Punjabi Poetry : Satinder Singh Othi

ਪੰਜਾਬੀ ਰਚਨਾਵਾਂ : ਸਤਿੰਦਰ ਸਿੰਘ ਓਠੀ


ਦੋਹੇ

ਦੀਵੇ ਸੁੱਚੀ ਸੋਚ ਦੇ, ਮਸਤਕ ਵਿੱਚ ਤੂੰ ਬਾਲ। ਵਿਰਸਾ ਕਦਰਾਂ- ਕੀਮਤਾਂ,ਸਾਹਾਂ ਵਾਂਗ ਸੰਭਾਲ। ਉਹ ਜੋ ਸੱਥ ਵਿੱਚ ਆਣ ਕੇ ਹੱਸਦਾ ਤਾੜੀ ਮਾਰ। ਅਕਸਰ ਬੈਠ ਅਛੋਪਲੇ ਰੋਂਦਾ ਜ਼ਾਰੋ ਜ਼ਾਰ। ਉੱਚਾ ਸੀ ਉਹਦਾ ਸ਼ਮਲਾ, ਪਰ੍ਹੇ 'ਚ ਸੀ ਗੱਲਬਾਤ। ਹਾਰ ਗਿਆ ਔਲਾਦ ਤੋਂ, ਕਿੰਝ ਖੋਲ੍ਹੇ ਜਜ਼ਬਾਤ। ਉੱਚੀ – ਨੀਵੀਂ ਜਾਤ ਨਾ ਸਭ ਥਾਂ ਵੱਸੇ ਆਪ। ਖ਼ਲਕਤ ਪਰਜਾ ਰੱਬ ਦੀ ਸਭ ਦਾ ਇੱਕੋ ਬਾਪ। ਅਸੀਂ ਤਾਰੂ ਪੰਜ ਦਰਿਆ ਦੇ, ਸਾਡੇ ਜਿਗਰੇ ਨੇ ਫੌਲਾਦ। ਅਸੀਂ ਵਿੱਚ ਮੈਦਾਨੇ ਜਿੱਤਦੇ, ਤੇ ਜੰਮੇ ਧੁਰੋਂ ਅਜ਼ਾਦ। ਅੰਨਿਆਂ ਫੜੇ ਬਟੇਰ ਨੇ, ਕੰਘੀ ਗੰਜੇ ਹੱਥ। ਵੇਖੋ ਇਸ ਨਿਜ਼ਾਮ ਨੂੰ, ਕੋਈ ਨਾਂ ਪਾਵੇ ਨੱਥ। ਆਲੀਸ਼ਾਨ ਇਮਾਰਤਾਂ ਵੱਡੇ ਕਾਰੋਬਾਰ। ਸਭ ਕੁਝ ਵੱਡਾ ਹੋ ਗਿਆ ਪਰ ਬੌਣੇ ਕਿਰਦਾਰ। ਸਦੀਆਂ ਤੋਂ ਜਰਵਾਣਿਆਂ, ਕੀਤਾ ਏ ਬਰਬਾਦ। ਪੰਜ-ਆਬਾਂ ਦੀ ਧਰਤ ਪਰ, ਫਿਰ ਵੀ ਹੈ ਆਬਾਦ। ਸਾਨੂੰ ਘੂਰੇ ਜ਼ਿੰਦਗ਼ੀ, ਸੁਬ੍ਹਾ ਦੁਪਹਿਰੇ ਸ਼ਾਮ। ਅਸੀਂ ਹਾਂ ਕਰਦੇ ਮਸ਼ਕਰੀ, ਉਸਨੂੰ ਖੁਲ੍ਹੇ ਆਮ। ਹਾਲ ਕਿਸੇ ਨਾ ਪੁੱਛਿਆ ਮਾਰੂਥਲ ਵਿਚਕਾਰ। ਆਖ਼ਰ ਛਾਲਾ ਪੈਰ ਦਾ ਰੋਇਆ ਭੁੱਬਾਂ ਮਾਰ। ਹਿੰਦੂ, ਬੋਧੀ ਹਾਂ ਬਣੇ, ਸਿੱਖ ਜਾਂ ਮੁਸਲਮਾਨ। ਸਭ ਤੋਂ ਔਖਾ ਬੰਦਿਆ, ਬਣਨਾ ਹੈ ਇਨਸਾਨ। ਹੋਇਆ ਮੁਸ਼ਕਲ ਲੱਭਣਾ ਭੀੜਾਂ ਚੋਂ ਇਨਸਾਨ। ਹਰਦਮ ਰਹਿੰਦਾ ਬੁੱਕਦਾ ਜ਼ਿਹਨ ਵਿੱਚ ਸ਼ੈਤਾਨ। ਹੋਏ ਖ਼ੂਨ ਸਫੈਦ ਨੇ, ਕੈਸੀ ਆਈ ਰੁੱਤ। ਕਿੱਦਾਂ ਰਿਸ਼ਤੇ ਸਾਂਭ ਲਊ, ਜੋ ਪੈਸੇ ਦਾ ਪੁੱਤ। ਕਹਿਣ ਤਰੱਕੀ ਕਰ ਲਈ ਸ਼ੱਕੀ ਨੇ ਕਿਰਦਾਰ। ਬਿਰਧ ਘਰਾਂ ਵਿੱਚ ਰੌਣਕਾਂ ਟੁੱਟੇ ਘਰ-ਪਰਿਵਾਰ। ਕਹਿੰਦੇ ਵਸਤਾਂ-ਟੁੱਟੀਆਂ, ਘਰ ਤੋਂ ਰੱਖੋ ਬਾਹਰ । ਟੁੱਟਿਆ ਆਪਾ ਅੰਦਰੋਂ, ਕਿੱਥੇ ਧਰੀਏ ਯਾਰ ! ਕਰੀਏ ਗੱਲ ਵਿਚਾਰ ਕੇ ਬਣੀਏ ਨਾ ਮੂੰਹ ਫੱਟ । ਢਾਈ ਇੰਚ ਦੀ ਜੀਭ ਜੋ ਲਾਉਂਦੀ ਡੂੰਘੀ ਸੱਟ । ਕਾਬਜ਼ ਧਰਤ- ਆਕਾਸ਼ 'ਤੇ, ਲੋਭੀ ਹੈ ਇਨਸਾਨ। ਦੱਸੋ ਭਲਾ ਪਰਿੰਦਿਆਂ, ਵੰਡਿਆ ਕਦ ਅਸਮਾਨ। ਕਿੱਦਾਂ ਸੱਚ ਲੁਕਾਏਂਗਾ, ਸਦਾ ਨਾ ਚੱਲੇ ਗੱਪ । ਰੱਸੀ ਦਾ ਬਣਦਾ ਨਹੀਂ, ਕਿਸੇ ਵੀ ਸੂਰਤ ਸੱਪ। ਖਿੱਚੀ ਸੀ ਜੋ ਗੋਰਿਆਂ ਵਾਹਗੇ ਵਾਲੀ ਲੀਕ। ਚਿਰ ਹੋਇਆ ਨਾ ਥੰਮ੍ਹੀਆਂ ਚੀਸਾਂ ਹਾਲੇ ਤੀਕ। ਗੰਗਾ ਲਾ ਕੇ ਡੁੱਬਕੀ, ਕਦੇ ਨਾ ਧੁਪਣੇ ਪਾਪ। ਜੇ ਨੀਅਤ ਵਿਚ ਖੋਟ ਨੇ, ਕੰਮ ਕਿਸੇ ਨਾ ਜਾਪ। ਘਰ ਸੰਪੂਰਨ ਹੋਣ ਨਾ, ਸੀਮਿੰਟ ਇੱਟਾਂ ਨਾਲ। ਜੀਆਂ ਦੇ ਇਤਫ਼ਾਕ ਨੂੰ, ਸਾਹਾਂ ਵਾਂਗ ਸੰਭਾਲ। ਚੰਨ ਤੋਂ ਪਰ੍ਹੇ ਵੀ ਜਾਣ ਦੀ, ਲਈ ਤਿਆਰੀ ਖਿੱਚ। ਐਪਰ ਆਦਮ ਜਾਤ ਦਾ, ਮੋਹ ਨਾ ਆਪਸ ਵਿੱਚ। ਛੱਡ ਹਾਕਮ ਦੀ ਚਾਕਰੀ, ਏਨਾ ਕੁਫ਼ਰ ਨਾ ਤੋਲ। ਜਿਉਂਦੇ ਜੁੱਗਾਂ ਤੀਕ ਨੇ, ਧੁਖਦੇ ਜਿਹੜੇ ਬੋਲ। ਟੁੱਟੇ ਮਾਸ ਨਾ ਨਹੁੰ ਤੋਂ, ਕਹਿਣ ਸਿਆਣੇ ਠੀਕ। ਖਿੱਚੇਂਗਾ ਦੱਸ ਕਿਸ ਤਰ੍ਹਾਂ, ਪਾਣੀ ਉੱਤੇ ਲੀਕ। ਡਰ ਕੇ ਲੁਕਿਆ ਸੱਚ ਹੈ, ਝੂਠ ਪਸਾਰੇ ਪੈਰ। ਲੁੱਚੇ ਬੈਠਣ ਤਖ਼ਤ ਤੇ, ਸਾਊ ਮੰਗਣ ਖੈਰ। ਤਾਨਾਸ਼ਾਹੀ ਸਿਖਰ ਤੇ,ਉੱਲਟੇ ਸਾਰੇ ਕਾਜ। ਤਾਲੇ ਸਭ ਦੀ ਜੀਭ ਨੂੰ, ਓਂਵ ਲੋਕਾਂ ਦਾ ਰਾਜ। ਤੂੰ ਪੁੱਛਦੀ ਜੋ,ਤੇਰੇ ਬਾਝੋਂ ਹਾਲ ਪੁੱਛੇ ਹੁਣ ਕਿਹੜਾ। ਤੇਰੇ ਬਾਝੋਂ ਸੁੰਨਾ ਮਾਏਂ ਪਿੰਡ ਦੇ ਘਰ ਦਾ ਵਿਹੜਾ। ਪਾਣੀ ਰੁੱਖ ਤੇ ਹਵਾ ਦੀ ਜੇ ਨਾ ਕਰੀ ਸੰਭਾਲ। ਲੱਖ ਖ਼ਜ਼ਾਨੇ ਸਾਂਭ ਲੈ ਹੋ ਜਾਣਾ ਕੰਗਾਲ। ਪੈਪਸੀ - ਕੋਲਾ ਪੀ ਕੇ ਮਿਟ ਨਾ ਸਕੀ ਪਿਆਸ। ਪਾਣੀ ਪੀਤਾ ਘੜੇ ਦਾ ਖਿੜਿਆ ਚਿੱਤ ਉਦਾਸ। ਬੱਚਾ ਪਿਓ ਹੈ ਬਾਪ ਦਾ, ਪੁੱਛਿਆਂ ਕਰੇ ਸਵਾਲ। ਹੱਕਾਂ ਲਈ ਸੁਚੇਤ ਹੈ, ਲੱਗਣ ਫ਼ਰਜ਼ ਜੰਜਾਲ। ਬੈਠਾ ਮੱਲ ਜ਼ਮੀਨ ਜੋ, ਸਮਝੇ ਮੈਂ ਧਨਵਾਨ। ਦੋ ਗਜ਼ ਹਿੱਸੇ ਆਂਵਦੀ, ਉਹ ਵੀ ਵਿੱਚ ਸ਼ਮਸ਼ਾਨ। ਬੋਲੀ ਦੇਸ ਪੰਜਾਬੀ ਦੀ, ਜਿਉਂ ਮਸਤਾਨੀ ਤੋਰ। ਸਾਡੇ ਸਾਹੀਂ ਵੱਸਦੀ, ਇਸ ਦੇ ਤੁਲ ਨਾ ਹੋਰ। ਬੋਲੇ ਹਰਫ਼ ਪਿਆਰ ਦੇ, ਰੱਖੇ ਗੁਣ- ਤਾਸੀਰ। ਹੁੰਦੀ ਐਸੇ ਸ਼ਖਸ ਦੀ , ਖ਼ਾਬਾਂ ਦੀ ਤਾਬੀਰ। ਮਘਦੀ ਰੱਖੀਂ ਤੂੰ ਸਦਾ, ਅਣਖਾਂ ਵਾਲੀ ਅੱਗ। ਕਦੇ ਘਿਓ ਨਾ ਖਾਈਦਾ, ਹੱਥੀਂ ਵੇਚ ਕੇ ਪੱਗ। ਮਨ ਤੋਂ ਮੰਨੀ ਹਾਰ ਨਾ, ਜਜ਼ਬਾ ਰੱਖ ਚਟਾਨ। 'ਮਨਿ ਜੀਤੈ ਜਗੁ ਜੀਤੁ ਹੈ', ਗੁਰੂਆਂ ਦਾ ਫੁਰਮਾਨ। ਮੰਡੀ ਦੇ ਇਸ ਦੌਰ ਵਿੱਚ, ਰਿਸ਼ਤੇ ਹੋਏ ਚੌੜ। ਪੈਸਾ ਸਭ ਦਾ ਪੀਰ ਹੈ, ਲੱਗੀ ਚੂਹਾ ਦੌੜ। ਮੁਰਦੇਹਾਣੀ ਹੋਰ ਕੀ, ਵੱਡਿਆਂ ਦੀ ਨਾ ਪੁੱਛ। ਬਿਰਧ-ਘਰਾਂ ਵਿਚ ਰੌਣਕਾਂ, ਕਾਹਦੀ ਕੁੰਢੀ ਮੁੱਛ। ਰਾਜੇ ਨੂੰ ਸ਼ੀਂਹ ਕਹਿਣ ਦਾ, ਦਮ ਨਾ ਸਾਡੇ ਕੋਲ। ਬਾਬਾ ਜੋ ਤੂੰ ਆਖਿਆ, ਕੌਣ ਪੁਗਾਵੇ ਬੋਲ। ਰੂਹ ਦੇ ਰਿਸ਼ਤੇ ਉੱਡ ਗਏ, ਮੂੰਹ ਬੋਲੇ ਨੇ ਲੱਖ। ਬਾਹਰੋਂ ਸਕੇ- ਸੋਧਰੇ , ਅੰਦਰੋਂ ਵੱਖੋ-ਵੱਖ। ਵਾਹ ਓਏ ਮੇਰੇ ਮਾਲਕਾ,ਤੰਤਰ ਹੋਇਆ ਫੇਲ। ਕਾਤਲ ਬੈਠੇ ਤਖ਼ਤ ਤੇ,ਪਏ ਬਿਦੋਸੇ ਜੇਲ੍ਹ। ਵੇਖ ਮਾਨਵ ਖਾ ਰਿਹਾ ਇਕ ਦੂਜੇ ਨੂੰ ਤੋੜ। ਗਿਰਝਾਂ ਇਹ ਕਹਿ ਉੱਡੀਆਂ ਹੁਣ ਨਾ ਸਾਡੀ ਲੋੜ।

