Punjabi Poetry : Tara Singh Aalam

ਪੰਜਾਬੀ ਕਵਿਤਾਵਾਂ : ਤਾਰਾ ਸਿੰਘ ਆਲਮ



1. ਗੀਤ

ਮੈਂ ਇਹ ਗੀਤ ਮੁਖਾਤਿਬ ਕਰਦਾ ਹਾਂ, ਹਿੰਦ ਪਾਕ ਦੀਆਂ ਸਰਕਾਰਾਂ ਨੂੰ। ਸੁਣੋ ਦਿਲ ਵਿੱਚੋਂ ਉੱਠਦੀਆਂ ਆਹਾਂ ਨੂੰ, ਦੁਖੀ ਜਨਤਾ ਦੀਆਂ ਪੁਕਾਰਾਂ ਨੂੰ। ਜੇ ਰਲਕੇ ਰਹਿੰਦੇ ਹੁਣ ਤਾਈਂ, ਸਾਰੇ ਜੱਗ ਵਿੱਚ ਨਾਮ ਕਮਾ ਲੈਂਦੇ। ਤੁਸੀਂ ਇੱਕ ਕਸ਼ਮੀਰ ਲਈ ਲੜਦੇ ਹੋ, ਕਈ ਕਸ਼ਮੀਰ ਬਣਾ ਲੈਂਦੇ। ਰਲ ਕੇ ਬੈਠੋ ਹੁਣ ਤੋੜ ਦਿਓ, ਸਰਹੱਦ 'ਤੇ ਲੱਗੀਆਂ ਤਾਰਾਂ ਨੂੰ। ਮੈਂ ਇਹ ਗੀਤ ਮੁਖਾਤਿਬ ਕਰਦਾ ਹਾਂ ਸਾਡੇ ਦੇਸ਼ ਅਜੇ ਆਜ਼ਾਦ ਨਹੀਂ, ਪੂੰਜੀ ਦੀ ਅਜੇ ਗ਼ੁਲਾਮੀ ਹੈ। ਸਾਨੂੰ ਹਿੰਦੀ ਪਾਕੀ ਕਹਿੰਦੇ ਨੇ, ਇਹ ਬੜੀ ਨੀਚ ਬਦਨਾਮੀ ਹੈ। ਸਾਨੂੰ ਅਜੇ ਵਿਦੇਸ਼ੀ ਹੱਕਦੇ ਨੇ, ਮਾਰ ਕੇ ਤਿੱਖੀਆਂ ਆਰਾਂ ਨੂੰ। ਮੈਂ ਇਹ ਗੀਤ ਮੁਖਾਤਿਬ ਕਰਦਾ ਹਾਂ ਅਸੀਂ ਕਹਿਣ ਨੂੰ ਉੱਚੇ ਧਰਮੀ ਹਾਂ, ਸਾਡਾ ਮੁੱਲ ਵਿਦੇਸ਼ੀ ਸਿੱਕੇ ਨੇ। ਸਾਡੇ ਸਿਆਸੀ ਧਰਮੀ ਨੇਤਾ ਜੀ, ਲੋਭ ਦੀ ਮੰਡੀ ਵਿਕੇ ਨੇ। ਜਿਹਨਾਂ ਵੇਚੇ ਦੇਸ਼ ਵਿਦੇਸ਼ਾਂ ਨੂੰ, ਕੀ ਕਹੀਏ ਉਹਨਾਂ ਗੱਦਾਰਾਂ ਨੂੰ? ਮੈਂ ਇਹ ਗੀਤ ਮੁਖਾਤਿਬ ਕਰਦਾ ਹਾਂ ਸਾਡੇ ਦੇਸ ਵੇਸ ਪਾਸਪੋਰਟ ਦੀ, ਕਿਤੇ ਵੀ ਕੋਈ ਕਦਰ ਨਹੀਂ। ਸਾਨੂੰ ਇੱਜ਼ਤ ਨਾਲ ਬੁਲਾਉਂਦੇ ਨਹੀਂ, ਸਾਨੂੰ ਦੇਖਦੇ ਚੰਗੀ ਨਜ਼ਰ ਨਹੀਂ। ਜ਼ਮੀਰਾਂ ਕੋਹ ਕੋਹ "ਆਲਮ" ਵਿੱਚ, ਜੀ ਜੀ ਸਹੀਏ ਮਾਰਾਂ ਨੂੰ। ਮੈਂ ਇਹ ਗੀਤ ਮੁਖਾਤਿਬ ਕਰਦਾ ਹਾਂ

