'Deeve Sachi Soch De' Review : Dr. Mohan Begowal

"ਦੀਵੇ ਸੱਚੀ ਸੋਚ ਦੇ" ਦੋਹਾ ਸੰਗ੍ਰਹਿ ਦਾ ਰੀਵਿਊ : ਡਾਕਟਰ ਮੋਹਨ ਬੇਗੋਵਾਲ

ਪੰਜਾਬੀ ਭਾਸ਼ਾ ਵਿੱਚ ਦੋਹੇ ਲਿਖਣ ਦੀ ਪ੍ਰਥਾ ਬਹੁਤ ਪੁਰਾਣੀ ਤੇ ਹਰਮਨ ਪਿਆਰੀ ਹੈ। ਇਸ ਲਈ ਮਾਤ੍ਰਿਕ ਛੰਦ ਵਰਤਿਆ ਗਿਆ ਹੈ । ਇਸ ਵਿਧਾ ਤੇ ਅੱਜ ਵੀ ਕਲਮ ਅਜ਼ਮਾਈ ਤੇਜ਼ੀ ਨਾਲ ਹੋ ਰਹੀ ਹੈ। ਦੋਹਾ, ਦੋਹਰੇ, ਦੋਹੜੇ ਸਮੇਤ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਲੋਕਾਂ ਦੇ ਕਾਵਿ ਪਰਿਵਾਰ ਨਾਲ ਸਬੰਧਤ ਹੈ। ਇਹ ਦੋ ਤੁਕਾਂ ਵਾਲਾ ਕਾਵਿ ਰੂਪ ਹੈ, ਜਿਸ ਦੀ ਪੰਕਤੀ ਵਿਚ ਦੋ ਚਰਨ (13, 11)ਤੇ 24 ਮਾਤਰਾਵਾਂ ਅਤੇ ਪੂਰੇ ਦੋਹੇ ਵਿੱਚ ਚਾਰ ਚਰਨ ਹਨ। ਇਸ ਦੋਹਾ ਰਚਨਾ ਵਿਚ ਇੱਕ ਨਾਂ ਸਤਿੰਦਰ ਉਠੀ ਦਾ ਹੈ,ਉਨ੍ਹਾਂ ਦਾ ‘ਦੀਵੇ ਸੱਚੀ ਸੋਚ ਦੇ’ ਪਲੇਠਾ ਦੋਹਾ ਸੰਗ੍ਰਹਿ ਛਪ ਕੇ ਪਾਠਕ ਦੇ ਹੱਥੀਂ ਆਇਆ ਹੈ, ਇਹ ਪੁਸਤਕ ਦਾ ਨਾਮਕਰਣ ਉਨ੍ਹਾਂ ਦੇ ਇੱਕ ਦੋਹੇ ਵਿੱਚੋਂ ਲਏ ਵ੍ਕਾਂਸ ਤੋਂ ਲਿਆ ਗਿਆ ਹੈ। ਇਸ ਪੁਸਤਕ ਦਾ ਨਾਂ ‘ਦੀਵਾ’, ਵਿਰਸੇ ਨੂੰ , ਅਤੇ ਸੱਚੀ, ਪਵਿੱਤਰ ਸੋਚ ਨੂੰ ਦਰਸਾਉਂਦਾ ਹੈ। ਇਸ ਪੁਸਤਕ ਦਾ ਸਿਰਲੇਖ ਪਾਠਕ ਲਈ ਬਹੁਤ ਡੂੰਘੇ ਅਰਥ ਰੱਖਦਾ ਹੈ। ਦੋਹੇ ਦਾ ਇਹ ਸੰਗ੍ਰਹਿ ਮਾਂ ਦੇ ਵਿਚਾਰ ਨੂੰ ਸਮਰਪਿਤ ਹੈ , ਜਨਮ ਦੇਣ ਵਾਲੀ , ਸਮਾਜ ਵਿੱਚ ਪਾਲਣ ਪੋਸ਼ਣ ਕਰਨ ਵਾਲੀ ਧਰਤ ਮਾਤਾ ਅਤੇ ਮਾਂ ਬੋਲੀ ਸੰਚਾਰ ਨੂੰ ਸਮਰਪਿਤ ਹੈ।ਜਿਸ ਰਾਹੀਂ ਅਸੀ ਇੱਕ ਦੂਜੇ ਨਾਲ ਸਮਾਜਿਕ ਰਿਸ਼ਤਾ ਬਣਾਉਂਦੇ ਹਾਂ।