Sadhu Daya Singh Arif ਸਾਧੂ ਦਯਾ ਸਿੰਘ ਆਰਿਫ
ਸਾਧੂ ਦਯਾ ਸਿੰਘ ਆਰਿਫ ਜੀ ਦਾ ਜਨਮ ਮਾਲਵੇ ਦੇ ਘੁੱਗ ਵੱਸਦੇ ਪਿੰਡ ਜਲਾਲਾਬਾਦ ਪੂਰਬੀ ਜਿਲ੍ਹਾ
ਫਿਰੋਜਪੁਰ (ਹੁਣ ਜਿਲ੍ਹਾ ਮੋਗਾ) ਵਿਖੇ 26 ਦਸੰਬਰ 1894 ਨੂੰ ਸ੍ਰ. ਸੰਤਾ ਸਿੰਘ ਅਤੇ ਮਾਤਾ ਰਾਮਦੇਈ ਦੇ ਘਰ
ਹੋਇਆ। ਸਾਧੂ ਦਯਾ ਸਿੰਘ ਆਰਿਫ ਆਪਣੇ ਛੇ ਭੈਣ ਭਰਾਵਾਂ ਵਿਚੋਂ ਤੀਜੇ ਨੰਬਰ ਤੇ ਸਨ।ਆਰਿਫ ਸਾਹਿਬ ਨੇ
ਗੁਰਮੁਖੀ ਦੀ ਸਿੱਖਿਆ ਆਪਣੇ ਪਿੰਡ ਦੇ 'ਗੁਰਦੁਆਰਾ ਬਾਬਾ ਤੇਜਾ ਸਿੰਘ' ਦੇ ਗ੍ਰੰਥੀ ਸਿੰਘ ਤੋਂ ਪ੍ਰਾਪਤ ਕੀਤੀ।
ਉਰਦੂ ਦਾ ਗਿਆਨ ਇਬਰਾਹਿਮ ਮੌਲਵੀ ਤੋਂ ਅਤੇ ਫਾਰਸੀ ਦਾ ਗਿਆਨ ਸੁੰਦਰ ਸਿੰਘ ਪਟਵਾਰੀ ਅਤੇ ਮੁਣਸ਼ੀ
ਰਾਮ ਖੱਤਰੀ ਤੋਂ ਪ੍ਰਾਪਤ ਕੀਤਾ। ਕੁਰਾਨ ਸ਼ਰੀਫ ਦੀ ਸਿੱਖਿਆ ਉਹਨਾ ਨੇ ਮੁੱਲਾ ਸ਼ਾਦੀ ਖਾਂ ਤੋਂ ਲਈ, ਕੁਰਾਨ
ਸ਼ਰੀਫ ਉਹਨਾਂ ਨੂੰ ਮੂੰਹ ਜੁਬਾਨੀ ਕੰਠ ਸੀ। ਸਾਧੂ ਦਯਾ ਸਿੰਘ ਆਰਿਫ ਜੀ ਦੀਆਂ ਕੁੱਲ ਚਾਰ ਰਚਨਾਵਾਂ
‘ਫਨਾਹ ਦਰ ਮਕਾਨ, ਫਨਾਹ ਦਾ ਮਕਾਨ, ਜਿੰਦਗੀ ਬਿਲਾਸ ਅਤੇ ਸਪੁੱਤਰ ਬਿਲਾਸ’ ਪ੍ਰਕਾਸ਼ਿਤ ਹੋਈਆਂ।
ਇਸਤੋਂ ਇਲਾਵਾ ਵੀ ਉਹਨਾਂ ਦੀ ਬਹੁਤ ਸਾਰੀ ਰਚਨਾ ਉਹਨਾਂ ਦੇ ਪਰਿਵਾਰ ਕੋਲ ਅਣਪ੍ਰਕਾਸ਼ਿਤ ਪਈ ਹੈ ਜੋ
ਇਕ ਲੰਮੀ ਖੋਜ ਦੀ ਮੰਗ ਕਰਦੀ ਹੈ। ਜਿੰਦਗੀ ਬਿਲਾਸ ਉਹਨਾਂ ਦੀ ਸਭ ਤੋਂ ਵੱਧ ਲੋਕਪ੍ਰਿਯ ਰਚਨਾ ਹੈ ਜੋ
ਅੱਜ ਵੀ ਸਭ ਤੋਂ ਵੱਧ ਪੜ੍ਹਿਆ ਜਾਂਦਾ ਹੈ।
ਸਾਧੂ ਦਯਾ ਸਿੰਘ ਆਰਿਫ਼ ਮਾਲਵੇ ਖਿੱਤੇ ਦੇ ਸ਼੍ਰੋਮਣੀ ਕਵੀ ਸਨ ਜੋ ਪੰਜਾਬੀ ਸਾਹਿਤ ਜਗਤ ਵਿਚ ਪ੍ਰਵਾਨ ਚੜ੍ਹੇ
ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਨਿੱਠ ਕੇ ਪੜ੍ਹਿਆ ਗਿਆ। ਸਾਧੂ ਦਯਾ ਸਿੰਘ ਆਰਿਫ ਪੰਜਾਬੀ ਸਾਹਿਤ ਦੀ
ਅਮੀਰ ਵਿਰਾਸਤ ਨੂੰ ਆਪਣੀਆਂ ਰਚਨਾਵਾਂ ਰਾਹੀਂ ਹੋਰ ਅਮੀਰ ਕਰਨ ਵਿੱਚ ਆਪਣਾਂ ਯੋਗਦਾਨ ਪਾ ਕੇ ਅੰਤ 6
ਅਗਸਤ 1946 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ।-ਗੁਰਮੀਤ ਆਰਿਫ