ਵਿਰੋਧ ਪਰ ਸਹੀ ਜਿਉੜਿਆਂ ਨੂੰ ਮੁਹੱਬਤ ਕਰਨਾ ਜੀਵਨ ਪੂੰਜੀ ਹੈ। ਇੰਗਲੈਂਡ ਦੀਆਂ ਸਾਹਿੱਤਕ ਤੇ ਸਭਿਆਚਾਰਕ ਸੰਸਥਾਵਾਂ ਚ ਕੰਮ ਕਰਨ ਦੇ ਨਾਲ ਨਾਲ ਤਾਰਾ ਸਿੰਘ ਆਲਮ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਜੀਵਨ ਮੈਂਬਰ ਹਨ।