Trihaya Samunder : Tara Singh Aalam

ਤ੍ਰਿਹਾਇਆ ਸਮੁੰਦਰ (ਕਾਵਿ ਸੰਗ੍ਰਹਿ) : ਤਾਰਾ ਸਿੰਘ ਆਲਮ

ਇਸ ਤਿਹਾਏ ਸਮੁੰਦਰ ਦੀ ਰੂਹ,
ਉਨ੍ਹਾਂ ਸਦੀਆਂ ਤੋਂ ਲੋਕ ਸੇਵਾ ਕਰ ਰਹੀਆਂ ਜ਼ਿੰਦਗੀਆਂ
ਅਤੇ ਸੇਵਾ ਲਈ ਪ੍ਰੇਰਤ ਕਰ ਰਹੀਆਂ
ਮਹਾਨ-ਆਤਮਾਵਾਂ ਦੇ ਨਾਮ ਕਰਦਾ ਹਾਂ।

ਤ੍ਰਿਹਾਏ ਸਮੁੰਦਰ ਦੀਆਂ ਤਿੰਨ ਪਰਤਾਂ

ਤ੍ਰਿਹਾਇਆ ਸਮੁੰਦਰ ਤਾਰਾ ਸਿੰਘ ਆਲਮ ਦਾ ਪ੍ਰਥਮ ਕਾਵਿ-ਸੰਗ੍ਰਹਿ ਹੈ। ਇਸ ਵਿਚ ਉਸ ਦੇ ਗੀਤ ਵੀ ਸ਼ਾਮਲ ਹਨ, ਨਜ਼ਮਾਂ ਵੀ ਤੇ ਕੁਝ ਅਜਿਹੀਆਂ ਕਾਵਿ ਰਚਨਾਵਾਂ ਵੀ ਜੋ ਗ਼ਜ਼ਲ ਦੇ ਰੂਪਾਕਾਰ ਵਿਚ ਵਲੀਆਂ ਹਨ। ਭਾਵੇਂ ਇਨ੍ਹਾਂ ਉਪਰ ਇਹ ਸਿਰਲੇਖ ਅੰਕਿਤ ਨਹੀਂ। ਆਪਣੇ ਵਿਸ਼ਿਆਂ ਤੇ ਸਰੋਕਾਰਾਂ ਦੇ ਪੱਖ ਤੋਂ ਇਹ ਕਾਵਿ-ਸੰਗ੍ਰਹਿ ਹੋਰ ਵੀ ਜ਼ਿਆਦਾ ਵੰਨ-ਸੁਵੰਨਤਾ ਦਾ ਧਾਰਨੀ ਹੈ। ਪਰ ਸੰਚਾਰ ਤੇ ਅਨੁਭਵ ਦੇ ਪੱਖੋਂ ਇਸ ਕਿਤਾਬ ਦੀ ਸ਼ਾਇਰੀ ਨੂੰ ਤਿੰਨ ਪਰਤਾਂ ਵਿਚ ਨਿਹਾਰਿਆ ਜਾ ਸਕਦਾ ਹੈ। ਪਹਿਲੀ ਪਰਤ ਗੀਤਾਂ ਦੀ, ਜਿਨ੍ਹਾਂ ਦਾ ਸੰਚਾਰ ਸਹਿਜ ਸੁਖਾਲਾ ਹੈ ਤੇ ਅਨੁਭਵ ਦੋਮੇਲ-ਮੁਖੀ। ਏਥੇ ਸੰਦੇਸ਼, ਉਪਦੇਸ਼, ਪ੍ਰਕਾਰ ਅਤੇ ਹੂਕ ਦੀ ਸੁਰ ਹੈ ਤੇ ਸੰਬੋਧਨ ਵਧੇਰੇ ਕਰਕੇ ਸਮੂਹ ਨੂੰ ਹੈ। ਏਥੇ ਅਨੁਭਵ ਤੇ ਸੰਚਾਰ ਦੋਵੇਂ ਜਟਿਲਤਾ ਤੋਂ ਦੂਰ ਹਨ-

ਸਾਂਝੀ ਹੈ ਇਹ ਧਰਤੀ ਸਾਡੀ
ਸਾਂਝਾ ਹੈ ਅਸਮਾਨ ਵੇ ਲੋਕੋ
ਪਿਆਰ, ਮਨੁੱਖਤਾ ਨੂੰ ਜੋ ਮਾਰੇ
ਕਰੋ ਉਹਦੀ ਪਹਿਚਾਨ ਵੇ ਲੋਕੋ।
(ਸਾਂਝਾ ਹੈ ਅਸਮਾਨ, ਪੰਨਾ-7)

ਬੱਚਿਆਂ ਦਾ ਖੇਲ ਨਹੀਂ ਬੱਚਿਆਂ ਨੂੰ ਪਾਲਣਾ
ਅੰਬਰ ਨੂੰ ਛੋਹਵਣਾ, ਸਾਗਰ ਨੂੰ ਖੋਜਣਾ।
(ਸਾਗਰ ਨੂੰ ਖੋਜਣਾ, ਪੰਨਾ-4)

ਹਿੰਦੁਸਤਾਨ ਦਾ, ਨਾ ਪਾਕਿਸਤਾਨ ਦਾ
ਆਓ ਗੀਤ ਗਾਈਏ, ਸਾਰੇ ਜਹਾਨ ਦਾ।
(ਆਓ ਗੀਤ ਗਾਈਏ, ਪੰਨਾ-17)

ਸਾਡਾ ਬਸ ਗੁਨਾਹ ਹੈ ਇਹੋ, ਪਿਆਰ ਅਸਾਂ ਨੇ ਕਰਿਆ ਏ।
ਤੇਰੀ ਠੋਕਰ ਦਾ ਵੀ ਆਦਰ ਯਾਰ ਅਸਾਂ ਨੇ ਕਰਿਆ ਏ।
ਹਿਜਰ ਤੇਰੇ ਨੇ ਦਿਲ ਦੇ ਵਿਹੜੇ ਵਿਚ ਬੀਜ ਗ਼ਮਾਂ ਦੇ ਬੋਏ ਨੇ
ਕੰਧਾਂ ਦੇ ਗਲ ਲੱਗ ਲੱਗ ਮੈਂ ਤਾਂ ਆਪਣੇ ਦੁੱਖੜੇ ਰੋਏ ਨੇ,
ਸਾਡੇ ਬਾਝੋਂ ਸੁਹਣਿਆ ਸੱਜਣਾਂ ਤੇਰਾ ਕਿਵੇਂ ਦਸ ਸਰਿਆ ਏ।
(ਖਾਮੋਸ਼ ਦਸਤਕ, ਪੰਨਾ 20)

(‘ਖਾਮੋਸ਼ ਦਸਤਕ’ ਵਿਚ ਸੰਬੋਧਨ ਨਿਰਸੰਦੇਹ ਇਕ ਪਿਆਰੇ ਨੂੰ ਹੈ ਪਰ ਇਸ ਗੀਤ ਵਿਚਲਾ ਪਿਆਰ-ਅਨੁਭਵ ਸਮਾਨਯ ਧਾਰਨਾ ਵਿਚ ਰੰਗਿਆ ਹੋਇਆ ਹੈ।)

ਆਲਮ ਦੀ ਸ਼ਾਇਰੀ ਦੀ ਦੂਜੀ ਪਰਤ ਸੰਦੇਸ਼, ਉਪਦੇਸ਼, ਪੁਕਾਰ ਤੇ ਹੂਕ ਦੀ ਥਾਂ ਉਸ ਸਤਹ ਤੇ ਵਿਚਰਦੀ ਹੈ ਜਿਹੜੀ ਸਮਾਜ ਦੀ ਸਥਿਤੀ ਪ੍ਰਤੀ ਉਸ ਦੀ ਸੰਜੀਦਾ ਉਦਾਸੀ ਤੇ ਵਿਚਾਰਸ਼ੀਲਤਾ ਦਾ ਅਕਸ ਉਜਾਗਰ ਕਰਦੀ ਹੈ। ਰੂਪ ਦੇ ਪੱਖੋਂ ਇਹ ਪਰਤ ਵਧੇਰੇ ਕਰਕੇ ਗ਼ਜ਼ਲ ਦੀ ਸਿਨਫ਼ ਦੇ ਤੱਤਾਂ ਦੀ ਧਾਰਨੀ ਹੈ। ਇਸ ਪਰਤ ਵਿਚ ਹੈਰਾਨੀ ਤੇ ਵਿਡੰਬਨਾ ਦੀਆਂ ਮਨ-ਤਰੰਗਾਂ ਹਨ -

ਕੌਣ ਚੁਰਾ ਕੇ ਲੈ ਗਿਆ ਈਮਾਨ ਮੇਰੇ ਸ਼ਹਿਰ ਦਾ।
ਹਾਏ ਕਿੰਨਾਂ ਗਿਰ ਗਿਆ ਇਨਸਾਨ ਮੇਰੇ ਸ਼ਹਿਰ ਦਾ।
ਲਾਸ਼ਾਂ ਉੱਠ ਉੱਠ ਤੁਰਦੀਆਂ, ਲੱਭਦੀਆਂ ਨੇ ਜ਼ਿੰਦਗੀ,
ਹੈ ਅਜਬ ਇਹ ਦੋਸਤੋ ਸ਼ਮਸ਼ਾਨ ਮੇਰੇ ਸ਼ਹਿਰ ਦਾ।
(ਈਮਾਨ ਮੇਰੇ ਸ਼ਹਿਰ ਦਾ, ਪੰਨਾ- 16)

ਜ਼ਿੰਦਗਾਨੀ ਜ਼ਰਬ ਏਦਾਂ ਖਾ ਰਹੀ ਹੈ।
ਆਪ ਹੀ ਤਕਸੀਮ ਹੁੰਦੀ ਜਾ ਰਹੀ ਹੈ।
ਨ੍ਹੇਰਿਆਂ ਦੀ ਮੈਂ ਕਰਾਂ ਕਿਸ ਨੂੰ ਸ਼ਕਾਇਤ
ਰੌਸ਼ਨੀ ਹੀ ਮੇਰੇ ਘਰ ਨੂੰ ਖਾ ਰਹੀ ਹੈ।
(ਜ਼ਿੰਦਗਾਨੀ, ਪੰਨਾ-64)

ਤੀਸਰੀ ਪਰਤ ਵਿਚ ਆਲਮ ਦੀ ਸ਼ਾਇਰੀ ਇਸ ਸਾਰੀ ਸਥਿਤੀ ਦੇ ਵਿਸ਼ਲੇਸ਼ਣ ਵੱਲ ਰੁਚਿਤ ਹੁੰਦੀ ਹੈ। ਇਸ ਪਰਤ ਵਿਚ ਆਲਮ, ‘ਜੋ ਹੈ’ ਤੇ ਤਲ ਨੂੰ ਚਿਤ੍ਰਣ ਦੀ ਥਾਂ ‘ਜੋ ਹੈ’, ਉਹ ‘ਕਿਉਂ ਹੈ’ ਇਸ ਦਾ ਸਮਾਜੀ, ਮਨੁੱਖੀ ਦਾ ਜੀਵਕ ਤਾਣਾ ਬਾਣਾ ਕਿਸ ਤਰ੍ਹਾਂ ਦਾ ਹੈ? ਆਦਿ ਜੁਆਲਾਂ ਦੇ ਰੂਬਰੂ ਹੁੰਦਾ ਹੈ। ਇਥੇ ਉਸ ਦੀ ਕਵਿਤਾ ਦਾ ਰੂਪ ਵੀ ਸਰਲ ਪ੍ਰਗੀਤ ਦੀ ਥਾਂ ਜਟਿਲ ਹੋ ਜਾਂਦਾ ਹੈ ਤੇ ਕਈ ਥਾਂ ਉਸ ਦਾ ਸੰਬੋਧਨ ਵੀ ਕਿਸੇ ਹੋਰ ਜਾਂ ਹੋਰਨਾਂ ਦੀ ਥਾਂ ਆਪਣੇ ਆਪ ਨੂੰ ਹੈ-

ਮੇਰੇ ਆਲਮ ਮੇਰੇ ਯਾਰਾ ਮੇਰੇ ਸੰਗ ਆ
ਆ ਕਿ ਉਥੋਂ ਸਫ਼ਰ ਸ਼ੁਰੂ ਕਰੀਏ
ਜਿੱਥੇ ਪਾਗਲਪੁਣੇ ਦੀ ਹੱਦ ਮੁੱਕਦੀ ਹੈ
(ਮੇਰੇ ਆਲਮ, ਪੰਨਾ-49)

ਵਸਲ ਤੋਂ ਪਹਿਲਾਂ ਹੀ ਹੈ
ਗੀਤਾਂ ਦਾ ਲਾਵਾ ਬੇਸ਼ੁਮਾਰ
ਕਾਗਜ਼ 'ਤੇ ਉਲੀਕਿਆ ਹਿਜ਼ਰ
ਸਿਆਹੀ 'ਚ ਸਿਆਹੀ ਹੋਇਆ ਜਗਿਆਸੂ
ਗੀਤਾਂ ਦੇ ਮਿਟ ਜਾਣ ਦਾ ਭਰਮ
ਗੀਤਾਂ ਨੂੰ ਬਚਾਵਣ ਦਾ ਕਰਮ
ਹਵਾ ਨਾਲ ਗੱਲਾਂ
ਮਨ ’ਚ ਕਾਹਲਾਪਣ, ਘਬਰਾਹਟ
ਸੌਂ ਰਹੀ ਸੋਚ ਦੇ ਜਾਗਦੇ ਤੁਰਦੇ ਜਜ਼ਬਾਤ
ਅੰਨ੍ਹੇ ਪੈਰਾਂ 'ਚ ਨੌਕਰਾਂ ਹਨੇਰੇ 'ਚੋਂ ਸਾਏ ਦੀ ਭਾਲ
ਖ਼ਲਾਅ 'ਚ ਸਰੂਪ ਦੀ ਖੋਜ
ਹਨੇਰੇ 'ਚ ਗੁੰਮ ਸੁੰਮ ਆਪਣਾ ਆਪ
ਵਸਲ ਤੋਂ ਪਹਿਲਾਂ ਹੀ ਹੈ।
(ਧਰੁਵ, ਪੰਨਾ-52)

ਇਸ ਜੰਗਲ ਦੇ ਸਭ ਰੁੱਖਾਂ ਨੂੰ
ਖੁਦਗਰਜ਼ੀ ਵੀ ਪਿਉਂਦ ਚੜ੍ਹੀ ਹੈ
ਇਹ ਰੁੱਖਾਂ ਨੂੰ ਪੈਦਾ ਕਰਦੇ
ਇਹ ਰੁੱਖ ਰੁੱਖਾਂ ਨੂੰ ਖਾ ਜਾਂਦੇ
ਆਪਣੀਆਂ ਛਾਵਾਂ ਦਾ ਮੁੱਲ ਕਰਦੇ
(ਜੰਗਲ, ਪੰਨਾ 39)

ਕੀ ਇਨ੍ਹਾਂ ਵੱਖ-ਵੱਖ ਪਰਤਾਂ ਨੂੰ ਆਲਮ ਦੀ ਸ਼ਾਇਰੀ ਦੇ ਵਿਕਾਸ ਪੜਾਅ ਕਿਹਾ ਜਾ ਸਕਦਾ ਹੈ ਜਾਂ ਉਸ ਦੇ ਮਨ ਦੀਆਂ ਵੱਖ-ਵੱਖ ਅਵਸਥਾਵਾਂ ਜਾਂ ਧਰਾਤਲਾਂ ਦਾ ਇਜ਼ਹਾਰ? ਇਨ੍ਹਾਂ ਦੀ ਪਰਸਪਰ ਸਾਂਝ ਦੀ ਤੰਦ ਕਿਹੜੀ ਹੈ? ਸਮੁੱਚੀ ਆਧੁਨਿਕ ਪੰਜਾਬੀ ਕਵਿਤਾ ਵਿਚ ਵੀ ਸਾਨੂੰ ਕਿਸੇ ਨਾ ਕਿਸੇ ਰੂਪ ਵਿਚ ਇਹ ਤਿੰਨ ਪਰਤਾਂ ਦਿਸ ਪੈਂਦੀਆਂ ਹਨ। ਜਦੋਂ ਸ਼ਾਇਰ ਦਾ ‘ਸੰਬੋਧਨ’ ਬਦਲ ਜਾਂਦਾ ਹੈ ਤਾਂ ਉਸ ਦੇ ਵਿਚਾਰ ਭਾਵੇਂ ਨਹੀਂ ਬਦਲਦੇ ਵਿਚਾਰ ਦੀ ਪੰਜਾਬੀ ਦਾ ਅੰਦਾਜ਼ ਜ਼ਰੂਰ ਬਦਲ ਜਾਂਦਾ ਹੈ। ਸੰਬੋਧਨ ਕਦੇ ਜਨ ਸਮੂਹ ਹੁੰਦਾ ਹੈ, ਕਦੀ ਕੋਈ ਆਪਣਾ ਬੇਗਾਨਾ ਤੇ ਕਦੀ ਆਪਣਾ ਆਪ। ਇਸ ਲਈ ਇਨ੍ਹਾਂ ਪਰਤਾਂ ਨੂੰ ਸ਼ਾਇਰ ਦੀ ਸ਼ਾਇਰੀ ਦੇ ਵੱਖ-ਵੱਖ ਅਚੇਤ ਜਾਂ ਸਚੇਤ ਪ੍ਰਕਾਰਜ ਕਹਿ ਸਕਦੇ ਹਾਂ ਕਿਉਂਕਿ ਸ਼ਾਇਰੀ ਕਦੀ ਸੰਦੇਸ਼ ਉਪਦੇਸ਼ ਹੁੰਦੀ ਹੈ ਕਦੀ ਗੁਫ਼ਤਗੂ, ਕਦੀ ਏਕਾਲਾਪੀ ਆਤਮ-ਪੜਚੋਲ।

ਤਾਰਾ ਸਿੰਘ ਆਲਮ ਦੀ ਪ੍ਰਥਮ ਪੁਸਤਕ ਦਾ ਸੁਆਗਤ ਕਰਦਿਆਂ ਮੈਂ ਉਮੀਦ ਕਰਦਾ ਹਾਂ ਕਿ ਆਪਣੀ ਅਗਾਮੀ ਸਿਰਜਣਾ ਵਿੱਚ ਆਲਮ ਇੰਨ੍ਹਾਂ ਤਿੰਨਾਂ ਪਰਤਾ ਦੀ ਆਪਸੀ ਸਾਂਝ ਨੂੰ ਹੋਰ ਵੀ ਗਹਿਰੀ ਬਣਾ ਕੇ ਆਪਣੇ ਸਗਲੇ ਆਪੇ ਤੇ ਸਮੁੱਚੇ ਪਰਿਪੇਖ ਨੂੰ ਹੋਰ ਵੀ ਇਕਾਗਰ ਰੂਪ ਵਿਚ ਮੂਰਤੀਮਾਨ ਕਰੇਗਾ।

ਤ੍ਰਿਹਾਇਆ ਸਮੁੰਦਰ ਆਲਮ ਦੀਆਂ ਸੰਭਾਵਨਾਵਾਂ ਦਾ ਇਕਰਾਰ ਹੈ, ਉਸ ਦੇ ਬਹੁ-ਪਾਸਾਰੀ ਸਰੋਕਾਰਾਂ ਦੀ ਗਵਾਹੀ ਹੈ ਤੇ ਆਧੁਨਿਕ ਪੰਜਾਬੀ ਕਵਿਤਾ ਨਾਲ ਉਸ ਦੇ ਰਾਬਤੇ ਦਾ ਕਾਵਿਕ ਪ੍ਰਮਾਣ।

15.4.90

ਸੁਰਜੀਤ ਪਾਤਰ

ਭੂਮਿਕਾ

ਅੱਜ ਦੇ ਸਮੇਂ ਵਿੱਚ ਜਦੋਂ ਕਿ ਛੰਦ-ਬੱਧ ਕਵਿਤਾ ਨਾਲੋਂ ਪੰਜਾਬੀ ਵਿੱਚ ਛੰਦ ਮੁਕਤ ਜਾਂ ਖੁੱਲ੍ਹੀ ਕਵਿਤਾ ਵਧੇਰੇ ਲਿਖੀ ਜਾ ਰਹੀ ਹੈ, ਛੰਦ-ਬੱਧ ਕਵਿਤਾ ਦਾ ਸਾਰਿਆਂ ਨਾਲੋਂ ਕਠਨ ਕਾਵਿ-ਰੂਪ ਗ਼ਜ਼ਲ ਪੰਜਾਬੀ ਵਿੱਚ ਵਧੇਰੇ ਪ੍ਰਚਲਤ ਹੈ। ਨਵੇਂ ਕਵੀ ਵੀ, ਜਿਨ੍ਹਾਂ ਨੇ ਅਜੇ ਛੰਦ-ਬੱਧ ਕਵਿਤਾ ਦਾ ਲੋੜੀਂਦਾ ਅਭਿਆਸ ਵੀ ਨਹੀਂ ਕੀਤਾ ਹੁੰਦਾ ਅਤੇ ਕਲਾ ਕੌਸ਼ਲਤਾ ਦੀਆਂ ਬਾਰੀਕੀਆਂ ਤੋਂ ਜਾਣੂ ਵੀ ਨਹੀਂ ਹੁੰਦੇ, ਉਹ ਵੀ ਫੈਸ਼ਨ ਪ੍ਰਸਤੀ ਵਜੋਂ ਗ਼ਜ਼ਲ ਵਰਗੇ ਕਠਨ ਕਾਵਿ-ਰੂਪ ਉੱਤੇ ਕਲਮ ਅਜ਼ਮਾਉਂਦੇ ਹਨ। ਇਹ ਹੀ ਕਾਰਨ ਹੈ ਕਿ ਅੱਜ ਖੁਲ੍ਹੀ ਕਵਿਤਾ ਦੇ ਨਾਲ-ਨਾਲ ਗ਼ਜ਼ਲ ਵੀ ਭਰਪੂਰ ਰੂਪ ਵਿੱਚ ਲਿਖੀ ਜਾ ਰਹੀ ਹੈ। ਭਾਵੇਂ ਕਿ ਅਜੋਕੇ ਸਮੇਂ ਵਿਚ ਲਿਖੀ ਜਾ ਰਹੀ ਗ਼ਜ਼ਲ ਦਾ ਗੁਣਾਤਮਕ ਪੱਧਰ, ਗਿਣਾਤਮਕ ਪੱਧਰ ਨਾਲ ਮੇਲ ਨਹੀਂ ਖਾਂਦਾ। ਮੇਰੀ ਸਮਝ ਅਨੁਸਾਰ ਛੰਦ-ਬੱਧ ਕਵਿਤਾ ਦਾ ਭਲੀ ਭਾਂਤ ਗਿਆਨ ਰੱਖਣ ਵਾਲਾ ਕਵੀ ਹੀ ਉੱਚੇ ਪੱਧਰ ਦੀ ਖੁਲ੍ਹੀ ਕਵਿਤਾ ਰਚ ਸਕਦਾ ਹੈ। ਅਜਿਹਾ ਕਵੀ ਆਪਣੀ ਖੁੱਲ੍ਹੀ ਕਵਿਤਾ ਵਿਚ ਵੀ ਰਵਾਨੀ, ਸੁੰਦਰਤਾ ਅਤੇ ਕਾਵਿਕਤਾ ਬਰਕਰਾਰ ਰੱਖਣ ਦੇ ਸਮਰੱਥ ਹੁੰਦਾ ਹੈ। ਉਸ ਦੀ ਕਵਿਤਾ ਵਿੱਚ ਵਾਰਤਕ ਅਤੇ ਕਵਿਤਾ ਵਿਚਲਾ ਫ਼ਰਕ ਪ੍ਰਤੱਖ ਦਿਖਾਈ ਦਿੰਦਾ ਹੈ। ਉਸ ਦੀ ਕਵਿਤਾ ਵਿੱਚੋਂ ਪਹਾੜੀ ਚਸ਼ਮੇ ਵਿਚਲਾ ਸੰਗੀਤ ਅਲੋਪ ਨਹੀਂ ਹੁੰਦਾ, ਜਿਹੜਾ ਕਿ ਪੜ੍ਹਨ ਵਾਲੇ ਨੂੰ ਸਰਸ਼ਾਰ ਕਰਦਾ ਹੋਇਆ ਆਪਣੇ ਨਾਲ ਹੀ ਵਹਾ ਕੇ ਲੈ ਜਾਂਦਾ ਹੈ।

ਮੇਰੇ ਸਾਹਮਣੇ ਨੌਜਵਾਨ ਕਵੀ ਤਾਰਾ ਸਿੰਘ ਆਲਮ ਦਾ ਪਲੇਠਾ ਕਾਵਿ-ਸੰਗ੍ਰਹਿ ‘ਤ੍ਰਿਹਾਇਆ ਸਮੁੰਦਰ’ ਹੈ। ਤਾਰਾ ਸਿੰਘ ਆਲਮ ਇੱਕ ਹੋਣਹਾਰ ਕਵੀ ਹੈ। ਉਸਦੀ ਕਵਿਤਾ ਵਿੱਚੋਂ ਉਸ ਦੇ ਵਧੀਆ ਕਵੀ ਬਣਨ ਦੀਆਂ ਸੰਭਾਵਨਾਵਾਂ ਭਲੀ ਭਾਂਤ ਉਜਾਗਰ ਹੁੰਦੀਆਂ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਅਜੋਕੇ ਸਮੇਂ ਦੇ ਵਧੇਰੇ ਕਵੀਆਂ ਵਾਂਗ ਗ਼ਜ਼ਲ ਵੱਲ ਵਧੇਰੇ ਰੁਚਿਤ ਹੋਣ ਦੀ ਬਜਾਏ, ਉਸ ਨੇ ਪੰਜਾਬੀ ਦੇ ਪੁਰਾਤਨ ਕਾਵਿ-ਰੂਪ ਗੀਤ ਅਤੇ ਹੋਰ ਕਾਵਿ-ਰੂਪਾਂ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਮਾਧਿਅਮ ਵਧੇਰੇ ਬਣਾਇਆ ਹੈ। (ਉਸ ਦੀ ਇਸ ਪੁਸਤਕ ਵਿੱਚ 22 ਕਵਿਤਾਵਾਂ, 6 ਗਜ਼ਲਾਂ ਅਤੇ 12 ਗੀਤ ਸ਼ਾਮਿਲ ਹਨ।) ਕਿਉਂਕਿ ਉਹ ਨੌਜਵਾਨ ਹੈ, ਇਸ ਲਈ ਉਸ ਦੇ ਮਨ ਵਿੱਚ ਅਜੋਕੇ ਸਮਾਜ ਦੀਆਂ ਗਲਤ ਕਦਰਾਂ ਪ੍ਰਤੀ ਪ੍ਰਬਲ ਵਿਦਰੋਹ ਦੀ ਭਾਵਨਾ ਪ੍ਰਚੰਡ ਹੈ। ਉਹ ਪੁਰਾਣੇ ਸਮਾਜ ਨੂੰ ਬਦਲ ਕੇ ਇੱਕ ਨਵੇਂ ਅਤੇ ਸਵੱਸਥ ਸਮਾਜ ਦੀ ਸਿਰਜਣਾ ਕਰਨ ਦਾ ਸੰਦੇਸ਼ ਦਿੰਦਾ ਹੈ। ਉਸ ਦੀ ਕਲਮ ਜ਼ਾਲਿਮਾਂ ਅਤੇ ਲੁੱਟਣ ਵਾਲਿਆਂ ਲਈ ਤਲਵਾਰ ਦਾ ਰੂਪ ਧਾਰਦੀ ਹੈ ਅਤੇ ਦੱਬੇ-ਕੁਚਲੇ ਅਤੇ ਲੁੱਟ ਜਾਣ ਵਾਲਿਆਂ ਲਈ ਢਾਲ ਬਣਦੀ ਹੈ।