ਮਾਂ

ਤਾਰਾ ਬਣ ਗਈ ਮਾਂ ਦੀ, ਮਮਤਾ ਹੋਈ ਨਾ ਗੁੰਮ । ਸੁਪਨੇ ਵਿੱਚ ਵੀ ਅੰਮੜੀ, ਮੱਥਾ ਲੈਂਦੀ ਚੁੰਮ। ਜਨਮ-ਦਾਤੀ ਨੂੰ ਸਜ਼ਦਾ ਮਾਂ ਧਰਤੀ ਨੂੰ ਸਲਾਮ। ਮਾਂ – ਬੋਲੀ ਤੋਂ ਸਦਕੇ, ਲੱਖ ਵਾਰੀ ਪ੍ਰਨਾਮ। ਮਾਂ ਦੀ ਇੱਕ ਦੁਆ ਦੀ, ਹੋ ਨਾ ਸਕਦੀ ਰੀਸ। ਸੌ ਵਰ੍ਹਿਆਂ ਦੇ ਵਾਂਗ ਹੈ, ਮਾਂ ਦੀ ਇੱਕ ਅਸੀਸ। ਕੁੱਲ ਜਹਾਨ ਤੋਂ ਰੌਣਕਾਂ, ਭਾਵੇਂ ਘਰ ਆ ਜਾਣ। ਜਿਸ ਦੇ ਘਰ ਵਿੱਚ ਮਾਂ ਨਾ, ਲੱਗੇ ਸੁੰਨ-ਮਸਾਣ। ਮਤਰੇਆਂ ਦੇ ਵਾਂਗ ਹੀ ਕਰਦੇ ਕਈ ਵਿਹਾਰ। ਕਰਮਾਂ ਵਾਲੇ ਮਾਣਦੇ, ਮਾਂ – ਬਾਪ ਦਾ ਪਿਆਰ। ਘਰ ਨੂੰ ਭਾਵੇਂ ਵੰਡਿਆ, ਪੁੱਤਾਂ ਅੱਧੋ–ਅੱਧ । ਮਿੱਟੀ ਮਾਂ ਦੇ ਪੈਰ ਦੀ, ਜ਼ੰਨਤ ਤੋਂ ਵੀ ਵੱਧ। ਰੱਬ ਕਰੇ ਨਾ ਮਾਂ ਮਰੇ ਸ਼ਾਲਾ ! ਜੀਵੇ ਬਾਪ। ਮੰਗਣ ਸੁੱਖ ਔਲਾਦ ਦੀ, ਕੁਝ ਨਾ ਚਾਹਵਣ ਆਪ। ਸਾਥੋਂ ਦੂਰ ਮਾਂ ਤੁਰ ਗਈ, ਪਰ ਸਾਹੀਂ ਆਬਾਦ। ਪੱਲੇ ਵਿੱਚ ਨਸੀਹਤਾਂ, ਹਰ ਦਮ ਆਵੇ ਯਾਦ। ਮਰ ਕੇ ਵੀ ਨਾ ਨਿਕਲਣੀ, ਦਿਲ ਚੋਂ ਮਾਂ ਦੀ ਯਾਦ । ਕੱਲ੍ਹ ਵਾਂਗ ਹੀ ਸੱਜਰੀ, ਰਹਿਣੀ ਸਦਾ ਆਬਾਦ । ਹੁਣ ਨਾ ਕਿਸੇ ਵੀ ਆਖਣਾ, ਮੇਰਾ ਰਾਜਾ ਪੁੱਤ। ਜਾਪੇ ਸਾਥੋਂ ਰੁੱਸ ਗਈ, ਜਿਉਂ ਬਹਾਰ ਦੀ ਰੁੱਤ । ਜੇ ਹੱਕ ਹੁੰਦਾ ਮਾਂ ਨੂੰ, ਲਿਖਦੀ ਨਾ ਕੋਈ ਦੁੱਖ । ਬੱਚਿਆਂ ਦੀ ਤਕਦੀਰ ਵਿਚ, ਹੁੰਦੇ ਸੁੱਖ ਹੀ ਸੁੱਖ। ਸ਼ਾਲਾ! ਸਿਰ ਉੱਤੇ ਰਹੇ ਸਦਾ, ਮਾਂ ਜਿਹੀ ਠੰਢੀ ਛਾਂ। ਮਾਂ ਤਾਂ ਹੁੰਦੀ ਸੱਜਣੋਂ, ਰੱਬ ਦਾ ਦੂਜਾ ਨਾਂ ।

