Saif-Ul-Malook : Mian Muhammad Bakhsh

ਸੈਫ਼-ਉਲ-ਮਲੂਕ : ਮੀਆਂ ਮੁਹੰਮਦ ਬਖ਼ਸ਼

53. ਦਾਸਤਾਨ ਖ਼ਬਰ ਸ਼ੁਦਨ ਦੇਵਾਂ ਰਾ ਅਜ ਕੁਸ਼ਤਨਿ ਦੇਵ ਵਾ ਫ਼ਤਹਿ
ਕਰਦਨਿ ਕਿਲੱਅ ਅਸਫੰਦ ਬਾਸ਼ ਰਾ ਵਾ ਜੁਸਤਨਿ ਏਸ਼ਾਂ
ਸੈਫ਼-ਉਲ-ਮਲੂਕ ਰਾ ਵਾ ਯਾਫ਼ਤਨ ਵਾ ਕੈਦ ਕਰਦਨਿ ਊ
(ਦੇਵਾਂ ਨੂੰ ਬਹਿਰਾਮ ਦਿਓ ਮਾਰੇ ਜਾਣ ਤੇ ਅਸਫ਼ੰਦ ਬਾਸ਼ ਕਿਲੇ ਦੇ ਫ਼ਤਿਹ
ਹੋ ਜਾਣ ਦੀ ਖ਼ਬਰ ਹੋਣਾ ਅਤੇ ਉਨ੍ਹਾਂ ਦਾ ਸੈਫ਼-ਉਲ-ਮਲੂਕ ਨੂੰ ਲੱਭਣਾ ਤੇ
ਲੱਭ ਕੇ ਕੈਦ ਕਰਨਾ)

ਰਾਵੀ ਏਸ ਕਿੱਸੇ ਦੇ ਮੈਨੂੰ ਹੋਰ ਸਲਾਹ ਦਸਾਲੀ
ਫਿਰ ਪਿੱਛੋਂ ਚੱਲ ਪਕੜ ਮੁਹੰਮਦ ਗੱਲ ਸ਼ਹਿਜ਼ਾਦੇ ਵਾਲੀ

ਕੁਲਜ਼ਮ ਦਾ ਸ਼ਹਿਜ਼ਾਦਾ ਜਿਸ ਦਿਨ ਕੁੱਠਾ ਸੈਫ਼-ਮਲੂਕੇ
ਚਾਲੀ ਰੋਜ਼ ਗੁਜ਼ਸ਼ਤਾ ਹੋਏ ਬਿਨ ਫ਼ਰਯਾਦੀ ਕੂਕੇ

ਬਾਦ ਇਸ ਥੀਂ ਮਾਂ ਬਾਪ ਦੇਵ ਦੇ ਖ਼ਬਰ ਹੋਈ ਇਸ ਗੱਲ ਦੀ
ਅਸਫ਼ੰਦ ਬਾਸ਼ ਕਿਲੇ ਵਿਚ ਕੁੱਠਾ ਬੇਟਾ ਤੇਗ਼ ਅਜਲ ਦੀ

ਮਾਤਮ ਬਹੁਤ ਕੀਤਾ ਬੇਹੱਦਾ ਸੋਗ ਵੱਡਾ ਵਿਚ ਧਰਤੀ
ਉਹ ਮਹੀਨਾ ਕੁਲਜ਼ਮ ਅੰਦਰ ਰੋਜ਼ ਕਿਆਮਤ ਵਰਤੀ

ਬੂਹੇ ਬੂਹੇ ਹੋਏ ਸਿਆਪੇ ਹਾਏ ਸ਼ੇਰਾ ਐ ਸ਼ੇਰਾ
ਮਾਈ ਬਾਪ ਪੁੱਟਣ ਸਿਰ ਦਾੜ੍ਹੀ ਮੂੰਹ ਨਾ ਡਿੱਠਾ ਤੇਰਾ

ਕੌਣ ਬਿਜਗ ਪਈ ਅਸਮਾਨੋਂ ਕਰ ਗਈ ਇਹ ਕਾਰਾ
ਦੇਵ ਪਰੀ ਕੋਈ ਮਾਰ ਨਾ ਸਕਦਾ ਸਾਡਾ ਲਾਲ ਪਿਆਰਾ

ਰੋਂਦੇ ਧੋਂਦੇ ਤੇ ਕੁਰਲਾਂਦੇ ਲੁੱਟੇ ਅਸੀਂ ਜਹਾਨਾ
ਕੋਈ ਨਾ ਸੁਝਦਾ ਮਾਰਨ ਵਾਲਾ ਐਡ ਦਲੇਰ ਜਵਾਨਾ ।(੬੩੧੦)

ਜਾਂ ਇਸ ਸੋਗੋਂ ਬਾਹਰ ਆਇਆ ਕਹਿੰਦਾ ਸ਼ਾਹ ਦੇਵਾਂ ਨਾ
ਕਰ ਕੇ ਦਗ਼ਾ ਦੇਵਾਂ ਨੂੰ ਮਾਰਨ ਹੈ ਇਹ ਕੰਮ ਇਨਸਾਨਾਂ

ਆਦਮੀਆਂ ਬਿਨ ਕਿਸੇ ਨਾ ਕੁੱਠਾ ਮੇਰਾ ਸ਼ੇਰ ਰੰਗੀਲਾ
ਮਸ਼ਰਿਕ ਮਗ਼ਰਿਬ ਤੋੜੀ ਲੋੜੋ ਕਰ ਕੇ ਵੱਡਾ ਹੀਲਾ

ਐਸਾ ਦਿਓ ਜ਼ੋਰਾਵਰ ਮਾਰੇ ਆਦਮ ਦੀ ਕੀ ਤਾਕਤ?
ਅਰਜ਼ ਕੀਤੀ ਉਮਰਾਵਾਂ ਸ਼ਾਹਾ ਪਈ ਅਸਮਾਨੀ ਆਫ਼ਤ

ਅਸਫ਼ੰਦ ਬਾਸ਼ ਕਿਲੇ ਵਿਚ ਕੀਕਰ ਆਦਮ ਹੈ ਜਾ ਸਕਦਾ
ਸੌ ਅਫ਼ਰੇਤ ਬਹਾਦਰ ਉਤ ਵੱਲ ਜਾਵਣ ਕੋਲੋਂ ਝਕਦਾ

ਫਿਰ ਬਹਿਰਾਮ ਤੁਸਾਡਾ ਬੇਟਾ ਜੋ ਮੋਇਆ ਉਸ ਜਾਈ
ਉਸ ਦਾ ਸਾਨੀ ਹੋਰ ਜ਼ੋਰਾਵਰ ਕਿਹੜਾ ਵਿਚ ਲੋਕਾਈ

ਆਦਮ ਸ਼ੁਹਦੇ ਦੀ ਕੀ ਤਾਕਤ ਨਾ ਕੋਈ ਦਿਓ ਉਜਾਲਾ
ਉਸ ਬਹਿਰਾਮ ਬਹਾਦਰ ਅੱਗੇ ਹੱਥ ਉਠਾਵਣ ਵਾਲਾ

ਐਵੇਂ ਨਾਲ਼ ਗ਼ਮੀ ਦੇ ਤੇਰਾ ਫ਼ਿਕਰ ਹੋਇਆ ਸੌਦਾਈ
ਆਦਮ ਆਜ਼ਿਜ਼ ਮੁਠ ਮਿੱਟੀ ਦੀ ਕਰਸੀ ਕੀ ਕਮਾਈ

ਹਾਸ਼ਿਮ ਆਹਾ ਨਾਮ ਉਸ ਦੇਵੇ ਕੁਲਜ਼ਮ ਦੀ ਜਿਸ ਸ਼ਾਹੀ
ਉਮਰਾਵਾਂ ਨੂੰ ਆਖਣ ਲੱਗਾ ਖ਼ਬਰ ਮੈਨੂੰ ਇਹ ਆਹੀ

ਪੱਕਾ ਪਤਾ ਕਿਤਾਬੋਂ ਆਹਾ ਲਿਖਿਆ ਵਿਚ ਕਲਾਮੇ
ਆਦਮੀਆਂ ਦੇ ਹੱਥੋਂ ਹੋਸੀ ਮੌਤ ਮੇਰੇ ਬਹਿਰਾਮੇ

ਆਦਮੀਏਂ ਬਿਨ ਕਿਸੇ ਨਾ ਕੁੱਠਾ ਲੋੜੋ ਚਾ ਜੱਗ ਸਾਰਾ
ਸਖ਼ਤ ਸਜ਼ਾ ਦਿਆਂ ਜਦ ਲੱਭੇ ਉਹ ਦੁਸ਼ਮਣ ਹਤਿਆਰਾ ।(੬੩੨੦)

ਪਰੀਆਂ ਦਿਓ ਅਕਾਬਰ ਦਾਨੇ ਆਕਿਲ ਸੁਘੜ ਸਿਆਣੇ
ਛੇ ਹਜ਼ਾਰ ਰਵਾਨੇ ਕੀਤੇ ਹਰ ਪਾਸੇ ਹਰ ਥਾਨੇ

ਉਸ ਆਦਮ ਨੂੰ ਲੋੜ ਲਿਆਓ ਖ਼ੂਨ ਕੀਤਾ ਜਿਨ ਮੇਰਾ
ਲਹਿੰਦੇ ਚੜ੍ਹਦੇ ਦੱਖਣ ਪਰਬਤ ਲੋੜਨ ਚੜ੍ਹੇ ਚੌਫ਼ੇਰਾ

ਟਾਪੂ ਤੇ ਕੋਹ ਕਾਫ਼ ਸਮੁੰਦਰ ਜੰਗਲ਼ ਬਾਰ ਉਜਾੜਾਂ
ਨਦੀਆਂ ਬੇਲੇ ਖ਼ੈਬਰ ਗ਼ਾਰਾਂ ਵਿਚ ਪੰਜਾਲ ਪਹਾੜਾਂ

ਲੋੜ ਰਹੇ ਵੀਰਾਨੇ ਸੱਭੇ ਖ਼ੂਨੀ ਹੱਥ ਨਾ ਆਇਆ
ਫੇਰ ਆਬਾਦੀ ਭਾਲਣ ਲੱਗੇ ਮੁਲਕੀਂ ਫੇਰਾਂ ਪਾਇਆ

ਸ਼ਹਿਰ ਵਲਾਇਤ ਜੂਹ ਚੌਫੇਰੇ ਚਸ਼ਮੇ ਹੌਜ਼ ਸਰਾਈਂ
ਰੁੱਖ ਬਗ਼ੀਚੇ ਖੂਹ ਬੰਨ੍ਹੜੇ ਢੋਕਾਂ ਖੇਤ ਗਿਰਾਈਂ

ਜਿਸ ਜਿਸ ਜਾਈ ਸੁਝਦਾ ਆਹਾ ਆਦਮੀਆਂ ਦਾ ਵਾਸਾ
ਪਰੀਆਂ ਦਿਓ ਲੱਗੇ ਸਭ ਲੋੜਨ ਮੱਲ ਲਿਆ ਹਰ ਪਾਸਾ

ਕੋਈ ਕਿਧਰੇ ਕੋਈ ਕਿਧਰੇ ਲੋੜੇ ਕਿਰਕ ਦੇਵਾਂ ਨੂੰ ਭਾਰੀ
ਉਸ ਦਿਹਾੜੇ ਚਾਲੀ ਪਰੀਆਂ ਆਈਆਂ ਵਿਚ ਉਡਾਰੀ

ਬਾਗ਼-ਇਰਮ ਦੇ ਉੱਤੋਂ ਲੰਘੀਆਂ ਨਾਲ਼ ਕਜ਼ਾ ਇਲਾਹੀ
ਹੇਠ ਦਰਖ਼ਤ ਡਿਠੋ ਨੇ ਸੁੱਤਾ ਆਦਮ ਜ਼ਾਦ ਸਿਪਾਹੀ

ਉਸ ਦਰਖ਼ਤ ਉੱਤੇ ਲਹਿ ਆਈਆਂ ਗੋ-ਮਗੋ ਮਚਾਈ
ਵੀਹ ਵਿਸਵੇ ਇਹ ਖ਼ੂਨੀ ਸਾਡਾ ਹੋਰ ਨਾ ਹੋਸੀ ਕਾਈ

ਕੰਨ ਆਵਾਜ਼ ਉਨ੍ਹਾਂ ਦੀ ਆਈ ਜਾਗ ਪਿਆ ਉਹ ਰਾਹੀ
ਸੱਭੋ ਪਰੀਆਂ ਦਬਕਾ ਦੇ ਕੇ ਪੁੱਛਣ ਓਏ ਸਿਪਾਹੀ ।(੬੩੩੦)

ਕੌਣ ਕੋਈ ਤੂੰ ਕਿਥੋਂ ਆਇਓਂ ਤੁਧ ਮਾਲਮ ਨਾ ਹੋਇਆ
ਪਰੀਆਂ ਦੇਵਾਂ ਦੇ ਇਹ ਥਾਨੇ ਕਿਉਂ ਇਸ ਜਾਈ ਸੋਇਆ

ਅਹਿਮਕ ਹੈਂ ਯਾ ਝੱਲਾ ਖ਼ਫ਼ਤੀ ਯਾ ਮਗ਼ਰੂਰ ਜਵਾਨੀ
ਕਿਹੜੀ ਜਾਈ ਆ ਕੇ ਸੁਤੋਂ ਮਾਰ ਕਰੇ ਕੋਈ ਫ਼ਾਨੀ

ਸੈਫ਼-ਮਲੂਕ ਦਲੇਰ ਜਵਾਨੇ ਖ਼ੂਬ ਜਵਾਬ ਸੁਣਾਇਆ
ਬਾਝ ਰਜ਼ਾ ਰਬੇ ਦੀ ਕਿਹੜਾ ਮਾਰਨ ਵਾਲਾ ਜਾਇਆ

ਜਦੋਂ ਕਜ਼ਾ ਇਲਾਹੀ ਆਸੀ ਮੂਲ ਨਾ ਰਹਿਸੀ ਡੱਕੀ
ਹੁਕਮੇ ਬਾਝ ਨਾ ਮਰਾਂ ਕਿਸੇ ਥੀਂ ਮਾਲਮ ਹੈ ਗੱਲ ਪੱਕੀ

ਬੇਗੁਨਾਹ ਮੇਰੇ ਵੱਲ ਜਿਹੜੇ ਬੁਰੀਆਂ ਅੱਖੀਂ ਕਰਸਨ
ਹੱਥੋਂ ਹੋਗ ਜਿਨ੍ਹਾਂ ਦੀ ਆਈ ਮੇਰੇ ਹੱਥੋਂ ਮਰ ਸਨ

ਪਰੀਆਂ ਨੇ ਤਦ ਮਾਲਮ ਕੀਤਾ ਐਡ ਦਲੇਰੀ ਜਿਸਦੀ
ਕੁਲਜ਼ਮ ਰੰਡੀ ਇਸੇ ਕੀਤੀ ਸੱਚ ਇਹੋ ਗੱਲ ਦਿਸਦੀ

ਸ਼ਹਿਜ਼ਾਦੇ ਥੀਂ ਪੁੱਛਣ ਲੱਗੀਆਂ ਬਣ ਕੇ ਵਾਂਗ ਹਲੀਮਾਂ
ਅਸਫ਼ੰਦ ਬਾਸ਼ ਜ਼ਜ਼ੀਰੇ ਤੁਧੇ ਕੀਤੀਆਂ ਸਰ ਮੁਹੀਮਾਂ

ਕੁਲਜ਼ਮ ਦਾ ਸ਼ਹਿਜ਼ਾਦਾ ਓਥੇ ਤੁਧ ਹੀ ਮਾਰ ਗਵਾਇਆ
ਸਰਾਨਦੀਪੇ ਦੀ ਸ਼ਾਹਜ਼ਾਦੀ ਨੂੰ ਤੂੰ ਛੁੜਾ ਕੇ ਲਿਆਇਆ

ਜੇ ਉਹ ਸ਼ੇਰ ਬਹਾਦਰ ਤੂੰ ਹੈਂ ਸੁੰਦਰ ਸ਼ਕਲ ਸਿਪਾਹੀ
ਤਾਂ ਸੌ ਸ਼ੁਕਰ ਅਸਾਂ ਭੀ ਡਿੱਠੋਂ ਚਾਹ ਤੱਕਣ ਦੀ ਆਹੀ

ਸੈਫ਼-ਮਲੂਕੇ ਇਹ ਗਲ ਸਮਝੀ ਹੈਨ ਇਹ ਪਰੀਆਂ ਇਥੋਂ
ਸਰਾਂਦੀਪੋਂ ਸੁਣੀਆਂ ਗੱਲਾਂ ਰਹਿ ਰਹਿ ਆਈਆਂ ਜਿਥੋਂ ।(੬੩੪੦)

ਜੇ ਕੋਈ ਦੂਰ ਮੁਲਕ ਥੀਂ ਹੋਵਣ ਕਦ ਵਾਕਿਫ਼ ਦਸਤਾਨੋਂ
ਬਾਗ਼-ਇਰਮ ਵਿਚ ਆਈਆਂ ਹੋਸਣ ਜ਼ਰੀਂ ਸ਼ਾਰਿਸਤਾਨੋਂ

ਆਹੋ ਮੈਂ ਹੀ ਕੁੱਠਾ ਆਹਾ ਸ਼ਹਿਜ਼ਾਦੇ ਫ਼ੁਰਮਾਇਆ
ਮਲਿਕਾ-ਖ਼ਾਤੂੰ ਕੈਦੋਂ ਕੱਢੀ ਜਾਂ ਰੱਬ ਕਰਮ ਕਮਾਇਆ

ਉਸੇ ਦਿਲ ਨੂੰ ਹਿੰਮਤ ਦਿੱਤੀ ਉਸੇ ਯਾਰੀ ਕੀਤੀ
ਨਹੀਂ ਤਾਂ ਐਵੇਂ ਕਦ ਮਰੇਂਦਾ ਐਸਾ ਦਿਓ ਜਮਈਤੀ

ਪਰੀਆਂ ਕਿਹਾ ਦੱਸ ਅਸਾਨੂੰ ਕੀਕਰ ਕੁੱਠਾ ਆਹੀ
ਜਿਉਂ ਜਿਉਂ ਗੁਜ਼ਰੀ ਸਭ ਦਸਾਲੀ ਸੈਫ਼-ਮਲੂਕ ਸਿਪਾਹੀ

ਵੇਖ ਇਕਬਾਲ ਦਲੇਰੀ ਉਸ ਦੀ ਹੱਥ ਨਾ ਪਾਵਣ ਪਰੀਆਂ
ਐਡ ਬਹਾਦਰ ਦੇਵਾਂ ਮਾਰੇ ਜ਼ੋਰ ਉਹਦਾ ਸੁਣ ਡਰੀਆਂ

ਹਿਕਮਤ ਮਕਰ ਫ਼ਰੇਬਾਂ ਕਰ ਕੇ ਕੁਲਜ਼ਮ ਖੜਿਆ ਲੋੜਨ
ਸੈਫ਼-ਮਲੂਕ ਭੁਲਾਵਣ ਕਾਰਨ ਝੂਠ ਮੁਸੱਵਦਾ ਜੋੜਨ

ਸ਼ਰਿਸਤਾਨ ਸੁਨਹਿਰੀ ਵਿਚੋਂ ਕਹਿਣ ਅਸੀਂ ਹੁਣ ਆਈਆਂ
ਸ਼ਾਹ ਸ਼ਾਹਪਾਲ ਤੇਰੇ ਵੱਲ ਘੱਲੀਆਂ ਖ਼ੁਸ਼ੀ ਖ਼ੁਸ਼ਾਈਂ ਧਾਈਆਂ

ਸ਼ਹਿਜ਼ਾਦੇ ਨੂੰ ਚਾਇ ਲਿਆਓ ਹੁਕਮ ਦਿੱਤਾ ਸ਼ਾਹ ਪਾਲੇ
ਜੇ ਆਖੇਂ ਤਾਂ ਚਾਇ ਲੈ ਚਲੀਏ ਕੋਲ ਬਦੀਅ-ਜਮਾਲੇ

ਸ਼ਹਿਜ਼ਾਦੇ ਸ਼ੁਕਰਾਨਾ ਪੜ੍ਹਿਆ ਬਹੁਤ ਦਿਲੋਂ ਖ਼ੁਸ਼ ਹੋਇਆ
ਪਹਿਨ ਲਏ ਹਥਿਆਰ ਪੁਸ਼ਾਕੀ ਅੱਵਲ ਮੂੰਹ ਹੱਥ ਧੋਇਆ

ਪਰੀਆਂ ਨੂੰ ਫ਼ੁਰਮਾਇਓਸੁ ਝੱਬਦੇ ਚਾ ਲੈ ਚਲੋ ਮੈਨੂੰ
ਨਾਲ਼ ਸ਼ਿਤਾਬੀ ਚਾਇਆ ਪਰੀਆਂ ਅਹਿ ਹੁਣ ਖੜਸਾਂ ਤੈਨੂੰ ।(੬੩੫੦)

ਸੱਤ ਦਿਨ ਤੇ ਸੱਤ ਰਾਤੀਂ ਉਡੀਆਂ ਕਰ ਕੇ ਤੇਜ਼ ਉਡਾਰੀ
ਇਕਸ ਪਹਾੜ ਉੱਚੇ ਤੇ ਲੱਥੀਆਂ ਕਿਲਕ ਉਨ੍ਹਾਂ ਨੇ ਮਾਰੀ

ਆਣ ਹਜੂਮ ਇਕੱਠੇ ਹੋਏ ਪਰੀਆਂ ਦਿਓ ਮਰੇਲੇ
ਆਖਣ ਨੱਸ ਡਿਠੋਈ ਸ਼ਖ਼ਸਾ ਅੱਗੇ ਹੀ ਬਹੁੰ ਵੇਲੇ

ਹੁਣ ਜਾਸੇਂ ਤਾਂ ਪੁਛਸਾਂ ਏਥੋਂ ਆਈ ਸ਼ਾਮਤ ਤੇਰੀ
ਮੁਦਤ ਹੋਈ ਅਸਾਂ ਭੀ ਚੜ੍ਹਿਆਂ ਕੀਤੀ ਲੋੜ ਬਤੇਰੀ

ਕੁਲਜ਼ਮ ਦੇ ਦਰਬਾਰੋਂ ਆਏ ਅਸੀਂ ਲੋੜਾਊ ਤੇਰੇ
ਉਸ ਸੁਲਤਾਨੇ ਘੱਲਿਆ ਸਾਨੂੰ ਪਕੜੋ ਦੁਸ਼ਮਣ ਮੇਰੇ

ਢੂੰਡ ਥੱਕੇ ਕੁਲ ਆਲਮ ਤੈਨੂੰ ਮਸਾਂ ਮਸਾਂ ਹੱਥ ਆਇਓਂ
ਚੜ੍ਹਿਆ ਖ਼ੂਨ ਅੱਖੀਂ ਵਿਚ ਤੈਨੂੰ ਉਸੇ ਆਣ ਫਹਾਇਓਂ

ਬੇਗੁਨਾਹ ਸ਼ਹਿਜ਼ਾਦਾ ਸਾਡਾ ਕਿਉਂ ਤੁਧ ਮਾਰ ਗਵਾਇਆ
ਮਾਰ ਅਜ਼ਾਈਂ ਕਰਸਾਂ ਤੈਨੂੰ ਅੱਜ ਬਦਲਾ ਹੱਥ ਆਇਆ

ਸੁਣ ਗੱਲਾਂ ਸ਼ਹਿਜ਼ਾਦੇ ਤਾਈਂ ਬਹੁਤ ਆਈ ਗ਼ਮਨਾਕੀ
ਕਹਿੰਦਾ ਹੈ ਕੀ ਮਾਰਨ ਮੇਰਾ ਆਜ਼ਿਜ਼ ਬੰਦਾ ਖ਼ਾਕੀ

ਕੀ ਮੋਇਆ ਮਰ ਵੈਸਾਂ ਸ਼ੁਹਦਾ ਕੀ ਜੀਵਨ ਦਾ ਝੋਰਾ
ਦੋ ਅਫ਼ਸੋਸ ਰਹੇ ਦਿਲ ਅੰਦਰ ਡਾਢੇ ਨਾਲ਼ ਨਾ ਜ਼ੋਰਾ

ਇਕ ਤੇ ਮਾਈ ਬਾਬਲ ਸੰਗੀਆਂ ਮਰਦਿਆਂ ਮੂੰਹ ਨਾ ਡਿੱਠਾ
ਦੂਜਾ ਛੇਕੜ ਵਾਰ ਨਾ ਮਿਲਿਆ ਯਾਰ ਪਿਆਰਾ ਮਿੱਠਾ

ਓੜਕ ਇਕ ਦਿਨ ਮਰਨਾ ਬੰਦੇ ਕਿਆ ਪਿੱਛੇ ਕਿਆ ਅੱਗੇ
ਨੀਯਤ ਪਰੀਤ ਤੇਰੀ ਵਿਚ ਮੋਇਆ ਪਤਾ ਸੱਜਣ ਨੂੰ ਲੱਗੇ ।(੬੩੬੦)

ਜਾਨ ਹੋਵੇ ਕੁਰਬਾਨ ਸੱਜਣ ਤੋਂ ਇਸ਼ਕ ਈਮਾਨ ਨਾ ਹਾਰਾਂ
ਆਪਣੀ ਤੋੜ ਨਿਬਾਹ ਮੁਹੰਮਦ ਕੁੱਝ ਪਰਵਾਹ ਨਾ ਯਾਰਾਂ

ਸੈਫ਼-ਮਲੂਕ ਉਨ੍ਹਾਂ ਬੰਨ੍ਹ ਖੜਿਆ ਸੰਗਲਦੀਪ ਸ਼ਹਿਰ ਵਿਚ
ਪਰੀਆਂ ਦਿਓ ਅਫ਼ਰੇਤ ਬਤੇਰੇ ਵੇਖਣ ਆਏ ਦਰ ਵਿਚ

ਜੋ ਵੇਖਣ ਸੋ ਹਾਏ ਹਾਏ ਕਰਦੇ ਹੱਥ ਮਰੋੜਨ ਸਾਰੇ
ਇਹ ਜਵਾਨ ਨਾ ਮਾਰਨ ਜੋਗਾ ਕੀ ਕਰਸਨ ਹਤਿਆਰੇ

ਓੜਕ ਕੋਟ ਅੰਦਰ ਫੜ ਖੜਿਆ ਵਿਚ ਹਜ਼ੂਰ ਸ਼ਹਾਨੇ
ਸੈਫ਼-ਮਲੂਕੇ ਡਿਠੇ ਅੱਗੇ ਬਾਦਸ਼ਾਹੀ ਸਮਿਆਨੇ

ਸੁੱਚੇ ਫ਼ਰਸ਼ ਫ਼ਰੂਸ਼ ਵਿਛਾਏ ਕੁਰਸੀ ਸੈ ਸੁਨਹਿਰੀ
ਤਖ਼ਤ ਜੜਾਊ ਤੇ ਸ਼ਾਹ ਬੈਠਾ ਦੇਵਾਂ ਭਰੀ ਕਚਹਿਰੀ

ਸੈਫ਼-ਮਲੂਕੇ ਨਜ਼ਰੀਂ ਆਇਆ ਤਖ਼ਤ ਉੱਤੇ ਇਕ ਤੂਦਾ
ਸੱਠ ਗਜ਼ ਲੰਮਾ ਕੱਦ ਦੇਵੇ ਦਾ ਚਿਹਰਾ ਗ਼ਜ਼ਬ ਆਲੂਦਾ

ਸੈਫ਼-ਮਲੂਕ ਸਲਾਮ ਪੁਚਾਇਆ ਜਿਉਂ ਕਰ ਰਸਮ ਸ਼ਹਾਨੀ
ਝੱਲ ਸਲਾਮ ਤਖ਼ਤ ਪਰ ਗੱਜਿਆ ਕਹਿੰਦਾ ਐ ਨੁਕਸਾਨੀ

ਤੂੰਹੇਂ ਮੇਰਾ ਬੇਟਾ ਕੁੱਠਾ ਅਸਫ਼ੰਦ ਬਾਸ਼ ਜਜ਼ੀਰੇ
ਘਾਇਲ ਕਰੇਂ ਜਵਾਨ ਅਜੇਹੇ ਚਾਇਆ ਸੈਂ ਤਕਸੀਰੇ

ਤੈਨੂੰ ਕੁਝ ਨਾ ਸੁਝਦਾ ਆਹਾ ਉਸ ਦਾ ਭੀ ਕੋਈ ਹੋਸੀ
ਜਿਉਂ ਕਰ ਮੈਂ ਉਹਦੇ ਗ਼ਮ ਰੁੰਨਾ ਬਾਪ ਤੇਰਾ ਹੁਣ ਰੋਸੀ

ਸੈਫ਼-ਮਲੂਕੇ ਝਿੜਕਾਂ ਸੁਣਕੇ ਰੱਤ ਗਈ ਸੁੱਕ ਸਾਰੀ
ਨਾਲ਼ ਦਲੇਰੀ ਉਠ ਸਲਾਮੀ ਕਰਦਾ ਦੂਜੀ ਵਾਰੀ ।(੬੩੭੦)

ਦੇਇ ਦੁਆਈਂ ਕਰੇ ਸਨਾਈਂ ਦਿਲ ਵਿਚ ਓਟ ਅੱਲਾ ਦੀ
ਨਾਲ਼ ਫ਼ਸਾਹਿਤ ਅਕਲ ਬਲਾਗ਼ਤ ਸਿਫ਼ਤ ਕੀਤੀ ਉਸ ਸ਼ਾਹ ਦੀ

ਫੇਰ ਉਸ ਅੱਗੇ ਛੋਹਿਆ ਕਿੱਸਾ ਆਪਣੇ ਹਾਲ ਅਹਵਾਲੋਂ
ਉਸ ਜਾਈ ਉਸ ਮੂਰਤ ਵਾਲਾ ਇਸ਼ਕ ਬਦੀਅ-ਜਮਾਲੋਂ

ਸਫ਼ਰ ਸਮੁੰਦਰ ਫ਼ੌਜ ਡੁੱਬਣ ਦਾ ਜ਼ਿਕਰ ਜ਼ੰਗੀ ਦਾ ਆਂਦਾ
ਬੂਜ਼ਨਿਆਂ ਤੇ ਸੰਗਸਾਰਾਂ ਦਾ ਕਿੱਸਾ ਸ਼ਹਿਰ ਜ਼ਨਾਂ ਦਾ

ਹੋਰ ਕਜ਼ੀਏ ਜਾਨਵਾਰਾਂ ਦੇ ਭੀ ਗੱਲ ਤੱਤੇ ਥਲ ਦੀ
ਅਸਫ਼ੰਦ ਬਾਸ਼ ਜਜ਼ੀਰੇ ਵਾਲੀ ਗੱਲ ਦੱਸੀ ਪਲ ਪਲ ਦੀ

ਮਲਿਕਾ ਦੀ ਬੇਹੋਸ਼ੀ ਵਾਲੀ ਸਾਰੀ ਗੱਲ ਸੁਣਾਈ
ਮੌਤ ਦੱਸੀ ਬਹਿਰਾਮ ਦੇਵੇ ਦੀ ਜਿਉਂ ਮੋਇਆ ਸੰਗ ਆਈ

ਵਾਸਿਤ ਸਰਾਂਦੀਪ ਵੜਨ ਦਾ ਸਾਰਾ ਹਾਲ ਸੁਣਾਇਆ
ਹੋਰ ਬਦੀਅ-ਜਮਾਲ ਪਰੀ ਦਾ ਜਿਉਂ ਜਿਉਂ ਦਰਸ਼ਨ ਪਾਇਆ

ਸ਼ਫ਼ਕਤ ਉਲਫ਼ਤ ਸ਼ਾਹ-ਪਰੀ ਦੀ ਕੁੱਲ ਕਰਾਰ ਜ਼ਬਾਨੀ
ਮਿਹਰ-ਅਫ਼ਰੋਜ਼ੇ ਦੇ ਘਰ ਦਰ ਦੀ ਦੱਸੀ ਕੁੱਲ ਨਿਸ਼ਾਨੀ

ਮਿਹਰ-ਅਫ਼ਰੋਜ਼ੇ ਦਾ ਨਾਲ਼ ਲੈ ਜਾਣਾ ਬਾਗ਼-ਇਰਮ ਵਿਚ ਜਾਣਾ
ਫਿਰ ਪਰੀਆਂ ਦਾ ਨਾਲ਼ ਬਹਾਨੇ ਸੰਗਲਾਦੀਪ ਪੁਚਾਣਾ

ਸੱਚੋ ਸੱਚ ਸੁਣਾਇਓਸੁ ਸਾਰਾ ਝੂਠ ਨਾ ਕਹਿਓਸੁ ਮਾਸਾ
ਸੱਚੇ ਨਾਹੀਂ ਆਂਚ ਮੁਹੰਮਦ ਕਿਹਾ ਸੱਚ ਬੇਵਿਸਵਾਸਾ

ਸ਼ਹਿਜ਼ਾਦੇ ਥੀਂ ਪੁੱਛਣ ਲੱਗਾ ਹਾਸ਼ਿਮ ਸ਼ਾਹ ਗ਼ਮ ਭਰਿਆ
ਮੱਥੇ ਵੱਟ ਅੱਖੀਂ ਪਰ ਲਾਲੀ ਢੇਰ ਬੇ ਚਾਰਾ ਜਰਿਆ ।(੬੩੮੦)

ਭੇਡਾਂ ਵਾਂਗ ਹਲੀਮ ਦਿਖਾਵੇਂ ਨੀਯਤ ਦੇ ਬਘਿਆੜਾ
ਮਿਸਲ ਫ਼ਰਿਸ਼ਤੇ ਸੂਰਤ ਦਿੱਸੇ ਬਾਤਨ ਦਿਓ ਉਡਾਰਾ

ਨਾਹਕ ਖ਼ੂਨ ਕੀਤਾ ਤੁਧ ਕਾਹਨੂੰ ਬੇਗੁਨਾਹਾਂ ਮਾਰੇਂ
ਰੋਜ਼ ਕਿਆਮਤ ਪੁੱਛ ਹੋਵੇਗੀ ਮਨ ਵਿਚ ਖ਼ੌਫ਼ ਨਾ ਧਾਰੇਂ

ਸੈਫ਼-ਮਲੂਕੇ ਕਿਹਾ ਅੱਗੋਂ ਆਖ ਸਲਾਮ ਦੁਬਾਰੇ
ਲਿਖਣ ਹਾਰ ਅਜ਼ਲ ਦੇ ਸ਼ਾਹਾ ਜੋ ਜੋ ਨਕਸ਼ ਉਤਾਰੇ

ਮੱਥੇ ਮੇਰੇ ਜੋ ਉਸ ਲਿਖੇ ਐਬ ਗੁਨਾਹ ਖ਼ਤਾਈ
ਕਦ ਤਦਬੀਰੋਂ ਧੋਵਣ ਹੁੰਦੇ ਪੱਕੇ ਲੇਖ ਖ਼ੁਦਾਈ

ਇਹ ਮੂੰਹ ਕਾਲ਼ਖ ਲੱਗਣੀ ਆਹੀ ਲਿਖੀ ਧੁਰ ਦਰਗਾਹੋਂ
ਦੋਸ਼ ਦਿਓ ਕੀ ਮੈਨੂੰ ਸ਼ਾਹਾ ਵੁੜ੍ਹੀ ਕਜ਼ਾ ਇਲਾਹੋਂ

ਤੋੜੇ ਲੱਖ ਅਫ਼ਸੋਸ ਬੰਦੇ ਨੂੰ ਲੱਗੇ ਕੰਮ ਵਿਹਾਇਆਂ
ਤਰੁਟਾ ਲਅਲ ਨਾ ਜੁੜਿਆ ਮੁੜਕੇ ਹਰਗਿਜ਼ ਪੱਛੋਤਾਇਆਂ

ਸੂਰਤ ਸ਼ੇਰ ਜਵਾਨ ਤੇਰੇ ਦੀ ਵੇਖ ਲੱਗਾ ਗ਼ਮ ਮੈਨੂੰ
ਹੋਣੀ ਹੋਈ ਨਾ ਮੁੜਦੀ ਆਹੀ ਕੀ ਹੁਣ ਆਖਾਂ ਤੈਨੂੰ

ਹੱਥੋਂ ਛੁੱਟਾ ਬਾਜ਼ ਨਾ ਮੁੜਿਆ ਨਾਲ਼ ਅਫ਼ਸੋਸਾਂ ਘਿਣਿਆਂ
ਕੁੱਝ ਨਾ ਹਾਸਿਲ ਹੋਇਆ ਸ਼ਾਹਾ ਪਿਟ ਪਿਟ ਮੂੰਹ ਸਿਰ ਭੰਨਿਆਂ

ਕੀਤੇ ਆਪਣੇ ਦਾ ਦਿਲ ਅੰਦਰ ਬਹੁਤ ਅਫ਼ਸੋਸ ਕੀਤਾ ਮੈਂ
ਜ਼ੁਲਮ ਬੁਰਾ ਇਹ ਮੱਥੇ ਲੱਗਾ ਹੱਥੀਂ ਜ਼ਹਿਰ ਪੀਤਾ ਮੈਂ

ਹਾਏ ਹਾਏ ਡੁੱਬ ਮਰਾਂ ਵਿਚ ਨਦੀਆਂ ਨਿੱਜ ਆਇਆ ਇਸ ਰਸਤੇ
ਟੁੱਟਾ ਸ਼ੀਸ਼ਾ ਫੇਰ ਨਾ ਜੁੜਿਆ ਨਾਲ਼ ਕੱਚੇ ਬੰਦਬਸਤੇ ।(੬੩੯੦)

ਡਾਢੀ ਹੈ ਤਕਦੀਰ ਇਲਾਹੀ ਮੂੰਹ ਮਾਰੇ ਤਦਬੀਰਾਂ
ਕਿਸ ਸਿਰ ਦੋਸ਼ ਮੁਹੰਮਦ ਫੜਿਓਸੁ ਆਪਣੀਆਂ ਤਕਸੀਰਾਂ

ਕੀਤਾ ਉਜ਼ਰ ਖ਼ਤਾਈ ਮੰਨੀ ਸੈਫ਼-ਮਲੂਕ ਸ਼ਹਿਜ਼ਾਦੇ
ਹਾਸ਼ਿਮ ਦਾ ਕੁੱਝ ਗੁੱਸਾ ਘਟਿਆ ਰਿਹਾ ਕਮੇ ਜ਼ਿਆਦੇ

ਗਿਣਤਰੀਆਂ ਵਿਚ ਆਇਆ ਕਹਿੰਦਾ ਮਾਰ ਸੱਟਾਂ ਕਿ ਛੱਡਾਂ
ਓੜਕ ਵਰਮ ਪੁੱਤਰ ਦਾ ਆਖੇ ਬਿਹਤਰ ਜੇ ਸਿਰ ਵੱਢਾਂ

ਕਦੀ ਕਹੇ ਚਾ ਕੈਦ ਕਰਾਈਏ ਕਦੀ ਕਹੇ ਜੇ ਮਾਰਾਂ
ਕਦੀ ਕਹੇ ਬਹਿਰਾਮ ਨਾ ਮੁੜਦਾ ਨਾਲ਼ ਅਜੇਹੀਆਂ ਕਾਰਾਂ

ਲਿੱਲਾ ਖ਼ੂਨ ਪੁੱਤਰ ਦਾ ਬਖ਼ਸ਼ਾਂ ਮੱਤ ਮੈਂ ਭੀ ਬਖ਼ਸ਼ੀਵਾਂ
ਗਰਮ ਪਿਆਲਾ ਗੁੱਸੇ ਵਾਲਾ ਅੰਦਰੋ ਅੰਦਰ ਪੀਵਾਂ

ਰਹਿ ਰਹਿ ਕੀ ਫਿਰ ਰਹਿ ਨਾ ਸਕਿਆ ਕੀਤੋਸੁ ਹੁਕਮ ਕਤਲ ਦਾ
ਗੱਚ ਬੁਝਾਵੇ ਕੌਣ ਗੁੱਸੇ ਦਾ ਉੱਚਾ ਭਾਂਬੜ ਬਲਦਾ

ਹਾਸ਼ਿਮ ਸ਼ਾਹ ਫ਼ੁਰਮਾਇਆ ਓੜਕ ਮਾਲਮ ਹੋਇਆ ਮੈਨੂੰ
ਤੂੰ ਦਿਲਬੰਦ ਅਸਾਡਾ ਕੁੱਠਾ ਕਤਲ ਕਰਾਵਾਂ ਤੈਨੂੰ

ਜੱਲਾਦੇ ਵੱਲ ਸ਼ਾਰਤ ਕੀਤੀ ਤੁਰਤ ਉਹ ਹਾਜ਼ਿਰ ਹੋਇਆ
ਜਿਉਂ ਬਦਕਾਰਾਂ ਦੇ ਸਿਰ ਆ ਕੇ ਮਲਕ-ਉਲ-ਮੌਤ ਖਲੋਇਆ

ਬਿੱਲੀਆਂ ਅੱਖੀਂ ਤੇ ਮੂੰਹ ਕਾਲ਼ਾ ਕੱਕੀਆਂ ਦਾੜ੍ਹੀ ਮੁੱਛਾਂ
ਚਿੱਟੇ ਦੰਦ ਲਬਾਂ ਥੀਂ ਬਾਹਰ ਵਾਲ਼ ਮੂੰਹੇਂ ਪਰ ਲੱਛਾਂ

ਫਿੱਕੀ ਖ਼ੂ ਤੁਰਸ਼ ਰੂ ਦਿਸੇ ਤਲਖ਼ ਜ਼ਬਾਨ ਰੰਞਾਣੀ
ਕੱਪੂੰ ਖਾਊਂ ਕਰਦਾ ਸੁੱਝੇ ਚਿਹਰਾ ਮਿਸਲ ਸੋਹਾਨੀ ।(੬੪੦੦)

ਰੰਗ ਦੁਮਦਾਰ ਜ਼ਹੁਲੇ ਵਾਲਾ ਵਾਂਗ ਮੁਰੀਖ਼ ਸਲਾਬਤ
ਵੇਖਣ ਸਾਇਤ ਦਲੇਰੀ ਭੱਜੇ ਖਾਵਣ ਆਈ ਆਫ਼ਤ

ਖ਼ੂਨੀ ਸੁਰਖ਼ ਪੁਸ਼ਾਕ ਲਗਾਈ ਬਾਹਰ ਤੇਗ਼ ਮਿਆਨੋਂ
ਤੇਜ਼ ਅਤੇ ਖ਼ੂੰ ਰੇਜ਼ ਜ਼ਿਆਦਾ ਬਾਸ਼ਕ ਨਾਗ ਜ਼ਬਾਨੋਂ

ਮੁਰੀਖ਼ੇ ਦਿਲ ਹੋਏ ਸ਼ਿਕਸਤਾ ਤੇਗ਼ ਉਹਦੀ ਥੀਂ ਡਰ ਕੇ
ਜ਼ੋਜ਼ਾ ਬੁਰਜ ਕਰੇ ਦੋ ਫਾੜਾਂ ਸਿਰ ਨੇਜ਼ੇ ਤੇ ਧਰ ਕੇ

ਦਹਿਸ਼ਤ ਦਸ ਅਲਬਰਜ਼ ਕੰਬਾਵੇ ਪਏ ਪਹਾੜ ਤਰੇਲੀ
ਲਰਜ਼ਾ ਪਵੇ ਜ਼ਮੀਨਾਂ ਤਾਈਂ ਜਾਂ ਉਸ ਨੂੰ ਸ਼ਾਹ ਬੇਲੀ

ਤੋਬਰਾ ਰੇਤੇ ਭਰਿਆ ਗਲ ਵਿਚ ਖ਼ੂਨੀ ਨਤੱਅ ਬਗ਼ਲ ਵਿਚ
ਸੈਂਕੜਿਆਂ ਨੂੰ ਜ਼ਿਬ੍ਹਾ ਕਰੇਂਦਾ ਵਾਂਗ ਕਸਾਈਆਂ ਪਲ ਵਿਚ

ਰੱਤੀ ਰਹਿਮ ਤੇ ਸਹਿਮ ਦਿਲੇ ਨੂੰ ਤਰਸ ਨਾ ਵਿਚ ਸਰਿਸ਼ਤੇ
ਖ਼ੂਨੀ ਕੰਮ ਹਮੇਸ਼ਾ ਵਾਂਗਰ ਮਲਕ-ਉਲ-ਮੌਤ ਫ਼ਰਿਸ਼ਤੇ

ਅੱਵਲ ਨਤੱਅ ਜ਼ਿਮੀਂ ਪਰ ਧਰਿਆ ਉਪਰ ਰੇਤ ਖਿਲਾਰੀ
ਪਰੀਆਂ ਦਿਓ ਵਡੇਰੇ ਨੱਠੇ ਵੇਖ ਉਹਦੀ ਹਤਿਆਰੀ

ਸ਼ਹਿਜ਼ਾਦੇ ਨੂੰ ਬਾਹੋਂ ਫੜਕੇ ਰੇਤੇ ਵਿਚ ਬਹਾਇਆ
ਉਗਰ ਤੇਗ਼ ਸਿਰੇ ਤੇ ਆਂਦੀ ਮਾਰਨ ਉੱਤੇ ਆਇਆ

ਕੁਦਰਤ ਵੇਖ ਖ਼ੁਦਾਵੰਦ ਵਾਲੀ ਕਰਦਾ ਕੇਡ ਤਮਾਸ਼ੇ
ਪੰਜੇ ਵਿਚੋਂ ਤਿੱਤਰ ਛੱਡੇ ਰਹਿਮ ਕਰੇ ਜਦ ਬਾਸ਼ੇ

ਮਾਰਨ ਲੱਗੇ ਸ਼ੇਰ ਦੁੰਬੇ ਨੂੰ ਗੁਰਗ ਕਰੇ ਉਪਰਾਲਾ
ਬਹੇ ਚਿੜੀ ਦਾ ਰਾਖਾ ਬਣ ਕੇ ਬਾਸ਼ਕ ਨਾਗ ਡੰਗਾਲਾ ।(੬੪੧੦)

ਖਾਵਣ ਲੱਗਾ ਬਾਜ਼ ਕਬੂਤਰ ਪੰਜਾ ਮਾਰ ਗ਼ਜ਼ਬ ਦਾ
ਲਗੜ ਉਸ ਥੀਂ ਛੁੜਾ ਕੇ ਰੱਖੇ ਫ਼ਜ਼ਲ ਪਛਾਣੋਂ ਰੱਬ ਦਾ

ਹਾਸ਼ਿਮ ਸ਼ਾਹ ਅੱਗੇ ਜਲਾਦੇ ਉਸ ਦਮ ਅਰਜ਼ ਗੁਜ਼ਾਰੀ
ਸ਼ਾਹਾ ਤੇਜ਼ ਤੇਰੇ ਇਕਬਾਲੋਂ ਵਾਢ ਮੇਰੀ ਤਲਵਾਰੀ

ਹਿੰਮਤ ਤੇਰੀ ਨਾਲ਼ ਨਿਰੋਇਆ ਜ਼ੋਰ ਮੈਨੂੰ ਵਿਚ ਬਾਹਾਂ
ਦੂਜਾ ਦਮ ਨਾ ਲੈਂਦੇ ਮੁੜ ਕੇ ਤੇਗ਼ ਜਿਹਨਾਂ ਤੇ ਵਾਹਾਂ

ਅੱਜ ਦਿਨ ਤੀਕ ਨਾ ਬਚਿਆ ਕੋਈ ਜੋ ਮੇਰੇ ਤੱਕ ਪਹੁਤੇ
ਕਰਗ ਸ਼ਿਫ਼ਾਇਤ ਕੌਣ ਬੰਦੇ ਦੀ ਪਾਪ ਕਮਾਏ ਬਹੁਤੇ

ਸ਼ਾਲਾ ਖ਼ੈਰ ਤੁਸਾਡੀ ਦਾਇਮ ਮਾਣੋਂ ਖ਼ੁਸ਼ੀਆਂ ਲਾਖਾਂ
ਦੋ ਤਿੰਨ ਸੁਖ਼ਨ ਮੇਰੇ ਦਿਲ ਆਏ ਜਿੰਦ ਬਖ਼ਸ਼ੋ ਤਾਂ ਆਖਾਂ

ਹਾਸ਼ਿਮ ਕਿਹਾ ਕਹਿ ਤੂੰ ਬੇਸ਼ੱਕ ਜੋ ਤੇਰੇ ਦਿਲ ਆਈ
ਨੇਕ ਸਲਾਹ ਸਭਸ ਦੀ ਸੁਣੀਏ ਖਾਈਏ ਨਹੀਂ ਖ਼ਤਾਈ

ਨੇਕ ਨਸੀਹਤ ਹਰ ਦੀ ਮੰਨੀਏ ਆਰ ਨਾ ਕਰੀਏ ਮਾਸਾ
ਜੋ ਆਮਨਾ ਦੇ ਘਰ ਆਇਆ ਹੋਇਆ ਬੇਵਿਸਵਾਸਾ

ਹਾਸ਼ਿਮ ਸ਼ਾਹ ਅੱਗੇ ਜਲਾਦੇ ਅਰਜ਼ ਬਣਾ ਸੁਣਾਈ
ਸ਼ਾਹ ਵੱਡਾ ਸ਼ਾਹਪਾਲ ਉਚੇਰਾ ਨਬੀ ਸੁਲੇਮਾਂ ਜਾਈ

ਖ਼ੇਸ਼ ਕਬੀਲੇ ਉਸ ਦੇ ਸਾਰੇ ਮੀਰ ਵਜ਼ੀਰ ਤਮਾਮੀ
ਭੈਣਾਂ ਭਾਈ ਸਾਕ ਅਸ਼ਨਾਈਆਂ ਕਿਆ ਖ਼ਾਸੀ ਕਿਆ ਆਮੀ

ਸਭਨਾਂ ਰਲ਼ ਸਲਾਹ ਪਕਾਈ ਇਹ ਸ਼ਹਿਜ਼ਾਦਾ ਕਾਈ
ਸ਼ਾਹ ਪਾਲੇ ਦੀ ਬੇਟੀ ਦੇ ਕੇ ਕਰਨਾ ਖ਼ਾਸ ਜਮਾਈ ।(੬੪੨੦)

ਸਰਵ-ਬਾਨੋ ਹਮਸ਼ੀਰਾ ਸ਼ਾਹ ਦੀ ਮਾਈ ਮਿਹਰ-ਅਫ਼ਰੋਜ਼ੇ
ਵੇਖ ਪਸੰਦ ਕੀਤਾ ਇਹ ਲੜਕਾ ਅੰਦਰ ਪਹਿਲੇ ਰੋਜ਼ੇ

ਨਾਤਾ ਕਰਨ ਉਹਦਾ ਉਹ ਗਈਆਂ ਸ਼ਾਹਪਾਲੇ ਦੇ ਘਰ ਨੂੰ
ਨਬੀ ਸੁਲੇਮਾਂ ਇਹ ਕੁੜਮਾਈ ਕੀਤੀ ਵੇਖ ਅਮਰ ਨੂੰ

ਡਰ ਖਾਂ ਰੂਹ ਨਬੀ ਦੇ ਕੋਲੋਂ ਮੱਤ ਕੋਈ ਗ਼ੈਰਤ ਆਵੇ
ਉਠੇ ਫ਼ਿਤਨਾ ਸ਼ਰ ਅਜੇਹਾ ਇਹ ਕੰਮ ਮੁਸ਼ਕਿਲ ਪਾਵੇ

ਤੇਰੇ ਤੇ ਸ਼ਾਹਪਾਲੇ ਅੰਦਰ ਵੈਰ ਪਵੇਗਾ ਭਾਰਾ
ਇਨ੍ਹਾਂ ਮਾਮਲਿਆਂ ਥੀਂ ਪਿੱਛੋਂ ਢੁੱਕਦਾ ਮੰਦਾ ਕਾਰਾ

ਖ਼ੂਨ ਇਹਦਾ ਲੈ ਕੀਕਰ ਪਚਦੈ ਐਡ ਜਿਨ੍ਹਾਂ ਉਪਰਾਲੇ
ਸ਼ਹਿਰ ਵਲਾਇਤ ਅੰਦਰ ਸ਼ਾਹਾ ਬਹਿਸੋਂ ਨਹੀਂ ਸੁਖਾਲੇ

ਤੁਧ ਜਮਾਈ ਉਸ ਦਾ ਕੁੱਠਾ ਕਦ ਉਹ ਕਰਸੀ ਥੋੜੀ
ਇਹ ਕੰਮ ਕਰ ਕੇ ਛੁਪਸੇਂ ਕਿੱਥੇ ਹੈ ਕੋਈ ਜਾਗਾ ਲੋੜੀ

ਆਦਮੀਆਂ ਦੇ ਮੁਲਕੇ ਅੰਦਰ ਬਾਪ ਉਹਦੇ ਦੀ ਸ਼ਾਹੀ
ਚਾਰ ਕੁ ਸੈ ਸ਼ਹਿਜ਼ਾਦਾ ਉਸ ਦਾ ਖ਼ਿਦਮਤਗਾਰ ਸਿਪਾਹੀ

ਦੇਵ ਪਰੀਆਂ ਦੇ ਮੁਲਕੇ ਅੰਦਰ ਕਦ ਬਚਸੇਂ ਸ਼ਾਹਪਾਲੋਂ
ਉਧਰ ਨਠੋਂ ਉਹ ਮਰੇਸੀ ਡਾਢਾ ਏ ਤੇਰੇ ਨਾਲ਼ੋਂ

ਏਸ ਜਵਾਨੇ ਖ਼ੂਨ ਤੁਸਾਡਾ ਕੀਤਾ ਨਾਲ਼ ਨਾਦਾਨੀ
ਇਸ਼ਕੇ ਸੀ ਮੱਤ ਮਾਰੀ ਇਸ ਦੀ ਕਰ ਬੈਠਾ ਦੀਵਾਨੀ

ਜ਼ੋਰੀ ਖ਼ੂਨ ਕਰਾਇਆ ਇਸ ਥੀਂ ਚਾ ਚੁਕਾ ਜ਼ਨਾਨੀ
ਮੌਤ ਉਹਦੀ ਸੀ ਇਸ ਦੇ ਹੱਥੋਂ ਲਿਖੀ ਕਲਮ ਰੱਬਾਨੀ ।(੬੪੩੦)

ਜੱਟ ਫ਼ਕੀਰ ਮੁਕਦਮ ਮੋਇਆ ਮੌਜ਼ਅ ਵਿਚ ਬਲਾਕੇ
ਕਹਿੰਦੇ ਭੈਣੂੰ ਕਤਲ ਕਰਾਇਆ ਵੀਰੇ ਚਾ ਚੁਕਾ ਕੇ

ਵੀਰੇ ਕੋਲੋਂ ਵੀਰ ਕੋਹਾਵਣ ਬੁਰੇ ਰੰਨਾਂ ਦੇ ਕਾਰੇ
ਹੱਥੀਂ ਜ਼ਹਿਰ ਪਿਲਾਇ ਖਪਾਵਣ ਖ਼ਾਵੰਦ ਯਾਰ ਪਿਆਰੇ

ਕਦ ਕਿਸੇ ਦੀ ਸਕੀ ਹੋਈ ਜਿਸ ਨੇ ਨਾਰ ਸਦਾਇਆ
ਸੈ ਬਰਸਾਂ ਅੱਗ ਪੂਜੇ ਕੋਈ ਫਿਰ ਸਾੜੇ ਹੱਥ ਲਾਇਆ

ਨੂਰ ਹਯਾ ਹਿਦਾਇਤ ਵਾਲਾ ਬੁਰਕਾ ਗਿਰਦ ਜਿਨ੍ਹਾਂ ਦੇ
ਸੋ ਕਿਉਂ ਨਾਰੀਂ ਗਿਣੀਏ ਭਾਈ ਮਰਦ ਈਮਾਨ ਤਿਨ੍ਹਾਂ ਦੇ

ਕੀ ਹੋਇਆ ਜੇ ਚਿਹਰਾ ਸਾਡਾ ਹੋ ਗਿਆ ਮਰਦਾਵਾਂ
ਜਿਸਦੀ ਨੀਯਤ ਮਰਦਾਂ ਵਾਲੀ ਸੋਈਉ ਮਰਦ ਸੱਚਾਵਾਂ

ਨਾਰੀਂ ਸੋ ਜੋ ਸ਼ਹਿਵਤ ਭਰੀਆਂ ਤਾੜਨ ਡੰਡ ਜਵਾਨਾਂ
ਇਕ ਚੱਖਣ ਫਿਰ ਦੂਜਾ ਰੱਖਣ ਲੱਖਣ ਬੁਰਾ ਪੁਰਾਣਾ

ਖੇਖਣ ਥੀਂ ਕਰ ਖ਼ੌਫ਼ ਮੁਹੰਮਦ ਬਾਹਰ ਨਿਕਲ ਇਸ ਗਲੀਓਂ
ਬੁਰਿਆਂ ਥੀਂ ਬੁਰਿਆਈ ਨਿਕਲੇ ਹੈ ਭਲਿਆਈ ਭਲਿਓਂ

ਇਨ੍ਹਾਂ ਗੱਲਾਂ ਥੀਂ ਹੈ ਕੀ ਲੱਭਦਾ ਐਬ ਕਿਸੇ ਦਾ ਕਰਨਾ
ਆਪਣਾ ਆਪ ਸੰਭਾਲ਼ ਮੁਹੰਮਦ ਜੋ ਕਰਨਾ ਸੋ ਭਰਨਾ

ਅਰਜ਼ ਕਰੇ ਜੱਲਾਦ ਬੇਚਾਰਾ ਮੁੜ ਮੁੜ ਨਾਲ਼ ਤਾਕੀਦਾਂ
ਨਾਮ ਜੱਲਾਦ ਤੇ ਕੰਮ ਸ਼ਿਫ਼ਾਇਤ ਰਾਹ ਦੱਸੇ ਬੇ-ਦੀਦਾਂ

ਕਹਿੰਦਾ ਆਹੀ ਖ਼ਬਰ ਤੁਸਾਨੂੰ ਭੀ ਬਹਿਰਾਮ ਜਵਾਨੇ
ਆਦਮੀਏਂ ਦੇ ਹੱਥੋਂ ਮਰਨਾ ਓੜਕ ਇਕਸ ਜ਼ਮਾਨੇ ।(੬੪੪੦)

ਜਿਉਂ ਕਰ ਤੋੜੋਂ ਲਿਖੀ ਆਹੀ ਸਿਰ ਪਰ ਉਹੋ ਹੋਈ
ਨਹੀਂ ਤਾਂ ਉਸ ਬਹਾਦਰ ਦੇਵੇ ਮਾਰ ਨਾ ਸਕਦਾ ਕੋਈ

ਐਸਾ ਰੁਸਤਮ ਦਿਸਦਾ ਆਹਾ ਦਿਓ ਪਰੀਆਂ ਵਿਚ ਨਾਦਰ
ਜਿਉਂ ਇਜੜ ਵਿਚ ਸ਼ੇਰ ਤਿਵੇਂ ਸੀ ਲਸ਼ਕਰ ਵਿਚ ਬਹਾਦਰ

ਦਸ ਹਜ਼ਾਰ ਨੱਰਾ ਦਿਓ ਜੰਗੀ ਚਿਹਲ ਹਜ਼ਾਰ ਅਫ਼ਰੇਤੇ
ਇਕਸੇ ਹਮਲੇ ਨਾਲ਼ ਹਿਲਾਏ ਮਾਰ ਗਿਆ ਪੜ ਜੀਤੇ

ਇਹ ਕਮਜ਼ੋਰ ਜਵਾਨ ਬੇਚਾਰਾ ਕੀ ਆਹਾ ਉਸ ਅੱਗੇ
ਪਰ ਜਾਂ ਘੜੀ ਬਰਾਬਰ ਹੋਵੇ ਸਾਇਤ ਢਿੱਲ ਨਾ ਲੱਗੇ

ਕਰੋ ਕਿਆਸ ਦਿਲੇ ਵਿਚ ਆਪੇ ਕੀ ਕੁੱਝ ਇਸ ਦਾ ਬਾਦਰ
ਨਾਲ਼ ਉਹਦੇ ਕੀ ਕੁਦਰਤ ਧਰਦਾ ਤੋੜੇ ਲੱਖ ਬਹਾਦਰ

ਜੋ ਕੁੱਝ ਵਿਚ ਕਿਤਾਬਾਂ ਲਿਖੀ ਹੋਣੀ ਸੀ ਸੋ ਹੋਈ
ਸਿਰ ਪਰ ਮੰਨ ਰਜ਼ਾ ਰੱਬੇ ਦੀ ਦੋਸ਼ ਨਹੀਂ ਇਸ ਕੋਈ

ਦੂਜਾ ਹੋਰ ਸੁਣੋ ਗੱਲ ਮੇਰੀ ਤਰਿੱਖੇ ਕੰਮ ਸ਼ੈਤਾਨੀ
ਅੱਗੇ ਭੀ ਤੁਧ ਨਾਲ਼ੋਂ ਵੱਡੇ ਹੋਏ ਸ਼ਾਹ ਜਹਾਨੀ

ਜਿਉਂ ਜਿਉਂ ਦੁਨੀਆਂ ਤੇ ਉਹ ਵਰਤੇ ਸੋ ਵਰਤਬ ਭਲੇਰੇ
ਜੇ ਚੱਲੇਂ ਫੜ ਚਾਲ ਉਨ੍ਹਾਂ ਦੀ ਇਹ ਬਿਹਤਰ ਹਕ ਤੇਰੇ

ਤੌਕ ਸੰਗਲ ਜਮਸ਼ੈਦ ਬਣਾ ਕੇ ਛੋੜ ਗਿਆ ਇਸ ਗੱਲੇ
ਬੰਦ ਖ਼ਾਨਾ ਇਸਕੰਦਰ ਕੀਤਾ ਤਕਸੀਰੀ ਦੁੱਖ ਝੱਲੇ

ਜ਼ਿੰਦਾ ਮਾਰਨ ਫਿਰ ਭੀ ਸੌਖਾ ਜਾਂ ਚਾਹੀਏ ਮਰਵਾਇਆ
ਮੋਇਆ ਗਿਆ ਮੁੜ ਕੀਕਰ ਲਭਸੀ ਜਿਸ ਦਿਨ ਦੇਣਾ ਆਇਆ ।(੬੪੫੦)

ਹਾਸ਼ਿਮ ਸ਼ਾਹ ਜਲਾਦੋਂ ਸੁਣ ਕੀ ਗੱਲ ਪਸੰਦ ਲਿਆਂਦੀ
ਕਹਿੰਦਾ ਉਸ ਨੂੰ ਤੂੰ ਹੀ ਦੱਸੇਂ ਇਹ ਸਲਾਹ ਅਮਾਂਦੀ

ਜੋ ਤੂੰ ਦੱਸੇਂ ਸੋਈਉ ਕਰੀਏ ਗੱਲ ਕਹੀ ਤੁਧ ਖ਼ਾਸੀ
ਪਰ ਇਕ ਭਾਵੇ ਨਾਹੀਂ ਇਸ ਦੀ ਮੁਢੋਂ ਕਰਨ ਖ਼ਲਾਸੀ

ਅਰਜ਼ ਕੀਤੀ ਜਲਾਦੇ ਸ਼ਾਹਾ ਇਸ ਨੂੰ ਕੈਦ ਕਰਾਉ
ਸ਼ਾਹਪਾਲੇ ਦੀ ਜਾਂ ਜਾਂ ਤੋੜੀ ਮਰਜ਼ੀ ਨਾ ਅਜ਼ਮਾਓ

ਜੇ ਉਸ ਕੁੱਝ ਉਪਾਉ ਨਾ ਕੀਤਾ ਬਾਂਹ ਇਸਦੀ ਨਾ ਲੋੜੀ
ਉਸ ਵੇਲੇ ਬਹਿਰਾਮੇ ਬਾਬਤ ਮਾਰ ਸੁੱਟਣ ਗੱਲ ਥੋੜੀ

ਜੇ ਉਹ ਜ਼ੋਰਾ ਕਰਕੇ ਮੰਗੇ ਦੇ ਜਮਾਈ ਮੇਰਾ
ਕੈਦੋਂ ਕੱਢ ਕਰੇਸੇਂ ਹਾਜ਼ਿਰ ਤਾਂ ਕੰਮ ਚੰਗਾ ਤੇਰਾ

ਹਾਸ਼ਿਮ ਸ਼ਾਹ ਜੱਲਾਦੇ ਤਾਈਂ ਆਫ਼ਰੀਨ ਪੁਕਾਰੀ
ਇਹ ਸਲਾਹ ਪਸੰਦ ਲਿਆਂਦੀ ਨਾਲ਼ੇ ਮਜਲਿਸ ਸਾਰੀ

ਜਲਾਦੇ ਨੂੰ ਖ਼ਿਲਅਤ ਦੇ ਕੇ ਕੀਤਾ ਵਿਚ ਅਮੀਰਾਂ
ਖ਼ੂਨੀ ਕੈਦ ਕਰਾਵਣ ਕਾਰਨ ਕਰਨ ਲੱਗੇ ਤਦਬੀਰਾਂ

ਕੁਲਜ਼ਮ ਕੋਟ ਅੰਦਰ ਸੀ ਖੂਹਾ ਡੂੰਘਾ ਵੱਧ ਸ਼ੁਮਾਰੋਂ
ਬਹੁਤ ਲੰਮਾ ਤੇ ਬਾਤਨ ਵਿਚੋਂ ਕਾਲ਼ਾ ਤਾਰ ਜ਼ੁਨਾਰੋਂ

ਯਾ ਉਹ ਰੋਜ਼ ਹਸ਼ਰ ਦੇ ਵਾਲੀ ਆਹੀ ਰਾਤ ਹਨੇਰੀ
ਵੇਖਣ ਸਾਥ ਕਿਨਾਰਾ ਉਸ ਦਾ ਜਾਂਦੀ ਭੱਜ ਦਲੇਰੀ

ਕੀ ਕੁੱਝ ਆਖਾਂ ਥੱਲਾ ਉਸ ਦਾ ਧੌਲ ਮੱਛੇ ਤੱਕ ਪਹੁਤਾ
ਪੈਰੋਂ ਸਿਰਾ ਨਾ ਨਜ਼ਰੀਂ ਆਵੇ ਜੇ ਸੌ ਤਕੀਏ ਬਹੁਤਾ ।(੬੪੬੦)

ਜੇ ਕਰ ਪੱਥਰ ਉੱਤੋਂ ਸੁੱਟੀਏ ਰਹੇ ਬਰਸ ਤੱਕ ਰਾਹੀ
ਜੀਆ ਜੂਨ ਉਹਦੇ ਵਿਚ ਮਰ ਕੇ ਗੰਦਗੀ ਤਰੱਕੀ ਆਹੀ

ਜੇ ਸੂਰਜ ਵਿਚ ਝਾਤੀ ਪਾਵੇ ਵੇਖ ਹਨੇਰਾ ਨੱਸਦਾ
ਕਾਲ਼ਖ ਬੁਰੀ ਉਹਦੀ ਵਿਚ ਆਇਆਂ ਨੂਰ ਦਿਹੁੰ ਦਾ ਖੁਸਦਾ

ਬੁਰਾ ਦਰੁਗ ਦੇਵਾਂ ਦਾ ਆਹਾ ਦੋਜ਼ਖ਼ ਦੁਨੀਆਂ ਉੱਤੇ
ਸੱਪ ਅਠੂਏਂ ਹੋਰ ਖ਼ਜ਼ਿੰਦੇ ਵਾਂਗਰ ਕਾਲੇ ਕੁੱਤੇ

ਪੈਰੀਂ ਸੰਗਲ ਤੌਕ ਗਲੇ ਵਿਚ ਸ਼ਹਿਜ਼ਾਦੇ ਨੂੰ ਪਾਕੇ
ਉਸ ਦਰੁਗੇ ਵਿਚ ਵਗਾਇਆ ਬੈਠਾ ਥੱਲੇ ਜਾ ਕੇ

ਸੂਰਤ ਸੀਰਤ ਵੱਲੋਂ ਆਹਾ ਮਿਹਤਰ ਯੂਸੁਫ਼ ਸਾਨੀ
ਤਾਹੀਂ ਮਿਲੀ ਮੀਰਾਸ ਓਹਨਾਂ ਦੀ ਖੂਹ ਪਾਇਆ ਜ਼ਿੰਦਾਨੀ

ਬੇਨਜ਼ੀਰ ਸ਼ਹਿਜ਼ਾਦਾ ਆਹਾ ਇਸ਼ਕ ਪਰੀ ਦੇ ਫੜਿਆ
ਤਾਹੀਂ ਕੈਦ ਦੇਵਾਂ ਦੀ ਅੰਦਰ ਜਾ ਬੇਚਾਰਾ ਝੜਿਆ

ਪੁੱਟ ਪਹਾੜ ਦਿੱਤਾ ਚਾਇ ਉੱਤੇ ਮੂੰਹ ਖੂਹੇ ਦਾ ਕੱਜਿਆ
ਦੇਖ ਆਸ਼ਿਕ ਦੀ ਭੁੱਖ ਮੁਹੰਮਦ ਅਜੇ ਨਾ ਇਸ਼ਕੋਂ ਰੱਜਿਆ

ਦੇਵਾਂ ਕਤਲ ਕਰਨ ਥੀਂ ਛੱਡਿਆ ਕੈਦ ਬੁਰੀ ਵਿਚ ਪਾਇਆ
ਭੁੱਖਾ ਤੇ ਤਰਿਹਾਇਆ ਮਰਸੀ ਸਹਿਮ ਉਨ੍ਹਾਂ ਕੁੱਝ ਆਇਆ

ਇਸ ਪੁੜੇ ਵਿਚ ਮੋਰੀ ਕੀਤੀ ਵਾਂਗ ਚੱਕੀ ਦੇ ਗਾਲੇ
ਅੰਨ ਪਾਣੀ ਲਮਕਾਵਨ ਓਥੋਂ ਪਾਕੇ ਵਿਚ ਪਿਆਲੇ

ਕਦੀ ਕਦੀ ਕੁੱਝ ਰੋਟੀ ਪਾਣੀ ਥੋੜਾ ਬਹੁਤਾ ਖਾਣਾ
ਸੈਫ਼-ਮਲੂਕੇ ਵੱਲ ਪਹੁੰਚਾਵਣ ਕਰ ਕੇ ਖ਼ੌਫ਼ ਰੱਬਾਣਾ ।(੬੪੭੦)

ਜਾਂ ਸ਼ਾਹ-ਮੁਹਰੇ ਬਾਹਰ ਕੱਢੇ ਰੌਸ਼ਨ ਵਾਂਗਰ ਅੱਗੀ
ਆਜ਼ਮ ਇਸਮ ਜ਼ਬਾਨੋਂ ਪੜ੍ਹਿਆ ਲੌ ਖੂਹੇ ਵਿਚ ਲੱਗੀ

ਸੱਪ ਅਠੂਏਂ ਹੋਰ ਖ਼ਜ਼ਿੰਦੇ ਨੱਸ ਛਪੇ ਵਿਚ ਧਰਤੀ
ਮਿਹਤਰ ਯੂਸੁਫ਼ ਵਾਲੀ ਹਾਲਤ ਸਭ ਓਥੇ ਵੰਝ ਵਰਤੀ

ਪੈਰੀਂ ਸੰਗਲ ਬੇੜੀ ਬੱਧੇ ਗਿਣ ਜਾਪੇ ਗੱਲ ਗੌਲੇ
ਹੱਥ ਮੁਥੜੀ ਸੰਗਲ ਨਾਲ਼ੇ ਕੁੱਝ ਭਾਰੇ ਕੁੱਝ ਹੌਲੇ

ਆਬ ਹਯਾਤ ਖਰੇ ਦਾ ਚਸ਼ਮਾ ਸੈਫ਼-ਮਲੂਕ ਸ਼ਹਿਜ਼ਾਦਾ
ਵਿਚ ਹਨੇਰ ਖੂਹੇ ਦੇ ਬੈਠਾ ਰੱਬ ਦਾ ਵੇਖ ਇਰਾਦਾ

ਨਾਲ਼ ਅਫ਼ਸੋਸ ਉਹਦੇ ਕਰ ਬੈਠਾ ਅੰਬਰ ਬਾਣਾ ਨੀਲਾ
ਸੂਰਜ ਦਾ ਗ਼ਮਨਾਕੀ ਕੋਲੋਂ ਹੋ ਗਿਆ ਰੰਗ ਪੀਲ਼ਾ

ਸੀਨੇ ਦਾਗ਼ ਚੰਨੇ ਨੂੰ ਲੱਗਾ ਤੱਕ ਕੇ ਸ਼ਾਹ ਦਾ ਰੂਲਾ
ਨਿੱਤ ਦਿਹਾੜੇ ਘਟਦਾ ਜਾਂਦਾ ਕਹਿੰਦਾ ਹਾਏ ਮਕਬੂਲਾ

ਕਿਤ ਵੱਲ ਨੱਸ ਵੰਝਾਂ ਅਸਮਾਨੋਂ ਧਾੜਾ ਲੋਕੋ ਧਾੜਾ
ਦੰਦ ਤੇਰੇ ਕੇਹੇ ਤੇਜ਼ ਅਸਾਂ ਤੇ ਹੇ ਬੁਢਿਆ ਬਘਿਆੜਾ

ਯੂਸੁਫ਼ ਸਾਨੀ ਵੇਖ ਜਵਾਨੀ ਤਰਸ ਨਾ ਆਵੇ ਤੈਨੂੰ
ਖ਼ੂਬ ਜਵਾਨ ਅਜੇਹਾ ਪਕੜੇਂ ਆਲਮ ਦੇਖੇ ਜੈਨੂੰ

ਪਿਆ ਖ਼ਿਆਲ ਅਸਾਡੇ ਵੈਰੀ ਕਿਸ ਨੂੰ ਕੂਕ ਸੁਣਾਈਏ
ਜ਼ਾਲਿਮ ਸਿਤਮ ਹਮੇਸ਼ਾ ਕਰਦਾ ਕਿਤ ਪਾਸੇ ਨਸ ਜਾਈਏ

ਅੱਵਲ ਲਾ ਉਮੀਦ ਭਲੇ ਦੀ ਕੈਦ ਬੁਰੀ ਵਿਚ ਪਾਂਦਾ
ਖੜ ਖ਼ੁਰਸ਼ੈਦ ਦੁਪਹਿਰਾਂ ਉੱਤੇ ਧਰਤੀ ਵੱਤ ਤਪਾਂਦਾ ।(੬੪੮੦)

ਦਿਨ ਦਿਨ ਵਧ ਘੱਟ ਚੰਨੇ ਦਾ ਕਰ ਚੌਦੇਂ ਨੂੰ ਕਰ ਪੂਰਾ
ਫੇਰ ਅਠਾਈਏਂ ਰਾਤੀਂ ਤੋੜੀ ਕਰ ਛੱਡਦਾ ਬੇਨੂਰਾ

ਕੂਕ ਦੁਹਾਈ ਕਰੇ ਲੋਕਾਈ ਦੋਲਾਬੀ ਅਸਮਾਨੋਂ
ਨਿੱਤ ਖੂਹੇ ਵਿਚ ਸੁੱਟਦਾ ਫੜਕੇ ਰੌਸ਼ਨ ਚੰਨ ਜਹਾਨੋਂ

ਬਾਗ਼ ਦਿਲਾਂ ਦੇ ਅੰਦਰ ਚਰਦਾ ਹਿੱਕ ਲਡਿਕਾ ਫੜ ਕੇ
ਬਘਿਆੜਾਂ ਦੇ ਹੱਥ ਫੜਾਂਦਾ ਵੰਡ ਵੰਡ ਖਾਓ ਖੜ ਕੇ

ਨੰਗੇ ਸਿਰ ਪਹਾੜ ਚੁਕਾਏ ਜਿਨ੍ਹਾਂ ਫੁੱਲ ਨਾ ਚਾਇਆ
ਵੇਖੋ ਫੁੱਲ ਗੁਲਾਬ ਚੌਤਰਫ਼ੋਂ ਸੀਖ਼ਾਂ ਦੇ ਮੂੰਹ ਆਇਆ

ਬਾਗ਼ੀਂ ਸੈਰ ਕਰੇਂਦੀ ਬੁਲਬੁਲ ਪਕੜ ਪਿੰਜਰ ਵਿਚ ਪਾਵੇ
ਸੈਫ਼-ਮਲੂਕ ਜੇਹੇ ਤਨ ਨਾਜ਼ੁਕ ਐਸੇ ਦੁੱਖ ਸਹਾਵੇ

ਜਾਂ ਇਸ ਬੁੱਢੇ ਬਾਜ਼ ਅਸਮਾਨੇ ਸੁੱਟਿਆ ਦਰਗ ਸ਼ਹਿਜ਼ਾਦਾ
ਤਰੁਟੇ ਫੁੱਟ ਪੁਰਾਣੇ ਮੁੜ ਕੇ ਹੋਇਆ ਦਰਦ ਜ਼ਿਆਦਾ

ਜ਼ਾਰੋ ਜ਼ਾਰ ਰੋਏ ਵਿਚ ਦਰਗੇ ਰਿਤੂ ਨੀਰ ਉਛੱਲੇ
ਭਾਰੇ ਸੰਗਲ ਕਾਠ ਪਏ ਸਨ ਕੁੱਝ ਹੱਥ ਪੈਰ ਨਾ ਹੱਲੇ

ਰੈਣ ਦਿਨਾਂ ਕੁੱਝ ਚੈਨ ਨਾ ਰਿਹਾ ਵੈਣ ਕਰੇ ਦੁਖਿਆਰੇ
ਫ਼ਿਕਰ ਧਿਆਨ ਨਾ ਜਾਨ ਆਪਣੀ ਦਾ ਦਿਲ ਵਿਚ ਸਾਨ ਪਿਆਰੇ

ਇਹ ਕੀ ਸਖ਼ਤ ਜ਼ਮਾਨਾ ਆਇਆ ਹਾਏ ਹਾਏ ਵੇ ਅਸਮਾਨਾਂ
ਕਦਰ ਬਕਦਰੀ ਮੌਜਾਂ ਮਾਣੇ ਹਰ ਕੋਈ ਵਿਚ ਜਹਾਨਾਂ

ਮੈਨੂੰ ਦਿਨ ਦਿਨ ਦੁੱਖ ਜ਼ਿਆਦਾ ਹੋਰੋਂ ਹੋਰ ਸਿਆਪੇ
ਕਿੱਥੇ ਵਤਨ ਕਿੱਥੇ ਸੰਗ ਸਾਥੀ ਕਿੱਥੇ ਦੁਖੀਏ ਮਾਪੇ ।(੬੪੯੦)

ਕਿੱਥੇ ਸਾਇਦ ਕਿੱਥੇ ਮਲਿਕਾ ਕਿੱਥੇ ਬਾਗ਼-ਇਰਮ ਦਾ
ਕੌਣ ਕਰੇ ਅੱਜ ਭਾਲ਼ ਮੁਹੰਮਦ ਹੋਵੇ ਭੰਜਾਲ ਇਸ ਗ਼ਮ ਦਾ

ਨਾਲ਼ ਮੇਰੇ ਕੀ ਨਾਲ਼ਸ਼ ਤੇਰੀ ਹੇ ਅਸਮਾਨ ਬੁਲੰਦਾ
ਮੈਂ ਕੀ ਸ਼ਿਰਕਤ ਸਾਧਣ ਜੋਗਾ ਆਜ਼ਿਜ਼ ਖ਼ਾਕੀ ਬੰਦਾ

ਮੈਂ ਸ਼ੁਹਦੇ ਪਰਦੇਸੀ ਬੰਦੇ ਕੀ ਗਵਾਇਆ ਤੇਰਾ
ਨਾ ਕੋਈ ਤੇਰਾ ਤਾਰਾ ਲਾਹਿਆ ਨਾ ਚੰਨ ਚਾਇਆ ਤੇਰਾ

ਮੁਲਕੋਂ ਦੇਸੋਂ ਬਾਹਰ ਕੱਢ ਕੇ ਮਗਰ ਮੇਰੇ ਕਿਉਂ ਲੱਗੋਂ
ਅਜੇ ਮੇਰੇ ਪਰ ਥੋੜੀ ਹੋਈ ਕੀ ਕੁੱਝ ਕਰਸੇਂ ਅੱਗੋਂ

ਸ਼ੌਕ ਸੱਜਣ ਦੇ ਵਾਲੀ ਮੈਨੂੰ ਮੁਸ਼ਕਿਲ ਆਹੀ ਥੋੜੀ
ਬੇਦਾਦੀ ਅਨਿਆਈਂ ਰਾਜਾ ਭਲੀ ਅਦਾਲਤ ਤੋੜੀ

ਅੱਗੇ ਭਾਰ ਗ਼ਮਾਂ ਦੇ ਮੇਰੇ ਚੂਰ ਕੀਤੇ ਹੱਡ ਸਾਰੇ
ਹੋਰ ਉਤੋਂ ਦਸ ਹਿੱਸੇ ਪਾਈਓ ਈ ਹੇ ਜ਼ਾਲਿਮ ਹੱਤਿਆਰੇ