ਉਸ ਦੇ ਮਨ ਵਿੱਚ ਅਜੋਕੇ ਲੂੰਬੜ-ਚਾਲਾਂ ਚੱਲਣ ਵਾਲੇ ਅਤੇ ਦੂਹਰਾ ਜੀਵਨ ਜੀਉਣ ਵਾਲੇ ਨੀਤੀਵਾਨਾਂ ਪ੍ਰਤੀ ਘੋਰ ਘਿਰਣਾ ਹੈ। ਉਹ ਨੌਜਵਾਨਾਂ ਨੂੰ ਜਾਗਣ ਦਾ ਹੋਕਾ ਦਿੰਦਾ ਹੈ। ਉਹ ਮਾਨਵਤਾ ਵਿੱਚ ਆ ਰਹੇ ਨਿਘਾਰ ਤੋਂ ਬਹੁਤ ਚਿੰਤਤ ਹੈ। ਉਹ ਅਜੋਕੇ ਸਮਾਜ ਵਿੱਚ ਭਾਰੂ ਹੋ ਰਹੀ ਖੁਦਗਰਜ਼ੀ ਦੀ ਭਾਵਨਾ ਤੋਂ ਵੀ ਬਹੁਤ ਪੀੜਤ ਹੈ। ਉਹ ਜ਼ਬਰ, ਬੇਇਨਸਾਫੀ, ਲੁੱਟ, ਬੇਈਮਾਨੀ ਅਤੇ ਸਮਾਜ ਵਿੱਚ ਫੈਲੀਆਂ ਹੋਰ ਬੁਰਾਈਆਂ ਦੇ ਵਿਰੁੱਧ ਹੈ। ਉਹ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਲੋਚਦਾ ਹੈ, ਜਿਸ ਵਿੱਚ ਲੁੱਟ-ਖਸੁੱਟ ਨਾ ਹੋਵੇ ਅਤੇ ਮਨੁੱਖ ਦਾ ਜੀਵਨ ਸਹੀ ਅਰਥਾਂ ਵਿਚ ਖੁਸ਼ੀਆਂ ਭਰਪੂਰ ਹੋਵੇ। ਉਸ ਨੇ ਆਪਣੀਆਂ ਇਨ੍ਹਾਂ ਭਾਵਨਾਵਾਂ ਦਾ ਪ੍ਰਗਟਾਵਾ ਆਪਣੀਆਂ ਕਵਿਤਾਵਾਂ ਵਿਚ ਭਰਪੂਰ ਰੂਪ ਵਿੱਚ ਕੀਤਾ ਹੈ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਮੈਂ ਉਸਦੀ ਕਵਿਤਾ ਵਿੱਚੋਂ ਕੁਝ ਉਦਾਹਰਣਾਂ ਦੇ ਰਿਹਾ ਹਾਂ। ਉਹ ਦੇਸ਼ ਦੇ ਰਹਿਬਰਾਂ ਨੂੰ ਸੰਬੋਧਿਤ ਹੁੰਦਾ ਹੋਇਆ ਕਹਿੰਦਾ ਹੈ -

ਹਿੰਦ ਦੇ ਰਖਵਾਲਿਓ, ਹਿੰਦੋਸਤਾਨ ਦਾ ਕੀ ਬਣੂੰਗਾ।
ਚਿੰਤਾ ਹੈ ਚੇਤਨਾ ਨੂੰ, ਇਨਸਾਨ ਦਾ ਕੀ ਬਣੂੰਗਾ।

ਕਵੀ ਫਿਰਕਾਪ੍ਰਸਤੀ ਦੀ ਵਧ ਰਹੀ ਭਾਵਨਾ ਤੋਂ ਪੀੜਤ ਹੈ –
ਮੰਦਰਾਂ, ਗੁਰਦੁਆਰਿਆਂ 'ਚ, ਜੇ ਨਫ਼ਰਤ ਇਵੇਂ ਪਲਦੀ ਰਹੀ।
ਦਿਮਾਗਾਂ 'ਚ ਫਿਰਕੂ ਜਨੂੰਨ ਦੀ, ਅੱਗ ਇਵੇਂ ਬਲਦੀ ਰਹੀ।
ਗੂੰਗੇ, ਬੋਲੇ, ਨੇਤਰਹੀਣ, ਭਗਵਾਨ ਦਾ ਕੀ ਬਣੂੰਗਾ।

ਉਹ ਸਾਂਝੀਵਾਲਤਾ ਦਾ ਹੋਕਾ ਦਿੰਦਾ ਹੋਇਆ ਆਖਦਾ ਹੈ -
ਸਾਂਝੀ ਹੈ ਇਹ ਧਰਤੀ ਸਾਡੀ, ਸਾਂਝਾ ਹੈ ਅਸਮਾਨ ਵੇ ਲੋਕੋ।
ਪਿਆਰ ਮਨੁੱਖਤਾ ਨੂੰ ਜੋ ਮਾਰੇ, ਕਰੋ ਉਹਦੀ ਪਹਿਚਾਨ ਵੇ ਲੋਕੋ।

ਉਹ ਹਾਕਮਾਂ ਦੀਆਂ ਗ਼ਲਤ ਨੀਤੀਆਂ ਨੂੰ ਨੰਗਾ ਕਰਦਾ ਹੋਇਆ ਆਖਦਾ ਹੈ-
ਸਮੇਂ ਦੇ ਹਾਕਮ ਇਹ ਗੱਲ ਠਾਣੀ, ਧਰਮ ਦੇ ਨਾਂ 'ਤੇ ਪਾਉ ਪਾੜੇ।
ਆਪਣੀ ਮਿੱਟੀ ਕਹੋ ਬੇਗਾਨੀ, ਆਪੇ ਲਾਉ ਅੱਗੇ ਨਾਅਰੇ।
ਹਵਾ ਦੇ ਅੰਦਰ ਬੀਜੋ ਜ਼ਹਿਰਾਂ, ਦਿਲਾਂ ਦੇ ਅੰਦਰ ਬੀਜੋ ਸਾੜੇ।
ਅੱਜ ਦੀ ਸਿਆਸਤ ਦਾ ਹੈ ਏਹੋ, ਬਸ ਏਹੋ ਈਮਾਨ ਵੇ ਲੋਕੋ।

ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਆਪਣੇ ਗੀਤਾਂ ਵਿਚ ਵਧੇਰੇ ਸਫ਼ਲਤਾ ਨਾਲ ਕਰ ਸਕਿਆ ਹੈ। ਉਸ ਦੇ ਗੀਤਾਂ ਵਿੱਚੋਂ "ਆਉ ਗੀਤ ਗਾਈਏ’, ‘ਸੂਰਜ ਨੂੰ ਚੁੰਮੀਏ', 'ਖਾਮੋਸ਼ ਦਸਤਕ', 'ਨੂਰੀ', 'ਮਜਨੂੰ ਮਲੰਗ ਵਰਗਾ’ ਅਤੇ ‘ਜਿੰਦ ਵੀ ਲੈ ਲੈ’ ਬਹੁਤ ਪਿਆਰੇ ਅਤੇ ਪ੍ਰਭਾਵਸ਼ਾਲੀ ਗੀਤ ਹਨ।

ਖੁਸ਼ੀ ਦੀ ਗੱਲ ਹੈ ਕਿ ਉਹ ਅਜੋਕੇ ਸਮੇਂ ਵਿੱਚ ਵੀ ਆਪਣੀ ਸੋਚ ਉਲਾਰ ਨਹੀਂ ਹੋਣ ਦਿੰਦਾ ਉਹ ਕਿਸੇ ਫਿਰਕੇ ਵਿਸ਼ੇਸ਼ ਦੀ ਗੱਲ ਕਰਨ ਦੀ ਬਜਾਏ ਮਨੁੱਖਤਾ ਦੀ ਗੱਲ ਕਰਦਾ ਹੈ। ਉਹ ਆਖਦਾ ਹੈ-

ਹਿੰਦੋਸਤਾਨ ਦਾ, ਨਾ ਪਾਕਿਸਤਾਨ ਦਾ।
ਆਉ ਗੀਤ ਗਾਈਏ, ਸਾਰੇ ਜਹਾਨ ਦਾ।

ਉਹ ਅਜੋਕੇ ਵਿਗਿਆਨਕ ਜੁੱਗ ਵਿੱਚ ਮਨੁੱਖ ਵਿੱਚ ਆ ਰਹੀ ਗਿਰਾਵਟ ਉਤੇ ਵਿਅੰਗ ਕਰਦਾ ਹੋਇਆ ਕਹਿੰਦਾ ਹੈ -

ਉਧਰ ਚੰਨ ਦੇ ਵੱਲ ਜਾ ਰਿਹਾ ਏ ਆਦਮੀ।
ਏਧਰ ਆਦਮੀ ਨੂੰ ਖਾ ਰਿਹਾ ਏ ਆਦਮੀ।
ਆਉ ਪੂਰਾ ਕਰੀਏ, ਫਰਜ਼ ਇਨਸਾਨ ਦਾ।
ਕੌਣ ਚੁਰਾ ਕੇ ਲੈ ਗਿਆ, ਈਮਾਨ ਮੇਰੇ ਸ਼ਹਿਰ ਦਾ।
ਹਾਏ! ਕਿੰਨਾਂ ਗਿਰ ਗਿਆ, ਇਨਸਾਨ ਮੇਰੇ ਸ਼ਹਿਰ ਦਾ।

ਪਹਿਲੇ ਦੌਰ ਦੀ ਕਵਿਤਾ ਵਿੱਚ ਹਰ ਕਵੀ ਉੱਪਰ ਹੀ ਪਿਆਰ ਦਾ ਜਜ਼ਬਾ ਵਧੇਰੇ ਭਾਰੂ ਹੁੰਦਾ ਹੈ। ‘ਆਲਮ’ ਦੀ ਇਸ ਪੁਸਤਕ ਦੀਆਂ ਕਾਫੀ ਕਵਿਤਾਵਾਂ ਵਿੱਚ ਵੀ ਇਹ ਜਜ਼ਬਾ ਭਾਰੂ ਹੈ। ਉਹ ਆਪਣੀ ਪ੍ਰੇਮਿਕਾ ਨੂੰ ਨਿਹੋਰਾ ਦਿੰਦਾ ਹੋਇਆ ਆਖਦਾ ਹੈ:

ਸਾਡਾ ਬਸ ਗੁਨਾਹ ਹੈ ਏਹੋ, ਪਿਆਰ ਅਸਾਂ ਨੇ ਕਰਿਆ ਵੇ।
ਤੇਰੀ ਠੋਕਰ ਦਾ ਵੀ ਆਦਰ, ਯਾਰ ਅਸਾਂ ਨੇ ਕਰਿਆ ਏ।

ਉਹ ਫੇਰ ਤਰਲਾ ਪਾਉਂਦਾ ਹੋਇਆ ਕਹਿੰਦਾ ਹੈ-
ਨਾ ਤੂੰ ਮੇਰਾ ਦਰਦ ਵੰਡਾਈ, ਅੱਗੇ ਵਾਂਗੂੰ ਹੱਸ ਜਾ ਵੇ।
ਹੱਸ-ਹੱਸ ਕੇ ਅਹਿਸਾਸ ਮੇਰੇ ਨੂੰ, ਨਾਗ ਦੇ ਵਾਂਗੂੰ ਡੱਸ ਜਾ ਵੇ।
ਹਾਸੇ ਮੁੱਕੇ, ਹੰਝੂ ਸੁੱਕੇ, 'ਆਲਮ' ਨੇ ਧਰਿਆ ਏ।
ਸਾਡਾ ਬੱਸ……..

ਉਹ ਆਪਣੀ ਪ੍ਰੇਮਿਕਾ ਨਾਲ ਵਸਲ ਦਾ ਵਰਨਣ ਬਹੁਤ ਹੀ ਸੁੰਦਰ ਢੰਗ ਨਾਲ ਕਰਦਾ ਹੈ। ਉਹ ਆਪਣੀ 'ਨੂਰੀ' ਨੂੰ ਸੰਬੋਧਿਤ ਹੁੰਦਾ ਹੋਇਆ ਆਖਦਾ ਹੈ-

ਚੰਦਨ ਦੀ ਸਾਰੀ ਮਹਿਕ ਸੀ, ਮੇਰੇ ਪਿੰਡਾ ਨੂਰੋ ਨੂਰ ਸੀ,
ਤੇਰੇ ਹੁਸਨ ਨੂੰ ਗਰੂਰ ਸੀ, ਮੇਰਾ ਇਸ਼ਕ ਵੀ ਮਗਰੂਰ ਸੀ,
ਮਿਹਰ ਹੋ ਕੇ ਬਰਸਿਆ ਸੀ, ਇਸ ਕਹਿਰ ਤੇਰੇ ਰੂਪ ਦਾ....

ਇੱਕ ਹੋਰ ਗੀਤ ਵਿਚ ਉਸ ਦੇ ਪਿਆਰ ਦਾ ‘ਰੰਗ’ ਦੇਖਣ ਯੋਗ ਹੈ -
ਅਸੀਂ ਦਿਲ ਦਾ ਰੰਗ ਰੰਗਾਇਆ, ਹਾਏ ਨੀ ਤੇਰੇ ਰੰਗ ਵਰਗਾ
ਸਾਡੇ ਇਸ਼ਕ ਨੇ ਭੇਸ ਬਣਾਇਆ, ਨੀਂ ਮਜਨੂੰ ਮਲੰਗ ਵਰਗਾ।

ਇਸੇ ਤਰ੍ਹਾਂ ਹੀ 'ਆਬਾਦ ਸ਼ਹਿਰਾ', 'ਬੇਕਰਾਰੀ ਤੋਂ ਸਤਿਕਾਰ ਤੱਕ', ‘ਮੇਰੇ ਆਲਮ’, ‘ਧਰੁਵ' ਅਤੇ 'ਇੱਕ ਪਰੀ' ਆਦਿ ਕਵਿਤਾਵਾਂ ਅਤੇ ਕੁਝ ਗੀਤਾਂ ਗ਼ਜ਼ਲਾਂ ਵਿਚ ਕਵੀ ਨੇ ਆਪਣੀਆਂ ਹਿਜਰ ਵਸਲ ਦੀਆਂ ਘੜੀਆਂ ਦਾ ਖੂਬਸੂਰਤ ਢੰਗ ਨਾਲ ਵਰਨਣ ਕੀਤਾ ਹੈ। 'ਜੰਗਲ', 'ਕਦੀ', ਭਲਾ ਤੁਸੀਂ ਦੱਸੋ ਅਤੇ ‘ਅੱਜ ਦਾ ਰੇਪ’ ਨਾਮੀਂ ਅਜਿਹੀਆਂ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਕਵੀ ਸਮਾਜ ਦੀਆਂ ਬੁਰਿਆਈਆਂ ਅਤੇ ਅਜੋਕੇ ਨੀਤੀਵਾਨਾਂ ਦੀਆਂ ਕੁਚਾਲਾਂ ਨੂੰ ਬੜੀ ਦਲੇਰੀ ਨਾਲ ਬੇਨਕਾਬ ਕਰਦਾ ਹੈ। ਅਜੋਕੇ ਨੀਤੀਵਾਨਾਂ ਦੀਆਂ ਗਲਤ ਨੀਤੀਆਂ ਪ੍ਰਤੀ ਉਸ ਦੇ ਮਨ ਵਿੱਚ ਘਿਰਣਾ ਹੋਣ ਕਾਰਨ 'ਅੱਜ ਦਾ ਰੇਪ’ ਕਵਿਤਾ ਵਿੱਚ ਉਸ ਦੀ ਭਾਸ਼ਾ ਵੀ ਕੁਝ ਖਰ੍ਹਵੀ ਹੋ ਜਾਂਦੀ ਹੈ।

ਆਪਣੀ ਕਵਿਤਾ ‘ਭਲਾ ਤੁਸੀਂ ਦੱਸੋਂ’ ਵਿੱਚ ਉਹ ਅਜੋਕੇ ਸਮੇਂ ਦਾ ਜ਼ਿਕਰ ਕਰਦਾ ਹੈ, ਜਿੱਥੇ ਹਰ ਚੀਜ ਹੀ ਵਿਕਣ ਲੱਗ ਪਈ ਹੈ-

ਇਹ ਉਹ ਦੁਨੀਆ ਹੈ
ਜਿੱਥੇ ਇਨਸਾਨ ਵਿਕਦੇ ਨੇ,
ਏਥੇ ਕਾਗਜ ਦੇ, ਮਿੱਟੀ ਦੇ
ਭਗਵਾਨ ਵਿਕਦੇ ਨੇ,
ਏਥੇ ਸ਼ਾਇਰ ਵਿਕਦੇ ਨੇ
ਸ਼ਾਇਰਾਂ ਦੇ ਅਰਮਾਨ ਵਿਕਦੇ ਨੇ,
ਧਰਮ ਦਾ ਪਾ ਕੇ ਪਰਦਾ
ਏਥੇ ਈਮਾਨ ਵਿਕਦੇ ਨੇ,
ਭਲਾ ਤੁਸੀਂ ਦੱਸੋ….

‘ਅੱਜ ਦੇ ਰੇਪ’ ਵਿੱਚ ਕਵੀ ਅਜੋਕੇ ਨੀਤੀਵਾਨਾਂ ਉੱਤੇ ਤਿੱਖਾ ਵਿਅੰਗ ਕਰਦਾ ਹੋਇਆ ਕਹਿੰਦਾ ਹੈ -

ਰਾਜ-ਸਤਾ ਦੇ ਉੱਲੂ ਜਦ ਵੀ ਦਿਨ ਨੂੰ ਤੁਰਦੇ,
ਇੱਕ ਦੂਜੇ ਦੇ ਵਿੱਚ ਵੱਜਦੇ
ਪਿੰਡੀਂ, ਸ਼ਹਿਰੀਂ ਘਮਸਾਨ ਮਚਾਉਂਦੇ,
ਜੰਤਾ ਦਾ ਰਾਹ ਰੁਸ਼ਾਨਾਉਂਦੇ।

ਸਮੁੱਚੇ ਤੌਰ ਉੱਤੇ ਮੁਲਾਂਕਣ ਕਰਦਿਆਂ ਹੋਇਆਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਨ ਵਾਲੇ ਨੂੰ ਪ੍ਰਭਾਵਤ ਕਰਦੀਆਂ ਹਨ। ਭਾਵੇਂ ਗ਼ਜ਼ਲ ਲਿਖਣਾ ਹਰ ਕਵੀ ਦੇ ਵੱਸ ਦਾ ਰੋਗ ਨਹੀਂ, ਪਰ 'ਆਲਮ' ਆਪਣੀਆਂ ਗ਼ਜ਼ਲਾਂ ਵਿੱਚ ਵੀ ਬਹੁਤੇ ਕਵੀਆਂ ਨਾਲੋਂ ਅੱਗੇ ਹੈ। ਡੂੰਘੇ ਅਧਿਅਨ ਅਤੇ ਨਿਰੰਤਰ ਅਭਿਆਸ ਨਾਲ ਕਵੀ ਦੀ ਕਵਿਤਾ ਵਿੱਚ ਹੋਰ ਵੀ ਨਿਖਾਰ ਆਵੇਗਾ। ਤਾਰਾ ਸਿੰਘ ਆਲਮ ਦੀ ਹੋਣਹਾਰ ਕਲਮ ਤੋਂ ਮੈਨੂੰ ਢੇਰ ਆਸਾਂ ਹਨ। ਮੈਨੂੰ ਆਸ ਹੀ ਨਹੀਂ, ਪੂਰਨ ਵਿਸ਼ਵਾਸ ਹੈ ਕਿ ਉਹ ਲਗਨ ਅਤੇ ਸਾਧਨਾ ਸਦਕਾ ਆਪਣੇ ਕਾਵਿਕ ਗੁਣਾਂ ਨੂੰ ਹੋਰ ਵੀ ਲਿਸ਼ਕਾਏਗਾ। ਉਸ ਦੀ ਕਲਮ ਦਾ ਮੂੰਹ ਲੋਕਾਂ ਵੱਲ ਹੈ। ਇਸ ਲਈ ਉਸ ਦੀ ਕਲਮ ਲੋਕਾਂ ਲਈ ਕਲਿਆਣਕਾਰੀ ਸਿੱਧ ਹੋਵੇਗੀ। ਪਹਿਲੀ ਪੁਸਤਕ ਹੋਣ ਕਾਰਨ ਕੁਝ ਘਾਟਾਂ ਦੇ ਬਾਵਜੂਦ, ਕਵੀ 'ਆਲਮ' ਆਪਣੇ ਉਦੇਸ਼ ਵਿੱਚ ਕਾਫੀ ਹੱਦ ਤੱਕ ਸਫ਼ਲ ਹੈ। ਮੈਨੂੰ ਇਨ੍ਹਾਂ ਕਵਿਤਾਵਾਂ ਨੇ ਟੁੰਬਿਆ ਅਤੇ ਹਲੂਣਿਆਂ ਹੈ। ਸਭ ਤੋਂ ਵੱਧ ਮੈਂ ਕਵੀ ਦੇ ਗੀਤਾਂ ਤੋਂ ਪ੍ਰਭਾਵਿਤ ਹੋਇਆ ਹਾਂ। ਅੰਤ ਵਿੱਚ ਮੈਂ ਪੰਜਾਬੀ ਕਾਵਿ-ਜਗਤ ਵੱਲੋਂ ਤਾਰਾ ਸਿੰਘ ਆਲਮ ਦੇ ਕਾਵਿ-ਸੰਗ੍ਰਹਿ ਤ੍ਰਿਹਾਇਆ ਸਮੁੰਦਰ ਦਾ ਹਾਰਦਿਕ ਸੁਆਗਤ ਕਰਦਾ ਹੋਇਆ ਕਾਮਨਾ ਕਰਦਾ ਹਾਂ ਕਿ ਰੱਬ ਕਰੇ ਕਲਮ ਵਿੱਚ ਜ਼ੋਰ ਵਧੇਰੇ ਹੋਰ-ਵਧੇਰੇ ਹੋਰ।

ਕੇਸਰ ਸਿੰਘ ਨੀਰ
ਆਤਮ ਨਗਰ, ਜਗਰਾਉਂ
17.4.1990

ਧੰਨਵਾਦੀ ਹਾਂ

‘ਤ੍ਰਿਹਾਇਆ ਸਮੁੰਦਰ' ਜਿਸ ਵਿਚ ਮੈਂ ਮਿੱਸਾ ਕਾਵਿ ਸਾਹਿਤ ਦੇ ਸਕਿਆ ਹਾਂ, ਕਿਉਂਕਿ ਇਹ ਜੀਵਨ ਦਾ ਸੱਚ ਹੀ ਹੈ ਕਿ ਹਰ ਜੀਵਨ ਅਲੱਗ-ਅਲੱਗ ਪੜਾਵਾਂ 'ਚੋਂ ਗੁਜ਼ਰਦਾ-ਗੁਜ਼ਰਦਾ ਮਿੱਸਾ ਜਿਹਾ ਹੋ ਜਾਂਦਾ ਹੈ, ਜਿਵੇਂ-ਜਿਵੇਂ ਮੈਂ ਜੀਵਿਆ ਹਾਂ ਤਿਵੇਂ-ਤਿਵੇਂ ਲਿਖਣ ਦੀ ਬਹੁਤ ਹੱਦ ਤੀਕਰ ਕੋਸ਼ਿਸ਼ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਸੁਨੇਹੀਆਂ, ਆਪਣੇ ਸ਼ਾਇਰ ਦੋਸਤਾਂ ਦੀ ਪ੍ਰੇਰਣਾ ਸਦਕਾ ਆਪਣੀ ਜ਼ਿੰਦਗੀ ਦੇ ਹਾਣ ਦੇ ਨਗਮੇ ਅਤੇ ਆਪਣੇ ਜਜ਼ਬਾਤ ਤੇ ਬੁੱਧੀ ਦੇ ਮਿਸ਼ਰਣ ਨਾਲ ਸਮਾਜ ਪ੍ਰਤੀ, ਆਪਣੇ ਆਲੇ ਦੁਆਲੇ ਪ੍ਰਤੀ, ਆਪਣੇ ਵਿਚਾਰ ਪ੍ਰਗਟ ਕਰਦਾ ਰਹਾਂਗਾ। ਜੀਵਨ ਸੰਘਰਸ਼ ਜਾਰੀ ਰਹੇਗਾ।

ਮੈਂ ਧੰਨਵਾਦੀ ਹਾਂ ਕੇਸਰ ਸਿੰਘ ਨੀਰ ਅਤੇ ਸੁਰਜੀਤ ਪਾਤਰ ਹੋਰਾਂ ਦਾ ਜਿਨ੍ਹਾਂ ਨੇ ਮੇਰੀ ਲਿਖਤ 'ਚੋਂ ਆਉਣ ਵਾਲੇ ਕਲ੍ਹ ਲਈ ਮੇਰੀ ਕਲਮ ਨੂੰ ਹੋਰ ਵਧੀਆ ਲਿਖਣ ਲਈ ਆਸਵੰਦ ਕੀਤਾ ਹੈ।

ਮੈਂ ਬਹੁਤ ਧੰਨਵਾਦੀ ਹਾਂ ਡਾ. ਹਰਚਰਨ ਸਿੰਘ ਜੀ ਦਾ ਜਿਨ੍ਹਾਂ ਨੇ ਮੇਰੇ ਇਕ ਗੀਤ (ਨਾਨਕ ਤਾਂ ਸਾਂਝਾ ਪੀਰ ਹੈ ਸਾਰੇ ਜਹਾਨ ਦਾ) ਦੇ ਸਾਰ ਨੂੰ ਹਿੰਦੁਸਤਾਨੀ ਭਾਸ਼ਾ ਵਿੱਚ ਮੈਥੋਂ ਹੀ ਲਿਖਵਾ ਕੇ ਨੈਸ਼ਨਲ ਪ੍ਰੋਗਰਾਮ ਵਿੱਚ ਆ ਰਹੇ ਟੀ. ਵੀ. ਸੀਰੀਅਲ 'ਏਕਸ ਕੇ ਹਮ ਬਾਰਕ' ਦੇ ਟਾਈਟਲ ਸੌਂਗ ਵਿੱਚ ਰੀਕਾਰਡ ਕਰਵਾਇਆ ਹੈ। ਇਸ ਗੀਤ ਦੀਆਂ ਸਥਾਈ ਸਤਰਾਂ ਨੂੰ ਭੁਪਿੰਦਰ ਜੀ ਨੇ ਗਾਇਆ ਹੈ -

ਆਓ ਕਰੇਂ ਸਜਦਾ, ਨਾਨਕ ਆਲਮ ਪੀਰ ਕੋ
ਕਾਮਲ ਗੁਰੂ ਰਹਿਬਰ, ਫ਼ਕੀਰੋਂ ਕੇ ਸ਼ਾਹ ਫਕੀਰ ਕੋ।

ਇਹ ਹੌਸਲਾ ਹਫਜਾਈ ਕਰਕੇ ਡਾ. ਸਾਹਿਬ ਨੇ ਮੇਰੀ ਸ਼ਾਇਰੀ ਦੇ ਆਲਮ ਨੂੰ ਇਕ ਅਸੀਸ ਦਿੱਤੀ ਹੈ।

ਮੈਂ ਧੰਨਵਾਦੀ ਹਾਂ ਉਨ੍ਹਾਂ ਰੂਹਾਂ ਦਾ ਜਿਨ੍ਹਾਂ ਤੋਂ ਮੈਂ ਕਵਿਤਾ ਦੀ ਦੁਨੀਆਂ ਵਿੱਚ ਤੁਰਨਾ ਸਿਖਿਆ (ਜੀਤਾ ਸਿੰਘ 'ਸੋਚ' ਅਤੇ ਪ੍ਰਿੰਸੀਪਲ ਤਖ਼ਤ ਸਿੰਘ) ਮੈਂ ਸ਼ੁਕਰਗੁਜ਼ਾਰ ਹਾਂ 'ਸਾਹਿਤ ਸਭਾ' ਜਗਰਾਉਂ ਦਾ ਜਿਥੇ ਮੈਂ ਕਾਵਿਕ ਸੰਸਾਰ ਵਿੱਚ ਦੱਸਿਆ ਖੇਡਿਆ ਅਤੇ ਮੌਲਿਆ ਹਾਂ।

ਮੈਂ ਧੰਨਵਾਦੀ ਹਾਂ ਸਾਲਾਂ ਤੋਂ ਲੰਮੀਆਂ ਹੁਸੀਨ ਨੂਰੀ ਘੜੀਆਂ ਦਾ, ਮੈਂ ਅਹਿਸਾਨਵੰਦ ਹਾਂ ਉਨ੍ਹਾਂ ਉਮਰਾਂ ਤੋਂ ਲੰਮੇ ਸੁੱਚੇ ਮੋਤੀਆਂ ਵਰਗੇ ਸਿਰੜੀ ਸਿਦਕੀ, ਮੋਹ ਭਰੇ ਉੱਚੇ-ਸੁੱਚੇ ਇਸ਼ਕੀਆ ਪਲਾਂ ਦਾ, ਜਿਨ੍ਹਾਂ ਨੇ ਕਵਿਤਾ ਨੂੰ ਜ਼ਿੰਦਗੀ ਅਤੇ ਜ਼ਿੰਦਗੀ ਨੂੰ ਕਵਿਤਾ ਬਣਾਉਣ ਵਿੱਚ ਆਪਣਾ ਲਾਸਾਨੀ ਰੋਲ ਅਦਾ ਕੀਤਾ ਹੈ। ਪੂਰਨਮਾਸੀ ਦੀ ਰਾਤ ਨੂੰ ਉਛਲਦੇ ਸਮੁੰਦਰ ਵਾਂਗ ਅਸਮਾਨੀ ਬਿਜਲੀ ਦੇ ਲਿਸ਼ਕਾਰਿਆਂ ਵਾਂਗ ਅਤੇ ਕਿਸੇ ਤਾਜੇ ਇਸ਼ਕ 'ਚ ਤੜਪਦੇ, ਬੇਚੈਨ ਦਿਲ 'ਚ ਹੋ ਰਹੇ, ਅਗਿਣੇ, ਅਮਿਣੇ, ਅਤੋਲੇ ਆਖੰਡ ਸਿਮਰਨ ਵਾਂਗ ਪਾਕ ਵਿਚਾਰ, ਜੋ ਮੇਰੇ ਅਤਿ ਪਿਆਰੇ ਸਨੇਹੀਆਂ (ਭਾਈ ਰਾਮ ਸਿੰਘ ਨਾਨਕਸਰ, ਸ੍ਰ. ਰਜਿੰਦਰ ਸਿੰਘ ਐਸ. ਡੀ. ਓ., ਸ੍ਰ. ਹਰਨਾਮ ਸਿੰਘ ਫਾਜ਼ਿਲਕਾ, ਪ੍ਰੋ. ਅਮਰਜੀਤ ਵਰਮਾ ਅਤੇ ਸ੍ਰ. ਗੁਰਅਸ਼ੋਕ ਸਿੰਘ) ਨੇ ਇਸ ਕਿਤਾਬ ਦੇ ਮੁੱਖ ਪੰਨਿਆਂ ਤੇ ਛਾਪਣ ਲਈ ਲਿਖੇ ਸਨ, ਮੈਂ ਉਨ੍ਹਾਂ ਤੋਂ ਸਮੇਂ ਦੀ ਥੁੜ ਹੋਣ ਕਰਕੇ ਪ੍ਰਾਪਤ ਨਹੀਂ ਕਰ ਸਕਿਆ।

