Saif-Ul-Malook : Mian Muhammad Bakhsh

ਸੈਫ਼-ਉਲ-ਮਲੂਕ : ਮੀਆਂ ਮੁਹੰਮਦ ਬਖ਼ਸ਼

1. ਬ-ਇਸਮਿ ਅੱਲਾ ਅਲ-ਰਹਿਮਾਨ ਅਲ-ਰਹੀਮ
(ਦਿਆਲ ਤੇ ਦਇਆਵਾਨ ਰੱਬ ਦੇ ਨਾਂ ਨਾਲ)

ਰਹਿਮਤ ਦਾ ਮੀਂਹ ਪਾ ਖ਼ੁਦਾਇਆ ਬਾਗ਼ ਸੁੱਕਾ ਕਰ ਹਰਿਆ
ਬੂਟਾ ਆਸ ਉਮੀਦ ਮੇਰੀ ਦਾ ਕਰਦੇ ਹਰਿਆ ਭਰਿਆ

ਮਿੱਠਾ ਮੇਵਾ ਬਖ਼ਸ਼ ਅਜੇਹਾ ਕੁਦਰਤ ਦੀ ਘੱਤ ਸ਼ੀਰੀ
ਜੋ ਖਾਵੇ ਰੋਗ ਉਸ ਦਾ ਜਾਵੇ ਦੂਰ ਹੋਵੇ ਦਿਲਗੀਰੀ

ਸਦਾ ਬਹਾਰ ਦੇਈਂ ਇਸ ਬਾਗ਼ੇ ਕਦੇ ਖ਼ਿਜ਼ਾਂ ਨਾ ਆਵੇ
ਹੋਵਣ ਫ਼ੈਜ਼ ਹਜ਼ਾਰਾਂ ਤਾਈਂ ਹਰ ਭੁੱਖਾ ਫਲ਼ ਖਾਵੇ

ਬਾਲ ਚਿਰਾਗ਼ ਇਸ਼ਕ ਦਾ ਮੇਰਾ ਰੌਸ਼ਨ ਕਰਦੇ ਸੀਨਾ
ਦਿਲ ਦੇ ਦੀਵੇ ਦੀ ਰੁਸ਼ਨਾਈ ਜਾਵੇ ਵਿਚ ਜ਼ਮੀਨਾਂ

ਨਿਅਮਤ ਆਪਣੀ ਵੀ ਕੁੱਝ ਮੈਨੂੰ ਬਖ਼ਸ਼ ਸ਼ਨਾਸਾਂ ਪਾਵਾਂ
ਹਿੰਮਤ ਦੇਹ ਦਿਲੇ ਨੂੰ ਤੇਰਾ ਸ਼ੁਕਰ ਬਜਾ ਲਿਆਵਾਂ

ਲਾਹ ਹਨੇਰਾ ਝੱਲ ਮੇਰੇ ਦਾ ਚਾਨਣ ਲਾ ਅਕਲ ਦਾ
ਬਖ਼ਸ਼ ਵਿਲਾਇਤ ਸ਼ਿਅਰ ਸੁਖ਼ਨ ਦੀ ਯਮਨ ਰਹੇ ਵਿਚ ਰਲਦਾ

ਅੱਵਲ ਦਿਹ ਦਿਲ ਜਿਸ ਵਿਚ ਹੋਵਣ ਸੱਚੇ ਸੁਖ਼ਨ ਖ਼ਜ਼ਾਨੇ
ਲਾਅਲ ਜਵਾਹਰ ਕੱਢ ਕੱਢ ਦੇਵਾਂ ਕੁੱਵਤ ਬਖ਼ਸ਼ ਜ਼ੁਬਾਨੇ

ਤਬਾ ਮੇਰੀ ਦਾ ਨਾਫ਼ਾ ਖੋਲ੍ਹੀਂ ਮੁਲਕੀਂ ਮੁਸ਼ਕ ਧੁਮਾਈਂ
ਸੁਣ ਸੁਣ ਮਗ਼ਜ਼ ਮੁਅੱਤਰ ਹੋਵਣ ਬੋ ਇਸ਼ਕ ਦੀ ਪਾਈਂ

ਸੁਖ਼ਨ ਮੇਰੇ ਦੀ ਸ਼ਕਰੋਂ ਹੋਵਣ ਮਿਠੇ ਮੂੰਹ ਕਲਮ ਦੇ
ਸ਼ਿਅਰ ਮੇਰੇ ਦੇ ਅਤਰੋਂ ਕਾਗ਼ਜ਼ ਲਾਵੇ ਖ਼ਾਲ ਰਕਮ ਦੇ

ਵਹੁਟੀ ਨਵੀਂ ਕਿਤਾਬ ਮੇਰੀ ਦੀ ਜੋਬਨ ਬਖ਼ਸ਼ ਸ਼ਿੰਗਾਰੀਂ
ਪਾਕ ਨਜ਼ਰ ਦੇ ਵੇਖਣ ਵਾਲੇ ਨਦੀ ਇਸ਼ਕ ਦੀ ਤਾਰੀਂ ।੧੦।

ਜੇ ਕੋਈ ਮੈਲ਼ੀ ਅੱਖੀਂ ਵੇਖੇ ਐਬ ਧਿੰਙਾਣੇ ਲਾਵੇ
ਉਹ ਭੀ ਅਦਲ ਤੇਰੇ ਦੇ ਘਰ ਥੀਂ ਕੁੱਝ ਸਜ਼ਾਈਂ ਪਾਵੇ

ਮਰ ਮਰ ਹੱਕ ਬਣਾਉਣ ਸ਼ੀਸ਼ਾ ਮਾਰ ਵੱਟਾ ਇੱਕ ਭੰਨਦੇ
ਦੁਨੀਆਂ ਉੱਤੇ ਥੋੜੇ ਬੰਦੇ ਕਦਰ ਸ਼ਨਾਸ ਸੁਖ਼ਨ ਦੇ

ਅੱਵਲ ਤੇ ਕੁੱਝ ਸ਼ੌਕ ਨਾ ਕਿਸੇ ਕੌਣ ਸੁਖ਼ਨ ਅੱਜ ਸੁਣਦਾ ?
ਜੇ ਸੁਣਸੀ ਤਾਂ ਕਿੱਸਾ ਉਤਲਾ ਕੋਈ ਨਾ ਰਮਜ਼ਾਂ ਪੁਣਦਾ

ਲੱਦ ਗਏ ਉਹ ਯਾਰ ਪਿਆਰੇ ਸੁਖ਼ਨ ਸ਼ਿਨਾਸ ਹਮਾਰੇ
ਸੁਖ਼ਨ ਸਰਾਫ਼ ਮੁਹੰਮਦ ਬਖਸ਼ਾ ਲਾਲਾਂ ਦੇ ਵਣਜਾਰੇ

ਮਜਲਿਸ ਬਹਿ ਬਹਿ ਗਏ ਸਿਆਣੇ ਕਰ ਕਰ ਹੋਸ਼ ਸੰਭਾਲੇ
ਇਕ ਦੂਏ ਸੰਗ ਵਰਤੀ ਉਲਫ਼ਤ ਜਿਉਂ ਭਲਿਆਂ ਦੇ ਚਾਲੇ

ਲੈ ਲੈ ਗਏ ਸੁਖ਼ਨ ਦੀ ਲੱਜ਼ਤ ਪੀ ਪੀ ਮਸਤ ਪਿਆਲੇ
ਖ਼ਾਲੀ ਰਹਿ ਗਏ ਮਟ ਮੁਹੰਮਦ ਖ਼ਾਲੀ ਮਜਲਿਸ ਵਾਲੇ

ਕਿਧਰੇ ਨਜ਼ਰ ਨਾ ਆਵੇ ਕੋਈ ਭਰੇ ਪਿਆਲੇ ਵਾਲਾ
ਜੇ ਦਿੱਸੇ ਤਾਂ ਵਰਤੇ ਨਾਹੀਂ ਨਾ ਇਕ ਘੁਟ ਨਿਵਾਲਾ

ਕੇਹੇ ਅਸਾਂ ਥੀਂ ਉਹਲੇ ਹੋਏ ਸਾਕੀ ਮਟ ਪਿਆਲੇ
ਹਾਇ ਅਫ਼ਸੋਸ ਮੁਹੰਮਦ ਬਖਸ਼ਾ ਕੌਣ ਕਰੇ ਉਪਰਾਲੇ

ਯਾਰਾਂ ਬਾਝ ਸ਼ਰਾਬ ਸੁਖ਼ਨ ਦਾ ਵਰਤਣ ਤੇ ਕਦ ਜੀ ਸੀ
ਸੁੱਚਾ ਮੇਵਾ ਕੱਢ ਮੁਹੰਮਦ ਜੋ ਪੀਸੀ ਸੋ ਜੀ ਸੀ ।

2. ਬ-ਨਾਮੇ ਸਰਕਾਰ ਪੀਰਾਂ ਸ਼ਾਹ ਗ਼ਾਜ਼ੀ ਇਬਤਦਾਇ
ਨਾਮਾ ਬਨਾਮੇ ਯਗਾਨਾ ਬ-ਹਮਦਹੂ
(ਸਰਕਾਰ ਪੀਰਾਂ ਸਿਰ ਪੀਰ ਸ਼ਾਹ ਗ਼ਾਜ਼ੀ ਦੇ ਦਰਬਾਰ ਦੇ
ਨਾਂ ਤੇ, ਪੁਸਤਕ ਦਾ ਅਰੰਭ ਬੇ-ਮਿਸਾਲ ਰੱਬ ਦੇ ਨਾਂ ਤੇ,
ਉਸ ਦੀ ਉਸਤਤਿ ਨਾਲ)

ਅੱਵਲ ਹਮਦ ਸੁਣਾ ਇਲਾਹੀ ਜੋ ਮਾਲਿਕ ਹਰ ਹਰ ਦਾ
ਉਸ ਦਾ ਨਾਮ ਚਿਤਾਰਨ ਵਾਲਾ ਹਰ ਮੈਦਾਨ ਨਾ ਹਰਦਾ ।੨੦।

ਕਾਮ ਤਮਾਮ ਮੁਯੱਸਰ ਹੁੰਦੇ ਨਾਮ ਉਹਦਾ ਚਿੱਤ ਧਰਿਆਂ
ਰਹਿਮੋਂ ਸੁੱਕੇ ਸਾਵੇ ਕਰਦਾ ਕਹਿਰੋਂ ਸਾੜੇ ਹਰਿਆਂ

ਕੁਦਰਤ ਥੀਂ ਜਿਸ ਬਾਗ਼ ਬਣਾਏ ਜੱਗ ਸੰਸਾਰ ਤਮਾਮੀ
ਰੰਗ ਬਰੰਗੀ ਬੂਟੇ ਲਾਏ ਕੁੱਝ ਖ਼ਾਸੇ ਕੁੱਝ ਆਮੀ

ਹਿੱਕਨਾਂ ਦੇ ਫੁੱਲ ਮਿੱਠੇ ਕੀਤੇ ਪੱਤ ਉਨ੍ਹਾਂ ਦੇ ਕੌੜੇ
ਹਿੱਕਨਾਂ ਦੇ ਫੁਲ ਕਾਰੀ ਆਵਣ ਨਫ਼ੇ ਫਲਾਂ ਦੇ ਥੋੜੇ

ਏਸ ਅਜਾਇਬ ਬਾਗ਼ੇ ਅੰਦਰ ਆਦਮ ਦਾ ਰੁੱਖ ਲਾਇਆ
ਮਾਰਫ਼ਤ ਦਾ ਮੇਵਾ ਦੇ ਕੇ ਵਾਹ ਫਲ਼ਦਾਰ ਬਣਾਇਆ

ਰਹਿਮਤ ਦਾ ਜਦ ਪਾਣੀ ਲੱਗਾ ਤਾਂ ਹੋਇਆ ਇਹ ਹਰਿਆ
ਹਰ ਹਰ ਡਾਲ਼ੀ ਨੇ ਫੁੱਲ ਪਾਇਆ ਸਿਰ ਧਰਤੀ ਜਦ ਧਰਿਆ

ਵਾਹਵਾ ਖ਼ਾਲਿਕ ਸਿਰਜਨਹਾਰਾ ਮੁਲਕਾਂ ਜਿੰਨ ਇਨਸਾਨਾਂ
ਅਰਬਾ ਅਨਾਸਿਰ ਥੀਂ ਜਿਸ ਕੀਤਾ ਗੂਨਾਂ ਗੂੰ ਹੈਵਾਨਾਂ

ਕਨਾਹ ਉਹਦੀ ਨੂੰ ਕੋਈ ਨਾ ਪਹੁਤਾ ਆਕਿਲ ਬਾਲਿਗ਼ ਦਾਨਾਂ
ਦਰ ਜਿਸ ਦੇ ਸਿਰ ਸਿਜਦੇ ਸੁੱਟੇ ਲੋਹ ਕਲਮ ਅਸਮਾਨਾਂ

ਹੁਕਮ ਉਹਦੇ ਬਿਨ ਕੱਖ ਨਾ ਹਿਲਦਾ ਵਾਹ ਕੁਦਰਤ ਦਾ ਵਾਲੀ
ਜੀਅ-ਜੂਨ ਨਿਗਾਹ ਉਹਦੀ ਵਿਚ ਹਰ ਪੱਤਰ ਹਰ ਡਾਲੀ

ਆਪ ਮਕਾਨੋਂ ਖ਼ਾਲੀ ਉਸ ਥੀਂ ਕੋਈ ਮਕਾਨ ਨਾ ਖ਼ਾਲੀ
ਹਰ ਵੇਲੇ ਹਰ ਚੀਜ਼ ਮੁਹੰਮਦ ਰੱਖਦਾ ਨਿੱਤ ਸੰਭਾਲੀ

ਜੂਨ ਹਜ਼ਾਰ ਅਠਾਰਾਂ ਉਸ ਨੇ ਦੁਨੀਆਂ ਵਿਚ ਬਣਾਈ
ਸੂਰਤ ਸੀਰਤ ਤੇ ਖ਼ਾਸਅੀਤ ਵੱਖੋ ਵੱਖਰੀ ਪਾਈ ।੩੦।

ਜੁਦਾ ਜੁਦਾ ਹਰ ਜੂਨੇ ਜੋਗੇ ਜੱਗ ਤੇ ਕੀਤੇ ਖਾਣੇ
ਅੰਨ੍ਹੇ ਲੂਹਲੇ ਮਾੜੇ ਮੋਟੇ ਹਰ ਨੂੰ ਨਿੱਤ ਪੁਚਾਣੇ

ਜੋ ਜੋ ਰਿਜ਼ਕ ਕਿਸੇ ਦਾ ਕੀਤੋ ਸੁ ਲਿਖਿਆ ਕਦੇ ਨਾ ਟਾਲੇ
ਲਖ ਕਰੋੜ ਤੱਕੇ ਬੁਰਆਈਆਂ ਫਿਰ ਭੀ ਉਵੇਂ ਪਾਲੇ

ਆਦਮ ਥੀਂ ਲੈ ਇਸ ਦਮ ਤੋੜੀ ਲਖ ਹੋਏ ਮਰ ਮਿੱਟੀ
ਸੂਰਤ ਜੁਦਾ ਜੁਦਾ ਸਭਸ ਦੀ ਇਲਮ ਉਹਦੇ ਵਿਚ ਮਿੱਟੀ

ਵੱਖੋ ਵੱਖਰੇ ਲੇਖ ਸਭਸ ਦੇ ਲਿਖ ਛਡਿਓਸੁ ਹਿਕ ਵਾਰੀ
ਜੰਮਣ ਮਰਨ ਨਾ ਘੁਸਣ ਦਿੰਦਾ ਸਾਇਤ ਅੱਧੀ ਸਾਰੀ

ਹਿਕੋ ਫ਼ਰਸ਼ ਜ਼ਿਮੀਂ ਦਾ ਸਾਰਾ ਹਿਕੋ ਮੀਂਹ ਤਰਾਵਤ
ਬੂਟੇ ਰੁਖ ਜ਼ਿਮੀਂ ਪਰ ਜਿਤਨੇ ਸਭਨਾਂ ਵਿਚ ਤਫ਼ਾਵਤ

ਸੈ ਨਾੜੀਂ ਹਿਕ ਪੱਤਰ ਅੰਦਰ ਜੋੜ ਕਈ ਵਿਚ ਜੋੜੇ
ਇਲਮ ਉਹਦੇ ਵਿਚ ਕੱਖ ਨਾ ਭੁਲਾ ਸਭ ਮਾਲਮ ਬਿਨ ਲੋੜੇ

ਸਨਅਤ ਦਾ ਕੁੱਝ ਅੰਤ ਨਾ ਲੱਭਦਾ ਨਜ਼ਰ ਕਰੋ ਜਿਸ ਜਾਈ
ਧੰਨ ਉਹ ਕਾਦਰ ਸਿਰਜਨਹਾਰਾ ਜਿਸ ਸਭ ਚੀਜ਼ ਬਣਾਈ

ਜੇ ਹਿੱਕ ਮੱਛਰ ਦਾ ਪਰ ਭੱਜੇ ਤੋੜੇ ਸਭ ਜੱਗ ਲੱਗੇ
ਹਰਗਿਜ਼ ਰਾਸ ਨਾ ਹੁੰਦਾ ਮੁੜ ਕੇ ਜਿਓਂ ਕਰ ਆਹਾ ਅੱਗੇ

ਇਤਨਾ ਕੰਮ ਨਹੀਂ ਕਰ ਸਕਦੇ ਦਾਨਿਸ਼ ਮੰਦ ਸਿਆਣੇ
ਹਿਕਮਤ ਪਾਕ ਹਕੀਮ ਸੱਚੇ ਦੀ ਕੌਣ ਕੋਈ ਸਭ ਜਾਣੇ

ਆਪੇ ਦਾਨਾ ਆਪੇ ਬੀਨਾ ਹਰ ਕੰਮ ਕਰਦਾ ਆਪੇ
ਵਾਹਿਦ-ਹੂ-ਲਾਸ਼ਰੀਕ ਇਲਾਹੀ ਸਿਫ਼ਤਾਂ ਨਾਲ਼ ਸਿੰਞਾਪੇ ।੪੦।

ਰੱਬ ਜੱਬਾਰ ਕਹਾਰ ਸੁਣੀਂਦਾ ਖ਼ੌਫ਼ ਭਲਾ ਇਸ ਬਾਬੋਂ
ਹੈ ਸੱਤਾਰ ਗ਼ੱਫ਼ਾਰ ਹਮੇਸ਼ਾਂ ਰਹਿਮ ਉਮੀਦ ਜਨਾਬੋਂ

ਬਾਦਸ਼ਾਹਾਂ ਥੀਂ ਭੇਖ ਮੰਗਾਵੇ ਤਖ਼ਤ ਬਹਾਵੇ ਘਾਹੀ
ਕੁੱਝ ਪ੍ਰਵਾਹ ਨਹੀਂ ਘਰ ਉਸ ਦੇ ਦਾਇਮ ਬੇਪਰਵਾਹੀ

ਸੁਮ-ਬ-ਕਮ ਰਹਿਣ ਫ਼ਰਿਸ਼ਤੇ ਕਿਸ ਤਾਕਤ ਦਮ ਮਾਰੇ
ਦਰ ਉਸ ਦੇ ਪਰ ਆਜ਼ਿਜ਼ ਹੋ ਕੇ ਢਹਿੰਦੇ ਬਜ਼ੁਰਗ ਸਾਰੇ

ਹਰ ਢੱਠੇ ਨੂੰ ਹੱਥੀ ਦਿੰਦਾ ਬਖ਼ਸ਼ਣਹਾਰ ਖ਼ਤਾਈਆਂ
ਦਿਤੋਸੁ ਸੁਖ਼ਨ ਜ਼ਬਾਨਾਂ ਅੰਦਰ ਸੁੱਖ਼ਨਾਂ ਵਿਚ ਸਫ਼ਾਈਆਂ

ਹਰ ਦਰ ਤੋਂ ਦੁਰਕਾਰਨ ਹੁੰਦਾ ਜੋ ਇਸ ਦਰ ਥੀਂ ਮੁੜਿਆ
ਉਸੇ ਦਾ ਇਸ ਸ਼ਾਨ ਵਧਾਇਆ ਜੋ ਇਸ ਪਾਸੇ ਉੜਿਆ

ਬਾਦਸ਼ਾਹਾਂ ਦੇ ਸ਼ਾਹ ਇਸ ਅੱਗੇ ਮੂੰਹ ਮਲਦੇ ਵਿਚ ਖ਼ਾਕਾਂ
ਔਗਣਹਾਰ ਕਹਾਇਆ ਓਥੇ ਸੁੱਚਿਆਂ ਸਾਫ਼ਾਂ ਪਾਕਾਂ

ਮਗ਼ਰੂਰਾਂ ਨੂੰ ਪਕੜ ਨਾ ਕਰਦਾ ਉਸੇ ਵਕਤ ਸ਼ਿਤਾਬੀ
ਮਅਜ਼ੂਰਾਂ ਨੂੰ ਚੁੱਕੇ ਨਾਹੀਂ ਕਰ ਕੇ ਕਹਿਰ ਖ਼ਰਾਬੀ

ਜੇ ਕਰ ਖ਼ਫ਼ਗੀ ਕਰੇ ਅਸਾਂ ਪਰ ਤੱਕ ਕੇ ਕੰਮਾਂ ਬੁਰਿਆਂ
ਬਖ਼ਸ਼ਿਸ਼ ਕਰ ਕੇ ਮਿਹਰੀਂ ਆਵੇ ਫੇਰ ਉਹਦੇ ਦਰ ਤੁਰਿਆਂ

ਮਾਂ ਪਿਓ ਦੀ ਬੇ ਫ਼ੁਰਮਾਨੀ ਜੋ ਬੇਟਾ ਨਿੱਤ ਕਰਦਾ
ਫ਼ਰਜ਼ੰਦੀ ਦਾ ਪਿਆਰ ਨਾ ਰਹਿੰਦਾ ਕਹਿਣ ਕਿਵੇਂ ਇਹ ਮਰਦਾ

ਸੱਜਣ ਭੈਣ ਭਰਾ ਨਾ ਹੋਵਣ ਰਾਜ਼ੀ ਜਿਸ ਭਿਰਾਓਂ
ਘਰ ਆਏ ਦਾ ਕਰਨ ਨਾ ਆਦਰ ਕੰਬਣ ਉਹਦੀਆਂ ਵਾਓਂ ।੫੦।

ਦੋਸਤ ਯਾਰ ਕਿਸੇ ਦਾ ਹਿਕ ਦਿਨ ਆਦਰ ਭਾਅ ਨਾ ਹੋਵੇ
ਫਿਰ ਉਹ ਮੁੱਖ ਦਿਖਾਂਦਾ ਨਾਹੀਂ ਯਾਰੀ ਥੀਂ ਹੱਥ ਧੋਵੇ

ਨਫ਼ਰ ਗ਼ੁਲਾਮ ਕਿਸੇ ਦਾ ਹੋਵੇ ਖ਼ਿਦਮਤ ਅੰਦਰ ਢਿੱਲਾ
ਖ਼ਾਵੰਦ ਨੂੰ ਕਦ ਚੰਗਾ ਲਗਦਾ ਝਿੜਕੇ ਕਰ ਕਰ ਗਿੱਲਾ

ਮੀਰ ਵਜ਼ੀਰ ਮੁਸਾਹਿਬ ਸ਼ਾਹ ਦੇ ਹੁਕਮੋਂ ਬਾਹਰ ਹੋਵਣ
ਸ਼ਾਹ ਖਦੇੜੇ ਗ਼ੁੱਸਾ ਕਰ ਕੇ ਹੋਰ ਭੀ ਨੌਕਰ ਰੋਵਣ

ਵਾਹਵਾ ਸਾਹਿਬ ਬਖ਼ਸ਼ਣਹਾਰਾ ਤੱਕ ਤੱਕ ਐਡ ਗੁਨਾਹਾਂ
ਇੱਜ਼ਤ ਰਿਜ਼ਕ ਨਾ ਖੱਸੇ ਸਾਡਾ ਦਿੰਦਾ ਫੇਰ ਪਨਾਹਾਂ

ਦੋਏ ਜਹਾਨ ਅਸਮਾਨਾਂ ਜ਼ਿਮੀਆਂ ਜੋ ਵਾਫ਼ਰ ਬੇ ਓੜੇ
ਵਿਚ ਸਮੁੰਦਰ ਇਲਮ ਉਹਦੇ ਦੇ ਹਿਕ ਕਤਰੇ ਥੀਂ ਥੋੜੇ

ਖਾਨੇ ਪਾਅ ਬਹਾਈਓਸੁ ਚੌਂਕੀ ਡਾਹ ਜ਼ਿਮੀਂ ਦਾ ਪੱਲਾ
ਸੱਜਣ ਦੁਸ਼ਮਣ ਚੰਗੇ ਮੰਦੇ ਦੇਂਦਾ ਨਾ ਥਰਥੱਲਾ

ਜੇ ਉਹ ਕਹਿਰ ਕਮਾਵਣ ਲਗਦਾ ਕੌਣ ਕੋਈ ਜੋ ਛੁੱਟਦਾ
ਰਹਿਮਤ ਉਸ ਦੀ ਜਗ ਵਸਾਏ ਹਰ ਹਿੱਕ ਨਿਅਮਤ ਲੁੱਟਦਾ

ਬੰਦਗੀ ਦੀ ਪਰਵਾਹ ਨਾ ਉਸ ਨੂੰ ਘਾਟਾ ਨਹੀਂ ਗੁਨਾਹੋਂ
ਜ਼ੁਹਦ ਇਬਾਦਤ ਤਾਂਹੀ ਹੁੰਦੇ ਜਾਂ ਘੱਲੇ ਦਰਗਾਹੋਂ

ਸਦਾ ਸਲਾਮਤ ਰਾਜ ਉਸੇ ਦਾ ਉਸ ਦਰ ਸਭ ਸਲਾਮੀ
ਆਦਮ ਜਿੰਨ ਮਲਾਇਕ ਹਰ ਸ਼ੈ ਜੀਆ ਜੂਨ ਤਮਾਮੀ

ਮਾਨ ਕਰੇਂਦਿਆਂ ਮਾਨ ਤਰੋੜੇ ਮਸਕੀਨਾਂ ਦਾ ਸਾਥੀ
ਕੋਹ ਕਾਫ਼ਾਂ ਵਿਚ ਰੋਜ਼ੀ ਦੇਂਦਾ ਸੀਮੁਰਗ਼ਾਂ ਨੂੰ ਹਾਥੀ ।੬੦।

ਲੁਤਫ਼ ਕਰੇਂਦਾ ਕਰਮ ਕੁਨਿੰਦਾ ਹਰ ਦੇ ਕਾਮ ਸੰਵਾਰੇ
ਸਭ ਖ਼ਲਕਤ ਦਾ ਰਾਖਾ ਉਹੋ ਭੇਤ ਪਛਾਣੇ ਸਾਰੇ

ਸਭ ਵਡਿਆਈ ਉਸ ਨੂੰ ਲਾਇਕ ਬੇ ਪ੍ਰਵਾਹ ਹਮੇਸ਼ਾ
ਹਿੱਕਨਾਂ ਤਾਜ ਸਆਦਤ ਦੇਂਦਾ ਹਿੱਕਨਾਂ ਬਦ ਅੰਦੇਸ਼ਾ

ਐਬ ਮੇਰੇ ਪਰ ਪੱਲਾ ਦੇਂਦਾ ਹੁਨਰ ਕਰੇਂਦਾ ਜ਼ਾਹਰ
ਜਦੋਂ ਕਰਮ ਦਾ ਵਾੜਾ ਕਰਦਾ ਕੋਈ ਨਾ ਰਹਿੰਦਾ ਬਾਹਰ

ਹਰ ਆਜ਼ਿਜ਼ ਪਰ ਰਹਿਮਤ ਕਰਦਾ ਕਰੇ ਕਬੂਲ ਦੁਆਈਂ
ਬਿਨ ਮੰਗੇ ਲੱਖ ਦਾਨ ਦਿਵਾਏ ਮਹਿਰਮ ਦਿਲ ਦਾ ਸਾਈਂ

ਹਰ ਕੋਈ ਮੁਹਤਾਜ ਉਸੇ ਦਾ ਮੰਗਣਹਾਰਾ ਦਰ ਦਾ
ਹਰਗਿਜ਼ ਕੀਤੀ ਉਸ ਦੀ ਉਤੇ ਉਂਗਲ ਕੋਈ ਨਾ ਧਰਦਾ

ਦਾਇਮ ਨੇਕੋਕਾਰੀ ਕਰਦਾ ਨੇਕੀ ਉਸ ਨੂੰ ਭਾਵੇ
ਬਦੀਆਂ ਭੀ ਫਿਰ ਬਖ਼ਸ਼ ਗੁਜ਼ਰਦਾ ਜਾਂ ਰਹਿਮਤ ਪਰ ਆਵੇ

ਸੂਰਜ ਤਾਰੇ ਉਠ ਕਤਾਰੇ ਮਸ਼ਰਿਕ ਮਗ਼ਰਿਬ ਜਾਂਦੇ
ਖ਼ਾਕ ਜ਼ਿਮੀਂ ਦੀ ਸਾਬਤ ਰੱਖਦਾ ਪਾਣੀ ਦੇ ਧੁਰਿਆਂ ਤੇ

ਧਰਤੀ ਬੂੰਦ ਡੁਲਾਂਦੀ ਆਹੀ ਇਧਰ ਉਧਰ ਹੋ ਕੇ
ਹਿਕਮਤ ਨਾਲ਼ ਲਗਾਇਓਸੁ ਮੁਹਕਮ ਕੋਹ ਕਾਫ਼ਾਂ ਦੇ ਕੋਕੇ

ਕਤਰੇ ਹਿੱਕ ਮਨੀ ਦੇ ਤਾਈਂ ਕੀ ਕੁੱਝ ਜੋਬਨ ਦੇਂਦਾ
ਪਾਣੀ ਉੱਤੇ ਸੂਰਤ ਲਿਖੇ ਹਿਕਮਤ ਅਜਬ ਕਰੇਂਦਾ

ਇਸ ਸੂਰਤ ਵਿਚ ਸੀਰਤ ਪਾਵੇ ਅਹਿਲ ਬਸੀਰਤ ਤੱਕਦੇ
ਅੰਨ੍ਹੇ ਲੋਕ ਸਿਤਮਗਰ ਭਾਰੀ ਕਦਰ ਪਛਾਣ ਨਾ ਸਕਦੇ ।੭੦।

ਵੱਟੇ ਦੇ ਵਿਚ ਲਾਅਲ ਟਿਕਾਂਦਾ ਜਾਨਣ ਕੀਮਤ ਪਾਂਦੇ
ਸਾਵੀ ਸ਼ਾਖੋਂ ਵੇਖ ਨਿਕਾਲੇ ਗੁਲ ਫਲ਼ ਰੰਗ ਰੰਗਾਂ ਦੇ

ਸੱਪਾਂ ਅੰਦਰ ਮੋਤੀ ਕਰਦਾ ਰੱਖ ਕੇ ਕਤਰਾ ਪਾਣੀ
ਸ਼ਿਕਮਾਂ ਵਿਚੋਂ ਬਾਹਰ ਆਣੇ ਸੂਰਤ ਬੀਬੀ ਰਾਣੀ

ਅੱਗਾ ਪਿੱਛਾ ਉਸ ਨੂੰ ਮਾਲਮ ਨਾ ਛਪਿਆ ਹੱਕ ਜ਼ੱਰਾ
ਦਾਨਾ ਬੀਨਾ ਕਿਸ਼ਫ਼ ਕਲੂਬੀ ਹੱਯੀ ਕਯੂਮ ਮੁਕਰੱਰਾ

ਕੰਨਾਂ ਬਾਝੋਂ ਸੁਣਨੇ ਵਾਲਾ ਤੱਕਦਾ ਹੈ ਬਿਨ ਨੈਣਾਂ
ਬਾਝ ਜ਼ਬਾਨ ਕਲਾਮ ਕਰੇਂਦਾ ਨਾ ਉਸ ਭਾਈ ਭੈਣਾਂ

ਗ਼ਾਲਿਬ ਅਮਰ ਮੁਬਾਰਕ ਉਸ ਦੇ ਨਾ ਹੋਇਆਂ ਨੂੰ ਕੀਤਾ
ਹੋਇਆਂ ਨੂੰ ਨਾਬੂਦ ਕਰੇਸੀ ਆਪ ਹਮੇਸ਼ਾ ਜੀਤਾ

ਖ਼ਾਕ ਹੋਇਆਂ ਨੂੰ ਦੂਜੀ ਵਾਰੀ ਮੁੜ ਕੇ ਜ਼ਿੰਦਾ ਕਰਸੀ
ਵਿਚ ਮੈਦਾਨ ਕਿਆਮਤ ਵਾਲੇ ਹਰ ਕੋਈ ਲੇਖਾ ਭਰ ਸੀ

ਸਭ ਜਹਾਨ ਕੂਕੇਂਦਾ ਇਹੋ ਹੈ ਤਹਕੀਕ ਇਲਾਹੀ
ਲੇਕਿਨ ਕਨ੍ਹਾ ਮੁਬਾਰਿਕ ਉਸ ਦੀ ਕਿਸੇ ਨਾ ਲੱਧੀ ਆਹੀ

ਸਿਫ਼ਤ ਉਹਦੀ ਨੂੰ ਫ਼ਹਿਮ ਨਾ ਪਹੁਤਾ ਜ਼ਾਤੇ ਵਹਿਮ ਨਾ ਪਾਂਢੇ
ਉਸ ਢਾਬੇ ਕਈ ਬੇੜੇ ਡੁੱਬੇ ਤਖ਼ਤਾ ਹੋਇਆ ਨਾ ਬਾਂਢੇ

ਇਸ ਮੈਦਾਨ ਨਾ ਚਲੇ ਘੋੜਾ ਸ਼ੀਂਹ ਹੈਰਤ ਦਾ ਗੱਜੇ
ਖ਼ਾਸ ਪਹਿਲੇ ਲਾ-ਅਹਿਸ਼ੀ ਕਹਿ ਕੇ ਇਸ ਦੌੜੋਂ ਸਨ ਰੱਜੇ

ਹਰ ਜਾਏ ਨਹੀਂ ਚੱਲਦੀ ਭਾਈ ਜਿਭੇ ਦੀ ਚਤੁਰਾਈ
ਕੰਨ ਡੋਰੇ ਜਿੱਭ ਗੁੰਗੀ ਹੁੰਦੀ ਜਾਂ ਇਹੀ ਜਾਗਾਹ ਆਈ ।੮੦।

ਇਸ ਮਜਲਿਸ ਦਾ ਮਹਿਰਮ ਹੋ ਕੇ ਫੇਰ ਨਾ ਮੁੜਦਾ ਕੋਈ
ਜੋ ਇਹ ਮਸਤ ਪਿਆਲਾ ਪੀਂਦਾ ਹੋਸ਼ ਖੜ੍ਹਾਂਦਾ ਸੋਈ

ਇਸ ਖ਼ੂਨੀ ਦਰਿਆਉਂ ਡਰਦੇ ਅਕਲ ਫ਼ਿਕਰ ਦੇ ਸਾਈਂ
ਕਿਸ ਦੀ ਬੇੜੀ ਬਾਹਰ ਆਈ ਪਹੁੰਚ ਅਜੇਹੀ ਜਾਈਂ

ਜੇਕਰ ਤੈਨੂੰ ਤਲਬ ਮੁਹੰਮਦ ਇਸ ਰਸਤੇ ਟੁਰ ਅੜਿਆ
ਮੁੜ ਆਉਣ ਦੀ ਰੱਖ ਨਹੀਂ ਏਥੋਂ ਕੋਈ ਨਾ ਫਿਰ ਮੁੜਿਆ

ਨਾਲ਼ ਰਿਆਜ਼ਤ ਕਰੀਂ ਸਫ਼ਾਈ ਸਾਨ ਫ਼ਿਕਰ ਦੀ ਘੱਸ ਤੂੰ
ਮੱਤ ਖ਼ੁਸ਼ਬੂ ਇਸ਼ਕ ਦੀ ਕਰਸੀ ਤਾਲਿਬ ਅਹਿਦ ਅਲਸਤੋਂ

ਪੈਰ ਤਲਬ ਦੇ ਖੜਸਨ ਓਥੇ ਉਡੇਂ ਜਿਸ ਦੇ ਬਾਲੋਂ
ਅੱਗੋਂ ਪਕੜ ਯਕੀਨ ਲੰਘਾਸੀ ਪੜਦੇ ਪਾੜ ਖ਼ਿਆਲੋਂ

ਇਹ ਦਰਿਆ ਮੁਹਾਣੇ ਬਾਝੋਂ ਲੰਘਣ ਮੂਲ ਨਾ ਹੋਂਦਾ
ਰੁੜ੍ਹ ਮਰਦਾ ਯਾ ਡੁੱਬਦਾ ਜਿਹੜਾ ਆਪ ਹਿਕੱਲਾ ਪਾਉਂਦਾ

ਜਿਨ੍ਹਾਂ ਮੱਲਾਹ ਮਨਾਇਆ ਨਾਹੀਂ ਬੇੜੇ ਚੜ੍ਹੇ ਨਾ ਉਸ ਦੇ
ਰਾਹੋਂ ਪਰਤ ਪਏ ਵਿਚ ਬਾਰਾਂ ਮੁਫ਼ਤ ਨਿਕਰਮੇ ਮੁਸਦੇ

ਰਸਤਾ ਛੋੜ ਨਬੀ ਦਾ ਟੁਰਿਆਂ ਕੋਈ ਨਾ ਮੰਜ਼ਿਲ ਪੁੱਗਦਾ
ਜੇ ਲੱਖ ਮਿਹਨਤ ਐਵੇਂ ਕਰੀਏ ਕੱਲਰ ਕੌਲ ਨਾ ਉਗਦਾ

ਰਸਤੇ ਸਾਫ਼ ਨਬੀ ਦੇ ਪਿੱਛੇ ਹੋਰ ਨਾ ਜਾਣੋ ਕੋਈ
ਉਹੋ ਕਰੇ ਸ਼ਿਫ਼ਾਇਤ ਸਾਡੀ ਤਾਹੀਂ ਮਿਲਸੀ ਢੋਈ

3. ਦਰ ਨਅਤ ਸੱਯਦ-ਉਲ-ਮੁਰਸਲੀਨ ਰਹਿਮਤ-ਉਲ-ਆਲਮੀਨ,
ਸਲੇਅੱਲਾ ਅਲੈਹ ਵਾ ਅਲਾਹੀ ਵਾ ਅਸੁਹਾਬਹ, ਅਜਮਈਨਾ
(ਅਵਤਾਰਾਂ ਦੇ ਸਿਰਦਾਰ ਦੀ ਉਸਤਤਿ ਵਿਚ, ਦੋਹਾਂ ਜਹਾਨਾਂ ਦੀ
ਬਖਸ਼ਸ਼ ਤੇ ਰਬੀ-ਸਲਾਮਤੀ ਉਸ ਉੱਤੇ, ਉਸ ਦੀ ਸੰਤਾਨ ਉਤੇ,
ਅਤੇ ਉਸ ਦੇ ਸਾਥੀਆਂ ਸਾਰਿਆਂ ਉਤੇ)

ਵਾਹ ਕਰੀਮ ਉੱਮਤ ਦਾ ਵਾਲੀ ਮਿਹਰ ਸ਼ਿਫ਼ਾਇਤ ਕਰਦਾ
ਜਿਬਰਾਈਲ ਜੇਹੇ ਜਿਸ ਚਾਕਰ ਨਬੀਆਂ ਦਾ ਸਿਰਕਰਦਾ ।੯੦।

ਉਹ ਮਹਿਬੂਬ ਹਬੀਬ ਰਬਾਣਾ ਹਾਮੀ ਰੋਜ਼ ਹਸ਼ਰ ਦਾ
ਆਪ ਯਤੀਮ ਯਤੀਮਾਂ ਤਾਈਂ ਹੱਥ ਸਿਰੇ ਪਰ ਧਰਦਾ

ਜੇ ਲੱਖ ਵਾਰੀਂ ਇਤਰ ਗਲਾਬੋਂ ਧੋਈਏ ਅੰਤ ਜ਼ਬਾਨਾਂ
ਨਾਮ ਇਨ੍ਹਾਂ ਦੇ ਲਾਇਕ ਨਾਹੀਂ ਕੀ ਕਲਮੇ ਦਾ ਕਾਨਾ

ਨਾਅਤ ਉਨ੍ਹਾਂ ਦੀ ਲਾਇਕ ਪਾਕੀ ਕਦ ਅਸਾਂ ਨਾਦਾਨਾਂ
ਮੈਂ ਪਲੀਤ ਨਦੀ ਵਿਚ ਵੜਿਆ ਪਾਕ ਕਰੇ ਤਨ ਜਾਣਾਂ

ਨਾਲ਼ ਇਸ਼ਾਰਤ ਟੁਕੜੇ ਕੀਤਾ ਜਿਸ ਨੇ ਚੰਨ ਅਸਮਾਨੀ
ਸੰਗ- ਰੋੜਾਂ ਥੀਂ ਜਿਸ ਪੜ੍ਹਾਇਆ ਕਲਮਾ ਜ਼ਿਕਰ ਜ਼ਬਾਨੀ

ਮੁਅਜ਼ਜ਼ਿਯੋਂ ਇਸ ਬਹੁਤ ਵਧਾਈ ਥੋੜੀ ਸੀ ਮਹਿਮਾਨੀ
ਲਸ਼ਕਰ ਤੱਸਾ ਸਭ ਰਜਾਇਆ ਹਿਕਸੇ ਕਾਸੇ ਪਾਣੀ

ਸਦਰ ਨਸ਼ੀਨ ਦੀਵਾਨ ਹਸ਼ਰ ਦਾ ਅਫ਼ਸਰ ਵਿਚ ਇਮਾਮਾਂ
ਕੁਲ ਨਬੀ ਮੁਹਤਾਜ ਉਨ੍ਹਾਂ ਦੇ ਨਫ਼ਰਾਂ ਵਾਂਗ ਗ਼ੁਲਾਮਾਂ

ਦੁਨੀਆਂ ਤੇ ਜਦ ਜ਼ਾਹਰ ਹੋਇਆ ਘੁਰਿਆ ਦੀਨ-ਦਮਾਮਾਂ
ਕੋਹ ਕਾਫ਼ਾਂ ਨੇ ਸੀਸ ਨਿਵਾਇਆ ਕੋਟ ਕਫ਼ਾਰ ਤਮਾਮਾਂ

ਤਖ਼ਤ ਚੁਬਾਰੇ ਸ਼ਾਹੀ ਕੰਬੇ ਢੱਠੇ ਕੁਫ਼ਰ ਮੁਨਾਰੇ
ਛੇਕ ਦਿੱਤੇ ਕੁਰਆਨ ਉਹਦੇ ਨੇ ਅਗਲੇ ਦਫ਼ਤਰ ਸਾਰੇ

ਸਭੋ ਨੂਰ ਉਸੇ ਦੇ ਨੂਰੋਂ ਉਸ ਦਾ ਨੂਰ ਹਜ਼ੂਰੋਂ
ਉਸ ਨੂੰ ਤਖ਼ਤ ਅਰਸ਼ ਦਾ ਮਿਲਿਆ ਮੂਸਾ ਨੂੰ ਕੋਹ ਤੂਰੋਂ

ਲੌਲਾਕ ਲਿਮਾਵਾ ਖ਼ਲਕਤ ਅਜ਼ਲੋਂ ਆਇਆ ਸ਼ਾਨ ਉਨ੍ਹਾਂ ਦੇ
ਜਿੰਨ ਇਨਸਾਨ ਗ਼ੁਲਾਮ ਫ਼ਰਿਸ਼ਤੇ ਦੋਏ ਜਹਾਨ ਉਨ੍ਹਾਂ ਦੇ ।੧੦੦।

ਨੂਰ ਮੁਹੰਮਦ ਰੌਸ਼ਨ ਆਹਾ ਆਦਮ ਜਦੋਂ ਨਾ ਹੋਇਆ
ਅੱਵਲ ਆਖ਼ਿਰ ਦੋਏ ਪਾਸੇ ਉਹੋ ਮਲ ਖਲੋਇਆ

ਪਾਕ ਜਮਾਲ ਉਹਦੇ ਨੂੰ ਸਿੱਕਦੇ ਰੂਹ ਨਬੀਆਂ ਸੰਦੇ
ਹੂਰਾਂ ਮਲਕ ਉਨ੍ਹਾਂ ਦੀ ਖ਼ਾਤਿਰ ਖ਼ਿਦਮਤ ਕਾਰਨ ਬੰਦੇ

ਵਲੀ ਜਿਨ੍ਹਾਂ ਦੀ ਉਮਤ ਸੰਦੇ ਨਬੀਆਂ ਨਾਲ਼ ਬਰਾਬਰ
ਉੱਮਤ ਉਸ ਦੀ ਬਣਿਆ ਲੋੜਨ ਮੁਰਸਲ ਹੋਰ ਅਕਾਬਰ

ਹੁਸਨ ਬਜ਼ਾਰ ਉਹਦੇ ਸੈ ਯੂਸੁਫ਼ ਬਰਦੇ ਹੋ ਵਿਕਾਂਦੇ
ਜ਼ਵਿਲਕਰਨੀਨ ਸੁਲੇਮਾਂ ਜੇਹੇ ਖ਼ਿਦਮਤਗਾਰ ਕਹਾਂਦੇ

ਐਸੀ ਖ਼ਾਕ ਉਨ੍ਹਾਂ ਦੇ ਦਰ ਦੀ ਘੁਣ ਤੱਯਮੁਮ ਕਰਦਾ
ਤਾਂਹੀਂ ਦਸਤ ਮੁਬਾਰਕ ਉਸ ਦਾ ਸ਼ਾਫ਼ੀ ਹਰ ਜ਼ੱਰਰ ਦਾ

ਖ਼ਾਲ ਗ਼ੁਲਾਮੀ ਉਸ ਦੀ ਵਾਲਾ ਲਾਇਆ ਪਾਕ ਖ਼ਲੀਲੇ
ਜਾਨੀ ਨੂੰ ਕੁਰਬਾਨੀ ਕੀਤਾ ਮਿਹਤਰ ਇਸਮਾਈਲੇ

ਮੂਸਾ ਖ਼ਿਜ਼ਰ ਨਕੀਬ ਉਨ੍ਹਾਂ ਦੇ ਅੱਗੇ ਭੱਜਣ ਰਾਹੀ
ਉਹ ਸੁਲਤਾਨ ਮੁਹੰਮਦ ਵਾਲੀ ਮੁਰਸਲ ਹੋਰ ਸਿਪਾਹੀ

ਦਹ ਸੈ ਸਦ ਜਿਨ੍ਹਾਂ ਨੂੰ ਹੋਇਆ ਨੇੜੇ ਆ ਪਿਆਰਾ
ਨਾਅਤ ਉਨ੍ਹਾਂ ਦੀ ਕੀ ਕੁੱਝ ਲਿਖੇ ਸ਼ਾਇਰ ਔਗੁਣਹਾਰਾ

4. ਬਿਆਨ ਮੱਅਰਾਜ ਦੁੱਰਾਤੁਲਤਾਜੇ ਅੰਬੀਆਂ ਅਲੈਹਮ ਅੱਸਲਾਮ
(ਅਵਤਾਰਾਂ ਦੇ ਸਿਰਤਾਜ ਦੀ ਅਕਾਸ਼-ਫੇਰੀ ਦਾ ਬਿਆਨ,
ਉਹ ਸਲਾਮਤ ਰਹਿਣ)

ਆਈ ਰਾਤ ਮੁਬਾਰਕ ਵਾਲੀ ਭਾਗ ਅਸਾਡੇ ਜਾਗੇ
ਸੱਜਣਾਂ ਤੇ ਖ਼ੁਸ਼ ਮੁਸ਼ਕਾਂ ਡੁਲ੍ਹੀਆਂ ਦੁਸ਼ਮਣ ਸਿਰ ਸੁਹਾਗੇ

ਅਸਮਾਨਾਂ ਪਰ ਤਾਰੇ ਰੌਸ਼ਨ ਸ਼ਮ੍ਹਾ ਚਿਰਾਗ਼ ਯਗਾਨੇ
ਸਿੱਕਦਿਆਂ ਯਾਰਾਂ ਨੂੰ ਆ ਪਹੁਤੇ ਸਿੱਕਾਂ ਦੇ ਪਰਵਾਨੇ ।੧੧੦।

ਵਹੀ ਵਕੀਲ ਲਿਆਇਆ ਸੱਦਾ ਨਾਲੇ ਘੋੜਾ ਜੋੜਾ
ਆ ਮਿਲੀਏ ਹਿਕ ਜੋੜ ਮੁਹੰਮਦ ਤੈਨੂੰ ਕੁਰਬ ਨਾ ਥੋੜਾ

ਹਰਦਮ ਸਿਕ ਤੁਸਾਡੀ ਸਾਨੂੰ ਆਈ ਰਾਤ ਮਿਲਣ ਦੀ
ਸੱਦ ਘੱਲਿਓਂ ਵਡਿਆਈ ਦੇ ਕੇ ਇੱਜ਼ਤ ਵਧੀ ਸੱਜਣ ਦੀ

ਲੌਹ ਕਲਮ ਅਸਮਾਨਾਂ ਜ਼ਿਮੀਆਂ ਦੋਜ਼ਖ਼ ਜੰਨਤ ਤਾਈਂ
ਕੁਰਸੀ ਅਰਸ਼ ਮੁਅਲਾ ਵੇਖੀਂ ਸੈਰ ਕਰੀਂ ਸਭ ਜਾਈਂ

ਇੱਜ਼ਤ ਕਰਬ ਤੁਸਾਡਾ ਵੇਖਣ ਹੂਰਾਂ ਮਲਕ ਪਿਆਰੇ
ਨਾਲੇ ਰੂਹ ਨਬੀਆਂ ਸੰਦੇ ਹੋਣ ਸਲਾਮੀ ਸਾਰੇ

ਦੋਜ਼ਖ਼ ਜੰਨਤ ਵਿਚ ਅਸਮਾਨਾਂ ਜੋ ਖ਼ਲਕਤ ਅੱਲ੍ਹਾ ਵਸਦੀ
ਪਾਕ ਜਮਾਲ ਤੁਸਾਡੇ ਕਾਰਨ ਹਰ ਦੀ ਜਾਨ ਤਰਸਦੀ

ਵੇਖ ਜਮਾਲ ਹਬੀਬ ਮੇਰੇ ਦਾ ਸਦਕੇ ਸਦਕੇ ਜਾਵਣ
ਸ਼ਰਫ਼ ਸਆਦਤ ਪਾਵਣ ਸਾਰੇ ਸ਼ੁਕਰ ਬਜਾ ਲਿਆਵਣ

ਹੋਇਆ ਸਵਾਰ ਬੁੱਰਾਕੇ ਉਤੇ ਉਹ ਸੁਲਤਾਨ ਅਰਬ ਦਾ
ਚਾਈ ਵਾਗ ਮੁਹੱਬਤ ਵਾਲੀ ਟੁਰਿਆ ਰਾਹ ਤਲਬ ਦਾ

ਲੈ ਲੈ ਨਜ਼ਰਾਂ ਮਿਲਦੇ ਅੱਗੋਂ ਰੂਹ ਤਮਾਮੀ ਨਬੀਆਂ
ਖ਼ਿਦਮਤ ਅੰਦਰ ਹਾਜ਼ਰ ਹੋਏ ਬੱਧੇ ਲੱਕ ਵਲਿਆਂ

ਸੈ ਸਿੰਗਾਰ ਕੀਤੇ ਸਭ ਹੂਰਾਂ ਮੰਗਲ ਗਾਵਣ ਖਲੀਆਂ
ਅੱਜ ਜੰਞਾਂ ਦਾ ਲਾੜਾ ਆਇਆ ਮਲ ਮਲ ਰੱਖੋ ਗਲੀਆਂ

ਸਰਦਾਰਾਂ ਸਰਦਾਰ ਸਿਰੇ ਤੇ ਅਫ਼ਸਰ ਸੀ ਲੌਕਾਕੀ
ਤਾਅ ਤੇ ਯਾਸੀਨ ਫੁੱਲਾਂ ਦਾ ਸਿਹਰਾ ਸ਼ਰਮ ਤੇ ਪਾਕੀ ।੧੨੦।

ਸੋਹਣੀ ਝੁੰਡ ਮੁਅੰਬਰ ਸਿਰ ਤੇ ਚਮਕੇ ਨੂਰ ਦੁਖ਼ਾਨੋਂ
ਸੁਰਮਾ ਸੀ ਮਾਜ਼ਾਗ਼ ਅੱਖੀਂ ਵਿਚ ਗਲਿ ਤਾਵੀਜ਼ ਕੁਰਾਨੋਂ

ਨਾਅਤ ਦਰੂਦ ਸਲਵਾਤ ਸਲਾਮੋਂ ਛੱਟੀਆਂ ਝਲਣ ਕਤਾਰਾਂ
ਸੱਲੇ ਅੱਲਾ ਅਲੈਹ ਵਸੱਲਮ ਕਰਨ ਨਕੀਬ ਪੁਕਾਰਾਂ

ਛੋੜ ਅਸਮਾਨਾਂ ਜ਼ਿਮੀਆਂ ਤਾਈਂ ਸਰਵਰ ਗਿਆ ਅਗੇਰੇ
ਜਿਥੇ ਵਹੀ ਨਹੀਂ ਵੰਞ ਸਕਦਾ ਹਟ ਬੈਠਾ ਕਰਿ ਡੇਰੇ

ਸਰਵਰ ਨੇ ਫ਼ਰਮਾਇਆ ਉਸ ਨੂੰ ਜੇ ਤੂੰ ਸਾਥੀ ਮੇਰਾ
ਚੱਲ ਅਗੇਰੇ ਨਾਲ਼ ਅਸਾਡੇ ਕਿਉਂ ਬੈਠੋਂ ਕਰ ਡੇਰਾ

ਕੀਤੀ ਅਰਜ਼ ਫ਼ਰਿਸ਼ਤੇ ਹਜ਼ਰਤ ਕੌਣ ਅਸੀਂ ਬੇਚਾਰੇ
ਜੇ ਹਿੱਕ ਗਿੱਠ ਅਗੇਰੇ ਹੋਵਾਂ ਸੜ ਜਾਂਦੇ ਪਰ ਸਾਰੇ

ਨਹੀਂ ਮਜਾਲ ਅਸਾਡੀ ਅੱਗੇ ਚਮਕੇ ਨੂਰ ਤਜੱਲਾ
ਐਸਾ ਕਰਬ ਤੁਸਾਨੂੰ ਲਾਇਕ ਜਾਓ ਹਿੱਕ ਹਿਕੱਲਾ

ਜਿਥੇ ਕਦਮ ਤੁਸਾਡਾ ਓਥੇ ਹੋਰ ਨਹੀਂ ਕੋਈ ਪੁੱਜਦਾ
ਅਹਿਲ ਕਮਾਲ ਜਮਾਲ ਮੁਹੰਮਦ ਤੂੰ ਹੀ ਤੂੰ ਹੀ ਸੁਝਦਾ

ਸਭ ਕਿਸੇ ਥੀਂ ਗਏ ਅਗੇਰੇ ਚਾ ਚਾ ਪਰਦੇ ਨੂਰੀ
'ਕਾਬਾ ਕੌਸੀਨ ਓ ਅੱਦਨਾ' ਤਾਈਂ ਪਾਇਆ ਸ਼ਾਨ ਹਜ਼ੂਰੀ

ਜਾਨੀ ਨਾਲ਼ ਮਿਲੇ ਦਿਲ ਜਾਨੀ ਵਿੱਥ ਨਾ ਰਹੀਆ ਜੱਰਰਾ
ਖ਼ਿਲਅਤ ਤੁਹਫ਼ੇ ਹਦੀਏ ਲੈ ਕੇ ਆਏ ਫੇਰ ਮਕੱਰਰਾ

ਐਸਾ ਨਬੀ ਜਿਨ੍ਹਾਂ ਦਾ ਵਾਲੀ ਸੋ ਉੱਮਤ ਕਿਉਂ ਝੁਰਸੀ
ਐਬ ਗੁਨਾਹ ਖ਼ਤਾਆਂ ਬਾਬਤ ਕਿਉਂ ਦੋਜ਼ਖ਼ ਵੱਲ ਟੁਰਸੀ ।੧੩੦।

ਕੀ ਕੁੱਝ ਨਾਅਤ ਤੁਸਾਡੀ ਆਖਾਂ ਖ਼ਲਕਤ ਦੇ ਸਰਦਾਰਾ
ਲਖ ਸਲਵਾਤ ਸਲਾਮ ਤੇਰੇ ਤੇ ਲਖ ਦਰੂਦ ਹਜ਼ਾਰਾਂ

ਤੁਧ ਪੁਰ ਹੋਣ ਦਰੂਦ ਅੱਲ੍ਹਾ ਦੇ ਆਲ ਔਲਾਦ ਤੇਰੀ ਤੇ
ਪੈਰੋਆਂ ਅਸਹਾਬਾਂ ਉਤੇ ਭੀ ਬੁਨਿਆਦ ਤੇਰੀ ਤੇ

ਪੀਰ ਮੁਰੀਦ ਸਦੀਕ ਅਕਬਰ ਸਣ ਪਹਿਲੇ ਯਾਰ ਪਿਆਰੇ
ਹੱਕ ਜਿਨ੍ਹਾਂ ਦੇ ਸਾਨੀ ਅਸਨੀਲ ਅਜ਼ਾ-ਹਮਾ-ਫ਼ੀ ਅਲਗ਼ਾਰੇ

ਯਾਰ ਦੂਜਾ ਫ਼ਾਰੂਕ ਉਮਰ ਸੀ ਅਦਲ ਕੀਤਾ ਜਿਸ ਛੜ ਕੇ
ਇਹ ਸ਼ੈਤਾਨ ਰਜੀਮ ਰੁਲਾਇਆ ਪੰਜੇ ਅੰਦਰ ਫੜ ਕੇ

ਸ਼ਬ-ਬੇਦਾਰ ਗ਼ਨੀ ਸੀ ਤਰੀਜਾ ਜਾਮਿਅ ਜੋ ਕੁਰਆਨੀ
ਉਸਮਾਨ ਜ਼ਵਿਲਨੂਰੀਨ ਪਿਆਰਾ ਮਿਹਤਰ ਯੂਸੁਫ਼ ਸਾਨੀ

ਚੌਥਾ ਯਾਰ ਪਿਆਰਾ ਭਾਈ ਖ਼ਾਸਾ ਦਿਲ ਦਾ ਜਾਨੀ
ਦੁਲਦੁਲ ਦਾ ਅਸਵਾਰ ਅਲੀ ਹੈ ਹੈਦਰ ਸ਼ੇਰ ਹਕਾਨੀ

'ਲਿਹਮਕ ਲਿਹਮੀ ਦੱਮਕ ਦੱਮੀ' ਸ਼ਾਨ ਜਿਨ੍ਹਾਂ ਦੇ ਆਇਆ
ਸਖ਼ੀ ਬਹਾਦਰ ਜੰਗ ਵਿਚ ਨਾਦਰ ਜਿਸਦਾ ਆਲੀ ਪਾਇਆ

ਜ਼ਵਿਲਫ਼ਿਕਾਰ ਜਿਨ੍ਹਾਂ ਨੂੰ ਉੱਤਰੀ ਖ਼ਿਲਅਤ ਫ਼ਕਰ ਹਜ਼ੂਰੋਂ
ਜੁਮਲ ਜਹਾਨ ਹੋਈ ਰੁਸ਼ਨਾਈ ਸ਼ਾਹ ਮਰਦਾਂ ਦੇ ਨੂਰੋਂ

ਜੰਮਦਿਆਂ ਸਨ ਜਿਸਦੇ ਅੱਗੇ ਬੁੱਤਾਂ ਸੀਸ ਨਿਵਾਏ
ਖ਼ੈਬਰ ਕੋਟ ਕੁਫ਼ਾਰ ਗਿਰਾਇਓਸੁ ਡੰਕੇ ਦੀਨ ਵਜਾਏ

ਸੱਤਰ ਦੋ ਬਹੱਤਰ ਵਾਰੀਂ ਰਾਹ ਅੱਲ੍ਹਾ ਦੇ ਵਿਕਿਆ
ਦੋਏੇ ਇਮਾਮ ਦਿੱਤੇ ਰਾਹ ਮੌਲਾ ਫੇਰ ਸਬਰ ਕਰ ਟਿਕਿਆ ।੧੪੦।

ਰੱਬਾ ਇਨ੍ਹਾਂ ਇਮਾਮਾਂ ਪਿੱਛੇ ਜੋ ਗੁਲ ਲਾਲ ਨਬੀ ਦੇ
ਪਾਕ ਸ਼ਹੀਦ ਪਿਆਰੇ ਤੇਰੇ ਅਫ਼ਸਰ ਆਲ ਨਬੀ ਦੇ

ਹਿੱਕਨਾਂ ਇਸ਼ਕ ਤੇਰੇ ਦੇ ਪੀਤੇ ਭਰ ਭਰ ਜ਼ਹਿਰ ਪਿਆਲੇ
ਖ਼ੰਜਰ ਝਾਂਗ ਮੁਹੱਬਤ ਵਾਲੀ ਹਿੱਕਨਾਂ ਬਦਨ ਹਲਾਲੇ

ਹੋਂਦੀ ਕੁੱਵਤ ਜ਼ੋਰ ਨਾ ਲਾਇਆ ਬੈਠੇ ਮੰਨ ਰਜ਼ਾਈਂ
ਪਾਣੀ ਬਾਝ ਪਿਆਸੇ ਚਲੇ ਦੀਨ ਦੁਨੀ ਦੇ ਸਾਈਂ

ਇਸ਼ਕ ਤੇਰੇ ਵਿਚ ਘਾਇਲ ਹੋਏ ਮਾਇਲ ਹੁਸਨ ਅਜ਼ਲ ਦੇ
ਸਿਰ ਅਦੁਤੇ ਪਰ ਸੀ ਨਾ ਕੀਤੀ ਸ਼ਾਦੀ ਕਰ ਕਰ ਚਲਦੇ

ਪੀਰ ਸਣੇ ਵਿਚ ਨੀਰ ਇਸ਼ਕ ਦੇ ਬੇੜਾ ਮੇਰਾ ਤਾਰੀਂ
ਮੈਂ ਆਜ਼ਿਜ਼ ਮਸਕੀਨ ਬੰਦੇ ਨੂੰ ਨਾਲ਼ ਈਮਾਨੇ ਮਾਰੀਂ

ਤੋੜੇ ਰੱਦ ਸਵਾਲ ਕਰੇਸੀ ਤੋੜੇ ਅਰਜ਼ ਕਬੂਲੇ
ਮੈਂ ਭੀ ਦੋਹੀਂ ਜਹਾਨੀ ਫੜਿਆ ਦਾਮਨ ਆਲ ਰਸੂਲੇ

ਯਾ ਨਬੀ ਅੱਲ੍ਹਾ ਜੇ ਕੁੱਝ ਦਿੱਤਾ ਕਦਰ ਤੈਨੂੰ ਰੱਬ ਵਾਲੀ
ਜ਼ਰੇ ਜਿਤਨਾ ਘਟਦਾ ਨਾਹੀਂ ਹੱਥੋਂ ਹੋਂਦਾ ਆਲੀ

ਔਗਣਹਾਰ ਤੁਫ਼ੈਲ ਤੁਸਾਡੇ ਅਸੀਂ ਬਹਸ਼ਤੀਂ ਆਈਏ
ਰਹਿਮਤ ਅਤੇ ਲੱਕਾ ਮਿਹਰ ਦਾ ਪਾਕ ਜਨਾਬੋਂ ਪਾਈਏ

ਹੋਰ ਕਿਸੇ ਕੁੱਝ ਨੇਕੀ ਹੋਸੀ ਤੋਸ਼ਾ ਖ਼ਰਚ ਕਬਰ ਦਾ
ਮੈਨੂੰ ਹਿਕੋ ਨਾਮ ਤੁਸਾਡਾ ਗਹਿਣਾ ਰੋਜ਼ ਹਸ਼ਰ ਦਾ

ਤੈਨੂੰ ਕੁੱਵਤ ਬਖ਼ਸ਼ੀ ਮੌਲਾ ਸਭ ਖ਼ਲਕਤ ਬਖ਼ਸ਼ਾਵੇਂ
ਹੋਂਦੇ ਜ਼ੋਰ ਸਵਾਲ ਨਾ ਮੋੜੀਂ ਨਬੀ ਕਰੀਮ ਕਹਾਵੇਂ ।੧੫੦।

ਦੋਸਤ ਦੁਸ਼ਮਣ ਚੰਗਾ ਮੰਦਾ ਜੇ ਕੋਈ ਹੋਏ ਸਵਾਲੀ
ਕਦ ਕਰੀਮਾਂ ਦੇ ਦਰ ਉੱਤੋਂ ਮੁੜ ਆਵੇ ਹੱਥ ਖ਼ਾਲੀ

ਰੱਖੀ ਝੋਲ ਤੁਸਾਡੇ ਅੱਗੇ ਪਾਉ ਖ਼ੈਰ ਯਤੀਮਾਂ
ਔਗਣਹਾਰ ਕੁਚੱਜੀਂ ਭਰਿਆ ਬਖ਼ਸ਼ੀਂ ਨਬੀ ਕਰੀਮਾ

ਕੀਤੀ ਬੇ ਫ਼ੁਰਮਾਨੀ ਤੇਰੀ ਭੁੱਲਾ ਫਿਰਿਓਸੁ ਰਾਹੋਂ
ਨਾਮ ਅੱਲ੍ਹਾ ਦੇ ਬਖ਼ਸ਼ ਬੇ ਅਦਬੀ ਨਾ ਕਰ ਪਕੜ ਗੁਨਾਹੋਂ

ਸੁਖ਼ਨ ਨਹੀਂ ਕੋਈ ਹੁੰਦਾ ਮੈਂ ਥੀਂ ਤੇਰੀ ਸ਼ਾਨ ਕਦਰ ਦਾ
'ਤਆ ਤੇ ਯਾਸੀਨ' ਇਲਾਹੀ ਸਿਫ਼ਤ ਤੁਸਾਡੀ ਕਰਦਾ

ਬਹੁਤ ਇੱਜ਼ਤ ਲੌਕਾਕੀ ਤੈਨੂੰ ਕੀ ਮੈਂ ਸਿਫ਼ਤ ਸੁਣਾਵਾਂ
ਆਲ ਅਸਹਾਬ ਸਮੇਤ ਸਲਾਮਾਂ ਹੋਰ ਦਰੂਦ ਪੁਚਾਵਾਂ

ਆਲ ਔਲਾਦ ਤੇਰੀ ਦਾ ਮੰਗਤਾ ਮੈਂ ਕੰਗਾਲ ਜ਼ਮਾਨੀ
ਪਾਉ ਖ਼ੈਰ ਮੁਹੰਮਦ ਤਾਈਂ ਸਦਕਾ ਸ਼ਾਹ ਜੀਲਾਨੀ

5. ਮਦਹ ਜਨਾਬ ਗ਼ੌਸ-ਉਲ ਆਅਜ਼ਮ ਸ਼ੈਖ਼ ਅਬਦੁਲਕਾਦਰ
ਜੀਲਾਨੀ ਕੁਦਮ-ਅੱਲਾ ਸਰੱਹ-ਉਲ ਅਜ਼ੀਜ਼
(ਸ਼ੈਖ਼ ਅਬਦੁਲ ਕਾਦਰ ਜੀਲਾਨੀ ਦੀ ਉਸਤਤਿ
ਰੱਬ ਉਨ੍ਹਾਂ ਦੇ ਸਰਵੋਤਮ ਭੇਤਾਂ ਨੂੰ ਪਵਿਤਰ ਕਰੇ)

ਵਾਹਵਾ ਮੀਰਾਂ ਸ਼ਾਹ ਸ਼ਾਹਾਂ ਦਾ ਸੱਯਦ ਦੋਹੀਂ ਜਹਾਨੀ
ਗ਼ੌਸ-ਉਲ-ਆਅਜ਼ਮ ਪੀਰ ਪੀਰਾਂ ਦਾ ਹੈ ਮਹਿਬੂਬ ਰੱਬਾਨੀ

ਨਾਨਕ ਦਾਦਕ ਵੱਲੋਂ ਉੱਚਾ ਸੁੱਚਾ ਹਸਬੋਂ ਨਸਬੋਂ
ਨਬੀਆਂ ਨਾਲੋਂ ਘੱਟ ਨਾ ਰਿਹਾ ਹਰ ਸਿਫ਼ਤੋਂ ਹਰ ਵੱਸਬੋਂ

ਨਬੀਆਂ ਨੂੰ ਰੱਬ ਵੱਲੋਂ ਆਂਦੇ ਵਹੀ ਸਲਾਮ ਸੁਨੇਹੇ
ਵਹੀ ਨਾ ਮਹਿਰਮ ਮੀਰਾਂ ਤਾਈਂ ਦੱਸੇ ਭੇਤ ਅਜੇਹੇ

ਨਾਮ ਨੜਿਨਵੇਂ ਉਸ ਨੂੰ ਬਖ਼ਸ਼ੇ ਹੁਕਮ ਇਹੋ ਫ਼ੁਰਮਾਇਆ
ਆਅਜ਼ਮ ਇਸਮ ਤੁਸਾਡਾ ਨਾਂਵਾਂ ਜਿਸ ਪੜ੍ਹਿਆ ਫਲ਼ ਪਾਇਆ ।੧੬੦।

ਆਲ ਔਲਾਦ ਨਬੀ ਅਲੀ ਦੀ ਸੀਰਤ ਸ਼ਕਲ ਉਨ੍ਹਾਂ ਦੀ
ਨਾਮ ਲਿਆਂ ਲੱਖ ਪਾਪ ਨਾ ਰਹਿੰਦੇ ਮੈਲ਼ ਅੰਦਰ ਦੀ ਜਾਂਦੀ

ਸੈ ਬਰਸਾਂ ਦੇ ਮੋਏ ਜਿਵਾਏ ਸੁਕੇ ਨੀਰ ਵਗਾਏ
ਕਿਹੇ ਰੂਹ-ਫ਼ਰਿਸ਼ਤੇ ਹੱਥੋਂ ਲਿਖੇ ਲੇਖ ਮਿਟਾਏ

ਗ਼ੌਸਾਂ ਕੁਤਬਾਂ ਨੇ ਸਿਰ ਮੀਰਾਂ ਕਦਮ ਮੁਬਾਰਕ ਧਰਿਆ
ਜੋ ਦਰਬਾਰ ਉਨ੍ਹਾਂ ਦੇ ਆਇਆ ਖ਼ਾਲੀ ਭਾਂਡਾ ਭਰਿਆ

ਬੰਦਿਆਂ ਤੇ ਜਦ ਔਕੜ ਆਈ ਰੂਹ ਮੀਰਾਂ ਦਾ ਪਹੁਤਾ
ਮੁਸ਼ਕਿਲ ਹੱਲ ਕਰਾਈ ਹਰ ਦੀ ਕੁਰਬ ਸ਼ਾਹਾਂ ਦਾ ਬਹੁਤਾ

ਉਸ ਮਹਿਬੂਬ ਇਲਾਹੀ ਜੈਸਾ ਜੱਗ ਤੇ ਸਖ਼ੀ ਨਾ ਕੋਈ
ਮੁਸ਼ਤ ਨਮੂਨਾ ਅਜ਼ ਖਰਵਾਰੇ ਹਿਕ ਦਿਨ ਕੈਸੀ ਹੋਈ

ਦੀਗਰ ਵੇਲੇ ਹਿਕਸ ਮੁਰੀਦੇ ਕੀਤੀ ਅਰਜ਼ ਜ਼ਰੂਰੋਂ
ਯਾ ਹਜ਼ਰਤ ਅੱਜ ਕੋਈ ਸਖ਼ਾਵਤ ਡਿੱਠੀ ਨਹੀਂ ਹਜ਼ੂਰੋਂ

ਬਾਤਨ ਅੰਦਰ ਕੀਤੀ ਸਾਈਆਂ ਸਾਨੂੰ ਨਜ਼ਰ ਨਾ ਆਈ
ਯਾ ਕੋਈ ਹੋਰ ਅਸਰਾਰ ਅਜਿਹਾ ਜਿਸ ਇਹ ਧਾਰ ਲੰਘਾਈ

ਹਜ਼ਰਤ ਨੇ ਫ਼ਰਮਾਇਆ ਸ਼ਖ਼ਸਾ ਜੇ ਲੱਖ ਬਾਤਨ ਕੀਤੀ
ਲੇਕਿਨ ਤੁਸਾਂ ਨਾ ਡਿੱਠੀ ਕੋਈ ਜੋ ਬੀਤੀ ਸੋ ਬੀਤੀ

ਜ਼ਾਹਿਰ ਭੀ ਕੁੱਝ ਦੱਸਾਂ ਤੈਨੂੰ ਪਲਕ ਨਾ ਜਾਂਦਾ ਖ਼ਾਲੀ
ਏਹੋ ਜਿਹੀ ਹਮੇਸ਼ ਸਖ਼ਾਵਤ ਖੜਦੇ ਰੋਜ਼ ਸਵਾਲੀ

ਸੱਤ ਦਿਆਂਹ ਕੋਈ ਆਸੀ ਮੁਜਰਿਮ ਚੁਣ ਚੁਣ ਬੁਰੇ ਲਿਆਓ
ਨਜ਼ਰ ਅਸਾਡੀ ਅੱਗੇ ਰੱਖੋ ਸਾਇਤ ਢਿਲ ਨਾ ਲਾਓ ।੧੭੦।

ਖ਼ਿਦਮਤਗਾਰਾਂ ਪਕੜ ਲਿਆਂਦੇ ਔਗਣਹਾਰ ਨਿਕਾਰੇ
ਮੀਰਾਂ ਨਜ਼ਰ ਕਰਮ ਦੀ ਕੀਤੀ ਗ਼ੌਸ ਬਣਾਏ ਸਾਰੇ

ਹਿੱਕ ਕੋਈ ਵਲੀ ਅੱਲ੍ਹਾ ਦਾ ਹੋਇਆ ਰੱਦ ਕਿਸੇ ਤਕਸੀਰੋਂ
ਚੋਰ ਉਚੱਕਾ ਤੇ ਮੂੰਹ ਕਾਲ਼ਾ ਰੱਬ ਬਣਾਇਆ ਪੀਰੋਂ

ਜਿੱਤ ਵੱਲ ਜਾਵੇ ਨਿੱਕੇ ਵੱਡੇ ਲੋਕ ਸਭੋ ਦੁਰਕਾਰਨ
ਇਹ ਮਰਦੂਦ ਇਲਾਹੀ ਸੰਦਾ ਆਇਆ ਹੈ ਕਿਸ ਕਾਰਨ?