ਐਸੇ ਪਾਪ ਕਮਾਵਣ ਵਿਚੋਂ ਕੀ ਤੈਨੂੰ ਹੱਥ ਲਗਦਾ
ਕੀ ਲਿਜਾਸੇਂ ਦੁਨੀਆਂ ਉਤੋਂ ਫਿਰੇਂ ਗਰੀਬਾਂ ਠੱਗਦਾ

ਲਿੱਸੇ ਉੱਤੇ ਜ਼ੋਰ ਲਗਾਵਣ ਕੰਮ ਨਾ ਜ਼ੋਰਾਵਰ ਦਾ
ਮੋਇਆਂ ਹੋਇਆਂ ਨੂੰ ਫਿਰ ਕੀ ਮਾਰੇਂ ਬੇਇਨਸਾਫ਼ਾ ਮਰਦਾ

ਮੈਂ ਤੇ ਅੱਗੇ ਇਸ਼ਕ ਪਰੀ ਦੇ ਮਾਰ ਕੀਤਾ ਨਤਰਾਣਾ
ਮੁਰਦੇ ਤੇ ਕੀ ਜ਼ੋਰ ਲਗਾਵੇਂ ਹੋਇ ਐਸਾ ਸਤਰਾਣਾ

ਅੱਗੇ ਹੀ ਮੈਂ ਦਰਦਾਂ ਵਾਲਾ ਸਾਂਗਾਂ ਸਾਰ ਪਰੋਤਾ
ਉਠਦਾ ਬਹਿੰਦਾ ਰੋਂਦਾ ਰਹਿੰਦਾ ਰੋਂਦਾ ਪਿਆ ਖਲੋਤਾ ।(੬੫੦੦)

ਜੰਮਦੜਿਆਂ ਭਾ ਪਏ ਕਜ਼ੀਏ ਸੁਖ ਨਾ ਡਿੱਠਾ ਕਾਈ
ਉਮਰਾਂ ਦੇ ਦੁਖਿਆਰੇ ਤਾਈਂ ਨਿੱਜ ਜਣੇਂਦੀ ਮਾਈ

ਯਾ ਫਿਰ ਜ਼ਹਿਰ ਆਲੂਦਾ ਗੁੜ੍ਹਤੀ ਉਸ ਦਮ ਦਿੰਦੀ ਦਾਈ
ਮੇਰੇ ਥਾਂ ਕੱਟੇ ਦੁੱਖ ਕਿਹੜਾ ਮੱਥੇ ਦੀ ਲਿਖਵਾਈ

ਵਕਤ ਜਵਾਨੀ ਐਸ਼ ਜਹਾਨੀ ਪੰਜ ਸੱਤ ਰੋਜ਼ ਉਮਰ ਦੇ
ਐਵੇਂ ਦੁੱਖਾਂ ਵਿਚ ਲੰਘਾਏ ਰੋ ਰੋ ਆਹੀਂ ਭਰਦੇ

ਪੁਲ-ਸਿਰਾਤ ਜੇਹੇ ਸੈ ਪੈਂਡੇ ਝੱਲ ਝੱਲ ਰੋਜ਼ ਹਸ਼ਰ ਦੇ
ਬਾਗ਼-ਇਰਮ ਵਿਚ ਪਹੁਤਾ ਹੈਸਾਂ ਕੋਲ ਆਪਣੇ ਦਿਲਬਰ ਦੇ

ਮੌਜ ਗ਼ਮਾਂ ਦੀ ਅੰਦਰ ਆਈ ਰੁੜ੍ਹਦੀ ਜਾਨ ਨਿਮਾਣੀ
ਨਾ ਕੰਢੀ ਨਾ ਪੁਲ ਬਰੇਤੇ ਜਲ ਥਲ ਦਿਸਦਾ ਪਾਣੀ

ਦੂਰੋਂ ਨਜ਼ਰ ਪਈ ਇਕ ਬੇੜੀ ਪਾਣੀ ਉੱਤੇ ਤਰਦੀ
ਪੱਕੀ ਆਸ ਲੱਗੀ ਵਿਚ ਦਿਲ ਦੇ ਹੋਈ ਮਿਹਰ ਖ਼ਿਜ਼ਰ ਦੀ

ਨੇੜੇ ਆਈ ਖਾਵਣ ਧਾਈ ਬਣ ਸੰਸਾਰ ਮਰੇਲਾ
ਯਾਰ ਮਿਲਣ ਦੀ ਹਿੱਖੀ ਹੋਇਆ ਦੁਸ਼ਮਣ ਦੇ ਸੰਗ ਮੇਲਾ

ਤੱਤੀ ਰੇਤ ਦੁੱਖਾਂ ਦੀ ਅੰਦਰ ਮੈਂ ਤਰਿਹਾਇਆ ਸੜਦਾ
ਪਾਣੀ ਦਾ ਡਲ ਨਜ਼ਰੀਂ ਆਇਆ ਟੁਰਿਓਸੁ ਉਠਦਾ ਝੜਦਾ

ਨੇੜੇ ਜਾ ਡਿੱਠਾ ਜਿਸ ਵੇਲੇ ਉਹ ਆਹੇ ਭੱਠ ਬਲਦੇ
ਤਰੁੱਟੀ ਆਸ ਪਿਆਸ ਤਪਾਇਆ ਹੱਡ ਕਲੇਜਾ ਜਲਦੇ

ਸਰਾਂਦੀਪੋਂ ਆਂਦੋਈ ਪਰੀਏ ਹਿੱਖੀ ਲਾ ਵਸਲ ਦੀ
ਰਾਹੇ ਕੈਦ ਕਰਾਇਉਈ ਮੈਨੂੰ ਖ਼ਬਰ ਨਾ ਸੀ ਇਸ ਗੱਲ ਦੀ ।(੬੫੧੦)

ਸ਼ਾਹ ਬਦੀਅ-ਜਮਾਲ ਪਰੀ ਦੀ ਸੂਰਤ ਹਾਜ਼ਿਰ ਕਰ ਕੇ
ਗ਼ਮ ਦੇ ਗਿਲੇ ਉਲਾਹਮੇ ਕਰਦਾ ਰੋ ਰੋ ਆਹੀਂ ਭਰਕੇ

ਭੁੱਲ ਗਿਆ ਤੁਧ ਉਹ ਰਲ਼ ਬਹਿਣਾ ਕੌਲ ਕਰਾਰ ਜ਼ਬਾਨੀ
ਅੱਵਲ ਲਾਅ ਉਮੀਦ ਵਸਲ ਦੀ ਹੁਣ ਹੋਈਓਂ ਬੇਗਾਨੀ

ਯਾਰੀ ਲਾਅ ਪਰੀਤ ਪਕਾਈ ਬਾਵਫ਼ਾ ਨਾ ਰਹੀਏਂ
ਹੁਣ ਕਿਉਂ ਡਿਠੇ ਬਾਝ ਗੁਨਾਹੋਂ ਛੁਪ ਕਿੱਤੇ ਵੱਲ ਗਈਏਂ

ਗਿਆ ਵਫ਼ਾ ਤੁਸਾਡੇ ਦਿਲ ਥੀਂ ਭਲੀ ਮੁਹੱਬਤ ਘੋਲੀ
ਕਾਰ ਮੇਰੀ ਜਿੰਦ ਵਾਰਾਂ ਤੁਧ ਤੋਂ ਕੰਮ ਤੇਰਾ ਬਦ-ਕੌਲੀ

ਮੇਰੀ ਜਾਨ ਮੁਹੱਬਤ ਤੇਰੀ ਤੁਧ ਨਾ ਵਿਚ ਦਲੀਲਾਂ
ਐਸੇ ਕੰਮ ਨਾ ਲਾਇਕ ਪਰੀਏ ਤੇਰੇ ਜੇਹਾ ਅਸੀਲਾਂ

ਖੂਹ ਪਿਆਂ ਮੈਂ ਤੇਰੇ ਪਿੱਛੇ ਹੱਥ ਧੋਤੇ ਹੁਣ ਜਾਨੋਂ
ਸ਼ਾਇਦ ਯਾਦ ਨਹੀਂ ਤੁਧ ਕੀਤਾ ਮੈਨੂੰ ਕਦੀ ਜ਼ਬਾਨੋਂ

ਗ਼ਮ ਤੇਰੇ ਵਿਚ ਗਈ ਜਵਾਨੀ ਜਾਨ ਚਲੀ ਹੁਣ ਇੱਥੇ
ਸੀ ਤਕਰਾਰ ਮਿਲਣ ਦਾ ਪਰੀਏ ਦੱਸ ਹੁਣ ਮਿਲਸੇਂ ਕਿੱਥੇ

ਯਾਰੀ ਲਾਕੇ ਚਾਇਓਈ ਅੱਵਲ ਸੁਟਿਓਈ ਵਿਚ ਖ਼ਵਾਰੀ
ਇਹ ਬਦਜ਼ਨ ਨਾ ਆਹਾ ਤੁਧ ਤੇ ਜਦ ਮੈਂ ਲਾਈ ਯਾਰੀ

ਵੇਖਾਂ ਕੇਡ ਸੌਗੰਦਾਂ ਚਾਈਆਂ ਕੈਸੇ ਨਿਹੁੰ ਲਗਾਏ
ਹੁਣ ਤੁਧ ਮਨੋਂ ਭੁਲਾਇਆ ਮੈਨੂੰ ਉਹ ਦਿਨ ਯਾਦ ਨਾ ਆਏ

ਤੋੜੇ ਆਸ਼ਿਕ ਕੁੱਝ ਨਾ ਕਹਿਸੀ ਤੈਨੂੰ ਐਬ ਨਾ ਲਾਸੀ
ਹੋਰ ਭੀ ਖ਼ਲਕਤ ਦੁਨੀਆਂ ਉੱਤੇ ਕਦ ਇਹ ਗੱਲ ਪਚਾਸੀ ।(੬੫੨੦)

ਤੱਅਨੇ ਲੋਕ ਦੇਵੇਗਾ ਸਾਰਾ ਕਿਚਰਕ ਅੰਦਰ ਵੜਸੇਂ
ਬੇਵਫ਼ਾ ਕਹੇਗੀ ਖ਼ਲਕਤ ਕਿਸ ਕਿਸ ਦਾ ਮੂੰਹ ਫੜਸੇਂ

ਕਹਸਨ ਵਾਹ ਯਰਾਨਾ ਤੇਰਾ ਯਾਦ ਨਾ ਕੀਤੋ ਈ ਜਾਨੀ
ਯਾਰ ਬਣਾ ਮੁੜ ਸਾਰ ਨਾ ਲਈਓਈ ਮਾਰ ਕਰਾਇਓਈ ਫ਼ਾਨੀ

ਤੋੜੇ ਮੈਂ ਨਾ ਤਕਸਾਂ ਜਾ ਕੇ ਖ਼ਲਕਤ ਹੋਰ ਤਕੇਸੀ
ਜੱਗ ਬਦਨਾਮ ਕਰੇਗਾ ਤੈਨੂੰ ਬੋਲੀ ਲੋਕ ਮਰੇਸੀ

ਕਿਸ ਮਜ਼ਹਬ ਵਿਚ ਜ਼ਾਇਜ਼ ਆਹਾ ਭੱਜਣ ਕੌਲ ਕਰਾਰੋਂ
'ਉਫ਼ਵ ਬੱਅਹਿਦੀ' ਪੜ੍ਹ ਪੜ੍ਹ ਪਰੀਏ ਮੁੱਖ ਨਾ ਮੋੜੇਂ ਯਾਰੋਂ

ਵੇਖਾਂ ਯਾਰ ਕਰਾਰ ਚਮਨ ਦਾ ਕੀ ਗੁਲਾਂ ਫਲ ਪਾਏ
ਨਾਜ਼ੁਕ ਬਦਨ ਉੱਤੇ ਉਠ ਖ਼ਾਰਾਂ ਨੇਜ਼ੇ ਆਣ ਲਗਾਏ

ਵੇਖ ਸ਼ਰਾਬ ਸ਼ਰਾਬੀ ਤਾਈਂ ਸਟ ਸਟ ਕੇ ਮੂੰਹ ਭੰਨਦਾ
ਤਾਹੀਂ ਨਾਮ ਹਰਾਮ ਧਰਾਇਓਸੁ ਪਾਕ ਸਈਂ ਦਾ ਬਣਦਾ

ਵੇਖਾਂ ਰਾਤ ਪਿਆਲਾ ਚੰਨ ਦਾ ਜਿਸ ਵੇਲੇ ਭੰਨ ਸਟਦੀ
ਆਲਮ ਤੇ ਮੂੰਹ ਕਾਲ਼ਖ ਲੈਂਦੀ ਰੁਸ਼ਨਾਈ ਵੀ ਘਟਦੀ

ਕੀ ਉਮੀਦ ਤੇਰੇ ਸੰਗ ਰਖਾਂ ਕਿਸ ਹਿੱਖੀ ਖ਼ੁਸ਼ ਹੋਵਾਂ
ਉਮਰ ਚੱਲੀ ਤੁਧ ਕੌਲ ਨਾ ਪਾਲੇ ਪਿਆ ਨਸੀਬੇ ਰੋਵਾਂ

ਐਸਾ ਮਰਦ ਨਹੀਂ ਮੈਂ ਕੱਚਾ ਤੇਰੀ ਬੇਪਰਵਾਹਿਓਂ
ਯਾਦ ਤੇਰੀ ਥੀਂ ਗ਼ਾਫ਼ਲ ਹੋਵਾਂ ਨੱਸਾਂ ਤੇਗ਼ੋਂ ਵਾਹੀਓਂ

ਇਸ਼ਕ ਤੇਰੇ ਦੇ ਰਸਤੇ ਅੰਦਰ ਜੇ ਲੱਖ ਸਖ਼ਤੀ ਸਹਿਸਾਂ
ਰੰਜ ਹੋ ਕੇ ਇਕ ਕਦਮ ਨਾ ਹੱਟਸਾਂ ਫੇਰ ਉਤੇ ਵੱਲ ਢਹਿਸਾਂ ।(੬੫੩੦)

ਕੌਣ ਤੱਕੇ ਇਸ ਵੇਲੇ ਆ ਕੇ ਹਾਲਤ ਮੇਰੀ ਮੰਦੀ
ਇਕ ਫ਼ਿਰਾਕ ਦੂਆ ਤਨ ਘਾਇਲ ਕੈਦ ਹੋਇਆ ਵਿਚ ਬੰਦੀ

ਨਾ ਮੂੰਹ ਯਾਰ ਵਿਖਾਵਣ ਜੋਗਾ ਕਰਾਂ ਸ਼ਿੰਗਾਰ ਜੇ ਲਾਖਾਂ
ਨਾ ਦਿਲ ਇਹ ਗਵਾਹੀ ਦੇਂਦਾ ਬੇਵਫ਼ਾ ਤੁਧ ਆਖਾਂ

ਆਜ਼ਿਜ਼ ਕੀਤਾ ਖ਼ੋ ਤੇਰੀ ਨੇ ਨਾਮ ਤੇਰਾ ਕੀ ਧਰੀਏ
ਨਾ ਜਾਨੀ ਨਾ ਦੁਸ਼ਮਣ ਜਾਨੀ ਦੋਏੇ ਕਹਿੰਦੇ ਡਰੀਏ

ਜੇ ਲੱਖ ਜ਼ੁਲਮ ਕਰੋ ਫਿਰ ਰਖਸਾਂ ਜਾਨੀ ਨਾਲ਼ ਤੁਸਾਨੂੰ
ਨਾਮ ਬਦੀਅ-ਜਮਾਲ ਜਿਨ੍ਹਾਂ ਦਾ ਖ਼ੂਨ ਹਲਾਲ ਤਿਨ੍ਹਾਂ ਨੂੰ

ਖ਼ੂਬ ਸ਼ਕਲ ਮਹਿਬੂਬ ਅਜੇਹਾ ਮੁਸ਼ਕਿਲ ਤਰੋੜਨ ਯਾਰੀ
ਸੋ ਸੌ ਵਾਰੀ ਰਾਹ ਉਹਦੇ ਤੇ ਬਿਹਤਰ ਹੈ ਜਿੰਦ ਵਾਰੀ

ਗਲੇ ਉਲਾਹਮੇ ਆਖ ਸ਼ਹਿਜ਼ਾਦਾ ਮੁੜ ਕੇ ਪੱਛੋਤਾਵੇ
ਨਾਲ਼ ਖ਼ਿਆਲ ਜਮਾਲ ਪਰੀ ਦੇ ਹਾਲ ਅਹਿਵਾਲ ਸੁਣਾਵੇ

ਕਹਿੰਦਾ ਹੇ ਬਦੀਅ-ਜਮਾਲੇ ਮੈਂ ਤੁਧ ਪਿਆ ਵਿਛੋੜਾ
ਮੈਂ ਰੰਜੂਰ ਤੇਰੇ ਗ਼ਮ ਅੰਦਰ ਤੁਧ ਭੀ ਨਾ ਗ਼ਮ ਥੋੜਾ

ਪੀਰ ਸ਼ਹੀਦ ਕਰੇ ਕੋਈ ਮਦਦ ਲਾਵੇ ਤੀਰ ਨਿਸ਼ਾਨੇ
ਇਸ ਕੈਦੋਂ ਤੇ ਦਰਦ ਫ਼ਿਰਾਕੋਂ ਕੱਢੇ ਕਿਸੇ ਬਹਾਨੇ

ਠੰਡੀ ਵਾਅ ਤੁਸਾਡੇ ਵੱਲ ਦੀ ਇਸ ਖੂਹ ਵਿਚ ਨਾ ਲਗਦੀ
ਜਿਸ ਵਾਓ ਵਿਚ ਬੂ ਨਾ ਤੇਰੀ ਸਾੜੇ ਵਾਂਗਰ ਅੱਗ ਦੀ

ਮੱਥਾ ਮਾਰ ਜ਼ਿਮੀਂ ਪਰ ਪਟਕੇ ਢਹਿੰਦਾ ਖਲਾ ਖਲੋਤਾ
ਕਹਿੰਦਾ ਯਾਰ ਵਿਛੁੰਨਾ ਤੁਧ ਥੀਂ ਦਰਦਾਂ ਵਿਚ ਪਰੋਤਾ ।(੬੫੪੦)

ਕੁੱਝ ਗੁਨਾਹ ਬੇਅਦਬੀ ਹੋਈ ਕੈਦ ਹੋਇਓਸੁ ਇਸ ਰਾਹੋਂ
ਚਾਹ ਤੇਰੀ ਦੀ ਭਾਹ ਕਬੂਲੀ ਕੌਣ ਕੱਢੇ ਹੁਣ ਚਾਹੋਂ

ਹੱਥੀਂ ਪੈਰੀਂ ਸੰਗਲ ਬੇੜੀ ਆਇ ਵੇਖਾਂ ਮੈਂ ਕੈਦੀ
ਦੁੱਖ ਝੱਲਾਂ ਤੇ ਮੁੱਖ ਨਾ ਮੋੜਾਂ ਤੇਰ ਦਿਲ ਉਮੈਦੀ

ਜੇ ਮੈਂ ਲੱਖ ਬੇਅਦਬੀ ਕੀਤੀ ਕੀਤਾ ਅਪਣਾ ਭਰਨਾ
ਤੂੰ ਹਾਕਮ ਮੈਂ ਰੱਈਅਤ ਤੇਰੀ ਕਰ ਲੈ ਜੋ ਕੁੱਝ ਕਰਨਾ

ਹਰਗਿਜ਼ ਚਿੱਤ ਨਾ ਲਿਆ ਪਿਆਰੇ ਕੀਤਾ ਸੁਖ਼ਨ ਦਲੇਰੀ
ਰਹਿਮ ਕਰੀਂ ਹੁਣ ਆਜ਼ਿਜ਼ ਹੋਇਆ ਕੈਦ ਬੁਰੀ ਤੱਕ ਮੇਰੀ

ਜੇ ਮੈਂ ਸੌ ਗੁਸਤਾਖ਼ੀ ਕੀਤੀ ਜ਼ੁਲਮ ਤੇਰੇ ਕੁਝ ਝੱਲੇ
ਅਜੇ ਨਹੀਂ ਗੁਸਤਾਖ਼ੀ ਕੀਤੀ ਨਾ ਕਰ ਸਿਤਮ ਅਵੱਲੇ

ਏਸੇ ਤਰ੍ਹਾਂ ਨਾ ਰੱਖ ਹਮੇਸ਼ਾ ਮਾਰ ਇਕੇ ਕਰ ਯਾਰੀ
ਯਾ ਤਲਵਾਰੀ ਦਾ ਮੂੰਹ ਦੇਖਾਂ ਯਾ ਮੂੰਹ ਦਸ ਇਕ ਵਾਰੀ

ਜੇ ਮੈਂ ਨਾਲ਼ ਤੁਸਾਡੇ ਮੰਦਾ ਜਾਣੇ ਰੱਬ ਦਲੀਲਾਂ
ਬੇਦੋਸੇ ਸਿਰ ਦੋਸ਼ ਕਬੂਲੇ ਅੱਗੋਂ ਸ਼ਰਮ ਅਸੀਲਾਂ

ਜੀਉਂਦਿਆਂ ਤੁਧ ਯਾਦ ਨਾ ਕੀਤਾ ਮੋਇਆਂ ਦਿਲਾਸਾ ਦੇਸੇਂ
ਹੈ ਉਮੀਦ ਤੇਰੇ ਤੇ ਸੱਜਣਾ! ਮੱਤ ਸਿਰ ਹੱਥ ਧਰੇਸੇਂ

ਹੱਥੀਂ ਮਾਰ ਹੋਵਾਂ ਕੁਰਬਾਨੀ ਦਮ ਤੇਰੇ ਸਿਰ ਲੱਗੇ
ਖੂਹ ਪਿਆ ਇਹ ਜੀਵਨ ਮੇਰਾ ਮਰਨ ਭਲਾ ਤੁਧ ਅੱਗੇ

ਪਾਸ ਤੇਰੇ ਹੁਣ ਪਹੁੰਚਣ ਔਖਾ ਗਲਸਾਂ ਵਿਚ ਦਰੁੱਗਾਂ
ਦਰਦ ਮੇਰਾ ਸਿਰਦਰਦੀ ਤੈਨੂੰ ਕਿਉਂਕਰ ਨੇੜੇ ਪੁੱਗਾਂ ।(੬੫੫੦)

ਨਿਮੋਝਾਣ ਬੁੱਕਲ ਵਿਚ ਬੈਠਾ ਡਰਦਾ ਸੀਸ ਨਾ ਚਾਵਾਂ
ਦੂਰ ਭਲਾ ਮੱਤ ਕੋਲ ਹੋਵਾਂ ਤਾਂ ਤੈਨੂੰ ਹਰਜ ਪੁਚਾਵਾਂ

ਖ਼ੁਸ਼ੀ ਰਹੋ ਤੂੰ ਯਾਰ ਪਿਆਰੇ ਦੂਰ ਅਸੀਂ ਦੁਖਿਆਰੇ
ਸੁਖ ਨਸੀਬ ਤੇਰੇ ਮੈਂ ਚਾਏ ਭਰ ਦੁੱਖਾਂ ਦੇ ਖਾਰੇ

ਦੁੱਖ ਸਦਾ ਸੁਖ ਗਾਹ-ਬ-ਗਾਹ ਦੁੱਖਾਂ ਤੂੰ ਸੁਖ ਵਾਰੇ
ਦੁੱਖ ਕਬੂਲ ਮੁਹੰਮਦ ਬਖਸ਼ਾ ਰਾਜ਼ੀ ਰਹਿਣ ਪਿਆਰੇ

ਹੇ ਸੱਜਣਾ! ਹੁਣ ਪਹੁੰਚ ਸ਼ਿਤਾਬੀ ਵਾਗ ਚਲੀ ਛੁਟ ਹੱਥੋਂ
ਇਹੋ ਖ਼ੌਫ਼ ਆਹਾ ਦਿਲ ਮੇਰੇ ਏਸ ਬੇਗਾਨੀ ਸੱਥੋਂ

ਤੁਧ ਕਿਹਾ ਸੀ ਨਾ ਡਰ ਮੂਲੇ ਕਰਸਾਂ ਮੈਂ ਉਪਰਾਲਾ
ਹੁਣ ਇਸ ਸਖ਼ਤ ਮੁਸੀਬਤ ਅੰਦਰ ਹੋਇਓਸੁ ਮਰਨੇ ਵਾਲਾ

ਹੁਸਨ ਜਮਾਲ ਤੇਰਾ ਕਿਸ ਕਾਰੀ ਆਸ਼ਿਕ ਸਿਕਦਾ ਮਰਸੀ
ਜਾਂ ਦੀਦੇ ਨਾਬੀਨੇ ਹੋਏ ਫਿਰ ਸੁਰਮਾ ਕੀ ਕਰਸੀ

ਦੁੰਬਾ ਜਦ ਬਘਿਆੜਾਂ ਖਾਧਾ ਆਜੜੀਆਂ ਕੀ ਕਰਨਾ
ਕਾਂਗੇ ਨੀਂਹ ਘਰਾਂ ਦੀ ਪੁੱਟੀ ਕਿਸ ਉੱਤੇ ਛੱਤ ਧਰਨਾ

ਜਾਂ ਖੇਤੀ ਦਾ ਕੱਖ ਨਾ ਰਿਹਾ ਨਾ ਸੁਕਾ ਨਾ ਹਰਿਆ
ਕਿਸ ਕੰਮ ਧੁਪ ਪੱਕਾਵਣ ਵਾਲੀ ਕਿਸ ਕੰਮ ਬੱਦਲ਼ ਵਰ੍ਹਿਆ

ਸੱਜਣਾ! ਸਾਰ ਨਾ ਲਈਆ ਮੇਰੀ ਆ ਵੇਖਾਂ ਕੀ ਰੂਲਾ
ਨੱਕ ਵਿਚ ਆਏ ਸਾਸ ਮੁਹੰਮਦ ਦਰਸ਼ਨ ਦਸ ਮਕਬੂਲਾ

ਦੁੱਖ ਮੇਰੇ ਕੀ ਆਖਣ ਜੋਗੇ ਕਦ ਆਵਣ ਵਿਚ ਲੇਖੇ
ਤਦ ਪਤੀਜੇ ਯਾਰ ਮੁਹੰਮਦ ਜੇਕਰ ਅੱਖੀਂ ਵੇਖੇ ।(੬੫੬੦)

ਕਿੱਥੇ ਯਾਰ ਕਿੱਥੇ ਮੈਂ ਕੈਦੀ ਕਿੱਥੇ ਸਾਇਦ ਭਾਈ
ਕੌਣ ਵੰਡੇ ਅੱਜ ਦੁੱਖ ਮੁਹੰਮਦ ਹਾਲ ਨਾ ਤੱਕਦਾ ਕਾਈ

ਸੈਫ਼-ਮਲੂਕ ਦਰੁਗੇ ਅੰਦਰ ਬਹੁਤ ਹੋਇਆ ਦੁਖਿਆਰਾ
ਅੱਗ ਫ਼ਿਰਾਕ ਕੀਤਾ ਦਿਲ ਪੁਰਜ਼ੇ ਨਾ ਸੁਝਦਾ ਛੁਟਕਾਰਾ

ਪਲ ਪਲ ਸਾਲ ਮਿਸਾਲ ਗੁਜ਼ਾਰੇ ਇਕ ਇਕ ਰੋਜ਼ ਹਸ਼ਰ ਦਾ
ਰੈਣ ਲੰਘਾਏ ਵੈਣ ਕਰੇਂਦਾ ਨਾ ਜੀਵੇ ਨਾ ਮਰਦਾ

ਅੰਤ ਹਿਸਾਬ ਦੁੱਖਾਂ ਦਾ ਨਾਹੀਂ ਲੂੰ ਲੂੰ ਹੋਇਆ ਸ਼ਿਕਸਤਾ
ਦਿਲ ਬਸਤਾ ਤਨ ਖ਼ਸਤਾ ਬਸਤਾ ਨਾਲ਼ੇ ਬਸਤਾ ਰਸਤਾ

ਨਾਲ਼ ਤਯੱਮਮ ਕਰੇ ਇਬਾਦਤ ਪੜ੍ਹਦਾ ਨਫ਼ਲ ਨਿਮਾਜ਼ਾਂ
ਮੁੱਕਣ ਕਦ ਗ਼ਮਾਂ ਦੀਆਂ ਰਾਤਾਂ ਹੋਇਆ ਦੂਰ ਦਰਾਜ਼ਾਂ

ਕਾਲ਼ੀ ਰਾਤ ਵਿਛੋੜੇ ਵਾਲੀ ਢੁੱਕੀ ਵਿਚ ਦਰੁਗੇ
ਹੱਥੀਂ ਪੈਰੀਂ ਸੰਗਲ ਬੇੜੀ ਕੀਕਣ ਆਸ਼ਿਕ ਪੁਗੇ

ਕੌਣ ਸੁਣੇ ਤੇ ਕਹਿੜਾ ਪੁਛੇ ਜੇ ਸੌ ਕਰੇ ਕਕਾਰਾ
ਸਬਰੋਂ ਬਾਝ ਇਲਾਜ ਨਾ ਕੋਈ ਸਬਰ ਕਰੇ ਬੇਚਾਰਾ

ਕੂਕੇ ਮੌਤ ਨਹੀਂ ਮੈਂ ਜੋਗੀ ਕਿਸ ਦੀ ਆਈ ਲੈ ਲਾਂ
ਜਾਗਦਿਆਂ ਨਿੱਤ ਕੱਟੀ ਲੈਲਾਂ ਜਿਉਂ ਮਜਨੂੰ ਬਿਨ ਲੈਲਾਂ

ਆਈ ਰਾਤ ਇਕ ਰਹਿਮਤ ਵਾਲੀ ਵਾਂਗਰ ਲੈਲ ਕਦਰ ਦੇ
ਅੰਬਰ ਸਬਜ਼ ਬਗ਼ੀਚਾ ਕੀਤਾ ਤਾਜ਼ਾ ਨੂਰ ਬਦਰ ਦੇ

ਨੀਲੇ ਛਤਰ ਅਸਮਾਨ ਖਿਲਾਰੇ ਛੱਤੇ ਲਾਇ ਸੁਨਹਿਰੀ
ਫ਼ਰਸ਼ ਫ਼ਲਕ ਦੇ ਉੱਤੇ ਤਾਰੇ ਨੱਚਣ ਵਿਚ ਕਚਹਿਰੀ ।(੬੫੭੦)

ਨੱਸਦਾ ਫਿਰੇ ਸ਼ੈਤਾਨ ਦੁਰਾਡਾ ਖਾਵੇ ਖ਼ੌਫ਼ ਸ਼ਹਾਬੇ
'ਲਾ ਹੌਲ ਵਾ ਲਾ ਕੁਵੱਤਾ' ਪੁਕਾਰਨ ਚੌਕੀਦਾਰ ਜਨਾਬੇ

ਰਾਤ ਕੀਤੀ ਕਸਤੂਰੀ ਹੁਲੇ ਸਭ ਹਵਾਇ ਜਹਾਨੀ
ਲਾਲਾਂ ਵਾਂਗਰ ਚੰਨ ਚਮਕਦਾ ਸਾਫ਼ ਜ਼ਮੀਨ ਨੂਰਾਨੀ

ਬਾਗ਼ਾਂ ਅੰਦਰ ਛਾਂ ਰੁੱਖਾਂ ਦੀ ਨਕਸ਼ ਨਿਗਾਰ ਬਣਾਏ
ਕਾਲ਼ੀ ਛਾਂ ਚਿੱਟਾ ਵਿਚ ਚਾਨਣ ਖ਼ੁਸ਼ ਮਿਯਗਾਨ ਵਿਛਾਏ

ਮਾਹੀ ਮਿਰਗ਼ ਆਸੂਦੇ ਹੋਏ ਵਹਿਸ਼ੀ ਸ਼ੇਰ ਆਰਾਮੀ
ਖ਼ੁਸ਼ ਹਵਾ ਸੁਖਾਈ ਸਭਨਾਂ ਸੁੱਤੇ ਸੁਖ ਤਮਾਮੀ

ਬਾਰਾਂ ਅੰਦਰ ਬਿਸਤਰ ਕੀਤੇ ਰਲ਼ ਸ਼ੇਰਾਂ ਤੇ ਹਿਰਨਾਂ
ਸ਼ਾਹ ਕੁੱਤੇ ਰਲ਼ ਸੁੱਤੇ ਆਹੇ ਵੈਰ ਨਹੀਂ ਅੱਜ ਕਰਨਾ

ਕੁੱਛੜ ਵਿਚ ਸੁਆਲੇ ਚੂਹੇ ਬਿੱਲੀ ਜਿਉਂ ਮੁਸ਼ਤਾਕਾਂ
ਬਾਜ਼ ਤਿੱਤਰ ਇਕ ਅੱਡੇ ਉੱਤੇ ਬੈਠੇ ਨਾਲ਼ ਇਤਫ਼ਾਕਾਂ

ਨੀਂਦਰ ਕੱਠੇ ਕਰ ਸੁਆਂਦੀ ਚੋਰਾਂ ਚੌਕੀਦਾਰਾਂ
ਗ਼ਫ਼ਲਤ ਨਸ਼ਾ ਰਕੀਬਾਂ ਚੜ੍ਹਿਆ ਯਾਰ ਸੁੱਤੇ ਸੰਗ ਯਾਰਾਂ

ਸੈਫ਼-ਮਲੂਕ ਦਰੁਗੇ ਅੰਦਰ ਬੈਠ ਇਕੱਲਾ ਜਾਗੇ
ਰੱਬ ਦੀ ਦਿੱਤੀ ਸਖ਼ਤ ਮੁਸੀਬਤ ਪਿਆ ਸਿਰੇ ਤੇ ਝਾਗੇ

ਮੂਰਤ ਦੇ ਚਮਕਾਰੇ ਕੋਲੋਂ ਖੂਹ ਅੰਦਰ ਰੁਸ਼ਨਾਈ
ਤਰਫ਼ ਅਸਮਾਨ ਤੱਕੇ ਸ਼ਹਿਜ਼ਾਦਾ ਦਿਸਦਾ ਤਾਰਾ ਕਾਈ

ਰੋਟੀ ਪਾਣੀ ਆਵਣ ਵਾਲਾ ਮੰਘ ਆਹਾ ਜੋ ਉੱਤੇ
ਓਥੋਂ ਜ਼ੁਹਰਾ ਤਾਰਾ ਡਿਠੋਸੁ ਤਾਲਿਅ ਜਾਗੇ ਸੁੱਤੇ ।(੬੫੮੦)

ਸੈਫ਼-ਮਲੂਕ ਡਿੱਠਾ ਜਦ ਜ਼ੁਹਰਾ ਕਹਿੰਦਾ ਉਸ ਨੂੰ ਰੋ ਕੇ
ਅਰਜ਼ ਕਰਾਂ ਤੁਧ ਅੱਗੇ ਜ਼ੁਹਰਾ ਸੁਣ ਖਾਂ ਘੜੀ ਖਲੋ ਕੇ

ਤੈਨੂੰ ਰੱਬ ਭਲਿਆਈ ਦਿੱਤੀ ਮੰਦੇ ਰੋਜ਼ ਹਟਾਵੇਂ
ਬਖ਼ਤ ਬਖ਼ੀਲ ਕਿਸੇ ਦੇ ਹੋਵਣ ਤਾਲਿਅ ਨੇਕ ਵਟਾਵੇਂ

ਚਾਨਣ ਤੇਰਾ ਰਾਤ ਅੰਧਾਰੋਂ ਕਰਦਾ ਖ਼ੂਬ ਉਜਾਲੇ
ਫ਼ਤਹਿਮੰਦ ਤੇਰੇ ਥੀਂ ਹੁੰਦੇ ਤਾਲਿਅ ਦੌਲਤ ਵਾਲੇ

ਤੂੰਹੇਂ ਨੂਰ ਮਿਸਾਲ ਹਜ਼ੂਰੀ ਖ਼ੁਸ਼ੀ ਕਰੇਂਦਿਆਂ ਯਾਰਾਂ
ਸਭ ਕੋਈ ਚਾਕਰ ਤੇਰਾ ਈ ਹੈ ਤੂੰ ਵਾਂਗਰ ਸਰਦਾਰਾਂ

ਲੁਤਫ਼ ਸਖ਼ਾਵਤ ਕੰਮ ਹਮੇਸ਼ਾ ਸਰਦਾਰਾਂ ਦੀ ਖ਼ੂਬੀ
ਕਰ ਖਾਂ ਲੁਤਫ਼ ਮੇਰੀ ਹੁਣ ਬੇੜੀ ਲਾ ਬੰਨੇ ਕੱਢ ਡੁਬੀ

ਸੁਣਿਐਂ ਹੱਥ ਤੇਰੇ ਵਿਚ ਕੁੰਜੀ ਹਰ ਮੁਸ਼ਕਿਲ ਦੇ ਦਰ ਦੀ
ਬਾਰ੍ਹੀਂ ਘਰੀਂ ਤੇਰਾ ਹੈ ਫੇਰਾ ਮੁਖ਼ਤਾਰੀ ਹਰ ਘਰ ਦੀ

ਸੱਬਤ ਸੁਰਾਂ ਖ਼ੁਸ਼ ਗਾਵਣ ਵਾਲੇ ਤੇਰੇ ਨਾਂ ਥੀਂ ਪਾਂਦੇ
ਖ਼ਲਕਤ ਇਤਰ ਅੰਬੀਰ ਤੇਰੇ ਥੀਂ ਮੰਗ ਹਮੇਸ਼ਾ ਲਾਂਦੇ

ਛਾਪ ਸ਼ਹਾਨੀ ਦਾ ਤੂੰ ਥੇਵਾ ਐਸ਼ਾਂ ਦੇ ਘਰ ਰਾਣੀ
ਤੂੰ ਸਾਜਨ ਜਿੰਦ ਮੇਰੀ ਦਾ ਦਾਰੂ ਖ਼ਬਰ ਉਹਦੀ ਅੱਜ ਆਣੀ

ਜ਼ੁਹਰਾ ਲੰਘ ਰਹੀ ਫਿਰ ਲੱਗਾ ਮੁਸ਼ਤਰੀਓਂ ਚਮਕਾਰਾ
ਉਸ ਅੱਗੇ ਉਠ ਅਰਜ਼ ਕਰੇਂਦਾ ਸੈਫ਼-ਮਲੂਕ ਬੇਚਾਰਾ

ਮਸ਼ਤਰੀ ਸੱਅਦਿ ਅਕਬਰ ਤੈਨੂੰ ਆਖੇ ਸਭ ਲੋਕਾਈ
ਸੱਚੇ ਸੱਭੋ ਵਾਅਦੇ ਤੇਰੇ ਨਾ ਵਿਚ ਕੁੱਝ ਖ਼ਤਾਈ ।(੬੫੯੦)

ਨਜ਼ਰ ਕਰੇਂ ਤਾਂ ਜਾਨ ਵਧਾਵੇਂ ਜੱਗ ਪਰ ਸਿੱਕਾ ਤੇਰਾ
ਹੋਵਣ ਬਖ਼ਤ ਬੁਲੰਦ ਤੇਰੇ ਥੀਂ ਜ਼ੋਰ ਫੜੇ ਦਿਲ ਮੇਰਾ

ਮੁਣਸ਼ੀ ਖ਼ੁਸ਼ਖ਼ਤ ਲਿੱਖਣ ਵਾਲਾ ਲਿਖੇਂ ਖ਼ਤ ਇਨਾਇਤ
ਹਰ ਮੈਦਾਨ ਤੇਰੀ ਹੈ ਫ਼ਤਹਾ ਵਾਲੀ ਖ਼ੂਬ ਵਲਾਇਤ

ਤੁਧ ਕੋਲੋਂ ਹੈ ਰਾਸ ਬਰਾਸਾ ਅਮਨ ਕਰਾਰ ਜਗਤ ਦਾ
ਮਾਇਲ ਨਾਲ਼ ਸਲਾਹ ਤੇਰੀ ਦੇ ਕਾਰੋਬਾਰ ਜਗਤ ਦਾ

ਨਾਲ਼ ਵਫ਼ਾ ਤੇ ਮਿਹਰ ਆਪਣੀ ਦੇ ਮੈਂ ਵੱਲ ਕਰੇਂ ਨਜ਼ਾਰਾ
ਜੇ ਕੋਈ ਚਾਰਾ ਚਲਦਾ ਤੇਰਾ ਕਰਦੇ ਖਾਂ ਕੋਈ ਚਾਰਾ

ਮੋੜ ਕਿਵੇਂ ਬਦਬਖ਼ਤੀ ਮੇਰੀ ਕਰਦੇ ਬਖ਼ਤ ਸਵੱਲੇ
ਨਾਲ਼ ਮੇਰੇ ਕਰ ਨੇਕੀ ਜੈਸੀ ਮਰਦ ਕਰੇਂਦੇ ਭੱਲੇ

ਉਹ ਤਾਰਾ ਭੀ ਉਹਲੇ ਹੋਇਆ ਨਠਾ ਗੱਲ ਘੁਸਾ ਕੇ
ਸੈਫ਼-ਮਲੂਕੇ ਡਿੱਠਾ ਉਹ ਭੀ ਆਪ ਪਿਆ ਖੂਹ ਜਾ ਕੇ

ਦਿਲ ਵਿਚ ਕਰੇ ਦਲੀਲ ਸ਼ਹਿਜ਼ਾਦਾ ਕੀ ਕੰਮ ਕਰਸਨ ਤਾਰੇ
ਆਪ ਤਖ਼ਤ ਤੋਂ ਢਹਿੰਦੇ ਜਾਂਦੇ ਹੋ ਗ਼ਰੀਬ ਬੇਚਾਰੇ

ਜਾਤੋਸੁ ਇਹ ਖ਼ਿਆਲ ਨਾ ਪੱਕਾ ਕੀ ਤਾਰੇ ਮੈਂ ਸੇਵਾਂ
ਇਨ੍ਹਾਂ ਕੋਲੋਂ ਕੰਮ ਨਾ ਹੁੰਦਾ ਸੌ ਵਡਿਆਈ ਦੇਵਾਂ

ਇਹ ਆਪੂੰ ਵਿਚ ਕੈਦ ਹੁਕਮ ਦੇ ਟੁਰਦੇ ਉਠ ਨਕੇਲੇ
ਰਾਤ ਦਿਨੇ ਆਰਾਮ ਨਾ ਕਰਦੇ ਸਰ-ਗਰਦਾਂ ਹਰ ਵੇਲੇ

ਰੁੰਨਾ ਫੇਰ ਨਿਮਾਣਾ ਹੋ ਕੇ ਖ਼ਾਸ ਰੱਬੇ ਦੇ ਦਰ ਤੇ
ਦਾਇਮ ਜਿਸ ਦੀ ਲੁਤਫ਼ ਕਰੀਮੀ ਬੇਪਰਵਾਹੀ ਵਰਤੇ ।(੬੬੦੦)

ਅਰਜ਼ ਕਰੇ ਸ਼ਹਿਜ਼ਾਦਾ ਰੱਬਾ ਤੁਧ ਬਿਨ ਨਹੀਂ ਪਨਾਹਾਂ
ਜ਼ੁਹਰੇ ਮੁਸ਼ਤਰੀਆਂ ਸਭ ਗੋਲੇ ਤੂੰ ਸ਼ਹਿਨਸ਼ਾਹ ਸ਼ਾਹਾਂ

ਨਾਮਵਰਾਂ ਦਿਆਂ ਨਾਮਾਂ ਉੱਤੇ ਨਾਮ ਤੇਰਾ ਸਰਨਾਮਾ
ਕੁਨੱਹ ਤੇਰੀ ਵਿਚ ਰਾਹ ਨਾ ਪਾਇਆ ਕਿਆ ਖ਼ਾਸਾਂ ਕਿਆ ਆਮਾਂ

ਇਲਮ ਤੇਰਾ ਹੈ ਪੜ੍ਹਨੋਂ ਅੱਗੇ ਕਿਸੇ ਨਾ ਪੜ੍ਹਿਆ ਸਾਰਾ
ਭੀ ਦਰਿਆ ਅਹਿਸਾਨ ਤੇਰੇ ਦਾ ਬੇਹੱਦ ਅੰਤ ਸ਼ੁਮਾਰਾ

ਤੂੰ ਮਕਸੂਦਾਂ ਦੇ ਬੰਦ ਖੋਲੇਂ ਦੇਵੇਂ ਆਪ ਮੁਰਾਦਾਂ
ਉੱਚੇ ਤੁਧ ਹੀ ਉੱਚੇ ਕੀਤੇ ਸ਼ਾਦ ਕਰੇਂ ਨਾਸ਼ਾਦਾਂ

ਬੰਦ ਆਜ਼ਾਦ ਤੇਰੇ ਸਭ ਬੰਦੇ ਹੋਰ ਨਾ ਰੱਬ ਕਿਸੇ ਦਾ
ਲੋਹ-ਕਲਮ ਤੇ ਅੰਬਰ ਧਰਤੀ ਤੂੰ ਰੱਬ ਸਭ ਕਿਸੇ ਦਾ

ਲਹਿੰਦਾ ਚੜ੍ਹਦਾ ਦੱਖਣ ਪਰਬਤ ਹੋਰ ਨਿਮਾਣ ਉਚਾਣਾਂ
ਜ਼ੋਰ ਤੇਰੇ ਦੇ ਅੱਗੇ ਰੱਬਾ ਹਰ ਇਕ ਹੈ ਨਤਰਾਣਾ

ਜੋ ਦਾਨਿਸ਼ਵਰ ਅੱਖੀਂ ਵਾਲਾ ਵੰਝ ਤੇਰੇ ਤੱਕ ਪਹੁਤਾ
ਅੰਨ੍ਹਾਂ ਡੋਰਾ ਹੋਇਆ ਸ਼ਿਤਾਬੀ ਹੁਸਨ ਡਿਠੋਸੁ ਜਾਂ ਬਹੁਤਾ

ਜੋ ਕੱਤੇ ਦਰ ਤੇਰੇ ਉੱਤੇ ਉਨ੍ਹਾਂ ਜ਼ਾਤਾਂ ਪਾਕਾਂ
ਤੈਨੂੰ ਜਿਸ ਪਛਾਤਾ ਨਾਹੀਂ ਸਿਰ ਉਸ ਦੇ ਤੇ ਖ਼ਾਕਾਂ

ਖ਼ਾਕੀ ਬਦਨ ਮੇਰਾ ਰੱਬ ਸਾਈਆਂ! ਗਲ ਕੇ ਆਬ ਹੋਇਆ ਹੈ
ਵੇਖ ਹਾਲ ਗ਼ਰੀਬ ਬੰਦੇ ਦਾ ਕੇਡ ਖ਼ਰਾਬ ਹੋਇਆ ਹੈ

ਸੱਟ ਨਾ ਮੈਨੂੰ ਆਜ਼ਿਜ਼ ਹੋਇਓਸੁ ਤੁਧ ਬਿਨ ਕੌਣ ਗ਼ਰੀਬਾਂ
ਰਹਿਮਤ ਕਨੂੰ ਵਾਂਝ ਨਾ ਮੂਲੇ ਚਾਇ ਨਿਵਾਜ਼ ਨਸੀਬਾਂ ।(੬੬੧੦)

ਮੀਂਹ ਵਸਾ ਇਨਾਇਤ ਵਾਲਾ ਕਾਲ਼ਖ ਸਾਰੀ ਧੋਵੇ
ਕਾਲ਼ੀ ਰਾਤ ਹਿਜਰ ਦੀ ਮੇਰੀ ਝੱਬਦੇ ਰੌਸ਼ਨ ਹੋਵੇ

ਆਵੇ ਨੇਕ ਦਿਹਾੜਾ ਮੇਰਾ ਛੱਡਣ ਬਖ਼ਤ ਬਹਾਨੇ
ਜਿਸ ਦਮ ਨਜ਼ਰ ਕਰਮ ਦੀ ਹੋਵੇ ਆਵਣ ਭਲੇ ਜ਼ਮਾਨੇ

ਪਈ ਦੁਆ ਕਬੂਲ ਹਜ਼ੂਰੋਂ ਰਹਿਮ ਹੋਇਆ ਸਰਕਾਰੀ
ਉਸਰੋਂ ਯਸਰ ਕਰਨ ਤੇ ਆਇਆ ਚੱਲੀ ਮੁਸੀਬਤ ਸਾਰੀ

ਦੁਖੀਏ ਨੈਣ ਹੋਏ ਨਿੰਦਰਾਏ ਖ਼ਾਬ ਮੁਬਾਰਿਕ ਡਿੱਠੀ
ਬੰਦ ਖ਼ਲਾਸ ਮਿਲੇਗਾ ਜਾਨੀ ਖੁਲ ਪਈ ਆ ਹੁਣ ਚਿੱਠੀ

ਸਬਰ ਕਰੀਂ ਨਾ-ਉਮੀਦ ਨਾ ਹੋਵੇਂ ਲੈਸੇਂ ਅਜਰ ਜਨਾਬੋਂ
ਮੱਠੇ ਕੰਮ ਹੋਵਣ ਰਹਿਮਾਨੀ ਬਿਹਤਰ ਕਾਰ ਸ਼ਤਾਬੋਂ

ਸ਼ੁੱਧ ਹੋਇਆ ਏ ਬੁਰਜ ਸਿਤਾਰਾ ਗਈ ਨਹੂਸਤ ਰਾਸੋਂ
ਜ਼ਾਰੀ ਸੁਣੀ ਖ਼ੁਦਾਵੰਦ ਸਾਰੀ ਫ਼ਜ਼ਲ ਹੋਇਆ ਉਸ ਪਾਸੋਂ

ਸੈਫ਼-ਮਲੂਕ ਸ਼ਹਿਜ਼ਾਦਾ ਉੱਠ ਕੇ ਪੜ੍ਹਨ ਲੱਗਾ ਸ਼ੁਕਰਾਨੇ
ਸੌ ਸੌ ਸ਼ੁਕਰ ਜ਼ਬਾਨੋਂ ਆਖੇ ਕਰੇ ਅਦਾ ਦੋ-ਗਾਨੇ

ਅੱਠੇ ਪਹਿਰ ਇਬਾਦਤ ਅੰਦਰ ਰਹਿੰਦਾ ਨਿੱਤ ਖਲੋਤਾ
ਇਸ਼ਕ ਹਕੀਕੀ ਹੋਇਆ ਮਿਜਾਜ਼ੋਂ ਹਰ ਮੈਲੋਂ ਦਿਲ ਧੋਤਾ

ਇਹ ਮਸ਼ਗ਼ੂਲ ਇਬਾਦਤ ਅੰਦਰ ਗੱਲਾਂ ਕੋਲ ਨਾ ਕਰੀਏ
ਤੋੜੇ ਕੈਦ ਸੰਗਲ ਵਿਚ ਹੋਵਣ ਫੇਰ ਸ਼ਹਾਂ ਥੀਂ ਡਰੀਏ

ਆਸ਼ਿਕ ਕੈਦ ਮੁਹੰਮਦ ਬਖਸ਼ਾ ਪੈਰ ਨਾ ਬੱਧੇ ਤੇਰੇ
ਕਰ ਕੁੱਝ ਆਹਰ ਛੁਡਾਵਣ ਵਾਲਾ ਕਰੇਂ ਇਥੇ ਕੀ ਜ਼ੇਰੇ ।(੬੬੨੦)

ਖ਼ਿਦਮਤਗਾਰ ਵਫ਼ਾਈ ਤਾਈਂ ਹਾਂ ਵਿਹਲਾ ਕਰ ਧਾਈ
ਖ਼ਬਰ ਕਜ਼ੀਏ ਦੀ ਕਿਸ ਖੜਨੀ ਕੋਲ ਤੂੰਹੇਂ ਇਸ ਜਾਈ

ਸ਼ਰਿਸਤਾਨ ਅੰਦਰ ਚੱਲ ਜਲਦੀ ਸ਼ਾਹਪਾਲੇ ਦੇ ਘਰ ਨੂੰ
ਆਸ਼ਿਕ ਦੀ ਇਸ ਹਾਲਤ ਵਾਲੀ ਖ਼ਬਰ ਹੋਵੇ ਦਿਲਬਰ ਨੂੰ

ਸੈਫ਼-ਮਲੂਕੇ ਕੋਲ ਇਕੱਲਾ ਰਹਿ ਕੇ ਕੀ ਕਮਾਵਾਂ
ਫ਼ੌਜਾਂ ਚਾੜ੍ਹ ਲਿਆਵਾਂ ਤੋੜੋਂ ਤਾਂ ਕੈਦੋਂ ਛੁੜਕਾਵਾਂ

ਮਿਹਰ-ਅਫ਼ਰੋਜ਼ ਗਈ ਜਿਸ ਵੇਲੇ ਕੋਲ ਸ਼ਾਹੇ ਸ਼ਾਹਪਾਲੇ
ਗੋਸ਼ੇ ਗੱਲ ਸੁਣਾਵਣ ਕਾਰਨ ਜਾ ਕਰ ਵੱਖ ਬਹਾਲੇ

ਸੈਫ਼-ਮਲੂਕੇ ਦੀ ਗੱਲ ਸਾਰੀ ਅੱਵਲ ਆਖ਼ਿਰ ਤੋੜੀ
ਖੋਲ ਦੱਸੀ ਸ਼ਾਹਪਾਲੇ ਅੱਗੇ ਸਿਫ਼ਤ ਕੀਤੀ ਬੇਓੜੀ

ਸੁਣ ਗੱਲਾਂ ਸ਼ਾਹਪਾਲ ਸ਼ਹਿਜ਼ਾਦਾ ਬਹੁਤ ਤਅੱਜੁਬ ਹੋਇਆ
ਆਦਮੀਏਂ ਨੂੰ ਇਸ਼ਕ ਪਰੀ ਦਾ ਕੀਕਰ ਉੱਠ ਖਲੋਇਆ

ਮੱਥੇ ਵੱਟ ਅੱਖੀਂ ਵਿਚ ਲਾਲੀ ਚੜ੍ਹੀਓਸੁ ਗ਼ਜ਼ਬ ਹਨੇਰੀ
ਤੱਤਾ ਬੋਲ ਮਾਈ ਨੂੰ ਕਹਿੰਦਾ ਕੀ ਮੱਤ ਮਾਰੀ ਤੇਰੀ

ਇਸ ਆਦਮ ਨੇ ਜਾਦੂ ਪਾਏ ਯਾ ਕੋਈ ਜੜੀ ਖਿਲਾਈ
ਯਾ ਕੋਈ ਮੰਤਰ ਜੰਤਰ ਕੀਤਾ ਤੇਰੀ ਹੋਸ਼ ਭੁਲਾਈ

ਯਾ ਕੋਈ ਪੜ੍ਹੀ ਅਜ਼ੀਮਤ ਉਸ ਨੇ ਯਾ ਕੋਈ ਸੈਫ਼ੀ ਡਾਲੀ
ਯਾ ਸਿਰ ਤੇਰੇ ਉਤੋਂ ਫੇਰੀ ਲੱਕੜ ਚਾਇ ਬੰਗਾਲੀ

ਤੂੰ ਜੇ ਇਹ ਮਨਸੂਬਾ ਕਰ ਕੇ ਆਦਮ ਨਾਲ਼ ਲਿਆਈ ਏਂ
ਨਾ ਕੁੱਝ ਅਕਲ ਕਿਆਸ ਕੀਤੋ ਈ ਐਵੇਂ ਹੀ ਟੁਰ ਆਈ ਏਂ ।(੬੬੩੦)

ਜੋ ਗੱਲ ਤੁਧ ਫ਼ੁਰਮਾਈ ਮੈਨੂੰ ਬਾਹਰ ਇਲਮ ਹਿਸਾਬੋਂ
ਦਸ ਮਾਈ ਇਹ ਮਸਲਾ ਪੁੱਠਾ ਪੜ੍ਹਿਓਈ ਕਿਸ ਕਿਤਾਬੋਂ

ਆਦਮੀਆਂ ਤੇ ਪਰੀਆਂ ਅੰਦਰ ਸਾਕ ਅੱਗੇ ਕਦ ਹੋਏ
ਮੋਤੀ ਤੇ ਗੁਲ ਡੋਡੇ ਮਾਏ ਕਿਸ ਨੇ ਜੋੜ ਪਰੋਏ

ਦੋਏੇ ਜ਼ਾਤੀਂ ਵੱਖੋ ਵੱਖੀ ਮੌਲਾ ਆਪ ਬਣਾਈਆਂ
ਅੱਵਲ ਦੇ ਦਿਨ ਰਲੀਆਂ ਨਾਹੀਂ ਕਿਸ ਥੀਂ ਜਾਨ ਰਲਾਈਆਂ

ਵੱਡੇ ਵਡੇਰੇ ਵਡਕੇ ਸਾਡੇ ਦਿਓ ਹੋਰ ਹਰ ਥਾਵੇਂ
ਕਿਸੇ ਨਹੀਂ ਇਹ ਰਸਮ ਕਬੂਲੀ ਸ਼ਰ੍ਹਾ ਨਵੀਂ ਤੂੰ ਪਾਵੇਂ

ਇਹ ਗਲ ਮੂਲ ਨਹੀਂ ਦਿਲ ਲਗਦੀ ਰਸਮ ਨਵੀਂ ਕਦ ਭਾਵੇ
ਕੌਮ ਦੇਵਾਂ ਦੀ ਮੰਦਾ ਚੰਗਾ ਆਖਣ ਜੋ ਦਿਲ ਆਵੇ

ਕੁੱਲ ਮੇਰੀ ਨੂੰ ਵੱਟਾ ਲੱਗੇ ਨੀਚ ਬਣਾਂ ਹਰ ਇੱਕ ਥੀਂ
ਕੁੱਲ ਦੇਵਾਂ ਵਿਚ ਫਿੱਕਾ ਹੋਵਾਂ ਕੀ ਹਾਸਿਲ ਇਸ ਗੱਲ ਥੀਂ

ਭਲੀ ਸਲਾਹ ਦਸਾਲੇਂ ਮਾਏ ਕਰੇਂ ਖ਼ਰਾਬ ਅਸਾਨੂੰ
ਹੋਰ ਕੋਈ ਆਖ ਬਚੇ ਤਾਂ ਜਾਣਾਂ ਆਖਾਂ ਕੀ ਤੁਸਾਨੂੰ

ਰੱਬ ਪਨਾਹ ਦੇਵੇ ਇਸ ਕੰਮੋਂ ਨੰਗ ਨਾਮੂਸ ਨਾ ਲਾਹੇ
ਪੁੱਤ ਭਲਾ ਤੂੰ ਮਾਈ ਅੱਛੀ ਟੋਰੇਂ ਔਝੜ ਰਾਹੇ

ਜੇ ਕਸਮਤ ਨੇ ਇਹੋ ਕਰਨੀ ਜ਼ੋਰ ਨਹੀਂ ਕੁੱਝ ਮੇਰਾ
ਅੱਖੀਂ ਵੇਖ ਅਜ਼ਮਾਸਾਂ ਤਾਂ ਭੀ ਉਹ ਕੋਈ ਆਂਦਾ ਤੇਰਾ

ਉਹ ਆਦਮ ਅਜ਼ਮਾਏ ਬਾਝੋਂ ਅਕਲ ਨਹੀਂ ਗੱਲ ਮੰਨਦਾ
ਕੱਫ਼ ਆਪਣੀ ਛੱਡ ਗ਼ੈਰ ਕਫ਼ਾਂ ਦਾ ਕਿਹੜਾ ਸੌਹਰਾ ਬਣਦਾ ।(੬੬੪੦)

ਸ਼ੋਹਰਤ ਤੇ ਬਦਨਾਮੀ ਜੋਗਾ ਮੈਨੂੰ ਕਰੇਂ ਨਿਸ਼ਾਨਾ
ਤਾੜੀ ਮਾਰ ਤਮਾਸ਼ਾ ਵੇਖੂ ਮਾਰੂ ਤੀਰ ਜਮਾਨਾਂ

ਬੇਵਫ਼ਾ ਹਮੇਸ਼ਾ ਲਿਖਣ ਆਦਮੀਆਂ ਨੂੰ ਪਰੀਆਂ
ਭੁੱਲ ਖ਼ਤਾਈਆਂ ਖ਼ਾਕੀ ਲੋਕਾਂ ਬੰਨ੍ਹ ਪੰਡਾਂ ਸਿਰ ਧਰੀਆਂ

ਦੂਜਾ ਤੂੰ ਜੋ ਆਖੇਂ ਉਸ ਨੂੰ ਸੁੱਚਾ ਉੱਚਾ ਜ਼ਾਤੋਂ
ਰੁਸਤਮ ਅਸਫ਼ੰਦ ਬਾਸ਼ ਬਣਾਵੇਂ ਜ਼ੋਰਾਵਰੀ ਸਿਫ਼ਾਤੋਂ

ਹੋਰ ਉਹਦੀ ਜੋ ਕਹੀ ਆ ਸਾਰੀ ਸਫ਼ਰ ਮੁਸੀਬਤ ਭਾਰੀ
ਅਸਫ਼ੰਦ ਬਾਸ਼ ਕਿਲੇ ਦੀ ਫ਼ਤਹਾ ਮਲਿਕਾ ਦੀ ਗ਼ਮਖ਼ਾਰੀ

ਸੂਰਤ ਤੇ ਤੁਧ ਡਿੱਠੀ ਅੱਖੀਂ ਇਹ ਗੱਲਾਂ ਸਭ ਸੁਣੀਆਂ
ਸੁਣੀਆਂ ਤੇ ਕੀ ਬਾਵਰ ਮਾਏ ਕੂੜ ਬਹੁੰ ਵਿਚ ਦੁਨੀਆਂ

ਹਰ ਕੋਈ ਸ਼ੇਰ ਕਹਾਵੇ ਆਪੂੰ ਕਿਹੜਾ ਪਾਅ ਸਦਾਂਦਾ
ਰੁਸਤਮ ਬਹੁਤ ਕਹਾਵਣ ਮੂੰਹੋਂ ਪਰ ਹੱਥ ਕੌਣ ਦਿਖਾਂਦਾ

ਜੋ ਰੁਸਤਮ ਸਦਵਾਂਦਾ ਮੂੰਹੋਂ ਕਦ ਉਹ ਐਸਾ ਹੋਸੀ
ਜਦੋਂ ਕਿਸੇ ਆਜ਼ਮਾਇਸ਼ ਕੀਤੀ ਪਿਆ ਸਿਰੋ ਸਿਰ ਰੋਸੀ

ਕਿਸ ਗਵਾਹੀ ਦਿੱਤੀ ਤੈਨੂੰ ਹੈ ਇਹ ਮਰਦ ਅਜੇਹਾ
ਯਾ ਤੂੰ ਢਲ ਪਈਏਂ ਸੁਣ ਮੂੰਹੋਂ ਜੋ ਕੁੱਝ ਉਸ ਨੇ ਕਿਹਾ

ਛੱਡ ਖ਼ਿਆਲ ਨਿਕੰਮਾ ਮਾਏ ਨਾ ਕਰ ਖਹਿੜਾ ਮੇਰਾ
ਨਾ ਇਹ ਗੱਲ ਪੀਸੰਦੀ ਆਵੇ ਹੁਕਮ ਨਾ ਮੁੜਦਾ ਤੇਰਾ

ਮਿਹਰ-ਅਫ਼ਰੋਜ਼ ਕਿਹਾ ਸ਼ਾਹਪਾਲਾ ਕਿਉਂ ਤੁਧ ਚੜ੍ਹਨ ਸਰੰਡੇ
ਲਾਹ ਦਿਲੇ ਦੇ ਚਸ਼ਮੇ ਉੱਤੋਂ ਗੁੱਸੇ ਦੇ ਕੱਖ ਕੰਡੇ ।(੬੬੫੦)

ਕੰਨ ਦਿਲੇ ਦੇ ਧਰਕੇ ਸੁਣ ਖਾਂ ਤਾਂ ਆਖਾਂ ਗੱਲ ਸੱਚੀ
ਮੈਨੂੰ ਭੀ ਇਹ ਗੱਲਾਂ ਸੁਣ ਕੇ ਪੈਂਦਿਆਂ ਹੀ ਅੱਗ ਮੱਚੀ

ਗੁੱਸੇ ਹੋ ਅਫ਼ਰੇਤੇ ਤਾਈਂ ਝਿੜਕਾਂ ਦੇ ਦਬਕਾਇਆ
ਮਾਰਨ ਲੱਗੀ ਸਾਂ ਉਸ ਦੇਵੇ ਜਿਹੜਾ ਚਾਇ ਲਿਆਯਾ

ਜਾਂ ਉਸ ਸਿਫ਼ਤ ਸੱਨਾ ਸੁਣਾਈ ਦਿੱਤੀ ਅਕਲ ਗਵਾਹੀ
ਵੇਖ ਲੀਈਏ ਉਹ ਆਦਮਜ਼ਾਦਾ ਕੈਸਾ ਮਰਦ ਸਿਪਾਹੀ

ਮਜਲਿਸ ਸਣੇ ਅਸਾਨੂੰ ਲੱਗੀ ਵੇਖਦਿਆਂ ਹੈਰਾਨੀ
ਵੱਧ ਡਿੱਠੀ ਸੌ ਹਿੱਸਾ ਸੂਰਤ ਜੋ ਸੀ ਸੁਣੀ ਜ਼ਬਾਨੀ

ਸੀਰਤ ਅਕਲ ਅਵਾਜ਼ ਹਿਦਾਇਤ ਭਿੰਨੀ ਜ਼ੋਰ ਜਵਾਨੀ
ਆਦਮ ਕੀ ਇਕ ਨਜ਼ਰੀਂ ਆਇਆ ਮਜ਼ਹਰ ਰੂਪ ਹੱਕਾਨੀ

ਆਦਮ ਪਰੀ ਫ਼ਰਿਸ਼ਤਾ ਕੋਈ ਐਸਾ ਨਜ਼ਰ ਨਾ ਆਇਆ
ਮਜਲਿਸ ਤੇ ਇਕਬਾਲ ਉਹਦੇ ਦਾ ਫਿਰਿਆ ਸਾਰੇ ਸਾਇਆ

ਸਿਫ਼ਤਾਂ ਉਮਰ ਤਕਾਂ ਤਦਬੀਰਾਂ ਤੱਕ ਤੱਕ ਜੀਵੜਾ ਲੋਭੇ
ਇਹ ਬਦੀਅ-ਜਮਾਲ ਮੇਰੀ ਦਾ ਕੰਤ ਹੋਏ ਤਦ ਸੋਭੇ

ਹਰ ਦਾ ਕਾਬਲ ਨਜ਼ਰੀਂ ਆਇਆ ਐਡੇ ਮੁੱਲ ਤਾਂ ਪਾਏ
ਮੱਤ ਯਾਰੀ ਲਾ ਹੋਰ ਕਿਸੇ ਦੀ ਉਠ ਪੇਸ਼ ਉਰੇ ਜਾਏ

ਇਸ ਜੇਹਾ ਕੋਈ ਤਾਰਾ ਕੱਢੇ ਮੂਲ ਨਾ ਅੰਬਰ ਸਰਦਾ
ਕਦ ਜੰਮੂ ਕੋਈ ਬੇਟਾ ਐਸਾ ਸਾਨੀ ਹਾਰ ਗਹੁਰ ਦਾ

ਇਸੇ ਨਾਲ਼ ਵਿਆਹੀਏ ਬੇਟੀ ਲਾਇਕ ਇਹ ਇਸ ਗੱਲ ਦੇ
ਤੋਲ ਬਰਾਬਰ ਕੀਤੇ ਮੋਤੀ ਕੰਡੇ ਚਾੜ੍ਹ ਅਕਲ ਦੇ ।(੬੬੬੦)

ਮੈਂ ਹੁਣ ਆਪਣੀ ਅਕਲੋਂ ਜੋੜੀ ਇਨ੍ਹਾਂ ਦੋਹਾਂ ਦੀ ਜੋੜੀ
ਅੱਖੀਂ ਵੇਖ ਆਜ਼ਮਾਓ ਅੱਵਲ ਬਿਹਤਰ ਹੈ ਗੱਲ ਲੋੜੀ

ਜ਼ਾਤ ਸਿਫ਼ਾਤ ਪਛਾਣੋ ਉਸ ਦੀ ਵੇਖੋ ਸੂਰਤ ਸੀਰਤ
ਚਲਦੇ ਰਾਹ ਮਨੁੱਖ ਪੱਰਖੇਂ ਤੈਨੂੰ ਐਡ ਬਸੀਰਤ

ਅੱਖੀਂ ਵੇਖ ਪਰਖ ਸ਼ਹਿਜ਼ਾਦਾ ਮੱਤ ਤੇਰਾ ਦਿਲ ਜੰਮੇ
ਕਰ ਨਾਤਾ ਤੁਧ ਨਜ਼ਰੀਂ ਆਵੇ ਜੇ ਲਾਇਕ ਇਸ ਕੰਮੇ

ਇਹ ਗੱਲਾਂ ਕਰ ਮਿਹਰ-ਅਫ਼ਰੋਜ਼ੇ ਜ਼ਾਹਿਰ ਕੱਢ ਵਿਖਾਏ
ਖ਼ਤ ਬਦੀਅ-ਜਮਾਲ ਪਰੀ ਦੇ ਜੋ ਉਸ ਵੱਲ ਸਨ ਆਏ

ਵਾਚ ਰੁਕੇ ਸ਼ਾਹਪਾਲ ਬਹਾਦਰ ਚੁੱਪ ਕੀਤਾ ਸ਼ਰਮਾਇਆ
ਝੱਟ ਘੜੀ ਕੋਈ ਫ਼ਿਕਰ ਦਲੀਲਾਂ ਕਰ ਕੇ ਕੈਦ ਬਹਾਇਆ

ਨਾਲ਼ ਫ਼ਿਕਰ ਦੇ ਪੀਲੇ ਹੋਏ ਦੀਦੇ ਗ਼ਜ਼ਬੋਂ ਰੱਤੇ
ਗਰਮੀ ਛੋੜ ਪਿਆ ਵਿਚ ਨਰਮੀ ਭੁੱਲ ਗਏ ਸਭ ਚੱਤੇ

ਬੇਟੀ ਮੇਰੀ ਆਸ਼ਿਕ ਹੋਈ ਅੱਖੀਂ ਡਿਠੇ ਵਰ ਦੀ
ਪੇਸ਼ ਨਹੀਂ ਹੁਣ ਜਾਂਦੀ ਮੂਲੇ ਗ਼ੈਰਤ ਗੁੱਸਾ ਮਰਦੀ

ਜੇ ਮੈਂ ਇਹ ਸਲਾਹ ਨਾ ਮੰਨੀ ਖ਼ਾਲੀ ਨਹੀਂ ਫ਼ਸਾਦੋਂ
ਮਾਈ ਭੀ ਦਿਲਗੀਰ ਹੋਏਗੀ ਨਹੀਂ ਵਿਸਾਹ ਔਲਾਦੋਂ

ਜਿੱਚ ਹੋਇਆ ਸ਼ਾਹਪਾਲ ਬੇਚਾਰਾ ਰਾਹ ਨਾ ਲੱਭਦਾ ਕਾਈ
ਮਿਹਰ-ਅਫ਼ਰੋਜ਼ੇ ਕੋਲੋਂ ਪੁੱਛਦਾ ਦਸ ਕੋਈ ਢੱਬ ਮਾਈ

ਦਾਨਿਸ਼ਮੰਦ ਵਡੇਰੀ ਤੂੰਹੇਂ ਮਾਂ ਪਿਓ ਦੀ ਜਾਈ
ਨਹੀਂ ਖ਼ਤਾ ਨਸੀਹਤ ਤੇਰੀ ਕਈ ਵਾਰੀ ਅਜ਼ਮਾਈ ।(੬੬੭੦)

ਮਿਹਰ ਅਫ਼ਰੋਜ਼ ਕਿਹਾ ਮੈਂ ਬੁੱਢੀ ਉਮਰ ਮੇਰੀ ਸੈ ਬਰਸਾਂ
ਠੰਡਿਓਂ ਤੱਤਿਓਂ ਪੈ ਪੈ ਨਿਕਲੀ ਪੜ੍ਹ ਚੁੱਕੀ ਕਈ ਦਰਸਾਂ

ਨੇਕੀ ਬਦੀ ਜ਼ਮਾਨੇ ਅੰਦਰ ਤੱਕ ਤੱਕ ਵਕਤ ਲੰਘਾਇਆ
ਮਿੱਠਾ ਕੌੜਾ ਫਲ ਜਗਤ ਦਾ ਚੱਖ ਚੱਖ ਕੇ ਅਜ਼ਮਾਇਆ

ਵੇਖਦਿਆਂ ਸਿਰ ਚਿੱਟਾ ਹੋਇਆ ਬਾਜ਼ੀਗਰੀ ਫ਼ਲਕ ਦੀ
ਇਕ ਤਕਦੀਰ ਇਲਾਹੀ ਅੱਗੇ ਕੋਈ ਤਦਬੀਰ ਨਾ ਪੱਕਦੀ

ਇਲਮ ਕਿਆਫ਼ੇ ਅੰਦਰ ਡਿੱਠਾ ਰਮਲ ਨਜੂਮ ਹਿਸਾਬੋਂ
ਇਹ ਜਵਾਨ ਸ਼ਹਿਜ਼ਾਦਾ ਸੁੱਚਾ ਪਰਖੀ ਜ਼ਾਤ ਸ਼ਰਾਬੋਂ

ਦਿਸਦਾ ਹੈ ਇਹ ਲਅਲ ਬਦਖ਼ਸ਼ਾਂ ਗੌਹਰ ਸ਼ਾਹਿਨਸ਼ਾਹੀ
ਦੂਰੋਂ ਆਖ ਦੁਹਾਈਆਂ ਦਿੰਦੇ ਸਭ ਉਨਵਾਨ ਗਵਾਹੀ

ਸੂਰਤ ਸੀਰਤ ਇਲਮ ਹਿਦਾਇਤ ਅਕਲ ਅਦਬ ਇਕਬਾਲੋਂ
ਜ਼ਾਹਿਰ ਪਿਆ ਸ਼ਹਿਜ਼ਾਦਾ ਦਿਸਦਾ ਹਰ ਨਕਸ਼ੋਂ ਹਰ ਚਾਲੋਂ

ਸੂਰਤ ਡਿੱਠੀ ਮਜਲਿਸ ਕੀਤੀ ਪਰਖ ਲਿਆ ਤਦਬੀਰੋਂ
ਦਾਨਿਸ਼ਮੰਦ ਮਨੁੱਖ ਪਛਾਨਣ ਸੂਰਤ ਦੀ ਤਸਵੀਰੋਂ

ਸ਼ਰਫ਼ ਅਸੀਲ ਪਛਾਤਾ ਅਸਲੋਂ ਹੈ ਤਹਿਕੀਕ ਸ਼ਹਿਜ਼ਾਦਾ
ਐਡ ਦਲੇਰੀ ਹਿੰਮਤ ਜਿਸਦੀ ਸ਼ੇਰੋਂ ਜ਼ੋਰ ਜ਼ਿਆਦਾ

ਗ਼ੈਰ ਕਫ਼ਾਂ ਤੇ ਕਫ਼ ਦੀ ਲਾਲਾ ਨਹੀਂ ਸਿਆਣਪ ਕਾਈ
ਅਰਬਾ ਅਨਾਸਰ ਥੀਂ ਸਭ ਹੋਈ ਆਦਮ ਜਿੰਨ ਲੋਕਾਈ

ਨਾ ਇਹ ਪਰੀਆਂ ਖ਼ਾਕੋਂ ਖ਼ਾਲੀ ਆਦਮ ਪਾਕ ਨਾ ਨਾਰੋਂ
ਮੁਢੋਂ ਇਕੋ ਜਿਨਸ ਮੁਹੰਮਦ ਫ਼ਰਕ ਪਏ ਵਿਚਕਾਰੋਂ ।(੬੬੮੦)

ਅੱਗ ਜਿਨ੍ਹਾਂ ਵਿਚ ਪਈ ਜ਼ਿਆਦਾ ਨਾਰੀ ਉਨ੍ਹਾਂ ਕਹਾਇਆ
ਖ਼ਾਕ ਜਿਨ੍ਹਾਂ ਵਿਚ ਵਾਫ਼ਰ ਆਈ ਖ਼ਾਕੀ ਨਾਮ ਧਰਾਇਆ

ਇਨ੍ਹਾਂ ਦੋਹਾਂ ਵਿਚ ਨਾਤਾ ਹੋਵੇ ਜੇ ਕਿਸਮਤ ਦੇ ਜ਼ੋਰੋਂ
ਆਦਮ ਉਚ ਨਹੀਂ ਕੁੱਝ ਵੱਟਾ ਐਬ ਠਗੋਂ ਯਾ ਚੋਰੋਂ

ਸਾਕ ਬਦੀਅ-ਜਮਾਲ ਪਰੀ ਦਾ ਦਿਹ ਸ਼ਹਿਜ਼ਾਦੇ ਤਾਈਂ
ਨਹੀਂ ਤਾਂ ਬਹੁਤ ਅਫ਼ਸੋਸ ਕਰੇਂਗਾ ਜਾਸੀ ਵਕਤ ਅਜ਼ਾਈਂ

ਸੈਫ਼-ਮਲੂਕ ਬਦੀਅ-ਜਮਾਲੇ ਜੇ ਤੁਧ ਨਾ ਪਰਨਾਇਆ
ਪੱਛੋਤਾਸੇਂ ਫੇਰ ਨਾ ਪਾਸੇਂ ਵੇਲ਼ਾ ਵਕਤ ਵਿਹਾਇਆ

ਖ਼ਾਤਿਰ ਜਮ੍ਹਾਂ ਜਮੀਅਤ ਕਰ ਕੇ ਲਾਹ ਅੰਦੇਸ਼ਾ ਲਾਇਆ
ਉਹ ਮਹਿਮਾਨ ਖ਼ੁਦਾ ਦਾ ਘੱਲਿਆ ਜੋ ਦਰ ਤੇਰੇ ਆਇਆ

ਆਪਣੇ ਕੋਲ ਬੁਲਾਕੇ ਉਸ ਨੂੰ ਕਰ ਕੇ ਗ਼ੌਰ ਦਿਲਾਸਾ
ਮੱਧ ਪਿਲਾ ਪਰਖ ਸ਼ਰਾਫ਼ਤ ਕਿਆ ਤੋਲਾ ਕਿਆ ਮਾਸਾ

ਜੇ ਮਲੂਮ ਅਸੀਲ ਕੀਤੋ ਈ ਨਾਤਾ ਦੇ ਨਿਵਾਜ਼ੀਂ
ਦੋਹਾਂ ਦਿਲਾਂ ਸਿਕੰਦਿਆਂ ਤਾਈਂ ਮੇਲ ਮੁਆਫ਼ਿਕ ਸਾਜ਼ੀਂ

ਮੱਤ ਇਨਕਾਰ ਕਰੇਂ ਇਸ ਕੰਮੋਂ ਦੂਣਾ ਦੇਣਾ ਆਵੇ
ਡਾਢਾ ਹੈ ਸੁਲਤਾਨ ਇਸ਼ਕ ਦਾ ਸਖ਼ਤ ਸਜ਼ਾ ਸਹਾਵੇ

ਪੇਸ਼ ਆਵੇ ਕੋਈ ਹੋਰ ਖ਼ਰਾਬੀ ਭਾ ਪਵੇ ਬਦਨਾਮੀ
ਸ਼ੁਹਰਤ ਹੋਈ ਜਹਾਨੇ ਅੰਦਰ ਹੱਸਣ ਖ਼ਾਸੀ ਆਮੀ

ਇਸ਼ਕ ਜ਼ੋਰਾਵਰ ਸ਼ੇਰ ਸ਼ਿਕਾਰੀ ਇਸ ਦਾ ਹਾੜ ਨਾ ਖ਼ਾਲੀ
ਛੇੜ ਖਹੇੜ ਨਾ ਕਰੀਏ ਮਾਰੇ ਉਂਗਲ ਜਿਸ ਦਿਸਾਲੀ ।(੬੬੯੦)

ਕੋਈ ਹਥਿਆਰ ਨਾ ਪੋਂਹਦਾ ਇਸ ਨੂੰ ਨਾ ਫਟ ਲਗਦਾ ਕਾਰੀ
ਮਾਰ ਅਪਣਾ ਛੱਡ ਜਾਂਦਾ ਨਾਹੀਂ ਚੜ੍ਹਿਆ ਕਰੇ ਖ਼ਵਾਰੀ

ਮਿਹਰ-ਅਫ਼ਰੋਜ਼ ਸਲਾਹ ਦੱਸਾਲੀ ਸ਼ਾਹਪਾਲੇ ਦਿਲ ਲੱਗੀ
ਮੱਤ ਮੋੜਾਂ ਤਾਂ ਮੁੜੇ ਨਾ ਮੁੜਕੇ ਉਲਟੀ ਸੈਫ਼ੀ ਵਗੀ