ਮਾਂ-ਬੋਲੀ

ਮਾਂ-ਬੋਲੀ ਮਾਂ ਸਾਡੀ ਮਾਂ- ਬੋਲੀ ਮਾਂ ਸਾਡੀ, ਕਰੋ ਸਤਿਕਾਰ ਸਾਰੇ, ਆਉ ਰਲ ਮਿਲ ਕੇ ਤੇ, ਗੱਲ ਇਹ ਵਿਚਾਰੀਏ। ਮਾਂ ਦਾ ਸਥਾਨ ਕਿਵੇਂ, ਚਾਚੀ ਮਾਸੀ ਲੈ ਸਕੇ, ਦਿਲ ਵਿਚੋਂ ਮਾਂ-ਬੋਲੀ ਕਦੇ ਨਾ ਵਿਸਾਰੀਏ। ਗੁਰੂਆਂ ਦੀ ਵਰੋਸਾਈ, ਸੂਫ਼ੀਆਂ ਨੇ ਮਾਣ ਦਿੱਤਾ, ਕਵੀਆਂ ਕਵੀਸ਼ਰਾਂ ਨੇ ਇਸ ਨੂੰ ਦੁਲਾਰਿਆ। ਢੋਲੇ, ਟੱਪੇ, ਮਾਹੀਏ, ਲੋਕ-ਗੀਤਾਂ ਵਿੱਚ ਗੂੰਜਦੀ ਇਹ, ਬਾਕੀ ਇਹਦੇ ਕਿੱਸਾਕਾਰਾਂ, ਰੂਪ ਨੂੰ ਸ਼ਿੰਗਾਰਿਆ । ਸ਼ਹਿਦ ਨਾਲੋਂ ਮਿੱਠੜੀ ਇਹ, ਕੰਨਾਂ ਵਿੱਚ ਰਸ ਘੋਲੇ, ਬੋਲ-ਬੋਲ ਰੱਜੀਏ ਨਾ, ਇਸ ਦਾ ਜਵਾਬ ਨਹੀਂ। ਪੰਜਾਂ ਦਰਿਆਵਾਂ ਵਾਲੀ, ਪਹੁੰਚੀ ਪਾਰ ਸਾਗਰਾਂ ਤੋਂ, ਝੰਡਾ ਗੱਡੂ ਚੰਨ 'ਤੇ, ਅੱਗੇ ਦਾ ਹਿਸਾਬ ਨਹੀਂ। ਬੇਮੁੱਖ ਹੋਣ ਵਾਲੇ, ਮਾਂ ਨੂੰ ਵਿਸਾਰ ਕਦੇ, ਆਂਟੀ ਦੇ ਕੰਧਾੜੇ ਚੜ੍ਹ, ਸੁੱਖ ਨਹੀਂ ਜੇ ਮਾਣਦੇ। ਹੀਰਿਆਂ-ਜਵਾਹਰਾਂ ਅਤੇ, ਮੋਤੀਆਂ ਨੂੰ ਛੱਡ ਕੇ ਤੇ, ਐਵੇਂ ਰੋੜਾਂ ਵਾਲਾ ਪਏ, ਘੱਟਾ ਨੇ ਉਹ ਛਾਣਦੇ। ਨਾਨਕ ਫ਼ਰੀਦ,ਬਾਹੂ, ਬੁੱਲ੍ਹੇ ਅਤੇ ਵਾਰਿਸਾਂ ਦੀ, ਭਾਸ਼ਾ ਇਹ ਦੁਨੀਆਂ 'ਤੇ ਦਸਵੇਂ ਸਥਾਨ 'ਤੇ। ਦਿਲਾਂ ਉੱਤੇ ਰਾਜ ਕਰੇ, ਬਣ ਪਟਰਾਣੀ ਚੜ੍ਹੀ, ਨਜ਼ਮੀ ਤੇ ਪਾਤਰਾਂ ਜਹੇ, ਪੁੱਤਾਂ ਦੀ ਜ਼ੁਬਾਨ 'ਤੇ। ਬੋਲੀ ਸਾਡੀ ਮਾਣ ਸਾਡਾ, ਇਹੋ ਪਹਿਚਾਣ ਸਾਡੀ, ਪੜ੍ਹੀਏ ਪੜ੍ਹਾਈਏ ਸਾਡਾ, ਇਹੋ ਵਿਸ਼ਵਾਸ ਏ। ਸ਼ਾਦ ਤੇ ਆਬਾਦ ਰਹੇ, ਜੁੱਗਾਂ ਤੱਕ ਗੂੰਜਦੀ, ਸੱਚੇ ਰੱਬ ਅੱਗੇ, 'ਓਠੀ' ਇਹੋ ਅਰਦਾਸ ਏ।