ਮੰਗਿਆ ਖ਼ੈਰ ਨਾ ਪੈਂਦਾ ਕਿਧਰੋਂ ਨਾ ਮਿਲਦਾ ਘੁੱਟ ਪਾਣੀ
ਭੁੱਖਾ ਤੇ ਤ੍ਰਿਹਾਇਆ ਵਤਦਾ ਪਕੜੀ ਚਾਲ ਨਿਮਾਣੀ

ਤਰੈ ਸੈ ਸੱਠ ਵਲੀ ਦੇ ਕਦਮੀਂ ਲੱਗਾ ਵਾਰੋ ਵਾਰੀ
ਉਹ ਤਕਸੀਰ ਮੁਆਫ਼ ਨਾ ਹੋਈ ਦਿਨ ਦਿਨ ਵੱਧ ਕਹਾਰੀ

ਸਾਫ਼ ਜਵਾਬ ਵਲੀਆਂ ਦਿੱਤਾ ਤੋਂ ਮਰਦੂਦ ਜਨਾਬੀ
ਜੇ ਕੋਈ ਕਰੇ ਸ਼ਿਫ਼ਾਇਤ ਤੇਰੀ ਉਸ ਦੇ ਬਾਬ ਖ਼ਰਾਬੀ

ਓੜਕ ਹਿਕਸ ਵਲੀ ਨੇ ਕਿਹਾ ਜਾ ਬਗ਼ਦਾਦ ਸੁਹਾਵੇ
ਉਹ ਮੀਰਾਂ ਮਹਿਬੂਬ ਖ਼ੁਦਾ ਦਾ ਮੱਤ ਤੈਨੂੰ ਬਖ਼ਸ਼ਾਵੇ

ਮੂੰਹ ਕਾਲ਼ਾ ਕਰ ਗਿਆ ਨਿਮਾਣਾ ਹਜ਼ਰਤ ਦੀ ਦਰਗਾਹੇ
ਹੱਕ ਉਹਦੇ ਵਿਚ ਰਹਿਮਤ ਮੰਗੀ ਮੀਰਾਂ ਸ਼ਹਿਨਿਸ਼ਾਹੇ

ਹੋਇਆ ਹੁਕਮ ਜਨਾਬੋਂ ਮੀਰਾਂ ਨਾ ਕਰ ਉਸ ਦੀ ਯਾਰੀ
ਜੋ ਉਪਰਾਲਾ ਉਸ ਦਾ ਕਰਸੀ ਉਸ ਦੇ ਬਾਬ ਖ਼ਵਾਰੀ

ਇਸ ਗੱਲੋਂ ਮਹਿਬੂਬ ਇਲਾਹੀ ਰੁਸ ਹੋਇਆ ਮੁੜ ਰਾਹੀ
ਜਾਂ ਹਿੱਕ ਕਦਮ ਉਠਾਇਓਸੁ ਓਵੇਂ ਹੋਇਆ ਹੁਕਮ ਇਲਾਹੀ ।੧੮੦।

ਇਹ ਮਰਦੂਦ ਜਨਾਬੀ ਬਖ਼ਸ਼ਾਂ ਹੋਰ ਹਜ਼ਾਰ ਅਜੇਹਾ
ਰੁਸ ਨਹੀਂ ਮਹਿਬੂਬ ਪਿਆਰੇ ਮਨੀਅਮ ਤੇਰਾ ਕਹਿਆ

ਦੂਜਾ ਕਦਮ ਉਠਾਇਆ ਹਜ਼ਰਤ ਫੇਰ ਕਿਹਾ ਰੱਬ ਵਾਲੀ
ਦੋ ਹਜ਼ਾਰ ਅਜੇਹਾ ਬਖ਼ਸ਼ਾਂ ਨਾਲੇ ਇਹ ਸੱਵਾਲੀ

ਤਰੀਜਾ ਕਦਮ ਮੁਬਾਰਕ ਚਾਇਆ ਆਇਆ ਹੁਕਮ ਹਜ਼ੂਰੋਂ
ਤੇਰੇ ਹਜ਼ਾਰ ਉੱਤੇ ਹਿੱਕ ਇਹ ਭੀ ਵਾਸਲ ਕਰਸਾਂ ਨੂਰੋਂ

ਤੇਰਾ ਕਿਹਾ ਕਦੇ ਨਾ ਮੋੜਾਂ ਐ ਮਹਿਬੂਬ ਯਗਾਨੇ
ਉਹ ਸਾਰੇ ਜਦ ਕੁਤਬ ਬਣਾਏ ਪੀਰ ਪੜ੍ਹੇ ਸ਼ੁਕਰਾਨੇ

ਐਸੀ ਇੱਜ਼ਤ ਖ਼ਾਤਿਰ ਤੇਰੀ ਰੱਬ ਦੇ ਖ਼ਾਸ ਅਜ਼ੀਜ਼ਾ
ਆਸ ਤੁਸਾਡੀ ਰੱਖਾਂ ਮੈਂ ਭੀ ਔਗਣਹਾਰ ਨਾਚੀਜ਼ਾ

ਸੇਵਾਦਾਰ ਤੁਸਾਡਾ ਹਜ਼ਰਤ ਕੋਈ ਨਾ ਰਿਹਾ ਖ਼ਾਲੀ
ਸਖ਼ੀ ਦਵਾਰ ਤੁਸਾਡੇ ਉੱਤੇ ਮੈਂ ਕੰਗਾਲ ਸਵਾਲੀ

ਲੱਖਾਂ ਖ਼ੈਰ ਤੁਸਾਡੇ ਲੈਂਦੇ ਬਿਨ ਮੰਗੇ ਬਿਨ ਲੋੜੇ
ਦੇਣ ਦਿਵਾਣ ਸਭੋ ਹੱਥ ਤੇਰੇ ਕੋਈ ਨਾ ਠਾਕੇ ਹੋੜੇ

ਮੈਂ ਪਾਪੀ ਸ਼ਰਮਿੰਦਾ ਝੂਠਾ ਭਰਿਆ ਨਾਲ਼ ਗੁਨਾਹਾਂ
ਹਿਕੋ ਆਸ ਤੁਸਾਡੇ ਦਰ ਦੀ ਨਾ ਕੋਈ ਹੋਰ ਪਨਾਹਾਂ

ਮੈਂ ਅੰਨ੍ਹਾ ਤੇ ਤਿਲ੍ਹਕਣ ਰਸਤਾ ਕਿਉਂ ਕਰ ਰਹੇ ਸੰਭਾਲਾ
ਧੱਕੇ ਦੇਵਣ ਵਾਲੇ ਬਹੁਤੇ ਤੂੰ ਹੱਥ ਪਕੜਨ ਵਾਲਾ

ਤੂੰ ਪਕੜੇਂ ਤਾਂ ਕੋਈ ਨਾ ਧੱਕੇ ਪਹੁੰਚ ਸ਼ਿਤਾਬੀ ਕਰ ਕੇ
ਘੁੰਮਣ ਘੇਰ ਅੰਦਰ ਮਨਤਾਰੂ ਲੰਘ ਨਾ ਸੱਕਾਂ ਤਰ ਕੇ ।੧੯੦।

ਤਿਲ੍ਹਕ ਤਿਲ੍ਹਕ ਕੇ ਮੂੰਹ ਸਿਰ ਭਰਿਆ ਗੰਦੀ ਗਲੀ ਗਿਆ ਹਾਂ
ਤੱਕਦਾ ਲੋਕ ਤਮਾਸ਼ੇ ਹਜ਼ਰਤ ਮੈਂ ਬੇਹਾਲ ਪਿਆ ਹਾਂ

ਪਾਕ ਨਹੀਂ ਹੱਥ ਪਕੜ ਉਠਾਂਦੇ ਭਰਿਓਸੁ ਨਾਲ਼ ਪਲੀਤੀ
ਯਾ ਮੀਰਾਂ ਕੀ ਹਾਲ ਬੰਦੇ ਦਾ ਜੇ ਤੁਧ ਸਾਰ ਨਾ ਲੀਤੀ

ਚੋਰਾਂ ਨੂੰ ਤੋਂ ਕੁਤਬ ਬਣਾਇਆ ਮੈਂ ਭੀ ਚੋਰ ਉਚੱਕਾ
ਜਿਸ ਦਰ ਜਾਵਾਂ ਧੱਕੇ ਖਾਂਵਾਂ ਹਿੱਕ ਤੇਰਾ ਦਰ ਤੱਕਾ

ਸੁਣ ਫ਼ਰਿਆਦ ਪੀਰਾਂ ਦੇ ਪੀਰਾ ਧੱਕਾ ਦੇਈਂ ਨਾ ਮੈਨੂੰ
ਬੇਕਸਾਂ ਦਾ ਵਾਲੀ ਤੂੰ ਹੈਂ ਸ਼ਰਮ ਦਿੱਤੀ ਰੱਬ ਤੈਨੂੰ

ਆਪ ਮੁਹਾਰੀ ਪਿੱਛੇ ਪਈਆਂ ਸੱਟ ਨਾ ਜਾਈਂ ਮਰਦਾ
ਅਰਜ਼ ਕਰਨ ਦੇ ਲਾਇਕ ਸ਼ਾਹਾ ਸੁਖ਼ਨ ਨਾ ਮੈਂ ਥੀਂ ਸਰਦਾ

ਅਰਜ਼ ਕਰਾਂ ਸ਼ਰਮਿੰਦਾ ਥੀਵਾਂ ਕੀ ਮੈਂ ਕਰਾਂ ਕਕਾਰਾ
ਮੂੰਹ ਮੇਰਾ ਕਦ ਅਰਜ਼ਾਂ ਲਾਇਕ ਨਾਕਿਸ ਅਕਲ ਬੇਚਾਰਾ

ਮੱਤ ਕੋਈ ਸੁਖ਼ਨ ਅਣ ਭਾਣਾ ਨਿਕਲੇ ਆਜ਼ਿਜ਼ ਮੁਫ਼ਤ ਮਰੀਵਾਂ
ਰੱਖੋ ਕਦਮ ਮੇਰੇ ਸਿਰ ਹਜ਼ਰਤ ਸਦਾ ਸੁਖਾਲ਼ਾ ਥੀਵਾਂ

ਬੱਚਿਆਂ ਦੇ ਸਿਰ ਸਦਕਾ ਮੈਂ ਵੱਲ ਨਜ਼ਰ ਕਰਮ ਦੀ ਪਾਓ
ਸ਼ਾਹ ਮੁਕੀਮ ਮੁਹੰਮਦ ਪਿੱਛੇ ਪਾਕ ਜਮਾਲ ਦਿਖਾਓ

ਮੈਂ ਬੇ ਜਾਣਾ ਔਗੁਣਹਾਰਾ ਲਾਇਕ ਨਹੀਂ ਜਮਾਲਾਂ
ਤੈਨੂੰ ਸਭ ਤੌਫ਼ੀਕਾਂ ਹਜ਼ਰਤ ਨੇਕ ਕਰੋ ਬਦ-ਹਾਲਾਂ

6. ਦਰ ਮਦੱਹ ਜਨਾਬ ਸ਼ਾਹ ਹਜ਼ਰਤ ਮੀਰਾਂ ਮੁਹੰਮਦ ਮੁਕੀਮ
ਮੁਹਕਮ ਦੀਨ ਤਾਰਿਕ ਦੁਨੀਆ ਵਾਸਿਲ-ਉ-ਦੀਨ ਸਾਕਿਨ
ਹਜਰਾ ਮੁਨੱਵਰਾ ਕੁੱਦਸ ਸਰੱਉਲਅਜ਼ੀਜ਼
(ਧਰਮ-ਸਮਾਨ, ਪੱਕੇ ਤੇ ਟਿਕੇ ਹੋਏ ਧਰਮੀ ਤੇ ਤਿਆਗੀ
ਜਨਾਬ ਸ਼ਾਹ ਹਜ਼ਰਤ ਮੀਰਾਂ ਮੁਹੰਮਦ, ਨੂਰੀ ਹਜਰਾ ਦੇ ਨਿਵਾਸੀ,
ਰੱਬ ਉਸ ਦੇ ਸਰਵਉਤਮ ਭੇਦਾਂ ਨੂੰ ਪਵਿਤਰ ਕਰੇ,ਦੀ ਉਸਤਤਿ ਵਿਚ)

ਹਜ਼ਰਤ ਮੀਰਾਂ ਸ਼ਾਹ ਮੁਕੀਮਾਂ ਤੇਰਾ ਸ਼ਾਨ ਜ਼ਿਆਦਾ
ਸੋਹਣਾ ਸਖ਼ੀ ਜਿਦ੍ਹੇ ਘਰ ਜਾਇਆ ਅਲੀ ਅਮੀਰ ਸ਼ਹਿਜ਼ਾਦਾ ।੨੦੦।

ਨੂਰੀ ਮਲਕ ਕਰੇਂਦੇ ਚੌਰੀ ਹੂਰਾਂ ਮੰਗਲ ਗਾਇਆ
ਬਾਲਾ ਪੀਰ ਲੱਖਾਂ ਦਾ ਦਾਤਾ ਧੰਨ ਮਾਈ ਜਿਸ ਜਾਇਆ

ਆਲਮ ਤੇ ਰੁਸ਼ਨਾਈ ਹੋਈ ਚੜ੍ਹਿਆ ਚੰਨ ਨੂਰਾਨੀ
ਹਸਨੀ ਸੱਯਦ ਪੈਦਾ ਹੋਇਆ ਸੂਰਤ ਯੂਸੁਫ਼ ਸਾਨੀ

ਹੁਜਰੇ ਅੰਦਰ ਖਰੀਆਂ ਭਰੀਆਂ ਦੀਨੀ ਡੰਕੇ ਮਾਰਨ
ਲਅਲ ਬਹਾਵਲ ਸ਼ੇਰ ਕਲੰਦਰ ਦਮ ਦਮ ਨਾਲ਼ ਪੁਕਾਰਨ

ਤੋਤੇ ਮੀਨਾ ਕੁਮਰੀ ਬੋਲਣ ਧੰਨ ਮੁਕੀਮ ਮੁਹੰਮਦ
ਗੋਦੀ ਵਿਚ ਖਿਡਾਵੇ ਜਿਸ ਨੂੰ ਨਬੀ ਕਰੀਮ ਮੁਹੰਮਦ

ਜਿਸ ਨੂੰ ਵੇਖ ਸਵਾ ਲੱਖ ਹੋਇਆ ਆਰਿਫ਼ ਅਹਿਲ ਵਲਾਇਤ
ਕਿਸ ਨੂੰ ਤਾਕਤ ਆਖ ਸੁਣਾਵੇ ਉਸ ਦੇ ਕੁਰਬ ਨਿਹਾਇਤ

ਆਲ ਨਬੀ ਔਲਾਦ ਅਲੀ ਦੀ ਵਾਹ ਸੱਯਦ ਗਿਲਾਨੀ
ਦਸਤਗੀਰ ਜਿਨ੍ਹਾਂ ਦਾ ਦਾਦਾ ਕੌਣ ਤਿਨ੍ਹਾਂ ਦਾ ਸਾਨੀ

ਕੁੱਤੇ ਜੋ ਦਰਗਾਹ ਉਹਦੀ ਦੇ ਸ਼ੇਰਾਂ ਉਪਰ ਭਾਰੇ
ਪੀਰਾਂ ਦੇ ਸਿਰ ਪੀਰ ਮੁਹੰਮਦ ਵਾਹਵਾ ਪੀਰ ਹਮਾਰੇ

ਪੀਰਾਂ ਦੇ ਦਰਬਾਰੋਂ ਪਾਵੇ ਦਾਇਮ ਖ਼ਲਕ ਮੁਰਾਦਾਂ
ਮੈਨੂੰ ਭੀ ਕੁੱਝ ਸ਼ੌਕ ਇਲਾਹੀ ਬਖ਼ਸ਼ੋ ਸੁਣ ਫ਼ਰਿਆਦਾਂ

ਦਮੜੀ ਵਾਲਾ ਲਅਲ ਤੁਸਾਡਾ ਜਿਸਦੀ ਹੈ ਮਨਜ਼ੂਰੀ
ਪਾਕ ਜਨਾਬ ਉਨ੍ਹਾਂ ਦੀ ਅੰਦਰ ਮੈਨੂੰ ਕਰੋ ਹਜ਼ੂਰੀ

7. ਦਰ ਮਦਹ ਜਨਾਬ ਮੁਰਸ਼ਦ ਹਾਦੀ ਹਜ਼ਰਤ ਪੀਰ ਪੀਰਾਂ
ਸ਼ਾਹ ਗ਼ਾਜ਼ੀ ਕੁਦਸ ਅੱਲਾ ਸਰਾੱਉਲ-ਅਜ਼ੀਜ਼
(ਪੀਰਾਂ ਦੇ ਪੀਰ, ਨੇਕੀ ਦੇ ਰਹਬਰ ਜਨਾਬ ਸ਼ਾਹ ਗ਼ਾਜ਼ੀ
ਦੀ ਉਸਤਤਿ ਵਿਚ, ਰੱਬ ਉਨ੍ਹਾਂ ਦੇ ਉਚਤਮ ਭੇਦਾਂ ਨੂੰ
ਪਵਿਤਰਤਾ ਬਖ਼ਸ਼ੇ)

ਬਿਸਮਿਲਾ ਬਿਸਮਿਲਾ ਅੱਗੋਂ ਮਦ੍ਹਾ ਮੁਬਾਰਕ ਆਈ
ਹਾਦੀ ਮੁਰਸ਼ਦ ਦੀ ਜਿਸ ਦੁਵੱਲੇ ਚਾਰੇ ਕੋਟ ਨਿਵਾਈ ।੨੧੦।

ਮੁਸਲਿਮ ਹਿੰਦੂ ਕੋਈ ਨਾ ਨਾਬਰ ਸੇਵੇ ਸਭ ਲੋਕਾਈ
ਦਾਤਾ ਸਖ਼ੀ ਮੁਹੰਮਦ ਬਖਸ਼ਾ ਦਿਨ ਦਿਨ ਦੇਗ ਸਵਾਈ

ਆਜ਼ਿਜ਼ ਨਿਰਧਨ ਉਸ ਦੇ ਦਰ ਤੇ ਲੱਖ ਨਿਆਮਤ ਖਾਂਦੇ
ਹਿੱਕ ਦਮੜੀ ਦਾ ਤੋਹਫ਼ਾ ਲੈ ਕੇ ਦੇਂਦਾ ਦਾਨ ਲੱਖਾਂ ਦੇ

ਸ਼ਾਹ ਸੁਲਤਾਨ ਉਨ੍ਹਾਂ ਦੇ ਬੂਹੇ ਆਜ਼ਿਜ਼ ਬਣ ਵਿਖਾਂਦੇ
ਆਜ਼ਿਜ਼ ਉਸ ਦੇ ਸ਼ਾਹ ਸਦਾ ਬਣ ਉਸ ਦਾ ਮਾਣ ਰਖਾਂਦੇ

ਇਸ ਦਰ ਦੇ ਸੱਗ ਆਰੀ ਕੋਲੋਂ ਸ਼ੇਰ ਬੱਬਰ ਭੌ ਕਰਦਾ
ਅੱਗੇ ਚੜ੍ਹੇ ਨਾ ਚਿੜੀ ਉਹਦੀ ਦੇ ਬਾਜ਼ ਸ਼ਿਕਾਰੀ ਡਰਦਾ

ਬਾਦਸ਼ਾਹਾਂ ਦਾ ਪੀਰ ਕਹਾਵੇ ਪੀਰਾਂ ਸ਼ਾਹ ਕਰ ਜਾਤਾ
ਮੀਰਾਂ ਸ਼ਾਹ ਕਲੰਦਰ ਗ਼ਾਜ਼ੀ ਨਿੱਤ ਸਵਾ ਲੱਖ ਦਾਤਾ

ਸੇਕ ਲੱਗੇ ਜਿਦ੍ਹੇ ਸੇਵਕ ਤਾਈਂ ਤੁਰਤ ਸੁਣੇ ਫ਼ਰਿਆਦਾਂ
ਪਹੁੰਚੇ ਕਰ ਤਾਕੀਦ ਮੁਹੰਮਦ ਪਾਣ ਮੁਰੀਦ ਮੁਰਾਦਾਂ

ਜ਼ਿੰਦਾ ਪੀਰ ਕਰਾਮਤ ਜ਼ਾਹਿਰ ਫ਼ੈਜ਼ ਹਮੇਸ਼ਾ ਜਾਰੀ
ਬਾਗ਼ ਨਬੀ ਦਾ ਗੁਲ ਅਜਾਇਬ ਖਿੜਿਆ ਸਦਾ ਬਹਾਰੀ

ਜੁਮਲ-ਜਹਾਨ ਧੁਮੀ ਖ਼ੁਸ਼ਬੋਈ ਝੱਲੀ ਵਾਓ ਕਰਮ ਦੀ
ਵਾਹ ਸੁਹੇਲ ਕਰੇ ਯਲਗ਼ਾਰਾਂ ਕੀਮਤ ਪੈਂਦੀ ਚੰਮ ਦੀ

ਸਾਵੀ ਝੰਗੀ ਜੋਬਨ ਰੰਗੀ ਜਲਵਾ ਹੁਸਨ ਕਮਾਲੋਂ
ਸ਼ਾਖ਼ਾਂ ਮਸਤਾਂ ਸਿਰ ਲਟਕਾਏ ਦਮ ਦਮ ਝੂਲਣ ਹਾਲੋਂ

ਤੋਤੇ ਮੈਨਾ ਕੁਮਰੀ ਬੋਲਣ ਕੋਇਲ ਮੋਰ ਲਟੋਰੇ
ਧੰਨ ਪੀਰਾ ਧੰਨ ਪੀਰਾ ਜਿਸ ਨੇ ਰਿਜ਼ਕ ਅਸਾਡੇ ਟੋਰੇ ।੨੨੦।

ਬੁਲਬੁਲ ਭੌਰ ਗੁਲਾਂ ਦੀ ਬਾਸੋਂ ਫਿਰਦੇ ਮਸਤ ਦੀਵਾਨੇ
ਹੁਦ ਹੁਦ ਕਰਨ ਸਜੂਦ ਇਬਾਦਤ ਸਿਰ ਪਰ ਤਾਜ ਸ਼ਹਾਨੇ

ਕੁੱਕੜ ਉਠ ਸਬਾਹੀਂ ਦਿੰਦੇ ਠੱਪ ਤਯੱਮਮ ਬਾਂਗਾਂ
ਬੂੜੇ ਤੇ ਗੁਲ-ਚਿੱਟੀਆਂ ਸੋਜ਼ੋਂ ਕਰਦੇ ਕੂਕਾਂ ਚਾਂਗਾਂ

ਅੱਠਵੇਂ ਰੋਜ਼ ਹੋਵੇ ਨਿੱਤ ਮੇਲਾ ਲੋਗ ਜ਼ਿਆਰਤ ਆਵਣ
ਸ਼ਾਹ ਮਰਦਾਂ ਤੇ ਮਸਤ ਕਲੰਦਰ ਭੇਰਾਂ ਗੰਜ ਸੁਣਾਵਣ

ਪੀਰ ਮੇਰੇ ਦੀ ਧੁੰਮ ਚੁਫੇਰੇ ਆਵਣ ਵਲੀ ਸਲਾਮੀ
ਚੁਮਣ ਖ਼ਾਕ ਕਰੇਂਦੇ ਖ਼ਿਦਮਤ ਦਾਵਾ ਰੱਖ ਗ਼ੁਲਾਮੀ

ਜੰਨਤ ਸ਼ਾਨ ਮਕਾਨ ਮੁਨੱਵਰ ਰੂਪ ਡੁੱਲ੍ਹੇ ਹਰ ਪਾਸੇ
ਦਰ ਉਸ ਦੇ ਨਿੱਤ ਨਵੇਂ ਸਵਾਲੀ ਪਾਵਣ ਆਸ ਨਿਰਾਸੇ

ਔਤਰਿਆਂ ਨੂੰ ਪੁਤਰ ਦੇਂਦਾ ਵਿਛੜੇ ਯਾਰ ਮਿਲਾਵੇ
ਦਰ ਉਸ ਦੇ ਦੀ ਖ਼ਾਕ ਮਲਣ ਥੀਂ ਕੋੜ੍ਹ ਫ਼ਰੰਗ ਉਠ ਜਾਵੇ

ਰੁੜ੍ਹੇ ਜ਼ਹਾਜ਼ ਲਗਾਵੇ ਬੰਨੇ ਹਰ ਮੁਸ਼ਕਿਲ ਹੱਲ ਕਰਦਾ
ਲੜ ਲੱਗੇ ਦਾ ਸ਼ਰਮ ਤੁਸਾਨੂੰ ਪਾਕ ਸ਼ਹੀਦਾ ਮਰਦਾ

ਜਿਸ ਪਰ ਤੇਰਾ ਸਾਇਆ ਪੀਰਾ ਔਗੁਣ ਵੀ ਗੁਣ ਉਸ ਦੇ
ਜਾਨੀ ਦੁਸ਼ਮਣ ਦੋਸਤ ਬਣਦੇ ਜੋ ਦੋਖੀ ਸੋ ਮੁਸਦੇ

ਰਹਿਮਤ ਨਜ਼ਰ ਤੁਸਾਡੀ ਜੇਕਰ ਮੈਂ ਪਰ ਹੋਵੇ ਸਾਈਆਂ
ਬਖ਼ਸ਼ਨਹਾਰੇ ਦੀ ਕੀ ਹਾਜਤ ਕਜੋ ਐਬ ਖ਼ਤਾਈਆਂ

ਤੂੰ ਹੈਂ ਬਖ਼ਸ਼ਨਹਾਰਾ ਮੇਰਾ ਨਿੱਤ ਸਤਾਰੀ ਕਰਦਾ
ਜ਼ਾਹਿਰ ਬਾਤਨ ਮਾਲਮ ਤੈਨੂੰ ਤੱਕ ਬੁਰਾਈਆਂ ਜਰਦਾ ।੨੩੦।

ਮੈਂ ਨਿਕਾਰੀ ਔਗਣਹਾਰੀ ਪੁਰ ਤਕਸੀਰ ਬੀਚਾਰੀ
ਮਾਨ ਤਰਾਨ ਤੁਸਾਡਾ ਹਜ਼ਰਤ ਸ਼ਰਮ ਸ਼ਾਹਾਂ ਨੂੰ ਸਾਰੀ

ਜੋ ਚਾਹੇਂ ਸੋ ਲਿਖੀਂ ਸਾਈਆਂ! ਮਾਲਿਕ ਲੋਹ-ਕਲਮ ਦਾ
ਮੈਂ ਮਸਕੀਨ ਹਵਾਲੇ ਤੇਰੇ ਤੂੰ ਜ਼ਾਮਨ ਹਰ ਕੰਮ ਦਾ

ਹਿੱਕ ਪਲ਼ ਮੁਸ਼ਕਿਲ ਬਾਝ ਤੁਸਾਡੇ ਸਾਏ-ਪੁਸ਼ਤ-ਪਨਾਹੋਂ
ਮੈਂ ਆਜ਼ਿਜ਼ ਨੂੰ ਨਾਮ ਅੱਲ੍ਹਾ ਦੇ ਰੱਦੀਂ ਨਾ ਦਰਗਾਹੋਂ

ਸਦਾ ਮੁਹੰਮਦ ਬਖ਼ਸ਼ ਨਿਮਾਣਾ ਹਿਲਿਆ ਕਰਮ ਫ਼ਜ਼ਲ ਦਾ
ਤਕੀਆ ਪਰਨਾ ਮਹਜ਼ ਤੁਸਾਡਾ ਨਾ ਕੁੱਝ ਰਲਾ ਅਮਲ ਦਾ

ਕੀ ਮਜਾਲ ਮੇਰੀ ਜੇ ਆਖਾਂ ਇੰਜ ਕਰੋ ਗੱਲ ਮੇਰੀ
ਗੱਲ ਮੇਰੀ ਹੱਥ ਤੇਰੇ ਸਾਈਆਂ! ਸਾਮ ਪਿਆ ਨਿੱਤ ਤੇਰੀ

ਨਹੀਂ ਅਜ਼ੀਜ਼ ਮੁਸਾਹਿਬੀ ਲਾਇਕ ਦਰ ਤੇਰੇ ਸੱਗ ਸੁੱਤਾ
ਕੁੱਤਿਆਂ ਦਾ ਭੀ ਨਫ਼ਰ ਨਿਕਾਰਾ ਨਫ਼ਰਾਂ ਪਿੱਛੇ ਕੁੱਤਾ

ਜਿਸ ਸਿਰ ਹੈ ਦਸਤਾਰ ਤੁਸਾਡੀ ਮੈਂ ਭੀ ਉਸ ਦੇ ਦਰ ਤੇ
ਖ਼ੈਰ ਖ਼ੈਰਾਇਤ ਬੈਠਾ ਖਾਵਾਂ ਜੇ ਕੁੱਝ ਛਾਂਦਾ ਵਰਤੇ

8. ਦਰ-ਬਿਆਨੇ ਮੱਦਹ ਸੱਜਾਦਾ-ਨਸ਼ੀਨ ਹਜ਼ਰਤ ਪੀਰ ਮੁਰਸ਼ਦੀ,
ਨਾ ਬਾਇਸੇ ਤਸ਼ਨੀਫ ਮੇਗੋਇਦ
(ਆਪਣੇ ਗੁਰੂ ਪੀਰ ਸੱਜਾਦਾ-ਨਸ਼ੀਨ ਦੀ ਉਸਤਤਿ ਦੇ ਬਿਆਨ
ਵਿਚ, ਅਤੇ ਇਸ ਰਚਨਾ ਦਾ ਕਾਰਨ ਦਸਦਾ ਹੈ)

ਸੁਖ਼ਨਾਂ ਦੀ ਉਹ ਕੀਮਤ ਪਾਵੇ ਸ਼ਿਅਰ ਮੇਰੇ ਖ਼ੁਸ਼ ਲੈਂਦਾ
ਓਸ ਸਰਾਫ਼ ਅੱਗੇ ਜੋ ਤਰਦਾ ਸੋਇ ਖ਼ਜ਼ਾਨੇ ਪੈਂਦਾ

ਸ਼ਿਅਰਾਂ ਵਿਚ ਤਬੀਅਤ ਉਸ ਦੀ ਕਰਦੀ ਮੂ-ਸ਼ਗਾਫ਼ੀ
ਏਸ ਜ਼ਮਾਨੇ ਇਸ ਨਕਦੀ ਦੀ ਉਸ ਤੇ ਤੱਮ ਸਰਾਫ਼ੀ

ਅੱਲ੍ਹਾ ਭਾਵੇ ਕਦਰ ਸ਼ਿਨਾਸੀ ਉਸ ਜੇਹੀ ਅੱਜ ਕਿਸ ਨੂੰ
ਰਮਜ਼ ਪਛਾਣੇ ਮਾਅਨੇ ਜਾਣੇ ਇਹ ਤਾਸੀਰਾਂ ਜਿਸ ਨੂੰ ।੨੪੦।

ਕਦੇ ਇਬਾਦਤ ਕਦੇ ਅਦਾਲਤ ਆਪ ਨਾ ਹੁੰਦਾ ਵਾਂਦਾ
ਨਾਲੇ ਨਾਜ਼ੁਕ ਤਬਾ ਨਾ ਝਲਦੀ ਫ਼ਿਕਰ ਨਹੀਂ ਗੱਲ ਪਾਂਦਾ

ਤਾਂ ਇਹ ਕੰਮ ਦਸੀਂਦਾ ਮੈਨੂੰ ਆਪ ਕਰੇ ਤਾਂ ਹੋਂਦਾ
ਜੇ ਕੋਈ ਸੁਖ਼ਨ ਕਰੇ ਤਾਂ ਉਹ ਭੀ ਦੁੱਰੇ ਯਤੀਮ ਪਰੋਂਦਾ

ਸੂਰਤ ਖ਼ੂਬੀ ਸੀਰਤ ਖ਼ੂਬੀ ਖ਼ੂਬੀ ਵਰਤਣ ਚਾਲਾ
ਤਾਂਹੀਂ ਨਾਮ ਮੁਬਾਰਕ ਉਸ ਦਾ ਖ਼ੂਬੀ ਬਖ਼ਸ਼ਣ ਵਾਲਾ

ਨਾਮ ਮੁਇਮੇ ਅੰਦਰ ਦੱਸਿਆ ਆਮ ਨਾ ਸਮਝਣ ਤਦ ਭੀ
ਸਾਦਾ ਇਸਮ ਬੁਲਾਵਣ ਪੜ੍ਹਦੇ ਮੈਨੂੰ ਹੋਈ ਬੇ ਅਦਬੀ

ਮੇਰਾ ਹੈ ਉਹ ਵੱਡਾ ਭਾਈ ਉਮਰੋਂ ਅਕਲੋਂ ਵੱਸਬੋਂ
ਦਾਨਸ਼ਮੰਦ ਅਕਾਬਰ ਦਾਨਾ ਬਹਿਰ ਨਜ਼ਮ ਦੇ ਕਸਬੋਂ

ਸ਼ਿਅਰਾਂ ਦਾ ਸੀ ਸ਼ੌਕ ਉਨ੍ਹਾਂ ਨੂੰ ਪੜ੍ਹ ਪੜ੍ਹ ਕੀਮਤ ਪਾਂਦੇ
ਹਰ ਆਸ਼ਿਕ ਦੇ ਕਿੱਸੇ ਤਾਈਂ ਖ਼ੂਬ ਤਰ੍ਹਾਂ ਦਿਲ ਲਾਂਦੇ

ਸੈਫ਼ ਮਲੂਕੇ ਦੀ ਗੱਲ ਉਨ੍ਹਾਂ ਕਿਸੇ ਕਿਤਾਬੋਂ ਡਿੱਠੀ
ਇਸ ਕਿੱਸੇ ਦੀ ਤਲਬ ਪਈਓ ਨੇ ਮੈਂ ਵੱਲ ਕਰਦੇ ਚਿੱਠੀ

ਚਿੱਠੀ ਘਿਣ ਸਿਰੇ ਪਰ ਰੱਖੀ ਖੋਲ ਜਦੋਂ ਫਿਰ ਡਿੱਠੀ
ਸੋਹਣੇ ਲਫ਼ਜ਼ ਇਬਾਰਤ ਪੁਖ਼ਤੀ ਸ਼ਹਿਦ ਸ਼ਕਰ ਥੀਂ ਮਿੱਠੀ

ਕਾਗ਼ਜ਼ ਸਾਫ਼ ਮੁਨੱਵਰ ਕਹਦਾ ਜਿਉਂ ਚਿਹਰਾ ਦਿਲਬਰ ਦਾ
ਨੁਕਤੇ ਵਾਂਗਣ ਬਿੰਦੀ ਮੁਸ਼ਕੀ ਹਰਫ਼ ਆਗ਼ਾਜ਼ ਉੱਤਰ ਦਾ

ਹਰਫ਼ਾਂ ਵਿਚ ਸਫ਼ੈਦੀ ਰੌਸ਼ਨ ਜਿਉਂ ਫੁੱਲ ਅੰਦਰ ਪੱਤਾਂ
ਸ਼ਾਖ਼ਾਂ ਵਾਂਗਰ ਸਤਰਾਂ ਸਿੱਧੀਆਂ ਚੋਟੀ ਥੀਂ ਲਗ ਲੱਤਾਂ ।੨੫੦।

ਹਰ ਹਰ ਸਤਰ ਮੁਬਾਰਿਕ ਹੁੱਬ ਦੀ ਆਹੀ ਲਹਿਰ ਰਵਾਨੀ
ਲਫ਼ਜ਼ਾਂ ਦੇ ਸਿੱਪ ਵਿਚੋਂ ਲੱਭਣ ਦੁੱਰੇ-ਯਤੀਮ ਮੁੱਆਨੀ

ਕੁੰਡਲਦਾਰ ਪਏ ਵਿਚ ਘੇਰੇ ਜ਼ੁਲਫ਼ ਜਿਵੇਂ ਮਹਿਬੂਬੀ
ਹਰ ਹਰ ਨੈਣਾਂ ਮਿਜ਼ਗਾਂ ਵਾਂਗਰ ਕੌਣ ਗਿਣੇ ਸਭ ਖ਼ੂਬੀ

ਇਹ ਮਜ਼ਮੂਨ ਚਿੱਠੀ ਦਾ ਆਹਾ ਕਿੱਸਾ ਜੋੜ ਸ਼ਿਤਾਬੀ
ਚੁਣ ਚੁਣ ਸੁਖ਼ਨ ਪਰੋਵੀਂ ਤਸਬੀਹ ਮੋਤੀ ਮੇਲ ਖ਼ੁਸ਼-ਆਬੀ

ਸਿਫ਼ਤ ਹੁਸਨ ਦੀ ਦੁੱਖ ਇਸ਼ਕ ਦੇ ਜਿਉਂ ਮੌਜਾਂ ਦਰਿਆਵਾਂ
ਸੁਲ੍ਹਾ ਲੜਾਈਆਂ ਐਸ਼ ਕਜ਼ੀਏ ਬਾਗ਼ੀਂ ਮੇਵੇ ਛਾਂਵਾਂ

ਯੱਕ-ਬ-ਯੱਕ ਸੁਣਾਈਂ ਸਾਰੇ ਸੁਖ਼ਨ ਬਰਾਬਰ ਕਰ ਕੇ
ਵਾਂਗ ਮੁਸੱਨਿਫ਼ਾਂ ਵਡਕਿਆਂ ਦੇ ਦੂਰ-ਅੰਦੇਸ਼ੀ ਭਰ ਕੇ

ਨਿੱਕੇ ਕਿੱਸੇ ਬਹੁਤ ਸੀਹਰਫ਼ੀ ਕੀ ਹੋਇਆ ਤੁਧ ਲਿਖੇ
ਐਸੇ ਸੋਈਂ ਤੁਸੀਂ ਭੀ ਮੀਆਂ ਸੁਖ਼ਨ ਕਰਨ ਹੁਣ ਸਿੱਖੇ

ਛੱਪੜੀਆਂ ਵਿਚ ਤਰ ਡਿਠੋਈ ਆਇ ਨਦੀ ਵਿਚ ਪਓ ਖਾਂ
ਯਾ ਦਸ ਜ਼ੋਰ ਤਬੀਅਤ ਵਾਲਾ ਯਾ ਮੁੜ ਤਾਇਬ ਹੋ ਖਾਂ

ਕਿੱਸੇ ਅੰਦਰ ਕਸਰ ਨਾ ਹੋਵੇ ਨਾਲੇ ਰਮਜ਼ ਫ਼ਕਰ ਦੀ
ਸਨਅਤ ਭੀ ਵਿਚ ਥੋੜੀ ਬਹੁਤੀ ਚਲੇ ਲੱਜ਼ਤ ਕਰਦੀ

ਪਾਉ ਸੇਰ ਬਣਾਵੀਂ ਕਿੱਸਾ ਤਾਂ ਗੱਲ ਤੇਰੀ ਜਾਣਾ
ਆਪਣੇ ਮੂੰਹੋਂ ਬਣ ਬਣ ਬਹਿੰਦਾ ਹਰ ਕੋਈ ਸੁਘੜ ਸਿਆਣਾ

ਚਿੱਠੀ ਵੇਖ ਲੱਗੀ ਹੈਰਾਨੀ ਕੁੱਝ ਨਾ ਆਵੇ ਜਾਵੇ
ਕੌਣ ਭੰਝਾਲ ਫ਼ਿਕਰ ਦਾ ਹੋਵੇ ਚਿੰਤਾ ਚਿਖ਼ਾ ਵਿੰਞਾਵੇ ।੨੬੦।

ਘੁੰਮਣ ਘੇਰ ਫ਼ਿਕਰ ਦੇ ਅੰਦਰ ਪਿਆ ਅਕਲ ਦਾ ਟਿੱਲਾ
ਨਾ ਇਹ ਲਿਖਿਆ ਮੋੜਨ ਹੁੰਦਾ ਨਾ ਉਹ ਕੰਮ ਸੁਖੱਲਾ

ਦੋਹਾਂ ਵਲਾਂ ਥੀਂ ਮੁਸ਼ਕਿਲ ਢੁੱਕੀ ਕੌਣ ਕਰੇ ਗ਼ਮਖ਼ਾਰੀ
ਜੇ ਅੱਜ ਮੁਰਸ਼ਦ ਅੱਖੀਂ ਦਿੱਸੇ ਮੰਗਾਂ ਮਦਦ ਯਾਰੀ

ਕਿੱਸਾ ਔਖਾ ਨਾਲੇ ਲੰਮਾ ਜ਼ੋਰ ਕਮੀ ਪੰਡ ਭਾਰੀ
ਡਾਹਢੇ ਦਾ ਫ਼ਰਮਾਨ ਨਾ ਮੁੜਦਾ ਰੋਗੀ ਜਿੰਦ ਬਿਚਾਰੀ

ਤਬਾ ਜ਼ਈਫ਼ ਉਦਾਸੀ ਜੀਊੜਾ ਘੱਟ ਜਮੀਅਤ ਦਿਲ ਦੀ
ਜਾਣੇ ਰੱਬ ਮੁਹੰਮਦ ਬਖਸ਼ਾ ਉਸ ਘੜੀ ਮੁਸ਼ਕਿਲ ਦੀ

ਇਸ ਕੰਮ ਅੰਦਰ ਭਲੀ ਫ਼ਰਾਗ਼ਤ ਤੇਜ਼ ਤਬਾ ਹੁਸ਼ਿਆਰੀ
ਮੇਰੇ ਕੋਲ਼ ਨਾ ਆਹੀਆਂ ਤਰੈਵੇਂ ਅਕਲ ਦਿੱਤੀ ਪਰ ਯਾਰੀ

ਰੱਖ ਉਮੀਦ ਸਖ਼ੀ ਦੇ ਦਰ ਦੀ ਨਾਲ਼ ਯਕੀਨ ਇਤਬਾਰੇ
ਸ਼ਾਹ ਹਜ਼ੂਰੀ ਘਿਣ ਵਸੀਲਾ ਜਾ ਚੜ੍ਹਿਅਮ ਸਰਕਾਰੇ

ਪੀਰ ਸੱਚੇ ਦੀ ਤੁਰਬਤ ਅੱਗੇ ਦੋਏੇ ਸਵਾਲੀ ਹੋਏ
ਕੀਤੀ ਅਰਜ਼ ਕਬੂਲ ਬਜ਼ੁਰਗਾਂ ਤਾਲਿਅ ਜਾਗ ਖਲੋਏ

ਲੱਗਾ ਕਹਿਣ ਫ਼ਕੀਰ ਹਜ਼ੂਰੀ ਬੰਨ੍ਹ ਲੈ ਲੱਕ ਜਵਾਨਾ
ਕਾਮਿਲ ਪੀਰ ਕਰੇਗਾ ਮਦਦ ਹੋ ਜਾ ਫਿਰ ਮਰਦਾਨਾ

ਫ਼ੁਰਮਾਇਸ਼ ਦੇ ਤੀਰ ਚੁਫੇਰਿਓਂ ਆਵਣ ਵੇਖ ਤਵਾਨਾ
ਹੁੰਦੇ ਸੱਚ ਮੁਹੰਮਦ ਬਖਸ਼ਾ ਸ਼ਾਇਰ ਲੋਕ ਨਿਸ਼ਾਨਾ

ਜ਼ੁਅਫ਼ ਤਬੀਅਤ ਦਾ ਤੱਕ ਮੈਂ ਭੀ ਅਰਜ਼ਾਂ ਮੁੜ ਮੁੜ ਕਰਦਾ
ਸਾਈਂ ਜੀ ਇਹ ਕੰਮ ਨਾ ਸੌਖਾ ਸੋ ਜਾਣੇ ਜੋ ਕਰਦਾ ।੨੭੦।

ਫੇਰ ਉਨ੍ਹਾਂ ਫ਼ੁਰਮਾਇਆ ਮੀਆਂ ਸੱਚ ਕਹੀਂ ਤੂੰ ਸਾਰਾ
ਪਰ ਜੇ ਨਜ਼ਰ ਵਲੀ ਦੀ ਹੋਈ ਕਰਸੀ ਪਾਰ ਉਤਾਰਾ

ਮੁਸ਼ਕਿਲ ਹੱਲ ਕਰੇਸੀ ਮੁਰਸ਼ਦ ਤੁਰ ਜਾਸਨ ਤਨਖ਼ਾਹਾਂ
ਹਾਜ਼ਰ ਹੋ ਇਸ ਖ਼ਿਦਮਤ ਅੰਦਰ ਜੋ ਲਿਖ ਘੱਲੀ ਸ਼ਾਹਾਂ

ਜਦੋਂ ਫ਼ਕੀਰ ਦਲੇਰੀ ਦਿੱਤੀ ਮਦਦ ਕੀਤੀ ਉਸ ਸ਼ੇਰੇ
ਵਾਂਗ ਹਸਨ ਮੈਮੰਦੀ ਆਇਓਸੁ ਖ਼ੁਸ਼ ਹੋਇਆ ਮੁੜ ਡੇਰੇ

9. ਹਿਕਾਇਤ ਹਸਨ ਮੈਮੰਦੀ ਕਿ ਕਿੱਸਾ ਅਜ਼ੋ ਪੈਦਾ ਹਵੈਦਾ ਸ਼ੁਦਾ
(ਹਸਨ ਮੈਮੰਦੀ ਦੀ ਵਾਰਤਾ ਜਿਸ ਤੋਂ ਕਿੱਸੇ ਦਾ ਮੁੱਢ ਬੱਝਾ)

ਸੁਣੋ ਹਸਨ ਮੈਮੰਦੀ ਵਾਲੀ ਦਸਾਂ ਖੋਲ ਹਿਕਾਇਤ
ਜਿਥੋਂ ਏਸ ਕਿੱਸੇ ਦੀ ਅੱਵਲ ਜ਼ਾਹਿਰ ਹੋਈ ਰਵਾਇਤ

ਖ਼ਬਰਾਂ ਘਿਣ ਕਿਤਾਬਾਂ ਵਿਚੋਂ ਕਿੱਸਾ ਜੋੜ ਸੁਣਾਇਆ
'ਵਅੱਲਾ-ਅਅਲਮ' ਓਸ ਜ਼ਮਾਨੇ ਕਿਉਂ ਕਰ ਹਾਲ ਵਿਹਾਇਆ

ਰਾਵੀ ਲੋਕ ਰਵਾਇਤ ਵਾਲੇ ਪਿਛਲੇ ਜੱਗ ਦੇ ਦਾਨੇ
ਇਹ ਸਬੱਬ ਕਿਸੇ ਦਾ ਦੱਸਦੇ "ਅੰਦਰ ਹਿਕਸ ਜ਼ਮਾਨੇ

ਗ਼ਜ਼ਨੀ ਸ਼ਹਿਰ ਅੰਦਰ ਹਿੱਕ ਆਹਾ ਵਾਲੀ ਸ਼ਾਹ ਸ਼ਾਹਾਂ ਦਾ
ਨੇਕੋ-ਕਾਰ ਬਹਾਦਰ ਸੋਹਣਾ ਆਦਿਲ ਸਖ਼ੀ ਕਹਾਂਦਾ

ਯੂਸੁਫ਼ ਸ਼ਕਲ ਸਿਕੰਦਰ ਸ਼ੌਕਤ ਨੌਸ਼ੇਰਵਾਂ ਅਦਾਲਤ
ਖ਼ਾਤਮ ਹੁਕਮ ਸੁਲੇਮਾਂ ਨਾਲੋਂ ਹਾਤਿਮ ਨਾਲ਼ ਸਖ਼ਾਵਤ

ਖ਼ਾਸਾ ਮਰਦ ਇਬਾਦਤ ਅੰਦਰ ਅਫ਼ਸਰ ਸਿਰ ਸੁਲਤਾਨਾਂ
ਸ਼ਾਹ ਮਹਿਮੂਦ ਉਹਦਾ ਸੀ ਨਾਂਵਾਂ ਰੌਸ਼ਨ ਵਿਚ ਜਹਾਨਾਂ

ਮਰਦ ਕਮਾਲ ਇਲਮ ਦਾ ਫ਼ਾਜ਼ਲ ਕਦਰ ਸ਼ਿਨਾਸ ਹੁਨਰ ਦਾ
ਕਦਰ-ਬ-ਕਦਰੀ ਹਰ ਹਿੱਕ ਤਾਈਂ ਦੇਇ ਰੋਜ਼ੀਨਾ ਜ਼ਰ ਦਾ ।੨੮੦।

ਸ਼ਾਇਰ ਕਾਤਿਬ ਹਾਫ਼ਿਜ਼ ਆਲਮ ਜ਼ਾਹਿਦ ਸੂਫ਼ੀ ਸਾਰੇ
ਖਾਣ ਇਨਾਮ ਮੁਆਸ਼ ਜਗੀਰਾਂ ਨਿਰਧਨ ਲੋਕ ਨਿਕਾਰੇ

ਹਰ ਜਾਈ ਪੁੰਨ ਦਾਨ ਸ਼ਹਾਨਾ ਹਰ ਜਾਈ ਬਖ਼ਸ਼ੀਸ਼ਾਂ
ਖ਼ਾਦਿਮ ਮੁਖ਼ਲਿਸ ਅਤੇ ਫ਼ਕੀਰਾਂ ਉਲਮਾਵਾਂ ਦਰਵੇਸ਼ਾਂ

ਸ਼ਾਇਰ ਮਰਦ ਸੁਖ਼ਨ ਦੁਰ-ਦਾਨੇ ਪਾਸ ਉਹਦੇ ਨਿੱਤ ਰਹਿੰਦੇ
ਸ਼ਿਅਰ ਕਲਾਮ ਅਜਾਇਬ ਕਿੱਸੇ ਰਹਿਣ ਹਮੇਸ਼ਾ ਕਹਿੰਦੇ

ਸੁਖ਼ਨ ਕਲਾਮ ਸੁਣਨ ਦਾ ਦਾਇਮ ਰੱਖਦਾ ਸ਼ੌਕ ਸ਼ਹਿਜ਼ਾਦਾ
ਮਜਲਿਸ ਅੰਦਰ ਸ਼ੁਗ਼ਲ ਇਲਮ ਦਾ ਰੋਜ਼ੋਂ ਰੋਜ਼ ਜ਼ਿਆਦਾ

ਸੈਰ-ਸਲੂਕ ਹਿਕਾਇਤ ਕਿੱਸੇ ਸੁਣਦਾ ਨਾਲ਼ ਤਲਬ ਦੇ
ਮਿੱਠੇ ਚਰਬ ਨਿਵਾਲੇ ਸ਼ਾਇਰ ਦੇਵਨ ਸ਼ਿਅਰ ਅਜਬ ਦੇ

ਕਿੱਸੇ ਤੇ ਅਖ਼ਬਾਰ ਹਿਕਾਇਤ ਜਿਹੜੇ ਬਾਦਸ਼ਾਹਾਨੇ
ਕਰਦਾ ਸੈਰ ਕਿਤਾਬਾਂ ਅੰਦਰ ਸੁਣਦਾ ਸੁਖ਼ਨ ਯਗਾਨੇ

'ਮਜਮਅ-ਉਲ-ਹਿਕਾਇਤ' ਆਹੀ ਹਿੱਕ ਕਿਤਾਬ ਵਡੇਰੀ
ਹਿੱਕ ਦਿਨ ਸੈਰ ਓਸੇ ਦਾ ਕਰਦੇ ਰਗ਼ਬਤ ਨਾਲ਼ ਘਨੇਰੀ

ਪੜ੍ਹਦੇ ਪੜ੍ਹਦੇ ਗਏ ਅਗੇਰੇ ਉਸਦੀ ਕੋਲ਼ ਕਚਹਿਰੀ
ਹੈ ਹਿੱਕ ਬਾਗ਼ ਇਰਮ ਦਾ ਕਿਧਰੇ ਸ਼ਰਿਸਤਾਨ ਸੁਨਹਿਰੀ

ਰੂਏ ਜ਼ਿਮੀਂ ਤੇ ਦੇਸ ਅਜਾਇਬ ਹੋਰ ਨਹੀਂ ਉਸ ਜੇਹਾ
ਪਰੀਆਂ ਦਾ ਉਹ ਮੁਲਕ ਕਦੀਮੀ ਆਦਮ ਕਦੀ ਨਾ ਰਿਹਾ

ਸ਼ਾਹ ਸ਼ਾਹਪਾਲ ਓਥੇ ਕੋਈ ਹੋਇਆ ਅਫ਼ਸਰ ਬਾਦਸ਼ਾਹਾਂ ਦਾ
ਨਬੀ ਸੁਲੇਮਾਂ ਜੀ ਦੀ ਜਾਈ ਰਿਹਾ ਰਾਜ ਕਮਾਂਦਾ ।੨੯੦।

ਉਸ ਘਰ ਅੰਦਰ ਬੇਟੀ ਹੋਈ ਜੋਬਨ ਦੇ ਰੰਗ ਰੰਗੀ
ਜੇ ਲਿਖ ਸਿਫ਼ਤ ਜ਼ਬਾਨੀ ਕਹੀਏ ਫਿਰ ਭੀ ਉਸ ਥੀਂ ਚੰਗੀ

ਯੂਸੁਫ਼ ਸਾਨੀ ਰੂਏ ਜ਼ਿਮੀਂ ਤੇ ਇਸ ਬਿਨ ਕੋਈ ਨਾ ਹੋਇਆ
ਸੂਰਤ ਵੇਖ ਨਾ ਚਲਦਾ ਪਾਣੀ ਰਹਿੰਦਾ ਵਹਿਣ ਖਲੋਇਆ

ਰੂਪ ਉਹਦੇ ਪਰ ਆਸ਼ਿਕ ਹੋਇਆ ਹਿੱਕ ਸੁਲਤਾਨ ਮਿਸਰ ਦਾ
ਰਾਜ ਹਕੂਮਤ ਛੋੜ ਮੁਲਕ ਦੀ ਚਾਇਓਸੁ ਪੰਧ ਸਫ਼ਰ ਦਾ

ਰੰਜ ਮੁਸੀਬਤ ਦੁੱਖ ਕਜ਼ੀਏ ਝਾਗ ਬਲਾ ਕਹਾਰੀ
ਓੜਕ ਵੰਝ ਸੱਜਣ ਨੂੰ ਮਿਲਿਆ ਹੋਈ ਦੋਹਾਂ ਦੀ ਯਾਰੀ

ਸੈਫ਼ ਮਲੂਕ ਉਹਦਾ ਸੀ ਨਾਂਵਾਂ ਸ਼ਾਹ ਆਸਿਮ ਦਾ ਜਾਇਆ
ਲੈ ਕੇ ਨਾਲ਼ ਪਰੀ ਨੂੰ ਆਇਆ ਤਾਂ ਮੁੜ ਰਾਜ ਕਮਾਇਆ

ਜਾਂ ਮਹਿਮੂਦ ਸੁਣੀ ਗੱਲ ਇਤਨੀ ਸ਼ੌਕ ਅੰਦਰ ਵਿਚ ਧਾਣਾ
ਕਿਵੇਂ ਸਭ ਹਕੀਕਤ ਸੁਣੀਏ ਜਿਉਂ ਜਿਉਂ ਹਾਲ ਵਹਾਣਾ

ਐਸਾ ਸ਼ੌਕ ਪਿਆ ਦਿਲ ਸ਼ਾਹੇ ਭੁੱਲ ਗਿਆ ਸਭ ਕਾਰਾਂ
ਅੱਠੇ ਪਹਿਰ ਇਹੋ ਦਿਲ ਖ਼ਵਾਹਿਸ਼ ਜ਼ਿਕਰ ਇਹੋ ਵਿਚ ਯਾਰਾਂ

ਮੀਰ ਵਜ਼ੀਰ ਉਮਰਾ ਬੁਲਾਏ ਸ਼ਾਇਰ ਆਲਿਮ ਫ਼ਾਜ਼ਿਲ
ਸਭਨਾਂ ਨੂੰ ਫ਼ੁਰਮਾਇਆ ਸ਼ਾਹੇ ਸੁਣਿਓਂ ਹਰ ਹਰ ਆਕਿਲ

ਯਾਰੋ ਸੈਫ਼ ਮਲੂਕ ਜਣੇ ਦਾ ਕਿੱਸਾ ਅਜਬ ਨਿਆਰਾ
ਅੱਵਲ ਥੀਂ ਲੈ ਆਖ਼ਿਰ ਤੋੜੀ ਆਖ ਸੁਣਾਓ ਸਾਰਾ

ਜਾਂ ਜਾਂ ਇਹ ਕਹਾਣੀ ਮੈਨੂੰ ਸਾਰੀ ਨਜ਼ਰ ਨਾ ਆਵੇ
ਦਿੱਕ ਤਬਾ ਦਿਲ ਤੰਗ ਰਹੇਗਾ ਜਾਨ ਅਰਾਮ ਨਾ ਪਾਵੇ ।੩੦੦।

ਜੋ ਕੁੱਝ ਉਸ ਜਣੇ ਪਰ ਗੁਜ਼ਰੀ ਰਾਹਤ ਰੰਜ ਮੁਸੀਬਤ
ਜੰਮਣ ਮਰਨ ਉਹਦੇ ਤੱਕ ਸਾਰੀ ਦੱਸੋ ਖੋਲ ਹਕੀਕਤ

ਹੱਛੀ ਤਰ੍ਹਾਂ ਅੰਦੇਸ਼ਾ ਪਾਈਓਸੁ ਮੀਰ ਵਜ਼ੀਰ ਦੀਵਾਨਾਂ
ਜੇ ਇਹ ਬਾਤ ਸੁਣਾਓ ਨਾਹੀਂ ਹੋਸਾਂ ਮਸਤ ਦੀਵਾਨਾ

ਏਸ ਕਹਾਣੀ ਦਾ ਦਿਲ ਅੰਦਰ ਲੱਗਾ ਇਸ਼ਕ ਅਸਾਂ ਨੂੰ
ਜਲਦੀ ਪੈਦਾ ਕਰੋ ਕਿਦਾਹੂੰ ਕੀਤਾ ਹੁਕਮ ਤੁਸਾਂ ਨੂੰ

ਦਿੱਕ ਹੋਏ ਸਭ ਆਲਿਮ ਫ਼ਾਜ਼ਿਲ ਸ਼ਾਇਰ ਬੰਦ ਜ਼ਬਾਨੋਂ
ਲੱਗੀ ਚੁੱਪ ਅਮੀਰਾਂ ਤਾਈਂ ਫ਼ਿਕਰ ਪਿਆ ਦਿਲ ਜਾਨੋਂ

ਫ਼ੀਲਾ ਬੰਦ ਕੀਤਾ ਸ਼ਾਹ ਸਾਡਾ ਇਸ ਬਾਜ਼ੀ ਦੇ ਦਾਵੇ
ਹੋ ਹੈਰਾਨ ਸੁਟ ਰੁਖ਼ ਅੱਗੇ ਕੁੱਝ ਨਾ ਆਵੇ ਜਾਵੇ

ਕਿਧਰੇ ਦਸ ਕਿੱਸੇ ਦੀ ਨਾਹੀਂ ਪਏ ਬੜੇ ਵਿਚ ਬੰਦੀ
ਹਿੱਕ ਵਜ਼ੀਰ ਵਡੇਰਾ ਆਹਾ ਨਾਮ ਹਸਨ ਮੈਮੰਦੀ

ਦਾਨਿਸ਼ਮੰਦ ਵਜ਼ੀਰ ਅਕਾਬਰ ਅਫ਼ਸਰ ਵਿਚ ਵਜ਼ੀਰਾਂ
ਓਸ ਨੇ ਅਰਜ਼ ਗੁਜ਼ਾਰੀ ਸ਼ਾਹਾ ਮੁਹਲਤ ਦੇਹੋ ਅਮੀਰਾਂ

ਆਪੋ ਆਪਣੀ ਦਾਨਿਸ਼ ਉਤੇ ਕਰਸਣ ਸਭ ਤਦਬੀਰਾਂ
ਮਤ ਇਹ ਕਿੱਸਾ ਪੈਦਾ ਹੋਵੇ ਸ਼ਾਦ ਕਰੇ ਦਿਲਗੀਰਾਂ

ਬਰਸ ਦਿਹਾਂ ਦੀ ਮੋਹਲਤ ਲੈ ਕੇ ਟੁਰਿਆ ਹਸਨ ਅਕਾਬਰ
ਨਾਲ਼ ਲਿਆ ਸੌ ਹੋਰ ਸਿਆਣਾ ਹੁਕਮੋਂ ਹੋਏ ਨਾ ਨਾਬਰ

ਸ਼ਾਹਿਨਸ਼ਾਹ ਦੀ ਖ਼ਿਦਮਤ ਵਿਚੋਂ ਰੁਖ਼ਸਤ ਹੋ ਸਿਧਾਏ
ਖ਼ਰਚ ਖ਼ਜ਼ਾਨੇ ਬਰਸ ਦਿਹਾਂ ਦੇ ਨਾਲ਼ ਅਸਬਾਬ ਲਦਾਏ ।੩੧੦।

ਤੁਹਫ਼ੇ ਹਦੀਏ ਤੇ ਨਜ਼ਰਾਨੇ ਡਾਲੀਓਂ ਅਤੇ ਸੌਗਾਤੋਂ
ਬਾਦਸ਼ਾਹਾਂ ਦੀ ਖ਼ਾਤਿਰ ਪਾਏ ਹਰ ਕਿਸਮੋਂ ਹਰ ਜ਼ਾਤੋਂ

ਉਠ ਹਸਨ ਮੈਮੰਦੀ ਟੁਰਿਆ ਗ਼ਜ਼ਨੀ ਛੋੜ ਖ਼ੁਰਾਸਾਂ
ਨਾ ਦੱਸ ਬੁਝ ਮੁਕਾਮ ਕਿਸੇ ਦੀ ਫ਼ਜ਼ਲ ਉੱਤੇ ਰੱਖ ਆਸਾਂ

ਛੋੜ ਵਤਨ ਪ੍ਰਦੇਸੀਂ ਟੁਰਦੇ ਹਰ ਹਰ ਸ਼ਹਿਰ ਵਲਾਇਤ
ਹਰ ਦਰ ਸੋਂ ਹਰ ਮਕਤਬ ਪੁੱਛਦੇ ਕੋਈ ਨਾ ਕਹੇ ਹਿਕਾਇਤ

ਬਹੁਤੇ ਮੁਲਕ ਵਲਾਇਤ ਫਿਰ ਫਿਰ ਬਰਸ ਰਿਹਾ ਜਦ ਥੋੜਾ
ਪਹੁਤੇ ਰੂਮ ਸ਼ਹਿਰ ਵਿਚ ਆ ਕੇ ਚੜ੍ਹੇ ਕਿਸੇ ਦਾ ਤੋੜਾ

ਤੁਹਫ਼ੇ ਹਦੀਏ ਲੈ ਨਜ਼ਰਾਨੇ ਚੀਜ਼ਾਂ ਵਸਤਾਂ ਨਾਦਿਰ
ਉਸ ਨਗਰੀ ਦੇ ਵਾਲੀ ਤਾਈਂ ਮਿਲਿਆ ਹਸਨ ਅਕਾਬਰ

ਮਜਲਿਸ ਬਹਿਣ ਲੱਗਾ ਉਸ ਸ਼ਾਹ ਦੀ ਉਮਦੇ ਸੁਖ਼ਨ ਅਲਾਵੇ
ਬਹੁਤ ਪਸੰਦ ਉਨ੍ਹਾਂ ਨੂੰ ਆਇਆ ਸ਼ਾਹ ਉਸ ਕੋਲ਼ ਬਹਾਵੇ

ਬਹੁਤ ਹਸਨ ਦੀ ਖ਼ਾਤਰਦਾਰੀ ਸ਼ਾਹ ਲੱਗਾ ਫ਼ੁਰਮਾਵਣ
ਮੋਤੀ ਹਾਰ ਪਰੋਏ ਸੁਖ਼ਨੋਂ ਹਰ ਇਕ ਦੇ ਦਿਲ ਭਾਵਣ

ਜਦੋਂ ਹਸਨ ਮੈਮੰਦੀ ਹੋਇਆ ਮਹਿਰਮ ਵਿਚ ਦਰਬਾਰੇ
ਮਤਲਬ ਆਪਣੇ ਦੀ ਸ਼ਾਹ ਅੱਗੇ ਅਰਜ਼ ਤਮਾਮ ਗੁਜ਼ਾਰੇ

ਸ਼ਾਹੇ ਬਹੁਤ ਮਦਾਰਾ ਕਰਕੇ ਕਿਹਾ ਸੁਣ ਤੂੰ ਭਾਈ
ਏਸ ਕਿੱਸੇ ਦੀ ਦੱਸ ਅਸਾਨੂੰ ਅੱਗੇ ਕਿਸੇ ਨਾ ਪਾਈ

ਮਜਲਿਸ ਮੇਰੀ ਵਿਚ ਨਾ ਹੋਇਆ ਇਸ ਦਾ ਜ਼ਿਕਰ ਕਦਾਹੀਂ
ਨਾ ਪੜ੍ਹਿਆ ਨਾ ਸੁਣਿਆ ਡਿੱਠਾ ਕਬਜ਼ ਮੇਰੇ ਵਿਚ ਨਾਹੀਂ ।੩੨੦।

ਪਰ ਹਿੱਕ ਬੁੱਢਾ ਖ਼ਿਜ਼ਰ ਨਮੂਨਾ ਉਮਰਾਂ ਦਾ ਸੈਲਾਨੀ
ਸਾਹਿਬ ਯੁਮਨ ਕਰਾਮਤ ਵਾਲਾ ਚਿਹਰਾ ਖ਼ੂਬ ਨੂਰਾਨੀ

ਸਭ ਮੁਲਕਾਂ ਵਿਚ ਸੈਰ ਕਰੇਂਦਾ ਮੁਲਕ ਮੇਰੇ ਹੁਣ ਆਇਆ
ਝੁੱਗੀ ਪਾ ਕਿਨਾਰੇ ਬੈਠਾ ਰੱਬ ਵੱਲ ਚਿੱਤ ਲਗਾਇਆ

ਆਮਦ ਰਫ਼ਤ ਖ਼ਲਕ ਦੀ ਕੋਲੋਂ ਬੈਠਾ ਹੈ ਛੁਪ ਲੁਕ ਕੇ
ਕਰੇ ਇਬਾਦਤ ਦਿਨ ਤੇ ਰਾਤੀਂ ਨਾਲ਼ ਇਰਾਦਤ ਝੁਕ ਕੇ

ਮਤੇ ਮੁਰਾਦ ਕਰੇਗਾ ਹਾਸਿਲ ਖ਼ਿਦਮਤ ਉਸ ਦੀ ਜਾਓ
ਹਾਲ ਹਕੀਕਤ ਮਤਲਬ ਵਾਲੀ ਉਸ ਨੂੰ ਆਖ ਸੁਣਾਓ

ਸੁਣ ਕੇ ਹਸਨ ਜ਼ਬਾਨੀ ਸ਼ਾਹ ਦੀ ਲੈ ਰੁਖ਼ਸਤ ਉਠ ਧਾਇਆ
ਉਸ ਬਜ਼ੁਰਗ ਦੇ ਡੇਰੇ ਆਇਆ ਅਦਬੋਂ ਸੀਸ ਝੁਕਾਇਆ

ਅੱਗੇ ਰੱਖ ਨਿਆਜ਼ ਸ਼ੀਰੀਨੀ ਨਿਉਂ ਕੇ ਹੋਇਆ ਸਲਾਮੀ
ਪੀਰ ਤਰੁੱਠਾ ਆਖਣ ਲੱਗਾ ਮਤਲਬ ਦਸ ਤਮਾਮੀ

ਗੱਲ ਹਸਨ ਮੈਮੰਦੀ ਆਪਣੀ ਸਾਰੀ ਖੋਲ ਸੁਣਾਈ
ਔਖੇ ਵੇਲੇ ਬਹੁੜ ਓ ਪੀਰਾ ਤੇਰੀ ਧੰਨ ਕਮਾਈ

ਅੰਦਰ ਤੇਰਾ ਸ਼ੀਸ਼ਾ ਰੌਸ਼ਨ ਸਭ ਜਗ ਤਾਈਂ ਵੇਖੇ
ਹੱਲ ਕਰੋ ਇਹ ਮੁਸ਼ਕਿਲ ਮੇਰੀ ਜਿਉਂ ਜਾਣੋ ਹਰ ਲੇਖੇ

ਹਾਦੀ ਰਾਹ-ਨਮਾ ਅਸਾਨੂੰ ਕਰ ਅੱਜ ਰਾਹ ਨਮਾਈ
ਮੁਸ਼ਕਿਲ ਹੱਲ ਮੁਰਾਦਾਂ ਹਾਸਲ ਕਰੀਏ ਸ਼ੁਕਰ ਖ਼ੁਦਾਈ

ਬੁੱਢੇ ਮਰਦ ਪਈ ਦਿਲ ਸ਼ਫ਼ਕਤ ਕਹਿੰਦਾ ਸੁਣ ਤੂੰ ਹਸਨਾ
ਢੂੰਡ ਕਰੋ ਤਾਂ ਮਤਲਬ ਪਾਉ ਖ਼ਬਰ ਪਤਾ ਮੈਂ ਦਸਣਾਂ ।੩੩੦।

ਮੈਂ ਹਿੱਕ ਵਾਰੀ ਸੈਰ ਕਰੇਂਦਾ ਸ਼ਹਿਰ ਦਮਿਸ਼ਕ ਗਿਆ ਸਾਂ
ਬਾਗ਼ ਬਾਜ਼ਾਰ ਮਕਾਨ ਤਕੇਂਦਾ ਬਹੁਤੇ ਰੋਜ਼ ਰਿਹਾ ਸਾਂ

ਵੰਝ ਬੈਠਾ ਸਾਂ ਹਿਕਸ ਦਿਹਾੜੇ ਬਾਦਸ਼ਾਹੀ ਦਰਬਾਰੇ
ਅਖ਼ਬਾਰਾਂ ਦੇ ਇਲਮ ਕਲਾਮੋਂ ਜ਼ਿਕਰ ਖੁੱਲ੍ਹੇ ਸਰਕਾਰੇ

ਇਹੋ ਕਿੱਸਾ ਪੜ੍ਹਦੇ ਆਹੇ ਸੈਫ਼-ਮਲੂਕੇ ਵਾਲਾ
ਹੁਸਨ ਬਦੀਅ ਜਮਾਲ ਪਰੀ ਦਾ ਇਸ਼ਕ ਕਮਾਇਆ ਲਾਲਾ

ਉਸ ਸ਼ਾਹੇ ਦੀ ਖ਼ਿਦਮਤ ਜਾਓ ਤਾਂ ਮਤ ਮਤਲਬ ਪਾਓ
ਹਿੰਮਤ ਕਰੋ ਮੁਹੰਮਦ ਬਖਸ਼ਾ ਸਫ਼ਰੋਂ ਸੂਦ ਲੈ ਜਾਓ

ਹਸਨ ਇਹ ਖ਼ਬਰ ਮੁਬਾਰਿਕ ਸੁਣ ਕੇ ਬਹੁਤ ਦਿਲੋਂ ਖ਼ੁਸ਼ ਹੋਇਆ
ਓਸੇ ਮੁਰਸ਼ਦ ਕਾਮਿਲ ਅੱਗੇ ਅਰਜ਼ਾਂ ਕਰ ਕਰ ਰੋਇਆ

ਰਹਿਮ ਪਿਆ ਦਿਲ ਪੀਰ ਸੱਚੇ ਦੇ ਵੇਖ ਉਹਦੀ ਮਸਕੀਨੀ
ਮਿਹਰ ਕਰਨ ਦੇ ਲਾਇਕ ਡਿਠੋਸੁ ਖ਼ਾਸਾ ਮਰਦ ਯਕੀਨੀ

ਵਲੀ ਅੱਲ੍ਹਾ ਦੇ ਭਾਂਡਾ ਤੱਕ ਕੇ ਪਾਂਦੇ ਖ਼ੈਰ ਹਜ਼ੂਰੋਂ
ਜਿਹੜਾ ਪਾਕ ਗ਼ਰੂਰੋਂ ਖ਼ਾਲੀ ਸੋ ਪੁਰ ਕਰਦੇ ਨੂਰੋਂ

ਜਿਨ੍ਹਾਂ ਪੈਸਾ ਪੱਲੇ ਨਾਹੀਂ ਖ਼ਾਲੀ ਮੁੜਨ ਬਾਜ਼ਾਰੋਂ
ਨਕਦ ਨਸੀਬ ਮੁਹੰਮਦ ਬਖਸ਼ਾ ਬਿਨ ਕਿਸਮਤ ਕੀ ਦਾਰੋਂ

ਮੀਟ ਅੱਖੀਂ ਫ਼ੁਰਮਾਇਆ ਪੀਰੇ ਹਸਨ ਬਜਾ ਲਿਆਇਆ
ਡੇਰੇ ਸਣੇ ਪਲਕ ਵਿਚ ਉਸ ਨੂੰ ਸ਼ਹਿਰ ਦਮਿਸ਼ਕ ਪੁਚਾਇਆ

ਮਕੂਲਾ ਸ਼ਾਇਰ

ਇਹੋ ਹਿੰਮਤ ਮਰਦਾਂ ਵਾਲੀ ਇਹੋ ਕੰਮ ਕਰੇਂਦੀ
ਮਰਦਾਂ ਦੇ ਦਰ ਢਹਿੰਦੇ ਨਾਹੀਂ ਸ਼ਾਮਤ ਤਦ ਮਰੀਂਦੀ ।੩੪੦।

ਜਿਸ ਜਾਈ ਵਿਚ ਮਤਲਬ ਹੋਵੇ ਮਰਦ ਪੁਚਾਵਣ ਖਲਿਆਂ
ਮਿਲਣ ਮੁਰਾਦਾਂ ਮੰਗਤਿਆਂ ਨੂੰ ਮਰਦਾਂ ਦੇ ਦਰ ਮਲਿਆਂ

ਹੋਂਦੀ ਬੰਦ ਖ਼ਲਾਸ ਸ਼ਿਤਾਬੀ ਮਰਦ ਪੌਣ ਜਦ ਜ਼ਾਮਿਨ
ਧੰਨ ਨਸੀਬ ਉਹਦੇ ਜਿਸ ਫੜਿਆ ਮਰਦਾਂ ਸੰਦਾ ਦਾਮਨ

ਮਰਦ ਮਿਲੇ ਤੇ ਦਰਦ ਨਾ ਛੋੜੇ ਔਗੁਣ ਵੀ ਗੁਣ ਕਰਦਾ
ਕਾਮਿਲ ਲੋਕ ਮੁਹੰਮਦ ਬਖਸ਼ਾ ਲਅਲ ਬਨਾਣ ਪੱਥਰ ਦਾ

ਜਦੋਂ ਹਸਨ ਮੈਮੰਦੀ ਡਿੱਠਾ ਡੇਰਾ ਵਿਚ ਦਮਸ਼ਕੇ
ਲੱਗਾ ਕਰਨ ਤਲਾਸ਼ ਉਸੇ ਦੀ ਆਂਦਾ ਜਿਸਦੇ ਇਸ਼ਕੇ

ਹਰ ਚਾਰਾ ਹਰ ਤਰਲਾ ਕਰ ਕੇ ਹਿੰਮਤ ਦਾ ਕਰ ਹੀਲਾ
ਬਾਦਸ਼ਹਾਨੀ ਮਜਲਿਸ ਪਹੁਤਾ ਲੈ ਕੇ ਨਾਲ਼ ਵਸੀਲਾ

ਦੋ ਤਿੰਨ ਰੋਜ਼ ਗਿਆ ਵਿਚ ਮਜਲਿਸ ਕਰੇ ਸਲਾਮ ਸ਼ਹਾਨੇ
ਅਦਬ ਕਵਾਇਦ ਸੁਖ਼ਨ ਸਚਾਵੇਂ ਦੱਸਦਾ ਹੁਨਰ ਯਗਾਨੇ

ਜਾਂ ਕੋਈ ਰੋਜ਼ ਕਚਹਿਰੀ ਬੈਠਾ ਬਾਦਸ਼ਾਹਾਂ ਦਿਲ ਪੁੜਿਆ
ਸਭ ਵਜ਼ੀਰਾਂ ਤੇ ਉਮਰਾਵਾਂ ਨਾਲ਼ ਉਹਦੇ ਚਿੱਤ ਜੁੜਿਆ

ਵਿਚ ਹਜ਼ੂਰ ਪਸੰਦੀ ਆਵੇ ਜੋ ਗੱਲ ਕਰੇ ਜ਼ਬਾਨੋਂ
ਬਹੁਤ ਨਜ਼ੀਕੀ ਮਹਿਰਮ ਹੋਇਆ ਨੇਕ ਕਲਾਮ ਬਿਆਨੋਂ

ਹਿੱਕ ਦਿਨ ਹਾਲ ਹਕੀਕਤ ਆਪਣੀ ਅੱਵਲ ਆਖ਼ਿਰ ਤੋੜੀ
ਗੋਸ਼-ਗੁਜ਼ਾਰ ਸ਼ਾਹ ਦੇ ਕੀਤੀ ਮਤਲਬ ਦੀ ਗੱਲ ਲੋੜੀ

ਸ਼ਾਹ ਦਮਸ਼ਕੀ ਨੇ ਫ਼ੁਰਮਾਇਆ ਮਤਲਬ ਸਮਝ ਹਸਨ ਦਾ
ਹੈ ਇਹ ਕਿੱਸਾ ਪਾਸ ਅਸਾਡੇ ਨਾਹੀਂ ਹੁਕਮ ਦੱਸਣ ਦਾ ।੩੫੦।

'ਜ਼ੁਬਦਾ-ਤੁਲ-ਜਵਾਬੇ' ਅੰਦਰ ਲਿਖੀ ਇਹ ਕਹਾਣੀ
ਪਰ ਆਮਾਂ ਵਿਚ ਪੜ੍ਹਨੀ ਨਾਹੀਂ ਇਹੋ ਰਸਮ ਪੁਰਾਣੀ

ਮਾਹ ਰਮਜ਼ਾਨ ਮੁਬਾਰਿਕ ਅੰਦਰ ਕਾਰਨ ਦਿਲ ਪਰਚਾਈ
ਦੋ ਤਿਨ ਖ਼ਾਸ ਅਸੀਂ ਰਲ ਬਹਿੰਦੇ ਪੜ੍ਹਦੇ ਨਾਲ਼ ਅਦਾਈ

ਹਰ ਹਿੱਕ ਸ਼ਾਹ ਅਸਾਡਾ ਵਡਕਾ ਏਵੇਂ ਕਰਦਾ ਆਇਆ
ਪਰ ਇਹ ਕਿੱਸਾ ਜ਼ਾਹਿਰ ਕਰਨਾ ਮਨ੍ਹਾ ਉਨ੍ਹਾਂ ਫ਼ੁਰਮਾਇਆ

ਆਮਾਂ ਵਿਚ ਨਾ ਪੜ੍ਹਨਾ ਮੂਲੇ ਨਾ ਲਿਖਣਾ ਲਿਖਵਾਣਾ
ਵਹੁਟੀ ਵਾਂਗ ਸਤਰ ਵਿਚ ਰੱਖਣਾ ਨਾਹੀਂ ਕਿਸੇ ਵਿਖਾਣਾ

ਮਾਹ ਰਮਜ਼ਾਨ ਅੰਦਰ ਪੜ੍ਹ ਆਪੇ ਠੱਪ ਕੇ ਫੇਰ ਛਿਪਾਂਦੇ
ਵੱਡਿਆਂ ਦੀ ਇਹ ਸਨਦ ਕਦੀਮੀ ਨਾਹੀਂ ਅੱਜ ਗਵਾਂਦੇ

ਅਰਜ਼ ਹਸਨ ਮੈਮੰਦੀ ਕੀਤੀ ਵਿਚ ਹਜ਼ੂਰ ਸ਼ਹਾਨੇ
ਯਾ ਹਜ਼ਰਤ ਮੈਂ ਸ਼ੌਕ ਸੁਣਨ ਦਾ ਫਿਰਿਓਸੁ ਵਿਚ ਜਹਾਨੇ

ਕਿਉਂ ਮੈਂ ਪੜਦਾ ਜ਼ਾਹਿਰ ਕਰਨਾ ਕਾਹਨੂੰ ਸਤਰ ਉਠਾਣਾ
ਮਿਹਰ ਕਰੋ ਹਿੱਕ ਵਾਰ ਸੁਣਾਓ ਫਿਰ ਵਤਨ ਨੂੰ ਜਾਣਾ

ਸ਼ਾਹ ਦਮਸ਼ਕੀ ਨੇ ਫ਼ੁਰਮਾਇਆ ਮਿੱਠੀ ਨਾਲ਼ ਜ਼ੁਬਾਨੇ
'ਜ਼ਬਦਾ-ਤੁਲ-ਜਵਾਬ' ਖੁੱਲੇਗੀ ਅੰਦਰ ਮਾਹ ਰਮਜ਼ਾਨੇ

ਕਿੱਸਾ ਸੈਫ਼ ਮਲੂਕੇ ਵਾਲਾ ਤਦੋਂ ਸਣਾਸਾਂ ਤੈਨੂੰ
ਚਾਹ ਮੁਰਾਦ ਤੇਰੀ ਜਦ ਪੁਗਸੀ ਦੇਈਂ ਦੁਆਈਂ ਮੈਨੂੰ

ਜਾਸੀ ਫ਼ਿਕਰ ਅੰਦੇਸ਼ਾ ਤੇਰਾ ਲੂੰ ਲੂੰ ਖ਼ੁਸ਼ੀ ਸਮਾਸੀ
ਮੁਸ਼ਕਿਲ ਹੱਲ ਹੋਸੀ ਜਿਸ ਕਾਰਨ ਮੁਲਕੀਂ ਫਿਰੇਂ ਉਦਾਸੀ ।੩੬੦।

ਸੁਣ ਕੇ ਸੁਖ਼ਨ ਸਹੀ ਸ਼ਹਾਨੇ ਲੱਗੀ ਆਸ ਹਸਨ ਨੂੰ
ਮਾਹ ਰਮਜ਼ਾਨ ਤੱਕੇ ਜਿਉਂ ਤੱਕਦੇ ਈਦੀ ਵਾਲੇ ਚੰਨ ਨੂੰ

ਰੱਖ ਉਡੀਕ ਨਿਚਲਾ ਬੈਠਾ ਜਲਦ ਨਵੀਸ ਸਦਾਏ
ਦੌਲਤ ਖ਼ਿਲਅਤ ਬਖ਼ਸ਼ ਤਮਾਮੀ ਇੱਜ਼ਤ ਨਾਲ਼ ਵਧਾਏ

ਸੈਂਕੜਿਆਂ ਥੀਂ ਦੋ ਚੁਣ ਕੱਢੇ ਮਾਹਿਰ ਧਨੀ ਕਲਮ ਦੇ
ਖ਼ੁਸ਼ਖ਼ਤ ਬਹੁਤ ਸਹੀ ਸ਼ਿਤਾਬੀ ਉਸਤਾਕਾਰ ਰਕਮ ਦੇ

ਦੇ ਦੌਲਤ ਵਡਿਆਈ ਖ਼ਿਲਅਤ ਇਹ ਸਲਾਹ ਪਕਾਏ
ਜਾਂ ਰਮਜ਼ਾਨ ਮੁਬਾਰਿਕ ਅੰਦਰ ਸ਼ਾਹ ਕਿਤਾਬ ਸੁਣਾਏ

ਤੁਸਾਂ ਦੋਹਾਂ ਛੁਪ ਬਹਿਣਾ ਚੋਰੀ ਖ਼ਾਤਿਰ ਏਸੇ ਗੱਲ ਦੀ
ਕਿੱਸਾ ਸੈਫ਼ ਮਲੂਕੇ ਵਾਲਾ ਲਿਖ ਲੈਣਾ ਕਰ ਜਲਦੀ

ਕਾਨੂੰਗੋ ਤਸੱਲੀ ਦਿੰਦੇ ਕਾਨੀ ਪਕੜ ਬਹਾਂਗੇ
ਤੋੜੇ ਜਲਦੀ ਪੜ੍ਹੇ ਕੋਈ ਕੈਸਾ ਲਿਖ ਸਹੀ ਲਵਾਂਗੇ

ਜਾਂ ਰਮਜ਼ਾਨ ਮੁਬਾਰਿਕ ਆਇਆ ਹਸਨ ਕੀਤਾ ਸ਼ੁਕਰਾਨਾ
ਕਾਨੂੰਗੋ ਕੀਤੇ ਮੁੜ ਤਕੜੇ ਦੇ ਕਾਗ਼ਜ਼ ਸਮਿਆਨਾ

'ਜ਼ਬਦਾ-ਤੁਲ-ਜਵਾਬ' ਖੁਲ੍ਹਾਈ ਹੋਇਆ ਹੁਕਮ ਸ਼ਹਾਨਾ
ਹਿੱਕ ਹਸਨ ਮੈਮੰਦੀ ਸੱਦਿਆ ਦੋ ਤਿੰਨ ਹੋਰ ਦੀਵਾਨਾਂ