ਇਸ ਦੋਹਾ ਸੰਗ੍ਰਹਿ ਦੇ 104 ਪੰਨੇ ਹਨ, ਅਤੇ ਸੁਹਾਵੀ ਪ੍ਰਕਾਸ਼ਨ, ਆਸਟ੍ਰੇਲੀਆ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪੁਸਤਕ ਦੇ ਪਹਿਲੇ 22 ਪੰਨਿਆਂ 'ਤੇ ਜੋ ਵਿਦਵਾਨ ਅਤੇ ਲੇਖਕ ਨੇ ਆਪਣੇ ਧੰਨਵਾਦ ਸ਼ਬਦ ਲਿਖੇ ਹਨ, ਇਨ੍ਹਾਂ ਲੇਖਾਂ ਵਿਚ ਦੋਹੇ ਅਤੇ ਇਸ ਦੀ ਬਣਤਰ ਬਾਰੇ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ , ਸਰਬਜੀਤ ਸਿੰਘ ਸੰਧੂ ਜੀ ਅਤੇ ਡਾਕਟਰ ਸ਼ਸੀ ਕਾਂਤ ਉੱਪਲ ਜੀ ਨੇ ਦੋ ਸ਼ਬਦ ਰਾਹੀਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਹਨ, ਇਹ ਵਿਚਾਰ ਤੇ ਦੋਹਿਆਂ ਨੂੰ ਪੜ੍ਹ ਕੇ ਨਵੇਂ ਪਾਠਕ ਨੂੰ ਇਸ ਸ਼ਿਨਫ ਬਾਰੇ ਜਾਣਕਾਰੀ ਮਿਲਦੀ ਹੈ। ਇਸ ਦੇ ਨਾਲ ਹੀ ਪੰਜਾਬੀ ਕਵਿਤਾ ਦੀ ਦੁਨੀਆਂ ਵਿੱਚ ਦੋਹਾ ਸ਼ਿਨਫ਼ ਦੀ ਮਹੱਤਤਾ ਬਾਰੇ ਪਤਾ ਲੱਗਦਾ ਹੈ । ਜਿੱਥੇ ਸਤਿੰਦਰ ਦੋਹਿਆਂ ਰਾਹੀਂ ਸਮੇਂ ਦੀ ਗੱਲ ਕਰਦੇ ਹਨ, ਉੱਥੇ ਇਨ੍ਹਾਂ ਨੂੰ ਪੜ੍ਹ ਕੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ।ਲੇਖਕ ਦੇ ਦੋਹਿਆਂ ਦੇ ਵਿਸ਼ੇ ਦਾ ਕੈਨਵਸ ਬਹੁਤ ਵਿਸ਼ਾਲ ਹੈ, ਜਿਸ ਵਿਚ ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ ਹੈ। ਅੱਜ ਦੇ ਦੌਰ ਵਿੱਚ ਜਦੋਂ ਪੁਰਾਣੀਆਂ ਕਦਰਾਂ-ਕੀਮਤਾਂ ਨੂੰ ਅਜੋਕੇ ਮਨੁੱਖ ਤੋਂ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਸਤਿੰਦਰ ਸਿੰਘ ਓਠੀ ਵਰਗੇ ਲੇਖਕ ਉਨ੍ਹਾਂ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਚਿੰਤਤ ਹਨ, ਜੋ ਸਮਾਜ ਨੂੰ ਚੰਗੀ ਸੇਧ ਦੇ ਰਹੀਆਂ ਹਨ। ਜਿੱਥੇ ਸਮਾਜ ਦੀ ਹਕੀਕਤ ਮਨੁੱਖ ਲਈ ਨਵੀਆਂ ਚੁਣੌਤੀਆਂ ਪੇਸ਼ ਕਰ ਰਹੀ ਹੈ, ਉੱਥੇ ਅੱਜ ਦੇ ਸੰਦਰਭ ਵਿੱਚ ਮਨੁੱਖ ਦੀ ਕੁਦਰਤ ਅਤੇ ਸਮਾਜ ਵਿੱਚ ਆਈ ਤਬਦੀਲੀ ਕਾਰਨ, ਰਿਸ਼ਤਿਆਂ ਦਾ ਮਾਮਲਾ ਸਤਿੰਦਰ ਸਿੰਘ ਓਠੀ ਦੇ ਦੋਹਿਆਂ ਦਾ ਕੇਂਦਰੀ ਬਿੰਦੂ ਹੈ।ਵੈਸੇ ਤਾਂ ਸਮੁੱਚੇ ਦੋਹਾ ਸੰਗ੍ਰਹਿ ਦੇ ਦੋਹੇ ਉੱਚ ਪਾਏ ਹਨ, ਪਰ ਵੰਨਗੀ ਦੇ ਤੌਰ ਤੇ ਦੋਹੇ ਪੇਸ਼ ਹਨ:

