Punjabi Kavita
  

Fanah Da Makan : Sadhu Daya Singh Arifਫ਼ਨਾਹ ਦਾ ਮਕਾਨ : ਸਾਧੂ ਦਯਾ ਸਿੰਘ ਆਰਫ

ੴ ਸਤਿਗੁਰ ਪ੍ਰਸਾਦਿ॥ ਫ਼ਨਾਹ ਦਾ ਮਕਾਨ ਪੈਂਤੀ ਅੱਖਰੀ (ਕ੍ਰਿਤ ਕਵਿ ਸਾਧੂ ਦਯਾ ਸਿੰਘ ਆਰਫ, ਨਿਵਾਸੀ ਜਲਾਲਾਬਾਦ ਪੂਰਬੀ। ਜਿਸ ਵਿੱਚ ਬਿਰਧ ਅਵਸਥਾ ਦੁਆਰਾ ਪਖਪਾਤ ਤੋਂ ਰਹਿੱਤ ਹਿੰਦੂ, ਮੁਸਲਮਾਨ, ਈਸਾਈ ਅਤੇ ਸਿੱਖ ਇਸਤਰੀ-ਪੁਰਸ਼ ਸਭ ਨੂੰ ਸੋਹਣੀ ਕਵਿਤਾ ਦੁਆਰਾ ਪੰਜਾਬੀ ਬੈਂਤਾਂ ਵਿੱਚ ਦੁਨੀਆਂ ਦਾ ਨਕਸ਼ਾ ਖਿੱਚ ਕੇ ਦੱਸਿਆ ਹੈ।)

ਊੜਾ

ਊੜਾ ਓਅੰਕਾਰ ਹੈ ਪਰੀ ਪੂਰਨ, ਬਿਆਪ ਰਿਹਾ ਵਿਚ ਰੰਗ ਦੇ ਰੰਗ ਹੋਕੇ । ਕਿੰਨ੍ਹਾਂ ਦਿਲਾਂ ਨੂੰ ਸਖ਼ਤ ਮਨੂਰ ਕੀਤਾ, ਕਿਨ੍ਹਾਂ ਦਿਲਾਂ ਨੂੰ ਚੜ੍ਹ ਗਿਆ ਭੰਗ ਹੋਕੇ । ਜਾਨ ਜਿਸਮ ਦੇ ਵਿਚ ਛੁਪਾ ਰੱਖੀ, ਨਾਜ਼ਕ ਨੈਣ-ਪ੍ਰਾਣ ਦੇ ਅੰਗ ਹੋਕੇ । ਕਿਸੇ ਜੀਵ ਵਿਚ ਭੇਦ ਨ ਜਾਪਦਾ ਏਂ, ਐਨ ਗ਼ੈਨ ਬਣਗੀ ਨੁਕਤਾ ਸੰਗ ਹੋਕੇ । ਜਾਪ ਆਪਣਾ ਆਪ ਅਲਾਪਦਾ ਏ, ਆਪੇ ਬੋਲਦਾ ਸ਼ਬਦ ਸੋਹੰਗ ਹੋਕੇ । ਆਪੇ ਦਾਨ ਕਰਦਾ ਆਪੇ ਮੰਗਦਾ ਏ, ਬਾਦਸ਼ਾਹ ਕੰਗਾਲ ਤੇ ਨੰਗ ਹਕੇ। ਕਿਤੇ ਧਨੀ ਧਨਵਾਨ ਹੈ ਧੁਜਾ-ਧਾਰੀ, ਕਿਤੇ ਰਹੇ ਪਦਾਰਥੋਂ ਤੰਗ ਹੋਕੇ । ਕਿਤੇ ਸ਼ਰ੍ਹਾ ਸ਼ਰੀਕਤਾਂ ਕਰੇ ਬੈਠਾ, ਕਿਤੇ ਫਿਰੇ ਲਾ-ਮਜ਼੍ਹਬ ਨਿਸ਼ੰਗ ਹੋਕੇ । ਕਿਤੇ ਘੋਨ-ਮੋਨ ਕਿਤੇ ਕੇਸ-ਧਾਰੀ, ਰੱਖੇ ਸੀਸ ਤੇ ਚੱਕ ਨਿਹੰਗ ਹੋਕੇ । ਆਪੇ ਨ੍ਹਾਂਵਦਾ ਪਾਂਵਦਾ ਫਲ ਆਪੇ, ਆਪੇ ਵਗੇ ਜਗਤ ਵਿਚ ਰੰਗ ਹੋਕੇ। ਕਿਤੇ ਨਕਲ ਤੇ ਸ਼ਕਤ ਬੇ-ਅਕਲ ਫਿਰਦਾ, ਕਿਤੇ ਵਰਤਿਆ ਰੂਪ ਸੁਰੰਗ ਹੋਕੇ । ਆਪੇ ਆਸ਼ਕਾਂ ਦੇ ਸ਼ਿਰੋਮਣੀ ਆਸ਼ਕ, ਸੜੇ ਸ਼ਮ੍ਹਾ ਨੂੰ ਦੇਖ ਪਤੰਗ ਹੋਕੇ । ਦਯਾ ਸਿੰਘ ਤੂੰ ਹੋਇ ਤਿਆਰ ਰਹਿਣਾ, ਚਿੱਠੀ ਆਵਨੀ ਮੌਤ ਬਰੰਗ ਹੋਕੇ ।