ਇਸ ਤਰ੍ਹਾਂ ਸਮੇਂ ਦੀ ਘਾਟ ਹੋਣ ਕਰਕੇ ਮੈਂ ਆਪਣੀਆਂ ਕਈ ਰਚਨਾਵਾਂ ਦੀ ਇਸ ਕਿਤਾਬ 'ਚ ਸ਼ਮੂਲੀਅਤ ਨਹੀਂ ਕਰ ਸਕਿਆ। ਮੈਨੂੰ ਉਮੀਦ ਹੈ ਕਿ ਅਗਲੀ ਪੁਸਤਕ ਵਿੱਚ ਇਹ ਕਮੀਆਂ ਪੂਰੀਆਂ ਹੋ ਜਾਣਗੀਆਂ। ਮੈਂ ਆਪਣੇ ਪਾਠਕਾਂ ਤੋਂ ਵਿਦਾ ਲੈਣ ਤੋਂ ਪਹਿਲਾਂ ਆਪਣੀ ਭੈਣ ਹਰਜੀਤ ਕੌਰ ਸਾਇੰਸ ਟੀਚਰ ਦਾ ਰਿਣੀ ਹਾਂ ਜਿਸ ਨੇ ਮੇਰੇ ਪਲੇਠੇ ਕਾਵਿ-ਸੰਗ੍ਰਹਿ ਦੀ ਸੰਪਾਦਨਾ ਕੀਤੀ ਹੈ।

ਤਾਰਾ ਸਿੰਘ ਆਲਮ


ਤ੍ਰਿਹਾਇਆ ਸਮੁੰਦਰ

ਮੈਂ ਹਾਂ ਸਾਗਰ ਤ੍ਰਿਹਾਇਆ, ਤੇਰੇ ਪਿਆਰ ਦਾ, ਮੈਂ ਹਾਂ ਫੁੱਲ ਮੁਰਝਾਇਆ, ਕਿਸੇ ਬਹਾਰ ਦਾ। ਮੇਰੇ ਸੀਨੇ 'ਚ ਹੈ ਮਾਰੂਥਲਾਂ ਦੀ ਦਾਸਤਾਂ, ਆ ਮੇਰੇ 'ਤੇ ਬਰਸ ਮੇਰੇ ਹੁਸੀਂ ਆਸਮਾਂ, ਸਦੀਆਂ ਤੋਂ ਤੱਕਿਆ ਨਹੀਂ ਜਲਵਾ ਫੁਹਾਰ ਦਾ, ਮੈਂ ਹਾਂ ਸਾਗਰ…… ਮੈਨੂੰ ਰਾਸ ਆਈ ਹੈ ਰਾਤਾਂ ਦੀ ਕਲਪਣਾ, ਪਾਰਾ ਪਾਰਾ ਹੋ ਗਈਆਂ ਨੇ ਧੜਕਣਾਂ, ਗ਼ਮ ਜਾਣੇ ਭਲਾ ਕੌਣ ਤੇਰੇ ਬੀਮਾਰ ਦਾ, ਮੈਂ ਹਾਂ ਸਾਗਰ.. ਮੇਰੇ ਜ਼ਖਮਾਂ ਦੀ ਸਿਤਾਰੇ ਕਹਿੰਦੇ ਨੇ ਦਾਸਤਾਂ, ਮੇਰੇ ਨਾਲ ਨਾਲ ਤੁਰੇ ਯਾਦਾਂ ਦਾ ਕਾਰਵਾਂ, ਦਿਲ ਮੇਰਾ ਲੋਚੇ ਇਕ ਝਾਕਾ ਤੇਰੇ ਦੀਦਾਰ ਦਾ, ਮੈਂ ਹਾਂ ਸਾਗਰ... ਕਦੇ ਜਿਸ ਨੇ ਪਲਕਾਂ 'ਚ ਬਿਠਾਇਆ ਸੀ, ਮੈਂ ਕਦੇ ਹੁਸਨ ਜਿਸ ਦਾ ਹੰਢਾਇਆ ਸੀ, ਮੈਂ ਬੜਾ ਹੀ ਸਤਾਇਆ ਹਾਂ ਓਸੇ ਯਾਰ ਦਾ, ਮੈਂ ਹਾਂ ਸਾਗਰ ਤ੍ਰਿਹਾਇਆ ਤੇਰੇ ਪਿਆਰ ਦਾ।

ਸਾਗਰ ਨੂੰ ਖੋਜਣਾ

ਬੱਚਿਆਂ ਦਾ ਖੇਲ ਨਹੀਂ, ਬੱਚਿਆਂ ਨੂੰ ਪਾਲਣਾ, ਅੰਬਰ ਨੂੰ ਛੋਹਵਣਾ, ਸਾਗਰ ਨੂੰ ਖੋਜਣਾ। ਰਾਤਾਂ ਦੇ ਸੂਰਜ ਇਹ ਦਿਨ ਦੇ ਤਾਰੇ, ਕਲ੍ਹ ਦੇ ਸੁਪਨੇ ਅੱਜ ਦੇ ਇਸ਼ਾਰੇ, ਆਸ਼ਾ ਦੇ ਹਾਰ ਵਿੱਚ ਪ੍ਰੇਮ ਪਰੋਵਣਾ, ਬੱਚਿਆਂ ਦਾ ਖੇਲ ਨਹੀਂ….. ਮਮਤਾ ਦੇ ਮੁੱਖ ਨੇ ਮਹਿਕਾਂ ਦੇ ਰੁੱਖ ਨੇ, ਜੀਵਨ ਦੀ ਤੋਰ ਨੇ ਜੀਵਨ ਦਾ ਸੁੱਖ ਨੇ, ਸਭ ਤੋਂ ਜ਼ਰੂਰੀ ਹੈ ਏਨਾਂ ਨੂੰ ਜਾਨਣਾ, ਬੱਚਿਆਂ ਦਾ ਖੇਲ ਨਹੀਂ…… ਅੱਖਾਂ ਦੀ ਜੋਤ ਨੇ ਦਿਲ ਦੇ ਸਹਾਰੇ, ਗੋਦੀ ਦਾ ਨਿੱਘ ਨੇ ਚੁੰਮਣ ਸ਼ਰਾਰੇ, ਸਭ ਦੇ ਨਸੀਬ ਨਹੀਂ ਏਨਾਂ ਨੂੰ ਮਾਨਣਾ, ਬੱਚਿਆਂ ਦਾ ਖੇਲ ਨਹੀਂ…… ਮਿੱਟੀ ਨਾਲ ਖੇਡਦੇ ਉੱਡਦੇ ਅਸਮਾਨਾਂ 'ਤੇ, ਫੁੱਲਾਂ ਦਾ ਖਿਲਣਾ ਹੈ ਏਨਾਂ ਮੁਸਕਾਨਾਂ ਤੇ, ਜ਼ਰੂਰੀ ਹੈ ਏਨਾਂ ਲਈ ਹੱਸਣਾ ਤੇ ਖੇਡਣਾ, ਬੱਚਿਆਂ ਦਾ ਖੇਲ ਨਹੀਂ….

ਨੂਰੀ

ਇੱਕ ਯਾਦ ਸੀ ਇੱਕ ਰਾਤ ਸੀ, ਇੱਕ ਜਿਗਰ ਤੇਰੇ ਰੂਪ ਦਾ। ਇੱਕ ਲੋਅ ਸੀ ਇੱਕ ਚਾਂਦਨੀ, ਇੱਕ ਸਾਗਰ ਤੇਰੇ ਰੂਪ ਦਾ। ਚੰਦਨ ਦੀ ਸਾਰੀ ਮਹਿਕ ਸੀ, ਤੇਰਾ ਪਿੰਡਾ ਨੂਰੋ ਨੂਰ ਸੀ, ਤੇਰੇ ਹੁਸਨ ਨੂੰ ਗਰੂਰ ਸੀ, ਮੇਰਾ ਇਸ਼ਕ ਵੀ ਮਗਰੂਰ ਸੀ, ਮਿਹਰ ਹੋ ਕੇ ਬਰਸਿਆ ਸੀ, ਇੱਕ ਕਹਿਰ ਤੇਰੇ ਰੂਪ ਦਾ… ਮਦਹੋਸ਼ੀਆਂ ਦਾ ਦੌਰ ਸੀ, ਰੂਹਾਂ ਦਾ ਇੱਕ ਜੋੜ ਸੀ, ਮਹਿਕਾਂ ਦਾ ਏਨਾਂ ਜ਼ੋਰ ਸੀ, ਸਾਹਾਂ ਦੀ ਨਾ ਲੋੜ ਸੀ, ਜੀਵਨ ਸੀ ਨਾ ਮੌਤ ਸੀ, ਸੀ ਅੱਖਰ ਤੇਰੇ ਰੂਪ ਦਾ... ਜਦ ਤੂੰ ਜੁਲਫਾਂ ਖੋਲ੍ਹੀਆਂ ਚੰਦ ਵੀ ਸ਼ਰਮਾ ਗਿਆ, ਤਾਰੇ ਟੁੱਟੇ ਇੱਕ ਇੱਕ ਕਰਕੇ, ਰਾਤਾਂ ਨੂੰ ਪਸੀਨਾ ਆ ਗਿਆ, ਸਾਹਾਂ 'ਚ ਤੇਰੇ ਸੂਰਜ ਜਾਗੇ, ਸੀ ਸਿਖਰ ਤੇਰੇ ਰੂਪ ਦਾ... ਪੈਰਾ 'ਚ ਤੇਰੇ ਜ਼ਮੀਨ ਸੀ, ਅੱਖਾਂ ਵਿਚ ਆਕਾਸ਼ ਸੀ, ਮੈਅ ਤੇਰੇ ਹੁਸਨ ਦੀ ਰੂਹ, ਮੇਰੀ ਦੀ ਪਿਆਸ ਸੀ, ਇਸ਼ਕ ਮੇਰਾ ਪੀ ਗਿਆ ਸੀ, ਇੱਕ ਜ਼ਹਿਰ ਤੇਰੇ ਰੂਪ ਦਾ…. ਨੱਚਦਾ ਸੰਸਾਰ ਸੀ, ਇਤਰ ਦੀ ਬਰਸਾਤ ਸੀ, ਪਰੀਆਂ ਦਾ ਬਾਜ਼ਾਰ ਸੀ, ਸ਼ਾਇਰਾਂ ਦੀ ਕਾਇਨਾਤ ਸੀ, ਗੀਤਾਂ ਦੀ ਇੱਕ ਭੀੜ ਸੀ, ਇੱਕ ਸ਼ਹਿਰ ਤੇਰੇ ਰੂਪ ਦਾ। ਈਮਾਨ ਮੇਰੇ ਸ਼ਹਿਰ ਦਾ ਕੌਣ ਚੁਰਾ ਕੇ ਲੈ ਗਿਆ, ਈਮਾਨ ਮੇਰੇ ਸ਼ਹਿਰ ਦਾ। ਹਾਏ! ਕਿੰਨਾਂ ਗਿਰ ਗਿਆ, ਇਨਸਾਨ ਮੇਰੇ ਸ਼ਹਿਰ ਦਾ। ਰੋਜ਼ ਏਥੇ ਵੇਚਦਾ ਏ, ਆਦਮੀ ਨੂੰ ਆਦਮੀ, ਫੇਰ ਵੀ ਨਹੀਂ ਹੋ ਰਿਹਾ, ਅਪਮਾਨ ਮੇਰੇ ਸ਼ਹਿਰ ਦਾ। ਜਦ ਵੀ ਜਨਾਜਾ ਨਿਕਲਿਆ ਮੰਦਰ 'ਚੋਂ ਇਨਸਾਫ਼ ਦਾ ਕੋਰਾ ਪੱਥਰ ਹੀ ਰਿਹਾ ਭਗਵਾਨ ਮੇਰੇ ਸ਼ਹਿਰ ਦਾ ਲਾਸ਼ਾਂ ਉੱਠ ਉੱਠ ਕੇ ਤੁਰਦੀਆਂ ਲੱਭਦੀਆਂ ਨੇ ਜ਼ਿੰਦਗੀ, ਹੈ ਅਜਬ ਇਹ ਦੋਸਤੋ, ਸ਼ਮਸ਼ਾਨ ਮੇਰੇ ਸ਼ਹਿਰ ਦਾ। ਕਬਰਾਂ ਏਹ ਕਿਸ ਨੇ ਫੋਲੀਆਂ, ਕਫæਨ ਕਿਸ ਨੇ ਲਾਹ ਲਏ, ਆਦਮੀ 'ਤੇ ਹੱਸ ਰਿਹਾ, ਸ਼ਮਸ਼ਾਨ ਮੇਰੇ ਸ਼ਹਿਰ ਦਾ। ਕਤਲ ਉਸ ਨੂੰ ਕਰ ਦਿਓ, ਜੋ ਕੋਈ ਕਾਤਿਲ ਨਹੀਂ, ਸੁਣ ਲਵੋ ਇਹ ਦੋਸਤੋ, ਫੁਰਮਾਨ ਮੇਰੇ ਸ਼ਹਿਰ ਦਾ।

ਈਮਾਨ ਮੇਰੇ ਸ਼ਹਿਰ ਦਾ

ਹਿੰਦੁਸਤਾਨ ਦਾ, ਨਾ ਪਾਕਿਸਤਾਨ ਦਾ, ਆਓ ਗੀਤ ਗਾਈਏ, ਸਾਰੇ ਜਹਾਨ ਦਾ। ਏਹ ਤਾਂ ਤਿੱਖੀ ਪੀੜ ਹੈ, ਬੰਗਲਾ ਮਨੁੱਖ ਦੀ, ਵੀਅਤਨਾਮੀ ਖੂਨ ਦੀ, ਜੰਤਾ ਦੇ ਦੁੱਖ ਦੀ, ਨਾ ਕਿਸੇ ਹਿੰਦੂ ਦਾ, ਨਾ ਮੁਸਲਮਾਨ ਦਾ, ਆਓ ਗੀਤ ਗਾਈਏ…….. ਨਾ ਕਿਸੇ ਲੈਨਿਲ ਦਾ, ਨਾ ਮਾਓ ਵਿਚਾਰ ਦਾ, ਨਾ ਕਿਸੇ ਇਕੱਲੇ, ਭਗਤ ਸਰਦਾਰ ਦਾ, ਸੂਲੀ ਉੱਤੇ ਟੰਗੀ ਹੋਈ, ਹਰ ਇਕ ਜਾਨ ਦਾ, ਆਓ ਗੀਤ ਗਾਈਏ……………। ਉਧਰ ਚੰਨ ਦੇ ਵੱਲ, ਜਾ ਰਿਹਾ ਹੈ ਆਦਮੀ, ਏਧਰ ਆਦਮੀ ਨੂੰ, ਖਾ ਰਿਹਾ ਹੈ ਆਦਮੀ, ਆਓ ਪੂਰਾ ਕਰੀਏ, ਫਰਜ਼ ਇਨਸਾਨ ਦਾ, ਆਓ ਗੀਤ ਗਾਈਏ………… ਹੋਂਦ ਮਿਟਦੀ ਜਾ ਰਹੀ, ਦੇਖੋ ਪਿਆਰ ਦੀ, ਅਰਥੀ ਉਠਾਈ ਅੱਜ, ਪਤਝੜਾਂ ਬਹਾਰ ਦੀ, ਹਾਸਾ ਹੰਝੂ ਕੇਰਦਾ, ਅੱਜ ਬਾਗ਼ਬਾਨ ਦਾ, ਆਓ ਗੀਤ ਗਾਈਏ…….

ਆਓ ਗੀਤ ਗਾਈਏ

ਹਿੰਦੁਸਤਾਨ ਦਾ, ਨਾ ਪਾਕਿਸਤਾਨ ਦਾ, ਆਓ ਗੀਤ ਗਾਈਏ, ਸਾਰੇ ਜਹਾਨ ਦਾ। ਏਹ ਤਾਂ ਤਿੱਖੀ ਪੀੜ ਹੈ, ਬੰਗਲਾ ਮਨੁੱਖ ਦੀ, ਵੀਅਤਨਾਮੀ ਖੂਨ ਦੀ, ਜੰਤਾ ਦੇ ਦੁੱਖ ਦੀ, ਨਾ ਕਿਸੇ ਹਿੰਦੂ ਦਾ, ਨਾ ਮੁਸਲਮਾਨ ਦਾ, ਆਓ ਗੀਤ ਗਾਈਏ…….. ਨਾ ਕਿਸੇ ਲੈਨਿਲ ਦਾ, ਨਾ ਮਾਓ ਵਿਚਾਰ ਦਾ, ਨਾ ਕਿਸੇ ਇਕੱਲੇ, ਭਗਤ ਸਰਦਾਰ ਦਾ, ਸੂਲੀ ਉੱਤੇ ਟੰਗੀ ਹੋਈ, ਹਰ ਇਕ ਜਾਨ ਦਾ, ਆਓ ਗੀਤ ਗਾਈਏ……………। ਉਧਰ ਚੰਨ ਦੇ ਵੱਲ, ਜਾ ਰਿਹਾ ਹੈ ਆਦਮੀ, ਏਧਰ ਆਦਮੀ ਨੂੰ, ਖਾ ਰਿਹਾ ਹੈ ਆਦਮੀ, ਆਓ ਪੂਰਾ ਕਰੀਏ, ਫਰਜ਼ ਇਨਸਾਨ ਦਾ, ਆਓ ਗੀਤ ਗਾਈਏ………… ਹੋਂਦ ਮਿਟਦੀ ਜਾ ਰਹੀ, ਦੇਖੋ ਪਿਆਰ ਦੀ, ਅਰਥੀ ਉਠਾਈ ਅੱਜ, ਪਤਝੜਾਂ ਬਹਾਰ ਦੀ, ਹਾਸਾ ਹੰਝੂ ਕੇਰਦਾ, ਅੱਜ ਬਾਗ਼ਬਾਨ ਦਾ, ਆਓ ਗੀਤ ਗਾਈਏ…….

ਸਜ਼ਾ

ਰੋਟੀ ਦੀ ਭੁੱਖ ਵਾਂਗ ਜ਼ਰੂਰੀ ਤਾਂ ਹੈ ਗੁਨਾਹ ਲਈ ਪਰ ਸਜ਼ਾ ਤਾਂ ਗੁੰਮ ਹੈ ਓਹ-ਹੋ ਗੁਨਾਹ ਏਥੇ ਕਿਥੇ ਗੁਨਾਹ ਤਾਂ ਕਰਨਾ ਹੀ ਪਾਪ ਹੈ। ਤੁਸੀਂ ਗੁਨਾਹ ਨੂੰ ਗੁਨਾਹ ਕਹਿ ਕੇ ਗੁਨਾਹ ਕੀਤਾ ਹੈ। ਸਜ਼ਾ ਦੀ ਗੱਲ ਕਰੇਂਦਿਓ ਸਜ਼ਾ ਤੁਹਾਡੇ ਲਈ ਹੈ।

ਭੁੱਖ

ਅਸੀਂ ਭੁੱਖ ਦੀ ਗੱਲ ਕਰਦੇ ਹਾਂ ਅਸੀਂ ਭੁੱਖ ਦੀ ਗੱਲ ਸੁਣਦੇ ਹਾਂ, ਤੇ ਫੇਰ ਕੁਝ ਨਹੀਂ ਭੁੱਖ ਤੋਂ ਸਾਰੀ ਦੁਨੀਆ ਬਣੀ ਭੁੱਖਾਂ ਦੀ ਇਕ ਭੀੜ ਹੈ ਦੁਨੀਆਂ ਭੁੱਖਿਆਂ ਕੁਝ ਨਹੀਂ ਹੁੰਦਾ ਪਰ ਹੁੰਦਾ ਸਭ ਕੁਝ ਭੁੱਖ ਦੇ ਨਾਲ, ਰੋਟੀ ਦੀ ਭੁੱਖ ਅਮਰ ਹੈ ਸੂਰਜ ਵਾਂਗੂੰ ਚੜ੍ਹਦੀ ਛਿਪਦੀ, ਭੁੱਖ ਤੋਂ ਵੱਡਾ ਰੋਗ ਨਾ ਕੋਈ ਜੋ ਤੁਹਾਨੂੰ ਵੀ ਹੈ, ਮੈਨੂੰ ਵੀ ਹੈ। ਮੇਰੀ ਵੀ ਹੈ ਭੁੱਖ ਸਦੀਵੀ ਤੁਹਾਡੀ ਵੀ ਹੈ ਭੁੱਖ ਸਦੀਵੀ ਆਪਾਂ ਸਾਰੇ ਭੁੱਖੇ ਭੁੱਖੇ ਭੁੱਖਾਂ ਦਾ ਕੋਈ ਰੂਪ ਬਣਾਈਏ, ਜੀਵਨ ਦੀ ਭੁੱਖ ਦਿਲ ਵਿੱਚ ਲੈ ਕੇ ਬਾਕੀ ਭੁੱਖਾਂ ਮਾਰ ਮੁਕਾਈਏ ਭੁੱਖਾਂ ਤੋਂ ਫਿਰ ਮੁਕਤੀ ਪਾਈਏ।

ਖ਼ਾਮੋਸ਼ ਦਸਤਕ

ਸਾਡਾ ਬੱਸ ਗੁਨਾਹ ਹੈ ਇਹੋ ਪਿਆਰ ਅਸਾਂ ਨੇਂ ਕਰਿਆ ਏ। ਤੇਰੀ ਠੋਕਰ ਦਾ ਵੀ ਆਦਰ ਯਾਰ ਅਸਾਂ ਨੇ ਕਰਿਆ ਏ। ਹਿਜਰ ਤੇਰੇ ਨੇ ਦਿਲ ਦੇ ਵਿਹੜੇ ਬੀਜ ਗ਼ਮਾਂ ਦੇ ਬੋਏ ਨੇ, ਕੰਧਾਂ ਦੇ ਗਲ ਲੱਗ ਲੱਗ ਮੈਂ ਤਾਂ ਆਪਣੇ ਦੁੱਖੜੇ ਰੋਏ ਨੇ, ਸਾਡੇ ਬਾਝੋਂ ਸੁਹਣਿਆਂ ਸੱਜਣਾਂ ਤੇਰਾ ਕਿਵੇਂ ਦੱਸ ਸਰਿਆ ਏ, ਸਾਡਾ ਬੱਸ ਗੁਨਾਹ ਹੈ ਇਹੋ ... ਤੇਰੇ ਨੈਣੀਂ ਨਜ਼ਰਾਂ ਖੋਈਆਂ ਦਰ ਤੇਰੇ 'ਤੇ ਜਾਵਣ ਵੇ, ਦਸਤਕ ਦੇ ਕੇ ਚੁੱਪ ਨੂੰ ਸੁਣ ਕੇ, ਚੁੱਪ ਹੋ ਕੇ ਮੁੜ ਆਵਣ ਵੇ, ਪੀੜਾਂ ਵਰਗੀ ਤੇਰੀ ਚੁੱਪ ਨੂੰ, ਕਿੰਝ ਦਸਾਂ ਕਿੰਝ ਜਰਿਆ ਏ, ਸਾਡਾ ਬੱਸ ਗੁਨਾਹ ਹੈ ਇਹੋ……… ਤੇਰੇ ਬਾਝੋਂ ਦਿਲ ਦੇ ਦੁੱਖੜੇ ਕੀਹਨੂੰ ਜਾ ਸੁਣਾਵਾਂ ਵੇ, ਲੱਖ ਹਿਜਰਾਂ ਦਾ ਉੱਠਿਆ ਲਾਵਾ, ਕਿੰਝ ਮੈਂ ਵਸਲ ਬਣਾਵਾਂ ਵੇ, ਲੱਖ ਸਮੁੰਦਰ ਤਪ ਤਪ ਠਰ ਗਏ, ਇਸ਼ਕ ਮੇਰਾ ਨਾ ਠਰਿਆ ਏ, ਸਾਡਾ ਬੱਸ ਗੁਨਾਹ ਹੈ ਇਹੋ………. ਨਾ ਤੂੰ ਮੇਰਾ ਦਰਦ ਵੰਡਾਈਂ ਅੱਗੇ ਵਾਂਗੂੰ ਹੱਸ ਜਾ ਵੇ, ਹੱਸ ਹੱਸ ਕੇ ਅਹਿਸਾਸ ਮੇਰੇ ਨੂੰ, ਨਾਗ ਦੇ ਵਾਂਗੂੰ ਡੇਂਸ ਜਾ ਵੇ, ਹਾਸੇ ਮੁੱਕੇ ਹੰਝੂ ਸੁੱਕੇ, ਮੌਨ 'ਆਲਮ' ਨੇ ਧਰਿਆ ਏ, ਸਾਡਾ ਬੱਸ ਗੁਨਾਹ ਹੈ ਇਹੋ…………