2. ਗ਼ਜ਼ਲ

ਰੋਕੋ ਕੋਈ ਵਧ ਰਹੀ ਜਲਨ ਨੂੰ, ਫੂਕ ਦੇਵੇਗੀ ਸਾਰੇ ਚਮਨ ਨੂੰ। ਲਹੂ ਪਿਆਸੇ ਹਥਿਆਰਾਂ ਵਿੱਚ ਲਿਪਟੇ, ਕੀ ਕਰਨਾ ਹੈ ਐਸੇ ਅਮਨ ਨੂੰ? ਲਾਸ਼ਾਂ ਵਿਛਾ ਕੇ ਹੱਦਾਂ ਬਣਾ ਕੇ, ਕੇਹਾ ਪਿਆਰ ਕਰਦੇ ਹੋ ਵਤਨ ਨੂੰ? ਦਿਲ ਦੀ ਭਾਸ਼ਾ ਸਿਖਾਓ ਇਹਨੂੰ, ਸਕੂਨ ਮਿਲ ਜਾਏਗਾ ਜ਼ਿਹਨ ਨੂੰ। ਬੜੇ ਬੇਸਬਰੇ ਬੜੇ ਬੇਸ਼ੁਕਰੇ, ਚੰਗੇ ਬੜੇ ਹਾਂ ਉਂਝ ਤਾਂ ਕਹਿਣ ਨੂੰ। ਆਪਣੇ ਆਪ ਤੋਂ ਬਚੇਂਗਾ ਕਿਵੇਂ? ਕਰ ਜਿੰਨੇ ਮਰਜ਼ੀ ਹੀਲੇ ਬਚਣ ਨੂੰ। ਫੇਰ ਮੁਰਲੀ ਵਜਾਏਂ ਰਾਧਾ ਲਈ, ਆਖੋ ਸ਼ਾਮ ਜਿਹੀ ਪਵਨ ਨੂੰ। ਧਰਤੀ ਦੀ ਭੁੱਖ ਤੇ ਦੁੱਖ ਨੂੰ ਮਿਟਾਓ, ਕਿਉਂ ਉੱਡੇ ਜਾ ਰਹੇ ਹੋ ਗਗਨ ਨੂੰ। ਸਾਰਾ ਆਲਮ ਹੈ ਸੱਚੀ ਸਰਾਂ, ਤਤਪਰ ਰਹਿ ਤੂੰ ਯਾਰਾ ਤੁਰਨ ਨੂੰ।

3. ਜ਼ਿੰਦਗਾਨੀ

ਜ਼ਿੰਦਗਾਨੀ ਜ਼ਰਬ ਏਦਾਂ ਖਾ ਰਹੀ ਹੈ। ਆਪ ਹੀ ਤਕਸੀਮ ਹੁੰਦੀ ਜਾ ਰਹੀ ਹੈ। ਦੋਸਤੋ ਕੈਸੀ ਹਵਾ ਠੰਢੀ ਇਹ ਚੱਲੀ, ਅੱਗ ਵਗਦੇ ਪਾਣੀਆਂ ਨੂੰ ਲਾ ਰਹੀ ਹੈ। ਨ੍ਹੇਰਿਆਂ ਦੀ ਮੈਂ ਕਰਾਂ ਕਿਸ ਨੂੰ ਸ਼ਿਕਾਇਤ, ਰੌਸ਼ਨੀ ਹੀ ਮੇਰੇ ਘਰ ਨੂੰ ਖਾ ਰਹੀ ਹੈ। ਇਸ ਤਰ੍ਹਾਂ ਉੱਥੇ ਵੀ ਕੀਤਾ ਆਦਮੀ ਹੈ, ਸੋਅ ਤਬਾਹੀ ਦੀ ਗਗਨ ਤੋਂ ਰਹੀ ਹੈ। ਟਾਂਵਾਂ ਹੀ ਕੋਈ ਸੁਣਦਾ ਸਮਝਦਾ ਹੈ, ਯੁਗਾਂ ਤੋਂ ਆਤਮਾ ਸੱਚ ਨੂੰ ਗਾ ਰਹੀ ਹੈ। ਅਨੇਕਾਂ ਰੰਗ ਨੇ "ਆਲਮ" ਦੇ ਬਾਗ ਵਿੱਚ, ਸਭ 'ਚੋਂ ਅਜਬ ਹਸਤੀ ਨਜ਼ਰ ਆ ਰਹੀ ਹੈ।