ਕਾਨੂੰਗੋ ਹਸਨ ਨੇ ਚੋਰੀ ਪੜਦੇ ਵਿਚ ਬਹਾਏ
ਆਪ ਹਜ਼ੂਰ ਸ਼ਹਾਨੇ ਬੈਠਾ ਵਕਤ ਮੁਬਾਰਿਕ ਆਏ

ਜਾਂ ਸੁਲਤਾਨ ਦਮਿਸ਼ਕ ਸ਼ਹਿਰ ਦਾ ਪੜ੍ਹਨ ਲੱਗਾ ਇਹ ਕਿੱਸਾ
ਸੁਣ ਸੁਣ ਕੰਬੇ ਰੁੱਖ ਚਮਨ ਦੇ ਲੈ ਹਾਲਤ ਦਾ ਹਿੱਸਾ ।੩੭੦।

ਸਾਬਤ ਹੋਸ਼ ਰਹੇ ਵਿਚ ਪੜਦੇ ਕਾਨੂੰਗੋ ਕਰਾਰੇ
ਅੱਵਲ ਆਖ਼ਿਰ ਤੀਕ ਕਿੱਸੇ ਦੇ ਹਰਫ਼ ਸਹੀ ਉਤਾਰੇ

ਜਾਂ ਕਿੱਸਾ ਲਿਖਵਾ ਹਸਨ ਨੇ ਕਾਬੂ ਕੀਤਾ ਚੋਰੀ
ਰੁਖ਼ਸਤ ਲੈਣ ਲੱਗਾ ਦਰਬਾਰੋਂ ਫ਼ੌਜ ਵਤਨ ਨੂੰ ਟੋਰੀ

ਉਠ ਹਸਨ ਨੂੰ ਰੁਖ਼ਸਤ ਕੀਤਾ ਸ਼ਾਹ ਦਮਿਸ਼ਕ ਸ਼ਹਿਰ ਦੇ
ਖ਼ਿਲਅਤ ਤੁਹਫ਼ੇ ਹਦੀਏ ਦਿੱਤੇ ਜੋ ਕੁੱਝ ਆਹੇ ਸਰਦੇ

ਕਿੱਸਾ ਘਿਣ ਵਤਨ ਨੂੰ ਟੁਰਿਆ ਨਾਲ਼ ਖ਼ੁਸ਼ੀ ਖ਼ੁਸ਼ਹਾਲੀ
ਮੁਹਲਤ ਅਜੇ ਨਾ ਮੁੱਕੀ ਆਹੀ ਆਨ ਦਿੱਤੀ ਉਸ ਡਾਲੀ

ਬਹੁਤ ਇਨਾਮ ਦਿੱਤੇ ਸੁਲਤਾਨੇ ਖ਼ਿਲਅਤ ਮੁਲਕ ਜਾਗੀਰਾਂ
ਹਸਨ ਮੈਮੰਦੀ ਕੀਤਾ ਅਫ਼ਸਰ ਵਿਚ ਅਮੀਰ ਵਜ਼ੀਰਾਂ

ਏਸ ਕਿੱਸੇ ਦੇ ਪਿੱਛੇ ਹੋਇਆ ਰੁਤਬਾ ਉਸ ਦਾ ਆਲੀ
ਜੇ ਕੋਈ ਰੰਜ ਮੁਸੀਬਤ ਝਾਗੇ ਕਦੀ ਤੱਕੇ ਖ਼ੁਸ਼ਹਾਲੀ

ਮਕੂਲਾ ਸ਼ਾਇਰ

ਮਰਦਾ ਹਿੰਮਤ ਹਾਰ ਨਾ ਮੂਲੇ ਮੱਤ ਕੋਈ ਕਹੇ ਨਾ ਮਰਦਾ
ਹਿੰਮਤ ਨਾਲ਼ ਲੱਗੇ ਜਿਸ ਲੋੜੇ ਪਾਏ ਬਾਝ ਨਾ ਮਰਦਾ

ਜਾਂ ਤੱਕ ਸਾਸ ਨਿਰਾਸ ਨਾ ਹੋਵੇਂ ਸਾਸ ਟੁੱਟੇ ਮੁੜ ਆਸਾ
ਢੂੰਡ ਕਰਨ ਥੀਂ ਹਟੀਂ ਨਾਹੀਂ ਹਟ ਗਿਓਂ ਤਾਂ ਹਾਸਾ

ਝੱਲ ਝੱਲ ਹਾਰ ਨਾ ਹਾਰੀਂ ਹਿੰਮਤ ਹਿਕ ਦਿਨ ਫਿਰਸੀ ਪਾਸਾ
ਭੁੱਖਾ ਮੰਗਣ ਚੜ੍ਹੇ ਮੁਹੰਮਦ ਓੜਕ ਭਰਦਾ ਕਾਸਾ

ਜਾਂ ਮਕਸੂਦ ਮੁਯੱਸਰ ਹੁੰਦਾ ਰੰਜੋਂ ਰਾਹਤ ਥੀਂਦੀ
ਯਾਦ ਨਾ ਰਹੇ ਕਜ਼ੀਆ ਕੋਈ ਜਦੋਂ ਫ਼ਰਾਗ਼ਤ ਥੀਂਦੀ ।੩੮੦।

ਬਹੁਤ ਪਸੰਦ ਕੀਤਾ ਸੁਲਤਾਨੇ ਇਹ ਮੁਬਾਰਿਕ ਕਿੱਸਾ
ਜਦੋਂ ਫ਼ਰਾਗ਼ਤ ਕਾਰੋਂ ਹੁੰਦੀ ਪੜ੍ਹ ਪੜ੍ਹ ਲੈਂਦੇ ਹਿੱਸਾ

ਛੁਟੀਓਸੁ ਹੋਰ ਕਿਤਾਬਾਂ ਕਿੱਸੇ ਏਸੇ ਦੀ ਮਸ਼ਗ਼ੂਲੀ
ਨਾ ਦਿਲ ਅੱਕੇ ਜੀਭ ਨਾ ਥੱਕੇ ਇਹੋ ਕਾਰ ਕਬੂਲੀ

ਦਾਇਮ ਵਿਰਦ ਹੋਇਆ ਸੁਲਤਾਨੇ ਪੜ੍ਹਦਾ ਸਣੇ ਵਜ਼ੀਰਾਂ
ਇਸ ਕਿੱਸੇ ਵਿਚ ਹਨ ਅਜਾਇਬ ਦਾਨਿਸ਼ ਤੇ ਤਦਬੀਰਾਂ

ਜਿਸ ਦਿਲ ਅੰਦਰ ਹੋਵੇ ਭਾਈ ਹਿਕ ਰੱਤੀ ਚਿੰਗਾਰੀ
ਇਹ ਕਿੱਸਾ ਪੜ੍ਹ ਭਾਂਬੜ ਬਣਦਾ ਨਾਲ਼ ਰੱਬੇ ਦੇ ਯਾਰੀ

ਜਾਂ ਜਾਂ ਤੀਕ ਹਯਾਤੀ ਆਹੀ ਏਸ ਆਦਿਲ ਸੁਲਤਾਨੇ
ਇਸ ਕਿੱਸੇ ਨੂੰ ਪੜ੍ਹਦਾ ਰਿਹਾ ਖ਼ਾਸੇ ਨਾਲ਼ ਧਿਆਨੇ

ਉਸੇ ਥੀਂ ਇਹ ਜ਼ਾਹਿਰ ਹੋਇਆ ਪੜ੍ਹਿਆ ਸਭ ਜ਼ਮਾਨੇ
ਸ਼ਾਲਾ ਦਰਦ ਮੁਹੱਬਤ ਵਾਲੇ ਪੜ੍ਹ ਸੁਣ ਹੋਣ ਦੀਵਾਨੇ

10. ਦਰ ਬਿਆਨੇ ਔਸਾਫ਼ ਕਿੱਸਾ ਮਜ਼ਕੂਰ ਵਾ ਔਸਾਫ਼ੇ ਸ਼ਿਅਰ-ਓ-ਕਲਾਮ
ਵਾ ਇਲਤਮਾਸ ਪੇਸ ਦਾਨਾਇਆਨੇ ਈਂ ਫ਼ਨੇ-ਸ਼ਰੀਫ਼
(ਉਪਰੋਕਤ ਕਿੱਸੇ ਦੇ ਗੁਣਾਂ ਅਤੇ ਕਾਵਿ-ਕਮਾਲਾਂ ਦਾ ਬਿਆਨ, ਅਤੇ
ਇਸ ਪਾਕ ਕਲਾ ਦੇ ਜਾਣਕਾਰਾਂ ਦੀ ਸੇਵਾ ਵਿਚ ਤਰਲਾ)

ਮੈਂ ਭੀ ਬਾਤ ਅਜਾਇਬ ਡਿੱਠੀ ਫ਼ਾਰਸਿਓਂ ਅਖ਼ਬਾਰੋਂ
ਨਾਲੇ ਅਮਰ ਹੋਇਆ ਸੀ ਸਾਦਿਰ ਮੁਰਸ਼ਦ ਦੇ ਦਰਬਾਰੋਂ

ਮੁਲਕਾਂ ਥੀਂ ਮੰਗਵਾ ਕਿਤਾਬਾਂ ਬਾਤ ਤਮਾਮੀ ਲੋੜੀ
ਚੌਹਾਂ ਕਿਤਾਬਾਂ ਦੀ ਤੱਕ ਸ਼ਾਹਦੀ ਹਿੱਕ ਹਿੰਦੀ ਕਰ ਜੋੜੀ

ਇਸ ਹਿੰਦੀ ਵਿਚ ਮਤਲਬ ਬਹੁਤੇ ਜੇਹਾ ਜੇਹਾ ਕੋਈ ਚਾਹੇ
ਪਾਵੇ ਰੱਬ ਕਬੂਲ ਮੁਹੰਮਦ ਮਰਦਾਂ ਦੀ ਦਰਗਾਹੇ

ਹਰ ਹਰ ਕਿਸਮ ਖ਼ੁਸ਼ੀ ਦੀ ਇਸ ਵਿਚ ਹਰ ਹਰ ਸਿਫ਼ਤ ਗ਼ਮਾਂ ਦੀ
ਸੁਣਨੇ ਵਾਲੇ ਪਾਵਣ ਏਥੋਂ ਖ਼ਾਹਿਸ਼ ਜਿਨ੍ਹਾਂ ਕੰਮਾਂ ਦੀ ।੩੯੦।

ਬਹੁਤੀ ਹੈ ਤਾਰੀਫ਼ ਹੁਸਨ ਦੀ ਹਾਸੀ ਬੁਰੀ ਸ਼ਕਲ ਦੀ
ਨਾਲੇ ਦਰਦ ਵਿਛੋੜੇ ਬਹੁਤੇ ਨਾਲੇ ਖ਼ੁਸ਼ੀ ਵਸਲ ਦੀ

ਆਦਮੀਆਂ ਦੇ ਰਾਹ ਤਰੀਕੇ ਜਿੰਨ ਪਰੀਆਂ ਦੇ ਨਾਲੇ
ਐਸ਼ ਖ਼ੁਸ਼ੀ ਦੇ ਸਾਜੇ ਬਾਜੇ ਦਰਦ ਦੁੱਖਾਂ ਦੇ ਚਾਲੇ

ਬਾਦਸ਼ਾਹੀ ਤਦਬੀਰਾਂ ਘਣੀਆਂ ਦੌਲਤ ਫ਼ੌਜ ਮਸਾਲੇ
ਬੁਖ਼ਲ ਸਖ਼ਾਵਤ ਜ਼ੁਲਮ ਅਦਾਲਤ ਗ਼ਫ਼ਲਤ ਸੁਰਤ ਸੰਭਾਲੇ

ਜੋਸ਼-ਓ-ਖ਼ਰੋਸ਼ ਨਦੀ ਦੇ ਬਹੁਤੇ ਟਾਪੂ ਸੈਰ ਜੰਗਲ਼ ਦੇ
ਰੁੜ੍ਹਨਾ ਤਰਨਾ ਉਡਣਾ ਢਹਿਣਾ ਜ਼ਿਕਰ ਏਥੇ ਹਰ ਗੱਲ ਦੇ

ਆਜ਼ਜ਼ੀਆਂ ਬੇਕਸੀਆਂ ਘਣੀਆਂ ਹਾਲਤ ਦੇਸ ਬਦੇਸੋਂ
ਵੇਸੋਂ ਵੇਸ ਅਜਾਇਬ ਇਸ ਵਿਚ ਕਿਆ ਭੂਰੇ ਕਿਆ ਖੇਸੋਂ

ਕੋਹ ਕਾਫ਼ਾਂ ਦੇ ਪਤੇ ਨਿਸ਼ਾਨੀ ਗ਼ਾਰਾਂ ਸ਼ਹਿਰ ਉਜਾੜਾਂ
ਕੱਲਰ ਸ਼ੋਰ ਬਗ਼ੀਚੇ ਨਾਲੇ ਮੇਵੇ ਤੇ ਫੁਲਵਾੜਾਂ

ਸ਼ੇਰ ਸ਼ਿਕਾਰ ਅਤੇ ਬੰਦ ਕੈਦਾਂ ਨਾਲੇ ਸੁਲ੍ਹਾ ਲੜਾਈ
ਸੋਗ ਵਿਆਹ ਮੁਹੰਮਦ ਬਖਸ਼ਾ ਹਰ ਗੱਲ ਇਸ ਵਿਚ ਆਈ

ਰੁਸਤਮ-ਦਸਤੀ ਹਾਲ-ਸ਼ਿਕਸਤੀ ਦਹਸ਼ਤ ਭਾਜ ਦਲੇਰੀ
ਖ਼ੌਫ਼ ਉਮੀਦ ਮੁਹੰਮਦ ਬਖਸ਼ਾ ਇਸ ਵਿਚ ਘਣੀ ਘਨੇਰੀ

ਬਾਤ ਮਿਜ਼ਾਜ਼ੀ ਰਮਜ਼ ਹੱਕਾਨੀ ਵੰਨ ਵੰਨਾਂ ਦੀ ਕਾਠੀ
'ਸਫ਼ਰ-ਉਲ-ਇਸ਼ਕ' ਕਿਤਾਬ ਬਣਾਈ ਸੈਫ਼ ਛੁਪੀ ਵਿਚ ਲਾਠੀ

ਜਿਨ੍ਹਾਂ ਤਲਬ ਕਿੱਸੇ ਦੀ ਹੋਸੀ ਸੁਣ ਕਿੱਸਾ ਖ਼ੁਸ਼ ਹੋਸਣ
ਜਿਨ੍ਹਾਂ ਜਾਗ ਇਸ਼ਕ ਦੀ ਸੀਨੇ ਜਾਗ ਸਵੇਲੇ ਰੋਸਣ ।੪੦੦।

ਸ਼ਾਇਰ ਦੀ ਅਜਮਾਇਸ਼ ਆਹੀ ਏਸ ਕਿੱਸੇ ਵਿਚ ਭਾਈ
ਹਰ ਰੰਗੋਂ ਖ਼ੁਸ਼ ਸੁਖ਼ਨ ਸੁਣਾਵੇ ਤਾਂ ਉਸ ਦੀ ਦਾਨਾਈ

ਖ਼ੁਸ਼ੀਆਂ ਅੰਦਰ ਓਹੋ ਜੇਹਾ ਵਾਹ ਦਰਦਾਂ ਦਿਲ ਢਾਇਆ
ਸਿਫ਼ਤ ਕੁਸਿਫ਼ਤ ਅੰਦਰ ਫ਼ਰਮਾਵੇ ਸੁਖ਼ਨੋਂ ਸੁਖ਼ਨ ਸਵਾਇਆ

ਜੰਗ ਲੜਾਈਆਂ ਕਾਂਗਾਂ ਅੰਦਰ ਗਜ ਕੜਕ ਕੇ ਆਵੇ
ਸਫ਼ਰ ਵਤਨ ਤੇ ਮਾਤਮ ਸੋਗੋਂ ਪੂਰੇ ਸੁਖ਼ਨ ਸੁਣਾਵੇ

ਹਰ ਹਰ ਫ਼ਨ ਹੁਨਰ ਵਿਚ ਹੋਵੇ ਮਾਹਿਰ ਤੇ ਯਕ-ਫ਼ੱਨੀ
ਲੁਤਫ਼ ਖ਼ੁਦਾਈ ਨਾਲ਼ ਅਤਾਈ ਤਾਂ ਉਹ ਹੁੰਦਾ ਸੁੱਨੀ

ਲੁਗ਼ਤਾਂ ਵਰਤਣ ਵਿਚ ਲਿਆਵੇ ਮਾਅਨੇ ਵਿਚ ਅਜਾਇਬ
ਲੇਕਿਨ ਕਿਸੇ ਮਾਲੂਮ ਨਾ ਹੋਵਣ ਹਰ ਹਰ ਨਜ਼ਰੋਂ ਗ਼ਾਇਬ

ਕਿੱਸੇ ਹੋਰ ਕਿਸੇ ਦੇ ਅੰਦਰ ਦਰਦ ਆਪਣੇ ਕੁੱਝ ਹੋਵਣ
ਬਿਨ ਪੀੜਾਂ ਤਾਸੀਰਾਂ ਨਾਹੀਂ ਬੇਪੀੜੇ ਕਦ ਰੋਵਣ

ਦਰਦ ਲੱਗੇ ਤਾਂ ਹਾਏ ਨਿਕਲੇ ਕੋਈ ਕੋਈ ਰਹਿੰਦਾ ਜਰ ਕੇ
ਦਿਲਬਰ ਆਪਣੇ ਦੀ ਗੱਲ ਕੀਜੇ ਹੋਰਾਂ ਨੂੰ ਮੂੰਹ ਧਰ ਕੇ

ਜਿਸ ਵਿਚ ਗੁੱਝੀ ਰਮਜ਼ ਨਾ ਹੋਵੇ ਦਰਦਮੰਦਾਂ ਦੇ ਹਾਲੋਂ
ਬਿਹਤਰ ਚੁੱਪ ਮੁਹੰਮਦ ਬਖਸ਼ਾ ਸੁਖ਼ਨ ਅਜੇਹੇ ਨਾਲੋਂ

ਜੋ ਸ਼ਾਇਰ ਬੇਪੀੜਾ ਹੋਵੇ ਸੁਖ਼ਨ ਉਹਦੇ ਭੀ ਰੁੱਖੇ
ਬੇਪੀੜੇ ਥੀਂ ਸ਼ਿਅਰ ਨਾ ਹੁੰਦਾ ਅੱਗ ਬਿਨ ਧੂੰ ਨਾ ਧੁੱਖੇ

ਵੇਖੋ ਵੇਖੀ ਬੈਂਤ ਬਣਾਵਣ ਸ਼ਿਅਰੋਂ ਖ਼ਬਰ ਨਾ ਪਾਵਣ
ਏਸ ਤਰ੍ਹਾਂ ਤੇ ਸਿਫ਼ਤਾਂ ਸਿੱਠਾਂ ਬਹੁਤੇ ਡੂਮ ਬਣਾਵਣ ।੪੧੦।

ਰੱਵੀ ਰਦੀਫ਼ੋਂ ਨਾਮ ਨਾ ਜਾਨਣ ਕਾਫਿਓਂ ਬੁੱਧ ਨਾ ਕਾਈ
ਵਜ਼ਨ ਬਰਾਬਰ ਟੁੱਟਦਾ ਜੁੜਦਾ ਸਨਅਤ ਰਸਮ ਨਾ ਭਾਈ

ਸੁਖ਼ਨ ਭਲਾ ਜੋ ਦਰਦੋਂ ਭਰਿਆ ਬਿਨ ਦਰਦਾਂ ਕੁੱਝ ਨਾਹੀਂ
ਨੜਾਂ ਕਮਾਦਾਂ ਫ਼ਰਕ ਰਹੋ ਦਾ ਕੀਹ ਕਾਨੇ ਕਿਆ ਕਾਹੀਂ

ਦਰਦਮੰਦਾਂ ਦੇ ਸੁਖ਼ਨ ਮੁਹੰਮਦ ਦੇਣ ਗਵਾਹੀ ਹਾਲੋਂ
ਜਿਸ ਪੱਲੇ ਫੁਲ ਬੱਧੇ ਹੋਵਣ ਆਵੇ ਬੂ ਰੁਮਾਲੋਂ

ਹਿੱਕ ਇਲਮ ਦੇ ਜ਼ੋਰੋਂ ਕਰਦੇ ਉਹ ਭੀ ਜ਼ਾਹਿਰ ਦਿਸਦਾ
ਜਿਸ ਪਰ ਹੋਏ ਅਤਾ ਇਲਾਹੀ ਸੁਖ਼ਨ ਨਾ ਛਪਦਾ ਤਿਸਦਾ

ਦਾਨਸ਼ਮੰਦ ਪਛਾਣ ਕਰੇਂਦੇ ਆਮਾਂ ਸਾਰ ਨਾ ਭਾਈ
ਲੱਕੜ ਹਾਰੇ ਲੈਣ ਬਜ਼ਾਰੋਂ ਜੋ ਸਸਤੀ ਮਠਿਆਈ

ਮੈਂ ਭੀ ਵਿਚੋਂ ਐਬੀਂ ਭਰਿਆ ਦਸਾਂ ਹੁਨਰ ਜ਼ਬਾਨੋਂ
ਅੱਖੀਂ ਵਾਲੇ ਐਬ ਛੁਪਾਓ ਕਰਾਂ ਸਵਾਲ ਤੁਸਾਨੂੰ

ਭਾਈ ਦੀ ਫ਼ਰਮਾਇਸ਼ ਮੰਨੀ ਜੋ ਆਇਆ ਸੋ ਕਿਹਾ
ਸੁਖ਼ਨ ਕਰਨ ਦੇ ਲਾਇਕ ਕਿੱਥੇ ਮੈਂ ਬੇ ਇਲਮ ਅਜਿਹਾ

ਭਾਈ ਲਫ਼ਜ਼ ਬੁਲਾਇਆ ਜਿਥੇ ਹੋਗ ਮੁਖ਼ਾਤਿਬ ਭਾਈ
ਭਾਈ ਸੋ ਜੋ ਭਾ ਕਰੇਸੀ ਕੰਮ ਵੱਡਿਆਂ ਵਡਿਆਈ

11. ਦਰ ਬਿਆਨ ਮੱਦਹ ਉਸਤਾਦ ਵਾ ਇਲਤਿਮਾਸ ਪੇਸ਼ੇ ਏਸ਼ਾਂ ਕਿ
ਕਿੱਸਾ ਰਾ ਇਸਲਾਹ ਦਿਹੰਦ
(ਉਸਤਾਦ ਸਾਹਿਬ ਦੀ ਮੱਦਹ ਤੇ ਨਾਲੇ ਓਹਨਾਂ ਅੱਗੇ ਤਰਲਾ
ਕਿ ਮੇਰਾ ਕਲਾਮ ਸੋਧਣ)

ਹਾਫ਼ਿਜ਼ ਆਲਿਮ ਫ਼ਾਜ਼ਿਲ ਸੂਫ਼ੀ ਸਾਲਿਕ ਰਾਹ ਹਿਦਾਇਤ
ਦਾਇਮ ਮਸਤ ਮੁਹੱਬਤ ਅੰਦਰ ਆਰਿਫ਼ ਅਹਿਲ ਵਲਾਇਤ

ਖ਼ਾਸ ਗ਼ੁਲਾਮ ਇਮਾਮ ਵੱਡੇ ਦੇ ਸਾਹਿਬ ਮੇਰੇ ਸਿਰ ਦੇ
ਹੈ ਉਹ ਖ਼ਾਕ ਅਸਾਡਾ ਸੁਰਮਾ ਜਿਸ ਰਸਤੇ ਪਰ ਫਿਰ ਦੇ ।੪੨੦।

ਮੈਂ ਸ਼ਾਗਿਰਦ ਨਿਕਾਰੇ ਉਤੇ ਨਜ਼ਰ ਮਿਹਰ ਦੀ ਤੱਕਣ
ਇਸ ਨੁਸਖ਼ੇ ਦਾ ਕਰਨ ਮੁਤਾਲਿਅ ਦੇਣ ਸਲਾਹ ਨਾ ਅੱਕਣ

ਸੱਚੇ ਮਰਦ ਨਿਗਾਹ ਕਰਮ ਦੀ ਨਾਮ ਅੱਲ੍ਹਾ ਦੇ ਪਾਇਓ
ਔਗੁਣਹਾਰੇ ਦੇ ਲੱਖ ਔਗੁਣ ਪੱਲਾ ਦੇ ਛੁਪਾਇਓ

ਜੇਹੇ ਭਾਂਡੇ ਤੇਹੇ ਆਵਾਜ਼ੇ ਕਿਆ ਨੀਵੇਂ ਕਿਆ ਉੱਚੇ
ਮੈਂ ਹਾਂ ਨਾਲ਼ ਪਲੀਤੀ ਭਰਿਆ ਸੁਖ਼ਨ ਹੋਵਣ ਕਦ ਸੁੱਚੇ

ਸੁਖ਼ਨ ਮੇਰੇ ਚਾ ਪਾਕ ਬਣਾਵਣ ਹੈ ਤੌਫ਼ੀਕ ਆਜ਼ਾਦਾਂ
ਚੂਹੜੇ ਦਾ ਪੁੱਤ ਮੋਮਿਨ ਹੁੰਦਾ ਜਾਂ ਮਿਲਦਾ ਉਸਤਾਦਾਂ

ਸ਼ਿਅਰ ਮੇਰੇ ਪਰ ਕਰੋ ਨਿਗਾਹਾਂ ਪਾਰਸ ਨਜ਼ਰ ਜਿਨ੍ਹਾਂ ਦੀ
ਤੋੜੇ ਪੱਥਰ ਸੁਖ਼ਨ ਬੰਦੇ ਦੇ ਕਰਿਓ ਸੋਨਾ ਚਾਂਦੀ

ਉਹ ਖ਼ਤਾ ਏ ਮੇਰੀ ਭਾਈ ਜੋ ਜੋ ਬਾਤ ਅਵੱਲੀ
ਜੋ ਸਭ ਗੱਲ ਸਚਾਵੀਂ ਲਿੱਖੀ ਪੀਰ ਸੱਚੇ ਦੀ ਘੱਲੀ

ਵੇਖ ਅਲਗ਼ੋਜ਼ਾ ਸੁੱਕੀ ਲੱਕੜੀ ਅੱਗੇ ਬਾਲਣ ਵਾਲੀ
ਹਰ ਹਰ ਜਾਈ ਰਖ਼ਨਾ ਮੋਰੀ ਅੰਦਰ ਸਾਰਾ ਖ਼ਾਲੀ

ਜਾਂ ਮਰਦੇ ਮੂੰਹ ਲਾਇਆ ਭਾਈ ਕੱਜ ਲਈ ਹਰ ਮੋਰੀ
ਨੇਕ ਅਨੇਕ ਆਵਾਜ਼ੇ ਨਿਕਲੇ ਫੂਕ ਜਦੋਂ ਵਿਚ ਟੋਰੀ

ਸਾਰੰਗੀਓਂ ਤੱਕ ਹਾਲ ਅਸਾਡਾ ਖ਼ੁਸ਼ਕ ਲੱਕੜ ਕਿਸ ਕੰਮ ਦੀ
ਵਿਚੋਂ ਭੁੱਗੀ ਬਾਹਰੋਂ ਡੁੰਗੀ ਕੱਜੀ ਕੱਚੇ ਚੰਮ ਦੀ

ਕਿੱਲੀਆਂ ਮੂੰਹ ਤੇ ਲੱਗੀਆਂ ਹੋਈਆਂ ਛੇਕ ਪਏ ਹਰ ਜਾਈ
ਵਾਰਾਂ ਗਾਣ ਲੱਗੀ ਜਦ ਯਾਰਾਂ ਤਾਰਾਂ ਚਾੜ੍ਹ ਵਜਾਈ ।੪੩੦।

ਬੇ-ਸੁਰ ਬੋਲੇ ਤਾਂ ਬੋਲ ਉਸ ਦਾ ਮੂਲੋਂ ਸ਼ੋਰ ਨਾ ਭਾਵੇ
ਚੁੱਪ ਕਰਾਵੇ ਕੰਨ ਮਰੋੜੇ ਫੇਰ ਸੁਰਾਂ ਪਰ ਲਿਆਵੇ

ਯਾਰ ਬੁਲਾਈ ਸਰਪਰ ਬੋਲੀ ਹਰ ਗੁਣੀ ਮਨ ਭਾਣੀ
ਜਿਸ ਉਹ ਰੰਗ ਹਵਾ ਨਾ ਪਾਈ ਕਦ ਉਸ ਬਾਤ ਪਛਾਣੀ

ਅੰਦਰ ਖ਼ਾਲੀ ਤੇ ਮੂੰਹ ਕਾਲ਼ਾ ਤਬਲਾ ਚੰਮ ਕੱਚੇ ਦਾ
ਪੱਕੇ ਬੋਲ ਸੁਣਾਂਦਾ ਜਾਂਦਾ ਜਾਂ ਸਿਰ ਹੱਥ ਸੱਚੇ ਦਾ

ਇਤਨੀ ਰਮਜ਼ ਪਛਾਣੋਂ ਯਾਰੋ ਬਹੁਤ ਕਹਾਂ ਕੀ ਗੱਲਾਂ
ਮੈਂ ਕਰਿਓਂ ਹੱਥ ਵਾਂਗ ਬਲੋਚੇ ਜਿਧਰ ਚਲਾਵੇ ਚੱਲਾਂ

12. ਇਲਤਿਮਾਸ ਪੇਸ਼ੇ ਖ਼ਾਨਿੰਦਗਾਨ ਵਾ ਨਵੀਸਿੰਦਗਾਨ ਵਾ
ਸ਼ੁਨਿੰਦਗਾਨ ਕਿ ਪਰਦਾ ਪੋਸ਼ੀ ਕੁਨੰਦਾ
(ਕਿੱਸਾ ਪੜ੍ਹਨ ਲਿਖਣ ਤੇ ਸੁਣਨ ਵਾਲਿਆਂ ਅੱਗੇ ਪਰਦਾ
ਪੋਸ਼ੀ ਲਈ ਤਰਲਾ)

ਦਾਨਿਸ਼ਮੰਦੋ ਸੁਣੋ ਤਮਾਮੀ ਅਰਜ਼ ਫ਼ਕੀਰ ਕਰੇਂਦਾ
ਆਪੂੰ ਚੰਗਾ ਜੇ ਕੋਈ ਹੋਵੇ ਹਰ ਨੂੰ ਭਲਾ ਤਕੇਂਦਾ

ਤੱਕ ਤੱਕ ਐਬ ਨਾ ਕਰਦੇ ਵਾਂਦੇ ਚੰਗੇ ਲੋਕ ਕਦਾਹੀਂ
ਨੁਕਤਾ-ਚੀਨੀ ਫ਼ਿਤਨਾ-ਦੋਜ਼ੀ ਭਲਿਆਂ ਦਾ ਕੰਮ ਨਾਹੀਂ

ਐਬੋਂ ਪਾਕ ਖ਼ੁਦਾਵੰਦ ਆਪੂੰ ਕੌਣ ਕਿਸੇ ਨੂੰ ਆਖੇ
ਕਾਹਨੂੰ ਗੱਲ ਕਿਸੇ ਦੀ ਕਰਨੀ ਮੈਂ ਭੀ ਸ਼ਾਇਰ ਭਾਖੇ

ਮੇਰੇ ਨਾਲੋਂ ਹਰ ਕੋਈ ਬਿਹਤਰ ਮੈਂ ਈਂ ਨੀਚ ਇਆਣਾ
ਥੋੜਾ ਬਹੁਤਾ ਸ਼ਿਅਰ ਸੁਖ਼ਨ ਦਾ ਘਾਟਾ ਵਾਧਾ ਜਾਣਾਂ

ਜਿੱਥੇ ਜਿੱਥੇ ਘਾਟਾ ਵਾਧਾ ਜੇ ਮੈਂ ਉਂਗਲ ਧਰਦਾ
ਅਹਿਮਦ ਯਾਰ ਮੁਸੱਨਿਫ਼ ਵਾਂਗਰ ਨਾ ਕੋਈ ਮਾਲਮ ਕਰਦਾ

ਥੋੜੀ ਬਹੁਤੀ ਤੁਹਮਤ ਕੋਲੋਂ ਕੌਣ ਕੋਈ ਬਚ ਰਹਿੰਦਾ
ਪਰ ਮੈਂ ਆਪੂੰ ਔਗੁਣਹਾਰਾ ਦੂਸਰਿਆਂ ਨਹੀਂ ਕਹਿੰਦਾ ।੪੪੦।

ਪੜਦਾ ਪੋਸ਼ੀ ਕੰਮ ਫ਼ਕਰ ਦਾ ਮੈਂ ਤਾਲਿਬ ਫ਼ੁਕਰਾਵਾਂ
ਐਬ ਕਿਸੇ ਦੇ ਫੋਲ ਨਾ ਸਕਾਂ ਹਰ ਇਕ ਥੀਂ ਸ਼ਰਮਾਵਾਂ

ਜਿਸ ਨੂੰ ਇਸ਼ਕ ਕਿਸੇ ਦਾ ਹੋਵੇ ਤਿਸ ਦੇ ਐਬ ਨਾ ਦਿਸਦੇ
ਸੁਖ਼ਨਾਂ ਦੇ ਜੋ ਆਸ਼ਿਕ ਬੰਦੇ ਐਬ ਨਾ ਢੂੰਡਣ ਉਸ ਦੇ

ਕਰਮ ਕਰੋ ਤੇ ਐਬ ਛੁਪਾਓ ਪੜ੍ਹੋ ਸੰਭਾਲਾ ਕਰ ਕੇ
ਡੂੰਘੀ ਨਜ਼ਰੇ ਮੁੜ ਮੁੜ ਬੁਝੋ ਲੰਘ ਨਾ ਜਾਓ ਤਰ ਕੇ

ਨਾ ਸ਼ੇਖ਼ੀ ਵਡਿਆਈ ਕੋਈ ਝੋਲ ਅੱਡੀ ਕੁਝ ਪਾਓ
ਜੇ ਕੋਈ ਸਹਵ ਖ਼ਤਾਈ ਹੋਵੇ ਬਖ਼ਸ਼ੋ ਤੇ ਬਖ਼ਸ਼ਾਓ

ਮੈਂ ਭੁੱਲਾ ਤੇ ਤੁਸੀਂ ਨਾ ਭੁੱਲੋ ਸਮਝ ਬਣਾਓ ਮਾਅਨੇ
ਚਲਦੇ ਘੋੜੇ ਨੂੰ ਮੱਤ ਮਾਰੋ ਚਾਬਕ ਮਿਹਣੇ ਤਾਅਨੇ

ਸੁਣਿਆ ਮੈਂ ਜਦ ਹਸ਼ਰ ਦਿਹਾੜੇ ਨੇਕਾਂ ਲੇਖਾ ਪੜਸੀ
ਬੁਰਿਆਂ ਨੂੰ ਰੱਬ ਨੇਕਾਂ ਪਿੱਛੇ ਬਖ਼ਸ਼ ਜੰਨਤ ਵਿਚ ਖੜਸੀ

ਸੁਖ਼ਨਾਂ ਵਿਚ ਤੁਸੀਂ ਭੀ ਜੇ ਕਰ ਵੇਖੋ ਸੁਖ਼ਨ ਅਵੱਲਾ
ਖ਼ਲਕ ਖ਼ੁਦਾਈ ਕਰ ਕੇ ਕੱਜੋ ਘੱਤ ਸ਼ਰਮ ਦਾ ਪੱਲਾ

ਸੈਂਕੜਿਆਂ ਥੀਂ ਜੇ ਹਿੱਕ ਆਵੇ ਬੈਂਤ ਪਸੰਦ ਤੁਸਾਨੂੰ
ਇਸ ਹਿੱਕ ਚੰਗੇ ਪਿੱਛੇ ਬਖ਼ਸ਼ੋ ਸਾਰੇ ਮੰਦ ਅਸਾਨੂੰ

ਸ਼ਿਅਰ ਮੇਰੇ ਇਸ ਮੁਲਕ ਆਪਣੇ ਵਿਚ ਮੂਲ ਨਾ ਪਾਂਦੇ ਕੀਮਤ
ਦੂਰ ਦੁਰਾਡੇ ਜਿਸ ਨੂੰ ਲੱਭਣ ਜਾਣੇ ਬਹੁਤ ਗ਼ਨੀਮਤ

ਕੇਸਰ ਸਸਤਾ ਹੈ ਕਸ਼ਮੀਰੇ ਪੁੱਛੋ ਮੁੱਲ ਲਹੌਰੋਂ
ਮੇਵਾ ਤੇ ਬਾਦਾਮ ਮੁਹੰਮਦ ਸਸਤੇ ਮਿਲਣ ਪਸ਼ੌਰੋਂ ।੪੫੦।

ਕਰੇ ਸਵਾਲ ਫ਼ਕੀਰ ਮੁਹੰਮਦ ਪੜ੍ਹਨੇ ਵਾਲੇ ਤਾਈਂ
ਰੌਣਕ ਖੜੀਂ ਨਾ ਸ਼ਿਅਰ ਮੇਰੇ ਦੀ ਨਾਲ਼ ਅਦਾ ਸੁਣਾਈਂ

ਬਾਝ ਅਦਾ ਆਵਾਜ਼ ਰਸੀਲੇ ਲਗਦਾ ਸ਼ਿਅਰ ਅਲੂਣਾ
ਦੁੱਧ ਅੰਦਰ ਜੇ ਖੰਡ ਰਲਾਈਏ ਮਿੱਠਾ ਹੁੰਦਾ ਦੂਣਾ

ਜੀ ਨੂੰ ਫਿੱਕਾ ਕਰ ਕੇ ਪੜ੍ਹਿਆਂ ਲੱਜ਼ਤ ਕੁੱਝ ਨਾ ਰਹਿੰਦੀ
ਜਿਸਦੇ ਬੇਟੇ ਨੂੰ ਕੋਈ ਮਾਰੇ ਕਦ ਉਸ ਦੀ ਜਿੰਦ ਸਹਿੰਦੀ

ਜਿਉਂ ਕਰ ਬੇਟੇ ਤੁਸਾਂ ਪਿਆਰੇ ਤਿਵੇਂ ਬੈਂਤ ਅਸਾਨੂੰ
ਬੇਟੇ ਨੂੰ ਕੋਈ ਉਂਗਲ ਲਾਏ ਲਗਦੇ ਬੈਂਤ ਤੁਸਾਨੂੰ

ਦੁਸ਼ਮਣ ਵਾਂਗ ਦਿੱਸੇ ਉਹ ਸਾਨੂੰ ਜੇ ਕੋਈ ਬੈਂਤ ਤਰੋੜੇ
ਬੇਟੇ ਨਾਜ਼ਕ ਲਾਲ ਸੁੰਦਰ ਦੇ ਐਵੇਂ ਕੰਨ ਮਰੋੜੇ

ਰੱਬਾ ਦੇਈਂ ਪਨਾਹ ਉਨ੍ਹਾਂ ਥੀਂ ਜੋ ਐਸੇ ਕੰਮ ਕਰਦੇ
ਸੇਮ ਸੱਚੇ ਦਾ ਸਿਤਮ ਬਣਾਵੁਣ ਉਮਦਾ ਨੇ ਗ਼ਮ ਕਰਦੇ

ਸ਼ੁਕਰ ਅਲਹਮਦ ਖ਼ੁਦਾਵੰਦ ਤਾਈਂ ਬਾਹਰ ਹੱਦ ਸ਼ੁਮਾਰੋਂ
ਇਹ ਫ਼ਰਮਾਇਸ਼ ਪੂਰੀ ਹੋਈ ਵਿਹਲ ਲੱਧੀ ਸਿਰ ਭਾਰੋਂ

ਗੱਦੀ ਵਾਲੇ ਦੇ ਨਾਂ ਉੱਤੇ ਨੁਸਖ਼ਾ ਇਹ ਬਣਾਇਆ
ਸਿਲਾ ਸੁਖ਼ਨ ਦਾ ਪਾਇਆ ਲੋੜਾਂ ਹਰ ਕੋਈ ਦੇਂਦਾ ਆਇਆ

ਸ਼ਾਇਰ ਉੱਤੇ ਰਹੇ ਹਮੇਸ਼ਾ ਸ਼ਾਹ ਫ਼ਰਮਾਇਸ਼ ਕਰਦੇ
ਪਰ ਜਾਂ ਵਾਰ ਸਿਲੇ ਦੀ ਆਵੇ ਦੇ ਦੌਲਤ ਘਰ ਭਰਦੇ

ਅਗਲੇ ਸ਼ਿਅਰ ਬਣਾਵਣ ਵਾਲੇ ਆਹੇ ਮਰਦ ਆਜ਼ਾਦੇ
ਸਿੱਲਾ ਸੁਖ਼ਨ ਦਾ ਕਿਸੇ ਨਾ ਸੁੱਟਿਆ ਜੋ ਬਖ਼ਸ਼ਣ ਸ਼ਹਿਜ਼ਾਦੇ ।੪੬੦।

ਹਿਕ ਹਿਕ ਸੁਖ਼ਨ ਮੇਰੇ ਦੀ ਕੀਮਤ ਪਾਉ ਨਾਲ਼ ਇਨਸਾਫੇ
ਦਿਓ ਦੁਆਈਂ ਜੇ ਮੈਂ ਖੋਟਾ ਅੱਗੇ ਤਰਾਂ ਸਰਾੱਫ਼ੇ

ਉਮੱਤ ਆਪਣੀ ਵਿਚ ਰਲਾਏ ਪਾਕ ਰਸੂਲ ਬੰਦੇ ਨੂੰ
ਹਜ਼ਰਤ ਮੁਰਸ਼ਦ ਦਮੜੀ ਵਾਲਾ ਕਰੇ ਕਬੂਲ ਬੰਦੇ ਨੂੰ

ਸੰਨ ਮੁਕੱਦਸ ਹਿਜਰੀ ਦੱਸਾਂ ਬਾਰਾਂ ਸੈ ਸੱਤ ਦਾਹੇ
ਸੱਤ ਅਤੇ ਦੋ ਹੋਰ ਮੁਹੰਮਦ ਉਪਰ ਇਸ ਥੀਂ ਆਹੇ

ਮਾਹ ਰਮਜ਼ਾਨ ਮੁਬਾਰਿਕ ਅੰਦਰ ਵਕਤ ਬਹਾਰ ਗੁਲਾਬੀ
'ਸਫ਼ਰ-ਉਲ-ਇਸ਼ਕ' ਮੁਕਾਈ ਮੌਲਾ ਹੋਇਓਸੁ ਫ਼ਜ਼ਲ ਜਨਾਬੀ

ਉਮਰ ਮੁਸੱਨਿਫ਼ ਦੀ ਤਦ ਆਹੀ ਤਿੰਨ ਦਾਹੇ ਤਿੰਨ ਯੱਕੇ
ਭੈਣ ਵੱਡੀ ਫ਼ੁਰਮਾਂਦੀ ਇਹੋ ਪਤੇ ਰੱਬ ਨੂੰ ਪੱਕੇ

ਜਿਹਲਮ ਘਾਟੋਂ ਪਰਬਤ ਪਾਸੇ ਮੀਰ ਪੁਰੇ ਥੀਂ ਦੱਖਣ
'ਗੜ੍ਹੀ ਮਲਕ' ਵਿਚ ਲੋੜਨ ਜਿਹੜੇ ਤਲਬ ਬੰਦੇ ਦੀ ਰੱਖਣ

ਪੜ੍ਹਨੇ ਸੁਣਨੇ ਵਾਲੇ ਭਾਈ ਸ਼ੌਕ ਦੇਵੇ ਰੱਬ ਸਾਈਂ
ਬਰਾ ਖ਼ੁਦਾਈ ਮੈਂ ਪਰ ਆਖੋ ਫ਼ਾਤਿਹਾ ਖ਼ੈਰ ਦੁਆਈਂ

ਹਰ ਵਿਚ ਹਰ ਦਾ ਸਿੱਰ ਨਿਆਰਾ ਮਤੇ ਕਿਸੇ ਦੀ ਮੰਨੇ
ਬੇੜੇ ਚਾੜ੍ਹ ਨਬੀ ਦੇ ਮੈਨੂੰ ਤਾਰ ਲਗਾਵੇ ਬੰਨੇ

ਮੈਂ ਸ਼ੁਹਦਾ ਮਰ ਖ਼ਾਕ ਰਲੀਸਾਂ ਝੱਲ ਹਿਜਰ ਦੀ ਕਾਨੀ
ਜੇ ਰੱਬ ਸੱਚੇ ਰੌਸ਼ਨ ਕੀਤੇ ਰਹਿਸਨ ਸੁਖ਼ਨ ਨਿਸ਼ਾਨੀ

ਜਿਓਂ ਕਰ ਪੁੱਤ ਤੁਸਾਡੇ ਭਾਈ ਦੇਸਣ ਜੇ ਕੁੱਝ ਸਰਸਣ
ਮਾਉ ਪਿਓ ਦੀ ਕਬਰੇ ਉੱਤੇ ਹੱਥ ਖੁੱਲੇ ਵੰਝ ਕਰਸਨ ।੪੭੦।

ਆਪੋ ਆਪਣੇ ਵਿਰਤੇ ਉੱਤੇ ਕਦਮ ਅਗੇਰੇ ਧਰ ਸਨ
ਖ਼ਬਰ ਨਹੀਂ ਇਹ ਸੁਖ਼ਨ ਮੁਹੰਮਦ ਤਰ ਸਨ ਯਾ ਨਾ ਤਰ ਸਨ

13. ਦਰ ਬਿਆਨ ਹਜ਼ਰਤ ਪੀਰ ਰੌਸ਼ਨ ਜ਼ਮੀਰ
ਕੁਦਸ ਅੱਲਾ ਸਰੱਉਲ-ਅਜ਼ੀਜ਼
(ਹਜ਼ਰਤ ਪੀਰ ਰੌਸ਼ਨ ਜ਼ਮੀਰ ਦੇ ਬਿਆਨ ਵਿਚ,
ਰੱਬ ਉਨ੍ਹਾਂ ਦੇ ਉੱਚਤਮ ਭੇਦਾਂ ਨੂੰ ਪਵਿੱਤਰ ਕਰੇ)

ਕੌਣ ਬੰਦੇ ਨੂੰ ਯਾਦ ਕਰੇਸੀ ਢੂੰਡੇ ਕੌਣ ਕਬਰ ਨੂੰ
ਕਿਸ ਨੂੰ ਦਰਦ ਅਸਾਡਾ ਹੋਸੀ ਰੋਗ ਨਾ ਰੰਡੇ ਵਰ ਨੂੰ

ਰੂਹ ਦਰੂਦ ਘਿਣ ਸਭ ਜਾਸਨ ਆਪੋ ਆਪਣੇ ਘਰ ਨੂੰ
ਤੇਰਾ ਰੂਹ ਮੁਹੰਮਦ ਬਖਸ਼ਾ ਤਕਸੀ ਕਿਹੜੇ ਦਰ ਨੂੰ

ਨਾ ਘਰ ਚਾੜ੍ਹੇ ਨਾ ਸੁਖ ਡਿਠੇ ਨਾ ਕੁੱਝ ਖੱਟੀ ਖੱਟੀ
ਨਹੀਂ ਕਿਸੇ ਵੱਲ ਲਹਿਣਾ ਕੋਈ ਨਾ ਛੱਡ ਚਲੇ ਤਰੱਟੀ

ਜੋ ਕੁੱਝ ਆਇਆ ਸੋ ਮੂੰਹ ਪਾਇਆ ਤਲੀ ਰਕਾਬੀ ਚਿੱਟੀ
ਖ਼ਾਲੀ ਹੱਥ ਮੁਹੰਮਦ ਬਖਸ਼ਾ ਟੁਰੀ ਨਿਕਾਰੀ ਲੱਟੀ

ਅਨਸ ਔਲਾਦ ਤੁਸਾਡੀ ਭਾਈ ਪੜ੍ਹਸਣ ਬੈਠ ਕਬਰ ਤੇ
ਅਠਵੇਂ ਰੋਜ਼ ਦੇਵਣਗੇ ਗੁੱਲੀ ਜੋ ਕੁੱਝ ਘਰ ਵਿਚ ਵਰਤੇ

ਮੈਨੂੰ ਹੋਰ ਨਹੀਂ ਕੋਈ ਪਾਸਾ ਆਸਾ ਕਿਸ ਦੇ ਘਰ ਤੇ
ਜਾਸੀ ਰੂਹ ਮੁਹੰਮਦ ਬਖ਼ਸ਼ਾ ਪੀਰ ਸੱਚੇ ਦੇ ਦਰ ਤੇ

14. ਕਲਮਾ ਚੰਦ ਦਰ ਬਿਆਨੇ ਔਸਾਫ਼ੇ ਇਸ਼ਕ ਵਾ ਆਸ਼ਿਕ
ਵਾ ਹਲਵਾਤੇ ਅਹਿਲੇ-ਸੋਜ਼-ਓ-ਗੱਦਾਜ ਵਾ ਮਹਰਮੇ ਰਾਜ਼
(ਇਸ਼ਕ ਤੇ ਆਸ਼ਿਕ ਦੇ ਗੁਣਾਂ ਬਾਰੇ ਚੰਦ ਕਲਮੇ)

ਸਦਾ ਸੁਖਾਲੇ ਉਹੋ ਭਾਈ ਇਸ਼ਕ ਜਿਹਨਾਂ ਘੱਟ ਆਇਆ
ਮਰਹਮ ਫੱਟ ਉਨ੍ਹਾਂ ਦੇ ਭਾਣੇ ਹਿਕੋ ਜਿਹਾ ਸੁਖਾਇਆ

ਤਾਜ ਤਖ਼ਤ ਸੁਲਤਾਨੀ ਤਜ ਕੇ ਠੂਠਾ ਫੜਨ ਗਦਾਈ
ਰੱਖ ਉਮੀਦ ਸੱਜਣ ਦੇ ਦਰ ਦੀ ਕੱਟਣ ਜੋ ਬਣ ਆਈ

ਦਮ ਦਮ ਪੀਣ ਸ਼ਰਾਬ ਗ਼ਮਾਂ ਦੀ ਦਮ ਨਾ ਮਾਰਨ ਮੂਲੇ
ਵੱਟ ਝੱਲਣ ਵੱਟ ਪਾਣ ਨਾ ਮੱਥੇ ਵਾਹ ਤਿਨ੍ਹਾਂ ਦੇ ਰੂਲੇ ।੪੮੦।

ਮਿੱਠਾ ਨਸ਼ਾ ਸ਼ਰਾਬਾਂ ਵਾਲਾ ਪਰ ਵਿਚ ਤਰੋਟਕ ਫਿੱਕੀ
ਬੁਲਬੁਲ ਨੂੰ ਖ਼ੁਸ਼ ਸੁਹਬਤ ਗੁਲ ਦੀ ਬੁਰੀ ਕੰਡੇ ਦੀ ਦਿਕੀ

ਕਰ ਕਰ ਯਾਦ ਸੱਜਣ ਨੂੰ ਖਾਂਦੇ ਭੁੰਨ ਭੁੰਨ ਜਿਗਰ ਨਿਵਾਲੇ
ਸ਼ਰਬਤ ਵਾਂਗ ਪੀਆ ਦੇ ਹੱਥੋਂ ਪੀਵਣ ਜ਼ਹਿਰ ਪਿਆਲੇ

ਫੇਰ ਖ਼ਲਾਸੀ ਮੰਗਦੇ ਨਾਹੀਂ ਜੋ ਕੈਦੀ ਦਿਲਬਰ ਦੇ
ਫਾਹੀ ਥੀਂ ਗਲ ਕੱਢਦੇ ਨਾਹੀਂ ਹੋ ਸ਼ਿਕਾਰ ਇਸ ਘਰ ਦੇ

ਝੱਲਣ ਭਾਰ ਮੁਲਾਮਤ ਵਾਲੇ ਇਸ਼ਕੇ ਦੇ ਮਤਵਾਰੇ
ਭੁੱਖਾ ਉੱਠ ਹੋਵੇ ਮਸਤਾਨਾ ਭਾਰ ਉਠਾਵੇ ਭਾਰੇ

ਹਾਲ ਉਨ੍ਹਾਂ ਦਾ ਕਿਸ ਨੂੰ ਮਾਲਮ ਫਿਰਦੇ ਆਪ ਛੁਪਾਇਆ
ਦਿਲ ਵਿਚ ਸੋਜ਼ ਪਤੰਗਾਂ ਵਾਲਾ ਚਿਹਰਾ ਸ਼ਮ੍ਹਾ ਬਣਾਇਆ

ਬਾਹਰੋਂ ਦੱਸਣ ਮੈਲੇ ਕਾਲੇ ਅੰਦਰ ਆਬ ਹਯਾਤੀ
ਹੋਂਠ ਸੁੱਕੇ ਤਰਿਹਾਇਆਂ ਵਾਂਗਰ ਜਾਨ ਨਦੀ ਵਿਚ ਨ੍ਹਾਤੀ

ਸ਼ਹਿਰ ਉਜਾੜ ਢੂੰਡੇਂਦੇ ਵਤਦੇ ਦਿਲਬਰ ਯਾਰ ਬਗ਼ਲ ਵਿਚ
ਗੁੰਗੇ ਡੋਰੇ ਕੰਨ ਜ਼ਬਾਨੋਂ ਮਾਅਨੇ ਸਭ ਅਕਲ ਵਿਚ

ਰਾਤ ਦਿਹਾਂ ਗਲ ਲਾਇਆ ਜਾਨੀ ਹਿੱਕ ਦਮ ਜੁਦਾ ਨਾ ਹੋਂਦੇ
ਆਸ਼ਿਕ ਰੱਜਣ ਨਹੀਂ ਮੁਹੰਮਦ ਭਰ ਭਰ ਹੰਝੂ ਰੋਂਦੇ

ਜਿਨ੍ਹਾਂ ਇਸ਼ਕ ਬੰਦੇ ਦਾ ਲੱਗਾ ਸਬਰ ਅਰਾਮ ਨਾ ਤਿਨਹਾਂ
ਸੁੱਤੇ ਬੈਠੇ ਉਤ ਵੱਲ ਵੇਖਣ ਲੁੱਟ ਖੜੇ ਸਨ ਜਿਨ੍ਹਾਂ

ਐਸਾ ਸਿਦਕ ਲਿਆਉਣ ਉਸ ਤੇ ਸੱਚੇ ਨਾਲ਼ ਧਿਆਨੇ
ਉਸ ਬਿਨ ਬਾਗ਼ ਬਹਾਰ ਨਾ ਭਾਵਣ ਲਾਵਣ ਅੱਗ ਜਹਾਨੇ ।੪੯੦।

ਹੋਰ ਕਿਸੇ ਦੀ ਚਾਹ ਨਾ ਰਹਿੰਦੀ ਛੁੱਟਣ ਸਭ ਅਸ਼ਨਾਈਆਂ
ਮਾਂ ਪਿਓ ਦਾ ਲੰਗ ਉਤਾਰਨ ਲੱਜ ਲਗਾਵਣ ਭਾਈਆਂ

ਅੱਖੀਂ ਪਾਏ ਕਿਰਕਣ ਨਾਹੀਂ ਨੇਹੁੰ ਜਿਨ੍ਹਾਂ ਦੇ ਲਾਏ
ਅੱਖ ਮੀਟੋ ਤਾਂ ਦਿਲ ਵਿਚ ਵਸਦੇ ਲੂੰ ਲੂੰ ਵਿਚ ਸਮਾਏ

ਸ਼ਰਮ ਹਯਾ ਨਾ ਰਹੇ ਕਿਸੇ ਦਾ ਝੱਲਣ ਬਦੀ ਖ਼ਵਾਰੀ
ਦਿਲਬਰ ਬਾਝੋਂ ਸਬਰ ਨਾ ਕਰਦੇ ਜਿਨ੍ਹਾਂ ਲਗਾਈ ਯਾਰੀ

ਜੇ ਉਹ ਜਾਨ ਪਿਆਰੀ ਮੰਗੇ ਤੁਰਤ ਤਲ਼ੀ ਪਰ ਧਰਦੇ
ਸਿਰ ਲੋੜੇ ਤਾਂ ਸਹਿਲ ਪਛਾਨਣ ਰੱਤੀ ਉਜ਼ਰ ਨਾ ਕਰਦੇ

ਏਸ ਹਵਾਈ ਹਿਰਸ ਹਵਾਓਂ ਐਸਾ ਹੈ ਚਿੱਤ ਵਿਸਦਾ
ਜਿਨ੍ਹਾਂ ਇਸ਼ਕ ਹਕੀਕੀ ਲਾਇਆ ਕਰੋ ਤਅਜਬ ਇਸ ਦਾ

ਹਾਲਾਂ ਅੰਦਰ ਕਰੋ ਨਾ ਹੁੱਜਤ ਭਲੀ ਨਸੀਹਤ ਭਾਈ
ਹਾਲ ਮੁਹਿਬਾਂ ਦਾ ਰੱਬ ਮਾਲਮ ਹੋਰ ਕੀ ਜਾਣੇ ਕਾਈ

ਹਰਦਮ ਜ਼ਿਕਰ ਸੱਜਣ ਦੇ ਅੰਦਰ ਕੁਲ ਜਹਾਨ ਭਲਾਉਣ
ਦਿਲ ਜਾਨੀ ਦੇ ਇਸ਼ਕੇ ਕੋਲੋਂ ਆਪਣੀ ਜਾਨ ਰੁਲਾਉਣ

ਹਿੱਕ ਦਿਲਬਰ ਨੂੰ ਦਿਲ ਵਿਚ ਰੱਖਣ ਸਭ ਖ਼ਲਕਤ ਥੀਂ ਨੱਸਣ
ਵੇਦਨ ਵੈਦ ਨਾ ਜਾਨਣ ਮੂਲੇ ਕਹੋ ਕੀ ਦਾਰੂ ਦੱਸਣ

ਕੰਨ ਆਵਾਜ਼ ਪਵੇ ਹਰ ਵੇਲੇ ਪਹਿਲੇ 'ਕੌਲ ਅਲੱਸਤੋਂ'
'ਕਾਲੂ ਬਲਾ' ਕੂਕੇਂਦੇ ਭਾਈ ਐਸੇ ਜ਼ੌਕੋਂ ਮਸਤੋਂ

ਵਿਚੋਂ ਆਤਿਸ਼ ਬਾਹਰੋਂ ਖ਼ਾਕੀ ਦਿਸਦੇ ਹਾਲੋਂ ਖ਼ਸਤੋਂ
ਜੇ ਹਿੱਕ ਨਾਅਰਾ ਕਰਨ ਮੁਹੰਮਦ ਢਹਿਣ ਪਹਾੜ ਸ਼ਿਕਸਤੋਂ ।੫੦੦।

ਜੇ ਹਿਕ ਆਹ ਦਰਦ ਦੀ ਮਾਰਨ ਹੁੰਦਾ ਮੁਲਕ ਵੀਰਾਨੀ
ਕੋਹ ਕਾਫ਼ਾਂ ਦੇ ਸਬਜ਼ੇ ਸੜਦੇ ਨਦੀਏਂ ਰਹੇ ਨਾ ਪਾਣੀ

ਵਾਓ ਵਾਂਗ ਫਿਰਨ ਸਭ ਮੁਲਕੀਂ ਹਰਗਿਜ਼ ਨਜ਼ਰ ਨਾ ਆਵਣ
ਚੁੱਪ ਰਹਿਣ ਕਸਤੂਰੀ ਵਾਂਗੂੰ ਫਿਰ ਖ਼ੁਸ਼ਬੂ ਧੁੰਮਾਵਣ

ਰਾਤੀਂ ਜ਼ਾਰੀ ਕਰ ਕਰ ਰੋਵਣ ਨੀਂਦ ਅੱਖੀਂ ਦੀ ਧੋਂਦੇ
ਫ਼ਜਰੇ ਔਗਣਹਾਰ ਕਹਾਵਣ ਹਰ ਥੀਂ ਨੀਵੇਂ ਹੋਂਦੇ

ਰਾਤੀਂ ਦਿਹਾਂ ਸੋਜ਼ ਸੱਜਣ ਦੇ ਰਹਿਣ ਹਮੇਸ਼ਾ ਸੜਦੇ
ਰਾਤੋਂ ਦਿਹੁੰ ਪਛਾਨਣ ਨਾਹੀਂ ਨਾ ਲਹਿੰਦੇ ਨਾ ਚੜ੍ਹਦੇ

ਜਿਨ੍ਹਾਂ ਹਿਕ ਘੁੱਟ ਭਰ ਕੇ ਪੀਤਾ ਵਹਦਤ ਦੇ ਮੱੱਤ-ਤਾਲੋਂ
ਇਲਮ ਕਲਾਮ ਨਾ ਯਾਦ ਰਹਿਓ ਨੇ ਗੁਜ਼ਰੇ ਕਾਲ-ਮਿਕਾਲੋਂ

ਦੋਏੇ ਜਹਾਨ ਭੁਲਾਏ ਦਿਲ ਤੋਂ ਖ਼ਬਰ ਨਾ ਰਹੀ ਆ ਵਾਲੋਂ
ਰਾਂਝੇ ਵਿਚ ਸਮਾ ਮੁਹੰਮਦ ਛੁੱਟੀ ਹੀਰ ਜੰਜਾਲੋਂ

ਦਿਲਬਰ ਨਾਲ਼ ਹੋਇਆ ਹਿੱਕ ਜਿਸ ਨੇ ਅਪਣਾ ਆਪ ਗਵਾਇਆ
ਤੂੰਹੇਂ ਪੜਦਾ ਅੱਗੇ ਚੜ੍ਹਦਾ ਤੂਹੇਂ ਯਾਰ ਛੁਪਾਇਆ

ਸ਼ਾਹ ਮਨਸੂਰ ਇਨਲੱਹਕ ਕਹਿੰਦਾ ਕਿਉਂ ਨਹੀਂ ਸ਼ਰਮਾਇਆ
ਤੂੰਹੇਂ ਮਹਿਰਮ ਯਾਰ ਮੁਹੰਮਦ ਕਹਿੰਦਾ ਕੌਣ ਪਰਾਇਆ

ਰੇਤ ਵਜੂਦ ਤੇਰੇ ਵਿਚ ਸੋਨਾ ਐਂਵੇਂ ਨਜ਼ਰ ਨਾ ਆਵੇ
ਹੰਝੂ ਦਾ ਘੁਟਿ ਪਾਣੀ ਧੋਵੇਂ ਰੇਤ ਮਿੱਟੀ ਰੁੜ੍ਹ ਜਾਵੇ

ਪਾਰਾ ਘੱਤ ਮੁਹੱਬਤ ਵਾਲਾ ਗੋਲੀ ਹਿੱਕ ਬਣਾਵੇ
ਖ਼ਾਕ ਰਲੇ ਵਿਚ ਖ਼ਾਕ ਮੁਹੰਮਦ ਸੋਨਾ ਕੀਮਤ ਪਾਵੇ ।੫੧੦।

ਦੁੱਧ ਵਜੂਦ ਤੇਰੇ ਵਿਚ ਸ਼ੀਰੀਂ ਰੋਗ਼ਨਦਾਰ ਸਮਾਣੀ
ਮੁਰਸ਼ਿਦ ਲਾਵੇ ਜਾਗ ਪਿਰਮ ਦੀ ਤਾਂ ਜੰਮੇ ਦੁੱਧ ਪਾਣੀ

ਗਲ ਵਿਚ ਫਾਹ ਗ਼ਮਾਂ ਦਾ ਘੱਤ ਕੇ ਜ਼ਿਕਰੋਂ ਛਿਕ ਮਧਾਣੀ
ਹਿੰਮਤ ਨਾਲ਼ ਮੁਹੰਮਦ ਬਖਸ਼ਾ ਮੱਖਣ ਆਇਆ ਜਾਣੀ

ਕੱਲੀ ਕਹਾਂਵੇਂ ਨਾ ਸ਼ਰਮਾਵੇਂ ਕੱਲੀ ਹੈ ਇਹ ਚਾਂਦੀ
ਸੇਰ ਅੰਦਰ ਸਿਰਸਾਹੀ ਪਾਣੀ ਸਸਤੀ ਤਦ ਵਿਕਾਂਦੀ

ਬੂਟੀ ਗੁਲ ਰਿਆਜ਼ਤ ਵਾਲੀ ਆਤਿਸ਼ ਬਾਲ ਗ਼ਮਾਂ ਦੀ
ਪ੍ਰੇਮ-ਜੜੀ ਘੱਤ ਵੇਖ ਮੁਹੰਮਦ ਸਭ ਚਾਂਦੀ ਬਣ ਜਾਂਦੀ

'ਨਹਨੋ ਅਕਰਬ' ਆਪ ਕੂਕੇਂਦਾ ਹਿਕਦਮ ਦੂਰ ਨਾ ਦਿਸਦਾ
ਉਸ ਦੇ ਡੇਰੇ ਅੰਦਰ ਤੇਰੇ ਫਿਰੇਂ ਢੁੰਡਾਊ ਜਿਸਦਾ

ਮਹਿਰਮ ਹੋਵੇਂ ਕੌਣ ਭੁਲਾਵੇ ਪੜਦਾ ਹੈ ਵਿਚ ਕਿਸ ਦਾ
ਜਾਂ ਜਾਂ ਦਿੱਸੇ ਆਪ ਮੁਹੰਮਦ ਤਾਂ ਤਾਂ ਆਪ ਨਾ ਦਿਸਦਾ

ਇਸ ਦੂਈ ਦੇ ਦਾਵੇ ਪਿਟਿਆਂ ਸੁਟਿਆ ਦੂਰ ਹਜ਼ੂਰੋਂ
ਨੂਰੋਂ ਸਾਇਆ ਜ਼ਾਹਿਰ ਆਇਆ ਛੁਪ ਨੱਸਦਾ ਫਿਰ ਨੂਰੋਂ

ਜਾਂ ਇਹ ਸਾਇਆ ਦੂਰ ਹਟਾਇਆ ਸੱਚ ਨਿਕਲੇ ਮਨਸੂਰੋਂ
ਮੈਂ ਵੰਜੇ ਤਾਂ ਫੇਰ ਮੁਹੰਮਦ ਕੌਣ ਕਹੇ ਤੂੰ ਦੂਰੋਂ

ਵਹਦਤ ਦਾ ਦਰਿਆ ਵਡੇਰਾ ਜਾਂ ਮੌਜਾਂ ਵਿਚ ਆਵੇ
ਢਾਬਾਂ ਛਪੜੀਆਂ ਭਰਿ ਟੁਰਦਾ ਹਿਕੋ ਲਹਿਰ ਬਣਾਵੇ

ਕਤਰਾ ਵੰਝ ਪਿਆ ਦਰਿਆਵੇ ਤਾਂ ਉਹ ਕੌਣ ਕਹਾਵੇ
ਜਿਸ ਨੇ ਅਪਣਾ ਆਪ ਗਵਾਇਆ ਆਪ ਉਹੋ ਬਣ ਜਾਵੇ ।੫੨੦।

ਅੱਵਲ ਜ਼ੁਹਦ ਰਿਆਜ਼ਤ ਅੰਦਰ ਬੈਠ ਕਿਨਾਰੇ ਗਲ ਖਾਂ
ਧੁੱਪਾਂ ਮੀਂਹ ਸਿਆਲੇ ਪਾਲੇ ਸਭ ਸਿਰੇ ਪਰ ਝੱਲ ਖਾਂ

ਸਾਸ ਰਹਿਣ ਰੱਤ ਮਾਸ ਨਾ ਹੋਵਣ ਕਾਲ਼ਖ ਜੁੱਸੇ ਮਲ ਖਾਂ
ਜਾਂ ਸੁੱਕ ਹੋਵੇਂ ਵਾਲ਼ ਮੁਹੰਮਦ ਜ਼ੁਲਫ਼ ਸੱਜਣ ਦੀ ਰਲ਼ ਖਾਂ

ਰੁੱਖੋਂ ਤਰੋੜ ਲਏ ਪੱਤ ਸਾਵੇ ਭੰਨ ਮਰੋੜ ਟਿਕਾਏ
ਹਰੇ ਭਰੇ ਸਨ ਆਬਾਂ ਵਾਲੇ ਧੁੱਪੇ ਪਾ ਸੁਕਾਏ

ਦੌਰੀ ਡੰਡੇ ਘੋਟ ਵਿਚਾਰੇ ਸੂਰਤ ਭੰਨ ਗਵਾਏ
ਤਾਂ ਦਿਲਬਰ ਦੇ ਪੈਰੀਂ ਲੱਗੇ ਮਹਿੰਦੀ ਰੰਗ ਲਗਾਏ

ਜਨੱਬੀ ਦਾ ਹਿੱਕ ਵਾਲ਼ ਦੇਹੀ ਦਾ ਗ਼ੁਸਲੋਂ ਰਹੇ ਜੇ ਸੁੱਕਾ
ਓਸੇ ਹਾਲ ਰਹੇਗਾ ਜਨੱਬੀ ਗ਼ੁਸਲ ਨਾ ਜ਼ਾਇਜ਼ ਉੱਕਾ

ਜੇ ਹਿੱਕ ਵਾਲ਼ ਤੇਰੇ ਵਿਚ ਮੀਆਂ ਆਪਣੀ ਆਪ ਖ਼ੁਦੀ ਦਾ
ਤਾਂ ਭੀ ਬਹੁਤ ਨਰਕ ਨੂੰ ਬਾਲਣ ਇਸੇ ਐਬ-ਬੁੱਦੀ ਦਾ

ਕੀ ਕੁੱਝ ਬਾਤ ਇਸ਼ਕ ਦੀ ਦਸਾਂ ਕਦਰ ਨਾ ਮੇਰਾ ਭਾਈ
ਇਹ ਦਰਿਆ ਅੱਗੇ ਦਾ ਵਗਦਾ ਜਿਸਦਾ ਲਾਂਘ ਨਾ ਕਾਈ

ਜਿਸ ਨੇ ਕਦਮ ਅਗੇਰੇ ਧਰਿਆ ਸੋਈਓ ਸੜਿਆ ਸੜਿਆ
ਪਰ ਏਥੇ ਸੜ ਮਰਨ ਹਯਾਤੀ ਐਂਵੇਂ ਗੱਲ ਨਾ ਅੜਿਆ

ਜੀਵਨ ਜਿਉਣ ਝੂਠਾ ਨਾਂਵਾਂ ਤੇਰਾ ਮੌਤ ਖਲੀ ਸਿਰ ਉੱਤੇ
ਲਾਖ ਕਰੋੜ ਤੇਰੇ ਥੀਂ ਸੋਹਣੇ ਖ਼ਾਕ ਅੰਦਰ ਰਲ਼ ਸੁੱਤੇ

ਜਿਨ੍ਹਾਂ ਇਸ਼ਕ ਖ਼ਰੀਦ ਨਾ ਕੀਤਾ ਐਂਵੇਂ ਆ ਵਿਗੁੱਤੇ
ਇਸ਼ਕੇ ਬਾਝ ਮੁਹੰਮਦ ਬਖਸ਼ਾ ਕਿਆ ਆਦਮ ਕਿਆ ਕੁੱਤੇ ।੫੩੦।

ਜਿਸ ਦਿਲ ਅੰਦਰ ਇਸ਼ਕ ਨਾ ਰਚਿਆ ਕੁੱਤੇ ਉਸ ਥੀਂ ਚੰਗੇ
ਖ਼ਾਵੰਦ ਦੇ ਦਰ ਰਾਖੀ ਕਰਦੇ ਸਾਬਿਰ ਭੁੱਖੇ ਨੰਗੇ

ਇਸ਼ਕੋਂ ਬਾਝ ਈਮਾਨ ਕਵੇਹਾ ਕਹਿਣ ਈਮਾਨ ਸਲਾਮਤ
ਮਰ ਕੇ ਜੀਵਨ ਸਿਫ਼ਤ ਇਸ਼ਕ ਦੀ ਦਮ ਦਮ ਰੋਜ਼ ਕਿਆਮਤ

ਪੁਲ-ਸਿਰਾਤ ਇਸ਼ਕ ਦਾ ਪੈਂਡਾ ਸੋ ਜਾਣੇ ਜੋ ਕਰਦਾ
ਆਸ ਬਹਿਸ਼ਤ ਦਲੇਰੀ ਦੇਂਦੀ ਤਰਕ ਵਿਛੋੜਾ ਘਰ ਦਾ

ਲਖ ਜ਼ਹਾਜ਼ ਉਸੇ ਵਿਚ ਡੁੱਬੇ ਕਿਹੜਾ ਪਾਰ ਉਤਰਦਾ
ਏਸ ਨਦੀ ਦੀਆਂ ਮੌਜਾਂ ਤੱਕ ਕੇ ਦਿਲ ਦਲੇਰਾਂ ਠਰਦਾ

ਆਸ਼ਿਕ ਬਣਨ ਸੁਖਾਲਾ ਨਾਹੀਂ ਵੇਖਾਂ ਨਿਹੁੰ ਪਤੰਗ ਦਾ
ਖ਼ੁਸ਼ੀਆਂ ਨਾਲ਼ ਜਲ਼ੇ ਵਿਚ ਆਤਿਸ਼ ਮੌਤੋਂ ਜ਼ਰਾ ਨਾ ਸੰਗਦਾ

ਜੇ ਲੱਖ ਜ਼ੁਹਦ ਇਬਾਦਤ ਕਰੀਏ ਬਿਨ ਇਸ਼ਕੋਂ ਕਿਸ ਕਾਰੀ
ਜਾਂ ਜਾਂ ਇਸ਼ਕ ਨਾ ਸਾੜੇ ਤਨ ਨੂੰ ਤਾਂ ਤਾਂ ਨਿਭੇ ਨਾ ਯਾਰੀ

ਜਿਨ੍ਹਾਂ ਦਰਦ ਇਸ਼ਕ ਦਾ ਨਾਹੀਂ ਕਦ ਫਲ ਪਾਣ ਦੀਦਾਰੂ
ਜੇ ਰੱਬ ਰੋਗ ਇਸ਼ਕ ਦਾ ਲਾਵੇ ਲੋੜ ਨਹੀਂ ਕੋਈ ਦਾਰੂ

ਪਾਕ ਸ਼ਹਾਦਤ ਕਤਲ ਹੋਵੇਗਾ ਜੇ ਕਰ ਉਸ ਤਲਵਾਰੋਂ
ਸਦਾ ਹਯਾਤੀ ਜਾਣ ਮੁਹੰਮਦ ਮਰਨਾ ਏਸ ਅਜ਼ਾਰੋਂ

ਚਾਹੀਏ ਇਸ਼ਕ ਸਿਪਾਹੀ ਐਸਾ ਮੈਂ ਨੂੰ ਮਾਰ ਮੁਕਾਵੇ
ਥਾਨਾ ਕੱਢ ਤਬੀਅਤ ਵਾਲਾ ਸਿਫ਼ਤਾਂ ਸਭ ਬਦਲਾਵੇ

ਪੱਕਾ ਪੈਰ ਧਰੀਂ ਜੇ ਧਰਨਾ ਤਿਲ੍ਹਕ ਨਹੀਂ ਮੱਤ ਜਾਵੇ
ਸੋ ਇਸ ਪਾਸੇ ਬਹੇ ਮੁਹੰਮਦ ਜੋ ਸਿਰ ਬਾਜ਼ੀ ਲਾਵੇ ।੫੪੦।

ਯਾਰ ਕਰੇ ਜਦ ਅਪਣਾ ਤੈਨੂੰ ਛੁਟਸਣ ਹੋਰ ਅਸ਼ਨਾਈਆਂ
ਮਾਂ ਪਿਓ ਸੱਜਣ ਯਾਦ ਨਾ ਰਹਿਸਣ ਹਿਰਸ ਨਾ ਭੈਣਾਂ ਭਾਈਆਂ

ਜਦੋਂ ਜਮਾਲ ਕਮਾਲ ਦਿੱਸੇਗਾ ਸੋਹਣਾ ਲਾਲ ਪਿਆਰਾ
ਵੇਖਣ ਨਾਲ਼ ਹਲਾਲ ਹੋਵੇਂਗਾ ਛੋੜ ਜੰਜਾਲ਼ ਪਸਾਰਾ

ਖ਼ਲਕਤ ਥੀਂ ਗੁੰਮ ਹੋਇਆ ਚਾਹੀਂ ਗੁੰਮ ਹੋਵੇਂ ਤਦ ਪਾਸੇਂ
ਬਾਰਾਂ ਵਿਚ ਦਰਿੰਦਿਆਂ ਵਾਂਗੂੰ ਛੁਪ ਛੁਪ ਝੱਟ ਲੰਘਾਸੇਂ

ਨਾਲੇ ਲਾਗ਼ਰ ਲਿੱਸਾ ਹੋਸੇਂ ਨਾਲੇ ਜ਼ੋਰ ਤੁਵਾਨਾ
ਨਾਲੇ ਆਕਿਲ ਦਾਨਾ ਹੋਸੇਂ ਨਾਲੇ ਮਸਤ ਦੀਵਾਨਾ

ਕਦੇ ਨਿਚਲਾ ਬੈਠ ਸੁਖੱਲਾ ਧਾਗੇ ਲਾਸੇਂ ਜੁੱਲੀ
ਕਦੇ ਉਠੀਸੇਂ ਅੱਗ ਜਲਾਸੇਂ ਜੁੱਲੀ ਬਿਸਤਰ ਕੁੱਲੀ

ਜਿਨ੍ਹਾਂ ਦਿਲਬਰ ਪਾਇਆ ਉਨ੍ਹਾਂ ਨਾ ਪ੍ਰਵਾਹ ਕਿਸੇ ਦੀ
ਵਿਚ ਗੋਸ਼ੇ ਤੌਹੀਦ ਉਨ੍ਹਾਂ ਦੇ ਨਾਹੀਂ ਜਾਇ ਕਿਸੇ ਦੀ

ਫ਼ਾਰਗ਼ ਹਨ ਉਹ ਅਕਲੋਂ ਹੋਸ਼ੋਂ ਟੁਰਦੇ ਆਪਣੀ ਟੋਰੇ
ਹੋਰਾਂ ਦੇ ਪੰਦ ਮੱਤ ਨਾ ਸੁਣਦੇ ਕੰਨ ਉਨ੍ਹਾਂ ਦੇ ਡੋਰੇ

ਸੁੱਕੇ ਪੈਰ ਨਦੀ ਥੀਂ ਲੰਘਣ ਵਿਚ ਸਮੁੰਦਰ ਚਲਦੇ
ਹਰਗਿਜ਼ ਮਿਸਲ ਸਮੁੰਦਰ ਕੀੜੇ ਆਤਿਸ਼ ਵਿਚ ਨਾ ਮਲਦੇ

ਨਾ ਚੰਗਿਆਂ ਅਖਵਾਇਆ ਲੋੜਨ ਨਾ ਖ਼ਲਕਤ ਥੀਂ ਮੰਦੇ
ਲੋਕਾਂ ਦੀ ਕਦ ਭਾਵਤ ਚਾਹੁਣ ਜੋ ਭਾਏ ਦਰ ਕੰਤੇ

ਵਿਚੋਂ ਨੂਰ ਇਲਾਹੀ ਰੰਗੇ ਬਾਹਰੋਂ ਕਾਲੇ ਕਲਫ਼ੀ
ਨਾ ਉਹ ਮੇਰੇ ਵਾਂਗੂੰ ਯਾਰੋ ਦਿਲ ਜੰਜੂ ਗਲ ਅਲਫ਼ੀ ।੫੫੦।

ਮਿੱਠੀ ਛਾਂ ਅਤੇ ਫਲ ਵਾਲੇ ਵਾਂਗ ਅੰਜੀਰ ਅੰਗੂਰਾਂ
ਨਾ ਬੇ ਫ਼ੈਜ਼ ਅਸਾਡੇ ਵਾਂਗੂੰ ਕੌੜੇ ਮੱਥੇ ਘੂਰਾਂ

ਖ਼ਾਸ ਇਨਸਾਨ ਉਨ੍ਹਾਂ ਨੂੰ ਕਹੀਏ ਜਿਨ੍ਹਾਂ ਇਸ਼ਕ ਕਮਾਇਆ
ਧੜ ਸਿਰ ਨਾਲ਼ ਨਾ ਆਦਮ ਬਣਦਾ ਜਾਂ ਜਾਂ ਸਿੱਰ ਨਾ ਪਾਇਆ

