Saif-Ul-Malook : Mian Muhammad Bakhsh
ਸੈਫ਼-ਉਲ-ਮਲੂਕ : ਮੀਆਂ ਮੁਹੰਮਦ ਬਖ਼ਸ਼
31. ਜ਼ਾਰੀ ਨਮੂਦਨਿ ਸ਼ਹਿਜ਼ਾਦਾ ਅਜ਼ ਦਰਦਿ-ਮਾਦਿਰ, ਵਾ ਜਵਾਬ ਦਾਦਨ ਅਮਰਿ ਊ ਰਾ, ਵਾ ਰੁਖ਼ਸਤਿ ਊ ਯਾਫ਼ਤਨ, ਵਿਦਾਅ ਕਰਦਨ ਪਿਸਰ ਰਾ (ਮਾਂ ਦਾ ਪੁੱਤਰ ਨੂੰ ਵੇਖ ਕੇ ਵਿਰਲਾਪ ਅਤੇ ਇਜ਼ਾਜ਼ਤ ਦੇ ਕੇ ਵਿਦਿਆ ਕਰਨਾ)
ਸੈਫ਼-ਮਲੂਕ ਹੰਝੂ ਭਰ ਰੁੰਨਾ ਸੁਣ ਮਾਉਂ ਦੀ ਜ਼ਾਰੀ ਪੈਰਾਂ ਉੱਤੇ ਮੱਥਾ ਰਗੜੇ ਚੁੰਮੇ ਵਾਰੋ ਵਾਰੀ ।(੧੫੦੦) ਕਹਿੰਦਾ ਕਦਮ ਤੇਰੇ ਦੀ ਮਿੱਟੀ ਸੁਰਮਾ ਮੇਰੇ ਭਾਣੇ ਹਕ ਤੇਰੇ ਸਭ ਗਰਦਨ ਮੇਰੀ ਨਾਹੀਂ ਮਿਲੇ ਮੁਕਾਣੇ ਜੋ ਕੁੱਝ ਤੁਸਾਂ ਜ਼ਬਾਨੋਂ ਕਿਹਾ ਫ਼ਰਜ਼ ਆਹਾ ਮੈਂ ਕਰਨਾ ਐਨ ਸਆਦਤ ਮੈਨੂੰ ਆਹੀ ਹੁਕਮ ਤੇਰੇ ਤੇ ਮਰਨਾ ਇਹ ਬੇ ਅਕਲੀ ਮੇਰੀ ਮਾਏ ਜਿਹੜੀ ਤੂੰ ਅੱਜ ਡਿੱਠੀ ਬੰਦੇ ਉੱਤੇ ਦੋਸ਼ ਨਾ ਕੋਈ ਆਹੀ ਧੁਰ ਦੀ ਚਿੱਠੀ ਵੱਸ ਲਗਦੇ ਕਦ ਛੱਡਦਾ ਕੋਈ ਲੱਜ਼ਤ ਘਰ ਸ਼ਹਿਰ ਦੀ ਹੱਥੀਂ ਕੌਣ ਮਾਏ ਬਿਨ ਔਖਤ ਮਾਰੇ ਤਲ਼ੀ ਜ਼ਹਿਰ ਦੀ ਕੋਸ਼ਿਸ਼ ਤਰਲੇ ਸਾਡੇ ਮਾਈ ਕਿਉਂ ਕਰ ਆਵਣ ਕਾਰੀ ਭਾਅ ਮੇਰੇ ਇਸ ਸਫ਼ਰੇ ਪੈਣਾ ਲੇਖ ਲਿਖੇ ਸਰਕਾਰੀ ਚਿਰ ਹੋਇਆ ਸਿਰ ਮੇਰੇ ਉੱਤੇ ਇਹ ਨੌਬਤ ਸੀ ਘੁਰਦੀ ਪਰ ਹੁਣ ਛੇਕੜ ਵਾਰੀ ਮੇਰੀ ਨਹੀਂ ਦਲੇਰੀ ਤੁਰਦੀ ਐਸਾ ਜ਼ਾਲਮ ਇਸ਼ਕ ਅਵੱਲਾ ਜਿਹੜਾ ਤਖ਼ਤ ਛੁੜਾਵੇ ਅਪਣਾ ਆਪ ਕੋਈ ਵਾਹ ਚਲਦੇ ਸੂਲ਼ੀ ਕਦੇ ਚੜ੍ਹਾਵੇ ਸੁਣ ਮੈਨੂੰ ਇਹ ਖ਼ਵਾਹਿਸ਼ ਕਿਵੇਂ ਮਰ ਜਾਵਾਂ ਜਿੰਦ ਜਾਏ ਤੂੰ ਘਰ ਵਸਦਾ ਰਸਦਾ ਲੋੜੇਂ ਆਲੀ ਭੋਲੀ ਮਾਏ ਘਰ ਰੱਖਣ ਦੀ ਗੱਲ ਨਾ ਆਖੋ ਮੁਸ਼ਕਿਲ ਮੈਨੂੰ ਰਹਿਣਾ ਜ਼ੋਰੇ ਰੱਖੋ ਤਾਂ ਮਰ ਵੈਸਾਂ ਉਹ ਗ਼ਮ ਪੌਸੀ ਸਹਿਣਾ ਜੇ ਤੂੰ ਬੱਚਾ ਬਚਿਆ ਲੋੜੇਂ ਮਾਏ ਟੋਰ ਸਫ਼ਰ ਨੂੰ ਸਫ਼ਰ ਗਿਆਂ ਕੁੱਝ ਹਿੱਖੀ ਹੋਸੀ ਮਿਲਸਾਂ ਫੇਰ ਪੁੱਤਰ ਨੂੰ ।(੧੫੧੦) ਜੇ ਤੁਧ ਹੱਥੀਂ ਦਫ਼ਨ ਕਰਾਇਆ ਕੁੱਝ ਵਿਸਵਾਸ ਨਾ ਰਹਿਸੀ ਬੇਟੇ ਨਾਲ਼ ਮਿਲਣ ਦੀ ਤੈਨੂੰ ਫਿਰ ਕੋਈ ਆਸ ਨਾ ਰਹਿਸੀ ਦੇ ਇਜ਼ਾਜ਼ਤ ਮੈਨੂੰ ਮਾਏ ਟੁਰਾਂ ਸਫ਼ਰ ਨੂੰ ਜਲਦੀ ਰਹਿਣ ਨਹੀਂ ਹੁਣ ਮੇਰਾ ਇਥੇ ਛਿਕ ਲੱਗੀ ਅੰਨ ਜਲ਼ ਦੀ ਦਾਣਾ ਪਾਣੀ ਏਸ ਵਤਨ ਥੀਂ ਉਠ ਗਿਆ ਹੁਣ ਮੇਰਾ ਜਿਸ ਜਿਸ ਪਾਸੇ ਲਿਖਿਆ ਹੋਸੀ ਪਿਆ ਕਰਾਸੀ ਫੇਰਾ ਕੀਤਾ ਚਿੱਤ ਉਦਾਸ ਇਸ਼ਕ ਨੇ ਰਿਜ਼ਕ ਮੁਹਾਰ ਉਠਾਈ ਤੋੜੋਂ ਆਈ ਕੌਣ ਮਿਟਾਏ ਸੁਣ ਤੂੰ ਮੇਰੀ ਮਾਈ ਇਹ ਗਲ ਆਖ ਸ਼ਹਿਜ਼ਾਦਾ ਰੋ ਕੇ ਸਿਰ ਪਰਨੇ ਹੋ ਝੜਦਾ ਚੁੰਮ ਜ਼ਮੀਨ ਸੁੱਟੇ ਸਿਰ ਸਿਜਦੇ ਪੈਰ ਮਾਉ ਦੇ ਫੜਦਾ ਚਾਹ ਮਾਉ ਦੀ ਮਨ ਨਾ ਸਕੇ ਇਸ਼ਕ ਨਾ ਮੰਨਣ ਦੇਂਦਾ ਕਰ ਕਰ ਉਜ਼ਰ ਹਜ਼ਾਰਾਂ ਤਾਹੀਂ ਮਰ ਮੁੜ ਕਦਮ ਚੁਮੇਂਦਾ ਇਹ ਦਲੀਲਾਂ ਧਾਰਾਂ ਮਾਏ ਬਖ਼ਸ਼ੀਂ ਬਤਰੀ ਧਾਰਾਂ ਧਾਰਾਂ ਤੇ ਕੋਹ ਕਾਫ਼ਾਂ ਅੰਦਰ ਧਾੜਾਂ ਪੌਣ ਹਜ਼ਾਰਾਂ ਜੇ ਰੱਬ ਮੈਨੂੰ ਖ਼ੈਰੀਂ ਆਂਦਾ ਹੋਸਾਂ ਆਣ ਸਲਾਮੀ ਮੱਤ ਮਰ ਜਾਵਾਂ ਤਾਂ ਬਖਸ਼ਾਵਾਂ ਬਖ਼ਸ਼ੋ ਹਕ ਤਮਾਮੀ ਰੋਂਦੀ ਤੇ ਕੁਰਲਾਂਦੀ ਮਾਈ ਬੇਟਾ ਵਿਦਿਆ ਕੀਤਾ ਰੱਬ ਦਾ ਦਿੱਤਾ ਸਰ ਪਰ ਸਹਿਆ, ਸਬਰ ਪਿਆਲਾ ਪੀਤਾ ਮਾਉ ਪਿਓ ਜਦ ਜਾਤਾ ਬੇਟਾ ਨਾਹੀਂ ਘਰ ਦੇ ਕੰਮ ਦਾ ਘਰ ਰੱਖੇ ਹੁਣ ਬਚਦਾ ਨਾਹੀਂ ਡਾਹਡਾ ਰੋਗ ਪਿਰਮ ਦਾ ।(੧੫੨੦) ਆਸਿਮ ਸ਼ਾਹ ਕਹੇ ਪੁੱਤਰ ਨੂੰ ਤੂੰ ਜਿਗਰ ਦਾ ਬੇਰਾ ਤੂੰਹੇਂ ਜਿਗਰਾ ਮੇਰਾ ਸਾਏਂ ਤੂੰਹੇਂ ਖਾਧਾ ਜਿਗਰਾ ਮੇਰਾ ਸ਼ਹਿਜ਼ਾਦੇ ਨੂੰ ਰੁਖ਼ਸਤ ਹੋਈ ਟੁਰਿਆ ਛੋੜ ਘਰਾਂ ਨੂੰ ਮਹਿਲਾਂ ਅੰਦਰ ਪਿਆ ਕਕਾਰਾ ਬਾਹਰ ਹੱਦ ਬੀਆਨੋਂ ਆਸਿਮ ਸ਼ਾਹ ਪੁੱਤਰ ਨੂੰ ਟੋਰਨ ਸ਼ਹਿਰੋਂ ਹੋਇਆ ਵਾਂਦੇ ਯਾਰ ਅਸ਼ਨਾ ਮੁਹੱਬਤ ਵਾਲੇ ਨਾਲੇ ਰੋਂਦੇ ਜਾਂਦੇ ਬਾਪ ਬੇਟੇ ਦਾ ਡੇਰਾ ਹੋਇਆ ਆ ਕੇ ਨਦੀ ਕਿਨਾਰੇ ਮੀਰ ਵਜ਼ੀਰ ਉਮਰਾ ਸ਼ਹਿਜ਼ਾਦੇ ਨਾਲੇ ਆਏ ਸਾਰੇ ਰੋਂਦੇ ਮਿਲ ਮਿਲ ਵਿਦਿਆ ਹੁੰਦੇ ਸਾਰੇ ਲੋਕ ਮਿਸਰ ਦੇ ਚੁੰਮ ਜ਼ਿਮੀਂ ਸਿਰ ਧਰਦੇ ਪੈਰੀਂ ਵੱਡੇ ਵੱਡੇ ਸਿਰਕਰਦੇ ਸਾਇਦ ਨਾਲ਼ ਵਜ਼ੀਰ ਹੋਇਆ ਸੀ ਸੈਫ਼-ਮਲੂਕ ਸ਼ਹਿਜ਼ਾਦਾ ਚਾਈ ਰਿਜ਼ਕ ਮੁਹਾਰ ਉਠ ਚਲੇ ਜਿੱਤ ਵੱਲ ਰੱਬ ਇਰਾਦਾ ਦੌਲਤ ਮਾਲ ਖ਼ਜ਼ਾਨੇ ਲਸ਼ਕਰ ਸਭ ਅਸਬਾਬ ਵਲੇਵੇ ਸਾਇਦ ਦੇ ਹਵਾਲੇ ਕੀਤੇ ਉਹੋ ਲੇਵੇ ਦੇਵੇ ਤਰੈ ਬਰਸਾਂ ਦਾ ਵਾਅਦਾ ਕਰ ਕੇ ਬਾਪ ਇਜ਼ਾਜ਼ਤ ਦਿੱਤੀ ਲਿਖ ਰੱਖੇ ਉਹ ਰੋਜ਼ ਦੋਹਾਂ ਨੇ ਸੰਨ ਸੰਮਤ ਤੇ ਮਿੱਤੀ ਸਾਇਦ ਨੂੰ ਗਲ ਲਾਕੇ ਰੰਨੇ ਆਸਿਮ ਸਾਲਿਹ ਦੋਂਵੇਂ ਜਾ ਬੇਟਾ ਜਿਉਂ ਅਕਲ ਕਹੇਗਾ ਕਰ ਤਦਬੀਰਾਂ ਓਵੇਂ ਸੈਫ਼-ਮਲੂਕ ਤਾਈਂ ਫਿਰ ਓੜਕ ਆਸਿਮ ਸ਼ਾਹ ਫ਼ੁਰਮਾਂਦਾ ਬੇਟਾ ਵਿਦਾਅ ਕੀਤਾ ਮੈਂ ਤੈਨੂੰ ਲਿਖਿਆ ਪੜ੍ਹ ਕਰਮਾਂ ਦਾ ।(੧੫੩੦) ਆ ਬੱਚਾ ਗਲ ਲੱਗ ਮਿਲਾਹਾਂ ਤੂੰ ਭੀ ਰੋ ਅਸਾਨੂੰ ਜਾਂ ਮੈਂ ਮਰਨ ਲੱਗਾ ਉਸ ਵੇਲੇ ਸੱਦਸੀ ਕੌਣ ਤੁਸਾਨੂੰ ਅਲਵਿਦਾ ਪਰਦੇਸੀਂ ਚਲਿਓਂ ਹੇ ਮੇਰੇ ਫ਼ਰਜ਼ੰਦਾ ਖ਼ਬਰ ਨਹੀਂ ਹੁਣ ਕੀ ਕੁੱਝ ਹੋਸੀ ਮੌਤ ਜ਼ਰਾਇਤ ਬੰਦਾ ਅਲਵਿਦਾ ਪਿਆਰੇ ਮੇਰੇ ਤੁਸਾਂ ਅਸਾਂ ਰੱਬ ਬੇਲੀ ਤੇਰੀ ਜਾਨ ਹਵਾਲੇ ਉਸ ਦੇ ਜਿਉਂਦਿਆਂ ਫਿਰ ਮੇਲੀ ਅਲਵਿਦਾ ਦਿਲਬੰਦਾ ਤੁਰਿਓਂ ਦੇ ਹਾਊ ਵਿਚ ਧੱਕਾ ਮੇਵਾ ਆਸ ਉਮੀਦ ਮੇਰੀ ਦਾ ਢੈਹ ਪਿਆ ਅਣ-ਪੱਕਾ ਅਲਵਿਦਾ ਚਲੀ ਹੁਣ ਇਹ ਤੱਕ ਅੱਖੀਂ ਦੀ ਰੁਸ਼ਨਾਈ ਅਜੇ ਨਹੀਂ ਰੱਜ ਡਿੱਠਾ ਆਹਿਓਂ ਲੱਗਾ ਦਾਗ਼ ਜੁਦਾਈ ਅਲਵਿਦਾ ਮੇਰੀ ਜ਼ਿੰਦਗਾਨੀ ਟੋਰਿਓਂ ਸੈਫ਼-ਮਲੂਕਾ ਨਾ ਮੈਂ ਮਰਸਾਂ ਨਾ ਸੁਖ ਜਿਉਸਾਂ ਲਾ ਚਲਿਓਂ ਤਪ ਸੋਕਾ ਅਲਵਿਦਾ ਐ ਮੋਤੀ ਸੁੱਚੇ ਹੱਥੋਂ ਪਿਉਂ ਸਮੁੰਦਰ ਨਾਲ ਕਜ਼ਾ ਦੇ ਕਰ ਛੱਟ ਖੜਿਓਂ ਲਅਲ ਸ਼ਹਾਨਾ ਸੁੰਦਰ ਅਲਵਿਦਾ ਐ ਯੂਸੁਫ਼ ਚਲਿਓਂ ਮਿਸਰ ਮੇਰੇ ਨੂੰ ਤੱਜ ਕੇ ਯਅਕੂਬੇ ਜਿਉਂ ਪਿਆ ਉਮਰ ਦਾ ਰੋਣਾ ਮੈਨੂੰ ਰੱਜ ਕੇ ਅਲਵਿਦਾ ਫ਼ਰਜ਼ੰਦਾ ਮੈਨੂੰ ਪਾਇਓਈ ਖੂਹ ਗ਼ਮਾਂ ਦੇ ਮੌਲਾ ਪਾਕ ਲਿਆਵੇ ਤੈਨੂੰ ਦੇਇ ਮਕਸੂਦ ਦਿਲਾਂ ਦੇ ਅਲਵਿਦਾ ਐ ਬੇਟਾ ਮੇਰਾ ਦੇਵੀ ਰੱਬ ਪਨਾਹਾਂ ਫੇਰ ਮਿਸਰ ਦਾ ਤਖ਼ਤ ਸੰਭਾਲੀਂ ਵਾਂਙੂ ਸ਼ਹਿਨਸ਼ਾਹਾਂ ।(੧੫੪੦) ਸਾਇਦ ਤੇ ਸ਼ਹਿਜ਼ਾਦਾ ਦੋਏੇ ਰੁਖ਼ਸਤ ਹੋਏ ਰੋਂਦੇ ਬੇੜੇ ਠੇਲ੍ਹ ਰਵਾਨੇ ਹੋਏ ਪਿਛਲੇ ਪਿੱਛੇ ਭੌਂਦੇ ਆਸਿਮ ਸ਼ਾਹ ਬੇਟੇ ਦੇ ਗ਼ਮ ਥੀਂ ਤੰਗੀ ਕਰੇ ਘਣੇਰੀ ਪਿਓ ਸਾਇਦ ਦਾ ਸਾਲਿਹ ਦਾਨਾ ਮੁੜਮੁੜ ਦੇਇ ਦਲੇਰੀ ਸ਼ਾਹਾ ਨਾ ਕਰ ਖ਼ਫ਼ਗੀ ਬਹੁਤੀ ਲਿਖਿਆ ਲੇਖ ਅਜ਼ਲ ਦਾ ਜੋ ਫ਼ਰਜ਼ੰਦਾਂ ਦੇ ਭਾਇ ਹੋਣਾ ਕਿਸੇ ਤਰ੍ਹਾਂ ਨਹੀਂ ਟਲਦਾ ਬੇਟੇ ਸਾਡੇ ਬੰਦੇ ਰੱਬ ਦੇ ਸਾਥੋਂ ਉਸ ਪਿਆਰੇ 'ਅੱਨਾ ਲਿਲਅਬਦਿ ਅਰੱਹਮ ਅਯੂਨਾ' ਆਪੂੰ ਇਹ ਪੁਕਾਰੇ ਉਸੇ ਪੈਦਾ ਕੀਤੇ ਬੇਟੇ ਉਹੋ ਪਾਲਣਹਾਰਾ ਘਰ ਥੀਂ ਤੋੜੇ ਸੌਖੇ ਰਖਸੀ ਮੈਂ ਤੂੰ ਕੌਣ ਬੇਚਾਰਾ ਜੇਕਰ ਨੇਕ ਔਲਾਦ ਹੋਏਗੀ ਰੱਬ ਵੱਲੋਂ ਫਲ ਪਾਸੀ ਜੇ ਬਦਬਖ਼ਤ ਹੋਇਆ ਤਾਂ ਕਾਹਨੂੰ ਪਿਓ ਉਸ ਦਾ ਗ਼ਮ ਖਾਸੀ ਆਸਿਮ ਸ਼ਾਹ ਫ਼ਰਜ਼ੰਦ ਪਿਆਰਾ ਰੱਬ ਦੇ ਕਰੇ ਹਵਾਲੇ ਰੋਂਦਾ ਘਰ ਨੂੰ ਆਇਆ ਲੈ ਕੇ ਦਾਗ਼ ਜੁਦਾਈ ਵਾਲੇ ਬੇਗਮ ਨੂੰ ਸੱਦ ਕਹਿੰਦਾ ਮੇਰੀ ਗ਼ਮ ਨੇ ਹੋਸ਼ ਭਲਾਈ ਬੇਗ਼ਮ ਹੋ ਕੇ ਕਰ ਸੁਲਤਾਨੀ ਬਾਦਸ਼ਾਹਾਂ ਦੀ ਜਾਈ ਸਭੋ ਉਸ ਦੇ ਜ਼ਿੰਮੇ ਲਾਏ ਬਾਦਸ਼ਾਹੀ ਸਮਿਆਨੇ ਫ਼ੌਜਾਂ ਲਸ਼ਕਰ ਤਾਬਿਅ ਕੀਤੇ ਦਿੱਤੇ ਸੌਂਪ ਖ਼ਜ਼ਾਨੇ ਸਾਲਿਹ ਦਾਰਾ-ਯੂਸ ਅਕਾਬਰ ਦੋਏੇ ਵਜ਼ੀਰ ਸਿਆਣੇ ਉਹ ਭੀ ਤਾਬਿਅ ਕੀਤੇ ਕੋਈ ਹੁਕਮੋਂ ਉਜ਼ਰ ਨਾ ਆਣੇ ।(੧੫੫੦) ਬਹੁਤੇ ਵਾਅਜ਼ ਨਸੀਹਤ ਕੀਤੀ ਮੱਤੀਂ ਦੇ ਸਮਝਾਵੇ ਰੱਖਣੀ ਖ਼ਬਰ ਕੰਗਾਲਾਂ ਉੱਤੇ ਮੱਤ ਕੋਈ ਜ਼ੁਲਮ ਕਮਾਵੇ ਆਪੂੰ ਜ਼ੁਲਮ ਨਾ ਕਰਨਾ ਕੋਈ ਰੱਬ ਅਕਬਰ ਥੀਂ ਡਰਨਾ ਜਿਸ ਦਿਨ ਆਪ ਅਦਾਲਤ ਬਹਿਸੀ ਤਿਲ਼ ਤਿਲ਼ ਲੇਖਾ ਭਰਨਾ ਅਦਲ ਇਨਸਾਫ਼ ਅਜੇਹਾ ਕਰਨਾ ਜੱਗ ਵਿਚ ਰਹੇ ਕਹਾਣੀ ਮਜ਼ਲੂਮਾਂ ਮੁਹਤਾਜਾਂ ਤਾਈਂ ਦਾਦ ਮੁਰਾਦ ਪੁਚਾਣੀ ਕਰ ਤਲਕੀਨਾਂ ਤੇ ਤਾਕੀਦਾਂ ਆਸਿਮ ਸ਼ਾਹ ਛੱਡ ਸ਼ਾਹੀ ਗੋਸ਼ੇ ਅੰਦਰ ਬੈਠ ਚੁਪੀਤਾ ਕਰਦਾ ਜ਼ਿਕਰ ਇਲਾਹੀ ਕਰੇ ਇਬਾਦਤ ਰੱਬ ਸੱਚੇ ਦੀ ਜ਼ਾਰੀ ਕਰ ਕਰ ਰੋਵੇ ਬੇਟੇ ਕਾਰਨ ਵਿਚ ਦਰਗਾਹੇ ਨਿੱਤ ਸਵਾਲੀ ਹੋਵੇ ਰੱਬਾ ਪੁੱਤ ਮੇਰੇ ਨੂੰ ਰੱਖੀਂ ਆਪਣੀ ਵਿਚ ਅਮਾਨੇ ਨਾਲ਼ ਮੁਰਾਦ ਦਿਲੇ ਦੀ ਆਣੀ ਫੇਰ ਅਸਾਡੇ ਖ਼ਾਨੇ ਉਹ ਪਰਦੇਸੀ ਬੱਚਾ ਮੇਰਾ ਜਿਸ ਅੰਦਰ ਜਿੰਦ ਮੇਰੀ ਜਿਥੇ ਰਹੇ ਸਲਾਮਤ ਰੱਖੀਂ ਤੁਧ ਬਿਨ ਕੋਈ ਨਾ ਢੇਰੀ ਨਾਲ਼ ਇਖ਼ਲਾਸ ਮੁਹੱਬਤ ਸੱਚੀ ਆਸਿਮ ਰੱਬ ਧਿਆਂਦਾ ਵਾਂਗ ਨਬੀ ਯਾਕੂਬ ਹਮੇਸ਼ਾ ਬੇਟੇ ਦਾ ਗ਼ਮ ਖਾਂਦਾ ਰੋ ਰੋ ਨੀਰ ਅੱਖੀਂ ਦਾ ਘਟੀਆ ਰੱਦ ਹੋਈ ਨੂਰਾਨੀ ਜ਼ੁਹਦ ਇਬਾਦਤ ਕਰਦਾ ਜਿਉਂ ਕਰ ਪੈਗ਼ੰਬਰ ਕਿਨਆਨੀ ਸੈਫ਼-ਮਲੂਕੇ ਦੇ ਹਕ ਅੰਦਰ ਕਰਦਾ ਨਿੱਤ ਦੁਆਈਂ ਜਿਸ ਪਰ ਮਾਪੇ ਰਾਜ਼ੀ ਹੋਵਣ ਉਹਦੀਆਂ ਦੂਰ ਬਲਾਈਂ ।(੧੫੬੦) ਹਜ਼ਰਤ ਪਾਕ ਨਬੀ ਫ਼ੁਰਮਾਇਆ ਜੋ ਨਬੀਆਂ ਦਾ ਸਰਵਰ 'ਸੱਲੇ ਅੱਲਾ ਅਲੈਹ ਵਾ ਸੱਲਮ' ਨਾਲੇ ਆਲ ਉਹਦੀ ਪਰ ਜਿਸ ਕਜ਼ਾਏ ਹੋਣਾ ਹੋਵੇ ਲਿਖੀ ਰੋਜ਼ ਅਜ਼ਲ ਦੀ ਜੇ ਸੌ ਹੋਣ ਦੁਆਈਂ ਵਾਲੇ ਕਿਸੇ ਤਰ੍ਹਾਂ ਨਹੀਂ ਟਲਦੀ ਪਰ ਜੇ ਮਾਪੇ ਰਾਜ਼ੀ ਹੋ ਕੇ ਕਰਨ ਦੁਆਈਂ ਦਿਲ ਥੀਂ ਫ਼ਰਜ਼ੰਦੇ ਤੋਂ ਟਲਣ ਬਲਾਈਂ ਬਚ ਨਿਕਲੇ ਮੁਸ਼ਕਿਲ ਥੀਂ ਜੋ ਕੁੱਝ ਉਸ ਹਜ਼ਰਤ ਫ਼ੁਰਮਾਇਆ ਇਸ ਵਿਚ ਸ਼ੱਕ ਨਾ ਜ਼ੱਰਾ ਸੈਫ਼-ਮਲੂਕ ਦੁਆ ਪਿਓ ਥੀਂ ਪੁਗਸੀ ਚਾ ਮੁਕਰੱਰਾ
32. ਦਾਸਤਾਨ ਰਵਾਨਾ ਸ਼ੁਦਨਿ ਸ਼ਾਹਜ਼ਾਦਾ ਅਜ਼ ਮਿੱਸਰ ਵਾ ਕਿਸ਼ਤੀ ਰਾਂਦਣ (ਸ਼ਹਿਜ਼ਾਦੇ ਦਾ ਕਿਸ਼ਤੀ ਚਲਾ ਕੇ ਮਿਸਰ ਤੋਂ ਰਵਾਨਾ ਹੋਣਾ)
ਜਾਂ ਸ਼ਹਿਜ਼ਾਦਾ ਹੋਇਆ ਰਵਾਨਾ ਕੀਤੀ ਛਾਂ ਨਿਸ਼ਾਨਾਂ ਬਾਦਬਾਨ ਖੁੱਲੇ ਕਰ ਦਿੱਤੇ ਸਭਨਾਂ ਕੁਸ਼ਤੀ ਬਾਨਾਂ ਘੁਰਿਆ ਧੌਂਸਾ ਤੁਰਿਆ ਡੇਰਾ ਲੱਗੀ ਚੋਟ ਨਿਕਾਰੇ ਵੱਜੇ ਤੁਰਮ ਇਸ਼ਾਰਤ ਹੋਈ ਬੇੜੇ ਠਿੱਲ੍ਹੇ ਸਾਰੇ ਜਦ ਮੱਲਾਹ ਹਿਲਾਵਣ ਚੱਪੇ ਜ਼ੋਰਾਵਰ ਕਰਾਰੇ ਵਾਅ ਉਡਾਈ ਜਾਵੇ ਬੇੜੇ ਕੋਲੋਂ ਕੋਲੀ ਸਾਰੇ ਜੋ ਕੁੱਝ ਹੁਕਮ ਕਰੇ ਸ਼ਹਿਜ਼ਾਦਾ ਸਭ ਬਜਾ ਲਿਆਵਣ ਰੰਗਾ ਰੰਗ ਖਿਲਾਵਣ ਖਾਣੇ ਖੇਡਣ ਜੀਅ ਬਹਿਲਾਵਣ ਹੱਸਣ ਖੇਡਣ ਦਿਲ ਪਰਚਾਵਣ ਰੱਖਣ ਦਿਲ ਬਹਿਲਾਈ ਰਾਤੀਂ ਦਿਹਾਂ ਖਲੋਂਦੇ ਨਾਹੀਂ ਜਾਣ ਜਹਾਜ਼ ਚਲਾਈ ਵਿਚੇ ਰਿੱਝਦਾ ਪੱਕਦਾ ਖਾਂਦੇ ਵਿਚੇ ਸਭ ਕੰਮ ਹੋਂਦੇ ਨਾ ਉਹ ਦੰਦੇ ਲਾਵਣ ਬੇੜੇ ਨਾਹੀਂ ਕਿਤੇ ਖਲੋਂਦੇ ।(੧੫੭੦) ਅਠ ਮਹੀਨੇ ਦਿਹਾਂ ਰਾਤੀਂ ਗਏ ਦੌੜਾਈ ਬੇੜੇ ਖ਼ੂਬ ਖ਼ੁਸ਼ ਰਿਹਾ ਸਭ ਡੇਰਾ ਆਫ਼ਤ ਕਿਸੇ ਨਾ ਛੇੜੇ ਨਾ ਕੋਈ ਖ਼ਫ਼ਗੀ ਤੰਗੀ ਆਈ ਨਾ ਹੋਈ ਦਿਲਗੀਰੀ ਸਾਰਾ ਡੇਰਾ ਰਿਹਾ ਸੁਖੱਲਾ ਕਰਦੇ ਐਸ਼ ਅਮੀਰੀ ਇਸ ਮੁਦਤ ਥੀਂ ਪਿੱਛੋਂ ਹਿਕ ਦਿਨ ਟਾਪੂ ਨਜ਼ਰ ਪਿਓ ਨੇ ਜਾਣ ਨਜ਼ਦੀਕ ਦੰਦੇ ਦੇ ਆਏ ਸ਼ਾਹ ਥੀਂ ਹੁਕਮ ਲਿਓ ਨੇ ਬੇੜੇ ਕੰਢੇ ਲਾਇ ਮਲਾਹਾਂ ਲੰਗਰ ਸੁੱਟ ਖਲ੍ਹਾਰੇ ਲਾਆਂ ਨਾਲ਼ ਬੱਧੇ ਫਿਰ ਦੰਦੇ ਜਿਉਂ ਕਰ ਉਠ ਕਤਾਰੇ ਹਿਕ ਪੱਕਾਵਣ ਲੱਗੇ ਖਾਣਾ ਹਿਕ ਬੈਠੇ ਹਿਕ ਸੁੱਤੇ ਹਿਕ ਲੰਗਰ ਸਨ ਹੇਠ ਨਦੀ ਦੇ ਹਿਕ ਲੰਗਰ ਸਨ ਉੱਤੇ ਲੰਗਰ-ਬਾਸਨ ਹੱਥ ਵਿਚ ਲੈ ਕੇ ਜ਼ੰਗੀ ਸ਼ਾਹ ਪਲੰਗਰ ਲੁਕਮਾ ਆ ਮੰਗੇ ਜੇ ਵੇਖੇ ਸ਼ਹਿਜ਼ਾਦੇ ਦਾ ਲੰਗਰ ਖਾਣਾ ਖਾਇ ਆਰਾਮ ਕੀਤੋ ਨੇ ਵਰਤੀ ਫੇਰ ਸੁਰਾਹੀ ਕਰਨ ਲੱਗੇ ਫਿਰ ਸੈਰ ਜ਼ਿਮੀਂ ਦਾ ਡਿੱਠੀ ਖ਼ੂਬ ਨਿਵਾਹੀ ਸਬਜ਼ਿਓਂ ਸਬਜ਼ ਪੋਸ਼ਾਕ ਜ਼ਿਮੀਂ ਨੂੰ ਵਾਂਙੂ ਨੇਕੋ ਬਖ਼ਤਾਂ ਹਰ ਹਰ ਪਾਸੇ ਪਾਣੀ ਨਹਿਰਾਂ ਲਾਇਆ ਰੰਗ ਦਰੱਖ਼ਤਾਂ ਮੇਵਾਦਾਰ ਪੱਕੀ ਹਰ ਡਾਲ਼ੀ ਲਟਕ ਜ਼ਿਮੀਂ ਪਰ ਆਈ ਗੁਲ ਫੁਲ ਰੰਗ ਬਰੰਗੀ ਫੁੱਲੇ ਰੌਣਕ ਜੂਹ ਸੁਹਾਈ ਕੋਇਲ ਮੋਰ ਚਕੋਰ ਹਜ਼ਾਰਾਂ ਖ਼ੁਸ਼ ਆਵਾਜ਼ ਲੁਟੋਰੇ ਤੋਤੇ ਕੁਮਰੀ ਕਾਲੇ ਤਿੱਤਰ ਬੋਲਣ ਵਾਂਗ ਕਟੋਰੇ ।(੧੫੮੦) ਖਗਾਂ ਟੋਰ ਗੁਮਾਨੀ ਕੱਢੀ ਚੱਲਣ ਵਾਂਙੂ ਹੰਸਾਂ ਬਹੁਤੇ ਮਿਰਗ ਸ਼ਿਕਾਰੀ ਦੂਜੇ ਕਿਤਨੇ ਗਿਣ ਗਿਣ ਦੱਸਾਂ ਬਾਗ਼ੋਬਾਗ਼ ਹੋਵੇ ਦਿਲ ਉਸ ਦਾ ਜੋ ਇਸ ਜੂਹੇ ਫਿਰਦਾ ਖ਼ੁਸ਼ ਹਵਾ ਖ਼ੁਸ਼ਬੋਈ ਵਾਲੀ ਜੰਨਤ ਵਾਂਗ ਚੌਗਿਰਦਾ ਸੈਫ਼-ਮਲੂਕ ਜਮੀਅਤ ਕੀਤਾ ਕੋਈ ਦਿਨ ਓਥੇ ਡੇਰਾ ਕਰਦੇ ਸੈਰ ਸ਼ਿਕਾਰ ਇਸ ਜੂਹੇ ਵੇਖ ਮੁਕਾਮ ਭਲੇਰਾ ਕਦੇ ਸ਼ਹਿਜ਼ਾਦਾ ਮਜਲਿਸ ਲਾਏ ਜਿਉਂ ਦਰਬਾਰ ਸ਼ਹਾਂ ਦੇ ਕਦੇ ਸ਼ਿਕਾਰ ਕਰੇ ਵਿਚ ਜੰਗਲ਼ ਤਿੱਤਰ ਮਿਰਗ ਸਿਹਾਂ ਦੇ ਇਕ ਦਿਨ ਲਾ ਦਰਬਾਰ ਸ਼ਹਿਜ਼ਾਦਾ ਬੈਠਾ ਵਿਚ ਵਜ਼ੀਰਾਂ ਚਾਰ ਜਵਾਨ ਆਏ ਕੋਈ ਦਖਨੋਂ ਸੂਰਤ ਵਾਂਗ ਅਮੀਰਾਂ ਸ਼ੌਕਤ ਸ਼ਾਨ ਸ਼ਹਿਜ਼ਾਦੇ ਵਾਲਾ ਤੱਕ ਕੇ ਹੋਏ ਸਲਾਮੀ ਝੱਲ ਸਲਾਮ ਸ਼ਹਿਜ਼ਾਦੇ ਕਿਹਾ ਬੈਠੋ ਹੋਇ ਅਰਾਮੀ ਜਾਂ ਬੈਠੇ ਤਾਂ ਪੁੱਛਣ ਲੱਗਾ ਗੱਲੋਂ ਗੱਲ ਹਿਲਾਂਦੇ ਏਸ ਜ਼ਿਮੀਂ ਦਾ ਨਾਮ ਭਿਰਾਉ ਕੀ ਕੁੱਝ ਤੁਸੀਂ ਬੁਲਾਂਦੇ ਆਦਮੀਆਂ ਦੀ ਵਸਤੀ ਕੋਈ ਹੈ ਨੇੜੇ ਇਸ ਗਿਰਦੇ ਯਾ ਤੁਸੀ ਭੀ ਵਾਂਗ ਅਸਾਡੇ ਦੂਰੋਂ ਆਏ ਫਿਰਦੇ ਉਨ੍ਹਾਂ ਜਵਾਨਾਂ ਆਖ ਸੁਣਾਇਆ ਸੁਣ ਸ਼ਹਿਜ਼ਾਦਾ ਸੁੰਦਰ 'ਐਨ-ਉਲ-ਅਰਜ਼' ਕਹਿਣ ਇਸ ਧਰਤੀ ਸ਼ਹਿਰ ਕਈ ਇਸ ਅੰਦਰ ਵੱਡਾ ਸ਼ਹਿਰ ਇੱਥੇ ਹਿਕ ਨੇੜੇ ਇਹ ਹੈ ਚੀਨ ਕਹਾਂਦਾ ਰਿਹਾ ਤਖ਼ਤ ਹਮੇਸ਼ਾ ਇਥੇ ਵੱਡਿਆਂ ਬਾਦਸ਼ਾਹਾਂ ਦਾ ।(੧੫੯੦) ਹੁਣ ਭੀ ਤਖ਼ਤ ਉੱਤੇ ਸ਼ਹਿਜ਼ਾਦਾ ਹੈ ਫ਼ਗ਼ਫ਼ੂਰ ਸਦਾਂਦਾ ਆਦਿਲ ਨੇਕ ਬਹਾਦਰ ਦਾਨਾ ਸੋਹਣਾ ਨੂਰ ਦਿਲਾਂ ਦਾ ਫ਼ਗ਼ਫ਼ੂਰਾਂ ਦੀ ਨਸਲੇ ਵਿਚੋਂ ਹੈ ਸੁਲਤਾਨ ਕਦੀਮੀ ਮਹਿਮਾਨਾਂ ਦਾ ਯਾਰ ਹਮੇਸ਼ਾ ਪੁੱਛੇ ਨਾਲ਼ ਹਲੀਮੀ ਉਨ੍ਹਾਂ ਗੱਲਾਂ ਦੇ ਵਿਚ ਸ਼ਹਿਜ਼ਾਦਾ ਹੋਇਆ ਜ਼ਰਾ ਆਰਾਮੀ ਹੋਰ ਆਏ ਤਰੈ ਬੰਦੇ ਕੋਈ ਹੋਏ ਆਣ ਸਲਾਮੀ ਚੁੰਮ ਜ਼ਿਮੀਂ ਸਿਰ ਨੀਵਾਂ ਕਰ ਕੇ ਕਰਨ ਲੱਗੇ ਤਾਜ਼ੀਮਾਂ ਸਿਫ਼ਤਾਂ ਕਰ ਕਰ ਦੇਣ ਦੁਆਈਂ ਵਾਂਗਰ ਨਫ਼ਰ ਕਦੀਮਾਂ ਬਾਦ ਇਸ ਥੀਂ ਫਿਰ ਅਰਜ਼ ਗੁਜ਼ਾਰਨ ਆਖਣ ਸੁਣ ਤੂੰ ਸ਼ਾਹਾ ਸ਼ਾਹ ਫ਼ਗ਼ਫ਼ੂਰ ਤੇਰੇ ਵੱਲ ਘੱਲਿਆ ਉਜ਼ਰ ਨਹੀਂ ਕੁੱਝ ਆਹਾ ਜੋ ਪੈਗ਼ਾਮ ਉਸ ਨੇ ਫ਼ਰਮਾਏ ਤੈਨੂੰ ਅਸਾਂ ਸੁਨਾਣੇ ਖ਼ਾਹੇ ਬਖ਼ਸ਼ੇਂ ਜਾਨ ਅਸਾਡੀ ਖ਼ਾਹੇ ਕਰੇਂ ਜੋ ਭਾਣੇ ਸ਼ਾਹ ਫ਼ਗਫ਼ੂਰ ਅਸਾਡੇ ਲਿਖਿਆ ਰੁੱਕਾ ਖ਼ਾਸ ਤੁਸਾਨੂੰ ਵਾਚੋ ਨਜ਼ਰ ਮੁਬਾਰਿਕ ਧਰ ਕੇ ਦੇਹੋ ਜਵਾਬ ਅਸਾਨੂੰ ਸੈਫ਼-ਮਲੂਕ ਡਿੱਠਾ ਪੱੜ੍ਹ ਰੁੱਕਾ ਆਪੂੰ ਨਾਲ਼ ਤਲਬ ਦੇ ਲਿਖਿਆ ਬਾਦਸ਼ਾਹਾਂ ਦੀ ਡੌਲੇ ਚੰਗਾ ਨਾਲ਼ ਅਦਬ ਦੇ ਸਾਕੀ ਬਖ਼ਸ਼ ਸ਼ਰਾਬ ਪਿਆਲਾ ਹੋਵੇ ਨਸ਼ਾ ਜ਼ਿਆਦੇ ਵਾਚਾਂ ਖ਼ਤ ਜਵਾਬ ਸੁਣਾਵਾਂ ਉਲਫ਼ਤ ਕਰਨ ਸ਼ਹਿਜ਼ਾਦੇ
33. ਸਰ ਨਾਮਾ ਨਵਿਸ਼ਤਨ ਸ਼ਾਹਿ ਫ਼ਗ਼ਫ਼ੂਰ ਚੀਨ ਜਾਨਿਬ ਸ਼ਹਿਜ਼ਾਦਾ ਮਿਸਰ ਕਿ ਆਮਦਾ ਬੂਦ (ਚੀਨੀ ਬਾਦਸ਼ਾਹ ਦਾ ਸ਼ਹਿਜ਼ਾਦੇ ਨੂੰ ਖ਼ਤ ਲਿਖਣਾ)
ਸਿਰ ਨਾਮੇ ਨਾਮ ਸੱਚੇ ਦਾ ਕੀਤੇ ਕਾਰਜ ਜਿਸ ਨੇ ਕੱਨਹ ਉਹਦੀ ਦਾ ਕੋਈ ਨਾ ਵਾਕਿਫ਼ ਭੇਤ ਲੱਭੇ ਸਭ ਕਿਸ ਨੇ ।(੧੬੦੦) ਸਭ ਖ਼ਜ਼ਾਨੇ ਹੱਥ ਉਸੇ ਦੇ ਚਾ ਬਖ਼ਸ਼ੇ ਜਿਸ ਭਾਵੇ ਨਫ਼ਰੋਂ ਸ਼ਾਹ ਕਰੇ ਤੇ ਸ਼ਾਹਾਂ ਸਫ਼ਰੋਂ ਔਕੜ ਪਾਵੇ ਰਾਹ ਪੌਧਾਊ ਲੋਕ ਮੁਸਾਫ਼ਿਰ ਸਭ ਗ਼ਰੀਬ ਬਦੇਸੀ ਹਰ ਹਿਕ ਦਾ ਖ਼ਸਮਾਨਾ ਉਸੇ ਜੋ ਲਿਖਿਆ ਸੋ ਦੇਸੀ ਮੁਸ਼ਕਿਲ ਪਾਵਣ ਵਾਲਾ ਆਪੂੰ ਆਪੂੰ ਹੈ ਹੱਲ ਕਰਦਾ ਆਸ਼ਿਕ ਨੂੰ ਲਾ ਰੋਗ ਪਿਰਮ ਦਾ ਮੇਲ ਸੱਜਣ ਵੱਲ ਕਰਦਾ ਸੌਖਿਆਂ ਨੂੰ ਉਹ ਦੁੱਖ ਸਹਾਵੇ ਪਾਵੇ ਵਖ਼ਤ ਅਮੀਰਾਂ ਉਡਦੇ ਪੰਖੀ ਕੈਦ ਕਰਾਏ ਛੱਡੇ ਸਖ਼ਤ ਅਸੀਰਾਂ ਜਾਨੇ ਜੈਸੀ ਦੌਲਤ ਸੱਚੀ ਜਿਸਦਾ ਮੁੱਲ ਨਾ ਪੈਂਦਾ ਦੇਂਦਾ ਮੁਫ਼ਤ ਹੈਵਾਨਾਂ ਤਾਈਂ ਜਾਂ ਭਾਵੇ ਤਾਂ ਲੈਂਦਾ ਖ਼ਾਕੀ ਸੂਰਤ ਸੁੰਦਰ ਕਰ ਕੇ ਪੈਰ ਰੁਲਾਏ ਘੱਟੇ ਫੁੱਲ ਖਿੜਾਏ ਬੂਟੀ ਵਿਚੋਂ ਫੇਰ ਪਤਰ ਖੋਹ ਸੱਟੇ ਸਿੱਪਾਂ ਅੰਦਰ ਮਾਣਕ ਮੋਤੀ ਮੁਦਤ ਕੈਦ ਕਰਾਂਦਾ ਕੈਦੋਂ ਕੱਢ ਨਿਵਾਜ਼ੇ ਉਨ੍ਹਾਂ ਬਹੁਤਾ ਮੁੱਲ ਤਰਾਂਦਾ ਅੰਡੇ ਵਿਚੋਂ ਪੰਖੀ ਕਰਦਾ ਦੇਇਕੇ ਪਰ ਉੱਡਾਰੇ ਪੱਥਰ ਵਿਚੋਂ ਲਅਲ ਬਣਾਵੇ ਰਾਤੋਂ ਦਿਹੁੰ ਖਿਲਾਰੇ ਮੇਰੇ ਜੈਸੇ ਆਜ਼ਿਜ਼ ਬੰਦੇ ਤਖ਼ਤ ਦੇਵੇ ਸੁਲਤਾਨੀ ਵਾਹ ਕਰੀਮ ਮੁਹੰਮਦ ਬਖਸ਼ਾ ਮੇਲੇ ਵਿਛੜੇ ਜਾਨੀ ਇਸ ਥੀਂ ਪਿੱਛੇ ਸੁਣ ਸ਼ਹਿਜ਼ਾਦੇ ਕਰ ਕੇ ਫ਼ਿਕਰ ਨਿਹਾਇਤ ਮੈਂ ਫ਼ਗ਼ਫ਼ੂਰ ਸ਼ਹਿਜ਼ਾਦਾ ਆਲੀ ਵਾਲੀ ਚੀਨ ਵਲਾਇਤ ।(੧੬੧੦) ਕਹਿੰਦਾ ਤੈਨੂੰ ਸੱਚ ਦਸਾਲੀਂ ਕੌਣ ਕੋਈ ਤੂੰ ਬੰਦਾ ਕਿਥੋਂ ਆਇਓਂ ਕਿੱਥੇ ਜਾਣਾ ਕਿਹੜੇ ਸ਼ਹਿਰ ਵਸੰਦਾ ਜੇ ਤੂੰ ਮਰਦ ਸੌਦਾਗਰ ਆਇਓਂ ਪਾਸ ਤੇਰੇ ਕੀ ਭਰਤੀ ਕਿਸ ਕੰਮ ਇਤਨਾ ਲਸ਼ਕਰ ਤੰਬੂ ਮਿਲ ਲਈ ਜਿਸ ਧਰਤੀ ਜੇ ਤੂੰ ਕੋਈ ਗ਼ਨੀਮ ਅਸਾਡਾ ਲੈਣ ਵਲਾਇਤ ਚੜ੍ਹਿਓਂ ਲਸ਼ਕਰ ਸਣੇ ਮਰੇਸੇਂ ਪਲ ਵਿਚ ਜਾਂ ਸੰਗਲ ਪਾ ਕੜਿਓਂ ਤੇਗ਼ ਮੇਰੀ ਥੀਂ ਕੋਈ ਨਾ ਬਚਿਆ ਦੁਸ਼ਮਣ ਜਿਸ ਕਹਾਇਆ ਤੂੰ ਭੀ ਸਿਰ ਨਜ਼ਰਾਨਾ ਤਾਰਨ ਪਾਸ ਮੇਰੇ ਲੈ ਆਇਆ ਜੇ ਤੂੰ ਕਰਨ ਲੜਾਈ ਆਇਓਂ ਲੋੜੇਂ ਜ਼ੋਰ ਅਜ਼ਮਾਇਆ ਜਾਨ ਜਹਾਨ ਮੈਦਾਨ ਮੇਰੇ ਵਿਚ ਕਰ ਕੁਰਬਾਨ ਸਮਾਇਆ ਸਭ ਹਥਿਆਰ ਤਿਆਰ ਕਰਾਈਂ ਚਾੜ੍ਹ ਸਵਾਰ ਮਰੇਲੇ ਜਾਣ ਖ਼ਮੀਰ ਤੇਰਾ ਸੀ ਏਥੇ ਲਸ਼ਕਰ ਸਣੇ ਸਵੇਲੇ ਜੇ ਤੂੰ ਕੋਈ ਸ਼ਖ਼ਸ ਸੈਲਾਨੀ ਸੈਰ ਕਰਨ ਨੂੰ ਆਇਆ ਚੀਨ ਸ਼ਹਿਰ ਤੂੰ ਡਿੱਠਾ ਨਾਹੀਂ ਕੀ ਫਿਰ ਸੈਰ ਕਰਾਇਆ ਜੇ ਤੂੰ ਸ਼ਾਹ ਇਕਬਾਲਾਂ ਵਾਲਾ ਕੱਛਣ ਲੱਗੋਂ ਸਮੁੰਦਰ ਆਬ-ਹੱਯਾਤੀ ਵੀ ਕਮ ਹੋਸੀ ਮਰਸੇਂ ਵਾਂਗ ਸਿਕੰਦਰ ਤੂੰ ਸ਼ਹਿਜ਼ਾਦਾ ਅਜ਼ਮਤ ਵਾਲਾ ਸੁਣਿਓਂ ਬਹੁਤ ਚੰਗੇਰਾ ਜੇ ਤੁਧ ਤਲਬ ਮਿਲਣ ਦੀ ਹੋਵੇ ਮੈਂ ਭੀ ਭਾਈ ਤੇਰਾ ਨਾ ਕੋਈ ਜੰਗ ਖ਼ਸੂਮਤ ਐਵੇਂ ਨਾਹੀਂ ਵੈਰ ਕਦੀਮੀ ਦੁਸ਼ਮਣ ਨਾਲ਼ ਕਰਾਂ ਮੈਂ ਜ਼ੋਰਾ ਯਾਰਾਂ ਨਾਲ਼ ਹਲੀਮੀ ।(੧੬੨੦) ਨਾ ਦੁਸ਼ਮਣ ਨਾ ਦੋਸਤ ਹੋਵੇ ਹੋਵੇ ਕੋਈ ਤਰਫ਼ੈਨੀ ਘਰ ਆਏ ਦੀ ਕਰਾਂ ਤਵਾਜ਼ੁਅ ਜਾਣਾ ਦੋਸਤ ਐਨੀ ਸੱਚੀ ਗਲ ਸੁਣਾ ਸ਼ਹਿਜ਼ਾਦੇ ਕੀ ਸਬੱਬ ਇਸ ਰਾਹ ਦਾ ਕਿਹੜਾ ਤਖ਼ਤ ਵਲਾਇਤ ਤੇਰੀ ਬੇਟਾ ਹੈਂ ਕਿਸ ਸ਼ਾਹ ਦਾ
34. ਦਰ ਬਿਆਨਿ ਜਵਾਬਿ ਸ਼ਹਿਜ਼ਾਦਾ ਕਿ ਫ਼ਗਫ਼ੂਰਿ ਚੀਨ ਰਾ ਫ਼ਰਿਸਤਾਦਾ (ਸ਼ਹਿਜ਼ਾਦੇ ਦਾ ਚੀਨੀ ਬਾਦਸ਼ਾਹ ਨੂੰ ਜਵਾਬ)
ਫ਼ਗ਼ਫ਼ੂਰੇ ਦਾ ਖ਼ਤ ਸ਼ਹਿਜ਼ਾਦੇ ਜਾਂ ਸਾਰਾ ਪੜ੍ਹ ਡਿੱਠਾ ਏਲਚੀ ਨੂੰ ਫ਼ੁਰਮਾਵਣ ਲੱਗਾ ਬੋਲ ਜ਼ਬਾਨੋਂ ਮਿੱਠਾ ਐੇ ਏਲਚੀ ਫ਼ਗ਼ਫ਼ੂਰ ਸ਼ਾਹੇ ਦੇ ਜਾਇ ਆਪਣੇ ਸੁਲਤਾਨੇ ਆਖ ਸਲਾਮ ਅਸਾਡਾ ਅੱਵਲ ਦੱਸੀਂ ਖੋਲ ਬਿਆਨੇ ਸੈਫ਼-ਮਲੂਕ ਮੇਰਾ ਹੈ ਨਾਂਵਾਂ ਆਦੀ ਦਾ ਸ਼ਹਿਜ਼ਾਦਾ ਨਹੀਂ ਗ਼ਨੀਮ ਨਾ ਵੈਰ ਕਿਸੇ ਦਾ ਮੈਂ ਦਿਲ ਹੋਰ ਇਰਾਦਾ ਨਾ ਮੈਂ ਮੁਲਕ ਵਲਾਇਤ ਲੈਣੀ ਨਾ ਰਹਿਣੇ ਦੀ ਨੀਯਤ ਦੋ ਤਿੰਨ ਰੋਜ਼ ਸ਼ਿਕਾਰੇ ਕਾਰਨ ਕੀਤੀ ਚਾ ਜਮੀਅਤ ਮੈਂ ਆਪਣੇ ਹਿਕ ਮਤਲਬ ਕਾਰਨ ਆਇਆ ਛੋੜ ਵਤਨ ਨੂੰ ਇਸ ਮਕਸੂਦ ਲਈ ਨਿੱਤ ਭਾਲਾਂ ਪਾਣੀ ਵਸਤੀ ਬਣ ਨੂੰ ਜੇ ਮੈਂ ਵਾਂਗ ਗ਼ਨੀਮਾਂ ਆਂਦਾ ਲਿਆਂਦਾ ਫ਼ੌਜ ਘਣੇਰੀ ਚਾਲੀ੍ਹ ਸ਼ਾਹ ਤਖ਼ਤਾਂ ਦੇ ਸਾਈਂ ਈਨ ਮਨੇਂਦੇ ਮੇਰੀ ਬਾਪ ਮੇਰਾ ਸੁਲਤਾਨ ਮਿਸਰ ਦਾ ਆਸਿਮ ਸ਼ਾਹ ਬਹਾਦਰ ਮੇਰੇ ਨਾਲ਼ ਲੜਾਈ ਕਰਸੇਂ ਹੈ ਤੇਰਾ ਕੀ ਬਾਦਰ ਪਰ ਮੈਂ ਆਪ ਲੜਾਈ ਛੱਡੀ ਨਹੀਂ ਖ਼ੁਸੂਮਤ ਭਾਵੇ ਹਰ ਇਕ ਨਾਲ਼ ਮੁਹੱਬਤ ਰੱਖਦਾ ਜੇ ਕੋਈ ਯਾਰ ਕਹਾਵੇ ।(੧੬੩੦) ਮੈਂ ਮਕਸੂਦ ਆਪਣੇ ਦਾ ਭੁੱਖਾ ਹਰ ਹਰ ਜਾਈ ਲੋੜਾਂ ਜਾਂ ਜਾਂ ਉਹ ਮਕਸੂਦ ਨਾ ਮਿਲਸੀ ਸਫ਼ਰੋਂ ਮੁੱਖ ਨਾ ਮੋੜਾਂ ਸਭ ਜ਼ਜ਼ੀਰੇ ਟਾਪੂ ਫਿਰਸਾਂ ਕੋਹ ਕਾਫ਼ਾਂ ਤੇ ਪਾਣੀ ਏਵੇਂ ਲੋੜ ਕਰੇਂਦਾ ਮਰਸਾਂ ਜਿਸ ਦਿਨ ਉਮਰ ਵਿਹਾਣੀ ਸ਼ਾਹ ਫ਼ਗਫ਼ੂਰ ਤਾਈਂ ਜਾ ਆਖੋ ਇਹ ਹਕੀਕਤ ਮੇਰੀ ਜੇਕਰ ਕਰੇਂ ਗ਼ਰੀਬ ਨਿਵਾਜ਼ੀ ਜਾਣਾਂ ਸ਼ਫ਼ਕਤ ਤੇਰੀ ਸਰ-ਫ਼ਰਾਜ਼ ਕਰੋ ਜੇ ਸਾਨੂੰ ਲਾਇਕ ਹੈ ਸ਼ਾਹਾਂ ਨੂੰ ਨਹੀਂ ਤਾਂ ਫ਼ਜਰੇ ਕੂਚ ਕਰਾਂਗੇ ਬੇੜੇ ਠੇਲ ਰਾਹਾਂ ਨੂੰ ਏਲਚੀ ਜਾ ਅਖ਼ਬਾਰ ਸੁਣਾਈ ਸ਼ਾਹ ਫ਼ਗ਼ਫ਼ੂਰੇ ਤਾਈਂ ਖ਼ੁਸ਼ ਹੋਇਆ ਤੇ ਮਿਲਿਆ ਲੋੜੇ ਸੁਣ ਕੇ ਸਿਫ਼ਤ ਸਨਾਈਂ ਤੁਹਫ਼ੇ ਬਹੁਤ ਪਿਆਰੇ ਲੈ ਕੇ ਮਿਲਣੇ ਕਾਰਨ ਆਇਆ ਦੋਂਵੇਂ ਸ਼ਾਹ ਮਿਲੇ ਕਰ ਉਲਫ਼ਤ ਹਿਕ ਦੂਜੇ ਗਲ ਲਾਇਆ ਸ਼ਹਿਜ਼ਾਦੇ ਫ਼ਗ਼ਫ਼ੂਰੇ ਤਾਈਂ ਉਪਰ ਤਖ਼ਤ ਬਹਾਇਆ ਆਪੂੰ ਹਟ ਬੈਠਾ ਹਿਕ ਗੁੱਠੇ ਅਦਬੋਂ ਰੁਤਬਾ ਪਾਇਆ ਸੈਫ਼-ਮਲੂਕ ਸ਼ਹਿਜ਼ਾਦੇ ਕਿਹਾ ਹਾਜ਼ਰ ਹੋਵਣ ਸਾਕੀ ਸੋਹਣੇ ਹੁਸਨ ਅਦਾਵਾਂ ਵਾਲੇ ਮਿਸਰੀ ਹੋਰ ਇਰਾਕੀ ਛੋਕਰੀਆਂ ਤੇ ਗੋਲੇ ਆਏ ਸੋਹਣੇ ਹੁਸਨ ਰੰਗੀਲੇ ਗ਼ਮਜ਼ੇ ਨਾਲ਼ ਕਰਨ ਦਿਲ ਘਾਇਲ ਸੁੰਦਰ ਨੈਣ ਰਸੀਲੇ ।(੧੬੪੦) ਸੂਰਤ ਨਾਜ਼ੁਕ ਵਾਂਗ ਗੁਲਾਬਾਂ ਲਾਲੇ ਵਾਂਗ ਪਿਆਲੇ ਕੱਦ ਚੰਬੇ ਦੀ ਡਾਲ਼ੀ ਵਾਂਗਰ ਫੁੱਲ ਲੱਗੇ ਗੁਲ ਲਾਲੇ ਤੋਤੇ ਕੋਇਲ ਵਾਂਙੂ ਬੋਲਣ ਹੰਸਾਂ ਹਾਰ ਲਟਕਦੇ ਚੋਰ ਦਿਲਾਂ ਦੇ ਠੱਗ ਨੈਣਾਂ ਦੇ ਤੁਰਦੇ ਅੱਖ ਮਟਕਦੇ ਕਾਸੇ ਹੱਥ ਸਫ਼ੈਦ ਬਲੌਰੀ ਭਰੇ ਅਕੀਕੀ ਮੱਧ ਦੇ ਸਾਕੀ ਨਵੀਂ ਸ਼ਰਾਬ ਪੁਰਾਣਾ ਨਸ਼ੇ ਸਵਾਏ ਵਧਦੇ ਨਾਲ਼ ਮੁਹੱਬਤ ਪੀਣ ਪਿਆਲੇ ਇਕ ਦੂਜੇ ਨੂੰ ਦੇਂਦੇ ਪੀ ਪੀ ਮਗ਼ਜ਼ੀਂ ਗਰਮੀ ਆਈ ਬਾਤਾਂ ਖ਼ੂਬ ਕਰੇਂਦੇ ਸੈਫ਼-ਮਲੂਕ ਸ਼ਹਿਜ਼ਾਦੇ ਕੋਲੋਂ ਪੁੱਛਿਆ ਸ਼ਾਹ ਫ਼ਗ਼ਫ਼ੂਰੇ ਕੈਸੀ ਸਰਗਰਦਾਨੀ ਤੈਨੂੰ ਟੁਰਿਓਂ ਕਿਸ ਜ਼ਰੂਰੇ ਕੇਹੀ ਮੁਹਿੰਮ ਪਈ ਇਹ ਤੈਨੂੰ ਆਇਓਂ ਛੱਡ ਵਲਾਇਤ ਜੇ ਕੁਝ ਮੇਰੇ ਵਸੇ ਹੋਵੇ ਦੱਸੋ ਕਰਾਂ ਹਿਮਾਇਤ ਸੈਫ਼-ਮਲੂਕ ਸੁਣਾਇਆ ਕਿੱਸਾ ਜੋ ਕੁੱਝ ਉਸ ਸਿਰਵਰਤੀ ਹੁਕਮ ਦਿੱਤਾ ਫ਼ਗ਼ਫ਼ੂਰ ਵਜ਼ੀਰਾਂ ਲੋੜੋ ਆਪਣੀ ਧਰਤੀ ਜੋ ਕੋਈ ਵਿਚ ਵਲਾਇਤ ਸਾਡੀ ਹੈਗਾ ਮਰਦ ਸੈਲਾਨੀ ਹਾਜ਼ਰ ਕਰੋ ਸ਼ਹਿਜ਼ਾਦੇ ਅੱਗੇ ਮੱਤ ਕੋਈ ਦੇ ਨਿਸ਼ਾਨੀ ਜੋ ਸੈਲਾਨੀ ਲੋਕ ਸੌਦਾਗਰ ਹੋਰ ਫ਼ਕੀਰ ਸਿਪਾਹੀ ਹਾਜ਼ਰ ਆਣ ਹੋਏ ਸਭ ਓਥੇ ਹੁਕਮ ਜਿੱਥੇ ਸੀ ਸ਼ਾਹੀ ਸੈਫ਼-ਮਲੂਕ ਪੁੱਛੇ ਤੇ ਅੱਗੋਂ ਹਰ ਇਕ ਗੱਲ ਸੁਣਾਂਦਾ ਪਰ ਕੋਈ ਉਸ ਦੇ ਮਕਸਦ ਵਾਲੀ ਮੂਲ ਨਹੀਂ ਦੱਸ ਪਾਂਦਾ ਹੋਰੂੰ ਹੋਰ ਟਿਕਾਣੇ ਦੱਸਣ ਫਿਰ ਆਏ ਜਿਸ ਜਾਈ ਬਾਗ਼-ਇਰਮ ਤੇ ਬਦੀਅ-ਜਮਾਲੋਂ ਕਿਸੇ ਨਾ ਸੀ ਦੱਸ ਪਾਈ ।(੧੬੫੦) ਉਨ੍ਹਾਂ ਵਿਚੋਂ ਹਿਕ ਸੀ ਬੁੱਢਾ ਫਿਰ ਆਇਆ ਕਈ ਬਰਸਾਂ ਗੁਜ਼ਰੀ ਉਮਰ ਉਹਦੀ ਸੀ ਯਾਰੋ ਹਿਕ ਸੌ ਚਾਲੀ ਬਰਸਾਂ ਇਸ ਬੁੱਢੇ ਨੇ ਆਖ ਸੁਣਾਇਆ ਸੁਣ ਤੂੰ ਹਜ਼ਰਤ ਸ਼ਾਹਾ ਮੱਤ ਤੁਧ ਖ਼ਬਰ ਲੱਭੇ ਇਸ ਰਾਹੋਂ ਮੈਂ ਦੱਸਾਂ ਹਿਕ ਰਾਹਾ ਦੂਰ ਏਥੋਂ ਹਿਕ ਸ਼ਹਿਰ ਵਡੇਰਾ ਇਸਤੰਬੋਲ ਉਸ ਕਹਿੰਦੇ ਹਰ ਮੁਲਕੋਂ ਹਰ ਦੇਸੋਂ ਓਥੇ ਆਣ ਮੁਸਾਫ਼ਰ ਰਹਿੰਦੇ ਮੁਲਕ ਫ਼ਰਾਖ਼ ਨਿਹਾਇਤ ਸੋਹਣਾ ਅੰਤ ਨਾ ਆਵੇ ਜਿਸਦਾ ਹਰ ਵਲਾਇਤ ਹਰ ਸ਼ਹਿਰ ਦਾ ਆਦਮ ਓਥੇ ਦਿਸਦਾ ਕਈ ਸੈਲਾਨੀ ਕਰਨ ਕਹਾਣੀ ਨਾਲ਼ ਜ਼ੁਬਾਨੇ ਮਿੱਠੀ ਕੰਨੀਂ ਸੁਣੀ ਕੋਈ ਸਿਰ ਵਰਤੀ ਕੋਈ ਅੱਖੀਂ ਡਿੱਠੀ ਕੋਹ ਕਾਫ਼ਾਂ ਦੇ ਫੁਰਨੇ ਵਾਲੇ ਇਸ ਜਾਏ ਸੈਲਾਨੀ ਤੇਰੇ ਮਕਸਦ ਦੀ ਮੱਤ ਓਥੋਂ ਲੱਭੇ ਖ਼ਬਰ ਨਿਸ਼ਾਨੀ ਸ਼ਹਿਜ਼ਾਦੇ ਉਸ ਬੁੱਢੇ ਤਾਈਂ ਖ਼ਿਲਅਤ ਦਿੱਤੀ ਭਾਰੀ ਹੋਰ ਇਨਾਮ ਦਿੱਤੇ ਖ਼ੁਸ਼ ਹੋ ਕੇ ਗੱਲ ਦੱਸੀ ਉਸ ਕਾਰੀ ਸ਼ਾਹ ਫ਼ਗ਼ਫ਼ੂਰ ਕੀਤਾ ਚਾ ਰੁਖ਼ਸਤ ਕੀਤੀ ਆਪ ਤਿਆਰੀ ਬੁੱਢੇ ਥੀਂ ਪੁੱਛ ਲਈ ਸ਼ਹਿਰ ਦੀ ਪਤਾ ਨਿਸ਼ਾਨੀ ਸਾਰੀ ਬਾਦਬਾਨ ਸਿੱਧੇ ਕਰ ਲਾਏ ਠੇਲ੍ਹ ਦਿੱਤੇ ਸਭ ਬੇੜੇ ਵੱਜਣ ਬਾਜੇ ਗਾਣ ਗਵੱਈਏ ਸਾਜ਼ ਖ਼ੁਸ਼ੀ ਕਰ ਛੇੜੇ ਇਸਤੰਬੋਲ ਸ਼ਹਿਰ ਨੂੰ ਪੁੱਛ ਕੇ ਹੋਇਆ ਸ਼ਾਹ ਰਵਾਨਾ ਤੀਰੋਂ ਤੇਜ਼ ਚਲਾਉ ਬੇੜੇ ਕਹਿਓਸੁ ਕਿਸ਼ਤੀ ਬਾਨਾਂ ।(੧੬੬੦) ਬੇੜੇ ਵਾਓ ਘੋੜੇ ਚਾੜ੍ਹੇ ਜਾਂਦੇ ਮਾਰ ਸੁਰਾੜੇ ਛੇ ਮਹੀਨੇ ਗਏ ਚਲਾਈ ਖਲੇ ਨਾ ਹਿਕ ਦਿਹਾੜੇ ਖ਼ੁਸ਼ੀਆਂ ਵਿਚ ਰਿਹਾ ਸਭ ਆਦਮ ਘੋੜੇ ਵਹਿਤਰ ਸਾਰੇ ਨਾ ਕੋਈ ਖ਼ਫ਼ਗੀ ਤੰਗੀ ਆਈ ਨਾ ਉਹ ਵਾਓ ਮਾਰੇ ਤਾਂ ਫਿਰ ਹਿਕ ਦਿਹਾੜੇ ਉਨ੍ਹਾਂ ਟਾਪੂ ਨਜ਼ਰੀ ਆਇਆ ਬੇੜੇ ਚਾ ਲਗਾਏ ਓਥੇ ਡਿੱਠਾ ਥਾਂ ਸੁਹਾਇਆ ਮੇਵੇ ਰੰਗਾਰੰਗ ਹਜ਼ਾਰਾਂ ਇਸ਼ਕਾਰਾਂ ਦੇ ਟੋਲੇ ਖ਼ੁਸ਼ ਆਵਾਜ਼ ਹਰ ਪੰਖੀ ਓਥੇ ਨਾਲ਼ ਸੁਰਾਂ ਦੇ ਬੋਲੇ ਚਾ ਮੁਕਾਮ ਕੀਤਾ ਸ਼ਹਿਜ਼ਾਦੇ ਖਾਣ ਲੱਗੇ ਉਠ ਮੇਵੇ ਕੀਕਰ ਕਰਾਂ ਅਰਾਮ ਮੁਹੰਮਦ ਜੇ ਰੱਬ ਕਰਨ ਨਾ ਦੇਵੇ ਸਭਨੀਂ ਗੱਲੀਂ ਖ਼ੂਬ ਜ਼ਜ਼ੀਰਾ ਖ਼ਲਲ ਬੜੇ ਦੋ ਓਥੇ ਏਸੇ ਗੱਲੋਂ ਰਹੇ ਵੀਰਾਨੀ ਵਸਦਾ ਨਾ ਕੋਈ ਓਥੇ ਹਿਕ ਬਘਿਆੜ ਮਰੇਲੇ ਮੰਦੇ ਮਾਰ ਲੈ ਜਾਵਣ ਘੋੜੇ ਦੂਜਾ ਪੰਖੀ ਉਡਦੇ ਆਵਣ ਬਹੁਤ ਵੱਡੇ ਬੇਓੜੇ ਆਦਮੀਆਂ ਨੂੰ ਚਾ ਖੜੇਂਦੇ ਜਾ ਕਿੱਤੇ ਵੱਲ ਖਾਂਦੇ ਏਸੇ ਤਰ੍ਹਾਂ ਦਿਹਾੜ ਗੁਜ਼ਾਰੀ ਲੋਕ ਹੋਏ ਦਰਮਾਂਦੇ ਰਾਤ ਪਈ ਤਾਂ ਪਾਣੀ ਵਿਚੋਂ ਨਿਕਲੇ ਮੱਛ ਹਜ਼ਾਰਾਂ ਸਭਨਾਂ ਦੇ ਮੂੰਹ ਲਅਲ ਫੜੇ ਜੋ ਰੌਸ਼ਨ ਕਰਨ ਅੰਧਾਰਾਂ ਜਿਉਂ ਅਸਮਾਨੀ ਤਾਰੇ ਰੌਸ਼ਨ ਤਿਵੇਂ ਲਅਲ ਨੂਰਾਨੀ ਲੋਅ ਲੱਗੀ ਸਭ ਸੂ ਦਰਿਆਵੇ ਆਈ ਵੇਖ ਹੈਰਾਨੀ ।(੧੬੭੦) ਜਿਉਂ ਕਰ ਚੋਰ ਹਨੇਰੇ ਘਰ ਵਿਚ ਬਾਲ ਅੰਗਰੇਜ਼ੀ ਤੀਲੇ ਚਾਨਣ ਲਾਅ ਚੁਰਾਵਣ ਚੀਜ਼ਾਂ ਮੱਛਾਂ ਭੀ ਉਹ ਹੀਲੇ ਚਾਨਣ ਕਰ ਦਰਿਆ ਕਿਨਾਰੇ ਆਦਮ ਫੜ ਫੜ ਖੜਦੇ ਮਾਰ ਸ਼ਿਕਾਰ ਉਹ ਖਾਵਣ ਕਾਰਨ ਲੈ ਪਾਣੀ ਵਿਚ ਵੜਦੇ ਆਦਮ ਨਾਲ਼ ਦਗ਼ੇ ਦੇ ਮੱਛੀ ਕੱਢ ਦਰਿਆਓਂ ਖਾਂਦੇ ਮੱਛ ਖਾਵਣ ਦਰਿਆਈਂ ਆਦਮ ਦੋਵੇਂ ਬਦਲਾ ਪਾਂਦੇ ਸ਼ਹਿਜ਼ਾਦੇ ਨੇ ਮਾਲਮ ਕੀਤਾ ਜੇ ਮੈਂ ਏਥੇ ਰਿਹਾ ਆਦਮ ਘੋੜੇ ਫ਼ੌਜ ਮਸਾਲਾ ਖੜ ਖੜ ਖਾਸਣ ਏਹਾ ਸਭ ਸਿਪਾਹ ਇਕੱਠੀ ਕੀਤੀ ਮਾਲ ਅਸਬਾਬ ਸੰਭਾਲੇ ਫ਼ਜਰੀਂ ਠੇਲ੍ਹ ਦਿੱਤੇ ਫਿਰ ਬੇੜੇ ਕਰ ਕੇ ਰੱਬ ਹਵਾਲੇ ਕਰਨ ਇਬਾਦਤ ਨਾਲ਼ ਇਰਾਦਤ ਹਰਦਮ ਯਾਦ ਇਲਾਹੀ ਇੱਕੀ ਰੋਜ਼ ਰਹੇ ਫਿਰ ਚਲਦੇ ਘੜੀ ਨਾ ਲੈਂਦੇ ਸਾਹੀ ਬਾ-ਆਰਾਮ ਰਿਹਾ ਸਭ ਡੇਰਾ ਤੰਗੀ ਕਿਸੇ ਨਾ ਪਾਈ ਰੈਣ ਦਿਹਾਂ ਵਿਚ ਚੈਨ ਗੁਜ਼ਾਰਨ ਆਪੋ ਆਪਣੀ ਜਾਈ ਸਾਕੀ ਦੇ ਸ਼ਰਾਬ ਪਿਆਲਾ ਜਿਸਦਾ ਨਸ਼ਾ ਨਾ ਘੱਟੇ ਆਇਆ ਵਕਤ ਤੂਫ਼ਾਨ ਕਹਿਰ ਦਾ ਨਾਲ਼ ਹਿੰਮਤ ਦੇ ਕੱਟੇ ਮਾਲ ਅਸਬਾਬ ਖੜਾਏ ਤੋੜੇ ਬਚ ਰਹੇ ਤਨ ਜਾਨੋਂ ਇਸ ਤੂਫ਼ਾਨੋਂ ਬੰਨੇ ਲਗੇ ਬਖ਼ਰਾ ਲਏ ਇਮਾਨੋਂ
35. ਦਰ ਬਿਆਨਿ ਗਰਕ ਸ਼ੁਦਨਿ ਕਿਸਤੀ ਹਾ ਦਰ ਤੂਫ਼ਾਨਿ ਬਲਾ ਵਾ ਜੁਦਾ ਸ਼ੁਦਨਿ ਸਾਇਦ (ਤੂਫ਼ਾਨ ਵਿਚ ਕਿਸ਼ਤੀਆਂ ਦਾ ਗ਼ਰਕ ਹੋਣਾ ਤੇ ਸਾਇਦ ਦਾ ਨਿਖੜ ਜਾਣਾ)
