Saif-Ul-Malook : Mian Muhammad Bakhsh

ਸੈਫ਼-ਉਲ-ਮਲੂਕ : ਮੀਆਂ ਮੁਹੰਮਦ ਬਖ਼ਸ਼

50. ਗ਼ਜ਼ਲੀਆਤ ਵਾ ਦੋਹਿਰਾ ਕਿ ਆਸ਼ਿਕ ਬ-ਇਸ਼ਕਿ
ਮੱਅਸ਼ੂਕ ਮੇ-ਸਰਾਇਦ
(ਗ਼ਜ਼ਲਾਂ ਤੇ ਦੋਹੜੇ ਜੋ ਪ੍ਰੇਮੀ ਆਪਣੀ ਪ੍ਰੇਮਿਕਾ ਦੀ ਪ੍ਰੀਤ
ਵਿੱਚ ਗਾਉਂਦਾ ਹੈ)

ਤਖ਼ਤੀ ਦਿਲ ਦੀ ਉੱਤੇ ਲਿਖੇ ਸੂਰਤ ਨਕਸ਼ ਸੱਜਣ ਦੇ
ਧੋਤੇ ਦੂਰ ਨਾ ਹੁੰਦੇ ਹਰਗਿਜ਼ ਡੂੰਘੇ ਅਕੱਹੱਰ ਮਨ ਦੇ

ਯਾਦ ਮੇਰੀ ਥੀਂ ਭੁੱਲਦੀ ਨਾਹੀਂ ਹਰਗਿਜ਼ ਜ਼ੁਲਫ਼ ਪਰੀ ਦੀ
ਸਖ਼ਤ ਕਮੰਦ ਘੱਤੇ ਜਿਸ ਵਾਂਗਰ ਰੁਸਤਮ ਤੇ ਬਹਿਮਨ ਦੇ

ਹੁਸਨ ਜਮਾਲ ਉਹਦੇ ਦਾ ਦਿਲ ਤੋਂ ਮੂਲ ਖ਼ਿਆਲ ਨਾ ਜਾਂਦਾ
ਤੋੜੇ ਜ਼ੁਲਮ ਇਜ਼ਾਬ ਮੇਰੇ ਤੇ ਆਵਣ ਜ਼ਿਮੀਂ ਜ਼ਮਨ ਦੇ ।(੪੭੦੦)

ਗ਼ਜ਼ਲ
ਰੋਜ਼ ਅਜ਼ਲ ਦੇ ਜ਼ੁਲਫ਼ ਪੀਆ ਦੀ ਬੰਨ੍ਹ ਲਿਆ ਦਿਲ ਮੇਰਾ
ਆਖ਼ਿਰ ਤੀਕ ਨਾ ਛੁੱਟਣ ਦੇਸਣ ਸਖ਼ਤ ਜ਼ੰਜ਼ੀਰ ਸੱਜਣ ਦੇ

ਤੋੜੇ ਲੱਖ ਪਹਾੜ ਗ਼ਮਾਂ ਦੇ ਸਿਰ ਮੇਰੇ ਪਰ ਤਰੁਟਣ
ਸਿਰ ਜਾਸੀ ਪਰ ਭਾਰ ਨਾ ਸੁਟਸਾਂ ਵਾਂਙੂ ਕੋਹ ਸ਼ਿਕਨ ਦੇ

ਰੋਗੀ ਜੀਊੜਾ ਦਾਰੂ ਲੋੜੇ ਸ਼ਰਬਤ ਹਿਕ ਦੀਦਾਰੋਂ
ਦੇਣ ਤਬੀਬਾਂ ਦੇ ਹੱਥ ਬਾਹਾਂ ਰੋਗ ਜਿਨ੍ਹਾਂ ਨੂੰ ਤਨ ਦੇ

ਹਿਰਸ ਸੱਜਣ ਦੀ ਜਾਨ ਮੇਰੀ ਵਿਚ ਐਸਾ ਡੇਰਾ ਲਾਇਆ
ਜਿੰਦ ਜਾਸੀ ਪਰ ਹਿਰਸ ਨਾ ਜਾਸੀ ਪੱਕੇ ਕੌਲ ਸੁਖ਼ਨ ਦੇ

ਖਿੜੇ ਗੁਲਾਬ ਸ਼ਿਗੂਫ਼ੇ ਉੱਗੇ ਹੋਏ ਸਬਜ਼ ਬਗ਼ੀਚੇ
ਆਈ ਵਾਉ ਫ਼ਜਰ ਦੀ ਲੈ ਕੇ ਖ਼ਤ ਪੈਗ਼ਾਮ ਵਤਨ ਦੇ

ਬਾਸ ਲਈ ਤਾਂ ਪਾਸ ਗਈ ਸੀ ਪੁਰ ਪੁਰ ਕੰਡੀ ਸੱਲੀ
ਬੁਲਬੁਲ ਨੂੰ ਕੀ ਹਾਸਿਲ ਹੋਇਆ ਕਰ ਕੇ ਸੈਰ ਚਮਨ ਦੇ

ਉਡ ਉਡ ਥੱਕੇ ਪਏ ਨਾ ਛੱਕੇ ਬਾਤ ਨਾ ਪੁੱਛੀ ਯਾਰਾਂ
ਵੇਖ ਚਕੋਰਾਂ ਕੀ ਫਲ ਪਾਇਆ ਬਣ ਕੇ ਆਸ਼ਿਕ ਚੰਨ ਦੇ

ਇਸ ਸੂਰਜ ਦੀ ਆਤਿਸ਼ ਕੋਲੋਂ ਪਾਣੀ ਵਿਚ ਕੁਮਲਾਣਾ
ਨੀਲੋਫ਼ਰ ਦਾ ਇਸ਼ਕ ਅਜੇ ਭੀ ਬੇਪਰਵਾਹ ਨਾ ਮੰਨਦੇ

ਜੇ ਕੋਈ ਚਾਹੇ ਵਾਂਗ ਮੁਹੰਮਦ ਸਰਗਰਦਾਨ ਨਾ ਹੋਵੇ
ਸੁਹਣਿਆਂ ਦੀ ਅਸ਼ਨਾਈਓਂ ਛੁਪ ਕੇ ਬੈਠੇ ਨਾਲ਼ ਅਮਨ ਦੇ

ਗ਼ਜ਼ਲ
ਬਹੁਤੀ ਉਮਰ ਗੁਜ਼ਾਰੀ ਐਵੇਂ ਯਾਰ ਨਾ ਨਜ਼ਰੀਂ ਪੈਂਦੇ
ਥੋੜੇ ਰੋਜ਼ ਜਵਾਨੀ ਜੋਬਨ ਦਾਇਮ ਸਾਥੀ ਕੈਂ ਦੇ ।(੪੭੧੦)

ਠੰਡੀ ਵਾਅ ਸਫ਼ਾਈ ਵਾਲੀ ਖ਼ੁਸ਼ਬੂਦਾਰ ਵਫ਼ਾਈਉਂ
ਅਜੇ ਨਾ ਆਈ ਦਿਲਬਰ ਵੱਲੋਂ ਜਿਸ ਪਰ ਅਸੀਂ ਵਿਕੇਂਦੇ

ਉਹ ਦਿਲਬਰ ਜੋ ਹਿਕ ਕੱਖ ਉਤੋਂ ਗੋਲਾ ਲਏ ਨਾ ਮੈਨੂੰ
ਦੋਏੇ ਜਹਾਨ ਦੇਵੇ ਕੋਈ ਸਾਨੂੰ ਉਸਦਾ ਵਾਲ਼ ਨਾ ਦੇਂਦੇ

ਗਾਲ ਮਵਾਲੀ ਚੰਗਾ ਮੰਦਾ ਜੋ ਚਾਹੇ ਸੋ ਬੋਲੇ
ਤੁਰਸ਼ ਜਵਾਬ ਮਿੱਠੇ ਮੂੰਹ ਵਿਚੋਂ ਲੱਜ਼ਤ ਅਸੀਂ ਚਖੇਂਦੇ

ਅਪਣਾ ਆਪ ਸੰਭਾਲਾਂ ਨਾਹੀਂ ਮਨੋਂ ਵਿਸਾਰ ਸੱਜਣ ਨੂੰ
ਅਪਣਾ ਹਾਲ ਨਾ ਤੱਕਦੇ ਮੁੜ ਕੇ ਜੋ ਇਸ ਤਰਫ਼ ਤਕੇਂਦੇ

ਜੇ ਲੱਖ ਗਾਲੀਂ ਤੱਅਨੇ ਦੇਵੇ ਨਾਲ਼ੇ ਮੂੰਹ ਫਿਟਕਾਰੇ
ਉਸ ਥੀਂ ਚੰਗਾ ਕੀ ਅਸਾਨੂੰ ਉਸ ਸੰਗ ਬਾਤ ਕਰੇਂਦੇ

ਕੀਤੀ ਕਸਮ ਬਤੇਰੀ ਵਾਰੀ ਦਿਲ ਦੇ ਰੋਗ ਨਾ ਦਸਸਾਂ
ਜਾਂ ਲਬਾਂ ਪਰ ਰਹੀ ਨਾ ਤਾਕਤ ਤਾਂ ਹੁਣ ਜ਼ਾਹਿਰ ਪੈਂਦੇ

ਮੁੱਖ ਪੀਆ ਦਾ ਆਬ-ਹੱਯਾਤੀ ਅਸੀਂ ਮੋਏ ਤਰਿਹਾਏ
ਜਲ਼ ਬਿਨ ਮਛਲੀ ਵਾਂਗ ਮੁਹੰਮਦ ਕਿਚਰਕ ਰਹੇ ਤਪੇਂਦੇ

ਗ਼ਜ਼ਲ
ਜੇ ਮਹਿਬੂਬ ਪਿਆਰਾ ਹਿਕ ਦਿਨ ਵੱਸੇ ਨਾਲ਼ ਅਸਾਡੇ
ਜਾਣਾਂ ਅੱਜ ਹੁਮਾ ਪੰਖੇਰੂ ਫਾਥਾ ਜਾਲ਼ ਅਸਾਡੇ

ਮਿਸਲ ਹਬਾਬ ਸਿਰੋਂ ਸੁੱਟ ਟੋਪੀ ਜਲ਼ ਖ਼ੁਸ਼ੀਆਂ ਦੇ ਡੋਬਾਂ
ਪਏ ਪਛਾਂਵਾਂ ਉਸ ਦਾ ਜੇ ਵਿਚ ਜਾਮ-ਜ਼ੁਲਾਲ ਅਸਾਡੇ

ਚੜ੍ਹ ਚੰਨਾਂ ਤੇ ਕਰ ਰੁਸ਼ਨਾਈ ਕਾਲ਼ੀ ਰਾਤ ਹਿਜਰ ਦੀ
ਸ਼ਮ੍ਹਾ ਜਮਾਲ ਕਮਾਲ ਸੱਜਣ ਦੀ ਆ ਘਰ ਬਾਲ ਅਸਾਡੇ ।(੪੭੨੦)

ਦਿਲਬਰ ਦੇ ਦਰ ਜਾ ਨਾ ਸਕਦੇ ਹੂਰਾਂ ਮਲਕ ਅਸਮਾਨੀ
ਕਦ ਮਜਾਲ ਸਲਾਮ ਕਰਨ ਦੀ ਮਿਸਲ ਕੰਗਾਲ ਅਸਾਡੇ

ਸੋਹਣੀ ਸੂਰਤ ਵੇਖ ਲਬਾਂ ਤੋਂ ਵਾਰੀ ਜਾਨ ਪਿਆਰੀ
ਮੱਤ ਹਿਕ ਘੁਟ ਲੱਭੇ ਇਸ ਜਾਮੋਂ ਇਹ ਖ਼ਿਆਲ ਅਸਾਡੇ

ਕਹਿੰਦਾ ਫੇਰ ਖ਼ਿਆਲ ਜ਼ੁਲਫ਼ ਦਾ ਜਾਣ ਨਾ ਜਾਣ ਪਿਆਰੇ
ਐਸੇ ਕਈ ਸ਼ਿਕਾਰ ਫਸਾਂਦੇ ਫਾਹੀਆਂ ਵਾਲ਼ ਅਸਾਡੇ

ਨਾ ਉਮੀਦ ਸੱਜਣ ਦੇ ਦਰ ਥੀਂ ਨਾ ਹੋਸਾਂ ਨਾ ਮੁੜਸਾਂ
ਕਦੇ ਤੇ ਰਹਿਮ ਪਵੇਗਾ ਉਸ ਨੂੰ ਵੇਖ ਵਬਾਲ ਅਸਾਡੇ

ਖ਼ਾਕ ਉਹਦੇ ਦਰ ਵਾਲੀ ਵਾਲਾ ਜਿਸ ਦਮ ਮੈਂ ਦਮ ਮਾਰਾਂ
ਮਿੱਠੀ ਵਾਉ ਜੰਨਤ ਦੀ ਫਿਰਦੀ ਮਗ਼ਜ਼ ਦਵਾਲ ਅਸਾਡੇ

ਹੇ ਵਾਉ ਇਸ ਇਸ਼ਕ ਮੇਰੇ ਦੀ ਰਮਜ਼ ਪੀਆ ਕੰਨ ਪਾਈਂ
ਆਖੀਂ ਹੱਥੀਂ ਮਾਰ, ਤੁਸਾਂਨੂੰ ਖ਼ੂਨ ਹਲਾਲ ਅਸਾਡੇ

ਜੇ ਉਹ ਇਹ ਗੱਲ ਮੰਨੇ ਨਾਹੀਂ ਸਾਫ਼ ਜਵਾਬ ਸੁਣਾਵੇ
ਆਖੇ ਸ਼ਾਲਾ ਹੋਣ ਨਾ ਐਸੇ ਨਫ਼ਰ ਬੇਹਾਲ ਅਸਾਡੇ

ਕਹਿ ਅੱਗੋਂ ਹੈ ਸ਼ਾਹ ਹੁਸਨ ਦੇ ਬਾਦਸ਼ਾਹਾਂ ਦਰ ਮੰਗਤੇ
ਮੁੱਢ ਕਦੀਮੋਂ ਕਹਿੰਦੇ ਆਏ ਭਾਈਵਾਲ ਅਸਾਡੇ

ਕਰਨ ਗਦਾ ਸੱਜਣ ਦੇ ਕੂਚੇ ਬਾਦਸ਼ਾਹੀ ਥੀਂ ਚੰਗਾ
ਜੇ ਉਹ ਪਾਵੇ ਆਪ ਮੁਹੰਮਦ ਖ਼ੈਰ ਰੁਮਾਲ ਅਸਾਡੇ

ਗ਼ਜ਼ਲ
ਮੌਤੇ ਨਾਲ਼ੋਂ ਬੁਰੀ ਜੁਦਾਈ ਮੈਨੂੰ ਯਾਰ ਸੁਹਾਈ
ਲੁਤਫ਼ ਖ਼ੁਦਾਈ ਲੈਸੀ ਬਦਲਾ ਹੋਰ ਨਾ ਮੇਰਾ ਕਾਈ ।(੪੭੩੦)

ਡੇਰਾ ਯਾਰ ਮੇਰੇ ਦਾ ਉੱਚਾ ਆਲੀਸ਼ਾਨ ਜਹਾਨੋਂ
ਕਰ ਫ਼ਰਿਆਦ ਉਚੇਰੀ ਸਾਰੀ ਹੇ ਜਿੰਦ ਦਰਦ ਦੁਖਾਈ

ਬਾਝੋਂ ਅੱਖਰ ਇਸ਼ਕੇ ਵਾਲੇ ਹੋਰ ਨਾ ਸਬਕ ਪੜ੍ਹਾਇਓਸੁ
ਰੱਬ ਉਸਤਾਦ ਮੇਰੇ ਨੂੰ ਦੇਵੇ ਨੇਕੀ ਤੇ ਵਡਿਆਈ

ਸੋਹਣੀ ਸੂਰਤ ਵੇਖਣ ਕੋਲੋਂ ਮਨ੍ਹਾ ਨਾ ਕਰਿਓ ਭਾਈ
ਜੰਮਦਿਆਂ ਇਹ ਆਦਤ ਮੈਨੂੰ ਪਾਵਣ ਵਾਲੇ ਪਾਈ

ਹੇ ਖ਼ੁਸ਼ ਵਾਉ ਸੱਜਣ ਦੀ ਜਾਵੀਂ ਅੰਦਰ ਬਾਗ਼ ਸੱਜਣ ਦੇ
ਸਰੂ ਆਜ਼ਾਦ ਮੇਰੇ ਨੂੰ ਆਖੀਂ ਕਰ ਕੇ ਸੀਸ ਨਿਵਾਈ

ਬਾਝ ਦੀਦਾਰ ਤੇਰੇ ਥੀਂ ਸੱਜਣਾ! ਖ਼ੁਸ਼ੀ ਨਾ ਦਿੱਸੇ ਖ਼ਾਬੇ
ਮੁੱਖ ਵਿਖਾਵੀਂ ਨਾ ਚਿਰ ਲਾਵੀਂ ਆਵੀਂ ਬਰਾਏ ਖ਼ੁਦਾਈ

ਹੇ ਵਾਉ ਜਾ ਆਖ ਸੱਜਣ ਨੂੰ ਹੇ ਬੱਕ ਬਾਗ਼-ਇਰਮ ਦੇ
ਕਿਉਂ ਕਰ ਸਰਗਰਦਾਨੀ ਮੈਨੂੰ ਵਿਚ ਉਜਾੜਾਂ ਪਾਈ

ਆਪ ਸੱਈਆਂ ਵਿਚ ਰਲ਼ ਕੇ ਖੇਡੇਂ ਮਾਣੇਂ ਮੌਜ ਨਸੀਬਾਂ
ਕਦੇ ਤੇ ਪੁੱਛ ਗ਼ਰੀਬਾਂ ਤਾਈਂ ਜੋ ਹੋਏ ਸਹਿਰਾਈ

ਸ਼ਕਰ ਵੇਚਣ ਵਾਲਾ ਬਣਿਆ ਸ਼ਾਲਾ ਜੁਗ ਜੁਗ ਜੀਵੇ
ਕਿਉਂ ਨਹੀਂ ਪੁੱਛਦਾ ਸੁਲਹ ਨਾ ਕਰਦਾ ਤੋਤੇ ਭੁੱਖ ਸਿੱਕਾਈ

ਮਾਨ ਹੁਸਨ ਦਾ ਠਾਕੇ ਤੈਨੂੰ ਹੇ ਫੁੱਲ ਸ਼ਾਖ਼ ਗੁਲਾਬੀ
ਪੁੱਛ ਨਹੀਂ ਗੱਲ ਬੁਲਬੁਲ ਕੋਲੋਂ ਜੋ ਤੁਧ-ਕਨਿ ਸੁਦਾਈ

ਨਾਲ਼ ਸੱਈਆਂ ਦੇ ਰਲ਼ ਕੇ ਜਿਸ ਦਮ ਮੱਧ ਖ਼ੁਸ਼ੀ ਦਾ ਪੀਵੇਂ
ਕਰ ਖਾਂ ਯਾਦ ਮੈਨੂੰ ਭੀ ਜਿਸ ਨੇ ਸਿਕਦਿਆਂ ਉਮਰ ਲੰਘਾਈ ।(੪੭੪੦)

ਖ਼ਬਰ ਨਹੀਂ ਕੀ ਰੰਗ ਇਨ੍ਹਾਂ ਦਾ ਕਿਸ ਸਬੱਬੋਂ ਨਸਦੇ
ਗੂਹੜੇ ਨੈਣ ਸਿਆਹ ਜਿਨ੍ਹਾਂ ਦੇ ਕਰਦੇ ਨਾ ਅਸ਼ਨਾਈ

ਹੁਸਨ ਜਮਾਲ ਕਮਾਲ ਤੇਰੇ ਵਿਚ ਹੋਰ ਤਮਾਮੀ ਸਿਫ਼ਤਾਂ
ਹਿਕੋ ਐਬ ਵਫ਼ਾ ਮੁਹੱਬਤ ਨਹੀਂ ਅੰਦਰ ਜ਼ੇਬਾਈ

ਹੇ ਵਾਉ ਜਦ ਬਾਗ਼-ਇਰਮ ਵਿਚ ਜਾਸੇਂ ਪਾਸ ਪਿਆਰੇ
ਹੱਥ ਬੰਨ੍ਹ ਅਰਜ਼ ਗੁਜ਼ਾਰੀਂ ਓਥੇ ਹੋ ਕੇ ਮੇਰੀ ਜਾਈ

ਮੈਂ ਨਿੱਤ ਦਰਦ ਤੇਰੇ ਦੀ ਆਤਿਸ਼ ਸੀਨੇ ਅੰਦਰ ਜਾਲਾਂ
ਤਲਿਆਂ ਵਿਚ ਕੜਾਹ ਗ਼ਮਾਂ ਦੇ ਜਿਉਂ ਮੱਛੀ ਜਲ ਜਾਈ

ਜੇ ਜੱਗ ਦੁਸ਼ਮਣ ਮਾਰਨ ਵਾਲਾ ਤੂੰ ਹਿਕ ਸੱਜਣ ਹੋਵੇਂ
ਮੌਤੋਂ ਜ਼ਰਾ ਨਾ ਡਰਸਾਂ ਕਰਸਾਂ ਦਮ ਦਮ ਸ਼ੁਕਰ ਅਲਾਈ

ਜਾਂ ਜਾਂ ਆਸ਼ਿਕ ਪੁੱਜੇ ਨਾਹੀਂ ਮਹਿਬੂਬਾਂ ਦੇ ਦਰ ਤੇ
ਕਦ ਖ਼ਲਾਸੀ ਕਰਦਾ ਉਸ ਦੀ ਜ਼ਾਲਿਮ ਦਰਦ ਜੁਦਾਈ

ਜਲਵਾ ਰੂਪ ਤੇਰੇ ਦਾ ਲੁੱਟਦਾ ਮੁੱਤਕੀ ਸ਼ਾਹ ਗਦਾਵਾਂ
ਐਸੀ ਸੂਰਤ ਸੋਹਣੀ ਤਾਈਂ ਮਤ ਕੋਈ ਨਜ਼ਰ ਨਾ ਲਾਈ

ਤੋੜੇ ਦੂਰ ਪੀਆ ਪਰਦੇਸੀ ਯਾਦ ਨਹੀਂ ਤੁਧ ਕੀਤਾ
ਮੈਂ ਮੱਧ ਪੀਵਾਂ ਸੋਰ ਤੁਸਾਨੂੰ ਹਿਕ ਦਮ ਨਹੀਂ ਖ਼ਤਾਈ

ਹੇ ਖ਼ੁਸ਼ ਵਾਉ ਫ਼ਜਰ ਦੀ ਆਣੀਂ ਖ਼ਾਕ ਉਹਦੇ ਦਰਬਾਰੋਂ
ਇਸ ਸੁਰਮੇ ਥੀਂ ਲੈ ਮੁਹੰਮਦ ਅੱਖੀਂ ਦੀ ਰੁਸ਼ਨਾਈ

ਦੋਹੜੇ
ਹੇ ਸੁਲਤਾਨ ਹੁਸਨ ਦੀ ਨਗਰੀ ਰਾਜ ਸਲਾਮਤ ਤੇਰਾ
ਮੈਂ ਪਰਦੇਸੀ ਹਾਂ ਫ਼ਰਯਾਦੀ ਅਦਲ ਕਰੀਂ ਕੁੱਝ ਮੇਰਾ ।(੪੭੫੦)
ਤੁਧ ਬਿਨ ਜਾਨ ਲਬਾਂ ਪਰ ਆਈ ਝੱਲਿਆ ਦਰਦ ਬਤੇਰਾ
ਦੇ ਦੀਦਾਰ ਅੱਜ ਵਕਤ ਮੁਹੰਮਦ ਜੱਗ ਪਰ ਹਿਕੋ ਫੇਰਾ

ਇਸ਼ਕ ਫ਼ਿਰਾਕ ਬੇਤਰਸ ਸਿਪਾਹੀ ਮਗਰ ਪਏ ਹਰ ਵੇਲੇ
ਪਟੇ-ਬੰਧ ਸੁੱਟੇ ਵਿਚ ਪੈਰਾਂ ਵਾਂਗਰ ਹਾਥੀ ਪੇਲੇ
ਸਬਰ ਤਹੱਮੁਲ ਕਰਨ ਨਾ ਦਿੰਦੇ ਜ਼ਾਲਿਮ ਬੁਰੇ ਮਰੇਲੇ
ਤੁਧ ਬਿਨ ਐਵੇਂ ਜਾਣ ਮੁਹੰਮਦ ਜਿਉਂ ਦੀਵਾ ਬਿਨ ਤੇਲੇ

ਬਿਸਤਰ ਨਾਮੁਰਾਦੀ ਉੱਤੇ ਮੈਂ ਬੀਮਾਰ ਪਏ ਨੂੰ
ਦਾਰੂ ਦਰਦ ਤੁਸਾਡਾ ਸੱਜਣਾ! ਲੈ ਆਜ਼ਾਰ ਪਏ ਨੂੰ
ਜ਼ਿਕਰ ਖ਼ਿਆਲ ਤੇਰਾ ਹਰ ਵੇਲੇ ਦਰਦਾਂ ਮਾਰ ਲਏ ਨੂੰ
ਹੈ ਗ਼ਮਖ਼ਾਰ ਹਿਕੱਲੀ ਜਾਈ ਬੇਗ਼ਮਖ਼ਾਰ ਪਏ ਨੂੰ

ਚਿੰਤਾ ਫ਼ਿਕਰ ਅੰਦੇਸੇ ਆਵਣ ਬੰਨ੍ਹ ਬੰਨ੍ਹ ਸਫ਼ਾਂ ਕਤਾਰਾਂ
ਵੱਸ ਨਹੀਂ ਕੁੱਝ ਚਲਦਾ ਮੇਰਾ ਕਿਸਮਤ ਹੱਥ ਮੁਹਾਰਾਂ
ਪਾਸੇ ਪਾਸੇ ਚਲੀ ਜਵਾਨੀ ਪਾਸ ਨਾ ਸੱਦਿਆ ਯਾਰਾਂ
ਸਾਥੀ ਕੌਣ ਮੁਹੰਮਦ ਬਖ਼ਸ਼ਾ ਦਰਦ ਵੰਡੇ ਗ਼ਮਖ਼ਾਰਾਂ

ਮਾਨ ਨਾ ਕੀਜੇ ਰੂਪ ਘਣੇ ਦਾ ਵਾਰਿਸ ਕੌਣ ਹੁਸਨ ਦਾ
ਸਦਾ ਨਾ ਰਹਿਸਣ ਸ਼ਾਖ਼ਾਂ ਹਰੀਆਂ ਸਦਾ ਨਾ ਫੁੱਲ ਚਮਨ ਦਾ
ਸਦਾ ਨਾ ਭੌਰ ਹਜ਼ਾਰਾਂ ਫਿਰਸਨ ਸਦਾ ਨਾ ਵਕਤ ਅਮਨ ਦਾ
ਮਾਲੀ ਹੁਕਮ ਨਾ ਦੇਇ ਮੁਹੰਮਦ ਕਿਉਂ ਅੱਜ ਸੈਰ ਕਰਨ ਦਾ

ਸਦਾ ਨਾ ਰਸਤ ਬਾਜ਼ਾਰੀਂ ਵਿਕਸੀ ਸਦਾ ਨਾ ਰੌਣਕ ਸ਼ਹਿਰਾਂ
ਸਦਾ ਨਾ ਮੌਜ ਜਵਾਨੀ ਵਾਲੀ ਸਦਾ ਨਾ ਨਦੀਏ ਲਹਿਰਾਂ ।(੪੭੬੦)
ਸਦਾ ਨਾ ਤਾਬਿਸ਼ ਸੂਰਜ ਵਾਲੀ ਜਿਉਂ ਕਰ ਵਕਤ ਦੁਪਹਿਰਾਂ
ਬੇਵਫ਼ਾਈ ਰਸਮ ਮੁਹੰਮਦ ਸਦਾ ਇਹੋ ਵਿੱਚ ਦਹਿਰਾਂ

ਸਦਾ ਨਾ ਲਾਟ ਚਿਰਾਗ਼ਾਂ ਵਾਲੀ ਸਦਾ ਨਾ ਸੋਜ਼ ਪਤੰਗਾਂ
ਸਦਾ ਉਡਾਰਾਂ ਨਾਲ਼ ਕਤਾਰਾਂ ਰਹਿਸਣ ਕਦ ਕੁਲੰਗਾਂ
ਸਦਾ ਨਹੀਂ ਹੱਥ ਮਹਿੰਦੀ ਰੱਤੇ ਸਦਾ ਨਾ ਛਣਕਣ ਵੰਗਾਂ
ਸਦਾ ਨਾ ਛੋਪੇ ਪਾ ਮੁਹੰਮਦ ਰਲਮਿਲ ਬਹਿਣਾ ਸੰਗਾਂ

ਹੁਸਨ ਮਹਿਮਾਨ ਨਹੀਂ ਘਰ ਬਾਰੀ ਕੀ ਇਸ ਦਾ ਕਰ ਮਾਣਾਂ
ਰਾਤੀਂ ਲੱਥਾ ਆਣ ਸਥੋਈ ਫ਼ਜਰੀ ਕੂਚ ਬੁਲਾਣਾਂ
ਸੰਗ ਦੇ ਸਾਥੀ ਲੱਦੀ ਜਾਂਦੇ ਅਸਾਂ ਭੀ ਸਾਥ ਲੱਦਾਣਾਂ
ਹੱਥ ਨਾ ਆਵੇ ਫੇਰ ਮੁਹੰਮਦ ਜਾਂ ਇਹ ਵਕਤ ਵਿਹਾਣਾਂ

ਸਦਾ ਨਹੀਂ ਮੁਰਗਾਈਆਂ ਬਹਿਣਾਂ ਸਦਾ ਨਹੀਂ ਸਰ ਪਾਣੀ
ਸਦਾ ਨਾ ਸੱਈਆਂ ਸੀਸ ਗੁੰਦਾਵਣ ਸਦਾ ਨਾ ਸੁਰਖ਼ੀ ਲਾਣੀ
ਲੱਖ ਹਜ਼ਾਰ ਬਹਾਰ ਹੁਸਨ ਦੀ ਖ਼ਾਕੂ ਵਿਚ ਸਮਾਣੀ
ਲਾ ਪਰੀਤ ਮੁਹੰਮਦ ਜਿਸ ਥੀਂ ਜੱਗ ਵਿਚ ਰਹੇ ਕਹਾਣੀ

ਮਗਰ ਸ਼ਿਕਾਰੀ ਕਰੇ ਤਿਆਰੀ ਬਾਰ ਚਰੇਂਦਿਆ ਹਰਨਾ
ਜੋ ਚੜ੍ਹਿਆ ਉਸ ਢਹਿਣਾ ਓੜਕ ਜੋ ਜੰਮਿਆ ਉਸ ਮਰਨਾ
ਕੁੱਝ ਵਿਸਾਹ ਨਾ ਸਾਹ ਆਏ ਦਾ ਮਾਣ ਕੇਹਾ ਫਿਰ ਕਰਨਾ
ਜਿਸ ਜੁੱਸੇ ਨੂੰ ਛੰਡ ਛੰਡ ਰੱਖੇਂ ਖ਼ਾਕ ਅੰਦਰ ਵੰਝ ਧਰਨਾ
ਲੋਇ ਲੋਇ ਭਰ ਲੈ ਕੁੜੀਏ ਜੇ ਤੁਧ ਭਾਂਡਾ ਭਰਨਾ
ਸ਼ਾਮ ਪਈ ਬਿਨ ਸ਼ਾਮ ਮੁਹੰਮਦ ਘਰ ਜਾਂਦੀ ਨੇ ਡਰਨਾ ।(੪੭੭੦)

ਸੈਫ਼-ਮਲੂਕ ਸ਼ਹਿਜ਼ਾਦਾ ਏਵੇਂ ਰਾਗ ਵਿਰਾਗੋਂ ਗਾਂਦਾ
ਉਡਦੇ ਪੰਖੀ ਢਹਿਣ ਅਸਮਾਨੋਂ ਸੁਣ ਕੇ ਕੋਈ ਨਾ ਜਾਂਦਾ

ਹਰ ਹਰ ਬੋਲ ਉਹਦਾ ਦੁਖਿਆਰਾ ਜ਼ਹਿਰ ਆਲੂਦੀ ਕਾਨੀ
ਦੂਜਾ ਸਦਕੇ ਹੋ ਹੋ ਜਾਵਣ ਹੂਰਾਂ ਵੇਖ ਜਵਾਨੀ

ਦਰਦੋਂ ਆਹੀਂ ਮਾਰ ਸ਼ਹਿਜ਼ਾਦੇ ਪੁਰ ਕਰ ਸਾਂਗਾਂ ਲਾਈਆਂ
ਆਹ ਇਸ਼ਕ ਦੀ ਕੋਈ ਨਾ ਝੱਲਦਾ ਜਿੰਦੂ ਜਿਹਨਾਂ ਜਲਾਈਆਂ

ਮਾਰੀ ਆਹ ਜ਼ੁਲੈਖ਼ਾ ਬੀਬੀ ਦਰਦੋਂ ਬਾਲ ਮਵਾਤਾ
ਭੜਕ ਲੱਗੀ ਅੱਗ ਚਾਬਕ ਸੜਿਆ ਤਾਂ ਯੂਸੁਫ਼ ਸੱਚ ਜਾਤਾ

ਸੱਸੀ ਨੂੰ ਇਕ ਰੋਜ਼ ਪੁਨੂੰ ਨੇ ਤਾਨ੍ਹਾ ਬੋਲੀ ਲਾਈ
ਸੱਚੇ ਇਸ਼ਕ ਤੇਰੇ ਦਾ ਬੀਬੀ ਮੈਨੂੰ ਪਤਾ ਨਾ ਕਾਈ

ਸੱਸੀ ਚਮਕ ਲੱਗੀ ਇਸ ਗੱਲੋਂ ਅੱਗ ਦੀ ਚੁਰ ਭਰਵਾਈ
ਨਾਲ਼ ਅਫ਼ਸੋਸ ਉਸਾਸ ਚਲਾਇਆ ਆਤਿਸ਼ ਸਰਦ ਕਰਾਈ

ਮਾਹੀ ਦਰਦੋਂ ਵੰਝਲੀ ਵਾਹੇ ਹੁੰਦਾ ਸ਼ੌਕ ਮਹੀਂ ਨੂੰ
ਮਜਨੂੰ ਦਾ ਸੁਣ ਬੋਲ ਦਰਿੰਦੇ ਆਵਣ ਚੱਲ ਜ਼ਿਮੀਂ ਨੂੰ

ਰਾਹ ਖੱਲਾਂ ਦੇ ਆਹ ਚਲਾਵੇ ਜਾਂ ਰੋਡਾ ਦੁਖਿਆਰਾ
ਜਲਦੀ ਆਰਿਨ ਕਾਰਨ ਕਰਦਾ ਧੰਦਾ ਵੇਖ ਲੋਹਾਰਾ

ਇਬਰਾਹੀਮ ਚਿਖ਼ਾ ਪਰ ਕੁਡੀਆਂ ਆਹੀਂ ਦਰਦ ਅਜ਼ਾਰੋਂ
ਬਾਗ਼ ਬਹਾਰ ਹੋਈਆਂ ਗੁਲਜ਼ਾਰਾਂ ਆਤਿਸ਼ ਸ਼ੋਖ਼ ਅੰਗਾਰੋਂ

ਪਰੀ ਬਦੀਅ-ਜਮਾਲ ਖਲੋਤੀ ਵਾਂਗਰ ਸਰਵ-ਆਜ਼ਾਦੇ
ਸਿਰ ਤੇ ਛਤਰ ਛਾਂਉਂ ਬਣਾਈ ਰੁੱਖ ਘਣੇ ਸ਼ਮਸ਼ਾਦੇ ।(੪੭੮੦)

ਸ਼ਹਿਜ਼ਾਦੇ ਵੱਲ ਅੱਖੀਂ ਲਾਈਆਂ ਤੱਕਦੀ ਮੂਲ ਨਾ ਝਮਕੇ
ਸੁਣ ਸੁਣ ਰਾਗ ਖ਼ਿਆਲ ਗ਼ਮਾਂ ਦੇ ਵਾਉ ਪਿਰਮ ਦੀ ਰਮਕੇ

ਆਣ ਹੋਈ ਤਾਸੀਰ ਇਸ਼ਕ ਦੀ ਲੱਗਾ ਤੀਰ ਕਮਾਨੋਂ
ਦੁੱਸਰ ਨਿਕਲ ਗਿਆ ਭੰਨ ਖ਼ੁਦੀਆਂ ਜਾਨੋਂ ਦਿਲੋਂ ਈਮਾਨੋਂ

ਮੁੜ ਮੁੜ ਹਿਰਸ ਕਰੇਂਦੀ ਹੱਲੇ ਕੋਟ ਸ਼ਰਮ ਦੇ ਢਾਹਾਂ
ਢਾਹੀਂ ਮਾਰ ਢਹਾਂ ਸਿਰ ਪਰਨੇ ਕੂਕਾਂ ਸਿਰ ਧਰ ਬਾਹਾਂ

ਫੇਰ ਸ਼ਰਮ ਨੂੰ ਲਿੱਸਾ ਤੱਕ ਕੇ ਅਕਲ ਹਿਮਾਇਤ ਕਰਦਾ
ਰੱਖ ਤਹੱਮੁਲ ਯਾਰ ਮਿਲੇਗਾ ਲਾਹ ਨਹੀਂ ਅੱਜ ਪਰਦਾ

ਬੇ ਸ਼ੁਮਾਰੀ ਬੇਕਰਾਰੀ ਦਿਲ ਨੂੰ ਟਿਕਣ ਨਾ ਦੇਂਦੀ
ਹੋ ਲਾਚਾਰ ਪਰੀ ਕੋਈ ਸਾਇਤ ਆਹੀ ਸਬਰ ਕਰੇਂਦੀ

ਮੂੰਹੋਂ ਬੋਲ ਨਾ ਜ਼ਾਹਿਰ ਕੀਤਾ ਭੇਤ ਦਿਲੇ ਦਾ ਜ਼ੱਰਾ
ਪਰ ਦਿਲ ਬੇਕਰਾਰੀ ਚਾਇਆ ਜਿਉਂ ਗੁੱਡੀ ਦਾ ਫੱਰਾ

ਸੁੱਕੀ ਲੱਕੜ ਤੇ ਆ ਧਰਿਆ ਸ਼ੋਕ ਅੰਦਰ ਵਿਚ ਅੱਰਾ
ਪਹਿਲੇ ਦਰਜੇ ਇਸ਼ਕ ਮੁਹੰਮਦ ਰੱਖਦਾ ਸ਼ਰਮ ਮੁਕੱਰਰਾ

ਜਾਂ ਉਹ ਮੰਜ਼ਿਲ ਪਰੀ ਹੁੰਦੀ ਮੂੰਹੋਂ ਲਹਿੰਦੀ ਲੋਈ
ਵੱਤ ਨਾ ਕਾਰੀ ਆਵੇ ਤੋੜੇ ਸੌ ਮੱਤ ਦੇਵੇ ਕੋਈ

ਸ਼ਹਿਜ਼ਾਦੇ ਦੇ ਇਸ਼ਕ ਪਰੀ ਨੂੰ ਦਿੱਤੀਆਂ ਆਣ ਦੁਆਈਂ
ਬੰਦਗੀ ਤੇ ਤਾਜ਼ੀਮ ਬੀਬੀ ਜੀ ਖ਼ਾਲੀ ਪਰਤ ਨਾ ਜਾਈਂ

ਬਰਖ਼ੁਰਦਾਰੀ ਦੇਇ ਅਸਾਨੂੰ ਹੁਣ ਆਏ ਘਰ ਤੇਰੇ
ਮਸਾਂ ਮਸਾਂ ਅੱਜ ਲਭੀਏਂ ਵਾਂਦੀ ਕਰ ਕਰ ਬਹੁਤੇ ਫੇਰੇ ।(੪੭੯੦)

ਨਿੱਕੀ ਅਤੇ ਲਡਿਕੀ ਬਣ ਕੇ ਬਹੁਤੀ ਉਮਰ ਲੰਘਾਈਆ
ਪੀਹਣਾਂ ਭਾ ਪਿਆ ਹੁਣ ਕੁੜੀਏ ਬਾਦਸ਼ਾਹਾਂ ਦਾ ਪਾਈਆ

ਮਗਰ ਤੇਰੇ ਹੁਣ ਅਸੀਂ ਪਿਆਦੇ ਮੁਸ਼ਕਿਲ ਸਤਰੀਂ ਵੜਨਾ
ਵਾਲੀ ਸ਼ਹਿਰ ਮਿਸਰ ਦੇ ਅੱਗੇ ਬੰਨ੍ਹ ਕੇ ਤੈਨੂੰ ਖੜਨਾ

ਸ਼ਾਹ-ਪਰੀ ਫ਼ੁਰਮਾਂਦੀ ਅੱਗੋਂ ਬਰਖ਼ੁਰਦਾਰੀ ਦੇ ਕੇ
ਪਰਦੇ ਨਾਲ਼ ਇਕ ਵਾਰ ਬੰਦੀ ਨੂੰ ਜਾਵਣ ਦੇਵੀਂ ਪੇਕੇ

ਮੈਂ ਬੇਟੀ ਸ਼ਾਹਪਾਲ ਸ਼ਾਹੇ ਦੀ ਪਰੀਆਂ ਦੀ ਸ਼ਹਿਜ਼ਾਦੀ
ਬੰਨ੍ਹ ਖੜਨ ਦਾ ਆਖੇਂ ਮੈਨੂੰ ਨਾ ਕਰ ਗੱਲ ਜ਼ਿਆਦੀ

ਇਸ਼ਕ ਕਿਹਾ ਮੈਂ ਬੰਨ੍ਹ ਬੰਨ੍ਹ ਖੜ੍ਹੀਆਂ ਤੁਧ ਥੀਂ ਭਲੀਆਂ ਭਲੀਆਂ
ਮਾਈ ਬਾਬਲ ਪਿਟ ਪਿਟ ਥੱਕੇ ਵਾਹਾਂ ਮੂਲ ਨਾ ਚਲੀਆਂ

ਮਗ਼ਰਿਬ ਦੀ ਸ਼ਾਹਜ਼ਾਦੀ ਅੱਗੇ ਬੀਬੀ ਨਾਮ ਜ਼ੁਲੈਖ਼ਾ
ਬੰਨ੍ਹ ਖੜੀ ਤਾਂ ਕਿਸ ਛੁੜਾਈ ਤੁਧ ਭੀ ਉਹੋ ਲੇਖਾ

ਸੁੱਕੀ ਨਾ ਹੁਣ ਜਾਸੇਂ ਏਥੋਂ ਆ ਦੁੱਖ ਝੋਲ਼ੀ ਪਾ ਲੈ
ਪਾਲੇ ਰੱਬ ਪਰੀਤਾਂ ਅੱਗੋਂ ਨਿਹੁੰ ਸੱਜਣ ਦਾ ਲਾ ਲੈ

ਦੇਣਾ ਹੈ ਮਹਿਸੂਲ ਉਮਰ ਦਾ ਜਿਨਸੋਂ ਰੋਕ ਵਟਾ ਲੈ
ਤਰਸੀ ਕੋਲ ਸਰਾਫ਼ ਮੁਹੰਮਦ ਖੋਟਾ ਖਰਾ ਵਿਖਾ ਲੈ

ਖੋਟੇ ਖੜਸੇਂ ਤਰੁਟੀ ਖਾਸੇਂ ਸੋਟੇ ਪੈਸਣ ਨਾਲ਼ੇ
ਸੋਨਾ ਤਰਾਮਾ ਕਰਸਣ ਜਿਸ ਦਿਨ ਪਾ ਕੁਠਿਆਲੀ ਗਾਲੇ

ਘੱਤ ਜ਼ੰਜ਼ੀਰ ਕਰਨਗੇ ਕੈਦੀ ਸ਼ਾਹ ਅਦਾਲਤ ਵਾਲੇ
ਡਾਹਢੇ ਕੋਲ ਮੁਹੰਮਦ ਬਖ਼ਸ਼ਾ ਕੌਣ ਕਰੇ ਉਪਰਾਲੇ ।(੪੮੦੦)

ਟੁਰਦੀ ਟੁਰਦੀ ਗੱਲ ਮੁਹੰਮਦ ਛੋੜ ਚਲੀ ਉਹ ਰਸਤਾ
ਤੰਗ ਪਿਆ ਦਿਲ ਦਸ ਕਹਾਣੀ ਮੁਕਦਾ ਹੋਵੇ ਫ਼ਸਤਾ

ਜੇ ਸਭ ਗੱਲਾਂ ਲਿਖਣ ਲੱਗੇਂ ਜੋ ਜੋ ਹਾਦੀ ਘਲਦਾ
ਹੋਰੋਂ ਹੋਰ ਪੌਣ ਵਿਚ ਰਮਜ਼ਾਂ ਕਿੱਸਾ ਸਾਫ਼ ਨਾ ਚਲਦਾ

ਇਸ਼ਕ ਬਦੀਅ-ਜਮਾਲ ਪਰੀ ਨੂੰ ਆ ਪਾਇਆ ਹੱਥ ਪੱਕਾ
ਜਿਸ ਨੂੰ ਫੜਦਾ ਹੈ ਬੰਨ੍ਹ ਖੜਦਾ ਨਹੀਂ ਕਿਸੇ ਦਾ ਸੱਕਾ

ਮਾਨ ਗੁਮਾਨ ਗਏ ਭੱਜ ਸਾਰੇ ਦਿਲ ਅਰਮਾਨ ਨਾ ਰੱਤੀ
ਸੜਦੀ ਗੱਲ ਨਾ ਕਰਦੀ ਮੂੰਹੋਂ ਵਾਂਗ ਦੀਏ ਦੀ ਬੱਤੀ

ਵਿਕ ਗਿਆ ਜੀ ਛਿਕ ਸੱਜਣ ਦੀ ਹਿੱਕ ਅੰਦਰ ਹੱਥ ਪਾਇਆ
ਕੁੰਡੀ ਲੱਗੀ ਮਛਲੀ ਵਾਲਾ ਹਾਲ ਪਰੀ ਪਰ ਆਇਆ

ਸਬਰ ਕਰਾਰ ਆਰਾਮ ਨਾ ਰਿਹਾ ਸ਼ਾਮ ਡਿੱਠਾ ਜਿਸ ਵੇਲੇ
ਸ਼ਾਮ ਪਲਕ ਦਿਲ ਜਰਦਾ ਨਾਹੀਂ ਆਖੇ ਹੁਣ ਕੋਈ ਮੇਲੇ

ਹਾਥੀ ਇਸ਼ਕ ਮਹਾਵਤ ਸੋਹਣਾ ਮੁੜ ਮੁੜ ਕੇ ਫਿਰ ਪੇਲੇ
ਅਚਨਚੇਤ ਮੁਹੰਮਦ ਲੱਗੇ ਸੈ ਬਰਛੇ ਸੈ ਸੇਲੇ

ਜ਼ਾਲਿਮ ਇਸ਼ਕ ਸ਼ਹਿਜ਼ਾਦੇ ਵਾਲੇ ਬਿਨ ਤਲਵਾਰੋਂ ਕੁੱਠੀ
ਆਣ ਪਈ ਅਜ਼ਗ਼ੈਬੋਂ ਗੋਲੀ ਮਾਰ ਨਿਮਾਣੀ ਮੁੱਠੀ

ਦੁੱਖ ਦੀ ਦਾਈ ਪਕੜ ਮਨਾਈ ਫਿਰਦੀ ਸੀ ਜੋ ਰੁੱਠੀ
ਵੇਦਨ ਜਾਣੇ ਕੌਣ ਮੁਹੰਮਦ ਲੱਗੀ ਮਰਜ਼ ਅਪੁੱਠੀ

ਓੜਕ ਜਾਂ ਦਿਲ ਰਹਿ ਨਾ ਸਕਿਓਸੁ ਕਹਿਓਸੁ ਮਲਿਕਾ ਤਾਈਂ
ਆ ਅਗੇਰੇ ਚਲੀਏ ਭੈਣੇ ਤਕੀਏ ਇਹ ਭੀ ਜਾਈਂ ।(੪੮੧੦)

ਮਲਿਕਾ ਨੇ ਫ਼ੁਰਮਾਇਆ ਅੱਗੋਂ ਬਿਸਮਿਲਾ ਬਿਸਮਿਲਾ
ਲੱਗੀ ਆਸ ਹੋਈਆਂ ਦਿਲ ਖ਼ੁਸ਼ੀਆਂ ਸ਼ੁਕਰ ਅਲਹਮਦਲਿੱਲਾ

ਉਹਲੇ ਉਹਲੇ ਟੁਰੀਆਂ ਦੋਏੇ ਆ ਖਲੀਆਂ ਫਿਰ ਨੇੜੇ
ਸ਼ਹਿਜ਼ਾਦੇ ਨੂੰ ਖ਼ਬਰ ਨਾ ਕੋਈ ਤਾਰ ਗ਼ਮਾਂ ਦੀ ਛੇੜੇ

ਫਿਰ ਉਹ ਮੂਰਤ ਸ਼ਾਹ-ਪਰੀ ਦੀ ਕੱਢ ਕੀ ਬਾਹਰ ਹਿਜਾਬੋਂ
ਚੁੰਮ ਅੱਖੀਂ ਮੂੰਹ ਮੱਥੇ ਲਾਵੇ ਰੋਵੇ ਵੱਧ ਹਿਸਾਬੋਂ

ਮੂਰਤ ਦੇ ਦੋ ਪੈਰ ਚਮੇਂਦਾ ਫੇਰ ਅੱਖੀਂ ਤੇ ਮਲਦਾ
ਆਹੀਂ ਦਰਦ ਅਲੰਬੇ ਨਿਕਲਣ ਹੰਝੂ ਪਾਣੀ ਚਲਦਾ

ਧੂਆਂ ਧਾਰੀ ਦੁੱਖ ਗ਼ੁਬਾਰੀ ਸੋਜ਼ ਫ਼ਿਰਾਕ ਕਹਾਰੀ
ਭੜਕਣ ਭਾਹੀਂ ਵਾਹੋ ਦਾਹੀਂ ਨਾਲ਼ੇ ਦੇਣ ਨਾ ਵਾਰੀ

ਵਾਂਗ ਕਬਾਬ ਭੁੱਜੇ ਤਨ ਸਾਰਾ ਸੀਖ਼ ਲਗਾਇਆ ਬੇਰਾ
ਪਾਣੀ ਚੋਂਦਾ ਹੰਝੂ ਰੋਂਦਾ ਆਤਿਸ਼ ਵਿਚ ਵਸੇਰਾ

ਸੈਫ਼-ਮਲੂਕ ਸ਼ਹਿਜ਼ਾਦਾ ਦਰਦਾਂ ਘੇਰ ਕੀਤਾ ਦੁਖਿਆਰਾ
ਗਿਣ ਘਿਣ ਮੋਤੀ ਦੇਇ ਇਸ਼ਕ ਨੂੰ ਸੂਲਾਂ ਦਾ ਬਣਜਾਰਾ

ਸ਼ਾਹ-ਪਰੀ ਤੇ ਮਲਿਕਾ-ਖ਼ਾਤੂੰ ਛੁਪ ਨੇੜੇ ਵੰਝ ਖਲੀਆਂ
ਪਰੀ ਦਰੁਸਤ ਡਿੱਠਾ ਸ਼ਹਿਜ਼ਾਦਾ ਰੱਖ ਨਿਗਾਹਾਂ ਭਲੀਆਂ

ਸੋਹਣੀ ਸੂਰਤ ਨਜ਼ਰੀਂ ਆਈ ਜਾਂ ਡਿੱਠਾ ਵੱਲ ਨਕਸ਼ਾਂ
ਵੇਖ ਬੇਆਬ ਹੋਵਣ ਸ਼ਰਮਿੰਦੇ ਮਾਣਕ ਲਅਲ ਬਦਖ਼ਸ਼ਾਂ

ਜਿਉਂ ਕਾਗ਼ਜ਼ ਕਸ਼ਮੀਰੀ ਉੱਤੇ ਖ਼ੁਸ਼ਖ਼ਤ ਹਰਫ਼ ਕੁਰਆਨੀ
ਤਿਵੇਂ ਸੀ ਮਸ ਹਰਵੀ ਕਾਲ਼ੀ ਯਾ ਸਬਜ਼ਾ ਬੁਸਤਾਨੀ ।(੪੮੨੦)

ਨਵੀਂ ਜਵਾਨੀ ਹੁਸਨ ਅਰਜ਼ਾਨੀ ਹਰ ਹਰ ਨਕਸ਼ ਗੁਮਾਨੀ
ਸੁੰਦਰ ਰੂਪ ਦੇਇ ਚਮਕਾਰੇ ਜਿਉਂ ਕਰ ਚੰਨ ਅਸਮਾਨੀ

ਬਦਨ ਸ਼ਰੀਫ਼ ਉਹਦੇ ਵਿਚ ਦਿਸਦੀ ਜੋ ਤਾਰੀਫ਼ ਇਨਸਾਨੀ
ਸਰੂ ਅਜ਼ਾਦ ਬਹਿਸ਼ਤੀ ਬਾਗ਼ੋਂ ਨਾਜ਼ੁਕ ਕੱਦ ਨੂਰਾਨੀ ।

51. ਦਰ ਵਸਫ਼ਿ ਜਮਾਲਿ ਬਾ ਕਮਾਲ ਸ਼ਾਹਜ਼ਾਦਾ
ਸੈਫ਼-ਉਲ-ਮਲੂਕ ਵਾ ਆਸ਼ਿਕ ਸ਼ੁਦਨਿ ਬਦੀਅ-
ਜਮਾਲ ਬਰ ਵੈ
(ਸ਼ਹਿਜ਼ਾਦੇ ਦੇ ਜਮਾਲ ਕਮਾਲ ਤੇ ਬਦੀਅ-ਜਮਾਲ
ਦਾ ਉਹਦੇ ਤੇ ਆਸ਼ਿਕ ਹੋਣਾ)

ਚਿਹਰੇ ਉੱਤੇ ਤਾਬ ਹੁਸਨ ਦਾ ਵੱਧ ਆਹਾ ਮਾਹਤਾਬੋਂ
ਜੁੱਸੇ ਥੀਂ ਖ਼ੁਸ਼ਬੂਈ ਹੁਲੇ ਵਾਫ਼ਰ ਇਤਰ ਗੁਲਾਬੋਂ

ਕੁੰਡਲਾਂ ਵਾਲੀ ਸੋਹਣੇ ਸਿਰ ਤੇ ਝੰਡ ਮੁਅੰਬਰ ਕਾਲ਼ੀ
ਹਰ ਹਰ ਵਾਲ਼ ਦਿਲਾਂ ਦੀ ਫਾਹੀ ਦੁੱਧ ਦਹੀ ਘੱਤ ਪਾਲ਼ੀ

ਲਾਹ ਲਾਹ ਕਰੇ ਸ਼ੁਆ ਮੱਥੇ ਦਾ ਜੋਬਨ ਜੋਤ ਮਤਾਬੀ
ਮਿਰਗ ਜੰਗਲ਼ ਦੇ ਹਾਰ ਸ਼ਿੰਗਾਰੇ ਗੂੜ੍ਹੇ ਨੈਣ ਸ਼ਰਾਬੀ

ਮੱਥਾ ਸਾਫ਼ ਸਮੁੰਦ ਹੁਸਨ ਦਾ ਜੋਬਨ ਚੜ੍ਹੀਆਂ ਲਹਿਰਾਂ
ਤਾਬ ਬੇਤਾਬ ਕਰੇ ਜਿਉਂ ਸੂਰਜ ਰੌਸ਼ਨ ਵਕਤ ਦੁਪਹਿਰਾਂ

ਤਾਕ ਬਹਿਸ਼ਤੀ ਦੋ ਭਰਵੱਟੇ ਯਾ ਮਹਿਰਾਬ ਮਸੀਤੋਂ
ਖ਼ੂਨੀ ਨੈਣ ਦਿਸਣ ਮਤਵਾਰੇ ਗੂੜ੍ਹੇ ਰੰਗ ਪਰੀਤੋਂ

ਅਬਰੂ ਮਿਸਲ ਹਲਾਲ ਦਰਖ਼ਸ਼ਾਂ ਯਾ ਉਹ ਸਖ਼ਤ ਕਮਾਨਾਂ
ਪਲਕਾਂ ਤੀਰ ਖ਼ੁਦੰਗ ਨਿਸ਼ਾਨੀ ਸਲ ਜਾਵਣ ਦਿਲ ਜਾਨਾਂ

ਤੇਜ਼ ਕਟਾਰ ਸਵਾਰ ਬਹਾਦਰ ਜ਼ਾਲਿਮ ਨੈਣ ਸਿਪਾਹੀ
ਨੱਕ ਖੁੰਨਾ ਫ਼ੌਲਾਦੀ ਤਰਿੱਖਾ ਧਾਰ ਸੰਵਾਰੀ ਆਹੀ

ਖੁੰਨੇ ਤੀਰ ਕਮਾਨ ਕਟਾਰਾਂ ਚਮਕ ਕੱਢੀ ਹਥਿਆਰਾਂ
ਪਰੀਆਂ ਹੂਰਾਂ ਵੇਖ ਸ਼ਹਿਜ਼ਾਦਾ ਜਾਨ ਕਰਨ ਸਿਰਵਾਰਾਂ ।(੪੮੩੦)

ਯੂਸੁਫ਼ ਸਾਨੀ ਚੰਨ ਅਸਮਾਨੀ ਲਅਲ ਮਿਸਲ ਰੁਖ਼ਸਾਰੇ
ਰੂਪ ਉਹਦੇ ਥੀਂ ਬਾਗ਼ੇ ਅੰਦਰ ਨੂਰ ਭਰੇ ਰੁੱਖ ਸਾਰੇ

ਚਿਹਰੇ ਤੇ ਚਮਕਾਰ ਹੁਸਨ ਦਾ ਤਾਬਿਸ਼ ਵੱਧ ਅੰਗਾਰੋਂ
ਸੁੰਦਰ ਬਦਨ ਫੁੱਲਾਂ ਦਾ ਦਸਤਾ ਦਾਣਾ ਸੁਰਖ਼ ਅਨਾਰੋਂ

ਸੂਰਤ ਸੈਫ਼-ਮਲੂਕੇ ਵਾਲੀ ਉਜਲੀ ਬਾਗ਼ ਬਹਾਰੋਂ
ਵੇਖਣ ਸਾਇਤ ਖੜੇ ਦਿਲ ਖਸ ਕੇ ਸ਼ਾਹ ਜਮਾਲ ਹਜ਼ਾਰੋਂ

ਸੋਹਣਾ ਵੇਖ ਜਵਾਨ ਫ਼ਰਿਸ਼ਤੇ ਹੋਇ ਹੈਰਾਨ ਖਲੋਂਦੇ
ਤੱਕਦੇ ਰਹਿਣ ਅਸਮਾਨੀ ਤਾਰੇ ਸਾਰੀ ਰਾਤ ਨਾ ਸੌਂਦੇ

ਹਰ ਹਰ ਨਕਸ਼ ਸ਼ਕਲ ਦੇ ਵਿਚੋਂ ਲਾਟ ਸ਼ਮ੍ਹਾ ਦੀ ਬਲਦੀ
ਜਲਦੀ ਹੂਰ ਪਰੀ ਦੀ ਤੱਕ ਕੇ ਜਿੰਦ ਨਿਮਾਣੀ ਜਲਦੀ

ਨੌ ਨਿਹਾਲ ਹੁਸਨ ਦੇ ਬਾਗ਼ੋਂ ਗੁਲਬਦਨ ਸੀ ਸਾਦਾ
ਬਦਰ ਮੁਨੀਰ ਚਮਕਦਾ ਚਿਹਰਾ ਬੇਨਜ਼ੀਰ ਸ਼ਹਿਜ਼ਾਦਾ

ਸਿਰ ਉੱਤੇ ਕਸਤੂਰੀ ਭਿੰਨੀ ਝੰਡ ਲਵੀ ਖ਼ਸ਼ਖ਼ਾਸੀ
ਨੈਣ ਮਤੇ ਬੀਮਾਰ ਇਸ਼ਕ ਦੇ ਨਰਗਿਸ ਮਸਤ ਉਦਾਸੀ

ਰੂਪ ਅਨੂਪ ਭਰੇ ਰੁਖ਼ਸਾਰੇ ਜਿਉਂ ਗੁਲ ਵਕਤ ਬਹਾਰਾਂ
ਨੂਰੀ ਨਾਰੀ ਖ਼ਾਕੀ ਬਾਦੀ ਤੱਕ ਤੱਕ ਢਹਿਣ ਹਜ਼ਾਰਾਂ

ਦੰਦ ਸੁਫ਼ੈਦ ਹੀਰੇ ਦੀਆਂ ਕਣੀਆਂ ਦੁੱਰੇ-ਯਤੀਮੋਂ ਲੜੀਆਂ
ਸੁਰਖ਼ ਅਕੀਕ ਅੰਦਰ ਦੰਦ ਲਹਿਰਾਂ ਖ਼ੂਬ ਕਾਰੀਗਰ ਜੜੀਆਂ

ਸੂਹੇ ਹੋਠ ਮਿੱਠੀ ਗੱਲ ਵਾਲੇ ਮਿਸਲ ਉੱਚੇ ਯਾਕੋਤੋਂ
ਆਸ਼ਿਕ ਭੁੱਖੇ ਲਾਗ਼ਿਰ ਰੁੱਖੇ ਕੁੱਵਤ ਪਾਣ ਇਸ ਕੂਤੋਂ ।(੪੮੪੦)

ਬਾਜ਼ੂ ਗੋਹੜੇ ਚਾਂਦੀ ਖ਼ਾਸੋਂ ਘੜ ਕਾਰੀਗਰ ਡੌਲੇ
ਪੀਡੇ ਤੇ ਜ਼ੋਰਾਵਰ ਸੋਹਣੇ ਸ਼ੇਰਾਂ ਵਾਂਗਰ ਡੌਲੇ

ਜੀਵਨ ਚਾਂਦੀ ਦੀ ਅਹਿਰਨ ਹੁੰਦੀ ਮੋਂਢੇ ਗੋਰੇ ਭਾਰੇ
ਚਿਤਰੇ ਵਾਂਙੂ ਗਰਦਨ ਦਿਸਦੀ ਲਿੰਗ ਜ਼ੋਰਾਵਰ ਸਾਰੇ

ਲੱਕ ਮਹੀਨ ਅਜਾਇਬ ਗਿਰਦਾ ਚੌੜੀ ਛਾਤ ਜਣੇ ਦੀ
ਦਿਲ ਵਿਚ ਪਰੀ ਕਹੇ ਜਿਸ ਜਾਇਆ ਧੰਨ ਉਹ ਮਾਇ ਜਣੇਂਦੀ

ਕੂਲੇ ਪੱਟ ਦੋ ਪੱਟ ਸੁਹਾਏ ਜੰਦਰ ਕੁਦਰਤ ਚੜ੍ਹ ਕੇ
ਮੋਗਰੀਆਂ ਉਸਤਾਦ ਬਣਾਈਆਂ ਚੰਨਣ ਰੁੱਖੋਂ ਘੜ ਕੇ

ਗੋਡੇ ਸ਼ੀਸ਼ੇ ਗਿਰਦ ਲਾਹੌਰੀ ਕਾਰੀਗਰ ਚਮਕਾਏ
ਪਿੰਨੀਆਂ ਸਨ ਰੂੰ ਦਾਰ ਅਜਾਇਬ ਗੱਲ ਨਾ ਕੀਤੀ ਜਾਏ

ਨਾਜ਼ੁਕ ਪੈਰ ਅਬਰੇਸ਼ਮ ਲੱਛੇ ਬਹੁਤ ਮਹੀਨ ਅੰਗੁਸ਼ਤਾਂ
ਸੋਹਣੇ ਵੇਖ ਕਰਨ ਦਿਲ ਚਾਕਰ ਧੋ ਧੋ ਪੀਣ ਅੰਗੁਸ਼ਤਾਂ

ਨਾਜ਼ੁਕ ਸੋਹਣਾ ਬਦਨ ਗੁਲਾਬੋਂ ਰੰਗ ਰਸ ਭਰਿਆ ਬੰਨਾ
ਹੁਸਨ ਜਮਾਲ ਕਮਾਲ ਉਹਦੇ ਦਾ ਨਾ ਕੋਈ ਹਦ ਨਾ ਬੰਨਾ

ਜਾਂ ਮੂੰਹ ਤਰਫ਼ ਜ਼ਿਮੀਂ ਦੇ ਕਰਦਾ ਹੁੰਦੀ ਧਰਤ ਨੂਰਾਨੀ
ਜਾਂ ਸਿਰ ਉੱਚਾ ਕਰ ਕੇ ਵੇਖੇ ਲਾਟਾਂ ਚੜ੍ਹਨ ਅਸਮਾਨੀ

ਸੂਰਤ ਵੇਖ ਹੋਵੇ ਚੰਨ ਦਾਗ਼ੀ ਗ਼ੈਰਤ ਖਾ ਹੁਸਨ ਦੀ
ਲੱਗੇ ਤੀਰ ਉਤਾਰਦ ਤਾਈਂ ਛੁੱਟੇ ਕਲਮ ਲਿਖਣ ਦੀ

ਜ਼ੁਹਰਾ ਨੂੰ ਤੱਕ ਜ਼ਹਿਰ ਪਿਰਮ ਦਾ ਵਿਚ ਕਲੇਜੇ ਧਾਵੇ
ਹਾਰੂਤੇ ਮਾਰੂਤੇ ਵਾਂਙੂ ਲਾ ਅਸਮਾਨੋਂ ਆਵੇ ।(੪੮੫੦)

ਗੁਲਨਾਰੀ ਮੁੱਖ ਤੱਕ ਕੇ ਸੂਰਜ ਆਣ ਛੁਪਾਵੇ ਰਸਮਾਂ
ਯਾਰੀ ਲਾਵੇ ਪੱਗ ਵਟਾਵੇ ਦੋਸਤ ਬਣੇ ਖਾ ਕਸਮਾਂ

ਧਾੜ ਪਵੇ ਮੁਰੀਖ਼ੇ ਤਾਈਂ ਕਾਲੇ ਕੱਜਲ ਕਟਕ ਦੀ
ਹੋ ਹੈਰਾਨ ਬਹੇ ਵਿਚ ਖ਼ਾਨੇ ਚੌਕੀ ਛੋੜ ਫ਼ਲਕ ਦੀ

ਮੁਸ਼ਤਰੀ ਅੱਖਰ ਵੇਖ ਹੁਸਨ ਦੇ ਸ਼ਹਿਜ਼ਾਦੇ ਦੇ ਵਰਕੋਂ
ਛੋੜ ਕਜ਼ਾਈ ਦੀਵਾਨ ਇਸ਼ਕ ਦਾ ਕਰੇ ਮੁਤਾਲਾ ਸਬਕੋਂ

ਰੂਪ ਸੱਚੇ ਦਾ ਇਸ਼ਕ ਕਮਾਵੇ ਐਨ ਸਆਦਤ ਪਾਵੇ
ਸਅਦੈਨ ਨਾਲ਼ ਕਰੇ ਅਸ਼ਨਾਈ ਅਕਬਰ-ਸੱਅਦ ਕਹਾਵੇ

ਕਾਲ਼ਾ ਚੋਰ ਜ਼ਹੁਲ ਅਸਮਾਨੀ ਗੋਰਾ ਵੇਖ ਸ਼ਹਿਜ਼ਾਦਾ
ਬਣੇ ਗ਼ੁਲਾਮ ਹਲਾਲੀ ਹਬਸ਼ੀ ਸਾਬਤ ਰੱਖ ਇਰਾਦਾ

ਸੋਹਣੀ ਬੀਨੀ ਸੋਹਣੀ ਸੂਰਤ ਸੋਹਣਾ ਕੱਦ ਰੰਗੀਲਾ
ਸੋਹਣਾ ਖ਼ਤ ਉੱਤੇ ਝੰਡ ਸੋਹਣੀ ਖ਼ੁਸ਼ ਆਵਾਜ਼ ਰਸੀਲਾ

ਬਣ ਬਣ ਪਏ ਪੁਸ਼ਾਕੀ ਸਾਰੀ ਰੂਪ ਚੜ੍ਹੇ ਹਰ ਵੇਸੋਂ
ਖ਼ੁਸ਼ਬੂਈ ਕਸਤੂਰੀ ਹੁੱਲੇ ਆਵਣ ਕਾਲੇ ਕੇਸੋਂ

ਪਹਿਨ ਹਥਿਆਰ ਸਵਾਰ ਹੋਵੇ ਜਾਂ ਚੜ੍ਹਦਾ ਤਰਫ਼ ਸ਼ਿਕਾਰੇ
ਗੋਲੀ ਖਾਇ ਬੰਦੇ ਦੀ ਢਹਿੰਦੇ ਮਿਰਗ ਜੰਗਲ਼ ਦੇ ਸਾਰੇ

ਸੂਰਤ ਵੇਖ ਸ਼ਹਿਜ਼ਾਦੇ ਵਾਲੀ ਵਗਦਾ ਵਹਿਣ ਖਲੋਵੇ
ਡਰ ਸੰਸਾਰ ਲੱਗੇ ਥਰਕੰਬਾ ਜਾਂ ਹਥਿਆਰ ਵਹਾਵੇ

ਸ਼ਾਹ-ਪਰੀ ਦੀ ਨਜ਼ਰੀਂ ਆਏ ਨੈਣ ਅੰਞਾਨੇ ਰੋਂਦੇ
ਅਹਿਰਵਨ ਦੇ ਵਾਲੋਂ ਮੋਤੀ ਹੰਝੂ ਹਾਰ ਪਰੋਂਦੇ ।(੪੮੬੦)

ਚਿਹਰੇ ਤੇ ਪਰਸਿਓਂ ਕਤਰੇ ਜੋਸ਼ ਬੁਖ਼ਾਰ ਅਲਮ ਦੇ
ਜਿਉਂ ਕਰ ਫੁੱਲ ਗੁਲਾਬਾਂ ਉੱਤੇ ਸੈ ਮੋਤੀ ਸ਼ਬਨਮ ਦੇ

ਸਿਉ ਬੱਹੀ ਜੇਹੀ ਠੋਡੀ ਹੋਈ ਗਰਦ ਆਲੂਦੀ
ਦਰਦੋਂ ਦਰਦ ਰਸੀਲਾ ਨਿਕਲੇ ਆਵਾਜ਼ਾ ਦਾਊਦੀ

ਚਿਕੜੀ ਸਰਵ ਜੇਹਾ ਕੱਦ ਬਾਂਕਾ ਸੋਹਣਾ ਹਰਿਆ ਭਰਿਆ
ਛਮਕ ਗ਼ਮਾਂ ਦੇ ਮਾਰ ਉਡਾਇਆ ਸਿਰ ਧਰਤੀ ਪਰ ਧਰਿਆ

ਜਿਸ ਵੇਲੇ ਕੋਈ ਗ਼ਜ਼ਲ ਰੁਬਾਈ ਦੋਹੜਾ ਬੈਂਤ ਅਲਾਏ
ਉਡਦੇ ਪੰਖੀ ਢਹਿਣ ਅਸਮਾਨੋਂ ਹੋਸ਼ ਵਜੂਦੋਂ ਜਾਏ

ਸੈਫ਼-ਮਲੂਕ ਪਰੀ ਦੀ ਮੂਰਤ ਰੱਖੀ ਆਹੀ ਅੱਗੇ
ਜਿਉਂ ਜਿਉਂ ਤੱਕੇ ਤੇ ਅੱਗ ਭੜਕੇ ਨੀਰ ਅੱਖੀਂ ਥੀਂ ਵੱਗੇ

ਅਪਣਾ ਆਪ ਨਾ ਯਾਦ ਸ਼ਹਿਜ਼ਾਦੇ ਮੂਰਤ ਵਿਚ ਸਮਾਣਾਂ
ਸਿਰ ਵਰਤੇ ਤਾਂ ਇਹ ਗੱਲ ਜਾਪੇ ਹੈ ਕੀ ਸਮਝ ਅੱਯਾਣਾਂ

ਹੋਇਆ 'ਫ਼ਨਾ ਫ਼ਿਲ ਸ਼ੈਖ਼' ਇਹ ਤਾਲਿਬ ਮੁਰਸ਼ਿਦ ਵਿਚ ਸਮਾਇਆ
ਲਾ-ਇੱਲਾਹ ਦੀ ਫੇਰ ਬੁਹਾਰੀ ਇਲਾ-ਅੱਲਾ ਘਰ ਆਇਆ

ਤੂੰ ਕੀ ਜਾਣੇਂ ਰਮਜ਼ ਫ਼ਕਰ ਦੀ ਬੇਇਲਮਾ ਨਾਦਾਨਾ
ਕਿੱਸਾ ਦਸ ਸ਼ਹਿਜ਼ਾਦੇ ਵਾਲਾ ਭੇਤ ਛੁਪਾ ਹੈਵਾਨਾ

ਸ਼ਾਹ-ਪਰੀ ਦੀ ਮੂਰਤ ਅੰਦਰ ਸ਼ਹਿਜ਼ਾਦਾ ਸੀ ਰਚਿਆ
ਹਾਲ ਉਹਦਾ ਤੱਕ ਦਿਲਬਰ ਤਾਈਂ ਅੰਦਰ ਭਾਂਬੜ ਮਚਿਆ

ਸੂਰਤ ਵੇਖ ਹੋਈ ਦਿਲ ਘਾਇਲ ਸ਼ਾਹ-ਪਰੀ ਮਸਤਾਨੀ
ਦਿਲ ਵਿਚ ਦਾਗ਼ ਮੂੰਹੇਂ ਪਰ ਲਾਲੀ ਜਿਉਂ ਲਾਲਾ ਬੁਸਤਾਨੀ ।(੪੮੭੦)

ਦੋਜ਼ਖ਼ ਭਾਹ ਪਿਰਮ ਦੀ ਸੀਨੇ ਭੜਕ ਲੱਗੀ ਭੜਕਾਰੇ
ਧੂਆਂ ਧਾਰੀ ਅੰਤ ਗ਼ੁਬਾਰੀ ਪਾਈ ਇਸ਼ਕ ਹਤਿਆਰੇ

ਸੜ ਗਏ ਥੰਮ ਤਹੱਮੁਲ ਵਾਲੇ ਢੱਠੇ ਸਬਰ ਚੁਬਾਰੇ
ਸੋਹਣੀਆਂ ਕੋਲ ਮੁਹੰਮਦ ਬਖਸ਼ਾ ਕਿਸ ਨਹੀਂ ਪਿੜ ਹਾਰੇ

ਸ਼ਹਿਜ਼ਾਦੇ ਵੱਲ ਵੇਖ ਨਾ ਸਕੀ ਮੁੜ ਡੇਰੇ ਨੂੰ ਚਲੀ
ਤਾਬਿਸ਼ ਖਾ ਹੁਸਨ ਦੀ ਨੱਠੀ ਝਾਲ ਨਾ ਗਇਓਸੁ ਝੱਲੀ

ਜਾ ਅਗੇਰੇ ਮਲਿਕਾ ਤਾਈਂ ਕਿਹਾ ਬਦੀਅ-ਜਮਾਲੇ
ਮੈਨੂੰ ਭੀ ਉਹ ਮੂਰਤ ਕਿਵੇਂ ਸੈਫ਼-ਮਲੂਕ ਦਿਸਾਲੇ

ਜਾ ਮਲਿਕਾ ਵੰਝ ਆਖ ਸ਼ਹਿਜ਼ਾਦੇ ਜੇ ਉਹ ਮੂਰਤ ਦੱਸੇ
ਪਲ ਝਲ ਤੱਕ ਕੇ ਮੋੜ ਦਿਆਂਗੇ ਕਦਰ ਨਹੀਂ ਕੋਈ ਖੱਸੇ

ਵੇਖ ਅਸੀਂ ਭੀ ਮਾਲਮ ਕਰੀਏ ਹੈ ਇਹ ਮੂਰਤ ਕਿਸ ਦੀ
ਐਸੀ ਜੋਬਨ ਮੱਤੀ ਕੋਈ ਧੁੰਮ ਪਈ ਜੱਗ ਜਿਸਦੀ

ਮਲਿਕਾ ਕਹਿੰਦੀ ਸੁਣ ਨੀ ਭੈਣੇ ਮਹਿਬੂਬਾਂ ਵਿਚ ਉੱਚੀ
ਸ਼ਹਿਜ਼ਾਦੇ ਦੇ ਜੁੱਸੇ ਅੰਦਰ ਜਾਣ ਉਹ ਮੂਰਤ ਸੁੱਚੀ

ਜਿੰਦ ਉਹਦੀ ਨੂੰ ਮਿਲਿਆ ਲੋੜੇਂ ਕਿਉਂ ਨਿਖੇੜੇਂ ਤਨ ਨੂੰ
ਜਿੰਦੂ ਤਨ ਸਮੇਤ ਬੁਲਾ ਲੈ ਆਸ਼ਿਕ ਬੇਵਤਨ ਨੂੰ

ਸ਼ਾਹ-ਪਰੀ ਨੇ ਕਿਹਾ ਮਲਿਕਾ ਮੈਂ ਮੰਨਸਾਂ ਗੱਲ ਤੇਰੀ
ਪਰ ਤੂੰ ਅਜੇ ਨਹੀਂ ਕਰ ਖਹਿੜਾ ਹੋਵੇ ਹਿਰਸ ਘਣੇਰੀ

ਵੇਖ ਰਬੇ ਦੀਆਂ ਕੰਮਾਂ ਵੱਲੋਂ ਕਰਸੀ ਕਿਹੜੇ ਕਰ ਖਾਂ
ਉਸ ਨੂੰ ਭੀ ਮਤ ਸੱਦ ਮਿਲਾਂਗੀ ਹੋਰ ਕੋਈ ਦਿਨ ਜਰ ਖਾਂ ।(੪੮੮੦)

ਮਲਿਕਾ ਸੁਣ ਕੇ ਗੱਲ ਖ਼ੁਸ਼ੀ ਦੀ ਝਬਦੇ ਝਬਦੇ ਆਈ
ਜੋ ਗੁਜ਼ਰੀ ਸ਼ਹਿਜ਼ਾਦੇ ਅੱਗੇ ਸਾਰੀ ਖੋਲ ਸੁਣਾਈ

ਸ਼ਾਹ ਪਰੀ ਦਾ ਆਵਣ ਜਾਵਣ ਜੋ ਕੁੱਝ ਬੋਲੀ ਹੱਸੀ
ਨਾਲ਼ੇ ਮੂਰਤ ਮੰਗਣ ਵਾਲੀ ਖ਼ਵਾਹਿਸ਼ ਭਾਰੀ ਦੱਸੀ

ਸ਼ਹਿਜ਼ਾਦੇ ਫ਼ੁਰਮਾਇਆ ਮਲਿਕਾ ਮੂਰਤ ਤੇਰੇ ਭਾਣੇ
ਇਕ ਇਕ ਵਾਲ਼ ਉਹਦੇ ਮੁਲ ਜਾਨੇ ਮੈਂ ਬਿਨ ਕਦਰ ਨਾ ਜਾਣੇ

ਜੇ ਅੱਖੀਂ ਥੀਂ ਉਹਲੇ ਹੋਵੇ ਨੀਰ ਨਾ ਠੱਲਣ ਦੀਦੇ
ਵਾਂਗ ਅਟਕ ਦੇ ਅਟਕ ਨਾ ਰਹਿੰਦੇ ਹੰਝੂ ਦਰਦ ਰਸੀਦੇ

ਉਹ ਡਾਹਢੀ ਮੈਂ ਲਿੱਸਾ ਜੇਕਰ ਮੂਰਤ ਮੋੜ ਨਾ ਦੇਵੇ
ਘੜੀ ਨਾ ਜਰਸਾਂ ਤੇ ਸੜ ਮਰਸਾਂ ਜਿਉਂ ਤੇਲੇ ਬਿਨ ਦੀਵੇ
ਸੂਰਤ ਤੇ ਹੱਥ ਲੱਗੇ ਨਾਹੀਂ ਮੂਰਤ ਕਿਉਂ ਖੜਾਵਾਂ
ਜੇ ਇਕ ਵਾਲ਼ ਉਹਦਾ ਕੋਈ ਤਰੋੜੇ ਵੇਖਦਿਆਂ ਮਰ ਜਾਵਾਂ

ਹੋਰ ਕਿਸੇ ਨੂੰ ਹੈ ਕੀ ਸਰਫ਼ਾ ਦੁਖੀਏ ਜੀਉ ਮੇਰੇ ਦਾ
ਜੇ ਨੁਕਸਾਨ ਹੋਵੇ ਇਕ ਜ਼ਰਾ ਕੀ ਫਲ ਖੜੇ ਤੇਰੇ ਦਾ

ਮਲਿਕਾ-ਖ਼ਾਤੂੰ ਕਹਿੰਦੀ ਵੀਰਾ ਖ਼ਤਰਾ ਰੱਖ ਨਾ ਭੋਰਾ
ਕੌਣ ਖੱਸੇ ਇਹ ਮੂਰਤ ਤੈਂਥੀਂ ਨਹੀਂ ਕਿਸੇ ਦਾ ਜ਼ੋਰਾ

ਮਤਲਬ ਤੇਰੇ ਕਾਰਨ ਮੈਂ ਭੀ ਮੁੜ ਮੁੜ ਅਰਜ਼ਾਂ ਕਰਦੀ
ਮੱਤ ਮੂਰਤ ਤੱਕ ਸ਼ਾਹ-ਪਰੀ ਨੂੰ ਜਾਗੇ ਹਿਰਸ ਅੰਦਰ ਦੀ

ਵਾਲ਼ ਉਹਦਾ ਕੋਈ ਡਿੰਗਾ ਚਾਹੇ ਤਾਂ ਮੈਂ ਕਰਸਾਂ ਦੰਗਾ
ਨਾਲ਼ ਅਦਬ ਦੇ ਮੂਰਤ ਤਾਈਂ ਤੁਧ ਥੀਂ ਰਖਸਾਂ ਚੰਗਾ ।(੪੮੯੦)

ਇਨਸ਼ਾ-ਅੱਲਾ ਮੂਰਤ ਤਾਈਂ ਕੁੱਝ ਅਰਗਾਹ ਨਾ ਲਗਸੀ
ਸ਼ਾਹ-ਮੁਹਰੇ ਦੀ ਜੋੜੀ ਤੱਕ ਕੇ ਕਰਦ ਪਰੀ ਦਿਲ ਵਗਸੀ

ਦੋਏੇ ਸ਼ਕਲਾਂ ਵੇਖ ਬਰਾਬਰ ਹੁੱਬ ਉਹਦੇ ਤਨ ਰਸਸੀ
ਮੈਂ ਭੀ ਕੌਲੋਂ ਸੱਚੀ ਹੋਸਾਂ ਮੱਤ ਤੈਨੂੰ ਮੂੰਹ ਦਸਸੀ

