ਸਤਿੰਦਰ ਸਿੰਘ ਓਠੀ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਤਹਿਸੀਲ ਦੇ ਲਹਿੰਦੇ ਪਾਸੇ ਘੁੱਗ ਵੱਸਦੇ ਪਿੰਡ ਪੰਨਵਾਂ ਵਿਖੇ ਮਾਤਾ ਸ੍ਰੀਮਤੀ ਸੁਖਬੀਰ ਕੌਰ ਓਠੀ ਤੇ ਪਿਤਾ ਸਰਦਾਰ ਬਲਕਾਰ ਸਿੰਘ ਓਠੀ ਦੇ ਗ੍ਰਹਿ ਵਿਖੇ 2 ਜੂਨ ,1976 ਵਿੱਚ ਹੋਇਆ। ਉਹਨਾਂ ਨੇ ਬਾਰ੍ਹਵੀਂ ਤੱਕ ਦੀ ਸਿੱਖਿਆ ਸ੍ਰੀ ਬਾਵਾ ਲਾਲ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ, ਜ਼ਿਲ੍ਹਾ ਗੁਰਦਾਸਪੁਰ ਤੋਂ ਪ੍ਰਾਪਤ ਕੀਤੀ, ਜੋ ਉਸ ਸਮੇਂ ਸਾਹਿਤਕਾਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਜੀ ਦੀ ਰਹਿਨੁਮਾਈ ਹੇਠ ਸੱਭਿਆਚਾਰਕ ਗਤੀਵਿਧੀਆਂ ਦਾ ਮਹਾਨ ਕੇਂਦਰ ਰਿਹਾ ਹੈ। ਇਹਨਾਂ ਨੇ ਬੀ.ਏ.ਦੀ ਪੜ੍ਹਾਈ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫ਼ਗਾਨਾ ,ਜ਼ਿਲ੍ਹਾ ਗੁਰਦਾਸਪੁਰ ਤੋਂ ਅਤੇ ਬੀ.ਐੱਡ. ਦੀ ਪੜ੍ਹਾਈ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ । ਐੱਮ .ਏ. ਪੰਜਾਬੀ ਕਰਨ ਦੇ ਨਾਲ ਹੀ ਲੈਕਚਰਾਰਸ਼ਿਪ ਦਾ ਨੈਸ਼ਨਲ ਲੈਵਲ ਦਾ ਟੈਸਟ (ਯੂ. ਜੀ .ਸੀ. )ਵੀ ਪਾਸ ਕੀਤਾ । ਇਸ ਤੋਂ ਇਲਾਵਾ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦਾ ਕੋਰਸ ਵੀ ਕੀਤਾ। ਸਕੂਲੀ ਪੜ੍ਹਾਈ ਦੌਰਾਨ ਹੀ ਸਾਹਿਤ ਪੜ੍ਹਨ ਦੀ ਚੇਟਕ ਲੱਗੀ ਤੇ ਸਕੂਲ ਲਾਇਬਰੇਰੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ । ਆਪ ਦੇ ਚਾਚਾ ਜੀ ਗਿਆਨੀ ਗੁਰਵਿੰਦਰ ਸਿੰਘ ਕੋਮਲ (ਅਮਰੀਕਾ) ਇੱਕ ਵਧੀਆ ਲੇਖਕ ਹਨ ਜਿਸ ਕਾਰਨ ਘਰ ਦੇ ਮਾਹੌਲ ਵਿਚੋਂ ਹੀ ਇਨ੍ਹਾਂ ਨੂੰ ਵੀ ਲਿਖਣ ਦੀ ਗੁੜ੍ਹਤੀ ਘਰ 'ਚੋਂ ਹੀ ਮਿਲੀ । ਆਪ ਦੀਆਂ ਮੁੱਢਲੀਆਂ ਰਚਨਾਵਾਂ ਵਿੱਚ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਜੀ ਦੀ ਬੇਟੀ ਪ੍ਰੋ. ਕੁਲਜੀਤ ਕੌਰ ਗਿੱਲ ਵੱਲੋਂ ਸੰਪਾਦਤ ਮੈਗਜ਼ੀਨ 'ਪੁਲਾਂਘ' ਦੇ ਵਿਸ਼ੇਸ਼ ਅੰਕ 'ਰਾਵੀ ਦੀਆਂ ਛੱਲਾਂ ' ਵਿਚ ਪ੍ਰਕਾਸ਼ਤ ਰਚਨਾਵਾਂ ਹਨ ਤੇ ਉਸ ਤੋਂ ਬਾਅਦ ਲਿਖਣ ਦਾ ਉਤਸ਼ਾਹ ਮਿਲਣ ਕਾਰਨ ਦੇਸ- ਵਿਦੇਸ਼ ਦੇ ਹੋਰ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਰਚਨਾਵਾਂ ਪ੍ਰਕਾਸ਼ਤ ਹੋਣ ਲੱਗੀਆਂ ।