ਜਵਾਨੀ

ਹੁੰਦੀ ਹੈ ਸਭ ਨੂੰ ਜਵਾਨੀ ਪਿਆਰੀ। ਦੁਨੀਆਂ 'ਚ ਸਭ ਤੋਂ ਜਵਾਨੀ ਨਿਆਰੀ। ਨੈਣਾਂ ਦੇ ਤੀਰ ਚਲਾਵੇ ਜਵਾਨੀ, ਚੜ੍ਹਾਈ ਜਾਂ ਕਰਕੇ ਆਵੇ ਜਵਾਨੀ। ਇਸ਼ਕ ਦੇ ਨਸ਼ੇ 'ਚ ਜਦੋਂ ਇਹ ਹੋਵੇ, ਪ੍ਰੀਤਮ ਤੋਂ ਵਿਛੜੀ ਲੁੱਕ ਲੁੱਕ ਰੋਵੇ। ਭਰਦੀ ਇਹ ਰਹਿੰਦੀ ਹੋਕੇ ਤੇ ਹਾਵੇ, ਹਨ੍ਹੇਰੇ ਪਿਆਰੇ ਤੇ ਚਾਨਣ ਨਾ ਭਾਵੇ। ਜੁਲਫਾਂ ਦੇ ਨਾਗਾਂ ਨਾਲ ਡਸਦੀ ਜਵਾਨੀ, ਡਸ ਡਸ ਕੇ ਲੋਕਾਂ ਨੂੰ ਹੱਸਦੀ ਜਵਾਨੀ। ਕੀ ਕੀ ਦੱਸਾਂ ਮੈਂ ਜਵਾਨੀ ਦੇ ਕਾਰੇ, ਪਾਗ਼ਲ ਹੋ ਕਿਧਰੇ ਮੱਝੀਆ ਏਹ ਚਾਰੇ। ਬੋਤਲਾਂ 'ਚ ਕਿਧਰੇ ਸ਼ੈਦਾਈ ਏ ਜਵਾਨੀ, ਸਿਗਰਟਾਂ ਦੇ ਧੂੰਏ 'ਚ ਸਮਾਈ ਏ ਜਵਾਨੀ। ਨਸ਼ਿਆਂ ਦੀ ਮਾਰੀ ਸਾਰੀ ਦੀ ਸਾਰੀ, ਬਣ ਕੇ ਭਿਖਾਰੀ ਫਿਰਦੀ ਵਿਚਾਰੀ। ਇਹ ਹਾਲ ਉਹਦਾ ਜੋ ਜਵਾਨੀ ਨਾ ਸਾਂਭੇ, ਉਹਨੂੰ ਮਿਲਦੇ ਮਿਹਣੇ ਤੇ ਠੋਕਰਾਂ, ਉਲਾਂਭੇ। ਇਹ ਆਪੇ ਹੀ ਮੰਦੀ ਆਪੇ ਹੀ ਚੰਗੀ, ਆਪੇ ਹੀ ਭੁੱਖੀ ਆਪੇ ਹੀ ਨੰਗੀ। ਆਪੇ ਹੀ ਸਰਦ ਆਪ ਹੀ ਚਿੰਗਾਰੀ, ਹੁੰਦੀ ਹੈ ਸਭ ਨੂੰ ਜਵਾਨੀ ਪਿਆਰੀ... ਲੂਲ੍ਹੀ ਲੰਗੜੀ ਹੈ ਚਾਹੇ ਕਾਣੀ ਜਵਾਨੀ, ਹੁੰਦੀ ਹੈ ਅਕਸਰ ਜਵਾਨੀ, ਜਵਾਨੀ। ਨਾਜ਼ਾਂ ਤੇ ਨਖਰਿਆਂ ਦਾ ਖਜ਼ਾਨਾ ਜਵਾਨੀ, ਕਰ ਦੇਵੇ ਬੰਦੇ ਨੂੰ ਦੀਵਾਨੀ ਜਵਾਨੀ। ਜਿੱਧਰ ਵੀ ਦੇਖੇ ਹਲਚਲ ਮਚਾਵੇ, ਜਿੱਧਰ ਵੀ ਜਾਵੇ ਹਨੇਰੀ ਲਿਆਵੇ। ਕਰੇ ਧੋਖੇ ਠੱਗੀਆਂ ਤੇ ਡਾਕੇ ਵੀ ਮਾਰੇ, ਕਈ ਕੁਝ ਢਾਵੇ ਤੇ ਕਈ ਕੁਝ ਉਸਾਰੇ। ਅੱਗ 'ਚੋਂ ਏਹ ਜੰਮੀਂ ਤੂਫਾਨ ਹੈ ਜਵਾਨੀ, ਅਕਸਰ ਬੰਦੇ ਦੀ ਸ਼ਾਨ ਹੈ ਜਵਾਨੀ। ਫੱਬਦੀ ਹੈ ਦੁਨੀਆਂ ਜੇ ਫੱਥੇ ਜਵਾਨੀ, ਬੜੀ ਮਹਿੰਗੀ ਯਾਰੋ ਏਹ ਲੱਭੇ ਜਵਾਨੀ। ਬਚਪਨ ਤੋਂ ਨਾ ਜੋ ਬੁੱਢਾਪੇ ਤੋਂ ਹੋਏ, ਉਹ ਭਾਰ ਹੱਸ ਕੇ ਜਵਾਨੀ ਨੇ ਢੋਏ। ਵਾਂਗ ਦੁਪਹਿਰਾਂ ਦੇ ਆਵੇ ਜਵਾਨੀ, ਹੱਥੀਂ ਇਹ ਦੁਨੀਆਂ ਬਣਾਵੇ ਜਵਾਨੀ। ਬੁੱਢਿਆਂ ਦਾ ਸਹਾਰਾ ਇਹ ਬਚਪਨ ਬਣਾਉਂਦੀ, ਜਵਾਨੀ ਦੇ ਸਹਾਰੇ ਹੈ ਦੁਨੀਆਂ ਜੀਉਂਦੀ। ਇਹ ਦੁਨੀਆਂ ਜਵਾਨੀ ਨੇ ਸਾਰੀ ਉਸਾਰੀ, ਹੁੰਦੀ ਹੈ ਸਭ ਨੂੰ ਜਵਾਨੀ ਪਿਆਰੀ…….। ਜਵਾਨੀ ਉਹ ਜੋ ਢੱਨੀਆਂ ਕੌਮਾਂ ਉਸਾਰੇ, ਕੌਮ ਲਈ ਜਵਾਨੀ ਜੇ ਆਪਾ ਵੀ ਵਾਰੇ। ਆਰਿਆਂ ਨਾਲ ਸੀਸ ਚਰਾਏ ਜਵਾਨੀ, ਬੰਦ ਬੰਦ ਕਹਿ ਕੇ ਕਟਾਏ ਜਵਾਨੀ। ਤਲੀਆਂ ਤੇ ਸੀਸ ਟਿਕਾਏ ਜਵਾਨੀ, ਖੂਨ ਨਾਲ ਚੋਲੇ ਰੰਗਾਏ ਜਵਾਨੀ। ਫਾਂਸੀਆਂ 'ਤੇ ਹੱਸ ਕੇ ਚੜ੍ਹੀ ਏ ਜਵਾਨੀ, ਨੀਹਾਂ 'ਚ ਚੁੱਪ ਚਾਪ ਖੜ੍ਹੀ ਏ ਜਵਾਨੀ। ਜਦੋਂ ਵੀ ਜਿੱਥੇ ਵੀ ਜਾਵੇ ਜਵਾਨੀ, ਉਥੇ ਹੀ ਕਿਰਨਾਂ ਖਿੰਡਾਵੇ ਜਵਾਨੀ। ਜਵਾਨੀ ਤਾਂ ਹੈ ਇੱਕ ਧੋਤਾ ਸਵੇਰਾ, ਜਵਾਨੀ ਤੋਂ ਬਿਨ ਇਹ ਦੁਨੀਆਂ ਹਨੇਰਾ। ਸੱਚ ਦੀ ਖਾਤਰ ਬਗ਼ਾਵਤ ਵੀ ਕਰਦੀ, ਅਲ੍ਹੜਪੁਣੇ 'ਚ ਸ਼ਰਾਰਤ ਵੀ ਕਰਦੀ। ਕੋਈ ਨਾ ਇਹਦਾ ਦੁਨੀਆਂ 'ਤੇ ਸਾਨੀ, ਕਿਵੇਂ ਨਾ ਆਖਾਂ ਮੈਂ ਚੰਗੀ ਹੈ ਜਵਾਨੀ। ਧਰਤੀ ਤੇ ਅੰਬਰ ਦੋਨਾਂ ਤੋਂ ਭਾਰੀ, ਦੁਨੀਆਂ 'ਚ ਸਭ ਤੋਂ ਜਵਾਨੀ ਨਿਆਰੀ। ਦੁਨੀਆਂ 'ਚ ਸਭ ਨੂੰ ਜਵਾਨੀ ਪਿਆਰੀ।

ਜਾਗ ਜਵਾਨਾ

ਜਾਗੋ ਜਵਾਨਾ, ਬਦਲ ਜ਼ਮਾਨਾ, ਮਜਬੂਰ ਨਾ ਹੋ ਤੂੰ, ਚੂਰ ਨਾ ਹੋ ਤੂੰ, ਮਨਸੂਰ ਵੀ ਤੂੰ ਹੈ, ਆਫ਼ਤਾਬ ਵੀ ਤੂੰ ਹੈ, ਮਹਿਤਾਬ ਵੀ ਤੂੰ ਹੈਂ, ਨੂਰ ਵੀ ਤੂੰ ਹੈਂ, ਤੂੰ ਵਤਨਾਂ ਦਾ ਅੱਜ ਗਗਨਾਂ ਦਾ, ਅਣਥੱਕ ਮੁਸਾਫਿਰ, ਨਿਝੱਕ ਮੁਸਾਫਿਰ ਨਗਮੇ ਗਾਉਂਦਾ ਰੀਤਾਂ ਢਾਉਂਦਾ ਦੀਪ ਜਲਾਉਂਦਾ, ਰਾਹ ਰੁਸਨਾਉਂਦਾ ਮੰਜ਼ਿਲ ਵੱਲ ਨੂੰ, ਸਾਹਿਲ ਵੱਲ ਨੂੰ ਤੁਰਦਾ ਜਾਹ ਤੂੰ, ਫਰਜ਼ ਨਿਭਾ ਤੂੰ ਹੋ ਦੀਵਾਨਾ, ਉੱਠ ਤੂਫਾਨਾ ਜਾਗ ਜਵਾਨਾ, ਬਦਲ ਜਮਾਨਾ। ਬੱਲੇ ਬੱਲੇ ਸਮਾਂ ਵੀ ਚੱਲੇ, ਪੁਛ ਕੇ ਤੈਨੂੰ, ਮਾਣ ਹੈ ਮੈਨੂੰ, ਤੂੰ ਬਦਲਾਇਆ, ਮਨੁੱਖ ਦਾ ਸਾਇਆ, ਤੂੰ ਬਦਲਾਉਣਾ, ਤੂੰ ਹੀ ਬਣਾਉਣਾ, ਇਨਸਾਫæ ਦਾ ਮੰਦਿਰ, ਦਿਲਾਂ ਦੇ ਅੰਦਰ, ਰੰਗ ਹੱਕ ਦਾ ਭਰ ਕੇ, ਸਿਰ ਤਲੀ 'ਤੇ ਧਰ ਕੇ ਹੱਥ ਖੰਡਾ ਫੜ ਕੇ, ਜੁਲਮ ਨਾਲ ਲੜ ਕੇ ਅਕਾਲ ਮਿਸ਼ਾਲ ਜਗਾ ਦੇ, ਅਮਿਟ ਇਤਿਹਾਸ ਬਣਾ ਦੇ ਫੂਕ ਦੇ ਇਤਿਹਾਸ ਪੁਰਾਣਾ ਜਾਗ ਜਵਾਨਾ, ਬਦਲਾ ਜ਼ਮਾਨਾ………

ਸਮਾਂ ਪੁਕਾਰੇ

ਫੁੱਲ ਮੋਏ ਭੋਰੇ ਰੋਏ ਹਰੀਆਂ ਹਰੀਆਂ ਮਹਿਕਾਂ ਮਰੀਆਂ ਉਦਾਸ ਚਿਹਰੇ ਦੁੱਖਾਂ ਘੇਰੇ। ਦਿਲਾਂ ਟੁੱਟੇ ਅਰਮਾਂ ਲੁੱਟੇ ਛਾਵਾਂ ਠੰਡੀਆਂ ਹੋਈਆਂ ਰੰਡੀਆਂ ਸਮਾਂ ਪੁਕਾਰੇ... ਚਮਨ ਨਾ ਕੋਈ ਵਤਨ ਨਾ ਕੋਈ ਜਸ਼ਨ ਨਾ ਕੋਈ ਯਤਨ ਨਾ ਕੋਈ ਸਭ ਦਾ ਸਾਂਝਾ ਕਰਨੋਂ ਵਾਂਝਾ ਨੰਗਾ ਹੋਇਆ ਇਨਸਾਫ਼ ਮੋਇਆ ਹੁਣ ਕੇ ਆਊ ਈਸਾ ਜਾ ਮਾਓ ਸਮਾਂ ਪੁਕਾਰੇ……. ਸ਼ਬਦ ਜਵਾਨੀ ਰਿਹਾ ਨਿਸ਼ਾਨੀ ਹੁਣ ਜਵਾਨੀ ਹੋਈ ਮਸਤਾਨੀ ਕਾਮ ਹੋ ਗਈ ਬਦਨਾਮ ਹੋ ਗਈ ਆਮ ਹੋ ਗਈ ਨਾਕਾਮ ਹੋ ਗਈ ਸ਼ਰਮ ਨਾ ਕੋਈ ਧਰਮ ਨਾ ਕੋਈ ਸਮਾਂ ਪੁਕਾਰੇ... ਦੁੱਖ ਵਿਚੋਂ ਭੁੱਖ ਵਿਚੋਂ ਖੁਆਰ ਹੋ ਕੇ ਲਾਚਾਰ ਹੋ ਕੇ ਜੱਗ ਹੋ ਕੇ ਸ਼ਬਾਬ ਆਊਗਾ ਇਨਕਲਾਬ ਆਊਗਾ ਸਮਾਂ ਪੁਕਾਰੇ....... ਜੱਗ ਦੇ ਲਈ ਅੱਗ ਦੇ ਲਈ ਅੱਗ ਹੋ ਕੇ ਸਮਾਂ ਪੁਕਾਰੇ…….

ਮਜਨੂੰ ਮਲੰਗ ਵਰਗਾ

ਅਸੀਂ ਦਿਲ ਦਾ ਰੰਗ ਰੰਗਾਇਆ ਹਾਏ ਨੀਂ ਤੇਰੇ ਰੰਗ ਵਰਗਾ। ਸਾਡੇ ਇਸ਼ਕ ਨੇ ਭੇਸ ਬਣਾਇਆ ਨੀਂ ਮਜਨੂੰ ਮਲੰਗ ਵਰਗਾ। ਹੋਂਠ ਤੇਰੇ ਸ਼ਹਿਦ ਮਿੱਠੇ ਬੋਲ ਤੇਰੇ ਰਾਗਣੀ, ਨੈਣ ਤੇਰੇ ਹਿਰਨੀ ਵਰਗੇ, ਜੁਲਫ਼ ਤੇਰੀ ਨਾਗਣੀ, ਨਾਗਾਂ ਤੋਂ ਡੰਗ ਨਾ ਹੋਇਆ, ਹਾਏ ਨੀਂ ਤੇਰੇ ਡੰਗ ਵਰਗਾ, ਅਸੀਂ ਦਿਲ ਦਾ ਰੰਗ……….. ਗੋਲ ਗੋਲ ਮੁੱਖੜਾ ਤੇਰਾ ਚੰਦ ਜੀਕਣ ਗੋਲ ਨੀਂ, ਸਾਲੂ ਤੇਰਾ ਤਾਰੇ ਤਾਰੇ ਅੰਬਰ ਤੇਰੀ ਝੋਲ ਨੀਂ, ਤੇਰੇ ਪਿੰਡੇ ਨੂਰ ਸਮਾਇਆ ਨੀਂ, ਕਿਰਨਾਂ ਦੇ ਅੰਗ ਵਰਗਾ, ਅਸੀਂ ਦਿਲ ਦਾ ਰੰਗ……….. ਰੰਗ ਤੇਰਾ ਚਾਂਦਨੀ ਹੈ ਰੂਪ ਤੇਰਾ ਪਿਆਰ ਨੀਂ, ਤੀਰ ਤੇਰੇ ਨਜ਼ਰਾਂ ਵਾਲੇ ਹੋਏ ਨਾ ਦਿਲ 'ਚੋਂ ਪਾਰ ਨੀਂ, ਸਾਡੇ ਦਿਲ ਦਾ ਤਖ਼ਤ ਹਜ਼ਾਰਾ ਹੋ ਗਿਆ ਨੀਂ ਝੰਗ ਵਰਗਾ, ਅਸੀਂ ਦਿਲ ਦਾ ਰੰਗ

ਹਿੰਦੋਸਤਾਨ

ਹੁਣ ਤਾਂ ਏਥੇ ਬਾਗ਼ਬਾਂ, ਹੱਥੀਂ ਮਸਲਣ ਫੁੱਲ, ਹੋਣੇ ਫਿੱਕੇ ਰਿਸ਼ਤੇ ਖੂਨ ਦੇ, ਪਾਣੀ ਵਿਕਦੈ ਮੁੱਲ, ਸੱਚ ਬੋਲਣ ਤੋਂ ਥਿੜਕਦੇ, ਅੱਜ ਆਦਮ ਦੇ ਬੁੱਲ੍ਹ ਰਾਖੇ ਸਨ ਜੋ ਫਰਜ਼ ਦੇ, ਫਰਜ਼ ਨੂੰ ਬੈਠੇ ਭੁੱਲ। ਏਥੇ ਪਿਆਰ ਨੂੰ ਮਿਲਣ ਠੋਕਰਾਂ, ਤੋੜ ਦਿੰਦੇ ਅਰਮਾਨ, ਏਥੇ ਦਿਲ ਨੂੰ ਤੋੜ ਕੇ ਹੱਸਦੇ, ਤੇ ਮੇਟਣ ਵਫਾ ਦੀ ਸ਼ਾਨ, ਏਥੇ ਪੈਸਾ ਮਹਿੰਗਾ ਦੋਸਤੋ, ਤੇ ਸਸਤਾ ਹੈ ਇਨਸਾਨ, ਜਿਥੇ ਪਲਣ ਜਹਾਲਤਾਂ, ਉਹ ਹੈ ਮੇਰਾ ਹਿੰਦੋਸਤਾਨ।

ਇਨਕਲਾਬ ਜ਼ਿੰਦਾਬਾਦ

ਹੁਣ ਕੋਈ ਇਸ ਨੂੰ ਰੋਕ ਨਹੀਂ ਸਕਦਾ। ਹੁਣ ਕੋਈ ਇਸ ਨੂੰ ਟੋਕ ਨਹੀਂ ਸਕਦਾ। ਇਨਕਲਾਬ ਜ਼ਿੰਦਾਬਾਦ ਗੀਤ ਏਹੋ ਗਾਇਆ ਸੀ ਗੋਬਿੰਦ ਦੀ ਕਟਾਰ ਨੇ, ਗੜ੍ਹੀ ਚਮਕੌਰ ਨੇ, ਸਰਹੰਦ ਦੀ ਦੀਵਾਰ ਨੇ, ਦੀਪ ਸਿੰਘ ਬੀਰ ਨੇ, ਬੰਦੇ ਦੀ ਲਲਕਾਰ ਨੇ, ਅੱਜ ਵੀ ਏਹੋ ਗਾਵਣਾ ਸੱਚ ਦੀ ਤਿੱਖੀ ਧਾਰ ਨੇ, ਹੁਣ ਕੋਈ ਇਸ ਨੂੰ ਰੋਕ ਨਹੀਂ ਸਕਦਾ, ਹੁਣ ਕੋਈ ਇਸ ਨੂੰ ਟੋਕ ਨਹੀਂ ਸਕਦਾ। ਇਨਕਲਾਬ ਜ਼ਿੰਦਾਬਾਦ ਗੀਤ ਏਹੋ ਗਾਇਆ ਸੀ ਕੂਕੇ ਦੀ ਤਾਸੀਰ ਨੇ, ਐਮ. ਏ. ਹਰਦਿਆਲ ਨੇ ਜਾਗਦੀ ਜ਼ਮੀਰ ਨੇ, ਫੇਰ ਪਲਟਾ ਖਾਵਣਾ ਭਾਰਤ ਦੀ ਤਕਦੀਰ ਨੇ, ਹੁਣ ਕੋਈ ਇਸ ਨੂੰ ਟੋਕ ਨਹੀਂ ਸਕਦਾ। ਫੇਰ ਤਕਦੀਰ ਲਿਖਣੀ ਹੱਕ ਦੀ ਸ਼ਮਸ਼ੀਰ ਨੇ। ਹੁਣ ਕੋਈ ਇਸ ਨੂੰ ਰੋਕ ਨਹੀਂ ਸਕਦਾ, ਇਨਕਲਾਬ ਜ਼ਿੰਦਾਬਾਦ ਗੀਤ ਏਹੋ ਗਾਇਆ ਸੀ ਲਾਜਪਤ ਲਲਕਾਰ ਨੇ ਬੋਸ ਦੇ ਜੋਸ਼ ਨੇ ਆਜ਼ਾਦੀ ਦੇ ਖੁਮਾਰ ਨੇ, ਚੰਦਰ ਸ਼ੇਖਰ ਆਜ਼ਾਦ ਨੇ, ਊਧਮ ਦੇ ਕਿਰਦਾਰ ਨੇ, ਘਰ ਘਰ ਜਨਮ ਲੈ ਲਿਆ, ਭਗਤ ਸਿੰਘ ਸਰਦਾਰ ਨੇ, ਹੁਣ ਕੋਈ ਇਸ ਨੂੰ ਰੋਕ ਨਹੀਂ ਸਕਦਾ, ਹੁਣ ਕੋਈ ਇਸ ਨੂੰ ਟੇਕ ਨਹੀਂ ਸਕਦਾ। ਇਨਕਲਾਬ ਜ਼ਿੰਦਾਬਾਦ

ਮਾਂ ਦੇ ਨਾਂ

(ਸ਼ਹੀਦ ਭਗਤ ਸਿੰਘ ਦੀ ਮਾਂ ਦੇ ਨਾਂ ਅੱਜ ਦੇ ਹੋਣਹਾਰ ਨੌਜਵਾਨ ਦਾ ਸੁਨੇਹਾ) ਅਜੇ ਤਾਂ ਮੇਰੇ ਸੀਨੇ ਗੋਲੀ ਲੱਗਦੀ ਨਿੱਤ ਦਿਹਾੜੇ, ਲੋਕ ਰਾਜ ਦੇ ਨਾਂ ਦੇ ਹੇਠਾਂ ਲੋਕੀਂ ਜਾਣ ਲਤਾੜੇ, ਅਜੇ ਪਿਆਰ ਨਾ ਜਾਣੇ ਕੋਈ ਅਜੇ ਦਿਲਾਂ ਵਿਚ ਸਾੜੇ, ਅਜੇ ਨਾ ਕੋਈ ਉਮਰ ਹੰਢਾਏ, ਜੀਵਨ ਨੂੰ ਗ਼ਮ ਖਾਏ, ਮਾਏ ਨੀ ਮੇਰੀਏ ਮਾਏ... ਅਜੇ ਤਾਂ ਮੇਰੇ ਤਨ ਤੇ ਜੋਕਾਂ ਗ਼ਮ ਨੇ ਚਾਰ ਚੁਫੇਰੇ, ਅਜੇ ਜੁਆਨੀ ਮਾਸ ਦੀ ਭੁੱਖੀ ਫਿਕਰਾਂ ਖਾਧੇ ਜੇਰੇ, ਅਜੇ ਹਨ੍ਹੇਰੀ ਰਾਤ ਕਹਿਰ ਦੀ ਅਜੇ ਤਾਂ ਦੂਰ ਸਵੇਰੇ, ਅਜੇ ਤਾਂ ਆਪਸ ਵਿਚ ਲੜਾਈ ਕਿੰਝ ਕੋਈ ਨ੍ਹੇਰ ਮੁਕਾਏ, ਮਾਏ ਨੀ ਮੇਰੀਏ ਮਾਏ... ਅਜੇ ਤਾਂ ਮੇਰੇ ਦੇਸ਼ ਦੇ ਹਾਕਮ ਜ਼ਾਲਮ ਮਚਲੇ ਬੋਲੇ, ਅਜੇ ਵੀ ਉਸਨੂੰ ਸੂਲੀ ਮਿਲਦੀ ਈਸਾ ਜੇ ਕੋਈ ਬੋਲੇ, ਅਜੇ ਵੀ ਕਿਰਤੀ ਡਰਦੇ ਮਾਰੇ ਸਾਮਰਾਜ ਦੇ ਗੋਲੇ, ਅਜੇ ਤਾਂ ਮਿਹਨਤ ਗੁੰਗਿਆਂ ਵਰਗੀ ਹੱਕ ਦਾ ਗੀਤ ਨਾ ਗਾਏ, ਮਾਏ ਨੀ ਮੇਰੀਏ ਮਾਏ... ਅਜੇ ਤਾਂ ਮੇਰੇ ਪੈਰੀਂ ਬੇੜੀ ਹੱਥੀਂ ਸੰਗਲ ਪਾਏ, ਅਜੇ ਤਾਂ ਮੇਰੇ ਦੇਸ਼ ਦੇ ਲੋਕੀਂ ਭੁੱਖੇ ਤੇ ਤ੍ਰਿਹਾਏ, ਜੀਣ ਵੀ ਔਖਾ ਮਰਨ ਵੀ ਔਖਾ, ਕੀ ਕਰੀਏ ਸਮਝ ਨਾ ਆਏ, ਇਹ ਅਜ਼ਾਦੀ ਆਦਮ ਖਾਣੀ ਤੈਨੂੰ ਕਿੰਝ ਦਸ ਭਾਏ? ਮਾਏ ਨੀ ਮੇਰੀਏ ਮਾਏ...

ਆਬਾਦ ਸਹਿਰਾ

ਜ਼ਿੰਦਗੀ ਚੁੱਪ ਚਾਪ ਹੈ ਤੇਰੇ ਬਿਨਾਂ ਜ਼ਿੰਦਗੀ ਸਰਾਪ ਹੈਂ ਤੇਰੇ ਬਿਨਾਂ ਖਿਆਲ ਕਬਰਾਂ ਹੋ ਗਏ ਰਾਖ ਹੋ ਗਏ ਸੋਚਣੀ ਅਹਿਸਾਸ ਸੰਨਿਆਸੀ ਹੋ ਗਿਆ ਮਨ ਵੈਰਾਗੀ ਹੋ ਗਿਆ ਨਜ਼ਰਾਂ 'ਚ ਕਿਤੇ ਸਰੂਰ ਨਹੀਂ ਚਿਹਰਿਆਂ 'ਤੇ ਨੂਰ ਨਹੀਂ ਰਾਹਾਂ ਹੋਈਆਂ ਸੁੰਨੀਆਂ ਰੌਣਕਾਾਂ, ਇਕਲਾਪਾ ਖਾ ਗਿਆ ਪਿੰਡ ਮੇਰਾ ਵੀਰਾਨ ਹੈ ਤੇਰੇ ਬਿਨਾਂ ਜ਼ਿੰਦਗੀ ਚੁੱਪ ਚਾਪ ਹੈ ਤੇਰੇ ਬਿਨਾਂ... ਤੇਰੇ ਬਿਨਾਂ ਫੁੱਲਾਂ ‘ਤੇ ਰੰਗ ਨਹੀਂ ਹਵਾਵਾਂ 'ਚੋਂ ਮਹਿਕ ਉੱਡ ਗਈ ਬੁਲਬੁਲਾਂ ਕਦੇ ਗਾਇਆ ਨਹੀਂ ਭੌਰਿਆਂ ਕਦੇ ਮੁਸਕਾਇਆ ਨਹੀਂ ਕਈ ਜ਼ਮਾਨੇ ਲੰਘ ਗਏ ਬਾਗਬਾਂ ਉਦਾਸ ਹੈ। ਹੁਣ ਬਹਾਰਾਂ ਮੁੱਕੀਆਂ ਪੰਛੀਆਂ ਦਾ ਚਹਿਚਹਾਣਾ ਹੈ ਨਹੀਂ ਤੇਰੇ ਬਿਨਾਂ ਜ਼ਿੰਦਗੀ ਚੁੱਪ ਚਾਪ ਹੀ ਤੇਰੇ ਬਿਨਾਂ... ਫਿੱਕੀ ਫਿੱਕੀ ਜਾਪਦੀ ਹੈ ਚੰਨ ਦੀ ਅੱਜ ਚਾਨਣੀ ਤਾਰਿਆਂ ਦਾ ਟਿਮਟਿਮਾਉਣਾ ਜ਼ਖ਼ਮਾਂ ਦਾ ਰਿਸ ਰਿਸ ਡੁੱਲ੍ਹਣਾ ਟਸ ਟਸ ਕਰਨਾ ਹੋ ਗਿਆ ਅੱਖਾਂ 'ਚ ਨੀਂਦ ਹੈ ਨਹੀਂ ਢਿਡ 'ਚੋਂ ਨੇ ਹੌਲ ਉਠਦੇ ਮੱਚ ਉਠੀਆਂ ਧੜਕਨਾਂ ਤੇਰੇ ਜ਼ਿੰਦਗੀ ਚੁੱਪ ਚਾਪ ਹੈ ਤੇਰੇ ਬਿਨਾਂ... ਏਥੇ ਲੱਖਾਂ ਰੰਗ ਰਾਗ ਨੇ, ਸਾਰਾ ਜਹਾਨ ਵੱਸਦਾ ਪਿਆ ਅੱਖਾਂ ਸਾਹਵੇਂ ਮੇਲਾ ਹੈ ਬੜਾ, ਪਰ ਆਪਾ ਆਵੇ ਖਾਣ ਨੂੰ ਇਕ ਯਾਦ ਤੇਰੀ ਖਾਵਣਾ ਯਾਦ ਤੇਰੀ ਪੀਵਣਾ ਯਾਦ ਤੇਰੀ ਪਹਿਨਣਾ ਯਾਦ ਤੇਰੀ ਜੀਣ ਲਈ ਪਾਗ਼ਲ ਅਖਵਾਣ ਲਈ ਸੁੰਨ ਹੋ ਜਾਣ ਲਈ ਆਪੇ 'ਚ ਖੋ ਜਾਣ ਲਈ ਕਾਫੀ ਹੈ ਤੇਰੇ ਬਿਨਾਂ, ਤੇਰੇ ਬਿਨਾਂ ਜ਼ਿੰਦਗੀ ਚੁੱਪ ਚਾਪ ਹੈ ਤੇਰੇ ਬਿਨਾਂ ਜ਼ਿੰਦਗੀ ਸਰਾਪ ਹੈ ਤੇਰੇ ਬਿਨਾਂ।