ਹੁਕਮ ਦਿਤੋਸੁ ਸ਼ਹਿਜ਼ਾਦੇ ਤਾਈਂ ਵਿਚ ਹਜ਼ੂਰ ਲਿਆਓ
ਮਜਲਿਸ ਖ਼ਾਸ ਮੇਰੀ ਵਿਚ ਬੈਠੇ ਰਲ਼ ਦਾਨੇ ਅਜ਼ਮਾਓ

ਮਹਿਰਮ ਕਰੋ ਕਚਹਿਰੀ ਅੰਦਰ ਮੂਲ ਨਾ ਰਹੇ ਬੇਗਾਨਾ
ਜ਼ਾਤ ਸਿਫ਼ਾਤ ਅਜ਼ਮਾਇ ਪਛਾਣੋ ਸੱਚ ਯਾ ਕੂੜ ਬਹਾਨਾ

ਜਾਂ ਕੋਈ ਰੋਜ਼ ਅਸਾਂ ਵਿਚ ਰਹਿਸੀ ਹਰ ਕਾਰੋਂ ਹਰ ਗੱਲੋਂ
ਤਾਣਾ ਪੇਟਾ ਮਾਲਮ ਹੋਸੀ ਦਰਿਆਫ਼ਤ ਹਰ ਵੱਲੋਂ

ਉਸ ਵੇਲੇ ਚਾ ਕੰਮ ਕਰਾਂਗੇ ਜੋ ਅਕਲੇ ਵਿਚ ਆਇਆ
ਕੋਈ ਜ਼ਬਾਨ ਨਾ ਦੇਵਾਂ ਅੱਗੋਂ ਜਬ ਲਗ ਨਾ ਅਜ਼ਮਾਇਆ

ਸ਼ਾਹ ਪਾਲੇ ਹੈਰਾਨੀ ਆਹੀ ਏਸ ਤਅੱਜੁਬ ਬਾਤੋਂ
ਅੱਗੇ ਨਹੀਂ ਪਰੀ ਦਾ ਆਸ਼ਿਕ ਸੁਣਿਆ ਆਦਮ ਜ਼ਾਤੋਂ

ਜਿਨਸ ਆਪਣੀ ਦਾ ਇਸ਼ਕ ਮੁਹੱਬਤ ਲਗਦਾ ਕਿਸੇ ਕਿਸੇ ਨੂੰ
ਨਾ ਜਿਨਸੇ ਦਾ ਸ਼ੌਕ ਅਜੇਹਾ ਸੁਣਿਆ ਮਰਦ ਇਸੇ ਨੂੰ

ਗੱਲ ਨਹੀਂ ਇਹ ਐਵੇਂ ਕੈਵੇਂ ਹੈ ਇਮਦਾਦ ਰੱਬਾਨੀ
ਐਸੇ ਕੰਮ ਮਿਜਾਜ਼ੀ ਕਿਥੋਂ ਖ਼ਾਸਾ ਸਿੱਰ-ਹੱਕਾਨੀ

ਮਾਈ ਕੋਲੋਂ ਪੁੱਛਣ ਲੱਗਾ ਕਿੱਥੇ ਹੈ ਉਹ ਬੰਦਾ
ਜੇ ਉਸ ਛੋੜ ਇਕੱਲਾ ਆਈਏਂ ਕੰਮ ਕੀਤੋਈ ਮੰਦਾ ।(੬੭੦੦)

ਮਾਈ ਕਿਹਾ ਨਾਲ਼ ਲਿਆਂਦਾ ਬਾਗ਼-ਇਰਮ ਵਿਚ ਰਿਹਾ
ਹੈ ਫ਼ਲਾਣੇ ਚਸ਼ਮੇ ਉੱਤੇ ਹੁਣ ਛਪੋਹਦਾ ਕੇਹਾ

ਸ਼ਾਹਪਾਲੇ ਫ਼ੁਰਮਾਇਆ ਝੱਲੀਏ ਇਹ ਕੀ ਬੁਰਾ ਕੀਤੋਈ
ਚੰਗੀ ਭਲੀ ਸਿਆਣੀ ਬਣ ਕੇ ਹੱਥੀਂ ਜ਼ਹਿਰ ਪੀਤੋਈ

ਇਹ ਦੇਵਾਂ ਦੇ ਜਾਇ ਟਿਕਾਣੇ ਦਿਓ ਆਦਮ ਦੇ ਵੈਰੀ
ਫੜ ਖੜਿਆ ਯਾ ਮਾਰ ਗਵਾਇਆ ਔਖਾ ਹੋਸੀ ਖ਼ੈਰੀ

ਉਸ ਵੇਲੇ ਫਿਰ ਚਾਲੀ ਪਰੀਆਂ ਭਲੀਆਂ ਭਲੀਆਂ ਘੱਲੀਆਂ
ਬਾਗ਼-ਇਰਮ ਥੀਂ ਚਾ ਲਿਆਓ ਸ਼ਹਿਜ਼ਾਦੇ ਨੂੰ ਖਲੀਆਂ

ਚਾਈਂ ਚਾਈਂ ਚਾਵਣ ਚਲੀਆਂ ਗਾਵਣ ਚਾਮਲ ਚਾਈਆਂ
ਸੁੱਤੇ ਮਤੇ ਨੂੰ ਚਾ ਜਗਾਵਣ ਅਸੀਂ ਆਈਆਂ ਅਸੀਂ ਆਈਆਂ

ਜਾਂ ਆਈਆਂ ਤਾਂ ਆਣ ਸੁਹਾਈਆਂ ਤੇਰੇ ਕੂਚੇ ਗਲੀਆਂ
ਬਣਿਆ! ਕੰਮ ਤੇਰਾ ਹੁਣ ਬੰਨਿਆ ਅਸੀਂ ਲਿਆਵਣ ਚੱਲੀਆਂ

ਹਰ ਹਰ ਸਾਲ਼ੀ ਚੰਬੇ ਡਾਲੀ ਛੱਟੀਆਂ ਝੋਲਣ ਆਈ
ਕਲੀ ਚੰਬੇ ਦੀ ਫੁੱਲ ਰਵੇਲੀ ਹਰ ਹਰ ਛਟੀ ਬਣਾਈ

ਉਠ ਵੇ ਲਾਲਾ ਸੁੱਤਿਆ ਮਤਿਆ ਸਾਲੜੀਆਂ ਰਲ਼ ਆਈਆਂ
ਵੇਖਣ ਬੰਨੀ ਬੰਨੇ ਨੂੰ ਵੇਖਣ ਵਾਲੜੀਆਂ ਚੱਲ ਆਈਆਂ

ਸੁਰਮਾ ਮਹਿੰਦੀ ਤੇ ਤਿਲ ਵਟਣਾ ਇਤਰ ਫੁਲੇਲ ਲਿਆਈਆਂ
ਫੁੱਲ ਗੁਲਾਬ ਪਰੋਤੇ ਸਿਹਰਾ ਗੁੰਦ ਰਵੇਲ ਲਿਆਈਆਂ

ਉਠ ਵੇ ਬੰਨਿਆ! ਜਾਗ ਸਵੇਲੇ ਬੰਨ੍ਹ ਸਿਰੇ ਪਰ ਚੀਰਾ
ਵਾਲੀਂ ਤੇਲ ਫੁਲੇਲ ਮਲਾਈਂ ਅੱਖੀਂ ਸੁਰਮਾ ਵੀਰਾ ।(੬੭੧੦)

ਲਾ ਮਹਿੰਦੀ ਮਲ ਵਟਣਾ ਜੋਬਨ ਗੂਹੜਾ ਰੰਗ ਰੰਗਾਇਆ
ਬੰਨ੍ਹ ਸਿਹਰਾ ਤੱਕ ਸ਼ੀਸ਼ਾ ਲਾਲਾ ਚੜ੍ਹਦਾ ਰੂਪ ਸਵਾਇਆ

ਅਸੀਂ ਆਈਆਂ ਅਸੀਂ ਆਈਆਂ ਲਾਲਾ ਚਾਮਲ ਤੇਰੇ ਚਾਈਆਂ
ਜਾਗੀਂ ਜਾਗੀਂ ਜਾਗੀਂ ਬੰਨਿਆ! ਦੇਸਾਂ ਅਸੀਂ ਵਧਾਈਆਂ

ਲਾਲ ਬੰਨੇ ਨੂੰ ਲੋੜਨ ਆਈਆਂ ਉਠ ਟੁਰ ਨਾਲ਼ ਸੱਈਆਂ ਦੇ
ਮੂੰਹ ਦਿਖਲਾਈਆਂ ਲੈ ਪਿਆਰੇ ਵੇਖ ਜਮਾਲ ਸੱਈਆਂ ਦੇ

ਅਸੀਂ ਆਈਆਂ ਅਸੀਂ ਆਈਆਂ ਲਾਲਾ ਤੁਧ ਕੇਸਰ ਛਿਣਕਾਵਣ
ਏਵੇਂ ਸੋਹਲੇ ਗਾਵਣ ਪਰੀਆਂ ਖ਼ੁਸ਼ੀਏਂ ਖ਼ੁਸ਼ੀਏਂ ਆਵਣ

ਬਾਗ਼-ਇਰਮ ਦੇ ਚਸ਼ਮੇ ਉੱਤੇ ਲਾੜਾ ਲੋੜਨ ਆਈਆਂ
ਢੂੰਡਣ ਪਤੇ ਨਿਸ਼ਾਨੀ ਹਰ ਹਰ ਪਾਸੇ ਉੱਤੇ ਧਾਈਆਂ

ਸਾਇਬਾਨ ਲੱਗੇ ਸਨ ਓਵੇਂ ਬਿਸਤਰ ਤੇ ਗਾਓ-ਤਕੀਏ
ਕਿਤੇ ਨਹੀਂ ਸ਼ਹਿਜ਼ਾਦਾ ਦਿਸਦਾ ਕਿਹੜਾ ਰਸਤਾ ਤੱਕੀਏ

ਲੋੜ ਰਹੀਆਂ ਸਭ ਬਾਗ਼-ਇਰਮ ਵਿਚ ਸੈਫ਼-ਮਲੂਕ ਨਾ ਲੱਧਾ
ਮੂੰਹ ਕੁਮਲਾਣੇ ਮੁੜ ਕੇ ਟੁਰੀਆਂ ਚੈਨ ਨਾ ਰਿਹਾ ਅੱਧਾ

ਨਾਲ਼ੇ ਰੋਵਣ ਨਾਲ਼ੇ ਗਾਵਣ ਸਾਜਨ ਘਰ ਉਠ ਚੱਲੇ
ਘੜੀ ਸਵੇਲੇ ਕਿਉਂ ਨਾ ਆਈਆਂ ਤਾਹੀਂ ਟੁਰੇ ਇਕੱਲੇ

ਜਿਸ ਨੂੰ ਲੋੜਨ ਆਈਆਂ ਆਹੀਆਂ ਉਹ ਨਹੀਂ ਹੱਥ ਲੱਗਾ
ਭੱਠ ਅਸਾਡਾ ਆਵਣ ਜਾਵਣ ਭੱਠ ਕੂੜਾ ਉਸਰਗਾ

ਗਰਮ ਉਡੀਕ ਸ਼ਾਹੇ ਨੂੰ ਹੋਸੀ ਸੈਫ਼-ਮਲੂਕ ਲਿਆਈਆਂ
ਕੀ ਜਵਾਬ ਕਰੇਸਾਂ ਅੱਗੇ ਖ਼ਾਲੀ ਹੱਥੀਂ ਆਈਆਂ ।(੬੭੨੦)

ਗ਼ਾਲਿਬ ਚਾ ਤੱਕਣ ਦਾ ਆਹਾ ਸੈਫ਼-ਮਲੂਕੇ ਤਾਈਂ
ਉਲਟੇ ਭਾਗ ਨਾ ਨਜ਼ਰੀਂ ਆਇਆ ਢੂੰਡ ਰਹੀਆਂ ਸਭ ਜਾਈਂ

ਜੇ ਉਸ ਸਾਨੂੰ ਮਿਲਣਾ ਨਾਹਾਂ ਕਿਸ ਸ਼ਾਮਤ ਨੂੰ ਆਈਆਂ
ਦਿਲ ਬੁਝੇ ਮੁੜ ਪਿੱਛੇ ਚਲਿਆਂ ਆ ਕੇ ਪੱਛੋਤਾਈਆਂ

ਸ਼ਾਨ ਗੁਮਾਨ ਕਰੇਂਦੀਆਂ ਆਈਆਂ ਲਾ ਸ਼ਿੰਗਾਰ ਪੋਸ਼ਾਕਾਂ
ਮੈਲੇ ਵੇਸ ਕੀਤੇ ਮੁੜ ਆਈਆਂ ਮੂੰਹ ਸੁਕੇ ਗ਼ਮਨਾਕਾਂ

ਕੋਈ ਕਿਧਰੇ ਕੋਈ ਕਿਧਰੇ ਆਵੇ ਕੋਈ ਪਿੱਛੇ ਕੋਈ ਅੱਗੇ
ਜਿਉਂ ਕਰ ਮੇਲ ਵਿਆਹੋਂ ਮੁੜਿਆ ਆਪੋ ਆਪਣੀ ਵਗੇ

ਥੱਕੀਆਂ ਟੁੱਟੀਆਂ ਆ ਘਰ ਢੱਠੀਆਂ ਨਾ ਉਮੀਦੀ ਪਾਰੋਂ
ਜਿਉਂ ਕਰ ਮਰਦ ਸ਼ਿਕਾਰੀ ਆਵਣ ਖ਼ਾਲੀ ਹੱਥ ਸ਼ਿਕਾਰੋਂ

ਆਇ ਬਦ ਖ਼ਬਰ ਜਵਾਬ ਦਿੱਤੋ ਨੇ ਨਹੀਂ ਓਥੇ ਸ਼ਹਿਜ਼ਾਦਾ
ਸੁਣ ਸ਼ਾਹਪਾਲ ਸਿਆਣੇ ਤਾਈਂ ਲੱਗਾ ਗ਼ਮ ਜ਼ਿਆਦਾ

ਚਿਹਲ ਹਜ਼ਾਰ ਪਰੀ ਨੂੰ ਜਲਦੀ ਹੁਕਮ ਕੀਤਾ ਸ਼ਾਹਪਾਲੇ
ਹਰ ਜਾਈ ਹਰ ਥਾਂ ਕੁਥਾਵੇਂ ਹਰ ਕੋਈ ਉਸ ਨੂੰ ਭਾਲੇ

ਨਾਲ਼ੇ ਆਹੂ-ਖ਼ਾਤਿਫ਼ ਸੁਣ ਕੇ ਬਾਗ਼-ਇਰਮ ਵੱਲ ਭੱਜਿਆ
ਹਾਏ ਹਾਏ ਆਪਣੀ ਹੱਥੀਂ ਮੈਨੂੰ ਪੈਰ ਕੁਹਾੜਾ ਵੱਜਿਆ

ਜਿਸ ਬਸਤਰ ਤੇ ਛੋੜ ਗਿਆ ਸੀ ਜਾ ਡਿਠੋਸੁ ਉਹ ਡੇਰਾ
ਸੈਫ਼-ਮਲੂਕ ਨਾ ਨਜ਼ਰੀਂ ਆਇਓਸੁ ਖ਼ਾਲੀ ਥਾਂ ਹਨੇਰਾ

ਜਾਣ ਪਇਓਸੁ ਮੱਤ ਇਧਰ ਉਧਰ ਬੋਲ ਗਿਆ ਯਾ ਝਾੜੇ
ਉਹਲੇ ਬਾਂਦੇ ਕੋਲ ਦੁਰਾਡਾ ਹਰ ਹਰ ਪਾਸੇ ਤਾੜੇ ।(੬੭੩੦)

ਕਦੀ ਨਿਚੱਲਾ ਬੈਠ ਉਡੀਕੇ ਮੱਤ ਬਾਹਰੋਂ ਫਿਰ ਆਵੇ
ਵੇਖੇ ਰਾਹ ਚੌਤਰਫ਼ ਖਲੋਤਾ ਨਾਲ਼ ਆਵਾਜ਼ ਬੁਲਾਵੇ

ਢੂੰਡ ਉਡੀਕ ਰਿਹਾ ਹਰ ਪਾਸੋਂ ਸੈਫ਼-ਮਲੂਕ ਨਾ ਆਇਆ
ਆਹੂ-ਖ਼ਾਤਿਫ਼ ਲੋੜਨ ਢੂੰਡਣ ਸਰ ਗਰਦਾਂ ਹੋਇ ਧਾਇਆ

ਆਹੂ-ਖ਼ਾਤਿਫ਼ ਰੋਂਦਾ ਪਿਟਦਾ ਲੋੜ ਰਿਹਾ ਸੈ ਕੋਹਾਂ
ਹੋ ਬੇਤਾਬ ਢੱਠਾ ਫਿਰ ਓੜਕ ਢੂੰਡ ਥਕਾ ਸਭ ਜੂਹਾਂ

ਪਰੀਆਂ ਦੂਰ ਨਿਗਾਹਾਂ ਧਰੀਆਂ ਲੋੜਨ ਸਜੋ ਸਾਹੀਆਂ
ਜਿੱਤ ਪਾਸੋਂ ਕੋਈ ਆਵੇ ਜਾਵੇ ਪੁੱਛਣ ਪਾਂਧੀ ਰਾਹੀਆਂ

ਹਰ ਜੂਹੇ ਹਰ ਬਾਗ਼ ਮੁਕਾਮੇ ਲੋੜ ਕਰਨ ਹਰ ਪਾਸੇ
ਵੇਖਣ ਖੋਜ ਸ਼ਹਿਜ਼ਾਦੇ ਵਾਲਾ ਢੂੰਡਣ ਲਾਹ ਵਿਸਵਾਸੇ

ਜਿਥੇ ਤੋੜੀ ਤਾਕਤ ਆਹੀ ਭੱਜ ਚੁੱਕੀਆਂ ਉਹ ਪਰੀਆਂ
ਕੁੱਝ ਨਿਸ਼ਾਨੀ ਪਤਾ ਨਾ ਲੱਗਾ ਫਿਰ ਫਿਰ ਹੁੱਟੀਆਂ ਹਰੀਆਂ

ਜਾਂ ਕੁਲਜ਼ਮ ਦੇ ਰਸਤੇ ਪਈਆਂ ਪਰੀ ਮਿਲੀ ਇਕ ਰਾਹੋਂ
ਉਸ ਕੋਲੋਂ ਇਹ ਪੁੱਛਣ ਲੱਗੀਆਂ ਆਈਏਂ ਤੂੰ ਅਗਾਹੋਂ

ਇਕ ਸ਼ਹਿਜ਼ਾਦਾ ਆਦਮ ਜ਼ਾਦਾ ਕਿਧਰੇ ਡਿੱਠਾ ਹੋਈ
ਬਾਗ਼-ਇਰਮ ਥੀਂ ਅਸਾਂ ਖੜਾਇਆ ਪਤਾ ਨਾ ਲਗਦਾ ਕੋਈ

ਅੱਗੋਂ ਉਸ ਪਰੀ ਨੇ ਕਿਹਾ ਦੱਸ ਤੁਸਾਨੂੰ ਪਾਵਾਂ
ਡਿੱਠਾ ਮੈਂ ਫ਼ਲਾਣੇ ਵੇਲੇ ਆਦਮ ਇਕ ਸੱਚਾਵਾਂ

ਚਿਹਲਾਂ ਪਰੀਆਂ ਚਾਈਂ ਚਾਈਂ ਕੁਲਜ਼ਮ ਪਾਸੇ ਖੜਿਆ
ਇਤਨੀ ਖ਼ਬਰ ਮੈਨੂੰ ਭੀ ਅੱਗੇ ਪਤਾ ਨਹੀਂ ਕੁੱਝ ਅੜਿਆ ।(੬੭੪੦)

ਇਹੋ ਖ਼ਬਰ ਲਈ ਤੇ ਮੁੜੀਆਂ ਪਰੀਆਂ ਨਾਲ਼ ਚਲਾਕੀ
ਸ਼ਾਹਪਾਲੇ ਨੂੰ ਜਾ ਸੁਣਾਈ ਬੁਝ ਲੱਗੀ ਗ਼ਮਨਾਕੀ

ਮਾਈ ਨਾਲ਼ ਖ਼ਫ਼ਾ ਹੋ ਲੜਦਾ ਕੀ ਕੀਤੀ ਨਾਦਾਨੀ
ਖੁਰੀ ਪਿੱਛੇ ਹੈ ਕਹਿਣ ਸਿਆਣੇ ਓੜਕ ਮੱਤ ਜ਼ਨਾਨੀ

ਉਹ ਪਰਦੇਸੀ ਆਦਮ ਜ਼ਾਦਾ ਲੜਕਾ ਇਕ ਇਕੱਲਾ
ਦੇਵਾਂ ਦੇ ਘਰ ਸਟ ਕੇ ਆਈਏਂ ਅਕਲ ਕੀਤੋ ਈ ਭੱਲਾ

ਮੈਂ ਅੱਗੇ ਸੁਣ ਬੈਠਾ ਗੱਲਾਂ ਦਿਓ ਕੁਲਜ਼ਮ ਦੇ ਸਾਰੇ
ਇਸ ਆਦਮ ਨੂੰ ਫਿਰਨ ਢੂੰਡੇਂਦੇ ਬਣ ਕੇ ਵੈਰੀ ਭਾਰੇ

ਛੇ ਹਜ਼ਾਰ ਪਰੀ ਨਿੱਤ ਫਿਰਦੀ ਇਸ ਆਦਮ ਦੀ ਲੋੜੇ
ਜਿਸ ਬਹਿਰਾਮ ਸ਼ਹਿਜ਼ਾਦਾ ਕੁੱਠਾ ਬਾਪ ਉਹਦਾ ਕਦ ਛੋੜੇ

ਜੇ ਉਹ ਹਾਸ਼ਿਮ ਨੂੰ ਹੱਥ ਲੱਗਾ ਮਾਰ ਨਿਆਂ ਵਿਚ ਦੇਸੀ
ਬੇਟੇ ਦਾ ਗ਼ਮ ਡਾਢਾ ਉਸ ਨੂੰ ਬਦਲਾ ਕਦੋਂ ਛਡੇਸੀ

ਜਿਨ੍ਹਾਂ ਕੁਲਜ਼ਮ ਪਾਸੇ ਖੜਿਆ ਦੁਸ਼ਮਣ ਹੋਸਣ ਉਸਦੇ
ਹਾਏ ਹਾਏ ਉਹ ਨਾ ਮਰਦਾ ਤੋੜੇ ਅਸੀਂ ਉਹਦੇ ਥਾਂ ਮਰਦੇ

ਹੁਣ ਕੋਈ ਕਰੋ ਸਲਾਹ ਸਿਆਣੀ ਢਿੱਲੀ ਗੱਲ ਨਾ ਛੋੜੋ
ਸੈਫ਼-ਮਲੂਕ ਕਿਵੇਂ ਮੁੜ ਆਵੇ ਝੱਬ ਮਸਲਾਹਿਤ ਜੋੜੋ

ਮਜਲਿਸ ਅੰਦਰ ਗਗਾ ਹੋਇਆ ਮਹਿਲੀਂ ਗਈਆਂ ਆਵਾਜ਼ਾ
ਅੱਗੇ ਸ਼ਾਹ-ਪਰੀ ਦੇ ਦਿਲ ਵਿਚ ਫ਼ਿਕਰ ਆਹਾ ਨਿੱਤ ਤਾਜ਼ਾ

ਦਾਦੀ ਮਿਹਰ-ਅਫ਼ਰੋਜ਼ੇ ਤਾਈਂ ਜਲਦੀ ਕੋਲ ਬੁਲਾਇਓਸੁ
ਕੈਸਾ ਸ਼ੋਰ ਕਚਹਿਰੀ ਉਠਿਆ ਦਿਲ ਮੇਰਾ ਘਬਰਾਇਓਸੁ ।(੬੭੫੦)

ਜੀਉ ਮੇਰਾ ਸੁਣ ਗੋਗਾ ਓਥੇ ਬੇਆਰਾਮ ਹੋਇਆ ਹੈ
ਸੱਚੋ ਸੱਚ ਦਸਾਲ ਸ਼ਿਤਾਬੀ ਕੀ ਕਮਾਮ ਹੋਇਆ ਹੈ

ਇਨ੍ਹਾਂ ਗੱਲਾਂ ਦਾ ਸੁਣ ਕੇ ਰੌਲ਼ਾ ਨਹੀਂ ਤਹੱਮੁਲ ਰਿਹਾ
ਦਸ ਹਕੀਕਤ ਕੀ ਕੁੱਝ ਗੁਜ਼ਰੀ ਪਹੁਤਾ ਕੀ ਸੁਨੇਹਾ

ਮਿਹਰ-ਅਫ਼ਰੋਜ਼ੇ ਸੱਚ ਨਾ ਦੱਸਿਆ ਅੱਵਲ ਰਹੀ ਭੁਲਾਂਦੀ
ਸ਼ਾਹ-ਪਰੀ ਦਾ ਚਿੱਤ ਨਾ ਠਹਿਰੇ ਛੱਡ ਖ਼ਿਆਲ ਨਾ ਜਾਂਦੀ

ਜਦੋਂ ਬਦੀਅ-ਜਮਾਲੇ ਮੁੜ ਮੁੜ ਮਿਹਰ-ਅਫ਼ਰੋਜ਼ ਅਕਾਈ
ਕਹਿਓਸੁ ਧੀਏ ਕੀ ਮੈਂ ਦੱਸਾਂ ਚੀਜ਼ ਇਕ ਵੱਡੀ ਖੜਾਈ

ਬਾਗ਼-ਇਰਮ ਵਿਚ ਛੱਡਿਆ ਆਹਾ ਸੈਫ਼-ਮਲੂਕ ਸ਼ਹਿਜ਼ਾਦਾ
ਹੁਣ ਉਹ ਗੁੰਮ ਹੋਇਆ ਨਹੀਂ ਲੱਭਦਾ ਕੀਤੀ ਲੋੜ ਜ਼ਿਆਦਾ

ਕੁਲਜ਼ਮ ਪਾਸੇ ਖੜਿਆ ਦੇਵਾਂ ਪੈਂਦੀ ਦਸ ਹਵਾਈ
ਗਿਆ ਗਵਾਤਾ ਰੱਬ ਮਿਲਾਏ ਹੋਰ ਇਲਾਜ ਨਾ ਕਾਈ

ਵਿਚ ਸਮੁੰਦਰ ਝੜਿਆ ਮੋਤੀ ਕੀਕਰ ਮੁੜ ਹੱਥ ਆਵੇ
ਸ਼ੀਸ਼ਾ ਵੱਟਿਆਂ ਅੰਦਰ ਢੱਠਾ ਸਾਬਤ ਰੱਬ ਬਚਾਵੇ

ਸੁਣ ਇਹ ਗੱਲ ਬਦੀਅ-ਜਮਾਲੇ ਪਾੜ ਗਵਾਇਆ ਝੱਗਾ
ਸ਼ਰਮ ਹਯਾ ਖਲੋਵਣ ਕੀਕਰ ਝੱਲ ਇਸ਼ਕ ਦਾ ਲੱਗਾ

ਪੱਟੀਆਂ ਪੱਟ ਜ਼ਿਮੀਂ ਪਰ ਸਟੀਆਂ ਚੱਕੀਂ ਬਾਹਾਂ ਕੱਟੀਆਂ
ਕੱਟੀਆਂ ਐਡ ਮੁਹਿੰਮਾਂ ਉਸ ਨੇ ਭਲੀਆਂ ਖੱਟੀਆਂ ਵੱਟੀਆਂ

ਪੰਜੇ ਮਾਰ ਛਿੱਲੇ ਸਭ ਚਿਹਰਾ ਪਾ ਸਿਰੇ ਪਰ ਸੱਜੀ
ਕੱਪੜੇ ਸਿੱਜੇ ਦੀਦੇ ਸੁੱਜੇ ਰੋ ਰੋ ਅਜੇ ਨਾ ਰੱਜੀ ।(੬੭੬੦)

ਧੌਂਸੇ ਮਾਰ ਚੜ੍ਹੇ ਗ਼ਮ ਲਸ਼ਕਰ ਨੱਠੇ ਸਬਰ ਸਹਾਰੇ
ਆਹੀਂ ਢਾਹੀਂ ਨਾਲ਼ ਨਾ ਰਜਦੀ ਨੰਗ ਨਾਮੂਸ ਉਤਾਰੇ

ਫੁੱਲਾਂ ਕਾਰਨ ਝੋਲ ਖਿਲਾਰੀ ਅੱਗੋਂ ਪਏ ਅੰਗਾਰੇ
ਆਇਆ ਘਰੋਂ ਸੁਹਾਗ ਖੜਾਇਆ ਭਾਗ ਤੱਤੀ ਦੇ ਹਾਰੇ

ਲੱਗੀ ਸਾਂਗ ਬੰਦੂਕ ਕਲੇਜੇ ਬਾਂਹ ਸਿਰੇ ਪਰ ਕੂਕੇ
ਯਾਦ ਕਰੇ ਫ਼ਰਯਾਦਾਂ ਕਰ ਕੇ ਦਿਲਬਰ ਸੈਫ਼-ਮਲੂਕੇ

ਤੱਤੀ ਜਲਦੀ ਬਲਦੀ ਖੋਹਰੀ ਖਾਉਂ ਖਾਉਂ ਕਰ ਕੇ
ਦਾਦੀ ਤਾਈਂ ਆਖਣ ਲੱਗੀ ਬੋਲੀ ਹਾਂ ਮੈਂ ਮਰ ਕੇ

ਜਾਤਾ ਮੈਂ ਗ਼ਮਖ਼ਾਰ ਤੁਸਾਨੂੰ ਮਾਂ ਪਿਓ ਭੈਣ ਭਿਰਾਉਂ
ਮਿਹਰ ਮੁਹੱਬਤ ਤੇਰੀ ਜਾਤੀ ਵਾਫ਼ਰ ਹਰ ਹਰ ਥਾਉਂ

ਮਰਜ਼ੀ ਦਾਨ ਮਿਜ਼ਾਜ ਮੇਰੇ ਦੀ ਲਾਡ ਮੇਰੇ ਸੈਂ ਝਲਦੀ
ਚਾਹ ਮੁਰਾਦ ਦਿਲੇ ਦੀ ਸਾਰੀ ਬਿਨ ਮੰਗੇ ਨਿੱਤ ਘਲਦੀ

ਡਰਦੀ ਨੇ ਮੈਂ ਮਾਂ ਪਿਓ ਅੱਗੇ ਵੇਦਨ ਕਹਿਆ ਨਾ ਦਿਲ ਦਾ
ਦਰਦੀ ਸਮਝ ਤੁਸਾਨੂੰ ਦੱਸਿਆ ਮੱਤ ਸ਼ਹੁ ਹੋਵੇ ਮਿਲਦਾ

ਆਪਣੇ ਉੱਤੇ ਜਾਤਾ ਆਹਾ ਮੁਸ਼ਫ਼ਿਕ ਬਹੁਤ ਜਹਾਨੋਂ
ਜਾਨੋਂ ਵੱਧ ਈਮਾਨ ਪਿਆਰੀ ਸੌਂਪੀ ਤਦ ਤੁਸਾਨੂੰ

ਸੰਗ ਸੱਈਆਂ ਤੇ ਮਾਸੀ ਫੁਫੀ ਮਾਪੇ ਸਾਕ ਕਬੀਲਾ
ਸਭ ਥੀਂ ਸੱਜਣ ਵੇਖ ਤੁਸਾਨੂੰ ਲੜ ਫੜਿਆ ਕਰ ਹੀਲਾ

ਮੈਨੂੰ ਖ਼ਬਰ ਨਾ ਆਹੀ ਦਾਦੀ ਹਿਰਸ ਭੁਲਾਊ ਤੇਰੀ
ਨਾਲ਼ ਦਗ਼ੇ ਦੇ ਗੁੰਮ ਕਰੇਸੇਂ ਵਸਤ ਪਿਆਰੀ ਮੇਰੀ ।(੬੭੭੦)

ਜਾਨ ਮੇਰੀ ਉਸ ਬੰਦੇ ਅੰਦਰ ਜੋ ਤੁਧ ਕਿਤੇ ਖਪਾਇਆ
ਗੁੱਝਾ ਵੈਰ ਕੀਤੋਈ ਤੇਰਾ ਮੈਂ ਸੀ ਕੀ ਗਵਾਇਆ

ਜੇਹੀ ਉਮੀਦ ਭਲੇ ਦੀ ਆਹੀ ਤੇਰੇ ਉੱਤੇ ਮੈਨੂੰ
ਐਸਾ ਬੁਰਾ ਕੀਤੋ ਈ ਰੱਜ ਕੇ ਕੀਕਰ ਪਚਸੀ ਤੈਨੂੰ

ਮੈਨੂੰ ਇਹ ਮਾਲੂਮ ਨਾ ਆਹਾ ਕੂੜ ਦਿਲਾਸਾ ਤੇਰਾ
ਬਹੁਤ ਇਤਬਾਰ ਤੇਰੇ ਪਰ ਆਹਾ ਸਾਹ ਵਿਸਾਹ ਘਣੇਰਾ

ਤੁਧ ਮੇਰੇ ਸੰਗ ਐਸੀ ਕੀਤੀ ਜੈਸੀ ਕੋਈ ਨਾ ਕਰਦਾ
ਵੈਰੀ ਵੈਰੀ ਨਾਲ਼ ਅਜੇਹੀ ਕਰਦਾ ਰੱਬ ਥੀਂ ਡਰਦਾ

ਜੇ ਮੇਰੀ ਜ਼ਿੰਦਗਾਨੀ ਲੋੜੇਂ ਝੱਬ ਉਸ ਨੂੰ ਕਰ ਪੈਦਾ
ਨਹੀਂ ਤੇ ਖਾ ਕਟਾਰੀ ਮਰਸਾਂ ਮੈਨੂੰ ਵਰਮ ਉਸੇ ਦਾ

ਜੁੱਸੇ ਜਾਮੇ ਮੇਰੇ ਅੰਦਰ ਉਹੋ ਜਿੰਦ ਪਿਆਰੀ
ਜਿੰਦੂ ਬਾਝ ਮੁਹੰਮਦ ਬਖਸ਼ਾ ਜੁੱਸਾ ਹੈ ਕਿਸ ਕਾਰੀ

ਉਸ ਬਿਨ ਜੀਵਨ ਘੜੀ ਨਾ ਮੇਰਾ ਆਈ ਬਾਝੋਂ ਮਰਸਾਂ
ਨਾਮ ਨਾਮੂਸ ਤੁਸਾਡੇ ਕੋਲੋਂ ਸਰਫ਼ਾ ਮੂਲ ਨਾ ਕਰਸਾਂ

ਇਹ ਤੱਕ ਜਾਨ ਲਬਾਂ ਪਰ ਮੇਰੀ ਤੱਕਦੀ ਖਲੀ ਜਵਾਬੇ
ਜਾਂ ਤੂੰ ਸਾਫ਼ ਜਵਾਬ ਸੁਣਾਇਆ ਧਰਸੀ ਪੈਰ ਰਕਾਬੇ

ਇਹ ਗਲ ਆਖ ਢੱਠੀ ਸਿਰ ਪਰਨੇ ਗ਼ਸ਼ ਪਰੀ ਨੂੰ ਆਈ
ਮੁਰਦੇ ਵਾਂਗ ਹੋਇਆ ਸਭ ਜੁੱਸਾ ਹਾਲ ਨਾ ਰਹਿਓਸੁ ਕਾਈ

ਨੀਲੀ ਪੀਲੀ ਹੋਈ ਨਿਮਾਣੀ ਤਖ਼ਤੇ ਵਾਂਗਰ ਦੇਹੀ
ਸਈਆਂ ਚਾ ਪਲੰਗ ਤੇ ਰੱਖੀ ਕੰਮੋਂ ਗਈ ਅਜੇਹੀ ।(੬੭੮੦)

ਪਕੜ ਹਿਲਾਵਣ ਉੱਤੇ ਬੁਲਾਵਣ ਗੱਲ ਕਰਾਵਣ ਸੱਈਆਂ
ਨਾਲ਼ ਉਨ੍ਹਾਂ ਦੇ ਗੱਲ ਨਾ ਕਰਦੀ ਜੇ ਸੌ ਆਖਣ ਪਈਆਂ

ਅੱਖੀਂ ਤਾੜੇ ਲੱਗੀਆਂ ਵੇਖਣ ਰਸਤਾ ਯਾਰ ਸੱਜਣ ਦਾ
ਆਸ਼ਕ ਅਤੇ ਸ਼ਹੀਦ ਮੁਹੰਮਦ ਨਾ ਮੁਹਤਾਜ ਕਫ਼ਨ ਦਾ

ਮੂੰਹੋਂ ਚੁੱਪ ਚੁਪਾਤੀ ਦਿੱਸੇ ਹਾਲ ਕਰੇ ਫ਼ਰਯਾਦਾਂ
ਕਹਿੰਦੀ ਸੜੇ ਨਸੀਬ ਤੱਤੀ ਦੇ ਕੌਣ ਦਏ ਅੱਜ ਦਾਦਾਂ

ਨੇਕ ਸਿਤਾਰਾ ਮੇਰਾ ਸੱਈਓ ਬੁਰੀ ਨਹੂਸਤ ਫੜਿਆ
ਤਾਰਾ ਬੁਰਜ ਇਕਬਾਲ ਮੇਰੇ ਦਾ ਮੂੰਹ ਦਾ ਹੋ ਕੇ ਝੜਿਆ

ਡਾਢਾ ਜ਼ੁਲਮ ਮੇਰੇ ਸਿਰ ਆਇਆ ਅਚਨਚੇਤ ਅਕਾਸੋਂ
ਖ਼ਬਰ ਨਹੀਂ ਕੀ ਪਾਪ ਕਮਾਇਆ ਗਏ ਭਲੇ ਦਿਨ ਰਾਸੋਂ

ਹਾਏ ਅਫ਼ਸੋਸ ਕੀਤਾ ਕਿਉਂ ਰੁਖ਼ਸਤ ਸਰਾਂਦੀਪ ਸ਼ਹਿਰ ਥੀਂ
ਮਹੀਏਂ ਕੱਢ ਨਿਛਕਾ ਕੀਤਾ ਲਸ਼ਕਰ ਤੇ ਘਰ ਜ਼ਰ ਥੀਂ

ਸਰਾਂਦੀਪ ਅੰਦਰ ਜੇ ਰਹਿੰਦਾ ਮਿਲਦੀ ਪਾ ਮਹੀਨਾ
ਅੱਜ ਪਤੇ ਬਿਨ ਲੋੜਨ ਜਾਵਾਂ ਕਿਹੜੇ ਦੇਸ ਜ਼ਮੀਨਾਂ

ਆਪਣੀ ਹੱਥੀਂ ਪੈਰ ਕੁਹਾੜਾ ਮਾਰ ਲਿਆ ਮੈਂ ਤੱਤੀ
ਸ਼ਰਬਤ ਸਾਫ਼ ਵਸਲ ਦੇ ਅੰਦਰ ਜ਼ਹਿਰ ਪੁੜੀ ਮੈਂ ਘੱਤੀ

ਆਪ ਪਿਆਰਾ ਵਿਦਾ ਕੀਤਾ ਤਾਂ ਪੀੜਾਂ ਸਿਰ ਸਹੀਆਂ
ਮੁਫ਼ਤ ਨਿਆਮਤ ਅੱਗੋਂ ਚਾਈ ਕਦ ਪਚੇ ਮੈਂ ਜਹੀਆਂ

ਹਾਏ ਅਫ਼ਸੋਸ ਜ਼ਿਆਨ ਅਜੇਹਾ ਨਹੀਂ ਪਚਾਇਆ ਜਾਂਦਾ
ਸੈਫ਼-ਮਲੂਕ ਮਿਲੇ ਹੁਣ ਕਿਥੋਂ ਗੁੰਮ ਕੀਤਾ ਜਿਸ ਆਂਦਾ ।(੬੭੯੦)

ਕੈਸੀ ਨਾਲ਼ ਮੇਰੇ ਤੁਧ ਕੀਤੀ ਐ ਵੈਰੀ ਅਸਮਾਨਾਂ
ਭੋਰੇ ਕੱਤਦੀ ਹੱਸਦੀ ਵਤਦੀ ਖ਼ੁਸ਼ੀਆਂ ਨਾਲ਼ ਗੁਮਾਨਾਂ

ਐਸ਼ਾਂ ਲਾਡ ਕਰੇਂਦੀ ਤੱਤੀ ਅਚਨਚੇਤ ਇਆਣੀ
ਬੁਰੀ ਮੁਸੀਬਤ ਅੰਦਰ ਪਾਈਓ ਜਿਉਂ ਕਰ ਤਿਲ ਵਿਚ ਘਾਣੀ

ਖ਼ਬਰ ਨਹੀਂ ਕੀ ਹਕ ਤੇਰੇ ਵਿਚ ਬੁਰਾ ਬੰਦੀ ਥੀਂ ਹੋਇਆ
ਤਾਂ ਤੂੰ ਖੋਲ ਗ਼ਮਾਂ ਦਾ ਬੂਹਾ ਕਹਿਰ ਮੇਰੇ ਸਿਰ ਢੋਇਆ

ਅੱਵਲ ਯਾਰ ਵਿਖਾਇਓਈ ਮੈਨੂੰ ਅੰਦਰ ਬਾਗ਼ ਬਹਾਰਾਂ
ਖਸ ਮੇਰਾ ਦਿਲ ਦਿਤੋਈ ਉਸ ਨੂੰ ਲੱਗੇ ਫ਼ਿਕਰ ਹਜ਼ਾਰਾਂ

ਸੁਖੀਆ ਜਾਨ ਹੋਈ ਦੁਖਿਆਰੀ ਇਸ਼ਕ ਜਦੋਂ ਘਟ ਆਇਆ
ਫੁੱਲ ਨਾ ਝਲਦੀ ਬਾਲ ਈਆਨੀ ਤੁਧ ਇਹ ਭਾਰ ਸਹਾਇਆ

ਝੰਡ ਉਹਦੀ ਦੇ ਕੁੰਡਲ ਅੰਦਰ ਕਰ ਅੱਵਲ ਦਿਲ ਕੈਦੀ
ਲਾਅ ਵਿਛੋੜਾ ਦਿਲ ਦਾ ਚੌੜਾ ਰਖਿਓਈ ਫੇਰ ਉਮੈਦੀ

ਓੜਕ ਖਸ ਲਿਓਈ ਜਾਨੀ ਮਾਰ ਮੇਰੇ ਤਨ ਕਾਨੀ
ਰੱਜ ਨਾ ਡਿੱਠਾ ਮੁੱਖ ਨਾ ਕੀਤੇ ਸੁਖ਼ਨ ਕਲਾਮ ਜ਼ਬਾਨੀ

ਸ਼ਾਰਿਸਤਾਨੇ ਸਾਰੇ ਅੰਦਰ ਨਸ਼ਰ ਹੋਈ ਮੈਂ ਲੱਟੀ
ਘਰ ਘਰ ਕਿੱਸੇ ਸੱਥ ਕਚਹਿਰੀ ਜੱਗ ਬਦਨਾਮੀ ਖੱਟੀ

ਖੱਟੀ ਹੋਇਓਸੁ ਮਾਂ ਪਿਉ ਵੱਲੋਂ ਲਾਜ ਕੁਲੇ ਦੀ ਲਾਹੀ
ਮੈਂ ਨਾਰੀ ਨੇ ਨਾਰੀ ਹੋ ਕੇ ਖ਼ਾਕੋਂ ਮਲੀ ਸਿਆਹੀ

ਹਾਰ ਫੁੱਲਾਂ ਦੇ ਹਾਰ ਗਲੇ ਵਿਚ ਪਾਈ ਸੀ ਬਦਨਾਮੀ
ਦਿਲ ਆਰਾਮ ਨਾ ਦਿਤੋਈ ਫਿਰ ਭੀ ਦਿਨ ਦਿਨ ਬੇਆਰਾਮੀ ।(੬੮੦੦)

ਸ਼ੋਹਰਤ ਅਤੇ ਮਲਾਮਤ ਝੱਲੀ ਨਾਮ ਧਰਾਇਆ ਝੱਲੀ
ਝੱਲੀ ਨਾ ਤੁਧ ਅਰਜ਼ ਬੰਦੀ ਦੀ ਆਸ ਮੁਰਾਦ ਨਾ ਘੱਲੀ

ਸੀਨੇ ਦਾਗ਼ ਲਗਾਇਓਈ ਉਲਟਾ ਹੱਥੋਂ ਸਾੜਨ ਲੱਗਾ
ਦਮ ਦਮ ਕਹਿਰ ਮੇਰੇ ਪੁਰ ਵਰਤੇ ਮੁਸ਼ਕਿਲ ਸੁਝਦਾ ਅੱਗਾ

ਕਿਚਰਕ ਤੀਕ ਵਿਛੋੜੇ ਅੰਦਰ ਮੇਰੀ ਜਾਨ ਜਲੇਸੇਂ
ਬਹੁਤ ਇਨਸਾਫ਼ ਦਿਤੋਈ ਅੱਗੇ ਹੋਰ ਅਜੇ ਕੀ ਦੇਸੇਂ

ਜੇਕਰ ਯਾਰ ਮਿਲਾਣਾ ਨਹੀਓਂ ਵਾਰ ਮੇਰੀ ਜਿੰਦ ਤਾਈਂ
ਦਿਲਬਰ ਦਾ ਸਿਰ-ਸਦਕਾ ਕਰ ਕੇ ਕਰ ਖਾਂ ਮਾਰ ਅਜ਼ਾਈਂ

ਬਖ਼ਸ਼ ਬੰਦੀ ਬਹੁੰ ਆਜ਼ਜ਼ ਹੋਈਆਂ ਮੰਨ ਸਵਾਲ ਰੱਬਾਣਾ
ਨਹੀਂ ਤਾਂ ਹੋ ਉਦਾਸੀ ਟੁਰੇਗਾ ਸਿਕਦਾ ਸਾਸ ਨਿਮਾਣਾ

ਹਾਇ ਹਾਇ ਰੱਬਾ ਆਫ਼ਤ ਬਿਜਲੀ ਸਿਰ ਪਈ ਤਾਂ ਜਾਤੀ
ਸੈਫ਼-ਮਲੂਕੇ ਬਾਝ ਅਸਾਨੂੰ ਹੋਈ ਹਰਾਮ ਹੱਯਾਤੀ

ਮੈਂ ਹਤਿਆਰੀ ਕਿੱਥੇ ਲੋੜਾਂ ਦਿਲ ਦੀ ਵਸਤ ਖੜਾਤੀ
ਕਬਰੇ ਵਿਚ ਤਕੇਸਾਂ ਰਸਤੇ ਮਾਰ ਚੌਤਰਫ਼ੇ ਝਾਤੀ

ਹੰਝੂ ਤੇਲ ਹੱਡਾਂ ਦਾ ਬਾਲਣ ਵਾਂਗ ਚਿਖ਼ਾ ਨਿਤ ਸੜਸਾਂ
ਰੋਜ਼ ਹਸ਼ਰ ਦੇ ਖ਼ਲਕਤ ਅੰਦਰ ਢੂੰਡ ਮਤੇ ਲੜ ਫੜਸਾਂ

ਦਿਸਣ ਐਨ ਲਹੂ ਦੇ ਚਸ਼ਮੇ ਨੈਣ ਰਤੂ ਭਰ ਫਿਸਦੇ
ਮੋਤੀ ਗੁਲੀਆਂ ਹਾਰ ਪਰੋਵਣ ਪਲਕ ਪਲਕ ਨਾ ਦਿਸਦੇ

ਹਾਲ ਬਦੀਅ-ਜਮਾਲ ਪਰੀ ਦਾ ਜਾਂ ਇਹ ਡਿੱਠਾ ਦਾਦੀ
ਜਲਦੀ ਜਲਦੀ ਸ਼ਾਹਪਾਲੇ ਵੱਲ ਜਾ ਹੋਈ ਫ਼ਰਯਾਦੀ ।(੬੮੧੦)

ਮਿਹਰ-ਅਫ਼ਰੋਜ਼ੇ ਦੇ ਦਿਲ ਅੰਦਰ ਦਰਦ ਅਲੰਬਾ ਬਲਿਆ
ਸਬਰ ਕਰਾਰ ਆਰਾਮ ਤਹੱਮੁਲ ਕੱਖਾਂ ਵਾਂਗਰ ਜਲਿਆ

ਸ਼ਾਹਪਾਲੇ ਨੂੰ ਆਖਣ ਲੱਗੀ ਐ ਸਰਤਾਜ ਜਿੰਨਾ ਦੇ
ਪਰੀਆਂ ਦਿਓ ਤੇਰੇ ਸਭ ਚਾਕਰ ਦਰ ਤੋਂ ਸੀਸ ਨਾ ਚਾਂਦੇ

ਸ਼ਾਨ ਤੇਰਾ ਰੱਬ ਉੱਚਾ ਕੀਤਾ ਤੂੰ ਸੁਲਤਾਨ ਮੁਲਕ ਦਾ
ਪਰੀਆਂ ਦਿਓ ਸੱਜਣ ਤੇ ਦੁਸ਼ਮਣ ਦਰ ਤੇਰੇ ਆ ਝੁਕਦਾ

ਸ਼ੌਕਤ ਇੱਜ਼ਤ ਦੌਲਤ ਤੇਰੀ ਐਸੀ ਰੱਬ ਵਧਾਈ
ਤੂੰ ਸੁਲੇਮਾਂ ਨਬੀ ਥੀਂ ਪਿੱਛੋਂ ਹੋਇਉਂ ਉਸ ਦੀ ਜਾਈ

ਸ਼ਰਫ਼ ਇਕਬਾਲ ਤੇਰੇ ਦਾ ਤਾਰਾ ਰਹੇ ਹਮੇਸ਼ ਚਮਕਦਾ
ਕੋਈ ਹਜ਼ੀਮਤ ਪੇਸ਼ ਨਾ ਆਵੇ ਰਹੇਂ ਮੁਰਾਦਾਂ ਤੱਕਦਾ

ਹੁਣ ਕੁੱਝ ਸਾਇਤ ਉਲਟੀ ਡਿੱਠੀ ਨਿੰਮ੍ਹਾ ਪਿਆ ਸਿਤਾਰਾ
ਪੁੱਠਾ ਫੇਰ ਜ਼ਮਾਨਾ ਫਿਰਿਆ ਕਰਨ ਲੱਗਾ ਕੋਈ ਕਾਰਾ

ਮੱਥੇ ਵੱਟ ਤੇਰੇ ਪਰ ਪਾਇਓਸੁ ਮਿਹਰੋਂ ਖ਼ਾਲੀ ਹੋ ਕੇ
ਦਾੜ੍ਹੀ ਪੱਗ ਤੇਰੀ ਵੱਲ ਤੱਕਦਾ ਦੁਸ਼ਮਣ ਮਿਸਲ ਖਲੋ ਕੇ

ਭਾਰਾ ਇਕ ਕਜ਼ੀਆ ਬਣਿਆ ਜਿਸ ਥੀਂ ਪੱਤ ਨਾ ਰਹਿਸੀ
ਬਦਨਾਮੀ ਤੇ ਖ਼ੱਜਲ ਖ਼ਵਾਰੀ ਖ਼ਲਕਤ ਬੁਰਿਆਂ ਕਹਿਸੀ

ਨਾਰੀ ਮੂੰਹ ਅੰਗਾਰੀ ਜੇਹਾ ਹੋਸੀ ਕਾਲ਼ਾ ਕੋਲਾ
ਕਰ ਕੁੱਝ ਜਤਨ ਬਚਣ ਦਾ ਬੇਟਾ ਦੇਈ ਪਨਾਹਾਂ ਮੌਲਾ

ਜੱਗ ਦੀ ਸ਼ੋਹਰਤ ਤੇ ਮੂੰਹ ਕਾਲਖ ਸ਼ਾਲਾ ਪੇਸ਼ ਨਾ ਆਵੇ
ਬੇ-ਗ਼ੈਰਤ ਨਾਮਰਦਾਂ ਅੰਦਰ ਨਾ ਕੋਈ ਨਾਵਾਂ ਲਾਵੇ ।(੬੮੨੦)

ਭੀ ਸ਼ਰਮਿੰਦਾ ਖ਼ਵਾਰ ਨਾ ਹੋਵੇਂ ਰੱਬ ਸੱਚੇ ਦੇ ਦਰ ਥੀਂ
ਨਾ ਅਨਿਆਈਂ ਨਾਮ ਧਰਾਏਂ ਡਰ ਖਾਂ ਰੋਜ਼ ਹਸ਼ਰ ਥੀਂ

ਬਾਦਸ਼ਾਹਾਂ ਨੂੰ ਪੁੱਛ ਹੋਵੇਗੀ ਮਜ਼ਲੂਮਾਂ ਦੇ ਹਾਲੋਂ
ਕਹਿਸੀ ਰੱਬ ਵਡਿਆਇਆ ਤੈਨੂੰ ਦੇ ਇੱਜ਼ਤ ਇਕਬਾਲੋਂ

ਤੂੰ ਡਾਢਾ ਇਹ ਲਿੱਸੇ ਕੀਤੇ ਤੇਰਾ ਸ਼ਾਨ ਵਧਾਇਆ
ਕਿਉਂ ਤੁਧ ਅਦਲ ਇਨਸਾਫ਼ ਨਾ ਕੀਤਾ ਬਾਤਲ ਹੱਕ ਰਲਾਇਆ

ਜ਼ਾਲਮ ਦਾ ਤੁਧ ਜ਼ੋਰ ਨਾ ਭੰਨਿਆ ਦੇ ਸਜ਼ਾ ਕਹਿਰ ਦੀ
ਲਿੱਸੇ ਦਾ ਉਪਰਾਲਾ ਛਡਿਓਈ ਕਰ ਕੇ ਅਜਬ ਨਾਮਰਦੀ

ਨਫ਼ਸ ਕੁੱਤੇ ਦੀਆਂ ਐਸ਼ਾਂ ਅੰਦਰ ਗ਼ਾਫ਼ਲ ਰਹਿਓਂ ਨਿਆਓਂ
ਮਜ਼ਲੂਮਾਂ ਦੀ ਖ਼ਬਰ ਨਾ ਲਈਆ ਹੱਲਿਓਂ ਨਾ ਇਸ ਜਾਓਂ

ਏਸੇ ਕਾਰਨ ਸੌਂਪੀ ਤੈਨੂੰ ਚੌਕੀਦਾਰੀ ਜੱਗ ਦੀ
ਚੋਰ ਖ਼ੁਨਾਮੀ ਮਾਰਨ ਧਾੜੇ ਹੋੜੀਂ ਜਾਂ ਵਾਹ ਲਗਦੀ

ਅਜੜੋਂ ਗੁਰਗ ਨਾ ਮੋੜੇ ਰਾਖੀ ਭਲੀ ਅੱਯਾਲੀ ਸਗ ਦੀ
ਇਸ ਮੁਹਿਮੋਂ ਡਰਿਓਂ ਬੰਦਿਆ ਕੱਟ ਮੁਹਿੰਮ ਨਰਕ ਦੀ

ਰਾਜ ਤੇਰੇ ਵਿਚ ਧਾੜਾ ਹੋਇਆ ਐਡ ਅਨਰਥ ਨਾ ਪਚਸੀ
ਜੇ ਤੁਧ ਇਹ ਅਦਾਲਤ ਡੋਬੀ ਰਾਜ ਤੇਰਾ ਕਦ ਬਚਸੀ

ਸ਼ਾਹਪਾਲੇ ਫ਼ੁਰਮਾਇਆ ਸੁਣ ਕੀ ਦੇ ਬਿਆਨ ਸ਼ਿਤਾਬੀ
ਕੈਸਾ ਕੋਈ ਫ਼ਸਾਦੀ ਕੋਲਾ ਲੱਗਾ ਕਰਨ ਖ਼ਰਾਬੀ

ਰਤੋ ਰਤ ਹੋਈ ਤੂੰ ਐਸੀ ਐਬ ਡਿਠੋਈ ਕਿਹੜਾ
ਕਰਾਂ ਤਦਾਰਕ ਜੇ ਤੂੰ ਦੱਸੇਂ ਜ਼ੁਲਮ ਕਰੇਂਦਾ ਜਿਹੜਾ ।(੬੮੩੦)

ਮਿਹਰ-ਅਫ਼ਰੋਜ਼ ਕਿਹਾ ਸ਼ਾਹਪਾਲੇ ਫ਼ੈਜ਼ ਤੇਰਾ ਹਰ ਇਕ ਤੇ
ਸੈਫ਼-ਮਲੂਕ ਸ਼ਹਿਜ਼ਾਦਾ ਦੂਰੋਂ ਆਇਆ ਸਾਡੀ ਸਿੱਕ ਤੇ

ਸਿਫ਼ਤ ਉਹਦੀ ਸੁਣ ਬੈਠੋਂ ਸਾਰੀ ਸਿਦਕ ਮੁਹੱਬਤ ਪੱਕੀ
ਇਕ ਸਲਾਮ ਤੁਸਾਡੇ ਕਾਰਨ ਸੈ ਉਸ ਸਖ਼ਤੀ ਤੱਕੀ

ਗ਼ਮ ਇਲਮ ਬਤੇਰੇ ਝਲੀਓਸੁ ਫ਼ਜ਼ਲ ਕਰਮ ਦੀ ਆਸੇ
ਕਰਮ ਹੋਇਆ ਤਾਂ ਪਹੁਤਾ ਸਾਬਤ ਬਾਗ਼-ਇਰਮ ਦੇ ਪਾਸੇ

ਨਾ ਉਸ ਅਜੇ ਸਲਾਮ ਤੇਰੇ ਦੀ ਹੋਈ ਸਆਦਤ ਹਾਸਿਲ
ਨਾ ਉਹ ਦਰਸਨ ਵੇਖ ਤੁਸਾਡਾ ਹੋਇਆ ਹਜ਼ੂਰੀ ਵਾਸਿਲ

ਆਸ ਮੁਰਾਦ ਨਾ ਪੁੱਗੀ ਉਸ ਦੀ ਹੋਇਆ ਅਜ਼ਾਦ ਨਾ ਦਰਦੋਂ
ਹੋ ਬਰਬਾਦ ਗਈ ਸਭ ਕੀਤੀ ਯਾਦ ਕਰੀਂ ਉਸ ਮਰਦੋਂ

ਮੋਤੀ ਖੜਿਆ ਚਾਇ ਬੇਚਾਰਾ ਆਇਆ ਹੱਥ ਗ਼ਨੀਮਾਂ
ਤੁਧ ਬਿਨ ਕੌਣ ਕਰੇ ਉਸ ਪਿੱਛੇ ਬਹਿ ਭਾਰੀ ਪਾਰ ਮੁਹੀਮਾਂ

ਮਜ਼ਲੂਮਾਂ ਦਾ ਹੱਥ ਨਾ ਪਕੜੇ ਜੇਕਰ ਅਦਲ ਸ਼ਹਾਨਾ
ਰੋਜ਼ ਹਸ਼ਰ ਦੇ ਸ਼ਾਹ ਪੁਛੀਸਨ ਕਰਸੇਂ ਕੀ ਬਹਾਨਾ

ਕੋਈ ਬਹਾਨਾ ਟੁਰਸੀ ਨਾਹੀਂ ਨਾ ਕੋਈ ਗੱਲ ਹੋਵੇਗੀ
ਗੱਲ ਅੱਗੀ ਦੇ ਸੰਗਲ ਪੌਸਣ ਦੋਜ਼ਖ਼ ਚੱਲ ਹੋਵੇਗੀ

ਸ਼ਾਹਪਾਲੇ ਫ਼ੁਰਮਾਇਆ ਮਾਏ ਹੁਕਮ ਨਾ ਮੋੜ ਸਕੀਦਾ
ਪਰ ਇਹ ਸੁਖ਼ਨ ਨਹੀਂ ਦਿਲ ਲਗਦਾ ਜਾਂ ਵਿਚ ਅਕਲ ਤਕੀਦਾ

ਬੇਵਫ਼ਾ ਕਮੀਨਾ ਬੰਦਾ ਭਰਿਆ ਨਾਲ਼ ਖ਼ਤਾਈਆਂ
ਐਡ ਕਰੋ ਉਪਰਾਲਾ ਉਸ ਦਾ ਸਿਫ਼ਤਾਂ ਤੇ ਵਡਿਆਈਆਂ ।(੬੮੪੦)

ਹਾਸ਼ਮ ਸ਼ਾਹ ਅਸਾਡਾ ਭਾਈ ਬਾਂਹ ਹੈ ਕੋਲ ਵਸੰਦਾ
ਬੰਨੀ ਹਾਇ ਤੇ ਹੈ ਹਮਸਾਇਆ ਨਾਲ਼ ਮੇਰੇ ਨਹੀਂ ਮੰਦਾ

ਅਸਾਂ ਦੋਹਾਂ ਵਿਚ ਜੰਗ ਮਚਾਵੇਂ ਇਹ ਕੀ ਲਾਇਕ ਤੈਨੂੰ
ਫ਼ਰਜ਼ੰਦਾਂ ਦਾ ਦੁੱਖ ਨਾ ਮਿਟਦਾ ਜਾਣੇ ਲਗਦਾ ਜੈਨੂੰ

ਇਸ ਆਦਮ ਨੇ ਬੇਟਾ ਉਸ ਦਾ ਹੱਥੀਂ ਕੁੱਠਾ ਫੜਕੇ
ਇਹ ਭੀ ਉਨ੍ਹਾਂ ਹੋਵੇਗਾ ਕੁੱਠਾ ਚੁੰਮ ਨਾ ਰੱਖਿਆ ਖੜਕੇ

ਕਾਹਨੂੰ ਐਵੇਂ ਫ਼ੌਜ ਕੁਹਾਵਾਂ ਜ਼ਾਇਅ ਕਰਾਂ ਖ਼ਜ਼ਾਨੇ
ਬੇ ਅਕਲਾਂ ਵਿਚ ਗਣੀਆਂ ਮਾਈ ਕਰਨ ਮੁਲਾਮਤ ਦਾਨੇ

ਆਦਮ ਜ਼ਾਤ ਇਕੱਲੇ ਪਿਛੇ ਕੁਲ ਆਪਣੀ ਨੂੰ ਮਾਰਾਂ
ਇਸ ਦੰਗਿਯੋਂ ਕੀ ਹਾਸਲ ਮਾਏ ਵਾਂਗ ਸੱਪਾਂ ਕੁਲ ਮਾਰਾਂ

ਮਿਹਰ-ਅਫ਼ਰੋਜ਼ ਕਿਹਾ ਸੁਣ ਬੇਟਾ ਨਾ ਕਰ ਉਜ਼ਰ ਬਹਾਨੇ
ਵੇਖ ਮੁਹਿੰਮਾਂ ਆਹਲ਼ਕ ਕਰਨਾ ਨਾਹੀਂ ਕੰਮ ਸ਼ਹਾਨੇ

ਜੋ ਤੁਧ ਅਕਲ ਕਿਆਫ਼ੇ ਦੱਸੇ ਸੱਚ ਸੱਭੋ ਇਹ ਬਾਤਾਂ
ਪਰ ਉਸ ਆਦਮ ਜ਼ਾਦੇ ਅੰਦਰ ਹੱਦੋਂ ਵੱਧ ਸਿਫ਼ਾਤਾਂ

ਜਿਸ ਦਿਨ ਦਾ ਜੱਗ ਪੈਦਾ ਹੋਇਆ ਆਦਮ ਜਿੰਨ ਉਪਾਏ
ਸੂਰਤ ਸੀਰਤ ਹੁਨਰ ਕਿਸੇ ਵਿਚ ਉਸ ਜਿਤਨੇ ਕਦ ਪਾਏ

ਜੇ ਤੂੰ ਸੂਰਤ ਉਸਦੀ ਤਕਦੋਂ ਖੋਈ ਅਦਬ ਖ਼ਲੀਮੀ
ਤਾਂ ਮਾਲੂਮ ਤੁਸਾਨੂੰ ਹੁੰਦੀ ਉਸ ਦੀ ਦੁੱਰਿ-ਯਤੀਮੀ

ਬੇ ਬਹਾ ਖਰਾ ਹੈ ਗੌਹਰ ਆਦਮੀਆਂ ਦੀ ਖਾਣੋਂ
ਕੋਸ਼ਿਸ਼ ਬਹੁਤ ਕਰੋ ਉਸ ਪਿੱਛੇ ਡਰੋ ਨਾ ਕੁੱਵਤ ਲਾਣੋਂ ।(੬੮੫੦)

ਦੂਜਾ ਬੁਰਾ ਉਨ੍ਹਾਂ ਇਹ ਕੀਤਾ ਫੜ ਖੜਿਆ ਘਰ ਨਾਲ਼ੋਂ
ਦਹਿਸ਼ਤ ਖ਼ੌਫ਼ ਉਤਾਰ ਦਿੱਤੋ ਨੇ ਏਸ ਤੇਰੇ ਇਕਬਾਲੋਂ

ਤੋੜੇ ਉਹ ਬੁਰਾ ਕਰ ਆਇਆ ਆ ਵੜਿਆ ਘਰ ਤੇਰੇ
ਵੱਸ ਲਗਦੇ ਕਦ ਦੇਂਦਾ ਕੋਈ ਚੋਰ ਉਧਾਲ ਲੁਟੇਰੇ

ਘਰ ਆਇਆ ਮਾਂ ਜਾਇਆ ਜਾਨਣ ਲਾਜਵੰਤ ਵਡੇਰੇ
ਬਾਂਹ ਪਿੱਛੇ ਸਿਰ ਦੇਣ ਬਹਾਦਰ ਲੜਕੇ ਮਰਨ ਅਗੇਰੇ

ਅਸਫ਼ੰਦ ਬਾਸ਼ ਕਿਲੇ ਵਿਚ ਉਸ ਨੇ ਦੇਵ ਕੁੱਠਾ ਸੀ ਜ਼ਾਹਰ
ਓਥੇ ਕਿਸੇ ਨਹੀਂ ਹੱਥ ਪਾਇਆ ਨਿਕਲ ਪਿੜੇ ਵਿਚ ਬਾਹਰ

ਮਾਰ ਦੇਵੇ ਨੂੰ ਮਲਿਕਾ ਆਂਦੀ ਕਰ ਆਇਆ ਤਦਬੀਰਾਂ
ਇਕ ਇਕੱਲਾ ਵਿਚ ਉਜਾੜਾਂ ਫਿਰ ਗਿਆ ਜਿਉਂ ਸ਼ੇਰਾਂ

ਕੀਤੀ ਆਪਣੀ ਦਾ ਤਦ ਉਸ ਨੂੰ ਫ਼ਿਕਰ ਆਹਾ ਹਰ ਵੇਲੇ
ਬੰਨ੍ਹ ਹਥਿਆਰ ਜ਼ੋਰਾਵਰ ਬਹਿੰਦਾ ਕਰ ਕੇ ਆਹਰ ਸਵੇਲੇ

ਉਸ ਵੇਲੇ ਗਲ ਪਿਆ ਨਾ ਕੋਈ ਤੇਗ਼ ਉਹਦੀ ਥੀਂ ਡਰਕੇ
ਸਰਾਂਦੀਪ ਰਿਹਾ ਕੋਈ ਮੁਦਤ ਖ਼ੂਨ ਉਨ੍ਹਾਂ ਦਾ ਕਰ ਕੇ

ਸਰਾਂਦੀਪ ਸ਼ਹਿਰ ਦਾ ਰਾਜਾ ਵੱਧ ਹੋਇਆ ਤੁਧ ਨਾਲ਼ੋਂ
ਓਥੇ ਹੱਥ ਨਾ ਪਾਇਆ ਦੇਵਾਂ ਡਰ ਉਸ ਦੇ ਇਕਬਾਲੋਂ

ਸੈਫ਼-ਮਲੂਕ ਸੁੱਤਾ ਸੀ ਏਥੇ ਹੋ ਅਸਾਂ ਤੇ ਗੈਰਾ
ਨਾਲ਼ ਦਗ਼ੇ ਦੇ ਫੜਿਆ ਓਹਨਾਂ ਲੈ ਗਏ ਬੰਨ੍ਹ ਹਥੈਰਾ

ਦਿੱਤਾ ਹੋਗ ਵਸਾਹ ਓਹਨਾਂ ਨੇ ਲੈ ਕੇ ਨਾਮ ਤੁਸਾਡਾ
ਨਾਮ ਤੇਰੇ ਪਰ ਮਾਰਨ ਹੋਸੀ ਮੁਫ਼ਤ ਗ਼ੁਲਾਮ ਤੁਸਾਡਾ ।(੬੮੬੦)

ਇਹ ਨਮਰਦੀ ਤੇਰੀ ਤੱਕ ਕੇ ਕੌਣ ਕਹੇਗਾ ਚੰਗਾ
ਦੁਸ਼ਮਣ ਦੇ ਦਿਲ ਭੌ ਨਾ ਰਹਿਸੀ ਹਰ ਕੋਈ ਚਾਸੀ ਦੰਗਾ

ਹਾਂ ਸ਼ਿਤਾਬ ਕਰੋ ਉਠ ਚੜ੍ਹਤਲ ਚੋਟ ਲਗਾਉ ਭੇਰੇ
ਮੱਤ ਉਹ ਸੈਫ਼-ਮਲੂਕ ਪਿਆਰਾ ਸੁੱਟਣ ਮਾਰ ਅਗੇਰੇ

ਹੱਦ ਤੇਰੀ ਥੀਂ ਫੜ ਖੜਿਓ ਨੇ ਕਰ ਚਿੰਤਾ ਇਸ ਗੱਲ ਦੀ
ਮੱਤ ਡਰਦੇ ਸ਼ਬਖ਼ੂਨ ਤੇਰੇ ਥੀਂ ਮਾਰ ਗਵਾਵਣ ਜਲਦੀ

ਉਸ ਵੇਲੇ ਮੁੜ ਪੇਸ਼ ਨਾ ਜਾਸੀ ਲਖ ਹਾੜ੍ਹਾ ਸੌ ਹੀਲਾ
ਨਾਲ਼ ਅਫ਼ਸੋਸ ਹੈਰਾਨ ਹੋਵੇਗਾ ਪਾਨ ਜੇਹਾ ਰੰਗ ਪੀਲ਼ਾ

ਫ਼ਰਜ਼ੰਦਾਂ ਦੇ ਦੁੱਖ ਨਾ ਮਿਟਦੇ ਆਖੇਂ ਆਪ ਜ਼ਬਾਨੋਂ
ਸੁਣਿਆ ਜਦੋਂ ਬਦੀਅ-ਜਮਾਲੇ ਕਰਸੀ ਕੂਚ ਜਹਾਨੋਂ

ਕੰਨ ਆਵਾਜ਼ ਪਈਓਸੁ ਜਿਸ ਵੇਲੇ ਸੈਫ਼-ਮਲੂਕ ਨਾ ਮੁੜਦਾ
ਮਰ ਵੈਸੀ ਜੇ ਜੀਉੜਾ ਉਸ ਦਾ ਅੱਗੇ ਅੰਤ ਹੁੱਸੜ ਦਾ

ਯੂਸੁਫ਼ ਸਾਨੀ ਲਈਓਸੁ ਕਾਨੀ ਹੈ ਫ਼ਰਯਾਦ ਕਰੇਂਦੀ
ਉਸ ਦੇ ਇਸ਼ਕ ਜ਼ੁਲੈਖ਼ਾ ਕੀਤੀ ਦਮ ਦਮ ਯਾਦ ਕਰੇਂਦੀ

ਹਾਲ ਬਦੀਅ-ਜਮਾਲ ਪਰੀ ਦਾ ਸਾਰਾ ਖੋਲ ਸੁਣਾਇਆ
ਬੇਟੀ ਤੇਰੀ ਦਾ ਸ਼ਾਹਪਾਲਾ ਸਾਸ ਲਬਾਂ ਪਰ ਆਇਆ

ਕੰਨ ਬਲੇਲ ਪਵੇਗੀ ਉਸ ਨੂੰ ਜਾਂ ਬਦ ਖ਼ਬਰ ਸੱਜਣ ਦੀ
ਤਲਖ਼ ਗ਼ਮੋਂ ਜਿੰਦ ਸ਼ੀਰੀਂ ਦੇਸੀ ਵਾਂਗਰ ਕੋਹ ਸ਼ਿਕਨ ਦੀ

ਇਹੋ ਨੇਕ ਸਲਾਹ ਤੁਸਾਨੂੰ ਕਰੋ ਸ਼ਿਤਾਬ ਤਿਆਰੀ
ਸੈਫ਼-ਮਲੂਕ ਮੁੜਾਓ ਖ਼ੈਰੀਂ ਕਰ ਕੇ ਹਿੰਮਤ ਯਾਰੀ ।(੬੮੭੦)

ਤਰਿਖੇ ਕੰਮ ਸ਼ੈਤਾਨੀ ਹੁੰਦੇ ਕਹਿਣ ਹਕੀਮ ਸਿਆਣੇ
ਢਿੱਲ ਮੁਨਾਸਬ ਓਥੇ ਜਿਥੇ ਕੁੱਝ ਜ਼ਿਆਨ ਨਾ ਆਣੇ

ਜਾਂ ਉਠ ਅੱਗ ਘਰਾਂ ਨੂੰ ਲੱਗੇ ਜਲਦੀ ਜਲ ਨਾ ਪਾਈਏ
ਜਲਦੇ ਮਾਲ ਮਤਾਅ ਤਮਾਮੀ ਆਪੂੰ ਭੀ ਜਲ਼ ਜਾਈਏ

ਇਹੋ ਗੱਲਾਂ ਕਰਦੇ ਆਹੇ ਮਾਈ ਪੁੱਤ ਫ਼ਿਕਰ ਵਿਚ
ਆਇਆ ਕੋਈ ਸੁਨੇਹਾ ਲੈ ਕੇ ਆਣ ਖਲੋਤਾ ਦਰ ਵਿਚ

ਸ਼ਾਹਪਾਲੇ ਵੱਲ ਹੋ ਸਲਾਮੀ ਕਰ ਕੇ ਸਿਫ਼ਤ ਦੁਆਈਂ
ਕਹਿੰਦਾ ਹੁਕਮ ਹੋਵੇ ਜਿੰਦ ਬਖਸ਼ੋ ਤਾਂ ਮੈਂ ਅਰਜ਼ ਸੁਣਾਈਂ

ਸ਼ਾਹ ਸ਼ਾਹਪਾਲ ਇਸ਼ਾਰਤ ਕੀਤੀ ਦੱਸ ਤੇਰਾ ਕੰਮ ਕੇਹਾ
ਕਹਿਓਸੁ ਮੈਂ ਬਦੀਅ-ਜਮਾਲੇ ਘੱਲਿਆ ਦੇ ਸੁਨੇਹਾ

ਫੁਫੀ ਵੱਲ ਰਵਾਨਾ ਕੀਤੋਸੁ ਮੈਨੂੰ ਅੰਦਰ ਖ਼ਾਨੇ
ਸਰਵ-ਬਾਨੋ ਨੂੰ ਦੇ ਸੁਨੇਹਾ ਗੱਲ ਉਹਦੀ ਸ਼ਾਹ ਮਾਨੇ

ਆਣ ਲੱਧੇ ਇਹ ਬੀਬੀ ਹੋਰੀਂ ਵਿਚ ਹਜ਼ੂਰ ਸ਼ਹਾਨੇ
ਜੇ ਆਖਣ ਤਾਂ ਦਿਆਂ ਸੁਨੇਹਾ ਨਹੀਂ ਤਾਂ ਚੱਲਣ ਖ਼ਾਨੇ

ਸਰਵ-ਬਾਨੋ ਨੇ ਕਿਹਾ ਅੱਗੋਂ ਮੈਂ ਮਲੂਮ ਸੁਨੇਹਾ
ਦਸ ਇਥੇ ਕੋਈ ਗ਼ੈਰ ਨਾ ਸੁਣਦਾ ਇਕੋ ਟੱਬਰ ਏਹਾ

ਏਲਚੀ ਕਿਹਾ ਸੁਨੇਹਾ ਇਹੋ ਜ਼ਾਹਰ ਆਖ ਸੁਣਾਵਾਂ
ਕਿਹਾ ਬਦੀਅ-ਜਮਾਲ ਪਰੀ ਨੇ ਰੋ ਰੋ ਕੇ ਵੱਲ ਮਾਂਵਾਂ

ਹੈਫ਼ ਮੈਨੂੰ ਜੇ ਉਹ ਸ਼ਹਿਜ਼ਾਦਾ ਜ਼ਿੰਦਾ ਪਰਤ ਨਾ ਆਇਆ
ਮਰਸਾਂ ਖਾਇ ਕਟਾਰੀ ਮੈਂ ਭੀ ਜ਼ਾਹਿਰ ਆਖ ਸੁਣਾਇਆ ।(੬੮੮੦)

ਉਸ ਬੰਦੇ ਨੇ ਮੇਰੇ ਪਿੱਛੇ ਝੱਲੇ ਐਡ ਕਸ਼ਾਲੇ
ਅੱਖੀਂ ਡਿਠੇ ਬਾਝ ਪਿਆਰੇ ਕੌਲ ਰੂਹਾਂ ਦੇ ਪਾਲੇ

ਮੇਰੇ ਪੁੱਛੇ ਜਾਨ ਵੰਞਾਈਓਸੁ ਜੇ ਕੁੱਠਾ ਫੜ ਦੇਵਾਂ
ਐਸੇ ਮਰਦ ਵਫ਼ਾਈ ਪਿੱਛੇ ਮੈਂ ਕਿਉਂ ਜਿੰਦ ਨਾ ਦੇਵਾਂ

ਸੁਣ ਬੇਟੀ ਦੇ ਗਰਮ ਸੁਨੇਹੇ ਫ਼ਿਕਰ ਪਿਆ ਸ਼ਾਹਪਾਲੇ
ਭੈਣ ਘੱਲੀ ਜਾ ਖ਼ੂਬ ਤਸੱਲੀ ਦੇ ਬਦੀਅ-ਜਮਾਲੇ

ਸਰਵ-ਬਾਨੋ ਕਰ ਫੇਰ ਸ਼ਿਤਾਬੀ ਸ਼ਾਹ-ਪਰੀ ਵੱਲ ਆਈ
ਦੇਣ ਲੱਗੀ ਦਿਲਬਰੀਆਂ ਬਹਿ ਕੇ ਸੁਣ ਭਾਈ ਦੀ ਜਾਈ

ਇਸ ਬੰਦੇ ਨੂੰ ਦਿੱਤੀ ਮੌਲਾ ਐਸੀ ਕਾਬਲ ਕਾਰੀ
ਹੋਗ ਖ਼ਲਾਸ ਦੇਵਾਂ ਥੀਂ ਆਪੇ ਨਾਲ਼ ਅਕਲ ਦੀ ਯਾਰੀ

ਦੂਜਾ ਖ਼ੌਫ਼ ਦੇਵਾਂ ਨੂੰ ਮਾਰੇ ਸ਼ਾਹਪਾਲੇ ਦੇ ਜ਼ੋਰੋਂ
ਸ਼ੇਰਾਂ ਨਾਲ਼ ਦਲੇਰੀ ਸੌਖ਼ੀ ਕਦ ਹੋ ਸਕਦੀ ਗੋਰੋਂ

ਨਾ ਕਰ ਖ਼ਫ਼ਗੀ ਤੰਗੀ ਕੋਈ ਰੱਬ ਛੁਡਾਵਣ ਹਾਰਾ
ਇਹ ਆਇਆ ਕਿ ਆਇਆ ਧੀਏ ਸੈਫ਼-ਮਲੂਕ ਪਿਆਰਾ

ਨਾਲ਼ੇ ਆਪ ਖ਼ੁਦਾਵੰਦ ਕਿਹਾ ਸੱਚੀ ਖ਼ਬਰ ਕਿਤਾਬੋਂ
ਰੰਜ ਕਿਸੇ ਦੇ ਕਰਾਂ ਨਾ ਜ਼ਾਇਆ ਆਪਣੇ ਅਦਲ ਹਿਸਾਬੋਂ

ਨੇਕੋ-ਕਾਰਾਂ ਦੇ ਰੰਜ ਮੌਲਾ ਜਾਣ ਨਾ ਦੇਂਦਾ ਐਵੇਂ
ਧੀਏ ਰੱਖ ਤਸੱਲੀ ਉਸ ਤੇ ਮਰਗ ਸ਼ਹਿਜ਼ਾਦਾ ਕੈਵੇਂ

ਪੰਦਰਾ ਬਰਸ ਹੋਏ ਉਸ ਸ਼ੁਹਦੇ ਹਿਰਸ ਤੇਰੀ ਵਿਚ ਫਿਰਦੇ
ਬਾਜ਼ੀ ਲਾਇ ਮੁਹੱਬਤ ਵਾਲੀ ਜੂਏ ਖੇਡੇ ਸਿਰ ਦੇ ।(੬੮੯੦)