ਜ਼ਾਲਮ ਦੁਸ਼ਮਣ ਅੰਬਰ ਯਾਰੋ ਕਰੇ ਚੁਫੇਰੇ ਫੇਰੇ ਕਾਲੇ ਸੱਪ ਮਰੇਲੇ ਵਾਂਗਰ ਆਦਮੀਆਂ ਨੂੰ ਘੇਰੇ ।(੧੬੮੦) ਉਸ ਦੇ ਨਾਲ਼ ਨਾ ਕਰਦਾ ਥੋੜੀ ਜੋ ਇਸ ਦੇ ਹੱਥ ਚੜ੍ਹਦਾ ਰਿੜ੍ਹਦੇ ਬੰਦੇ ਨੂੰ ਦੇ ਧੱਕਾ ਪਰੇ ਪਰੇਰੇ ਖੜਦਾ ਰੌਸ਼ਨ ਰੋਜ਼ ਅਸਾਡਾ ਤੱਕ ਕੇ ਸੋਗੀ ਬਣ ਬਣ ਵੱਸਦਾ ਭਾ ਸਾਡੇ ਜਦ ਪਏ ਹਨੇਰਾ ਖਿੜ ਖਿੜ ਕਰ ਕੇ ਹੱਸਦਾ ਕਦੀ ਪਿਆਰ ਕਰੇ ਹੱਥ ਫੇਰੇ ਜਿਉਂ ਸਿਰ ਚੁੰਮੇ ਮਾਈ ਕਦੀ ਛੁਰੀ ਫੜ ਲਾਹੇ ਖੱਲਾਂ ਜਿਉਂ ਕਰ ਲਾਹੁਣ ਕਸਾਈ ਲਾਡ ਉਸ ਦੇ ਦਾ ਲਾਡ ਨਾ ਕਰੀਏ ਲਾਡੀਂ ਲਾਡ ਲਡਾਂਦਾ ਭਾਈਆਂ ਵਾਂਗਰ ਚਾ ਕੰਧਾੜੇ ਜਾ ਯੂਸੁਫ਼ ਖੂਹ ਪਾਂਦਾ ਸੈਫ਼-ਮਲੂਕ ਤੋੜੇ ਸੀ ਦੁਖੀਆ ਸ਼ਾਹ-ਪਰੀ ਦੀ ਛਿਕੋਂ ਪਰ ਕੋਈ ਹੋਰ ਨਾ ਆਹੀ ਔਖਤ ਬਾਝੋਂ ਇਸੇ ਹਿਕੋਂ ਜੋ ਕੁੱਝ ਵਰਤਣ ਐਸ਼ ਖ਼ੁਸ਼ੀ ਦੇ ਆਹੇ ਨਾਲ਼ ਹਜ਼ਾਰਾਂ ਬਾ ਆਰਾਮ ਜਹਾਜ਼ਾਂ ਅੰਦਰ ਕਰਦਾ ਜਾਏ ਬਹਾਰਾਂ ਹਿਕ ਦਿਨ ਕਰਨਾ ਰੱਬ ਦਾ ਹੋਇਆ ਉੱਠੀ ਸਖ਼ਤ ਹਨੇਰੀ ਧੁੰਦ ਗ਼ੁਬਾਰ ਸੰਸਾਰ ਛੁਪਾਇਆ ਲੱਗੀ ਝੜੀ ਘਣੇਰੀ ਕੜਕੇ ਬਦਲੀ ਧੜਕੇ ਫੁਰਨਾ ਬਿਜਲੀ ਦੇਇ ਚਮਕਾਰੇ ਦੂਰ ਜਹਾਜ਼ਾਂ ਖੜ ਖੜ ਮਾਰੇ ਝੱਖੜ ਦੇ ਉਲਾਰੇ ਨੂਹ ਵਾਲਾ ਤੂਫ਼ਾਨ ਅਜ਼ਗ਼ੈਬੋਂ ਗ਼ਰਕ ਕਰਨ ਨੂੰ ਆਇਆ ਸ਼ਾਹ ਸਿਪਾਹ ਤਮਾਮ ਪੁਕਾਰਨ ਰੱਖੀਂ ਬਾਰੇ ਖ਼ੁਦਾਇਆ ਬਦਲ ਕਹਿਰ ਨਜ਼ੂਲ ਮਚਾਇਆ ਲਹਿਰ ਸਮੁੰਦਰ ਆਈ ਮਗਰ-ਮੱਛ ਸੰਸਾਰ ਬਲਾਈਂ ਰੁੜ੍ਹ ਦੇ ਦੇਣ ਦੁਹਾਈ ।(੧੬੯੦) ਸਾਫ਼ ਕੀਤੇ ਕੋਹ ਕਾਫ਼ ਹਨੇਰੀ ਬਰਫ਼ਾਂ ਵਾਂਗਰ ਝੜਦੇ ਚੜ੍ਹਦੇ ਥੀਂ ਖੜ ਲਹਿੰਦੇ ਮਾਰੇ ਲਹਿੰਦੇ ਥੀਂ ਖੜ ਚੜ੍ਹਦੇ ਫ਼ੌਜਾਂ ਵਾਂਙੂ ਨਵੀਆਂ ਹਾਠਾਂ ਆਵਣ ਕਰ ਕਰ ਹੱਲੇ ਜ਼ੋਰੋਂ ਜ਼ੋਰ ਸਵਾਇਆ ਬੱਦਲ ਝੱਖੜ ਘੜੀ ਨਾ ਠੱਲ੍ਹੇ ਝੱਖੜ ਬੱਦਲ਼ ਗ਼ਜ਼ਬ ਉਠਾਇਆ ਹਿਕ ਪਲ਼ ਮੂਲ ਨਾ ਵਿਸੇ ਧੁੰਦ ਗ਼ੁਬਾਰ ਹਨੇਰਾ ਐਸਾ ਅਪਣਾ ਆਪ ਨਾ ਦਿੱਸੇ ਸ਼ਹਿਜ਼ਾਦਾ ਤੇ ਯਾਰ ਤਮਾਮੀ ਕਰਨ ਰਬੇ ਵੱਲ ਜ਼ਾਰੀ ਰੱਬਾ ਤੂੰਹੇਂ ਰੱਖਣ ਵਾਲਾ ਬਣੀ ਅਸਾਂ ਸਿਰ ਭਾਰੀ ਸਾਡੇ ਬਖ਼ਰੇ ਦਾ ਅੱਜ ਆਇਆ ਡਾਹਡਾ ਰੋਜ਼ ਕਿਆਮਤ ਇਸ ਤੂਫ਼ਾਨ ਕਹਿਰ ਦੇ ਵਿਚੋਂ ਰੱਖੀਂ ਸਹੀ ਸਲਾਮਤ ਅਸੀਂ ਬਿਚਾਰੇ ਰੁੜ੍ਹਦੇ ਜਾਂਦੇ ਵਾਅ ਮੁਰਾਦ ਝੁਲਾਈਂ ਮੱਤ ਉਹ ਯਾਰ ਪਿਆਰਾ ਲੱਭੇ ਠਿਲ੍ਹੇ ਸਾਂ ਜਿਸ ਤਾਈਂ ਸ਼ਹਿਜ਼ਾਦੇ ਤੇ ਲਸ਼ਕਰ ਉਸਦੇ ਜਾਨਾਂ ਤੋਂ ਹੱਥ ਧੋਤੇ ਮੌਤ ਉੱਤੇ ਦਿਲ ਰੱਖ ਲਿਓ ਨੇ ਹੋਇ ਤਿਆਰ ਖਲੋਤੇ ਅਚਨਚੇਤ ਹਿਕ ਠਾਠ ਹੜ੍ਹੇ ਦੀ ਆਈ ਬਹੁਤ ਵਡੇਰੀ ਪਾਣੀ ਨਾਲ਼ ਅਸਮਾਨਾਂ ਦਿੱਸੇ ਭੱਜੇ ਵੇਖ ਦਲੇਰੀ ਗੋਗਾ ਸ਼ੋਰ ਸ਼ੂੰਕਾਰ ਕਹਿਰ ਦਾ ਪਹੁਤਾ ਅੰਬਰ ਤੋੜੀ ਜਿਉਂ ਕਰ ਅੰਬਰ ਮਾਰ ਜ਼ਿਮੀਂ ਤੇ ਜ਼ਰਾ ਜ਼ਰਾ ਕਰ ਤੋੜੀ ਹਿਕ ਹਿਕ ਮੌਜ ਅਜੇਹੀ ਆਵੇ ਕੀ ਲਹਿਣਾ ਤੂਫ਼ਾਨਾਂ ਹੇਠੋਂ ਮਾਰ ਉਲਾਰੇ ਬੇੜੇ ਖੜਦੀ ਨਾਲ਼ ਅਸਮਾਨਾਂ ।(੧੭੦੦) ਓਥੋਂ ਫੇਰ ਹਿਠਾਹਾਂ ਸਿੱਟੇ ਜਾਣ ਜ਼ਿਮੀਂ ਦੇ ਥੱਲੇ ਸ਼ੂੰਕ ਵੱਜੇ ਕਰਨਾ ਆਖ਼ਿਰ ਦੀ ਖ਼ਲਕ ਆਈ ਥਰਥੱਲੇ ਹਿਕ ਦੂਜੇ ਸੰਗ ਵੱਜ ਵੱਜ ਬੇੜੇ ਭੱਜ ਹੋਏ ਕਈ ਟੋਟੇ ਕੁੱਝ ਡੱਬੇ ਕੁੱਝ ਤਖ਼ਤੇ ਹੋਏ ਕੁੱਝ ਵੱਡੇ ਕੁੱਝ ਛੋਟੇ ਫੇਰਾਂ ਘੁੰਮਣ ਘੇਰਾਂ ਅੰਦਰ ਗ਼ਰਕ ਹੋਏ ਕਈ ਬੇੜੇ ਮੱਛ ਸੰਸਾਰਾਂ ਆਦਮ ਨਿਗਲੇ ਜਿਉਂ ਆਟੇ ਦੇ ਪੇੜੇ ਕਈ ਬੇੜੇ ਭੱਜ ਰੇਜ਼ੇ ਹੋਏ ਰਹੀ ਨਾ ਮੂਲ ਨਿਸ਼ਾਨੀ ਜੋ ਅਸਬਾਬ ਉਨ੍ਹਾਂ ਵਿਚ ਆਹਾ ਸਭ ਕੁੱਝ ਹੋਇਆ ਫ਼ਾਨੀ ਗ਼ਰਕ ਹੋਈ ਦੋ ਵੀਹਾਂ ਕਿਸ਼ਤੀ ਲਸ਼ਕਰ ਸਣੇ ਖ਼ਜ਼ਾਨੇ ਦਸ ਸੈ ਮਰਦ ਸਿਪਾਹੀ ਰੁੜ੍ਹਿਆ ਜ਼ੋਰਾਵਰ ਮਰਦਾਨੇ ਬਾਕੀ ਦੇ ਕੁੱਝ ਤਖ਼ਤਿਆਂ ਉੱਤੇ ਆਪੋ ਆਪਣੇ ਜਾਂਦੇ ਕੁਝ ਮੱਛਾਂ ਤੇ ਕੱਛਾਂ ਖਾਧੇ ਫੇਰ ਨਾ ਹੋਏ ਵਾਂਦੇ ਹਿਕ ਦੂਜੇ ਦੀ ਖ਼ਬਰ ਨਾ ਕੋਈ ਕੀ ਕੁੱਝ ਵਰਤੀ ਕਿਸੇ ਧੁੰਦੂਕਾਰ ਗ਼ੁਬਾਰ ਕਕਾਰਾ ਨਾ ਕੁੱਝ ਸੁਣੇ ਨਾ ਦਿੱਸੇ ਹਿਕ ਦੂਜੇ ਦੀ ਖ਼ਬਰ ਨਾ ਕੋਈ ਗ਼ਰਕ ਹੋਇਆ ਸੀ ਡੇਰਾ ਹਿਕ ਮੁਸੀਬਤ ਆਪੋ ਆਪਣੀ ਦੂਜਾ ਬੁਰਾ ਹਨੇਰਾ ਝੋਲਾਂ ਅੰਦਰ ਬੇੜੇ ਆਹੇ ਕੁੱਝ ਉੱਚੇ ਕੁੱਝ ਨੀਵੇਂ ਅੱਗੇ ਪਿੱਛੇ ਉਹਲੇ ਹੋਏ ਖ਼ਬਰ ਰਹੇ ਫਿਰ ਕੀਵੇਂ ਰੱਬ ਬੇੜਾ ਸ਼ਹਿਜ਼ਾਦੇ ਵਾਲਾ ਰੱਖਿਆ ਸਹੀ ਸਲਾਮਤ ਰੋਜ਼ ਅਠਾਰਾਂ ਰੁੜ੍ਹਦਾ ਰਿਹਾ ਅੰਦਰ ਕਾਂਗ ਕਿਆਮਤ ।(੧੭੧੦) ਜਿਉਂ ਕਰ ਤੀਰ ਬੰਦੂਕਾਂ ਗੋਲੀ ਜਾਂਦੇ ਤੇਜ਼ ਸ਼ਿਤਾਬੀ ਤੀਂਵੇ ਖੜਦੀ ਬੇੜੇ ਤਾਈਂ ਕਾਂਗ ਕਿਆਮਤ ਆਬੀ ਰੋਜ਼ ਉਨੀਵੇਂ ਵਾਓ ਖਲੋਤੀ ਹੋਈ ਦੂਰ ਗ਼ੁਬਾਰੀ ਦਿਨ ਚੜ੍ਹਿਆ ਜੱਗ ਰੌਸ਼ਨ ਹੋਇਆ ਗਈ ਹਨੇਰੀ ਸਾਰੀ ਸ਼ਹਿਜ਼ਾਦੇ ਦੇ ਬੇੜੇ ਅੰਦਰ ਮਰਦ ਰਹੇ ਬਚ ਸੱਤਰ ਉਨ੍ਹਾਂ ਨੂੰ ਭੀ ਹੋਸ਼ ਨਾ ਕੋਈ ਮੁਰਦੇ ਨਾਲੋਂ ਬੱਤਰ ਜਾਂ ਸੂਰਜ ਦੀ ਗਰਮੀ ਲੱਗੀ ਕੁੱਝ ਕੁੱਝ ਹੋਸ਼ ਸੰਭਾਲੀ ਸ਼ਹਿਜ਼ਾਦੇ ਨੂੰ ਵੇਖਣ ਲੱਗੇ ਉਹ ਭੀ ਹੋਸ਼ੋਂ ਖ਼ਾਲੀ ਰੋਗ਼ਨ ਲੈ ਬਿਨਫ਼ਸ਼ੇ ਵਾਲਾ ਨਾਲੇ ਤੇਲ ਬਦਾਮਾਂ ਜਲਦੀ ਮਗ਼ਜ਼ ਉਹਦੇ ਤੇ ਮਲਿਆ ਹੱਛੀ ਤਰ੍ਹਾਂ ਗ਼ੁਲਾਮਾਂ ਦੂਰ ਹੋਈ ਸਭ ਸਰਦੀ ਖ਼ੁਸ਼ਕੀ ਹੋਸ਼ ਫਿਰੀ ਸਰਸਾਮੋਂ ਖਾਣਾ ਤਲਬ ਕੀਤੋਸੁ ਧਰਿਆ ਭਰ ਰਿਕਾਬ ਤੁਆਮੋਂ ਹੱਥ ਖਾਣੇ ਵੱਲ ਕਰ ਫਿਰ ਡਿਠੋਸੁ ਸਾਇਦ ਕਿਤੇ ਨਾ ਦਿੱਸੇ ਰੋ ਰੋ ਹੋਇਆ ਬੇਹੋਸ਼ ਸ਼ਹਿਜ਼ਾਦਾ ਖਾਣਾ ਯਾਦ ਨਾ ਕਿਸੇ ਹਾਇ ਹਾਇ ਰੱਬਾ ਯਾਰ ਪਿਆਰਾ ਦੁੱਖ ਵੰਡਾਵਣ ਹਾਰਾ ਉਹ ਭੀ ਮੈਂ ਥੀਂ ਖਸ ਲਿਓਈ ਜੱਬਾਰਾ ਕੱਹਾਰਾ ਕੱਠੇ ਨਿੰਮੇ ਕੱਠੇ ਜੰਮੇ ਦੋ ਜੁੱਸੇ ਹਿਕ ਜਿੰਦੇ ਹਿਕ ਦੂਜੇ ਥੀਂ ਘੜੀ ਨਾ ਵਿਛੜੇ ਹੋਏ ਸਾਂ ਜਿਸ ਬਿੰਦੇ ਜਿਸ ਦਿਲਬਰ ਨੂੰ ਲੋੜਣ ਆਏ ਉਹ ਭੀ ਹੱਥ ਨਾ ਆਇਆ ਸਾਇਦ ਜੈਸਾ ਯਾਰ ਪਿਆਰਾ ਹੱਥੋਂ ਬਾਜ਼ ਖੜਾਇਆ ।(੧੭੨੦) ਦੁਸ਼ਮਣ ਸਾਡਾ ਅੰਬਰ ਜ਼ਾਲਮ ਰਾਕਸ ਖਾਵਣ ਹਾਰਾ ਅੱਖੀਂ ਹੰਝੂ ਪਾਣੀ ਵੱਸੇ ਦਿਲ ਦਾ ਪੱਥਰ ਖ਼ਾਰਾ ਦੁਨੀ ਜਹਾਨ ਮਕਾਨ ਭਲੇਰਾ ਜਾਨ ਜਹਾਨ ਇਹ ਫ਼ਾਨੀ ਹੈ ਬਦਨੀਤ ਪਰੀਤ ਨਾ ਪਾਲੇ ਨਹੀਂ ਕਿਸੇ ਦਾ ਜਾਨੀ ਜੋ ਧਰਤੀ ਤੇ ਗੁਲ ਫੁਲ ਲਾਲੇ ਲਹਿ ਲਹਿ ਕਰਦੀ ਲਾਲੀ ਕਤਰੇ ਜ਼ਾਹਿਰ ਹੋਏ ਮੋਇਆਂ ਦੇ ਰੱਤ ਜਵਾਨਾਂ ਵਾਲੀ ਦੁਨੀਆਂ ਉੱਤੇ ਕੌਣ ਅਮਨ ਵਿਚ ਹਰ ਕੋਈ ਦੁਖਿਆਰਾ ਬੇਵਫ਼ਾ ਸੰਸਾਰ ਹਮੇਸ਼ਾ ਠੱਗ ਬਾਜ਼ਾਰੀ ਭਾਰਾ ਕਦੀ ਕਦੀ ਸਰਦਾਰ ਜਣਾਂਦਾ ਦੇਇ ਪੁਸ਼ਾਕੀ ਚਿੱਟੀ ਕਦੇ ਬਣਾਵੇ ਫੇਰ ਮੁਹੰਮਦ ਘੁਮਿਆਰਾਂ ਦੀ ਮਿੱਟੀ ਨਾ ਕੁੱਝ ਖਾਵੇ ਨਾ ਕੁੱਝ ਪੀਵੇ ਰਹੇ ਸ਼ਹਿਜ਼ਾਦਾ ਰੋਂਦਾ ਅਗਲੇ ਰੋਣੇ ਨੂੰ ਕੀ ਰੋਸੀ ਵੇਖ ਅੱਗੋਂ ਕੀ ਹੋਂਦਾ ਫ਼ੌਜ ਖ਼ਜ਼ਾਨਾ ਖ਼ਰਚ ਖੜਾਇਆ ਰਿਜ਼ਕ ਨਾ ਰਿਹਾ ਪੱਲੇ ਖਾਰਾ ਜਲ ਸਮੁੰਦਰ ਵਾਲਾ ਕਤਰਾ ਜੀਭ ਨਾ ਝੱਲੇ ਭੁੱਖੇ ਤੇ ਤਰਿਹਾਏ ਬੰਦੇ ਬੇੜਾ ਜਾਣ ਚਲਾਈਂ ਛੇ ਮਹੀਨੇ ਗੁਜ਼ਰ ਗਿਓ ਨੇ ਵੇਖਣ ਬਹੁਤ ਬਲਾਈਂ ਜੋ ਕੁੱਝ ਇਨ੍ਹਾਂ ਦਿਨਾਂ ਵਿਚ ਡਿੱਠੀ ਸਖ਼ਤ ਮੁਸੀਬਤ ਭਾਰੀ ਗਿਣਤਰ ਵਿਚ ਨਾ ਆਵੇ ਯਾਰੋ ਜਾਣੇ ਵਾਹਿਦ-ਬਾਰੀ ਤਾਂ ਫਿਰ ਹਿਕਸ ਦਿਹਾੜੇ ਆਇਆ ਟਾਪੂ ਹੋਰ ਰੰਗੀਲਾ ਬਹੁਤ ਨਾ ਤਾਕਤ ਮੰਨ੍ਹ ਪਰ ਲਾਇਆ ਬੇੜਾ ਕਰਕੇ ਹੀਲਾ ।(੧੭੩੦) ਮੇਵੇ ਪੱਕੇ ਰੰਗ ਬਰੰਗੀ ਖ਼ੂਬ ਤਰ੍ਹਾਂ ਦੇ ਡਿਠੇ ਨਾਲੇ ਪਾਣੀ ਨਹਿਰਾਂ ਵਗਣ ਸਾਫ਼ ਠੰਢੇ ਤੇ ਮਿੱਠੇ ਖਾਧੇ ਮੇਵੇ ਪਾਣੀ ਪੀਤਾ ਪੜ੍ਹਿਆ ਲੱਖ ਸ਼ੁਕਰਾਨਾ ਚਾਰ ਦਿਹਾੜੇ ਹੋਇਆ ਮਕੀਮੀ ਡੇਰਾ ਬਾਦਸ਼ਾਹਾਨਾ ਬੰਦੇ ਜ਼ੱਰਾ ਆਸੂਦੇ ਹੋਏ ਬੈਠੇ ਖੇਰੂੰ ਖੇਰੂੰ ਅਚਨਚੇਤ ਹਵਾਏ ਵਿਚੋਂ ਆਇਆ ਹਿਕ ਪੰਖੇਰੂ ਚਾਰ ਬੰਦੇ ਵਿਚ ਸੱਜੇ ਪੰਜੇ ਚਾਰ ਖੱਬੇ ਉਸ ਪਕੜੇ ਉੱਡ ਗਿਆ ਲੈ ਉਨ੍ਹਾਂ ਤਾਈਂ ਸ਼ਾਹਪਰ ਕਰ ਕੇ ਤਕੜੇ ਸ਼ਹਿਜ਼ਾਦੇ ਤੱਕ ਹੈਬਤ ਖਾਧੀ ਇਹ ਭੀ ਆਫ਼ਤ ਮੰਦੀ ਭਲਕੇ ਫੇਰ ਆਇਆ ਤਾਂ ਖੜਸੀ ਹੋਰ ਇਤਨੇ ਕਰ ਬੰਦੀ ਥੋੜੇ ਜੈਸੇ ਬੰਦੇ ਰਹਿੰਦੇ ਇਹ ਭੀ ਮੁਫ਼ਤ ਗਵਾਸਾਂ ਰੁੜ੍ਹ ਮਰਨਾ ਇਸ ਨਾਲੋਂ ਚੰਗਾ ਫੇਰ ਨਾ ਮੇਵੇ ਖਾਸਾਂ ਮੇਵੇ ਤੋੜ ਰੱਖੇ ਵਿਚ ਬੇੜੇ ਜਿਤਨੇ ਆਹੇ ਪੈਂਦੇ ਮਸ਼ਕਾਂ ਖੀਕਾਂ ਜੋ ਕੁੱਝ ਆਹੀਆਂ ਬਾਕੀ ਭੀ ਭਰ ਲੈਂਦੇ ਬੇੜਾ ਠੇਲ੍ਹ ਰਵਾਨੇ ਹੋਏ ਦੋ ਮਹੀਨੇ ਚੱਲੇ ਇਸ਼ਕੇ ਅੰਦਰ ਪੈਣ ਮੁਹੰਮਦ ਦਿਨ ਦਿਨ ਕੰਮ ਅਵੱਲੇ ਬੇੜੇ ਉੱਤੇ ਜਾਂਦੇ ਆਹੇ ਵਿਚ ਸਮੁੰਦਰ ਲਹਿਰਾਂ ਝੱਖੜ ਮੀਂਹ ਗ਼ੁਬਾਰੀ ਪਾਈ ਕਾਂਗ ਚੜ੍ਹੀ ਸੰਗ ਕਹਿਰਾਂ ਬੇੜਾ ਚਾਅ ਚਾਅ ਮਾਰਨ ਲੱਗੇ ਭੁੱਲੀਆਂ ਹੋਸ਼ ਸੰਭਾਲਾਂ ਮਸ਼ਰਿਕ ਮਗ਼ਰਿਬ ਯਾਦ ਨਾ ਰਿਹਾ ਨਹੀਂ ਜਨੂਬ ਸ਼ਮਾਲਾਂ ।(੧੭੪੦) ਖ਼ੌਫ਼ੋਂ ਜਾਨ ਲਬਾਂ ਪਰ ਆਈ ਤਾਕਤ ਗਈ ਸਰੀਰਾਂ ਕਰਨ ਦੁਆਈਂ ਰੱਖੀਂ ਸਾਈਆਂ ਬਰਕਤ ਪੀਰ ਫ਼ਕੀਰਾਂ ਜਿਧਰ ਰਾਹ ਬੇੜੇ ਦਾ ਆਹਾ ਘੁਸ ਗਿਆ ਉਸ ਰਾਹੋਂ ਧੱਕੇ ਖਾਂਦਾ ਗਿਆ ਮਰੇਂਦਾ ਹੁਕਮ ਜਿਧਰ ਦਰਗਾਹੋਂ ਓੜਕ ਜਾ ਹਿਕ ਟਾਪੂ ਲੱਗਾ ਟਾਪੂ ਵਾਹਵਾ ਦਿਸਦਾ ਰੰਗ ਬਰੰਗੀ ਮੇਵੇ ਦਾਣੇ ਹੋਵੇ ਬਿਆਨ ਨਾ ਜਿਸਦਾ ਮਿੱਠੇ ਮੇਵੇ ਅੰਤ ਨਾ ਕੋਈ ਲੱਜ਼ਤ ਵਾਲੇ ਲੱਗਣ ਸਿਫ਼ਤ ਉਨ੍ਹਾਂ ਦੀ ਹੋ ਨਾ ਸਕਦੀ ਤੱਕਿਆਂ ਲਿਹਲਾਂ ਵਗਣ ਆਦਮੀਆਂ ਜਦ ਡਿਠੇ ਮੇਵੇ ਭੁੱਖ ਨਜ਼ੂਲ ਮਚਾਏ ਬੇੜਾ ਬੰਨ੍ਹ ਸ਼ਹਿਜ਼ਾਦੇ ਹੋਰੀਂ ਬਾਹਰ ਨਿਕਲ ਆਏ ਮੇਵੇ ਖਾਂਦੇ ਜੋ ਦਿਲ ਭਾਂਦੇ ਬੈਠੇ ਨਾਲ਼ ਅਰਾਮਾਂ ਦੀਗਰ ਵਕਤ ਬਰਾਬਰ ਹੋਇਆ ਲਈ ਸਲਾਹ ਤਮਾਮਾਂ ਸ਼ਹਿਜ਼ਾਦੇ ਫ਼ੁਰਮਾਇਆ ਯਾਰੋ ਰਾਤ ਗੁਜ਼ਾਰੋ ਇੱਥੇ ਭਲਕੇ ਫ਼ਜਰੇ ਵਕਤ ਟੁਰਾਂਗੇ ਲਿਖਿਆ ਖੜਸੀ ਜਿੱਥੇ ਸਭਨਾਂ ਇਹ ਸਲਾਹ ਕਬੂਲੀ ਜੋ ਸ਼ਾਹੇ ਫ਼ੁਰਮਾਈ ਉੱਚਾ ਰੁੱਖ ਘਣਾ ਇਕ ਤੱਕ ਕੇ ਉਸ ਪਰ ਜਾ ਬਣਾਈ ਰੁੱਖ ਉੱਤੇ ਚੜ੍ਹ ਬੈਠੇ ਸਾਰੇ ਸ਼ਹਿਜ਼ਾਦੇ ਦੇ ਨੇੜੇ ਨਦਿਓਂ ਨਿਕਲ ਬਲਾਈਂ ਆਈਆਂ ਸ਼ਾਮ ਪਈ ਜਿਸ ਵੇਲੇ ਹਿਕ ਗਿੱਦੜ ਹਿਕ ਸ਼ੇਰਾਂ ਵਾਂਗਰ ਹਿਕ ਮਾਨਿੰਦ ਸੰਸਾਰਾਂ ਹਿਕ ਡੱਡੂ ਹਿਕ ਖੱਗਾਂ ਵਾਂਗਰ ਬੋਲਣ ਪਾਣ ਕਕਾਰਾਂ ।(੧੭੫੦) ਹਿੱਕਨਾਂ ਗੈਂਡੇ ਵਾਂਗਰ ਗਰਦਨ ਹਿੱਕਨਾਂ ਵਾਂਗਰ ਉਠਾਂ ਹਿੱਕਨਾਂ ਦੇ ਕੱਦ ਹਾਥੀ ਜਿੱਡੇ ਮੱਲ ਲਿਓ ਨੇ ਗੁੱਠਾਂ ਹਿਕ ਸੂਰਤ ਬਘਿਆੜੇ ਵਾਂਗਰ ਹਿੱਕਨਾਂ ਲੂੰਬੜ ਵਾਲੀ ਹਿੱਕਨਾਂ ਬਾਸ਼ਕ ਨਾਗਾਂ ਵਾਂਙੂ ਦੇਹੀ ਤਮਾਮੀ ਕਾਲ਼ੀ ਉਹ ਆਫ਼ਾਤੀਂ ਰੁੱਖੀਂ ਚੜ੍ਹੀਆਂ ਭੁੱਖੀਆਂ ਪੇਟ ਅੰਬਾਰੋਂ ਮੇਵੇ ਖਾ ਲਿਓ ਨੇ ਇਤਨੇ ਬਾਹਰ ਹੱਦ ਸ਼ੁਮਾਰੋਂ ਬਹੁਤੇ ਮੱਛ ਨਦੀ ਦੇ ਨਿਕਲੇ ਮਲ ਲਈਓਂ ਨੇ ਜਾਈਂ ਤਸਬੀਹਾਂ ਤਹਿਲੀਲਾਂ ਆਖਣ ਨਾਲੇ ਹਮਦ ਸਨਾਈਂ ਮੱਛੀਆਂ ਹੋਰ ਆਵਾਜ਼ੇ ਬੋਲਣ ਵਾਂਗ ਤੰਬੂਰ ਰਬਾਬਾਂ ਅਜਬ ਅਜਾਇਬ ਸੁਰਾਂ ਬਣਾਵਣ ਨਾਹੀਂ ਵਿਚ ਹਿਸਾਬਾਂ ਇਹ ਗਲ ਕਹਿੰਦੇ ਆਖਣ ਵਾਲੇ ਜਿਨ੍ਹਾਂ ਖ਼ਬਰ ਜਹਾਨੋਂ ਖ਼ੁਸ਼ ਆਵਾਜ਼ ਮੱਛੀ ਦਾ ਬਹੁਤਾ ਹਰ ਜਿਨਸੋਂ ਹੈਵਾਨੋਂ ਹਿਕ ਦੂਏੇ ਥੀਂ ਬਿਹਤਰ ਬੋਲੀ ਵਾਂਗ ਸਰੋਦਾਂ ਗਾਵਣ ਐਸਾ ਰੰਗ ਬਣਾਇਆ ਉਨ੍ਹਾਂ ਸੁਣ ਸੁਣ ਹੋਸ਼ਾਂ ਜਾਵਣ ਜਦੋਂ ਉਨ੍ਹਾਂ ਆਵਾਜ਼ਾਂ ਕੀਤਾ ਤਿਰੰਗ ਸਰੋਦੋਂ ਬਣਿਆਂ ਜੂਹ ਜਲ਼ ਉੱਠੀ ਤੇ ਫਿਰ ਲੱਗੀ ਅੱਗ ਦਰੱਖ਼ਤਾਂ ਘਣਿਆਂ ਅੱਗੋਂ ਅੱਗ ਚੌਤਰਫ਼ੀ ਦਿੱਸੇ ਟਾਪੂ ਸਾਰਾ ਸੜਦਾ ਵੇਖ ਹੋਇਆ ਹੈਰਾਨ ਸ਼ਹਿਜ਼ਾਦਾ ਖ਼ੌਫ਼ ਅੰਦਰ ਵਿਚ ਵੜਦਾ ਕਰੇ ਦਲੀਲਾਂ ਯਾ ਰੱਬ ਸਾਈਆਂ ਜੇ ਬੱਚਿਓਸੁ ਅੱਜ ਖ਼ੈਰੀ ਫ਼ਜਰੇ ਕੂਚ ਕਰੇਸਾਂ ਏਥੋਂ ਮਾਰ ਨਾ ਸੁੱਟਣ ਵੈਰੀ ।(੧੭੬੦) ਫ਼ਜਰ ਹੋਈ ਤਾਂ ਉਹ ਸਭ ਚੀਜ਼ਾਂ ਪਾਣੀ ਅੰਦਰ ਛੁਪੀਆਂ ਸਭੋ ਜਾਈਂ ਸਾਬਤ ਦੱਸਣ ਨਾ ਸੜੀਆਂ ਨਾ ਤਪੀਆਂ ਸੈਫ਼-ਮਲੂਕ ਦਰਖ਼ਤੋਂ ਲੱਥਾ ਢੂੰਡੇ ਨਾਲ਼ ਹੈਰਾਨੀ ਨਾ ਸੱਜੀ ਨਾ ਕੋਲਾ ਕਿਧਰੇ ਅੱਗ ਦੀ ਨਹੀਂ ਨਿਸ਼ਾਨੀ ਬਹੁਤ ਹੈਰਾਨ ਹੋਇਆ ਉਸ ਸਿੱਰੋਂ ਦਹਿਸ਼ਤ ਮਨ ਵਿਚ ਆਈ ਯਾਰਾਂ ਨੂੰ ਫ਼ੁਰਮਾਵਣ ਲੱਗਾ ਚਲੋ ਏਥੋਂ ਕਰ ਧਾਈ ਮੱਤ ਕੋਈ ਆਫ਼ਤ ਮਾਰ ਗਵਾਵੇ ਨਾਹੀਂ ਜਾਇ ਅਮਨ ਦੀ ਭਲੀ ਸਲਾਹ ਅਸਾਨੂੰ ਏਥੋਂ ਜਲਦੀ ਕੂਚ ਕਰਨ ਦੀ ਯਾਰਾਂ ਕਿਹਾ ਉਠ ਸ਼ਹਿਜ਼ਾਦੇ ਤਾਬਿਅ ਅਸੀਂ ਅਮਰ ਦੇ ਚੜ੍ਹ ਬੈਠੇ ਮੁੜ ਬੇੜੇ ਉੱਤੇ ਚਲੇ ਤਰਫ਼ ਸਫ਼ਰ ਦੇ ਮੇਵੇ ਚੁਣ ਚੁਣ ਭਾਰ ਬਣਾਏ ਬੇੜੇ ਉਪਰ ਪਾਏ ਕਰਕੇ ਆਸ ਰੱਬੇ ਦੀ ਠਿਲ੍ਹੇ ਜਿੱਤ ਵੱਲ ਚਾਹੇ ਲਾਏ ਚਾਰ ਮਹੀਨੇ ਟੁਰਿਆ ਬੇੜਾ ਅਜੇ ਨਾ ਖ਼ੁਸ਼ਕੀ ਆਈ ਮੇਵੇ ਖ਼ਰਚ ਨਿਖੁੱਟਾ ਸਾਰਾ ਕੱਟਣ ਰੱਬ ਬਣਾਈ ਖ਼ਬਰ ਨਾ ਕੇਤਾ ਪੈਂਡਾ ਆਏ ਕਿਤਨਾ ਅੱਗੇ ਰਹਿੰਦਾ ਏਸੇ ਫ਼ਿਕਰ ਅੰਦੇਸ਼ੇ ਅੰਦਰ ਹਰ ਹਿਕ ਦੁਖੀਆ ਰਹਿੰਦਾ ਹਿਕ ਦਿਨ ਹਿਕ ਸੰਸਾਰ ਮਰੇਲੇ ਬੇੜੇ ਟੱਕਰ ਮਾਰੀ ਦੋ ਟੋਟੇ ਕਰ ਦਿੱਤਾ ਖਲਿਆ ਛਿਕ ਕੰਡੇ ਦੀ ਆਰੀ ਹਿਕ ਟੋਟੇ ਤੇ ਰਿਹਾ ਸ਼ਹਿਜ਼ਾਦਾ ਚਾਲੀ ਹੋਰ ਸਿਪਾਹੀ ਦੂਜੇ ਟੋਟੇ ਤੇ ਜੋ ਆਹੇ ਰੁੜ੍ਹ ਹੋਏ ਸਭ ਰਾਹੀ ।(੧੭੭੦) ਰੁੜ੍ਹਦਿਆਂ ਤਰੈ ਦਿਹਾੜੇ ਗੁਜ਼ਰੇ ਭੁੱਖੇ ਤੇ ਤਰਿਹਾਏ ਠਾਠਾਂ ਅੰਦਰ ਉਹਦਾ ਬੇੜਾ ਖ਼ੌਫ਼ ਡੁੱਬਣ ਦਾ ਖਾਏ ਜੋ ਕੁੱਝ ਸਖ਼ਤੀ ਇਸ਼ਕ ਦੱਸਾ ਲੀ ਸ਼ਹਿਜ਼ਾਦੇ ਦੇ ਤਾਈਂ ਕਰਾਂ ਪਸਾਰਾ ਮੁਕਦਾ ਨਾਹੀਂ ਛੋਟੀ ਗੱਲ ਸੁਣਾਈਂ ਉਹ ਹਸ਼ਰ ਦੇ ਤਰੈ ਦਿਹਾੜੇ ਗੁਜ਼ਰੇ ਜਾਂ ਸ਼ਹਿਜ਼ਾਦੇ ਅੱਗੋਂ ਆ ਗਿਆ ਹਿਕ ਟਾਪੂ ਮੇਵੇ ਬਹੁਤ ਅਮਾਦੇ ਜਿੱਤ ਵੱਲ ਟਾਪੂ ਨਜ਼ਰੀ ਆਇਆ ਤਖ਼ਤਾ ਉਤ ਵੱਲ ਖੜਿਆ ਮਸਾਂ ਮਸਾਂ ਵੰਝ ਲੱਗਾ ਦੰਦੇ ਸ਼ੁਕਰ ਰੱਬਾਣਾ ਪੜ੍ਹਿਆ ਕੰਢੇ ਲੱਗ ਪਏ ਸਭ ਬੰਦੇ ਪੜ੍ਹਿਆ ਸ਼ੁਕਰ ਹਜ਼ਾਰਾਂ ਇਸ ਤੂਫ਼ਾਨ ਕਹਿਰ ਦੇ ਵਿਚੋਂ ਪਹੁਤੇ ਵਿਚ ਗੁਲਜ਼ਾਰਾਂ ਸ਼ਹਿਜ਼ਾਦੇ ਫ਼ੁਰਮਾਇਆ ਯਾਰੋ ਕੋਈ ਦਿਨ ਇਥੇ ਕੱਟੋ ਇਸ ਟਾਪੂ ਦੀ ਲਓ ਹਕੀਕਤ ਤਾਂ ਏਥੋਂ ਦਿਲ ਪੱਟੋ ਜਾਂ ਟਾਪੂ ਵਿਚ ਲੱਥੇ ਡਿੱਠੀ ਜਾਇ ਅਜਾਇਬ ਚੰਗੀ ਖ਼ੂਬ ਦਰਖ਼ਤ ਅਤੇ ਖ਼ੁਸ਼ ਸਬਜ਼ੇ ਮੇਵੇ ਰੰਗ ਬਰੰਗੀ ਮਿੱਠੇ ਤੇ ਖ਼ਸ਼ਬੋਈਂ ਵਾਲੇ ਕੁੱਝ ਕੱਚੇ ਕੁੱਝ ਪੱਕੇ ਸਿਫ਼ਤ ਇਨ੍ਹਾਂ ਦੀ ਰੱਬ ਨੂੰ ਮਾਲਮ ਕੀ ਬੰਦਾ ਕਰ ਸੱਕੇ ਫੁੱਲਾਂ ਦਾ ਕੁੱਝ ਅੰਤ ਨਾ ਆਵੇ ਮੇਵੇ ਬਾਹਰ ਹਿਸਾਬੋਂ ਕੁੱਝ ਮਿੱਠੇ ਕੁੱਝ ਰਸੇ ਆਹੇ ਲੱਜ਼ਤਦਾਰ ਕਬਾਬੋਂ ਪਿਸਤਾ ਮਗ਼ਜ਼ ਮੁਨੱਕਾ ਕਿਸ਼ਮਿਸ਼ ਕਿਉੜੱ ਅੰਜੀਰ ਬਾਦਾਮਾਂ ਚਲਗ਼ੋਜ਼ੇ ਅੰਗੂਰ ਖੁਬਾਨੀ ਨਗ਼ਜ਼ਕ ਨਾਰ ਤਮਾਮਾਂ ।(੧੭੮੦) ਤੂਤ ਸ਼ਹਿਤੂਤ ਬਟੰਕ ਰਸਭਰੀਆਂ ਆੜੂ ਸੇਉ ਨਾਖਾਂ ਬੇਰੀ ਮਿਰਚ ਹਰੀੜ ਬਹੇੜੇ ਪੀਲਾਂ ਕੀ ਕੁੱਝ ਆਖਾਂ ਸੇਉ ਬੇਰ ਬੁਖ਼ਾਰੇ ਆਲੂ ਖੋਪੇ ਗਿਰੀ ਛੁਹਾਰੇ ਗੋਸ਼ੇ ਕੇਲੇ ਅੰਬ ਅਲੂਚੇ ਸ਼ਫ਼ਤਾਲੂ ਫਗਵਾੜੇ ਹੋਰ ਵੱਡੇ ਹਿਕ ਰੁੱਖ ਜਿਨ੍ਹਾਂ ਦੇ ਪੱਤਰ ਵਾਂਗਰ ਰੋਟੀ ਮੇਵੇ ਆਦਮ ਦੇ ਸਿਰ ਵਾਂਗਰ ਅੱਖੀਂ ਮੱਥਾ ਚੋਟੀ ਰਾਤ ਪਵੇ ਇਸ ਰੁੱਖਦਾ ਮੇਵਾ ਹਰ ਹਿਕ ਧਰਤੀ ਝੜਦਾ ਦਿਹੁੰ ਨਿਕਲੇ ਤਾਂ ਹੱਸਦਾ ਹੱਸਦਾ ਫੇਰ ਰੁੱਖਾਂ ਤੇ ਚੜ੍ਹਦਾ ਆਪੋ ਆਪਣੀ ਜਾਈ ਲਗਣ ਮੂਲ ਨਾ ਥਾਂ ਵਟਾਂਦੇ ਨਾਲੇ ਰਾਤੀਂ ਉਨ੍ਹਾਂ ਰੁੱਖਾਂ ਥੀਂ ਸ਼ੋਅਲੇ ਹੋਵਣ ਵਾਂਦੇ ਲੱਗੀ ਅੱਗ ਦਰੱਖ਼ਤਾਂ ਦਿੱਸੇ ਸੜਦੇ ਵਾਂਗਰ ਰੂੰਆਂ ਜਿਉਂ ਤਿਉਂ ਹੋਵਣ ਮੁੜ ਦਿਨੇ ਨਾ ਕੋਈ ਅੱਗ ਨਾ ਧੂੰਆਂ ਹਿੰਦੁਸਤਾਨ ਮੁਲਕ ਦੀ ਹੱਦ ਵਿਚ ਹੈ ਇਹ ਟਾਪੂ ਨਿਰਾਲਾ ਕਹਿਣ ਜ਼ਜ਼ੀਰਾ ਮਾਲਵਾ ਇਸ ਨੂੰ ਨਿੱਕੀਆਂ ਮਿਰਚਾਂ ਵਾਲਾ ਨਿੱਕੀਆਂ ਮਿਰਚਾਂ ਦੇ ਰੁੱਖ ਓਥੇ ਦਿਸਦੇ ਘਣੇ ਘਨੇਰੇ ਬਹੁਤ ਅਜਾਇਬ ਰੁੱਖ ਉਨ੍ਹਾਂ ਦੇ ਵੱਡੇ ਅਤੇ ਉਚੇਰੇ ਪੰਜ ਪੱਤਰ ਉਸ ਰੁੱਖ ਦੇ ਹੁੰਦੇ ਜਿਸ ਦਿਨ ਬੱਦਲ ਵੱਸੇ ਫਲ ਉੱਤੇ ਸਭ ਤੰਬੂ ਬਣਦੇ ਪਾਣੀ ਵਿਚ ਨਾ ਰੱਸੇ ਜਿਸ ਫਲ ਨੂੰ ਵੰਝ ਪਹੁੰਚੇ ਪਾਣੀ ਤੇਜ਼ੀ ਹੁੰਦੀ ਥੋੜੀ ਉਹੋ ਕਾਲ਼ੀ ਮਿਰਚ ਨਾ ਚੰਗੀ ਨਾ ਮਿੱਠੀ ਨਾ ਕੌੜੀ ।(੧੭੯੦) ਇਸ ਟਾਪੂ ਵਿਚ ਪੰਖੀ ਬਹੁਤੇ ਖ਼ੂਬ ਆਵਾਜ਼ਾਂ ਵਾਲੇ ਅੰਤ ਸ਼ੁਮਾਰ ਨਾ ਆਵੇ ਕੋਈ ਕਰ ਕਰ ਰਹੇ ਸੰਭਾਲੇ ਅਜਬ ਅਜਾਇਬ ਚੀਜ਼ਾਂ ਦਿੱਸਣ ਜਿੱਤ ਵੱਲ ਨਜ਼ਰ ਕਰੇਂਦੇ ਰੱਬ ਸੱਚੇ ਥੀਂ ਮੰਗ ਪਨਾਹਾਂ ਅੱਗੇ ਕਦਮ ਧਰੇਂਦੇ ਅਚਨਚੇਤ ਹਿਕ ਪਾਸੋਂ ਨਿਕਲੇ ਸਗ-ਸਿਰ ਕਹਿਣ ਜਿਹਨਾਂ ਨੂੰ ਜੁੰਬਸ਼ ਸ਼ੋਰ ਹੰਗਾਮਾ ਕਰਕੇ ਟੱਕਰੇ ਆਣ ਇਨ੍ਹਾਂ ਨੂੰ ਸੈਫ਼-ਮਲੂਕੇ ਦੇ ਕੁੱਝ ਸਾਥੀ ਪਕੜੇ ਉਨ੍ਹਾਂ ਬਲਾਈਂ ਕੁੱਝ ਦਲੇਰੀ ਕਰਕੇ ਨੱਠੇ ਛੱਡ ਗਏ ਉਹ ਜਾਈਂ ਤਰੈ ਦਿਨ ਤੇ ਤਰੈ ਰਾਤੀਂ ਚੱਲੇ ਘੜੀ ਆਰਾਮ ਨਾ ਪਾਇਆ ਐਸੀ ਥਾਂ ਗਏ ਜਿਸ ਗਿਰਦੇ ਆਦਮ ਕਦੇ ਨਾ ਆਇਆ ਬਹੁਤ ਉੱਚੇ ਕੋਹ ਕਾਫ਼ੇ ਉੱਤੇ ਕੋਈ ਦਿਨ ਬੈਠ ਲੰਘਾਇਆ ਨਾਮ ਨਿਸ਼ਾਨੇ ਆਪਣੇ ਕਾਰਨ ਕੁੱਝ ਮਕਾਨ ਬਣਾਇਆ ਜਿਧਰ ਮੂੰਹ ਸਿਰ ਆਇਆ ਓਥੋਂ ਫੇਰ ਅਗੇਰੇ ਚੱਲੇ ਥੱਕੇ ਮਾਂਦੇ ਟੁਰਦੇ ਜਾਂਦੇ ਲੰਘੇ ਥਾਂ ਕੁਵੱਲੇ ਤਿੱਬਤ ਸ਼ਹਿਰ ਅੰਦਰ ਵੰਝ ਪਹੁਤੇ ਲੱਗੇ ਕਰਨ ਨਿਗਾਹਾਂ ਵੱਡਾ ਨਗਰ ਅਜ਼ੀਮ ਡਿੱਠੋ ਨੇ ਅੰਦਰ ਚਲੇ ਅਗਾਹਾਂ ਕੀ ਤੱਕਦੇ ਬਾਜ਼ਾਰ ਸ਼ਹਿਰ ਦੇ ਨਿਅਮਤ ਨਾਲ਼ ਭਰੇ ਸਨ ਮੇਵੇ ਖਾਣੇ ਰੰਗ ਬਰੰਗੀ ਕਈ ਅਸਬਾਬ ਧਰੇ ਸਨ ਹੋਰ ਸ਼ਈਂ ਮੌਜੂਦ ਦਿਸੀਵਣ ਆਦਮ ਕਿਤੇ ਨਾ ਦਿੱਸੇ ਬਣੀਏ ਅਤੇ ਬਿਪਾਰੀ ਬਾਂਦਰ ਦੇਣ ਘਿਣਨ ਹਰ ਕਿਸੇ ।(੧੮੦੦) ਗੋਸ਼ੇ ਕਰਨ ਲੱਗੇ ਉਹ ਬਾਂਦਰ ਆਦਮੀਆਂ ਨੂੰ ਤੱਕ ਕੇ ਇਹ ਬਾਜ਼ਾਰ ਵੱਲੋਂ ਹਟ ਆਏ ਮਨਸੂਬੇ ਥੀਂ ਝੱਕ ਕੇ
36. ਦਾਸਤਾਨ ਗਰਿਫ਼ਤਾਰ ਸ਼ੁਦਨਿ ਸ਼ਹਿਜ਼ਾਦਾ ਬਦਸਤਿ ਬੂਜ਼ਨਗਾਂ ਵਾ ਅਜ ਆਜਾ ਖ਼ਿਲਾਸ ਸ਼ੂਦਨ (ਸ਼ਹਿਜ਼ਾਦੇ ਦਾ ਬਾਂਦਰਾਂ ਦੇ ਕਾਬੂ ਆਉਣਾ ਤੇ ਓਥੋਂ ਖ਼ਲਾਸੀ ਪਾਣਾ)
ਮਾਰੇ ਭੁੱਖ ਗ਼ਜ਼ਬ ਦੇ ਬੰਦੇ ਮੇਵੇ ਖਾਂਦੇ ਫਿਰਦੇ ਬੂਜ਼ਨਿਆਂ ਦੀ ਫ਼ੌਜ ਅਜ਼ਗ਼ੈਬੋਂ ਆਣ ਫਿਰੀ ਚੌਗਿਰਦੇ ਹਿਕ ਹਿਕ ਬਾਂਦਰ ਏਡਾ ਏਡਾ ਵੇਖਦਿਆਂ ਦਿਲ ਡਰਦਾ ਸਾਰੇ ਬੰਦੇ ਘੇਰ ਲਿਓ ਨੇ ਜਾਣ ਨਾ ਦਿੰਦੇ ਬਰਦਾ ਕੈਦ ਹੋਇਆ ਸ਼ਹਿਜ਼ਾਦਾ ਓਥੇ ਕੁੱਝ ਨਾ ਚਲਦਾ ਚਾਰਾ ਨਾ ਉਹ ਮਾਰੇ ਜਾਵਣ ਸਾਰੇ ਨਾ ਹੋਵੇ ਛੁਟਕਾਰਾ ਲੈ ਟੁਰੇ ਸ਼ਹਿਜ਼ਾਦੇ ਤਾਈਂ ਨਾਲੇ ਉਹਦਿਆਂ ਨਫ਼ਰਾਂ ਆਸ਼ਿਕ ਬਣਨ ਸੁਖੱਲਾ ਨਾਹੀਂ ਵੇਖ ਇਸ਼ਕ ਦਿਆਂ ਸਫ਼ਰਾਂ ਕਿਲਾ ਬੁਲੰਦ ਆਹਾ ਵਿਚ ਟਾਪੂ ਖ਼ੂਬ ਤਰ੍ਹਾਂ ਦਾ ਚੜ੍ਹਿਆ ਸ਼ਾਹ ਸੁਲੇਮਾਂ ਨਬੀ ਚੜ੍ਹਾਇਆ ਲਅਲ ਜਵਾਹਰ ਜੜਿਆ ਮੁਦਤ ਪਾ ਉਨ੍ਹਾਂ ਥੀਂ ਪਿੱਛੋਂ ਬੂਜ਼ਨਿਆਂ ਨੇ ਮੱਲਿਆ ਓਸ ਟਾਪੂ ਵਿਚ ਹੋਰ ਕਿਸੇ ਦਾ ਵਾਹ ਨਾ ਸੀ ਫਿਰ ਚੱਲਿਆ ਬਾਂਦਰ ਘੇਰ ਸ਼ਹਿਜ਼ਾਦੇ ਤਾਈਂ ਲੈ ਗਏ ਉਸ ਜਾਏ ਸੈਫ਼-ਮਲੂਕ ਕਿਲੇ ਵਿਚ ਵੜਿਆ ਦਮ ਦਮ ਰੱਬ ਧਿਆਏ ਬਹੁਤੇ ਬੁਰਜ ਕਿਲੇ ਦੇ ਆਹੇ ਮੁਹਕਮ ਛੱਤ ਦੀਵਾਰਾਂ ਹਿਕ ਮਹਿਲ ਆਹਾ ਵਿਚ ਸੁੰਦਰ ਵਾਂਙੂ ਬਾਗ਼ ਬਹਾਰਾਂ ਮੋਤੀ ਅਤੇ ਜਵਾਹਰ ਜੜਿਆ ਛੱਜਾ ਛੱਤ ਬਨੇਰਾ ਦੀਵੇ ਵਾਂਙੂ ਲਾਟਾਂ ਮਾਰੇ ਝਿਲਮਿਲ ਨੂਰ ਚੌਫ਼ੇਰਾ ।(੧੮੧੦) ਸੈਫ਼-ਮਲੂਕ ਸ਼ਹਿਜ਼ਾਦੇ ਤਾਈਂ ਨਾਲੇ ਉਹਦਿਆਂ ਯਾਰਾਂ ਓਸ ਮਹੱਲੇ ਅੰਦਰ ਖੜਿਆ ਬੂਜ਼ਨਿਆਂ ਸਰਦਾਰਾਂ ਸ਼ਹਿਜ਼ਾਦਾ ਜਦ ਪਹੁਤਾ ਓਥੇ ਡਿੱਠਾ ਘਰ ਬੇਗਾਨਾ ਵਿਹੜੇ ਸੁਫ਼ਹੇ ਸਫ਼ਾਈ ਵਾਲੇ ਨਾਲੇ ਤਖ਼ਤ ਸ਼ਹਾਨਾ ਤਖ਼ਤ ਉੱਤੇ ਹਿਕ ਬੈਠਾ ਸੁੰਦਰ ਖ਼ੂਬ ਜਵਾਨ ਦੀਦਾਰੀ ਸੋਹਣੀ ਸੂਰਤ ਸੋਹਣੀ ਦੇਹੀ ਸੋਹਣੀ ਬਣਨੀ ਸਾਰੀ ਕਾਲੇ ਵਾਲ ਜ਼ੰਜੀਰੀ ਬੱਧੇ ਦਾੜ੍ਹੀ ਸਬਜ਼ਾ ਬਾਗ਼ੇ ਭਖਦਾ ਮਿਸਲ ਅਨਾਰੀ ਦਾਨੇ ਅੱਖੀਂ ਲਾਟ ਚਿਰਾਗ਼ੇ ਸੁੱਚੀ ਸਭ ਪੋਸ਼ਾਕ ਸ਼ਹਾਨੀ ਸ਼ੌਕਤ ਸ਼ਾਨ ਜ਼ਿਆਦਾ ਸਿਰ ਤੇ ਤਾਜ ਜੜਾਊ ਧਰਿਆ ਨਵਾਂ ਜਵਾਨ ਸ਼ਹਿਜ਼ਾਦਾ ਸੈਫ਼-ਮਲੂਕ ਸ਼ਹਿਜ਼ਾਦੇ ਜਿਸ ਦਮ ਡਿੱਠਾ ਉਸਦੇ ਤਾਈਂ ਰਸਮ ਸ਼ਹਾਂ ਦੇ ਨਾਲ਼ ਬਜਾਂਦੇ ਅਦਬ ਸਲਾਮ ਦੁਆਈਂ ਉਹ ਸ਼ਹਿਜ਼ਾਦਾ ਭੀ ਉਠ ਤਖ਼ਤੋਂ ਮਿਲਿਆ ਸੈਫ਼-ਮਲੂਕੇ ਦੋਹਾਂ ਹਿਕ ਦੋਏੇ ਗਲ ਲਾਇਆ ਭਾਈਆਂ ਵਾਂਗਰ ਧੂ ਕੇ ਸੈਫ਼-ਮਲੂਕੇ ਦੀ ਇਸ ਸ਼ਾਹੇ ਬਹੁਤ ਨਵਾਜ਼ਿਸ਼ ਕੀਤੀ ਤਖ਼ਤੇ ਉੱਤੇ ਕੋਲ ਬਹਾਇਆ ਯਾਰਾਂ ਵਾਲੀ ਨੀਤੀ ਹੁਕਮ ਕੀਤਾ ਫਿਰ ਬੂਜ਼ਨਿਆਂ ਨੂੰ ਝਬ ਲਿਆਓ ਖਾਣੇ ਚਾਲੀ ਬਾਂਦਰ ਖਾਣੇ ਕਾਰਨ ਉੱਠ ਲੰਗਰ ਵੱਲ ਧਾਣੇ ਰੰਗ ਬਰੰਗੀ ਚੀਜ਼ਾਂ ਨਿਅਮਤ ਖਾਣੇ ਆਣ ਉਤਾਰੇ ਦੋਏੇ ਸ਼ਹਿਜ਼ਾਦੇ ਬੈਠ ਇਕੱਠੇ ਖਾਂਦੇ ਨਾਲ਼ ਪਿਆਰੇ ।(੧੮੨੦) ਕੁੱਝ ਸੀ ਗੋਸ਼ਤ ਗੋਰਖ਼ਰਾਂ ਦਾ ਕੁੱਝ ਕਬਾਬ ਮੱਛੀ ਦੇ ਕੁੱਝ ਫੁਲਕੇ ਸਨ ਜਿਉਂ ਸੰਵਾਰੇ ਬਹੁਤੇ ਕਣਕ ਹੱਛੀ ਦੇ ਜੋ ਕੁੱਝ ਲੋੜ ਅੰਦਰ ਦੀ ਆਹੀ ਖਾ ਰਹੇ ਜਦ ਖਾਣਾ ਖ਼ਿਦਮਤਗਾਰਾਂ ਚਾ ਉਠਾਏ ਭਾਂਡੇ ਦਸਤਰ ਖ਼ਾਨਾਂ ਸੈਫ਼-ਮਲੂਕ ਹੋਰੀਂ ਖਾ ਖਾਣਾ ਹੋ ਬੈਠੇ ਜਦ ਤਾਜ਼ਾ ਲੱਗਾ ਪੜ੍ਹਨ ਜ਼ਬੂਰ ਜ਼ਬਾਨੀ ਦਾਊਦੀ ਆਵਾਜ਼ਾ ਬੂਜ਼ਨਿਆਂ ਦੇ ਸ਼ਾਹ ਦਾ ਸੁਣ ਕੇ ਬਹੁਤ ਹੋਇਆ ਦਿਲ ਰਾਜ਼ੀ ਸੈਫ਼-ਮਲੂਕੇ ਕੋਲੋਂ ਪੁੱਛਦਾ ਹਾਲ ਹਕੀਕਤ ਮਾਜ਼ੀ ਸੈਫ਼-ਮਲੂਕ ਕਿਹਾ ਕੀ ਦੱਸਾਂ ਹਾਲ ਹਕੀਕਤ ਤੈਨੂੰ ਪੁੱਛਣ ਜੋਗੀ ਗੱਲ ਨਾ ਮੇਰੀ ਕੁੱਝ ਨਾ ਪੁੱਛੋ ਮੈਨੂੰ ਮੈਂ ਦੁਖੀਆ ਤੂੰ ਸੁਖੀਆ ਸ਼ਾਹਾ ਕਿਸ ਸੰਗ ਦੁੱਖ ਫਰੋਲ਼ਾਂ ਮਿਸਰੀ ਦੇ ਬਣਜਾਰੇ ਅੱਗੇ ਕਾਹਨੂੰ ਮਹੁਰਾ ਤੋਲਾਂ ਦੁਖੀਏ ਦੀ ਗੱਲ ਦੁਖੀਆ ਸੁਣਦਾ ਸੁਖੀਏ ਦੀ ਗੱਲ ਸੁਖੀਆ ਦੁਖੀਆ ਹਾਏ ਕਰੇ ਤਾਂ ਕੋਲੋਂ ਸੁਖੀਆ ਹੁੰਦਾ ਦੁਖੀਆ ਕਾਹਨੂੰ ਛੇੜ ਹਕੀਕਤ ਸਾੜੇਂ ਮੈਂ ਕਰਮਾਂ ਦੇ ਤੱਤੇ ਅੰਦਰ ਵਾਰ ਮੇਰਾ ਰੱਬ ਜਾਣੇ ਬਾਹਰੋਂ ਵੇਖ ਨਾ ਪੱਤੇ ਆਇਆ ਜਿਧਰੋਂ ਆਇਆ ਸ਼ਾਹਾ ਜੋ ਲਿਖਿਆ ਸੋ ਪਾਇਆ ਮੌਜਾਂ ਮਾਣ ਘਰਾਂ ਵਿਚ ਬੈਠਾ ਕਿਸ ਤੂੰ ਪੁੱਛਣ ਲਾਇਆ ਸੈਫ਼-ਮਲੂਕੇ ਨੂੰ ਇਸ ਸ਼ਾਹੇ ਕਿਹਾ ਸੁਣ ਤੂੰ ਭਾਈ ਮੈਂ ਭੀ ਦੁਖੀਆ ਤੇਰੇ ਜੇਹਾ ਤਾਂ ਇਹ ਗੱਲ ਹਿਲਾਈ ।(੧੮੩੦) ਬੂਜ਼ਨਿਆਂ ਦੀ ਕੌਮੇ ਅੰਦਰ ਆਦਮ ਹੋ ਕੇ ਜਾਲਾਂ ਸੱਧਰ ਨਾਲ਼ ਨਹੀਂ ਮੈਂ ਏਥੇ ਕਿਸ ਨੂੰ ਹਾਲ ਦਸਾਲਾਂ ਆਪੋ ਆਪਣੀ ਕੌਮੇ ਅੰਦਰ ਰਾਜ਼ੀ ਹੈ ਹਰ ਕਾਈ ਨਾ ਜਿਨਸਾਂ ਦੀ ਬਾਦਸ਼ਾਹੀ ਥੀਂ ਚੰਗੀ ਦੇਸ ਗਦਾਈ ਮੈਂ ਭੀ ਤੈਨੂੰ ਕੋਲ ਸੁਣਾਸਾਂ ਜੋ ਕੁੱਝ ਹਾਲਤ ਗੁਜ਼ਰੀ ਲਿਖੀ ਜੋ ਤਕਦੀਰ ਅਸਾਂ ਪਰ ਝੱਲ ਲਈ ਬੇ ਉਜ਼ਰੀ ਮੈਨੂੰ ਭੀ ਹਮ ਜਿਨਸ ਸ਼ਹਿਜ਼ਾਦਾ ਮਿਲਿਓਂ ਨਾਲ਼ ਸਬੱਬ ਦੇ ਕੋਈ ਦਿਨ ਦਰਦ ਵੰਡਾ ਓੜਕ ਭਾ ਵਿਛੋੜਾ ਸਭ ਦੇ ਸੈਫ਼-ਮਲੂਕੇ ਮਾਲਮ ਕੀਤਾ ਇਹ ਭੀ ਹੈ ਦੁਖਿਆਰਾ ਬਾਦਸ਼ਾਹੇ ਨੂੰ ਖੋਲ ਸੁਣਾਇਆ ਪਿਛਲਾ ਕਿੱਸਾ ਸਾਰਾ ਜੋ ਕੁੱਝ ਉਸ ਸਿਰਵਰਤੀ ਆਹੀ ਜ਼ਰਾ ਜ਼ਰਾ ਕਰ ਦੱਸੇ ਸੁਣ ਕੇ ਸ਼ਾਹ ਰੁੰਨਾ ਭਰ ਹੰਝੂ ਜਿਉਂ ਸਾਵਣ ਮੀਂਹ ਵੱਸੇ ਇਸ ਸ਼ਾਹੇ ਫਿਰ ਉਸ ਦੇ ਅੱਗੇ ਕੀਤੀ ਸ਼ੁਰੂ ਕਹਾਣੀ ਜੋ ਕੈਫ਼ੀਅਤ ਉਸ ਦੀ ਆਹੀ ਖੋਲੇ ਪੇਟਾ ਤਾਣੀ ਸੁਣ ਤੂੰ ਸੈਫ਼-ਮਲੂਕ ਸ਼ਹਿਜ਼ਾਦਾ ਕੀ ਗੱਲ ਮੇਰੀ ਆਹੀ ਯਾਜੂਜਾਂ ਦੀ ਕੌਮੇ ਅੰਦਰ ਬਾਪ ਮੇਰੇ ਦੀ ਸ਼ਾਹੀ ਨਾਮ ਮੇਰਾ ਫ਼ੀਰੋਜ਼ ਸ਼ਹਿਜ਼ਾਦਾ ਮਾਂ ਪਿਓ ਬਹੁਤ ਪਿਆਰੇ ਸ਼ੈਰ ਸ਼ਿਕਾਰ ਆਹਾ ਨਿੱਤ ਕਰਦਾ ਜੰਗਲ਼ ਨਦੀ ਕਿਨਾਰੇ ਹਿਕ ਦਿਨ ਬੇੜੇ ਅੰਦਰ ਬੈਠਾ ਫਿਰਦਾ ਸਾਂ ਦਰਿਆਵੀਂ ਤੱਕ ਕੇ ਦੁੱਖ ਲੱਗਾ ਅਸਮਾਨੇ ਕਹਿਓਸੁ ਹਿਲ ਨਾ ਜਾਵੀਂ ।(੧੮੪੦) ਵਾਓ ਮੁਖ਼ਾਲਿਫ਼ ਐਸੀ ਝੁੱਲੀ ਰੁੜ੍ਹ ਟੁਰਿਆ ਉਹ ਬੇੜਾ ਮੈਂ ਜਾਤਾ ਮਰਜਾਸਾਂ ਡੁੱਬ ਕੇ ਚੁੱਕ ਜਾਏ ਇਹ ਝੇੜਾ ਜੀਵਨ ਦੇ ਦਮ ਬਾਕੀ ਆਹੇ ਵਧਿਆ ਪਾਣੀ ਦਾਣਾ ਦੋ ਵਰ੍ਹੇ ਤੇ ਤਰੈ ਮਹੀਨੇ ਰੁੜ੍ਹਦਾ ਰਹਿਓਸੁ ਨਿਮਾਣਾ ਬੇੜਾ ਭੱਜ ਹੋਇਆ ਕਈ ਟੋਟੇ ਰੁੜ੍ਹ ਗਈਆਂ ਸਭ ਫ਼ੌਜਾਂ ਹਿਕ ਤਖ਼ਤੇ ਤੇ ਮੈਂ ਭੀ ਆਇਆ ਰੁੜ੍ਹਦਾ ਅੰਦਰ ਮੌਜਾਂ ਜੋ ਕੁੱਝ ਗ਼ਜ਼ਬ ਕਜ਼ੀਏ ਗੁਜ਼ਰੇ ਮੈਂ ਪਰ ਬਾਹਰ ਸ਼ੁਮਾਰੋਂ ਦਸ ਦਿਨ ਗਿਣੀਏ ਮੁੱਕਦੇ ਨਾਹੀਂ ਦੋ ਤਿੰਨ ਲੱਖ ਹਜ਼ਾਰੋਂ ਓੜਕ ਗੱਲ ਮੁਕਾਵਾਂ ਇਥੇ ਆਣ ਲਗੋਸੁ ਵਿਚ ਟਾਪੂ ਬੂਜ਼ਨਿਆਂ ਦੀ ਫ਼ੌਜੇ ਮੈਨੂੰ ਘੇਰ ਆਂਦਾ ਕਰ ਕਾਬੂ ਜੋ ਸਰਦਾਰ ਇਨ੍ਹਾਂ ਦਾ ਆਹਾ ਉਸ ਦੇ ਕੋਲ ਲਿਆਏ ਉਹ ਦਾਨਾ ਅਕਾਬਰ ਵੱਡਾ ਦਾਨਿਸ਼ਮੰਦ ਕਹਾਏ ਦੇਖ ਮੈਨੂੰ ਖ਼ੁਸ਼ ਹੋਇਆ ਆਖੇ ਬਹੁਤ ਪਸੰਦ ਇਹ ਆਇਆ ਬੇਟੀ ਆਪਣੀ ਦੇ ਕੇ ਮੈਨੂੰ ਅਕਦ ਨਿਕਾਹ ਕਰਾਇਆ ਅਕਦ ਨਿਕਾਹ ਮੇਰਾ ਇਸ ਜਾਈ ਖ਼ੂਬ ਤਰ੍ਹਾਂ ਜਦ ਹੋਇਆ ਬੂਜ਼ਨਿਆਂ ਦਾ ਸ਼ਾਹ ਉਹ ਅਗਲਾ ਚਾਲੀਂ ਰੋਜ਼ੀਂ ਮੋਇਆ ਇਨ੍ਹਾਂ ਦੀ ਇਸ ਜਾਤੇ ਅੰਦਰ ਇਹੋ ਰਸਮ ਕਦੀਮੀ ਜਾਂ ਸਰਦਾਰ ਇਨ੍ਹਾਂ ਦਾ ਮਰਦਾ ਕਰਦੇ ਸੋਗ ਯਤੀਮੀ ਕਿਤਨੇ ਰੋਜ਼ ਨਾ ਜੋੜੇ ਮਿਲਦੇ ਨਾਹੀਂ ਵਿੱਤੀ ਕਰੇਂਦੇ ਜਾਂ ਜਾਂ ਆਦਮ ਪੈਦਾ ਹੁੰਦਾ ਤਾਂ ਤਾਂ ਤੀਕ ਜਰੇਂਦੇ ।(੧੮੫੦) ਜਾਂ ਫਿਰ ਆਦਮ ਪੈਦਾ ਹੁੰਦਾ ਦੇਣ ਉਸ ਨੂੰ ਸਰਦਾਰੀ ਹੁਕਮ ਉਸੇ ਦਾ ਮੰਨ ਖਲੋਂਦੀ ਕੌਮ ਇਨ੍ਹਾਂ ਦੀ ਸਾਰੀ ਮੈਨੂੰ ਸੱਤ ਬਰਸ ਹੁਣ ਗੁਜ਼ਰੇ ਇਨ੍ਹਾਂ ਅੰਦਰ ਵਸਦਾ ਇਹ ਸਭ ਹੁਕਮ ਮੇਰੇ ਵਿਚ ਟੁਰਦੇ ਜੋ ਕੁੱਝ ਮੂੰਹੋਂ ਦਸਦਾ ਚਾਰ ਸੈ ਇਸ ਵੇਲੇ ਬਾਂਦਰ ਹੁਕਮ ਮੇਰੇ ਵਿਚ ਭਾਈ ਇਨ੍ਹਾਂ ਦੀ ਸਰਦਾਰੀ ਮੈਨੂੰ ਹੋਰ ਸ਼ਰੀਕ ਨਾ ਕਾਈ ਚਾਲੀਆਂ ਰੋਜ਼ਾਂ ਦਾ ਹੈ ਰਸਤਾ ਇਹ ਵਲਾਇਤ ਸਾਰੀ ਨਾਮ ਉਸ ਦਾ ਹੋ ਲੰਗ-ਜ਼ਜ਼ੀਰਾ ਜਿਦ੍ਹੀ ਮੈਨੂੰ ਸਰਦਾਰੀ ਇਸ ਥੀਂ ਅੱਗੇ ਹੋਰ ਵਲਾਇਤ ਸੰਗਸਾਰਾਂ ਦੀ ਦੱਸਦੇ ਸਾਡੇ ਨਾਲ਼ ਸਦਾ ਉਹ ਲੜਦੇ ਪਰ ਓੜਕ ਭੱਜ ਨੱਸਦੇ ਯਾਜੂਜੀ ਫ਼ੀਰੋਜ਼ ਸ਼ਹਿਜ਼ਾਦਾ ਨਾਮ ਮੇਰਾ ਸੁਣ ਭਾਈ ਇਹ ਕਹਾਣੀ ਮੇਰੀ ਜਿਹੜੀ ਤੈਨੂੰ ਖੋਲ ਸੁਣਾਈ ਮੈਂ ਜਾਤਾ ਕੋਈ ਹੋਰ ਨਾ ਹੋਸੀ ਮੈਂ ਜੇਹਾ ਦਖਿਆਰਾ ਪਰ ਪੈਰਾਂ ਦੀ ਮਿੱਟੀ ਕਿਰਦੀ ਗੱਲ ਤੇਰੀ ਸੁਣ ਯਾਰਾ ਸਖ਼ਤ ਮੁਸੀਬਤ ਸਿਰ ਤੇਰੇ ਤੇ ਬਾਹਰ ਅੰਤ ਹਿਸਾਬੋਂ ਰੱਬ ਮਿਲਾਸੀ ਦਿਲਬਰ ਤੈਨੂੰ ਰੱਖ ਉਮੀਦ ਜਨਾਬੋਂ ਸੈਫ਼-ਮਲੂਕ ਤਾਈਂ ਸ਼ਾਹ ਰੱਖਿਆ ਚਾਲੀ ਰੋਜ਼ ਉਸ ਜਾਈ ਨਿੱਤ ਸ਼ਰਾਬ ਕਬਾਬ ਖਵਾਵੇ ਖ਼ਾਤਿਰ ਕਰੇ ਸਵਾਈ ਸੈਫ਼-ਮਲੂਕ ਸ਼ਹਿਜ਼ਾਦੇ ਹਿਕ ਦਿਨ ਹੋਇਆ ਜੀ ਉਦਾਸੀ ਲੱਗੀ ਛਿਕ ਪਿਆਰੇ ਵਾਲੀ ਭੁੱਲੇ ਖੇਡਣ ਹਾਸੀ ।(੧੮੬੦) ਸੰਗੀ ਆਪਣੇ ਕੋਲ ਬੁਲਾਏ ਕਹਿੰਦਾ ਸੁਣਿਓਂ ਯਾਰੋ ਆਏ ਸਾਂ ਜਿਸ ਮਤਲਬ ਕਾਰਨ ਨਾ ਉਹ ਮਨੋਂ ਵਿਸਾਰੋ ਬਾਦਸ਼ਾਹੀ ਘਰ ਆਪਣੇ ਆਹੀ ਟੁਰ ਆਏ ਉਹ ਸਟ ਕੇ ਖਾਣ ਸ਼ਰਾਬ ਕਬਾਬ ਨਾ ਆਏ ਕਾਹਨੂੰ ਇਥੇ ਅਟਕੇ ਆਏ ਮੂੰਹ ਪਰੀ ਦਾ ਵੇਖਣ ਛੱਡ ਆਪਣੀ ਸੁਲਤਾਨੀ ਚਿਹਰਾ ਬੂਜ਼ਨਿਆਂ ਦਾ ਤੱਕਦੇ ਐਵੇਂ ਕਰ ਨਾਦਾਨੀ ਸਾਥੀ ਕਹਿੰਦੇ ਸੁਣ ਸ਼ਹਿਜ਼ਾਦੇ ਸਾਡਾ ਹੈ ਕੀ ਚਾਰਾ ਜਿਧਰ ਚਲਸੇਂ ਨਾਲ਼ ਤੇਰੇ ਹਾਂ ਲਾ ਨਹੀਂ ਪਲਕਾਰਾ ਇਸ ਅੰਦੇਸ਼ੇ ਵਿਚ ਸ਼ਹਿਜ਼ਾਦਾ ਰੁਖ਼ਸਤ ਮੰਗਣ ਜਾਂਦਾ ਯਾਜੂਜੀ ਫ਼ੀਰੋਜ਼ ਸ਼ਾਹੇ ਨੂੰ ਜਾ ਕੇ ਅਰਜ਼ ਸੁਣਾਂਦਾ ਐ ਫ਼ੀਰੋਜ਼ ਸ਼ਹਿਜ਼ਾਦੇ ਆਲੀ ਸਦਾ ਰਹੇਂ ਖ਼ੁਸ਼ਹਾਲੀ ਦੇਇੰ ਇਜ਼ਾਜ਼ਤ ਤਾਂ ਹਿਕ ਗੱਲ ਦਾ ਹੋਵਾਂ ਅੱਜ ਸਵਾਲੀ ਸ਼ਾਹ ਫ਼ੀਰੋਜ਼ ਕਿਹਾ ਸੁਣ ਭਾਈ ਜੋ ਗੱਲ ਤੈਂ ਦਿਲ ਭਾਈ ਐਨ ਸਵਾਬ ਅਸਾਡੇ ਭਾਣੇ ਚਾਹੀਏ ਜਲਦ ਸੁਣਾਈ ਸੈਫ਼-ਮਲੂਕ ਕਿਹਾ ਐ ਸ਼ਾਹਾ ਮੈਂ ਨ ਚੀਜ਼ਾ ਬੰਦਾ ਤਾਜ ਤਖ਼ਤ ਸੱਟ ਆਇਆ ਅਪਣਾ ਫ਼ੌਜ ਵਲਾਇਤ ਧੰਦਾ ਜਿਸ ਮਤਲਬ ਦੇ ਕਾਰਨ ਟੁਰਿਆ ਅਜੇ ਨਹੀਂ ਉਹ ਲੱਧਾ ਚਾਲੀ ਰੋਜ਼ ਰਿਹਾ ਬਹਿ ਏਥੇ ਉਲਫ਼ਤ ਤੇਰੀ ਬੱਧਾ ਜੇ ਸੌ ਬਰਸ ਰਹਾਂ ਸੰਗ ਤੇਰੇ ਫਿਰ ਭੀ ਦਿਸਦਾ ਥੋੜਾ ਓੜਕ ਤੁਸਾਂ ਅਸਾਂ ਵਿਚ ਸ਼ਾਹਾ ਹਿਕ ਦਿਨ ਪੌਗ ਵਿਛੋੜਾ ।