ਐੜਾ

ਐੜਾ ਕਹੇ ਆਖਰ ਪੱਛੋਤਾਵਸਨਗੇ, ਜਿਹੜੇ ਜੱਗ ਤੇ ਆਣ ਮਗ਼ਰੂਰ ਹੋ ਗਏ । ਜਿਹੜੇ ਜਾਲ ਸ਼ੈਤਾਨ ਦੇ ਵਿਚ ਕਾਬੂ, ਸੋਈ ਰੱਬ ਦੀ ਮਜਲਸੋਂ ਦੂਰ ਹੋ ਗਏ । ਤਿੰਨ੍ਹਾਂ ਨੇਕ ਹਦੈਤ ਕੀ ਆਖਦੀ ਏ, ਦਿਲ ਜਿਨ੍ਹਾਂ ਦੇ ਸਖ਼ਤ ਮਨੂਰ ਹੋ ਗਏ । ਜਿਨ੍ਹਾਂ ਵਿਚ ਹੈ ਕਪਟ-ਕ੍ਰੋਧ ਭਾਰੀ, ਤਮੋ-ਗੁਣੀ ਦੇ ਨਾਲ ਤੰਦੂਰ ਹੋ ਗਏ । ਪਾਈ ਜਿਨ੍ਹਾਂ ਤਾਲੀਮ ਹੈ ਮੁਰਸ਼ਦਾਂ ਤੋਂ, ਮਿਠੇ ਜੀਭ ਦੇ ਲਫ਼ਜ਼ ਅੰਗੂਰ ਹੋ ਗਏ। ਜਿਨ੍ਹਾਂ ਦਿਲੋਂ ਲਾਹਕੇ ਦੂਈ ਦੂਰ ਕੀਤੀ, ਰੱਬ ਜਾਨ ਕੇ ਰੱਬ ਦਾ ਨੂਰ ਹੋ ਗਏ । ਇਸ਼ਕ ਅਰਸ਼ ਤੇ ਚੜ੍ਹੇ ਸੋ ਵੜੇ ਬਹਿਸ਼ਤੀਂ, ਡਿੱਗ ਪਏ ਜਿਹੜੇ ਚਕਨਾ-ਚੂਰ ਹੋ ਗਏ । ਨੈਣੀ ਜਿਨ੍ਹਾਂ ਨੇ ਪਾ ਲਿਆ ਗਿਆਨ-ਅੰਜਨ, ਦਰਸ਼ਨ ਯਾਰ ਦੇ ਨਾਲ ਭਰਪੂਰ ਹੋ ਗਏ। ਜਿਨ੍ਹਾਂ ਨਾਲ ਮਹਿਬੂਬ ਦੇ ਵਸਲ ਕੀਤਾ, ਅਮਲ ਪੀਤਿਆਂ ਬਾਝ ਮਖ਼ਮੂਰ ਹੋ ਗਏ । ਐਨਲ-ਹੱਕ ਨ ਆਖਣੋ ਹਟੇ ਜਿਹੜੇ, ਕੀਤੀ ਮੌਤ ਮਨਜ਼ੂਰ ਮਨਸੂਰ ਹੋ ਗਏ। ਮੋਏ ਪਹਿਲਾਂ ਹੀ ਮਰਨ ਤੋਂ ਜੀਂਵਦੇ ਹੀ, ਪੀਕੇ ਆਬਹਯਾਤ ਮਾਮੂਰ ਹੋ ਗਏ । ਆਤਮ-ਸ਼ਾਂਤੀ, ਦਿਲੋਂ ਪ੍ਰਸੰਨ ਹੋ ਗਏ, ਜਿਹੜੇ ਰੱਬ ਦੇ ਖ਼ਾਸ ਮਜ਼ਦੂਰ ਹੋ ਗਏ । ਕਿਸ਼ਤੀ ਸਿਦਕ-ਈਮਾਨ ਦੀ ਵਿਚ ਬੈਠੇ, ਖ਼ਲਕ-ਬਹਿਰ ਅਮੀਕ ਅਬੂਰ ਹੋ ਗਏ। ਠੰਡੀ ਪੌਣ ਬਹਿਸ਼ਤ ਦੀ ਮੋਮਨਾਂ ਨੂੰ, ਕਾਫ਼ਰ ਕੁਫ਼ਰ ਵਾਲੇ ਬੇ-ਸ਼ਊਰ ਹੋ ਗਏ। ਤੋਬਾ ਇਸਤਗ਼ੱਫ਼ਾਰ ਕਹੁ ਦਯਾ ਸਿੰਘਾ, ਭਾਰੀ ਤੁੱਧ ਤੋਂ ਸਖ਼ਤ ਕਸੂਰ ਹੋ ਗਏ।