ਸਾਡਾ ਕਾਹਦਾ ਸਾਵਣ ਏ

ਸਾਡਾ ਕਾਹਦਾ ਸਾਵਣ ਏ ਦਿਲ ਵਿੱਚ ਅੱਗ ਹਾੜ ਦੀ ਬਲਦੀ। ਗਰਮ ਹਵਾਵਾਂ ਹਿਜ਼ਰ ਦੀਆਂ ਕਿਤੇ ਨਾ ‘ਵਾ ਪੁਰੇ ਦੀ ਚੱਲਦੀ। ਮੋਰਾਂ ਤੇ ਕੋਇਲਾਂ ਦੀ ਕੂ-ਕੂ ਸੀਨੇ ਤੀਰ ਚਲਾਵੇ। ਵੰਝਲੀ ਅੱਜ ਰੋਂਦੀ ਏ ਕੋਈ ਰਹਿਬਰ ਆ ਕੇ ਹੀਰ ਮਿਲਾਵੇ। ਪਿਆਰਾਂ ਦੇ ਗੁਲਸ਼ਨ 'ਚ ਨਾ ਦਿਸੇ ਕਲੀ ਵਸਲ ਦੀ ਫ਼ਲਦੀ। ਸਾਡਾ ਕਾਹਦਾ ਸਾਵਣ ਏ........ ਹੌਕੇ ਤੇ ਹਾਵਾਂ ਦਾ ਝੱਖੜ ਜਿੰਦ 'ਤੇ ਹੋਇਆ ਭਾਰੂ। ਵਾਂਗ ਸੱਸੀ ਬਿਨ ਪੁੰਨੂ ਜਿਵੇਂ ਰੋਂਦੀ ਵਿੱਚ ਥਲ ਮਾਰੂ। ਹਾਲ ਵਿਛੜੀ ਕੂੰਜ ਵਾਂਗੂੰ ਜਿਹੜੀ ਡਾਰ ਵਿੱਚ ਨਹੀਂ ਰਲਦੀ। ਸਾਡਾ ਕਾਹਦਾ ਸਾਵਣ ਏ........ ਪਿੱਪਲੀ ਦੀ ਪੀਂਘ ਜਾਪੇ ਜਿਵੇਂ ਫ਼ਾਂਸੀ 'ਤੇ ਚੜ੍ਹ ਜਾਣਾ । ਬਿਨ ਮਾਹੀਏ ਇਸ ਰੁੱਤੇ ਤਨਹਾ ਰੋਂਦਿਆਂ ਹੀ ਮਰ ਜਾਣਾ। ਰੱਬ ਜਾਣੇ ਕਿਸਮਤ 'ਚੋਂ ਕਿਉਂ ਨਹੀਂ ਘੜੀ ਤੜਪ ਦੀ ਟਲਦੀ। ਸਾਡਾ ਕਾਹਦਾ ਸਾਵਣ ਏ....... ਅੱਖੀਆਂ ਵਿੱਚ ਸਾਵਣ ਏ ਫਿਰ ਵੀ ਰੂਹ ਮੇਰੀ ਤਿਰਹਾਈ। ਦਿਲ ਤਰਸੇ ਦੀਦ ਤੇਰੀ ਛੇਤੀ ਆ ਜਾ ਓ ਹਰਜਾਈ। ਪਲ ਦੋ ਪਲ ਜੀਵਨ ਏ "ਓਠੀ' ਆਸ ਨਹੀਂ ਕੋਈ ਕੱਲ੍ਹ ਦੀ। ਸਾਡਾ ਕਾਹਦਾ ਸਾਵਣ ਏ ਦਿਲ ਵਿੱਚ ਅੱਗ ਹਾੜ ਦੀ ਬਲਦੀ । ਗਰਮ ਹਵਾਵਾਂ ਹਿਜ਼ਰ ਦੀਆਂ ਕਿਤੇ ਨਾ 'ਵਾ ਪੁਰੇ ਦੀ ਚੱਲਦੀ।

ਕਰਤਾਰਪੁਰ ਸਾਹਿਬ ਦੀ ਯਾਤਰਾ ਕਰਦਿਆਂ

ਧਰਤੀ ਚੁੰਮੀ ਜਦੋਂ ਕਰਤਾਰਪੁਰ ਦੀ, ਦਿਲੋਂ ਨਿਕਲੀ ਇਹ ਪੁਕਾਰ ਬਾਬਾ । ਤੇਰੇ ਚਰਨਾਂ 'ਚ ਸਿਜਦਾ ਸੌ ਵਾਰੀ, ਠੰਡ ਵਰਤਾ ਦੇ ਆਰ ਤੇ ਪਾਰ ਬਾਬਾ। ਵਗੇ ਪੌਣ ਮੁਹੱਬਤੀ ਦੋਹੀਂ ਪਾਸੀਂ, ਪੁੱਟੀ ਜਾਏ ਕੰਡਿਆਲੀ ਤਾਰ ਬਾਬਾ। ਤੇਰੀ ਮਿਹਰ ਤੇ ਨਦਰ ਦੀ ਹੋਏ ਪਾਤਰ, ਦੋਹਾਂ ਪਾਸਿਆਂ ਦੀ ਸਰਕਾਰ ਬਾਬਾ। ਹਰ ਬਸ਼ਰ 'ਚੋਂ ਰੱਬ ਦੀ ਝਲਕ ਪੈ ਜਾਏ, ਚੜ੍ਹੇ ਨਾਮ ਦੀ ਐਸੀ ਖ਼ੁਮਾਰ ਬਾਬਾ। ਟੁੱਟੇ ਦੇਸਾਂ ਤੇ ਧਰਮਾਂ ਦੀ ਹੱਦ- ਬੰਦੀ, ਇਹੋ ਅਰਜ਼ ਹੈ ਤੇਰੇ ਦਰਬਾਰ ਬਾਬਾ। ਰਹਿਣ ਵੱਸਦੇ ਵਾਘਿਓਂ ਆਰ ਨੇ ਜੋ, ਵੱਸਣ ਘੁੱਗ ਜੋ ਰਾਵੀਓਂ ਪਾਰ ਬਾਬਾ। 'ਧੰਨ- ਧੰਨ ਗੁਰੂ 'ਨਾਨਕ' ਦੀ ਗੂੰਜ ਪੈ ਜਾਏ, ਐਸੇ ਛੇੜ ਦੇ ਦਿਲਾਂ ਦੇ ਤਾਰ ਬਾਬਾ।

ਟਮਾਟਰ ਨੂੰ

ਗੱਲ ਸੁਣ ਬਈ ਟਮਾਟਰਾ, ਤੂੰ ਸਬਜ਼ੀਆਂ ਦਾ ਸਰਦਾਰ। ਹੋਣ ਘਰ-ਘਰ ਗੱਲਾਂ ਤੇਰੀਆਂ, ਤੂੰ ਗ਼ਰੀਬ ਦੀ ਪਹੁੰਚੋਂ ਬਾਹਰ। ਸੈਂ ਦਸ ਰੁਪਈਏ ਰੁਲਦਾ, ਹੁਣ ਦੋ ਸੌ ਹੋਇਉਂ ਪਾਰ। ਸਦਾ ਰਹੇ ਨਾ ਗੁੱਡੀ ਚੜ੍ਹਦੀ, ਪੈ ਜਾਂਦੀ ਰੱਬ ਦੀ ਮਾਰ । ਬਣ ਬੰਦਾ ਥੱਲੇ ਆ ਤੂੰ, ਤੈਨੂੰ ਜਨਤਾ ਕਰੇ ਪੁਕਾਰ। ਆ ਵਿੱਚ ਰਸੋਈ ਗ਼ਰੀਬ ਦੀ, ਤੂੰ ਕੁਝ ਤੇ ਸੋਚ ਵਿਚਾਰ।