ਉਪਰ ਜੁੱਲੀ ਮੂੰਹੋਂ ਜੱਲੀ ਅੰਦਰ ਨਹੀਂ ਤਜੱਲੀ
ਜਬ ਲੱਗ ਇਸ਼ਕੋਂ ਜਾਨ ਨਿਚੱਲੀ ਭੱਠ ਜੁੱਲੀ ਕਿਆ ਜੱਲੀ

ਅੱਵਲ ਅਲਫ਼ ਇਕੱਲਾ ਹੋਵੀਂ ਨੁਕਤੇ ਛੋੜ ਜੰਜਾਲੀ
ਹਿਕੋ ਸੂਰਤ ਹਿਕੋ ਹਿੰਦਸਾ ਬਹੁਤ ਹਿਸਾਬੋਂ ਖ਼ਾਲੀ

ਕਢੀਂ ਵਲ ਖਲੋਵੀਂ ਸਿੱਧਾ ਕਰ ਕੇ ਹਿੰਮਤ ਆਲੀ
ਅੰਦਰ ਉਲਫ਼ਤ ਹੋਈ ਅਲਫ਼ ਦੀ ਤਾਂ ਅਲਫ਼ੀ ਗਲਿ ਡਾਲੀ

ਚਾਰੇ ਤਰਕਾਂ ਚੌਰ ਬਣਾਵੀਂ ਤਾਜ ਮੁਬਾਰਿਕ ਵਾਲੇ
ਦੁਨੀਆਂ ਉਕਬਾ ਆਪਣੇ ਆਪੋਂ ਤਰਕ ਤਰਕ ਦੇ ਨਾਲੇ

ਤਾਜ ਸੋਹੇ ਜੇ ਨਬੀ ਸੁਲੇਮਾਂ ਹੁਦ ਹੁਦ ਕੋਲ਼ ਬਹਾਲੀ
ਤਾਹੀਂ ਤੂੰ ਵਲਾਇਤ ਵਾਲੀ ਰੁਤਬੇ ਆਲੀ ਆਲੀ

ਜੁੱਲੀ ਦੇ ਤਰੈ ਅੱਖਰ ਭਾਈ ਸਮਝ ਇਸ਼ਾਰਤ ਨਾਮੋਂ
ਜੀਮੋਂ ਜਾਗਣ ਸੰਝ ਸਵੇਰੇ ਲੰਘਣ ਕੱਟਣ ਲਾਮੋਂ

ਇਓਂ ਯਾਦ ਕਰਨ ਹਰ ਵੇਲੇ ਦਿਲਬਰ ਹਰ ਅਦਾਮੋਂ
ਜੁੱਲੀ ਵਿਚ ਮੁਹੰਮਦ ਬਖਸ਼ਾ ਛੁਪੀਂ ਹਰ ਇਲਜ਼ਾਮੋਂ

ਗਲ ਵਿਚ ਸੇਲ੍ਹੀ ਦਈ ਨਿਸ਼ਾਨੀ ਝੱਲ ਇਸ਼ਕ ਦਾ ਫਾਹਾ
ਛੱਡ ਗਿਰਾਨੀ ਹੋ ਸੈਲਾਨੀ ਪਕੜ ਸੱਜਣ ਦਾ ਰਾਹਾ ।੫੬੦।

ਗਲ ਮੇਰੀ ਹੱਥ ਤੇਰੇ ਸ਼ਾਹਾ ਉਜ਼ਰ ਨਹੀਂ ਕੁੱਝ ਆਹਾ
ਮੈਲ ਸੱਜਣ ਦੀ ਮੇਲ ਮੁਹੰਮਦ ਤਾਂ ਸੇਲ੍ਹੀ ਦਾ ਲਾਹਾ

ਨਫ਼ਸ ਫ਼ਸਾਦੀ ਮਾਰਨ ਕਾਰਨ ਕਸ ਲੈ ਕਮਰ ਜਵਾਨਾ
ਆਸਾ ਦਾ ਫੜ ਆਸਾ ਹੱਥ ਵਿਚ ਹੋ ਜਾ ਸ਼ੇਰ ਤੁਵਾਨਾ

ਰਾਤ ਹਨੇਰੀ ਢੂੰਡ ਚੌਫੇਰੇ ਜੰਗਲ਼ ਬਾਰ ਵੀਰਾਨਾ
ਪੱਥਰ ਤੂਰ ਦਿਲੇ ਦੇ ਉੱਤੇ ਦਿੱਸੇ ਨੂਰ ਸ਼ਹਾਨਾ

ਕੱਤੀਂ ਸੂਤ ਇਖ਼ਲਾਸ ਅਮਲ ਦਾ ਬੈਠ ਨੂਰੇ ਦੀ ਲੋਈ
ਪਰਬਤ ਉੱਤੇ ਦੁਕਾਨ ਦੁੱਖਾਂ ਦਾ ਪਾਣ ਕਾਰੀਗਰ ਕੋਈ

ਸ਼ੁੱਧ ਬੁੱਧ ਹੋਸ਼ ਜਹਾਨੀ ਸਾਰੀ ਵੱਤੀ ਕਮਲੀ ਹੋਈ
ਅੱਵਲ ਬੰਨ੍ਹ ਗੁੱਲੂ ਤੁਆਮੋਂ ਫੇਰ ਗੁਲੂ ਬੰਦ ਕੋਈ

ਸੜ ਆਪੂੰ ਦੇ ਲੱਜ਼ਤ ਹੋਰਾਂ ਮਿਸਲ ਸ਼ਰਾਬ ਕਬਾਬਾਂ
ਆਪ ਫ਼ਨਾ ਹੋ ਜ਼ਾਤੇ ਰਲ਼ ਖਾਂ ਵਾਂਗਣ ਆਬ ਹੱਬਾਬਾਂ

ਜਿਹਨਾਂ ਜਾਮ ਅਲਸਤੋਂ ਪੀਤੇ ਰਲ਼ ਕੇ ਨਾਲ਼ ਅਸਹਾਬਾਂ
ਰੋਜ਼ ਹਸ਼ਰ ਤੱਕ ਨਹੀਂ ਮੁਹੰਮਦ ਤਰੋਟਕ ਮਸਤ ਖ਼ਰਾਬਾਂ

ਛਮ ਛਮ ਤੀਰ ਪਵਣ ਤਲਵਾਰੀਂ ਆਸ਼ਿਕ ਨਾ ਡਰ ਰਹਿੰਦੇ
ਇਸ਼ਕ ਪ੍ਰਹੇਜ਼ ਮੁਹੰਮਦ ਬਖਸ਼ਾ ਨਹੀਂ ਕਦੇ ਰਲ਼ ਬਹਿੰਦੇ

ਮਹਿਰਮ ਬਾਝੋਂ ਭੇਤ ਸੱਜਣ ਦਾ ਹਰ ਹਿੱਕ ਨਾਲ਼ ਨਾ ਕਹਿੰਦੇ
ਬਦੀ ਮਲਾਮਤ ਕਹਿਰ ਕਿਆਮਤ ਸੌ ਸੌ ਸਿਰ ਪਰ ਸਹਿੰਦੇ

ਇਸ਼ਕ ਲੱਗਾ ਤਾਂ ਸ਼ਰਮ ਕਵੇਹਾ ਉਹ ਆਤਿਸ਼ ਇਹ ਪੂਲਾ
ਲਾਇਕ ਹੋ ਨਾਲਾਇਕ ਬਹਿੰਦੇ ਸੁਣ ਭਾਈ ਮਕਬੂਲਾ ।੫੭੦।

ਬੇਦਰਦਾਂ ਨੂੰ ਪੁੱਛੋ ਨਾਹੀਂ ਦਰਦਮੰਦਾਂ ਦਾ ਰੂਲਾ
ਮਰ ਜੀਵਨ ਤੋਂ ਵਾਕਿਫ਼ ਥੀਵਣ ਇਸ਼ਕ ਨਹੀਂ ਪੱਟ ਕੂਲ਼ਾ

ਦਿੰਦੇ ਝਿੜਕ ਜਵਾਬ ਪਿਆਰੇ ਫੇਰ ਨਾ ਆਵੀਂ ਇੱਥੇ
ਜੇ ਆਵੇਂ ਤਾਂ ਕਤਲ ਕਰਾਂਗੇ ਅਸੀਂ ਕਿੱਥੇ ਤੂੰ ਕਿੱਥੇ

ਜਾਹ ਮੀਆਂ ਨਿਹੁੰ ਲਾ ਉਸ ਜਾਈ ਕਦਰ ਹੋਏ ਕੁਝ ਜਿੱਥੇ
ਜੇ ਲੱਖ ਦੇਣ ਸਲਾਹ ਵੰਜਣ ਦੀ ਆਸ਼ਿਕ ਹਿੱਕ ਨਾ ਮਿੱਥੇ

ਚੇਤਾ ਚੇਤਾ ਕੰਡ ਨਾ ਦੇਵੀਂ ਇਸ਼ਕ ਲੜਾਈਓਂ ਅੜਿਆ
ਸੋ ਲੈ ਜਾਸੀ ਬਰਖ਼ੁਰਦਾਰਾ ਜੋ ਇਸ ਸੂਲੀ ਚੜ੍ਹਿਆ

'ਮੂਤੂ ਕਬਲ ਅੰਤਾ ਮੂਤੂ' ਵਾਲਾ ਹਰਫ਼ ਸਹੀ ਜਿਸ ਪੜ੍ਹਿਆ
ਇਸ ਮੈਦਾਨ ਮੁਹੰਮਦ ਬਖਸ਼ਾ ਸਿਰ ਦਿੱਤਾ ਪਰ ਖੜਿਆ

ਜੇ ਤੂੰ ਆਸ਼ਿਕ ਬਣਿਆ ਲੋੜੇਂ ਪੱਲਾ ਪਕੜ ਸੱਜਣ ਦਾ
ਜਾਨ ਮੰਗੇ ਤਾਂ ਦੇਈਂ ਸ਼ਿਤਾਬੀ ਸਰਫ਼ਾ ਕਰੀਂ ਨਾ ਤਨ ਦਾ

ਤਨ ਭੀ ਤਾਹੀਂ ਜੰਨਤ ਜਾਸੀ ਖ਼ਿਲਅਤ ਲਏ ਮਰਨ ਦਾ
ਦੋਜ਼ਖ਼ ਮੌਤ ਮੁਹੰਮਦ ਝਾਗੇ ਰੱਖ ਕੇ ਚਾ ਮਿਲਣ ਦਾ

ਹਾਲ਼ੀ ਲੋਕ ਕਰੇਂਦੇ ਵਾਹੀਆਂ ਸੁਕਦੇ ਧੁੱਪੇ ਸੜਦੇ
ਸਾਰੇ ਰੰਜ ਭੁਲੇ ਜਦ ਰੱਜ ਕੇ ਮਿਣ ਪਾਈਆਂ ਘਰ ਖੜਦੇ

ਹਿੱਕਨਾਂ ਦੇ ਕਈ ਖੇਤ ਕਮਾਏ ਛੇਕੜ ਗੜੇ ਗਵਾਏ
ਪੂਰੀ ਪਈ ਪ੍ਰੀਤ ਉਨ੍ਹਾਂ ਦੀ ਮਰਦੇ ਬਾਜ਼ ਨਾ ਆਏ

ਆਸ਼ਿਕ ਨਾ ਉਮੀਦ ਨਾ ਹੋਵਣ ਦਿਨ ਦਿਨ ਲੰਮੀਆਂ ਆਸਾਂ
ਜੇ ਸੌ ਵਾਰ ਖਦੇੜਨ ਦਰ ਤੋਂ ਕੂਕਣ ਕਦੇ ਨਾ ਜਾਸਾਂ ।੫੮੦।

ਜੇ ਤੂੰ ਤਾਲਿਬ ਰਾਹ ਇਸ਼ਕ ਦਾ ਛੱਡ ਵਹਿਮਾਂ ਵਿਸਵਾਸਾਂ
ਹਿੰਮਤ ਦਾ ਲੱਕ ਬੰਨ੍ਹ ਮੁਹੰਮਦ ਰੱਖ ਆਸਾਂ ਪੀਆ ਪਾਸਾਂ

ਦਿਲਬਰ ਜਿਸਦਾ ਕੋਈ ਨਾ ਸਾਨੀ ਜੋਬਨ ਦਾ ਮਤਵਾਲਾ
ਹਾਰ ਨਾ ਹਿੰਮਤ ਪਰੀਤ ਓਸੇ ਦੀ ਨੇਹੁੰ ਕਮਾਈਂ ਲਾਲਾ

ਜਿਸ ਬਿਨ ਹਿਕ ਦਮ ਜਾਲ ਨਾ ਥੀਂਦੀ ਉਸ ਬਿਨ ਕਿਉਂ ਕਰ ਰਹਸੀਂ
ਦੇ ਜਵਾਬ ਖਦੇੜੇ ਤੋੜੇ ਫੇਰ ਉਸੇ ਵੱਲ ਢਹਿਸੀਂ

ਜੇ ਦਿਲਬਰ ਮੂੰਹ ਲਾਏ ਨਾਹੀਂ ਤੂੰ ਮੁੱਖ ਮੂਲ ਨਾ ਮੋੜੀਂ
ਡੂੰਘੀ ਨਦੀ ਇਸ਼ਕ ਦੀ ਅੰਦਰ ਜੀਓ ਜਾਮਾ ਸਭ ਬੋੜੀਂ

ਜੇ ਉਹ ਨਾਲ਼ ਨਾ ਚੱਲਣ ਦੇਵੇ ਪਿੱਛਾ ਕਦੇ ਨਾ ਛੋੜੀਂ
'ਲਾ ਤਕਨਾਤੂ ਮਿਨ ਰਹਿਮਤ ਅੱਲਾ' ਵਾਲੀ ਆਸ ਉਮੀਦ ਨਾ ਤੋੜੀਂ

ਜੇ ਤੂੰ ਸਿਰ ਦੇ ਪੈਰ ਬਣਾਕੇ ਮਗਰ ਸੱਜਣ ਦੇ ਚਲਿਓਂ
ਤਾਂ ਫਿਰ ਪਰਤ ਦਿਲਾਸਾ ਦੇਸੀ ਜਾਨੀ ਸੰਗਤ ਰਲਿਓਂ

ਕਹਿਸੀ ਹੋਰ ਨਾ ਕੋਈ ਤੇਰਾ ਤੋੜੇ ਸੈਂ ਤੂੰ ਮੰਦਾ
ਪਈ ਕਬੂਲ ਮੁਹੱਬਤ ਤੇਰੀ ਮੈਂ ਸਾਹਿਬ ਤੂੰ ਬੰਦਾ

ਇਕਥੇ ਰੱਬ ਸੱਚੇ ਦੇ ਉੱਤੇ ਸਾਬਿਰ ਸ਼ਾਕਿਰ ਰਹਿਣਾ
ਉਸ ਬਿਨ ਹੋਰ ਨਹੀਂ ਕੋਈ ਵਾਲੀ ਵੰਝ ਕਿਸ ਦੇ ਦਰ ਢਹਿਣਾ

ਤਖ਼ਤੋਂ ਲਾਹ ਬਣਾਵੇ ਕੈਦੀ ਹੋ ਨਿਮਾਣੇ ਬਹਿਣਾ
ਦੁਖੀਂ ਭਰਿਆ ਹਾਲ ਮੁਹੰਮਦ ਅੰਤ ਉਸੇ ਨੂੰ ਕਹਿਣਾ

ਆਪੇ ਗ਼ਮ ਲਗਾਵੇ ਸਾਨੂੰ ਆਪ ਕਰੇ ਗ਼ਮਖ਼ਾਰੀ
ਆਪ ਫਟੇ ਛਿਕ ਗਲ ਥੀਂ ਸੁੱਟੇ ਆਪ ਕਰੇਂਦਾ ਕਾਰੀ ।੫੯੦।

ਬਾਦਸ਼ਾਹਾਂ ਦਾ ਸ਼ਾਹ ਕਹਾਵੇ ਨਾਲ਼ ਗ਼ਰੀਬਾਂ ਯਾਰੀ
ਅਸਰੋਂ ਯੱਸਰ ਗ਼ਰੀਬ ਨਿਵਾਜ਼ੀ ਕੰਮ ਉਸ ਦਾ ਸਰਦਾਰੀ

ਉਸ ਨੂੰ ਭਲੇ ਭਲੇਰੇ ਸਾਥੀ ਫ਼ਰਮਾਂਦਾਰ ਸਿਪਾਹੀ
ਕੁੱਝ ਪਰਵਾਹ ਅਸਾਡੀ ਨਾਹੀਂ ਦਾਇਮ ਬੇਪਰਵਾਹੀ

15. ਇਸਤਗ਼ਨਾ (ਬੇਪਰਵਾਹੀ) ਦੀ ਮੰਜ਼ਿਲ ਦਾ ਜ਼ਿਕਰ

ਬੇਪਰਵਾਹ ਦੀ ਮੰਜ਼ਿਲ ਨਾਹੀਂ ਜਿਸ ਵਿਚ ਸੂਦ ਸੌਦਾਗਰ
ਬੇਨਿਆਜ਼ੀ ਦੀ ਚੱਖ ਅੱਗੇ ਦੋ ਜੱਗ ਕੱਖ ਬਰਾਬਰ

ਸੱਤ ਦਰਿਆ ਓਥੇ ਹਿੱਕ ਕਤਰਾ ਸੱਤ ਦੋਜ਼ਖ਼ ਚਿੰਗਾਰੀ
ਅਠ ਬਹਿਸ਼ਤ ਹੋਏ ਗੁੰਮ ਸਾਰੇ ਨਾ ਹਿੱਕ ਫੁੱਲ ਬਹਾਰੀ

ਬਾਗ਼ ਬਹਿਸ਼ਤ ਵੀਰਾਨੇ ਦਿਸਦੇ ਦੋਜ਼ਖ਼ ਸਾਰੇ ਬੁਝੇ
ਕੀੜੇ ਦੇ ਮੂੰਹ ਸੌ ਸੌ ਹਾਥੀ ਖ਼ਸਖ਼ਸ ਵਾਂਗਰ ਸੁਝੇ

ਜਿਸ ਜੰਗਲ਼ ਦੇ ਕੀੜੇ ਦੇ ਮੂੰਹ ਸੌ ਸੌ ਹਾਥੀ ਵੈਂਦਾ
ਕਾਲ਼ਾ ਕਾਗ ਜਦੋਂ ਰੱਜ ਖਾਵੇ ਫੇਰ ਕੀ ਬਾਕੀ ਰਹਿੰਦਾ

ਲਖ ਮਲਾਇਕ ਨੂਰੀ ਗ਼ਮ ਥੀਂ ਵਾਂਗ ਪਤੰਗਾਂ ਜਲਿਆ
ਤਾਂ ਹਿੱਕ ਆਦਮ ਖ਼ਾਕੀ ਵਾਲਾ ਰੌਸ਼ਨ ਦੀਵਾ ਬਲਿਆ

ਲਾਖ ਜੁੱਸਾ ਤੂਫ਼ਾਨੇ ਅੰਦਰ ਡੁੱਬ ਬੇ-ਰੂਹ ਹੋਇਆ ਸੀ
ਇਸ ਦਰਗਾਹ ਅੰਦਰ ਮਕਬੂਲੀ ਤਾਂ ਹਿੱਕ ਨੂਹ ਹੋਇਆ ਸੀ

ਸੈ ਲਸ਼ਕਰ ਹਿੱਕ ਮੱਛਰ ਮਾਰੇ ਹਿੱਕ ਖ਼ਲੀਲ ਆਜ਼ਮ ਤੋਂ
ਲੱਖ ਮਾਸੂਮ ਸ਼ਹੀਦ ਹੋਏ ਸਨ ਹਿੱਕ ਮੂਸਾ ਦੇ ਦਮ ਤੋਂ

ਲੱਖ ਖ਼ਲਕਤ ਗੱਲ ਜੰਜੂ ਪਾਏ ਖ਼ਾਰਿਜ਼ ਹੋਏ ਈਮਾਨੋਂ
ਤਾਂ ਹਿੱਕ ਮਿਹਤਰ ਈਸਾ ਹੋਇਆ ਮਹਿਰਮ ਸਰੱ-ਹਕਾੱਨੋਂ ।੬੦੦।

ਲੱਖ ਜਾਨੀ ਲੱਖ ਚਿੱਤ ਵਿਕਾਏ ਸਣੇ ਚਿੱਤਾਂ ਦੇ ਸਾਈਂ
ਤਾਂ ਮਅਰਾਜ ਹੋਇਆ ਹਿੱਕ ਰਾਤੀਂ ਖ਼ਾਤਿਮ ਨਬੀਆਂ ਤਾਈਂ

ਨਵੇਂ ਪੁਰਾਣੇ ਚੰਗੇ ਮੰਦੇ ਇੱਥੇ ਖ਼ਬਰ ਨਾ ਕਾਈ
ਖ਼ਾਹੇ ਗਿਰੀਆ ਜ਼ਾਰੀ ਕੀਜੇ ਖ਼ਾਹੇ ਕਰੋ ਨਾ ਭਾਈ

ਜੇ ਕਰ ਸਭ ਜਹਾਨ ਮੁਹੰਮਦ ਭੁੱਜਣ ਮਿਸਲ ਕਬਾਬੇ
ਇਸ ਮੰਜ਼ਿਲ ਵਿਚ ਮਾਲਮ ਹੁੰਦਾ ਵਾਂਗ ਖ਼ਿਆਲੇ ਖ਼ਾਬੇ

ਜੇ ਲੱਖ ਜਾਨਾਂ ਸਦਕੇ ਹੋਵਣ ਝੱਲ ਕੇ ਤੇਗ਼ ਪਿਰਮ ਦੀ
ਕੁੱਝ ਪਰਵਾਹ ਨਹੀਂ ਦਰਿਆਵੇ ਹਿੱਕ ਕਤਰੇ ਸ਼ਬਨਮ ਦੀ

ਜੇ ਲੱਖ ਸੀਸ ਰੁਲਣ ਵਿਚ ਖ਼ਾਕ ਕਰ ਕੇ ਇਸ਼ਕ ਪਿਆਰਾ
ਜਿਉਂ ਸੂਰਜ ਦੇ ਨੂਰੋਂ ਛੁਪਿਆ ਜ਼ੱਰਾ ਹਿੱਕ ਨਿਕਾਰਾ

ਸਭ ਅਸਮਾਨ ਝੜਨ ਤਾਂ ਜਾਪੇ ਪੱਤ ਦਰਖ਼ਤੋਂ ਝੜਿਆ
ਚੌਦਾਂ ਤਬਕ ਡੁੱਬਣ ਤਾਂ ਜਿਵੇਂ ਕੱਖ ਬਾਰੋਂ ਹਿੱਕ ਖੜਿਆ

ਦੋਏੇ ਜਹਾਨ ਮੁਹੰਮਦ ਬਖਸ਼ਾ ਜੇ ਸਭ ਹੋਣ ਨਬੂਦੇ
ਘੱਟ ਹੋਇਆ ਹਿੱਕ ਰੇਤੋਂ ਦਾਣਾ ਵਿਚ ਥਲਾਂ ਦੇ ਭੂਦੇ

ਆਦਮ ਜਿੰਨ ਹੋਵਣ ਕੁਰਬਾਨੀ ਕਣੀ ਹਿਕੋ ਬਰਾਨੀ
ਜੀਵ ਜਾਮੇ ਜਲ਼ ਜਾਵਣ ਸਾਰੇ ਖੁੱਥਾ ਵਾਲ਼ ਹੈਵਾਨੀ

ਜੇ ਸਭ ਆਲਮ ਫ਼ਾਨੀ ਹੋਵਣ ਓਥੇ ਕੁੱਝ ਨਾ ਖ਼ਤਰਾ
ਕੀ ਹੋਇਆ ਕੇ ਘਾਟਾ ਵਾਧਾ ਗਿਆ ਸਮੁੰਦਰੋਂ ਕਤਰਾ

ਕਿੱਥੇ ਆਦਮ ਕਿੱਥੇ ਪਰੀਆਂ ਕਿੱਥੇ ਹੋਰ ਫ਼ਰਿਸ਼ਤੇ
ਕਿੱਥੇ ਸ਼ਾਹ ਅਮੀਰ ਸੌਦਾਗਰ ਕਿੱਥੇ ਹੋਰ ਸਰਿਸ਼ਤੇ ।੬੧੦।

ਕਿੱਥੇ ਨੀ ਉਹ ਬਦਨ ਨੂਰਾਨੀ ਕਿੱਥੇ ਜਾਨੀ ਪਾਕਾਂ
ਹੈ ਕੀ ਥਾਂ ਮੁਹੰਮਦ ਬਖਸ਼ਾ ਵਾਓ ਪਾਣੀ ਅੱਗ ਖ਼ਾਕਾਂ

ਜੋ ਹੋਇਆ ਜੋ ਹੋਸਣ ਅੱਗੋਂ ਕਿਆ ਨੇਕੀ ਕਿਆ ਬਦੀਆਂ
ਬੇਪਰਵਾਹੀ ਦੇ ਵਿਚ ਨੇੜੇ ਕਦ ਕਤਰੇ ਥੀਂ ਵਧੀਆਂ

ਸਹਿਲ ਨਹੀਂ ਇਹ ਵਾਦੀ ਭਾਈ ਸਹਿਲ ਤਕੇਂਦੇ ਜਾਹਲ
ਅਮਲਾਂ ਦਾ ਇਹ ਹਾਲ ਮੁਹੰਮਦ ਪਰ ਹੋ ਬਹੋ ਨਾ ਕਾਇਲ

ਜੇ ਨਿੱਤ ਕਰੇਂ ਜਹਾਨ ਹਿੱਕ ਪੈਂਡਾ ਮੱਤ ਜਾਣੀਂ ਕੁੱਝ ਟੁਰਿਆ
ਪਰਤ ਤੱਕੇਂ ਤਾਂ ਉਹਨੀਂ ਪੈਰੀਂ ਦੋ ਤਿੰਨ ਕਦਮ ਨਾ ਧਰਿਆ

ਕਿਸ ਸਾਲਿਕ ਇਸ ਰਸਤੇ ਟੁਰਕੇ ਓੜਕ ਅੰਤ ਲਿਆ ਸੀ
ਇਸ ਦਰਦੇ ਦਾ ਦਾਰੂ ਭਾਈ ਕਿਸ ਦੇ ਹੱਥ ਪਿਆ ਸੀ

ਜੇ ਟੁਰਨੋਂ ਦਿੱਕ ਹੋ ਖਲੋਵੇਂ ਮਾਰ ਸੱਜਣ ਦੀ ਵੱਗੇ
ਜੇ ਦੌੜੇਂ ਤਾਂ ਕੈੜ ਤਲ਼ੀ ਦੀ ਸਦਾ ਅੱਗੇ ਹੀ ਅੱਗੇ

ਨਹੀਂ ਖਲੋਣਾ ਲਾਇਕ ਤੈਨੂੰ ਨਾ ਟੁਰਿਆਂ ਪੰਧ ਮੁਕਦਾ
ਮੁਸ਼ਕਿਲ ਕੰਮ ਪਿਆ ਸਿਰ ਤੇਰੇ ਕੋਈ ਇਲਾਜ ਨਾ ਢੁੱਕਦਾ

ਨਾ ਸਿਰ ਮਾਰ ਅਤੇ ਸਿਰ ਮਾਰੀਂ ਤੁਰ ਤੇ ਬੈਠ ਚੁਪੀਤਾ
ਛੱਡ ਦੇ ਕੰਮ ਅਤੇ ਕੰਮ ਕਰ ਖਾਂ ਯਾਦ ਨਾ ਆਈ ਕੀਤਾ

ਨਾਲੇ ਤਰਕ ਕੰਮੋਂ ਕਰ ਬੰਦੇ ਨਾਲੇ ਕੰਮ ਕਮਾਈਂ
ਅਪਣਾ ਹੀ ਕੰਮ ਕਰੀਂ ਨਾ ਥੋੜਾ ਜ਼ੋਰ ਬਥੇਰਾ ਲਾਈਂ

ਜੇਕਰ ਕਾਰ ਤੇਰੀ ਹੈ ਕਾਰੀ ਰਹੀਂ ਲਗਾ ਨਿੱਤ ਕਾਰੇ
ਜੇਕਰ ਕਾਰ ਨਾ ਕਾਰੀ ਆਵੇ ਬੈਠ ਇਥੇ ਬੇਕਾਰੇ ।੬੨੦।

ਤਰਕ ਕਰੀਂ ਇਸ ਸਾਰੇ ਕੰਮੋਂ ਜੋ ਕੁੱਝ ਕੀਤੋਈ ਅੱਗੇ
ਕਰਨਾ ਤੇ ਨਾ ਕਰਨਾ ਤੇਰਾ ਇਹੋ ਚੰਗਾ ਲੱਗੇ

ਅੱਵਲ ਸਿੱਖ ਸ਼ਿਨਾਸ ਮੁਹੰਮਦ ਲਾਇਕ ਕਾਰ ਕਰਨ ਦੀ
ਜਬ ਲੱਗ ਕਾਰ ਬੇਕਾਰ ਨਾ ਪਰਖੀਂ ਕਰਨੀ ਹੈ ਕਦ ਬਣਦੀ

ਲਾਖ ਕਰੋੜ ਅਸਾਂ ਥੀਂ ਚੰਗੇ ਖ਼ਾਕ ਹੋਏ ਇਸ ਜਾਈ
ਜੇ ਜਗ ਹੋਏ ਨਾ ਹੋਏ ਏਥੇ ਹੈ ਪਰਵਾਹ ਨਾ ਕਾਈ

ਕਾਰ ਕਰੀਂ ਜੋ ਕਹੇ ਕਾਰੀਗਰ ਕਰੀਂ ਹੰਕਾਰ ਨਾ ਕਾਰੋਂ
ਅਮਲਾਂ ਤੇ ਧਰ ਆਸ ਨਾ ਜ਼ੱਰਾ ਫ਼ਜ਼ਲ ਮੰਗੀਂ ਸਰਕਾਰੋਂ

16. ਜ਼ਿਕਰ ਵਾਦੀ ਵਾ ਮਨਜ਼ਿਲੇ ਤੌਹੀਦ ਮੇ ਗੋਇਦ
(ਤੌਹੀਦ ਦੀ ਵਾਦੀ ਦਾ ਜ਼ਿਕਰ)

ਅੱਗੋਂ ਮੰਜ਼ਿਲ ਆਵੇ ਭਾਈ ਵਿਚ ਵਾਦੀ ਤੌਹੀਦੇ
ਆਬਿਦ ਤੇ ਮਅਬੂਦ ਮਿਲੇਂਦੇ ਦੂਈ ਨਾ ਪੀਰ ਮੁਰੀਦੇ

ਸੱਰ ਕਢਣ ਹਿੱਕ ਗਲਮੇ ਵਿਚੋਂ ਲੱਖ ਸਿਰਾਂ ਦੇ ਰਲ਼ ਕੇ
ਇਸ ਗਲਮੇ ਥੀਂ ਬਾਹਰ ਨਾ ਜਾਵੇ ਖ਼ਸਖ਼ਸ ਦਾਣਾ ਚੱਲ ਕੇ

ਅਜ਼ਲ ਅਬਦ ਦਾ ਜਾਮਾ ਹਿਕੋ ਇਹ ਗਲਮਾ ਵਿਚਕਾਰੋਂ
ਹਰ ਦਾ ਰੂਪ ਮੁਹੰਮਦ ਬਖਸ਼ਾ ਹੈ ਹਿਕਸੇ ਸਰਕਾਰੋਂ

ਤੋੜੇ ਬਹੁਤੇ ਰੂਪ ਦਸੀਵਣ ਤੋੜੇ ਥੋੜੇ ਥੋੜੇ
ਅਸਲ ਅੰਦਰ ਸਭ ਹਿੱਕ ਹੋਵਣਗੇ ਨਦਿਓਂ ਨੀਰ ਵਿਛੋੜੇ

ਅਜ਼ਲੋਂ ਘਿਣ ਅਬਦ ਤੱਕ ਭਾਈ ਕੰਮ ਹੋਇਆ ਜਦ ਸਾਰਾ
ਕੌਣ ਦੂਆ ਫਿਰ ਬਾਹਰ ਰਹਿਸੀ ਹਿਕੋ ਹਿੱਕ ਇਕਾਰਾ

ਹਿਕਸ ਦੀਵਾਨੇ ਕੋਲੋਂ ਪੁੱਛਿਆ ਸ਼ਖ਼ਸੇ ਹਿਕ ਪਿਆਰੇ
ਦਸ ਅਸਾਨੂੰ ਕੀ ਕੁੱਝ ਕਹੀਏ ਇਹ ਕਿੰਝ ਆਲਮ ਸਾਰੇ ।੬੩੦।

ਅੱਗੋਂ ਫੇਰ ਦੀਵਾਨੇ ਕਿਹਾ ਦੱਸਾਂ ਨਾਲ਼ ਮਿਸਾਲੇ
ਸਿੱਥੇ ਦਾ ਹਿੱਕ ਰੁੱਖ ਬਣਾਇਆ ਕਾਰੀਗਰੇ ਕਮਾਲੇ

ਡਾਲ਼ੀ ਪੱਤਰ ਫੁੱਲ ਬਣਾਏ ਸੈਂਕੜੇ ਕੱਲੀ ਮਮੋਲੇ
ਹੱਥ ਵਿਚ ਮਲੇ ਭੱਜੇ ਸਭ ਚਿੱਤਰ ਬਣੇ ਹਿਕੋ ਮੁੜ ਗੋਲੇ

ਜਾਂ ਉਹ ਹਿਕੋ ਸਿੱਥਾ ਆਹਾ ਨਕਸ਼ ਗਏ ਭੱਜ ਸਾਰੇ
ਹਿਕੋ ਹੱਕ ਮੁਹੰਮਦ ਬਖਸ਼ਾ ਮੈਂ ਤੂੰ ਕੌਣ ਵਿਚਾਰੇ

ਜੇ ਕੋਈ ਗ਼ਰਕ ਨਾ ਹੋਇਆ ਭਾਈ ਵਹਦਤ ਦੇ ਦਰਿਆਵੇ
ਕੀ ਹੋਇਆ ਜੇ ਆਦਮ ਦਿੱਸਦਾ ਲੈਕ ਨਾ ਮਰਦ ਕਹਾਵੇ

ਨੇਕੀ ਬਦੀ ਨਾ ਤੱਕਦੇ ਸੋਈ ਜੋ ਵਹਦਤ ਵਿਚ ਪਹੁਤੇ
ਨੇਕੀ ਬਦੀ ਤਦਾਹੀਂ ਭਾਈ ਅਸੀਂ ਤੁਸੀਂ ਜਦ ਬਹੁਤੇ

ਜਾਂ ਜਾਂ ਆਪਣੇ ਆਪੇ ਅੰਦਰ ਜਾਇ ਬੰਦੇ ਦੀ ਹੋਸੀ
ਕਰ ਕਰ ਸ਼ਾਦੀ ਕਦੀ ਹੱਸੇਗਾ ਕਦੀ ਗ਼ਮਾਂ ਵਿਚ ਰੋਸੀ

ਜਾਂ ਇਹ ਆਪਣੇ ਆਪੋਂ ਨਿਕਲੇ ਨਾ ਕੋਈ ਗ਼ਮ ਨਾ ਸ਼ਾਦੀ
ਦੋਜ਼ਖ਼ ਦਾ ਗ਼ਮ ਖ਼ੁਸ਼ੀ ਜੰਨਤ ਦੀ ਦੋਹਾਂ ਥੀਂ ਆਜ਼ਾਦੀ

ਹਰ ਹਿੱਕ ਅੰਦਰ ਦੋਜ਼ਖ਼ ਜਿਸ ਵਿਚ ਸੱਪ ਅਠੂਏਂ ਵਾਸਾ
ਇਸ ਦੋਜ਼ਖ਼ ਥੀਂ ਬਾਹਰ ਆਵੇਂ ਖ਼ਤਰਾ ਰਹੇ ਨਾ ਮਾਸਾ

ਜੇ ਅੱਜ ਬਾਹਰ ਆਇਓਂ ਨਾਹੀਂ ਦੋਜ਼ਖ਼ ਨਾਲੇ ਜਾਸੀ
ਹਰ ਹਿੱਕ ਸੱਪ ਅਠੂਆਂ ਏਂਵੇਂ ਰੋਜ਼ ਹਸ਼ਰ ਤੱਕ ਖਾਸੀ

ਜਾਂ ਸਾਲਿਕ ਇਸ ਜਾਈ ਪਹੁਤਾ ਆਪ ਮਰੇ ਮਰ ਜੀਵੇ
ਗੁੰਮ ਹੋਵੇ ਮੁੜ ਬਾਹਰ ਨਿਕਲੇ ਗੁੰਗਾ ਡੋਰਾ ਥੀਵੇ ।੬੪੦।

ਕਦੇ ਰਲੇ ਇਸ ਜ਼ਾਤੇ ਅੰਦਰ ਕਦੇ ਗਿਰੇ ਮੁੜ ਜ਼ਾਤੋਂ
ਸੂਰਤ ਅਜਬ ਬਣੀ ਪਰ ਖ਼ਾਲੀ ਬਦਨੋਂ ਬਦਨ ਸਫ਼ਾ ਤੋਂ

ਚਾਰ ਚੌਹਾਂ ਥੀਂ ਬਾਹਰ ਆਵਣ ਵਧਦੇ ਲੱਖ ਲੱਖਾਂ ਥੀਂ
ਇਸ ਦਫ਼ਤਰ ਦੇ ਹਰਫ਼ ਨਾ ਦਿਸਦੇ ਇਨਾਂ ਅਕਲ ਅੱਖਾਂ ਥੀਂ

ਦੂਰ ਕਿਤੇ ਇਸ ਸ਼ਹਿਰੋਂ ਬਾਹਰ ਫਿਰਦਾ ਅਕਲ ਬੇਚਾਰਾ
ਜਿਸ ਇਹ ਸੱਰ ਜ਼ਰਾ ਹਿੱਕ ਲੱਧਾ ਸਿਰ ਥੀਂ ਹੋਇਆ ਪਾਰਾ

ਅਕਲੋਂ ਫ਼ਿਕਰੋਂ ਬਾਹਰ ਆਵੇ ਨੱਚਦਾ ਫਿਰੇ ਦੀਵਾਨਾ
ਆਖੇ ਖ਼ਬਰ ਨਹੀਂ ਮੈਂ ਕਿਹੜਾ ਕਿਹੜਾ ਮੇਰਾ ਖ਼ਾਨਾ

ਨਾ ਮੈਂ ਬੰਦਾ ਯਾਰੀ ਸੰਦਾ ਨਾ ਮੈਂ ਨਰ ਨਾ ਮਾਦੀ
ਬੰਦਗੀਆਂ ਗੁੰਮ ਹੋਇਆਂ ਨਾਲੇ ਨਾ ਕੁਝ ਰਹੀ ਅਜ਼ਾਦੀ

ਨਾਲੇ ਸਿਫ਼ਤਾਂ ਵਾਲਾ ਹੁੰਦਾ ਫੇਰ ਉਹ ਸਿਫ਼ਤ ਨਾ ਜਾਣੇ
ਆਰਿਫ਼ ਹੁੰਦਾ ਪਰ ਉਸ ਵੇਲੇ ਮਅਰਫ਼ਤ ਨਾ ਜਾਣੇ

ਮੱਨਾ-ਮੱਨੀ ਕੁੱਝ ਰਹਿੰਦੀ ਨਾਹੀਂ ਕੋਈ ਕਹਾਵੇ ਕਿਸ ਦਾ
ਜੇ ਕਰ ਉਸ ਵੱਲ ਤਕੀਏ ਅੱਗੋਂ ਆਪਣਾ ਆਪ ਹੀ ਦਿਸਦਾ

ਆਪਣੇ ਵੱਲੋਂ ਜਿਧਰ ਫਿਰ ਵੇਖੇ ਉਹੋ ਨਜ਼ਰੀ ਆਵੇ
ਜਿੱਤ ਵੱਲ ਵੇਖੇ ਏਹੋ ਲੇਖਾ ਕੋਈ ਨਿਖੇੜ ਨਾ ਪਾਵੇ

ਜਾਂ ਤੂੰ ਗੁੰਮ ਹੋਵੇਂ ਵਿਚ ਇਸ ਦੇ ਆਪਣੀ ਛੋੜ ਨਿਸ਼ਾਨੀ
ਇਹ ਤੌਹੀਦ ਮੁਹੰਮਦ ਬਖਸ਼ਾ ਦੱਸੇ ਕੌਣ ਜ਼ਬਾਨੀ

17. ਜ਼ਿਕਰ ਮਨਜ਼ਿਲੇ ਹੈਰਤ ਗੋਇਦ
(ਹੈਰਤ ਦੀ ਮੰਜ਼ਿਲ ਦਾ ਜ਼ਿਕਰ)

ਫੇਰ ਅੱਗੋਂ ਇਕ ਮੰਜ਼ਿਲ ਆਵੇ ਹੈਰਤ ਵਾਲੀ ਵਾਦੀ
ਦਰਦ ਅਫ਼ਸੋਸ ਹੋਏ ਗੁੰਮ ਓਥੇ ਹਰਗਿਜ਼ ਗ਼ਮੀ ਨਾ ਸ਼ਾਦੀ ।੬੫੦।

ਦਮ ਦਮ ਤੇਗ਼ ਗ਼ਮਾਂ ਦੀ ਮਾਰੇ ਹੈਰਤ ਅੱਗ ਨਾ ਬੁੱਝੇ
ਆਹੀਂ ਦਰਦ ਅਤੇ ਲੱਖ ਸੋਜ਼ੋਂ ਰਾਤ ਦਿਹਾੜ ਨਾ ਸੁੱਝੇ

ਜਾਂ ਉਹ ਮਰਦ ਹੈਰਾਨੀ ਵਾਲਾ ਜਾ ਪਹੁਤਾ ਉਸ ਜਾਏ
ਹੁੰਦਾ ਗੁੰਮ ਤਹੱਯਰ ਅੰਦਰ ਅਪਣਾ ਆਪ ਨਾ ਪਾਏ

ਜੇਕਰ ਉਸ ਥੀਂ ਪੁੱਛੇ ਕੋਈ ਹੈਂ ਤੂੰ ਯਾ ਨਹੀਂ ਹੈਂ
ਅੰਦਰ ਹੈਂ ਯਾ ਬਾਹਰ ਬੈਠਾ ਏਥੇ ਯਾ ਕਹੀਂ ਹੈਂ

ਫ਼ਾਨੀ ਹੈਂ ਯਾ ਬਾਕੀ ਮੀਆਂ ਯਾ ਨਹੀਂ ਤੂੰ ਦੋਏ
ਦਸ ਸਾਨੂੰ ਕੁੱਝ ਪਤਾ ਨਿਸ਼ਾਨੀ ਹਾਲ ਤੇਰੇ ਕੀ ਹੋਏ

ਕਹਿੰਦਾ ਅਸਲੀ ਖ਼ਬਰ ਨਾ ਮੈਨੂੰ ਬੈਠਾ ਯਾ ਖਲੋਇਆ
ਆਸ਼ਿਕ ਹਾਂ ਪਰ ਪਤਾ ਨਾ ਰਿਹਾ ਕਿਸ ਪਰ ਆਸ਼ਿਕ ਹੋਇਆ

ਨਾ ਮੈਂ ਮੁਸਲਿਮ ਨਾ ਮੈਂ ਕਾਫ਼ਿਰ ਖ਼ਬਰ ਨਹੀਂ ਕਿਸ ਚਾਲੀ
ਨਾਲੇ ਇਹ ਦਿਲ ਇਸ਼ਕੋਂ ਭਰਿਆ ਨਾਲੇ ਹੈ ਮੁੜ ਖ਼ਾਲੀ

ਜਾਂ ਪਹੁਤਾ ਇਸ ਮੰਜ਼ਿਲ ਅੰਦਰ ਰਸਤਾ ਮੰਜ਼ਿਲ ਛੁਪਦਾ
ਰਸਤਾ ਮੰਜ਼ਿਲ ਕਿਸ ਦਾ ਭਾਈ ਨਾਲੇ ਹੈ ਦਿਲ ਛੁਪਦਾ

ਹੈਰਤ ਸਰਗਰਦਾਨੀ ਤਾਈਂ ਕੀਕਰ ਅੱਗੇ ਖੜੀਏ
ਸ਼ਹਿਰ ਅਤੇ ਦਰਵਾਜ਼ੇ ਛੁਪਦੇ ਕਿਥੋਂ ਨਿਕਲੀਏ ਵੜੀਏ

ਜਾਂ ਕੋਈ ਮਰਦ ਇਸ ਜਾਈ ਪਹੁਤਾ ਕੁਲੋਂ ਸ਼ੁਕਰ ਹੋਵੇਗਾ
ਕੁਫ਼ਰੇ ਵਿਚੋਂ ਈਮਾਂ ਕਹਿੰਦੇ ਈਮਾਂ ਕੁਫ਼ਰ ਹੋਵੇਗਾ

18. ਫ਼ਕਰ ਦੀ ਮੰਜ਼ਿਲ

ਵਾਦੀ ਫ਼ਕਰ-ਫ਼ਨਾਹ ਦੇ ਅੰਦਰ ਅਗਲੀ ਮੰਜ਼ਿਲ ਆਈ
ਫ਼ਕਰ-ਫ਼ਨਾਹ ਅੰਦਰ ਚੁੱਪ ਬਿਹਤਰ ਗੱਲ ਨਾ ਜਾਂਦੀ ਪਾਈ ।੬੬੦।

ਫ਼ਰਾਮੋਸ਼ੀ ਦੀ ਮੰਜ਼ਿਲ ਹੋਏ ਗੁੰਗੇ ਡੋਰੇ ਝੱਲੇ
ਜਾਂ ਹਿੱਕ ਸੂਰਜ ਰੌਸ਼ਨ ਚੜ੍ਹਿਆ ਸਭ ਤਾਰੇ ਛੁਪ ਚਲੇ

ਕਾਂਗ ਚੜ੍ਹੀ ਦਰਿਆ ਫ਼ਕਰ ਦੇ ਜੁੰਬਸ਼ ਅੰਦਰ ਆਵੇ
ਪੱਥਰ ਨਕਸ਼ ਬਰੇਤੇ ਬੇਲਾ ਬੂਟੇ ਰੇਤ ਛੁਪਾਵੇ

ਦੋਏੇ ਜਹਾਨ ਮੁਹੰਮਦ ਬਖਸ਼ਾ ਮੌਜ ਇਸ ਇੱਕ ਦਰਿਆਉਂ
ਜੇ ਕੋਈ ਇਹ ਗੱਲ ਮੰਨੇ ਨਾਹੀਂ ਕਸਰ ਉਹਨੂੰ ਸਿਰ ਦਾਉਂ

ਏਸ ਨਦੀ ਵਿਚ ਚੁੱਭੀ ਮਾਰੇ ਜੇ ਕੋਈ ਹਿੰਮਤ ਕਰ ਕੇ
ਸਦਾ ਸੁਖਾਲ਼ਾ ਰਹਿਸੀ ਭਾਈ ਕੀ ਕੰਮ ਬਾਹਰ ਤਰ ਕੇ

ਏਸ ਨਦੀ ਦੀ ਚੁੱਭੀ ਅੰਦਰ ਚਿੱਤ ਹਮੇਸ਼ ਸੁਖਾਲ਼ਾ
ਗੁੰਮ ਹੋਵਣ ਬਿਨ ਹੋਰ ਨਾ ਭਾਵੇ ਵਾਂਦੇ ਪੈਣ ਕੁਸ਼ਾਲਾ

ਹੁਕਮੇ ਨਾਲ਼ ਇਸ ਚੁੱਭੀ ਵਿਚੋਂ ਜਾਂ ਸਿਰ ਬਾਹਰ ਆਣੇ
ਤਾਂ ਉਹ ਕਾਰੀਗਰੀਆਂ ਵੇਖੇ ਤੱਕ ਤੱਕ ਭੇਤ ਪਛਾਣੇ

ਇਸ ਚੁੱਭੀ ਵਿਚ ਗ਼ੈਰ ਨਾ ਮਿਟਦਾ ਜਾਵੇ ਹਿੱਕ ਹਿਕੱਲਾ
ਜਿਥੇ ਅਪਣਾ ਆਪ ਨਾ ਮੇਵੇ ਹੋਰ ਖੜੇ ਤਾਂ ਝੱਲਾ

ਜਾਂ ਇਹ ਅਪਣਾ ਆਪ ਬੰਦੇ ਨੂੰ ਬਰਦਾ ਹੈ ਦਿਲਬਰ ਦਾ
ਮਾਲ ਮੁਲਕ ਤੇ ਇੱਜ਼ਤ ਦੌਲਤ ਸੰਗ ਖੜਿਆਂ ਕਦ ਤਰ ਦਾ

'ਲਣ ਤਨਾਲੂ ਅਲਬੱਰ' ਭਾਈ ਸੁੱਟ ਤਮਾਮੀ ਚੀਜ਼ਾਂ
ਫ਼ਰਦ ਹੋਵੇ ਤਾਂ ਮਰਦ ਕਹਾਵੇ ਮਿਲਦਾ ਨਾਲ਼ ਅਜ਼ੀਜ਼ਾਂ

ਖ਼ਾਤਿਰ-ਜਮਅ ਹੋਏ ਜਿਸ ਵੇਲੇ ਖ਼ੁਦੀ ਵੰਝੇ ਬੇਖ਼ੁਦੀਓਂ
ਪਾਕ ਹੋਵੇ ਤਾਂ ਬਾਹਰ ਆਵੇ ਹਰ ਹਰ ਨੇਕੀ ਬਦੀਓਂ ।੬੭੦।

ਜਾਂ ਇਹ ਨੇਕੀ ਬਦੀ ਨਾ ਰਹਿੰਦੀ ਉਸ ਦਮ ਆਸ਼ਿਕ ਹੋਂਦਾ
ਹੋਇ ਫ਼ਨਾ ਇਸ਼ਕ ਦਾ ਅੱਵਲ ਯਾਰੀ ਕਰਨ ਖਲੋਂਦਾ

ਜਿਉਂ ਇਹ ਹਾਲ ਅਹਿਵਾਲ ਫ਼ਕਰ ਦਾ ਗ਼ਾਇਬ ਸਾਡੀ ਨਜ਼ਰੋਂ
ਤਿਵੇਂ ਸ਼ਰ੍ਹਾ ਜ਼ਬਾਨੋਂ ਉਹਲੇ ਨਾਲੇ ਸਿਫ਼ਤੋਂ ਖ਼ਬਰੋਂ

ਮਰ ਕੇ ਜੀਵਨ ਦੀ ਗੱਲ ਭਾਈ ਦੱਸੇ ਕੌਣ ਜ਼ਬਾਨੋਂ
'ਬੱਅਸ ਬਅਦ-ਅਲ-ਮੌਤ' ਸੁਖ਼ਨ ਦੀ ਮਾਅਨੇ ਦੂਰ ਬਿਆਨੋਂ

ਬਾਦ ਫ਼ਨਾਓਂ ਬਾਕੀ ਹੋਣਾ ਕੀ ਜਾਣਾ ਇਸ ਬਾਤੋਂ
ਨਵੀਂ ਕਿਤਾਬ ਬਣੇ ਜੇ ਲਿਖਾਂ ਬਾਤਾਂ ਨਫ਼ੀ-ਅਸਬਾਤੋਂ

ਮਰ ਕੇ ਜੀਵਨ ਦੀ ਗੱਲ ਚੰਗੀ ਸੋ ਜਾਣੇ ਜੋ ਕਰਦਾ
ਜਿਸਦੇ ਸਿਰ ਪਰ ਵਰਤੀ ਹੋਵੇ ਕੰਮ ਨਹੀਂ ਹਰ ਹਰ ਦਾ

ਮੈਂ ਕੀ ਜਾਣਾ ਚਾਲ ਫ਼ਕਰ ਦੀ ਬਿੱਦਈ ਤੇ ਨਫ਼ਸਾਨੀ
ਸੁਣੀ ਸੁਣਾਈ ਲਿਖ ਵਿਖਾਈ ਪਾਈ ਨਹੀਂ ਨਿਸ਼ਾਨੀ

ਆਪਣੀ ਮੌਤ ਹਯਾਤੀ ਅੰਦਰ ਜਬ ਲੱਗ ਤੇਰਾ ਡੇਰਾ
ਇਸ ਮੰਜ਼ਿਲ ਵਿਚ ਕਦ ਮੁਹੰਮਦ ਪੈਰ ਪਵੇਗਾ ਤੇਰਾ

ਅਪਣਾ ਆਪ ਮੁਹੰਮਦ ਬਖਸ਼ਾ ਤੇਰਾ ਮਿਸਰ ਸ਼ਹਿਰ ਹੈ
ਮੁਸ਼ਕਿਲ ਪੰਧ ਸੱਜਣ ਦੇ ਲੋੜੇਂ ਰਸਤਾ ਬੱਰ ਬਹਿਰ ਹੈ

ਜਾਂ ਇਹ ਮਿਸਰ ਪਿਆਰਾ ਤੈਨੂੰ ਕੌੜਾ ਜ਼ਹਿਰ ਹੋਵੇਗਾ
ਤਾਹੀਂ ਦਿਲ ਸਫ਼ਰ ਵੱਲ ਜਾਸੀ ਪੈਂਡਾ ਲਹਿਰ ਹੋਵੇਗਾ

ਧੀਆਂ ਪੁੱਤਰ ਭੈਣਾਂ ਭਾਈ ਵਿਛੜ ਸੰਗੋਂ ਸਾਥੋਂ

ਬੇੜੀ ਰੋਹੜ ਅਸਬਾਬਾਂ ਵਾਲੀ ਇਸ਼ਕ ਨਦੀ ਦੀ ਠਾਠੋਂ ।੬੮੦।

ਰਸਤਾ ਦੂਰ ਨਾ ਓੜਕ ਜਿਸਦਾ ਘਣੇ ਕਜ਼ੀਏ ਇਸਦੇ
ਪਰ ਜੋ ਨਾਲ਼ ਯਕੀਨੇ ਟੁਰਦੇ ਵੰਝ ਸੱਜਣ ਸੰਗ ਦਿਸਦੇ

ਤੋੜੇ ਕੁੱਝ ਨਾ ਮਾਲਮ ਉਸ ਦਾ ਥਾਂ ਟਿਕਾਣਾ ਪਾਸਾ
ਛੱਡ ਦੁਨੀਆ ਪੌ ਲਹਿਰ ਫ਼ਕਰ ਦੀ ਰੱਖ ਮਿਲਣ ਦੀ ਆਸਾ

ਯਾਰ ਮਿਲੇ ਬਿਨ ਮਰਸੋ ਨਾਹੀਂ ਸੀਸ ਤੁਸਾਂ ਜੇ ਹੂਲੇ
ਉਹ ਤੇਰਾ ਤੋਂ ਉਸ ਦਾ ਹੋਸੇਂ ਵਿੱਥ ਨਾ ਰਹਿਸੀ ਮੂਲੇ

ਮਹਿਬੂਬਾਂ ਦੀ ਬੇਪਰਵਾਹੀ ਸੁਣ ਕੇ ਹਟ ਨਾ ਰਹੋ ਖਾਂ
ਹਿੰਮਤ ਆਸ ਕਰਾਰੀ ਕਰ ਕੇ ਵੰਝ ਉਸੇ ਦਰ ਢਹੋ ਖਾਂ

ਸਬਰ ਤਵੁੱਕਲ ਆਸਿਮ ਵਾਲੇ ਹਿੰਮਤ ਸੈਫ਼ ਮਲੂਕੇ
ਕਰੀਂ ਕਬੂਲ ਨਾ ਹਟੀਂ ਤੋੜੇ ਸਭ ਕੋਈ ਠਾਕੇ ਕੂਕੇ

ਅਪਣਾ ਆਪ ਛੱਡੇਂ ਉਸ ਕਾਰਨ ਸਾਜਨ ਤਾਂ ਘਟਿ ਆਵਣ
ਸਭ ਜਗ ਉੱਤੇ ਸ਼ਾਹੀ ਤੇਰੀ ਪਰੀਆਂ ਤਖ਼ਤ ਉਡਾਵਣ

ਢੂੰਡਣ ਵਾਲੇ ਮੁੜਨ ਨਾ ਖ਼ਾਲੀ ਖ਼ੁਦ ਹਜ਼ਰਤ ਫ਼ੁਰਮਾਵੇ
ਵੇਖਾਂ ਸੈਫ਼ ਮਲੂਕੇ ਵੱਲੋਂ ਜੋ ਲੋੜੇ ਸੋ ਪਾਵੇ

ਆਸਿਮ ਦੇ ਸੁਣ ਸਬਰ ਤਵੁੱਕਲ ਹਿੰਮਤ ਉਸ ਸ਼ਹਿਜ਼ਾਦੇ
ਦਿਲਬਰ ਭਾਲ਼ ਮੁਹੰਮਦ ਬਖਸ਼ਾ ਸਹਿ ਸਹਿ ਦੁੱਖ ਜ਼ਿਆਦੇ

ਤੱਮ-ਉਲ-ਕਲਾਮ ਬਨਾਮੇ ਹਜ਼ਰਤੇ ਪੀਰ ਮੁਰਸ਼ਦਮ ਸਾਹਿਬ
ਕੁਦਸ ਅੱਲਾਹ ਤਾਅਲਾ ਸਰੱਹ ਅਲ-ਅਜ਼ੀਜ਼
(ਆਪਣੇ ਪੀਰ ਮੁਰਸ਼ਦ ਦੇ ਨਾਂ ਤੇ ਕਵਿਤਾ ਸੰਪੂਰਨ, ਕਰਦਾ,
ਅੱਲਾਹ ਉਨ੍ਹਾਂ ਦੇ ਉੱਚਤਮ ਭੇਦਾਂ ਨੂੰ ਪਾਕ ਕਰੇ)

ਕਿੱਸਾ ਸੈਫ਼ ਮਲੂਕੇ ਵਾਲਾ ਇਸ ਕਾਰਨ ਹੁਣ ਕਹਿਣਾ
ਤਾਲਿਬ ਹਿੰਮਤ ਕਰ ਕੇ ਚਲੇ ਰਵਾ ਨਾ ਰੱਖੇ ਬਹਿਣਾ

19. ਇਬਤਿਦਾਏ ਕਿੱਸਾ ਸੈਫ਼-ਉਲ-ਮਲੂਕ ਵਾ ਬੱਦੀਅ-ਉਲ-ਜਮਾਲ
ਵਾ ਆਗਾਜ਼ਿਦਾਸਤਾਨਿ-ਬਾਦਸ਼ਾਹ ਆਸਿਮ ਬਿਨ ਸਫ਼ਵਾਨ
ਤਮਾਮ ਕਿੱਸਾ ਦਰ ਤਰਸੀਰਿ ਈਂ ਬੈਂਤ ਮੌਲਵੀ ਨਿਜ਼ਾਮੀ
ਕੁਦਸ ਅੱਲਾ ਅਜ਼ੀਜ਼
(ਕਿੱਸਾ ਸੈਫ਼-ਉਲ-ਮਲੂਕ ਵਾ ਬੱਦੀਅ-ਉਲ-ਜਮਾਲ ਦਾ ਆਰੰਭ
ਬਾਦਸ਼ਾਹ ਆਸਿਮ ਬਿਨ ਸਫ਼ਵਾਨ ਦੀ ਕਹਾਣੀ ਸ਼ੁਰੂ,
ਸਾਰਾ ਕਿੱਸਾ ਮੌਲਵੀ ਨਿਜ਼ਾਮੀ ਦੇ ਏਸ ਸ਼ਿਅਰ ਦੀ ਤਫ਼ਸੀਰ ਏ:-

ਚੁਨੀਂ ਜ਼ਦ ਮਿਸਲ ਸ਼ਾਹਿ ਗੋਇੰਦਗਾਂ
ਕਿ ਯਾਬਿੰਦਗਾਂ ਅੰਦ ਜੋਇੰਦਗਾਂ

ਕਵੀਆਂ ਦੇ ਸੁਲਤਾਨ ਕਹਿ ਗਏ, ਸੁੰਦਰ ਇਹ ਅਖਾਣ
ਢੂੰਡਣ-ਵਾਲੇ ਸਰ-ਪਰ ਆਪਣਾ, ਮੰਤਵ ਇਕ ਦਿਨ ਪਾਣ

ਬ-ਇਸਮਿ ਪਾਕ ਹਜ਼ਰਤ, ਪੀਰ ਸ਼ਾਹੇ
ਕਰਾਂ ਨਾਮਾ ਸ਼ੁਰੂ ਉਹੋ ਨਿਬਾਹੇ)

ਪੀਰ ਮੇਰਾ ਉਹ ਦਮੜੀ ਵਾਲਾ ਮੀਰਾਂ ਸ਼ਾਹ ਕਲੰਦਰ
ਹਰ ਮੁਸ਼ਕਿਲ ਵਿਚ ਮਦਦ ਕਰੇਂਦਾ ਦੋਹਾਂ ਜਹਾਨਾਂ ਅੰਦਰ ।੬੯੦।

ਆਸਿਮ ਬਿਨ ਸਫ਼ਵਾਨ ਸ਼ਹਿਜ਼ਾਦਾ ਵਾਲੀ ਤਖ਼ਤ ਮਿਸਰ ਦਾ
ਆਹਾ ਸ਼ਾਹ ਸੁਲੇਮਾਂ ਦੂਜਾ ਸਾਹਿਬ ਦੌਲਤ ਜ਼ਰ ਦਾ

ਰੂਮੀ ਸ਼ਾਮੀ ਚੀਨ ਮਚੀਨੀ ਗ਼ਜ਼ਨੀ ਹਿੰਦੁਸਤਾਨੀ
ਜ਼ੰਗੀ ਰੂਸੀ ਹੋਰ ਫ਼ਰੰਗੀ ਯੂਨਾਨੀ ਇਰਾਨੀ

ਸੱਤਰ ਸ਼ਾਹ ਤਖ਼ਤਾਂ ਦੇ ਸਾਈਂ ਚਾਕਰ ਸਨ ਉਸ ਸੰਦੇ
ਖ਼ਿਦਮਤ ਅੰਦਰ ਰਹਿਣ ਖਲੋਤੇ ਹੱਥੀਂ ਬੱਧੇ ਬੰਦੇ

ਸੱਤ ਵਲਾਇਤ ਜ਼ਿਮੀਂ ਅਬਾਦੀ ਸੱਤੇ ਤਖ਼ਤ ਉਸ ਮਲਿਆ
ਚਾਰ ਤਖ਼ਤ ਦੀ ਹੱਦ ਸਫ਼ਰਾਨੀ ਅਮਲ ਆਪਣੇ ਵਿਚ ਲਿਆ

ਫ਼ੌਜਾਂ ਲਸ਼ਕਰ ਕਟਕ ਕਰੋੜਾਂ ਗਿਣਤਰ ਵਿਚ ਨਾ ਆਵਣ
ਜੇ ਸੌ ਮੁਣਸ਼ੀ ਲੱਖ ਮੁਸੱਦੀ ਲਿਖ ਲਿਖ ਕਲਮ ਘਸਾਵਣ

ਜ਼ਵਿਲ-ਕਿਰਨੀਨ ਸਿਕੰਦਰ ਵਾਲਾ ਸ਼ੌਕਤ ਸ਼ਾਨ ਜ਼ਿਆਦਾ
ਬਾਦਸ਼ਾਹੀ ਘਰ ਉਸ ਦੇ ਦਾਇਮ ਆਦਿ ਦਾ ਸ਼ਹਿਜ਼ਾਦਾ

ਕੋਟ ਕਿਲੇ ਦਰ ਬੰਦ ਹਜ਼ਾਰਾਂ ਛਾਉਣੀਆਂ ਹਰ ਦੇਸੀਂ
ਸਦਾ ਬਰਤ ਹਰ ਸ਼ਹਿਰ ਬਣਾਏ ਰਸਦ ਖਾਣ ਪਰਦੇਸੀਂ

ਆਦਿਲ ਸਖ਼ੀ ਸਿਕੰਦਰ ਜੈਸਾ ਜਿਉਂ ਦਰਿਆ ਵਿਚ ਮੌਜਾਂ
ਜ਼ੋਰਾਵਰੀ ਉਹਦੀ ਸੁਣ ਕੰਬਣ ਦਿਓ ਦਾਨਵ ਦੀਆਂ ਫ਼ੌਜਾਂ

ਰਾਖਸ਼ ਆਦਮ ਖਾਵਣ ਵਾਲੇ ਤੇਗ਼ ਉਹਦੀ ਥੀਂ ਡਰਦੇ
ਕੋਹ ਕਾਫ਼ਾਂ ਦੀਆਂ ਗ਼ਾਰਾਂ ਅੰਦਰ ਜਾ ਗੁਜ਼ਰਾਨਾਂ ਕਰਦੇ

ਝੰਡੇ ਛਤਰ ਨਿਸ਼ਾਨ ਹਜ਼ਾਰਾਂ ਲੱਖ ਕੋਈ ਸਿਰ-ਕਰਦੇ
ਸਰ ਕਰਦੇ ਮੁਹਿੰਮਾਂ ਤਾਈਂ ਆਇ ਕਦਮੀਂ ਸਿਰ ਧਰਦੇ ।੭੦੦।

ਸ਼ਾਹ ਜ਼ਿਮੀਂ ਦੇ ਸਾਰੇ ਡਰਦੇ ਸਾਨੀ ਕੋਈ ਨਾ ਆਹਾ
ਅੱਗੇ ਆ ਗੁਜ਼ਾਰਨ ਨਜ਼ਰਾਂ ਜਿੱਤ ਵੱਲ ਪਾਵੇ ਰਾਹਾ

ਹਿੱਕ ਅੱਲ੍ਹਾ ਦਾ ਖ਼ੌਫ਼ ਹਮੇਸ਼ਾ ਦਹਿਸ਼ਤ ਹੋਰ ਨਾ ਕਾਈ
ਦੁਸ਼ਮਣ ਸਭ ਤਹਿ ਤੇਗ਼ ਕੀਤੇ ਸਭ ਆਲਮ ਵਿਚ ਦੁਹਾਈ

ਐਸ਼ ਖ਼ੁਸ਼ੀ ਜੋ ਦੁਨੀਆ ਵਾਲੀ ਸਭੋ ਸੀ ਹੱਥ ਆਈ
ਸਭ ਮੁਰਾਦਾਂ ਚਾਹਾਂ ਪਾਈਆਂ ਕਰਦਾ ਸ਼ੁਕਰ ਖ਼ੁਦਾਈ

ਹਿੱਕ ਮੁਰਾਦ ਰਹੀ ਦਿਲ ਅੰਦਰ ਘਰ ਔਲਾਦ ਨਾ ਹੋਈ
ਜਾਂ ਜਾਂ ਉਹ ਨਾ ਹਾਸਿਲ ਹੋਵੇ ਹੋਰ ਨਾ ਸੁਝਦੀ ਕੋਈ

ਆਸਿਮ ਇਸ ਅੰਦੇਸ਼ੇ ਅੰਦਰ ਰਾਤ ਦਿਹਾਂ ਦਿਲਗੀਰੀ
ਰੱਬਾ ਇਹ ਮੇਰੀ ਸੁਲਤਾਨੀ ਦੌਲਤ ਫ਼ੌਜ ਘਣੇਰੀ

ਬਿਨ ਫ਼ਰਜ਼ੰਦ ਮੇਰੇ ਕਿਸ ਕਾਰੀ ਇਹ ਸਾਰੇ ਉਸਰੱਗੇ
ਜਾਂ ਇਸ ਫ਼ਿਕਰ ਅੰਦਰ ਜੀਅ ਜਾਵੇ ਅੱਗ ਅੰਦਰ ਵਿਚ ਲੱਗੇ

ਜਾਂ ਜਾਂ ਉਮਰ ਜਵਾਨੀ ਆਹੀ ਲੰਘੀ ਆਸਾ ਆਸਾ
ਮਜਲਿਸ ਲਾਵੇ ਮੌਜਾਂ ਮਾਣੇ ਗ਼ਮ ਨਾ ਆਹਾ ਮਾਸਾ

ਬਾਹਠ ਵਰ੍ਹੇ ਜਦ ਉਮਰ ਵਿਹਾਣੀ ਚੱਲੀ ਬਹਾਰ ਜਵਾਨੀ
ਸ਼ਾਖ਼ ਹਰੀ ਰੰਗ ਪੀਲ਼ਾ ਹੋਇਆ ਆਈ ਰੁੱਤ ਖ਼ਿਜ਼ਾਨੀ

ਸਰੂ ਅਜ਼ਾਦ ਲੱਗਾ ਖ਼ਮ ਖਾਵਣ ਚੰਬੇ ਕਲੀਆਂ ਗਿਰੀਆਂ
ਲਾਲੇ ਥੀਂ ਫੁਲ ਕੇਸਰ ਹੋਏ ਹੋਰ ਬਹਾਰਾਂ ਫਿਰੀਆਂ

ਸੁੰਬਲ ਫ਼ਸਲ ਪਿਆ ਆ ਘਾਟੇ ਨਿਕਲਣ ਲੱਗੀਆਂ ਤਾਰਾਂ
ਨੀਂਦਰ ਮਸਤ ਦਿੱਤੀ ਛੱਡ ਨਰਗਿਸ ਬੈਠਾ ਵਾਂਗ ਬੇਦਾਰਾਂ ।੭੧੦।

ਕਸਤੂਰੀ ਆ ਪਹੁਤੀ ਓਥੇ ਕਸਤੂਰੀ ਸੰਗ ਭੂਰੀ
ਵਿਚ ਵਿਚ ਆਨ ਵਿਖਾਲੀ ਦਿੱਤੀ ਕਾਫ਼ੂਰੀ ਰੰਗ ਨੂਰੀ

ਉਹ ਸਬਜ਼-ਖ਼ਤ ਛਾਪੇ ਵਾਲਾ ਕਿਰਨ ਲੱਗਾ ਏ ਚੰਬਾ
ਲੱਗਾ ਵੇਖ ਚਿਨਾਰੀ ਪੰਜੇ ਬੇਦ ਵਾਲਾ ਥਰ-ਕੰਬਾ

ਸਰਦ ਹੋਇਆ ਦਿਲ ਖ਼ੁਸ਼ੀਆਂ ਵੱਲੋਂ ਦੁਨੀਆ ਝੂਠ ਕੱਕਾਰਾ
ਜੇ ਸੈ ਬਰਸ ਕੀਤੀ ਮੈਂ ਸ਼ਾਹੀ ਓੜਕ ਚੱਲਣ ਹਾਰਾ

ਦੌਲਤ ਮਾਲ ਖ਼ਜ਼ਾਨੇ ਲਸ਼ਕਰ ਤਖ਼ਤ ਵਲਾਇਤ ਸ਼ਾਹੀ
ਬਾਦ ਮੇਰੇ ਕੋਈ ਹੋਰ ਬਹੇਗਾ ਮੈਂ ਹਾਂ ਅੱਜ ਕੱਲ੍ਹ ਰਾਹੀ

ਦਿਲ ਮੇਰੇ ਨੂੰ ਚੰਗਾ ਲਗਦਾ ਤਾਂਹੀਂ ਇਹ ਪਸਾਰਾ
ਜੇ ਅੱਜ ਅੱਖੀਂ ਅੱਗੇ ਹੁੰਦਾ ਹਿੱਕ ਫ਼ਰਜ਼ੰਦ ਪਿਆਰਾ

ਮੈਂ ਕੀ ਅਜਬ ਬੇ ਅਕਲੀ ਕਰਦਾ ਝੱਲਾਂ ਮੁਫ਼ਤ ਕਕਾਰੇ
ਆਸਿਮ ਸ਼ਾਹ ਮੁਹੰਮਦ ਬਖਸ਼ਾ ਇਹ ਅੰਦੇਸ਼ੇ ਧਾਰੇ

ਟੁਰਾਂ ਮੁਹਿਮੀਂ ਸਖ਼ਤੀ ਝਾਗਾਂ ਬਹੁਤ ਕਰਾਂ ਸ਼ੁਕਰਾਨਾ
ਸੈ ਅੰਦੇਸ਼ੇ ਰਾਤ ਦਿਹਾਂ ਵਿਚ ਉਮਰ ਐਂਵੇਂ ਗੁਜ਼ਰਾਨਾਂ

ਔਤਰ ਨਾਮ ਪਿਆ ਕੀ ਕਰਨਾ ਮਾਲ ਮਤਾਅ ਘਨੇਰੀ
ਗੋਸ਼ੇ ਬੈਠਾਂ ਹੋ ਚੁਪੀਤਾ ਰਖ ਅੱਲ੍ਹਾ ਤੇ ਢੇਰੀ

ਜੇ ਫ਼ਰਜ਼ੰਦ ਹੁੰਦਾ ਇਕ ਲਾਇਕ ਤਾਂ ਹੁੰਦੀ ਖ਼ੁਸ਼ਹਾਲੀ
ਮੇਰੇ ਪਿੱਛੇ ਹੋਂਦਾ ਬੇਟਾ ਤਖ਼ਤ ਮੁਲਕ ਦਾ ਵਾਲੀ

ਇਹ ਅੰਦੇਸ਼ੇ ਕਰ ਕੇ ਆਸਿਮ ਜਾ ਗੋਸ਼ੇ ਵਿਚ ਵੜਿਆ
ਬੈਠ ਮਹਿਲ ਇਕੱਲੇ ਅੰਦਰ ਬੂਹੇ ਸੰਗਲ ਜੜਿਆ ।੭੨੦।

ਆਵਣ ਜਾਵਣ ਲੋਕਾਂ ਵਾਲਾ ਸਾਰਾ ਬੰਦ ਕਰਾਇਆ
ਨਾ ਕੁੱਝ ਖਾਵੇ ਨਾ ਕੁੱਝ ਪੀਵੇ ਨੀਂਦ ਆਰਾਮ ਗਵਾਇਆ

ਨਾ ਉਹ ਕੋਲ਼ ਕਿਸੇ ਨੂੰ ਸੱਦੇ ਗੱਲ ਕਲਾਮ ਨਾ ਕਰਦਾ
ਗਿਰੀਆਜ਼ਾਰੀ ਕੰਮ ਹਮੇਸ਼ਾ ਘੜੀ ਅਰਾਮ ਨਾ ਕਰਦਾ

ਚਾਲੀ੍ਹ ਰੋਜ਼ ਹੋਏ ਇਸ ਐਂਵੇਂ ਮੌਲਾ ਅੱਗੇ ਰੋਂਦਾ
ਉਸਰੋਂ-ਯਸਰ ਮੁਹੰਮਦ ਬਖਸ਼ਾ ਓੜਕ ਹਿਕ ਦਿਨ ਹੋਂਦਾ

ਮੀਰ ਵਜ਼ੀਰ ਉਮਰਾ ਵਡੇਰੇ ਫ਼ਿਕਰ ਕਰਨ ਰਲ਼ ਸਾਰੇ
ਕੇਹੀ ਮੁਹਿੰਮ ਇਹ ਡਾਹਢੀ ਆਈ ਸ਼ਹਿਨਸ਼ਾਹ ਹਮਾਰੇ

ਕਰ ਮਸਲਾਹਿਤ ਕਰੋ ਤਦਾਰਕ ਕੁੱਝ ਤਦਬੀਰ ਬਣਾਓ
ਦੋ ਵਜ਼ੀਰ ਪਿਆਰੇ ਸ਼ਾਹ ਦੇ ਬੂਹਾ ਜਾਇ ਖੁਲਾਓ

ਹੱਥ ਬੰਨ੍ਹ ਅਰਜ਼ ਕਰੋ ਸ਼ਾਹ ਅੱਗੇ ਪੁੱਛੋ ਹਾਲ ਹਕੀਕਤ
ਕਿਸ ਸਬੱਬੋਂ ਗੋਸ਼ੇ ਬੈਠਾ ਉਸ ਵੱਲ ਕੀ ਮੁਸੀਬਤ

ਮੱਤ ਸੁਲਤਾਨ ਅਸਾਡਾ ਯਾਰੋ ਹਾਲ ਹਕੀਕਤ ਦੱਸੇ
ਕਰੀਏ ਕੁੱਝ ਤਦਾਰਕ ਚਾਰਾ ਮੱਤ ਫਿਰ ਹੱਸੇ ਰੱਸੇ

ਚਿਹਲ ਵਜ਼ੀਰ ਆਸਿਮ ਦੇ ਆਹੇ ਹਿੱਕ ਥੀਂ ਹਿੱਕ ਚੰਗੇਰੇ
ਪਰ ਦੋ ਉਨ੍ਹਾਂ ਵਿਚੋਂ ਆਹੇ ਮਹਿਰਮ ਖ਼ਾਸ ਅਗੇਰੇ

ਸਾਲਿਹ ਇਬਨ ਹਮੀਦ ਹਿਕੀਦਾ ਰਾਵੀ ਨਾਮ ਬਤਾਂਦਾ
ਆਦਰ-ਯੂਸ਼ ਹਾਮਾਂ ਦਾ ਬੇਟਾ ਦੂਜਾ ਆਖ ਸੁਣਾਂਦਾ

ਇਹ ਵਜ਼ੀਰ ਦੋਏੇ ਉਠ ਵੱਗੇ ਖੋਲ ਵੜੇ ਦਰਵਾਜ਼ਾ
ਸ਼ਾਹ ਪਿਆ ਬੇਹਾਲ ਡਿਠੋ ਨੇ ਲਿੱਸਾ ਬੇ-ਅੰਦਾਜ਼ਾ ।੭੩੦।

ਮੁਰਦੇ-ਵੰਨੀ ਰੰਗ ਜੁੱਸੇ ਤੇ ਜ਼ਰਦ ਹੋਇਆ ਮੂੰਹ ਪੀਲ਼ਾ
ਅੱਖੀਂ ਨਹਿਰਾਂ ਪਾਣੀ ਦੇਵਣ ਸਰੂ ਹੋਇਆ ਪਰ ਤੀਲਾ

ਨਾ ਉਸ ਤਾਕਤ ਗੱਲ ਕਰਨ ਦੀ ਨਾ ਸੀ ਹੋਸ਼ ਟਿਕਾਣੇ
ਚਾ ਉਠਾਲ ਬਹਾਲ ਕਰਾਵਣ ਗੱਲਾਂ ਜ਼ੋਰ ਧਿੰਙਾਣੇ

ਅੱਵਲ ਕਰ ਤਅਜ਼ੀਮ ਸਲਾਮਾਂ ਕਰਦੇ ਫੇਰ ਸਨਾਈਂ
ਸਾਨੀ ਤੇਰਾ ਨਾਹੀਂ ਸ਼ਾਹਾ ਮਸ਼ਰਿਕ ਮਗ਼ਰਿਬ ਤਾਈਂ

ਅਦਨਾ ਹਿੱਸਾ ਮੁਲਕ ਤੇਰੇ ਦਾ ਸ਼ਾਹ ਸੁਲੇਮਾਂ ਪਾਇਆ
ਹੁਕਮ ਇਕਬਾਲ ਤੁਸਾਡਾ ਹਜ਼ਰਤ ਦਮ ਦਮ ਹੋਏ ਸਵਾਇਆ

ਕਈਂ ਸ਼ਹਿਜ਼ਾਦੇ ਤਖ਼ਤਾਂ ਵਾਲੇ ਚਾਕਰ ਤੇਰੇ ਅੱਗੇ
ਆਲਿਮ ਫ਼ਾਜ਼ਿਲ ਕਰਨ ਦੁਆਈਂ ਤੱਤੀ ਵਾਅ ਨਾ ਲੱਗੇ

ਅਸੀਂ ਵਜ਼ੀਰ ਸਲਾਹਾਂ ਜੋਗੇ ਤੇਰੇ ਹੱਥੀਂ ਪਾਲੇ
ਫ਼ੌਜਾਂ ਕਟਕ ਮੁਹਿੰਮਾਂ ਕਾਰਨ ਦੁਸ਼ਮਣ ਮਾਰਨ ਵਾਲੇ

ਅਸੀਂ ਕਮੀਨੇ ਬੰਦੇ ਤੇਰੇ ਤੁਧ ਤੋਂ ਘੋਲ਼ ਘੁੰਮਾਏ
ਕੈਸੀ ਇਹ ਦਿਲਗੀਰੀ ਤੈਨੂੰ ਪੁੱਛਣ ਕਾਰਨ ਆਏ

ਮਹਿਰਮ ਖ਼ਾਸ ਤੁਸੀਂ ਮਨਿ ਭਾਣੇ ਕਹਿੰਦਾ ਸ਼ਾਹ ਵਜ਼ੀਰਾਂ
ਅਫ਼ਲਾਤੂਨ ਅਰੱਸਤੂ ਮੇਰੇ ਅਜਬ ਕਰੋ ਤਦਬੀਰਾਂ