(੧੮੭੦) ਮੈਂ ਅੱਜ ਰੁਖ਼ਸਤ ਮੰਗਣ ਆਇਆ ਹੋਇਆ ਜੀ ਉਦਾਸੀ ਸਾਡੇ ਰਿਜ਼ਕ ਮੁਹਾਰ ਉਠਾਈ ਤੁਸੀ ਰਹੋ ਸੁਖ ਵਾਸੀ ਰਾਜ਼ੀ ਹੋ ਕੇ ਰੁਖ਼ਸਤ ਦਿਓ ਲੋੜਾਂ ਹੋਰ ਟਿਕਾਣੇ ਮੱਤ ਜਿਸ ਮਤਲਬ ਕਾਰਨ ਆਏ ਪਾਈਏ ਅਸੀਂ ਨਿਮਾਣੇ ਬੂਜ਼ਨਿਆਂ ਦੇ ਸ਼ਾਹੇ ਜਾਤਾ ਹੋਇਆ ਬਹੁਤ ਉਦਾਸੀ ਹੋਏ ਉਦਾਸੀ ਨੂੰ ਅਟਕਾਵਣ ਬੁਰੀ ਸਲਾਹ ਨਿਰਾਸੀ ਸ਼ਾਹ ਫ਼ੀਰੋਜ਼ ਸ਼ਿਤਾਬੀ ਕਰਕੇ ਕੀਤੀ ਚਾਅ ਤਿਆਰੀ ਰਾਹ ਉਹਦੇ ਦਾ ਖ਼ਰਚ ਦਿਵਾਇਆ ਜੋ ਕੁੱਝ ਆਹਾ ਕਾਰੀ ਸਭਨਾਂ ਨੂੰ ਸਰੋਪਾ ਪਹਿਨਾਏ ਜੋ ਸਨ ਉਸ ਦੇ ਸੰਗੀ ਸੈਫ਼-ਮਲੂਕੇ ਨੂੰ ਪੁਸ਼ਾਕੀ ਦਿੱਤੀ ਬਹੁਤੀ ਚੰਗੀ ਜੋ ਕੁੱਝ ਲੋੜ ਉਨ੍ਹਾਂ ਨੂੰ ਆਹੀ ਅਗਲੇ ਪੰਧ ਸਫ਼ਰ ਦੀ ਸੱਭੇ ਚੀਜ਼ਾਂ ਪੱਲੇ ਪਾਈਆਂ ਬਣ ਕੇ ਖ਼ਾਸਾ ਦਰਦੀ ਘੋੜਾ ਹੇਠ ਉਹਦੇ ਦਾ ਆਹਾ ਕਾਠੀ ਨਾਲ਼ ਸੁਨਹਿਰੀ ਮੋਤੀ ਲਅਲ ਲਗਾਮ ਜੜਾਊ ਕਲਗੀ ਨਾਲ ਰੁਪਹਿਰੀ ਉਹ ਭੀ ਸੈਫ਼-ਮਲੂਕੇ ਕਾਰਨ ਕਰ ਤਿਆਰ ਮੰਗਾਇਆ ਇਸ ਤੇ ਹੋ ਅਸਵਾਰ ਸ਼ਹਿਜ਼ਾਦੇ ਫ਼ੀਰੋਜ਼ੇ ਫ਼ੁਰਮਾਇਆ ਪਰ ਇਸ ਪਰ ਹੋ ਬਹੀਂ ਚੁਪੀਤਾ ਨਾ ਹੱਥ ਪੈਰ ਹਿਲਾਈਂ ਨਾ ਕੁੱਝ ਤੁੰਦੀ ਕਰਕੇ ਬੋਲੀਂ ਨਾ ਚਾਬਕ ਦਿਖਲਾਈਂ ਮੱਤ ਛੇੜੇਂ ਤਾਂ ਔਖਾ ਹੋਸੇਂ ਰੱਖੀਂ ਖ਼ੂਬ ਸੰਭਾਲਾ ਉੱਡ ਖੜੇ ਪਰ ਜੂਹੇ ਕਿਧਰੇ ਇਹ ਥਾਂ ਖ਼ਤਰੇ ਵਾਲਾ ।(੧੮੮੦) ਬਾਂਦਰ ਹਿਕ ਸਿਆਣਾ ਤੱਕ ਕੇ ਨਾਲ਼ ਉਨ੍ਹਾਂ ਦੇ ਲਾਇਆ ਰਾਹ ਸੁਖੱਲੇ ਖੜੀਂ ਇਨ੍ਹਾਂ ਨੂੰ ਕਰ ਤਾਕੀਦ ਬਤਾਇਆ ਜਿਥੇ ਤੋੜੀ ਹੱਦ ਅਸਾਡੀ ਨਾਲ਼ ਓਥੇ ਤਕ ਜਾਵੀਂ ਓਥੋਂ ਫੇਰ ਇਜ਼ਾਜ਼ਤ ਲੈ ਕੇ ਘੋੜਾ ਮੋੜ ਲਿਆਵੀਂ ਸ਼ਾਹ ਫ਼ੀਰੋਜ਼ ਸ਼ਹਿਜ਼ਾਦੇ ਤਾਈਂ ਰੋ ਰੋ ਰੁਖ਼ਸਤ ਕੀਤਾ ਕਿਹਾ ਜੇ ਰੱਬ ਫੇਰ ਲਿਆਂਦੋਂ ਮਿਲੀਂ ਪਿਆਰੇ ਮੀਤਾ ਹਿਕ ਦੂਜੇ ਗਲ ਲਾ ਵਿਛੁੰਨੇ ਵਾਂਙੂ ਸਕਿਆਂ ਭਾਈਆਂ ਨਾਲ਼ ਅਸੀਲਾਂ ਮਿਲਣਾ ਬਿਹਤਰ ਪਾਲਣ ਜੋ ਅਸ਼ਨਾਈਆਂ ਸੌਂਪ ਰੱਬੇ ਨੂੰ ਵਿਦਿਆ ਕੀਤਾ ਸੈਫ਼-ਮਲੂਕੇ ਤਾਈਂ ਕਿਹਾ ਜਿਸ ਰਾਹ ਬਾਂਦਰ ਖੜਸੀ ਉਹਨੀਂ ਰਾਹੀਂ ਜਾਈਂ ਬੂਜ਼ਨਿਆਂ ਦੀ ਹੱਦ ਦੇ ਵਿਚੋਂ ਜਾਂ ਜਾਵੇਂਗਾ ਬਾਹਰ ਸੰਗਸਾਰਾਂ ਦਾ ਸ਼ਹਿਰ ਆਵੇਗਾ ਆਣ ਉਹ ਹੋਸਣ ਜ਼ਾਹਿਰ ਦੇਇ ਘੋੜਾ ਇਸ ਬਾਂਦਰ ਤਾਈਂ ਉਸ ਜਾਉਂ ਚਾ ਮੋੜੀਂ ਘੋੜੇ ਦੀ ਅਸਵਾਰੀ ਵਾਲਾ ਰਸਤਾ ਓਥੇ ਤੋੜੀਂ ਸੈਫ਼-ਮਲੂਕ ਸ਼ਹਿਜ਼ਾਦਾ ਓਥੋਂ ਹੋ ਅਸਵਾਰ ਸਿਧਾਇਆ ਸ਼ਾਹ ਫ਼ੀਰੋਜ਼ ਉਹਨੂੰ ਕਰ ਵਿਦਿਆ ਰੋ ਘਰਾਂ ਵਿਚ ਆਇਆ ਬਦਲੇ ਵਾਂਗਰ ਗੱਜੇ ਘੋੜਾ ਮਾਰੇ ਦੁੰਬ ਉਲਾਰੇ ਬਿਜਲੀ ਵਾਂਗ ਕਰੇਂਦਾ ਤੇਜ਼ੀ ਸੁੰਬ ਕੱਢਣ ਕੜਕਾਰੇ ਜਾਂ ਘੋੜਾ ਥੱਕ ਜਾਂਦਾ ਕਿਧਰੇ ਹੁੰਦਾ ਜ਼ਰਾ ਮਠੇਰਾ ਬਾਂਦਰ ਕੰਨ ਮਰੋੜੇ ਉਸ ਦੇ ਚਲਦਾ ਫੇਰ ਵਧੇਰਾ ।(੧੮੯੦) ਸ਼ੇਰਾਂ ਹਾਰ ਕੰਨੌਂਤੀ ਮਾਰੇ ਹਿਰਨਾਂ ਜੈਸੀ ਤਾਰੀ ਪੂਜ਼ੀ ਸਾਖ਼ਤ ਵਾਗਾਂ ਚਮਕਣ ਕਟਕੀ ਜ਼ੀਨ ਕਿਨਾਰੀ ਕੋਤਲ ਕਿਸ ਰਕਾਬਾਂ ਖਾਸੀ ਤੰਗ ਕੜੇ ਸਭ ਜ਼ਰ ਦੇ ਤਣੀ ਹਮੇਲ ਲਗਾਮ ਜ਼ੰਜੀਰੀ ਸਭੋ ਲਹਿ ਲਹਿ ਕਰਦੇ ਦੋ ਦਿਨ ਤੇ ਦੋ ਰਾਤੀਂ ਚੱਲੇ ਆ ਪਹੁਤੇ ਇਸ ਹਦ ਤੇ ਬਾਂਦਰ ਮੁੜ ਕੇ ਹੋਇਆ ਸਲਾਮੀ ਅੱਗੇ ਤੁਰੇ ਨਾ ਵਧ ਕੇ ਸ਼ਹਿਜ਼ਾਦੇ ਨੇ ਮਾਲਮ ਕੀਤਾ ਇਹੋ ਇਨ੍ਹਾਂ ਦਾ ਬੰਨਾ ਘੋੜਾ ਮੋੜਦਿਆਂ ਇਸ ਜਾਈਓਂ ਕਿਹਾ ਇਸ ਦਾ ਮੰਨਾਂ ਉਸ ਬਾਂਦਰ ਦੇ ਹੱਥ ਫੜਾਇਆ ਘੋੜਾ ਉੱਤੋਂ ਢਲ ਕੇ ਹੋਇ ਪਿਆਦਾ ਟੁਰਿਆ ਆਪੂੰ ਯਾਰਾਂ ਅੰਦਰ ਰਲ਼ ਕੇ ਨੌ-ਬ-ਨੌ ਸ਼ਹਿਜ਼ਾਦਾ ਨਾਲੇ ਸੰਗੀ ਸਾਥੀ ਸਾਰੇ ਸੱਤ ਦਿਹਾੜੇ ਤੇ ਸੱਤ ਰਾਤੀਂ ਚਲੇ ਬੇ ਸ਼ੁਮਾਰੇ ਹਿਕੋ ਫ਼ਿਕਰ ਚੱਲਣ ਦਾ ਦੂਜੀ ਕੋਈ ਨਾ ਚਿੰਤਾ ਭਾਰੀ ਅਚਨਚੇਤ ਹਿਕ ਜੰਗਲ਼ ਵਿਚੋਂ ਉੱਠੀ ਧੂੜ ਗ਼ੁਬਾਰੀ ਜਾਂ ਉਹ ਧੂੜ ਗ਼ੁਬਾਰੀ ਪਾਟੀ ਨਜ਼ਰ ਚੌਫੇਰੇ ਪਾਂਦੇ ਚਾਲੀ ਤਨ ਸੰਗਸਾਰਾਂ ਵਿਚੋਂ ਆਣ ਹੋਏ ਫਿਰ ਵਾਂਦੇ
37. ਦਾਸਤਾਨਿ ਦਰ ਬਿਆਨਿ ਜੰਗ ਬਾ ਸੰਗਸਾਰਾਂ (ਸੰਗਸਾਰਾਂ ਨਾਲ਼ ਜੰਗ ਦਾ ਬਿਆਨ)
ਤਰਿਖੇ ਤਰਿਖੇ ਦੌੜੇ ਆਵਣ ਵਾਂਙੂ ਕੁੱਤੇ ਹਲਕੇ ਦੇਖ ਸ਼ਹਿਜ਼ਾਦਾ ਕਹਿੰਦਾ ਯਾਰਾਂ ਸਭ ਖਲੋਵੋ ਰਲ ਕੇ ਇਹ ਸੰਗਸਾਰ ਅਸਾਨੂੰ ਪਕੜਨ ਆਏ ਨਾਲ਼ ਚਲਾਕੀ ਮਾਰੋ ਤੀਰ ਉਡਾਉ ਇਹਨਾਂ ਨੱਸਣ ਵੇਖ ਹਿਲਾਕਿ ।(੧੯੦੦) ਸਭ ਇਕੱਠੇ ਹੋ ਖਲੋਤੇ ਕਰਕੇ ਰਾਸ ਹਥਿਆਰਾਂ ਛਿਕ ਕਮਾਨ ਜਵਾਨ ਤੁਵਾਨਾ ਆਣ ਪਏ ਸੰਗਸਾਰਾਂ ਮਾਰਨ ਤੀਰ ਸਰੀਰ ਪਰੋਵਨ ਚੀਰ ਕਲੇਜਾ ਦੇਂਦੇ ਫੇਰ ਹੱਥੀਂ ਸ਼ਮਸ਼ੀਰ ਚਲਾਵਣ ਵਾਰ ਦਲੇਰ ਕਰੇਂਦੇ ਦੋਂਹ ਤਰਫ਼ਾਂ ਥੀਂ ਜੁੜੀ ਲੜਾਈ ਚਮਕ ਕੱਢੀ ਤਲਵਾਰਾਂ ਛਮ ਛਮ ਤੀਰ ਸ਼ੁੰਕਾਰ ਉਠਾਇਆ ਜਿਉਂ ਸਾਵਣ ਦੀਆਂ ਬਾਰਾਂ ਸੈਫ਼-ਮਲੂਕ ਸ਼ਹਿਜ਼ਾਦਾ ਗੱਜੇ ਵਾਂਙੂ ਸ਼ੀਂਹ ਮਰੇਲੇ ਫਿਰੇ ਚੁਫੇਰੇ ਦੇ ਦਲੇਰੀ ਮਾਰਨ ਰਣ ਵਿਚ ਸੇਲੇ ਨੇਜ਼ਾ ਮਾਰ ਕਰੇ ਤਨ ਰੇਜ਼ਾ ਸਾਂਗਾਂ ਭੰਨਣ ਸਾਂਗਾਂ ਢਾਲੀਂ ਉਪਰ ਵੱਜ ਵੱਜ ਭਜਣ ਸੰਗਸਾਰਾਂ ਦੀਆਂ ਡਾਂਗਾਂ ਸੰਗਸਾਰਾਂ ਨੇ ਗੋਗਾ ਕੀਤਾ ਆਏ ਕਰਕੇ ਹੱਲਾ ਯਾਰ ਸ਼ਹਿਜ਼ਾਦੇ ਦੇ ਸਭ ਕੰਬੇ ਆਪ ਦਲੇਰ ਇਕੱਲਾ ਸ਼ਹਿਜ਼ਾਦੇ ਨੂੰ ਜੁੰਬਸ਼ ਚੜ੍ਹਿਆ ਯਾਰਾਂ ਨੂੰ ਲਲਕਾਰੇ ਪਿੜ ਵਿਚ ਰਹੋ ਖਲੋਤੇ ਦੁਸ਼ਮਣ ਇਹ ਮਾਰੇ ਕਿ ਮਾਰੇ ਸੈਫ਼-ਮਲੂਕ ਬਹਾਦਰ ਐਸਾ ਦੈਤਾਂ ਦੇ ਸੰਗ ਲੜਦਾ ਦੇਇ ਮਰੋੜ ਰੂੜ ਜਿਹਾਂ ਨੂੰ ਕੋਈ ਨਾ ਅੱਗੇ ਅੜਦਾ ਹੱਲੇ ਵੇਖ ਸ਼ਹਿਜ਼ਾਦੇ ਵਾਲੇ ਬਹਿਮਨ ਦਮ ਨਾ ਮਾਰੇ ਰੁਸਤਮ ਰਸਮ ਗ਼ੁਲਾਮੀ ਫੜਕੇ ਆਣ ਸਲਾਮ ਪੁਕਾਰੇ ਸਿਰ ਸਾਮੇ ਦੇ ਹੋਸ਼ ਨਾ ਰਹਿੰਦੀ ਜਿਉਂ ਸਰਸਾਮੇ ਵਾਲੇ ਜ਼ਾਲ ਜ਼ਵਾਲ ਹਜ਼ੀਮਤ ਕੋਲੋਂ ਧੌਲੇ ਕਰਦਾ ਕਾਲੇ ।(੧੯੧੦) ਅਸਫ਼ੰਦ ਹਾਰ ਬਣਾਵੇ ਢਾਹ ਕੇ ਅਸਫ਼ੰਦਯਾਰ ਜਿਹਾਂ ਨੂੰ ਫੇਰ ਉਹੇਦੋਂ ਮੁੱਖ ਮੋੜ ਫ਼ਰੇਦੂੰ ਰੱਖੇ ਜਾਨ ਜਹਾਂ ਨੂੰ ਛੱਡ ਲਾਲਚ ਲੰਧੂਰ ਸ਼ਿਤਾਬੀ ਸ਼ਾਨ ਲੰਧੂਰ ਨਾ ਕਰਦਾ ਸ਼ਹਿਜ਼ਾਦੇ ਵਲ ਰੱਖ ਸ਼ੀਰੀਨੀ ਬਣੇ ਸ਼ਾਗਿਰਦ ਹੁਨਰ ਦਾ ਸ਼ਹਿਜ਼ਾਦੇ ਕਰ ਜ਼ੋਰ ਦਲੇਰੀ ਭੰਨ ਦਿੱਤਾ ਸੰਗਸਾਰਾਂ ਖਸ ਲਏ ਹਥਿਆਰ ਪੋਸ਼ਾਕਾਂ ਖ਼ੂਬ ਕਰਾਈਆਂ ਮਾਰਾਂ ਕਰਕੇ ਜ਼ੇਰ ਉਨ੍ਹਾਂ ਨੂੰ ਓਥੋਂ ਆਪ ਹੋਏ ਫਿਰ ਰਾਹੀ ਜੰਗਲ਼ ਬਾਰਾਂ ਬਹੁਤੇ ਲੰਘਦੇ ਸ਼ੇਰ ਜਵਾਨ ਸਿਪਾਹੀ ਕਈਂ ਕੋਹਾਂ ਦਾ ਪੈਂਡਾ ਕਰਕੇ ਪਹੁਤੇ ਨਦੀ ਕਿਨਾਰੇ ਐਸੀ ਨਦੀ ਡੂੰਘੇਰੀ ਜਿਹੜੀ ਵੇਖਦਿਆਂ ਭੌ ਮਾਰੇ ਸਾਕੀ ਕਾਸਾ ਪੂਰ ਸ਼ਰਾਬੋਂ ਆਣ ਪਿਲਾ ਸ਼ਿਤਾਬੀ ਆਸ਼ਿਕ ਸੁਖੀਆ ਚੰਗਾ ਨਾਹੀਂ ਦਮ ਦਮ ਭਲੀ ਖ਼ਰਾਬੀ ਪੀ ਸ਼ਰਾਬ ਹੋਵਾਂ ਮਸਤਾਨਾ ਠਿੱਲ੍ਹਾਂ ਨਦੀ ਪਿਰਮ ਦੀ ਝੱਲਾਂ ਜ਼ੁਲਮ ਅਗ਼ਿਯਾਰਾਂ ਵਾਲੇ ਖ਼ਾਤਿਰ ਯਾਰ ਸਨਮ ਦੀ
38. ਗਰਫ਼ਿਤਾਰ ਸ਼ੁਦਨਿ ਸ਼ਹਿਜ਼ਾਦਾ ਬਦਸਤਿ ਜੰਗੀਆਂ, ਵਾ ਆਸ਼ਿਕ ਸ਼ੁਦਨਿ ਦੁਖ਼ਤਰਿ ਸ਼ਾਹਿ ਜ਼ੰਗ ਬਰ ਸ਼ਾਹਜ਼ਾਦਾ (ਸ਼ਹਿਜ਼ਾਦੇ ਦਾ ਹਬਸ਼ੀਆਂ ਹੱਥੋਂ ਫੜੇ ਜਾਣਾ ਤੇ ਹਬਸ਼ਣ ਸ਼ਹਿਜ਼ਾਦੀ ਦਾ ਸ਼ਹਿਜ਼ਾਦੇ ਤੇ ਆਸ਼ਿਕ ਹੋ ਜਾਣਾ)
ਰਾਵੀ ਏਸ ਕਿੱਸੇ ਦਾ ਯਾਰੋ ਦਾਨਿਸ਼ਮੰਦ ਸਿਆਣਾ ਜਿਸਦੇ ਸ਼ਾਲਾ ਬਾਗ਼ੇ ਵਿਚੋਂ ਮੈਂ ਗੁਲ ਫੁੱਲ ਚੁਣ ਆਣਾ ਫੁੱਲ ਉਸ ਦੇ ਕੁੱਲ ਰਤੂ ਰੰਗੇ ਹਿਕ ਦੂਜੇ ਥੀਂ ਰੱਤਾ ਵੇਖਦਿਆਂ ਤਪ ਉਠਦਾ ਸੀਨਾ ਐਸਾ ਹਰ ਹਰ ਤੱਤਾ ਅੱਗੋਂ ਇਹ ਗੱਲ ਲਾਲਾ ਦੇਂਦਾ ਦਾਗ਼ ਜਿਗਰ ਦੇ ਵਾਲਾ ਸੈਫ਼-ਮਲੂਕ ਕਰੇ ਤਦਬੀਰਾਂ ਵੇਖ ਨਦੀ ਦਾ ਚਾਲਾ ।(੧੯੨੦) ਨਾ ਹੁਣ ਬੇੜੀ ਕਿਸ਼ਤੀ ਕੋਈ ਨਾ ਮੱਲਾਹ ਮੁਹਾਣਾ ਜਿੱਤ ਵੱਲ ਛਿਕ ਅੰਦਰ ਦੀ ਹੋਵੇ ਸਰਪਰ ਉਧਰ ਜਾਣਾ ਬਾਹੀਂ ਠਿੱਲ੍ਹ ਪਵਾਂ ਵਿਚ ਰਾਉ ਜੇ ਮੈਂ ਹੋਵਾਂ ਇਕੱਲਾ ਰਲ਼ ਕ ਯਾਰਾਂ ਬੰਨ੍ਹ ਲਿਓ ਨੇਂ ਲੱਕੜੀਆਂ ਦਾ ਟੱਲਾ ਕੱਟੇ ਘਾਹ ਵਟਾਏ ਰੱਸੇ ਮੁਹਕਮ ਕਰਕੇ ਬੱਧਾ ਜਾ-ਫ਼ਰਾਖ਼ ਬਣਾਈ ਐਸੀ ਚੜ੍ਹਿਆਂ ਰਹਿੰਦਾ ਅੱਧਾ ਸਭ ਅਸਵਾਰ ਟੱਲੇ ਤੇ ਹੋਏ ਖੋਲ ਨਦੀ ਵਿਚ ਦਿੱਤਾ ਜਾਂ ਲਹਿਰਾਂ ਵਿਚ ਆਇਆ ਟੱਲਾ ਥਰ ਥਰ ਕੰਬੇ ਪਿੱਤਾ ਮੇਵੇ ਖਾਣੇ ਸੰਭ ਗਏ ਜਦ ਜ਼ਾਲਿਮ ਭੁੱਖ ਅਕਾਏ ਕੁੰਡੀ ਲਾ ਫਸਾਵਨ ਮੱਛੀ ਮਾਛੀ ਇਸ਼ਕ ਬਣਾਏ ਏਸ ਤਰ੍ਹਾਂ ਬੇ ਖ਼ਰਚੇ ਜਾਂਦੇ ਗੁਜ਼ਰ ਗਏ ਦਿਨ ਚਾਲੀ ਵੇਖੋ ਹਿਕ ਥੀਂ ਹਿਕ ਚੜ੍ਹੰਦੀ ਸਖ਼ਤੀ ਇਸ਼ਕ ਦਿਸਾਲੀ ਹਿਕ ਦਿਨ ਦੂਰੋਂ ਪਹੁਤੇ ਬੇੜੇ ਆਏ ਨਜ਼ਰ ਉਨ੍ਹਾਂ ਨੂੰ ਸ਼ਾਦ ਹੋਇਆ ਸ਼ਹਿਜ਼ਾਦਾ ਨਾਲੇ ਖ਼ੁਸ਼ੀ ਹੋਈ ਸਭਨਾਂ ਨੂੰ ਮੱਤ ਕੋਈ ਇਹ ਸੌਦਾਗਰ ਹੋਸੀ ਸੰਗ ਅਸੀਂ ਭੀ ਰਲਸਾਂ ਆਦਮੀਆਂ ਦੇ ਮੂੰਹ ਲਗਾਂਗੇ ਹੋਇ ਇਕੱਠੇ ਚਲਸਾਂ ਜਾਂ ਫਿਰ ਨੇੜੇ ਆਏ ਬੇੜੇ ਕੀਤੀ ਨਜ਼ਰ ਸ਼ਹਿਜ਼ਾਦੇ ਆਹੇ ਇਹ ਤਰੈ ਬੇੜੇ ਸਾਰੇ ਨਾ ਕੁੱਝ ਸ਼ਾਨ ਜ਼ਿਆਦੇ ਹਿਕ ਹਿਕ ਬੇੜੇ ਉੱਤੇ ਬੈਠੇ ਸੌ ਸੌ ਜ਼ੰਗੀ ਕਾਲ਼ੇ ਕਾਲੇ ਰਿੱਛ ਖ਼ੁਨਾਮੀ ਵਾਂਗੂੰ ਆਦਮ ਖਾਵਣ ਵਾਲੇ ।(੧੯੩੦) ਸੈਫ਼-ਮਲੂਕ ਕਿਹਾ ਇਹ ਜ਼ਾਲਿਮ ਪਕੜ ਲੈਣ ਮੱਤ ਸਾਨੂੰ ਕੈਦ ਕਰਨ ਯਾ ਮਾਰ ਗੁਆਵਣ ਦੇਣ ਜਵਾਬ ਜਹਾਨੋਂ ਜਾਂ ਸਾਨੂੰ ਹੱਥ ਪਾ ਲੈਣਗੇ ਪੇਸ਼ ਨਾ ਕੋਈ ਜਾਸੀ ਯਾਰੋ ਕਰੋ ਲੜਾਈ ਖ਼ਾਸੀ ਮੱਤ ਰੱਬ ਜਾਨ ਬਚਾਸੀ ਲੈ ਕੇ ਹੁਕਮ ਸ਼ਹਿਜ਼ਾਦੇ ਕੋਲੋਂ ਉਠੇ ਮਰਦ ਸਿਪਾਹੀ ਆਬ ਸ਼ਿਤਾਬੀ ਦਿੱਤੀ ਤਲਵਾਰਾਂ ਧੋਵਣ ਲੱਗੇ ਸਿਆਹੀ ਉਠ ਖਲੇ ਸਿਰ ਸੰਭਲ ਨੇਜ਼ੇ ਤੇਰਾਂ ਪਰ ਸੰਵਾਰੇ ਸਖ਼ਤ ਕਮਾਨ ਵੱਟੇ ਭਰਵੱਟੇ ਚੜ੍ਹਿਆ ਗ਼ਜ਼ਬ ਦੁਬਾਰੇ ਗੁਰਜ਼ਾਂ ਕਿਬਰ ਭਰੇ ਸਿਰ ਚਾਏ ਕੱਢੇ ਪੇਚ ਕਮੰਦਾਂ ਜਮਧਰ ਛੁਰੀ ਕਟਾਰ ਤਬਰ ਭੀ ਨੱਚ ਖਲੋਤੇ ਚੰਦਾਂ ਸ਼ੇਰਾਂ ਵਾਂਙੂ ਵੱਟਣ ਦੇਹੀ ਜੁੰਬਿਸ਼ ਚੜ੍ਹੀ ਜਵਾਨਾਂ ਵਾਰ ਕਰਨ ਲਲਕਾਰ ਗ਼ਨੀਮਾਂ ਰੱਖ ਤਲ਼ੀ ਪਰ ਜਾਨਾਂ ਬੱਲੇ ਬੱਲੇ ਮੈਦਾਨ ਬਹਾਦਰ ਕਸ ਕਸ ਮਾਰਨ ਭੱਲੇ ਸਾਗਾਂ ਥਰ ਥਰ ਕੰਬਣ ਕਹਿਰੋਂ ਬਰਛੇ ਕਰਦੇ ਹੱਲੇ ਨੇਜ਼ੇ ਤੀਰ ਪਰੋਵਣ ਸੀਨੇ ਕਰਨ ਬਹਾਦਰ ਖ਼ੇਜ਼ਾਂ ਜ਼ੰਗੀਆਂ ਦੇ ਸਿਰ ਠਾਹ ਠਾਹ ਭਜਣ ਮੱਟ ਜਿਵੇਂ ਰੰਗਰੇਜ਼ਾਂ ਹਾਏ ਹਾਏ ਦੋ ਤਰਫ਼ੀ ਉੱਠੀ ਗੋਗਾ ਵੱਧ ਸ਼ੁਮਾਰੋਂ ਇਹ ਹਾਏ ਸੀ ਜੁੰਬਿਸ਼ ਵਾਲੀ ਉਹ ਹਾਏ ਸੀ ਮਾਰੋਂ ਪਿਆ ਹੰਗਾਮਾ ਵਿਚ ਨਦੀ ਦੇ ਜੇ ਧਰਤੀ ਤੇ ਹੋਂਦਾ ਇਸ ਥਰਥਲ ਪਥੱਲੀ ਵਲੋਂ ਟੱਲਾ ਭੀ ਢਹਿ ਪੌਂਦਾ ।(੧੯੪੦) ਚੁਸਤੀ ਵੇਖ ਸ਼ਹਿਜ਼ਾਦੇ ਵਾਲੀ ਜ਼ੰਗੀ ਭੀ ਉਠ ਕੰਬੇ ਗ਼ੁੱਸਾ ਖਾਵਣ ਜ਼ੋਰ ਲਗਾਵਣ ਅੱਖੀਂ ਬਲਣ ਅਲੰਬੇ ਦੋਂਹ ਤਰਫ਼ਾਂ ਥੀਂ ਜੁੜੀ ਲੜਾਈ ਉਠਿਆ ਸ਼ੋਰ ਕਕਾਰਾ ਨਾ ਉਹ ਨੱਸਣ ਨਾ ਇਹ ਛੱਡਣ ਹੋਇਆ ਦੂਰ ਸਹਾਰਾ ਸ਼ੇਰ ਜਵਾਨ ਦਲੇਰ ਚੁਫੇਰੋਂ ਘੇਰ ਰੱਖਣ ਸ਼ਹਿਜ਼ਾਦੇ ਫੇਰ ਉਠੇ ਝੱਟ ਦੇਰ ਨਾ ਲਾਏ ਕਰਦਾ ਜ਼ੇਰ ਜ਼ਿਆਦੇ ਸੈਫ਼-ਮਲੂਕ ਨਾ ਸੈਫ਼ ਚਲਾਵੇ ਨੇਜ਼ੇ ਮਾਰ ਪਰੋਂਦਾ ਜਿੱਤ ਵੱਲ ਮੂੰਹ ਕਰੇ ਫਿਰ ਅੱਗੇ ਨਾ ਸੀ ਕੋਈ ਖਲੋਂਦਾ ਜਿਧਰ ਹਮਲਾ ਕਰਕੇ ਧਾਏ ਛੱਡ ਜਾਵਣ ਤਨ ਜਾਨੀ ਕੁਝ ਫੱਟੇ ਕੁਝ ਮਾਰੇ ਬਹੁਤੇ ਡੁੱਬ ਮੋਏ ਵਿਚ ਪਾਣੀ ਮਰਦ ਜ਼ੋਰਾਵਰ ਦੇ ਹੱਥ ਕੱਢੇ ਸਖ਼ਤ ਕਮਾਨ ਕੜਾਕੇ ਹਿਕ ਹਿਕ ਤੀਰ ਦੁਸਰ ਹੋ ਨਿਕਲੇ ਚੀਰ ਸਰੀਰ ਲੜਾਕੇ ਰਾਬੇ ਉੱਪਰ ਰਾਬਾ ਹੁੰਦਾ ਫ਼ੌਜ ਦੋ ਪਾਸੇ ਤਕੜੀ ਪੈਣ ਹਜ਼ਾਰ ਉਡਾਰ ਤੀਰਾਂ ਦੇ ਜਿਉਂ ਤਿਲੀਅਰ ਵਿਚ ਮਕੜੀ ਬਰਛੇ ਵਾਂਗ ਸਿਆਰੀ ਸਿਲੇ ਉਹ ਅਬਨੂਸੀ ਤਖ਼ਤੇ ਤੀਰਾਂ ਦੇ ਵਿਚ ਸੁੰਬੇ ਭਜਣ ਲਾਵਣ ਕੋਕੇ ਸਖ਼ਤੇ ਬਰਛੀ ਆਪਣਾ ਕੰਮ ਕਰੇਂਦੀ ਮਾਰਨ ਚਮਕ ਕਟਾਰਾਂ ਤੀਰ ਦੋਹਾਂ ਬੀਰਾਂ ਤਾਈਂ ਲੈਣ ਨਾ ਦਿਤੀਆਂ ਸਾਰਾਂ ਤੀਰ ਅੰਦਾਜ਼ ਸ਼ਹਿਜ਼ਾਦਾ ਮਾਰੇ ਛਮ ਛਮ ਤੀਰ ਖ਼ੁਦੰਗੀ ਰਤੂ ਨੀਰ ਕੀਤਾ ਸਭ ਰੱਤਾ ਕੋਹ ਕੋਹ ਸੁੱਟੇ ਜ਼ੰਗੀ ਕੋਹ ਕੋਹ ਜਿੱਡਾ ਬਦਨ ਜ਼ੋਰਾਵਰ ਕੋਹ ਕੋਹ ਲਾਏ ਤੂਦੇ ਜੁੱਸੇ ਜਾਮੇ ਬੇੜੇ ਸਾਰੇ ਹੋਏ ਖ਼ੂਨ ਅਲੂਦੇ ।(੧੯੫੦) ਵਾਲੋਂ ਤਰਿਖੇ ਸਿਰ ਸਾਂਗਾਂ ਦੇ ਵਾਲੋ ਵਾਲ਼ ਨਿਖੇੜਨ ਹਿਕ ਥੀਂ ਹਿਕ ਦੋ ਚੰਦ ਮੁਹੰਮਦ ਬੰਦੋ ਬੰਦ ਉਖੇੜਨ ਲਹੂ ਦੇ ਤਰਿਹਾਏ ਨੇਜ਼ੇ ਪੀ ਪੀ ਰੱਤ ਨਾ ਰਜਦੇ ਕਾਲੇ ਰਿੱਛ ਉਡਾਵਣ ਕਾਰਨ ਸ਼ੇਰ ਲੋਹੇ ਦੇ ਗਜਦੇ ਕੀਤਾ ਜੰਗ ਨਿਸੰਗ ਸ਼ਹਿਜ਼ਾਦੇ ਤੰਗ ਪਏ ਸਭ ਜ਼ੰਗੀ ਤੱਕ ਕੇ ਕਾਰਨ ਆਪ ਪੁਕਾਰਨ ਵਾਹ ਸ਼ਹਿਜ਼ਾਦਾ ਜੰਗੀ ਆਣ ਗਡਾਵੱਡ ਹੋਈ ਲੜਾਈ ਹਥੋਂ ਹਥੀਂ ਆ ਢੁੱਕੇ ਸੈਫ਼ ਸ਼ਹਿਜ਼ਾਦੇ ਦੀ ਕਈਂ ਜ਼ੰਗੀ ਗਾਜਰ ਵਾਂਙੂ ਟੁੱਕੇ ਸਾਹਮਣੇ ਹੋ ਕੇ ਆ ਨਾ ਸਕਦੇ ਸੈਫ਼-ਮਲੂਕੇ ਅੱਗੇ ਨਾਵਾਂ ਤਰੈ ਬਣਾਈਆਂ ਉਨ੍ਹਾਂ ਦਾਅ ਕਿਵੇਂ ਮੱਤ ਲੱਗੇ ਸ਼ਹਿਜ਼ਾਦੇ ਦਾ ਹਿਕੋ ਟੱਲਾ ਇਨ੍ਹਾਂ ਦੇ ਤਰੈ ਬੇੜੇ ਇਸ ਟੱਲੇ ਨੂੰ ਘੇਰਨ ਕਾਰਨ ਬੇੜੇ ਚਾ ਨਿਖੇੜੇ ਘੇਰਾ ਕਰਕੇ ਹਰ ਹਰ ਪਾਸੋਂ ਘੇਰ ਲਿਆ ਸ਼ਹਿਜ਼ਾਦਾ ਟਿੱਲੇ ਨੂੰ ਹੱਥ ਪਾਅ ਲਿਓ ਨੇ ਕਰਕੇ ਜ਼ੋਰ ਜ਼ਿਆਦਾ ਸੈਫ਼-ਮਲੂਕ ਚਲਾਈਆਂ ਸੈਫ਼ਾਂ ਬਹੁਤ ਕੀਤੇ ਬਹੁਤ ਪਲੱਥੇ ਭੀੜ ਪਿਆ ਹੱਥ ਰਿਹਾ ਨਾ ਖਲਾ ਜੁੜੇ ਮੱਥੇ ਸੰਗ ਮੱਥੇ ਜੇ ਮੈਦਾਨ ਲੜਾਈ ਪੈਂਦੀ ਹਮਲਾ ਤੱਕਦੇ ਜ਼ੰਗੀ ਹਿਕ ਹਿਕ ਹੱਲੇ ਵਿਚ ਸ਼ਹਿਜ਼ਾਦਾ ਸੈਂਕੜਿਆਂ ਨੂੰ ਰੰਗੀ ਪਾਣੀ ਵਿਚ ਨਾ ਭਜਣ ਹੋਵੇ ਜ਼ੋਰ ਨਾ ਕੋਈ ਚਲਦਾ ਜਿਹੜਾ ਪੰਜੇ ਅੰਦਰ ਆਵੇ ਸ਼ੇਰਾਂ ਵਾਂਗਰ ਦਲਦਾ ।(੧੯੬੦) ਜ਼ੰਗੀ ਮਾਰ ਗਵਾਏ ਜਾਨੋਂ ਚੌਹਾਂ ਉਪਰ ਚਾਲੀ ਸੱਟੀਂ ਫਟੀਂ ਕਈ ਤਰੋੜੇ ਕੀਤੇ ਹੰਨੇ ਖ਼ਾਲੀ ਸ਼ਹਿਜ਼ਾਦੇ ਦੇ ਲਸ਼ਕਰ ਵਿਚੋਂ ਅੱਠ ਬੰਦੇ ਨੁਕਸਾਨੇ ਬਾਕੀ ਦੇ ਰੱਬ ਸਾਬਤ ਰੱਖੇ ਆਪਣੀ ਵਿਚ ਅਮਾਨੇ ਮਕੂਲਾ ਸ਼ਾਇਰ ਜੀਉ ਅਰਮਾਨ ਰਿਹਾ ਸ਼ਹਿਜ਼ਾਦੇ ਹਾਇ ਮੈਦਾਨ ਨਾ ਲੱਧਾ ਸਭ ਹਥਿਆਰ ਨਾ ਮਾਰੇ ਰੱਜਕੇ ਜ਼ੋਰ ਨਾ ਫਬਿਆ ਅੱਧਾ ਇਸ ਤਰ੍ਹਾਂ ਅਫ਼ਸੋਸ ਅਸਾਨੂੰ ਹੁੰਦਾ ਵਕਤ ਵਧੇਰਾ ਸੈਫ਼ ਜ਼ਬਾਨ ਤੇ ਤੀਰ ਕਲਮ ਦਾ ਕਰਦੇ ਘਾਣ ਘਣੇਰਾ ਕਿੱਸਾ ਬਹੁਤ ਲੰਮੇਰਾ ਨਾਲੇ ਹੋਰ ਲੜਾਈਆਂ ਅੱਗੇ ਬਹੁਤੀ ਉਮਰ ਨਾ ਗੁਜ਼ਰੀ ਨਾਲੇ ਸਾਰਾ ਜ਼ੋਰ ਨਾ ਲੱਗੇ ਤੇਗ਼ ਜ਼ਬਾਨ ਰਹਿਣ ਤਰਿਹਾਈਆਂ ਰੱਜ ਨਹੀਂ ਰੱਤ ਪੀਵਣ ਬਹੁਤ ਸ਼ਰਾਬ ਸ਼ਰਾਬੀ ਪੀਵਣ ਓੜਕ ਮਾਂਦੇ ਥੀਵਣ ਕਿਧਰ ਰਹੀ ਆ ਗੱਲ ਮੁਹੰਮਦ ਕਿਸ ਪਾਸੇ ਉਠ ਵਗੋਂ ਜ਼ੰਗੀ ਤੇ ਸ਼ਹਿਜ਼ਾਦੇ ਵਾਲੀ ਕਿਉਂ ਕਰ ਹੋਈ ਅੱਗੋਂ ਪਕੜ ਲਿਆ ਸ਼ਹਿਜ਼ਾਦਾ ਉਨ੍ਹਾਂ ਨਾਲੇ ਉਸ ਦੇ ਸੰਗੀ ਇਹ ਭੁੱਖੇ ਤਰਿਹਾਏ ਥੋੜੇ ਬਹੁਤੇ ਆਹੇ ਜ਼ੰਗੀ ਟੱਲਾ ਛਿਕ ਲਿਆ ਕਰ ਜ਼ੋਰਾਂ ਚਾ ਟਾਪੂ ਵਿਚ ਲਾਇਆ ਯਾਰਾਂ ਸਣੇ ਸ਼ਹਿਜ਼ਾਦੇ ਤਾਈਂ ਸ਼ਾਹੇ ਕੋਲ ਪੁਚਾਇਆ ਸੈਫ਼-ਮਲੂਕ ਸ਼ਹਿਜ਼ਾਦੇ ਡਿੱਠਾ ਜਾਂ ਜ਼ੰਗੀ ਸ਼ਾਹ ਕਾਲ਼ਾ ਅਵਲ ਡਰਿਆ ਤੇ ਫਿਰ ਕਹਿੰਦਾ ਵਾਹ ਵਾਹ ਸਿਰਜਣ ਵਾਲਾ ।(੧੯੭੦) ਪਾਕ ਖ਼ੁਦਾਵੰਦ ਮਲਕਾਂ ਵਾਲਾ ਮਲਕੂਤਾਂ ਦਾ ਸਾਈਂ ਕੁਦਰਤ ਉਸ ਦੀ ਲੱਭਦੀ ਨਾਹੀਂ ਸਾਰੇ ਆਲਮ ਤਾਈਂ ਐਸੀ ਐਸੀ ਸ਼ਕਲ ਬਣਾਵੇ ਵੇਖਦਿਆਂ ਡਰ ਲਗਦਾ ਕੱਦ ਬੇ-ਵਜ਼ਨ ਵੱਡਾ ਰੁੱਖ ਜਿਉਂ ਕਰ ਹੁੰਦਾ ਲੂਠਾ ਅੱਗ ਦਾ ਗੰਦੀ ਮਰਹਮ ਇਨ੍ਹਾਂ ਦੇ ਵਾਂਗਰ ਗੰਦੇ ਤੇ ਰੰਗ ਕਾਲੇ ਵਾਲ਼ ਲੰਮੇ ਭਰਵੱਟੇ ਮੁੱਛਾਂ ਦਾੜ੍ਹੀ ਬਗ਼ਲਾਂ ਵਾਲੇ ਸਭ ਵਾਲਾਂ ਵਿਚ ਗੰਧੀਂ ਪਈਆਂ ਕੋਝਾਂ ਵਾਲੇ ਬੰਦੇ ਗੰਦੀਆਂ ਮੁੱਛਾਂ ਗੰਦੀਆਂ ਬਗ਼ਲਾਂ ਸਾਰੇ ਹੈਸਨ ਗੰਦੇ ਕਾਲੇ ਕਾਂ ਪਹਾੜੀ ਵਾਂਗਰ ਬੋਲਣ ਬੋਲ ਅਵੱਲੇ ਚਿੱਟੇ ਦੰਦ ਦਿੱਸਣ ਜਿਉਂ ਤਾਰੇ ਚੜ੍ਹਨ ਤੱਵੇ ਦੇ ਥੱਲੇ ਜਾਂ ਜ਼ੰਗੀਆਂ ਦੇ ਸ਼ਾਹੇ ਡਿੱਠਾ ਸੈਫ਼-ਮਲੂਕ ਸ਼ਹਿਜ਼ਾਦਾ ਹੱਸ ਹੱਸ ਕੱਛਾਂ ਮਾਰਨ ਲੱਗਾ ਹੋਇਆ ਖ਼ੁਸ਼ ਜ਼ਿਆਦਾ ਕਹਿੰਦਾ ਮਾਸ ਇਨ੍ਹਾਂ ਦਾ ਚਾਹੀਏ ਜਲਦ ਕਬਾਬ ਬਣਾਇਆ ਆਦਮੀਆਂ ਦਾ ਗੋਸ਼ਤ ਸਾਨੂੰ ਮੁਦਤ ਪਾ ਹੱਥ ਆਇਆ ਇਸ ਗੋਸ਼ਤ ਦੀ ਸੁਧਰ ਆਹੀ ਗੁਜ਼ਰੀ ਮੁਦਤ ਅਲੂਣੀ ਅੱਜ ਨਸੀਬਾਂ ਯਾਰੀ ਕੀਤੀ ਕਰੀਏ ਜੀਭ ਸਲੂਣੀ ਜਿਨ੍ਹਾਂ ਪਕੜ ਲਿਆਂਦੇ ਆਹੇ ਉਠੇ ਦੇਇ ਦੁਹਾਈ ਸ਼ਾਹਾ ਇਹ ਨਾ ਮਾਰਨ ਜੋਗਾ ਵੱਡਾ ਜਵਾਨ ਅੱਤਾਈ ਚਾਲੀ ਜ਼ੰਗੀ ਏਸ ਹਿਕੱਲੇ ਮਾਰ ਗਵਾਏ ਖਲਿਆਂ ਐਸਾ ਸ਼ੇਰ ਜਵਾਨ ਗਵਾਵੇਂ ਕੌਣ ਕਹੇਗਾ ਭਲਿਆਂ ।(੧੯੮੦) ਹਿਕਮਤ ਪਾਕ ਖ਼ੁਦਾਵੰਦ ਵਾਲੀ ਆਪੇ ਰੱਖਣ ਵਾਲਾ ਮੂੰਹ ਬਘਿਆੜਾਂ ਦੇ ਵਿਚ ਦੇ ਕੇ ਆਪ ਰੱਖੇ ਬੁਜ਼ਗ਼ਾਲਾ ਬਾਜ਼ਾਂ ਦੇ ਹੱਥ ਦੇਇ ਕਬੂਤਰ ਆਪੇ ਫੇਰ ਛੁੜਾਂਦਾ ਯੂਨਸ ਪੇਟ ਮੱਛੀ ਦੇ ਵਿਚੋਂ ਸਾਬਤ ਰੱਖ ਮੁੜਾਂਦਾ ਅੱਗੇ ਕਹਿਰ ਤੂਫ਼ਾਨਾਂ ਵਿਚੋਂ ਜਿਸ ਬਚਾ ਲਿਆਂਦਾ ਉਹੋ ਰੱਖਣ ਵਾਲਾ ਇਥੇ ਮਿਹਰ ਜ਼ੰਗੀ ਦਿਲ ਪਾਂਦਾ ਇਸ ਜ਼ੰਗੀਆਂ ਦੇ ਬਾਦਸ਼ਾਹੇ ਦਿਲ ਪਾਈ ਰੱਬ ਮੁਹੱਬਤ ਰੁੱਖ ਲਿਓਸੁ ਸ਼ਹਿਜ਼ਾਦੇ ਤਾਈਂ ਨਾਲ਼ ਤਲਬ ਮੁਹੱਬਤ ਦੁਸ਼ਮਣ ਦੇ ਦਿਲ ਪਈ ਮੁਹੱਬਤ ਕਰਦਾ ਗ਼ੌਰ ਦਿਲਾਸਾ ਖ਼ਿਦਮਤਗਾਰ ਕੀਤਾ ਸ਼ਹਿਜ਼ਾਦਾ ਵੇਖ ਇਸ਼ਕ ਦਾ ਪਾਸਾ ਕਹਿੰਦਾ ਤੀਰ ਕਮਾਨ ਅਸਾਡੀ ਚਾ ਰਖਸੀ ਇਹ ਬੰਦਾ ਸ਼ਹਿਜ਼ਾਦਾ ਫਿਰ ਨੌਕਰ ਹੋਇਆ ਤੀਰ ਕਮਾਣੇ ਸੰਦਾ ਯਾਰ ਸ਼ਹਿਜ਼ਾਦੇ ਦੇ ਸਭ ਵੰਡੇ ਕੁੱਝ ਕਿਸੇ ਕੁੱਝ ਕਿਸੇ ਦਸ ਜ਼ੰਗੀਆਂ ਦੇ ਬਾਦਸ਼ਾਹੇ ਦੀ ਧੀ ਦੇ ਆਏ ਹਿੱਸੇ ਜੋ ਲੜਕੀ ਦੇ ਹਿੱਸੇ ਆਏ ਉਸ ਨੂੰ ਹਾਜ਼ਰ ਕੀਤੇ ਕਰ ਕੇ ਅਦਬ ਸਲਾਮ ਸ਼ਹਾਨਾ ਬੈਠੇ ਹੋਇ ਚੁਪੀਤੇ ਸ਼ਾਹਜ਼ਾਦੀ ਉਹ ਬੰਦੇ ਤੱਕ ਕੇ ਆਪਣੇ ਕੋਲ ਬੁਲਾਏ ਹਾਲ ਹਕੀਕਤ ਪੁੱਛਣ ਲੱਗੀ ਕੌਣ ਤੁਸੀਂ ਕਿਉਂ ਆਏ ਜੋ ਉਨ੍ਹਾਂ ਪਰ ਗੁਜ਼ਰੀ ਆਹੀ ਦੱਸੀ ਖੋਲ ਕਹਾਣੀ ਰੂਪ ਅਨੂਪ ਸ਼ਹਿਜ਼ਾਦੇ ਵਾਲਾ ਨਾਲੇ ਅਕਲ ਜਵਾਨੀ ।(੧੯੯੦) ਸੈਫ਼-ਮਲੂਕ ਆਹਾ ਜਿਸ ਰੰਗ ਦਾ ਤੈਸਾ ਆਖ ਸੁਣਾਇਆ ਜ਼ੰਗੀ ਦੀ ਸ਼ਾਹਜ਼ਾਦੀ ਤਾਈਂ ਇਸ਼ਕ ਮਵਾਤਾ ਲਾਇਆ ਇਸ਼ਕ ਨਹੀਂ ਹਿਕ ਵੇਖਣ ਉੱਤੇ ਸੁਣਿਆਂ ਭੀ ਉਠ ਲਗਦਾ ਮੰਤਰ ਰੂਮੀ ਵਾਲੇ ਵਾਂਙੂ ਛੁਰਾ ਕਲੇਜੇ ਵਗਦਾ ਜ਼ੰਗੀ ਦੀ ਸ਼ਾਹਜ਼ਾਦੀ ਤਾਈਂ ਲੱਗਾ ਇਸ਼ਕ ਨਰੋਇਆ ਸੇਜ ਉੱਤੇ ਸੈ ਪੇਚ ਕਰੇਂਦੀ ਪਿਆ ਦਿਲੇ ਵਿਚ ਟੋਇਆ ਰਾਤ ਦਿਨੇ ਆਰਾਮ ਨਾ ਉਸ ਨੂੰ ਰਹਿੰਦੀ ਤਲੀ ਪਸੀਲੇ ਸੈਫ਼-ਮਲੂਕ ਪਿਓ ਥੀਂ ਘਿੰਨਾਂ ਪਈ ਵਿਚਾਰੇ ਹੀਲੇ ਆਦਮ ਭੇਜ ਪਿਓ ਨੂੰ ਕਹਿੰਦੀ ਮਨ ਮੇਰਾ ਇਹ ਭਾਣਾ ਹਿਕ ਇਹ ਨਫ਼ਰ ਮੈਨੂੰ ਜੇ ਬਖ਼ਸ਼ੋ ਦਾਨ ਲੱਖਾਂ ਦਾ ਜਾਣਾਂ ਬੇਟੀ ਦੀ ਤੱਕ ਖ਼ਵਾਹਿਸ਼ ਭਾਰੀ ਕਹਿੰਦਾ ਬਾਬਲ ਜ਼ੰਗੀ ਇਸ ਬੰਦੇ ਬਿਨ ਬੇਟੀ ਮੈਂ ਥੀਂ ਚੀਜ਼ ਨਹੀਂ ਕੋਈ ਚੰਗੀ ਹੁਣ ਇਹ ਉਸ ਨੂੰ ਦੇਣਾ ਬਿਹਤਰ ਨਾ ਕੁੱਝ ਉਜ਼ਰ ਬਹਾਨਾ ਸੈਫ਼-ਮਲੂਕ ਕੀਤਾ ਉਸ ਸ਼ਾਹੇ ਬੇਟੀ ਵੱਲ ਰਵਾਨਾ ਜਾ ਪਹੁਤਾ ਤਾਂ ਜ਼ੰਗਣ ਬੀਬੀ ਡਿੱਠਾ ਖ਼ੂਬ ਸ਼ਹਿਜ਼ਾਦਾ ਚੰਗਿਆੜੀ ਥੀਂ ਭਾਂਬੜ ਬਲਿਆ ਹੋਇਆ ਇਸ਼ਕ ਜ਼ਿਆਦਾ ਬਿਸਮਿਲਾ ਬਿਸਮਿਲਾ ਕਰਕੇ ਉਪਰ ਤਖ਼ਤ ਬਹਾਇਆ ਆਪੂੰ ਭੀ ਚੜ੍ਹ ਬੈਠੀ ਕੋਲੇ ਚੰਨ ਨੂੰ ਗਰਿਹਨ ਲਾਇਆ ਲਾਡ ਕਰੇਂਦੀ ਢੁੱਕ ਢੁੱਕ ਬਹਿੰਦੀ ਕਹਿੰਦੀ ਹੇ ਦਿਲਜਾਨੀ ਬਣ ਬਣ ਦੱਸੇ ਮੇਰੇ ਜੇਹੀ ਡਿੱਠੀ ਆ ਕੋਈ ਜ਼ਨਾਨੀ ।(੨੦੦੦) ਤੂੰ ਸ਼ੁਹਦਾ ਪਰਦੇਸੀ ਬੰਦਾ ਇਹ ਨਿਅਮਤ ਤੁਧ ਕਿਥੋਂ ਐਵੇਂ ਫਿਰ ਫਿਰ ਮੋਇਓਂ ਕੁਥਾਵੇਂ ਤਾਲਿਅ ਜਾਗੇ ਮੈਥੋਂ ਤੂੰ ਚੰਦਰ ਮੈਂ ਜ਼ੁਹਰਾ ਵਾਂਗਰ ਦੋਹਾਂ ਨਈ ਜਵਾਨੀ ਸਾਇਤ ਨੇਕ ਫਿਰੀ ਹੁਣ ਤੇਰੀ ਹੋਈ ਅੱਜ ਕੁਰਬਾਨੀ ਤੂੰ ਗੁਲਬਨ ਮੈਂ ਚੰਬੇ ਡਾਲ਼ੀ ਮੈਂ ਮੋਤੀ ਤੂੰ ਹੀਰਾ ਤੂੰ ਅਲਵਾਨ ਸੁਰਖ਼ ਮੈਂ ਨੈਨੂੰ ਮੈਂ ਸਾਲੂ ਤੂੰ ਚੀਰਾ ਜੋੜੀ ਅੱਜ ਖ਼ੁਦਾਵੰਦ ਜੋੜੀ ਤੂੰ ਰਾਜਾ ਮੈਂ ਰਾਣੀ ਮੈਂ ਬਿਨ ਅੱਗੇ ਤੁਧ ਹਿਕੱਲਿਆਂ ਕਿਉਂ ਕਰ ਉਮਰ ਵਿਹਾਣੀ ਸੈਫ਼-ਮਲੂਕ ਡਿੱਠਾ ਉਸ ਵੱਲੋਂ ਕੀ ਕੁੱਝ ਨਜ਼ਰੀਂ ਆਇਆ ਮੂੰਹ ਤਵੇ ਦੇ ਥੱਲੇ ਵਾਂਗਰ ਉਸ ਥੀਂ ਰੰਗ ਸਵਾਇਆ ਕਾਠੇ ਸੰਗ ਦੇ ਜਿਉਂ ਕਰ ਕਾਲਾ ਹੁੰਦਾ ਸੜਕੇ ਕੋਲਾ ਪਰ ਉਹ ਭੀ ਕੁੱਝ ਪੱਕਾ ਹੁੰਦਾ ਮੂੰਹ ਉਸ ਦਾ ਸੀ ਪੋਲਾ ਹਾਥੀ ਵਾਂਙੂ ਅੱਖੀਂ ਲੱਥੀਆਂ ਰੱਤੀਆਂ ਸੁਣ ਰੱਤ ਚਵਾਈ ਗੱਲ੍ਹਾਂ ਆਫਰ ਆਫਰ ਹੋਈਆਂ ਜਿਉਂ ਸਾਵਣ ਦੀ ਜਾਈ ਹਾਥੀ ਵਾਂਙੂ ਨੱਕ ਮੂੰਹੇਂ ਤੇ ਡੱਡੂ ਜਿਤਨਾ ਚੈੜਾ ਦੰਦ ਭੀ ਹਾਥੀ ਹਾਰ ਦਿਸਾਲਣ ਸੁਖ਼ਨ ਦੂਜਾ ਹੈ ਭੈੜਾ ਵਾਲ਼ ਗੱਲ੍ਹਾਂ ਤੇ ਮੱਥੇ ਕੰਨੀਂ ਸੂਈਆਂ ਵਾਂਗਰ ਦਿਸਦੇ ਹੋਠ ਮੋਟੇ ਤੇ ਪਿਲ ਪਿਲ ਕਰਦੇ ਇਹ ਫਿਸਦੇ ਕੀ ਫਿਸਦੇ ਕਰਾਂ ਧਿਆਨ ਬਿਆਨ ਨਾ ਬਹੁਤਾ ਮੱਤ ਤੱਬਅ ਹੋ ਘੋਰੀ ਗੰਦੀ ਬੂ ਹਵਾੜ ਨਿਕਲਦੀ ਜਿਉਂ ਦੋਜ਼ਖ਼ ਦੀ ਮੋਰੀ ।(੨੦੧੦) ਖੋਤੇ ਵਾਂਗਰ ਕੰਨ ਖਲੋਤੇ ਠੋਡੀ ਵੱਡੀ ਸਾਰੀ ਨਾਸਾਂ ਮਿਸਲ ਭੜੋਲੇ ਦਿਸਣ ਸੀਂਢ ਜਿਨ੍ਹਾਂ ਥੀਂ ਜਾਰੀ ਗਰਦਨ ਕਾਲੀ ਜ਼ੰਗਣ ਵਾਲੀ, ਮਿਸਲ ਪਹਾੜੀ ਕਾਵਾਂ ਡੌਲੇ ਭੈੜੀ ਡੌਲੇ ਡੋਲੇ ਜਿਥੋਂ ਤੀਕਰ ਬਾਹਵਾਂ ਕੱਛਾਂ ਦੀ ਕੀ ਗੱਲ ਸੁਣਾਵਾਂ ਭਰੀ ਹੋਈ ਬਦਬੋਈ ਡੰਗਰ ਜਿਵੇਂ ਤਰੱਕਣ ਜੂਹੇ ਤਕ ਨਾ ਧਰਦਾ ਕੋਈ ਕਾਲ਼ੀ ਗੰਜਾਂ ਵਾਲੀ ਨਾਲ਼ੀ ਜਿਉਂ ਕਰ ਘੇਰਾ ਬਿੱਗ ਦਾ ਬਗ਼ਲਾਂ ਦੀ ਬਦਬੋਈ ਕੋਲੋਂ ਟਾਪੂ ਘਾਹ ਨਾ ਉਗਦਾ ਸੜੀ ਹੋਈ ਬਦਬੋਈ ਐਸੀ ਘਾ ਨਾ ਟਾਪੂ ਜੰਮੇ ਛਾਤੀ ਉਪਰ ਮਸ਼ਕਾਂ ਵਾਂਗੂੰ, ਲਮਕੇ ਹੋਏ ਮੰਮੇ ਕਾਲੀ ਜ਼ੰਗਨ ਸੁਰਖ਼ ਨਾੜਾਂ ਸਨ ਦਿਸਣ ਵਾਂਗੂੰ ਜੋਕਾਂ ਗਲ ਵਿਚ ਜ਼ੁਲਫ਼ਾਂ ਬੋਅ ਮਚਾਈ ਜਿਉਂ ਪਿਆਜ਼ੀ ਭੂਕਾਂ ਅੰਬਰੀ ਤੇ ਕਾਫ਼ੂਰੀ ਮਣਕੇ ਜੋ ਗੱਲ ਪਾਵਣ ਨਾਰਾਂ ਮੋਤੀ ਕਲੀਆਂ ਹਾਰ ਬਣਾਂਦੇ ਪਾਵਣ ਨਾਲ ਪਿਆਰਾਂ ਇਨ੍ਹਾਂ ਸ਼ੈਆਂ ਦੇ ਬਦਲੇ ਉਸ ਨੇ ਕੀ ਕੁੱਝ ਹਾਰ ਬਣਾਇਆ ਅੰਬਰ ਤੇ ਕਾਫ਼ੂਰੇ ਬਦਲੇ ਹਿੰਗ ਦਾ ਮਣਕਾ ਪਾਇਆ ਮੋਤੀ ਬਦਲੇ ਗੰਢੇ ਚਿੱਟੇ ਸਿਲੇ ਚਾ ਪਿਆਜ਼ੀ ਕਲੀਆਂ ਬਦਲੇ ਥੋਮੇ ਕਲੀਆਂ ਦਮ ਦਮ ਸੀ ਬੂ ਤਾਜ਼ੀ ਵੇਖਦਿਆਂ ਜੀਉ ਕੱਚਾ ਹੁੰਦਾ ਡਾਕਰ ਡਾਕਰ ਮਰੀਏ ਜੋ ਚਾਹੇ ਸੁ ਚਾ ਬਣਾਵੇ ਰੱਬ ਡਾਹਢੇ ਥੀਂ ਡਰੀਏ ।(੨੦੨੦) ਭਾਰੇ ਚੌੜੇ ਪੈਰ ਐਵੇਂ ਜਿਉਂ ਥੰਮ ਦੋਜ਼ਖ਼ ਦੀ ਕੁਰਸੀ ਟੰਗਾਂ ਥੰਮ ਦੋਜ਼ਖ਼ ਦੇ ਕਾਲੇ ਢਿਡ ਵੱਡਾ ਕੀ ਟੁਰਸੀ ਕਾਲੀ ਭੂਤਨੀ ਡਾਇਣ ਵਾਂਗੂੰ ਜਿਉਂ ਕਰ ਕਾਲਾ ਪੂਲਾ ਦਹਸ਼ਤ ਖਾਂਦਾ ਵੇਖਣ ਵਾਲਾ ਭੈੜਾ ਕਰਦਾ ਰੂਲਾ ਹੋਰ ਅੱਗੇ ਤਾਰੀਫ਼ ਜ਼ੰਗਣ ਦੀ ਲਾਜ਼ਿਮ ਨਹੀਂ ਸੁਣਾਵਣ ਡਰ ਲਗਦਾ ਮੱਤ ਆਸ਼ਿਕ ਸੁਣ ਕੇ ਨਾਰੀਂ ਥੀਂ ਚਿੱਤ ਚਾਵਣ ਸੈਫ਼-ਮਲੂਕ ਕਿਹਾ ਮੈਂ ਅੱਗੇ ਹਰ ਮੁਸ਼ਕਿਲ ਵਿਚ ਵੱਲ ਸਾਂ ਤੈਨੂੰ ਵੇਖ ਪਿਆ ਦਿਲ ਸੌੜਾ ਹਾਏ ਹੁਣ ਕਿਤ ਵਲ ਚਲਸਾਂ ਜਿਸ ਵੇਲੇ ਕੋਈ ਦਿੱਸਣ ਲੱਗਣ ਤੇਰੇ ਜੇਹੀਆਂ ਬਲਾਈਂ ਬਾਦਸ਼ਾਹੀ ਦੀ ਦੌਲਤ ਦੇ ਕੇ ਕਹੀਏ ਰੱਖ ਛੁਪਾਈਂ ਕਰ ਕਰ ਰਹੀ ਸ਼ਿੰਗਾਰ ਬਤੇਰੇ ਸੈਫ਼-ਮਲੂਕ ਨਾ ਤਕਦਾ ਮੂੰਹ ਮਰੋੜੇ ਤੇ ਅੱਖੀਂ ਮੀਟੇ ਬਹੁਤ ਜਦੋਂ ਫਿਰ ਅਕਦਾ ਨਾਲੇ ਗੱਲ ਸ਼ਹਿਜ਼ਾਦੇ ਵਾਲੀ ਬਹੁਤ ਬੁਰੀ ਉਸ ਲੱਗੀ ਨਾ ਉਮੀਦ ਹੋਈ ਨਹੀਂ ਮੰਨਦਾ ਪੇਟ ਛੁਰੀ ਉਸ ਲੱਗੀ ਜ਼ੰਗਣ ਗ਼ੁੱਸੇ ਹੋ ਫ਼ੁਰਮਾਇਆ ਇਨ੍ਹਾਂ ਨੂੰ ਲੈ ਜਾਓ ਹਰ ਵੇਲੇ ਇਹ ਰਹਿਣ ਨਾ ਵਿਹਲੇ ਚੱਕੀ ਖ਼ੂਬ ਪਿਹਾਓ ਜ਼ੰਗੀਆਂ ਪਕੜ ਲਏ ਉਹ ਬੰਦੇ ਚਾ ਜੁੜਾਈਆਂ ਚੱਕੀਆਂ ਨਾਜ਼ੁਕ ਹੱਥ ਅਮੀਰ ਸ਼ਹਿਜ਼ਾਦੇ ਪੀਹਣ ਜਵਾਰਾਂ ਮੱਕੀਆਂ ਪੀਹ ਪੀਹ ਚੱਕੀਆਂ ਬਾਹਾਂ ਥੱਕੀਆਂ ਪੁਰ ਪੁਰ ਉਠੇ ਛਾਲੇ ਕਹਿਰ ਨਜ਼ੂਲਾਂ ਦੇ ਮੂੰਹ ਆਏ ਰਾਜ ਕਮਾਵਣ ਵਾਲੇ ਰਤੂ ਨਾਲ਼ ਹੋਵਣ ਹੱਥ ਰੱਤੇ ਛਾਲੇ ਭਰ ਭਰ ਫਿਸਦੇ ਕਿਸ ਕਿਸ ਨਾਲ਼ ਕੀਤੀ ਘੱਟ ਇਸ ਨੇ ਇਸ਼ਕ ਲੱਥਾ ਘੱਟ ਜਿਸਦੇ ਜਾਂ ਉਹ ਬਹੁਤ ਹੋਏ ਦਰਮਾਂਦੇ ਤੱਕ ਤੱਕ ਜ਼ੰਗੀ ਹੱਸਦੇ ਸਭਨਾਂ ਤਬਰ ਹੱਥਾਂ ਵਿਚ ਦਿੱਤੇ ਲੱਕੜਾਂ ਦਾ ਕੰਮ ਦਸਦੇ ।(੨੦੩੦) ਫੜਕੇ ਤਬਰ ਗਏ ਵਿਚ ਜੂਹੇ ਨਾ ਕੁੱਝ ਉਜ਼ਰ ਬਹਾਨੇ ਚੀਰਨ ਲੱਕੜੀਆਂ ਦਿਨ ਸਾਰਾ ਖੜਨ ਬਾਵਰਚੀ ਖ਼ਾਨੇ ਰਾਤ ਪਏ ਤਾਂ ਚੁੱਕੀ ਜੁਗੜਨ ਮਰ ਮਰ ਪੀਂਹਦੇ ਦਾਣੇ ਏਸੇ ਤਰ੍ਹਾਂ ਅਜ਼ਾਬਾਂ ਅੰਦਰ ਚਾਲੀ ਰੋਜ਼ ਵਿਹਾਣੇ ਸੈਫ਼-ਮਲੂਕ ਸ਼ਹਿਜ਼ਾਦਾ ਹਿਕ ਦਿਨ ਯਾਰਾਂ ਨੂੰ ਫ਼ੁਰਮਾਂਦਾ ਯਾਰੋ ਜੇ ਸੌ ਬਰਸ ਏਵੇਂ ਹੀ ਕਰੀਏ ਕੰਮ ਇਨ੍ਹਾਂ ਦਾ ਫਿਰ ਭੀ ਨਹੀਂ ਖ਼ਲਾਸੀ ਕਰਦੇ ਆਓ ਨੱਸ ਖਲੋਈਏ ਧਰਤੀ ਤੇ ਨਹੀਂ ਨੱਸਣ ਦਿੰਦੇ ਦਰਿਆਵੇ ਅੰਦਰ ਪੋਈਏ ਇਹ ਸਲਾਹ ਪਸੰਦ ਤਮਾਮਾਂ ਕੀਤੀ ਨਾਲ਼ ਇਰਾਦੇ ਕਹਿੰਦੇ ਆਫ਼ਰੀਨ ਹਜ਼ਾਰਾਂ ਅਕਲ ਤੇਰੀ ਸ਼ਹਿਜ਼ਾਦੇ ਸ਼ਹਿਜ਼ਾਦੇ ਹਿਕ ਯਾਰਾਂ ਵਿਚੋਂ ਪਾਸ ਜ਼ੰਗਣ ਦੇ ਘੱਲਿਆ ਜੋ ਕੁੱਝ ਮੁੱਕਰ ਫ਼ਰੇਬ ਪੜ੍ਹਾਇਆ ਦੇਣ ਸੁਨੇਹਾ ਚੱਲਿਆ ਜਾ ਕਹਿੰਦਾ ਉਸ ਜ਼ੰਗਣ ਤਾਈਂ ਮੈਂ ਘੱਲਿਆ ਸ਼ਹਿਜ਼ਾਦੇ ਕਹਿਓਸੁ ਕਰੋ ਜ਼ਹੀਰ ਨਾ ਸਾਨੂੰ ਔਖੇ ਹੋਏ ਜ਼ਿਆਦੇ ਜੋ ਕੁੱਝ ਖ਼ਵਾਹਿਸ਼ ਤੇਰੀ ਹੋਸੀ ਸੋਈਓ ਮੈਂ ਹੁਣ ਮੰਨਸਾਂ ਫ਼ਰਕ ਨਾ ਕਰਸਾਂ ਹੁਕਮ ਤੇਰੇ ਵਿਚ ਤਾਬਿਅ ਤੇਰੀ ਬਣਸਾਂ ਤੀਰ ਤਬਰ ਤਲਵਾਰ ਕਮਾਨਾਂ ਦੇ ਹਥਿਆਰ ਅਸਾਨੂੰ ਦਸ ਦਿਨ ਹੋਰ ਗੁਜ਼ਾਰ ਮਿਲਾਂਗੇ ਤਲਬ ਸ਼ਿਕਾਰ ਅਸਾਨੂੰ ਸੁਣ ਕੇ ਇਹ ਸੁਨੇਹਾ ਜ਼ੰਗਣ ਬਹੁਤ ਹੋਈ ਖ਼ੁਸ਼ਹਾਲੀ ਭੇਜ ਦਿੱਤੇ ਹਥਿਆਰ ਉਨ੍ਹਾਂ ਦੇ ਹੋਰ ਘੱਲੀ ਕੁੱਝ ਡਾਲੀ ।(੨੦੪੦) ਉਸ ਪਹਾੜੋਂ ਬਾਰਾਂ ਸਿੰਗੇ ਕੋਹ ਕੇ ਖ਼ੂਬ ਪਕਾਏ ਪੰਜ ਦਰਿਆਈ ਮੱਛ ਵਡੇਰੇ ਉਹ ਭੀ ਚਾ ਤਲਾਏ ਭੇਜੀ ਇਹ ਮਹਿਮਾਨੀ ਕਰਕੇ ਸੈਫ਼-ਮਲੂਕੇ ਤਾਈਂ ਦਸਾਂ ਦਿਨਾਂ ਨੂੰ ਮਿਲਣਾ ਕੀਤਾ ਬੈਠੀ ਚਾਈਂ ਚਾਈਂ ਸੈਫ਼-ਮਲੂਕ ਸ਼ਿਕਾਰ ਬਹਾਨੇ ਛੱਡ ਗਿਆ ਉਸ ਥਾਵੇਂ ਟੱਲਾ ਮੁਹਕਮ ਬੰਨ੍ਹ ਕਰ ਬੈਠੇ ਠਿੱਲ੍ਹ ਪਏ ਦਰਿਆਵੇਂ ਯਾਰਾਂ ਸਣੇ ਸਵਾਰ ਟੱਲੇ ਤੇ ਹੋ ਟੁਰਿਆ ਸ਼ਹਿਜ਼ਾਦਾ ਕੈਦੋਂ ਰੱਬ ਖ਼ਲਾਸੀ ਬਖ਼ਸ਼ੀ ਕਰਦੇ ਸ਼ੁਕਰ ਜ਼ਿਆਦਾ ਤਰੈ ਦਿਹਾੜੇ ਟੱਲੇ ਉੱਤੇ ਰੁੜ੍ਹਦੇ ਗਏ ਸ਼ਿਤਾਬੀ ਚੌਥੇ ਰੋਜ਼ ਵਹੀ ਫਿਰ ਅੱਗੋਂ ਹੋਰ ਕਜ਼ਾ ਵਹਾਬੀ ਆਈ ਬਾਝ ਨਾ ਮਰਦਾ ਕੋਈ ਜੇ ਡਿੱਗੇ ਅਸਮਾਨੋਂ ਤੋੜੇ ਵਿਚ ਸਮੁੰਦਰ ਡੁੱਬੇ ਖ਼ੌਫ਼ ਨਹੀਂ ਕੁੱਝ ਜਾਨੋਂ ਆਈ ਦੇ ਦਿਨ ਬਚਦਾ ਨਾਹੀਂ ਜੇ ਸੌ ਪਾਈਏ ਭੋਰੇ ਲੱਖ ਦਵਾ ਹਿਕ ਕੱਖ ਨਾ ਲਗਦੀ ਹੱਥੋਂ ਬਣਦੀ ਮਹੁਰੇ ਚੌਥੇ ਰੋਜ਼ ਪੰਖੇਰੂ ਕੋਈ ਉੱਡਦਾ ਉੱਡਦਾ ਆਇਆ ਕੱਦ ਉਹਦਾ ਕੀ ਆਖ ਸੁਣਾਵਾਂ ਅੰਤ ਨਾ ਜਾਂਦਾ ਪਾਇਆ ਪੰਜਾ ਮਾਰ ਇਸ ਪੰਖੀ ਟੱਲਾ ਚਾ ਹਵਾ ਵਿਚ ਖਿੜਿਆ ਯਾਰ ਰਹੇ ਸਭ ਟੱਲੇ ਉੱਤੇ ਸ਼ਹਿਜ਼ਾਦਾ ਮੁੜ ਝੜਿਆ ਪਾਣੀ ਵਿਚ ਹਵਾਈਓਂ ਗਿਰਿਆ ਉੱਚੀ ਜਾਈਓਂ ਆਇਆ ਡੁੱਬ ਗਿਆ ਦਰਿਆ ਦੇ ਥੱਲੇ ਰੱਖੀਂ ਬਾਰ ਖ਼ੁਦਾਇਆ ।