ਅਲਕਿੱਸਾ ਸ਼ਹਿਜ਼ਾਦੇ ਤਾਈਂ ਮਲਿਕਾ ਗੱਲ ਮਨਾਈ
ਹਿਰਸ ਉਮੀਦ ਮਿਲਣ ਦੀ ਉੱਤੇ ਮੂਰਤ ਹੱਥ ਫੜਾਈ

ਕਰ ਲਾਚਾਰੀ ਗਿਰੀਆਜ਼ਾਰੀ ਕਿਹਾ ਮਲਿਕਾ ਤਾਈਂ
ਕਿਵੇਂ ਜਲਦੀ ਇਸ ਜਾਨੀ ਨੂੰ ਮੇਰੇ ਕੋਲ ਪਚਾਈਂ

ਮਲਿਕਾ-ਖ਼ਾਤੂੰ ਨੇ ਲੈ ਮੂਰਤ ਜਾ ਪਰੀ ਨੂੰ ਦਸੀ
ਵੇਖ ਹੋਈ ਹੈਰਾਨ ਪਰੀ ਭੀ ਤਾਬ ਸ਼ਕਲ ਦੀ ਚਸੀ

ਕਰ ਕਰ ਨਜ਼ਰ ਪਛਾਤੀ ਮੂਰਤ ਹਰ ਹਰ ਜਾ ਸੰਭਾਲੀ
ਆਪਣੀ ਸੂਰਤ ਨਜ਼ਰੀਂ ਆਈ ਹੋਰ ਸ਼ਹਿਜ਼ਾਦੇ ਵਾਲੀ

ਹੁਸਨ ਜਮਾਲ ਕਮਾਲ ਦੋਹਾਂ ਤੇ ਅੰਤ ਹਿਸਾਬ ਨਾ ਆਵੇ
ਉਵੇਂ ਅੱਖੀਂ ਟੱਡੀਆਂ ਰਹੀਆਂ ਨਾ ਕੁੱਝ ਆਵੇ ਜਾਵੇ

ਕੰਬ ਗਿਆ ਜੀਅ ਜੁੱਸਾ ਜਾਮਾ ਮਗ਼ਜ਼ ਸਿਰੇ ਦਾ ਫਿਰਿਆ
ਹੋਸ਼ ਤਬੀਅਤ ਥਾਂ ਨਾ ਰਹਿਓਸੁ ਆਣ ਕਲੇਜਾ ਘਿਰਿਆ

ਇਤਰ ਗੁਲਾਬ ਲੱਗੇ ਛਿਣਕਾਵਣ ਤਾਂ ਫਿਰ ਹੋਸ਼ ਸੰਭਾਲੀ
ਮਲਿਕਾ ਨੂੰ ਫ਼ੁਰਮਾਂਦੀ ਭੈਣੇ ਦੇਇ ਗਲ ਮੂਰਤ ਵਾਲੀ

ਕਿਸ ਇਹ ਨਕਸ਼ ਨਿਗਾਰ ਸੁਹਾਏ ਸੂਰਤ ਰੰਗ ਸਫ਼ਾਈ
ਕਿਉਂ ਕਰ ਲਾਲਾਂ ਦੀ ਇਹ ਜੋੜੀ ਸ਼ਹਿਜ਼ਾਦੇ ਹੱਥ ਆਈ ।(੪੯੦੦)

ਮਲਿਕਾ-ਖ਼ਾਤੂੰ ਕਹਿੰਦੀ ਭੈਣੇ ਮੂਰਤ ਦੀ ਗੱਲ ਸਾਰੀ
ਸੈਫ਼-ਮਲੂਕ ਸ਼ਹਿਜ਼ਾਦੇ ਮੈਨੂੰ ਦੱਸੀ ਸੀ ਇਕ ਵਾਰੀ

ਜਿਉਂ ਕਰ ਸੁਣੀ ਜ਼ਬਾਨੀ ਇਸ ਦੀ ਤਿਵੇਂ ਆਖ ਸੁਣਾਵਾਂ
ਇਕ ਦਿਨ ਨਬੀ ਸੁਲੇਮਾਂ ਹੋਰਾਂ ਪੁੱਛਿਆ ਸਭ ਉਮਰਾਵਾਂ

ਪਰੀਆਂ ਦੇਵਾਂ ਆਦਮੀਆਂ ਦੇ ਹਾਜ਼ਿਰ ਸਨ ਸਿਰਕਰਦੇ
ਜੋ ਕੁੱਝ ਹੁਕਮ ਪੈਗ਼ੰਬਰ ਕਰਦਾ ਸਿਰ ਅੱਖੀਂ ਪਰ ਧਰਦੇ

ਕਹਿਓਸ ਯਾਰੋ ਦੱਸੋ ਮੈਨੂੰ ਸੱਚੋ ਸੱਚ ਜ਼ੁਬਾਂਨੋਂ
ਮਿਹਤਰ ਯੂਸੁਫ਼ ਭਾਈ ਮੇਰਾ ਜੋ ਹੈ ਸੀ ਕਿਨਆਨੋਂ

ਉਸ ਜੇਹਾ ਕੋਈ ਸੂਰਤ ਵਾਲਾ ਦੁਨੀਆਂ ਉੱਤੇ ਹੋਸੀ
ਅੱਖੀਂ ਡਿੱਠੀਆਂ ਕੰਨੀਂ ਸੁਣੀਆਂ ਦੱਸੋ ਪੰਡਤ ਜੋਸੀ

ਸਭਨਾਂ ਅਰਜ਼ ਗੁਜ਼ਾਰੀ ਹਜ਼ਰਤ ਕੋਈ ਨਾ ਡਿੱਠਾ ਅੱਗੇ
ਪਰ ਜੇ ਹੁਣ ਕੋਈ ਮੁਹਲਤ ਬਖ਼ਸ਼ੋ ਹਰ ਕੋਈ ਲੋੜਨ ਲੱਗੇ

ਕੀ ਜਾਪੇ ਮੱਤ ਹੋਵੇ ਕੋਈ ਇਸ ਸੂਰਤ ਦਾ ਸਾਨੀ
ਭਲੀ ਭਲੇਰੀ ਹੈ ਖ਼ਲਕ ਅੱਲ੍ਹਾ ਕਹਿੰਦੇ ਲੋਕ ਜ਼ਬਾਨੀ

ਚਾਲੀ ਰੋਜ਼ ਹੋਈ ਤਦ ਮੁਹਲਤ ਢੂੰਡੋ ਜ਼ਿਮੀਂ ਜ਼ਮਨ ਨੂੰ
ਪਰੀਆਂ ਦਿਓ ਤਕੇਂਦੇ ਫਿਰਦੇ ਹਰ ਜਣੇ ਹਰ ਜ਼ਨ ਨੂੰ

ਮਹਿਬੂਬਾਂ ਮਕਬੂਲਾਂ ਵਾਲੇ ਡਿੱਠੇ ਹੁਸਨ ਬਤੇਰੇ
ਗੁਜ਼ਰ ਗਿਆਂ ਦੇ ਰੂਪ ਜਮਾਲੋਂ ਕਿੱਸੇ ਸੁਣੇ ਘਣੇਰੇ

ਸਾਰੀ ਧਰਤੀ ਫਿਰਕੇ ਥੱਕੇ ਆਬਾਦੀ ਵੀਰਾਨੀ
ਮਿਹਤਰ ਯੂਸੁਫ਼ ਜੇਹਾ ਨਾ ਲੱਧਾ ਸੋਹਣਾ ਮਰਦ ਜ਼ਨਾਨੀ ।(੪੯੧੦)

ਜਾ ਸੁਲੇਮਾਂ ਅੱਗੇ ਸਭਨਾਂ ਚੁੰਮੀ ਜ਼ਿਮੀਂ ਅਦਬ ਦੀ
ਦੇਣ ਦੁਆਈਂ ਸ਼ਾਹ ਪਰ ਹੋਵੇ ਦਾਇਮ ਰਹਿਮਤ ਰੱਬ ਦੀ

ਅਸੀਂ ਤੁਸਾਡੇ ਹੁਕਮੇ ਉੱਤੇ ਫਿਰ ਆਏ ਸਭ ਆਲਮ
ਇਸ ਸੂਰਤ ਦਾ ਸਾਨੀ ਕਿਧਰੇ ਨਾ ਕੋਈ ਜਿੰਨ ਨਾ ਆਦਮ

ਹੋਰ ਅਜਾਇਬ ਸੁੰਦਰ ਸੋਹਣੇ ਡਿਠੇ ਸੁਣੇ ਘਣੇਰੇ
ਯੂਸੁਫ਼ ਸਾਨੀ ਮਰਦ ਜ਼ਨਾਨੀ ਨਾ ਕੋਈ ਜੱਗ ਚੌਫੇਰੇ

ਪਰ ਕੋਈ ਲਿਖੀ ਡਿੱਠੀ ਆਇਤ ਵਿਚ ਕਲਾਮ ਇਲਾਹੀ
'ਵਅਲਮੱਨਾਹੁ ਮਿਨ ਉਲ ਦੁਮਾ ਇਲਮਨ' ਇਹ ਸੁਣੇਂਦੀ ਆਹੀ

ਵਿਚ ਜ਼ਬੂਰ ਦਾਊਦ ਨਬੀ ਦੀ ਜੋ ਹੈ ਨੂਰ ਲਪੇਟੀ
ਲਿਖਿਆ ਡਿੱਠਾ ਨਸਲ ਤੇਰੀ ਥੀਂ ਪੈਦਾ ਹੋਸੀ ਬੇਟੀ

ਜੋਬਨ ਹੁਸਨ ਅਦਾ ਸਫ਼ਾਈ ਨਕਸ਼ ਨਿਗਾਰ ਸ਼ਕਲ ਦੇ
ਸ਼ੋਖ਼ੀ ਤੇ ਮਰਗ਼ੂਬੀ ਖ਼ੂਬੀ ਬਿਸੀਅਰ ਜ਼ੁਲਫ਼ ਕੁੰਡਲ ਦੇ

ਮਿਹਤਰ ਯੂਸੁਫ਼ ਨਾਲ਼ ਬਰਾਬਰ ਯਾ ਉਸ ਥੀਂ ਕੁਝ ਕਸੇ
ਵਿਚ ਕਲਾਮ ਇਲਾਹੀ ਇਹੋ ਪਤੇ ਅਸਾਨੂੰ ਦਸੇ

ਨਬੀ ਸੁਲੇਮਾਂ ਪੁੱਛਿਆ ਅੱਗੋਂ ਦੱਸੋ ਖਾਂ ਗੱਲ ਸਾਰੀ
ਬੇਟੀ ਕਿਸ ਦੀ ਕਿਸ ਨਗਰ ਵਿਚ ਕੀ ਨਾਵਾਂ ਉਸ ਨਾਰੀ

ਦਾਨਿਸ਼ਮੰਦ ਪਰੀ ਫਿਰ ਬੋਲੀ ਪੱਕਾ ਪਤਾ ਦਸਾਲੇ
ਨਾਮ ਬਦੀਅ-ਜਮਾਲ ਕੁੜੀ ਦਾ ਬੇਟੀ ਸ਼ਾਹ ਸ਼ਾਹਪਾਲੇ

ਉਹ ਅੱਗੋਂ ਸ਼ਾਹਰੁਖ਼ ਦਾ ਜਾਇਆ ਉਹ ਔਲਾਦ ਤੁਸਾਡੀ
ਅੱਗੋਂ ਆਪ ਸਿਆਣੇ ਸਾਹਿਬ ਹਾਜਤ ਕੀ ਅਸਾਡੀ ।(੪੯੨੦)

ਦਿੱਤਾ ਹੁਕਮ ਨਬੀ ਨੇ ਅੱਗੋਂ ਸੂਰਤ ਨਕਸ਼ ਬਣਾਓ
ਤਾਂ ਮੇਰੇ ਦਿਲ ਹੋਵੇ ਤਸੱਲੀ ਕਰ ਤਸਵੀਰ ਦਿਖਾਓ

ਪੁਰੀ ਅਜਾਇਜ਼ ਮੂਰਤ ਕਾਰਨ ਕੀਤਾ ਫ਼ਿਕਰ ਅੰਦਰ ਦਾ
ਤਰੈ ਸੈ ਹੋਰ ਹਕੀਮ ਸਿਆਣਾ ਹਰ ਇਕ ਅਹਿਲ ਹੁਨਰ ਦਾ

ਹੋਰ ਕਈ ਤਾਰੀਖ਼ਾਂ ਵਾਲੇ ਦੇਣ ਜੋ ਗ਼ੈਬੋਂ ਖ਼ਬਰਾਂ
ਕਰਨ ਲੱਗੇ ਤਦਬੀਰ ਸ਼ਕਲ ਦੀ ਤੱਕ ਤੱਕ ਜ਼ੇਰਾਂ ਜ਼ਬਰਾਂ

ਕਰ ਤਦਬੀਰ ਅਜਾਇਜ਼ ਉਨ੍ਹਾਂ ਇਕ ਤਸਵੀਰ ਬਣਾਈ
ਅਤਲਸ ਲੈ ਬਹੱਤਰ ਰੰਗਾ ਉਸ ਪਰ ਖ਼ੂਬ ਸੁਹਾਈ

ਜ਼ੀਨਤ ਜ਼ੇਬ ਹਜ਼ਾਰਾਂ ਕੀਤੇ ਵਾਂਙੂ ਬਾਗ਼ ਬਹਾਰਾਂ
ਲੈ ਗਏ ਫਿਰ ਪਾਸ ਨਬੀ ਦੇ ਮੂਰਤ ਨਕਸ਼ ਨਿਗਾਰਾਂ
ਦੇਖ ਰਿਹਾ ਹੈਰਾਨ ਪੈਗ਼ੰਬਰ ਸੱਤ ਦਿਨ ਤੇ ਸੱਤ ਰਾਤਾਂ
ਵਾਹ ਖ਼ਾਲਿਕ ਜਿਸ ਬੰਦੇ ਕੀਤੇ ਸਾਹਿਬ ਐਡ ਸਫ਼ਾਤਾਂ

ਅਠਵੇਂ ਰੋਜ਼ ਮੁਸੱਵਰ ਤਾਈਂ ਨਾਲ਼ੇ ਹੋਰ ਹਕੀਮਾਂ
ਖ਼ਿਲਅਤ ਤੇ ਜ਼ਰ ਦੌਲਤ ਬਖ਼ਸ਼ੀ ਵਾਫ਼ਰ ਮਾਲ ਨਈਮਾਂ

ਸਰਫ਼ਰਾਜ਼ੀ ਬਹੁਤੀ ਦਿੱਤ ਿਰੁਤਬੇ ਸ਼ਾਨ ਵਧਾਏ
ਘੋੜੇ ਜੋੜੇ ਮਨਸਬ ਦੇਇ ਕੋਈ ਖ਼ਾਸ ਉਮਰਾ ਬਣਾਏ

ਹੁਕਮ ਕੀਤਾ ਜੋ ਆਸ਼ਿਕ ਇਸਦਾ ਹੋਸੀ ਮਰਦ ਜ਼ੋਰਾਵਰ
ਨਾਵਾਂ ਸ਼ਕਲ ਉਹਦੀ ਬੀ ਲਿਖੋ ਇਸ ਦੇ ਕੋਲ ਬਰਾਬਰ

ਉਹ ਮੂਰਤ ਭੀ ਲਿਖੀ ਮੁਸੱਵਰ ਕਰ ਕੇ ਬਹੁਤ ਤਮੀਜ਼ਾਂ
ਦਸਿਆ ਮਿਸਰ ਸ਼ਹਿਰ ਵਿੱਚ ਹੋਸੀ ਉਹ ਸਰਦਾਰ ਅਜ਼ੀਜ਼ਾਂ ।(੪੯੩੦)

ਸੈਫ਼-ਮਲੂਕ ਹੋਸੀ ਉਸ ਨਾਵਾਂ ਆਸਿਮ ਸ਼ਾਹ ਦਾ ਜਾਇਆ
ਪਿਉ ਆਸਿਫ਼ ਦਾ ਸ਼ਾਹ ਸਫ਼ਵਾਨ ਹੈ ਜਿਸ ਹੁਣ ਤਖ਼ਤ ਸੁਹਾਇਆ

ਇਸ ਸੂਰਤ ਤੇ ਆਸ਼ਿਕ ਹੋ ਕੇ ਸਰਗਰਦਾਨੀ ਜਾਸੀ
ਓੜਕ ਨਾਲ ਬਦੀਅ-ਜਮਾਲੇ ਉਹ ਨਿਕਾਹ ਪੜ੍ਹਾਸੀ

ਨਬੀ ਸੁਲੇਮਾਂ ਲੈ ਕੇ ਰੱਖੇ ਇਹ ਸ਼ਾਹ ਮੁਹਰੇ ਦੋਏ
ਨਾਲੇ ਅਤਲਸ ਥਾਨ ਹਰੀਰੋਂ ਰੰਗ ਰੰਗ ਰੰਗ ਹੋਏ

ਤੋਸ਼ੇਖ਼ਾਨੇ ਪੈਗ਼ੰਬਰ ਦੇ ਵਿੱਚ ਮੁਦਤ ਰਹੇ ਬਤੇਰੀ
ਨਿਕਲਣ ਦਾ ਢੋ ਹੋਇਆ ਉਥੋਂ ਮੌਲਾ ਸਾਇਤ ਫੇਰੀ

ਇਕ ਦਿਨ ਸ਼ਾਹ ਸਫ਼ਵਾਨ ਬਹਾਦਰ ਨਬੀ ਸੁਲੇਮਾਂ ਜੀ ਨੂੰ
ਤੁਹਫ਼ੇ ਹਦੀਏ ਬਹੁਤੇ ਦਿੱਤੇ ਹੋਈ ਖ਼ੁਸ਼ੀ ਨਬੀ ਨੂੰ

ਖ਼ੁਸ਼ ਹੋਇਆ ਸਫ਼ਵਾਨੇ ਉਤੇ ਕਹਿੰਦਾ ਉਹ ਕੁਝ ਦੇਵਾਂ
ਘਰ ਇਸ ਦੇ ਜੋ ਹੋਵੇ ਨਾ ਅੱਗੇ ਮੈਂ ਸ਼ਾਹਿ-ਆਦਮ-ਦੇਵਾਂ

ਉਸ ਵੇਲੇ ਫਿਰ ਇਹ ਸ਼ਾਹ-ਮੁਹਰੇ ਸੂਰਤ ਸੁੰਦਰ ਵਾਲੇ
ਨਾਲੇ ਅਤਲਸ ਅਤੇ ਹਰੀਰੋਂ ਉਹ ਸੁੱਚੇ ਪਰ ਕਾਲੇ

ਇਕ ਅੰਗੂਠੀ ਹੱਥ ਆਪਣੇ ਦੀ ਨਾਲ਼ੇ ਇਹ ਦੋ ਨਕਸ਼ੇ
ਸ਼ਹਿਜ਼ਾਦੇ ਦੇ ਦਾਦੇ ਤਾਈਂ ਨਬੀ ਸੁਲੇਮਾਂ ਬਖ਼ਸ਼ੇ

ਉਸ ਥੀਂ ਬਾਦ ਲਏ ਸ਼ਾਹ ਆਸਿਮ ਫੇਰ ਇੁਸ ਨੂੰ ਹੱਥ ਲੱਗੇ
ਵੇਖਣ ਸਾਇਤ ਹੋਇਆ ਇਹ ਆਸ਼ਿਕ ਆ ਪਹੁਤਾ ਤੁਧ ਅੱਗੇ

ਜਦੋਂ ਬਦੀਅ-ਜਮਾਲ ਪਰੀ ਨੇ ਸੁਣੀ ਹਕੀਕਤ ਸਾਰੀ
ਸ਼ੀਸ਼ਾ ਲੈ ਲੱਗੀ ਮੂੰਹ ਵੇਖਣ ਸੰਗ-ਮੂਰਤ ਕਿਰਦਾਰੀ ।(੪੯੪੦)

ਅਪਣਾ ਆਪ ਤੱਕੇ ਵਿਚ ਸ਼ੀਸ਼ੇ ਨਾਲ਼ੇ ਮੂਰਤ ਵੇਖੇ
ਤਿਲ ਭਰ ਫ਼ਰਕ ਨਾ ਕਿਧਰੇ ਆਵੇ ਹਰ ਜਾਈ ਹਰ ਲੇਖੇ

ਸ਼ਾਹ-ਪਰੀ ਨੇ ਮਾਲਮ ਕੀਤਾ ਹੈ ਇਹ ਮੂਰਤ ਮੇਰੀ
ਪਰ ਸ਼ਹਿਜ਼ਾਦੇ ਦੀ ਤਕ ਮੂਰਤ ਲੱਗੀ ਛਿਕ ਘਣੇਰੀ

ਨਾਲ਼ ਮੁਹੱਬਤ ਮੁੜ ਮੁੜ ਵੇਖੇ ਤੱਕਦੀ ਮੂਲ ਨਾ ਰੱਜੇ
ਚੜ੍ਹਿਆ ਲਸ਼ਕਰ ਇਸ਼ਕ ਨਿਕਾਰੇ ਆਣ ਅੰਦਰ ਵਿਚ ਵੱਜੇ

ਗੁਝੀਆਂ ਆਹੀਂ ਤੋਪਾਂ ਧਰੀਆਂ ਸਬਰੋਂ ਡਾਰ ਉਡਾਏ
ਮਾਰੇ ਕੋਟ ਤਹੱਮੁਲ ਵਾਲੇ ਫ਼ੌਜ ਪਰਹੇਜ਼ ਨਸਾਏ

ਸੁਖਾਂ ਦੇ ਲੁੱਟ ਲਏ ਜ਼ਖ਼ੀਰੇ ਦੁੱਖ ਦੀ ਕੋਠੀ ਪਾਈ
ਇਸ਼ਕੇ ਦੇ ਸੁਲਤਾਨ ਮੁਹੰਮਦ ਫੇਰੀ ਸ਼ਹਿਰ ਦੁਹਾਈ

ਦਰਦਾਂ ਜ਼ਰਦ ਕੀਤੇ ਰੁਖ਼ਸਾਰੇ ਦੇਹੀ ਹੋਇਆ ਰੰਗ ਪੀਲ਼ਾ
ਬਾਹਰੋਂ ਚਿੱਤ ਮਰਤਾ ਕੂੜਾ ਬੁਰਾ ਅੰਦਰ ਦਾ ਹੀਲਾ

ਵਿਚੋ ਵਿਚ ਕਲੇਜਾ ਕੱਟੇ ਡਾਇਣ ਦਰਦ ਪਿਰਮ ਦੀ
ਲਾਵੇ ਸੀਖ਼ ਪਕਾਵੇ ਬੇਰੇ ਬਾਲ ਅੰਗੀਠੀ ਗ਼ਮ ਦੀ

ਤਰੋੜੇ ਤਾਕਤ ਤਰਾਣ ਵਜੂਦੋਂ ਦਹਿਸ਼ਤ ਤੇਗ਼ ਅਲਮ ਦੀ
'ਸੁਮੁਨ ਬਿਕੁਮਨ' ਹੋਈ ਮੁਹੰਮਦ ਸੂਰਤ ਵੇਖ ਸਨਮ ਦੀ

ਗੁੱਝੀ ਸਾਂਗ ਅੰਦਰ ਵਿਚ ਰੜਕੇ ਤਾਂਘ ਸੱਚੇ ਦਿਲਬਰ ਦੀ
ਭੁੱਲ ਗਏ ਸਭ ਬਾਗ਼-ਇਰਮ ਦੇ ਲੱਗੀ ਛਿਕ ਮਿਸਰ ਦੀ

ਮਾਂ ਪਿਓ ਭੈਣਾਂ ਭਾਈਆਂ ਨਾਲ਼ੋਂ ਹਿਰਸ ਚੜ੍ਹੀ ਆ ਦਰਦੀ
ਤਰੁੱਟੇ ਜ਼ੋਰ ਮੁਹੰਮਦ ਬਖ਼ਸ਼ਾ ਨਾ ਜੀਵੇ ਨਾ ਮਰਦੀ ।(੪੯੫੦)

ਮੂੰਹ ਬੋਲੇ ਤਾਂ ਟੁਰਨ ਵਿਚਾਰਾਂ ਸ਼ਰਮ ਨਾ ਰਹਿੰਦਾ ਰੱਤੀ
ਆਲਮ ਸਾਰਾ ਖਾਵਣ ਭਾਵੇ ਕਿਤ ਵੱਲ ਜਾਵੇ ਤੱਤੀ

ਸੜਦੀ ਰਹਿੰਦੀ ਗੱਲ ਨਾ ਕਹਿੰਦੀ ਵਾਂਗ ਦੀਵੇ ਦੀ ਬੱਤੀ
ਦਰਦਾਂ ਮਾਰੀ ਚੰਡ ਮੁਹੰਮਦ ਉਘੜੀ ਨੀਂਦਰ ਮੱਤੀ

ਬਾਲ ਅੰਞਾਨੀ ਦਰਦ ਰੰਞਾਣੀ ਪਕੜੀ ਕਹਿਰ ਨਜ਼ੂਲਾਂ
ਦਿਲ ਨੂੰ ਤਲਬ ਸੱਜਣ ਦੀ ਸਾੜੇ ਜਿਉਂ ਕਰ ਅੱਗ ਬਬੂਲਾਂ

ਚਿਹਰੇ ਘਟ ਤੇ ਹੌਲ ਦਿਲੇ ਸੀ ਪਾਏ ਸੂਲ ਡੰਡੂਲਾਂ
ਖੁੱਲੇ ਵਾਲ਼ ਬੇਹਾਲ ਮੁਹੰਮਦ ਦਿਸੇ ਵਾਗ ਰੰਜੂਲਾਂ

ਮੂੰਹੋਂ ਹੱਸ ਹੱਸ ਗੱਲਾਂ ਕਰਦੀ ਅੰਦਰ ਗਿਰੀਆਜ਼ਾਰੀ
ਬਾਹਰੋਂ ਨਾਬਰ ਨਾਲ਼ ਸੱਈਆਂ ਦੇ ਦਿਲੋਂ ਲਗਾਏ ਯਾਰੀ

ਅੱਖ ਸੱਜਣ ਦੀ ਰੱਖ ਕਲੇਜੇ ਮਾਰੀ ਛੁਰੀ ਕਟਾਰੀ
ਕੁੱਠੀ ਮੁੱਠੀ ਫ਼ੌਜ ਅਪੁਠੀ ਜਿਉਂ ਕਰ ਮਿਰਗ ਸ਼ਿਕਾਰੀ

ਮਿੱਠੀ ਕੱਸ ਅੰਦਰ ਹੱਡ ਭੰਨੇ ਤਨ ਮਨ ਅੱਚਵੀਂ ਪਾਲ਼ਾ
ਖਾਵਣ ਪੀਵਣ ਨੀਂਦਰ ਤਾਈਂ ਮਿਲਿਆ ਦੇਸ ਨਿਕਾਲਾ

ਭੇਤ ਨਾ ਦਸਦੀ ਤੇ ਜਿੰਦ ਝਸਦੀ ਕਰਦੀ ਅਜੇ ਸੰਭਾਲਾ
ਜ਼ਾਲਿਮ ਇਸ਼ਕ ਮੁਹੰਮਦ ਬਖਸ਼ਾ ਪੜਦੇ ਪਾੜਣ ਵਾਲਾ

ਆਲੀ ਭੋਲੀ ਨੂੰ ਅਜ਼ਗ਼ੈਬੋਂ ਚਿਣਗ ਪਈ ਵਿਚ ਝੋਲ਼ੀ
ਗੁੱਡੀਏਂ ਖੇਡ ਬੜੇ ਸੁਖ ਸੌਂਦੀ ਆ ਦੁੱਖਾਂ ਹੁਣ ਰੋਲ਼ੀ

ਕੀਕਰ ਨਾਲ਼ ਸੱਜਣ ਦੇ ਮਿਲਸਾਂ ਕਰ ਕਰ ਚਿੰਤਾ ਡੋਲੇ
ਦਰਦ ਉਬਾਲ ਨਾ ਮਿਟੇ ਮੁਹੰਮਦ ਇਹ ਮਾਰੀ ਜੇ ਬੋਲੇ ।(੪੯੬੦)

ਆਪੇ ਫੇਰ ਤਹੱਮੁਲ ਕਰਦੀ ਦਿਲ ਨੂੰ ਦੇਇ ਦਲੇਰੀ
ਕਦੀ ਤੇ ਰੱਬ ਮਿਲਾਸੀ ਸਾਨੂੰ ਰੱਖ ਉਸੇ ਦੀ ਢੇਰੀ

ਸੂਰਤ ਵੇਖ ਸ਼ਹਿਜ਼ਾਦੇ ਵਾਲੀ ਕਰਦੀ ਸਿਫ਼ਤ ਵਧੇਰੇ
ਵੇਖੋ ਭੈਣਾਂ ਕੈਸੀ ਸੂਰਤ ਰੌਸ਼ਨ ਕਰੇ ਹਨੇਰੇ

ਅੱਵਲ ਜਿਸ ਦਮ ਬਾਗ਼ੇ ਅੰਦਰ ਸ਼ਹਿਜ਼ਾਦਾ ਸੀ ਡਿੱਠਾ
ਵਿਕਿਆ ਜੀਉ ਕੀਤਾ ਦਿਲ ਸੌਦਾ ਖੋਲ ਦਿੱਤਾ ਗ਼ਮ ਚਿੱਠਾ

ਮਗ਼ਜ਼ ਅੰਦਰ ਸੌਦਾ ਇਸ਼ਕ ਦਾ ਵੜਿਆ ਸੀ ਉਸ ਵੇਲੇ
ਮੂਰਤ ਵੇਖ ਦੁਬਾਰਾ ਪਾਈਓਸੁ ਬਲਦੀ ਉਪਰ ਤੇਲੇ

ਬਾਜ਼ ਇਸ਼ਕ ਦੇ ਪੰਜੇ ਮਾਰੇ ਆਜ਼ਿਜ਼ ਕੀਤੀ ਫੜ ਕੇ
ਪਕੜਨ ਸਾਇਤ ਨਾ ਤਾਕਤ ਛੱਡੀ ਬੋਲੇ ਯਾ ਮੁੜ ਫੜ ਕੇ

ਸ਼ਹਿਜ਼ਾਦੇ ਦੇ ਤਿਲ਼ ਦਾਣੇ ਤੇ ਮੁਰਗ਼ ਦਿਲੇ ਦਾ ਆਇਆ
ਕੁੰਡਲਾਂ ਵਾਲੀ ਝੰਡ ਸ਼ਿਤਾਬੀ ਫਾਹੀਆਂ ਲਾਇ ਫਹਾਇਆ

ਸੁੰਬਲ ਵਾਲ਼ ਪਰੇਸ਼ਾਂ ਆਹੇ ਸੈਫ਼-ਮਲੂਕ ਜਵਾਨੇ
ਵੇਖ ਪਰੀ ਚਿੱਤ ਹੋਇਆ ਪਰੇਸ਼ਾਂ ਜਿਉਂ ਕੈਦੀ ਬੰਦ ਖ਼ਾਨੇ

ਦਰਦਾਂ ਮਾਰ ਨਿਮਾਣੀ ਕੀਤੀ ਭੱਜ ਗਏ ਸਭ ਚਾਰੇ
ਚਾਰੇ ਤਰਫ਼ਾਂ ਖਾਵਣ ਢੁੱਕੀਆਂ ਅੱਗ ਲੱਗੀ ਜੱਗ ਸਾਰੇ

ਅੰਦਰੋ ਅੰਦਰ ਜਰਦੀ ਆਹੀ ਘੁੱਟ ਲਹੂ ਦੇ ਭਰਦੀ
ਦਰਦੀ ਸੱਈਆਂ ਵੇਦਨ ਪੁੱਛਣ ਭੇਤ ਨਾ ਦੱਸੇ ਡਰਦੀ

ਵਿਚੋ ਵਿਚ ਅਫ਼ਸੋਸ ਕਰੇਂਦੀ ਹਾਇ ਹਾਇ ਮੈਂ ਕੀ ਕੀਤਾ
ਮਹਿਬੂਬੇ ਦਾ ਹੁਸਨ ਡਿੱਠਾ ਸੀ ਜੀਉ ਇਸ਼ਕੇ ਖਸ ਲੀਤਾ ।(੪੯੭੦)

ਉਹੋ ਉਸ ਦਾ ਰਾਮ ਪਿਆਰਾ ਲਗਨ ਜਿਸਦੀ ਆਹੀ
ਰਾਮ ਡਿੱਠਾ ਆਰਾਮ ਗਵਾਇਆ ਵੁੜ੍ਹੀ ਕਲਾਮ ਇਲਾਹੀ

ਆਖ਼ਿਰ ਤੀਕ ਨਾ ਛੁੱਟਣ ਜੋਗਾ ਜੋ ਫਾਥਾ ਇਸ ਫਾਹੀ
ਧਾੜੂ ਇਸ਼ਕ ਮੁਹੰਮਦ ਬਖ਼ਸ਼ਾ ਲੁੱਟੇ ਪਾਂਧੀ ਰਾਹੀ

ਵਾਹ ਵਾਹ ਭਾਗ ਨਸੀਬ ਤਿਨ੍ਹਾਂ ਦੇ ਯਾਰ ਜਿਹਨਾਂ ਤੇ ਵਿਕਿਆ
ਸੱਚੇ ਇਸ਼ਕ ਆਸ਼ਿਕ ਦੇ ਦਿਲ ਨੂੰ ਪਾ ਮੁਹਾਰਾਂ ਛਿਕਿਆ

ਆਸ਼ਿਕ ਉੱਤੇ ਆਸ਼ਿਕ ਹੋਵੇ ਜੋ ਮਹਿਬੂਬ ਹਤਿਆਰਾ
ਓੜਕ ਬਦਲਾ ਲਏ ਮੁਹੰਮਦ ਪਰ ਜੇ ਕਰੇ ਸਹਾਰਾ

ਆਸ਼ਿਕ ਕਹਿੰਦੇ ਇਸ਼ਕ ਮੁਹੱਬਤ ਸ਼ੀਸ਼ਾ ਹੈ ਰੂਹਾਨੀ
ਹਾਲ ਆਸ਼ਿਕ ਦਿਉਂ ਦਿਲਬਰ ਤਾਈਂ ਦਸਦਾ ਖੋਲ ਨਿਸ਼ਾਨੀ

ਆਸ਼ਿਕ ਨੂੰ ਅਜ਼ਗ਼ੈਬੋਂ ਦਿਸਦਾ ਸੁੰਦਰ ਰੂਪ ਗੁਮਾਨੀ
ਕੌਣ ਮਿਜ਼ਾਜ਼ ਮੁਹੰਮਦ ਬਖ਼ਸ਼ਾ ਹਰ ਇਕ ਸਿੱਰ-ਹੱਕਾਨੀ

ਜਾਂ ਜਾਂ ਤੋੜੀ ਧਰਤੀ ਅੰਬਰ ਕੁਰਸੀ ਅਰਸ਼ ਮੁਨਾਰੇ
ਲੋਹ-ਕਲਮ ਤੇ ਜੰਨਤ ਦੋਜ਼ਖ਼ ਹੂਰ ਫ਼ਰਿਸ਼ਤੇ ਸਾਰੇ

ਤਾਂ ਤਾਂ ਤੀਕ ਨਿਕਾਹ ਇਸ਼ਕ ਦੇ ਨਹੀਂ ਤਰੁਟਨ ਹਾਰੇ
ਆਸ਼ਿਕ ਤੇ ਮਾਸ਼ੂਕ ਮੁਹੰਮਦ ਦਾਇਮ ਨਵੇਂ ਪਿਆਰੇ

ਬਦਰਾ-ਖ਼ਾਤੂੰ ਮਲਿਕਾ-ਖ਼ਾਤੂੰ ਕੀ ਵੇਖਣ ਮੁੜ ਸੱਈਆਂ
ਕੇਸਰ ਵਰਗਾ ਰੰਗ ਪਰੀ ਦਾ ਜ਼ੁਲਫ਼ਾਂ ਗਲ ਵਿਚ ਪਈਆਂ

ਮੂੰਹ ਕੁਮਲਾਣਾ ਹਾਲ ਪਰੇਸ਼ਾਂ ਸ਼ੋਖ਼ੀਆਂ ਸਭ ਭੱਜ ਗਈਆਂ
ਮਹਿਰਮ ਬੈਦ ਮੁਹੰਮਦ ਮਰਜ਼ਾਂ ਵੇਖਦਿਆਂ ਲੱਭ ਲਈਆਂ ।(੪੯੮੦)

ਸ਼ਾਹਿਦ ਇਸ਼ਕ ਸ਼ਹਿਜ਼ਾਦੇ ਵਾਲਾ ਚੜ੍ਹਿਆ ਘਟਾਂ ਬਣਾ ਕੇ
ਲੁੱਟ ਲਿਓਸੁ ਦਿਲ ਸ਼ਾਹ-ਪਰੀ ਦਾ ਬੱਧੋਸੁ ਸੰਗਲ ਪਾ ਕੇ

ਹੌਲੀ ਹੌਲੀ ਮਲਿਕਾ-ਖ਼ਾਤੂੰ ਪੁੱਛਣ ਲੱਗੀ ਜਾ ਕੇ
ਭੈਣੇ ਰੋਗ ਤਬੀਬਾਂ ਕੋਲੋਂ ਰੱਖੀਏ ਨਹੀਂ ਛੁਪਾਕੇ

ਜੇ ਮਰਜ਼ੋਂ ਛੁਟਕਾਰਾ ਚਾਹੇਂ ਦੇ ਬੈਦਾਂ ਹੱਥ ਬਾਹਾਂ
ਵੇਦਨ ਦੱਸ ਅੰਦਰ ਦੀ ਸਾਰੀ ਦਰਦੋਂ ਮੰਗ ਪਨਾਹਾਂ

ਦਾਰੂ ਤਲਖ਼ ਸਿਆਣਾ ਦੇਵੇ ਨਾ ਕਰ ਵਾਤ ਪਿਛਾਹਾਂ
ਸ਼ਾਲਾ ਫੁਰੇ ਇਲਾਜ ਮੁਹੰਮਦ ਖ਼ੈਰ ਤੇਰੀ ਮੈਂ ਚਾਹਾਂ

ਪੀਰ ਤਬੀਬ ਅਸੀਂ ਸਭ ਰੋਗੀ ਗ਼ਫ਼ਲਤ ਮਰਜ਼ ਲੁਟਾਏ
ਉਸੇ ਦੇ ਹੱਥ ਦੇਈਏ ਬਾਹਾਂ ਵੇਖ ਨਬਜ਼ ਦੁੱਖ ਚਾਏ

ਨਸ਼ਤਰ ਮਾਰ ਮੁਹੱਬਤ ਵਾਲੀ ਹਫ਼ਤ ਅੰਦਾਮ ਛੁਡਾਏ
ਕੱਢੇ ਲਹੂ ਗ਼ਲੀਜ਼ ਬਦਨ ਥੀਂ ਸ਼ਰਬਤ ਸਾਫ਼ ਪਿਲਾਏ

ਕਾਮ ਕਰੋਧੋਂ ਲੋਭ ਹੰਕਾਰੋਂ ਮਨ੍ਹਿਓਂ ਰੱਖ ਕਰਾਏ
ਫੁਲਕਾ ਦਾਲ਼ ਗ਼ਿਜ਼ਾ ਅਲੂਣੀ ਉਹ ਭੀ ਘੱਟ ਖਿਲਾਏ

ਨਾ ਮੁਰਾਦੇ ਦੀ ਫੱਕੀ ਫੱਕੀ ਕਰਨਾ ਜੋ ਫ਼ੁਰਮਾਏ
ਮਿਲਿਆਂ ਕਾਮਿਲ ਬੈਦ ਮੁਹੰਮਦ ਖ਼ੈਰ ਹੋਏ ਦੁੱਖ ਜਾਏ

ਮਲਿਕਾ-ਖ਼ਾਤੂੰ ਏਸ ਤਰ੍ਹਾਂ ਦੇ ਜਤਨ ਕਈ ਕਰ ਥੱਕੀ
ਸ਼ਾਹ-ਪਰੀ ਨੇ ਭੇਤ ਨਾ ਦੱਸਿਆ ਮਾਰ ਛੱਡੀ ਚੁੱਪ ਪੱਕੀ

ਉਜ਼ਰ ਬਹਾਨੇ ਭੇਖ ਜ਼ਨਾਨੇ ਕਰ ਕੇ ਗੱਲ ਭੁਲਾਈ
ਇਤਨੇ ਵਿਚ ਨਿਮਾਸ਼ਾਂ ਹੋਈਆਂ ਰਾਤ ਪੈਣ ਤੇ ਆਈ ।(੪੯੯੦)

ਹਰ ਕੋਈ ਆਪੋ ਆਪਣੀ ਜਾਈ ਜਾ ਆਰਾਮੀ ਹੋਇਆ
ਸਾਇਦ ਚੰਨ ਖਲੋਤਾ ਪਹਿਰੇ ਸ਼ਾਹ ਸੂਰਜ ਕਫ਼ਿ ਸੋਇਆ

ਕਰਕਟੀਆਂ ਦੇ ਤਰਿੰਞਣ ਨਿਕਲੇ ਜਿਉਂ ਰਲ਼ ਗਾਵਣ ਕੁੜੀਆਂ
ਖਿੜ ਖਿੜ ਹਸਣ ਤੇ ਦਿਲ ਖਸਣ ਚੱਲਣ ਜੁੜੀਆਂ ਜੁੜੀਆਂ

ਡੋਲੀ ਤੁਰੀ ਚੰਨੇ ਦੀ ਬਣ ਕੇ ਗਾਉਂਦੀਆਂ ਸੰਗ ਚੱਲੀਆਂ
ਤਰੰਗੜ ਬੰਨ੍ਹ ਕਤਾਰ ਖਲੋਤੇ ਦਫ਼ ਬਜਾਵਣ ਟੱਲੀਆਂ

ਕੁਤਬ ਮੱਅਰਾਜ ਖਲੋਤਾ ਕਾਇਮ ਦਾਮ ਦਿਰਮ ਵਰਤਾਵਣ
ਦੋ ਕੁਤਬੈਨ ਦੁਆਰੇ ਉੱਤੇ ਗਿਣ ਗਿਣ ਖ਼ੈਰ ਦਿਵਾਵਣ

ਤਰੁਟੇ ਤਾਰਾ ਦੇ ਚਮਕਾਰਾ ਖ਼ੂਬ ਕਰੇ ਲਿਸ਼ਕਾਰਾ
ਸ਼ਾਬਸ਼ ਦੇਵਣ ਹੋਰ ਮੁਹੰਮਦ ਵਾਹ ਵਾਹ ਚੁਸਤ ਸਵਾਰਾ

ਦਾਜ ਖਿਲਾਰ ਦਿੱਤਾ ਅਸਮਾਨੇ ਪੀੜ੍ਹਾ ਪਲੰਘ ਕੁਨਾਂ ਦਾ
ਇਹੋ ਜੇਹੇ ਦਾਨ ਇਨ੍ਹਾਂ ਦੇ ਕਰਦਾ ਘਾਟਾ ਵਾਧਾ

ਆਬ ਹਯਾਤ ਖ਼ਿਜ਼ਰ ਦਾ ਚਸ਼ਮਾ ਚੜ੍ਹਿਆ ਚੰਨ ਨੂਰਾਨੀ
ਗਿਰਦ-ਬ-ਗਿਰਦੀ ਸਬਜ਼ਾ ਸੋਹਣਾ ਨੀਲਾ ਰੰਗ ਅਸਮਾਨੀ

ਤਰ ਤਰ ਤੱਕਦੇ ਹੱਸਦੇ ਰੋਂਦੇ ਅਸਮਾਨਾਂ ਦੇ ਤਾਰੇ
ਸ਼ਬਨਮ ਦੇ ਲਾ ਮੋਤੀ ਜਿਉਂ ਕਰ ਸਾਵੇ ਖੇਤ ਸੰਵਾਰੇ

ਨਰਮ ਹਵਾ ਮੁਅੱਤਰ ਝੁਲਦੀ ਹਰ ਇਕ ਕਾਨ ਸੁਖਾਈ
ਚੌਕੀਦਾਰਾਂ ਸ਼ਬ ਬੇਦਾਰਾਂ ਨੀਂਦਰ ਮਿੱਠੀ ਆਈ

ਬਾ ਆਰਾਮ ਸੁੱਤਾ ਹਰ ਕੋਈ ਆਪੋ ਆਪਣੇ ਡੇਰੇ
ਮਸਤ ਪਿਆਲਾ ਲੈ ਹਰ ਮਜਲਿਸ ਨੀਂਦਰ ਫਿਰੀ ਚੌਫੇਰੇ ।(੫੦੦੦)

ਲਗਨ ਬਿਨਾਂ ਕਦ ਜਾਗੇ ਕੋਈ ਮਸਤੀ ਚੜ੍ਹੀ ਦਿਮਾਗ਼ਾਂ
ਆਈ ਮੌਤ ਪਤੰਗਾਂ ਵਾਲੀ ਕੱਢੀ ਲਾਟ ਚਿਰਾਗ਼ਾਂ

ਘੁੱਗੀਆਂ ਤੇ ਗੁਲਚਿਟੀਆਂ ਬੋਲਣ ਸਮਾਂ ਲੱਗਾ ਵਿਚ ਬਾਗ਼ਾਂ
ਰੁੱਖ ਦੀ ਛਾਵੇਂ ਸ਼ੀਸ਼ੇ ਲਾਏ ਚਾਨਣੀਆਂ ਦੇ ਦਾਗ਼ਾਂ

ਲਟ ਲਟ ਕਰਦੀ ਲਾਟ ਸ਼ਮ੍ਹਾ ਦੀ ਨੂਰ ਭਰੀ ਕਾਫ਼ੂਰੀ
ਡੁੱਲ੍ਹੇ ਇਤਰ ਗੁਲਾਬ ਖਿਲਾਰੇ ਖ਼ੁਸ਼ ਨਾਫ਼ੇ ਕਸਤੂਰੀ

ਸ਼ਾਹ-ਪਰੀ ਦੇ ਹੇਠ ਵਿਛਾਈ ਨਾਜ਼ੁਕ ਸੇਜ ਫੁੱਲਾਂ ਦੀ
ਸਈਆਂ ਦਾਈਆਂ ਬਿਸਤਰ ਲਾਏ ਮਲ ਪਵਾਂਦ ਸਿਰਾਂਦੀ

ਸਿਰ ਦਾਈ ਦੀ ਝੋਲ਼ੀ ਧਰਕੇ ਸ਼ਾਹਪੁਰੀ ਹੁੰਗਲਾਈ
ਸੁੱਤੀ ਵੇਖ ਤਮਾਮੀ ਸੁੱਤਿਆਂ ਨਾਲ਼ੇ ਸੁੱਤੀ ਦਾਈ

ਸਈਆਂ ਸੰਗ ਤਮਾਮੀ ਸੁੱਤਾ ਮੁਰਗ ਜੰਗਲ਼ ਦੇ ਸੁੱਤੇ
ਆਹਲਣਿਆਂ ਵਿਚ ਪੰਖੀ ਸੁੱਤੇ ਗਲੀਆਂ ਅੰਦਰ ਕੁੱਤੇ

ਜੋੜੇ ਨਾਲ਼ ਸੁੱਤਾ ਰਲ਼ ਜੋੜਾ ਇਨਸਾਨੀ ਹੈਵਾਨੀ
ਹਰ ਇਕ ਸੰਗ ਸੁਹਾਗ ਸੁਖਾਇਆ ਮਾਣੇ ਐਸ਼ ਜਵਾਨੀ

ਬੇ ਆਰਾਮੀ ਤੇ ਗ਼ਮਨਾਕੀ ਹੋਈ ਦੂਰ ਜਹਾਨੋਂ
ਜੁਮਲ ਜਹਾਨ ਹੋਇਆ ਖ਼ੁਸ਼ਵਕਤੀ ਬਿਨ ਆਸ਼ਿਕ ਦੀ ਜਾਨੋਂ

ਰਾਤ ਬਰਾਤ ਖ਼ੁਸ਼ੀ ਦੀ ਆਹੀ ਬਿਹਤਰ ਸੀ ਸ਼ਬਕਦਰੋਂ
ਰੌਣਕ ਤੇ ਰੁਸ਼ਨਾਈ ਵਾਫ਼ਰ ਚੌਧਵੀਂ ਦੇ ਚੰਨ ਬਦਰੋਂ

ਨਿੰਦਰ ਮਸਤ ਪਈ ਹਰ ਜ਼ਿੰਦੇ ਖ਼ੁਸ਼ਬੂਦਾਰ ਹਵਾਓਂ
ਜੀਵਨ ਛਜਲ-ਸੱਤ ਹੋਵੇ ਮਸਤਾਨਾ ਨਰਮ ਪੁਰੇ ਦੀ ਵਾਓਂ ।(੫੦੧੦)

ਸੰਗ ਸਹੇਲੀ ਕੋਈ ਨਾ ਜਾਗੀ ਬੇਸੁੱਧ ਹੋਈਆਂ ਖ਼ਵਾਬੋਂ
ਸ਼ਾਹ-ਪਰੀ ਦੀ ਅੱਖ ਨਾ ਲਗਦੀ ਬਿਰਹੋਂ ਬੁਰੇ ਅਜ਼ਾਬੋਂ

ਗੁਝਾ ਸੂਲ ਕਲੇਜੇ ਵੜਿਆ ਡੰਗੀ ਨਾਗ ਅੰਞਾਨੇ
ਲੂੰ ਲੂੰ ਬਿੱਸ ਪਿਰਮ ਦੀ ਰਚੀ ਕੌਣ ਅੰਦਰ ਦੀ ਜਾਣੇ

ਖ਼ਾਰੋ ਖ਼ਾਰ ਹੋਈਆਂ ਦੱਭ ਸੂਲਾਂ ਰੇਸ਼ਮ ਸੇਜ ਫੁੱਲਾਂ ਦੀ
ਕਦੇ ਸਿਰਾਂਦੀ ਕਦੇ ਪਵਾਂਦੀ ਬੇਸੁੱਧ ਹੋ ਝੁਟਲਾਂਦੀ

ਨੀਂਦ ਹਰਾਮ ਅਰਾਮ ਨਾ ਰੱਤੀ ਸ਼ਾਮ ਪਈ ਬਿਨ ਸ਼ਾਮੋਂ
ਮਨਕਾ ਮਨਕਾ ਹੋਇਆ ਸ਼ਿਕਸਤਾ ਕਦ ਜੁੜੇ ਬਿਨ ਸ਼ਾਮੋਂ

ਇਸ਼ਕ ਜ਼ੋਰਾਵਰ ਤੇ ਮੂੰਹ ਤਾਣਾ ਘੋੜਾ ਬਾਝ ਲਗਾਮੋਂ
ਰਾਹ ਕੁਰਾਹ ਨਾ ਵੇਖ ਮੁਹੰਮਦ ਭੱਜਦਾ ਜਾ ਮੁਕਾਮੋਂ

ਸ਼ਾਹ-ਪਰੀ ਦਿਲ ਚਾਹ ਸੱਜਣ ਦੀ ਕੀਤਾ ਘਾਵ ਭਲੇਰਾ
ਪਰਤੇ ਪਾਸ ਉਸਾਸ ਮਰੇਂਦੀ ਚਿੱਤ ਉਦਾਸ ਵਧੇਰਾ

ਛਿਕ ਪੀਆ ਦੀ ਸੌਣ ਨਾ ਦਿੰਦੀ ਪਈ ਕਲੇਜੇ ਕੁੰਡੀ
ਸ਼ਹਿਜ਼ਾਦੇ ਵੱਲ ਜਾਇਆ ਲੋੜੇ ਲਾਹ ਦਿਲੇ ਦੀ ਘੁੰਡੀ

ਜਿਉਂ ਕਰ ਸੱਸੀ ਕੇਚ ਨਗਰ ਵੱਲ ਸਿਕਦੀ ਥਲ ਵਿਚ ਧਾਈ
ਯਾਰ ਮਿਲੇ ਬਿਨ ਸਬਰ ਨਾ ਆਵੇ ਮੁਸ਼ਕਿਲ ਸਹਿਣ ਜੁਦਾਈ

ਨਰਮ ਸਿਰਾਂਦੀ ਸੇਜ ਫੁੱਲਾਂ ਦੀ ਰੋੜਾਂ ਵਾਂਗਰ ਪੁੜਦੀ
ਸੂਲ ਨਜ਼ੂਲ ਅੰਦਰ ਵਿਚ ਛਿੱਕਾਂ ਹਰਗਿਜ਼ ਅੱਖ ਨਾ ਜੁੜਦੀ

ਪਲੰਘ ਪਲੰਗ ਤੇ ਸੇਰੂ ਸ਼ੇਰ ਦਿੱਸਣ ਖਾਵਣ ਵਾਲੇ
ਪਾਵੇ ਰਾਕਸ਼ ਖਲੇ ਚੌ ਗੁਠੇ ਬਾਹੀਆਂ ਨਾਗ ਡੰਗਾਲੇ ।(੫੦੨੦)

ਦਾਨੋਂ ਥੀ ਗ਼ਮ ਧਾਵਣ ਬਹੁਤੇ ਉਠੇ ਹੋ ਇਕੱਠੇ
ਕਰਦੇ ਕੰਮ ਉਠੋਹੀਆਂ ਵਾਲਾ ਦੁੱਖ ਆਏ ਸੁਖ ਨੱਠੇ

ਸੀਨੇ ਉੱਤੇ ਜ਼ੁਲਫ਼ ਪਰੇਸ਼ਾਂ ਨਾਗਣੀਆਂ ਜਿਉਂ ਡੰਗਦੀ
ਹਾਰ ਸ਼ਿੰਗਾਰ ਨਾ ਭਾਵੇ ਕੋਈ ਖ਼ੁਸ਼ੀ ਨਾ ਰਹਿਓਸੁ ਅੰਗ ਦੀ

ਜ਼ਾਲਿਮ ਛਿਕ ਅੰਦਰ ਵਿਚ ਲੱਗੀ ਪਲਕ ਅਰਾਮ ਨਾ ਦੇਂਦੀ
ਸ਼ਰਮ ਹਯਾ ਬਤੇਰਾ ਠਾਕੇ ਪਰ ਹੁੱਬ ਜ਼ੋਰ ਕਰੇਂਦੀ

ਕਾਰੀ ਸਾਂਗ ਸੱਜਣ ਨੇ ਮਾਰੀ ਗੁਝੀ ਰੜਕ ਮਰੇਂਦੀ
ਡਲ੍ਹ ਡਲ੍ਹ ਕਰਦੇ ਨੈਣ ਮੁਹੰਮਦ ਸਰਦ ਉਸਾਸ ਭਰੇਂਦੀ

ਓੜਕ ਸੇਜੋਂ ਛਿਕ ਉਠਾਈ ਇਸ਼ਕੇ ਪਕੜ ਬੁਲਾਕੋਂ
ਲੈ ਮੁਹਾਰ ਚਮਨ ਵੱਲ ਟੁਰਿਆ ਨਿਕਲ ਗਿਆ ਜੀਓ ਬਾਕੋਂ

ਜ਼ਾਲਿਮ ਇਸ਼ਕ ਬੇਤਰਸ ਕਸਾਈ ਰਹਿਮ ਨਹੀਂ ਇਸ ਆਵੇ
ਨਾਜ਼ੁਕ ਬਦਨਾਂ ਮਾਰ ਰੁਲਾਂਦਾ ਸਹਿਮ ਨਹੀਂ ਇਸ ਆਵੇ

ਨਾਜ਼ੁਕ ਪੈਰ ਰਕਾਬੋਂ ਦੁਖਦੇ ਬਾਦਸ਼ਾਹਾਂ ਦੇ ਬੇਟੇ
ਜੰਗਲ਼ ਬਾਰੀਂ ਫਿਰਨ ਅਵਾਹਣੇ ਮਾਰੇ ਇਸ਼ਕ ਲਪੇਟੇ

ਯੂਸੁਫ਼ ਨਾਲ਼ ਕੇਹੀ ਇਸ ਕੀਤੀ ਜਾਣੇ ਸਭ ਲੋਕਾਈ
ਫੇਰ ਜ਼ੁਲੈਖ਼ਾ ਨਾਮ ਸ਼ਹਿਜ਼ਾਦੀ ਤਖ਼ਤੋਂ ਸੁੱਟ ਰੁਲਾਈ

ਬਾਰ੍ਹਾਂ ਕੋਹ ਘਰਾਂ ਥੀਂ ਬਾਹਰ ਯੂਸੁਫ਼ ਬੰਦੀਖ਼ਾਨਾ
ਪੈਰ ਪਿਆਦੇ ਰਾਤੋ ਰਾਤੀਂ ਖੜਦਾ ਇਸ਼ਕ ਦੀਵਾਨਾ

ਕੇਚ ਨਗਰ ਦਾ ਰਾਜ ਭੁਲਾਇਆ ਲੈ ਕੇ ਦੇਸ ਨਿਕਾਲੇ
ਕੱਪੜ ਪੰਡ ਪੁੰਨੂੰ ਸਿਰ ਚਾਂਦਾ ਧੋਂਦੇ ਪੈਂਦੇ ਛਾਲੇ ।(੫੦੩੦)

ਸੱਸੀ ਨਾਜ਼ੁਕ ਬਦਨ ਸ਼ਹਿਜ਼ਾਦੀ ਥਲ ਮਾਰੂ ਵਿਚ ਵੜਦੀ
ਇਸ ਜ਼ਾਲਿਮ ਨੂੰ ਤਰਸ ਨਾ ਆਇਆ ਵੇਖ ਪਿਆਸੀ ਸੜਦੀ

ਕਾਮ ਕੰਵਰ ਨੂੰ ਤਖ਼ਤ ਛੁਡਾਇਓਸੁ ਹੋਇਆ ਜੰਗਲ਼ ਦਾ ਵਾਸੀ
ਸਿਰ ਪੈਰਾਂ ਤੱਕ ਹਾਲ ਸ਼ਿਕਸਤਾ ਅਜੇ ਭੀ ਚਿੱਤ ਉਦਾਸੀ

ਬੇਨਜ਼ੀਰ ਵਤਨ ਥੀਂ ਖੜਿਆ ਕੈਦ ਦੇਵਾਂ ਦੀ ਪਾਇਆ
ਨਜਮ-ਨਿਸਾ ਬਣਾਕੇ ਜੋਗੀ ਜੰਗਲ਼ ਕੋਹ ਕਾਫ਼ ਦਿਖਾਇਆ

ਨੌਨਿਹਾਲ ਹੁਸਨ ਦੇ ਬਾਗ਼ੋਂ ਖ਼ੂਬ ਜਵਾਨ ਪਟੋਈ
ਮੰਗਦਾ ਖ਼ੈਰ ਸੱਜਣ ਦੇ ਨਗਰੋਂ ਲਾਹ ਸ਼ਰਮ ਦੀ ਲੋਈ

ਪੂਰਨ ਭਗਤ ਮੁਲਕ ਦਾ ਰਾਜਾ ਭੋਰ੍ਹੇ ਅੰਦਰ ਪਲ਼ਿਆ
ਲਿੰਗ ਕਪਾਏ ਕੰਨ ਪੜਾਏ ਭੀਖ ਮੰਗੇਂਦਾ ਚਲਿਆ

ਗੋਪੀ ਚੰਦ ਗਿਆ ਛੱਡ ਦੌਲਤ ਮਾਇਆ ਮਾਲ ਖ਼ਜ਼ਾਨੇ
ਪਕੜ ਰੁਮਾਲ ਗਦਾ ਕਰੇਂਦਾ ਹਰ ਬੂਹੇ ਹਰ ਖ਼ਾਨੇ

ਖ਼ੂਬ ਸ਼ਕਲ ਫ਼ਰਿਹਾਦ ਸ਼ਹਿਜ਼ਾਦਾ ਵਾਲੀ ਚੀਨ ਸ਼ਹਿਰ ਦਾ
ਤੇਸ਼ਾ ਪਕੜ ਪਹਾੜ ਕਪੇਂਦਾ ਧੰਨ ਓਏ ਇਸ਼ਕਾ ਮਰਦਾ

ਇੱਜ਼ਤਬੇਗ ਸੌਦਾਗਰ ਲਾਖੀ ਦਾਨਿਸ਼ਮੰਦ ਵਜ਼ੀਰੋਂ
ਮਾਲ ਚੁਗਾਂਦਾ ਬਾਲਣ ਚਾਂਦਾ ਕਰੇ ਕਬਾਬ ਸਰੀਰੋਂ

ਇਕ ਇਕੱਲੀ ਨਾਰ ਬਿਚਾਰੀ ਸੋਹਣੀ ਤੁਰੀ ਝਨਾਵਾਂ
ਰੁੜ੍ਹਦੀ ਵੇਖ ਇਸ ਰਹਿਮ ਨਾ ਆਇਆ ਫੜ ਕੇ ਬੰਨੇ ਲਾਵਾਂ

ਰਾਂਝਾ ਤਖ਼ਤ ਹਜ਼ਾਰੇ ਵਾਲਾ ਮਾਈ ਬਾਪ ਲਡਿਕਾ
ਭਾਈਆਂ ਦਾ ਸਰਦਾਰ ਪਿਆਰਾ ਚੌਧਰੀਆਂ ਦਾ ਟਿੱਕਾ ।(੫੦੪੦)

ਜਾਇ ਸਿਆਲੀਂ ਚਾਕ ਸਦਾਇਆ ਚਾਇ ਲਿਆ ਦੁੱਖ ਖਾਰਾ
ਧੁੱਪਾਂ ਪਾਲੇ ਕੱਪਰ ਜਾਲੇ ਕਰਦਾ ਸਖ਼ਤ ਸਹਾਰਾ

ਹੀਰ ਸਿਆਲੀ ਲਾਡੀਂ ਪਾਲ਼ੀ ਚੂਚਕ ਬਾਪ ਅਮੀਰੇ
ਰਾਤੀਂ ਕਾਲ਼ੀ ਮਾਹੀ ਭਾਲੇ ਬਣ ਜੰਗਲ਼ ਝੱਲ ਚੀਰੇ

ਰੇਸ਼ਮ ਪੈਰ ਸੱਲਣ ਦੱਭ ਸੂਲਾਂ ਜਿਉਂ ਸੂਈ ਪੱਟ ਲੀਰੇ
ਰਾਂਝੇ ਪਾੜੇ ਕੰਨ ਮੁਹੰਮਦ ਨਾਗ ਲੜਾਇਆ ਹੀਰੇ

ਹੋਰਾਂ ਦੀ ਕੀ ਗਿਣਤਰ ਕਰਨੀ ਸੈਫ਼-ਮਲੂਕੇ ਹੋਂਦੇ
ਕੀ ਕੁਝ ਇਸ਼ਕ ਸਹਾਇਆ ਇਸ ਨੂੰ ਪੱਥਰ ਭੀ ਸੁਣ ਰੋਂਦੇ

ਉਹੋ ਇਸ਼ਕ ਪਰੀ ਵੱਲ ਆਇਆ ਲੈ ਹਥਿਆਰ ਤਮਾਮੀ
ਕੀਕਰ ਸੇਜ ਉੱਤੇ ਅੰਗ ਲਾਏ ਚਾਈ ਬੇਅਰਾਮੀ

ਚੋਰੀ ਉਠ ਟੁਰੀ ਵੱਲ ਬਾਗ਼ੇ ਕੈੜ ਨਾ ਕੀਤੀ ਕਿਸੇ
ਇਸ਼ਕੇ ਸਬਰ ਜਲਾਇਆ ਕਹਿੰਦੀ ਕਿਵੇਂ ਦਿਲਬਰ ਦਿੱਸੇ

ਪੈਰ ਪਿਆਦੀ ਦੀ ਚੁੱਪ ਚਪਾਤੀ ਬਾਗ਼ੇ ਅੰਦਰ ਆਈ
ਛੁਪ ਨਜ਼ਾਰਾ ਕਰੇ ਹੁਸਨ ਦਾ ਚੋਰੀ ਦੀ ਅਸ਼ਨਾਈ

ਕੀ ਤੱਕਦੀ ਸ਼ਹਿਜ਼ਾਦਾ ਅੱਗੇ ਬੈਠਾ ਇਕ ਇਕੱਲਾ
ਬਲਦੀ ਸ਼ਮ੍ਹਾ ਪਤੰਗ ਜਲੇਂਦੇ ਇਸ਼ਕ ਖੜੇ ਕਰ ਹੱਲਾ

ਪੀਂਦਾ ਬੈਠ ਸ਼ਰਾਬ ਸ਼ਹਿਜ਼ਾਦਾ ਫੜਿਆ ਹੱਥ ਪਿਆਲਾ
ਲਹੂ ਦਿਲੇ ਦੇ ਵਾਂਗਰ ਸੂਹਾ ਸਾਫ਼ ਸ਼ਰਾਬ ਉਜਾਲ਼ਾ

ਕਾਸਾ ਮਸਤ ਤਲ਼ੀ ਪਰ ਰੱਖੇ ਕਰ ਭਰਪੂਰ ਸ਼ਰਾਬੋਂ
ਗਾਵੇ ਗਾਵਣ ਦਰਦ ਫ਼ਿਰਾਕੋਂ ਤਾਰ ਹਿਲਾ ਰਬਾਬੋਂ ।(੫੦੫੦)

ਲੰਮੀ ਰਾਤ ਵਿਛੋੜੇ ਵਾਲੀ ਪਲ-ਝੱਲ ਸੁਖੀਆਂ ਭਾਣੇ
ਜੇ ਕੋਈ ਕੈਦ ਇਸ਼ਕ ਦੀ ਅੰਦਰ ਕਦਰ ਉਹੋ ਕੁੱਝ ਜਾਣੇ

ਕਦੀ ਕਦੀ ਇਹ ਦੋਹੜੇ ਆਖੇ ਦਰਦ ਵਿਛੋੜੇ ਚਾਇਆ
ਸ਼ਹਿਜ਼ਾਦੇ ਦੇ ਮੂੰਹੋਂ ਹੋ ਕੇ ਚਾਹੀਏ ਸੁਖ਼ਨ ਸੁਣਾਇਆ

ਮੈਂ ਪਰਦੇਸੀ ਨੂੰ ਅੱਜ ਆਈ ਸ਼ਾਲਾ ਰਾਤ ਕਰਮ ਦੀ
ਯਾਰ ਸੱਜਣ ਦੇ ਕੂਚੇ ਅੰਦਰ ਜਾਲ ਹੋਈ ਹਰਦਮ ਦੀ

ਦਿਲ ਵਿਚ ਚਾਹ ਨਿਗਾਹ ਕਰ ਵੇਖਾਂ ਸੂਰਤ ਅਸਲ ਸਨਮ ਦੀ
ਦਿਲਬਰ ਨੂੰ ਜਾ ਕਹੇ ਮੁਹੰਮਦ ਕੌਣ ਖ਼ਬਰ ਇਸ ਗ਼ਮ ਦੀ

ਜ਼ੁਲਫ਼ਾਂ ਮੂੰਹ ਉਹਦੇ ਦੀ ਹਿਰਸੋਂ ਇਹ ਜੀਊੜਾ ਬੇਚਾਰਾ
ਕੁਫ਼ਰੋਂ ਫ਼ਾਰਿਗ਼ ਤੇ ਇਸਲਾਮੋਂ ਬੈਠਾ ਪਕੜ ਕਿਨਾਰਾ

ਦਿਲ ਆਰਾਮ ਆਰਾਮ ਦਿਲੇ ਦਾ ਖੜਿਆ ਏ ਲੁੱਟ ਸਾਰਾ
ਸ਼ਾਲਾ ਕਦੇ ਆਰਾਮ ਦੇਵੇਗਾ ਮਿਲ ਕੇ ਯਾਰ ਪਿਆਰਾ

ਬਾਗ਼ ਬਹਾਰਾਂ ਤੇ ਗੁਲਜ਼ਾਰਾਂ ਬਿਨ ਯਾਰਾਂ ਕਿਸ ਕਾਰੀ
ਯਾਰ ਮਿਲੇ ਦੁੱਖ ਜਾਣ ਹਜ਼ਾਰਾਂ ਸ਼ੁਕਰ ਕਹਾਂ ਲੱਖ ਵਾਰੀ

ਉੱਚੀ ਜਾਈ ਨਿਹੁੰ ਲਗਾਇਆ ਬਣੀ ਮੁਸੀਬਤ ਭਾਰੀ
ਯਾਰਾਂ ਬਾਝ ਮੁਹੰਮਦ ਬਖ਼ਸ਼ਾ ਕੌਣ ਕਰੇ ਗ਼ਮਖ਼ਾਰੀ

ਗ਼ਮ ਬਹੁਤੇ ਗ਼ਮਖ਼ਾਰ ਨਾ ਕੋਈ ਗਿਣ ਗਿਣ ਦੱਸਾਂ ਕੈਂਨੂੰ
ਜਿਸਦੇ ਪਿੱਛੇ ਜਰਮ ਗਵਾਇਆ ਮੁੱਖ ਨਾ ਦਸਿਉਸੁ ਮੈਨੂੰ

ਜੋ ਕੁੱਝ ਬਾਬ ਮੇਰੇ ਦੁੱਖ ਕਰਦੇ ਹੈ ਕੀ ਖ਼ਬਰ ਕਿਸੇ ਨੂੰ
ਸੋਈਉ ਜਾਣੇ ਕਦਰ ਮੁਹੰਮਦ ਤਨ ਮਨ ਲਗਦੀ ਜਿਸੇ ਨੂੰ ।(੫੦੬੦)

ਡਿੱਠੇ ਬਾਝ ਪਰੀਤ ਲਗਾਈ ਹੋ ਗਿਆ ਜਿਸ ਹੋਣਾ
ਹਸਣ ਖੇਡਣ ਯਾਦ ਨਾ ਮੈਨੂੰ ਪਿਆ ਉਮਰ ਦਾ ਰੋਣਾ

ਦਿਲਬਰ ਮੁੱਖ ਵਿਖਾਂਦਾ ਨਾਹੀਂ ਦਾਗ਼ ਮੇਰਾ ਕਿਸ ਧੋਣਾ
ਸਾਜਨ ਦਾ ਦਰ ਛੋੜ ਮੁਹੰਮਦ ਕੈਂ ਦਰ ਜਾਇ ਖਲੋਣਾ

ਆਪਣੇ ਆਪ ਲਗਾਈ ਯਾਰੀ ਯਾਰ ਕਹਾਂ ਦਿਲਬਰ ਨੂੰ
ਬੇ ਪਰਵਾਹ ਤਰਾਮਾਂ ਗਿਣਦਾ ਏਸ ਅਸਾਡੇ ਜ਼ਰ ਨੂੰ

ਸੂਰਜ ਦੀ ਅਸ਼ਨਾਈ ਕੋਲੋਂ ਕੀ ਲੱਧਾ ਨੀਲੋਫ਼ਰ ਨੂੰ
ਉਡ ਉਡ ਮੋਏ ਚਕੋਰ ਮੁਹੰਮਦ ਸਾਰ ਨਾ ਯਾਰ ਕਮਰ ਨੂੰ

ਸ਼ਾਹ-ਪਰੀ ਦੀ ਚਾਹ ਮੇਰੇ ਦਿਲ ਰਾਹ ਤਕਾਂ ਹਰ ਵੇਲੇ
ਮਤ ਸੱਚਾ ਰੱਬ ਮਿਹਰੀਂ ਆਵੇ ਆਣ ਮੇਰੇ ਸੰਗ ਮੇਲੇ

ਪਾ ਸ਼ਤਰੰਜ ਮੁਹੱਬਤ ਵਾਲਾ ਸਿਰ ਸਿਰ ਬਾਜ਼ੀ ਖੇਲੇ
ਵੇਖ ਦੀਦਾਰ ਮੁਹੰਮਦ ਸਿਰ ਧੜ ਵਾਰ ਦਏ ਇਸ ਵੇਲੇ

ਇਸੇ ਤਰ੍ਹਾਂ ਸ਼ਹਿਜ਼ਾਦਾ ਕਰਦਾ ਦਰਦਮੰਦਾਂ ਦੇ ਝੇੜੇ
ਕਾਸਾ ਲੈ ਸ਼ਰਾਬੋਂ ਭਰਿਆ ਜਾਂ ਖੜਦਾ ਮੂੰਹ ਨੇੜੇ

ਕਹਿੰਦਾ ਸ਼ਾਹ-ਪਰੀ ਅੱਜ ਹੁੰਦੀ ਇਹ ਕਾਸਾ ਉਹ ਪੀਂਦੀ
ਮੇਰੇ ਨਾਲ਼ ਕਰੇਂਦੀ ਗੱਲਾਂ ਜਾਂ ਮਸਤਾਨੀ ਥੀਂਦੀ

ਇਹ ਪਿਆਲਾ ਦਾਰੂ ਵਾਲਾ ਪੀ ਦੁਖਿਆਰਾ ਥੀਸਾਂ
ਕਰ ਕਰ ਯਾਦ ਬਦੀਅ-ਜਮਾਲੇ ਪੀਸਾਂ ਜਾਂ ਜਾਂ ਜੀਸਾਂ

ਇਸੇ ਤਰ੍ਹਾਂ ਪਿਆਲੇ ਪੀਤੇ ਮਗ਼ਜ਼ ਚੜ੍ਹੀ ਆ ਗਰਮੀ
ਤਪ ਤੰਦੂਰ ਹੋਇਆ ਅੰਦਰੂਨਾ ਜਾਗੀ ਆਤਿਸ਼ ਜਰਮੀ ।(੫੦੭੦)

ਫੜ ਕਾਨੂੰਨ ਅਲਾਪਣ ਲੱਗਾ ਖ਼ੂਬ ਸਰੋਦ ਇਰਾਕੀ
ਅਜ਼ਮੀ ਤਾਂਜ਼ੀ ਅਤੇ ਹਿਜ਼ਾਜ਼ੀ ਹਿੰਦੀ ਰਹੀ ਨਾ ਬਾਕੀ

ਗ਼ਜ਼ਲਾਂ ਦੋਹੜੇ ਰੇਖ਼ਤਿਆਂ ਦੀ ਲੱਜ਼ਤ ਖ਼ੂਬ ਬਣਾਈ
ਰਾਗਾਂ ਰਾਗਣੀਆਂ ਦੇ ਬੱਚੇ ਗਾਵੇ ਨਾਲ਼ ਸਫ਼ਾਈ

ਸੁਣ ਆਵਾਜ਼ ਮਲਾਇਕ ਨੂਰੀ ਲਹਿ ਆਵਣ ਅਸਮਾਨੋਂ
ਹੂਰਾਂ ਚਿੱਤ ਉਦਾਸੀ ਹੋਵਣ ਸ਼ਹਿਜ਼ਾਦੇ ਦੀ ਤਾਨੋਂ

ਨੇਕ ਅਨੇਕ ਸੁਰਾਂ ਕਰ ਗਾਵੇ ਪੈਂਦਾ ਹਾਲ ਇਮਾਮਾਂ
ਸਰਦ ਦਿਲਾਂ ਨੂੰ ਗਰਮੀ ਆਵੇ ਜਾਂ ਵਿਚ ਪਏ ਗਰਾਮਾਂ

ਤੇਜ਼ ਰਵੀ ਛੱਡ ਨੀਰ ਨਦੀ ਦਾ ਸੁਣ ਕੇ ਅਟਕ ਖਲੋਂਦਾ
ਜਿਗਰ ਕਬਾਬ ਮੱਛਾਂ ਦਾ ਸੁਣ ਕੇ ਦਰਿਆਵਾਂ ਵਿਚ ਹੋਂਦਾ

ਹੋ ਹੈਰਾਨ ਪਸ਼ੇਮਾਂ ਬੈਠੇ ਸਭ ਪੰਖੀ ਚੁੱਪ ਕਰ ਕੇ
ਰਾਗ ਵਿਰਾਗ ਹਿਜਰ ਦਾ ਸੁਣ ਕੇ ਰੋਂਦੇ ਆਹੀਂ ਭਰ ਕੇ

ਹਰ ਪੱਤਰ ਹਰ ਡਾਲ਼ ਚਮਨ ਦੀ ਹਾਲਤ ਮਸਤਾਂ ਵਾਲੀ
ਸਿਰ ਮੂੰਹ ਪਰਨੇ ਹੋ ਹੋ ਢਹਿੰਦੇ ਗੁਲਬਨ ਚੰਬੇ ਡਾਲ਼ੀ

ਬੱਧੀਂ ਹੱਥੀਂ ਸਰਵ ਖਲੋਤੇ ਗ਼ੈਰੋਂ ਪਕੜ ਆਜ਼ਾਦੀ
ਸਿਰ ਤੇ ਹੱਥ ਖਜੂਰਾਂ ਸ਼ੂਕਣ ਰੱਬ ਅੱਗੇ ਫ਼ਰਿਆਦੀ

ਸਬਜ਼ਾ ਜ਼ਾਰੋ ਜ਼ਾਰੀ ਰੋਂਦਾ ਸ਼ਬਨਮ ਹੰਝੂ ਭਰਕੇ
ਬੇਦੇ ਨੂੰ ਥਰਕੰਬਾ ਲੱਗਾ ਖ਼ੌਫ਼ ਖ਼ੁਦਾ ਦਿਉਂ ਡਰ ਕੇ

ਹਿਰਸ ਹਵਾ ਚਨਾਰ ਡੁਲਾਏ ਪਿਟਣ ਜਾਂ ਗਲ ਜਾਤੀ
ਮੂੰਹ ਪੱਟਾਂ ਪਰ ਮਾਰਨ ਪੰਜੇ ਕਦੇ ਲਗਾਵਣ ਛਾਤੀ ।(੫੦੮੦)

ਕੇਲੇ ਦੂਹਰੇ ਹੋ ਹੋ ਝੂਲਣ ਹਾਲ ਪਵੇ ਜਿਉਂ ਚਿਸ਼ਤੀ
ਦੁਨੀਆਂ ਥੀਂ ਦਿਲ ਖੱਟਾ ਹੋਇਆ ਨਿੰਬੂ ਗਲਗਲ ਕਿਸ਼ਤੀ

ਨਰਗਿਸ ਮਸਤ ਦੀਵਾਨਾ ਹੋਇਆ ਨੈਣ ਗਏ ਵਿਚ ਖ਼ਵਾਬਾਂ
ਪਾੜ ਸੁੱਟੇ ਪੈਰਾਹਨ ਗੱਲ ਦੇ ਜਾਗੇ ਸ਼ੌਕ ਗੁਲਾਬਾਂ

ਸਤ-ਬਰਗੇ ਮੁੱਖ ਜ਼ਰਦੀ ਆਈ ਦਾਗ਼ ਲੱਗਾ ਗੁਲ ਲਾਲੇ
ਕੇ ਕੁਝ ਆਖਾਂ ਦਾਖਾਂ ਸ਼ਾਖ਼ਾਂ ਸਿਰ ਧਰਤੀ ਪਰ ਡਾਲੇ

ਸੈਫ਼-ਮਲੂਕ ਸ਼ਰਾਬੀ ਹੋਇਆ ਆਇਆ ਵਿਚ ਖ਼ਿਆਲਾਂ
ਦੋਹੜੇ ਗ਼ਜ਼ਲਾਂ ਬੈਂਤ ਮੁਹੰਮਦ ਆ ਕੁੱਝ ਲਿਖ ਦਸਾਲਾਂ

ਦੋਹੜੇ

ਆ ਸਜਨਾ ਮੂੰਹ ਦਸ ਕਿਦਾਈਂ ਜਾਨ ਤੇਰੇ ਤੋਂ ਵਾਰੀ
ਤੂੰਹੇਂ ਜਾਨ ਈਮਾਨ ਦਿਲੇ ਦਾ ਤੁੱਧ ਬਿਨ ਮੈਂ ਕਿਸ ਕਾਰੀ
ਹੂਰਾਂ ਤੇ ਗਿਲਮਾਨ ਬਹਿਸ਼ਤੀ ਚਾਹੇ ਖ਼ਲਕਤ ਸਾਰੀ
ਤੇਰੇ ਬਾਜ੍ਹ ਮੁਹੰਮਦ ਮੈਨੂੰ ਨਾ ਕੋਈ ਚੀਜ਼ ਪਿਆਰੀ

ਸਰਵ ਬਰਾਬਰ ਕਦ ਤੇਰੇ ਦੇ ਮੂਲ ਖਲੋ ਨਾ ਸਕਦਾ
ਫੁਲ ਗੁਲਾਬ ਤੇ ਬਾਗ਼-ਇਰਮ ਦਾ ਸੂਰਤ ਤਕ ਤਕਿ ਝਕਦਾ
ਯਾਸਮੀਨ ਹੋਵੇ ਸ਼ਰਮਿੰਦਾ ਬਦਨ-ਸਫ਼ਾਈ ਤਕਦਾ
ਅਰਗ਼ਵਾਨ ਡੁੱਬਾ ਵਿਚ ਲਹੂ ਚਿਹਰਾ ਵੇਖ ਚਮਕਦਾ

ਕਸਤੂਰੀ ਨੇ ਜ਼ੁਲਫ਼ ਤੇਰੀ ਥੀਂ ਬੂ ਅਜਾਇਬ ਪਾਈ
ਮੂੰਹ ਤੇਰੇ ਥੀਂ ਫੁੱਲ ਗੁਲਾਬਾਂ ਲੱਧਾ ਰੰਗ ਸਫ਼ਾਈ
ਮਿਹਰ ਤੇਰੀ ਦੀ ਗਰਮੀ ਕੋਲੋਂ ਮਿਹਰਿ ਤਰੇਲੀ ਆਈ
ਲਿੱਸਾ ਹੋਇਆ ਚੰਨ ਮੁਹੰਮਦ ਹੁਸਨਿ ਮੁਹੱਬਤ ਲਾਈ ।(੫੦੯੦)

ਦਮ ਦਮ ਜਾਨ ਲਬਾਂ ਪਰ ਆਵੇ ਛੋੜਿ ਹਵੇਲੀ ਤਨ ਦੀ
ਖਲੀ ਉਡੀਕੇ ਮਤ ਹੁਣ ਆਵੇ ਕਿਧਰੋਂ ਵਾ ਸਜਨ ਦੀ
ਆਵੀਂ ਆਵੀਂ ਨਾ ਚਿਰ ਲਾਵੀਂ ਦਸੀਂ ਝਾਤ ਹੁਸਨ ਦੀ
ਆਏ ਭੌਰ ਮੁਹੰਮਦ ਬਖ਼ਸ਼ਾ ਕਰ ਕੇ ਆਸ ਚਮਨ ਦੀ

ਤਲਬ ਤੇਰੀ ਥੀਂ ਮੁੜਸਾਂ ਨਾਹੀਂ ਜਬ ਲਗ ਮਤਲਬ ਹੋਂਦਾ
ਯਾ ਤਨ ਨਾਲ ਤੁਸਾਡੇ ਮਿਲਸੀ ਯਾ ਰੂਹ ਟੁਰਸੀ ਰੋਂਦਾ
ਕਬਰ ਮੇਰੀ ਪਟਿ ਦੇਖੀਂ ਸਜਨਾ ਜਾਂ ਮਰ ਚੁਕੋ ਸੁ ਭੌਂਦਾ
ਕੋਲੇ ਹੋਸੀ ਕਫ਼ਨ ਮੁਹੰਮਦ ਇਸ਼ਕ ਹੋਸੀ ਅਗ ਢੌਂਦਾ

ਲੰਮੀ ਰਾਤ ਵਿਛੋੜੇ ਵਾਲੀ ਆਸ਼ਿਕ ਦੁਖੀਏ ਭਾਣੇ
ਕੀਮਤ ਜਾਣਨ ਨੈਨ ਅਸਾਡੇ ਸੁਖੀਆ ਕਦਰ ਨਾ ਜਾਣੇ
ਜੇ ਹੁਣ ਦਿਲਬਰ ਨਜ਼ਰੀਂ ਆਵੇ ਧੰਮੀਂ ਸੁਬਹੁ ਧਿੰਙਾਣੇ
ਵਿਛੜੇ ਯਾਰ ਮੁਹੰਮਦ ਬਖ਼ਸ਼ਾ ਰੱਬ ਕਿਵੇਂ ਅਜ ਆਣੇ