ਬੇਕਰਾਰੀ ਤੋਂ ਸਤਿਕਾਰ ਤੱਕ

ਮੰਨਿਆ ਕਿ ਤੂੰ ਹਨੇਰਿਆਂ ਨਾਲ ਪਿਆਰ ਕੀਤਾ ਹੈ, ਤੇ ਤੈਨੂੰ ਉਨ੍ਹਾਂ ਬੇਕਰਾਰ ਕੀਤਾ ਹੈ, ਮੇਰੇ ਨਾਲ ਇਸ ਤਰ੍ਹਾਂ ਨਾ ਕਰ, ਰਾਤਾਂ ਨੂੰ ਰੂਹ ਰੂਪ ਹੋ ਕੇ, ਦੀਵਾਰਾਂ ਹਨ੍ਹੇਰਿਆਂ ਨੂੰ ਚੀਰ, ਪੋਲੇ ਪੈਰੀਂ ਚੁੱਪਕੇ ਚੁੱਪਕੇ ਮੇਰੀਆਂ ਬਾਹਾਂ ਨੂੰ ਕਰ ਮਜਬੂਰ, ਮੱਥੇ ਮੇਰੇ 'ਤੇ ਰੱਖ ਕੇ ਹੋਂਠ, ਤੂੰ ਜਦੋਂ ਵੀ ਗੀਤਾਂ ਦੀ ਬਰਸਾਤ ਕੀਤੀ ਹੈ, ਮੈਨੂੰ ਬੇਕਰਾਰ ਕੀਤਾ ਹੈ, ਤੇਰੀ ਬੇਕਰਾਰੀ ਦਾ ਵੀ ਅਸਾਂ ਸਤਿਕਾਰ ਕੀਤਾ ਹੈ। ਤੇਰੀ ਚੁੱਪ ਪੂਰਨਮਾਸ਼ੀ ਦੀ ਰਾਤ ਤੇਰੀ ਚੁੱਪ ਸਾਗਰਾਂ ਦਾ ਉਛਾਲ ਤੇਰੀ ਚੁੱਪ ਲਹੂ ਦਾ ਉਬਾਲ ਤੇਰੀ ਚੁੱਪ ਅੰਗਾਂ ਨੂੰ ਦੇਵੇ ਸੇਕ ਤੇਰੀ ਚੁੱਪ ਚੈਨ ਵਿਚ ਕਰੇ ਸੁਰਾਖ਼ ਤੇਰੀ ਚੁੱਪ ਬੋਲਾਂ ਦੀ ਪਦਾਇਸ਼ ਤੇਰੇ ਬੋਲਾਂ ‘ਚ ਕਵਿਤਾ ਦੀ ਦੁਨੀਆਂ ਮਹਾਂ ਸੀਤਲ ਜਹਾਨ, ਉਜੜੇ ਦਿਲਾਂ ਦਾ ਸਕੂਨ ਤੇਰਿਆਂ ਬੋਲਾਂ 'ਚ ਸਾਦਗੀ ਲੋਹੜਿਆਂ ਦਾ ਵਹਾ ਸੁੱਤੀ ਵੀਣਾ ਲਈ, ਜਾਦੂ ਭਰੀ ਮਿਜ਼ਰਾਬ ਸੰਗੀਤਕਾਰ ਦਾ ਪਾਰੇ ਵਰਗਾ ਦਿਲ, ਦਿਲ 'ਚ ਉਠਿਆ ਵੈਰਾਗ ਵੈਰਾਗ ਭਰਿਆ ਰਾਗ ਤੇਰੇ ਬੋਲ ਬੀਮਾਰਾਂ ਲਈ ਇਲਾਜ ਜਿਊਂਦਿਆ ਲਈ ਮੌਤ, ਮੁਰਦਿਆਂ ਲਈ ਜਾਨ। ਪਰ ਤੂੰ ਬੋਲਾਂ ਨੂੰ ਕੈਦ ਕੀਤਾ ਹੈ ਇਸ ਤਰ੍ਹਾਂ ਕੈਦ ਨਾ ਕਰ ਤੇਰੀ ਚੁੱਪ ਵੀ ਮਹਾਨ ਤੇਰੇ ਬੋਲ ਵੀ ਮਹਾਨ ਤੂੰ ਚੁੱਪ ਰਹਿ ਯਾ ਬੋਲ ਇਹ ਹੈ ਤੇਰੀ ਰਜ਼ਾ ਅਸੀਂ ਕਦੋਂ ਤਕਰਾਰ ਕੀਤਾ ਹੈ। ਅਸੀਂ ਤਾਂ ਹਰ ਗੱਲ ਦਾ ਸਤਿਕਾਰ ਕੀਤਾ ਹੈ। ਤੇਰੀਆਂ ਅੱਖਾਂ 'ਚ ਫਿੱਕੀ ਫਿੱਕੀ ਨੀਲੀ ਨੀਲੀ ਗਹਿਰੀ ਝੀਲ ਤੇਰੀਆਂ ਅੱਖਾਂ ਮੇਰੇ ਲਈ ਦਰਪਣ ਤੇਰੇ ਬੁਲ੍ਹਾਂ 'ਤੇ ਚੁੰਮਣਾਂ ਦੀ ਬਹਾਰ, ਪਿਆਸੇ ਦਿਲਾਂ ਦਾ ਕਰਾਰ ਤੇਰੀਆਂ ਬਾਹਾਂ 'ਚ ਸਾਰੀ ਖੁਦਾਈ ਨੈਣਾਂ 'ਚ ਮਹਾ ਸੁੰਨ ਵਿਨਾਸ਼ ਤੇਰੇ ’ਚ ਖੋਇਆ ਮੇਰਾ ਅਪਣਾ ਆਪ ਪਰ ਜੇ ਤੂੰ ਮੇਰੀ ਸੁਣ ਕੇ ਵੀ ਨਾ ਸੁਣੇਂ, ਤੇਰੀ ਜੇ ਹੈ ਏਹੋ ਖੁਸ਼ੀ, ਅਸੀਂ ਤਾਂ ਪਾਗਲਾਂ ਵਾਂਗੂੰ, ਅਸੀਂ ਤਾਂ ਬੱਚਿਆਂ ਵਾਂਗੂੰ, ਅਸੀਂ ਤਾਂ ਜ਼ਿੱਦੀਆਂ ਵਾਂਗੂੰ, ਤੇਰੀ ਲਾਪਰਵਾਹੀ ਨੂੰ, ਤੇਰਾ ਹੀ ਤੈਥੋਂ ਲੈ ਕੇ, ਤੈਨੂੰ ਜੋ ਪਿਆਰ ਕੀਤਾ ਹੈ ਅਸੀਂ ਤੇਰੀ ਹਰ ਗੱਲ ਦਾ ਸਤਿਕਾਰ ਕੀਤਾ ਹੈ।

ਸਮਸ਼ਾਨ

ਲੋਕੀਂ ਤਾਂ ਆਖਣਗੇ ਹੀ ਜਿਊਂਦੇ ਜੀ ਕੌਣ ਜਾਵੇ ਸ਼ਮਸ਼ਾਨ ਜੇ ਜੀਵਨ ਤੋਂ ਵਾਕਿਫ ਹੋਣਾ ਚਲੀਏ ਫਿਰ ਸ਼ਮਸ਼ਾਨ ਲੋਕੀਂ ਤਾਂ ਅਣਜਾਣ ਦੁੱਖਾਂ ਚਿੰਤਾਵਾਂ ਪੀੜਾਂ ਦਾ, ਰੋਗਾਂ ਦਾ ਹੱਲ ਸ਼ਮਸ਼ਾਨ ਸ਼ਮਸ਼ਾਨ ਦਾ ਸਹਿਣਾ ਵੀ ਮਹਾਨ ਸ਼ਮਸ਼ਾਨ ਦਾ ਰਹਿਣਾ ਵੀ ਮਹਾਨ ਇਸ ਦੀ ਹਿੱਕ ਵਿਚ ਬੇਅਥਾਹ ਸਿਵਿਆ ਦਾ ਸ਼ੋਰ ਸਿਰ 'ਤੇ, ਭਟਕੀਆਂ ਰੂਹਾਂ ਦਾ ਵਾਸ ਕੰਨਾਂ 'ਚ ਰੋਣ ਪਿੱਟਣ ਦੀ ਆਵਾਜ਼ ਮਹਿੰਦੀ ਰੰਗੇ ਸੁਹਾਗਾਂ ਦੀਆਂ ਚੀਖਾਂ ਲੱਖਾਂ ਦੁਖੀ ਦਿਲਾਂ ਦੀ ਗਹਿਰੀ ਕਰੰਟ ਵਰਗੀ ਹੂਕ ਸੋਗੀ ਚਿਹਰਿਆਂ 'ਚ ਨਕਲੀ ਚਿਹਰਿਆਂ ਦਾ ਭਾਰ ਇਹ ਹੱਸ ਕਰੇ ਪਰਵਾਨ – ਜੇ ਜੀਵਨ ਤੋਂ ਵਾਕਿਫ ਹੋਣਾ…… ਲੱਖਾਂ ਧੁੱਪਾਂ ਛਾਵਾਂ ਸਹਿੰਦਾ ਹਰ ਮੌਸਮ ਦਾ ਰੰਗ ਚੱਖਦਾ ਕੁਦਰਤ ਦੀ ਮਰਜ਼ੀ ਵਿਚ ਰਹਿੰਦਾ ਨਾ ਇਹ ਔਕਿਆ, ਨਾ ਇਹ ਥੱਕਿਆ ਜਾਣ ਕੇ ਜਿੰਦਗੀ ਤੋਂ ਅਣਜਾਣ ਮੌਤ ਦੀ ਰੂਹ ਦਾ ਸੁੱਚਾ ਹਾਣ ਆਪਣੀ ਤੋਰੇ ਤੁਰਿਆ ਜਾਵੇ। ਪਰ ਤੂੰ ਆਪਣੀ ਮਰਜ਼ੀ ਦਾ ਮਾਲਕ ਆਪੇ ਕੁਦਰਤ ਆਪੇ ਕਾਦਰ ਜ਼ਿੰਦਗੀ ਤੋਂ ਅੱਕਿਆ ਅੱਕਿਆ ਬੁਝਿਆ ਬੁਝਿਆ ਰੁਕਿਆ ਰੁਕਿਆ ਸੱਚ ਤੋਂ ਪਾਸੇ ਝੁਕਿਆ ਝੁਕਿਆ ਦੁੱਖਾਂ ਦਾ ਲਈ ਫਿਰੇਂ ਸਮਾਨ ਆ ਜੇ ਸੱਚ ਨੂੰ ਪਾਉਣਾ ਚਾਹੇਂ ਮਨ ਕਰੀਏ ਸਮਸ਼ਾਨ- ਆ ਜੇ ਜੀਵਨ ਜਿਊਣਾ ਚਾਹੇਂ ਚੱਲੀਏ ਫਿਰ ਸਮਸ਼ਾਨ। ਸ਼ਮਸ਼ਾਨ ਹੈ ਸ਼ਿਵ ਦੀ ਸੱਚੀ ਧਰਤੀ ਏਥੇ ਹੀ ਵਸੇ ਕੋਮਲ ਪਾਰਬਤੀ ਜੇ ਸ਼ਿਵ ਭੋਲੇ ਤੋਂ ਬਰ ਲੈਣਾ ਹੋਵੇ ਜੇ ਅੰਦਰ ਆਪਣੇ ਬਹਿਣਾ ਹੋਵੇ ਆ ਜਾ ਛੱਡ ਕੇ ਸਾਰਾ ਆਲਮ ਤੈਨੂੰ ਪੁਕਾਰਾ ਤੇਰਾ ਬਾਲਮ। ਏਹ ਸ਼ਿਵ ਦੀ ਧਰਤੀ ਉਚੀ ਹਸਤੀ ਦਸਦੀ ਸਾਨੂੰ ਸੱਚੀ ਬਰਕਤੀ ਏਸ ਤੋਂ ਉਤੇ ਹੋਰ ਨਾ ਭਗਤੀ ਸ਼ਿਵ ਜੀ ਭੋਲਾ ਵੇਚੇ ਮਸਤੀ ਆ ਜੇ ਜੀਵਨ ਜੀਉਣਾ ਚਾਹੇਂ ਚੱਲੀਏ ਫਿਰ ਸ਼ਮਸ਼ਾਨ ਸ਼ਮਸ਼ਾਨ ਹੈ ਬੜਾ ਮਹਾਨ।

ਜੰਗਲ

(ਸਭਿਅਤਾ ਦੇ ਨਾਮ) ਇਸ ਜੰਗਲ ਦੇ ਸਭ ਰੁੱਖਾਂ ਨੂੰ ਖੁਦਗ਼ਰਜ਼ੀ ਦੀ ਪਿਓਂਦ ਚੜ੍ਹੀ ਹੈ ਇਹ ਰੁੱਖ ਨੂੰ ਪੈਦਾ ਕਰਦੇ ਇਹ ਰੁੱਖ ਰੁੱਖਾਂ ਦਾ ਲਹੂ ਪੀਂਦੇ ਇਹ ਰੁੱਖ ਰੁੱਖਾਂ ਨੂੰ ਖਾ ਜਾਂਦੇ ਆਪਣੀਆਂ ਛਾਵਾਂ ਦਾ ਮੁੱਲ ਕਰਦੇ ਆਪਣਾ ਏਹ ਜੋ ਬੀਜ ਬੀਜਦੇ ਆਪਣੀ ਛਾਵੇਂ ਪਾਲੇ ਰੁੱਖ ਜੋ ਆਪਣੇ ਹੀ ਗ਼ੁਲਾਮ ਬਣਾਉਂਦੇ ਆਪਣਾ ਜੀਵਨ ਜੀਵਣ ਖਾਤਰ ਇਕ ਦੂਜੇ ਦਾ ਜੀਵਨ ਖੋਂਹਦੇ। ਇਸ ਜੰਗਲ ਦੇ ਸਭ ਰੁੱਖਾਂ ਨੂੰ ਖੁਦਗ਼ਰਜ਼ੀ ਦੀ ਪਿਓਂਦ ਚੜ੍ਹੀ ਹੈ ਪਰ ਉਸ ਜੰਗਲ ਦੇ ਸਭ ਰੁੱਖਾਂ ਵਿਚ ਮਨੁੱਖਤਾ ਦਾ ਲਹੂ ਟਪਕਦਾ ਸਭ ਰੁੱਖਾਂ 'ਤੇ ਕੁਰਬਾਨੀ ਦੀ ਬੈੰਕ ਚੜ੍ਹੀ ਹੈ ਇਹ ਰੁੱਖ ਸੰਘਣੀਆਂ ਸੰਘਣੀਆਂ ਛਾਵਾਂ ਦੇਂਦੇ ਠੰਡੀਆਂ ਗਰਮ ਹਵਾਵਾਂ ਦੇਂਦੇ ਹਵਾਵਾਂ ਦੇ ਵਿਚ ਜੀਵਨ ਭਰਦੇ ਹੱਸ ਹੱਸ ਕੇ ਸਭ ਦੀ ਖਾਤਰ ਜਿਊਂਦੇ ਜੀ ਜਲ ਜਾਂਦੇ ਬਚਪਨ ਤੋਂ ਆਖਿਰ ਤਾਈਂ ਧੁਰ ਜਾਂਦੇ ਸ਼ਮਸ਼ਾਨ ਨਾ ਕਰਦੇ ਕੋਈ ਅਹਿਸਾਨ ਕੀ ਹੋਇਆ ਜੇ ਬੇਜ਼ੁਬਾਨ ਦੋਨਾਂ ਵਿਚੋਂ ਕੌਣ ਮਹਾਨ ? ਦੋਨਾਂ ਵਿਚੋਂ ਕੌਣ ਇਨਸਾਨ ? ਇਸ ਜੰਗਲ ਦੇ ਸਭ ਰੁੱਖਾਂ ਨੂੰ ਖੁਦਗ਼ਰਜ਼ੀ ਦੀ ਪਿਓਂਦ ਚੜ੍ਹੀ ਹੈ ਉਸ ਜੰਗਲ ਦੇ ਸਭ ਰੁੱਖਾਂ ਵਿਚ ਮਨੁੱਖਤਾ ਦਾ ਲਹੂ ਟਪਕਦਾ...

ਸ਼ੋਰ-ਬੇ-ਆਵਾਜ਼

ਪਾਰਾ ਜਿਉਂ ਆਤਸ਼ਾ 'ਤੇ ਟਿਕਦਾ ਨਹੀਂ ਨਜ਼ਰਾਂ ਵਿਚੋਂ ਕੁਝ ਵੀ ਰੁਕਦਾ ਨਹੀਂ ਨਜ਼ਰਾਂ ਵਿਚੋਂ ਕੁਝ ਵੀ ਟਿਕਦਾ ਨਹੀਂ ਕੱਟੀਆਂ ਹੋਈਆਂ ਜੀਭਾਂ ਤੋਂ ਸ਼ਬਦ ਕੋਈ ਵੀ ਬਣਦਾ ਨਹੀਂ ਆਵਾਜ਼ ਕੋਈ ਵੀ ਟੁਰਦੀ ਨਹੀਂ ਸਭ ਹੀ ਮੂੰਹ ਪੂਰੇ ਖੁੱਲ੍ਹੇ ਨੇ। ਭੁੱਖਿਆਂ ਢਿੱਡਾਂ ਦੀ, ਸੁੱਕਿਆ ਸੰਘਾਂ ਦੀ ਸਿੱਕਰੀ ਮਾਰੇ ਬੁੱਲ੍ਹਾਂ ਦੀ ਜੀਭਾਂ ਬਿਨ ਪੇਸ਼ ਕੋਈ ਜਾਂਦੀ ਨਹੀਂ। ਕਿਸੇ ਨੂੰ ਕੁਝ ਵੀ ਸੁਣਦਾ ਨਹੀਂ ਕਿਸੇ ਨੂੰ ਕੁਝ ਵੀ ਸੁਝਦਾ ਨਹੀਂ ਸਭ ਨੂੰ ਆਪੋ ਧਾਪੀ ਹੈ। ਯੁੱਗਾਂ ਤੋਂ ਸਦੀਆਂ ਤੋਂ ਸਭ ਸਿਰ ਭਾਰ ਖੜੇ ਨੇ ਪੈਰ ਕਿਸੇ ਵੀ ਦੇਖੇ ਨਹੀਂ। ਪਰਾਂ ਬਾਝੋਂ ਉੱਡਣਾ ਤਾਂ ਇਕ ਸੁਪਨਾ ਹੈ ਪੈਰਾਂ ਬਾਝੋਂ ਤੁਰਨਾ ਇਕ ਭੁਲੇਖਾ ਹੈ ਹਵਾ ਦੇ ਵਿਚ ਤੁਰਨਾ ਆਪੇ ਨਾਲ ਧੋਖਾ ਹੈ ਜਿਨ੍ਹਾਂ ਨੇ ਨਜ਼ਰਾਂ 'ਤੇ ਤੁਰਨਾ ਹੈ, ਮਨਾਂ ਵਿਚ ਵੱਸਣਾ ਹੈ ਉਹਨਾਂ ਸਾਹਵੇਂ ਤਾਂ ਯਾਰੋ, ਇਹ ਧਰਤੀ ਵੀ ਇਕ ਸੁਪਨਾ ਹੈ। ਜਿਨ੍ਹਾਂ ਨੂੰ ਇਹ ਸੁੱਝਿਆ ਹੈ ਜਿਨ੍ਹਾਂ ਨੇ ਇਹ ਬੁੱਝਿਆ ਹੈ ਉਨ੍ਹਾਂ ਦੇ ਸਿਰ ਲਾਹੇ ਗਏ ਉਨ੍ਹਾਂ ਦੇ ਪੈਰ ਕੱਟੇ ਗਏ ਉਹ ਫਿਰ ਵੀ ਟੁਰਦੇ ਰਹੇ, ਉਹ ਫਿਰ ਵੀ ਜਿਊਂਦੇ ਰਹੇ।

ਜ਼ਿੰਦ ਵੀ ਲੈ ਲੈ

ਅਸੀਂ ਤਾਂ ਤੇਰੇ ਪਿਆਰ ਦੇ ਸਾਹਵੇਂ ਸਭ ਕੁਝ ਸੱਜਣਾਂ ਹਾਰੇ ਵੇ। ਤੇਰੇ ਬਾਝੋਂ ਜਿਊਣਾ ਔਖਾ ਬੇਵਸ ਦਿਲ ਪੁਕਾਰੇ ਵੇ। ਤੇਰੀ ਚੁੱਪ ਨੇ ਬੇਤਾਬੀ ਦਾ ਅਸਾਂ ਨੂੰ ਦਿੱਤਾ ਗਹਿਣਾ ਵੇ ਰੰਗ ਜੋ ਸੂਹਾ ਪਿਆਰ ਤੇਰੇ ਦਾ ਹੁਣ ਨਾ ਕਦੇ ਵੀ ਲਹਿਣਾ ਵੇ, ਚੀਸਾਂ ਵਰਗਾ ਤੇਰਾ ਵਿਛੋੜਾ ਹੋਰ ਨਾ ਦਿਲ ਨੇ ਸਹਿਣਾ ਵੇ, ਜ਼ਖਮੀ ਕੀਤੇ ਦਿੰਹੁ ਹਿਜਰ ਦੇ ਯਾਦਾਂ ਨਾਲ ਸਵਾਰੇ ਵੇ। ਅਸੀਂ ਤਾਂ ਤੇਰੇ ਪਿਆਰ ਸਾਹਵੇਂ.... ਦਰ ਦਰ ਦਾ ਅੱਜ ਸਫਰ ਮੁਕਾ ਕੇ ਤੇਰੇ ਦਰ 'ਤੇ ਆਏ ਵੇ, ਅਸੀਂ ਨਿਗੂਣੇ ਗੀਤ ਨਿਕਰਮੇ ਕੌਣ ਅਸਾਂ ਨੂੰ ਗਾਏ ਵੇ, ਆਪੇ ਆਪ ਨਾਲ ਗੱਲਾਂ ਕਰਕੇ ਰੋ ਰੋ ਕੇ ਮੁਸਕਾਏ ਵੇ, ਕੋਈ ਦੀਵਾਨਾ ਕੋਈ ਅਵਾਰਾ ਪਾਗਲ ਕੋਈ ਪੁਕਾਰੇ ਵੇ, ਅਸੀਂ ਤਾਂ ਤੇਰੇ ਪਿਆਰ ਦੇ ਸਾਹਵੇਂ... ਨੈਣਾਂ ਦੇ ਵਿਚ ਅਕਸ ਤੇਰਾ ਖਿਆਲਾਂ ਨਾਲ ਸਜਾਇਆ ਵੇ, ਸਾਹਾਂ ਦੇ ਵਿਚ ਨਾਮ ਤੇਰੇ ਦਾ ਇਕੋ ਸ਼ਬਦ ਸਮਾਇਆ ਵੇ, ਯੁੱਗਾਂ ਤੋਂ ਅਹਿਸਾਸ ਅਸਾਡਾ ਦੀਦ ਲਈ ਤ੍ਰਿਹਾਇਆ ਵੇ, ਜਿੰਦ ਵੀ ਲੈ ਲੈ ਜਾਨ ਵੀ ਲੈ ਲੈ ਆ ਜਾ ਪਿਆਰ ਸਹਾਰੇ ਵੇ, ਅਸੀਂ ਤਾਂ ਤੇਰੇ ਪਿਆਰੇ ਦੇ ਸਾਹਵੇਂ...

ਜਵਾਲਾਮੁਖੀ

ਜਦੋਂ ਤਕ ਅਸਭਿਅ ਸ਼ਬਦ ਹਨ, ਕੁਝ ਵੀ ਹੋ ਸਕਦਾ ਹੈ, ਗਲਤ ਜਾਂ ਠੀਕ ਵਾਅਦੇ ਵਿਚ ਅਸਭਿਅ ਸ਼ਬਦ ਨਹੀਂ ਹੁੰਦੇ, ਵਾਅਦੇ ਵਿਚ ‘ਜੇ’ ਨਹੀਂ ਹੁੰਦੀ ਵਾਅਦੇ ਵਿਚ ‘ਸ਼ਾਇਦ ਨਹੀਂ ਹੁੰਦਾ 'ਪਰ', 'ਪਰੰਤੂ' 'ਕਿੰਤੂ' ਨਹੀਂ ਹੁੰਦਾ। ਜ਼ਿੰਦਗੀ ਨੂੰ ਡੋਬਣ ਵਾਲੇ ਅੱਖਰਾਂ, ਸ਼ਬਦਾਂ, ਬੋਲਾਂ, ਰਿਸ਼ਤਿਆਂ, ਬੰਧਨਾਂ, ਕਪਟ ਭਰੇ ਮਨਾਂ, ਮਾਰੂ ਗੀਤਾਂ, ਰਚਨਾਵਾਂ ਤੋਂ ਪਰ੍ਹੇ ਹੈ, ਅਲੱਗ ਹੈ ਵਾਅਦਾ। ਸੂਰਜ, ਚੰਦ, ਸਿਤਾਰੇ ਵਾਅਦੇ ਦਾ ਸਦਕਾ ਸਾਰੇ ਵਾਅਦਾ ਹੈ ਮੁਹੱਬਤ ਦਾ ਵਿਕਾਸ ਵਾਅਦਾ ਹੈ ਸੱਚ ਦਾ ਜਨਮ, ਦੋਸਤੀ ਦੀ ਪੀਡੀ ਗੰਢ, ਮਹਿਬੂਬ ਦਾ ਸ਼ੇਖ ਦਿਲ ਵਾਅਦਾ ਹੈ ਖੁਦ ਮਹਿਬੂਬ ਵਾਅਦਾ ਸਿਰਜਣਾ ਵੀ ਹੈ ਵਾਅਦਾ ਪਰਲੋ ਵੀ ਹੈ। ਇਰਾਦਿਆਂ ਦੀ, ਸਿਦਕ ਦੀ, ਸਿਖਰ ਹੈ ਵਾਅਦਾ ਜੀਂਦੇ ਜੀ ਮਰ ਜਾਣ ਦੀ ਮਰ ਕੇ ਜ਼ਿੰਦਗੀ ਪਾਣ ਦੀ ਆਸ਼ਕਾਂ ਦੇ ਧਾਮਾਂ ਦੀ ਕਰੋੜਾਂ ਸੰਗਰਾਮਾਂ ਦੀ ਵਿਜੇ ਹੈਂ, ਸ਼ਾਨ ਹੈ ਵਾਅਦਾ ਮਹਿਬੂਬ ਦੀ ਜਾਨ ਹੈ ਵਾਅਦਾ। ਵਸਲਾਂ ਦੀ ਘੜੀ ਦਾ ਮਾਧਿਅਮ ਪਿਆਸੇ ਦਿਲਾਂ ਦਾ ਉਦੇਸ਼ ਬੁਝੇ ਦਿਲਾਂ ਲਈ ਜਵਾਲਾ, ਤਨਹਾ ਰਾਤਾਂ ਦਾ ਉਜਾਲਾ ਬੇਸਬਰ ਹੋਏ ਸਬਰਾਂ ਲਈ ਇਛਾਵਾਂ ਦੀਆਂ ਕਬਰਾਂ ਲਈ, ਬੇਰੋਕ ਸੇਕ ਹੈ ਵਾਅਦਾ ਮਨ ਵਿਚ ਹੋਇਆ ਛੇਕ ਹੈ ਵਾਅਦਾ ਨਸ ਨਸ 'ਚੋਂ ਉੱਠੀ ਝਰਨਾਟ ਹੈ ਵਾਅਦਾ ਉੱਜੜੇ ਦਿਲਾਂ ਲਈ ਕਰਾਰ ਹੈ ਵਾਅਦਾ ਮੁਹੱਬਤ ਭਿੱਜੇ ਦਿਲਾ ਦਾ ਸਤਿਕਾਰ ਹੈ ਵਾਅਦਾ। ਵਾਅਦਾ ਪੁੰਗਰਦੇ ਜਜਬਾਤਾਂ ਲਈ ਜ਼ਿੰਦਗੀ, ਧੜਕਦੇ ਦਿਲਾਂ ਦੀ ਜਾਨ, ਰੋਕਾਂ ਟੋਕਾਂ ਲਈ ਤੋਖ਼ਲਾ, ਉਮਰਾਂ ਲਈ ਉਤਸ਼ਾਹ ਦਾ ਚਿਰਾਗ ਜਕੜੀ ਹੋਈ ਜੰਗਾਲੀ ਹੋਈ, ਮਿੰਧੀ ਹੋਈ, ਕੰਗਾਲੀ ਹੋਈ, ਸੱਚ ਲਈ, ਅਹਿਸਾਸ ਲਈ, ਆਜ਼ਾਦੀ ਦਾ ਪੈਗ਼ਾਮ। ਪਰ ਵਾਅਦਾ ਤਾਂ ਵਾਅਦਾ ਹੀ ਹੈ, ਵਾਅਦਾ ਦਾਅਵਾ ਨਹੀਂ ਹੋ ਸਕਦਾ ਦਾਅਵਾ ਤਾਂ ਹੋ ਸਕਦਾ ਹੈ ਝੂਠ ਵਾਅਦਾ ਜ਼ਿੰਦਗੀ ਤਾਂ ਹੈ, ਪਰ ਮੌਤ ਵੀ ਹੋ ਸਕਦਾ ਹੈ। ਉਮਰਾਂ ਲਈ ਕਲਪਣਾ, ਪਲ ਪਲ ਦੀ ਤੜਪਣਾ, ਮਨ ਨੂੰ ਲੱਗਿਆ ਝੋਰਾ, ਵਾਅਦਾ ਪਛੋਤਾਵਾ ਵੀ ਹੋ ਸਕਦਾ ਹੈ ਅੱਖਾਂ 'ਚ ਲਟਕ ਸਕਦਾ ਹੈ, ਜਿਹਨ 'ਚ ਅਟਕ ਸਕਦਾ ਹੈ। ਉਮਰਾਂ ਲਈ ਹੀ ਨਹੀਂ, ਜਨਮਾਂ ਜਨਮਾਂ ਲਈ, ਕੰਨਾਂ 'ਚ ਰੁਕ ਸਕਦਾ ਹੈ ਬਣ ਕੇ ਬੇ ਰੋਕ ਆਵਾਜ਼। ਵਾਅਦਾ ਤਾਂ ਹੈ ਬੋਲਾਂ ਦੀ ਪਦਾਇਸ਼ ਕੋਈ ਨਹੀਂ ਕਰਦਾ ਕਿਸੇ ਨਾਲ ਵਾਅਦਾ ਅਪਣੇ ਹੀ ਬੋਲ ਹੋ ਸਕਦੇ ਨੇ ਜ਼ਿੰਦਗੀ ਯਾ ਮੌਤ ! ਬੋਲਾਂ ਤੋਂ ਬਿਨਾ ਪੱਥਰ ਹੈ ਆਦਮੀ ਬੋਲਾਂ ਤੋਂ ਬਿਨ ਦੁਨੀਆਂ ਸਮਸ਼ਾਨ ਬੋਲ ਤਾਂ ਹਨ ਮਹਾਂ ਬਲਵਾਨ ਅਪਣੇ ਬੋਲਾਂ ਨੂੰ ਸਾਂਭ ਇਨ੍ਹਾਂ ਨੂੰ ਨੀਚ ਨਾ ਜਾਣ ਇਹ ਹਨ ਤੇਰਾ ਈਮਾਨ, ਇਹਨਾਂ ਤੋਂ ਹੋ ਜਾ ਕੁਰਬਾਨ।