ਸਹੀ ਸਲਾਮਤ ਰਾਜ ਕਰੇਂਦੇ ਚਾਈ ਪੰਡ ਮੁਲਾਮਤ
ਹਰ ਹਰ ਰੋਜ਼ ਗੁਜ਼ਾਰੇ ਉਸ ਨੇ ਵਾਂਗਰ ਰੋਜ਼ ਕਿਆਮਤ

ਹੁਣ ਜੇ ਆਣ ਤੇਰੇ ਘਰ ਪਹੁਤਾ ਆਸ ਪੁੱਗੀ ਜੋ ਆਹੀ
ਕੀਕਰ ਰੰਜ ਕਰੇਗਾ ਜ਼ਾਇਅ ਸੱਚਾ ਕੌਲ ਇਲਾਹੀ

ਹਕ ਕਿਸੇ ਦਾ ਭੰਨੇ ਨਾਹੀਂ ਰੱਬ ਅਦਾਲਤ ਕਰਦਾ
ਖ਼ਾਤਰ ਜਮ੍ਹਾਂ ਤਸੱਲੀ ਰੱਖੀਂ ਸੈਫ਼-ਮਲੂਕ ਨਾ ਮਰਦਾ

ਬਾਪ ਤੇਰੇ ਦੀ ਹੁਣੇ ਕਰਾਸਾਂ ਲਸ਼ਕਰ ਸਣੇ ਤਿਆਰੀ
ਕੁਲਜ਼ਮ ਦੀ ਸਭ ਧਰਤੀ ਤਾਈਂ ਮਾਰ ਕਰੇ ਤਹਿ ਬਾਰੀ

ਹਾਸ਼ਮ ਸ਼ਾਹ ਨੂੰ ਮਾਰ ਗੰਵਾਸੀ ਸਖ਼ਤ ਤੰਬੀਹਾਂ ਦੇ ਕੇ
ਯਾ ਉਹ ਆਇ ਅਗੇਰੇ ਮਿਲਸੀ ਸ਼ਹਿਜ਼ਾਦੇ ਨੂੰ ਲੈ ਕੇ

ਬਾਪ ਤੇਰਾ ਜਦ ਕਹਿਰੀਂ ਆਵੇ ਸਭ ਕੁਲਜ਼ਮ ਪੱਟ ਸਟਸੀ
ਪਰੀਆਂ ਦੇਵ ਨਾ ਛੱਡੇ ਕੋਈ ਸਭਨਾਂ ਦੇ ਸਿਰ ਕਟਸੀ

ਸੈਫ਼-ਮਲੂਕ ਹੋਵੇਗਾ ਕੈਦੀ ਕਿਉਂਕਰ ਮਾਰ ਸਕਣਗੇ
ਆਪੇ ਆਪ ਕਰਨਗੇ ਹਾਜ਼ਰ ਜਾਣ ਇਹ ਜ਼ੋਰ ਤੱਕਣਗੇ

ਸਰਵ-ਬਾਨੋ ਇਹ ਗੱਲਾਂ ਕਰ ਕੇ ਦਿੱਤੀ ਜ਼ਰਾ ਤਸੱਲੀ
ਅੰਬਰ ਅਤੇ ਗੁਲਾਬ ਮਲਾਇਆ ਮੂੰਹ ਪਰ ਪੱਖੀ ਝੱਲੀ

ਰੱਤੀ ਹੋਸ਼ ਪਰੀ ਨੂੰ ਆਈ ਉੱਠੀ ਤਲੀਆਂ ਮਲ ਕੇ
ਮਸਤ ਖ਼ੁਮਾਰ ਉਦਾਸ ਨਿਮਾਣੀ ਨੈਣ ਪੌਣ ਢਲ ਢਲ ਕੇ

ਆਹੀਂ ਢਾਹੀਂ ਵਾਹੋ ਦਾਹੀ ਸਾਹ ਘੁਟਣ ਹਡਕੋਰੇ
ਪਿਟ ਪਿਟ ਦਾਗ਼ ਲੱਗੇ ਮੂੰਹ ਮੱਥੇ ਨੀਲ ਪਏ ਰੰਗ ਗੋਰੇ ।(੬੯੦੦)

ਪਸੀਨੇ ਨਾਲ਼ ਹੋਈ ਸੀ ਮੈਲ਼ੀ ਖ਼ਾਕੋਂ ਭਰੀ ਪੁਸ਼ਾਕੀ
ਪਏ ਤਰੁਟੇ ਵਾਲ਼ ਮੱਥੇ ਦੇ ਜੁੱਸੇ ਬਹੁਤ ਹਿਲਾਕੀ

ਵਿਚੋ ਵਿਚ ਕਲੇਜਾ ਗਲਿਆ ਲਹੂ ਹੰਝੂ ਭਰਦੀ
ਗੁਲ ਲਾਲੇ ਦੀ ਲਾਲੀ ਹੋਈਆ ਕੇਸਰ ਵਾਲੀ ਜ਼ਰਦੀ

ਭੋਛਣ ਚਿੱਟੇ ਛਾਪੇ ਲੱਗੇ ਅੱਥਰੂਆਂ ਦੇ ਦਾਗ਼ੋਂ
ਜੋਬਨ ਰਤਨ ਮੁਹੰਮਦ ਬਖਸ਼ਾ ਭੌਰ ਗਿਆ ਉੱਡ ਬਾਗ਼ੋਂ

ਹਸਣ ਖੇਡਣ ਨਾਲ਼ ਸੱਈਆਂ ਦੇ ਗੱਲ ਕਰਨ ਰਹਿ ਚੁੱਕੀ
ਆਵਣ ਸੱਈਆਂ ਗੱਲ ਕਰਾਵਣ ਬੋਲਣ ਥੀਂ ਹੁਣ ਮੁੱਕੀ

ਛਿਕੀ ਯਾਰ ਮੁਹਾਰ ਦਿਲੇ ਦੀ ਵਾ ਬੁਰੀ ਇਹ ਢੁੱਕੀ
ਰੋਵਣ ਧੋਵਣਿ ਕੰਮ ਮੁਹੰਮਦ ਗ਼ਮ ਮਾਰੀ ਸੜ ਸੁੱਕੀ

ਹਾਲੋ ਹਾਲ ਕਰੇ ਹਰ ਵੇਲੇ ਵੇਖ ਖ਼ਿਆਲ ਸਨਮ ਦਾ
ਜਿਥੋਂ ਯਾਰ ਖੜਾਇਆ ਭਾਲੇ ਗਿਰਦਾ ਬਾਗ਼-ਇਰਮ ਦਾ

ਬਾਗ਼ ਤਮਾਸੇ ਮੂਲ ਨਾ ਭਾਵਨ ਲੱਗੀ ਭਾਹ ਚਮਨ ਨੂੰ
ਰੂਹੇ ਬਾਝ ਮੁਹੰਮਦ ਬਖ਼ਸ਼ਾ ਕਿਸ ਕੰਮ ਲਾਈਏ ਤਨ ਨੂੰ

ਤੱਕ ਪਾਟੇ ਪੈਰਾਹਨ ਗੁਲ ਦੇ ਪਾੜ ਗਵਾਵੇ ਝੱਗਾ
ਵੇਖ ਸੜੇ ਗੁਲ ਲਾਲੇ ਵਾਲਾ ਦਾਗ਼ ਕਲੇਜੇ ਲੱਗਾ

ਬੈਠ ਸਿਰ੍ਹਾਂਦੀ ਜਾਂ ਫਿਰ ਵੇਖੇ ਨਰਗਿਸ ਦੀ ਬੀਮਾਰੀ
ਲਾਇ ਗਲ ਰੋਵੇ ਦਰਦ ਵਿਛੋੜੇ ਕੀਤੇ ਅਸੀਂ ਅਜ਼ਾਰੀ

ਸਰੂ ਅਜ਼ਾਦ ਹੈਰਾਨ ਖਲੋਤਾ ਪੈਰ ਜ਼ਿਮੀਂ ਵਿਚ ਗੱਡੇ
ਉੱਚਾ ਹੋ ਹੋ ਰਸਤਾ ਵੇਖੇ ਮੱਤ ਸੋਹਣਾ ਸਿਰ ਕੱਢੇ ।(੬੯੧੦)

ਹੋ ਹੈਰਾਨ ਖਲੋਤੀ ਓਥੇ ਤੱਕਦੀ ਚਾ ਚਾ ਅੱਡੀਆਂ
ਵਾਂਗ ਸਰਵ ਸਿਰ ਸਹਿੰਦੀ ਤਾਬਸ਼ ਧੁੱਪ ਜਲਾਵੇ ਹੱਡੀਆਂ

ਬੈਦਾਂ ਤਾਪ ਹਿਜਰ ਦਾ ਚੜ੍ਹਿਆ ਕੰਬ ਕੰਬ ਲੇਟਣ ਧਰਤੀ
ਜਾਵੇ ਪਰੀ ਫ਼ਿਰਾਕੋਂ ਗਰਮੀ ਸਖ਼ਤ ਉਨ੍ਹਾਂ ਪਰ ਵਰਤੀ

ਆਵੇ ਦਰਦ ਸੱਜਣ ਦਾ ਉਸ ਨੂੰ ਕੰਬ ਜ਼ਿਮੀਂ ਪਰ ਝੜਦੀ
ਥਲ ਅੰਦਰ ਜਿਉਂ ਜਲ ਦੀ ਮੱਛੀ ਚਾਲ ਉਹੋ ਸੀ ਫੜਦੀ

ਵਾਲ਼ ਮੂੰਹੇਂ ਪਰ ਪਟ ਕੇ ਸੁੱਟ ਕੇ ਮਿੱਟੀ ਵਿਚ ਰਲਾਏ
ਪਟਕੇ ਖਾ ਜ਼ਿਮੀਂ ਪਰ ਪਟਕੇ ਪਿਟ ਪਿਟ ਪੱਟ ਅੰਬਾਏ

ਹਰ ਚਮਨ ਦੇ ਡਾਲੋਂ ਕਿਰਦੇ ਹੰਝੂ ਮੋਤੀ ਕਲੀਆਂ
ਜਿਸ ਰਾਹ ਟੁਰਦੀ ਸੁੱਟਦੀ ਜਾਂਦੀ ਸੈ ਲੜੀਆਂ ਅਣਮੁੱਲੀਆਂ

ਵਿਚ ਬਾਜ਼ਾਰਾਂ ਗਲੀਆਂ ਵੱਤੇ ਖੁੱਲੇ ਵਾਲ਼ ਦੀਵਾਨੀ
ਅੰਦਰ ਤੱਤਾ ਮੰਦਾ ਚੱਤਾ ਸਿਰ ਘੱਟਾ ਮੂੰਹ ਪਾਣੀ

ਕਰੇ ਵਿਲਾਪ ਮਿਲਾਪ ਸੱਜਣ ਦੇ ਉੱਚੀ ਸੱਦ ਸੁਣਾਵੇ
ਦੋਹੜੇ ਬੈਤ ਅਲਾਵੇ ਗ਼ਜ਼ਲਾਂ ਸਤ ਸੁਰਾਂ ਕਰ ਗਾਵੇ

ਹਾਲ ਬਦੀਅ-ਜਮਾਲ ਪਰੀ ਦਾ ਜੋ ਵੇਖੇ ਸੋ ਸੜਦਾ
ਜੋਬਨ ਸ਼ਾਨ ਗੁਮਾਨ ਮੁਹੰਮਦ ਨੱਸ ਗਿਅ ਲਾਹ ਪੜਦਾ

ਇਸ਼ਕੇ ਆਣ ਕੀਤਾ ਘਰ ਖ਼ਾਲੀ ਨਫ਼ਿਓਂ ਫੇਰ ਬੁਹਾਰੀ
ਨਕਸ਼ ਸੱਜਣ ਦਾ ਸਾਬਤ ਹੋਇਆ ਬੈਠੀ ਧੂੜ ਗ਼ੁਬਾਰੀ

ਦਰਦ ਗ਼ਮਾਂ ਦੇ ਭਾਂਬੜ ਭੜਕੇ ਅੱਗ ਲੱਗੀ ਜਿਉਂ ਬਾਰੀ
ਜ਼ਾਹਿਰ ਹੋਈ ਮੁਹੰਮਦ ਬਖਸ਼ਾ ਜੱਗ ਪਰ ਧੂੰਆਂ ਧਾਰੀ ।(੬੯੨੦)

ਛਪਦੇ ਕਦ ਦਿਲਾਂ ਦੇ ਸੌਦੇ ਹੋਂਦੀ ਖ਼ਬਰ ਦਲਾਲਾਂ
ਬਾਂਦਾ ਹੋਇਆ ਭੇਦ ਮੁਲਕ ਤੇ ਤੱਕ ਤੱਕ ਬੁਰੀਆਂ ਚਾਲਾਂ

ਮੁਲਕਾਂ ਵਿਚ ਕਹਾਣੀ ਹੋਈ ਘਰ ਘਰ ਗੱਲਾਂ ਟੁਰੀਆਂ
ਜੇ ਸੌ ਭੇਦ ਛੁਪਾਇਆ ਲੋੜਨ ਇਸ਼ਕ ਦਸੇ ਕਰ ਖੁਰੀਆਂ

ਝੋਲ਼ੀ ਪਾ ਅੰਗਾਰ ਮੁਹੰਮਦ ਕੋਈ ਪਚਾ ਨਾ ਸਕੇ
ਇਸ਼ਕਾਂ ਮੁਸ਼ਕਾਂ ਤੇ ਦਰਿਆਵਾਂ ਕੌਣ ਛੁਪਾਵੇ ਡੱਕੇ

ਕਰ ਕੇ ਸਬਰ ਪਚਾਇਆ ਲੋੜੇ ਪਰੀ ਦਵਾ ਗ਼ਮਾਂ ਦੀ
ਜਿੱਤ ਵੱਲ ਵਾਅ ਪੁਰੇ ਦੀ ਜਾਵੇ ਧੁੰਮਾਂ ਘੱਤਦੀ ਜਾਂਦੀ

ਇਸ਼ਕੇ ਅੰਦਰ ਸਬਰ ਨਾ ਰਚਦਾ ਸੂਰਜ ਮੈਲ ਨਾ ਲਗਦੀ
ਸੁੱਕਾ ਰੂੰ ਨਹੀਂ ਕਰ ਸਕਦਾ ਪਰਦਾ ਪੋਸ਼ੀ ਅੱਗ ਦੀ

ਨੈਣਾਂ ਵਿਚ ਕਈ ਗ਼ਮ ਗ਼ਮਜ਼ੇ ਗ਼ਮਜ਼ੇ ਕਮ ਗੱਮਾਜ਼ੀ
ਕਿਉਂ ਕਰ ਛੁਪੀ ਰਹੇ ਮੁਹੰਮਦ ਬਾਂਸ ਚੜ੍ਹੇ ਦੀ ਬਾਜ਼ੀ

ਜ਼ੁਲਫ਼ ਅੰਦਰ ਸੈ ਸੰਗਲ ਕੁੰਢੇ ਕਰਦੇ ਕੈਦ ਦਿਲਾਂ ਨੂੰ
ਪੈਰ ਇਸ਼ਕ ਵਿਚ ਪਾਇ ਮੁਹੰਮਦ ਕੌਣ ਬਚੇ ਖ਼ਫ਼ਕਾਨੂੰ

ਨਵੀਂ ਪਰੀਤ ਅਸੀਲਾਂ ਵਾਲੀ ਮਿਲ ਕੇ ਯਾਰ ਵਿਛੁੰਨਾਂ
ਆਪ ਮੁਹਿੰਮੀਂ ਟੋਰ ਖੜਾਇਆ ਚਿੱਤ ਪਰੀ ਦਾ ਭੁੰਨਾਂ

ਜੇ ਸੌ ਫੋਲਣ ਗ਼ਮ ਦੇ ਫੋਲਾਂ ਵਰਕਾਂ ਦਾਗ਼ ਲਗਾਵਾਂ
ਦਰਦਮੰਦਾਂ ਦੇ ਦਰਦ ਨਾ ਮੁੱਕਦੇ ਜੇ ਲੱਖ ਗਾਵਣ ਗਾਵਾਂ

ਫੜ ਹਥਿਆਰ ਮੁਹੰਮਦ ਬਖਸ਼ਾ ਬਣ ਕੇ ਮਰਦ ਸਿਪਾਹੀ
ਚੜ੍ਹ ਨਾਲ਼ੇ ਸ਼ਾਹਪਾਲ ਸ਼ਾਹੇ ਦੇ ਹੋ ਕੁਲਜ਼ਮ ਵੱਲ ਰਾਹੀ ।(੬੯੩੦)

ਉਂਗਲੀਆਂ ਕਰ ਵਾਂਗ ਕਮਾਨਾਂ ਸਿੱਧਾ ਤੀਰ ਕਲਮ ਦਾ
ਕਾਗ਼ਜ਼ ਦੇ ਮੈਦਾਨੇ ਉੱਤੇ ਸਾਇਆ ਡਾਲ਼ ਇਲਮ ਦਾ

ਚੜ੍ਹ ਘੋੜੇ ਲੱਕ ਬੰਨ੍ਹ ਸ਼ਿਤਾਬੀ ਪਹਿਨ ਸਫ਼ਰ ਦੀ ਬਰਦੀ
ਚੱਲ ਦਰਬਾਰ ਸ਼ਹਾਨੇ ਚੱਲ ਕੇ ਦੱਸ ਦਲੇਰੀ ਮਰਦੀ

ਵਾਂਗ ਵਜ਼ੀਰਾਂ ਦੇ ਸਲਾਹਾਂ ਕਰ ਕੇ ਜੀਭ ਮੁਲਾਇਮ
ਸ਼ਾਹਪਾਲੇ ਨੂੰ ਹਾਸ਼ਮ ਸ਼ਾਹ ਦੇ ਜੰਗ ਉੱਤੇ ਕਰ ਕਾਇਮ

ਅੱਵਲ ਲਿਖ ਰੁੱਕਾ ਮੱਤ ਸੁਲਹੋਂ ਹੋ ਜਾਵਣ ਛੁਟਕਾਰੇ
ਨਹੀਂ ਤਾਂ ਤੇਗ਼ ਜ਼ਬਾਨ ਤੇਰੀ ਦੀ ਗਗਨੇ ਤੇ ਚਮਕਾਰੇ

ਸੁਖ਼ਨ ਬੰਦੂਕੇ ਦਾਰੂੰ ਦੇਵੇ ਸਾਜ਼ ਸਿਆਹੀ ਵਾਲਾ
ਕਾਨੀ ਨਾਲ਼ ਪਰੋ ਕਤਾਰਾਂ ਰਣ ਕਰਾਂ ਸਭ ਕਾਲ਼ਾ

ਬਾੜ ਅੰਦਰ ਕਰ ਖਾੜ ਚੌਤਰਫ਼ੀ ਸਫ਼ ਪਰ ਸਫ਼ ਲਿਟਾਵਾਂ
ਦੁਸ਼ਮਣ ਦੀ ਮਾਂ ਭੈਣ ਮੁਹੰਮਦ ਮਖੀ ਹਾਰ ਟਪਾਵਾਂ

ਸਫ਼ਦਰ ਮਦਦ ਕਰੇ ਹਰ ਵੇਲੇ ਜੋ ਸ਼ਹਿਨਸ਼ਾਹ ਸ਼ਾਹਾਂ
ਜ਼ੋਰ ਉਨ੍ਹਾਂ ਦੇ ਨਾਲ਼ ਮੁਹੰਮਦ ਦਿਓ ਦੁਸ਼ਮਣ ਨੂੰ ਗਾਹਾਂ

ਸਰਵ-ਬਾਨੋ ਤੇ ਮਿਹਰ-ਅਫ਼ਰੋਜ਼ੇ ਚਿੰਤਾ ਚਿਖ਼ਾ ਜਲਾਈਆਂ
ਨਾਲ਼ ਫ਼ਿਕਰ ਦੇ ਉਠ ਸ਼ਿਤਾਬੀ ਸ਼ਾਹਪਾਲੇ ਵੱਲ ਆਈਆਂ

ਗੋਸ਼ੇ ਸੱਦ ਕੇ ਆਖਣ ਲੱਗੀਆਂ ਸੁਣ ਸ਼ਾਹਾ ਕੰਨ ਧਰਕੇ
ਇਹੋ ਕੰਮ ਵੱਡਾ ਤੁਧ ਆਇਆ ਨਾ ਹਟ ਰਹਿਣਾ ਡਰ ਕੇ

ਸੈਫ਼-ਮਲੂਕ ਨੂੰ ਨਿੱਕਾ ਸੁੱਕਾ ਹੌਲਾ ਕੱਖ ਨਾ ਜਾਣੀਂ
ਉਸ ਪਿੱਛੇ ਸਿਰ ਦੇਣਾ ਲਾਜ਼ਿਮ ਐਨ ਫ਼ਰਜ਼ ਕਰ ਮਾਣੀਂ ।(੬੯੪੦)

ਹਾਸੀ ਠੱਠਾ ਜਾਣ ਨਾ ਮੂਲੇ ਉਸ ਦਾ ਜ਼ਾਇਆ ਹੋਣਾ
ਜੇ ਅੱਜ ਆਹਲ਼ਕ ਢਿੱਲ ਕਰੇਂਗਾ ਪੌਗ ਉਮਰ ਦਾ ਰੋਣਾ

ਬਾਪ ਉਹਦਾ ਸੁਲਤਾਨ ਮਿਸਰ ਦਾ ਆਲੀਸ਼ਾਨ ਕਹਾਵੇ
ਚਾਰ ਇਕ ਸੈ ਤਖ਼ਤ ਦਾ ਸਾਈਂ ਉਸ ਵੱਲ ਸੀਸ ਨਿਵਾਵੇ

ਇਹੋ ਇਕੋ ਬੇਟਾ ਉਸ ਨੂੰ ਕਰ ਕਰ ਇਜਜ਼ ਦੁਆਈਂ
ਮੰਨਤਾਂ ਮੰਨ ਮੰਨ ਲੱਧਾ ਆਹਾ ਕਰਮ ਕੀਤਾ ਰੱਬ ਸਾਈਂ

ਹਕ ਉਹਦੇ ਵਿਚ ਐਵੇਂ ਆਹੀ ਲਿਖੀ ਕਲਮ ਰੱਬਾਨੀ
ਬੇਟੀ ਤੇਰੀ ਦੀ ਤਕ ਮੂਰਤ ਚਾਇਓਸੁ ਸਰਗਰਦਾਨੀ

ਪੰਦਰਾਂ ਬਰਸ ਹੋਐ ਜਦ ਏਵੇਂ ਸਫ਼ਰ ਮੁਸੀਬਤ ਸਹਿੰਦੇ
ਨਦੀਆਂ ਅੰਦਰ ਰੁੜ੍ਹਦਾ ਰਿਹਾ ਤੀਕਰ ਚੜ੍ਹਦੇ ਲਹਿੰਦੇ

ਮਿਹਨਤ ਸਖ਼ਤੀ ਝਾਗ ਮੁਸੀਬਤ ਕਹਿਰ ਕਲੂਰ ਬਲਾਈਂ
ਸ਼ਹਿਰ ਤੇਰੇ ਦੇ ਦਰ ਪਰ ਪਹੁਤਾ ਖੜਿਆ ਪਕੜ ਅਜ਼ਾਈਂ

ਇਹ ਹੁਣ ਨਹੀਂ ਮੁਨਾਸਬ ਤੈਨੂੰ ਢਿੱਲ ਕਰੇਂ ਇਕ ਪਲ ਦੀ
ਸੈਫ਼-ਮਲੂਕ ਰਹੇ ਵਿਚ ਕੈਦੇ ਇਹ ਤੇਰੀ ਵਾਹ ਚਲਦੀ

ਉਹ ਹੈ ਮਰਦ ਕਰਾਮਾਤ ਵਾਲਾ ਜੇ ਆਪੂੰ ਛੁੱਟ ਆਇਆ
ਕੀ ਜਵਾਨਾ ਮਰਦੀ ਤੇਰੀ ਕੀ ਜਾਣੇਗਾ ਪਾਇਆ

ਤੂੰ ਸੁਲੇਮਾਨ ਨਬੀ ਦੀ ਜਾਈ ਦਿਓ ਪਰੀਆਂ ਦਾ ਰਾਜਾ
ਜ਼ੋਰ ਤੇਰਾ ਕੀ ਯਾਦ ਕਰੇਗਾ ਛੁਟਿਆ ਬੇਮੁਹਤਾਜਾ

ਆਦਮੀਆਂ ਦੇ ਰਾਜੇ ਤੈਨੂੰ ਕੀ ਆਖਣਗੇ ਸਾਰੇ
ਹੈਫ਼ ਉਹਦੀ ਸੁਲਤਾਨੀ ਯਾਰੋ ਜਿਸ ਐਸੇ ਪਿੜ ਹਾਰੇ ।(੬੯੫੦)

ਇਕ ਆਦਮ ਘਰ ਉਸ ਦੇ ਪਹੁਤਾ ਕਰ ਕਰ ਐਡ ਕਸ਼ਾਲੇ
ਉਹ ਭੀ ਦੇਵਾਂ ਫੜ ਖਿੜਿਆ ਕੀਤੋਸੁ ਨਾ ਉਪਰਾਲੇ

ਜੇ ਮਹਿਮਾਨ ਤੇਰਾ ਉਹ ਬਣਿਆਂ ਸਦਾ ਰਹੇਂਗਾ ਲਾਜ਼ਮ
ਕੀ ਜਾਣੇਗਾ ਕੁੜਮਾਂ ਚਾਰੀ ਬਾਪ ਉਹਦਾ ਸ਼ਾਹ ਆਸਿਮ

ਨਾਲ਼ੇ ਨਰਮ ਇਕਬਾਲ ਤੁਸਾਡੇ ਜਾਣੇਗਾ ਹਰ ਕੋਈ
ਘਰੋਂ ਜਵਾਈ ਕੈਦ ਕਰਾਇਓਸੁ ਉਸ ਥੀਂ ਕੁਝ ਨਾ ਹੋਈ

ਬੇ ਅਬਰੋਈ ਤੇ ਨਾਮਰਦੀ ਹੋਰ ਨਹੀਂ ਇਸ ਜੈਸੀ
ਕੁਲਜ਼ਮ ਦਾ ਸ਼ਾਹ ਕੌਣ ਨਿਕਾਰਾ ਕਰੇ ਦਲੇਰੀ ਐਸੀ

ਦਰ ਤੇਰੇ ਤੂੰ ਪਕੜ ਮੰਗਾਏ ਖ਼ਾਸ ਜਵਾਈ ਤੇਰਾ
ਕਰ ਕੇ ਕੈਦ ਇਜ਼ਾਬ ਦਸਾਲੇ ਹਾਇ ਹਾਇ ਕਹਿਰ ਹਨੇਰਾ

ਸੈਫ਼-ਮਲੂਕ ਮਹਿਮਾਨ ਅਸਾਡਾ ਕੂੜ ਨਹੀਂ ਇਸ ਗੱਲ ਵਿਚ
ਇਹ ਨਿਕਾਹ ਰੂਹਾਂ ਦਾ ਮੌਲਾ ਕੀਤਾ ਰੋਜ਼ ਅਜ਼ਲ ਵਿਚ

ਉਠ ਸ਼ਿਤਾਬੀ ਲਸ਼ਕਰ ਲੈ ਕੇ ਕਰ ਕੁਲਜ਼ਮ ਵੱਲ ਧਾਈ
ਸੈਫ਼-ਮਲੂਕ ਲਿਆਵੀਂ ਜ਼ਿੰਦਾ ਤਾਂ ਤੇਰੀ ਰਹਿ ਆਈ

ਸ਼ਹਿਜ਼ਾਦੇ ਵਿਚ ਹੋਸਨ ਸਿਫ਼ਤਾਂ ਬੀਬੀ ਆਖ ਸੁਣਾਈਆਂ
ਨਾਲ਼ੇ ਵਾਸਿਤ ਸਰਾਂਦੀਪੋਂ ਸ਼ਾਹਾਂ ਲਿਖ ਪੁਚਾਈਆਂ

ਸ਼ਾਹਪਾਲੇ ਨੂੰ ਸੁਣ ਸੁਣ ਸਿਫ਼ਤਾਂ ਪਈ ਮੁਹੱਬਤ ਉਸਦੀ
ਕਿਵੇਂ ਅੱਖੀਂ ਨਜ਼ਰੀਂ ਆਵੇ ਦਿਲ ਸਿਕਦਾ ਜਿੰਦ ਖੁਸਦੀ

ਸ਼ਹਿਜ਼ਾਦੇ ਦੇ ਸੱਚੇ ਇਸ਼ਕੇ ਅਸਰ ਓਥੇ ਵੰਝ ਕੀਤਾ
ਕੁਦਰਤ ਦੇ ਹੱਥ ਨਾਲ਼ ਇਲਾਹੀ ਫੜ ਸੂਈ ਦਿਲ ਸੀਤਾ ।(੬੯੬੦)

ਸਰਵ-ਬਾਨੋ ਤੇ ਮਿਹਰ-ਅਫ਼ਰੋਜ਼ੇ ਦਿੱਤੇ ਤਾਅ ਗੱਲਾਂ ਦੇ
ਆਤਸ਼ ਭੜਕ ਲੱਗੀ ਸ਼ਾਹਪਾਲੇ ਜਿਉਂ ਭੜਕਾਰ ਝੱਲਾਂ ਦੇ

ਐਸੀ ਲੰਬ ਗੁੱਸੇ ਦੀ ਉੱਠੀ ਸੜਨ ਲੱਗਾ ਸਿਰ ਸੀਨਾ
ਭੱਜ ਗਈਆਂ ਸਭ ਹੋਰ ਸਲਾਹਾਂ ਗਰਮ ਹੋਇਆ ਜਦ ਕੀਨਾ

ਜੁੰਬਿਸ਼ ਜੁੱਸੇ ਜੋਸ਼ ਮਗ਼ਜ਼ ਵਿਚ ਚੱਕੀਂ ਬਾਹਾਂ ਚੱਬਦਾ
ਮੁਣਸ਼ੀ ਸੱਦ ਲਿਖਾਇਓਸੁ ਰੁੱਕਾ ਭਰਿਆ ਕਹਿਰ ਗ਼ਜ਼ਬ ਦਾ

ਮੁਣਸ਼ੀ ਤੇਜ਼ ਨਵੀਸ ਸ਼ਿਤਾਬੀ ਪਹੁਤਾ ਵਿਚ ਹਜ਼ੂਰੇ
ਜ਼ਰੀ-ਰਕਮ ਜੇਹਾ ਖ਼ੁਸ਼ ਕਾਤਿਬ ਹਰਫ਼ ਉਹਦਾ ਤੱਕ ਝੂਰੇ

ਕਾਗ਼ਜ਼ ਉੱਤੇ ਕਾਲ਼ੀ ਕਾਨੀ ਕੀਤੀ ਓਸ ਰਵਾਨੀ
ਲਿਖੇ ਸੁਖ਼ਨ ਖਰੇ ਜੋ ਦਸੇ ਸ਼ਾਹ ਸ਼ਾਹਪਾਲ ਜ਼ੁਬਾਨੀ

ਲਿਖਿਆ ਖ਼ਤ ਅਜਾਇਬ ਪਤਲੀ ਸੋਹਣੀ ਸਾਫ਼ ਨਵਿਸ਼ਤੋਂ
ਹਰਫ਼ਾਂ ਦੀ ਫੁਲਵਾੜ ਬਣਾਈ ਬਾਗ਼ ਬਹਾਰ ਬਹਿਸ਼ਤੋਂ

ਹਰ ਹਰ ਸੁਖ਼ਨ ਮਿਆਨੋਂ ਬਾਹਰ ਫ਼ੌਲਾਦੀ ਤਲਵਾਰਾਂ
ਸੁਖ਼ਨੋਂ ਸਖ਼ਤ ਜ਼ੁਬਾਨ ਮੁਹੰਮਦ ਕਰਦੀ ਮਾਰਾਂ ਮਾਰਾਂ

ਖ਼ਤ ਤਿਆਰ ਹੋਇਆ ਜਿਸ ਵੇਲੇ ਲੱਗੀ ਮੁਹਰ ਸ਼ਹਾਨੀ
ਓਹੋ ਆਹੂ ਖ਼ਤ ਲੈ ਟੁਰਿਆ ਜਿਸ ਤਨ ਰੜਕੇ ਕਾਨੀ

ਸੈ ਕੋਹਾਂ ਦਾ ਪੈਂਡਾ ਕਰ ਕੇ ਕੁਲਜ਼ਮ ਅੰਦਰ ਆਇਆ
ਹਾਸ਼ਮ ਦੇ ਦਰਬਾਰੇ ਜਾ ਕੀ ਏਲਚੀ ਸੀਸ ਨਿਵਾਇਆ

ਅਦਬ ਸਲਾਮ ਬਜਾ ਲਿਆਂਦਾ ਜਿਉਂ ਕਰ ਏਲਚੀ ਕਰਦੇ
ਥੈਲੀ ਖੋਲ ਰੱਖੀ ਲੈ ਮੁਣਸ਼ੀ ਪੜ੍ਹ ਪੜ੍ਹ ਕੰਬਣ ਡਰਦੇ ।(੬੯੭੦)

ਆ ਸਾਕੀ ਭਰ ਦਿਹ ਪਿਆਲਾ ਉਹ ਜਮਸ਼ੈਦੇ ਵਾਲਾ
ਕਾਲ਼ੀ ਰਾਤੀਂ ਚਾਨਣ ਲੱਗੇ ਵਾਹ ਖ਼ੁਰਸ਼ੈਦੇ ਵਾਲਾ

ਐਸਾ ਮੱਧ ਜਿਦ੍ਹੇ ਚਮਕਾਰੋਂ ਇਹ ਸ਼ਬ ਕਾਗੋਂ ਕਾਲ਼ੀ
ਬਣ ਕੇ ਖ਼ਾਸ ਅਕੀਕੀ ਤਾਰਾ ਗਗਨ ਚੜ੍ਹੇ ਫਿਲਹਾਲੀ

54. ਨਾਮਾਂ ਨਵਿਸ਼ਤਨਿ ਸ਼ਾਹ ਸ਼ਾਹਪਾਲ ਬਹਾਦੁਰ ਬਤਰਫ਼ਿ ਹਾਸ਼ਮ
(ਸ਼ਾਹਪਾਲ ਬਹਾਦਰ ਦਾ ਹਾਸ਼ਮ ਵੱਲ ਖ਼ਤ)

ਅੱਵਲ ਨਾਮ ਰੱਬੇ ਦਾ ਲਿਖਾਂ ਨਾਮੇ ਦਾ ਸਿਰਨਾਮਾ
ਨੰਗਾ ਰੂਹ ਬੰਦੇ ਦਾ ਕਜਿਓਸੁ ਬਖ਼ਸ਼ ਜੁੱਸੇ ਦਾ ਜਾਮਾ

ਹਰ ਦਾਨਸ਼ ਥੀਂ ਬਖ਼ਰਾ ਦਿਤੋਸੁ ਨਾਲ਼ੇ ਦੀਨ ਈਮਾਨੋਂ
ਰੋਜ਼ੀ ਦੇਂਦਾ ਹੱਲ ਕਰੇਂਦਾ ਮੁਸ਼ਕਿਲ ਸਖ਼ਤ ਗੁਮਾਨੋਂ

ਅਸਮਾਨਾਂ ਦੀ ਰੌਣਕ ਕਰਦਾ ਰੌਸ਼ਨ ਤਾਰੇ ਲਾ ਕੇ
ਧਰਤੀ ਆਦਮ ਨਾਲ਼ ਸੁਹਾਵੇ ਆਦਮ ਨੂੰ ਹੁੱਬ ਪਾ ਕੇ

ਦਾਨਾ ਬੀਨਾ ਜ਼ੋਰਾਵਰ ਹੈ ਨਾਲ਼ੇ ਬਖ਼ਸ਼ਣਹਾਰਾ
ਹਰਦਮ ਮਦਦ ਰੂਹਾਂ ਨੂੰ ਦੇਂਦਾ ਅਕਲਾਂ ਨੂੰ ਚਮਕਾਰਾ

ਮੇਰੇ ਜੇਹਿਆਂ ਅਹਿਮਕ ਬੰਦਿਆਂ ਬੇਅਕਲਾਂ ਬੇਹੋਸ਼ਾਂ
ਸੁਖ਼ਨ ਵਰੀ ਦੀ ਖ਼ਿਲਅਤ ਬਖ਼ਸ਼ੀ ਪਾ ਤਬੱਅ ਵਿਚ ਜੋਸ਼ਾਂ

ਇਕਨਾਂ ਨੂੰ ਇਹ ਤੰਗੀ ਦੇਂਦਾ ਰੋਟੀ ਬਾਝੋਂ ਮਰਦਾ
ਇਕਨਾਂ ਨੂੰ ਅਣਮਿਣੇ ਖ਼ਜ਼ਾਨੇ ਗ਼ੈਬੋਂ ਅੱਗੇ ਧਰਦਾ

ਨਾ ਜਿਸ ਕੰਮ ਕਮਾਈਆਂ ਕੀਤੀਆਂ ਉਸੇ ਦੌਲਤ ਖੱਟੀਆਂ
ਨਾ ਜਿਸ ਐਬ ਗੁਨਾਹ ਕਮਾਏ ਓਸੇ ਰੰਜਾਂ ਕੱਟੀਆਂ

ਜੋ ਚਾਹੁੰਦਾ ਸੋ ਕਰਦਾ ਆਪੂੰ ਕੋਈ ਨਾ ਹਾਕਮ ਉਸ ਦਾ
ਜਾਨ ਦਏ ਤਾਂ ਜ਼ਿੰਦਾ ਬੰਦਾ ਕੱਢ ਲਏ ਤਾਂ ਕੁਸਦਾ ।(੬੯੮੦)

ਵਾਲੇ ਜਿਤਨਾ ਸੀਸ ਨਾ ਚਾਈਏ ਹੁਕਮ ਉਹਦੇ ਵਿਚ ਹੋਈਏ
ਉਸ ਬਿਨ ਹੋਰ ਨਾ ਹਾਕਮ ਕੋਈ ਜਿਸ ਦਰ ਜਾ ਖਲੋਈਏ

ਸ਼ਾਬਸ਼ ਰਹਿਮਤ ਉਸ ਬੰਦੇ ਨੂੰ ਜਿਸ ਨੀਵਾਂ ਦਰ ਫੜਿਆ
ਅੜਿਆ ਖੜਿਆ ਪਿੜ ਉਸ ਜਿਹੜਾ ਝੜਿਆਂ ਅੱਗੇ ਝੜਿਆ

ਕੀ ਹਾਸਲ ਇਸ ਕੌਮੋਂ ਜਿਹੜੇ ਨਾ ਹਕ ਕਦਰ ਪਛਾਨਣ
ਆਫ਼ਰੀਨ ਜਿਨ੍ਹਾਂ ਨੂੰ ਕਹੀਏ ਗਾਲੀਂ ਵਾਂਗਰ ਜਾਨਣ

ਵੈਰੀ ਦੀ ਕਰ ਅਦਬ ਤਵਾਜ਼ੁਅ ਆਪਣਾ ਭੌਂ ਗਵਾਈਏ
ਦੁਸ਼ਮਣ ਥੀਂ ਖ਼ਮ ਖਾਈਏ ਨਾਹੀਂ ਲਿੱਸਿਆਂ ਜ਼ੋਰ ਨਾ ਲਾਈਏ

ਸੁਣ ਹਾਸ਼ਮ ਤੂੰ ਕੁਲਜ਼ਮ ਅੰਦਰ ਬੈਠੋਂ ਰਾਜ ਬਣਾ ਕੇ
ਘਰ ਮੇਰੇ ਥੀਂ ਪਕੜੇਂ ਢੱਕਾਂ ਦੇਏਂ ਸਜ਼ਾਈਂ ਜਾ ਕੇ

ਲੂੰਬੜ ਥੀਂ ਬਣ ਚਿਤਰਾ ਢੁੱਕਦਾ ਜਿਸ ਨੂੰ ਜਾਨ ਛੁੜੇਂਦੀ
ਜ਼ੋਰ ਸ਼ਾਹਾਂ ਦਾ ਪਰਖਣ ਲੱਗੋਂ ਨਹੀਓਂ ਖ਼ੈਰ ਲੁੜੇਂਦੀ

ਜ਼ੋਰ ਮੇਰਾ ਅਜ਼ਮਾਵਣ ਜੋਗਾ ਕਿੱਥੇ ਹੈ ਕੋਈ ਸਾਜਾ
ਕਿਹੜਾ ਲਸ਼ਕਰ ਤਾਬਿਅ ਤੇਰੀ ਕਿਹੜਾ ਹੈ ਰਾਇ ਰਾਜਾ

ਠੂੰਏਂ ਥੀਂ ਸੱਪ ਬਣਿਆਂ ਲੋੜੇਂ ਨਾਗਾਂ ਨਾਲ਼ ਖਹੇੜੇਂ
ਆਕੜ ਆਕੜ ਟੁਰੇਂ ਗੁਮਾਂਨੋਂ ਨਾਲ਼ ਕੰਧਾਂ ਦੇ ਹੇੜੇਂ

ਦੁੰਬ ਉੱਚਾ ਕਰ ਕੁੰਡਲ ਪਾਵੇਂ ਸਿਰ ਵਿਚ ਪੌਸੀ ਜੁੱਤੀ
ਸੁੱਤੇ ਸ਼ੇਰੇ ਭੌਂਕ ਜਗਾਏ ਸ਼ਾਮਤ ਆਈ ਕੁੱਤੀ

ਛੱਡ ਦੇ ਗਫ਼ਲਤ ਸ਼ੇਰਾਂ ਵਾਲੀ ਕਿਉਂ ਸਿਰ ਮੁਫ਼ਤ ਕੁਟਾਏਂ
ਕਰ ਸਟਸਾਂ ਤਹਿ ਤਾਰ ਵਲਾਇਤ ਕੁਲਜ਼ਮ ਮੁਲਕ ਲੁਟਾਏਂ ।(੬੯੯੦)

ਜੇ ਮੈਂ ਕੁਲਜ਼ਮ ਅੰਦਰ ਆਇਓਸੁ ਧਰਤੀ ਪੁੱਟ ਦਿਆਂਗਾ
ਕੰਨੇ ਪੱਟ ਤੁਸਾਡੇ ਸਾਰੇ ਨਦੀਏਂ ਸੁੱਟ ਦਿਆਂਗਾ

ਹਕ ਤੇਰੇ ਵਿਚ ਇਹ ਕੰਮ ਚੰਗਾ ਨੌਕਰ ਬਣ ਕੀ ਚੱਲੇਂ
ਸੈਫ਼-ਮਲੂਕੇ ਨੂੰ ਦੇ ਖ਼ਿਲਅਤ ਪਾਸ ਅਸਾਡੇ ਘੱਲੇਂ

ਤੈਨੂੰ ਮਾਰ ਕਰਾਂਗਾ ਐਸੀ ਯਾ ਮਰਸੇਂ ਯਾ ਨਸਸੇਂ
ਮੇਰੇ ਨਾਲ਼ ਖਹਿੜ ਗ਼ਰੀਬਾ ਕਦ ਕੁਲਜ਼ਮ ਵਿਚ ਵਸਸੇਂ

ਮੈਨੂੰ ਕਸਮ ਜ਼ਬੂਰ ਕਿਤਾਬੋਂ ਤੇ ਦਾਊਦ ਨਬੀਓਂ
ਜੇ ਚੜ੍ਹਿਆ ਤਾਂ ਕੁਲਜ਼ਮੀਆਂ ਦਾ ਮੂਲ ਨਾ ਛੱਡਸਾਂ ਬੀਓਂ

ਕਿਆ ਕੁਲਜ਼ਮ ਕਿਆ ਕੁਲਜ਼ਮ ਵਾਲੇ ਜੇ ਮੈਂ ਲਸ਼ਕਰ ਚਾੜ੍ਹਾਂ
ਲਸ਼ਕਰ ਫ਼ੌਜ ਸਮੇਤ ਵਲਾਇਤ ਗਾਹ ਮਰੋੜ ਲਿਤਾੜਾਂ

ਤੋੜੇ ਤੂੰ ਭੀ ਲੱਖ ਫ਼ੌਲਾਦੀ ਕਰ ਹਥਿਆਰ ਲਿਆਂਦੇ
ਮੋਮ ਹੋਸਣ ਤੱਕ ਅੱਗ ਗ਼ਜ਼ਬ ਦੀ ਕਿਤੇ ਨਾ ਦਿਸਣ ਜਾਂਦੇ

ਤੀਰ ਅੰਦਾਜ਼ ਨਾ ਤੱਕੇ ਅੱਗੇ ਤਾਂ ਤੁਧ ਤੁੰਦੀ ਚਾਈ
ਹੋਣ ਲੱਗੋਂ ਸਿਰ ਸਿਦਕ ਆਪੇ ਮਿਲ ਮੱਤ ਰੱਬ ਬਚਾਈ

ਭੁੰਨ ਕਮਾਨਾਂ ਅੱਗ ਵਿਚ ਸਟ ਕੇ ਤੀਰਾਂ ਦੇ ਪਰ ਪਟ ਕੇ
ਲਾਹ ਜ਼ਿਰੱਹ ਲਾ ਮਲਮਲ ਆ ਮਿਲ ਪਾ ਗਲੇ ਵਿਚ ਪਟਕੇ

ਨਹੀਂ ਤਾਂ ਐਸੇ ਕੰਨ ਫੜਾਸਾਂ ਜਾਣੇਂਗਾ ਮੈਂ ਕੀ ਸਾਂ
ਠੰਡਾ ਵੇਖ ਨਾ ਹੋਵੀਂ ਗੈਰਾ ਤਪਿਆ ਤਾਂ ਰੱਤ ਪੀਸਾਂ

ਹੁੰਦੇ ਜ਼ੋਰ ਜਰਾਂ ਮੈਂ ਕੁੱਵਤ ਸੁਲਹੋਂ ਮੁੱਖ ਨਾ ਮੋੜਾਂ
ਹਾਜ਼ਰ ਹੋਵੇ ਚੀਜ਼ ਅਸਾਡੀ ਜੋ ਕੁੱਝ ਮੰਗਾਂ ਲੋੜਾਂ ।(੭੦੦੦)

ਸੈਫ਼-ਮਲੂਕੇ ਨੂੰ ਫੜ ਬਾਂਹੋਂ ਲੈ ਆ ਪਾਸ ਅਸਾਡੇ
ਤੂੰ ਨਹੀਂ ਪਿਉ ਦਾਦਾ ਤੇਰਾ ਮੁਢੋਂ ਦਾਸ ਅਸਾਡੇ

ਤੁੰਦੀ ਤੇਜ਼ੀ ਨਿੱਤ ਨਾ ਪਚਦੀ ਕਰ ਲੈ ਰਾਤ ਦਿਹਾੜੀ
ਕਿਸ ਥੀਂ ਲਹੇ ਕਮਾਨ ਅਸਾਡੀ ਰੱਬ ਉਤੇਰੇ ਚਾੜ੍ਹੀ

ਡਾਢੇ ਨਾਲ਼ ਨਾ ਤਗੜੇ ਹੋਈਏ ਢਹਿ ਤੁਰੀਏ ਕਰ ਨਰਮੀ
ਹਾਸ਼ਮ ਸਖ਼ਤ ਸਜ਼ਾ ਲਏਂਗਾ ਕਰਨ ਲੱਗੋਂ ਬੇਸ਼ਰਮੀ

ਜੇ ਮੈਂ ਭੀ ਇਸ ਗੱਲ ਪਰ ਆਇਓਸੁ ਕੌਣ ਹੋਵੇਗਾ ਸਾਥੀ
ਪੈਰਾਂ ਹੇਠ ਮਲੀਦਾ ਕਰਸਾਂ ਤੂੰ ਕੀੜਾ ਮੈਂ ਹਾਥੀ

ਜਿਹੜਾ ਮੁਲਕ ਤੈਨੂੰ ਰੱਬ ਦਿੱਤਾ ਬਹਿ ਕੀ ਖਾ ਬਹਾਰੀਂ
ਸ਼ੇਰਾਂ ਨੂੰ ਅੰਗੁਸ਼ਤ ਦਸਾਲੇਂ ਖੁਰਕੇਂ ਸਿਰ ਅੰਗਾਰੀਂ

ਕਾਵੇਂ ਵੇਖ ਹੰਸਾਂ ਨੂੰ ਛੱਡੀ ਚਾਲ ਮੁਢੋਂ ਦੀ ਜੋ ਸੀ
ਨਾ ਉਹ ਆਈ ਨਾ ਇਹ ਰਹਿਓਸੁ ਰਹਿ ਗਈ ਨਿਰੀ ਟਪੂਸੀ

ਖ਼ਬਰ ਨਹੀਂ ਰੱਬ ਕਿਸ ਨੂੰ ਦੇਸੀ ਤਾਜ ਤਖ਼ਤ ਸੁਲਤਾਨੀ
ਤਾਲਾ ਕਿਸ ਦੇ ਮਦਦ ਕਰਸਣ ਯਾਰੀ ਹੋਗ ਅਸਮਾਨੀ

ਅੜ੍ਹਕ ਵਹਿੜੇ ਵਾਂਗਰ ਬੁੜ੍ਹਕੇਂ ਕਿਉਂ ਚਾਈਆ ਸਿੰਗ ਮਿੱਟੀ
ਜੇ ਸ਼ੇਰਾਂ ਦਾ ਧੱਫਾ ਲੱਗਾ ਚੱਬੀ ਜਾਸੇਂ ਮਿੱਟੀ

ਮੈਂ ਅੱਜ ਹਾਂ ਸਿਰ ਬਾਦਸ਼ਾਹਾਂ ਦਾ ਤੁਸੀਂ ਮਿਸਲ ਹੱਥ ਪੈਰਾਂ
ਸਿਰ ਆਪਣੇ ਨੂੰ ਆਪ ਮਰੇਂਦਾ ਕੌਣ ਕੋਈ ਵਿਚ ਖ਼ੈਰਾਂ

ਤੈਨੂੰ ਹੈ ਮਗ਼ਰੂਰੀ ਚਾਇਆ ਵੇਖਣ ਦੇਇ ਨਾ ਅੱਗਾ
ਕੁੱਕੜ ਬਾਂਗ ਨਿਮਾਸ਼ੇਂ ਦਿੱਤੀ ਜਾਣੋਂ ਕੁਸਣ ਲੱਗਾ ।(੭੦੧੦)

ਗ਼ਜ਼ਬ ਮੇਰੇ ਇਕ ਤੂੰਹੇਂ ਨਾਹੀਂ ਕਈਂ ਦਲੇਰ ਖਪਾਏ
ਪਿਉ ਦਾਦੇ ਥੀਂ ਅਸੀਂ ਬਹਾਦਰ ਬਾਦਸ਼ਾਹਾਂ ਦੇ ਜਾਏ

ਮੈਂ ਸੁਲੇਮਾਨ ਨਬੀ ਦਾ ਪੋਤਾ ਆਦੀ ਦਾ ਸ਼ਹਿਜ਼ਾਦਾ
ਦੇਵਾਂ ਦੇ ਵਿਚ ਜੰਗ ਬਹਾਦਰ ਮੈਂ ਥੀਂ ਕੌਣ ਜ਼ਿਆਦਾ

ਤੁਸਾਂ ਜੇਹਾ ਥੀਂ ਮੈਂ ਕਿਉਂ ਡਰਸਾਂ ਜੇ ਰੱਬ ਕੀਤੀ ਯਾਰੀ
ਭੇਡਾਂ ਥੀਂ ਬਘਿਆੜ ਨਾ ਡਰਦੇ ਗੋਰੋਂ ਸ਼ੇਰ ਸ਼ਿਕਾਰੀ

ਨਬੀ ਸੁਲੇਮਾਂ ਗਏ ਜਹਾਨੋਂ ਤਾਜ ਮੇਰੇ ਸਿਰ ਦੇਕੇ
ਮੈਂ ਮਾਲਕ ਸਭ ਖਾਣ ਜਗੀਰਾਂ ਹੱਥੀਂ ਮੇਰੀ ਲੈ ਕੇ

ਕਿਸ ਦੀ ਤਾਕਤ ਰਾਜ ਮੇਰੇ ਵਿਚ ਸ਼ਿਰਕਤ ਕੀਤੀ ਲੋੜੇ
ਵੱਜੇ ਗੁਰਜ਼ ਇਕਬਾਲ ਮੇਰੇ ਦਾ ਗਰਦਨ ਲੱਕ ਤਰੋੜੇ

ਕਦਰ ਆਪਣੀ ਦੇ ਕਾਗ਼ਜ਼ ਉੱਤੇ ਹਰਫ਼ ਗ਼ਲਤ ਤੁਧ ਪਾਇਆ
ਕਾਰਦ ਤੇਗ਼ ਮੇਰੀ ਦੀ ਕਟਸੀ ਜ਼ੋਰ ਨਹੀਉਂ ਅਜ਼ਮਾਇਆ

ਸੱਚੇ ਰੱਬ ਬਣਾਇਆ ਮੈਨੂੰ ਮਾਲਕ ਸਭ ਮੁਲਕ ਦਾ
ਖ਼ਾਵੰਦ ਥੀਂ ਕਿਉਂ ਬਾਗ਼ੀ ਹੋਵੇਂ ਫਿਰੇਂ ਹਨੇਰੇ ਲੁਕਦਾ

ਆ ਹੁਣ ਸਮਝ ਮਿਲੀਂ ਕਰ ਤੌਬਾ ਜੇ ਇਹ ਵਕਤ ਵਿਹਾਣਾ
ਲੱਖ ਅਫ਼ਸੋਸ ਕਰੇਂਗਾ ਪਿੱਛੋਂ ਕਿਸ ਕੰਮ ਪੱਛੋਤਾਣਾ

ਸੰਭਲ ਜ਼ੋਰ ਜਵਾਨੀ ਵਾਲਾ ਨਾ ਕਰ ਐਡ ਦਲੇਰੀ
ਹੱਦ ਮੇਰੀ ਵਿਚ ਆ ਹੱਥ ਪਾਵੇਂ ਸ਼ਾਮਤ ਆਈ ਤੇਰੀ

ਨੀਵਾਂ ਹੋ ਦਰ ਮੇਰੇ ਛੱਡ ਕੇ ਵਡਿਆਈ ਉਚਿਆਈ
ਮੈਨੂੰ ਉੱਠਣਾ ਪਾ ਨਾ ਏਥੋਂ ਜੇ ਤੁਧ ਰਹਿਣਾ ਜਾਈ ।(੭੦੨੦)

ਜੇ ਮੈਂ ਉਠਿਆ ਤਾਂ ਤੂੰ ਮੁਠਿਆ ਕੁੱਝ ਨਾ ਰਹਿਸੀ ਬਾਕੀ
ਕੁਲਜ਼ਮ ਸਾਰੀ ਪੁਟ ਸੁੱਟਣਗੇ ਸੁੰਮਾਂ ਨਾਲ਼ ਇਰਾਕੀ

ਕੀ ਹੋਇਆ ਜੇ ਵੈਰੀ ਮੇਰੇ ਲਸ਼ਕਰ ਤੇਰਾ ਭੱਲਾ
ਜੇ ਕੋਹ ਕਾਫ਼ ਲੋਹੇ ਦਾ ਹੋਵੇ ਮੈਂ ਪੁੱਟਾਂ ਕਰ ਹੱਲਾ

ਮੈਂ ਹਾਂ ਭਾਰਾ ਵਾਂਗ ਪਹਾੜਾਂ ਵਸੀਂ ਵਸੀਂ ਕਦ ਹੱਲਾਂ
ਜੇ ਹੱਲਾਂ ਤਾਂ ਅੰਬਰ ਹੱਲੇ ਜੱਗ ਸਾਰਾ ਥਰਥੱਲਾਂ

ਜੇ ਹਲਿਓਸੁ ਤਾਂ ਧਰਤ ਹੱਲੇਗੀ ਜ਼ਰਾ ਹਲਾ ਨਾ ਮੈਨੂੰ
ਲੈ ਮਿਲ਼ ਸੈਫ਼-ਮਲੂਕੇ ਤਾਈਂ ਮੁੜ ਮੁੜ ਆਖਾਂ ਤੈਨੂੰ

ਬੇਟੇ ਤੇਰੇ ਨਾਲ਼ ਲਿਖੀ ਸੀ ਏਵੇਂ ਕਲਮ ਰੱਬਾਨੀ
ਨਹੀਂ ਤਾਂ ਇਹ ਨਾ ਆਇਆ ਮਿਸਰੋਂ ਬਣ ਕੇ ਦੁਸ਼ਮਣ ਜਾਨੀ

ਮਰਦਿਆਂ ਹਾੜਾ ਕੀਤਾ ਇਸ ਨੇ ਸੋਚ ਨਾ ਪਿੱਛਾ ਅੱਗਾ
ਉਮਰੇ ਦੇ ਦਿਨ ਪੂਰੇ ਹੋਏ ਮੱਥੇ ਇਸ ਦੇ ਲੱਗਾ

ਪੁੱਤ ਤੇਰਾ ਹੁਣ ਮੁੜਦਾ ਨਾਹੀਂ ਕਿਉਂ ਸਿਰ ਜ਼ੁਲਮ ਧਰਾਏਂ
ਜੇ ਆਰੀ ਧਰ ਚੀਰੇਂ ਇਸ ਨੂੰ ਯਾ ਭੋਹ ਖੱਲ ਭਰਾਏਂ

ਕਿਸੇ ਤਰ੍ਹਾਂ ਬਹਿਰਾਮ ਨਾ ਮੁੜਦਾ ਕਿਉਂ ਕਤਲਾਮ ਮਚਾਏਂ
ਬਖ਼ਸ਼ ਗੁਨਾਹ ਇਸ ਬੰਦੇ ਤਾਈਂ ਅਜਰ ਜਨਾਬੋਂ ਪਾਏਂ

'ਕਾਜ਼ਮੀਨ ਅਲੈਗ਼ਜ਼' ਪੜ੍ਹ ਖਾਂ ਵਲਆਰਫ਼ੀਨ ਕਲਾਮੋਂ
ਸਾਬਰ ਸ਼ਾਕਰ ਹੋ ਦਰ ਰੱਬ ਦੇ ਭਲਾ ਹੋਵੀ ਇਸ ਕਾਮੋਂ

ਕਰ ਅਹਿਸਾਨ ਅਸਾਂ ਪਰ ਹਾਸ਼ਮ ਛੱਡ ਦੇ ਇਹ ਪਰਦੇਸੀ
ਨਹੀਂ ਤਾਂ ਮੈਂ ਭੀ ਫ਼ਰਕ ਨਾ ਕਰਸਾਂ ਰੱਬ ਜਿਸ ਨੂੰ ਪਿੜ ਦੇਸੀ ।(੭੦੩੦)

ਟੋਰ ਇਕੇ ਸ਼ਹਿਜ਼ਾਦੇ ਤਾਈਂ ਇਕੇ ਜਵਾਬ ਸੁਣਾਈਂ
ਨਹੀਂ ਤਾਂ ਪਹੁਤਾ ਜਾਣ ਅਸਾਨੂੰ ਜੋ ਕੁੱਝ ਕਰਸੀ ਸਾਈਂ

ਜਾਂ ਖ਼ਤ ਪੜ੍ਹ ਸੁਣਾਇਆ ਮੁਣਸ਼ੀ ਤੇਲ ਅੱਗੀ ਪਰ ਪਾਇਆ
ਜਲਦ ਜਵਾਬ ਇਹਦਾ ਮੁੜ ਲਿਖੋ ਹਾਸ਼ਮ ਸ਼ਾਹ ਫ਼ੁਰਮਾਇਆ

ਲੈ ਕਾਨੀ ਮਸਵਾਨੀ ਮੁਣਸ਼ੀ ਨਾਲ਼ ਤਬੀਅਤ ਦਾਨੀ
ਲਿਖ ਜਵਾਬ ਸ਼ਿਤਾਬ ਟਿਕਾਇਆ ਸੁਣ ਸੁਣ ਸੁਖ਼ਨ ਜ਼ਬਾਨੀ

ਪਾਇ ਲਿਫ਼ਾਫ਼ਾ ਥੈਲੀ ਅੰਦਰ ਡਾਲ ਰੁਕੱਅ ਬੰਦ ਕੀਤਾ
ਆਹੂ-ਖ਼ਾਤਿਫ਼ ਦੇ ਹੱਥ ਦਿੱਤਾ ਲੈ ਕੇ ਗਿਆ ਚੁਪੀਤਾ

ਸ਼ਾਹਪਾਲੇ ਵੱਲ ਹੋ ਸਲਾਮੀ ਥੈਲੀ ਚਾਇ ਗੁਜ਼ਰਾਨੀ
ਮੁਣਸ਼ੀ ਖੋਲ ਵਿਖਾਂਦਾ ਜਾਂਦਾ ਸੁਖ਼ਨ ਪਰੋਤੇ ਕਾਨੀ

ਖੜੇ ਤਰੋਟਕ ਝੱਬਦੇ ਸਾਕੀ ਦਰਦਮੰਦਾਂ ਦਾ ਦਾਰੋਂ
ਦਿਹ ਸ਼ਰਾਬ ਅਜੇਹਾ ਜਿਸਦੀ ਮਸਤੀ ਵੱਧ ਸ਼ੁਮਾਰੋਂ

ਇਸ ਪਾਣੀ ਦੇ ਜ਼ੋਰੋਂ ਮੈਂ ਭੀ ਅੱਗ ਦੀ ਲੂ ਬੁਝਾਵਾਂ
ਗੁਰੂ-ਗੁਰਾਂ ਦਾ ਜੋ ਫ਼ੁਰਮਾਵੇ ਸਭ ਬਜਾ ਲਿਆਵਾਂ

55. ਹਾਸ਼ਮ ਸ਼ਾਹ ਵੱਲੋਂ ਸ਼ਾਹ ਸ਼ਾਹਪਾਲ ਨੂੰ ਖ਼ਤ ਦਾ ਜਵਾਬ
ਚੋਖੇ ਗੁੱਸੇ ਨਾਲ਼ ਜੰਗ ਲਈ ਚੜ੍ਹਨਾ

ਸਿਰ ਅੱਖੀਂ ਮੂੰਹ ਖ਼ਤ ਪਰ ਮੰਨਿਆ ਸਿਰ ਖ਼ਤ ਦਾ ਜੋ ਨਾਵਾਂ
ਸ਼ਾਲਾ ਉਸੇ ਨਾਮ ਸੱਚੇ ਤੂੰ ਮੈਂ ਭੀ ਸਦਕੇ ਜਾਵਾਂ

ਮਿੱਟੀ ਵਿਚੋਂ ਕੱਢ ਵਿਖਾਂਦਾ ਸੋਹਣੇ ਫੁੱਲ ਹਜ਼ਾਰਾਂ
ਖ਼ਾਕੋਂ ਚਾਇ ਉਚੇਰੇ ਕਰਦਾ ਸਰਵ ਬੁਲੰਦ ਚਿਨਾਰਾਂ

ਵੇਖੋ ਕੇਡ ਬੁਲੰਦੀ ਦਿਤੀਓਸੁ ਐਡ ਅਸਮਾਨ ਬੁਲੰਦਾਂ
ਨੂਰ ਆਪਣੇ ਥੀਂ ਰੌਸ਼ਨ ਕੀਤੋਸੁ ਦੀਦੇ ਦਾਨਿਸ਼ਮੰਦਾਂ ।(੭੦੪੦)

ਜੁਮਲ ਜਹਾਨ ਕੀਤਾ ਉਸ ਪੈਦਾ ਬੇਪਰਵਾਹ ਜਹਾਨੋਂ
ਲਾਚਾਰੀ ਵਿਚ ਚਾਰੇ ਕਰਦਾ ਰੱਖਦਾ ਫ਼ਜ਼ਲ ਅਸਿਸਾਨੋਂ

ਧਰਤੀ ਖ਼ਾਕ ਨਿਮਾਣੀ ਉੱਤੋਂ ਅੰਬਰ ਨਿੱਤ ਘੁਮਾਂਦਾ
ਲਾਖ ਸਮੁੰਦਰ ਤੇ ਡਲ ਅੰਦਰ ਮਿੱਟੀ ਮੁਠ ਬਚਾਂਦਾ

ਉਹੋ ਸਾਹਬ ਮੁਲਕਾਂ ਵਾਲਾ ਅਸੀਂ ਤੁਸੀਂ ਸਭ ਬੰਦੇ
ਹਰ ਇਕ ਦਾ ਰਖਵਾਲਾ ਆਪੇ ਕਿਆ ਚੰਗੇ ਕਿਆ ਮੰਦੇ

ਇੱਕੋ ਖ਼ਾਵੰਦ ਸਿਰਜਨਹਾਰਾ ਕੋਈ ਨਾ ਉਸ ਦੇ ਜੇਹਾ
ਰੱਖਣ ਮਾਰਨ ਵਾਲਾ ਉਹੋ ਹੋਰੋਂ ਖ਼ੌਫ਼ ਕਵੇਹਾ

ਹਰ ਡਾਢੇ ਥੀਂ ਡਾਢਾ ਆਪੇ ਵੱਧ ਸ਼ੁਮਾਰ ਹਿਸਾਬੋਂ
ਬੇਨਿਆਜ਼ ਉਹੋ ਜੱਗ ਸਾਰਾ ਮੰਗਣ ਹਾਰ ਜਨਾਬੋਂ

ਅਸੀਂ ਤੁਸੀਂ ਹਰ ਕੰਮ ਕਮਾਈਏ ਨਾਲ਼ ਅਸਬਾਬ ਹਥਿਆਰੋਂ
ਉਸ ਨੇ ਸਭ ਕੁੱਝ ਪੈਦਾ ਕੀਤਾ ਬਿਨ ਅਸਬਾਬੋਂ ਯਾਰੋਂ

ਹਿਕਮਤ ਹੁਕਮ ਉਹਦੇ ਥੀਂ ਭਰਿਆ ਇਹ ਤਮਾਮ ਪਸਾਰਾ
ਹੁਕਮੋਂ ਜ਼ਾਹਿਰ ਹਿਕਮਤ ਉਹਲੇ ਕੀ ਜਾਣੇ ਜੱਗ ਸਾਰਾ

ਦਿਲ ਰੁਸ਼ਨਾਈ ਨੂਰ ਅੱਖੀਂ ਵਿਚ ਜੁੱਸੇ ਜ਼ੋਰ ਉਸੇ ਥੀਂ
ਮੈਨੂੰ ਤੈਨੂੰ ਸ਼ਾਹੀ ਲੱਧੀ ਹੋਈ ਗ਼ੌਰ ਉਸੇ ਥੀਂ

ਹੁਕਮ ਉਹਦੇ ਥੀਂ ਕੋਈ ਨਾ ਨੱਸਦਾ ਅਸੀਂ ਹੁਕਮ ਦੇ ਬੰਦੇ
ਜਾਂ ਦਮ ਕੱਢ ਲਏ ਤਾਂ ਪਲ ਵਿਚ ਮੁੱਕ ਜਾਵਣ ਸਭ ਧੰਦੇ

ਤੂੰ ਭੀ ਰਾਜ ਨਾ ਮੁੱਲੀਂ ਆਂਦਾ ਲੱਧਾ ਉਸੇ ਘਰ ਥੀਂ
ਮੈਨੂੰ ਭੀ ਜੇ ਚਾਇ ਨਿਵਾਜ਼ੇ ਅਜਬ ਨਹੀਂ ਉਸ ਦਰ ਥੀਂ ।(੭੦੫੦)

ਸ਼ੁਕਰਗੁਜ਼ਾਰ ਰਹੀਂ ਸ਼ਾਹਪਾਲਾ ਰਾਜ ਬਚਾ ਮੁਲਕ ਦਾ
ਛੋੜ ਤਕੱਬਰ ਮੂੰਹ ਪਰ ਪੈਂਦਾ ਜੇ ਕੋਈ ਉੱਚਾ ਥੁੱਕਦਾ

ਮੈਂ ਭੀ ਦਿਓ ਨਾਕੁੱਵਤ ਨਾਹੀਂ ਅਫ਼ਸਰ ਵਿਚ ਦਲੇਰਾਂ
ਜਿਸ ਪਾਸੇ ਸ਼ਮਸ਼ੀਰ ਚਲਾਵਾਂ ਢੇਰ ਲਗਾਵਾਂ ਸ਼ੇਰਾਂ

ਕੀ ਹੋਇਆ ਜੇ ਲਸ਼ਕਰ ਤੇਰਾ ਵੱਧ ਹਿਸਾਬ ਸ਼ੁਮਾਰੋਂ
ਮੇਰੇ ਦਿਓ ਬਹਾਦਰ ਐਸੇ ਇਕ ਇਕ ਸਖ਼ਤ ਹਜ਼ਾਰੋਂ

ਤੈਨੂੰ ਮਾਣ ਦਿਲੇ ਵਿਚ ਭਾਰਾ ਕਰਸਾਂ ਖ਼ਰਚ ਖ਼ਜ਼ਾਨਾ
ਮੈਨੂੰ ਕੁੱਵਤ ਬਾਹਾਂ ਅੰਦਰ ਲੜਸਾਂ ਵਾਂਗ ਜਵਾਨਾ

ਦੋਏ ਸ਼ੇਰ ਅਸੀਂ ਗਜ ਉਠੇ ਜਿਸ ਨੂੰ ਜ਼ੋਰ ਜ਼ਿਆਦਾ
ਸੋਈਓ ਮਾਰ ਖੜੇਗਾ ਏਥੋਂ ਸੁਣ ਸ਼ਾਹਪਾਲ ਸ਼ਹਿਜ਼ਾਦਾ

ਆਦਮ ਜ਼ਾਤ ਕਮੀਨੀ ਉੱਤੋਂ ਤੁਧ ਖ਼ਸੂਮਤ ਚਾਈ
ਜਿਸ ਦਿਨ ਮੌਤ ਸਪੇ ਦੀ ਆਵੇ ਬਹਿੰਦਾ ਆਣ ਕੁਜਾਈ

ਉਹ ਆਦਮ ਸੀ ਖ਼ੂਨੀ ਸਾਡਾ ਨੱਸਦਾ ਛਪਦਾ ਵਗਦਾ
ਦੁਸ਼ਮਣ ਹੱਥ ਲੱਗਾ ਫੜ ਆਂਦਾ ਤੇਰਾ ਸੀ ਕੀ ਲਗਦਾ

ਖ਼ੂਨੀ ਮਾਰਨ ਰਵਾ ਸ਼ਰ੍ਹਾ ਵਿਚ ਐਬ ਨਹੀਂ ਕੁੱਝ ਕੀਤਾ
ਤੁਧ ਕੀ ਲਹਿਣਾ ਨਾਲ਼ ਅਸਾਡੇ ਹਟ ਕੇ ਬੈਠ ਚੁਪੀਤਾ

ਇਕ ਖ਼ੂਨੀ ਦੇ ਮਾਰਨ ਕਾਰਨ ਮੈਂ ਪਰ ਚੜ੍ਹ ਚੜ੍ਹ ਆਵੇਂ
ਲੱਖ ਬੇਦੋਸੇ ਖ਼ੂਨ ਹੋਵਣਗੇ ਰੱਬ ਥੀਂ ਨਾ ਸ਼ਰਮਾਵੇਂ

ਖ਼ਾਕੀ ਬੰਦਾ ਜਿਨਸ ਨਾ ਸਾਡੀ ਕੌਣ ਕੋਈ ਪਰਦੇਸੀ
ਅਸੀਂ ਤੁਸੀਂ ਹਾਂ ਨਾਰੀ ਭਾਈ ਇਹ ਤੈਨੂੰ ਕੀ ਦੇਸੀ ।(੭੦੬੦)

ਇਸ ਨਾ ਜਿਨਸ ਇਕੱਲੇ ਪਿੱਛੇ ਬੁਰਾ ਕੁਲੇ ਦਾ ਮੰਗੇਂ
ਨਾਰੋਂ ਖ਼ਾਕ ਅਗੇਰੇ ਹੋਈ ਕਹੋ ਖਾਂ ਕਿਹੜੇ ਰੰਗੇ

ਇਹਨੂੰ ਜ਼ਿੰਦਾ ਛੱਡਸਾਂ ਨਾਹੀਂ ਖ਼ੂਨ ਕੀਤਾ ਉਸ ਮੇਰਾ
ਇਹ ਸਾਡਾ ਕੁੱਝ ਲਗਦਾ ਨਾਹੀਂ ਹੋਗ ਜਵਾਈ ਤੇਰਾ

ਤੂੰ ਹੈਂ ਮਰਦ ਕਚਹਿਰੀ ਅੰਦਰ ਰਣ ਵਿਚ ਮਰਦੀ ਮੇਰੀ
ਜਿਸ ਦਿਨ ਹੱਥ ਅਸਾਡੇ ਤੱਕਸੇਂ ਮਿਟਸੀ ਅਚਵੀ ਤੇਰੀ

ਤੁਧ ਕੀ ਜਾਤਾ ਹੋਰ ਨਾ ਕੋਈ ਤੂੰਹੇਂ ਤੂੰਹੇਂ ਜਾਇਓਂ
ਭਲੀਓਂ ਭਲੀ ਦਿਸੇਗੀ ਤਾਹੀਂ ਜਿਸ ਵੇਲੇ ਚੜ੍ਹ ਆਇਓਂ

ਮੇਰੇ ਜੈਸੇ ਮਾਰ ਮਰੇਲੇ ਨਾ ਦੱਸ ਨੇਜ਼ਾ-ਬਾਜ਼ੀ
ਕੰਮ ਤੇਰਾ ਮਨਸੂਬਾ ਮੇਰਾ ਪਿੜ ਵਿਚ ਤੀਰ ਅੰਦਾਜ਼ੀ

ਨੀਵਾਂ ਹੋ ਤੂੰ ਹੋ ਨਾ ਉੱਚਾ ਅੱਗੋਂ ਮਾਰ ਨਾ ਲਾਫ਼ਾਂ
ਸ਼ਾਰਿਸਤਾਨ ਬਚਾ ਨਿਚੱਲਾ ਪੱਟ ਨਹੀਂ ਕੋਹ ਕਾਫ਼ਾਂ

ਪਥਰ ਨਾਲ਼ ਠਕੋਰ ਨਾ ਸ਼ੀਸ਼ਾ ਕੀ ਕਰ ਲੈਸੇਂ ਖੱਟੀ
ਲੈ ਲੈ ਅੱਗ ਨਾ ਆ ਧਿੰਗਾਣੇ ਦਾਰੂਗਰੇ ਦੀ ਹੱਟੀ

ਮੌਜਾਂ ਮਾਣ ਤਖ਼ਤ ਤੇ ਬੈਠਾ ਛੱਡ ਦੇ ਖਹਿੜਾ ਮੇਰਾ
ਲੋੜ ਲਿੱਸਾ ਕੋਈ ਜੇ ਕਰ ਆਇਆ ਜੰਗ ਉੱਤੇ ਦਿਲ ਤੇਰਾ

ਤੂੰ ਸੁਲੇਮਾਨ ਨਬੀ ਦੀ ਜਾਈ ਛੇੜ ਨਾ ਦੇਵ ਹਤਿਆਰਾ
ਦੇਵ ਅੰਗੂਠੀ ਉਸ ਦੀ ਡੋਬੀ ਤਾਂ ਬਣਿਆ ਭਟਿਆਰਾ

ਵਾਗਾਂ ਮੋੜ ਅਸਾਡੇ ਵਲੱੋਂ ਮੈਂ ਭੀ ਮੁਫ਼ਤ ਨਾ ਨਸਦਾ
ਕੋਹ ਕਾਫ਼ਾਂ ਸੀਮੁਰਗ਼ ਤੇਰੇ ਥੀਂ ਫਾਹੀਆਂ ਵਿਚ ਨਾ ਫਸਦਾ ।(੭੦੭੦)

ਹੱਥੋਂ ਗ਼ੌਰ ਅਸਾਡੀ ਕਰ ਤੂੰ ਵੱਡਾ ਹੈਂ ਕਈ ਜਾਈਂ
ਨੇਕ ਨਹੀਂ ਆਜ਼ੁਰਦਾ ਕਰਦੇ ਖ਼ਲਕਤ ਰੱਬ ਦੀ ਤਾਈਂ

ਜੇ ਤੂੰ ਦਾਨਿਸ਼ਮੰਦ ਕਹਾਵੇਂ ਮੈਂ ਭੀ ਨਹੀਂ ਇਆਣਾ
ਜੇ ਸੌ ਜਾਗੇ ਤੇਰੇ ਤਾਲਿਅ ਮੈਂ ਭੀ ਯਾਵਰ ਜਾਣਾਂ

ਅਲਿਕੱਸਾ ਢਕ ਦੇਸਾਂ ਨਾਹੀਂ ਨਾ ਅੱਵਲ ਉਠ ਚੜ੍ਹਸਾਂ
ਸੁਲ੍ਹਾ ਕਰੇਂ ਤਾਂ ਰਾਜ਼ੀ ਸ਼ਾਹਾ ਜੰਗ ਕਰੇਂ ਤਾਂ ਲੜਸਾਂ

ਦੋਹਾਂ ਗੱਲਾਂ ਥੀਂ ਜੋ ਤੁਧ ਭਾਵੇ ਕਰ ਅੱਲ੍ਹਾ ਬਿਸਮਿਲਾ
ਢਿੱਲ ਕੇਹੀ ਮੂੰਹ ਤਰਫ਼ ਅਸਾਡੀ ਕਰ ਅੱਲ੍ਹਾ ਬਿਸਮਿਲਾ

56. ਬਰਾਏ ਜੰਗ ਤਿਆਰ ਸ਼ੁਦਨ ਵਾ ਸਿਪਾਹ ਜਮੱਅ ਕਰਦਨ ਅਜ਼
ਹਰ ਦਿਆਰ ਸ਼ਾਹ ਸ਼ਾਹਪਾਲ ਵਾ ਹਾਸ਼ਮ ਦੇਵ
(ਸ਼ਾਹ ਸ਼ਾਹਪਾਲ ਤੇ ਹਾਸ਼ਮ ਸ਼ਾਹ ਦੀ ਹਰ ਇਲਾਕੇ ਦੀ ਫ਼ੌਜ ਜਮ੍ਹਾਂ
ਕਰ ਕੇ ਜੰਗ ਲਈ ਤਿਆਰੀ)

ਜਾਂ ਇਹ ਸਖ਼ਤ ਜਵਾਬ ਸੁਣਾਏ ਮੁਣਸ਼ੀ ਨੇ ਖ਼ਤ ਪੜ੍ਹ ਕੇ
ਅੱਡੀਓਂ ਲੰਬ ਗਈ ਲੱਗ ਚੋਟੀ ਗ਼ਜ਼ਬੋਂ ਭਾਂਬੜ ਭੜਕੇ

ਵਾਲ਼ ਕਿੱਕਰ ਦੇ ਕੰਡੇ ਹੋਏ ਲੂੰ ਲੂੰ ਚੜ੍ਹੇ ਸਰੰਡੇ
ਲਾਹ ਧੜੱਕੇ ਆਕੜ ਕਰ ਕੇ ਸ਼ਾਹ ਪਰਾਂ ਪਰ ਛੰਡੇ

ਗੱਜ ਉਠਿਆ ਸ਼ਾਹਪਾਲ ਬਹਾਦਰ ਨਾਅਰਾ ਮਾਰ ਕਹਿਰ ਦਾ
ਕੰਬ ਗਿਆ ਸਭ ਬਾਗ਼-ਇਰਮ ਦਾ ਕੋਟ ਬਾਜ਼ਾਰ ਸ਼ਹਿਰ ਦਾ

ਸਭ ਸੰਸਾਰ ਨਦੀ ਦੇ ਡਰ ਕੇ ਤਰਫ਼ ਸਮੁੰਦਰ ਨੱਠੇ
ਨਾਹਰ ਸ਼ੇਰ ਪਲੰਗ ਜੰਗਲ਼ ਦੇ ਸੁਣ ਨਾਅਰਾ ਸਭ ਤੁਰ ਠੇ

ਪਾੜ੍ਹੇ ਹਿਰਨ ਨੱਠੇ ਛੱਡ ਬੀਹੜੇ ਨੀਲ ਗਾਇ ਖਬ ਢੱਠੇ
ਦੇਵ ਅਫ਼ਰੇਤ ਅਤੇ ਜਿੰਨ ਪਰੀਆਂ ਲਸ਼ਕਰ ਹੋਏ ਇਕੱਠੇ

ਹੁਕਮ ਦਿੱਤਾ ਸ਼ਾਹਪਾਲ ਬਹਾਦਰ ਫ਼ੌਜਾਂ ਜਮ੍ਹਾਂ ਕਰਾਉ
ਕੋਹ ਕਾਫ਼ਾਂ ਤੇ ਕੋਟਾਂ ਵਿਚੋਂ ਲਸ਼ਕਰ ਸਭ ਮੰਗਾਉ ।(੭੦੮੦)