(੨੦੫੦) ਗ਼ੋਤੇ ਖਾਂਦਾ ਮਰ ਮਰ ਜਾਂਦਾ ਪੜ੍ਹਦਾ ਨਾਮ ਇਲਾਹੀ ਹਿੰਮਤ ਕਰਦਾ ਬਾਹੀਂ ਤਰਦਾ ਤਾਰੂ ਮਰਦ ਸਿਪਾਹੀ ਜ਼ੋਰਾਵਰੀ ਸ਼ਹਿਜ਼ਾਦੇ ਵਾਲੀ ਗਿਣਤਰ ਵਿਚ ਨਾ ਆਵੇ ਰੱਬ ਦੇ ਪਾਲੇ ਭਲੇ ਭਲੇਰੇ ਕੌਣ ਸ਼ੁਮਾਰ ਲਿਆਵੇ ਰਾਖਾ ਇਸ਼ਕ ਆਹਾ ਵਿਚ ਦੇਹੀ ਨਹੀਂ ਤਾਂ ਕੀਕਰ ਬਚਦਾ ਰਚਦਾ ਇਸ਼ਕ ਜਿਥੇ ਫਿਰ ਓਥੇ ਕਾਤਿਲ ਮਹੁਰਾ ਪਚਦਾ ਯੁਮਨ ਇਸ਼ਕ ਦਾ ਹਰ ਕੋਈ ਜਾਣੇ ਗੱਲ ਨਹੀਂ ਇਹ ਗੁੱਝੀ ਸੱਸੀ ਪੈਰ ਚੁਰੇ ਵਿਚ ਧਰਿਆ ਚੁਰ ਅੱਗੇ ਦੀ ਬੁੱਝੀ ਰੋਡਾ ਵੱਢ ਨਦੀ ਵਿਚ ਸੁੱਟਿਆ ਤਾਂ ਭੀ ਨਾਹਾ ਮੋਇਆ ਆ ਮਹਿਬੂਬਾਂ ਦੇ ਦਰਵਾਜ਼ੇ ਫੇਰ ਸਵਾਲੀ ਹੋਇਆ ਸ਼ਾਹ ਸ਼ਮਸ ਦੀ ਖੱਲ ਲੁਹਾਈ ਅੱਡੀ ਚੋਟੀ ਤਾਈਂ ਜ਼ਿੰਦੇ ਰਹੇ ਨਾ ਮੋਏ ਮੂਲੇ ਕਿਤਨੇ ਗਿਣ ਸੁਣਾਈਂ ਜੋ ਹਿਕ ਵਾਰੀ ਮਰ ਕੇ ਜੀਵੇ ਫੇਰ ਉਨ੍ਹਾਂ ਕੀ ਮਰਨਾ ਦੁਨੀਆਂ ਉਤੋਂ ਜਿਸ ਦਿਨ ਭਾਵੇ ਉਸ ਦਿਨ ਪੜਦਾ ਕਰਨਾ ਬਾਅਜ਼ੇ ਆਸ਼ਿਕ ਹੁਣ ਤੱਕ ਜ਼ਿੰਦੇ ਦੁਨੀਆਂ ਉੱਤੇ ਵਸਦੇ ਖ਼ਾਸਾਂ ਤਾਈਂ ਜ਼ਾਹਿਰ ਦੱਸਦੇ ਆਮਾਂ ਭੇਤ ਨਾ ਦੱਸਦੇ ਰਾਂਝੇ ਹੀਰ ਸਿਆਲੇ ਵਾਲੀ ਇਹੋ ਗੱਲ ਸੁਣੇਂਦੇ ਚੁੱਪ ਮੁਹੰਮਦ ਬਾਤ ਅਜੇਹੀ ਨਾਹੀਂ ਬਹੁਤ ਪੁਣੇਂਦੇ ਮਖ਼ਫ਼ੀ ਸਿਰ ਖ਼ੁਦਾਵੰਦ ਜਾਣੇ ਆਪ ਨਾ ਪੜਦਾ ਚਾਂਦਾ ਬੰਨੇ ਲਾ ਸ਼ਹਿਜ਼ਾਦੇ ਤਾਈਂ ਉਹ ਹੈ ਰੁੜ੍ਹਦਾ ਜਾਂਦਾ ।(੨੦੬੦) ਪਾਣੀ ਅੰਦਰ ਤਰਦੀ ਰੁੜ੍ਹਦੀ ਲੱਕੜ ਹਿਕ ਹੱਥ ਆਈ ਹੋ ਅਸਵਾਰ ਲੱਕੜ ਪਰ ਬੈਠਾ ਨਈਂ ਵਿਚ ਰੁੜ੍ਹਦਾ ਜਾਈ ਦਸ ਦਿਨ ਤੇ ਦੱਸ ਰਾਤੀਂ ਰੁੜ੍ਹਿਆ ਫੇਰ ਲੱਗਾ ਜਾ ਦੰਦੇ ਦੰਦੇ ਤੇ ਕੋਹ ਕਾਫ਼ ਵਡੇਰਾ ਵਾਂਗ ਅਸਮਾਨ ਬੁਲੰਦੇ ਨਾ ਕੋਈ ਪਤਨ ਨਾ ਕੋਈ ਬੇੜਾ ਕਿਧਰੇ ਪੈਰ ਨਾ ਲਗਦਾ ਉਪਰ ਦੰਦਾ ਸਿਰ ਤਲਵਾਇਆ ਹੇਠ ਸਮੁੰਦਰ ਵਗਦਾ ਮੇਵੇਦਾਰ ਦਰਖ਼ਤ ਦੰਦੇ ਤੇ ਨਾਲ਼ ਫੁੱਲਾਂ ਦੇ ਗੁੰਦੇ ਸ਼ਾਖ਼ਾਂ ਪੇਚ ਜ਼ੁਲਫ਼ ਦੇ ਵਾਂਗਰ ਫੁੱਲ ਮਹਿਬੂਬਾਂ ਬੁੰਦੇ ਡਾਲੀਆਂ ਬਾਹਾਂ ਪੰਜੇ ਵਾਂਗਰ ਪਤ ਨਦੀ ਪਰ ਡਾਲੇ ਹੱਥ ਦੇ ਸ਼ਹਿਜ਼ਾਦੇ ਤਾਈਂ ਉਪਰ ਖਿੱਚਣ ਵਾਲੇ ਸ਼ਹਿਜ਼ਾਦੇ ਨੇ ਹਿੰਮਤ ਕਰਕੇ ਡਾਲਾਂ ਨੂੰ ਚਾ ਫੜਿਆ ਲੱਕੜ ਓਥੇ ਖ਼ੂਬ ਫਸਾਈ ਆਪ ਰੁੱਖੇ ਤੇ ਚੜ੍ਹਿਆ ਦੋ ਦਿਨ ਤੇ ਦੋ ਰਾਤੀਂ ਓਥੇ ਭੁੱਖਾ ਤੇ ਤਰਿਹਾਇਆ ਰੁੱਖੇ ਉੱਤੇ ਛਪਿਆ ਰਿਹਾ ਕਰ ਪੱਤਾਂ ਦਾ ਸਾਇਆ ਤਰੀਜੇ ਰੋਜ਼ ਦੁਪਹਿਰਾਂ ਵੇਲੇ ਅਯਦਹਾ ਹਿਕ ਆਇਆ ਕੋਹ ਕਾਫ਼ਾਂੇ ਤੂੰ ਲਹਿ ਕੇ ਉਸ ਨੇ ਆਣ ਨਦੀ ਮੂੰਹ ਲਾਇਆ ਸ਼ਹਿਜ਼ਾਦਾ ਉਸ ਡਿੱਠਾ ਨਾਹੀਂ ਨਦੀਓਂ ਪਾਣੀ ਪੀਤਾ ਫੇਰ ਪਹਾੜੇ ਵੱਲ ਮੂੰਹ ਕਰਕੇ ਟੁਰਿਆ ਪਰਤ ਚੁਪੀਤਾ ਅਯਦਹਾ ਕੰਡ ਦਿੱਤੀ ਜਾਂਦਾ ਉਸ ਵੱਲੋਂ ਮੂੰਹ ਫੇਰੀ ਸ਼ਾਹ ਤਵੁੱਕਲ ਰੱਬ ਦਾ ਕਰਕੇ ਕੀਤੀ ਚਾ ਦਲੇਰੀ ।(੨੦੭੦) ਪੂਛਲ ਉਸ ਦੀ ਨੂੰ ਹੱਥ ਪਾਇਆ ਮੁਹਕਮ ਕਰਕੇ ਫੜਿਆ ਇਸ ਸਬੱਬ ਪਹਾੜੇ ਉੱਤੇ ਸਹੀ ਸਲਾਮਤ ਚੜ੍ਹਿਆ ਜਦੋਂ ਪਹਾੜ ਉੱਤੇ ਚੜ੍ਹ ਗਿਆ ਦੁੰਬ ਉਸ ਦਾ ਛੱਡ ਦਿੱਤਾ ਛੁਪ ਗਿਆ ਸ਼ਾਹ ਰੁੱਖਾਂ ਅੰਦਰ ਗਿਆ ਸੱਪ ਕੰਡ ਦਿੱਤਾ ਮੇਵੇ ਪੱਕੇ ਸਨ ਇਸ ਜਾਈ ਖ਼ੂਬ ਅੰਜੀਰ ਖਜੂਰਾਂ ਖਾਧੇ ਜੋ ਕੁੱਝ ਖ਼ਵਾਹਿਸ਼ ਆਹੀ ਬੈਠਾ ਵਾਂਗ ਸਬੂਰਾਂ ਪਾਣੀ ਭਿੰਨੀ ਜੋ ਪੁਸ਼ਾਕੀ ਓਥੇ ਬੈਠ ਸੁਕਾਈ ਘੜੀ ਆਰਾਮ ਕੀਤਾ ਉਸ ਜਾਈ ਅੱਖ ਜ਼ਰਾ ਹਿਕ ਲਾਈ ਜਾਗ ਪਿਆ ਤਾਂ ਯਾਦ ਪਿਓਸੁ ਮਾਪੇ ਸਾਇਦ ਭਾਈ ਨਾਲੇ ਹੋਰ ਅਸ਼ਨਾ ਪਿਆਰੇ ਸੱਜਣ ਯਾਰ ਵਫ਼ਾਈ ਇਸ ਸੌਣੇ ਦੇ ਬਦਲੇ ਅੱਖੀਂ ਹੰਝੂ ਭਰ ਭਰ ਰੋਇਆ ਕਰੇ ਤਿਆਰੀ ਮਾਰ ਕਟਾਰੀ ਮਰੀਏ ਬਿਹਤਰ ਮੋਇਆ ਫੇਰ ਕਹੇ ਇਹ ਮਰਨਾ ਮੰਦਾ ਆਪੂੰ ਕਪਣ ਗਾਟਾ ਮੌਤ ਹਰਾਮ ਸ਼ਰੀਅਤ ਅੰਦਰ ਅਗਲੇ ਜੱਗ ਦਾ ਘਾਟਾ ਫੇਰ ਸਬਰ ਕਰ ਟੁਰਿਆ ਓਥੋਂ ਦਮ ਦਮ ਰੱਬ ਚਿਤਾਰੇ ਇਸ ਜੰਗਲ਼ ਵਿਚ ਤੁਰਦੇ ਤੁਰਦੇ ਅੱਠੇ ਪਹਿਰ ਗੁਜ਼ਾਰੇ ਦੂਜੇ ਰੋਜ਼ ਹੋਇਆ ਦਿਨ ਰੌਸ਼ਨ ਸਾਰੀ ਜੂਹ ਸੁਹਾਈ ਰੁੱਖ ਪਹਾੜ ਸੁਨਹਿਰੀ ਡਿਠੇ ਧਰਤੀ ਝਿਲਮਿਲ ਲਾਈ ਮੇਵੇਦਾਰ ਦਰਖ਼ਤ ਅਜਾਇਬ ਹਰ ਹਰ ਪਾਸੇ ਪੱਕੇ ਹਿਕ ਥੀਂ ਹਿਕ ਰਸੀਲਾ ਦਿਸਦਾ ਜਿਸ ਜਿਸ ਤਰਫ਼ੇ ਤੱਕੇ ।(੨੦੮੦) ਸ਼ਾਖ਼ਾਂ ਤੋੜ ਬਣਾਵੇ ਖ਼ਰਚੀ ਕੁੱਝ ਬੱਧੇ ਵਿਚ ਲੀੜੇ ਕੀ ਤੱਕਦਾ ਹਿਕ ਪਾਸੋਂ ਆਏ ਵੱਡੇ ਵੱਡੇ ਕੀੜੇ ਕੁੱਝ ਕੁੱਝ ਵੱਡੇ ਕੁੱਤੇ ਜਿੱਡੇ ਕੁੱਝ ਮਿਸਲ ਬਘਿਆੜੇ ਸ਼ਹਿਜ਼ਾਦੇ ਨੂੰ ਖਾਵਣ ਧਾਏ ਚੜ੍ਹਿਆ ਨੱਸ ਪਹਾੜੇ ਉਸੇ ਵਕਤ ਹਿਕ ਪੰਖੀ ਆਇਆ ਵੱਡਾ ਕੱਦ ਸ਼ੁਮਾਰੋਂ ਕੀੜੇ ਚੁਣ ਖਾਧੇ ਉਸ ਸਾਰੇ ਖ਼ਾਲੀ ਪੇਟ ਅੰਬਾਰੋਂ ਜਾਂ ਉਹ ਉੱਡਣ ਉੱਤੇ ਹੋਇਆ ਸ਼ਹਿਜ਼ਾਦੇ ਕਰ ਹਿੰਮਤ ਪਕੜੇ ਪੈਰ ਉਹਦੇ ਬਹੁੰ ਤਕੜੇ ਉਡਿਆ ਲਾ ਉਹ ਕੁੱਵਤ ਸ਼ਹਿਜ਼ਾਦੇ ਦਾ ਭਾਰ ਉਸ ਪੰਖੀ ਕੱਖੇ ਜੇਡ ਨਾ ਜਾਤਾ ਉੱਡ ਹਵਾਏ ਅੰਦਰ ਜਾਂਦਾ ਛੱਡ ਜ਼ਿਮੀਂ ਦਾ ਹਾਤਾ ਕਈਂ ਪਹਾੜਾਂ ਉਤੋਂ ਲੰਘਿਆ ਕਈ ਟਾਪੂ ਦਰਿਆਵਾਂ ਹਿਕ ਜੰਗਲ਼ ਵਿਚ ਆਇਆ ਅੱਗੋਂ ਵੱਡਾ ਦਰਖ਼ਤ ਉਚਾਵਾਂ ਹੇਠ ਉਹਦੇ ਜਾ ਬੈਠਾ ਪੰਖੀ ਪੈਰ ਸ਼ਹਿਜ਼ਾਦੇ ਛੱਡੇ ਛੱਡਣ ਸਾਥ ਗਿਆ ਛੁਪ ਓਥੇ ਝਿੰਗੜ ਆਹੇ ਵੱਡੇ ਉਸ ਪੰਖੀ ਦਾ ਨਾਮ ਕਿਤਾਬੀਂ ਕੋਹ-ਪੈਕਰ ਕਰ ਕਹਿੰਦੇ ਓਥੇ ਸਨ ਦੋ ਬੱਚੇ ਉਸ ਦੇ ਰੁੱਖੇ ਉੱਤੇ ਰਹਿੰਦੇ ਜਾਂ ਪੰਖੀ ਚੜ੍ਹ ਰੱਖ ਤੇ ਬੈਠਾ ਸ਼ਹਿਜ਼ਾਦਾ ਕੀ ਤੱਕਦਾ ਬਾਸ਼ਕ ਨਾਗ ਕੋਹ ਕਾਫ਼ੋਂ ਢਲਿਆ ਆਇਆ ਵਾਓ ਭਖਦਾ ਕੋਹ-ਪੈਕਰ ਨੇ ਬੱਚੇ ਆਪਣੇ ਜੰਗਲ਼ ਵਿਚ ਛੁਪਾਏ ਆਪ ਲੜਾਈ ਉਸ ਦੀ ਕਾਰਨ ਆ ਹੱਥ ਪੈਰ ਹਿਲਾਏ ।(੨੦੯੦) ਕੋਹ-ਪੈਕਰ ਦੇ ਰੁੱਖੇ ਉੱਤੇ ਬਾਸ਼ਕ ਨਾਗ ਆ ਚੜ੍ਹਿਆ ਪੰਖੀ ਕੋਹ-ਪੈਕਰ ਭੀ ਅੱਗੋਂ ਤਕੜਾ ਹੋ ਕੇ ਲੜਿਆ ਕੀਤਾ ਜੰਗ ਨਿਸੰਗ ਦੋਹਾਂ ਨੇ ਮਾਰੇ ਚੰਗ ਪੰਖੇਰੂ ਸੱਪ ਕੁਲ-ਮਾਰ ਅੰਗਿਆਰ ਮੂੰਹੇਂ ਥੀਂ ਮਾਰੇ ਹੋਇ ਚੌਫੇਰੂ ਪੰਖੀ ਝੁਟੀਆਂ ਮਾਰੇ ਛੜੀਆਂ ਉਸ ਨੇ ਚੌਬੀਂ ਫੜੀਆਂ ਚੁੰਝ ਚਲਾਏ ਪੰਜ ਚਲਾਏ ਪੰਜ ਪੰਜ ਜਾਈ ਜੜੀਆਂ ਨਾਗ ਨਾ ਜਾਵੇ ਭਾਗ ਜ਼ੋਰਾਵਰ ਅੱਗ ਜ਼ਹਿਰ ਦੇ ਵੱਲੋਂ ਮਾਰੇ ਡੰਗ ਵਿਸ ਅੰਗ ਸਮਾਏ ਤੰਗ ਕਰੇ ਇਸ ਗੱਲੋਂ ਲੱਗੀ ਲੜਾਈ ਨਾਗ ਅੜਾਏ ਹੋਵੇ ਚੜ੍ਹਾਈ ਦਮ ਦਮ ਝੱਲਣ ਫੱਟਾਂ ਕਰਦੇ ਝੁੱਟਾਂ ਮਾਰਨ ਸੱਟਾਂ ਜਮ ਜਮ ਕੜ ਕੜ ਕੜਕੇ ਪਰ ਪਰ ਉਹਦਾ ਕੋਹ-ਪੈਕਰ ਜਦ ਵੱਜਦਾ ਫੜ ਫੜ ਭੜਕੇ ਅੱਗ ਮੂੰਹੇਂ ਥੀਂ ਨਾਗ ਜਦੋਂ ਫਿਰ ਭੱਜਦਾ ਓੜਕ ਡੰਗ ਚਲਾਇਆ ਨਾਗੇ ਮਾਰ ਲਿਆ ਕੋਹ-ਪੈਕਰ ਦੁਸ਼ਮਣ ਦਾ ਦਮ ਪੀ ਫਿਰ ਲੋੜੇ ਬੱਚੇ ਖ਼ੂਨੀ ਅਜ਼ਗਰ ਝੰਗੀ ਝੱਲਾਂ ਉਜਾੜਾਂ ਫਿਰਦਾ ਨਾਗ ਗ਼ੁੱਸੇ ਨੇ ਚਾਇਆ ਆਖੇ ਤੁਖ਼ਮ ਗੁਆਵਾਂ ਉਸ ਦਾ ਜਿਸ ਇਹ ਜੰਗ ਮਚਾਇਆ ਵੈਰੀ ਤੇ ਹੱਥ ਪੈਂਦਾ ਜਿਸਦਾ ਇਹੋ ਜੇਹੀ ਕਰੇਂਦਾ ਬੱਚਾ ਕੱਚਾ ਜਾਨ ਨਾ ਛੱਡਦਾ ਚੁਣ ਚੁਣ ਮੂਲ ਮਰੇਂਦਾ ਚੌਹਾਂ ਦਿਨਾਂ ਦੀ ਹਿਰਸੇ ਬਦਲੇ ਸਿਤਮ ਦੂਏੇ ਤੇ ਕਰਨਾ ਝੂਠਾ ਦਾਈਆ ਕੀ ਮੁਹੰਮਦ ਇਸ ਨੇ ਹੋਸੀ ਮਰਨਾ ।(੨੧੦੦) ਸ਼ਹਿਜ਼ਾਦੇ ਦੇ ਪਾਸੇ ਆਇਆ ਨਾਗ ਜਦੋਂ ਕਰ ਫੇਰਾ ਨੱਸ ਗਿਆ ਉਹ ਛੁਪਿਆ ਛੁਪਿਆ ਓਥੋਂ ਪੰਧ ਘਣੇਰਾ ਛੁਪਿਆ ਹੋਇਆ ਵੇਖੇ ਦੂਰੋਂ ਨਾਗ ਜਿਧਰ ਮੂੰਹ ਕਰਦਾ ਬੂਟੇ ਘਾਹ ਸੜਨ ਰੁੱਖ ਓਥੋਂ ਏਡਾ ਜੋਸ਼ ਜ਼ਹਿਰ ਦਾ ਸੜ ਭੁੱਜੀ ਉਹ ਜੂਹ ਤਮਾਮੀ ਜਿਸ ਜਿਸ ਪਾਸੇ ਭਵਿਆਂ ਬਾਸ਼ਕ ਨਾਗ ਇਹ ਕਾਰਜ ਕਰਕੇ ਫੇਰ ਪਿਛਾਹਾਂ ਰਵਿਆਂ ਸੈਫ਼-ਮਲੂਕ ਇਸ ਜੂਹੇ ਅੰਦਰ ਸਿਰ ਧੜ ਬਹੁਤੇ ਡਿੱਠੇ ਕਈ ਪਛਾਤੇ ਆਪਣੇ ਪਿਛਲੇ ਯਾਰ ਪਿਆਰੇ ਮਿੱਠੇ ਸਿਰ ਧੜ ਯਾਰਾਂ ਵਾਲੇ ਤੱਕ ਕੇ ਰਤੂ ਭਰ ਭਰ ਰੋਇਆ ਸਿਰ ਮੂੰਹ ਪੂੰਝੇ ਤੇ ਗੱਲ ਲਾਏ ਓਥੋਂ ਰੁਖ਼ਸਤ ਹੋਇਆ ਹਿਕ ਲੱਗਾ ਗ਼ਮ ਯਾਰਾਂ ਵਾਲਾ ਦੂਜਾ ਭੁੱਖਾ ਤੱਸਾ ਇਸ ਕੋਹ ਕਾਫ਼ੋਂ ਲਹਿਣਾ ਔਖਾ ਕੰਮ ਹੋਇਆ ਬੇ ਵੱਸਾ ਜਿਸ ਖ਼ੈਬਰ ਦੀ ਸਖ਼ਤ ਚੜ੍ਹਾਈ ਉਸ ਥੀਂ ਬੁਰੀ ਲੁਹਾਈ ਲਹਿਣ ਨਾ ਹੁੰਦਾ ਔਖੇ ਹੋ ਕੇ ਚੜ੍ਹ ਜਾਈਏ ਜਿਸ ਜਾਈ ਪੰਖੀ ਨੇ ਚੁੱਕ ਆਂਦਾ ਆਹਾ ਸ਼ਹਿਜ਼ਾਦਾ ਇਸ ਜਾਈ ਪੈਰੀਂ ਟੁਰਕੇ ਲਹਿਣਾ ਆਇਆ ਬੜੀ ਮੁਸੀਬਤ ਪਾਈ ਮੁੜ ਮੁੜ ਰੋਵੇ ਯਾਰਾਂ ਤਾਈਂ ਡਾਹਢੇ ਦਰਦ ਉਬਾਲੋਂ ਪੱਥਰ ਭੀ ਗਲ ਹੁੰਦਾ ਪਾਣੀ ਸ਼ਹਿਜ਼ਾਦੇ ਦੇ ਹਾਲੋਂ ਕਹਿੰਦਾ ਹਾਇ ਹਾਇ ਯਾਰ ਪਿਆਰੇ ਦਰਦ ਵੰਡਾਵਣ ਵਾਲੇ ਮਾਪਿਆਂ ਘਰ ਲਡਿਕੇ ਆਹੇ ਖ਼ੁਸ਼ੀਆਂ ਕਰ ਕਰ ਪਾਲੇ ।(੨੧੧੦) ਕੋਈ ਅਮੀਰ ਕੋਈ ਸ਼ਹਿਜ਼ਾਦੇ ਕੁੱਝ ਵਜ਼ੀਰਾਂ ਜਾਏ ਮੇਰੇ ਪਿੱਛੇ ਘਰ ਦਰ ਮਾਪੇ ਦੇਸ ਵਤਨ ਛੱਡ ਆਏ ਹਿਕ ਦਮ ਮੈਂ ਥੀਂ ਜੁਦਾ ਨਾ ਹੁੰਦੇ ਸੈ ਸਖ਼ਤੀ ਸਿਰ ਸਹਿੰਦੇ ਜੇ ਮੇਰਾ ਸਿਰ ਤੱਤਾ ਹੋਵੇ ਖਲੇ ਸਿਰੇ ਤੇ ਰਹਿੰਦੇ ਸਭੇ ਅੱਧੇ ਹੋ ਹੋ ਜਾਂਦੇ ਖਾਣੋਂ ਪੀਣੋਂ ਰਹਿੰਦੇ ਮਰੀਏ ਅਸੀਂ ਸ਼ਹਿਜ਼ਾਦਾ ਜੀਵੇ ਨਾਲ਼ ਪਿਆਰਾਂ ਕਹਿੰਦੇ ਉਹੋ ਗੱਲ ਬਰਾਬਰ ਹੋਈ ਇਹ ਗਏ ਮੈਂ ਰਿਹਾ ਇਹ ਅਫ਼ਸੋਸ ਉਨ੍ਹਾਂ ਦਾ ਮੈਨੂੰ ਕਦੇ ਨਾ ਹੋਸੀ ਬੇਹਾ ਖ਼ਿਦਮਤ ਮੇਰੀ ਕਰਦੇ ਆਹੇ ਨਾਲ਼ ਮੁਹੱਬਤ ਖ਼ਾਸੀ ਹਾਏ ਹਾਏ ਰੱਬਾ ਕਿਥੋਂ ਮਿਲਸਣ ਐਸੇ ਯਾਰ ਇਖ਼ਲਾਸੀ ਮੈਂ ਕਮ-ਬਖ਼ਤ ਨਾ ਮੋਇਆ ਆਪੂੰ ਜਿਸ ਇਹ ਭਾਂਬੜ ਬਾਲੇ ਕਾਹਨੂੰ ਨਾਲ਼ ਲਿਆਂਦੇ ਆਹੇ ਕਿਤਨੇ ਝੁੱਗੇ ਗਾਲੇ ਹਿਕ ਰੁੜ੍ਹੇ ਦਰਿਆਵਾਂ ਅੰਦਰ ਖਾਧੇ ਕੁੱਝ ਬਲਾਈਂ ਕੁੱਝ ਲੜਾਈਆਂ ਅੰਦਰ ਮਾਰੇ ਮੇਰੀਆਂ ਮੰਨ ਰਜ਼ਾਈਂ ਇਹ ਸ਼ੁਹਦੇ ਆ ਮੋਏ ਇਥੇ ਕੋਹ ਕਾਫ਼ਾਂ ਦੀ ਚੋਟੀ ਗੋਰ ਜ਼ਨਾਜ਼ਾ ਕਫ਼ਨ ਨਾ ਹੋਇਆ ਨਾ ਚਲੀਹਾ ਨਾ ਰੋਟੀ ਮਾਪਿਆਂ ਘਰ ਉਡੀਕਾਂ ਹੋਸਣ ਸਭ ਹੋਸਣ ਦਿਨ ਗਿਣਦੇ ਦਰਦ ਫ਼ਿਰਕੋਂ ਹੰਝੂ ਮੋਤੀ ਟੱਪੇ ਭਰ ਭਰ ਮਿਣਦੇ ਹਿਕ ਇਕੱਲਾ ਰਹਿਓਸੁ ਨਿਮਾਣਾ ਮਾਰੇ ਯਾਰ ਪਿਆਰੇ ਕੌਣ ਕਰੇ ਉਪਰਾਲੇ ਸਰਫ਼ੇ ਕੌਣ ਵੰਡੇ ਦੁੱਖ ਭਾਰੇ ।(੨੧੨੦) ਖ਼ਬਰ ਨਹੀਂ ਕਿਸ ਜਾਈ ਮੈਂ ਭੀ ਵਾਂਗ ਇਨ੍ਹਾਂ ਦੇ ਮਰਸਾਂ ਕੀ ਜਾਣਾਂ ਦੀਦਾਰ ਸੱਜਣ ਦਾ ਕਰਸਾਂ ਯਾ ਨਾ ਕਰਸਾਂ ਇਹ ਸਭ ਯਾਰ ਪਿਆਰੇ ਕਿੱਥੇ ਸਿਰ-ਸਦਕਾ ਦਿਲਬਰ ਦਾ ਆਪਣੀ ਜਾਨ ਤਲ਼ੀ ਪਰ ਰੱਖੀ ਉਹ ਭੀ ਹਾਜ਼ਿਰ ਕਰਦਾ ਯਾਰਾਂ ਕੋਲੋਂ ਵਿਦਿਆ ਹੋਇਆ ਯਾਰ ਅੱਗੋਂ ਰੱਬ ਮੇਲ਼ੀ ਤੁਸਾਂ ਅਸਾਂ ਹੁਣ ਆਖ਼ਿਰ ਮੇਲਾ ਸਭਨਾਂ ਅੱਲਾ ਬੇਲੀ ਬਹੁਤ ਮੁਸੀਬਤ ਸਹ ਕੇ ਲੱਥਾ ਉਸ ਕੋਹ ਕਾਫ਼ ਬੁਰੇ ਤੋਂ ਅੱਗੋਂ ਸਖ਼ਤ ਉਜਾੜੀਂ ਆਈਆਂ ਕੱਸ ਬਰੇ ਤੇ ਰੇਤੋਂ ਮੇਵੇ ਖਾਂਦਾ ਪਾਣੀ ਪੀਂਦਾ ਕਰਦਾ ਯਾਦ ਇਲਾਹੀ ਨਾ ਕੋਈ ਸ਼ਹਿਰ ਗਿਰਾਂ ਨਾ ਆਦਮ ਨਾ ਮਿਲਦਾ ਕੋਈ ਰਾਹੀ ਹੋਰ ਦਰਿੰਦੇ ਅਤੇ ਚਰਿੰਦੇ ਮਿਲਦੇ ਵੱਧ ਹਿਸਾਬੋਂ ਸੈਫ਼-ਮਲੂਕ ਨਾ ਰੱਤੀ ਡਰਦਾ ਮਸਤ ਪਰੇਮ ਸ਼ਰਾਬੋਂ ਗੋਰੇ ਪੀ ਸ਼ਰਾਬ ਬਰਾਂਡੀ ਤੋਪੋਂ ਮੂਲ ਨਾ ਡਰਦੇ ਜਿਨ੍ਹਾਂ ਸ਼ੌਕ ਸੁਰਾਹੀ ਪੀਤੀ ਭੈ ਕਿਸ ਥੀਂ ਉਹ ਕਰਦੇ ਹੱਥੋਂ ਡਰਨ ਸ਼ਹਿਜ਼ਾਦੇ ਕੋਲੋਂ ਆਦਮ ਸ਼ੇਰ ਬਲਾਈਂ ਝਾਲ ਇਕਬਾਲ ਕਮਾਲ ਉਹਦੇ ਦੀ ਨਾਹੀਂ ਹਾਈਂ ਮਾਈਂ ਆਸ਼ਿਕ ਆਲਿਮ ਮਰਦ ਜ਼ੋਰਾਵਰ ਨਾਲੇ ਸੀ ਸ਼ਹਿਜ਼ਾਦਾ ਖ਼ੁਸ਼ ਆਵਾਜ਼ੀ ਬਰਕ ਅੰਦਾਜ਼ੀ ਨਾਲੇ ਹੁਸਨ ਜ਼ਿਆਦਾ ਬੜਾ ਜਵਾਨ ਸ਼ੁਜਾਇਤ ਭਰਿਆ ਹੱਥ ਸਖ਼ਾਵਤ ਵਾਲਾ ਦਾਨਿਸ਼ਮੰਦ ਪੋਸ਼ਾਕੇ ਵੱਲੋਂ ਦਿਸਦਾ ਮਰਦ ਉਜਾਲਾ ।(੨੧੩੦) ਇਨ੍ਹਾਂ ਸਿਫ਼ਤਾਂ ਵਿਚੋਂ ਜੇਕਰ ਹਿਕ ਕਿਸੇ ਵਿਚ ਹੋਵੇ ਉਸ ਤੋਂ ਭੀ ਕੋਈ ਪੈ ਨਾ ਸਕਦਾ ਦਿਲ ਕਰ ਜਦੋਂ ਖਲੋਵੇ ਹਿਕ ਹਿਕ ਸਿਫ਼ਤ ਇਨ੍ਹਾਂ ਥੀਂ ਆਹੀ ਖ਼ਾਸੀ ਸਾਏ ਵਾਲੀ ਜਿਸ ਵਿਚ ਇਹ ਤਮਾਮੀ ਹੋਵਣ ਉਸ ਦਾ ਸਾਇਆ ਆਲੀ ਆਸ਼ਿਕ ਅੱਗੇ ਤਾਬਿਅ ਹੋਵਣ ਜੀਉ ਜੰਤ ਸਹਿਰਾਈਂ ਤੋੜੇ ਕਰ ਇਕੱਠਿਆਂ ਰੱਖੇ ਬੱਕਰੀਆਂ ਸ਼ੀਂਹ ਗਾਈਂ ਮਜਨੂੰ ਕੋਲ ਪਹਾੜੀ ਉੱਤੇ ਹਰਦਮ ਬੈਠੇ ਸੁੱਤੇ ਸ਼ੀਂਹ ਬਘਿਆੜ ਬਰੇਡੇ ਗਿੱਦੜ ਰਹਿੰਦੇ ਆਹੇ ਕੁੱਤੇ ਜਿਸ ਨੂੰ ਆਖੇ ਆਵਣ ਦੇਵਣ ਕੋਲ ਉਹਦੇ ਬਹਿ ਜਾਵੇ ਦੂਰੋਂ ਮੋੜ ਹਟਾਵਣ ਪਿਛੇ ਜਿਹੜਾ ਇਸ ਨਾ ਭਾਵੇ ਤਾਹੀਏਂ ਸੈਫ਼-ਮਲੂਕੇ ਤਾਈਂ ਆਫ਼ਤ ਕੋਈ ਨਾ ਮਾਰੇ ਸਿਰ ਨੀਵਾਂ ਕਰ ਚੱਲਣ ਅੱਗੋਂ ਜਿਸ ਵੱਲ ਨਜ਼ਰ ਗੁਜ਼ਾਰੇ ਇਸ ਜੰਗਲ਼ ਵਿਚ ਟੁਰਦੇ ਟੁਰਦੇ ਕਿਤਨੇ ਰੋਜ਼ ਲੰਘਾਏ ਹਿਕ ਦਿਨ ਫ਼ਜਰੀਂ ਸ਼ਹਿਰ ਚੁਬਾਰੇ ਦੂਰੋਂ ਨਜ਼ਰੀ ਆਏ ਨਾਲੇ ਸ਼ੁਕਰ ਬਜਾ ਲਿਆਵੇ ਨਾਲੇ ਸੀ ਭਉ ਖਾਂਦਾ ਖ਼ਬਰ ਨਹੀਂ ਕੀ ਲਿਖਿਆ ਮਿਲਸੀ ਹੋਗ ਇਹ ਸ਼ਹਿਰ ਕਿਨ੍ਹਾਂ ਦਾ ਤੁਰਦਾ ਤੁਰਦਾ ਨੇੜੇ ਆਇਆ ਆ ਪਹੁਤਾ ਦਰਵਾਜ਼ੇ ਡਿੱਠਾ ਸ਼ਹਿਰ ਵੱਡਾ ਬੇ ਹੱਦਾ ਬਾਗ਼ ਚੌਫੇਰੇ ਤਾਜ਼ੇ ਹਰ ਹਰ ਜਾਈ ਨਹਿਰਾਂ ਵਗਣ ਫੁੱਲੇ ਫਲ਼ ਹਜ਼ਾਰਾਂ ਡਾਲੇ ਉਡ ਜ਼ਿਮੀਂ ਪਰ ਆਂਦੇ ਮੇਵੇ ਸੇਬ ਅਨਾਰਾਂ ।(੨੧੪੦) ਖ਼ੂਬ ਤਰ੍ਹਾਂ ਦੀ ਰੌਣਕ ਬਾਗ਼ੀਂ ਜ਼ੀਨਤ ਜ਼ੇਬ ਤਮਾਮੀ ਚੌਕ ਇਰਾਕ ਬਣੇ ਵਿਚ ਉਮਦੇ ਖ਼ਾਸੇ ਹੁਜਰ ਹਮਾਮੀ ਸਭਨੀਂ ਗੱਲੀਂ ਬਾਗ਼ ਚੰਗੇਰਾ ਆਦਮ ਵਿਚ ਨਾ ਕੋਈ ਫ਼ਿਕਰ ਪਿਆ ਜੋ ਸੁਝਦੀ ਆਹੀ ਸ਼ਾਇਦ ਓਹੋ ਹੋਈ ਆਦਮ ਬਾਝੋਂ ਧਰਤ ਨਾ ਸੋਭੇ ਜ਼ੇਬ ਜ਼ਿਮੀਂ ਦਾ ਈਹਾ ਜਿਸ ਬਾਗ਼ੇ ਵਿਚ ਜਿਣਸ ਨਾ ਦਿੱਸੇ ਓਥੇ ਬਹਿਣਾ ਕੇਹਾ ਸ਼ਹਿਜ਼ਾਦਾ ਲੰਘ ਗਿਆ ਅਗੇਰੇ ਬਾਗ਼ੇ ਵਿਚ ਨਾ ਵੜਿਆ ਸ਼ਹਿਰੇ ਦੇ ਦਰਵਾਜ਼ੇ ਪਹੁਤਾ ਲੋੜੇ ਅੰਦਰ ਵੜਿਆ
39. ਰਫਤਨਿ ਸ਼ਾਹਜ਼ਾਦਾ ਦਰ ਸ਼ਹਿਰਿ ਜ਼ਨਾਂ ਵਾ ਆਸ਼ਿਕ ਸ਼ੁਦਨਿ ਸ਼ਾਹਿ ਜ਼ਨਾਂ ਵਾ ਰਫਤਨਿ ਸ਼ਹਿਜ਼ਾਦਾ ਅਜ਼ ਆਂਜਾ ਬ-ਵਾਦੀਏ ਸਹਿਮਨਾਕ (ਸ਼ਹਿਜ਼ਾਦੇ ਦਾ ਜ਼ਨਾਨੇ ਸ਼ਹਿਰ ਵਿਚ ਅਪੜਨਾ ਤੇ ਓਥੋਂ ਦੀ ਸੁਲਤਾਨਾ ਦਾ ਉਹਦੇ ਤੇ ਆਸ਼ਿਕ ਹੋ ਜਾਣਾ)
ਕੀ ਤੱਕਦਾ ਦਰਵਾਜ਼ੇ ਉੱਤੇ ਬੈਠੇ ਚਾਲੀ ਬੰਦੇ ਜ਼ੀਨਤ ਜ਼ੇਵਰ ਲੱਗੇ ਸਭਨਾਂ ਸੋਨੇ ਮੋਤੀ ਸੰਦੇ ਸੈਫ਼-ਮਲੂਕੇ ਬੰਦੇ ਤੱਕ ਕੇ ਹੋਈ ਜ਼ਰਾ ਤਸੱਲੀ ਕਹੇ ਸਲਾਮ-ਅਲੈਕਮ ਉਨ੍ਹਾਂ ਨੂੰ ਨਾਲ਼ ਇਬਾਰਤ ਭੱਲੀ ਕਿਹਾ ਅਲੈਕ-ਸਲਾਮ ਉਨ੍ਹਾਂ ਨੇ ਮਿੱਠੀਆਂ ਨਾਲ਼ ਜ਼ਬਾਨਾਂ ਸੁਣ ਆਵਾਜ਼ ਸ਼ਹਿਜ਼ਾਦੇ ਜਾਤਾ ਹੈ ਆਵਾਜ਼ ਜ਼ਨਾਨਾ ਮਰਦ ਨਹੀਂ ਕੋਈ ਵਿਚ ਉਨ੍ਹਾਂ ਦੇ ਹੈਣ ਇਹ ਸਭੋ ਨਾਰੀਂ ਮੱਤ ਕੋਈ ਮੱਕਰ ਫ਼ਰੇਬ ਨਾ ਹੋਵੇ ਰੱਬਾ ਖ਼ੈਰ ਗੁਜ਼ਾਰੀਂ ਵੇਖ ਜਵਾਨ ਰੰਗੀਲਾ ਸੁੰਦਰ ਉਨ੍ਹਾਂ ਭੀ ਦਿਲ ਝੜਿਆ ਸ਼ਹਿਜ਼ਾਦੇ ਥੀਂ ਪੁੱਛਣ ਲੱਗੀਆਂ ਕੌਣ ਕੋਈ ਤੂੰ ਅੜਿਆ ਆਦਮ ਹੈਂ ਯਾ ਜਿੱਨਾਂ ਵਿਚੋਂ ਯਾ ਕੋਈ ਨੂਰ ਫ਼ਰਿਸ਼ਤਾ ਬਹੁਤ ਪਸੰਦ ਅਸਾਨੂੰ ਆਇਆ ਤੇਰੀ ਸ਼ਕਲ ਸਰਿਸ਼ਤਾ ।(੨੧੫੦) ਸੈਫ਼-ਮਲੂਕ ਕਿਹਾ ਮੈਂ ਬੰਦਾ ਨਸਲ ਆਦਮ ਦੀ ਵਿਚੋਂ ਸ਼ਹਿਰ ਮਿਸਰ ਦਾ ਮੈਂ ਸ਼ਹਿਜ਼ਾਦਾ ਪੁਸ਼ਤ ਆਸਿਮ ਦੀ ਵਿਚੋਂ ਹਿਕ ਮੁਸੀਬਤ ਮੈਂ ਪਰ ਵਰਤੀ ਪਿਆ ਕਜ਼ੀਆ ਭਾਰਾ ਜੰਗਲ਼ ਤੇ ਕੋਹ ਕਾਫ਼ ਸਮੁੰਦਰ ਇਸ ਥੀਂ ਫਿਰਾਂ ਬੇਚਾਰਾ ਸੁਣ ਕੇ ਗੱਲ ਸ਼ਹਿਜ਼ਾਦੇ ਵਾਲੀ ਹੋਈ ਉਨ੍ਹਾਂ ਨੂੰ ਸ਼ਾਦੀ ਸੈਫ਼-ਮਲੂਕੇ ਨੂੰ ਲੈ ਗਈਆਂ ਕੋਲ ਆਪਣੀ ਸ਼ਹਿਜ਼ਾਦੀ ਸੈਫ਼-ਮਲੂਕ ਜਦੋਂ ਜਾ ਪਹੁਤਾ ਡਿਠੋਸੁ ਤਖ਼ਤ ਸ਼ਹਾਨਾ ਮੋਤੀਂ ਲਾਲਾਂ ਨਾਲ਼ ਜੜਾਊ ਅਜਬ ਸਫ਼ਾ ਸਭ ਖ਼ਾਨਾ ਖ਼ਿਦਮਤਗਾਰ ਚੌ ਤਰਫ਼ੀਂ ਨਾਰੀਂ ਹਰ ਹਿਕ ਫੁੱਲ ਗੁਲਾਬੀ ਤਖ਼ਤ ਉੱਤੇ ਸ਼ਹਿਜ਼ਾਦੀ ਬੈਠੀ ਚਿਹਰਾ ਵਾਂਗ ਮਤਾਬੀ ਜੋੜਾ ਅਬਰੂ ਤਾਕ ਬਹਿਸ਼ਤੀ ਯਾ ਦੋ ਸਖ਼ਤ ਕਮਾਨਾਂ ਫਿੰਮਣੀਆਂ ਜਿਉਂ ਤੀਰ ਖ਼ੁਦੰਗੀ ਘਾਇਲ ਕਰਨ ਜਵਾਨਾਂ ਜ਼ਾਲਿਮ ਨੈਣ ਕਟਾਰਾਂ ਵਾਂਗਰ ਵਿਚ ਕਜਲੇ ਦੀ ਧਾਰੀ ਵੇਖਣ ਵਾਲੇ ਨੂੰ ਕਰ ਗ਼ਮਜ਼ਾ ਸਾਂਗ ਕਲੇਜੇ ਮਾਰੀ ਸੋਹਣਾ ਕੱਦ ਸੁਹੇਲੀ ਦੇਹੀ ਨਾਜ਼ੁਕ ਸ਼ਾਖ਼ ਚੰਬੇਲੀ ਚੰਨਣ-ਬਦਨ ਗਲੇ ਵਿਚ ਬਿਸ਼ੀਅਰ ਜ਼ੁਲਫ਼ਾਂ ਇਤਰ ਫਲੇਲੀ ਜ਼ੇਵਰ ਜ਼ੇਬ ਸ਼ਹਾਨਾ ਲੱਗਾ ਕੌਣ ਸ਼ੁਮਾਰ ਸੁਣਾਵੇ ਜਿੱਤ ਵੱਲ ਮੂੰਹ ਕਰੇ ਝਲਕਾਰੋਂ ਕੰਬ ਕਲੇਜਾ ਜਾਵੇ ਸ਼ੌਕਤ ਸ਼ਾਨ ਡਿੱਠਾ ਸ਼ਹਿਜ਼ਾਦੇ ਹੋਇਆ ਤੁਰਤ ਸਲਾਮੀ ਉਹ ਭੀ ਉਠ ਖਲੋਤੀ ਤਖ਼ਤੋਂ ਕਰ ਤਅਜ਼ੀਮ ਤਮਾਮੀ ।(੨੧੬੦) ਬੀਬੀ ਦਾ ਦਿਲ ਵੇਖਦਿਆਂ ਹੀ ਹੋ ਗਿਆ ਬੇ-ਵੱਸਾ ਉਠ ਮਿਲੀ ਗਲ ਲੱਗ ਸ਼ਹਿਜ਼ਾਦੇ ਜਿਉਂ ਸ਼ਰਬਤ ਨੂੰ ਤੱਸਾ ਤਖ਼ਤੇ ਉਪਰ ਚਾੜ੍ਹ ਬਹਾਇਆ ਆਪੂੰ ਬੈਠੀ ਜੁੜ ਕੇ ਸ਼ਹਿਜ਼ਾਦੇ ਨੂੰ ਵੇਖ ਨਾ ਰਜਦੀ ਨਜ਼ਰ ਕਰੇ ਮੁੜ ਮੁੜ ਕੇ ਖ਼ਿਦਮਤਗਾਰਾਂ ਨੂੰ ਫ਼ਰਮਾਇਓਸੁ ਜਲਦ ਤੁਆਮ ਲਿਆਓ ਇਸ ਮਹਿਮਾਨ ਪਿਆਰੇ ਤਾਈਂ ਮੇਰੇ ਨਾਲ਼ ਖਿਲਾਓ ਹਾਜ਼ਿਰ ਆਣ ਹੋਏ ਉਸ ਵੇਲੇ ਖਾਣੇ ਬਾਦਸ਼ਹਾਨੇ ਕੁਲੀਏ ਯਖ਼ਣੀ ਅਤੇ ਮੁਤੰਜਨ ਹੋਰ ਪੁਲਾ ਜ਼ਰਦਾਨੇ ਮਗ਼ਜ਼ ਬਾਦਾਮ ਮੁਨੱਕਾ ਪਿਸਤਾ ਮੇਵੇ ਹੋਰ ਭਲੇਰੇ ਖ਼ੂਬ ਅਚਾਰ ਮੁਰੱਬੇ ਮਿੱਠੇ ਖਾਣੇ ਚੰਗ ਚੰਗੇਰੇ ਖਾਣੇ ਖਾ ਹੋਏ ਜਦ ਫ਼ਾਰਿਗ਼ ਆਇਆ ਜੀਉ ਟਿਕਾਣੇ ਸ਼ਹਿਜ਼ਾਦੇ ਥੀਂ ਪੁੱਛਦੀ ਬੀਬੀ ਕਰ ਸੁਖ਼ਨ ਮਨ ਭਾਣੇ ਦਿੱਸੇਂ ਤੂੰ ਸ਼ਹਿਜ਼ਾਦਾ ਕੋਈ ਹੋਸੇਂ ਭੀ ਸ਼ਹਿਜ਼ਾਦਾ ਸੱਚ ਸੁਣਾ ਕਿਸ ਪਾਸਿਓਂ ਆਇਓਂ ਕਿਧਰ ਜਾਣ ਇਰਾਦਾ ਸੈਫ਼-ਮਲੂਕ ਕਿਹਾ ਸੁਣ ਬੀਬੀ ਸੋਹਣੀ ਸ਼ਾਹ ਜ਼ਨਾਂ ਦੀ ਗ਼ਲਤ ਕਿਹਾ ਮੈਂ ਸ਼ਾਹ ਜ਼ਨਾਂ ਦੀ ਹਾਕਮ ਮੁਲਕ ਮਨਾਂ ਦੀ ਸ਼ਾਹ ਆਸਿਮ ਸੁਲਤਾਨ ਵਡੇਰਾ ਮਿਸਰ ਸ਼ਹਿਰ ਦਾ ਵਾਲੀ ਮੈਂ ਹਾਂ ਬੇਟਾ ਉਸ ਦਾ ਬੀਬੀ ਗੱਲ ਦੱਸਾਂ ਸੱਚ ਵਾਲੀ ਹਾਲ ਹਕੀਕਤ ਜਿਤਨੀ ਆਹੀ ਸਾਰੀ ਕਥਾ ਸੁਣਾਈ ਆਸ ਮਿਲਣ ਦੀ ਝਾਗ ਕਜ਼ੀਏ ਆ ਪਹੁਤਾ ਇਸ ਜਾਈ ।(੨੧੭੦) ਸੁਣ ਕੇ ਗੱਲ ਕਹਾਣੀ ਸਾਰੀ ਬੀਬੀ ਨੇ ਦਿਲ ਲਾਈ ਸ਼ਹਿਜ਼ਾਦੇ ਦੀ ਖ਼ਾਤਿਰ ਕਾਰਨ ਮਜਲਿਸ ਖ਼ੂਬ ਸੁਹਾਈ ਹਰ ਹਰ ਜਾਈ ਉਦ ਧੁਖਾਏ ਖ਼ੁਸ਼ਬੂ ਗਈ ਵਿਚ ਕੋਹਾਂ ਭਰ ਪਿਆਲੇ ਮੱਧ ਪਿਆਲੇ ਹਿਕਸ ਦੂਏੇ ਨੂੰ ਦੋਹਾਂ ਰਾਗ ਸੁਹਾਗ ਬੀਬੀ ਮਨ ਭਾਂਦੇ ਕੁੜੀਆਂ ਸੋਹਲੇ ਗਾਵਣ ਚੁਟਕੀ ਤਾੜੀ ਮਾਂਘਾ ਪੌਂਦਾ ਸਾਜ਼ ਆਵਾਜ਼ ਸੁਣਾਵਣ ਐਨ ਸ਼ਹਾਨਾ ਚੈਨ ਮਚਾਇਆ ਖ਼ੁਸ਼ੀ ਰੈਣ ਗੁਜ਼ਾਰੀ ਬੀਬੀ ਸ਼ਹਿਜ਼ਾਦੇ ਸੰਗ ਕੀਤੀ ਉਲਫ਼ਤ ਬੇ-ਸ਼ੁਮਾਰੀ ਬਹੁਤ ਮੁਹੱਬਤ ਤੇ ਦਿਲਦਾਰੀ ਜਾਂ ਕੀਤੀ ਇਸ ਬੀਬੀ ਸੈਫ਼-ਮਲੂਕ ਹੋਇਆ ਦਿਲ ਖੱਲਾ ਡਾਹਡਾ ਸਫ਼ਰ-ਗ਼ਰੀਬੀ ਬੀਬੀ ਕੋਲੋਂ ਪੁੱਛਣ ਲੱਗਾ ਨਾਲ਼ ਜ਼ਬਾਨ ਕੱਰਾਰੀ ਕੀ ਕੁੱਝ ਨਾਮ ਇਸ ਦੇਸ ਦਾ ਮਲਕਾ ਕਿਸ ਦੀ ਹੈ ਸਰਦਾਰੀ ਬੀਬੀ ਕਿਹਾ ਸੁਣ ਸ਼ਹਿਜ਼ਾਦੇ ਤੇਰੀ ਜਾਨ ਸਲਾਮਤ ਹੁਸਨ ਇਕਬਾਲ ਚੜ੍ਹਾਵੇ ਹੋਵਣ ਤੀਕਰ ਰੋਜ਼ ਕਿਆਮਤ ਨਾਮ ਮੁਲਕ ਦਾ ਸ਼ਹਿਰ-ਜ਼ਨਾਂ ਦਾ ਵਸਣ ਇਸ ਵਿਚ ਨਾਰੀਂ ਮੇਰੀ ਹੈ ਸਰਦਾਰੀ ਇਥੇ ਧਰਤੀ ਸ਼ਹਿਰ ਬਾਜ਼ਾਰੀਂ ਸੈਫ਼-ਮਲੂਕ ਕਿਹਾ ਇਹ ਨਗਰੀ ਦੇਸ ਮੁਲਕ ਹਿਕ ਵਾਰੀ ਸ਼ੈਰ ਕਰਨ ਦੀ ਖ਼ਵਾਹਿਸ਼ ਮੈਨੂੰ ਤੱਕਾਂ ਫਿਰ ਕੇ ਸਾਰੀ ਜੋ ਜੋ ਏਸ ਜ਼ਿਮੀਂ ਵਿਚ ਹੋਵੇ ਸੈਰ ਅਜਾਇਬ ਕਾਈ ਜਾਵਾਂ ਤੱਕ ਅਫ਼ਸੋਸ ਨਾ ਲੱਗੇ ਜਾਂ ਕੋਈ ਗੱਲ ਸੁਣਾਈ ।(੨੧੮੦) ਬੀਬੀ ਤੁਰਤ ਮੰਗਾਏ ਘੋੜੇ ਖ਼ਾਸ ਸਵਾਰੀ ਵਾਲੇ ਚੌਕੜੀਆਂ ਥੀਂ ਰੱਜਣ ਨਾਹੀਂ ਵਾਂਗੂੰ ਹਿਰਨ ਗ਼ਜ਼ਾਲੇ ਪੋਈਏ ਵਿਚ ਨਾ ਪਹੁੰਚਣ ਦਿੰਦੇ ਵਾਓ ਪੁਰੇ ਦੀ ਤਾਈਂ ਪੈਰਾਂ ਨਾਲ਼ ਨਾ ਲੱਗਣ ਦਿੰਦੇ ਧੂੜ ਖੁਰੇ ਦੇ ਤਾਈਂ ਬੀਬੀ ਤੇ ਸ਼ਹਿਜ਼ਾਦਾ ਦੋਏੇ ਹੋਏ ਸਵਾਰ ਸ਼ਿਤਾਬੀ ਖ਼ਿਦਮਤਗਾਰਾਂ ਬੰਨ੍ਹ ਕਤਾਰਾਂ ਕੁੰਜ ਕੇ ਫੜੀ ਰਕਾਬੀ ਸ਼ਹਿਰ ਬਜ਼ਾਰਾਂ ਜਾਇ ਮਕਾਨਾਂ ਹਰ ਕੂਚੇ ਹਰ ਪਲ ਵਿਚ ਸ਼ਹਿਜ਼ਾਦੇ ਨੂੰ ਫੇਰੇ ਬੀਬੀ ਬਾਗ਼ ਬਹਾਰ ਜੰਗਲ਼ ਵਿਚ ਜਿੱਤ ਵੱਲ ਨਜ਼ਰ ਕਰੇ ਸ਼ਹਿਜ਼ਾਦਾ ਦੱਸਣ ਸੁੰਦਰ ਕੁੜੀਆਂ ਹਰ ਝਾਕੀ ਹਰ ਮਹਿਲ ਚੌਬਾਰੇ ਵਾਹ ਸ਼ਕਲਾਂ ਦਿਲ ਪੁੜੀਆਂ ਹਰ ਹਰ ਗਿਰਫੇ ਦੇ ਵਿਚ ਤੱਕਦਾ ਹਰ ਹਰ ਕਦਮ ਸਨਮ ਨੂੰ ਹਰ ਕੂਚੇ ਸੈ ਸੁੱਚੇ ਸੋਹਣੇ ਤੱਮ ਕਰਨ ਜੋ ਗ਼ਮ ਨੂੰ ਹਰ ਹੱਟੀ ਹਰ ਵਿਹੜੇ ਅੰਦਰ ਹਰ ਹਰ ਗਲੀ ਬਨੇਰੇ ਹੂਰਾਂ ਜੈਸੀ ਸੂਰਤ ਨਾਰੀਂ ਤੱਕੀਆਂ ਸ਼ਾਹ ਚੌਫੇਰੇ ਨਾਰੀਂ ਖੱਟਣ ਨਾਰੀਂ ਖਾਵਣ ਨਾਰੀਂ ਸਭ ਕੰਮ ਚਾਏ ਉਹੋ ਖ਼ਰੀਦਣ ਉਹੋ ਵੇਚਣ ਖ਼ੂਬ ਬਾਜ਼ਾਰ ਸੁਹਾਏ ਹਿਕ ਨਢੀਆਂ ਹਿਕ ਵੱਡੀਆਂ ਨਾਰੀਂ ਹਿੱਕਨਾਂ ਖ਼ੂਬ ਜਵਾਨੀ ਹਿਕ ਹਿਕਾਂ ਦੀ ਸੂਰਤ ਵਾਫ਼ਰ ਤਾਰੇ ਜਿਉਂ ਅਸਮਾਨੀ ਹਰ ਹਿਕ ਅਜਬ ਜਮਾਲ ਸ਼ਹਿਜ਼ਾਦਾ ਤੱਕਦਾ ਜਾਵੇ ਖੁੱਲ੍ਹਾ ਸਾਬਤ ਇਸ਼ਕ ਪਰੀ ਦਾ ਆਹਾ ਯਾਰ ਵੱਲੋਂ ਨਹੀਂ ਭੁੱਲਾ ।(੨੧੯੦) ਜਿਸ ਦਿਲ ਅੰਦਰ ਇਸ਼ਕ ਸਮਾਣਾ ਉਸ ਨਹੀਂ ਫਿਰ ਜਾਣਾਂ ਤੋੜੇ ਸੋਹਣੇ ਮਿਲਣ ਹਜ਼ਾਰਾਂ ਨਾਹੀਂ ਯਾਰ ਵਟਾਣਾਂ ਗ਼ਜ਼ਨੀ ਦੇ ਸੁਲਤਾਨ ਹਜ਼ਾਰਾਂ ਸੋਹਣੇ ਆਹੇ ਗੋਲੇ ਵਾਲ਼ ਅੱਯਾਜ਼ ਨਫ਼ਰ ਦੇ ਉੱਤੋਂ ਸਭਨਾਂ ਤਾਈਂ ਘੋਲੇ ਚੰਨੋਂ ਰੂਪ ਜ਼ਿਆਦਾ ਦਿੰਹ ਤੇ ਵੇਖ ਚਕੋਰ ਨਾ ਫਿਰਦਾ ਭਾਂਬੜ ਬਲਦੇ ਵੇਖ ਪਤੰਗਾ ਦੀਵਾ ਛੋੜ ਨਾ ਮਰਦਾ ਲੈਲਾਂ ਨਾਲੋਂ ਗੋਰੀਆਂ ਕੁੜੀਆਂ ਮਜਨੂੰ ਨੂੰ ਦੱਸ ਚੁੱਕੇ ਉਸ ਤੇ ਜਾਨ ਕਰੇ ਕੁਰਬਾਨੀ ਉਨ੍ਹਾਂ ਵੱਲ ਨਾ ਤੱਕੇ ਲੋਹਾ ਪੱਥਰ ਮਿਕਨਾਤੀਸੇ ਉਠ ਮਿਲਦਾ ਕਰ ਧਾਈ ਮੋਤੀ ਹੀਰੇ ਵੇਖ ਨਾ ਉਠ ਦਾ ਕੀਮਤ ਰੰਗ ਸਫ਼ਾਈ ਪੀਲ਼ਾ ਮਣਕਾ ਨੇੜੇ ਖੜੀਏ ਕੱਖ ਉਸ ਨੂੰ ਉੱਡ ਮਿਲਦੇ ਲਾਲਾਂ ਨਾਲ਼ ਨਹੀਂ ਉੱਡ ਚਿਮੜਨ ਰਾਹ ਨਿਆਰੇ ਦਿਲ ਦੇ ਯਾਰ-ਕੰਮੀ ਨਾ ਜਿਸ ਵਲ ਟੁਰਿਆ ਚੰਗਾ ਵੇਖ ਨਾ ਭੁੱਲਦਾ ਜਿਸਦਾ ਸਭ ਥੀਂ ਬਿਹਤਰ ਹੋਵੇ ਸੋ ਕਿਉਂ ਦਰ ਦਰ ਰੁਲਦਾ ਹਿਰਸ ਮਿਜਾਜ਼ੀ ਸ਼ਹਿਵਤ ਬਾਜ਼ੀ ਜਿਸ ਅੰਦਰ ਵਿਚ ਹੁੰਦੀ ਹਰ ਹਿਕ ਸੂਰਤ ਉਜਲੀ ਤੱਕ ਕੇ ਪਈ ਤਬੀਅਤ ਭੌਂਦੀ ਜਿਸ ਸਿਰ ਸਿਰ-ਇਸ਼ਕ ਦਾ ਓਥੇ ਸ਼ਹਿਵਤ ਮੂਲ ਨਾ ਵਸਦੀ ਜਿਸ ਦਿਲ ਹੁੱਬ ਸੱਜਣ ਦੀ ਉਸ ਵਿਚ ਹੁੱਬ ਨਹੀਂ ਹਰ ਕਸ ਦੀ ਅੱਗ ਨਾ ਸਾੜੇ ਕੱਖ ਜਿਨ੍ਹਾਂ ਤੇ ਰਹਿਮਤ ਬਦਲੀ ਵਸਦੀ ਐਵੇਂ ਸਿਦਕ ਨਾ ਹਾਰ ਮੁਹੰਮਦ ਵੇਖ ਤਬੀਅਤ ਹਸਦੀ ।(੨੨੦੦) ਸ਼ਹਿਵਤ ਬਾਜ਼ ਮਿਜਾਜ਼ ਹਿਰਸ ਦੇ ਨਾਜ਼ ਨਿਆਜ਼ ਨਾ ਜਾਨਣ ਰਾਜ਼ ਗੁਆਵਣ ਬਾਜ਼ ਨਾ ਆਵਣ ਹੱਥੋਂ ਬਾਜ਼ ਰਿੰਜਾਨਣ ਕਾਮਿਲ ਇਸ਼ਕ ਖ਼ੁਦਾਇਆ ਬਖ਼ਸ਼ੀਂ ਗ਼ੈਰ ਵੱਲੋਂ ਮੁੱਖ ਮੋੜਾਂ ਹਿਕੋ ਜਾਣਾਂ ਹਿਕੋ ਤੱਕਾਂ ਹਿਕੋ ਅਖੀਂ ਲੋੜਾਂ ਆਵੇ ਮਸਤੀ ਜਾਵੇ ਹਸਤੀ ਭੁਲੇ ਸ਼ਕਲ-ਪਰੱਸਤੀ ਪੈਰ ਕਸੀਰਾ ਕਿੱਥੇ ਹੋਇ ਸੋਨਾ ਇਹ ਕੁਠਾਲੀ ਜਸਤੀ ਕਿਧਰ ਰਿਹਾ ਘਾਟ ਮੁਹੰਮਦ ਕਿਧਰ ਆਈਓਂ ਤਰ ਕੇ ਕਿੱਸਾ ਸਿੱਧਾ ਸਾਫ਼ ਸੁਣਾਈਂ ਖ਼ੂਬ ਸੰਭਾਲਾ ਕਰ ਕੇ ਸੈਫ਼-ਮਲੂਕੇ ਸ਼ਹਿਰ ਮੁਲਕ ਦਾ ਕੀਤਾ ਸੈਰ ਭਲੇਰਾ ਡਿੱਠਾ ਹਿਕ ਵਿਚਕਾਰ ਸ਼ਹਿਰ ਦੇ ਗੁੰਬਦ ਬਹੁਤ ਉਚੇਰਾ ਚੋਟੀ ਉੱਚੀ ਚੰਨੇ ਤੋੜੀਂ ਪੈਰ ਜ਼ਿਮੀਂ ਪਰ ਪੱਕੇ ਰੰਗ ਸਫ਼ਾਈ ਨਜ਼ਰ ਨਾ ਠਹਿਰੇ ਸੂਰਜ ਮਿਸਲ ਚਮਕੇ ਸ਼ੀਸ਼ੇ ਫੁੱਲ ਜ਼ੋਰਦੋਜ ਤਾਰੇ ਅੰਬਰ ਜੈਸਾ ਗਿਰਦਾ ਉਹ ਕਾਇਮ ਸੀ ਦਿਹਾਂ ਰਾਤੀਂ ਅੰਬਰ ਵਾਂਗ ਨਾ ਫਿਰਦਾ ਜਿਉਂ ਕਰ ਅੰਬਰ ਉੱਤੇ ਕਰਦੇ ਗਰਦਿਸ਼ ਬੁਰਜ ਸਿਤਾਰੇ ਕਹਿਣ ਨਜੂਮੀ ਇਸ ਗਰਦਿਸ਼ ਥੀਂ ਜ਼ਾਹਿਰ ਹੋਣ ਪਸਾਰੇ ਇਸ ਵਿਚ ਭੀ ਹਿਕ ਆਹਾ ਯਾਰੋ ਗੁੱਝਾ ਸਿੱਰ ਅਜੇਹਾ ਉਹ ਭੀ ਆਖ ਸਣਾਸਾਂ ਅੱਗੇ ਜੇ ਦਮ ਜ਼ਿੰਦਾ ਰਿਹਾ ਇਸ ਗੁੰਬਦ ਦੇ ਅੰਦਰ ਆਏ ਬੀਬੀ ਤੇ ਸ਼ਹਿਜ਼ਾਦਾ ਸੈਫ਼-ਮਲੂਕ ਡਿੱਠਾ ਵਿਚ ਚਸ਼ਮਾ ਪਾਣੀ ਬਹੁਤ ਕੁਸ਼ਾਦਾ ।(੨੨੧੦) ਨਾ ਠੰਡਾ ਨਾ ਤੱਤਾ ਬਹੁਤਾ ਸੀਰ ਗਰਮ ਉਹ ਪਾਣੀ ਚਮਕਣ ਹਾਰਾ ਜਿਉਂਕਰ ਪਾਰਾ ਸਾਫ਼ ਸ਼ਕਲ ਮਨ ਭਾਣੀ ਥੋੜੀ ਥੋੜੀ ਨਜ਼ਰੀਂ ਆਵੇ ਗਰਮ ਹਵਾੜ ਨਿਕਲਦੀ ਇਉਂ ਮਲੂਮ ਹੋਵੇ ਜਿਉਂ ਮੱਠੀ ਹੇਠ ਹੁੰਦੀ ਅੱਗ ਬਲਦੀ ਸੈਫ਼-ਮਲੂਕ ਬੀਬੀ ਥੀਂ ਪੁੱਛਿਆ ਕੈਸਾ ਹੈ ਇਹ ਪਾਣੀ ਕੀ ਕੁੱਝ ਸਿਫ਼ਤ ਉਹਦੇ ਵਿਚ ਬੀਬੀ ਦੱਸੀਂ ਖੋਲ ਕਹਾਣੀ ਬੀਬੀ ਕਿਹਾ ਸੁਣ ਸ਼ਹਿਜ਼ਾਦੇ ਏਥੇ ਮਰਦ ਨਾ ਮਿਲਦਾ ਜਾਂ ਇਹ ਕੁੜੀਆਂ ਬਾਲਗ਼ ਹੋਵਣ ਮਤਲਬ ਲੋੜਣ ਦਿਲ ਦਾ ਸ਼ਹਿਵਤ ਆਣ ਕਰੇ ਜਦ ਗ਼ਲਬਾ ਇਸ ਚਸ਼ਮੇ ਵਿਚ ਨਹਾਵਣ ਲੱਜ਼ਤ ਮਰਦ ਜ਼ਨਾਨੀ ਵਾਲੀ ਪਾਣੀ ਵਿਚੋਂ ਪਾਵਣ ਨਾਲੇ ਹਮਲ ਇਨ੍ਹਾਂ ਨੂੰ ਹੋਵਣ ਪੈਦਾ ਹੋਵਣ ਧੀਆਂ ਹੁਕਮ ਰੱਬੇ ਦੇ ਨਾਲ਼ ਇਹ ਸਿਫ਼ਤਾਂ ਇਸ ਪਾਣੀ ਵਿਚ ਪਈਆਂ ਸੁਣ ਕੇ ਗੱਲ ਅਜਾਇਬ ਮੂੰਹ ਥੀਂ ਸ਼ਹਿਜ਼ਾਦਾ ਫ਼ੁਰਮਾਏ ਵਾਹ ਵਾਹ ਕਾਦਰ ਕੁਦਰਤ ਵਾਲਾ ਜਿਸ ਇਹ ਖੇਲ ਬਣਾਏ ਫੇਰ ਸ਼ਹਿਜ਼ਾਦਾ ਬੀਬੀ ਤਾਈਂ ਕਹਿੰਦਾ ਕਰ ਤਾਕੀਦਾਂ ਬੀਬੀ ਇਹ ਦਿਨ ਪਾਸ ਤੁਸਾਡੇ ਗੁਜ਼ਰਨ ਵਾਂਙੂ ਈਦਾਂ ਜਿਸ ਦੇ ਇਸ਼ਕ ਰੁਲਾਇਆ ਮੈਨੂੰ ਕੱਢ ਘਰਾਂ ਥੀਂ ਆਂਦਾ ਲੋੜਾਂ ਉਸ ਨੂੰ ਮਤਲਬ ਮੇਰਾ ਵਕਤ ਵਿਹਾਂਦਾ ਜਾਂਦਾ ਇਸ਼ਕ ਬਦੀਅ-ਜਮਾਲ ਪਰੀ ਦੇ ਦੱਸੀਆਂ ਜਾਈਂ ਸਾਨੂੰ ਦੇਹੋ ਪਿਤਾ ਨਿਸ਼ਾਨੀ ਉਸ ਦੀ ਜੇ ਕੁੱਝ ਖ਼ਬਰ ਤੁਸਾਨੂੰ ।(੨੨੨੦) ਬਾਗ਼-ਇਰਮ ਕੋਈ ਦੇਸ ਸੁਣੀਂਦਾ ਓਥੇ ਉਸ ਦਾ ਡੇਰਾ ਕਿਧਰੇ ਹੋਏ ਤੁਸਾਂ ਮੱਤ ਮਾਲਮ ਉਹ ਮਕਾਨ ਭਲੇਰਾ ਬੀਬੀ ਕਿਹਾ ਸੈਫ਼-ਮਲੂਕਾ ਨਾਮ ਸੁਣੇ ਇਹ ਤੈਂ ਥੀਂ ਬਾਗ਼-ਇਰਮ ਬਦੀਅ-ਜਮਾਲੋਂ ਖ਼ਬਰ ਪੁੱਛੇਂ ਕੀ ਮੈਂ ਥੀਂ ਇਸ ਵਲਾਇਤ ਸਾਡੀ ਅੰਦਰ ਬਾਗ਼-ਇਰਮ ਦਾ ਨਾਂਵਾਂ ਨਢੀ ਵੱਡੀ ਕੋਈ ਨਾ ਜਾਣੇ ਖ਼ਬਰ ਕਿਥੋਂ ਮੈਂ ਪਾਵਾਂ ਨਾਮ ਬਦੀਅ-ਜਮਾਲ ਪਰੀ ਦਾ ਉਹ ਭੀ ਤੁਧ ਸੁਣਾਇਆ ਅੱਗੇ ਇਤਨੀ ਉਮਰੇ ਅੰਦਰ ਸੁਣਨੇ ਵਿਚ ਨਾ ਆਇਆ ਨਹੀਂ ਸੁਣੀ ਕੋਈ ਸਿਫ਼ਤ ਉਨ੍ਹਾਂ ਦੀ ਨਾ ਕੋਈ ਗੱਲ ਕਹਾਣੀ ਐਵੇਂ ਆਖ ਖ਼ਿਲਾਫ਼ ਸ਼ਹਾਦਤ ਦਸ ਕਿਧਰ ਦੀ ਪਾਣੀ ਸੱਤ ਦਿਹਾੜੇ ਰਿਹਾ ਸ਼ਹਿਜ਼ਾਦਾ ਨਾਲ਼ ਬੀਬੀ ਰੰਗ-ਰੱਤਾ ਇਨ੍ਹਾਂ ਐਸ਼ਾਂ ਮੌਜਾਂ ਅੰਦਰ ਫੇਰ ਆਹਾ ਦਿਲ ਤੱਤਾ ਰੋ ਰੋ ਅਰਜ਼ ਕਰੇ ਰੱਬ ਸਾਈਆਂ ਮੇਲ਼ ਮੇਰੇ ਦਿਲਬਰ ਨੂੰ ਉਸ ਬਿਨ ਐਸ਼ ਨਾ ਭਾਵੇ ਕੋਈ ਕਰਾਂ ਕਬੂਲ ਸਫ਼ਰ ਨੂੰ ਅਠਵੇਂ ਰੋਜ਼ ਮੰਗੀ ਫਿਰ ਰੁਖ਼ਸਤ ਟੋਰ ਮੈਨੂੰ ਹੁਣ ਰਾਣੀ ਜਿਤਵਲ ਕਦਮ ਲਿਖੇ ਮੈਂ ਦੇਵਾਂ ਚੁਗਾਂ ਦਾਣਾ ਪਾਣੀ ਜਾਂ ਜਾਂ ਸਾਸ ਨਾ ਆਸ ਗੁਆਵਾਂ ਪਾਸ ਸੱਜਣ ਦੇ ਲਹਿਸਾਂ ਯਾ ਮਿਲਸਾਂ ਯਾ ਮਰਸਾਂ ਤਾਹੀਂ ਹੋ ਨਿਚੱਲਾ ਬਹਿਸਾਂ ਤਰਸਾਂ ਨੀਰ ਸਮੁੰਦ ਨਾ ਡਰ ਸਾਂ ਜਾਂ ਜਾਂ ਤੋੜੀ ਸਰਸਾਂ ਹਿੰਮਤ ਕਰਸਾਂ ਮੂਲ ਨਾ ਹਰਸਾਂ ਮਿਲਣੇ ਬਾਝ ਨਾ ਜਰਸਾਂ ।(੨੨੩੦) ਬੀਬੀ ਕਿਹਾ ਸੈਫ਼-ਮਲੂਕਾ ਬਹੁਤ ਤੱਕੀ ਤੁੱਧ ਸਖ਼ਤੀ ਫਿਰ ਹੁਣ ਰੱਬ ਖ਼ੁਸ਼ੀ ਵਿਚ ਆਂਦੋਂ ਕਿਉਂ ਲੋੜੇਂ ਬਦਬਖ਼ਤੀ ਰਾਜ ਹੁਕਮ ਕਰ ਬੈਠਾ ਏਥੇ ਤੇਰੇ ਸਭ ਸਲਾਮੀ ਮੈਂ ਭੀ ਨੌਕਰ ਹੋਸਾਂ ਤੇਰੀ ਦਾਵਾ ਪਕੜ ਗ਼ੁਲਾਮੀ ਹਰ ਹਿਕ ਨਾਰ ਇੱਥੇ ਜਿਉਂ ਪਰੀਆਂ ਚੰਨੇ ਜੇਹੀ ਦੇਹੀ ਜਿਹੜੀ ਚਾਹਸੇਂ ਹਾਜ਼ਿਰ ਹੋਸੀ ਫਿਰ ਇਹ ਖ਼ਵਾਹਿਸ਼ ਕੇਹੀ ਸੈਫ਼-ਮਲੂਕ ਕਿਹਾ ਸੁਣ ਬੀਬੀ ਤੁਧ ਜਾਤਾ ਕੀ ਰੁੱਖਾ ਤਖ਼ਤ ਵਲਾਇਤ ਛੋੜ ਬਦੇਸੀਂ ਫਿਰਾਂ ਰੰਨਾਂ ਦਾ ਭੁੱਖਾ ਹੂਰਾਂ ਪਰੀਆਂ ਨਾਰੀਂ ਤੱਕ ਕੇ ਯਾਰ ਵੱਲੋਂ ਨਹੀਂ ਹੱਟਸਾਂ ਦੋਏੇ ਜਹਾਨ ਲੱਭਣ ਬਿਨ ਯਾਰੋਂ ਮੋੜ ਪਿਛਾਹਾਂ ਸੱਟਸਾਂ ਬੀਬੀ ਜਾਤਾ ਸੱਚਾ ਪੱਕਾ ਆਸ਼ਿਕ ਹੈ ਦਿਲਬਰ ਦਾ ਝੱਲੇ ਗ਼ਮ ਸਨਮ ਦੀ ਖ਼ਾਤਿਰ ਐਸ਼ਾਂ ਚਿੱਤ ਨਾ ਧਰਦਾ ਲੱਗੀ ਛਿਕ ਉਦਾਸੀ ਹੋਇਆ ਮੂਲ ਨਹੀਂ ਇਸ ਰਹਿਣਾ ਰੁਖ਼ਸਤ ਕਰੀਏ ਜਿਤ ਵੱਲ ਜਾਂਦਾ ਕਾਹਨੂੰ ਮੁੜ ਮੁੜ ਕਹਿਣਾ ਖ਼ੱਚਰ ਖ਼ੂਬ ਸਵਾਰੀ ਵਾਲੀ ਕਰ ਤਿਆਰ ਮੰਗਾਈ ਜ਼ੀਨਤ ਜ਼ੀਨ ਸੁਨਹਿਰੀ ਕਰਕੇ ਹੱਛੀ ਤਰ੍ਹਾਂ ਸੁਹਾਈ ਸ਼ੀਸ਼ਾ ਆਪਣੇ ਵੇਖਣ ਵਾਲਾ ਸ਼ਹਿਜ਼ਾਦੇ ਨੂੰ ਦਿੱਤਾ ਕਿਹਾ ਜੋ ਕੋਈ ਮਿਲਸੀ ਦੇਸੀਂ ਜਾਈਂ ਚਲਾ ਕੰਡ ਦਿੱਤਾ ਗੋਲੀ ਹਿਕ ਜਵਾਨ ਸੁੰਦਰ ਤੱਕ ਨਾਲ਼ ਸ਼ਹਿਜ਼ਾਦੇ ਲਾਈ ਹੋ ਅਸਵਾਰ ਖ਼ੱਚਰ ਤੇ ਟੁਰਿਆ ਬੀਬੀ ਟੋਰਨ ਆਈ ।(੨੨੪੦) ਕਿਹਾ ਹੱਦ ਅਸਾਡੀ ਤੋੜੀ ਖ਼ਤਰਾ ਰੱਖ ਨਾ ਕੋਈ ਜਿਸ ਵੇਲੇ ਇਹ ਹੱਦ ਤੁਸਾਨੂੰ ਤੱਮ ਤਮਾਮੀ ਹੋਈ ਸ਼ੀਸ਼ਾ ਖ਼ੱਚਰ ਦੇ ਕੇ ਓਥੋਂ ਮੋੜੀਂ ਗੋਲੀ ਤਾਈਂ ਰੱਖ ਤਵੱਕਲ ਹਿਕ ਹਿਕੱਲਾ ਫਿਰ ਅੱਗੋਂ ਤੂੰ ਜਾਈਂ ਜ਼ਨਾਨੇ ਸ਼ਹਿਰ ਦੀ ਸੁਲਤਾਨਾ ਦਾ ਮਕੂਲਾ ਦੇ ਕੇ ਖ਼ਰਚ ਰਵਾਨਾ ਕੀਤਾ ਵੱਸ ਨਹੀਂ ਕੁੱਝ ਚੱਲੇ ਆਪ ਨਾ ਰਹਿੰਦਾ ਨਾਲ਼ ਨਾ ਖੜਦਾ ਮੁਸ਼ਕਿਲ ਬਣੀ ਅਵੱਲੇ ਗ਼ੈਬੋਂ ਰੱਬ ਮਿਲਾਇਆ ਬੰਨਾ ਖ਼ੁਸ਼ੀਆਂ ਰਿਹਾ ਨਾ ਬੰਨਾ ਛੱਡ ਟੁਰਿਆ ਹੁਣ ਰਹਿੰਦਾ ਨਾਹੀਂ ਲੱਖ ਸ਼ੀਰੀਨੀ ਮੰਨਾਂ ਆਪੇ ਆਇਆ ਘਰ ਸੁਹਾਇਆ ਮੈਨੂੰ ਰੱਬ ਮਿਲਾਇਆ ਸੱਟ ਟੁਰਿਆ ਹੁਣ ਝੱਟ ਅਸਾਨੂੰ ਜਾਂ ਘੱਟ ਇਸ਼ਕ ਸਮਾਇਆ ਨਾ ਕੋਈ ਆਸ ਮਿਲਣ ਦੀ ਮੁੜਕੇ ਕੌਣ ਆਏ ਇਸ ਪਾਸੇ ਛੋੜ ਗਿਆ ਨਿਹੁੰ ਤਰੋੜ ਪਿਆਰਾ ਕਰਕੇ ਕੂੜ ਦਿਲਾਸੇ ਸੋਹਣਾ ਮੱਥਾ ਰੱਜ ਨਾ ਡਿੱਠਾ ਚਿੱਠਾ ਮੇਰਾ ਗਲਿਆ ਲਅਲ ਪਿਆਰਾ ਅਪਰ ਅਪਾਰਾ ਲਾ ਚਮਕਾਰਾ ਚਲਿਆ ਠੱਗ ਗਿਆ ਲਾ ਅੱਗ ਕਲੇਜੇ ਵਗ ਥੱਕੀ ਨਹੀਂ ਅੜਿਆ ਸੁੱਖਾਂ ਕਾਰਨ ਲਾਈ ਆਹੀ ਆਣ ਦੁੱਖਾਂ ਲੜ ਫੜਿਆ ਸੈਫ਼-ਮਲੂਕ ਬੰਦੂਕ ਲਗਾਕੇ ਕੂਕ ਨਹੀਂ ਹੁਣ ਸੁਣਦਾ ਫੱਟ ਨਾ ਸੀਂਦਾ ਜ਼ਾਲਿਮ ਥੀਂਦਾ ਰੱਤ ਪੈਂਦੀ ਨਹੀਂ ਪੁਣਦਾ ਸਬਰ ਕਰਾਂਗੀ ਦੁੱਖ ਜਰਾਂਗੀ ਯਾ ਮਰਾਂਗੀ ਹਾਵੇ ਕੁੱਝ ਨਾ ਕਹਿਣਾ ਸਿਰ ਪਰ ਸਹਿਣਾ ਜੋ ਕੁੱਝ ਰੱਬ ਸਹਾਵੇ ।(੨੨੫੦) ਕਰਦ ਕਲੇਜੇ ਮਰਦ ਲਗਾਈ ਜ਼ਾਲਿਮ ਦਰਦ ਜੁਦਾਈ ਜਾਂ ਸ਼ਹਿਜ਼ਾਦਾ ਉਹਲੇ ਹੋਇਆ ਰੋਂਦੀ ਮੁੜ ਘਰ ਆਈ ਸਾਕੀ ਸੋਹਣਾ ਮੱਧ ਖਰੀ ਦਾ ਦੇ ਪਿਆਲਾ ਭਰਕੇ ਪੀਵਾਂ ਤੇ ਫਿਰ ਖੀਵਾ ਥੀਵਾਂ ਮੁੜ ਕੇ ਜੀਵਾਂ ਮਰਕੇ ਮਾਰਾਂ ਦੁਸ਼ਮਣ ਦੇਵੇ ਤਾਈਂ ਕੈਦ ਕੀਤਾ ਜਿਸ ਸੋਹਣਾ ਉਹ ਛੁੱਟੇ ਤਾਂ ਦਿਲਬਰ ਮੇਲੇ ਹੋਰ ਇਲਾਜ ਨਾ ਪੋਹਣਾ