ਜੂਨ ਪੈਂਦਾ ਮਿਰਗ ਦੀ

ਐ ਸ਼ਰਾਬ, ਐ ਸ਼ਰਾਬ, ਵਾਹ ਰੂਪ ਤੇਰੇ ਬਦਨ ਦਾ। ਸਾਰਾ ਜ਼ਮਾਨਾ ਹੈ ਦੀਵਾਨਾ, ਖੂਬ ਤੇਰੇ ਹੁਸਨ ਦਾ। ਜਦ ਵੀ ਕੋਈ ਰਿੰਦ ਤੇਰਾ, ਹੋਵੇ ਬੁੱਕਲ ਜਾਮ ਦੀ, ਭੁੱਲ ਜਾਵੇ ਫਿਕਰ ਸਾਰਾ, ਜਿਊਣ ਦਾ ਕੀ ਮਰਨ ਦਾ। ਬਰਫ ਵਰਗੇ ਹੋਂਠ ਤੇਰੇ, ਅੱਗ ਲਾਉਂਦੇ ਜਿਸਮ ਨੂੰ, ਜੇਰਾ ਕਰਦਾ ਕੋਈ ਕੋਈ, ਅੱਗ 'ਚ ਤੇਰੀ ਸੜਨ ਦਾ। ਜੋ ਵੀ ਤੈਨੂੰ ਪੀ ਲਵੇ, ਉਹ ਜੂਨ ਪੈਂਦਾ ਮਿਰਗ ਦੀ, ਦੇ ਦੋਵੇਂ ਵਰ ਓਸ ਨੂੰ ਤੂੰ, ਕਲਪਨਾ ’ਚ ਉੜਨ ਦਾ। ਜਾਤ ਤੇਰੀ ਹੈ ਨਸ਼ਾ, ਤੇ ਪਾਣੀ ਤੇਰਾ ਰੂਪ ਹੈ, ਕੱਚ ਦਾ ਹੈ ਜਿਸਮ ਤੇਰਾ, ਦਿਲ ਤੇਰਾ ਹੈ ਹਿਰਨ ਦਾ। ਅਸੀਂ ਪਿਆਸੇ ਨ੍ਹੇਰਿਆਂ 'ਚ, ਫਿਰਦੇ ਤੈਨੂੰ ਟੋਲਦੇ, ਸਾਕੀਆ ਓ ਸਾਕੀਆ, ਇਕ ਜਾਮ ਦੇ ਦੇ ਕਿਰਨ ਦਾ। ਰਾਤ ਰਾਣੀ ਮਹਿਕ ਤੇਰੀ, ਬੇਹੋਸ਼ ਕਰਦੀ ਅਕਲ ਨੂੰ ਮੁੱਕ ਜਾਂਦੇ ਰੋਗ ਸਾਰੇ, ਹਿਜਰ ਦਾ ਕੀ ਮਿਲਣ ਦਾ।

ਮੇਰੇ ਆਲਮ

ਮੇਰੇ ਆਲਮ ਮੇਰੇ ਯਾਰਾ, ਮੇਰੇ ਸੰਗ ਆ ਆ ਕਿ ਉਥੋਂ ਸਫਰ ਸ਼ੁਰੂ ਕਰੀਏ ਜਿੱਥੇ ਪਾਗਲਪੁਣੇ ਦੀ ਹੋਂਦ ਮੁਕਦੀ ਹੈ ਤੇ ਜਦ ਵੀ ਸ਼ੁਰੂ ਹੁੰਦਾ ਹੈ ਮੁਹੱਬਤ ਦਾ ਸਫ਼ਰ ਪਾਗਲਪੁਣੇ ਦੀ ਧਰਤ ਤੋਂ ਲੈ ਕੇ ਸੁਰਤੀ ਦੇ ਧੁਰ ਗਗਨ ਤੀਕ ਜਿੱਥੇ ਅਨੇਕਾਂ ਸੂਰਜਾਂ ਦੀ ਤਪਸ਼ ਹੈ ਅਨੇਕਾਂ ਚੰਦਾਂ ਦੀ ਠੰਡਕ ਹੈ। ਜ਼ਿੰਦਗੀ ਹੈ ਨਾ ਮੌਤ ਨਾ ਖੁਸ਼ੀ ਨਾ ਗ਼ਮੀ ਇਸ਼ਕ ਹੈ ਨਾ ਦਿਲ-ਲਗੀ ਭੈ ਹੈ ਨਾ ਨਿਰਭੈਤਾ ਮੈਂ ਤੂੰ ਏਂ, ਤੂੰ ਮੈਂ ਹਾਂ ਨਾ ਤੂੰ ਹੈਂ, ਨਾ ਮੈਂ ਹਾਂ ਨਾ ਸੁਰਤੀ ਤੇ ਨਾ ਪਾਗਲਪੁਣਾ ਦੋਨਾ ਚੋਂ ਕੋਈ ਨਾ ਰਹੇ ਆ ਕਿ ਉਥੋਂ ਸਫæਰ ਸ਼ੁਰੂ ਕਰੀਏ। ਮੇਰੇ ਆਲਮ ਮੇਰੇ ਯਾਰਾ ਮੇਰੇ ਸੰਗ ਆ... ਆ ਚੁੱਪ ਨੂੰ ਪਾਉਣ ਤੋਂ ਪਹਿਲਾਂ ਚੁੱਪ ਨੂੰ ਚੁੱਪ ਸ਼ਬਦਾਂ ਦੀ ਅੱਗ 'ਚੋਂ ਕਢੀਏ ਉਹ ਜੋ ਤੂੰ ਚੁੱਪ ਪਾਈ ਹੈ ਸ਼ਬਦਾਂ ਦੀ ਸੂਲੀ ਨਿੱਤ ਚੜ੍ਹਦੀ ਹੈ ਅਜੇ ਪਲਕ ਝਪਕਣ ਨਾਲ ਕਰੋੜਾਂ ਮੀਲਾਂ ਦਾ ਸਫæਰ ਤਹਿ ਕਰਦੀ ਹੈ ਅਜੇ ਪਲ ਪਲ ਪਿਛੋਂ ਜੰਮਦੀ ਮਰਦੀ ਹੈ ਅਜੇ ਅਜੇ ਚੁੱਪ ਦਾ ਸ਼ਬਦਾਂ ਬਿਨ ਸਰਨਾ ਨਹੀਂ ਬੁੱਲ੍ਹਾਂ ਨੂੰ ਸਬਦ ਬੁਣਨੇ ਪੈਣਗੇ ਜਦ ਤਕ ‘ਚੁੱਪ ਕਿਸੇ 'ਚੁੱਪ' ਸ਼ਬਦ ਦੇ ਗਲ ਲਗਦੀ ਨਹੀਂ ਆ ਜੇ ਚੁੱਪ ਪਾਉਣੀ ਹੈ ਉਸ ਸ਼ਬਦ ਦੀ ਤਲਾਸ਼ ਕਰੀਏ ਜੋ ਪੜ੍ਹਿਆ ਨਾ ਜਾ ਸਕੇ ਆ ਉਸ ਦਾ ਦੀਦਾਰ ਕਰੀਏ ਮੇਰੇ ਆਲਮ ਮੇਰੇ ਯਾਰਾ ਮੇਰੇ ਸੰਗ ਆ..... ਜੇ ਤੂੰ ਮੈਂ ਵਿਚ ਖੋਇਆ ਹੈ ਜੇ ਤੂੰ ਮੈਂ ਹੀ ਹੋਇਆ ਹੈ ਆ ਮੈਨੂੰ ਚੀਰ ਕੇ ਮੇਰੇ ਸਾਹਮਣੇ ਸੁੱਟ ਦੇ ਮੈਨੂੰ ਖਾ ਲੈ ਹਾਬੜਿਆਂ ਵਾਂਗ ਰੱਬ ਕਰੇ ਤੈਨੂੰ ਸਬਰ ਨਾ ਆਵੇ ਤੂੰ ਬੇਸਬਰਾ ਹੀ ਰਹੇ ਆ ਤੋੜ ਕੇ ਸਭ ਦੀਵਾਰਾਂ ਉਤਾਰ ਕੇ ਸਭ ਪਰਦੇ ਮੇਰੇ ਸਭ ਕਿੱਸੇ ਮੈਨੂੰ ਸੁਣਾ ਦੇ ਹੌਲਾ ਕਰਦੇ ਮਹਿਕ ਦੇ ਮਨ ਵਾਕੁਰ ਮੇਰੇ ਆਲਮ ਮੇਰੇ ਯਾਰਾ ਮੇਰੇ ਸੰਗ ਆ ਆ ਕਿ ਰਿਸ਼ਤਿਆਂ ਦੇ ਮਾਰੂਥਲ ਤੋਂ ਪਰੇ ਪਾਣੀ 'ਤੇ ਆਪਣਾ ਨਾਂ ਲਿਖੀਏ ਅਪਣਾ ਹੀ ਗੀਤ ਗਾਈਏ ਆਪ ਆਪੇ ਨੂੰ ਸਲ੍ਹਾਹੀਏ ਹਵਾਵਾਂ ਦਾ ਰੁੱਖ ਵੱਸ ਕਰੀਏ ਕਿਰਨਾ ਦੀ ਸੂਲੀ ਚੜ੍ਹੀਏ ਚਾਨਣ ਸੰਗ ਨਹਾਈਏ ਤਾਰਿਆਂ ਸੰਗ ਤੁਰੀਏ ਨਜ਼ਰ, ਦੀ ਬੇੜੀ 'ਚ ਬੈਠ ਅਹਿਸਾਸ ਦੇ ਅਨੰਤ ਸਾਗਰ ਨੂੰ ਤਰੀਏ ਖੁੱਲ੍ਹੇ ਗਗਨ ਥੱਲੇ ਰਹੀਏ ਖੁਮਾਰ, ਸੰਗ ਬਹੀਏ ਧਰਤੀ ਨੂੰ ਜੱਫੀ 'ਚ ਲਈਏ ਮੇਰੇ ਆਲਮ ਮੇਰੇ ਯਾਰਾ ਮੇਰੇ ਸੰਗ ਆ।

ਧਰੁਵ

ਵਸਲ ਤੋਂ ਪਹਿਲਾਂ ਹੀ ਹੈ ਅੱਖਰਾਂ ਸ਼ਬਦਾਂ ਤੇ ਅਰਥਾਂ ਦੀ ਭੀੜ ਸ਼ਬਦਾਂ ਤੇ ਅਰਥਾਂ ਦੇ ਰਟਣ ਉਡੀਕਾਂ ਖਿਆਲਾਂ ਤੇ ਸੁਪਨਿਆਂ ਦੇ ਮਹਿਲ ਹੰਝੂਆਂ ਸੰਗ ਪੀੜਾਂ ਦੇ ਚਿਰਾਗ਼ ਭਟਕਣਾ ਤੜਫਨਾ ਦੀ ਅਣਮਿਣੀ ਸਲੀਬ ਦਰ ਦਰ ਦਾ ਦਰਦ ਭਰਿਆ ਸਫ਼ਰ ਵਸਲ ਤੋਂ ਪਹਿਲਾਂ ਹੀ ਹੈ... ਵਸਲ ਤੋਂ ਪਹਿਲਾਂ ਹੀ ਹੈ ਗੀਤਾਂ ਦਾ ਲਾਵਾ ਬੇਸ਼ੁਮਾਰ ਕਾਗਜ਼ਾਂ 'ਤੇ ਉਲੀਕਿਆ ਹਿਜਰ ਸਿਆਹੀ 'ਚ ਸਿਆਹੀ ਹੋਇਆ ਜਗਿਆਸੂ ਗੀਤਾਂ ਦੇ ਮਿਟ ਜਾਣ ਦਾ ਭਰਮ ਗੀਤਾਂ ਨੂੰ ਬਚਾਵਣ ਦਾ ਕਰਮ ਹਵਾ ਨਾਲ ਗੱਲਾਂ ਮਨ ’ਚ ਕਾਹਲਾ-ਪਣ ਘਬਰਾਹਟ ਸੌਂ ਰਹੀ ਸੋਚ ਦੇ ਜਾਗਦੇ ਤੁਰਦੇ ਜਜ਼ਬਾਤ ਅੰਨ੍ਹੇ ਪੈਰਾਂ 'ਚ ਠੋਕਰਾਂ ਹਨ੍ਹੇਰੇ 'ਚੋਂ ਸਾਏ ਦੀ ਭਾਲ ਖਲਾਅ 'ਚੋਂ ਸਰੂਪ ਦੀ ਖੋਜ ਹਨੇਰੇ 'ਚ ਗੁੰਮ ਮੁਮ ਅਪਣਾ ਆਪ ਵਸਲ ਤੋਂ ਪਹਿਲਾਂ ਹੀ ਹੈ। ਵਸਲ ਤੋਂ ਪਹਿਲਾਂ ਹੀ ਹੈ ਦੁੱਖ ਤੇ ਭੁੱਖ ਦਾ ਫਿਕਰ ਸੁੱਖ ਦੇ ਰੁੱਖ ਦੀ ਭਾਲ ਪਲ ਪਲ 'ਚੋਂ ਉਗਦੇ ਸਵਾਲ ਰਾਤ ਦਿਨੇ ਕਰਦੇ ਹੀ ਰਹਿੰਦੇ ਉੱਤਰ ਦੀ ਭਾਲ। ਕਦੇ ਜਿਊਣ ਦਾ ਫਿਕਰ ਕਦੇ ਮੌਤ ਦਾ ਡਰ ਪਾਰਾ ਪਾਰਾ ਹੋਈ ਧੜਕਣ ਕਲਪਣਾਂ ਦੀ ਸੂਲੀ ਚੜ੍ਹੇ ਪਾਣ ਘੁੰਮ ਰਹੀ ਧਰਤੀ ਤੇ ਆਸਮਾਨ ਘੁੰਮ ਰਹੇ ਚੰਦ ਸੂਰਜ ਤਾਰੇ ਕਿਸੇ ਨਾ ਕੀਤਾ ਧਰੁਵ ਦਾ ਧਿਆਨ। ਉਹ ਅਪਣੇ ਵਿਚ ਆਪ ਖੜ੍ਹਾ ਹੈ ਦਿਨੇ ਰਾਤ ਪਰ ਉਹ ਹੈ ਹਿਜਰ ਵਸਲ ਦੋਹਾਂ ਤੋਂ ਕੇਸਾਂ ਦੂਰ। ਸਵੈ-ਸਰੂਪ ਵਿਚ ਲੀਨ ਆਪ ਅਪਣੇ ਵਿਚ ਪਰਵੀਨ ਪਰ ਸਰੂਪ ਤੋਂ ਬੇਮੁੱਖ ਦੁਬਿਧਾ 'ਚ ਘਿਰੇ ਪੱਥਰਾਂ ਦੇ ਪੂਜਕ ਆਪੇ ਤੋਂ ਖੁੱਸੇ ਨਾ ਪੱਥਰ ਹੋਣ ਨਾ ਪੱਥਰ ਛੱਡਣ ਫਿਰ ਵੀ ਪੱਥਰ ਨੂੰ ਕਹਿਣ ਮਹਾਨ ਪੱਥਰ ਨੂੰ ਕਿਸ ਕੀਤਾ ਭਗਵਾਨ? ਪੱਥਰ ਤਾਂ ਭਗਵਾਨ ਵਸਲ ਤੋਂ ਪਹਿਲਾਂ ਹੀ ਹੈ। ਵਸਲ ਤੋਂ ਮਗਰੋਂ ਇਕ ਸਫਰ ਅਨੰਤ ਉੱਥੇ ਹਿਜਰ ਨਾ ਕੋਈ ਵਸਲ ਨਾ ਕੋਈ ਇਕੋ ਰੂਪ, ਰੂਪ ਅਨੇਕ ਨਕਲ ਨਾ ਕੋਈ, ਅਸਲ ਨਾ ਕੋਈ ਇੱਕੋ ਨਸਲ, ਨਸਲ ਨਾ ਕੋਈ ਵਸਲ ਤੋਂ ਪਹਿਲਾਂ ਹੀ ਨੇ ਦੋ। ਪਦਾਰਥ ਤੇ ਸੋਚ। ਵਸਲ ਤੋਂ ਮਗਰੋਂ ਸੋਚ ਪਦਾਰਥ, ਪਦਾਰਥ ਸੋਚ ਇਸ ਨੂੰ ਕੋਈ ਨਾ ਸਕੇ ਨੋਚ ਇਹ ਦੋਨੋਂ ਆਸ਼ਕ ਤੇ ਮਾਸ਼ੂਕ ਆਦਿ ਜੁਗਾਦੀ ਅਮਰ ਇਹਨਾਂ ਦਾ ਪਿਆਰ ਪਰ ਬਿਨ ਉਸਤਾਦੋਂ ਕਿੰਝ ਕੋਈ ਦੇਖੇ ਆਪਣੇ ਨੈਣਾਂ ਵਿਚਕਾਰ ਨੈਣਾਂ ਵਿੱਚ ਸਾਰਾ ਸੰਸਾਰ ਨੈਣਾਂ ਬਿਨ ਕਾਹਦਾ ਸੰਸਾਰ।

ਕੈਦੀ

(ਉਹਨਾਂ ਸਭ ਕੈਦੀਆਂ ਦੇ ਨਾਂ ਜੋ ਸਦੀਆਂ ਤੋਂ ਅੰਨ੍ਹੇ ਹੋ ਕੇ, ਨਿਹੱਥੇ ਹੋ ਕੇ, ਪੈਰਾਂ 'ਚ ਬੇੜੀਆ ਪਾਈ ਗੁੰਗੇ ਹੋਏ ਆਰਾਮ ਨਾਲ ਹਨ੍ਹੇਰੇ 'ਚ ਬੈਠੇ ਹਨ।) ਤੁਸੀਂ ਜੋ ਮੇਰੇ 'ਤੇ ਮੇਰੇ ਹੋਣ ਦਾ ਮੈਨੂੰ ਜਨਮ ਦੇਣ ਦਾ ਮੈਨੂੰ ਪਾਲਣ ਪੋਸਣ ਦਾ ਮੇਰੇ ਮਾਂ ਬਾਪ ਹੋਣ ਦਾ ਮੇਰੇ 'ਤੇ ਅਹਿਸਾਨ ਕਰਦੇ ਹੋ ਤੇ ਮੈਥੋਂ ਕੁਝ ਆਸ ਕਰਦੇ ਹੋ ਜੀਵਨ ਲਈ ਸਹਾਰਾ ਚਾਹੁੰਦੇ ਹੋ। ਤੁਹਾਨੂੰ ਤਾਂ ਚਾਹੀਦੇ ਨੇ ਚਾਂਦੀ ਦੇ ਅੰਬਾਰ ਚਾਹੇ ਕੋਈ ਕਿਰਤ ਵੇਚੇ ਚਾਹੇ ਕੋਈ ਜ਼ਮੀਰ ਵੇਚੇ ਤੇ ਮੈਨੂੰ ਕੋਈ ਨਹੀਂ ਮਿਲਿਆ ਜੋ ਕਿਰਤ ਬਦਲੇ ਹੀ ਦੌਲਤ ਦੇ ਦੇਵੇ। ਦੌਲਤ ਦੇ ਕੇ ਤਾਂ ਜਿਸ ਨੂੰ ਜੀ ਚਾਹੇ ਬਣਾ ਲਵਾਂ ਆਪਣਾ ਮਾਂ-ਬਾਪ, ਭੈਣ-ਭਾਈ, ਰਿਸ਼ਤੇਦਾਰ ਹੁਣ ਮੈਂ ਤੁਹਾਡੇ ਇਸ ਜਾਲ ਵਿਚ ਨਹੀਂ ਫਸਣਾ। ਪਰ ਤੁਸੀਂ ਦੱਸੋ ! ਤੁਹਾਡਾ ਪਾਲਣ ਕਿਸ ਨੇ ਕੀਤਾ ਸੀ ਭਲਾ ? ਤੁਹਾਡੇ ਪਿਤਰਾਂ ਦਾ ਕਿਸ ਨੇ ਕੀਤਾ ਸੀ ? ਇਸ ਤਰ੍ਹਾਂ ਪੁਸ਼ਤ ਦਰ-ਪੁਸ਼ਤ ਪਤਾ ਨਹੀਂ ਕਿੰਨੀਆਂ ਕੁ ਪੁਸ਼ਤਾਂ ਨੂੰ ਤੁਸੀਂ ਇਸ ਕੋਹਲੂ, ਹਲਟੀ, ਚੱਕੀ-ਗੇੜ ਵਿਚ ਮਾਰ ਦਿੱਤਾ ਹੈ। ਪਤਾ ਨਹੀਂ ਕਿੰਨੇ ਕੁ ਯੁੱਗਾਂ ਤੋਂ ਜਨਮਾਂ ਤੋਂ ਭਟਕਦਾ ਆ ਰਿਹਾ ਹਾਂ ਮੈਂ ਪਰ ਹੁਣ ਮੈਂ ਇਸ ਗੇੜ ਵਿਚ ਨਹੀਂ ਆਉਣਾ। ਤੁਸੀਂ ਆਸਾਂ ਸਹਾਰਿਆਂ ਦਾ ਬਣਾ ਬਿੰਦੂ ਜੋ ਮੇਰੇ ’ਤੇ ਟਿਕਟਿਕੀ ਲਾਈ ਹੈ ਸਵਾਰਥ ਦੀਆਂ ਇੱਟਾਂ ਤੇ ਭਰਮਾਂ ਦਾ ਲਾ ਚੂਨਾ ਤੁਸੀਂ ਜੋ ਕੈਦ ਬਣਾਈ ਹੈ। ਅੱਜ ਮੈਂ ਬਗ਼ਾਵਤ ਕੀਤੀ ਹੈ ਇਸ ਕੈਦ 'ਚੋਂ ਇਹ ਕੈਦ ਸ਼ਹਿਰ ਲਈ ਕੌਮ ਲਈ, ਰਾਸ਼ਟਰ ਲਈ ਤੇ ਅੰਤਰ-ਰਾਸ਼ਟਰ ਲਈ ਨਿਰਾ ਧੋਖਾ ਹੈ। ਇਸ ਕੈਦ ਵਿਚ ਧਰਮ ਦੇ ਨਾਂ ਹੇਠਾਂ ਜਾਤ ਦੇ ਨਾਂ ਹੇਠਾਂ ਰੰਗ ਦੇ ਨਾਂ ਹੇਠਾਂ ਗਰੀਬੀ ਅਮੀਰੀ ਦੇ ਨਾਂ ਹੇਠਾ ਰਾਜਨੀਤੀ ਦੇ ਨਾਂ ਹੇਠਾਂ ਕੱਟੜਤਾ ਦੇ ਪੂਰੇ ਨਾਲ ਸੋਚ ਦੇ ਪੈਰ ਕੱਟੇ ਜਾਂਦੇ ਹਨ। ਹੱਥਾਂ ਨੂੰ ਲੱਗ ਜਾਂਦੀਆਂ ਨੇ ਰੀਤਾਂ-ਰਸਮਾਂ ਦੀਆਂ ਹੱਥ ਕੜੀਆਂ ਹਰ ਕਦਮ ਤੇ ਥੋਥੀਆਂ ਜ਼ਿੰਮੇਵਾਰੀਆਂ ਦਾ ਪਹਿਰਾ ਪਰ ਅੱਜ ਮੈਂ ਅਪਣੀ ਮੈਚ ਦੇ ਪਰ ਲਾਏ ਨੇ ਅੱਜ ਬਗ਼ਾਵਤ ਕੀਤੀ ਹੈ। ਰੀਤਾਂ-ਰਸਮਾਂ, ਵਾਅਦੇ-ਕਸਮਾਂ ਸ਼ੋਹਰਤ ਇੱਜ਼ਤ ਅਪਮਾਨ ਇਹ ਹਨ ਭੂਤ ਪ੍ਰੇਤ ਇਹਨਾਂ ਤੋਂ ਡਰਿਆ ਲਿਫਿਆ ਲਿਫਿਆ ਆਪਣੇ ਆਪੇ ਤੋਂ ਵਿਛੜਿਆ ਡਾਵਾਂ ਡੋਲ ਹਰ ਕੋਈ ਜਿਬ੍ਹਾ ਹੋ ਜਾਂਦਾ ਹੈ- ਮੈਂ ਵੀ ਨਿੱਤ ਜਿਥੇ ਹੋਇਆ ਹਾਂ ਪਰ ਹੁਣ ਨਹੀਂ ਹੋਵਾਂਗਾ। ਹੁਣ ਨਹੀਂ ਰੋਕ ਸਕਦੇ ਮੈਨੂੰ ਰਾਹਾਂ ’ਚ ਕਿਰ ਕਿਰ ਕੇ ਪੱਤਝੜ ਦੀ ਰੁੱਤ ਵਾਂਗ ਮਿੱਠੇ ਮੋਹ ਭਰੇ ਲੋਭੀ ਬੋਲ। ਹੁਣ ਨਹੀਂ ਬਣਾ ਸਕਦੇ ਮੇਰੇ ਰਾਹਾਂ ’ਚ ਦਰਿਆ ਤੁਹਾਡੀਆਂ ਅੱਖਾਂ ’ਚੋਂ ਵਰ੍ਹਦੇ ਹੰਝੂ ਸਾਉਣ ਭਾਦੋਂ ਦੀ ਰੁੱਤ ਵਾਂਗ। ਹੁਣ ਮੈਂ ਆਪਣੇ ਮਨ ਨੂੰ ਮੇਰੇ ਮਨ ਨੇ ਮੈਨੂੰ 'ਤੇ ਮੈਂ ਤੁਹਾਨੂੰ ਜਾਣ ਲੀਤਾ ਹੈ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਮੈਂ ਹੋਰ ਪਿਸਣਾ ਨਹੀਂ ਚਾਹੁੰਦਾ। ਮੈਂ ਦੇਖ ਚੁੱਕਾ ਹਾਂ ਪਾਖੰਡ ਭਰੀ ਪੂਜਾ ਦੇ ਢਕੋਂਸਲੇ ਸੁਣ ਚੁੱਕਾ ਹਾਂ ਤੁਹਾਡੀਆਂ ਲੰਮੀਆਂ ਲੰਮੀਆਂ ਅਰਦਾਸਾਂ ਤੁਸੀਂ ਜੋ ਕੰਨਾਂ ਵਿਚ ਦੇ ਕੇ ਬੁੱਜੇ ਰਟਣ ਕਰਦੇ ਹੋ। ਤੇ ਮੈਂ ਨਹੀਂ ਬਣਨਾ ਚਾਹੁੰਦਾ ਟੇਪ ਰਿਕਾਰਡਰ, ਰੇਡੀਓ ਤੇ ਨਾ ਹੀ ਕਿਸੇ ਕੋਠੇ 'ਤੇ ਬੰਨਿਆ ਧੂਤੂ। ਹੁਣ ਮੈਂ ਇਸ ਕੈਦ ਦੀਆਂ ਕੰਧਾਂ, ਕੰਧਾਂ 'ਤੇ ਲੱਗੀਆਂ ਗੁਲਾਮੀ ਦੀਆਂ ਸਲਾਖਾਂ, ਤੇ ਕੈਦ ਕਰਨ ਦੀ ਲਾਲਸਾ ਭਰੇ ਦਰਵਾਜ਼ਿਆਂ ਨੂੰ ਜਾਣ ਲੀਤਾ ਹੈ। ਹੁਣ ਮੈਂ ਏਥੇ ਨਹੀਂ ਵਸਣਾ ਮੈਂ ਉੱਜੜ ਜਾਵਾਂਗਾ ਉੱਜੜ ਜਾਣਾ ਹੀ ਜ਼ਿੰਦਗੀ ਹੈ ਮੈਂ ਅਪਣੇ ਸਭ ਕੈਦੀ ਸਾਥੀਆਂ ਨੂੰ ਆਖ਼ਰੀ ਤੇ ਪਹਿਲੀ ਸਲਾਮ ਕਰਦਾ ਹਾਂ।