ਹਾਠਾਂ ਕਟਕ ਇਕੱਠੇ ਹੋਏ ਮੁਣਸ਼ੀ ਲੈਣ ਤਲਾਸ਼ੀ
ਵਿਚ ਹਿਸਾਬ ਨਾ ਆਵਣ ਫ਼ੌਜਾਂ ਖ਼ਲਕਤ ਬੇਤਹਾਸ਼ੀ

ਆ ਲੱਥੀਆਂ ਕੋਹ ਕਾਫ਼ਾਂ ਵਾਂਗਰ ਫ਼ੌਜਾਂ ਗਿਰਦ ਚੌਫੇਰੇ
ਕੋਹ ਕਾਫ਼ਾਂ ਨੂੰ ਪੁੱਟਣ ਵਾਲੇ ਰਾਸ਼ਕ ਦਿਓ ਵਡੇਰੇ

ਸੈਂਕੜਿਆਂ ਜੁੜ ਕਾਨੂੰ ਗੋਆਂ ਕਲਮਾਂ ਬਹੁਤ ਘਸਾਈਆਂ
ਜੋ ਜੋ ਜੰਗ ਬਹਾਦਰ ਫ਼ੌਜਾਂ ਗਿਣਤਰ ਵਿਚ ਨਾ ਆਈਆਂ

ਲੱਖ ਚੌਦਾਂ ਨਰ-ਦੇਵ ਬਹਾਦਰ ਤਰੈ ਲੱਖ ਫ਼ੌਜ ਅਫ਼ਰੀਤੋਂ
ਸੱਠ ਹਜ਼ਾਰ ਹੋਇਆ ਜਿੰਨ ਹਾਜ਼ਰ ਨਮਕ ਹਲਾਲੀ ਨੀਤੋਂ

ਇਹ ਕੁੱਝ ਨਾਮੀ ਲੋਕ ਸਿਪਾਹੀ ਹੋਰ ਬੇਅੰਤ ਸ਼ੁਮਾਰਾਂ
ਬਿਨਾ ਹਥਿਆਰ ਸਵਾਰ ਚੜ੍ਹੇ ਸੁਣ ਭਖਣ ਮਿਸਲ ਅੰਗਾਰਾਂ

ਫ਼ੌਜਾਂ ਹਾਠਾਂ ਕਾਂਗਾਂ ਵਾਂਗਰ ਗਜ ਕੜਕ ਕੇ ਚੜ੍ਹੀਆਂ
ਕੁਲਜ਼ਮ ਦੇ ਦਰਿਆਵੇ ਤਾਈਂ ਗਾਹਣ ਸ਼ਿਤਾਬੀ ਵੜੀਆਂ

ਕਰ ਕੇ ਨਜ਼ਰ ਡਿੱਠਾ ਸ਼ਾਹਪਾਲੇ ਲਸ਼ਕਰ ਬਣਿਆ ਤਣਿਆਂ
ਸ਼ਾਰਿਸਤਾਨ ਹੋਈ ਪੁਰ ਸਾਰੀ ਵਾਂਗਰ ਫ਼ਸਲਾਂ ਘਣਿਆਂ

ਆਤਸ਼ ਵਾਂਗ ਸਿਪਾਹ ਅਲੰਬਾ ਕੁਲਜ਼ਮ ਵੱਲ ਚਲਾਏ
ਜਿਸ ਰਾਹ ਜਾਂਦੇ ਜੂਹ ਜਹੀਰਾ ਸਭ ਕੁੱਝ ਜੁਲਦਾ ਜਾਏ

ਕੁਲਜ਼ਮ ਦੇ ਦਰਿਆਵੇ ਤੋੜੀ ਸ਼ਾਰਿਸਤਾਨੋਂ ਲੈ ਕੇ
ਨੀਰ ਤਪੇ ਤੇ ਧਰਤੀ ਹੱਲੇ ਜਿਸ ਰਾਹ ਚੱਲਣ ਪੈ ਕੇ

ਸ਼ਾਰਿਸਤਾਨ ਵਿਚੋਂ ਚੜ੍ਹ ਆਇਆ ਕਾਂਗ ਜਿਵੇਂ ਦਰਿਆਵਾਂ
ਧੂੰਇਓਂ ਧੁੰਦੋਂ ਕਾਰ ਗ਼ੁਬਾਰੋਂ ਰਾਹ ਨਾ ਲੱਭਦਾ ਵਾਵਾਂ ।(੭੦੯੦)

ਬੂਟੇ ਘਾਹ ਜ਼ਿਮੀਂ ਪਰ ਹੋਈ ਪੈਰਾਂ ਹੇਠ ਮਲੀਦਾ
ਧਰਤੀ ਹੇਠ ਗਏ ਛੁਪ ਕਿਧਰੇ ਦੌਲਤ ਹਾਰ ਪੋਸ਼ੀਦਾ

ਤੋੜੇ ਪੈਰ ਸ਼ਹਾਂ ਦਾ ਯਾਰੋ ਬਹੁਤ ਮੁਬਾਰਕ ਭੱਲਾ
ਜਿਥੇ ਜਾਵੇ ਕਰੇ ਖ਼ਰਾਬੀ ਧਰਤ ਦੇਵੇ ਥਰਥੱਲਾ

ਜਾਂ ਕੁਲਜ਼ਮ ਦੇ ਨੇੜੇ ਆਇਆ ਸ਼ਾਹਪਾਲੇ ਦਾ ਡੇਰਾ
ਮੁਲਕਾਂ ਵਿਚ ਕਿਆਮਤ ਆਈ ਉਠਿਆ ਸ਼ੋਰ ਘਣੇਰਾ

ਹਾਸ਼ਮ ਸ਼ਾਹ ਨੂੰ ਅਜੇ ਨਾ ਖ਼ਬਰਾਂ ਅੱਗ ਬਲੀ ਸਿਰ ਮੇਰੇ
ਸ਼ਾਹ ਸ਼ਾਹਪਾਲ ਬਹਾਦਰ ਚੜ੍ਹਿਆ ਕਰ ਕੇ ਤਾ ਵਧੇਰੇ

ਤਖ਼ਤ ਉੱਤੇ ਸੀ ਐਸ਼ਾਂ ਅੰਦਰ ਬੈਠਾ ਵਾਂਗਰ ਸ਼ਾਹਾਂ
ਅਚਨਚੇਤ ਕੁਕਾਊ ਆਏ ਸਿਰ ਪਰ ਧਰੀਆਂ ਬਾਹਾਂ

ਆਣ ਉਨ੍ਹਾਂ ਫ਼ਰਯਾਦ ਪੁਕਾਰੀ ਸੁਣ ਤੂੰ ਹਾਸ਼ਮ ਸ਼ਾਹਾ
ਚੜ੍ਹ ਆਇਆ ਤੂਫ਼ਾਨ ਤੇਰੇ ਤੇ ਨਹੀਂ ਨੱਸਣ ਦਾ ਰਾਹਾ

ਸ਼ਾਹਪਾਲੇ ਦੇ ਲਸ਼ਕਰ ਆਏ ਥਾਂ ਨਾ ਦਿਸਦਾ ਖ਼ਾਲੀ
ਜ਼ਰਾ ਪੋਸ਼ ਸਿਪਾਹੀਆਂ ਕੋਲੋਂ ਜ਼ਿਮੀਂ ਹੋਈ ਸਭ ਕਾਲ਼ੀ

ਇਕਸ ਵਜ਼ੀਰ ਸਲਾਹ ਦਸਾਲੀ ਰਾਤੋ ਰਾਤ ਉਠ ਭੱਜੋ
ਬੇ ਖ਼ਬਰਾਂ ਨੂੰ ਭਾਂਜ ਪਵੇਗੀ ਸ਼ਬਖ਼ਾਨੇ ਚੱਲ ਵਜੋ

ਹਾਸ਼ਮ ਕਿਹਾ ਚੋਰੀ ਪੈਣਾ ਕੰਮ ਨਾ ਬਾਦਸ਼ਾਹਾਂ ਦਾ
ਜੋ ਹੋਣੀ ਸੋ ਹੋਸੀ ਓੜਕ ਲੜਸਾਂ ਨਿਕਲ ਬਾਂਦਾ

ਦੂਜੇ ਕਿਹਾ ਫ਼ੌਜ ਉਨ੍ਹਾਂ ਦੀ ਅੰਤ ਹਿਸਾਬੋਂ ਬਾਹਰ
ਵੇਖਦਿਆਂ ਦਿਲ ਦਹਿਸ਼ਤ ਖਾਂਦਾ ਕੀਕਰ ਲੜਸੇਂ ਜ਼ਾਹਰ ।(੭੧੦੦)

ਹਾਸ਼ਮ ਨਾਲ਼ ਦਲੇਰੀ ਕਹਿੰਦਾ ਇਕ ਬਘਿਆੜ ਸ਼ਿਕਾਰੀ
ਬਹੁਤੀਆਂ ਭੇਡਾਂ ਥੀਂ ਕਦ ਡਰਦਾ ਸੋ ਮਿਸਾਲ ਹਮਾਰੀ

ਹਾਸ਼ਮ ਦੀ ਸੁਣ ਐਡ ਦਲੇਰੀ ਤਕੜੇ ਹੋਏ ਸਿਪਾਹੀ
ਗੁਲ ਪਿਆ ਸਭ ਕੁਲਜ਼ਮ ਅੰਦਰ ਟੁਰ ਆਈ ਹੈ ਸ਼ਾਹੀ
ਹਾਸ਼ਮ ਕੁਲਜ਼ਮ ਦੇ ਸੁਲਤਾਨੇ ਪਤਾ ਪਿਆ ਇਸ ਗੱਲ ਦਾ
ਉਸ ਭੀ ਫ਼ੌਜ ਇਕੱਠੀ ਕੀਤੀ ਹੁਕਮ ਜਿਥੇ ਤੱਕ ਚਲਦਾ

ਲਸ਼ਕਰ ਜਮ੍ਹਾਂ ਹੋਇਆ ਜਿਸ ਵੇਲੇ ਸ਼ਾਹੇ ਲਿਆ ਅਲੀਮਾ
ਮੁਣਸ਼ੀ ਅੰਤ ਸੰਭਾਲਣ ਲੱਗੇ ਚੜ੍ਹ ਕੇ ਤਰਫ਼ ਗ਼ਨੀਮਾਂ

ਲੱਖ ਪਰੀ ਵਿਚ ਗਿਣਤਰ ਆਈ ਚਿਹਲ ਹਜ਼ਾਰ ਅਫ਼ਰੀਤਾਂ
ਕੀਤੋ ਸੁ ਸਭ ਅਸਬਾਬ ਇਕੱਠਾ ਕਰ ਝਗੜੇ ਦੀਆਂ ਨੀਤਾਂ

ਸੰਗਲਾ ਦੀਪੋਂ ਨਿਕਲ ਹਾਸ਼ਮ ਆਣ ਲੱਥਾ ਵਿਚ ਪਿੜ ਦੇ
ਨਰ ਸ਼ਾਹਪਾਲ ਬਹਾਦਰ ਉਧਰੋਂ ਚੜ੍ਹਿਆ ਘੋੜੇ ਚਿੜ ਦੇ

ਦੋਏ ਗੁੱਠਾਂ ਬਰਾਬਰ ਹੋਇਆ ਆਹਮੋ ਸਾਮ੍ਹਣੇ ਡੇਰੇ
ਹਾਸ਼ਮ ਦੀ ਜਿੰਦ ਵੜ ਵੜ ਨਿਕਲੇ ਮੂੰਹ ਕਿਵੇਂ ਹੁਣ ਫੇਰੇ

ਮੀਰ ਵਜ਼ੀਰ ਸੱਭੋ ਰਲ਼ ਬੈਠੇ ਪੁੱਛਦਾ ਸ਼ਾਹ ਸਲਾਹਾਂ
ਤੁਸੀਂ ਅਸਾਡੇ ਬੇੜੇ ਅੰਦਰ ਹਰ ਇਕ ਮਿਸਲ ਮਲਾਹਾਂ

ਦੱਸੋ ਕੀ ਤਦਬੀਰ ਕਿਚੀਵੇ ਮੁਸ਼ਕਿਲ ਬਣੀਆਂ ਕਾਰਾਂ
ਚੜ੍ਹ ਆਇਆ ਸ਼ਾਹਪਾਲ ਬਹਾਦਰ ਕਰਦਾ ਮਾਰਾਂ ਮਾਰਾਂ

ਹਟ ਟੁਰਾਂ ਨਾਮਰਦ ਕਹਾਵਾਂ ਜੇ ਚੁੱਕ ਕਰਾਂ ਹਲੀਮੀ
ਜੰਗ ਕਰਾਂ ਤਾਂ ਹੋਵੇ ਬੇਅਦਬੀ ਉਹ ਸੁਲਤਾਨ ਕਦੀਮੀ ।(੭੧੧੦)

ਨਬੀ ਸੁਲੇਮਾਂ ਦਾ ਉਹ ਪੋਤਾ ਜੇ ਅੱਜ ਉਸਨੂੰ ਮਾਰਾਂ
ਰੂਹ ਉਨ੍ਹਾਂ ਦਾ ਰੰਜ ਹੋਵੇਗਾ ਲਿੱਖੀਆਂ ਵਿਚ ਬਦਕਾਰਾਂ

ਨਾਲ਼ੇ ਖ਼ੌਫ਼ ਦਿਲੇ ਵਿਚ ਆਵੇ ਲਸ਼ਕਰ ਉਸ ਦਾ ਭਾਰਾ
ਮਾਰ ਮੈਦਾਨ ਮਤੇ ਪਿੜ ਜਿੱਤੇ ਕਰ ਵੇਖੋ ਕੋਈ ਚਾਰਾ

ਫ਼ਿਕਰ ਦੌੜਾ ਅੰਦੇਸ਼ਾ ਕਰ ਕੇ ਖ਼ੂਬ ਜਵਾਬ ਸੁਣਾਉ
ਦੇਰ ਕਰਨ ਦਾ ਵਕਤ ਨਾ ਰਿਹਾ ਕੁੱਝ ਬੰਦ ਬਸਤ ਬਣਾਉ

ਦਾਨਿਸ਼ਮੰਦ ਸਲਾਮੀ ਹੋਏ ਸੁਣ ਫ਼ੁਰਮਾਨ ਸ਼ਹਾਨਾ
ਦੇਣ ਦੁਆਈਂ ਹੋਵੇ ਜ਼ਿਆਦਾ ਸ਼ਾਨ ਮਕਾਨ ਸ਼ਾਹਾਨਾ

ਬਾਗ਼ ਇਕਬਾਲ ਤੇਰੇ ਦਾ ਸਾਵਾ ਰਹੇ ਹਮੇਸ਼ ਬਹਾਰੀਂ
ਦਾਇਮ ਤਖ਼ਤ ਮੁਬਾਰਿਕ ਹੋਵੇ ਦੂਤੀ ਦੁਸ਼ਮਣ ਮਾਰੀਂ

ਫ਼ਿਕਰ ਅੰਦੇਸ਼ੇ ਤੇਰੇ ਉੱਚੇ ਨਾਕਿਸ ਅਕਲ ਅਸਾਡਾ
ਸੋਈਓ ਕੰਮ ਮੁਬਾਰਿਕ ਹੋਵਣ ਜੋ ਦਿਲ ਕਹੇ ਤੁਸਾਡਾ

ਲੇਕਿਨ ਹੁਕਮ ਕਬੂਲ ਸਿਰੇ ਪਰ ਜੋ ਆਖੋ ਸੋ ਕਰਨਾ
ਅਕਲ ਅਸਾਡਾ ਇਹ ਫ਼ੁਰਮਾਂਦਾ ਅਕਸਰ ਬਿਹਤਰ ਜਰਨਾ

ਅੱਵਲ ਸੁਲ੍ਹਾ ਬਣਾਈ ਲੋੜੋ ਜੇ ਉਹ ਮੰਨ ਖਲੋਵੇ
ਨਹੀਂ ਤਾਂ ਜੰਗ ਕਰਾਂਗੇ ਖ਼ਾਸਾ ਜੋ ਹੋਵੇ ਸੋ ਹੋਵੇ

ਸਲ੍ਹਾ ਹੋਵੇ ਤਾਂ ਬਿਹਤਰ ਸਭ ਥੀਂ ਨਹੀਂ ਤਾਂ ਚੜ੍ਹ ਕੇ ਮਾਰੋ
ਜੋ ਕੁਝ ਰੱਬ ਕਰੇ ਉਹ ਹੋਸੀ ਮਰਦੀ ਦਿਲੋਂ ਨਾ ਹਾਰੋ

ਏਲਚੀ ਘੱਲ ਕੇ ਪਤਾ ਕਰਾਉ ਕਿਸ ਮਤਲਬ ਸ਼ਾਹ ਆਇਆ
ਜੇ ਉਸ ਸੈਫ਼-ਮਲੂਕੇ ਕਾਰਨ ਇਹ ਹੰਗਾਮਾ ਚਾਇਆ ।(੭੧੨੦)

ਏਲਚੀ ਹੱਥ ਮੰਗਾਉ ਖ਼ਬਰਾਂ ਐਵੇਂ ਭਲਾ ਨਾ ਚੜ੍ਹਨਾ
ਸੁਲ੍ਹਾ ਹੋਵੇ ਤਾਂ ਵਾਹ ਭਲੇਰਾ ਜੰਗ ਹੋਵੇ ਤਾਂ ਲੜਨਾ

ਹਾਸ਼ਮ ਸ਼ਾਹ ਨੇ ਏਲਚੀ ਭੇਜੇ ਵੱਲ ਸ਼ਹਪਾਲ ਬਹਾਦਰ
ਕਿਤ ਸਬੱਬੱੋਂ ਲਸ਼ਕਰ ਲੈ ਕੇ ਆਇਆ ਸ਼ਾਹ ਅਕਾਬਰ

ਜੇਕਰ ਤਲਬ ਵਲਾਇਤ ਵਾਲੀ ਆਪ ਹੋਵੀਂ ਇਨਸਾਫ਼ੀ
ਐਡੇ ਮੁਲਕੋਂ ਮੈਂ ਇਕ ਕੂਚਾ ਤੂੰ ਸ਼ਾਹੀ ਕੋਹ ਕਾਫ਼ੀ

ਮੈਂ ਬੈਠਾ ਇਕ ਟਾਪੂ ਅੰਦਰ ਸਬਰ ਕਨਾਇਤ ਕਰ ਕੇ
ਨਾਲ਼ ਤੇਰੇ ਕੋਈ ਸ਼ਿਰਕਤ ਨਾਹੀਂ ਤੂੰ ਭੀ ਬਹੁ ਖਾਂ ਜਰ ਕੇ

ਹਜ਼ਰਤ ਨਬੀ ਸੁਲੇਮਾਂ ਵਾਲੀ ਹੱਥ ਤੇਰੇ ਸਭ ਸ਼ਾਹੀ
ਮੈਂ ਇਕ ਗੋਸ਼ਾ ਮਲਿਆ ਜਿਉਂ ਕਰ ਲਏ ਜਾਗੀਰ ਸਿਪਾਹੀ

ਜੇ ਕੋਈ ਹੋਰ ਤੁਸਾਡਾ ਮਤਲਬ ਤਾਂ ਉਹ ਭੀ ਬਤਲਾਉ
ਕਰਾਂ ਸਲਾਹ ਇਲਾਜ ਉਹਦੇ ਦੀ ਖ਼ੈਰੀਂ ਮੁੜ ਘਰ ਜਾਉ

ਜੇਕਰ ਮੈਂ ਥੀਂ ਹੋਵਣ ਵਾਲੀ ਗ਼ਰਜ਼ ਤੁਸਾਡੀ ਹੋਈ
ਹਾਜ਼ਰ ਆਣ ਕਰੇਸਾਂ ਨਹੀਂ ਤਾਂ ਕਰਜ਼ ਨਾ ਦੇਣਾ ਕੋਈ ।(੭੧੩੦)

ਆਖ ਘੱਲੋ ਉਹ ਆਂਵਦਿਆਂ ਹੀ ਕਤਲ ਕੀਤਾ ਬਿਨ ਖ਼ਬਰੋਂ
ਜੇ ਤੂੰ ਤਲਬ ਕਰੇਂ ਅੱਜ ਸ਼ਾਹਾ ਕਿਉਂ ਕਰ ਕੱਢੀਏ ਕਬਰੋਂ

ਜੇ ਸ਼ਾਹਪਾਲ ਉਸੇ ਕੰਮ ਚੜ੍ਹਿਆ ਲਾਹ ਉਮੀਦ ਮੁੜੇਗਾ
ਉਜ਼ਰ ਤਵਾਜ਼ੁਅ ਅਸੀਂ ਕਰਾਂਗੇ ਕਿਉਂ ਤਾ ਜੰਗ ਜੁੜੇਗਾ

ਜੇ ਕੁੱਝ ਹੋਰ ਉਨ੍ਹਾਂ ਦਿਲ ਗੁੱਸਾ ਤਾਂ ਭੀ ਦਸ ਘਲਣਗੇ
ਅਪਣਾ ਆਹਰ ਅਸੀਂ ਭੀ ਕਰਸਾਂ ਜੋ ਕੁੱਝ ਵੱਸ ਚੱਲਣਗੇ

ਏਲਚੀ ਆਣ ਪੁਚਾਈਆਂ ਅਰਜ਼ਾਂ ਜਿਉਂ ਹਾਸ਼ਮ ਫ਼ੁਰਮਾਈਆਂ
ਕਹਿਣ ਲੱਗਾ ਸ਼ਾਹਪਾਲ ਬਹਾਦਰ ਬਖ਼ਸ਼ਾਂ ਤੁਧ ਖ਼ਤਾਈਆਂ

ਬਾਗ਼-ਇਰਮ ਥੀਂ ਆਦਮ ਜ਼ਾਦਾ ਜੋ ਤੁਸਾਂ ਫੜ ਆਂਦਾ
ਮੋੜ ਦੇਇ ਤਾਂ ਬਚਸੀ ਹਾਸ਼ਮ ਨਹੀਂ ਤਾਂ ਮੁਲਕ ਖੜਾਂਦਾ

ਏਲਚੀ ਅਰਜ਼ ਕਰੇਂਦਾ ਸ਼ਾਹਾ ਕੀ ਇਕ ਆਦਮ ਜ਼ਾਦਾ
ਬੇਵਫ਼ਾ ਨਿਕਾਰੇ ਪਿੱਛੇ ਚਾਹੇਂ ਸ਼ੋਰ ਜ਼ਿਆਦਾ

ਇਤਨੀ ਗੱਲ ਉਤੋਂ ਕੀ ਆਇਓਂ ਲਸ਼ਕਰ ਚਾੜ੍ਹ ਮਰੇਲੇ
ਉਹ ਤੇ ਜਿਸ ਦਮ ਆਂਦਾ ਆਹਾ ਕਤਲ ਕੀਤਾ ਉਸ ਵੇਲੇ

ਜਾਂ ਬਦ ਖ਼ਬਰ ਸ਼ਹਿਜ਼ਾਦੇ ਵਾਲੀ ਕੰਨ ਪਈ ਸ਼ਾਹਪਾਲੇ
ਹੋ ਬੇਹੋਸ਼ ਢੱਠਾ ਇਸ ਗ਼ਮ ਦੇ ਕਰ ਕੇ ਜਾਨ ਹਵਾਲੇ

ਮੁੱਕੇ ਵੱਟ ਵੱਟ ਮਾਰੇ ਛਾਤੀ ਧਰਤੀ ਮਾਰੇ ਅੱਡੀਆਂ
ਆਪ ਮੁਹਾਰਾ ਨੀਰ ਅੱਖੀਂ ਥੀਂ ਦਰਦਾਂ ਕੂਹਲਾਂ ਛੱਡੀਆਂ

ਅੰਬਰ ਦਾ ਛਿਣਕਾਰ ਕਰਾਇਆ ਹੋਰ ਗੁਲਾਬ ਇਤਰ ਦਾ
ਮੀਰ ਵਜ਼ੀਰ ਮਲੇਂਦੇ ਤਲੀਆਂ ਏਲਚੀ ਡਰ ਡਰ ਮਰਦਾ

ਜਿਸ ਦਮ ਹੋਸ਼ ਸੰਭਾਲੀ ਸ਼ਾਹੇ ਬੈਠਾ ਰੱਖ ਦਲੇਰੀ
ਮਾਰੇ ਸਰਦ ਉਸਾਸ ਪੁਕਾਰੇ ਭੱਠ ਹੱਯਾਤੀ ਮੇਰੀ

ਹਾਏ ਅਫ਼ਸੋਸ ਜਵਾਨ ਅਜੇਹਾ ਆਕਲ ਫ਼ਾਜ਼ਲ ਕਾਮਿਲ
ਖ਼ੁਸ਼ ਆਵਾਜ਼ ਜ਼ਰੀਫ਼ ਤੇ ਸੋਹਣਾ ਹਰ ਹਰ ਹੁਨਰੋਂ ਆਮਿਲ

ਮੈਂ ਭੈੜੇ ਨੂੰ ਨਜ਼ਰ ਨਾ ਆਇਆ ਕਾਮਿਲ ਸ਼ੌਕ ਤੱਕਣ ਦਾ
ਵਿਚ ਫ਼ਿਰਾਕ ਉਹਦੇ ਹੁਣ ਮਰਸਾਂ ਨਹੀਂ ਸਵਾਦ ਬਚਣ ਦਾ ।(੭੧੪੦)

ਲਸ਼ਕਰ ਫ਼ੌਜ ਸਮੇਤ ਮਰਾਂਗਾ ਹਾਸ਼ਮ ਦੇ ਸੰਗ ਲੜਕੇ
ਸੈਫ਼-ਮਲੂਕ ਉਤੋਂ ਸਭ ਵਾਰੇ ਕੀ ਕਰਨੇ ਘਰ ਖੜਕੇ

ਫਿਰ ਸੌਗੰਦ ਉਠਾਇਓਸੁ ਭਾਰੀ ਗੁੱਸੇ ਜਾਨ ਜਲਾਈ
ਕਸਮ ਮੈਨੂੰ ਉਸ ਰੱਬ ਸੱਚੇ ਦੀ ਜਿਸ ਵਿਚ ਗ਼ਲਤ ਨਾ ਕਾਈ

ਇਸ ਜਾਈਓਂ ਮੁੜ ਜਾਸਾਂ ਨਾਹੀਂ ਜਬ ਲੱਗ ਦਮ ਹੱਯਾਤੀ
ਕੁਲਜ਼ਮ ਮੁਲਕ ਵੀਰਾਨ ਕਰਾਂਗਾ ਮਾਰ ਦੇਵਾਂ ਦੀ ਜ਼ਾਤੀ

ਬੱਚਾ ਕੱਚਾ ਇਸ ਜਿਨਸੇ ਦਾ ਪੁਟਾਂ ਤੁਖ਼ਮ ਜ਼ਮੀਨੋਂ
ਛੱਡਸਾਂ ਨਾ ਇਕ ਬਾਲ ਇਨ੍ਹਾਂ ਦਾ ਕਸਮ ਇਸਲਾਮੋਂ ਦੀਨੋਂ

ਪਰ ਜੇ ਸੈਫ਼-ਮਲੂਕ ਸ਼ਹਿਜ਼ਾਦਾ ਮੇਰੇ ਪਾਸ ਪੁਚਾਸਣ
ਤਰਿਖੀ ਤੇਗ਼ ਅਸਾਡੀ ਕੋਲੋਂ ਤਾਹੀਂ ਜਿੰਦ ਬਚਾਸਣ

ਕਰ ਗੱਲਾਂ ਸ਼ਹਪਾਲ ਸ਼ਹਿਜ਼ਾਦੇ ਏਲਚੀ ਰੁਖ਼ਸਤ ਕੀਤੇ
ਦਿੱਤਾ ਹੁਕਮ ਚੜ੍ਹੋ ਸਭ ਲਸ਼ਕਰ ਬੈਠੇ ਕਿਉਂ ਚੁਪੀਤੇ

ਤਾਲਿਅ ਰੋਜ਼ ਸਿਤਾਰੇ ਸੋਧੇ ਘੜੀ ਮੁਬਾਰਿਕ ਤੱਕੀ
ਫ਼ਾਲਾਂ ਨੇਕ ਪਈਆਂ ਜਿਸ ਵੇਲੇ ਸਾਇਤ ਆਈ ਜ਼ੱਕੀ

ਚਾ ਵਾਗਾਂ ਸ਼ਾਹਪਾਲ ਬਹਾਦਰ ਚੜ੍ਹਿਆ ਜੰਗ ਕਰਨ ਨੂੰ
ਲੱਕ ਬੱਧੀ ਤਲਵਾਰ ਫ਼ੌਲਾਦੀ ਜ਼ਿਰਹ ਲਗਾਈ ਤਨ ਨੂੰ

ਉਹ ਤਲਵਾਰ ਉਹਦੀ ਸੀ ਕੁੰਜੀ ਸਭ ਮੁਲਕਾਂ ਦੇ ਦਰ ਦੀ
ਸੰਗਲਦੀਪ ਜੇਹਾਂ ਦਰ ਬੰਦਾਂ ਫ਼ਤਿਹ ਹਮੇਸ਼ਾ ਕਰਦੀ

ਵਾਂਗ ਡਡਾਰਾਂ ਨਾਲ਼ ਘੁੰਕਾਰਾਂ ਕਰਦਾ ਮਾਰਾਂ ਮਾਰਾਂ
ਸ਼ਾਹਪਾਲੇ ਦਾ ਲਸ਼ਕਰ ਚੜ੍ਹਿਆ ਘਣਾ ਉਡਾਰ ਉਡਾਰਾਂ ।(੭੧੫੦)

ਜਿਹੜਾ ਵਕਤ ਮੁਆਫ਼ਿਕ ਆਹਾ ਫ਼ਤਹਿ ਦੇ ਦਰ ਖੁੱਲੇ
ਸੁਰਖ਼ ਸਿਆਹ ਸੁਫ਼ੈਦ ਨਿਸ਼ਾਨਾਂ ਰੰਗ ਅਜਾਇਬ ਝੁੱਲੇ

ਚਿਕੜੀ ਦੇ ਘੜ ਰਾਸ ਬਣਾਏ ਸੈ ਗਜ਼ਾਂ ਦੇ ਝੰਡੇ
ਪਰਚਮ ਕਾਲੇ ਵਾਲ ਸੰਭਾਲੇ ਜਿਉਂ ਹਬਸ਼ੀ ਸਿਰ ਛੰਡੇ

ਝੰਡੇ ਉੱਤੇ ਮੂਰਤ ਲਾਈ ਸ਼ੀਂਹ ਮੁਹਰਾ ਹਸ਼ਤਾਤੀ
ਵੇਖਦਿਆਂ ਹੀ ਦੁਸ਼ਮਣ ਤਾਈਂ ਹੈਬਤ ਪਾੜੇ ਛਾਤੀ

ਕਈ ਕੋਹਾਂ ਤੋਂ ਦਿਸਦਾ ਦੂਰੋਂ ਉਹ ਝੰਡਾ ਸੁਲਤਾਨੀ
ਅਯਦਹਾ ਮਰੇਲੇ ਵਾਂਗਰ ਕਰਦਾ ਦੁਸ਼ਮਣ ਫ਼ਾਨੀ

ਧੂੜੋ ਧੂੜ ਹੋਇਆ ਸਭ ਆਲਮ ਜਾਂ ਚੜ੍ਹ ਟੁਰੀ ਸਵਾਰੀ
ਪੈਰਾਂ ਹੇਠ ਮਲੇਂਦੇ ਦੁਸ਼ਮਣ ਭੱਜ ਭੱਜ ਮਿਰਗ ਸ਼ਿਕਾਰੀ

ਲਸ਼ਕਰ ਜੰਗਲ਼ ਬਾਰਾਂ ਗਾਹੀਆਂ ਹੋਏ ਰੁੱਖ ਮਲੀਦਾ
ਹੋ ਕਾਫ਼ ਦਸਤ ਗਿਆ ਸਭ ਰਸਤਾ ਕੱਖ ਨਾ ਰਹੇ ਪੋਸ਼ੀਦਾ

ਸਹਿਰਾਵਾਂ ਦੀ ਸਬਜ਼ੀ ਸੰਭੀ ਨਦੀਆਂ ਨੀਰ ਨਿਖੁੱਟੇ
ਸਫ਼ਨ ਸਫ਼ਾ ਹੋਵੇ ਰੁੱਖ ਬੂਟੇ ਤੁਖ਼ਮ ਜ਼ਮੀਨੋਂ ਪੁੱਟੇ

ਸ਼ਾਹਪਾਲੇ ਦਾ ਲਸ਼ਕਰ ਚੜ੍ਹਿਆ ਸੁਣਿਆ ਸ਼ੋਰ ਜਹਾਨੇ
ਜ਼ਿਮੀਂ ਜ਼ਮਨ ਕੁੱਝ ਨਜ਼ਰ ਨਾ ਆਵੇ ਬਾਝ ਉਸੇ ਤੂਫ਼ਾਨੇ

ਮੋਰ ਮਲਖ ਥੀਂ ਵਾਫ਼ਰ ਫ਼ੌਜਾਂ ਮਾਰੂ ਸ਼ੇਰੋਂ ਬਾਜ਼ੋਂ
ਧਰਤ ਰਾਹਾਂ ਦੀ ਲਰਜ਼ਾ ਖਾਏ ਲਸ਼ਕਰ ਬੇ ਅੰਦਾਜ਼ੋਂ

ਸ਼ਾਹ ਸ਼ਾਹਪਾਲ ਬਹਾਦਰ ਆਇਆ ਭਰਿਆ ਸ਼ੌਕਤ ਸ਼ਾਨੋਂ
ਜਿਉਂ ਕੜਕਦਾ ਬਦਲ ਆਵੇ ਬੰਨ੍ਹ ਘਟਾਂ ਅਸਮਾਨੋਂ ।(੭੧੬੦)

ਵਿਚ ਮੈਦਾਨ ਲੜਾਈ ਵਾਲੇ ਆਣ ਕੀਤੋ ਨੇ ਡੇਰੇ
ਰਾਕਸ਼ ਦਿਓ ਲੱਥੇ ਪਾ ਘੇਰਾ ਜਿਉਂ ਕੋਹ ਕਾਫ਼ ਵਡੇਰੇ

ਛੇ ਵੀਹਾਂ ਕੋਹ ਚੌੜੀ ਧਰਤੀ ਛੇ ਵੀਹਾਂ ਕੋਹ ਲੰਮੀ
ਦੋਹਾਂ ਸ਼ਾਹਾਂ ਦੇ ਡੇਰੇ ਮੱਲੀ ਫ਼ੌਜ ਸੰਘਰ ਬੰਨ੍ਹ ਜੰਮੀਂ

ਲਸ਼ਕਰ ਨਾਲ਼ ਹੋਈ ਪੁਰ ਧਰਤੀ ਹੋਰ ਹਿਸਾਬ ਨਾ ਜਾਣਾ
ਜੇ ਖ਼ਸਖ਼ਸ ਦਾ ਛਿੱਟਾ ਦੇਈਏ ਭੁੰਜੇ ਪਵੇ ਨਾ ਦਾਣਾ

57. ਜੰਗ ਕਲਦਨਿ ਸ਼ਾਹਪਾਲ ਬਹਾਦਰ ਬਾ ਹਾਸ਼ਮ ਸ਼ਾਹਿ ਦੇਵਾਂ
ਰੋਜ਼ਿ ਅਵਲ
(ਸ਼ਾਹਪਾਲ ਬਹਾਦਰ ਦਾ ਦੇਵਾਂ ਦੇ ਬਾਦਸ਼ਾਹ ਹਾਸ਼ਮ ਨਾਲ਼ ਜੰਗ ਦਾ ਪਹਿਲਾ ਦਿਨ)

ਐਵੇਂ ਕਿਵੇਂ ਮੂਲ ਨਾ ਜਾਣੋਂ ਨਿੱਤ ਦਾ ਫੇਰ ਅਸਮਾਨੀ
ਚੜ੍ਹਦੇ ਤਾਰੇ ਤੇ ਮੁੜ ਲਹਿੰਦੇ ਦਾਇਮ ਸਰਗਰਦਾਨੀ

ਖੇਡ ਤਮਾਸੇ ਕਾਰਨ ਨਾਹੀਂ ਵਿਹਲੇ ਤੰਬੂ ਤਾਣੇ
ਇਕ ਧਾਗਾ ਬੇਕਾਰ ਨਾ ਉਸ ਦਾ ਕੌਣ ਹਿਕਮਤ ਪਰ ਜਾਣੇ

ਕਿਸ ਨੂੰ ਖ਼ਬਰ ਹੋਵੇਗਾ ਭਲਕੇ ਕੀ ਅਸਾਂ ਸੰਗ ਕਾਰਾ
ਕੌਣ ਅੱਖੀਂ ਥੀਂ ਉਹਲੇ ਹੋਸੀ ਕਿਸ ਦਾ ਮੀਤ ਪਿਆਰਾ

ਕਿਸ ਘਰ ਵੈਣ ਸਿਆਪੇ ਹੋਸਣ ਕਿਸ ਘਰ ਮੰਗਲ ਸੋਹਲੇ
ਕਿਸ ਸਿਰ ਤਾਜ ਟਿਕੇ ਕਿਸ ਮੂੰਹ ਨੂੰ ਕਰਨ ਮਿੱਟੀ ਦੇ ਉਹਲੇ

ਕਿਸ ਦਾ ਤਖ਼ਤ ਵਲਾਇਤ ਖੁਸਸੀ ਮਿਲਸੀ ਖ਼ਸਤਾ ਹਾਲੀ
ਕਿਸ ਦੀ ਕੈਦੋਂ ਹੋਗ ਖ਼ਲਾਸੀ ਵੰਝ ਕਰਸੀ ਖ਼ੁਸ਼ਹਾਲੀ

ਕੌਣ ਰੰਡੀ ਕੋਈ ਤੱਤੀ ਹੋਸੀ ਮੂੰਹ ਸਿਰ ਸੱਜੀ ਪਾਸੀ
ਕਿਸ ਦਾ ਕੰਤ ਸੁਹਾਗ ਮਿਲੇਗਾ ਧੜੀ ਸੰਧੂਰ ਲਗਾਸੀ

ਕਿਸ ਕਿਸ ਅੰਦਰ ਪੌਗ ਵਿਛੋੜਾ ਕੌਣ ਮਿਲੇਗਾ ਮੁੜ ਕੇ
ਕਿਹੜੇ ਕਿਹੜੇ ਯਾਰ ਮੁਹੰਮਦ ਭਲਕੇ ਬਹਿਸਨ ਜੁੜ ਕੇ ।(੭੧੭੦)

ਪਿਛਲਾ ਮਰਦ ਰਵਾਇਤ ਵਾਲਾ ਵਾਕਫ਼ ਇਨ੍ਹਾਂ ਰਾਹਾਂ ਦਾ
ਏਵੇਂ ਸੁਖ਼ਨ ਸੁਣਾਂਦਾ ਅੱਗੋਂ ਇਨ੍ਹਾਂ ਦੋਹਾਂ ਸ਼ਾਹਾਂ ਦਾ

ਲੰਘੀ ਰਾਤ ਅਕਾਸੋਂ ਛੁਪਿਆ ਸਾਰਾ ਲਸ਼ਕਰ ਸ਼ਾਮੀ
ਧੰਮੀ ਸੁਬ੍ਹਾ ਲੱਗੀ ਲੌ ਮੁਲਕੀਂ ਚੜ੍ਹਿਆ ਸੂਰਜ ਨਾਮੀ

ਦੋ ਲਸ਼ਕਰ ਪਿੜ ਮੱਲ ਖਲੋਤੇ ਪਰਬਤ ਵਾਂਗ ਉਚੇਰੇ
ਕੀਨਾ ਗ਼ਜ਼ਬ ਮੱਚੇ ਤੇ ਕੀਤੇ ਕੂਚ ਤਹੱਮੁਲ ਡੇਰੇ

ਜਾਨ ਗ਼ਰੀਬ ਤਲ਼ੀ ਪਰ ਰੱਖੀ ਕਰਨ ਨਕੀਬ ਪੁਕਾਰਾਂ
ਅੱਖੀਂ ਨੀਂਦ ਆਰਾਮ ਨਾ ਦਿਲ ਵਿਚ ਭੱਜਦਿਆਂ ਚੌਕੀਦਾਰਾਂ

ਭੀੜ ਹਜੂਮ ਖ਼ਲਕ ਦੇ ਹੱਥੋਂ ਪੈਰ ਹੱਥ ਪੈਣ ਨਾ ਖੁੱਲੇ
ਸਰ੍ਹੋਂ ਮਾਰੀ ਪਵੇ ਨਾ ਭੁੰਜੇ ਸਭ ਸਿਰਾਂ ਪਰ ਡੁੱਲ੍ਹੇ

ਸਫ਼ਾਂ ਕਤਾਰਾਂ ਬੰਨ੍ਹ ਖਲੋਤੇ ਇਕ ਦੂਜੇ ਵੱਲ ਤੱਕਦੇ
ਮੀਰ ਵਜ਼ੀਰ ਨਾ ਤੀਰ ਚਲਾਵਣ ਵੈਰ ਕਰਨ ਥੀਂ ਝਕਦੇ

ਮੱਤ ਕੋਈ ਢੋ ਸੁਲ੍ਹਾ ਦਾ ਢੁੱਕੇ ਅੱਵਲ ਸੱਟੋਂ ਫੱਟੋਂ
ਵਿਚ ਮਿਆਨ ਰਹਿਣ ਸ਼ਮਸ਼ੀਰਾਂ ਸ਼ੇਰ ਹਟਣ ਇਸ ਝਪੱਟੋਂ

ਇਧਰ ਗ਼ਜ਼ਬ ਮਰੇਂਦਾ ਠਾਠਾਂ ਮੌਜ ਜਿਵੇਂ ਦਰਿਆਵਾਂ
ਹਾਸ਼ਮ ਭੀ ਮਗ਼ਰੂਰੀ ਚਾਇਆ ਆਤਸ਼ ਹਾਰ ਉਚਾਵਾਂ

ਕੋਈ ਸੁਲ੍ਹਾ ਦੀ ਗੱਲ ਨਾ ਹੋਈ ਮਚਿਆ ਸ਼ੋਰ ਹੰਗਾਮਾ
ਕੀਨੇ ਰੋਹ ਕੀਤੇ ਦੋ-ਪਾਰੇ ਸਿਰ ਜਿੰਦ ਜੁੱਸਾ ਜਾਮਾ

ਮਿਹਰ ਮੁਹੱਬਤ ਗਈ ਜਹਾਨੋਂ ਪਿਓ ਪੁੱਤ ਹੋਏ ਵੈਰੀ
ਭਾਈ ਵਾਂਗ ਕਸਾਈ ਹੋਏ ਮੂਲ ਨਾ ਮੰਗਣ ਖ਼ੈਰੀ ।(੭੧੮੦)

ਯਾਰਾਂ ਯਾਰ ਪਛਾਨਣ ਨਾਹੀਂ ਕਿਆ ਸੂਰਤ ਅਸ਼ਨਾਈਆਂ
ਫ਼ਿਤਨੇ ਸ਼ੋਰ ਫ਼ਸਾਦ ਖ਼ਸੂਮਤ ਅੰਤੋ ਅੰਤਾਂ ਚਾਈਆਂ

ਓੜਕ ਆਣ ਚੜ੍ਹੋ ਚੜ੍ਹ ਹੋਈ ਮਾਰੇ ਗਜ ਨਿਕਾਰੇ
ਧੌਲੇ ਤੀਕ ਪੁਚਾਏ ਧੌਂਸੇ ਡੰਡ ਕੱਹਾਰ ਕਕਾਰੇ

ਪੀਲਾਂ ਉਪਰ ਪਾਖਰ ਵਜੇ ਘਸ ਘਸ ਲੱਗੇ ਲਾਗੇ
ਢਾਹੀਂ ਮਾਰ ਉਠੇ ਖ਼ੈਰ-ਮੁਹਰੇ ਜਿਉਂ ਕਰ ਵੀਰ ਵਿਰਾਗੇ

ਮੂੰਹ ਅਸਮਾਨ ਬੰਨੇ ਕਰ ਬੋਲਣ ਕੂਕ ਉਠਾਈ ਤੁਰੀਆਂ
ਤੇਗ਼ਾਂ ਬਿਜਲੀ ਵਾਂਙੂ ਹੋਇਆ ਤੇਗ਼ਾਂ ਵਾਂਙੂ ਛੁਰੀਆਂ

ਧੌਂਸੇ ਧੌਂਸ ਅਵਾਜ਼ੋਂ ਚਾੜ੍ਹੀ ਸ਼ੁਤਰੀ ਸ਼ੋਰ ਮਚਾਇਆ
ਤੁਰਮ ਤੰਬੂਰਾਂ ਤੇ ਕਰਨਾਈਂ ਗੁਲ ਜਗਤ ਵਿਚ ਪਾਇਆ

ਯੂਨਾਨੀ ਇਰਾਨੀ ਬਾਜੇ ਤੁਰਕਾਨੀਂ ਕਰਨਾਈਂ
ਗਾ ਡੂਮਾਂ ਕੰਨ ਡੋਰੇ ਕੀਤੇ ਵੱਜਣ ਥਾਉਂ ਥਾਈਂ

ਕੋਰੜਿਆਂ ਦੇ ਸਖ਼ਤ ਕੜਾਕੇ ਨਿਕਲ ਜਾਣ ਅਸਮਾਨੋਂ
ਪੱਥਰ ਭੰਨ ਉਡਾਰੀ ਕੱਢਣ ਤਾਜ਼ੀ ਮਾਰ ਸੁਮਾਂ ਨੋਂ

ਕੁਮਚੀ ਦਾ ਸ਼ੂੰਕਾਰ ਉਠਾਏ ਸੈਲ ਪੱਥਰ ਦੇ ਘੋੜੇ
ਚਾਬਕ ਦਸਤ ਚਲਾਵਣ ਚਾਬਕ ਹੋਸ਼ ਪਟਾਕਾ ਤਰੋੜੇ

ਸ਼ੇਰ ਜਵਾਨਾ ਦੀ ਮੁੱਛ ਫੜ ਕੇ ਸੁਣ ਸੁਣ ਸ਼ੋਰ ਦਮਾਮਾਂ
ਰਣ ਵਿਚ ਤਾਜ਼ੀ ਜੁੰਬਿਸ਼ ਚਾਏ ਚੱਬਣ ਸਾਰ ਲਗਾਮਾਂ

ਜ਼ਿਮੀਂ ਜ਼ਮਨ ਵਿਚ ਪਿਆ ਕਕਾਰਾ ਤੁਰਕਾਂ ਦੀ ਹੁੰਕਾਰੋਂ
ਸੀਮੁਰਗ਼ਾਂ ਤਨ ਤਰਾਣ ਤਰੁਟਾ ਲਸ਼ਕਰ ਦੀ ਲਲਕਾਰੋਂ ।(੭੧੯੦)

ਮਸ਼ਕਾਂ ਵਾਂਗਰ ਮੁਸ਼ਕੀ ਚਮਕਣ ਨੁੱਕਰੇ ਸੁੱਚੇ ਮੋਤੀ
ਮਾਰਨ ਦੁੰਬ ਉਠਾਵਣ ਗਰਦਨ ਫੜਕੇ ਅੱਖ ਕਨੌਤੀ

ਚਾ ਚਾ ਸੁੰਬ ਕਰੇਂਦੇ ਮੁਜਰੇ ਖਹਿੜਨ ਨਾਲ਼ ਪਹਾੜਾਂ
ਡੰਡ ਘੁਮੰਡ ਕਰਨ ਜਿਉਂ ਰਣ ਵਿਚ ਸ਼ੇਰ ਬਣੇ ਅਗਵਾੜਾਂ

ਪਾਇਆ ਜ਼ੋਰ ਰਕਾਬਾਂ ਉੱਤੇ ਆਸਣ ਮੱਲ ਸਵਾਰਾਂ
ਨੇਜ਼ਾ ਬਾਜ਼ ਕਵਾਇਦ ਕਰਦੇ ਅਜ਼ਮਾਵਣ ਹਥਿਆਰਾਂ

ਹਾਏ ਹਾਏ ਕਰ ਛੇੜਨ ਘੋੜੇ ਸ਼ਪ ਸ਼ਪ ਚੱਲਣ ਵਾਰਾਂ
ਲਲਕਾਰ ਕੇ ਪਿੜ ਵੜਨ ਬਹਾਦਰ ਛਿੜੀ ਮੁੰਡਾਰ ਡਡਾਰਾਂ

ਧੂੜੋ ਧੂੜ ਹੋਵੇ ਮੂੰਹ ਮੱਥੇ ਗਰਦ ਚੜ੍ਹੀ ਸਿਰ ਖ਼ੌਦਾਂ
ਪੰਦਰਾਂ ਹੋ ਗਏ ਇਸ ਜੰਗ ਵਿਚ ਤਬਕ ਆਹੇ ਜੋ ਚੌਦਾਂ

ਗ਼ਲਤ ਲਿਖੀ ਮੈਂ ਪੰਦਰਾਂ ਨਾਹੀਂ ਧਰਤੀ ਇਕ ਘਟੀ ਸੀ
ਗਰਦੋਂ ਅੰਬਰ ਬਣਿਆ ਜਿਹੜੀ ਸੁੰਮਾਂ ਨਾਲ਼ ਪੱਟੀ ਸੀ

ਕਹਿਰ ਗ਼ਜ਼ਬ ਦੇ ਨਾਅਰੇ ਸੁਣ ਸੁਣ ਫਟ ਫਟ ਪਏ ਕਲੇਜੇ
ਹਥਿਆਰਾਂ ਦੀ ਤਾਬਸ਼ ਕੋਲੋਂ ਬਲ ਉਠੇ ਹੱਡ ਭੇਜੇ

ਗੱਲ ਘੋਟੂ ਦੀ ਮੌਤ ਦੇਆਂ ਨੂੰ ਪਾਈ ਆਣ ਕਮੰਦਾਂ
ਨੇਜ਼ੇ ਸੀਖ਼ੇ ਲਾਵਣ ਬੇਰੇ ਤੇਗ਼ਾਂ ਕੱਟਣ ਬੰਦਾਂ

ਗਰਮ ਹਵਾੜ੍ਹ ਮੂੰਹਾਂ ਦੀ ਕੋਲੋਂ ਉੱਠੀ ਧੂੰਆਂ ਧਾਰੀ
ਲਾਈ ਅੱਗ ਜਹਾਨੇ ਅੰਦਰ ਲੰਬ ਕੱਢੀ ਤਲਵਾਰੀ

ਲੋਥਾਂ ਵਿਚ ਜ਼ਮੀਨ ਨਾ ਮੇਵਣ ਜਾਨਾਂ ਵਿਚ ਹਵਾਏ
ਖ਼ਾਕ ਲਹੂ ਦਾ ਗਾਰਾ ਬਣਿਆ ਪੈਰ ਨਾ ਧਰਿਆ ਜਾਏ ।(੭੨੦੦)

ਹਾਸ਼ਮ ਸ਼ਾਹ ਭੀ ਫ਼ੌਜ ਸਵਾਰੀ ਜਿਉਂ ਕਰ ਆਹੀ ਕਾਰੀ
ਸੱਜੀ ਸਫ਼ ਬਣਾਇਓਸੁ ਅੱਵਲ ਬਹੁਤ ਜ਼ੋਰਾਵਰ ਭਾਰੀ

ਖੱਬੇ ਪਾਸੇ ਸਫ਼ ਸ਼ਿੰਗਾਰੀ ਕੰਧ ਪੱਕੀ ਫ਼ੌਲਾਦੀ
ਅੱਗਾ ਪਿੱਛਾ ਰਾਸ ਬਣਾਇਆ ਰਾਹ ਜਿਉਂ ਉਸਤਾਦੀ

ਇਸ ਪਾਸੇ ਮੈਦਾਨ ਸੁਹਾਇਆ ਸ਼ਾਰਿਸਤਾਨੀ ਸ਼ਾਹੇ
ਅੱਗੇ ਦਿਓ ਬਹਾਦਰ ਰੱਖੇ ਹੱਥ ਘੱਤਣ ਜੋ ਮਾਹੇ

ਵਿਚਲੀ ਫ਼ੌਜ ਸਵਾਰੀ ਤਕੜੀ ਕੋਟ ਬਣਾਇ ਖਲੋਈ
ਕੀੜਾ ਲੰਘ ਨਾ ਸਕੇ ਵਿਚੋਂ ਭੀੜ ਅਜੇਹੀ ਹੋਈ

ਪਿੱਛੇ ਅੱਗੇ ਸਫ਼ਾਂ ਬਣਾਈਆਂ ਕੰਧ ਜਿਵੇਂ ਹਸ਼ਤਾਤੀ
ਵਿਚ ਸ਼ਾਹਪਾਲ ਬਹਾਦਰ ਆਪੂੰ ਜਿਉਂ ਦਿਲ ਅੰਦਰ ਛਾਤੀ

ਬਰਦੀ ਤੇ ਹਥਿਆਰ ਸਿਪਾਹੀਆਂ ਜੋ ਲੋੜੇ ਸੋ ਦਿੱਤੇ
ਦੇਇ ਦਿਲਾਸੇ ਮਾਰੋ ਦੁਸ਼ਮਣ ਜਿਉਂ ਕਰ ਆਸ਼ਿਕ ਪਿੱਤੇ

ਸੱਜਾ ਖੱਬਾ ਪਾਸ ਸੁਹਾਇਆ ਜ਼ਿਰਿਹੋਂ ਖ਼ੌਦੋਂ ਤੇਗ਼ੋਂ
ਜਿਉਂ ਕਰ ਬਾਗ਼ ਆਰਾਇਸ਼ ਫੜਦਾ ਬਾਰਸ਼ ਬੇਦਰੇਗ਼ੋਂ

ਗਿਰਦੇ ਲਸ਼ਕਰ ਹਾਠਾਂ ਘਣੀਆਂ ਬਣਾ ਕੇ ਘਟਾਂ ਖਲੋਇਆ
ਵਿਚ ਸ਼ਾਹਪਾਲ ਬਹਾਦਰ ਗੱਜੇ ਰੱਅਦ ਮੁਆਫ਼ਿਕ ਹੋਇਆ

ਜਾਂ ਦੋ ਲਸ਼ਕਰ ਹੋਵੇ ਸੋਹੰਜੇ ਮਿਲਿਆ ਹੁਕਮ ਸ਼ਹਾਨਾ
ਧੀਰ ਅਤੇ ਤਦਬੀਰ ਨਖੁਟੀ ਕੀਤੀ ਮਰਦ ਜਵਾਨਾਂ

ਮਾਰੋ ਮਾਰ ਅਸਮਾਨੋਂ ਆਈ ਕਹਿ ਕੀ ਦੋਸ਼ ਸ਼ਹਾਂ ਨੂੰ
ਪਿਆ ਹਨੇਰਾ ਅਤੇ ਰੁਸ਼ਨਾਈ ਨੱਠੀ ਦੂਰ ਜਹਾਨੋਂ ।(੭੨੧੦)

ਇਤਨੇ ਖ਼ੂਨ ਜ਼ਿਮੀਂ ਪਰ ਹੋਏ ਬਾਹਰ ਅੰਤ ਸ਼ੁਮਾਰੋਂ
ਗੰਧਕ ਸੁਰਖ਼ ਹੋਈ ਉਹ ਧਰਤੀ ਤੱਤੀ ਤੇਜ਼ ਅੰਗਾਰੋਂ

ਤਲਵਾਰੀਂ ਦੇ ਪਿੱਪਲ ਪੱਤਰੇ ਖੁੱਲੇ ਹੋਏ ਸਨ ਇੱਥੇ
ਮੱਖੀ ਮੱਛਰ ਉਡ ਨਾ ਸਕਣ ਵਿਚ ਜੰਗੇ ਦੇ ਖਿੱਤੇ

ਚਮਕੋ ਚਮਕ ਵੱਜਣ ਤਲਵਾਰੀਂ ਨਵੀਆਂ ਸਾਨ ਚੜ੍ਹਾਈਆਂ
ਰੱਤੀ ਰਹਿਮ ਨਾ ਜ਼ਖ਼ਮ ਕਰਨ ਥੀਂ ਜ਼ਹਿਰੋਂ ਪਾਣ ਚੜ੍ਹਾਈਆਂ

ਗੋਸ਼ੇ ਜੋੜ ਕਮਾਨ ਕਮੀਨੋਂ ਮਾਰੇ ਤੀਰ ਖ਼ੁਦੰਗਾਂ
ਲੈਂਦੇ ਖ਼ਬਰ ਜ਼ਮਾਨ ਜ਼ਮੀਨੋਂ ਭਜਣ ਮਿਸਲ ਨਿਹੰਗਾਂ

ਬਾਸ਼ਕ ਨਾਗ ਕਮੰਦਾਂ ਵਾਲੇ ਕੁੰਡਲ ਖੋਲਣ ਮਾਰਨ
ਲਸ਼ਕਰ ਦੇ ਗੰਜ ਲੁੱਟਣ ਕਾਰਨ ਆਹਰਨ ਮੂੰਹ ਖਿਲਾਰਨ

ਵੱਜਣ ਤੇਜ਼ ਸ਼ਪਾਸ਼ਪ ਤੇਗ਼ਾਂ ਤੀਰ ਨਾ ਦੇਵਣ ਵਾਰੀ
ਦੋਏ ਹਾਠਾਂ ਘੁਲਮਿਲ ਆਈਆਂ ਲੱਥਾ ਮੀਂਹ ਹਥਿਆਰੀ

ਕੁੱਝ ਮਕਦੂਰ ਕਿਸੇ ਦਾ ਨਾਹੀਂ ਉਂਗਲ ਕਰੇ ਉਚੇਰੀ
ਜੋ ਸਿਰ ਕੱਢੇ ਤੇਗ਼ਾਂ ਵੱਢੇ ਚਾਈ ਜੰਗ ਹਨੇਰੀ

ਨੇਜ਼ੇ ਸਲ ਸਲ ਟਾਂਗੇ ਲਾਵਣ ਮੇਖ਼ਾਂ ਸੱਲਣ ਸਾਂਗਾਂ
ਮੁਰਦੇ ਹਾੜ ਲੱਗੇ ਵਿਚ ਰਣ ਦੇ ਲੋਹੂ ਚੜ੍ਹੀਆਂ ਕਾਂਗਾਂ

ਭਲੇ ਭਲੇ ਤਨ ਸੱਲੇ ਭੁਲੇ ਭੁਲੇ ਟੱਬਰ ਟੀਰਾਂ
ਛੁਰੀਆਂ ਚੀਰ ਨਿਕਾਲੇ ਪਿੱਤੇ ਸਿਰੋਂ ਤਕੱਬਰ ਤੀਰਾਂ

ਪੇਸ਼ ਕਬਜ਼ ਦੀ ਕਬਜ਼ ਚਿਰੋਕੀ ਖੁੱਲੀ ਇਸ ਦਿਹਾੜੇ
ਮਾਰੀ ਬੋਕ ਲਹੂ ਦੀ ਪਿੜ ਵਿਚ ਪੇਟ ਪਿੰਜਰ ਪੜ ਪਾੜੇ ।(੭੨੨੦)

ਚਲੀ ਸੈਫ਼ ਸਫ਼ਾ ਸਫ਼ਾਈਓਂ ਸਫ਼ਨ ਸਫ਼ਾ ਕਰੇਂਦੀ
ਚੀਰ ਲਵੀਰ ਕਰੇ ਕੋਹ ਕਾਫ਼ਾਂ ਸੱਚੀ ਲਾਫ਼ ਮਰੇਂਦੀ

ਮੌਜਾਂ ਮਾਰ ਚਲੇ ਹੜ੍ਹ ਖ਼ੂਨੀ ਦਮ ਦਮ ਵਿਚ ਚੜ੍ਹਾਵਾਂ
ਥੰਮ ਥੰਮ ਕੇ ਥੰਮ ਝੰਡਿਆਂ ਵਾਲੇ ਰੱਖਣ ਖਲੇ ਤਣਾਵਾਂ

ਮਿਹਰ ਮੁਹਾਬਾ ਰਿਹਾ ਨਾ ਕਤਰਾ ਨਾ ਗ਼ਮ ਖ਼ਤਰਾ ਜਾਨੋਂ
ਅਮਨ ਈਮਾਨ ਖ਼ਲਾਸੀ ਨੱਠੇ ਵਾਸੇ ਛੋੜ ਜਹਾਨੋਂ

ਛਮ ਛਮ ਵੱਸਣ ਤੇਜ਼ ਖ਼ੁਦੰਗੀ ਜਿਉਂ ਰਥ ਫਾਗਨ ਵਾਲੇ
ਛਿਕ ਕਮਾਨਾਂ ਪਏ ਜਵਾਨਾਂ ਹੱਥੀਂ ਪੁਰ ਪੁਰ ਛਾਲੇ

ਐਸੀ ਗਰਮ ਲੜਾਈ ਗੂਹੜੀ ਦੋਹਾਂ ਪਹਾੜਾਂ ਚਾਈ
ਨਾਲ਼ਾਂ ਵਿਚੋਂ ਢਹਿਣ ਅਵਾੜੇ ਅੱਗ ਦਿੱਸੇ ਹਰ ਜਾਈ

ਉਧਰੋਂ ਹਾਸ਼ਮ ਸ਼ਾਹ ਮਰੇਂਦਾ ਫਿਰਦਾ ਵਿਚ ਸਿਪਾਹੇ
ਗਜਦਾ ਮਾਰ ਨਾ ਰੱਜਦਾ ਖ਼ੂਨੋਂ ਵਾਂਗਰ ਸ਼ੇਰ ਸਿਆਹੇ

ਸ਼ਾਰਿਸਤਾਨੀ ਮਾਰਨ ਕਾਰਨ ਲਾਵੇ ਜ਼ੋਰ ਜਵਾਨੀ
ਲੰਮੇ ਹੱਥ ਕਰੇ ਪਿੜ ਹੱਥੀ ਬਣਿਆ ਬਹਿਮਨ ਸਾਨੀ

ਜਿਧਰ ਹੱਥ ਕਰੇ ਸਿਰ ਵੱਢੇ ਲੂੰ ਨਾ ਛੱਡੇ ਅੜਿਆ
ਜਿਸ ਜਿਸ ਪਾਸੇ ਹਮਲਾ ਕੀਤੋਸੁ ਤਨ ਤਨੇ ਪਰ ਚੜ੍ਹਿਆ

ਬਹੁਤੇ ਸ਼ਾਰਿਸਤਾਨੀ ਮਾਰੇ ਹਾਸ਼ਮ ਨੇ ਕਰ ਹੱਲੇ
ਹੱਲੇ ਨਾ ਇਕ ਕਦਮ ਪਿਛੇਰੇ ਫੁੱਟ ਮੂੰਹਾਂ ਪਰ ਝੱਲੇ

ਇਸ ਪਾਸੋਂ ਸ਼ਾਹਪਾਲ ਬਹਾਦਰ ਕੁਲਜ਼ਮਆਿਂ ਪਰ ਭਾਰਾ
ਫੜ ਹਥਿਆਰ ਕਿਆਮਤ ਕਰਦਾ ਡਰਦਾ ਲਸ਼ਕਰ ਸਾਰਾ ।(੭੨੩੦)

ਦੋਹੀਂ ਹੱਥੀਂ ਕੋਸ਼ਿਸ਼ ਕਰਦਾ ਮੱਤ ਪਿੜ ਮੈਨੂੰ ਲੱਭੇ
ਵੱਢ ਵੱਢ ਦੁਸ਼ਮਣ ਸਥਰ ਪਾਏ ਕਿਆ ਸੱਜੇ ਕਿਆ ਖੱਬੇ

ਵੈਰੀ ਉੱਤੇ ਵਾਰਾਂ ਕਰਦਾ ਦੋਹੀਂ ਹੱਥੀਂ ਤਲਵਾਰਾਂ
ਦੋਹਾਂ ਦੇ ਵੱਢ ਚਾਰ ਬਣਾਏ ਅੁਠ ਕਰੇਂਦਾ ਚਾਰਾਂ

ਹਾਥੀ ਸਣੇ ਸਵਾਰ ਅਮਾਰੀ ਜਿਸ ਤੇ ਹੱਥ ਚਲਾਏ
ਕਰ ਦੋ ਟੁੱਕ ਅਟਕ ਨਾ ਰਹਿੰਦੀ ਤੇਗ਼ ਜ਼ਿਮੀਂ ਲਹਿ ਜਾਏ

ਕੁਲਜ਼ਮ ਦੇ ਦਰਿਆਏ ਉੱਤੇ ਜੇ ਗੁੱਸਾ ਕਰ ਆਵੇ
ਜਲਦੀ ਅੱਗ ਕੱਢੇ ਦਰਿਆਉਂ ਸ਼ੋਰ ਨਦੀ ਵਿਚ ਪਾਵੇ

ਅੱਗਾ ਵੇਖ ਜਵਾਨਾ ਹੱਥੋਂ ਢਹਿਣ ਹਥਿਆਰ ਫੌਲਾਦੀ
ਜਿਓਂ ਸ਼ੇਰਾਂ ਦੇ ਵੇਖਦਿਆਂ ਹੀ ਬੋਲ ਨਿਕਲਦਾ ਮਾਦੀ

ਹਾਸ਼ਮ ਸ਼ਾਹ ਅੱਗੇ ਵੰਝ ਕੂਕੇ ਲਸ਼ਕਰ ਦੇ ਸਰ ਕਰਦੇ
ਕਰ ਬੰਦ ਬਸਤ ਸ਼ਿਤਾਬੀ ਸ਼ਾਹਾ ਦਿਓ ਤੇਰੇ ਸਭ ਮਰਦੇ

ਖ਼ਾਲੀ ਕਰਦਾ ਹਾੜ ਇਕੱਲਾ ਸ਼ਾਹ ਬਹਾਦਰ ਜੰਗੀ
ਨਾਲ਼ ਉਹਦੇ ਕਦ ਪੂਰੀ ਪੈਂਦੀ ਭਲੀ ਪਨਾਹ ਹੁਣ ਮੰਗੀ

ਹਾਸ਼ਮ ਨੇ ਫ਼ੁਰਮਾਇਆ ਅੱਗੋਂ ਡਰਿਉੁ ਨਹੀਂ ਦਲੇਰੋ
ਕੱਠਾ ਹੋ ਪਵੋ ਸਭ ਲਸ਼ਕਰ ਸ਼ਾਹਪਾਲੇ ਨੂੰ ਘੇਰੋ

ਘੇਰਾ ਪਾ ਚੌਤਰਫ਼ੋਂ ਫ਼ੌਜਾਂ ਆਣ ਪਈਆਂ ਸ਼ਾਹਪਾਲੇ
ਕਰ ਕਰ ਝੁੱਟਾਂ ਸੱਟਾਂ ਮਾਰਨ ਕਿਸ ਕਿਸ ਦੇ ਫਟ ਟਾਲੇ

ਜਾਂ ਸ਼ਾਹਪਾਲ ਡਿੱਠਾ ਉਹ ਗੋਗਾ ਲਲਕਰੀਆਂ ਤਦ ਫ਼ੌਜਾਂ
ਜੋਸ਼-ਓ-ਖ਼ਰੋਸ਼ ਕਰੇਂਦੇ ਪਹੁਤੇ ਜਿਉਂ ਦਰਿਆਵੀਂ ਮੌਜਾਂ ।(੭੨੪੦)

ਆਖ਼ਰ ਫ਼ੌਜ ਇਕੱਠੀ ਹੋਈ ਜਿਉਂ ਕੀੜੇ ਯਾ ਮਕੜੀ
ਹੁੰਦਾ ਜਾਏ ਜੰਗ ਲੜਾਈ ਪਲ ਪਲ ਅੰਦਰ ਤਕੜੀ

ਸ਼ਮਸ਼ੀਰਾਂ ਫ਼ੌਲਾਦੀ ਚਮਕਣ ਚੱਲਣ ਤੀਰ ਖ਼ੁਦੰਗੀ
ਇਕ ਕੀੜੀ ਦੇ ਚੱਲਣ ਜੋਗੀ ਜ਼ਿਮੀਂ ਨਾ ਲੱਭੇ ਨੰਗੀ

ਸਿਰ ਪਰ ਛਾਉਂ ਕੀਤੀ ਹਥਿਆਰਾਂ ਸੂਰਜ ਅੱਖ ਛੁਪਾਏ
ਮੱਛਰ ਨੂੰ ਪਰ ਮਾਰਨ ਜੋਗੀ ਥਾਂ ਨਾ ਵਿਚ ਹਵਾਏ

ਜ਼ੁਹਰੋ ਪੀਣ ਜ਼ੰਬੂਰਾਂ ਵਾਂਙੂ ਕਰ ਕਰ ਹੱਥ ਕਰਾਰੇ
ਫੱਟੇ ਕੱਟੇ ਹੋਣ ਅਗੇਰੇ ਛੋੜ ਪਛੇਰੇ ਮਾਰੇ

ਪੰਬੇ ਉਡਦੇ ਜਾਣ ਤਿੰਨਾਂ ਦੇ ਜਿਉਂ ਤੇਲ਼ੀ ਰੋਂ ਤੁੰਬੇ
ਨੇਜ਼ੇ ਬਰਛੇ ਜਾ ਜਾ ਰਗੜਨ ਅੰਬਰ ਉੱਤੇ ਸੁੰਬੇ

ਵਾਲੋਂ ਵਾਲੋਂ ਮੁੜ੍ਹਕਾ ਆਇਆ ਡਰਿਆ ਧੌਲ ਵਬਾਲੋਂ
ਹਥਿਆਰਾਂ ਦੇ ਕੰਡੇ ਚੁਭਨ ਅੰਬਰ ਅੜਿਆ ਚਾਲੋਂ

ਬਰਛੀ ਸਾਂਗ ਮੂੰਹੋਂ ਮੂੰਹ ਵਜੇ ਸਾਹ ਨਾ ਨਿਕਲਣ ਦੇਂਦੀ
ਝਟਕ ਨਾ ਰਹਿੰਦੀ ਅਟਕ ਕਟਾਰੀ ਵਤਦੀ ਕਟਕ ਮਰੇਂਦੀ

ਖ਼ੰਜਰ ਸਿੰਜਰ ਪਿੰਜਰ ਅੰਦਰ ਕੱਢ ਕੱਢ ਆਣੇ ਬੋਕੇ
ਹਰ ਪਸਲੀ ਥੀਂ ਹਸਲੀ ਖ਼ੂਨੀ ਵਗਦੇ ਵਹਿਣ ਨਾ ਟੋਕੇ

ਜੰਮਦੜ ਜਮਦੜਿਆਂ ਦਾ ਵੈਰੀ ਵਾਰੀ ਦੇਇ ਨਾ ਮੂਲੇ
ਜਿਉਂ ਭੱਠੀ ਵਿਚ ਛੋਲੇ ਤੜਫ਼ਣ ਤਿਵੇਂ ਰੱਤ ਬਿਛੂਲੇ

ਫੁੱਲ ਫੁੱਲਾਂ ਵਿਚ ਸੁੰਬੇ ਸਾਰਾਂ ਵਾਂਗ ਗੁਲਾਬੇ ਖ਼ਾਰਾਂ
ਢਾਲਾਂ ਉਪਰ ਢਾਲਾਂ ਖੜਕਣ ਵਾਂਙੂ ਲਾਲੇ ਜ਼ਾਰਾਂ ।(੭੨੫੦)

ਨੱਸਣ ਵਾਲਾ ਨੱਸ ਨਾ ਸਕੇ ਥਾਂ ਨਾ ਪੈਰ ਹਟਣ ਦਾ
ਨਾ ਨੱਸਣ ਨਾ ਛੁਪਣ ਹੁੰਦਾ ਵਕਤ ਨਾ ਝੱਟ ਕਟਣ ਦਾ

ਸਾਰਾ ਰੋਜ਼ ਨਾ ਮੱਠੇ ਹੋਏ ਤੀਰ ਅੰਦਾਜ਼ ਮਰੇਂਦੇ
ਤੁਰਕੀ ਤਾਜ਼ੀ ਤਾਜ਼ੇ ਤਾਜ਼ੇ ਤੁਰਕ ਓ ਤਾਜ਼ ਕਰੇਂਦੇ

ਬਾਜ਼ਾਂ ਵਾਂਗਰ ਬਾਜ਼ ਨਾ ਆਵਣ ਨੇਜ਼ਾ ਬਾਜ਼ ਸ਼ਿਕਾਰੀ
ਖੰਡੇ ਮੂਲ ਨਾ ਹੋਵਣ ਖੁੰਢੇ ਤਲਵਾਰੀਂ ਖ਼ਮਦਾਰੀ

ਐਸੀ ਖੇਡ ਮੱਚੀ ਸ਼ਤਰੰਜੋਂ ਦਮ ਦਮ ਹੋਈ ਜ਼ਿਆਦਾ
ਸ਼ਾਹਪਾਲੇ ਦੇ ਰੁੱਖ ਥੀਂ ਹੁੰਦਾ ਮਾਰੂ ਫੀਲ ਪਿਆਦਾ

ਕੁਲਜ਼ਮੀਆਂ ਪਰ ਸ਼ਾਰਿਸਤਾਨੀ ਪੈਂਦੇ ਜਾਣ ਜ਼ੋਰਾਵਰ
ਹਾਸ਼ਮ ਸ਼ਾਹ ਦੀ ਆਸ ਤਰੁੱਟੀ ਸ਼ਾਹਪਾਲੇ ਨੂੰ ਬਾਵਰ

ਹਾਸ਼ਮ ਸ਼ਾਹ ਕਰ ਜ਼ੋਰ ਦਲੇਰੀ ਰਣ ਵਿਚ ਖਲਾ ਵੰਗਾਰੇ
ਸ਼ਾਬਾ ਸ਼ਾਬਾ ਲੜੋ ਜਵਾਨੋ! ਕੌਣ ਕੋਈ ਫਿਰ ਹਾਰੇ

ਲੜਦਿਆਂ ਰੋਜ਼ ਗੁਜ਼ਸ਼ਤਾ ਹੋਇਆ ਆਈ ਰਾਤ ਹਨੇਰੀ
ਸੂਰਜ ਸ਼ਾਹ ਗਿਆ ਵਿਚ ਖ਼ਿਲਵਤ ਫ਼ੌਜ ਖਿਲ੍ਹਾਰ ਘਣੇਰੀ

ਜ਼ੰਗੀ ਤਾਜ ਸਿਰੇ ਫੇਰ ਧਰਿਆ ਹੀਰੇ ਮੋਤੀ ਜੜਿਆ
ਸ਼ਾਹ ਖ਼ਾਵਰ ਦਾ ਤਖ਼ਤੋਂ ਲਹਿ ਕੇ ਮਹਿਲਾਂ ਅੰਦਰ ਵੜਿਆ

ਦੋਹਾਂ ਦਿਲਾਂ ਥੀਂ ਚੜ੍ਹੇ ਤਲਾਵੇ ਖ਼ਬਰਾਂ ਰੱਖਣ ਦੂਰੋਂ
ਪਹਿਰੇਦਾਰ ਚੌਫੇਰ ਖਲੋਤੇ ਲੈ ਕੇ ਹੁਕਮ ਹਜ਼ੂਰੋਂ

ਥੱਕੇ ਮਾਂਦੇ ਲਸ਼ਕਰ ਢੱਠੇ ਸਾਰੇ ਕਰਨ ਦੁਆਈਂ
ਰੱਬਾ ਉਮਰੋਂ ਲੰਮੀ ਰੱਖੀਂ ਰਾਤ ਅਜੋਕੀ ਤਾਈਂ ।(੭੨੬੦)

ਖ਼ਬਰ ਨਹੀਂ ਦਿਨ ਕੈਸਾ ਚੜ੍ਹਸੀ ਕਿਸ ਦੀ ਸ਼ਾਮਤ ਆਈ
ਸਾਡੇ ਭਾਣੇ ਭਲਕ ਦਿਹਾੜੇ ਰੋਜ਼ ਕਿਆਮਤ ਆਈ

ਜੈਸੀ ਅੱਜ ਲੰਘੀ ਜੇ ਭਲਕੇ ਇਹੋ ਜੇਹੀ ਹੋਈ
ਦੁਨੀਆਂ ਉੱਤੇ ਜਿਉਣ ਵਾਲਾ ਰਹਿ ਜਾਵੇਗਾ ਕੋਈ

ਕੀਕਰ ਹੋਣ ਕਬੂਲ ਦੁਆਈਂ ਵਕਤ ਅਜ਼ਲ ਦਾ ਆਇਆ
ਮਲਕ-ਉਲ-ਮੌਤ ਮੁਹੰਮਦ ਬਖਸ਼ਾ ਮਿੰਨਤੀਂ ਕਿਸ ਮਨਾਇਆ

ਚੀਨੀ ਸ਼ਾਹ ਜ਼ੰਗੀ ਨੂੰ ਕੁੱਠਾ ਡੋਹਲੀ ਰੱਤ ਕਿਨਾਰੇ
ਹੰਝੂ ਰੋ ਅਸਮਾਨ ਬੇਚਾਰਾ ਪੂੰਝ ਖਲਾ ਰੁਖ਼ਸਾਰੇ

ਭੇਰੀਂ ਚੋਟ ਲੱਗੀ ਦਰਗਾਹੋਂ ਮਾਰੇ ਨਾਦ ਫ਼ਕੀਰਾਂ
ਨੂਰ ਫ਼ਜਰ ਦਾ ਜ਼ਾਹਿਰ ਹੋਇਆ ਬੱਧੇ ਲੱਕ ਅਮੀਰਾਂ

ਡੇਰੇ ਕੂਕ ਘੱਤੀ ਕਰਨਾਈਂ ਢੋਲ ਨਿਕਾਰੇ ਵੱਜੇ
ਸ਼ੋਰ ਮਚਾਇਆ ਤੁਰਮ ਤੰਬੂਰਾਂ ਸ਼ੁਤਰੀ ਧੌਂਸੇ ਗੱਜੇ

ਬੰਨ੍ਹ ਹਥਿਆਰ ਬਹਾਦਰ ਉਠੇ ਮਲ ਮੈਦਾਨ ਖਲੋਏ
ਸਫ਼ਾਂ ਕਤਾਰਾਂ ਰਾਸ ਬਣਾਈਆਂ ਆਣ ਬਰਾਬਰ ਹੋਏ

ਤੇਗ਼ ਬਹਾਦਰ ਦੋਹਾਂ ਵਲਾਂ ਥੀਂ ਹਮਲੇ ਕਰ ਕਰ ਆਵਣ
ਛੇੜਨ ਤਾਜ਼ੀ ਨੇਜ਼ਾ ਬਾਜ਼ੀ ਝਟ ਪਟ ਫਟ ਚਲਾਵਣ

ਬੇਦਿਲ ਪਾ ਗ਼ੁਲ ਨੱਸ ਨੱਸ ਮਰਦੇ ਪੈਰਾਂ ਹੇਠ ਮਲੀਂਦੇ
ਸ਼ੇਰ ਦਲੇਰ ਪਿੜੇ ਵਿਚ ਤੇਗ਼ੋਂ ਸਿਰ ਧੜ ਕਲਮਾਂ ਥੀਂਦੇ

ਮਾਰੋ ਮਾਰ ਆਹੀ ਦਿਨ ਸਾਰਾ ਅੰਤ ਹੋਈ ਕਤਲਾਮੋਂ
ਰੌਸ਼ਨ ਰੋਜ਼ ਗੁਜ਼ਸ਼ਤਾ ਹੋਇਆ ਪਿਆ ਹਨੇਰਾ ਸ਼ਾਮੋਂ ।(੭੨੭੦)

ਦੇਵ ਕੁਲਜ਼ਮ ਦੇ ਡੇਰੇ ਆਏ ਢਹਿੰਦੇ ਉਠਦੇ ਭੱਜਦੇ
ਸ਼ਾਹਪਾਲੇ ਦੇ ਸ਼ੇਰ ਮਰੇਲੇ ਰਹੇ ਪੜੇ ਵਿਚ ਗੱਜਦੇ

ਸਾਰੀ ਰਾਤ ਨਾ ਡੇਰੇ ਆਏ ਖੁੱਲੇ ਰਹੇ ਪਿੜ ਮਲ ਕੇ
ਆਇ ਫਿਰ ਲੌ ਸੁਬ੍ਹਾ ਦੀ ਲੱਗੀ ਛੁਪੇ ਤਾਰੇ ਹੱਲ ਕੇ

ਝੰਡਾ ਸ਼ਾਹ ਹਬਸ਼ ਦੇ ਵਾਲਾ ਸਿਰ ਪਰਨੇ ਹੋ ਢੱਠਾ
ਖ਼ਾਵਰ ਦਾ ਸ਼ਾਹ ਆਵਣ ਲੱਗਾ ਜ਼ੰਗੀ ਕਾਲ਼ਾ ਨੱਠਾ

ਖ਼ਾਵਰ ਸ਼ਾਹ ਸੁਨਹਿਰੀ ਝੰਡਾ ਝਿਲਮਿਲ ਝਿਲਮਿਲ ਕਰਦਾ
ਵਿਚ ਮੈਦਾਨ ਜਗਤ ਦੇ ਲਾਇਆ ਚਾਇਆ ਪੰਧ ਸਫ਼ਰ ਦਾ