ਆਪ ਕੇਂਦਰੀ ਪੰਜਾਬੀ ਲੇਖਕ ਸਭਾ, ਰਾਬਤਾ ਮੁਕਾਲਮਾ ਕਾਵਿ -ਮੰਚ ,ਆਰਟ ਗਲੈਕਸੀ ਅੰਮ੍ਰਿਤਸਰ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੰਸਥਾ ਦੀ ਅੰਮਿ੍ਤਸਰ ਇਕਾਈ ਦੇ ਵੀ ਮੈਂਬਰ ਹਨ। ਆਪ 'ਸੁਹਾਵੀ ਆਡੀਓ ਬੁੱਕਸ 'ਅੰਮਿ੍ਤਸਰ ਦੇ ਕੋਆਰਡੀਨੇਟਰ ਵੀ ਹਨ।ਅੱਜ-ਕੱਲ੍ਹ ਆਪ ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ ਵਿਚ ਪੰਜਾਬੀ ਵਿਭਾਗ ਦੇ ਮੁਖੀ ਦੇ ਤੌਰ 'ਤੇ ਅਧਿਆਪਨ ਕਾਰਜ ਕਰ ਰਹੇ ਹਨ । ਆਪ ਦੀ ਮੌਲਿਕ ਕਾਵਿ -ਪੁਸਤਕ ਦੋਹਾ ਸੰਗ੍ਰਹਿ 'ਦੀਵੇ ਸੁੱਚੀ ਸੋਚ ਦੇ' ਪ੍ਰਕਾਸਿਤ ਹੋਈ ਹੈ।ਆਪ ਨੇ ਆਪਣੇ ਵਿਭਾਗ ਦੇ ਸਹਿਯੋਗ ਨਾਲ ਸਕੂਲ ਵੱਲੋਂ ਸੂਫ਼ੀ ਕਲਾਮ ਦੀ ਪੁਸਤਕ 'ਤੇਰੇ ਇਸ਼ਕ ਨਚਾਇਆ 'ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਪੁਸਤਕ 'ਨਾਨਕ ਬਾਣੀ' ਸੰਪਾਦਤ ਕੀਤੀ ਹੈ। 20 ਸਾਂਝੀਆਂ ਕਾਵਿ- ਪੁਸਤਕਾਂ ਵਿੱਚ ਆਪ ਦੀਆਂ ਰਚਨਾਵਾਂ ਪ੍ਰਕਾਸ਼ਤ ਹੋਈਆ ਹਨ। ਆਪ ਨੂੰ ਸਕੂਲਾਂ - ਕਾਲਜਾਂ ਵਿੱਚ ਸਾਹਿਤਕ ਮੁਕਾਬਲਿਆਂ ਵਿੱਚ ਬਤੌਰ ਨਿਰਨਾਇਕ ਸੇਵਾ ਨਿਭਾਉਣ ਦਾ ਵੀ ਮੌਕਾ ਮਿਲਿਆ ਹੈ । ਹੁਣ ਤੱਕ ਆਪ ਦੇਸ- ਵਿਦੇਸ਼ ਦੇ ਬਹੁਤ ਸਾਰੇ ਰੇਡੀਓ,ਟੀ.ਵੀ. ਤੇ ਯੂਟਿਊਬ ਚੈਨਲਾਂ 'ਤੇ ਆਨਲਾਈਨ ਕਵੀ ਦਰਬਾਰਾਂ 'ਚ ਹਾਜ਼ਰੀ ਭਰ ਚੁੱਕੇ ਹਨ ।
ਮਾਣ-ਸਨਮਾਨ ਦੀ ਗੱਲ ਕਰੀਏ ਤਾਂ ਆਪ ਨੂੰ ਸਹੋਦਿਆ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਵੱਲੋਂ 'ਬੈਸਟ ਟੀਚਰ ਐਵਾਰਡ - (2012 ) ਮਿਲਿਆ। ਇਸ ਤੋਂ ਇਲਾਵਾ ' ਮੱਖਣ ਸਿੰਘ ਅਮਨ ਯਾਦਗਾਰੀ ਪੁਰਸਕਾਰ' , ਫ਼ੋਕਲੋਰ ਰਿਸਰਚ ਅਕੈਡਮੀ ਵੱਲੋਂ ਸਨਮਾਨ ਪੱਤਰ , 'ਸਰਹੱਦ ਏ ਪੰਜਾਬ ਸਪੋਰਟਸ ਕਲੱਬ' ਅਤੇ 'ਮਾਣ ਧੀਆਂ 'ਤੇ ਸਮਾਜ ਭਲਾਈ ਸੰਸਥਾ', ਭਾਸ਼ਾ ਵਿਭਾਗ, ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਅਤੇ 'ਕਲਾਕ੍ਰਿਤੀ- ਇੱਕ ਯਾਦ' ਸੰਸਥਾ ਵੱਲੋਂ ਵੀ ਸਨਮਾਨ ਪੱਤਰ ਹਾਸਲ ਹੋਏ ਹਨ । ਅੰਮਿ੍ਤਸਰ ਤੋਂ ਲੇਖਿਕਾ ਅਰਤਿੰਦਰ ਸੰਧੂ ਜੀ ਦੁਆਰਾ ਸੰਪਾਦਤ ਰਸਾਲੇ 'ਸਾਹਿਤਕ ਏਕਮ' ਵਿੱਚ ਸਤਿੰਦਰ ਸਿੰਘ ਓਠੀ ਨੇ 'ਅੰਮਿ੍ਤਸਰ ਦੀ ਅਦਬੀ ਵਿਰਾਸਤ' ਕਾਲਮ ਤਹਿਤ ਕਾਫ਼ੀ ਲੇਖਕਾਂ ਬਾਰੇ ਲਿਖਿਆ ਹੈ ਤੇ ਪੁਸਤਕ ਰੀਵਿਊ ਵੀ ਲਿਖੇ ਹਨ । 5,6,7 ਜੁਲਾਈ,2024 ਨੂੰ ਆਪ ਨੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ 'ਵਰਲਡ ਪੰਜਾਬੀ ਕਾਨਫ਼ਰੰਸ 'ਵਿੱਚ ਆਪਣਾ ਖੋਜ ਪੱਤਰ ਪੇਸ਼ ਕੀਤਾ।
~ਸਿਮਬਰਨ ਕੌਰ ਸਾਬਰੀ ( ਪੰਜਾਬੀ ਵਿਭਾਗ ਅਧਿਆਪਕ )