ਜਿਸ ਦਿਨ ਦਾ ਮੈਂ ਹੋਇਆ ਸਿਆਣਾ ਪੈਰ ਤਖ਼ਤ ਤੇ ਧਰਿਆ
ਇੱਜ਼ਤ ਦੌਲਤ ਨਾਲ਼ ਹਮੇਸ਼ਾ ਰਹਿਓਸੁ ਹਰਿਆ ਭਰਿਆ

ਕੀਤਾ ਕਰਮ ਇਲਾਹੀ ਮੈਂ ਤੇ ਬਹੁਤੇ ਤਖ਼ਤ ਸੰਭਾਲੇ
ਚਾਲੀ ਸ਼ਹਿਜ਼ਾਦੇ ਨਿੱਤ ਮੇਰੀ ਖ਼ਿਦਮਤ ਕਰਨ ਸੁਖਾਲੇ ।੭੪੦।

ਆਸੇ ਆਸੇ ਗਈ ਜਵਾਨੀ ਫ਼ਿਕਰ ਪਿਆ ਹੁਣ ਏਹਾ
ਕਾਲਿਆਂ ਰੰਗ ਵਟਾਇਆ ਗੋਰਾ ਆਇਆ ਮੌਤ ਸੁਨੇਹਾ

ਨਾਹੀਂ ਮੈਂ ਘਰ ਬੇਟਾ ਸਾਲਿਹ ਦੀਨ ਦੁਨੀ ਦਾ ਗਹਿਣਾ
ਇਹੋ ਦਾਗ਼ ਲੱਗਾ ਵਿਚ ਸੀਨੇ ਸਦਾ ਨਹੀਂ ਮੈਂ ਰਹਿਣਾ

ਏਸ ਅੰਦੇਸ਼ੇ ਤਖ਼ਤੋਂ ਲਾਹਿਆ ਰਾਜ ਵੱਲੋਂ ਚਿੱਤ ਚਾਇਆ
ਆਸਿਮ ਸ਼ਾਹ ਵਜ਼ੀਰਾਂ ਅੱਗੇ ਵੇਦਨ ਖੋਲ ਸੁਣਾਇਆ

ਸ਼ਾਹ ਅੱਗੇ ਫਿਰ ਅਰਜ਼ ਵਜ਼ੀਰਾਂ ਕੀਤੀ ਹੋ ਦਰਮਾਂਦੇ
ਦੱਸ ਅਸਾਨੂੰ ਹੈ ਕੀ ਚਾਰਾ ਜਿਹੜਾ ਵੱਸ ਅਸਾਂ ਦੇ

ਸ਼ਾਹ ਕਿਹਾ ਬਿਨ ਸਬਰੋਂ ਏਥੇ ਹੋਰ ਨਹੀਂ ਕੋਈ ਚਾਰਾ
ਲੇਕਿਨ ਤੁਸੀਂ ਵਜ਼ੀਰ ਵਡੇਰੇ ਕਰ ਵੇਖੋ ਇਹ ਕਾਰਾ

ਜੋ ਉਲਮਾ ਹਕੀਮ ਸਿਆਣੇ ਰਮਲੀ ਹੋਰ ਨਜੂਮੀ
ਕਰ ਇਕੱਠੇ ਪੁੱਛੋ ਹੋਵੇ ਕਿਸੇ ਮਤੇ ਮਅਲੂਮੀ

ਜੇ ਮੇਰੇ ਘਰ ਦੇਣਾ ਹੋਵੇ ਬੇਟਾ ਆਪ ਇਲਾਹੀ
ਤਾਂ ਮੈਂ ਸ਼ੁਕਰ ਗੁਜ਼ਾਰ ਸੰਭਾਲਾਂ ਤਖ਼ਤ ਵਿਲਾਇਤ ਸ਼ਾਹੀ

ਨਾ ਹੋਵੇ ਤਾਂ ਗੋਸ਼ੇ ਅੰਦਰ ਏਵੇਂ ਛੁਪਿਆ ਰਹਿਸਾਂ
ਸ਼ੋਰ ਕਕਾਰਾ ਮੁਸ਼ਕਿਲ ਭਾਰਾ ਗ਼ਮ ਵਿਚ ਕਿਉਂ ਕਰ ਸਹਿਸਾਂ

ਇਹ ਜਵਾਬ ਆਸਿਮ ਦਾ ਸੁਣ ਕੇ ਲੱਗੀ ਚੁੱਪ ਵਜ਼ੀਰਾਂ
ਬਾਹਰ ਆਇ ਰਲ਼ ਬੈਠੇ ਸਾਰੇ ਕਰਨ ਲੱਗੇ ਤਦਬੀਰਾਂ

ਸੱਦ ਨਜੂਮੀ ਆਲਿਮ ਫ਼ਾਜ਼ਿਲ ਰਮਲੀ ਹੋਰ ਸਿਆਣੇ
ਦਿੱਤੀ ਲੱਖ ਮੁਆਸ਼ ਉਨ੍ਹਾਂ ਨੂੰ ਵੰਡੇ ਹੋਰ ਖ਼ਜ਼ਾਨੇ ।੭੫੦।

ਕੀਤੀ ਅਰਜ਼ ਵਜ਼ੀਰਾਂ ਯਾਰੋ ਅਸਾਂ ਬਣੀ ਇਹ ਭਾਰੀ
ਸ਼ਾਹ ਅਸਾਡੇ ਦੇ ਘਰ ਦੱਸੋ ਹੋਸੀ ਅੰਸ ਪਿਆਰੀ

ਲੱਗੇ ਕਰਨ ਹਿਸਾਬ ਨਜੂਮੀ ਹੋ ਇਕੱਠੇ ਸਾਰੇ
ਬੁਰਜਾਂ ਵਿਚੋਂ ਵੜ ਵੜ ਨਿਕਲਣ ਗੰਦੇ ਰਾਸ ਸਿਤਾਰੇ

ਆਸਿਮ ਤੇ ਸਫ਼ਵਾਨ ਸ਼ਹਿਜ਼ਾਦੇ ਨਾਲੇ ਹਰਮ ਦੋਹਾਂ ਦੇ
ਜੋੜ ਬਣਾਵਣ ਹਰਫ਼ ਇਕੱਠੇ ਲਿਖਦੇ ਨਾਮ ਚੌਹਾਂ ਦੇ

ਗਿਣ ਕੇ ਅੱਦਦ ਸਭੇ ਹਰਫ਼ਾਂ ਦੇ ਜਮ੍ਹਾਂ ਕਰਨ ਚਾ ਬਾਰਾਂ
ਬਾਕੀ ਉੱਤੇ ਲੇਖਾ ਪਾਵਣ ਕਰ ਕਰ ਸਮਝ ਹਜ਼ਾਰਾਂ

ਸ਼ਾਹ ਆਸਿਮ ਦੇ ਤਲਿਅ ਜਾਗੇ ਅੱਗੋਂ ਕੀ ਕੁੱਝ ਹੋਸੀ
ਆਸ ਮੁਰਾਦ ਉਹਦੀ ਰੱਬ ਦੇਸੀ ਯਾ ਐਂਵੇਂ ਨਿੱਤ ਰੋਸੀ

ਕਰ ਕੇ ਸਮਝ ਨਜੂਮੀ ਕਹਿੰਦੇ ਚੰਗੀ ਫ਼ਾਲ ਵਜ਼ੀਰੋ
ਦੇਹੋ ਮੁਬਾਰਿਕ ਆਸਿਮ ਸ਼ਾਹ ਨੂੰ ਤਕੜੇ ਹੋਓ ਅਮੀਰੋ

ਸ਼ਾਹ ਬਦਖ਼ਸ਼ਾਂ ਦੇ ਦੀ ਬੇਟੀ ਜੇ ਆਸਿਮ ਨੂੰ ਲੱਭੇ
ਇਸ ਵਿਚੋਂ ਰੱਬ ਬੇਟਾ ਦੇਸੀ ਹੋਸਣ ਸਿਫ਼ਤਾਂ ਸੱਭੇ

ਆਦਿਲ ਆਲਿਮ ਫ਼ਾਜ਼ਿਲ ਹੋਸੀ ਮੁਲਕਾਂ ਵਿਚ ਉਜਾਗਰ
ਹਿਲਮ ਹੱਯਾ ਹਿਦਾਇਤ ਵਾਲਾ ਸੋਹਣਾ ਸਖ਼ੀ ਬਹਾਦਰ

ਲੰਮੀ ਉਮਰ ਹਯਾਤੀ ਵਾਲਾ ਰਹਿਸੀ ਨਾਲ਼ ਇਕਬਾਲਾਂ
ਏਵੇਂ ਆਇਆ ਨਜ਼ਰ ਵਜ਼ੀਰੋ ਸਾਨੂੰ ਅੰਦਰ ਫ਼ਾਲਾਂ ।੭੬੦।

ਜਾਂ ਇਹ ਖ਼ਬਰ ਗਈ ਸੁਲਤਾਨੇ ਖ਼ੁਸ਼ੀ ਹੋਈ ਇਸ ਗੱਲ ਦੀ
ਗੋਸ਼ੇ ਥੀਂ ਉਠ ਆਇਆ ਬੈਠਾ ਤਖ਼ਤੇ ਉੱਤੇ ਜਲਦੀ

ਸ਼ੁਕਰ ਹਜ਼ਾਰ ਗੁਜ਼ਾਰ ਵਜ਼ੀਰਾਂ ਕੀਤੀ ਆਨ ਸਲਾਮੀ
ਲੱਖ ਕਰੋੜ ਦਿੱਤੇ ਸਿਰ ਸਦਕੇ ਲੈਣ ਇਨਾਮ ਇਨਾਮੀ

ਲਾ ਦਰਬਾਰ ਬੈਠਾ ਸ਼ਾਹ ਆਸਿਮ ਵਿਚ ਅਮੀਰ ਵਜ਼ੀਰਾਂ
ਆਲਿਮ ਰਮਲੀ ਰੁਖ਼ਸਤ ਕੀਤੇ ਦੇ ਧਰਮ ਅਰਥ ਜਾਗੀਰਾਂ

ਸਾਲਿਹ ਇਬਨ ਹਮੀਦ ਵਜ਼ੀਰੇ ਨਾਲ਼ ਲਾਏ ਸਰਕਰਦੇ
ਚਾਲੀ ਹੋਰ ਵਜ਼ੀਰ ਸਿਆਣੇ ਸਾਹਿਬ ਅਕਲ ਹੁਨਰ ਦੇ

ਕਈਂ ਹਕੀਮ ਅਫ਼ਲਾਤੂੰ ਜੇਹੇ ਕਾਰ-ਰਵਾ ਜੱਗ ਦੀਦੇ
ਸਭਨਾਂ ਉੱਤੇ ਅਫ਼ਸਰ ਕੀਤਾ ਸਾਲਿਹ ਇਬਨ ਹਮੀਦੇ

ਡਾਲ਼ੀ ਤੁਹਫ਼ੇ ਬਹੁਤ ਅਜਾਇਬ ਕਈਂ ਹਜ਼ਾਰ ਸੌਗ਼ਾਤਾਂ
ਸਾਲਿਹ ਦੇ ਹਵਾਲੇ ਕੀਤੀਆਂ ਘੱਲਿਆ ਕਾਰਨ ਬਾਤਾਂ

ਕਹਿਓਸੁ ਜੇਕਰ ਆਇਓਂ ਫ਼ਤਹਿਆ ਹੋਰ ਬਹੁੰ ਤੁਧ ਬਖ਼ਸ਼ਾਂ
ਸਾਲਿਹ ਨਾਲ਼ ਇਕਬਾਲ ਰਵਾਨਾ ਹੋਇਆ ਤਰਫ਼ ਬਦਖ਼ਸ਼ਾਂ

ਸ਼ਾਹ ਬਦਖ਼ਸ਼ਾਂ ਵਾਲੇ ਅੱਗੇ ਤੁਹਫ਼ੇ ਜਾ ਗੁਜ਼ਰਾਨੇ
ਨਾਲੇ ਸਾਲਿਹ ਗੱਲਾਂ ਕਰ ਕੇ ਖੋਲ ਦੱਸੇ ਪਰਵਾਨੇ

ਜਾਂ ਫਿਰ ਸ਼ਾਹ ਬਦਖ਼ਸ਼ਾਂ ਵਾਲੇ ਸਮਝੀ ਗੱਲ ਤਮਾਮੀ
ਸ਼ੁਕਰ ਗੁਜ਼ਾਰ ਵਕੀਲਾਂ ਤਾਈਂ ਖ਼ਿਲਅਤ ਦੇ ਗਿਰਾਮੀ

ਬਹੁਤੀ ਇੱਜ਼ਤ ਖ਼ਿਦਮਤ ਕੀਤੀ ਦਿੱਤੇ ਮਹਿਲੀਂ ਡੇਰੇ
ਰਾਤ ਦਿਹਾਂ ਮਹਿਮਾਨੀ ਦੇਂਦਾ ਕਰੇ ਉਨ੍ਹਾਂ ਵੱਲ ਫੇਰੇ

ਸੱਤ ਦਿਹਾੜੇ ਖ਼ਾਤਿਰ ਕਰ ਕੇ ਰੱਖੇ ਜ਼ੋਰ ਧਿੰਙਾਣੇ
ਰੰਗਾਂ ਰੰਗਾਂ ਦੇ ਨਿੱਤ ਦੇਂਦਾ ਬਾਦਸ਼ਾਹਾਨੀ ਖਾਣੇ ।੭੭੦।

ਅਠਵੇਂ ਰੋਜ਼ ਤਿਆਰੀ ਕੀਤੀ ਬੇਟੀ ਡੋਲੀ ਪਾਏ
ਜੋ ਕੁੱਝ ਦਾਜ ਸ਼ਹਾਨਾ ਦਿੱਤਾ ਕੌਣ ਹਿਸਾਬ ਸੁਣਾਏ

ਘੋੜੇ ਖ਼ੱਚਰ ਊਠ ਹਜ਼ਾਰਾਂ ਮੋਤੀ ਲਅਲ ਜਵਾਹਰ
ਲੱਖਾਂ ਥਾਨ ਦਿੱਤੇ ਜ਼ਰਬਫ਼ਤੀ ਦੌਲਤ ਅੰਤੋਂ ਬਾਹਰ

ਗੋਲੀਆਂ ਗੋਲੇ ਸੋਹਣੇ ਸੁੰਦਰ ਜ਼ੇਵਰ ਲਾਇ ਸ਼ਿੰਗਾਰੇ
ਡੋਲੀ ਦਾ ਸਿਰ ਸਦਕਾ ਕਰ ਕੇ ਦਿੱਤੇ ਬਾਪ ਬੇਚਾਰੇ

ਜਿਨ੍ਹਾਂ ਨਾਲ਼ ਪਿਆਰ ਬੇਟੀ ਦਾ ਸੰਗ ਸਹੇਲੀਆਂ ਦਾਈਆਂ
ਲਾਈਆਂ ਨਾਲ਼ ਰੱਖੋ ਖ਼ੁਸ਼ ਉਸ ਨੂੰ ਵਾਂਗਣ ਭੈਣਾਂ ਮਾਈਆਂ

ਲਸ਼ਕਰ ਸਣੇ ਵਜ਼ੀਰਾਂ ਤਾਈਂ ਬਖ਼ਸ਼ੇ ਜੋੜੇ ਘੋੜੇ
ਦੇ ਹਥਿਆਰ ਭਲੇਰੇ ਟੋਰੇ ਨਾਲੇ ਕਲਗ਼ੀ ਤੋੜੇ

ਤਰਫ਼ ਮਿਸਰ ਦੇ ਹੋਏ ਰਵਾਨੇ ਜਾਂ ਫਿਰ ਨੇੜੇ ਆਏ
ਦੇ ਖ਼ੁਸ਼-ਖ਼ਬਰ ਵਜ਼ੀਰੇ ਕਾਸਿਦ ਆਸਿਮ ਤਰਫ਼ ਵਗਾਏ

ਆਸਿਮ ਸ਼ਾਹ ਸੁਲਤਾਨ ਉਚੇਰੇ ਤੰਬੂ ਬਾਹਰ ਲਵਾਏ
ਸ਼ਾਦੀ ਦੇ ਅਸਬਾਬ ਤਮਾਮੀ ਓਥੇ ਆਣ ਸੁਹਾਏ

ਤੰਬੂ ਖ਼ੇਮੇ ਜੜਤ ਜੜਾਊ ਮੋਤੀ ਤੇ ਜ਼ਰ-ਕਾਰੀ
ਸੂਰਜ ਨਾਲ਼ ਰਲਾਵਣ ਰਿਸ਼ਮਾਂ ਲੱਗੇ ਫੁੱਲ ਕਿਨਾਰੀ

ਪੱਲੇ ਸੀਉਣ ਸਭ ਜ਼ਰਦੋਜ਼ੀ ਤਿੱਲੇ ਜਾਈ ਧਾਗੇ
ਸੇਜ ਵਿੱਛੀ ਵਿਚ ਆਸਿਮ ਸ਼ਾਹ ਦੀ ਕੋਹੀਂ ਝਿਲਮਿਲ ਲਾਗੇ

ਆ ਦਰਬਾਰ ਸ਼ਹਾਨਾ ਲੱਗਾ ਖ਼ਲਕਤ ਕੱਠੀ ਹੋਈ
ਜ਼ਿਮੀਂ ਜ਼ਮਨ ਵਿਚ ਆਦਮ ਦਿਸਦਾ ਅੰਤ ਨਾ ਆਵੇ ਕੋਈ ।੭੮੦।

ਦੀਬਾ ਤੇ ਜ਼ਰਬਫ਼ਤ ਹਰੀਰੋਂ ਅਤਲਸ ਖ਼ੇਮੇ ਲਾਏ
ਸ਼ਾਲਾਂ ਸੁੱਚੀਆਂ ਹੋਰ ਗ਼ਲੀਚੇ ਫ਼ਰਸ਼ ਫ਼ਰੂਸ਼ ਵਿਛਾਏ

ਅੱਗੇ ਛਤਰ ਸੁਨਹਿਰੀ ਲਾਏ ਚਮਕ ਦੱਸਣ ਅਸਮਾਨਾਂ
ਕੀਤੀ ਛਾਂ ਜਹਾਨੇ ਉੱਤੇ ਉੱਚਿਆਂ ਸਾਇਬਾਨਾਂ

ਬਾਦਸ਼ਾਹੀ ਜ਼ਰਬਫ਼ਤ ਵਿਛਾਏ ਫੁੱਲਾਂ ਸੇਜ ਵਿਛਾਈ
ਕੁਰਸੀ ਹੋਰ ਜੜਾਊ ਸੋਹਣੀ ਹਰ ਸਰਕਰਦੇ ਪਾਈ

ਚਾਰੇ ਤਾਕ ਮਹਿਲ ਸੁਹਾਇਆ ਅੰਬਰ ਤੇ ਸਿਰ ਤਾਕਾਂ
ਹਰ ਤਾਕੇ ਵਿਚ ਸੋਹਣੇ ਖੇਡਣ ਉਲਫ਼ਤ ਨਾਲ਼ ਇਤਫ਼ਾਕਾਂ

ਸਾਇਬਾਨਾਂ ਹੇਠ ਹਰ ਜਾਈ ਬੈਠੀ ਖ਼ਲਕ ਚੁਫੇਰੇ
ਹੂਰਾਂ ਵੇਖ ਹੋਵਣ ਦਿਲ ਘਾਇਲ ਕੰਜਰੀਆਂ ਦੇ ਫੇਰੇ

ਆਸਿਮ ਸ਼ਾਹ ਤੱਕ ਮਜਲਿਸ ਰੱਸੀ ਜਸ਼ਨ ਨੌਰੋਜ਼ ਮਨਾਏ
ਖ਼ੇਸ਼ ਕਬੀਲੇ ਮਹਿਰਮ ਖ਼ਾਸੇ ਮੀਰ ਵਜ਼ੀਰ ਸਦਾਏ

ਅਜਬ ਅਜਾਇਬ ਚੀਜ਼ ਨਿਅਮਤ ਖਾਣੇ ਬਹੁਤ ਮੰਗਾਏ
ਧੁਖਣ ਊਦ ਗਈ ਬੂ ਕੋਹੀਂ ਇਤਰ ਅੰਬੀਰ ਡੁਲ੍ਹਾਏ

ਖਾਣੇ ਖਾ ਹੋਏ ਆਸੂਦੇ ਮੁਸ਼ਕੋਂ ਖ਼ੁਸ਼ੀ ਦਿਮਾਗ਼ਾਂ
ਪੀ ਸ਼ਰਾਬ ਹੋਵਣ ਰੰਗ ਤਾਜ਼ੇ ਜਿਉਂ ਕਰ ਲਾਟ ਚਿਰਾਗ਼ਾਂ

ਸ਼ਾਹ ਬਦਖ਼ਸ਼ਾਂ ਦੇ ਦੀ ਬੇਟੀ ਆਸਿਮ ਸ਼ਾਹ ਵਿਆਹੀ
ਆਸ ਲੱਗੀ ਵਤ ਬੇਟਾ ਦੇਸੀ ਕਰਸੀ ਕਰਮ ਇਲਾਹੀ

ਬੇਗਮ ਨਾਲ਼ ਕਰੇਂਦਾ ਖ਼ੁਸ਼ੀਆਂ ਚੈਨ ਹੋਇਆ ਫਿਰ ਤਾਜ਼ਾ
ਮਾਰੇ ਤਾਕ ਫ਼ਿਕਰ ਦੇ ਖੁੱਲ੍ਹਾ ਖ਼ੁਸ਼ੀਆਂ ਦਾ ਦਰਵਾਜ਼ਾ ।੭੯੦।

ਬੇਗਮ ਨਾਲ਼ ਸਹੇਲੀ ਜਿਹੜੀ ਸ਼ਾਹ ਬਦਖ਼ਸ਼ਾਂ ਟੋਰੀ
ਸਾਲਿਹ ਇਬਨ ਹਮੀਦੇ ਹਿਕ ਦਿਨ ਡਿੱਠੀ ਸੀ ਉਹ ਗੋਰੀ

ਵੇਖਣ ਸਾਰ ਉਹਦਾ ਦਿਲ ਵਿਕਿਆ ਸਾਲਿਹ ਰੱਬ ਧਿਆਵੇ
ਬੇਗਮ ਦੀ ਸਹੇਲੀ ਇਹ ਜੋ ਕਿਵੇਂ ਮੈਨੂੰ ਹੱਥ ਆਵੇ

ਆਸਿਮ ਸ਼ਾਹ ਦੇ ਓਸ ਵਜ਼ੀਰੇ ਦਿੱਤੀ ਇਸ਼ਕ ਜ਼ਹੀਰੀ
ਸਬਰ ਕਰਾਰ ਆਰਾਮ ਨਾ ਰਹਿਓਸੁ ਰਾਤ ਦਿਹਾਂ ਦਿਲਗੀਰੀ

ਜਿਉਂ ਪਿੰਜਰੇ ਵਿਚ ਪੰਖੀ ਹੁੰਦਾ ਤਿਵੇਂ ਵਕਤ ਲੰਘਾਈ
ਭੁੱਲ ਗਿਆਂ ਤਦਬੀਰਾਂ ਹੋਸ਼ਾਂ ਦਾਨਿਸ਼ ਅਕਲ ਦਾਨਾਈ

ਹੋਈ ਖ਼ਬਰ ਅਮੀਰਾਂ ਤਾਈਂ ਇਸ਼ਕੇ ਦੇ ਅਫ਼ਆਲੋਂ
ਆਸਿਮ ਸ਼ਾਹ ਨੂੰ ਵਾਕਿਫ਼ ਕੀਤਾ ਸਾਲਿਹ ਦੇ ਅਹਵਾਲੋਂ

ਚਾ ਬਖ਼ਸ਼ੀ ਸੁਲਤਾਨੇ ਉਸ ਨੂੰ ਉਹ ਮਾਸ਼ੂਕ ਪਿਆਰੀ
ਅਕਦ ਕੀਤਾ ਖ਼ੁਸ਼ ਵਸਣ ਲੱਗੇ ਭੁੱਲੀ ਖ਼ਫ਼ਗੀ ਸਾਰੀ

20. ਦਾਸਤਾਨ ਤਵੱਲਦ ਸ਼ੁਦਨਿ ਸ਼ਹਿਜ਼ਾਦਾ ਸੈਫ਼-ਉਲ-ਮਲੂਕ
ਵਾ ਬਾਇਸ ਤਸਮੀਹਸ਼
(ਸ਼ਹਿਜ਼ਾਦੇ ਸੈਫ਼-ਉਲ-ਮਲੂਕ ਦਾ ਜਨਮ ਅਤੇ ਇਹ ਨਾਂ
ਰੱਖੇ ਜਾਣ ਦਾ ਕਾਰਨ)

ਸ਼ਾਹ ਵਜ਼ੀਰ ਦੋਹਾਂ ਤੇ ਹੋਇਆ ਕਰਮ ਸੱਚਾਵਾਂ ਜ਼ਾਤੀ
ਬੇਗਮ ਅਤੇ ਸਹੇਲੀ ਉਸ ਦੀ ਹਮਲ ਹੋਇਆ ਇਕ ਰਾਤੀ

ਨੂੰ ਮਹੀਨੇ ਨੂੰ ਦਿਹਾੜੇ ਨੂੰ ਸਾਇਤ ਥੀਂ ਪਿੱਛੇ
ਦੋਹਾਂ ਨੂੰ ਰੱਬ ਬੇਟੇ ਦਿੱਤੇ ਆਏ ਨੀ ਦਿਨ ਇੱਛੇ

ਸ਼ਹਿਜ਼ਾਦਾ ਸੀ ਲਅਲ ਚਮਕਦਾ ਸੂਰਜ ਸ਼ਕਲ ਪਿਆਰਾ
ਨਗ ਮੋਤੀ ਸਾਲਿਹ ਦਾ ਬੇਟਾ ਚੰਨ ਜੇਹਾ ਚਮਕਾਰਾ

ਦਾਈ ਵੇਖ ਹੋਈ ਸ਼ੌਦਾਈ ਹਿਰਦੇ ਰੂਪ ਉਤਾਰੇ
ਚਿਹਰੇ ਤੇ ਚਮਕਾਰੇ ਮਾਰਨ ਇਕਬਾਲਾਂ ਦੇ ਤਾਰੇ ।੮੦੦।

ਸੂਰਜ ਵੇਖ ਸ਼ਹਿਜ਼ਾਦੇ ਸੂਰਤ ਛੁਪ ਬਦਲੀ ਦਿਨ ਕੱਟਦਾ
ਵੇਖ ਵਜ਼ੀਰੇ ਦੇ ਫ਼ਰਜ਼ੰਦੇ ਚੌਧਵੀਂ ਦਾ ਚੰਨ ਘਟਦਾ

ਕਾਨ-ਬਦਖ਼ਸ਼ਾਂ ਦੋਵੇਂ ਆਹੇ ਜਿਵੇਂ ਲਅਲ ਬਦਖ਼ਸ਼ਾਂ
ਹੂਰਾਂ ਨੂੰ ਹੈਰਾਨੀ ਆਈ ਵੇਖ ਉਨ੍ਹਾਂ ਦੇ ਨਕਸ਼ਾਂ

ਮੋਤੀ ਵੇਖ ਸਮੁੰਦਰ ਅੰਦਰ ਬੇ ਆਬੀ ਵਿਚ ਮਰਦੇ
ਮਾਣਕ ਹੀਰੇ ਹਾਰ ਸਫ਼ਾਈਓਂ ਸਿਰ ਧੜ ਸਦਕੇ ਕਰਦੇ

ਸ਼ਾਹ ਵਜ਼ੀਰ ਦੋਹਾਂ ਦੇ ਬਾਗ਼ੀਂ ਅਜਬ ਸ਼ਿਗੂਫ਼ੇ ਜੰਮੇ
ਸਿਫ਼ਤਾਂ ਵਿਚ ਨਾ ਰਹੁ ਮੁਹੰਮਦ ਅੱਗੇ ਕਿੱਸੇ ਲੰਮੇ

ਸ਼ਾਹ ਵਜ਼ੀਰ ਕੀਤੇ ਸ਼ੁਕਰਾਨੇ ਜ਼ਰ ਦਿੱਤੀ ਫ਼ੁਕਰਾਵਾਂ
ਕਈ ਮੁਆਸ਼ ਜਾਗੀਰਾਂ ਦਿੱਤੀਆਂ ਰਮਲੀ ਤੇ ਉਲਮਾਵਾਂ

ਸਦਾ-ਬਰਤ ਹਰ ਰਸਤੇ ਉੱਤੇ ਲਾਈਆਂ ਹੋਰ ਛਬੀਲਾਂ
ਦੇ ਸਰੋਪਾ ਨਿਵਾਜ਼ਸ਼ ਕੀਤੀ ਆਦੀ ਦਿਆਂ ਅਸੀਲਾਂ

ਅੰਨ੍ਹੇ ਲੂਲੇ ਲੋੜ ਸ਼ਹਿਰ ਦੇ ਦਿੱਤੇ ਘੋੜੇ ਜੋੜੇ
ਕੋਠੇ ਉੱਤੇ ਰਸਤਾਂ ਲਾਈਆਂ ਆਇਆਂ ਕੋਈ ਨਾ ਮੋੜੇ

ਜ਼ਰ ਦਿੱਤੀ ਕੰਗਾਲਾਂ ਤਾਈਂ ਦਰਵੇਸ਼ਾਂ ਨੂੰ ਲੰਗਰ
ਕੋਈ ਕੰਗਾਲ ਨਾ ਰਿਹਾ ਸ਼ਹਿਰੀਂ ਲੈ ਲੈ ਹੋਏ ਤਵੰਗਰ

ਸ਼ਾਦੀ ਦੇ ਸ਼ਾਦਿਆਨੇ ਵੱਜੇ ਭੇਰੀਂ ਲੱਗੀਆਂ ਚੋਟਾਂ
ਮੁਲਕਾਂ ਅੰਦਰ ਸ਼ਲਕਾਂ ਹੋਈਆਂ ਹਰ ਥਾਣੇ ਵਿੱਚ ਕੋਟਾਂ

ਸ਼ਹਿਜ਼ਾਦੇ ਉਮਰਾ ਹਜ਼ਾਰਾਂ ਅਮੀਰ ਵਜ਼ੀਰ ਤਮਾਮੀ
ਸਰਕਰਦੇ ਸਭ ਜੰਗੀ ਮੁਲਕੀ ਰਾਜੇ ਰਾਇ ਇਨਾਮੀ ।੮੧੦।

ਮਿਹਰ ਮੁਕੱਦਮ ਤੇ ਪਟਵਾਰੀ ਦਫ਼ਤਰੀਆਂ ਦੀਵਾਨਾਂ
ਕਦਰ ਬਕਦਰੀ ਸਭ ਨੇ ਆਂਦਾ ਸ਼ੁਕਰਾਨਾ ਨਜ਼ਰਾਨਾ

ਸ਼ਾਹ ਯਮਨ ਦੇ ਤੋਹਫ਼ਾ ਕਰ ਕੇ ਆਂਦੀ ਸੈਫ਼ ਭਲੇਰੀ
ਜੋ ਜਮਸ਼ੈਦ ਆਹਾ ਲੱਕ ਬੰਨ੍ਹਦਾ ਈਦ ਖ਼ੁਸ਼ੀ ਦੇ ਵੇਰੀ

ਇਹ ਮੀਰਾਸ ਯਮਨ ਦੀ ਸ਼ਾਹੀ ਪਿਓ ਦਾਦੇ ਦੀ ਆਹੀ
ਜੰਮਦਿਆਂ ਲੈ ਲਈ ਸ਼ਹਿਜ਼ਾਦੇ ਵਾਹ ਇਕਬਾਲ ਇਹ ਸ਼ਾਹੀ

ਆਸਿਮ ਸ਼ਾਹ ਇਹ ਸੈਫ਼ ਲੱਭਣ ਦਾ ਜਾਤਾ ਸ਼ਗਨ ਭਲੇਰਾ
ਹੈ ਫ਼ਰਜ਼ੰਦ ਇਕਬਾਲਾਂ ਵਾਲਾ ਹੋਇਆ ਸ਼ਾਦ ਵਧੇਰਾ

ਸੈਫ਼-ਮਲੂਕ ਇਸ ਗੱਲੋਂ ਧਰਿਆ ਸ਼ਹਿਜ਼ਾਦੇ ਦਾ ਨਾਂਵਾਂ
ਹੁਣ ਵਜ਼ੀਰ ਉਹਦੇ ਦੀ ਯਾਰੋ ਥੋੜੀ ਗੱਲ ਸੁਣਾਵਾਂ

ਸੈਦ-ਅਲੀ-ਹਮਦਾਨੀ ਮੈਨੂੰ ਇਹ ਰਵਾਇਤ ਦੱਸੀ
ਸ਼ਾਹ ਵਜ਼ੀਰ ਦੋਹਾਂ ਦੀ ਝੁੱਗੀ ਹਿਕਸ ਦਿਹਾੜੇ ਵੱਸੀ

ਹਿਕਸੇ ਰਾਤ ਨਿੰਮੇ ਤੇ ਜੰਮੇ ਹਿਕਮਤ ਨਾਲ਼ ਇਲਾਹੀ
ਬੁਰਜ ਸਿਤਾਰਾ ਰਾਤ ਹਿਕੋ ਸੀ ਕੁੱਝ ਤਫ਼ਾਵਤ ਨਾਹੀ

ਸਾਲਿਹ ਨੇ ਇਸ ਗੱਲੋਂ ਰੱਖਿਆ ਸਾਇਦ ਨਾਮ ਪੁੱਤਰ ਦਾ
ਵਿਚ ਹਿਸਾਬ ਰਮਲ ਦੇ ਇਹੋ ਪੂਰਾ ਸੀ ਉਤਰਦਾ

ਸ਼ਾਹ ਵਜ਼ੀਰ ਦੋਹਾਂ ਘਰ ਸ਼ਾਦੀ ਮਿਲੀ ਮੁਬਾਰਿਕ ਬਾਦੀ
ਲੈ ਲੈ ਜਾਵਣ ਦਾਨ ਹਜ਼ਾਰਾਂ ਜੋ ਕੋਈ ਮੰਗਤੇ ਆਦੀ

ਕੰਜਰ ਤੇ ਕਲਵੰਤ ਮਿਰਾਸੀ ਸ਼ਰਨਾਈ ਰਾਸਧਾਰੀ
ਬਾਜ਼ੀਗਰ ਹਜ਼ਾਰ ਤਰ੍ਹਾਂ ਦੇ ਭਗਤੀਏ ਨਟ ਮਦਾਰੀ ।੮੨੦।

ਛੁਰੀ-ਮਾਰ ਤੇ ਖ਼ੁਸਰੇ ਪੀਰਨ ਨਾਰੇ ਚੜ੍ਹਨ ਧਿੰਙਾਣੇ
ਆਪੋ ਆਪਣੇ ਕਾਰਜ ਕਰ ਕੇ ਲੁੱਟਣ ਬਹੁਤ ਖ਼ਜ਼ਾਨੇ

ਤੁਰੀਆਂ ਤੇ ਕਰਨਾਈਂ ਨਾਲੇ ਮਾਰਨ ਢੋਲ ਭਿਰਾਈ
ਕਿਹੜੇ ਕਿਹੜੇ ਗਿਣੇ ਮੁਹੰਮਦ ਕੱਠੀ ਹੋਈ ਲੋਕਾਈ

ਸੈਫ਼ ਮਲੂਕ ਤੇ ਸਾਇਦ ਕਾਰਨ ਸ਼ਹਿਰੋਂ ਬਾਹਰ ਕਿਨਾਰੇ
ਪੱਕਾ ਬਾਗ਼ ਸੁਹਾਇਆ ਬਹੁਤਾ ਲਾਏ ਵਿੱਚ ਫ਼ੱਵਾਰੇ

ਚੀਕਣ ਖੂਹ ਸੁਰਾਂ ਕਰ ਬੋਲਣ ਵਾ ਸਬਾ ਦੀ ਵੱਗੇ
ਪਰ ਹਿੱਕ ਦੀਪਕ ਗਾਣ ਨਾ ਡਰਦੇ ਸ਼ਾਲਾ ਅੱਗ ਨਾ ਲੱਗੇ

ਸ਼ੌਕੋਂ ਤੌਕ ਪਿਆ ਗਲ ਕੁਮਰੀ ਕੂ ਕੂ ਕੂਕੇ ਬੋਲੇ
ਕੋਇਲ ਤਾਨ ਲਈ ਹੋ ਉੱਚੀ ਕਰਦੇ ਨਾਚ ਮਮੋਲੇ

ਬੁਲਬੁਲ ਤੋਤੇ ਸੋਹਲੇ ਗਾਵਣ ਹਾਲ ਪਏ ਹੈਵਾਨਾਂ
ਖੂਹ ਦਾ ਕੁੱਤਾ ਚੁਟਕੀ ਮਾਰੇ ਬੈਲ ਫਿਰੇ ਦੀਵਾਨਾ

ਟਿੰਡਾਂ ਹੰਝੂ ਭਰ ਭਰ ਡੋਲ੍ਹਣ ਜਾਣ ਅੰਦਰ ਕਰ ਖ਼ਾਲੀ
ਸਦਾ ਨਹੀਂ ਇਸ ਰੌਣਕ ਰਹਿਣਾ ਸਦਾ ਨਹੀਂ ਖ਼ੁਸ਼ਹਾਲੀ

(ਪਾਠ ਭੇਦ)

ਟਿੰਡਾਂ ਖ਼ੁਸ਼ੀਓਂ ਪਾਣੀ ਡੋਲ੍ਹਣ, ਜਾਵਣ ਹੋ ਕੇ ਖਾਲੀ
ਰੱਬਾ ਰਖ ਸਦਾ ਇਹ ਰੌਣਕ, ਰਖ ਸਦਾ ਖ਼ੁਸ਼ਹਾਲੀ

ਬੰਨ੍ਹ ਕਤਾਰ ਚਨਾਰ ਸਫ਼ੈਦੇ ਸਰੂ ਅਜ਼ਾਦ ਖਲੋਤੇ
ਸਿੱਧੇ ਸਾਫ਼ ਬਰਾਬਰ ਦਿੱਸਣ ਤਾਰ ਪ੍ਰੀਤ ਪਰੋਤੇ

ਹਰ ਹਰ ਪਾਸੇ ਨਹਿਰਾਂ ਵਗਣ ਚੌਕ ਇਰਾਕ ਉਚੇਰੇ
ਸ਼ੀਸ਼ ਮਹਿਲ ਚੌਬਾਰੇ ਗੋਸ਼ੇ ਭਲੇ ਭਲੇਰੇ ਡੇਰੇ

ਸ਼ਾਹ ਕਿਹਾ ਇਹ ਮੋਤੀ ਸੁੱਚੇ ਆਮਾਂ ਨਹੀਂ ਵਿਖਾਲੋ
ਸਾਇਦ ਤੇ ਸ਼ਹਿਜ਼ਾਦੇ ਤਾਈਂ ਬਾਗ਼ ਅੰਦਰ ਖੜ ਪਾਲੋ ।੮੩੦।

ਆਮਦ ਸੁਣ ਸ਼ਹਿਜ਼ਾਦੇ ਵਾਲੀ ਬਾਗ਼ੀਂ ਰੌਣਕ ਹੋਈ
ਖ਼ਿਦਮਤਗਾਰ ਗਏ ਉਠ ਅੱਗੇ ਲੋੜੀਂਦਾ ਜੋ ਕੋਈ

ਝਾੜੂ ਦੇਇ ਛਿਣਕਾਰ ਕਰਾਏ ਗਰਦ ਕੰਧਾਂ ਤੋਂ ਧੋਈ
ਪੁਰ ਕਰ ਮਸ਼ਕਾਂ ਡੋਲ੍ਹਣ ਮੁਸ਼ਕਾਂ ਧੁੰਮ ਘੱਤੀ ਖ਼ੁਸ਼ਬੋਈ

ਸੈਫ਼ ਮਲੂਕ ਦੇ ਆਵਣ ਵਾਲਾ ਸੁਣਿਆ ਬਾਗ਼ ਅਵਾਜ਼ਾ
ਸੁੱਕੇ ਰੁਖ ਹੋਏ ਫਿਰ ਸਾਵੇ ਗੁਲ ਫੁੱਲ ਖਿੜਿਆ ਤਾਜ਼ਾ

ਪੱਤ ਹਰੇ ਫੁੱਲ ਚਿੱਟੇ ਚੰਬਾ ਹੱਸ ਹੱਸ ਧਰਤੀ ਲੇਟੇ
ਪਿਛਲਾ ਦਾਗ਼ ਗ਼ਮਾਂ ਦਾ ਲਾਲਾ ਦੀਦੇ ਵਰਕ ਲਪੇਟੇ

ਡਿਠਿਆਂ ਹਰ ਇਕ ਦੀ ਸੀ ਹੁੰਦੀ ਦੂਰ ਉਦਾਸੀ ਸਾਰੀ
ਬਾਗ਼ ਬਹਿਸ਼ਤ ਨਜ਼ਾਰਾ ਆਹਾ, ਕਰਦਾ ਰੂਹ ਬਹਾਰੀ

(ਪਾਠ ਭੇਦ)

ਗੁੱਲ ਐਸੀ ਆਵਾਸੀ ਮਾਰੀ ਸੁਰਖ਼ ਦਹਾਂ ਖਿਲਾਰੀ
ਆਇਆ ਵਕਤ ਨਸ਼ੇ ਦਾ ਨੇੜੇ ਹੋਈ ਤਮਾ ਖ਼ੁਮਾਰੀ

ਸਤ-ਬਰਗੇ ਫੁੱਲ ਪੀਲੇ ਕੱਢੇ ਦਿਲ ਨੂੰ ਬਹੁਤ ਸੁਹਾਇਆ
ਅਜਬ ਬਸੰਤ ਅਨੋਖਾ ਬੇਲਾ ਖ਼ੁਸ਼ਬੂ ਵਿਚ ਵਸਾਇਆ

ਹੱਸਦੀਂ ਦੰਦੀਂ ਸ਼ੁਕਰ ਗੁਜ਼ਾਰੇ ਨਾਜ਼ੁਕ ਗੁਲ ਦਾਉਦੀ
ਨਰਗਸ ਸੁਣ ਮਸਤਾਨੀ ਹੋਈ ਆਮਦ ਦੀ ਖ਼ੁਸ਼ਨੂਦੀ

ਗਲਮਾ ਪਾੜ ਸ਼ਾਹੀ ਦਾ ਦਾਵਾ ਦਿੱਤਾ ਛੋੜ ਗੁਲਾਬਾਂ
ਸਿਰ ਨੀਵਾਂ ਕਰ ਖ਼ਿਦਮਤ ਅੰਦਰ ਬੈਠੇ ਵਾਂਗ ਨਵਾਬਾਂ

ਗੁਲਖ਼ੈਰੇ ਫੁਲ ਕਰਨ ਦੁਆਈਂ ਖ਼ੈਰੀਂ ਆ ਸੁਲਤਾਨਾ
ਲਹਿਰੀਏ ਲੈ ਰੀਹਾਨ ਖਲੋਤੀ ਜ਼ੇਵਰ ਪਹਿਨ ਸ਼ਾਹਾਨਾ

ਸਬਜ਼ੇ ਫ਼ਰਸ਼ ਵਿਛਾਇਆ ਸੋਹਣਾ ਸਾਫ਼ ਜ਼ਮੁਰਦ ਨਾਲੋਂ
ਦੂਰ ਖਲ੍ਹਾਰੇ ਛਤਰ ਚੌਬਾਰੇ ਨਸਰੀਂ ਸ਼ੌਕਤ ਸ਼ਾਨੋਂ ।੮੪੦।

ਇਨ੍ਹਾਂ ਗੱਲਾਂ ਵਿਚ ਅਜੇ ਮੁਹੰਮਦ ਤਬਾ ਨਾ ਮਿਟੇ ਤੇਰੀ
ਕਿੱਸਾ ਸਿਰੇ ਪੁਚਾਸੇਂ ਕਿਓਂ ਕਰ ਬੈਠ ਨਾ ਬਣ ਕੇ ਢੇਰੀ

ਦਿਸਦਾ ਸਫ਼ਰ ਸ਼ਹਿਜ਼ਾਦੇ ਵਾਲਾ ਅੱਗੇ ਬਹੁਤਾ ਸਾਰਾ
ਜ਼ੋਰ ਤਬੀਅਤ ਨੂੰ ਰੱਬ ਦਿੱਤਾ ਕਰਦੀ ਹੋਰ ਪਸਾਰਾ

ਦਾਈਆਂ ਲੈ ਸ਼ਹਿਜ਼ਾਦੇ ਆਈਆਂ ਬਾਗ਼ ਅੰਦਰ ਕਰ ਡੇਰੇ
ਨਾਲ਼ ਪਿਆਰਾਂ ਪਾਲਣ ਦੋਹਾਂ ਹੋਏ ਆਣ ਵਡੇਰੇ

ਜਾਂ ਫਿਰ ਚੌਂਹ ਬਰਸਾਂ ਦੇ ਹੋਏ ਵਾਂਗ ਫੁਲਾਂ ਦੇ ਫੁੱਲੇ
ਆਈ ਰਾਸ ਜ਼ਬਾਨ ਗਲਾਂ ਤੇ ਦੱਸਿਆ ਸੁਖ਼ਨ ਨਾ ਭੁੱਲੇ

ਚਾਰ ਮਹੀਨੇ ਚਾਰ ਦਿਹਾੜੇ ਚਾਰੇ ਸਾਲ ਤੇ ਸਾਇਤ
ਗੁਜ਼ਰ ਗਏ ਤਾਂ ਸੱਦ ਬਹਾਏ ਅਹਿਲ ਨਜੂਮ ਜਮਾਇਤ

ਲੱਗੇ ਕਰਨ ਹਿਸਾਬ ਨਜੂਮੀ ਜੋੜ ਸਿਤਾਰੇ ਰਾਸਾਂ
ਖ਼ਫ਼ਗੀ ਦੀ ਗੱਲ ਦੱਸ ਨਾ ਸਕਣ ਫਾਥੇ ਵਿਚ ਵਿਸਵਾਸਾਂ

ਹਰ ਹਰ ਪਾਸੇ ਬਖ਼ਤ ਸਵੱਲੇ ਦੌਲਤ ਇਲਮ ਇਕਬਾਲੋਂ
ਹਿੱਕ ਗਰਦਿਸ਼ ਵਿਚ ਮੁਸ਼ਕਿਲ ਦਿਸਦੇ ਇਸ਼ਕੋਂ ਸਫ਼ਰ ਵਬਾਲੋਂ

ਆਖ਼ਿਰ ਸ਼ਾਹ ਕਿਹਾ ਚੁੱਪ ਕੈਸੀ ਤੁਸਾਂ ਵੱਸ ਨਾ ਕੋਈ
ਜੋ ਕੁੱਝ ਰੋਜ਼ ਅੱਵਲ ਦੀ ਲਿਖੀ ਓੜਕ ਹੋਣੀ ਸੋਈ

ਦੱਸ ਦੇਹੋ ਸ਼ਹਿਜ਼ਾਦੇ ਵਾਲੀ ਹਾਲ ਹਕੀਕਤ ਸਾਰੀ
ਕਰਦੇ ਅਰਜ਼ ਨਜੂਮੀ ਕਿਬਲਾ ਬਖ਼ਸ਼ੀਂ ਜਾਨ ਹਮਾਰੀ

ਤਾਲਿਅ ਵਕਤ ਡਿਠੇ ਤਾਂ ਸਾਨੂੰ ਇਹ ਕੁੱਝ ਨਜ਼ਰੀਂ ਆਇਆ
ਸੈਫ਼ ਮਲੂਕ ਸ਼ਹਿਜ਼ਾਦੇ ਹੋਸੀ ਤੁਧ ਥੀਂ ਸ਼ਾਨ ਸਵਾਇਆ ।੮੫੦।

ਸ਼ੌਕਤ ਹੈਬਤ ਜ਼ੋਰ ਸ਼ੁਜਾਇਤ ਹਿਲਮ ਹੱਯਾ ਹਲੀਮੀ
ਇਲਮ ਸਖ਼ਾਵਤ ਅਕਲ ਤਵਾਜ਼ਅ ਹੋਸੀ ਖ਼ੂ ਕਰੀਮੀ

ਸੂਰਜ ਹਾਰ ਹਮੇਸ਼ਾ ਕਰਸੀ ਨਿੱਤ ਦਿਹਾਂ ਜ਼ਰ ਬਖ਼ਸ਼ੀ
ਚੰਨ ਵਾਂਙੂ ਕਈ ਰਾਤੀਂ ਚਾਂਦੀ ਏਵੇਂ ਹਰ ਹਰ ਬਖ਼ਸ਼ੀ

ਪਰ ਹਿੱਕ ਉਸ ਤੇ ਪਹਿਲੀ ਉਮਰੇ ਗਰਦਿਸ਼ ਦੇਇ ਸਿਤਾਰਾ
ਚਟਕ ਇਸ਼ਕ ਦੀ ਨਾਲ਼ ਇਸ ਦੇਸੋਂ ਸਫ਼ਰ ਕਰੇਸੀ ਭਾਰਾ

ਜੰਗਲ਼ ਤੇ ਕੋਹ ਕਾਫ਼ ਸਮੁੰਦਰ ਫਿਰਸੀ ਕੇਈਂ ਜਾਈਂ
ਕਿਤਨੇ ਸਾਲ ਇਕੱਲਾ ਤਕਸੀ ਰਾਕਸ਼ ਦਿਓ ਬਲਾਈਂ

ਮਾਰਨ ਤੇ ਕਈ ਦੁਸ਼ਮਣ ਢੁਕਸਣ ਮੌਲਾ ਏਸ ਬਚਾਸੀ
ਬਹੁਤੇ ਸਖ਼ਤ ਕਜ਼ੀਏ ਦੱਸ ਕੇ ਅੱਲ੍ਹਾ ਆਸ ਪੁਚਾਸੀ

ਆਸਿਮ ਸ਼ਾਹ ਇਹ ਗੱਲਾਂ ਸੁਣ ਕੇ ਆਣ ਪਿਆ ਵਿਚ ਫ਼ਿਕਰੇ
ਹੋ ਗ਼ਮਨਾਕ ਤਹੱਮੁਲ ਕਰਦਾ ਧੰਨ ਸ਼ਾਹਾਂ ਦੇ ਜਿਗਰੇ

ਜੇ ਸੌ ਸਖ਼ਤ ਮੁਸੀਬਤ ਅੱਗੇ ਦਰਦਾਂ ਵਾਲੀ ਦਿਸੇ
ਸਿਰ ਵਰਤੇ ਬਿਨ ਹਰਗਿਜ਼ ਯਾਰੋ ਕਦਰ ਨਾ ਆਵੇ ਕਿਸੇ

ਹਰ ਕੋਈ ਜਾਣੇ ਸੌੜੀ ਸਾਮੀ ਅੱਗੇ ਕਬਰ ਅਨ੍ਹੇਰਾ
ਹਿੱਕ ਇਕੱਲੀ ਵਿਚ ਉਜਾੜੇ ਦਾਇਮ ਹੋਸੀ ਡੇਰਾ

ਜਾਂ-ਕੰਦਣ ਦੀ ਤਲਖ਼ੀ ਡਾਹਢੀ ਸੁਣ ਗੱਲਾਂ ਤਨ ਕੰਬੇ
ਪੱਕ ਕਿਤਾਬੀਂ ਖ਼ਬਰਾਂ ਅੱਗੇ ਦੋਜ਼ਖ਼ ਭਾਹ ਅਲੰਬੇ

ਇਸ ਸੁਣਨੇ ਥੀਂ ਕਦ ਅਸਾਨੂੰ ਖ਼ੌਫ਼ ਪਿਆ ਦਿਲ ਝੜਿਆ
ਜਾਂ ਉਹ ਘੜੀ ਸਿਰੇ ਤੇ ਆਈ ਪਤਾ ਲੱਗੇਗਾ ਅੜਿਆ ।੮੬੦।

ਆਸਿਮ ਨੂੰ ਤਦ ਮਾਲਮ ਹੋਸੀ ਜਾਂ ਫ਼ਰਜ਼ੰਦ ਵਿਛੁੰਨਾ
ਕੀ ਹੋਇਆ ਅੱਜ ਕਰੇ ਤਹੱਮੁਲ ਸੁਣ ਕੇ ਖ਼ਬਰ ਨਾ ਰੁੰਨਾ

ਕਹਿੰਦਾ ਲਿਖੇ ਲੇਖ ਅਜ਼ਲ ਦੇ ਮੂਲ ਨਾ ਜਾਂਦੇ ਮੇਟੇ
ਦਿੱਤਾ ਉਸ ਦਾ ਸਿਰ ਤੇ ਝਲਸਾਂ ਜੇ ਰੱਬ ਖੜਸੀ ਬੇਟੇ

ਕਰਨਾ ਸਬਰ ਅਸਾਨੂੰ ਚੰਗਾ ਜੇ ਉਹ ਦੇਇ ਬਲਾਈਂ
ਰਾਜ਼ੀ ਹੋ ਕੇ ਝੱਲਾਂ ਚਾਰਾ ਨਾਹੀਂ ਨਾਲ਼ ਕਜ਼ਾਈਂ

ਸ਼ਾਹ ਬੈਠਾ ਕਰ ਸਬਰ ਤਹੱਮੁਲ ਦਿਲ ਤੋਂ ਫ਼ਿਕਰ ਗਵਾਏ
ਸੱਦ ਮੁਅੱਲਿਮ ਫ਼ਾਜ਼ਲ ਆਲਮ ਲੜਕੇ ਪੜ੍ਹਨ ਬਹਾਏ

ਸ਼ਹਿਜ਼ਾਦੇ ਨੂੰ ਦੇ ਦਿਲਾਸਾ ਹੱਥ ਸਿਰੇ ਤੇ ਫੇਰੇ
ਕਹਿੰਦਾ ਬੇਟਾ ਇਲਮ ਪੜ੍ਹੇਂ ਤਾਂ ਵਾਹ ਨਸੀਬੇ ਤੇਰੇ

ਪੜ੍ਹਨਾ ਇਲਮ ਜ਼ਰੂਰ ਬੰਦੇ ਨੂੰ ਕੀਤਾ ਫ਼ਰਜ਼ ਇਲਾਹੀ
ਕਰਦਾ ਇਲਮ ਦਿਲੇ ਨੂੰ ਰੌਸ਼ਨ ਹੁੰਦੀ ਦੂਰ ਸਿਆਹੀ

ਜਿਉਂ ਸੂਰਜ ਵਿਚ ਨੂਰ ਤਿਵੇਂ ਹੈ ਇਲਮ ਰੂਹੇ ਵਿਚ ਜਾਣੀ
ਨੂਰੇ ਬਾਝੋਂ ਸੂਰਜ ਪੱਥਰ ਆਦਮ ਜਿਣਸ ਹੈਵਾਨੀ

ਇਲਮੇ ਕਾਰਨ ਦੁਨੀਆਂ ਉੱਤੇ ਆਵਣ ਹੈ ਇਨਸਾਨਾਂ
ਸਮਝੇ ਇਲਮ ਵਜੂਦ ਆਪਣੇ ਨੂੰ ਨਹੀਂ ਤਾਂ ਵਾਂਗ ਹੈਵਾਨਾਂ

ਸੈਫ਼ ਮਲੂਕ ਪਿਓ ਨੂੰ ਕਹਿੰਦਾ ਨਿਓਂ ਕੇ ਹੋ ਸਲਾਮੀ
ਜੋ ਫ਼ੁਰਮਾਓ ਸਿਰ ਪਰ ਬੰਦਾ ਮੰਨਸੀ ਹੁਕਮ ਤਮਾਮੀ

ਜਿਹੜਾ ਕੰਮ ਤੁਸਾਂ ਫ਼ੁਰਮਾਇਆ ਐਨ ਸਵਾਬ ਅਸਾਨੂੰ
ਸ਼ਾਹ ਵਜ਼ੀਰ ਨਜੂਮੀ ਸੱਦ ਕੇ ਪੁੱਛਿਆ ਹਰ ਯਕਸਾਂ ਨੂੰ ।੮੭੦।

ਸਾਇਤ ਨੇਕ ਹੋਈ ਜਦ ਹਾਸਿਲ ਲੜਕੇ ਪੜ੍ਹਨ ਬਹਾਏ
ਉਹ ਉਸਤਾਦ ਲਿਆਂਦਾ ਜਿਹੜਾ ਹਰ ਇੱਕ ਇਲਮ ਪੜ੍ਹਾਏ

ਕਾਤਿਬ ਜ਼ਰੀਂ ਰਕਮ ਉਸ ਅੱਗੇ ਜਾ ਸ਼ੀਰੀਨੀ ਧਰਦੇ
ਲੈ ਇਸਲਾਹ ਪਕਾਵਣ ਬੈਠੇ ਹੋਇ ਸ਼ਾਗਿਰਦ ਹੁਨਰ ਦੇ

ਅਫ਼ਲਾਤੂਨ ਅਰਸਤੂ ਸੁਲੇਮਾਂ ਸਾਰੇ ਕਰਨ ਤਿਆਰੀ
ਪੁੱਛੀ ਓਸ ਉਸਤਾਦੇ ਕੋਲੋਂ ਜੋ ਗੱਲ ਮੁਸ਼ਕਿਲ ਭਾਰੀ

ਸਮਝਾਣੇ ਨੂੰ ਨਾਲ਼ ਜ਼ੁਬਾਨੇ ਦੱਸੇ ਖੋਲ ਬਿਆਨਾਂ
ਉਹ ਸ਼ਾਗਿਰਦ ਅਕਾਬਰ ਦੋਏੇ ਉਹ ਉਸਤਾਦ ਯੱਗਾਨਾ

ਸੈਫ਼ ਮਲੂਕ ਅੰਦਰ ਰੱਬ ਪਾਇਆ ਬਹੁਤਾ ਅਸਰ ਦਾਨਾਈ
ਤੇਜ਼ ਤਬੀਅਤ ਜ਼ਿਹਨ-ਰਸਾ ਤੇ ਸਮਝ ਅਕਲ ਚਤੁਰਾਈ

ਸਾਇਦ ਭੀ ਸੀ ਵੱਡਾ ਅੱਲਾਮਾ ਫ਼ਹਿਮ ਅਕਲ ਇਦਰਾਕੋਂ
ਵਾਹ ਖ਼ਾਲਿਕ ਜਿਸ ਪੈਦਾ ਕੀਤੇ ਭਲੇ ਭਲੇਰੇ ਖ਼ਾਕੋਂ

ਦਸ ਬਰਸ ਵਿਚ ਹਰ ਹਰ ਇਲਮੋਂ ਦੋਏੇ ਹਾਫ਼ਿਜ਼ ਹੋਏ
ਸ਼ਹਿਜ਼ਾਦਾ ਜਾਂ ਕਰੇ ਕਲਾਮਾਂ ਮੋਤੀ ਲਅਲ ਪਰੋਏ

ਜੋ ਖ਼ਤ ਦੁਨੀਆਂ ਉੱਤੇ ਲਿਖਦੇ ਸੈਫ਼ ਮਲੂਕ ਪਕਾਏ
ਖ਼ੁਸ਼ਖ਼ਤ ਉਸ ਦਾ ਵੇਖ ਫ਼ਰਿਸ਼ਤਾ ਹੈਰਾਨੀ ਵਿਚ ਜਾਏ

ਅਰਬੀ ਅਜਮੀ ਅਬਰੀ ਕੂਫ਼ੀ ਖ਼ੁਸ਼ਖ਼ਤ ਪਾਰਸੀਆਂ ਦਾ
ਬੇਦ-ਅਛਰੀ ਗੁਰਮੁੱਖੀ ਹਿੰਦੀ ਹਰਫ਼ ਸ਼ਿਨਾਸ ਸਭਨਾਂ ਦਾ

ਡੋਗਰੀ ਅੱਖਰ ਖ਼ਤ ਫ਼ਰੋਗੀ ਅੰਗਰੇਜ਼ੀ ਹੋਰ ਦੁਜੇ
ਉਰਦੂ ਖ਼ਤ ਬੰਗਾਲੀ ਦੱਖਣੀ ਸਾਰੇ ਲਿਖੇ ਬੁਝੇ ।੮੮੦।

ਸੁਰਿਆਨੀ ਇਰਾਨੀ ਤੁਰਕੀ ਯੂਨਾਨੀ ਇਰਾਕੀ
ਸਿੱਖੇ ਖ਼ਤ ਜ਼ਬਾਨਾਂ ਸੱਭੇ ਕੁੱਝ ਨਾ ਰੱਖੇ ਬਾਕੀ

ਵੇਖ ਇਲਮ ਸੁਲੇਮਾਨ ਨਬੀ ਦਾ ਪਾਈ ਭਾਖਿਆ ਗੋਲੀ
ਦੇਵਾਂ ਪਰੀਆਂ ਵਾਲੀ ਸਾਰੇ ਜਾਨਵਰਾਂ ਦੀ ਬੋਲੀ

ਖ਼ੁਸਤ ਮੁਲਕ ਸਮੁੰਦਰ ਟਾਪੂ ਸਿਰਾਂਦੀਪ ਸ਼ਹਿਰ ਦੀ
ਸੈਫ਼ ਮਲੂਕ ਸੁਲੇਮਾਂ ਵਾਂਙੂ ਸਮਝੇ ਗੱਲ ਹਰ ਹਰ ਦੀ

ਇਸ ਹੱਦੇ ਉਹ ਆਲਿਮ ਹੋਇਆ ਕਾਜ਼ੀ ਸਭ ਮੁਲਕਾਂ ਦੇ
ਜੇ ਮਸਲੇ ਦੀ ਮੁਸ਼ਕਿਲ ਪੌਂਦੀ ਉਸ ਥੀਂ ਪੁੱਛਣ ਜਾਂਦੇ

ਸਭ ਦਕੀਕੇ ਖੋਲ੍ਹ ਦਿਖਾਲੇ ਕਰੇ ਬਿਆਨ ਚੰਗੇਰਾ
ਆਲਿਮ ਫ਼ਾਜ਼ਿਲ ਸੁਣ ਸੁਣ ਆਖਣ ਧੰਨ ਉਹ ਖ਼ਾਲਿਕ ਤੇਰਾ

ਮਿਸਲ ਦਾਊਦ ਨਬੀ ਦੇ ਆਹਾ ਸ਼ਹਿਜ਼ਾਦੇ ਆਵਾਜ਼ਾ
ਜਦੋਂ ਕਲਾਮ ਕਰੇ ਸੁਣ ਹੁੰਦਾ ਸ਼ੌਕ ਇਲਾਹੀ ਤਾਜ਼ਾ

ਜੇ ਸੌ ਹੋਵਣ ਸੁਣਨੇ ਵਾਲੇ ਆਲਿਮ ਫ਼ਾਜ਼ਿਲ ਦਾਨੇ
ਨਾਲ਼ ਆਵਾਜ਼ ਉਹਦੀ ਦੀ ਲੱਜ਼ਤ ਹੁੰਦੇ ਮਸਤ ਦੀਵਾਨੇ

ਹੁਸਨ ਰਸੀਲਾ ਖ਼ੂ-ਹਲੀਮੀ ਸਾਦਾ ਮੁੱਖ ਸਫ਼ਾਈ
ਸੋਹਣੇ ਵੇਖ ਹੋਵਣ ਸ਼ਰਮਿੰਦੇ ਝਾਲ ਨਾ ਝੱਲਦਾ ਕਾਈ

ਰੌਸ਼ਨ ਸ਼ਮ੍ਹਾ ਨੂਰਾਨੀ ਚਿਹਰਾ ਬੁਝੇ ਲਾਟ ਅਸਮਾਨੀ
ਵਾਂਗ ਪਤੰਗਾਂ ਸੜਨ ਚੁਫੇਰੇ ਆਸ਼ਿਕ ਮਰਦ ਜ਼ਨਾਨੀ

ਜੇ ਉਹ ਨਜ਼ਰ ਕਰੇ ਵੱਲ ਅੰਬਰ ਚਮਕ ਨਾ ਝੱਲਣ ਤਾਰੇ
ਤਾਰੇ ਜਿਸ ਵੱਲ ਮਿਹਰੀਂ ਆਵੇ ਕਰਦਾ ਪਾਰ ਉਤਾਰੇ ।੮੯੦।

ਨੀਵੀਂ ਤੱਕੇ ਧਰਤੀ ਲਗਣ ਬਿਜਲੀ ਦੇ ਚਮਕਾਰੇ
ਐਸੇ ਰੂਪ ਅਨੂਪ ਕਰਮ ਦੀ ਸਿਫ਼ਤ ਕਰੇਂਦੇ ਸਾਰੇ

ਥੋੜੀ ਥੋੜੀ ਸਿਫ਼ਤ ਮੁਹੰਮਦ ਲਿਖਦਾ ਚੱਲ ਹਰ ਜਾਈ
ਨਰਮੀ ਫੜ ਮੱਤ ਹੁਸਨੋਂ ਗਰਮੀ ਕਾਗ਼ਜ਼ ਕਲਮ ਜਲਾਈ

ਜੇ ਲੱਖ ਸਿਫ਼ਤ ਸੱਨਾ ਸੁਣਾਈਂ ਲਿਖ ਲਿਖ ਵਰਕ ਬਤੇਰੇ
ਲੱਖੋਂ ਹਿੱਕ ਨਾ ਮੁੱਕਦੀ ਮੂਲੇ ਕਿੱਸਾ ਟੋਰ ਅਗੇਰੇ

ਚੌਦਾਂ ਬਰਸਾਂ ਦੇ ਜਦ ਹੋਏ ਸਾਇਦ ਤੇ ਸ਼ਹਿਜ਼ਾਦਾ
ਸਭਨੀਂ ਸਫ਼ਤੀਂ ਇਕੋ ਜੇਹੇ ਪਰ ਕੁੱਝ ਸ਼ਾਹ ਜ਼ਿਆਦਾ

ਕਰਨਾ ਰੱਬ ਦਾ ਏਵੇਂ ਹੋਇਆ ਖਾਂਦਾ ਫੇਰ ਜ਼ਮਾਨਾ
ਆਸਿਮ ਸ਼ਾਹ ਖ਼ੁਸ਼ੀ ਵਿਚ ਬੈਠਾ ਕਰਦਾ ਜਸ਼ਨ ਸ਼ਹਾਨਾ

ਮੀਰ ਵਜ਼ੀਰ ਬੁਲਾਇ ਪਿਆਰੇ ਮਜਲਿਸ ਖ਼ੂਬ ਸਹਾਈ
ਸੱਚੇ ਫ਼ਰਸ਼ ਫ਼ਰੂਸ਼ ਵਿਛਾਏ ਇਤਰਾਂ ਬੂ ਮਚਾਈ

ਲਿਆਓ ਸੁਰਖ਼ ਸ਼ਰਾਬ ਪੁਰਾਣਾ ਹੋਇਆ ਹੁਕਮ ਕਲਾਲਾਂ
ਪੀ ਕੀ ਮੱਦ ਹੋਏ ਮਤਵਾਰੇ ਚਮਕਣ ਵਾਂਗ ਮਸ਼ਾਲਾਂ

ਹਰ ਜਾਏ ਕਾਫ਼ੂਰੀ ਸ਼ਮਾਂ ਅਜਬ ਸਮਾਂ ਬਣਾਇਆ
ਸੋਹਣੀ ਸੂਰਤ ਜ਼ੇਵਰ ਵਾਲੀ ਦਿੱਸੇ ਰੂਪ ਸਵਾਇਆ

ਲੈ ਲੈ ਤਾਨ ਕਲੌਂਤ ਉਤਾਰਨ ਜ਼ੁਹਰਾ ਨੂੰ ਅਸਮਾਨੋਂ
ਤਾਰ ਤੰਬੂਰ ਘੁੰਕਾਰ ਮਚਾਇਆ ਕਰੇ ਬਿਆਨ ਹੱਕਾਨੋਂ

ਦਾਇਰਿਆਂ ਸਿਰ ਪੈਰ ਰਲਾਏ ਬੈਠੇ ਹਲਕੇ ਕਰ ਕੇ
ਕਰਦੇ ਯਾਦ ਪਿਆਰੇ ਤਾਈਂ ਜ਼ਿਕਰ ਸੀਨੇ ਤੇ ਧਰ ਕੇ ।੯੦੦।

ਕਈ ਕਾਨੂੰਨ ਸੁਰਾਂ ਦੇ ਕੱਢਣ ਕਾਨੂੰਨਾਂ ਅਤੇ ਸਰੰਦੇ
ਹੋਵਣ ਨਾਚ ਕਮਾਚ ਵਜਾਵਣ ਵਾਚ ਖ਼ਿਆਲ ਹਸੰਦੇ

ਸੁਣ ਸੁਣ ਰਾਗ ਹੋਵਣ ਮਸਤਾਨੇ ਮਾਰਨ ਚੁਟਕੀ ਤਾੜੇ
ਚੁਟਕੀ ਤਾੜੀ ਦਾ ਅਵਾਜ਼ਾ ਜ਼ੁਹਰਾ ਅੰਬਰ ਤਾੜੇ

ਸੁੰਦਰ ਬਾਂਕੇ ਨਫ਼ਰ ਗ਼ੁਲਾਮਾਂ ਭਰ ਭਰ ਦੇਣ ਪਿਆਲੇ
ਮਹਿਬੂਬਾਂ ਦੇ ਹੁਸਨ ਅਜਾਇਬ ਖੜਦੇ ਹੋਸ਼ ਸਮ੍ਹਾਲੇ

ਆਸਿਮ ਸ਼ਾਹ ਖ਼ੁਸ਼ੀ ਕਰ ਬੈਠਾ ਖਿੜਿਆ ਵਾਂਗ ਗੁਲਾਬਾਂ
ਬੇਟੇ ਤਰਫ਼ ਪੁਚਾਏ ਤੁਹਫ਼ੇ ਬਹੁਤੇ ਹੱਥ ਨਵਾਬਾਂ

ਹਰ ਹਰ ਕਿਸਮ ਹਜ਼ਾਰ ਤਰ੍ਹਾਂ ਦੀ ਭਲਿਓਂ ਭਲੀਆਂ ਵਸਤੂੰ
ਗਿਣਤਰ ਹੁੰਦੀ ਕਦ ਮੁਹੰਮਦ ਕਿੱਸਾ ਅੱਗੋਂ ਦੱਸ ਤੂੰ

ਸ਼ਹਿਜ਼ਾਦਾ ਜਾਂ ਤਕੜਾ ਹੋਇਆ ਆਇਆ ਜ਼ੋਰ ਵਿਚ ਬਾਹਵਾਂ
ਕਿਹਾ ਸ਼ਾਹ ਸਿਪਾਹ ਗਰੀ ਦਾ ਇਸਨੂੰ ਕਸਬ ਸਿਖਾਵਾਂ

ਮੁਲਕਾਂ ਸ਼ਹਿਰਾਂ ਫ਼ੌਜਾਂ ਅੰਦਰ ਜੋ ਸਨ ਰੁਸਤਮ ਸਾਨੀ
ਲਾਵਣ ਕਾਨੀ ਤੀਰ ਅਸਮਾਨੀ ਦੱਸਣ ਹੁਨਰ ਕਮਾਨੀ

ਨੇਜ਼ਾ ਮਾਰ ਉਤਾਰ ਲਿਆਵਣ ਚੌਕੀਦਾਰ ਅੰਬਰ ਦੇ
ਸੈਫ਼ਾਂ ਨਾਲ਼ ਕਰੇਂਦੇ ਟੋਟੇ ਸੀਮੁਰਗ਼ਾਂ ਦੇ ਪਰ ਦੇ

ਬਰਛੀ ਤੁਪਕ ਤੇ ਸੈਫ਼ ਤਮਾਂਚੇ ਖ਼ੰਜਰ ਛੁਰਾ ਕਟਾਰੀ
ਨੇਜ਼ਾ ਬਾਜ਼ੀ ਤੀਰ ਅੰਦਾਜ਼ੀ ਖ਼ਤਮ ਕੀਤੀ ਉਸ ਸਾਰੀ

ਸੈਫ਼ ਮਲੂਕ ਸ਼ਹਿਜ਼ਾਦਾ ਸਾਇਦ ਤਾਕ ਹੋਏ ਹਰ ਕਸਬੋਂ
ਸ਼ਹਿਜ਼ਾਦਾ ਸ਼ਾਹਾਨੇ ਕੰਮੋਂ ਇਹ ਵਜ਼ੀਰੀ ਵੱਸਬੋਂ ।੯੧੦।

ਹੋ ਅਸਵਾਰ ਪਿਆਦ ਕਵਾਇਦ ਕਰਦਾ ਹਰ ਹਥਿਆਰੋਂ
ਰੁਸਤਮ ਬਿਹਮਨ ਅਸਫ਼ੰਦ ਯਾਰੋਂ ਧਨੀ ਹੋਇਆ ਤਲਵਾਰੋਂ

ਥੋੜੀ ਮੁਦਤ ਵਿਚ ਸ਼ਹਿਜ਼ਾਦਾ ਹੋਇਆ ਸਿਕੰਦਰ ਸਾਨੀ
ਇਲਮੋਂ ਅਕਲੋਂ ਜ਼ੋਰੋਂ ਸ਼ਕਲੋਂ ਜੋ ਔਸਾਫ਼ ਇਨਸਾਨੀ

ਨੌਨਿਹਾਲ ਹੁਸਨ ਦੇ ਬਾਗ਼ੋਂ ਬੇਨਜ਼ੀਰ ਸ਼ਹਿਜ਼ਾਦਾ
ਗੁਲਬਦਨ ਤੇ ਬਦਰ ਮੁਨੀਰੋਂ ਚਿਹਰੇ ਰੂਪ ਜ਼ਿਆਦਾ

ਨਵਾਂ ਜਵਾਨ ਤੇ ਆਨ ਹੁਸਨ ਦੀ ਆਣ ਹੋਇਆ ਕੱਦ ਉੱਚਾ
ਜਿਸ ਪਾਸੇ ਉਹ ਸਰੂ ਲਟਕਦਾ ਸੂਹੇ ਗਲੀ ਤੇ ਕੂਚਾ

ਸੈਫ਼ ਮਲੂਕ ਸ਼ਹਿਜ਼ਾਦੇ ਹਿਕ ਦਿਨ ਨਾਲ਼ ਕਜ਼ਾਇ ਖ਼ੁਦਾਈ
ਖ਼ੁਸ਼ੀ ਖ਼ੁਸ਼ੀ ਵਿਚ ਡੇਰੇ ਆਪਣੇ ਮਜਲਿਸ ਖ਼ੂਬ ਸੁਹਾਈ

ਜਿਉਂ ਕਰ ਰਸਮ ਸ਼ਾਹਾਂ ਦੀ ਹੁੰਦੀ ਪਹਿਲਾ ਜਸ਼ਨ ਮਨਾਇਆ
ਬਾਪ ਆਪਣੇ ਦੀ ਕਰ ਮਹਿਮਾਨੀ ਉਹ ਭੀ ਕੋਲ਼ ਸਦਾਇਆ

ਖ਼ੂਬ ਤਰ੍ਹਾਂ ਦੀ ਦਾਅਵਤ ਦਿੱਤੀ ਮੀਰ ਵਜ਼ੀਰ ਉਮਰਾਵਾਂ
ਕਦਰ ਬਕਦਰੀ ਖ਼ਿਲਅਤ ਬਖ਼ਸ਼ੀ ਕੀ ਕੁੱਝ ਆਖ ਸੁਣਾਵਾਂ

ਬਾਪ ਅੱਗੇ ਨਜ਼ਰਾਨੇ ਰੱਖੇ ਬੇਟਾ ਹੋਇਆ ਸਲਾਮੀ
ਰਾਜੇ ਰਾਏ ਮੁਬਾਰਿਕ ਦਿੰਦੇ ਖ਼ੁਸ਼ੀਆਂ ਮੁਲਕ ਤਮਾਮੀ

ਲੱਖ ਲੱਖ ਲੋਕ ਪੜ੍ਹਨ ਸ਼ੁਕਰਾਨੇ ਫ਼ੌਜਾਂ ਤੇ ਮੁਲਖੱਈਆ
ਸੱਜਣਾਂ ਦੇ ਦਿਲ ਸ਼ਾਦੀ ਹੋਈ ਦੁਸ਼ਮਣ ਹੈਬਤ ਪਈਆ

ਮੀਰ ਵਜ਼ੀਰ ਗੁਜ਼ਾਰਨ ਨਜ਼ਰਾਂ ਖਿੜਿਆ ਫੁਲ ਬਹਾਰਾਂ
ਪਾਈ ਆਬ ਗੁਲਾਬ ਸ਼ਾਹੇ ਦੇ ਹੋਇਆ ਚੈਨ ਹਜ਼ਾਰਾਂ ।੯੨੦।

ਆਸਿਮ ਤੱਕ ਬੇਟੇ ਦੀਆਂ ਨਜ਼ਰਾਂ ਨਜ਼ਰਾਂ ਥੀਂ ਭੌ ਖਾਂਦਾ
ਸੌ ਸੌ ਵਾਰ ਵੰਡੇ ਸਿਰ-ਸਦਕਾ ਜੇ ਰੱਬ ਖ਼ੁਸ਼ੀ ਪਚਾਂਦਾ

ਪੀ ਸ਼ਰਾਬ ਹੋਇਆ ਖ਼ੁਸ਼ਵਕਤੀ ਕੰਮ ਤੱਕੋ ਤਕਦੀਰੀ
ਦਿਲਗੀਰੀ ਵਿਚ ਸ਼ਾਦੀ ਆਵੇ ਸ਼ਾਦੀ ਥੀਂ ਦਿਲਗੀਰੀ

ਸਾਕੀ ਬਖ਼ਸ਼ ਸ਼ਰਾਬ ਪਿਆਲਾ ਤੋੜ ਤਬਾ ਦੀ ਸੁਸਤੀ
ਆਇਆ ਹਾਲ ਮੁਹਾਲ ਇਸ਼ਕ ਦਾ ਦਿੱਸੇ ਨਾਲ਼ ਦਰੁਸਤੀ

ਮੁੱਖ ਵਸਾਲ ਪਿਆਲ ਪਿਆਲਾ ਹੋਵਾਂ ਮਸਤ ਖ਼ੁਮਾਰੋਂ
ਸ਼ਹਿਜ਼ਾਦੇ ਦੇ ਵਾਂਗ ਮੁਹੰਮਦ ਸੂਰਤ ਦੇ ਝਲਕਾਰੋਂ

21. ਦਾਸਤਾਨ ਦਰ ਬਿਆਨ ਦੀਦਨਿ ਸ਼ਹਿਜ਼ਾਦਾ ਦੋ ਸ਼ਾਹ-ਮੁਹਰਾ
ਸੂਰਤਿ ਜ਼ੁਹਰਾ ਰਾ ਵਾ ਆਸ਼ਿਕ ਸ਼ੁਦਨਿ
(ਸ਼ਹਿਜ਼ਾਦੇ ਦਾ ਦੋ ਸ਼ਾਹ ਮੋਹਰੇ ਵੇਖ ਕੇ ਇਕ ਸੂਰਤ ਤੇ
ਆਸ਼ਿਕ ਹੋਣਾ)