ਆਲਮ ਤੇ ਰੁਸ਼ਨਾਈ ਹੋਈ ਗਿਆ ਹਨੇਰਾ ਨੂਰੋਂ
ਆਮਦ ਰਫ਼ਤ ਖ਼ਲਕ ਦੀ ਸਾਰੀ ਦਿੱਸਣ ਲੱਗੀ ਦੂਰੋਂ

ਇਹ ਸੂਰਜ ਜਮਸ਼ੈਦ ਫ਼ਲਕ ਦਾ ਲਾ ਯਾਕੂਤੀ ਜੋੜੇ
ਵਿਚ ਮੈਦਾਨੇ ਆਣ ਖਲੋਤਾ ਚੜ੍ਹ ਕੇ ਨੀਲੇ ਘੋੜੇ

ਆਣ ਨਵੇਂ ਸਿਰ ਵੱਜੇ ਵਾਜੇ ਗੱਜੇ ਧੌਂਸੇ ਭੇਰਾਂ
ਸਾਂਗਾਂ ਕਹਿਰੋਂ ਕੰਬਣ ਲੱਗੀਆਂ ਜੁੰਬਿਸ਼ ਚੜ੍ਹੀ ਦਲੇਰਾਂ

ਤੇਗ਼ਾਂ ਨੇ ਮੂੰਹ ਨੰਗੇ ਕੀਤੇ ਰਤੂ ਦੇ ਤਰਿਹਾਏ
ਨੇਜ਼ੇ ਸਿਰ ਤੇ ਜਿਗਰ ਪਰੋਤੇ ਸੀਖ਼ੇ ਬੇਰੇ ਲਾਏ

ਚਿਲਤਾ ਬਾਨ ਤੇ ਬਖ਼ਤਰ ਪਹਿਨੇ ਜ਼ਿਰਿਹਾਂ ਖ਼ੌਦ ਜਵਾਨਾਂ
ਪਾਏ ਮੱਥੇ ਵੱਟ ਕਮੰਦਾਂ ਅਬਰੂ ਜੋੜ ਕਮਾਨਾਂ

ਬਾਜ਼ਾਂ ਵਾਂਗਰ ਉਡਣ ਲੱਗੇ ਤੀਰ ਤੱਤੇ ਬੰਨ੍ਹ ਤਾਰੀ
ਭੱਜ ਭੱਜ ਕੋਹਣ ਜਵਾਨ ਜਵਾਨਾਂ ਮਿਰਗਾਂ ਜਿਵੇਂ ਸ਼ਿਕਾਰੀ ।(੭੨੮੦)

ਉਸ ਦਿਨ ਪਹਿਲੇ ਪਹਿਰ ਜਵਾਨਾਂ ਕੀਤੀ ਜ਼ੋਰ ਅਜ਼ਮਾਈ
ਇਕ ਇਧਰੋਂ ਇਕ ਉਧਰੋਂ ਆਵੇ ਦੋ ਦੋ ਕਰਨ ਲੜਾਈ

ਆਇ ਸ਼ੇਰਾਂ ਫਿਰ ਸ਼ੋਰ ਮਚਾਇਆ ਕੋਲੋਂ ਅੱਜ ਘਣੇਰਾ
ਗੋਰਾਂ ਨਾਲ਼ ਹੋਈਆਂ ਪੁਰ ਗੋਰਾਂ ਗੋਰਾਂ ਨਾਲ਼ ਜੋਹੇਰਾ

ਵੱਜੇ ਟਲ ਉਠਾਂ ਗੱਲ ਭਾਰੇ ਬੰਸਰੀਆਂ ਰੰਗ ਲਾਇਆ
ਭੇਰੀਂ ਤੇ ਸੀਪੂਰਾਂ ਰਲ਼ ਕੇ ਲਸ਼ਕਰ ਬੋਲ ਡਰਾਇਆ

ਤੇਜ਼ ਤਰੰਗਾਂ ਮਿਸਲ ਮਲੰਗਾਂ ਧੂੜੋਂ ਖ਼ਾਕ ਰਮਾਈ
ਕੱਢਣ ਚਾਲਾਂ ਪਾਨ ਧਮਾਲਾਂ ਰਣ ਵਿਚ ਖੇਡ ਮਚਾਈ

ਤੁਰਕਾਂ ਗਲ ਹਮੇਲਾਂ ਛਣਕਣ ਘੁੰਗਰੂ ਜੋਸ਼ ਖਰੋਸ਼ਾਂ
ਆਨ ਜੁੰਗੂਲੋਂ ਉੱਚੇ ਬੋਲੇ ਖੜਨ ਦਿਮਾਗ਼ੋਂ ਹੋਸ਼ਾਂ

ਕਰਨ ਕਕਾਰੇ ਮੜ੍ਹੇ ਨਿਕਾਰੇ ਬਘਿਆੜਾਂ ਦੀ ਖੱਲ ਦੇ
ਹੈਬਤ ਥੀਂ ਸੁਣ ਕਿਰਨ ਕਲੇਜੇ ਗੁਰਜ਼ ਲੋਹੇ ਦੇ ਗਲਦੇ

ਇਸ ਸ਼ਾਹਾਂ ਦੀ ਸ਼ੋਰਸ਼ ਸ਼ੱਰੋਂ ਸ਼ਾਦੀ ਗਈ ਜਹਾਨੋਂ
ਮਰਨ ਜਵਾਨ ਨਾ ਹਾਰਨ ਹਿੰਮਤ ਡਰਨ ਨਹੀਂ ਜਿੰਦ ਜਾਨੋਂ

ਇਕ ਮਰੇ ਮੁੜ ਦੂਜਾ ਆਵੇ ਜਾਨ ਤਲ਼ੀ ਪਰ ਧਰ ਕੇ
ਸ਼ੇਰ ਜਵਾਨ ਕਰਨ ਜਿੰਦ ਬਾਜ਼ੀ ਅਟਕ ਨਾ ਰਹਿੰਦੇ ਡਰ ਕੇ

ਇਕ ਦੂਜੇ ਦੀ ਲੈਣ ਅਜ਼ਮਾਇਸ਼ ਖ਼ੂਬ ਕਰਨ ਫੜਹੱਥੇ
ਇਕ ਜ਼ਖ਼ਮੀ ਹੋ ਵੰਞਣ ਡੇਰੇ ਇਕ ਮਰਨ ਸਿਰ ਲੱਥੇ

ਇਕ ਸਿਪਾਹੀ ਕੁਲਜ਼ਮੀਆਂ ਦਾ ਗਜਦਾ ਪਿੜ ਵਿਚ ਆਇਆ
ਅੱਖੀਂ ਬਲਣ ਅਲੰਬੇ ਅੱਗ ਦੇ ਤੇਜ਼ੀ ਤੁੰਦੀ ਚਾਇਆ ।(੭੨੯੦)

ਸੀਖ਼ਾਂ ਨਾਲ਼ ਹੋਇਆ ਹਸ਼ਤਾਤੀ ਰਹਿੰਦਾ ਨਹੀਂ ਨਿਚੱਲਾ
ਪਿੜ ਵਿਚ ਖਲਾ ਵੰਗਾਰੇ ਕੋਈ ਆ ਕਰ ਲੜੋ ਇਕੱਲਾ

ਜੇ ਕੋਈ ਜਾਵੇ ਪਰਤ ਨਾ ਆਵੇ ਹਾੜ ਅੰਦਰ ਉਹ ਰੱਖਦਾ
ਜਾਂਦਾ ਆਪ ਲਹੂ ਦਾ ਤੱਸਾ ਜ਼ਹਿਰ ਪਿਆਲਾ ਚੱਖਦਾ

ਬਹੁਤ ਦਲੇਰ ਡਰੇ ਉਸ ਸ਼ੇਰੋਂ ਕੋਈ ਨਾ ਹੋਵੇ ਅਗੇਰੇ
ਮਸਤੀ ਤੇ ਮਗ਼ਰੂਰੀ ਚਾਇਆ ਰਣ ਵਿਚ ਘੋੜਾ ਫੇਰੇ

ਸਾਇਤ ਗੁਜ਼ਰ ਗਈ ਇਸ ਗੱਲ ਨੂੰ ਤਾਂ ਇਕ ਸ਼ਾਰਿਸਤਾਨੀ
ਵਿਚਲੀ ਫ਼ੌਜ ਵਿਚੋਂ ਉੱਠ ਆਇਆ ਜਿਉਂ ਤਰਕਸ਼ ਦੀ ਕਾਨੀ

ਜੋਸ਼-ਓ-ਖ਼ਰੋਸ਼ ਕਰੇਂਦਾ ਆਵੇ ਵਾਂਗਰ ਨਦੀ ਅਟਕ ਦੀ
ਕੰਧੇ ਉਪਰ ਢਾਲ਼ ਖੜਕਦੀ ਗੱਲ ਵਿਚ ਤੇਗ਼ ਲਟਕਦੀ

ਆਸਣ ਜਮ ਉਠਾਵੇ ਘੋੜਾ ਸਿਰ ਪਰ ਨੇਜ਼ਾ ਫੇਰੇ
ਇਸ ਅਗਲੇ ਨੂੰ ਆਖਣ ਲੱਗਾ ਚੜ੍ਹਸੇਂ ਅੱਗੇ ਮੇਰੇ

ਹੱਥ ਮੇਰੇ ਇਹ ਤੇਗ਼ ਸਰੋਹੀ ਭਰਿਆ ਜ਼ਹਿਰ ਪਿਆਲਾ
ਕੁਲਜ਼ਮੀਆਂ ਦੇ ਸਿਰ ਧੜ ਤਾਈਂ ਕਰਦੀ ਇਕ ਨਿਵਾਲਾ

ਇਹ ਗਲ ਆਖ ਹਲਾਇਓਸੁ ਘੋੜਾ ਫੇਰ ਰਕਾਬੀਂ ਧਰਕੇ
ਉਗਰ ਗੁਰਜ਼ ਲਗਾਇਓਸੁ ਉਸ ਨੂੰ ਜ਼ੋਰ ਜ਼ਰੂਰੀ ਕਰ ਕੇ

ਗੁਰਜ਼ ਉਹਦੇ ਨੇ ਬੁਰਜ਼ ਗਿਰਾਇਆ ਢੱਠਾ ਕੁਲਜ਼ਮ ਵਾਲਾ
ਰਤੂ ਨਾਲ਼ ਹੋਇਆ ਪਿੜ ਰੱਤਾ ਵਹਿ ਤੁਰਿਆ ਇਕ ਨਾਲ਼ਾ

ਹੋਰ ਇਕ ਸਾਥੀ ਉਸ ਦਾ ਆਇਆ ਬੁੱਤ ਵੱਡਾ ਕੋਹ ਕਾਫ਼ੋਂ
ਉਹ ਭੀ ਗਾਜਰ ਵਾਂਗਰ ਦਲਿਓਸੁ ਇਕਸੇ ਫਟੋਂ ਸਾਫ਼ੋਂ ।(੭੩੦੦)

ਏਸੇ ਤਰ੍ਹਾਂ ਬਹਾਦਰ ਕਿਤਨੇ ਮਾਰੇ ਵਾਰੋ ਵਾਰੀ
ਉਹ ਭੀ ਜਦੋਂ ਤਕੱਬਰ ਚਾਇਆ ਕਤਲ ਕੀਤਾ ਤਲਵਾਰੀ

ਪੇਸ਼ੀ ਥੀਂ ਲੈ ਡੀਗਰ ਤੋੜੀ ਪਿੜ ਵਿਚ ਕੋਈ ਨਾ ਲੱਥਾ
ਮਗ਼ਰਿਬ ਵਿਚ ਫ਼ਜਰ ਦੇ ਲਾੜੇ ਕਜ ਲਿਆ ਮੂੰਹ ਮੱਥਾ

ਜੁੰਬਿਸ਼ ਖਾ ਸਿਪਾਹੀ ਸੂਰਜ ਪਾੜ ਸਿਆਹ ਕਨਾਤਾਂ
ਚੜ੍ਹ ਮੈਦਾਨ ਅੰਬਰ ਦੇ ਆਇਆ ਭੱਜੀਆਂ ਹੋਰ ਜਮਾਤਾਂ

ਦੋਂਵੇਂ ਲਸ਼ਕਰ ਉਠ ਖਲੋਤੇ ਕਰ ਕੇ ਹਾਏ ਹਾਏ
ਝੰਡੀਆਂ ਨੇ ਸਿਰ ਉੱਚੇ ਕਰ ਕੇ ਨਾਲ਼ ਅਸਮਾਨ ਲਗਾਏ

ਜਿਉਂ ਕਰ ਸ਼ੂਕ ਚੜ੍ਹੇ ਦਰਿਆਉਂ ਬਦਲ ਸਾਵਣ ਵਾਲਾ
ਬਿਜਲੀ ਵਾਂਗਰ ਕੜਕਣ ਰਾਕਸ਼ ਫ਼ੌਜ ਚੜ੍ਹਾਂਦਾ ਚਾਲਾ

ਹਰ ਡੇਰੇ ਥੀਂ ਨਿਕਲੇ ਝੰਗੀ ਜਿਉਂ ਚਿਤਰੇ ਹਰ ਝੰਗੋਂ
ਆਹਾ ਆਹਾ ਕਰਾਵਣ ਰਣ ਵਿਚ ਮੂਲ ਨਾ ਰੱਜਣ ਜੰਗੋਂ

ਸ਼ਾਬਾ ਸ਼ਾਬਾ ਧੰਨ ਧੰਨ ਮਰਦੋ ਹੋਣ ਚੌਤਰਫ਼ੋਂ ਰਾਬੇ
ਜਾਣ ਨਾ ਦੇਸਾਂ ਇਹ ਤੱਕ ਮਾਰੇ ਦੇਣ ਬਹਾਦਰ ਦਾਬੇ

ਸਾਂਗਾਂ ਨੇਜ਼ੇ ਸੱਲਣ ਸੀਨੇ ਦੂਰੋਂ ਦੂਰ ਕਰੇਂਦੇ
ਗਰਜ਼ ਪੌਣ ਅਸਮਾਨੀ ਗੋਲੇ ਚਕਨਾ ਚੂਰ ਕਰੇਂਦੇ

ਬਿਜਲੀ ਵਾਲੀ ਮਾਰ ਕਰੇਂਦੀ ਤੇਗ਼ ਕੱਢੇ ਕੜਕਾਰੇ
ਉਡਣ ਫੁਲ ਤਕੇਂਦੇ ਗਿਰਦੇ ਢਾਲੀਂ ਦੇ ਧੜਕਾਰੇ

ਕਰ ਫ਼ਰ ਕੋਹਨ ਕਾਰੀ ਤੀਰਾਂ ਫਰ ਫਰ ਹੋਣ ਫ਼ਿਰਾਰੀ
ਦੁਸਰ ਵਹਿੰਦੇ ਅਟਕ ਨਾ ਰਹਿੰਦੇ ਕੱਟੇ ਕਟਕ ਕਟਾਰੀ ।(੭੩੧੦)

ਸੂਰਮਿਆਂ ਦੀ ਸੈਫ਼ ਸਰੋਹੀ ਸਣ ਸੰਜਾਂ ਸਿਰ ਵੱਢੇ
ਮਾਰ ਮੁੰਡਾਲ ਮੁਕਾਏ ਮਰਦਾਂ ਮਗ਼ਜ਼ ਮੰਜਾਲੀ ਕੱਢੇ

ਤਾਂ ਫਿਰ ਹੁਕਮ ਕੀਤਾ ਸ਼ਾਹਪਾਲੇ ਲਸ਼ਕਰ ਹੋਇ ਇਕੱਠਾ
ਹੱਲਾ ਕਰੋ ਇਨ੍ਹਾਂ ਪਰ ਸਾਰੇ ਜਾਣੋ ਕੁਲਜ਼ਮ ਨੱਠਾ

ਕੋਹ ਕਾਫ਼ਾਂ ਦੀ ਫ਼ੌਜ ਤਮਾਮੀ ਬਾਗ਼-ਇਰਮ ਦੀ ਸਾਰੀ
ਹਾਸ਼ਮ ਸ਼ਾਹ ਦੇ ਲਸ਼ਕਰ ਉੱਤੇ ਆਣ ਪਈ ਇਕ ਵਾਰੀ

ਜਾਨਾਂ ਤੂੰ ਧੋ ਹੱਥ ਬਹਾਦਰ ਆਣ ਗੱਡਾਵੱਡ ਹੋਵੇ
ਮਾਰਨ ਤੇਗ਼ਾਂ ਬੇਦਰੇਗ਼ਾਂ ਤੀਰਾਂ ਜਿਗਰ ਪਰੋਏ

ਲੋਹੂ ਪਾਨ ਲਈ ਸ਼ਮਸ਼ੀਰਾਂ ਤੇਜ਼ ਹੋਵੇ ਘਸ ਨੇਜ਼ੇ
ਬਰਛੀ ਸਾਵਣ ਵਾਂਗਰ ਬਰਸੀ ਜਿਗਰ ਕਰੇਂਦੀ ਰੇਜ਼ੇ

ਸ਼ੇਰ ਜਵਾਨ ਦੌੜਾਵਣ ਘੋੜੇ ਕਰ ਕਰ ਹਾਏ ਹਾਏ
ਟੱਲੀਆਂ ਸ਼ੋਰ ਕਕਾਰੇ ਗ਼ੋਗ਼ੇ ਅੰਬਰ ਤੀਕ ਪੁਚਾਏ

ਤਾਜ਼ੀ ਸੁੰਮ ਵਜਾਵਣ ਧਰਤੀ ਪੱਟ ਖੜੀ ਇਕ ਸਾਰੀ
ਛੇ ਜ਼ਿਮੀਆਂ ਅਠ ਅੰਬਰ ਹੋਏ ਜੁੜ ਕੇ ਗਰਦ ਗ਼ੁਬਾਰੀ

ਸੂਰਜ ਛੁਪ ਗਿਆ ਵਿਚ ਧੂੜਾਂ ਪਿਆ ਗ਼ੁਬਾਰ ਹਨੇਰਾ
ਚਮਕੋ ਚਮਕ ਹਥਿਆਰਾਂ ਵਾਲੀ ਚਾਨਣ ਕਰੇ ਚੌਫ਼ੇਰਾ

ਕੰਙਣ ਕੰਠੇ ਤੇ ਜ਼ਰ ਨਕਦੀ ਸ਼ਾਹ ਦੇਇ ਇਨਾਮਾਂ
ਭੀ ਮਰਦਾਨੇ ਰਹੋ ਦਲੇਰੋ ਸ਼ਾਬਸ਼ ਕਹੇ ਗ਼ੁਲਾਮਾਂ

ਹਾਠਾਂ ਚੜ੍ਹੀਆਂ ਫ਼ੌਜਾਂ ਲੜੀਆਂ ਲਹੂ ਦੇ ਬਦਲ ਵੁੱਠੇ
ਸੈ ਕੋਹਾਂ ਵਿਚ ਨੀਰ ਰਤੂ ਦੇ ਲੱਖ ਬਹਾਦਰ ਕੁੱਠੇ ।(੭੩੨੦)

ਧਰਤੀ ਅੰਬਰ ਤੀਕ ਸਿਆਹੀ ਜ਼ਿਮੀਂ ਹੋਈ ਸਭ ਰੱਤੀ
ਆਲਮ ਉਪਰ ਰਿਹਾ ਨਾ ਮੂਲੇ ਸੁਲ੍ਹਾ ਤਹੱਮੁਲ ਰੱਤੀ

ਜਿਹੜਾ ਤੀਰ ਕਮਾਂਨੋਂ ਛੁੱਟੇ ਕੋਈ ਖ਼ਤਾ ਨਾ ਜਾਵੇ
ਸਿਰ ਸੀਨੇ ਯਾ ਜਿਗਰ ਧੁਨੀ ਨੂੰ ਆਪਣੀ ਜਾ ਬਣਾਵੇ

ਚਾਈਂ ਵਾਗਾਂ ਰਲੀ ਸਵਾਰੀ ਜਿਉਂ ਭੱਠੀ ਵਿਚ ਦਾਣੇ
ਢਹਿੰਦੇ ਉਠਦੇ ਮਿਸਲ ਪਤੰਗਾਂ ਜਲ਼ ਜਲ਼ ਮਰਨ ਧਿੰਙਾਣੇ

ਮੂੰਹੋਂ ਮੂੰਹ ਝੱਲਣ ਫਟ ਕਾਰੀ ਸੂਰਮਿਆਂ ਦੇ ਦਾਈਏ
ਮਾਰੋ ਮਾਰ ਕਰੇਂਦੇ ਆਖਣ ਇਕ ਦੂਜੇ ਨੂੰ ਖਾਈਏ

ਸ਼ੁਤਰੀ ਤੁਰਮ ਤੰਬੂਰ ਸ਼ਹਨਾਈ ਧੌਂਸੇ ਢੋਲ ਨਿਕਾਰੇ
ਗੱਜਣ ਦਿਓ ਗ਼ਰੀਵ ਅਸਮਾਨੀਂ ਗ਼ੁਲ ਗ਼ੁਲ ਸ਼ੋਰ ਕਕਾਰੇ

ਖ਼ਾਲੀ ਢੋਲ ਅਤੇ ਬੇਮਗ਼ਜ਼ਾ ਬਾਹਰੋਂ ਸੁਖ਼ਨ ਕਰੇਂਦਾ
ਫ਼ਿਤਨੇ ਦੋਜ਼ਾਂ ਵਾਂਗ ਲੜਾਈ ਸੁਲ੍ਹਾ ਨਾ ਹੋਵਣ ਦੇਂਦਾ

ਤੀਰ ਵੱਸਣ ਜਿਉਂ ਛਿੜਕੇ ਛੱਲਾ ਗੋਹੜਾ ਮੀਂਹ ਅਸਮਾਨੀ
ਮਲਕ-ਉਲ-ਮੌਤ ਆਹੇ ਸਭ ਸੰਭੇ ਲੈ ਲੈ ਜਾਵਣ ਜਾਨੀ

ਤੀਰ ਤਬਰ ਤਲਵਾਰ ਕਟਾਰੀ ਜ਼ਹਿਰੋਂ ਪਾਨ ਚੜ੍ਹਾਈ
ਪੱਟ ਸੁੱਟੀ ਬੁਨਿਆਦ ਤਿਨ੍ਹਾ ਦੀ ਜ਼ੋਰੋਂ ਜ਼ੋਰ ਲੜਾਈ

ਚਾਕੋ ਚਾਕ ਕਰਨ ਤਲਵਾਰੀਂ ਬਿਜਲੀ ਦੇ ਚਮਕਾਰੇ
ਖੜਕਣ ਗੁਰਜ਼ ਅਲਬੁਰਜ਼ ਗਿਰਾਵਣ ਮੌਤ ਤੂਫ਼ਾਨ ਖਿਲਾਰੇ

ਮੋਰ ਮੰਘਾਰ ਕੀਤੇ ਲੱਖ ਸੀਨੇ ਨੇਜ਼ੇ ਸੇਲੇ ਸਾਂਗਾਂ
ਉਸ ਮੋਰੀ ਥੀਂ ਵੇਖ ਤਮਾਸ਼ਾ ਦੇਣ ਬਲਾਈਂ ਬਾਂਗਾਂ ।(੭੩੩੦)

ਫਟੇ ਮਾਰੇ ਪਿੜ ਵਿਚ ਰੁਲਦੇ ਤਨ ਉੱਤੇ ਤਨ ਚੜ੍ਹਿਆ
ਢੇਰ ਲੱਗੇ ਕੋਹ ਕਾਫ਼ਾਂ ਜਿੱਡੇ ਲਸ਼ਕਰ ਐਸਾ ਲੜਿਆ

ਤੀਰਾਂ ਸ਼ੂੰਕ ਸ਼ਪਾ ਸ਼ਪ ਤੇਗ਼ਾਂ ਸੁਣ ਕੜਕਾਰ ਕਮਾਨੀਂ
ਦਹਿਸ਼ਤ ਕੋਲੋਂ ਉਡ ਉਡ ਢੱਠੀਆਂ ਜਿਉਂ ਇੱਲਾਂ ਅਸਮਾਨੀਂ

ਲੱਖ ਤਨਾ ਦੇ ਬੇਰੇ ਬੇਰੇ ਖਿੰਡ ਗਏ ਹਰ ਪਾਸੇ
ਗਿੱਦੜ ਲੂੰਬੜ ਤੇ ਬਘਿਆੜਾਂ ਮੂੰਹ ਮੁੜੇ ਖਾ ਮਾਸੇ

ਕਾਰੂੰ ਵਾਲੇ ਗੰਜ ਬਣਾਏ ਕਾਗਾਂ ਕੱਢ ਕੱਢ ਆਨੇ
ਤੀਰਾਂ ਗੁਰਜ਼ਾਂ ਕੀਤੇ ਮਈਅਤਾਂ ਮੂੰਹ ਸਿਰ ਗੰਜੇ ਕਾਨੇ

ਇੱਲਾਂ ਚਾਏ ਇੱਲਾਂ ਜਿੱਡੇ ਲਹੂ ਭਰੇ ਭੁਕਾਨੇ
ਲੱਖਾਂ ਘਣ ਮਖਾਂ ਦੇ ਫੁਰਕਣ ਕੀੜਿਆਂ ਭਰੇ ਦਹਾਨੇ

ਪਾਗ਼ਲ ਲੋਕ ਡਰਾਕਲ਼ ਤਾਈਂ ਨੱਸਣ ਹਾਰ ਸ਼ਿਕਸਤੇ
ਕਾਂਗ ਤੂਫ਼ਾਨ ਲਹੂ ਦੀ ਹੱਥੋਂ ਬੰਦ ਹੋਏ ਸਭ ਰਸਤੇ

ਬਾਂਬੜ ਪੈਣ ਕਮੰਦ ਗਲਾਂ ਵਿਚ ਸਿਰ ਵੱਢਣ ਤਲਵਾਰਾਂ
ਜਿਉਂ ਇਜੜ ਵਿਚ ਚਿਤਰਾ ਏਵੇਂ ਕਰਨ ਸਿਪਾਹੀ ਵਾਰਾਂ

ਸ਼ਾਹਪਾਲੇ ਦੀ ਫ਼ੌਜੇ ਓੜਕ ਐਸਾ ਜ਼ੋਰ ਉਠਾਇਆ
ਕੁਲਜ਼ਮ ਵਾਲੇ ਬਾਦਸ਼ਾਹੇ ਦਾ ਲਸ਼ਕਰ ਮਾਰ ਗਵਾਇਆ

ਚਾਰ ਇਕ ਸੈ ਪਰੀ ਕੁੱਲ ਬਚੀ ਜਾ ਛਪੀ ਦਰਿਆਵੇਂ
ਹੋਰ ਤਮਾਮੀ ਲਸ਼ਕਰ ਉਸ ਦਾ ਕਤਲ ਹੋਇਆ ਵਿਚ ਥਾਵੇਂ

ਹਾਸ਼ਮ ਕੁਲਜ਼ਮ ਦੇ ਸੁਲਤਾਨੇ ਬੜੀ ਹਜ਼ੀਮਤ ਆਈ
ਨੱਸਣ ਛਪਣ ਬਚਨ ਵਾਲੀ ਜਾਇ ਨਾ ਸੁਝਦੀ ਕਾਈ ।(੭੩੪੦)

ਓੜਕ ਨੱਸ ਪਿਆ ਬਿਨ ਫ਼ੌਜੋਂ ਕਿਚਰਕ ਪਾਪੜ ਵੇਲੇ
ਖੂਹ ਦੰਦਾ ਦਰਿਆ ਨਾ ਸੁਝਦਾ ਭਾਜ ਪਵੇ ਜਿਸ ਵੇਲੇ

ਢਹਿਣ ਲੱਗਾ ਦਰਿਆ ਫ਼ਿਕਰ ਦੇ ਸ਼ਾਹਪਾਲੇ ਥੀਂ ਨੱਸ ਕੇ
ਜਾਣ ਨਾ ਦੇਣਾ ਮੂਜ਼ੀ ਤਾਈਂ ਸ਼ਾਹ ਫ਼ੁਰਮਾਇਆ ਹੱਸ ਕੇ

ਇਕ ਉਮਰਾ ਲੱਗਾ ਉਠ ਪਿੱਛੇ ਫ਼ੌਜ ਜ਼ੋਰਾਵਰ ਲੈ ਕੇ
ਹਾਸ਼ਮ ਸਣੇ ਸਿਪਾਹੀਆਂ ਫੜਿਆ ਮਗਰ ਦਲੇਰਾਂ ਪੈ ਕੇ

ਸ਼ਾਰਿਸਤਾਨੀ ਕੁਲਜ਼ਮੀਆਂ ਨੂੰ ਪਕੜ ਲਿਆਏ ਡੇਰੇ
ਨਜ਼ਰ ਹਵਾਲੇ ਹੋਇਆ ਹਾਸ਼ਮ ਪਹਿਰੇ ਫਿਰੇ ਚੌਫੇਰੇ

ਸ਼ਾਹਪਾਲੇ ਦਾ ਖ਼ਾਸਾ ਆਹਾ ਇਕ ਉਮਰਾ ਵਡੇਰਾ
ਹਾਸ਼ਮ ਸ਼ਾਹ ਵੰਝ ਮਿਲਿਆ ਉਸ ਨੂੰ ਹੋ ਮੁਹਤਾਜ ਭਲੇਰਾ

ਇਸ ਉਮਰਾਏ ਦੀ ਕਰ ਮਿੰਨਤ ਖੜੇ ਵਸੀਲਾ ਆ ਕੇ
ਗਰਦਨ ਤੇਗ਼ ਮੂੰਹੇਂ ਵਿਚ ਸਬਜ਼ੀ ਪੱਗ ਗਲੇ ਵਿਚ ਪਾ ਕੇ

ਜਾ ਮਿਲਿਆ ਸ਼ਾਹਪਾਲੇ ਤਾਈਂ ਕਹਿੰਦਾ ਸਾਹਿਬ ਮੇਰੇ
ਖਾਹੇ ਮਾਰ ਖਾਹੇ ਚਾ ਰੱਖੀਂ ਜਾਨ ਮੇਰੀ ਹੱਥ ਤੇਰੇ

ਝਿੜਕ ਦਿੱਤੀ ਸ਼ਾਹਪਾਲੇ ਅੱਗੋਂ ਐ ਬਦਬਖ਼ਤ ਨਮਰਦਾ
ਦਿਲ ਤੇਰੇ ਨੇ ਚਾਹਿਆ ਕੀਕਰ ਐਸਾ ਜ਼ੁਲਮ ਕਹਿਰ ਦਾ

ਐਸਾ ਆਦਮ ਜ਼ਾਦਾ ਸੋਹਣਾ ਸੈ ਸਿਫ਼ਤਾਂ ਦਾ ਸਾਈਂ
ਸਾਡੇ ਬਾਗ਼-ਇਰਮ ਥੀਂ ਫੜਕੇ ਕੀਤਾ ਮਾਰ ਅਜ਼ਾਈਂ

ਫ਼ਰਜ਼ੰਦਾਂ ਦੀ ਜਾਈ ਮੈਨੂੰ ਹੈਸੀ ਬਹੁਤ ਪਿਆਰਾ
ਆਦੀ ਦਾ ਸ਼ਹਿਜ਼ਾਦਾ ਆਹਾ ਨਸਲ ਸਿਕੰਦਰ ਦਾਰਾ ।(੭੩੫੦)

ਸ਼ਾਹ ਫ਼ਰੀਦੋਂ ਤੇ ਜਮਸ਼ੈਦੋਂ ਹੈ ਸੀ ਬਾਲ ਨਿਸ਼ਾਨੀ
ਫ਼ਾਜ਼ਿਲ ਆਕਿਲ ਕਾਬਿਲ ਦੂਜਾ ਕੋਈ ਨਾ ਉਸ ਦਾ ਸਾਨੀ

ਹਰ ਇਲਮੋਂ ਹਰ ਹੁਨਰੋਂ ਕਾਮਿਲ ਖ਼ੁਸ਼ ਆਵਾਜ਼ ਬਹਾਦਰ
ਮਰਦ ਸ਼ਰੀਫ਼ ਜ਼ਰੀਫ਼ ਸਿਆਣਾ ਸਖ਼ੀ ਲਤੀਫ਼ ਅਕਾਬਰ

ਜ਼ਾਹਿਦ ਸ਼ਬ ਬੇਦਾਰ ਨਿਮਾਜ਼ੀ ਅਦਬ ਹਿਦਾਇਤ ਵਾਲਾ
ਐਸ ਜ਼ਮਾਨੇ ਸਾਨੀ ਉਸ ਦਾ ਨਾ ਕੋਈ ਮਰਦ ਉਜਾਲਾ

ਸੂਫ਼ੀ ਅਹਿਲ ਇਸਲਾਮ ਪਰਹੇਜ਼ੀ ਸਾਲਿਕ ਸਫ਼ਰ ਇਸ਼ਕ ਦਾ
ਸੂਰਤ ਸੀਰਤ ਨਵੀਂ ਜਵਾਨੀ ਗੰਜ ਯਕੀਨ ਸਿਦਕ ਦਾ

ਉਹ ਨਜੀਬ ਬੇਮਿਸਲ ਸ਼ਹਿਜ਼ਾਦਾ ਮਾਰ ਕੀਤਾ ਤੁਧ ਫ਼ਾਨੀ
ਮੈਂ ਭੀ ਬਦਲਾ ਛੱਡਾਂ ਨਾਹੀਂ ਕੁਲਜ਼ਮ ਕਰਾਂ ਵੀਰਾਨੀ

ਨੱਕ ਨਕੇਲ ਘੱਤਾਂਗਾ ਤੈਨੂੰ ਮੁਸ਼ਕੀਂ ਬਾਹੀਂ ਕੜਸਾਂ
ਨਾਲ਼ੇ ਫ਼ੌਜ ਪਿੱਛੇ ਜੋ ਤੇਰੀ ਸਾਰੀ ਏਵੇਂ ਫੜਸਾਂ

ਕੁਲਜ਼ਮ ਅੰਦਰ ਇਕ ਨਾ ਛਡਸਾਂ ਬਾਗ਼-ਇਰਮ ਵਿਚ ਖੜਸਾਂ
ਹੱਥ ਹਥੌੜੀ ਪੈਰੀਂ ਬੇੜੀ ਤੌਕ ਗਲੇ ਵਿਚ ਜੜਸਾਂ

ਸੈਫ਼-ਮਲੂਕੇ ਦਾ ਇਕ ਭਾਈ ਨਾਲ਼ੇ ਯਾਰ ਪਿਆਰਾ
ਨਾਇਬ ਅਤੇ ਵਕੀਲ ਸਿਆਣਾ ਸਾਇਦ ਨੇਕ ਸਿਤਾਰਾ

ਸਰਾਂਦੀਪ ਸ਼ਹਿਰ ਵਿਚ ਰਿਹਾ ਬਾਦਸ਼ਾਹਾਂ ਦੇ ਖ਼ਾਨੇ
ਬਾਗ਼-ਇਰਮ ਵਿਚ ਸਦਸਾਂ ਉਸ ਨੂੰ ਘੱਲ ਕੇ ਦੇਵ ਤੁਵਾਨੇ

ਤੁਸੀਂ ਹਵਾਲੇ ਉਸ ਦੇ ਹੋਸੋ ਹੁਕਮ ਉਹਦੇ ਹੱਥ ਦੇਸਾਂ
ਪੁੱਤਰ ਧੀਆਂ ਟੱਬਰ ਤੇਰੇ ਕਰ ਕਰ ਖ਼ਵਾਰ ਮਰੇਸਾਂ ।(੭੩੬੦)

ਅੱਖੀਂ ਅੱਗੇ ਯਾਰ ਪਿਆਰੇ ਲੈ ਤਸਦੀਏ ਮਰਸਨ
ਐਸੀ ਹੋਸੀ ਰੂਹ ਤੁਸਾਡੀ ਯਾਦ ਮੋਏ ਭੀ ਕਰਸਨ

ਮੁਲਕ ਵਲਾਇਤ ਤੇਰੀ ਤਾਈਂ ਖ਼ਾਕ ਸਿਆਹ ਕਰੇਸਾਂ
ਕੋਟ ਕਿਲੇ ਘਰ ਮਹਿਲ ਚੁਬਾਰੇ ਪੁੱਟ ਤਬਾਹ ਕਰੇਸਾਂ

ਹਾਸ਼ਮ ਕਹਿੰਦਾ ਐ ਸੁਲਤਾਨਾ! ਵੱਸ ਪਿਆਂ ਹੁਣ ਤੇਰੇ
ਜੋ ਕੁੱਝ ਚਾਹੇਂ ਜ਼ੁਲਮ ਤਅੱਦੀ ਕਰ ਲੈ ਵੰਡੇ ਮੇਰੇ

ਪਰ ਕੁੱਝ ਆਪ ਖ਼ਿਆਲ ਕਰੋ ਖਾਂ ਲੋੜੋ ਮਕਸਦ ਅਪਣੇ
ਬੇਵਫ਼ਾ ਇਕ ਬੰਦੇ ਪਿਛੇ ਖ਼ੂਨ ਲਏ ਸਿਰ ਕਿਤਨੇ

ਮੁਸਲਮਾਨ ਪਰੀ ਲੱਖ ਕੁੱਠੀ ਚਿਹਲ ਹਜ਼ਾਰ ਅਫ਼ਰੇਤੂੰ
ਮੈਨੂੰ ਭੀ ਸਨ ਬਾਲ ਬੱਚੇ ਦੇ ਮਾਰਨ ਲੱਗੋਂ ਜੇ ਤੂੰ

ਉਸ ਇਕ ਆਦਮਜ਼ਾਦ ਕਮੀਨੇ ਬੰਦੇ ਬੇਵਫ਼ਾਈਓਂ
ਕੀ ਭਲਿਆਈ ਹੈ ਤੁਧ ਡਿੱਠੀ ਸ਼ਿੱਦਤ ਕਰੇਂ ਹਵਾਈਓਂ

ਕੰਨੀਂ ਬੁਝ ਹਵਾਈ ਗੱਲਾਂ ਮਾਇਲ ਹੋਇਉਂ ਸ਼ਾਹਾ
ਉਹ ਨਿਕਾਰਾ ਆਦਮ ਜਾਇਆ ਐਸਾ ਕਿਥੋਂ ਆਹਾ

ਜਿਤਨੇ ਮੂੰਹ ਬਣਾਵਣ ਗੱਲਾਂ ਇਤਨੇ ਇਕਸੇ ਗੱਲੋਂ
ਤੁਧ ਸੁਣਿਆ ਮੈਂ ਅੱਖੀਂ ਡਿੱਠਾ ਚਾਵੇਂ ਕਿਹੜੀ ਵੱਲੋਂ

ਸ਼ਾਹਪਾਲੇ ਫ਼ੁਰਮਾਇਆ ਅੱਗੋਂ ਐ ਮਰਦੂਦ ਨਮਰਦਾ
ਕੀ ਹੋਇਆ ਮੈਂ ਆਪ ਨਾ ਡਿੱਠਾ ਹੈ ਉਹ ਚੰਨ ਮਿਸਰ ਦਾ

ਦਰਦਮੰਦਾਂ ਦੀ ਹਾਲਤ ਸੁਣ ਕੇ ਦੁਖੀਏ ਦਾ ਦੁੱਖ ਜਾਗੇ
ਰਹਿਮ ਪਵੇ ਗ਼ਮਨਾਕੀ ਅੰਦਰ ਰੂਹ ਤਕੱਬਰ ਭਾਗੇ ।(੭੩੭੦)

ਬੇਵਫ਼ਾ ਨਿਕਾਰਾ ਆਖੇਂ ਕਦਰ ਉਹਦਾ ਤੁਧ ਏਹਾ
ਆਸਿਮ ਸ਼ਾਹ ਕੰਨੋਂ ਵੰਝ ਪੁੱਛੇਂ ਸੈਫ਼-ਮਲੂਕ ਕਿਵੇਹਾ

ਹਾਸ਼ਮ ਨੂੰ ਭੀ ਵਰਮ ਪੁੱਤਰ ਦੇ ਨਰਮ ਕੀਤਾ ਸੀ ਸੀਨਾ
ਦਰਦਮੰਦਾਂ ਦੇ ਸੁਖ਼ਨ ਸੁਣਨ ਥੀਂ ਭੱਜ ਗਿਆ ਰੂਹ ਕੀਨਾ

ਜਿਥੇ ਦਰਦ ਕੱਟੇ ਕੋਈ ਸਾਇਤ ਸੋਈਓ ਜਾ ਸੰਵਾਰੇ
ਖ਼ਾਲੀ ਭੀ ਫਿਰ ਮੁਸ਼ਕੋਂ ਭਰਿਆ ਫੁੱਲ ਰਹੇ ਜਿਸ ਖਾਰੇ

ਸਿਫ਼ਤਾਂ ਤੇ ਤਾਰੀਫ਼ਾਂ ਕਹੀਆਂ ਦਾਨਿਸ਼ਮੰਦਾਂ ਭਲਿਆਂ
ਹਰਗਿਜ਼ ਖ਼ਤਾ ਨਾ ਖਾਈਏ ਕਿਧਰੇ ਕਹੇ ਜਿਨ੍ਹਾਂ ਦੇ ਚਲਿਆਂ

ਸੀਮੀਂ-ਸ਼ਾਰਿਸਤਾਨੇ ਅੰਦਰ ਹੈ ਜਿਨ੍ਹਾਂ ਸੁਲਤਾਨੀ
ਮਾਈ ਭੈਣ ਮੇਰੀ ਹੁਸਯਾਰਾਂ ਆਕਿਲ ਅਕਲ ਜਹਾਨੀ

ਸੁਣੀਆਂ ਬਹੁਤ ਉਨ੍ਹਾਂ ਦੇ ਮੂੰਹੋਂ ਸਿਫ਼ਤਾਂ ਵੱਧ ਹਿਸਾਬੋਂ
ਗੱਲ ਉਨ੍ਹਾਂ ਦੀ ਸਾਡੇ ਭਾਣੇ ਜਿਉਂ ਕਰ ਨਕਲ ਕਿਤਾਬੋਂ

ਵਾਸਿਤ ਮੁਲਕ ਅੰਦਰ ਜੋ ਰਾਜਾ ਉਸ ਨੇ ਏਵੇਂ ਦੱਸਿਆ
ਸਰਾਂਦੀਪ ਸ਼ਹਿਰ ਦੇ ਵਾਲੀ ਲਿਖ ਘੱਲਿਆ ਮਨ ਵਸਿਆ

ਗੱਲ ਉਨ੍ਹਾਂ ਦੀ ਸਾਡੇ ਭਾਣੇ ਸਦ ਮਰਾਤਬ ਪੱਕੀ
ਖ਼ਾਤਰ ਖ਼ਾਹ ਪਸੰਦ ਅਸਾਨੂੰ ਚੀਜ਼ ਉਨ੍ਹਾਂ ਦੀ ਤੱਕੀ

ਤੈਨੂੰ ਕਿਉਂ ਕਰ ਚੰਗਾ ਲੱਗੇ ਪੁੱਤ ਤੇਰਾ ਉਸ ਕੁੱਠਾ
ਲੱਖ ਗੁਣ ਛੱਡ ਇਕ ਔਗੁਣ ਪਕੜਨ ਵੈਰੀ ਤੁਰਨ ਅਪੁੱਠਾ

ਤੋੜੇ ਔਗੁਣ ਇਕ ਨਾ ਲੱਭੇ ਗੁਣ ਥੀਂ ਔਗੁਣ ਕਰਦੇ
ਨਿੰਦਣ ਸੁਖ਼ਨ ਮੁਹੰਮਦ ਤੇਰੇ ਵੱਟ ਬਣਾਣ ਗੌਹਰ ਦੇ ।(੭੩੮੦)

ਚਾਮ ਚਿੜੀ ਦੇ ਬਖ਼ਰੇ ਯਾਰੋ ਸੂਰਜ ਬਹੁਤ ਕਲੋਹਣਾ
ਬੇਕਦਰਾਂ ਨੂੰ ਯੂਸੁਫ਼ ਮਿਸਰੀ ਕਿਉਂ ਕਰ ਦਿਸੇ ਸੋਹਣਾ

ਜਿਹਨਾਂ ਫੜ ਕੇ ਖੂਹ ਵਗਾਇਆ ਕੀ ਉਨ੍ਹਾਂ ਦੇ ਭਾਣੇ
ਖੋਟੀਂ ਦੱਮੀਂ ਵੇਚ ਦਿੱਤੋ ਨੇ ਉਹ ਭੀ ਜ਼ੋਰ ਧਿੰਙਾਣੇ

ਘਿਨਣ ਗਾਹਕ ਜ਼ੁਲੈਖ਼ਾ ਆਵੇ ਮੁਲ ਪੁੱਛੇ ਯਾਕੂਬੋਂ
ਤਾਂ ਮੁਲ ਪਵੇ ਮੁਹੰਮਦ ਬਖਸ਼ਾ ਸੂਰਤ ਸੀਰਤ ਖ਼ੂਬੋਂ

ਜਾਂ ਸ਼ਾਹਪਾਲ ਕਹੀਆਂ ਇਹ ਗੱਲਾਂ ਸੁਣ ਹਾਸ਼ਮ ਸ਼ਾਹ ਰੋਇਆ
ਕਰ ਅਫ਼ਸੋਸ ਉਸਾਸ ਚਲਾਂਦਾ ਤੌਬਾ ਤਾਇਬ ਹੋਇਆ

ਸ਼ਾਹਪਾਲੇ ਵੱਲ ਅਰਜ਼ ਕਰੇਂਦਾ ਐ ਸ਼ਾਹ ਸ਼ੇਰ ਜਵਾਨਾਂ
ਤੂੰ ਸੁਲੇਮਾਂ ਨਬੀ ਦੀ ਜਾਈ ਸਰਵਰ ਹੈਂ ਸੁਲਤਾਨਾਂ

ਦੇਹੋ ਇਜ਼ਨ ਜ਼ੁਬਾਨ ਸ਼ਰੀਫ਼ੋਂ ਕਰੋ ਮੁਆਫ਼ ਖ਼ਤਾਈਓਂ
ਨਾਲ਼ੇ ਲਸ਼ਕਰ ਮੇਰਾ ਬਖ਼ਸ਼ੋ ਜੋ ਬਚ ਰਿਹਾ ਲੜਾਈਓਂ

ਤਾਂ ਮੈਂ ਸੈਫ਼-ਮਲੂਕੇ ਤਾਈਂ ਹਾਜ਼ਰ ਆਣ ਕਰੇਸਾਂ
ਬੰਦ ਕੱਟੋ ਤਾਂ ਬਿੰਦ ਨਾ ਲਾਵਾਂ ਬਾਂਹ ਤੇਰੇ ਹੱਥ ਦੇਸਾਂ

ਹੁਕਮ ਦਿੱਤਾ ਸ਼ਾਹਪਾਲ ਬਹਾਦਰ ਕੈਦ ਜ਼ੰਜ਼ੀਰ ਉਤਾਰੇ
ਹਥੋਂ ਹਥੌੜੀ ਤੌਕ ਨਕੇਲਾਂ ਦੂਰ ਕਿਰਾਏ ਸਾਰੇ

ਸ਼ਾਹਪਾਲੇ ਨੂੰ ਕਹਿੰਦਾ ਹਾਸ਼ਮ ਬਖ਼ਸ਼ ਬੇਅਦਬੀ ਮੈਨੂੰ
ਜ਼ਿੰਦਾ ਹੈ ਉਹ ਆਦਮ ਜ਼ਾਦਾ ਹੋਵੇ ਮੁਬਾਰਿਕ ਤੈਨੂੰ

ਕੈਦ ਦਰੁਗ ਅੰਦਰ ਸੀ ਪਾਇਆ ਆਓ ਚੱਲ ਵਿਖਾਵਾਂ
ਜੇ ਐਸ ਨੂੰ ਰੱਬ ਜ਼ਿੰਦਾ ਕੱਢੇ ਮੈਂ ਛੁਟਕਾਰਾ ਪਾਵਾਂ ।(੭੩੯੦)

ਹਾਸ਼ਮ ਨਾਲ਼ ਲਿਆ ਸ਼ਾਹਪਾਲੇ ਹੋਰ ਉਮਰਾ ਚੰਗੇਰੇ
ਰੁਸਤਮ ਸਾਨੀ ਦਿਓ ਸਿਪਾਹੀ ਬਹੁਤੇ ਭਲੇ ਭਲੇਰੇ

ਸੰਗਲਦੀਪ ਅੰਦਰ ਸ਼ਾਹ ਆਇਆ ਹਾਸ਼ਮ ਨਾਲ਼ ਲਿਆਇਆ
ਉਸ ਦਰੁਗ ਉੱਤੇ ਜਾ ਪਹੁਤੇ ਜਾ ਸਿਰ-ਪੋਸ਼ ਲੁਹਾਇਆ

ਸ਼ਾਹ ਸ਼ਾਹਪਾਲ ਖੂਹੇ ਵਿਚ ਉੜ ਕੇ ਆਪ ਮਰੇਂਦਾ ਆਲੇ
ਕਹਿੰਦਾ ਐ ਫ਼ਰਜ਼ੰਦ ਪਿਆਰੇ ਇਸ਼ਕ ਕਮਾਵਣ ਵਾਲੇ

ਬੇਟਾ ਸੈਫ਼-ਮਲੂਕਾ! ਮੈਂ ਹਾਂ ਬਾਪ ਬਦੀਅ-ਜਮਾਲੇ
ਜ਼ਿੰਦਾ ਹੈਂ ਤਾਂ ਬੋਲ ਸ਼ਿਤਾਬੀ ਹੱਥੀਂ ਆਪ ਨਿਕਾਲੇ

ਲਾਗ਼ਿਰ ਬਦਨ ਸ਼ਹਿਜ਼ਾਦਾ ਹੋਇਆ ਉੱਚਾ ਬੋਲ ਨਾ ਸਕਦਾ
ਕਹਿਓਸੁ ਬਾਦਸ਼ਾਹ! ਮੈਂ ਜ਼ਿੰਦਾ ਰਾਹ ਤੁਸਾਡੀ ਤੱਕਦਾ

ਮਸਾਂ ਮਸਾਂ ਕੁੱਝ ਪਹੁਤਾ ਉੱਤੇ ਨਰਮ ਆਵਾਜ਼ ਨਿਖੁੱਟਾ
ਸ਼ਾਹਪਾਲੇ ਨੂੰ ਖ਼ੁਸ਼ੀਆਂ ਹੋਇਆ ਗ਼ਮ ਬੇਟੀ ਦਿਉਂ ਛੁੱਟਾ

ਸਦਕੇ ਬਹੁਤ ਖ਼ੈਰਾਇਤ ਕੀਤੀ ਵੰਡੇ ਮਾਲ ਖ਼ਜ਼ਾਨੇ
ਦਿਲੋਂ ਜ਼ਬਾਨੋਂ ਰੱਬ ਸੱਚੇ ਦੇ ਲੱਖ ਲੱਖ ਪੜ੍ਹੇ ਸ਼ੁਕਰਾਨੇ

ਖ਼ਾਸ ਵਜ਼ੀਰ ਆਹਾ ਜੋ ਅਪਣਾ ਸ਼ਾਹ ਉਸ ਨੂੰ ਫ਼ੁਰਮਾਇਆ
ਸ਼ਰਬਤ ਸ਼ਮ੍ਹਾ ਪੁਸ਼ਾਕੀ ਦੇ ਕੀ ਖੂਹੇ ਵਿਚ ਵਗਾਇਆ

ਇਤਰ ਅੰਬੀਰ ਗੁਲਾਬੋਂ ਸ਼ੀਸ਼ੇ ਨਾਲ਼ ਪੁਚਾਏ ਭਰ ਕੇ
ਵੰਝ ਵਜ਼ੀਰ ਖੂਹੇ ਵਿਚ ਪਹੁਤਾ ਹੁਕਮ ਸਿਰੇ ਪਰ ਧਰ ਕੇ

ਜਦੋਂ ਵਜ਼ੀਰ ਥੱਲੇ ਵੰਝ ਪਹੁਤਾ ਨਜ਼ਰ ਪਈਓਸੁ ਸ਼ਹਿਜ਼ਾਦਾ
ਨਿਉਂ ਨਿਉਂ ਹੋਇਆ ਵਜ਼ੀਰ ਸਲਾਮੀ ਕਰਕੇ ਅਦਬ ਜ਼ਿਆਦਾ ।(੭੪੦੦)

ਜਦੋਂ ਵਜ਼ੀਰ ਸ਼ਹਿਜ਼ਾਦੇ ਮਿਲਿਆ ਪੁੱਛਦਾ ਖ਼ਬਰ ਜੇ ਤੈਨੂੰ
ਹਾਲ ਬਦੀਅ-ਜਮਾਲ ਪਰੀ ਦਾ ਅੱਵਲ ਦੱਸ ਲੈ ਮੈਨੂੰ

ਸੁਣ ਕੇ ਗੱਲ ਵਜ਼ੀਰੇ ਤਾਈਂ ਬਹੁਤੀ ਹੈਰਤ ਆਈ
ਕਹਿਓਸੁ ਐ ਸ਼ਹਿਜ਼ਾਦਾ ਤੈਨੂੰ ਏਸ ਮੁਸੀਬਤ ਜਾਈ

ਸਿਰ ਤੇਰੇ ਪਰ ਐਡ ਕਹਾਰੀ ਦਿੱਸੇਂ ਇਹ ਤੱਕ ਮਰਦਾ
ਤਨ ਗਲਿਆ ਜਿੰਦ ਨੱਕ ਵਿਚ ਆਈ ਇਸ਼ਕ ਖਲੋਤ ਨਾ ਕਰਦਾ

ਏਸ ਹੱਦੇ ਨੂੰ ਪਹੁਤੋਂ ਆਪੂੰ ਅਪਣਾ ਕੁਝ ਨਾ ਝੋਰਾ
ਹਾਲ ਅਹਿਵਾਲ ਸੱਜਣ ਦਾ ਪੁੱਛੇਂ ਸਬਰ ਨਾ ਆਇਓਈ ਭੋਰਾ

ਸ਼ਹਿਜ਼ਾਦੇ ਫ਼ੁਰਮਾਇਆ ਅੱਗੋਂ ਸੁਣ ਤੂੰ ਭਾਈ ਮੇਰੇ
ਤੋੜੇ ਦੁੱਖ ਇਸ਼ਕ ਦੇ ਖੜਸਨ ਇਸ ਥੀਂ ਪਰੇ ਪਰੇਰੇ

ਉਨ੍ਹਾਂ ਦੁੱਖਾਂ ਥੀਂ ਮੁੱਖ ਨਾ ਮੋੜਾਂ ਤੋੜੇ ਜਾਨ ਵੰਜਾਵਾਂ
ਇਤਨੀ ਔਖਤ ਸਖ਼ਤੀ ਪਿੱਛੇ ਯਾਰ ਨਾ ਮਨੋਂ ਭੁਲਾਵਾਂ

ਦੁੱਖ ਮਲਾਮਤ ਇਸ਼ਕੇ ਅੰਦਰ ਜਿਉਂ ਕੱਖ ਅੰਦਰ ਅੱਗੇ
ਜਿਉਂ ਜਿਉਂ ਕੱਖ ਅੱਗੇ ਵਿਚ ਪਾਈਏ ਭੜਕ ਜ਼ਿਆਦਾ ਲੱਗੇ

ਆਪਣੇ ਆਪ ਉੱਤੇ ਤੂੰ ਆਖੇਂ ਦੁੱਖ ਕਜ਼ੀਆ ਏਤਾ
ਅਪਣਾ ਆਪ ਰਿਹਾ ਹੁਣ ਕਿੱਥੇ ਕਿਸ ਨੂੰ ਅਪਣਾ ਚੇਤਾ

ਆਪੂੰ ਆਪ ਰਿਹਾ ਇਸ ਘਰ ਵਿਚ ਕੋਈ ਸ਼ਰੀਕ ਨਾ ਦੂਜਾ
ਆਪੇ ਠਾਕੁਰ ਨਾਮ ਧਰਾਇਓਸੁ ਆਪ ਕਰੇਂਦਾ ਪੂਜਾ

ਆਪੇ ਹਾਕਮ ਆਪੇ ਰੱਈਅਤ ਮਹਿਰ ਆਪੇ ਪਟਵਾਰੀ
ਕੌਣ ਬਟੇਰਾ ਕਿਹੜਾ ਬਾਸ਼ਾ ਕਿਹੜਾ ਮੀਰ ਸ਼ਿਕਾਰੀ ।(੭੪੧੦)

ਮੂੰਹ ਬਿਲੀ ਦਾ ਗਜ ਸ਼ੀਹਾਂ ਦੀ ਹਿਰਨਾ ਪਿੱਛੇ ਧਾਣੀ
ਵਹਦਤ ਦੂਰ ਮੁਹੰਮਦ ਬਖਸ਼ਾ ਦਸਦਾ ਚੱਲ ਕਹਾਣੀ

ਬਾਝ ਬਦੀਅ-ਜਮਾਲ ਪਰੀ ਦੇ ਹਾਲ ਪੁੱਛਾਂ ਮੈਂ ਕਿਸ ਦਾ
ਤਨ ਮਨ ਜ਼ਿਮੀਂ ਜ਼ਮਨ ਵਿਚ ਭਾਈ ਹੋਰ ਨਹੀਂ ਕੁਝ ਦਿਸਦਾ

ਹੋਈ ਨਿਸ਼ਾ ਵਜ਼ੀਰੇ ਤਾਈਂ ਸੁਣ ਕੇ ਸੁਖ਼ਨ ਪਿਆਰੇ
ਸੌ ਸੌ ਸ਼ਾਬਸ਼ ਦੇ ਸ਼ਹਿਜ਼ਾਦੇ ਆਫ਼ਰੀਨ ਪੁਕਾਰੇ

ਹੱਥ ਚੁੰਮੇ ਸਿਰ ਗਰਦਨ ਚੁੰਮੇ ਪੂੰਝੇ ਧੂੜ ਬਦਨ ਥੀਂ
ਮੂੰਹੇਂ ਉਪਰ ਪੱਲਾ ਫੇਰੇ ਗਰਦ ਉਤਾਰੇ ਤਨ ਥੀਂ

ਇਤਰ ਗੁਲਾਬੋਂ ਸਿਰ ਮੂੰਹ ਧੋਤਾ ਅਟਕਲ ਨਾਲ਼ ਨਹਾਇਆ
ਸ਼ਰਬਤ ਸਾਫ਼ ਪਿਲਾਇਆ ਉੱਤੋਂ ਜੋੜਾ ਖ਼ੂਬ ਲਵਾਇਆ

ਇਕ ਸੰਦੂਕ ਵਡੇਰਾ ਉੱਤੋਂ ਜਲਦੀ ਨਾਲ਼ ਮੰਗਾਇਆ
ਦੋਏ ਵਿਚ ਸੰਦੂਕੇ ਬੈਠੇ ਖਿਚ ਲਇਉ ਫ਼ੁਰਮਾਇਆ

ਆਪ ਹੱਥੀਂ ਸ਼ਾਹਪਾਲ ਬਹਾਦਰ ਖਿਚ ਕੇ ਬਾਹਰ ਨਿਕਾਲੇ
ਸੌਂਪ ਸੰਦੂਕ ਵਜ਼ੀਰੇ ਤਾਈਂ ਜਾ ਦਰਬਾਰ ਸੰਭਾਲੇ

ਜਾ ਰੱਖਿਆ ਸ਼ਹਿਜ਼ਾਦਾ ਡੇਰੇ ਸ਼ਫ਼ਕਤ ਨਾਲ਼ ਵਜ਼ੀਰੇ
ਸ਼ਰਬਤ ਖਾਣੇ ਮਾਲਸ਼ ਮੁਸ਼ਕਾਂ ਕਰਦਾ ਵਾਂਙੂ ਵੀਰੇ

ਸ਼ਾਹਪਾਲੇ ਦੇ ਫ਼ਿਕਰ ਨਿਖੁੱਟੇ ਬੈਠਾ ਨਾਲ਼ ਫ਼ਰਾਗ਼ਤ
ਲੱਖ ਨਜ਼ਰਾਨੇ ਲੋਟੀ ਲੱਧੇ ਲਾਖਾਂ ਸਦਕੇ ਲਾਗਤ

ਦੇ ਇਨਾਮ ਸਿਪਾਹੀਆਂ ਤਾਈਂ ਖ਼ਰਚ ਕੀਤੀ ਸਭ ਲੋਟੀ
ਨੰਗਿਆਂ ਨੂੰ ਪੋਸ਼ਾਕਾਂ ਦਿੱਤੀਆਂ ਭੁੱਖਿਆਂ ਤਾਈਂ ਰੋਟੀ ।(੭੪੨੦)

ਕੈਦੀ ਸਭ ਖ਼ਲਾਸ ਕਰਾਏ ਸਦਕਾ ਉਸ ਖ਼ੁਸ਼ੀ ਦਾ
ਅਦਲ ਸਖ਼ਾਵਤ ਦਾਨ ਕਮਾਏ ਜ਼ਾਹਿਰ ਹੋਰ ਪੋਸ਼ੀਦਾ

ਕੀਤਾ ਗ਼ੁਸਲ ਵੁਜ਼ੂ ਕਰ ਤਾਜ਼ਾ ਸਿਰ ਸਿਜਦੇ ਵਿਚ ਧਰਿਆ
ਸੁੱਕਾ ਬਾਗ਼ ਮੁਰਾਦ ਮੇਰੀ ਦਾ ਰੱਬ ਕੀਤਾ ਮੁੜ ਹਰਿਆ

ਜਾਂਦੀ ਜਾਂਦੀ ਲੱਜ ਪੱਤ ਮੇਰੀ ਰੱਖ ਲਈ ਤੁਧ ਸਾਈਆਂ
ਅੰਤ ਨਹੀਂ ਅਹਿਸਾਨ ਤੇਰੇ ਦਾ ਬਖ਼ਸ਼ੇਂ ਐਬ ਖ਼ਤਾਈਆਂ

ਤੌਬਾ ਤਾਇਬ ਹੋ ਦਰ ਰੱਬ ਦੇ ਰੋਂਦਾ ਨਾਲ਼ ਅਫ਼ਸੋਸੇ
ਕਰਮ ਕਰੀਂ ਤੇ ਬਖ਼ਸ਼ੀਂ ਮੈਨੂੰ ਖ਼ੂਨ ਕੀਤੇ ਬੇਦੋਸੇ

ਤੂੰ ਹੈਂ ਦਾਇਮ ਬਖ਼ਸ਼ਣਹਾਰਾ ਪਾਪੀ ਅਸੀਂ ਹਮੇਸ਼ਾ
ਪਕੜ ਕਰੇਂ ਤਾਂ ਕਦ ਛੁਟਕਾਰਾ ਕੋਤਾਹ ਫ਼ਿਕਰ ਅੰਦੇਸ਼ਾ

ਸਾਰੀ ਉਮਰ ਉੱਚਾਪਤ ਚਾਈ ਖੱਟੀ ਬੁਰੇ ਅਮਲ ਦੀ
ਕਾਗ਼ਜ਼ ਛੇਕ ਗੁਨਾਹਾਂ ਵਾਲਾ ਕਾਨੀ ਫੇਰ ਫ਼ਜ਼ਲ ਦੀ

ਬਾਬ ਮੇਰੇ ਵਿਚ ਏਵੇਂ ਆਹੀ ਲਿਖੀ ਰੋਜ਼ ਅੱਵਲ ਦੀ
'ਹੱਫ਼-ਉਲ-ਕਲਮ' ਮੁਹੰਮਦ ਬਖ਼ਸ਼ਾ ਲਿਖੀ ਕਦੀ ਨਾ ਟਲਦੀ

ਰੱਬ ਸੱਚੇ ਦੀ ਬਖ਼ਸ਼ਿਸ਼ ਉੱਤੇ ਤਕੀਆ ਪਰਨਾ ਧਰ ਕੇ
ਸਿਜਦੇ ਥੀਂ ਸਿਰ ਚਾਇਆ ਸ਼ਾਹੇ ਬੈਠਾ ਖ਼ੁਸ਼ੀਆਂ ਕਰ ਕੇ

ਊਠ ਖ਼ੱਚਰ ਤੇ ਹਾਥੀ ਘੋੜੇ ਸੰਜ ਹਥਿਆਰ ਪੋਸ਼ਾਕਾਂ
ਦਿੱਤੇ ਬਖ਼ਸ਼ ਸਿਪਾਹੀਆਂ ਤਾਈਂ ਬਖ਼ਸ਼ੀ ਮੀਰ ਉਸ਼ਨਾਕਾਂ

ਐਸ਼ ਖ਼ੁਸ਼ੀ ਦਾ ਜਸ਼ਨ ਬਣਾਇਆ ਨਗ਼ਮੇ ਨਾਚ ਸੰਵਾਰੇ
ਸ਼ਾਦੀ ਦੇ ਦਰਵਾਜ਼ੇ ਖੁੱਲੇ ਤਾਕ ਗ਼ਮਾਂ ਦੇ ਮਾਰੇ ।(੭੪੩੦)

ਆਣ ਕਲਾਵੰਤ ਗਾਵਣ ਲੱਗੇ ਤਾਰੇ ਦੀ ਆਵਾਜ਼ੇ
ਚੁੰਗ ਚੁਗ਼ਾਨੀ ਮੱਧਮ ਤੰਬੂਰੇ ਸਾਜ਼ ਸੱਭੋ ਸੁਰ ਸਾਜ਼ੇ

ਸਾਰੰਗੀਆਂ ਦੀ ਰਗ ਰਗ ਵਿਚੋਂ ਸੈ ਰੰਗ ਸਾਰੰਗ ਵਾਲੇ
ਸਾਤ ਸੁਰਾਂ ਦੇ ਨਾਲ਼ ਸਰੰਦੇ ਦੇਣ ਵਲਾਇਤ ਹਾਲੇ

ਕਾਫ਼ੋਂ ਨੂਨੋਂ ਸੁਰ ਸੁਣਾਏ ਕਮਾਨਚੀਆਂ ਕਾਨੂੰਨਾਂ
ਯਾ ਸੱਤਾਰ ਕਹਿਣ ਸਤਾਰਾਂ ਦਫ਼ ਕਰੇ ਦਫ਼ ਦੂਨਾਂ

ਧੰਨ ਧੰਨ ਜ਼ਿਕਰ ਧਨਾਸਰੀਆਂ ਦਾ ਰੱਬ ਰੱਬ ਵਿਰਦ ਰਬਾਬਾਂ
ਸ਼ਾਬਸ਼ ਸ਼ੁਕਰ ਸ਼ਗਨ ਸ਼ਰਨਾਈਂ ਸ਼ੀਸ਼ੇ ਨਸ਼ੇ ਸ਼ਰਾਬਾਂ

ਕੰਜਰ ਭਗਤੀ ਲੋਗ ਗਵੱਈਏ ਤਾਨ ਬਿਆਨ ਸੁਣਾਵਣ
ਸਾਕੀ ਸੁੰਦਰ ਦੇਇ ਸੁਰਾਹੀ ਆਨ ਗੁਮਾਨ ਵਿਖਾਵਣ

ਸੁਣ ਟੱਪੇ ਇਕ ਟੱਪੇ ਹਾਲੋਂ ਇਕਨਾ ਤੱਪੇ ਦਰੂਨੇ
ਇਕਨਾ ਅੱਗ ਛੁਪਾਈ ਰੱਖੀ ਜਿਉਂ ਫੁੱਲ ਹੋਏ ਚੂਨੇ

ਖਾਧੇ ਖਾਣੇ ਜੋ ਮਨ ਭਾਣੇ ਖ਼ੂਬ ਲਤੀਫ਼ ਅਨਾਜ਼ੋਂ
ਬੂ ਇਤਰ ਦੀ ਨਸ਼ਾ ਸ਼ਰਾਬੋਂ ਲੱਜ਼ਤ ਤਾਰ ਆਵਾਜ਼ੋਂ

ਇਕ ਖ਼ੁਸ਼ੀ ਸ਼ਹਿਜ਼ਾਦੇ ਵਾਲੀ ਦੂਜੀ ਫ਼ਤਹਾ ਮਾਰੀ
ਖ਼ੁਸ਼ੀਆਂ ਵਿਚ ਅਮੀਰ ਸ਼ਹਿਜ਼ਾਦੇ ਮਜਲਿਸ ਖ਼ੂਬ ਸ਼ਿੰਗਾਰੀ

ਤਿੰਨ ਦਿਹਾੜੇ ਸੈਫ਼-ਮਲੂਕੇ ਪੀਤੇ ਸ਼ਰਬਤ ਦਾਰੂੰ
ਚੌਥੇ ਰੋਜ਼ ਹੋਇਆ ਕੁੱਝ ਤਕੜਾ ਭਾਰ ਝੱਲੇ ਹਥਿਆਰੂੰ

ਜ਼ੇਵਰ ਜ਼ੇਬ ਲਿਬਾਸ ਸ਼ਹਾਨਾ ਜੋੜਾ ਖ਼ੂਬ ਲਵਾਇਆ
ਸਭ ਹਥਿਆਰ ਪਹਿਨਾ ਸ਼ਹਿਜ਼ਾਦੇ ਨਾਲ਼ ਵਜ਼ੀਰ ਲਿਆਇਆ ।(੭੪੪੦)

ਸ਼ਾਹ ਸ਼ਾਹਪਾਲ ਬਹਾਦਰ ਅੱਗੇ ਹਾਜ਼ਰ ਕੀਤਾ ਜਾ ਕੇ
ਸੈਫ਼-ਮਲੂਕ ਸਲਾਮੀ ਕੀਤੀ ਚੰਗੀ ਸੀਸ ਨਿਵਾ ਕੇ

ਸ਼ਾਹ ਸ਼ਾਹਪਾਲ ਤਖ਼ਤ ਤੋਂ ਉਠ ਕੇ ਦੇਇ ਜਵਾਬ ਸਲਾਮੋਂ
ਸੈਫ਼-ਮਲੂਕੇ ਨੂੰ ਗਲ ਲਾਇਓਸੁ ਹਿਰਸ ਹਵਾਈਓਂ ਆਮੋਂ

ਸਿਰ ਮੂੰਹ ਚੁੰਮੇ ਨਾਲ਼ ਮੁਹੱਬਤ ਬਹੁਤ ਕਰੇ ਦਿਲਦਾਰੀ
ਸਦਕੇ ਹੁੰਦਾ ਵੇਖ ਅਜਾਇਬ ਸੂਰਤ ਅਪਰ ਅਪਾਰੀ

ਸੈਫ਼-ਮਲੂਕ ਡਿੱਠਾ ਜਦ ਸ਼ਾਹੇ ਨਜ਼ਰ ਸ਼ਕਲ ਵੱਲ ਧਰ ਕੇ
ਖ਼ੂਬ ਜਵਾਨ ਨਿਹਾਇਤ ਸੋਹਣਾ ਅੱਖ ਨਾ ਨੇੜੇ ਫੜਕੇ

ਸਾਹਿਬ ਹੁਸਨ ਜਮਾਲ ਘਣੇ ਦਾ ਰੌਸ਼ਨ ਚੰਨ ਅਸਮਾਨੀ
ਕਰਦਾ ਰਾਤ ਹਨੇਰੀ ਤਾਈਂ ਵਾਂਙੂ ਸ਼ਮ੍ਹਾ ਨੂਰਾਨੀ

ਕਾਲ਼ੀ ਰਾਤ ਅੰਧਾਰੀ ਅੰਦਰ ਜੇ ਉਹ ਝਾਤੀ ਪਾਏ
ਦਿਨ ਚੜ੍ਹਿਆ ਲੌ ਲੱਗੀ ਸ਼ਾਇਦ ਇਹ ਭੁਲਾਵਾ ਜਾਏ

ਜੇ ਲਖ ਸਿਫ਼ਤ ਜ਼ਬਾਨੋਂ ਆਖਾਂ ਮੂਲ ਨਾ ਹੁੰਦੀ ਪੂਰੀ
ਫੁੱਲ ਗੁਲਾਬ ਬਹਾਰੀ ਵਾਂਙੂ ਦੋ ਰੁਖ਼ਸਾਰੇ ਨੂਰੀ

ਸੋਹਣਾ ਖ਼ਤ ਆਗ਼ਾਜ਼ ਉੱਤਰ ਦਾ ਮੱਸ ਭਿੰਨੀ ਰੰਗੀਲਾ
ਯਾ ਸੁੰਬਲ ਯਾ ਸਬਜ਼ਾ ਨੀਲਾ ਵਾਲ਼ ਨਾ ਕੱਕਾ ਪੀਲ਼ਾ

ਆਪੂੰ ਕਾਦਰ ਕੁਦਰਤ ਵਾਲੇ ਉਸਤਾਕਾਰ ਹੁਨਰ ਦੇ
ਰੁਖ਼ਸਾਰਾਂ ਦੇ ਸਫ਼ੇ ਲਿਖੇ ਖ਼ੁਸ਼ਖ਼ਤ ਅੰਬਰ ਤਰ ਦੇ

ਵਾਤ ਮਿਸਾਲ ਇਹੋ ਜਿਉਂ ਚਸ਼ਮਾ ਆਬ ਹਯਾਤ ਖ਼ਿਜ਼ਰ ਦਾ
ਸੋਹਣੇ ਸਬਜ਼ੇ ਗਿਰਦ-ਬ-ਗਿਰਦੇ ਸੱਜਰਾ ਬੂਰ ਉਤਰ ਦਾ ।(੭੪੫੦)

ਮੁਸ਼ਕ ਭਰੀ ਅਬਨੂਸੀ ਖੂੰਡੀ ਵੰਝ ਚੰਨੇ ਨੂੰ ਪਾਏ
ਸਾਰਾ ਚੰਨ ਖੰਡੂਰੀ ਵਾਂਙੂ ਕੁੰਡਲ਼ ਵਿਚ ਲਿਆਏ

ਸਭ ਹਥਿਆਰ ਪੁਸ਼ਾਕੀ ਸਜਦੀ ਸਿਰ ਪੈਰਾਂ ਤੱਕ ਸੁੱਚਾ
ਸੋਹਣੀ ਬੀਨੀ ਨਾਜ਼ੁਕ ਜੁੱਸਾ ਕੱਦ ਸਰਵ ਜਿਉਂ ਉੱਚਾ

ਬਹੁਤ ਸਫ਼ਾਈ ਤੇ ਰੁਸ਼ਨਾਈ ਅੰਤ ਨਾ ਜਾਂਦਾ ਪਾਇਆ
ਸ਼ਰਮ ਹਯਾ ਹਲੀਮੀ ਸਿਰ ਤੇ ਇਕਬਾਲਾਂ ਦਾ ਸਾਇਆ

ਸ਼ਾਹਪਾਲੇ ਦਿਲ ਦੂਣੀ ਕੀਤੀ ਰੱਬ ਮੁਹੱਬਤ ਉਸ ਦੀ
ਨਾਲ਼ ਪਿਆਰੇ ਕੋਲ ਬਹਾਇਓਸੁ ਦੂਰ ਗਿਆਂ ਜਿੰਦ ਮੁਸਦੀ

ਬਹੁਤ ਕਾਰੀਗਰ ਨਕਸ਼ ਸਵਾਰੇ ਦੇ ਕੇ ਅਜਬ ਸਫ਼ਾਈ
ਜੋ ਵੇਖੇ ਸੋ ਰੱਜੇ ਨਾਹੀਂ ਰਸਨਾ ਐਸੀ ਪਾਈ

ਮਿੱਠਾ ਪਿਆਰਾ ਅਤੇ ਸਲੂਣਾ ਤਮ ਆਹੀ ਮਰਗ਼ੂਬੀ
ਫ਼ਾਇਕ ਰੱਬ ਕੀਤਾ ਉਸ ਵੇਲੇ ਵਾਹ ਵਾਹ ਉਹ ਮਹਿਬੂਬੀ

ਕਹਿਣ ਲੱਗਾ ਸ਼ਾਹਪਾਲ ਬਹਾਦਰ ਜਿਉਂ ਮਾਈ ਫ਼ੁਰਮਾਇਆ
ਇਸ ਥੀਂ ਭੀ ਦਸ ਹਿੱਸੇ ਯਾਰੋ ਵੱਧ ਸ਼ਹਿਜ਼ਾਦਾ ਪਾਇਆ

ਵੇਖਦਿਆਂ ਦਸ ਹਿੱਸੇ ਹੋਈ ਸ਼ਫ਼ਕਤ ਉਸ ਜ਼ਿਆਦਾ
ਗੱਲ ਲਾਵੇ ਮੂੰਹ ਅੱਖੀਂ ਚੁੰਮੇ ਆਖੇ ਵਾਹ ਸ਼ਹਿਜ਼ਾਦਾ

ਐਸਾ ਆਦਮ ਜ਼ਾਦਾ ਲਾਇਕ ਲੱਖ ਹਜ਼ਾਰ ਅਹਿਸਾਨਾ
ਜੇ ਮੇਰੇ ਲੱਖ ਬੇਟੀ ਹੋਵੇ ਇਸ ਅੱਗੇ ਗੁਜ਼ਰਾਨਾ

ਹੋਰ ਮੇਰੀ ਸੌ ਬੇਟੀ ਹੋਵੇ ਮਿਸਲ ਬਦੀਅ-ਜਮਾਲੇ
ਤੁਹਫ਼ੇ ਤੇ ਨਜ਼ਰਾਨਾ ਦੇਵਾਂ ਏਸ ਜਵਾਨ ਕਮਾਲੇ ।(੭੪੬੦)

ਕੁਲਜ਼ਮ ਦੇ ਭੀ ਬਾਦਸ਼ਹੇ ਨੇ ਬਹੁਤ ਨਿਵਾਜ਼ਿਸ਼ ਕੀਤੀ
ਉਜ਼ਰ ਕਰੇ ਨਾਦਾਨੀ ਕਨੋ ਐਡ ਬੇਅਦਬੀ ਬੀਤੀ

ਬਹੁਤ ਬੇਅਕਲੀ ਮੈਂ ਥੀਂ ਹੋਈ ਭੁਲਿਓਸ ਤੇ ਝੱਖ ਮਾਰੀ
ਸੈਫ਼-ਮਲੂਕਾ ਬਖ਼ਸ਼ੀਂ ਮੈਨੂੰ ਉਹ ਬੇਅਦਬੀ ਭਾਰੀ

ਸੈਫ਼-ਮਲੂਕ ਕਿਹਾ ਮੈਂ ਬਖ਼ਸ਼ੀ ਬਦਲਾ ਲਵਾਂ ਨਾ ਕਿਸੇ
ਲੇਕਿਨ ਉਹ ਬੇਅਕਲੀ ਤੇਰੀ ਜ਼ਾਹਿਰ ਸਭ ਨੂੰ ਦਿਸੇ

ਜੇ ਕਰ ਪਹਿਲੇ ਰੋਜ਼ ਇਨ੍ਹਾਂ ਦਾ ਹੁਕਮ ਕਬੂਲ ਕਰੇਂਦੋਂ
ਇਤਨੇ ਮੁਸਲਮਾਨ ਨਾ ਕੁਸਦੇ ਬਾਂਹ ਮੇਰੀ ਚਾ ਦੇਂਦੋਂ

ਫੇਰ ਕਹੇ ਸ਼ਹਿਜ਼ਾਦਾ ਆਪੂੰ ਕਲਮ ਵਗੀ ਤਕਦੀਰੋਂ
ਨਾਲ਼ ਕਜ਼ਾ ਰਜ਼ਾਏ ਬਾਝੋਂ ਚਾਰਾ ਨਾ ਤਦਬੀਰੋਂ

ਕੁੱਝ ਜਵਾਬ ਨਾ ਆਇਆ ਹਾਸ਼ਮ ਲਾਜ਼ਮ ਰਿਹਾ ਚੁਪੀਤਾ
ਇਕਸੇ ਗੱਲੇ ਨਾਲ਼ ਸ਼ਹਿਜ਼ਾਦੇ ਬੰਦ ਜਵਾਬੋਂ ਕੀਤਾ

ਜਾਂ ਸ਼ਹਿਜ਼ਾਦਾ ਬਾਗ਼-ਇਰਮ ਥੀਂ ਹਾਸ਼ਮ ਬੰਨ੍ਹ ਮੰਗਾਇਆ
ਸੰਗਲਾਦੀਪ ਅੰਦਰ ਘੱਤ ਸੰਗਲ ਦਰੁਗੇ ਵਿਚ ਵਗਾਇਆ

ਉਸ ਦਿਨ ਕਿਉਂ ਦਮ ਮਾਰ ਨਾ ਸਕਿਆ ਸੈਫ਼-ਮਲੂਕ ਸਿਪਾਹੀ
ਅੱਜ ਹਾਸ਼ਮ ਪਰ ਗ਼ਾਲਬ ਆਇਆ ਸ਼ਾਹਿ ਮਿਲੀ ਜਦ ਸ਼ਾਹੀ