ਬੁੱਤਖਾਨਾ

(ਸੰਨ 1975 ਦੀ ਹਾਲਤ ਦੇ ਨਾਂ) ਇਹ ਕੈਸਾ ਬੁੱਤਖ਼ਾਨਾ ਹੈ ਇਹ ਅਸਗਾਹ ਬੁੱਤਖ਼ਾਨਾ ਹੈ ਏਥੇ ਬੁੱਤਾਂ ਦਾ ਬੁੱਤ ਪੁਜਾਰੀ ਹੈ ਸਭ ਸਵਾਰਥ ਦੀ ਧਰਤੀ ਗੱਡੇ ਨੇ। ਕਿਉਂ ਆਦਮ ਦੀ ਬੁਧ ਪੱਥਰ ਤੋਂ ਭਾਰੀ ਹੈ ਆਪਣੇ ਹੀ ਮੌਕੇ ਥੱਕੇ ਪੈਰਾਂ ਤੇ ਇੱਛਾਵਾਂ ਤ੍ਰਿਸ਼ਨਾਵਾਂ ਦੇ ਸਿਰ ਨੀਵੇਂ ਨੇ ਸਭ ਦਾ ਬੁੱਤ ਆਪੋ ਆਪਣਾ ਹੈ। ਹਰ ਬੁੱਤ ਦੇ ਚਾਰ ਚੁਫੇਰੇ ਕੰਧ ਵਰਗੇ ਸ਼ੀਸ਼ੇ ਦੀ ਚਾਰਦੀਵਾਰੀ ਹੈ ਹਰ ਸ਼ੀਸ਼ੇ ਦਾ ਰੰਗ ਵੱਖਰਾ ਹੈ ਸਭ ਨੂੰ ਆਪਣਾ ਹੀ ਬੁੱਤ ਦਿੱਸਦਾ ਹੈ ਸਭ ਦਾ ਅੰਦਾਜ਼ ਨਿਰਾਲਾ ਹੈ ਇਹ ਕੈਸਾ ਬੁੱਤਖ਼ਾਨਾ ਹੈ ਇਹ ਅਸਗਾਹ ਬੁੱਤਖ਼ਾਨਾ ਹੈ...... ਇਸ ਬੁੱਤਖਾਨੇ ਤੇ ਦੂਰ ਪਰ੍ਹੇ ਉੱਚੀ ਲੰਮੀ ਲਾਲ ਮੀਨਾਰ ਸਦੀਆਂ ਤੋਂ ਮਾਸ ਦੀ ਭੁੱਖੀ ਹੈ ਆਦਮ ਦੇ ਖੂਨ ਦੀ ਪਿਆਸੀ ਹੈ ਉਸ ਦੀਆਂ ਅੱਖਾਂ 'ਚੋਂ ਅੱਗ ਡਿਗਦੀ ਹੈ ਉਸ ਦੇ ਬੋਲਾਂ 'ਚੋਂ ਲਹੂ ਡੁਲ੍ਹਦਾ ਹੈ ਉਹ ਜਦ ਵੀ ਸੀਹਾਂ ਵਾਂਗੂੰ ਗਰਜੀ ਹੈ ਉਸ ਨੇ ਆਪਣੀ ਮੌਤ ਹੀ ਸਿਰਜੀ ਹੈ ਅੱਜ ਉਸਨੇ ਦੀਵਾਰਾਂ ਢਾਹੀਆਂ ਨੇ ਸਭ ਸ਼ੀਸ਼ਾ ਕੈਂਕਰ ਕੈਂਕਰ ਕੀਤਾ ਹੈ ਜੋ ਕੁਝ ਬੁੱਤ ਬੋਲੇ ਨੇ ਉਹ ਸੂਲੀ ਉੱਤੇ ਤੋਲੇ ਨੇ। ਜੋ ਕੁਝ ਬੁੱਤ ਮੁਸਕਾਏ ਨੇ ਉਹ ਪਲਕਾਂ ਹੇਠ ਬਿਠਾਏ ਨੇ ਅੱਜ ਫਿਰ ਉਸ ਨੇ ਫੁਰਮਾਇਆ ਹੈ ਹੁਣ ਮੇਰੀ ਪੂਜਾ ਹੋਵੇਗੀ। ਸਭ ਬੁੱਤਾਂ ਨੂੰ ਆਫ਼ਤ ਆਈ ਹੈ ਸਭ ਦੇ ਸੀਨੇ ਵਿਚ ਲਾਵਾ ਹੈ ਬੁੱਲ੍ਹਾਂ ਵਿਚ ਬੋਲ ਅੜੇ ਨੇ ਜਿੱਥੇ ਕੋਈ ਬੈਠਾ ਹੈ ਉਥੇ ਹੀ ਬੈਠਾ ਹੈ ਜਿੱਥੇ ਕੋਈ ਰੁਕਿਆ ਹੈ ਉਥੇ ਹੀ ਝੁਕਿਆ ਹੈ ਇਕ ਦੂਜੇ ਵੱਲ ਚੋਰੀ ਤੱਕਦੇ ਨੇ ਕਿਸੇ ਨੂੰ ਕੁਝ ਵੀ ਦਿਸਦਾ ਨਹੀਂ। ਸਭ ਨੂੰ ਏਹੋ ਸੁਣਦਾ ਹੈ ਹੁਣ ਮੇਰੀ ਪੂਜਾ ਹੋਵੇਗੀ ਹੁਣ ਮੇਰੀ ਪੂਜਾ ਹੋਵੇਗੀ ਇਹ ਕੈਸਾ ਬੁੱਤਖ਼ਾਨਾ ਹੈ ਇਹ ਅਸਗਾਹ ਬੁੱਤਖ਼ਾਨਾ ਹੈ ਬੁੱਤਾਂ ਦਾ ਬੁੱਤ ਪੁਜਾਰੀ ਹੈ ਕਿਉਂ ਆਦਮ ਦੀ ਬੁੱਧ ਪੱਥਰ ਤੋਂ ਭਾਰੀ ਹੈ।

ਇਨਸਾਫ਼

ਖੂਨ ਕੱਢ ਕੇ ਅਲ੍ਹੜਾਂ ਸੀਨਿਆਂ 'ਚੋਂ ਦੀਪ ਅਣਖ ਦਾ ਅੱਜ ਜਗਾ ਦੇਵੋ। ਅਸੀਂ ਬੇਇਨਸਾਫੀ ਨਹੀਂ ਹੋਣ ਦੇਣੀ, ਦੁਨੀਆਂ ਤਾਈਂ ਸੰਦੇਸ਼ ਪੁਚਾ ਦੇਵੋ। ਸਾਰੇ ਇੱਕ-ਮਿੱਕ ਹੋਕ ਕੇ, ਲੱਖਾਂ ਦਿਲਾਂ ਦਾ ਇੱਕ ਇਕਰਾਰ ਹੋ ਜਾਓ। ਤੁਸੀਂ ਜੰਮੇ ਹੋ ਅਪਣੇ ਮੁਲਕ ਖਾਤਰ ਕੱਲਾ ਕੱਲਾ ਅਜੀਤ ਜੁਝਾਰ ਹੋ ਜਾਓ। ਬੇਰੁਜ਼ਗਾਰੀ ਨਾਲ ਉਜੜੇ ਜੋ ਉਨ੍ਹਾਂ ਦਿਲਾਂ ਦੀ ਅੱਜ ਪੁਕਾਰ ਹੋ ਜਾਓ। ਭਗਤ ਸਿੰਘ ਦੀ ਕਸਮ ਖਾ ਕੇ ਤੁਸੀਂ ਵੀ ਭਗਤ ਸਰਦਾਰ ਹੋ ਜਾਓ। ਖੇਡਣੀ ਪਵੇ ਨਾ ਕਿਧਰੇ ਖੂਨ ਦੀ ਹੋਲੀ ਜ਼ਾਲਮਾਂ ਤਾਈਂ ਆਖ ਸੁਣਾ ਦੇਵੋ। ਅਸੀਂ ਬੇਇਨਸਾਫੀ ਨਹੀਂ ਹੋਣ ਦੇਣੀ......... ਜਿਹੜੇ ਮਰ ਜਾਂਦੇ ਕਿਸੇ ਖਾਤਰ ਜੱਗ ਵਿਚ ਉਹਨਾਂ ਦੀ ਸ਼ਾਨ ਹੋਵੇ। ਜ਼ਿੰਦਗੀ ਉਹੋ ਹੀ ਜ਼ਿੰਦਗੀ ਹੈ ਜਿਹੜੀ ਕਿਸੇ ਲਈ ਕੁਰਬਾਨ ਹੋਵੇ। ਉਹਨਾਂ ਨੂੰ ਕਦੇ ਨਹੀਂ ਮੌਤ ਆਉਂਦੀ ਜ਼ਿੰਦਗੀ 'ਤੇ ਜਿਹਨਾਂ ਨੂੰ ਮਾਣ ਹੋਵੇ। ਗਗਨ ਨੂੰ ਕੇਸਰੀ ਰੰਗ ਦੇਵੋ ਉੱਚਾ ਹੋਰ ਸ਼ਹੀਦਾਂ ਦਾ ਨਿਸ਼ਾਨ ਹੋਵੇ। ਲਾਜ ਰੱਖਣੀ ਇਨਸਾਫ਼ ਦੀ ਜੇ ਚਾਹੋ ਸਿਰ-ਧੜ ਦੀ ਬਾਜ਼ੀ ਲਾ ਦੇਵੋ। ਅਸੀਂ ਬੇਇਨਸਾਫæੀ ਨਹੀਂ ਹੋਣ ਦੇਣੀ……… ਮੈਂ ਤਾਂ ਬੱਸ ਸ਼ਾਇਰ ਨਾਤੇ ਬਣ ਦਰਦੀ ਦਰਦ ਵੰਡਾਉਣ ਆਇਆਂ। ਜਿਹੜਾ ਪਿਆਸਾ ਮੇਰਾ ਖੂਨ ਪੀਵੇ ਮੈਂ ਸਭ ਦੀ ਪਿਆਸ ਬੁਝਾਉਣ ਆਇਆਂ। ਮੇਰੀ ਲਾਸ਼ ਨੂੰ ਵੱਢ ਟੁੱਕ ਰਿੰਨੋਂ੍ਹ ਮੈਂ ਭੁੱਖਿਆਂ ਤਾਈਂ ਰਜਾਉਣ ਆਇਆਂ। ਕਫ਼ਨ ਲਾਹ ਕੇ ਅਪਣੀ ਲਾਸ਼ ਉੱਤੋਂ ਗਲ ਗਰੀਬਾਂ ਦੇ ਮੈਂ ਅੱਜ ਪਾਉਣ ਆਇਆਂ। ਅਣਕੱਜੀ ਇਨਸਾਫ ਦੀ ਲਾਸ਼ ਲੈ ਕੇ ਲੋਕਾਂ ਤਾਈਂ ਦਿਖਾ ਦੇਵੋ ਅਸੀਂ ਬੇਇਨਸਾਫ਼ੀ ਨਹੀਂ ਹੋਣ ਦੇਣੀ ਦੁਨੀਆਂ ਤਾਈਂ ਸੰਦੇਸ਼ ਪੁਚਾ ਦੋਵੋ।

ਹੁਣ ਨਾ ਸਾਡਾ ਰਿਸ਼ਤਾ

ਹੁਣ ਨਾ ਸਾਡਾ ਰਿਸ਼ਤਾ ਕੋਈ ਤੇਰੇ ਸ਼ਹਿਰਾਂ ਗਲੀਆਂ ਨਾਲ। ਤੂੰ ਜਬਰ ਨਾ ਕਲੀਆਂ ਮਲੀਆਂ ਤਾਨਾਸ਼ਾਹੀ ਤਲੀਆਂ ਨਾਲ। ਗਿਣ ਗਿਣ ਤਾਰੇ ਅਸਮਾਨਾਂ ਦੇ ਤੂੰ ਅਸਮਾਨਾਂ 'ਤੇ ਰਹਿ ਜਾਣੈ। ਸਾਗਰ ਏਦਾਂ ਮਿਣ ਨਹੀਂ ਹੋਣੇ ਚੂਲੀ ਚੂਲੀ, ਪਲੀਆਂ ਨਾਲ ਘਰ ਵਿਚ ਧੂੰਆਂ ਦੱਸ ਰਿਹਾ ਏ ਤੇਰਾ ਲਾਲਚ ਕੁਰਸੀ ਦਾ, ਲੋਕੀਂ ਭੋਲੇ ਜਲ ਗਏ ਝੂਠੀਆਂ ਅੱਗਾਂ ਬਲੀਆਂ ਨਾਲ। ਕੱਚੀਆਂ ਕੰਧਾਂ ਢਾਹ ਕੇ ਦੱਸ ਖਾਂ ਤੂੰ ਕੀ ਖੱਟ ਲਿਆ? ਤੇਰੀ ਤੁਲਨਾ ਕਰਦੇ ਲੋਕੀ ਮਿੱਟੀ ਦੀਆਂ ਡਲੀਆਂ ਨਾਲ। ਉਸੇ ਘਰ ਵਿਚ ਗੈਰ ਅਸੀਂ ਹਾਂ ਸਿਰ ਤੇ ਸਾਡੇ ਛਤ ਨਹੀਂ, ਜਿਸ ਘਰ ਨੂੰ ਹੈ ਆਪ ਬਣਾਇਆ ਲੱਖਾਂ ਦੇ ਕੇ ਬਲੀਆਂ ਨਾਲ। ਤੂੰ ਮਰ ਗਈ ਤਾਂ ਫੇਰ ਕੀ ਹੋਇਆ ਮੌਤ ਨਾ ਕੋਈ ਹੈਰਾਨੀ, ਮੌਤ ਨੇ ਸਭ ਨਾਲ ਏਵੇਂ ਕੀਤਾ ਜਾਬਰ, ਜ਼ਾਲਿਮ, ਛਲੀਆਂ ਨਾਲ।

ਜ਼ਿੰਦਗਾਨੀ

ਜ਼ਿੰਦਗਾਨੀ ਜ਼ਰਬ ਏਦਾਂ ਖਾ ਰਹੀ ਹੈ। ਆਪ ਹੀ ਤਕਸੀਮ ਹੁੰਦੀ ਜਾ ਰਹੀ ਹੈ। ਦੋਸਤੋ ਕੈਸੀ ਹਵਾ ਠੰਡੀ ਇਹ ਚੱਲੀ ਅੱਗ ਵਗਦੇ ਪਾਣੀਆਂ ਨੂੰ ਲਾ ਰਹੀ ਹੈ। ਨੇਰਿ੍ਹਆਂ ਦੀ ਮੈਂ ਕਰਾਂ ਕਿਸ ਨੂੰ ਸ਼ਕਾਇਤ, ਰੋਸ਼ਨੀ ਹੀ ਮੇਰੇ ਘਰ ਨੂੰ ਖਾ ਰਹੀ ਹੈ। ਇਸ ਤਰ੍ਹਾਂ ਉੱਥੇ ਵੀ ਕੀਤਾ ਆਦਮੀ ਨੇ। ਸੋਅ ਤਬਾਹੀ ਦੀ ਗਗਨ ਤੋਂ ਰਹੀ ਹੈ। ਗੀਤ ਸਨ ਮਹਿਕਾਂ ਦੇ ਮੈਂ ਰੂਹਾਂ ’ਚ ਬੀਜੇ ਸੰਸਿਆਂ ਦੀ ਟਾਹਣ ਖ਼ਾਰ ਉਪਜਾ ਰਹੀ ਹੈ।

ਅੱਜ ਦਾ ਰੇਪ

ਇਨ੍ਹਾਂ ਦੇ ਚਿੱਤੜਾਂ ਤੇ ਚਿਪਕੀ ਚਹੁੰ ਲੱਤਾਂ ਵਾਲੀ ਕੁਰਸੀ ਗਧੀ, ਕੁੱਤੀ, ਕਮਜ਼ਾਤ ਛੇ ਲੱਤੇ ਏਹ ਆਦਮਖ਼ੋਰ ਪੜ੍ਹੇ ਲਿਖੇ ਪੈਸੇ ਦੇ ਪੁੱਤ ਢੋਰ ਰਿਸ਼ਵਤ ਨੂੰ ਕਹਿ ਹੱਕ ਅਪਣਾ ਠੋਕ ਵਜਾ ਕੇ ਮੂੰਹੋਂ ਮੰਗਦੇ ਜੇ ਕੋਈ ਦੇਣੋਂ ਨਾਂਹ ਕਰਦਾ ਘਟੀਆ, ਗਿਰਿਆ ਕਹਿ ਭੰਡਦੇ। ਹਰ ਕੋਈ ਚਾਹੇ ਬਣਨਾ ਸਰਕਾਰੀ ਵਾੜੇ ਦਾ ਡੰਗਰ ਜਾ ਰਾਜਸੱਤਾ ਦੇ ਠੇਕੇਦਾਰਾਂ ਜਾਂ ਖਚਰਿਆਂ, ਖਚਰੀਆਂ ਦਾ ਖੁਰ ਕਵਿਤਾ ਦੇ ਬਾਗਾਂ ਵਿੱਚ ਉੱਗ ਆਈਆਂ ਪਹਾੜੀ ਕਿੱਕਰਾਂ ਕਹਾਣੀ ਦੇ ਰੇਗਸਤਾਨੀ ਥੋਹਰ ਤੇ ਭਖੜਾ ਸਾਹਿਤ ਹੋ ਗਿਆ ਰੁੱਖਾ-ਰੁੱਖਾ ਹਾਲਾਤ ਦੀ ਦੇਣ ਕਹੋ ਜਾਂ ਲੇਖਕ ਦੀ ਅਕਲ ਕਹੋ ਜਾਂ ਫਿਰ ਕਹੋ ਮਨੁੱਖੀ ਫ਼ਿਤਰਤ ਸਿਆਸਤ ਦੀ ਨਾਜਾਇਜ਼ ਉਲਾਦ ਕਰ ਰਹੀ ਹੈ ਦੰਗੇ ਫ਼ਸਾਦ ਹਰਾਮਜ਼ਦਗੀ, ਹਰਾਮਖੋਰੀ ਵਿੱਚ ਬਜਾਰੀ ਮਹਿੰਗੇ ਭਾਅ ਹੈ। ਰਾਜ ਸਭਾ ਦੇ ਉੱਲੂ ਜਦ ਵੀ ਦਿਨ ਨੂੰ ਤੁਰਦੇ ਇੱਕ ਦੂਜੇ ਦੇ ਵਿੱਚ ਵਸਦੇ ਪਿੰਡੀਂ ਸ਼ਹਿਰੀ ਘਮਸਾਨ ਮਚਾਉਂਦੇ ਜੰਤਾ ਦਾ ਰਾਹ ਰੁਸ਼ਨਾਉਂਦੇ। ਰਾਤਾਂ ਨੂੰ ਰਾਸ਼ਟਰ ਦੀਆਂ ਖੁੱਡਾਂ ਵਿਚ ਜਾ ਵੜਦੇ ਉੱਥੇ ਲੰਮੀਆਂ ਲੰਮੀਆਂ ਖੁੱਡਾਂ ਖੁੱਡਾਂ ਅੰਦਰ ਕਈ ਕਈ ਖੁੱਡਾਂ ਉੱਥੇ ਰਲ ਕੇ ਖੇਡ ਖੇਡਦੇ। ਸਦਭਾਵਨਾ ਦੇ ਨਾਂ ਹੇਠਾਂ ਧਰਮਾਂ ਦੀ ਅੱਗ ਬਾਲਦੇ ਸਾਂਝੀਵਾਲਤਾ ਵਿੱਚ ਲਪੇਟ ਬਾਰੂਦੀ ਭਾਸ਼ਨ ਦਿੰਦੇ। ਮੋਮੋ-ਠੱਗਣੇ ਬਣ ਕੇ ਧਰਮੀਂ ਲੋਕਾਂ ਨੂੰ ਭਰਮਾਉਂਦੇ ਆਪੇ ਵਿਚ ਮਰਵਾਉਂਦੇ ਫਿਰ ਵੀ ਇਹ ਨਿਰਲੇਪ ਅਖਵਾਉਂਦੇ। ਅੱਜ ਦੀ ਸਿਆਸਤ ਨਿੱਤ ਨਵਾਂ ਸ਼ੈਤਾਨ ਜੰਮਦੀ ਤਕਰੀਰਾਂ ਦੇ ਦਰਵਾਜ਼ੇ, ਭਰਮਾਂ ਦੇ ਸਿਹਰੇ ਬੰਨ੍ਹਦੀ ਸਾਰੀ ਦੁਨੀਆਂ ਦੇ ਖੁਸਰੇ ਇਸ ਖਚਰੀ ਦੇ ਦਰ ਤੇ ਭੋਲੇ ਲੋਕਾਂ ਦੀ ਅਕਲ ਤੇ ਖਿੱਲੀ ਪਾਉਂਦੇ ਨੱਚਦੇ ਗਾਉਂਦੇ। ਰਾਸ਼ਟਰ-ਭਵਨ ਦੇ ਚਾਰ ਚੁਫੇਰੇ ਨਿਆਰੀ, ਪਿਆਰੀ ਰਾਜਧਾਨੀ ਅੰਦਰ ਅਲਫ਼ ਨੰਗੀ ਜ਼ਮੀਰ ਨੱਚਦੀ ਕੁਆਰੀਆਂ ਛਾਤੀਆਂ ਚੁੰਘਦੇ ਦੁਧ ਧੋਤੇ ਚਿਹਰੇ ਜੋਬਨ ਦੇ ਭੁੱਖੇ ਚੋਰ ਲੁਟੇਰੇ। ਉੱਧਰ ਦੁੱਧ ਬਾਝੋਂ ਬੱਚੇ ਫੁੱਟ-ਪਾਥਾਂ ਤੇ ਪਏ ਵਿਲਕਦੇ ਮਾਸੂਮ ਵਿਚਾਰੇ ਸੋਕੇ ਨਾਲ ਮਰਦੇ। ਮਾਂ ਦੀ ਛਾਤੀ ਫੈਸ਼ਨ ਹੋ ਗਈ ਕੁੜੀਆਂ ਮੁੰਡੇ ਬਣਨਾ ਚਾਹਵਣ ਪਰ ਰਾਤਾਂ ਨੂੰ ਸੂਰਜ ਕਿੰਜ ਨਿਕਲੇ। ਪਤੀ-ਬਰਤਾ ਸਤੀ-ਸਤਵੰਤੀ ਘਰ ਦੇ ਨਰਕ ਤੋਂ ਨੱਸਣਾ ਚਾਹਵੇ ਕੈਬਰੇ ਜਾ ਕੇ ਨੱਚਣਾ ਚਾਹਵੇ ਪਤੀ ਪਰਮੇਸ਼ਰ ਨੂੰ ਪੋਚੇ ਮਾਰੇ ਤੇਰੇ ਬਿਨ ਮੈਨੂੰ ਸਾਹ ਨਾ ਆਵੇ ਬਦਲੇ ਦੀ ਅੱਗ ਹੱਥੀਂ ਲੈ ਕੇ ਔਰਤ ਆ ਗਈ ਵਿੱਚ ਚੁਰਾਹੇ ਮਰਦਾਂ ਨੂੰ ਲਲਕਾਰੇ ਮਾਰੇ ਘਰ ਵਿੱਚ ਬਚਿਆ ਹੈ ਇਹ ਬਾਕੀ ਚਾਮਚੜਿੱਕਾਂ, ਕਿਰਲੀਆਂ ਮੱਕੜੀਆਂ ਤੇ ਜਾਲੇ। ਉਹ ਚੰਦਰਮਾਂ ਤੇ ਸੈਰਾਂ ਕਰਦੇ ਧਰਤੀ ਵਾਲੇ ਭੁੱਖੇ ਮਰਦੇ ਉਹ ਮੰਗਲ ਗ੍ਰਹਿ ਤੇ ਜਾ ਕੇ ਆਏ ਉਹਨਾਂ ਸਾਰੇ ਗ੍ਰਹਿ ਡਰਾਏ ਉਹ ਤਾਂ ਏਨੇ ਵਧ ਗਏ ਅੱਗੇ ਮੈਨੂੰ ਤਾਂ ਸੁਪਨਾ ਜਿਹਾ ਲੱਗੇ। ਏਥੇ ਅਜੇ ਵੀ ਚੰਦ ਗ੍ਰਹਿਣੇ ਲੋਕੀਂ ਵਰਤ ਰੱਖਦੇ ਦਿਨ ਵਾਰਾਂ ਦੇ ਵਹਿਮੀ ਛਿੱਕ ਆਈ ਤੋਂ ਤੁਰ ਨਾ ਸਕਦੇ। ਅਜੇ ਤਾਂ ਮੇਰੇ ਪਿੰਡ ਦੇ ਪਹੇ ਅੰਦਰ ਗਾੜੇ੍ਹ ਚਿੱਕੜ ਗੱਡਾ ਧੱਸਿਆ। ਮੇਰੀ ਨਾਨੀ ਦਿਨ ਦਿਹਾੜੇ ਭੂਤਾਂ ਦੇ ਪਰਛਾਵੇਂ ਤੱਕੇ ਰਾਤਾਂ ਨੂੰ ਉਭੜਵਾਹੇ ਉੱਠੇ ਭਵਿਖ ਦੀਆਂ ਕਈ ਗੱਲਾਂ ਦੱਸੇ ਕਲਪਤ ਰੂਹਾਂ ਦੇ ਗਲ ਲੱਗ ਰੋਵੇ ਕੀ ਹੋਵੇ, ਕੀ ਨਾ ਹੋਵੇ ! ਸਾਰੇ ਲੋਕੀ ਦੁਬਿਧਾ ਅੰਦਰ। ਕਬਰਤਾਨੀ ਮੁਰਦੇ ਜਾਗੇ ਰਾਤੀਂ ਰੋਵਣ ਗਿੱਦੜ ਕੁੱਤੇ ਦਿਨ ਦਿਹਾੜੇ ਸ਼ੇਰ ਗਰਜਦੇ ਭੁੱਖੀਆਂ ਗਾਵਾਂ ਭਾਰਤ ਮਾਵਾਂ, ਅਮਨ, ਸ਼ਾਂਤੀ ਦਿਲ ਵਿੱਚ ਲੈ ਕੇ ਵਿੱਚ ਚੁਰਾਹੀਂ ਗਲੀਆਂ ਗਲੀਆਂ ਦੁਰਘਟਨਾਵਾਂ ਵਿੱਚ ਵਾਧਾ ਪਾਵਣ ਕਾਨੂੰਨ ਦੇਸ਼ ਦਾ ਚਰਦੀਆਂ ਫਿਰਦੀਆਂ ਕਲਪੁਰਜ਼ਿਆਂ ਤੋਂ ਡਰਦੀਆਂ ਫਿਰਦੀਆਂ ਜੀਉਂਦੇ ਜੀ ਕਬਰੀਂ ਜਾ ਬੈਠੇ ਗਊਆਂ ਮਾਵਾਂ ਦੇ ਰਖਵਾਲੇ। ਕਿਸੇ ਦੀ ਅਖੰਡਤਾ ਨੂੰ ਹੈ ਖ਼ਤਰਾ ਕਿਸੇ ਦੇ ਪੰਥ ਨੂੰ ਹੈ ਖ਼ਤਰਾ ਆਪੋ ਧਾਪੀ ਸਿਖਰਾਂ ਤੇ ਹੈ ਮੈਂ ਅਪਣੀ ਨੂੰ ਮੱਥੇ ਧਰ ਕੇ ਹਰ ਕੋਈ ਅਪਣੇ ਰੰਗ ਵਰਗੀ ਵੱਖੋ ਵੱਖ ਆਜ਼ਾਦੀ ਮੰਗੇ। ਸਭ ਨੇਤਾਵਾਂ ਨੇ ਰੱਬ ਦੇ ਨਾਂ ਤੇ ਕਈ ਤਰ੍ਹਾਂ ਦੇ ਅਲਹਾਮ ਸੁਣਾ ਕੇ ਆਪਣੇ ਆਪਣੇ ਰੱਬ ਬਣਾਏ ਆਪਣੇ ਮੱਥੇ ਫਟੇ ਲਾਏ। ਸਭ ਜਾਤਾਂ ਦੇ ਬੁਧੀਜੀਵੀ ਸਭ ਧਰਮਾਂ ਦੇ ਚਾਨਣ ਦਾਨੀ ਆਪਣੇ ਆਪਣੇ ਖੂਹ ਵਿਚ ਡੁੱਬੇ ਖੂਹਾਂ ਵਿੱਚੋਂ ਪਾਣੀ ਮੁੱਕੇ ਖੂਹਾਂ ਵਿੱਚੋਂ ਛੱਡ ਆਏ ਸਿਆਸਤ ਆਪਣੀ ਨਾਲ ਲਿਆਏ ਸੀਵਰੇਜ ਦੇ ਨਾਲਿਆਂ ਅੰਦਰ ਗਟਰਾਂ ਅਤੇ ਟੋਭਿਆਂ ਅੰਦਰ ਉਨ੍ਹਾਂ ਅਪਣੇ ਦਫਤਰ ਖੋਲ੍ਹੇ। ਬੋਲੀ ਸਿਆਸਤ ਜਨਮ ਤੋਂ ਭੁੱਖੀ ਧਰਮ ਜਨੂੰਨੀ ਅੱਖਾਂ ਬਾਝੋਂ ਅੰਨ੍ਹੇ ਬੋਲੇ ਦੋਵੇਂ ਲੜਦੇ ਲੜਦੇ ਲੜਦੇ ਕਦੇ ਨਾ ਮਰਦੇ ਅੱਜ ਦੋਵਾਂ ਨੇ ਮਿਲ ਮਿਲਾ ਕੇ ਮੇਰੇ ਅੱਜ ਨੂੰ ਕਮਲਾ ਕਰਕੇ ਮੇਰੇ ਅੱਜ ਨਾਲ ਦੰਗਾ ਕਰਕੇ ਮੇਰੇ ਅੱਜ ਨੂੰ ਨੰਗਾ ਕਰਕੇ ਸ਼ਰੇਆਮ ਸ਼ਰਮ ਵੇਚ ਕੇ ਵਿੱਚ ਚੁਰਾਹੇ ਅੜ ਕੇ ਖੜ੍ਹ ਕੇ ਮੇਰੇ ਅੱਜ ਨੂੰ ਕੀਤਾ ਰੇਪ। ਚੀਕ-ਚਿਹਾੜਾ, ਧੱਕਾ-ਮੁੱਕੀ ਸਭ ਨੇ ਸੁਣਿਆ ਸਭ ਨੇ ਤੱਕਿਆ ਮੈਨੂੰ ਤਾਂ ਬੱਸ ਇੰਜ ਹੀ ਜਾਪੇ ਜਿਵੇਂ ਸਭ ਦੇ ਮਰ ਗਏ ਮਾਪੇ ਮੇਰਾ ਅੱਜ ਮੇਰੇ 'ਤੇ ਹੱਸੇ ਨਾ ਕੁਝ ਬੋਲੇ, ਨਾ ਕੁਝ ਦੱਸੇ ਮੇਰੇ ਅੱਜ ਨੇ ਕਲ੍ਹ ਕੀ ਬਣਨਾ ਭੂਤ ਅਤੇ ਭਵਿੱਖ ਨਾਲ ਲੜਨਾ।