ਉਹ ਭੀ ਸ਼ਾਹ ਸ਼ਾਹਾਂ ਦਾ ਆਹਾ ਇਹ ਭੀ ਸ਼ਾਹ ਬਹਾਦਰ
ਹਿਕ ਦੂਏ ਸੰਗ ਵਰਤਣ ਕਰਦੇ ਆਹੇ ਦੋਏ ਅਕਾਬਰ

ਸ਼ਾਹ ਮੁਹਰੇ ਦੀ ਗੱਲ ਸੁਣਾਵਾਂ ਉਹ ਸ਼ਾਹ ਮੁਹਰਾ ਕੀ ਸੀ
ਦੋਂਹ ਸ਼ਕਲਾਂ ਦੀ ਉਸ ਤੇ ਸੂਰਤ ਲਿਖੀ ਗੋਰੀ ਕਾਲੀ

ਰਕਮ ਹਰੀਰੋਂ ਪਾਕੀ ਸੱਚੀ ਜ਼ਾਤ ਨਾ ਉਸ ਦੀ ਲੱਭਦੀ
ਦੋਂਹ ਸ਼ਕਲਾਂ ਦੀ ਉਸ ਤੇ ਸੂਰਤ ਲਿਖੀ ਕਲਮ ਅਜਬ ਦੀ

ਹਿੱਕ ਸੂਰਤ ਮਰਦਾਵੀਂ ਆਹੀ ਆਹੀ ਹਿੱਕ ਜ਼ਨਾਨੀ
ਸੋਹਣੇ ਨਕਸ਼ ਹੁਸਨ ਦੀਆਂ ਲਾਟਾਂ ਦੱਸਣ ਉਮਰ ਜਵਾਨੀ

ਵਿਚ ਸੰਦੂਕਾਂ ਰੱਖੇ ਆਹੇ ਆਸਿਮ ਉਹ ਸ਼ਾਹ ਮੁਹਰੇ
ਓੜਕ ਉਹ ਭੀ ਦੇਸੀ ਲੇਕਿਨ ਦੇਇ ਤੁਹਫ਼ੇ ਹੋਰ ਮੁਹਰੇ

ਪੀ ਕੇ ਮਦ ਕਰੇ ਬਖ਼ਸ਼ੀਸ਼ਾਂ ਬੇਟੇ ਤੇ ਦਿਲ ਡੁੱਲ੍ਹਾ
ਹਰ ਹਰ ਚੀਜ਼ ਅਜਾਇਬ ਉਸ ਨੂੰ ਦੇਂਦਾ ਜਾਵੇ ਖੁੱਲ੍ਹਾ

ਦਿਲ ਵਿਚ ਕਹਿੰਦਾ ਉਹ ਸੁਲੇਮਾਨੀ ਤੋਹਫ਼ਾ ਬਹੁਤ ਉਚੇਰਾ
ਸੈਫ਼ ਮਲੂਕ ਤਾਈਂ ਹੁਣ ਦੇਵਾਂ ਇਸ ਥੀਂ ਕੌਣ ਚੰਗੇਰਾ

ਹੋਇਆ ਹੁਕਮ ਖ਼ਜ਼ਾਨਚੀਆਂ ਨੂੰ ਜਲਦੀ ਕੁਫ਼ਲ ਉਤਾਰੇ
ਉਹ ਸੁਲੇਮਾਨੀ ਤੁਹਫ਼ੇ ਵਾਲੇ ਆਨ ਸੰਦੂਕ ਗੁਜ਼ਾਰੇ

ਆਸਿਮ ਸ਼ਾਹ ਧਰ ਅੱਗੇ ਆਪਣੇ ਚਾ ਸੰਦੂਕ ਖੁਲ੍ਹਾਇਆ
ਹੋਰ ਸੰਦੂਕ ਸੰਦੂਕੇ ਅੰਦਰ ਉਹ ਭੀ ਬਾਹਰ ਕਢਾਇਆ

ਉਹ ਭੀ ਖੋਲ੍ਹ ਕੱਢੇ ਸ਼ਾਹ ਬਾਹਰ ਉਹ ਸ਼ਾਹ ਮੁਹਰੇ ਦੋਏ
ਸੁੰਦਰ ਸ਼ਕਲ ਨੂਰਾਨੀ ਚਿਹਰੇ ਝਾਲ ਨਾ ਝੱਲਣ ਹੋਏ ।੯੪੦।

ਬਿਜਲੀ ਦੇ ਚਮਕਾਰੇ ਵਾਂਙੂ ਹਰ ਹਰ ਨਕਸ਼ ਚਮਕਦਾ
ਸੂਰਜ ਭੀ ਹੋ ਸਾਹਵਾਂ ਉਸ ਦੀ ਝਾਲ ਨਾ ਕਾਈ ਝਲਦਾ

ਤਾਬ ਉਹਦੀ ਤੱਕ ਆਬ ਨਾ ਰਹਿੰਦੀ ਗੌਹਰ ਲਅਲ ਬਦਖ਼ਸ਼ਾਂ
ਦਾਨਸ਼ਮੰਦ ਹੋਵੇ ਸੌਦਾਈ ਜੇ ਵੇਖੇ ਵੱਲ ਨਕਸ਼ਾਂ

ਤਨ ਦੀ ਵੇਖ ਸਫ਼ਾਈ ਰੌਣਕ ਚੰਨ-ਬਦਰ ਮਨ ਮਾਰੇ
ਕਾਗ਼ਜ਼ ਨੂੰ ਮੱਤ ਪਵੇ ਅੰਗਾਰੀ ਲਿਖਾਂ ਨਾ ਬਹੁਤੀ ਵਾਰੇ

ਮੂਰਤ ਦੀ ਤਾਰੀਫ਼ ਲਿਖਣ ਵਿਚ ਦੀਵੇ ਲਾਟ ਬੁਝਾਈ
ਮੇਰੀ ਭੀ ਮੱਤ ਨਜ਼ਰ ਨਾ ਲੱਗੇ ਲਿਖਾਂ ਹਰਫ਼ ਖ਼ਤਾਈ

ਉਹ ਸ਼ਾਹ ਮੁਹਰੇ ਸ਼ਕਲਾਂ ਵਾਲੇ ਕਰ ਕੇ ਤੋਹਫ਼ਾ ਨਾਦਰ
ਸ਼ਹਿਜ਼ਾਦੇ ਵੱਲ ਭੇਜੇ ਆਪੂੰ ਆਸਿਮ ਸ਼ਾਹ ਬਹਾਦਰ

ਨਾਲੇ ਸਾਇਦ ਕਾਰਨ ਟੋਰੇ ਤੁਹਫ਼ੇ ਵਾਂਗ ਉਸ਼ਨਾਕਾਂ
ਖ਼ੂਬ ਹਥਿਆਰ ਲੜਾਈ ਵਾਲੇ ਨਾਲੇ ਅਜਬ ਪੁਸ਼ਾਕਾਂ

ਜਿਸ ਵੇਲੇ ਉਹ ਤੁਹਫ਼ੇ ਪਹੁਤੇ ਮਸਤ ਆਹਾ ਸ਼ਹਿਜ਼ਾਦਾ
ਨਾਜ਼ੁਕ ਬਦਨ ਅਵਾਇਲ ਉਮਰਾ ਪੀਤੋਸੁ ਨਸ਼ਾ ਜ਼ਿਆਦਾ

ਅੱਧੀ ਰਾਤੀਂ ਤੋੜੀ ਰਿਹਾ ਸੁੱਤਾ ਨੀਂਦਰ ਮਿੱਠੀ ਮਿੱਠੀ
ਬਾਦ ਇਸ ਥੀਂ ਉੱਠ ਬੈਠਾ ਤਾਂ ਫਿਰ ਚੀਜ਼ ਚੰਗੀ ਉਹ ਡਿੱਠੀ

ਹਿਕ ਸ਼ਹਿਜ਼ਾਦਾ ਦੂਜਾ ਸਾਇਦ ਆਹਾ ਕੋਲ਼ ਹਜ਼ੂਰੀ
ਲਟ ਲਟ ਲਾਟ ਕਰੇ ਚੌਤਰਫ਼ੇ ਸ਼ਮ੍ਹਾ ਬੱਲੇ ਕਾਫ਼ੂਰੀ

ਇਸ ਗੱਲੋਂ ਦਿਲ ਤੰਗ ਸ਼ਮ੍ਹਾ ਦਾ ਕੋਲ਼ ਪਤੰਗ ਅੱਜ ਹੋਂਦਾ
ਨਾਲੇ ਹੱਸਦੀ ਨਾਲੇ ਰੋਂਦੀ ਅਥਰੂਓਂ ਲਹੂ ਚੋਂਦਾ ।੯੫੦।

ਵੇਖ ਹੋਇਆ ਹੈਰਾਨ ਸ਼ਹਿਜ਼ਾਦਾ ਹੋਵੇ ਨਾ ਮਅਲੂਮੀ
ਯਾ ਇਹ ਅਤਲਸ ਹੈ ਖ਼ਤਾਈ ਯਾ ਇਹ ਦੀਬਾਇ ਰੂਮੀ

ਯਾ ਇਹ ਕੁੱਮੀ ਚੀਨੀ ਵਾਂਗਰ ਮਿਸਲ ਯਾ ਮਤੱਅ ਫ਼ਰੰਗੀ
ਤੁਕਲੇ ਨੂੰ ਹੱਥ ਪਾ ਸ਼ਹਿਜ਼ਾਦੇ ਮੂਰਤ ਕੀਤੀ ਨੰਗੀ

ਕੇ ਤੱਕੇ ਉਹ ਸੂਰਤ ਕੈਸੀ ਰੌਸ਼ਨ ਚੰਨ ਫ਼ਲਕ ਥੀਂ
ਨਕਸ਼ ਨਿਗਾਰ ਬਹਾਰ ਹੁਸਨ ਦੀ ਬਿਹਤਰ ਹਰ ਮਲਕ ਥੀਂ

ਜੇ ਮੂੰਹ ਕਰੀਏ ਵੱਲ ਅਸਮਾਨਾਂ ਸੂਰਜ ਪਏ ਪਿੱਛਾਵਾਂ
ਜੇ ਖੜੀਏ ਜ਼ੁਲਮਾਤੇ ਮਿਲਦਾ ਆਬ-ਹੱਯਾਤ ਸੱਚਾਵਾਂ

ਹਰ ਹਰ ਨਕਸ਼ ਦਏ ਲਿਸ਼ਕਾਰੇ ਬਿਹਤਰ ਲਾਟ ਚਿਰਾਗੋਂ
ਦਾਨੇ ਵੇਖ ਹੋਵਣ ਦੀਵਾਨੇ ਸੜਦੇ ਹੋਸ਼ ਦਿਮਾਗ਼ੋਂ

ਸਾਨੀ ਤੇ ਅਰਯੰਗ ਸਿਆਣੇ ਜੇ ਵੇਖਣ ਇਕ ਵਾਲੇ
ਕਾਰੀਗਰੀਆਂ ਵਾਲੇ ਭੁੱਲਣ ਸਾਰੇ ਹੋਸ਼ ਸੰਭਾਲੇ

ਜੇ ਲੁਕਮਾਨ ਹਕੀਮ ਸਿਆਣਾ ਵੇਖੇ ਯਾ ਅਫ਼ਲਾਤੂੰ
ਭੁੱਲਣ ਸਭ ਹਿਸਾਬ ਅਕਲ ਦੇ ਹੋਣ ਸ਼ਿਤਾਬੀ ਮਜਨੂੰ

ਆਲਮ ਜੇ ਪਰਹੇਜ਼ਾਂ ਵਾਲੇ ਅੱਖ ਚਮਕਦੀ ਵੇਖਣ
ਕੁਫ਼ਰ ਇਸਲਾਮ ਨਾ ਯਾਦ ਰਹਿਣ ਬੁੱਤ ਵੱਲ ਮੱਥਾ ਟੇਕਣ

ਵਾਹ ਨੱਕਾਸ਼ ਕਰੀਗਰ ਯਾਰੋ ਜਿਸ ਇਹ ਨਕਸ਼ ਲਿਖਾਇਆ
ਵਾਹ ਵਾ ਖ਼ਾਲਿਕ ਸਿਰਜਨਹਾਰਾ ਜਿਸ ਨੱਕਾਸ਼ ਬਣਾਇਆ

ਸੈਫ਼ ਮਲੂਕ ਸ਼ਹਿਜ਼ਾਦੇ ਜਾਂ ਉਹ ਮੂਰਤ ਵੇਖੀ ਸਾਰੀ
ਲੱਗੀ ਅੱਗ ਹੋਇਆ ਦਿਲ ਅੰਦਰ ਤਪ ਕੇ ਵਾਂਗ ਅੰਗਾਰੀ ।੯੬੦।

ਪਹਿਲੀ ਨਜ਼ਰੋਂ ਹੋਸ਼ ਨਾ ਭਲੇ ਜੀਉ ਨਾ ਰਿਹਾ ਟਿਕਾਣੇ
ਜਿਉਂ ਜ਼ੁਲੈਖ਼ਾ ਪਹਿਲੀ ਖ਼ਵਾਬੋਂ ਰੱਖੀ ਸ਼ਰਮ ਧਿੰਙਾਣੇ

ਜਾਦੂ ਕਰ ਤਸਵੀਰ ਸ਼ਹਿਜ਼ਾਦੇ ਚੀਰ ਨਾ ਕੀਤਾ ਜ਼ਾਹਿਰ
ਜਿਉਂ ਕਰ ਡਾਇਣ ਨਾਲ਼ ਨਜ਼ਰ ਦੇ ਖੜੇ ਕਲੇਜਾ ਬਾਹਰ

ਅੰਦਰ ਗੁਜ਼ਰੀ ਜੋ ਕੁੱਝ ਗੁਜ਼ਰੀ ਜ਼ਾਹਿਰ ਹਾਲ ਨਾ ਕੀਤਾ
ਦੂਜੀ ਵਾਰ ਸ਼ਰਾਬ ਪਿਆਲਾ ਭਰ ਨਵੇਂ ਸਿਰ ਪੀਤਾ

ਅਚਨਚੇਤ ਗਈਆਂ ਖੱਲ ਅੱਖੀਂ ਮਾਰੇ ਇਸ਼ਕ ਨਗਾਰੇ
ਲੈ ਹਥਿਆਰ ਲੱਥਾ ਮਲ ਥਾਨੇ ਕੋਟ ਅਕਲ ਦੇ ਮਾਰੇ

ਵੇਖ ਸ਼ਹਿਜ਼ਾਦਾ ਦੌਲਤ ਵਾਲਾ ਜ਼ਾਲਮ ਨੇ ਹੱਥ ਪਾਇਆ
ਬੰਨ੍ਹ ਲਿਆਵੇ ਫ਼ੌਜ ਹੁਸਨ ਦੀ ਸੋਹਣਾ ਕਿਵੇਂ ਕਹਾਇਆ

ਇਸ ਥੀਂ ਕੌਣ ਛੁਡਾਵੇ ਯਾਰੋ ਜ਼ਾਮਿਨ ਨਹੀਂ ਵਸੀਲਾ
ਜੇ ਸੌ ਮਾਇਆ ਦੌਲਤ ਦਈਏ ਕਰੀਏ ਲੱਖ ਲੱਖ ਹੀਲਾ

ਸਿਰ ਦਿੱਤੇ ਬਿਨ ਨਹੀਂ ਖ਼ਲਾਸੀ ਇਹੋ ਇਹਦਾ ਜ਼ੁਲਮਾਨਾ
ਜੇ ਸੌ ਸਿਰ ਵਟਾਵੇਂ ਦੇਈਏ ਤਰਦਾ ਨਾ ਜੁਰਮਾਨਾ

ਸਿਰ ਭੀ ਉਸ ਦਿਹਾੜੇ ਲੈਂਦਾ ਜਿਸ ਦਿਨ ਆਪੂੰ ਮੰਗੇ
ਨਹੀਂ ਤਾਂ ਆਸ਼ਿਕ ਸਿਰ ਦੇਵਣ ਥੀਂ ਪਹਿਲੀ ਵਾਰ ਨਾ ਸੰਗੇ

ਜੇ ਇਸ਼ਕੇ ਦੀ ਸਿਫ਼ਤੀਂ ਆਇਓਂ ਰਹਿਸੀ ਦੂਰ ਕਹਾਣੀ
ਦੁਸ਼ਮਣ ਯਾਰ ਆਪਣੇ ਦੀ ਖ਼ੂਬੀ ਕਦ ਤੁਧ ਤੁਰਤ ਮੁਕਾਣੀ

ਘੋੜਾ ਚਰਖ਼ ਨਾ ਮਾਰ ਚੌਤਰਫੀ ਸਮਝ ਮੁਹੰਮਦ ਯਾਰਾ
ਪੰਧ ਦੁਰਾਡਾ ਕਿੱਸੇ ਵਾਲਾ ਰਸਤਾ ਪਕੜ ਸਵਾਰਾ ।੯੭੦।

ਸੈਫ਼ ਮਲੂਕ ਸ਼ਹਿਜ਼ਾਦੇ ਮੂਰਤ ਫੇਰ ਡਿੱਠੀ ਦਿਲ ਲਾਕੇ
ਹੋ ਮੁਤਫ਼ੱਕਰ ਕਰੇ ਦਲੀਲਾਂ ਹੈਰਾਨੀ ਵਿਚ ਜਾ ਕੇ

ਇਸ ਮੂਰਤ ਦੀ ਸੂਰਤ ਰੱਬਾ ਨਾਹੀਂ ਹੱਦ ਇਨਸਾਨੀ
ਯਾ ਇਹ ਕੋਈ ਹੂਰ ਬਹਿਸ਼ਤੀ ਯਾ ਕੋਈ ਸਰੱ-ਰੱਬਾਨੀ

ਇਸ ਮੂਰਤ ਦਾ ਆਦਮ ਕਿੱਥੇ ਸੁੰਦਰ ਰੂਪ ਗੁਮਾਨੀ
ਨੂਰ ਇਲਾਹੀ ਹੈ ਆ ਬੈਠਾ ਕਾਇਆ ਧਾਰ ਜ਼ਨਾਨੀ

ਦੂਜੀ ਮੂਰਤ ਜੋ ਮਰਦਾਵੀਂ ਬੈਠੀ ਨਾਲ਼ ਬਰਾਬਰ
ਹੱਥ ਉਹਦੇ ਤੇ ਲਾਲ਼ ਸ਼ਰਾਬੋਂ ਧਰਿਆ ਕਾਸਾ ਨਾਦਰ

ਇਹ ਮੂਰਤ ਸ਼ਹਿਜ਼ਾਦੇ ਤੱਕ ਕੀ ਹੱਛੀ ਤਰ੍ਹਾਂ ਪਛਾਣੀ
ਹੈ ਤਸਵੀਰ ਇਹ ਸ਼ਕਲ ਮੇਰੀ ਦੀ ਕਰ ਤਦਬੀਰ ਸਿੰਞਾਣੀ

ਦੂਜੀ ਦਾ ਕੁੱਝ ਪਤਾ ਨਾ ਲਗਦਾ ਕੌਣ ਕੋਈ ਕਿਸ ਦੇਸੋਂ
ਮੱਤ ਹੋਵੇ ਸ਼ਾਹਜ਼ਾਦੀ ਕੋਈ ਜ਼ਨ ਜ਼ਨਾਨੇ ਦੇਸੋਂ

ਫਿਰ ਮੂਰਤ ਵੱਲ ਵੇਖ ਸ਼ਹਿਜ਼ਾਦੇ ਜੋਸ਼ ਤੱਬਅ ਨੂੰ ਆਇਆ
ਝੱਲੀ ਗਈ ਨਾ ਝਾਲ ਹੁਸਨ ਦੀ ਰੂਹ ਨਿਕਲਣ ਤੇ ਆਇਆ

ਹੁਕਮੇ ਬਾਝ ਨਾ ਨਿਕਲਣ ਹੁੰਦਾ ਜੇ ਸੌ ਕਰੇ ਤਿਆਰੀ
ਪੰਖੀ ਤੰਗ ਪਿਆ ਵਿਚ ਪਿੰਜਰੇ ਜਿਉਂ ਕਰ ਕਰੇ ਉਡਾਰੀ

ਮੋਰੀ ਥੀਂ ਸਿਰ ਬਾਹਰ ਕੱਢੇ ਸਾਰਾ ਨਿਕਲ਼ ਨਾ ਸਕਦਾ
ਸਿਰ ਤੋਂ ਚੰਮ ਲਹੇ ਪਰ ਭਜਣ ਪਿੰਜਰੇ ਨਾਲ਼ ਪਟਕਦਾ

ਜਾਂਦਾ ਜਾਂਦਾ ਰੂਹ ਬਦਨ ਵਿਚ ਰਿਹਾ ਫੇਰ ਅਟਕ ਕੇ
ਹੋਸ਼ ਅਕਲ ਦਾਨਾਈ ਡੁੱਬੀ ਪੈ ਕੇ ਫੇਰ ਅਟਕ ਕੇ।੯੮੦।

ਪਾੜ ਪੋਸ਼ਾਕ ਸੁਟੀ ਸ਼ਹਿਜ਼ਾਦੇ ਆਇਆ ਬਾਹਰ ਘਰ ਥੀਂ
ਹੋ ਬੇਤਾਬ ਢੱਠਾ ਖਾ ਗਿਰਦੀ ਗਰਮੀ ਸੋਜ਼ ਕਹਿਰ ਥੀਂ

ਸਾਇਤ ਪਿੱਛੇ ਸਾਇਦ ਜਾਗੇ ਫੇਰੇ ਨਜ਼ਰ ਚੁਫੇਰੇ
ਸੁੰਜੀ ਪਈ ਵਿਛਾਈ ਦਿਸਦੀ ਨਹੀਂ ਸ਼ਹਿਜ਼ਾਦਾ ਡੇਰੇ

ਸਾਇਦ ਅੱਵਲ ਖ਼ਫ਼ਗੀ ਕਰ ਕੇ ਫੇਰ ਜਮੀਅਤ ਕਰਦਾ
ਛੋਕਰੀਆਂ ਵਿਚ ਸੈਰ ਕਰਨ ਨੂੰ ਗਿਆ ਹੋਵੇ ਮੱਤ ਘਰਦਾ

ਏਸ ਦਲੀਲੋਂ ਸਾਇਦ ਤਾਈਂ ਆਇਆ ਜੀਉ ਟਿਕਾਣੇ
ਸੇਜ ਉਤੇ ਪਰ ਅੱਖ ਨਾ ਜੁੜਦੀ ਟਿਕਿਆ ਰਿਹਾ ਧਿੰਙਾਣੇ

ਸ਼ਹਿਜ਼ਾਦੇ ਦੇ ਪਿੱਛੇ ਸਾਇਦ ਸਤਰੀਂ ਜਾ ਨਾ ਸੱਕੇ
ਰੁੱਖ ਉਡੀਕ ਸੱਜਣ ਦੀ ਬੈਠਾ ਦਰਵਾਜ਼ੇ ਵੱਲ ਤੱਕੇ

ਯਾਰਾਂ ਬਾਝ ਆਰਾਮ ਨਾ ਆਵੇ ਜਿਚਰ ਨਾ ਬਹੀਏ ਜੁੜ ਕੇ
ਕੁੱਕੜ ਬਾਂਗ ਦਿੱਤੀ ਨਹੀਂ ਆਇਆ ਅਜੇ ਸ਼ਹਿਜ਼ਾਦਾ ਮੁੜ ਕੇ

ਧੰਮੀ ਰਾਤ ਹੋਇਆ ਖ਼ੁਸ਼ ਵੇਲ਼ਾ ਮਿਲੀਆਂ ਬਾਂਗਾਂ ਸ਼ਹਿਰੀਂ
ਸੈਫ਼ ਮਲੂਕ ਫ਼ਲਕ ਦੇ ਗ਼ਮ ਥੀਂ ਕਢੀਆਂ ਖ਼ੂਨੀ ਨਹਰੀਂ

ਕਤਰੇ ਅੱਥਰੂਆਂ ਦੇ ਪੂੰਝੇ ਨਾਲ਼ ਪੈਰਾਹਨ ਨੀਲੇ
ਮਾਤਮ ਸਬਜ਼ ਪੁਸ਼ਾਕੀ ਸਾਰੀ ਦਾਮਨ ਰੱਖੇ ਪੀਲੇ

ਸਾਇਦ ਉੱਠ ਸਵੇਰੇ ਢੂੰਡੇ ਕਰ ਕੇ ਫ਼ਿਕਰ ਜ਼ਿਆਦਾ
ਜਾਂ ਬੂਹੇ ਥੀਂ ਬਾਹਰ ਆਇਆ ਡਿਠੋਸੁ ਪਿਆ ਸ਼ਹਿਜ਼ਾਦਾ

ਨਾ ਕੁਝ ਸੁਰਤ ਸੰਭਾਲ਼ ਬਦਨ ਦੀ ਲਅਲ ਪਿਆ ਵਿਚ ਘੱਟੇ
ਵਾਂਗ ਕਪੂਰ ਹੋਇਆ ਰੰਗ ਪੀਲ਼ਾ ਸਿਰ ਜੁੱਸਾ ਮੂੰਹ ਫੱਟੇ ।੯੯੦।

ਧੂੜੋ ਧੂੜ ਹੋਇਆ ਤਨ ਸਾਰਾ ਲੀਰੋ ਲੀਰ ਪੁਸ਼ਾਕੀ
ਨਾ ਅੱਖ ਪੁੱਟੇ ਪੈਰ ਹਿਲਾਏ ਆਈ ਬਹੁਤ ਹਿਲਾਕੀ

ਸੀਨਾ ਸਾਰਾ ਲੋਹੂ ਭਰਿਆ ਨਹੁੰਆਂ ਨਾਲ਼ ਖਰੂਠਾ
ਗ਼ੈਬੋਂ ਬਿਜਲੀ ਪਈ ਕਹਿਰ ਦੀ ਬਾਗ਼ ਹੁਸਨ ਦਾ ਲੂਠਾ

ਇਤਰੀਂ ਭਿੰਨੇ ਕੇਸ ਰੰਗੀਲੇ ਰੁਲਦੇ ਅੰਦਰ ਮਿੱਟੀ
ਸਾਇਦ ਦੌੜ ਗਿਆ ਫਿਰ ਸਿਰ ਤੇ ਵੇਖ ਸਰੂ ਸਿਰ ਮਿੱਟੀ

ਝਬਦੇ ਹੱਥ ਨਬਜ਼ ਪਰ ਧਰਦਾ ਨਾਲੇ ਸਾਹ ਸਹਾੜੇ
ਜਾਂ ਉਹ ਪਤਾ ਨਾ ਦੇਵਣ ਜਾਤੋਸੁ ਇਹ ਗੱਲ ਸੜ ਅਸਾੜੇ

ਪਾੜ ਪੋਸ਼ਾਕ ਸੁਟੇਂਦਾ ਸਾਇਦ ਰੋਵੇ ਘੱਤ ਕਹਾਵਾਂ
ਘਾਇਲ ਹੋਇਆ ਸ਼ਹਿਜ਼ਾਦਾ ਮੇਰਾ ਮੈਂ ਹੁਣ ਕਿਧਰ ਜਾਵਾਂ

ਡਾਇਣ ਡੱਝ ਲਿਆ ਅਜ਼ਗ਼ੈਬੋਂ ਚੰਗਾ ਭਲਾ ਸੀ ਸੁੱਤਾ
ਕਿੱਥੇ ਚਲਿਓਂ ਆਪ ਸ਼ਹਿਜ਼ਾਦੇ ਦੇਇ ਅਸਾਨੂੰ ਬੁੱਤਾ

ਰੋਵੇ ਤੇ ਕੁਰਲਾਵੇ ਸਾਇਦ ਢੈ ਢੈ ਪਵੇ ਅਪੁੱਠਾ
ਕਰ ਫ਼ਰਿਆਦ ਪੁਕਾਰੇ ਉੱਚਾ ਮੁੱਠਾ ਯਾਰੋ ਮੁੱਠਾ

ਸਾਇਦ ਦਾ ਸੁਣ ਸ਼ੋਰ ਕਕਾਰਾ ਹੋਈ ਖ਼ਲਕ ਇਕੱਠੀ
ਵੇਖ ਸ਼ਹਿਜ਼ਾਦੇ ਨੂੰ ਸਭ ਭੁੱਜਦੇ ਜਿਉਂ ਦਾਣੇ ਵਿਚ ਭੱਠੀ

ਸਾਰੇ ਹੰਝੂ ਭਰ ਭਰ ਰੋਵਣ ਜਿਉਂ ਸਾਵਣ ਦੀਆਂ ਬਾਰਾਂ
ਦਮ ਦਰੂਦ ਦੁਆਈਂ ਕਰਦੇ ਸਾਲਿਹ ਲੋਕ ਹਜ਼ਾਰਾਂ

ਸ਼ਹਿਜ਼ਾਦਾ ਫਿਰ ਚਾ ਲਿਓ ਨੇ ਰੋਂਦੇ ਯਾਰ ਚੁਫੇਰੇ
ਸਾਇਦ ਨੇ ਉਹ ਜਾ ਲੁਹਾਇਆ ਓਸੇ ਆਪਣੇ ਡੇਰੇ ।੧੦੦੦।

ਖ਼ਿਦਮਤਗਾਰ ਗ਼ੁਲਾਮ ਬੇਚਾਰੇ ਮੂੰਹ ਸੁੱਕਾ ਤਰ ਦੀਦੇ
ਰੌਣਕ ਰੰਗ ਹੋਇਆ ਮਤਗ਼ਯਰ ਆਏ ਦਰਦ ਰਸੀਦੇ

ਵਾਂਗ ਯਤੀਮਾਂ ਜਾ ਖਲੋਤੇ ਆਸਿਮ ਦੀ ਦਰਗਾਹੀ
ਬੈਠਾ ਸ਼ਾਹ ਮੁਸੱਲੇ ਉੱਤੇ ਕਰਦਾ ਯਾਦ ਇਲਾਹੀ

ਸਾਇਦ ਨੇ ਸ਼ਹਿਜ਼ਾਦੇ ਵਾਲਾ ਸਾਰਾ ਹਾਲ ਸੁਣਾਇਆ
ਆਸਿਮ ਸ਼ਾਹ ਹੋਇਆ ਸੁਣ ਕਮਲਾ ਝਬ ਬੇਟੇ ਵੱਲ ਆਇਆ

ਸ਼ਹਿਜ਼ਾਦੇ ਦੇ ਸੀਨੇ ਉੱਤੇ ਆਸਿਮ ਨੇ ਹੱਥ ਧਰਿਆ
ਥੋੜੀ ਜਾਨ ਜੁੱਸੇ ਵਿਚ ਬਾਕੀ ਜਾਤੋਸੁ ਅਜੇ ਨਾ ਮਰਿਆ

ਕੌਣ ਨਹੀਂ ਫਿਰ ਰੋਵੇ ਓਥੇ ਆਸਿਮ ਸ਼ਾਹ ਜਦ ਰੋਇਆ
ਮਜਲਿਸ ਅੰਦਰ ਸ਼ੋਰ ਕਕਾਰਾ ਵੱਧ ਹਿਸਾਬੋਂ ਹੋਇਆ

ਮਾਸੀ ਫੁਫੀ ਭੈਣਾਂ ਮਾਇਆਂ ਕੱਠਾ ਹੋਇਆ ਕਬੀਲਾ
ਰੋਵਣ ਬਾਹਾਂ ਟੁਕ ਟੁਕ ਖਾਵਣ ਤੱਕ ਤੱਕ ਮੰਦਾ ਹੀਲਾ

ਲੱਖ ਹਜ਼ਾਰ ਦਿੱਤੇ ਸਿਰ-ਸਦਕੇ ਹੋਵਣ ਰੱਦ ਬਲਾਈਂ
ਆਖ ਮੁਹੰਮਦ ਇਨ੍ਹੀਂ ਗੱਲੀਂ ਕਿਉਂ ਕਰ ਟਲਣ ਕਜ਼ਾਈਂ

ਸ਼ਹਿਜ਼ਾਦੇ ਨੂੰ ਖ਼ਬਰ ਨਾ ਕਾਈ ਸਿਰ ਤੇ ਹੋਣ ਸਿਆਪੇ
ਆਸਿਮ ਸ਼ਾਹ ਹਕੀਮ ਸਦਾਏ ਕਿਵੇਂ ਮਰਜ਼ ਸਿੰਞਾਪੇ

ਆਲਿਮ ਅਤੇ ਤਬੀਬ ਨਜੂਮੀ ਰਮਲੀ ਕੋਲ਼ ਬਹਾਏ
ਸ਼ਹਿਜ਼ਾਦੇ ਦਾ ਹਾਲ ਸੁਣਾਓ ਆਸਿਮ ਸ਼ਾਹ ਫ਼ੁਰਮਾਏ

ਇਸ ਦੀ ਰਾਸ ਸਿਤਾਰੇ ਉਤੇ ਕੈਸੀ ਗਰਦਿਸ਼ ਆਈ
ਕੀ ਕੁੱਝ ਪੂਜਾ ਲਗਦੀ ਜਿਸ ਥੀਂ ਇਹ ਨਹੂਸਤ ਜਾਈ ।(੧੦੦੧)

ਕਰਨ ਤਬੀਬ ਹਕੀਮ ਤਮੀਜ਼ਾਂ ਵੇਖਣ ਨਬਜ਼ ਕਰੂਰਾ
ਅਰਬਾ ਅਨਾਸਰ ਵਿਚ ਨਾ ਘਾਟਾ ਦਿਸਦਾ ਲੇਖਾ ਪੂਰਾ

ਗਰਮੀ ਸਰਦੀ ਬਾਦੀ ਖ਼ੁਸ਼ਕੀ ਨਹੀਂ ਬੁਖ਼ਾਰ ਲਹੂ ਦਾ
ਹੋਰ ਕੋਈ ਇਹ ਵਾਹਣਾ ਵਗਿਆ ਕਰਨਾ ਅੱਲ੍ਹਾ ਹੂ ਦਾ

ਪੜ੍ਹ ਪੜ੍ਹ ਸੂਰਤ ਜਿੰਨ ਮਜ਼ੱਮਿਲ ਆਲਮ ਭੀ ਦਮ ਪਾਵਣ
ਗੁੱਟ ਤਾਵੀਜ਼ ਬੰਨ੍ਹਣ ਗਲ ਡੌਲੇ ਬੱਤੀਆਂ ਕੋਲ਼ ਧੁਖਾਵਣ

ਭਰ ਭਰ ਦਾਰੇ ਹਟੇ ਸਾਰੇ ਦੂਰ ਨਾ ਹੋਇਆ ਸਾਇਆ
ਇਸ ਸਾਏ ਕਈ ਲੋਕ ਨਸਾਏ ਇਸ਼ਕੇ ਸਾਇਆ ਪਾਇਆ

ਮਿਸ਼ਰ ਬਰਾਹਮਣ ਪੰਡਤ ਫੋਲਣ ਸ਼ਾਸਤਰਾਂ ਤੇ ਪੋਥੀ
ਆਖ ਮੁਹੰਮਦ ਇਸ਼ਕ ਕਚਹਿਰੀ ਸਭਨਾਂ ਦੀ ਗੱਲ ਥੋਥੀ

ਆਈ ਵਾਰ ਨਜੂਮੀ ਵਾਲੀ ਤੱਕੇ ਰਾਸ ਸਿਤਾਰੇ
ਤਾਲਿਅ ਅੰਦਰ ਨਜ਼ਰੀ ਆਏ ਜ਼ਾਲਮ ਰੋਗ ਹੱਤਿਆਰੇ

ਕਰਦਾ ਅਰਜ਼ ਨਜੂਮੀ ਸ਼ਾਹਾ ਹੋਰ ਨਹੀਂ ਡਰ ਕੋਈ
ਪਰ ਉਹ ਸਾਇਤ ਇਸ਼ਕੇ ਵਾਲੀ ਆਣ ਬਰਾਬਰ ਹੋਈ

ਅੱਗੇ ਉਹ ਗੱਲ ਸਫ਼ਰੇ ਵਾਲੀ ਜਿਹੜੀ ਅਸਾਂ ਦਸਾਲੀ
ਇਹ ਨਿਸ਼ਾਨੀ ਪਹਿਲੀ ਉਸ ਦੀ ਟਲਦੀ ਨਾ ਹੁਣ ਟਾਲੀ

ਲੰਮੀ ਅਜੇ ਹਯਾਤੀ ਉਸ ਦੀ ਮੌਤੋਂ ਡਰ ਨਾ ਜ਼ੱਰਾ
ਪਰ ਹੁਣ ਰਾਜ ਕਮਾਣਾ ਮੁਸ਼ਕਿਲ ਕਰਸੀ ਸਫ਼ਰ ਮੁਕੱਰਰਾ

ਤਰੈ ਰਾਤੀਂ ਤੇ ਤਰੈ ਦਿਹਾੜੇ ਓਵੇਂ ਰਿਹਾ ਸ਼ਹਿਜ਼ਾਦਾ
ਹਿਕੋ ਸਾਹ ਖਿੜਾਕੇ ਲੱਗਾ ਨਾ ਕੁਝ ਕਮੀ ਜ਼ਿਆਦਾ।(੧੦੨੦)

ਹਾਲਤ ਵੇਖ ਸ਼ਹਿਜ਼ਾਦੇ ਵਾਲੀ ਹਰ ਹਿਕ ਨੂੰ ਗ਼ਮ ਧਾਵੇ
ਦਾਨਸ਼ਮੰਦ ਇਲਾਜ ਦਸਾਲਣ ਜੋ ਕੁੱਝ ਮੂੰਹ ਦਰ ਆਵੇ

ਕਰ ਕੇ ਥੱਕੇ ਜਤਨ ਹਜ਼ਾਰਾਂ ਹੋਸ਼ ਨਹੀਂ ਉਸ ਫਿਰਦੀ
ਰੇਤ ਸੁੱਕੀ ਦੀ ਕੰਧ ਉਸਾਰਨ ਹੱਥੋਂ ਜਾਂਦੀ ਕਿਰਦੀ

ਆਸ਼ਿਕ ਦਾ ਜੋ ਦਾਰੂ ਦੱਸੇ ਬਾਝ ਮਿਲਾਪ ਸੱਜਣ ਦੇ
ਉਹ ਸਿਆਣਾ ਜਾਣ ਇਆਣਾ ਰੋਗ ਨਾ ਜਾਣੇ ਮਨ ਦੇ

ਮੰਦੇ ਮਨ ਦੇ ਰੋਗ ਮੁਹੰਮਦ ਮਨਦੇ ਨਹੀਂ ਦੁਆਵਾਂ
ਬੈਦ ਹੋਵੇ ਜੇ ਦਿਲਬਰ ਤਾਹੀਂ ਬੇਦਨ ਖੋਲ੍ਹ ਸੁਣਾਵਾਂ

ਚੌਥਾ ਰੋਜ਼ ਹੋਇਆ ਤਾਂ ਸਾਇਦ ਦੂਰ ਕੀਤੇ ਸਭ ਦਰਦੀ
ਕਹਿਓਸੁ ਰਾਤੀਂ ਖ਼ਾਬ ਡਿੱਠੀ ਮੈਂ ਚੰਗੀ ਖ਼ੈਰ ਖ਼ਬਰ ਦੀ

ਹਿਕ ਦੋ ਗੱਲਾਂ ਨਾਲ਼ ਸ਼ਹਿਜ਼ਾਦੇ ਕਰਨ ਦਿਓ ਖਾਂ ਓਹਲੇ
ਸੱਚੀ ਖ਼ਾਬ ਕਰੇ ਰੱਬ ਮੇਰੀ ਮੱਤ ਇਹ ਅੱਖੀਂ ਖੋਲ੍ਹੇ

ਦੂਰ ਹੋਇਆ ਸਭ ਕੋਈ ਓਥੋਂ ਹਿਕ ਨਾ ਰਿਹਾ ਨੇੜੇ
ਸਾਇਦ ਬਹਿ ਸਿਰਹਾਣੇ ਉਸ ਦੇ ਹਿਕ ਕਹਾਣੀ ਛੇੜੇ

ਆਸ਼ਿਕ ਤੇ ਮਾਸ਼ੂਕ ਕੋਈ ਸਨ ਸੋਹਣੇ ਮਰਦ ਜ਼ਨਾਨੀ
ਦਰਦ ਫ਼ਿਰਾਕ ਉਨ੍ਹਾਂ ਦੇ ਵਾਲੀ ਕਰਦਾ ਗੱਲ ਵਿਹਾਣੀ

ਜੇ ਮੈਂ ਭੀ ਇਸ ਗੱਲ ਵੱਲ ਜਾਵਾਂ ਇਹ ਕਿੱਸਾ ਛੁੱਟ ਜਾਂਦਾ
ਸ਼ਾਲਾ ਤੋੜ ਚੜ੍ਹੇ ਫ਼ੁਰਮਾਇਸ਼ ਜਾਂਦਾ ਵਕਤ ਵਿਹਾਂਦਾ

ਦਰਦ ਫ਼ਿਰਾਕ ਉਨ੍ਹਾਂ ਦੇ ਵਾਲੀ ਜਾਂ ਪੜ੍ਹ ਆਇਆ ਪੱਟੀ
ਜਾਂ ਫਿਰ ਗੱਲ ਮਿਲਣ ਦੀ ਆਈ ਸ਼ਹਿਜ਼ਾਦੇ ਅੱਖ ਪੱਟੀ ।(੧੦੩੦)

ਮੂੰਹੋਂ ਬੋਲ ਕਹੇ ਸਾਇਦ ਨੂੰ ਫਿਰ ਇਹ ਗੱਲ ਸੁਣਾਈਂ
ਸਾਇਦ ਹੋਰ ਕਹਾਣੀ ਕਰਦਾ ਅੱਵਲ ਆਖ਼ਿਰ ਤਾਈਂ

ਆਸ਼ਿਕ ਤੇ ਮਾਸ਼ੂਕ ਮਿਲਣ ਦੀ ਜਿਸ ਵੇਲੇ ਗੱਲ ਆਵੇ
ਸ਼ਹਿਜ਼ਾਦਾ ਦਿਲ ਤਾਜ਼ਾ ਹੋ ਕੇ ਫਿਰ ਓਵੇਂ ਫ਼ੁਰਮਾਵੇ

ਸਾਇਦ ਨੇ ਸੱਤ ਵਾਰੀ ਮੁੜ ਮੁੜ ਤੱਕੀ ਤੱਬਅ ਸੁਖਾਂਦੀ
ਆਸ਼ਿਕ ਤੇ ਮਾਸ਼ੂਕ ਮਿਲਣ ਦੀ ਨਵੀਂ ਨਵੀਂ ਗੱਲ ਆਂਦੀ

ਖ਼ੁਸ਼ ਆਵਾਜ਼ ਜ਼ਬਾਨ ਰਸੀਲੀ ਬਹੁਤਾ ਇਲਮ ਦਾਨਾਈ
ਅਖ਼ਫ਼ਸ਼ ਵਾਂਗ ਬਿਆਨ ਕਰੇਂਦਾ ਅਸਰ ਅੰਦਰ ਵਿਚ ਧਾਈ

ਹਿਕ ਹਿਕਾਇਤ ਅਸਰੇ ਵਾਲੀ ਕਹਿਣੇ ਵਾਲਾ ਦਾਨਾ
ਖ਼ਤਮ-ਅੰਦਾਜ਼ ਹੱਥੋਂ ਜਦ ਚਲੇ ਮਾਰੇ ਤੀਰ ਨਿਸ਼ਾਨਾ

ਸਾਇਦ ਦੇ ਦਿਲ ਦਰਦ ਸੱਜਣ ਦਾ ਗੱਲ ਕਰੇ ਦਿਲ ਲਾਕੇ
ਸ਼ਹਿਜ਼ਾਦੇ ਨੂੰ ਚੰਗੀ ਲੱਗੀ ਆਖੇ ਫੇਰ ਬੁਲਾਕੇ

ਕਹੇ ਸ਼ਹਿਜ਼ਾਦਾ ਸਾਇਦ ਤਾਈਂ ਤੂੰ ਭੰਜਾਲ ਗ਼ਮਾਂ ਦਾ
ਮੁੜ ਇਹ ਗੱਲ ਸੁਣਾ ਅਸਾਹੀਂ ਮੈਂ ਵਲ ਹੁੰਦਾ ਜਾਂਦਾ

ਕਿਤਨੀ ਵਾਰ ਕਹਾਣੀ ਕੀਤੀ ਤਾਂ ਉਸ ਸੁਰਤ ਸੰਭਾਲੀ
ਗੱਲਾਂ ਕਰਨ ਲੱਗਾ ਉੱਠ ਬੈਠਾ ਹੋਈ ਜ਼ਰਾ ਖ਼ੁਸ਼ਹਾਲੀ

ਵੱਲ ਹੋਇਆ ਤਾਂ ਸਾਇਦ ਕਿਹਾ ਕਸਮ ਤੈਨੂੰ ਉਸ ਰੱਬ ਦੀ
ਜਿਸ ਨੇ ਖ਼ਲਕਤ ਪੈਦਾ ਕੀਤੀ ਰੋਜ਼ੀ ਲਾਈ ਸਭ ਦੀ

ਭੇਤ ਦਿਲੇ ਦਾ ਦੱਸੀਂ ਮੈਨੂੰ ਗ਼ਮ ਤੇਰੇ ਥੀਂ ਸੜਦਾ
ਜਿਸ ਨੂੰ ਯਾਰ ਬਣਾਈਏ ਆਪੂੰ ਫਿਰ ਉਸ ਥੀਂ ਕੀ ਪੜਦਾ ।(੧੦੪੦)

ਸੈਫ਼ ਮਲੂਕ ਕਿਹਾ ਮੈਂ ਤੈਨੂੰ ਵੇਦਨ ਖੋਲ੍ਹ ਸੁਣਾਂਦਾ
ਪਰ ਜੇ ਹੋਰ ਕਿਸੇ ਦੇ ਅੱਗੇ ਹਰਗਿਜ਼ ਕਰੇਂ ਨਾ ਵਾਂਦਾ

ਸਾਇਦ ਕਿਹਾ ਸੁਣ ਸ਼ਹਿਜ਼ਾਦੇ ਕੀ ਤਾਕਤ ਮੈਂ ਬੰਦੇ
ਭੇਤ ਸ਼ਾਹਾਂ ਦਾ ਜੋ ਕੋਈ ਫੋਲੇ ਹਾਲ ਹੋਵਣ ਉਸ ਮੰਦੇ

ਕਹੇ ਸ਼ਹਿਜ਼ਾਦਾ ਹਾਲ ਹਕੀਕਤ ਸੁਣ ਸਾਇਦ ਦਿਲ ਜਾਨੀ
ਬਾਪ ਮੇਰੇ ਜੋ ਤੋਹਫ਼ਾ ਘੱਲਿਆ ਸ਼ਾਹ ਮੁਹਰੇ ਸੁਲੇਮਾਨੀ

ਰਾਤੀਂ ਜਾਗ ਲੱਧੀ ਉਠ ਡਿੱਠੇ ਤੀਰ ਕਲੇਜੇ ਲੱਗਾ
ਝੱਗਾ ਪਾੜ ਢੱਠਾ ਖਾ ਗਿਰਦੀ ਭੁੱਲ ਗਿਆ ਉਸਰੱਗਾ

ਹਿਕ ਸੂਰਤ ਦੀ ਮੂਰਤ ਓਥੇ ਲਿਖੀ ਨਜ਼ਰੀ ਆਈ
ਹਿਕਮਤ ਪਾਕ ਖ਼ੁਦਾਵੰਦ ਵਾਲੀ ਕਰਕੇ ਨਕਸ਼ ਸੁਹਾਈ

ਆਦਮ ਦੀ ਕੀ ਕੁਦਰਤ ਸਿਰਜੇ ਐਸੇ ਰੂਪ ਨਿਆਰੇ
ਕੁਦਰਤ ਦੇ ਹੱਥ ਨਾਲ਼ ਬਣਾਈ ਖ਼ਾਲਿਕ ਅਪਰ ਅਪਾਰੇ

ਜਿਗਰ ਕਬਾਬ ਕਰੇ ਤਾਬ ਉਸ ਦਾ ਅਕਲ ਦਿਮਾਗ਼ੋਂ ਸੜਦਾ
ਹਿਕ ਹਿਕ ਵਾਲ਼ ਇਸ ਮੂਰਤ ਵਾਲਾ ਸੌ ਸੌ ਦਿਲ ਖਸ ਖੜਦਾ

ਮਾਇਲ ਕਰਦੀ ਸ਼ਕਲ ਸ਼ਮਾਇਲ ਘਾਇਲ ਕਰੇ ਜਵਾਨਾਂ
ਜ਼ੀਨਤ ਜ਼ੇਬ ਸ਼ਹਾਨਾ ਸਾਰਾ ਦੱਸੇ ਰੂਪ ਜ਼ਨਾਨਾ

ਵੇਖਣ ਸਾਥ ਗਈਆਂ ਦਿਲਬਰੀਆਂ ਲੱਗਾ ਦਾਗ਼ ਕਲੇਜੇ
ਲੂੰ ਲੂੰ ਲੰਬੇ ਬੱਲੇ ਸੜ ਉਠੇ ਮਾਸ ਹੱਡੀ ਰੱਤ ਭੇਜੇ

ਦੂਜੀ ਸੂਰਤ ਹੈ ਮਰਦਾਵੀਂ ਉਸ ਦੇ ਕੋਲ ਬਰਾਬਰ
ਉਹ ਨੁਹਾਰ ਮੇਰੀ ਦੀ ਮੂਰਤ ਕੀਤੀ ਨਕਸ਼ ਅਕਾਬਰ ।(੧੦੫੦)

ਉਹ ਸ਼ਾਹ ਮੁਹਰੇ ਮੁਹਰੇ ਡਿੱਠੇ ਮੁਹਰੇ ਆਂਦੀ ਗਰਮੀ
ਦੂਜੀ ਵਾਰ ਤੱਕੇ ਥਾਂ ਇਸ਼ਕੇ ਕੀਤੀ ਆਣ ਬੇਸ਼ਰਮੀ

ਕਹੇ ਸ਼ਹਿਜ਼ਾਦਾ ਸਾਇਦ ਤਾਈਂ ਤੂੰ ਭੀ ਤੱਕ ਉਹ ਮੂਰਤ
ਮੱਤ ਮੂਰਤ ਦੀ ਸੂਰਤ ਲੱਭੇ ਕਰ ਭਾਈ ਕੋਈ ਸੂਰਤ

ਜਾਂ ਜਾਂ ਇਸ ਮੂਰਤ ਦੀ ਸੂਰਤ ਮੈਨੂੰ ਨਜ਼ਰ ਨਾ ਆਵੇ
ਸਾਇਦ ਭਾਈ ਸਬਰ ਨਾ ਦਿਲ ਵਿਚ ਮਰਸਾਂ ਏਸੇ ਹਾਵੇ

ਸਾਇਦ ਕਿਹਾ ਬਾਪ ਤੇਰੇ ਨੂੰ ਦੱਸਾਂ ਇਹ ਕਹਾਣੀ
ਉਸ ਨੂੰ ਮੱਤ ਹੋਵੇ ਕੁੱਝ ਮਾਲਮ ਦੱਸੇ ਪਤਾ ਨਿਸ਼ਾਨੀ

ਸੈਫ਼ ਮਲੂਕ ਕਿਹਾ ਮੈਂ ਤੈਨੂੰ ਵਰਤੀ ਗੱਲ ਸੁਣਾਈ
ਜੋ ਕੁੱਝ ਅਕਲ ਤੇਰੇ ਵਿਚ ਆਵੇ ਕਰ ਤੂੰ ਅੱਗੋਂ ਭਾਈ

ਭਾਵੇਂ ਬਾਪ ਮੇਰੇ ਨੂੰ ਦੱਸੀਂ ਭਾਵੇਂ ਹੋਰ ਕਿਸੇ ਨੂੰ
ਕਰ ਤਦਬੀਰ ਵਜ਼ੀਰ ਅਜੇਹੀ ਸੂਰਤ ਦਿੱਸੇ ਮੈਨੂੰ

ਸਾਇਦ ਨੇ ਸ਼ਹਿਜ਼ਾਦੇ ਵਾਲੀ ਸਮਝ ਹਕੀਕਤ ਸਾਰੀ
ਸ਼ਰਬਤ ਹਿਕ ਬਣਾਇਆ ਜਿਹੜਾ ਆਹਾ ਉਸ ਦੀ ਕਾਰੀ

ਸ਼ਰਬਤ ਦੇਇ ਸ਼ਹਿਜ਼ਾਦੇ ਤਾਈਂ ਆਪ ਗਿਆ ਦਰਬਾਰੇ
ਆਸਿਮ ਸ਼ਾਹ ਅੱਗੇ ਉਸ ਜਾ ਕੇ ਹਾਲ ਸੁਣਾਏ ਸਾਰੇ

ਆਸਿਮ ਨੂੰ ਸੁਣ ਗੱਲ ਇਸ਼ਕ ਦੀ ਬਹੁਤ ਲੱਗੀ ਗ਼ਮਨਾਕੀ
ਆਪੂੰ ਪੇਰ ਕੁਹਾੜੀ ਮਾਰੀ ਕੀਤੀ ਆਪ ਚਲਾਕੀ

ਕਰ ਅਫ਼ਸੋਸ ਕਹੇ ਮੈਂ ਆਪੂੰ ਕੀਤੀ ਬਹੁਤ ਨਾਦਾਨੀ
ਕਾਹਨੂੰ ਸ਼ਹਿਜ਼ਾਦੇ ਵੱਲ ਭੇਜੇ ਉਹ ਤੁਹਫ਼ੇ ਸੁਲੇਮਾਨੀ ।(੧੦੬੦)

ਨਬੀ ਸੁਲੇਮਾਂ ਬਾਪ ਮੇਰੇ ਨੂੰ ਦਿੱਤੇ ਇਹ ਸ਼ਾਹ ਮੁਹਰੇ
ਇਸ ਭੀ ਅੱਗੋਂ ਤੁਹਫ਼ੇ ਭੇਜੇ ਕੀਤੇ ਵਰਤਣ ਦੁਹਰੇ

ਹੁਣ ਉਹ ਦੋਏੇ ਗਏ ਜਹਾਨੋਂ ਕੌਣ ਨਿਸ਼ਾਨੀ ਦੱਸੇ
ਕਿਸ ਦੀ ਧੀ ਜਿਹਦੀ ਉਹ ਮੂਰਤ ਕਿਸ ਵਲਾਇਤ ਵੱਸੇ

ਆਸਿਮ ਸ਼ਾਹ ਸੁਣ ਇਹ ਕਜ਼ੀਆ ਬਹੁਤ ਹੋਇਆ ਦਰਮਾਂਦਾ
ਹੱਥੀਂ ਅੱਗ ਲਗਾਈ ਘਰ ਨੂੰ ਮੁੱਠਾ ਮੈਂ ਕਰਮਾਂ ਦਾ

ਫ਼ਿਕਰ ਅੰਦੇਸ਼ੇ ਸਬਰ ਭੁਲਾਇਆ ਵਿਸਰ ਗਈਆਂ ਤਦਬੀਰਾਂ
ਡੁੱਬਦਾ ਅਕਲ ਅੰਦੇਸ਼ੇ ਅੰਦਰ ਜਿਉਂ ਲੋਹਾ ਵਿਚ ਨੀਰਾਂ

ਕਿਸ਼ਤੀ ਹੋਸ਼ ਮਲਾਹ ਅਕਲ ਦੇ ਘੁੰਮਣ ਘੇਰ ਫ਼ਿਕਰ ਦੇ
ਭਜਣ ਵੰਝ ਮਲਾਹਾਂ ਵਾਲੇ ਪਏ ਗਰਦਾਬ ਨਾ ਤਰਦੇ

ਨਾ ਕੁੱਝ ਆਵੇ ਜਾਵੇ ਚਾਰਾ ਵਾਂਗ ਬੈਠਾ ਦਿਲਗੀਰਾਂ
ਆਸਿਮ ਸ਼ਾਹ ਦੀ ਵੇਖ ਹੈਰਾਨੀ ਕੀਤੀ ਅਰਜ਼ ਵਜ਼ੀਰਾਂ

ਸ਼ਾਹਾ ਸ਼ਾਲਾ ਦਮ ਦਮ ਹੋਵਣ ਤੇਰੇ ਭਾਗ ਸਵਾਏ
ਮੌਲਾ ਬਾਗ਼ ਖ਼ੁਸ਼ੀ ਦੇ ਤਾਈਂ ਸਰ ਸਰ ਵਾਅ ਨਾ ਲਾਏ

ਦੌਲਤ ਤੇ ਇਕਬਾਲ ਸ਼ਾਹਾਂ ਦੇ ਦਿਨ ਦਿਨ ਹੋਣ ਜ਼ਿਆਦੇ
ਸੁੱਤਿਆਂ ਚਿਰ ਨਾ ਲੱਗੇ ਸ਼ਾਲਾ ਸੈਫ਼ ਮਲੂਕ ਸ਼ਹਿਜ਼ਾਦੇ

ਯਾ ਕਿਬਲਾ ਗ਼ਮਨਾਕ ਨਾ ਹੋਵੀਂ ਰਖ ਅੱਲ੍ਹਾ ਤੇ ਢੇਰੀ
ਬੇਟੇ ਪਾਸ ਚਲੋ ਉਠ ਆਪੂੰ ਉਸ ਨੂੰ ਦਿਓ ਦਲੇਰੀ

ਇਹ ਕਹੋ ਸ਼ਹਿਜ਼ਾਦੇ ਤਾਈਂ ਚਿੰਤਾ ਚਿਖ਼ਾ ਨਾ ਬਾਲੇ
ਸੜਦਾ ਅਕਲ ਫ਼ਿਕਰ ਤੇ ਦਾਨਿਸ਼ ਭਾਂਬੜ ਚਿੰਤਾ ਵਾਲੇ ।(੧੦੭੦)

ਯਾਰ ਤੈਨੂੰ ਰੱਬ ਪਾਕ ਮਿਲਾਣਾ ਜੇ ਤੁਧ ਕਿਸਮਤ ਹੋਈ
ਹੀਲਾ ਵੱਸ ਮੇਰਾ ਜੋ ਲਗਸੀ ਫ਼ਰਕ ਨਾ ਰਖਸਾਂ ਕੋਈ

ਭੇਜਾਂ ਦਾਨਿਸ਼ਮੰਦ ਵਜ਼ੀਰਾਂ ਹੋਰ ਮੁਸੱਵਰ ਦਾਨੇ
ਆਲਮ ਫਿਰ ਕੇ ਸੂਰਤ ਢੂੰਡਣ ਹਰ ਸ਼ਹਿਰੀਂ ਹਰ ਖ਼ਾਨੇ

ਇਸ ਸੂਰਤ ਦੀ ਹਾਲ ਹਕੀਕਤ ਜਿਸ ਜਾਓਂ ਹੱਥ ਆਸੀ
ਹਾਜ਼ਰ ਆਨ ਕਰਨਗੇ ਏਥੇ ਤਾਂ ਤੇਰਾ ਗ਼ਮ ਜਾਸੀ

ਇਹ ਸਲਾਹ ਵਜ਼ੀਰਾਂ ਦਿੱਤੀ ਸ਼ਾਹ ਲੱਗੀ ਦਿਲ ਭੱਲੀ
ਬੇਟੇ ਨੂੰ ਜਾ ਦੇ ਦਲੇਰੀ ਬੱਚਾ ਰਖ ਤਸੱਲੀ

ਕੋਸ਼ਿਸ਼ ਬੇ ਸ਼ੁਮਾਰੀ ਕਰਸਾਂ ਘੱਲਾਂ ਫ਼ੌਜ ਚੌਫ਼ੇਰਾ
ਮਤ ਮੂਰਤ ਦੀ ਸੂਰਤ ਲੱਭੇ ਹੋਵੇ ਮਤਲਬ ਤੇਰਾ

ਪਰ ਤੂੰ ਅਪਣਾ ਆਪ ਸੰਭਾਲੀਂ ਹੋਸ਼ ਰੱਖੀਂ ਵਿਚ ਜਾਈ
ਕਦ ਸ਼ਹਿਜ਼ਾਦੇ ਨਾਤਾ ਦਿੰਦੇ ਜੇ ਨਾਉਂ ਪਵੇ ਸੌਦਾਈ

ਸੈਫ਼ ਮਲੂਕ ਕਹੇ ਸੁਣ ਬਾਬਲ ਕਸਮ ਮੈਨੂੰ ਉਸ ਰੱਬ ਦੀ
ਹੋਸ਼ ਅਕਲ ਜੀਅ ਜਾਨ ਨਾ ਰਹਿਸੀ ਜੇ ਸੂਰਤ ਨਹੀਂ ਲੱਭਦੀ

ਧੜਕੇ ਜਾਨ ਮੇਰੀ ਵਿਚ ਜੁੱਸੇ ਤੱਕੇ ਸਾਇਤ ਘੜੀਆਂ
ਆਸਿਮ ਹਾਲ ਬੇਟੇ ਦਾ ਤੱਕ ਕੇ ਹੰਝੂ ਝੋਲੀ ਝੜੀਆਂ

ਉਹ ਰੁਖ਼ਸਾਰੇ ਦੋ ਅਰਗ਼ਵਾਨੀ ਹੋਏ ਕੇਸਰ ਪੀਲੇ
ਨਿਮੋਂਝਾਣ ਬੀਮਾਰੀ ਮਾਰੇ ਨਰਗਸ-ਨੈਣ ਰਸੀਲੇ

ਧੂੜਾਂ ਪੇ ਸੁਕਾਇਆ ਖ਼ੁਸ਼ਕੀ ਸੁੰਬਲ ਹਰਿਆਂ ਵਾਲਾਂ
ਬਦਰ ਮੁਨੀਰ ਆਹਾ ਜੋ ਚਿਹਰਾ ਦੱਸੇ ਮਿਸਲ ਹਲਾਲਾਂ ।(੧੦੮੦)

ਹਾਲੋਂ ਪਿਆ ਬੇਹਾਲ ਸ਼ਹਿਜ਼ਾਦਾ ਬਾਗ਼ ਹੁਸਨ ਕੁਮਲਾਇਆ
ਉਜੜ ਗਈ ਬਹਾਰ ਫੁੱਲਾਂ ਦੀ ਪੱਤਿਆਂ ਰੰਗ ਵਟਾਇਆ

ਲੱਥੇ ਪਏ ਬੋਹੱਟੇ ਛਾਪਾਂ ਕੰਙਣ ਪੌਹਚੀ ਵਾਲੇ
ਕਲਗ਼ੀ ਤੋੜੇ ਤਾਜ ਉਤਾਰੇ ਜ਼ੇਵਰ ਸ਼ਾਹਾਂ ਵਾਲੇ

ਆਸਿਮ ਸ਼ਾਹ ਤੱਕ ਹਾਲ ਪੁੱਤਰ ਦਾ ਅੱਗ ਲੱਗੀ ਭੜਕਾਰੇ
ਅੱਥਰੂਆਂ ਨੇ ਸਾਵਣ ਲਾਇਆ ਠੰਢੀਆਂ ਆਹੀਂ ਮਾਰੇ

ਬੇਟੇ ਨੂੰ ਲੈ ਝੋਲੀ ਬੈਠਾ ਘੁੱਟ ਘੁੱਟ ਸੀਨੇ ਲਾਈ
ਆਖੇ ਸੁਣ ਫ਼ਰਜ਼ੰਦਾ ਤੂੰ ਹੈਂ ਅੱਖੀਂ ਦੀ ਰੁਸ਼ਨਾਈ

ਉਮਰ ਗਈ ਗ਼ਮਨਾਕੀ ਅੰਦਰ ਕਰ ਕਰ ਰੱਬ ਦੀ ਸੇਵਾ
ਆਈ ਬਾਗ਼ ਬਹਾਰ ਖ਼ੁਸ਼ੀ ਦੀ ਲਧੋਂ ਮਿੱਠਾ ਮੇਵਾ

ਕੈਸੀ ਵਾਅ ਗ਼ਜ਼ਬ ਦੀ ਝੁੱਲੀ ਡਾਲ਼ੀ ਮੇਵੇ ਵਾਲੀ
ਧਰਤੀ ਨਾਲ਼ ਪਟਾਕ ਵਗਾਈ ਆਈ ਖ਼ਸਤਾ ਹਾਲੀ

ਦੋਹਾਂ ਜਹਾਨਾਂ ਅੰਦਰ ਆਹੀ ਤੇਰੀ ਖ਼ੁਸ਼ੀ ਘਨੇਰੀ
ਤੱਕ ਤੱਕ ਮੂੰਹ ਤੇਰਾ ਮੈਂ ਜੀਵਾਂ ਸੁਖ ਹੱਯਾਤੀ ਮੇਰੀ

ਤੈਨੂੰ ਕੀ ਹੋਇਆ ਫ਼ਰਜ਼ੰਦਾ ਦਾਗ਼ ਲਗਾਇਆ ਜਾਨੀ
ਸਦਾ-ਬਹਾਰ ਗੁਲਾਬ ਹੁਸਨ ਦਾ ਤੇਰੀ ਨਵੀਂ ਜਵਾਨੀ

ਕਿਸ ਡਾਇਣ ਨੇ ਡੱਝ ਲਗਾਇਆ ਯਾ ਕਿਸ ਨਜ਼ਰ ਲਗਾਈ
ਦੇਇ ਜਹਾਨ ਦੁਆਈਂ ਤੈਨੂੰ ਫੜਿਓਂ ਕਿਸ ਬਦੁਆਈ

ਹੋ ਸੌਦਾਈ ਬੇਟੇ ਮੇਰਾ ਨਾ ਕਰ ਬੇਕਰਾਰੀ
ਆਪ ਭੀ ਸੜਦਾ ਮੈਂ ਭੀ ਸਾੜੇਂ ਛੱਡ ਇਹ ਕੱਚੀ ਕਾਰੀ ।(੧੦੯੦)

ਨਾ ਤੁਧ ਕੀਤਾ ਜ਼ੁਲਮ ਕਿਸੇ ਤੇ ਨਾ ਕੋਈ ਖ਼ੂਨ ਕਰਾਇਆ
ਕੀਤਾ ਪਾਪ ਮੇਰਾ ਕੋਈ ਭਾਰਾ ਤੈਨੂੰ ਦੇਣਾ ਆਇਆ

ਭੁੱਲ ਗਈਆਂ ਸਭ ਕਾਰਾਂ ਤੈਨੂੰ ਯਾਦ ਨਾ ਰਹੀਆਂ ਬਾਂਕਾਂ
ਐਸਾ ਗ਼ਮ ਨਾ ਡਿੱਠਾ ਹੋਸੀ ਅਗਲਿਆਂ ਭੀ ਗ਼ਮਨਾਕਾਂ

ਦੁਸ਼ਮਣ ਤੇਰੇ ਤੱਅਨੇ ਦੇਸਣ ਕਰਸਨ ਬਹੁਤ ਮੁਲਾਮਤ
ਦੋਜ਼ਖ਼ ਸੀਨੇ ਮੇਰੇ ਤਪਸੀ ਸੱਜਣਾਂ ਹੋਗ ਕਿਆਮਤ

ਨਾ ਕੋਈ ਸੂਰਤ ਵਾਲਾ ਮਿਲਿਆ ਯਾਰੀ ਕਿਸੇ ਨਾ ਲਾਈ
ਕਹਿ ਤੋਂ ਕਿਸ ਦੇ ਪਿੱਛੇ ਬੇਟਾ ਆਪਣੀ ਆਬ ਗਵਾਈ

ਬੈਠ ਨਿਚੱਲਾ ਕਰ ਖ਼ੁਸ਼ਹਾਲੀ ਛੱਡ ਇਹ ਝੋਰਾ ਮਨ ਦਾ
ਠੰਡਾ ਲੋਹਾ ਕੱਟਿਆਂ ਬੇਟਾ ਕੋਈ ਹਥਿਆਰ ਨਾ ਬਣਦਾ

ਕਰ ਕੁੱਝ ਸਬਰ ਤਹੱਮੁਲ ਬੇਟਾ ਛੱਡ ਇਹ ਖਹਿੜਾ ਕੇਵੇਂ
ਖ਼ਬਰ ਨਹੀਂ ਕੋਈ ਸੂਰਤ ਹੋਸੀ ਯਾ ਇਹ ਮੂਰਤ ਏਵੇਂ

ਲੱਗਾ ਰੋਗ ਅਵੱਲਾ ਤੈਨੂੰ ਦਾਰੂ ਨਾਲ਼ ਨਾ ਜਾਂਦਾ
ਨਾਲੇ ਦਿਲ ਤੇਰੇ ਨੂੰ ਖਾਵਸ ਜਿਗਰ ਮੇਰਾ ਭੀ ਖਾਂਦਾ

ਲਾਇ ਉਮੀਦ ਨਾ ਹੁੱਸੜ ਜਾਈਂ ਕਰਨ ਦੇਈਂ ਕੋਈ ਚਾਰਾ
ਮੱਤ ਰੱਬ ਪਾਕ ਸਬੱਬ ਬਣਾਏ ਮੇਲੇ ਯਾਰ ਪਿਆਰਾ

ਨਾ ਉਮੀਦੀ ਵਿਚ ਉਮੀਦਾਂ ਰੱਖੀਂ ਆਸ ਕਰਮ ਦੀ
ਬਹਿ ਮਜਲਿਸ ਦਾਨਾਵਾਂ ਵਾਲੀ ਲੋੜ ਕਰੀਂ ਇਸ ਕੰਮ ਦੀ

ਦੌਲਤ ਮਾਲ ਨਾ ਸੁੱਟੀਂ ਬੇਟਾ ਹੋਈਂ ਨਾ ਐਵੇਂ ਬੇਦਿਲ
ਦੌਲਤ ਵਾਲੇ ਨੂੰ ਘਰ ਅੰਦਰ ਮਤਲਬ ਹੁੰਦੇ ਹਾਸਿਲ ।(੧੧੦੦)

ਦੁਨੀਆਂ ਦੀ ਹਰ ਮੁਸ਼ਕਿਲ ਤਾਈਂ ਦੌਲਤ ਕਰੇ ਆਸਾਨੀ
ਡਾਹਢੇ ਕੁਫ਼ਲ ਉਤਾਰੇ ਇਹ ਭੀ ਕੁੰਜੀ ਹੈ ਰਹਿਮਾਨੀ

ਦੌਲਤ ਥੀਂ ਮੁੱਖ ਮੋੜ ਨਾ ਬੇਟਾ ਛੋੜ ਨਹੀਂ ਇਹ ਸ਼ਾਹੀ
ਦਿਨ ਦਿਨ ਲੋੜ ਕਰਾਂਗਾ ਮੈਂ ਭੀ ਦੇਗ ਮੁਰਾਦ ਇਲਾਹੀ

ਸਬਰ ਕਰੇਂ ਤਾਂ ਅਜਰ ਮਿਲੇਗਾ ਆਈ ਖ਼ਬਰ ਕਿਤਾਬੋਂ
ਸਬਰ ਉਤਾਰੇ ਕੁਫ਼ਲ ਮੁਹੰਮਦ ਹਰ ਹਰ ਮੁਸ਼ਕਿਲ ਬਾਬੋਂ

22. ਸੈਫ਼-ਉਲ-ਮਲੂਕ ਦਾ ਪਿਤਾ ਨੂੰ ਜਵਾਬ

ਸੈਫ਼ ਮਲੂਕ ਜਵਾਬ ਪਿਓ ਨੂੰ ਦੇਂਦਾ ਨਾਲ਼ ਹਲੀਮੀ
ਸੁਣ ਬਾਬਲ ਸੁਲਤਾਨ ਮੁਲਕ ਦਾ ਤੂੰ ਹੈਂ ਆਦਿ ਕਦੀਮੀ

ਜੇ ਕੋਈ ਸ਼ਾਹ ਜ਼ਿਮੀਂ ਤੇ ਅਕਸਰ ਤੇਰੇ ਕੋਲ ਸਲਾਮੀ
ਤਾਜਾਂ ਤਖ਼ਤਾਂ ਵਾਲੇ ਤੇਰੀ ਕਰਦੇ ਆਣ ਗ਼ੁਲਾਮੀ

ਦਰ ਤੇਰਾ ਹੈ ਸਿਜਦੇ ਲਾਇਕ ਕਿਬਲੇ ਵਾਂਙੂ ਮੈਨੂੰ
ਤੇਰੀ ਜਾਨ ਹਯਾਤੀ ਮੇਰੀ ਚਿਰ ਰੱਖੇ ਰੱਬ ਤੈਨੂੰ

ਸ਼ਾਲਾ ਸਿਰ ਮੇਰੇ ਪੁਰ ਦਾਇਮ ਰਹੇ ਤੁਸਾਡਾ ਸਾਇਆ
ਤੇਰੇ ਪਿੱਛੇ ਜੀਵਨ ਨਾਲੋਂ ਮਰਨਾ ਬਿਹਤਰ ਆਇਆ

ਜੋ ਕੁੱਝ ਤੁਸਾਂ ਨਸੀਹਤ ਦਿੱਤੀ ਭਲੀ ਮੇਰੇ ਹਕ ਸਾਰੀ
ਫੱਟ ਮੇਰੇ ਤੇ ਪੱਟੀ ਬੱਧੀ ਮਰਹਮ ਲਾਈਉ ਕਾਰੀ

ਪਰ ਕੁੱਝ ਵੱਸ ਨਾ ਮੇਰੇ ਬਾਬਲ ਕੀ ਕਰਾਂ ਮੂੰਹ ਕਾਲ਼ਾ
ਹੁੰਦੇ ਕਾਬੂ ਕਦ ਕੋਈ ਛਡਦਾ ਦਾਨਿਸ਼, ਅਕਲ, ਸੰਭਾਲਾ

ਜੇ ਲੱਖ ਅਕਲ ਤਮੀਜ਼ਾਂ ਕਰੀਏ ਓੜਕ ਹੋਣੀ ਹੋਣਾ
ਹੱਸਦਿਆਂ ਖੇਡਦਿਆਂ ਕਿਸ ਭਾਵੇ ਬੈਠ ਗ਼ਮਾਂ ਵਿਚ ਰੋਣਾ ।(੧੧੧੦)

ਕੈਦ ਕੀਤਾ ਦਿਲ ਮੇਰਾ ਮੂਰਤ ਪਾਕੇ ਸਖ਼ਤ ਜ਼ੰਜ਼ੀਰਾਂ
ਇਹੋ ਕਿਸਮਤ ਸੀ ਤਕਦੀਰੋਂ ਕਰੀਏ ਕੀ ਤਦਬੀਰਾਂ

ਹੁਣ ਇਹ ਕੈਦ ਨਾ ਮੈਂ ਥੀਂ ਛੁੱਟਦੀ ਨਾ ਇਹ ਭਾਰ ਉਤਰਦਾ
ਵੱਸ ਨਹੀਂ ਕੁੱਝ ਚਲਦਾ ਬਾਬਲ ਛੱਡ ਖ਼ਿਆਲ ਪੁੱਤਰ ਦਾ

ਮੈਂ ਹੁਣ ਹੋ ਚੁੱਕਾ ਸੌਦਾਈ ਜਾਨੀਂ ਥੀਂ ਹੱਥ ਧੋਤੇ
ਘਰ ਦਰ ਨੂੰ ਹੁਣ ਛੱਡਿਆ ਲੋੜਾਂ ਚਾਇਆ ਪੁੱਠੀ ਮੌਤੇ

ਅੰਦਰ ਇਸ਼ਕ ਜਲਾਂਦਾ ਜਿਉਂ ਕਰ ਆਤਿਸ਼ ਸੁੱਕਿਆਂ ਪੱਤਾਂ
ਮੱਤ ਨਹੀਂ ਦਿਲ ਮੇਰਾ ਮੰਨਦਾ ਮੱਤ ਹੁਣ ਦਿਓ ਮੱਤਾਂ

ਤੁਸੀਂ ਕਰਾਓ ਤੌਬਾ ਇਸ਼ਕੋਂ ਦੇ ਦੇ ਸਿੱਖਾਂ ਮੱਤੀਂ
ਦਿਲ ਮੇਰਾ ਨਹੀਂ ਤੌਬਾ ਕਰਦਾ ਕਹੇ ਅਗੇਰੇ ਵੱਤੀਂ

ਜਾਂ ਜਾਂ ਇਸ ਮੂਰਤ ਦੀ ਸੂਰਤ ਮੈਨੂੰ ਨਾ ਹੱਥ ਲੱਗੇ
ਨਾ ਮੈਂ ਸ਼ਾਹੀ ਤਖ਼ਤ ਸੰਭਾਲਾਂ ਨਾ ਕੋਈ ਹੋਰ ਉਸਰੱਗੇ

ਮੇਰੇ ਥੀਂ ਹੱਥ ਧੋ ਤੂੰ ਬਾਬਲ ਮੈਂ ਅੱਜ ਖ਼ਾਸ ਦੀਵਾਨਾ
ਜੇ ਸੂਰਤ ਹੱਥ ਆਈ ਤਾਂ ਫਿਰ ਕਰਸਾਂ ਰਾਜ ਸ਼ਹਾਨਾ

ਸੁਣ ਇਜ਼ਾਬ ਜਵਾਬ ਪੁੱਤਰ ਦਾ ਆਸਿਮ ਸ਼ਾਹ ਦਿਲ ਡਰਿਆ
ਹੋਇ ਹੈਰਾਨ ਬੈਠਾ ਮੁਤਫ਼ੱਕਰ ਜ਼ਾਨੂ ਤੇ ਸਿਰ ਧਰਿਆ

ਅੰਦਰ ਅੱਗ ਅੰਦੇਸ਼ੇਵਾਲੀ ਬਲਿ ਬਲਿ ਦਏ ਅਲੰਬੇ
ਬਾਹਰ ਹੰਝੂ ਮੀਂਹ ਵਸਾਵੇ ਸਰਦ ਆਹੀਂ ਥੀਂ ਕੰਬੇ

ਹਾਏ ਅਫ਼ਸੋਸ ਮੈਂ ਆਪੂੰ ਭਾਂਬੜ ਪਾਕੇ ਤੇਲ ਮਚਾਇਆ
ਕਿਸੇ ਵਜ਼ੀਰ ਸਲਾਹ ਨਾ ਦਿੱਤੀ ਜਾਂ ਤਕਸੀਰੇ ਚਾਇਆ ।(੧੧੨੦)

ਆਪੋਂ ਠੋਕਰ ਲਾਈ ਸ਼ੀਸ਼ੇ ਭੱਜ ਹੋਇਆ ਹੁਣ ਟੁਕੜੇ
ਕਿਉਂ ਕਰ ਪਾਜ ਲੱਗੇ ਹੁਣ ਸਾਬਤ ਜੇ ਸੌ ਲਾਈਏ ਉਖੜੇ

23. ਮੁਹਲਤ ਖ਼ਾਸਤਨਿਪਿਦਰ ਵਾ ਬਾਜ਼ ਗੁਫ਼ਤਨਿ ਕੈਫ਼ੀਅਤ
ਬਦਸਤ ਆਮਦਨਿ ਮੂਰਤ
(ਬਾਪ ਦਾ ਮੁਹਲਤ ਮੰਗਣਾ ਤੇ ਸ਼ਾਹ ਮੁਹਰਿਆਂ ਬਾਬਤ ਦੱਸਣਾ)

ਸੜੇ ਨਸੀਬ ਅਸਾਡੇ ਬੇਟਾ ਦੋਸ਼ ਨਹੀਂ ਕੁਝ ਤੈਨੂੰ
ਲੋੜ ਕਰਾਂ ਹੁਣ ਸੂਰਤ ਵਾਲੀ ਮੋਹਲਤ ਦੇ ਕੁਝ ਮੈਨੂੰ