ਹਾਸ਼ਮ ਸ਼ਾਹ ਨੂੰ ਕਰਨੀ ਆਈ ਉਸ ਅੱਗੇ ਮੁਹਤਾਜੀ
ਜਾਨ ਖ਼ਲਾਸੀ ਤਾਹੀਂ ਹੋਵੇ ਬਣੇ ਇਨ੍ਹਾਂ ਦਾ ਪਾਜੀ

ਨਫ਼ਸ ਸ਼ੈਤਾਨ ਬੰਦੇ ਪਰ ਗ਼ਾਲਬ ਜਾਂ ਜਾਂ ਗ਼ਾਇਬ ਨਜ਼ਰੋਂ
ਨਜ਼ਰ ਹਜ਼ੂਰ ਕਰਮ ਦੇ ਪਹੁਤਾ ਤਾਂ ਬਚਿਆ ਹਰ ਮਕਰੋਂ ।(੭੪੭੦)

ਮਿਹਰੀਂ ਆਵੇ ਕੋਲ ਬਹਾਵੇ ਜਿਸ ਦਿਨ ਸ਼ਾਹ ਸ਼ਹਾਂ ਦਾ
ਸਿਰ ਤੇ ਹੱਥ ਰੱਖੇ ਰੱਬ ਭਾਵੇ ਦੁਸ਼ਮਣ ਭੀ ਭੌ ਖਾਂਦਾ

ਸ਼ਿਮਰ ਸ਼ੈਤਾਨੀ ਲਸ਼ਕਰ ਮਾਰੇ ਬੰਦ ਕੱਟੇ ਰੂਹਾਨੀ
ਯਾਰ ਮਿਲਾ ਮੁਹੰਮਦ ਬਖਸ਼ਾ ਫੇਰ ਦੇਇ ਸੁਲਤਾਨੀ

ਸ਼ਾਹ ਸ਼ਾਹਪਾਲ ਸ਼ਹਿਜ਼ਾਦੇ ਤਾਈਂ ਦਿੱਤਾ ਬਹੁਤ ਦਿਲਾਸਾ
ਫਟ ਉਹਦੇ ਪਰ ਮਰਹਮ ਲਾਇਓਸੁ ਲਾ ਮਤਲਬ ਦੀ ਆਸਾ

ਲਾਅ ਉਮੀਦ ਵਸਲ ਦੀ ਬਧੀਓਸੁ ਘਾਉ ਅੱਲੇ ਪਰ ਪੱਟੀ
ਜ਼ਰ ਦਾਨਿਸ਼ ਦੀ ਪਰਖੀ ਮਲ ਕੇ ਸੁਖ਼ਨਾਂ ਦੀ ਕਸਵੱਟੀ

ਸੈਫ਼-ਮਲੂਕੇ ਨੂੰ ਫ਼ੁਰਮਾਂਦਾ ਐ ਹੁਸ਼ਿਆਰ ਸ਼ਹਿਜ਼ਾਦਾ
ਬਾਪ ਤੇਰੇ ਦਾ ਰਾਜ ਸਲਾਮਤ ਤੇਰੀ ਉਮਰ ਜ਼ਿਆਦਾ

ਸੱਚ ਅਸਾਨੂੰ ਦਸ ਪਿਆਰੇ ਨਾਲ਼ ਜ਼ੁਬਾਨੇ ਮਿੱਠੀ
ਏਸ ਮੁਲਕ ਦੀ ਨਾਮ ਨਿਸ਼ਾਨੀ ਬਾਝ ਸੁਣੀ ਬਿਨ ਡਿੱਠੀ

ਹਿਰਸ ਹਵਾ ਤੇਰੇ ਦਿਲ ਉੱਠੀ ਐਸੀ ਵੱਧ ਸ਼ੁਮਾਰੋਂ
ਮਾਂ ਪਿਓ ਰਾਜ ਹਕੂਮਤ ਸਟ ਕੇ ਨਿਕਲ ਪਿਉਂ ਘਰ ਬਾਰੋਂ

ਕੀਕਰ ਇਹ ਕਜ਼ੀਆ ਬਣਿਆ ਬਾਤ ਤਅੱਜੁਬ ਦਿੱਸੇ
ਉਸ ਮੁਲਕ ਵੱਲ ਟੁਰਿਉਂ ਜਿਸ ਦੀ ਵਾਉ ਨਾ ਲਗਦੀ ਕਿਸੇ

ਸੈਫ਼-ਮਲੂਕ ਕਿਹਾ ਸੁਣ ਕਿਬਲਾ ਤੂੰ ਅਫ਼ਸਰ ਸੁਲਤਾਨਾਂ
ਲੁਤਫ਼ ਅਦਾਲਤ ਨੇਕੀ ਤੇਰੀ ਰੌਸ਼ਨ ਵਿਚ ਜਹਾਨਾਂ

ਸੱਜਣ ਦੁਸ਼ਮਣ ਹੱਥ ਤੁਸਾਡਾ ਹਰਦਮ ਸਿਰ ਤੇ ਜਾਨਣ
ਦਾਇਮ ਹੋਵੇ ਅਸਾਡੇ ਉੱਤੇ ਮਿਹਰ ਤੇਰੀ ਦਾ ਚਾਨਣ ।(੭੪੮੦)

ਕਦ ਕਿਸੇ ਥੀਂ ਮਿਟਦੀ ਸ਼ਾਹਾ ਮੱਥੇ ਦੀ ਲਿਖਵਾਈ
ਹਿਕ ਮੇਰੇ ਵਿਚ ਏਵੇਂ ਆਹੀ ਲਿਖੀ ਕਲਮ ਖ਼ੁਦਾਈ

ਜੋ ਉਸ ਕੀਤਾ ਸੋਈਓ ਹੋਇਆ ਵੱਸ ਮੇਰੇ ਕੀ ਆਹੀ
ਲਾ ਤਤਹੱਰਕ ਜ਼ਰਾ ਹਜ਼ਰਤ ਬਾਝੋਂ ਹੁਕਮ ਇਲਾਹੀ

ਅਮਰ ਉਹਦੇ ਬਿਨ ਕੱਖ ਨਾ ਹਿਲਦਾ ਲੱਖ ਕਰੇ ਕੋਈ ਜ਼ੋਰੇ
ਆਪ ਦੇਇ ਤੌਫ਼ੀਕ ਚੱਲਣ ਦੀ ਸੱਭੋ ਉਸ ਦੇ ਟੋਰੇ

ਨਾਲ਼ ਕਜ਼ਾ ਰਜ਼ਾਏ ਬਾਝੋਂ ਚਾਰਾ ਉਜ਼ਰ ਨਾ ਚਲਦਾ
ਅਜਬ ਨਹੀਂ ਕੁੱਝ ਸ਼ਹਿਨਸ਼ਾਹਾ ਏਸ ਅਸਾਡੀ ਗੱਲ ਦਾ

ਸੁਣ ਗੱਲਾਂ ਸ਼ਾਹਪਾਲੇ ਤਾਈਂ ਬਹੁਤ ਪਸਿੰਦੀ ਆਈਆਂ
ਅਕਲ ਹਿਦਾਇਤ ਸਮਝ ਹਲੀਮੀ ਸੱਚੇ ਸੁਖ਼ਨ ਸਫ਼ਾਈਆਂ

ਫਿਰ ਸ਼ਾਹਪਾਲ ਕਿਹਾ ਸੁਣ ਬੇਟਾ ਸੱਚਾ ਕਰ ਖਾਂ ਮੈਨੂੰ
ਕੁਲਜ਼ਮ ਦੇ ਸੁਲਤਾਨੇ ਅੱਗੇ ਬਹੁਤ ਸਲਾਹਿਆ ਤੈਨੂੰ

ਤੁਧ ਥੀਂ ਸੁਖ਼ਨ ਅਕਲ ਦੇ ਪੁੱਛਾਂ ਜੇ ਤੂੰ ਰਾਸ ਸੁਣਾਵੇਂ
ਮੰਨਣ ਸੱਚ ਸਲਾਹੁਣਾ ਮੇਰਾ ਹਰ ਇਕ ਦੇ ਦਿਲ ਭਾਵੇਂ

ਸੈਫ਼-ਮਲੂਕ ਕਿਹਾ ਯਾ ਹਜ਼ਰਤ ਦੱਸੋ ਜੋ ਫ਼ੁਰਮਾਣਾ
ਜੇ ਕੋਈ ਸੁਖ਼ਨ ਬੰਦੇ ਥੀਂ ਪੁੱਛੋ ਐਨ ਇਨਾਇਤ ਜਾਣਾ

ਸ਼ਾਹਪਾਲੇ ਨੇ ਪੁੱਛਿਆ ਬੇਟਾ ਦਸ ਦੂਏ ਛੱਡ ਝੇੜੇ
ਹਰ ਜ਼ਿੰਦੇ ਪਰਿੰਦੇ ਤਾਈਂ ਚੀਜ਼ ਕਿਹੜੀ ਹੈ ਨੇੜੇ

ਸੈਫ਼-ਮਲੂਕੇ ਦੱਸਿਆ ਹਜ਼ਰਤ ਨੇੜੇ ਮੌਤ ਇਨ੍ਹਾਂ ਨੂੰ
ਅਚਨਚੇਤ ਲਏ ਇਕ ਪਲ ਵਿਚ ਦਿਤੀਓਸੁ ਜਾਨ ਜਿਨ੍ਹਾਂ ਨੂੰ ।(੭੪੯੦)

ਫੇਰ ਪੁੱਛੇ ਕੀ ਚੀਜ਼ ਦੁਰਾਡੀ ਦੇਵਾਂ ਤੇ ਇਨਸਾਨਾਂ
ਜੇ ਸੌ ਢੂੰਡਣ ਨਾ ਮੁੜ ਲੱਭੇ ਇਹ ਭੀ ਦਸ ਜਵਾਨਾਂ

ਕਹਿਓਸ ਗੁਜ਼ਰੀ ਉਮਰ ਬੰਦੇ ਦੀ ਨੀਰ ਲੰਘੇ ਦਰਿਆਉਂ
ਦਿਨ ਦਿਨ ਦੂਰ ਵੰਞਣ ਇਹ ਦੋਏ ਮੁੜਦੇ ਕਿਸੇ ਨਾ ਦਾਉਂ

ਪੁੱਛਿਓਸੁ ਕਿਹੜੀ ਚੀਜ਼ ਪਿਆਰੀ ਸਾਰੀ ਖ਼ਲਕ ਜਹਾਨੀ
ਦਸਿਓਸੁ ਉਮਰ ਜਵਾਨੀ ਵਾਲੀ ਨਾਲ਼ੇ ਹੈ ਜ਼ਿੰਦਗਾਨੀ

ਫੇਰ ਪੁੱਛਿਓਸੁ ਜੋ ਨਫ਼ਸ ਧੜਾਂ ਦਾ ਨਾਹੀਂ ਜਾਨ ਰਖਾਂਦਾ
ਕੌਣ ਸ਼ਖ਼ਸ ਉਹ ਦੱਸ ਅਸਾਨੂੰ ਅਕਲ ਤੇਰੀ ਅਜ਼ਮਾਂਦਾ

ਦਸਿਓਸੁ ਸ਼ਹਿਨਸ਼ਾਹਾ ਉਹ ਹੈ ਸਾਦਿਕ ਸੁਬ੍ਹਾ ਨੂਰਾਨੀ
ਨਾਲ਼ੇ ਤੂਬਾ ਰੁੱਖ ਬਹਿਸ਼ਤੀ ਰੱਖਦਾ ਇਹ ਨਿਸ਼ਾਨੀ

ਸਭ ਬਹਿਸ਼ਤੀਂ ਇਸ ਦਾ ਸਾਇਆ ਹਰ ਦਰਵਾਜ਼ੇ ਡਾਲੀ
ਐਡ ਫ਼ਰਾਖ਼ੀ ਬਖ਼ਸ਼ੀ ਇਸ ਨੂੰ ਆਪ ਖ਼ੁਦਾਵੰਦ ਵਾਲੀ

ਫਿਰ ਪੁੱਛਿਓਸੁ ਜੇ ਦੁਨੀਆਂ ਉੱਤੇ ਉਸ ਦੀ ਕੀ ਨਿਸ਼ਾਨੀ
ਦਸਿਓਸੁ ਸੂਰਜ ਜੋਤ ਹੁਸਨ ਦੀ ਹਰ ਹਰ ਥਾਂ ਮਕਾਨੀ

ਫਿਰ ਪੁੱਛਿਓਸੁ ਜੇ ਦੁਨੀਆਂ ਅੰਦਰ ਬਹੁਤ ਜ਼ਿੰਦੇ ਯਾ ਮੋਏ
ਦਸਿਓਸੁ ਮੋਏ ਜਿਤਨੇ ਸ਼ਾਹਾ ਜ਼ਿੰਦੇ ਕਿਥੋਂ ਹੋਏ

ਜੋ ਦੁਨੀਆਂ ਤੇ ਪੈਦਾ ਹੋਇਆ ਹਰ ਕੋਈ ਮੌਤ ਜ਼ਰਾਇਤ
ਮਰਦੇ ਕਹਿਣ ਬਹੁਤ ਇਸ ਗੱਲ ਤੋਂ ਕਰੋ ਕਿਆਸ ਜਮਾਇਤ

ਫਿਰ ਪੁੱਛਿਓਸੁ ਆਬਾਦੀ ਬਹੁਤੀ ਯਾ ਬਹੁਤੀ ਵੀਰਾਨੀ
ਇਹ ਆਬਾਦੀ ਬੇਬੁਨਿਆਦੀ ਦਸਿਓਸੁ ਰਮਜ਼ ਹੱਕਾਨੀ ।(੭੫੦੦)

ਫਿਰ ਪੁੱਛਿਓਸੁ ਜੇ ਆਲਮ ਉੱਤੇ ਮਰਦ ਬਹੁੰ ਯਾ ਨਾਰਾਂ
ਦਸਇਓਸੁ ਮਰਦਾਂ ਨਾਲ਼ੋਂ ਨਾਰਾਂ ਬਹੁਤ ਬੇਅੰਤ ਸ਼ੁਮਾਰਾਂ

ਜੋ ਨਾਰੀਂ ਦੇ ਤਾਬਿਅ ਹੋਵੇ ਸੋ ਭੀ ਨਾਰੀਂ ਗਿਣੀਏਂ
ਕਦ ਨਾਰੀਂ ਦੀ ਨਾਲ਼ ਸਲਾਹੇ ਮਰਦਾਂ ਦੇ ਪਿੜ ਜਿਣੀਏਂ

ਨਾਰੀਂ ਕਹਿਣ ਉਨ੍ਹਾਂ ਨੂੰ ਹਜ਼ਰਤ ਜਿਨ੍ਹਾਂ ਤਲਬ ਬਹਿਸ਼ਤੀ
ਮਰਦ ਮੁਹੱਬਤ ਰੱਬ ਦੀ ਵਾਲੇ ਰੜੇ ਚਲਾਵਣ ਕਿਸ਼ਤੀ

ਉਹੋ ਜੇਹੇ ਮਰਦ ਮੁਹੰਮਦ ਕਿਥੋਂ ਨਜ਼ਰੀਂ ਆਵਣ
ਨਾਰੀਂ ਜੇ ਲੱਖ ਚੱਜ ਦਸਾਲਣ ਆਪਣੇ ਸੰਗ ਰਲਾਵਨ

ਫਿਰ ਪੁੱਛਿਓਸੁ ਜੇ ਸੁਖ਼ਨਾਂ ਵਿਚੋਂ ਸੁਖ਼ਨ ਕਿਹੜਾ ਹੈ ਬਿਹਤਰ
ਕਹਿਓਸੁ ਕਾਰਨ ਹਕ ਦੇ ਜਿਹੜਾ ਕਹੀਏ ਸੱਚ ਬਰਾਬਰ

ਫਿਰ ਪੁੱਛਿਓਸੁ ਜੇ ਸਭਨਾ ਵਿਚੋਂ ਖਾਣਾ ਖ਼ੁਸ਼ਤਰ ਕਿਹੜਾ
ਕਹਿਓਸੁ ਬੇਰਿਆ ਹੋਇਆ ਪਾਕ ਸ਼ੁਬਹੇ ਥੀਂ ਜਿਹੜਾ

ਪੁੱਛਿਓਸੁ ਨੀਂਦਰ ਚੰਗੀ ਕਿਹੜੀ ਦੱਸੀਂ ਸ਼ਾਹ ਨਗੀਨੇ
ਦਸਇਓਸੁ ਜੇ ਕੋਈ ਸੁਣਦਾ ਸ਼ਾਹਾ ਛੱਡ ਬੁਖਲਾਂ ਦੁੱਖ ਕੀਨੇ

ਖਰੇ ਜਵਾਬ ਸੁਣੇ ਜਦ ਸ਼ਾਹੇ ਲੂੰ ਲੂੰ ਹੋਇਓਸੁ ਸ਼ਾਦੀ
ਸ਼ਹਿਜ਼ਾਦੇ ਦੀ ਇੱਜ਼ਤ ਕੀਤੀ ਹੱਦੋਂ ਬਹੁਤ ਜ਼ਿਆਦੀ

ਹਾਸ਼ਮ ਸ਼ਾਹ ਨੂੰ ਆਖਣ ਲੱਗਾ ਵੇਖਾਂ ਰੱਖ ਨਿਗਾਹੀਂ
ਸੈ ਤਾਰੀਫ਼ਾਂ ਲਾਇਕ ਬੰਦਾ ਹੈਗਾ ਹੈ ਕਿ ਨਾਹੀਂ

ਹਾਸ਼ਮ ਸ਼ਾਹ ਸਲਾਮੀ ਹੋਇਆ ਚੁੰਮ ਜ਼ਮੀਨ ਆਦਾਬੋਂ
ਕਹਿੰਦਾ ਜੋ ਫ਼ੁਰਮਾਇਆ ਸ਼ਾਹਾ ਜਾਣਾ ਐਨ ਸਵਾਬੋਂ ।(੭੫੧੦)

ਜੇ ਜਾਣਾ ਇਹ ਫ਼ਾਜ਼ਿਲ ਦਾਨਾ ਲਾਇਕ ਲਖਾਂ ਨਾਲ਼ੋਂ
ਸੌ ਬੇਟਾ ਬਹਿਰਾਮੇ ਜੇਹਾ ਘੋਲਾਂ ਉਸ ਦੇ ਵਾਲੋਂ

ਮੈਂ ਜਾਤਾ ਕੋਈ ਆਦਮ ਹੋਸੀ ਬੇਵਫ਼ਾ ਅੱਯਾਣਾਂ
ਇਹ ਕੋਈ ਸਭਨੀਂ ਸਿਫ਼ਤੀਂ ਕਾਮਿਲ ਹਰ ਇਕ ਦੇ ਮਨ ਭਾਣਾਂ

ਲਾਇਕ ਤਖ਼ਤ ਸੁਲੇਮਾਂ ਵਾਲੇ ਇਸਕੰਦਰ ਦੇ ਤਾਜੇ
ਉਨ੍ਹਾਂ ਵਾਂਗ ਸੰਭਾਲੇ ਇਹੋ ਸਭ ਧਰਤੀ ਦੇ ਰਾਜੇ

ਹਾਸ਼ਮ ਸ਼ਾਹ ਦੇ ਇਸ ਇਨਸਾਫ਼ੋਂ ਸ਼ਾਹਪਾਲੇ ਦਿਲ ਖੁੱਲ੍ਹਾ
ਖ਼ੁਸ਼ੀ ਹਜ਼ਾਰਾਂ ਵਾਂਗ ਬਹਾਰਾਂ ਬਾਗ਼ ਮੁਰਾਦੋਂ ਫੁਲਾ

ਹਾਸ਼ਮ ਨੂੰ ਫ਼ੁਰਮਾਵਣ ਲੱਗਾ ਦੋਸ਼ ਨਹੀਂ ਸਿਰ ਤੇਰੇ
ਮਰ ਵੰਞਣ ਫ਼ਰਜ਼ੰਦ ਜਿਨ੍ਹਾਂ ਦੇ ਜਿਗਰ ਕਪੀਵਣ ਬੇਰੇ

ਗ਼ਮ ਬੇਟੇ ਦੇ ਝੱਲਾ ਕੀਤੋਂ ਤਾਂ ਤੁਧ ਨਾ ਅਜ਼ਮਾਇਆ
ਨਹੀਂ ਹਕੀਕਤ ਇਸ ਦੀ ਸਮਝੀ ਨਾ ਝੱਟ ਕੋਲ ਬਹਾਇਆ

ਸੈਫ਼-ਮਲੂਕ ਸ਼ਹਿਜ਼ਾਦਾ ਅਦਬੋਂ ਬੈਠਾ ਕਰ ਸਿਰ ਨੀਵਾਂ
ਪੁੱਛਣ ਤਾਂ ਗੱਲ ਕਰੇ ਜ਼ਬਾਨੀ ਸ਼ੋਖ਼ਾਂ ਵਿਚ ਨਾ ਥੀਵਾਂ

ਸ਼ਾਹਪਾਲੇ ਫਿਰ ਹਾਸ਼ਮ ਸ਼ਾਹ ਨੂੰ ਖ਼ਿਲਅਤ ਦਿੱਤੀ ਭਾਰੀ
ਤੁਹਫ਼ੇ ਤੇ ਇਨਆਮ ਨਿਵਾਜ਼ਸ਼ ਬਹੁਤ ਕੀਤੀ ਦਿਲਦਾਰੀ

ਲਸ਼ਕਰ ਫ਼ੌਜ ਮੋਈ ਦਾ ਭਾਈ ਗ਼ਮ ਨਾ ਰੱਖੀਂ ਕਾਈ
ਮੁਲਕ ਸਿਪਾਹ ਮੇਰਾ ਹੁਣ ਤੇਰਾ ਹਰਗਿਜ਼ ਨਹੀਂ ਦੋ ਜਾਈ

ਸੈਫ਼-ਮਲੂਕ ਪਿੱਛੇ ਅਸ਼ਨਾਈ ਬਣਿਉਂ ਮੇਰਾ ਭਾਈ
ਜਲਦੀ ਖ਼ਬਰ ਪਚਾਈਂ ਸਾਨੂੰ ਬਣੇ ਮੁਹਿੰਮ ਜੇ ਕਾਈ ।(੭੫੨੦)

ਲੈ ਫ਼ੌਜਾਂ ਉਪਰਾਲੇ ਰਲਸਾਂ ਕੋਸ਼ਿਸ਼ ਕਰ ਕੇ ਜਾਨੋਂ
ਮੇਰਾ ਤੇਰਾ ਹੈ ਘਰ ਇੱਕੋ ਭਾਈ ਕਿਹਾ ਜ਼ੁਬਾਨੋਂ

ਹਾਸ਼ਮ ਸ਼ਾਹ ਨੂੰ ਰੁਖ਼ਸਤ ਕੀਤਾ ਦੇਕੇ ਫ਼ੌਜ ਰਸਾਲਾ
ਆਪੂੰ ਚਾ ਦਿਲੇ ਵਿਚ ਚਾਇਆ ਬਾਗ਼-ਇਰਮ ਦੇ ਵਾਲਾ

ਵੱਜੇ ਤੁਰਮ ਤੰਬੂਰ ਨਿਕਾਰੇ ਪੁੱਟੇ ਪੈਰ ਨਿਸ਼ਾਨਾਂ
ਵੱਜੇ ਧੌਂਸੇ ਢੋਲ ਤੇ ਸ਼ੁਤਰੀ ਬੱਧੇ ਲੱਕ ਜਵਾਨਾਂ

ਮਾਈ ਭੈਣ ਤੇ ਬੇਟੀ ਤਾਈਂ ਲਿਖ ਘੱਲਿਆ ਪਰਵਾਨਾ
ਆਹੂ-ਖ਼ਾਤਿਫ਼ ਕਾਗ਼ਜ਼ ਲੈ ਕੇ ਅੱਗੇ ਹੋਇਆ ਰਵਾਨਾ

ਖ਼ੁਸ਼ੀਆਂ ਨਾਲ਼ ਹੋਇਆ ਸੀ ਰਾਹੀ ਕਰਕੇ ਤੇਜ਼ ਉਡਾਰੀ
ਹੁਣ ਮੈਨੂੰ ਇਨਾਮ ਮਿਲੇਗਾ ਮਿਹਰ ਹੋਸੀ ਸਰਕਾਰੀ

ਖ਼ੈਰ ਸੁੱਖੇ ਦੀ ਖ਼ਬਰ ਦਿਆਂਗਾ ਅੱਵਲ ਮਹੀਂ ਚੱਲ ਕੇ
ਯਾਰ ਮਿਲਾਸਨ ਅਜਰ ਇਸ ਗੱਲ ਦਾ ਪਰੀਆਂ ਦੇਸਣ ਰਲ਼ ਕੇ

ਸ਼ਾਹ-ਪਰੀ ਨੂੰ ਖ਼ਬਰ ਨਾ ਕੋਈ ਕੀ ਹੋਇਆ ਉਸ ਪਾਸੇ
ਅੱਖ ਝਮਕੇ ਹੰਝੂ ਵਗਣ ਹਰਦਮ ਨਾਲ਼ ਉਸਾਸੇ

ਗੱਲ ਵਿਚ ਮਾਲ਼ਾ ਹੱਥ ਬੈਰਾਗਣ ਸਿਰ ਮੂੰਹ ਖ਼ਾਕ ਰਮਾਏ
ਦਾਗ਼ ਵਿਰਾਗ ਵਿਰਾਗਣ ਕੀਤੀ ਰਾਗ ਗ਼ਮਾਂ ਦੇ ਗਾਏ

ਧੜੀ ਖ਼ੁਸ਼ੀ ਦੀ ਝੜੀ ਮੱਥੇ ਥੀਂ ਲਿੱਟਾਂ ਗੱਲ ਵਿਚ ਪਈਆਂ
ਘੁੱਟ ਲਹੂ ਦੇ ਪੀ ਨਿਖੁਟੀ ਛੁੱਟ ਗਈਆਂ ਸਭ ਸੱਈਆਂ

ਸਾਲੂ ਪਾੜ ਬਣਾਈ ਕਫ਼ਨੀ ਸੂਹੇ ਸਾੜ ਗੰਵਾਏ
ਜਾਨ ਬਿਜੋਗ ਕੀਤੀ ਸੀ ਜੋਗਣ ਜੋਬਨ ਰੂਪ ਵੰਞਾਏ ।(੭੫੩੦)

ਸੁਰਮਾ ਨੀਰ ਅੱਖੀਂ ਵਹਿ ਤੁਰਿਆ ਨਾਲ਼ੇ ਲਹੂ ਜਿਗਰ ਦਾ
ਇਸ ਰੰਗੋਂ ਹੁਣ ਦਾਗ਼ੀ ਹੋਇਆ ਚਿਹਰਾ ਨੂਰ ਕਮਰ ਦਾ

ਕਾਲੇ ਬਿਸ਼ੀਅਰ ਮੁਸ਼ਕਾਂ ਵਾਲੇ ਦੁੱਧ ਦਹੀਂ ਦੇ ਪਾਲੇ
ਇਤਰ ਫੁਲੇਲ ਕੰਘੀ ਬਿਨ ਹੋਏ ਭੇਖ ਮਦਾਰੀ ਵਾਲੇ

ਲੱਥੇ ਲੰਗ ਗਈਆਂ ਭੱਜ ਸੁਨਤਾਂ ਦਰਦਾਂ ਅੰਤਾਂ ਚਾਈਆਂ
ਦੋਜ਼ਖ਼ ਹੋ ਢੁਕੇ ਘਰ ਜੰਨਤਾਂ ਕੰਡੇ ਫੁਲ ਵਿਛਾਈਆਂ

ਦੁੱਖਾਂ ਬੰਨ੍ਹ ਲਈ ਬੇ-ਉਜ਼ਰੀ ਗੁਜ਼ਰੀ ਸ਼ਰਮੋਂ ਲੱਜੋਂ
ਕੱਢੀ ਦਰਦ ਫ਼ਿਰਾਕ ਸੱਜਣ ਦੇ ਬਾਹਰ ਚੱਜ ਕੁਚੱਜੋਂ

ਨਿਮੋਝੂਣ ਹੈਰਾਨ ਫ਼ਿਕਰ ਵਿਚ ਖ਼ਬਰ ਨਹੀਂ ਕੀ ਹੋਂਦਾ
ਬਾਪ ਮੇਰੇ ਦੀ ਫ਼ਤਹਾ ਹੋਸੀ ਯਾ ਮੁੜ ਆਸੀ ਰੋਂਦਾ

ਬੁਲਬੁਲ ਨੂੰ ਉਹ ਫੁੱਲ ਖਿੜਾਇਆ ਫੇਰ ਪਵੇਗਾ ਝੋਲ਼ੀ
ਯਾ ਇਸ ਖ਼ਾਰੋਂ ਖ਼ਾਰ ਫ਼ਿਰਾਕੋਂ ਸਦਾ ਰਹੇਗੀ ਡੋਲੀ

ਸਰੂ ਬੁਲੰਦ ਕਰੇਗਾ ਸਾਇਆ ਸ਼ਾਖ਼ ਸਮਨ ਰਲ਼ ਬਹਿਸੀ
ਯਾ ਇਹ ਕੁਮਰੀ ਕੂਕ ਕਰੇਂਦੀ ਖ਼ੁਸ਼ਕ ਚਮਨ ਵਿਚ ਰਹਿਸੀ

ਬਾਪ ਮੇਰੇ ਨੂੰ ਲਭਸੀ ਉਹੋ ਗੌਹਰ ਤਾਜ ਸ਼ਹਾਨਾ
ਯਾ ਉਹ ਖ਼ਾਲੀ ਹੱਥ ਮੁੜੇਗਾ ਦੇ ਕੇ ਫ਼ੌਜ ਖ਼ਜ਼ਾਨਾ

ਖ਼ਬਰ ਨਹੀਂ ਹੁਣ ਬਾਬਲ ਮੇਰਾ ਮੁੜਦਾ ਕਿਹੜੀਂ ਰੰਗੀਂ
ਸੈਫ਼-ਮਲੂਕ ਲਿਆਵੇ ਖ਼ੈਰੀਂ ਜਾ ਪਿਆ ਵਿਚ ਜੰਗੀਂ

ਅੱਗੇ ਸੈਫ਼-ਮਲੂਕ ਖੜਾਈਆ ਬਹੁਤ ਆਹਾ ਗ਼ਮ ਉਸ ਦਾ
ਉੱਤੋਂ ਬਾਬਲ ਰੁਖ਼ਸਤ ਕੀਤਾ ਪਿਆ ਕਲੇਜਾ ਖੁਸਦਾ ।(੭੫੪੦)

ਐਸੀ ਧੀ ਕੁਕਰਮੀ ਤਾਈਂ ਨਿੱਜ ਜਣੇਂ ਤੂੰ ਮਾਏ
ਖ਼ਬਰ ਨਹੀਂ ਹੁਣ ਭਾ ਤੱਤੀ ਦੇ ਰੋਜ਼ ਕਿਵੇਹੇ ਆਏ

ਕਾਹਨੂੰ ਸਰਾਂਦੀਪ ਗਈ ਸਾਂ ਕਿਸ ਸ਼ਾਮਤ ਨੇ ਚਾਈ
ਕਾਹਨੂੰ ਨਿਹੁੰ ਲਗਾਇਆ ਤੱਤੀ ਜਿੰਦ ਕੜਾਹੀ ਪਾਈ

ਜੇ ਬਾਬਲ ਨੇ ਨਾਲ਼ ਨਾ ਆਂਦਾ ਸੈਫ਼-ਮਲੂਕ ਸਲਾਮਤ
ਹਾਏ ਹਾਏ ਰੱਬਾ ਭਾ ਬੰਦੀ ਦੇ ਕੀ ਕੁੱਝ ਹੋਗ ਕਿਆਮਤ

ਨਾਲ਼ ਮੇਰੇ ਕੀ ਦਗ਼ਾ ਕੀਤੋ ਈ ਐ ਕਹਿਰੀ ਅਸਮਾਨਾ
ਮੈਂ ਈਆਨੀ ਨਾਲ਼ ਤੁਸਾਂ ਸੀ ਸਾਰਾ ਸਿਤਮ ਕਮਾਣਾ

ਅੱਵਲ ਠੱਗ ਲਈ ਵੇ ਠੱਗਾ ਬਣ ਕੇ ਵਾਂਗ ਹਲੀਮਾਂ
ਹਾਹੂ ਧੱਕਾ ਦੇਇ ਅਸਾਨੂੰ ਟੁਰਿਉਂ ਪਾਇ ਮੁਹੀਮਾਂ

ਨਾਹੀ ਇਹ ਉਮੀਦ ਰੁਲਾਸੇਂ ਸੁਖਿਆਂ ਮੁੱਢ ਕਦੀਮਾਂ
ਕਰੇ ਪੁਕਾਰ ਪੁਕਾਰ ਮੁਹੰਮਦ ਮੇਲੀਂ ਅਸਾਂ ਯਤੀਮਾਂ

ਮੁਠਿਓਈ ਅੱਵਲ ਪਾ ਭੁਲਾਵਾ ਅੱਗੇ ਕੁਝ ਨਾ ਜਾਤਾ
ਅਚਨਚੇਤ ਕੱਖਾਂ ਦੀ ਕੁੱਲੀ ਲਾਇਓਈ ਫੂਕ ਮੁਵਾਤਾ

ਕੱਪ ਕਲੇਜਾ ਬੇਰੇ ਕੀਤੋਸੁ ਕਰਦ ਕਹਿਰ ਦੀ ਵੱਗੀ
ਰਾਤ ਦਿਹਾਂ ਦਿਲ ਸੜ ਸੜ ਸੁਲਗੇ ਜਿਉਂ ਬੋਟੀ ਵਿਚ ਅੱਗੀ

ਗੱਜੇ ਰੋਗ ਮੇਰੀ ਜਿੰਦ ਮਾਰੀ ਤੁਧ ਇਲਾਜ ਨਾ ਕੀਤਾ
ਸ਼ਰਬਤ ਮੰਗਿਆ ਜ਼ਹਿਰ ਪਿਆਲਾ ਹੱਥ ਲੱਗਾ ਮੈਂ ਪੀਤਾ

ਪੀੜ ਉਮੀਦ ਮੁਰਾਦ ਖ਼ੁਸ਼ੀ ਦੀ ਪਲ ਝੱਲ ਅੰਦਰ ਲਾਕੇ
ਦੂਣਾ ਗ਼ਮ ਅੰਦੋਹ ਸਹਾਇਓ ਦਿਲਬਰ ਯਾਰ ਛੁਪਾਕੇ ।(੭੫੫੦)

ਹਾਲ ਨਿਮਾਣੀ ਦਾ ਤੱਕ ਤੈਨੂੰ ਤਰਸ ਨਾ ਆਵੇ ਭੋਰਾ
ਖ਼ਬਰ ਨਹੀਂ ਕੀ ਕਰਸੇਂ ਅੱਗੋਂ ਨਾਲ਼ ਤੇਰੇ ਕੀ ਜ਼ੋਰਾ

ਜੇਕਰ ਸੈਫ਼-ਮਲੂਕ ਨਾ ਆਇਆ ਖਾ ਬੰਦੂਕ ਮਰਾਂਗੀ
ਤਰੁੱਟੀ ਆਸ ਮੁਹੰਮਦ ਬਖਸ਼ਾ ਕਿਉਂਕਰ ਸੂਲ ਜਰਾਂਗੀ

ਦਾਦੀ ਫੂਫੀ ਮਾਂ ਕੁੜੀ ਦੀ ਵੇਖ ਉਹਦੀ ਦਿਲਗੀਰੀ
ਦੇਣ ਦਿਲਾਸੇ ਤੇ ਦਿਲਬਰੀਆਂ ਹੇ ਅੱਖੀਂ ਦੀ ਧੀਰੀ

ਨੰਗ ਨਾਮੂਸ ਅਸਾਡੇ ਵੇਖੀਂ ਲੱਜ ਪੁੱਤ ਬਾਦਸ਼ਹਾਨੀ
ਸ਼ਰਮ ਹਯਾ ਗੁਆ ਨਾ ਧੀਏ ਨਾ ਵੱਤ ਮਸਤ ਦੀਵਾਨੀ

ਸੁਣ ਨੀ ਮਾਏ ਉਸ ਦਿਨ ਪਾਟਾ ਪੜਦਾ ਲੱਜ ਸ਼ਰਮ ਦਾ
ਜਿਸ ਦਿਨ ਮੈਨੂੰ ਨਜ਼ਰੀਂ ਆਇਆ ਰੂਪ ਅਨੂਪ ਸਨਮ ਦਾ

ਇਸ਼ਕ ਸ਼ਰਮ ਕਦ ਰਹਿਣ ਇਕੱਠੇ ਡਾਢੇ ਦੁਸ਼ਮਣ ਆਦੀ
ਪੁੱਛੋ ਵੰਝ ਜ਼ੁਲੈਖ਼ਾ ਕੋਲੋਂ ਉਹ ਭੀ ਸੀ ਸ਼ਹਿਜ਼ਾਦੀ

ਬੇਸ਼ਰਮੀ ਥੀਂ ਕਹਿ ਕੀ ਲਭਸੀ ਅੰਦਰ ਬੈਠੀ ਜਰ ਖਾਂ
ਲੱਟੀ ਬਣ ਕੀ ਖੱਟੀ ਖਟਸੇਂ ਪੜਦੇ ਅੰਦਰ ਮਰ ਖਾਂ

ਸੁਣ ਮਾਈ ਹੁਣ ਪੜਦਾ ਔਖਾ ਪੜਦਾ ਮੇਰਾ ਪਾਟਾ
ਭਲੀਆਂ ਭਲੀਆਂ ਇਸ਼ਕ ਨਚਾਈਆਂ ਨੰਗਾ ਕਰ ਕਰ ਝਾਟਾ

ਧੀਏ ਸਬਰ ਤਹੱਮੁਲ ਕਰ ਖਾਂ ਥੰਮ ਦਿਲੇ ਦੀ ਵਾਗੇ
ਸਬਰ ਮੁਰਾਦ ਪੁਚਾਂਦਾ ਜਿਉਂ ਕਰ ਦੁੱਧ ਜੰਮੇ ਸੰਗ ਜਾਗੇ

ਮਾਈ ਸਬਰ ਦੱਸੇਂ ਤੁਧ ਮਸਲਾ ਸੁਣਿਆ ਨਹੀਂ ਕਿਤਾਬੋਂ
ਪਾਣੀ ਸਬਰ ਮੇਰਾ ਦਿਲ ਛਾਣੇ ਕਿਉਂ ਕਰ ਭਰੀਏ ਆਬੋਂ ।(੭੫੬੦)

ਤੱਤੇ ਤਾਅ ਨਾ ਕਰ ਖਾਂ ਧੀਏ ਬੈਠ ਨਿਚੱਲੀ ਹੋ ਕੇ
ਸੈਫ਼-ਮਲੂਕ ਨਾ ਕੂਕ ਸੁਣੀਂਦਾ ਜੇ ਸੱਦ ਲੈਸੇਂ ਰੋ ਕੇ

ਮਾਏ ਵੱਸ ਨਹੀਂ ਕੁੱਝ ਮੇਰੇ ਕਦ ਸੁਖੱਲੀ ਰੋਵਾਂ
ਮੈਂ ਢੋਲਕ ਕੁੱਟ ਕਰੇ ਵਿਛੋੜਾ ਕਿਉਂ ਕਰ ਸਾਬਰ ਹੋਵਾਂ

ਧੀਏ ਰੂਪ ਗੁਮਾਏਂ ਅਪਣਾ ਬਣ ਬੇਹੋਸ਼ ਦੀਵਾਨੀ
ਬੇ ਰੂਪਾਂ ਨੂੰ ਅੰਗ ਨਾ ਲਾਂਦੇ ਸੋਹਣੇ ਯਾਰ ਗੁਮਾਨੀ

ਮਾਏ ਜੋਬਨ ਹੈ ਮੁੱਲ ਨਕਦੀ ਇਸ਼ਕ ਖ਼ਰੀਦਣ ਕਾਰਨ
ਇਸ਼ਕ ਲਿਆ ਤਾਂ ਜੋਬਨ ਦੇਣਾ ਮੈਂ ਹੁਣ ਬਣੀ ਬਪਾਰਨ

ਧੀਏ ਕੀ ਕਰੇਸੀ ਏਥੋਂ ਰੋਵਣ ਧੋਵਣ ਤੇਰਾ
ਕਾਹਨੂੰ ਅਪਣਾ ਹਾਲ ਵੰਞਾਵੇਂ ਅੱਖੀਂ ਪੌਗ ਹਨੇਰਾ

ਰੋਵਣ ਧੋਵਣ ਕੀਕਰ ਛੁੱਟਦਾ ਹੋਇਆ ਕੰਮ ਹਮਾਰਾ
ਕਦ ਕੋਈ ਸੁੱਟ ਬੈਠਾ ਮਾਏ ਆਪੋ ਅਪਣਾ ਕਾਰਾ

ਧੀਏ ਕਹਿਰ ਕਿਆਮਤ ਚਾਏਂ ਕੀ ਤੁਧ ਫੜਿਆ ਚਿੱਤਾ
ਕਰੀਂ ਸੰਭਾਲਾ ਮੂੰਹ ਸੜੀਗਾ ਚੱਟ ਨਾ ਬਹੁਤਾ ਤੱਤਾ

ਅਲੜੇ ਘਾ ਨਾ ਛੇੜੋ ਮੇਰੇ ਫਟ ਪਰ ਲੂਣ ਨਾ ਲਾਓ
ਅੰਦਰ ਪਾੜ ਨਾ ਵੇਖੋ ਮਾਏ ਮੱਤੀਂ ਨਾਲ਼ ਸਤਾਓ

ਕੈਂ ਦਰ ਕੂਕਾਂ ਕੂਕ ਸੁਣਾਵਾਂ ਸੈਫ਼-ਮਲੂਕ ਦੁਰਾਡਾ
ਜੇ ਚਾਹੇ ਤਾਂ ਆਣ ਮਿਲਾਏ ਕਾਦਰ ਰੱਬ ਅਸਾਡਾ

ਉਸ ਅੱਗੇ ਕੁੱਝ ਦੇਰ ਨਾ ਲਗਦੀ ਸਾਨੂੰ ਮੁਸ਼ਕਿਲ ਬਾਜ਼ੀ
ਆਜ਼ਿਜ਼ ਵੇਖ ਮੁਹੰਮਦ ਬਖਸ਼ਾ ਕਰੇ ਗ਼ਰੀਬ ਨਿਵਾਜ਼ੀ ।(੭੫੭੦)

ਇਨ੍ਹਾਂ ਗੱਲਾਂ ਵਿਚ ਆਹੀਆਂ ਦਰਦਾਂ ਫ਼ਿਕਰਾਂ ਮਾਰ ਡੁਲਾਈਆਂ
ਉੱਤੋਂ ਆਹੂ-ਖ਼ਾਤਿਫ਼ ਆਇਆ ਖ਼ੁਸ਼ੀਏਂ ਵਾਗਾਂ ਚਾਈਆਂ

ਆਉਂਦਿਆਂ ਉਸ ਸੀਸ ਨਿਵਾਕੇ ਖ਼ੁਸ਼ਖ਼ਤ ਅੱਗੇ ਧਰਿਆ
ਹੱਸਦਾ ਹੱਸਦਾ ਦੇਇ ਮੁਬਾਰਿਕ ਸੁੱਕਿਓਂ ਹੋਇਆ ਹਰਿਆ

ਪਰੀਆਂ ਖੋਲ ਸ਼ਿਤਾਬੀ ਵਾਚੇ ਲਿਖੇ ਹਰਫ਼ ਸ਼ਹਾਨੇ
ਨਾਲ਼ੇ ਇਸ ਜ਼ੁਬਾਨੀ ਦੱਸੇ ਜਿਉਂ ਜਿਉਂ ਹਾਲ ਵਿਹਾਣੇ

ਲੂੰ ਲੂੰ ਖ਼ੁਸ਼ੀ ਤਮਾਮਾਂ ਹੋਈ ਸ਼ੁਕਰ ਰੱਬਾਣਾ ਸੇਵਨ
ਤਣੀਆਂ ਤਰੁਟ ਗਈਆਂ ਪਸ਼ਵਾਜ਼ਾਂ ਜਾਮੇ ਵਿਚ ਨਾ ਮੇਵਨ

ਹਲਵਾ ਲੁੱਚੀ ਤੇ ਮਠਿਆਈਆਂ ਸਦਕੇ ਸ਼ਾਦੀ ਵੰਡੇ
ਗਲੀਆਂ ਵਿਚ ਖ਼ੈਰਾਇਤ ਕਰ ਕੇ ਹੀਰੇ ਮੋਤੀ ਛੰਡੇ

ਆਹੂ-ਖ਼ਾਤਿਫ਼ ਨੂੰ ਕਰ ਸ਼ਫ਼ਕਤ ਮੂੰਹ ਮਿੱਠਾ ਕਰਵਾਇਆ
ਖ਼ਿਲਅਤ ਦੌਲਤ ਦਾਨ ਦਿਵਾਏ ਨਾਲ਼ ਇਨਾਮ ਰਿਝਾਇਆ

ਨਾਲ਼ੇ ਜਿਸ ਪਰੀ ਪਰ ਉਸ ਦੀ ਹਿਰਸ ਮੁਹੱਬਤ ਆਹੀ
ਜ਼ੇਵਰ ਗਹਿਣਾ ਵਾਫ਼ਰ ਦੇ ਕੇ ਉਸ ਦੇ ਨਾਲ਼ ਵਿਆਹੀ

ਹੋਈ ਬਦੀਅ-ਜਮਾਲ ਸ਼ਹਿਜ਼ਾਦੀ ਸੱਚੀ ਕੌਲ ਕਰਾਰੋਂ
ਦੇਵ ਦੁਆਈਂ ਦੇਂਦਾ ਤੁਰਿਆ ਰੁਖ਼ਸਤ ਲੈ ਸਰਕਾਰੋਂ

ਸ਼ਾਰਿਸਤਾਨ ਸੁਨਹਿਰੀ ਅੰਦਰ ਹੋਇਆ ਚੈਨ ਸਵਾਇਆ
ਆਮਦ ਆਮਦ ਦਾ ਗੁਲ ਉਠਿਆ ਇਹ ਆਇਆ ਕਿ ਆਇਆ

ਲੱਗੀ ਗਰਮ ਉਡੀਕ ਸੱਜਣ ਦੀ ਨਵਿਓਂ ਨਵੀਂ ਆਵਾਈ
ਦਰਜ਼ੀ ਸੱਦ ਸਵਾਇਣ ਜੋੜੇ ਪਰੀਆਂ ਪਈ ਤਵਾਈ ।(੭੫੮੦)

ਜ਼ੇਵਰ ਹਾਰ ਸ਼ਿੰਗਾਰ ਪੋਸ਼ਾਕਾਂ ਸ਼ਾਹ-ਪਰੀ ਅੰਗ ਲਾਈਆਂ
ਪਰੀਆਂ ਕਰ ਸ਼ਿੰਗਾਰ ਖ਼ੁਸ਼ੀ ਦੇ ਮੰਗਲ ਗਾਵਣ ਆਈਆਂ

ਸ਼ਾਹ-ਪਰੀ ਦੇ ਚਿਹਰੇ ਉੱਤੇ ਆਇਆ ਰੰਗ ਗੁਲਾਬੀ
ਨਰਗਿਸ ਹਾਰ ਕੀਤੇ ਮਸਤਾਨੇ ਕਜਲੇ ਨੈਣ ਸ਼ਰਾਬੀ

ਇਤਰ ਫੁਲੇਲ ਮਲਾਇਆ ਵਟਣਾ ਮਹਿੰਦੀ ਹੱਥ ਲਗਾਈ
ਵਾਲ਼ੋ ਵਾਲ਼ ਪਰੋਤੇ ਮੋਤੀ ਰੌਣਕ ਹੋਈ ਸਵਾਈ

ਗਈ ਗੰਵਾਤੀ ਵਾਂਗ ਜ਼ੁਲੈਖ਼ਾ ਫੇਰ ਜਵਾਨੀ ਆਈ
ਕਰ ਸੋਲ੍ਹਾਂ ਸ਼ਿੰਗਾਰ ਮੁਹੰਮਦ ਯਾਰ ਤਰਫ਼ ਅੱਖ ਲਾਈ

ਉੱਚੇ ਮਹਿਲ ਚੁਬਾਰੇ ਚੜ੍ਹ ਚੜ੍ਹ ਵੇਖੇ ਰਾਹ ਸੱਜਣ ਦੇ
ਜਿਉਂ ਆਖ਼ਿਰ ਰਮਜ਼ਾਨ ਨਮਾਸ਼ੀਂ ਚੜ੍ਹਨ ਲੋੜਾਇ ਚੰਨ ਦੇ

ਦਿਲ ਵਿਚ ਸਬਰ ਕਰਾਰ ਨਾ ਆਵੇ ਜਾਂ ਜਾਂ ਯਾਰ ਨਾ ਦਿੱਸੇ
ਦੂਰ ਹੋਵੇ ਤਾਂ ਫਿਰ ਕੁਝ ਜਰਦਾ ਆਸ਼ਕ ਕੋਲ ਨਾ ਵਿੱਸੇ

ਡੀਗਰ ਵੇਲੇ ਜੇ ਚੜ੍ਹ ਬਦਲ ਮਗ਼ਰਿਬ ਦਿਨ ਛੁਪਾਵੇ
ਰੋਜ਼ੇਦਾਰ ਆਰਾਮ ਨਾ ਕਰਦੇ ਤਲਖ਼ੀ ਤਾਵਲ ਪਾਵੇ

ਤੋੜੇ ਤੇਗ਼ ਹਿਜਰ ਦੀ ਕੋਲੋਂ ਆਸ਼ਕ ਦਾ ਦਿਲ ਕੁਸਦਾ
ਲੈ ਕੇ ਉਡੀਕ ਸੱਜਣ ਦੀ ਅੰਦਰ ਬਹੁਤ ਕਲੇਜਾ ਖੁਸਦਾ

ਮੌਤੋਂ ਬੁਰੀ ਉਡੀਕ ਸੱਜਣ ਦੀ ਜਾਨਣ ਆਸ਼ਕ ਸਾਰੇ
ਸਾਇਤ ਸਾਲ ਮਿਸਾਲ ਮੁਹੰਮਦ ਬਾਝ ਵਿਸਾਲ ਪਿਆਰੇ

ਆਸਾਂ ਲਾਵੇ ਦਿਲ ਪਰਚਾਵੇ ਅੱਖੀਂ ਨਜ਼ਰ ਨਾ ਆਵੇ
ਤੱਕ ਤੱਕ ਰਾਹ ਗਏ ਪੱਕ ਦੀਦੇ ਆਵੇ ਸ਼ੱਕ ਗੰਵਾਵੇ ।(੭੫੯੦)

ਨੀਂਦਰ ਭੁੱਖ ਨਾ ਯਾਦ ਪਰੀ ਨੂੰ ਪਲ ਪਲ ਉਠਦੀ ਬਹਿੰਦੀ
ਸੌਂਦੀ ਸੇਜ ਨਾ ਲਾਂਦੀ ਪਾਸਾ ਆਸਾਵੰਤੀ ਕਹਿੰਦੀ

ਐ ਸੱਜਣਾ! ਤੁਧ ਮਨੋਂ ਭੁਲਾਇਆ ਤਾਂ ਚਿਰ ਲਾਇਆ ਏਤਾ
ਖਲੀ ਤੱਕਾਂ ਨਿੱਤ ਪੰਧ ਤੁਸਾਡੇ ਕਿਤ ਵੱਲ ਚਾਇਓਈ ਚੇਤਾ

ਕੋਈ ਫ਼ਜਰ ਕੋਈ ਸੰਝ ਦਿਸਾਲੇ ਇੱਕੇ ਸੁਣ ਸੁਣ ਕੂੜਾਂ
ਅੱਭੜਵਾਹੇ ਉੱਠ ਉੱਠ ਵੇਖਾਂ ਜਿੱਤ ਵੱਲ ਧੁੰਮਣ ਧੂੜਾਂ

ਸੁੰਮ ਵਜੇ ਯਾ ਘੋੜਾ ਹਿਣਕੇ ਨਿਕਲ ਜਾਣ ਤਰਾਹੇ
ਉਠ ਪੁੱਛਾਂ ਤਾਂ ਆਖਣ ਅੱਗੋਂ ਹੋਰ ਕੋਈ ਇਹ ਆਹੇ

ਜਾਂ ਰਲ਼ ਕੇ ਕੋਈ ਬੰਦੇ ਬੋਲਣ ਪਈ ਭੁਲਾਵੇ ਖਾਵਾਂ
ਅੱਖ ਝਮਕਾਂ ਤੇ ਮੁੜ ਤੱਕਾਂ ਕਿਤੇ ਨਾ ਆਵਾਂ ਜਾਵਾਂ

ਕਾਗ ਉਡਾਵਾਂ ਔਸੀਆਂ ਪਾਵਾਂ ਪੁੱਛਦੀ ਪਾਂਧੀ ਰਾਹੀ
ਜੋ ਬੋਲੇ ਸੋ ਆਖੇ ਆਇਆ ਅੱਜ ਕੱਲ੍ਹ ਡੇਰਾ ਸ਼ਾਹੀ

ਜਲਦੀ ਆ ਪਿਆਰੇ ਮੈਨੂੰ ਠੰਡ ਪਵੇ ਵਿਚ ਸੀਨੇ
ਉਮਰਾਂ ਵਾਂਗ ਦਿਹਾੜੇ ਲੰਘਦੇ ਪਲ ਪਲ ਮਿਸਲ ਮਹੀਨੇ

ਸ਼ਾਮ ਬਿਨਾ ਆਰਾਮ ਨਾ ਮੈਨੂੰ ਸ਼ਾਹ-ਪਰੀ ਫ਼ੁਰਮਾਵੇ
ਜਾ ਵਕੀਲ ਮੁਹੰਮਦ ਬਖਸ਼ਾ ਐਵੇਂ ਕੰਤ ਨਾ ਆਵੇ

ਰੱਬ ਅਸਾਨੂੰ ਫ਼ਤਹਾ ਦਿੱਤੀ ਨਾਲ਼ੇ ਮਤਲਬ ਪਾਇਆ
ਕੁਲਜ਼ਮ ਛੋੜ ਚਲੋ ਘਰ ਆਪਣੇ ਸ਼ਾਹਪਾਲੇ ਫ਼ੁਰਮਾਇਆ

ਵੱਜੇ ਤੁਰਮ ਤੰਬੂਰ ਨਿਕਾਰੇ ਪੁੱਟੇ ਪੈਰ ਨਿਸ਼ਾਨਾਂ
ਗੱਜੇ ਧੌਂਸੇ ਢੋਲ ਤੇ ਸ਼ੁਤਰੀ ਬੱਧੇ ਲੱਕ ਜਵਾਨਾਂ ।(੭੬੦੦)

ਫੇਰੇ ਹੱਥ ਕੀਤੇ ਮੁੜ ਤਾਜ਼ੇ ਤਾਜ਼ੀ ਪੰਧ ਕੱਪਨ ਤੇ
ਜ਼ੀਨ ਤੁਰੰਗ ਪਲਾਣ ਉਠਾਂ ਤੇ ਪਾਖਰ ਪਾਏ ਤਨ ਤੇ

ਕੁਤਬ ਕੁਤਬ ਕਰ ਨਾਦ ਪੁਕਾਰੇ ਅਲੀ ਅਲੀ ਕਰ ਤੁਰੀਆਂ
ਮਸਤ ਕਲੰਦਰ ਬੋਲਣ ਬੇਰਾ ਪਾਇ ਕਰੋੜਾਂ ਘੁਰੀਆਂ

ਅੱਗੇ ਕਰਨ ਨਕੀਬ ਆਵਾਜ਼ੇ ਸ਼ਾਤਰ ਵੱਟਣ ਘੁਰੀਆਂ
ਸਾਧ ਮੁਹਿੰਮ ਘਰਾਂ ਨੂੰ ਫ਼ੌਜਾਂ ਚਾਏ ਵਾਗਾਂ ਟੁਰੀਆਂ

ਸ਼ਾਹ ਸ਼ਾਹਪਾਲ ਅਤੇ ਸ਼ਹਿਜ਼ਾਦਾ ਮਜ਼ਲੋ ਮਜ਼ਲੀ ਟੁਰਦੇ
ਸਿਰ ਪਰ ਛਤਰ ਨਿਸ਼ਾਨ ਸੁਨਹਿਰੀ ਗਿਰਦੇ ਬਾਜੇ ਘੁਰਦੇ

ਜੰਗਲ਼ ਜੂਹ ਸੁਹਾਇਆ ਸਾਰਾ ਰੁੱਤ ਬਹਾਰ ਵਿਸਾਖੀ
ਕਰਨ ਸ਼ਿਕਾਰ ਸਵਾਰ ਪਿਆਦੇ ਟੁਰਦੇ ਜਾਣ ਹਰ ਬਾਖੀ

ਹਰ ਜੂਹੇ ਹਰ ਜੰਗਲ਼ ਬੇਲੇ ਏਵੇਂ ਤੱਕਦੇ ਜਾਂਦੇ
ਗੁਲ ਫੁੱਲ ਰੰਗ ਬਰੰਗ ਹਜ਼ਾਰਾਂ ਬੂਟੇ ਵੰਨ ਵੰਨਾਂ ਦੇ

ਠੰਢੀਆਂ ਮਿੱਠੀਆਂ ਨਹਿਰਾਂ ਵਗਣ ਜਿਉਂ ਕਰ ਪਾਣੀ ਗੰਗੀ
ਖ਼ੁਸ਼ ਹਵਾ ਮੁਕਾਮ ਅਜਾਇਬ ਹਰ ਹਰ ਜਾਏ ਝੰਗੀ

ਅਚਨਚੇਤ ਇਕ ਝੰਗੀ ਵਿਚੋਂ ਭੁੱਖੇ ਸ਼ੇਰ ਮਰੇਲੇ
ਮਾਰੀ ਗੱਜ ਤੇ ਦੁੰਬ ਵਜਾਇਆ ਹੱਥ ਮੁੱਛਾਂ ਪਰ ਪੇਲੇ

ਭੰਨ ਅਗਵਾੜੀ ਆ ਕੜ ਚਾੜ੍ਹੀ ਜਿੱਤ ਕੀਤੀ ਜਿਉਂ ਸੂਏ
ਅੱਗੀ ਵਾਂਙੂ ਦੁੰਬ ਮਰੇਂਦਾ ਤੋਪੇ ਵਾਂਗਰ ਕੋਏ

ਦੇਵ ਅਫ਼ਰੇਤ ਹੋਏ ਉੱਡ ਉੱਚੇ ਉਹ ਆਹੇ ਸਭ ਨਾਰੀ
ਸੈਫ਼-ਮਲੂਕ ਆਹਾ ਵਿਚ ਖ਼ਾਕੀ ਆਈ ਉਸ ਦੀ ਵਾਰੀ ।(੭੬੧੦)

ਨਾਲ਼ੇ ਸਨ ਹਥਿਆਰ ਉਨ੍ਹਾਂ ਦੇ ਲਹੂ ਪੀ ਪੀ ਰੱਜੇ
ਤੱਸੀ ਸੀ ਤਲਵਾਰ ਉਸੇ ਦੀ ਭਰਮ ਆਹਾ ਹੱਥ ਸੱਜੇ

ਸ਼ੇਰ ਬੱਬਰ ਖ਼ਮ ਮਾਰ ਜ਼ੋਰਾਵਰ ਸ਼ਹਿਜ਼ਾਦੇ ਪਰ ਆਇਆ
ਬੱਦਲ਼ ਵਾਂਗਰ ਗੱਜ ਖੜਕਦੀ ਦੁੰਬ ਸਿਰੇ ਪਰ ਚਾਇਆ

ਕੱਢੇ ਡੰਡ ਘੁਮੰਡ ਮਚਾਇਓਸੁ ਨਾਲ਼ੇ ਜੱਤ ਖਿਲਾਰੀ
ਮੱਲ ਖਲਾ ਮੈਦਾਨ ਬਹਾਦਰ ਫ਼ੌਜ ਗਈ ਡਰ ਸਾਰੀ

ਸ਼ੇਰਾਂ ਸੰਦੀ ਹਾੜ ਨਾ ਖ਼ਾਲੀ ਡਰਦਾ ਕੋਈ ਨਾ ਢੁੱਕੇ
ਹਰ ਕੋਈ ਇਕ ਦੂਏ ਦੇ ਪਿੱਛੇ ਮੂੰਹ ਛੁਪਾਵੇ ਲੁੱਕੇ

ਸ਼ਹਿਜ਼ਾਦੇ ਦੀ ਰੁਸਤਮ ਦਸਤੀ ਨਾਲ਼ੇ ਸਨ ਅਜ਼ਮਾਂਦੇ
ਕੈਸਾ ਮਰਦ ਦਲੇਰ ਸਿਪਾਹੀ ਦੱਸ ਰਹੇਗਾ ਵਾਂਦੇ

ਸ਼ੇਰ ਉਪਰ ਜੇ ਪਿਆ ਇਕੱਲਾ ਧਨ ਮਾਈ ਜਿਸ ਜਾਇਆ
ਨਹੀਂ ਤਾਂ ਐਵੇਂ ਮੂੰਹ ਦਾ ਰੁਸਤਮ ਮਿਹਰ-ਅਫ਼ਰੋਜ਼ ਬਣਾਇਆ

ਵੱਡੇ ਵੱਡੇ ਅਫ਼ਰੇਤ ਬਹਾਦਰ ਖਲੇ ਤਮਾਸ਼ਾ ਤੱਕਦੇ
ਪਰ ਸ਼ੇਰਾਂ ਦੀ ਹੈਬਤ ਡਾਢੀ ਨੇੜੇ ਆਇ ਨਾ ਸਕਦੇ

ਵਰਜ ਰਹਿਆ ਸ਼ਾਹਪਾਲ ਬਹਾਦਰ ਸੈਫ਼-ਮਲੂਕੇ ਤਾਈਂ
ਨਾਲ਼ ਬੱਬਰ ਦੇ ਨਾ ਲੜ ਬੇਟਾ ਇਹ ਨੇ ਸਖ਼ਤ ਬਲਾਈਂ

ਤਨ ਤੇਰੇ ਵਿਚ ਤਰਾਣ ਨਾ ਅਗਲਾ ਕੈਦੋਂ ਨਿਕਲ ਆਇਓਂ
ਪੈਣ ਲੱਗੋਂ ਇਸ ਆਫ਼ਤ ਉੱਤੇ ਕਿਸ ਸ਼ਾਮਤ ਨੇ ਚਾਇਓਂ

ਹੌਲੀ ਹੌਲੀ ਕਰਨ ਮਜ਼ਾਖਾਂ ਹੋਰ ਸਿਪਾਹੀ ਜੰਗੀ
ਕੰਮ ਪਿਆ ਤਾਂ ਸਰਫ਼ਾ ਕੀਤਾ ਡਿੱਠੀ ਮਰਦੀ ਚੰਗੀ ।(੭੬੨੦)

ਜਾਂ ਮਰਦੀ ਦਾ ਵੇਲ਼ਾ ਆਇਆ ਲੱਗੇ ਮੂੰਹ ਛੁਪਾਵਣ
ਬੇਟੀ ਦੇਣ ਉੱਤੇ ਦਿਲ ਹੋਇਆ ਗੱਲੀਂ ਸ਼ੇਰ ਬਣਾਵਣ

ਸੈਫ਼-ਮਲੂਕ ਦਲੇਰ ਖਲੋਤਾ ਸ਼ਾਹਪਾਲੇ ਨੂੰ ਕਹਿੰਦਾ
ਸਾਨੀ ਹਾਰਾਂ ਥੀਂ ਮੁੱਖ ਮੋੜਾਂ ਸ਼ਰਮ ਮੇਰਾ ਕਦ ਰਹਿੰਦਾ

ਤੋੜੇ ਹਾਂ ਮੈਂ ਲਿੱਸਾ ਮਾੜਾ ਤੁਸੀਂ ਨਹੀਂ ਕੁੱਝ ਝੱਕੋ
ਸ਼ੇਰ ਮੇਰੇ ਤੱਕ ਆਵਣ ਦੇਹੋ ਫੇਰ ਤਮਾਸ਼ਾ ਤੱਕੋ

ਗਾਜਰ ਵਾਂਗ ਕਰਾਂਗਾ ਟੁਕੜੇ ਜੇ ਚਾਹਿਆ ਰੱਬ ਮੇਰੇ
ਤੱਸੀ ਤੇਗ਼ ਪੀਵੇਗੀ ਲਹੂ ਇੱਲਾਂ ਖਾਸਣ ਬੇਰੇ

ਨਸਰ ਸਿਰ ਦੀ ਸਾਰ ਲਏਗਾ ਸਾਰ ਸਰਵਾਹੀ ਵਾਲਾ
ਖਲਾ ਵੰਗਾਰੇ ਆਜਾ ਸ਼ੇਰਾ ਜਾਈਂ ਨਾ ਕਰ ਟਾਲ਼ਾ

ਤੂੰ ਬਾਰੇ ਦਾ ਸ਼ੇਰ ਮਰੇਲਾ ਆਦਮ ਖਾਵਣ ਹਾਰਾ
ਮੈਂ ਭੀ ਸ਼ੇਰ ਜਵਾਨ ਮਿਸਰ ਦਾ ਸ਼ੇਰਾਂ ਉਪਰ ਭਾਰਾ

ਗੱਜਾਂ ਮਾਰ ਹਿਲਾਇਓਸੁ ਧਰਤੀ ਸ਼ੇਰ ਗ਼ਜ਼ਬ ਨੇ ਚਾਇਆ
ਵੱਟ ਦੇਹੀ ਕਰ ਝੱਟ ਸ਼ਿਤਾਬੀ ਸੱਟ ਚਲਾਵਣ ਆਇਆ

ਬਾਝ ਵੰਗਾਰੇ ਬੋਲਣ ਨਾਹੀਂ ਸ਼ੇਰ ਜਿਨ੍ਹਾਂ ਦੇ ਨਾੜੇਂ
ਖੇਤ ਵੰਗਾਰੇ ਕਦੇ ਨਾ ਹਾਰੇ ਮਾਰੇ ਜਾਵਣ ਭਾਵੇਂ

ਨਾਲ਼ ਚਲਾਕੀ ਮਾਰ ਪਲਾਕੀ ਕਰ ਕੇ ਹਮਲਾ ਹੱਲਾ
ਆਣ ਪਿਆ ਸ਼ਹਿਜ਼ਾਦੇ ਉੱਤੇ ਡਿਠੀਓਸੁ ਖਲਾ ਇਕੱਲਾ

ਨਾਲ਼ ਮੁਸੀਬਤ ਲਾਗ਼ਰ ਲਿੱਸਾ ਤੋੜੇ ਸੀ ਸ਼ਹਿਜ਼ਾਦਾ
ਪਰ ਉਹ ਜੌਹਰ ਵਿਚ ਦੇਹੀ ਦੇ ਆਹਾ ਕਿਤੇ ਜ਼ਿਆਦਾ ।(੭੬੩੦)

ਸ਼ੇਰਾਂ ਬਾਝ ਨਾ ਝੱਲਿਆ ਜਾਂਦਾ ਸ਼ੇਰਾਂ ਸੰਦਾ ਅੱਗਾ
ਸਾਨੀ ਹਾਰ ਬਰਾਬਰ ਹੋਏ ਘੋਲ਼ ਪਿੜੇ ਵਿਚ ਲੱਗਾ

ਜੋਸ਼-ਓ-ਖ਼ਰੋਸ਼ ਕਰੇਂਦਾ ਆਇਆ ਪੰਜੇ ਚਾ ਚਾ ਮਾਰੇ
ਸੈਫ਼-ਮਲੂਕੇ ਤੁਰਤ ਮਿਆਨੋਂ ਵੱਖ ਕੀਤਾ ਤਲਵਾਰੇ

ਸੈਫ਼ ਬਹਾਦਰ ਸੈਫ਼-ਮਲੂਕੇ ਐਸੀ ਨਾਲ਼ ਸਫ਼ਾਈ
ਸਿਰ ਸ਼ੇਰੇ ਦੇ ਆਉਂਦਿਆਂ ਹੀ ਇੱਕੋ ਵਾਰ ਚਲਾਈ

ਨਾਅਰਾ ਮਾਰ ਲਗਾਇਆ ਕਾਰੀ ਫਟ ਐਸਾ ਤਲਵਾਰੋਂ
ਮੱਥੇ ਥੀਂ ਲੈ ਦੁੰਬੇ ਤੋੜੀ ਦਲ ਸੁੱਟਿਆ ਵਿਚਕਾਰੋਂ

ਸ਼ੇਰ ਮਰੇਲਾ ਆਦਮ ਖਾਇਆ ਲਸ਼ਕਰ ਜਿਸ ਡਰਾਇਆ
ਇਕਸ ਹੱਥੇ ਸੈਫ਼-ਮਲੂਕੇ ਖ਼ਾਕੂ ਨਾਲ਼ ਰਲਾਇਆ

ਨੱਚਦਾ ਟੱਪਦਾ ਗਜਦਾ ਆਇਆ ਕਰਦਾ ਸ਼ੋਰ ਕਕਾਰਾ
ਸੈਫ਼-ਮਲੂਕ ਬਹਾਦਰ ਅੱਗੇ ਢੱਠਾ ਹੋ ਬੇਚਾਰਾ

ਸ਼ਹਿਜ਼ਾਦੇ ਦੀ ਮਰਦੀ ਤੱਕ ਕੇ ਸ਼ਾਹਪਾਲੇ ਹੱਥ ਫੇਰੇ
ਸ਼ਾਬਸ਼ ਆਫ਼ਰੀਨ ਪੁਕਾਰੇ ਵਾਹ ਡਿਠੇ ਹੱਥ ਤੇਰੇ

ਦੇਵਾਂ ਨੇ ਰੁਸਤਮ ਦਸਤੀ ਸਿਰ ਮੱਥੇ ਪਰ ਮੰਨੀ
ਇਸ ਥੀਂ ਬਿਹਤਰ ਡਿੱਠਾ ਅੱਖੀਂ ਜੈਸਾ ਸੁਣਿਆਂ ਕੰਨੀਂ

ਉੂਠ ਸ਼ਹਿਜ਼ਾਦਾ ਫੇਰ ਪਿਆਦਾ ਕਰਨ ਲੱਗਾ ਤਾਜ਼ੀਮਾਂ
ਸ਼ਾਹਪਾਲੇ ਵੱਲ ਹੋਇਆ ਸਲਾਮੀ ਕਰ ਕਰ ਕੇ ਤਸਲੀਮਾਂ

ਘੋੜਾ ਹੋਰ ਮੰਗਾਇਆ ਸ਼ਾਹੇ ਸੋਨੇ ਮੋਤੀ ਜੜਿਆ
ਸੈਫ਼-ਮਲੂਕੇ ਅੱਗੇ ਰੱਖਿਆ ਸ਼ਹਿਜ਼ਾਦਾ ਫਿਰ ਚੜ੍ਹਿਆ ।(੭੬੪੦)

ਕਾਠੀ ਤੇ ਖ਼ਲਗੀਰ ਸੁਨਹਿਰੀ ਲਾਲਾਂ ਨਾਲ਼ ਜੜਾਏ
ਜ਼ਰ ਤਾਰਾਂ ਲਮਕਾਰਾਂ ਸੱਚੀਆਂ ਜ਼ਰ ਲਗਾਮ ਚੜ੍ਹਾਏ

ਸ਼ਹਿਜ਼ਾਦਾ ਉਸ ਘੋੜੇ ਚੜ੍ਹਿਆ ਟੁਰਦਾ ਚਾਲ ਗੁਮਾਨੀ
ਤੱਕ ਤੱਕ ਪਰੀਆਂ ਦਿਓ ਪੁਕਾਰਨ ਵਾਹ ਸੂਰਤ ਇਨਸਾਨੀ

ਐਸੇ ਡੌਲੇ ਖ਼ੁਸ਼ੀਏਂ ਖ਼ੁਸ਼ੀਏਂ ਟੁਰਦੇ ਟੁਰਦੇ ਆਏ
ਓਸੇ ਬਾਗ਼-ਇਰਮ ਵਿਚ ਮੁੜ ਕੇ ਆਣ ਨਿਸ਼ਾਨ ਲਗਾਏ

ਸ਼ਾਰਿਸਤਾਨ ਅੰਦਰ ਸੁਣ ਖ਼ਬਰਾਂ ਹਰਗਿਜ਼ ਰਿਹਾ ਨਾ ਕਾਈ
ਇਸਤਿਕਬਾਲ ਸ਼ਹਾਂ ਦੇ ਕਾਰਨ ਆਈ ਬਾਹਰ ਲੋਕਾਈ

ਸਰਵ-ਬਾਨੋ ਤੇ ਮਿਹਰ-ਅਫ਼ਰੋਜ਼ਾ ਪਰੀਆਂ ਦਿਓ ਤਮਾਮੀ
ਨਿੱਕੇ ਵੱਡੇ ਨਜ਼ਰਾਂ ਲੈ ਕੇ ਆਏ ਫੇਰ ਸਲਾਮੀ

ਸੈਫ਼-ਮਲੂਕ ਤਮਾਮਾਂ ਡਿੱਠਾ ਦੇਣ ਲੱਗੇ ਤਸ਼ਰੀਫ਼ਾਂ
ਬਾਦਸ਼ਾਹਾਂ ਨੇ ਤੁਹਫ਼ੇ ਦਿੱਤੇ ਕੀ ਦੱਸਾਂ ਤਾਰੀਫ਼ਾਂ

ਰੰਗ ਰੰਗਾਂ ਦੇ ਤਾਜ ਸੁਨਹਿਰੀ ਚੀਰੇ ਕਲਗ਼ੀ ਤੋੜੇ
ਵੰਨ ਵੰਨਾ ਦੇ ਖੇਸ ਦੋਸ਼ਾਲੇ ਚੋਗ਼ੇ ਫ਼ਰ ਗਲ ਜੋੜੇ

ਫੇਰ ਨਵੇਂ ਸਿਰ ਤਾਜ਼ਾ ਕੀਤਾ ਸੈਫ਼-ਮਲੂਕ ਸ਼ਹਿਜ਼ਾਦਾ
ਖ਼ਾਤਰ ਤੇ ਦਿਲਦਾਰੀ ਕੀਤੀ ਹੱਦੋਂ ਬਹੁਤ ਜ਼ਿਆਦਾ

ਗ਼ੌਰ ਦਿਲਾਸਾ ਹੋਰ ਖ਼ੁਸ਼ਾਮਦ ਲੁਤਫ਼ ਅਹਿਸਾਨ ਨਿਹਾਇਤ
ਸੈਫ਼-ਮਲੂਕੇ ਨਾਲ਼ ਕੀਤੋ ਨੇ ਚਾਹ ਪਿਆਰ ਇਨਾਇਤ

ਬਾਂਹ ਉਹਦੀ ਸ਼ਾਹਪਾਲੇ ਫੜ ਕੇ ਮਾਈ ਦੇ ਹੱਥ ਪਾਈ
ਇਹ ਲੈ ਚੀਜ਼ ਖੜਾਈ ਮਾਏ ਸ਼ੁਕਰ ਮੇਰੀ ਰਹਿ ਆਈ ।(੭੬੫੦)

ਮੈਨੂੰ ਫ਼ਰਜ਼ ਤੇਰਾ ਫ਼ੁਰਮਾਣਾ ਸਿਰ ਤੋਂ ਲੱਥਾ ਭਾਰਾ
ਰਾਜ਼ੀ ਰਹੀਂ ਅਸਾਡੇ ਉੱਤੇ ਮੈਂ ਹਾਂ ਚਾਕ ਤੁਮਾਰਾ

ਮਾਂ ਮੰਨੀਂ ਤਾਂ ਰੱਬ ਮਨਾਇਆ ਪਹਿਲਾ ਮੁਰਸ਼ਿਦ ਮਾਈ
ਸ਼ੁਕਰ ਖ਼ੁਦਾ ਦਾ ਜੇ ਤੂੰ ਰਾਜ਼ੀ ਨਾਲ਼ੇ ਪੁੱਤਰਾ ਆਈ

ਸ਼ਾਹਪਾਲੇ ਪਰ ਰਾਜ਼ੀ ਹੋਈ ਮਾਈ ਦਿਲੋਂ-ਬ-ਜਾਨੋਂ
ਦੇ ਦੁਆਈਂ ਕੀਤੋ ਈ ਮੈਨੂੰ ਸੁਰਖ਼ਰੂ ਜਹਾਨੋਂ

ਅਸਾਂ ਤੁਸਾਂ ਮਰ ਜਾਣਾ ਜਿਉਂ ਕਰ ਤੋੜੋਂ ਹੁੰਦੀ ਆਈ
ਦੁਨੀਆਂ ਤੇ ਰਹਿ ਜਾਸੀ ਬੇਟਾ ਭਲਿਆਂ ਦੀ ਭਲਿਆਈ

ਮਰਦੀ ਕੋਲੋਂ ਰਹਿੰਦਾ ਜੱਗ ਵਿਚ ਮਰਦਾਂ ਸੁਣਦਾ ਨਾਵਾਂ
ਮਰਦੀ ਕਰਦੇ ਮਰਦ ਮੁਹੰਮਦ ਧਨ ਕਹਾਵਣ ਮਾਵਾਂ

ਮਿਹਰ-ਅਫ਼ਰੋਜ਼ੇ ਬਾਹੋਂ ਫੜਿਆ ਸੈਫ਼-ਮਲੂਕ ਸ਼ਹਿਜ਼ਾਦਾ
ਸਿਰ ਚੁੰਮੇ ਮੂੰਹ ਮੱਥਾ ਚੁੰਮੇ ਕਰੇ ਪਿਆਰ ਜ਼ਿਆਦਾ

ਮਿਹਰ-ਅਫ਼ਰੋਜ਼ੇ ਉਜ਼ਰ ਕਰੇਂਦੀ ਸੈਫ਼-ਮਲੂਕੇ ਅੱਗੇ
ਐ ਬੇਟਾ ਕਦ ਮਿਟਦੀ ਜਿਹੜੀ ਕਲਮ ਧੁਰਾਹੋਂ ਵੱਗੇ

ਇਹ ਮੁਸੀਬਤ ਕੈਦੇ ਵਾਲੀ ਤੁਧ ਪਰ ਲਿਖੀ ਆਹੀ
ਪਰ ਇਹ ਗ਼ਫ਼ਲਤ ਜ਼ਿੰਮੇ ਮੇਰੇ ਹੋ ਗਈ ਕੋਤਾਹੀ

ਫਿਰ ਭੀ ਲੱਖ ਸ਼ੁਕਰਾਨਾ ਪੜ੍ਹੀਏ ਖ਼ੈਰੀਂ ਮੁੜ ਘਰ ਆਇਓਂ
ਜਾਗੇ ਭਾਗ ਅਸਾਡੇ ਬੇਟਾ ਅੱਖੀਂ ਰੱਬ ਵਿਖਾਯੋਂ

ਸੈਫ਼-ਮਲੂਕ ਕਿਹਾ ਐ ਮਾਏ ਪਰੀਆਂ ਦੀ ਸਿਰਕਰਦੀ
ਕੀ ਦੁੱਖਾਂ ਦਾ ਸਰਫ਼ਾ ਮੈਨੂੰ ਨਹੀਂ ਗ਼ਮੋਂ ਜਿੰਦ ਡਰਦੀ ।(੭੬੬੦)

ਜਿਸ ਦਿਨ ਕਦਮ ਇਰਾਦਤ ਵਾਲਾ ਰਾਹ ਤਲਬ ਦੀ ਰੱਖਿਆ
ਆਬ-ਹੱਯਾਤ ਪਰੀ ਦੇ ਇਸ਼ਕੋਂ ਇੱਕ ਘੁੱਟ ਭਰ ਕੇ ਚੱਖਿਆ

ਹਰ ਸਖ਼ਤੀ ਹਰ ਰੰਜ ਮੁਸੀਬਤ ਜ਼ੁਲਮਤ ਕੈਦ ਕਹਾਰੀ
ਚਾਅ ਲਈ ਸਿਰ ਉੱਤੇ ਆਪੂੰ ਭਰ ਦੁੱਖਾਂ ਦੀ ਖਾਰੀ

ਸਭ ਕਜ਼ੀਏੈ ਸਹਿਲ ਬੰਦੇ ਨੂੰ ਕੋਈ ਨਾ ਮੁਸ਼ਕਿਲ ਦਿਸਦੇ
ਇਕ ਵਿਛੋੜੇ ਜ਼ਾਲਮ ਕੋਲੋਂ ਨੈਣ ਮੇਰੇ ਭਰ ਫਿਸਦੇ

ਖ਼ਰਚੀ ਰਾਹ ਇਸ਼ਕ ਦੇ ਅੰਦਰ ਤੱਅਨੇ ਰੰਜ ਮਲਾਮਤ
ਨਾਹੀਂ ਇਸ਼ਕ ਮੁਹੰਮਦ ਬਖਸ਼ਾ ਜਾਇ ਆਰਾਮ ਸਲਾਮਤ

ਲੁਤਫ਼ ਇਨਾਇਤ ਰੱਬ ਦੀ ਉੱਤੇ ਆਸ ਆਹੀ ਹੁਣ ਪੱਕੀ
ਦੇਸੀ ਆਪ ਮੁਰਾਦਾਂ ਤੋੜੇ ਸੌ ਸੌ ਸਖ਼ਤੀ ਤੱਕੀ

ਮਿਹਰ-ਅਫ਼ਰੋਜ਼ੇ ਉਂਗਲ ਫੜ ਕੇ ਸ਼ਹਿਜ਼ਾਦਾ ਸੰਗ ਖੜਿਆ
ਜਾ ਬਦੀਅ-ਜਮਾਲ ਪਰੀ ਦੇ ਮਹਿਲ ਚੁਬਾਰੀਂ ਚੜ੍ਹਿਆ