ਹਿੰਦੋਸਤਾਨ ਦੀ ਕੀ ਬਣੂੰਗਾ

ਹਿੰਦ ਦੇ ਰਖਵਾਲਿਓ ਹਿੰਦੋਸਤਾਨ ਦਾ ਕੀ ਬਣੂੰਗਾ ਚਿੰਤਾ ਹੈ ਚੇਤਨਾ ਨੂੰ, ਇਨਸਾਨ ਦਾ ਕੀ ਬਣੂੰਗਾ। ਮੰਦਰਾ, ਗੁਰਦੁਆਰਿਆਂ 'ਚ ਜੋ ਨਫਰਤ ਇਵੇਂ ਪਲਦੀ ਰਹੀ, ਦਿਮਾਗਾਂ 'ਚ ਫਿਰਕੂ ਜਨੂੰਨ ਦੀ ਜੇ ਅੱਗ ਇਵੇਂ ਬਲਦੀ ਰਹੀ, ਸਭ ਕੁਝ ਸਾਹਵੇਂ ਵੇਖ ਕੇ ਜੇ ਗ਼ੈਰਤ ਹੱਥ ਮਲਦੀ ਰਹੀ, ਗੂੰਗੇ, ਬੋਲੇ, ਨੇਤਰਹੀਣ ਭਗਵਾਨ ਦਾ ਕੀ ਬਣੂੰਗਾ, ਹਿੰਦ ਦੇ ਰਖਵਾਲਿਓ... ਅੱਗ ਦੀ ਬਰਸਾਤ ਵਿੱਚ ਜੇ ਚੇਤਨਾ ਠਰਦੀ ਰਹੀ, ਸਿਅਸਤ, ਸ਼ੈਤਾਨ ਨੂੰ ਜੇ ਸੱਚ ਕਹਿਣੋਂ ਡਰਦੀ ਰਹੀ, ਅਗਾਂਹ ਵਧੂ ਸੋਚ ਵੀ ਸਿਸਕੀਆਂ ਲੈ ਮਰਦੀ ਰਹੀ, ਅਣਖ ਤੋਂ ਬਿਨਾਂ ਜੀਵਨ ਦੀ, ਫੋਕੀ ਸ਼ਾਨ ਦਾ ਕੀ ਬਣੂੰਗਾ, ਹਿੰਦ ਦੇ ਰਖਵਾਲਿਓ….. ਆਸ਼ਾ ਦੇ ਅਸਮਾਨ ’ਤੇ ਜੇ ਫਰਜ਼ ਦੇ ਸਿਤਾਰੇ ਨਾ ਰਹੇ, ਸੂਰਜ ਦੇ ਜੇ ਚੰਦ ਨਾਲ ਮੋਹ ਭਰੇ ਇਸ਼ਾਰੇ ਨਾ ਰਹੇ, ਜੇ ਹਵਾ ਨਫ਼ਰਤ ਹੋ ਗਈ ਪਿਆਰ ਦੇ ਸਹਾਰੇ ਨਾ ਰਹੇ, ਫੇਰ ਬੰਜਰ ਜ਼ਮੀਨ ਦਾ ਖਾਲੀ ਅਸਮਾਨ ਦਾ ਕੀ ਬਣੂੰਗਾ, ਹਿੰਦ ਦੇ ਰਖਵਾਲਿਓ... ਜੇ ਆਦਮੀ ਹੀ ਆਦਮੀ ਨੂੰ ਹੱਸ ਹੱਸ ਕੇ ਖਾਂਦਾ ਰਿਹਾ, ਸੋਚ ਦਾ ਵਿਚਾਰ ਦਾ ਜੇ ਨਾਮੋ-ਨਿਸ਼ਾ ਜਾਂਦਾ ਰਿਹਾ, ਫਿਰਕੂ ਜਨੂੰਨੀਆਂ ਨੂੰ ਸੰਤਾਨ ਜੇ ਏਵੇਂ ਨਚਾਂਦਾ ਰਿਹਾ, ਜਦ ਆਤਮਾ ਹੀ ਮਰ ਗਈ 'ਆਲਮ' ਦੇ ਈਮਾਨ ਦਾ ਕੀ ਬਣੂੰਗਾ, ਹਿੰਦ ਦੇ ਰਖਵਾਲਿਓ..

ਫੁੱਲਾਂ ਨੂੰ ਸੂਲ਼ਾਂ ਤੇ

ਸਦੀਆਂ ਤੋਂ ਏਹ ਆਦਤ ਰਹੀ ਹੈ ਜ਼ਮਾਨੇ ਦੀ। ਫੁੱਲਾਂ ਨੂੰ ਸੂਲਾਂ ਤੇ ਸੂਲਾਂ ਨੂੰ ਸਿਰ ਸਜਾਣੇ ਦੀ। ਕੋਈ ਵੀ ਯੁੱਗ ਹੋਵੇ ਭਲਾ ਕੋਈ ਵੀ ਰਾਜ ਹੋਵੇ, ਕਸ਼ਮਕਸ਼ ਚਲਦੀ ਹੀ ਰਹੂ ਆਪਣੇ ਬੇਗਾਨੇ ਦੀ। ਆਪਣੀ ਅੱਗ 'ਚ ਹਰ ਕੋਈ ਆਪੇ ਸੜ ਰਿਹੈ, ਗੱਲ ਭੁੱਲਦੀ ਜਾ ਰਹੀ ਸ਼ਮ੍ਹਾ ਪਰਵਾਨੇ ਦੀ। ਕਰਕੇ ਵਾਰ ਮਿਰੇ ਤੇ, ਉਹ ਖੁਦ ਹੀ ਮਰ ਗਿਆ, ਹੱਦ ਯਾਰੋ ਹੋ ਗਈ ਉਸ ਦੇ ਨਿਸ਼ਾਨੇ ਦੀ। ਚਿਹਰਿਆਂ ਦੀ ਭੀੜ ਹੈ ਪਰ ਸੁਜਾਖਾ ਕੋਈ ਨਹੀਂ, ਏਸੇ ਹੀ ਗ਼ਮ 'ਚ ਹੋ ਗਈ ਹੈ, ਮੌਤ ਆਈਨੇ ਦੀ। ਖ਼ੁਦਗਰਜ਼ਾਂ ਦੇ ਸ਼ਹਿਰ ਵਿਚ ਸਭ ਨੂੰ ਹੈ ਆਪੋ ਆਪਣੀ, ਕੌਣ ਸੁਣੇ ਸਮਝੇ ਭਲਾ, ਗੱਲ ਕਿਸੇ ਦੀਵਾਨੇ ਦੀ। ਸਾਰਾ ਹੀ 'ਆਲਮ' ਹੱਸ ਰਿਹੈ, ਮੇਰੇ ਨਸੀਬ ਤੇ ਜਲ ਰਹੀ ਏ ਹਰ ਸਾਖ, ਆਸ਼ੀਆਨੇ ਦੀ।

ਸਾਂਝਾ ਹੈ ਅਸਮਾਨ

ਸਾਂਝੀ ਹੈ ਇਹ ਧਰਤੀ ਸਾਡੀ ਸਾਂਝਾ ਹੈ ਅਸਮਾਨ ਵੇ ਲੋਕੋ, ਪਿਆਰ, ਮਨੁੱਖਤਾ ਨੂੰ ਜੋ ਮਾਰੇ ਕਰੋ ਉਹਦੀ ਪਹਿਚਾਣ ਵੇ ਲੋਕੋ। ਦਿਨ ਦਿਹਾੜੇ ਸੁਪਨੇ ਕੰਬੇ ਰਾਤੀਂ ਜਾਗ ਖਿਆਲ ਵੀ ਕੰਬੇ, ਬੀਤ ਗਈ ਤਾਰੀਖ ਦੇ ਯਾਰੋ ਖੂਨੀ ਭਿਆਨਕ ਸਾਲ ਵੀ ਕੰਬੇ, ਅਤਿ ਜ਼ਾਲਮ ਨੇ ਏਨੀ ਕੀਤੀ ਥਰ ਥਰ ਮਹਾਂ ਕਾਲ ਵੀ ਕੰਬੇ, ਕਲ੍ਹ ਤੱਕ ਜਿਸ ਨੇ ਖੂਨ ਸੀ ਪੀਤਾ ਅੱਜ ਲਗਿਆ ਹੱਡੀਆਂ ਖਾਣ ਵੇ ਲੋਕੋ, ਸਾਂਝੀ ਹੈ ਇਹ ਧਰਤੀ ਸਾਡੀ... ਸਮੇਂ ਦੇ ਹਾਕਮ ਇਹ ਗੱਲ ਠਾਣੀ ਧਰਮ ਦੇ ਨਾਂ ਤੇ ਪਾਓ ਪਾੜੇ, ਅਪਣੀ ਮਿੱਟੀ ਕਹੋ ਬੇਗਾਨੀ ਆਪੇ ਲਾਓ ਐਸੇ ਨਾਹਰੇ, ਹਵਾ ਦੇ ਅੰਦਰ ਬੀਜੋ ਜ਼ਹਿਰਾਂ ਦਿਲਾਂ ਦੇ ਅੰਦਰ ਬੀਜੋ ਸਾੜੇ, ਅੱਜ ਦੀ ਸਿਆਸਤ ਦਾ ਏਹੋ ਬੱਸ ਏਹੋ ਈਮਾਨ ਵੇ ਲੋਕੋ, ਸਾਂਝੀ ਹੈ ਇਹ ਧਰਤੀ ਸਾਡੀ... ਆਓ ਹਵਾ ਦਾ ਰੁਖ ਬਦਲੀਏ ਆਓ ਦਿਲ ਦਰਿਆ ਬਣਾਈਏ, ਮਨਾਂ ਦੀ ਬੰਜਰ ਧਰਤੀ ਦੇ ਵਿਚ ਆਸਾਂ ਦਾ ਕੋਈ ਬੂਟਾ ਲਾਈਏ, ਸਭ ਦੁਨੀਆਂ ਦੇ ਲੋਕੋ ਰਲਕੇ ਆਓ ਸੁੱਤਾ ਪਿਆਰ ਜਗਾਈਏ, ਸਾਰੇ ‘ਆਲਮ ਪਿਆਰ ਵਫਾ ਲਈ ਹੋ ਜਾਈਏ ਕੁਰਬਾਨ ਵੇ ਲੋਕੋ, ਸਾਂਝੀ ਹੈ ਇਹ ਧਰਤੀ ਸਾਡੀ...

ਲਹਿਰਾਂ

ਲਹਿਰਾਂ ਤੋਂ ਦੁਖਿਆਰੇ ਲੋਕ ਬੈਠੇ ਆਣ ਕਿਨਾਰੇ ਲੋਕ। ਬੇੜੀ ਚੱਪੂ ਨੂੰ ਕੀ ਦੋਸ਼, ਮਲਾਹਾਂ ਨੇ ਮਾਰੇ ਲੋਕ। ਲਾਰੇ ਖਾ ਖਾ ਨੇਤਾਵਾਂ ਦੇ, ਹੁਣ ਨੇ ਥੱਕੇ ਹਾਰੇ ਲੋਕ। ਮੀਆਂ ਮਿੱਠੂ ਤੇ ਨੇਤਾ, ਹੁੰਦੇ ਨੇ ਹਤਿਆਰੇ ਲੋਕ। ਵਿਦਿਆ ਚਾਨਣ ਵੰਡਦੇ ਫਿਰਦੇ, ਨੈਣ ਹੀਣ ਹੰਕਾਰੇ ਲੋਕ ਮੰਜ਼ਿਲ ਨੂੰ ਕਦੇ ਨਾ ਪਾਉਂਦੇ, ਇਹ ਸਾਰੇ ਦੇ ਸਾਰੇ ਲੋਕ। ਗੱਲਾਂ ਦੇ ਵਿੱਚ ਏਨੇ ਮਾਹਿਰ, ਦਿਨੇ ਦਿਖਾਵਣ ਤਾਰੇ ਲੋਕ। ਉੱਤੇ ਚਿੱਟੇ ਵਿੱਚੋਂ ਕਾਲੇ, ਬਣਨੇ ਨੇ ਅੰਗਿਆਰੇ ਲੋਕ। ਝੂਠਾ ਜੀਵਨ ਜੀਵਣ ਖਾਤਿਰ, ਲੈਂਦੇ ਸਾਹ ਉਧਾਰੇ ਲੋਕ।

ਭਲਾ ਤੁਸੀਂ ਦੱਸੋ

ਇਹ ਉਹ ਦੁਨੀਆਂ ਹੈ ਜਿੱਥੇ ਵਫ਼ਾ ਰੋਂਦੀ ਰਹਿੰਦੀ ਏ, ਇਹ ਉਹ ਦੁਨੀਆਂ ਹੈ ਜਿੱਥੇ ਮੁਹੱਬਤ ਤੜਪਦੀ ਰਹਿੰਦੀ ਏ, ਏਥੇ ਤੜਪਨਾ, ਤੜਪਣਾ ਬਣ ਕੇ ਸਿਸਕਦੀ ਰਹਿੰਦੀ ਏ, ਏਥੇ ਜਵਾਨੀ ਵਿਕਦੀ ਏ ਜਵਾਨੀ ਭੜਕਦੀ ਰਹਿੰਦੀ ਏ, ਭਲਾ ਤੁਸੀਂ ਦੱਸੋ ਮੈਂ ਇਸ ਨੂੰ ਮੁਹੰਮਦ ਦੀ ਹਸਤੀ ਕਿਵੇਂ ਆਖਾਂ ? ਇਹ ਉਹ ਦੁਨੀਆਂ ਹੈ ਜਿੱਥੇ ਇਨਸਾਨ ਵਿਕਦੇ ਨੇ, ਏਥੇ ਕਾਗਜ ਦੇ, ਮਿੱਟੀ ਦੇ ਭਗਵਾਨ ਵਿਕਦੇ ਨੇ, ਏਥੇ ਸ਼ਾਇਰ ਵਿਕਦੇ ਨੇ ਸ਼ਾਇਰਾਂ ਦੇ ਅਰਮਾਨ ਵਿਕਦੇ ਨੇ, ਧਰਮ ਦਾ ਪਾ ਕੇ ਪਰਦਾ ਏਥੇ ਈਮਾਨ ਵਿਕਦੇ ਨੇ, ਭਲਾ ਤੁਸੀਂ ਦੱਸੋ... ਏਥੇ ਜੀਣਾ ਵੀ ਗੁਨਾਹ ਏਂ ਮਰਨਾ ਵੀ ਗੁਨਾਹ ਏਂ, ਏਥੇ ਰੋਣਾ ਵੀ ਗੁਨਾਹ ਏਂ ਹੱਸਣਾ ਵੀ ਗੁਨਾਹ ਏਂ, ਗੁਨਾਹ ਨੂੰ ਗੁਨਾਹ ਕਹਿਣਾ ਗੁਨਾਹ ਕਰਨਾ ਵੀ ਗੁਨਾਹ ਏ, ਜੂਏ ਦੀ ਬਾਜ਼ੀ ਇਹ ਦੁਨੀਆਂ ਜਿੱਤਣਾ ਵੀ ਗੁਨਾਹ ਏ, ਹਰਨਾ ਵੀ ਗੁਨਾਹ ਏ ਭਲਾ ਤੁਸੀਂ ਦੱਸੋ………

ਸੰਗਰਾਮ

ਲੋੜ ਹੈ ਖੂਨ ਦੀ ਹੁਣ ਖੂਨ ਦੀ ਕਹਾਣੀ ਸੁਣਨ ਦਾ ਵੇਲਾ ਨਹੀਂ। ਗਾ ਗਾ ਕੇ ਯੋਧਿਆਂ ਦੀਆਂ ਵਾਰਾਂ ਵਾਰਾਂ 'ਚ ਆਪਣਾ ਆਪ ਭੁਲਾ ਲਿਆ ਹੈ। ਪੜ੍ਹ ਪੜ੍ਹ ਕੇ ਕੁਰਬਾਨੀਆਂ ਦੇ ਕਿੱਸੇ ਅਸੀਂ ਕੁਰਬਾਨੀਆਂ ਤੋਂ ਮੁਕਤ ਹੋ ਚੁੱਕੇ ਹਾਂ। ਅਸੀਂ ਨਿਮਾਣੇ ਅਸੀਂ ਪਾਪੀ, ਏਹ ਕਹਿ ਕਹਿ ਕੇ ਸੰਗਰਾਮਾਂ ਤੋਂ ਅਸੀਂ ਪੱਲੂ ਛੁਡਾ ਲਿਆ ਹੈ।

ਭਲਕ ਦੀ ਝਲਕ

ਸ਼ੋਖ ਕਲੀਆ ਫੁੱਲ ਸੂਹੇ, ਸੂਲਾਂ ’ਤੇ ਟੰਗੇ ਜਾਣਗੇ। ਮਹਿਕਾਂ ਲੱਦੇ ਹੁਸੀਨ ਮੌਸਮ, ਲਹੂ ਰੰਗੇ ਜਾਣਗੇ। ਜ਼ਾਲਿਮ ਵਾਵਰੋਲਿਆਂ ਦਾ, ਇਕ ਤੂਫਾਨ ਐਸਾ ਆਊਗਾ, ਤਰਲਿਆਂ ਨਾਲ ਸਾਹ ਉਧਾਰੇ, ਹਵਾ ਤੋਂ ਮੰਗੇ ਜਾਣਗੇ।

ਇਕ ਪਰੀ

ਪਰੀਆਂ ਦਾ ਇੱਕ ਦੇਸ਼ ਸੁਣੀਂਦਾ, ਜਿੱਥੇ ਨੂਰੇ ਨੂਰ ਵਰ੍ਹੀਦਾ। ਜਿਥੇ ਪਿਆਰ ਦੇ ਰਹਿੰਦੇ ਬੱਦਲ ਛਾਏ ਉਥੋਂ ਮਹਿਕ ਇਸ਼ਕ ਦੀ ਆਏ। ਉੱਥੇ ਲੋਕੀਂ ਬਹੁਤ ਦੀਵਾਨੇ ਘਰ ਘਰ ਅੰਦਰ ਕਈ ਮੈਖਾਨੇ। ਉੱਥੇ ਹਿਜਰ ਦੀ ਚਰਚਾ ਨਾਹੀ ਉੱਥੇ ਵਸਲ ਵਿਚ ਪਰਚਾ ਨਾਹੀਂ। ਸਦਾ ਹੀ ਉਥੇ ਚਾਨਣ ਰਾਤਾਂ ਤਾਰੇ ਪਾਉਂਦੇ ਪਿਆਰ ਦੀਆਂ ਬਾਤਾਂ। ਉੱਥੇ ਨਿੱਤ ਦਿਹਾੜੇ ਮੇਲੇ ਲੱਗਣ ਰੂਪ ਦੀਆਂ ਕਈ ਨਦੀਆਂ ਵੱਗਣ। ਸ਼ਾਮਾਂ ਵੇਲੇ ਨਦੀ ਕਿਨਾਰੇ ਆਸ਼ਕ ਹੋ ਕੇ ’ਕੱਠੇ ਸਾਰੇ। ਇਸ਼ਕੇ ਦਾ ਇੱਕ ਦੀਪ ਜਗਾਉਂਦੇ ਫਿਰ ਉਸ ਨੂੰ ਸਭ ਸੀਸ ਝੁਕਾਉਂਦੇ। ਪਰੀਆਂ ਦੇ ਉਸ ਮੁਲਕ ਦੇ ਅੰਦਰ ਸਾਰੀ ਉਸ ਦੀ ਖ਼ਲਕ ਦੇ ਅੰਦਰ। ਇੱਕ ਪਰੀ ਅਜੀਬ ਮੈਂ ਦੇਖੀ ਜੀ ਕਰਦਾ ਉਹਨੂੰ ਜਾਈਏ ਦੇਖੀ। ਉਸ ਦੇ ਮੁੱਖ ਤੋਂ ਨਜ਼ਰ ਨਾ ਹਟਦੀ ਉਹਨੂੰ ਦੇਖਣ ਦੀ ਪਿਆਸ ਨਾ ਘਟਦੀ। ਅੱਖਾਂ ਵਿੱਚ ਅਕਾਸ਼ ਨੇ ਉਹਦੇ ਚਾਨਣ ਜੇਹੇ ਲਿਬਾਸ ਨੇ ਉਹਦੇ। ਕੀ ਰੱਖੀਏ ਭਲਾ ਨਾਮ ਓਸ ਦਾ ਕੋਈ ਨਾ ਬਣਦਾ ਨਾਮ ਓਸ ਦਾ। ਉਸ ਨਾਵਾਂ ਅੰਦਰ ਆਉਣਾ ਨਾਹੀਂ ਉਸ ਨਾਵਾਂ ਵਿੱਚ ਸਮਾਉਣਾ ਨਾਹੀਂ। ਇਸ਼ਕ ਓਸ ਦਾ ਅਜੇ ਕੁਆਰਾ ਹੁਸਨ ਓਸ ਦਾ ਮੰਗਲ ਤਾਰਾ। ਚਾਂਦੀ ਵਰਗਾ ਬਦਨ ਓਸ ਦਾ ਹਵਾ ਤੋਂ ਹਲਕਾ ਵਜ਼ਨ ਓਸ ਦਾ। ਸੋਨੇ ਵਰਗਾ ਪਿਆਰ ਓਸ ਦਾ ਮਹਿਕਾਂ ਨੇ ਸ਼ਿੰਗਾਰ ਓਸ ਦਾ। ਪਿੰਡਾ ਉਹਦਾ ਮਹਿਕ ਖਿੰਡਾਵੇ ਕਸਤੂਰੀ ਜਿਉਂ ਪੌਣ ਹੰਢਾਵੇ। ਨਕਸ਼ ਉਸਦੇ ਹੀਰੇ ਜਗਦੇ ਮੱਥੇ ਉਹਦੇ ਸੂਰਜ ਦਗਦੇ। ਅੱਧੀ ਰਾਤੀਂ ਪਹਿਰ ਦੇ ਤੜਕੇ ਹੌਲੀ ਹੌਲੀ ਝਾਂਜਰ ਛਣਕੇ। ਪੋਲੀ ਪੈਰੀਂ ਤੁਰਦੀ ਤੁਰਦੀ ਝਰਨਿਆ ਵਾਂਗੂੰ ਝਰਦੀ ਝਰਦੀ। ਮੇਰੇ ਕੋਲੇ ਨੇੜੇ ਨੇੜੇ ਖਿਆਲਾਂ ਦੇ ਵਿੱਚ ਕੱਢੇ ਗੇੜੇ। ਹੱਥ ਲਾਇਆ ਤਾਂ ਜੋਰ ਦੀ ਨੱਸੇ ਨੱਸਦੀ ਨੱਸਦੀ ਦਿਲ ਵਿੱਚ ਧੱਸੇ। ਇਹ ਰਿਸ਼ਤਾ ਜਦ ਰੱਬ ਨੇ ਲਿਖਿਆ ਮੈਂ ਉਹਦੇ ਰਾਹਾਂ ਵਿੱਚ ਵਿਛਿਆ। ਕੌਣ ਉਹਨੂੰ ਇਹ ਗੱਲ ਸੁਣਾਵੇ ਕੌਣ ਉਹਨੂੰ ਇਹ ਗੱਲ ਸਮਝਾਵੇ। ਛੇਤੀ ਛੇਤੀ ਗੱਲ ਮੁਕਾਵੇ ਐਵੇਂ ਨਾ ਹੁਣ ਦੇਰੀ ਲਾਵੇ। ਜੇ ਛੋਹ ਉਸ ਦੀ ਮਿਲ ਜਾਏ ਸਾਰਾ ਜੀਵਨ ਇੰਝ ਨਸ਼ਿਆਏ। ਆਪਣਾ ਆਪਾ ਜਦ ਭੁੱਲ ਜਾਏ ਜੀਵਨ ਨੂੰ ਕੋਈ ਗ਼ਮ ਨਾ ਖਾਏ।

ਸੂਰਜ ਨੂੰ ਚੁੰਮੀਏ

ਆਓ ਨੀਂ ਹਵਾਓ, ਆਓ ਨੀਂ ਫਿਜ਼ਾਓ, ਮਨੁੱਖਤਾ ਦੇ ਵਿਹੜੇ, ਕਿਰਨਾਂ ਖਿੰਡਾਈਏ। ਅੰਬਰ ਨੂੰ ਛੂਹੀਏ, ਸੂਰਜ ਨੂੰ ਚੁੰਮੀਏ, ਧਰਤੀ ਨੂੰ ਘੁੱਟ ਕੇ ਹਿੱਕ ਨਾਲ ਲਾਈਏ। ਵਹਿਮਾਂ ਦਾ ਧੂੰਆ ਭਰਮਾਂ ਦਾ ਨ੍ਹੇਰਾ, ਸਭ ਨੂੰ ਮੁਕਾਈਏ ਇਕ ਇਕ ਕਰਕੇ। ਗਿਆਨ ਦੀਆਂ ਸੱਚੀਆਂ ਲੈਕੇ ਕਲਮਾਂ, ਸੋਹਣੇ ਸੋਹਣੇ ਲਿਖੀਏ ਤਾਰੀਖ਼ ਦੇ ਵਰਕੇ। ਕੱਲ੍ਹ ਭੁੱਲ ਜਾਈਏ ਕੱਲ੍ਹ ਦੇ ਲਈ ਆਪਾਂ, ਆਪਾ ਮਚਾ ਕੇ ਅੱਜ ਰੁਸ਼ਨਾਈਏ। ਆਓ ਨੀਂ ਹਵਾਓ ਆਓ ਨੀਂ ਫਿਜ਼ਾਓ... ਅੰਬਰਾਂ ਤੋਂ ਉੱਚੇ ਵਿਚਾਰਾਂ ਨੂੰ ਲੈ ਕੇ ਆਉ ਦਿਲਾਂ ਨੂੰ ਨਿਰਮਲ ਕਰੀਏ। ਧਰਤੀ 'ਤੇ ਦੁੱਖ ਹੈ, ਅਜੇ ਬਥੇਰਾ ਚੰਨ 'ਤੇ ਜਾ ਜਾ ਸੈਰਾਂ ਕਿਉਂ ਕਰੀਏ। ਪਿਆਰਾਂ ਦੇ ਚਸ਼ਮੇ ਏਕੇ ਦੇ ਪਰਬਤ ਆਓ ਲਹੂ ਰਿਸ਼ਤੇ ਫਿਰ ਤੋਂ ਬਣਾਈਏ। ਆਓ ਨੀਂ ਹਵਾਓ ਆਓ ਨੀਂ ਫਿਜ਼ਾਓ... ਮਹਿਕਾਂ ਦੇ ਜੰਗਲ ਦਿਲਾਂ 'ਚ ਬੋਈਏ, ਕੌਮਾਂ ਦੇ, ਦੇਸ਼ਾਂ ਦੇ, ਬੰਨੇ ਮੁਕਾਈਏ। ਕੁਰਬਾਨੀ ਦੇ ਸਿਰ 'ਤੇ ਸਿਦਕਾਂ ਦੇ ਸਿਰ 'ਤੇ, ਸ਼ਰਧਾ ਦੀ ਸੋਹਣੀ ਪਗੜੀ ਸਜਾਈਏ। ਹਵਾ ਪਾਣੀ, ਸੂਰਜ ਮਿੱਟੀ ਹੈ ਸਾਂਝੀ, ਫੋਕੀ ਕਿਉਂ ਐਵੇਂ ਆਕੜ ਪੁਗਾਈਏ। ਆਓ ਨੀਂ ਹਵਾਓ ਆਓ ਨੀਂ ਫਿਜ਼ਾਓ, ਮਨੁੱਖਤਾ ਦੇ ਵਿਹੜੇ ਕਿਰਨਾਂ ਖਿੰਡਾਈਏ। ਅੰਬਰ ਨੂੰ ਛੂਹੀਏ, ਸੂਰਜ ਨੂੰ ਚੁੰਮੀਏ, ਧਰਤੀ ਨੂੰ ਘੁੱਟ ਕੇ ਹਿੱਕ ਨਾਲ ਲਾਈਏ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਤਾਰਾ ਸਿੰਘ ਆਲਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