1.
ਦੀਵਾ ਬਲੇ ਗਿਆਨ ਦਾ, ਦੂਰ ਕਰੇ ਅੰਧਕਾਰ।
ਤੀਜੀ ਅੱਖ ਇਹ ਖੋਲ੍ਹਦਾ, ਦੋ ਨੈਣਾਂ ਵਿਚਕਾਰ।

2.
ਆ ਪਾਈਏ ਗਲਵੱਕੜੀ, ਮੰਗੀਏ ਸਭ ਦੀ ਖ਼ੈਰ।
ਸਭ ਵਿਚ ਇੱਕੋ ਨੂਰਹੈ, ਫਿਰ ਕਿਉਂ ਰੱਖੀਏ ਵੈਰ।

3.
ਅਗਰ ਬਗ਼ਾਵਤ ਹੋ ਰਹੀ, ਕਾਰਨ ਸਿਰਫ਼ ਹਲਾਤ।
ਅਗਰ ਜ਼ਮੀਰ ਹੈ ਜਾਗਦੀ, ਹਰ ਬੰਦਾ ਸੁਕਰਾਤ ।

ਇਨ੍ਹਾਂ ਦੋਹਿਆਂ ਵਿਚ ਜ਼ਿਆਦਾਤਰ ਪਰੰਪਰਾਗਤ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਲੇਖਕ ਹੋਣ ਦੇ ਨਾਤੇ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਅੱਜ-ਕੱਲ੍ਹ ਸਾਡੀ ਗੱਲਬਾਤ ਦਾ ਹਿੱਸਾ ਬਣ ਗਈ ਹੈ। ਇਨ੍ਹਾਂ ਦੋਹਿਆਂ ਵਿੱਚ ਸਾਰੀਆਂ ਪ੍ਰਚਲਿਤ ਧਾਰਨਾਵਾਂ ਨੂੰ ਛੋਹਿਆ ਗਿਆ ਹੈ। ਇਸ ਦੇ ਨਾਲ ਹੀ ਮਾਨਵਤਾਵਾਦੀ ਤੱਤ ਨੂੰ ਮੁੜ ਉੱਚੀ ਸੁਰ ਵਿੱਚ ਉਭਾਰਿਆ ਗਿਆ ਹੈ। ਜਿਵੇਂ-ਜਿਵੇਂ ਸਮਾਜ ਦਾ ਮਨੁੱਖ ਪ੍ਰਤੀ ਵਤੀਰਾ ਬਦਲ ਰਿਹਾ ਹੈ, ਮਨੁੱਖ ਦੇ ਚਿਹਰੇ ਤੋਂ ਮਖੌਟੇ ਵੀ ਲਥ ਰਹੇ ਹਨ, ਜਿਨ੍ਹਾਂ ਵਿਚੋਂ ਆਉਣ ਵਾਲਾ ਭਵਿੱਖ ਵੀ ਚਿੰਨ੍ਹਿਤ ਹੋ ਰਿਹਾ ਹੈ। ਸਤਿੰਦਰ ਨੂੰ ਇਸ ਪਲੇਠੇ ਦੋਹਾ ਸੰਗ੍ਰਹਿ ਲਈ ਬਹੁਤ-ਬਹੁਤ ਵਧਾਈ, ਉਮੀਦ ਹੈ ਕਿ ਇਸ ਦੋਹਾ ਸੰਗ੍ਰਹਿ ਦੇ ਪਾਠਕ ਇਸ ਸੰਗ੍ਰਹਿ ਨੂੰ ਪੜ੍ਹ ਕੇ ਇਸ 'ਤੇ ਮਾਣ ਮਹਿਸੂਸ ਕਰਨਗੇ ਅਤੇ ਆਪਣੀ ਜ਼ਿੰਦਗੀ ਨੂੰ ਅਰਥ ਭਰਪੂਰ ਬਦਲਾਉ ਲਈ ਤੱਤ ਲੱਭਣ ਵਿਚ ਸਫਲ ਹੋਣਗੇ।

ਡਾਕਟਰ ਮੋਹਨ ਬੇਗੋਵਾਲ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਸਤਿੰਦਰ ਸਿੰਘ ਓਠੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