ਆਖੋ ਕੋਈ ਜਾ ਕੇ ਫਿਰ ਤੂਫ਼ਾਨਾਂ ਨੂੰ-ਗ਼ਜ਼ਲ

ਆਖੋ ਕੋਈ ਜਾ ਕੇ ਫਿਰ ਤੂਫ਼ਾਨਾਂ ਨੂੰ । ਸਿਰ ਵਾਰਨ ਲਈ ਚੜ੍ਹਿਆ ਚਾਅ ਜਵਾਨਾਂ ਨੂੰ। ਰੰਗ ਬਦਲਦਾ ਗਿਰਗਟ ਵੀ ਸ਼ਰਮਾ ਜਾਵੇ, ਨੇਤਾ ਦੇ ਜੇ ਸੁਣ ਲਏ ਰੋਜ਼ ਬਿਆਨਾਂ ਨੂੰ। ਵੇਖੋ ਪਿਉ ਦੇ ਪਿਉ ਨੂੰ ਫੜਨਾ ਚਾਹੁੰਦੀਆਂ ਨੇ, ਕੀ ਹੋਇਆ ਏ ਅੱਜ ਦੀਆਂ ਸੰਤਾਨਾਂ ਨੂੰ। ਤ ਦੇਸ-ਕੌਮ ਲਈ ਜਿਹੜੇ ਆਪਾ ਵਾਰ ਗਏ, ਦਿਲਾਂ 'ਚ ਰੱਖੋ ਯਾਦ ਉਹਨਾਂ ਬਲੀਦਾਨਾਂ ਨੂੰ। ਭੀੜ ਬਣੀ 'ਤੇ ਨਾ ਚੱਲਣ ਦਾ ਖ਼ਦਸ਼ਾ ਜੀ, ਤੋ ਤੋੜੋ ਐਸੇ ਸਾਂਭੇ ਤੀਰ ਕਮਾਨਾਂ ਨੂੰ। ਖਾਧੀ ਬਾਬੇ ਰੁੱਖੀ ਮਿੱਸੀ ਲਾਲੋ ਦੀ, ਮਾਰੀ ਠੋਹਕਰ ਭਾਗੋ ਦੇ ਪਕਵਾਨਾਂ ਨੂੰ। ਪੂਰੀ ਕਰਦੇ ਮੌਲਾ ‘ਓਠੀ’ ਅਰਜ਼ ਕਰੇ, ਸਾਂਭੀ ਬੈਠਾ ਦਿਲ ਵਿੱਚ ਜੋ ਅਰਮਾਨਾਂ ਨੂੰ।

ਛੱਡ ਈਰਖਾ ਤੇ ਸਾੜਾ ਕਰ ਪਿਆਰਾਂ ਦੀ ਗੱਲ-ਗ਼ਜ਼ਲ

ਛੱਡ ਈਰਖਾ ਤੇ ਸਾੜਾ ਕਰ ਪਿਆਰਾਂ ਦੀ ਗੱਲ। ਦੋ ਦਿਲਾਂ ਦਾ ਮਿਲਾਪ ਤੇ ਬਹਾਰਾਂ ਦੀ ਗੱਲ। ਹਰ ਸਾਹ ਦੇ ਨਾਲ ਤੈਨੂੰ ਜਿਹੜੇ ਵੱਧ ਯਾਦ ਆਉਂਦੇ, ਖੋਲ੍ਹ ਘੁੰਢੀ ਤੂੰ ਸੁਣਾਦੇ ਉਹਨਾਂ ਯਾਰਾਂ ਦੀ ਗੱਲ। ਬਸ ਤਿਆਗ ਹੀ ਤਿਆਗ ਵਿੱਚ ਹੁੰਦਾ ਦੋਸਤੀ ਦੇ, ਕਦੇ ਭੁੱਲ ਕੇ ਨਾ ਆਵੇ ਵਪਾਰਾਂ ਦੀ ਗੱਲ। ਕੰਨ ਪੱਕ ਗਏ ਨੇ ਗੋਲੀਆਂ ਦਾ ਸ਼ੋਰ ਸੁਣ ਕੇ, ਕਰੋ ਵੰਗਾਂ ਤੇ ਪੰਜੇਬਾਂ ਦੀ ਛਣਕਾਰਾਂ ਦੀ ਗੱਲ। ਭਾਰ ਦਿਲ ਉੱਤੇ ਚਿਹਰੇ ਮੁਸਕਾਨ ਰੱਖਦੇ, ਕਰ ਜਿੰਦਾ-ਦਿਲ ਐਸੇ ਫ਼ਨਕਾਰਾਂ ਦੀ ਗੱਲ। 'ਓਠੀ' ਸੁਣਨੀ ਮੈਂ ਤੈਥੋਂ ਤੇਰੀ ਗੱਲ ਮਿੱਤਰਾ, ਨਾ ਸੁਣਾ ਮੈਨੂੰ ਲੋਕਾਂ ਤੇ ਬਾਜ਼ਾਰਾਂ ਦੀ ਗੱਲ।

ਭੁੱਲਾਂ ਕਿੱਦਾ ਗੱਲਾਂ ਵਿਛੜੇ ਯਾਰ ਦੀਆਂ-ਗ਼ਜ਼ਲ

ਭੁੱਲਾਂ ਕਿੱਦਾ ਗੱਲਾਂ ਵਿਛੜੇ ਯਾਰ ਦੀਆਂ। ਜਦ ਚੇਤੇ ਆ ਜਾਵਣ ਪਲ-ਪਲ ਮਾਰਦੀਆਂ। ਦਿਲ ਦੀਆਂ ਗੱਲਾਂ ਅਪਣਾ ਜਾਣ ਕੇ ਦੱਸੀਆਂ ਜੋ, ਸੁਰਖ਼ੀ ਬਣੀਆਂ ਦਿਨ ਚੜ੍ਹਦੇ ਅਖ਼ਬਾਰ ਦੀਆਂ। ਜੋ ਸਿਰ ਦਿੰਦਾ ਉਸ ਦੇ ਸਿਰ 'ਤੇ ਸੱਜਦੀ ਏ, ਧੁੰਮਾਂ ਪਈਆਂ ਐਵੇਂ ਨਹੀਂ ਦਸਤਾਰ ਦੀਆਂ। ਜਿਹਨਾਂ ਦਾ ਏ ਧਰਮ ਹੀ ਕੇਵਲ ਮਾਨਵਤਾ, ਓਹੀ ਬੁੱਝਣ ਰਮਜਾਂ ਫਿਰ ਕਰਤਾਰ ਦੀਆਂ। ਸੱਤ ਪੱਤਣਾਂ ਦੇ ਤਾਰੂ ਵੀ ਡੁੱਬ ਜਾਂਦੇ ਨੇ, ਮਾਰੂ ਲਹਿਰਾਂ ਇਸ਼ਕੇ ਦੀ ਮੰਝਧਾਰ ਦੀਆਂ। ਹਿਜ਼ਰ ਦੀ ਭੱਠੀ ਜਿੰਨਾ ਕਿਧਰੇ ਸੇਕ ਨਹੀਂ, ਮੱਧਮ ਹੁੰਦੀਆਂ ਲਾਟਾਂ ਵੀ ਅੰਗਿਆਰ ਦੀਆਂ। ‘ਓਠੀ’ ਤੇਰੀ ਸੋਚ ਨਾ ਉਥੇ ਅੱਪੜਦੀ, ਡੂੰਘੀਆਂ ਪਰਤਾਂ ਕਵੀਆਂ ਦੇ ਸੰਸਾਰ ਦੀਆਂ।