4. ਫੁੱਲਾਂ ਨੂੰ ਸੂਲਾਂ 'ਤੇ

ਸਦੀਆਂ ਤੋਂ ਇਹ ਆਦਤ ਰਹੀ ਹੈ ਜ਼ਮਾਨੇ ਦੀ, ਫੁੱਲਾਂ ਨੂੰ ਸੂਲਾਂ ਤੇ ਸੂਲਾਂ ਨੂੰ ਸਿਰ ਸਜਾਣੇ ਦੀ। ਕੋਈ ਵੀ ਯੁੱਗ ਹੋਵੇ ਭਲਾ ਕੋਈ ਵੀ ਰਾਜ ਹੋਵੇ, ਕਸ਼ਮਕਸ਼ ਚਲਦੀ ਹੀ ਰਹੂ ਆਪਣੇ ਬੇਗਾਨੇ ਦੀ। ਆਪਣੀ ਅੱਗ 'ਚ ਹਰ ਕੋਈ ਆਪੇ ਸੜ ਰਿਹੈ, ਗੱਲ ਭੁੱਲਦੀ ਜਾ ਰਹੀ ਸ਼ਮ੍ਹਾਂ ਪਰਵਾਨੇ ਦੀ। ਕਰਕੇ ਵਾਰ ਮਿਰੇ 'ਤੇ, ਓਹ ਖੁਦ ਹੀ ਮਰ ਗਿਆ, ਹੱਦ ਯਾਰੋ ਹੋ ਗਈ ਉਸ ਦੇ ਨਿਸ਼ਾਨੇ ਦੀ। ਚਿਹਰਿਆਂ ਦੀ ਭੀੜ ਹੈ ਪਰ ਸੁਜਾਖਾ ਕੋਈ ਨਹੀਂ, ਏਸੇ ਹੀ ਗ਼ਮ 'ਚ ਹੋ ਗਈ, ਮੌਤ ਆਈਨੇ ਦੀ। ਖੁਦਗਰਜ਼ਾਂ ਦੇ ਸ਼ਹਿਰ ਵਿੱਚ ਸਭ ਨੂੰ ਹੈ ਆਪੋ ਆਪਣੀ, ਕੌਣ ਸੁਣੇ ਸਮਝੇ ਭਲਾ, ਗੱਲ ਕਿਸੇ ਦੀਵਾਨੇ ਦੀ। ਸਾਰਾ ਹੀ "ਆਲਮ" ਹੱਸ ਰਿਹੈ, ਮੇਰੇ ਨਸੀਬ 'ਤੇ, ਜਲ ਰਹੀ ਹੈ ਹਰ ਸ਼ਾਖ, ਆਸ਼ੀਆਨੇ ਦੀ।