ਹੇ ਮਹਬੂਬ ਮੇਰੇ ਮਤਲੂਬਾ ! ਤੂੰ ਸਰਦਾਰ ਕਹਾਇਆ
ਮੈਂ ਫ਼ਰਯਾਦੀ ਤੈਂ ਤੇ ਆਇਆ ਦਰਦ ਫ਼ਿਰਾਕ ਸਤਾਇਆ
ਇਕ ਦੀਦਾਰ ਤੇਰੇ ਨੂੰ ਸਿਕਦਾ ਰੂਹ ਲਬਾਂ ਪਰ ਆਇਆ
ਆ ਮਿਲ ਯਾਰ ਮੁਹੰਮਦ ਬਖ਼ਸ਼ਾ ਜਾਂਦਾ ਵਕਤ ਵਿਹਾਇਆ

ਇਕ ਤਗਾਦਾ ਇਸ਼ਕ ਤੇਰੇ ਦਾ ਦੂਜੀ ਬੁਰੀ ਜੁਦਾਈ
ਦੂਰ ਵਸਣਿਆਂ ਸਜਨਾਂ ਮੈਨੂੰ ਸਖ਼ਤ ਮੁਸੀਬਤ ਆਈ
ਵਸ ਨਹੀਂ ਹੁਣ ਰਿਹਾ ਜੀਊੜਾ ਦਰਦਾਂ ਹੋਸ਼ ਭੁਲਾਈ
ਹੱਥੋਂ ਛੁੱਟੀ ਡੋਰ ਮੁਹੰਮਦ ਗੁੱਡੀ ਵਾਉ ਉਡਾਈ ।(੫੧੦੦)

ਦਰਦ ਫ਼ਿਰਾਕ ਤੇਰੇ ਦਾ ਮੈਨੂੰ ਤਾਪ ਰਹੇ ਨਿੱਤ ਚੜ੍ਹਿਆ
ਉਹੋ ਦਰਦ ਦਵਾ ਅਸਾਡਾ ਹੋਰ ਨਹੀਂ ਕੋਈ ਅੜਿਆ
ਮੰਜੀ ਨਾਮੁਰਾਦੀ ਵਾਲੀ ਜਿਸ ਦਿਨ ਦਾ ਮੈਂ ਚੜ੍ਹਿਆ
ਸ਼ਰਬਤ ਤੇਰਾ ਨਾਮ ਮੁਹੰਮਦ ਪੀਤਾ ਜਾਂ ਜੀ ਸੜਿਆ

ਗੱਲ ਮੇਰੀ ਹੱਥ ਤੇਰੇ ਸੱਜਣਾ! ਉੱਚਾ ਸਾਹ ਨਾ ਭਰਨਾਂ
ਜੋ ਕੁੱਝ ਚਾਹੇਂ ਸੋਈਓ ਚੰਗਾ ਜੋ ਆਖੇਂ ਸੋ ਕਰਨਾ
ਨਾ ਮਸਲਾਹਿਤ ਆਪਣੀ ਕੋਈ ਨਾ ਕੋਈ ਤਕੀਆ ਪਰਨਾ
ਦੀਨ ਇਸ਼ਕ ਦੇ ਕੁਫ਼ਰ ਮੁਹੰਮਦ ਆਪੇ ਨੂੰ ਚਿੱਤ ਧਰਨਾ

ਸਦਾ ਨਾ ਰੂਪ ਗੁਲਾਬਾਂ ਉੱਤੇ ਸਦਾ ਨਾ ਬਾਗ਼ ਬਹਾਰਾਂ
ਸਦਾ ਨਾ ਭੱਜ ਭੱਜ ਫੇਰੇ ਕਰਸਣ ਤੋਤੇ ਭੌਰ ਹਜ਼ਾਰਾਂ
ਚਾਰ ਦਿਹਾੜੇ ਹੁਸਨ ਜਵਾਨੀ ਮਾਨ ਕਿਆ ਦਿਲਦਾਰਾਂ
ਸਿਕਦੇ ਅਸੀਂ ਮੁਹੰਮਦ ਬਖ਼ਸ਼ਾ ਕਿਉਂ ਪਰਵਾਹ ਨਾ ਯਾਰਾਂ

ਰੱਬਾ ਕਿਸ ਨੂੰ ਫੋਲ ਸੁਣਾਵਾਂ ਦਰਦ ਦਿਲੇ ਦਾ ਸਾਰਾ
ਕੌਣ ਹੋਵੇ ਅੱਜ ਸਾਥੀ ਮੇਰਾ ਦੁੱਖ ਵੰਡਾਵਣ ਹਾਰਾ
ਜਿਸਦੇ ਨਾਲ਼ ਮੁਹੱਬਤ ਲਾਈ ਚਾ ਲਇਆ ਗ਼ਮ-ਖ਼ਾਰਾ
ਸੋ ਮੂੰਹ ਦਿਸਦਾ ਨਹੀਂ ਮੁਹੰਮਦ ਕੀ ਮੇਰਾ ਹੁਣ ਚਾਰਾ

ਗ਼ਜ਼ਲ

ਦਿਲਬਰ ਦੇ ਵਿਛੋੜੇ ਅੰਦਰ ਅਜੇ ਰਿਹਾ ਮੈਂ ਜ਼ਿੰਦਾ
ਏਸ ਗੁਨਾਹੋਂ ਆਖ਼ਿਰ ਤੋੜੀ ਸਦਾ ਰਹਾਂ ਸ਼ਰਮਿੰਦਾ

ਇਕ ਵਾਰੀ ਦੀਦਾਰ ਨਾ ਡਿੱਠਾ ਲਏ ਪਿਆਰ ਨਾ ਮੂੰਹੋਂ
ਤੋੜੇ ਤਲਬ ਉਸੇ ਦੀ ਅੰਦਰ ਹੋ ਚੁੱਕਾ ਬੇ-ਜਿੰਦਾ ।(੫੧੧੦)

ਘਰ ਤੇਰੇ ਕਈ ਨੌਕਰ ਚਾਕਰ ਦਰ ਤੇਰੇ ਸੈ ਕੁੱਤੇ
ਨਫ਼ਰਾਂ ਦਾ ਮੈਂ ਗੋਲਾ ਸੱਜਣਾ! ਕੁੱਤਿਆਂ ਦਾ ਫਿਰ ਬੰਦਾ

ਦਰਦ ਫ਼ਿਰਾਕ ਤੇਰੇ ਦੀ ਲੱਜ਼ਤ ਜਿਸ ਦਿਨ ਦੀ ਮੈਂ ਚੱਖੀ
ਖ਼ੁਸ਼ੀਆਂ ਕਰਦੀ ਵੇਖ ਲੋਕਾਈ ਮਨ ਵਿਚ ਆਵੇ ਖ਼ੰਦਾ

ਜ਼ੇਵਰ ਜ਼ੇਬ ਪੁਸ਼ਾਕੀ ਤੋੜੇ ਨਾਹੀਂ ਬਾਦਸ਼ਾਹਾਨੇ
ਗੋਦੜੀਆਂ ਸਿਰੋਪਾ ਅਸਾਨੂੰ ਇਹੋ ਲਿਬਾਸ ਪਸਿੰਦਾ

ਚਾਹ ਮੇਰੀ ਪਈ ਚਾਹਿ ਮੁਹੰਮਦ ਗਲ ਮੇਰੀ ਗੱਲ ਗਈਆ
ਮਨ ਲਏ ਮੈਂ ਬੋਲ ਸੱਜਣ ਦੇ ਜੇ ਲੱਖ ਆਖੇ ਮੰਦਾ

ਦੋਹੜੇ

ਕਰ ਕਰਿ ਯਾਦ ਸਜਨ ਨੂੰ ਰੋਵਾਂ ਮੂਲ ਆਰਾਮ ਨਾ ਕੋਈ
ਢੂੰਡ ਥਕਾ ਜਗ ਦੇਸ ਤਮਾਮੀ ਰਿਹਾ ਮਕਾਮ ਨਾ ਕੋਈ
ਰੁੱਠਾ ਯਾਰ ਮਨਾਵੇ ਮੇਰਾ ਕੌਣ ਵਸੀਲਾ ਹੋਈ
ਲਾਇ ਸਬੂਨ ਮੁਹੱਬਤ ਵਾਲਾ ਦਾਗ ਗ਼ਮਾਂ ਦੇ ਧੋਈ

ਜੱਗ ਪਰ ਜੀਵਣ ਬਾਜ੍ਹ ਪਿਆਰੇ ਹੋਇਆ ਮੁਹਾਲ ਅਸਾਨੂੰ
ਭੁਲ ਗਈ ਸੁਧ ਬੁਧ ਜਾਂ ਲਗਾ ਇਸ਼ਕ ਕਮਾਲ ਅਸਾਨੂੰ
ਬਾਗ਼ ਤਮਾਸ਼ੇ ਖੇਡਣ ਹਸਣ ਹੋਏ ਖ਼ਾਬ ਅਸਾਨੂੰ
ਜਾਵਣ ਦੁਖ਼ ਮੁਹੰਮਦ ਜਿਸ ਦਿਨ ਹੋਏ ਜਮਾਲ ਅਸਾਨੂੰ

ਕੀ ਗਲ ਆਖਿ ਸੁਣਾਵਾਂ ਸਜਨਾ ! ਦਰਦ ਫ਼ਿਰਾਕ ਸਿਤਮ ਦੀ
ਆਇਆ ਹਰਫ਼ ਲਬਾਂ ਪਰ ਜਿਸ ਦਮ ਫਟ ਗਈ ਜੀਭ ਕਲਮ ਦੀ
ਚਿੱਟਾ ਕਾਗ਼ਜ਼ ਦਾਗ਼ੀ ਹੋਇਆ ਫਿਰੀ ਸਿਆਹੀ ਗ਼ਮ ਦੀ
ਦੁਖਾਂ ਕੀਤਾ ਜ਼ੋਰ ਮੁਹੰਮਦ ਲੱਈਂ ਖ਼ਬਰ ਇਸ ਦਮ ਦੀ ।(੫੧੨੦)

ਪਰੀਏ ! ਖ਼ੌਫ਼ ਖ਼ੁਦਾ ਤੋਂ ਡਰੀਏ ਕਰੀਏ ਮਾਨ ਨਾ ਮਾਸਾ
ਜੋਬਨ ਹੁਸਨ ਨਾ ਤੋੜ ਨਿਬਾਹੂ ਕੀ ਇਸ ਦਾ ਭਰਵਾਸਾ
ਇਨ੍ਹਾਂ ਮੂੰਹਾਂ ਤੇ ਮਿੱਟੀ ਪੌਸੀ ਖ਼ਾਕ ਨਿਮਾਣੀ ਵਾਸਾ
ਮੈਂ ਮਰ ਚੁਕਾ ਤੇਰੇ ਭਾਣੇ ਅਜੇ ਮੁਹੰਮਦ ਹਾਸਾ

ਗ਼ਜ਼ਲ

ਕੀ ਕੁੱਝ ਗੱਲ ਸੱਜਣ ਦਿਲ ਬੈਠੀ ਚਿੱਤ ਮੇਰੇ ਥੀਂ ਚਾਇਆ
ਕੀ ਗੁਸਤਾਖ਼ੀ ਨਜ਼ਰੀ ਆਈ ਤਖ਼ਤੋਂ ਸੁੱਟ ਰੁਲਾਇਆ

ਹੱਦੋਂ ਬਹੁਤ ਜੁਦਾਈ ਗੁਜ਼ਰੀ ਯਾਰ ਨਾ ਮੁੱਖ ਵਿਖਾਇਆ
ਰੱਬਾ ਮੇਰਾ ਯਾਰ ਮਿਲਣ ਦਾ ਵਕਤ ਨਹੀਂ ਕਿਉਂ ਆਇਆ

ਅੱਗੇ ਉਸ ਦੇ ਮਰਨ ਸ਼ਹਾਦਤ ਜੇ ਦਿੱਸੇ ਇਕ ਵਾਰੀ
ਨਹੀਂ ਤਾਂ ਗਲੀਆਂ ਵਿਚ ਮਰਾਂਗਾ ਚਾਅ ਇਹੋ ਦਿਲ ਚਾਇਆ

ਕੀ ਹੋਂਦਾ ਜੇ ਦਿਲਬਰ ਮੇਰਾ ਹੱਸ ਕੇ ਮੁੱਖ ਵਿਖਾਂਦਾ
ਦਰਦੀ ਬਣ ਕੇ ਪੁੱਛਦਾ ਇਕ ਦਿਨ ਕੀ ਕੁੱਝ ਹਾਲ ਵਿਹਾਇਆ

ਰਾਹ ਤਕੇਂਦਿਆਂ ਅੱਖੀਂ ਪੱਕੀਆਂ ਕੰਨ ਪੈਗ਼ਾਮ ਸੁਣੀਂਦੇ
ਤੂੰ ਫ਼ਾਰਗ਼ ਤੇ ਮੈਂ ਅਫ਼ਸੋਸੀਂ ਹਰ ਦਿਨ ਰੈਣ ਲੰਘਾਇਆ

ਰਾਤ ਦਿਹਾਂ ਤੁਧ ਪੁੱਛਿਆ ਨਾਹੀਂ ਦਰਦਮੰਦਾਂ ਦਾ ਹੀਲਾ
ਕੀਕਰ ਰਾਤ ਦਿਹਾੜ ਗੁਜ਼ਾਰੀ ਇਸ਼ਕ ਜਿਹਨਾਂ ਦੁੱਖ ਲਾਇਆ

ਜੇ ਕੋਈ ਸੋਹਣੀ ਹੋਰ ਜ਼ਿਮੀਂ ਤੇ ਨਾਹੀਂ ਹੁੱਬ ਕਿਸੇ ਦੀ
ਕਿਬਲਾ ਜਾਨ ਮੇਰੀ ਦਾ ਤੂੰ ਹੈਂ ਤੁਧ ਵੱਲ ਸੀਸ ਨਿਵਾਇਆ

ਨਾ ਮੈਂ ਲਾਇਕ ਵਸਲ ਤੇਰੇ ਦੇ ਨਹੀਂ ਫ਼ਿਰਾਕ ਝੱਲੀਂਦਾ
ਨਾ ਇਸ ਰਾਹੋਂ ਮੜਾਂ ਪਿਛਾਹਾਂ ਨਾ ਤੁਧ ਪਾਸ ਬੁਲਾਇਆ ।(੫੧੩੦)

ਦੁੱਖ ਕਜ਼ੀਏ ਮੇਰੇ ਸੁਣ ਕੇ ਹਰ ਇਕ ਦਾ ਦਿਲ ਸੜਦਾ
ਤੁਧ ਨਾ ਲੱਗਾ ਸੇਕ ਮੁਹੰਮਦ ਮੈਂ ਤਨਿ ਇਸ਼ਕ ਜਲਾਇਆ

ਗ਼ਜ਼ਲ

ਇਸ਼ਕ ਮੁਹੱਬਤ ਤੇਰੇ ਅੰਦਰ ਮੈਂ ਮਸ਼ਹੂਰ ਜਹਾਨੀਂ
ਰਾਤੀਂ ਜਾਗਾਂ ਤੇ ਸਿਰ ਸਾੜਾਂ ਵਾਂਗ ਚਿਰਾਗ਼ ਨੂਰਾਨੀ

ਨੀਂਦਰ ਪਲਕ ਨਾ ਲਾਵਣ ਦਿੰਦੇ ਨੈਣ ਜਦੋਕੇ ਲਾਏ
ਆਤਿਸ਼ ਭਰੀਆਂ ਹੰਝੂ ਬਰਸਣ ਰੌਸ਼ਨ ਸ਼ਮ੍ਹਾ ਨਿਸ਼ਾਨੀ

ਬਿਨ ਰੌਸ਼ਨ ਦੀਦਾਰ ਤੇਰੇ ਥੀਂ ਜੱਗ ਹਨੇਰਾ ਮੈਨੂੰ
ਨਾਲ਼ ਕਮਾਲ ਮੁਹੱਬਤ ਤੇਰੀ ਹੋ ਚੁਕਿਓਸੁ ਨੁਕਸਾਨੀ

ਕਾਲ਼ੀ ਰਾਤ ਹਿਜਰ ਦੀ ਅੰਦਰ ਨਾ ਕੋਈ ਸੁਖ ਸੁਨੇਹਾ
ਨਾ ਕਾਸਿਦ ਨਾ ਕਾਗ਼ਜ਼ ਰੁੱਕਾ ਨਾ ਕੋਈ ਗੱਲ ਜ਼ਬਾਨੀ

ਬੇਕਰਾਰੀ ਤੇ ਗ਼ਮਖ਼ੁਆਰੀ ਸਲ ਫ਼ਿਰਾਕ ਤੇਰੇ ਦਾ
ਰਹਿਮ ਕਰੀਂ ਮੂੰਹ ਦਿਸ ਪਿਆਰੇ ਜ਼ਾਇਅ ਚਲੀ ਜਵਾਨੀ

ਦਿਲ ਪਰ ਭਾਰ ਪਹਾੜ ਗ਼ਮਾਂ ਦੇ ਸੀਨੇ ਦਾਗ਼ ਹਿਜਰ ਦਾ
ਬੇਵਫ਼ਾਈ ਤੇਰੀ ਤਰੀਜੀ ਕਰਦੀ ਮੈਨੂੰ ਫ਼ਾਨੀ

ਜਾਂਦੀ ਚਲੀ ਬਹਾਰ ਖ਼ੁਸ਼ੀ ਦੀ ਵਿਰਮ ਰਹੇਗਾ ਭੌਰਾਂ
ਸਦਾ ਨਾ ਰਹਿਸੀ ਰੰਗ ਗੁਲਾਬੀ ਸਦਾ ਨਾ ਚਾਲ ਦੀਵਾਨੀ

ਹਿਰਸ ਹਵਾ ਤੇਰੀ ਦੀ ਆਤਿਸ਼ ਤਨ ਮਨ ਫੂਕ ਜਲਾਇਆ
ਭਰ ਮਸ਼ਕਾਂ ਦੋ ਨੈਣ ਬਹਿਸ਼ਤੀ ਡੋਹਲ ਰਹੇ ਨਿੱਤ ਪਾਣੀ

ਕਾਲ਼ੀ ਰਾਤ ਜਵਾਨੀ ਵਾਲੀ ਲੌ ਹੋਵਣ ਪਰ ਆਈ
ਮੁੱਖ ਦੱਸੇਂ ਤਾਂ ਮਿਸਲ ਚਿਰਾਗ਼ਾਂ ਜਾਨ ਕਰਾਂ ਕੁਰਬਾਨੀ ।(੫੧੪੦)

ਹੋਏ ਮੋਮ ਪਹਾੜ ਸਬਰ ਦੇ ਹੱਥ ਗ਼ਮਾਂ ਜਦ ਪਾਇਆ
ਅੱਗ ਪਾਣੀ ਵਿਚ ਗਲਦਾ ਜੀਉੜਾ ਸ਼ਮ੍ਹਾ ਜਿਵੇਂ ਮਸਤਾਨੀ

ਜੇ ਹੁਣ ਕਰੇਂ ਗ਼ਰੀਬ-ਨਿਵਾਜ਼ੀ ਐਬ ਨਹੀਂ ਕੁੱਝ ਤੈਨੂੰ
ਮੈਂ ਵੱਲ ਆਵੇਂ ਮੁੱਖ ਦਿਖਾਵੇਂ ਸੇਜ ਸੁਹਾਵੇਂ ਜਾਨੀ

ਸਾਦਿਕ-ਸੁਬ੍ਹਾ ਮਾਨਿੰਦ ਮੇਰਾ ਭੀ ਰਹਿ ਗਿਆ ਦਮ ਬਾਕੀ
ਦੇ ਦੀਦਾਰ ਮੁਹੰਮਦ ਤਾਂ ਫਿਰ ਦੇਈਏ ਜਾਨ ਅਸਾਨੀ

ਗ਼ਜ਼ਲ

ਹੇ ਮਾਸ਼ੂਕਾ ! ਮੈਂ ਮਰ ਚੁੱਕਾ ਅੱਗੋਂ ਦੇਰ ਨਾ ਲਾਵੀਂ
ਆਇਆ ਸਖ਼ਤ ਨਜ਼ੱਅ ਦਾ ਵੇਲ਼ਾ ਮਿਹਰ ਦਿਲੇ ਵਿਚ ਪਾਵੀਂ

ਬਹੁਤ ਜਰੇ ਦੁੱਖ ਰਹੀ ਨਾ ਤਾਕਤ ਅੱਗੋਂ ਹੋਰ ਜਰਨ ਦੀ
ਆਸੇ ਆਸੇ ਉਮਰ ਗੁਜ਼ਾਰੀ ਆਸ ਮੇਰੀ ਦਰ ਲਿਆਵੀਂ

ਆਪ ਰਹੇਂ ਖ਼ੁਸ਼ਹਾਲ ਹਮੇਸ਼ਾ ਨਾ ਤੁਧ ਦੁੱਖ ਨਾ ਝੋਰਾ
ਸਾਨੂੰ ਭੀ ਬੇਦਰਦ ਪਛਾਣੀ ਇਸ ਥੀਂ ਚਿੱਤ ਨਾ ਚਾਵੀਂ

ਕਦਮ ਤੇਰੇ ਫੜ ਸੌ ਜਿੰਦ ਵਾਰਾਂ ਫਿਰ ਭੀ ਉਜ਼ਰ ਮੰਨੇਸਾਂ
ਖ਼ਿਦਮਤ ਤੇਰੀ ਮੈਂ ਥੀਂ ਸੱਜਣਾ! ਹੋਈ ਨਾ ਮਾਸਾ ਸਾਵੀਂ

ਤਲਖ਼ ਜਵਾਬ ਤੇਰੇ ਨੇ ਮਿੱਠੇ ਨਾ ਹੋਸਾਂ ਦਿਲ ਖੱਟਾ
ਸ਼ੋਰ ਇਸ਼ਕ ਦੇ ਫਿੱਕੀ ਕੀਤੀ ਗ਼ੈਰੋਂ ਜਿੰਦ ਨਿਥਾਵੀਂ

ਮਨ ਵਿਚ ਵੱਸੇਂ ਤੇ ਦਿਲ ਖੱਸੇਂ ਕਿਉਂ ਮੂੰਹ ਦੱਸੇਂ ਨਾਹੀਂ
ਦਰਦ ਰੰਞਾਣਾ ਮੈਂ ਨਿਮਾਣਾ ਨਾ ਹੁਣ ਹੋਰ ਸਤਾਵੀਂ

ਭਲੀ ਮੇਰੇ ਸੰਗ ਕੀਤੀ ਸੱਜਣਾ! ਜਮਦੜਿਆਂ ਦੁੱਖ ਲਾਏ
ਹੋਇਆ ਅੰਤ ਫ਼ਿਰਾਕ ਮੁਹੰਮਦ ਕਦੇ ਤੇ ਪੁੱਛਣ ਆਵੀਂ ।(੫੧੫੦)

ਗ਼ਜ਼ਲ

ਬੁਰੇ ਨਛੱਤਰ ਜਰਮ ਲਿਆ ਸੀ ਮੈਂ ਦੁਖਿਆਰਾ ਜੰਮਦਾ
ਦਰਦ ਵਿਛੋੜਾ ਤੇ ਸੁਖ ਥੋੜਾ ਚੋੜਾ ਤੇਰੇ ਦਮ ਦਾ

ਨਾ ਦਿਲ ਵੱਸ ਨਾ ਦਿਲਬਰ ਮਿਲਦਾ ਹਾਇ ਰੱਬਾ ਕੀ ਕਰਸਾਂ
ਕਿਸ ਸੰਗ ਫੋਲਾਂ ਬੇਦਨ ਦਿਲ ਦੀ ਕੌਣ ਭੰਜਾਲ ਇਸ ਗ਼ਮ ਦਾ

ਪਹਿਲੇ ਦਿਨ ਦੀ ਸੁਝਦੀ ਆਹੀ ਜਦੋਂ ਪ੍ਰੀਤ ਲਗਾਈ
ਸ਼ੀਰੀਂ ਜਾਨ ਮਿਸਲ ਫ਼ਰਿਹਾਦੇ ਸਦਕਾ ਹੋਗ ਪਿਰਮ ਦਾ

ਸ਼ਾਹ ਪਰੀ ਦਾ ਨਿਹੁੰ ਲਗਾਇਆ ਖ਼ਾਕੀ ਬੰਦਾ ਹੋ ਕੇ
ਕਦ ਮੇਰੇ ਸੰਗ ਉਲਫ਼ਤ ਕਰਸੀ ਕੀ ਮੈਂ ਉਸਦੇ ਕੰਮ ਦਾ

ਵਤਨੋਂ ਛੋੜ ਹੋਇਓਸੁ ਪਰਦੇਸੀ ਪਾੜਨ ਪਾੜਿ ਅਵੱਲੇ
ਦੁੱਖ ਸਹੇ ਸੁਖ ਪਾਇਆ ਨਾਹੀਂ ਸੜਿਆ ਮੈਂ ਕਰਮ ਦਾ

ਜਿਸਦੀ ਯਾਰੀ ਤੇ ਜਿੰਦ ਵਾਰੀ ਨਾ ਕਰਦੀ ਦਿਲਦਾਰੀ
ਕਿਸ ਅੱਗੇ ਫ਼ਰਿਆਦੀ ਜਾਈਏ ਕਰੇ ਨਿਆਂ ਸਿਤਮ ਦਾ

ਨਗਰੀ ਮੇਰੀ ਹੁਕਮ ਸੱਜਣ ਦਾ ਹਾਕਿਮ ਆਪ ਅਨਿਆਈਂ
ਬੇਦੋਸੇ ਨੂੰ ਸੂਲ਼ੀ ਦੇ ਕੇ ਹੱਸਦਾ ਵੇਖ ਪਿਲਮਦਾ

ਹਾਏ ਅਫ਼ਸੋਸ ਨਾ ਦੋਸ ਕਿਸੇ ਤੇ ਕੇਹੇ ਕਰਮ ਕਰ ਆਇਆ
ਆਖ ਮੁਹੰਮਦ ਕੌਣ ਮਿਟਾਵੇ ਲਿਖਿਆ ਲੋਹ-ਕਲਮ ਦਾ

ਅਸੀਂ ਤੁਸਾਨੂੰ ਸਿਕਦੇ ਸੱਜਣਾ! ਤੁਧ ਨਹੀਂ ਦਿਲ ਸਿਕਦਾ
ਆਣ ਖਲੇ ਦਰ ਤੇਰੇ ਉੱਤੇ ਕਿਉਂ ਖ਼ਾਲੀ ਮੁੜ ਚਿਕਦਾ

ਜੇ ਤਲਵਾਰ ਮੇਰੇ ਸਿਰ ਮਾਰੇਂ ਢਾਲ਼ ਨਾ ਰਖਸਾਂ ਅੱਗੇ
ਮੱਤ ਤੇਰੇ ਆਮਾਲ ਨਾਮੇ ਵਿਚ ਨਾਮ ਮੇਰਾ ਭੀ ਲੱਗੇ ।(੫੧੬੦)

ਜਿਸਦੇ ਇਸ਼ਕ ਲਿਤਾੜ ਗਵਾਇਆ ਖ਼ਾਕੂ ਨਾਲ਼ ਰਲਾਇਆ
ਕਦਮ ਚੁੰਮਾਂਗਾ ਉਜ਼ਰ ਕਰਾਂਗਾ ਜੇ ਉਹ ਨਜ਼ਰੀਂ ਆਇਆ

ਮੈਂ ਉਹ ਆਸ਼ਿਕ ਕੱਚਾ ਨਾਹੀਂ ਜ਼ੁਲਮ ਤੱਕਾਂ ਭੱਜ ਜਾਵਾਂ
ਜਾਨ ਮੰਗੀਂ ਤਾਂ ਹਾਜ਼ਿਰ ਕਰਸਾਂ ਨਾ ਕੁੱਝ ਉਜ਼ਰ ਲਿਆਵਾਂ

ਖ਼ੁਸ਼-ਬ-ਖ਼ੁਸ਼ ਰਹਾਂ ਜੇ ਰੱਖੇਂ ਕਦੀ ਬੇਜ਼ਾਰ ਨਾ ਥੀਂਦਾ
ਦਰ ਤੇਰੇ ਦੀ ਖ਼ਾਕ ਨਿਮਾਣਾ ਪੈਰਾਂ ਹੇਠ ਮਲੀਂਦਾ

ਇਸ ਦਾ ਭੀ ਨਿੱਤ ਫ਼ਿਕਰ ਅੰਦੇਸ਼ਾ ਮੱਤ ਕੋਈ ਬੁਰਾ ਵਲੋਹਨਾ
ਚਾਇ ਏਥੋਂ ਖੜ ਸੁੱਟੇ ਕਿਧਰੇ ਫੇਰ ਉਸ ਦਾ ਕੀ ਖੋਹਣਾ

ਇਸ਼ਕ ਨਹੀਂ ਹੋ ਚੁੱਕਾ ਥੋੜਾ ਸਹਿਆ ਵਿਛੋੜਾ ਲੰਮਾ
ਦੇ ਦੀਦਾਰ ਤੇ ਪਾਲ਼ ਬੰਦੇ ਨੂੰ ਚਾਕਰ ਹਾਂ ਬਿਨ ਦੰਮਾਂ

ਹਰ ਕੋਈ ਐਸ਼ ਉਮਰ ਦੀ ਕਰਦਾ ਆਪੋ ਆਪਣੀ ਜਾਈ
ਮੈਂ ਦੁਖਿਆਰਾ ਦੁੱਖਾਂ ਜੋਗਾ ਦਾਇਮ ਭਾ ਜੁਦਾਈ

ਜਾਂ ਇਹ ਬੋਲ ਗ਼ਮਾਂ ਦੇ ਬੋਲੇ ਸੈਫ਼-ਮਲੂਕ ਬਤੇਰੇ
ਸ਼ਾਹ-ਪਰੀ ਨੂੰ ਰਹੀ ਨਾ ਤਾਕਤ ਪਰਤ ਟੁਰੇ ਵਲ ਡੇਰੇ

ਫੁਰਨਾ ਕਿਰਿਆ ਤੇ ਸਿਰ ਫਿਰਿਆ ਜੋਸ਼ ਤਬੀਅਤ ਚਾਇਆ
ਪਰਤ ਟੁਰੀ ਘਰ ਪਹੁੰਚਾਂ ਕਿਵੇਂ ਰੱਖੀਂ ਸ਼ਰਮ ਖ਼ੁਦਾਇਆ

ਖਾ ਗਏ ਉਹ ਬੋਲ ਕਲੇਜਾ ਡੋਲੀ ਮੂਲ ਨਾ ਬੋਲੀ
ਸ਼ਹਿਜ਼ਾਦੇ ਦੀ ਸੂਰਤ ਮੁੱਠੀ ਆ ਦੁੱਖਾਂ ਜਿੰਦ ਰੋਲੀ

ਤਾਕਤ ਤਰਾਣ ਨਾ ਰਿਹ ਆ ਜੁੱਸੇ ਮੁੱਠੀ ਮੁੱਠੀ ਨੱਠੀ
ਓੜਕ ਗਿਰਦੀ ਖਾ ਅਗੇਰੇ ਬਾਗ਼ ਉਸੇ ਵਿਚ ਢੱਠੀ ।(੫੧੭੦)

ਸਾਸ ਉਦਾਸ ਉਡਣ ਪਰ ਆਏ ਹੋਸ਼ ਗਈ ਉੱਡ ਸਾਰੀ
ਅੱਖੀਂ ਤਾੜੇ ਲੱਗੀਆਂ ਰਹੀਆਂ ਨਜ਼ਰ ਸੱਜਣ ਵੱਲ ਧਾਰੀ

ਧੂੜੋ ਧੂੜ ਹੋਏ ਰੁਖ਼ਸਾਰੇ ਨੈਣ ਭਰੇ ਸੰਗ ਮਿੱਟੀ
ਸਾਵੀ ਪੀਲੀ ਹੋਈ ਦੇਹੀ ਚੰਬੇ ਕਲੀਓਂ ਚਿੱਟੀ

ਕਾਲ਼ੀ ਜ਼ੁਲਫ਼ ਰੁਲੀ ਵਿਚ ਘੱਟੇ ਨਾਗ ਜਿਵੇਂ ਅੱਧ ਮੋਇਆ
ਲਹੂ ਪਾਣੀ ਰਲਿਆ ਮਿਲਿਆ ਨੀਰ ਅੱਖੀਂ ਥੀਂ ਚੋਇਆ

ਕੁੱਠੀ ਵਾਂਗ ਕਬੂਤਰ ਪਈ ਆ ਸੁਰਤ ਸੰਭਾਲ਼ ਨਾ ਕੋਈ
ਨਾਜ਼ੁਕ ਦੇਹੀ ਤੜਫ਼ ਤੜਫ਼ ਕੇ ਜ਼ਖ਼ਮੀ ਜ਼ਖ਼ਮੀ ਹੋਈ

ਭੁੱਲ ਗਏ ਉਹ ਸ਼ਾਨ ਤਕੱਬਰ ਜਾਨ ਚਲੀ ਹੋ ਰਾਹੀ
ਵਾਂਗ ਸ਼ਹੀਦ ਰਹੇ ਵਿਚ ਪੜਦੇ ਤੇਗ਼ ਇਸ਼ਕ ਤਨ ਵਾਹੀ

ਆਬ ਗਈ ਕੁੱਝ ਤਾਬ ਨਾ ਰਹਿਓਸੁ ਜ਼ਰਦ ਹੋਇਆ ਰੰਗ ਪੀਲ਼ਾ
ਸ਼ਹਿਜ਼ਾਦੇ ਨੂੰ ਖ਼ਬਰ ਪੁਚਾਵਣ ਆਇਆ ਇਸ਼ਕ ਵਸੀਲਾ

ਆਸ਼ਿਕ ਕਾਮਿਲ ਮਰਦ ਅੱਲ੍ਹਾ ਦੇ ਖ਼ਾਸੇ ਲੋਕ ਹਜ਼ੂਰੀ
ਜ਼ਾਹਿਰ ਆਖ ਸੁਣਾਂਦੇ ਭਾਈ ਇਹ ਗੱਲ ਪੱਕੀ ਪੂਰੀ

ਦਿਲ ਮੋਮਿਨ ਦਾ ਸ਼ੀਸ਼ਾ ਬਣਿਆ ਇਕ ਦੂਏੇ ਦੇ ਕਾਰਨ
ਪਰ ਜੇ ਸਾਨ ਇਸ਼ਕ ਦੀ ਧਰਕੇ ਖ਼ੂਬ ਜ਼ੰਗਾਰ ਉਤਾਰਨ

ਨੂਰ ਯਕੀਨੋਂ ਰੌਸ਼ਨ ਹੋਵੇ ਚਮਕੇ ਨਾਲ਼ ਸਫ਼ਾਈ
ਸਿਕਲ ਹੋਏ ਤਾਂ ਸਭ ਕੁੱਝ ਦਿੱਸੇ ਨਜ਼ਰ ਕਰੇ ਹਰ ਜਾਈ

ਗਗਨ ਪਤਾਲ਼ ਨਾ ਛੁਪਣ ਦੇਂਦਾ ਚੀਜ਼ ਤੱਕੇ ਹਰ ਵੱਲ ਦੀ
ਦੂਰਬੀਨ ਅੰਗਰੇਜ਼ੀ ਲੱਖਾਂ ਇਸ ਇਕ ਨਾਲ਼ ਨਾ ਰਲਦੀ ।(੫੧੮੦)

ਦਿਲਬਰ ਨੂੰ ਕੋਈ ਤੰਗੀ ਪਹੁੰਚੇ ਆਸ਼ਿਕ ਦਾ ਦਿਲ ਖੁਸਦਾ
ਤੋੜੇ ਸੈ ਕੋਹਾਂ ਪਰ ਹੋਵੇ ਪਤਾ ਨਾ ਆਵੇ ਉਸਦਾ

ਹਜ਼ਰਤ ਮਿਹਤਰ ਯੂਸੁਫ਼ ਤਾਈਂ ਜਾਂ ਖੂਹ ਸੁੱਟਿਆ ਭਾਈਆਂ
ਮਿਸਰੇ ਵਿਚ ਜ਼ੁਲੈਖ਼ਾ ਬੀਬੀ ਪੀੜਾਂ ਇਸ਼ਕ ਹਿਲਾਈਆਂ

ਚੀਰ ਸਰੀਰ ਕਬਾਬ ਬਣਾਇਆ ਮਹੀਂਵਾਲ ਚੰਗੇਰਾ
ਸੋਹਣੀ ਨੇ ਬਿਨ ਦੱਸਿਆਂ ਜਾਤਾ ਇਹ ਆਸ਼ਿਕ ਦਾ ਬੇਰਾ

ਸੱਸੀ ਮੋਈ ਥਲਾਂ ਵਿਚ ਤੱਸੀ ਭਾਹ ਗ਼ਮਾਂ ਦੀ ਸੜ ਕੇ
ਪੰਨੂੰ ਮੋੜ ਲਿਆਂਦਾ ਇਸ਼ਕੇ ਕੇਚਮ ਕੋਲੋਂ ਫੜ ਕੇ

ਰਾਂਝੇ ਨੇ ਜਦ ਕੰਨ ਪੜਾਏ ਝੱਲੇ ਦੁੱਖ ਕਹਾਰੀ
ਰੰਗ ਪੁਰੇ ਵਿਚ ਹੀਰ ਸਿਆਲੇ ਲੱਗ ਗਈ ਬੀਮਾਰੀ

ਲੈਲਾ ਲਹੂ ਛੁਡਾਇਆ ਘਰ ਵਿਚ ਯਾਰ ਨਾ ਡਿੱਠਾ ਵਗਦਾ
ਵਿਚ ਪਹਾੜਾਂ ਮਜਨੂੰ ਤਾਈਂ ਲਹੂ ਛੁਟਾ ਉਸ ਰਗ ਦਾ

ਸੈਫ਼-ਮਲੂਕ ਪਰੀ ਦੇ ਇਸ਼ਕੇ ਕੀਤਾ ਸੀ ਮਸਤਾਨਾ
ਉਤੋਂ ਪੀਤੇ ਮੱਧ ਪਿਆਲੇ ਹੋਇਆ ਮਿਸਲ ਦੀਵਾਨਾ

ਗਾਉਂਦਿਆਂ ਚਿੱਤ ਹੋਇਆ ਉਦਾਸੀ ਲੱਗੀ ਛਿਕ ਸੱਜਣ ਦੀ
ਕਾਹਲ਼ਾ ਪੈ ਕੇ ਉਠ ਖਲੋਤਾ ਲੈਣ ਹਵਾ ਚਮਨ ਦੀ

ਅੱਖੀਂ ਬਲਣ ਚਿਰਾਗ਼ਾਂ ਵਾਂਗਰ ਫਿਰਦਾ ਮਸਤ ਦੀਵਾਨਾ
ਝੁੱਲੀ ਵਾਅ ਸੱਜਣ ਦੀ ਪਾਰੋਂ ਆਣ ਦਿਤੋਸ ਪਰਵਾਨਾ

ਹਰ ਹਰ ਚੌਕ ਇਰਾਕ ਤਕੇਂਦਾ ਫਿਰਦਾ ਸੀ ਸ਼ਹਿਜ਼ਾਦਾ
ਮਗ਼ਜ਼ ਚੜ੍ਹੀ ਖ਼ੁਸ਼ਬੂ ਪਰੀ ਦੀ ਲੱਗੀ ਛਿਕ ਜ਼ਿਆਦਾ ।(੫੧੯੦)

ਜ਼ੁਲਫ਼ ਪਰੀ ਦੀ ਮੁਸ਼ਕ ਖ਼ੁਤਨ ਦੀ ਧੁੰਮ ਗਈ ਹਰ ਪਾਸੇ
ਗੁਲ ਫੁੱਲ ਬਾਗ਼ ਬਗ਼ੀਚੇ ਸਾਰੇ ਮਲ ਲਏ ਇਸ ਬਾਸੇ

ਵਕਤ ਬਹਾਰ ਚਮਨ ਵਿਚ ਰੌਣਕ ਹਰ ਬੂਟੇ ਹਰ ਗੁਲ ਦੀ
ਨਰਮ ਨਸੀਮ ਮੁਹੱਬਤ ਵਾਲੀ ਖ਼ੂਬ ਮੁਅੱਤਰ ਝੁਲਦੀ

ਸਬਜ਼ਾ ਤੇਜ਼ ਜ਼ਬਾਨ ਤਰੇਲੋਂ ਕਰਦਾ ਦੁਰ ਅਫ਼ਸ਼ਾਨੀ
ਨਿਅਮਤ ਕੋਲੋਂ ਹਰਿਆ ਭਰਿਆ ਕਹਿੰਦਾ ਹਮਦ ਰੱਬਾਨੀ

ਰੁੱਖ ਤੁਵੰਗਰ ਨਾਲ਼ ਸਮਰ ਦੇ ਛਤਰ ਚੜ੍ਹੇ ਫ਼ੀਰੋਜ਼ੇ
ਹਮਦ-ਸਨਾ ਇਲਾਹੀ ਆਖਣ ਆਹਲਣਿਆਂ ਵਿਚ ਬੂਜ਼ੇ

ਬੂਟਾ ਵੇਲ ਤਮਾਮੀ ਹਰਿਆ ਫੁੱਲਾਂ ਰੰਗ ਹਜ਼ਾਰਾਂ
ਗਾਵਣ ਭੌਰ ਸਮਾਂ ਲਗਾਵਣ ਮਿਸਲ ਤੰਬੂਰ ਸਤਾਰਾਂ

ਚੰਨੋਂ ਚੌਧਵੀਂ ਰਾਤ ਨੂਰਾਨੀ ਚੰਨ ਸਿਰੇ ਪਰ ਆਇਆ
ਰੌਸ਼ਨ ਈਦ ਦਿਹਾੜੇ ਨਾਲ਼ੋਂ ਜੁਮਲ ਜਹਾਨ ਸੁਹਾਇਆ

ਹਰ ਜਾਈ ਕਸਤੂਰੀ ਹੁੱਲੇ ਹਰ ਗੋਸ਼ੇ ਫੁੱਲ ਖੇਲੀ
ਚਾਨਣਿਓਂ ਤੇ ਛਾਈਓਂ ਚੰਬੇ ਧਰਤੀ ਵਾਂਗ ਚੰਬੇਲੀ

ਹੁਸਨ ਇਲਾਹੀ ਚੰਨ ਸੁਹਾਇਆ ਸਗਲ ਜਹਾਨ ਨੂਰਾਨੀ
ਪਾਕ ਲਕਾ ਜਣੇ ਨੂੰ ਹੋਇਆ ਵਾਹ ਰਹਿਮਤ ਸੁਬਹਾਨੀ

ਖ਼ੁਸ਼ੀਆਂ ਦੇ ਦਰਵਾਜ਼ੇ ਖੁੱਲੇ ਤਾਕ ਗ਼ਮਾਂ ਦੇ ਮਾਰੇ
ਆਦਮ ਜਿੰਨ ਜਨਾਵਰ ਵਹਿਸ਼ੀ ਚੈਨ ਕਰੇਂਦੇ ਸਾਰੇ

ਸ਼ੇਰਾਂ ਹਿਰਨਾਂ ਸੁਲ੍ਹਾ ਬਣਾਈ ਭੇਡਾਂ ਤੇ ਬਘਿਆੜਾਂ
ਤਿੱਤਰ ਬਾਜ਼ ਬਟੇਰੇ ਬਾਸ਼ੇ ਰਲ਼ ਬੈਠੇ ਵਿਚ ਝਾੜਾਂ ।(੫੨੦੦)

ਦੰਦ ਸੱਪਾਂ ਦੇ ਖੁੰਢੇ ਹੋਏ ਨਿਕਲੀ ਵਿੱਸ ਜ਼ਬਾਨੋਂ
ਧਰਤੀ ਨਿੱਘਰ ਗਏ ਅਠੂਏਂ ਪੌਲੇ ਖਾ ਜਹਾਨੋਂ

ਦੂਰ ਹੋਇਆ ਕੁਲ ਆਲਮ ਉੱਤੋਂ ਗ਼ਮ ਅੰਦੋਹ ਹੈਰਾਨੀ
ਸ਼ਮ੍ਹਾਂ ਨਾਲ਼ ਮਿਲੇ ਪਰਵਾਨੇ ਹਰ ਜਾਨੀ ਨੂੰ ਜਾਨੀ

ਭੈਣਾਂ ਦੇ ਘਰ ਆਂਦੇ ਮੌਲਾ ਵੀਰ ਗਏ ਪਰਦੇਸੀਂ
ਨੌਸ਼ਾ-ਕੰਤ ਮਿਲੇ ਸਨ ਨਾਰੀਂ ਇਤਰ ਮਿਲਾਏ ਕੇਸੀਂ

ਭਾਈਆਂ ਨਾਲ਼ ਮਿਲੇ ਸਨ ਭਾਈ ਉਮਰਾਂ ਪਾ ਵਿਛੁੰਨੇ
ਸ਼ੁਕਰ ਗੁਜ਼ਾਰ ਹੋਏ ਫਿਰ ਅੱਵਲ ਗਲ ਬਾਹਾਂ ਘੱਤ ਰੁੰਨੇ

ਯਾਰਾਂ ਯਾਰ ਮਿਲੇ ਇਸ ਰਾਤੀਂ ਭੌਰਾਂ ਨੂੰ ਗੁਲਜ਼ਾਰਾਂ
ਕਾਮਿਲ ਮੁਰਸ਼ਿਦ ਮਿਲੇ ਮੁਰੀਦਾਂ ਕਰ ਮਹਿਰਮ ਇਸਰਾਰਾਂ

ਇਲਮ ਯਕੀਨੋਂ ਹਾਸਿਲ ਹੋਇਆ ਰੁਤਬਾ ਐਨ ਯਕੀਨੋਂ
ਗ਼ਫ਼ਲਤ ਹੋਈ ਦੂਰ ਮੁਹੰਮਦ ਆਲਿਮ ਜ਼ਮਨ ਜ਼ਮੀਨੋਂ

ਜਿਉਂ ਕਰ ਮਿਹਤਰ ਮੂਸਾ ਡਿੱਠਾ ਤੂਰ ਉੱਤੇ ਚਮਕਾਰਾ
ਤਿਵੇਂ ਸੈਫ਼-ਮਲੂਕੇ ਲੱਗਾ ਇਕ ਪਾਸੋਂ ਲਿਸ਼ਕਾਰਾ

ਆਤਿਸ਼ ਚਮਕ ਲੱਗੀ ਅਜ਼ਗ਼ੈਬੋਂ ਹੋਇਆ ਉੱਤੇ ਵੱਲ ਰਾਹੀ
ਕੀ ਤੱਕਦਾ ਇਕ ਨਾਰ ਪਈ ਹੈ ਸੂਰਤ ਸਿਫ਼ਤ ਇਲਾਹੀ

ਸੂਰਜ ਵਾਂਗ ਚਮਕਦਾ ਚਿਹਰਾ ਚੰਨੋਂ ਜੋਤ ਨੂਰਾਨੀ
ਗੱਲ ਲਾਲਾਂ ਦੇ ਹਾਰ ਲਟਕਦੇ ਜਿਉਂ ਤਾਰੇ ਅਸਮਾਨੀ

ਦੁੱਰੇ-ਯਤੀਮ ਕੰਨਾਂ ਵਿਚ ਲੜੀਆਂ ਸੋਨੇ ਤਾਰ ਪਰੋਤੇ
ਵਾਓ ਨਾਲ਼ ਪਰੇਸ਼ਾਂ ਹੋਏ ਵਾਲ਼ ਮੁਅੰਬਰ ਧੋਤੇ ।(੫੨੧੦)

ਜ਼ੁਲਫ਼ ਸਿਆਹ ਕਸਤੂਰੀ ਭਿੰਨੀ ਗਲ ਵਿਚ ਪਈ ਲਟਕਦੀ
ਜ਼ੇਵਰ ਜ਼ੇਬ ਪੁਸ਼ਾਕੀ ਸਾਰੀ ਝਿਲਮਿਲ ਕਰੇ ਚਮਕਦੀ

ਰੂਪ ਅਨੂਪ ਹਿਸਾਬੋਂ ਬਾਹਰ ਸਿਫ਼ਤ ਨਾ ਕੀਤੀ ਜਾਵੇ
ਇਸ ਦਰਿਆ ਹੁਸਨ ਦੇ ਵਿਚੋਂ ਕਤਰਾ ਚੰਨ ਦਿਖਾਵੇ

ਆਬ ਹਯਾਤ ਲਬਾਂ ਵਿਚ ਚਸ਼ਮਾ ਗਜ਼ਾ ਸਿੱਰ-ਹੱਕਾਨੀ
ਖ਼ਿਜ਼ਰ ਇਲਿਆਸ ਹੋਵਣ ਦਿਲ ਘਾਇਲ ਵੇਖ ਹੁਸਨ ਨੂਰਾਨੀ

ਹੀਰੇ ਮੋਤੀ ਲਅਲ ਜਵਾਹਰ ਹੋਰ ਸੁੱਚੇ ਫ਼ੀਰੋਜ਼ੀ
ਗਲਮਾ ਦਾਮਨ ਕੰਨੇ ਪੱਲੇ ਜੜਤ ਹੋਈ ਜ਼ਰਦੋਜ਼ੀ

ਸੂਰਤ ਤਾਬ ਵੱਡਾ ਮਹਿਤਾਬੋਂ ਝਲਕ ਲੱਗੀ ਅਸਮਾਨਾਂ
ਅੰਤ ਹਿਸਾਬ ਨਾ ਆਵੇ ਕੋਈ ਜ਼ੇਵਰ ਜ਼ੇਬ ਸ਼ਹਾਨਾ

ਲਹਿ ਲਹਿ ਕਰੇ ਸ਼ੁਆ ਹੁਸਨ ਦੀ ਹਰ ਪਾਸੇ ਹਰ ਜਾਈ
ਹਰ ਪੱਤਰ ਹਰ ਡਾਲ਼ੀ ਉੱਤੇ ਉਸੇ ਦੀ ਰੁਸ਼ਨਾਈ

ਹਰ ਮੇਂਢੀ ਸੰਗ ਲਟਕਣ ਸੁੱਚੀਆਂ ਮਰਵਾਰੀਦੋਂ ਲੜੀਆਂ
ਹੱਥੀਂ ਛਾਪਾਂ ਬਾਹੀਂ ਕੜੀਆਂ ਸਭ ਜ਼ਮੁਰਦ ਜੜੀਆਂ

ਸ਼ਹਿਜ਼ਾਦੇ ਨੂੰ ਨਜ਼ਰੀਂ ਆਈ ਜਾਂ ਉਹ ਸੂਰਤ ਵਾਲੀ
ਮੂਰਤ ਵਾਂਗੂੰ ਪਈ ਹਿਕਲੀ ਹੋਸ਼ ਸੰਭਾਲੋਂ ਖ਼ਾਲੀ

ਵੇਖਦਿਆਂ ਸ਼ਹਿਜ਼ਾਦੇ ਤਾਈਂ ਹੋਈ ਖ਼ੁਸ਼ੀ ਨਿਹਾਇਤ
ਰੂਹ ਬਦਨ ਵਿਚ ਮੇਵੇ ਨਾਹੀਂ ਵਾਫ਼ਰ ਵੇਖ ਇਨਾਇਤ

ਮੌਜੀਂ ਆਈ ਨਦੀ ਖ਼ੁਸ਼ੀ ਦੀ ਰੂਹ ਲਹਿਰ ਵਿਚ ਤਰਦਾ
ਭੁੱਲ ਗਿਆ ਜੀਉ-ਜੁੱਸਾ ਆਪਣਾ ਰੂਪ ਡਿੱਠਾ ਦਿਲਬਰ ਦਾ ।(੫੨੨੦)

ਧਰਤ ਅਸਮਾਨ ਨਾ ਦਿਸਦਾ ਕਿਧਰੇ ਜਾਨ ਜਹਾਨ ਨਾ ਸੁੱਝੇ
ਕੀ ਕੁੱਝ ਜ਼ਾਹਿਰ ਕਹਾਂ ਮੁਹੰਮਦ ਸਿੱਰ ਇਸ਼ਕ ਦੇ ਗੁੱਝੇ

ਦੋਜ਼ਖ਼ ਜੰਨਤ ਯਾਦ ਨਾ ਰਹਿਓਸੁ ਦੁਨੀਆਂ ਦੀਨ ਪਸਾਰੇ
ਭੁਲੇ ਇਲਮ ਕਲਾਮ ਕਿਤਾਬਾਂ ਵਿਰਦ ਵਜ਼ੀਫ਼ੇ ਸਾਰੇ

ਵਹਿਮ ਖ਼ਿਆਲ ਗੁਮਾਨ ਨਾ ਰਿਹਾ ਉਸ ਜਮਾਲ ਕਮਾਲੋਂ
ਜਿਉਂ ਕਰ ਅੱਗੇ ਕਿਹਾ ਸਿਆਣੇ ਛੁੱਟੀ ਹੀਰ ਜੰਜਾਲੋਂ

ਲੂੰ ਲੂੰ ਵਿਚੋਂ ਹਮਦ ਇਲਾਹੀ ਨਿਕਲੇ ਸ਼ੁਕਰ ਹਜ਼ਾਰਾਂ
ਗਈ ਖ਼ਿਜ਼ਾਂ ਵਿਛੋੜੇ ਵਾਲੀ ਆਈਆਂ ਵਸਲ ਬਹਾਰਾਂ

ਬੁਲਬੁਲ ਵੰਝ ਗੁਲਾਂ ਤੇ ਬੈਠੀ ਭੌਰ ਲੱਧੇ ਗੁਲ ਲਾਲੇ
ਸ਼ਮ੍ਹਾ ਪਤੰਗ ਇਕੱਠੇ ਹੋਏ ਚੰਨ ਚਕੋਰਾਂ ਨਾਲ਼ੇ

ਆਸ਼ਿਕ ਨੂੰ ਮਹਿਬੂਬ ਪਿਆਰਾ ਆਇਆ ਨਜ਼ਰ ਇਕੱਲਾ
ਹਰ ਜ਼ੱਰੇ ਨੂੰ ਸੂਰਜ ਕਰਦਾ ਉਸ ਦਰ ਨੂਰ ਤਜੱਲਾ

ਬਾਗ਼ ਅੰਦਰ ਜੋ ਪਾਣੀ ਆਹੇ ਨਹਿਰਾਂ ਖੂਹ ਫੁਹਾਰੇ
ਹਰ ਹਰ ਬੂੰਦ ਮੁਹੰਮਦ ਬਖਸ਼ਾ ਨਦੀਆਂ ਦਾ ਦਮ ਮਾਰੇ

ਸੁੱਕੇ ਕੱਖ ਨਚੀਜ਼ੇ ਜਿਹੜੇ ਪੈਰਾਂ ਹੇਠ ਮਲੀਂਦੇ
ਚੰਬੇ ਤੇ ਗੁਲ ਲਾਲੇ ਵਾਂਗਰ ਰੌਸ਼ਨ ਸਭ ਦਸੀਂਦੇ

ਰੌਸ਼ਨ ਰਾਤ ਦਿੱਸੇ ਹਰ ਪਾਸੇ ਕੀ ਗੱਲ ਕਹਾਂ ਜ਼ੁਬਾਨੀ
ਮੂਸਾ ਦੇ ਕੋਹ ਤੂਰੇ ਵਾਲੀ ਹੋਇਆ ਬਾਗ਼ ਨਿਸ਼ਾਨੀ

ਜਲ-ਥਲ ਮਸ਼ਰਿਕ-ਮਗ਼ਰਿਬ ਤੋੜੀ ਹੋਰ ਨਹੀਂ ਕੁੱਝ ਦਿਸਦਾ
ਜਿੱਤ ਵੱਲ ਵੇਖੇ ਉਹੋ ਸੂਰਤ ਜਲਵਾ ਸਾਰਾ ਤਿਸ ਦਾ ।(੫੨੩੦)

ਸ਼ਹਿਜ਼ਾਦਾ ਸ਼ੁਕਰਾਨਾ ਪੜ੍ਹ ਕੇ ਗਿਆ ਪਰੀ ਦੇ ਕੋਲੇ
ਤਰੈ ਵਾਰੀ ਚੌਗਿਰਦੇ ਫਿਰ ਕੇ ਤੱਵਾਫ਼ ਕਰੇ ਜਿੰਦ ਘੋਲੇ

ਜਲਵੇ ਰੂਪ ਘਣੇ ਦੇ ਕੋਲੋਂ ਤਾਕਤ ਤਰਾਣ ਨਾ ਰਿਹਾ
ਸੂਰਤ ਨਕਸ਼ ਸਹੀ ਪਛਾਤੀ ਚੋਰ ਮੇਰੀ ਹੈ ਇਹਾ

ਕਰ ਸਲਾਮ ਤਵਾਫ਼ ਚੌਫੇਰੇ ਫਿਰ ਦੋ ਪੈਰ ਪਕੜ ਕੇ
ਤਲੀਆਂ ਚੁੰਮ ਮੇਲੇ ਸਿਰ ਅੱਖੀਂ ਕਦਮਾਂ ਅੰਦਰ ਝੜਕੇ

ਖ਼ੁਸ਼ੀਆਂ ਕਰਦਾ ਮੇਵੇ ਨਾਹੀਂ ਦੂਣਾ ਹੋ ਹੋ ਬਹਿੰਦਾ
ਤਾਂ ਉਸ ਵੇਲੇ ਉਸ ਮਜ਼ਮੂਨੋਂ ਬੈਂਤ ਜ਼ਬਾਨੋਂ ਕਹਿੰਦਾ

ਵਾਹ ਵਾਹ ਵਕਤ ਸੁੱਤਾ ਜਿਸ ਵੇਲੇ ਯਾਰ ਸ਼ਰਾਬੀ ਹੋ ਕੇ
ਆਸ਼ਿਕ ਚੋਰੀ ਪੈਰ ਚੁਮੇਂਦੇ ਹੰਝੂ ਪਾਣੀ ਧੋ ਕੇ

ਹੱਸ ਹੱਸ ਬੁਲਬੁਲ ਵੇਖੇ ਗੁਲ ਨੂੰ ਲੱਧਾ ਸੂ ਰੋ ਰੋ ਕੇ
ਸੌਣ ਸ਼ਰਾਬੀ ਯਾਰ ਮੁਹੰਮਦ ਆਸ਼ਿਕ ਦੇ ਘਟ ਸੋਕੇ

ਸ਼ਹਿਜ਼ਾਦੇ ਨੇ ਬੈਠ ਸਿਰ੍ਹਾਂਦੀ ਸਿਰ ਝੋਲ਼ੀ ਵਿਚ ਧਰਿਆ
ਲਏ ਪਿਆਰ ਪਰੀ ਦੇ ਮੂੰਹੋਂ ਪੂੰਝੇ ਜੁੱਸਾ ਭਰਿਆ

ਸ਼ਹਿਜ਼ਾਦੇ ਤਨ ਚਿੱਟੀ ਆਹੀ ਕਾਫ਼ੂਰੀ ਪੁਸ਼ਾਕੀ
ਚੰਦਰ ਬਦਨ ਪਰੀ ਦੀ ਛੰਡੇ ਧੂੜ ਗ਼ੁਬਾਰੀ ਖ਼ਾਕੀ

ਮੁੜ ਮੁੜ ਲਏ ਪਿਆਰ ਮੂੰਹੇਂ ਤੋਂ ਹੰਝੂ ਭਰ ਭਰ ਰੋਵੇ
ਖ਼ੁਸ਼ੀ ਕਮਾਲੋਂ ਹੰਝੂ ਵਗਣ ਬਹੁਤ ਏਹੀ ਗੱਲ ਹੋਵੇ

ਜਿਉਂ ਕਰ ਖ਼ੁਆਜਾ ਹਾਫ਼ਿਜ਼ ਸਾਹਿਬ ਕਿਹਾ ਵਿਚ ਦੀਵਾਨੇ
ਇਕ ਬੁਲਬੁਲ ਮੈਂ ਰੋਂਦੀ ਡਿੱਠੀ ਫੜਿਆ ਫੁੱਲ ਦਹਾਨੇ ।(੫੨੪੦)

ਮੈਂ ਪੁੱਛਿਆ ਕਿਉਂ ਰੋਵੇਂ ਬੀਬੀ ਯਾਰ ਤੇਰਾ ਰਲ਼ ਮਿਲਿਆ
ਦਰਦ ਫ਼ਿਰਾਕ ਰਿਹਾ ਫਿਰ ਕੀਕਰ ਜਿਸ ਸੱਜਣ ਗੱਲ ਮਿਲਿਆ

ਬੁਲਬੁਲ ਬੋਲੀ ਹਾਫ਼ਿਜ਼ ਸਾਹਿਬ ਕੀ ਗੱਲ ਪੁੱਛੇਂ ਮੈਨੂੰ
ਇਸ ਰੋਵਣ ਦੀ ਹਾਲ ਹਕੀਕਤ ਹੈ ਕੁੱਝ ਮਾਲਮ ਤੈਨੂੰ

ਮਹਿਬੂਬਾਂ ਦੇ ਜਲਵੇ ਅੱਗੇ ਅਸਾਂ ਗ਼ੁਲਾਮੀ ਚਾਈ
ਰੋਵਣ ਪਿਟਣ ਕਾਰ ਹਮੇਸ਼ਾ ਉਸ ਸਾਨੂੰ ਫ਼ੁਰਮਾਈ

ਜਿਹਨਾਂ ਦੇ ਦਿਲ ਇਸ਼ਕ ਸਮਾਣਾ ਰੋਵਣ ਕੰਮ ਉਨ੍ਹਾਹਾਂ
ਵਿਛੜੇ ਰੋਂਦੇ ਮਿਲਦੇ ਰੋਂਦੇ ਰੋਂਦੇ ਟੁਰਦੇ ਰਾਹਾਂ

ਵਸਲ ਫ਼ਿਰਾਕ ਨਹੀਂ ਚਿੱਤ ਆਣਨ ਕਾਮਿਲ ਇਸ਼ਕ ਸ਼ਿੰਗਾਰੇ
ਮਹਿਬੂਬਾਂ ਦਾ ਰਾਜ਼ੀਨਾਮਾ ਲੋੜਨ ਸਦਾ ਬੇਚਾਰੇ

ਸਿਕ ਸਿਕੰਦਿਆਂ ਉਮਰ ਗੁਜ਼ਾਰੀ ਮੌਲਾ ਯਾਰ ਮਿਲਾਇਆ
ਤੱਕਦਾ ਤੱਕਦਾ ਰੱਜਦਾ ਨਾਹੀਂ ਸੂਰਤ ਦਾ ਭਰਮਾਇਆ

ਬੋਸੈ ਲੈਂਦਾ ਬਲਿ ਬਲਿ ਪੈਂਦਾ ਸਿਰ ਪੈਰਾਂ ਤੱਕ ਤੱਕਦਾ
ਸ਼ਾਹ-ਪਰੀ ਦੇ ਚਿਹਰੇ ਵੱਲੋਂ ਅੱਖੀਂ ਝਮਕ ਨਾ ਸਕਦਾ

ਗੁਲ ਫੁਲ ਜੈਸੇ ਜੁੱਸੇ ਜਾਮੇ ਦੋਹਾਂ ਨਾਜ਼ੁਕ ਯਾਰਾਂ
ਕਰ ਕਰ ਪੈਣ ਪੋਸ਼ਾਕੇ ਉੱਤੇ ਹੰਝੂ ਮੀਂਹ ਬਹਾਰਾਂ

ਰੋਂਦੇ ਰੋਂਦੇ ਦਾ ਇਕ ਕਤਰਾ ਅੱਥਰੂਆਂ ਦਾ ਪਾਣੀ
ਸ਼ਾਹ-ਪਰੀ ਦੇ ਮੁੱਖ ਪਰ ਢੱਠਾ ਗਰਮ ਲੱਗਾ ਉਸ ਰਾਣੀ

ਨਾਲ਼ੇ ਬੂ ਸ਼ਹਿਜ਼ਾਦੇ ਵਾਲੀ ਉਸ ਦੇ ਮਗ਼ਜ਼ ਗਈ ਸੀ
ਮੋਈ ਹੋਈ ਨੂੰ ਨਵੇਂ ਸਿਰੇ ਥੀਂ ਆ ਫਿਰ ਜਿੰਦ ਪਈ ਸੀ ।(੫੨੫੦)

ਰੂਹ ਨਿਖੁੱਟੇ ਕੁੱਵਤ ਪਾਈ ਆਈ ਹੋਸ਼ ਟਿਕਾਣੇ
ਅੱਖ ਉਘਾੜ ਡਿੱਠਾ ਕੀ ਤੱਕਦੀ ਬੈਠਾ ਯਾਰ ਸਿਰਹਾਣੇ

ਸੋਹਣੀ ਸੂਰਤ ਮਿਸਲ ਫ਼ਰਿਸ਼ਤਾ ਚੰਨੋਂ ਰੂਪ ਜ਼ਿਆਦਾ
ਸਿਰ ਝੋਲ਼ੀ ਵਿਚ ਧਰਕੇ ਬੈਠਾ ਸੈਫ਼-ਮਲੂਕ ਸ਼ਹਿਜ਼ਾਦਾ

ਲਏ ਪਿਆਰ ਪਰੀ ਦੇ ਮੂੰਹੋਂ ਸਭ ਜੁੱਸੇ ਹੱਥ ਫੇਰੇ
ਮੂੰਹ ਉਹਦੇ ਵੱਲ ਤੱਕ ਤੱਕ ਰੋਂਦਾ ਹੰਝੂ ਭਰ ਭਰ ਕੇਰੇ

ਸ਼ਹਿਜ਼ਾਦੇ ਵੱਲ ਵੇਖਦਿਆਂ ਈਂ ਸ਼ਾਹ-ਪਰੀ ਸ਼ਰਮਾਈ
ਮੂੰਹ ਪਰ ਪੱਲਾ ਲੈ ਸ਼ਿਤਾਬੀ ਸੂਰਤ ਪਾਕ ਛੁਪਾਈ

ਸਿਰ ਪੈਰਾਂ ਤੱਕ ਚਾਦਰ ਤਾਣੀ ਉਂਗਲ ਰਹੀ ਨਾ ਬਾਂਦੀ
ਸ਼ਰਮ ਕਨੋ ਪਸ-ਪਰਦੇ ਹੋ ਕੇ ਆਸ਼ਿਕ ਨੂੰ ਫ਼ੁਰਮਾਂਦੀ

ਕੌਣ ਕੋਈ ਤੂੰ ਕਿਥੋਂ ਆਇਓਂ ਸੂਰਤਮੰਦ ਜਵਾਨਾ
ਸ਼ੇਰ ਦਲੇਰ ਬਹਾਦਰ ਸੋਹਣਾ ਦਿੱਸੇਂ ਰੂਪ ਯਗ਼ਾਨਾ

ਕੇ ਅਸ਼ਨਾਈ ਤੇਰੀ ਮੇਰੀ ਬੈਠੋਂ ਆਣ ਸਿਰ੍ਹਾਂਦੀ
ਨਾ ਮਹਿਰਮ ਨੂੰ ਹੱਥ ਲਗਾਵੇਂ ਅੰਤ ਕੇਹੀ ਤੁਧ ਆਂਦੀ

ਲਏਂ ਪਿਆਰ ਪਰੀ ਦੇ ਮੂੰਹੋਂ ਹੋ ਕੇ ਆਦਮ ਜ਼ਾਦਾ
ਕਿਥੋਂ ਸ਼ੋਖ਼ੀ ਤੇ ਗੁਸਤਾਖ਼ੀ ਸਿਖੀ ਆ ਐਡ ਜ਼ਿਆਦਾ

ਸਿਰ ਮੇਰਾ ਤੁਧ ਝੋਲ਼ੀ ਧਰਿਆ ਲਏਂ ਕਲਾਵੇ ਦੇਹੀ
ਅੰਗ ਮਿਲਾਂਦਾ ਸੰਗੇਂ ਨਾਹੀਂ ਐਡ ਬੇਸ਼ਰਮੀ ਕੇਹੀ

ਨਾ ਤੁਧ ਖ਼ੌਫ਼ ਖ਼ੁਦਾ ਦਾ ਆਵੇ ਨਾ ਕੁੱਝ ਸਹਿਮ ਸ਼ਹਾਂ ਦਾ
ਬਾਪ ਮੇਰਾ ਸੁਲਤਾਨ ਦੇਵਾਂ ਦਾ ਸ਼ਹਿਨਸ਼ਾਹ ਕਹਾਂਦਾ ।(੫੨੬੦)

ਜੇ ਇਕ ਜ਼ਰਾ ਖ਼ਬਰ ਇਸ ਗੱਲ ਦੀ ਦਿਓ ਪਰੀ ਕੋਈ ਪਾਵੇ
ਬੋਟੀ ਬੋਟੀ ਕਰਕੇ ਤੈਨੂੰ ਵਾਂਗ ਕਬਾਬਾਂ ਖਾਵੇ

ਝਿੜਕ ਪਰੀ ਦੀ ਸੁਣ ਸ਼ਹਿਜ਼ਾਦਾ ਅਰਜ਼ ਕਰੇਂਦਾ ਰੋ ਕੇ
ਬਹੁਤ ਨਿਮਾਣਾ ਦਰਦ ਰੰਞਾਣਾ ਹੀਣਾ ਜੇਹਾ ਹੋ ਕੇ

ਹੈ ਮਹਿਬੂਬ ਮੇਰੇ ਦਿਲ ਜਾਨੀ ਅੱਖੀਂ ਦੀ ਰੁਸ਼ਨਾਈ
ਦਿਲ ਜਾਨੀ ਦਾ ਜਾਨ ਦਿਲੇ ਦੀ ਤੁਧ ਬਿਨ ਹੋਰ ਨਾ ਕਾਈ

ਅਮਨ ਕਰਾਰ ਦਿਲੇ ਦਾ ਤੂੰਹੇਂ ਉਮਰ ਹੱਯਾਤੀ ਮੇਰੀ
ਤੂੰਹੇਂ ਮੌਜ ਜਵਾਨੀ ਵਾਲੀ ਐਸ਼ ਖ਼ੁਸ਼ੀ ਸਭ ਤੇਰੀ

ਤੂੰਹੇਂ ਦੀਨ ਈਮਾਨ ਬੰਦੇ ਦਾ ਤੂੰਹੇਂ ਲੁਤਫ਼ ਇਲਾਹੀ
ਤੂੰਹੇਂ ਤਾਕਤ ਨੈਣ ਪਰਾਣਾਂ ਤੂੰਹੇਂ ਦੁਨੀਆਂ ਸ਼ਾਹੀ

ਹੋਸ਼ ਸੰਭਾਲਾ ਅਕਲ ਦਾਨਾਈ ਫ਼ਹਿਮ ਤਬੀਅਤ ਮੇਰੀ
ਸੂਰਤ ਪਾਕ ਤੇਰੀ ਹੈ ਬੀਬੀ ਸੁਖ਼ਨ ਜਮੀਅਤ ਮੇਰੀ

ਘੁੰਡ ਉਤਾਰੇਂ ਦਰਸਨ ਦੱਸੇਂ ਮੁੱਖ ਤੋਂ ਪੱਲਾ ਲਾਹੇਂ
ਤਾਂ ਮੈਂ ਨਾਲ਼ ਤੇਰੇ ਦੋ ਬਾਤਾਂ ਕਰਸਾਂ ਜੇ ਉਹ ਚਾਹੇਂ

ਸ਼ਾਹ-ਪਰੀ ਨੇ ਕਿਹਾ ਅੱਗੋਂ ਨਾ ਕਰ ਐਡ ਦਲੇਰੀ
ਮੈਂ ਪਰੀ ਤੂੰ ਆਦਮ ਜ਼ਾਦਾ ਕੀ ਗੱਲ ਮੇਰੀ ਤੇਰੀ

ਨਾ ਮਹਿਰਮ ਨੂੰ ਮੂੰਹ ਨਾ ਦੱਸਾਂ ਹੋਸ਼ ਸੰਭਾਲੇ ਹੋਂਦੇ
ਨਾਲ਼ ਮੇਰੇ ਕੀ ਮਤਲਬ ਤੇਰਾ ਨੈਣ ਦਸਾਲੇਂ ਰੋਂਦੇ

ਜਿਨਸ ਰਲੀ ਰਲ਼ ਗੱਲਾਂ ਕਰਦੀ ਨਾ ਜਿਨਸਾਂ ਕੀ ਗੱਲਾਂ
ਮੈਂ ਨਾਰੀ ਤੂੰ ਖ਼ਾਕੀ ਬੰਦਾ ਨਾਲ਼ ਤੇਰੇ ਕਿਉਂ ਰਲਾਂ ।(੫੨੭੦)

ਸੈਫ਼-ਮਲੂਕ ਕਿਹਾ ਨਹੀਂ ਕੀਤੀ ਮੈਂ ਕੋਈ ਮੁਫ਼ਤ ਦਲੇਰੀ
ਜਿਸ ਦਮ ਜਾਨ ਲਬਾਂ ਪਰ ਆਈ ਨਾਲ਼ ਮੁਹੱਬਤ ਤੇਰੀ

ਸ਼ਰਮ ਹਯਾ ਪਰਹੇਜ਼ ਨਾ ਰਹੀਅਮ ਨਾ ਕੋਈ ਖ਼ੌਫ਼ ਰਹਿੰਦਾ
ਸਿਰਵਰਤੇ ਤਾਂ ਜਾਣੇਂ ਬੀਬੀ ਕਿਉਂ ਕਰ ਮੈਂ ਦੁੱਖ ਸਹਿੰਦਾ

ਦੋਹੜੇ

ਆਦਮ ਪਰੀਆਂ ਕਿਸ ਬਣਾਏ ? ਇਕੋ ਸਿਰਜਣ-ਹਾਰਾ
ਹੁਸਨ ਇਸ਼ਕ ਦੋ ਨਾਮ ਰਖਾਇਓਸੁ ਨੂਰ ਇਕੋ ਮੁੰਢ ਸਾਰਾ
ਮਹਬੂਬਾਂ ਦੀ ਸੂਰਤ ਉਤੇ ਉਸੇ ਦਾ ਚਮਕਾਰਾ
ਆਸ਼ਿਕ ਦੇ ਦਿਲ ਇਸ਼ਕ ਮੁਹੰਮਦ ਉਹੋ ਸਿਰੱ-ਨਿਆਰਾ

ਜੋ ਬਾਤਿਨ ਉਸਿ ਨਾਮ ਮੁਹੱਬਤ ਜ਼ਾਹਿਰ ਹੁਸਨ ਕਹਾਵੇ
ਹੁਸਨ ਮੁਹੱਬਤ ਮਹਰਮ ਤੋੜੋਂ ਕਿਉਂ ਮਹਰਮ ਸ਼ਰਮਾਵੇ
ਮਹਰਮ ਨਾਲ ਮਿਲੇ ਜਦ ਮਹਰਮ ਅੰਗ ਨਿਸੰਗ ਲਗਾਵੇ
ਹੁਸਨ ਇਸ਼ਕ ਇਕ ਜ਼ਾਤ ਮੁਹੰਮਦ ਤੋੜੇ ਕੋਈ ਸਦਾਵੇ

ਕੌਣ ਕਹੇ ਨਾ ਜਿਨਸ ਇਨ੍ਹਾਂ ਨੂੰ ? ਇਕਸੇ ਮਾਂ ਪਿਉ-ਜਾਏ
ਇਕੋ ਜ਼ਾਤ ਇਨ੍ਹਾਂ ਦੀ ਤੋੜੋਂ ਅਗੋਂ ਰੰਗ ਵਟਾਏ
ਇਕ ਕਾਲੇ ਇਕ ਸਬਜ਼ ਕਬੂਤਰ ਇਕ ਚਿੱਟੇ ਬਣਿ ਆਏ
ਚਿੱਟੇ ਕਾਲੇ ਮਿਲਣ ਮੁਹੰਮਦ ਨਾ ਬਣਿ ਬਹਿਣ ਪਰਾਏ

ਹੁਸਨ ਮੁਹੱਬਤ ਸਭ ਜ਼ਾਤਾਂ ਥੀਂ ਉੱਚੀ ਜ਼ਾਤ ਨਿਆਰੀ
ਨਾ ਇਹ ਆਬੀ ਨਾ ਇਹ ਬਾਦੀ ਨਾ ਖ਼ਾਕੀ ਨਾ ਨਾਰੀ
ਹੁਸਨ ਮੁਹੱਬਤ ਜ਼ਾਤ ਇਲਾਹੀ ਕਿਆ ਚਿੱਬ ਕਿਆ ਚਮਿਆਰੀ
ਇਸ਼ਕ ਬੇ-ਸ਼ਰਮ ਮੁਹੰਮਦ ਬਖ਼ਸ਼ਾ ਪੁਛਿ ਨਾ ਲਾਂਦਾ ਯਾਰੀ ।(੫੨੮੦)

ਜਿਨਸ-ਕੁ-ਜਿਨਸ ਮੁਹੱਬਤ ਮੇਲੇ ਨਹੀਂ ਸਿਆਨਪ ਕਰਦੀ
ਸੂਰਜ ਨਾਲ ਲਗਾਏ ਯਾਰੀ ਕਿਤ ਗੁਨ ਨੀਲੋਫ਼ਰ ਦੀ
ਬੁਲਬੁਲ ਨਾਲ ਗੁਲੇ ਅਸ਼ਨਾਈ ਖ਼ਾਰੋਂ ਮੂਲ ਨਾ ਡਰਦੀ
ਜਿਨਸ-ਕੁ-ਜਿਨਸ ਮੁਹੰਮਦ ਕਿੱਥੇ ਆਸ਼ਿਕ ਤੇ ਦਿਲਬਰ ਦੀ

ਚੰਨ ਚਕੋਰਾਂ ਦੀ ਕੀ ਯਾਰੀ ਤੱਕ ਤੱਕ ਹੁੰਦੇ ਦਿਲਖ਼ੁਸ਼
ਸ਼ਮ੍ਹਾ ਪਤੰਗਾਂ ਦੀ ਕੀ ਨਿਸਬਤ ਉਹ ਕੀੜੇ ਉਹ ਆਤਿਸ਼

ਹੁਸਨ ਇਸ਼ਕ ਦਾ ਕੌਲ ਪਕੇਰਾ ਹੋਇਆ ਰੋਜ਼ ਅੱਵਲ ਦੇ
ਆਦਮ ਪਰੀਆਂ ਕੀ ਤਫ਼ਾਵਤ ਇਕੋ ਜੇਹੇ ਸ਼ਕਲ ਦੇ

ਘੁੰਡ ਉਤਾਰ ਦੀਦਾਰ ਦਿਖਾਈਂ ਇਸ਼ਕ ਨਾ ਪੁੱਛਦਾ ਜ਼ਾਤਾਂ
ਰੂ-ਬ-ਰੂ ਸੱਜਣ ਦੇ ਹੋ ਕੇ ਕਰ ਲਈਏ ਦੋ ਬਾਤਾਂ

ਉਹ ਫ਼ੁਰਮਾਂਦੀ ਕਿਉਂ ਮੂੰਹ ਦਸਾਂ ਤੂੰ ਰਾਹੀ ਰਾਹ ਜਾਂਦਾ
ਮੈਂ ਸ਼ਾਹਜ਼ਾਦੀ ਸਤਰਾਂ ਵਾਲੀ ਤਕਦੀਰੇ ਫੜ ਆਂਦਾ

ਸੈਫ਼-ਮਲੂਕ ਕਿਹਾ ਮੈਂ ਰਾਹੀ ਇਸ ਵਿਚ ਕੂੜ ਨਾ ਜ਼ੱਰਾ
ਪਰ ਵਿਚ ਰਾਹ ਇਸ਼ਕ ਦੇ ਟੁਰਿਆ ਆਸ਼ਿਕ ਮਿਲੇ ਮੁਕੱਰਰਾ

ਸਤਰ ਹੋਵੇ ਨਾ ਮਹਿਰਮ ਕੋਲੋਂ ਮਹਿਰਮ ਥੀਂ ਕੀ ਪੜਦਾ
ਮੈਂ ਮਹਿਰਮ ਉਸ ਦਿਨ ਦਾ ਜਿਸ ਦਿਨ ਨਾਹਾ ਲਹਿੰਦਾ ਚੜ੍ਹਦਾ

ਪਰੀ ਕਹੇ ਮੈਂ ਡਿਠੋਂ ਨਾਹੀਂ ਮਹਿਰਮ ਬਣਿਓਂ ਕਿੱਥੇ
ਖ਼ਬਰ ਨਹੀਂ ਕਿਸ ਵਕਤ ਕਜ਼ੀਏ ਆਣ ਪੁਚਾਇਓਂ ਇੱਥੇ

ਸੈਫ਼-ਮਲੂਕ ਕਹੇ ਤੁਧ ਅੱਵਲ ਆਪੇ ਨਿਹੁੰ ਲਗਾਇਆ
ਰਹਸੇਂ ਨਹੀਂ ਇਕੱਲੀ ਮੇਰਾ ਨਕਸ਼ਾ ਨਾਲ਼ ਲਿਖਾਇਆ ।(੫੨੯੦)

ਆਪੇ ਬਾਗ਼-ਇਰਮ ਦਾ ਛੱਡਕੇ ਮਿਸਰ ਸ਼ਹਿਰ ਵਿਚ ਗਈ ਏਂ
ਤਾਂ ਮੈਂ ਘਰ ਤੇਰੇ ਵੱਲ ਟੁਰਿਆ ਇਸ ਜਾਈ ਲੱਭ ਲਈ ਏਂ

ਪਰੀ ਕਹੇ ਮੈਂ ਕੰਜ ਕੁਆਰੀ ਦਾਮਨ ਪਾਕ ਗੁਨਾਹੋਂ
ਕੀਕਰ ਮੂੰਹ ਮਰਦਾਵੇਂ ਲੱਗਾਂ ਸ਼ਰਮ ਤਰੋੜਾਂ ਰਾਹੋਂ

ਸ਼ਾਹ ਕਹੇ ਮੂੰਹ ਲੱਗਣ ਵਾਲਾ ਇਹੋ ਵੇਲ਼ਾ ਤੇਰਾ
ਦਾਮਨ ਪਾਕ ਸੱਜਣ ਸੰਗ ਮਿਲੀਏ ਲੱਗੇ ਨਿਹੁੰ ਪਕੇਰਾ

ਪਰੀ ਕਹੇ ਨਿਹੁੰ ਲਾਵਣ ਔਖਾ ਪਰੀਆਂ ਨਾਲ਼ ਤੁਸਾਨੂੰ
ਉਡ ਜਾਈਏ ਫਿਰ ਹੱਥ ਨਾ ਆਈਏ ਕੌਣ ਮਿਲੇ ਮੁੜ ਸਾਨੂੰ

ਸ਼ਾਹ ਕਹੇ ਨਿਓਂ ਉੱਚੀ ਜਾਈ ਲਾਂਦੇ ਨਾ ਸ਼ਰਮਾਈਏ
ਜੇ ਮਿਲਿਆ ਤਾਂ ਵਾਹ ਭਲੇਰਾ ਨਹੀਂ ਸਿਕਦੇ ਮਰ ਜਾਈਏ