ਵੰਝ ਮਿਲਿਆ ਮਹਿਬੂਬ ਪਿਆਰੇ ਰੂਪ ਡਿੱਠਾ ਦਿਲਬਰ ਦਾ
ਹੂਰ ਬਹਿਸ਼ਤੀ ਥੀਂ ਦਸ ਹਿੱਸੇ ਰੌਸ਼ਨ ਨੂਰ ਕਮਰ ਦਾ

ਸੂਰਜ ਨਾਲ਼ ਬਰਾਬਰ ਰਿਸ਼ਮਾਂ ਝਾਲ ਨਾ ਝੱਲੀ ਜਾਂਦੀ
ਅੱਖ ਪਰਤ ਤੱਕੇ ਜਿਸ ਪਾਸੇ ਫਟ ਕਲੇਜੇ ਲਾਂਦੀ

ਚਸ਼ਮਾ ਆਬ-ਹੱਯਾਤ ਸੱਚੇ ਦਾ ਵਾਤ ਮਿੱਠੀ ਦਿਲਬਰ ਦੀ
ਸੁਰਖ਼ ਲਬਾਂ ਯਾਕੂਤੋਂ ਘੜੀਆਂ ਯਾ ਉਹ ਖੰਡ ਮਿਸਰ ਦੀ

ਨਾਜ਼ੁਕ ਕੱਦ ਚੰਬੇ ਦੀ ਡਾਲ਼ੀ ਵਾਹ ਵਾਹ ਸਰਵ ਲਟਕਦਾ
ਗੱਲ ਵਿਚ ਜ਼ੁਲਫ਼ਾਂ ਨਾਗ ਅੰਞਾਨੇ ਵਿੱਸ ਚੜ੍ਹੇ ਜੋ ਤੱਕਦਾ ।(੭੬੭੦)

ਠੋਡੀ ਸਿਉ ਬਾਗ਼ ਬਹਿਸ਼ਤੀ ਰੰਗੀ ਗੂਹੜੇ ਰੰਗੇ
ਹੰਸਾਂ ਵਾਲੀ ਟੋਰ ਲਟਕਦੀ ਗਰਦਨ ਮਿਸਲ ਕੁਲੰਗੇ

ਯਾਰੋ ਸਿਫ਼ਤ ਪਰੀ ਦੀ ਨਾਹੀਂ ਹਰ ਜਾਈ ਹੋ ਸਕਦੀ
ਤਾਜ਼ੀ ਤੇਜ਼ ਤਬੀਅਤ ਵਾਲੇ ਹੈਰਤ ਅੱਗੋਂ ਡੱਕਦੀ

ਗੁੰਗੀ ਹੋਈ ਜ਼ਬਾਨ ਕਲਮ ਦੀ ਨਾਲ਼ੇ ਕਲਮ ਜ਼ਬਾਨੀ
ਖ਼ੌਫ਼ ਲੱਗੇ ਮੱਤ ਜਲ ਨਾ ਜਾਏ ਕਾਗ਼ਜ਼ ਤੇ ਮਸਵਾਣੀ

ਸੈਫ਼-ਮਲੂਕ ਪਿਆ ਜਦ ਨਜ਼ਰੀਂਂ ਅਜਬ-ਜਮਾਲ ਪਰੀ ਨੂੰ
ਗ਼ਸ਼ ਪਈ ਕੁੱਝ ਹੋਸ਼ ਨਾ ਰਹਿਓਸੁ ਤਾਬਸ਼ ਨਾਲ਼ ਪਰੀ ਨੂੰ

ਇਸ ਮਸਤੀ ਵਿਚ ਕਹਿੰਦੀ ਆਹੀ ਨਾਲ਼ ਜ਼ੁਬਾਨੇ ਹਾਲੀ
ਹਮਦ ਸਨਾ ਰੱਬੇ ਨੂੰ ਲਾਇਕ ਕਰਮ ਕੁਨਿੰਦਾ ਵਾਲੀ

ਦੌਲਤ ਦੋਹਾਂ ਜਹਾਨਾਂ ਵਾਲੀ ਰੱਬ ਮੈਨੂੰ ਅੱਜ ਦਿੱਤੀ
ਖੁੱਲੇ ਦਰ ਮੁਰਾਦ ਮੇਰੀ ਦੇ ਮਾਰ ਗ਼ਮਾਂ ਨੂੰ ਭਿੱਤੀ

ਸ਼ੁੱਧ ਹੋਇਆ ਅੱਜ ਬੁਰਜ ਸਿਤਾਰਾ ਗਈ ਨਹੂਸਤ ਰਾਸੋਂ
ਜਾਗੇ ਭਾਗ ਸਆਦਤ ਵਾਲੇ ਫ਼ਜ਼ਲ ਹੋਇਆ ਰੱਬ ਪਾਸੋਂ

ਦਰਦ ਫ਼ਿਰਾਕ ਆਜ਼ਾਰ ਪੁਰਾਣਾ ਦੂਰ ਹੋਇਆ ਹੁਣ ਜਾਨੋਂ
ਲੱਥਾ ਤਾਪ ਮਿਲਾਪ ਸੱਜਣ ਦਾ ਆਪ ਹੋਇਆ ਘਰ ਸਾਨੂੰ

ਯਾਰਾਂ ਨਾਲ਼ ਬਹਾਰਾਂ ਆਈਆਂ ਕੀਤੇ ਸ਼ੁਕਰ ਹਜ਼ਾਰਾਂ
ਝੁੱਲੀ ਵਾਓ ਮੁਰਾਦ ਖ਼ੁਸ਼ੀ ਦੀ ਭੌਰ ਮਿਲੇ ਗੁਲਜ਼ਾਰਾਂ

ਜਾਗਦਿਆਂ ਇਹ ਨਿਆਮਤ ਕਿੱਥੋਂ ਮੱਤ ਮੈਂ ਸੁੱਤੀ ਹੋਵਾਂ
ਜਾਂ ਜਾਗਾਂ ਤਾਂ ਯਾਰ ਨਾ ਲੱਭੇ ਤਲੀਆਂ ਮਲਦੀ ਰੋਵਾਂ ।(੭੬੮੦)

ਵਾਂਗ ਜ਼ੁਲੈਖ਼ਾ ਨਿੱਤ ਉਡੀਕਾਂ ਰੋ ਰੋ ਡੀਕਾਂ ਮਾਰਾਂ
ਘਰ ਬੈਠੀ ਨੂੰ ਯੂਸੁਫ਼ ਮਿਸਰੀ ਆ ਮਿਲਿਆ ਸਿਰ ਵਾਰਾਂ

ਜਾਨ ਪਈ ਤਨ ਮਰਦੇ ਤਾਈਂ ਮਿਲਿਆ ਯਾਰ ਯਗ਼ਾਨਾ
ਲੱਖ ਖ਼ੈਰਾਇਤ ਸਦਕੇ ਦੇਂਦੀ ਪੜ੍ਹਦੀ ਨਫ਼ਲ ਦੋਗਾਣਾ

ਜਾਂ ਖ਼ੁਸ਼ਬੂ ਸੱਜਣ ਦੇ ਵਲੋਂ ਮਗ਼ਜ਼ ਅੰਦਰ ਵੰਝ ਪਹੁਤੀ
ਆਈ ਹੋਸ਼ ਟਿਕਾਣੇ ਮੁੜ ਕੇ ਵੇਖ ਹੋਈ ਖ਼ੁਸ਼ ਬਹੁਤੀ

ਸੁੱਕੀ ਬੇਲ ਜਵਾਨੀ ਜੋਬਨ ਹਰੀ ਨਵੇਂ ਸਿਰ ਹੋਈ
ਉਂਗਲ ਪਕੜ ਮਹਿਲੀਂ ਖੜਿਆ ਕੋਲ ਨਾ ਰੱਖਿਆ ਕੋਈ

ਸੀਨੇ ਲਾਅ ਮਿਲੇ ਦਿਲ ਦਿਲ ਨੂੰ ਮੂੰਹ ਮਿਲੇ ਸਨ ਮੂੰਹਾਂ
ਹਾਰ ਹਮੇਲ ਗਏ ਹਟ ਪਿੱਛੇ ਛਪਦੇ ਲੋੜਨ ਲੂਹਾਂ

ਸਿਕਦੇ ਦਿਲ ਦਿਲਾਂ ਨੂੰ ਮਿਲਦੇ ਜਿਸ ਦਮ ਕਰ ਕਰ ਧਾਈ
ਵਿਚ ਹਿਜਾਬ ਨਾ ਭਾਵੇ ਤਨ ਦਾ ਜ਼ੇਵਰ ਕਿਸ ਦੀ ਜਾਈ

ਖ਼ਾਰ ਲਗਣ ਤਦ ਹਾਰ ਹਮੇਲਾਂ ਮਿਲਣ ਨਾ ਦੇਂਦੇ ਛਾਤੀ
ਨੱਥ ਬਲਾਕ ਪਿਆਰੋਂ ਚੁਭਣ ਚਾਹੀਏ ਰਮਜ਼ ਪਛਾਤੀ

ਬਾਂਹ ਸਿਰ੍ਹਾਂਦੀ ਧਰਨ ਨਾ ਦੇਂਦੇ ਛੱਲੇ ਕੰਨ ਦੁਖਾਂਦੇ
ਲਾਏ ਸਾਨ ਪੀਆ ਦੀ ਖ਼ਾਤਰ ਮਿਲਿਆਂ ਨਹੀਂ ਸੁਖਾਂਦੇ

ਭਾਵਨ ਨਹੀਂ ਵਿਛੋੜੇ ਅੰਦਰ ਨਾ ਰੱਜਦੇ ਗਲ ਲੱਗਿਆਂ
ਕਿੱਸਾ ਦਸ ਵੰਞੇਂਗਾ ਕਿੱਥੇ ਇਸ ਰਸਤੇ ਉਠ ਵਗਿਆਂ

ਜਿਸ ਦਮ ਕੰਤ ਪਰੀ ਨੂੰ ਮਿਲਿਆ ਮਰਹਮ ਲਗਾਈ ਫੱਟੇ
ਲਅਲ ਜਵਾਹਰ ਹੀਰੇ ਮੋਤੀ ਸਿਰ ਸਦਕੇ ਕਰ ਸੱਟੇ ।(੭੬੯੦)

ਸਦਕੇ ਹੋਣ ਜਿਥੇ ਦਿਲ ਜਾਨੀ ਜ਼ਿਕਰ ਓਥੇ ਕੀ ਜ਼ਰ ਦਾ
ਪੁੱਜਦੇ ਹੱਥ ਮੁਹੰਮਦ ਬਖਸ਼ਾ ਕਦ ਆਸ਼ਿਕ ਘੱਟ ਕਰਦਾ

ਆਸ਼ਿਕ ਤੇ ਮਾਸ਼ੂਕ ਪਿਆਰੇ ਰਲ਼ ਬੈਠੇ ਇਕ ਜਾਈ
ਦੁੱਖ ਵੰਡਣ ਤੇ ਹਾਲ ਹਕੀਕਤ ਪੁੱਛਣ ਸਭ ਵਿਹਾਈ

ਸੈਫ਼-ਮਲੂਕ ਧਿਆਨ ਕਰੇਂਦਾ ਵਾਹ ਵਾਹ ਸੱਚਿਆ ਸਾਈਆਂ
ਮੇਰੇ ਜੇਹੇ ਗ਼ਰੀਬ ਬੰਦੇ ਨੂੰ ਤੁਧ ਦਿੱਤੀਆਂ ਵਡਿਆਈਆਂ

ਸ਼ਾਹ-ਪਰੀ ਹੱਥ ਲਗਸੀ ਮੈਨੂੰ ਕਿਸੇ ਨਾ ਸੁਝਦੀ ਆਹੀ
ਅੱਜ ਮੇਰੇ ਥੀਂ ਸਾਹ ਨਾ ਵਿਸਦੀ ਹੋਇਆ ਕਰਮ ਇਲਾਹੀ

ਜੇ ਮੈਂ ਲਖ ਜ਼ਬਾਨਾਂ ਹੋਵਣ ਲਖ ਲਖ ਸ਼ੁਕਰ ਗਜ਼ਾਰਾਂ
ਲੱਖੋਂ ਇਕ ਅਹਿਸਾਨ ਨਾ ਮੁਕਦਾ ਤੋੜੇ ਸੌ ਸਿਰ ਵਾਰਾਂ

ਜਿਸਦੀ ਦੱਸ ਨਾ ਪੌਂਦੀ ਆਹੀ ਵਿਚ ਜ਼ਿਮੀਆਂ ਅਸਮਾਨਾਂ
ਨਾ ਕੋਈ ਥਾਂ ਟਿਕਾਣਾ ਆਹਾ ਮਾਲਮ ਵਿਚ ਜਹਾਨਾਂ

ਜੈਂਦੀ ਵਾਇ ਨਾ ਲੱਭਦੀ ਆਹੀ ਹਰਗਿਜ਼ ਖ਼ਾਬ ਖ਼ਿਆਲੋਂ
ਅੱਜ ਵਿਸਾਲ ਮੁਯੱਸਰ ਹੋਇਆ ਉਸ ਬਦੀਅ-ਜਮਾਲੋਂ

ਮੈਂ ਆਜ਼ਿਜ਼ ਪਰ ਰੱਬ ਤਰੁਠਾ ਪਾਈਓਸੁ ਬੂੰਦ ਕਰਮ ਦੀ
ਲੂੰ ਲੂੰ ਅੰਦਰ ਖ਼ੁਸ਼ੀ ਸਮਾਈ ਬੂ ਨਾ ਲੱਭਦੀ ਗ਼ਮ ਦੀ

ਦੂਤੀ ਦੁਸ਼ਮਣ ਕੋਈ ਨਾ ਰਿਹਾ ਨਾ ਕੋਈ ਦੋਖੀ ਵੈਰੀ
ਬੈਠਾ ਸੇਜ ਸੱਜਣ ਦੀ ਉੱਤੇ ਐਸ਼ ਕਰਾਂ ਅੱਜ ਖ਼ੈਰੀ

ਦਿਲਬਰ ਯਾਰ ਮੇਰੇ ਵੱਸ ਹੋਇਆ ਮੈਂ ਉਸ ਦਾ ਉਹ ਮੇਰਾ
ਗ਼ੈਰ ਨਾ ਕੋਲ ਮੁਹੰਮਦ ਬਖਸ਼ਾ ਇਕ ਅਸਾਡਾ ਡੇਰਾ ।(੭੭੦੦)

ਮੱਤ ਮੈਂ ਜੰਨਤ ਵੜਿਆ ਹੋਵਾਂ ਛੱਡ ਕੇ ਦੁਨੀਆਂ ਫ਼ਾਨੀ
ਇਹ ਮਿਜਾਜ਼ੀ ਸੂਰਤ ਅੰਦਰ ਹੋਵੇ ਲੁਕਾ ਹੱਕਾਨੀ

ਜੋ ਕੁੱਝ ਹੈ ਸੋ ਵਾਹਵਾ ਵਾਹਵਾ ਪੁੰਨੀਆਂ ਸਭ ਮੁਰਾਦਾਂ
ਰੱਬ ਗ਼ਰੀਬ-ਨਿਵਾਜ਼ ਮੁਹੰਮਦ ਮੰਨ ਲਈਆਂ ਫ਼ਰਯਾਦਾਂ

ਦੋਏ ਰਲ਼ ਕੇ ਕਰਨ ਦੁਆਈਂ ਰੱਬ ਗ਼ਰੀਬ-ਨਿਵਾਜ਼ਾ
ਅੱਜ ਅਸਾਂ ਪਰ ਰਹਿਮਤ ਵਾਲਾ ਖੁੱਲਾ ਹੈ ਦਰਵਾਜ਼ਾ

ਖੁੱਲ੍ਹ ਵੇਖ ਅਸੀਂ ਭਖਿਆਰੀ ਮੰਗਣ ਥੀਂ ਕਦ ਰਹਿੰਦੇ
ਅਗਲੀ ਮੁਦਤ ਤੇਰਾ ਦਿੱਤਾ ਰਹੇ ਵਿਛੋੜਾ ਸਹਿੰਦੇ

ਆਪੇ ਅੱਜ ਮਿਲਾਪ ਦਿਤੋਈ ਰਹਿਮਤ ਦੇ ਦਰਬਾਰੋਂ
ਬਾਦ ਇਸ ਥੀਂ ਰੱਖ ਕਰਮ ਕਰੀਮਾ ਯਾਰ ਵਿਛੋੜ ਨਾ ਯਾਰੋਂ

ਕਰ ਐਸਾ ਸਰਬੰਧ ਅਸਾਡਾ ਰਹੀਏ ਸਦਾ ਇਕੱਠੇ
ਕਾਜ ਸੁਹਾ ਮੁਹਤਾਜ ਨਾ ਹੋਈਏ ਆਣ ਤੇਰੇ ਦਰ ਢੱਠੇ

ਵੱਤ ਜੁਦਾਈ ਭਾ ਨਾ ਪਾਏਂ ਲੱਜ਼ਤ ਦਸ ਵਸਲ ਦੀ
ਮੇਲ ਅਸਾਡਾ ਮੇਲ਼ ਸ਼ਿਤਾਬੀ ਪਾਲ਼ ਉਮੀਦ ਫ਼ਜ਼ਲ ਦੀ

ਦੇਣ ਵਿਆਹ ਖ਼ੁਸ਼ੀ ਕਰ ਘਰ ਦੇ ਪੇਸ਼ ਨਾ ਪਵੇ ਉਧਾਲ਼ਾ
ਆਸ਼ਿਕ ਦਾ ਤੁਧੁ ਬਾਝ ਖ਼ੁਦਾਇਆ ਕੌਣ ਕਰੇ ਉਪਰਾਲਾ

ਪਈ ਦੁਆ ਕਬੂਲ ਹਜ਼ੂਰੋਂ ਮਿਹਰ ਹੋਈ ਉਸ ਵੱਲ ਦੀ
ਸ਼ਾਹਪਾਲੇ ਦੇ ਦਿਲ ਵਿਚ ਪਾਈਓਸੁ ਹਿਰਸ ਹਵਾ ਇਸ ਗੱਲ ਦੀ

ਜਾਂ ਉਹ ਤਖ਼ਤ ਉੱਤੇ ਵੰਝ ਬੈਠਾ ਲੱਗੀ ਕੋਲ ਕਚਹਿਰੀ
ਪਰੀਆਂ ਦਿਓ ਇਕੱਠੇ ਹਏ ਕਿਆ ਕਾਫ਼ੀ ਕਿਆ ਸ਼ਹਿਰੀ ।(੭੭੧੦)

ਗੱਲੋਂ ਗੱਲ ਹਿਲਾਂਉਦੇ ਹੋਏ ਸ਼ਹਿਜ਼ਾਦੇ ਵੱਲ ਆਏ
ਸਿਫ਼ਤਾਂ ਕਰ ਕਰ ਰੱਜਦੇ ਨਾਹੀਂ ਸੱਭੋ ਕਹਿਣ ਘੁੰਮਾਏ

ਹਿਕਮਤ ਪਾਕ ਖ਼ੁਦਾਵੰਦ ਕੀਤੀ ਇਸ਼ਕ ਪੁੱਛੇ ਤਾਸੀਰਾਂ
ਸਭਨਾ ਦੇ ਦਿਲ ਲੱਗਾ ਆਸ਼ਿਕ ਵਾਂਙੂ ਸਕਿਆਂ ਵੀਰਾਂ

ਠੰਡ ਪਵੇ ਸ਼ਹਪਾਲੇ ਤਾਈਂ ਜਿਉਂ ਜਿਉਂ ਸਿਫ਼ਤਾਂ ਕਰਦੇ
ਦੰਮਾਂ ਬਾਝ ਸ਼ਹਿਜ਼ਾਦੇ ਅੱਗੇ ਹੋ ਰਹੇ ਸਭ ਬਰਦੇ

ਕੀਤੀ ਸਿਫ਼ਤ ਨਿਹਾਇਤ ਸਭਨਾ ਜਾਣ ਲਿਆ ਸ਼ਾਹਪਾਲੇ
ਮਰਜ਼ੀ ਲੋੜੇ ਦੇਵਾਂ ਦੀ ਪੁੱਛੇ ਤੇ ਪੜਤਾਲੇ

ਸੁਣੋ ਦੀਵਾਨੋ ਤੇ ਉਮਰਾਓੁ ਮੀਰ ਵਜ਼ੀਰ ਕਬੀਰੋ
ਖ਼ੇਸ਼ ਕਬੀਲਾ ਸਭ ਇਕੱਠੇ ਕਰੋ ਸਲਾਹ ਵਜ਼ੀਰੋ

ਕਿੱਸਾ ਏਸ ਸ਼ਹਿਜ਼ਾਦੇ ਵਾਲਾ ਸੁਣ ਬੈਠੇ ਹੋ ਸਾਰਾ
ਸਿਫ਼ਤਾਂ ਵੇਖ ਲਈਆਂ ਤੇ ਅੰਦਰੋਂ ਇਸ਼ਕੇ ਦਾ ਵਣਜਾਰਾ

ਹੁਸਨ ਬਦੀਅ-ਜਮਾਲ ਮੇਰੀ ਦੇ ਮੁੱਠਾ ਹੈ ਅਜ਼ਗ਼ੈਬੋਂ
ਨਹਾਤਾ ਨਦੀ ਗ਼ਮਾਂ ਦੀ ਅੰਦਰ ਪਾਕ ਹੋਇਆ ਹਰ ਐਬੋਂ

ਬੇਟੀ ਮੇਰੀ ਇਸ਼ਕ ਉਹਦੇ ਨੇ ਬੱਧੀ ਨਾਲ਼ ਕਮੰਦਾਂ
ਮੈਨੂੰ ਭੀ ਹੈ ਮਿੱਠਾ ਪਿਆਰਾ ਵਾਂਗ ਪੁੱਤਾਂ ਫ਼ਰਜ਼ੰਦਾਂ

ਜੇ ਇਹ ਗੱਲ ਤੁਸਾਂ ਦਿਲ ਭਾਵੇ ਨਾਤਾ ਦੇ ਵਿਆਹਾਂ
ਨਹੀਂ ਤਾਂ ਦਿਓ ਜਵਾਬ ਸ਼ਿਤਾਬੀ ਘੱਲਾਂ ਪਰਤ ਪਿਛਾਹਾਂ

ਸਭਨਾ ਕਿਹਾ ਫ਼ਤਹਿ ਮੁਬਾਰਿਕ ਸੁਣ ਹਜ਼ਰਤ ਸ਼ਾਹਪਾਲਾ
ਭਲੀ ਗੱਲੇ ਦਾ ਪੁੱਛਣ ਕੇਹਾ ਘੜੀ ਨਾ ਕਰਿਓ ਟਾਲ਼ਾ ।(੭੭੨੦)

ਇਹ ਜਵਾਨ ਸ਼ਹਿਜ਼ਾਦਾ ਆਦੀ ਸਿਫ਼ਤਾਂ ਅੰਤ ਨਾ ਕਾਈ
ਏਸ ਜੇਹਾ ਕੋਈ ਕੰਤ ਨਾ ਲੱਭੇ ਲਾਇਕ ਤੇਰੀ ਜਾਈ

ਇਹੋ ਕੰਮ ਮੁਬਾਰਿਕ ਤੈਨੂੰ ਰਾਜ਼ੀ ਅਸੀਂ ਤਮਾਮੀ
ਦੇਵ ਪਰੀ ਕੋਈ ਐਬ ਨਾ ਧਰਸੀ ਨਾ ਵੱਟਾ ਨਾ ਖ਼ਾਮੀ

ਜੇਕਰ ਅਰਜ਼ ਅਸਾਡੀ ਮੰਨੇਂ ਸਾਇਤ ਦੇਰ ਨਾ ਲਾਓ
ਇਹ ਜਵਾਨ ਪਸੰਦ ਅਸਾਨੂੰ ਨਾਤਾ ਬਖ਼ਸ਼ ਵਿਆਹੋ

ਸਾਕ ਕਬੀਲਾ ਰਾਜ਼ੀ ਤੱਕ ਕੇ ਹੋਇਆ ਸ਼ਾਹ ਸਵਾਇਆ
ਮਜਲਿਸ ਵਿਚੋਂ ਉੱਠ ਸ਼ਿਤਾਬੀ ਮਹਿਲਾਂ ਅੰਦਰ ਆਇਆ

ਮਾਈ ਭੈਣੂੰ ਬੇਗਮ ਤਾਈਂ ਸੱਦ ਕੇ ਕੋਲ ਬਹਾਂਦਾ
ਦੱਸੋ ਕੀ ਤੁਸਾਡੀ ਮਰਜ਼ੀ ਤਰੈਆਂ ਨੂੰ ਫ਼ੁਰਮਾਂਦਾ

ਬਿਸਮਿਲਾ ਬਿਸਮਿਲਾ ਸ਼ਾਹਾ ਇਹੋ ਸਾਡੀ ਮਰਜ਼ੀ
ਇਸੇ ਮਤਲਬ ਕਾਰਨ ਹੱਥੋਂ ਅਸੀਂ ਤੇਰੇ ਵੱਲ ਅਰਜ਼ੀ

ਧੀ ਅਸਾਡੀ ਲਾਇਕ ਸ਼ਾਹਾ! ਇਹੋ ਕੰਤ ਰੰਗੀਲਾ
ਕਿਸਮਤ ਜੋੜੀ ਰੱਬ ਮੁਹੰਮਦ ਕਰ ਇਸੇ ਦਾ ਹੀਲਾ

ਨੀਯੱਤ ਖ਼ੈਰ ਇਸੇ ਪਰ ਆਖੋ ਛੱਡੋ ਹੋਰ ਦਲੀਲਾਂ
ਭਲੀਆਂ ਧੀਆਂ ਦੇਣ ਅਜੇਹਿਆਂ ਮਰਦ ਨਜੀਬ ਅਸੀਲਾਂ

ਫੇਰ ਓਥੋਂ ਸ਼ਾਹ ਉਠ ਖਲੋਤਾ ਆਖ ਦੁਆਈਂ ਖ਼ੈਰਾਂ
ਜਾ ਦਰਬਾਰ ਤਖ਼ਤ ਪਰ ਬੈਠਾ ਖ਼ਲਕ ਚੁਮੇਂਦੀ ਪੈਰਾਂ

ਨੀਯਤ ਖ਼ੈਰ ਦਿਲੋਂ ਉਸ ਆਖੀ ਕਰ ਛੱਡੀ ਕੁੜਮਾਈ
ਸੈਫ਼-ਮਲੂਕ ਬਦੀਅ-ਜਮਾਲੇ ਬਾਹਰੋਂ ਖ਼ਬਰ ਨਾ ਕਾਈ ।(੭੭੩੦)

ਬੈਠੇ ਸੇਜ ਖ਼ੁਸ਼ੀ ਦੀ ਉੱਤੇ ਇਕ ਇਕੱਲੀ ਜਾਈ
ਬਾਤਾਂ ਕਰਦੇ ਮਨ ਪਰਚਾਂਦੇ ਪੜ੍ਹਦੇ ਸ਼ੁਕਰ ਖ਼ੁਦਾਈ

ਘੜੀ ਆਰਾਮ ਕੀਤਾ ਰਲ਼ ਦੋਹਾਂ ਫੇਰ ਉਠਿਆ ਸ਼ਹਿਜ਼ਾਦਾ
ਰੁਖ਼ਸਤ ੀeਜ਼ਨ ਪਰੀ ਥੀਂ ਲੈਂਦਾ ਕਰ ਕਰ ਉਜ਼ਰ ਜ਼ਿਆਦਾ

ਮਾਈ ਜੀ ਦੇ ਡੇਰੇ ਜਾਵਾਂ ਵੰਝ ਖਲੋਵਾਂ ਹਾਜ਼ਿਰ
ਓਥੇ ਭੀ ਕੋਈ ਝੱਟ ਗੁਜ਼ਾਰਾਂ ਕਰਾਂ ਖ਼ੁਸ਼ਾਮਦ ਖ਼ਾਤਿਰ

ਇਹ ਸਲਾਹ ਬਦੀਅ-ਜਮਾਲੇ ਬਹੁਤ ਪਸੰਦ ਲਿਆਂਦੀ
ਬਿਸਮਿਲਾ ਬਿਸਮਿਲਾ ਅੱਗੋਂ ਸ਼ਾਬਸ਼ ਦੇ ਫ਼ੁਰਮਾਂਦੀ

ਮਾਈ ਜੀ ਦੇ ਡੇਰੇ ਆਏ ਸ਼ਾਹ-ਪਰੀ ਸ਼ਹਿਜ਼ਾਦਾ
ਰਾਤੀਂ ਤੀਕ ਰਹੇ ਇਸ ਜਾਈ ਉਲਫ਼ਤ ਨਾਲ਼ ਜ਼ਿਆਦਾ

ਖ਼ੁਸ਼ੀਏਂ ਖ਼ੁਸ਼ੀਏਂ ਰਾਤ ਗੁਜ਼ਾਰੀ ਉਸੇ ਵਿਚ ਮਕਾਨੇ
ਧੰਮੀ ਸੁਬ੍ਹਾ ਹੋਇਆ ਖ਼ੁਸ਼ ਵੇਲ਼ਾ ਲੱਗੀ ਲੋਅ ਜਹਾਨੇ

ਕੀਤਾ ਵੁਜ਼ੂ ਸ਼ਹਿਜ਼ਾਦੇ ਉੱਠ ਕੇ ਆਖੀ ਬਾਂਗ ਫ਼ਜਰ ਦੀ
ਪੜ੍ਹੀ ਨਿਮਾਜ਼ ਇਬਾਦਤ ਕੀਤੀ ਆਪਣੇ ਜ਼ੋਰ ਕਦਰ ਦੀ

ਜ਼ਿਕਰ ਵਜ਼ੀਫ਼ੇ ਵਿਰਦ ਕਰੇਂਦਾ ਬੈਠਾ ਮਲ ਮੁਸੱਲਾ
ਸ਼ੁਕਰ ਗੁਜ਼ਾਰੇ ਰੱਬ ਚਿਤਾਰੇ ਤੇਰੀ ਜ਼ਾਤ ਮੁਅੱਲਾ

ਸਰਵ-ਬਾਨੋ ਉਸ ਵੇਲੇ ਉਠ ਕੇ ਪਾਸ ਗਈ ਸ਼ਾਹਪਾਲੇ
ਉਹ ਭੀ ਅੱਗੋਂ ਨਾਲ਼ ਅਦਬ ਦੇ ਇੱਜ਼ਤ ਨਾਲ਼ ਬਹਾਲੇ

ਬਿਸਮਿਲਾ ਜੀਉ ਆਈ ਭੈਣਾ ਕੋਲ ਅਸਾਡੇ ਬਹੁ ਖਾਂ
ਸੈਫ਼-ਮਲੂਕ ਕਿੱਥੇ ਕੁਝ ਉਸ ਦੀ ਹਾਲ ਹਕੀਕਤ ਕਹੋ ਖਾਂ ।(੭੭੪੦)

ਸਰਵ-ਬਾਨੋ ਨੇ ਕਿਹਾ ਅੱਗੋਂ ਹੈ ਉਹ ਮੇਰੇ ਡੇਰੇ
ਥੱਕਾ ਮਾਂਦਾ ਰਿਹਾ ਉਥਾਈਂ ਪਾਸ ਨਾ ਪਹੁਤਾ ਤੇਰੇ

ਸ਼ਾਹਪਾਲੇ ਫ਼ੁਰਮਾਇਆ ਬੀਬੀ ਕਿਉਂ ਤੁਧ ਨਾਲ਼ ਨਾ ਆਂਦਾ
ਮੈਨੂੰ ਸ਼ੌਕ ਦੀਦਾਰ ਉਹਦੇ ਦਾ ਗ਼ਲਬਾ ਕਰਦਾ ਜਾਂਦਾ

ਸਰਵ-ਬਾਨੋ ਨੇ ਸ਼ਹਿਜ਼ਾਦੇ ਦੀ ਸ਼ਾਹੇ ਅੱਗੇ ਦੂਣੀ
ਆਦਮੀਅਤ ਦੇ ਉਜ਼ਰ ਲਿਆਂਦੇ ਕੀਤੀ ਸਿਫ਼ਤ-ਸਪੂਨੀ

ਸ਼ਾਹਪਾਲੇ ਫ਼ੁਰਮਾਇਆ ਉਸ ਦੀ ਸੱਦ ਕਰਾਂ ਮਹਿਮਾਨੀ
ਏਤ ਜ਼ਮਾਨੇ ਆਦਮੀਆਂ ਵਿਚ ਕੋਈ ਨਾ ਉਸ ਦਾ ਸਾਨੀ

ਸਰਵ-ਬਾਨੋ ਭੀ ਕਹਿੰਦੀ ਅੱਗੋਂ ਐ ਭਾਈ ਇਹ ਸਾਨੂੰ
ਗ਼ੇਬ-ਉਲ-ਗ਼ੈਬੋਂ ਤੋਹਫ਼ਾ ਆਇਆ ਫ਼ਜ਼ਲ ਹੋਇਆ ਸੁਬਹਾਨੂੰ

ਜੋ ਕੁੱਝ ਮੁਫ਼ਤ ਨਿਆਮਤ ਮੌਲਾ ਆਪ ਪੁਚਾਏ ਗ਼ੈਬੋਂ
ਕਰੀਏ ਕਦਰ ਸ਼ਿਨਾਸੀ ਉਸ ਦੀ ਪਾਕ ਹੁੰਦਾ ਹਰ ਐਬੋਂ

ਸੈਫ਼-ਮਲੂਕ ਪਿਆਰਾ ਸ਼ਾਹੇ ਵਿਚ ਹਜ਼ੂਰ ਬੁਲਾਇਆ
ਚੁੰਮ ਜ਼ਿਮੀਂ ਸਲਾਮੀ ਹੋਇਆ ਜਾਂ ਮਜਲਿਸ ਵਿਚ ਆਇਆ

ਘਰ ਬੈਠਕ ਤੇ ਬੰਗਲੇ ਮਜਲਿਸ ਹੋਰ ਇਮਾਰਤ ਸ਼ਾਹੀ
ਕਰ ਧਿਆਨ ਡਿਠੇ ਜਿਸ ਵੇਲੇ ਸੈਫ਼-ਮਲੂਕ ਸਿਪਾਹੀ

ਐਸੀ ਆਲੀਸ਼ਾਨ ਇਮਾਰਤ ਜੈਸੀ ਜਗਤਿ ਨਾ ਸਾਰੇ
ਵੇਖ ਹੋਇਆ ਹੈਰਾਨ ਸ਼ਹਿਜ਼ਾਦਾ ਸੁੰਦਰ ਮਹਿਲ ਚੁਬਾਰੇ

ਗੁੰਬਦ ਛੱਤ ਸੁਨਹਿਰੀ ਸਾਰੇ ਸਿਰ ਕੱਢਣ ਅਸਮਾਨੋਂ
ਨਕਸ਼ ਨਿਗਾਰ ਨਾ ਗਿਣਤਰ ਜੋਗੇ ਆਹੇ ਵੱਧ ਜਹਾਨੋਂ ।(੭੭੫੦)

ਸੁਫ਼ੇ ਸਹਿਨ ਸਫ਼ਾਈ ਵਾਲੇ ਧਰਤੀ ਸਭ ਸੁਨਹਿਰੀ
ਮੋਤੀ ਹੀਰੇ ਫ਼ਰਸ਼ ਫ਼ੀਰੋਜ਼ੀ ਜਿਥੇ ਬਹੇ ਕਚਹਿਰੀ

ਤਖ਼ਤ ਸੁਨਹਿਰੀ ਲਾਲੇਂ ਜੜਿਆ ਸੁੱਚੀਆਂ ਹੇਠ ਵਿਛਾਈਆਂ
ਕਦਮਾਂ ਹੇਠ ਤਮਾਮੀ ਮਜਲਿਸ ਕਰਦੀ ਸੀਸ ਨਿਵਾਈਆਂ

ਸ਼ਾਹ ਸ਼ਾਹਪਾਲ ਬਹਾਦਰ ਆਦਿਲ ਬੈਠਾ ਤਖ਼ਤ ਸੁਹਾਇਆ
ਚੌਰੀਦਾਰ ਖਲੋਤੇ ਝੱਲਣ ਛਤਰ ਕੋਹਾਂ ਵਿਚ ਲਾਇਆ

ਚੋਟੀ ਤਾਜ ਮੁਬਾਰਿਕ ਵਾਲੀ ਚਮਕੇ ਨਾਲ਼ ਅਸਮਾਨਾਂ
ਜ਼ਿਲ ਇਲਾਹੀ ਨਜ਼ਰੀਂ ਆਵੇ ਸ਼ੌਕਤ ਸ਼ਾਨ ਸ਼ਹਾਨਾਂ

ਜਾਂ ਵੇਖੇ ਤਲਵਾਰੀ ਵੱਲੋਂ ਕਰਦਾ ਜ਼ੱਰਾ ਜ਼ੱਰਾ
ਜ਼ੱਰੇ ਨੂੰ ਇਕ ਨਜ਼ਰ ਕਰਮ ਥੀਂ ਸੂਰਜ ਕਰੇ ਮੁਕੱਰਰਾ

ਮੁਹਰ ਮੁਬਾਰਿਕ ਹੱਥ ਅੰਗੂਠੀ ਨਬੀ ਸੁਲੇਮਾਂ ਵਾਲੀ
ਮਸ਼ਰਿਕ ਮਗ਼ਰਿਬ ਹੁਕਮ ਚਲੇਂਦਾ ਤੀਕ ਜਨੂਬ ਸ਼ਮਾਲੀ

ਜਾਂ ਘੋੜੇ ਪਰ ਕਰੇ ਸਵਾਰੀ ਪਹਿਨ ਸੱਭੋ ਸਮਿਆਨਾਂ
ਅਸਮਾਨਾਂ ਵਿਚ ਪਏ ਤਜ਼ਲਜ਼ਲ ਤੱਕ ਕੇ ਜ਼ੋਰ ਸ਼ਹਾਨਾਂ

ਦੁਸ਼ਮਣ ਦਾ ਦਿਲ ਦਾਇਮ ਜ਼ਖ਼ਮੀ ਡਰ ਕੇ ਉਸ ਦੇ ਤੀਰੋਂ
ਸੁੰਬਾ ਤੀਰ ਸ਼ਹਾਨੇ ਵਾਲਾ ਕਲਮ ਸਿੱਧੀ ਤਕਦੀਰੋਂ

ਜਾਂ ਉਹ ਜ਼ੋਰ ਦੇਹੀ ਦਾ ਲਾਵੇ ਮਾਰੇ ਹੱਥ ਅਸਮਾਨਾਂ
ਖਿੱਚ ਮਿਲਾਵੇ ਨਾਲ਼ ਜ਼ਿਮੀਂ ਦੇ ਧਨ ਸ਼ਾਹਪਾਲ ਜਵਾਨਾਂ

ਸਭ ਸਿਪਾਹ ਬਹਾਦਰ ਜੰਗੀ ਵਾਂਗ ਮੁਰੀਖ਼ ਸਿਪਾਹੀ
ਸੂਰਜ ਝੰਡਾ ਪਕੜ ਸ਼ਹਾਨਾ ਹੋਏ ਅਗੇਰੇ ਰਾਹੀ ।(੭੭੬੦)

ਸੈਫ਼-ਮਲੂਕੇ ਨੇ ਜਦ ਡਿੱਠੀ ਅਜ਼ਮਤ ਸ਼ੌਕਤ ਭਾਰੀ
ਸ਼ਾਹਪਾਲੇ ਦਾ ਜਾਹ ਜਲਾਲਤ ਫ਼ੌਜ ਬੇਅੰਤ ਸ਼ੁਮਾਰੀ

ਹੋ ਰਿਹਾ ਹੈਰਾਨ ਸ਼ਹਿਜ਼ਾਦਾ ਵੇਖ ਤਜੱਮੁਲ ਸ਼ਾਹੀ
ਨਾਲ਼ ਅਜ਼ਮਤ ਤੇ ਕਿਬਰਾਈ ਕਰਦਾ ਯਾਦ ਇਲਾਹੀ

ਤੂੰ ਬੇਅੰਤ ਸੱਚੇ ਰੱਬ ਸਾਈਆਂ ਧੰਨ ਖ਼ੁਦਾਈ ਤੇਰੀ
ਮੂਲ ਕਿਸੇ ਨੇ ਅੰਤ ਨਾ ਪਾਇਆ ਐਡ ਲੋਕਾਈ ਤੇਰੀ

ਬਾਪ ਮੇਰਾ ਭੀ ਬਾਦਸ਼ਾਹਾਂ ਵਿਚ ਆਲੀਸ਼ਾਨ ਕਹਾਂਦਾ
ਜੋ ਕੁੱਝ ਇਥੇ ਨਜ਼ਰੀਂ ਆਇਆ ਉਹ ਪਾਸੰਗ ਇਨ੍ਹਾਂ ਦਾ

ਡਿਠਿਓਸੁ ਤਖ਼ਤ ਬੁਲੰਦ ਸੁਹਾਇਆ ਲਾਖਾਂ ਨਕਸ਼ ਨਗਾਰਾਂ
ਜੜੇ ਜਵਾਹਰ ਕੀਮਤ ਵਾਲੇ ਲਅਲ ਬਲਣ ਜਿਉਂ ਨਾਰਾਂ

ਹੋਰ ਜ਼ਮੁਰਦ ਖ਼ਾਸ ਯਮਾਨੀ ਤੇ ਯਾਕੂਤ ਰਮਾਨੀ
ਦੁੱਰਿ-ਯਤੀਮ ਅਤੇ ਕਈ ਗੌਹਰ ਸ਼ਬ ਚਿਰਾਗ਼ ਨੂਰਾਨੀ

ਗਿਰਦ-ਬ-ਗਿਰਦ ਤਖ਼ਤ ਦੇ ਲਟਕਣ ਝਾਂਜਰ ਹਾਰ ਪਰੋਏ
ਸੂਰਜ ਸੰਦੀ ਰਿਸ਼ਮ ਨਾ ਲਗਦੀ ਮੂਲ ਉਨ੍ਹਾਂ ਦੀ ਲੋਏ

ਸੱਤ ਸੈ ਕੁਰਸੀ ਹੋਰ ਸੁਨਹਿਰੀ ਸੱਜੇ ਪਾਸ ਟਕਾਈ
ਪੰਜ ਸੈ ਉਹੋ ਜੇਹੀ ਖੱਬੇ ਇਕ ਥੀਂ ਇਕ ਸਵਾਈ

ਕਈ ਸ਼ਹਿਜ਼ਾਦੇ ਸ਼ਾਨਾ ਵਾਲੇ ਦੇਵ ਅਫ਼ਰੇਤ ਬਹਾਦਰ
ਹਰ ਹਰ ਕੁਰਸੀ ਉੱਤੇ ਬੈਠੇ ਦਾਨਿਸ਼ਮੰਦ ਜ਼ੋਰਾਵਰ

ਸੈਫ਼-ਮਲੂਕ ਜਦੋਂ ਆ ਵੜਿਆ ਸਭੇ ਉਠ ਖਲੋਏ
ਬੱਧੇ ਹੱਥ ਸ਼ਹਿਜ਼ਾਦੇ ਅੱਗੇ ਆਣ ਸਲਾਮੀ ਹੋਏ ।(੭੭੭੦)

ਸੱਜੇ ਪਾਸ ਤਖ਼ਤ ਦੇ ਨੇੜੇ ਕੁਰਸੀ ਖ਼ੂਬ ਸ਼ਾਹਾਨੀ
ਮਖ਼ਮਲ ਮੁਸ਼ਕੀਂ ਨਾਲ਼ ਲਪੇਟੀ ਖ਼ਾਸ ਆਹੀ ਸੁਲੇਮਾਨੀ

ਪਰੀਆਂ ਹੁਕਮ ਸ਼ਹਾਨਾ ਲੈ ਕੇ ਉਹ ਗ਼ਿਲਾਫ਼ ਉਤਾਰੇ
ਗੁਲਨਾਰੀ ਜ਼ਰਬਫ਼ਤ ਸੁੱਚੇ ਦੇ ਨਵੇਂ ਉਛਾੜ ਸੰਵਾਰੇ

ਨਰਮ ਵਿਛਾਈ ਉਪਰ ਕਰ ਪਾਈ ਗਾਓ ਤਕੀਏ ਪੁਰ ਕਰ ਕੇ
ਸ਼ਹਿਜ਼ਾਦੇ ਦੀ ਖ਼ਾਤਰ ਰੱਖੇ ਨਾਲ਼ ਤਖ਼ਤ ਦੇ ਧਰ ਕੇ

ਸ਼ਾਹ ਸ਼ਾਹਪਾਲ ਉਸ ਕਰਸੀ ਉੱਤੇ ਸੈਫ਼-ਮਲੂਕ ਬਹਾਇਆ
ਸ਼ਹਿਜ਼ਾਦਾ ਤਾਜ਼ੀਮਾਂ ਕਰ ਕੇ ਬੈਠਾ ਬਹਿ ਸੁਖ ਪਾਇਆ

ਸੈਫ਼-ਮਲੂਕੇ ਵੱਲ ਮੂੰਹ ਕੀਤਾ ਸ਼ਾਹਪਾਲੇ ਸੁਲਤਾਨੇ
ਕਹਿੰਦਾ ਐ ਫ਼ਰਜ਼ੰਦ ਪਿਆਰੇ ਦੱਸ ਖਾਂ ਨਾਲ਼ ਈਮਾਨੇ

ਇਕ ਸਫ਼ਰ ਦੀ ਖ਼ਫ਼ਗੀ ਤੈਨੂੰ ਦੂਜਾ ਚਾ ਵਤਨ ਦਾ
ਮਾਈ ਬਾਬਲ ਦਾ ਦਿਲ ਅੰਦਰ ਹੋਸੀ ਸ਼ੌਕ ਮਿਲਣ ਦਾ

ਮੁਲਕ ਸਿਪਾਹ ਰਈਅਤ ਸੰਦੀ ਚਿੰਤਾ ਹੋਸੀ ਭਾਰੀ
ਨਾਲ਼ੇ ਸਿਕ ਅਸ਼ਨਾਵਾਂ ਵਾਲੀ ਨਾਲ਼ ਜਿਨ੍ਹਾਂ ਦੇ ਯਾਰੀ

ਇਤਨੇ ਗ਼ਮ ਤੇਰੇ ਦਿਲ ਅੰਦਰ ਹੋਸੇਂ ਦਰਦ ਰੰਞਾਣਾ
ਨਾਲ਼ੇ ਦੁੱਖ ਇਸ਼ਕ ਦਾ ਤੈਨੂੰ ਲੂੰ ਲੂੰ ਅੰਦਰ ਧਾਣਾ

ਪਰ ਹੁਣ ਰੱਖ ਅੰਦੇਸ਼ਾ ਨਾਹੀਂ ਹਾਮ ਤੇਰੀ ਮੈਂ ਭਰਸਾਂ
ਜੇ ਰੱਬ ਚਾਹਿਆ ਮਤਲਬ ਤੇਰਾ ਖ਼ੂਬ ਤਰ੍ਹਾਂ ਦਾ ਕਰਸਾਂ

ਭੇਜਦੀਆਂ ਅਫ਼ਰੇਤਾਂ ਤਾਈਂ ਮਿਸਰ ਸ਼ਹਿਰ ਨੂੰ ਜਾਵਣ
ਖ਼ੈਰ ਸੁਖਾਂ ਦੀ ਖ਼ਬਰ ਪੁਚਾਵਣ ਨਾਲ਼ੇ ਫੇਰ ਲਿਆਵਣ ।(੭੭੮੦)

ਸੁਣ ਗੱਲਾਂ ਸ਼ਹਿਜ਼ਾਦਾ ਉੱਠ ਕੇ ਕਰਨ ਲੱਗਾ ਤਾਜ਼ੀਮਾਂ
ਤੂੰਹੇਂ ਮਾਈ ਬਾਬਲ ਮੇਰਾ ਦੇਇ ਵਲਾਹ ਯਤੀਮਾਂ

ਸ਼ਾਹੇ ਫੇਰ ਬਹਾਇਆ ਫੜ ਕੇ ਬੇਟਾ ਛੱਡ ਦੇ ਝੋਰਾ
ਸੈਫ਼-ਮਲੂਕੇ ਹੋਈ ਤਸੱਲੀ ਫ਼ਿਕਰ ਨਾ ਰਹਿਓਸੁ ਭੋਰਾ

ਸ਼ਾਹਪਾਲੇ ਫਿਰ ਮਜਲਿਸ ਅੰਦਰ ਇਸ਼ਰਤ ਐਸ਼ ਮਚਾਈ
ਜਿਉਂ ਕਰ ਜਸ਼ਨ ਸ਼ਾਹਾਂ ਦਾ ਹੁੰਦਾ ਸੋ ਤਰਤੀਬ ਬਣਾਈ

ਯਾਕੂਤੀ ਮੱਟ ਆਣ ਟਿਕਾਏ ਭਰ ਕੇ ਲਾਲ਼ ਸ਼ਰਾਬੋਂ
ਭਰ ਭਰ ਦੇਣ ਪਿਆਲੇ ਪਰੀਆਂ ਸ਼ਕਲ ਮਿਸਲ ਮਹਿਤਾਬੋਂ

ਇਕ ਪਰੀਆਂ ਦੇ ਹੁਸਨ ਅਜਾਇਬ ਗੂਹੜੇ ਰੰਗ ਗੁਲਾਬੀ
ਜ਼ੇਵਰ ਜ਼ੇਬ ਪੋਸ਼ਾਕਾਂ ਸੁੱਚੀਆਂ ਨਾਜ਼ੁਕ ਅੰਗ ਹੁਬਾਬੀ

ਦੇਵਣ ਕਾਸੇ ਹਰ ਹਰ ਪਾਸੇ ਪੀਣ ਪਿਆਸੇ ਸਾਰੇ
ਤਾਬ ਹੁਸਨ ਦੀ ਆਬ ਦਿਲੇ ਦੀ ਬਾਬ ਗ਼ਮਾਂ ਦੇ ਮਾਰੇ

ਨਸ਼ਾ ਸ਼ਰਾਬੋਂ ਨੁਕਲ ਕਬਾਬੋਂ ਸਾਕੀ ਨੈਣ ਸ਼ਿੰਗਾਰੇ
ਤਾਰ ਰਬਾਬੋਂ ਬੂ ਗੁਲਾਬੋਂ ਹੋ ਰਹੇ ਮਤਵਾਰੇ

ਨਗ਼ਮੇ ਸਾਜ਼ ਵਜਾਵਣ ਲੱਗੀਆਂ ਨਾਚ ਉਠਾਏ ਪਰੀਆਂ
ਸੁੰਦਰ ਸ਼ਕਲਾਂ ਅਜਬ ਪੋਸ਼ਾਕਾਂ ਜ਼ੇਵਰ ਪਹਿਨ ਬਿਚਰੀਆਂ

ਨੱਚਣ ਗਾਵਣ ਕਰਨ ਤਮਾਸੇ ਮੁਜਰੇ ਬਾਦਸ਼ਾਹਾਨੇ
ਤਾਇਫ਼ਿਆਂ ਨੇ ਬੋਲ ਸੁਣਾਏ ਧੁਰਪਤ ਨਾਲ਼ ਤਰਾਨੇ

ਉਠ ਉਠ ਦਿਓ ਮਰੀਂਦੇ ਤਾੜੀ ਪੈਂਦੇ ਹਾਲ ਜਵਾਨਾਂ
ਪੈਰ ਜ਼ਿਮੀਂ ਪਰ ਮੁਹਕਮ ਕਰ ਕੇ ਹੱਥ ਘੱਤਣ ਅਸਮਾਨਾਂ ।(੭੭੯੦)

ਚਾਰ ਦਿਹਾੜੇ ਚਾਰੇ ਰਾਤੀਂ ਰਹੇ ਤਮਾਸ਼ੇ ਹੁੰਦੇ
ਭੁੰਨ ਭੰਨ ਖਾਵਣ ਮੁਰਗ਼ ਬਟੇਰੇ ਮੱਧ ਪੀਕੇ ਮੁੱਖ ਧੋਂਦੇ

ਸ਼ਹਿਜ਼ਾਦੇ ਦੀ ਇੱਜ਼ਤ ਹੁਰਮਤ ਕਰਦੇ ਵੱਧ ਹਿਸਾਬੋਂ
ਦੇਣ ਸ਼ਰਾਬ ਕਬਾਬ ਸੁਣਾਵਣ ਨਗ਼ਮੇ ਚੁੰਗ ਰਬਾਬੋਂ

ਬਾਦ ਇਸ ਥੀਂ ਦਿਨ ਪੰਜਵਾਂ ਆਇਆ ਮਜਲਿਸ ਚਾ ਉਠਾਈ
ਸਬਜ਼ੇ ਜੂਹੇ ਗੁਲ ਫਲ਼ ਵਾਲੀ ਸੈਰ ਕਰਨ ਦੀ ਆਈ

ਸ਼ਾਹਪਾਲੇ ਸੰਗ ਲਿਆ ਸ਼ਹਿਜ਼ਾਦਾ ਲੱਗਾ ਸੈਰ ਕਰਾਵਣ
ਜੰਗਲ਼ ਜੂਹ ਜੂਹੀਰੇ ਅੰਦਰ ਹਰ ਵੱਲ ਫੇਰਾ ਪਾਵਣ

ਮਰਗਜ਼ਾਰ ਡਿੱਠਾ ਸ਼ਹਿਜ਼ਾਦੇ ਕੀ ਗੱਲ ਆਖ ਸੁਣਾਈਂ
ਸੁੱਚਾ ਨੀਲਾ ਵਾਂਗ ਅਸਮਾਨੇ ਖ਼ੁਸ਼ ਹਵਾ ਖ਼ੁਸ਼ ਜਾਈਂ

ਸਮਨ ਬਿਨਫ਼ਸ਼ਾ ਗੁਲ ਦੇ ਗਿਰਦੇ ਸਬਜ਼ਾ ਇਓਂ ਸੁਹਾਵੇ
ਮਹਿਬੂਬਾਂ ਮੁੱਖ ਦਾੜ੍ਹੀ ਜਿਉਂ ਕਰ ਖ਼ਤ ਨਵਾਂ ਲੈ ਆਵੇ

ਗੁਲ ਲਾਲੇ ਦਿਲ ਤਾਜ਼ੇ ਲਾਲੀ ਜਿਉਂ ਰੁਖ਼ਸਾਰੇ ਯਾਰੇ
ਸ਼ਕਰ ਲਬ ਮਾਸ਼ੂਕਾਂ ਵਾਲੇ ਰੌਸ਼ਨ ਕਰਨ ਅੰਧਾਰੇ

ਦਿਲਕਸ਼ ਬਹੁਤ ਲਤੀਫ਼ ਅਜਾਇਬ ਵਾਹ ਹਵਾ ਸੁਖਾਂਦੀ
ਹਰ ਹਰ ਮੰਜ਼ਿਲ ਨੇਕ ਮੁਬਾਰਿਕ ਜ਼ੋਰੀ ਚਿੱਤ ਲਗਾਂਦੀ

ਹਰ ਹਰ ਪਾਸੇ ਨਹਿਰਾਂ ਕੂਹਲਾਂ ਫੁਲੀਂ ਭਰੇ ਕਿਨਾਰੇ
ਨਾਲ਼ ਤਰੇਲੇ ਮੂੰਹ ਹੱਥ ਧੋਕੇ ਮੋਤੀ ਪਹਿਨ ਸ਼ਿੰਗਾਰੇ

ਹਰ ਡਾਲ਼ੀ ਤੇ ਪੰਖੀ ਬੋਲਣ ਖ਼ੁਸ਼ ਆਵਾਜ਼ ਹਜ਼ਾਰਾਂ
ਅਰਗ਼ਨੂਨ ਸਹੀ ਸੁਰ ਕਰ ਕੇ ਖ਼ੂਬ ਵਜਾਵਣ ਤਾਰਾਂ ।(੭੮੦੦)

ਚਕਵੀ ਚਕਵਾ ਬਤ ਮੁਰਗਾਈਆਂ ਮਾਰਨ ਸਰ ਵਿਚ ਗੋਤੇ
ਪੀਲੇ ਅੰਬ ਚਵਾਵਣ ਨੀਲੇ ਚੌਹ ਚੌਹ ਕਰਦੇ ਤੋਤੇ

ਉੱਚੇ ਰੁੱਖ ਦੀ ਚੋਟੀ ਉੱਤੇ ਜਿਕਰ ਕਰੇਂਦੇ ਬੂਜ਼ੇ
ਹੁਦ ਹੁਦ ਮਸਤ ਮੁਹੱਬਤ ਫਿਰਦੀ ਜ਼ਿਕਰ ਜ਼ਬਾਨੋਂ ਰੂਜ਼ੇ

ਸੋਹਣੇ ਸਰਵ ਆਜ਼ਾਦ ਖਲੋਤੇ ਰੌਣਕ ਜੰਨਤ ਵਾਲੀ
ਕੁਮਰੀ ਅਤੇ ਤਦਰਵ ਬੂ ਲੈਂਦੇ ਹਰ ਪੱਤਰ ਹਰ ਡਾਲੀ

ਉੱਚੇ ਕੱਦ ਦਰਖ਼ਤ ਖਲੋਤੇ ਮਹਿਬੂਬਾਂ ਦਾ ਬਾਣਾ
ਸੁੱਚੇ ਸਬਜ਼ ਜ਼ਮੁਰਦ ਨਾਲ਼ੋਂ ਪੱਤ ਉਨ੍ਹਾਂ ਦੇ ਜਾਣਾ

ਐਸਾ ਮਰਗਜ਼ਾਰ ਖਲੋਤਾ ਵਾ ਉਸ ਦੀ ਖ਼ੁਸ਼ ਬਾਸੋਂ
ਬਾਗ਼ ਬਹਿਸ਼ਤ ਮੁਅੱਤਰ ਹੁੰਦਾ ਜਾਂ ਝੁੱਲਦੀ ਉਸ ਪਾਸੋਂ

ਉਨ੍ਹਾਂ ਗੁਲਾਂ ਦੀ ਖ਼ੂਬੀ ਕੋਲੋਂ ਅੰਬਰ ਨੂਰ ਸੰਵਾਰੇ
ਹਰ ਗੁਲਬਨ ਦੀ ਡਾਲੀ ਉੱਤੇ ਫੁਲ ਮਾਨਿੰਦ ਸਿਤਾਰੇ

ਉਹ ਸਬਜ਼ੇ ਉਹ ਫੁੱਲ ਹਜ਼ਾਰਾਂ ਉਹ ਹਵਾ ਨੂਰਾਨੀ
ਗ਼ੈਰਤ ਕੋਲੋਂ ਵਾਂਗ ਅਸਮਾਨਾਂ ਚਾਈ ਸਰਗਰਦਾਨੀ

ਸਬਜ਼ੇ ਅੰਦਰ ਪਾਣੀ ਵਗਣ ਹਰ ਕੋਈ ਕਰੇ ਨਜ਼ਾਰਾ
ਲਾਜਵਰਦ ਦੇ ਨਾਲ਼ੇ ਅੰਦਰ ਜਿਉਂ ਕਰ ਚਲੇ ਪਾਰਾ

ਹਰ ਪਾਣੀ ਦੇ ਦੰਦੇ ਦੰਦੇ ਖ਼ੂਬ ਬਣੀ ਫੁੱਲ ਕੇਲੀ
ਗੁਲਦਾਊਦੀ ਗੁਲ ਅੱਬਾਸੀ ਗੁਲ ਰੀਹਾਨ ਚੰਬੇਲੀ

ਦਿਲ ਫ਼ਰੇਬ ਕਿੱਸੇ ਦੇ ਸੁਣੀਅਰ ਫ਼ਿਕਰ ਦੌੜਾਓ ਭਾਈ
ਬਾਗ਼-ਇਰਮ ਜਿਸ ਨਾਮ ਸਦਾਇਆ ਉਸ ਵਿਚ ਕਦ ਖ਼ਤਾਈ ।(੭੮੧੦)

ਐਸਾ ਖ਼ੂਬ ਮਕਾਨ ਢੂੰਡੇਂਦਾ ਦੁਨੀਆਂ ਤੂੰ ਹੱਥ ਧੋਵੇ
ਬਾਗ਼ ਬਹਿਸ਼ਤ ਮੁਹੰਮਦ ਬਖਸ਼ਾ ਜੇ ਹੋਵੇ ਤਾਂ ਹੋਵੇ

ਸ਼ਹਿਜ਼ਾਦਾ ਮਕਬੂਲ ਦੋਹਾਂ ਨੂੰ ਮਾਈ ਤੇ ਸ਼ਾਹਪਾਲੇ
ਤਾਂ ਸ਼ਾਹਪਾਲ ਉਹਦੀ ਫੜ ਉਂਗਲ ਕਰ ਕਰ ਸੈਰ ਦਸਾਲੇ

ਸੈਰ ਕਰੇਂਦਿਆਂ ਸ਼ਾਹੇ ਕਿਹਾ ਐ ਬੇਟਾ ਦਿਲਬੰਦਾ
ਇਤਨੇ ਸਾਲ ਹੋਏ ਤੁਧ ਚਾਇਆ ਇਸ਼ਕ ਸੱਚੇ ਦਾ ਧੰਦਾ

ਬਰਕਤ ਸਿਦਕ ਯਕੀਨ ਤੇਰੇ ਦੀ ਮੌਲਾ ਖ਼ੈਰ ਗੁਜ਼ਾਰੀ
ਘੁੰਮਣ ਘੇਰ ਬਲਾਈਂ ਵਿਚੋਂ ਕੱਢਿਓਂ ਕਰ ਕੇ ਯਾਰੀ

ਹੁਣ ਤੂੰ ਆਣ ਮੇਰੇ ਘਰ ਪਹੁਤੋਂ ਹੋਏ ਜਮਾਲ ਅਸਾਡੇ
ਦਸ ਸਲਾਹ ਕਰਾਂ ਅੱਜ ਕੀਕਰ ਜੋ ਕੰਮ ਨਾਲ਼ ਅਸਾਡੇ

ਸੈਫ਼-ਮਲੂਕ ਨਾ ਬੋਲਣ ਦਿੱਤਾ ਮਾਈ ਅੱਗੋਂ ਬੋਲੀ
ਸ਼ਾਹਪਾਲੇ ਨੂੰ ਆਖਣ ਲੱਗੀ ਐ ਸ਼ਾਹਾ ਮੈਂ ਘੋਲੀ

ਤੁਧ ਜੇਹੇ ਇਨਸਾਫ਼ੇ ਵਾਲੇ ਸ਼ਹਿਨਿਸ਼ਾਹੇ ਅੱਗੇ
ਗੱਲ ਕਰਨ ਦੀ ਹਾਜਤ ਨਾਹੀਂ ਜੋ ਤੁਧ ਮਰਜ਼ੀ ਲੱਗੇ

ਸ਼ਾਹਪਾਲੇ ਫ਼ੁਰਮਾਇਆ ਮਾਈ ਤੁਧ ਮਾਲਮ ਗੱਲ ਸਾਰੀ
ਧੀਆਂ ਪੁੱਤਰਾਂ ਸਭ ਕੰਮਾਂ ਦੀ ਤੈਨੂੰ ਹੈ ਮੁਖ਼ਤਾਰੀ

ਜਿਉਂ ਕਰ ਭਾਵੇ ਤਿਵੇਂ ਕਰ ਖਾਂ ਹੋੜ ਨਹੀਂ ਕੁੱਝ ਤੈਨੂੰ
ਮੈਂ ਧੀ ਤੇਰੀ ਝੋਲ਼ੀ ਪਾਈ ਹੋਰ ਕਹੇਂ ਕੀ ਮੈਨੂੰ

ਲੈ ਕੇ ਇਜ਼ਨ ਸ਼ਹਾਨਾ ਬੀਬੀ ਕਾਜ ਵਿਆਹ ਰਚਾਇਆ
ਜੋ ਹੁਕਮਾ ਉਲਮਾ ਓਹਨਾਂ ਦਾ ਸੱਭੋ ਚਾ ਸਦਾਇਆ ।(੭੮੨੦)

ਪਰੀਆਂ ਜਿੰਨ ਅਫ਼ਰੇਤ ਦੇਵਾਂ ਨੂੰ ਸੱਦਿਆ ਨੇੜੇ ਦੂਰੋਂ
ਸ਼ਾਰਿਸਤਾਨ ਸੁਨਹਿਰੀ ਅੰਦਰ ਕੱਠੇ ਹੋਏ ਜ਼ਰੂਰੋਂ

ਚੌਂਹ ਗੁੱਠਾਂ ਥੀਂ ਢੁੱਕੀ ਖ਼ਲਕਤ ਕੱਠੀ ਹੋਈ ਨਾ ਥੋੜੀ
ਬਾਗ਼-ਇਰਮ ਦੀ ਧਰਤੀ ਮੱਲੀ ਕੋਹ ਚੌਰੰਜਾਂ ਤੋੜੀ

ਹੁਕਮ ਦਿੱਤਾ ਸ਼ਾਹਪਾਲ ਬਹਾਦਰ ਕਾਰਦਾਨਾਂ ਦੇ ਤਾਈਂ
ਬਾਗ਼-ਇਰਮ ਦਾ ਗਿਰਦਾ ਸਾਰਾ ਖ਼ੂਬ ਸੁਹਾਓ ਜਾਈਂ

ਬਾਗ਼ੀਂ ਬਣਤ ਬਣਾ ਬਣਾਓ ਚੌਕ ਇਰਾਕ ਫੁਹਾਰੇ
ਜ਼ੀਨਤ ਜ਼ੇਵਰ ਨਾਲ਼ ਬਣਾਓ ਜ਼ੇਬ ਚਮਨ ਦੇ ਸਾਰੇ

ਜਿਉਂ ਫ਼ੁਰਮਾਇਆ ਤਿਵੇਂ ਹੋਇਆ ਵਾਹ ਦੌਲਤ ਸੁਲਤਾਨੀ
ਬਾਗ਼-ਇਰਮ ਦਾ ਬਣਿਆ ਯਾਰੋ ਜੰਨਤ ਆਲਾ ਸਾਨੀ

ਮਲਿਕਾ ਬਦਰਾ ਮਾਂ ਉਨ੍ਹਾਂ ਦੀ ਸਣੇ ਕਬੀਲੇ ਬਾਲੇ
ਸਰਾਂਦੀਪ ਸ਼ਹਿਰ ਦਾ ਵਾਲੀ ਸੱਦਿਆ ਸ਼ਾਹ ਸ਼ਾਹਪਾਲੇ

ਹੋਰ ਹਕੂਮਤ ਵਾਸਿਤ ਵਾਲਾ ਤਾਜ ਮਲੂਕ ਸ਼ਹਿਜ਼ਾਦਾ
ਏਲਚੀ ਭੇਜ ਮੰਗਾਏ ਸਾਰੇ ਕਰ ਕੇ ਚਾਹ ਜ਼ਿਆਦਾ

ਸਾਇਦ ਵੱਲ ਰਵਾਨਾ ਕੀਤੇ ਦੇ ਕੇ ਖ਼ਤ ਰਸੂਲਾਂ
ਦੇਵਾਂ ਚਾ ਲਿਆਂਦਾ ਉਹ ਭੀ ਵਾਂਗ ਸੱਜਣ ਮਕਬੂਲਾਂ

ਸਾਇਦ ਤੇ ਸ਼ਹਿਜ਼ਾਦਾ ਦੋਏ ਯਾਰ ਮਿਲੇ ਗਲ ਲੱਗ ਕੇ
ਪੈਰਾਂ ਤੀਕ ਗਏ ਸਨ ਨਾਲ਼ੇ ਨੀਰ ਅੱਖਾਂ ਦੇ ਵਗ ਕੇ

ਸ਼ੁਕਰ ਬਜਾ ਲਿਆਂਦਾ ਰੱਬ ਦਾ ਬੈਠੇ ਕਰ ਖ਼ੁਸ਼ਹਾਲੀ
ਜੀਉਂਦਿਆਂ ਜਿਸ ਯਾਰ ਮਿਲਾਏ ਧੰਨ ਅਸਾਡਾ ਵਾਲੀ ।(੭੮੩੦)

ਕੁਲਜ਼ਮ ਦੇ ਦਰਿਆਵੇ ਵਾਲਾ ਹਾਸ਼ਮ ਸ਼ਾਹ ਸਦਾਇਆ
ਸਣੇ ਕਬੀਲੇ ਤੇ ਫ਼ਰਜ਼ੰਦਾਂ ਪਰੀਆਂ ਨਾਲ਼ ਲਿਆਇਆ

ਮੀਰ ਵਜ਼ੀਰ ਆਹੇ ਜੋ ਖ਼ਾਸੇ ਸਭ ਸ਼ਾਹਾਂ ਸੰਗ ਆਏ
ਬਾਗ਼-ਇਰਮ ਵਿਚ ਮੇਲ ਇਕੱਠਾ ਵੱਖ ਵੱਖ ਝੰਡੇ ਲਾਏ

ਸੈਫ਼-ਮਲੂਕੇ ਦੇ ਦਿਲ ਖ਼ੁਸ਼ੀਆਂ ਤੱਕ ਤੱਕ ਕਾਜ ਸੁਹਾਇਆ
ਇਕ ਥੀਂ ਚਾਰ ਹੋਯਾ ਸ਼ਹਿਜ਼ਾਦਾ ਰੱਬ ਇਹ ਰੋਜ਼ ਵਿਖਾਇਆ

ਇਕ ਦਿਲਗੀਰੀ ਅੰਦਰੋ ਅੰਦਰ ਘਾ ਕਲੇਜੇ ਕਰਦੀ
ਮਾਈ ਬਾਬਲ ਸ਼ਾਦੀ ਤੱਕਦੇ ਸੰਗਤ ਹੋਰ ਮਿਸਰ ਦੀ

ਸਾਕ ਕਬੀਲੇ ਭੈਣਾ ਭਾਈ ਹਾਣੀ ਯਾਰ ਪਿਆਰੇ
ਸਿਹਰੇ ਗਾਨੇ ਕਾਜ ਅਜੇਹਾ ਤੱਕ ਹੁੰਦੇ ਖ਼ੁਸ਼ ਸਾਰੇ

ਸੈਫ਼-ਮਲੂਕ ਦਲੀਲ ਗੁਜ਼ਾਰੀ ਸਮਝ ਲਈ ਸ਼ਾਹਪਾਲੇ
ਕਹਿੰਦਾ ਐ ਸ਼ਹਿਜ਼ਾਦਾ ਦਿਲ ਥੀਂ ਕੱਢ ਫ਼ਿਕਰ ਮੁਹਾਲੇ

ਮਾਂ ਪਿਉ ਯਾਰ ਮਿਸਰ ਦੇ ਤੈਨੂੰ ਯਾਦ ਪਏ ਇਸ ਵੇਲੇ
ਦੂਰ ਨਹੀਂ ਕੁੱਝ ਸਾਹਬ ਅੱਗੇ ਜੇ ਚਾਹੇ ਤਾਂ ਮੇਲੇ

ਸੈਫ਼-ਮਲੂਕੇ ਕਿਹਾ ਹਜ਼ਰਤ ਸ਼ੀਸ਼ਾ ਹੈ ਦਿਲ ਤੇਰਾ
ਕੀ ਹਾਜਤ ਜੇ ਮੂੰਹੋਂ ਆਖਾਂ ਜਾਣੇਂ ਮਤਲਬ ਮੇਰਾ

ਮਾਈ ਨੂੰ ਫ਼ੁਰਮਾਵਣ ਲੱਗਾ ਸ਼ਾਹ ਸ਼ਾਹਪਾਲ ਬਹਾਦਰ
ਖ਼ਵਾਹਿਸ਼ ਮੇਰੀ ਮਾਂ ਪਿਉ ਇਸ ਦੇ ਹੋਵਣ ਏਥੇ ਹਾਜ਼ਿਰ

ਸ਼ਹਿਜ਼ਾਦੇ ਦੇ ਭੈਣਾਂ ਭਾਈ ਵਤਨੀ ਯਾਰ ਪਿਆਰੇ
ਇਸ ਮਜਲਿਸ ਵਿਚ ਹਾਜ਼ਿਰ ਹੋਵਣ ਸਾਕ ਕਬੀਲੇ ਸਾਰੇ ।(੭੮੪੦)

ਮਾਈ ਇਸ ਮਸਲਾਹਿਤ ਤਾਈਂ ਬਹੁਤ ਪਸਿੰਦ ਲਿਆਈ
ਸ਼ਾਹਪਾਲੇ ਨੂੰ ਆਖਣ ਲੱਗੀ ਨੇਕ ਇਹੋ ਗੱਲ ਆਹੀ

ਸ਼ਹਿਜ਼ਾਦੇ ਥੀਂ ਪੁੱਛਣ ਲੱਗੇ ਦਸ ਸਲਾਹ ਪਿਆਰੇ
ਖ਼ਵਾਹਿਸ਼ ਸਾਡੀ ਮਾਂ ਪਿਓ ਤੇਰੇ ਆਵਣ ਬਣੇ ਸ਼ਿੰਗਾਰੇ

ਸਿਹਰੇ ਗਾਨੇ ਸ਼ਾਦੀ ਤੇਰੀ ਵੇਖ ਬਹੁੰ ਖ਼ੁਸ਼ ਹੋਵਣ
ਕੁੜਮਾਂ-ਚਾਰੀ ਸਾਡੀ ਵੇਖਣ ਕਾਜੇ ਵਿਚ ਖਲੋਵਣ

ਸ਼ਹਿਜ਼ਾਦੇ ਫ਼ੁਰਮਾਇਆ ਅੱਗੋਂ ਸੁਣ ਹਜ਼ਰਤ ਸੁਲਤਾਨਾ
ਮਾਪੇ ਮੇਰੇ ਚਾਕਰ ਤੇਰੇ ਤੈਨੂੰ ਸਭ ਖ਼ਸਮਾਨਾ

ਦੋਹੀਂ ਜਹਾਨੀਂ ਮਾਪੇ ਮੇਰੇ ਸਿਰ ਪਰ ਤੁਸੀਂ ਹਮੇਸ਼ਾਂ
ਕੌਣ ਤੁਸਾਂ ਬਿਨ ਇਹ ਗ਼ਮਖ਼ਾਰੀ ਕਰੇ ਅਸਾਂ ਦਰਵੇਸ਼ਾਂ

ਮਾਈ ਤੇ ਸ਼ਾਹਪਾਲੇ ਤਾਈਂ ਇਹ ਜਵਾਬ ਯਗ਼ਾਨਾ
ਬਹੁਤਾ ਖ਼ੁਸ਼ ਪਸੰਦੇ ਆਇਆ ਸ਼ਾਬਸ਼ ਕਹਿਣ ਜਵਾਨਾਂ

ਸ਼ਹਿਜ਼ਾਦੇ ਨੂੰ ਨਵੇਂ ਸਿਰੇ ਤੇ ਬਹੁਤ ਪਸਿੰਦ ਲਿਆਏ
ਆਖਣ ਲੱਗੇ ਐ ਫ਼ਰਜ਼ੰਦਾ ਤੂੰ ਸੱਚ ਸੁਖ਼ਨ ਸੁਣਾਏ

ਪਰ ਦਿਲ ਸਾਡਾ ਚਾਹੁੰਦਾ ਏਵੇਂ ਬੁੱਢਾ ਬਾਬਲ ਤੇਰਾ
ਦਰਦਾਂ ਦੁੱਖਾਂ ਨਾਲ਼ ਹੋਵੇਗਾ ਜਿਉਂ ਸੀਖ਼ੇ ਮੂੰਹ ਬੇਰਾ

ਮਾਇ ਫ਼ਿਰਾਕ ਤੇਰੇ ਦੀ ਸਾੜੀ ਹੋਸੀ ਦਰਦ ਰੰਞਾਣੀ
ਸ਼ਾਦੀ ਤੇਰੀ ਵੇਖਣ ਦੋਏ ਪਵੇ ਅੱਗੇ ਪਰ ਪਾਣੀ

ਨਾਲ਼ੇ ਸੈਈਂ ਦਿਹਾੜੀ ਸਾਨੂੰ ਤਾਨ੍ਹਾ ਮੂਲ ਨਾ ਮਾਰਨ
ਤੁਸਾਂ ਅਸਾਨੂੰ ਯਾਦ ਨਾ ਕੀਤਾ ਵਿਚ ਖ਼ੁਸ਼ੀ ਦੇ ਕਾਰਨ ।(੭੮੫੦)

ਸ਼ਹਿਜ਼ਾਦਾ ਫ਼ੁਰਮਾਂਦਾ ਅੱਗੋਂ ਸੁਣ ਤੂੰ ਸਾਹਿਬ ਮੇਰਾ
ਜੇ ਕੁਝ ਹਕ ਬੰਦੇ ਦੇ ਅੰਦਰ ਕਹਿੰਦਾ ਸ਼ਾਹ ਉਚੇਰਾ

ਐਨ ਸਵਾਬ ਅਸਾਡੇ ਵੰਡੇ ਮਹਿਜ਼ ਲੁਤਫ਼ ਤੇ ਰਹਿਮਤ
ਹਰ ਗ਼ਮ ਮੇਰਾ ਖੜਿਆ ਲੋੜੇ ਦੂਰ ਕਰੋ ਸਭ ਜ਼ਹਿਮਤ

ਬਾਬਲ ਵੱਲ ਲਿਖਾਂ ਮੈਂ ਅਰਜ਼ੀ ਪਰਚੇ ਵੇਖ ਨਿਸ਼ਾਨੀ
ਨਾਲ਼ੇ ਨਾਲ਼ ਘੱਲਾਂ ਉਸ ਪਾਸੇ ਸਾਇਦ ਦਿਲ ਦਾ ਜਾਨੀ

ਖ਼ੈਰੀ ਦਾ ਖ਼ਤ ਮੇਰਾ ਪਹੁੰਚੇ ਨਾਲ਼ੇ ਯਾਰ ਹਮਰਾਹੀ
ਮਿਸਰ ਸ਼ਹਿਰ ਵਿਚ ਖ਼ੁਸ਼ੀਆਂ ਹੋਵਣ ਵੱਸੇ ਫ਼ਜ਼ਲ ਇਲਾਹੀ

ਵੇਖਣ ਸਾਇਤ ਇਤਬਾਰ ਲਿਆਵਣ ਉਠ ਟੁਰਨ ਇਸ ਪਾਸੇ
ਯਾ ਮਹਿਰਮ ਯਾ ਲਿਖੇ ਬਾਝੋਂ ਰਹਿਸਨ ਵਿਚ ਵਿਸਵਾਸੇ

ਸ਼ਾਹਪਾਲੇ ਫ਼ੁਰਮਾਇਆ ਬੇਟਾ ਲੱਖ ਪਿਉ ਵੱਲ ਅਰਜ਼ੀ
ਰੱਖ ਤਸੱਲੀ ਸੋਈਓ ਕਰਸਾਂ ਜਿਉਂ ਕਰ ਤੇਰੀ ਮਰਜ਼ੀ

ਸੈਫ਼-ਮਲੂਕ ਸ਼ਹਿਜ਼ਾਦਾ ਬੈਠਾ ਲੈ ਕਾਗ਼ਜ਼ ਮਸਵਾਣੀ
ਹੱਥ ਵਿਚ ਕਾਨੀ ਸੀਨੇ ਕਾਨੀ ਸੁਖ਼ਨ ਸਿੱਧੇ ਜਿਉਂ ਕਾਨੀ

ਡਲ੍ਹ ਡਲ੍ਹ ਰੱਤ ਅੱਖੀਂ ਵਿਚ ਆਈ ਵਗ ਟੁਰੇ ਪਰਨਾਲੇ
ਕਾਗ਼ਜ਼ ਉੱਤੇ ਨਜ਼ਰ ਨਾ ਲਗਦੀ ਕਲਮ ਛੰਡੇ ਪਰਨਾਲੇ

ਨੈਣਾਂ ਅੱਗੇ ਪਾਣੀ ਆਇਆ ਇਸ ਥੀਂ ਨਜ਼ਰ ਨਾ ਟਿਕਦੀ
ਕੰਬਣ ਹੱਥ ਅੰਦਰ ਦੇ ਜੋਸ਼ੋਂ ਤਾਹੀਂ ਕਲਮ ਧੜਕਦੀ

  • ਅੱਗੇ ਪੜ੍ਹੋ
  • ਪਿੱਛੇ ਪੜ੍ਹੋ
  • ਮੁੱਖ ਪੰਨਾ : ਕਾਵਿ ਰਚਨਾਵਾਂ, ਮੀਆਂ ਮੁਹੰਮਦ ਬਖ਼ਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ
  •