40. ਦਾਸਤਾਨਿ ਮੁਸ਼ਕਤ ਦੀਦਨਿ ਸ਼ਾਹਜ਼ਾਦਾ ਅਜ਼ ਗੁਰਿਸਨਗੀ ਵਾ ਤਸ਼ਨਗੀ ਵਾ ਬੇ ਤਾਬ ਸ਼ੁਦਨ ਵਾ ਕਸਦਿ ਹਿਲਾਕਿ ਖ਼ੁਦ ਕਰਦਨ ਵਾ ਇਸਮਿ-ਮਅਜਮ ਫ਼ਰਮੂਦਨ ਵਾ ਸ਼ਰਬਤ ਦਾਦਨਿ ਫ਼ਰਿਸ਼ਤਾ ਊ ਰਾ (ਸ਼ਹਿਜ਼ਾਦੇ ਦਾ ਭੁੱਖ ਤਰੇਹ ਦੀ ਤਕਲੀਫ਼ ਝੱਲਣਾ ਤੇ ਬੇ ਚੈਨ ਹੋ ਕੇ ਆਪਣੇ ਆਪ ਨੂੰ ਖ਼ਤਮ ਕਰਨ ਦਾ ਇਰਾਦਾ ਕਰਨਾ। ਅਕਲ ਤੇ ਨਫ਼ਸ ਦਾ ਸ਼ਹਿਜ਼ਾਦੇ ਨੂੰ ਤਲਕੀਨ ਕਰਨਾ। ਫ਼ਰਿਸ਼ਤੇ ਦਾ ਉਹਨੂੰ ਇਸਮ ਆਜ਼ਮ ਤੇ ਸ਼ਰਬਤ ਬਖ਼ਸ਼ਣਾ)
ਹੇ ਫ਼ਜਰੇ ਦੀ ਵਾਓ ਪਿਆਰੀ ਤੂੰ ਨਿੱਤ ਸਫ਼ਰ ਤਿਆਰੀ ਹਰ ਹਰ ਸ਼ਹਿਰ ਵਲਾਇਤ ਜਾਵੇਂ ਫਿਰੇਂ ਲੋਕਾਈ ਸਾਰੀ ਬਾਗ਼ ਬਹਾਰ ਹਜ਼ਾਰਾਂ ਵੇਖੇਂ ਜੂਹਾਂ ਜੰਗਲ਼ ਬੇਲੇ ਕਈਂ ਕੋਹ ਕਾਫ਼ ਸਮੁੰਦਰ ਟਾਪੂ ਤੱਕੇਂ ਸੰਝ ਸਵੇਲੇ ਹਰ ਸੋਹਣੇ ਦੀ ਜ਼ੁਲਫ਼ੋਂ ਹੁੱਲੇ ਬਾਸ ਆਈ ਹਰ ਫੁਲ ਦੀ ਤਾਹੀਂ ਵਕਤ ਫ਼ਜਰ ਦੇ ਤੁਧ ਥੀਂ ਬੰਦ ਤਬੀਅਤ ਖੁੱਲਦੀ ਬਹੁਤ ਕਮਾਲ ਸਖ਼ਾਵਤ ਤੇਰੀ ਵਰਤੇ ਹਰ ਹਰ ਜਾਏ ਬੁਲਬੁਲ ਭੌਰ ਹਜ਼ਾਰਾਂ ਤਾਈਂ ਦਸ ਫੁੱਲਾਂ ਦੀ ਪਾਏ ਮੈਂ ਭੀ ਕਰਾਂ ਸਵਾਲ ਹਮੇਸ਼ਾ ਸਖ਼ੀ ਸਵਾਲ ਮੰਨੇਂਦੇ ਵੇਖ ਕੰਗਾਲ ਵਬਾਲ ਆਲੂਦਾ ਜੋ ਸਰਦਾ ਸੋ ਦੇਂਦੇ ਸ਼ਹਿਰ ਵਲਾਇਤ ਯਾਰ ਮੇਰੇ ਦੀ ਅੱਜ ਕੱਲ ਫੇਰਾ ਪਾਵੀਂ ਨਾਮ ਅੱਲ੍ਹਾ ਦੇ ਜ਼ੁਲਫ਼ ਉਹਦੀ ਥੀਂ ਮੈਂ ਵੱਲ ਬੂ ਲਿਆਵੀਂ ਸੈਫ਼-ਮਲੂਕ ਇਸ ਬੀਬੀ ਕੋਲੋਂ ਜਾਂ ਰੁਖ਼ਸਤ ਹੋ ਆਇਆ ਵਾਹੋ ਦਾਹੀ ਕੀਤੀ ਕੀਤੀ ਨਿੱਤ ਤੁਰਦਾ ਦਿਨ ਦਿਨ ਸ਼ੌਕ ਸਵਾਇਆ ।(੨੨੬੦) ਰਸਤੇ ਅੰਦਰ ਨਾਰੀਂ ਫ਼ੌਜਾਂ ਹਰ ਜਾ ਮਿਲੇ ਸਵਾਰੀ ਸ਼ੀਸ਼ਾ ਅੱਗੋਂ ਦਿੱਸੇ ਉਨ੍ਹਾਂ ਪਰਤ ਵੰਞਣ ਕਰ ਦਾਰੀ ਸੱਤ ਦਿਹਾੜੇ ਤੁਰਦਾ ਰਿਹਾ ਜਾ ਪਹੁਤਾ ਹਿਕ ਜਾਈ ਉੱਚੀ ਢੇਰੀ ਉੱਤੇ ਡਿੱਠੀ ਕਬਰ ਬੁਲੰਦ ਬਣਾਈ ਲਅਲ ਜਵਾਹਰ ਕਬਰੇ ਉੱਤੇ ਕੁੱਝ ਲੱਗੇ ਕੁੱਝ ਟੰਗੇ ਕੋਲ ਕਬਰ ਦੇ ਹੁਜਰਾ ਬਣਿਆ ਕਸਬ ਹੋਏ ਸਭ ਚੰਗੇ ਉੱਚਾ ਹਿਕ ਨਿਸ਼ਾਨ ਖਲੋਤਾ ਸੋਨੇ ਮੋਤੀ ਜੜਿਆ ਗੋਲੀ ਨੇ ਸ਼ਹਿਜ਼ਾਦੇ ਤਾਈਂ ਇਸ ਜਾਈ ਤੱਕ ਖੜਿਆ ਓਥੇ ਜਾ ਫਿਰ ਹੋਈ ਸਲਾਮੀ ਕਹਿੰਦੀ ਹੇ ਸ਼ਹਿਜ਼ਾਦਾ ਇਥੇ ਤੋੜੀ ਹੱਦ ਅਸਾਡੀ ਨਾਹੀਂ ਹੁਕਮ ਜ਼ਿਆਦਾ ਇਹ ਤੁਰਬਤ ਹੱਦ ਸਾਡੀ ਅੰਦਰ ਅੱਗੇ ਇਸ ਥੀਂ ਨਾਹੀਂ ਏਥੋਂ ਹੁਣ ਕਰ ਰੁਖ਼ਸਤ ਮੈਨੂੰ ਜਾਵਾਂ ਪਿਛਲੀ ਰਾਹੀਂ ਸੈਫ਼-ਮਲੂਕ ਖ਼ੱਚਰ ਤੂੰ ਲੱਥਾ ਵਾਗ ਦਿੱਤੀ ਹੱਥ ਗੋਲੀ ਨਾਲੇ ਸ਼ੀਸ਼ਾ ਦੇ ਕੇ ਕਹਿੰਦਾ ਨਾਲ਼ ਉਨ੍ਹਾਂ ਦੀ ਬੋਲੀ ਦੇਈਂ ਦੁਆ ਸਲਾਮ ਘਣੇਰਾ ਬੀਬੀ ਤਾਈਂ ਮੇਰਾ ਤੁਧ ਮੈਂ ਨਾਲ਼ ਮੁਰੱਵਤ ਕੀਤੀ ਭਲਾ ਕਰੇ ਰੱਬ ਤੇਰਾ ਗੋਲੀ ਤਾਈਂ ਰੁਖ਼ਸਤ ਕਰਕੇ ਸ਼ਹਿਜ਼ਾਦਾ ਉਠ ਟੁਰਿਆ ਉਹ ਖ਼ੱਚਰ ਲੈ ਟੁਰੀ ਪਿਛਾਹਾਂ ਜਾਂ ਸ਼ਾਹ ਉਹਲੇ ਹੋਇਆ ਸ਼ਹਿਜ਼ਾਦੇ ਕਰ ਲਿਆ ਲੰਗੋਟਾ ਲੱਕ ਬੱਧਾ ਵਾਹ ਕਸ ਕੇ ਖ਼ੂਬ ਹਥਿਆਰ ਪੋਸ਼ਾਕ ਸੰਭਾਲੀ ਵਗ ਪਿਆ ਫਿਰ ਰਸ ਕੇ ।(੨੨੭੦) ਰਸਤੇ ਅੰਦਰ ਹਿਰਨਾਂ ਤਾਈਂਮਮਾਰ ਸ਼ਿਕਾਰ ਕਰੇਂਦਾ ਪੱਥਰ ਵਿਚੋਂ ਅੱਗ ਕਢੇਂਦਾ ਖ਼ੂਬ ਕਬਾਬ ਬਣੇਂਦਾ ਖਾਂਦਾ ਪੀਂਦਾ ਮੂਲ ਨਾ ਅੜਦਾ ਉਠਦਾ ਬਹਿੰਦਾ ਜਾਂਦਾ ਸਤਰ ਰੋਜ਼ ਹੋਏ ਪੰਧ ਕੱਪਦੇ ਪਿੰਡ ਨਗਰ ਨਹੀਂ ਪਾਂਦਾ ਹਿਕ ਦਿਨ ਇਕ ਉਜਾੜ ਵਡੇਰੀ ਆਈ ਬਹੁਤ ਮਰੇਲੀ ਨਾ ਸ਼ਿਕਾਰ ਨਾ ਪਾਣੀ ਓਥੇ ਆਪ ਖ਼ੁਦਾਵੰਦ ਬੇਲੀ ਮਾਰੂਥਲ ਸੱਸੀ ਦੇ ਵਾਂਗਰ ਰੇਤ ਹੋਈ ਤਪ ਰੱਤੀ ਰੱਤੀ ਘੱਟ ਨਾ ਕਰਬਲਾਉਂ ਵਾਂਗ ਕਿਆਮਤ ਤੱਤੀ ਤੱਤੀ ਵਾਅ ਝੁੱਲੇ ਵਿਚ ਐਸੀ ਜਿਉਂ ਹਵਾੜ੍ਹ ਨਰਕ ਦੀ ਉੱਡਦਾ ਪੰਖੀ ਉਤੋਂ ਜਾਵੇ ਅੱਗ ਉਹਨੂੰ ਭੀ ਲਗਦੀ ਨਾ ਕੋਈ ਠੰਡੀ ਛਾਂ ਪਛਾਵਾਂ ਸਾੜੇ ਧੁੱਪ ਕਹਿਰ ਦੀ ਬਾਝੋਂ ਜਲ਼ ਦੇ ਜਲਦੀ ਜਲਦੀ ਜਲਦੀ ਰੱਤ ਜਿਗਰ ਦੀ ਜੀਆ-ਜੂਨ ਇਸ ਜੂਹ ਜਲੀ ਵਿਚ ਜਲ਼ ਬਲ ਜਾਨ ਜਲਾਵੇ ਵਸਤੀ ਵਾਸ ਨਾ ਪਾਸ ਕੋਹਾਂ ਤੇ ਵੇਖ ਹਿਰਾਸ ਸਤਾਵੇ ਗਰਮੀ ਤਲਖ਼ੀ ਸਭ ਜ਼ਿਮੀਂ ਦੀ ਓਥੇ ਹੋਈ ਇਕੱਠੀ ਜੋ ਪੁੱਜਦਾ ਸੋ ਭੁੱਜਦਾ ਰਿਹਾ ਜਿਉਂ ਜੌਂ ਅੰਦਰ ਭੱਠੀ ਸੈਫ਼-ਮਲੂਕ ਇਸ ਜੂਹੇ ਆਇਆ ਸੜਿਆ ਦਰਦ ਗ਼ਮਾਂ ਦਾ ਭੁੱਖ ਪਿਆਸੇ ਤੋੜੇ ਪਾਸੇ ਕੀਤਾ ਥੱਕਾ ਮਾਂਦਾ ਆਬ ਸਿਵਾ ਬੇਤਾਬ ਹੋਇਆ ਸੀ ਬਾਬ ਸ਼ੁਹਦੇ ਦਾ ਮੰਦਾ ਜਲ਼ ਬਿਨ ਜਾਲਣ ਮੁਸ਼ਕਿਲ ਕੀੜਾ ਅੰਨ ਪਾਣੀ ਦਾ ਬੰਦਾ ।(੨੨੮੦) ਬਹੁਤ ਹੋਇਆ ਲਾਚਾਰ ਸ਼ਹਿਜ਼ਾਦਾ ਤਾਕਤ ਜ਼ੋਰ ਨਾ ਰਿਹਾ ਤੰਗੀ ਤਲਖ਼ੀ ਐਸੀ ਜੈਸੇ ਜਾਨ-ਕੰਦਨ ਦਿਨ ਏਹਾ ਕਰੇ ਇਰਾਦਾ ਇਹ ਸ਼ਹਿਜ਼ਾਦਾ ਮਾਰਾਂ ਪੇਟ ਕਟਾਰੀ ਇਸ ਤਲਖ਼ੀ ਦੇ ਸਖ਼ਤ ਅਜ਼ਾਬੋਂ ਛੁੱਟੇ ਜਿੰਦ ਬੇਚਾਰੀ ਅਕਲ ਸ਼ਹਿਜ਼ਾਦੇ ਨੂੰ ਫਿਰ ਵਰਜੇ ਮੱਤ ਤੇਰੀ ਕਿਉਂ ਮਾਰੀ ਸਾਸ ਉੱਡਣ ਤੱਕ ਆਸ ਨਾ ਤੋੜਨ ਖ਼ਾਸ ਜਿਨ੍ਹਾਂ ਦੀ ਯਾਰੀ ਨਫ਼ਸ ਕਹੇ ਮੈਂ ਕਾਹਲ਼ਾ ਹੋਇਆ ਕਿਚਰਕ ਤੋੜੀ ਜਰਸਾਂ ਲਖ ਮੁਸੀਬਤ ਝਾਗ ਨਾ ਮਿਲਿਆ ਅੱਜ ਮਿਲੇ ਬਿਨ ਮਰਸਾਂ ਅਕਲ ਕਹੇ ਕਿਉਂ ਕਮਲਾ ਹੋਇਉਂ ਇਸ਼ਕੇ ਲੱਜ ਨਾ ਲਾਈਂ ਇਤਨੀ ਸਖ਼ਤੀ ਅੱਗੇ ਝੱਲੀ ਆ ਕੋਈ ਦਿਨ ਹੋਰ ਲੰਘਾਈਂ ਨਫ਼ਸ ਕਹੇ ਹੁਣ ਕਿਥੋਂ ਮਿਲਸੀ ਨਾ ਕੋਈ ਦੱਸ ਸੁਨੇਹਾ ਆਸ ਹੁੰਦੀ ਦਸ ਪੌਂਦੀ ਜਿਸ ਦੀ ਐਵੇਂ ਜਰਨ ਕਿਵੇਹਾ ਅਕਲ ਕਹੇ ਇਹ ਕੰਮ ਆਸ਼ਿਕ ਦਾ ਇਸ਼ਕੋਂ ਬੱਸ ਨਾ ਕਰਨੀ ਲਾਕੇ ਬਾਜ਼ੀ ਬੇ ਅੰਦਾਜ਼ੀ ਓੜਕ ਵਾਰ ਨਾ ਹਰਨੀ ਨਫ਼ਸ ਕਹੇ ਇਹ ਹਾਰਨ ਕੇਹਾ ਮੈਂ ਮੁੜ ਮਿਸਰ ਨਾ ਚਲਿਆ ਰਾਹ ਸੱਜਣ ਦੇ ਅੰਦਰ ਮਰਕੇ ਬਿਹਤਰ ਖ਼ਾਕੂੰ ਰਲਿਆ ਅਕਲ ਕਹੇ ਖਾ ਕਾਤੀ ਮਰਨਾ ਕੰਮ ਹੁੰਦਾ ਸ਼ੈਤਾਨੀ ਭਾਰ ਲਗਾ ਤਾਂ ਪੰਡ ਉਤਾਰੀ ਨਹੀਂ ਇਸ਼ਕ ਦੀ ਬਾਣੀ ਨਫ਼ਸ ਕਹੇ ਫ਼ਰਹਾਦੇ ਲਾਇਆ ਆਪ ਸਿਰੇ ਨੂੰ ਤੇਸ਼ਾ ਉਹ ਮੋਇਆ ਮਰਦੂਦ ਨਾ ਹੋਇਆ ਮੈਂ ਭੀ ਉਹ ਅੰਦੇਸ਼ਾ ।(੨੨੯੦) ਅਕਲ ਕਹੇ ਫ਼ਰਹਾਦੇ ਸੁਣਿਆ ਸ਼ੀਰੀਂ ਗਈ ਜਹਾਨੋਂ ਓਸ ਜਹਾਨ ਗਿਆ ਸੀ ਢੂੰਡਣ ਮੋਇਆ ਨਹੀਂ ਦਿੱਕ ਜਾਨੋਂ ਨਫ਼ਸ ਕਹੇ ਕਿਉਂ ਮਹੀਂਵਾਲੇ ਮਾਰੀ ਛਾਲ ਝਨਾਵੀਂ ਮਾਰੂ ਕਾਂਗ ਡਿੱਠੀ ਸੀ ਸੋਹਣੀ ਕਿਉਂ ਪਈ ਦਰਿਆਵੀਂ ਅਕਲ ਕਹੇ ਤੂੰ ਸਮਝੇਂ ਨਾਹੀਂ ਉਹ ਮਰਨਾ ਕਿਤ ਪਾਸੇ ਦੋਏੇ ਹਿਕ ਦੂਏੇ ਵੱਲ ਠਿੱਲ੍ਹੇ ਗਲ ਮਿਲਣ ਦੀ ਆਸੇ ਜੇ ਇਹ ਮਰਨਾ ਜ਼ਾਇਜ਼ ਹੁੰਦਾ ਤਾਂ ਮਜਨੂੰ ਕਿਉਂ ਰੋਂਦਾ ਤਰੀਹ ਵਰ੍ਹੇ ਕਿਉਂ ਸੜਦਾ ਰਹਿੰਦਾ ਮਰ ਸੌਖਾ ਹੋ ਸੌਂਦਾ ਜਿਸ ਦਿਨ ਹੀਰ ਵਿਆਹੀ ਖੇੜੇ ਰਾਂਝਾ ਭੀ ਮਰ ਜਾਂਦਾ ਕਾਹਨੂੰ ਕੰਨ ਪੜਾਂਦਾ ਟਿੱਲੇ ਗੱਲ ਕਿਉਂ ਕਫ਼ਨੀ ਪਾਂਦਾ ਵੇਖ ਜ਼ਲੈਖ਼ਾ ਕਿਤਨੀ ਵਾਰੀ ਦੁੱਖਾਂ ਪਈ ਅਕਾਈ ਮਹੁਰਾ ਖਾ ਨਾ ਮੋਈ ਤਾਹੀਂ ਹਰ ਆਸ਼ਿਕ ਦੀ ਮਾਈ ਹੋਰ ਹਜ਼ਾਰਾਂ ਆਸ਼ਿਕ ਹੋਏ ਦੁਖੀਏ ਤੇ ਲਾਚਾਰੀ ਯਾਰ ਮਿਲੇ ਬਿਨ ਦਰਦੋਂ ਅਕ ਕੀ ਪੇਟ ਛੁਰੀ ਕਿਸ ਮਾਰੀ ਮਰਦਾਂ ਵਾਲਾ ਦਾਈਆ ਕਰ ਖਾਂ ਰੱਖ ਪਿਛਲੀ ਜੋ ਆਦਤ ਵਾਂਗ ਸੱਸੀ ਜੇ ਤੱਸਾ ਮੋਇਓਂ ਤਾਂ ਭੀ ਐਨ ਸ਼ਹਾਦਤ ਨਫ਼ਸ ਅਕਲ ਦੀ ਤਾਬਿਅ ਹੁੰਦਾ ਜੋ ਕਹਿੰਦਾ ਸੋ ਮੰਨਦਾ ਲਾਗੀ ਪਿੰਡ ਮੁਕੱਦਮ ਮੋਚੀ ਸਾਡੇ ਉੱਤੇ ਬਣਦਾ ਜੇ ਕਰ ਸ਼ਰ੍ਹਾ ਕਰਾਂ ਇਸ ਗੱਲ ਦੀ ਦੂਰ ਸੁਖ਼ਨ ਟੁਰ ਜਾਂਦਾ ਕਰਕੇ ਸਬਰ ਮੁਹੰਮਦ ਬਖਸ਼ਾ ਕਿੱਸਾ ਚੱਲ ਸੁਣਾਂਦਾ ।(੨੩੦੦) ਨਫ਼ਸ ਅਕਲ ਦਾ ਝਗੜਾ ਤਰੁਟਾ ਇਸ਼ਕੇ ਰਟ ਮੁਕਾਈ ਸੈਫ਼-ਮਲੂਕੇ ਮੁਨਸਿਫ਼ ਬਣ ਕੇ ਫ਼ਾਲ ਉੱਤੇ ਗਲ ਪਾਈ ਕਹਿੰਦਾ ਰੱਬਾ ਜੇ ਤੂੰ ਮੈਨੂੰ ਦਿਲਬਰ ਨਾਲ਼ ਮਿਲਾਸੀਂ ਤਾਂ ਇਸ ਵਕਤ ਕਿਸੇ ਦੇ ਹੱਥੋਂ ਪਾਣੀ ਸਰਦ ਪਿਲਾਸੀਂ ਜੇ ਇਕ ਘੜੀ ਨਾ ਪਾਣੀ ਲੱਧਾ ਜ਼ਾਲਿਮ ਲੂ ਕਹਿਰ ਦੀ ਸਾੜ ਹਲਾਕ ਕਰੇਗੀ ਮੈਨੂੰ ਚਾਹ ਰਹਿਸੀ ਦਿਲਬਰ ਦੀ ਇਹੋ ਫ਼ਾਲ ਰੱਬੇ ਪਰ ਸੁੱਟ ਕੇ ਸ਼ਹਿਜ਼ਾਦਾ ਕੁੜਮਾਇਆ ਜੰਡ ਗਰੰਡਾ ਰੱਖ ਸਿਰਹਾਣੇ ਪਾਸਾ ਜ਼ਿਮੀਂ ਤੇ ਲਾਇਆ ਅੱਖੀਂ ਸੁੱਤੀਆਂ ਤੇ ਦਿਲ ਜਾਗੇ ਜਾਗੇ ਤਾਲਿਅ ਸੁੱਤੇ ਅਚਨਚੇਤ ਹਿਕ ਮਰਦ ਅਜ਼ਗ਼ੈਬੋਂ ਆਣ ਖਲਾ ਸਿਰ ਉੱਤੇ ਅੰਗ ਇਨਸਾਨੀ ਰੰਗ ਨੂਰਾਨੀ ਆਣ ਨਿਸੰਗ ਖਲੋਤਾ ਭਾਰੀ ਸੀ ਦਸਤਾਰ ਸਿਰੇ ਤੇ ਸਬਜ਼ ਜਿਵੇਂ ਰੰਗ ਤੋਤਾ ਸੂਰਤ ਸੀਰਤ ਵਾਂਗ ਖ਼ਿਜ਼ਰ ਦੇ ਚਿਹਰਾ ਸੂਰਜ ਚਮਕੇ ਵਾਲਾਂ ਥੀਂ ਖ਼ੁਸ਼ਬੋਈ ਹਿੱਲੇ ਆਣ ਚੌਤਰਫ਼ੀ ਰੁਮਕੇ ਹੁਸਨ ਜਮਾਲ ਕਮਾਲ ਉਹਦੇ ਦੀ ਓੜਕ ਹੱਦ ਨਾ ਆਹੀ ਦਮ ਦਮ ਅੰਦਰ ਪਾਕ ਜ਼ਬਾਨੋਂ ਕਰਦਾ ਜ਼ਿਕਰ ਇਲਾਹੀ ਫ਼ੀਰੋਜ਼ਾ ਰੰਗ ਆਸਾ ਹੱਥ ਵਿਚ ਸਭ ਸੁਫ਼ੈਦ ਪੁਸ਼ਾਕੀ ਮਜ਼ਹਰ ਨੂਰ ਇਲਾਹੀ ਦਿੱਦਾ ਜੁੱਸਾ ਜਾਮਾ ਪਾਕੀ ਖ਼ਸਖ਼ਸ ਜਿਤਨੀ ਮੈਲ ਨਾ ਕਿਧਰੇ ਨਾ ਪੈਰੀਂ ਨਾ ਜੋੜੇ ਸਾਦੇ ਵਾਲ਼ ਸਿਰੇ ਤੇ ਲਿਸ਼ਕਣ ਜਿਉਂ ਸੀ ਕਲਗ਼ੀ ਤੋੜੇ ।(੨੩੧੦) ਹੱਥ ਦੂਜੇ ਉਸ ਛੰਨਾ ਫੜਿਆ ਠੰਢਾ ਪਾਣੀ ਭਰਿਆ ਹੌਜ਼ ਕੌਸਰ ਦੇ ਚਸ਼ਮੇ ਵਾਂਗਰ ਦੰਦਿਆਂ ਉੱਤੋਂ ਤਰਿਆ ਖ਼ੁਸ਼ ਆਵਾਜ਼ ਰਸੀਲਾ ਕਰਕੇ ਮਿੱਠੀ ਨਾਲ਼ ਜ਼ੁਬਾਨੇ ਸ਼ਹਿਜ਼ਾਦੇ ਨੂੰ ਕਿਹਾ ਉਸ ਨੇ ਉੱਠ ਆਸ਼ਿਕ ਮਰਦਾਨੇ ਇਸ ਜੂਹੇ ਵਿਚ ਤੇਰੇ ਕਾਰਨ ਮੌਲਾ ਮੈਨੂੰ ਘੱਲਿਆ ਹੋਰ ਨਹੀਂ ਕੋਈ ਮਤਲਬ ਮੇਰਾ ਨਹੀਂ ਕਿਤੇ ਵੱਲ ਚਲਿਆ ਤੇਰੇ ਉੱਤੇ ਰਹਿਮਤ ਕੀਤੀ ਆਪ ਖ਼ੁਦਾਵੰਦ ਸਾਈਂ ਪਾਣੀ ਦੇ ਉਚੇਚਾ ਘੱਲਿਆ ਤੁਧ ਵੱਲ ਮੇਰੇ ਤਾਈਂ ਉਠ ਸ਼ਿਤਾਬੀ ਨਾਲ਼ ਖ਼ੁਸ਼ੀ ਦੇ ਪੀ ਇਹ ਸ਼ਰਬਤ ਮਿੱਠਾ ਥੋੜੇ ਦਿਨ ਹੁਣ ਮੋਹਲਤ ਰਹਿੰਦੀ ਖੁਲਸੀ ਤੇਰਾ ਚਿੱਠਾ ਅੱਜ ਕੱਲ੍ਹ ਵਿਚ ਖ਼ੁਦਾਵੰਦ ਤੈਨੂੰ ਐਸੀ ਥਾਂ ਪੁਚਾਸੀ ਜਿਥੋਂ ਮਹਿਰਮ ਉਸ ਪਰੀ ਦਾ ਮਿਲਸੀ ਤੇ ਦੱਸ ਪਾਸੀ ਉਹ ਭੀ ਨਾਲ਼ ਤੇਰੇ ਟੁਰ ਜਾਸੀ ਤੋੜ ਪਰੀ ਤੱਕ ਸੰਗੀ ਦਿਲ ਥੀਂ ਚਿੰਤਾ ਚਾ ਸ਼ਹਿਜ਼ਾਦੇ ਨਾ ਕਰ ਖ਼ਫ਼ਗੀ ਤੰਗੀ ਫ਼ਿਕਰ ਫ਼ਿਰਾਕ ਕਜ਼ੀਏ ਸਖ਼ਤੀ ਦੁੱਖਾਂ ਛੇਕੜ ਆਈ ਵਕਤ ਖ਼ੁਸ਼ੀ ਦਾ ਨੇੜੇ ਆਇਆ ਹਿੰਮਤ ਕਰ ਤੂੰ ਭਾਈ ਅੱਗੇ ਥੋੜੀ ਬਿਪਤਾ ਰਹਿੰਦੀ ਗਿਆ ਕਜ਼ੀਆ ਲੰਮਾ ਚੱਲ ਸ਼ਹਿਜ਼ਾਦੇ ਵੱਲ ਸੱਜਣ ਦੇ ਬੈਠ ਨਾ ਹੋ ਨਿਕੰਮਾ ਸੈਫ਼-ਮਲੂਕ ਉਹਦੀ ਗੱਲ ਸੁਣ ਕੀ ਪਲ ਵਿਚ ਦੂਣਾ ਹੋਇਆ ਗੱਲ ਨਾ ਸੀ ਕੋਈ ਆਬ ਹੱਯਾਤੀ ਮੋਇਆ ਉੱਠ ਖਲੋਇਆ ।(੨੩੨੦) ਸ਼ਹਿਰ-ਸਬਾਓਂ ਪਾਸ ਸੁਲੇਮਾਂ ਪਹੁਤਾ ਹੁਦ ਹੁਦ ਮਿੱਠਾ ਯਾ ਯੂਸੁਫ਼ ਪੈਰਾਹਨ ਘੱਲਿਆ ਯਅਕੂਬੇ ਨੇ ਡਿੱਠਾ ਯਾ ਸਸੱੀ ਨੂੰ ਮਿਲੇ ਹਥੋਈ ਭੁਲੇ ਕੇਚ ਨਗਰ ਦੇ ਯਾ ਵਕੀਲ ਜ਼ੁਲੈਖ਼ਾ ਡਿਠੇ ਖ਼ਾਸ ਅਜ਼ੀਜ਼ ਮਿਸਰ ਦੇ ਯਾ ਹੀਰੇ ਦਾ ਬਾਹਮਣ ਆਇਆ ਰਾਂਝੇ ਦੇ ਵਿਚ ਖ਼ਾਨੇ ਯਾ ਮਜਨੂੰ ਵੱਲ ਜ਼ੈਦ ਲਿਆਇਆ ਲੈਲਾ ਦੇ ਪਰਵਾਨੇ ਯਾ ਉਹ ਮੀਂਹ ਬਹਾਰੀ ਮਿਲਿਆ ਬਾਗ਼ ਖ਼ਿਜ਼ਾਂ ਦੇ ਮਾਰੇ ਯਾ ਉਹ ਬਾਤੀ ਬੁਝਦੀ ਜਾਂਦੀ ਪਹੁਤਾ ਤੇਲ ਦੁਬਾਰੇ ਯਾ ਬੁਲਬੁਲ ਨੂੰ ਵਾਅ ਫ਼ਜਰ ਦੀ ਰੁਕਏ ਖਿੜੇ ਗੁਲਾਂ ਦੇ ਯਾ ਉਹ ਰਾਹਬਰ ਮਹਿਰਮ ਮਿਲਿਆ ਔਝੜ ਭੁੱਲੇ ਜਾਂਦੇ ਯਾ ਉਹ ਰਾਤ ਹਨੇਰੀ ਅੰਦਰ ਚੜ੍ਹਿਆ ਚੰਨ ਅਸਮਾਨੀ ਯਾ ਉਹ ਮਾਹੀ ਨੂੰ ਲੈ ਆਵੇ ਕਿਧਰੇ ਨਜ਼ਰ ਨੂਰਾਨੀ ਯਾ ਤਾਵੀਜ਼ ਫ਼ਰਿਸ਼ਤੇ ਆਂਦਾ ਉਪਰ ਚਿਖ਼ਾ ਖ਼ਲੀਲੇ ਯਾ ਖੂਹੇ ਵਿਚ ਯੂਸੁਫ਼ ਕਾਰਨ ਖੜਿਆ ਵਹੀ ਵਕੀਲੇ ਸੈਫ਼-ਮਲੂਕੇ ਅਚਨ ਚੇਤੀ ਅੱਖੀਂ ਉੱਘੜ ਗਈਆਂ ਸਿਰ ਧੜ ਕੰਨ ਬਣਾਕੇ ਸੁਣਦਾ ਖੁੱਲ ਗਈਆਂ ਖਿੜਕੀਆਂ ਉਬੜ੍ਹ ਵਾਹਿਆ ਉਠ ਖਲੋਤਾ ਭਲੀ ਤਰ੍ਹਾਂ ਤਮਾਮੀ ਉਸ ਬਜ਼ੁਰਗ ਵੱਲ ਨਾਲ਼ ਅਦਬ ਦੇ ਨਿਓਂ ਕੇ ਹੋਇਆ ਸਲਾਮੀ ਬਾਤਾਜ਼ੀਮ ਸਲਾਮ ਹਜ਼ਾਰਾਂ ਕਰਕੇ ਅਦਬ ਜ਼ਿਆਦਾ ਯਾ ਹਜ਼ਰਤ ਕੀ ਨਾਮ ਤੁਸਾਡਾ ਕਰਦਾ ਅਰਜ਼ ਸ਼ਹਿਜ਼ਾਦਾ ।(੨੩੩੦) ਉਸ ਬਜ਼ੁਰਗ ਨੇ ਕਿਹਾ ਅੱਗੋਂ ਮੈਂ ਹਾਂ ਮਲਕ ਸਰਿਸ਼ਤਾ ਮੇਰਾ ਨਾਮ ਖ਼ੁਦਾਵੰਦ ਧਰਿਆ ਜਬਰਾਈਲ ਫ਼ਰਿਸ਼ਤਾ ਲਖ ਲਖ ਹੋਵੇ ਮੁਬਾਰਿਕ ਤੈਨੂੰ ਸੈਫ਼-ਮਲੂਕ ਜਵਾਨਾ ਥੋੜੀ ਸਖ਼ਤੀ ਰਹਿੰਦੀ ਬਾਕੀ ਫਿਰਿਆ ਨੇਕ ਜ਼ਮਾਨਾ ਮਤਲਬ ਤੇਰਾ ਹਾਸਿਲ ਹੋਸੀ ਜਾਸਨ ਗ਼ਮ ਹਜ਼ਾਰਾਂ ਨਾਲ਼ ਬਦੀਅ-ਜਮਾਲ ਪਰੀ ਦੇ ਕਰਸੇਂ ਚੈਨ ਬਹਾਰਾਂ ਅਕਦ ਨਿਕਾਹ ਕਰੇਂਗਾ ਉਸ ਨੂੰ ਰਾਜ ਹੋਵੇਗਾ ਤੇਰਾ ਸ਼ਾਹ-ਪਰੀਆਂ ਦੇ ਘਰ ਵਿਚ ਖ਼ੁਸ਼ੀਏਂ ਕਾਜ ਹੋਵੇਗਾ ਤੇਰਾ ਚਾਹ ਮੁਰਾਦ ਤੇਰੀ ਸਭ ਮਿਲਸੀ ਦੌਲਤ ਤਖ਼ਤ ਸ਼ਾਹੀ ਦਾ ਹੀਲਾ ਕਰ ਜੇ ਮਿਲੇ ਵਸੀਲਾ ਵਿਚ ਵਕੀਲ ਚਾਹੀਦਾ ਜੇ ਸੌ ਹੀਲੇ ਬਾਝ ਵਸੀਲੇ ਕਰੀਏ ਨਾਲ਼ ਦਲੀਲੇ ਭਾਰ ਬੇੜੇ ਦਾ ਪਾਰ ਨਾ ਜਾਂਦਾ ਬਾਝ ਮੱਲਾਹ ਰੰਗੀਲੇ ਨਾਲ਼ ਮੱਲਾਹ ਸਲਾਹ ਮਿਲਾਈਂ ਠਿੱਲ੍ਹ ਚਲਾਈਂ ਬੇੜਾ ਪੀਰ ਬਿਨਾਂ ਤਦਬੀਰ ਨਾ ਕੋਈ ਝੂਠਾ ਏਹੋ ਝੇੜਾ ਲੋੜ ਮੁਵੱਕਲ ਕਰੀਂ ਤਵੱਕਲ ਮੰਨੀ ਉਸ ਦਾ ਕਹਿਣਾ ਦੱਸ ਪਾਵੇ ਤੇ ਯਾਰ ਮਿਲਾਵੇ ਪਵੇ ਨਾ ਫਿਰ ਗ਼ਮ ਸਹਿਣਾ ਕੰਡੇ ਸਖ਼ਤ ਗੁਲਾਬਾਂ ਵਾਲੇ ਦੂਰੋਂ ਵੇਖ ਨਾ ਡਰੀਏ ਚੋਹਬਾਂ ਝੱਲੀਏ ਰੱਤ ਚੋਆਈਏ ਝੋਲ ਫੁੱਲੀਂ ਤਦ ਭਰੀਏ ਬਾਸ਼ਕ ਨਾਗਾਂ ਦੇ ਸਿਰ ਗਾਹੇਂ ਆਵਣ ਹੱਥ ਖ਼ਜ਼ਾਨੇ ਰੱਤ ਡੋਲ੍ਹੇਂ ਫੱਟ ਖਾਵੇਂ ਸ਼ਾਹਾ ਸੌਖੇ ਨਹੀਂ ਯਰਾਨੇ ।(੨੩੪੦) ਸੈਫ਼-ਮਲੂਕ ਸ਼ਹਿਜ਼ਾਦੇ ਤਾਈਂ ਹੁਕਮੇ ਨਾਲ਼ ਰੱਬਾਨੇ ਆਜ਼ਮ ਇਸਮ ਫ਼ਰਿਸ਼ਤੇ ਦੱਸਿਆ ਪੜ੍ਹਿਆ ਸ਼ਾਹ ਸਿਆਣੇ ਆਸੇ ਨਾਲ਼ ਫ਼ਰਿਸ਼ਤੇ ਸੱਚੇ ਲੀਕ ਜ਼ਿਮੀਂ ਤੇ ਪਾਈ ਕਹਿਓਸੁ ਇਸ ਰੁਖ਼ ਤੇ ਜਾਈਂ ਲੋੜ ਕਰੀਂ ਹਰ ਜਾਈ ਆਪ ਫ਼ਰਿਸ਼ਤਾ ਗ਼ਾਇਬ ਹੋਇਆ ਛੋੜ ਸ਼ਹਿਜ਼ਾਦੇ ਤਾਈਂ ਸੈਫ਼-ਮਲੂਕ ਖ਼ੁਸ਼ੀ ਕਰ ਟੁਰਿਆ ਹੋਈਆਂ ਦੂਰ ਬਲਾਈਂ ਖ਼ਾਤਿਰ ਜਮ੍ਹਾਂ ਤਸੱਲੀ ਹੋਈ ਖ਼ਤਰਾ ਰਿਹਾ ਨਾ ਕੋਈ ਚਾਮਲ ਚਾਇਆ ਤੇ ਉਠਿ ਧਾਇਆ ਸ਼ੇਰ ਜੰਗਲ਼ ਜਿਉਂ ਹੋਈ ਜੰਗਲ਼ ਬਾਰ ਉਜਾੜ ਵਡੇਰੀ ਹੋਰ ਅੱਗੋਂ ਫਿਰ ਆਈ ਅੰਤ ਹਿਸਾਬ ਸ਼ੁਮਾਰੋਂ ਬਾਹਰ ਚੁੜਿਆਈ ਲੰਮਿਆਈ ਜੇ ਸਭ ਖ਼ਲਕਤ ਰੂਏ ਜ਼ਿਮੀਂ ਦੀ ਜਾ ਉਹਦੇ ਵਿਚ ਛੱਪੇ ਜਿਉਂ ਆਟੇ ਵਿਚ ਲੂਣ ਨਾ ਦਿਸਦਾ ਤਿਵੇਂ ਸਾਰੀ ਖੱਪੇ ਬਾਰ ਮਰੇਲੀ ਜਾਨ ਅਕੇਲੀ ਯਾਰ ਨਹੀਂ ਕੋਈ ਸਾਥੀ ਗਲ ਡਰਾਵਣ ਤੇ ਕੋਲ ਆਵਣ ਦਿਓ ਵੱਡੇ ਜਿਉਂ ਹਾਥੀ ਰਾਤ ਹਨੇਰੀ ਖ਼ੌਫ਼ ਚੌਫੇਰੇ ਬੋਲਣ ਦਿਓ ਬਲਾਈਂ ਆਸ਼ਿਕ ਬਾਝ ਨਾ ਕਦਰ ਕਿਸੇ ਦਾ ਬਚੇ ਅਜੇਹੀ ਜਾਈਂ ਅੰਨ ਨਾ ਪਾਣੀ ਵਾਸ ਮਸਾਣੀ ਰਸਤੇ ਨਹੀਂ ਨਿਸ਼ਾਨੀ ਜੰਡ ਗਰੰਡੇ ਕੰਡੇ ਪੁਰ ਪੁਰ ਜ਼ਾਲਿਮ ਸਿੱਲੇ ਕਾਨੀ ਨਾਜ਼ੁਕ ਪੈਰ ਫੁੱਲਾਂ ਥੀਂ ਆਹੇ ਰੇਸ਼ਮ ਫੁੱਲ ਲਪੇਟੇ ਨਿੱਤ ਲੱਗਾ ਹੁਣ ਜੰਗਲ਼ ਗਾਹਣੇ ਫੜੇ ਬੁਰੇ ਅਲਸੇਟੇ ।(੨੩੫੦)
41. ਰਸੀਦਨਿ ਸ਼ਾਹਜ਼ਾਦਾ ਬਰ ਕਿੱਲਇ ਦੇਵਾਂ ਕਿ ਅਸਫ਼ੰਦ ਯਾਰ ਨਾਮ ਦਾਸ਼ਤ ਵਾ ਫਤਹ ਕਰਦਨ ਆਂ ਰਾ ਵਾ ਖ਼ਬਰ ਯਾਫਤਨ ਅਜ਼ ਮਕਸੂਦ ਵਾ ਖ਼ਿਲਾਸ ਕਰਦਨ ਮਲਕਾ ਖ਼ਾਤੂੰ ਰਾ ਅਜ਼ ਬੰਦਿ ਦੇਵ ਵਾ ਹਿਲਾਕ ਕਰਦਨ ਦੇਵ ਰਾ ਵਾ ਅਜ਼ ਆਂਜਾ ਆਵੁਰਦਨ ਮਲਕਾ ਰਾ (ਸ਼ਹਿਜ਼ਾਦੇ ਦਾ ਅਸਫ਼ੰਦ ਬਾਸ਼ ਨਾਮੀ ਕਿਲੇ ਤਾਈਂ ਅਪੜਨਾ ਤੇ ਉਹਨੂੰ ਫ਼ਤਿਹ ਕਰਨਾ ਮਲਿਕਾ ਖ਼ਾਤੂਨ ਨੂੰ ਦਿਓ ਕਤਲ ਕਰਨ ਮਗਰੋਂ ਰਿਹਾ ਕਰਾਣਾ)
ਧੁੱਪਾਂ ਪਾਲੇ ਸਿਰ ਤੇ ਸਹਿੰਦਾ ਨੀਂਦਰ ਭੁੱਖ ਪਿਆਸਾਂ ਅੱਗੇ ਹੀ ਉਹ ਮਾਨ ਨਾ ਆਹਾ ਲੱਗ ਪਈਆਂ ਹੁਣ ਆਸਾਂ ਆਜ਼ਮ-ਇਸਮ ਪਕਾਂਦਾ ਜਾਂਦਾ ਬਰਕਤ ਉਸ ਦੀ ਭਾਰੀ ਕੁੱਵਤ ਜ਼ੋਰ ਇਸ਼ਕ ਦਾ ਤਨ ਵਿਚ ਹੋਰ ਇਸਮ ਦੀ ਯਾਰੀ ਹਿਕ ਦਿਨ ਤੁਰਦੇ ਤੁਰਦੇ ਜਾਂਦੇ ਜਾ ਉੱਚੀ ਹਿਕ ਤੱਕੀ ਓਸੇ ਵੱਲ ਉਤੇਰੇ ਚੜ੍ਹਿਆ ਰੱਖ ਦਲੇਰੀ ਪੱਕੀ ਉੱਚਾ ਥਾਂ ਵਡੇਰਾ ਆਹਾ ਚੜ੍ਹਦਾ ਗਿਆ ਅਗੇਰੇ ਉੱਤੇ ਜਾ ਤਅਜੁਬ ਹੋਇਆ ਫੇਰੀ ਨਜ਼ਰ ਚੌਫੇਰੇ ਹਰ ਹਰ ਪਾਸੇ ਨਿਗਾਹ ਦੌੜਾਈ ਤੱਕੇ ਰੱਬ ਦੀਆਂ ਖੇਲਾਂ ਜਿਉਂ ਕਰ ਨਜਦ ਉੱਤੇ ਚੜ੍ਹ ਮਜਨੂੰ ਤੱਕਦਾ ਸੀ ਘਰ ਲੈਲਾਂ ਕਿਲਾ ਬੁਲੰਦ ਹਿਸਾਬੋਂ ਬਾਹਰ ਨਜ਼ਰ ਪਿਆ ਹਿਕ ਪਾਸੇ ਹਿਕ ਹਿਕ ਬੁਰਜ ਉਹਦੇ ਤੇ ਐਸਾ ਜਿਓਂ ਕਰ ਕਿਲਾ ਰੁਹਤਾਸੇ ਬਾਹੀ ਐਡੀ ਉੱਚੀ ਆਹੀ ਜੇ ਇਕ ਕਰੇ ਸਹਾਰਾ ਪਹਿਲੇ ਫੇਰ ਪਹੁੰਚੇ ਮੁੜ ਕੇ ਅੱਗੇ ਹੋਰ ਪਸਾਰਾ ਜੇ ਸੀਮੁਰਗ਼ ਉਡਾਰੀ ਮਾਰੇ ਸਾਰੀ ਕੁੱਵਤ ਕਰਕੇ ਉਸ ਨੂੰ ਭੀ ਕੰਮ ਮੁਸ਼ਕਿਲ ਆਹਾ ਉਤੋਂ ਲੰਘਣ ਤਰਕੇ ਫੇਰ ਜ਼ਿਮੀਂ ਦੇ ਹੇਠ ਸਿਰੇ ਸਨ ਕਿੰਗਰੀਆਂ ਅਸਮਾਨੀ ਦਿਸਣ ਬੰਦ ਹੋਏ ਦਰਵਾਜ਼ੇ ਨਾ ਕੋਈ ਰਾਹ ਨਿਸ਼ਾਨੀ ਸੈਫ਼-ਮਲੂਕ ਕਿਲੇ ਵੱਲ ਟੁਰਿਆ ਜ਼ਰਾ ਖ਼ੌਫ਼ ਨਾ ਖਾਂਦਾ ਮਰ ਜੀਉ ਔਖਾ ਸੌਖਾ ਹੋ ਕੇ ਕੋਲ ਕਿਲੇ ਦੇ ਜਾਂਦਾ ।(੨੩੬੦) ਉਹ ਅੰਦਰ ਨੂੰ ਵੜਿਆ ਲੋੜੇ ਖੋਲ ਕਿਵੇਂ ਦਰਵਾਜ਼ਾ ਜੁੱਸੇ ਜਾਮੇ ਪਾਕੀ ਕੀਤੀ ਵੁਜ਼ੂ ਕੀਤਾ ਮੁੜ ਤਾਜ਼ਾ ਆਜ਼ਮ ਇਸਮ ਮੁਬਾਰਿਕ ਪੜ੍ਹਿਆ ਕੁਫ਼ਲ ਉਤਾਰੇ ਦਰ ਦੇ ਕਰ ਬਿਸਮਿਲਾ ਅੰਦਰ ਵੜਿਆ ਕਰਦਾ ਸੈਰ ਅੰਦਰ ਦੇ ਹਰ ਹਰ ਛੁਪਣ-ਛੇਤੀ ਤੱਕੇ ਹਰ ਹਰ ਬੁਰਜ ਮੁਨਾਰੇ ਹਰ ਬਾਹੀ ਦਰਵਾਜ਼ੇ ਕੋਠੇ ਥਾਂ ਤਕੇਂਦਾ ਸਾਰੇ ਡਿਠੀਓਸੁ ਸਿਹਨ ਕਿਲੇ ਦੇ ਅੰਦਰ ਬਹੁਤ ਅਜਬ ਹਿਕ ਮਾੜੀ ਨਾਲ਼ ਜੰਨਤ ਫ਼ਿਰਦੌਸ ਬਰਾਬਰ ਖ਼ੂਬ ਕਾਰੀਗਰ ਚਾੜ੍ਹੀ ਜਿਵੇਂ ਅਸਮਾਨ ਖਰੇ ਤੇ ਰਾਤੀਂ ਚਮਕਣ ਰੌਸ਼ਨ ਤਾਰੇ ਤਿਵੇਂ ਇਸ ਬੰਗਲੇ ਦੇ ਦਿਸਦੇ ਸ਼ੀਸ਼ੇ ਚਮਕਣ ਹਾਰੇ ਲਅਲ ਜਵਾਹਰ ਮੋਤੀ ਹੀਰੇ ਜੜਤ ਜੜੀ ਚੌਫੇਰੇ ਦਿਨੇ ਚੰਨ ਵਾਂਗਰ ਦੂਰੋਂ ਲਿਸ਼ਕਣ ਰੌਸ਼ਨ ਕਰਨ ਹਨੇਰੇ ਸ਼ਹਿਜ਼ਾਦੇ ਜਦ ਡਿੱਠਾ ਦੂਰੋਂ ਬੰਗਲਾ ਖ਼ੂਬ ਸੁਹਾਇਆ ਦਿਲ ਨੂੰ ਬਰਕਰਾਰੀ ਆਈ ਉਠਿ ਉੱਤੇ ਵੱਲ ਧਾਇਆ ਜਾ ਬੰਗਲੇ ਦੇ ਦਰ ਤੇ ਪਹੁਤਾ ਵੇਖ ਤਅਜ਼ੱਬ ਰਿਹਾ ਆਖੇ ਦੂਜਾ ਰੂਇ-ਜ਼ਿਮੀਂ ਤੇ ਡਿੱਠਾ ਨਹੀਂ ਅਜੇਹਾ ਬਹੁਤ ਬੁਲੰਦ ਸ਼ੁਮਾਰੋਂ ਬੰਗਲਾ ਅੰਬਰ ਨਾਲ਼ ਮੁਨਾਰੇ ਖ਼ੂਬ ਬਲੌਰ ਅਕੀਕ ਘਰੇ ਦੇ ਇਟਾਂ ਵੱਟੇ ਸਾਰੇ ਗਿਰਦੇ ਦਾ ਕੁੱਝ ਅੰਤ ਨਾ ਆਵੇ ਕੀ ਕੁੱਝ ਆਖ ਸੁਣਾਵਾਂ ਹਿਕ ਬੰਗਲੇ ਵਿਚ ਦੰਗਲ-ਖ਼ਾਨੇ ਵਾਂਙੂ ਸ਼ਹਿਰ ਗਿਰਾਵਾਂ ।(੨੩੭੦) ਛੱਜਾ ਛੱਤ ਬਨੇਰਾ ਝਾਲਰ ਜੜ ਮੋਤੀ ਫ਼ੀਰੋਜ਼ੀ ਚੂਨੇ ਬਦਲੇ ਚਾਂਦੇ ਖੰਡੇ ਵਿਚ ਹੋਈ ਜ਼ਰਦੋਜ਼ੀ ਕੰਧੀਂ ਉੱਤੇ ਤਾਕ ਸੁਨਹਿਰੀ ਬਹੁਤ ਬੁਲੰਦ ਬਣਾਏ ਲਾਜ਼ਵਰਦੀ ਵਾਂਗ ਅਸਮਾਨੀ ਨਕਸ਼ ਨਿਗਾਰ ਸੁਹਾਏ ਰੰਗਾ ਰੰਗ ਅਜਾਇਬ ਬੂਟੇ ਰੰਗਾਂ ਨਾਲ਼ ਸਜਾਏ ਪੱਤੇ ਹਰੇ ਫ਼ੀਰੋਜ਼ੀ ਕੋਲੋਂ ਚਾਂਦੀ ਡਾਲ ਲਗਾਏ ਸੁਰਖ਼ ਅਕੀਕ ਹੀਰੇ ਦੀਆਂ ਕੰਨੀਆਂ ਲਅਲ ਜ਼ਮੁਰਦ ਘੜ ਕੇ ਰੰਗ ਬਰੰਗੀ ਫੁੱਲ ਬਣਾਏ ਸ਼ਾਖ਼ਾਂ ਉੱਤੇ ਜੜ ਕੇ ਗੌਹਰ ਤਾਬਿਸ਼ਦਾਰ ਘਰੇ ਦੇ ਗਏ ਚੌਫੇਰੇ ਬਣਦੇ ਹਿਕ ਹਿਕ ਟਿਕੀ ਦਿੰਹੁ ਰੌਸ਼ਨ ਦੀ ਹਿਕ ਹਿਕ ਚੌਧਵੀਂ ਚੰਨ ਦੇ ਵਾਹ ਨੱਕਾਸ਼ ਕਰੀਗਰ ਭਾਰੇ ਕੀਤੇ ਨਕਸ਼ ਹਜ਼ਾਰਾਂ ਬਾਗ਼ ਬਹਾਰਾਂ ਤੇ ਗੁਲਜ਼ਾਰਾਂ ਮੇਵੇ ਰੁੱਖ ਕਤਾਰਾਂ ਤਿੱਤਰ ਮੋਰ ਚਕੋਰ ਹਜ਼ਾਰਾਂ ਭੌਰ ਲਟੋਰੇ ਤੋਤੇ ਰੰਗਾਰੰਗ ਪਹਾੜੀ ਪੰਖੀ ਵੇਖ ਰਹੇ ਰੂਹ ਗ਼ੋਤੇ ਆਦਮ ਜਿੰਨ ਪਰੀ ਦੀਆਂ ਲੱਖਾਂ ਖ਼ੂਬ ਸ਼ਕਲ ਤਸਵੀਰਾਂ ਤਖ਼ਤਾਂ ਤੇ ਸ਼ਹਿਜ਼ਾਦੇ ਬੈਠੇ ਕੁਰਸੀ ਫ਼ਰਸ਼ ਅਮੀਰਾਂ ਬੰਗਲੇ ਦੇ ਦਰਵਾਜ਼ੇ ਅੱਗੇ ਬਣੇ ਬਾਜ਼ਾਰ ਚੌਰਸਤੇ ਹਟ ਭਰੇ ਕੁੱਝ ਘੱਟ ਨਾ ਆਹਾ ਲੋੜ ਪਵੇ ਜਿਸ ਵਸਤੇ ਖਾਣੇ ਦਾਣੇ ਚੰਗ ਚੰਗੇਰੇ ਚੀਜ਼ ਨਿਆਮਤ ਸੁੱਚੀ ਬਰਫ਼ੀ ਖ਼ਸਤਾ ਅਤੇ ਜਲੇਬੀ ਪੇੜੇ ਹਲਵਾ ਲੁੱਚੀ ।(੨੩੮੦) ਬਰਫ਼ੀ ਦਾਣੇ ਖ਼ੂਬ ਮਖਾਣੇ ਬਾਦਸ਼ਹਾਨੇ ਖਾਣੇ ਤਰੇਹ ਪਿਆਸ ਜਾਂਦੀ ਪਾਸੇ ਵੇਖ ਪਤਾਸੇ ਦਾਣੇ ਅਮਰਤੀਆਂ ਅਮਰਸੇ ਨਲੇ ਰਿਉੜੀ ਅਤੇ ਖ਼ਜੂਰਾਂ ਵੜੇ ਕਰਾਰੇ ਭੱਲੇ ਪਕੌੜੇ ਪਾਪੜ ਅਤੇ ਪੰਜੂਰਾਂ ਲੱਡੂ ਚਾਕੀ ਕੁਰਸ ਕਲੇਰੀ ਮਠਿਆਈ ਹਰ ਜਿਨਸੀ ਥੋੜਾ ਖਾਣਾ ਬਹੁਤ ਸੁਣਾਣਾਂ ਕੌਣ ਨਿਕੰਮਾ ਗਿਣਸੀ ਅਮਨ ਅਮਾਨ ਦੁਕਾਨ ਭਰੇ ਸਨ ਨਾਨਵਾਈਆਂ ਹਲਵਾਈਆਂ ਆਦਮ ਕੋਲ ਨਾ ਦਿਸਦਾ ਰੱਬਾ ਕਿਸ ਤਲੀਆਂ ਤਲਵਾਈਆਂ ਗੋਸ਼ਤ ਹਲਵੇ ਫੁਲਕੇ ਚਾਵਲ ਹੋਰ ਅਚਾਰ ਮੁਰੱਬੇ ਦਾਲੀਂ ਸਾਗ ਭੁੰਨੇ ਤੇ ਤੜਕੇ ਜੋ ਚਾਹੀਏ ਸੋ ਲੱਭੇ ਗਿਰੀ ਬਾਦਾਮ ਛੁਹਾਰੇ ਖੋਪੇ ਸਾਉਗੀਆਂ ਸਨ ਮਗ਼ਜ਼ਾਂ ਭਰੇ ਬਜ਼ਾਰ ਅਨਾਰ ਮੁਨੱਕੇ ਖ਼ਸਤਾ ਪਿਸਤਾ ਮਗ਼ਜ਼ਾਂ ਸਤਰ ਰੰਗ ਤੁਆਮ ਪੱਕੇ ਸਨ ਪਏ ਹੋਏ ਵਿਚ ਹੱਟਾਂ ਬਹੁਤ ਨਾ ਠੰਢੇ ਬਹੁਤ ਨਾ ਤੱਤੇ ਨਰਮ ਆਹੇ ਜਿਉਂ ਪੱਟਾਂ ਖਾਣੇ ਤੱਕ ਜੀਅ ਕਰੇ ਧਿੰਙਾਣੇ ਖਾ ਲਈਏ ਮਨ ਭਾਣੇ ਮਗ਼ਜ਼ ਚੜ੍ਹੇ ਖ਼ੁਸ਼ਬੂ ਉਨ੍ਹਾਂ ਦੀ ਕੁੱਵਤ ਪੂਰ ਪਰਾਣੇ ਸ਼ੀਸ਼ੀ ਨਾਲ਼ ਪਰੁੱਤੀ ਸ਼ੀਸ਼ੀ ਭਰੀਆਂ ਇਤਰ ਗੁਲਾਬੋਂ ਕਈਂ ਤਰ੍ਹਾਂ ਦੇ ਸ਼ਰਬਤ ਮਿੱਠੇ ਨਾਹੀਂ ਕਮੀ ਸ਼ਰਾਬੋਂ ਨਰਮ ਲਤੀਫ਼ ਗੁਦਾਜ਼ ਤੇ ਤਾਜ਼ੇ ਕੋਈ ਨਾ ਦਿਸਦਾ ਬੇਹਾ ਲੱਗਾ ਪਿਆ ਬਜ਼ਾਰ ਸ਼ਹਿਜ਼ਾਦਾ ਵੇਖ ਤਅਜ਼ਬ ਰਿਹਾ ।(੨੩੯੦) ਆਦਮ ਜ਼ਾਦ ਨਾ ਕੀੜਾ ਮੱਖੀ ਕਾਂ ਨਹੀਂ ਕੋਈ ਕੰਨਾ ਖ਼ਬਰ ਨਹੀਂ ਇਹ ਕੈਸੀ ਹਿਕਮਤ ਹੋਵੇ ਨਹੀਂ ਕੋਈ ਬੰਨਾ ਖਾਣਾ ਹਿਕ ਨਾ ਦਿਸਦਾ ਬੇਹਾ ਸੱਭੋ ਤਾਜ਼ੇ ਤਾਜ਼ੇ ਭਰੇ ਰਕਾਬ ਕਬਾਬ ਨਰੋਏ ਬਹੁਤੇ ਬੇ ਅੰਦਾਜ਼ੇ ਖਾਣ ਪੱਕਾਵਣ ਵਾਲੇ ਏਥੋਂ ਕਿਧਰ ਮਾਰੇ ਸਾਰੇ ਮੱਤ ਕੋਈ ਖੇਲ ਜਿੰਨਾਂ ਦੀ ਹੋਵੇ ਸ਼ਾਹ ਦਲੀਲ ਗੁਜ਼ਾਰੇ ਕਿਤਨੀ ਮੁਦਤ ਭੁੱਖਿਆਂ ਗੁਜ਼ਰੀ ਅੰਨ ਨਾ ਅੱਖੀਂ ਡਿੱਠਾ ਅੱਜ ਇਸ ਜਾਈ ਨਜ਼ਰੀ ਆਇਆ ਖਾਣਾ ਹਰ ਇਕ ਮਿੱਠਾ ਮੱਤ ਕੋਈ ਗ਼ੈਬੀ ਆਲਮ ਹੋਵੇ ਮੈਨੂੰ ਨਜ਼ਰ ਨਾ ਆਵੇ ਖਾਣੇ ਨੂੰ ਹੱਥ ਪਾਵਾਂ ਐਵੇਂ ਜਾਨੋਂ ਮਾਰ ਗਵਾਵੇ ਯਾਰ ਨਹੀਂ ਮੈਂ ਅੱਖੀਂ ਡਿੱਠਾ ਰੱਖਾਂ ਆਸ ਮਿਲਣ ਦੀ ਜੰਗਲ਼ ਤੇ ਕੋਹ ਕਾਫ਼ ਲਿਤਾੜੇ ਵਾਂਙੂ ਕੋਹ ਸ਼ਿਕਨ ਦੀ ਬਾਝ ਮਿਲੇ ਮਰਜਾਵਾਂ ਇਥੇ ਰਹਿਗ ਅਫ਼ਸੋਸ ਘਣੇਰਾ ਯਾਰ ਸੱਜਣ ਨੂੰ ਖ਼ਬਰ ਨਾ ਹੋਵੇ ਕਿਸ ਕੰਮ ਆਵਣ ਮੇਰਾ ਫੇਰ ਕਹੇ ਦਿਲ ਤਕੜਾ ਕਰਕੇ ਕੀ ਕਰੇਗਾ ਕੋਈ ਜੋ ਕੁੱਝ ਭਾ ਮੇਰੇ ਵਿਚ ਲਿਖੀ ਓੜਕ ਹੋਸੀ ਸੋਈ ਲੰਘ ਅਗਾਹਾਂ ਹੱਟੀ ਉਤੋਂ ਇਕ ਰਕਾਬ ਉਠਾਇਆ ਤਲਬ ਮੁਆਫ਼ਿਕ ਪੱਲੇ ਪਾਇਆ ਵਧਦਾ ਮੋੜ ਟਿਕਾਇਆ ਕਰ ਬਿਸਮਿਲਾ ਪਾਏ ਲੁਕਮਾ ਜੋ ਕੁੱਝ ਹੱਦ ਅਦਬ ਦੀ ਖਾ ਲਿਆ ਜੋ ਖ਼ਵਾਹਿਸ਼ ਆਹੀ ਹਮਦ ਗੁਜ਼ਾਰੀ ਰੱਬ ਦੀ ।(੨੪੦੦) ਹੋ ਮਾਅਮੂਰ ਬੈਠਾ ਸ਼ਹਿਜ਼ਾਦਾ ਜ਼ਰਾ ਖ਼ੌਫ਼ ਨਾ ਖਾਂਦਾ ਇਸ ਹਸ਼ਤਾਤੀ ਬੰਗਲੇ ਸੰਦਾ ਬੂਹਾ ਲੋੜਨ ਜਾਂਦਾ ਲੋੜ ਲੱਧਾ ਦਰਵਾਜ਼ਾ ਓੜਕ ਸੰਗਲ ਕੁੰਡੇ ਜੜਿਆ ਹੱਥ ਅਪੜਾਇਆਂ ਅੱਪੜੇ ਨਾਹੀਂ ਉੱਪਰ ਜਾਏ ਨਾ ਚੜ੍ਹਿਆ ਕੁੱਵਤ ਪੇਸ਼ ਨਾ ਜਾਂਦੀ ਕੋਈ ਕਰਨ ਲੱਗਾ ਤਦਬੀਰਾਂ ਜਿੰਦਰਿਆਂਨੋਂ ਮਾਰ ਉਡਾਵਾਂ ਜੇ ਚਲਾਵਾਂ ਤੀਰਾਂ ਫੇਰ ਕਹੇ ਮੱਤ ਵੇਖੇ ਕੋਈ ਖ਼ਫ਼ਾ ਹੋਵੇ ਨਕਸਾਨੋਂ ਤੋਲੇ ਫ਼ੁਹਸ਼ ਤੇ ਬੋਲੇ ਮੰਦਾ ਲਗਦਾ ਖ਼ੌਫ਼ ਜਹਾਨੋਂ ਓੜਕ ਇਹ ਤਦਬੀਰ ਬਣਾਈ ਕੀਤਾ ਰਾਸ ਕਮਾਣੇ ਅਗਲੇ ਸਿਰੇ ਉੱਤੇ ਚਾ ਬੱਧੇ ਤੀਰ ਦਲੇਰ ਜਵਾਨੇ ਉੱਚੀ ਕਰਕੇ ਜੰਦਰੇ ਤਾਈਂ ਤੀਰੋਂ ਕੁੰਜੀ ਪਾਈ ਜੰਦਰਾ ਲਾਹ ਲਿਆ ਸ਼ਹਿਜ਼ਾਦੇ ਬਰਕਤ ਇਸਮ ਖ਼ੁਦਾਈ ਸੰਗਲ ਕੁੰਡੇ ਲਾਹ ਸ਼ਿਤਾਬੀ ਖੋਲ ਲਿਆ ਦਰਵਾਜ਼ਾ ਅੱਗੋਂ ਧੁੰਮ ਪਈ ਖ਼ੁਸ਼ਬੂਈ ਰੂਹ ਹੋਇਆ ਖ਼ੁਸ਼ ਤਾਜ਼ਾ ਝੁੱਲੇ ਬੂ ਸੱਜਣ ਦੇ ਵਾਲੀ ਮਿੱਠੀ ਵਾਅ ਪਿਆਰੀ ਜਾਨ ਜੁੱਸੇ ਵਿਚ ਕੁੱਵਤ ਆਈ ਲੱਥੀ ਸੁਸਤੀ ਸਾਰੀ ਜਿਉਂ ਕਰ ਵਾਓ ਸੱਬਾ ਦੀ ਵੱਗੇ ਵੇਖਣ ਖਿਲੀਆਂ ਕਲੀਆਂ ਦੇਇ ਮੁਬਾਰਿਕ ਮੂੰਹ ਖੁਲਾਏ ਖਿੜ ਖਿੜ ਹੱਸਣ ਖੁਲ੍ਹੀਆਂ ਤਿਵੇਂ ਸੈਫ਼-ਮਲੂਕੇ ਤਾਂਈਂ ਵਾਓ ਚਿੱਤ ਖਿਲਾਇਆ ਬਿਸਮਿਲਾ ਕਰ ਉਸ ਮਕਾਨੋਂ ਪੇਰ ਅਗੇਰੇ ਪਾਇਆ ।(੨੪੧੦) ਬੰਗਲੇ ਵਿਚ ਅਗੇਰੇ ਹੋਇਆ ਨਜ਼ਰ ਚੌਫੇਰੇ ਮਾਰੇ ਆਦਮ ਜ਼ਾਤ ਨਾ ਨਜ਼ਰੀਂ ਆਵੇ ਲੱਗੇ ਮਹਿਲ ਚੁਬਾਰੇ ਫਿਰ ਫਿਰ ਥੱਕਾ ਆਪੇ ਯੱਕਾ ਕੋਈ ਨਾ ਪੌਂਦਾ ਤੱਕਾ ਨਾ ਘਰ ਵਾਲਾ ਤੇ ਨਾ ਪਾਹਰੂ ਨਾ ਕੋਈ ਚੋਰ ਉਚੱਕਾ ਬੈਠ ਉਡੀਕੇ ਮੱਤ ਕੋਈ ਆਵੇ ਫੇਰ ਤੱਕੇ ਹਰ ਪਾਸੇ ਕਿਧਰੇ ਕੋਈ ਨਾ ਨਜ਼ਰੀਂ ਆਵੇ ਲੱਗੇ ਮਹਿਲ ਚੌਪਾਸੇ ਬਹੁਤ ਅਚਰਜ ਤਅਜਬ ਹੋਇਆ ਆਖੇ ਇਹ ਕੀ ਭਾਣਾ ਇਹ ਕਿਲਾ ਇਹ ਬੰਗਲਾ ਐਸਾ ਕੋਈ ਨਾਂ ਵਿਚ ਥਾਣਾ ਕੁੰਜੇ ਕੂਚੇ ਜਾਇ ਟਿਕਾਣੇ ਸੁੱਚੇ ਮਿਸਲ ਕਟੋਰੇ ਸੱਜਰੇ ਬਿਸਤਰ ਮਜਲਿਸ ਖ਼ਾਨੇ ਦਿਸਦੇ ਕੋਰ ਨਕੋਰੇ ਉਹ ਕੋਹ ਕਾਫ਼ ਉਜਾੜਾਂ ਬਰਾਂ ਉਹ ਕਿਲ੍ਹਾ ਉਹ ਜਾਈਂ ਹਿਕ ਇਕੱਲਾ ਵੇਖ ਨਾ ਡਰਦਾ ਆਦਮ ਬਾਝ ਸਰਾਈਂ ਦਿਲ ਵਿਚ ਫ਼ਿਕਰ ਤਮੀਜ਼ਾਂ ਕਰਕੇ ਲੋੜੇ ਸਿੱਰਾ ਇਸ ਗੱਲ ਦਾ ਹਰ ਮਾੜੀ ਹਰ ਬੰਗਲਾ ਵੇਖੇ ਸੈਰ ਕਰੇ ਹਰ ਵੱਲ ਦਾ ਤੀਰ ਕਮਾਨ ਟਿੱਕਾ ਸ਼ਹਿਜ਼ਾਦੇ ਧਰੂ ਫੜਿਆ ਹੱਥ ਕੰਨਾ ਬੰਗਲੇ ਅੰਦਰ ਬੰਗਲਾ ਜਿਹੜਾ ਉਸ ਨੂੰ ਵੇਖਣ ਭੰਨਾ ਪੜ੍ਹ ਕੇ ਇਸਮ ਮੁਬਾਰਿਕ ਰੱਬ ਦਾ ਜਾ ਅੰਦਰ ਵਿਚ ਵੜਿਆ ਬਹੁਤ ਅਜਾਇਬ ਹੱਦ ਸ਼ੁਮਾਰੋਂ ਬੰਗਲਾ ਨਜ਼ਰੀਂ ਚੜ੍ਹਿਆ ਬਹੁਤ ਸਫ਼ਾਈ ਤੇ ਰੁਸ਼ਨਾਈ ਬਹੁਤਾ ਸੋਹਣਾ ਸੁੰਦਰ ਲਅਲ ਜਵਾਹਰ ਰੂਏ-ਜ਼ਿਮੀਂ ਦੇ ਸਭ ਪਏ ਉਸ ਅੰਦਰ ।