ਪਰੀ ਕਹੇ ਛੱਡ ਖਹਿੜਾ ਮੇਰਾ ਉਠ ਜਾ ਜਿਧਰੋਂ ਆਇਓਂ
ਪਰਦਾ ਸਤਰ ਉਠਾਇਆ ਲੋੜੇਂ ਕਿਸ ਸ਼ਾਮਤ ਨੇ ਚਾਇਓਂ

ਸ਼ਾਮਤ ਇਸ਼ਕ ਤੇਰੇ ਦੀ ਚਾਇਆ ਤਾਂ ਇਸ ਜਾਈ ਆਇਆ
ਕਿਤ ਵੱਲ ਜਾਵਾਂ ਤੇਰੇ ਪਿੱਛੇ ਪਿਛਲਾ ਜਰਮ ਗਵਾਇਆ

ਜੋ ਮਲਿਕਾ ਦੀ ਮਾਈ ਤੈਨੂੰ ਮਿੱਠਾ ਦੁਧ ਪਿਲਾਇਆ
ਕਸਮ ਤੈਨੂੰ ਉਸ ਦੁੱਧੇ ਬੀਬੀ ਸੁਣ ਮੇਰਾ ਫ਼ੁਰਮਾਇਆ

ਗੱਲ ਮੇਰੀ ਸੁਣ ਸਾਰੀ ਪੂਰੀ ਕੰਨ ਦਿਲੇ ਦੇ ਧਰਕੇ
ਨਹੀਂ ਰਿਹਾ ਹੁਣ ਜ਼ੋਰ ਜਰਨ ਦਾ ਬੋਲ ਪਿਆ ਤਦ ਮਰ ਕੇ

ਕਿਹਾ ਬਦੀਅ-ਜਮਾਲ ਪਰੀ ਨੇ ਕਸਮ ਕੀਤੀ ਤੁਧ ਭਾਰੀ
ਦਸ ਅਸਾਨੂੰ ਕੀ ਗੱਲ ਤੇਰੀ ਚਾ ਸੁਣਸਾਂ ਇਕ ਵਾਰੀ ।(੫੩੦੦)

ਸ਼ਹਿਜ਼ਾਦੇ ਫਿਰ ਹਾਲ ਹਕੀਕਤ ਮੁਢੋਂ ਪਕੜ ਕਹਾਣੀ
ਆਖ਼ਿਰ ਤੋੜੀ ਸਭ ਸੁਣਾਈ ਜੋ ਉਸ ਨਾਲ਼ ਵਿਹਾਣੀ

ਸੁਣ ਕੈਫ਼ੀਅਤ ਸ਼ਾਹ-ਪਰੀ ਨੇ ਸਾਫ਼ ਜਵਾਬ ਸੁਣਾਇਆ
ਤੇਰਾ ਮੇਰਾ ਮਿਲਣਾ ਮੁਸ਼ਕਿਲ ਕਿਸ ਰਵਾ ਫ਼ੁਰਮਾਇਆ

ਮੈਂ ਪਰੀ ਤੂੰ ਆਦਮ ਜ਼ਾਦਾ ਕਦ ਇਹ ਨਿਸਬਤ ਹੋਈ
ਅਗਲੀ ਮੁਦਤ ਵਿਚ ਇਨ੍ਹਾਂ ਦੇ ਸਾਕ ਨਾ ਹੋਇਆ ਕੋਈ

ਜਿਹੜੇ ਸਾਕ ਨਾ ਹੋਏ ਅੱਗੇ ਅੱਜ ਕੋਈ ਕਦ ਕਰਦਾ
ਕੌਮੋਂ ਬਾਹਰ ਨਾ ਨਾਤਾ ਦੇਂਦਾ ਖ਼ਾਹ ਹੋਏ ਕੋਈ ਮਰਦਾ

ਲੰਗ ਲੋਕਾਕੀ ਸਭੀ ਕੋਈ ਰੱਖਦਾ ਚੂਹੜਾ ਮੋਚੀ ਬਾਤਲ
ਰਹੀ ਗਈ ਨੂੰ ਹਰ ਕੋਈ ਜਾਣੇ ਸਭ ਲੋੜੇ ਹਿਕ ਬਾਤਿਲ

ਕੰਮੀਂ ਅਤੇ ਕੰਗਾਲ ਕਮੀਨੇ ਇਹ ਗੱਲ ਕਹੀ ਨਾ ਭਾਵੇ
ਧੀ ਚੂਹੜੇ ਦੀ ਸੱਯਦ ਮੰਗੇ ਫਿਰ ਦੇਂਦਾ ਸ਼ਰਮਾਵੇ

ਨੀਚਾਂ ਦੇ ਘਰ ਉਚ ਵਡੇਰੇ ਨਾਤੇ ਕੀਤੇ ਨਾ ਲੋੜਨ
ਵੱਸ ਲਗਦੇ ਕਦ ਦਿੰਦੇ ਮੀਆਂ ਤੋੜੇ ਘਰ ਦਰ ਛੋੜਨ

ਆਦਮੀਆਂ ਥੀਂ ਉਚ ਕਹਾਵਣ ਪਰੀਆਂ ਟੱਬਰ ਨਾਰੀ
ਨਾਰੀ ਦੀ ਅਸ਼ਨਾਈ ਜਾ ਕਰ ਛੋੜ ਪਰੀ ਦੀ ਯਾਰੀ

ਪਰੀਆਂ ਥੀਂ ਕੀ ਹਾਸਿਲ ਤੈਨੂੰ ਜੋ ਹੱਥ ਆਵਣ ਨਾਹੀਂ
ਬੇਵਫ਼ਾ ਕਮੀਨਾ ਆਦਮ ਚਿੱਤ ਲਿਆਵਣ ਨਾਹੀਂ

ਬੇਵਫ਼ਾਈ ਕੰਮ ਤੁਸਾਡਾ ਪਰੀਆਂ ਲੋਕ ਵਫ਼ਾਈ
ਬੇਕਦਰਾਂ ਦੀ ਉਲਫ਼ਤ ਮੰਦੀ ਨੀਚਾਂ ਦੀ ਅਸ਼ਨਾਈ ।(੫੩੧੦)

ਨੀਚਾਂ ਦੀ ਅਸ਼ਨਾਈ ਕੋਲੋਂ ਕਿਸੇ ਨਹੀਂ ਫਲ ਪਾਇਆ
ਕਿਕਰ ਤੇ ਅੰਗੂਰ ਚੜ੍ਹਾਇਆ ਹਰ ਗੁੱਛਾ ਜ਼ਖ਼ਮਾਇਆ

ਵਾਉ ਝੁਲੇ ਤਾਂ ਪਤਰ ਪਾਟੇ ਨਾਲੇ ਸੂਲੇ ਦਾਨੇ
ਚੋਏ ਰਸ ਜ਼ਿਮੀਂ ਪਰ ਢੱਠੀ ਕਿੱਤ ਕਨ ਕੁੱਠੇ ਲਾਨੇ

ਕਾਲੇ ਭੌਰ ਅਸ਼ਨਾਈ ਕਰਦੇ ਮਿਲਣ ਫੁਲਾਂ ਦੇ ਤਾਈਂ
ਇਕ ਢੱਠਾ ਫਿਰ ਦੂਜੇ ਤਰੀਜੇ ਲੈਂਦੇ ਫਿਰਨ ਹਵਾਈਂ

ਯਾਰੀ ਸੱਚ ਪਤੰਗਾਂ ਵਾਲੀ ਸ਼ਮੱਅ ਬਲੀ ਆ ਚੁੱਕੇ
ਫੇਰ ਨਾ ਕਿਧਰੇ ਜਾਵਣ ਜੋਗੇ ਲਾਟ ਅੰਦਰ ਸੜਿ ਮੁੱਕੇ

ਆਦਮ ਬੇਵਫ਼ਾ ਹਮੇਸ਼ਾ ਅੱਵਲ ਨਿਹੁੰ ਲੱਗਾਵਣ
ਜ਼ੋਰ ਕਮਾਵਣ ਦਿਲਬਰ ਪਾਵਣ ਝਬਦੇ ਹੀ ਰੱਜ ਜਾਵਣ

ਇੱਕ ਚੱਖਣ ਦਿਲ ਨਾਲ਼ ਨਾ ਰੱਖਣ ਫਿਰ ਉਸ ਨੂੰ ਸੱਟ ਪਾਂਦੇ
ਦੂਜਾ ਹੋਰ ਪਸੰਦੇ ਕਰ ਕੇ ਮਗਰ ਉਹਦੇ ਉਠ ਧਾਂਦੇ

ਜਾਂ ਉਹ ਮਿਲੇ ਮੁਹੱਬਤ ਕਰ ਕੇ ਲੰਘੇ ਕੋਈ ਦਿਹਾੜਾ
ਬੇਹਾ ਕਰ ਕੇ ਮਨੋਂ ਉਤਾਰਨ ਪਾਣ ਹੋਰੀ ਨੂੰ ਭਾੜਾ

ਸੈ ਸਖ਼ਤੀ ਸੈ ਰੰਜ ਮੁਸੀਬਤ ਝਾਗ ਮਿਲਣ ਦਿਲਬਰ ਨੂੰ
ਵੱਸ ਪਵੇ ਤਾਂ ਰਜਣ ਜਲਦੀ ਜਾਨਣ ਨਹੀਂ ਕਦਰ ਨੂੰ

ਆਦਮੀਆਂ ਦੀ ਯਾਰੀ ਐਸੀ ਮੈਂ ਏਥੋਂ ਕੀ ਲੈਣਾ
ਕਾਹਨੂੰ ਲਾ ਪਰੀਤ ਧਿੰਗਾਣੇ ਜਾਲ਼ ਮੱਛੀ ਵੰਝ ਪੈਣਾ

ਦੂਜਾ ਮਾਈ ਬਾਬਲ ਮੇਰਾ ਕਦ ਇਹ ਗੱਲ ਮੰਨੇਂਦੇ
ਆਦਮ ਜ਼ਾਦ ਬੇਦੇਸੀ ਤਾਈਂ ਬੇਟੀ ਆਪਣੀ ਦੇਂਦੇ ।(੫੩੨੦)

ਜੇ ਇਕ ਜ਼ਰਾ ਖ਼ਬਰ ਇਸ ਗੱਲ ਦੀ ਪਹੁੰਚੇ ਕੰਨ ਉਨ੍ਹਾਂ ਦੇ
ਪਲ ਵਿਚ ਮਾਰ ਗੁਆਵਣ ਮੈਨੂੰ ਡਾਹਢੇ ਜ਼ਨ ਉਨ੍ਹਾਂ ਦੇ

ਦੂਜੀ ਜੋ ਗੱਲ ਤੁਧ ਫ਼ੁਰਮਾਈ ਇਸ਼ਕ ਮੁਹੱਬਤ ਵਾਲੀ
ਰੰਜ ਮੁਸੀਬਤ ਦੱਸੇਂ ਜਿਹੜੇ ਮੁਸ਼ਕਿਲ ਸਖ਼ਤ ਮੁਹਾਲੀ

ਉਹ ਭੀ ਮੈਨੂੰ ਖ਼ਬਰ ਨਾ ਕੋਈ ਝੂਠ ਕਹੇਂ ਯਾ ਸੱਚੀ
ਕੁੱਝ ਇਤਬਾਰ ਯਕੀਨ ਨਾ ਆਵੇ ਪੱਕੀ ਯਾ ਗੱਲ ਕੱਚੀ

ਤਰੀਜਾ ਇਹ ਭੀ ਮਾਲਮ ਨਾਹੀਂ ਬੇਵਫ਼ਾਈ ਕਰਸੇਂ
ਯਾ ਮੈਂ ਨਾਲ਼ ਹੋਵੇਂਗਾ ਚੰਗਾ ਇਸ਼ਕ ਕਮਾਂਦਾ ਮਰਸੇਂ

ਆਦਮੀਆਂ ਦਾ ਇਸ਼ਕ ਮੁਹੱਬਤ ਕੁਲ ਇਕਰਾਰ ਜ਼ਬਾਨੀ
ਉਚਰਕ ਤੋੜੀ ਨਾਲ਼ ਨਿਬਾਹੋ ਜਾਂ ਜਾਂ ਨਵੀਂ ਜਵਾਨੀ

ਜਾਂ ਕੋਈ ਰੋਜ਼ ਗੁਜ਼ਾਰਨ ਕੱਠੇ ਕਰਨ ਪਰੀਤ ਪੁਰਾਣੀ
ਜੋਸ਼ ਵੱਡਾ ਤੇ ਘਾਟਾ ਵਹਿਲਾ ਜਿਉਂ ਕਰ ਹੜ੍ਹ ਦਾ ਪਾਣੀ

ਸ਼ਾਹ-ਪਰੀ ਇਹ ਗੱਲਾਂ ਕਰ ਕੇ ਆਸ਼ਿਕ ਨੂੰ ਤਮ ਚਾਏ
ਚਲਦੇ ਘੋੜੇ ਨੂੰ ਜੜ ਚਾਬਕ ਤਾਣ ਉਹਦਾ ਅਜ਼ਮਾਏ

ਅੰਦਰ ਇਸ਼ਕ ਸ਼ਹਿਜ਼ਾਦੇ ਵਾਲਾ ਪਿਆ ਵਗਾਵੇ ਛੁਰੀਆਂ
ਇਸ਼ਕ ਉਹਦਾ ਅਜ਼ਮਾਇਆ ਲੋੜੇ ਕਰ ਕਰ ਰਮਜ਼ਾਂ ਬੁਰੀਆਂ

ਦਿਲ ਵਿਚ ਸਬਰ ਕਰਾਰ ਨਾ ਆਪੂੰ ਸ਼ਹਿਜ਼ਾਦੇ ਪਰ ਮਰਦੀ
ਇਸ਼ਕ ਛੁਪਾਏ ਯਾਰ ਅਜ਼ਮਾਏ ਧਨ ਨਾਰੀ ਦੀ ਮਰਦੀ

ਕਈਂ ਤਰ੍ਹਾਂ ਦੇ ਬੋਲੀ ਤੱਅਨੇ ਸ਼ਹਿਜ਼ਾਦੇ ਨੂੰ ਮਾਰੇ
ਸ਼ਰਬਤ ਨਿਹੁੰ ਪਕਾਇਆ ਲੋੜੇ ਮਾਰੀ ਇਸ਼ਕ ਅਜ਼ਾਰੇ ।(੫੩੩੦)

ਚਾਟ ਸਲੂਣੀ ਇਸ਼ਕ ਚਟਾਈ ਦਿਲੋਂ ਸ਼ਹਿਜ਼ਾਦਾ ਮਿੱਠਾ
ਤਲਖ਼ ਜਵਾਬ ਤੁਰਸ਼-ਰੂ ਕਰਦੀ ਫਿੱਕਾ ਜਾਵੇ ਡਿੱਠਾ

ਸ਼ਾਹ-ਪਰੀ ਇਹ ਗੱਲਾਂ ਕਰਦੀ ਸੈਫ਼-ਮਲੂਕ ਹੈਰਾਨੀ
ਨਿਮੋਝਾਣ ਜ਼ਿਮੀਂ ਵਲ ਵੇਖੇ ਫ਼ਿਕਰ ਪਿਆ ਦਿਲ ਜਾਨੀ

ਧਰਤ ਫਰੋਲੇ ਮੂੰਹੋਂ ਨਾ ਬੋਲੇ ਹੰਝੂ ਭਰ ਭਰ ਰੋਵੇ
ਅੱਖ ਚੁਰਾ ਪਰੀ ਵੱਲ ਤੱਕੇ ਜਾਂ ਕੋਈ ਵੇਲ਼ਾ ਹੋਵੇ

ਦੀਦੇ ਗਿਰੀਆਂ ਤੇ ਦਿਲਬਰੀਆਂ ਮੂੰਹ ਪਲਛੇ ਜੀਭ ਸੁੱਕੀ
ਸਾਇਤ ਜਿਹੜੀ ਸੁਝਦੀ ਆਹੀ ਆਣ ਉਹੋ ਗੱਲ ਢੁੱਕੀ

ਦਿਲਬਰ ਮੈਨੂੰ ਮੂੰਹ ਨਾ ਲਾਂਦਾ ਇਸ਼ਕ ਪਸੰਦ ਨਾ ਕਰਦਾ
ਖੂਹ ਪਈ ਸਭ ਕੀਤੀ ਕਤਰੀ ਸਿੱਕਾ ਬਣਿਆ ਜ਼ਰ ਦਾ

ਆਪ ਦਿਲੋਂ ਮੈਂ ਪੂਰੇ ਕੀਤੇ ਹੱਕ ਮੁਹੱਬਤ ਵਾਲੇ
ਲੱਖ ਮੇਰੇ ਇਕ ਕੱਖ ਨਾ ਲੱਥੇ ਲਅਲ ਬਣੇ ਵੱਟ ਕਾਲੇ

ਆਸੇ ਆਸੇ ਉਮਰ ਗੁਜ਼ਾਰੀ ਝੱਲੇ ਖ਼ਾਰ ਹਜ਼ਾਰਾਂ
ਮਾਲੀ ਬਾਗ਼ ਨਾ ਵੇਖਣ ਦੇਂਦਾ ਆਈਆਂ ਜਦੋਂ ਬਹਾਰਾਂ

ਰੋੜਾ ਕਹਿਰ ਕਲੂਰ ਸਿਰੇ ਤੇ ਸੜਦੇ ਬੀਜ ਰਲਾਇਆ
ਗੜੇ ਗਵਾਇਆ ਖੇਤ ਮੁਹੰਮਦ ਜਿਸ ਦਿਨ ਸਾਵਣ ਆਇਆ

ਇਹ ਦਲੀਲਾਂ ਕਰ ਸ਼ਹਿਜ਼ਾਦੇ ਓੜਕ ਆ ਸਿਰ ਚਾਇਆ
ਨਾ ਉਮੀਦ ਜਹਾਨੋਂ ਹੋ ਕੇ ਮਰਨ ਉੱਤੇ ਦਿਲ ਲਾਇਆ

ਸ਼ਾਹ-ਪਰੀ ਨੂੰ ਆਖਣ ਲੱਗਾ ਰਤੂ ਭਰ ਭਰ ਰੋ ਕੇ
ਹੋ ਬੇਆਸ ਉਸਾਸ ਚਲਾਕੇ ਜੀਵਨ ਤੋਂ ਹੱਥ ਧੋ ਕੇ ।(੫੩੪੦)

ਹੇ ਮਹਿਬੂਬ ਮੇਰੇ ਦਿਲ ਜਾਨੀ ਨਾ ਕਰ ਐਡ ਬੇਤਰਸੀ
ਅਜੇ ਮੁਹੱਬਤ ਮੇਰੀ ਨਿੰਦੇਂ ਰੱਬ ਅਦਾਲਤ ਕਰਸੀ

ਮੈਂ ਆਜ਼ਿਜ਼ ਨਾ ਤਾਕਤ ਬੰਦਾ ਵਾਂਙੂ ਹਾਲ ਖ਼ਰਾਬਾਂ
ਡਾਹਢੇ ਨਾਲ਼ ਸਲੋਤਰ ਕੇਹੀ ਲਾਇਕ ਨਹੀਂ ਜਵਾਬਾਂ

ਮੂਰਤ ਵੇਖ ਅੰਦਰ ਵਿਚ ਤਪਿਆ ਇਸ਼ਕ ਤੇਰੇ ਦਾ ਆਹਰਨ
ਚੌਦਾਂ ਬਰਸ ਹੋਏ ਘਰ ਛੱਡੇ ਸੂਰਤ ਵੇਖਣ ਕਾਰਨ

ਦੌਲਤ ਮਾਲ ਖ਼ਜ਼ਾਨੇ ਛੱਡੇ ਤਾਜ ਤਖ਼ਤ ਸੁਲਤਾਨੀ
ਮਾਪੇ ਲਸ਼ਕਰ ਭੈਣਾਂ ਭਾਈ ਦੋਸਤ ਯਾਰ ਜਹਾਨੀ

ਇਸ਼ਕ ਤੇਰੇ ਦੇ ਰਸਤੇ ਉੱਤੇ ਸਾਬਤ ਕਦਮ ਟਿਕਾਇਆ
ਦੁਨੀਆਂ ਅਤੇ ਮਾਫ਼ੀਹਾ ਕੋਲੋਂ ਚਿੱਤ ਚਰੋਕਾ ਚਾਇਆ

ਬਿਨ ਦੀਦਾਰ ਤੇਰੇ ਥੀਂ ਮੈਨੂੰ ਹਿਰਸ ਨਹੀਂ ਕੋਈ ਆਹੀ
ਸ਼ਮ੍ਹਾ ਜਮਾਲ ਤੇਰੀ ਪਰ ਪਹੁਤਾ ਮਿਸਲ ਪਤੰਗ ਸਿਪਾਹੀ

ਸ਼ੁਕਰ ਅਲਹਮਦ ਸ਼ੁਮਾਰੋਂ ਬਾਹਰ ਪਾਕ ਖ਼ੁਦਾਵੰਦ ਤਾਈਂ
ਸੂਰਤ ਤੇਰੀ ਦੱਸੇ ਬਾਝੋਂ ਜਾਨ ਨਾ ਕੱਢੀ ਸਾਈਂ

ਰੁੜ੍ਹੇ ਜਹਾਜ਼ ਸਮੁੰਦਰ ਅੰਦਰ ਡੁੱਬਾ ਮੇਰਾ ਡੇਰਾ
ਓਥੋਂ ਭੀ ਰੱਬ ਰੱਖਿਆ ਮੈਨੂੰ ਤੱਕਣਾ ਸੀ ਮੂੰਹ ਤੇਰਾ

ਫਿਰ ਜ਼ੰਗੀਆਂ ਦੀ ਕੈਦੋਂ ਕੱਢਿਆ ਆਪ ਖ਼ੁਦਾਵੰਦ ਸੱਚੇ
ਸੰਗਸਾਰਾਂ ਦੀ ਸ਼ਾਮਤ ਕੋਲੋਂ ਸਹੀ ਸਲਾਮਤ ਬਚੇ

ਪਾਣੀ ਵਿਚੋਂ ਕਿਤਨੀ ਵਾਰੀ ਰੁੜ੍ਹਦਾ ਬੰਨੇ ਲਾਇਓਸੁ
ਭੁੱਖਾ ਤੱਸਾ ਤੇ ਤਰਿਹਾਇਆ ਰਹਿਮਤ ਨਾਲ਼ ਬਚਾਇਓਸੁ ।(੫੩੫੦)

ਯਾਰਾਂ ਸਣੇ ਟੱਲੇ ਪਰ ਬੈਠਾ ਜਾਂ ਆਫ਼ਤ ਚਾ ਖੜਿਆ
ਅਚਨਚੇਤ ਹਵਾਈਓਂ ਉੱਡਦਾ ਫੇਰ ਨਦੀ ਵਿਚ ਝੜਿਆ

ਫੇਰ ਜਿਥੇ ਸਨ ਮੱਛ ਨਿਗਲਦੇ ਰਾਤੀਂ ਬਾਹਰ ਨਿਕਲ ਕੇ
ਉਸ ਜਾਏ ਕੁੱਝ ਸੰਗੀ ਮਾਰੇ ਆਪੂੰ ਬੱਚਿਓਸੁ ਚੱਲ ਕੇ

ਮਾਰੇ ਗਏ ਤਮਾਮੀ ਓਥੇ ਹੋਰ ਮੇਰੇ ਹਮਰਾਹੀ
ਉਸ ਮੁਸੀਬਤ ਭਾਰੀ ਵਿਚੋਂ ਰੱਖਿਆ ਆਪ ਇਲਾਹੀ

ਫਿਰ ਜੋ ਬਾਸ਼ਕ ਨਾਗ ਪਹਾੜੋਂ ਪਾਣੀ ਉੱਤੇ ਆਇਆ
ਦੁੰਬ ਉਸ ਦਾ ਫੜ ਚੜ੍ਹਿਆ ਉੱਤੇ ਫਿਰ ਭੀ ਰੱਬ ਬਚਾਇਆ

ਫਿਰ ਜੋ ਓਥੋਂ ਕੀੜੇ ਨਿਕਲੇ ਵੱਡੇ ਖਾਵਣ ਹਾਰੇ
ਮੈਂ ਬਚਿਆ ਇਕ ਹੋਰ ਜਨਾਵਰ ਉਹ ਕੀੜੇ ਚੁਣ ਮਾਰੇ

ਜਾਂ ਉਹ ਪੰਖੀ ਉਡਣ ਲੱਗਾ ਪੈਰ ਉਹਦੇ ਮੈਂ ਪਕੜੇ
ਸੈ ਕੋਹਾਂ ਦੇ ਪੈਂਡੇ ਤੋੜੀ ਹੱਥ ਰੱਖੇ ਕਰ ਤਕੜੇ

ਇਸ ਥੀਂ ਬੱਚਿਓਸੁ ਤਾਂ ਇਕ ਆਫ਼ਤ ਹੋਰ ਵਡੇਰੀ ਆਈ
ਬਾਸ਼ਕ ਨਾਗ ਅਜੇਹਾ ਜਿਸ ਨੇ ਜੰਗਲ਼ ਜੂਹ ਜਲਾਈ

ਇਸ ਥੀਂ ਭੀ ਰੱਬ ਸਾਬਤ ਰੱਖਿਆ ਸੇਕ ਨਾ ਲੱਗਾ ਮਾਸਾ
ਫੇਰ ਬਲਾਈਂ ਸ਼ੇਰਾਂ ਅੰਦਰ ਰਿਹਾ ਜੰਗਲ਼ ਦਾ ਵਾਸਾ

ਹਰ ਦਰਿੰਦੇ ਥੀਂ ਰੱਬ ਰੱਖਿਆ ਹਰ ਸੱਪੋਂ ਹਰ ਸ਼ੇਰੋਂ
ਕਿਤਨੀ ਜਾਈਂ ਮਾਰਨ ਵਾਲੇ ਕਿਤਨੇ ਮਿਲੇ ਪੰਖੇਰੋਂ

ਫੇਰ ਹਿਕ ਜੂਹੇ ਵਾਸਾ ਆਇਆ ਗਰਮ ਮਿਸਲ ਕਰਬੱਲ ਦੇ
ਪਾਣੀ ਛਾਂ ਨਾ ਲੱਭੇ ਲੋੜੀ ਵਾਂਗ ਸੱਸੀ ਦੇ ਥਲ ਦੇ ।(੫੩੬੦)

ਜ਼ਾਲਿਮ ਭੁੱਖ ਪਿਆਸ ਸਤਾਇਆ ਜਾਨ ਲਬਾਂ ਪਰ ਆਈ
ਨਾ ਜੀਵਾਂ ਨਾ ਮਰਾਂ ਪਿਆਸਾ ਤੰਗ ਪਈਓਸੁ ਉਸ ਜਾਈ

ਨਾ ਕੋਈ ਦਸ ਨਾ ਬੁਝ ਤੁਸਾਡੀ ਨਾ ਸੁਝੇ ਕੋਈ ਪਾਸਾ
ਖਾ ਕਟਾਰੀ ਮਰਨ ਲੱਗਾ ਸਾਂ ਜਾਂ ਹੋਇਆ ਬੇਆਸਾ

ਓਥੋਂ ਭੀ ਰੱਬ ਰੁੱਖ ਲਿਆਸੀ ਆਸ ਮਿਲਣ ਦੀ ਲਾ ਕੇ
ਹਾਤਿਫ਼ ਆਣ ਪਿਲਾਇਆ ਪਾਣੀ ਆਜ਼ਮ ਇਸਮ ਪੜ੍ਹਾਕੇ

ਫਿਰ ਮਲਿਕਾ ਦੀ ਕੈਦੇ ਵਾਲੇ ਕੋਟ ਅੰਦਰ ਵੰਝ ਵੜਿਓਸੁ
ਕਾਦਰ ਪਾਕ ਦਿੱਤੀ ਸੀ ਕੁੱਵਤ ਨਾਲ਼ ਦੇਵੇ ਦੇ ਲੜਿਓਸੁ

ਜ਼ਾਲਿਮ ਦਿਓ ਮਰੇਲੇ ਕੋਲੋਂ ਆਪ ਬਚਾਇਆ ਸਾਈਂ
ਮਲਿਕਾ ਸਣੇ ਨਦੀ ਵਿਚ ਠਿਲਿਓਸੁ ਕਾਂਗ ਪਈ ਦਰਿਆਈਂ

ਨਾ ਰੁੜ੍ਹਿਓਸੁ ਨਾ ਡੁਬਿਓਸੁ ਓਥੇ ਰਹਿਓਸੁ ਵਿਚ ਅਮਾਨੇ
ਫਿਰ ਸੰਸਾਰ ਲੱਗਾ ਜਦ ਖਾਵਣ ਜੜਿਆ ਤੀਰ ਕਮਾਨੇ

ਹਰ ਹਰ ਜਾ ਮਰਨ ਦੀ ਆਹੀ ਕੋਈ ਨਾ ਜੀਵਨ ਵਾਲੀ
ਹੋਰ ਬਗ਼ੈਰ ਇਨ੍ਹਾਂ ਥੀਂ ਕਿਤਨੇ ਵਕਤ ਕਟਾਏ ਵਾਲੀ

ਜਾਨ ਬੰਦੇ ਦੀ ਲਈਓਸੁ ਨਾਹੀਂ ਬਿਨ ਦੀਦਾਰ ਦਿਸਾਲੇ
ਹੁਣ ਦੀਦਾਰ ਸੱਜਣ ਦਾ ਡਿੱਠਾ ਸੁਖ਼ਨ ਕੀਤੇ ਕੁੱਝ ਨਾਲ਼ੇ

ਜੇ ਸੱਜਣਾ! ਤੂੰ ਹੱਸ ਹੱਸ ਮਿਲਦੋਂ ਹੋ ਜਾਂਦੋਂ ਇਤਫ਼ਾਕੀ
ਤਾਂ ਮੈਨੂੰ ਭੀ ਚੰਗਾ ਲਗਦਾ ਜੱਗ ਪਰ ਜੀਵਨ ਬਾਕੀ

ਤੂੰ ਮੂੰਹ ਕਜ ਅਸਾਂ ਥੀਂ ਸੁਤੋਂ ਨਸੇਂ ਪਰੇ ਪਰੇ ਤੂੰ
ਮੈਨੂੰ ਮਰਨ ਭਲਾ ਇਸ ਉਮਰੋਂ ਸ਼ਾਲਾ ਜੁਗ ਜੁਗ ਜੀ ਤੂੰ ।(੫੩੭੦)

ਨਾਕਿਸ ਇਸ਼ਕ ਬੰਦੇ ਦਾ ਤੈਨੂੰ ਜ਼ਰਾ ਪਸੰਦ ਨਾ ਆਇਆ
ਬੇ ਇਤਬਾਰਾ ਨਾਮ ਧਰਾਇਆ ਬੇਵਫ਼ਾ ਕਹਾਇਆ

ਅਸਾਂ ਜੇਹਿਆਂ ਦੇ ਮੂੰਹ ਲਗਣ ਥੀਂ ਤੈਨੂੰ ਸ਼ੁਹਰਤ ਆਵੇ
ਇਹੋ ਜੇਹਾ ਰੱਬ ਬਣਾਇਆ ਚੰਗਾ ਕੌਣ ਬਣਾਵੇ

ਮੂਰਤ ਵੇਖ ਵਫ਼ਾ ਯਰਾਨਾ ਇਹ ਕੁੱਝ ਮੈਂ ਥੀਂ ਹੋਇਆ
ਸੂਰਤ ਵੇਖ ਨਾ ਕਰ ਸਾਂ ਅੱਗੋਂ ਕੀ ਤੁਧ ਹੁਟਰ ਢੋਇਆ

ਦੁਨੀਆਂ ਉੱਤੇ ਜੀਵਨ ਮੇਰਾ ਹਰਗਿਜ਼ ਕਿਸੇ ਨਾ ਕਾਰੀ
ਤੂੰ ਮਤਲੂਬ ਦਿਲੇ ਦਾ ਹੈ ਸਾਏਂ ਤੁਧ ਨਾ ਕੀਤੀ ਯਾਰੀ

ਯਾਰੀ ਉਮਰ ਸੰਵਾਰੀ ਮੇਰੀ ਆਪ ਪਰੀਤ ਨਾ ਹਾਰੀ
ਜਿਸ ਨੀਤੀ ਸੰਗ ਨੀਤੀ ਆਹੀ ਉਹੋ ਨਿਮਾਜ਼ ਗੁਜ਼ਾਰੀ

ਲੈ ਲਿਆ ਜੋ ਲੈਣਾ ਆਹਾ ਲਿਖਿਆ ਵਿਚ ਨਸੀਬਾਂ
ਬੇ ਪਰਵਾਹਾਂ ਨਾਲ਼ ਮੁਹੰਮਦ ਜ਼ੋਰ ਨਾ ਅਸਾਂ ਗ਼ਰੀਬਾਂ

ਦੁਨੀਆਂ ਉੱਤੇ ਆਵਣ ਮੇਰਾ ਯਾਰੀ ਕਾਰਨ ਤੇਰੀ
ਜਿਸ ਕੰਮ ਆਇਓਸੁ ਹੁੰਦਾ ਨਾਹੀਂ ਇਸ ਥੀਂ ਕਬਰ ਭਲੇਰੀ

ਯਾਰੀ ਅੰਦਰ ਉਮਰ ਗੁਜ਼ਾਰੀ ਵੇਖ ਲਈ ਏਂ ਇਕ ਵਾਰੀ
ਇਨ੍ਹੀਂ ਅੱਖੀਂ ਤੈਨੂੰ ਡਿੱਠਾ ਹੋਰ ਨਾ ਵੇਖਣ ਕਾਰੀ

ਦਰਸਨ ਲੈ ਕੇ ਜਾਨ ਵਿਛੁੰਨੀ ਪੁੰਨੀ ਆਸ ਹਮਾਰੀ
ਤੇਰੇ ਕੋਲ ਮੁਹੰਮਦ ਬਖ਼ਸ਼ਾ ਮਰਸਾਂ ਖਾ ਕਟਾਰੀ

ਆਖ਼ਿਰ ਤੀਕ ਨਾ ਟੁਟਸੀ ਤਾਂ ਭੀ ਇਸ਼ਕ ਮੇਰੇ ਦਾ ਰਿਸ਼ਤਾ
ਦਫ਼ਤਰ ਤੇਰੇ ਵਿਚ ਲਿਖੇਗਾ ਗਰਦਨ ਖ਼ੂਨ ਫ਼ਰਿਸ਼ਤਾ ।(੫੩੮੦)

ਜਾਂ ਰੱਬ ਸੱਚਾ ਕਾਜ਼ੀ ਹੋਸੀ ਆਪ ਅਦਾਲਤ ਕਰਸੀ
ਉਸ ਦਿਨ ਉੱਠ ਤੇਰਾ ਲੜ ਫੜ ਸਾਂ ਇਸ਼ਕ ਮੇਰਾ ਤਦ ਤਰਸੀ

ਜੁਮਲ ਜਹਾਨ ਸੁਣੇਗਾ ਕਿੱਸਾ ਇਸ਼ਕ ਹੋਵੇਗਾ ਸਾਬਤ
ਸ਼ਹਿਨਸ਼ਾਹ ਅਦਾਲਤ ਵਾਲਾ ਕਰਸੀ ਆਪ ਅਦਾਲਤ

ਇਸ ਦੁਨੀਆਂ ਪਰ ਚਾਰ ਦਿਹਾੜੇ ਕੋਈ ਹੱਸਸੀ ਕੋਈ ਰੋਸੀ
ਉਸ ਜਹਾਨ ਅਸਾਡੀ ਯਾਰੀ ਅੱਲ੍ਹਾ ਭਾਵੇ ਹੋਸੀ

ਇਹ ਗੱਲਾਂ ਕਰ ਖਿੱਚ ਕਟਾਰੀ ਮਾਰਨ ਉੱਤੇ ਹੋਇਆ
ਸ਼ਾਹ-ਪਰੀ ਨੇ ਮਾਲਮ ਕੀਤਾ ਇਹ ਮੋਇਆ ਕਿ ਮੋਇਆ

ਵਾਲ਼ ਉਹਦਾ ਨੁਕਸਾਨੀ ਹੋਇਆ ਜਾਨ ਮੇਰੀ ਟੁੱਟ ਜਾਸੀ
ਮੇਰੇ ਕਾਰਨ ਝਾਗ ਕਜ਼ੀਏ ਆਇਆ ਹੋਇ ਉਦਾਸੀ

ਜ਼ਾਲਿਮ ਇਸ਼ਕ ਮੇਰੇ ਤੱਕ ਆਂਦਾ ਮਤੇ ਕਟਾਰੀ ਖਾਸੀ
ਆਸ਼ਿਕ ਬਾਝ ਮੁਹੰਮਦ ਬਖਸ਼ਾ ਕੀਕਰ ਹੁਸਨ ਸੁਹਾਸੀ

ਇਹ ਮੋਇਆ ਤਾਂ ਮੇਰੇ ਭਾਣੇ ਪੈਸੀ ਜੱਗ ਹਨੇਰਾ
ਇਸ ਥੀਂ ਬਾਝ ਇਕ ਪਲਕ ਜਗਤ ਤੇ ਮੁਸ਼ਕਿਲ ਰਹਿਣਾ ਮੇਰਾ

ਸ਼ਾਹ-ਪਰੀ ਨੇ ਮਾਲਮ ਕੀਤਾ ਹੈ ਇਹ ਯਾਰ ਮੁਆਫ਼ਿਕ
ਰੂਏ ਜ਼ਿਮੀਂ ਤੇ ਉਸਦੇ ਜੇਹਾ ਨਾ ਕੋਈ ਦੂਜਾ ਆਸ਼ਿਕ

ਇਸ਼ਕ ਮੁਹੱਬਤ ਮੇਰੀ ਅੰਦਰ ਸਾਦਿਕ ਮਰਦ ਭਲੇਰਾ
ਐਸਾ ਸੋਹਣਾ ਯਾਰ ਮੋਇਆ ਤਾਂ ਪੈਸੀ ਜੱਗ ਹਨੇਰਾ

ਸ਼ਾਹ-ਪਰੀ ਨੇ ਨਾਲ਼ ਸ਼ਿਤਾਬੀ ਹੱਥੋਂ ਖ਼ੰਜਰ ਫੜਿਆ
ਕਹਿਣ ਲੱਗੀ ਸ਼ਹਿਜ਼ਾਦੇ ਤਾਈਂ ਗੱਲ ਸੁਣੀਂ ਇਕ ਅੜਿਆ ।(੫੩੯੦)

ਜਿਸ ਝਗੜੇ ਦਾ ਸ਼ਾਹਿਦ ਨਾ ਹੋਵੇ ਕਸਮੋਂ ਸੱਚਾ ਕਰਦਾ
ਕਰ ਤੂੰ ਕਸਮ ਯਕੀਨ ਲਿਆਵਾਂ ਖ਼ੂਨ ਕਰੇਂ ਕਿਉਂ ਮਰਦਾ

ਸੱਚਾ ਕੂੜਾ ਮਾਲਮ ਹੋਵੇ ਕਸਮੋਂ ਦਾਨਿਸ਼ਮੰਦਾਂ
ਮੁਸਲਮਾਨ ਯਕੀਨ ਲਿਆਵਣ ਕਰਨ ਜਦੋਂ ਸੌਗੰਦਾਂ

ਜੇ ਕੋਈ ਕੂੜੀ ਕਸਮ ਉਠਾਵੇ ਸੋ ਈਮਾਨ ਖੜ੍ਹਾਂਦਾ
ਕਸਮ ਕੁਰਾਂ ਜੋ ਮੰਨੇ ਨਾਹੀਂ ਦੀਨ ਉਹਦਾ ਭੀ ਜਾਂਦਾ

ਆਦਮੀਆਂ ਤੇ ਜਿੰਨਾ ਸਭ ਨੂੰ ਦੀਨ ਈਮਾਨ ਖ਼ਜ਼ਾਨਾ
ਜੋ ਹਾਰੇ ਸੋ ਖ਼ਵਾਰ ਹਮੇਸ਼ਾ ਅੰਦਰ ਦੋਹਾਂ ਜਹਾਨਾਂ

ਜੇ ਤੁਧ ਸੱਚ ਦਿਲੇ ਵਿਚ ਇਹੋ ਜੋ ਕੁੱਝ ਕਹੇਂ ਜ਼ਬਾਨੋਂ
ਕਰ ਕੇ ਕਸਮ ਮਨਾ ਮਨ ਮੇਰਾ ਮਰਨਾ ਹੈਂ ਕਿਉਂ ਜਾਨੋਂ

ਜੇ ਤੂੰ ਸੱਚਾ ਆਸ਼ਿਕ ਨਿਕਲੇਂ ਤਾਂ ਮੈਨੂੰ ਭੀ ਭਾਵੇਂ
ਮੋਇਆ ਹੋਇਆ ਮੁੜ ਜੀਵੇਂ ਨਾਹੀਂ ਦਾਗ਼ ਮੇਰੇ ਦਿਲ ਲਾਵੇਂ

ਇਹੋ ਕੋਈ ਸ਼ਰਤ ਇਸ਼ਕ ਦੀ ਨਾਹੀਂ ਮਰਨਾ ਖਾ ਕਟਾਰੀ
ਕਰ ਕੇ ਜ਼ਿੱਦ ਕਰਨ ਕੰਮ ਐਸੇ ਬੇਦਰਿਆਂ ਜੜ੍ਹ ਮਾਰੀ

ਸੈਫ਼-ਮਲੂਕੇ ਕਿਹਾ ਬੀਬੀ ਤੂੰ ਹੈਂ ਬਹੁਤ ਪਿਆਰੀ
ਤੇਰੀ ਕਸਮ ਅਸਾਡੇ ਭਾਣੇ ਸਭ ਕਸਮਾਂ ਥੀਂ ਭਾਰੀ

ਪਰ ਜੇ ਹੋਰ ਕਰਾਵੇਂ ਕਸਮਾਂ ਤਾਂ ਉਹ ਭੀ ਮੈਂ ਕਰਸਾਂ
ਸੱਚ ਕਹਿਸਾਂ ਤੇ ਕਦਮ ਤੇਰੇ ਪਰ ਹੱਥ ਦੋਏੇ ਚਾ ਧਰਸਾਂ

ਧੂੜ ਮੁਬਾਰਿਕ ਕਦਮ ਤੇਰੇ ਦੀ ਜੋ ਹੈ ਸੁਰਮਾ ਮੇਰਾ
ਪਹਿਲਾਂ ਕਸਮ ਉਸੇ ਦੀ ਬੀਬੀ ਇਸ਼ਕ ਕਮਾਸਾਂ ਤੇਰਾ ।(੫੪੦੦)

ਨਬੀਆਂ ਵਲੀਆਂ ਦੀ ਜੋ ਬੈਅਤ ਕਸਮ ਉਹਦੀ ਫਿਰ ਚਾਵਾਂ
ਫੇਰ ਪਿਓ ਦਾ ਮੱਥਾ ਬੀਬੀ ਆਸਿਮ ਸ਼ਾਹ ਜਿਸ ਨਾਂਵਾਂ

ਫੇਰ ਕਹਾਂ ਮੈਂ ਕਸਮ ਰੱਬੇ ਦੀ ਜਿਸ ਸਭ ਆਲਮ ਉਪਾਇਆ
ਵਾਹਦ ਲਾਸ਼ਰੀਕ ਹਮੇਸ਼ਾ ਨਾ ਜੰਮਿਆ ਨਾ ਜਾਇਆ

ਦਿਹੁੰ ਚੰਨ ਜਿਸ ਨੇ ਰੌਸ਼ਨ ਕੀਤੇ ਆ ਆਪਣਿਓਂ ਖ਼ੁਦ ਨੂਰੋਂ
ਹੁਸਨ ਮੁਹੱਬਤ ਤੈਨੂੰ ਮੈਨੂੰ ਕੀਤੇ ਬਖ਼ਸ਼ ਹਜ਼ੂਰੋਂ

ਬੇਪਰਵਾਹੀ ਲਾਡ ਤਕੱਬਰ ਮਹਿਬੂਬਾਂ ਸੰਗ ਲਾਇਆ
ਮਿੰਨਤਦਾਰੀ ਗਿਰੀਆਜ਼ਾਰੀ ਆਸ਼ਿਕ ਦੇ ਭਾ ਪਾਇਆ

ਜੋ ਮੈਂ ਹਾਲ ਹਕੀਕਤ ਆਪਣੀ ਤੈਨੂੰ ਆਖ ਸੁਣਾਈ
ਸੱਚੋ ਸੱਚ ਐਵੇਂ ਹੀ ਗੁਜ਼ਰੀ ਨਾ ਵਿਚ ਜ਼ਰਾ ਖ਼ਤਾਈ

ਸਫ਼ਰ ਕਜ਼ੀਏ ਜਿਤਨੇ ਝਾਗੇ ਸਭ ਝਾਗੇ ਤੁਧ ਕਾਰਨ
ਦਰਦ ਫ਼ਿਰਾਕ ਤੇਰੇ ਦਾ ਸੀਨੇ ਹਰਦਮ ਤਪਦਾ ਆਹਰਨ

ਤੇਰੇ ਮਿਲਣੇ ਬਾਝੋਂ ਦੂਈ ਗ਼ਰਜ਼ ਮੁਰਾਦ ਨਾ ਆਹੀ
ਚਾਇਆ ਗ਼ਮ ਦਾ ਭਾਰ ਸਿਰੇ ਤੇ ਸੱਟ ਦੁਨੀਆਂ ਦੀ ਸ਼ਾਹੀ

ਇਸ ਗਲੇ ਵਿਚ ਜੇਕਰ ਹੋਵੇ ਸ਼ੱਕ ਸ਼ੁਬ੍ਹਾ ਇਕ ਜ਼ੱਰਾ
ਹੈਫ਼ ਮੈਨੂੰ ਇਹ ਪੱਗ ਮਰਦਾਂ ਦੀ ਸਿਰ ਪਰ ਧਰਨ ਮੁਕੱਰਰਾ

ਪਾਕਾਂ ਮਰਦਾਂ ਦਾ ਜੋ ਕਬਜ਼ਾ ਹੱਥ ਮੇਰੇ ਵਿਚ ਫੜਿਆ
ਨਾ ਮਰਦੀ ਵਿਚ ਗਿਣੀ ਏਂ ਬੀਬੀ ਜਿਸ ਦਿਨ ਕੋਈ ਲੜਿਆ

ਗਾਤਰ ਗਲ ਦਾ ਕਮਰ ਲਕੇ ਦੀ ਜੋ ਬੱਧੇ ਦਿਲ ਜਾਂਨੋਂ
ਮਰਦਾਂ ਅੰਦਰ ਲਿਖਣ ਹੋਵੇ ਹਾਸੀ ਤੇ ਨਾਦਾਨੋਂ ।(੫੪੧੦)

ਜਬ ਲੱਗ ਜਾਨ ਜੁੱਸੇ ਵਿਚ ਮੇਰੇ ਇਹ ਉਮੀਦਾਂ ਆਸਾਂ
ਕਦਮ ਤੇਰੇ ਪਰ ਸਦਕੇ ਕਰਸਾਂ ਪੱਕਾ ਇਸ਼ਕ ਕਮਾਸਾਂ

ਨਾਲ਼ੇ ਜੋ ਦੁੱਧ ਮਾਉ ਮੈਨੂੰ ਕੁੱਛੜ ਵਿਚ ਪਿਲਾਇਆ
ਉਸ ਦੀ ਭੀ ਸੌਗੰਦ ਉਠਾਵਾਂ ਚਾਹਸਾਂ ਇਸ਼ਕ ਕਮਾਇਆ

ਜਦ ਤੱਕ ਹੋਗ ਹੱਯਾਤੀ ਬਾਕੀ ਤੁਧ ਵੱਲ ਕੰਡ ਨਾ ਫੇਰਾਂ
ਚਾਹ ਮੁਹੱਬਤ ਘੱਟ ਨਾ ਕਰਸਾਂ ਨਵੀਆਂ ਨਿੱਤ ਉਸੇਰਾਂ

ਮੁਫ਼ਤ ਨਿਆਮਤ ਜਿਸ ਨੂੰ ਲੱਭੇ ਉਹ ਨਾ ਕਦਰ ਪਛਾਣੇ
ਮਰ ਮਰ ਕੇ ਹੱਥ ਆਵੇ ਜਿਸ ਨੂੰ ਦਾਇਮ ਕੀਮਤ ਜਾਣੇ

ਦੋਜ਼ਖ਼ ਥੀਂ ਜੋ ਜੰਨਤ ਜਾਵੇ ਤਾਰਿਕ ਨਹੀਂ ਸ਼ੁਕਰ ਦਾ
ਦੋਜ਼ਖ਼ ਭਾਹ ਵਿਛੋੜੇ ਵਾਲੀ ਯਾਦ ਕਰੇ ਨਿੱਤ ਡਰਦਾ

ਸੈਫ਼-ਮਲੂਕੇ ਕਸਮਾਂ ਚਾਈਆਂ ਸ਼ਾਹ-ਪਰੀ ਦਿਲ ਲਾਈਆਂ
ਪੱਕੀ ਹੋਈ ਪਰੀਤ ਪਿਆਰੀ ਉਸ ਭੀ ਕਸਮਾਂ ਚਾਈਆਂ

ਆਖਣ ਲੱਗੀ ਐ ਮਹਿਬੂਬਾ ਤੂੰ ਮਕਸੂਦ ਜਹਾਨੀ
ਦਿਲਬਰ ਤੇ ਆਰਾਮ ਰੂਹੇ ਦਾ ਖ਼ਾਸਾ ਦਿਲ ਦਾ ਜਾਨੀ

ਯਾਰ ਅਤੇ ਗ਼ਮਖ਼ਾਰ ਗ਼ਮਾਂ ਦਾ ਹੈਂ ਦਿਲਦਾਰ ਪਿਆਰਾ
ਦਾਰੂ ਦਰਦ ਦਿਲੇ ਦਾ ਤੂੰਹੇਂ ਦੁੱਖ ਵੰਡਾਵਣ ਹਾਰਾ

ਮੈਂ ਭੀ ਆਖਾਂ ਕਿਸਮ ਉਠਾਕੇ ਕਾਦਰ ਜਲ-ਜਲਾਲੋਂ
ਜ਼ਾਹਿਰ ਬਾਤਿਨ ਦਾ ਜੋ ਸਾਈਂ ਵਾਕਿਫ਼ ਹਰ ਹਰ ਹਾਲੋਂ

ਸਭ ਖ਼ਲਕਤ ਦੇ ਮਾਲਮ ਉਸ ਨੂੰ ਗੱਲਾਂ ਕੰਮ ਦਲੀਲਾਂ
ਸੁਖੀਆਂ ਤਾਈਂ ਦੁੱਖ ਸਹਾਵੇ ਪਾਵੇ ਵਖ਼ਤ ਅਸੀਲਾਂ ।(੫੪੨੦)

ਬਾਗ਼ ਬਹਾਰ ਕਿਤਾਬੋਂ ਪੜ੍ਹ ਖਾਂ ਬਾਦਸ਼ਾਹਾਂ ਦੇ ਜਾਏ
ਲਾਕੇ ਦਾਗ਼ ਮੁਹੱਬਤ ਵਾਲਾ ਚਾ ਦਰਵੇਸ਼ ਬਣਾਏ

ਜਿਸਦਾ ਕੰਮ ਗ਼ਰੀਬ ਨਿਵਾਜ਼ੀ ਨਾਲ਼ੇ ਬੇਪਰਵਾਹੀ
ਮਾਸ਼ੂਕਾਂ ਥੀਂ ਆਸ਼ਿਕ ਕਰਦਾ ਹੀਰ ਢੂੰਡੇਂਦੀ ਮਾਹੀ

ਤਨ ਹਵੇਲੀ ਤੂੰ ਵਿਚ ਬੇਲੀ ਜਾਨ ਮਕਾਨ ਤੁਮ੍ਹਾਰਾ
ਮੈਂ ਮਰ ਚੁੱਕੀਆਂ ਸੱਚ ਕਰ ਮੰਨੀਂ ਸੈਫ਼-ਮਲੂਕਾ ਯਾਰਾ

ਸਖ਼ਤੀ ਰੰਜ ਮੁਸੀਬਤ ਜਾਨੀ ਦੁੱਖ ਕਜ਼ੀਏ ਭਾਰੇ
ਸਫ਼ਰ ਇਸ਼ਕ ਦੇ ਅੰਦਰ ਝੱਲੇ ਬਹੁਤੇ ਤੁਧ ਬੇਚਾਰੇ

ਅੱਗੇ ਕਿਸੇ ਨਾ ਝੱਲੇ ਹੋਸਣ ਇਤਨੇ ਜ਼ੁਲਮ ਪਿਰਮ ਦੇ
ਤੋੜੇ ਹੋ ਹੋ ਗਏ ਬਤੇਰੇ ਸਾਹਿਬ ਦਰਦ ਅਲਮ ਦੇ

ਸ਼ਾਹ-ਪਰੀ ਫਿਰ ਰਹਿ ਨਾ ਸਕੀ ਇਸ਼ਕੇ ਸਬਰ ਤਰੋੜੇ
ਸੈਫ਼-ਮਲੂਕੇ ਦੇ ਗਲ ਲੱਗੀ ਮੂੰਹ ਮਿਲੇ ਅੰਗ ਜੋੜੇ

ਸ਼ਹਿਜ਼ਾਦੇ ਦੇ ਮੂੰਹੇਂ ਉਤੋਂ ਲੈ ਪਿਆਰ ਨਾ ਰਜਦੀ
ਮਿਲ ਮਿਲ ਯਾਰੇ ਸ਼ੁਕਰ ਗੁਜ਼ਾਰੇ ਘੜੀ ਗ਼ਨੀਮਤ ਅੱਜ ਦੀ

ਫੇਰ ਪਰੀ ਫ਼ੁਰਮਾਵਣ ਲੱਗੀ ਕਸਮ ਮੈਨੂੰ ਇਸ ਜ਼ਾਤੋਂ
ਜਿਸ ਵਿਚ ਗ਼ਲਤ ਨਹੀਂ ਇਕ ਜ਼ਰਾ ਕੁਦਰਤ ਇਸਮ ਸਫ਼ਾਤੋਂ

ਜਿਤਨੀ ਤੁਧ ਜ਼ਹੀਰੀ ਕੱਟੀ ਨਾਲ਼ ਮੁਹੱਬਤ ਮੇਰੀ
ਉਸ ਨਾਲ਼ੋਂ ਭੀ ਬਹੁਤ ਅਸਾਨੂੰ ਤਲਬ ਮੁਹੱਬਤ ਤੇਰੀ

ਲੂੰ ਲੂੰ ਅੰਦਰ ਤੂੰਹੇਂ ਤੂੰਹੇਂ ਦਿਲ ਭੀ ਤੇਰਾ ਖ਼ਾਨਾ
ਜਿਸ ਦਮ ਦਾ ਤੂੰ ਮਿਲਿਆ ਬੇਲੀ ਕੀਤਾ ਲੱਖ ਸ਼ੁਕਰਾਨਾ ।(੫੪੩੦)

ਜੋ ਦਿਨ ਬਾਝ ਤੇਰੇ ਥੀਂ ਗੁਜ਼ਰੇ ਯਾਦ ਜਦੋਂ ਉਹ ਆਵਣ
ਸੈ ਅਫ਼ਸੋਸ ਉਨ੍ਹਾਂ ਦਾ ਮੈਨੂੰ ਤੁਧ ਬਿਨ ਕਿਉਂ ਵਿਹਾਵਣ

ਅਗਲੇ ਰੋਜ਼ ਹੱਯਾਤੀ ਵਾਲੇ ਮੁਸ਼ਕਿਲ ਦਿਸਦੇ ਮੈਨੂੰ
ਸ਼ਾਲਾ ਯਾਰ ਨਿਬਾਹੂ ਹੋਵੇਂ ਮੈਂ ਵਰ ਪਾਵਾਂ ਤੈਨੂੰ

ਐਸੇ ਤਰ੍ਹਾਂ ਕਰੇਂਦੀ ਬਾਤਾਂ ਦਰਦੋਂ ਲਾਡ ਪਿਆਰੋਂ
ਇਕ ਦੂਜੇ ਦਾ ਸਿਰ ਮੂੰਹ ਚੁੰਮਣ ਕਰਨ ਗ਼ਮਾਂ ਦਾ ਦਾਰੋਂ

ਗ਼ਮ ਅੰਦੋਹ ਜੋ ਗੁਜ਼ਰੇ ਆਹੇ ਕੱਢਣ ਬਾਹਰ ਜ਼ਮੀਰੋਂ
ਕਿਸੇ ਕਿਸੇ ਨੂੰ ਦੇਣ ਦਿਲਾਸੇ ਦੁੱਖ ਵੰਡਣ ਦਿਲਗੀਰੋਂ

ਹਿਰਸ ਮੁਹੱਬਤ ਬਹੁਤ ਵਧਾਈ ਹੱਥ ਮਾਰੇ ਦਿਲ ਖਿਚੋਂ
ਬਾਅਜ਼ੇ ਹੋਰ ਮੁਹਾਬੇ ਭਾਈ ਦੂਰ ਹੋਏ ਸਨ ਵਿਚੋਂ

ਸੈਫ਼-ਮਲੂਕ ਕਰੇਂਦਾ ਰਮਜ਼ਾਂ ਕਿਸੇ ਬੋਲ ਅਜਾਇਬ
ਜਾਂ ਉਹ ਮੂੰਹੋਂ ਕੱਢਣ ਲੱਗੇ ਦਿਲ ਵਿਚ ਹੁੰਦੇ ਗ਼ਾਇਬ

ਸ਼ਾਹ-ਪਰੀ ਭੀ ਕਰੇ ਮਜ਼ਾਖਾਂ ਆਸ਼ਿਕ ਦਾ ਦਿਲ ਲੈਂਦੀ
ਕਹਿੰਦੀ ਬਹੁਤੀਆਂ ਨਾਰੀਂ ਵਿਚੋਂ ਹਿਰਸ ਘਣੀ ਤੁਧ ਕੈਂਦੀ

ਸ਼ਹਿਰ ਜ਼ਨਾਂ ਦੀ ਬੀਬੀ ਜਿਹੜੀ ਉਹ ਭੀ ਬੀਬੀ ਤੇਰੀ
ਹੋਰ ਜ਼ੰਗਣ ਸ਼ਾਹਜ਼ਾਦੀ ਨਾਲ਼ੇ ਰੱਖਦੀ ਹਿਰਸ ਘਣੇਰੀ

ਹੋਰ ਜਿਨ੍ਹਾਂ ਤੂੰ ਡਿਠੋਂ ਅੱਖੀਂ ਨਾਮ ਤੇਰਾ ਲੈ ਜੀਵਣ
ਸੱਭੋ ਮੱਧ ਮੁਹੱਬਤ ਵਾਲਾ ਯਾਦ ਤੈਨੂੰ ਕਰ ਪੀਵਣ

ਇਕ ਥੀਂ ਇਕ ਚੜ੍ਹੇਂਦੀਆਂ ਸੱਭੋ ਸੂਰਤਮੰਦ ਜਵਾਨਾਂ
ਹਿਰਸ ਉਨ੍ਹਾਂ ਦੀ ਤਰੋੜ ਕਰੇਂਗਾ ਮੈਂ ਇਕ ਨਾਲ਼ ਯਰਾਨਾਂ ।(੫੪੪੦)

ਸੈਫ਼-ਮਲੂਕੇ ਹੱਸ ਕੇ ਕਿਹਾ ਸੁਣ ਬੀਬੀ ਸ਼ਾਹ-ਪਰੀਏ
ਹੁਸਨ ਤੇਰੇ ਦਾ ਕੋਈ ਨਾ ਸਾਨੀ ਜੇ ਜੱਗ ਕੱਠਾ ਕਰੀਏ

ਜੇ ਹਰ ਜੂਨ ਹਜ਼ਾਰ ਅਠਾਰਾਂ ਖ਼ੂਬ ਸ਼ਕਲ ਬਣ ਆਵਣ
ਸਭ ਹੋਵਣ ਮਹਿਬੂਬਾਂ ਨਾਰੀਂ ਹੂਰਾਂ ਵਾਂਗ ਵਿਖਾਵਣ

ਹਾਰ ਸ਼ਿੰਗਾਰ ਪੋਸ਼ਾਕਾਂ ਸੁੱਚੀਆਂ ਬਣਤ ਬਣਾ ਬਣਾ ਕੇ
ਸੱਭੋ ਮੈਨੂੰ ਬਖ਼ਸ਼ੇ ਸਾਈਂ ਹਾਜ਼ਿਰ ਹੋਵਣ ਆ ਕੇ

ਕਸਮ ਰੱਬੇ ਦੀ ਵਾਲ਼ ਤੇਰੇ ਤੂੰ ਸੱਭੋ ਘੋਲ਼ ਘੁਮਾਵਾਂ
ਤੇਰੇ ਬਾਝ ਨਾ ਹੋਰ ਕਿਸੇ ਵੱਲ ਪਲਕ ਇਕ ਅੱਖ ਲਗਾਵਾਂ

ਸੱਚ ਪੁੱਛੇਂ ਤਾਂ ਦੱਸਾਂ ਤੈਨੂੰ ਅਸਲੀ ਗੱਲ ਅੰਦਰ ਦੀ
ਹਾਲ ਮੇਰੇ ਦੀ ਜੀਭ ਹਮੇਸ਼ਾ ਇਹ ਦੁਆਈਂ ਕਰਦੀ

ਰੱਬਾ ਵਾਅਦਾ ਨਾਲ਼ ਅਸਾਡੇ ਤੁਧ ਦੀਦਾਰ ਦਿੱਸਣ ਦਾ
ਯਾਰ ਮੇਰੇ ਦੀ ਸੂਰਤ ਬਣ ਕੇ ਦਿੱਸੇਂ ਤਾਂ ਮਨ ਮੰਨਦਾ

ਇਨ੍ਹਾਂ ਗੱਲਾਂ ਨਾਲ਼ ਸ਼ਹਿਜ਼ਾਦੇ ਠੱਗਿਆ ਜੀਉ ਪਰੀ ਦਾ
ਹੁੱਬ ਮੁਹੱਬਤ ਹੋਈ ਜ਼ਿਆਦਾ ਕਦ ਹੁਣ ਇਸ਼ਕ ਜਰੀ ਦਾ

ਉਸ ਵੇਲੇ ਫ਼ੁਰਮਾਵਣ ਲੱਗੀ ਐ ਦਿਲਬਰ ਸ਼ਹਿਜ਼ਾਦਾ
ਮੈਂ ਇਕ ਗੱਲ ਕਰਾਂ ਜੇ ਬੁਝੇਂ ਦਿਲ ਦਾ ਰੱਖ ਇਰਾਦਾ

ਸ਼ਹਿਜ਼ਾਦੇ ਫ਼ੁਰਮਾਇਆ ਬੀਬੀ ਖੋਲ ਦੱਸੋ ਗੱਲ ਕਰ ਕੇ
ਕੌਣ ਹੋਵਾਂ ਜੇ ਸੁਣਸਾਂ ਨਾਹੀਂ ਕੰਨ ਦਿਲੇ ਦੇ ਧਰ ਕੇ

ਮੇਰੇ ਨਾਲ਼ ਕਰੇਂ ਤੂੰ ਗੱਲਾਂ ਹੋਰ ਇਸ ਥੀਂ ਕੀ ਲੋੜਾਂ
ਏਸ ਮੁਰਾਦ ਲਈ ਮੈਂ ਮਰਦਾ ਝੱਲਾਂ ਦੁੱਖ ਕਰੋੜਾਂ ।(੫੪੫੦)

ਇਨ੍ਹਾਂ ਗੱਲਾਂ ਦਾ ਭੁੱਖਾ ਤੱਸਾ ਵੁੜ੍ਹਿਆ ਅੰਦਰ ਨੀਰਾਂ
ਬਾਦਸ਼ਾਹੀ ਦੀ ਦੌਲਤ ਸਟ ਕੇ ਰਲਿਆ ਵਿਚ ਫ਼ਕੀਰਾਂ

ਆਬ ਹਯਾਤ ਬਰਾਬਰ ਮੈਨੂੰ ਬਾਤ ਤੁਸਾਡੀ ਮਿੱਠੀ
ਥੱਕਣ ਢੂੰਡ ਸਿਕੰਦਰ ਜੇਹੇ ਕਦ ਮਿਲੇ ਬਿਨ ਚਿੱਠੀ

ਕੀਤਾ ਰੱਬ ਨਸੀਬਾ ਮੇਰਾ ਵਾਂਗ ਇਲਿਆਸ ਖ਼ਿਜ਼ਰ ਦੇ
ਅਚਨਚੇਤ ਲੱਧਾ ਇਹ ਚਸ਼ਮਾ ਭੁਲੇ ਰੰਜ ਸਫ਼ਰ ਦੇ

ਬਾਤ ਕਹੋ ਅੱਜ ਰਾਤ ਖ਼ੁਸ਼ੀ ਦੀ ਝਾਤ ਤੁਸਾਂ ਜਦ ਪਾਈ
ਦਾਦ ਦਿੱਤੀ ਫ਼ਰਿਆਦ ਮੇਰੀ ਦੀ ਰੱਬ ਮੁਰਾਦ ਪੁਚਾਈ

ਸ਼ਾਹ-ਪਰੀ ਫ਼ੁਰਮਾਂਦੀ ਲਾਲਾ ਤੂੰ ਜਾਨੀ ਦਾ ਜਾਨੀ
ਅੱਖੀਂ ਦੀ ਰੁਸ਼ਨਾਈ ਨਾਲ਼ੇ ਜੋਬਨ ਦੀ ਜ਼ਿੰਦਗਾਨੀ

ਜੋ ਤੁਧ ਚੌਦਾਂ ਬਰਸਾਂ ਅੰਦਰ ਰੰਜ ਮੁਸੀਬਤ ਪਾਈ
ਮੈਨੂੰ ਇਕ ਦੀਦਾਰ ਤੇਰੇ ਵਿਚ ਸਾਰੀ ਦੇਣੀ ਆਈ

ਸੂਰਤ ਸੁਖ਼ਨ ਆਵਾਜ਼ ਤੇਰੀ ਨੇ ਨਾਲ਼ ਮੇਰੇ ਜੋ ਕੀਤੀ
ਚੌਦਾਂ ਬਰਸਾਂ ਵਿਚ ਨਾ ਤੁਸਾਂ ਇਤਨੀ ਹੋਸੀ ਬੀਤੀ

'ਬਿਸਮਿਲਾ ਵਲ ਹੱਮਦ ਲਿੱਲਾ' ਕਿਹਾ ਸੈਫ਼-ਮਲੂਕੇ
ਆਤਿਸ਼ ਸ਼ੌਕ ਮੇਰੇ ਦੀ ਤੁਧ ਦਿਲ ਭਖ ਪਈ ਸੰਗ ਫੂਕੇ

ਇਸ਼ਕ ਮੇਰੇ ਦਾ ਆਹਰਨ ਭਖਿਆ ਚਿਣਗ ਉੱਠੀ ਵਿਚਕਾਰੂੰ
ਅਚਨਚੇਤ ਤੇਰੇ ਘਰ ਅੰਦਰ ਜਾ ਪਈ ਵਿਚ ਦਾਰੂੰ

ਯਾਰੀ ਤੇ ਲੱਗ ਗਈ ਅਸਾਡੀ ਪੱਕੀ ਖਰੀ ਪਿਆਰੀ
ਪਰ ਹੁਣ ਕਰ ਕੁੱਝ ਹੀਲਾ ਸਾਜ਼ੀ ਮਿਲੇ ਸੁਹਾਗ ਕੁਆਰੀ ।(੫੪੬੦)

ਮੈਂ ਤੇਰਾ ਤੂੰ ਮੇਰੀ ਹੋਵੇਂ ਜਾਨ ਛੁੱਟੇ ਇਸ ਗ਼ਮ ਤੋਂ
ਮੈਂ ਆਜ਼ਿਜ਼ ਪਰਦੇਸੀ ਉੱਤੇ ਆਰੀ ਇਸੇ ਕੰਮ ਤੋਂ

ਦੇਵਾਂ ਪਰੀਆਂ ਨਾਲ਼ ਨਾ ਚਲਦਾ ਮੈਂ ਆਦਮ ਦਾ ਚਾਰਾ
ਜਿੱਤ ਵੱਲ ਜਾਈਏ ਛਪਣ ਨਾ ਦਿੰਦੇ ਢੂੰਡ ਲੈਣ ਜੱਗ ਸਾਰਾ

ਸ਼ਾਹ-ਪਰੀ ਨੇ ਕਿਹਾ ਮੀਆਂ ਕੀ ਚਾਰਾ ਮੈਂ ਕਰਸਾਂ
ਜੋ ਕੁੱਝ ਪਤਾ ਦੇਵਾਂ ਨੂੰ ਲੱਗਾ ਬਦੀ ਤੇਰੀ ਲੈ ਮਰਸਾਂ

ਤਰੈ ਲੱਖ ਪਰੀ ਮੇਰੇ ਸੰਗ ਆਈ ਨਾ ਮੈਂ ਇਕ ਇਕੱਲੀ
ਜੇ ਕੁੱਝ ਮਾਲਮ ਹੋਵੇ ਉਨ੍ਹਾਂ ਨੂੰ ਇਹ ਆਦਮ ਸੰਗ ਰੱਲੀ

ਤੇਰਾ ਮੇਰਾ ਇਹ ਰਲ਼ ਬਹਿਣਾ ਜੇ ਇਕ ਜ਼ੱਰਾ ਜਾਣਨ
ਦੋਹਾਂ ਤਾਈਂ ਮਾਰ ਗਵਾਵਣ ਰੱਤੀ ਰਹਿਮ ਨਾ ਆਣਨ

ਜਾ ਮਾਂ ਬਾਪ ਮੇਰੇ ਨੂੰ ਦੱਸਣ ਤਾਂ ਉਹ ਗ਼ੁੱਸਾ ਖਾਵਣ
ਬੀਬੀ ਲੈਲਾਂ ਵਾਂਗਰ ਮੈਨੂੰ ਘਰ ਵਿਚ ਕੈਦ ਕਰਾਵਣ

ਆਵਣ ਦੇਣ ਨਾ ਇਥੇ ਮੈਨੂੰ ਵੱਤ ਨਾ ਹੋਵੇ ਮੇਲਾ
ਮਜਨੂੰ ਹਾਰ ਉਜਾੜਾਂ ਅੰਦਰ ਮਰਸੇਂ ਇਕ ਇਕੇਲਾ

ਮੈਥੋਂ ਦਾਗ਼ ਫ਼ਿਰਾਕ ਤੇਰੇ ਦਾ ਧੋਤਾ ਮੂਲ ਨਾ ਜਾਸੀ
ਮੇਰਾ ਤੇਰਾ ਮਹਿਰਮ ਹੋ ਕੇ ਕੌਣ ਪੈਗ਼ਾਮ ਪੁਚਾਸੀ

ਸੈਫ਼-ਮਲੂਕ ਕਿਹਾ ਸੁਣ ਬੀਬੀ ਅੱਖੀਂ ਦੀ ਰੁਸ਼ਨਾਈ
ਫਿਰ ਭੀ ਹੱਥ ਤੇਰੇ ਤਦਬੀਰਾਂ ਮੇਰੇ ਵੱਸ ਨਾ ਕਾਈ

ਆਦਮੀਆਂ ਦੇ ਕੰਮ ਨਾ ਛਪਦੇ ਹੁੰਦੇ ਬਾਂਦੇ ਬਾਹਿਰ
ਪਰੀਆਂ ਜਿੰਨ ਕਰਨ ਕੰਮ ਜਿਹੜੇ ਕੋਈ ਨਾ ਤਕਦਾ ਜ਼ਾਹਿਰ ।(੫੪੭੦)

ਸੈਫ਼-ਮਲੂਕੇ ਦਾ ਮੂੰਹ ਚੁੰਮ ਕੇ ਸ਼ਾਹ-ਪਰੀ ਫ਼ੁਰਮਾਵੇ
ਇਕ ਤਦਬੀਰ ਮੇਰੇ ਦਿਲ ਆਈ ਜੇ ਉਹ ਤੈਨੂੰ ਭਾਵੇ

ਸ਼ਾਰਿਸ਼ਤਾਨੇ-ਸੀਮੀਂ ਅੰਦਰ ਰਹਿੰਦੀ ਫੁਫੀ ਮੇਰੀ
ਸਰਵ ਬਾਨੋ ਉਸ ਨਾਮ ਮੇਰੇ ਤੇ ਕਰਦੀ ਹਿਰਸ ਘਣੇਰੀ

ਦੋ ਰਾਵੀ ਫ਼ੁਰਮਾਂਦੇ ਫੁਫੀ ਇਕ ਕਹਿੰਦਾ ਸੀ ਦਾਦੀ
ਸ਼ਹਿਰ ਸ਼ਤਾਨ ਕਹਿਣ ਉਸ ਜਾਈ ਲੁਅਬਤ ਬਾਜ਼ ਉਹ ਵਾਦੀ

ਮਿਹਰ ਅਫ਼ਰੋਜ਼ ਉਹਦਾ ਹੈ ਨਾਵਾਂ ਇਹ ਰਾਵੀ ਫ਼ੁਰਮਾਂਦਾ
ਕਿਸ ਦੀ ਗੱਲ ਤੇ ਪਹਿਰਾ ਦੇਈਏ ਦਿਲ ਫ਼ਿਕਰਾਂ ਵਿਚ ਜਾਂਦਾ

ਉਹ ਦੋ ਰਾਵੀ ਇਹ ਇਕੱਲਾ ਕਿਸ ਦੀ ਕਰਾਂ ਹਿਮਾਇਤ
ਭਲਾ ਇਕੱਲੇ ਦਾ ਉਪਰਾਲਾ ਉਸ ਦੀ ਲਾਂ ਰਵਾਇਤ

ਕਿਹਾ ਪਰੀ ਨੇ ਪਤੇ ਫੜਾਵਾਂ ਸੈਫ਼-ਮਲੂਕਾ ਮਰਦਾ
ਸ਼ਾਰਿਸਤਾਨ ਮੁਲਕ ਨੂੰ ਕਹਿੰਦੇ ਨਾਵਾਂ ਗ਼ੌਲ ਸ਼ਹਿਰ ਦਾ

ਰਹਿੰਦੇ ਹੈਣ ਹਮੇਸ਼ਾ ਓਥੇ ਗ਼ੌਲ ਵੱਡੇ ਦੋ ਭਾਰੇ
ਪਾਣੀ ਵਾਂਙੂ ਪੀਵਣ ਅੱਗੀਂ ਆਦਮ ਮਾਰਨ ਹਾਰੇ

ਰਾਕਸ਼ ਆਦਮ ਖਾਵਣ ਵਾਲੇ ਹੋਰ ਅਫ਼ਰੇਤ ਬਲਾਈਂ
ਰਸਤਾ ਨਾਰ ਦੋਜ਼ਖ਼ ਦੀ ਵਾਂਗਰ ਆਤਿਸ਼ ਗਰਮ ਹਵਾਈਂ

ਪੈਂਡਾ ਦੂਰ ਦਰਾਜ਼ ਮੁਸੀਬਤ ਮੁਸ਼ਕਿਲ ਰਾਹ ਉਜਾੜਾਂ
ਆਤਸ਼ੀਨ ਪਹਾੜ ਰਾਹੇ ਵਿਚ ਕਰਦਾ ਸਾੜਾਂ ਸਾੜਾਂ

ਦਰਿਆ ਜੋਸ਼ਾਂ ਨਾਲ਼ੇ ਅੱਗੇ ਸ਼ਹਿਰ ਗਲੀਮ ਗੋਸ਼ਾਂ ਦਾ
ਐਸਾ ਪੰਧ ਨਾ ਚਲਿਆ ਜਾਵੇ ਮਾਰੇ ਤੁਖ਼ਮ ਹੋਸ਼ਾਂ ਦਾ ।(੫੪੮੦)

ਜੇ ਇਹ ਰਸਤਾ ਪੰਧ ਚੱਲੇਂ ਤੇ ਪਹੁੰਚੇਂ ਉਸ ਮਕਾਨੇ
ਜਾ ਕਰ ਦਾਦੀ ਮੇਰੀ ਅੱਗੇ ਅਰਜ਼ ਆਪਣੀ ਗੁਜ਼ਰਾਨੇ

ਰੁਸਤਮ ਸਾਮ ਸਿਕੰਦਰ ਵਾਲੀ ਜੇ ਤੂੰ ਕਰੇਂ ਦਲੇਰੀ
ਜ਼ਾਲ ਮਿਸਾਲ ਬੇਹਾਲ ਨਾ ਹੋਵੇਂ ਵੇਖ ਜ਼ਵਾਲ ਹਨੇਰੀ

ਦੇਵ ਸੁਫ਼ੈਦ ਸਿਆਹ ਤੱਕ ਰੱਤੇ ਖ਼ੌਫ਼ ਨਾ ਲੱਗੀ ਰੱਤੀ
ਆਤਸ਼ੀਨ ਪਹਾੜੋਂ ਲੰਘੇਂ ਦੇਹੀ ਗ਼ਮੋਂ ਕਰ ਤੱਤੀ

ਸੈਫ਼-ਮਲੂਕ ਕਿਹਾ ਇਹ ਰਸਤਾ ਮੁਸ਼ਕਿਲ ਪੰਧ ਸੁਣੀਂਦਾ
ਬਿਨ ਸਾਥੀ ਹਮਰਾਹ ਬੰਦੇ ਥੀਂ ਕਿਉਂ ਕਰ ਆਸਾਂ ਥੀਂਦਾ

ਕਿਹਾ ਫੇਰ ਬਦੀਅ-ਜਮਾਲੇ ਨਾ ਕਰ ਖ਼ਤਰਾ ਝੋਰਾ
ਨਾਲ਼ ਤੇਰੇ ਅਫ਼ਰੇਤ ਦਿਆਂਗੀ ਚਾਅ ਖੜਸੀ ਕਰ ਜ਼ੋਰਾ

ਅੱਲ੍ਹਾ ਭਾਵੇ ਵੰਝ ਪੁਚਾਸੀ ਸਹੀ ਸਲਾਮਤ ਤੈਨੂੰ
ਦਾਦੀ ਮੇਰੀ ਖ਼ਾਤਿਰ ਕਰਸੀ ਹੈ ਤਵੱਕੋ ਮੈਨੂੰ

ਅੱਗੇ ਦਾਨਿਸ਼ਮੰਦ ਅਕਾਬਰ ਆਕਿਲ ਸੁਘੜ ਸਿਆਣੀ
ਆਦਮ ਬੱਚਿਆਂ ਨਾਲ਼ ਮੁਹੱਬਤ ਬਹੁਤ ਕਰੇ ਉਹ ਰਾਣੀ

ਆਪੂੰ ਭੀ ਉਹ ਆਦਮ ਜ਼ਾਦੀ ਭਾਵਸੁ ਆਦਮ ਜ਼ਾਦਾ
ਤੇਰੇ ਨਾਲ਼ ਹੱਥੋਂ ਕੁੱਝ ਕਰਸੀ ਹੁੱਬ ਅਹਿਸਾਨ ਜ਼ਿਆਦਾ

ਤੁਧ ਜੇ ਐਡ ਕਜ਼ੀਏ ਝਾਗੇ ਸਫ਼ਰ ਮੁਸੀਬਤ ਤੱਕੇ
ਇਸ਼ਕ ਮੇਰੇ ਦੇ ਮਾਰੇ ਹੋਏ ਦਰ ਦਰ ਖਾਧੇ ਧੱਕੇ

ਸੂਰਤ ਸੀਰਤ ਤੇਰੀ ਤਕਸੀ ਸੁਨਸੀ ਜ਼ਾਤ ਸਫ਼ਾਤਾਂ
ਬੁਝ ਕਸ਼ਾਲੇ ਮਿਹਰੀਂ ਆਵੇ ਜਾਂ ਤੁਧ ਕਹੀਆਂ ਬਾਤਾਂ ।(੫੪੯੦)

ਇਹ ਮੁਸ਼ਕਿਲ ਰੱਬ ਉਸ ਦੇ ਪੈਰੋਂ ਮਤੇ ਆਸਾਨ ਕਰੇਸੀ
ਮਾਂ ਪਿਓ ਮੇਰਾ ਮੰਨਣ ਉਸ ਦੀ ਜੋ ਫ਼ੁਰਮਾਨ ਕਰੇਸੀ

ਸ਼ਾਹ ਸ਼ਾਹਪਾਲ ਉਹਦੀ ਗੱਲ ਮੰਨਦਾ ਨਾਲ਼ੇ ਮੇਰੀ ਮਾਈ
ਮੱਤ ਤੇਰੇ ਪਰ ਰਾਜ਼ੀ ਹੋ ਕੇ ਚਾ ਕਰੇ ਕੁੜਮਾਈ

ਫੇਰ ਬਦੀਅ-ਜਮਾਲੇ ਕਿਹਾ ਸੁਣ ਤੂੰ ਪਿਆਰੇ ਮੀਤਾ
ਕਿਤਨੇ ਥਾਂ ਡਿਠੇ ਤੁਧ ਅੱਗੇ ਸੈਰ ਅਜਾਇਬ ਕੀਤਾ

ਪਰ ਜੇ ਸਾਰੇ ਆਲਮ ਲੋੜੇਂ ਤੱਕ ਮੁੜੇਂ ਸਭ ਜਾਈਂ
ਸ਼ਾਰਿਸਤਾਨ ਜੇਹੀਆਂ ਕਦ ਲਭਸਨ ਥਾਂ ਮਕਾਨ ਹਵਾਈਂ

ਲੇਕਿਨ ਰਸਤਾ ਖ਼ਤਰੇ ਵਾਲਾ ਸਖ਼ਤੋਂ ਸਖ਼ਤ ਮੁਹਿੰਮਾਂ
ਕੀ ਕੁੱਝ ਹੱਦ ਸੁਣਾਵਾਂ ਮੂੰਹੋਂ ਮੁਸ਼ਕਿਲ ਪੰਧ ਅਜ਼ੀਮਾਂ

ਦਰਿਆ ਜੋਸ਼ਾਂ ਠਾਠਾਂ ਮਾਰੇ ਹਾਲ ਉਹਦਾ ਕੀ ਆਖਾਂ
ਕਾਲੇ ਪਰਬਤ ਰੂਏ ਜ਼ਿਮੀਂ ਦੇ ਉਸ ਵਿਚ ਪੈਣ ਜੇ ਲਾਖਾਂ

ਮੌਜ ਤੂਫ਼ਾਨ ਉਹਦੇ ਵਿਚ ਡੁੱਬਣ ਕਿਧਰੇ ਨਜ਼ਰ ਨਾ ਆਵਣ
ਸਾਰੇ ਗੱਲ ਕੇ ਮਿੱਟੀ ਹੋਵਣ ਰੇਤ ਮਿਸਲ ਰੁੜ੍ਹ ਜਾਵਣ

ਆਤਸ਼ੀਨ ਪਹਾੜ ਜੋ ਅੱਗੇ ਉਸ ਦੀ ਹੱਦ ਨਾ ਕਾਈ
ਜੇ ਸੀਮੁਰਗ਼ ਉੱਡੇ ਹੋ ਉੱਚਾ ਨਾਲ਼ ਅਸਮਾਨਾਂ ਜਾਈ

ਤਾਬਿਸ਼ ਸਖ਼ਤ ਉਹਦੀ ਥੀਂ ਸੜ ਕੇ ਹੁੰਦਾ ਮਿਸਲ ਕਬਾਬਾਂ
ਉੱਚੇ ਹੋ ਲੰਘਣ ਇਸ ਰਾਹੋਂ ਨਹੀਂ ਮਜਾਲ ਉਕਾਬਾਂ