ਕਰਸਾਂ ਲਸ਼ਕਰ ਫ਼ੌਜ ਵਜ਼ੀਰਾਂ ਹਰ ਹਰ ਮੁਲਕ ਰਵਾਨੇ
ਢੂੰਡਣਗੇ ਇਸ ਸੂਰਤ ਤਾਈਂ ਘਰ ਘਰ ਬਾਦਸ਼ਹਾਨੇ

ਜਿਥੇ ਸੋਹਣੀ ਸੂਰਤ ਹੋਸੀ ਕਰਸਨ ਨਕਸ਼ ਮੁਸੱਵਰ
ਮੱਤ ਕੋਈ ਉਸ ਦੀ ਮੂਰਤ ਲੱਭੇ ਆਵੇ ਤੁਧ ਤਸੱਵਰ

ਮੈਂ ਜਾਤਾ ਕੁੱਝ ਐਵੇਂ ਕੈਵੇਂ ਹੋਗ ਖ਼ਿਆਲ ਸ਼ਹਿਜ਼ਾਦੇ
ਮੱਤੀ ਲੱਗ ਵਿਸਾਰ ਛੱਡੇਗਾ ਜਾਂ ਦਿਨ ਹੋਏ ਜ਼ਿਆਦੇ

(ਪਾਠ ਭੇਦ)

ਮੈਂ ਜਾਤਾ ਕੁੱਝ ਐਵੇਂ ਕੈਵੇਂ ਹੋਗ ਖ਼ਿਆਲ ਸੂਰਤ ਦਾ
ਮੱਤੀ ਲੱਗ ਵਿਸਾਰ ਛੱਡੇਗਾ ਇਸ਼ਕ ਖ਼ਿਆਲ ਮੂਰਤ ਦਾ

ਪਰ ਹੁਣ ਖ਼ੂਬ ਤਰ੍ਹਾਂ ਕਰ ਸਮਝੀ ਗੰਢ ਪਈ ਇਹ ਪੱਕੀ
ਦੱਸੀ ਖ਼ਬਰ ਨਜੂਮੀ ਵਾਲੀ ਸਾਰੀ ਸੱਚੀ ਹੱਕੀ

ਜਿਵੇਂ ਕਿਹਾ ਉਸ ਨੇ ਅੱਗੇ ਸਾਰਾ ਹੋਇਆ ਤਿਵੇਂ
ਇਹ ਭੀ ਓਵੇਂ ਹੋਵਣ ਲੱਗਾ ਕਿਹਾ ਨਜੂਮੀ ਜਿਵੇਂ

ਗੱਲੀਂ ਵੱਲ ਨਹੀਂ ਤੁਧ ਹੋਣਾ ਨਾ ਸਬਰ ਕਰ ਬਹਿਣਾ
ਕਾਹਨੂੰ ਭੇਤ ਛੁਪਾਵਾਂ ਤੈਂਥੀਂ ਲਾਜ਼ਿਮ ਹੈ ਹੁਣ ਕਹਿਣਾ

ਇਹ ਸ਼ਾਹ ਮੁਹਰੇ ਸੂਰਤ ਵਾਲੇ ਜਿਉਂ ਹੱਥ ਲੱਗੇ ਸਾਨੋਂ
ਉਹ ਹਕੀਕਤ ਸਾਰੀ ਬੇਟਾ ਦਸਾਂ ਖੋਲ੍ਹ ਜ਼ਬਾਨੋਂ

ਬਾਪ ਮੇਰਾ ਸੁਲਤਾਨ ਮੁਲਕ ਦਾ ਸ਼ਾਹ ਸਫ਼ਵਾਨ ਬਹਾਦਰ
ਹਿਕ ਦਿਨ ਖ਼ੁਸ਼ੀਆਂ ਅੰਦਰ ਬੈਠਾ ਬੈਠੇ ਕੋਲ ਅਕਾਬਰ ।(੧੧੩੦)

ਮੈਂ ਭੀ ਕੋਲ ਪਿਓ ਦੇ ਆਹਾ ਬੈਠਾ ਨਾਲ਼ ਹੁਸ਼ਿਆਰੀ
ਅਚਨਚੇਤ ਹਨੇਰੀ ਆਈ ਲੰਘੀ ਪਾਇ ਗ਼ੁਬਾਰੀ

ਬਾਦ ਇਸ ਥੀਂ ਦੋ ਸ਼ਖ਼ਸ ਆਏ ਸਨ ਕੱਦ ਵੱਡੇ ਰੰਗ ਕਾਲੇ
ਝਲ ਪੈਂਦਾ ਤੱਕ ਸ਼ਕਲ ਉਨ੍ਹਾਂ ਦੀ ਬਹੁਤ ਡਰਾਵਣ ਵਾਲੇ

ਬਾਪ ਮੇਰੇ ਵੱਲ ਹੋ ਸਲਾਮੀ ਚੁੰਮ ਜ਼ਮੀਨ ਅਦਬ ਦੀ
ਕਹਿਣ ਨਸੀਬ ਤੁਸਾਡਾ ਹੋਵੇ ਸ਼ਾਹੀ ਅਜਮ ਅਰਬ ਦੀ

ਬਾਦ ਦੁਆਈਂ ਥੀਂ ਫਿਰ ਕਹਿੰਦੇ ਅਰਜ਼ ਅਹਿਵਾਲ ਤਮਾਮੀ
ਭੇਜੇ ਸ਼ਾਹ ਸੁਲੇਮਾਨ ਪੈਗ਼ੰਬਰ ਆਏ ਅਸੀਂ ਸਲਾਮੀ

ਤੁਧ ਕਾਰਨ ਉਸ ਤੁਹਫ਼ੇ ਭੇਜੇ ਐ ਸਫ਼ਵਾਨ ਬਹਾਦਰ
ਇਹ ਤੱਕ ਅਸੀਂ ਲਿਆਏ ਬੁਗ਼ਚਾ ਆਣ ਕੀਤੋ ਨੇ ਹਾਜ਼ਰ

ਸ਼ਾਹੇ ਹੁਕਮ ਦਿੱਤਾ ਤਾਂ ਬੁਗ਼ਚਾ ਡਿੱਠਾ ਖੋਲ੍ਹ ਵਜ਼ੀਰਾਂ
ਕੱਪੜ-ਥਾਨ ਅਜਾਇਬ ਨਿਕਲੇ ਨਾਲੇ ਇਹ ਤਸਵੀਰਾਂ

ਮਜਲਿਸ ਚੁੱਪ ਲੱਗੀ ਤੱਕ ਤੋਹਫ਼ਾ ਬਹੁਤ ਅਜਾਇਬ ਚੀਜ਼ਾਂ
ਕੁੱਝ ਬਿਆਨ ਨਾ ਆਵੇ ਕਿਸੇ ਕਰ ਕਰ ਰਹੇ ਤਮੀਜ਼ਾਂ

ਇਹ ਜਾਮੇ ਸ਼ਾਹ ਮੁਹਰੇ ਡਿਠੇ ਜਾਂ ਹਜ਼ਰਤ ਸਫ਼ਵਾਨੇ
ਕਹਿਣ ਲੱਗਾ ਇਹ ਕਸਬ ਜਿਨ੍ਹਾਂ ਦੇ ਧੰਨ ਉਹ ਕਸਬੀ ਦਾਨੇ

ਸ਼ਾਹ ਮੁਹਰੇ ਨੂਰਾਨੀ ਤੱਕ ਕੇ ਆਈ ਸ਼ਾਹ ਹੈਰਾਨੀ
ਜਿਨ੍ਹਾਂ ਪਰੀਆਂ ਤੋਹਫ਼ਾ ਆਂਦਾ ਪੁੱਛਦਾ ਉਨ੍ਹਾਂ ਨਿਸ਼ਾਨੀ

ਇਹ ਸ਼ਾਹ ਮੁਹਰੇ ਸੂਰਤ ਜ਼ੁਹਰੀ ਦੱਸੋ ਕਿਥੋਂ ਆਏ
ਕਿਸ ਕਿਸ ਸੂਰਤ ਦੀ ਹੈ ਮੂਰਤ ਕਿਸ ਉਸਤਾਦ ਬਣਾਏ ।(੧੧੪੦)

ਐਸੀ ਸੂਰਤ ਧਰਤੀ ਉੱਤੇ ਸੋਝੇ ਨਹੀਂ ਅਸਾਨੋਂ
ਨਬੀ ਸੁਲੇਮਾਂ ਦੱਸੋ ਯਾਰੋ ਆਂਦੀ ਕਿਸ ਜਹਾਨੋਂ

ਸਭ ਹਕੀਕਤ ਦੱਸੀ ਉਨ੍ਹਾਂ ਹਿਕ ਦਿਨ ਸ਼ਾਹ ਸੁਲੇਮਾਂ
ਬੈਠਾ ਮਜਲਿਸ ਖ਼ੂਬ ਸੁਹਾਕੇ ਰੌਣਕ ਗਹਿਮਾਂ ਗਹਿਮਾਂ

ਜੋ ਕੁੱਝ ਤਾਬਿਅ ਉਸ ਦੀ ਅੰਦਰ ਆਦਮ ਜਿੰਨ ਹੈਵਾਨਾਂ
ਹਰ ਕੌਮੇ ਦੇ ਅਫ਼ਸਰ ਹਾਜ਼ਰ ਮਜਲਿਸ ਭਰੀ ਦੀਵਾਨਾਂ

ਬੈਠੇ ਪੜ੍ਹਦੇ ਸੁਣਦੇ ਕਿੱਸਾ ਮਿਹਤਰ ਯੂਸੁਫ਼ ਵਾਲਾ
ਸੁਣ ਸੁਣ ਹੁਸਨ ਉਹਦੇ ਦੀਆਂ ਗੱਲਾਂ ਕਹਿੰਦਾ ਸ਼ਾਹ ਉਜਾਲਾ

ਮਿਹਤਰ ਯੂਸੁਫ਼ ਜੈਸੀ ਸੂਰਤ ਅੰਦਰ ਜਿੰਨ ਇਨਸਾਨਾਂ
ਹੋਰ ਕੋਈ ਭੀ ਹੋਸੀ ਯਾਰੋ ਪੁੱਛਦਾ ਸ਼ਾਹ ਦੇਵਾਨਾਂ

ਸਭਨਾਂ ਅਰਜ਼ ਗੁਜ਼ਾਰੀ ਹਜ਼ਰਤ ਕਦ ਹੋਸੀ ਕੋਈ ਐਸਾ
ਅੱਗੇ ਕੋਈ ਨਾ ਹੋਇਆ ਸੋਹਣਾ ਮਿਹਤਰ ਯੂਸੁਫ਼ ਜੈਸਾ

ਹਿਕ ਪਰੀ ਸੀ ਨਾਮ ਅਜਾਇਜ਼ ਦਾਨਿਸ਼ਮੰਦ ਅਕਾਬਰ
ਸਭਨਾਂ ਇਲਮਾਂ ਅੰਦਰ ਆਲਿਮ ਸਭ ਹੁਨਰਾਂ ਵਿਚ ਨਾਦਰ

ਕਸਬਾਂ ਇਲਮਾਂ ਅਕਲਾਂ ਵੱਲੋਂ ਸਾਨੀ ਉਸ ਦਾ ਨਾਹਾ
ਉਸ ਨੇ ਅਰਜ਼ ਨਬੀ ਵੱਲ ਕੀਤੀ ਸੁਣ ਤੂੰ ਸ਼ਹਿਨਸ਼ਾਹਾ

ਜੋ ਜ਼ਬੂਰ ਦਾਊਦ ਨਬੀ ਦੀ ਮੈਂ ਪੜ੍ਹਿਆ ਉਸ ਅੰਦਰ
ਨਸਲ ਤੇਰੀ ਥੀਂ ਲੜਕੀ ਹੋਸੀ ਰੌਸ਼ਨ ਵਾਂਗੂੰ ਚੰਦਰ

ਸੋਹਣੇ ਨਕਸ਼ ਤੇ ਹੁਸਨ ਬੇਹੱਦਾ ਖ਼ੂਬੀ ਬਹੁਤ ਲਤਾਫ਼ਤ
ਰੰਗ ਨੂਰਾਨੀ ਅੰਗ ਸੁਹੇਲਾ ਬੇਹਿਸਾਬ ਮਲਾਹਿਤ ।(੧੧੫੦)

ਮਿਹਤਰ ਯੂਸੁਫ਼ ਨਾਲ਼ ਬਰਾਬਰ ਹੋਸੀ ਹੁਸਨ ਅਦਾਓਂ
ਜੋ ਕੁੱਝ ਲਿਖਿਆ ਉਹੋ ਹੋਸੀ ਨਾਹੀਂ ਝੂਠ ਖ਼ੁਦਾਉਂ

ਰੂਪ ਅਨੂਪ ਉਹਦੇ ਦੀਆਂ ਗੱਲਾਂ ਮੁਲਕਾਂ ਅੰਦਰ ਜਾਸਣ
ਸਾਰੇ ਸੋਹਣੇ ਉਸ ਵਕਤ ਦੇ ਇਸ ਦਰ ਸੀਸ ਨਿਵਾਸਣ

ਸੱਚ ਕਲਾਮ ਇਲਾਹੀ ਅੰਦਰ ਹੋਸੀ ਯੂਸੁਫ਼ ਸਾਨੀ
ਨਾਮ ਬਦੀਅ-ਉਲ-ਜਮਾਲ ਕਿਹਾ ਸੀ ਕਿਸਮੋਂ ਪਰੀ ਜ਼ਨਾਨੀ

ਹੋਗ ਬੇਟੀ ਸ਼ਾਹਪਾਲ ਸ਼ਾਹ ਦੀ ਉਹ ਸ਼ਾਹਰੁਖ਼ ਦਾ ਬੇਟਾ
ਨਬੀ ਸੁਲੇਮਾਂ ਨੂੰ ਅਜਾਇਜ਼ ਦੱਸਿਆ ਤਾਣਾ-ਪੇਟਾ

ਇਹ ਜੋ ਦੇਸ ਤੁਸਾਡਾ ਹਜ਼ਰਤ ਸ਼ਰਿਸਤਾਨ ਸੁਨਹਿਰੀ
ਇਸ ਵਿਚ ਬਾਗ਼ ਇਰਮ ਹਿਕ ਲਾਸੀ ਇਸ ਮਕਾਨ ਕਚਹਿਰੀ

ਜੋਬਨ ਉਸ ਦੇ ਦੀ ਧੁੰਮ ਪੈਸੀ ਆਦਮ ਤੀਕ ਜ਼ਿਆਦਾ
ਆਦਮੀਆਂ ਦੀ ਕੌਮੇ ਵਿਚੋਂ ਸੈਫ਼-ਮਲੂਕ ਸ਼ਹਿਜ਼ਾਦਾ

ਸ਼ਕਲ ਉਹਦੀ ਦਾ ਆਸ਼ਿਕ ਹੋ ਕੇ ਦੇਸ ਵਤਨ ਛੱਡ ਜਾਈਂ
ਗਾਹ ਕੋਹ ਕਾਫ਼ ਸਮੁੰਦਰ ਬਾਰੀਂ ਜਾ ਮਿਲਸੀ ਉਸ ਤਾਈਂ

ਸੈਫ਼-ਮਲੂਕ ਆਸਿਮ ਦਾ ਬੇਟਾ ਆਸਿਮ ਪੁੱਤ ਸਫ਼ਵਾਨੇ
ਤਖ਼ਤ ਮਿਸਰ ਦੇ ਵਾਲੀ ਹੋਸਣ ਹਰ ਹਿਕ ਸ਼ਾਹ ਜ਼ਮਾਨੇ

ਕੁਦਰਤ ਸਿਫ਼ਤ ਖ਼ੁਦਾਵੰਦ ਵਾਲੀ ਜਾਂ ਇਹ ਸੁਣੀ ਪੈਗ਼ੰਬਰ
ਕਹਿੰਦਾ ਉਸ ਅਜਾਇਜ਼ ਤਾਈਂ ਤੂੰ ਹੈਂ ਬਹੁਤ ਅਕਾਬਰ

ਹੁਸਨ ਬਦੀਅ-ਉਲ-ਜਮਾਲ ਪਰੀ ਦਾ ਨਾਲੇ ਰੂਪ ਸ਼ਹਿਜ਼ਾਦੇ
ਜਾਮੇ ਤੇ ਕਰ ਨਕਸ਼ ਦਿਸਾਲੇਂ ਰਾਜ਼ੀ ਹੋਵਾਂ ਜ਼ਿਆਦੇ ।(੧੧੬੦)

ਹੂ-ਬ-ਹੁ ਉਤਾਰੀਂ ਮੂਰਤ ਜਿਉਂ ਜਿਉਂ ਸ਼ਕਲ ਉਨ੍ਹਾਂ ਦੀ
ਵਾਲੇ ਜਿਤਨਾ ਫ਼ਰਕ ਨਾ ਆਵੇ ਦੇਹੀ ਵਿਚ ਦੋਹਾਂ ਦੀ

ਬੈਠ ਅਜਾਇਜ਼ ਕਰ ਬਿੱਸਮਿਲਾ ਪਕੜੀ ਕਲਮ ਹੁਨਰ ਦੀ
ਖ਼ਾਸਾ ਰੱਖ ਧਿਆਨ ਅਕਲ ਦਾ ਕਰ ਕੇ ਗੌਰ ਅੰਦਰ ਦੀ

ਜੋ ਜੋ ਸਿਫ਼ਤ ਕਿਤਾਬੋਂ ਡਿੱਠੀ ਹਰ ਨਕਸ਼ੋਂ ਹਰ ਵਾਲੋਂ
ਹੂ-ਬ-ਹੁ ਉਤਾਰੀ ਮੂਰਤ ਫ਼ਰਕ ਨਾ ਸੂਰਤ ਨਾਲੋਂ

ਜਾਂ ਉਸ ਨਬੀ ਸੁਲੇਮਾਂ ਅੱਗੇ ਇਹ ਸ਼ਾਹ-ਮੁਹਰੇ ਤਾਰੇ
ਵੇਖ ਹੋਇਆ ਹੈਰਾਨ ਪੈਗ਼ੰਬਰ ਸੂਰਤ ਅਪਰ ਅਪਾਰੇ

ਮੁਹਰੇ ਤੱਕ ਕੇ ਮਿਹਰੀਂ ਆਇਆ ਕਹਿਓਸੁ ਸੂਰਤ-ਗਰ ਨੂੰ
ਸ਼ਾਬਸ਼ ਤੇ ਆਫ਼ਰੀਨ ਹਜ਼ਾਰਾਂ ਤੇਰੇ ਅਕਲ ਹੁਨਰ ਨੂੰ

ਕਾਜ਼ੀ ਤੇ ਉਮਰਾ ਬਨਾਇਓਸੁ ਪਰੀਆਂ ਵਿਚ ਅਜਾਇਜ਼
ਹੁਕਮ ਉਹਦਾ ਸਭ ਸਿਰ ਪਰ ਮੰਨਣ ਮੋੜਨ ਕਿਸੇ ਨਾ ਜ਼ਾਇਜ਼

ਉਸ ਵੇਲੇ ਇਹ ਤੁਹਫ਼ੇ ਦੇ ਕੀ ਕੀਤੋ ਸੁ ਅਸੀਂ ਰਵਾਨੇ
ਸ਼ੁਕਰ ਕੀਤਾ ਜੇ ਆਣ ਪੁਚਾਏ ਤੇਰੇ ਦੌਲਤ-ਖ਼ਾਨੇ

ਬਾਪ ਮੇਰੇ ਭੀ ਤੁਹਫ਼ੇ ਬਹੁਤੇ ਜੋ ਕੰਮ-ਯਾਬ ਨਾ ਲੱਭਦੇ
ਘੱਲੇ ਨਬੀ ਸੁਲੇਮਾਂ ਤਾਈਂ ਹੱਥ ਉਨ੍ਹਾਂ ਦੇ ਝੱਬਦੇ

ਸ਼ਾਹ ਸਫ਼ਵਾਨੇ ਨਾਲ਼ ਮੁਹੱਬਤ ਸਾਂਭੀ ਰੱਖੇ ਦੋਵੇਂ
ਉਸ ਥੀਂ ਪਿੱਛੇ ਮੈਨੂੰ ਲੱਭੇ ਮੈਂ ਭੀ ਰੱਖੇ ਉਵੇਂ

ਇਹ ਮੀਰਾਸ ਪਿਓ ਦੀ ਆਹੀ ਮੈਨੂੰ ਬਹੁਤ ਪਿਆਰੀ
ਇਸ ਵੇਲੇ ਕੋਈ ਇਸ ਥੀਂ ਚੰਗੀ ਨਾਹੀਂ ਚੀਜ਼ ਨਿਆਰੀ ।(੧੧੭੦)

ਦੁਨੀਆਂ ਉੱਤੇ ਤੇਰੇ ਜੇਹਾ ਨਾਹਾ ਕੋਈ ਪਿਆਰਾ
ਤਾਂ ਇਹ ਤੁਹਫ਼ੇ ਤੈਨੂੰ ਘੱਲੇ ਹੱਥੀਂ ਕੀਤਾ ਕਾਰਾ

ਆਪਣੇ ਭਾਣੇ ਕਰ ਬਖ਼ਸ਼ੀਸ਼ਾਂ ਕੀਤੀ ਖ਼ੁਸ਼ੀ ਜ਼ਿਆਦਾ
ਇਸ ਖ਼ੁਸ਼ੀ ਦੀ ਜਾਏ ਹੋਇਆ ਦਰਦਾਂ ਦਰ ਕੁਸ਼ਾਦਾ

ਜੇ ਮੈਂ ਜਾਣਾਂ ਏਸ ਖ਼ੁਸ਼ੀ ਦੇ ਬਣਸਣ ਗ਼ਮ ਹਜ਼ਾਰਾਂ
ਇਹ ਸ਼ਾਹ-ਮੁਹਰੇ ਵਿਚ ਸਮੁੰਦਰ ਡੋਬਾਂ ਸਣੇ ਪਿਟਾਰਾਂ

ਹੁਣ ਕੁੱਝ ਵੱਸ ਨਾ ਮੇਰਾ ਤੇਰਾ ਹੋ ਗਿਆ ਜਿਸ ਹੋਣਾ
ਪੁੱਤਰ ਬਾਪ ਦੋਹਾਂ ਨੂੰ ਬੇਟਾ ਭਾਇ ਪਿਆ ਨਿੱਤ ਰੋਣਾ

ਉਹ ਦੋਏੇ ਸ਼ਾਹ ਗਏ ਜਹਾਨੋਂ ਤਾਂ ਕੰਮ ਮੁਸ਼ਕਿਲ ਆਇਆ
ਸੈਫ਼-ਮਲੂਕ ਅੱਗੇ ਇਹ ਕਿੱਸਾ ਆਸਿਮ ਸ਼ਾਹ ਸੁਣਾਇਆ

ਇਹ ਹਕੀਕਤ ਸੁਣ ਸ਼ਹਿਜ਼ਾਦਾ ਕਰਦਾ ਸ਼ੁਕਰ ਬੇਚਾਰਾ
ਇਸੇ ਦੁਨੀਆਂ ਉੱਤੇ ਵਸਦਾ ਕਿਧਰੇ ਯਾਰ ਪਿਆਰਾ

ਦੇਸ ਬਦੇਸੀਂ ਫਿਰਦਾ ਰਹਸਾਂ ਜਾਂ ਤੱਕ ਹੋਗ ਹੱਯਾਤੀ
ਮੱਤ ਸਬੱਬ ਬਣਾਸੀ ਮੌਲਾ ਲਭਸੀ ਵਸਤ ਖੜਾਤੀ

ਇਸ ਗੱਲੋਂ ਕੁੱਝ ਹੋਈ ਤਸੱਲੀ ਨਾਲੇ ਆਸਿਮ ਸ਼ਾਹੇ
ਫ਼ੌਜਾਂ ਕੱਢ ਤਿਆਰੀ ਕੀਤੀ ਦਿੱਤਾ ਹੁਕਮ ਸਿਪਾਹੇ

ਸੱਤ ਹਜ਼ਾਰ ਜਵਾਨ ਬਹਾਦਰ ਜੰਗੀ ਲਾਟ ਮਰੀਲੇ
ਧੱਪਾ ਖਾਇ ਜਿਨ੍ਹਾਂ ਦਾ ਨੱਸਣ ਖ਼ੂਨੀ ਹਾਥੀ ਫ਼ੀਲੇ

ਥੱਕਣ ਨਹੀਂ ਲੜਾਈ ਕਰਦੇ ਦਮ ਦਮ ਹੋਣ ਸਵਾਏ
ਹਮਲਾ ਵੇਖ ਉਨ੍ਹਾਂ ਦਾ ਬਾਰੋਂ ਸੈਰ ਬੱਬਰ ਨੱਸ ਜਾਏ ।(੧੧੮੦)

ਸਭ ਕਵਾਇਦ ਜੰਗ ਕਰਨ ਦੇ ਜਾਨਣ ਹਰ ਹਥਿਆਰੋਂ
ਜ਼ਿਰੱਹ ਖ਼ੌਦ ਫ਼ੌਲਾਦੀ ਲਾਵਣ ਨੇਜਿਓਂ ਤੇ ਤਲਵਾਰੋਂ

ਕਰ ਕਰ ਬਹੁਤ ਲੜਾਈਆਂ ਅੱਗੇ ਆਈ ਉਨ੍ਹਾਂ ਦਲੇਰੀ
ਸੁਣ ਕੇ ਖ਼ਬਰ ਲੜਾਈ ਵਾਲੀ ਕਰਦੇ ਖ਼ੁਸ਼ੀ ਵਧੇਰੀ

ਮੌਤੋਂ ਖ਼ੌਫ਼ ਨਾ ਖਾਵਣ ਜ਼ੱਰਾ ਬਹੁਤ ਦਲੇਰ ਦਿਲਾਂ ਦੇ
ਵਿਚ ਮੈਦਾਨ ਲੜਾਈ ਵਾਲੇ ਪਾਓਂ ਸੇਰ ਹੋ ਜਾਂਦੇ

ਨੇਜ਼ਾ ਫੇਰਨ ਦੁਸ਼ਮਣ ਘੇਰਨ ਧੜ ਤੋਂ ਸੀਸ ਉਧੇੜਨ
ਦੁਸ਼ਮਣ ਕੌਣ ਫ਼ਲਕ ਦੇ ਹਿੰਦੂ ਟੋਪੀ ਸਿਰ ਤੋਂ ਗੇਰਨ

ਐਸੇ ਮਰਦ ਜ਼ੋਰਆਵਰ ਚੁਣ ਕੇ ਕੀਤੇ ਚਾ ਰਵਾਨੇ
ਮਾਨੀ ਤੇ ਅਰਯੰਗ ਬਰਾਬਰ ਹੋਰ ਮੁਸੱਵਰ ਦਾਨੇ

ਲਿਖ ਦਿੱਤੇ ਕਰ ਅਹਿਦ ਉਨ੍ਹਾਂ ਨੂੰ ਮੁਲਕ ਮੁਆਸ਼ ਜਾਗੀਰਾਂ
ਦੇਸਾਂ ਜੇਕਰ ਹੋਇਆਂ ਮਤਲਬ ਖ਼ੁਸ਼ੀ ਹੋਵੇ ਦਿਲਗੀਰਾਂ

ਹਰ ਹਰ ਤਰਫ਼ ਰਵਾਨਾ ਕੀਤੇ ਕਿਹਾ ਜ਼ਰਾ ਨਾ ਸੰਗੋ
ਖ਼ਰਚ ਕਰੋ ਖੜ ਨਾਲ਼ ਖ਼ਜ਼ਾਨੇ ਹੋਰ ਘੱਲਾਂ ਜੋ ਮੰਗੋ

ਹਰ ਹਰ ਮੁਲਕ ਆਦਮ ਦੇ ਅੰਦਰ ਵੇਖ ਆਓ ਸਭ ਸ਼ਹਿਰਾਂ
ਜਿਸ ਜਾਏ ਕੋਈ ਸੋਹਣਾ ਹੋਵੇ ਵਿਚ ਹੁਸਨ ਦੀਆਂ ਲਹਿਰਾਂ

ਜੇ ਕੋਈ ਹੋਵੇ ਸ਼ਹਿਜ਼ਾਦੀ ਸੋਹਣੀ ਹਰਗਿਜ਼ ਨਜ਼ਰ ਨਾ ਆਵੇ
ਸੂਰਤ ਉਸ ਦੀ ਲਿਖੋ ਸਾਰੀ ਜਿਉਂ ਮਹਿਰਮ ਦਸ ਪਾਵੇ

ਜੇ ਮਸ਼ਹੂਰ ਹੋਵੇ ਵਿਚ ਸ਼ਹਿਰਾਂ ਆਫ਼ਤ ਹੁਸਨ ਅਦਾਓਂ
ਫ਼ਿਤਨਾ ਦੋਜ਼ ਜਗਤ ਦੀ ਜ਼ਾਲਮ ਚਿੱਤ ਖੜੇ ਹਰ ਦਾਓਂ ।(੧੧੯੦)

ਇਸ਼ਵੇ ਨਾਜ਼ ਫ਼ਰੇਬ ਜ਼ਨਾਨੇ ਕਰ ਕੇ ਜੀਉ ਭੁਲਾਏ
ਟੋਰ ਲਟਕਦੀ ਅੱਖ ਮਟਕਦੀ ਗੱਲੀਂ ਦਿਲ ਪਰਚਾਏ

ਐਸੀ ਸੂਰਤ ਦੀ ਜਿਸ ਪਾਸੇ ਦਸ ਪਵੇ ਉਸ ਲੋੜੇ
ਕੰਨੀਂ ਸੁਣ ਕੇ ਅੱਖੀਂ ਤੱਕ ਕੇ ਮੂਰਤ ਲਿਖੇ ਨਾ ਛੋੜੇ

ਜੇ ਕੋਈ ਖ਼ਬਰ ਪਰੀ ਦੀ ਆਣੇ ਯਾ ਉਸ ਬਾਗ਼ ਇਰਮ ਦੀ
ਦਸ ਊਠ ਸੋਨੇ ਦੇ ਭਰ ਦੇਵਾਂ ਲੋੜ ਨਾ ਰਹਿਸੂ ਦਿਰਮ ਦੀ

ਕਰਸਾਂ ਖ਼ਾਸ ਵਜ਼ੀਰਾਂ ਵਿਚੋਂ ਖ਼ਿਲਅਤ ਸਿਰ ਤੇ ਧਰਸਾਂ
ਹੋਰ ਵਲਾਇਤ ਮੰਗੇ ਜਿਹੜੀ ਦੇਸਾਂ ਉਜ਼ਰ ਨਾ ਕਰਸਾਂ

ਲਸ਼ਕਰੀਆਂ ਦਿਲ ਤਾਜ਼ਾ ਹੋਇਆ ਅਹਿਦ ਲਿਖਾਏ ਸ਼ਾਹੀ
ਜ਼ਰ ਦਾ ਤੱਮਅ ਬੁਰਾ ਇਸ ਉੱਤੇ ਦੇਵਣ ਸਿਰ ਸਿਪਾਹੀ

ਰੁਖ਼ਸਤ ਹੋਇ ਅਮੀਰਾਂ ਤਦਾਈਂ ਮੁਲਕੋ ਮੁਲਕੀ ਚੱਲੇ
ਕੋਈ ਮਦੀਨਾ-ਪਾਕੇ ਕੋਈ ਹਜ਼ਰਤ ਮੱਕੇ ਘੱਲੇ

ਕੋਈ ਅਦਨ ਨੂੰ ਕੋਈ ਅਰਬ ਨੂੰ ਕੋਈ ਰੂਮੇ ਕੋਈ ਸ਼ਾਮੇ
ਬਾਅਜ਼ੇ ਅਸਕੰਦਰੀਆ ਲੋੜਨ ਬਾਅਜ਼ੇ ਯਮਨ ਮੁਕਾਮੇ

ਬਾਅਜ਼ੇ ਹਿੰਦ ਜਨੂਬੀ ਫਿਰਦੇ ਦੇਹਲੀ ਸ਼ਹਿਰੋਂ ਦੂਨਾਂ
ਹਿੱਕਨਾਂ ਵਿਚ ਪੰਜਾਬ ਜ਼ਿਮੀਂ ਦੇ ਸਭਨੀਂ ਸ਼ਹਿਰੀਂ ਭੌਣਾਂ

ਕੋਈ ਮਸ਼ਰਿਕ ਕੋਈ ਮਗ਼ਰਿਬ ਦੱਖਣ ਗੁੱਠ ਸ਼ੁਮਾਲੀ
ਕੋਈ ਲੋੜੇ ਕਸ਼ਮੀਰੇ ਕੋਈ ਕੰਢੀ ਜਮੂੰ ਵਾਲੀ

ਕੋਈ ਜ਼ਜ਼ੀਰੇ ਟਾਪੂ ਲੋੜਣ ਕੋਈ ਤਿੱਬਤ ਲੱਦਾਖਾਂ
ਸਮਰਕੰਦ ਸੀ ਚੰਦ ਅਜੇਹੇ ਲੋੜ ਰਹੇ ਕੀ ਆਖਾਂ ।(੧੨੦੦)

ਹਿਕ ਮੁਹੀਤ ਸਵਾਹਿਲ ਭਾਲਣ ਹਿਕ ਕੁਲਜ਼ਮ ਅਫ਼ਰੰਜੀਂ
ਹਿਕ ਤਾਤਾਰ ਹਿਕ ਗਏ ਇਰਾਕੇ ਹਿਕ ਮੁਬਾਰਿਕ ਗੰਜੀਂ

ਹਿਕ ਕਾਬਲ ਕੰਧਾਰ ਖ਼ੁਰਾਸਾਂ ਹਿਕ ਹਰਾਤ ਬੁਖ਼ਾਰੇ
ਹਿਕ ਨੰਦਨ ਹਿਕ ਕੇਰ ਫ਼ਿਰੰਗੀ ਹਿਕ ਗਏ ਜ਼ੰਗਬਾਰੇ

ਕੁੱਝ ਰੂਸੇ ਕੁੱਝ ਚੀਨ ਮਾਚੀਨੇ ਕੁੱਝ ਆਏ ਤੁਰਕਾਂਨੋਂ
ਕੋਈ ਨਕਸ਼ ਚਗੰਜ਼ੀ ਦੇ ਤੱਕਣ ਕੁੱਝ ਲੋੜਣ ਕਿੰਨਆਨੋਂ

ਖ਼ਵਾਰਜ਼ਮ ਸ਼ੀਰਾਜ਼ ਮੁਸੱਲਾ ਗ਼ਜ਼ਨੀ ਗ਼ੌਰ ਤੇ ਲਾਰੇ
ਜਾਮ ਭੰਬੋਰ ਤੇ ਬਾਬਲ ਤਬਰਜ਼ ਮਾਵਰਾਉਲ ਨਹਿਰ ਕਿਨਾਰੇ

ਕੋਈ ਯਰਦਨ ਇਜ਼ਾਜ਼ ਢੂੰਡੇਂਦੇ ਕੋਈ ਗਏ ਸਨ ਚੀਨੋਂ
ਤੈਅ ਕੀਤੀ ਸਭ ਧਰਤੀ ਉਨ੍ਹਾਂ ਕਈ ਲੁੜੀਂਦੇ ਮਲੀਨੋਂ

ਹਿਕ ਬਗ਼ਦਾਦ ਜੀਲਾਨ ਮੁਬਾਰਿਕ ਹੋ ਕੇ ਸ਼ਾਦ ਸਿਧਾਏ
ਵਾਹ ਮੁਹੰਮਦ ਭਾਗ ਉਨ੍ਹਾਂ ਦੇ ਜੋ ਇਸ ਪਾਸੇ ਆਏ

ਢੂੰਡ ਥੱਕੇ ਹਰ ਦੇਸ ਵਲਾਇਤ ਸ਼ਹਿਰਾਂ ਤਾਈਂ ਪੁਣਿਆ
ਬਦੀਅ-ਜਮਾਲ ਤੇ ਬਾਗ਼ ਇਰਮ ਦਾ ਕਿਧਰੋਂ ਨਾਮ ਨਾ ਸੁਣਿਆ

ਨਾਮ ਬਦੀਅ-ਉਲ-ਜਮਾਲ ਪਰੀ ਦਾ ਅਰਬੀ ਰਸਮੇ ਵਾਲਾ
ਹਿੰਦੀ ਬੈਤਾਂ ਵਿਚ ਨਾ ਮੇਵੇ ਕੀਤਾ ਬਹੁਤ ਸੰਭਾਲਾ

ਤਾਂ ਬਦੀਅ-ਜਮਾਲ ਬਣਾਇਆ ਫ਼ਾਰਸੀਆਂ ਦੀ ਡੌਲੇ
ਉਹ ਭੀ ਬਾਅਜ਼ੇ ਬੈਂਤ ਤਰੋੜੇ ਜੇ ਕੋਈ ਪਰਦਾ ਫੋਲੇ

ਦੋ ਤਿੰਨ ਨਾਮ ਪਰੀ ਦੇ ਰੱਖੇ ਸਮਝੋ ਹਰ ਸਿਆਣਾ
ਜਿਥੇ ਜਾਇ ਬੁਲਾਣੇ ਵਾਲੀ ਅਕਸਰ ਨਾਮ ਬੁਲਾਣਾ ।(੧੨੧੦)

ਕਿਧਰੇ ਅਜਬ-ਜਮਾਲ ਕਹਾਂਗਾ ਕਿਧਰੇ ਸ਼ਾਹ-ਪਰੀ ਕਰ
ਬਹੁਤੇ ਨਾਓਂ ਵਾਲਾ ਹਿਕੋ ਸਮਝੋ ਗੱਲ ਖਰੀ ਕਰ

ਆਸਿਮ ਸ਼ਾਹ ਦੇ ਭੇਜੇ ਬੰਦੇ ਲੋੜ ਥੱਕੇ ਹਰ ਜਾਈ
ਅਜਬ ਜਮਾਲ ਤੇ ਬਾਗ਼-ਇਰਮ ਦੀ ਕਿਸੇ ਨਹੀਂ ਦੱਸ ਪਾਈ

ਬਰਸ ਦਿਹਾਂ ਦੀ ਕਰ ਕਰ ਧਾਈ ਫੇਰ ਮਿਸਰ ਨੂੰ ਆਏ
ਚਾ ਹਿਕਸੇ ਸ਼ਹਿਜ਼ਾਦੀ ਵਾਲੇ ਸੂਰਤ ਨਕਸ਼ ਬਣਾਏ

ਕਰ ਤਸਵੀਰਾਂ ਬਾ ਤਦਬੀਰਾਂ ਆਣ ਅਮੀਰਾਂ ਧਰੀਆਂ
ਹਿਕ ਥੀਂ ਹਿਕ ਚੜ੍ਹੰਦੀ ਸੂਰਤ ਵਾਂਙੂ ਹੂਰਾਂ ਪਰੀਆਂ

ਜੇ ਸ਼ਹਿਜ਼ਾਦੇ ਦੇ ਮਨ ਭਾਵਣ ਤਾਂ ਤਾਰੀਫ਼ ਬਣਾਵਾਂ
ਕਾਹਨੂੰ ਉਨ੍ਹਾਂ ਵਜ਼ੀਰਾਂ ਵਾਂਗਰ ਮੈਂ ਭੀ ਕਲਮ ਘਸਾਵਾਂ

ਤੋੜੇ ਹੋਵਣ ਸੋਨਾ ਮੋਤੀ ਜੇ ਦਿਲਬਰ ਨਹੀਂ ਤੱਕੇ
ਮੋਤੀ ਰੋੜ ਦੱਸਣ ਭੱਸ ਸੋਨਾ ਕਿਹਾ ਮਰਦੇ ਪੱਕੇ

ਆਸਿਮ ਸ਼ਾਹ ਕਹੇ ਸਭ ਯਾਰਾਂ ਭੇਤ ਨਾ ਦੱਸੋ ਕਾਈ
ਮੱਤ ਨਾ-ਉਮੀਦ ਹੋ ਕੇ ਸ਼ਹਿਜ਼ਾਦਾ ਬਣੇ ਸ਼ਿਤਾਬ ਸੌਦਾਈ

ਸ਼ਹਿਜ਼ਾਦੇ ਪਰ ਸਮਝ ਲਿਆ ਸੀ ਉਸ ਥੀਂ ਕੌਣ ਛਪਾਏ
ਸ਼ਾਹ-ਪਰੀ ਤੇ ਬਾਗ਼-ਇਰਮ ਦੀ ਨਾਹੀਂ ਖ਼ਬਰ ਲਿਆਏ

ਜੇ ਕਰ ਕੋਲ ਉਨ੍ਹਾਂ ਦੇ ਹੁੰਦੀ ਖ਼ਬਰ ਕੋਈ ਦਿਲਬਰ ਦੀ
ਸ਼ਹਿਜ਼ਾਦਾ ਖ਼ੁਸ਼ਬੂਈਓਂ ਲੱਭਦਾ ਜਿਉਂ ਯਾਕੂਬ ਮਿਸਰ ਦੀ

ਖ਼ਬਰ ਹੋਈ ਸ਼ਹਿਜ਼ਾਦੇ ਤਾਈਂ ਸਭ ਭੇਜੇ ਮੁੜ ਆਏ
ਬਾਗ਼-ਇਰਮ ਤੇ ਬਦੀਅ ਜਮਾਲੋਂ ਨਾ ਕੋਈ ਪਤਾ ਲਿਆਏ। (੧੨੨੦)

ਪਾੜ ਪੋਸ਼ਾਕ ਸੁਟੀ ਸ਼ਹਿਜ਼ਾਦੇ ਹੰਝੂ ਨੀਰ ਚਲਾਵੇ
ਹੋ ਬੇਹੋਸ਼ ਸੌਦਾਈਆਂ ਵਾਂਗਰ ਰਾਗ ਗ਼ਮਾਂ ਦੇ ਗਾਵੇ

ਪਿਆ ਹਨੇਰ ਗ਼ੁਬਾਰ ਜਹਾਨਾਂ ਯਾਰ ਨਹੀਂ ਹੱਥ ਚੜ੍ਹਿਆ
ਲੰਮੀ ਰਾਤ ਵਿਛੋੜੇ ਵਾਲੀ ਜੀਊ ਗ਼ਜ਼ਬ ਨੂੰ ਫੜਿਆ

ਕਿਸ ਸੰਗ ਫੋਲਾਂ ਦੁੱਖ ਸੱਜਣ ਦੇ ਸੂਲ ਹੱਡਾਂ ਵਿਚ ਵੜਿਆ
ਦਿਲ ਵਿਚ ਯਾਰ ਮੁਹੰਮਦ ਕਾਹਨੂੰ ਹੋਰਾਂ ਪੁੱਛਾਂ ਅੜਿਆ

ਜੇ ਕਰ ਬਦੀਅ-ਜਮਾਲ ਮੇਰੇ ਥੀਂ ਮੰਗ ਘੱਲੇ ਦਿਲ ਜਾਨੀ
ਦਿਲ ਤੇ ਜਾਨ ਕਰਾਂ ਨਜ਼ਰਾਨਾ ਧੜ ਹੋਵੇ ਕੁਰਬਾਨੀ

ਜੇ ਅੱਜ ਉਸ ਦੇ ਬਾਗ਼-ਇਰਮ ਦੀ ਵਾਓ ਇਸ ਪਾਸੇ ਵਗੇ
ਇਸੇ ਦਮ ਦਮ ਛੋੜ ਦੇਹੀ ਨੂੰ ਮਗਰ ਵਾਓ ਦੇ ਲੱਗੇ

ਨਾ ਦਿਲ ਵੱਸ ਨਾ ਦੱਸ ਸੱਜਣ ਦੀ ਝੁਲਸ ਲਿਆ ਇਸ ਅੱਗੇ
ਤਾਂਘ ਪੁੜੀ ਜਿਉਂ ਸਾਂਗ ਕਲੇਜੇ ਟਾਂਗ਼ ਨਹੀਂ ਹੱਥ ਲੱਗੇ

ਦਰਦਾਂ ਮਾਰ ਨਿਮਾਣਾ ਕੀਤਾ ਕੂੰਜ ਵਾਂਗਰ ਕੁਰਲਾਂਦਾ
ਪਟ ਪਟ ਸੁੱਟਦਾ ਵਾਲ਼ ਸਿਰੇ ਦੇ ਮੂਲ ਨਹੀਂ ਸ਼ਰਮਾਂਦਾ

ਖ਼ਬਰ ਹੋਈ ਜਦ ਬਾਪ ਬੇਚਾਰੇ ਬੇਟੇ ਦੇ ਅਹਵਾਲੋਂ
ਆਸਿਮ ਨੂੰ ਗ਼ਮ ਲੱਗਾ ਬਹੁਤਾ ਸੈਫ਼-ਮਲੂਕੇ ਨਾਲੋਂ

ਜੇ ਕੋਈ ਸ਼ਾਹ ਮੁਲਕਾਂ ਦਾ ਹੋਵੇ ਮਾਇਆ ਦੌਲਤ ਵਾਲਾ
ਉਸ ਘਰ ਇਕੋ ਹੋਵੇ ਬੇਟਾ ਸੋਹਣਾ ਰੂਪ ਨਿਰਾਲਾ

ਉਸ ਨੂੰ ਮਰਜ਼ ਲੱਗੇ ਕੋਈ ਭਾਰੀ ਲਾ ਦਵਾ ਇਲਾਜੋਂ
ਅਚਨਚੇਤ ਨੱਸੇ ਹੋ ਝੱਲਾ ਮੁਲਕੋਂ ਦੇਸੋਂ ਰਾਜੋਂ ।(੧੨੩੦)

ਬੁੱਢਾ ਹੋਵੇ ਬਾਪ ਨਿਮਾਣਾ ਉਹ ਜਵਾਨ ਰੰਗੀਲਾ
ਤਾਂ ਫਿਰ ਬਾਪ ਸ਼ੋਹਦੇ ਦਾ ਯਾਰੋ ਕੀ ਕੁਝ ਹੁੰਦਾ ਹੀਲਾ

ਰੋ ਰੋ ਆਸਿਮ ਸ਼ਾਹ ਪੁਕਾਰੇ ਗ਼ਮ ਦੇ ਲਸ਼ਕਰ ਭਾਰੇ
ਮੇਰੇ ਤੇ ਨਿੱਤ ਚੜ੍ਹ ਚੜ੍ਹ ਆਵਣ ਹਿਕ ਥੀਂ ਹਿਕ ਨਿਆਰੇ

ਜਿਸ ਦਿਨ ਘਰ ਔਲਾਦ ਨਾ ਆਹੀ ਹੈ ਸਾਂ ਦਰਦ ਵਿਹੂਣਾ
ਜਾਂ ਔਲਾਦ ਲੱਧੀ ਗ਼ਮ ਮੈਨੂੰ ਦੇਣਾ ਆਇਆ ਦੂਣਾ

ਹੁਣ ਬੇਟੇ ਦੀ ਵੇਖ ਮੁਸੀਬਤ ਲੱਗਾ ਬੁਰਾ ਅੰਦੇਸ਼ਾ
ਫ਼ਰਜ਼ੰਦਾਂ ਦੇ ਫੱਟ ਨਾ ਮੌਲਣ ਦਿਨ ਦਿਨ ਪੌਂਦਾ ਰੇਸ਼ਾ

ਗ਼ੌਰ ਦਿਲਾਸੇ ਕਰ ਕਰ ਥਕਾ ਆਸਿਮ ਸ਼ਾਹ ਬਹੁਤੇਰੇ
ਬੇਟੇ ਦਾ ਖ਼ਫ਼ਕਾਨ ਨਾ ਜਾਂਦਾ ਦਮ ਦਮ ਹੋਏ ਅਗੇਰੇ

ਓੜਕ ਆਸਿਮ ਸ਼ਾਹ ਪੁੱਤਰ ਨੂੰ ਆਪਣੇ ਕੋਲ ਮੰਗਾਂਦਾ
ਪੰਦ ਨਸੀਹਤ ਹਾਲ ਹਕੀਕਤ ਅੱਛੀ ਤਰ੍ਹਾਂ ਸੁਣਾਂਦਾ

24. ਦਰ ਬਿਆਨ ਪੰਦ ਦਾਦਨਿ ਸ਼ਾਹ ਆਸਿਮ ਫ਼ਰਜ਼ੰਦ ਖ਼ੁਦ
ਰਾ ਵਾ ਬਰ ਦਿਲ ਨਿਹਾਦਨਿ ਊ
(ਸ਼ਾਹ ਆਸਿਮ ਦਾ ਆਪਣੇ ਪੁੱਤਰ ਨੂੰ ਮੱਤ ਦੇਣਾ)

ਕਹਿੰਦਾ ਐ ਫ਼ਰਜ਼ੰਦ ਪਿਆਰੇ ਤੂੰ ਜਿਗਰ ਦਾ ਬੇਰਾ
ਤੈਨੂੰ ਸੇਕ ਜੇ ਲੱਗੇ ਰੱਤੀ ਸੜੇ ਕਲੇਜਾ ਮੇਰਾ

ਸੱਤ ਹਜ਼ਾਰ ਉਮਰਾ ਸਿਪਾਹੀ ਫਿਰ ਆਏ ਸਭ ਆਲਮ
ਜੋ ਜੋ ਵਸਤੀ ਆਦਮੀਆਂ ਦੀ ਵੇਖ ਮੁੜੇ ਰੱਬ ਮਾਲਮ

ਨਾ ਕੋਈ ਖ਼ਬਰ ਪਰੀ ਦੀ ਲੱਭੀ ਨਾ ਇਸ ਬਾਗ਼-ਇਰਮ ਦੀ
ਚਾਰ ਹਿਕਸੇ ਹੋਰ ਲਿਖ ਲਿਆਏ ਮੂਰਤ ਕੁੜੀ ਖ਼ਤਮ ਦੀ

ਸਭ ਉਹ ਬਾਦਸ਼ਾਹਾਂ ਦੀਆਂ ਧੀਆਂ ਹਿਕ ਥੀਂ ਹਿਕ ਚੜ੍ਹੰਦੀ
ਉਸੇ ਨਾਲ਼ ਵਿਆਹਾਂ ਤੈਨੂੰ ਜਿਹੜੀ ਕਰੇਂ ਪਸੰਦੀ ।(੧੨੪੦)

ਤਖ਼ਤ ਵਲਾਇਤ ਫ਼ੌਜ ਖ਼ਜ਼ਾਨੇ ਸਭ ਕੁੱਝ ਦੇਵਾਂ ਤੈਨੂੰ
ਆਪੂੰ ਬੈਠ ਰਿਹਾਂ ਵਿਚ ਗੋਸ਼ੇ ਭਲੀ ਫ਼ਕੀਰੀ ਮੈਨੂੰ

ਮੌਲਾ ਪਾਕ ਬਣਾਇਆ ਮੈਨੂੰ ਚੌਂਹ ਤਖ਼ਤਾਂ ਦਾ ਸਾਈਂ
ਕਈ ਸ਼ਹਿਜ਼ਾਦੇ ਚਾਕਰ ਮੇਰੇ ਸਭ ਬਖ਼ਸ਼ਾਂ ਤੁਧ ਤਾਈਂ

ਆਪੂੰ ਪਕੜ ਫ਼ਕੀਰੀ ਦਾਵਾ ਬੈਠਾ ਕਰਾਂ ਇਬਾਦਤ
ਦਿਆਂ ਦੁਆਈਂ ਸਿਰ ਤੇਰੇ ਨੂੰ ਦੌਲਤ ਉਮਰ ਜ਼ਿਆਦਤ

ਸ਼ਹਿਜ਼ਾਦੇ ਸੁਣ ਗੱਲ ਪਿਓ ਦੀ ਰੋਰੋ ਆਹ ਚਲਾਈ
ਕਹਿੰਦਾ ਬਾਬਲ ਤੂੰ ਭੀ ਮੈਨੂੰ ਲੱਧਾ ਖਰਾ ਸੌਦਾਈ

ਦੌਲਤ ਦੁਨੀਆਂ ਦਸ ਦਸ ਠੱਲੇਂ ਅੰਦਰ ਪਾੜ ਨਾ ਤੱਕਦਾ
ਘਰ ਦਰ ਤਖ਼ਤ ਵਲਾਇਤ ਕਿਹੜਾ ਸੌਖਾ ਹੈ ਛੱਡ ਸਕਦਾ

ਤਖ਼ਤ ਵਲਾਇਤ ਕਾਰਨ ਸ਼ਾਹਾਂ ਕੀਤੇ ਕੇਡ ਕੁਸ਼ਾਲੇ
ਸ਼ਾਹਨਾਮੇ ਸਿਕੰਦਰ ਨਾਮੇ ਵੇਖ ਲੜਾਈਆਂ ਵਾਲੇ

ਅੰਦਰ ਬਾਹਰ ਇਸ਼ਕੇ ਰੁੱਧਾ ਦਿਸਦਾ ਨਹੀਂ ਤੁਸਾਨੂੰ
ਮਾਲ ਖ਼ਜ਼ਾਨੇ ਕੀਕਰ ਭਾਵਣ ਇਕ ਗਿਆ ਜੀਉ ਜਾਨੋਂ

ਨਾ ਮੈਂ ਝੱਲਾ ਨਾ ਮੈਂ ਕਮਲਾ ਸਭ ਕੁੱਝ ਸਮਝਾਂ ਜਾਣਾਂ
ਪਰ ਕੁੱਝ ਦੋਸ਼ ਨਾ ਮੈਂ ਪਰ ਬਾਬਲ ਹੋਇਆ ਰੱਬ ਦਾ ਭਾਣਾ

ਲਿਖੇ ਲੇਖ ਅਜ਼ਲ ਦੇ ਕਿਹੜਾ ਕਰ ਤਦਬੀਰ ਮਿਟਾਏ
ਕਈ ਅਮੀਰ ਵਜ਼ੀਰ ਸਿਆਣੇ ਉਸ ਤਕਦੀਰ ਭੁਲਾਏ

25. ਜਵਾਬ ਦਾਦਨਿ ਸ਼ਹਿਜ਼ਾਦਾ ਪਿਦਰਿ ਖ਼ੁਦ ਰਾ
(ਸ਼ਹਿਜ਼ਾਦੇ ਦਾ ਆਪਣੇ ਪਿਓ ਨੂੰ ਜਵਾਬ)

ਕਿਉਂ ਤੂੰ ਤੁਹਮਤ ਦੇਵੇਂ ਬਾਬਲ ਜਾਣ ਨਾਦਾਨ ਇਆਣਾ
ਜੇ ਕੋਈ ਲੇਖ ਅਜ਼ਲ ਦੇ ਮੇਟੇ ਮਰਦੀ ਉਸ ਦੀ ਜਾਣਾਂ ।(੧੨੫੦)

ਫੇਰ ਸ਼ਹਿਜ਼ਾਦਾ ਹੋਇਆ ਚੁਪੀਤਾ ਖ਼ੂਨੀ ਹੰਝੂ ਟੁਰੀਆਂ
ਅੰਦਰ ਛੁਰੀਆਂ ਕੱਪਣ ਦਿਲ ਨੂੰ ਮਾਰੇ ਆਹੀਂ ਬੁਰੀਆਂ

ਮਾਰੂ ਸਾਸ ਕਹੇ ਮੈਂ ਕਿਚਰਕ ਰੱਖਾਂ ਢਕ ਗ਼ੁਬਾਰੇ
ਦਿਲ ਕਹਿੰਦਾ ਮੈਂ ਕਾਹਲ਼ਾ ਹੋਇਆ ਕੱਢ ਇਹ ਧੂੰਆਂ ਧਾਰੇ

ਆਸਿਮ ਸ਼ਾਹ ਕਹੇ ਸੁਣ ਬੇਟਾ ਕੀ ਹੁਣ ਖ਼ਵਾਹਿਸ਼ ਤੇਰੀ
ਫ਼ੌਜਾਂ ਲਸ਼ਕਰ ਸਭ ਕੁੱਝ ਹਾਜ਼ਰ ਮਾਇਆ ਘਣੀ ਘਨੇਰੀ

ਮਾਲ ਮੁਲਕ ਹੋਰ ਜੋ ਕੁੱਝ ਮੰਗੇਂ ਦੇਸਾਂ ਚੀਜ਼ਾਂ ਸਰੀਆਂ
ਪਰ ਮੈਂ ਹਿਕ ਉਸ ਕੰਮੋਂ ਆਰੀ ਪੈਦਾ ਹੋਣ ਨਾ ਪਰੀਆਂ

ਸੈਫ਼-ਮਲੂਕ ਕਰੇ ਉਠ ਅਰਜ਼ਾਂ ਸੁਣ ਸ਼ਾਹ ਬਾਬਲ ਮੇਰੇ
ਜੇ ਸਭ ਆਣ ਬਹਿਸ਼ਤੀ ਹੂਰਾਂ ਮੇਰੇ ਫਿਰਨ ਚੁਫੇਰੇ

ਖ਼ਵਾਹਿਸ਼ ਨਾਲ਼ ਨਾ ਵੇਖਾਂ ਕੋਈ ਬਾਝ ਬਦੀਅ-ਜਮਾਲੋਂ
ਦੋਏੇ ਜਹਾਨ ਨਾ ਭਾਵਨ ਮੈਨੂੰ ਉਸ ਦੀ ਤਲਬ ਕਮਾਲੋਂ

ਆਸਿਮ ਨੂੰ ਸੁਣ ਗੱਲ ਪੁੱਤਰ ਦੀ ਝੋਰਾ ਪਿਆ ਫ਼ਿਕਰ ਦਾ
ਹੋ ਹੈਰਾਨ ਬੈਠਾ ਦਿਲ-ਬੁਰਿਆਂ ਗੋਡੇ ਤੇ ਸਿਰ ਧਰਦਾ

ਅੰਦੇਸ਼ੇ ਚੜ੍ਹ ਹਾਠਾਂ ਆਏ ਵੁੱਠਾ ਰਬ ਗ਼ਮਾਂ ਦਾ
ਮਾਰੇ ਖੇਤ ਖ਼ੁਸ਼ੀ ਦੇ ਸਾਰੇ ਪਾਲ਼ਾ ਪਿਆ ਕੱਮਾਂ ਦਾ

ਚੌਧੀਂ ਤਬਕੀਂ ਪਿਆ ਹਨੇਰਾ ਕਿਧਰੇ ਲੋਅ ਨਾ ਦਿੱਸੇ
ਹੰਝੂ ਬੱਦਲ਼ ਵਾਂਗ ਵਸਾਵੇ ਮੱਤ ਇਹ ਭਾਂਬੜ ਹਿੱਸੇ

ਫੇਰ ਸ਼ਹਿਜ਼ਾਦੇ ਕਿਹਾ ਪਿਓ ਨੂੰ ਮੂੰਹ ਥੀਂ ਦੇ ਦੁਆਈਂ
ਸ਼ਾਲਾ ਉਮਰ ਇਕਬਾਲ ਤੁਸਾਡੇ ਰਹਿਣ ਕਿਆਮਤ ਤਾਈਂ ।(੧੨੬੦)

ਦਿਓ ਇਜ਼ਾਜ਼ਤ ਮੈਨੂੰ ਬਾਬਲ ਇਹੋ ਖ਼ਵਾਹਿਸ਼ ਮੇਰੀ
ਸਫ਼ਰ ਕਰਾਂ ਉਸ ਸੂਰਤ ਕਾਰਨ ਕੱਟਾਂ ਰੰਜ ਘਣੇਰੀ

ਕੋਹਸਤਾਨਾਂ ਤੇ ਕੋਹ ਕਾਫ਼ਾਂ ਹੋਰ ਸਮੁੰਦਰ ਟਾਪੂ
ਆਪੂੰ ਉਨ੍ਹੀਂ ਜਾਈਂ ਲੋੜਾਂ ਜਾਂ ਜਾਂ ਹੋਵੇ ਕਾਬੂ

ਰੰਜ ਮੁਸੀਬਤ ਝਾਗ ਸਫ਼ਰ ਦੀ ਮੱਤ ਮਤਲਬ ਹੱਥ ਆਵੇ
ਨਹੀਂ ਤਾਂ ਕਰਾਂ ਤਸੱਲੀ ਆਪਣੀ ਦਿਲੋਂ ਉਦਾਸੀ ਜਾਵੇ

26. ਇਲਤਿਮਾਸਿ ਬਾਦਸ਼ਾਜ ਪੇਸ਼ਿ ਫ਼ਰਜ਼ੰਦ
(ਬਾਦਸ਼ਾਹ ਦਾ ਪੁੱਤਰ ਅੱਗੇ ਤਰਲਾ)

ਆਸਿਮ ਸ਼ਾਹ ਸੁਣ ਗੱਲ ਸਫ਼ਰ ਦੀ ਬੇਟੇ ਦੀ ਉਦਾਸੀ
ਰੋ ਰੋ ਆਖੇ ਸਿਰ ਪਰ ਸਹਿਣਾ ਜੋ ਕੁੱਝ ਰੱਬ ਸਹਾਸੀ

ਅੱਲ੍ਹਾ ਕੋਲੋਂ ਮੰਗ ਮੰਗ ਲਧੋਂ ਕਰ ਕਰ ਬਹੁਤ ਦੁਆਈਂ
ਬੁੱਢੇ ਵਾਰੇ ਔਖੇ ਵੇਲੇ ਲਾ ਫ਼ਿਰਾਕ ਨਾ ਜਾਈਂ

ਬੱਚਾ ਮੇਰੀ ਜਾਨ ਪਿਆਰੀ ਕਰ ਕੁੱਝ ਹੋਸ਼ ਸੰਭਾਲਾ
ਇਸ ਦੁਨੀਆਂ ਤੇ ਸਦਾ ਨਾ ਰਹਿਣਾ ਹਰ ਕੋਈ ਚੱਲਣ ਵਾਲਾ

ਚਾਰ ਦਿਹਾੜੇ ਉਮਰ ਜਵਾਨੀ ਕਰ ਲੈ ਐਸ਼ਾਂ ਮੌਜਾਂ
ਸਦਾ ਨਹੀਂ ਇਹ ਦੌਲਤ ਦੁਨੀਆਂ ਸਦਾ ਨਾ ਲਸ਼ਕਰ ਫ਼ੌਜਾਂ

ਨਾ ਤੁਧ ਸੁਖ ਹੰਡਾਈਆਂ ਸੇਜਾਂ ਨਾ ਕੁਝ ਖਾਧਾ ਪਾਇਆ
ਨਾ ਤੂੰ ਤਖ਼ਤ ਉੱਤੇ ਚੜ੍ਹ ਬੈਠੋਂ ਨਾ ਤੁਧ ਰਾਜ ਕਮਾਇਆ

ਨਾ ਤੁਧ ਤਾਜ ਸਿਰੇ ਤੇ ਧਰਿਆ ਨਾ ਸੁਲਤਾਨ ਕਹਾਇਆ
ਨਾ ਫ਼ੌਜਾਂ ਦੀ ਲਈ ਸਲਾਮੀ ਨਾ ਦਰਬਾਰ ਲਗਾਇਆ

ਨਾ ਫ਼ੌਜਾਂ ਸੰਗ ਤੇਰੇ ਚੜ੍ਹੀਆਂ ਨਾ ਤੁਧ ਧੁੰਮਾਂ ਪਾਈਆਂ
ਨਾ ਰੱਜ ਮੈਂ ਤੇਰਾ ਮੂੰਹ ਡਿੱਠਾ ਨਾ ਰੱਜ ਡਿਠੋਂ ਮਾਈਆਂ ।(੧੨੭੦)

ਨਾ ਮੈਂ ਤੇਰਾ ਸਿਹਰਾ ਡਿੱਠਾ ਨਾ ਹੱਥ ਬੱਧਾ ਗਾਨਾ
ਨਾ ਮੈਂ ਤੇਰੀ ਜੰਞ ਚੜ੍ਹਾਈ ਨਾ ਵੱਜਿਆ ਸਦਿਆਨਾ

ਮੈਂ ਹਾਂ ਅੱਜ ਕਬਰ ਦੇ ਦੰਦੇ ਕੋਈ ਦਿਹਾੜਾ ਰਹਸਾਂ
ਜੇ ਤੂੰ ਅੱਖੀਂ ਅੱਗੇ ਹੋਸੇਂ ਸੁਖ ਦਾ ਸਾਹ ਲੈ ਬਹਿਸਾਂ

ਜੇ ਤੂੰ ਸਟ ਗਿਓਂ ਪਰਦੇਸੀਂ ਮਰਸਾਂ ਤੇਰੇ ਹਾਵੇ
ਜੇ ਰੱਬ ਖ਼ੈਰੀਂ ਫੇਰ ਲਿਆਂਦੋਂ ਇਹ ਅਫ਼ਸੋਸ ਨਾ ਜਾਵੇ

ਮਹਿਲ ਚੁਬਾਰੇ ਛੋੜ ਪਿਆਰੇ ਚਲਿਓਂ ਵਿਚ ਉਜਾੜਾਂ
ਲਹਿਰ ਬਹਾਰਾਂ ਸੁੱਟ ਕੇ ਟੁਰਿਓਂ ਤੱਕਣ ਕਹਿਰ ਪਹਾੜਾਂ

ਮਾਗਰ ਮੱਛ ਸਮੁੰਦਰ ਅੰਦਰ ਬਾਸ਼ਕ ਨਾਗ ਮਰੇਲੇ
ਖਾ ਸੰਸਾਰ ਸੰਸਾਰ ਨਾ ਰੱਜਦੇ ਅਜ਼ਬ ਇਲਾਹੀ ਬੇਲੇ

ਜਾਂ ਤੂੰ ਹੋ ਇਕੱਲਾ ਜਾਸੇਂ ਵਿਚ ਉਜਾੜ ਪਹਾੜਾਂ
ਚਿਤਰੇ ਸ਼ੇਰ ਚੌਫੇਰ ਫਿਰਨਗੇ ਖ਼ੁਸ਼ੀ ਹੋਸੀ ਬਘਿਆੜਾਂ

ਸੈਫ਼-ਮਲੂਕ ਜਿਗਰ ਦਾ ਟੋਟਾ ਪੌਸੀ ਵੱਸ ਗ਼ਨੀਮਾਂ
ਬਾਝ ਰਬੇ ਥੀਂ ਕੌਣ ਉਸ ਵੇਲੇ ਹੋਸੀ ਯਾਰ ਯਤੀਮਾਂ

ਤੋੜੇ ਕੁੱਤੇ ਬਣ ਕੇ ਰਹੀਏ ਵਿਚ ਵਤਨ ਦੀਆਂ ਗਲੀਆਂ
ਦਰ ਦਰ ਝਿੜਕਾਂ ਸਹੀਏ ਤਾਂ ਭੀ ਫਿਰ ਪਰਦੇਸੋਂ ਭਲੀਆਂ

ਮੂਰਤ ਪਿੱਛੇ ਭੱਜ ਭੱਜ ਮਰਸੇਂ ਖ਼ਬਰ ਨਹੀਂ ਜੇ ਮਿਲਸੀ
ਬਿਜਲੀ ਮਰਗ ਜਲਾ ਸੀ ਬੂਟਾ ਯਾ ਬਾਗ਼ੀਚਾ ਖਿਲਸੀ

ਤੋੜੇ ਰੁਸਤਮ ਜੈਸਾ ਹੋਸੇਂ ਸਖ਼ਤ ਜਵਾਨ ਸ਼ਤਾਤੀ
ਏਸ ਸਫ਼ਰ ਦੀ ਮੁਸ਼ਕਿਲ ਅੰਦਰ ਸੜਸੇਂ ਵਾਂਗਰ ਬਾਤੀ ।(੧੨੮੦)

ਨਾ ਕਰ ਤੱਤੇ ਤਾ ਅਜੇਹੇ ਠੰਡਾ ਹੋ ਦਿਨ ਕੱਟ ਖਾਂ
ਸੜ ਚਲਿਆ ਜੀਉ ਜਾਮਾ ਤੇਰਾ ਇਸ ਕੱਚਿਆਨੋਂ ਹਟ ਖਾਂ

ਲਿਖੀ ਮੂਰਤ ਵੇਖ ਕਦੇ ਦੀ ਭੁੱਲ ਨਾ ਬੇਟਾ ਭੋਲ਼ਾ
ਸਾਬਰ ਹੋ ਕੇ ਬੈਠ ਨਿਚੱਲਾ ਭੱਜ ਭੱਜ ਹੋ ਨਾ ਹੌਲਾ

ਲਹਿੰਦਾ ਚੜ੍ਹਦਾ ਦੱਖਣ ਪਰਬਤ ਫਿਰਸੇਂ ਚਾਰੇ ਤਰਫ਼ਾਂ
ਕਿਧਰੇ ਗਰਮੀ ਧੁੱਪਾਂ ਵਾਲੀ ਕਿਧਰੇ ਠਾਰਨ ਬਰਫ਼ਾਂ

ਪਰੀਆਂ ਢੂੰਡੇ ਕਦ ਹੱਥ ਆਵਣ ਮੂਰਤ ਤੱਕ ਤੱਕ ਜੀ ਖਾਂ
ਮੱਤ ਕੋਈ ਖ਼ਬਰ ਘੱਲੇ ਰੱਬ ਕਿਧਰੋਂ ਸਬਰ ਪਿਆਲਾ ਪੀ ਖਾਂ

ਇਹ ਖ਼ੁਸ਼ੀਆਂ ਜੋ ਘਰ ਵਿਚ ਤੈਨੂੰ ਇਨ੍ਹਾਂ ਨਾਲ਼ ਨਾ ਰੱਜੇਂ
ਲੋੜੇਂ ਐਸ਼ਾਂ ਨਾਲ਼ ਪਰੀ ਦੇ ਇਸ ਖ਼ੁਸ਼ੀ ਵੱਲ ਭੱਜੇਂ

ਖ਼ੁਸ਼ੀਆਂ ਕਾਰਨ ਨਾ ਹੋਇਆ ਬੰਦਾ ਕਰਨ ਇਬਾਦਤ ਆਇਆ
ਵਕਤ ਪਛਾਤਾ ਚਾਹੀਏ ਬੇਟਾ ਲਭਸੀ ਨਹੀਂ ਖੜਾਇਆ

ਵੇਲ਼ਾ ਅੱਜ ਭਲੇਰਾ ਤੇਰਾ ਨਾਲੇ ਉਮਰ ਜਵਾਨੀ
ਕਰੋ ਅਦਾਲਤ ਹੋਰ ਇਬਾਦਤ ਓੜਕ ਹੋਣਾ ਫ਼ਾਨੀ

ਭਲਕੇ ਮੌਤ ਆਈ ਜਿਸ ਵੇਲੇ ਸੈ ਅਫ਼ਸੋਸ ਕਰੇਂਗਾ
ਅਮਲਾਂ ਬਾਝ ਨਾ ਤੱਲਾ-ਸ਼ਨਾਈਂ ਕਿਵੇਂ ਸਮੁੰਦ ਤਰੇਂਗਾ

ਨਾ ਕੋਈ ਰੋ-ਮੁਲਾਹਜ਼ਾ ਓਥੇ ਨਾ ਕੋਈ ਉਜ਼ਰ ਬਹਾਨਾ
ਜੋ ਕੁੱਝ ਕਰਸੇਂ ਸੋਈਓ ਮਿਲਸੀ ਡਾਹਢਾ ਅਦਲ ਸ਼ਾਹਾਨਾ

ਔਰਤ ਕਿਤਨੇ ਤਾਈਂ ਲਾਸੀ ਕੁੜਤਾ ਸੁੱਥਣ ਸਲਾਰੀ
ਮਰਦ ਕਟੇਗਾ ਸੋਈਓ ਖੇਤੀ ਜਿਸਦਾ ਬੀਜ ਖਿਲਾਰੀ ।(੧੨੯੦)

ਜਿਤਨਾ ਤੂੰ ਪਰੀ ਵੱਲ ਭਜਸੇਂ ਉਤਨਾ ਰੱਬ ਵੱਲ ਡਹੋ ਖਾਂ
ਜੇ ਤੁਧ ਐਸ਼ ਖ਼ੁਸ਼ੀ ਨਹੀਂ ਭਾਵੇ ਕਰਨ ਇਬਾਦਤ ਬਹੋ ਖਾਂ

ਜੇ ਅੱਜ ਖ਼ੌਫ਼ ਖ਼ੁਦਾ ਦਿਉਂ ਸੜਸੇਂ ਉਸ ਦਿਨ ਹੋਸੇਂ ਹਰਿਆ
ਮੌਤੇ ਦਾ ਕੁੱਝ ਖ਼ੌਫ਼ ਨਾ ਉਸ ਨੂੰ ਜੀਵੰਦੜਾ ਜੋ ਮਰਿਆ

'ਮਵਾ ਤੋਅਕਬਲ ਮਵਾਤੋਂ' ਅਮਲ ਇਸੇ ਤੇ ਕਰਨਾ
ਮਰਨੋਂ ਅੱਗੇ ਜੋ ਕੋਈ ਮੋਇਆ ਫੇਰ ਨਹੀਂ ਉਸ ਮਰਨਾ

ਜਦੋਂ ਕੋਈ ਮਰ ਜਾਂਦਾ ਸੱਜਣ ਪਿਟ ਪਿਟ ਕਰਨ ਇਸ਼ਾਰਤ
ਆਪੂੰ ਅਪਣਾ ਮੂੰਹ ਸਿਰ ਭੰਨਣ ਦੱਸਣ ਇਹ ਬੁਝਾਰਤ

ਯਾਨੀ ਆਪ ਆਪੇ ਨੂੰ ਮਾਰੇਂ ਤਾਂ ਅੱਜ ਕਿਉਂ ਮਰੀਵੇਂ
ਆਪ ਮੋਏ ਜੇ ਆਪ ਨਾ ਮੋਇਓਂ ਆਪ ਮਰੇਂ ਅੱਜ ਜੀਵੇਂ

ਉਹ ਸਫ਼ਰ ਨਹੀਂ ਸੁਝਦਾ ਤੈਨੂੰ ਚੱਲਣ ਏਸ ਸਫ਼ਰ ਦਾ
ਉਸ ਸਫ਼ਰ ਦਾ ਖ਼ਰਚ ਬਣਾਏਂ ਗ਼ੱਨੀ ਸਫ਼ਰ ਕਰ ਸਰਦਾ

ਲੰਮਾ ਪੰਧ ਨਾ ਸੁਝਦਾ ਬੇਟਾ ਬਹੁ ਖਾਂ ਹੋ ਨਿਚੱਲਾ
ਜੋਸ਼-ਓ-ਖ਼ਰੋਸ਼ ਮਿਟਾ ਪਿਆਰੇ ਜਾ ਨਹੀਂ ਹੋ ਝੱਲਾ

ਘਰ ਸਟਣ ਕੋਈ ਕੰਮ ਨਾ ਚੰਗਾ ਆਹਲਣਾ ਹੈ ਹਰਦਮ ਦਾ
ਨਾ ਗ਼ਮ ਕਰ ਗ਼ਮ ਜਾਸੀ ਓੜਕ ਓੜਕ ਹੈ ਹਰ ਕੰਮ ਦਾ

ਚੂਹਾ ਚਿੜਾ ਤੇ ਕੁੱਤਾ ਬਿੱਲਾ ਹਰ ਕੋਈ ਵਤਨ ਧਰਾਂਦਾ
ਤੂੰ ਆਦਮ ਸ਼ਹਿਜ਼ਾਦਾ ਹੋ ਕੇ ਛੱਡੇਂ ਵਸਣ ਘਰਾਂ ਦਾ

ਆਦਮੀ ਹੈਂ ਤਾਂ ਆਦਮ ਬਣ ਖਾਂ ਜਿੰਨ ਏਂ ਤਾਂ ਹੋ ਉਹਲੇ
ਐਸਾ ਸੁਘੜ ਸ਼ਹਿਜ਼ਾਦਾ ਹੋ ਕੇ ਪਿਉਂ ਗ਼ੋਲਾਂ ਦੇ ਰੋਲੇ ।(੧੩੦੦)

ਮੈਂ ਬੁੱਢਾ ਮਹਿਮਾਨ ਘੜੀ ਦਾ ਪਾਸ ਤੇਰੇ ਕੋਈ ਦਿਨ ਹਾਂ
ਕੋਲ ਮੇਰੇ ਰਹੋ ਖ਼ਿਦਮਤ ਕਰ ਕੇ ਇਜਰ ਜਨਾਬੋਂ ਘਿਨ ਖਾਂ

ਜਿਨਸ ਤੇਰੀ ਨੂੰ ਮੈਂ ਹਾਂ ਲਾਇਕ ਕੌਣ ਮੇਰੇ ਤੂੰ ਭੁੱਲਾ
ਦਿਲ ਬੇਤਾਬ ਜ਼ਈਫ਼ ਮੇਰੇ ਨੂੰ ਦੇ ਖਾਂ ਖ਼ੁਸ਼ੀ ਤਸੱਲਾ

ਅੱਜ ਮੈਨੂੰ ਛੱਡ ਟੁਰਿਓਂ ਆਪੂੰ ਮੋਇਆਂ ਗਿਆਂ ਜੇ ਲੋੜੇਂ
ਫੇਰ ਨਹੀਂ ਮੈਂ ਮਿਲਣਾ ਬੇਟਾ ਬੈਠਾ ਹੱਥ ਮਰੋੜੇਂ

ਅੱਜ ਨਸੀਹਤ ਮੇਰੀ ਤੈਨੂੰ ਲਗਦੀ ਮੰਦੀ ਕਾਨੀ
ਇਹ ਭੀ ਦੋਸ਼ ਨਹੀਂ ਕੁੱਝ ਤੈਨੂੰ ਵੁੜ੍ਹੀ ਕਜ਼ਾ ਅਸਮਾਨੀ

ਵਕਤ ਮੇਰਾ ਹੁਣ ਡੀਗਰ ਹੋਇਆ ਏਸ ਜ਼ਵਾਲ ਗਵਾਇਆ
ਪੇਸ਼ੀ ਆਣ ਕੀਤੀ ਹੁਣ ਮਗ਼ਰਿਬ ਖ਼ੁਫ਼ਤੀਂ ਸੁਫ਼ਨਾ ਆਇਆ

ਸ਼ਾਲਾ ਤੇਰੀ ਫ਼ਜਰ ਮੁਬਾਰਿਕ ਵਕਤ ਕਜ਼ਾ ਨਾ ਹੋਵੇ
ਚੜ੍ਹਦੀ ਕਲਾ ਸਿਤਾਰਾ ਰੌਸ਼ਨ ਸਿਰ ਤੇ ਆਣ ਖਲੋਵੇ

ਮੈਨੂੰ ਸਫ਼ਰ ਆਇਆ ਤੂੰ ਰਹੋ ਖਾਂ ਵਿਚ ਈਮਾਨ ਖ਼ੁਦਾ ਦੀ
ਗ਼ਮ ਹੁਣ ਮਾਰ ਮੁਕਾਇਆ ਮੈਨੂੰ ਤੂੰ ਕਿਉਂ ਛੋੜੇਂ ਸ਼ਾਦੀ

ਹਾਇ ਬੇਟਾ ਤੂੰ ਮਾਉ ਪਿਓ ਥੀਂ ਕਿਉਂ ਕੁਵੇਲੇ ਨਸਦਾ
ਜਾਂ ਜਾਂ ਜਾਨ ਮੇਰੇ ਤਨ ਅੰਦਰ ਰਹੋ ਘਰਾਂ ਵਿਚ ਵਸਦਾ

ਤਾਂ ਫਿਰ ਮੌਤ ਮੇਰੀ ਜਦ ਆਸੀ ਮਰਸਾਂ ਜਿਸ ਦਿਹਾੜੇ
ਮੌਤੇ ਦਾ ਗ਼ਮ ਰੋਗ ਨਾ ਹੋਸਣ ਬਾਦਸ਼ਾਹੀ ਦੇ ਸਾੜੇ

ਸੱਜਣ ਦੁਸ਼ਮਣ ਕਿਸੇ ਨਾ ਭਾਵੇ ਇਹ ਗੱਲ ਕਿਸ ਪਸੰਦਾ
ਮੈਂ ਮਰਸਾਂ ਤੂੰ ਕੋਲ ਨਾ ਹੋਸੇਂ ਕਹਿਸਨ ਵਾਹ ਫ਼ਰਜ਼ੰਦਾ ।(੧੩੧੦)

ਦੌਲਤ ਦੁਨੀਆਂ ਮੇਰੀ ਜੋੜੀ ਖੜ ਸਣ ਲੋਕ ਬੇਗਾਨੇ
ਮੁਲਕ ਤੇਰਾ ਕੋਈ ਹੋਰ ਲਏਗਾ ਬਾਦਸ਼ਾਹੀ ਸਮਿਆਨੇ

ਜੋ ਕੁੱਝ ਪਿੱਛੇ ਰਹਿਸੀ ਮੇਰਾ ਲਸ਼ਕਰ ਮੁਲਕ ਖ਼ਜ਼ਾਨੇ
ਜੇ ਬੇਟੇ ਦੀ ਕਾਰੇ ਆਏ ਕਰਸਾਂ ਤਾਂ ਸ਼ੁਕਰਾਨੇ