5. ਸਾਥ ਦਿਓ ਕਿਰਸਾਨਾਂ ਦਾ

ਸ਼ੇਅਰ- ਲੋਕਾਂ ਸਦਾ ਭਰੋਸਾ ਕੀਤਾ, ਸਦਾ ਠੱਗੀ ਕੀਤੀ ਨੇਤਾਵਾਂ, ਝੂਠੇ ਅਫ਼ਸਰ ਨੇਤਾਵਾਂ ਨੂੰ, ਦਿਓ ਫਾਂਸੀ ਦੀਆਂ ਸਜ਼ਾਵਾਂ। ਧਰਤੀ ਕਰੇ ਪੁਕਾਰ ਸਾਥ ਦਿਓ ਕਿਰਸਾਨਾਂ ਦਾ। ਝੂਠੇ ਲੀਡਰ ਮਾਰ ਮੁਕਾਓ, ਪਲਟੋ ਰਾਜ ਬੇਈਮਾਨਾਂ ਦਾ। ਧਰਤੀ ਕਰੇ ਪੁਕਾਰ ਸਰਹੱਦਾਂ 'ਤੇ ਏਹ ਮਰਦੇ ਨੇ, ਖੇਤਾਂ ਵਿੱਚ ਮਿਹਨਤ ਕਰਦੇ ਨੇ, ਰੱਬ ਸੱਚੇ ਦੀ ਰਹਿਮਤ ਨਾਲ, ਢਿੱਡ ਸਭਨਾਂ ਦਾ ਭਰਦੇ ਨੇ। ਕਈ ਵਾਰੀ ਮੂੰਹ ਭੰਨ੍ਹਿਆ ਏਹਨਾਂ, ਅਬਦਾਲੀ ਜਿਹੇ ਹੈਵਾਨਾਂ ਦਾ। ਧਰਤੀ ਕਰੇ ਪੁਕਾਰ ਵਿਦੇਸ਼ੀ ਖਾਣੇ, ਵਿਦੇਸ਼ੀ ਬਾਣੇ, ਵਿਦੇਸ਼ੀ ਭਾਸ਼ਾ ਪੜ੍ਹਦੇ ਸਾਰੇ, ਵਿਦੇਸ਼ੀ ਵੋਟ ਪ੍ਰਚਾਰ ਤਰੀਕੇ, ਕਿਉਂ ਨਹੀਂ ਲਾਗੂ ਕਰਦੇ ਸਾਰੇ। ਏਕਤਾ ਕਰਕੇ ਸੱਚ 'ਤੇ ਖੜ੍ਹਜੋ, ਮੂੰਹ ਮੋੜ ਦਿਓ ਤੂਫ਼ਾਨਾਂ ਦਾ। ਧਰਤੀ ਕਰੇ ਪੁਕਾਰ ਜੋ ਵੀ ਚਾਹਵੇ ਲੀਡਰ ਬਣਨਾ, ਕਚਿਹਰੀ ਵਿੱਚ ਉਹਤੋਂ ਲਿਖਵਾਓ, ਲੋਕਾਂ ਨਾਲ ਵਾਅਦੇ ਕਰਕੇ ਜੇ ਮੁੱਕਰੇ, ਉਮਰ ਕੈਦ ਉਹਨੂੰ ਲਗਵਾਓ। ਸਭ ਕੁਝ ਜਬਤ ਕਰੋ ਲੋਟੂ ਪਰਵਾਰਾਂ ਦਾ, ਤਾਂ ਸੁਧਰੂ ਰਾਜ ਸ਼ੈਤਾਨਾਂ ਦਾ। ਧਰਤੀ ਕਰੇ ਪੁਕਾਰ ਸੱਚੇ ਪੱਕੇ ਕਾਨੂੰਨ ਬਣਾ ਕੇ, ਸਭਨਾਂ 'ਤੇ ਲਾਗੂ ਕਰਵਾਓ, ਆਲਮ ਦੇ ਚੰਗੇ ਦੇਸ਼ਾਂ ਵਾਂਗੂੰ, ਹੱਕ ਲੋਕਾਂ ਦੇ ਝੋਲੀ ਪਾਓ। ਲੋਭ ਝੂਠ ਵਿੱਚ ਫਸਣਾ ਛੱਡੋ, ਫੇਰ ਬਣਜੂ ਰਾਜ ਇਨਸਾਨਾਂ ਦਾ। ਧਰਤੀ ਕਰੇ ਪੁਕਾਰ