ਕੀ ਗੱਲ ਕਰਾਂ ਗਲੀਮ ਗੋਸ਼ਾਂ ਦੀ ਉਹ ਵਲਾਇਤ ਭਾਰੀ
ਜ਼ਵਿਲਕਰਨੈਨ ਸਿਕੰਦਰ ਨੇ ਭੀ ਕਰ ਕਰ ਜ਼ੋਰ ਨਾ ਮਾਰੀ ।(੫੫੦੦)

ਜੋ ਕੋਈ ਉਸ ਵਲਾਇਤ ਵਸਦੇ ਸਭ ਡਰਾਵਣ ਵਾਲੇ
ਵੱਡੇ ਕੱਦ ਹਿਸਾਬੋਂ ਬਾਹਰ ਬਹੁਤ ਜ਼ੋਰਾਵਰ ਨਾਲ਼ੇ

ਸੌ ਕਲਾਚ ਉੱਚੇ ਕੱਦ ਬਾਅਜ਼ੇ ਦੋ ਦੋ ਸੈ ਕਲਾਚਾਂ
ਬਹੁਤਾ ਛੋਟਾ ਕੱਦ ਉਨ੍ਹਾਂ ਦਾ ਚਾਲੀ ਗਜ਼ ਮੈਂ ਜਾਚਾਂ

ਨਾ ਕੋਈ ਕੱਪੜਾ ਲੀੜਾ ਉੱਤੇ ਨਾ ਕੋਈ ਪਲੰਗ ਚਟਾਈ
ਇੱਕ ਕੰਨ ਹੇਠ ਘੱਤਣ ਇੱਕ ਉੱਤੇ ਸੌਂਦੇ ਨੀਂਦਰ ਆਈ

ਉਹ ਉਨ੍ਹਾਂ ਦਾ ਸ਼ਹਿਰ ਵਲਾਇਤ ਚਾਲੀ ਦਿਨ ਦਾ ਰਸਤਾ
ਕੌਣ ਕੋਈ ਲੰਘ ਸਕਦਾ ਓਥੋਂ ਮਾਰਨ ਕਰਨ ਸ਼ਿਕਸਤਾ

ਆਤਸੀਨ ਪਹਾੜ ਅਗੇਰੇ ਪੈਂਡਾ ਇਕ ਮਹੀਨਾ
ਜਿੱਤ ਵੱਲ ਤਕੀਏ ਉਹੋ ਦਿਸਦਾ ਨਜ਼ਰ ਨਾ ਪੌਣ ਜ਼ਮੀਨਾਂ

ਤਰੈ ਮਾਹਾਂ ਦਾ ਪੈਂਡਾ ਅੱਗੇ ਜੋ ਦਰਿਆ ਜੋਸ਼ਿੰਦਾ
ਜੋ ਹੈਵਾਨ ਉਹਦੇ ਵਿਚ ਆਵੇ ਕੋਈ ਨਾ ਰਹਿੰਦਾ ਜ਼ਿੰਦਾ

ਗ਼ੌਲ ਉਜਾੜੀ ਦਿਓ ਮਰੇਲੇ ਰਾਕਸ ਬਿਸ਼ੀਅਰ ਕਾਲੇ
ਵੇਖਣ ਸਾਥ ਨਾ ਰਹਿੰਦੀ ਬਾਕੀ ਦਹਿਸ਼ਤ ਜਿੰਦ ਨਿਕਾਲੇ

ਜੇ ਸੌ ਮਰਦ ਜ਼ੋਰਾਵਰ ਹੋਵੇ ਬਹੁਤ ਦਲੇਰ ਬਹਾਦਰ
ਹੈਬਤ ਖਾ ਰਹੇ ਮੁੜ ਸਾਬਤ ਨਹੀਂ ਕਿਸੇ ਦਾ ਬਾਦਰ

ਸੈਫ਼-ਮਲੂਕ ਹੋਇਆ ਸੁਣ ਹੈਰਾਂ ਬਹੁਤ ਅੰਦੇਸ਼ਾ ਕਰਦਾ
ਸੱਪ ਦਾ ਡੰਗਿਆ ਆਖ ਮੁਹੰਮਦ ਸੇਲ੍ਹੀ ਕੋਲੋਂ ਡਰਦਾ

ਅੱਗੇ ਭੀ ਮੈਂ ਢੇਰ ਬਲਾਈਂ ਗਾਹ ਏਥੇ ਤਕ ਆਇਆ
ਪਰ ਅੱਗੋਂ ਦਸ ਪਾਇਓਈ ਜਿਹੜੀ ਉਸ ਨੇ ਬਹੁਤ ਡਰਾਇਆ ।(੫੫੧੦)

ਕੀ ਇਲਾਜ ਹੋਵੇ ਇਸ ਕੰਮ ਦਾ ਬੁਰੀ ਮੁਹਿੰਮ ਇਹ ਆਈ
ਆਖ਼ਿਰ ਮੰਜ਼ਿਲ ਸਖ਼ਤ ਮੁਹੰਮਦ ਬਚ ਕੇ ਨਿਕਲੇ ਕਾਈ

ਸਾਧਣ ਕਾਮ ਪਹਾੜ ਅੱਗੇ ਦਾ ਗ਼ੁੱਸਾ ਦਰਿਆ ਜੋਸ਼ਾਂ
ਹਿਰਸ ਹਵਾ ਹਮੇਸ਼ਾ ਨੰਗੇ ਵਾਂਗ ਗਲੀਮੋ-ਗੋਸ਼ਾਂ

ਭੁੱਖ ਨੀਂਦਰ ਦੋ ਗ਼ੌਲ ਵਡੇਰੇ ਆਤਿਸ਼ ਪੀਵਣ ਹਾਰੇ
ਹੋਰ ਬਲਾਈਂ ਸ਼ਰ ਨਫ਼ਸਾਨੀ ਸਮਝੋ ਰਮਜ਼ ਪਿਆਰੇ

ਜੇ ਸਭਨਾਂ ਦੇ ਸਿਰ ਤੋਂ ਲੰਘੇ ਚੜ੍ਹ ਦੇਵੇ ਦੇ ਕਾਂਧੇ
ਦੇਵ ਮੁਤੀਅ ਹੋਵੇ ਜਿਸ ਵੇਲੇ ਖੁੱਲ ਵੰਞਣ ਸਭ ਬਾਂਧੇ

ਦਸਤਾਵੇਜ਼ ਸੱਜਣ ਦੀ ਲੈ ਕੇ ਪਹੁੰਚੇ ਕੋਲ ਵਸੀਲੇ
ਵਾਸਿਲ ਕਰੇ ਮੁਹੰਮਦ ਬਖ਼ਸ਼ਾ ਤਾਂ ਉਹ ਕਰ ਕਰ ਹੀਲੇ

ਫੇਰ ਪਰੀ ਨੇ ਕਿਹਾ ਅੱਗੋਂ ਚਿੰਤਾ ਨਾ ਕਰ ਸ਼ਾਹਾ
ਜੋ ਅਫ਼ਰੇਤ ਤੇਰੇ ਸੰਗ ਲਾਸਾਂ ਉਸ ਅੱਗੇ ਕੀ ਰਾਹਾ

ਉਹ ਭੀ ਇਕਸ ਪਰੀ ਪਰ ਆਸ਼ਿਕ ਦੇਸਾਂ ਉਸ ਦਾ ਲਾਰਾ
ਚਾਈਂ ਚਾਈਂ ਖੜਸੀ ਤੈਨੂੰ ਪੰਧ ਸੁਖਾਲ਼ਾ ਸਾਰਾ

ਦਾਦੀ ਭੀ ਨਹੀਂ ਐਸੀ ਅੱਗੇ ਕੌੜੀ ਫਿੱਕੀ ਖੱਟੀ
ਮਿੱਠੀ ਅਤੇ ਸਲੂਣੀ ਹੋਸੀ ਜਾਂ ਦਸਸੇਂ ਰੰਜ ਕੱਟੀ

ਮੈਂ ਭੀ ਚਿੱਠੀ ਆਪਣੀ ਤੈਨੂੰ ਲਿੱਖ ਬੰਨ੍ਹਾਸਾਂ ਪੱਲੇ
ਕੋਲ ਉਸੇ ਦੇ ਜਾਇ ਪਿਆਰੇ ਮੱਤ ਵਾਹ ਕੋਈ ਚੱਲੇ

ਸੈਫ਼-ਮਲੂਕ ਕਿਹਾ ਸੁਣ ਬੀਬੀ ਜੇ ਜੱਗ ਦੁਸ਼ਮਣ ਹੋਵੇ
ਤੂੰ ਸੱਜਣ ਤਾਂ ਖ਼ੌਫ਼ ਨਾ ਕੋਈ ਆਸ਼ਿਕ ਉਠ ਖਲੋਵੇ ।(੫੫੨੦)

ਆਖੇ ਬਾਝ ਸਮੁੰਦਰ ਗਾਹੇ ਜੰਗਲ਼ ਪਰਬਤ ਕਾਲੇ
ਹੁਣ ਤੁਧ ਆਪ ਜ਼ਬਾਨੋਂ ਕਿਹਾ ਟੁਰਸਣ ਯਾਰ ਸੁਖਾਲੇ

ਇੱਕ ਇੱਕ ਕਦਮ ਉੱਤੇ ਜੇ ਹੋਵੇ ਸੌ ਸੌ ਬਿਸ਼ੀਅਰ-ਕਾਲ਼ਾ
ਜਿੱਤ ਵੱਲ ਯਾਰ ਕਹੇ ਮੈਂ ਟੁਰਸਾਂ ਮੂਲ ਨਾ ਕਰਸਾਂ ਟਾਲ਼ਾ

ਆਸ਼ਿਕ ਮੌਤੋਂ ਡਰਦੇ ਨਾਹੀਂ ਪਤਾ ਉਨ੍ਹਾਂ ਨੂੰ ਲੱਗਾ
ਮੌਤ ਨਹੀਂ ਇਕਵਾਰ ਮੋਇਆਂ ਨੂੰ ਝੱਲ ਆਫ਼ਤ ਦਾ ਅੱਗਾ

ਕਿਹਾ ਫੇਰ ਪਰੀ ਨੇ ਸ਼ਾਹਾ ਕਰਾਂ ਜ਼ਰੂਰਾਂ ਤੈਨੂੰ
ਚੇਤਾ ਚੇਤਾ ਭੇਤ ਅਸਾਡਾ ਦੱਸੀਂ ਨਹੀਂ ਕਿਸੇ ਨੂੰ

ਮਲਿਕਾ ਬਦਰਾ ਮਾਉ ਉਨ੍ਹਾਂ ਦੀ ਅੱਗੇ ਕਿਤਨੀ ਵੇਰੀ
ਮੇਰੇ ਅੱਗੇ ਕਰ ਕਰ ਥੱਕੀਆਂ ਬਹੁਤ ਸਿਫ਼ਾਰਸ਼ ਤੇਰੀ

ਖ਼ੂਬੀ ਸਿਫ਼ਤ ਸਨਾ ਤੇਰੀ ਤੇ ਨਾਲ਼ੇ ਇਸ਼ਕ ਤੇਰੇ ਦੀ
ਦਰਦ ਕਹਾਣੀ ਦਸ ਦਸ ਰਹੀਆਂ ਕਾਮਿਲ ਸਿਦਕ ਤੇਰੇ ਦੀ

ਪਾਣ ਸਵਾਲ ਅਰਜ਼ੋਈ ਇਹੋ ਕਰ ਕਰ ਮਿੰਨਤਦਾਰੀ
ਸੈਫ਼-ਮਲੂਕੇ ਨੂੰ ਸ਼ਾਹ ਪਰੀਏ ਦੇ ਦੀਦਾਰ ਇਕ ਵਾਰੀ

ਗੱਲ ਉਨ੍ਹਾਂ ਦੀ ਅਜੇ ਨਾ ਮੰਨੀ ਮੂੰਹੋਂ ਨਾ ਕੀਤੀ ਆਰੇ
ਨਾ ਨਾ ਕਰਦੀ ਹਾਂ ਅੱਜ ਤੋੜੀ ਭਾਰ ਘੱਤਾਂ ਨਿੱਤ ਭਾਰੇ

ਤੂੰ ਭੀ ਫੇਰ ਉਨ੍ਹਾਂ ਨੂੰ ਆਖੀਂ ਕਿਵੇਂ ਪਰੀ ਦਿੱਸਾਲੋ
ਜਾਨੀ ਨਾਲ਼ ਮਿਲਾਓ ਜਾਨੀ ਕੌਲ ਜ਼ਬਾਨੀ ਪਾਲੋ

ਜਿਉਂ ਜਿਉਂ ਤੂੰ ਕਰੇਸੇਂ ਤੰਗੀ ਤਿਉਂ ਤਿਉਂ ਮਿੰਨਤਾਂ ਕਰਸਨ
ਚਾੜ੍ਹ ਅਹਿਸਾਨ ਉਨ੍ਹਾਂ ਤੇ ਦਸਸਾਂ ਜ਼ਾਹਿਰ ਹੋ ਕੇ ਦਰਸ਼ਨ ।(੫੫੩੦)

ਮੱਤ ਕੋਈ ਭੇਤ ਉਨ੍ਹਾਂ ਨੂੰ ਦੱਸੇਂ ਮੇਰਾ ਭਾਰ ਨਾ ਰਹਿੰਦਾ
ਮੈਂ ਸ਼ਰਮਿੰਦਾ ਹੋਸਾਂ ਤੂੰ ਭੀ ਪੱਛੋ ਤਾਸੇਂ ਕਹਿੰਦਾ

ਹਲਾ ਹਲਾ ਸ਼ਹਿਜ਼ਾਦੇ ਕਿਹਾ ਭੇਤ ਨਾ ਕੱਢਾਂ ਜੱਰਾ
ਜੋ ਤੁਸਾਂ ਫ਼ੁਰਮਾਇਆ ਉਸ ਤੇ ਕਰਸਾਂ ਅਮਲ ਮੁਕੱਰਰਾ

ਕੌਲ ਕਰਾਰ ਕੀਤੇ ਫੜ ਪੰਜੇ ਕਸਮਾਂ ਅਹਿਦ ਪਕਾਏ
ਸ਼ਾਹ-ਪਰੀ ਤੇ ਸੈਫ਼-ਮਲੂਕੇ ਪੱਕੇ ਨਿਹੁੰ ਲਗਾਏ

ਡੇਰੇ ਨਾਲ਼ੋਂ ਵੱਖਰਾ ਤੰਬੂ ਸ਼ਹਿਜ਼ਾਦੇ ਸੀ ਲਾਇਆ
ਹੋ ਅਲੱਗ ਓਥੇ ਸੀ ਬਹਿੰਦਾ ਦਰਦ ਫ਼ਿਰਾਕ ਸਤਾਇਆ

ਇਸ ਤੰਬੂ ਵਿਚ ਦੋਹਾਂ ਜੀਆਂ ਕੱਠਿਆਂ ਰਾਤ ਗੁਜ਼ਾਰੀ
ਗ਼ਮ ਦੀ ਥਾਂ ਮਿਲੇ ਸੁਖ ਸਵਾਦਾਂ ਰਹਿਮ ਹੋਇਆ ਸਰਕਾਰੀ

ਕੁੱਲ ਕਰਾਰ ਯਰਾਨੇ ਵਾਲੇ ਕੀਤੀ ਖ਼ਾਸ ਤਸੱਲੀ
ਸਾਦਿਕ ਸੁਬ੍ਹਾ ਧੁੰਮਣ ਪਰ ਆਈ ਸ਼ਾਹ-ਪਰੀ ਉਠ ਚੱਲੀ

ਗੱਲ ਬਾਹਾਂ ਘੱਤ ਮਿਲੇ ਪਿਆਰੇ ਮੁੜ ਮੁੜ ਵਿਦਾਅ ਕਰੇਂਦੇ
ਮੂੰਹ ਮੱਥੇ ਹੱਥ ਚੁੰਮਣ ਦੋਏੇ ਦਿਲ ਵੱਟੇ ਧਰ ਦੇਂਦੇ

ਝਬਦੇ ਝਬਦੇ ਫੇਰ ਮਿਲਣ ਦੀ ਆਸ ਦੋਹਾਂ ਦਿਲ ਆਹੀ
ਤਾਂ ਕੁੱਝ ਰਿਹਾ ਲਿਫ਼ਾਫ਼ਾ ਓਥੇ ਸਬਰ ਨਾ ਹੋਇਆ ਰਾਹੀ

ਸ਼ਾਹ-ਪਰੀ ਮੁੜ ਚੋਰੀ ਚੋਰੀ ਸੇਜ ਉੱਤੇ ਆ ਸੋਈ
ਦਿਲ ਵਿਚ ਯਾਰ ਮੂੰਹੇਂ ਪਰ ਪੱਲਾ ਨੀਂਦ ਕੀ ਜਾਣੇ ਕੋਈ

ਵਿੱਚੋ ਵਿੱਚ ਕਲੇਜਾ ਖਾਏ ਉੱਚਾ ਸਾਹ ਨਾ ਭਰਦੀ
ਅੱਖੀਂ ਮੀਟ ਦਰਾਜ਼ ਹੋਈ ਸੀ ਇਹ ਮਰਦੀ ਕਿ ਮਰਦੀ ।(੫੫੪੦)

ਪੱਲਾ ਤਾਣ ਹੰਝੂ ਭਰ ਰੋਏ ਨਜ਼ਰ ਕਰੇਂਦੀ ਸਾਰੇ
ਜਾਂ ਉਹ ਦਿਲਬਰ ਨਜ਼ਰ ਨਾ ਆਵੇ ਭੜਕੇ ਭਾਹ ਦੁਬਾਰੇ

ਲੋਕਾਂ ਭਾਣੇ ਨੀਂਦਰ ਮੁੱਠੀ ਹੋਈ ਬੇਹੋਸ਼ ਉਹ ਤੱਤੀ
ਗ਼ੈਰਾਂ ਥੀਂ ਮੂੰਹ ਕੱਜਿਆ ਹੋਇਆ ਦਿਲੋਂ ਆਰਾਮ ਨਾ ਰੱਤੀ

ਤਾਕਤ ਤਰਾਣ ਨਾ ਰਹਿਓਸੁ ਮਾਸਾ ਜੇ ਚੁੱਕ ਪਰਤੇ ਪਾਸਾ
ਜਾਨ ਲਬਾਂ ਪਰ ਭੱਜ ਭੱਜ ਆਵੇ ਮੋੜ ਖੜੇ ਮੁੜ ਆਸਾ

ਬੁੱਕਲ਼ ਅੰਦਰ ਕਰੇ ਨਿਗਾਹਾਂ ਤੱਕੇ ਗਿਰਦ ਚੌਫੇਰੇ
ਯਾਰ ਰਤੋਕਾ ਨਜ਼ਰ ਨਾ ਆਵੇ ਛੁਪ ਗਏ ਨੈਣ ਲੁਟੇਰੇ

ਅੱਖੀਂ ਮੀਟ ਸਵੇਂ ਮੱਤ ਮੇਰਾ ਮੀਤ ਦਿਸੇ ਵਿਚ ਖ਼ਾਬੇ
ਨੈਣੀਂ ਨੀਂਦ ਨਾ ਆਵੇ ਮੂਲੇ ਪਕੜੀ ਜਿੰਦ ਇਜ਼ਾਬੇ

ਨਾ ਉਹ ਦਿੱਸੇ ਨਾ ਦਿਲ ਵਿੱਸੇ ਖ਼ਬਰ ਨਾ ਦੂਜੇ ਕਿਸੇ
ਹੰਝੂ ਮੀਂਹ ਵਸਣ ਪਰ ਦਿਲ ਦਾ ਭਾਂਬੜ ਮੂਲ ਨਾ ਹਿਸੇ

ਕਹਿਰ ਕਲੂਰ ਨਜ਼ੂਲ ਅੰਦਰ ਵਿਚ ਸੂਲ ਡੰਡੂਲ ਵਿਛੋੜਾ
ਨਵੀਂ ਮੁਹੱਬਤ ਹੜ੍ਹ ਦਾ ਪਾਣੀ ਜ਼ੋਰ ਨਾ ਕਰਦਾ ਥੋੜਾ

ਸਾਬਤ ਨੀਯਤ ਪਰੀਤ ਲਗਾਈ ਮੌਜ ਘੜੀ ਦੀ ਮਾਣੀ
ਛੁਪਿਆ ਮੁੱਖ ਲੱਗੇ ਦੁੱਖ ਭਾਰੇ ਨਾਜ਼ੁਕ ਬਾਲ ਇਆਣੀ

ਮੂੰਹ ਪਰ ਪੱਲਾ ਮਹਿਰਮ ਅੱਲ੍ਹਾ ਅੰਦਰ ਦਰਦ ਅਵੱਲਾ
ਇਹ ਤਨ ਨਾਲ਼ ਸੱਜਣ ਦੇ ਆਹਾ ਹੁਣ ਕਿਉਂ ਪਿਆ ਇਕੱਲਾ

ਸਾਰੀ ਰੈਣ ਪੀਆ ਸੰਗ ਗੁਜ਼ਰੀ ਕਰਦੀ ਚੈਨ ਨਾ ਸੋਈ
ਮੀਟੇ ਨੈਣ ਹੁਣ ਵੈਣ ਕਰੇਂਦੀ ਇਹ ਕੀ ਗ਼ਰਕੀ ਹੋਈ ।(੫੫੫੦)

ਰੱਬਾ ਯਾਰ ਮਿਲਾਇਓਈ ਮੈਨੂੰ ਸੂਰਤ ਚੰਨ ਅਸਮਾਨੀ
ਸਿਦਕ ਵਫ਼ਾ ਮੁਹੱਬਤ ਵਾਲਾ ਆਸ਼ਿਕ ਮਰਦ ਹੱਕਾਨੀ

ਸੋਹਣਾ ਮੱਥਾ ਰੱਜ ਨਾ ਡਿੱਠਾ ਪਿਆ ਫ਼ਿਰਾਕ ਸ਼ਿਤਾਬੀ
ਖ਼ਬਰ ਨਹੀਂ ਫਿਰ ਕਦ ਮਿਲਾਸੇਂ ਰਹਿਸੀ ਜਿੰਦ ਇਜ਼ਾਬੀ

ਸਾਇਤ ਸਾਲ ਬਰਾਬਰ ਹੋਈ ਲੰਘਸੀ ਕਦ ਦਿਹਾੜੀ
ਜਿੰਦ ਨਿਮਾਣੀ ਦਰਦ ਵਿਛੋੜੇ ਸੂਲੀ ਉੱਤੇ ਚਾੜ੍ਹੀ

ਰੌਸ਼ਨ ਰੋਜ਼ ਜਗਤ ਦੇ ਭਾਣੇ ਮੈਨੂੰ ਮੂਲ ਨਾ ਭਾਵੇ
ਕਿਵੇਂ ਰਾਤ ਪਵੇ ਇਸ ਰੋਜ਼ੋਂ ਸ਼ਹੁ ਵੱਲ ਤੱਤੀ ਜਾਵੇ

ਕਦੀ ਹਯਾ ਖੁੱਲਣ ਪਰ ਆਵੇ ਕਦੀ ਕਰੇ ਸਤਾਰੀ
ਸੈਫ਼-ਮਲੂਕ ਮਿਲੇ ਜਿੰਦ ਛੁੱਟੇ ਜਾਵੇ ਦਰਦ ਕਹਾਰੀ

ਮੂੰਹੋਂ ਚੁੱਪ ਅੱਖੀਂ ਪਰ ਪਰਦਾ ਬੇਤਾਕਤ ਤਨ ਸਾਰਾ
ਲੂੰ ਲੂੰ ਅੱਗ ਪਿਰਮ ਦੀ ਭੜਕੇ ਦਿਲ ਵਿਚ ਯਾਰ ਪਿਆਰਾ

ਖੁੱਲੇ ਵਾਲ਼ ਬੇਹਾਲ ਪਈ ਸੀ ਸਖ਼ਤ ਗ਼ਮਾਂ ਦੀ ਮਾਰੀ
ਬੇਦਿਲ ਦਾ ਕਿਸ ਵੇਦਨ ਪਾਇਆ ਬੁਰੀਓਂ ਬੁਰੀ ਬੀਮਾਰੀ

ਸਈਆਂ ਭਾਣੇ ਸੇਜ ਖ਼ੁਸ਼ੀ ਦੀ ਸੁੱਤੀ ਸੁਖ ਕੁਆਰੀ
ਬਾਹਰੋਂ ਬ-ਆਰਾਮ ਮੁਹੰਮਦ ਅੰਦਰ ਚੜ੍ਹੀ ਗ਼ੁਬਾਰੀ

ਆਸ਼ਿਕ ਨੀਂਦ ਭਰੇ ਕਦ ਸੋਇ ਨਿਹੁੰ ਜਿਨ੍ਹਾਂ ਦੇ ਪੱਕੇ
ਮੀਟੇ ਨੈਣ ਮੂੰਹੇਂ ਪਰ ਪੱਲਾ ਕੀ ਹੋਇਆ ਜੱਗ ਤੱਕੇ

ਫ਼ਜਰੇ ਨੈਣ ਖ਼ੁਮਾਰ ਆਲੂਦੇ ਡੌਰੇ ਭੌਰੇ ਹੋਏ
ਖੋਲ ਡਿਠੇ ਤਾਂ ਯਾਰ ਨਾ ਡਿੱਠਾ ਅੰਦਰੁ ਅੰਦਰ ਰੋਏ ।(੫੫੬੦)

ਹੰਝੂ ਠੱਲ ਕੇ ਅੱਖੀਂ ਮਲ ਕੇ ਬੈਠੀ ਕਰ ਹੁਸ਼ਿਆਰੀ
ਮੂੰਹੋਂ ਹਾਸਾ ਖ਼ੁਸ਼ੀ ਨਾ ਮਾਸਾ ਦਿਲ ਦੀ ਦਿਲ ਵਿਚ ਸਾਰੀ

ਮੂੰਹੋਂ ਹੱਸੇ ਭੇਤ ਨਾ ਦੱਸੇ ਪੌਣ ਕਲੇਜੇ ਛੁਰੀਆਂ
ਨਾਲ਼ ਸੱਈਆਂ ਦੇ ਕਰੇ ਜ਼ੁਬਾਨੋਂ ਜੋ ਕੁੱਝ ਗੱਲਾਂ ਟੁਰੀਆਂ

ਇਧਰ ਸੈਫ਼-ਮਲੂਕ ਸ਼ਹਿਜ਼ਾਦਾ ਰੋ ਰੋ ਆਹੀਂ ਭਰਦਾ
ਅਕਸਰ ਆਸ ਰਬੇ ਦੀ ਉੱਤੇ ਫੇਰ ਤਹੱਮੁਲ ਕਰਦਾ

ਕੀਤਾ ਵੁਜ਼ੂ ਸ਼ਹਿਜ਼ਾਦੇ ਉੱਠ ਕੇ ਲੱਗਾ ਪੜ੍ਹਨ ਦੋਗਾਣਾ
ਆਖੇ ਬਾਂਗ ਨਿਮਾਜ਼ ਗੁਜ਼ਾਰੇ ਫੇਰ ਪੜ੍ਹੇ ਸ਼ੁਕਰਾਨਾ

ਤਾਇਤ ਰੱਬ ਦੀ ਜ਼ੋਰ ਸਿਰੇ ਦੇ ਖ਼ੂਬ ਬਜਾ ਲਿਆਂਦੀ
ਜਿਥੇ ਵਿਰਦ ਵਜ਼ੀਫ਼ੇ ਕਰਦਾ ਧਰਤੀ ਪਈ ਸੁਹਾਂਦੀ

ਵਿਰਦਾਂ ਥੀਂ ਜਾਂ ਫ਼ਾਰਿਗ਼ ਹੋਇਆ ਧੁੱਪ ਲੱਗੀ ਨੂਰਾਨੀ
ਮਸ਼ਰਿਕ ਦਾ ਸ਼ਹਿਜ਼ਾਦਾ ਚੜ੍ਹਿਆ ਤਖ਼ਤ ਉਪਰ ਸੁਲਤਾਨੀ

ਸੈਫ਼-ਮਲੂਕ ਤਖ਼ਤ ਤੇ ਬੈਠਾ ਸਾਇਦ ਕੋਲ ਬਹਾਇਆ
ਜੁੱਸੇ ਤਾਬ ਤਰਾਣ ਜ਼ਿਆਦਾ ਚਿਹਰਾ ਰੂਪ ਸਵਾਇਆ

ਉਚਰਾਂ ਤੋੜੀ ਬਾਹਰ ਬਾਗ਼ੋਂ ਲੱਥੀ ਆਣ ਸਵਾਰੀ
ਧੂਮੋ ਧਾਮ ਮੱਚੀ ਨਰ ਗੱਜੇ ਚਮਕੀ ਫ਼ੀਲ ਅੱਮਾਰੀ

ਹਰ ਦਰਵਾਜ਼ੇ ਕਰਨ ਆਵਾਜ਼ੇ ਕੋਤਲ ਤੁਰਕੀ ਤਾਜ਼ੀ
ਪੋਸ਼ੋ ਪੋਸ਼ ਨਕੀਬ ਕਰੇਂਦੇ ਸਾਜ਼ ਵਜਾਵਣ ਸਾਜ਼ੀ

ਸਰਾਂਦੀਪ ਸ਼ਹਿਰ ਦਾ ਵਾਲੀ ਮਲਿਕਾ ਦਾ ਪਿਓ ਰਾਜਾ
ਸ਼ਹਿਜ਼ਾਦੇ ਦੇ ਡੇਰੇ ਆਇਆ ਨਾਲ਼ ਵਜੇ ਹਰ ਵਾਜਾ ।(੫੫੭੦)

ਛਤਰ ਨਿਸ਼ਾਨ ਸਿਰੇ ਪਰ ਝੁਲਦੇ ਨਾਲ਼ ਅਕਾਬਰ ਖ਼ਾਸੇ
ਸ਼ਾਤਿਰ ਟੋਪ ਜੜਾਊ ਸਿਰ ਪਰ ਹੱਥ ਸੁਨਹਿਰੀ ਆਸੇ

ਮੀਰ ਵਜ਼ੀਰ ਕਬੀਰ ਸ਼ਹਿਜ਼ਾਦੇ ਰਾ ਉਮਰਾ ਤਮਾਮੀ
ਆਏ ਨਾਲ਼ ਸ਼ਹਿਜ਼ਾਦਾ ਵੇਖਣ ਕਿਆ ਖ਼ਾਸੀ ਕਿਆ ਆਮੀ

ਸੈਫ਼-ਮਲੂਕ ਸ਼ਹਿਜ਼ਾਦੇ ਅੱਗੇ ਸਾਰੇ ਹਾਜ਼ਿਰ ਹੋਏ
ਜਿਸ ਜਿਸ ਜਾਈ ਬਹਿਣਾ ਆਹਾ ਬੈਠੇ ਕੁੱਝ ਖਲੋਏ

ਸ਼ਹਿਜ਼ਾਦੇ ਫ਼ੁਰਮਾਇਆ ਜਲਦੀ ਹਾਜ਼ਿਰ ਹੋਵਣ ਖਾਣੇ
ਲੈ ਕੇ ਹੁਕਮ ਬਾਵਰਚੀ ਸਾਰੇ ਉਠ ਲੰਗਰ ਵੱਲ ਧਾਣੇ

ਆਣ ਰਿਕਾਬ ਟਿਕਾਏ ਅੱਗੇ ਕਿਸਮ ਕਿਸਮ ਦਾ ਖਾਣਾ
ਜੋ ਜੋ ਤਲਬ ਕਿਸੇ ਨੂੰ ਆਹੀ ਖਾ ਲਿਆ ਮਨ ਭਾਣਾ

ਸ਼ਹਿਜ਼ਾਦਾ ਤੇ ਸ਼ਾਹ ਨਗਰ ਦਾ ਤਖ਼ਤ ਇੱਕੇ ਪਰ ਆਹੇ
ਰਲ਼ ਕੀ ਖਾਣਾ ਖਾਧਾ ਦੋਹਾਂ ਨਾਲ਼ ਦਿਲੇ ਦੀ ਚਾਹੇ

ਖਾਣਾ ਖਾਇ ਹੋਏ ਜਦ ਵਿਹਲੇ ਹੁਕਮ ਹੋਇਆ ਦਰਗਾਹੋਂ
ਭਰ ਭਰ ਦੇਵਣ ਸਾਕੀ ਸੋਹਣੇ ਪੀਣ ਪਿਆਲੇ ਚਾਹੋਂ

ਸਾਇਤ ਘੜੀ ਗੁਜ਼ਾਰ ਖ਼ੁਸ਼ੀ ਦੀ ਉਠਿਆ ਸ਼ਾਹ ਨਗਰ ਦਾ
ਸੈਫ਼-ਮਲੂਕ ਅਗੇਰੇ ਆਇਆ ਰੁਖ਼ਸਤ ਕਰਦਾ ਕਰਦਾ

ਰੁਖ਼ਸਤ ਕਰ ਕੇ ਫੇਰ ਸ਼ਹਿਜ਼ਾਦਾ ਡੇਰੇ ਆਪਣੇ ਆਇਆ
ਮਲਿਕਾ ਬਦਰਾ ਮਾਂ ਉਨ੍ਹਾਂ ਦੀ ਆ ਮੁੜ ਫੇਰਾ ਪਾਇਆ

ਸ਼ਹਿਜ਼ਾਦਾ ਤਾਜ਼ੀਮਾਂ ਕਰ ਕੇ ਨਿਉਂ ਨਿਉਂ ਹੋਇਆ ਸਲਾਮੀ
ਮੂੰਹ ਬੁੱਕਲ ਵਿਚ ਲੈ ਕੇ ਬੈਠਾ ਜਿਉਂ ਗ਼ਮਨਾਕ ਤਮਾਮੀ ।(੫੫੮੦)

ਮਲਿਕਾ ਨੇ ਫ਼ੁਰਮਾਇਆ ਸ਼ਾਹਾ ਜਾ ਨਹੀਂ ਇਹ ਗ਼ਮ ਦੀ
ਗਈ ਹਿਜ਼ਰ ਦੀ ਰਾਤ ਹੁਣੇ ਤੱਕ ਸੁਬ੍ਹਾ ਵਸਲ ਦੀ ਧੰਮ ਦੀ

ਇਹ ਜਾਗ੍ਹਾ ਖ਼ੁਸ਼ਹਾਲੀ ਵਾਲੀ ਛੱਡ ਅੰਦੇਸ਼ਾ ਭਾਰਾ
ਥੋੜਾ ਜੈਸਾ ਸਬਰ ਕਰੇਂ ਤਾਂ ਮਿਲਸੀ ਯਾਰ ਪਿਆਰਾ

ਚੌਦਾਂ ਬਰਸਾਂ ਅੰਦਰ ਜੋ ਤੁਧ ਪੀਤੇ ਜ਼ਹਿਰ ਪਿਆਲੇ
ਸਬਰ ਕਰੇਂ ਤਾਂ ਵੱਟਣ ਹੋਸਣ ਸ਼ਰਬਤ ਸ਼ਹਿਦੇ ਵਾਲੇ

ਆਹੋ ਰਾਹ ਇਸ਼ਕ ਦੇ ਅੰਦਰ ਨਾਹੀਂ ਨਾ ਉਮੀਦੀ
ਕਾਲ਼ੀ ਰਾਤੇ ਵਿਚੋਂ ਨਿਕਲੇ ਓੜਕ ਰੋਜ਼ ਸਫ਼ੈਦੀ

ਸ਼ਹਿਜ਼ਾਦੇ ਨੇ ਬੇਦਿਲ ਹੋ ਕੇ ਕਰ ਕੇ ਮੂੰਹ ਕੁੜਮਾਨਾ
ਮਲਿਕਾ ਨੂੰ ਫ਼ੁਰਮਾਇਆ ਬੀਬੀ ਕੌਲ ਤੇਰੇ ਕੀ ਜਾਣਾਂ

ਕੀ ਤਕਰਾਰ ਮੇਰੇ ਸੰਗ ਕਰ ਕੇ ਦੇਵ ਤੁਸਾਂ ਮਰਵਾਇਆ
ਦਿਨ ਦਿਨ ਸਬਰ ਦਸਾਲੋ ਅੱਗੋਂ ਜਾਂ ਉਹ ਵੇਲ਼ਾ ਆਇਆ

ਕਿਚਰਕ ਤੋੜੀ ਝੂਠ ਮਦਾਰਾ ਕਿਚਰਕ ਟੁਰਸੀ ਠੱਗੀ
ਓੜਕ ਤੁਸੀਂ ਜਵਾਬ ਦਿਓਗੇ ਪਰੀ ਨਾ ਆਖੇ ਲੱਗੀ

ਅੱਜ ਕੱਲ੍ਹ ਪਰੀ ਤੁਸਾਡੇ ਘਰ ਵਿਚ ਫਿਰ ਭੀ ਕੌਲ ਨਾ ਪਾਲੋ
ਜਾਂ ਉੱਡ ਬਾਗ਼-ਇਰਮ ਵਿਚ ਜਾਸੀ ਕੀਕਰ ਮੈਨੂੰ ਦਸਾਲੋ

ਫੇਰ ਤੁਸੀਂ ਹੋਇ ਬਹਿਸੋ ਸੱਚੀਆਂ ਸਬਰ ਕਰਾਸੋ ਮੈਨੂੰ
ਮੁੜ ਆਵਣ ਦੇ ਸ਼ਾਹ-ਪਰੀ ਨੂੰ ਦਰਸ਼ਨ ਦੇਸੀ ਤੈਨੂੰ

ਬੱਸ ਮੇਰਾ ਕੁੱਝ ਵੱਸ ਨਾ ਚਲਦਾ ਕੀ ਤੁਸਾਡਾ ਖੋਹਣਾ
ਲਿੱਸੇ ਦਾ ਕੀ ਜ਼ੋਰ ਮੁਹੰਮਦ ਨੱਸ ਜਾਣਾ ਯਾ ਰੋਣਾ ।(੫੫੯੦)

ਉਠ ਖਲੀਆਂ ਉਹ ਸੱਭੋ ਜਣੀਆਂ ਕਰ ਕੇ ਗਰਮ ਤਿਆਰੀ
ਜਾ ਬਦੀਅ-ਜਮਾਲ ਪਰੀ ਨੂੰ ਆਖਣ ਵਾਰੋ ਵਾਰੀ

ਮਲਿਕਾ ਬਦਰਾ ਮਿੰਨਤ ਜ਼ਾਰੀ ਤਰਲੇ ਬੇਸ਼ੁਮਾਰੇ
ਕਰ ਕਰ ਥੱਕੀਆਂ ਸ਼ਾਹ-ਪਰੀ ਨੇ ਮੂਲ ਨਾ ਕੀਤੀ ਆਰੇ

ਮਾਂ ਉਨ੍ਹਾਂ ਦੀ ਸੜ ਕੇ ਬੋਲੀ ਹੇ ਧੀਏ ਸ਼ਾਹ ਪਰੀਏ
ਐਡਾ ਮਾਨ ਗੁਮਾਨ ਨਾ ਕਰੀਏ ਡਾਢੇ ਕੋਲੋਂ ਡਰੀਏ

ਰੱਬ ਤਕੱਬੁਰ ਭਾਵੇ ਨਾਹੀਂ ਚੂਰ ਕਰੇ ਮਗ਼ਰੂਰਾਂ
ਜਾਦੂਗਰ ਅਸਮਾਨ ਚਿਰੋਕਾ ਲਾਹ ਚੁੱਕਾ ਕਈ ਊਰਾਂ੍ਹ

ਜਿਸ ਵੱਲ ਨਾਲ਼ ਹਿਕਾਰਤ ਤਕੀਏ ਕਰ ਕੇ ਕਿਬਰ ਅੰਦਰ ਦਾ
ਚਾਹੇ ਤਾਂ ਵੱਸ ਪਾਵੇ ਉਸਦੇ ਲਾਡ ਕੀ ਜ਼ੋਰਾਵਰ ਦਾ

ਓੜਕ ਦੁੱਧ ਮੇਰਾ ਤੁਧ ਪੀਤਾ ਹੱਦ ਦੁੱਧਾਂ ਦੀ ਭਾਰੀ
ਮੇਰੀ ਭੀ ਇਕ ਗੱਲ ਨਾ ਮੰਨੇਂ ਲੋਕ ਕਹਿਸਨ ਹਤਿਆਰੀ

ਸਾਨੂੰ ਇਹ ਜਵਾਨ ਸ਼ਹਿਜ਼ਾਦਾ ਬਹੁਤਾ ਹੈ ਦਿਲ ਪੁੜਿਆ
ਸ਼ਾਲਾ ਤੇਰਾ ਉਸ ਦਾ ਹੋਵੇ ਲੇਖ ਧੁਰਾਊਂ ਜੁੜਿਆ

ਪਰੀ ਕਿਹਾ ਕੀ ਹੋਇਆ ਮਾਈ ਜੇ ਚਿੱਤ ਤੇਰੇ ਲੱਗਾ
ਪਰ ਮੇਰੇ ਇਹ ਲਾਇਕ ਨਾਹੀਂ ਨਾ ਕੋਈ ਪਿੱਛਾ ਅੱਗਾ

ਰਾਹੀਆਂ ਰਾਹ ਚਲੇਂਦਿਆਂ ਤਾਈਂ ਮੁਫ਼ਤ ਦੀਦਾਰ ਨਾ ਦੇਸਾਂ
ਹੋਰ ਕੋਈ ਫ਼ੁਰਮਾਇਸ਼ ਕਰਸੋ ਸਿਰ ਪਰ ਚਸ਼ਮ ਮਨੇਸਾਂ

ਸਭਨਾਂ ਕਿਹਾ ਸਾਡੇ ਪਿੱਛੇ ਦੇ ਦੀਦਾਰ ਇਕ ਵਾਰੀ
ਰੁੱਖ ਉਮੀਦ ਅਤੇ ਪੱਤ ਸਾਡੀ ਕਰੀਂ ਮੁਰੱਵਤ ਭਾਰੀ ।(੫੬੦੦)

ਮਲਿਕਾ-ਖ਼ਾਤੂੰ ਮਿੰਨਤ ਕਰਦੀ ਮੁੜ ਠੋਡੀ ਹੱਥ ਲਾਏ
ਮੰਨ ਸਵਾਲ ਅਸਾਡਾ ਭੈਣੇ ਫ਼ਿਕਰ ਦਿਲੇ ਦਾ ਜਾਏ

ਕਸਮ ਤੈਨੂੰ ਇਸ ਦੁੱਧ ਦੀ ਜਿਹੜਾ ਪੀਤੋ ਮਾਂ ਮੇਰੀ ਦਾ
ਦੇ ਦੀਦਾਰ ਉਹਨੂੰ ਉਹ ਪੱਕਾ ਆਸ਼ਿਕ ਸ਼ਕਲ ਤੇਰੀ ਦਾ

ਸਖ਼ਤੀ ਸਫ਼ਰ ਮੁਸੀਬਤ ਭਾਰੀ ਮਹਿਜ਼ ਝੱਲੀ ਤੁਧ ਕਾਰਨ
ਨਾ ਉਮੀਦ ਹੋਇਆ ਮਰ ਜਾਸੀ ਭਲਾ ਨਾ ਆਜ਼ਿਜ਼ ਮਾਰਨ

ਸ਼ਾਹ-ਪਰੀ ਮੂੰਹ ਪੱਕਾ ਕਰ ਕੇ ਮੱਥੇ ਨੂੰ ਵੱਟ ਪਾਇਆ
ਨਾ ਮਹਿਰਮ ਨੂੰ ਮੂੰਹ ਨਾ ਦੱਸਾਂ ਕਿਉਂ ਤੁਧ ਜੀ ਅਕਾਇਆ

ਮਲਿਕਾ-ਖ਼ਾਤੂੰ ਰੋਵਣ ਲੱਗੀ ਮੈਂ ਹੁਣ ਝੂਠੀ ਹੋਈ
ਇਥੇ ਓਥੇ ਹਾਂ ਸ਼ਰਮਿੰਦੀ ਕਿਸੇ ਜਹਾਨ ਨਾ ਢੋਈ

ਇਸ ਘਰ ਆਵਣ ਨਾਲ਼ੋਂ ਮੈਨੂੰ ਕੈਦ ਆਹੀ ਉਹ ਚੰਗੀ
ਯਾ ਦਰਿਆ ਅੰਦਰ ਡੁੱਬ ਮਰਦੀ ਮੌਤ ਲੱਭੇ ਅੱਜ ਮੰਗੀ

ਗੱਲ ਅਸਾਡੀ ਤੁਧ ਨਾ ਮੰਨੀ ਕੀਮਤ ਕਦਰ ਨਾ ਪਾਇਆ
ਟਰ ਟਰ ਕਰੋ ਤੁਸੀਂ ਹਮ ਸੁਣ ਤੇ ਉਹੋ ਲੇਖਾ ਆਇਆ

ਸ਼ਾਨ ਤੇਰੇ ਦਾ ਕੀ ਘਟ ਜਾਂਦਾ ਸੂਰਤ ਦਾ ਕੀ ਘਸਦਾ
ਜੋਬਨ ਹੁਸਨ ਤੇਰੇ ਨੂੰ ਬੀਬੀ ਕੋਈ ਨਾ ਆਹਾ ਖਸਦਾ

ਕੀ ਹੋਇਆ ਇਕ ਵਾਰੀ ਤੂੰ ਭੀ ਸਾਡੀ ਗੱਲ ਮੰਨੇਂਦੀ
ਮਾਈ ਭੀ ਤੁਧ ਰਾਜ਼ੀ ਹੁੰਦੀ ਜੇ ਇੱਕ ਦਰਸਨ ਦੇਂਦੀ

ਗੁੱਸੇ ਹੋ ਪਰੀ ਭੀ ਕਹਿੰਦੀ ਲੋਕ ਤੁਸੀਂ ਹਤਿਆਰੇ
ਮਰਦ ਬੇਗਾਨਾ ਦੇਹੋ ਕੁਆਰੀ ਇਹੋ ਭਾਈਚਾਰੇ ।(੫੬੧੦)

ਇਸੇ ਕਾਰਨ ਮਾਈ ਮੈਨੂੰ ਬਣ ਕੇ ਮਾਂ ਧਰਮ ਦੀ
ਘਰ ਆਪਣੇ ਸਦਵਾਂਦੀ ਰਹਿੰਦੀ ਖ਼ਬਰ ਨਾ ਏਸ ਭਰਮ ਦੀ

ਮਾਈ ਭਲੀ ਅਸਾਡੀ ਮਾਈ ਬਦਰਾ ਭਲੀ ਸਹੇਲੀ
ਘਰ ਵਿਚ ਸੱਦ ਕਰੋ ਇਹ ਵੱਲ ਛੱਲ ਖ਼ੂਬ ਤੁਸਾਂ ਗਲ ਮੇਲੀ

ਜੇ ਕਰ ਮਾਂ ਪਿਓ ਮੇਰੇ ਜਾਨਣ ਇਹ ਮਨਸੂਬਾ ਬਾਜ਼ੀ
ਫੇਰ ਜ਼ਰੂਰ ਤੁਸਾਂ ਵੱਲ ਟੋਰਨ ਨਾਲ਼ ਮੁਹੱਬਤ ਤਾਜ਼ੀ

ਜੇ ਇਕ ਵਾਰੀ ਪਰਦੇ ਕੱਜੇ ਬਾਗ਼-ਇਰਮ ਵਿਚ ਜਾਵਾਂ
ਇਸ ਤੁਸਾਡੀ ਨੀਤੀ ਪਿੱਛੇ ਕਾਹਨੂੰ ਮੁੜ ਕੇ ਆਵਾਂ

ਲਾਜਵਾਬ ਹੋਈਆਂ ਉਸ ਸੁੱਖ਼ਨੋਂ ਮਾਵਾਂ ਧੀਆਂ ਤਰਾਏ
ਮੁਦਤ ਦੀ ਗੱਲ ਰੱਖੀ ਜਾਗੀ ਤਰੋੜ ਨਾ ਰੱਬ ਕਰਾਏ

ਮਲਿਕਾ ਰੋਂਦੀ ਵੇਖ ਮਾਈ ਨੂੰ ਬਹੁਤ ਲੱਗਾ ਦਿਲ ਮੰਦਾ
ਗੁੱਸਾ ਗੱਚ ਅੰਦਰ ਵਿਚ ਆਇਆ ਹੋ ਚੁੱਕਾ ਹੁਣ ਧੰਦਾ

ਅੱਖੀਂ ਲਾਲ਼ ਰੱਤੂ ਭਰ ਆਈਆਂ ਮਾਰੇ ਨੀਰ ਉਛੱਲੇ
ਗ਼ਜ਼ਬ ਅਲੰਬੇ ਤਨ ਮਨ ਕੰਬੇ ਰੁਸ ਘਰੇ ਵੱਲ ਚਲੇ

ਦਿਲ ਵਿਚ ਕਿਹਾ ਬਦੀਅ-ਜਮਾਲੇ ਅੱਤ ਨਹੀਂ ਇਹ ਚੰਗੀ
ਮਾਂ ਕਿਹਾ ਦੁੱਧ ਪੀਤਾ ਇਸ ਦਾ ਰੁੱਸ ਚਲੀ ਕਰ ਤੰਗੀ

ਰਾਤੀਂ ਉਹ ਦਿਨੇ ਇਹ ਕਾਰਨ ਵੇਖੋ ਮਕਰ ਜ਼ਨਾਂ ਦੇ
ਮਾਈਆਂ ਦਾਈਆਂ ਸੰਗ ਸੱਈਆਂ ਨੂੰ ਦੇਣ ਨਾ ਭੇਤ ਮਨਾ ਦੇ

ਖ਼ੂਬ ਕਿਹਾ ਦਾਨਾ ਕਿਸੇ ਨੇ ਸੱਚ ਅਖਾਣ ਪੁਰਾਣਾ
ਦੂਜੇ ਬਹਿਰ ਵਿਚੋਂ ਉਲਟਾਕੇ ਆਇਆ ਬੈਂਤ ਸੁਣਾਣਾ ।(੫੬੨੦)

ਰੰਨਾਂ ਚੰਚਲ ਹਾਰ ਹਮੇਸ਼ਾ ਚੰਚਲ ਕੰਮ ਕਰੇਹਨ
ਦਿਹੇਂ ਡਰਨ ਪਛਾਵੇਂ ਕੋਲੋਂ ਰਾਤੀਂ ਨਦੀ ਤਰੇਹਨ

ਵਿਚ ਕੁਰਆਨ ਕਹੇ ਰੱਬ ਸੱਚੇ ਮਕਰ ਜ਼ਨਾਂ ਦੇ ਭਾਰੇ
ਗਿਣ ਗਿਣ ਕੇ ਲਿਖ ਦੱਸੇ ਨਾਹੀਂ ਮੈਂ ਭੀ ਡਰਦੇ ਮਾਰੇ

ਮੱਤ ਕੋਈ ਨਾਰ ਸੁਣੇ ਖਾ ਗੁੱਸਾ ਕਰੇ ਚਲਿਤਰ ਕਾਈ
ਘੁੰਮਣ ਘੇਰ ਕਿਸੇ ਵਿਚ ਪਾਵੇ ਡੋਬ ਦੇਇ ਦਾਨਾਈ

ਹੋਰ ਨਹੀਂ ਕੋਈ ਜ਼ੋਰ ਇਨ੍ਹਾਂ ਸੰਗ ਹਾਦੀ ਦਏ ਪਨਾਹਾਂ
ਛੱਡ ਮਕਰਾਂ ਦੀ ਗੱਲ ਮੁਹੰਮਦ ਝਬਦੇ ਚੱਲ ਅਗਾਹਾਂ

ਵੇਖ ਬਦੀਅ-ਜਮਾਲ ਉਨ੍ਹਾਂ ਵੱਲ ਆਖਣ ਲੱਗੀ ਹੱਸ ਕੇ
ਮਾਏ ਭੈਣੋਂ ਖ਼ਫ਼ਾ ਨਾ ਹੋਵੋ ਚਾ ਜਾਸਾਂ ਮੂੰਹ ਦੱਸ ਕੇ

ਕੀ ਕਰਾਂ ਮੈਂ ਕਿਤ ਵੱਲ ਜਾਵਾਂ ਤੁਸਾਂ ਵਾੜ-ਝਗਾਈ
ਜੋ ਗੱਲ ਤੁਸਾਂ ਨਿਕਾਲੀ ਮੂੰਹੋਂ ਸਰਪਰ ਮੰਨਣੀ ਆਈ

ਉਲਟੀ ਸਿੱਧੀ ਤੁਸਾਂ ਮਨਾਈ ਮੈਂ ਰਾਜ਼ੀ ਹੋ ਮੰਨੀਂ
ਪਰ ਜੇ ਮੈਂ ਭੀ ਪਕੜੀ ਕੋਈ ਹੋਣ ਨਾ ਦੇਸਾਂ ਕੰਨੀਂ

ਖ਼ਾਤਿਰ ਬਹੁਤ ਤੁਸਾਡੀ ਆਹੀ ਵੱਡੀ ਜ਼ਿਮੀਂ ਅਸਮਾਨੋਂ
ਖ਼ਾਹ ਮਖ਼ਵਾਹ ਮੰਨੀ ਗੱਲ ਤਾਹੀਂ ਜਾਨੋਂ ਦਿਲੋਂ ਜ਼ਬਾਨੋਂ

ਮਾਈ ਨੇ ਫ਼ੁਰਮਾਇਆ ਧੀਏ ਜਿਉਂ ਤੂੰ ਰਾਜ਼ੀ ਰਹਿਸੇਂ
ਕੌਣ ਤੇਰੇ ਥੀਂ ਚੰਗਾ ਸਾਨੂੰ ਕਰਸਾਂ ਜੋ ਕੁੱਝ ਕਹਿਸੇਂ

ਇਹ ਗਲ ਸ਼ਾਹ-ਪਰੀ ਦੀ ਸੁਣ ਕੇ ਸਭਨਾਂ ਹੋਈ ਸ਼ਾਦੀ
ਝਬਦੇ ਜਾ ਸ਼ਹਿਜ਼ਾਦੇ ਤਾਈਂ ਦੇਣ ਮੁਬਾਰਿਕ ਬਾਦੀ ।(੫੬੩੦)

ਖ਼ੁਸ਼ੀ ਖ਼ੁਸ਼ਾਈਂ ਚਾਈਂ ਚਾਈਂ ਮਲਿਕਾ ਆਈ ਭੰਨੀ
ਸੈਫ਼-ਮਲੂਕਾ ਹੋਵੇ ਮੁਬਾਰਿਕ ਸ਼ਾਹ-ਪਰੀ ਗੱਲ ਮੰਨੀ

ਦਰਸ਼ਨ ਤੈਨੂੰ ਦੇਣਾ ਕੀਤੋਸੁ ਕਰ ਅਹਿਸਾਨ ਅਸਾਂ ਤੇ
ਦੁੱਖ ਗਏ ਸੁਖ ਬਖ਼ਸੇ ਮੌਲਾ ਕੀਤੇ ਕਰਮ ਤੁਸਾਂ ਤੇ

ਇਸ ਗਲੇ ਵਿਚ ਬਲਿ ਬਲਿ ਪੌਂਦਾ ਪਿਛਲੀ ਖ਼ਬਰ ਨਾ ਕਾਈ
ਸਾਰੀ ਰਾਤੀਂ ਰਹੇ ਇਕੱਠੇ ਯਾਰੀ ਪਰੀਤ ਪਕਾਈ

ਇਸ ਵੇਲੇ ਫਿਰ ਮਲਿਕਾ-ਖ਼ਾਤੂੰ ਬਹੁਤ ਦਿਲੋਂ ਖ਼ੁਸ਼ ਹੋ ਕੇ
ਸ਼ਹਿਜ਼ਾਦੇ ਨੂੰ ਜੋੜਾ ਆਂਦਾ ਲਾਇਆ ਸਿਰ ਮੂੰਹ ਧੋਕੇ

ਖ਼ੂਬ ਲਿਬਾਸ ਨਫ਼ੀਸ ਪੁਸ਼ਾਕੀ ਮੁਸ਼ਕ ਮੁਅੱਤਰ ਰੰਗੀ
ਜੇ ਲਿਖ ਕਰਾਂ ਬਿਆਨ ਸਿਫ਼ਤ ਦਾ ਫਿਰ ਭੀ ਉਸ ਥੀਂ ਚੰਗੀ

ਲਾਲ਼ ਜੜਾਊ ਤਾਜ ਸਿਰੇ ਦੇ ਗੌਹਰ ਕੀਮਤ ਦਾਰਾਂ
ਦਿਲ ਦੇ ਦੀਦੇ ਭੀ ਤੱਕ ਸਾਹਵਾਂ ਝੱਲਣ ਨਾ ਚਮਕਾਰਾਂ

ਮੋਤੀ ਮਰਵਾਰੀਦ ਜ਼ਮੁਰਦ ਲਾਲਾਂ ਨਾਲ਼ ਲਪੇਟੀ
ਸ਼ਹਿਜ਼ਾਦੇ ਦੇ ਲੱਕ ਬੰਨ੍ਹਾਈ ਖ਼ੂਬ ਜੜਾਊ ਪੇਟੀ

ਕੀਤਾ ਜ਼ੇਵਰ ਜ਼ੇਬ ਸ਼ਹਾਨਾ ਜੋ ਕੁੱਝ ਹੁੰਦਾ ਸਾਰਾ
ਜ਼ੀਨਤ ਹੁਸਨ ਉਹਨੂੰ ਬੱਸ ਆਹੀ ਨਾ ਕਰ ਬਹੁਤ ਕਕਾਰਾ

ਅਕਲ ਇਲਮ ਇਦਰਾਕ ਸਫ਼ਾਈ ਸਿਫ਼ਤਾਂ ਸਭ ਕਮਾਲਾਂ
ਖ਼ੂਬ ਪੋਸ਼ਾਕ ਨੂਰਾਨੀ ਸੂਰਤ ਹੋਇਆ ਸ਼ਾਹ ਜਮਾਲਾਂ

ਬੈਠੀ ਪਰੀ ਇਕੱਲੀ ਜਾਈ ਕਰ ਕੇ ਥਾਂ ਆਮਾਦਾ
ਮਲਿਕਾ ਬਦਰਾ ਮਾਂ ਉਨ੍ਹਾਂ ਦੀ ਨਾਲ਼ ਲਿਆ ਸ਼ਹਿਜ਼ਾਦਾ ।(੫੬੪੦)

ਜਿਹੜੇ ਰੰਗ-ਮਹੱਲ ਅੰਦਰ ਸੀ ਦਿਲਬਰ ਪਲੰਘ ਵਿਛਾਇਆ
ਸੈਫ਼-ਮਲੂਕੇ ਨੂੰ ਉਸ ਜਾਈ ਵੰਝ ਹਜ਼ੂਰ ਪੁਚਾਇਆ

ਕਰ ਤਸਲੀਮਾਂ ਤੇ ਤਾਜ਼ੀਮਾਂ ਜੋ ਕੁੱਝ ਹੱਦ ਅਦਬ ਦੀ
ਆਸ਼ਿਕ ਜਾਇ ਸਲਾਮੀ ਹੋਇਆ ਆਸ ਲੱਗੀ ਮਤਲਬ ਦੀ

ਝੱਲਿਆ ਉਠ ਸਲਾਮ ਪਰੀ ਨੇ ਕਰ ਇੱਜ਼ਤ ਤੇ ਪਾਇਆ
ਬਿਸਮਿਲਾ ਬਿਸਮਿਲਾ ਕਹਿੰਦੀ ਜੀਉ ਆਇਆ ਜੀਉ ਆਇਆ

ਮੈਂ ਸਦਕੇ ਮੈਂ ਸਦਕੇ ਕੀਤੀ ਨਾਲ਼ ਤਵਾਜ਼ੁਅ ਬੋਲੀ
ਜਿਸ ਰਸਤੇ ਤੂੰ ਟੁਰਕੇ ਆਇਓਂ ਉਸ ਰਾਹੇ ਤੋਂ ਘੋਲੀ

ਨਾ ਮਿਲੀਏ ਤਾਂ ਮਿਲੀਏ ਨਾਹੀਂ ਜੇ ਮਿਲੀਏ ਤਾਂ ਹਸ ਕੇ
ਮਿੱਠਾ ਬੋਲ ਅੰਦਰ ਵੰਝ ਵੜੀਏ ਆਸ਼ਿਕ ਦਾ ਦਿਲ ਖਸ ਕੇ

ਪਿੱਛੋਂ ਜੋ ਕੁੱਝ ਕਰਨਾ ਹੋਵੇ ਕਰੀਏ ਅਪਣਾ ਕਰ ਕੇ
ਅੱਵਲ ਨਾਲ਼ ਮੁਹੱਬਤ ਰਹੀਏ ਅੱਗੇ ਉਸ ਦੇ ਮਰ ਕੇ

ਨਾਲ਼ ਤਵਾਜ਼ੁਅ ਕਰ ਅਸ਼ਨਾਈ ਜੀਉ ਜਦੋਂ ਵੱਸ ਕਰੀਏ
ਲਾਡ ਮਖ਼ੌਲ ਤਕੱਬਰ ਝੱਲੇ ਜੋ ਉਸ ਦੇ ਸਿਰ ਧਰੀਏ

ਜਾਂ ਉਸ ਰੋਜ਼ ਸ਼ਹਿਜ਼ਾਦੇ ਡਿੱਠੀ ਸੁੰਦਰ ਸ਼ਕਲ ਪਰੀ ਦੀ
ਚੌਧਵੀਂ ਦਾ ਚੰਨ ਫੁੱਲ ਗੁਲਾਬੀ ਅਸਲੋਂ ਨਕਲ ਪਰੀ ਦੀ

ਖ਼ੂਬੀ ਹੁਸਨ ਸ਼ੁਮਾਰੋਂ ਬਾਹਰ ਗੱਲ ਨਾ ਕੀਤੀ ਜਾਵੇ
ਜੋਬਨ ਰੂਪ ਅਦਾਈਓਂ ਭਰਿਆ ਹਰ ਹਰ ਨਕਸ਼ ਸੁਹਾਵੇ

ਕੁੜੀ ਕੁਆਰੀ ਨਜ਼ਰੀਂ ਆਈ ਨਾਜ਼ੁਕ ਫੁੱਲ ਗੁਲਾਬੋਂ
ਉਮਰ ਅਵਾਇਲ ਸ਼ਕਲ ਸ਼ਮਾਇਲ ਵਾਫ਼ਰ ਅੰਤ ਹਿਸਾਬੋਂ ।(੫੬੫੦)

ਚਿਹਰਾ ਸੂਰਜ ਹਾਰ ਨੂਰਾਨੀ ਅਬਰੂ ਮਿਸਲ ਹਲਾਲਾਂ
ਦੋ ਰੁਖ਼ਸਾਰੇ ਰੱਬ ਸੰਵਾਰੇ ਚਮਕਣ ਵਾਂਗਰ ਲਾਲਾਂ

ਆਬ ਹਯਾਤ ਮੂੰਹੇਂ ਦਾ ਚਸ਼ਮਾ ਜ਼ੁਲਮਤ ਜ਼ੁਲਫ਼ੋਂ ਸਾਇਆ
ਖ਼ਾਲ ਮਿਸਾਲ ਖ਼ਿਜ਼ਰ ਦੇ ਸੋਭੇ ਸਬਜ਼ ਪੈਰਾਹਨ ਲਾਇਆ

ਦੰਦ ਸਫ਼ੈਦ ਚੰਬੇ ਦੀਆਂ ਕਲੀਆਂ ਸੁੱਚੇ ਮੋਤੀ ਲੜੀਆਂ
ਨਦੀ ਸਮੁੰਦ ਹਕਾਨੀ ਵਿਚੋਂ ਜੋਬਨ ਕਾਂਗਾਂ ਚੜ੍ਹੀਆਂ

ਜ਼ਾਲਿਮ ਨੈਣ ਕਟਾਰਾਂ ਵਾਲੇ ਮਾਰ ਗੁਆਵਣ ਜਾਨੋਂ
ਨੱਕ ਖੁੱਨਾ ਸੀ ਸਾਨ ਚੜ੍ਹਾਇਆ ਧਰਿਆ ਬਾਹਰ ਮਿਆਨੋਂ

ਪਲਕਾਂ ਤੀਰ ਕਮਾਨਾਂ ਅਬਰੂ ਗ਼ਮਜ਼ਾਂ ਵਾਂਗ ਬੰਦੂਕੇ
ਗੋਲੀ ਵਾਂਗਰ ਖ਼ਾਲ ਮੁਹੰਮਦ ਲਗਦਾ ਸੈਫ਼-ਮਲੂਕੇ

ਸ਼ਹਿਜ਼ਾਦੇ ਜਦ ਨੈਣ ਪਰੀ ਦੇ ਡਿਠੇ ਨੈਣ ਲੱਗਾ ਕੇ
ਬੇਦਿਲ ਕੀਤਾ ਜੋਸ਼ ਹੁਸਨ ਦੇ ਢਹਿਣ ਲੱਗਾ ਗ਼ਸ਼ ਖਾ ਕੇ

ਫੇਰ ਦਲੇਰੀ ਹਿੰਮਤ ਕਰ ਕੇ ਹੋਸ਼ ਰੱਖੀ ਵਿਚ ਜਾਈ
ਨਾਲ਼ ਇਸ਼ਕ ਦੀ ਬਰਕਤ ਬਚਿਆ ਹੋਰ ਮਜਾਲ ਨਾ ਕਾਈ

ਜਾਂ ਉਹ ਸ਼ਕਲ ਸ਼ਹਿਜ਼ਾਦੇ ਡਿੱਠੀ ਹੁਸਨ ਭਰੀ ਮਤਵਾਲੀ
ਬਹੁਤ ਪਸੰਦੀ ਆਈ ਕਹਿੰਦਾ ਬਖ਼ਸੀ ਆਪ ਦਿਵਾਲੀ

ਜੋਬਨ ਦੀ ਇਕ ਪੁਤਲੀ ਸੋਹਣੀ ਵਾਂਗਰ ਫੁੱਲ ਬਹਾਰੀ
ਕਾਲੇਵਾਲ ਮੁਅੰਬਰ ਸੋਹਣੇ ਜਿਉਂ ਕਰ ਮੁਸ਼ਕ ਤਤਾਰੀ

ਸਰੂ ਆਜ਼ਾਦ ਸੁਫ਼ੈਦਾ ਨਾਜ਼ੁਕ ਨਾਲ਼ ਲੱਗੇ ਅੰਬ ਪੱਕੇ
ਸੂਰਤ ਗਰ ਕੋਈ ਚੀਨ-ਚੰਗਲ ਦਾ ਨਕਸ਼ ਨਹੀਂ ਕਰ ਸਕੇ ।(੫੬੬੦)

ਸੂਰਤ ਤੱਕ ਕੇ ਦੂਣਾ ਤਰੀਣਾ ਮਾਇਲ ਹੋਇਆ ਸ਼ਹਿਜ਼ਾਦਾ
ਦਸ ਹਿੱਸੇ ਉਸ ਰਾਤੀ ਨਾਲ਼ੋਂ ਆਹਾ ਹੁਸਨ ਜ਼ਿਆਦਾ

ਮਲਿਕਾ ਬਦਰਾ ਮਾਂ ਉਨ੍ਹਾਂ ਦੀ ਬਹੁਤ ਹੋਈ ਦਿਲਸ਼ਾਦੀ
ਕੌਲੋਂ ਪਾਕ ਕੀਤਾ ਰੱਬ ਸੱਚੇ ਮੁਸ਼ਕਿਲ ਹੋਈ ਕੁਸ਼ਾਦੀ

ਉਸ ਵੇਲੇ ਫਿਰ ਮਜਲਿਸ ਤਾਜ਼ੀ ਕੀਤੀ ਖ਼ਾਸ ਸ਼ਰਾਬੋਂ
ਪੀਣ ਪਿਆਲੇ ਥੀਣ ਸੁਖਾਲੇ ਛੇੜਨ ਤਾਰ ਰਬਾਬੋਂ

ਪਰ ਸ਼ਹਿਜ਼ਾਦੇ ਨੂੰ ਹੈਰਾਨੀ ਵੇਖ ਜਮਾਲ ਸੱਜਣ ਦਾ
ਸੂਰਤ ਹੁਸਨ ਅੰਦਰ ਗੁੰਮ ਹੋਇਆ ਨਾ ਚਿੱਤ ਚੇਤਾ ਤਨ ਦਾ

ਹੰਝੂ ਰੋਵੇ ਘਰੇ ਦਲੀਲਾਂ ਉਹੋ ਮੈਂ ਨਿਮਾਣਾਂ
ਨਾਲ਼ ਪਰੀ ਦੇ ਹਾਂ ਰਲ਼ ਬੈਠਾ ਐਸ਼ ਵਸਲ ਦੀ ਮਾਣਾਂ

ਮੱਤ ਇਹ ਖ਼ਾਬ ਖ਼ਿਆਲੋਂ ਹੋਵੇ ਯਾ ਮਰ ਜੰਨਤ ਆਇਆ
ਮੈਂ ਦੁਖਿਆਰੇ ਨੇ ਸੁਖ ਐਸਾ ਜੀਵੰਦਿਆਂ ਕਦ ਪਾਇਆ

ਦਸ ਹਿੱਸੇ ਸ਼ਹਿਜ਼ਾਦੇ ਨਾਲ਼ੋਂ ਵਧਿਆ ਇਸ਼ਕ ਪਰੀ ਨੂੰ
ਚੋਰੀ ਚੋਰੀ ਤੱਕਦੀ ਆਹੀ ਉਸ ਦੀ ਸ਼ਕਲ ਖਰੀ ਨੂੰ

ਮੁਸ਼ਕਿਲ ਮੁਸ਼ਕਿਲ ਗੱਲਾਂ ਪੁੱਛੇ ਅਕਲ ਉਹਦਾ ਅਜ਼ਮਾਏ
ਸ਼ਹਿਜ਼ਾਦਾ ਸੀ ਮਸਤੀ ਅੰਦਰ ਫਿਰ ਭੀ ਦਸਦਾ ਜਾਏ

ਦਸ ਦਸ ਤਰ੍ਹਾਂ ਜਵਾਬ ਸੁਣਾਵੇ ਇਕਸ ਸਵਾਲ ਉਹਦੇ ਦਾ
ਕੀਤਾ ਅੰਤ ਹਿਸਾਬ ਨਾ ਜਾਵੇ ਅਕਲ ਕਮਾਲ ਉਹਦੇ ਦਾ

ਸ਼ਾਹ-ਪਰੀ ਨੇ ਕਿਹਾ ਭੈਣੋਂ ਸੈਫ਼-ਮਲੂਕ ਸ਼ਹਿਜ਼ਾਦਾ
ਅੱਜ ਮਹਿਮਾਨ ਮੇਰਾ ਮੈਂ ਕਰਸਾਂ ਖ਼ਿਦਮਤ ਹੁੱਬ ਜ਼ਿਆਦਾ ।(੫੬੭੦)

ਖ਼ਿਦਮਤ ਉਸ ਦੀ ਲਾਜ਼ਿਮ ਮੈਨੂੰ ਹੱਥੀਂ ਦਿਆਂ ਪਿਆਲੇ
ਘਰ ਆਏ ਦੀ ਕਰਨ ਤਵਾਜ਼ੁਅ ਇਹ ਭਲਿਆਂ ਦੇ ਚਾਲੇ

ਜੇ ਸੌ ਨੌਕਰ ਚਾਕਰ ਹੋਵੇ ਖ਼ਿਦਮਤ ਵਾਲਾ ਅੱਗੇ
ਹੱਥੀਂ ਖ਼ਿਦਮਤ ਕਰੀਏ ਆਪੂੰ ਜਾਂ ਸਾਜਨ ਹੱਥ ਲੱਗੇ

ਆਪਣੀ ਖ਼ਿਦਮਤ ਬੇਸ਼ੱਕ ਕਹੀਏ ਖ਼ਿਦਮਤਗਾਰਾਂ ਤਾਈਂ
ਖ਼ਿਦਮਤਗਾਰ ਰਹੀਏ ਬਣ ਆਪੂੰ ਪਾਸ ਪਿਆਰੇ ਸਾਈਂ

ਜ਼ਾਇਜ਼ ਹੋਵੇ ਦੂਏੇ ਦੀ ਹੱਥੀਂ ਜੇ ਖ਼ਿਦਮਤ ਦਿਲਬਰ ਦੀ
ਬਾਦਸ਼ਾਹਾਂ ਦੇ ਮੂਹਰੇ ਸੱਭੋ ਖ਼ਲਕ ਨਿਮਾਜ਼ਾਂ ਕਰਦੀ

ਤੋੜੇ ਸੈਂਕੜਿਆਂ ਦੇ ਸਿਰ ਤੇ ਹਾਕਮ ਸਾਹਿਬ ਹੋਈਏ
ਆਪ ਸੱਜਣ ਦੀ ਖ਼ਿਦਮਤ ਅੰਦਰ ਬੱਧੇ ਲੱਕ ਖਲੋਈਏ

ਦਿਲਬਰ ਦੇ ਘਰ ਬੇਪਰਵਾਹੀ ਕਰੇ ਗ਼ਰੀਬ ਨਿਵਾਜ਼ੀ
ਜਿਸ ਪਰ ਪਾਵੇ ਨਜ਼ਰ ਮੁਹੰਮਦ ਜਿੱਤ ਜਾਵੇ ਉਹ ਬਾਜ਼ੀ

ਪੁਰ ਕਰ ਕਾਸਾ ਹੱਥ ਵਿਚ ਫੜਿਆ ਤਖ਼ਤੋਂ ਉਠ ਖਲੋਈ
ਅੱਵਲ ਆਪ ਉਹਦਾ ਘੁੱਟ ਭਰਿਆ ਫਿਰ ਆਸ਼ਿਕ ਵੱਲ ਹੋਈ

ਸ਼ਹਿਜ਼ਾਦਾ ਭੀ ਉਠ ਖਲੋਤਾ ਕੀਤੀ ਸ਼ਰਤ ਅਦਬ ਦੀ
ਨੇੜੇ ਆ ਦੋ-ਜ਼ਾਨੂੰ ਬੈਠਾ ਖ਼ਾਤਿਰ ਹਿਰਸ ਤਲਬ ਦੀ

ਬਿਸਮਿਲਾ ਕਰ ਫੜਿਆ ਹੱਥੋਂ ਸਾਫ਼ ਬਲੌਰੀ ਕਾਸਾ
ਜਾਂ ਪੀਤਾ ਜਿੰਦ ਪਈ ਨਵੇਂ ਸਿਰ ਸੁਸਤੀ ਰਹੀ ਨਾ ਮਾਸਾ

ਖ਼ਾਲੀ ਕਰ ਕੇ ਤੁਰਤ ਪਿਆਲਾ ਖ਼ਿਦਮਤੀਆਂ ਹੱਥ ਪਾਇਆ
ਦਿਲਬਰ ਨੇ ਫਿਰ ਹੋਰ ਸ਼ਿਤਾਬੀ ਓਵੇਂ ਵੱਤ ਪਿਲਾਇਆ ।(੫੬੮੦)

ਦੂਜਾ ਤੀਜਾ ਕਾਸਾ ਦਿੱਤਾ ਹੱਥੀਂ ਆਪ ਪਿਆਰੇ
ਆਸ਼ਿਕ ਤੇ ਮਾਸ਼ੂਕ ਮੁਹੰਮਦ ਪੀ ਹੋਏ ਮਤਵਾਰੇ

ਪਿੱਛੋਂ ਇਸ ਥੀਂ ਸਾਇਦ ਤਾਈਂ ਪੁਰ ਕਰ ਦਿੱਤੇ ਕਾਸੇ
ਨਾਲ਼ੇ ਮਜਲਸੀਆਂ ਨੂੰ ਦਿੱਤੇ ਜੋ ਜੋ ਆਹੇ ਖ਼ਾਸੇ

ਸੈਫ਼-ਮਲੂਕ ਪਰੀ ਰਲ਼ ਬੈਠੇ ਨਾਲ਼ ਮੁਹੱਬਤ ਦਿਲ ਦੀ
ਜਿਸ ਚੀਜ਼ੇ ਨੂੰ ਲੋੜਨ ਚੜ੍ਹੀਏ ਓੜਕ ਇਕ ਦਿਨ ਮਿਲਦੀ

ਲੋੜਨ ਵਾਲਾ ਰਿਹਾ ਨਾ ਖ਼ਾਲੀ ਲੋੜ ਕੀਤੀ ਜਿਸ ਸੱਚੀ
ਲੋੜ ਕਰੇਂਦਾ ਜੋ ਮੁੜ ਆਇਆ ਲੋੜ ਉਹਦੀ ਗਿਣ ਕੱਚੀ

ਸੈਫ਼-ਮਲੂਕ ਜਹਿਆ ਬਣ ਲੋੜੇ ਲੋੜ ਉਹਦੀ ਤਦ ਪੱਕੇ
ਅੱਲ੍ਹਾ ਚਾਹੇ ਮੁੜੇ ਨਾ ਖ਼ਾਲੀ ਮਤਲਬ ਦਾ ਮੂੰਹ ਤੱਕੇ

ਸ਼ਾਹ-ਪਰੀ ਨੇ ਸ਼ਾਰਤ ਕੀਤੀ ਬਦਰਾ-ਖ਼ਾਤੂੰ ਤਾਈਂ
ਬਦਰਾ ਉੱਠੀ ਨਾਲ਼ ਗੁਮਾਨਾਂ ਕੀ ਗੱਲ ਆਖ ਸੁਣਾਈਂ

ਜਿਉਂ ਕਰ ਮੋਰ ਕਰੇਂਦਾ ਪਾਇਲ ਸੋਹਣੇ ਪਰ ਹਿਲਾਏ
ਗਰਦਨ ਕਲਗ਼ੀ ਰਾਸ ਬਣਾ ਕੇ ਗਿਣ ਗਿਣ ਪੱਬ ਉਠਾਏ

ਜਲਵਾ ਹੁਸਨ ਘਣੇ ਦਾ ਦਿਸਦਾ ਹਰ ਵਿਚ ਹਰ ਦਾ ਫੇਰਾ
ਐਵੇਂ ਨਹੀਂ ਮੁਹੰਮਦ ਬਖ਼ਸ਼ਾ ਦਿਲ ਦਾ ਹੁਸਨ ਲੁਟੇਰਾ

ਜੇ ਕਰ ਸੂਰਤ ਵਿਚ ਨਾ ਹੁੰਦਾ ਮਾਲਿਕ ਆਪ ਦਿਲਾਂ ਦਾ
ਗ਼ੈਬੋਂ ਛਿਕ ਮੁਹਾਰ ਦਿਲਾਂ ਦੀ ਕਿਹੜਾ ਜੀਉ ਮਿਲਾਂਦਾ

ਹਰ ਹਰ ਵਿਚ ਨਾ ਹੋਵਣ ਜੇਕਰ ਹਰ ਦੇ ਰੂਪ ਸਮਾਣੇ
ਦਾਨਿਸ਼ਮੰਦਾਂ ਦਾ ਦਿਲ ਠੱਗਣ ਕਦ ਮਾਸ਼ੂਕ ਅੰਞਾਨੇ ।(੫੬੯੦)

ਕਰ ਤਾਜ਼ੀਮਾਂ ਬਦਰਾ-ਖ਼ਾਤੂੰ ਲਟਕ ਲਟਕਦੀ ਆਈ
ਕਾਸਾ ਹੋਰ ਪਰੀ ਦੇ ਹੱਥੋਂ ਸ਼ਹਿਜ਼ਾਦੇ ਵੱਲ ਲਿਆਈ

ਉਹ ਭੀ ਸੈਫ਼-ਮਲੂਕੇ ਪੀਤਾ ਮੂੰਹ ਥੀਂ ਆਖ ਸੁਣਾਇਆ
ਸ਼ੁਕਰ ਅਲਹਮਦ ਖ਼ੁਦਾਵੰਦ ਤਾਈਂ ਜਿਸ ਇਹ ਕਰਮ ਕਮਾਇਆ

ਮੁਦਤ ਵੀਹ ਵਰਸ ਮੈਂ ਗੁਜ਼ਰੀ ਮੱਧ ਇਸ਼ਕ ਦਾ ਪੀਵਾਂ
ਆਈ ਅੱਜ ਨਸ਼ੇ ਦੀ ਮਸਤੀ ਸ਼ੁਕਰ ਕਰਾਂ ਜੇ ਜੀਵਾਂ

ਸੁੱਕੇ ਸਰ ਹੋਏ ਮੁੜ ਤਾਰੂ ਮੀਂਹ ਕਰਮ ਦਾ ਵੁੱਠਾ
ਪੁੰਨੀ ਆਸ ਮੁਰਾਦ ਦਿਲੇ ਦੀ ਮੈਂ ਪਰ ਰੱਬ ਤਰੁੱਠਾ

ਪੀ ਸ਼ਰਾਬ ਹੋਏ ਜਦ ਤਾਜ਼ੇ ਪਾਈ ਖ਼ੁਸ਼ੀ ਤਮਾਮਾਂ
ਨਾਲ਼ ਇਸ਼ਾਰਤ ਸ਼ਾਹ-ਪਰੀ ਨੇ ਕੀਤਾ ਹੁਕਮ ਗ਼ੁਲਾਮਾਂ

ਹੁਣ ਕਾਨੂੰਨ ਲਿਆਓ ਬਣਿਆ ਜੋ ਲੱਕੜ ਸ਼ਮਸ਼ਾਦੋਂ
ਸੈਫ਼-ਮਲੂਕ ਵਜਾਵੇ ਗਾਵੇ ਸੁਣੀਏ ਐਸ਼ ਮੁਰਾਦੋਂ

ਕਾਨੂੰਨ ਧਰਿਆ ਆਣ ਗ਼ੁਲਾਮਾਂ ਚਿਕੜੀ ਦਾ ਸੀ ਬਣਿਆ
ਸ਼ਹਿਜ਼ਾਦੇ ਨੇ ਹੁਕਮ ਸੱਜਣ ਦਾ ਸਿਰ ਅੱਖੀਂ ਪਰ ਮੰਨਿਆ

ਲੈ ਕਾਨੂੰਨ ਕੀਤਾ ਸੁਰ ਤਾਰੋਂ ਝੋਲ਼ੀ ਅੰਦਰ ਧਰਿਆ
ਲਗਨ ਨਾਲ਼ ਵਜਾਵਣ ਲਗਾ ਤਾਰ ਸੁਰਾਂ ਦਾ ਭਰਿਆ

ਕਰ ਤਹਿਰੀਰ ਹਜ਼ੀਨ ਵਜਾਇਆ ਲਿਹਨ ਕੀਤਾ ਖ਼ਰਗਾਹੀ
ਇਸ ਮਜ਼ਮੂਨੋਂ ਗ਼ਜ਼ਲ ਮੁਹੰਮਦ ਆਸ਼ਿਕ ਗਾਈ ਆਹੀ

ਗ਼ਜ਼ਲ

ਅੱਵਲ ਸ਼ੁਕਰ ਖ਼ੁਦਾ ਦਾ ਕਰੀਏ ਦਿਲਬਰ ਮੁੱਖ ਵਿਖਾਇਆ
ਮਿੱਠੇ ਮੂੰਹ ਤੇਰੇ ਥੀਂ ਸੱਜਣਾ! ਕੂਤ ਮੇਰੀ ਜਿੰਦ ਪਾਇਆ ।(੫੭੦੦)