ਕੁਲ ਆਲਮ ਵਿੱਚ ਮੇਰੇ ਮੌਲਾ ਪਿਆਰ ਵਧੇ-ਗ਼ਜ਼ਲ

ਕੁਲ ਆਲਮ ਵਿੱਚ ਮੇਰੇ ਮੌਲਾ ਪਿਆਰ ਵਧੇ। ਇੱਕ ਦੂਜੇ ਲਈ ਸਭ ਦੇ ਮਨ ਸਤਿਕਾਰ ਵਧੇ। ਤੰਗੀ-ਤੁਰਸ਼ੀ,ਹਉਕੇ ਉੱਡਣ ਖੰਭ ਲਾ ਕੇ, ਮਹਿਕਾਂ,ਖੁਸ਼ੀਆਂ-ਖੇੜਿਆਂ ਦਾ ਭੰਡਾਰ ਵਧੇ। ਜ਼ਹਿਰੀ ਪੌਣਾਂ ਪੋਹਣ ਨਾ ਕਦੇ ਫ਼ਿਜ਼ਾਵਾਂ ਨੂੰ, ਪਿਆਰੀ ਕੰਢਿਆਂ ਤੀਕਰ ਭਰ ਜਲਧਾਰ ਵਧੇ। ਕਿਉਂ ਜੋੜਨ ਲਈ ਦਾਨੇ ਘਟਦੇ ਜਾਂਦੇ ਨੇ, ਕਿਉਂ ਤੋੜਨ ਲਈ ਜ਼ਿਹਨਾਂ ਵਿੱਚ ਹਥਿਆਰ ਵਧੇ। ਫੁੱਲ ਸਾਂਝਾਂ ਦੇ ਪਲ-ਪਲ ਸੜਦੇ ਜਾਂਦੇ ਨੇ, ਮੈਂ ਤਾਂ ਅੱਜ ਤੱਕ ਵੇਖੇ ਨੇ ਅੰਗਿਆਰ ਵਧੇ। ਕਿਉਂ ਗਲਵੱਕੜੀ ਢਿੱਲੀ ਹੁੰਦੀ ਜਾਂਦੀ ਏ, ਰੋਕੋ ਨਫ਼ਰਤ, ਸਾੜੇ ਤੇ ਹੰਕਾਰ ਵਧੇ । ਜੱਗ ਦੇ ਵਾਲੀ ਸੁਣ ਲੈ 'ਓਠੀ' ਅਰਜ਼ ਕਰੇ, ਸ਼ਾਲਾ! ਆਲਮ ਬਣ ਸਾਂਝਾ ਪਰਿਵਾਰ ਵਧੇ।

ਤੇਰੇ ਤੇ ਮੇਰੇ ਵਿੱਚ ਇਹੋ ਅੰਤਰ ਹੈ-ਗ਼ਜ਼ਲ

ਤੇਰੇ ਤੇ ਮੇਰੇ ਵਿੱਚ ਇਹੋ ਅੰਤਰ ਹੈ। ਤੇਰੇ ਵਾਂਗੂੰ ਨਹੀਂ ਗ਼ੱਦਾਰੀ ਫ਼ਿਤਰਤ ਹੈ। ਝੂਠ, ਮੱਕਾਰੀ ਤੇ ਬੇਸ਼ਰਮੀ ਔਗੁਣ ਨਹੀਂ, ਗੁੱਡੀ ਚੜ੍ਹਨ ਦਾ ਅੱਜ-ਕੱਲ੍ਹ ਇਹੋ ਮੰਤਰ ਹੈ। ਰੱਬ ਦੇ ਨਾਂ 'ਤੇ ਰੱਬ ਨੂੰ ਲੁੱਟੀ ਜਾਂਦੇ ਨੇ, ਰੱਬ ਦੇ ਬੰਦਿਆਂ ਦੀ ਇਹ ਕੈਸੀ ਬਣਤਰ ਹੈ। ਘੱਟ ਗਿਣਤੀ ਤੇ ਔਰਤ ਪਿਸਦੀ ਜਿਸ ਚੱਕੀ, ਸਭ ਤੋਂ ਵੱਡਾ ਲੋਕਾਂ ਦਾ ਇਹ ਤੰਤਰ ਹੈ। ਸੱਚ ਬੋਲ ਕੇ ਵੇਖੀਂ ਸੂਲੀ ਟੰਗਣਗੇ, ਉਂਜ ਆਖਣ ਨੂੰ ਦੇਸ ਮੇਰਾ ਸਵਤੰਤਰ ਹੈ। ਬੰਦਾ ਬਣ ਜਾਏ ਬੰਦਾ 'ਓਠੀ' ਨਾਲ ਜਿਹਦੇ, ਦੱਸੋ ਜੇ ਕੋਈ ਮਿਲਦਾ ਐਸਾ ਜੰਤਰ ਹੈ।

ਸਿੱਧੀ ਕਦੇ ਨਾ ਕਰਦੇ ਗੱਲ-ਗ਼ਜ਼ਲ

ਸਿੱਧੀ ਕਦੇ ਨਾ ਕਰਦੇ ਗੱਲ। ਲੋਕੀ ਜਾਣ ਖਲਾਰੀ ਝੱਲ। ਅੰਦਰ ਦੀ ਆਵਾਜ਼ ਤੂੰ ਸੁਣ ਲੈ, ਕੰਮ ਨਹੀਂ ਆਉਣੇ ਟੱਲੀਆਂ ਟੱਲ । ਮੰਜ਼ਲ ਦਾ ਮੂੰਹ ਚੁੰਮ ਲਵੇਂਗਾ, ਵਿੱਚ ਤੂਫ਼ਾਨਾਂ ਚੱਲਦਾ ਚੱਲ । ਮੂੰਹ ਜ਼ੋਰ ਨੇ ਸ਼ੌਕ ਦੇ ਘੋੜੇ, ਕੌਣ ਇਹਨਾਂ ਨੂੰ ਸਕਦਾ ਠੱਲ। ਕਰਨਾ ਚਾਹੇਂ ਜੋ ਹੁਣ ਕਰ ਲੈ, ਨਾ ਕਰ ਐਵੇਂ ਅੱਜ ਤੇ ਕੱਲ੍ਹ। ਡਾਂਗਾਂ ਸੋਟੇ ਸਦਾ ਵਿਗਾੜਨ, ਗੱਲ ਹੈ ਹਰ ਮਸਲੇ ਦਾ ਹੱਲ। ਕੋਈ ਇਹਨਾਂ ਦਾ ਦਰਦ ਸੁਣੇ ਨਾ, ਬੈਠੇ ਨੇ ਜੋ ਸੜਕਾਂ ਮੱਲ। ਆਪਣੇ ਬਾਰੇ ਕੁਝ ਨਾ ਜਾਣੇ ਉਂਝ ਉਹ ਵਾਲ ਦੀ ਲਾਹੁੰਦਾ ਖੱਲ। ਜਗ ਦੀ ਕਰ ਪਰਵਾਹ ਨਾ 'ਓਠੀ', ਜੇਕਰ ਰੱਬ ਹੈ ਤੇਰੇ ਵੱਲ।