6. ਸਾਂਝਾ ਹੈ ਅਸਮਾਨ

ਸਾਂਝੀ ਹੈ ਇਹ ਧਰਤੀ ਸਾਡੀ, ਸਾਂਝਾ ਹੈ ਅਸਮਾਨ ਵੇ ਲੋਕੋ। ਪਿਆਰ ਮਨੁੱਖਤਾ ਨੂੰ ਜੋ ਮਾਰੇ, ਕਰੋ ਉਹਦੀ ਪਹਿਚਾਣ ਵੇ ਲੋਕੋ। ਦਿਨ ਦਿਹਾੜੇ ਸੁਪਨੇ ਕੰਬੇ ਰਾਤੀਂ ਜਾਗ ਖਿਆਲ ਵੀ ਕੰਬੇ, ਬੀਤ ਗਈ ਤਾਰੀਖ਼ ਦੇ ਯਾਰੋ ਖੂਨੀ ਭਿਆਨਕ ਸਾਲ ਵੀ ਕੰਬੇ, ਅੱਤ ਜ਼ਾਲਮ ਨੇ ਏਨੀ ਕੀਤੀ ਥਰ ਥਰ ਥਰ ਮਹਾਂਕਾਲ ਵੀ ਕੰਬੇ, ਕੱਲ੍ਹ ਤੱਕ ਜਿਸਨੇ ਖ਼ੂਨ ਸੀ ਪੀਤਾ ਅੱਜ ਲੱਗਿਆ ਹੱਡੀਆਂ ਖਾਣ ਵੇ ਲੋਕੋ। ਸਾਂਝੀ ਹੈ ਇਹ ਧਰਤੀ ਸਾਡੀ। ਸਮੇਂ ਦੇ ਹਾਕਮ ਇਹ ਗੱਲ ਠਾਣੀ ਧਰਮ ਦੇ ਨਾਂ 'ਤੇ ਪਾਓ ਪਾੜੇ, ਆਪਣੀ ਮਿੱਟੀ ਕਹੋ ਬੇਗਾਨੀ ਆਪੇ ਆਓ ਐਸੇ ਨਾਅਰੇ, ਹਵਾ ਦੇ ਅੰਦਰ ਬੀਜੋ ਜ਼ਹਿਰਾਂ ਦਿਲਾਂ ਦੇ ਅੰਦਰ ਬੀਜੋ ਸਾੜੇ, ਅੱਜ ਦੀ ਸਿਆਸਤ ਦਾ ਏਹੋ ਬੱਸ ਏਹੋ ਈਮਾਨ ਵੇ ਲੋਕੋ। ਸਾਂਝੀ ਹੈ ਇਹ ਧਰਤੀ ਸਾਡੀ। ਆਓ ਹਵਾ ਦਾ ਰੁਖ਼ ਬਦਲੀਏ, ਆਓ ਦਿਲ ਦਰਿਆ ਬਣਾਈਏ, ਮਨਾਂ ਦੀ ਬੰਜ਼ਰ ਧਰਤੀ ਦੇ ਵਿੱਚ ਆਸਾਂ ਦਾ ਕੋਈ ਬੂਟਾ ਲਾਈਏ, ਸਭ ਦੁਨੀਆਂ ਦੇ ਲੋਕੋ ਰਲਕੇ ਆਓ ਸੁੱਤਾ ਪਿਆਰ ਜਗਾਈਏ, ਸਾਰੇ "ਆਲਮ" ਪਿਆਰ ਵਫ਼ਾ ਲਈ, ਹੋ ਜਾਈਏ ਕੁਰਬਾਨ ਵੇ ਲੋਕੋ। ਸਾਂਝੀ ਹੈ ਇਹ ਧਰਤੀ ਸਾਡੀ।

7. ਥਾਹ ਕੋਈ ਨਾ

ਮਿੱਟੀ ਦੇ ਏਹ ਕੋਠੇ ਦਾ, ਵਿਸਾਹ ਕੋਈ ਨਾ। ਆਵੇ ਕਿ ਨਾ ਆਵੇ ਦੂਜਾ ਸਾਹ ਕੋਈ ਨਾ। ਝੂਠੇ ਮੂਠੇ ਰੰਗਾਂ ਨਾਲ ਲੜੀ ਜਾ ਰਿਹਾ, ਖਿਆਲ ਦੀਆਂ ਤਿਤਲੀਆਂ ਫੜ੍ਹੀ ਜਾ ਰਿਹਾ, ਕਿੱਥੋਂ ਆਇਆ ਕਿੱਥੇ ਜਾਣਾ, ਪਤਾ ਕੋਈ ਨਾ। ਮਿੱਟੀ ਦੇ ਏਹ ਕੋਠੇ ਦਾ ਹਵਾ, ਪਾਣੀ, ਅੱਗ, ਮਿੱਟੀ ਤੇ ਆਕਾਸ਼ ਦਾ, ਪੰਜ ਮਿਲਕੇ ਬਣਿਆ ਏ ਕੋਠਾ ਮਾਸ ਦਾ, ਛੇਵਾਂ ਵਿੱਚ ਵਸੇ ਜੀਹਦਾ ਥਾਹ ਕੋਈ ਨਾ। ਮਿੱਟੀ ਦੇ ਏਹ ਕੋਠੇ ਦਾ ਕਰਮਾਂ ਦਾ ਜਦੋਂ ਤੇਰੇ ਲੇਖਾ ਹੋਵਣਾ, ਅੰਤ ਵੇਲੇ ਓਦੋਂ ਤੈਨੂੰ ਪਊ ਰੋਵਣਾ, ਲੱਗਿਆ ਜੇ ਨਾਮ ਵਾਲਾ ਪਾਹ ਕੋਈ ਨਾ। ਮਿੱਟੀ ਦੇ ਏਹ ਕੋਠੇ ਦਾ ਗੱਲਾਂ ਨਾਲ ਅੰਬਰਾਂ ਤੋਂ ਤਾਰੇ ਤੋੜਦਾ, ਆਲਮਾਂ ਤੂੰ ਰਿਹਾ ਸਦਾ ਧਨ ਜੋੜਦਾ, ਸੁਣੀ ਤੂੰ ਗਰੀਬ ਦੀ ਹਾਅ ਕੋਈ ਨਾ। ਮਿੱਟੀ ਦੇ ਏਹ ਕੋਠੇ ਦਾ