(੨੪੨੦) ਫ਼ਰਸ਼ ਸਫ਼ਾਈ ਸ਼ੀਸ਼ੇ ਨਾਲੋਂ ਕੰਧਾਂ ਤੇ ਖ਼ੁਦ ਸ਼ੀਸ਼ੇ ਸੋਹਣੀ ਸੂਰਤ ਨਕਸ਼ ਬਣਾਏ ਹੁਸਨ ਕਮਾਲ ਬੇ-ਰੀਸ਼ੇ ਸ਼ੀਸ਼ ਮਹਿਲ ਸੁਨਹਿਰੀ ਸਾਰਾ ਛੱਤ ਬੱਧਾ ਸਭ ਪਸ਼ਮਾਂ ਜਿੱਤ ਵੱਲ ਤੱਕੇ ਪਿਆ ਚਮਕਦਾ ਜਿਉਂ ਸੂਰਜ ਦੀਆਂ ਰਸ਼ਮਾਂ ਵਿਚ ਉਸ ਦੇ ਹਿਕ ਤਖ਼ਤ ਸੁਨਹਿਰੀ ਲਅਲ ਜਵਾਹਰ ਜੜਿਆ ਪਰ ਕੋਈ ਸ਼ਾਹ ਅਮੀਰ ਨਾ ਓਥੇ ਲੁੱਗਾ ਉਹ ਭੀ ਅੜਿਆ ਪਿੰਜਰਿਆਂ ਵਿਚ ਪੰਖੀ ਟੰਗੇ ਬੰਗਲੇ ਵਿਚ ਚੌਫੇਰੇ ਪਿੰਜਰੇ ਜੜਤ ਜੜਾਊ ਜਵਾਹਰੋਂ ਆਹੇ ਘਣੇ ਘਣੇਰੇ ਬੁਲਬੁਲ ਖਰਸੂ ਤੋਤੇ ਮੈਨਾ ਕੁਮਰੀ ਘੁੱਗੀ ਭਾਈ ਕੂੰਜਾਂ ਮੋਰ ਲਟੋਰੇ ਕੋਇਲ ਅੰਤ ਨਾ ਆਹਾ ਕਾਈ ਬੋਲਣ ਖ਼ੁਸ਼ ਆਵਾਜ਼ ਤਮਾਮੀ ਰੰਗ ਰੰਗਾਂ ਦੀ ਬੋਲੀ ਹਿੱਕਨਾਂ ਕੂਕ ਉਚੇਰੀ ਆਹੀ ਹਿੱਕਨਾਂ ਦੀ ਗੱਲ ਹੌਲੀ ਬੁਲਬੁਲ ਕਰਕੇ ਯਾਦ ਬਹਾਰਾਂ ਬੋਲੇ ਸੁਖ਼ਨ ਹਜ਼ਾਰਾਂ ਕੈਦ ਹੋਇਆਂ ਵਿਚ ਪਿੰਜਰ ਪੁਕਾਰਾਂ ਕਦ ਮਿਲਾਂ ਗੁਲਜ਼ਾਰਾਂ ਬਾਗ਼-ਇਰਮ ਵਿਚ ਫੁੱਲ ਗੁਲਾਬਾਂ ਹੋਸੀ ਨਵੀਂ ਜਵਾਨੀ ਜੇ ਰੱਬ ਕੈਦ ਪਿੰਜਰ ਦੀਉਂ ਕੱਢੇ ਚੱਲ ਮਿਲੀਏ ਦਿਲ ਜਾਨੀ ਖਰਸੂ ਆਖੇ ਬਾਗ਼-ਇਰਮ ਦੀ ਖੇਤੀ ਹਰੀ ਹੋਏਗੀ ਸ਼ਾਖ਼ ਫ਼ਰਾਖ਼ ਵਿਸਾਖ ਮਹੀਨੇ ਫੁਲੀਂ ਭਰੀ ਹੋਏਗੀ ਅੱਜ ਕੱਲ੍ਹ ਕੰਡੇ ਨਰਮ ਹੋਵਣਗੇ ਪੱਤਰ ਲਵੇ ਸੁਮਨ ਦੇ ਜੇ ਰੱਬ ਸਾਨੂੰ ਬੰਦੋਂ ਕੱਢੇ ਕਰੀਏ ਸੈਰ ਚਮਨ ਦੇ ।(੨੪੩੦) ਤੋਤੇ ਆਖਣ ਪੱਕੇ ਹੋਸਣ ਮੇਵੇ ਬਾਗ਼-ਇਰਮ ਦੇ ਹਾਏ ਹਾਏ ਰੱਬਾ ਪਾਇਓ ਸਾਨੂੰ ਪਿੰਜਰਿਆਂ ਵਿਚ ਜੱਮ-ਦੇ ਅੰਬ ਅਨਾਰ ਮਜ਼ੇ ਵਿਚ ਹੋਸਣ ਆਣ ਪਈ ਰਸ ਮਿੱਠੀ ਦਾਣੇ ਕੱਢ ਅਨਾਰੋਂ ਖਾਂਦੇ ਜੇ ਰੱਬ ਕਰਦਾ ਚਿੱਠੀ ਕੁਮਰੀ ਕੂ ਕੂ ਕੂਕ ਪੁਕਾਰਨ ਊ ਕੂ ਊ ਕੂ ਮਾਏ ਬਾਗ਼-ਇਰਮ ਦਿਆਂ ਸਰੂਆਂ ਉੱਤੇ ਹੁੰਦੇ ਅਸੀਂ ਘੁੰਮਾਏ ਨਾਲ਼ ਖ਼ੁਸ਼ੀ ਦੇ ਸੈਰ ਕਰੇਂਦੇ ਹਰ ਬੂਟੇ ਹਰ ਡਾਲੀ ਰਾਗ ਸੁਹਾਗ ਚਮਨ ਦੇ ਗਾਈਏ ਭਾਗ ਜਗਾਏ ਵਾਲੀ ਮੀਨਾ ਆਖੇ ਮੈਂ ਨਾ ਜੰਮਦੀ ਮਾਉ ਦੇ ਘਰ ਤੱਤੀ ਰੱਜ ਨਾ ਕੀਤਾ ਸੈਰ ਚਮਨ ਦਾ ਆਣ ਪਿੰਜਰ ਵਿਚ ਘੱਤੀ ਚੋਹ ਚੋਹ ਕਰਦਾ ਅੱਜ ਹੋਏਗਾ ਮੁੱਖ ਲਾਲੀ ਥੀਂ ਲਾਲਾ ਭਾਇ ਅਸਾਡੇ ਪਾਇਓ ਈ ਸਾਈਆਂ ਦਾਗ਼ ਵਿਛੋੜੇ ਵਾਲਾ ਘੁੱਗੀ ਆਖੇ ਕੋਹ ਗਈ ਮੈਨੂੰ ਕੈਸੀ ਛੁਰੀ ਅਮਰ ਦੀ ਯੂਸੁਫ਼ ਖੂਹ ਪਿਆ ਨਹੀਂ ਦਿੱਸਿਆ ਤੌਕ ਪਿਆ ਹੁਣ ਮਰਦੀ ਰੁੱਤ ਬਹਾਰ ਤਿਆਰ ਚਮਨ ਵਿਚ ਯਾਰ ਹੋਸੀ ਸੰਗ ਸੈਣਾ ਮੈਂ ਭੀ ਬੋਲਾਂ ਜੇ ਅੱਜ ਹੋਵਾਂ ਚਾਨਣੀਆਂ ਵਿਚ ਰੈਣਾਂ ਕੂੰਜਾਂ ਬੋਲਣ ਸੱਦ ਗ਼ਮਾਂ ਦੀ ਅਸੀਂ ਨੇਕਾਂ ਬਲਮਾਈਆਂ ਬੱਚੇ ਛੋੜ ਆਈਆਂ ਹੁਣ ਏਥੇ ਪਿੰਜਰ ਵਿਚ ਫਸਾਈਆਂ ਜੇ ਅੱਜ ਦੇਸ ਆਪਣੇ ਵਿਚ ਹੋਈਏ ਉਡੀਏ ਬੰਨ੍ਹ ਕਤਾਰਾਂ ਬਾਗ਼-ਇਰਮ ਵੱਲ ਫੇਰਾ ਪਾਈਏ ਰਲ਼ ਕੇ ਨਾਲ਼ ਉਡਾਰਾਂ ।(੨੪੪੦) ਮੋਰੇ ਨੂੰ ਹਡਕੋਰੇ ਲੱਗੇ ਉਡ ਉਡ ਕਰਦਾ ਗੱਲਾਂ ਬਾਗ਼-ਇਰਮ ਦੇ ਬੂਟੇ ਹੋਸਣ ਘਣੇ ਹੋਏ ਜਿਉਂ ਝੱਲਾਂ ਪਰੀਆਂ ਖ਼ੂਬ ਪੁਸ਼ਾਕਾਂ ਲਾਸਣ ਜੇ ਮੈਂ ਓਥੇ ਹੋਂਦਾ ਪਾਇਲ ਪਾਂਦਾ ਮਨ ਪਰ ਚਾਂਦਾ ਖ਼ੁਸ਼ੀ ਦੇ ਹੰਝੂ ਰੋਂਦਾ ਕਹਿਣ ਲਟੋਰੇ ਮੌਲਾ ਟੋਰੇ ਬੰਦੀ ਅਸੀਂ ਬੇਚਾਰੇ ਉੱਡਣ ਹਾਰੇ ਬਾਗ਼ ਕਿਨਾਰੇ ਖ਼ੁਸ਼ੀਆਂ ਦੇ ਵਣਜਾਰੇ ਬਾਗ਼-ਇਰਮ ਵਿਚ ਰੌਣਕ ਹੋਸੀ ਧਰਤੀ ਧੂੜ ਗ਼ੁਬਾਰੋਂ ਹਰ ਖ਼ਾਨੇ ਵਿਚ ਖ਼ੂਬ ਸਫ਼ਾਈ ਵਿਹੜੇ ਭਰੇ ਬਹਾਰੋਂ ਕੋਇਲ ਬੋਲ ਕਹੇ ਅੱਜ ਹੁੰਦੀ ਮੈਂ ਭੀ ਕੋਲ ਚਮਨ ਦੇ ਸਬਜ਼ਾ ਵੇਖ ਹੁੰਦਾ ਦਿਲ ਤਾਜ਼ਾ ਬੋਲ ਸੁਣਾਂਦੀ ਮਨ ਦੇ ਡਾਹਢੇ ਰੱਬ ਵਿਛੋੜਾ ਪਾਇਆ ਕਦੇ ਅਸਾਨੂੰ ਮੇਲੇ ਬਾਗ਼ ਬਹਾਰਾਂ ਸੁਹਬਤ ਯਾਰਾਂ ਕਰੇ ਨਸੀਬ ਹਰ ਵੇਲੇ ਖ਼ੁਸ਼ ਆਵਾਜ਼ ਪੰਖੇਰੂ ਬਹੁਤੇ ਹੋਰ ਬਗ਼ੈਰ ਇਨ੍ਹਾਂ ਦੇ ਪਿੰਜਰਿਆਂ ਵਿਚ ਟੰਗੇ ਆਹੇ ਨਾ ਪੁੱਛ ਨਾਮ ਤਿਨ੍ਹਾਂ ਦੇ ਆਪੋ ਆਪਣੀ ਨਾਲ਼ ਅਦਾਏ ਸੱਭੋ ਕਰਨ ਪੁਕਾਰਾਂ ਰੱਬਾ ਕੈਦੋਂ ਦੇਈਂ ਖ਼ਲਾਸੀ ਯਾਰ ਮਿਲਾਈਂ ਯਾਰਾਂ ਅਸ਼ੀਂ ਪਰਿੰਦੇ ਵਿਚ ਹਵਾਈਂ ਉੱਡਣ ਵਾਲੇ ਹੈਸਾਂ ਆਪੋ ਆਪਣਿਆਂ ਰੰਗਾਂ ਵਾਲੇ ਖ਼ੂਬ ਉਜਾਲੇ ਹੈਸਾਂ ਜਿਥੇ ਭਾਵੇ ਓਥੇ ਜਾਣਾ ਉਚੀ ਸੁਚੀ ਜਾਈਂ ਏਥੋਂ ਉਠਣਾ ਓਥੇ ਬਹਿਣਾ ਕਰਨਾ ਸੈਰ ਹਵਾਈਂ ।(੨੪੫੦) ਪਿੰਜਰਿਆਂ ਵਿਚ ਪਏ ਤੜਫ਼ਦੇ ਜਾਇ ਨਹੀਂ ਮੁਕਲੇਰੀ ਪਰ ਭੱਜੇ ਸਿਰ ਗੰਜੇ ਹੋਏ ਜ਼ਾਲਿਮ ਕੈਦ ਲੰਮੇਰੀ ਕਾਲੇ ਤਿੱਤਰ ਕਾਹਲੇ ਹੋਏ ਕਰਨ ਉੱਚੀਆਂ ਫ਼ਰਿਆਦਾਂ ਸੱਚ ਸੁਬਹਾਨ ਤੇਰੀ ਹੈ ਕੁਦਰਤ ਕਰਨਾ ਕੈਦ ਆਜ਼ਾਦਾਂ ਕੈਦ ਹੋਇਆਂ ਚਾ ਕਰੀਂ ਖ਼ਲਾਸੀ ਇਹ ਭੀ ਹੈ ਕੰਮ ਤੇਰਾ ਆਪ ਵਿਛੋੜੇਂ ਆਪ ਮਿਲਾਏਂ ਤਕੀਆ ਹਰਦਮ ਤੇਰਾ ਪੰਖੀ ਰੂਹ ਤੇ ਪਿੰਜਰਾ ਜੁੱਸਾ ਬੰਗਲਾ ਦੁਨੀਆਂ ਖ਼ਾਨਾ ਬਾਗ਼ ਬਹਿਸ਼ਤ ਤੇ ਰੂਹ ਸ਼ਹਿਜ਼ਾਦਾ ਯਾਰ ਲੁਕਾਇ ਯਗਾਨਾ ਪੰਖੀ ਵੇਖ ਸ਼ਹਿਜ਼ਾਦੇ ਤਾਈਂ ਮਿੱਠੀਆਂ ਨਾਲ਼ ਜ਼ਬਾਨਾਂ ਸਾਰੇ ਬਹੁਤ ਖ਼ੁਸ਼ੀ ਕਰ ਬੋਲੇ ਫਿਰਿਆ ਨੇਕ ਜ਼ਮਾਨਾ ਘੱਲਿਆ ਰੱਬ ਮੁਵੱਕਲ ਸਾਡੇ ਬੰਦ ਉਤਾਰਨ ਵਾਲਾ ਇਸ ਬਿਨ ਬੰਦਾ ਹੋਰ ਨਾ ਆਹਾ ਦੁਸ਼ਮਣ ਮਾਰਨ ਵਾਲਾ ਜਾਨਵਰਾਂ ਦੇ ਖ਼ੁਸ਼ ਆਵਾਜ਼ੇ ਸੈਫ਼-ਮਲੂਕ ਸੁਣੇਂਦਾ ਪੈਰਾਂ ਹੇਠ ਜਵਾਹਰ ਰੁਲਦੇ ਨਾਹਾ ਮੂਲ ਚੁਣੇਂਦਾ ਬੰਗਲੇ ਅੰਦਰ ਕਰੇ ਨਿਗਾਹਾਂ ਹਰ ਹਰ ਗੋਸ਼ੇ ਜਾਏ ਮੱਤ ਕੋਈ ਸਿੱਰ ਇਹਦੇ ਵਿਚ ਹੋਵੇ ਦਸ ਸੱਜਣ ਦੀ ਪਾਏ ਬੰਗਲਾ ਸਾਰਾ ਫਿਰਕੇ ਡਿੱਠਾ ਸੈਫ਼-ਮਲੂਕ ਨਾ ਡਰਿਆ ਲਅਲ ਜਵਾਹਰ ਮਾਣਕ ਹੀਰੇ ਸੋਨੇ ਮੋਤੀ ਭਰਿਆ ਫਿਰਦੇ ਫਿਰਦੇ ਨਜ਼ਰੀਂ ਆਇਆ ਬੂਹਾ ਹੋਰ ਹਿਕ ਘਰ ਦਾ ਇਸ ਖ਼ਾਨੇ ਵੱਲ ਹੋਇਆ ਰਵਾਨਾ ਨਜ਼ਰ ਅੱਗੋਂ ਕੀ ਕਰਦਾ ।(੨੪੬੦) ਬੂਹੇ ਸੰਗਲ ਕੁੰਡਾ ਜੜਿਆ ਜਿੰਦਰਿਆਂ ਸੰਗ ਕੜਿਆ ਸੰਗਲ ਕੁੰਡੇ ਕੁਫ਼ਲ ਸੁਨਹਿਰੀ ਮੋਤੀ ਹੀਰੇ ਜੜਿਆ ਦੋ ਕਲਾ ਦੇ ਸ਼ੇਰ ਵਡੇਰੇ ਰਸਤਾ ਮਲ ਖਲੋਤੇ ਮਚਲੇ ਸ਼ੈਰ ਖ਼ੁਨਾਮੀ ਦਿੱਸਣ ਨਾਲ਼ ਲਹੂ ਮੁੱਖ ਧੋਤੇ ਵੇਖਣ ਸਇਾਤ ਸ਼ਹਿਜ਼ਾਦੇ ਉੱਤੇ ਹਮਲੇ ਕਰ ਕਰ ਆਵਣ ਪਰ ਉਸ ਦੇ ਗਲ ਪੈਂਦੇ ਨਾਹੀਂ ਪਾਸੋਂ ਪਏ ਡਰਾਵਣ ਸੈਫ਼-ਮਲੂਕ ਸ਼ੇਰਾਂ ਪਰ ਭਾਰਾ ਜਿਉਂ ਚੂਹਿਆਂ ਤੇ ਬੱਲੀ ਦੂਜਾ ਉੱਤੋਂ ਪੁੱਠ ਇਸ਼ਕ ਦੀ ਖ਼ੂਬ ਤਰ੍ਹਾਂ ਦੀ ਮਿਲੀ ਆਸ਼ਿਕ ਮੌਤੋਂ ਜ਼ਰਾ ਨਾ ਡਰਦਾ ਜਾਨ ਤਲ਼ੀ ਪਰ ਧਰਦਾ ਜੇ ਉਹ ਡਰਨੇ ਵਾਲਾ ਹੁੰਦਾ ਪਿਛੇ ਕਿਧਰੇ ਮਰਦਾ ਗੱਲ ਫ਼ਰਿਸ਼ਤੇ ਵਾਲੀ ਉਸ ਨੂੰ ਆਹੀ ਯਾਦ ਭਲੇਰੀ ਯਾਰ ਮਿਲੇ ਬਿਨ ਮਰਨਾ ਨਾਹੀਂ ਪੱਕੀ ਰੱਖ ਦਲੇਰੀ ਨਾਲੇ ਆਸ ਇਸ ਗੱਲ ਦੀ ਆਹੀ ਜੋ ਹਾਤਿਫ਼ ਫ਼ੁਰਮਾਈ ਝਬ ਵਸੀਲਾ ਮਿਲਸੀ ਤੈਨੂੰ ਦਸ ਸੱਜਣ ਦੀ ਪਾਈ ਸ਼ੇਰ ਦਲੇਰ ਸ਼ਹਿਜ਼ਾਦਾ ਤੱਕ ਕੇ ਨੇੜੇ ਮੂਲ ਨਾ ਆਵਣ ਉਸੇ ਪਹਿਲੇ ਫੇਰੇ ਉੱਤੋਂ ਘੜੀ ਘੜੀ ਮੁੜ ਜਾਵਣ ਸੈਫ਼-ਮਲੂਕ ਡਿਠੇ ਹਿਕ ਰੱਤੀ ਪੇਰ ਨਾ ਅੱਗੇ ਪਾਂਦੇ ਉੈਸੇ ਹਿਕਸੇ ਜਾਇਓਂ ਮੁੜਦੇ ਹਨ ਇਹ ਬਣੇ ਕਲਾਂ ਦੇ ਆਜ਼ਮ ਇਸਮ ਮੁਬਾਰਿਕ ਪੜ੍ਹਿਆ ਸ਼ੇਰ ਹੋਏ ਢਹਿ ਢੇਰੀ ਫਿਰ ਪੜ੍ਹ ਜੰਦਰਿਆਂ ਵੱਲ ਡਿੱਠਾ ਲੱਥੇ ਹਿਕਸੇ ਵੇਰੀ ।(੨੪੭੦) ਸ਼ੇਰ ਜਵਾਨ ਦਲੇਰ ਸ਼ਹਿਜ਼ਾਦਾ ਜ਼ਰਾ ਦੇਰ ਨਾ ਲਾਂਦਾ ਲੰਘ ਗਿਆ ਉਸ ਘਰ ਦੇ ਅੰਦਰ ਹਰਗਿਜ਼ ਖ਼ੌਫ਼ ਨਾ ਖਾਂਦਾ ਜਿਸ ਕੋਹ ਕਾਫ਼ ਸਮੁੰਦਰ ਟਾਪੂ ਬਰ ਉਜਾੜਾਂ ਬੇਲੇ ਨਾਲ਼ ਦਲੇਰੀ ਰੱਬ ਦੀ ਢੇਰੀ ਗਾਹੇ ਇਕ ਅਕੇਲੇ ਜੋ ਦਿਲਬਰ ਦੀ ਲੋੜੇ ਚੜ੍ਹਿਆ ਜੇ ਉਹ ਆਸ਼ਿਕ ਪੱਕਾ ਦਹਿਸ਼ਤ ਖ਼ੌਫ਼ ਨਾ ਰਹਿੰਦਾ ਉਸ ਨੂੰ ਨਾ ਉਹ ਟੁਰਦਾ ਥੱਕਾ ਜਾਂ ਉਸ ਘਰ ਵਿਚ ਗਿਆ ਸ਼ਹਿਜ਼ਾਦਾ ਡਿਠੋਸੁ ਤਖ਼ਤ ਸੁਨਹਿਰੀ ਚੌਹੀਂ ਪਾਵੇਂ ਸ਼ੇਰ ਸੁਨਹਿਰੀ ਬੈਠੇ ਲਾ ਕਚਹਿਰੀ ਤਖ਼ਤ ਸੁਨਹਿਰੀ ਲਅਲ ਜਵਾਹਰ ਜੜਤ ਜੜੀ ਚੌਫੇਰੇ ਹੀਰੇ ਪੰਨੇ ਹਾਰ ਹਮੇਲਾਂ ਗੱਲ ਪਾਈਆਂ ਹਰ ਸ਼ੇਰੇ ਹਰ ਸ਼ੇਰੇ ਦੀ ਡੌਲੇ ਬੱਧੇ ਕਾਰੀਗਰ ਦੇ ਡੌਲੇ ਚੌਕੀ ਤੇ ਤਾਵੀਜ਼ ਜਵਾਹਰ ਹੀਰੇ ਦੇ ਸਨ ਝੌਲੇ ਕੰਨਾਂ ਅੰਦਰ ਵਾਲੇ ਸਜੇ ਸੁੱਚੇ ਮੋਤੀ ਵਾਲੇ ਬਣੇ ਨਾਲ਼ ਸੁਨਹਿਰੀ ਕੰਙਣ ਦੁੰਬ ਮੁਰੱਸਅ ਨਾਲੇ ਤਖ਼ਤ ਉੱਤੇ ਕੋਈ ਸੁੱਤਾ ਹੋਇਆ ਚਾਦਰ ਚਿੱਟੀ ਤਾਣੀ ਸਿਰ ਪੈਰਾਂ ਤੱਕ ਕਿਤੋਂ ਨਾ ਨੰਗਾ ਪਰ ਦਿਸਦਾ ਕੋਈ ਹਾਣੀ ਆਸ਼ਿਕ ਦੀ ਤੱਕ ਹੋਰ ਦਲੇਰੀ ਕਰਦਾ ਕੀ ਜਿੰਦ ਬਾਜ਼ੀ ਐਸੀ ਜਾਏ ਖ਼ੌਫ਼ ਨਾ ਖਾਂਦਾ ਕਰਦਾ ਦਸਤ ਦਰਾਜ਼ੀ ਦਸਤ ਦਰਾਜ਼ੀ ਕੀ ਮੈਂ ਆਖਾਂ ਚਾਦਰ ਪੱਲਾ ਚਾਇਓਸੁ ਮੱਤ ਕੋਈ ਗ਼ੈਰ ਦਲੀਲ ਲਿਆਓ ਦੇਹੀ ਹੱਥ ਨਾ ਲਾਇਓਸੁ ।(੨੪੮੦)
42. ਦਰ ਵਸਫਿ ਜਮਾਲਿ ਮਲਕਾ ਖ਼ਾਤੂੰ ਦੁਖ਼ਤਰਿ ਸ਼ਾਹਿ ਸਰਾਂਦੀਪ ਕਿ ਦਰ ਕੈਦਿ ਦੇਵ ਬੂਦ (ਦੇਵ ਦੀ ਕੈਦੇ ਪਈ ਸਰਾਂਦੀਪ ਦੇ ਸ਼ਾਹ ਦੀ ਧੀ ਮਲਿਕਾ-ਖ਼ਾਤੂੰ ਦਾ ਰੂਪ)
ਚਾਇ ਪੱਲਾ ਸ਼ਹਿਜ਼ਾਦੇ ਡਿੱਠਾ ਸੂਰਤ ਨਜ਼ਰੀਂ ਆਈ ਦੁੱਰਿ-ਯਤੀਮ ਅਣ ਬਿੱਧਾ ਮੋਤੀ ਲਾਲੋਂ ਜੋਤ ਸਵਾਈ ਮਸਤ ਬੇਹੋਸ਼ ਸੁੱਤੀ ਹਿਕ ਲੜਕੀ ਸੂਰਤ ਦੀ ਸ਼ਹਿਜ਼ਾਦੀ ਹੁਸਨ ਕਮਾਲ ਜਮਾਲ ਉਹਦੇ ਦੀ ਹੱਦੋਂ ਗੱਲ ਜ਼ਿਆਦੀ ਸੂਰਜ ਵਾਂਗ ਨੂਰਾਨੀ ਮੱਥਾ ਨਜ਼ਰ ਨਾ ਕੀਤੀ ਜਾਵੇ ਜੇ ਪੱਥਰ ਦਿਲ ਵਾਲਾ ਤੱਕੇ ਅੱਖੀਂ ਪਾਣੀ ਆਵੇ ਕੌਸ-ਕੱਜ਼ਹ ਅਬਰੂ ਦੋਵੇਂ ਜਿਉਂ ਈਦੇ ਚੰਨ ਚੜ੍ਹਦਾ ਸਬਰ ਸੂਫ਼ੀ ਦਾ ਰੋਜ਼ੇਦਾਰਾਂ ਤੱਕ ਰੋਜ਼ਾ ਭੰਨ ਖੜਦਾ ਯਾ ਦੋ ਤਾਕ ਬਹਿਸ਼ਤੀ ਆਹੇ ਕਸਤੂਰੀ ਰੰਗ ਫੱਬਦੇ ਯਾ ਖ਼ਮਦਾਰ ਕਮਾਨ ਅਬਨੂਸੀ ਯਾ ਦੋ ਨੂਨ ਅਰਬ ਦੇ ਹਰ ਹਰ ਫੱਮਣ ਵਾਲ਼ੇ ਜੇਹਾ ਸੋਹਣਾ ਸਿੱਰ-ਹੱਕਾਨੀ ਵੇਖਣ ਸਾਇਤ ਕਲੇਜਾ ਸੱਲੇ ਜਿਉਂ ਤਰਕਸ਼ ਦੀ ਕਾਨੀ ਜ਼ੁਲਫ਼ਾਂ ਨਾਗ ਚੰਨਣ ਸੰਗ ਲਟਕੇ ਵੱਲ ਵੱਲ ਕੁੰਡਲ ਮਾਰੇ ਯਾ ਜ਼ੰਜੀਰ ਵਲਾਂ ਦੇ ਆਹੇ ਯਾ ਕਮੰਦ ਹਤਿਆਰੇ ਅੱਖੀਂ ਤੇਜ਼ ਕਟਾਰ ਫ਼ੌਲਾਦੀ ਆਹੀਆਂ ਵਿਚ ਮਿਆਨਾਂ ਸੁਰਖ਼ ਮਿਆਨ ਬਨਾਤੀ ਮਲਿਆ ਸੀਵਨ ਵਿਚ ਸ਼ਹਾਨਾ ਨੱਕ ਅੰਗੁਸ਼ਤ ਨਬੀ ਅੱਲ੍ਹਾ ਦੀ ਤੇਜ਼ ਛੁਰੀ ਤਲਵਾਰੋਂ ਅਸਮਾਨਾਂ ਵੱਲ ਕਰੇ ਇਸ਼ਾਰਤ ਮੁਅਜ਼ਜ਼ਿਆਂ ਦੇ ਪਾਰੋਂ ਚੰਨ ਦੋ ਖੰਨ ਦੋਵੇਂ ਰੁਖ਼ਸਾਰੇ ਬੁੰਦਿਆਂ ਨਾਲ਼ ਸਿੰਗਾਰੇ ਬੰਦ ਬਣਦੇ ਫੱਬਦੇ ਆਹੇ ਵਾਂਗ ਜ਼ਹੁੱਲ ਸਿਤਾਰੇ ।(੨੪੯੦) ਸੂਹੇ ਹੋਠ ਯਾਕੂਤੋਂ ਘੜ ਕੇ ਕਾਰੀਗਰ ਸੰਵਾਰੇ ਦੰਦ ਲਬਾਂ ਵਿਚ ਕੱਜੇ ਆਹੇ ਵਿਚ ਸ਼ਫ਼ਕ ਜਿਉਂ ਤਾਰੇ ਠੋਡੀ ਸੇਉ ਬਾਗ਼ ਬਹਿਸ਼ਤੋਂ ਸੂਹਾ ਰੰਗ ਉਨਾਬੋਂ ਗਾਟਾ ਵਾਂਗ ਸੁਰਾਹੀ ਕੱਚ ਦੀ ਜਿਉਂ ਕਰ ਭਰੀ ਸ਼ਰਾਬੋਂ ਸੀਨਾ ਤਖ਼ਤੀ ਸਾਫ਼ ਚੰਨਣ ਦੀ ਖ਼ੂਬ ਕਾਰੀਗਰ ਜੜ ਕੇ ਇਸ ਉੱਤੇ ਪਿਸਤਾਨ ਲਗਾਏ ਚਾਂਦੀ ਦੇ ਫੁੱਲ ਘੜ ਕੇ ਮਿੱਠੀ ਵਾਤ ਏਵੇਂ ਸੀ ਜਿਵੇਂ ਸੁਰਖ਼ ਅਨਾਰਾਂ ਕਲੀਆਂ ਘੜਤਲ਼ ਡਬਲ ਰੁਪਏ ਵਾਲੀ ਸਾਫ਼ ਹੱਥਾਂ ਦੀਆਂ ਤਲੀਆਂ ਗਲ ਪਈ ਸੀ ਲੋਹ ਰੁਪੈ ਦੀ ਉਂਗਲੀਆਂ ਸੁਣ ਕਲਮਾਂ ਸ਼ਿੰਗਰਫ਼ ਮੂੰਹ ਭਰੇ ਨਹੁੰ ਸੂਹੇ ਲਿਖ ਇਸ਼ਕ ਦਾ ਕਲਮਾ ਪਤਲਾ ਲੱਕ ਮੁੱਠੀ ਵਿਚ ਆਵੇ ਅੱਲਾ ਮੱਖਣ ਦੇਹੀ ਗੰਦੇ ਪਾਣੀ ਥੀਂ ਰੱਬ ਸਿਰਜੀ ਸੂਰਤ ਪਾਕ ਅਜੇਹੀ ਰੂਪ ਅਨੂਪ ਕੁੜੀ ਦਾ ਆਹਾ ਵਾਂਗ ਬਹਾਰ ਚਮਨ ਦੀ ਨਵੀਂ ਜਵਾਨੀ ਹੁਸਨ ਅਰਜ਼ਾਨੀ ਨਾਜ਼ੁਕ ਸ਼ਾਖ਼ ਸੱਮਨ ਦੀ ਕੱਦ ਸੁਫ਼ੈਦਾ ਸਰੂ ਰੰਗੀਲਾ ਯਾ ਸ਼ਮਸ਼ਾਦ ਗੁਲਿਸਤਾਂ ਵਕਤ ਬਹਾਰ ਸ਼ਿਗੂਫ਼ੇ ਵਾਂਙੂ ਮੂੰਹ ਕੱਢੇ ਸਨ ਪਿਸਤਾਂ ਸੰਬਲ ਵਾਲ਼ ਜ਼ੰਜੀਰੀ ਬੱਧੀ ਚਿਹਰਾ ਫੁੱਲ ਗੁਲਾਬੀ ਨਰਗਸ ਮਸਤ ਅੰਬੇ ਦੀ ਫਾੜੀ ਅੱਖੀਂ ਮਿਰਗ ਸ਼ਰਾਬੀ ਲਾਲੀ ਵੇਖ ਪੇਸ਼ਾਨੀ ਵਾਲੀ ਦਾਗ਼ ਲੱਗੇ ਗੁਲ ਲਾਲੇ ਦੰਦ ਚਿੱਟੇ ਸਨ ਚੰਬੇ ਕਲੀਆਂ ਮੋਤੀ ਖਰੇ ਉਜਾਲੇ ।(੨੫੦੦) ਠੋਡੀ ਵਾਂਗ ਖ਼ੂਬਾਨੀ ਭੀ ਓਹ ਰਸ ਭਰੀ ਸੀ ਪਤਲਾ ਉੱਚਾ ਕੱਦ ਰੰਗੀਲਾ ਨਾਜ਼ੁਕ ਸ਼ਾਖ਼ ਹਰੀ ਸੀ ਜਾਦੂਗਰ ਦੋ ਨੈਣ ਕੁੜੀ ਦੇ ਵਿਚ ਕਜਲੇ ਦੀ ਧਾਰੀ ਸੂਫ਼ੀ ਦੇਖ ਹੋਵਣ ਮਸਤਾਨੇ ਛੱਡਣ ਸ਼ਬ-ਬੇਦਾਰੀ ਜਿਉਂ ਚਾਂਦੀ ਦੀ ਮਛਲੀ ਹੁੰਦੀ ਤਿਵੇਂ ਨੱਕ ਉਚੇਰਾ ਚਿਹਰੇ ਸੂਰਜ ਚਸ਼ਮੇ ਅੰਦਰ ਹਰਦਮ ਰੱਖੇ ਡੇਰਾ ਕਾਲ਼ੀ ਰਾਤ ਹੋਵੇ ਰੁਸ਼ਨਾਈ ਜੇ ਉਹ ਜਲਵਾ ਡਾਲੇ ਅੱਖ ਕਾਲ਼ੀ ਜ਼ੁਲਮਾਤ ਖ਼ਿਜ਼ਰ ਦੀ ਆਬ ਹਯਾਤ ਪਿਆਲੇ ਜ਼ੁਲਫ਼ਾਂ ਦੀ ਖ਼ੁਸ਼ਬੋਈ ਹੱਲੇ ਤਾਜ਼ਾ ਕਰਨ ਦਿਮਾਗ਼ਾਂ ਆਦਮ ਵੇਖ ਮਰਨ ਜਿਉਂ ਮਰਦੇ ਵੇਖ ਪਤੰਗ ਚਿਰਾਗ਼ਾਂ ਹੁਸਨ ਉਹਦੇ ਦੀ ਫੁੱਲਾਂ ਖਾਰੀ ਬਾਗ਼-ਇਰਮ ਵਿਚ ਵਿਕਦੀ ਹੂਰ ਪਰੀ ਜੋ ਸੂਰਤ ਸੋਹਣੀ ਹਰ ਕੋਈ ਉਸਨੂੰ ਸਿਕਦੀ ਬਾਹਾਂ ਸੁੱਚੀ ਚਾਂਦੀ ਲੋਹੜੇ ਉਸਤਾ ਕਾਰ ਬਣਾਈਆਂ ਯਾ ਚਿੱਟੀਆਂ ਦੋ ਬਾਸਲੀਂਆਂ ਸਨ ਦੌਲਤ ਨਾਲ਼ ਭਰਾਈਆਂ ਗੁਲ-ਦਾਉਦੀ ਮੁਖੜਾ ਸੋਹਣਾ ਸੁਰਖ਼ ਸ਼ਰਾਬ ਅੰਗੂਰੀ ਯਾ ਉਹ ਆਬ ਹਬਾਬ ਹਿਸਾਬੋਂ ਆਹਾ ਐਨ ਕਾਫ਼ੂਰੀ ਜੇ ਬਾਗ਼ਾਂ ਵਿਚ ਵਾਓ ਫ਼ਜਰ ਦੀ ਲੋੜ ਕਰੇ ਸੈ ਬਰਸਾਂ ਐਸਾ ਸੁੰਦਰ ਫੁੱਲ ਨਾ ਲੱਭੇ ਮੈਂ ਕੀ ਸਿਫ਼ਤਾਂ ਕਰਸਾਂ ਪੇਸ਼ਾਨੀ ਕਾਫ਼ੂਰ ਦੰਦਾਂ ਵੱਲ ਵੇਖ ਭਵਾਂ ਸ਼ਰਮਾਵੇ ਗ਼ਬਗ਼ਬ ਸਾਫ਼ ਸੇਬ ਦੀ ਫਾੜੀ ਠੋਡੀ ਹੇਠ ਸੁਹਾਵੇ ।(੨੫੧੦) ਚਾਂਦੀ ਵਾਂਗਰ ਰੰਗ ਜੁੱਸੇ ਦਾ ਹੋਠ ਮਿੱਠੇ ਖੰਡ ਮਿਸਰੀ ਮਿਸਰੀ ਸੋਹਣੀ ਉਸ ਵੱਲ ਤੱਕ ਕੇ ਹੱਸਣ ਮਿਸਰ ਦਾ ਵਿਸਰੀ ਪਾਠ ਭੇਦ ਹੋਠ ਮਿੱਠੇ ਖੰਡ ਮਿਸਰੀ ਜੇਹੇ ਜੁੱਸਾ ਵਾਂਗਰ ਚਾਂਦੀ ਮਿਸਰ ਸ਼ਹਿਰ ਦੀ ਹੁਸਨ ਤੇ ਸੂਰਤ ਡਿੱਠਿਆਂ ਅਕਲ ਵੰਞਾਦੀ ਪਰੀਓਂ ਸੋਹਣੀ ਤੇ ਮਨਮੋਹਣੀ ਜੋਬਨ ਦੇ ਰੰਗ ਰੱਤੀ ਸ਼ਕਲ ਨਿਹਾਇਤ ਅਕਲ ਬਗ਼ਾਇਤ ਜਾਦੂਗਰ ਅੱਖ ਤੱਤੀ ਦਿਲ ਆਮੇਜ਼ੀ ਇਸ਼ਕ ਅੰਗੇਜ਼ੀ ਆਨ ਅਦਾ ਭਰੀ ਸੀ ਨਾਜ਼ੁਕ ਅੰਗ ਤੇ ਰੰਗ ਗੁਲਾਬੀ ਸੀਨਾ ਸੰਗ ਪਰੀ ਸੀ ਸ਼ੀਰੀਂ ਸ਼ਕਰ ਸ਼ਕਲ ਸ਼ਮਾਇਲ ਲੈਲਾ ਹੀਰ ਮੁਲਾਹਿਤ ਅਜ਼ਰਾ ਬਦਰ-ਮੁਨੀਰ ਜ਼ੁਲੈਖ਼ਾ ਵੇਖ ਹੋਵੇ ਦਿਲ ਰਾਹਤ ਤਾਜ਼ਾ ਰੂਪ ਅਵਾਜ਼ਾ ਮਿੱਠਾ ਨਕਸ਼ ਨੁਹਾਰ ਰਸੀਲੇ ਸੈਫ਼-ਮਲੂਕ ਬਦੀਅ-ਜਮਾਲੇ ਮੇਲੀ ਬਿਨ ਵਸੀਲੇ ਤੇਜ਼ ਜ਼ਬਾਨ ਯੂਨਾਨੀ ਸ਼ਾਇਰ ਸਿਫ਼ਤ ਉਹਦੀ ਦੇ ਵਾਰੇ ਗੁੰਗੇ ਹੁੰਦੇ ਬੋਲ ਨਾ ਸਕਦੇ ਖ਼ੂਬੀ ਬੇ ਸ਼ੁਮਾਰੇ ਚੁਸਤ ਤਬੀਅਤ ਹਿੰਦੁਸਤਾਨੀ ਫ਼ਿਰਦੌਸੀ ਦੇ ਸਾਨੀ ਨਾਜ਼ ਕਰਿਸ਼ਮਾ ਸਾਜ਼ ਜਵਾਨੀ ਲਿਖਣ ਨਾ ਆਸਾਨੀ ਮਾਨੀਂ ਤੇ ਅਰਜ਼ੰਗ ਸਿਆਣੇ ਕਸਬਾਂ ਦੀ ਤਦਬੀਰੋਂ ਇਸ ਸੂਰਤ ਦੇ ਨਕਸ਼ ਨਿਗਾਰੋਂ ਆਰੀ ਸਨ ਤਸਵੀਰੋਂ ਐਸੀ ਸੁੰਦਰ ਸੂਰਤ ਲੜਕੀ ਹੂਰ ਬਹਿਸ਼ਤੀ ਨਾਲੋਂ ਤਖ਼ਤ ਉੱਤੇ ਬੇਹੋਸ਼ ਸੁੱਤੀ ਸੀ ਖ਼ਾਲੀ ਸੁਰਤ ਸੰਭਾਲੋਂ ਸੈਫ਼-ਮਲੂਕੇ ਨੇੜੇ ਜਾ ਕੇ ਨਾਲ਼ ਕਿੰਨੇ ਮੂੰਹ ਲਾਕੇ ਬਹੁਤ ਬੁਲੰਦ ਅਵਾਜ਼ਾ ਕੀਤਾ ਕਿਸੇ ਤਰ੍ਹਾਂ ਇਹ ਜਾਗੇ ।(੨੫੨੦) ਗੁੰਬਦ ਵਿਚ ਆਵਾਜ਼ ਉਹਦੀ ਪਿਆ ਘੰਘਾਰਾ ਰੌਲੇ ਉਸ ਲੜਕੀ ਨੂੰ ਖ਼ਬਰ ਨਾ ਹੋਈ ਨਾ ਕੁੱਝ ਹੱਲੇ ਬੋਲੇ ਐਸੇ ਡੌਲੇ ਸੈਫ਼-ਮਲੂਕੇ ਮਾਰੇ ਸੱਤਰ ਨਾਲੇ ਨਾ ਅੱਖ ਪੱਟੀ ਨਾ ਉਹ ਹਿੱਲੀ ਨਾ ਕੁੱਝ ਸੁਰਤ ਸੰਭਾਲੇ ਸੈਫ਼-ਮਲੂਕੇ ਅਕਲ ਦੌੜਾਇਆ ਐਡੀ ਨੀਂਦ ਨਾ ਕਿਸੇ ਨਾ ਇਹ ਜ਼ਿੰਦੀ ਨਾ ਇਹ ਮੋਈ ਜਾਦੂ ਮਾਰੀ ਦਿੱਸੇ ਸੋਹਣੀ ਸੂਰਤ ਵੇਖ ਕਿਸੇ ਨੂੰ ਲੱਗਾ ਇਸ਼ਕ ਕੁੜੀ ਦਾ ਇਸ ਸ਼ੁਹਦੀ ਗ਼ਮ ਧਾਇਆ ਹੋਸੀ ਕਿਸਮਤ ਸਖ਼ਤ ਜੁੜੀ ਦਾ ਉਸ ਆਸ਼ਿਕ ਦੇ ਕਹੇ ਨਾ ਲੱਗੀ ਤਾਂ ਉਸ ਜਾਦੂ ਪਾਏ ਇਹੋ ਸਿੱਰ ਅਕਲ ਵਿਚ ਆਵੇ ਇਸ ਨੂੰ ਕੌਣ ਜਗਾਏ ਸ਼ਹਿਜ਼ਾਦਾ ਉਠ ਲੋੜਨ ਲੱਗਾ ਤਖ਼ਤੇ ਦੇ ਚੌਗਿਰਦੇ ਸੱਜੇ ਖੱਬੇ ਲੋੜ ਪਵਾਂਦੀ ਹੇਠ ਤੱਕੇ ਫਿਰ ਸਿਰ ਦੇ ਸਿਰ ਹੇਠੋਂ ਹਿਕ ਤਖ਼ਤੀ ਲੱਧੀ ਚਾਂਦੀ ਦੀ ਜਿਉਂ ਬਰਫ਼ਾਂ ਇਸ ਉੱਤੇ ਕੁੱਝ ਲਿਖਿਆ ਹੋਇਆ ਸਬਜ਼ ਸਿਆਹੀ ਹਰਫ਼ਾਂ ਜੋ ਕੁੱਝ ਇਸ ਤੇ ਲਿਖਿਆ ਆਹਾ ਬੋਲੀ ਸੀ ਸੁਰਿਆਨੀ ਖ਼ੁਸ਼ਖ਼ਤ ਸੀ ਹਰਫ਼ਾਇਤ ਸਾਰੀ ਲਿਖੀ ਕਲਮ ਯੂਨਾਨੀ ਸ਼ਹਿਜ਼ਾਦਾ ਹਰ ਇਲਮੋਂ ਵਾਕਫ਼ ਤਾਕ ਆਹਾ ਹਰ ਵਸਬੋਂ ਮੰਤਰ ਜਾਦੂ ਸਿਹਰ ਕੱਢਣ ਦੇ ਤਕੜਾ ਸੀ ਉਸ ਕਸਬੋਂ ਤਖ਼ਤੀ ਕੱਢ ਲਈ ਸਿਰ ਹੇਠੋਂ ਬਾਹਰ ਘਰੋਂ ਲਿਆਇਆ ਦੂਰ ਟਿੱਕਾ ਫਿਰ ਆਪੂੰ ਮੁੜਕੇ ਕੋਲ ਕੁੜੀ ਦੇ ਆਇਆ ।(੨੫੩੦) ਜਾਦੂ ਸਿਹਰ ਹਟਾਵਨ ਵਾਲੀ ਪੜ੍ਹੀ ਕਲਾਮ ਜ਼ਬਾਨੋਂ ਉਸ ਲੜਕੀ ਦੇ ਸਿਰ ਤੇ ਫੂਕੇ ਕਰਮ ਹੋਇਆ ਸੁਬਹਾਨੋਂ ਜਲਦੀ ਮਾਰੀ ਨਿੱਛ ਕੁੜੀ ਨੇ ਪੜ੍ਹਿਆ ਸ਼ੁਕਰ ਖ਼ੁਦਾਈ ਤਖ਼ਤ ਉੱਤੇ ਉੱਠ ਬੈਠੀ ਓਵੇਂ ਹੋਸ਼ ਟਿਕਾਣੇ ਆਈ ਸ਼ਹਿਜ਼ਾਦੇ ਉਹ ਤਖ਼ਤੀ ਓਥੋਂ ਰੱਖੀ ਚਾ ਪਰੇਰੇ ਆਪੂੰ ਫੇਰ ਕੁੜੀ ਵੱਲ ਆਇਆ ਮੁੜਕੇ ਦੂਜੇ ਫੇਰੇ ਫੇਰ ਗਿਆ ਤਾਂ ਤਖ਼ਤੇ ਉੱਤੇ ਬੈਠੀ ਵਾਂਗ ਅਮੀਰਾਂ ਵੇਖ ਸ਼ਹਜ਼ਾਦਾ ਹੋਇਆ ਸਲਾਮੀ ਨਾਲ਼ ਅਦਬ ਤਦਬੀਰਾਂ ਆਖ ਸਲਾਮ ਲੱਗਾ ਫਿਰ ਆਖਣ ਤਾਲਿਅ ਮੇਰੇ ਜਾਗੇ ਸਾਇਤ ਨੇਕ ਭਲੇ ਦਿਨ ਆਏ ਨਹਸ ਸਿਤਾਰੇ ਭਾਗੇ ਤੁਧ ਜੈਸੀ ਮਹਿਬੂਬ ਸ਼ਕਲ ਨੂੰ ਡਿੱਠਾ ਮੈਂ ਗ਼ਰੀਬੇ ਫੇਰ ਸਲਾਮ ਤੇਰੇ ਵੱਲ ਕੀਤਾ ਖੁੱਲੇ ਅੱਜ ਨਸੀਬੇ ਚੁੰਮਾਂ ਕਦਮ ਮੁਬਾਰਿਕ ਤੇਰੇ ਸਿਰ ਸਦਕੇ ਕਰ ਸੱਟਾਂ ਨਫ਼ਰ ਬਣਾਂ ਅਣ-ਮੁਲਾ ਤੇਰਾ ਲਾਹ ਘਣੇਰਾ ਖੱਟਾਂ ਜਾਂ ਸ਼ਹਿਜ਼ਾਦੇ ਇਹ ਗੱਲ ਆਖੀ ਲੜਕੀ ਉਸ ਨੂੰ ਡਿੱਠਾ ਦੇ ਜਵਾਬ ਸਲਾਮ ਉਹਦੇ ਦਾ ਬੋਲ ਜ਼ਬਾਨੋਂ ਮਿੱਠਾ ਸੂਰਤ ਵੇਖ ਹੋਈ ਮੁਤਹੱਯਰ ਕਹਿੰਦੀ ਬਾਰ ਖ਼ੁਦਾਇਆ ਇਹ ਜਵਾਨ ਜਹਾਨੋਂ ਸੋਹਣਾ ਕਿਹੜੇ ਦੇਸੋਂ ਆਇਆ ਝੰਡ ਕਹੀ ਕਸਤੂਰੀ ਭਿੰਨੀ ਕਾਲ਼ੀ ਕੁੰਡਲਾਂ ਵਾਲੀ ਨੂਰਾਨੀ ਪੇਸ਼ਾਨੀ ਖੁੱਲੀ ਅਬਰੂ ਸ਼ਕਲ ਹਲਾਲੀ ।(੨੫੪੦) ਅੱਖੀਂ ਅੰਦਰ ਹੁਸਨ-ਖ਼ੁਮਾਰੀ ਯਾ ਇਹ ਨੀਂਦਰ ਭਰੀਆਂ ਜੇ ਇਹ ਨਜ਼ਰ ਫਿਰਾ ਕੇ ਤੱਕੇ ਝਾਲ ਨਾ ਝੱਲਣ ਪਰੀਆਂ ਸ਼ੇਰਾਂ ਜੇਡ ਜ਼ੋਰਾਵਰ ਦਿੱਸੇ ਨਾਜ਼ੁਕ ਫੁਲ ਗਲਾਬੋਂ ਨੇਕੋ-ਕਾਰ ਫ਼ਰਿਸ਼ਤਾ ਸੂਰਤ ਵਾਫ਼ਿਰ ਹੁਸਨ ਹਿਸਾਬੋਂ ਬਿਜਲੀ ਦੇ ਚਮਕਾਰੇ ਵਾਂਗੂੰ ਇਸ ਦੀ ਅੱਖ ਚਮਕਦੀ ਅਲਫ਼ ਅਜ਼ਲ ਦੇ ਨੂਰੋਂ ਲਿਖਿਆ ਸਿਫ਼ਤ ਕਰਾਂ ਕੀ ਨੱਕ ਦੀ ਚਿਹਰੇ ਉੱਤੇ ਰੰਗ ਅਜਾਇਬ ਜਿਉਂ ਖਿੜਿਆ ਗੁਲ ਲਾਲਾ ਪਰ ਅੰਦਰ ਵਿਚ ਹੋਸੀ ਕੋਈ ਦਾਗ਼ ਮੁਹੱਬਤ ਵਾਲਾ ਬਦਰ ਮੁਨੀਰ ਅਕਾਸ ਹੁਸਨ ਦਾ ਬੇਨਜ਼ੀਰ ਸ਼ਹਿਜ਼ਾਦਾ ਤੱਕ ਕੇ ਉਠ ਖਲੋਤੀ ਲੜਕੀ ਕਰਕੇ ਅਦਬ ਜ਼ਿਆਦਾ ਜਾਣ ਪਛਾਣ ਨਾ ਉੱਠੀ ਤਖ਼ਤੋਂ ਹੋਇਆ ਜੀਉ ਬੇ-ਵੱਸਾ ਸੁੱਤੀ ਜਾਗੀ ਮਿਲੀ ਵਿਰਾਗੀ ਜਿਉਂ ਪਾਣੀ ਨੂੰ ਤੱਸਾ ਭੈਣਾਂ ਭਾਈਆਂ ਵਾਂਗਰ ਦੋਹਾਂ ਹਿਕ ਦੂਜੇ ਗਲ ਲਾਇਆ ਉਹ ਵੀਰਾ ਉਹ ਭੈਣੂੰ ਕਹਿੰਦਾ ਗ਼ੈਰ ਖ਼ਿਆਲ ਨਾ ਆਇਆ ਦੋਏ ਦੁੱਖਾਂ ਵਾਲੇ ਆਹੇ ਅੱਗ ਗ਼ਮਾਂ ਦੀ ਸਾੜੇ ਹਿਕ ਕੂਕਾਂ ਹਿਕ ਢਾਈਂ ਮਾਰੇ ਹਿਕ ਦੂਏ ਥੀਂ ਚਾੜੇ ਆਖਣ ਰੱਬਾ ਅਸੀਂ ਨਿਮਾਣੇ ਕਿਸ ਸ਼ਾਮਤ ਨੂੰ ਜੰਮੇ ਨਾਜ਼ਾਂ ਦੇ ਪਰਵਰਦੇ ਆਹੇ ਪਏ ਕਜ਼ੀਏ ਲੰਮੇ ਰੱਬ ਸਭਾਇਆ ਕੱਠਾ ਕਰ ਕੇ ਦੁੱਖ ਅਸਾਨੂੰ ਜੱਗ ਦਾ ਮੁਦਤ ਗੁਜ਼ਰੀ ਸਿਕ ਸਿਕੇਂਦਿਆਂ ਆਦਮ ਮੂੰਹ ਨਾ ਲਗਦਾ ।(੨੫੫੦) ਆਹੀਂ ਢਾਹੀਂ ਰੱਜਣ ਨਾਹੀਂ ਬਾਹੀਂ ਦੇਣ ਕਲਾਵੇ ਰੱਤੂੰ ਨੀਰ ਦੋਹਾਂ ਮੁੱਖ ਧੋਤੇ ਰੋ ਰੋ ਹੋਏ ਫਾਵੇ ਲੜਕੀ ਆਖੇ ਘੋਲ਼ ਘੁਮਾਈ ਜਿਸ ਰਸਤੇ ਤੂੰ ਆਇਓਂ ਮੈਂ ਤੱਤੀ ਦੇ ਤਾਲਿਅ ਜਾਗੇ ਮੌਲਾ ਵੀਰ ਮਿਲਾਇਓਂ ਕਿਥੋਂ ਮੈਂ ਇਸ ਦੌਲਤ ਜੋਗੀ ਖ਼ਬਰ ਨਹੀਂ ਕੀ ਹੋਸੀ ਏਸ ਖ਼ੁਸ਼ੀ ਦੇ ਬਦਲੇ ਸਾਨੂੰ ਕੇਡੀ ਔਕੜ ਪੌਸੀ ਸ਼ਹਿਜ਼ਾਦਾ ਕਰ ਹਾਏ ਹਾਏ ਰੁੰਨਾ ਘੱਤ ਕਹਾਈਂ ਕਹਿੰਦਾ ਹਿਕ ਹਿਕ ਵਾਲ਼ ਤੇਰੇ ਤੋਂ ਮੈਂ ਕੁਰਬਾਨੀ ਜਾਈਂ ਕੋਹ ਕਾਫ਼ਾਂ ਵਿਚ ਮੁਦਤ ਗੁਜ਼ਰੀ ਜੰਗਲ਼ ਬਾਰੀਂ ਭਾਲੇ ਕਈ ਸਮੁੰਦਰ ਟਾਪੂ ਗਾਹੇ ਡਿਠੇ ਸ਼ਹਿਰ ਉਜਾਲੇ ਬਾਗ਼ ਬਹਾਰਾਂ ਫੁਲ ਹਜ਼ਾਰਾਂ ਬਾਸ ਲਈ ਹਰ ਪਾਸੇ ਕਿਤੋਂ ਨਾ ਆਈ ਬੂ ਸੱਜਣ ਦੀ ਉਮਰ ਗੁਜ਼ਾਰੀ ਆਸੇ ਸੂਰਤ ਤੇਰੀ ਵਿਚੋਂ ਆਈ ਮੈਨੂੰ ਬੂ ਸੱਜਣ ਦੀ ਤੀਰ ਜੇਹੀ ਤਾਸੀਰ ਕਲੇਜੇ ਤੇਰੇ ਰਾਸਤ-ਸੁਖ਼ਨ ਦੀ ਝੱਲੇ ਜਿੰਦ ਨਿਮਾਣੀ ਮੇਰੀ ਕਹਿਰ ਨਜ਼ੂਲ ਹਜ਼ਾਰਾਂ ਭੁੱਲ ਗਏ ਸਭ ਤੈਨੂੰ ਮਿਲਿਆਂ ਦਮ ਦਮ ਸ਼ੁਕਰ ਗੁਜ਼ਾਰਾਂ ਦਿੱਤਾ ਦਰਦ ਉਬਾਲ਼ ਦੋਹਾਂ ਨੂੰ ਪਕੜੇ ਸੰਘ ਸਘੰਟਾਂ ਹਡਕੋਰੇ ਦਮ ਤੁਰਨ ਨਾ ਦਿੰਦੇ ਯਾਦ ਪਈਆਂ ਸਭ ਸੱਟਾਂ ਆਪੋ ਆਪਣੇ ਦੁੱਖਾਂ ਰੋਵਣ ਕਿਸ ਕਿਸੇ ਦੇ ਰੋਂਦੇ ਰੱਬਾ ਅਸੀਂ ਬੇਚਾਰੇ ਕਿਧਰੇ ਸੰਗ ਆਪਣੇ ਵਿਚ ਹੋਂਦੇ ।(੨੫੬੦) ਸੈਫ਼-ਮਲੂਕ ਇਸ ਕਾਰਨ ਰੋਵੇ ਸ਼ਾਹਜ਼ਾਦੀ ਕੋਈ ਹੋਸੀ ਮਹਿਲਾਂ ਦੇ ਵਿਚ ਹੱਸਦੀ ਰਸਦੀ ਕੈਦ ਹੋਈ ਬੇ ਦੋਸੀ ਐਸੀ ਸੁੰਦਰ ਸੂਰਤ ਲੜਕੀ ਜਾਦੂ ਮਾਰ ਸਵਾਲੀ ਇਸ ਬਿਨ ਮਾਪੇ ਭੈਣਾਂ ਭਾਈਆਂ ਹੋਗ ਪਿਆ ਘਰ ਖ਼ਾਲੀ ਜਿਸ ਸ਼ਾਖੋਂ ਇਹ ਫੁੱਲ ਤਰੁੱਟਾ ਸ਼ਾਖ਼ ਹੋਸੀ ਉਹ ਸੁੱਕੀ ਜਿਸ ਬਾਗ਼ੋਂ ਇਹ ਸਰੂ ਪੁਟਾਇਆ ਰੌਣਕ ਉਸ ਦੀ ਮੁੱਕੀ ਜਿਸ ਲੜੀਓਂ ਇਹ ਮੋਤੀ ਕਿਰਿਆ ਹੋਗ ਲੜੀ ਉਹ ਤਰੁੱਟੀ ਰੰਗ ਬੇਰੰਗ ਹੋਵੇਗਾ ਪੀਲ਼ਾ ਜਿਸ ਜ਼ਰ ਜੋੜੀ ਛੁੱਟੀ ਹੁਣ ਇਸ ਬੰਦੋਂ ਕਿਉਂ ਕਰ ਛੁੱਟੇ ਫੇਰ ਮਿਲੇ ਸੰਗ ਸੰਗਾਂ ਪੌਏ ਦੂਏ ਪੰਜੇ ਛਿੱਕੇ ਕੈਦ ਕੀਤੇ ਬਦ ਰੰਗਾਂ ਪਾਠ ਭੇਦ ਹੁਣ ਇਸ ਬੰਦੋਂ ਕਿਉਂ ਕਰ ਛੁੱਟੇ ਮਿਲਸੀ ਕਿਵੇਂ ਰਿਹਾਈ ਕੀਕਰ ਮਿਲਸੀ ਖ਼ੇਸ਼ ਕਬੀਲੇ ਹੋਵਗ ਦੂਰ ਜੁਦਾਈ ਕੌਣ ਲਏ ਹੁਣ ਸਾਰਾਂ ਇੱਥੇ ਪੇਸ਼ ਨਹੀਂ ਹਥਿਆਰਾਂ ਐਡੇ ਸ਼ਾਹ ਕੋਈ ਰਾਹ ਨਾ ਲਭਦਾ, ਦੂਰ ਸੁਣੀਂਦੀਆਂ ਬਾਰਾਂ ਸਖ਼ਤ ਮੁਹਿੰਮ ਗ਼ਨੀਮ ਸਿਰੇ ਤੇ ਹਿਕ ਯਤੀਮ ਹਿਕੱਲੀ ਰੱਬ ਰਹੀਮ ਕਰੀਮ ਛੁਡਾਏ ਕੈਦ ਕਦੀਮ ਅਵੱਲੀ ਕਰ ਅੰਦੇਸ਼ਾ ਰੋਈ ਲੜਕੀ ਸੈਫ਼-ਮਲੂਕੇ ਤਾਈਂ ਇਹ ਜਵਾਨ ਰੰਗੀਲਾ ਰੱਬਾ ਆਂਦੋਈ ਵਿਚ ਬਲਾਈਂ ਓੜਕ ਦਿਓ ਕਰੇਗਾ ਫੇਰਾ ਹਿਕ ਦਿਨ ਪਾਸੇ ਮੇਰੇ ਇਸ ਨੂੰ ਨੱਸਣ ਮੂਲ ਨਾ ਦੇਸੀ ਉੱਚਾ ਕੋਟ ਚੌਫੇਰੇ ਕੋਲ ਮੇਰੇ ਜਦ ਬੈਠਾ ਤਕਸੀ ਇਸ ਸ਼ਹਿਜ਼ਾਦੇ ਤਾਈਂ ਐਬ ਸਵਾਬ ਨਾ ਤਕਸੀ ਕੋਈ ਕਰਸੀ ਮਾਰ ਅਜ਼ਾਈਂ ।(੨੫੭੦) ਦੇਵ ਆਦਮ ਦੇ ਦੁਸ਼ਮਣ ਮੁਢੋਂ ਨਾਹੀਂ ਤੱਕ ਸੁਖਾਂਦੇ ਜੇ ਛੁਪੇ ਤਾਂ ਮੁਸ਼ਕੇ ਲੱਗ ਕੇ ਹਰ ਹੀਲੇ ਫੜ ਖਾਂਦੇ ਜਿਸ ਦਿਨ ਮਿਹਤਰ ਆਦਮ ਅੱਗੇ ਰੱਬ ਸਜੂਦ ਕਰਾਇਆ ਸਭਨਾਂ ਮਲਕਾਂ ਸਜਦਾ ਕੀਤਾ ਦਿਓ ਨਾ ਸੀਸ ਨਿਵਾਇਆ ਖ਼ਾਵੰਦ ਦਾ ਫ਼ੁਰਮਾਨ ਨਾ ਮੰਨਿਓਸੁ ਆਦਮ ਦਿਲੋਂ ਨਾ ਭਾਇਆ ਲਾਹਨਤ ਦਾ ਸ਼ੈਤਾਨ ਕਹਾ ਕੇ ਤੌਕ ਗਲੇ ਵਿਚ ਪਾਇਆ ਆਦਮ ਵੰਝ ਬਹਿਸ਼ਤੀਂ ਬੈਠਾ ਖ਼ੂਬ ਮੁਕਾਮ ਸਿਖਾਇਆ ਦੇਵੇ ਦਾ ਕੋਈ ਦਾਅ ਨਾ ਲਗਦਾ ਲੋੜੇ ਵੈਰ ਮੁਕਾਇਆ ਜੰਨਤ ਵਿਚ ਨਾ ਵੜਨਾ ਪਾਵੇ ਹੋ ਮਰਦੂਦ ਸਿਧਾਇਆ ਨਾਲ਼ ਉਹਦੇ ਕੁੱਝ ਪੇਸ਼ ਨਾ ਜਾਂਦੀ ਉਸ ਨੂੰ ਰੱਬ ਵਡਿਆਇਆ ਜਿਸ ਵੇਲੇ ਵੱਸ ਲੱਗਾ ਆਹਾ ਓੜਕ ਵੈਰ ਕਮਾਇਆ ਜੰਨਤ ਥੀਂ ਕਢਵਾਇਆ ਆਦਮ ਰੋ ਰੋ ਹਾਲ ਗਵਾਇਆ ਆਦਮ ਨਾਲ਼ ਇਨ੍ਹਾਂ ਦਾ ਰਿਹਾ ਮਚਿਆ ਵੈਰ ਕਦੀਮੀ ਇਹ ਜਵਾਨ ਬਚੇ ਤਦ ਰੱਬਾ ਜੇ ਤੂੰ ਕਰੇਂ ਕਰੀਮੀ ਕੀ ਜਾਣਾਂ ਇਹ ਐਸਾ ਸੋਹਣਾ ਕਿਨ ਸੁਹਾਗਣ ਜਾਇਆ ਏਸ ਕਿਲੇ ਵਿਚ ਆਣ ਪੁਚਾਇਆ ਕਿਸ ਸ਼ਾਮਤ ਨੇ ਚਾਇਆ ਐਸਾ ਚੌਧਵੀਂ ਦਾ ਚੰਨ ਸਾਰਾ ਝੜਿਆ ਜਿਸ ਆਸਮਾਨੋਂ ਪਿਆ ਹਨੇਰਾ ਡੁੱਬਾ ਹੋਸੀ ਚਾਨਣ ਓਸ ਜਹਾਨੋਂ ਜਿਸ ਤਾਜੋਂ ਇਹ ਝੜਿਆ ਹੋਸੀ ਸੁੰਦਰ ਲਅਲ ਚਮਕਦਾ ਤਾਜ ਵਾਲਾ ਸਿਰ ਆਪਣਾ ਹੋਸੀ ਅੰਦਰ ਖ਼ਾਕ ਪਟਕਦਾ ਜਿਸ ਤਾਜੋਂ ਇਹ ਲਅਲ ਚਮਕਦਾ ਝੜਿਆ ਅੰਦਰ ਘੱਟੇ ਸ਼ਾਹਾਂ ਦੇ ਸਿਰ ਰਿਹਾ ਨਾ ਹੋਸੀ ਤਾਲਿਅ ਉਸ ਦੇ ਘੱਟੇ ।(੨੫੮੦) ਸ਼ਹਿਜ਼ਾਦਾ ਤੇ ਲੜਕੀ ਦੋਂਵੇਂ ਜ਼ਾਰੀ ਕਰ ਕਰ ਹੁੱਟੇ ਖ਼ਾਲੀ ਮਗ਼ਜ਼ ਹੋਇਆ ਨਾ ਕੁੱਵਤ ਅੱਖੀਂ ਨੀਰ ਨਿਖੁੱਟੇ ਤਖ਼ਤ ਉੱਤੇ ਹੋ ਬੈਠੇ ਦੋਂਵੇਂ ਕਰਨ ਲੱਗੇ ਫਿਰ ਬਾਤਾਂ ਲੜਕੀ ਥੀਂ ਸ਼ਹਿਜ਼ਾਦਾ ਪੁੱਛਦਾ ਪੱਤੇ ਨਿਸ਼ਾਨੀ ਜ਼ਾਤਾਂ ਸੈਫ਼-ਮਲੂਕ ਕਹੇ ਐ ਲੜਕੀ ਕੌਣ ਕੋਈ ਤੂੰ ਬੰਦੀ ਕੀ ਨਾਂਵਾਂ ਕੀ ਜ਼ਾਤ ਤੁਸਾਡੀ ਕਿਹੜੇ ਸ਼ਹਿਰ ਵਤਨ ਦੀ ਆਦਮ ਹੈਂ ਯਾ ਹੋਰ ਫ਼ਰਿਸ਼ਤਾ ਯਾ ਕੋਈ ਪਰੀ ਪਿਆਰੀ ਆਦਮੀਆਂ ਵਿਚ ਹੁਸਨ ਅਜੇਹਾ ਡਿੱਠਾ ਨਾ ਹਿਕ ਵਾਰੀ ਨਾਮ ਖ਼ੁਦਾ ਦੇ ਸੱਚ ਦਸਾਲੀਂ ਕੂੜ ਨਾ ਬੋਲੀਂ ਇਥੇ ਐਸਾ ਜੋਬਨ ਨਾਜ਼ੁਕ ਦੇਹੀ ਆਦਮੀਆਂ ਵਿਚ ਕਿੱਥੇ ਲੜਕੀ ਕਿਹਾ ਸੱਚ ਸੁਣਾਵਾਂ ਡਾਹਢੀ ਕਸਮ ਖ਼ੁਦਾ ਦੀ ਆਦਮੀਆਂ ਦੀ ਜ਼ਾਤੇ ਵਿਚੋਂ ਮੈਂ ਹਾਂ ਆਦਮ-ਜ਼ਾਦੀ ਪਰ ਤੂੰ ਭੀ ਸੱਚ ਦੱਸੀਂ ਮੈਨੂੰ ਭਾਈ ਨੇਕ ਸਰਿਸ਼ਤਾ ਸੂਰਤ ਤੇਰੀ ਦਾ ਕੋਈ ਹੋਸੀ ਜੰਨਤ ਵਿਚ ਫ਼ਰਿਸ਼ਤਾ ਸੂਰਤ ਮੰਦ ਜਵਾਨ ਜ਼ਿਮੀਂ ਤੇ ਤੁਧ ਜੇਹਾ ਕਿਸ ਡਿੱਠਾ ਜਾਦੂਗਰ ਦੋ ਨੈਣ ਸਿਪਾਹੀ ਬੋਲ ਮੂੰਹੇਂ ਦਾ ਮਿੱਠਾ ਜਿਸ ਜਿਸ ਪਾਸੇ ਟੁਰਦਾ ਜਾਏਂ ਠਗੇਂ ਰਖ਼ਤ ਦਿਲਾਂ ਦੇ ਜਿੱਤ ਵੱਲ ਵੇਖੇਂ ਤੀਰ ਅੱਖੀਂ ਦੇ ਚੀਰ ਕਲੇਜਾ ਜਾਂਦੇ ਤੇਰੇ ਕੱਦ ਬਰਾਬਰ ਸੋਹਣਾ ਬਾਗ਼ੀਂ ਸਰੂ ਨਾ ਕਾਈ ਜਿਸਦੇ ਪੇਟੋਂ ਪੈਦਾ ਹੋਇਉਂ ਧੰਨ ਤੇਰੀ ਉਹ ਮਾਈ ।(੨੫੯੦) ਆਦਮ ਹੈਂ ਯਾ ਹੂਰ ਬਹਿਸ਼ਤੀ ਕਿਹੜੀ ਜ਼ਾਤ ਤੁਸਾਡੀ ਮੈਨੂੰ ਭੀ ਕੁੱਝ ਹੋਵੇ ਤਸੱਲੀ ਪੁੱਛਾਂ ਬਾਤ ਤੁਸਾਡੀ ਸੈਫ਼-ਮਲੂਕ ਸ਼ਹਿਜ਼ਾਦੇ ਕਿਹਾ ਖ਼ਤਰਾ ਰੱਖ ਨਾ ਜ਼ੱਰਾ ਆਦਮੀਆਂ ਦੀ ਜ਼ਾਤੇ ਵਿਚੋਂ ਮੈਂ ਭੀ ਹਾਂ ਮੁਕੱਰਰਾ ਲੜਕੀ ਕਿਹਾ ਆਦਮ ਹੋ ਕੇ ਕਿਉਂ ਕਰ ਪਹੁਤੋਂ ਇੱਥੇ ਆਦਮ ਜ਼ਾਤ ਨਹੀਂ ਪੁੱਜ ਸਕਦੇ ਮੁਲਕ ਉਨ੍ਹਾਂ ਦਾ ਕਿੱਥੇ ਪਰੀਆਂ ਦਾ ਇਹ ਮੁਲਕ ਟਿਕਾਣਾ ਦੇਵਤਿਆਂ ਦੇ ਥਾਨੇ ਆਦਮ ਸੋਈ ਪੁੱਜੇ ਜਿਸ ਨੂੰ ਦਿਓ ਕੋਈ ਚਾ ਆਣੇ ਆਦਮੀਆਂ ਵਿਚ ਮੈਂ ਹੀ ਤੱਤੀ ਡਿਠੇ ਪਰਬਤ ਕਾਲੇ ਇਹ ਵਲਾਇਤ ਹੋਰ ਕਿਸੇ ਨੂੰ ਨਾ ਰੱਬ ਪਾਕ ਦਿਸਾਲੇ ਸੈਫ਼-ਮਲੂਕ ਕਿਹਾ ਗੱਲ ਮੇਰੀ ਲੰਮੀ ਬਹੁਤ ਕਹਾਣੀ ਦਸ ਬਰਸ ਮੈਂ ਫਿਰਦੇ ਹੋਏ ਮੁਸ਼ਕਿਲ ਸਖ਼ਤ ਵਿਹਾਣੀ ਜ਼ਾਲਿਮ ਇਸ਼ਕ ਪਰੀ ਦੇ ਵਾਲੀ ਪੇੜ ਕਲੇਜੇ ਜਾਗੀ ਸੁਖ ਸਲਾਮਤ ਘਰ ਦੇ ਛੱਡੇ ਸਫ਼ਰ ਮੁਲਾਮਤ ਝਾਗੀ ਜੰਗਲ਼ ਤੇ ਕੋਹ ਕਾਫ਼ ਸਮੁੰਦਰ ਕਿਤਨੇ ਟਾਪੂ ਬੇਲੇ ਭੁੱਖਾਂ ਤੱਸਾਂ ਧੁੱਪਾਂ ਪਾਲੇ ਝੱਲੇ ਤਾਂ ਇਸ ਵੇਲੇ ਅਜਬ ਅਜਾਇਬ ਜਾਇ ਟਿਕਾਣੇ ਡਿਠੇ ਬੇ ਤਹਾਸ਼ੇ ਆਦਮੀਆਂ ਜੋ ਸੁਣੇ ਨਾ ਕੰਨੀਂ ਵੇਖੇ ਸੈਆਂ ਤਮਾਸ਼ੇ ਬਹਿਰਾਂ ਬਾਰਾਂ ਸ਼ਹਿਰਾਂ ਅੰਦਰ ਜੋ ਮੈਂ ਨਜ਼ਰੀਂ ਆਏ ਵਿਚ ਹਿਸਾਬ ਨਾ ਆਵਣ ਤੋੜੇ ਗਿਣਦਿਆਂ ਉਮਰ ਵਿਹਾਏ ।(੨੬੦੦) ਭਲੀਓਂ ਭਲੀਆਂ ਚੀਜ਼ਾਂ ਤੱਕੀਆਂ ਅੰਤ ਨਹੀਂ ਕੁੱਝ ਰਿਹਾ ਪਰ ਕੋਈ ਚੀਜ਼ ਤਮਾਸ਼ਾ ਨਾਹੀਂ ਡਿੱਠਾ ਤੇਰੇ ਜੇਹਾ ਤੇਰਾ ਸਿੱਰ ਅਜਾਇਬ ਡਿੱਠਾ ਪਤਾ ਨਹੀਂ ਕੁੱਝ ਲਗਦਾ ਐਸੀ ਬਾਰ ਗ਼ੁਬਾਰ ਜੰਗਲ਼ ਵਿਚ ਸੁਹਜ ਸ਼ਿੰਗਾਰ ਏ ਜੱਗ ਦਾ ਗ਼ੋਲ ਉਜਾੜੀ ਵਸਦੇ ਇਥੇ ਯਾ ਕੋਈ ਰਾਸ਼ਕ ਜ਼ਾਲਿਮ ਹੋਰ ਨਹੀਂ ਕੋਈ ਜੂਨ ਵਸੰਦੀ ਮੁਲਕੋਂ ਬਾਹਰਾ ਆਲਮ ਤੈਨੂੰ ਕਿਸ ਨੇ ਚਾ ਲਿਆਂਦਾ ਦੂਜਾ ਕੋਲ ਨਾ ਕੋਈ ਮਾਈ ਬਾਪ ਕਿੱਥੇ ਹੁਣ ਤੇਰੇ ਕਿੱਥੇ ਜੰਮੀ ਹੋਈ ਕਿਸ ਦੇ ਪੇਟੋਂ ਪੈਦਾ ਹੋਈਓਂ ਕਿਸ ਨੇ ਜੰਮੀ ਪਾਲ਼ੀ ਸੂਰਤ ਸੀਰਤ ਦੀ ਤੂੰ ਐਸੀ ਸਿਫ਼ਤ ਖ਼ੁਦਾਵੰਦ ਵਾਲੀ ਸਦਾ ਗੁਲਾਬ ਤੇਰਾ ਮੁੱਖ ਤਾਜ਼ਾ ਖਿੜਿਆ ਸੀ ਕਿਸ ਬਾਗ਼ੋਂ ਕਿਸ ਦਾ ਖ਼ਾਨਾ ਰੌਸ਼ਨ ਆਹਾ ਤੇਰੇ ਰੂਪ ਚਿਰਾਗੋਂ ਲੜਕੀ ਕਿਹਾ ਸੁਣ ਵੇ ਭਾਈ ਪੁੱਛ ਨਹੀਂ ਗੱਲ ਸਾਰੀ ਤੇਰੇ ਵਾਂਙੂ ਮੈਂ ਭੀ ਆਈ ਵਖ਼ਤ ਕਜ਼ੀਏ ਮਾਰੀ ਦੂਰ ਦਰਾਜ਼ ਮੇਰੀ ਗੱਲ ਲੰਮੀ ਬੇ ਅੰਦਾਜ਼ ਕਹਾਣੀ ਭਾਈ ਕੁੱਝ ਨਾ ਪੁੱਛ ਮੇਰੇ ਥੀਂ ਮੈਂ ਹਾਂ ਦਰਦ ਰੰਞਾਣੀ ਜੇ ਮੈਂ ਦੁੱਖ ਕਜ਼ੀਏ ਫੋਲਾਂ ਭੜਕ ਲੱਗੇ ਅੱਗ ਛਾਤੀ ਤੂੰ ਭੀ ਝੱਲ ਨਾ ਸਕਸੇਂ ਮੂਲੇ ਸੜਸੇਂ ਵਾਂਗਰ ਬਾਤੀ ਸੈਫ਼-ਮਲੂਕ ਕਿਹਾ ਮੈਂ ਅੱਗੇ ਸੜ ਸੜ ਹੋਇਆ ਸੱਜੀ ਜਲਣੇ ਦਾ ਨਹੀਂ ਸਰਫ਼ਾ ਮੈਨੂੰ ਰੱਖ ਨਹੀਂ ਗੱਲ ਕੱਜੀ ।