ਕਿਸ 'ਤੇ ਹੈ ਇਤਬਾਰ ਜ਼ਮਾਨਾ ਬਦਲ ਗਿਆ-ਗ਼ਜ਼ਲ

ਕਿਸ 'ਤੇ ਹੈ ਇਤਬਾਰ ਜ਼ਮਾਨਾ ਬਦਲ ਗਿਆ। ਭਲੀ ਕਰੇ ਕਰਤਾਰ ਜ਼ਮਾਨਾ ਬਦਲ ਗਿਆ। ਵੱਖੋ- ਵੱਖਰਾ ਘਰ ਹੈ ਬਣਿਆ ਹਰ ਕਮਰਾ, ਟੁੱਟੇ ਘਰ- ਪਰਿਵਾਰ ਜ਼ਮਾਨਾ ਬਦਲ ਗਿਆ। ਖ਼ੌਫ਼ ਨਹੀਂ ਸੀ ਗੈਰਾਂ ਦੇ ਹੱਥ ਚੱਪੂ ਹੈ, ਡੋਬਣ ਹੁਣ ਪਤਵਾਰ ਜਮਾਨਾ ਬਦਲ ਗਿਆ। ਹਿੱਕਾਂ ਦੇ ਵਿਚ ਆਹਾਂ ਮੂੰਹ 'ਤੇ ਤਾਲੇ ਨੇ, ਲੋਕਾਂ ਦੀ ਸਰਕਾਰ ਜ਼ਮਾਨਾ ਬਦਲ ਗਿਆ। ਖ਼ਬਰਾਂ ਪੜ੍ਹਨੇ ਸੁਣਨੇ ਨੂੰ ਦਿਲ ਕਰਦਾ ਨਹੀਂ, ਲਹੂ-ਭਿੱਜੇ ਅਖ਼ਬਾਰ ਜ਼ਮਾਨਾ ਬਦਲ ਗਿਆ। ਜਿੰਨ੍ਹਾਂ ਮਾਰਿਆ ਪਹੁੰਚੇ ਉਸ ਦੀ ਮਰਗ ਉੱਤੇ, ਬੈਠੇ ਢੁੱਕ ਵਿਚਕਾਰ ਜ਼ਮਾਨਾ ਬਦਲ ਗਿਆ। ਗਾਉਣ ਮਸ਼ੀਨਾਂ ਸਦਕਾ ਹਿੱਕ ਵਿੱਚ ਜ਼ੋਰ ਨਹੀਂ, ਕੀ ਬਣ ਗਏ ਫ਼ਨਕਾਰ ਜ਼ਮਾਨਾ ਬਦਲ ਗਿਆ। ਮਾਪੇ ਭਟਕਣ ਬਾਹਰ ਤਾਂ ਐਸੇ ਪੁੱਤਾਂ 'ਤੇ, ਲੱਖ ਲਾਹਨਤ, ਫ਼ਿਟਕਾਰ ਜ਼ਮਾਨਾ ਬਦਲ ਗਿਆ। ਜਿੰਨ੍ਹਾਂ ਹੱਥਾਂ ਵਿਚ ਸੀ ' ਓਠੀ' ਫੁੱਲ ਕਦੇ, ਉਹਨਾਂ ਹੱਥ ਤਲਵਾਰ ਜ਼ਮਾਨਾ ਬਦਲ ਗਿਆ।

ਆਪਣੀ ਚਾਲੇ ਚੱਲਦਾ ਚੱਲ-ਗ਼ਜ਼ਲ

ਆਪਣੀ ਚਾਲੇ ਚੱਲਦਾ ਚੱਲ। ਦਿਲ ਤੇ ਨਾਂ ਕੋਈ ਲਾਵੀਂ ਗੱਲ। ਆਪਣੇ ਆਪ ਨੂੰ ਮਨਫ਼ੀ ਕਰ ਲੈ, ਤਾਂ ਫਿਰ ਦੁਨੀਆਂ ਤੇਰੇ ਵੱਲ। ਖੁਦ ਨੂੰ ਮਾਰ ਕੇ ਭਟਕੀ ਜਾਣਾ, ਮਰਨਾ ਦੱਸ ਕਿੱਥੋਂ ਦਾ ਹੱਲ। ਬਿਨ ਬੋਲੇ ਉਹ ਸਭ ਹੀ ਜਾਣੇ, ਫਿਰ ਕਿਸ ਲਈ ਨੇ ਬਾਂਗਾਂ ਟੱਲ। ਜੇ ਕੁਝ ਕਰਨਾ ਪੁੱਛ ਨਾ ਪਾਂਧਾ, ਨਾ ਕਰ ਐਵੇਂ ਤੂੰ ਅੱਜ- ਕੱਲ੍ਹ। ਆਪਣੇ ਬਾਰੇ ਕੁਝ ਨਾ ਜਾਣਨ, ਜਿਹੜੇ ਵਾਲ ਦੀ ਲਾਹੁੰਦੇ ਖੱਲ । ਵਾਰੋ-ਵਾਰੀ ਸਭ ਤੁਰ ਜਾਣੇ, ਖੱਬੀ ਖਾਂ ਕੋਈ ਭਾਵੇਂ ਮੱਲ। ਜਾਤਾਂ ਧਰਮਾਂ ਦੇ ਨਾਂ ਉੱਤੇ, ਕਮਲੇ ਜਾਣ ਖਲਾਰੀ ਝੱਲ। ਭਟਕੀ ਦੁਨੀਆਂ ਰਾਹੇ ਪੈ ਜਾਏ, ਰੱਬਾ ਐਸਾ ਰਹਿਬਰ ਘੱਲ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਸਤਿੰਦਰ ਸਿੰਘ ਓਠੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