8. ਦਿੱਲੀਏ ਨੀ ਹੰਕਾਰੀਏ

ਦਿੱਲੀਏ ਨੀ ਹੰਕਾਰੀਏ ਤੇਰੀ ਕਦ ਕੁ ਬੁਝੂਗੀ ਪਿਆਸ ਨੀ? ਤੂੰ ਕਿੰਨਾ ਕੁ ਲਹੂ ਪੀਵਣਾ? ਕਿੰਨਾ ਕੁ ਖਾਣਾ ਮਾਸ ਨੀ? ਚਰਖੜੀਆਂ 'ਤੇ ਚਾੜ੍ਹੇ ਲੋਕੀਂ, ਅੱਗਾਂ ਦੇ ਵਿੱਚ ਸਾੜੇ ਲੋਕੀਂ, ਆਪੋ ਵਿੱਚ ਹੀ ਪਾੜੇ ਲੋਕੀਂ, ਬੇਸ਼ੁਮਾਰ ਉਜਾੜੇ ਲੋਕੀਂ। ਧਰਮ ਦੇ ਨਾਂ 'ਤੇ ਛੇੜ ਲੜਾਈ, ਧਰਮ ਦਾ ਕੀਤਾ ਨਾਸ਼ ਨੀ। ਦਿੱਲੀਏ ਨੀ ਹੰਕਾਰੀਏ ਤੇਰੀ ਕਦ ਕੁ ਬੁਝੂਗੀ ਪਿਆਸ ਨੀ? ਸ਼ਰੇਆਮ ਤੂੰ ਵਿੱਚ ਚੌਰਾਹੇ, ਕਈਆਂ ਦੇ ਤੂੰ ਸਿਰ ਨੇ ਲਾਹੇ, ਕਈਆਂ ਨੂੰ ਤੂੰ ਦਿੱਤੇ ਫਾਹੇ, ਰੱਬ ਦੇ ਘਰ ਤੂੰ ਕਈ ਨੇ ਢਾਹੇ। ਜੋ ਕੁਝ ਵੀ ਤੂੰ ਅੱਜ ਤੱਕ ਕੀਤਾ, ਨਾ ਆਇਆ ਕਿਸੇ ਨੂੰ ਰਾਸ ਨੀ। ਦਿੱਲੀਏ ਨੀ ਹੰਕਾਰੀਏ ਤੇਰੀ ਕਦ ਕੁ ਬੁਝੂਗੀ ਪਿਆਸ ਨੀ? ਲੋਭੀ ਲੂੰਬੜ ਪਾਲੇ ਤੇਰੇ, ਕਾਮੀ ਭੁੱਖੇ ਸ਼ੀਂਹ ਬਥੇਰੇ, ਭੇਕੀ ਸਾਧੂ ਚੋਰ ਲੁਟੇਰੇ, ਦੇਸ਼ ਪਾਇਆ ਵਿੱਚ ਘੁੰਮਣ ਘੇਰੇ। ਦੀਨ ਈਮਾਨ ਨਾ ਤੇਰਾ ਕੋਈ, ਕੀ ਰੱਖੀਏ ਤੈਥੋਂ ਆਸ ਨੀ? ਦਿੱਲੀਏ ਨੀ ਹੰਕਾਰੀਏ ਤੇਰੀ ਕਦ ਕੁ ਬੁਝੂਗੀ ਪਿਆਸ ਨੀ? ਸਿਆਸੀ ਰਾਖਸ਼ ਗਿਣਤੀ ਭਾਰੀ, ਇੱਕੋ ਕੁਰਸੀ ਹੈ ਵਿਚਾਰੀ, ਇੱਕ ਦੂਜੇ ਤੋਂ ਖੋਂਹਦੇ ਵਾਰੀ, ਦੇਸ਼ ਦੇ ਰਾਖੇ ਹੋਏ ਵਿਭਚਾਰੀ। ਜੇਕਰ ਹੋਜੇ ਰੱਬ ਦੀ ਕਿਰਪਾ, ਤੇਰੀ ਮੱਤ ਹੋਵੇ ਪ੍ਰਕਾਸ਼ ਨੀ। ਦਿੱਲੀਏ ਨੀ ਹੰਕਾਰੀਏ ਤੇਰੀ ਕਦ ਕੁ ਬੁਝੂਗੀ ਪਿਆਸ ਨੀ। ਆਲਮ ਇੱਕੋ ਅਰਜ਼ ਗੁਜ਼ਾਰੇ, ਸਭ ਜਾਤਾਂ ਦੇ ਭਾਈ ਪਿਆਰੇ, ਰਲ ਕੇ ਚੱਲੋ ਧਰਮ ਵੀ ਸਾਰੇ, ਰਿਸ਼ੀਆਂ ਦਾ ਇਹ ਦੇਸ਼ ਪੁਕਾਰੇ, ਆਲਮ ਸਾਰਾ ਨੱਚੇ ਗਾਵੇ, ਨਾ ਕੋਈ ਰਹੇ ਉਦਾਸ ਨੀ। ਦਿੱਲੀਏ ਨੀ ਹੰਕਾਰੀਏ ਤੇਰੀ ਕਦ ਕੁ ਬੁਝੂ ਗੀ ਪਿਆਸ ਨੀ।