(੨੬੧੦) ਨਾਮ ਨਿਸ਼ਾਨੀ ਹਾਲ ਹਕੀਕਤ ਖੋਲ ਸੁਣਾਈਂ ਮੈਨੂੰ ਦਰਦ ਵੰਡੇ ਗੱਲ ਖੁੱਲੇ ਮਿਲਦਾ ਦਰਦੀ ਸਾਥੀ ਜੈਨੂੰ ਦੁਖੀਏ ਦੀ ਗੱਲ ਦੁਖੀਆ ਸੁਣਦਾ ਕੀਮਤ ਕਦਰ ਪਛਾਣੇ ਕੀ ਦੁਖੀਆ ਜੋ ਦੁਖੀਏ ਅੱਗੇ ਦੱਸੇ ਨਹੀਂ ਵਿਹਾਣੇ ਜਿਉਂ ਦੁਖੀਏ ਨੂੰ ਦੁਖੀਆ ਮਿਲ ਕੇ ਹੰਝੂ ਭਰ ਭਰ ਰੋਂਦਾ ਸੁਖੀਏ ਤਾਈਂ ਤੱਕ ਕੇ ਸੁਖੀਆ ਐਸਾ ਖ਼ੁਸ਼ ਨਾ ਹੁੰਦਾ ਮਾਤਮ ਵਾਲੇ ਦੇ ਘਰ ਨਾਰੀਂ ਜਾ ਮੂੰਹ ਪੱਲੇ ਪਾਵਣ ਦੁਖੀਆ ਤੱਕਣ ਤਾਂ ਦੁੱਖ ਆਪਣੇ ਪੁੱਛੇ ਬਾਝ ਸੁਣਾਵਣ ਲੱਕੜ ਆਪਣੇ ਰੁੱਖੋਂ ਵਿਛੜੀ ਤਾਰ ਵਿਛੁੰਨੀ ਸੰਗੋਂ ਦੋਂਵੇਂ ਰਲੀਆਂ ਦੱਸਣ ਲੱਗੀਆਂ ਕੂਕ ਸੁਣਾਵਣ ਚੰਗੋਂ ਪਹਿਲਾਂ ਅਪਣਾ ਨਾਮ ਦਸਾਲੀਂ ਸੌਖੇ ਗੱਲਾਂ ਕਰੀਏ ਹਿਕ ਦੂਜੇ ਦੇ ਵਾਕਫ਼ ਹੋ ਕੇ ਨਾਲ਼ ਇਤਫ਼ਾਕੇ ਮਰੀਏ ਲੜਕੀ ਕਿਹਾ ਹੁਣ ਮੈਂ ਦੱਸਾਂ ਕੰਨ ਦਿਲੇ ਦੇ ਲਾ ਤੂੰ ਮੇਰਾ ਨਾਮ ਬੁਲਾਂਦੇ ਆਹੇ ਘਰ ਵਿਚ ਮਲਿਕਾ ਖ਼ਾਤੂੰ ਮੈਂ ਸਾਂ ਬੇਟੀ ਬਾਦਸ਼ਾਹੇ ਦੀ ਬਹੁਤ ਲਡਿਕੀ ਘਰ ਵਿਚ ਬਾਪ ਮੇਰਾ ਸੁਲਤਾਨ ਮੁਲਕ ਦਾ ਸਰਾਂਦੀਪ ਸ਼ਹਿਰ ਵਿਚ ਉਹੋ ਤਾਜ ਤਖ਼ਤ ਦਾ ਸਾਈਂ ਕਰਦਾ ਹੁਕਮ ਚੌਫੇਰੇ ਫ਼ੌਜਾਂ ਲਸ਼ਕਰ ਮਾਲ ਖ਼ਜ਼ਾਨੇ ਰੱਖਦਾ ਘਣੇ ਘਣੇਰੇ ਤਰੈਵੇ ਅਸੀਂ ਉਹਦੇ ਘਰ ਧੀਆਂ ਹਿਕ ਅਸਾਡਾ ਭਾਈ ਐਸ਼ਾਂ ਖ਼ੁਸ਼ੀਆਂ ਮੌਜਾਂ ਅੰਦਰ ਚਾਰੇ ਸਾਂ ਹਿਕ ਜਾਈ ।(੨੬੨੦) ਕੋਈ ਕਿਸੇ ਥੀਂ ਘੜੀ ਨਾ ਵਿਸਦੇ ਨਾ ਭੈਣਾਂ ਨਾ ਭਾਈ ਅੱਚਨਚੇਤੀ ਪਿਆ ਵਿਛੋੜਾ ਡਾਹਢੇ ਕਲਮ ਵਗਾਈ ਨਿੱਜ ਜਣੇਂਦੀ ਮਾਂ ਤੱਤੀ ਨੂੰ ਯਾ ਜੰਮਦੀ ਮਰ ਵੈਂਦੀ ਕਾਹਨੂੰ ਦੁੱਧ ਪਲਾਇਓਸੁ ਮੈਨੂੰ ਜ਼ਹਿਰ ਗੁੜ੍ਹਤੀ ਦੇਂਦੀ ਭੈਣਾਂ ਵੀਰ ਵਿਛੁੰਨੇ ਮੈਂ ਥੀਂ ਬਾਬਲ ਮਾਈ ਸੱਈਆਂ ਲੜੋਂ ਤਰੁੱਟੀ ਕੂੰਜ ਨਿਮਾਣੀ ਪਿੰਜਰਿਆਂ ਵਿਚ ਪਈਆਂ ਗੱਲ ਸੁਣਾਂਦੀ ਮਲਿਕਾ ਖ਼ਾਤੂੰ ਹੰਝੂ ਭਰ ਭਰ ਰੁੰਨੀ ਕਹਿੰਦੀ ਵੀਰਾ ਭੈਣਾਂ ਨਾਲੋਂ ਇਉਂ ਕਰ ਮੈਂ ਵਿਛੁੰਨੀ ਸਾਡਾ ਸੀ ਇਕ ਬਾਗ਼ ਹਜ਼ਾਰੀ ਖ਼ੂਬ ਤਰ੍ਹਾਂ ਦਾ ਬਣਿਆ ਸਦਾ ਰਹੇ ਰੰਗ ਲਾਇਆ ਓਥੇ ਗੁੱਲਾਂ ਫੁੱਲਾਂ ਘਣਿਆਂ ਚੌਹੀਂ ਪਾਸੀਂ ਬਾਗ਼ ਬਗ਼ੀਚੇ ਜਾ ਆਹੀ ਵਿਚ ਵਾਂਦੀ ਉਸ ਜਾਈ ਵਿਚ ਬੰਗਲਾ ਬਣਿਆ ਸਿਫ਼ਤ ਨਾ ਕੀਤੀ ਜਾਂਦੀ ਚਿੱਤਰਕਾਰੀ ਬੇ ਸ਼ੁਮਾਰੀ ਖ਼ੂਬ ਸਭੇ ਤਦਬੀਰਾਂ ਤਿੱਤਰ ਮੋਰ ਚਕੋਰ ਲਿਖਾਏ ਹੋਰ ਕਈ ਤਸਵੀਰਾਂ ਬਹੁਤ ਸਫ਼ਾਈ ਤੇ ਰੁਸ਼ਨਾਈ ਰੌਣਕ ਬਾਹਰ ਅੰਤੋਂ ਦੁਨੀਆਂ ਉੱਤੇ ਸੀ ਉਹ ਗਿਰਦਾ ਬਣੀ ਨਿਸ਼ਾਨੀ ਜੱਨਤੋਂ ਉਸ ਬੰਗਲੇ ਦੇ ਹੇਠ ਅਗੇਰੇ ਹੌਜ਼ ਆਹਾ ਇਕ ਭਾਈ ਤਰੈ ਸੈ ਅੰਦਰ ਤਰੀਹਾਂ ਸੈਆਂ ਦੀ ਚੁੜਿਆਈ ਲਮਿਆਈ ਇਸ ਹੌਜ਼ੇ ਦੇ ਚੌਹੀਂ ਪਾਸੀਂ ਸ਼ੇਰ ਸੁਨਹਿਰੀ ਚਾਰੇ ਸ਼ੇਰਾਂ ਵਾਲੀ ਸੂਰਤ ਦਿਸਦੇ ਬਹੁਤ ਜ਼ੋਰਾਵਰ ਭਾਰੇ ।(੨੬੩੦) ਦੁੰਹ ਸ਼ੇਰਾਂ ਦੇ ਮੂੰਹੋਂ ਪਾਣੀ ਵਗ ਵਗ ਹੁੰਦਾ ਜਾਰੀ ਦੂਜੇ ਦੋ ਸਨ ਪੀਂਦੇ ਜਾਂਦੇ ਹਿਕਮਤ ਬਣੀ ਨਿਆਰੀ ਬੰਗਲੇ ਅੰਦਰ ਖੇਡਣ ਜਾਈਏ ਸਦਾ ਅਸੀਂ ਰਲ਼ ਭੈਣਾਂ ਹਸਣ ਖੇਡਣ ਕੰਮ ਹਮੇਸ਼ਾ ਗ਼ਮ ਦਾ ਨਾਮ ਨਾ ਲੈਣਾ ਹੌਜ਼ ਅੰਦਰ ਸੀ ਕਿਸ਼ਤੀ ਰੱਖੀ ਫੇਰ ਉਹਦੇ ਵਿਚ ਤਰੀਏ ਹਰ ਹਰ ਪਾਸੇ ਬਾਗ਼ਾਂ ਅੰਦਰ ਸੈਰ ਖ਼ੁਸ਼ੀ ਦੇ ਕਰੀਏ ਇਕ ਦਿਨ ਕਰਨਾ ਰੱਬ ਦਾ ਹੋਈਆਂ ਮਾਰੇ ਪਰ ਤਕਦੀਰੇ ਹਾਰੇ ਤਾਲਿਅ ਲੇਖ ਮੱਥੇ ਦੇ ਉਲਟਾਏ ਤਕਸੀਰੇ ਭੈਣਾਂ ਨਾਲ਼ ਹਮੇਸ਼ਾ ਵਾਂਗਰ ਪੈ ਕਿਸ਼ਤੀ ਵਿਚ ਤੁਰੀਆਂ ਗ਼ੈਬੋਂ ਭਾਅ ਤੱਤੀ ਦੇ ਪਈਆਂ ਆਣ ਕਲਾਮਾਂ ਬੁਰੀਆਂ ਅਚਨਚੇਤ ਹਿਕ ਪੰਖੀ ਚਿੱਟਾ ਉੱਡਦਾ ਉੱਡਦਾ ਆਇਆ ਵੱਡਾ ਕੱਦ ਜ਼ੋਰਾਵਰ ਬਹੁਤਾ ਅੰਤ ਨਾ ਜਾਂਦਾ ਪਾਇਆ ਪੱਟਾਂ ਤੇ ਧਰ ਜ਼ੋਰ ਪੰਖੇਰੂ ਝੱਟਾਂ ਉੱਤੇ ਆਇਆ ਦਹਸ਼ਤਨਾਕ ਹੋਈਆਂ ਸਭ ਸੱਈਆਂ ਖ਼ੌਫ਼ੇ ਨੇ ਝੱਲ ਪਾਇਆ ਕਿਸ਼ਤੀ ਅੰਦਰ ਸਹੀ ਸਲਾਮਤ ਰਹਿ ਗਈਆਂ ਸਭ ਸੱਈਆਂ ਮੈਂ ਨਿਕਰਮੀ ਭੈੜੀ ਜਰਮੀਂ ਪੰਖੀ ਦੇ ਹੱਥ ਪਈਆਂ ਦਹਿਸ਼ਤ ਖ਼ੌਫ਼ ਉਹਦੇ ਨੇ ਮੈਨੂੰ ਪਾਇਆ ਝੱਲ ਅਜੇਹਾ ਮੁਰਦੇ ਵਾਂਗ ਹੋਈ ਬੇ ਤਾਕਤ ਹੋਸ਼ ਸੰਭਾਲ਼ ਨਾ ਰਿਹਾ ਖ਼ਬਰ ਨਹੀਂ ਉਸ ਕੀਕਰ ਚਾਇਆ ਕਿਹੜੇ ਰਸਤੇ ਆਂਦਾ ਕਿਤਨਾ ਦੂਰ ਏਥੋਂ ਘਰ ਸਾਡਾ ਕਿਸ ਤਰਫ਼ੇ ਰਾਹ ਜਾਂਦਾ ।(੨੬੪੦) ਜਿਸ ਵੇਲੇ ਮੈਂ ਅੱਖ ਉਘਾੜੀ ਹੋਸ਼ ਨਵੇਂ ਸਿਰ ਆਈ ਅਪਣਾ ਆਪ ਇਸ ਤਖ਼ਤੇ ਉੱਤੇ ਡਿੱਠਾ ਐਸੇ ਜਾਈ ਨਾ ਉਹ ਕਿਸ਼ਤੀ ਨਾ ਉਹ ਸੱਈਆਂ ਨਾ ਉਹ ਹੌਜ਼ ਬਗ਼ੀਚੇ ਨਾ ਉਹ ਪੰਖੀ ਨਜ਼ਰੀਂ ਆਇਆ ਦੋਸ਼ ਕਿਹਦੇ ਸਿਰ ਦੀਚੇ ਹਿਕ ਜਵਾਨ ਰੰਗੀਲਾ ਡਿੱਠਾ ਬੈਠਾ ਅੱਗੇ ਮੇਰੇ ਸੂਰਤ ਸੂਰਜ ਵਾਂਗ ਨੂਰਾਨੀ ਰੌਸ਼ਨ ਕਰੇ ਹਨੇਰੇ ਜਿਸ ਵੇਲੇ ਮੈਂ ਉਸ ਵੱਲ ਡਿੱਠਾ ਲੱਗਾ ਕਰਨ ਸਲਾਮਾਂ ਹੱਥ ਘੁੰਮਾਏ ਸਦਕੇ ਜਾਏ ਕਰਦਾ ਤੁਰਤ ਕਲਾਮਾਂ ਮੈਂ ਸਲਾਮ ਨਾ ਝੱਲਿਆ ਅੱਗੋਂ ਰਹਿਓਸੁ ਚੁੱਪ ਚੁਪਾਤੀ ਕਹਿਣ ਲੱਗਾ ਐ ਦਿਲਬਰ ਲੜਕੀ ਤੂੰ ਹੈਂ ਮੈਂ ਪਛਾਤੀ ਮੈਨੂੰ ਭੀ ਹੈ ਤੁਧ ਪਛਾਤਾ ਕੌਣ ਕੋਈ ਮੈਂ ਬੰਦਾ ਕਿਹੜੇ ਦੇਸ ਮੁਲਕ ਦਾ ਰਾਜਾ ਕਿਹੜੇ ਸ਼ਹਿਰ ਵਸੰਦਾ ਮੈਂ ਅੱਗੋਂ ਫਿਰ ਬੋਲੀ ਰੁੱਖੀ ਮੈਂ ਕੀ ਜਾਣਾਂ ਤੈਨੂੰ ਨਾ ਡਿਠੋਂ ਨਾ ਭਾਖਿਓਂ ਅੱਗੇ ਨਾ ਹੁਣ ਭਾਵੇਂ ਮੈਨੂੰ ਉਸ ਜਵਾਨੇ ਇਹ ਗੱਲ ਸੁਣ ਕੀ ਛੋਹੀ ਫੇਰ ਕਹਾਣੀ ਕਹਿੰਦਾ ਮੈਨੂੰ ਨਾ ਕਰ ਖ਼ਫ਼ਗੀ ਸੁਣ ਗੱਲ ਬੀਬੀ ਰਾਣੀ ਨੀਚ ਜਵਾਨ ਨਹੀਂ ਕੋਈ ਮੈਂ ਭੀ ਕੁਲਜ਼ਮ ਦਾ ਸ਼ਹਿਜ਼ਾਦਾ ਬਾਪ ਮੇਰੇ ਦਾ ਬਾਪ ਤੇਰੇ ਥੀਂ ਰਾਜ ਇਕਬਾਲ ਜ਼ਿਆਦਾ ਨਿੱਕੀ ਸੈਂ ਤਦ ਸੂਰਤ ਤੇਰੀ ਮੈਨੂੰ ਨਜ਼ਰੀਂ ਆਈ ਡੈਣਾਂ ਵਾਂਙੂ ਜ਼ਾਲਿਮ ਨੈਣਾਂ ਸਾਂਗ ਕਲੇਜੇ ਲਾਈ ।(੨੬੫੦) ਬਾਦਸ਼ਾਹੀ ਦਾ ਜ਼ੌਕ ਨਾ ਰਿਹਾ ਸ਼ੌਕ ਤੇਰੇ ਦਿਲ ਫੜਿਆ ਐਸ਼ ਖ਼ੁਸ਼ੀ ਦਾ ਰਿਹਾ ਨਾ ਚੇਤਾ ਲੋੜੇ ਤੇਰੀ ਚੜ੍ਹਿਆ ਮੁਦਤ ਸੱਤ ਬਰਸ ਮੈਂ ਹੋਏ ਤਲਬ ਕਮਾਲ ਤੇਰੀ ਵਿਚ ਰਾਤ ਦਿਹਾਂ ਛਹਿ ਬਹਿੰਦਾ ਰਿਹਾ ਖ਼ਵਾਹਿਸ਼ ਭਾਲ਼ ਤੇਰੀ ਵਿਚ ਖਾਵਣ ਲਾਵਣ ਕੁੱਝ ਨਾ ਸਮਝਾਂ ਨਾ ਨੀਂਦਰ ਭਰ ਸੁੱਤਾ ਛੱਤ ਪਰੱਤ ਬਤੇਰੇ ਕੀਤੇ ਮੱਤ ਕੋਈ ਚਲੇ ਬੁੱਤਾ ਕਿਤਨੀ ਵਾਰ ਵਟਾਈ ਕਾਇਆਂ ਜ਼ਾਲਿਮ ਇਸ਼ਕ ਅਕਾਇਆਂ ਜ਼ਬਰ ਪਿਆ ਦਿਲ ਸਬਰ ਨਾ ਰਿਹਾ ਤੁਧ ਤੇ ਚਿੱਤ ਵਿਕਾਇਆਂ ਤੈਨੂੰ ਪਕੜ ਲਿਆਵਣ ਕਾਰਨ ਕੇਤੇ ਜਤਨ ਬਤੇਰੇ ਸੱਤਾਂ ਬਰਸਾਂ ਵਿਚ ਨਾ ਲੱਗਾ ਦਾ ਮੇਰਾ ਸੰਗ ਤੇਰੇ ਤਰਲੇ ਹਾੜੇ ਬਹੁਤੇ ਕੀਤੇ ਪੇਸ਼ ਨਾ ਗਈਆ ਕੋਈ ਤੂੰ ਮਾਸੂਮ ਨਾਬਾਲਗ਼ ਰੱਖੇਂ ਪਾਕੀ ਸਿਰ ਮੂੰਹ ਧੋਈ ਮੈਂ ਭੀ ਦੇਵਤਿਆਂ ਵਿਚ ਆਹਾ ਸਿਪਾਹ-ਸਾਲਾਰ ਕਹਾਂਦਾ ਨਾਲ਼ ਤੇਰੇ ਕੁੱਝ ਜ਼ੋਰ ਨਾ ਚਲਿਆ ਅੱਕ ਗਿਆ ਗ਼ਮ ਖਾਂਦਾ ਦੇਵਾਂ ਤਾਈਂ ਕੁੱਵਤ ਬਹੁਤੀ ਕਿਤਨੇ ਆਸਣ ਕਰਦੇ ਪਲ ਵਿਚ ਵਧਦੇ ਪਲ ਵਿਚ ਘਟਦੇ ਛਪਣ ਵਿਚ ਨਜ਼ਰ ਦੇ ਹੋਰੂੰ ਹੋਰ ਬਣਾਵਣ ਸੂਰਤ ਬਣ ਸਕਦੇ ਕਈ ਚੀਜ਼ਾਂ ਕਦੇ ਡਰਾਵਣ ਵੈਰੀ ਦਿਸਦੇ ਕਦੇ ਮਿਸਾਲ ਅਜ਼ੀਜ਼ਾਂ ਆਦਮ ਹੈ ਕੀ ਚੀਜ਼ ਬੇਚਾਰਾ ਨਾਲ਼ ਉਨ੍ਹਾਂ ਦੇ ਪੋਟੀ ਝੱਟ ਅੰਦਰ ਚਾ ਖੜਦੇ ਐਵੇਂ ਇੱਲ ਖੜੇ ਜਿਉਂ ਬੋਟੀ ।(੨੬੬੦) ਪਰ ਹਿਕ ਲੇਖੇ ਆਦਮ ਡਾਹਢਾ ਪਤਾ ਤੁਸਾਨੂੰ ਦੇਵਾਂ ਜ਼ਾਹਿਰ ਬਾਤਿਨ ਪਾਕੀ ਹੋਵੇ ਪੇਸ਼ ਨਹੀਂ ਫਿਰ ਦੇਵਾਂ ਜ਼ਾਹਿਰ ਪਾਕੀ ਜੁੱਸੇ ਜਾਮੇ ਜੇ ਬੰਦੇ ਨੂੰ ਹੋਵੇ ਜ਼ਾਹਿਰ ਦੇ ਜਿੰਨ ਭੂਤ ਨਾ ਪੋਂਹਦੇ ਜਿਥੇ ਜਾ ਖਲੋਵੇ ਬਾਤਨ ਪਾਕ ਹੋਵੇ ਜਿਸ ਨੀਯਤ ਅੰਦਰ ਵਿਚ ਸਫ਼ਾਈ ਵੈਰੀ ਦਿਓ ਇਬਲੀਸ ਲਈਨੇ ਪੇਸ਼ ਨਾ ਜਾਂਦੀ ਕਾਈ ਇਨ੍ਹਾਂ ਗੱਲਾਂ ਅੰਦਰ ਵੜਿਆਂ ਕਿੱਸਾ ਹੈ ਟੁੱਟ ਜਾਂਦਾ ਸਿੱਧੀ ਸਾਫ਼ ਮੁਹੰਮਦ ਬਖਸ਼ਾ ਚੱਲੀਂ ਬਾਤ ਸੁਣਾਂਦਾ ਮਲਿਕਾ ਖ਼ਾਤੂੰ ਗੱਲ ਸੁਣਾਂਦੀ ਸੈਫ਼-ਮਲੂਕੇ ਅੱਗੇ ਇਸ ਦੇਵੇ ਫਿਰ ਮੈਨੂੰ ਕਿਹਾ ਵਾਹ ਮੇਰੀ ਕਦ ਲਗੇ ਜਾਂ ਜਾਂ ਜੁੱਸਾ ਜਾਮਾ ਤੇਰਾ ਪਾਕ ਆਹਾ ਹਰ ਮੈਲੋਂ ਮੇਰਾ ਜ਼ੋਰ ਨਾ ਟੁਰਿਆ ਕੋਈ ਬਚਿਆ ਏਸ ਤੁਫ਼ੈਲੋਂ ਜਿਸ ਵੇਲੇ ਹੁਣ ਬਾਲਗ਼ ਹੋਈ ਆਈ ਹੈਜ਼-ਪਲੀਤੀ ਦਾਅ ਲੱਗਾ ਤਦ ਚਾਅ ਲਿਆਇਓਸੁ ਆਸ ਪੂਰੀ ਰੱਬ ਕੀਤੀ ਖ਼ਤਰ ਜਮ੍ਹਾਂ ਤਸੱਲੀ ਕਰ ਤੂੰ ਖ਼ਤਰਾ ਰੱਖ ਨਾ ਝੋਰਾ ਮਾਂ ਪਿਓ ਭੈਣਾਂ ਭਾਈਆਂ ਵਾਲੀ ਹਿਰਸ ਨਾ ਰੱਖੀਂ ਭੋਰਾ ਤੂੰ ਮਾਸ਼ੂਕ ਮੇਰੀ ਮੈਂ ਆਸ਼ਿਕ ਇਸ ਥੀਂ ਕੌਣ ਚੰਗੇਰਾ ਸ਼ਹਿਰ ਵਲਾਇਤ ਉੱਤੇ ਕਰਸਾਂ ਰਾਜ ਹੁਕਮ ਸਭ ਤੇਰਾ ਦੁਸ਼ਮਣ ਤੇਰੇ ਘਾਇਲ ਹੋਸਣ ਖ਼ੁਸ਼ੀਆਂ ਐਸ਼ਾਂ ਤੈਨੂੰ ਹੋਰ ਕਿਸੇ ਦੀ ਚਾਹ ਨਾ ਰੱਖੀਂ ਜਾਣ ਪਿਆਰਾ ਮੈਨੂੰ ।(੨੬੭੦) ਜੋੜੀ ਜੁੜੀ ਕੁੜੀ ਲੋਹੜੇ ਦੀ ਯਾਰੀ ਕੀਤੀ ਭਾਗਾਂ ਮੈਂ ਰਾਜਾ ਤੂੰ ਰਾਣੀ ਹੋਸੇਂ ਵਸਸੀਂ ਰੰਗਾਂ ਰਾਗਾਂ ਚਾ ਨਾ ਰੱਖੀਂ ਦੇਸ ਵਤਨ ਦਾ ਇਹੋ ਵਤਨ ਬਣਾਈਂ ਵਹੁਟੀ ਜਦੋਂ ਵਿਆਹੀ ਜਾਂਦੀ ਰੋਂਦੀ ਪਾ ਕਹਾਈਂ ਬੰਨੇ ਨਾਲ਼ ਬਣੇ ਜਦ ਉਲਫ਼ਤ ਪੇਕੇ ਯਾਦ ਨਾ ਰਹਿੰਦੇ ਦੋਏੇ ਜੀ ਇਕੱਠੇ ਹੋਵਣ ਖ਼ੁਸ਼ੀਆਂ ਕਰ ਕਰ ਬਹਿੰਦੇ ਮਾਪੇ ਭਾਈ ਭੈਣਾਂ ਸੱਈਆਂ ਨਾ ਹੁਣ ਮੁੱਖ ਵਿਖਾਵਣ ਉਹ ਨਹੀਂ ਆ ਸਕਦੇ ਏਥੇ ਨਾ ਹੈ ਤੇਰਾ ਜਾਵਣ ਇਹ ਵਲਾਇਤ ਪਰੀਆਂ ਵਾਲੀ ਦੇਵਤਿਆਂ ਦੇ ਖ਼ਾਨੇ ਆਦਮੀਆਂ ਦਾ ਆਵਣ ਇਥੇ ਨਾਹੀਂ ਕਿਸੇ ਬਹਾਨੇ ਅਸਲੋਂ ਆਦਮ ਜ਼ਾਤ ਇਸ ਜਾਈ ਨਾ ਆਇਆ ਨਾ ਆਸੀ ਹਿਕ ਆਦਮ ਦਾ ਖ਼ਤਰਾ ਮੈਨੂੰ ਮੱਤ ਉਹ ਫੇਰਾ ਪਾਸੀ ਖ਼ੂਬ ਜਵਾਨ ਬਹਾਦਰ ਸੋਹਣਾ ਹੋਗ ਸ਼ਹਿਜ਼ਾਦਾ ਕੋਈ ਲੰਮੀ ਬਹੁਤ ਕਹਾਣੀ ਉਸ ਦੀ ਤੁਰਤ ਬਿਆਨ ਨਾ ਹੋਈ ਮੈਨੂੰ ਭੀ ਹੈ ਖ਼ੌਫ਼ ਘਣੇਰਾ ਇਸ ਦਲੇਰ ਜਵਾਨੋਂ ਇਲਮ ਕਲਾਮਾਂ ਵਿਚੋਂ ਇਹੋ ਆਹੀ ਖ਼ਬਰ ਅਸਮਾਨੋਂ ਜਾਂ ਇਹ ਗੱਲਾਂ ਦੇਵੇ ਦੱਸੀਆਂ ਤਾਂ ਮੈਂ ਬਹੁਤੀ ਰੁੰਨੀ ਹਾਏ ਹਾਏ ਰੱਬਾ ਭੈਣਾਂ ਨਾਲੋਂ ਰਹਸਾਂ ਕਿਵੇਂ ਵਿਛੁੰਨੀ ਮਾਪੇ ਪਏ ਸਿਆਪੇ ਕਰਸਨ ਕੀ ਜਾਪੇ ਕੀ ਹੋਸੀ ਭੈਣਾਂ ਵੈਣਾਂ ਕਰ ਕਰ ਮਰਸਣ ਵੀਰ ਪਿਆ ਨਿੱਤ ਰੋਸੀ ।(੨੬੮੦) ਸੱਈਆਂ ਜਿਸ ਦਿਨ ਭੋਰ੍ਹੇ ਪਈਆਂ ਜਦੋਂ ਪਰ੍ਹੇ ਵਿਚ ਗਈਆਂ ਕਰਸਨ ਯਾਦ ਸਵਾਦ ਨਾ ਰਹਿਸੀ ਹੰਝੂ ਰੋਸਨ ਪਈਆਂ ਇਹੋ ਦਰਦ ਮੇਰੇ ਦਿਲ ਆਏ ਰੋ ਰੋ ਕੂਕਾਂ ਮਾਰਾਂ ਮਾਪੇ ਭੈਣਾਂ ਭਾਈ ਬਾਝੋਂ ਨਾ ਮੈਂ ਝੱਟ ਗੁਜ਼ਾਰਾਂ ਉਨ੍ਹਾਂ ਬਾਝੋਂ ਸਬਰ ਨਾ ਮੈਨੂੰ ਨਾ ਤੂੰ ਦਿਲ ਨੂੰ ਭਾਵੇਂ ਭਾਂਵੇਂ ਰੰਜ ਮੇਰੇ ਪਰ ਹੋ ਕੇ ਜਾਨੋਂ ਮਾਰ ਗਵਾਵੇਂ ਜਾਂ ਇਹ ਗੱਲ ਸੁਣੀ ਉਸ ਦੇਵੇ ਚੜ੍ਹੀਓਸੁ ਗ਼ਜ਼ਬ ਹਨੇਰੀ ਉਸ ਤਖ਼ਤੀ ਤੇ ਜਾਦੂ ਕਰਕੇ ਕੈਦ ਕੀਤੀ ਜਿੰਦ ਮੇਰੀ ਮੁਰਦੇ ਵਾਂਗ ਇਸ ਤਖ਼ਤੇ ਉੱਤੇ ਪਈ ਰਹਾਂ ਹਰ ਵੇਲੇ ਬੂਹੇ ਉੱਤੇ ਰਹਿਣ ਖਲੋਤੇ ਪਾਹਰੂ ਸ਼ੇਰ ਮਰੇਲੇ ਉਹੋ ਦੇਵ ਮਹੀਨੇ ਪਿੱਛੋਂ ਫੇਰ ਮੇਰੇ ਵੱਲ ਆਵੇ ਤਖ਼ਤੀ ਕੱਢ ਲਏ ਸਿਰ ਹੇਠੋਂ ਹੋਸ਼ ਮੇਰੇ ਤਨ ਪਾਵੇ ਖਾਣੇ ਦਾਣੇ ਚੰਗ ਚੰਗੇਰੇ ਰੰਗ ਬਰੰਗੀ ਚੀਜ਼ਾਂ ਹਾਜ਼ਿਰ ਆਣ ਕਰੇਂਦਾ ਅੱਗੇ ਪੁੱਛਦਾ ਵਾਂਗ ਅਜ਼ੀਜ਼ਾਂ ਕਿਤਨੀ ਮੁਦਤ ਹੈ ਤੁਧ ਸੁੱਤਿਆਂ ਕਿਤਨੇ ਰੋਜ਼ ਲੰਘਾਏ ਮੈਂ ਕਹਿੰਦੀ ਹਿਕ ਸਾਇਤ ਗੁਜ਼ਰੀ ਉਹ ਫਿਰ ਹਾਸਾ ਪਾਏ ਕਹਿੰਦਾ ਮੈਨੂੰ ਸੁੱਤਿਆਂ ਤੈਨੂੰ ਹੋਇਆ ਹਿਕ ਮਹੀਨਾ ਤੇਰੇ ਭਾਣੇ ਸਾਇਤ ਗੁਜ਼ਰੀ ਸੁਣ ਤੂੰ ਯਾਰ ਨਗੀਨਾ ਮੈਂ ਅੱਗੇ ਫਿਰ ਖਾਣੇ ਧਰਦਾ ਖ਼ੂਬ ਤਰ੍ਹਾਂ ਦੇ ਪੱਕੇ ਜਿਤਨੀ ਤਲਬ ਹੋਵੇ ਮੈਂ ਖਾਵਾਂ ਖ਼ੁਸ਼ ਹੁੰਦਾ ਉਹ ਤੱਕੇ ।(੨੬੯੦) ਜਾਂ ਫਿਰ ਮੈਨੂੰ ਤਾਜ਼ੀ ਤੱਕੇ ਕਰ ਕਰ ਮਿੰਨਤ ਜ਼ਾਰੀ ਕਹਿੰਦਾ ਮੈਨੂੰ ਐ ਮਾਸ਼ੂਕਾ! ਨਾਲ਼ ਮੇਰੇ ਕਰ ਯਾਰੀ ਉਹ ਗਲ ਉਸ ਦੀ ਯਾਰੀ ਵਾਲੀ ਮਹੁਰਾ ਲਗਦੀ ਮੈਨੂੰ ਸਿੱਧੇ ਮੂੰਹ ਨਾ ਬੋਲਾਂ ਕਹਿੰਦੀ ਭੱਸ ਸਿਰ ਪਾਵਾਂ ਤੈਨੂੰ ਫੇਰ ਮੇਰੇ ਤੇ ਗ਼ੁੱਸੇ ਹੋ ਕੇ ਜਾਦੂ ਪਾ ਸਵਾਲੇ ਤਖ਼ਤੀ ਵਿਚ ਹੁਨਰ ਕੁੱਝ ਕਰਕੇ ਹੋਸ਼ ਸੰਭਾਲਾ ਟਾਲੇ ਆਪੂੰ ਜਾਂਦਾ ਪਾ ਮਹੀਨਾ ਫੇਰਾ ਉਤ ਵੱਲ ਮਾਰੇ ਐਸੀ ਡੌਲੇ ਕੈਦੇ ਅੰਦਰ ਮੈਂ ਦਸ ਬਰਸ ਗੁਜ਼ਾਰੇ ਮਲਿਕਾ ਖ਼ਾਤੂੰ ਦੀ ਗੱਲ ਸਾਰੀ ਸੈਫ਼-ਮਲੂਕ ਸ਼ਹਿਜ਼ਾਦਾ ਸੁਣ ਹੈਰਾਨ ਤਅਜਬ ਹੋਇਆ ਕਰਦਾ ਫ਼ਿਕਰ ਜ਼ਿਆਦਾ ਹਿਕ ਥੀਂ ਹਿਕ ਚੜ੍ਹੰਦੀ ਡਾਹਢੀ ਮੁਸ਼ਕਿਲ ਮੈਂ ਸਿਰ ਆਵੇ ਇਹ ਕਿਲਾ ਉਹ ਦੇਵ ਮਰੇਲੇ ਕਿਵੇਂ ਰੱਬ ਬਚਾਵੇ ਜਾਇ ਨਾ ਆਪਣੇ ਛਪਣ ਜੋਗੀ ਕਿਤ ਵੱਲ ਛੱਪਾਂ ਨੱਸਾਂ ਦੇਵੇ ਨੇ ਹੁਣ ਜਾਣ ਨਾ ਦੇਣਾ ਮਾਰਗ ਦੇ ਦੇ ਕੱਸਾਂ ਆਪਣੀ ਗੱਲ ਰਹੀ ਇਕ ਪਾਸੇ ਖ਼ੈਰ ਜਿਵੇਂ ਕੁੱਝ ਹੋਸੀ ਪਰ ਇਹ ਲੜਕੀ ਕੈਦੇ ਅੰਦਰ ਪਈ ਹਮੇਸ਼ਾ ਰੋਸੀ ਮਲਿਕਾ ਖ਼ਾਤੂੰ ਨੂੰ ਛੱਡ ਨੱਸਣ ਹੈ ਨਾਮਰਦੀ ਖ਼ਾਸੀ ਯਾ ਮੈਂ ਭੀ ਮਰ ਜਾਸਾਂ ਇੱਥੇ ਯਾ ਉਸ ਹੋਗ ਖ਼ਲਾਸੀ ਇਹ ਭੀ ਆਦਮ ਮੈਂ ਭੀ ਆਦਮ ਨਾਲੇ ਵੀਰ ਬਲਾਇਓਸੁ ਰੱਬ ਸਬੱਬ ਬਣਾਇਆ ਕਾਈ ਤਾਂ ਇਸ ਜਾਈ ਆਇਓਸੁ ।(੨੭੦੦) ਦੇਵੇ ਨਾਲ਼ ਲੜਾਈ ਕਰੀਏ ਜਿਸ ਦੇਵੇ ਤਿਸ ਅੱਲਾ ਹਿੰਮਤ ਅੰਦਰ ਫ਼ਰਕ ਨਾ ਰੱਖੀਏ ਆਪ ਕਰੇ ਮੱਤ ਭਲਾ ਮਰਦਾਂ ਦੇ ਕੋਈ ਪਿੱਛੇ ਪੌਂਦਾ ਔਕੜ ਔਸਰ ਵੇਲੇ ਮਰਦ ਵੰਗਾਰੇ ਕਦੀ ਨਾ ਹਾਰੇ ਵਾਂਗਰ ਸ਼ੇਰ ਮਰੇਲੇ ਹਿਕ ਸ਼ਾਹਜ਼ਾਦੀ ਦੂਜਾ ਲੜਕੀ ਤਰੀਜਾ ਜ਼ਾਤ ਜ਼ਨਾਨੀ ਚੌਥਾ ਰੋ ਕੇ ਹਾਲ ਸੁਣਾਇਓਸੁ ਛੱਡ ਨੱਸਣ ਸ਼ੈਤਾਨੀ ਮੁਸ਼ਕਿਲ ਵਾਲੀ ਦੇ ਸਿਰ ਉੱਤੇ ਮਰਦ ਜਦੋਂ ਆ ਚੁੱਕਾ ਜ਼ਾਰੀ ਸੁਣ ਕੇ ਯਾਰੀ ਕਰਸੀ ਛੋੜ ਨਾ ਜਾਸੀ ਸੁੱਕਾ ਦੇਵੇ ਕੋਲੋਂ ਮਰਸਾਂ ਨਾਹੀਂ ਜੇ ਜ਼ਿੰਦਗਾਨੀ ਮੇਰੀ ਮਲਿਕਾ ਖ਼ਾਤੂੰ ਨੂੰ ਛੱਡ ਨੱਸਾਂ ਕੀ ਜਵਾਨੀ ਮੇਰੀ ਸੈਫ਼-ਮਲੂਕ ਦਲੇਰੀ ਕਰਕੇ ਬੈਠਾ ਰੱਖ ਹੁਸ਼ਿਆਰੀ ਮਲਿਕਾ ਕਹਿੰਦੀ ਹੇ ਸ਼ਹਿਜ਼ਾਦੇ ਦੱਸੀ ਮੈਂ ਗੱਲ ਸਾਰੀ ਤੂੰ ਭੀ ਆਪਣੀ ਗੱਲ ਸੁਣਾਵੇਂ ਜੋ ਕੁੱਝ ਹੈ ਸਿਰਵਰਤੀ ਕਿਥੋਂ ਆਈਓਂ ਮਤਲਬ ਕਿਹੜਾ ਚਲਿਓਂ ਕਿਹੜੀ ਧਰਤੀ ਨਾਜ਼ੁਕ ਬਦਨ ਸ਼ਹਿਜ਼ਾਦਾ ਦਿਸੇਂ ਸੂਰਤ ਵਾਂਗ ਮਲੂਕਾਂ ਸੋਹਣਾ ਦਾਨਿਸ਼ਮੰਦ ਅਕਾਬਰ ਸਾਲਿਕ ਸਿਲਕ ਸਲੂਕਾਂ ਰੁਸਤਮ ਵਾਂਗ ਬਹਾਦਰ ਲੱਗੇਂ ਨਾਦਰ ਪੁਠ ਬਦਨ ਦੀ ਸਭ ਹਥਿਆਰ ਸਿੰਗਾਰ ਸੁਹਾਏ ਅੰਗ ਪੁਸ਼ਾਕ ਬਿਹਮਨ ਦੀ ਉਮਰ ਅਵਾਇਲ ਰੂਪ ਜ਼ਿਆਦਾ ਬਾਗ਼ ਬਹਾਰ ਚਮਨ ਥੀਂ ਕਿਸ ਮੁਸੀਬਤ ਭਾਰੀ ਤੈਨੂੰ ਆਂਦਾ ਕੱਢ ਵਤਨ ਥੀਂ ।(੨੭੧੦) ਆਦਮ ਜ਼ਾਦ ਨਾ ਪੁੱਜਦਾ ਇਥੇ ਬਾਝੋਂ ਪਰੀ ਵਸੀਲੇ ਕਿਸ ਆਫ਼ਤ ਨੇ ਚਾ ਲਿਆਂਦੋਂ ਆ ਪਹੁਤੋਂ ਕਿਸ ਹੀਲੇ ਸੈਫ਼-ਮਲੂਕ ਕਿਹਾ ਐ ਮਲਿਕਾ ਆਹੇ ਲੇਖ ਅਵੱਲੇ ਪੁੱਛਣ ਥੀਂ ਕੀ ਹਾਸਿਲ ਤੈਨੂੰ ਛੇੜ ਨਹੀਂ ਘਾਓ ਅੱਲੇ ਪੁੱਛ ਸਰੋਦ ਨਾ ਮਸਤਾਂ ਕੋਲੋਂ ਹਿੰਦੁਸਤਾਨ ਨਾ ਫ਼ੀਲੋਂ ਸੜਿਆਂ ਨੂੰ ਨਾ ਸਾੜੇਂ ਮਲਿਕਾ ਬਾਜ਼ ਆ ਏਸ ਦਲੀਲੋਂ ਲੰਮੀ ਗੱਲ ਕਹਾਣੀ ਮੇਰੀ ਬਾਹਰ ਅੰਤ ਹਿਸਾਬੋਂ ਛੇੜ ਨਹੀਂ ਕੀ ਲੈਣਾ ਮਲਿਕਾ ਏਸ ਸਵਾਲ ਜਵਾਬੋਂ ਥੋੜੀ ਮੁਦਤ ਵਿਚ ਨਾ ਮੁਕਦਾ ਲੰਮਾ ਕਿੱਸਾ ਮੇਰਾ ਦੇਵ ਆਵੇ ਤੱਕ ਤੈਨੂੰ ਮੈਨੂੰ ਕਰਸੀ ਬੇਰਾ ਬੇਰਾ ਵਖ਼ਤ ਕਜ਼ੀਏ ਗਿਣਦਾ ਹੋਇਆ ਮੈਂ ਰਿਹਾਂ ਵਿਚ ਜ਼ਾਰੀ ਅੱਚਨਚੇਤੀ ਆਵੇ ਸਿਰ ਤੇ ਬਣੇ ਮੁਸੀਬਤ ਭਾਰੀ ਮੈਨੂੰ ਵੇਖ ਸੜੇ ਖਾਏ ਗ਼ੈਰਤ ਭੜਕ ਲਗੋਸੁ ਅੱਗ ਸੀਨੇ ਯਾ ਮਾਰੇ ਯਾ ਪਕੜ ਵਗਾਵੇ ਹੋਰੀ ਕਿਸੇ ਜ਼ਮੀਨੇ ਮਲਿਕਾ ਪੁੱਛਦੀ ਕੀ ਦਿਹਾੜਾ ਚੰਨੋਂ ਹੈ ਦਿਨ ਕਿਤਨਾ ਕਿਹਾ ਸ਼ਹਿਜ਼ਾਦੇ ਰੋਜ਼ ਫ਼ਲਾਨਾ ਗਿਆ ਮਹੀਨਾ ਇਤਨਾ ਮਲਿਕਾ ਕਹਿੰਦੀ ਨਾ ਕਰ ਖ਼ਤਰਾ ਰਹਿੰਦੇ ਪੰਜ ਦਿਹਾੜੇ ਇਨ੍ਹਾਂ ਦਿਨਾਂ ਵਿਚ ਆਵਗ ਨਾਹੀਂ ਤੋੜ ਮਹੀਨਾ ਚਾੜ੍ਹੇ ਜਿਸ ਦਿਨ ਹੋਗ ਅਵਾਈ ਉਸ ਦੀ ਮੈਂ ਦੱਸ ਸਾਂ ਉਸ ਵੇਲੇ ਤੇਰੇ ਨਾਲ਼ ਬਰਾਬਰ ਉਸ ਨੂੰ ਸੱਚਾ ਰੱਬ ਨਾ ਮੇਲੇ ।(੨੭੨੦) ਰੱਖ ਤਸੱਲੀ ਪੱਕੀ ਦਿਲ ਵਿਚ ਖੋਲ ਹਕੀਕਤ ਸਾਰੀ ਵੈਦ ਅੱਗੇ ਫਿਰ ਦੱਸਣ ਲੱਗਾ ਆਪਣੀ ਮਰਜ਼ ਅਜ਼ਾਰੀ ਮਿਸਰ ਸ਼ਹਿਰ ਦਾ ਮੈਂ ਸ਼ਹਿਜ਼ਾਦਾ ਪਲ਼ਿਆ ਬਹੁਤ ਲਡਿਕਾ ਮਾਉ ਪਿਓ ਘਰ ਪੁੱਤ ਪਿਆਰਾ ਆਹਾ ਮਹੀਏਂ ਹਿੱਕਾ ਸ਼ਕਲ ਬਦੀਅ-ਜਮਾਲ ਪਰੀ ਦੀ ਲਿਖੀ ਹੋਈ ਡਿੱਠੀ ਅੱਗ ਲੱਗੀ ਕੁੱਝ ਆਬ ਨਾ ਰਹੀ ਹੋ ਮਿਲਿਆ ਜੋ ਚਿੱਠੀ ਬੇੜਾ ਠੇਲ੍ਹ ਸਮੁੰਦਰ ਮੇਰਾ ਮਾਪੇ ਘਰ ਨੂੰ ਪਰਤੇ ਅੱਗੋਂ ਸਾਇਦ ਯਾਰ ਵਿਛੁੰਨਾ ਕਹਿਰ ਮੇਰੇ ਸਿਰ ਵਰਤੇ ਸਤਰ ਹਜ਼ਾਰ ਜੋ ਬੇੜੇ ਆਹੇ ਗ਼ਰਕ ਹੋਏ ਵਿਚ ਪਾਣੀ ਭਲੇ ਭਲੇਰੇ ਯਾਰ ਵਿਛੁੰਨੇ ਲੱਗੀ ਕਲੇਜੇ ਕਾਨੀ ਸਾਇਦ ਯਾਰ ਪਿਆਰਾ ਭਾਈ ਖ਼ਾਸਾ ਦਿਲ ਦਾ ਜਾਨੀ ਸੋਹਣੀ ਸੂਰਤ ਸਭਨੀਂ ਗੱਲੀਂ ਆਹਾ ਮੇਰਾ ਸਾਨੀ ਉਸ ਨਾਲੋਂ ਜਦ ਪਈ ਜੁਦਾਈ ਵਾ ਹਿਜਰ ਦੀ ਵੱਗੀ ਫਟੇ ਉੱਤੇ ਲੂਣ ਲਗਾਇਓਸੁ ਸਾਂਗ ਦੁਬਾਰਾ ਲੱਗੀ ਅੱਵਲ ਆਖ਼ਿਰ ਤੀਕ ਕਹਾਣੀ ਜ਼ਰਾ ਜ਼ਰਾ ਕਰ ਦੱਸੇ ਗੱਲਾਂ ਕਰਦਾ ਆਹੀਂ ਭਰਦਾ ਹੰਝੂ ਬਦਲ ਵੱਸੇ ਬਾਗ਼-ਇਰਮ ਕੋਈ ਜਾ ਸੁਣੀਂਦੀ ਓਥੇ ਉਸ ਦਾ ਡੇਰਾ ਬਾਪ ਮੇਰੇ ਕਈ ਵੱਸ ਲਗਾਏ ਦੱਸ ਨਾ ਪਈ ਚੌਫ਼ੇਰਾ ਮੈਨੂੰ ਭੀ ਹੁਣ ਮੁਦਤ ਗੁਜ਼ਰੀ ਏਸੇ ਲੋੜੇ ਚੜ੍ਹਿਆਂ ਅੱਜ ਤੋੜੀ ਕੁੱਝ ਪਤਾ ਨਾ ਲੱਗਾ ਪਾਣੀ ਪਿਆ ਨਾ ਸੜਿਆਂ ।(੨੭੩੦) ਇਸ਼ਕ ਹੋਰਾਂ ਨੇ ਸੁਖ ਛੁਡਾਏ ਦੇਸ ਵਤਨ ਘਰ ਮਾਪੇ ਸ਼ਹਿਜ਼ਾਦੇ ਥੀਂ ਵਹਸ਼ੀ ਬਣਿਓਸੁ ਡਾਹਢੇ ਪਏ ਸਿਆਪੇ ਮੇਰੇ ਮਗਰ ਪਿਆ ਉਹ ਜ਼ਾਲਿਮ ਲੈਣ ਨਾ ਦੇਂਦਾ ਸਾਹੀ ਹਰ ਹਰ ਪਾਸੇ ਝੂਟੇ ਦੇਵੇ ਪਾਇ ਗਲੇ ਵਿਚ ਫਾਹੀ ਮੂਰਤ ਵਾਲੀ ਨੇ ਕਰ ਜਾਦੂ ਮੈਂ ਨਿਮਾਣਾ ਮੁੱਠਾ ਕੀਤੋਸੁ ਜ਼ੁਲਮ ਕਸਾਈਆਂ ਵਾਂਗਰ ਲੱਤਾਂ ਦੇ ਦੇ ਕੁੱਠਾ ਬਿਨ ਆਈ ਜਿੰਦ ਨਿਕਲੇ ਨਾਹੀਂ ਕੋਈ ਜਹਾਨ ਨਾ ਝਲਦਾ ਡਾਹਢੇ ਦੇ ਹੱਥ ਕਲਮ ਮੁਹੰਮਦ ਵੱਸ ਨਹੀਂ ਕੁੱਝ ਚਲਦਾ ਭੰਬਲ ਭੂਸੇ ਖਾਂਦਾ ਫਿਰਦਾ ਹਰ ਜੰਗਲ਼ ਹਰ ਗ਼ਾਰੇ ਛੁੱਟੇ ਸ਼ੁਹਦੀ ਜਾਨ ਅਜ਼ਾਬੋਂ ਜੇ ਕੋਈ ਆਫ਼ਤ ਮਾਰੇ ਸੰਗੀ ਸਾਥੀ ਸਭ ਖੜਾਏ ਜੋ ਭੰਜਾਲ ਗ਼ਮਾਂ ਦੇ ਅਪਣਾ ਸਾਸ ਕਰੰਗ ਨਾ ਛੱਡਿਆ ਰਹੇ ਸ਼ੁਮਾਰ ਦਮਾਂ ਦੇ ਇਸ਼ਕ ਮੁਹਾਰ ਫੜੀ ਹੱਥ ਪੱਕੀ ਵੱਤੇ ਝੱਲ ਚਿਰਾਂਦਾ ਨੱਕ ਨਕੇਲ ਨਾ ਹਟਣ ਦੇਂਦਾ ਏ ਮੰਨਾ ਜੋ ਫ਼ੁਰਮਾਂਦਾ ਰਾਸ ਸਿਤਾਰਾ ਰਾਸ ਨਾ ਹੁੰਦਾ ਨਿੱਤ ਉਸਾਸ ਚਲਾਂਦਾ ਸਾਸ ਉਦਾਸ ਨਾ ਬਾਸ ਸੱਜਣ ਦੀ ਬਿਹਤਰ ਜੇ ਮਰ ਜਾਂਦਾ ਕੇਹਾ ਗੁਨਾਹ ਕਬੀਰਾ ਕੀਤਾ ਸ਼ਾਮਤ ਜਿਸਦੀ ਭਾਰੀ ਭਾਹ ਅਲੰਬੇ ਦੋਜ਼ਖ਼ ਵਾਲੇ ਸੜਦੇ ਉਮਰ ਗੁਜ਼ਾਰੀ ਕਿਤੇ ਬਦੀਅ-ਜਮਾਲ ਪਰੀ ਦੀ ਜਿਉਂਦਿਆਂ ਦਸ ਪੌਂਦੀ ਲੋੜਨ ਦਾ ਵਿਸ਼ਵਾਸ ਨਾ ਰਹਿੰਦਾ ਆਸ ਮਿਲਣ ਦੀ ਹੋਂਦੀ ।(੨੭੪੦) ਮੈਨੂੰ ਬੇਵਫ਼ਾਈ ਉਸਦੀ ਬਿਹਤਰ ਲੱਖ ਵਫ਼ਾਯੋਂ ਵੱਡੀ ਖ਼ਤਾਈ ਕੋਲ ਸੱਜਣ ਦੇ ਨੈਣਾਂ ਪਾਕ ਖ਼ਤਾਯੋਂ ਤੋੜੇ ਇਸ਼ਕ ਪਰੀ ਦੇ ਅੰਦਰ ਕੀਤੀ ਨਹੀਂ ਖ਼ਤਾਈ ਫਿਰ ਭੀ ਪੁਰ ਤਕਸੀਰ ਕਹਾਵਾਂ ਕਰੇ ਕਿਵੇਂ ਅਸ਼ਨਾਈ ਜਿਉਂਦਿਆਂ ਕੋਈ ਸੁਖ ਸੁਨੇਹਾ ਆਇਆ ਨਹੀਂ ਪਰੀ ਦਾ ਪਤਾ ਨਹੀਂ ਕੁਝ ਹੋਣਾ ਉਸ ਨੂੰ ਮੇਰੀ ਰੰਜ ਜਰੀ ਦਾ ਆਸ ਸੱਜਣ ਦੀ ਰਹਿਮਤ ਉੱਤੇ ਮੋਇਆਂ ਮਤੇ ਸੰਭਾਲੇ ਸਿਰ ਮੰਗੇ ਤਾਂ ਹਾਜ਼ਿਰ ਕਰੀਏ ਹੱਥੀਂ ਪਕੜ ਹਿਲਾਲੇ ਵਾਂਗ ਸ਼ਮ੍ਹਾ ਦਿਲ ਰੌਸ਼ਨ ਇਸ਼ਕੋਂ ਜਾਂ ਸਿਰ ਸ਼ਮ੍ਹਾ ਕਪੀਂਦਾ ਸਿਰ ਕੱਪਣ ਦਾ ਦਰਦ ਝੱਲਣ ਥੀਂ ਨੂਰ ਜ਼ਿਆਦਾ ਥੀਂਦਾ ਦਰ ਯਾਰਾਂ ਦੇ ਮਰਨਾ ਬਿਹਤਰ ਉਸ ਬਿਨ ਜੀਵਨ ਨਾਲੋਂ ਤਰਫ਼ ਪਰੀ ਦੀ ਰਾਹ ਨਾ ਲਭਦਾ ਇਤਨੀ ਦੌੜੋਂ ਭਾਲੋਂ ਨਾਲ਼ ਪਰੀ ਦੀ ਮੂਰਤ ਡਰਦੇ ਨਾ ਦੁੱਖ ਖੋਲ ਸੁਣਾਏ ਨਾਜ਼ੁਕ ਅੰਗ ਪਰੀ ਦੀ ਮੂਰਤ ਮੱਤ ਇਹ ਭੀ ਅੱਕ ਜਾਏ ਤਪ ਤਾਸੀਰ ਗ਼ਮਾਂ ਦੀ ਕੋਲੋਂ ਪੀੜ ਸਿਰੇ ਨੂੰ ਲੱਗੇ ਪੀੜਾਂ ਜੋਗਾ ਹੈ ਦਮ ਮੇਰਾ ਸੈ ਪੀੜਾਂ ਜਿਸ ਅੱਗੇ ਪਤਾ ਬਦੀਅ-ਜਮਾਲ ਪਰੀ ਦਾ ਯਾ ਉਸ ਬਾਗ਼-ਇਰਮ ਦਾ ਜੇ ਮੈਨੂੰ ਹੱਥ ਲਗਦਾ ਕਿਧਰੋਂ ਉਹ ਸੀ ਦਾਰੂ ਗ਼ਮ ਦਾ ਦਿਲਬਰ ਕਾਰਨ ਘਰ ਦਰ ਛੁੱਟੇ ਅਟਕ ਨਾ ਰਹਿਓਸੁ ਡਰਕੇ ਜਾਣ ਤਲ਼ੀ ਧਰ ਲੋੜ ਕਰਾਂਗਾ ਕਦੇ ਤੇ ਮਿਲਸਾਂ ਮਰਕੇ ।(੨੭੫੦) ਸੈਫ਼-ਮਲੂਕ ਇਹ ਗੱਲਾਂ ਕਰਕੇ ਰੁੰਨਾਂ ਨਾਲ਼ ਗ਼ਮਾਂ ਦੇ ਹੋ ਬੇਤਾਬ ਪਿਆ ਜਿਉਂ ਹੁੰਦੀ ਜਾਨ ਲਬਾਂ ਪਰ ਮਾਂਦੇ ਮਲਿਕਾ ਕਿਹਾ ਬਾਗ਼-ਇਰਮ ਦੀ ਜੇ ਦਸ ਪਾਵਾਂ ਤੈਨੂੰ ਨਾਲੇ ਖ਼ਬਰ ਪਰੀ ਦੀ ਦੇਵਾਂ ਕਹੋ ਕੀ ਦੇਸੇਂ ਮੈਨੂੰ ਪਤਾ ਬਦੀਅ-ਜਮਾਲ ਪਰੀ ਦਾ ਯੱਕ-ਬ-ਯੱਕ ਸੁਣਾਵਾਂ ਕੀ ਇਨਾਮ ਮਿਲੇਗਾ ਮੈਨੂੰ ਦੱਸੀਂ ਵਾਂਗ ਭਰਾਵਾਂ ਮਲਿਕਾ ਖ਼ਾਤੂੰ ਦੀ ਗੱਲ ਸੁਣ ਕੀ ਸੈਫ਼-ਮਲੂਕ ਰੰਗੀਲਾ ਆਹੀਂ ਢਾਈਂ ਭਰ ਭਰ ਰੁੰਨਾ ਹੋ ਗਿਆ ਰੰਗ ਪੀਲ਼ਾ ਅਚਨਚੇਤ ਤਰਾਹੇ ਵਾਂਙੂ ਖੁਲ ਗਏ ਦਿਲ ਦੀਦੇ ਜਿਉਂ ਕਰ ਰੋਜ਼ੇਦਾਰਾਂ ਦਿਸਦਾ ਚੰਨ ਮੁਬਾਰਿਕ ਈਦੇ ਯਾ ਜਿਉਂ ਸੁਣਿਆ ਸ਼ਾਹ ਅਲੀ ਨੇ ਕਲਮਾ ਬਾਂਗ ਨਬੀ ਦਾ ਜਿਉਂ ਕਰ ਮਛਲੀ ਨੂੰ ਹੱਥ ਲੱਗਾ ਚਸ਼ਮਾ ਖ਼ਿਜ਼ਰ ਵਲੀ ਦਾ ਯਾ ਜਿਉਂ ਰੋਜ਼ ਕਿਆਮਤ ਵਾਲੇ ਸੁਖ਼ਨ ਸ਼ਿਫ਼ਾਇਤ ਵਾਲਾ ਔਗਣਹਾਰਾਂ ਦੇ ਕੰਨ ਪੈਸੀ ਹੋਸੀ ਰੂਹ ਸੁਖਾਲ਼ਾ ਜਿਉਂ ਯਾਕੂਬ ਨਬੀ ਨੂੰ ਆਈ ਮਿਸਰ ਵੱਲੋਂ ਖ਼ੁਸ਼ਬੋਈ ਜਿਉਂ ਯੂਸੁਫ਼ ਦੇ ਮਿਲ ਵਿਕਣ ਦੀ ਖ਼ਬਰ ਜ਼ੁਲੈਖ਼ਾਂ ਹੋਈ ਨਾਅਰੇ ਮਾਰ ਰੁੰਨਾ ਸ਼ਹਿਜ਼ਾਦਾ ਕਰਕੇ ਹਾਏ ਹਾਏ ਹੋਸ਼ ਸੰਭਾਲ਼ ਚਲੇ ਹੋ ਰਾਹੀ ਨੈਣ ਵੰਜਣ ਝੁਟਲਾਏ ਐਨ ਸ਼ਰਾਬ ਬੇਹੋਸ਼ੀ ਵਾਲਾ ਲੱਗਾ ਪੀਣ ਪਿਆਲਾ ਫੇਰ ਤਬੀਅਤ ਜਾਈ ਰਖਿਓਸੁ ਕਰਕੇ ਬਹੁਤ ਸੰਭਾਲਾ ।(੨੭੬੦) ਮਲਿਕਾ ਖ਼ਾਤੂੰ ਨੇ ਜਦ ਡਿੱਠਾ ਸ਼ਹਿਜ਼ਾਦੇ ਦਾ ਰੂਲਾ ਨਾਲ ਪਿਆਰ ਲੱਗੀ ਫ਼ੁਰਮਾਵਣ ਸੁਣ ਭਾਈ ਮਕਬੂਲਾ ਕਸਮ ਕਰਾਂ ਮੈਂ ਰੱਬ ਸੱਚੇ ਦੀ ਜਿਸ ਬਿਨ ਰੱਬ ਨਾ ਦੂਜਾ ਓਸੇ ਦੀ ਸਭ ਜ਼ੁਹਦ ਇਬਾਦਤ ਓਸੇ ਦੀ ਸਭ ਪੂਜਾ ਜੇ ਮੈਂ ਘਰ ਪਿਓ ਦੇ ਹੋਂਦੀ ਸਰਾਂਦੀਪ ਸ਼ਹਿਰ ਵਿਚ ਨਾਲ਼ ਬਦੀਅ-ਜਮਾਲ ਪਰੀ ਦੇ ਤੁਧ ਮਿਲਾਂਦੀ ਘਰ ਵਿਚ ਪਰ ਹੁਣ ਕੁੱਝ ਨਾ ਚਾਰਾ ਚਲਦਾ ਕੀ ਵੱਸ ਲਾਵਾਂ ਬੰਦੀ ਤੇਰੀ ਵੈਦ ਹੋਵਾਂ ਜੇ ਛੁੱਟਾਂ ਕੈਦ ਮੇਰੇ ਤਨ ਮੰਦੀ ਦੁੱਖ ਕਜ਼ੀਏ ਤੇਰੇ ਸੁਣ ਕੇ ਭਰਮ ਲੱਗਾ ਦਿਲ ਮੇਰੇ ਮਰਨੇ ਤੀਕ ਨਾ ਜਾਸਣ ਮੈਨੂੰ ਇਹ ਅਫ਼ਸੋਸ ਘਣੇਰੇ ਕੈਦ ਆਪਣੀ ਦਾ ਗ਼ਮ ਨਾ ਰਿਹਾ ਭਰਮ ਲੱਗਾ ਇਹ ਭਾਰਾ ਜੇ ਤੂੰ ਘਰ ਵਿਚ ਮਲਦੋਂ ਮੈਨੂੰ ਦਸਦੀ ਯਾਰ ਪਿਆਰਾ ਮੈਂ ਹੁਣ ਕੈਦ ਹੋਈ ਵਿਚ ਟਾਪੂ ਮੁਹਕਮ ਕੋਟ ਚੌਫੇਰੇ ਡਾਹਢੀ ਬੰਦ ਖ਼ਲਾਸ ਨਾ ਹੁੰਦੀ ਜੇ ਚੱਲਾਂ ਸੰਗ ਤੇਰੇ ਮਲਿਕਾ ਦੀ ਗੱਲ ਸੁਣ ਸ਼ਹਿਜ਼ਾਦਾ ਹੋ ਕੇ ਮਿਸਲ ਯਤੀਮਾਂ ਉਠ ਖਲੋਤਾ ਤਖ਼ਤੇ ਉੱਤੋਂ ਕਰਨ ਲੱਗਾ ਤਾਜ਼ੀਮਾਂ ਮਲਿਕਾ ਉੱਤੋਂ ਹੱਥ ਘੁੰਮਾਏ ਸਦਕੇ ਹੋ ਹੋ ਜਾਏ ਚੁੰਮ ਜ਼ਮੀਨ ਸਲਾਮਾਂ ਕਰਦਾ ਮੁੜ ਮੁੜ ਸੀਸ ਨਿਵਾਏ ਜਿਸ ਰਸਤੇ ਤੂੰ ਆਈ ਮਲਿਕਾ ਮੈਂ ਸਦਕੇ ਉਸ ਰਾਹੋਂ ਜਿਸ ਮੂੰਹੋਂ ਇਹ ਗੱਲ ਅਲਾਈ ਜਿੰਦ ਵਾਰੀ ਉਸ ਸਾਹੋਂ ।(੨੭੭੦) ਜਿਹਨਾਂ ਅੱਖੀਂ ਦਿਲਬਰ ਡਿੱਠਾ ਉਹ ਅੱਖੀਂ ਤੱਕ ਲਈਆਂ ਤੂੰ ਮਿਲੀਏਂ ਤਾਂ ਸਜਨ ਮਿਲਿਆ ਹੁਣ ਆਸਾਂ ਲੱਗ ਪਈਆਂ ਮਲਿਕਾ ਵੱਲ ਹੱਥ ਬੰਨ੍ਹ ਖਲੋਂਦਾ ਰੋਂਦਾ ਨੀਵਾਂ ਹੋਂਦਾ ਅੱਖੀਂ ਪਾਣੀ ਡਲ਼ ਡਲ਼ ਕਰਦਾ ਹੰਝੂ ਹਾਰ ਪਰੋਂਦਾ ਸਬਰ ਕਰਾਰ ਆਰਾਮ ਨਾ ਰਿਹਾ ਬਹੁਤ ਹੋਇਆ ਦਿਲ ਤੱਤਾ ਮਲਿਕਾ ਅੱਗੇ ਮਿੰਨਤ ਕਰਦਾ ਦਸ ਭੈਣੋਂ ਕੋਈ ਪਤਾ ਮਲਿਕਾ ਖ਼ਾਤੂੰ ਕਹਿੰਦੀ ਵੀਰਾ ਬੈਠ ਤਹੱਮੁਲ ਕਰਕੇ ਖ਼ੂਬ ਤਰ੍ਹਾਂ ਮੁਤਵੱਜਾ ਹੋਵੀਂ ਕੰਨ ਮੇਰੇ ਵੱਲ ਧਰਕੇ ਯਾਰ ਬਦੀਅ-ਜਮਾਲ ਪਰੀ ਦੀ ਦਸਾਂ ਖੋਲ ਕਹਾਣੀ ਪੱਕਾ ਪਤਾ ਨਿਸ਼ਾਨੀ ਦੇਵਾਂ ਅੱਗੋਂ ਰੱਬ ਮਿਲਾਣੀ ਸੈਫ਼-ਮਲੂਕ ਨਿਚੱਲਾ ਬੈਠਾ ਕੰਨ ਦਿਲੇ ਦੇ ਧਰਕੇ ਸਿਰ ਧੜ ਜੁੱਸਾ ਜਾਮਾ ਰੱਖਿਆ ਮਲਿਕਾ ਵੱਲ ਕੰਨ ਕਰਕੇ ਮਲਿਕਾ ਖ਼ਾਤੂੰ ਗਲ ਪਰੀ ਦੀ ਆਣ ਸ਼ੁਰੂ ਫਿਰ ਕੀਤੀ ਖ਼ੁਸ਼ ਆਵਾਜ਼ ਫ਼ਸੀਹ ਜ਼ਬਾਨੋਂ ਨਾਲੇ ਦੁੱਖਾਂ ਸੀਤੀ ਹਿਕ ਆਵਾਜ਼ ਜ਼ਨਾਨਾ ਆਹਾ ਦੂਜਾ ਜੀਭ ਰਸੀਲੀ ਤਰੀਜਾ ਦਾਨਿਸ਼ਮੰਦ ਅਕਾਬਰ ਕਰਦੀ ਗੱਲ ਰੰਗੀਲੀ ਖ਼ੁਸ਼ ਆਵਾਜ਼ ਹੋਵੇ ਜੇ ਦੁਖੀਆ ਸੁਰੋਂ ਅਦਾ ਸੁਹਾਵੇ ਪੱਥਰ ਦਿਲ ਨੂੰ ਮੋਮ ਕਰੇਂਦਾ ਜਾਂ ਕੋਈ ਕਿੱਸਾ ਗਾਵੇ ਉਹ ਅਵਾਜ਼ਾ ਜੀਭ ਰਸੀਲੀ ਉਹ ਦਿਲਬਰ ਦਾ ਕਿੱਸਾ ਉਹ ਆਸ਼ਿਕ ਸੀ ਸੁਣਨੇ ਵਾਲਾ ਸੁਣ ਸੁਣ ਲੈਂਦਾ ਹਿੱਸਾ ।(੨੭੮੦) ਸ਼ੌਕ ਜਿਦ੍ਹੇ ਥੀਂ ਸ਼ਾਹੀ ਛੱਡੀ ਘਰ ਦਰ ਦੇਸ ਭੁਲਾਈ ਬਰਾਂ-ਬਹਿਰਾਂ ਕੋਹ ਕਾਫ਼ਾਂ ਵਿਚ ਮਰ ਮਰ ਉਮਰ ਲੰਘਾਈ ਜਾਂ ਉਸ ਕੋਈ ਮਹਿਰਮ ਲੱਭੇ ਦੁਖੀਏ ਦੁੱਖ ਵੰਡਾਏ ਦੱਸੇ ਸਭ ਕਹਾਣੀ ਉਸ ਦੀ ਦੱਸ ਪਕੇਰੀ ਪਾਏ ਨਾਲ਼ ਅਦਾ ਆਵਾਜ਼ ਭਲੇਰੀ ਬਾਤ ਸਹੀ ਸੁਣਾਵੇ ਕਰੋ ਕਿਆਸ ਮੁਹੰਮਦ ਬਖਸ਼ਾ ਕੈਸੀ ਗੱਲ ਸੁਖਾਵੇ ਮਲਿਕਾ ਕਹਿੰਦੀ ਸੁਣ ਵੇ ਵੀਰਾ ਰੱਖੀਂ ਯਾਦ ਸੁਣਾਈਆਂ ਅਸੀਂ ਤਰੈਵੇ ਭੈਣਾਂ ਆਹੀਆਂ ਹਿਕਸੇ ਪੇਟੋਂ ਜਾਈਆਂ ਭੈਣ ਮੇਰੀ ਹਿਕ ਬਦਰਾ ਖ਼ਾਤੂੰ ਜਾਂ ਉਹ ਕੁੱਛੜ ਹੈਸੀ ਮਮਾਂ ਪੀ ਪੰਘੂੜੇ ਖੇਡੇ ਸੂਰਤ ਮੋਤੀ ਜੈਸੀ ਹਿਕ ਦਿਨ ਮਾਂ ਮੇਰੀ ਉਸ ਵੇਲੇ ਹੌਜ਼ੇ ਉੱਤੇ ਆਈ ਜਿਸ ਹੌਜ਼ੇ ਤੋਂ ਪਕੜ ਲਿਆਂਦਾ ਮੈਨੂੰ ਦਿਓ ਕਸਾਈ ਦਾਈਆਂ ਖਿਦਮਤਗਾਰਾਂ ਖਲ੍ਹੀਆਂ ਹਰ ਇਕ ਦਾ ਮੁੱਖ ਲਾਲਾ ਮਾਉਂ ਕੋਲ ਪੰਘੂੜਾ ਟਿਕਿਆ ਬਦਰਾ ਖ਼ਾਤੂੰ ਵਾਲਾ ਨਰਮ ਕਬਾਬ ਭੁਜਣ ਤਰ-ਓ-ਤਾਜ਼ੇ ਧੁੰਮ ਘੱਤੀ ਖ਼ੁਸ਼ਬੋਈ ਚਾਵਲ ਕੁਲਚੇ ਰੰਗ ਬਰੰਗੀ ਨਿਅਮਤ ਚੀਜ਼ ਨਰੋਈ ਇਸ ਹੌਜ਼ੇ ਦੇ ਦੰਦੇ ਆਹਾ ਮਾਂ ਮੇਰੀ ਦਾ ਡੇਰਾ ਸਿਰ ਤੇ ਸਾਇਆਦਾਰ ਖਲੋਤਾ ਛਤਰੀ ਰੁੱਖ ਵਡੇਰਾ ਮਾਈ ਮੇਰੀ ਸੀ ਕੀ ਤੱਕਦੀ ਕੁਦਰਤ ਨਾਲ਼ ਖ਼ੁਦਾਈ ਰੁੱਖ ਉੱਤੋਂ ਇਕ ਬੁੱਢੀ ਮਾਈ ਧਰਤੀ ਉੱਤਰ ਆਈ ।(੨੭੯੦) ਮਾਂ ਮੇਰੀ ਦੇ ਕੋਲ ਪਲੰਗ ਤੇ ਬੈਠੀ ਆਣ ਸ਼ਿਤਾਬੀ ਮਾਂ ਮੇਰੀ ਨੂੰ ਉਸ ਥੀਂ ਆਈ ਦਹਿਸ਼ਤ ਬੇਹਿਸਾਬੀ ਬੁੱਢੀ ਔਰਤ ਮਾਂ ਮੇਰੀ ਨੂੰ ਕਹਿੰਦੀ ਰੱਖ ਦਿਲਾਸਾ ਮੈਂ ਗੁਆਂਢਣ ਤੇਰੀ ਬੀਬੀ ਨਾ ਡਰ ਮੈਥੋਂ ਮਾਸਾ ਕੋਹ ਕਾਫ਼ਾਂ ਵਿਚ ਘਰ ਅਸਾਡੇ ਰਾਜ ਹਕੂਮਤ ਸਾਡੀ ਮੈਂ ਭੀ ਬਾਦਸ਼ਾਹੇ ਦੀ ਬੇਗਮ ਭਾਰੀ ਹੈ ਪੱਤ ਸਾਡੀ ਸ਼ਰਿਸਤਾਨ ਸੁਨਹਿਰੀ ਜਿਹੜਾ ਨਬੀ ਸੁਲੇਮਾਂ ਵਾਲਾ ਉਹ ਹੈ ਵਤਨ ਸੁਹਾਵਾ ਮੇਰਾ ਸੁੰਦਰ ਦੇਸ ਨਿਰਾਲਾ ਉਸ ਮੁਲਕ ਵਿਚ ਬਾਗ਼-ਇਰਮ ਦਾ ਓਥੇ ਹਾਂ ਮੈਂ ਰਹਿੰਦੀ ਓਥੇ ਮਹਿਲ ਚੁਬਾਰੇ ਸਾਡੇ ਜਾ ਡਿੱਠਿਆਂ ਭੁੱਖ ਲਹਿੰਦੀ ਉਸ ਵਲਾਇਤ ਸਾਰੀ ਉੱਤੇ ਜਿਸਦੀ ਹੈ ਸੁਲਤਾਨੀ ਸ਼ਾਹ ਸ਼ਾਹਪਾਲ ਉਹਦਾ ਹੈ ਨਾਵਾਂ ਉਸ ਦੀ ਮੈਂ ਜ਼ਨਾਨੀ ਬੇਗਮ ਖ਼ਾਸ ਮੈਂ ਹੀ ਘਰ ਉਸ ਦੇ ਉਸ ਵੱਡੀ ਸਰਦਾਰੀ ਦੇਵਾਂ ਪਰੀਆਂ ਸਭਨਾਂ ਉੱਤੇ ਹੁਕਮ ਉਹਦਾ ਨਿੱਤ ਜਾਰੀ ਸ਼ਾਹ ਸ਼ਾਹਪਾਲ ਮੇਰਾ ਜੋ ਖ਼ਾਵੰਦ ਉਹ ਬੇਟਾ ਸ਼ਾਹਰੁਖ਼ ਦਾ ਸ਼ਾਹਰੁਖ਼ ਦਾ ਪਿਓ ਨਬੀ ਸੁਲੇਮਾਂ ਬਿਨ ਦਾਊਦ ਫ਼ਰੁਖ਼ ਦਾ ਦਾਇਮ ਅਸੀਂ ਤੁਸੀਂ ਹਮਸਾਏ ਆਦੀ ਦੇ ਸ਼ਹਿਜ਼ਾਦੇ ਪਰੀਆਂ ਅਸੀਂ ਰਹੀਏ ਵਿਚ ਪਰਦੇ ਜ਼ਾਹਿਰ ਆਦਮ ਜ਼ਾਦੇ ਮੈਨੂੰ ਇਕ ਮਹੀਨਾ ਹੋਇਆ ਇਸਸ ਬਾਗ਼ੇ ਵਿਚ ਆਈਆਂ ਨੌਕਰ ਚਾਕਰ ਖ਼ਿਦਮਤ ਵਾਲੇ ਬਹੂੰ ਧਨ ਨਾਲ ਲਿਆਈਆਂ ।