ਕਰ ਕੇ ਪੰਧ ਸਫ਼ਰ ਦਾ ਆਇਆ ਧੂੜ ਪਈ ਮੱਤ ਹੋਈ
ਚਾਕਰ ਹੋਇ ਵਹੇਂਦਾ ਚਸ਼ਮਾ ਚਾਹੇ ਮੂੰਹ ਧੁਆਇਆ

ਪੇਚ-ਬ-ਪੇਚ ਕਮੰਦ ਜ਼ੁਲਫ਼ ਦੇ ਜੇ ਗਲਿ ਡਾਲੇਂ ਏਵੇਂ
ਹਰ ਇਕ ਗਰਦਨ-ਕਸ਼ ਮੁਲਕ ਦਾ ਹੋਸੀ ਕੈਦ ਕਰਾਇਆ

ਡੇਰੇ ਤੇਰੇ ਦੇ ਚੌਫੇਰੇ ਕੀ ਕੰਮ ਚੌਕੀਦਾਰਾਂ
ਆਹ ਮੇਰੀ ਦੇ ਬਲਣ ਅਲੰਬੇ ਰੱਖਣ ਚਾਨਣ ਲਾਇਆ

ਤੋੜੇ ਸੂਰਜ ਵਾਂਗਰ ਮੈਨੂੰ ਅੰਦਰ ਜਾ ਨਾ ਲੱਭੇ
ਦਰ ਦੀਵਾਰ ਤੇਰੇ ਦੀ ਪੈਰੀਂ ਢਹਸਾਂ ਜਿਉਂ ਕਰ ਸਾਇਆ

ਸ਼ੁਕਰ ਹਜ਼ਾਰ ਖ਼ੁਦਾਵੰਦ ਤਾਈਂ ਫਿਰੀ ਬਹਾਰ ਚਮਨ ਦੀ
ਹਾਸਲ ਹੋਈ ਮੁਰਾਦ ਮੁਹੰਮਦ ਦਿਲਬਰ ਕੋਲ਼ਿ ਬਹਾਇਆ

ਖ਼ੈਰ ਅਲਕਿੱਸਾ ਉਸ ਦਿਹਾੜੇ ਸ਼ਾਮ ਤਲਕ ਮੱਧ ਪੀਤਾ
ਗਾਵਣ ਗਾਏ ਸਾਜ਼ ਵਜਾਏ ਜਸ਼ਨ ਖ਼ੁਸ਼ੀ ਦਾ ਕੀਤਾ

ਸੂਰਜ ਹਾਰ ਕੀਤੀ ਜ਼ਰ ਬਖ਼ਸ਼ੀ ਜਾਂ ਪਈਆਂ ਤਿਰਕਾਲ਼ਾਂ
ਬਲ ਉਠੀਆਂ ਕਾਫ਼ੂਰੀ ਸ਼ਮਾਂ ਨਾਲ਼ੇ ਹੋਰ ਮਸ਼ਾਲਾਂ

ਸੈਫ਼-ਮਲੂਕੇ ਖ਼ੁਸ਼ੀ ਖ਼ੁਸ਼ਾਈਂ ਸਾਰਾ ਦਿਨ ਮੱਧ ਪੀਤਾ
ਨਾਲ਼ੇ ਰਾਗ ਖ਼ਿਆਲ ਅਲਾਪੇ ਮੂਲ ਨਾ ਸੀ ਚੁੱਪ ਕੀਤਾ

ਖ਼ੂਬ ਆਵਾਜ਼ ਹੋਇਆ ਸੀ ਸੋਹਣਾ ਸੱਤਾਂ ਸੁਰਾਂ ਸਫ਼ਾਈ
ਤੀਨ ਗਰਾਮ ਮੁਹੰਮਦ ਬਖ਼ਸ਼ਾ ਰਸੇ ਜਾ-ਬ-ਜਾਈ

ਹੱਦੋਂ ਬਹੁਤ ਅੱਗੇ ਭੀ ਆਹੀ ਚਿਹਰੇ ਤੇ ਰੁਸ਼ਨਾਈ
ਨਾਲ਼ ਤਰਾਵਤ ਮੱਧ ਦੀ ਹੋਈ ਅਗਲਿਓਂ ਹੋਰ ਸਵਾਈ ।(੫੭੧੦)

ਹੋਰ ਕੋਈ ਮੱਧ ਪੀਵੇ ਜਿਉਂ ਜਿਉਂ ਖੜਦਾ ਹੋਸ਼ ਦਿਮਾਗ਼ੋਂ
ਆਸ਼ਿਕ ਦਾ ਭੀ ਹੋਵੇ ਜ਼ਿਆਦਾ ਰੌਸ਼ਨ ਅਕਲ ਚਿਰਾਗੋਂ

ਦਿਲਬਰ ਕੋਲ ਤੇ ਮਿਹਰੀਂ ਆਇਆ ਨਾਲ਼ੇ ਨਸ਼ਾ ਸ਼ਰਾਬੋਂ
ਸਾਕੀ ਸੱਜਣ ਦੇ ਪਿਆਲੇ ਹੱਥੀਂ ਨੁਕਲ ਕਬਾਬੋਂ

ਮਜਲਿਸ ਖ਼ਾਲੀ ਨਾ ਮਹਿਰਮ ਥੀਂ ਨਗ਼ਮੇ ਚੰਗ ਰਬਾਬੋਂ
ਸੁੱਚੀ ਸੇਜ ਮੁਹੰਮਦ ਬਖਸ਼ਾ ਰੰਗੀ ਇਤਰ ਗੁਲਾਬੋਂ

ਸਾਇਦ ਬਦਰਾ ਭੀ ਸਨ ਓਥੇ ਇਸ਼ਕ ਕਮਾਂਦੇ ਚੋਰੀ
ਨੀਵੀਂ ਨਜ਼ਰ ਤੱਕਣ ਇਕ ਦੂਜੇ ਸਾਂਵਰੀਆ ਤੇ ਗੋਰੀ

ਸਾਇਦ ਬਦਰਾ ਦੇ ਵੱਲ ਤੱਕ ਕੇ ਝੱਖੜ ਆਹੀਂ ਭਰਦਾ
ਪੱਤਰ ਰੁਖ ਸਬਰ ਦੇ ਵਾਲੇ ਜ਼ੇਰ ਜ਼ਬਰ ਸੀ ਕਰਦਾ

ਕਹਿੰਦਾ ਸੀ ਸ਼ਹਿਜ਼ਾਦਾ ਉਸ ਨੂੰ ਨਾ ਕਰ ਬੇਕਰਾਰੀ
ਰੱਖ ਤਹੱਮੁਲ ਸਾਇਦ ਭਾਈ ਪੱਕਣ ਦੇ ਖਾਂ ਯਾਰੀ

ਅੱਗ ਸੁਲਗੀ ਨੂੰ ਮਾਰ ਨਾ ਫੂਕਾਂ ਮੱਤ ਦੇਵੇ ਭੜਕਾਰੇ
ਲੱਗੀ ਅੱਗੇ ਮੀਂਹ ਨਾ ਵਰ੍ਹਦੇ ਪੇਸ਼ ਨਾ ਜਾਵਣ ਚਾਰੇ

ਇਸ਼ਕ ਬਪਾਰ ਸੁਖੱਲਾ ਨਾਹੀਂ ਹੁਣ ਸਿੱਖਿਓਂ ਬਣਜਾਰਾ
ਇਸ ਸੌਦੇ ਵਿਚ ਉਮਰ ਵੰਞਾਦਾ ਜਿਸ ਨੂੰ ਸੂਦ ਪਿਆਰਾ

ਸੌਦਾ ਕਰ ਕੇ ਸੌਦਾ ਕਰੀਏ ਸੌ ਦਾ ਹੈ ਕੀ ਲੇਖਾ
ਲੱਖ ਸੌਦਾ ਲਈਏ ਦੇਈਏ ਹੋਸ਼ ਮਰਦੀ ਕਰ-ਰੇਖਾ

ਸੱਜਣ ਕੋਲ ਨਾ ਦੂਰ ਕੋਹਾਂ ਤੇ ਕੀ ਐਸੀ ਬੇਸਬਰੀ
ਹਿਰਸ ਤੇਰੀ ਦਾ ਅਸਰ ਉਹਨੂੰ ਭੀ ਨਾ ਬਦਰਾ ਬੇਖ਼ਬਰੀ ।(੫੭੨੦)

ਸਾਇਦ ਕਹਿੰਦਾ ਸੁਣ ਸ਼ਹਿਜ਼ਾਦਾ ਤੂੰ ਇਹ ਕੰਮ ਅਜ਼ਮਾਏ
ਤਰਿਹਾਏ ਨੂੰ ਪਾਣੀ ਤੱਕ ਕੇ ਸਬਰ ਨਾ ਕੀਤਾ ਜਾਏ

ਫੇਰ ਜਵਾਬ ਸ਼ਹਿਜ਼ਾਦੇ ਦਿੱਤਾ ਨਾਲ਼ ਹਲੀਮੀ ਨਰਮੀ
ਸੁੱਤਾ ਜਾਗੇ ਤੁਰਦਾ ਆਵੇ ਜੁੱਸੇ ਹੋਵਸ ਗਰਮੀ

ਜਲ ਦੀ ਜਾਂ ਨਦੀ ਤੱਕ ਚਲ਼ਦੀ ਜਲਦੀ ਪੀਵੇ ਨ੍ਹਾਵੇ
ਮਗ਼ਜ਼ ਜ਼ੁਕਾਮ ਅੰਦਾਮੀਂ ਸੁਸਤੀ ਤਨਦਰੁਸਤੀ ਜਾਵੇ

ਭਾਰਾ ਮਗ਼ਜ਼ ਅਤੇ ਸਿਰਦਰਦੀ ਨੱਕ ਅੱਖੀਂ ਜਲ਼ ਵਗਦਾ
ਚਿਰਦਾ ਸੰਘ ਆਵਾਜ਼ ਨਾ ਫੁਰਦਾ ਅਚਮੀ ਪਾਲ਼ਾ ਲਗਦਾ

ਨਿੱਛਾਂ ਖੰਘ ਹਿਲਾਵੇ ਛਾਤੀ ਚੀਰੇ ਜਿਉਂ ਕਰ ਆਰੀ
ਪੂਰੀ ਵਾਂਗ ਖੰਘਾਰ ਨਿਕਲਦੇ ਰੰਗ ਕੀਤੇ ਨਸਵਾਰੀ

ਸੀਂਢ ਖੰਘਾਰ ਚੌਫੇਰੇ ਕਰਦੇ ਹਰ ਜਾਈ ਤਕਰੀਰਾ
ਮੂੰਹ ਖੁਰਚ ਅੱਲੇ ਕਟ੍ਹਾਰੇ ਵਾਂਗਰ ਰਲਿਓਂ ਹਮਾਰੇ ਵੀਰਾ

ਮੂੰਹ ਪਰ ਹੱਥ ਮਰੇਂਦੇ ਥਕਣ ਮਖੀਆਂ ਦੇ ਭਿਣਕਾਰੂੰ
ਗੋਸ਼ਤ ਪੋਸਤ ਦਾ ਇਹ ਦੁਸ਼ਮਣ ਇਹੋ ਇੁਸ ਦਾ ਦਾਰੂੰ

ਸ਼ਰਬਤ ਮਿੱਠੇ ਦੇਣ ਨਾ ਲੱਜ਼ਤ ਨਹੀਂ ਸੁਆਦ ਤੁਆਮੋਂ
ਇਤਰਾਂ ਦੀ ਖ਼ੁਸ਼ਬੂ ਨਾ ਆਵੇ ਰੱਖੇ ਰੱਬ ਜ਼ੁਕਾਮੋਂ

ਰਹਿਮਤ ਥੀਂ ਨਾ-ਉਮੀਦ ਨਾ ਹੋਈਏ ਤੱਤੇ ਤਾਅ ਨਾ ਕਰੀਏ
ਇਸ਼ਕ ਖ਼ਜ਼ਾਨਾ ਦੋਹਾਂ ਜਹਾਨਾਂ ਜੇ ਲੱਭੇ ਤਾਂ ਜਰੀਏ

ਸ਼ਹਿਜ਼ਾਦੇ ਦੇ ਨਾਲ਼ ਦਿਲਾਸੇ ਸਾਇਦ ਹੋਇਆ ਆਰਾਮੀ
ਮਜਲਿਸ ਖ਼ਾਸ ਰਹੀ ਕੁੱਝ ਥੋੜੀ ਉਠ ਗਈਆਂ ਸਭ ਆਮੀ ।(੫੭੩੦)

ਸੈਫ਼-ਮਲੂਕੇ ਦੇ ਦਿਲ ਆਇਆ ਵੇਖਾਂ ਹੁੱਬ ਪਰੀ ਦੀ
ਹੈ ਇਸ ਸਹਿਲ ਜੁਦਾਈ ਮੇਰੀ ਯਾ ਕਿ ਨਹੀਂ ਜਰੀ ਦੀ

ਮਲਿਕਾ ਵੱਲ ਇਸ਼ਾਰਤ ਕੀਤੀ ਰੁਖ਼ਸਤ ਲੈ ਦੇਇ ਮੈਨੂੰ
ਗੁਸਤਾਖ਼ੀ ਦੀ ਤਾਕਤ ਨਾਹੀਂ ਕਦਰ ਇਸ ਗੱਲ ਦਾ ਤੈਨੂੰ

ਮਲਿਕਾ ਮਾਂ ਆਪਣੀ ਨੂੰ ਕਿਹਾ ਅਰਜ਼ ਪਰੀ ਵੱਲ ਕਰ ਖਾਂ
ਮਾਂ ਉਨ੍ਹਾਂ ਦੀ ਕਿਹਾ ਪਰੀਏ ਧੀਏ ਤੂੰ ਕੰਨ ਧਰ ਖਾਂ

ਸੈਫ਼-ਮਲੂਕ ਮੰਗੇਂਦਾ ਰੁਖ਼ਸਤ ਜਾ ਕਰ ਤਖ਼ਤ ਸੁਹਾਵੇ
ਕੀ ਕੁੱਝ ਹੁਕਮ ਉਹਨੂੰ ਫ਼ੁਰਮਾਣਾ ਕੋਲ ਰਹੇ ਕਿ ਜਾਵੇ

ਪਰੀ ਪਿਆਰੀ ਕੁੜੀ ਕੁਆਰੀ ਇਸ਼ਕ ਕਟਾਰੀ ਕੁੱਠੀ
ਸਮਝ ਗਈ ਇਸ ਰਮਜ਼ ਗੁੱਝੀ ਨੂੰ ਕਹਿੰਦੀ ਹਾਏ ਮੈਂ ਮੁੱਠੀ

ਅੱਜ ਮਹਿਮਾਨ ਮੇਰਾ ਸ਼ਹਿਜ਼ਾਦਾ ਕੋਲੋਂ ਹਿੱਲਣ ਨਾ ਦੇਸਾਂ
ਖ਼ਬਰ ਨਹੀਂ ਫਿਰ ਕਦੋਂ ਮੁਹੰਮਦ ਨਾਲ਼ ਨਸੀਬ ਮਿਲੇਸਾਂ

ਸ਼ਹਿਜ਼ਾਦਾ ਇਸ ਗੱਲੋਂ ਹੋਇਆ ਐਸਾ ਖ਼ੁਸ਼ ਨਿਹਾਇਤ
ਗੋਇਆ ਲੱਭ ਗਈ ਸਭ ਉਸ ਨੂੰ ਸ਼ਾਹੀ ਸੱਤ ਵਲਾਇਤ

ਮਸਨਦ ਮਿਲੀ ਫ਼ਰੇਦੂੰ ਵਾਲੀ ਝੰਡਾ ਛਤਰ ਤਮਾਮੀ
ਹੁਕਮ ਲੱਧਾ ਜਮਸ਼ੈਦੇ ਵਾਲਾ ਐਸ਼ ਲੱਧੀ ਬਹਿਰਾਮੀ

ਮੁਹਰ ਅੰਗੂਠੀ ਹਾਸਿਲ ਹੋਈ ਤਖ਼ਤ ਲੱਧਾ ਸੁਲੇਮਾਨੀ
ਜ਼ਵਿਲਕਰਨੈਨ ਸਿਕੰਦਰ ਵਾਲੀ ਲੱਭ ਗਈ ਸੁਲਤਾਨੀ

ਜਾਮ ਲੱਭਾ ਕੈ ਖ਼ੁਸਰੋ ਵਾਲਾ ਸੱਰ ਆਲਮ ਦਾ ਪਾਇਆ
ਰੁਸਤਮ ਬਹਿਮਨ ਸਾਮ ਜੇਹਿਆਂ ਦਾ ਜ਼ੋਰ ਤਮਾਮ ਹੱਥ ਆਇਆ ।(੫੭੪੦)

ਫਿਰ ਇਕ ਰੋਜ਼ ਰਹੇ ਰਲ਼ ਬੈਠੇ ਸੁੱਚੀ ਸੇਜ ਵਿਛਾਈ
ਸ਼ਾਹ-ਪਰੀ ਨੂੰ ਨਾਲ਼ ਲੱਜ਼ਤ ਦੇ ਨੀਂਦਰ ਮਿੱਠੀ ਆਈ

ਸਈਆਂ ਸੰਗ ਸੱਭੋ ਜਾ ਸੁੱਤੇ ਆਪੋ ਆਪਣੇ ਡੇਰੇ
ਸਾਇਦ ਤੇ ਸ਼ਹਿਜ਼ਾਦਾ ਨਾਲ਼ੇ ਬਦਰਾ ਰਹੇ ਪਛੇਰੇ

ਸ਼ਹਿਜ਼ਾਦੇ ਨੇ ਬਦਰਾ ਤਾਈਂ ਸੱਦ ਨੇੜੇ ਫ਼ੁਰਮਾਇਆ
ਸਾਇਦ ਨੂੰ ਅੱਜ ਰਾਤ ਤੁਸੀਂ ਭੀ ਰੱਖੋ ਕੋਲ ਸਵਾਇਆ

ਬਦਰਾ ਕਹਿੰਦੀ ਸਿਰ ਤੇ ਮੰਨਿਆ ਜੋ ਤੇਰਾ ਫ਼ੁਰਮਾਣਾ
ਖ਼ਾਹ ਮਖ਼ਾਹ ਕਰਾਂਗੀ ਉਹੋ ਜ਼ੱਰਾ ਉਜ਼ਰ ਨਾ ਆਣਾਂ

ਬਦਰਾ-ਖ਼ਾਤੂੰ ਸਾਇਦ ਤਾਈਂ ਡੇਰੇ ਆਪਣੇ ਖੜਿਆ
ਉਹ ਭੀ ਜਾ ਇੱਕ ਭੋਰ੍ਹੇ ਅੰਦਰ ਸੇਜ ਸੱਜਣ ਦੀ ਚੜ੍ਹਿਆ

ਆਸ਼ਿਕ ਤੇ ਮਾਸ਼ੂਕ ਇਕੱਲੇ ਬੈਠੇ ਨਾਲ਼ ਪਿਆਰਾਂ
ਪੀਣ ਸ਼ਰਾਬ ਕਰੇਂਦੇ ਮੌਜਾਂ ਯਾਰ ਮਿਲੇ ਗਲ ਯਾਰਾਂ

ਸਾਇਦ ਬਦਰਾ ਦਾ ਮੂੰਹ ਤੱਕੇ ਬਦਰਾ ਉਸ ਵੱਲ ਵੇਖੇ
ਲੈਣ ਪਿਆਰ ਕਰਨ ਜੋ ਬਾਤਾਂ ਕਦ ਆਵਣ ਵਿਚ ਲੇਖੇ

ਸੋਹਣੀ ਸੂਰਤ ਹੁਸਨ ਨਿਰਾਲਾ ਜੋਬਨ ਦੇ ਮਤਵਾਰੇ
ਦੂਣਾ ਰੂਪ ਦੀਏ ਦੀ ਲੋਏ ਕਜਲਾ ਲਹਿਰਾਂ ਮਾਰੇ

ਚੌਧਵੀਂ ਦਾ ਚੰਨ ਰਿਹਾ ਖਲੋਤਾ ਬਦਰਾ ਦਾ ਮੂੰਹ ਤੱਕ ਕੇ
ਧਰਤੀ ਹੇਠ ਗਿਆ ਛੁਪ ਸੂਰਜ ਸਾਇਦ ਤੋਂ ਸ਼ਰਮਕ ਕੇ

ਰਾਤੀਂ ਲੌ ਦੀਏ ਦੀ ਅੰਦਰ ਰੂਪ ਜ਼ਿਆਦਾ ਦਿਸਦਾ
ਦਿਹੇਂ ਨਾਲ਼ੋਂ ਵੱਧ ਸਫ਼ਾਈ ਵੇਖੋ ਸੋਹਣੇ ਜਿਸ ਦਾ ।(੫੭੫੦)

ਨਾਗ ਡੰਗਾਲੇ ਜ਼ੁਲਫ਼ਾਂ ਵਾਲੇ ਬਹੁਤ ਦਿੱਸਣ ਕੱਟ ਕਾਲੇ
ਬਿਨ ਪੀਤੇ ਮਤਵਾਰੇ ਦੀਦੇ ਹੋਠੀਂ ਸੁਰਖ਼ੀ ਨਾਲ਼ੇ

ਨਾ ਗੋਰਾ ਨਾ ਕਾਲ਼ਾ ਚਿਹਰਾ ਦਿਸਦਾ ਰੰਗ ਗੁਲਾਬੀ
ਰਾਤੀਂ ਦਾ ਰਲ਼ ਬਹਿਣਾ ਯਾਰਾਂ ਨਿਅਮਤ ਬੇਹਿਸਾਬੀ

ਵਾਂਗ ਕਬੂਤਰ ਚੋਗ ਵਟਾਵਣ ਫਿਰ ਫਿਰ ਸਦਕੇ ਹੋਂਦੇ
ਮਿੱਠੀਆਂ ਗੱਲਾਂ ਸੰਭਣ ਨਾਹੀਂ ਕਰਦੇ ਖ਼ੁਸ਼ੀ ਨਾ ਸੌਂਦੇ

ਲਾਡ ਪਿਆਰ ਮੁਹੱਬਤ ਕਰ ਕੇ ਪਾਵਣ ਠੰਡ ਜਿਗਰ ਨੂੰ
ਕਰਨ ਦੁਆਈਂ ਜੇ ਅੱਜ ਸਾਈਂ ਰੱਖੇ ਦਫ਼ਾ ਫ਼ਜਰ ਨੂੰ

ਸੈਫ਼-ਮਲੂਕ ਇਕੱਲਾ ਰਿਹਾ ਮਜਲਿਸ ਉਠ ਖਲੋਈ
ਸਿਰ ਆਸ਼ਿਕ ਦੀ ਝੋਲ਼ੀ ਧਰ ਕੇ ਸ਼ਾਹ-ਪਰੀ ਭੀ ਸੋਈ

ਆਸ਼ਿਕ ਵਿਹਲਾ ਕਰੇ ਨਜ਼ਾਰਾ ਤੱਕਦਾ ਹੁਸਨ ਪਰੀ ਦਾ
ਨਾਲ਼ ਅਦਬ ਦੇ ਲਏ ਨਾ ਬੋਸਾ ਨਾਜੋਂ ਲਾਡ ਕਰੀਦਾ

ਬਾਗ਼ ਬਹਾਰ ਹੁਸਨ ਦੀ ਅੰਦਰ ਹਿਰਨ ਨੈਣਾਂ ਦੇ ਚਰਦੇ
ਰਜਨ ਕਦ ਮੁਹੰਮਦ ਬਖਸ਼ਾ ਭੁੱਖੇ ਸਨ ਉਮਰ ਦੇ

ਅਚਨਚੇਤ ਬਦੀਅ-ਜਮਾਲੇ ਨੈਣ ਮੱਤੇ ਨਿੰਦਰਾਏ
ਨੀਂਦ ਮਿੱਠੀ ਥੀਂ ਬਾਹਰ ਆਂਦੇ ਆਸ਼ਿਕ ਨਾਲ਼ ਭਿੜਾਏ

ਡਿੱਠਾ ਯਾਰ ਸਿਰ੍ਹਾਂਦੀ ਬੈਠਾ ਕਰਦਾ ਰੂਪ ਨਜ਼ਾਰਾ
ਹੁਸਨ ਅੰਦਰ ਹੈਰਾਨ ਪਸ਼ੇਮਾਂ ਰੋਂਦਾ ਜ਼ਾਰ ਬੇਚਾਰਾ

ਨਾਜ਼ ਨਿਆਜ਼ ਰਲੇ ਉਸ ਵੇਲੇ ਰੰਗ ਅਜਾਇਬ ਬਣਿਆ
ਜਿਉਂ ਕਰ ਵਕਤ ਬਹਾਰ ਚਮਨ ਤੇ ਬਦਲ ਨਿੱਕਾ ਕਣਿਆ ।(੫੭੬੦)

ਮਿਸਲ ਗੁਲਾਬ ਪਰੀ ਦਾ ਚਿਹਰਾ ਭਿੰਨੇ ਵਾਲ਼ ਫੁਲੇਲੋਂ
ਆਂਸੂਆਂ ਨਾਲ਼ ਸ਼ਹਿਜ਼ਾਦੇ ਕੀਤਾ ਜਿਉਂ ਕਰ ਫੁੱਲ ਤਰੇਲੋਂ

ਜਦੋਂ ਬਦੀਅ-ਜਮਾਲ ਪਰੀ ਨੇ ਹਾਲ ਡਿੱਠਾ ਦੁਖਿਆਰਾ
ਆਸ਼ਿਕ ਤਾਈਂ ਦੇ ਦਿਲਾਸੇ ਹੇ ਜਾਨੀ ਦਿਲਦਾਰਾ

ਸੀਨੇ ਠੰਡ ਮੈਨੂੰ ਤੁਧ ਡਿੱਠਿਆਂ ਸਿਕਦੀ ਜਿਉਂ ਮਲੀਦਾ
ਤੂੰ ਮੇਰਾ ਤਾਵੀਜ਼ ਗਲੇ ਦਾ ਮਨਕਾ ਹੌਲਦਲੀ ਦਾ

ਕਸਮ ਕਰਾਂ ਮੈਂ ਰੂਹ ਨਬੀ ਦੀ ਨਾਮ ਸੁਲੇਮਾਂ ਜਿਸਦਾ
ਫਿਰ ਸੌਗੰਦ ਪਿਓ ਦੀ ਚਾਵਾਂ ਜੇ ਤੂੰ ਘੜੀ ਨਾ ਦਿਸਦਾ

ਜਾਨ-ਕੰਦਨ ਦੀ ਤਲਖ਼ੀ ਵਾਂਗਰ ਰੂਹ ਰਹੇ ਵਿਚ ਤੰਗੀ
ਦੋ ਜੱਗ ਅੰਦਰ ਚੀਜ਼ ਤੇਰੇ ਥੀਂ ਕੋਈ ਨਾ ਦਿਸਦੀ ਚੰਗੀ

ਦਿਲ ਅੰਦਰ ਵਿਸਵਾਸ ਨਾ ਰੱਖੀਂ ਨਾ ਕੁੱਝ ਖ਼ਫ਼ਗੀ ਤੰਗੀ
ਜੇ ਮੈਂ ਪਰੀਆਂ ਦੇ ਵੱਸ ਆਈ ਕਾਰ ਹੋਸੀ ਕਦ ਚੰਗੀ

ਨਾ ਕਰ ਗ਼ਮ ਅੰਦੇਸ਼ਾ ਕੋਈ ਜੇ ਚਾਹਿਆ ਰੱਬ ਵਾਲੀ
ਹੋਗ ਮੁਹਿੰਮ ਆਸਾਨ ਮਿਲਾਂਗੇ ਕਰ ਇਸ਼ਰਤ ਖ਼ੁਸ਼ਹਾਲੀ

ਖ਼ਵਾਹਿਸ਼ ਤਲਬ ਮੁਰਾਦ ਦਿਲੇ ਦੀ ਮਕਸਦ ਹੋਸੀ ਹਾਸਿਲ
ਜਾਸੀ ਫ਼ਿਕਰ ਵਿਛੋੜੇ ਵਾਲਾ ਜਾਂ ਰੱਬ ਕਰਸੀ ਵਾਸਿਲ

ਕਰੋ ਵਿਸਵਾਸ ਹਿਰਾਸ ਨਾ ਕਾਈ ਆਸ ਸਾਈਂ ਵਰ ਲਿਆਸੀ
ਲੰਘੀ ਉਮਰ ਵਿਛੋੜੇ ਵਾਲੀ ਝਬ ਹੁਣ ਰੱਬ ਮਿਲਾਸੀ

ਪੁਰ ਕਰ ਫੇਰ ਸ਼ਰਾਬ ਪਿਆਲਾ ਕੁੱਝ ਪਰੀ ਨੇ ਪੀਤਾ
ਕੁੱਝ ਸ਼ਹਿਜ਼ਾਦੇ ਦੇ ਮੂੰਹ ਲਾਇਆ ਕਹਿੰਦੀ ਪੀ ਲੈ ਮੀਤਾ ।(੫੭੭੦)

ਆਸ਼ਿਕ ਤੇ ਮਾਸ਼ੂਕ ਦੋਹਾਂ ਨੇ ਨਾਲ਼ ਪਿਆਰ ਇਤਫ਼ਾਕੇ
ਸਾਰੀ ਰਾਤ ਲੰਘਾਈ ਖ਼ੁਸ਼ੀਏਂ ਚੜ੍ਹਿਆ ਰੋਜ਼-ਫ਼ਿਰਾਕੇ

ਆਸ਼ਿਕ ਹੋ ਕੇ ਖ਼ੁਸ਼ੀਆਂ ਕਰਦੇ ਮਾਨਣ ਮੌਜ ਵਸਲ ਦੀ
ਸਖ਼ਤ ਸਜ਼ਾ ਤੁਸਾਨੂੰ ਦੇਸਾਂ ਕਿਰਕ ਮੈਨੂੰ ਇਸ ਗੱਲ ਦੀ

ਧੰਮੀਂ ਸੁਬ੍ਹਾ ਹੋਇਆ ਖ਼ੁਸ਼ ਵੇਲ਼ਾ ਝੁੱਲੀ ਵਾਓ ਸਬਾ ਦੀ
ਨੀਂਦਰ ਮਸਤ ਜਵਾਨਾਂ ਲੱਜ਼ਤ ਪੀਰਾਂ ਜ਼ਿਕਰ ਦੁਆ ਦੀ

ਬਾਗ਼ੀਂ ਪੰਖੀ ਮਹਿਲੀਂ ਕੁੱਕੜ ਕਰਦੇ ਕੂਕਾਂ ਚਾਂਗਾਂ
ਗੱਜੀ ਨੌਬਤ ਬਾਦਸ਼ਹਾਨੀ ਮਸਜਿਦ ਮਿਲੀਆਂ ਬਾਂਗਾਂ

ਕਮਰਾਂ ਕਸ ਪੰਧਾਊ ਉਠੇ ਰਾਹ ਨੱਪੇ ਕਰਵਾਨਾਂ
ਕਾਲ਼ੀ ਰਾਤ ਗਈ ਲੌ ਲੱਗੀ ਸੋਹਿਆ ਜਗਤ ਜ਼ਮਾਨਾ

ਜ਼ਾਹਿਦ ਸੂਫ਼ੀ ਪਾਕ ਨਮਾਜ਼ੀ ਖ਼ੁਸ਼ ਹੋ ਡਾਹਣ ਮੁਸੱਲੇ
ਸ਼ੁਕਰ ਇਬਾਦਤ ਪੂਰੇ ਕਰ ਕੇ ਮਸੀਂ ਘਰਾਂ ਵੱਲ ਚਲੇ

ਆਸ਼ਿਕ ਦਾ ਦਿਲ ਖੁਸਦਾ ਜਾਂਦਾ ਰੋ ਰੋ ਕਰਨ ਨਿਮਾਜ਼ਾਂ
ਪਲ ਛਲ ਗੁਜ਼ਰੀ ਰਾਤ ਵਸਲ ਦੀ ਅੱਗੇ ਸਾਨ ਦਰਾਜ਼ਾਂ

ਕਿਵੇਂ ਰਾਤ ਘੜੀ ਕੋਈ ਵੱਧੇ ਦਿਨ ਹੋ ਜਾਏ ਥੋੜਾ
ਲੋਕਾਂ ਲੌ ਲੱਗੀ ਤੇ ਇਨ੍ਹਾਂ ਪਿਆ ਹਨੇਰ ਵਿਛੋੜਾ

ਖ਼ਬਰ ਨਹੀਂ ਫਿਰ ਕਦ ਮਿਲੇਗੀ ਰਾਤ ਅਜੋਕੀ ਬੀਤੀ
ਹਾਏ ਹਾਏ ਰੱਬਾ ਸੁਬ੍ਹਾ ਨਿਕਾਰੀ ਕਾਹਨੂੰ ਪੈਦਾ ਕੀਤੀ

ਇਸ ਸਾਦਿਕ ਥੀਂ ਕਾਜ਼ਿਬ ਹੁੰਦੀ ਹੋਰ ਹੁੰਦਾ ਰਲ਼ ਬਹਿਣਾ
ਜਿਸ ਸਚੋਂ ਦਿਲ ਜਾਨੀ ਵਿਛੜਨ ਭੱਠ ਪਿਆ ਉਹ ਕਹਿਣਾ ।(੫੭੮੦)

ਸਿਕ ਸਿਕੰਦਿਆਂ ਯਾਰਾਂ ਤਾਈਂ ਦੇਇ ਵਿਛੋੜ ਮਿਲਾਕੇ
ਸੁਬ੍ਹਾ ਨਹੀਂ ਇਹ ਜ਼ਾਲਿਮ ਆਇਆ ਲਾਅ ਸਫ਼ੈਦ ਪੋਸ਼ਾਕੇ

ਛੋਟੀ ਰਾਤ ਨਾ ਫੋਲਣ ਦਿੱਤੇ ਲੰਮੇ ਭੇਤ ਦਿਲਾਂ ਦੇ
ਆਸ਼ਿਕ ਵਿਦਾ ਹੋਏ ਮੁਹੰਮਦ ਸੁਬ੍ਹਾ ਹੋਈ ਜਦ ਬਾਂਦੇ

ਸ਼ਾਹ-ਪਰੀ ਨੇ ਵਿਦਾ ਕੀਤਾ ਸੈਫ਼-ਮਲੂਕ ਸ਼ਹਿਜ਼ਾਦਾ
ਗੱਲ ਲੱਗੇ ਤੇ ਸਿਰ ਮੂੰਹ ਚੁੰਮੇ ਲਾਹਿਆ ਭਰਮ ਜ਼ਿਆਦਾ

ਲੈਣ ਪਿਆਰ ਸੱਜਣ ਦੇ ਮੂੰਹੋਂ ਇਸ ਵੇਲੇ ਕੀ ਲਾਹਾ
ਮਿਲਦਾ ਹੀ ਚਾ ਰੁਖ਼ਸਤ ਕੀਤਾ ਭਰਮ ਨਾ ਲੱਥਾ ਆਹਾ

ਡੇਰੇ ਆਇ ਡਿੱਠਾ ਸ਼ਹਿਜ਼ਾਦੇ ਸਾਇਦ ਬੈਠਾ ਅੱਗੇ
ਆਹ ਚਲਾਵੇ ਤੇ ਦੁੱਖ ਗਾਵੇ ਹੰਝੂ ਭਰ ਭਰ ਵਗੇ

ਤਾਕਤ ਤਾਬ ਤੇ ਆਬ ਨਾ ਦੇਹੀ ਹੋਇਆ ਬੇਤਰਾਨਾ
ਸੈਫ਼-ਮਲੂਕੇ ਪੁੱਛਿਆ ਭਾਈ ਕੀ ਤੁਧ ਹਾਲ ਵਿਹਾਣਾ

ਦਸ ਮੈਨੂੰ ਕੀ ਹੋਇਆ ਤੈਨੂੰ ਕਿਸ ਥੀਂ ਗਿਰੀਆਜ਼ਾਰੀ
ਰਾਤੀਂ ਖ਼ੈਰੀਂ ਮਿਹਰੀਂ ਘੱਲਿਓਂ ਹੁਣ ਦਿੱਸੇਂ ਆਜ਼ਾਰੀ

ਸਾਇਦ ਨੇ ਫ਼ੁਰਮਾਇਆ ਅੱਗੋਂ ਐ ਸਾਹਿਬ ਸ਼ਹਿਜ਼ਾਦਾ
ਸਾਰੀ ਰਾਤ ਪੀਆ ਸੰਗ ਗੁਜ਼ਰੀ ਉਲਫ਼ਤ ਨਾਲ਼ ਜ਼ਿਆਦਾ

ਯਾਰ ਸੰਗੋਂ ਇਹ ਹੁਣ ਦਾ ਗਿਰੀਆ ਵਿਛੜਣ ਦੀ ਹੈਰਾਨੀ
ਸੁਬ੍ਹਾ ਨਹੀਂ ਕੋਈ ਜ਼ਾਲਿਮ ਆਇਆ ਕੀਤੋ ਸੁ ਸ਼ਹਿਰ ਵੀਰਾਨੀ

ਸਾਇਦ ਦਰਦ ਰੰਞਾਣੇ ਤਾਈਂ ਸ਼ਾਹ ਦਿੱਤੀਆਂ ਦਿਲਬਰੀਆਂ
ਰੱਖ ਧਿਆਨ ਮੇਰੇ ਵੱਲ ਭਾਈ ਜਿਸ ਸੌਦਾ ਸੰਗ ਪਰੀਆਂ ।(੫੭੯੦)

ਉਹ ਜੇ ਨਾਰੀ ਲੋਕ ਨਿਆਰੇ ਆਦਮ ਨਾਲ਼ ਨਾ ਮਿਲਦੇ
ਆਸ ਰੱਬੇ ਦੀ ਸਫ਼ਰ ਸਿੱਧਾਵਾਂ ਰੱਖ ਤਹੱਮੁਲ ਦਿਲ ਦੇ

ਯਾਰੀ ਤੇਰੀ ਨਾਲ਼ ਇਨਸਾਨੇ ਜਿਣਸ ਜਿਣਸ ਨੂੰ ਚਾਹੇ
ਨਾਲ਼ੇ ਘਰ ਸੱਜਣ ਦੇ ਬੈਠੋਂ ਮਿਲ ਰਹਿਸੀ ਹਰ ਰਾਹੇ

ਮੈਂ ਜਿਸ ਭਾਰੀ ਮੁਸ਼ਕਿਲ ਸਿਰ ਤੇ ਉਹ ਭੀ ਝੱਟ ਗੁਜ਼ਾਰਾਂ
ਅੱਜ ਭਲਕੇ ਉਡ ਜਾਸਨ ਪਰੀਆਂ ਜਾ ਲਹਿਸਨ ਘਰ ਬਾਰਾਂ

ਕਿਉਂ ਕਰ ਮੇਰਾ ਪਹੁੰਚਣ ਓਥੇ ਕੀਕਰ ਫੇਰ ਮਿਲੇਸਾਂ
ਬਾਝ ਦਲੇਰੀ ਸਾਧਨ ਔਖਾ ਦਿਓ ਪਰੀਆਂ ਦੇ ਦੇਸਾਂ

ਸਾਇਦ ਨੂੰ ਪਕੜਾਈ ਦਲੇਰੀ ਕਰ ਕੇ ਖ਼ੂਬ ਤਸੱਲੀ
ਕੀਤਾ ਵੁਜ਼ੂ ਸ਼ਹਿਜ਼ਾਦੇ ਸੋਹਣੇ ਜਾਇ ਨਿਮਾਜ਼ ਉਠ ਮੱਲੀ

ਆਖੀ ਬਾਂਗ ਨਿਮਾਜ਼ ਗੁਜ਼ਾਰੀ ਦੋਹਾਂ ਯਾਰਾਂ ਰਲ਼ ਕੇ
ਵਿਰਦ ਵਜ਼ੀਫ਼ੇ ਪੂਰੇ ਕੀਤੇ ਮਸਨਦ ਤਸਬੀਹ ਮਲ ਕੇ

ਮਲਿਕਾ-ਖ਼ਾਤੂੰ ਬਦਰਾ-ਖ਼ਾਤੂੰ ਨਾਲ਼ੇ ਮਾਂ ਉਨ੍ਹਾਂ ਦੀ
ਉਹ ਭੀ ਬਹੁਤ ਹੱਦੋਂ ਖ਼ੁਸ਼ ਹੋਈਆਂ ਲੱਜ ਪੱਤ ਰਹੀ ਅਸਾਂ ਦੀ

ਸੁਰਖ਼ਰੂ ਕੀਤਾ ਰੱਬ ਸਾਨੂੰ ਸੈਫ਼-ਮਲੂਕੇ ਵੱਲੋਂ
ਕੌਲ ਕਰਾਰ ਹੁਣ ਪੂਰਾ ਹੋਇਆ ਸੱਚੀਆਂ ਆਪਣੀ ਗੱਲੋਂ

ਸ਼ਹਿਜ਼ਾਦੇ ਦੇ ਸ਼ਰਮੋਂ ਛੁਟੀਆਂ ਤਾਂ ਦੁਨੀਆਂ ਪਰ ਆਈਆਂ
ਵਾਸਿਲ ਹੋਇਆ ਰੂਹ ਮੁਹੰਮਦ ਦਿਲ ਨੇ ਖ਼ੁਸ਼ੀਆਂ ਪਾਈਆਂ

ਜਾਨੋਂ ਦਿਲੋਂ ਬਹੁੰ ਖ਼ੁਸ਼ ਹੋਇਆ ਸ਼ਾਹ-ਪਰੀ ਦੇ ਮਿਲਣੂੰ
ਦਮ ਦਮ ਹਮਦ ਸਨਾ ਗੁਜ਼ਾਰੇ ਦੇਇ ਵਲਾਹੀਆਂ ਦਿਲ ਨੂੰ ।(੫੮੦੦)

ਸੱਤ ਦਿਨ ਗੁਜ਼ਰ ਰਹੇ ਜਦ ਪੂਰੇ ਕੀਤੀ ਪਰੀ ਤਿਆਰੀ
ਬਾਗ਼-ਇਰਮ ਵੱਲ ਤੁਰਨਾ ਆਇਆ ਬਣੀ ਮੁਸੀਬਤ ਭਾਰੀ

ਹੋਏ ਤੱਗ਼ੀਰ ਖ਼ੁਸ਼ੀ ਦੇ ਥਾਨੇ ਕੋਟ ਦਵਾਲੇ ਦਾ ਸਟ ਕੇ
ਮਾਰੇ ਧੌਂਸੇ ਢੋਲ ਵਿਛੋੜੇ ਚੜ੍ਹ ਆਇਆ ਲੈ ਕੱਟਕੇ

ਪਰੀ ਸ਼ਹਿਜ਼ਾਦਾ ਕੋਲ ਬੁਲਾਇਆ ਖ਼ਬਰ ਨਾ ਹੋਵੇ ਪਰੀਆਂ
ਗ਼ੌਰ ਦਿਲਾਸਾ ਕਰੇ ਮੁਦਾਰਾ ਦੇਣ ਲੱਗੀ ਦਿਲਬਰੀਆਂ

ਮਲਿਕਾ ਬਦਰਾ ਮਾਂ ਉਨ੍ਹਾਂ ਦੀ ਉਹ ਭੀ ਸੱਦ ਬਹਾਈਆਂ
ਨਾ ਮਹਿਰਮ ਕੋਈ ਰਿਹਾ ਨਾ ਓਥੇ ਸੰਗ ਸੱਈਆਂ ਤੇ ਦਾਈਆਂ

ਚਾਰੇ ਰਲ਼ ਮਸਲਾਹਿਤ ਬੈਠੇ ਪਰੀ ਪੁੱਛੇ ਹੈ ਮਾਤਾਂ
ਐ ਮਲਿਕਾ ਐ ਬਦਰਾ-ਖ਼ਾਤੂੰ ਤੁਸਾਂ ਸੁਣਾ ਕੇ ਬਾਤਾਂ

ਸੈਫ਼-ਮਲੂਕ ਸ਼ਹਿਜ਼ਾਦੇ ਤਾਈਂ ਮੇਰੇ ਨਾਲ਼ ਮਿਲਾਇਆ
ਸੂਰਤ ਸੀਰਤ ਜ਼ਾਤ ਸਿਫ਼ਾਤੋਂ ਬਹੁਤ ਪਸਿੰਦੇ ਆਇਆ

ਅਕਲੋਂ ਇਲਮੋਂ ਹੋਰ ਹਰ ਹੁਨਰੋਂ ਖ਼ੂਬ ਤਰ੍ਹਾਂ ਅਜ਼ਮਾਇਆ
ਇਸ਼ਕ ਵਫ਼ਾ ਸ਼ਰਾਫ਼ਤ ਤੱਕ ਕੇ ਨਿਹੁੰ ਇਹਦਾ ਮੈਂ ਲਾਇਆ

ਰਾਤ ਦਿਹਾੜ ਇਕੱਠਿਆਂ ਗੁਜ਼ਰੀ ਜੀ ਐਸਾ ਹੁਣ ਰਲਿਆ
ਮੌਤੋਂ ਬੁਰਾ ਵਿਛੋੜਾ ਸੁਝਦਾ ਕੀਕਰ ਜਾਸੀ ਝੱਲਿਆ

ਮੇਰੇ ਆਣ ਹੋਏ ਦਿਨ ਪੂਰੇ ਕੂਚ ਕਰੇਸਾਂ ਇਥੋਂ
ਛਾਤੀ ਦਾਗ਼ ਸੱਜਣ ਦਾ ਲਗਸੀ ਪੌਸਣ ਲੰਮੀਆਂ ਵਿਥੋਂ

ਇਸ਼ਕੇ ਜੋੜ ਦੋਏੇ ਦਿਲ ਸੀਤੇ ਲੈ ਕੁਦਰਤ ਦੀ ਸੂਈ
ਇਕੋ ਜਿੰਦ ਇਕੋ ਦਿਲ ਬਣਿਆ ਦੂਰ ਹੋਈ ਸਭ ਦੂਈ ।(੫੮੧੦)

ਇਕ ਪਲ ਸੈਫ਼-ਮਲੂਕੇ ਬਾਝੋਂ ਜੀਵਨ ਮੁਸ਼ਕਿਲ ਹੋਇਆ
ਉਧਰੋਂ ਧੌਂਸੇ ਮਾਰ ਵਿਛੋੜਾ ਸਿਰ ਪਰ ਆਣ ਖਲੋਇਆ

ਮੇਰੇ ਨਾਲ਼ ਨਾ ਜਾਵਣ ਇਸ ਦਾ ਨਹੀਂ ਛੁਪਾਯਾ ਪਚਦਾ
ਕਿਵੇਂ ਮੇਲ ਅਸਾਡੇ ਹੁੰਦੇ ਜੀਉ ਅਜ਼ਾਬੋਂ ਬਚਦਾ

ਸੁਖਾਂ ਨਾਲ਼ ਲਗਾਈ ਯਾਰੀ ਕਰ ਕੇ ਪਰੀਤ ਪਿਆਰੀ
ਫ਼ੌਜ ਦੁੱਖਾਂ ਦੀ ਬਣ ਤਣ ਆਈ ਮਾਰੀ ਜਾਨ ਬਿਚਾਰੀ

ਸੱਤ ਦਿਹਾੜੇ ਇਥੇ ਗੁਜ਼ਰੇ ਉਹ ਭੀ ਮੌਜ ਨਾ ਮਾਨੀ
ਦਰਦਾਂ ਆਣ ਵਿਖਾਲੀ ਦਿੱਤੀ ਵਿਛੜਨ ਲੱਗਾ ਹਾਣੀ

ਇਤਨੇ ਦਿਨ ਇੱਕ ਘਰ ਵਿਚ ਬੈਠੇ ਸੀਨੇ ਲਾਇ ਨਾ ਸੁੱਤੇ
ਯਾਰ ਨਿਖੇੜ ਪਿਆ ਹੁਣ ਜਾਣਾ ਕਾਹਨੂੰ ਆਇ ਬਿਗੁੱਤੇ

ਲਾਵਣ ਸੌਖੀ ਪਾਲਣ ਔਖੀ ਆ ਫ਼ਿਕਰਾਂ ਜਿੰਦ ਘੇਰੀ
ਮਿਲਣੇ ਸਾਥ ਵਿਛੜਨਾ ਆਇਆ ਹੋਈ ਤਿਆਰੀ ਮੇਰੀ

ਅਕਲ ਫ਼ਿਕਰ ਦੇ ਲਸ਼ਕਰ ਨੱਠੇ ਮਾਰੇ ਢੋਲ ਵਿਛੋੜੇ
ਪੂਰਾ ਹੋਇਆ ਕਰਾਰ ਰਹਿਣ ਦਾ ਕੌਣ ਛੱਡੇ ਦਿਨ ਥੋੜੇ

ਸੈਫ਼-ਮਲੂਕੇ ਬਾਝੋਂ ਮੈਨੂੰ ਦੋਜ਼ਖ਼ ਬਾਗ਼-ਇਰਮ ਦਾ
ਇਥੇ ਭੀ ਕੋਈ ਰਹਿਣ ਨਾ ਦੇਂਦਾ ਮੁਸ਼ਕਿਲ ਬਣੀ ਮੁਹੰਮਦਾ

ਕਿਉਂ ਕਰ ਪੈਰ ਅਗੇਰੇ ਰੱਖਾਂ ਛੋੜ ਵਿਛੋੜ ਪਿਆਰਾ
ਮੁੜ ਆਵਣ ਵਿਚ ਵਿੱਥ ਮਹੀਨਾ ਐਡਾ ਨਹੀਂ ਸਹਾਰਾ

ਤੂੰ ਮਾਈ ਇਹ ਭੈਣਾਂ ਦੋਏੇ ਸੱਜਣ ਕੌਣ ਅਜੇਹਾ
ਬਣ ਤਬੀਬ ਕਰੋ ਕੋਈ ਕਾਰੀ ਰੋਗ ਆਪਣਾ ਮੈਂ ਕਿਹਾ ।(੫੮੨੦)

ਸੈਫ਼-ਮਲੂਕੇ ਬਾਝ ਨਾ ਲੰਘਦੀ ਸਾਇਤ ਇਕ ਸੁਖੱਲੀ
ਪਿਆ ਵਿਛੋੜਾ ਦਿਲ ਦਾ ਚੌੜਾ ਮੈਂ ਹੁਣ ਘਰ ਨੂੰ ਚੱਲੀ

ਕਰੋ ਕੋਈ ਤਦਬੀਰ ਅਜੇਹੀ ਮਿਲੇ ਅਸਾਡਾ ਜੋੜਾ
ਸਾਰੀ ਉਮਰ ਇਕੱਠੇ ਰਹੀਏ ਮੂਲ ਨਾ ਪਵੇ ਵਿਛੋੜਾ

ਸਭਨਾਂ ਹੱਥ ਕੰਨਾਂ ਪਰ ਰੱਖੇ ਕੀ ਮਕਦੂਰ ਅਸਾਡਾ
ਇਸ ਤਦਬੀਰੋਂ ਅਕਲ ਬੇਚਾਰਾ ਹੈਗਾ ਦੂਰ ਅਸਾਡਾ

ਤੇਰੀ ਕੁੱਝ ਸਲਾਹ ਟੁਰੇਗੀ ਤੂੰ ਵਾਕਿਫ਼ ਇਸਰਾਰੋਂ
ਦੇਵ ਪਰੀਆਂ ਦੀ ਮਰਜ਼ੇ ਉੱਤੇ ਤੁਧ ਮਾਲਮ ਕੋਈ ਦਾਰੋਂ

ਜੋ ਮਿਜ਼ਾਜ਼ ਤਰੀਕਾ ਚਾਲਾ ਭਾਖਾ ਤੁਧ ਉਨ੍ਹਾਂ ਦਾ
ਅਕਲ ਹੁਨਰ ਕੁੱਝ ਆਦਮੀਆਂ ਦਾ ਇੱਥੇ ਪੇਸ਼ ਨਾ ਜਾਂਦਾ

ਜੋ ਕੁੱਝ ਅਕਲ ਤੇਰੀ ਵਿਚ ਆਵੇ ਖੋਲ ਦਸਾਲ ਅਸਾਨੂੰ
ਜੋ ਕੰਮ ਸਾਡੇ ਵੱਸਾ ਹੋਸੀ ਕਰਸਾਂ ਦੀਨ ਈਮਾਂਨੂੰ

ਤੋੜੇ ਕੰਮ ਤੁਸਾਡੇ ਲਗਣ ਜਾਨੀਂ ਸਿਰ ਘਰ ਸਾਡੇ
ਵਾਲੇ ਜਿਤਨਾ ਉਜ਼ਰ ਨਾ ਕਰਦੇ ਮਤਲਬ ਹੋਣ ਤੁਸਾਡੇ

ਇਹ ਸਲਾਹ ਮੇਰੇ ਦਿਲ ਆਈ ਸ਼ਾਹ-ਪਰੀ ਫ਼ੁਰਮਾਂਦੀ
ਕਰਸਾਂ ਅਮਲ ਉਸੇ ਪਰ ਜੇਕਰ ਤੁਸਾਂ ਪਸੰਦ ਲਿਆਂਦੀ

ਸੀਮੀਂ-ਸ਼ਰਿਸਤਾਨੇ ਅੰਦਰ ਰਹਿੰਦੀ ਦਾਦੀ ਮੇਰੀ
ਸ਼ਫ਼ਕਤ ਅਤੇ ਮੁਹੱਬਤ ਮੈਂ ਪਰ ਕਰਦੀ ਬਹੁਤ ਵਧੇਰੀ

ਪਾਸ ਉਹਦੇ ਸ਼ਹਿਜ਼ਾਦਾ ਜਾਏ ਕਰ ਹਿੰਮਤ ਹੁਸ਼ਿਆਰੀ
ਮੈਂ ਦਾਦੀ ਵੱਲ ਅਰਜ਼ੀ ਲਿਖਸਾਂ ਕਰ ਕਰ ਮਿੰਨਤ ਜ਼ਾਰੀ ।(੫੮੩੦)

ਅਰਜ਼ੀ ਪੜ੍ਹ ਕੇ ਮਾਲਮ ਕਰਸੀ ਖ਼ਵਾਹਿਸ਼ ਮੇਰੀ ਸਾਰੀ
ਨਾਲ਼ੇ ਸੂਰਤ ਸੀਰਤ ਉਸ ਦੀ ਲਗਸੀ ਵੇਖ ਪਿਆਰੀ

ਹੈ ਉਮੀਦ ਮੈਨੂੰ ਰੱਬ ਸੱਚਾ ਮਿਹਰ ਉਹਦੇ ਦਿਲ ਪਾਏ
ਬਾਪ ਮੇਰਾ ਗੱਲ ਮੰਨਦਾ ਉਸ ਦੀ ਜੋ ਮੂੰਹੋਂ ਫ਼ੁਰਮਾਏ

ਦਾਦੀ ਵੱਲ ਫ਼ਰਿਆਦੀ ਘੱਲਾਂ ਦਾਦ ਮੁਰਾਦ ਪੁਚਾਏ
ਆਸ਼ਿਕ ਤੇ ਮਾਸ਼ੂਕ ਦੋਹਾਂ ਦੀ ਜੋੜੀ ਰਾਸ ਬਣਾਏ

ਹੈ ਤਵੱਕੋ ਬਹੁਤੀ ਸਾਰੀ ਆਖ ਨਹੀਂ ਕੁੱਝ ਸਕਦੀ
ਅੱਲ੍ਹਾ ਭਾਵੇ ਆਹਰ ਕਰੇਗੀ ਅਰਜ਼ੀ ਮੇਰੀ ਤੱਕਦੀ

ਏਤ ਸਬੱਬ ਹੋਵੇਗਾ ਮਤਲਬ ਹੋਰ ਸਲਾਹ ਨਾ ਫੱਬਦੀ
ਸੈਫ਼-ਮਲੂਕ ਰਵਾਨਾ ਕਰੀਏ ਆਸ ਪੱਕੀ ਕਰ ਰੱਬ ਦੀ

ਇਕ ਅਫ਼ਰੇਤ ਇਤਬਾਰੀ ਅਪਣਾ ਨੀਯਤ ਜਿਸਦੀ ਭੱਲੀ
ਹੁਕਮ ਉਹਦੇ ਦੀ ਤਾਬਿਅ ਕਰਸਾਂ ਲੈ ਕੇ ਕਸਮ ਤਸੱਲੀ

ਏਥੋਂ ਚਾਇ ਓਥੇ ਖੜੇਸੀ ਅਮਨ ਅਮਾਨ ਸੁਖਾਲ਼ਾ
ਅੱਗੋਂ ਭੀ ਉਹ ਮੌਲਾ ਹਾਫ਼ਿਜ਼ ਪਿੱਛੋਂ ਆਣਨ ਵਾਲਾ

ਰੱਖ ਤਵੁੱਕਲ ਆਸ ਰਬੇ ਦੀ ਭੇਜ ਦੇਈਏ ਸ਼ਹਿਜ਼ਾਦਾ
ਅੱਗੋਂ ਕਿਸਮਤ ਵੰਝ ਮਿਲੇਗੀ ਜੋ ਕੁੱਝ ਰੱਬ ਇਰਾਦਾ

ਇਹ ਸਲਾਹ ਪਸਿੰਦੀ ਆਈ ਸਭਨਾਂ ਜੀਆਂ ਤਾਈਂ
ਏਸੇ ਉੱਤੇ ਖ਼ਤਮ ਕੀਤੋ ਨੇ ਕਹਿ ਕੇ ਖ਼ੈਰ ਦੁਆਈਂ

ਫੇਰ ਪਰੀ ਫ਼ੁਰਮਾਵਣ ਲੱਗੀ ਸੈਫ਼-ਮਲੂਕ ਸਨਮ ਨੂੰ
ਲੈ ਸੱਜਣਾ! ਮੈਂ ਵਿਦਾ ਮੰਗਦੀ ਚਲੀ ਬਾਗ਼-ਇਰਮ ਨੂੰ ।(੫੮੪੦)

ਤੈਨੂੰ ਰੱਬ ਸੁਖਾਲ਼ਾ ਰੱਖੇ ਰੋਗ ਮੇਰੇ ਤਨ ਲਾਇਉ
ਅਚਨਚੇਤ ਪਿਰਮ ਦਾ ਭਾਂਬੜ ਸੀਨੇ ਬਾਲ ਜਲਾਇਉ

ਘੜੀ ਅਰਾਮ ਨਾ ਤੇਰੇ ਬਾਝੋਂ ਰੋਂਦੀ ਧੋਂਦੀ ਰਹਿਸਾਂ
ਵਾਂਗ ਜ਼ੁਲੈਖ਼ਾ ਤਲਬ ਯੂਸੁਫ਼ ਦੀ ਹੋ ਸੌਦਾਇਨ ਬਹਿਸਾਂ

ਪਲ ਪਲ ਦੇ ਵਿਚ ਸੈ ਬਰਸਾਂ ਦੇ ਲੰਘਸਨ ਆਹੀਂ ਢਾਹੀਂ
ਤੂੰ ਭੀ ਯਾਦ ਅਸਾਨੂੰ ਰੱਖੀਂ ਮਨੋਂ ਵਿਸਾਰੀਂ ਨਾਹੀਂ

ਦਮ ਦਮ ਨਾਮ ਤੇਰਾ ਮੈਂ ਲੈਸਾਂ ਸੂਰਤ ਹਾਜ਼ਿਰ ਕਰ ਕੇ
ਕਰਕੇ ਸਾਂਗ ਹਿਜਰ ਦੀ ਸੀਨੇ ਤੁਰੀ ਨਿਮਾਣੀ ਮਰ ਕੇ

ਉੱਚੇ ਚੜ੍ਹ ਕਰ ਵਿਦਿਆ ਮੈਨੂੰ ਰਹੀਂ ਮੈਦਾਨ ਖਲੋਇਆ
ਪਿੱਛੋਂ ਮੁੜ ਮੁੜ ਤੱਕਦੀ ਜਾਸਾਂ ਜੇ ਦਮ ਬਾਕੀ ਹੋਇਆ

ਐ ਜਾਨੀ ਰੂਹਾਨੀ ਮੇਰੇ ਅੱਖੀਂ ਦੀ ਰੁਸ਼ਨਾਈ
ਨਾਲ਼ ਜ਼ਰੂਰਤ ਅਸਾਂ ਤੁਸਾਂ ਵਿਚ ਲੱਗੀ ਪੌਣ ਜੁਦਾਈ

ਤੇਰਾ ਮੇਰਾ ਅੱਲ੍ਹਾ ਬੇਲੀ ਸੌਂਪ ਦਿਤੋਂ ਉਸ ਤਾਈਂ
ਸਹੀ ਸਲਾਮਤ ਮੈਨੂੰ ਤੈਨੂੰ ਫੇਰ ਮਿਲਾਵੇ ਸਾਈਂ

ਰੱਖ ਦਲੇਰੀ ਕਰੀਂ ਨਾ ਝੋਰਾ ਮੱਤ ਕੁੱਵਤ ਘੱਟ ਜਾਏ
ਮਰਦਾਂ ਦੇ ਸਿਰ ਬਣਨ ਕਜ਼ੀਏ ਓੜਕ ਪਹੁੰਚਣ ਜਾਏ

ਝੋਰਾ ਫ਼ਿਕਰ ਘਟਾਂਦਾ ਕੁੱਵਤ ਨਾਲ਼ੇ ਨੂਰ ਅਕਲ ਦਾ
ਤੁਧ ਪਰ ਕੰਮ ਅਜੇ ਕਈ ਭਾਰੇ ਹਾਰ ਨਾ ਜਾਵੀਂ ਚਲਦਾ

ਬਾਜ਼ ਹਵਾਏ ਉਡਣ ਵਾਲਾ ਜਦੋਂ ਪੱਟੀ ਵਿਚ ਅੜਦਾ
ਸੈ ਕੋਹਾਂ ਦੀ ਤਾਰੀ ਕਰਦਾ ਆਣ ਮੰਜੀ ਤੇ ਚੜ੍ਹਦਾ ।(੫੮੫੦)

ਬਾਹਾਂ ਜੰਘਾਂ ਭੰਨਣ ਨਾਲ਼ੇ ਸ਼ਾਹਪਰ ਸਾਰੇ ਸੀੜਨ
ਸੀੜ ਅੱਖੀਂ ਗਲ ਟਾਣ ਚਗਲੀ ਭੁੱਖਾਂ ਨਾਲ਼ ਨਪੀੜਨ

ਦੇਇ ਜਗਰਾਤੇ ਨੌ ਦਸ ਸਾਤੇ ਪਲਕ ਨਾ ਲਾਵਣ ਦੇਂਦੇ
ਕੱਢਣ ਤਰਾਹ ਨਿਗਾਹ ਨਾ ਆਵਣ ਹਾਕਾ ਸਖ਼ਤ ਮਰੇਂਦੇ

ਰਹੇ ਦਲੇਰ ਨਾ ਹਿੰਮਤ ਹਾਰੇ ਨਾਬਰ ਨਹੀਂ ਸ਼ਿਕਾਰੋਂ
ਬਾਦਸ਼ਾਹਾਂ ਦੇ ਹੱਥ ਪਰ ਬਹਿੰਦਾ ਬਾਦ ਰੰਜੋਂ ਬਿਸਿਆਰੋਂ

ਪੈਰੀਂ ਘੁੰਗਰੂ ਗਲ ਹਮਾਇਲ ਸਿਰ ਪਰ ਤਾਜ ਸ਼ਹਾਨਾ
ਗੋਸ਼ਤ ਖਾਵੇ ਪੱਟ ਹੰਢਾਵੇ ਬੈਠ ਕਰੇ ਸ਼ੁਕਰਾਨਾ

ਮਰਦਾਂ ਦਾ ਕਰ ਜਿਗਰਾ ਦਾਈਆ ਹੁੱਸੜ ਮੂਲ ਨਾ ਜਾਈਂ
ਇਸ਼ਕੋਂ ਲੱਖ ਬਲਾਈਂ ਪਿਆਰੇ ਹਰਗਿਜ਼ ਖ਼ੌਫ਼ ਨਾ ਖਾਈਂ

ਸ਼ਹਿਜ਼ਾਦੇ ਫ਼ੁਰਮਾਇਆ ਰੋ ਕੇ ਅੱਵਲ ਤੋਰੋ ਮੈਨੂੰ
ਪਿੱਛੋਂ ਆਪ ਤੁਰੋ ਨਹੀਂ ਵੇਖਾਂ ਮੈਂ ਤੁਰ ਜਾਂਦੀ ਤੈਨੂੰ

ਹੋਰ ਬਲਾਈਂ ਸਿਰ ਪਰ ਸਹੀਆਂ ਖ਼ਤਰਾ ਨਹੀਂ ਕਿਸੇ ਦਾ
ਇਕ ਵਿਛੋੜਾ ਝੱਲਣ ਔਖਾ ਦਾਇਮ ਖ਼ੌਫ਼ ਇਸੇ ਦਾ

ਜਿਸਦਾ ਖ਼ੌਫ਼ ਮੇਰੇ ਦਿਲ ਆਹਾ ਉਹੋ ਦੁਸ਼ਮਣ ਆਇਆ
ਕਰਮ ਕਰੀਂ ਤੇ ਫੇਰ ਮਿਲਾਵੀਂ ਰੱਖੀਂ ਸ਼ਰਮ ਖ਼ੁਦਾਇਆ

ਮਲਿਕਾ ਬਦਰਾ ਮਾਂ ਉਨ੍ਹਾਂ ਦੀ ਬਾਬਲ ਸ਼ਾਹ ਨਗਰ ਦਾ
ਸ਼ਹਿਜ਼ਾਦੇ ਨੂੰ ਟੋਰਨ ਲੱਗੇ ਕਰ ਸਾਮਾਨ ਸਫ਼ਰ ਦਾ

ਸਾਇਦ ਦੀ ਫੜ ਬਾਂਹ ਸ਼ਹਿਜ਼ਾਦੇ ਹੱਥ ਉਨ੍ਹਾਂ ਦੇ ਪਾਈ
ਕੀਤੀ ਬਹੁਤ ਸਪੁਰਦ ਤੁਸਾਨੂੰ ਹੈ ਇਹ ਮੇਰੀ ਜਾਈ ।(੫੮੬੦)

ਅੱਖੀਂ ਦੀ ਰੁਸ਼ਨਾਈ ਵਾਂਗਰ ਰੱਖਣਾ ਬਹੁਤ ਪਿਆਰਾ
ਖ਼ਸਖ਼ਸ ਜਿਤਨੀ ਖ਼ਾਰ ਨਾ ਪਹੁੰਚੇ ਤਾਂ ਅਹਿਸਾਨ ਤੁਮ੍ਹਾਰਾ

ਇਹ ਵਜ਼ੀਰ ਮੇਰਾ ਦਿਲ ਜਾਨੀ ਦੋਸਤ ਭਾਈਚਾਰਾ
ਕਿਸੇ ਗੱਲੋਂ ਦਿਲਗੀਰ ਨਾ ਹੋਵੇ ਕਰਨਾ ਬਹੁਤ ਮੁਦਾਰਾ

ਬਹੁਤ ਅਸੀਲ ਸ਼ਰੀਫ਼ ਸਿਆਣਾ ਸਾਹਿਬ ਇਲਮ ਦਾਨਾਈ
ਅੱਵਲ ਰੱਬ ਕਰ ਉਸ ਨਾਹੀਂ ਇਸ ਥੀਂ ਐਬ ਖ਼ਤਾਈ

ਪਰ ਵੇਖੋ ਬੇਐਬ ਖ਼ੁਦਾ ਹੈ ਬੰਦਾ ਔਗੁਣਹਾਰਾ
ਜੇ ਕੋਈ ਐਬ ਤੱਕੋ ਤਾਂ ਫਿਰ ਭੀ ਕਰਨਾ ਲੁਤਫ਼ ਸਹਾਰਾ

ਮੇਰੇ ਥੀਂ ਕੁੱਝ ਘੱਟ ਨਾ ਜਾਣੂ ਹੈ ਇਹ ਮੇਰਾ ਭਾਈ
ਖ਼ਾਤਰਦਾਰੀ ਖ਼ਿਦਮਤ ਇੁਸ ਦੀ ਕਰਨੀ ਮੇਰੀ ਜਾਈ

ਮਾਲ ਅਸਬਾਬ ਮੁਲਾਜ਼ਮ ਸਾਰੇ ਨਕਦ ਜਿਨਸ ਜੋ ਆਹੀ
ਸਾਇਦ ਦੇ ਹਵਾਲੇ ਕੀਤੀ ਆਪ ਹੋਇਆ ਉੱਠ ਰਾਹੀ

ਇਕ ਦੂਜੇ ਗੱਲ ਲਾ ਵਿਛੁੰਨੇ ਸਾਇਦ ਤੇ ਸ਼ਹਿਜ਼ਾਦਾ
ਆਹੀਂ ਢਾਹੀਂ ਰੋਵਣ ਨਾਲ਼ੇ ਹੋਇਆ ਸ਼ੋਰ ਜ਼ਿਆਦਾ

ਰੋਂਦਾ ਵਿਦਾ ਹੋਇਆ ਜਾਨੀ ਲੈ ਕੇ ਦੇਸ ਨਿਕਾਲੇ
ਗਿਰੀਆਜ਼ਾਰੀ ਬੇਸ਼ੁਮਾਰੀ ਛੁੱਟੇ ਆਹੀਂ ਨਾਲ਼ੇ

ਸੀਤੇ ਮੂਲ ਨਾ ਸੀਤੇ ਜਾਵਣ ਘਾਹ ਵਿਛੋੜੇ ਵਾਲੇ
ਸੱਜਣਾਂ ਬਾਝੋਂ ਪੀਣੇ ਆਏ ਭਰ ਭਰ ਜ਼ਹਿਰ ਪਿਆਲੇ

ਇਕ ਵਿਛੋੜਾ ਮਾਂ ਪੀਓ ਵਾਲਾ ਹੋਰ ਅਫ਼ਸੋਸ ਵਤਨ ਦਾ
ਪੰਧ ਬੁਰਾ ਇਸ ਦੇਸ ਪਰਾਏ ਖ਼ਤਰਾ ਰਾਹ ਚੱਲਣ ਦਾ ।(੫੮੭੦)

ਦੂਜਾ ਪਰੀ ਵਿਛੁੰਨੀ ਮਿਲ ਕੇ ਮਿਲਣੋਂ ਬਾਦ ਜੁਦਾਈ
ਜਿਸ ਸਿਰ ਵਰਤੇ ਸੋਇਉ ਜਾਣੇ ਸਭ ਦਰਦਾਂ ਦੀ ਮਾਈ

ਵਿਚ ਕਲੇਜੇ ਰੜਕੇ ਸੁੰਬਾ ਜੜੀ ਵਿਛੋੜੇ ਕਾਨੀ
ਫੇਰ ਵਿਛੁੰਨਾ ਤੋੜੋਂ ਸਾਥੀ ਸਾਇਦ ਦਿਲ ਦਾ ਜਾਨੀ

ਮਲਿਕਾ ਬਦਰਾ ਸਭ ਵਿਛੁੰਨੀਆਂ ਤੁਰਿਆ ਇਕ ਇਕੱਲਾ
ਸੱਥ ਬੇਗਾਨੀ ਕੋਈ ਨਾ ਮਹਿਰਮ ਨਾ ਕੁਝ ਖ਼ਰਚ ਨਾ ਪੱਲਾ

ਲੰਘਣੇ ਪਏ ਪਹਾੜ ਅੱਗੇ ਦੇ ਚਾਈਆਂ ਸਖ਼ਤ ਮੁਹਿਮਾਂ
ਆਜ਼ਿਜ਼ ਬੰਦਾ ਵੱਸ ਪਿਆ ਸੀ ਰਾਕਸ ਦੇਵ ਗ਼ਨੀਮਾਂ

ਸਭ ਦੁੱਖਾਂ ਦੀ ਸਿਰ ਪਰ ਚਾਈ ਆਸ਼ਿਕ ਨੇ ਭਰ ਖਾਰੀ
ਯਾਰ ਮਿਲੇ ਬਿਨ ਬਹਿਣ ਨਿਚੱਲੇ ਕੀ ਉਨ੍ਹਾਂ ਦੀ ਯਾਰੀ

ਇਤਨੇ ਰੋਗ ਮਿਟਾਏ ਜਿਤਨੇ ਨਾ ਮਿਟਦੇ ਵਿਚ ਤਿੱਬਾਂ
ਲੂੰ ਲੂੰ ਛਿੱਲਣ ਤੀਰ ਮੁਹੰਮਦ ਧਨ ਸਰੀਰ ਮੁਹਿੱਬਾਂ

ਆਸ ਮਿਲਾਪ ਸੱਜਣ ਦੀ ਉੱਤੇ ਜ਼ਰਾ ਹਿਰਾਸ ਨਾ ਕਰਦੇ
ਸੱਪਾਂ ਸ਼ੇਰਾਂ ਦੇ ਮੂੰਹ ਅੰਦਰ ਪੈਰ ਧਿੰਙਾਣੇ ਧਰਦੇ

ਸਾਇਦ ਭਾਈ ਨੂੰ ਫ਼ੁਰਮਾਂਦਾ ਫੇਰ ਸ਼ਹਿਜ਼ਾਦਾ ਰੋ ਕੇ
ਹਕ ਮੇਰੇ ਵਿਚ ਕਰੀਂ ਦੁਆਈਂ ਪੰਜੇ ਵਕਤ ਖਲੋ ਕੇ

ਪਰੀਆਂ ਦੇਵਾਂ ਦੇ ਵੱਸ ਪਈਓਸੁ ਖ਼ਬਰ ਨਹੀਂ ਕੀ ਕਰਸਨ
ਜੀਂਵਦਿਆਂ ਮੁੜ ਆਵਣ ਦੇਵਣ ਯਾ ਕਿਧਰੇ ਖੜ ਧਰਸਨ

ਆਦਮੀਆਂ ਦੇ ਦੁਸ਼ਮਣ ਦਾਇਮ ਪਰੀਆਂ ਦਿਓ ਮਰੇਲੇ
ਯਾ ਹੁਣ ਜਾਨ ਗਈ ਇਸ ਮੰਜ਼ਿਲ ਯਾ ਜਾਨੀ ਰੱਬ ਮੇਲੇ ।(੫੮੮੦)

ਇਕ ਦੂਜੇ ਨੂੰ ਰੋ ਪਿਟ ਬੈਠੇ ਆਖ ਦਰੁਦ ਦੁਆਈਂ
ਜੀਂਉਂਦੜੇ ਸਾਂ ਆਣ ਮਿਲੇ ਸਾਂ ਫੇਰ ਮੇਲੇ ਉਹ ਸਾਈਂ

ਸਾਇਦ ਨਾਲ਼ੋਂ ਰੁਖ਼ਸਤ ਹੋਇਆ ਜਾਂ ਸਰਦਾਰ ਮਿਸਰ ਦਾ
ਉਹ ਦਿਨ ਦੋਹਾਂ ਦਿਲਾਂ ਦੇ ਸਿਰ ਤੇ ਆਇਆ ਰੋਜ਼ ਹਸ਼ਰ ਦਾ

ਸਾਇਦ ਢਾਹੀਂ ਦੇ ਦੇ ਰੁੰਨਾ ਲਾਹ ਸ਼ਰਮ ਦਾ ਪੱਲਾ
ਹਾਏ ਹਾਏ ਇਹ ਕੀ ਕੀਤੋ ਸ਼ਾਹਾ ਟੁਰਿਓਂ ਛੋੜ ਇਕੱਲਾ

ਇਸ ਪਰਦੇਸ ਵਤਨ ਵਿਚ ਮੇਰਾ ਤੁਧ ਬਿਨ ਕੀ ਕੰਮ ਆਹਾ
ਔਖੀ ਘਾਟੀ ਮੰਜ਼ਿਲ ਅੰਦਰ ਪਿਉਂ ਇਕੱਲਾ ਸ਼ਾਹਾ

ਮੈਂ ਹਾਂ ਤੇਰੀ ਖ਼ਿਦਮਤ ਵਾਲਾ ਨਾਲ਼ ਨਹੀਂ ਕਿਉਂ ਖੜਦਾ
ਅੱਗ ਫ਼ਿਰਾਕ ਤੇਰੀ ਦੇ ਅੰਦਰ ਕਿਚਰਕ ਜਾਲਾਂ ਸੜਦਾ

ਜੰਮੇ ਪੱਲੇ ਇਕੱਠੇ ਆਹੇ ਮਿਸਰੋਂ ਟੁਰੇ ਇਕੱਠੇ
ਕਿਵੇਂ ਮੌਤ ਇਕੱਠੀਆਂ ਹੁੰਦੀ ਛੋੜ ਤੁਸੀ ਕਿਉਂ ਨੱਠੇ

ਮੈਂ ਹੁਣ ਮਜਲਿਸ ਕਿਸ ਦੀ ਬਹਿਸਾਂ ਸੰਗ ਕਿਸਦੇ ਮੱਧ ਪੀਸਾਂ
ਤੁਧ ਬਿਨ ਸੈਫ਼-ਮਲੂਕ ਪਿਆਰੇ ਕਿਸ ਨੂੰ ਤੱਕ ਤੱਕ ਜੀਸਾਂ

ਕੌਣ ਮੇਰੀ ਦਿਲਦਾਰੀ ਕਰਸੀ ਕੌਣ ਲਏਗਾ ਖ਼ਬਰਾਂ
ਕਿਸ ਨੂੰ ਦੁੱਖੜੇ ਫੋਲ ਸੁਣਾਸਾਂ ਪੜ੍ਹ ਪੜ੍ਹ ਜ਼ੇਰਾਂ ਜ਼ਬਰਾਂ

ਕਿਸ ਦੀ ਉਂਗਲ ਫੜ ਕੇ ਟੁਰਸਾਂ ਕੌਣ ਸੁਣਾਸੀ ਬਾਤਾਂ
ਰੋਜ਼ ਕਿਆਮਤ ਨਾਲ਼ੋਂ ਮੈਨੂੰ ਆਇਆਂ ਲੰਮੀਆਂ ਰਾਤਾਂ

ਕਿਸ ਅੱਗੇ ਅਹਿਵਾਲ ਕਹਾਂਗਾ ਕੌਣ ਕਰੇ ਗ਼ਮਖ਼ਾਰੀ
ਕੌਣ ਕਰੇਸੀ ਸਰਫ਼ੇ ਮੇਰੇ ਸ਼ਫ਼ਕਤ ਖ਼ਿਦਮਤਗਾਰੀ ।(੫੮੯੦)

ਜੋੜੀ ਸਾਡੀ ਰੱਬ ਤਰੋੜੀ ਦੋਸ਼ ਦਿਆਂ ਸਿਰ ਕਿਸ ਦੇ
ਟੁਰਿਆ ਘੱਤ ਫ਼ਿਰਾਕ ਉਮਰ ਦਾ ਜਿਸ ਬਿਨ ਘੜੀ ਨਾ ਵਿਸਦੇ

ਅੱਖੀਂ ਵਿਚ ਬੰਬੂਲ ਹਿਜਰ ਦੇ ਸੂਈਆਂ ਵਾਂਗਰ ਪੁੜਸਨ
ਚਿੱਤ ਉਦਾਸ ਤੇਰੇ ਵੱਲ ਰਹਿਸੀ ਪਲਕਾਂ ਪਲਕ ਨਾ ਜੁੜਸਨ

ਕੀ ਅਹਿਵਾਲ ਬੰਦੇ ਦਾ ਹੋਸੀ ਬਾਝ ਤੇਰੇ ਦਿਲਦਾਰਾ
ਰੱਖੀਂ ਯਾਦ ਮੁਹੰਮਦ ਬਖਸ਼ਾ ਚਲਿਓਂ ਛੋੜ ਬੇਚਾਰਾ

ਸੰਗ ਬਿਨਾਂ ਦਿਲ ਤੰਗ ਹੋਵੇਗਾ ਵਾਂਗ ਕੁਲੰਗ ਇਕੱਲੇ
ਸੈਫ਼-ਮਲੂਕ ਨਾ ਕੂਕ ਸੁਣੇਗਾ ਫਾਥੀ ਜਾਨ ਕਵੱਲੇ

ਕਿਸ ਪੈਗ਼ਾਮ ਅਸਾਡੇ ਖੜਨੇ ਕੌਣ ਲਿਆਸੀ ਤੇਰੇ
ਸੈਫ਼-ਮਲੂਕ ਪਿਆਰਾ ਟੁਰਿਆ ਭਾਗ ਡੁੱਬੇ ਅੱਜ ਮੇਰੇ

ਸਾਇਦ ਦੇ ਸੁਣ ਹਾੜੇ ਤਰਲੇ ਸ਼ਹਿਜ਼ਾਦੇ ਦਿਲ ਸੜਿਆ
ਦੋਹਾਂ ਦਿਲਾਂ ਥੀਂ ਮੁਸ਼ਕਿਲ ਢੁੱਕੀ ਜੀਉ ਗ਼ਜ਼ਬ ਨੂੰ ਫੜਿਆ

ਟੁਰਨਾ ਖ਼ਾਹ ਮਖ਼ਾਹ ਸਫ਼ਰ ਨੂੰ ਹਰਗਿਜ਼ ਰਹਿਣ ਨਾ ਹੋਂਦਾ
ਲੂੰ ਲੂੰ ਲੰਬ ਗ਼ਮਾਂ ਦੀ ਲੱਗੀ ਵੇਖ ਪਿਆਰਾ ਰੋਂਦਾ

ਸਾਇਦ ਨੂੰ ਫ਼ੁਰਮਾਂਦਾ ਭਾਈ ਜਲਿਆਂ ਨੂੰ ਕਿਉਂ ਜਾਲੇਂ
ਛੁਰੀਏਂ ਛਿਲੇਂ ਘਾ ਅੰਦਰ ਦੇ ਲੂਣ ਫੱਟਾਂ ਪਰ ਡਾਲੇਂ

ਇਕ ਮੈਨੂੰ ਭਾ ਪਿਆ ਵਿਛੋੜਾ ਦੂਜਾ ਸਫ਼ਰ ਅਵੱਲਾ
ਤਰੀਜਾ ਰੋ ਰੋ ਤੁਸੀਂ ਸਤਾਓ ਕਰਨ ਲੱਗੇ ਕਿਉਂ ਝੱਲਾ

ਮੁਸ਼ਕਿਲ ਸਖ਼ਤ ਮੇਰੇ ਸਿਰ ਆਈ ਸਫ਼ਰ ਪਿਆ ਜਿਸ ਭਾਰਾ
ਨਾ ਹਮਰਾਹ ਨਾ ਮਹਿਰਮ ਅੱਗੇ ਟੁਰਿਆ ਇੱਕ ਇਕਾਰਾ ।(੫੯੦੦)

ਹਰ ਕੋਈ ਜਾਨ ਮੇਰੀ ਦਾ ਵੈਰੀ ਕੋਈ ਨਾ ਚਾਹੁਣ ਹਾਰਾ
ਦੋਖੀ ਲੱਖ ਮੁਹੰਮਦ ਬਖਸ਼ਾ ਸਾਜਨ ਇਕ ਪਿਆਰਾ

ਇਕ ਸਜਨੌਤ ਉਸੇ ਦੀ ਉੱਤੇ ਟੁਰਿਓਸੁ ਰੱਖ ਦਲੇਰੀ
ਨਹੀਂ ਤਾਂ ਉਸ ਮਕਾਨ ਪੁੱਜਣ ਦੀ ਕੀ ਹੈ ਕੁਦਰਤ ਮੇਰੀ