9. ਹਿੰਦੋਸਤਾਨ ਦਾ ਕੀ ਬਣੂੰਗਾ

ਹਿੰਦ ਦੇ ਰਖਵਾਲਿਓ ਹਿੰਦੋਸਤਾਨ ਦਾ ਕੀ ਬਣੂੰਗਾ? ਚਿੰਤਾ ਹੈ ਚੇਤਨਾ ਨੂੰ ਇਨਸਾਨ ਦਾ ਕੀ ਬਣੂੰਗਾ? ਮੰਦਰਾਂ ਗੁਰਦੁਆਰਿਆਂ 'ਚ ਨਫ਼ਰਤ ਜੇ ਇਵੇਂ ਪਲਦੀ ਰਹੀ, ਦਿਮਾਗ਼ਾਂ 'ਚ ਫਿਰਕੂ ਜਨੂੰਨ ਦੀ ਜੇ ਅੱਗ ਇਵੇਂ ਬਲਦੀ ਰਹੀ, ਸਭ ਕੁਝ ਸਾਹਵੇਂ ਦੇਖ ਕੇ ਜੇ ਗ਼ੈਰਤ ਹੱਥ ਮਲਦੀ ਰਹੀ, ਗੁੰਗੇ, ਬੋਲੇ, ਨੇਤਰਹੀਣ ਭਗਵਾਨ ਦਾ ਕੀ ਬਣੂੰਗਾ? ਅੱਗ ਦੀ ਬਰਸਾਤ ਵਿੱਚ ਜੇ ਚੇਤਨਾ ਠਰਦੀ ਰਹੀ, ਸਿਆਸਤ, ਸ਼ੈਤਾਨ ਨੂੰ ਜੇ ਸੱਚ ਕਹਿਣੋਂ ਡਰਦੀ ਰਹੀ, ਅਗਾਂਹਵਧੂ ਸੋਚ ਵੀ ਸਿਸਕੀਆਂ ਲੈ ਮਰਦੀ ਰਹੀ, ਅਣਖ ਤੋਂ ਬਿਨਾਂ ਜੀਵਨ ਦੀ ਫੋਕੀ ਸ਼ਾਨ ਦਾ ਕੀ ਬਣੂੰਗਾ? ਆਸ਼ਾ ਦੇ ਅਸਮਾਨ 'ਤੇ ਜੇ ਫ਼ਰਜ਼ ਦੇ ਸਿਤਾਰੇ ਨਾ ਰਹੇ, ਸੂਰਜ ਦੇ ਜੇ ਚੰਦ ਨਾਲ ਮੋਹ ਭਰੇ ਇਸ਼ਾਰੇ ਨਾ ਰਹੇ, ਜੇ ਹਵਾ ਨਫ਼ਰਤ ਹੋ ਗਈ ਪਿਆਰ ਦੇ ਸਹਾਰੇ ਨਾ ਰਹੇ, ਫੇਰ ਬੰਜਰ ਜ਼ਮੀਨ ਦਾ ਖਾਲੀ ਅਸਮਾਨ ਦਾ ਕੀ ਬਣੂੰਗਾ? ਜੇ ਆਦਮੀ ਹੀ ਆਦਮੀ ਨੂੰ ਹੱਸ ਹੱਸ ਕੇ ਖਾਂਦਾ ਰਿਹਾ, ਸੋਚ ਦੇ, ਵਿਚਾਰ ਦਾ ਜੇ ਨਾਮੋ-ਨਿਸ਼ਾਂ ਜਾਂਦਾ ਰਿਹਾ, ਫਿਰਕੂ ਜਨੂੰਨੀਆਂ ਨੂੰ ਸ਼ੈਤਾਨ ਜੇ ਇਵੇਂ ਨਚਾਂਦਾ ਰਿਹਾ, ਜਦ ਆਤਮਾ ਹੀ ਮਰ ਗਈ 'ਆਲਮ' ਦੇ ਈਮਾਨ ਦਾ ਕੀ ਬਣੂੰਗਾ? ਹਿੰਦ ਦੇ ਰਖਵਾਲਿਓ.......।