ਮੇਰਾ ਅੱਜ ਕੱਲ੍ਹ ਕੂਚ ਨਕਾਰਾ ਸੁਣ ਫ਼ਰਜ਼ੰਦ ਪਿਆਰੇ
ਜੇ ਤੂੰ ਉਸ ਦਮ ਕੋਲ ਨਾ ਹੋਇਉਂ ਭਰਮ ਰਹਿਣਗੇ ਭਾਰੇ

ਜੇ ਰੱਬ ਖ਼ੈਰੀਂ ਆਂਦਾ ਤੈਨੂੰ ਰੋਸੇਂ ਨਾਲ਼ ਅਫ਼ਸੋਸਾਂ
ਉਸ ਵੇਲੇ ਦੇ ਰੋਣ ਤੇਰੇ ਥੀਂ ਮੈਂ ਦਿਲਸ਼ਾਦ ਨਾ ਹੋਸਾਂ

ਉਸ ਦਿਨ ਦੇ ਉਸ ਰੋਵਣ ਕੋਲੋਂ ਸੂਦ ਨਹੀਂ ਕੁੱਝ ਤੇਰੇ
ਅੱਖੀਂ ਅੱਗੋਂ ਜਾ ਨਾ ਬੇਟਾ ਅਵਸਰ ਵੇਖ ਘਨੇਰੇ

ਆ ਸਾਕੀ ਭਰ ਦੇ ਪਿਆਲਾ ਪੀ ਹੋਵਾਂ ਮਸਤਾਨਾ
ਮਾਉ ਪਿਓ ਥੀਂ ਰੁਖ਼ਸਤ ਹੋਵਾਂ ਛੱਡਾਂ ਦੌਲਤ ਖ਼ਾਨਾ

ਯਾਰਾਂ ਪਿੱਛੇ ਵਤਨ ਭੁਲਾਵਾਂ ਵੇਖਾਂ ਦੇਸ ਬੇਗਾਨਾ
ਠਿੱਲ੍ਹਾਂ ਵਿਚ ਸਮੁੰਦਰ ਗ਼ਮ ਦੇ ਪੱਕੇ ਕਿਵੇਂ ਯਾਰਾਨਾ

27. ਦਰ ਬਿਆਨ ਰਹਿਮ ਆਵੁਰਦਨਿ ਪਿਸਰ ਬਰ ਪਿਦਰ ਵਾ ਅਜ
ਗੋਸ਼ਮਾਲੀ ਦਾਦਨਿ ਇਸ਼ਕ ਸ਼ਹਿਜ਼ਾਦਾ ਰਾ, ਜਵਾਬ ਦਾਦਨ ਬਾ ਪਿਦਰ
(ਪੁੱਤਰ ਨੂੰ ਪਿਓ ਦੇ ਤਰਲੇ ਤੇ ਰਹਿਮ ਆਉਣਾ ਤੇ ਇਸ਼ਕ ਦਾ ਸ਼ਹਿਜ਼ਾਦੇ ਦੇ ਕੰਨ ਖਿੱਚਣਾ)

ਤਰਲੇ ਵੇਖ ਪਿਓ ਦੇ ਬੇਟੇ ਰਹਿਣ ਉੱਤੇ ਦਿਲ ਕੀਤਾ
ਸਹਾਂ ਮੁਸੀਬਤ ਨਾਲ਼ ਸਬਰ ਦੇ ਕੋਈ ਦਿਨ ਬਹਾਂ ਚੁਪੀਤਾ

ਤੌਬਾ ਕਰਨ ਉੱਤੇ ਜਦ ਹੋਇਆ ਇਸਤਿਗ਼ਫ਼ਾਰ ਕਰੇਂਦਾ
ਹੋਈ ਖ਼ਬਰ ਇਸ਼ਕ ਨੂੰ ਆਇਆ ਮਾਰੋ ਮਾਰ ਕਰੇਂਦਾ

ਤੌਬਾ ਨੂੰ ਉਸ ਕੰਨ ਫੜਾਏ ਫਿਰ ਭੀ ਇਥੇ ਵੜਸੇਂ
ਕੌਣ ਕੋਈ ਤੂੰ ਆਜ਼ਿਜ਼ ਹੋ ਕੇ ਸ਼ਾਹਾਂ ਅੱਗੇ ਚੜ੍ਹਸੇਂ ।(੧੩੨੦)

ਇਸ਼ਕੇ ਦਾ ਰੁਖ਼ ਵੇਖ ਮੁਹੰਮਦ ਹੋਵਣ ਫ਼ੀਲ ਪਿਆਦੇ
ਮੱਤੀਂ ਲੱਗੇ ਤਾਂ ਉਠ ਵਗੇ ਕੀ ਮਕਦੂਰ ਸ਼ਹਿਜ਼ਾਦੇ

ਬਿੱਲੀ ਬਣ ਕੇ ਵੜਦਾ ਯਾਰੋ ਸ਼ੇਰ ਅੰਦਰ ਜਾ ਬਣਦਾ
ਖ਼ੂਨ ਲਏ ਬਿਨ ਹਾਰ ਨਾ ਛੱਡੇ ਸਦਾ ਬਹਾਦਰ ਰਨ ਦਾ

ਪੰਦ ਨਸੀਹਤ ਪਿਓ ਦੀ ਸੁਣ ਕੇ ਸੈਫ਼-ਮਲੂਕ ਸ਼ਹਿਜ਼ਾਦਾ
ਕਹਿਣ ਲੱਗਾ ਐ ਕਿਬਲਾ ਤੇਰੇ ਹੋਣ ਇਕਬਾਲ ਜ਼ਿਆਦਾ

ਪੰਦ ਨਸੀਹਤ ਜੋ ਤੁਧ ਦਿੱਤੀ ਸਭ ਕੁੰਜੀ ਮੁਸ਼ਕਿਲ ਦੀ
ਅੱਛੀ ਤਰ੍ਹਾਂ ਸੁਣੀ ਮੈਂ ਸਾਰੀ ਧਰ ਕੇ ਖ਼ਵਾਹਿਸ਼ ਦਿਲ ਦੀ

ਪੰਦ ਤੇਰੀ ਹੈ ਦੀਵਾ ਦਿਲ ਦਾ ਕਰਦੀ ਦੂਰ ਹਨੇਰੇ
ਜੇ ਮੈਂ ਆਖੇ ਲੱਗਾਂ ਨਾਹੀਂ ਆਏ ਬੁਰੇ ਦਿਨ ਮੇਰੇ

ਮੈਂ ਭੀ ਜਾਣਾਂ ਫ਼ਰਜ਼ ਮੇਰੇ ਤੇ ਕਹੇ ਤੇਰੇ ਵਿਚ ਟੁਰਨਾ
ਕੋਸ਼ਿਸ਼ ਕਰਨ ਬਗੈਰ ਨਾ ਛੁਟਦਾ ਇਸ਼ਕੇ ਫੁਰਿਆ ਫੁਰਨਾ

ਤੂੰ ਜਾਣੇਂ ਫ਼ਰਜ਼ੰਦ ਸਿਆਣਾ ਸਭ ਕੁੱਝ ਸੁਣਦਾ ਬੁਝਦਾ
ਮੈਂ ਦਿਲ ਇਸ਼ਕ ਗ਼ੁਬਾਰੀ ਪਾਈ ਦਿਹੁੰ ਸੰਸਾਰ ਨਾ ਸੁਝਦਾ

ਜੋ ਜੋ ਗੱਲ ਤੁਸਾਂ ਫ਼ਰਮਾਈ ਯਾਦ ਨਹੀਂ ਕੁੱਝ ਮੈਨੂੰ
ਐਸੇ ਕਮਲੇ ਨੂੰ ਘਰ ਰੱਖਿਆਂ ਸੂਦ ਨਹੀਂ ਕੁੱਝ ਤੈਨੂੰ

ਜੋ ਕੁੱਝ ਤੁਸਾਂ ਪੜ੍ਹਾਏ ਆਹੇ ਇਲਮ ਕਲਾਮ ਰਸਾਲੇ
ਯਾਦ ਨਹੀਂ ਹਿਕ ਹਰਫ਼ ਉਨ੍ਹਾਂ ਥੀਂ ਇਸ਼ਕੇ ਹੋਰ ਸਿਖਾਲੇ

ਕੱਲ੍ਹ ਦਾ ਖਾਧਾ ਜੇ ਅੱਜ ਪੁੱਛੋ ਕੀ ਤੁਧ ਖਾਧਾ ਆਹਾ
ਉਹ ਭੀ ਯਾਦ ਨਾ ਰਹਿੰਦਾ ਮੈਨੂੰ ਇਹ ਗੱਲ ਸੁਣ ਤੂੰ ਸ਼ਾਹਾ ।(੧੩੩੦)

ਜੇ ਕੁੱਝ ਕੰਮ ਹੋਵਾਂ ਹੁਣ ਕਰਦਾ ਜੇ ਪੁੱਛੋ ਕੀ ਕਰਦਾ
ਇਸ ਦਾ ਭੀ ਕੁੱਝ ਰਹੇ ਨਾ ਚੇਤਾ ਹਿਕੋ ਚਾਅ ਸਫ਼ਰ ਦਾ

ਸੂਰਤ ਵੇਖ ਪਛਾਣਾਂ ਤੈਨੂੰ ਹੈਂ ਤੂੰ ਬਾਬਲ ਮੇਰਾ
ਜੇ ਕੋਈ ਇਸਮ ਮੁਬਾਰਿਕ ਪਿੱਛੇ ਯਾਦ ਨਹੀਂ ਨਾਂਓਂ ਤੇਰਾ

ਹਿਕੋ ਤੂੰ ਨਾ ਭੁੱਲੋਂ ਬਾਬਲ ਅਪਣਾ ਆਪ ਭੁਲਾਇਆ
ਉਹ ਭੀ ਯਾਦ ਨਹੀਂ ਨਾਂਓਂ ਮੇਰਾ ਕੀ ਕੁੱਝ ਤੁਸਾਂ ਧਰਾਇਆ

ਅਪਣਾ ਨਾਮ ਰਿਹਾ ਕਿਸ ਗਿਣਤਰ ਚੇਤਾ ਰਹੇ ਨਾ ਇਸ ਦਾ
ਕਿਹੜਾ ਹੈ ਮਾਸ਼ੂਕ ਬੰਦੇ ਦਾ ਆਸ਼ਿਕ ਹਾਂ ਮੈਂ ਕਿਸ ਦਾ

ਮੈਂ ਹੁਣ ਐਸਾ ਹੋਸਾਂ ਬਾਬਲ ਜੈਸਾ ਕੱਖ ਗਲੀ ਦਾ
ਸਭ ਮੁਸੀਬਤ ਸਿਰ ਪਰ ਝਾਗੇ ਪੈਰਾਂ ਹੇਠ ਮਲੀ ਦਾ

ਤੂੰ ਭੀ ਸਮਝੀਂ ਖੇਤੀ ਵਿਚੋਂ ਹਿਕ ਕੱਖ ਹੋਇਆ ਨਾ ਹੋਇਆ
ਬੇਗਮ ਨਾਲ਼ ਹਿਕ ਰਾਤ ਖ਼ੁਸ਼ੀ ਦੀ ਜਾਣੀਂ ਸੋਇਆ ਨਾ ਸੋਇਆ

ਕਿਉਂ ਕਰ ਬਾਹਾਂ ਅੰਦਰ ਆਵਣ ਹੱਥੋਂ ਛੁਟੀਆਂ ਵਾਗਾਂ
ਬਾਦਸ਼ਾਹੀ ਕਿਸ ਕਾਰੀ ਮੈਨੂੰ ਦਿੱਤੀ ਜ਼ਹੀਰੀ ਭਾਗਾਂ

ਤੁਸੀਂ ਕਹੋ ਹੁਣ ਕੂਚ ਕਰਨ ਦਾ ਆਇਆ ਵਕਤ ਅਸਾਡਾ
ਮੇਰਾ ਕੂਚ ਤੁਸਾਂ ਥੀਂ ਮੁਹਰੇ ਉਹ ਮੱਤ ਹੋਗ ਦੁਰਾਡਾ

ਉਮਰ ਹੱਯਾਤੀ ਤੇਰੀ ਬਾਬਲ ਮੈਨੂੰ ਬਹੁਤ ਗ਼ਨੀਮਤ
ਮਰਨਾ ਤੇਰਾ ਮੌਤ ਮੇਰੀ ਹੈ ਜਾਨਾਂ ਮੈਂ ਸਭ ਕੀਮਤ

ਬਾਪ ਮੋਏ ਨੂੰ ਉਹ ਕੋਈ ਰੋਵੇ ਆਪ ਹੋਵੇ ਜੋ ਜ਼ਿੰਦਾ
ਮੌਤ ਤੇਰੀ ਨੂੰ ਕੀਕਰ ਰੋਵਾਂ ਆਪ ਮੋਇਆ ਮੈਂ ਬੰਦਾ ।(੧੩੪੦)

ਸਾਕੀ ਬੋਤਲ ਆਣ ਅਜੇਹੀ ਪੀ ਕੇ ਹੋਸ਼ ਭੁਲਾਈਏ
ਸੱਜਣਾਂ ਕੋਲੋਂ ਰੁਖ਼ਸਤ ਹੋ ਕੇ ਪੰਧ ਸਫ਼ਰ ਦਾ ਚਾਈਏ

28. ਦਰ ਬਿਆਨਿ ਦੀਵਾਨਾ ਸ਼ੁਦਨਿ ਸ਼ਹਜ਼ਾਦਾ ਸੈਫ਼-ਉਲ-ਮਲੂਕ ਵਾ
ਦਰ ਜੰਜੀਰ ਅੰਦਾਖ਼ਤੀਨ ਊ
(ਸ਼ਹਿਜ਼ਾਦੇ ਸੈਫ਼-ਉਲ-ਮਲੂਕ ਦਾ ਪਾਗਲ ਹੋ ਕੇ ਸੰਗਲਾਂ ਨਾਲ਼ ਬੱਝਣਾ)

ਸਾਫ਼ ਜਵਾਬ ਪਿਓ ਨੂੰ ਦੇ ਕੇ ਧੋਕੇ ਹੱਥ ਮੁਰਾਦੋਂ
ਕੱਪੜੇ ਪਾੜ ਸੌਦਾਈ ਹੋਇਆ ਥੱਕੇ ਨਾ ਫ਼ਰਯਾਦੋਂ

ਲਾਹ ਸੁੱਟੇ ਪੁਸ਼ਾਕੀ ਜ਼ੇਵਰ ਸਿਰ ਮੂੰਹ ਖ਼ਾਕ ਰੁਲਾਈ
ਸ਼ਾਹੋਂ ਮਿਸਲ ਮਲੰਗਾਂ ਬਣਿਆ ਭੱਜਦਾ ਫਿਰੇ ਸੌਦਾਈ

ਸ਼ਰਮ ਹਯਾ ਗਏ ਭੱਜ ਸਾਰੇ ਇੱਜ਼ਤ ਹੁਰਮਤ ਨੱਠੀ
ਸਬਰ ਸਕੂਨਤ ਸੜੇ ਮੁਹੰਮਦ ਇਸ਼ਕ ਤਪਾਈ ਭੱਠੀ

ਸੁਰਤ ਸਮ੍ਹਾਲਾ ਹੋਸ਼ ਨਾ ਕੋਈ ਭੁੱਲੇ ਖ਼ੇਸ਼ ਬੇਗਾਨੇ
ਯਾਰ ਅਸ਼ਨਾ ਪਛਾਣੇ ਨਾਹੀਂ ਨੱਸੇ ਮਿਸਲ ਦੀਵਾਨੇ

ਨਾ ਕੁੱਝ ਖਾਵੇ ਨਾ ਕੁੱਝ ਪੀਵੇ ਘੜੀ ਆਰਾਮ ਨਾ ਕਰਦਾ
ਨੰਗ ਮੁਨੰਗਾ ਵੱਤੇ ਗਲੀਏਂ ਕੱਖ ਲੀਰਾਂ ਸਿਰ ਧਰ ਦਾ

ਲਾ-ਯੱਅਨੀ ਬਦ ਹਵਾਈਆਂ ਕਰਦਾ ਵੱਟ ਤਰਾੜ ਮਰੇਂਦਾ
ਚੰਗਾ ਮੰਦਾ ਵੇਖੇ ਨਾਹੀਂ ਬੁਰੀਆਂ ਗਾਲੀਂ ਦੇਂਦਾ

ਝੱਲਾ ਕਮਲਾ ਖ਼ਫ਼ਤੀ ਹੋਇਆ ਗਲੀਆਂ ਅੰਦਰ ਰੁਲਦਾ
ਲਖੀਂ ਵਾਲ਼ ਨਾ ਮਿਲਦਾ ਜਿਸਦਾ ਅੱਜ ਕੱਖਾਂ ਦੇ ਮੁਲ ਦਾ

ਆਸਿਮ ਸ਼ਾਹ ਪੁੱਤਰ ਵੱਲ ਤੱਕ ਕੇ ਮਰਦਾ ਏਸ ਅਜ਼ਾਰੂੰ
ਸੱਦ ਹਕੀਮ ਤਬੀਬ ਸਿਆਣੇ ਕਹੇ ਦੱਸੋ ਕੋਈ ਦਾਰੂੰ

ਸੈਫ਼-ਮਲੂਕੇ ਦੀ ਤੱਕ ਹਾਲਤ ਮੈਂ ਥੀਂ ਸਹੀ ਨਾ ਜਾਂਦੀ
ਨਾਲੇ ਬਦ ਨਾਮੋਸ਼ੀ ਸਾਰੇ ਦਿਨ ਦਿਨ ਧੁੰਮਾਂ ਪਾਂਦੀ ।(੧੩੫੦)

ਸਭਨਾਂ ਅਰਜ਼ ਗੁਜ਼ਾਰੀ ਹਜ਼ਰਤ ਇਸ਼ਕੇ ਨਾਲ਼ ਨਾ ਚਾਰਾ
ਜਿਉਂ ਜਿਉਂ ਕਰੋ ਦਵਾ ਅਕਲ ਦੀ ਤਿਉਂ ਤਿਉਂ ਹੁੰਦਾ ਭਾਰਾ

ਕੋਈ ਇਲਾਜ ਨਾ ਆਵੇ ਸਾਨੂੰ ਹਿਕ ਸਲਾਹ ਭਲੇਰੀ
ਜੇ ਸਾਹਿਬ ਗੁਸਤਾਖ਼ੀ ਬਖ਼ਸ਼ਣ ਕਹੀਏ ਨਾਲ਼ ਦਲੇਰੀ

ਆਸਿਮ ਸ਼ਾਹ ਕਿਹਾ ਹੁਣ ਯਾਰੋ ਦੱਸੋ ਜੋ ਕੁੱਝ ਆਵੇ
ਕੀ ਖ਼ਫ਼ਗੀ ਸਿਰ ਸਹਿਣੀ ਆਈ ਜੋ ਕੁੱਝ ਰੱਬ ਸਹਾਵੇ

ਤੁਸਾਂ ਨਾ ਕੀਤੀ ਸਾਹਿਬ ਕੀਤੀ ਕੀ ਸਿਰ ਦੋਸ਼ ਕਹੀਂਦੇ
ਭਲੀ ਸਲਾਹ ਦੱਸੋ ਕੋਈ ਮੈਨੂੰ ਕਿਉਂ ਦਰਮਾਂਦੇ ਥੀਂਦੇ

ਕੀਤੀ ਅਰਜ਼ ਹਕੀਮਾਂ ਸ਼ਾਹਾ ਕੈਦ ਕਰੋ ਸ਼ਹਿਜ਼ਾਦਾ
ਸੰਗਲ ਪਾ ਰਖੋ ਹਿਕ ਜਾਈ ਹੋਏ ਨਾ ਖ਼ਵਾਰ ਜ਼ਿਆਦਾ

ਸੈਫ਼-ਮਲੂਕ ਫੁੱਲਾਂ ਦਾ ਦਸਤਾ ਨਾਜ਼ਾਂ ਦਾ ਪਰਵਰਦਾ
ਸੰਗਲ ਘੱਤ ਕਰਾਇਆ ਕੈਦੀ ਇਸ਼ਕ ਸਿਤਮ ਕੀ ਕਰਦਾ

ਨੌਕਰ ਸਭ ਉਹਦੇ ਵੱਸ ਆਹੇ ਤਾਬਿਅਦਾਰ ਨਿਮਾਣੇ
ਅੱਜ ਉਹ ਵੱਸ ਉਨ੍ਹਾਂ ਦੇ ਆਇਆ ਪਾਈ ਵੇਖ ਰਬਾਣੇ

ਲਾਹੋ ਸੰਗਲ ਜੇ ਸੌ ਆਖੇ ਕਰ ਕਰ ਮਿੰਨਤ ਜ਼ਾਰੀ
ਨੌਕਰ ਕੋਈ ਨਾ ਆਖੇ ਲਗਦਾ ਝਿੜਕਣ ਨਾਲ਼ ਬੇਜ਼ਾਰੀ

ਚਿੱਤ ਉਦਾਸ ਸੱਜਣ ਨੂੰ ਸਿਕਦਾ ਤਿੰਨ ਵਿਚ ਬੰਦ ਕੱਹਾਰੀ
ਸਿਰ ਵਰਤੇ ਤਾਂ ਮਾਲਮ ਹੋਵੇ ਕੇਡ ਮੁਸੀਬਤ ਭਾਰੀ

ਲਿਖੇ ਕੌਣ ਮੁਹੰਮਦ ਬਖਸ਼ਾ ਜ਼ੁਲਮ ਇਸ਼ਕ ਦੇ ਚੰਦਾਂ
ਮਾਪੇ ਆਪ ਕਰਾਵਣ ਕੈਦੀ ਫ਼ਰਜ਼ੰਦਾਂ ਦਿਲਬੰਦਾਂ ।(੧੩੬੦)

ਬਾਪ ਜ਼ੁਲੈਖ਼ਾ ਕੈਦ ਕਰਾਈ ਨਦੀ ਰੁੜ੍ਹਾਈ ਸੱਸੀ
ਪੁੰਨੂੰ ਭਾਈਆਂ ਬੰਨ੍ਹ ਚਲਾਇਆ ਗੱਲ ਨਾ ਜਾਂਦੀ ਦੱਸੀ

ਆਸਿਮ ਸ਼ਾਹ ਤਖ਼ਤ ਪਰ ਰੋਇਆ ਹਾਏ ਰੱਬਾ ਕੀ ਹੋਇਆ
ਕੋਈ ਦਿਨ ਜਾਗ ਨਸੀਬ ਅਸਾਡਾ ਵੰਝ ਕਿੱਤੇ ਵੱਲ ਸੋਇਆ

ਸੈਫ਼-ਮਲੂਕ ਪਿਆ ਵਿਚ ਕੈਦੇ ਭੱਠ ਪਿਆ ਮੈਂ ਜੀਵਾਂ
ਖਾਣਾ ਜ਼ਹਿਰ ਨਿਵਾਲਾ ਹੋਇਆ ਰੱਤੂ ਦੇ ਘੁੱਟ ਪੀਵਾਂ

ਬੰਦ ਅੰਦਰ ਫ਼ਰਜ਼ੰਦ ਜਿਨ੍ਹਾਂ ਦੇ ਪਾਏ ਤੰਦ ਅਵੱਲੇ
ਤਖ਼ਤ ਚਿਖ਼ਾ ਸਿਰ ਤਾਜ ਪਥਰ ਦਾ ਪੀੜਾਂ ਅੰਦਰ ਮੱਲੇ

ਸ਼ਹਿਜ਼ਾਦੇ ਦੇ ਪੈਰੀਂ ਸੰਗਲ ਹੋਇਆ ਬਹੁਤ ਨਿਮਾਣਾ
ਹਿਕ ਅਜ਼ਾਬ ਮੁਹੱਬਤ ਸੰਦਾ ਦੂਜਾ ਕੈਦ ਟਿਕਾਣਾ

ਸੌਖਾ ਬਦਨ ਸ਼ਹਿਜ਼ਾਦੇ ਨਾਲੇ ਨਾਜ਼ੁਕ ਬਾਲ ਇਆਣਾ
ਤਾਜ਼ਾ ਫੁੱਲ ਮੁਹੰਮਦ ਬਖਸ਼ਾ ਧੁੱਪ ਲੱਗੀ ਕੁਮਲਾਣਾ

ਰੱਬ ਅੱਗੇ ਫ਼ਰਿਆਦਾਂ ਕਰਦਾ ਹੋਰ ਨਹੀਂ ਕੋਈ ਪਾਸਾ
ਕਰ ਤਕਸੀਰ ਮੁਆਫ਼ ਇਲਾਹੀ ਸੱਜਣ ਦੇਇ ਦਿਲਾਸਾ

ਕੈਂ ਦਰ ਕੂਕਾਂ ਕੂਕ ਸੁਣਾਵਾਂ ਕਿਸੇ ਜਹਾਨ ਨਾ ਢੋਈ
ਅੰਦਰ ਇਸ਼ਕ ਅਲੰਬੇ ਬਾਲੇ ਲੋਕਾਂ ਖ਼ਬਰ ਨਾ ਕੋਈ

ਹਿਕ ਤੱਅਨੇ ਹਿਕ ਮੱਤੀਂ ਦਿੰਦੇ ਹਿੱਕਨਾਂ ਕੈਦ ਕਰਾਇਆ
ਵਾਕਿਫ਼ ਹਾਲ ਮੇਰੇ ਦਾ ਤੂੰਹੇਂ ਬਖ਼ਸ਼ਣਹਾਰ ਖ਼ੁਦਾਇਆ

ਦਰਦੀ ਮੇਰੇ ਮਾਂ ਪਿਓ ਆਹੇ ਦੁੱਖ ਪੱਤਰ ਦੇ ਰੋਂਦੇ
ਉਨ੍ਹਾਂ ਭੀ ਫੜ ਕੈਦ ਕਰਾਇਆ ਆਪ ਮਹੱਲੀਂ ਸੌਂਦੇ ।(੧੩੭੦)

ਮੂਰਤ ਵੇਖ ਲੱਗੀ ਵਿਚ ਸੀਨੇ ਜ਼ਹਿਰ ਅਲੂਦੀ ਕਾਨੀ
ਥਾਂ ਟਿਕਾਣਾ ਕੋਈ ਨਾ ਜਾਣਾਂ ਨਾ ਕੋਈ ਪਤਾ ਨਿਸ਼ਾਨੀ

ਲਾਹੀ ਆਸ ਸਭਸ ਤੋਂ ਦਿੱਤੇ ਖੋਲ੍ਹ ਜਵਾਬ ਰਫ਼ੀਕਾਂ
ਰਹੀ ਉਮੀਦ ਤੇਰੇ ਦਰ ਰੱਬਾ! ਤੈਨੂੰ ਸਭ ਤੌਫ਼ੀਕਾਂ

ਇਸ਼ਕ ਨਚਾਵੇ ਥੱਈਆ ਥੱਈਆ ਛਣਕਣ ਪੈਰੀਂ ਸੰਗਲ
ਕੈਦ ਛੁੱਟੇ ਤਾਂ ਮੈਂ ਲੱਖ ਲੁੱਟੀ ਢੂੰਢਾਂ ਨਦੀਆਂ ਜੰਗਲ਼

ਫਿਰ ਮੂਰਤ ਨੂੰ ਅੱਗੇ ਧਰਕੇ ਗਿਲੇ ਉਲਾਹਮੇ ਕਰਦਾ
ਐਵੇਂ ਲੁੱਟ ਲਿਓਈ ਠੱਗਾ ਪਤਾ ਨਾ ਦਿਤੋਈ ਘਰ ਦਾ

ਨਾ ਕੋਈ ਤੇਰੀ ਦਸ ਨਿਸ਼ਾਨੀ ਨਾ ਕੋਈ ਪੰਧ ਨਾ ਰਸਤਾ
ਮੈਂ ਬੇਦਿਲ ਤੋਂ ਬੇ ਨਿਸ਼ਾਨੀ ਕੌਣ ਕਟੇ ਇਹ ਫਸਤਾ

ਹਿਕੋ ਨਾਮ ਤੁਸਾਡਾ ਜਾਣਾਂ ਥਾਂ ਮਕਾਨ ਨਾ ਕਾਈ
ਕਿੱਥੇ ਗੁਜ਼ਰ ਕਿਦੇ ਘਰ ਕਿੱਥੇ ਮਹਰਮੀਅਤ ਅਸ਼ਨਾਈ

ਕੈਦ ਕਰਾਈ ਸੰਗਲ ਘੱਤੇ ਸਾਨੂੰ ਆਪ ਆਜ਼ਾਦੇ
ਇਸ਼ਕੇ ਬੰਦੀਵਾਨ ਬਣਾਏ ਆਦੀ ਦੇ ਸ਼ਹਿਜ਼ਾਦੇ

ਕਰ ਹੁਣ ਰਹਿਮ ਅਸਾਂ ਪਰ ਸੱਜਣਾ! ਦੇ ਕੁੱਝ ਪਤਾ ਨਿਸ਼ਾਨੀ
ਕਿਤ ਵੱਲ ਢੂੰਡ ਕੀਜੀਵੇ ਤੇਰੀ ਮੁਸ਼ਕਿਲ ਹੋਏ ਆਸਾਨੀ

ਵੇਖਾਂ ਹਾਲ ਕਵੇਹਾ ਕੀਤਾ ਤਲਬ ਤੇਰੀ ਮਤਲੂਬਾ
ਅਜੇ ਨਹੀਂ ਕੁੱਝ ਮਿਹਰ ਤੁਸਾਨੂੰ ਬੇ ਪਰਵਾਹ ਮਹਿਬੂਬਾ

ਇਹੋ ਵੈਣ ਕਰੇਂਦਾ ਰੋਂਦਾ ਹੁੰਦਾ ਮਿਸਲ ਦੀਵਾਨੇ
ਵਾਂਗ ਸ਼ਿਕਾਰ ਜ਼ਿਮੀਂ ਪਰ ਝੜਦਾ ਲਗਦਾ ਤੀਰ ਨਿਸ਼ਾਨੇ ।(੧੩੮੦)

ਸਾਇਤ ਘੜੀ ਰਹੇ ਗ਼ਸ਼ ਅੰਦਰ ਵਾਂਗ ਸ਼ਹੀਦ ਵਿਖਾਵੇ
ਜਿਸ ਦਿਨ ਹੋਸ਼ ਫਿਰੇ ਕੁੱਝ ਮੁੜ ਕੇ ਇਹੋ ਗਾਵਣ ਗਾਵੇ

ਆਪ ਹੱਸੇ ਤੇ ਆਪੇ ਰੋਵੇ ਕਦੇ ਮਰੇ ਮੁੜ ਜੀਵੇ
ਇਹ ਸੌਦਾ ਮੁਹੰਮਦ ਬਖਸ਼ਾ ਦਿਨ ਦਿਨ ਦੂਣਾ ਥੀਵੇ

29. ਦਰ ਬਿਆਨਿ ਖ਼ਾਬਿ ਸੈਫ਼-ਉਲ-ਮਲੂਕ ਵਾ ਬਰ-ਆਵਰਦਨਿ
ਪਿਦਰ ਊ ਰਾ ਅਜ਼ ਜ਼ੰਜੀਰਾਂ
(ਸੈਫ਼-ਉਲ-ਮਲੂਕ ਦਾ ਸੁਫ਼ਨਾ ਤੇ ਪਿਓ ਦਾ ਸੰਗਲ ਖੋਲ੍ਹ ਦੇਣਾ)

ਭਲਾ ਭੁਲਾ ਜੀਉ ਆਇਓਂ ਅਸ਼ਕਾ ਮਕਰ ਫ਼ਰੇਬੀ ਯਾਰਾ
ਹਿਕ ਦਿਨ ਸੁਲਹ ਬਣਾਵੇਂ ਆਪੂੰ ਆਪ ਕਰੇਂ ਜੰਗ ਭਾਰਾ

ਕਦੇ ਸਿਆਣਾ ਕਰੇਂ ਸੌਦਾਈ ਦੇ ਕੇ ਮਸਤ ਪਿਆਲਾ
ਕਦੇ ਝੱਲੇ ਨੂੰ ਸ਼ਰਬਤ ਦੇ ਕੇ ਤੁਰਤ ਕਰੇਂ ਸੁਧ ਵਾਲਾ

ਜਾਂ ਦਿਲਬਰ ਦੀ ਜ਼ੁਲਫ਼ੇ ਅੰਦਰ ਮਾਰੇਂ ਗੰਢ ਹੁਸਨ ਦੀ
ਖ਼ਫ਼ਕਾਨੀ ਦੇ ਸੰਗਲ ਅੰਦਰ ਪੈਣ ਸਿਆਣੇ ਬੰਦੀ

ਜਾਂ ਉਹ ਗੰਢ ਕੁਸ਼ਾਦੀ ਕਰ ਕੇ ਪੁਠੇ ਦੇਏਂ ਸਫ਼ਾਈ
ਬਲਦਾ ਫੇਰ ਚਿਰਾਗ਼ ਅਕਲ ਦਾ ਲੱਗ ਪੈਂਦੀ ਰੁਸ਼ਨਾਈ

ਸੈਫ਼-ਮਲੂਕ ਹਿਕ ਰਾਤੀਂ ਆਹਾ ਖ਼ਾਲੀ ਹੋਸ਼ੋਂ ਸਬਰੋਂ
ਗ਼ਸ਼ ਗ਼ਮਾਂ ਦੇ ਅੰਦਰ ਸੁੱਤਾ ਕੰਨ ਡੋਰੇ ਹਰ ਖ਼ਬਰੋਂ

ਮੱਤ ਕੋਈ ਜਾਣੇ ਸੁੱਤਾ ਆਹਾ ਗ਼ੈਰ ਵੱਲੋਂ ਦਿਲ ਸੋਇਆ
ਦਰਦਾਂ ਥੀਂ ਆਰਾਮ ਨਾ ਆਵੇ ਬਹੁਤਾ ਦੁਖੀਆ ਹੋਇਆ

ਪੁੱਟੇ ਵਾਲ਼ ਘੱਤੇ ਸਿਰ ਘੱਟਾ ਰੋਂਦਾ ਘੱਤ ਕਹਾਈਂ
ਸਿਜਦੇ ਪਏ ਸੱਜਣ ਨੂੰ ਕਹਿੰਦਾ ਸੁਣ ਅਰਜ਼ਾਂ ਦਿਲ ਲਾਈਂ

ਹੋਸ਼ ਕਰਾਰ ਮੇਰਾ ਤੁਧ ਖੜਿਆ ਇਸ਼ਰਤ ਐਸ਼ ਜਵਾਨੀ
ਗ਼ਮ ਦੇ ਕੇ ਗ਼ਮਖ਼ਾਰ ਨਾ ਹੋਇਓਂ ਦਿਲ ਖੜ ਕੇ ਦਿਲ-ਜਾਨੀ ।(੧੩੯੦)

ਨਸ਼ਤਰ ਮਾਰ ਮੁਹੱਬਤ ਵਾਲੀ ਸੁਰਤ ਨਾ ਲਈਆ ਮੁੜ ਕੇ
ਜੇ ਮੈਂ ਜਾ ਤੁਸਾਡੀ ਜਾਣਾਂ ਪਹੁੰਚ ਰਹਾਂ ਰੁੜ੍ਹ ਖੁੜ ਕੇ

ਸ਼ੇਰ ਸ਼ਿਕਾਰ ਕਰੇਂਦਾ ਖ਼ੁਸ਼ੀਆਂ ਕੈਦ ਅੰਦਰ ਤੁਧ ਪਾਇਆ
ਦਾਨਿਸ਼ਮੰਦ ਸ਼ਹਿਜ਼ਾਦਾ ਨਾਮੀ ਝੱਲਾ ਨਾਮ ਧਰਾਇਆ

ਨਾ ਮੈਂ ਯਾਰ ਕਹਾਵਣ ਲਾਇਕ ਨਾਹੀਂ ਤੁਸਾਂ ਪਿਆਰਾ
ਗੋਲਾ ਕਰ ਕੇ ਰੱਖ ਬੰਦੇ ਨੂੰ ਆਣ ਭੁਲਾ ਬੇਚਾਰਾ

ਕਦਰ ਤੇਰਾ ਘੱਟ ਜਾਂਦਾ ਨਾਹੀਂ ਜੇ ਰੱਖੇਂ ਕਰ ਗੋਲਾ
ਕਰ ਆਜ਼ਾਦ ਮੈਨੂੰ ਇਸ ਰੰਜੋਂ ਝੋਲ ਮਿਹਰ ਦਾ ਝੋਲਾ

ਮੇਰੇ ਜੇਡ ਨਾ ਹੋਵੇ ਕੋਈ ਦੁਨੀਆਂ ਤੇ ਦੁਖਿਆਰਾ
ਜੱਗ ਤੇ ਨਾਮ ਮੁਲਾਮਤ ਜੋਗਾ ਵੱਟੇਦਾਰ ਨਿਕਾਰਾ

ਔਗੁਣ ਮੇਰੇ ਤੱਕ ਤੱਕ ਮਾਈ ਜੰਮ ਕੇ ਪੱਛੋਤਾਂਦੀ
ਬਾਬਲ ਨੂੰ ਫ਼ਰਜ਼ੰਦੀ ਮੇਰੀ ਨੰਗ ਪਈ ਨਿੱਤ ਲਾਂਦੀ

ਨੌਕਰ ਚਾਕਰ ਆਪੋ ਆਪਣੀਂ ਗਏ ਹਿਕੱਲਾ ਸੁੱਟ ਕੇ
ਯਾਰ ਅਸ਼ਨਾ ਨਾ ਤੱਕਦਾ ਕੋਈ ਅੱਖ ਮੇਰੇ ਵੱਲ ਪੁੱਟ ਕੇ

ਕੈਸੀ ਅੱਗ ਲਗਾਈਓਈ ਮੈਨੂੰ ਸੜੀਓਸੁ ਵਾਂਗਰ ਕੱਖਾਂ
ਤੁਸਾਂ ਨਾ ਪਾਸਾ ਪਰਤੋ ਤੋੜੇ ਆਸ ਤੁਸਾਡੀ ਰੱਖਾਂ

ਦਿਲਬਰ ਅੱਗੇ ਅਰਜ਼ਾਂ ਕਰਦਾ ਸੌਂ ਗਿਆ ਸ਼ਹਿਜ਼ਾਦਾ
ਦਿਲ ਨੂੰ ਬੂ ਸੱਜਣ ਦੀ ਆਈ ਮਸਤੀ ਚੜ੍ਹੀ ਜ਼ਿਆਦਾ

ਖ਼ਾਬੇ ਅੰਦਰ ਨਜ਼ਰੀਂ ਆਇਓਸੁ ਸੂਰਤ ਮੂਰਤ ਵਾਲੀ
ਕੀ ਕੁੱਝ ਸਿਫ਼ਤ ਸੁਣਾਵਾਂ ਉਸ ਦੀ ਸ਼ਰ੍ਹਾ ਬਿਆਨੋਂ ਆਲੀ ।(੧੪੦੦)

ਸੈਫ਼-ਮਲੂਕੇ ਖ਼ਾਬੇ ਅੰਦਰ ਪੱਲਾ ਉਸ ਦਾ ਫੜਿਆ
ਰਤੂੰ ਰੋਇ ਨਿਮਾਣਾ ਆਸ਼ਿਕ ਪੈਰਾਂ ਉਪਰ ਝੜਿਆ

ਕਹਿੰਦਾ ਹੇ ਮਾਸ਼ੂਕਾ ਤੁਧ ਬਿਨ ਬਹੁਤ ਨਿਮਾਣਾ ਸੜਿਆ
ਮੰਨ ਸਵਾਲ ਮੁਹੰਮਦ ਬਖਸ਼ਾ ਸੱਟ ਨਾ ਜਾਈਂ ਅੜਿਆ

ਜਿਸ ਇਹ ਸੂਰਤ ਜੋਬਨ ਦਿੱਤੇ ਕਸਮ ਤੈਨੂੰ ਉਸ ਰੱਬ ਦੀ
ਕਿਹੜਾ ਸ਼ਹਿਰ ਵਲਾਇਤ ਤੇਰੀ ਦੇਈਂ ਨਿਸ਼ਾਨੀ ਸਭ ਦੀ

ਅਪਣਾ ਆਪ ਦਸਾਲੀਂ ਮੈਨੂੰ ਦੱਸ ਪਕੇਰੀ ਪਾਵੀਂ
ਕਿਸ ਰਸਤੇ ਮੈਂ ਟੁਰਾਂ ਤੁਸਾਂ ਵੱਲ ਖ਼ੁਸ਼ਕੀ ਯਾ ਦਰਿਆਵੀਂ

ਸੂਰਤ ਨੇ ਫ਼ੁਰਮਾਇਆ ਜੇ ਕਰ ਇੁਸ ਵਿਚ ਮਤਲਬ ਤੇਰਾ
ਸ਼ਰਿਸਤਾਨ ਸੁਨਹਿਰੀ ਅੰਦਰ ਬਾਗ਼-ਇਰਮ ਮੈਂ ਡੇਰਾ

ਸ਼ਾਹ ਸ਼ਾਹਪਾਲੇ ਦੀ ਮੈਂ ਬੇਟੀ ਪਰੀਆਂ ਦੀ ਸ਼ਾਹਜ਼ਾਦੀ
ਹੁਸਨ ਜਮਾਲ ਮੇਰੀ ਹੈ ਮਾਈ ਮਿਹਰ ਅਫ਼ਰੋਜ਼ਾ ਦਾਦੀ

ਜੇ ਤੂੰ ਮੇਰਾ ਯਾਰ ਕਹਾਵੇਂ ਇਸ਼ਕ ਤੇਰੇ ਦਿਲ ਧਸਿਆ
ਮੇਰੇ ਬਾਝ ਨਾ ਹੋਰ ਕਬੂਲੀਂ ਰਹੀਂ ਨਾ ਫਾਹੀ ਫਸਿਆ

ਹੱਕ ਮੁਹੱਬਤ ਮੇਰੀ ਸੰਦਾ ਰੱਖੀਂ ਵਾਂਗ ਅਮਾਨਤ
ਕਰੀਂ ਨਾ ਜੂਠਾ ਮੂੰਹ ਪਿਆਰੋਂ ਪਹੁੰਚੀਂ ਬਾਝ ਖ਼ਿਆਨਤ

ਮੱਤ ਜਾਣੇਂ ਮਾਸ਼ੂਕ ਮੇਰੇ ਨੂੰ ਮੂਲ ਨਹੀਂ ਪਰਵਾਹਾਂ
ਦਿਲ ਪਰ ਦਾਗ਼ ਤੁਸਾਡਾ ਦਾਇਮ ਮੇਲ਼ ਮੁਹੱਬਤ ਚਾਹਾਂ

ਮੈਂ ਪਰੀ ਤੂੰ ਆਦਮ ਖ਼ਾਕੀ ਪਰ ਚਿੱਤ ਸਾਡਾ ਅੜਿਆ
ਨਿੱਤ ਉਡੀਕ ਸ਼ਿਤਾਬੀ ਆਵੀਂ ਕਦਮੀਂ ਪੈ ਕੇ ਅੜਿਆ ।(੧੪੧੦)

'ਫ਼ਾ ਤਲਬਨੀ ਤਜੱਦਨੀ' ਮੀਆਂ ਮੈਂ ਮੌਜੂਦ ਤੁਸਾਂ ਨੂੰ
ਮੇਰੇ ਬਾਝ ਨਾ ਚਾਹੇਂ ਦੂਜਾ ਲੈਸੇਂ ਲੱਭ ਅਸਾਂ ਨੂੰ

ਮੈਂ ਤੇ ਆਪ ਮੁਹੱਬਤ ਤੇਰੀ ਤੁਧ ਥੀਂ ਕੁੱਝ ਜ਼ਿਆਦਾ
ਤਾਹੀਂ ਆਪ ਸਦਾਵਾਂ ਤੈਨੂੰ ਝਬਦੇ ਆ ਸ਼ਹਿਜ਼ਾਦਾ

ਖ਼ੁਸ਼ਕੀ ਰਸਤੇ ਪਹੁੰਚ ਨਾ ਸਕਸੇਂ ਠੇਲ ਨਦੀ ਵਿਚ ਬੇੜੇ
ਲਹਿਰ ਇਸ਼ਕ ਦੀ ਮਾਣ ਮੁਹੰਮਦ ਛੋੜ ਤਮਾਮੀ ਝੇੜੇ

ਨਦੀ ਮਿਜਾਜ਼ ਸਮੁੰਦ ਹੱਕਾਨੀਂ ਖੜਸੀ ਰਾਹ ਅਵੱਲੇ
ਬੇੜਾ ਭੱਜ ਹੋਵੇਗਾ ਟੋਟੇ ਕਦ ਸਾਬਤ ਸੰਗ ਚੱਲੇ

ਰੂਹ ਸ਼ਹਿਜ਼ਾਦਾ ਨਦੀ ਪਿਰਮ ਦੀ ਬੇੜਾ ਜਾਣ ਬਦਨ ਨੂੰ
ਜਾਨੀ ਨਾਲ਼ ਮਿਲੀਂ ਤੁਧ ਜਾਨੀ ਕਰੀਂ ਸ਼ਿਕਸਤਾ ਤਨ ਨੂੰ

ਖ਼ੁਸ਼ਕੀ ਰਸਤਾ ਖ਼ੁਸ਼ਕ ਇਬਾਦਤ ਬਣ ਸੋਜ਼ੋਂ ਬਿਨ ਦਰਦੋਂ
ਇਹ ਇਬਾਦਤ ਮਲਕੀ ਭਾਈ ਨਾਹੀਂ ਆਰਿਫ਼ ਮਰਦੋਂ

ਮਨ ਦੇ ਹੁਕਮ ਇਬਾਦਤ ਕਰਦੇ ਸ਼ਰ ਨਹੀਂ ਨਫ਼ਸਾਨੀ
ਯਾਰ ਸੋਈ ਜਿਸ ਇਸ਼ਕ ਕਮਾਇਆ ਇਹ ਦੌਲਤ ਇਨਸਾਨੀ

ਇਸ਼ਕੇ ਕਾਰਨ ਆਦਮ ਕੀਤਾ ਮਹਿਰਮ ਯਾਰ ਯਗਾਨਾ
ਆਹੇ ਮਲਕ ਇਬਾਦਤ ਜੋਗੇ ਕੀ ਹਾਜਤ ਇਨਸਾਨਾਂ

ਖ਼ਿਦਮਤਗਾਰ ਹੁਕਮ ਦੇ ਬੰਦੇ ਬਹੁਤ ਆਹੇ ਸੁਲਤਾਨੇ
ਜੋ ਕੰਮ ਫ਼ਰਜ਼ ਉਨ੍ਹਾਂ ਦੇ ਉੱਤੇ ਹੋਰ ਕੋਈ ਕੀ ਜਾਣੇ

ਰਖ ਘੋੜੇ ਦੀ ਵਾਗ ਮੁਹੰਮਦ ਫੇਰ ਪਿੱਛੇ ਕਰ ਫੇਰਾ
ਇਸ ਮੈਦਾਨ ਕਵਾਇਦ ਜੋਗਾ ਹੈ ਕੀ ਬਾਦਰ ਤੇਰਾ ।(੧੪੨੦)

ਸੂਰਤ ਦਿਲਬਰ ਦੀ ਜਦ ਪਾਈਆਂ ਖ਼ਾਬੇ ਅੰਦਰ ਝਾਤਾਂ
ਆਖ ਸੁਣਾਈਆਂ ਆਸ਼ਿਕ ਤਾਈਂ ਪਤੇ ਨਿਸ਼ਾਨੀ ਬਾਤਾਂ

ਜਾਨ ਪਈ ਤਨ ਮਰਦੇ ਤਾਈਂ ਉੱਘੜ ਗਈਆਂ ਅੱਖਾਂ
ਹੋਸ਼ਾਂ ਸੁਰਤ ਸੰਭਾਲਾਂ ਦਿੱਤੀਆਂ ਹਿਕਸ ਹਿਕਸ ਥੀਂ ਲੱਖਾਂ

ਇਸ ਖ਼ਾਬੇ ਸ਼ਹਿਜ਼ਾਦੇ ਤਾਈਂ ਦਿੱਤੀ ਅੱਗੇ ਵਾਲੀ
ਹੋਸ਼ ਜਿੰਦੂ ਤੇ ਸਬਰ ਦਿਲੇ ਵਿਚ ਤਨ ਕੁੱਵਤ ਮੁੱਖ ਲਾਲੀ

ਇਸ ਲੈਲੀ ਵਿਚ ਸੁੱਤੇ ਆਸ਼ਿਕ ਹੋ ਕੇ ਮਜਨੂੰ ਝੱਲੇ
ਖ਼ਵਾਬੋਂ ਲੈ ਹੁਸ਼ਿਆਰੀ ਉੱਠੇ ਜਾਗੇ ਬਖ਼ਤ ਸਵੱਲੇ

ਪੀਆ ਪਰੀਤ ਦਿਸਾਲੀ ਆਪਣੀ ਦਿਲ ਅੰਦਰ ਜੋਸ਼ ਆਇਆ
ਫੇਰ ਨਵੇਂ ਸਿਰ ਅਕਲ ਖਿੜਾਇਆ ਦਾਨਿਸ਼ ਤੇ ਹੋਸ਼ ਆਇਆ

ਕਰੇ ਆਵਾਜ਼ ਗ਼ੁਲਾਮਾਂ ਤਾਈਂ ਜਾਗੋ ਸਾਥੀ ਦੁੱਖ ਦੇ
ਦਿਓ ਮੁਬਾਰਿਕ ਬਾਪ ਮੇਰੇ ਨੂੰ ਖ਼ਬਰ ਸੁਨੇਹੇ ਸੁਖ ਦੇ

ਦਾਨਿਸ਼ ਅਕਲ ਦਿੱਤਾ ਰੱਬ ਮੈਨੂੰ ਸੁੱਕੀ ਨਹਿਰ ਵਗਾਈ
ਆਓ ਸੰਗਲ ਲਾਹੋ ਮੇਰੇ, ਵੱਲ ਹੋਇਆ ਸੌਦਾਈ
ਆਸਿਮ ਇਹ ਮੁਬਾਰਿਕ ਸੁਣ ਕੇ ਚਾਆਂ ਖ਼ੁਸ਼ੀ ਕਮਾਲੇ
ਹੋ ਬੇਹੋਸ਼ ਗਿਆ ਕੋਈ ਸਾਇਤ ਜਾਂ ਆਇਆ ਵਿਚ ਹਾਲੇ

ਜਿਸ ਘਰ ਬੇਟਾ ਕੈਦੀ ਆਹਾ ਉਸ ਘਰ ਗਿਆ ਸ਼ਿਤਾਬੀ
ਪੜ੍ਹ ਸ਼ੁਕਰਾਨਾ ਸੰਗਲ ਲਾਹੇ ਹੋਏ ਕਰਮ ਵੱਹਾਬੀ

ਉਂਗਲ ਫੜ ਕੇ ਆਣ ਬਹਾਇਆ ਉਪਰ ਤਖ਼ਤ ਸੁਨਹਿਰੀ
ਸੋਹਣੇ ਸਭ ਇਕੱਠੇ ਹੋਏ ਬੈਠੇ ਲਾਇ ਕਚਹਿਰੀ ।(੧੪੩੦)

ਹਾਣੀ ਯਾਰ ਲੱਗੇ ਰਲ਼ ਬੈਠਣ ਕੋਲ ਚੰਨ ਦੇ ਤਾਰੇ
ਹੱਸਣ ਖੇਡਣ ਬਾਤਾਂ ਕਰਦੇ ਸ਼ਹਿਜ਼ਾਦੇ ਸੰਗ ਸਾਰੇ

ਗੱਲੋਂ ਗੱਲ ਹਿਲਾਂਦੇ ਜਾਂਦੇ ਹਰ ਹਰ ਸ਼ਹਿਰ ਮੁਲਕ ਦੀ
ਮੁੜ ਮੁੜ ਕੇ ਉਹ ਗੱਲ ਮੁਹੰਮਦ ਬਾਗ਼-ਇਰਮ ਵੱਲ ਢੁਕਦੀ

ਦਿਲ ਵਿਚ ਸ਼ਰਿਸਤਾਨ ਵਸੇਂਦਾ ਨਾਲੇ ਬਾਗ਼-ਇਰਮ ਦਾ
ਓਸੇ ਪਿਛੇ ਜ਼ਿਕਰ ਕਰੇਂਦਾ ਰੂਮ ਓ ਸ਼ਾਮ ਅਜਮ ਦਾ

ਲੈ ਲੈ ਨਾਂਵਾਂ ਬਾਗ਼-ਇਰਮ ਦਾ ਗਲ ਖੜੀ ਮੁੜ ਅੱਗੇ
ਪਰੀਆਂ ਦੀ ਉਹ ਜਾਇ ਸੁਣੀਂਦੀ ਕਿਸ ਡੌਲੇ ਹੱਥ ਲੱਗੇ

ਗਲੇ ਕਿੱਥੇ ਨਾਲ਼ ਬਹਾਨੇ ਲੈਂਦਾ ਨਾਮ ਪਰੀ ਦਾ
ਜਾਂ ਉਹ ਨਾਮ ਲਏ ਤਾਂ ਹੁੰਦਾ ਜੀਵਨ ਦਮ ਮਰੀ ਦਾ

ਮੁਲਕ ਸੱਜਣ ਦਾ ਨਾਮ ਸੱਜਣ ਦਾ ਦਮ ਦਮ ਨਾਲ਼ ਪੁਕਾਰੇ
ਹੰਝੂ ਦੇ ਦਰਿਆ ਵਗਾਵੇ ਆਹੀਂ ਢਾਈਂ ਮਾਰੇ

ਗੱਲ ਕਲਾਮ ਨਾ ਕਰਦਾ ਦੂਜੀ ਬਾਝ ਸੱਜਣ ਦੇ ਨਾਮੋਂ
ਨਾਮ ਜਪੇ ਯਾ ਬੈਠ ਚੁਪੀਤਾ ਫ਼ਿਕਰ ਕਰੇ ਉਸ ਕਾਮੋਂ

ਖ਼ਸਤਾ ਹਾਲ ਕੀਤਾ ਗ਼ਮ ਤੋੜੇ ਸੈਫ਼-ਮਲੂਕ ਸ਼ਹਿਜ਼ਾਦਾ
ਫਿਰ ਭੀ ਜੋਬਨ ਉਸਦਾ ਆਹਾ ਹੱਦੋਂ ਬਹੁਤ ਜ਼ਿਆਦਾ

ਘਰ ਘਰ ਸ਼ਹਿਰ ਵਲਾਇਤ ਅੰਦਰ ਸੁੰਦਰ ਮੁਖ ਦਾ ਕਿੱਸਾ
ਕੰਨ ਦਿਲੇ ਦੇ ਧਰ ਜੋ ਸੁਣਦਾ ਲੈਂਦਾ ਇਸ਼ਕੋਂ ਹਿੱਸਾ

ਸੈਫ਼-ਮਲੂਕ ਸ਼ਹਿਜ਼ਾਦੇ ਤਾਈਂ ਲੱਗੀ ਝਲਕ ਸਜਨ ਦੀ
ਬੇ ਆਰਾਮ ਰਹੇ ਹਰ ਵੇਲੇ, ਬੁਰੀ ਉਦਾਸੀ ਮਨ ਦੀ ।(੧੪੪੦)

ਸੈਰ ਸ਼ਿਕਾਰ ਨ ਭਾਵੇ ਉਸ ਨੂੰ ਮਜਲਸ ਵਿਚ ਨਾ ਬਹਿੰਦਾ
ਖ਼ਸਤਾ ਹਾਲ ਉਦਾਸ ਹਮੇਸ਼ਾਂ ਆਹੀਂ ਭਰਦਾ ਰਹਿੰਦਾ

ਨਾਲ ਖ਼ਿਆਲ ਜਮਾਲ ਸਜਨ ਦੇ ਇਸ਼ਕ ਕਮਾਲ ਹੋਇਆ ਸੀ
ਲਾਲ ਗੁਲਾਲ ਨਿਹਾਲ ਹੁਸਨ ਦਾ ਹਾਲ ਬੇ-ਹਾਲ ਹੋਇਆ ਸੀ

ਤਾਜੋਂ ਰਾਜੋਂ ਕੰਮੋਂ ਕਾਜੋਂ ਆਣ ਹੋਈ ਦਿਲਗੀਰੀ
ਪੱਟ ਦੋਸ਼ਾਲੇ ਭਾਵਣ ਨਾਹੀਂ ਭਾਵੇ ਵੇਸ ਫ਼ਕੀਰੀ

ਹਰ ਤਦਬੀਰੋਂ ਅਤੇ ਸਲਾਹੋਂ ਹੋ ਗਿਆ ਹਿਕ ਤਰਫ਼ੇ
ਮਤਲਬ ਸਮਝ ਚੁਪੀਤਾ ਹੋਇਆ ਵਾਚ ਪਰੀ ਦੇ ਹਰਫ਼ੇ

ਆਸਿਮ ਸ਼ਾਹ ਵਜ਼ੀਰਾਂ ਤਾਈਂ ਸ਼ਹਿਜ਼ਾਦੇ ਵਲ ਘਲਦਾ
ਵੱਅਜ਼ ਨਸੀਹਤ ਕਹਿਓਂ ਕੋਈ ਮਤ ਹੋਵੇ ਵਾਹ ਚਲਦਾ

ਮੀਰ ਵਜ਼ੀਰ ਸਿਆਣੇ ਨਾਲੇ ਆਲਿਮ ਕਾਜ਼ੀ ਮੁੱਲਾਂ
ਆਸ਼ਿਕ ਨੂੰ ਸਮਝਾਵਣ ਲੱਗੇ ਛਡ ਇਹ ਲਾਲਾਂ-ਫੁੱਲਾਂ

ਕਾਹਨੂੰ ਇਲਮ ਪੜ੍ਹਾਇਆ ਤੈਨੂੰ ਪੜ੍ਹ ਕੇ ਪਥਰ ਹੋਇਓਂ
ਸ਼ਾਹੋਂ ਬਣੇਂ ਕੰਗਾਲ ਧਿੰਙਾਣੇ ਇਸ ਪਾਸੇ ਕਿਓਂ ਢੋਇਓਂ

ਪੜ੍ਹ ਪੜ੍ਹ ਪੱਥਰ ਬਣਿਆ ਹੈਸਾਂ ਪਾਰਸ ਇਸ਼ਕ ਲਗਾਇਆ
ਸੋਨਾ ਸਿੱਕਾ ਜੋ ਕੁਝ ਆਹਾ ਹੱਥ ਸਰਾਫ਼ ਵਿਕਾਇਆ

ਵਿਕਿਆ ਸੋਨਾ ਮੁੜਦਾ ਨਾਹੀਂ ਜੇ ਲਖ ਦਿਓ ਬਹਾਨੇ
ਛਿਕ ਗਈ ਸਭ ਸ਼ਰਫ਼ ਤੁਸਾਡੀ ਵਿਕ ਪਰੀ ਦੇ ਕਾਨੇ

ਜੇ ਮੂਰਤ ਵਿਚ ਹੁੰਦਾ ਨਾਹੀਂ ਸ਼ਰ ਸੱਚੇ ਦਿਲਬਰ ਦਾ
ਕੀ ਤਾਕਤ ਸੀ ਘਾਇਲ ਕਰਦੀ ਜਿਗਰਾ ਦਾਨਿਸ਼ਵਰ ਦਾ ।(੧੪੫੦)

ਝੱਲੇ ਨੂੰ ਮੱਤ ਦੇਵਣ ਵਾਲੇ ਝੱਲਿਆਂ ਵਿਚ ਗਿਣੀਂਦੇ
ਅਸਾਂ ਸਜਨ ਵਲ ਸਰਪਰ ਜਾਣਾ ਮਰਸੋ ਮੱਤੀ ਦਿੰਦੇ

ਜੋ ਜੋ ਕਰਨ ਸਵਾਲ ਅਕਲ ਦਾ ਆਸ਼ਿਕ ਡਕਦਾ ਜਾਏ
ਲਾ ਜਵਾਬ ਹਕੀਮਾਂ ਹੋ ਕੇ ਆਣ ਜਵਾਬ ਸੁਣਾਏ

ਓੜਕ ਆਸਿਮ ਗੱਲਾਂ ਸੁਣ ਕੇ ਗਲਿਆ ਗ਼ਮ ਦੇ ਬੋਤੇ
ਹੰਝੂ-ਪਾਣੀ ਨਾਲ ਪਿਓ ਨੇ ਬੇਟੇ ਤੋਂ ਹੱਥ ਧੋਤੇ

ਕਹਿੰਦਾ ਬੇਟਾ ਮੰਗ ਲੱਧੋਂ ਨਾ ਕਰ ਸੀਨਾ-ਜ਼ੋਰੀ
ਬੁਢੇ ਵਾਰੇ ਔਸ਼ਰ ਵੇਲੇ ਟੁਰਿਓਂ ਭੰਨ ਡੰਗੋਰੀ

ਆਸਿਮ ਸ਼ਾਹ ਕਿਹਾ ਦੱਸ ਬੇਟਾ ਜੇ ਤੁਧ ਸਰ ਪਰ ਤੁਰਨਾ
ਕਰਾਂ ਤਿਆਰ ਅਸਬਾਬ ਸਫ਼ਰ ਦਾ ਕੀ ਐਵੇਂ ਬਹਿ ਝੁਰਨਾ

ਸੈਫ਼-ਮਲੂਕ ਸ਼ਹਿਜ਼ਾਦਾ ਸੁਣ ਕੇ ਪਿਓ ਨੂੰ ਦੇ ਦੁਆਈਂ
ਸ਼ਾਲਾ ਖ਼ੁਸ਼ ਰਹੇਂ ਤੂੰ ਬਾਬਲ ਅਵਲ ਆਖ਼ਿਰ ਤਾਈਂ

ਆਸਿਮ ਸ਼ਾਹ ਫਿਰ ਸੱਦ ਉਮਰਾਵਾਂ ਦਿੱਤਾ ਹੁਕਮ ਸ਼ਿਤਾਬੀ
ਕਰੋ ਤਿਆਰ ਅਸਬਾਬ ਸਫ਼ਰ ਦਾ ਕਿਸ਼ਤੀ ਬੇੜੀ ਆਬੀ

ਖ਼ਰਚ ਸਫ਼ਰ ਦਾ ਮਾਲ ਖ਼ਜ਼ਾਨੇ ਐਸ਼ ਇਸ਼ਰਤ ਦੇ ਬਾਬੇ
ਬੇੜੇ ਸੱਤ ਭਰਾਏ ਉਸ ਦੇ ਸੁਖ਼ਨੇ ਬੇਹਿਸਾਬੇ

ਹੋਰ ਸਿਪਾਹ ਹਥਿਆਰਾਂ ਵਾਲੀ ਸੱਤ ਜਹਾਜ਼ ਭਰਾਏ
ਸ਼ੁਤਰ ਤੁਰਮ ਨਿਕਾਰੇ ਧੌਂਸੇ ਬਾਜੇ ਵਿਚ ਧਰਾਏ

ਹੋਰ ਨਜੂਮੀ ਰਮਲੀ ਭਾਰੇ ਚਾੜ੍ਹੇ ਵਿਚ ਜ਼ਹਾਜ਼ਾਂ
ਨਾਲੇ ਬਹੁਤੇ ਗਾਵਣ ਵਾਲੇ ਮੁਤਰਿਬ ਖ਼ੁਸ਼ ਆਵਾਜ਼ਾਂ ।(੧੪੬੦)

ਖ਼ਿਦਮਤਗਾਰ ਗ਼ੁਲਾਮ ਰੰਗੀਲੇ ਛੋਕਰੀਆਂ ਤੇ ਗੋਲੇ
ਰੰਗ-ਬ-ਰੰਗੀ ਚੀਜ਼ ਨਿਆਮਤ ਕਿਸ ਤਾਕਤ ਗਿਣ ਤੋਲੇ

ਸਭ ਜ਼ਹਾਜ਼ਾਂ ਵਿਚ ਰਖਾਏ ਜੋ ਅਸਬਾਬ ਖ਼ੁਸ਼ੀ ਦੇ
ਬਾਅਜ਼ੇ ਜ਼ਾਹਿਰ ਦਿਸਦੇ ਆਹੇ ਬਾਅਜ਼ੇ ਸਾਨ ਪੋਸ਼ੀਦੇ

ਖ਼ਾਸ ਸ਼ਹਿਜ਼ਾਦੇ ਕਾਰਨ ਕੀਤਾ ਹਿਕ ਅਲਹਿਦਾ ਬੇੜਾ
ਲੰਮੇ ਦਾ ਕੁੱਝ ਪਤਾ ਨਾ ਲੱਭਾ ਸਤਰ ਗਜ਼ ਸੀ ਚੈੜਾ

ਵਿਚੇ ਉਸ ਦੇ ਜਾ-ਜ਼ਰੂਰਾਂ ਵਿਚ ਤਹਾਰਤ ਖ਼ਾਨੇ
ਵਿਚੇ ਹੁਜਰੇ ਸੋਵਣ ਵਾਲੇ ਖ਼ੂਬ ਮਕਾਨ ਸ਼ਹਾਨੇ

30. ਦਾਸਤਾਨ ਦਰ ਰੁਖ਼ਸਤ ਤਲਬੀਦਨਿ ਸ਼ਹਿਜ਼ਾਦਾ ਅਜ਼ ਮਾਦਿਰ ਵਾ
ਇਲਤਿਮਾਸ ਪੇਸ਼ਿ ਪਿਸਰ
(ਸ਼ਹਿਜ਼ਾਦੇ ਦਾ ਮਾਂ ਕੋਲੋਂ ਸਫ਼ਰ ਦੀ ਇਜ਼ਾਜ਼ਤ ਮੰਗਣਾ ਤੇ ਮਾਂ ਦੇ ਤਰਲੇ)

ਜਾਂ ਸਭ ਕੰਮ ਰਿਹਾ ਹੋ ਪੱਕਾ ਕੀਤੀ ਸ਼ਾਹ ਤਿਆਰੀ
ਸੈਫ਼-ਮਲੂਕ ਮਾਉ ਥੀਂ ਰੁਖ਼ਸਤ ਲੈਂਦਾ ਛੇਕੜ ਵਾਰੀ

ਜਾਇ ਘਰਾਂ ਵਿਚ ਕੋਲ ਮਾਉਂ ਦੇ ਬੱਧੇ ਹੱਥ ਖਲੋਂਦਾ
ਨਾਲੇ ਆਖੇ ਰੁਖ਼ਸਤ ਦੇਹੋ ਨਾਲੇ ਹੰਝੂ ਰੋਂਦਾ

ਮਾਉ ਬਾਲ ਡਿੱਠਾ ਤਨ ਲਿੱਸਾ ਜਿਉਂ ਬੀਮਾਰ ਚਰੋਕਾ
ਚੌਧਵੀਂ ਦੇ ਚੰਨ ਜੇਹਾ ਚਿਹਰਾ ਹੋਇਆ ਚੰਨ ਅਜੋਕਾ

ਫੁਲ ਬਹਾਰੀ ਜੇਹੀ ਪੁਸ਼ਾਕੀ ਮੈਲ਼ੀ ਹੋਈ ਗ਼ੁਬਾਰੋਂ
ਸ਼ੀਸ਼ੇ ਵਾਂਗ ਜੁੱਸਾ ਸੀ ਜਿਹੜਾ ਕਾਲ਼ਾ ਹੋਇਆ ਜ਼ੰਗਾਰੋਂ ।(੧੪੭੦)

ਲਾਲ ਮਿਸਾਲ ਜਮਾਲ ਪੁੱਤਰ ਦਾ ਆਹਾ ਕਮਾਲ ਅੰਗਾਰੋਂ
ਕੋਲੇ ਵਾਂਗ ਹੋਇਆ ਤਨ ਲੂਠਾ ਲੰਬ ਇਸ਼ਕ ਦੀ ਨਾਰੋਂ

ਦੁਰ-ਖ਼ੁਸ਼ਾਬ ਬੇ-ਆਬ ਦਿਸੀਵੇ ਡਾਲੇ ਕਪੜ ਕਾਲੇ
ਨਰਗਿਸ ਨੈਣ ਮਰੀਜ਼ ਰੋਣੋਂ ਥੀਂ ਦਾਗ਼ ਲੱਗਾ ਗੁਲ-ਲਾਲੇ

ਸਰੂ ਆਜ਼ਾਦ ਬੁਲੰਦ ਸਫ਼ੈਦਾ ਨੀਲਾ ਚੌਹ ਚੌਹ ਕਰਦਾ
ਕੈਸੀ ਵਾਅ ਖ਼ਿਜ਼ਾਂ ਦੀ ਵੱਗੀ ਹੋ ਗਿਆ ਰੰਗ ਜ਼ਰਦਾ

ਮਾਈ ਦਾਈ ਵੇਖ ਜੁਦਾਈ ਆਖਣ ਕਹਿਰ ਖ਼ੁਦਾਈ
ਇਹ ਕੀ ਭਾਇ ਅਸਾਡੇ ਆਇਆ ਤੂੰ ਚਲਿਓਂ ਕਿਤ ਜਾਈ

ਹੰਝੂ ਬਾਰਾਂ ਵੈਣ ਅੰਬਾਰਾਂ ਵਾਂਙੂ ਮੀਂਹ ਫੁਹਾਰਾਂ
ਓਸੇ ਕੋਸੇ ਜਲ਼ ਨਹਾਇਆ ਬੇਟਾ ਨਾਲ਼ ਪਿਆਰਾਂ

ਮਾਂ ਪਿਆਰ ਦੇਵੇ ਮੂੰਹ ਉੱਤੇ ਹੱਥ ਫੇਰੇ ਹਰ ਪਾਸੇ
ਨਾਲ਼ ਮੁਹੱਬਤ ਕੰਘੀ ਫੇਰੇ ਰੱਖੇ ਲਾ ਦਿਲਾਸੇ

ਸਿਰ ਪੈਰਾਂ ਤੱਕ ਚੁੰਮੇ ਚੱਟੇ ਲਾਹੇ ਮੈਲ਼ ਬਦਨ ਥੀਂ
ਜ਼ਾਰੀ ਕਰ ਕਰ ਆਖੇ ਬੇਟਾ ਜਾਈਂ ਨਹੀਂ ਵਤਨ ਥੀਂ

ਜੋ ਕੁੱਝ ਲਾਡ ਪਿਆਰ ਮਾਂਵਾਂ ਦੇ ਕੀ ਕੁੱਝ ਆਖ ਸੁਣਾਵਾਂ
ਜੇ ਅੱਜ ਮਾਂ ਹੁੰਦੀ ਰੋ ਮਰਦੀ ਕੀ ਪਰਵਾਹ ਭਰਾਵਾਂ

ਜੇ ਅੱਜ ਮਾਈ ਬਾਬਲ ਮੇਰੇ ਦੁਨੀਆਂ ਉੱਤੇ ਹੁੰਦੇ
ਖ਼ਸਤਾ ਹਾਲੀ ਵੇਖ ਪੁੱਤਰ ਦੀ ਸੁਖ ਨਾ ਸੌਂਦੇ ਰੋਂਦੇ

ਹਿਕ ਉਨ੍ਹਾਂ ਦਾ ਲਾਲ਼ ਪਿਆਰਾ ਖ਼ਾਕ ਅੰਦਰ ਰਲ਼ ਸੁੱਤਾ
ਦੂਜਾ ਕੰਬਦਾ ਲੁਕਦਾ ਫਿਰਦਾ ਜਿਉਂ ਕਰ ਪਾਊਂ ਕੁੱਤਾ ।(੧੪੮੦)

ਤਰੀਜੇ ਨੂੰ ਰੱਬ ਭਾਗ ਲਗਾਏ ਲਖਾਂ ਸ਼ੁਕਰ ਖ਼ੁਦਾ ਦੇ
ਦੌਲਤ ਉਮਰ ਇਕਬਾਲ ਉਨ੍ਹਾਂ ਦੇ ਦਿਨ ਦਿਨ ਹੋਣ ਜ਼ਿਆਦੇ

ਤਰਲੇ ਕਰ ਕਰ ਲੱਧੇ ਆਹੇ ਖ਼ੁਸ਼ੀਆਂ ਕਰ ਕਰ ਪਾਲੇ
ਹਾਇ ਹਾਇ ਅੱਜ ਨਹੀਂ ਆ ਤੱਕਦੇ ਮਾਪੇ ਜਣਨੇ ਵਾਲੇ

ਜੇ ਮੈਂ ਅੱਜ ਟੁਰਾਂ ਪਰਦੇਸੀਂ ਸੈ ਕੋਹਾਂ ਦੇ ਜਾਵਾਂ
ਕਿਹੜਾ ਪਿੱਛੋਂ ਕਰੇ ਦੁਆਈਂ ਰੋ ਰੋ ਵਾਂਙੂ ਮਾਵਾਂ

ਆਪਣੇ ਦੁੱਖ ਮੁਹੰਮਦ ਬਖਸ਼ਾ ਜੇ ਤੂੰ ਫੋਲਣ ਲੱਗੋਂ
ਕਿੱਸਾ ਹਿਕ ਬਣੇਗਾ ਇਹੋ ਬੈਠ ਸਬਰ ਕਰ ਅੱਗੋਂ

ਕਿਸ ਨੂੰ ਗਿਣ ਗਿਣ ਦੁੱਖ ਸੁਣਾਸੇਂ ਕਿਸ ਨੂੰ ਪੀੜ ਅਸਾਡੀ
ਮੁੜ ਕੇ ਦੱਸ ਸ਼ਹਿਜ਼ਾਦੇ ਵਾਲੀ ਰਹੀਆ ਗੱਲ ਦੁਰਾਡੀ

ਸੈਫ਼-ਮਲੂਕ ਉੱਤੇ ਫਿਰ ਮਾਈ ਕਰ ਕੇ ਮਿਹਰ ਘਣੇਰੀ
ਮੱਤੀਂ ਦੇਣ ਲੱਗੀ ਸੁਣ ਬੇਟਾ ਇਹ ਕੀ ਖ਼ਵਾਹਿਸ਼ ਤੇਰੀ

ਇਹ ਕੀ ਇਸ਼ਕ ਲੱਗਾ ਤੁਧ ਉਲਟਾ ਚਲਿਓਂ ਛੋੜ ਵਤਨ ਨੂੰ
ਐਵੇਂ ਮੂਰਤ ਦੇ ਝੁਲਕਾਰੋਂ ਲਾਇਓ ਰੋਗ ਬਦਨ ਨੂੰ

ਨਾ ਮੂਰਤ ਨੇ ਜੱਗ ਪਰ ਰਹਿਣਾ ਨਾ ਇਸ ਸੂਰਤ ਵਾਲੇ
ਕੀ ਯਰਾਨਾ ਉਸ ਦਾ ਜਿਹੜਾ ਸਦਾ ਪਰੀਤ ਨਾ ਪਾਲੇ

ਮੌਜ ਜਵਾਨੀ ਮਾਣ ਘਰਾਂ ਵਿਚ ਰਹੋ ਵਤਨ ਦਾ ਰਾਜਾ
ਯਾ ਫਿਰ ਮੌਤ ਸਿਰੇ ਤੇ ਦਿਸਦੀ ਕਰ ਉਸ ਦਾ ਕੁੱਝ ਸਾਜਾ

ਤੇਰੀ ਕਾਲ਼ੀ ਰਾਤ ਜਵਾਨੀ ਘਰ ਵਿਚ ਲੰਘਸੀ ਮਿੱਠੀ
ਨਾ ਤੁਧ ਅੱਗੇ ਸਫ਼ਰ ਅਜ਼ਮਾਏ ਨਾ ਕੋਈ ਸਖ਼ਤੀ ਡਿੱਠੀ ।(੧੪੯੦)

ਹਾਣੀ ਤੇਰੇ ਰਲ ਮਿਲ ਖੇਡਣ ਤੂੰ ਵਿਚੋਂ ਕਿਉਂ ਨੱਸੇਂ
ਇਹ ਕੋਹ ਕਾਫ਼ ਸਮੁੰਦਰ ਕਾਲੇ ਬੱਚਾ ਕੀਕਰ ਫਿਰਸੇਂ

ਛੋਟੀ ਉਮਰ ਅੰਞਾਣ ਤਬੀਅਤ ਨਾਜ਼ੁਕ ਬਦਨ ਗੁਲਾਬੋਂ
ਆਕਿਲ ਕਹਿੰਦੇ ਸਫ਼ਰ ਬਰਾਬਰ ਦੋਜ਼ਖ਼ ਨਾਲ਼ ਇਜ਼ਾਬੋਂ

ਸ਼ੀਂਹ ਬਘੇਲੇ ਗ਼ਾਰਾਂ ਅੰਦਰ ਹੋਰ ਆਫ਼ਾਤ ਹਜ਼ਾਰਾਂ
ਸੰਗ ਜਿਨ੍ਹਾਂ ਦੇ ਪੇਸ਼ ਨਾ ਜਾਂਦੀ ਨਾਲ਼ ਇਨ੍ਹਾਂ ਹਥਿਆਰਾਂ

ਮੱਤ ਕੋਈ ਖਾਵਣ ਧਾਵੇ ਤੈਨੂੰ ਕੌਣ ਸੁਣੇਗਾ ਚੀਕਾਂ
ਤੇਰੇ ਦੁਸ਼ਮਣ ਓਥੇ ਜਾਸਣ ਸਾਨੂੰ ਰਹਿਣ ਉਡੀਕਾਂ

ਜਾਨ ਤੇਰੀ ਕੋਈ ਪੱਥਰ ਨਾਹੀਂ ਪਾਣੀ ਵਿਚ ਨਾ ਗਲਸੀ
ਜ਼ਾਲਿਮ ਬਰਫ਼ ਪਹਾੜਾਂ ਵਾਲੀ ਨਿੱਤ ਸਿਰੇ ਤੇ ਝਲਸੀ

ਨਾਰੀਂ ਪਿੱਛੇ ਲੱਗ ਨਾ ਮਰੀਏ ਛੱਡ ਬੱਚਾ ਇਹ ਖਹਿੜਾ
ਸੰਭਲ ਪੈਰ ਟਿਕਾਈਏ ਉੱਤੇ ਦੁਨੀਆਂ ਤਿਲਕਣ ਭੈੜਾ

ਆਪ ਸੜੇਂ ਤੇ ਸਾਨੂੰ ਸਾੜੇਂ ਇਸ ਗੱਲੋਂ ਬਾਜ਼ ਨਾ ਆਵੇਂ
ਰੋ ਰੋ ਕਹਿੰਦੀ ਮਾਂ ਮੁਹੰਮਦ ਇਥੇ ਹੀ ਦਿਲ ਲਾਵੇਂ

ਸਾਕੀ ਦੇਇ ਸ਼ਰਾਬ ਸ਼ਿਤਾਬੀ ਜਿਸ ਥੀਂ ਆਵੇ ਮਸਤੀ
ਬੇੜਾ ਠੇਲ੍ਹ ਦਈਏ ਵਿਚ ਹਾਊ ਛੋੜ ਸ਼ਹਿਰ ਦੀ ਵਸਤੀ

ਮਾਪੇ ਰੋਂਦੇ ਛੋੜ ਘਰਾਂ ਵਿਚ ਦੇਇ ਜਵਾਬ ਦੱਸਣ ਦਾ
ਪੁੱਛ ਲੈ ਰਾਹ ਇਸ਼ਕੇ ਕੋਲੋਂ ਬਾਗ਼-ਇਰਮ ਚਮਨ ਦਾ

  • ਅੱਗੇ ਪੜ੍ਹੋ
  • ਮੁੱਖ ਪੰਨਾ : ਕਾਵਿ ਰਚਨਾਵਾਂ, ਮੀਆਂ ਮੁਹੰਮਦ ਬਖ਼ਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ
  •