ਮਲਿਕਾ ਬਦਰਾ ਰੋ ਰੋ ਦੇਵਣ ਰੌਣਕ ਚਲੀ ਅਸਾਡੀ
ਸ਼ਹਿਜ਼ਾਦੇ ਬਿਨ ਸੁੰਜੀ ਦਿਸਸੀ ਕੂਚਾ ਗਲੀ ਅਸਾਡੀ

ਕੌਣ ਰਹਿਣ ਅਸਾਡੀ ਹੋਸੀ ਕਿਸ ਸੰਗ ਜਿਉ ਬਹਿਲਾਸਾਂ
ਕਿਸ ਆਸੇ ਤੇ ਬਾਗ਼ੇ ਅੰਦਰ ਖ਼ੁਸ਼ੀ ਖ਼ੁਸ਼ਾਈਂ ਜਾਸਾਂ

ਖ਼ਾਰੋ ਖ਼ਾਰ ਤੁਸਾਂ ਬਿਨ ਹੋਈ ਅੱਜ ਗੁਲਜ਼ਾਰ ਅਸਾਡੀ
ਦਿਲ ਵਿਚ ਲੱਖ ਅਫ਼ਸੋਸ ਹਜ਼ਾਰਾਂ ਚਲੀ ਬਹਾਰ ਅਸਾਡੀ

ਨਾਲ਼ ਤੁਸਾਡੇ ਦਿਹੇਂ ਈਦਾਂ ਰਾਤੀਂ ਸਨ ਸ਼ਬਕਦਰਾਂ
ਲਾ ਅਫ਼ਸੋਸ ਚਲੇ ਲੱਦ ਸੋਹਣੇ ਮੂਲ ਨਾ ਲੱਥੀਆਂ ਸੱਧਰਾਂ

ਸ਼ਾਹ-ਪਰੀ ਸ਼ਹਿਜ਼ਾਦਾ ਚਲੇ ਸਾਨੂੰ ਛੋੜ ਇਕੱਲਿਆਂ
ਹਾਏ ਹਾਏ ਐਸ਼ ਖ਼ੁਸ਼ੀ ਦੀਆਂ ਜਾਈਂ ਆਣ ਗ਼ਮਾਂ ਹੁਣ ਮੱਲੀਆਂ

ਮਲਿਕਾ ਬਦਰਾ ਮਾਉ ਉਨ੍ਹਾਂ ਦੀ ਨਾਲ਼ੇ ਸ਼ਾਹ ਨਗਰ ਦਾ
ਰੱਖ ਰੁਮਾਲ ਅੱਖੀਂ ਪਰ ਰੋਵਣ ਭਾਂਡਾ ਭੰਨ ਸਬਰ ਦਾ

ਜਾਂ ਤੂੰ ਆਇਓਂ ਸੈਫ਼-ਮਲੂਕਾ ਖ਼ੁਸ਼ੀ ਕੀਤੋਈ ਆ ਕੇ
ਅੱਜ ਅਸਾਂ ਥੀਂ ਕੋਈ ਨਾ ਪੁੱਛਦਾ ਟੁਰਿਉਂ ਵਰਮ ਲਗਾ ਕੇ

ਸਰਾਂਦੀਪ ਹੋਇਆ ਤੁਧ ਆਇਆਂ ਸਾਰਾ ਗਹਿਮਾਂ ਗਹਿਮਾਂ
ਤੇਰੇ ਬਾਝ ਉਜਾੜ ਦਿਸੇਗਾ ਸਟ ਚਲਿਓਂ ਬੇਰਹਿਮਾ ।(੫੯੧੦)

ਆਸਿਮ ਸ਼ਾਹ ਮਿਸਰ ਦੇ ਤਾਈਂ ਆਇਓਂ ਤਖ਼ਤ ਛੁਡਾ ਕੇ
ਸਾਨੂੰ ਭੀ ਹੁਣ ਉਹੋ ਜੇਹਾ ਟੁਰਿਓਂ ਦਾਗ਼ ਲੱਗਾ ਕੇ

ਉਹਲੇ ਬੈਠ ਬਦੀਅ-ਜਮਾਲੇ ਰੋ ਰੋ ਨੈਣ ਸੁਜਾਏ
ਕਾਂਗ ਲਹੂ ਦੀ ਅੰਦਰ ਡੁੱਬੇ ਉਹ ਮਾਸੂਮ ਸੱਜਾਏ

ਟੁਰਿਆ ਸ਼ਾਹ ਸੱਜਣ ਦੇ ਆਖੇ ਸੰਗ ਵਿਸਾਰ ਤਮਾਮੀ
ਖ਼ਾਸ ਸੱਜਣ ਦੇ ਖ਼ਾਨੇ ਅੰਦਰ ਨਾਲ਼ ਨਾ ਜਾਂਦੇ ਆਮੀ

ਸੰਗ ਵਸੀਲੇ ਰਹਿਣ ਉਰੇਰੇ ਜਾਂ ਨਜ਼ਦੀਕ ਬੁਲਾਂਦਾ
ਸਾਇਦ ਜੈਸਾ ਮਹਿਰਮ ਜਾਨੀ ਸੋ ਭੀ ਨਾਲ਼ ਨਾ ਜਾਂਦਾ

ਸੈਫ਼-ਮਲੂਕ ਬਦੀਅ-ਜਮਾਲੇ ਬਾਰ ਦੂਈ ਗਲ ਲਾਇਆ
ਲਏ ਪਿਆਰ ਮੂੰਹੋਂ ਇਕ ਦੂਜੇ ਅਲਵਿਦਾ ਬੁਲਾਇਆ

ਸ਼ਾਹ-ਪਰੀ ਨੇ ਸਿਰ ਆਪਣੇ ਦੇ ਵਾਲ਼ ਪੁੱਟੇ ਕੁੱਝ ਕਾਲੇ
ਨਾਲ਼ੇ ਜੇਬੋਂ ਮਣਕੇ ਕੱਢੇ ਦੋਹਾਂ ਰੰਗਾਂ ਵਾਲੇ

ਉਨ੍ਹਾਂ ਵਾਲਾਂ ਵਿਚ ਪਰੋਤੇ ਪੌਂਹਚੀ ਵਾਂਗਰ ਕਰ ਕੇ
ਸ਼ਹਿਜ਼ਾਦੇ ਦੇ ਡੌਲੇ ਬੱਧੇ ਆਪਣੀ ਹੱਥੀਂ ਧਰ ਕੇ

ਜਿੰਨ ਅਫ਼ਰੇਤ ਤੇ ਗ਼ੌਲ ਕਿਸੇ ਦੇ ਸ਼ੱਰ ਮਕਰ ਨੂੰ ਟਾਲੇ
ਐ ਸ਼ਾਹਾ ਇਹ ਪੌਹਚੀ ਮੇਰੀ ਰੱਖੀਂ ਨਾਲ਼ ਸੰਭਾਲੇ

ਫਿਰ ਇਕ ਕਿਸਮ ਦੇਵਾਂ ਦੀ ਵਿਚੋਂ ਸੱਦ ਅਫ਼ਰੇਤ ਵਡੇਰਾ
ਦੇਇ ਇਨਾਮ ਉਸ ਨੂੰ ਫ਼ੁਰਮਾਇਆ ਕੰਮ ਕਰੀਂ ਇਕ ਮੇਰਾ

ਬਹੁਤੀ ਦੌਲਤ ਦੁਨੀਆਂ ਦਿੱਤੀ ਖ਼ਿਲਅਤ ਤੇ ਵਡਿਆਈ
ਨਾਲ਼ੇ ਅੱਗੋਂ ਹੋਰ ਦੇਵਣ ਦੀ ਆਸ ਉਹਦੇ ਦਿਲ ਲਾਈ ।(੫੯੨੦)

ਅਫ਼ਰੇਤੇ ਹੱਥ ਬੱਧੇ ਕਰਦਾ ਬੰਦਗੀਆਂ ਤਾਜ਼ੀਮਾਂ
ਅਰਜ਼ ਕਰੇ ਫ਼ੁਰਮਾਓ ਖ਼ਿਦਮਤ ਕਰਸਾਂ ਸਿਰ ਮੁਹੀਮਾਂ

ਜੇ ਕਰ ਹੁਕਮ ਖ਼ੁਦਾ ਦਾ ਹੋਇਆ ਨਬੀਆਂ ਮਦਦ ਪੁਚਾਈ
ਮਸ਼ਰਿਕ ਮਗ਼ਰਿਬ ਤੋੜੀ ਪੁਜਸਾਂ ਆਖੋ ਜਿਹੜੀ ਜਾਈ

ਸ਼ਾਹ-ਪਰੀ ਨੇ ਕਿਹਾ ਉਸ ਨੂੰ ਸੁਣ ਫ਼ੁਰਮਾਨ ਅਸਾਡਾ
ਬਹੁਤ ਮਿੱਠਾ ਇਹ ਆਦਮ-ਜ਼ਾਦਾ ਹੈ ਮਹਿਮਾਨ ਅਸਾਡਾ

ਹਰ ਹਰ ਵਾਲ਼ ਇਹਦੇ ਵਿਚ ਮੇਰੀ ਹੈ ਜਿੰਦ ਜਾਨ ਪਰੋਈ
ਦਰਸਨ ਇਸ ਦੇ ਜੇਹੀ ਮੇਰੇ ਦਿਲ ਹੋਰ ਮੁਰਾਦ ਨਾ ਕੋਈ

ਖ਼ੈਰ ਖ਼ਵਾਹੀ ਦਾ ਜਨ ਤੇਰੇ ਤੇ ਤੂੰ ਜਾਤੋਂ ਇਤਬਾਰੀ
ਤਾਂ ਇਹ ਕੰਮ ਤੇਰੇ ਪਰ ਸਟਿਆ ਛੋੜ ਲੋਕਾਈ ਸਾਰੀ

ਨਬੀ ਸੁਲੇਮਾਂ ਜੀ ਦੀ ਤੈਨੂੰ ਕਸਮ ਘੱਤਾਂ ਸੌ ਵਾਰੀ
ਦਗ਼ਾ ਫ਼ਰੇਬ ਨਾ ਕਰਨਾ ਕੋਈ ਕਰਨੀ ਖ਼ਿਦਮਤਦਾਰੀ

ਵਾਲੇ ਜਿਤਨਾ ਫ਼ਰਕ ਨਾ ਕਰਨਾ ਮੈਂ ਜੋ ਕੁੱਝ ਫ਼ੁਰਮਾਵਾਂ
ਸ਼ਹਿਜ਼ਾਦੇ ਨੂੰ ਪਿਆਰਾ ਜਾਣੀਂ ਸਕਿਆਂ ਵਾਂਗ ਭਰਾਵਾਂ

ਅੱਠੇ ਪਹਿਰ ਹੁਕਮ ਵਿਚ ਰਹਿਣਾ ਵਾਂਗ ਗ਼ੁਲਾਮ ਹਲਾਲੀ
ਆਪੂੰ ਔਖਾ ਹੋ ਕੇ ਰੱਖੀਂ ਇਸ ਦੀ ਜਾਨ ਸੁਖਾਲੀ

ਸੀਮੀਂ-ਸ਼ਾਰਿਸਤਾਨੇ ਅੰਦਰ ਚਾ ਇਸ ਨੂੰ ਲੈ ਜਾਣਾ
ਦਾਦੀ ਮੇਰੀ ਕੋਲ ਸ਼ਿਤਾਬੀ ਅਮਨ ਈਮਾਨ ਪੁਚਾਣਾ

ਜਾਂ ਜਾਂ ਫੇਰ ਮੇਰੇ ਤੱਕ ਪੁੱਜਦਾ ਇਹ ਆਦਮ ਦਾ ਜਾਇਆ
ਖ਼ਿਦਮਤ ਉਸ ਦੀ ਹਾਜ਼ਿਰ ਰਹਿਣਾ ਬਣ ਕੀ ਗੋਲਾ ਦਾਇਆ ।(੫੯੩੦)

ਬੱਧੇ ਲੱਕ ਹੁਕਮ ਵਿਚ ਰਹਿਣਾ ਦਰਦ ਇਸ ਦਾ ਬਹੁੰ ਕਰਨਾ
ਦਿਉ ਪਰੀਆਂ ਦੇ ਸ਼ੱਰਾਂ ਕੋਲੋਂ ਰਾਖੀ ਕਰਨੀ ਡਰਨਾ

ਜਾਂ ਇਹ ਫੇਰ ਮੇਰੇ ਸੰਗ ਮਿਲਿਆ ਸਹੀ ਸਲਾਮਤ ਖ਼ੈਰੀਂ
ਇਸ ਖ਼ਿਦਮਤ ਦਾ ਬਦਲਾ ਤੇਰੇ ਦੂਰ ਕਰੇਸਾਂ ਵੈਰੀ

ਜਿਸ ਪਰੀ ਪਰ ਤੂੰ ਹੈਂ ਆਸ਼ਿਕ ਨਹੀਂ ਤੈਨੂੰ ਹੱਥ ਲਗਦੀ
ਉਹ ਹਵਾਲੇ ਤੇਰੇ ਕਰਸਾਂ ਜਲਦੀ ਵਹਿੰਦੀ ਵਗਦੀ

ਇਹੋ ਸ਼ਰਤ ਅਸਾਡੀ ਤੇਰੀ ਇਹੋ ਅਹਿਦ ਮੁਸੱਲਮ
ਆਣੀਂ ਖੜੀਂ ਸੁਖੱਲਾ ਰੱਖੀਂ ਇਹ ਅਸਾਡਾ ਆਦਮ

ਅਫ਼ਰੇਤੇ ਇਹ ਗੱਲਾਂ ਸੁਣ ਕੇ ਲੱਗੀ ਆਸ ਮੁਰਾਦੋਂ
ਧਰਤੀ ਉੱਤੇ ਵਲ ਵਲ ਪੌਂਦਾ ਖ਼ੁਸ਼ੀਓਂ ਤੇ ਦਿਲਸ਼ਾਦੋਂ

ਸ਼ਾਹ-ਪਰੀ ਵੱਲ ਸੀਸ ਨਿਮਾਵੇ ਆਖੇ ਹੁਕਮ ਕਬੂਲੇ
ਸ਼ਹਿਜ਼ਾਦੇ ਦੀ ਖ਼ਿਦਮਤ ਅੰਦਰ ਫ਼ਰਕ ਨਾ ਕਰਸਾਂ ਮੂਲੇ

ਸਾਹ ਵਿਸਾਹ ਨਾ ਭੰਨਾਂ ਬੀਬੀ ਕੀਤੇ ਕੌਲ ਨਾ ਹਾਰਾਂ
ਇੱਕ ਇਕ ਵਾਲ਼ ਉਹਦੇ ਦੀ ਜਾਈ ਤੋੜੇ ਸਿਰ ਧੜ ਵਾਰਾਂ

ਜਾਂ ਜਾਂ ਸਾਸ ਬਦਨ ਵਿਚ ਹੋਸਣ ਖ਼ਾਸ ਗ਼ੁਲਾਮ ਰਹਾਂਗਾ
ਜੇ ਇਹ ਖਲਾ ਸੁਕਾਏ ਸੁਕਸਾਂ ਹੁਕਮੇ ਨਾਲ਼ ਬਹਾਂਗਾ

ਦੇਵੇ ਕਸਮ ਤਸੱਲੀ ਦੇ ਕੀ ਕੀਤੀ ਦਿਲ ਜਮਾਈ
ਉਸ ਵੇਲੇ ਫਿਰ ਸ਼ਾਹ-ਪਰੀ ਨੇ ਕਾਗ਼ਜ਼ ਕਲਮ ਮੰਗਾਈ

ਆਮਾਂ ਵਿਚੋਂ ਬੈਠ ਕਿਨਾਰੇ ਖ਼ਤ ਦਾਦੀ ਵੱਲ ਕੀਤਾ
ਸੈਫ਼-ਮਲੂਕੇ ਦੇ ਹੱਥ ਦਿੱਤਾ ਦੇਵੀਂ ਜਾ ਚੁਪੀਤਾ ।(੫੯੪੦)

ਆਹੂ ਖ਼ਾਤਿਫ਼ ਨਾਮ ਦੇਵੇ ਦਾ ਨਾਲ਼ ਕੀਤਾ ਹਮਰਾਹੀ
ਅਫ਼ਰੇਤਾਂ ਪਰ ਕਰੇ ਸਵਾਰੀ ਇਸ਼ਕ ਦਲੇਰ ਸਿਪਾਹੀ

ਦੇਵੇ ਸ਼ਾਹ ਕੰਧਾੜੇ ਚਾਇਆ ਕਹਿਓਸ ਮੇਟ ਦੋ ਅੱਖੀਂ
ਸਿਰ ਮੇਰੇ ਦੇ ਵਾਲ਼ ਹੱਥਾਂ ਵਿਚ ਮੁਹਕਮ ਕਰ ਫੜ ਰੱਖੀਂ

ਪੱਕ ਤਵੁੱਕਲ ਰੱਬ ਦੀ ਰੱਖੀਂ ਸੌਰੀਂ ਨਾਮ ਇਲਾਹੀ
ਸ਼ਹਿਜ਼ਾਦੇ ਨੇ ਉਹੋ ਕੀਤੀ ਜੋ ਉਸ ਦੱਸੀ ਆਹੀ

ਉਡ ਪਿਆ ਦਿਓ ਆਹੂ ਖ਼ਾਤਿਫ਼ ਸ਼ਹਿਜ਼ਾਦੇ ਨੂੰ ਚਾਕੇ
ਨਜ਼ਰੋਂ ਉਹਲੇ ਹੋਇਆ ਸ਼ਿਤਾਬੀ ਜ਼ੋਰ ਪਰਾਂ ਦਾ ਲਾਕੇ

ਜਾਂ ਜਾਂ ਪਹੁੰਚ ਨਜ਼ਰ ਦਾ ਆਹਾ ਨੈਣ ਰਹੇ ਸਨ ਲਟਕੇ
ਸ਼ਾਹ-ਪਰੀ ਦੇ ਉਤ ਵੱਲ ਅਟਕੇ ਮੂਲ ਨਾ ਰਹਿੰਦੇ ਹਟਕੇ

ਕੂਕਣ ਕੂੰਜਾਂ ਵਾਂਗ ਖਲੋਤੇ ਪਿੱਛੇ ਸਭ ਪਿਆਰੇ
ਗਰਦਨ ਉੱਚੀ ਕਰ ਕਰ ਵੇਖਣ ਦਰਦ ਵਿਛੋੜੇ ਮਾਰੇ

ਹਾਏ ਹਾਏ ਬਾਜ਼ ਕਜ਼ਾ ਕਦਰ ਦੇ ਉਜਲੀ ਕੂੰਜ ਉਡਾਰੋਂ
ਅਚਨਚੇਤ ਮੁਹੰਮਦ ਬਖਸ਼ਾ ਪਕੜ ਖੜੀ ਵਿਚਕਾਰੋਂ

ਜਦੋਂ ਸ਼ਹਿਜ਼ਾਦਾ ਉਹਲੇ ਹੋਇਆ ਪਰੀ ਗਈ ਮੁੜ ਡੇਰੇ
ਜਿੱਤ ਵੱਲ ਵੇਖੇ ਯਾਰ ਨਾ ਦਿਸੇ ਪਿਆ ਗ਼ੁਬਾਰ ਚੌਫੇਰੇ

ਮਹੱਲ ਚੁਬਾਰੇ ਦੋਜ਼ਖ਼ ਦਿੱਸਣ ਗਹਿਣੇ ਡੰਗਣ ਵਾਲੇ
ਸੱਪ ਅਠੂੰਏਂ ਹਾਰ ਹਮੇਲਾਂ ਕਨ-ਕੁਰਲਾਂ ਜਿਉਂ ਵਾਲੇ

ਬਾਗ਼ ਹੋਏ ਸਭ ਦਾਗ਼ ਬਰਾਬਰ ਚਸ਼ਮ ਚਿਰਾਗ਼ ਨਾ ਦਿਸਦਾ
ਜਿਸ ਬਾਗ਼ੋਂ ਦਿਲਦਾਰ ਸਿੱਧਾਵਣ ਚਿੱਤ ਲੱਗੇ ਫਿਰ ਕਿਸ ਦਾ ।(੫੯੫੦)

ਦਾਰੋਂ ਉਪਰ ਪੈਂਦੇ ਝੂਟੇ ਤੱਕ ਤੱਕ ਥਾਂ ਟਿਕਾਣੇ
ਸੇਜਾਂ ਸੀਖ਼ਾਂ ਹੋਣ ਮੁਹੰਮਦ ਦਰਦਮੰਦਾਂ ਦੇ ਭਾਣੇ

ਬੁਲਬੁਲ ਭੌਰ ਉਦਾਸੀ ਹੋਏ ਫੁਲ ਗਏ ਜਦ ਬਾਗ਼ੋਂ
ਕਦ ਪਤੰਗ ਰਹੇ ਫਿਰ ਜਿਥੋਂ ਬੁਝੀ ਲਾਟ ਚਿਰਾਗੋਂ

ਕੋਈ ਦਿਨ ਮੌਜਾਂ ਵਿਚ ਗੁਜ਼ਾਰੇ ਕਰ ਖ਼ੁਸ਼ੀਆਂ ਜਿਸ ਜਾਈ
ਉਹ ਜਾਈਂ ਹੁਣ ਦਿਲਬਰ ਬਾਝੋਂ ਖਾਵਣ ਆਵਣ ਭਾਈ

ਜਿਹਨਾਂ ਘਰਾਂ ਵਿਚ ਐਸ਼ ਕੀਤੇ ਸਨ ਰਲ਼ ਕੇ ਨਾਲ਼ ਪਿਆਰੇ
ਉਹ ਘਰ ਖ਼ਾਲੀ ਕਿਉਂ ਕਰ ਭਾਵਨ ਖਾਵਣ ਤਰਫ਼ਾਂ ਚਾਰੇ

ਜਿਥੋਂ ਕੂਚ ਕਰੇਂਦੇ ਸੋਹਣੇ ਲੁਗੀਆਂ ਛੋੜ ਸਰਾਈਂ
ਆਸ਼ਿਕ ਤਾਈਂ ਨਜ਼ਰੀਂ ਆਵਣ ਭਰੀਆਂ ਨਾਲ਼ ਬਲਾਈਂ

ਸ਼ਾਹ-ਪਰੀ ਸ਼ਾਹ ਪਿਆ ਵਿਛੋੜਾ ਜ਼ੇਰ ਕੀਤੀ ਰਲ਼ ਦੁੱਖਾਂ
ਆਪਣੇ ਆਪ ਪਿਆਰੇ ਤਾਈਂ ਸੌਂਪ ਦਿੱਤੇ ਪੰਧ ਮੁਖਾਂ

ਜਿਹਨੀਂ ਜਾਈਂ ਦਿਸਦਾ ਆਹਾ ਫਿਰਦਾ ਸੈਰ ਕਰੇਂਦਾ
ਜਾਂ ਉਹ ਜਾਈਂ ਸੁੰਜੀਆਂ ਦਿੱਸਣ ਗ਼ਮ ਉਬਾਲ਼ ਮਰੇਂਦਾ

ਤਖ਼ਤ ਤੱਕੇ ਗ਼ਮ ਸਖ਼ਤ ਮਰੇਂਦਾ ਉਲਟੀ ਰਖ਼ਤ ਸਬਰ ਦੀ
ਡੇਰਾ ਵੇਖ ਹਨੇਰਾ ਅੱਖੀਂ ਤਾਬ ਨਾ ਰਹਿਸੁ ਨਜ਼ਰ ਦੀ

ਜਿਤ ਵੱਲ ਵੇਖੇ ਨਜ਼ਰ ਨਾ ਆਵੇ ਮਹਿਰਮ ਯਾਰ ਯਗ਼ਾਨਾ
ਸਰਾਂਦੀਪ ਪਰੀ ਦੇ ਭਾਣੇ ਹੋਇਆ ਬੰਦੀ ਖ਼ਾਨਾ

ਸੰਗ ਸੱਈਆਂ ਦੀ ਗੱਲ ਨਾ ਭਾਵੇ ਤੰਗ ਪਈ ਘਬਰਾਏ
ਖ਼ਫ਼ਾ ਹੋਵੇ ਜਿਸ ਵੇਲੇ ਕੋਈ ਲੋੜੇ ਗੱਲ ਕਰਾਏ ।(੫੯੬੦)

ਚਿੱਤ ਧਿਆਨ ਆਰਾਮ ਖ਼ੁਸ਼ੀ ਨੂੰ ਘੱਲਿਆ ਮਗਰ ਸੱਜਣ ਦੇ
ਲੈ ਕੇ ਦਾਗ਼ ਮੁਹੰਮਦ ਬਖਸ਼ਾ ਆਈ ਵਿਚ ਵਤਨ ਦੇ

ਬਾਗ਼-ਇਰਮ ਵਿਚ ਆ ਕੇ ਲੱਥੀ ਬਹਿ ਕੇ ਸੇਜ ਸੁਹਾਈ
ਬਾਹਰੋਂ ਮਿਲ ਮਿਲ ਗੱਲਾਂ ਕਰਦੀ ਅੰਦਰ ਦੇ ਦੁਹਾਈ

ਅੱਖੀਂ ਮੱਟ ਸ਼ਰਾਬਾਂ ਵਾਲੇ ਜਿਗਰਾ ਮਿਸਲ ਕਬਾਬਾਂ
ਦਿਲ ਆਜ਼ਿਜ਼ ਪਰਦੇਸੀ ਪਿੱਛੇ ਬੈਠੀ ਵਾਂਗ ਨਵਾਬਾਂ

ਮਾਈ ਵੇਖ ਲੱਗੀ ਫ਼ੁਰਮਾਵਣ ਹਾਏ ਲੋਕਾ ਮੈਂ ਪੱਟੀ
ਰੰਗ ਪਤੰਗ ਹੋਇਆ ਦੱਸ ਧੀਏ ਕੀ ਕਰ ਆਈਏਂ ਖੱਟੀ

ਲਾਟ ਹੁਸਨ ਦੀ ਮਾਤ ਹੋਈ ਹੈ ਚਾਟ ਲੱਗੀ ਕੀ ਤੈਨੂੰ
ਡੁਲ੍ਹ ਡੁਲ੍ਹ ਨੈਣ ਕਰਨ ਦਿਲ ਡੁੱਬੇ ਦਿਲ ਦੀ ਕਹੋ ਖਾਂ ਮੈਨੂੰ

ਫੁੱਲ ਗੁਲਾਬ ਘੱਲੀ ਸੈਂ ਏਥੋਂ ਆਈਏ ਕੇਸਰ ਹੋ ਕੇ
ਰੇਸ਼ਮ ਬਦਨ ਕੀਤਾ ਜਿਉਂ ਪੂਣੀ ਕਿਸ ਧੋਬੀ ਨੇ ਧੋ ਕੇ

ਖੁੱਲੇ ਵਾਲ਼ ਸੰਭਾਲ਼ ਨਾ ਰੱਖੇਂ ਚਾਲ ਤੇਰੀ ਕੋਈ ਵੱਟੀ
ਚੜ੍ਹਿਆ ਚਰਖ਼ ਦਿਮਾਗ਼ ਦਿੱਸੀਵੇ ਹੋਈ ਤਬੀਅਤ ਖੱਟੀ

ਨਾ ਹੱਥ ਤੇਰੇ ਮਹਿੰਦੀ ਰੰਗੇ ਨਾ ਸੁਰਮਾ ਵਿਚ ਨੈਣਾਂ
ਸੱਜਰਾ ਸੀਸ ਨਹੀਂ ਗੁੰਦ ਘੱਲਿਆ ਮਲਿਕਾ ਬਦਰਾ ਭੈਣਾਂ

ਮਾਈ ਨਾ ਕਰ ਖਹਿੜਾ ਮੇਰਾ ਕਿਹਾ ਬਦੀਅ-ਜਮਾਲੇ
ਮੈਂ ਤਾਂ ਆਪ ਪਈਆਂ ਸਿਰ ਭਾਰੇ ਯਾਦ ਰਹੇ ਕਿਸ ਚਾਲੇ

ਮਹਿੰਦੀ ਲਾਵਣ ਸੁਰਮਾ ਪਾਵਣ ਸੱਜਰੇ ਸੀਸ ਗੁੰਦਾਵਣ
ਸੁਖਾਂ ਅੰਦਰ ਹੁੰਦੇ ਮਾਏ ਦੁੱਖਾਂ ਵਿਚ ਨਾ ਭਾਵਣ ।(੫੯੭੦)

ਹਾਲ ਮੇਰਾ ਅੱਜ ਪੁੱਛ ਨਾ ਮਾਏ ਹੋਣ ਦਿਓ ਗੱਲ ਬੇਹੀ
ਪਾਜ ਅਸਾਡੇ ਕੱਜੇਂ ਨਾਹੀਂ ਤਾਂ ਤੂੰ ਮਾਂ ਕਿਵੇਹੀ

ਜੋ ਹੋਣਾ ਸੋ ਹੋਇਆ ਮਾਏ ਜੋ ਹੋਸੀ ਸੋ ਦਿਸਸੀ
ਤੂੰਹੇਂ ਦਰਦ ਮੇਰੇ ਦੀ ਜ਼ਾਮਿਨ ਤੁਧ ਬਿਨ ਸਰਫ਼ਾ ਕਿਸ ਸੀ

ਬੇਟੀ ਦੀ ਸੁਣ ਗੱਲ ਨਿਮਾਣੀ ਚੁੱਪ ਰਹੀ ਕਰ ਮਾਈ
ਜਾਇ ਘਰਾਂ ਵਿਚ ਦਾਖ਼ਲ ਹੋਈਆਂ ਭੇਦ ਨਾ ਲੱਭਾ ਕਾਈ

ਚਿੱਤ ਉਦਾਸ ਪਰੀ ਦਾ ਰਹਿੰਦਾ ਨੈਣ ਹੈਰਾਨ ਡੋਲਾਣੇ
ਅੱਠੇ ਪਹਿਰ ਧਿਆਨ ਸੱਜਣ ਵੱਲ ਹੋਸੀ ਕਿਸ ਟਿਕਾਣੇ

ਸੰਗ ਸੱਈਆਂ ਦੇ ਹੱਸਣ ਖੇਡਣ ਚੈਨ ਗਏ ਭੁੱਲ ਸਾਰੇ
ਘੜੀਆਂ ਗਿਣਦੀ ਦਾ ਦਿਨ ਗੁਜ਼ਰੇ ਰਾਤ ਗਿਣੇਂਦਿਆਂ ਤਾਰੇ

ਖਾਵਣ ਥੀਂ ਹੱਥ ਚਾਵਨ ਲੱਗੀ ਛੁੱਟ ਗਿਆ ਸੁਖ ਸੌਣਾ
ਸੋਨਾ ਚਾਂਦੀ ਚਾਹੁੰਦੀ ਨਾਹੀਂ ਚਾਹੁੰਦੀ ਛੁਪ ਕੇ ਰੋਣਾ

ਨੀਲੀ ਪੀਲੀ ਤੀਲੀ ਹੋਈ ਦਿਨ ਦਿਨ ਸੁਕਦੀ ਜਾਂਦੀ
ਪਾਇਆ ਇਸ਼ਕ ਪਛਾਵਾਂ ਡਾਢਾ ਰਹਿਣ ਲੱਗੀ ਨਿੱਤ ਮਾਂਦੀ

ਚੁੱਪ ਚੁਪਾਤੀ ਵਾਂਗਰ ਬਾਤੀ ਰਾਤੀਂ ਸੜਦੀ ਰਹਿੰਦੀ
ਦਿਹੇਂ ਘੱਤ ਭੁਲਾਵਾ ਕੂੜਾ ਵਿਚ ਸੱਈਆਂ ਰਲ਼ ਬਹਿੰਦੀ

ਨੀਂਦ ਹਰਾਮ ਅੱਖੀਂ ਨੂੰ ਹੋਈ ਚਿੱਤ ਆਰਾਮ ਨਾ ਉੱਕਾ
ਵਿਚੋਂ ਵਿਚ ਸੜਨ ਹੱਡ ਭਜਣ ਜਿਉਂ ਕਰ ਬਾਲਣ ਸੁੱਕਾ

ਧੁਖਣ ਧੂੰ ਨਾ ਦਿੱਸਣ ਬਾਂਦੇ ਅੰਦਰ ਭਾਂਬੜ ਸੁਲਕੇ
ਖ਼ੁਸ਼ੀਆਂ ਸੁੱਖ ਸੁਆਦ ਵਿਛੋੜੇ ਸਾੜੇ ਪਹਿਲੇ ਝੁਲਕੇ ।(੫੯੮੦)

ਜ਼ੇਵਰ ਗਹਿਣਾ ਕੁਝ ਨਾ ਭਾਵੇ ਰਹਿੰਦੀ ਸਾਦ ਮੁਰਾਦੀ
ਬੈਠ ਇਕੱਲੀ ਫ਼ਾਲਾਂ ਪਾਵੇ ਦਿਨ ਦਿਨ ਛਿਕ ਜ਼ਿਆਦੀ

ਜਾਂ ਦਿਲ ਗ਼ਮ ਦੇ ਗ਼ੋਤੇ ਜਾਵੇ ਇਸ਼ਕ ਉਛੱਲੇ ਮਾਰੇ
ਕਿਸੇ ਬਹਾਨੇ ਰੁਖ਼ਸਤ ਲੈ ਕੇ ਢਹਿੰਦੀ ਜਾ ਕਿਨਾਰੇ

ਐਵੇਂ ਘੱਤ ਮੂੰਹੇਂ ਪਰ ਪੱਲਾ ਸੇਜ ਉੱਤੇ ਚੜ੍ਹ ਸੌਂਦੀ
ਸੁੱਤੀ ਵੇਖ ਵੰਞਣ ਸਭ ਸੱਈਆਂ ਤਾਂ ਰਤੂ ਭਰ ਰੋਂਦੀ

ਨਾ ਉਹ ਰੰਗ ਨਾ ਰੂਪ ਰਿਹਾ ਸੀ ਨਾ ਉਹ ਸੂਹਾ ਬਾਣਾ
ਝੁੱਲੀ ਖ਼ਿਜ਼ਾਂ ਵਿਛੋੜੇ ਵਾਲੀ ਬਾਗ਼ ਹੁਸਨ ਕੁਮਲਾਣਾ

ਵਾਲੀਂ ਤੇਲ ਫੁਲੇਲ ਨਾ ਲਾਇਆ ਵਟਣਾ ਅੰਗ ਨਾ ਮਲਿਆ
ਸੁਕੀ ਰੱਤ ਮੁਹੰਮਦ ਬਖਸ਼ਾ ਜ਼ੋਰ ਵਜੂਦੋਂ ਚਲਿਆ

ਧਰੇ ਬਹਾਨਾ ਮਾਂਦਗੀਆਂ ਦਾ ਅੰਦਰ ਮਰਜ਼ ਪਿਰਮ ਦੀ
ਲੇਕਿਨ ਭੇਤ ਛੁਪਾਈ ਰੱਖਦੀ ਗੱਲ ਨਾ ਦੱਸੇ ਗ਼ਮ ਦੀ

ਤੋੜੇ ਹੈ ਗ਼ਮਨਾਕ ਪਰੀ ਭੀ ਨਾਲ਼ ਦੁੱਖਾਂ ਦੇ ਮਾਂਦੀ
ਮਾਂਦੀ ਨੂੰ ਛੱਡ ਜਾਣ ਨਾ ਚੰਗਾ ਬਿਹਤਰ ਰਹਿਣ ਸਿਰ੍ਹਾਂਦੀ

ਨਾਲ਼ੇ ਸੈਫ਼-ਮਲੂਕ ਬੇਚਾਰਾ ਉਧਰ ਗਿਆ ਇਕੱਲਾ
ਖ਼ਬਰ ਜ਼ਰੂਰ ਉਹਦੀ ਭੀ ਲੈਣੀ ਬੈਠਣ ਕਦੋਂ ਸੁਖੱਲਾ

ਉਠ ਸ਼ਿਤਾਬ ਮੁਹੰਮਦ ਬਖਸ਼ਾ ਸ਼ਹਿਜ਼ਾਦੇ ਵੱਲ ਚੱਲੀਏ
ਤੋੜੋਂ ਨਾਲ਼ੋ ਨਾਲ਼ ਲਿਆਏ ਹੁਣ ਕਿਉਂ ਪਿੱਛਾ ਮੱਲੀਏ

ਔਖੀ ਮੰਜ਼ਿਲ ਇਹੋ ਭਾਰੀ ਨਹੀਂ ਭਲਾ ਹਟ ਰਹਿਣਾ
ਹੋਸੀ ਗਰਮ ਉਡੀਕ ਸ਼ਹਿਜ਼ਾਦੇ ਲਾਜ਼ਿਮ ਕੁੱਝ ਨਾ ਬਹਿਣਾ ।(੫੯੯੦)

ਨਾਲ਼ੇ ਏਸੇ ਦਾਰੂ ਕਨੋਂ ਮਰਜ਼ ਪਰੀ ਦੀ ਜਾਂਦੀ
ਫੇਰ ਲਿਆ ਸ਼ਹਿਜ਼ਾਦੇ ਤਾਈਂ ਵੱਲ ਹੋਵੇ ਇਹ ਮਾਂਦੀ

ਸੈਫ਼-ਮਲੂਕ ਵਿਛੁੰਨਾ ਸੰਗੋਂ ਚਾ ਲਿਆ ਅਫ਼ਰੇਤੇ
ਦੇਵੇ ਕਾਰ ਬੇਗਾਰ ਨਾ ਜਾਤੀ ਟੁਰਿਆ ਨਾਲ਼ ਪਰੀਤੇ

ਹੋਇਆ ਬਹੁਤ ਜ਼ਮੀਨੋਂ ਉੱਚਾ ਪਹੁਤਾ ਕੋਲ ਅਸਮਾਨਾਂ
ਸ਼ਹਿਜ਼ਾਦੇ ਨੂੰ ਦਿਸਣੋ ਰਿਹਾ ਇਹ ਸੰਸਾਰ ਜ਼ਮਾਨਾ

ਗਰਮੀ ਸੂਰਜ ਦੀ ਸਿਰ ਸਾੜੇ ਜਿਉਂ ਨੇਜ਼ੇ ਪਰ ਹੋਂਦਾ
ਆਹੂ-ਖ਼ਾਤਿਫ਼ ਦੇ ਪਰ ਸੜਦੇ ਜੇ ਇਕ ਪਲਕ ਖਲੋਂਦਾ

ਉੱਪਰ ਗਰਮੀ ਸੂਰਜ ਵਾਲੀ ਹੇਠ ਪਹਾੜ ਅੱਗੀ ਦਾ
ਦੋਏੇ ਝਲਦੇ ਜਾਣ ਮੁਹੰਮਦ ਸਦਕਾ ਚਟਕ ਲੱਗੀ ਦਾ

ਆਹੂ-ਖ਼ਾਤਿਫ਼ ਉਸ ਦਿਹਾੜੇ ਜ਼ੋਰ ਤਮਾਮੀ ਲਾਇਆ
ਯਾਰ ਮਿਲਣ ਦੀ ਆਸੇ ਉੱਤੇ ਕੀਤਾ ਕਸਦ ਸਵਾਇਆ

ਆਤਸ਼ੀਂ ਪਹਾੜੋਂ ਉੱਚਾ ਦੂਰ ਗਿਆ ਸੀ ਬਹੁਤਾ
ਨਾਜ਼ੁਕ ਬਦਨ ਸ਼ਹਿਜ਼ਾਦਾ ਮਰਸੀ ਸੇਕ ਜ਼ਰਾ ਜੇ ਪਹੁਤਾ

ਨਾ ਕੋਹ ਕਾਫ਼ ਸਮੁੰਦਰ ਦਿਸਦੇ ਨਾ ਕੋਈ ਧਰਤ ਨਿਸ਼ਾਨੀ
ਕੰਨ ਆਵਾਜ਼ ਪਏ ਜਿਉਂ ਪੜ੍ਹਦੀ ਖ਼ਲਕ ਅੱਲ੍ਹਾ ਅਸਮਾਨੀ

ਤਸਬੀਹਾਂ ਤਹਲੀਲਾਂ ਸੁਣਦੇ ਜੋ ਕੁੱਝ ਕਹਿਣ ਫ਼ਰਿਸ਼ਤੇ
ਕਿਥੋਂ ਚਾ ਪੁਚਾਵੇ ਕਿੱਥੇ ਇਸ਼ਕੇ ਅਜਬ ਸਰਿਸ਼ਤੇ

ਮਲਕਾਂ ਕੋਲ ਪੁਚਾਇਆ ਖੜ ਕੇ ਖ਼ਾਕੀ ਆਦਮ ਜ਼ਾਦਾ
ਆਸ਼ਿਕ ਅਜੇ ਨਾ ਸਰਚੇ ਲੋੜੇ ਰੁਤਬਾ ਹੋਰ ਜ਼ਿਆਦਾ ।(੬੦੦੦)

ਮਲਕ ਇਬਾਦਤ ਖ਼ਾਸੀ ਅੰਦਰ ਦਾਇਮ ਰਹਿਣ ਖਲੋਤੇ
ਪਰ ਇਸ਼ਕੇ ਦੀ ਲਹਿਰੇ ਅੰਦਰ ਮਾਰ ਨਾ ਸਕਦੇ ਗ਼ੋਤੇ

ਭਾਰ ਇਸ਼ਕ ਦਾ ਕਿਸੇ ਨਾ ਚਾਇਆ ਹਰ ਹਰ ਉਜ਼ਰ ਬਹਾਨੇ
ਆਖ ਬੁਲਾਈ ਬਲਾ ਸਹੇੜੀ ਇਨਸਾਨੇ ਨਾਦਾਨੇ

ਸ਼ਾਨ ਇਨਸਾਨ ਜਵਾਨ ਭਲੇ ਦਾ ਮਲਕਾਂ ਨਾਲ਼ੋਂ ਅੱਗੇ
ਖੋਲ ਨਹੀਂ ਇਹ ਗਲ ਮੁਹੰਮਦ ਮੱਤ ਕੋਈ ਝਗੜਾ ਲੱਗੇ

ਜਦੋਂ ਪਿਆਰਾ ਮਿਹਰੀਂ ਆਵੇ ਆਪ ਆਪੇ ਵੱਲ ਛਿੱਕੇ
ਵੈਰੀ ਭੀ ਤਦ ਗੋਲੇ ਬਣਦੇ ਹਰ ਇਕ ਦਾ ਦਿਲ ਵਿੱਕੇ

ਨਫ਼ਸ ਅਫ਼ਰੇਤ ਕੰਧਾੜੇ ਚਾਏ ਬਣ ਬੇਉਜ਼ਰਾ ਘੋੜਾ
ਫ਼ਰਮਾਂ-ਬਰਦਾਰ ਚਲੇ ਹੋ ਦਰਦੀ ਪੰਧ ਨਾ ਕਰਦਾ ਥੋੜਾ

ਆਤਸ਼ੀਂ ਪਹਾੜ ਗੁੱਸੇ ਦਾ ਸ਼ਹਵਤ ਦਰਿਆ ਜੋਸ਼ਾਂ
ਹਿਰਸ ਹਵਾ ਗਲੀਮ ਗੋਸ਼ਾਂ ਥੀਂ ਲੰਘੇ ਕਰ ਕੇ ਹੋਸ਼ਾਂ

ਮਾਰੂ ਗ਼ੌਲ ਸ਼ਹਿਰ ਦੇ ਦਰ ਤੇ ਇਸਤਰੀਆਂ ਤੇ ਮਾਈਆਂ
ਬਾਜ਼ੂਬੰਦ ਏ ਚਾਹ ਸੱਜਣ ਦੀ ਹੋਣ ਨਾ ਦਿੰਦੀ ਅਜ਼ਾਈਆਂ

ਸਮਝਣ ਵਾਲੇ ਸਮਝ ਲੈਣਗੇ ਸਿੱਰ ਗੁੱਝਾ ਵਿਚ ਪੁਤਲੀ
ਫੋਲ ਨਾ ਰਮਜ਼ ਮੁਹੰਮਦ ਬਖਸ਼ਾ ਦਸ ਹਕੀਕਤ ਉਤਲੀ

ਆਤਸੀਨ ਪਹਾੜੋਂ ਲੰਘੇ ਸ਼ਹਿਰ ਗਲੀਮ ਗੋਸ਼ਾਂ ਤੋਂ
ਬਰਕਤ ਨਾਲ਼ ਇਸ਼ਕ ਦੀ ਗੁਜ਼ਰੇ ਭੀ ਦਰਿਆ ਜੋਸ਼ਾਂ ਤੋਂ

ਸੀਮੀਂ-ਸ਼ਾਰਿਸਤਾਨੇ ਅੰਦਰ ਜਾ ਪਹੁਤਾ ਜਿਸ ਵੇਲੇ
ਮਿਹਰ-ਅਫ਼ਰੋਜ਼ ਦੇ ਸ਼ਹਿਰ ਬਗ਼ੀਚੇ ਲੱਥਾ ਦਿਓ ਸਵੇਲੇ ।(੬੦੧੦)

ਸ਼ਹਿਜ਼ਾਦੇ ਨੂੰ ਕਹਿਓਸ ਸ਼ਾਹਾ ਅੱਖੀਂ ਕਖੋਲ ਸ਼ਿਤਾਬੀ
ਲੁਅਬਤ-ਬਾਜ਼ ਜਗ੍ਹਾ ਵਿਚ ਪਹੁਤੇ ਵੇਖ ਜ਼ਮੀਨ ਜੋਸ਼ ਆਬੀ

ਅੱਖੀਂ ਖੋਲ ਡਿੱਠਾ ਸ਼ਹਿਜ਼ਾਦੇ ਸ਼ਹਿਰ ਜ਼ਮੀਨ ਦੀਵਾਰਾਂ
ਚਾਂਦੀ ਖ਼ਾਲਸ ਦਾ ਸਭ ਬਣਿਆ ਬਾਗ਼ ਤਲਾਅ ਕਿਨਾਰਾਂ

ਮਿਰਜਾਨ ਤੇ ਯਾਕੂਤ ਜ਼ਮੁਰਦੀ ਘਰ ਕੋਠੇ ਹੱਟ ਸਾਰੇ
ਚਿਕੜੀ ਚੰਦਨ ਊਦ ਸੰਦਲ ਸਨ ਸੱਭੋ ਰੁੱਖ ਸ਼ਿੰਗਾਰੇ

ਹਰੀਆਂ ਸ਼ਾਖ਼ਾਂ ਰੰਗ ਬਰੰਗੀ ਮੇਵੇ ਮੁਸ਼ਕ ਮੁਅੱਤਰ
ਹਰ ਡਾਲੀ ਤੇ ਪੰਖੀ ਸੋਹਣੇ ਬਹੁਤ ਅਜਾਇਬ ਸ਼ਾਹਪਰ

ਬੋਲਣ ਖ਼ੁਸ਼ ਆਵਾਜ਼ ਤਮਾਮੀ ਇਕ ਥੀਂ ਇਕ ਨਿਆਰਾ
ਵੇਖ ਹੋਇਆ ਹੈਰਾਨ ਸ਼ਹਿਜ਼ਾਦਾ ਵਾਹ ਵਾਹ ਸਿਰਜਨ ਹਾਰਾ

ਠੰਢੀਆਂ ਛਾਵਾਂ ਹੇਠ ਦਰੱਖ਼ਤਾਂ ਪਾਣੀ ਵਗਣ ਤਾਲੋਂ
ਦੁੱਧੋਂ ਚਿੱਟੇ ਸ਼ਹਿਦੋਂ ਮਿੱਠੇ ਦਿੱਸਣ ਸਾਫ਼ ਜ਼ੁਲਾਲੋਂ

ਇਸ ਗਿਰਦੇ ਦੀ ਸਾਰੀ ਜੂਹੇ ਨਹਿਰਾਂ ਬਾਗ਼ ਕਿਨਾਰੇ
ਖ਼ੁਸ਼ਬੂਦਾਰ ਚੰਗੇ ਥੀਂ ਚੰਗੇ ਘਾਹ ਅਜਾਇਬ ਸਾਰੇ

ਕੇਸਰ ਤੇ ਗੁਲਬਰਗ ਬਨਫ਼ਸ਼ਾ ਰੀਹਾਂ ਨਸਰੀਂ ਸੁੰਬਲ
ਇਹ ਸਭ ਘਾਹ ਮੁਹੰਮਦ ਬਖਸ਼ਾ ਹੋਰ ਹਜ਼ਾਰਾਂ ਗੁਲ ਫਲ

ਤੰਬੂ ਵਿਚ ਕੱਮਾਸ਼ ਨਫ਼ੀਸੋਂ ਰੇਸ਼ਮ ਸੁੱਚਾ ਰੱਸੇ
ਚੋਬਾਂ ਕਿਲੇ ਸਭ ਸੁਨਹਿਰੀ ਥਾਂ ਅਜਬ ਸਭ ਦਿੱਸੇ

ਤੰਬੂ ਨਾਲ਼ੇ ਖ਼ੂਬ ਕਨਾਤਾਂ ਥਾਂ ਬਣੇ ਸੁਲਤਾਨੀ
ਐਡ ਤਜਮੁਲ ਵੇਖ ਸ਼ਹਿਜ਼ਾਦੇ ਲੱਗੀ ਬਹੁਤ ਹੈਰਾਨੀ ।(੬੦੨੦)

ਦਿਲ ਵਿਚ ਫ਼ਿਕਰ ਦਲੀਲਾਂ ਕਰਦਾ ਇਹ ਬਹਿਸ਼ਤ ਪਸਾਰਾ
ਮੋਏ ਬਾਝ ਨਾ ਹਾਸਿਲ ਹੁੰਦਾ ਸੁਰਗ ਮਕਾਨ ਨਿਆਰਾ

ਮੱਤ ਦੁਨੀਆਂ ਤੋਂ ਮੋਇਆ ਹੋਵਾਂ ਤਾਂ ਇਸ ਜਾਈ ਆਇਆ
ਖ਼ਬਰ ਨਹੀਂ ਕਿਸ ਸਿੱਰ ਇਲਾਹੀ ਜੰਨਤ ਵਿਚ ਪੁਚਾਇਆ

ਫੇਰ ਦਲੀਲ ਕਰੇ ਅੱਜ ਰਾਤੀਂ ਸਰਾਂਦੀਪ ਅੰਦਰ ਸਾਂ
ਮੈਂ ਤੇ ਪਰੀ ਇਕੱਠੇ ਆਹੇ ਖ਼ਬਰ ਹੋਸੀ ਜਦ ਮਰਸਾਂ

ਹੁਕਮ ਪਰੀ ਦੇ ਨਾਲ਼ ਅਫ਼ਰੇਤੇ ਉਸ ਜਾਈਓਂ ਚਾ ਆਂਦਾ
ਨਾ ਇਹ ਖ਼ਾਬ ਖ਼ਿਆਲ ਨਾ ਮੋਇਓਸੁ ਸੁਰਗ ਨਾ ਨਾਮ ਇਸ ਥਾਂ ਦਾ

ਪਰਤ ਡਿੱਠਾ ਅਫ਼ਰੇਤੇ ਵੱਲੋਂ ਪਰ ਉਸ ਦੇ ਕੁਝ ਭੱਜੇ
ਸੈ ਕੋਹਾਂ ਦੇ ਪੈਂਡੇ ਉੱਤੇ ਆਣ ਲੱਥਾ ਇਹ ਅੱਜੇ

ਕੁੱਝ ਸਾਬਤ ਕੁੱਝ ਫਟਿਆ ਹੋਇਆ ਥੱਕਾ ਤੇ ਕੁਮਲਾਇਆ
ਸ਼ਹਿਜ਼ਾਦੇ ਨੂੰ ਆਖਣ ਲੱਗਾ ਹੇ ਆਦਮ ਦੇ ਜਾਇਆ

ਸ਼ਾਹ-ਪਰੀ ਦੇ ਹੁਕਮੇ ਉੱਤੇ ਕੀਤੀ ਤੇਜ਼ ਉਡਾਰੀ
ਸ਼ਹਿਰ ਕਈ ਕੋਹ ਕਾਫ਼ ਸਮੁੰਦਰ ਲੰਘ ਆਇਓਸੁ ਇਕ ਵਾਰੀ

ਸ਼ਾਹ ਪਰ ਬਹੁਤ ਮੇਰੇ ਸੜ ਤਰੁਟੇ ਖਾ ਸੂਰਜ ਦੀ ਗਰਮੀ
ਬਹੁਤੇ ਜ਼ਖ਼ਮ ਹੋਏ ਵਿਚ ਜੁੱਸੇ ਆ ਗਈ ਹੁਣ ਨਰਮੀ

ਮਤਲਬ ਆਪਣੇ ਪਿੱਛੇ ਝੱਲੀ ਜੋ ਗੁਜ਼ਰੀ ਸੋ ਚੰਗੀ
ਪਰ ਹੁਣ ਮੁੜਕੇ ਪਹੁੰਚਣ ਔਖਾ ਬਹੁਤ ਇਹੋ ਦਿਲ ਤੰਗੀ

ਲੇਕਿਨ ਆ ਅਗੇਰੇ ਚਲੀਏ ਮਿਲੀਏ ਜਿਸ ਵੱਲ ਆਏ
ਮਤਲਬ ਆਪਣੇ ਦੀ ਗੱਲ ਕਰੀਏ ਜੇ ਉਸ ਰੱਬ ਕਰਾਏ ।(੬੦੩੦)

ਜਾਂ ਬਾਗ਼ੇ ਵਿਚ ਗਏ ਅਗੇਰੇ ਬੰਗਲਾ ਨਜ਼ਰੀਂ ਆਇਆ
ਬੰਗਲੇ ਅੰਦਰ ਬੰਗਲਾ ਸੋਹਣਾ ਅੰਤ ਨਾ ਜਾਂਦਾ ਪਾਇਆ

ਲਾਜਵਰਦੋਂ ਤੇ ਯਾਕੂਤੋਂ ਇੱਟ ਵੱਟੇ ਸਭ ਲੱਗੇ
ਰੰਗਾਰੰਗ ਜੜਾਊ ਐਸਾ ਨਜ਼ਰ ਨਾ ਆਇਆ ਅੱਗੇ

ਅੰਦਰ ਉਸ ਦੇ ਵੇਖ ਲਿਉ ਨੇ ਸੁੰਦਰ ਤਖ਼ਤ ਸ਼ਹਾਨਾ
ਆਤਸ਼ੀਨ ਲਾਲੋਂ ਘੜਿਆ ਗੌਹਰ ਸੀ ਯਕ ਦਾਨਾ

ਹੋਰ ਜਵਾਹਰ ਨਾਲ਼ ਲਟਕਦੇ ਸ਼ਬ ਚਿਰਾਗ਼ ਨੂਰਾਨੀ
ਤਖ਼ਤ ਉੱਤੇ ਇਕ ਪਰੀ ਪਰ ਉੱਤਮ ਸ਼ਾਨ ਰੱਖੇ ਸੁਲਤਾਨੀ

ਸੈਫ਼-ਮਲੂਕ ਖਲੋਤਾ ਬਾਹਰ ਦੇਵ ਅੰਦਰ ਵੰਝ ਵੜਿਆ
ਜਾਇ ਪਰੀ ਵੱਲ ਹੋਇਆ ਸਲਾਮੀ ਸਿਜਦੇ ਅੰਦਰ ਝੜਿਆ

ਸ਼ਾਹ-ਪਰੀ ਜੋ ਦਿੱਤੇ ਆਹੇ ਸੁਖ ਸੁਨੇਹੇ ਸਾਰੇ
ਮਿਹਰ-ਅਫ਼ਰੋਜ਼ ਅੱਗੇ ਅਫ਼ਰੇਤੇ ਸਭੇ ਵੰਝ ਗੁਜ਼ਾਰੇ

ਸ਼ਹਿਜ਼ਾਦੇ ਦੀ ਲਾਇਕਦਾਰੀ ਕੁੱਵਤ ਸਿਪਾਹ ਸਾਲਾਰੀ
ਅਸ਼ਰਫ਼ਾਈ ਤੇ ਵਡਿਆਈ ਦਾਨਿਸ਼ ਬੇਸ਼ੁਮਾਰੀ

ਹੁਸਨ ਜਵਾਨੀ ਅਕਲ ਨੂਰਾਨੀ ਖ਼ੂਈਂ ਨੇਕ ਇਨਸਾਨੀ
ਆਲੀ ਹਿੰਮਤ ਭਲੀਆਂ ਸਿਫ਼ਤਾਂ ਪਿਛਲੇ ਘਰ ਸੁਲਤਾਨੀ

ਇਲਮ ਅਦਾਬ ਜਵਾਬ ਸਚਾਵੇਂ ਖ਼ੂਬ ਆਵਾਜ਼ ਸਫ਼ਾਈ
ਸਿਫ਼ਤ ਸੱਨਾ ਸਿਪਾਹਗਰੀ ਦੀ ਰੁਸਤਮ ਨਾਲ਼ ਪੁਚਾਈ

ਹੱਥ ਸਖ਼ਾਵਤ ਮਗ਼ਜ਼ ਤਰਾਵਤ ਸ਼ੇਰੀ ਜ਼ੋਰ ਦਲੇਰੀ
ਮਿਹਰ-ਅਫ਼ਰੋਜ਼ ਅੱਗੇ ਉਸ ਦੱਸੀ ਕਰ ਕੇ ਸਿਫ਼ਤ ਬਤੇਰੀ ।(੬੦੪੦)

ਐਡ ਸਪੂਰਨ ਮਰਦ ਜਗਤ ਤੇ ਲੋੜਨ ਗਿਆਂ ਨਾ ਲੱਭਦਾ
ਐਸਾ ਕਿਤੇ ਨਾ ਡਿੱਠਾ ਜੈਸਾ ਕਰਮ ਉਹਦੇ ਪਰ ਰੱਬ ਦਾ

ਸੈਫ਼-ਮਲੂਕ ਤੇ ਸ਼ਾਹ-ਪਰੀ ਦੀ ਖਰੀ ਮੁਹੱਬਤ ਯਾਰੀ
ਆਹੂ-ਖ਼ਾਤਿਫ਼ ਨੇ ਸਭ ਦੱਸੀ ਸੁਣ ਬੀਬੀ ਗੱਲ ਸਾਰੀ

ਐਵੇਂ ਹੁਕਮ ਪਰੀ ਨੇ ਕੀਤਾ ਨਹੀਂ ਖ਼ਤਾ ਅਸਾਂ ਥੀਂ
ਆਦਮ ਜ਼ਾਦਾ ਹੈ ਇਕ ਆਇਆ ਲੈਣ ਮੁਰਾਦ ਤੁਸਾਂ ਥੀਂ

ਨਾਲ਼ ਬਦੀਅ-ਜਮਾਲ ਪਰੀ ਦੇ ਉਸ ਨੇ ਨਿਹੁੰ ਲਗਾਇਆ
ਘੱਲਿਆ ਉਸ ਦਾ ਤੁਧ ਵੱਲ ਆਇਆ ਚਾਹੇ ਮਤਲਬ ਪਾਇਆ

ਮੈਨੂੰ ਭੀ ਫ਼ੁਰਮਾਇਆ ਉਸ ਨੇ ਤਾਂ ਮੈਂ ਚਾਅ ਲਿਆਂਦਾ
ਏਲਚੀ ਕੌਣ ਮਰੇਂਦਾ ਬੀਬੀ ਕਿਉਂ ਰੁਸਵਾਈ ਪਾਂਦਾ

ਬੀਬੀ ਗੁੱਸੇ ਹੋ ਕੇ ਬੋਲੀ ਐ ਬਦਮਾਸ਼ ਪਲੀਤਾ
ਐਸੇ ਸੁਖ਼ਨ ਅਵੱਲੇ ਕਰਨੋਂ ਡਰਦਾ ਨਹੀਂ ਅਫ਼ਰੀਤਾ

ਆਦਮੀਆਂ ਦੀ ਕੁਦਰਤ ਨਾਹੀਂ ਪੈਰ ਇਸ ਪਾਸੇ ਪਾਵਣ
ਦਮ ਪੀਵਾਂ ਤੇ ਮਾਰ ਗੰਮਾਵਾਂ ਜਿਸ ਦਮ ਨਜ਼ਰੀਂ ਆਵਣ

ਮਿਹਰ-ਅਫ਼ਰੋਜ਼ ਗਈ ਤਦ ਮਹਿਰੋਂ ਗ਼ਜ਼ਬ ਅਲੰਬਾ ਬਲਿਆ
ਪੱਟਾਂ ਤੇ ਹੱਥ ਮਾਰਨ ਲੱਗੀ ਹਾਏ ਨਸੀਬਾ ਜਲਿਆ

ਨਾ ਜਿਨਸਾਂ ਦੀ ਪਰੀਤ ਲਗਾਈ ਹਾਏ ਬਦੀਅ-ਜਮਾਲੇ
ਇਹ ਕੀ ਕੀਤੋਈ ਤੱਤ ਪਲਤੀਏ ਨਾਮ ਅਸਾਡੇ ਗਾਲੇ

ਬੇਬਾਕੀ ਬੇਸ਼ਰਮੀ ਸ਼ੋਖ਼ੀ ਐਸੀ ਬੇਹਿਆਈ
ਮਾਂ ਬਾਬਲ ਦਾ ਸ਼ਰਮ ਨਾ ਆਇਓਸੁ ਕੁੱਲ ਨੂੰ ਲੀਕ ਲਗਾਈ ।(੬੦੫੦)

ਨਾ ਜਿਨਸਾਂ ਸੰਗ ਆਪ ਮੁਹਾਰੀ ਲਾਂਦੀ ਫਿਰੇ ਯਰਾਨੇ
ਕੰਜ ਕੁਆਰੀ ਕਿਉਂ ਉਹ ਡਾਰੀ ਵੇਖੇ ਮਰਦ ਬੇਗਾਨੇ

ਜੇ ਉਸ ਐਡ ਕਿਆਮਤ ਚਾਈ ਬਾਝ ਵਰੋਂ ਨਹੀਂ ਰਹਿੰਦੀ
ਜਿਨਸ ਆਪਣੀ ਵਿਚ ਲੂਹੀਏ ਜਲਦੀ ਚਾ ਅਸਾਨੂੰ ਕਹਿੰਦੀ

ਆਦਮੀਆਂ ਦੇ ਕਰੇ ਯਰਾਨੇ ਵੇਖ ਜਵਾਨ ਤੁਵਾਨੇ
ਨੰਗ ਨਾਮੂਸ ਨਾ ਤੱਕਦੀ ਤੱਤੀ ਨਿੱਜ ਜੰਮੀ ਇਸ ਖ਼ਾਨੇ

ਬਾਪ ਉਹਦਾ ਸ਼ਾਹਪਾਲ ਬਹਾਦੁਰ ਅਫ਼ਸਰ ਬਾਦਸ਼ਾਹਾਂ ਦਾ
ਅੱਜ ਸੁਲੇਮਾਂ ਨਬੀ ਦੀ ਜਾਈ ਸ਼ਹਿਨਸ਼ਾਹ ਕਹਾਂਦਾ

ਨਾ ਡਿਠੋਸੁ ਪੱਗ ਦਾੜ੍ਹੀ ਉਸ ਦੀ ਐਸੀ ਅਨ-ਅਰਥੀ ਚਾਈ
ਪਰੀਆਂ ਛੋੜ ਕਰੇਂਦੀ ਫਿਰਦੀ ਆਦਮ ਦੀ ਅਸ਼ਨਾਈ

ਹਰਗਿਜ਼ ਕੋਈ ਨਾ ਪੁਛਦਾ ਉਸ ਨੂੰ ਆਪ ਫਿਰੇ ਖ਼ੁਦ ਤੋਰੀ
ਖ਼ੈਰ ਨਾ ਮੰਗਦੀ ਮੂਲ ਨਾ ਸੰਗਦੀ ਨਿਹੁੰ ਲਗਾਂਦੀ ਚੋਰੀ

ਦੂਰ ਗਏ ਜੇ ਨੇੜੇ ਹੁੰਦੇ ਉਹ ਲੌਂਡਾ ਇਹ ਲੱਟੀ
ਐਸੀ ਕਰਾਂ ਜੇਹੀ ਜੱਗ ਜਾਣੇ ਖਾਣ ਇਸ਼ਕ ਦੀ ਖੱਟੀ

ਇਸ਼ਕੇ ਦਾ ਕੋਈ ਨਾਉਂ ਘਿਣੇ ਨਾ ਕੋਈ ਨਿਹੁੰ ਲਗਾਏ
ਦੂਰ ਗਈ ਹੁਣ ਵੱਸ ਨਾ ਚਲਦਾ ਕੀ ਸਿਰ ਦੋਸ਼ ਪਰਾਏ

ਪੁੱਤ ਬੇਗਾਨਾ ਕਾਹਨੂੰ ਮਾਰਾਂ ਬੇਟੀ ਆਪਣੀ ਬਿਗੜੀ
ਚੋਰ ਕਿਸੇ ਨੂੰ ਕਹੀਏ ਨਾਹੀਂ ਸਾਂਭੀ ਰੱਖੀਏ ਥਿਗੜੀ

ਕਰ ਕੇ ਅਦਬ ਸਲਾਮ ਤਮਾਮੀ ਦੇਵੇ ਅਰਜ਼ ਗੁਜ਼ਾਰੀ
ਹੋਵੇ ਮਾਫ਼ ਬੇਅਦਬੀ ਮੇਰੀ ਸੱਚ ਕਹਾਂ ਇਕ ਵਾਰੀ ।(੬੦੬੦)

ਡਿੱਠੇ ਬਾਝ ਕਰੇਂ ਚਤੁਰਾਈ ਸੁਣ ਤੂੰ ਬੀਬੀ ਰਾਣੀ
ਉਛਲ ਉਛਲ ਪਉੁ ਨਾ ਇਤਨੀ ਬਣ ਕੀ ਬੈਠ ਸਿਆਣੀ

ਨਾ ਉਹ ਆਦਮ ਐਸਾ ਵੈਸਾ ਝਬਦੇ ਮਾਰ ਗਵਾਸੇਂ
ਜਿਸ ਵੇਲੇ ਤੁਧ ਅੱਖੀਂ ਡਿੱਠਾ ਸਦਕੇ ਸਦਕੇ ਜਾਸੇਂ

ਖ਼ਾਤਿਰ ਖ਼ਿਦਮਤ ਲਖ ਲਖ ਵਾਰੀ ਆਪਣੇ ਆਪ ਕਰੇਸੇਂ
ਫੇਰ ਬਦੀਅ-ਜਮਾਲੇ ਤਾਈਂ ਤਾਨ੍ਹਾ ਮੂਲ ਨਾ ਦੇਸੇਂ

ਗਲੋਂ ਬੰਦ ਜ਼ਬਾਨ ਹੋਏਗੀ ਟੁਰਸੀ ਨਾ ਚਤੁਰਾਈ
ਵੇਖਣ ਸਾਇਤ ਮਿੱੇਟੇਗਾ ਗੁੱਸਾ ਭੁਲਸੀ ਐਬ ਖ਼ਤਾਈ

ਲਾਡ ਗੁਮਾਨ ਝੱਲੇਂਗੀ ਉਸ ਦੇ ਕਰਸੇਂ ਆਪ ਲਡਿੱਕਾ
ਤੁਰਤ ਤੁਸਾਡੇ ਅੰਦਰ ਵੜ ਸੀ ਜਿਉਂ ਕਰ ਬੇਟਾ ਇੱਕਾ

ਜੇਕਰ ਬੈਠ ਲਿਤਾੜੇ ਅੱਖੀਂ ਮੂਲ ਨਾ ਲਗਸੀ ਮੰਦਾ
ਜੀਉ ਜੀਉ ਕਰਦੀ ਰਜਸੇਂ ਨਾਹੀਂ ਫ਼ਰਜ਼ੰਦਾ ਫ਼ਰਜ਼ੰਦਾ

ਮਿਹਰ-ਅਫ਼ਰੋਜ਼ੇ ਨੂੰ ਸੁਣ ਗੱਲਾਂ ਹੁੱਬ ਮੁਹੱਬਤ ਉੱਠੀ
ਕਿਵੇਂ ਨਜ਼ਰ ਪਵੇ ਉਹ ਬੰਦਾ ਸ਼ਾਹ-ਪਰੀ ਜਿਸ ਕੁੱਠੀ

ਬੀਬੀ ਕਿਹਾ ਹੈ ਉਹ ਕੈਸਾ ਐਡ ਕਰਾਮਤ ਵਾਲਾ
ਹਾਜ਼ਿਰ ਕਰ ਖਾਂ ਵੇਖ ਲਵਾਂਗੀ ਇਹ ਦਲੇਰੀ ਚਾਲਾ

ਆਹੂ-ਖ਼ਾਤਿਫ਼ ਨੇ ਆਇ ਕਿਹਾ ਸੈਫ਼-ਮਲੂਕੇ ਤਾਈਂ
ਹਾਜ਼ਿਰ ਹੋ ਬੁਲਾਇਓਂ ਬੀਬੀ ਤਕੜਾ ਹੋ ਕੇ ਜਾਈਂ

ਸੈਫ਼-ਮਲੂਕ ਦਲੇਰੀ ਕਰਕੇ ਕੋਲ ਬੀਬੀ ਦੇ ਆਇਆ
ਕੀਤੇ ਅਦਬ ਸਲਾਮ ਤਮਾਮੀ ਦੇਖ ਕੁਦਰਤੀ ਪਾਇਆ ।(੬੦੭੦)

ਬਾਝ ਬੁਲਾਏ ਬੋਲਣ ਨਾਹੀਂ ਮਜਲਿਸ ਵਿਚ ਸਿਆਣੇ
ਨਾਹੀਂ ਕੁਰਬ ਉਨ੍ਹਾਂ ਨੂੰ ਜਿਹੜੇ ਸੁਖ਼ਨ ਕਰਨ ਮਨ ਭਾਣੇ

ਕਰ ਤਾਜ਼ੀਮ ਚੁਪੀਤਾ ਬੈਠਾ ਨਾ ਕੋਈ ਗੱਲ ਜ਼ੁਬਾਨੀ
ਮਿਹਰ-ਅਫ਼ਰੋਜ਼ ਸ਼ਹਿਜ਼ਾਦਾ ਡਿੱਠਾ ਸੂਰਤ ਚੰਨ ਅਸਮਾਨੀ

ਸਿਰ ਪੈਰਾਂ ਤੱਕ ਤੱਕਦੀ ਜਾਂਦੀ ਵੇਖ ਤਅੱਜੁਬ ਹੋਈ
ਸੋਹਣੀ ਭਿੰਨੇ ਨਕਸ਼ ਸ਼ਕਲ ਦੇ ਜੋਬਨ ਅੰਤ ਨਾ ਕੋਈ

ਚਿਹਰੇ ਉੱਤੇ ਇਕਬਾਲਾਂ ਦਾ ਨੂਰ ਦੇਵੇ ਚਮਕਾਰੇ
ਮਜਲਿਸ ਉੱਤੇ ਸਾਇਆ ਫਿਰਿਆ ਕੋਈ ਨਹੀਂ ਦਮ ਮਾਰੇ

ਨੀਵੀਂ ਨਜ਼ਰ ਸਭਸ ਦੀ ਹੋਈ ਕੋਈ ਨਾ ਸਾਹਵਾਂ ਵੇਖੇ
ਅਜਬ ਸਰਸ਼ਤੇ ਮਿਸਲ ਫ਼ਰਿਸ਼ਤੇ ਸੁੱਚਾ ਸੀ ਹਰ ਲੇਖੇ

ਵੇਖਦਿਆਂ ਹੀ ਮਿਹਰ-ਅਫ਼ਰੋਜ਼ੇ ਮਿਹਰ ਪਈ ਵਿਚ ਸੀਨੇ
ਐਸਾ ਆਦਮ ਜ਼ਾਦਾ ਹੋਸੀ ਘਟ ਘਟ ਵਿਚ ਜ਼ਮੀਨੇ

ਝੱਲ ਸਲਾਮ ਲੱਗੀ ਫ਼ੁਰਮਾਵਣ ਨਾਲ਼ ਜ਼ੁਬਾਨ ਰਸੀਲੀ
ਕੌਣ ਕੋਈ ਸੱਚ ਕਹੋ ਖਾਂ ਮੀਆਂ ਜਾਇਓਂ ਕਿਸ ਅਸੀਲੀ

ਪਰੀਆਂ ਦਾ ਇਹ ਮੁਲਕ ਤਮਾਮੀ ਸੈ ਕੋਹਾਂ ਦੇ ਤੋੜੇ
ਆਦਮ ਜ਼ਾਦ ਨਹੀਂ ਇਸ ਧਰਤੀ ਹਰਗਿਜ਼ ਲੱਭਦਾ ਲੋੜੇ

ਨਬੀ ਸੁਲੇਮਾਂ ਜੀ ਥੀਂ ਪਿੱਛੋਂ ਅੰਦਰ ਇਨ੍ਹਾਂ ਮਕਾਨਾਂ
ਆਦਮ ਜ਼ਾਦ ਨਾ ਆਇਆ ਕੋਈ ਤੇਰੇ ਬਾਝ ਜਵਾਨਾਂ

ਕਿਥੋਂ ਹੈਂ ਤੂੰ ਮਰਦ ਸਿਪਾਹੀ ਕਿਸ ਮਤਲਬ ਨੂੰ ਆਇਓਂ
ਕਿਸ ਆਫ਼ਤ ਨੇ ਚਾਅ ਲਿਆਂਦੋਂ ਏਸ ਮਕਾਨ ਪੁਚਾਇਓਂ ।(੬੦੮੦)

ਸੈਫ਼-ਮਲੂਕ ਰਿਹਾ ਚੁੱਪ ਕੀਤਾ ਪੌਂਦ ਨਾ ਹੋਇਆ ਜਵਾਬੀ
ਮਿਹਰ-ਅਫ਼ਰੋਜ਼ ਅੱਗੇ ਚਾ ਧਰਿਆ ਰੁਕਾਅ ਖੋਲ ਸ਼ਿਤਾਬੀ

ਕਰ ਕੇ ਬੰਦ ਲਿਫ਼ਾਫ਼ੇ ਉੱਤੇ ਲਿਖਿਆ ਨਾਮ ਪਰੀ ਦਾ
ਦਾਦੀ ਦੇ ਵੱਲ ਪੋਤੀ ਲਿਖਿਆ ਜੋ ਜੋ ਅਦਬ ਕਰੀਦਾ

ਮੁਣਸ਼ੀ ਕੋਲ ਰੁਕਾਅ ਹੱਥ ਫੜਿਆ ਪੜ੍ਹ ਬਿਆਨ ਸੁਣਾਵੇ
ਮੈਂ ਘੱਟ ਜਾਣਾਂ ਕੰਮ ਖ਼ਤਾਂ ਦਾ ਮੌਲਾ ਰਾਸ ਲਿਆਵੇ

52. ਨਾਮਾ-ਇ-ਬਦੀਅ-ਜਮਾਲ
(ਬਦੀਅ-ਜਮਾਲ ਦਾ ਖ਼ਤ))

ਸਿਰਨਾਮੇ ਦਾ ਨਾਮ ਉਸੇ ਦਾ ਜੋ ਦੇਂਦਾ ਇਨਾਮਾਂ
ਰੋਜ਼ ਬਰੋਜ਼ ਪੁਚਾਵੇ ਰੋਜ਼ੀ ਕਿਆ ਖ਼ਾਸਾਂ ਕਿਆ ਆਮਾਂ

ਜੋ ਕੁੱਝ ਰਿਜ਼ਕ ਖ਼ਲਕ ਦਾ ਕੀਤੋਸੁ ਅੰਨੋਂ ਮਾਸੋਂ ਕਾਹੋਂ
ਹਰ ਹਰ ਜਾਈ ਆਪ ਪੁਚਾਂਦਾ ਬੰਦ ਨਾ ਹੁੰਦਾ ਰਾਹੋਂ

ਕਿਸਮਤ ਜੋੜ ਬਣਾਂਦਾ ਆਪੂੰ ਜੋ ਜੋੜੀ ਉਸ ਜੋੜੀ
ਤੋੜੇ ਲੱਖ ਕਰੇ ਚਤੁਰਾਈ ਹਰਗਿਜ਼ ਕਿਸੇ ਨਾ ਤੋੜੀ

ਨੂਰ ਜ਼ਹੂਰ ਗੁਲਾਂ ਦਾ ਕਰ ਕੇ ਰੌਣਕ ਦੇ ਬਹਾਰਾਂ
ਮਸਤ ਮੁਹੱਬਤ ਨਾਲ਼ ਕਰੇਂਦਾ ਤੋਤੇ ਭੌਰ ਹਜ਼ਾਰਾਂ

ਦੀਵੇ ਤਾਈਂ ਦੇਵੇ ਰਾਤੀਂ ਅੱਗੀ ਦੀ ਰੁਸ਼ਨਾਈ
ਸੋਜ਼ ਪਤੰਗਾਂ ਦੇ ਦਿਲ ਪਾਂਦਾ ਮਿਲਦੇ ਕਰ ਕਰ ਧਾਈ

ਚੌਹਾਂ ਤਬੱਆਂ ਦੀ ਤੌਣ ਗੁਨ੍ਹਾਈ ਵੱਖ ਕੀਤੇ ਫਿਰ ਪੇੜੇ
ਮੁਢੋਂ ਇਕ ਜਿਨਸ ਮੁਹੰਮਦ ਅੱਗੋਂ ਕੀਤੇ ਫ਼ਰਕ ਨਿਖੇੜੇ

ਇਕਨਾਂ ਨਾਰੀ ਨਾਮ ਧਰਾਇਆ ਇਕ ਸੱਦੇ ਕਰ ਖ਼ਾਕੀ
ਆਲ ਸਮੇਤ ਦਰੂਦ ਉਨ੍ਹਾਂ ਤੇ ਸ਼ਰਫ਼ ਜਿਨ੍ਹਾਂ ਲੌਲਾਕੀ ।(੬੦੯੦)

ਜਿਸ ਦੀ ਖ਼ਾਤਿਰ ਪੈਦਾ ਕੀਤੇ ਆਦਮ ਤੇ ਸਭ ਪਰੀਆਂ
ਆਸ਼ਿਕ ਤੇ ਮਾਸ਼ੂਕ ਬਣਾਏ ਦੁੱਖ ਪੰਡਾਂ ਸਿਰ ਧਰੀਆਂ

ਖ਼ੂਬ ਹੁਸਨ ਮਹਿਬੂਬਾਂ ਤਾਈਂ ਦਿਤੋਸੁ ਆਪਣੇ ਨੂਰੋਂ
ਆਸ਼ਿਕ ਦੇ ਦਿਲ ਛਿਕ ਲਗਾਈਓਸੁ ਭੱਜ ਭੱਜ ਆਵਣ ਦੂਰੋਂ

ਸੱਚੇ ਇਸ਼ਕ ਉਨ੍ਹਾਂ ਦੇ ਅੰਦਰ ਪਾ ਦਿੱਤੀਆਂ ਤਾਸੀਰਾਂ
ਮਾਸ਼ੂਕਾਂ ਦੇ ਪੱਥਰ ਦਿਲ ਨੂੰ ਚੂਰ ਕਰਨ ਸੰਗ ਤੀਰਾਂ

ਜਿਸ ਨੇ ਕੁਦਰਤ ਦੀ ਫੜ ਕਾਨੀ ਲੇਖ ਲਿਖੇ ਹਰ ਹਿਕ ਦੇ
ਹੋਰ ਕਿਸੇ ਥੀਂ ਹੋਰ ਨਾ ਹੁੰਦੇ ਅਕਸਰ ਉਹੋ ਪਕਦੇ

ਬਾਦਸ਼ਾਹਾਂ ਨੂੰ ਤਖ਼ਤੋਂ ਸੁੱਟੇ ਦੇਂਦਾ ਤਾਜ ਗ਼ੁਲਾਮਾਂ
ਮਾਸ਼ੂਕਾਂ ਥੀਂ ਆਸ਼ਿਕ ਕਰਦਾ ਲਿਖਣ ਹਾਰ ਕਲਾਮਾਂ

ਬਾਦ ਉਸ ਦੇ ਹੁਣ ਅਰਜ਼ ਗੁਜ਼ਾਰਾਂ ਦਾਦੀ ਦੀ ਦਰਗਾਹੇ
ਦਾਨਿਸ਼ਮੰਦ ਇਕਬਾਲਾਂ ਵਾਲੀ ਰੌਸ਼ਨ ਵਾਂਗਰ ਮਾਹੇ

ਪਰਦਾ ਦਾਰ ਅਫ਼ੀਫ਼ਾ ਦਾਇਮ ਦਾਮਨ ਪਾਕ ਆਲੂਦੋਂ
ਸ਼ਰਫ਼ ਇਕਬਾਲ ਅਸਾਨੂੰ ਲੱਧਾ ਏਸ ਸ਼ਰੀਫ਼ ਵਜੂਦੋਂ

ਐ ਦਾਦੀ ਫ਼ਰਯਾਦੀ ਜੋਗੀ ਜਾਇ ਨਹੀਂ ਕੋਈ ਮੈਨੂੰ
ਸਿਰ ਮੇਰੇ ਤੇ ਜੋ ਦੁੱਖ ਵਰਤੇ ਤੁਧ ਬਿਨ ਆਖਾਂ ਕੈਨੂੰ

ਤੁਧੇ ਮੇਰਾ ਸਰਫ਼ਾ ਦਾਦੀ ਤੂੰ ਦੁੱਖ ਟਾਲਣ ਵਾਲੀ
ਸਿਰ ਮੇਰੇ ਤੇ ਹੈ ਹੱਥ ਤੇਰਾ ਤੁਧ ਲਡਿਕੀ ਪਾਲ਼ੀ

ਤੂਬਾ ਰੁੱਖ ਤੇਰੇ ਦੀ ਛਾਵੇਂ ਰਹਿਓਸੁ ਮੈਂ ਬਹਿਸ਼ਤੀ
ਹੁਣ ਭੀ ਨਦੀ ਗ਼ਮਾਂ ਦੀ ਅੰਦਰ ਤੂੰ ਹੈਂ ਮੇਰੀ ਕਿਸ਼ਤੀ ।(੬੧੦੦)

ਜਿਸ ਦਿਨ ਦੀ ਮੈਂ ਪੈਦਾ ਹੋਈ ਤੱਤੀ ਵਾਅ ਨਾ ਲੱਗੀ
ਹੁਣ ਅਜ਼ਗ਼ੈਬੋਂ ਭਾਂਬੜ ਬਲਿਆ ਸਾੜ ਸੁੱਟੀ ਇਸ ਅੱਗੀ

ਇਹ ਜਵਾਨ ਸ਼ਹਿਜ਼ਾਦਾ ਸੁੱਚਾ ਮਿਸਰ ਸ਼ਹਿਰ ਦਾ ਵਾਲੀ
ਸੂਰਤ ਮੇਰੀ ਦੀ ਤਕ ਮੂਰਤ ਚਾਇਓਸੁ ਖ਼ਸਤਾ ਹਾਲੀ

ਕਈ ਕਜ਼ੀਏ ਸਿਰ ਪਰ ਸਹਿ ਕੇ ਆਣ ਮੇਰੇ ਤੱਕ ਪਹੁਤਾ
ਮੈਨੂੰ ਭੀ ਤਕ ਸੂਰਤ ਉਸ ਦੀ ਇਸ਼ਕ ਲੱਗਾ ਦਿਲ ਬਹੁਤਾ