10. ਈਮਾਨ ਮੇਰੇ ਸ਼ਹਿਰ ਦਾ

ਕੌਣ ਚੁਰਾ ਕੇ ਲੈ ਗਿਆ, ਈਮਾਨ ਮੇਰੇ ਸ਼ਹਿਰ ਦਾ। ਹਾਏ! ਕਿੰਨਾ ਗਿਰ ਗਿਆ, ਇਨਸਾਨ ਮੇਰੇ ਸ਼ਹਿਰ ਦਾ। ਰੋਜ਼ ਏਥੇ ਵੇਚਦਾ ਏ, ਆਦਮੀ ਨੂੰ ਆਦਮੀ, ਫੇਰ ਵੀ ਨਹੀਂ ਹੋ ਰਿਹਾ, ਅਪਮਾਨ ਮੇਰੇ ਸ਼ਹਿਰ ਦਾ। ਜਦ ਵੀ ਜਨਾਜ਼ਾ ਨਿੱਕਲਿਆ, ਮੰਦਰ 'ਚੋਂ ਇਨਸਾਫ਼ ਦਾ, ਕੋਰਾ ਪੱਥਰ ਹੀ ਰਿਹਾ ਭਗਵਾਨ ਮੇਰੇ ਸ਼ਹਿਰ ਦਾ। ਲਾਸ਼ਾਂ ਉੱਠ ਉੱਠ ਕੇ ਤੁਰਦੀਆਂ, ਲੱਭਦੀਆਂ ਨੇ ਜ਼ਿੰਦਗੀ, ਹੈ ਅਜਬ ਇਹ ਦੋਸਤੋ, ਸ਼ਮਸ਼ਾਨ ਮੇਰੇ ਸ਼ਹਿਰ ਦਾ। ਕਬਰਾਂ ਇਹ ਕਿਸਨੇ ਫੋਲੀਆਂ, ਕਫ਼ਨ ਕਿਸਨੇ ਲਾਹ ਲਏ? ਆਦਮੀ 'ਤੇ ਹੱਸ ਰਿਹਾ, ਸ਼ਮਸ਼ਾਨ ਮੇਰੇ ਸ਼ਹਿਰ ਦਾ। ਕਤਲ ਉਸਨੂੰ ਕਰ ਦਿਓ, ਜੋ ਕੋਈ ਕਾਤਿਲ ਨਹੀਂ, ਸੁਣ ਲਓ ਇਹ ਦੋਸਤੋ, ਫੁਰਮਾਨ ਮੇਰੇ ਸ਼ਹਿਰ ਦਾ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