(੨੮੦੦) ਹੁਣ ਮੈਂ ਪਰਤ ਘਰਾਂ ਨੂੰ ਚਲੀ ਰਹੋ ਤੁਸੀਂ ਸੁਖ ਵਾਸੀ ਇਹ ਧਰਤੀ ਇਹ ਬਾਗ਼ ਤੁਸਾਡੇ ਹੋਏ ਅਸੀਂ ਉਦਾਸੀ ਖਾਣੇ ਤੇਰੇ ਦੀ ਖ਼ੁਸ਼ਬੋਈ ਮਗ਼ਜ਼ ਮੇਰੇ ਵਿਚ ਪਹੁਤੀ ਤਾਂ ਮੈਂ ਕੋਲ ਤੇਰੇ ਆ ਬੈਠੀ ਰਗ਼ਬਤ ਉੱਠੀ ਬਹੁਤੀ ਭਰਕੇ ਥਾਲ ਜਵਾਹਰ ਮੋਤੀ ਮਾਂ ਮੇਰੀ ਨੂੰ ਦੇਂਦੀ ਕਹਿੰਦੀ ਹੁਣ ਤੂੰ ਭੈਣ ਧਰਮ ਦੀ ਮੈਂ ਸਹੇਲੀ ਤੈਂਡੀ ਇਹ ਤੋਹਫ਼ਾ ਮੈਂ ਦਿੱਤਾ ਤੈਨੂੰ ਕੀਤਾ ਭਾਈਚਾਰਾ ਵਰਤਣ ਕਰਾਂ ਮੁਹੱਬਤ ਵਾਲੀ ਬਣਿਆ ਰਾਹ ਹਮਾਰਾ ਮਾਂ ਮੇਰੀ ਨੇ ਉਤ ਵੱਲ ਡਿੱਠਾ ਸੁਖ਼ਨ ਉਹਦਾ ਦਿਲ ਧਰਿਆ ਕੀ ਤੱਕਦੀ ਹੱਥ ਥਾਲ ਪਰੀ ਦੇ ਧੜੀ ਵਾਂਙੂ ਭਰਿਆ ਮਰਵਾਰੀਦ ਜ਼ਮੁਰਦ ਸੁੱਚੇ ਯਾਕੂਤਾਂ ਰੰਗ ਲਾਇਆ ਮਾਣਕ ਮੋਤੀ ਹੀਰੇ ਪੰਨੇ ਲਾਲਾਂ ਥਾਲ ਸੁਹਾਇਆ ਸੱਤ ਗੌਹਰ ਸ਼ਬ-ਤਾਬ ਟਿਕਾਏ ਸਭਨਾਂ ਉੱਤੇ ਕਰਕੇ ਰਾਤ ਹਨੇਰੀ ਰੌਸ਼ਨ ਹੁੰਦੀ ਜੇ ਰੱਖੀਏ ਹੱਥ ਧਰਕੇ ਬੰਗਲੇ ਬਾਗ਼ ਤਲਾਬ ਚੌਫੇਰੇ ਹੋ ਗਈ ਰੁਸ਼ਨਾਈ ਇਹ ਤੋਹਫ਼ਾ ਉਸ ਬੁੱਢੀ ਦਿੱਤਾ ਲਿਆ ਅਸਾਡੀ ਮਾਈ ਮਾਂ ਮੇਰੀ ਦੀ ਗੋਦੋਂ ਉਸ ਨੇ ਭੈਣ ਮੇਰੀ ਫਿਰ ਚਾਈ ਬਹੁਤ ਪਿਆਰ ਮੁਹੱਬਤ ਕਰਕੇ ਮੰਮੇ ਆਪਣੇ ਪਾਈ ਨਾਲ਼ ਖ਼ੁਸ਼ੀ ਦੇ ਦੁੱਧ ਪਿਲਾਇਆ ਬਦਰਾ ਖ਼ਾਤੂੰ ਪੀਤਾ ਫੇਰ ਪਰੀ ਦੀ ਹੋਈ ਤਿਆਰੀ ਉੱਡਣ ਤੇ ਦਿਲ ਕੀਤਾ ।(੨੮੧੦) ਮਾਂ ਮੇਰੀ ਨੇ ਕਿਹਾ ਉਸ ਨੂੰ ਸੁਣ ਤੂੰ ਮੇਰੀਏ ਭੈਣੇ ਧੀ ਮੇਰੀ ਤੁਧ ਮੰਮੇ ਪਾਈ ਮੈਂ ਭੀ ਬਦਲੇ ਲੈਣੇ ਧੀ ਆਪਣੀ ਤੂੰ ਦਸੇਂ ਮੈਨੂੰ ਮੈਂ ਭੀ ਉਸ ਨੂੰ ਚਾਵਾਂ ਮੰਮੇ ਪਾਵਾਂ ਦੁੱਧ ਪਿਲਾਵਾਂ ਸਦਕੇ ਸਦਕੇ ਜਾਵਾਂ ਜਲਦੀ ਹੁਕਮ ਪਰੀ ਨੇ ਦਿੱਤਾ ਖ਼ਿਦਮਤਗਾਰਾਂ ਤਾਈਂ ਆਂਦਾ ਚਾਅ ਪੰਘੂੜਾ ਉਨ੍ਹਾਂ ਰੱਖਿਆ ਆਣ ਉਥਾਈਂ ਮਾਂ ਮੇਰੀ ਨੇ ਪੱਲਾ ਚਾਇਆ ਧੀ ਪਰੀ ਦੀ ਡਿੱਠੀ ਸੋਹਣੀ ਹੀਰ ਜ਼ੁਲੈਖ਼ਾ ਸੱਸੀਓਂ ਸ਼ੀਰੀਂ ਸ਼ਕਰੋਂ ਮਿੱਠੀ ਸ਼ਮ੍ਹਾ ਨੂਰਾਨੀ ਖ਼ਾਵਰ ਵਾਲੀ ਵੇਖ ਉਸ ਨੂੰ ਸ਼ਰਮਾਵੇ ਜੰਨਤ ਦੀ ਕੋਈ ਹੂਰ ਹੁਸਨ ਦੀ ਤਾਬ ਨਾ ਮੂਲ ਲਿਆਵੇ ਜਿਉਂ ਅਨਾਰ ਪੱਕੇ ਦਾ ਦਾਣਾ ਹੋਏ ਜਲਾਲਾਬਾਦੀ ਮੋਤੀਂ ਵਾਂਗ ਸਫ਼ਾਈ ਜੁੱਸੇ ਲਾਲੋਂ ਤਾਬ ਜ਼ਿਆਦੀ ਸੂਰਤ ਵੇਖ ਹੋਵਣ ਦਿਲਬਰੀਆਂ ਪਰੀਆਂ ਹੋਰ ਤਮਾਮੀ ਨੈਣਾਂ ਅੱਗੇ ਮਿਰਗ ਸ਼ਿਕਾਰੀ ਹੁੰਦੇ ਵੇਖ ਸਲਾਮੀ ਐਸਾ ਹੁਸਨ ਇਸ ਲੜਕੀ ਉੱਤੇ ਜੇ ਉਹ ਹੁੰਦੀ ਜ਼ਾਹਿਰ ਹਰ ਜ਼ੱਰਾ ਹੋ ਸੂਰਜ ਚਮਕੇ ਰੂਪ ਹਿਸਾਬੋਂ ਬਾਹਰ ਹਰ ਹਰ ਵਾਲ਼ ਉਹਦੇ ਵਿਚ ਆਹਾ ਸੌ ਸੌ ਪੇਚ ਗੁਮਾਨੀ ਸੂਰਤ ਦਾ ਕੁੱਝ ਅੰਤ ਨਾ ਆਵੇ ਕਾਰੀਗਰੀ ਰੱਬਾਨੀ ਝੰਡ ਉਹਦੀ ਦਿਆਂ ਵਾਲਾਂ ਵਿਚੋਂ ਮਗ਼ਜ਼ ਚੜ੍ਹੇ ਖ਼ੁਸ਼ਬੋਈ ਵੇਖਣ ਸਾਇਤ ਅਸਾਡੀ ਮਾਈ ਬੇਖ਼ੁਦ ਬੇਸੁੱਧ ਹੋਈ ।(੨੮੨੦) ਜ਼ਰਾ ਸੁਰਤ ਸੰਭਾਲ ਨਾ ਰਹਿਓਸੁ ਗ਼ਸ਼ ਅਜੇਹੀ ਆਈ ਕਰ ਦਿੱਤੀ ਬੇਤਾਬ ਸ਼ਿਤਾਬੀ ਤਾਬ ਸ਼ਕਲ ਦੀ ਮਾਈ ਉਸ ਲੜਕੀ ਦੀ ਮਾਈ ਡਿੱਠਾ ਮਾਂ ਮੇਰੀ ਦਾ ਚਾਲਾ ਕੋਲ ਉਹਦੇ ਕੋਈ ਬਾਗ਼-ਇਰਮ ਦਾ ਫੁਲ ਸੀ ਖ਼ੁਸ਼ਬੋਈ ਵਾਲਾ ਉਹ ਫੁੱਲ ਮਾਂ ਮੇਰੀ ਦੇ ਸਿਰ ਤੇ ਉਸ ਪਰੀ ਨੇ ਲਾਇਆ ਸਾਇਤ ਪਿੱਛੋਂ ਹੋਸ਼ ਸੰਭਾਲੀ ਜਿਗਰਾ ਜਾਈ ਆਇਆ ਮਾਂ ਮੇਰੀ ਫਿਰ ਆਖਣ ਲੱਗੀ ਹਮਦ ਖ਼ੁਦਾਵੰਦ ਤਾਈਂ ਵਾਹ ਵਾਹ ਕਾਦਰ ਪਾਕ ਕਾਰੀਗਰ ਇਸ ਹਿਕਮਤ ਦਾ ਸਾਈਂ ਕਤਰੇ ਆਬ ਮਨੀ ਦੇ ਵਿਚੋਂ ਐਸੀ ਸ਼ਕਲ ਬਣਾਂਦਾ ਪੱਥਰ ਥੀਂ ਕਰ ਨਜ਼ਰ ਕਰਮ ਦੀ ਚੰਨ ਸੂਰਜ ਚਮਕਾਂਦਾ ਖ਼ਸਖ਼ਸ ਜਿੱਡਾ ਬੀਜ ਨਾਚੀਜ਼ਾ ਖ਼ਾਕੂ ਅੰਦਰ ਰੁਲਦਾ ਉਸ ਥੀਂ ਰੁੱਖ ਬੁਲੰਦ ਬਣਾਏ ਰੰਗ ਬਰੰਗੀ ਫੁੱਲ ਦਾ ਪਾਣੀ ਬੂੰਦ ਅਸਮਾਨੀ ਆਵੇ ਸਿੱਪਾਂ ਦੇ ਮੂੰਹ ਪੈਂਦੀ ਇਸ ਥੀਂ ਦੁੱਰਿ-ਯਤੀਮ ਬਣਾਏ ਕੀਮਤ ਪਵੇ ਨਾ ਜੈਂਦੀ ਕਾਲੇ ਪੱਥਰ ਧੁੱਪੇ ਸੜਦੇ ਅੰਦਰ ਕਾਨ ਬਦਖ਼ਸ਼ਾਂ ਇਨ੍ਹਾਂ ਵਿਚੋਂ ਲਅਲ ਬਣਾਏ ਬੇ ਬਹਾ ਦਰਖ਼ਸ਼ਾਂ ਖ਼ਲਕਤ ਉਸ ਦੀ ਰੰਗ ਬਰੰਗੀ ਧੰਨ ਉਹ ਸਿਰਜਣ ਵਾਲਾ ਆਪੋ ਆਪਣੀ ਸੂਰਤ ਦਿਤੀਓਸੁ ਹਿਕ ਥੀਂ ਹਿਕ ਉਜਾਲਾ ਲੱਖ ਕਰੋੜਾਂ ਹੋ ਹੋ ਗੁਜ਼ਰੇ ਇਸ ਧਰਤੀ ਵਿਚ ਮਿੱਟੀ ਸੁੰਦਰ ਸੂਰਤ ਜ਼ਾਹਿਰ ਕਰ ਕੇ ਫੇਰ ਰਲਾਵੇ ਮਿੱਟੀ ।(੨੮੩੦) ਮਾਂ ਮੇਰੀ ਨੇ ਉਸ ਲੜਕੀ ਨੂੰ ਕੁੱਛੜ ਆਪਣੇ ਚਾਇਆ ਮਾਂਵਾਂ ਵਾਂਗਰ ਮੰਮੇ ਪਾਈ ਮਿੱਠਾ ਦੁੱਧ ਪਿਲਾਇਆ ਇਸ ਲੜਕੀ ਦੀ ਮਾਂ ਪਰੀ ਨੇ ਕੀਤਾ ਕੌਲ ਜ਼ਬਾਨੀ ਜਬ ਲੱਗ ਧੀ ਮੇਰੀ ਦੀ ਹੋਸੀ ਦੁਨੀਆਂ ਤੇ ਜ਼ਿੰਦਗਾਨੀ ਤੇਰਾ ਹਕ ਭੁਲਾਸੀ ਨਾਹੀਂ ਛੋੜ ਵਫ਼ਾ ਨਾ ਬਹਿਸੀ ਹਰ ਮਹੀਨੇ ਵਿਚ ਹਿਕ ਹਫ਼ਤਾ ਪਾਸ ਤੇਰੇ ਆ ਰਹਿਸੀ ਧੀ ਮੇਰੀ ਤੇ ਤੇਰੀ ਭੈਣਾਂ ਅਸੀਂ ਦੋਏ ਭੀ ਭੈਣਾਂ ਫ਼ਰਜ਼ ਇਸ ਤੇ ਹਰ ਹਫ਼ਤੇ ਅੰਦਰ ਦਰਸਨ ਤੇਰਾ ਲੈਣਾ ਜੈਸੀ ਉਸ ਦੀ ਮਾਈ ਮੈਂ ਹਾਂ ਤੂੰ ਭੀ ਐਸੀ ਮਾਈ ਕੀਤੀ ਸ਼ਰਤ ਮੇਰੀ ਨਾ ਭੰਨਸੀ ਜੇ ਇਹ ਮੇਰੀ ਜਾਈ ਬਦਰਾ ਖ਼ਾਤੂੰ ਏਸ ਸਹੇਲੀ ਇਸ ਦੀ ਇਹ ਸਹੇਲੀ ਖ਼ੈਰੀਂ ਖ਼ੈਰੀਂ ਮੇਲੇ ਇਨ੍ਹਾਂ ਪਾਕ ਖ਼ੁਦਾਵੰਦ ਬੇਲੀ ਬਦਰਾ ਖ਼ਾਤੂੰ ਉਡ ਨਾ ਸਕਦੀ ਨਾਲ਼ ਉਹਨੂੰ ਜੇ ਖੜੀਏ ਨਾਲੇ ਖ਼ੌਫ਼ ਮਤੇ ਉਹ ਖਾਵੇ ਜਾਂ ਦੇਵਾਂ ਵਿਚ ਵੜੀਏ ਨਹੀਂ ਤਾਂ ਨਾਲ਼ ਸਹੇਲੀ ਉਹ ਭੀ ਬਾਗ਼-ਇਰਮ ਦਾ ਤੱਕਦੀ ਇਹੋ ਇਥੇ ਆਇਆ ਕਰਸੀ ਉਹ ਨਹੀਂ ਜਾ ਸਕਦੀ ਸ਼ਰਤ ਇਕਰਾਰ ਪੱਕੇ ਰੰਗ ਕਰਕੇ ਉੱਡ ਗਈਆਂ ਉਹ ਪਰੀਆਂ ਬੋਲ ਉੱਤੇ ਹੁਣ ਪਹਿਰਾ ਦੇਵਣ ਇਸ ਦਿਨ ਤੀਕ ਨਾ ਹਰੀਆਂ ਉਹ ਬਦੀਅ-ਜਮਾਲ ਪਰੀ ਸੀ ਲੜਕੀ ਵਿਚ ਪੰਘੂੜੇ ਚੌਦਾਂ ਬਰਸਾਂ ਦੀ ਹੁਣ ਹੋਈ ਚੜ੍ਹੀ ਹੋਵੇਗੀ ਚੂੜੇ ।(੨੮੪੦) ਜਬ ਲੱਗ ਮੈਂ ਰਹੀ ਉਸ ਜਾਈ ਤਕਦੀ ਰਹੀ ਤਮਾਸ਼ਾ ਇਸ ਬਦੀਅ-ਜਮਾਲ ਪਰੀ ਦਾ ਦਾਇਮ ਹੈ ਇਹ ਖ਼ਾਸਾ ਹਫ਼ਤਾ ਹਿਕ ਮਹੀਨੇ ਵਿਚੋਂ ਬਾਗ਼ ਅਸਾਡੇ ਕਟਦੀ ਸੂਰਤ ਹੁਸਨ ਉਹਦੇ ਦੀ ਤਾਬੋਂ ਜੋਤ ਸ਼ਮ੍ਹਾ ਦੀ ਘਟਦੀ ਰੂਏ ਜ਼ਿਮੀਂ ਤੇ ਸਾਨੀ ਉਸ ਦਾ ਸੂਰਤਮੰਦ ਨਾ ਕਾਈ ਨਾ ਪਰੀਆਂ ਨਾ ਆਦਮ ਵਿਚੋਂ ਸਾਰੀ ਵਿਚ ਲੋਕਾਈ ਸੈਫ਼-ਮਲੂਕ ਕਿਹਾ ਹੇ ਮਲਿਕਾ ਭੈਣ ਧਰਮ ਦੀ ਲੱਗੇਂ ਸੱਚ ਕਹੇਂ ਕਿ ਕੂੜ ਖ਼ੁਸ਼ਾਮਦ ਕਰਕੇ ਮੈਨੂੰ ਠੱਗੇਂ ਮਲਿਕਾ ਕਹਿੰਦੀ ਸੁਣ ਵੇ ਵੀਰਾ ਬਖ਼ਸ਼ੇ ਰੱਬ ਪਨਾਹਾਂ ਅੱਲ੍ਹਾ ਭਾਵੇ ਕੂੜ ਨਾ ਆਖਾਂ ਜੇ ਕੋਈ ਢੋਏ ਫਾਹਾਂ ਕੂੜੇ ਬੰਦੇ ਰੱਬ ਨਾ ਭਾਵਨ ਯੁਮਨ ਜ਼ਬਾਨ ਨਾ ਰਹਿੰਦਾ ਗੱਲ ਉਹਦੀ ਕੋਈ ਮੰਨਦਾ ਨਾਹੀਂ ਸਭ ਜਗ ਝੂਠਾ ਕਹਿੰਦਾ ਬੇ ਇਤਬਾਰ ਖ਼ਵਾਰ ਜਗਤ ਤੇ ਕੂੜ ਅਲਾਵਣ ਵਾਲਾ ਕੀ ਲਾਚਾਰ ਕਰਾਂ ਮੈਂ ਤੇਰੀ ਝੂਠ ਖ਼ੁਸ਼ਾਮਦ ਲਾਲਾ ਕਸਮ ਕਰਾਂ ਮੈਂ ਰੱਬ ਸੱਚੇ ਦੀ ਜੋ ਆਲਮ ਦਾ ਵਾਲੀ ਜਿਸ ਨੇ ਖ਼ਲਕਤ ਪੈਦਾ ਕੀਤੀ ਰੋਜ਼ੀ ਦੇ ਸੰਭਾਲੀ ਕੀੜੇ ਹਾਥੀ ਚਿੜੀਆਂ ਬਾਜ਼ਾਂ ਸਭਨਾਂ ਦਾ ਰਖਵਾਲਾ ਹਰ ਹਿਕ ਤਾਈਂ ਰਿਜ਼ਕ ਪੁਚਾਏ ਕਰਕੇ ਖ਼ੂਬ ਸੰਭਾਲਾ ਦੁਨੀਆਂ ਤੇ ਜਿਸ ਪੈਦਾ ਕੀਤਾ ਆਦਮ ਜਿੰਨ ਹੈਵਾਨਾਂ ਭਲੇ ਭਲੇਰੇ ਰੂਪ ਬਣਾਏ ਸੂਰਤਮੰਦ ਜਵਾਨਾਂ ।(੨੮੫੦) ਸੋਹਣੀ ਸੂਰਤ ਤੇ ਜਿਸ ਪਾਇਆ ਹੁਸਨੇ ਦਾ ਚਮਕਾਰਾ ਆਸ਼ਿਕ ਦੇ ਦਿਲ ਅੱਗ ਲਗਾਈ ਸੜਦਾ ਨਿੱਤ ਬੇਚਾਰਾ ਮਹਿਬੂਬਾਂ ਨੂੰ ਆਣ ਸਿਖਾਇਓਸੁ ਨਾਜ਼ ਮਖ਼ੌਲ ਮਰੋੜਾਂ ਖ਼ੁਦੀ ਤਕੱਬਰ ਬੇ ਪਰਵਾਹੀ ਤਲਖ਼ ਜਵਾਬ ਤਰੋੜਾਂ ਬੇਵਫ਼ਾਈ ਤੇ ਬੇਰਹਿਮੀ ਕਹਿਰ ਸਿਤਮ ਬੇਤਰਸੀ ਜਿੰਦ ਆਸ਼ਿਕ ਦੀ ਕਰਨ ਨਾ ਸਰਫ਼ਾ ਕੀ ਹੋਇਆ ਜੇ ਮਰਸੀ ਆਸ਼ਿਕ ਦੇ ਦਿਲ ਅੰਦਰ ਪਾਈਓਸੁ ਇਜ਼ਜ਼ ਨਿਆਜ਼ ਹਜ਼ਾਰਾਂ ਖ਼ੌਫ਼ ਉਮੀਦ ਸਮੁੰਦ ਗ਼ਮਾਂ ਦੇ ਮੌਜਾਂ ਬੇ ਕਿਨਾਰਾਂ ਤਰਕ ਸੁਖਾਂ ਦੇ ਜਾਲ਼ ਦੁੱਖਾਂ ਦੇ ਸਖ਼ਤੀ ਜਿੰਦ ਬਦਨ ਦੀ ਦੋਹਾਂ ਜਹਾਨਾਂ ਵਿਚ ਮੁਹੰਮਦ ਹਿਰਸ ਹਵਾ ਸੱਜਣ ਦੀ ਜੋ ਯਾਰਾਂ ਨੂੰ ਯਾਰ ਮਿਲਾਵੇ ਸੀਵੇ ਫੱਟ ਜੁਦਾਈ ਰੱਬ ਗ਼ਰੀਬ ਨਵਾਜ਼ ਹਮੇਸ਼ਾ ਜਿਸਦੀ ਧੰਨ ਖ਼ੁਦਾਈ ਸੱਚੋ ਸੱਚ ਸੁਣਾਈ ਵੀਰਾ ਜੋ ਗੱਲ ਅੱਖੀਂ ਡਿੱਠੀ ਕੂੜੋਂ ਸੱਚ ਨਿਖੇੜ ਦਿਸਾਲਾਂ ਜੇ ਤੁਧ ਹੋਵੇ ਚਿੱਠੀ ਹਾਏ ਅਫ਼ਸੋਸ ਜੇ ਪਹੁੰਚਾਂ ਓਥੇ ਤਾਂ ਇਹ ਸੱਚ ਦਸਾਲਾਂ ਨਾਲ਼ ਬਦੀਅ-ਜਮਾਲ ਪਰੀ ਦੇ ਤੈਨੂੰ ਚੱਲ ਬਹਾਲਾਂ ਮਲਿਕਾ ਦੀ ਗੱਲ ਸੁਣ ਸ਼ਹਿਜ਼ਾਦਾ ਵਾਂਗ ਗੁਲਾਬਾਂ ਫੁੱਲਾ ਕਰਦਾ ਸ਼ੁਕਰ ਹਜ਼ਾਰ ਹਜ਼ਾਰਾਂ ਰਹਿਮਤ ਦਾ ਦਰ ਖੁੱਲਾ ਸੁੱਕਾ ਬਾਗ਼ ਦਿਲੇ ਦਾ ਹੋਇਆ ਤਾਜ਼ਾ ਅਬਰ-ਬਹਾਰੋਂ ਜਾਨ ਹੈਰਾਨ ਲੱਗੀ ਫਿਰ ਆਸਾ ਦਿਲਬਰ ਦੇ ਅਖ਼ਬਾਰੋਂ ।(੨੮੬੦) ਨਾਉਮੀਦੀ ਵਾਲੀ ਆਤਿਸ਼ ਦੋਜ਼ਖ਼ ਵਾਂਙੂ ਬਲਦੀ ਆਸ ਲੱਗੀ ਹੁਣ ਦਸ ਇਰਮ ਥੀਂ ਸਰਦ ਹੋਈ ਕੁੱਝ ਜਲਦੀ ਉਹ ਕਹਾਣੀ ਮਲਿਕਾ ਵਾਲੀ ਸ਼ਹਿਜ਼ਾਦੇ ਦਿਲ ਭਾਣੀ ਕਰਬਲਾ ਦੇ ਤੱਸੇ ਤਾਈਂ ਜਿਉਂ ਕਰ ਠੰਡਾ ਪਾਣੀ ਜਿਉਂ ਪਰਦੇਸੀ ਰਾਹੋਂ ਭੁੱਲੇ ਰਾਤ ਹਨੇਰੀ ਅੰਦਰ ਅੱਚਨਚੇਤੀ ਚਾਨਣ ਲਾਇਆ ਚੜ੍ਹ ਚੌਧਵੀਂ ਦੇ ਚੰਦਰ ਜਿਉਂ ਕਰ ਕਈ ਮੁਦਤ ਦੇ ਰੋਗੀ ਮਿਲਿਆ ਵੈਦ ਸ਼ਿਨਾਸੀ ਆਸ ਲੱਗੀ ਮੱਤ ਸਾਸ ਬਦਨ ਵਿਚ ਮੌਲਾ ਪਾਕ ਵਸਾਸੀ ਜਿਉਂ ਰੋੜੇ ਵਿਚ ਬੱਦਲ ਵੁਠਾ ਲੱਗੀ ਆਸ ਫ਼ਸਲ ਦੀ ਭੁੱਖੇ ਮਾਲ ਲੱਧੀ ਹਰਿਆਈ ਕਿਰਪਾ ਹੋਈ ਫ਼ਜ਼ਲ ਦੀ ਮਲਿਕਾ ਉੱਤੋਂ ਸਦਕੇ ਜਾਵੇ ਸੈਫ਼-ਮਲੂਕ ਸ਼ਹਿਜ਼ਾਦਾ ਕਹਿੰਦਾ ਤੂੰ ਅਹਿਸਾਨ ਮੇਰੇ ਤੇ ਹੱਦੋਂ ਕੀਤਾ ਜ਼ਿਆਦਾ ਮੈਨੂੰ ਦੱਸ ਸੱਜਣ ਦੀ ਪਾਇਓ ਖ਼ੂਬ ਤਰ੍ਹਾਂ ਦੀ ਪੱਕੀ ਤੁਧ ਪਿੱਛੇ ਸਿਰ ਦੇਵਣ ਲਾਇਕ ਤੂੰ ਹੁਣ ਮੇਰੀ ਸੱਕੀ ਕੋਈ ਤਦਬੀਰ ਹੋਵੇ ਤੁਧ ਮਾਲਮ ਸੁੱਝੀ ਸੁਣੀ ਸੁਣਾਈ ਕਿਸੇ ਤਰ੍ਹਾਂ ਇਸ ਕੈਦੋਂ ਛੁਟੇਂ ਕਰੀਏ ਜ਼ੋਰ ਅਜ਼ਮਾਈ ਮਲਿਕਾ ਕਹਿੰਦੀ ਕੀਕਰ ਛੁੱਟਾਂ ਕੁੱਝ ਨਾ ਚਲਦਾ ਚਾਰਾ ਇਹ ਖ਼ੈਬਰ ਇਹ ਕੋਟ ਚੌਫੇਰੇ ਮੁਲਕ ਬਦੇਸ ਹਤਿਆਰਾ ਜਿਸਦੀ ਕੈਦੇ ਅੰਦਰ ਮੈਂ ਹਾਂ ਦੇਵ ਬਹਾਦਰ ਭਾਰਾ ਸੱਠ ਗਜ਼ ਉੱਚਾ ਕੱਦ ਮਰੇਲਾ ਜ਼ੋਰ ਉਸ ਬੇਸ਼ੁਮਾਰਾ ।(੨੮੭੦) ਰਾਕਸ ਗ਼ੌਲ ਵਡੇਰੇ ਉਸ ਥੀਂ ਖ਼ੌਫ਼ ਹਮੇਸ਼ਾ ਖਾਵਣ ਚਾਲੀ ਦਿਨਾਂ ਦੇ ਪੈਂਡੇ ਉੱਤੋਂ ਨਹੀਂ ਉਰੇਰੇ ਆਵਣ ਬਾਝ ਉਸ ਥੀਂ ਇਸ ਜਾਈ ਨਾਹੀਂ ਪੰਖੀ ਪਰ ਮਰੇਂਦਾ ਜਾਨੇ ਵਾਲੀ ਚੀਜ਼ ਇਸ ਟਾਪੂ ਕੋਈ ਫਿਰਨ ਨਾ ਦੇਂਦਾ ਸੁਣ ਗੱਲਾਂ ਸ਼ਹਿਜ਼ਾਦੇ ਤਾਈਂ ਫ਼ਿਕਰ ਪਇਆ ਦਿਲ ਭਾਰਾ ਕਿਵੇਂ ਮਲਿਕਾ ਖ਼ਾਤੂੰ ਛੁੱਟੇ ਰੱਬ ਛੁਡਾਵਣ ਹਾਰਾ ਫ਼ਿਕਰ ਤਮੀਜ਼ਾਂ ਕਰ ਕਰ ਥਕਾ ਰਾਸ ਨਾ ਆਵੇ ਕਾਈ ਮਕਰ ਫ਼ਰੇਬ ਹੁਨਰ ਦਾ ਹੀਲਾ ਟੁਰਦਾ ਨਾ ਇਸ ਜਾਈ ਕੋਟ ਵਡੇਰਾ ਚੋਟ ਦੇਵੇ ਦੀ ਖ਼ੌਫ਼ ਕਲੇਜਾ ਖਾਏ ਰਾਹ ਨਾ ਲੱਭੇ ਦਾਅ ਨਾ ਲੱਗੇ ਹਿਕ ਪਨਾਹ ਖ਼ੁਦਾਏ ਸੈਫ਼-ਮਲੂਕ ਬੇਚਾਰਾ ਹੋ ਕੇ ਕਰਦਾ ਵੁਜ਼ੂ ਤਹਾਰਤ ਇਬਰਾਹੀਮ ਨਬੀ ਦੇ ਦੀਨੋਂ ਕਰਦਾ ਉਠ ਇਬਾਦਤ ਉਮੱਤ ਖ਼ਾਸ ਖ਼ਲੀਲ ਅੱਲ੍ਹਾ ਦੀ ਆਹਾ ਉਹ ਸ਼ਹਿਜ਼ਾਦਾ ਦੋ ਰਕਾਤਾਂ ਨਫ਼ਲ ਗੁਜ਼ਾਰੇ ਦਿਲ ਦਾ ਰੱਖ ਇਰਾਦਾ ਫਿਰ ਸਿਜਦੇ ਸਿਰ ਧਰ ਕੇ ਰੁੰਨਾ ਰੋ ਰੋ ਕਰੇ ਦੁਆਈਂ ਰੱਬਾ ਤੂੰਹੇਂ ਹਾਫ਼ਿਜ਼ ਨਾਸਿਰ ਔਖੀ ਸੌਖੀ ਜਾਈਂ ਬੇ ਯਾਰਾਂ ਨੂੰ ਯਾਰੀ ਕਰਨੈਂ ਆਸ ਤੇਰੀ ਬੇ ਆਸਾਂ ਹਰ ਢੱਠੇ ਨੂੰ ਆਪ ਉੱਠਾਲੇਂ ਕਰ ਮੁਸ਼ਕਿਲ ਕੰਮ ਆਸਾਂ ਬਖ਼ਸ਼ਿਸ਼ ਕਰਕੇ ਫ਼ੈਜ਼ ਪੁਚਾਵੇਂ ਔਗਣਹਾਰ ਇਨਸਾਨਾਂ ਰਹਿਮਤ ਤੇਰੀ ਥੀਂ ਨਾ ਉਮੀਦੀ ਹੁੰਦਾ ਕੰਮ ਸ਼ੈਤਾਨਾਂ ।(੨੮੮੦) ਤੋੜੇ ਹਾਂ ਬਦਕਾਰ ਗੁਨਾਹੀ ਅਸੀਂ ਬੰਦੇ ਮੂੰਹ ਕਾਲੇ ਫਿਰ ਭੀ ਦਾਇਮ ਫ਼ਜ਼ਲ ਤੇਰੇ ਦੀ ਆਸਾ ਰੱਖਣ ਵਾਲੇ ਲੱਖ ਮਣਾਂ ਚਿਰਕੀਨ ਪਲੀਤੀ ਸ਼ਹਿਰਾਂ ਅੰਦਰ ਹੋਂਦੀ ਪਲ ਵਿਚ ਪਾਕ ਕਰੇ ਜਿਸ ਵੇਲੇ ਰਹਿਮਤ ਤੇਰੀ ਪੌਂਦੀ ਤੂੰ ਗ਼ਰੀਬ-ਨਿਵਾਜ਼ ਹਮੇਸ਼ਾ ਅਸੀਂ ਬੰਦੇ ਦਰਮਾਂਦੇ ਕਰਮ ਕਰੀਂ ਤਾਂ ਹੈ ਛੁਟਕਾਰਾ ਭੁੱਲੇ ਹਾਂ ਕਰਮਾਂ ਦੇ ਤੁਧ ਬਾਝੋਂ ਕੋਈ ਸਾਥੀ ਨਾਹੀਂ ਫਾਥੀ ਜਾਨ ਅਵੱਲੀ ਤੂੰ ਛੜਕਾਵੇਂ ਤਾਂ ਮੈਂ ਛੁੱਟਾਂ ਦੇ ਦੁਸ਼ਮਣ ਅੰਗ-ਮੱਲੀ ਮਾਨ ਤਰਾਣ ਨਾ ਜ਼ੋਰ ਨਿਮਾਣੇ ਨਾ ਕੁੱਝ ਸ਼ੇਖ਼ੀ ਮੇਰੀ ਹਿਕੋ ਪਰਨਾ ਤਕੀਆ ਤੇਰਾ ਹੋਰ ਨਹੀਂ ਧਿਰ ਢੇਰੀ ਸੈਫ਼-ਮਲੂਕ ਗ਼ਰੀਬ ਸ਼ੁਹਦੇ ਦੀ ਕੂਕ ਤੇਰੇ ਦਰ ਸਾਈਆਂ ਦੇਵ ਗ਼ਨੀਮ ਯਤੀਮ ਬੰਦੇ ਨੂੰ ਕੁਹਸੀ ਵਾਂਗ ਕਸਾਈਆਂ ਤੇਰੀ ਓਟ ਪਨਾਹ ਖ਼ੁਦਾਇਆ ਹੋਰ ਨਹੀਂ ਕੁੱਝ ਸੁਝਦਾ ਜਿਸ ਦੀਵੇ ਨੂੰ ਆਪੂੰ ਬਾਲੇਂ ਕਦ ਕਿਸੇ ਥੀਂ ਬੁਝਦਾ ਚਿੜੀਆਂ ਬਾਜ਼ਾਂ ਦਾ ਤੂੰ ਸਾਈਂ ਚਿੜਿਓਂ ਬਾਜ਼ ਕੋਹਾਵੇਂ ਗੋਸ਼ਤ ਸ਼ੀਹਾਂ ਸੱਪਾਂ ਵਾਲਾ ਕੀੜੇ ਪਾ ਖੁਆਵੇਂ ਤੂੰ ਬੰਦੇ ਨਾ ਚੀਜ਼ੇ ਹੱਥੋਂ ਦੇਵਾਂ ਨੂੰ ਮਰਵਾਂਦਾ ਵਾਹ ਕਾਦਰ ਧੰਨ ਕੁਦਰਤ ਤੇਰੀ ਅੰਤ ਨਾ ਪਾਇਆ ਜਾਂਦਾ ਮੈਂ ਗ਼ਾਫ਼ਿਲ ਗੁੰਮਰਾਹ ਤੇਰੇ ਥੀਂ ਬੰਦਾ ਪੁਰ ਤਕਸੀਰਾਂ ਨਹੀਂ ਇਬਾਦਤ ਤੇਰੀ ਕੀਤੀ ਮਗਰ ਫਿਰਾਂ ਤਸਵੀਰਾਂ ।(੨੮੯੦) ਸੂਰਤ ਦੀ ਹਿਕ ਮੂਰਤ ਤੱਕ ਕੇ ਭੱਜ ਭੱਜ ਮਰਾਂ ਅਜ਼ਾਈਂ ਆਹਾ ਫ਼ਰਜ਼ ਮੇਰੇ ਸਿਰ ਲੋੜਾਂ ਵਹਦਤ ਤੇਰੀ ਤਾਈਂ ਹਰ ਸੂਰਤ ਵਿਚ ਮਾਅਨੇ ਤੂੰਹੇਂ ਤੇਰਾ ਇਸ਼ਕ ਨਾ ਚਾਇਆ ਸੂਰਤ ਪਿੱਛੇ ਝੱਲਾ ਹੋ ਕੇ ਅਪਣਾ ਜਨਮ ਗਵਾਇਆ ਮਾਉ ਪਿਉ ਦੀ ਖ਼ਿਦਮਤ ਕਰਨੀ ਫ਼ਰਜ਼ ਮੇਰੇ ਪਰ ਆਹੀ ਉਹ ਭੀ ਰੋਂਦੇ ਛੱਡ ਕੇ ਟੁਰਿਆ ਬਹੁਤ ਕੀਤੀ ਗੁਮਰਾਹੀ ਤੇਰਾ ਨਾਮ ਗ਼ਫ਼ੂਰ ਸੁਣੀਂਦਾ ਬਖ਼ਸ਼ੀਂ ਮੈਂ ਨਿਕਾਰਾ ਮਲਿਕਾ ਖ਼ਾਤੂੰ ਨੂੰ ਲੈ ਜਾਵਾਂ ਦਿਓ ਮਰੇ ਹਤਿਆਰਾ ਮਲਿਕਾ ਖ਼ਾਤੂੰ ਨੇ ਫਿਰ ਕਿਹਾ ਸੁਣ ਤੂੰ ਵੀਰ ਪਿਆਰਾ ਹਿਕ ਤਦਬੀਰ ਮੇਰੇ ਦਿਲ ਆਈ ਇਸ ਥੀਂ ਹੈ ਛੁਟਕਾਰਾ ਜੇ ਸੁਲੇਮਾਨੀ ਦੋ ਸ਼ਾਹ-ਮੁਹਰੇ ਹੱਥ ਅਸਾਡੇ ਆਵਣ ਅੱਲ੍ਹਾ ਭਾਵੇ ਤਾਂ ਇਸ ਕੈਦੋਂ ਉਹ ਸਾਨੂੰ ਛੁੜਕਾਵਣ ਮੈਂ ਦੇਵੇ ਥੀਂ ਹਿਕ ਦਿਹਾੜੇ ਪੁੱਛੀ ਸੀ ਗੱਲ ਸਾਰੀ ਕੀ ਕੁੱਝ ਨਾਮ ਇਸ ਕੋਟ ਤੇਰੇ ਦਾ ਕਿਸ ਦੀ ਹੈ ਸਰਦਾਰੀ ਦੇਵੇ ਨੇ ਫਿਰ ਦੱਸਿਆ ਅੱਗੋਂ ਟਾਪੂ ਇਹ ਵਡੇਰਾ ਅਸਫ਼ੰਦ ਬਾਸ਼ ਹੈ ਨਾਂਵਾਂ ਇਸ ਦਾ ਰਾਜ ਹੁਕਮ ਸਭ ਮੇਰਾ ਫਿਰ ਮੈਂ ਪੁੱਛਿਆ ਏਸ ਮਕਾਨੋਂ ਆਦਮੀਆਂ ਦਾ ਵਾਸਾ ਕਿਤਨਾ ਪੰਧ ਦੁਰਾਡਾ ਹੋਸੀ ਖ਼ਬਰ ਨਹੀਂ ਮੈਂ ਮਾਸਾ ਦੇਵੇ ਕਿਹਾ ਆਦਮ ਇਥੇ ਮੂਲ ਨਹੀਂ ਆ ਸਕਦਾ ਆਦਮੀਆਂ ਦੀ ਜਾ ਨਾ ਤੋੜੇ ਦਿਓ ਵੱਡਾ ਭੀ ਥੱਕਦਾ ।(੨੯੦੦) ਆਦਮੀਆਂ ਦੀ ਵਾਸੀ ਏਥੋਂ ਨਹੀਂ ਸ਼ੁਮਾਰ ਕੋਹਾਂ ਦਾ ਉੱਡਣ ਵਾਲੀ ਪਰੀ ਅੱਗੇ ਭੀ ਪੈਂਡਾ ਬਰਸ ਦੁਹਾਂ ਦਾ ਹਿਕ ਰਵਾਇਤ ਇਹ ਭੀ ਡਿੱਠੀ ਪੈਂਡਾ ਹਿਕ ਦਿਹੇਂ ਦਾ ਏਡਾ ਫ਼ਰਕ ਹੋਵੇਗਾ ਕੀਕਰ ਨਾਹੀਂ ਅਕਲ ਮੰਨੇਂਦਾ ਰਸਤੇ ਵਿਚ ਕੋਹ ਕਾਫ਼ ਉਜਾੜਾਂ ਨਦੀਆਂ ਅੰਤ ਨਾ ਕੋਈ ਪਰੀਆਂ ਉੱਤੋਂ ਉਡਦੀਆਂ ਜਾਵਣ ਮੁਸ਼ਕਿਲ ਪੰਧ ਨਾ ਹੋਈ ਫਿਰ ਮੈਂ ਪੁੱਛਿਆ ਉਮਰ ਤੁਸਾਡੀ ਹੁੰਦੀ ਕਿਤਨੀ ਕਿਤਨੀ ਆਦਮੀਆਂ ਥੀਂ ਲੰਮੀ ਛੋਟੀ ਯਾ ਉਨ੍ਹਾਂ ਦੇ ਜਿਤਨੀ ਕਹਿਓਸੁ ਉਮਰ ਅਸਾਡੀ ਵੱਡੀ ਆਦਮੀਆਂ ਦੀ ਥੋੜੀ ਫਿਰ ਮੈਂ ਕਿਹਾ ਤੇਰੇ ਦਮ ਦੀ ਹੋਸੀ ਕਿੱਥੇ ਤੋੜੀ ਕਹਿਓਸੁ ਸੱਤ ਸੈ ਬਰਸਾਂ ਤੋੜੀ ਮੈਂ ਹਕੂਮਤ ਕਰਸਾਂ ਸੈ ਬਰਸਾਂ ਵਿਚ ਉਮਰ ਜਵਾਨੀ ਜ਼ੋਰ ਦੇਇ ਤਾਂ ਮਰਸਾਂ ਫਿਰ ਮੈਂ ਕਿਹਾ ਦੇਵਤਿਆਂ ਦੀ ਜਾਨ ਹੁੰਦੀ ਹਰ ਜਾਈ ਤੇਰੀ ਜਾਨ ਪਿਆਰੀ ਕਿੱਥੇ ਦੱਸ ਮੈਨੂੰ ਗੱਲ ਕਾਈ ਇਹ ਗੱਲ ਸੁਣ ਕੇ ਦੇਵੇ ਮੈਨੂੰ ਦਿੱਤੀ ਝਿੜਕ ਗ਼ਜ਼ਬ ਦੀ ਜਾਨ ਮੇਰੀ ਸੰਗ ਕੀ ਕੰਮ ਤੇਰਾ ਨੀਯਤ ਕਿਸ ਤਲਬ ਦੀ ਕਿਸ ਕਾਰੇ ਪਰ ਜਾਨ ਮੇਰੀ ਦੇ ਪੁੱਛੇਂ ਪਤੇ ਨਿਸ਼ਾਨੇ ਕੌਣ ਤੇਰਾ ਜੋ ਮਾਰਗ ਮੈਨੂੰ ਸੁਣ ਤੂੰ ਨਾਰ ਹੈਵਾਨੇ ਕੌਣ ਜਵਾਨ ਮੇਰੇ ਥੀਂ ਚੰਗਾ ਵਿਚ ਜਿੰਨਾਂ ਇਨਸਾਨਾਂ ਨਾਹੀਂ ਦਿਓ ਜ਼ੋਰਾਵਰ ਭਾਰਾ ਮੇਰੇ ਜੇਡ ਤੁਵਾਨਾਂ ।(੨੯੧੦) ਕਿਸ ਅੱਗੇ ਫ਼ਰਿਆਦ ਕਰੇਂਗੀ ਕੌਣ ਲੜੇ ਸੰਗ ਮੇਰੇ ਕਿਸ ਕਾਰਨ ਫਿਰ ਜਾਨ ਮੇਰੀ ਦੇ ਪੁੱਛੇਂ ਪਤੇ ਪਕੇਰੇ ਜਾਂ ਦੇਵੇ ਇਹ ਝਿੜਕ ਗ਼ਜ਼ਬ ਦੀ ਦਿੱਤੀ ਬਹੁਤ ਨਰੋਈ ਮੈਂ ਭੀ ਅੱਗੋਂ ਗ਼ੁੱਸੇ ਬੋਲੀ ਨਾਲੇ ਹੰਝੂ ਰੋਈ ਦੇਵੇ ਅੱਗੇ ਸੜਕੇ ਬੋਲੀ ਕਿਉਂ ਤੂੰ ਝਿੜਕੇਂ ਮੈਨੂੰ ਕੈਦ ਰੰਞਾਣੀ ਹਿਕ ਇਆਨੀ ਤਰਸ ਨਾ ਆਵੇ ਤੈਨੂੰ ਮਾਇ ਪਿਓ ਭੈਣਾਂ ਭਾਈਆਂ ਨਾਲੋਂ ਪਾਇਓਈ ਬੁਰਾ ਵਿਛੋੜਾ ਦੇਸੋਂ ਕੱਢ ਬਦੇਸ ਬੱਧੋਈ ਕਹਿਰ ਨਾ ਕੀਤੋ ਈ ਥੋੜਾ ਨਾ ਕੋਈ ਸੰਗ ਸਹੇਲੀ ਏਥੇ ਨਾ ਕੋਈ ਮਾਂ ਪਿਓ ਜਾਈ ਹਿਕ ਹਿਕੱਲੀ ਕੈਦ ਤੇਰੀ ਵਿਚ ਮੈਂ ਨਿਮਾਣੀ ਆਈ ਕਿਸ ਅੱਗੇ ਮੈਂ ਦੱਸਣ ਚਲੀ ਕਿਹੜਾ ਏਥੇ ਬੰਦਾ ਕੌਣ ਮੇਰਾ ਫ਼ਰਿਆਦਾਂ ਜੋਗਾ ਜਿਸ ਥੀਂ ਲਗੋਈ ਮੰਦਾ ਅੱਗੇ ਅੰਤ ਸ਼ੁਮਾਰ ਨਾ ਗ਼ਮ ਦਾ ਸਾਰ-ਚਣੇ ਨਿੱਤ ਚੱਬਾਂ ਮੈਂ ਸਿਰ ਘੱਟ ਮੁਸੀਬਤ ਦਿੱਸੇ ਹੋਰ ਚੜ੍ਹਾਵੇਂ ਦੱਬਾਂ ਦਰਦਾਂ ਦੀ ਗੱਲ ਸੁਣ ਕੇ ਦੇਵੇ ਰਹਿਮ ਪਇਆ ਇਤ ਪਾਸੇ ਸਿਰ ਮੇਰੇ ਨੂੰ ਝੋਲੀ ਰੱਖ ਕੇ ਲੱਗਾ ਕਰਨ ਦਿਲਾਸੇ ਕਹਿਣ ਲੱਗਾ ਦੱਸ ਦੇਵਾਂ ਤੈਨੂੰ ਤੇਰੇ ਥੀਂ ਕੀ ਚੋਰੀ ਜਿਥੇ ਜਾਨ ਮੇਰੀ ਇਸ ਜਾਏ ਪਹੁੰਚ ਨਾ ਕਿਸੇ ਹੋਰੀ ਆਦਮ ਜ਼ਾਤ ਕਿਸੇ ਦਾ ਓਥੇ ਪੇਸ਼ ਨਾ ਜਾਂਦਾ ਹੀਲਾ ਨਾ ਤੇਰਾ ਨਾ ਹੋਰ ਬੰਦੇ ਦਾ ਤੁਰਦਾ ਵੱਸ ਵਸੀਲਾ ।(੨੯੨੦) ਜਾਨ ਮੇਰੀ ਸੰਦੂਕੇ ਅੰਦਰ ਸ਼ੀਸ਼ੇ ਦਾ ਉਹ ਬਣਿਆ ਫਿਰ ਸੰਦੂਕ ਸੰਦੂਕੇ ਅੰਦਰ ਜੰਦਰਿਆਂ ਸੰਗ ਘਣਿਆਂ ਉਹ ਸੰਦੂਕ ਨਦੀ ਦੇ ਥੱਲੇ ਇਹ ਨਦੀ ਜੋ ਵਗਦੀ ਸ਼ਾਹ-ਮੁਹਰੇ ਸੁਲੇਮਾਨੀ ਹੋਵਣ ਵਾਹ ਓਥੇ ਤਦ ਲਗਦੀ ਦੋ ਸ਼ਾਹ-ਮੁਹਰੇ ਸੂਰਤ ਵਾਲੇ ਪਾਸ ਹੋਵਣ ਜਿਸ ਬੰਦੇ ਹਿੰਮਤ ਕਰਕੇ ਆਣ ਖਲੋਏ ਏਸ ਨਦੀ ਦੇ ਦੰਦੇ ਉਹ ਸ਼ਾਹ-ਮੁਹਰੇ ਬਾਂਦੇ ਕਰਕੇ ਦੱਸੇ ਏਸ ਨਦੀ ਨੂੰ ਨਦੀ ਸੰਦੂਕ ਲਿਆਵੇ ਬਾਹਰ ਸਾਇਤ ਘੜੀ ਅੱਧੀ ਨੂੰ ਖੁੱਲ ਵੰਜਣ ਸੰਦੂਕ ਸ਼ਿਤਾਬੀ ਜਾਂ ਸ਼ਾਹ-ਮੁਹਰੇ ਦਿੱਸੇ ਉਨ੍ਹਾਂ ਵਿਚ ਕਬੂਤਰ ਚਿੱਟਾ ਉੱਡ ਕਿੱਤੇ ਵੱਲ ਨੱਸੇ ਉਸ ਕਬੂਤਰ ਅੰਦਰ ਰਹਿੰਦੀ ਮੇਰੀ ਜਾਨ ਪਿਆਰੀ ਮਰ ਜਾਵਾਂ ਮੈਂ ਉਸੇ ਵੇਲੇ ਜਾਂ ਉਸ ਨੂੰ ਕੋਈ ਮਾਰੀ ਮਲਿਕਾ ਖ਼ਾਤੂੰ ਖ਼ਬਰ ਸੁਣਾਈ ਸ਼ਹਿਜ਼ਾਦੇ ਨੂੰ ਸਾਰੀ ਸੈਫ਼-ਮਲੂਕ ਹੋਈਆਂ ਦਿਲ ਖ਼ੁਸ਼ੀਆਂ ਬਹੁਤ ਆਈ ਹੁਸ਼ਿਆਰੀ ਲੱਗੀ ਆਸ ਰੱਬੇ ਦੇ ਦਰ ਤੇ ਹੋਇਆ ਫ਼ਜ਼ਲ ਅਸਾਂ ਤੇ ਹੁਕਮ ਖ਼ੁਦਾ ਦੇ ਦਿਓ ਮਰੇਗਾ ਆਇਆ ਕੰਮ ਵੱਸਾਂ ਤੇ ਉਹ ਸ਼ਾਹ-ਮੁਹਰੇ ਸੂਰਤ ਵਾਲੇ ਪਾਸ ਸ਼ਹਿਜ਼ਾਦੇ ਆਹੇ ਕਰ ਤਾਵੀਜ਼ ਗਲੇ ਵਿਚ ਪਾਏ ਆਹੇ ਗਲੋਂ ਨਾ ਲਾਹੇ ਸ਼ਕਲ ਬਦੀਅ-ਜਮਾਲ ਪਰੀ ਦੀ ਆਹੀ ਜਾਨ ਸ਼ਹਿਜ਼ਾਦੇ ਪਲ ਪਲ ਵਿਚ ਨਾ ਵਿਸਦਾ ਇਸ ਥੀਂ ਦਿਨ ਦਿਨ ਸ਼ੌਕ ਜ਼ਿਆਦੇ ।(੨੯੩੦) ਜਾਨੀ ਨਾਲ਼ ਰੱਖੇ ਲਾ ਸੀਨੇ ਸ਼ਾਹ-ਮੁਹਰੇ ਸੁਲੇਮਾਨੀ ਕੁੱਵਤ ਕੂਤ ਜ਼ਿਆਰਤ ਉਸ ਦੀ ਉਹੋ ਸੀ ਜ਼ਿੰਦਗਾਨੀ ਸੈਫ਼-ਮਲੂਕ ਹੋਇਆ ਰੰਗ ਤਾਜ਼ਾ ਖੁੱਲ ਗਈ ਪੇਸ਼ਾਨੀ ਜ਼ਹਿਰ ਉਹਦਾ ਹੱਥ ਮੇਰੇ ਅੰਦਰ ਮਰਸੀ ਦੁਸ਼ਮਣ ਜਾਨੀ ਮਲਿਕਾ ਖ਼ਾਤੂੰ ਨੂੰ ਫ਼ੁਰਮਾਂਦਾ ਹੁਣ ਗ਼ਮ ਕਰੋ ਨਾ ਕੋਈ ਪਾਸ ਮੇਰੇ ਸ਼ਾਹ-ਮੁਹਰੇ ਦੋਂਵੇਂ ਗੱਲ ਜਿਨ੍ਹਾਂ ਦੀ ਹੋਈ ਜੋ ਰੱਬ ਕਰਸੀ ਸੋਈਓ ਹੋਸੀ ਹੋਰ ਨਹੀਂ ਕੁੱਝ ਹੋਣਾ ਕੀਤਾ ਕਰਮ ਕਰੀਮ ਤੇਰੇ ਤੇ ਮੁਕਾ ਪਿੱਟਣਾ ਰੋਣਾ ਮਲਿਕਾ ਖ਼ਾਤੂੰ ਇਹ ਗੱਲ ਸੁਣ ਕੇ ਬਹੁਤ ਹੋਈ ਖ਼ੁਸ਼ ਵਕਤੀ ਸਿਜਦੇ ਪੈ ਕੇ ਸ਼ੁਕਰ ਗੁਜ਼ਾਰੇ ਦੂਰ ਕਰੇ ਰੱਬ ਸਖ਼ਤੀ 'ਅਲਹਮਦ ਵਲਮਿੱਨਤ ਲਿੱਲਾ' ਧੰਨ ਅਸਾਡੇ ਸਾਈਆਂ ਮੈਂ ਤੱਸੀ ਤੇ ਰਹਿਮਤ ਬਾਰਾਂ ਖਰਿਓਂ ਤੁਧ ਵਸਾਈਆਂ ਰਾਤ ਹਨੇਰੀ ਨਦੀ ਡੂੰਘੇਰੀ ਘੁੰਮਣ ਘੇਰ ਗ਼ਮਾਂ ਦੇ ਰੁੜ੍ਹਦੀ ਜਾਂਦੀ ਗ਼ੋਤੇ ਖਾਂਦੀ ਵਿਚ ਸ਼ੁਮਾਰ ਦੱਮਾਂ ਦੇ ਗ਼ੈਬੋਂ ਕਿਸ਼ਤੀ ਸਣੇ ਮਲਾਹਾਂ ਆਣ ਮਲਾਈਓ ਮੈਨੂੰ ਹਰ ਆਜ਼ਿਜ਼ ਮਸਕੀਨ ਬੰਦੇ ਦਾ ਹੈ ਖ਼ਸਮਾਨਾ ਤੈਨੂੰ ਔਖੀ ਘਾਟੀ ਮੁਸ਼ਕਿਲ ਅੰਦਰ ਤੁਧ ਬਿਨ ਕੋਈ ਨਾ ਵਾਲੀ ਆਪ ਮਸਬਿੱਬ ਨਾਲ਼ ਸਬੱਬਾਂ ਗ਼ਮੋਂ ਕਰੇਂ ਖ਼ੁਸ਼ਹਾਲੀ 'ਅਨਾ ਲਿਲਅਬਦ ਅਰਹਮਾ' ਰੱਬਾ ਸੱਚ ਤੇਰਾ ਫ਼ੁਰਮਾਣਾ ਮਾਂ ਪਿਓ ਭੈਣਾਂ ਭਾਈਆਂ ਏਥੋਂ ਆਹਾ ਕਦ ਛੁਡਾਣਾ ।(੨੯੪੦) ਮੈਂ ਆਜ਼ਿਜ਼ ਪਰ ਕਰਮ ਕਮਾਇਓ ਕੀਤੋ ਈ ਰਹਿਮ ਰਹੀਮਾ ਤੂੰਹੇਂ ਸਾਥੀ ਬੇ ਕਸਾਂ ਦਾ ਲੈਨਾਂ ਏਂ ਸਾਰ ਯਤੀਮਾਂ ਤੂੰ ਢੱਠਿਆਂ ਨੂੰ ਦੇਵੇਂ ਪੱਟੀ ਫੱਟਂ ਬੰਨ੍ਹੇ ਪੱਟੀ ਬੰਦੀ ਵਾਨਾਂ ਕਰੇਂ ਖ਼ਲਾਸੀ ਕੱਖ ਨਾ ਲੈਨੈਂ ਚੱਟੀ ਭਾਰੀ ਮਰਜ਼ ਗ਼ਰੀਬ ਬੰਦੇ ਨੂੰ ਦਾਰੂ ਕੁੱਝ ਨਾ ਸਰਦਾ ਤੂੰ ਉਸ ਵੇਲੇ ਦੁੱਖ ਵੰਜਾਏਂ ਸੁਖ ਮਰੀਜ਼ਾਂ ਕਰਦਾ ਜੇ ਕੋਈ ਸਬਰ ਕਰੇ ਦਰ ਤੇਰੇ ਜੋ ਦੇਵੇਂ ਸਿਰ ਝੱਲੇ ਓੜਕ ਉਸ ਤੇ ਕਰਮ ਕਮਾਵੇਂ ਹੋ ਜਾਵਣ ਸਭ ਭੱਲੇ ਲੱਖ ਕਰੋੜਾਂ ਨਿਅਮਤ ਬਖ਼ਸ਼ੇਂ ਬਾਝੋਂ ਮੁਲ ਮਜ਼ੂਰੀ ਰਾਤ ਹਨੇਰੀ ਅੰਦਰ ਦੇਵੇਂ ਬਾਲ ਸ਼ਮ੍ਹਾ ਕਾਫ਼ੂਰੀ ਲੱਖ ਗੁਨਾਹ ਤੇਰੇ ਦਰ ਪਚਦੇ ਐਸਾ ਲੁਤਫ਼ ਗ਼ਫ਼ੂਰੀ ਅੱਗੇ ਤੇਰੇ ਹਰ ਕੋਈ ਆਜ਼ਿਜ਼ ਕੌਣ ਕਰੇ ਮਗ਼ਰੂਰੀ ਮੰਗੇ ਬਾਝੋਂ ਦੇਇੰ ਮੁਰਾਦਾਂ ਬੇ ਅੰਦਾਜ਼ ਸ਼ੁਮਾਰਾਂ ਜੋ ਅਹਿਸਾਨ ਮੇਰੇ ਪਰ ਕੀਤੋਈ ਦਮ ਦਮ ਸ਼ੁਕਰ ਗੁਜ਼ਾਰਾਂ ਕਿੱਥੇ ਇਹ ਸ਼ਾਹ-ਮੁਹਰੇ ਆਹੇ ਕਿੱਥੇ ਸੀ ਸ਼ਹਿਜ਼ਾਦਾ ਕਿਥੋਂ ਟੁਰਿਆ ਕਿੱਥੇ ਪਹੁਤਾ ਤੇਰਾ ਫ਼ਜ਼ਲ ਜ਼ਿਆਦਾ ਮਾਂ ਪਿਓ ਸੱਜਣ ਭੈਣਾਂ ਭਾਈ ਜ਼ਾਤ ਮੇਰੀ ਕੁੱਲ ਸਾਰੀ ਢੂੰਡਣ ਲਗਦੇ ਨਾ ਹੱਥ ਲਗਦੀ ਰਹਿੰਦੀ ਕੈਦ ਬੇਚਾਰੀ ਆਪੇ ਫ਼ਜ਼ਲ ਕੀਤਾ ਤੁਧ ਸਾਈਆਂ ਕੈਦ ਅੰਦਰ ਚਾਵੱਤੀ ਜਿਸ ਵੇਲੇ ਤੂੰ ਮਿਹਰੀਂ ਆਇਓਂ ਉਸ ਵੇਲੇ ਪਰਚਿਤੀ ।(੨੯੫੦) ਬਹੁਤ ਜ਼ਹੀਰੀ ਤੇ ਦਿਲਗੀਰੀ ਮੈਂ ਸਿਰ ਵਰਤੀ ਆਹੀ ਮਿਹਰ ਕੀਤੀ ਤੁਧ ਇਹ ਸ਼ਾਹ-ਮੁਹਰੇ ਆਣ ਦਿੱਤੇ ਵਿਚ ਫਾਹੀ ਸੈਫ਼-ਮਲੂਕੇ ਉਹ ਸ਼ਾਹ-ਮੁਹਰੇ ਖੋਲ ਤਾਵੀਜ਼ੋਂ ਕੱਢੇ ਮਲਿਕਾ ਸਣੇ ਨਦੀ ਤੇ ਆਇਆ ਉਹ ਟਿਕਾਣੇ ਛੱਡੇ ਕੀਤਾ ਵੁਜ਼ੂ ਦੋਗਾਣਾ ਪੜ੍ਹਿਆ ਕਰਦਾ ਫੇਰ ਦੁਆਈਂ ਮੁਸ਼ਕਿਲ ਹੱਲ ਕਰੀਂ ਰੱਬ ਸਾਈਆਂ ਹੋਵਣ ਰੱਦ ਬਲਾਈਂ ਨਾ ਕੋਈ ਜ਼ੋਰ ਦਲੇਰੀ ਮੇਰੀ ਨਾ ਕੁਦਰਤ ਸ਼ਾਹ-ਮੁਹਰੇ ਸਭ ਕੁਦਰਤ ਦਾ ਸਾਈਂ ਤੂੰਹੇਂ ਹੁਕਮ ਤੇਰਾ ਹੈ ਮੁਹਰੇ ਹੁਕਮ ਤੇਰੇ ਬਿਨ ਕੱਖ ਨਾ ਹਿਲਦਾ ਜੋ ਚਾਹੇਂ ਸੋ ਹੋਂਦਾ ਜਿਸ ਨੂੰ ਆਪ ਦਲੇਰੀ ਬਖ਼ਸ਼ੇਂ ਉਹ ਮੈਦਾਨ ਖਲੋਂਦਾ ਤੇਰੇ ਮਾਨ ਤਰਾਨ ਦਲੇਰੀ ਹੋਰ ਨਹੀਂ ਕੋਈ ਢੇਰੀ ਮਾਰੇਂ ਦੁਸ਼ਮਣ ਦਿਓ ਅਸਾਡਾ ਸਾਮ ਪਿਆ ਮੈਂ ਤੇਰੀ ਫ਼ਾਤਿਹਾ ਖ਼ੈਰ ਦਰੂਦ ਦੁਆਈਂ ਆਮੀਨ ਆਖ ਮੁਕਾਈਆਂ ਮੁਹਰੇ ਖੋਲ ਨਦੀ ਨੂੰ ਦੱਸੇ ਦਰਿਆਵੇ ਮੌਜਾਂ ਆਈਆਂ ਕਾਂਗ ਚੜ੍ਹੀ ਹਿਕ ਵਾਂਗ ਤੂਫ਼ਾਨੇ ਸ਼ੂਕੋ-ਸ਼ੂਕ ਕਹਿਰ ਦੀ ਘੜੀ ਪਿੱਛੋਂ ਸੰਦੂਕ ਲਿਆਂਦਾ ਬਾਹਰ ਮੌਜ ਲਹਿਰ ਦੀ ਪਾਣੀ ਧੱਕ ਕਿਨਾਰੇ ਆਂਦਾ ਦੰਦੇ ਆਣ ਖਲੋਇਆ ਸ਼ਹਿਜ਼ਾਦਾ ਕਰ ਯਾਦ ਰੱਬੇ ਨੂੰ ਪਕੜਨ ਉੱਤੇ ਹੋਇਆ ਪੜ੍ਹ ਬਿਸਮਿਲਾ ਕਲਮਾ ਜਲਦੀ ਸ਼ਹਿਜ਼ਾਦੇ ਹੱਥ ਪਾਇਆ ਯਾ ਕਾਦਿਰ ਯਾ ਗ਼ਾਲਿਬ ਕਹਿ ਕੇ ਸੰਦੂਕੇ ਨੂੰ ਚਾਇਆ ।(੨੯੬੦) ਉਸ ਬੰਗਲੇ ਵਿਚ ਜਾ ਟਿਕਾਇਆ ਜਿਸ ਵਿਚੋਂ ਸਨ ਆਏ ਹਰ ਮੋਰੀ ਦਰਵਾਜ਼ੇ ਸਾਰੇ ਮੁਹਕਮ ਬੰਦ ਕਰਾਏ ਆਜ਼ਮ-ਇਸਮ ਮੁਬਾਰਿਕ ਪੜ੍ਹ ਕੇ ਚਾ ਸੰਦੂਕ ਉਘਾੜੇ ਵਿਚ ਕਬੂਤਰ ਚਿੱਟਾ ਡਿੱਠਾ ਰਾਹ ਨੱਸਣ ਦੇ ਤਾੜੇ ਸੈਫ਼-ਮਲੂਕੇ ਬਾਜ਼ਾਂ ਵਾਲੀ ਕਰਕੇ ਝੁੱਟ ਸ਼ਿਤਾਬੀ ਪੰਜੇ ਮਾਰ ਕਬੂਤਰ ਫੜਿਆ ਜਿਉਂ ਕੀੜਾ ਮੁਰਗ਼ਾਬੀ ਬੰਗਲੇ ਵਿਚੋਂ ਬਾਹਰ ਵਗਾਇਆ ਵੱਢ ਧੜੋਂ ਸਿਰ ਉਸਦਾ ਜਾਂ ਸਿਰ ਵੱਖ ਹੋਇਆ ਤਾਂ ਧੜ ਥੀਂ ਫੇਰ ਨਹੀਂ ਕੁੱਝ ਖੁਸਦਾ ਝੱਖੜ ਮੀਂਹ ਹਲੂਣਾ ਆਇਆ ਗਰਦ ਗ਼ੁਬਾਰ ਹਨੇਰੀ ਅੰਬਰ ਧਰਤੀ ਕੁੱਝ ਨਾ ਦਿੱਸੇ ਧੁੰਦੂਕਾਰ ਚੌਫੇਰੀ ਅਸਮਾਨਾਂ ਥੀਂ ਲਹੂ ਵੁੱਠਾ ਜ਼ਿਮੀਂ ਹੋਈ ਆ ਰੱਤੀ ਮੱਤ ਡਰ ਜਾਵੇ ਮਲਿਕਾ ਖ਼ਾਤੂੰ ਅੰਦਰ ਉਹਲੇ ਘੱਤੀ ਧੁੰਦੂਕਾਰ ਹੋਇਆ ਕੁੱਝ ਮੱਠਾ ਦਿਓ ਹਵਾਓਂ ਢੱਠਾ ਵੱਡਾ ਬੁਲੰਦ ਅਵਾਜ਼ਾ ਹੋਇਆ ਹੋਰ ਦੀਂਹਦਾ ਸੀ ਘੱਟਾ ਉਪਰਲਾ ਧੜ ਸਾਰਾ ਉਸ ਦਾ ਕਾਫ਼ੂਰੀ ਰੰਗ ਚਿੱਟਾ ਲੱਕੋਂ ਹੇਠ ਸਿਆਹ ਤਮਾਮੀ ਕਿਆ ਤਲੀਆਂ ਕਿਆ ਗਿੱਟਾ ਨੱਕ ਵਿਚ ਸਾਸ ਕੰਬੇ ਤੇ ਆਖੇ ਵਾਹ ਦਲੇਰ ਜਵਾਨਾ ਤੇਰੇ ਜੈਸਾ ਦੁਨੀਆਂ ਉੱਤੇ ਹੈ ਅੱਜ ਕੌਣ ਤੁਵਾਨਾ ਮੇਰੇ ਜੇਹਾ ਦਲੇਰ ਬਹਾਦਰ ਦੇਵਤਿਆਂ ਪਰ ਭਾਰਾ ਤੁਧ ਇਨਸਾਨੇ ਮਾਰ ਗਵਾਇਆ ਹੈਂ ਕੋਈ ਲੋਕ ਨਿਆਰਾ ।(੨੯੭੦) ਅੱਵਲ ਐਸੀ ਜਾਈ ਆਵਣ ਨਾਹੀਂ ਕੰਮ ਇਨਸਾਨਾਂ ਤੂੰ ਕੋਈ ਮਰਦ ਕਰਾਮਤ ਵਾਲਾ ਉੱਡਦਾ ਫਿਰੇਂ ਜਹਾਨਾਂ ਮੇਰਾ ਤੇ ਕੋਈ ਜ਼ੋਰ ਨਾ ਚਲਦਾ ਮਾਰ ਗਵਾਇਓਈ ਮੈਨੂੰ ਬਾਪ ਮੇਰੇ ਥੀਂ ਕਿਤ ਵੱਲ ਨਸਸੇਂ ਜਾਣ ਨਾ ਦੇਸੀ ਤੈਨੂੰ ਕਰ ਗੱਲਾਂ ਦਮ ਦੇਵਣ ਲੱਗਾ ਐਸਾ ਨਾਅਰਾ ਮਾਰੇ ਮੱਛ ਮੋਏ ਦਰੀਆਏ ਵਿਚੋਂ ਲੱਗੇ ਤਰਨ ਕਿਨਾਰੇ ਕੰਡੀ ਹੇਠ ਹੋਈਆਂ ਢਿੱਡ ਉੱਤੇ ਤਰਦੇ ਮੱਛ ਮੋਏ ਸਨ ਦੇਵ ਮੋਇਆ ਸ਼ਹਿਜ਼ਾਦੇ ਹੋਰੀਂ ਦੋਏ ਖ਼ੁਸ਼ ਹੋਏ ਸਨ ਸੈਫ਼-ਮਲੂਕ ਸ਼ਹਿਜ਼ਾਦਾ ਪੜ੍ਹਦਾ ਇਹੋ ਹਰਫ਼ ਜ਼ਬਾਨੋਂ ਹੋਰ ਭੀ ਬਹਿਰੇ ਵਿਚ ਸੁਣਾਵਾਂ ਬੈਂਤ ਬਣਾ ਤੁਸਾਨੂੰ ਤਵੱਕਲਤ ਅੱਲਾ ਰੱਬ ਊਲਸੱਮਾ ਵਾ ਸਲਮੱਨਾ ਬਿ ਅਸਬਾਬ ਉਲ ਕਜ਼ਾਇ (ਹੇ ਅਸਮਾਨਾਂ ਦੇ ਉੱਚੇ ਰੱਬਾ ! ਤੇਰੇ ਤੇ ਭਰੋਸਾ ਹੈ । ਤੂੰ ਆਪਣੇ ਹੁਕਮ ਨਾਲ ਸਾਡੀ ਸਲਾਮਤੀ ਦੇ ਸਾਧਨ ਕਰਦਾ ਹੈਂ) ਰੂਹ ਸ਼ਹਿਜ਼ਾਦਾ ਦੋ ਸ਼ਾਹ-ਮੁਹਰੇ ਸਿਦਕ ਮੁਹੱਬਤ ਭਾਈ ਹਿਰਸ ਹਵਾ ਦੁਨੀ ਦਾ ਬੰਗਲਾ ਤਨ ਕੋਟੇ ਦੀ ਜਾਈ ਆਜ਼ ਹਿਰਸ ਦੋ ਸ਼ੇਰ ਕਲਾਂ ਦੇ ਕੁਫ਼ਲ ਦਰਾਂ ਬਦਬਖ਼ਤੀ ਮਲਿਕਾ ਖ਼ਾਤੂੰ ਇਹ ਦਿਲ ਸੁੱਤਾ ਸ਼ਹਿਵਤ ਜਾਦੂ ਤਖ਼ਤੀ ਨਫ਼ਸ ਅਸਾਡਾ ਦੇਵ ਮਰੇਲਾ ਗ਼ਫ਼ਲਤ ਨਦੀ ਡੂੰਘੇਰੀ ਜਿਹਲ ਸੰਦੂਕ ਹੋਏ ਦੋ ਪੱਕੇ ਕੁੰਜੀ ਇਸਮ ਚੰਗੇਰੀ ਪੰਖੀ ਪਿੰਜਰਿਆਂ ਵਿਚ ਹਿੱਸਾਂ ਪੰਜ ਬਾਤਿਨ ਪੰਜ ਜ਼ਾਹਿਰ ਬਾਗ਼-ਇਰਮ ਵੱਲ ਤਾਂਘਾਂ ਕਰਦੇ ਨਿਕਲਣ ਹੋਏ ਨਾ ਬਾਹਰ ।(੨੯੮੦) ਬਾਬਲ ਮੁਰਸ਼ਿਦ ਜਿਸ ਸ਼ਾਹ-ਮੁਹਰੇ ਤੋਹਫ਼ਾ ਚੀਜ਼ ਪੁਚਾਈ ਇਸ ਦੇ ਦਿੱਤੇ ਲੈ ਸ਼ਾਹ-ਮੁਹਰੇ ਹਿੰਮਤ ਕਰੇਂ ਕਮਾਈ ਮਲਿਕਾ ਖ਼ਾਤੂੰ ਸੁੱਤੀ ਜਾਗੇ ਖ਼ਬਰ ਦੇਇ ਦਿਲਬਰ ਦੀ ਚਲੇ ਨਾਲ਼ ਜਮਾਲ ਦਿਸਾਲੇ ਸਮਝੋ ਰਮਜ਼ ਫ਼ਕਰ ਦੀ ਪੁਰ ਕਰ ਆਣ ਸ਼ਰਾਬ ਪਿਆਲਾ ਸਾਕੀ ਰੰਗ ਰੰਗੀਲਾ ਸਹਲ ਹੋਵੇ ਫਿਰ ਰੰਜ ਮੁਸੀਬਤ ਜਾਂ ਸੰਗ ਟੁਰੇ ਵਸੀਲਾ ਪੀ ਨਸ਼ਾ ਜੀਉ ਮਸਤੀ ਆਵੇ ਜਾਣ ਕਜ਼ੀਏ ਸਾਰੇ ਕੰਗਾਲੋਂ ਫਿਰ ਸ਼ਾਹ ਕਹਾਵਾਂ ਵਿਛੜੇ ਮਿਲਣ ਪਿਆਰੇ