ਮੱਤ ਇਸ ਗੱਲੋਂ ਗ਼ੈਰਤ ਆਵੇ ਘੁੱਸਾ ਚੜ੍ਹੇ ਤੁਸਾਨੂੰ
ਕਰਨੀ ਰੱਬ ਸੱਚੇ ਦੀ ਹੋਈ ਦੋਸ਼ ਨਹੀਂ ਕੁੱਝ ਸਾਨੂੰ

ਭਾਰੀ ਮਰਜ਼ ਮੁਹੱਬਤ ਵਾਲੀ ਲਗੀਅਮ ਨਾਲ਼ ਕਜ਼ਾਏ
ਉੱਤੋਂ ਜ਼ਰਬਾਂ ਮਾਰ ਵਿਛੋੜਾ ਦਮ ਦਮ ਹਰਜ ਪੁਚਾਏ

ਲੂੰ ਲੂੰ ਘਾਉ ਤੱਤੀ ਨੂੰ ਹੋਇਆ ਬਣੀ ਮੁਸੀਬਤ ਡਾਢੀ
ਮਰਹਮ ਹੈ ਹੱਥ ਤੇਰੇ ਦਾਦੀ ਤੂੰ ਮੇਰੀ ਛਲਿਆਡ੍ਹੀ

ਜੇ ਕਰ ਹਾਲ ਅੰਦਰ ਦਾ ਵੇਖੇਂ ਜੋ ਮੇਰੇ ਪਰ ਹੋਂਦਾ
ਹੋਵੇ ਮੁਹੱਬਤ ਅਗਲੀ ਮੈਂ ਤੇ ਪਤੀਏਂ ਖੋਲ ਪਰੋਂਦਾ

ਜੋ ਕੁੱਝ ਜਾਲ਼ ਬੇਚਾਰਾ ਤੱਕਦਾ ਜਾਲ਼ ਅੰਦਰ ਵਿਚ ਜਾਂਦਾ
ਜਾਲ਼ ਸੁੱਟੇ ਗ਼ਮ ਮਾਛੀ ਤਾਈਂ ਜੇ ਉਹ ਤੱਕੇ ਵਾਂਦਾ

ਸ਼ਹਿਜ਼ਾਦੇ ਦੇ ਦਰਦ ਵਿਛੋੜੇ ਕੀਤੀ ਜਾਨ ਅਜ਼ਾਈਂ
ਨੱਕ ਵਿਚ ਆਏ ਸਾਸ ਮੁਹੰਮਦ ਝਬਦੇ ਫੇਰ ਮਿਲਾਈਂ

ਕੁੱਠੀ ਵਾਂਗ ਕਬੂਤਰ ਫਟਕਾਂ ਤਾਕਤ ਤਾਬ ਨਾ ਰਿਹਾ
ਤੁਧ ਹੁੰਦੇ ਮੈਂ ਕਿਉਂ ਦੁੱਖ ਰੋਂਦੀ ਹਾਲ ਖ਼ਰਾਬ ਅਜੇਹਾ ।(੬੧੧੦)

ਤੂੰ ਬਲਾਈਂ ਲੈਂਦੀ ਆਹੇਂ ਜਦੋਂ ਬਲਾ ਨਾ ਆਹੀ
ਹੁਣ ਬਲਾ ਲੱਗੀ ਬਣ ਦਰਦੀ ਕਰ ਮੇਰੀ ਹਮਰਾਹੀ

ਇਕ ਇਕ ਵਾਲ਼ ਮੇਰੇ ਦਾ ਸਰਫ਼ਾ ਕਰਦੀ ਸੈਂ ਤੂੰ ਅੱਗੇ
ਅੱਜ ਨਹੀਂ ਆ ਤੱਕਦੀ ਮੈਨੂੰ ਅੱਗ ਬਲੀ ਵਿਚ ਝੱਗੇ

ਮਾਵਾਂ ਵਾਲੀ ਮਿਹਰ ਮੁਹੱਬਤ ਜੇ ਤੂੰ ਅੱਜ ਨਾ ਕਰਸੇਂ
ਮੈਂ ਮਰ ਜਾਸਾਂ ਨਾਲ਼ ਅਫ਼ਸੋਸਾਂ ਰੋਰੋ ਆਹੀਂ ਭਰਸੇਂ

ਅੱਜ ਇਲਾਜ ਕਰੀਂ ਕੁੱਝ ਮੇਰਾ ਦੇਸਾਂ ਸਦਾ ਦੁਆਈਂ
ਹੋਰ ਨਹੀਂ ਕੋਈ ਦਾਰੂ ਚਲਦਾ ਸੈਫ਼-ਮਲੂਕ ਮਿਲਾਈਂ

ਦਰਦ ਧੀਆਂ ਮਾਂ ਮਾਸੀ ਵੰਡੇ ਯਾ ਫਿਰ ਨਾਨੀ ਦਾਦੀ
ਤਾਂ ਮੈਂ ਦਰਦ ਹਿਜਰ ਦੀ ਮਾਰੀ ਤੁਧ ਵੱਲ ਹਾਂ ਫ਼ਰਯਾਦੀ

ਚੇਤਾ ਚੇਤਾ ਭੁੱਲ ਨਾ ਜਾਈਂ ਕਰੀਂ ਮਿਲਾਪ ਅਸਾਡਾ
ਨਹੀਂ ਤਾਂ ਖਾ ਕਟਾਰੀ ਮਰਸਾਂ ਲਹਸੀ ਲੰਗ ਤੁਸਾਡਾ

ਚਿੱਟੀ ਚਾਦਰ ਦਾਗ਼ ਲੱਗੇਗਾ ਸ਼ੁਹਰਤ ਤੇ ਬਦ ਨਾਈਂ
ਘਰ ਘਰ ਅੰਦਰ ਕਿੱਸਾ ਪੌਸੀ ਮੁਲਕੀਂ ਸ਼ਹਿਰ ਗਿਰਾਈਂ

ਪਿਉ ਦਾਦੇ ਦਾ ਨਾਮ ਗੁੰਮੇਗਾ ਦੁਸ਼ਮਣ ਖ਼ੁਸ਼ੀਆਂ ਕਰਸਨ
ਸਾਕ ਸ਼ਰੀਕ ਮਰੇਸਨ ਤਾੜੀ ਖ਼ੌਫ਼ੋਂ ਮੂਲ ਨਾ ਡਰਸਨ

ਵਿਕਿਆ ਚਿੱਤ ਰਹਾਂ ਨਿੱਤ ਮਾਂਦੀ ਵੱਸ ਨਹੀਂ ਕੁੱਝ ਮੇਰਾ
ਰੱਖ ਉਮੀਦ ਤਵੱਕੋ ਬਹੁਤੀ ਫੜਿਆ ਪੱਲਾ ਤੇਰਾ

ਜਿਨਸ ਨਾ ਜਿਨਸ ਨਖੇੜੀਂ ਨਾਹੀਂ ਕਫ਼ੂ-ਨ-ਕਫ਼ੂ ਨਾ ਜਾਣੀ
ਮਜ਼ਹਬ ਪਾਕ ਇਸ਼ਕ ਦੇ ਅੰਦਰ ਕਿਆ ਚੂਹੜਾ ਕਿਆ ਰਾਣੀ ।(੬੧੨੦)

ਨਾ ਮਹਿਰਮ ਅਗ਼ਿਆਰ ਨਾ ਜਾਣੀਂ ਸੈਫ਼-ਮਲੂਕੇ ਤਾਈਂ
ਨਾਲ਼ ਹਿਕਾਰਤ ਵੇਖੀਂ ਨਾਹੀਂ ਡਾਢਾ ਹੈ ਰੱਬ ਸਾਈਂ

ਮੈਨੂੰ ਨੱਕ ਨਕੇਲ ਅਜੇਹੀ ਇਸ਼ਕ ਉਹਦੇ ਨੇ ਪਾਈ
ਸੈ ਬਰਸਾਂ ਦੀ ਕੈਦੇ ਵਾਂਗਰ ਦਿਸਦੀ ਪਲਕ ਜੁਦਾਈ

ਇਹੋ ਅਰਜ਼ ਸਵਾਲ ਬੰਦੀ ਦਾ ਇਹੋ ਖ਼ਵਾਹਿਸ਼ ਸ਼ਾਦੀ
ਆਸ ਮੁਰਾਦ ਨਾ ਤਰੋੜੀਂ ਮੇਰੀ ਦੇਈਂ ਇਹੋ ਵਰ ਦਾਦੀ

ਨਹੀਂ ਤਾਂ ਬਹੁਤ ਅਫ਼ਸੋਸ ਕਰੇਸੇਂ ਰੋਸੇਂ ਤਲੀਆਂ ਮਲਸੇਂ
ਇਹ ਵੇਲ਼ਾ ਫਿਰ ਲਭਸੀ ਨਾਹੀਂ ਪੱਛੋਤਾਂਦੀ ਚਲਸੇਂ

ਮਿਹਰ-ਅਫ਼ਰੋਜ਼ੇ ਰੁਕੇ ਵਿਚੋਂ ਜਾਂ ਸੁਣਿਆ ਇਹ ਕਿੱਸਾ
ਦਿਲ ਵਿਚ ਕਹਿੰਦੀ ਨਾਲ਼ ਇਸ਼ਕ ਦੇ ਪੇਸ਼ ਨਾ ਜਾਂਦਾ ਗੁੱਸਾ

ਹੈਦਰ ਇਸ਼ਕ ਜ਼ੋਰਾਵਰ ਸਭ ਥੀਂ ਕਤਲ ਕਰੇਂਦਾ ਅੜਿਆਂ
ਜੇ ਕੋਈ ਸੁਲ੍ਹਾ ਕਰੇ ਸੋ ਛੁੱਟੇ ਕੋਈ ਨਾ ਬਚਦਾ ਲੜਿਆਂ

ਛਪਣ ਨੱਸਣ ਜਾਣ ਨਾ ਦੇਂਦਾ ਹਰਗਿਜ਼ ਅੱਗੇ ਚੜ੍ਹਿਆਂ
ਮੰਨ ਰਜ਼ਾ ਮੁਹੰਮਦ ਬਖ਼ਸ਼ਾ ਬਚੀਏ ਕਦਮੀਂ ਝੜਿਆਂ

ਉਜ਼ਰ ਬਹਾਨਾ ਤੁਰਦਾ ਨਾਹੀਂ ਜੋ ਆਖੇ ਸੋ ਕਰੀਏ
ਡੀਗਰ ਨੂੰ ਜੇ ਢਹਿਣਾ ਹੋਵੇ ਕਾਹਨੂੰ ਘੁਲ ਘੁਲ਼ ਮਰੀਏ

ਜੇ ਉਹ ਜਾਨ ਮੰਗੇ ਤਾਂ ਜਲਦੀ ਸਿਰ ਅੱਗੇ ਚਾ ਧਰੀਏ
ਸੌ ਸਿਆਣਾ ਤੇ ਮੱਤ ਇਕੋ ਡਾਢੇ ਕੋਲੋਂ ਡਰੀਏ

ਇਸ਼ਕ ਬਹਾਦੁਰ ਕਿਸੇ ਨਾ ਵਲਿਆ ਨਾ ਬਚਿਆ ਕੋਈ ਲੜ ਕੇ
ਸ਼ਾਹ ਮਨਸੂਰ ਇਨ-ਅਲ-ਹਕ ਕਹਿਣੋਂ ਰਿਹਾ ਨਾ ਸੂਲ਼ੀ ਚੜ੍ਹ ਕੇ ।(੬੧੩੦)

ਇਸ਼ਕੇ ਦਾ ਪੈਵੰਦ ਨਾ ਟੁੱਟਦਾ ਜੇ ਜੱਗ ਛਮਕੇ ਫੜ ਕੇ
ਡਾਢੇ ਨਾਲ਼ ਮੁਹੰਮਦ ਬਖਸ਼ਾ ਕੈਂ ਫਲ਼ ਪਾਇਆ ਲੜ ਕੇ

ਕਰੀਏ ਛੇੜ ਖਹੇੜ ਕਰੇਂਦਾ ਇਸ਼ਕੇ ਚਾਮਲ ਚੜ੍ਹਦਾ
ਪੜਦਾ ਪਾਈਏ ਯਾਰ ਮਿਲਾਈਏ ਮੱਤ ਰਹਿ ਆਵੇ ਪੜਦਾ

ਮਿਹਰ-ਅਫ਼ਰੋਜ਼ੇ ਸੱਦ ਸ਼ਹਿਜ਼ਾਦਾ ਆਪਣੇ ਪਾਸ ਬਹਾਇਆ
ਖ਼ਿਲਅਤ ਤੇ ਵਡਿਆਈ ਬਖ਼ਸ਼ੀ ਕੁਰਬ ਇੱਜ਼ਤ ਤੇ ਪਾਇਆ

ਨਰਮੀ ਨਾਲ਼ ਪੁੱਛੀ ਗੱਲ ਸਾਰੀ ਦਸ ਬੱਚਾ ਕੀ ਵਰਤੀ
ਕਿਸ ਹੀਲੇ ਸੰਗ ਪਹੁਤੋਂ ਇਥੇ ਕਿੱਥੇ ਤੇਰੀ ਧਰਤੀ

ਸ਼ਹਿਜ਼ਾਦੇ ਨੇ ਹਾਲ ਹਕੀਕਤ ਅੱਵਲ ਆਖ਼ਿਰ ਤੋੜੀ
ਬੀਬੀ ਅੱਗੇ ਆਖ ਸੁਣਾਈ ਪੜਦੇ ਵਿਚ ਨਾ ਛੋੜੀ

ਬੀਬੀ ਪੁੱਛਿਆ ਹੈ ਉਹ ਮੂਰਤ ਪਾਸ ਤੇਰੇ ਇਸ ਜਾਈ
ਕਹਿਓਸੁ ਕੋਲ ਰੱਖਾਂ ਹਰ ਵੇਲੇ ਇਕਦਮ ਨਹੀਂ ਜੁਦਾਈ

ਬੀਬੀ ਕਿਹਾ ਦੱਸ ਅਸਾਨੂੰ ਅੱਖੀਂ ਵੇਖ ਸਿੰਞਾਪੇ
ਝੂਠਾ ਸੱਚਾ ਮਾਲਮ ਹੋਵੇ ਇਸ਼ਕ ਤੇਰਾ ਤਦ ਜਾਪੇ

ਸੈਫ਼-ਮਲੂਕ ਹਮਾਇਲ ਵਿਚੋਂ ਮੂਰਤ ਬਾਹਰ ਨਿਕਾਲੀ
ਮਿਹਰ-ਅਫ਼ਰੋਜ਼ੇ ਅੱਗੇ ਰੱਖੀ ਜ਼ਾਹਿਰ ਖੋਲ ਦਸਾਲੀ

ਵੇਖ ਹੋਈ ਹੈਰਾਨ ਪਰੇਸ਼ਾਨ ਬਹੁਤ ਸ਼ੁਆ ਹੁਸਨ ਦਾ
ਦਿਲ ਵਿਚ ਕਹਿੰਦੀ ਨਕਸ਼ ਅਜੇਹਾ ਐਵੇਂ ਕਦੇ ਨਾ ਬਣਦਾ

ਮੁਅੱਜਜ਼ਾਤ ਨਬੀ ਦੇ ਵਿਚੋਂ ਇਹ ਭੀ ਹੈ ਕੋਈ ਕਾਰਾ
ਮੂਰਤ ਉੱਤੇ ਕਦ ਅਜੇਹਾ ਕੁਦਰਤ ਦਾ ਚਮਕਾਰਾ ।(੬੧੪੦)

ਸਿਰ ਪੈਰਾਂ ਤੱਕ ਤੱਕਦੀ ਜਾਂਦੀ ਵੇਖ ਲੱਗੀ ਹੈਰਾਨੀ
ਕੀ ਤੱਕਦੀ ਇਕ ਪਾਸੇ ਲਿਖੇ ਖ਼ੁਸ਼ਖ਼ਤ ਹਰਫ਼ ਨੂਰਾਨੀ

ਸ਼ਹਿਜ਼ਾਦੇ ਨੂੰ ਕਹਿੰਦੀ ਬੇਟਾ ਦਾਨਿਸ਼ਮੰਦ ਸਿਆਣੇ
ਇਲਮ ਕਲਾਮ ਹੋਵੇਗਾ ਪੜ੍ਹਿਆ ਇਹ ਅੱਖਰ ਪੜ੍ਹ ਜਾਣੇ

ਸੈਫ਼-ਮਲੂਕ ਕਿਹਾ ਪੜ੍ਹ ਦਸਸਾਂ ਜੇ ਕੁਝ ਲਿਖਿਆ ਹੋਵੇ
ਹਰ ਬੋਲੀ ਹਰ ਖ਼ਤ ਦਾ ਅੱਖਰ ਮੈਂ ਥੀਂ ਉਠ ਖਲੋਵੇ

ਬੀਬੀ ਨੇ ਫ਼ੁਰਮਾਇਆ ਬੇਟਾ ਆ ਪੜ੍ਹ ਖਾਂ ਇਹ ਨਾਵੇਂ
ਸ਼ਹਿਜ਼ਾਦਾ ਵੰਝ ਬੈਠਾ ਅੱਗੇ ਪੜ੍ਹਦਾ ਹਰਫ਼ ਸਚਾਵੇਂ

ਕਹਿਓਸੁ ਇਹੋ ਲਿਖਿਆ ਇਥੇ ਜਿਸਦੀ ਹੈ ਇਹ ਮੂਰਤ
ਨਾਮ ਬਦੀਅ-ਜਮਾਲ ਪਰੀ ਦਾ ਹੋਸੀ ਸੁੰਦਰ ਸੂਰਤ

ਸ਼ਾਹ ਪਾਲੇ ਦੀ ਬੇਟੀ ਹੋਸੀ ਉਹ ਸ਼ਾਹ ਰੁਖ਼ ਦਾ ਜਾਇਆ
ਸ਼ਾਹ ਰੁਖ਼ ਦਾ ਪਿਓ ਨਬੀ ਸੁਲੇਮਾਂ ਇਹੋ ਲਿਖਿਆ ਆਇਆ

ਤਖ਼ਤ ਬਦੀਅ-ਜਮਾਲ ਪਰੀ ਦਾ ਬਾਗ਼-ਇਰਮ ਵਿਚ ਹੋਸੀ
ਇਕ ਸ਼ਹਿਜ਼ਾਦਾ ਆਸ਼ਿਕ ਹੋ ਕੇ ਲੋੜੇ ਚੜ੍ਹ ਖਲੋਸੀ

ਦੂਜੀ ਮੂਰਤ ਜੋ ਮਰਦਾਵੀਂ ਉਸ ਦੇ ਹਰਫ਼ ਸੁਣਾਵਾਂ
ਆਸਿਮ ਸ਼ਾਹ ਦਾ ਬੇਟਾ ਹੋਸੀ ਸੈਫ਼-ਮਲੂਕ ਉਸ ਨਾਵਾਂ

ਆਸਿਮ ਬਿਨ ਸਫ਼ਵਾਨ ਹੋਵੇਗਾ ਵਾਲੀ ਤਖ਼ਤ ਮਿਸਰ ਦਾ
ਚਾਰ ਇਕ ਸੈ ਸ਼ਹਿਜ਼ਾਦਾ ਹੋਸੀ ਅੱਗੇ ਇਸ ਦੇ ਬਰਦਾ

ਜਾਂ ਇਹ ਗੱਲ ਸੁਣੀ ਉਸ ਬੀਬੀ ਕੀਤੋਸੁ ਹੱਥ ਉਤੇਰੇ
ਸਿਰ ਉੱਤੇ ਕੋਈ ਜਾ ਬਣੀ ਸੀ ਉਸ ਅੰਦਰ ਹੱਥ ਫੇਰੇ ।(੬੧੫੦)

ਓਥੋਂ ਇਕ ਕਿਤਾਬ ਮੁਜ਼ੱਖ਼ਮ ਕੱਢ ਬੀਬੀ ਨੇ ਫੋਲੀ
ਸੈਫ਼-ਮਲੂਕੇ ਦੇ ਹੱਥ ਦਿੱਤੀ ਪੜ੍ਹ ਸਮਝਾਏਂ ਬੋਲੀ

ਸੈਫ਼-ਮਲੂਕੇ ਸੀ ਉਹ ਅੱਗੇ ਯਾਦ ਸਹੀ ਜ਼ਬਾਨੀ
ਫੋਲਦਿਆਂ ਹੀ ਨਕਲੀ ਅੱਗੋਂ ਸਿਫ਼ਤ-ਸਨਾ ਨੂਰਾਨੀ

ਅਹਿਮਦ ਮੁਰਸਲ ਖ਼ਤਮ ਨਬੀਆਂ ਦੋ ਜੱਗ ਦੀ ਜਿਸ ਸ਼ਾਹੀ
ਸੱਲੇ ਅੱਲਾ ਅਲੈਹ ਵਸੱਲਮ ਹੋਗ ਹਬੀਬ ਇਲਾਹੀ

ਮੱਕੀ ਮਦਨੀ ਕੁਰਸ਼ੀ ਜਬਲੀ ਬਾਇਸ ਖ਼ਲਕ ਤਮਾਮਾਂ
ਆਲ ਔਲਾਦ ਸਮੇਤ ਓਹਨਾਂ ਤੇ ਹੋਣ ਦਰੂਦ ਸਲਾਮਾਂ

ਨਬੀਆਂ ਦਾ ਸਿਰਤਾਜ ਹੋਵੇਗਾ ਆਖ਼ਿਰ ਵਿਚ ਜ਼ਮਾਨੇ
ਨਾਮ ਮੁਹੰਮਦ ਅਰਬੀ ਹਮਸਾ ਅਬਦੁੱਲਾ ਦੇ ਖ਼ਾਨੇ

ਜਾਂ ਦੁਨੀਆਂ ਤੇ ਪੈਦਾ ਹੋਸੀ ਭਜਸੀ ਕੁਫ਼ਰ ਕੱਫ਼ਾਰਾਂ
ਕਿਸਰਾ ਦੇ ਘਰ ਕਸਰ ਪਵੇਗੀ ਕੰਬਸਨ ਕੋਹ ਦੀਵਾਰਾਂ

ਆਲਮ ਤੇ ਰੁਸ਼ਨਾਈ ਹੋਸੀ ਨੂਰ ਹਿਦਾਇਤ ਕੋਲੋਂ
ਜੁਮਲ ਜਹਾਨ ਹੋਵੇਗਾ ਤਾਜ਼ਾ ਅਦਲ ਰਿਆਇਤ ਕੋਲੋਂ

ਗ਼ਫ਼ਲਤ ਜਿਹਲ ਹਨੇਰੇ ਜਾਸਣ ਸ਼ਮਸ ਸ਼ਰੀਅਤ ਚੜ੍ਹਸੀ
ਖੁਲਸਨ ਰਾਹ ਤਰੀਕਤ ਵਾਲੇ ਹਰ ਕੋਈ ਅੰਦਰ ਵੜਸੀ

ਵਸਸੀ ਸ਼ਹਿਰ ਹਕੀਕਤ ਵਾਲਾ ਜਾਸੀ ਜ਼ੁਲਮ ਮਿਜਾਜ਼ੀ
ਮੱਅਰਫ਼ਤੀ ਬਾਜ਼ਾਰ ਮੁਹੰਮਦ ਰੌਣਕ ਲਾਸੀ ਤਾਜ਼ੀ

ਦੋ ਜਹਾਨਾਂ ਵਿਚ ਧਰੋਈ ਉਸ ਨਬੀ ਦੀ ਫਿਰਸੀ
ਜੋ ਕੋਈ ਉਸ ਦਾ ਕਲਮਾ ਪੜ੍ਹਸੀ ਦੋਜ਼ਖੀਆਂ ਥੀਂ ਕਿਰਸੀ ।(੬੧੬੦)

ਮਾਈ ਜੀ ਦੇ ਸ਼ਿਕਮੇ ਅੰਦਰ ਹੋਗ ਅਜੇ ਪਸ ਪਰਦਾ
ਦੀਨ ਆਪਣੇ ਨੂੰ ਜ਼ਾਹਿਰ ਕਰਸੀ ਜ਼ੋਰ ਤਰੋੜ ਕੁਫ਼ਰ ਦਾ

ਅਜੇ ਵਜੂਦ ਸ਼ਰੀਫ਼ ਉਨ੍ਹਾਂ ਦਾ ਪੇਟੋਂ ਹੋਗ ਨਾ ਜ਼ਾਹਿਰ
ਮਾਈ ਦਾਈ ਨਾਮ ਉਹਦੇ ਦਾ ਪੜ੍ਹਸਨ ਕਲਮਾ ਤਾਹਿਰ

ਉਹ ਮਹਿਬੂਬ ਇਲਾਹੀ ਖ਼ਾਸਾ ਸਿਰ ਅਫ਼ਸਰ ਲੌਕਾਕੀ
ਕਦਮ ਮੁਬਾਰਿਕ ਉਸ ਦੇ ਚੁੰਮਸਨ ਨੂਰੀ ਨਾਰੀ ਖ਼ਾਕੀ

ਸਾਏ ਉਸ ਦੇ ਹੇਠ ਹੋਵਣਗੇ ਧਰਤ ਅੰਬਰ ਜੱਗ ਸਾਰੇ
ਸਾਇਅ ਨਾਲ਼ ਸ਼ਰੀਕ ਨਾ ਹੋਸੀ ਨੂਰੀ ਬਦਨ ਪਿਆਰੇ

ਲੱਖ ਯੂਸੁਫ਼ ਉਸ ਵਾਲ਼ ਨਾ ਜੇਹਾ ਹੋਗ ਜਵਾਨ ਅਜੇਹਾ
ਦਿਨ ਦਿਨ ਰੂਪ ਜ਼ਿਆਦਾ ਚੜ੍ਹਸੀ ਕਦੇ ਨਾ ਥੀਸੀ ਬੇਹਾ

ਹੂਰ ਫ਼ਰਿਸ਼ਤੇ ਆਸ਼ਿਕ ਹੋਸਣ ਸੂਰਤ ਵੇਖ ਪਿਆਰੀ
ਸਭ ਥੀਂ ਬੇਪਰਵਾਹ ਹੋਵੇਗਾ ਨਾਲ਼ ਰੱਬੇ ਦੀ ਯਾਰੀ

ਸੂਰਜ ਸਾਹਵਾਂ ਮੂਲ ਨਾ ਤਕਸੀ ਸੀਸ ਨਿਵਾ ਕੇ ਚਲਸੀ
ਬਦਲੀ ਵਿਚ ਰਹੇਗਾ ਛੁਪਿਆ ਹਰਗਿਜ਼ ਝਾਲ ਨਾ ਝਲਸੀ

ਅੱਲ੍ਹਾ ਉਸ ਨੂੰ ਕੋਲ ਬੁਲਾਸੀ ਅਰਸ਼ੋਂ ਚਾੜ੍ਹ ਅਗੇਰੇ
ਯਾਰਾਂ ਹਾਰ ਕਲਾਮ ਕਰੇਗਾ ਤੁਮ ਮੇਰੇ ਹਮ ਤੇਰੇ

ਮੱਥੇ ਦਾਗ਼ ਗ਼ੁਲਾਮੀ ਵਾਲਾ ਚੌਦੇਂ ਦਾ ਚੰਨ ਲਾਸੀ
ਆਇ ਮਿਲਸੀ ਦੋ ਟੁਕੜੇ ਲਹਿ ਕੇ ਖ਼ਿਦਮਤਗਾਰ ਕਹਾਸੀ

ਦੋਹੀਂ ਜਹਾਨੀਂ ਖ਼ੁਸ਼ੀਆਂ ਹੋਸਣ ਹੂਰਾਂ ਮੰਗਲ ਗਾਸਣ
ਕਰਸਨ ਮੁਲਕ ਮੁਬਾਰਿਕ ਬਾਦੀ ਸਦਕੇ ਹੋ ਹੋ ਜਾਸਣ ।(੬੧੭੦)

ਬਾਗ਼ ਬਹਾਰ ਹੋਸੀ ਕੁਲ ਆਲਮ ਵਸਸੀ ਰਹਿਮਤ ਬਾਰਾਂ
ਸਭ ਪੈਦਾਇਸ਼ ਇਸ ਨਿਅਮਤ ਦਾ ਕਰਸਣ ਸ਼ੁਕਰ ਹਜ਼ਾਰਾਂ

ਜੋ ਕੋਈ ਤਾਬੇਦਾਰੀ ਕਰਸੀ ਸੋ ਮਕਬੂਲ ਹੋਵੇਗਾ
ਜੋ ਮੁਨਕਰ ਉਸ ਪਾਕ ਜਨਾਬੋਂ ਸੋ ਮਖ਼ਤੂਲ ਹੋਵੇਗਾ

ਦੋਹੀਂ ਜਹਾਨੀਂ ਨਾਮੀ ਕਰਸੀ ਚਾਰੇ ਯਾਰ ਪਿਆਰੇ
ਪੰਜ ਜੁੱਸੇ ਇਕ ਜਿੰਦੂ ਹੋਸਣ ਰਹਿਮਤ ਨਾਲ਼ ਸ਼ਿੰਗਾਰੇ

ਇਕ ਸਦੀਕ ਇਕ ਆਦਿਲ ਹੋਸੀ ਇਕ ਸਖ਼ੀ ਲੱਖ ਦਾਤਾ
ਚੌਥਾ ਸ਼ਾਹ ਮਰਦਾਂ ਦਾ ਹੋਸੀ ਨਾਲ਼ ਇਸ਼ਕ ਮੱਧ ਮਾਤਾ

ਗ਼ਾਲਿਬ-ਸ਼ੇਰ-ਅੱਲ੍ਹਾ ਦਾ ਹੋਸੀ ਭਾਈ ਪਾਕ ਨਬੀ ਦਾ
ਗਿਣਤਰ ਵਿਚ ਨਾ ਆਵੇ ਹਰਗਿਜ਼ ਰੁਤਬਾ ਸ਼ਾਹ ਅਲੀ ਦਾ

ਨਾਮ ਉਹਦਾ ਸੁਣ ਜ਼ੋਰ ਘਟੇਗਾ ਦੇਵਤਿਆਂ ਅਫ਼ਰੀਤਾਂ
ਨਾਅਰਾ ਸੁਣ ਕੇ ਕੋਟ ਗਿਰਨਗੇ ਪੌਸੀ ਭਾਂਜ ਪਲੀਤਾਂ

ਦੁਲਦੁਲ ਦਾ ਅਸਵਾਰ ਹੋਵੇਗਾ ਖ਼ੈਬਰ ਦਲਦਲ ਕਰਸੀ
ਦਲ ਦਲ ਸਟਸੀ ਲੱਖ ਕੱਫ਼ਾਰਾਂ ਜਿੱਤ ਪਾਸੇ ਮੂੰਹ ਧਰਸੀ

ਚੋਟ ਉਹਦੀ ਕੋਈ ਕੋਟ ਨਾ ਝਲਸੀ ਦੁਸ਼ਮਣ ਮਲਸਣ ਮੰਜਾ
ਸੈ ਰੁਸਤਮ ਲੱਖ ਬਹਿਮਨ ਸਾਨੀ ਝੱਲ ਨਾ ਸੱਕਣ ਪੰਜਾ

ਜ਼ੋਰ ਉਹਦਾ ਕੋਈ ਹੋਰ ਨਾ ਝਲਸੀ ਫ਼ਤਹਿ ਹਰ ਮੈਦਾਨੋਂ
ਦੀਨ ਇਸਲਾਮ ਕਰੇਗਾ ਪੱਕਾ ਕਢਸੀ ਕੁਫ਼ਰ ਜਹਾਨੋਂ

ਹੈਦਰ ਸਫ਼ਦਰ ਸ਼ੇਰ ਬਹਾਦਰ ਸ਼ਾਹ ਦਲੇਰ ਸਿਪਾਹੀ
ਸੈ ਸੂਰਜ ਥੀਂ ਰੌਸ਼ਨ ਹੋਸੀ ਕਰਸੀ ਦੂਰ ਸਿਆਹੀ ।(੬੧੮੦)

ਜ਼ਿਮੀਆਂ ਤੇ ਅਸਮਾਨਾਂ ਉੱਤੇ ਨੌਬਤ ਉਸ ਦੀ ਘੁਰਸੀ
ਹੂਰਾਂ ਮਲਕ ਨਕੀਬ ਹੋਵਣਗੇ ਜਿਸ ਪਾਸੇ ਉਠ ਟੁਰਸੀ

ਨੌਕਰ ਜਿਸਦੇ ਐਸੇ ਹੋਸਣ ਵਾਹ ਸੁਲਤਾਨ ਓਹਨਾਂ ਦਾ
ਨੂਰੀ ਬਦਨ ਮੁਬਾਰਿਕ ਹੋਸੀ ਸਰਵਰ ਸ਼ਾਹ ਸ਼ਾਹਾਂ ਦਾ

ਆਦਮ ਜਿੰਨ ਮਲਾਇਕ ਹੂਰਾਂ ਸਭ ਤੁਫ਼ੈਲ ਉਨ੍ਹਾਂ ਦੇ
ਉਹ ਸੁਲਤਾਨ ਨਬੀਆਂ ਸੰਦਾ ਹੋਰ ਪਟੇਲ ਉਨ੍ਹਾਂ ਦੇ

ਆਦਮ ਅਜੇ ਨਾ ਹੋਇਆ ਆਹਾ ਜਾਂ ਉਸ ਨਬੀ ਕਹਾਇਆ
ਅੰਬਰ ਧਰਤੀ ਦੋਜ਼ਖ਼ ਜੰਨਤ ਖ਼ਾਤਿਰ ਉਸ ਦੀ ਪਾਇਆ

ਮਿਹਤਰ ਨੂਹ ਸੁਲੇਮਾਂ ਮੂਸਾ ਝੰਡਾ ਉਸਦਾ ਚਾਂਦੇ
ਉਸ ਅਜ਼ੀਜ਼ ਅੱਗੇ ਹੋ ਬਰਦੇ ਯੂਸੁਫ਼ ਜੇਹੇ ਵਿਕਾਂਦੇ

ਕੁਰਸੀ ਅਰਸ਼ ਨਾ ਲੋਹ-ਕਲਮ ਸੀ ਨਾ ਸੂਰਜ ਚੰਨ ਤਾਰੇ
ਤਾਂ ਭੀ ਨੂਰ ਮੁਹੰਮਦ ਵਾਲਾ ਦੇਂਦਾ ਸੀ ਚਮਕਾਰੇ

ਕੁੱਲ ਨਬੀ ਮੁਹਤਾਜ ਉਨ੍ਹਾਂ ਦੇ ਉਹ ਸਿਰਤਾਜ ਤਮਾਮਾਂ
ਆਲ ਸਮੇਤ ਮੁਹੰਮਦ ਬਖਸ਼ਾ ਹੋਣ ਦਰੂਦ ਸਲਾਮਾਂ

ਆਫ਼ਰੀਨਸ਼ ਹਜ਼ਰਤ ਜੀ ਦਾ ਖੁੱਲਾ ਜ਼ਿਕਰ ਕਿਤਾਬੋਂ
ਖ਼ੁਸ਼ ਆਵਾਜ਼ੇ ਨਾਲ਼ ਸ਼ਹਿਜ਼ਾਦਾ ਪੜ੍ਹਦਾ ਜਿਗਰ ਕਬਾਬੋਂ

ਖ਼ੂਬ ਅਵਾਜ਼ਾ ਤਨ ਮਨ ਸਾਫ਼ੀ ਇਸ਼ਕੋਂ ਰੌਸ਼ਨ ਛਾਤੀ
ਨਾਲ਼ੇ ਦੁਖੀਆ ਪੜ੍ਹਨੇ ਵਾਲਾ ਹੋਰ ਇਨਾਇਤ ਜ਼ਾਤੀ

ਸਭ ਸਿਫ਼ਤਾਂ ਥੀਂ ਸਿਫ਼ਤ ਵਡੇਰੀ ਹੋਇਆ ਫ਼ਜ਼ਲ ਹਜ਼ੂਰੋਂ
ਖੁੱਲੀ ਆਲੀ ਸਿਫ਼ਤ ਮੁਬਾਰਿਕ ਪਾਕ ਨਬੀ ਦੇ ਨੂਰੋਂ ।(੬੧੯੦)

ਜਿਉਂ ਜਿਉਂ ਪੜ੍ਹੇ ਸ਼ਹਿਜ਼ਾਦਾ ਉੱਚਾ ਨਾਲ਼ ਅਦਾ ਸਫ਼ਾਈ
ਯੁਮਨ ਨਬੀ ਦਾ ਅਸਰ ਕਰੇਂਦਾ ਹਰ ਸੀਨੇ ਹਰ ਜਾਈ

ਹਰ ਪੱਤਰ ਹਰ ਡਾਲ਼ੀ ਕੰਬੇ ਹਰ ਹਰ ਮਹਿਲ ਚੁਬਾਰੇ
ਹਰ ਜ਼ੱਰੇ ਨੂੰ ਰਕਸ ਇਸ਼ਕ ਦਾ ਚਮਕਣ ਵਾਂਗ ਸਿਤਾਰੇ

ਸ਼ਹਿਜ਼ਾਦੇ ਦੇ ਸਿਰ ਤੇ ਕੀਤਾ ਲੱਖ ਪਰੀਆਂ ਆ ਸਾਇਆ
ਜਿਥੇ ਤੀਕ ਅਵਾਜ਼ਾ ਪਹੁਤਾ ਜੀਵ-ਜੰਤ ਟੁਰ ਆਇਆ

ਮਿਰਗਾਂ ਮਰਗਾਂ ਦਾ ਗ਼ਮ ਛੱਡਿਆ ਸ਼ੇਰਾਂ ਜ਼ੋਰਾਵਰੀਆਂ
ਤਿੱਤਰ ਬਾਜ਼ ਸੱਭੋ ਰਲ਼ ਆਏ ਕੱਠੀਆਂ ਹੋਈਆਂ ਪਰੀਆਂ

ਸੁਣ ਕਲਾਮ ਕੱਢੇ ਸਿਰ ਬਾਹਰ ਮੱਛ ਸੰਸਾਰ ਨਦੀ ਦਾ
ਮਜਲਿਸ ਅੰਦਰ ਜ਼ਾਹਿਰ ਹੋਇਆ ਮੁਅਜਜ਼ਾ ਪਾਕ ਨਬੀ ਦਾ

ਸ਼ੋਰ ਸ਼ਹਿਰ ਵਿਚ ਜ਼ਾਹਿਰ ਹੋਇਆ ਉਠਿਆ ਸ਼ੁਅਲਾ ਨੂਰੋਂ
ਤੜਫ਼ੜਾਟ ਪਿਆ ਵਿਚ ਖ਼ਲਕਾਂ ਕਿਆ ਨੇੜੇ ਕਿਆ ਦੂਰੋਂ

ਹਾਲਤ ਵਿਚ ਬੇਹੋਸ਼ ਹੋਏ ਸੁਣ ਪੀਰ ਜਵਾਨ ਅੰਞਾਣੇ
ਇਕ ਦੂਜੇ ਪਰ ਢਹਿੰਦੇ ਉਠਦੇ ਜਿਉਂ ਭੱਠੀ ਵਿਚ ਦਾਣੇ

ਹੂਰਾਂ ਦੌੜ ਬਹਿਸ਼ਤੋਂ ਆਈਆਂ ਜਿਉਂ ਡੋਲੀ ਵੱਲ ਸੱਈਆਂ
ਸਿਫ਼ਤ ਨਬੀ ਦੀ ਸੁਣ ਸੁਣ ਰੋਵਣ ਆਖਣ ਸਦਕੇ ਗਈਆਂ

ਛੋੜ ਅਸਮਾਨ ਫ਼ਰਿਸ਼ਤੇ ਆਏ ਸੁਣ ਸੁਣ ਹੋਏ ਦੀਵਾਨੇ
ਸ਼ਹਿਜ਼ਾਦੇ ਪਰ ਢਹਿੰਦੇ ਜਿਉਂ ਕਰ ਸ਼ਮ੍ਹਾ ਉੱਤੇ ਪਰਵਾਨੇ

ਕੋਹ ਕਾਫ਼ਾਂ ਦੇ ਪੰਖੀ ਆਏ ਹੋਰ ਹੈਵਾਨ ਚਰਿੰਦੇ
ਸੁਣਨ ਕਲਾਮ ਜ਼ਿਮੀਂ ਥੀਂ ਬਾਹਰ ਨਿਕਲੇ ਸਭ ਖ਼ਜ਼ਿੰਦੇ ।(੬੨੦੦)

ਰੋਵਣ ਤੇ ਕੁਰਲਾਵਣ ਸਾਰੇ ਸ਼ੌਕ ਕਨੋਂ ਦਿਲ ਤਪੇ
ਪੜ੍ਹਨ ਦਰੂਦ ਸ਼ਹਿਜ਼ਾਦਾ ਜਿਸ ਦਮ ਨਾਮ ਨਬੀ ਦਾ ਜਪੇ

ਜਿਨ ਦੇਵਾਂ ਅਫ਼ਰੇਤਾਂ ਮੱਲੀ ਕਈ ਕੋਹਾਂ ਤੱਕ ਧਰਤੀ
ਹੋਏ ਹਜੂਮ ਅਜੇਹੇ ਗੋਇਆ ਰੋਜ਼ ਕਿਆਮਤ ਵਰਤੀ

ਵਿਚ ਹਵਾ ਨਾ ਮਿਟਦੇ ਪੰਖੀ ਤੜਫ਼ ਤੜਫ਼ ਕਈ ਮਰਦੇ
ਜੰਨਤ ਦੇ ਦਰਵਾਜ਼ੇ ਖੁੱਲੇ ਦੋਜ਼ਖ਼ ਹੋਏ ਸਰਦੇ

ਗੋਲ ਪਿਆ ਅਸਮਾਨਾਂ ਤੋੜੀ ਧੁਰ ਧਰ ਕੁੱਝ ਨਾ ਰਿਹਾ
ਹਜ਼ਰਤ ਦੀ ਸੁਣ ਸਿਫ਼ਤ ਮੁਬਾਰਿਕ ਹਰ ਕੋਈ ਆਖੇ ਇਹਾ

ਅੱਵਲ ਆਖ਼ਿਰ ਤੀਕ ਜਿਨ੍ਹਾਂ ਦਾ ਸ਼ਾਨ ਨਾ ਥੀਂਦਾ ਬੇਹਾ
ਸੱਲੇ ਅੱਲਾ ਅਲੈਹ ਵਸੱਲਮ ਧਨ ਹਬੀਬ ਅਜੇਹਾ

ਜਿਉਂ ਜਿਉਂ ਪੜ੍ਹਦਾ ਨਾਮ ਨਬੀ ਦਾ ਸੈਫ਼-ਮਲੂਕ ਸ਼ਹਿਜ਼ਾਦਾ
ਤਿਉਂ ਤਿਉਂ ਹੋਵੇ ਆਵਾਜ਼ ਸਫ਼ਾਈ ਜੋਸ਼-ਓ-ਖ਼ਰੋਸ਼ ਜ਼ਿਆਦਾ

ਜਿਉਂ ਜਿਉਂ ਕਰੇ ਆਵਾਜ਼ ਉਚੇਰਾ ਤਿਉਂ ਤਿਉਂ ਸੰਘ ਸਫ਼ਾਈ
ਦਮ ਦਮ ਨਾਲ਼ ਨਬੀ ਦੀ ਬਰਕਤ ਹੋਵੇ ਕਲਾਮ ਸਵਾਈ

ਸਿਫ਼ਤ ਨਬੀ ਦੀ ਪੜ੍ਹੇ ਸ਼ਹਿਜ਼ਾਦਾ ਧਰ ਕੇ ਖ਼ਾਸ ਇਰਾਦਾ
ਹੁੰਦੇ ਜਾਵਣ ਬੋਲ ਰਸੀਲੇ ਰੌਸ਼ਨ ਸਾਫ਼ ਜ਼ਿਆਦਾ

ਪਰੀਆਂ ਜਿੰਨ ਪੰਖੇਰੂ ਵਹਿਸ਼ੀ ਸਭ ਇਕੱਠੇ ਹੋਏ
ਕੀਤਾ ਅਸਰ ਕਲਾਮ ਤਮਾਮਾਂ ਹੰਝੂ ਭਰ ਭਰ ਰੋਏ

ਛੱਜੀਂ ਖਾਰੀਂ ਰੁੰਨੀ ਬੀਬੀ ਹੰਝੂ ਝੋਲੀ ਭਰੀਆਂ
ਹਾਏ ਹਾਏ ਕਰ ਕੇ ਰੁੰਨੀਆਂ ਓਥੇ ਹੋਰ ਤਮਾਮੀ ਪਰੀਆਂ ।(੬੨੧੦)

ਜਾਂ ਫਿਰ ਸੈਫ਼-ਮਲੂਕ ਸ਼ਹਿਜ਼ਾਦੇ ਕੀਤੀ ਚੁੱਪ ਕਲਾਮੋਂ
ਹਰ ਇਕ ਦਾ ਜੀਉ ਜਾਈ ਆਇਆ ਕਿਆ ਖ਼ਾਸੋਂ ਕਿਆ ਆਮੋਂ

ਬੀਬੀ ਨੇ ਫ਼ੁਰਮਾਇਆ ਬੇਟਾ ਗ਼ਰਜ਼ ਤੇਰੀ ਹੁਣ ਏਹਾ
ਸ਼ਾਹ-ਪਰੀ ਹੱਥ ਲੱਗੇ ਕਿਵੇਂ ਬਣੇ ਸਬੱਬ ਅਜੇਹਾ

ਇਹ ਮੁਹਿੰਮ ਨਹੀਂ ਸਰ ਹੁੰਦੀ ਹੈ ਕੰਮ ਮੁਸ਼ਕਿਲ ਭਾਰਾ
ਤੂੰ ਆਦਮ ਉਹ ਪਰੀ ਸ਼ਹਿਜ਼ਾਦੀ ਵੱਡੀ ਬੁਲੰਦ ਸਿਤਾਰਾ

ਪਰੀਆਂ ਨਾਰੀ ਲੋਕ ਨਿਆਰੇ ਪੂਰੇ ਕੌਲ ਕਰਾਰੋਂ
ਬੇਵਫ਼ਾ ਤੁਸਾਨੂੰ ਗਿਣਦੇ ਭੱਜ ਵੰਝਣ ਇਕਰਾਰੋਂ

ਮਕਰ ਫ਼ਰੇਬ ਬਹਾਨੇ ਕਰ ਕੇ ਪਰੀ ਕਿਸੇ ਨੂੰ ਠਗੋ
ਹੱਥ ਲੱਗੇ ਤਾਂ ਐਵੇਂ ਕਿਵੇਂ ਛੋੜ ਕਿਸੇ ਵੱਲ ਵਗੋ

ਸਾਫ਼ ਜਵਾਬ ਸ਼ਹਿਜ਼ਾਦੇ ਸੁਣਿਆ ਲੱਗ ਗਿਆ ਗ਼ਮ ਕਾਰੀ
ਦੰਦ ਕੰਨ ਵੱਟ ਢੱਠਾ ਖਾ ਗਿਰਦੀ ਹੋਸ਼ ਗਈ ਭੁੱਲ ਸਾਰੀ

ਰਾਵੀ ਕਹਿੰਦਾ ਮਿਹਰ-ਅਫ਼ਰੋਜ਼ੇ ਇਸ਼ਕ ਉਹਦਾ ਅਜ਼ਮਾਇਆ
ਅੱਗੇ ਹੀ ਪੈਗ਼ਾਮ ਇਸ ਗੱਲ ਦਾ ਬੀਬੀ ਵੱਲ ਸੀ ਆਇਆ

ਹੋਰ ਅਫ਼ਰੇਤ ਬਦੀਅ-ਜਮਾਲੇ ਘੱਲਿਆ ਆਹਾ ਅਗੇਰੇ
ਸਭ ਹਕੀਕਤ ਲਿਖ ਪੁਚਾਇਓਸੁ ਕੰਮ ਦਾਦੀ ਹੱਥ ਤੇਰੇ

ਹਾਲ ਅਹਿਵਾਲ ਸ਼ਹਿਜ਼ਾਦੇ ਵਾਲਾ ਨਾਲ਼ੇ ਆਪਣਾ ਸਾਰਾ
ਦਾਦੀ ਅੱਗੇ ਜ਼ਾਹਿਰ ਕੀਤਾ ਕਰੀਂ ਅਸਾਡਾ ਚਾਰਾ

ਏਸ ਮੇਰੇ ਪਰ ਆਸ਼ਿਕ ਹੋ ਕੇ ਝੱਲੇ ਕਹਿਰ ਨਜ਼ੂਲਾਂ
ਮੈਨੂੰ ਭੀ ਹੁਣ ਇਸ਼ਕ ਇਸ ਦੇ ਨੇ ਕੀਤਾ ਵਾਂਗ ਰੰਜੂਲਾਂ ।(੬੨੨੦)

ਜੋੜੀ ਸਾਡੀ ਝਬ ਰਲਾਈਂ ਮੈਂ ਮਰਦੀ ਵਿਚ ਸੂਲਾਂ
ਜੇ ਇਹ ਵਰ ਨਾ ਦੇਹੋ ਮੈਨੂੰ ਹੱਥੋਂ ਮੌਤ ਕਬੂਲਾਂ

ਚੇਤਾ ਦੇਈਂ ਜਵਾਬ ਨਾ ਇਸ ਨੂੰ ਜੇ ਤੂੰ ਦਾਦੀ ਮੇਰੀ
ਜੇ ਇਕ ਵਾਰ ਜਵਾਬ ਦਿਤੋਈ ਮਰ ਕੇ ਹੋਸੀ ਢੇਰੀ

ਅੱਗੇ ਹੀ ਇਹ ਹੈ ਦੁਖਿਆਰਾ ਪੁਰ ਪੁਰ ਸੱਲਿਆ ਦਰਦਾਂ
ਅੰਦਰ ਇਸ ਦਾ ਪੁਰਜ਼ੇ ਪੁਰਜ਼ੇ ਬਾਹਰ ਦਾਈਆ ਮਰਦਾਂ

ਉੱਤੋਂ ਤੂੰ ਨਾ ਬਲਦੀ ਉੱਤੇ ਪਾਈਂ ਤੇਲ ਜਵਾਬੋਂ
ਸਾਇਤ ਢਿੱਲ ਨਾ ਲਗਸੀ ਉਵੇਂ ਮਰਸੀ ਏਸ ਅਜ਼ਾਬੋਂ

ਇਹ ਮੋਇਆ ਤਾਂ ਮੈਂ ਭੀ ਮਰਸਾਂ ਘੜੀ ਨਾ ਪਿੱਛੇ ਰਹਿਸਾਂ
ਜੇ ਤੁਧ ਇਹ ਅਹਿਸਾਨ ਨਾ ਕੀਤਾ ਮਿਹਰ ਤੇਰੀ ਕੀ ਕਹਿਸਾਂ

ਕਰ ਕੇ ਆਸ ਤੇਰੇ ਦਰ ਘੱਲਿਆ ਮੋੜੀਂ ਨਹੀਂ ਨਿਰਾਸਾ
ਬੇਦਿਲ ਨੂੰ ਦਿਲਬਰੀ ਬੰਨ੍ਹਾਈਂ ਦੇ ਕੇ ਗ਼ੌਰ ਦਿਲਾਸਾ

ਜਾਂ ਜਾਂ ਜਾਨ ਮੇਰੇ ਤਨ ਇਹੋ ਖ਼ਾਸਾ ਦਿਲ ਦਾ ਜਾਨੀ
ਜੇ ਝਿੜਕੇਂ ਮਰ ਜਾਸੀ ਆਸ਼ਿਕ ਮੈਂ ਭੀ ਹੋਸਾਂ ਫ਼ਾਨੀ

ਅੱਖੀਂ ਡਿਠੇ ਬਾਝੋਂ ਇਸ ਨੇ ਕੀਤੀ ਐਡ ਅਸ਼ਨਾਈ
ਦੁਨੀਆਂ ਉੱਤੇ ਕੋਈ ਨਾ ਹੋਸੀ ਐਸਾ ਮਰਦ ਵਫ਼ਾਈ

ਆਦਮ ਜਿੰਨ ਪਰੀ ਵਿਚ ਕਿਹੜਾ ਇਤਨੀ ਹਿੰਮਤ ਵਾਲਾ
ਜੋ ਇਸ ਸਫ਼ਰ ਕਜ਼ੀਏ ਕੱਟੇ ਪੈਣ ਪਰੰਗਤ ਸ਼ਾਲਾ

ਨਾਮ ਨਿਸ਼ਾਨ ਮੁਕਾਮ ਜ਼ਰੀਅਤ ਸੂਰਤ ਰੰਗ ਰਵਾਨੀ
ਘੱਲੀਆਂ ਲਿਖ ਬਦੀਅ-ਜਮਾਲੇ ਸਿਫ਼ਤਾਂ ਨੇਕ ਇਨਸਾਨੀ ।(੬੨੩੦)

ਬੀਬੀ ਸਭ ਹਕੀਕਤ ਸਮਝੀ ਗੱਲ ਨਹੀਂ ਇਹ ਕੱਚੀ
ਸ਼ਾਹ-ਪਰੀ ਦੇ ਸੁਖ਼ਨ ਆਜ਼ਮਾਇਓਸੁ ਕੂੜ ਲਿਖੇ ਯਾ ਸੱਚੀ

ਜਿਉਂ ਜਿਉਂ ਸ਼ਾਹ-ਪਰੀ ਨੇ ਲਿਖੀ ਤਿਵੇਂ ਡਿੱਠੀ ਸਾਰੀ
ਫ਼ਿਕਰ ਪਈਓਸੁ ਹੁਣ ਜੇ ਮਰ ਜਾਏ ਹੋਸੀ ਵੱਡੀ ਕਹਾਰੀ

ਜੇ ਇਸ ਗ਼ਸ਼ ਬੇਹੋਸ਼ੀ ਵਿਚੋਂ ਬਚ ਕੀ ਬਾਹਰ ਆਵੇ
ਦਿਆਂ ਦਿਲਾਸਾ ਲਾਵਾਂ ਆਸਾ ਸਾਕ ਕਰਾਂ ਰੱਬ ਭਾਵੇ

ਅੰਬਰ ਅਸ਼ਹਬ ਆਣ ਸ਼ਿਤਾਬੀ ਮਗ਼ਜ਼ ਉਹਦੇ ਤੇ ਮਲਿਆ
ਸੈਫ਼-ਮਲੂਕੇ ਹੋਸ਼ ਸੰਭਾਲੀ ਉਠਿਆ ਖ਼ਾਕੂ ਰਲਿਆ

ਸ਼ੁਕਰ ਗੁਜ਼ਾਰ ਹੋਈ ਉਹ ਬੀਬੀ ਕਰਨ ਲੱਗੀ ਦਿਲਦਾਰੀ
ਗ਼ੌਰ ਦਿਲਾਸਾ ਬੇਵਿਸਵਾਸਾ ਖ਼ਾਤਿਰ ਬੇਸ਼ੁਮਾਰੀ

ਆਖਣ ਲੱਗੀ ਐ ਸ਼ਹਿਜ਼ਾਦਾ ਨਾ ਕਰ ਗ਼ਮ ਨਾ ਝੋਰਾ
ਕੰਮ ਤੇਰੇ ਵਿਚ ਹਿੰਮਤ ਕਰਸਾਂ ਕਿਸਮਤ ਨਾਲ਼ ਨਾ ਜ਼ੋਰਾ

ਨਾਲ਼ ਇਨਾਇਤ ਰੱਬ ਸੱਚੇ ਦੀ ਮੁਸ਼ਕਿਲ ਹੱਲ ਕਰਾਸਾਂ
ਮਤਲਬ ਤੇਰੇ ਕਾਰਨ ਹੁਣੇਂ ਬਾਗ਼-ਇਰਮ ਵਿਚ ਜਾਸਾਂ

ਜੋ ਕੁੱਝ ਜ਼ੋਰ ਮੇਰੇ ਵਿਚ ਹੋਸੀ ਲਾਸਾਂ ਜਾਂ ਜਾਂ ਸਰਸਾਂ
ਅੱਲ੍ਹਾ ਭਾਵੇ ਨਾਤਾ ਤੇਰਾ ਸ਼ਾਹ ਪਾਲੇ ਘਰ ਕਰਸਾਂ

ਸੈਫ਼-ਮਲੂਕ ਇਹ ਗੱਲਾਂ ਸੁਣ ਕੇ ਹੱਥ ਬੰਨ੍ਹ ਉੱਠ ਖਲੋਇਆ
ਝੁਕ ਕੇ ਸੱਤ ਸਲਾਮ ਕਰੇਂਦਾ ਜੀਉ ਪਿਆ ਸੀ ਮੋਇਆ

ਬੀਬੀ ਤਾਈਂ ਦੇਇ ਦੁਆਈਂ ਦੇਵੇ ਰੱਬ ਜਜ਼ਾਈਂ
ਜੇ ਤੂੰ ਭਲਾ ਮੇਰੇ ਸੰਗ ਕਰਸੇਂ ਇਜਰ ਦਏਗਾ ਸਾਈਂ ।(੬੨੪੦)

ਬੀਬੀ ਨੇ ਫ਼ੁਰਮਾਇਆ ਲਿਆਓ ਝੱਬ ਬਾਵਰਚੀ ਖਾਣੇ
ਪੂਰ ਰਿਕਾਬ ਟਿਕਾਂਦੇ ਜਾਂਦੇ ਖ਼ਿਦਮਤਗਾਰ ਸਿਆਣੇ

ਖਾਧਾ ਕੁੱਝ ਤੁਆਮ ਸ਼ਹਿਜ਼ਾਦੇ ਲਾਇਕ ਕਦਰ ਤਲਬ ਦੇ
ਰੱਖ ਉਮੀਦ ਪਿਆਲੇ ਪੀਤੇ ਫ਼ਜ਼ਲ ਨਿਆਰੇ ਰੱਬ ਦੇ

ਜਾਂ ਕੁੱਝ ਹੋਇਆ ਆਸੂਦਾ ਰਾਹੀ ਪੁੱਛਦੀ ਬੀਬੀ ਰਾਣੀ
ਦਸ ਜ਼ਬਾਨੀ ਆਪਣੀ ਸਾਨੂੰ ਸਾਰੀ ਸਫ਼ਰ ਕਹਾਣੀ

ਸੈਫ਼-ਮਲੂਕੇ ਮਜਲਿਸ ਅੰਦਰ ਫੋਲ ਦਿੱਤੀ ਸਭ ਵਰਤੀ
ਦਰਿਆਵਾਂ ਵਿਚ ਜੋ ਕੁੱਝ ਵਰਤੀ ਜੋ ਗੁਜ਼ਰੀ ਵਿਚ ਧਰਤੀ

ਬਹਿਰਾਮੇ ਦੇ ਮਾਰਨ ਵਾਲਾ ਮਲਿਕਾ ਦਾ ਛੁਟਕਾਰਾ
ਵਾਸਿਤ ਸਰਾਂਦੀਪ ਟਿਕਣ ਦਾ ਹਾਲ ਸੁਣਾਇਆ ਸਾਰਾ

ਸਾਇਦ ਯਾਰ ਮਿਲਣ ਦਾ ਕਿੱਸਾ ਹੋਰ ਮੁਸੀਬਤ ਉਸ ਦੀ
ਸੱਭੋ ਰਾਸ-ਹਿਰਾਸ ਸੁਣਾਏ ਮਜਲਿਸ ਸੁਣ ਸੁਣ ਖੁਸ ਦੀ

ਜ਼ਾਰੋ ਜ਼ਾਰ ਰੁੰਨਾ ਸਭ ਕੋਈ ਨਾਲ਼ੇ ਬੀਬੀ ਰੋਈ
ਤੱਤਿਆਂ ਦੀ ਸੁਣ ਗੱਲ ਮੁਹੰਮਦ ਮਜਲਿਸ ਤੱਤੀ ਹੋਈ

ਖ਼ਿਦਮਤੀਆਂ ਨੂੰ ਕਿਹਾ ਬੀਬੀ ਝੱਬ ਝੱਬ ਕਰੋ ਤਿਆਰੀ
ਬਾਗ਼-ਇਰਮ ਵੱਲ ਟੁਰੇ ਸ਼ਹਿਜ਼ਾਦਾ ਖ਼ਰਚ ਦਿਉ ਜੋ ਕਾਰੀ

ਹੋਇਆ ਤਿਆਰ ਅਸਬਾਬ ਤਮਾਮੀ ਫੇਰ ਅਫ਼ਰੇਤ ਬੁਲਾਇਆ
ਉਹੋ ਆਹੂ-ਖ਼ਾਤਿਫ਼ ਜਿਹੜਾ ਅੱਗੇ ਚਾਇ ਲਿਆਇਆ

ਬੀਬੀ ਹੁਕਮ ਕੀਤਾ ਅਫ਼ਰੇਤੇ ਸ਼ਹਿਜ਼ਾਦੇ ਦੇ ਤਾਈਂ
ਸਹੀ ਸਲਾਮਤ ਬਾਗ਼-ਇਰਮ ਵਿਚ ਅੱਗੇ ਚੱਲ ਪੁਚਾਈਂ ।(੬੨੫੦)

ਮੈਂ ਭੀ ਇਹ ਤੱਕ ਆਈ ਜਾਣੋਂ ਢਿੱਲ ਨਾ ਲਾਸਾਂ ਮੂਲੇ
ਅਫ਼ਰੇਤੇ ਸ਼ਾਹ ਕਾਂਧੇ ਚਾਇਆ ਸਿਰ ਪਰ ਹੁਕਮ ਕਬੂਲੇ

ਉਡਿਆ ਦਿਓ ਮੁਹੱਬਤ ਚਾਇਆ ਇਕ ਪਲ ਕਿਤੇ ਨਾ ਅੜਿਆ
ਸੈਫ਼-ਮਲੂਕ ਇਕ ਪਹਿਰੇ ਅੰਦਰ ਬਾਗ਼-ਇਰਮ ਤੱਕ ਖੜਿਆ

ਬਾਗ਼ੋਂ ਬਾਹਰ ਸੀ ਇਕ ਚਸ਼ਮਾ ਆ ਲੱਥਾ ਉਸ ਉੱਤੇ
ਸਾਇਤ ਘੜੀ ਆਰਾਮ ਕੀਤੋ ਨੇ ਬੈਠ ਰਹੇ ਯਾ ਸੁੱਤੇ

ਤਾਹੀਂ ਜੇ ਫਿਰ ਆਇਆ ਪਿੱਛੋਂ ਉਸ ਬੀਬੀ ਦਾ ਡੇਰਾ
ਲਸ਼ਕਰ ਫ਼ੌਜ ਨਿਸ਼ਾਨ ਨਿਕਾਰੇ ਸ਼ੌਕਤ ਸ਼ਾਨ ਵਡੇਰਾ

ਬਾਗ਼-ਇਰਮ ਦੇ ਗਿਰਦ ਚੌਫੇਰੇ ਹੋ ਗਏ ਡੇਰੇ ਡੇਰੇ
ਸ਼ਰਿਸਤਾਨ ਸੁਨਹਿਰੀ ਅੰਦਰ ਫ਼ੌਜਾਂ ਪਾਏ ਘੇਰੇ

ਪਰੀਆਂ ਜ਼ੇਵਰ ਗਹਿਣੇ ਭਰੀਆਂ ਜਿਉਂ ਕਰ ਹਰੀਆਂ ਸ਼ਾਖ਼ਾਂ
ਸੈਫ਼-ਮਲੂਕੇ ਨਾਲ਼ ਮੁਹੰਮਦ ਹੱਸ ਹੱਸ ਕਰਨ ਮਜ਼ਾਖਾਂ

ਆਵਣ ਸਾਇਤ ਲਗਾਏ ਤੰਬੂ ਬਾਗ਼-ਇਰਮ ਵਿਚ ਲੱਥੇ
ਮਿਲਣ ਚਲੇ ਸ਼ਾਹਪਾਲ ਸ਼ਾਹੇ ਨੂੰ ਧੋ ਕੱਪੜੇ ਮੂੰਹ ਮੱਥੇ

ਸੁੱਚਾ ਸਾਇਬਾਨ ਸ਼ਿਤਾਬੀ ਸ਼ਹਿਜ਼ਾਦੇ ਪਰ ਲਾਇਆ
ਬਿਸਤਰ ਲਾਇ ਦਿੱਤੇ ਗਾਓ ਤੱਕੀਏ ਇੱਜ਼ਤ ਨਾਲ਼ ਬਹਾਇਆ

ਸ਼ਾਹ ਪਾਲੇ ਦੇ ਮੇਲੇ ਕਾਰਨ ਹੋਰ ਗਏ ਉਠ ਸਾਰੇ
ਆਵੇ ਜਦੋਂ ਕਜ਼ਾ ਮੁਹੰਮਦ ਦਾਨਾਵਾਂ ਮੱਤ ਮਾਰੇ

ਖ਼ਾਤਿਰ ਜਮ੍ਹਾਂ ਤਸੱਲੀ ਕਰ ਕੇ ਆਹੂ-ਖ਼ਾਤਿਫ਼ ਆਇਆ
ਦੇਵਾਂ ਖ਼ਬਰ ਪਰੀ ਨੂੰ ਖ਼ੈਰੀਂ ਸੈਫ਼-ਮਲੂਕ ਪੁਚਾਇਆ ।(੬੨੬੦)

ਇਸ ਜਾਈ ਕੁੱਝ ਪਰੀਆਂ ਆਹੀਆਂ ਹੋਰ ਕਈ ਤਰਫ਼ੈਨੀ
ਗਏ ਸ਼ਹਿਜ਼ਾਦਾ ਸੌਂਪ ਉਨ੍ਹਾਂ ਨੂੰ ਸੱਭੋ ਵਾਕਿਫ਼ ਐਨੀ

ਕਹਿ ਕੇ ਗਏ ਉਨ੍ਹਾਂ ਨੂੰ ਚੇਤਾ ਵੇਖ ਆਦਮ ਦਾ ਜਾਇਆ
ਸ਼ੱਰ ਮਕਰ ਕੁੱਝ ਕਰੀਉ ਨਾਹੀਂ ਇਹ ਘਰ ਸਾਡੇ ਆਇਆ

ਉਨ੍ਹਾਂ ਨੂੰ ਕੀ ਸਰਫ਼ਾ ਆਹਾ ਗਈਆਂ ਜਿੱਤ ਵੱਲ ਜਾਣਾ
ਖ਼ੌਫ਼ ਖ਼ਤਰ ਦੀ ਜਾਈ ਰਿਹਾ ਸੁੱਤਾ ਬਾਲ ਇਆਣਾ

ਸੈਫ਼-ਮਲੂਕ ਇਕੱਲਾ ਰਿਹਾ ਪਾਸ ਨਾ ਰਹਿਓਸੁ ਕਾਈ
ਬਿਸਤਰ ਤੋਂ ਉਠ ਸੈਰ ਕਰੇਂਦਾ ਬਾਗ਼ ਅੰਦਰ ਹਰ ਜਾਈ

ਗੁਲ ਫਲ ਰੰਗਾਰੰਗ ਦੇ ਤੱਕਦਾ ਪੰਖੀ ਖ਼ੂਬ ਹਜ਼ਾਰਾਂ
ਭਲੇ ਭਲੇਰੇ ਰੁੱਖ ਨੂਰਾਨੀ ਅੰਤ ਨਾ ਮੇਵੇ ਦਾਰਾਂ

ਦਮ ਦਮ ਸ਼ੁਕਰ ਰਬਾਣਾ ਆਖੇ ਹਮਦ ਸਨਾ ਕਰੋੜਾਂ
ਜੀਵੰਦਿਆਂ ਵਿਚ ਜੰਨਤ ਆਂਦੋਸੁ ਪੁਗ ਗਈਆਂ ਸਭ ਲੋੜਾਂ

ਪਰ ਮਾਂ ਬਾਪ ਮੇਰੇ ਦੁਖਿਆਰੇ ਛਮ ਛਮ ਹੋਸਣ ਰੋਂਦੇ
ਲੂੰ ਲੂੰ ਠੰਡ ਉਨ੍ਹਾਂ ਨੂੰ ਪੌਂਦੀ ਜੇ ਅੱਜ ਤੱਕਦੇ ਹੋਂਦੇ

ਪਰ ਮੇਰੀ ਕੀ ਖ਼ਬਰ ਉਨ੍ਹਾਂ ਨੂੰ ਜਾ ਪਹੁਤਾ ਕਿਸ ਜਾਈ
ਕਰਦਾ ਸੈਰ ਬਹਿਸ਼ਤਾਂ ਅੰਦਰ ਮੌਲਾ ਆਸ ਪੁਚਾਈ

ਉਨ੍ਹਾਂ ਹਿੱਖੀ ਲਾਹੀ ਹੋਸੀ ਹੋਗ ਕਿਤੇ ਮਰ ਰਿਹਾ
ਇਤਨੀ ਮੁਦਤ ਪਈ ਨਾ ਆਇਆ ਨਾ ਕੋਈ ਖ਼ੈਰ ਸੁਨੇਹਾ

ਬਾਬਲ ਮੇਰਾ ਰੋਂਦਾ ਹੋਸੀ ਵਾਂਗ ਨਬੀ ਕਿਨਆਨੀ
ਨਾ ਮਾਲਮ ਇਸ ਯੂਸੁਫ਼ ਵਾਲੀ ਪੁੱਤ ਲੱਧੀ ਸੁਲਤਾਨੀ ।(੬੨੭੦)

ਮੈਂ ਅੱਜ ਬਾਗ਼-ਇਰਮ ਵਿਚ ਫਿਰਦਾ ਬਣ ਪਰੀਆਂ ਦਾ ਲਾੜਾ
ਨਾਰੀ ਲੋਕ ਮੇਰਾ ਤਨ ਖ਼ਾਕੀ ਚਾਵਨ ਰੱਖ ਕੰਧਾੜਾ

ਮਾਪੇ ਗ਼ਮ ਮੇਰੇ ਵਿਚ ਹੋਸਣ ਕਰਦੇ ਨਿੱਤ ਸਿਆਪੇ
ਖ਼ਾਕੂ ਅੰਦਰ ਸੌਂਦੇ ਹੋਸਣ ਜਿਉਂ ਕਰ ਹਾਲ਼ੀ ਤਾਪੇ

ਰੋ ਰੋ ਕੇ ਹੁਣ ਹੋਇਆ ਹੋਸੀ ਪਿਓ ਮੇਰਾ ਨਾਬੀਨਾ
ਆਤਿਸ਼ ਗ਼ਮ ਮੇਰੇ ਦੀ ਉਸ ਦਾ ਹੋਗ ਜਲਾਇਆ ਸੀਨਾ

ਉਸ ਦੇ ਵੰਡੇ ਦਾ ਮੈਂ ਹੋਸਾਂ ਮਰ ਕੇ ਖ਼ਾਕੂ ਰਲਿਆ
ਯਾ ਵਿਚ ਵਖ਼ਤ ਕਜ਼ੀਏ ਭਾਰੇ ਪਾ ਕੜਾਹੀ ਤਲਿਆ

ਮੈਨੂੰ ਰੱਬ ਦਿੱਤੀ ਵਡਿਆਈ ਮੌਜ ਬਹਿਸ਼ਤੀਂ ਮਾਣਾਂ
ਪਿਉ ਬਹਾਰ ਮੇਰੀ ਹੁਣ ਵੇਖੇ ਸਬਜ਼ ਹੋਵੇ ਕੁਮਲਾਣਾਂ

ਇਨ੍ਹਾਂ ਖ਼ੁਸ਼ੀਆਂ ਅੰਦਰ ਆਹਾ ਖ਼ੁਸ਼ੀ ਨਾ ਪਚਦੀ ਕਿਸੇ
ਤੋੜੇ ਕੋਲ ਸੱਜਣ ਦੇ ਪਹੁਤਾ ਤੋੜ ਚੜ੍ਹੇ ਤਾਂ ਦਿਸੇ

ਬਹੁਤੇ ਸਾਲਿਕ ਰਾਹ ਚਲੇਂਦੇ ਖ਼ੁਸ਼ੀਆਂ ਮਾਨਣ ਲੱਗੇ
ਹੋਏ ਬੰਦ ਨਾ ਪਹੁਤੇ ਕਿਧਰੇ ਨਾ ਪਿੱਛੇ ਨਾ ਅੱਗੇ

ਖ਼ੁਸ਼ੀ ਖ਼ੁਸ਼ਾਈਂ ਸੈਰ ਕਰੇਂਦਾ ਨਜ਼ਰ ਚੌਤਰਫ਼ੇ ਫੇਰੇ
ਦਰਿਆ ਤੇ ਕੋਹ ਕਾਫ਼ ਉਸ ਥਾਈਓਂ ਦਿਸਦੇ ਆਹੇ ਨੇੜੇ

ਲੱਖ ਹਜ਼ਾਰ ਦਰਖ਼ਤ ਪਹਾੜੀ ਬਹੁਤ ਬੁਲੰਦ ਸ਼ੁਮਾਰੋਂ
ਨਾਲ਼ ਅਸਮਾਨ ਜਿਨ੍ਹਾਂ ਦੀ ਚੋਟੀ ਦਿੱਸਣ ਕਾਫ਼ ਕਿਨਾਰੋਂ

ਸਬਜ਼ ਸ਼ੁਆ ਉਨ੍ਹਾਂ ਦੀ ਕੀਤਾ ਅੰਬਰ ਦਾ ਰੰਗ ਨੀਲਾ
ਰੰਗ ਬਰੰਗੀ ਮੇਵੇ ਦਿੱਸਣ ਕੋਈ ਸੂਹਾ ਕੋਈ ਪੀਲ਼ਾ ।(੬੨੮੦)

ਬੰਗਲੇ ਮਹਿਲ ਚੁਬਾਰੇ ਧੌਲਰ ਬਾਗ਼ ਅੰਦਰ ਖ਼ੁਸ਼ ਜਾਈਂ
ਰੋਜ਼ੇ ਮਦਰਸ ਮਜਲਿਸ ਖ਼ਾਨੇ ਮਸਜਿਦ ਹਟ ਸਰਾਈਂ

ਨਕਸ਼ ਨਿਗਾਰ ਅਜਾਇਬ ਸੋਹਣੇ ਹਰ ਹਰ ਤਰ੍ਹਾਂ ਨਿਆਰੇ
ਵੇਖ ਨਕਾਸ਼ ਖ਼ਿਆਲ ਉਹਦੇ ਦੇ ਹੋਸ਼ ਗਏ ਭੁੱਲ ਸਾਰੇ

ਤੱਕ ਮੁਅੱਮਾਰ ਇਦਰਾਕੇ ਵਾਲਾ ਕੁੰਦ ਹੋਇਆ ਤਦਬੀਰੋਂ
ਹਿਕਮਤ ਕਾਰੀਗਰ ਦੀ ਦਿਸੇ ਚਿਤਰਕਾਰ ਮੁਨੀਰੋਂ

ਹਰ ਹੈਵਾਨ ਇਨਸਾਨ ਪਰੀ ਦੀ ਸੂਰਤ ਨਕਸ਼ ਬਣਾਈ
ਬਹੁਤ ਕਮਾਲ ਨਿਹਾਇਤ ਸੋਹਣੀ ਜ਼ੇਵਰ ਲਾਇ ਸੁਹਾਈ

ਹਰ ਪਾਸੇ ਖ਼ੁਸ਼ਬੂ ਫੁੱਲਾਂ ਦੀ ਮਗ਼ਜ਼ ਮੁਅੱਤਰ ਕਰਦੀ
ਹਰ ਮੇਵੇ ਥੀਂ ਬਾਸ ਬਹਿਸ਼ਤੀ ਕੁੱਵਤ ਦਿਹ ਜਿਗਰ ਦੀ

ਸ਼ਹਿਜ਼ਾਦਾ ਤੱਕ ਬਾਗ਼-ਇਰਮ ਦਾ ਹੋ ਤਅੱਜੁਬ ਰਿਹਾ
ਦਿਲ ਵਿਚ ਕਹੇ ਬਹਿਸ਼ਤ ਅਸਲੀਆ ਹੋਸੀ ਕਦ ਅਜਿਹਾ

ਬੰਦਰ ਤੇ ਕੋਹ ਕਾਫ਼ਾਂ ਅੰਦਰ ਬਾਗ਼ੀਂ ਤੇ ਸਹਿਰਾਈਂ
ਇਹ ਅਜਾਇਬ ਰੁੱਖ ਨਾ ਡਿਠੇ ਨਾ ਖ਼ੁਸ਼ ਆਬ ਹਵਾਈਂ

ਜੰਨਤ ਆਲਾ ਕਹਿੰਦੇ ਜਿਸ ਨੂੰ ਹੋਗ ਮਤੇ ਉਹ ਏਹਾ
ਦੁਨੀਆਂ ਉੱਤੇ ਕਿਥੋਂ ਹੋਵੇ ਸੁੰਦਰ ਬਾਗ਼ ਅਜੇਹਾ

ਕਰ ਕੇ ਸੈਰ ਬਹਾਰ ਚਮਨ ਦਾ ਫਿਰ ਚਸ਼ਮੇ ਪਰ ਆਇਆ
ਜਿਸ ਪਰ ਆਹੂ-ਖ਼ਾਤਿਫ਼ ਆਹਾ ਅੱਵਲ ਆਣ ਬਹਾਇਆ

ਖ਼ੁਸ਼ ਹਵਾ ਨਿਹਾਇਤ ਮਿੱਠੀ ਬਹੁਤ ਸੁਖਾਵਣ ਵਾਲੀ
ਸੈ ਬਰਸਾਂ ਦਾ ਮਾਂਦਾ ਮਾੜਾ ਕਰੇ ਨਿਰੋਇਆ ਹਾਲੀ ।(੬੨੯੦)

ਵਗਣ ਨਹਿਰਾਂ ਲਹਿਰੋਂ ਬਹਿਰਾਂ ਸੁੱਚੇ ਥਾਂ ਕਿਨਾਰੇ
ਠੰਢੀਆਂ ਛਾਵਾਂ ਕੂਲੇ ਕੂਲੇ ਸਬਜ਼ੇ ਫ਼ਰਸ਼ ਖਿਲਾਰੇ

ਨਾਰਵਨੀ ਦਾ ਰੁੱਖ ਘਣੇਰਾ ਚਸ਼ਮੇ ਉੱਤੇ ਹੈਸੀ
ਦਰਿਆਈ ਦੀ ਛਤਰੀ ਸਾਵੀ ਹੋਗ ਨਾ ਸੋਹਣੀ ਐਸੀ

ਝੁੱਲੇ ਵਾ ਹਿੱਲਣ ਵਿਚ ਸ਼ਾਖ਼ਾਂ ਕਰਨ ਇਸ਼ਾਰਤ ਰਾਹੀਆਂ
ਆਹੋ ਹੁਣ ਤੁਸਾਡੇ ਕਾਰਨ ਖ਼ੂਬ ਵਿਛਾਈਆਂ ਡਾਹੀਆਂ

ਚਸ਼ਮੇ ਵਿਚੋਂ ਆ ਪਿਆਸੇ ਠੰਡਾ ਪਾਣੀ ਪਿਓ
ਛਾਮ ਘਣੀ ਆਰਾਮ ਕਰੋ ਤੇ ਘੜੀ ਆਸੂਦੇ ਥੀਉ

ਨਾਰਵਨੀ ਦੀ ਛਾਂਵੇਂ ਜਾ ਕੇ ਹੋਇਆ ਦਰਾਜ਼ ਸ਼ਹਿਜ਼ਾਦਾ
ਬਾਗ਼-ਇਰਮ ਦੀ ਵਾਓ ਸੁਖਾਈ ਮਸਤੀ ਚੜ੍ਹੀ ਜ਼ਿਆਦਾ

ਮੁਦਤ ਦਾ ਨਿੰਦਰਾਇਆ ਆਹਾ ਨੀਂਦਰ ਘੁਲ਼ ਮਿਲ ਆਈ
ਸੁੱਤਾ ਹੋ ਬੇਹੋਸ਼ ਸ਼ਹਿਜ਼ਾਦਾ ਦੁਸ਼ਮਣ ਵਾਰ ਚਲਾਈ

ਸੈ ਬਰਸਾਂ ਦੀ ਜ਼ੁਹਦੀ ਕਰ ਕੇ ਜਾਂ ਰੂਹ ਮੰਜ਼ਿਲ ਪਹੁਤਾ
ਇਕ ਘੜੀ ਦੀ ਗ਼ਫ਼ਲਤ ਖ਼ੁਸ਼ੀਓਂ ਦੂਰ ਹਟੇ ਮੁੜ ਬਹੁਤਾ

ਨਫ਼ਸ ਮੋਏ ਦਾ ਸੰਗੀ ਸ਼ੈਤਾਂ ਆਣ ਕਰੇ ਉਪਰਾਲੇ
ਬਾਗ਼ ਹਕੀਕੀ ਵਿਚੋਂ ਫੜਕੇ ਕੈਦ ਮਿਜਾਜ਼ੀ ਡਾਲੇ

ਸਟੋਂ ਸਖ਼ਤ ਹੋਵਣ ਫਿਰ ਸੱਟਾਂ ਕਹਿਣ ਹਕੀਮ ਸਿਆਣੇ
ਇਸ ਕੈਦੋਂ ਛੁਟਕਾਰਾ ਔਖਾ ਕੱਢੇ ਯਾਰ ਧਿੰਙਾਣੇ

ਵੈਰੀ ਦੁਸ਼ਮਣ ਮੋਏ ਗਏ ਦਾ ਸਾਹ ਵਸਾਹ ਨਾ ਕਰੀਏ
ਸੱਪ ਮੋਏ ਦਾ ਕੁੰਡਾ ਚੁੱਭੇ ਫਿਰ ਭੀ ਦਰਦੀਂ ਮਰੀਏ ।(੬੩੦੦)

ਕਰ ਕਰ ਜ਼ੁਹਦ ਰਿਆਜ਼ਤ ਭਾਈ ਜਾਂ ਮੇਲੇ ਪਰ ਆਇਆ
ਖ਼ੁਸ਼ੀ ਗ਼ਰੂਰਤ ਗ਼ਫ਼ਲਤ ਕੀਤੀ ਰੂਹ ਬੰਦੀ ਮੁੜ ਪਾਇਆ

ਤੰਗ ਪਿਆ ਦਿਲ ਆ ਹੁਣ ਸਾਕੀ ਭਰ ਕੇ ਦੇ ਪਿਆਲਾ
ਦੁਸ਼ਮਣ ਦੇ ਵੱਸ ਪਈਓਸੁ ਇਕੱਲਾ ਹੈ ਤੇਰਾ ਉਪਰਾਲਾ

ਕੈਦੇ ਅੰਦਰ ਰਹਾਂ ਉਮੀਦੀ ਪੀ ਕੇ ਜਾਮ ਸਬਰ ਦਾ
ਮੰਨ ਰਜ਼ਾ ਮੁਹੰਮਦ ਡਾਢਾ ਜੋ ਚਾਹੇ ਸੌ ਕਰਦਾ

  • ਅੱਗੇ ਪੜ੍ਹੋ
  • ਪਿੱਛੇ ਪੜ੍ਹੋ
  • ਮੁੱਖ ਪੰਨਾ : ਕਾਵਿ ਰਚਨਾਵਾਂ, ਮੀਆਂ ਮੁਹੰਮਦ ਬਖ਼ਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ
  •