ਈੜੀ

ਈੜੀ ਕਹੇ ਈਸ਼ਵਰ ਧੰਨ ਹੈਂ ਤੂੰ, ਨਹੀਂ ਤੈਂਡੜੇ ਅੰਤ ਸ਼ੁਮਾਰ ਹੁੰਦੇ । ਲੱਖੋ ਕੱਖ ਬਨਾਵਨਾ ਪਲਕ ਅੰਦਰ, ਕਰੇਂ ਇੱਕ ਤੋਂ ਲੱਖ-ਹਜ਼ਾਰ ਹੁੰਦੇ। ਜਿਹੜੇ ਬਹੁਤ ਕੰਗਾਲ ਯਤੀਮ ਅਦਨੇ, ਕਦੇ ਦੇਖੀਏ ਤਾਂ ਸਜ਼ਾਵਾਰ ਹੁੰਦੇ। ਮਾਲਕ ਹੈਨ ਜੋ ਧਨਾਂ ਖ਼ਜ਼ਾਨਿਆਂ ਦੇ, ਕਦੇ ਟੁਕੜਿਆਂ ਤੋਂ ਅਵਾਜ਼ਾਰ ਹੁੰਦੇ। ਕਦੇ ਨੌਕਰੀ ਕਿਨ੍ਹਾਂ ਦੀ ਆਪ ਕਰਦੇ, ਲੱਖ ਜਿਨ੍ਹਾਂ ਦੇ ਤਾਬਿਆਦਾਰ ਹੁੰਦੇ। ਹੋਵਨ ਫ਼ੌਜ ਦੇ ਵਿੱਚ ਰੰਗਰੂਟ ਭਰਤੀ, ਕਦੇ ਦੇਖੀਏ ਤਾਂ ਸਜ਼ਾਵਾਰ ਹੁੰਦੇ। ਕਿਸੇ ਰੋਜ਼ ਮੇਂ ਪੌਣ ਤਰੱਕੀਆਂ ਨੂੰ, ਕਦੇ ਦੇਖੀਏ ਤਾਂ ਸਜ਼ਾਵਾਰ ਹੁੰਦੇ । ਕਦੇ ਦੇਖੀਏ ਵਿਚ ਕਮੇਟੀਆਂ ਦੇ, ਕਿਸੇ ਰੋਜ਼ ਕਚਹਿਰੀਓਂ ਬਾਹਰ ਹੁੰਦੇ। ਕਿਸੇ ਰੋਜ਼ ਮੇਂ ਉੱਡਦੀ ਖੇਹ ਮਿੱਟੀ, ਜਿੱਥੇ ਰੌਨਕੀ ਸ਼ਹਿਰ-ਬਜ਼ਾਰ ਹੁੰਦੇ। ਕਦੇ ਵਿਚ ਜਹਾਨ ਦੇ ਭਖ ਲੌਂਦੇ, ਕਦੇ ਦੇਖੀਏ ਬਾਗ਼-ਬਹਾਰ ਹੁੰਦੇ। ਕਦੇ ਦੇਖੀਏ ਜਮਾਂ ਦੀ ਮਾਰ ਖਾਂਦੇ, ਫੁੱਲ ਜਿਨ੍ਹਾਂ ਦੇ ਨਹੀਂ ਸਹਾਰ ਹੁੰਦੇ। ਜਿਹੜੇ ਘੜੀ ਨ ਕੱਟਦੇ ਹੁਕਮ ਅੰਦਰ, ਪੈਰੀਂ ਬੇੜੀਆਂ ਤੇ ਗ੍ਰਿਫ਼ਤਾਰ ਹੁੰਦੇ। ਨਾਜ਼ਕ ਜਿਨ੍ਹਾਂ ਦੇ ਬਦਨ ਬਰੀਕ ਬਾਂਕੇ, ਕਦੇ ਦੇਖੀਏ ਫੜੇ ਵਗਾਰ ਹੁੰਦੇ। ਜਿਨਕੇ ਨਹੀਂ ਸਮਾਂਵਦੀ ਪੱਗ ਬੱਧੀ, ਕਦੇ ਦੇਖੀਏ ਸਿਰਾਂ ਦੇ ਭਾਰ ਹੁੰਦੇ। ਜਿਨ੍ਹਾਂ ਦੇਖਿਆ ਨਹੀਂ ਸਿਪਾਹੀਆਂ ਨੂੰ, ਕਦੀ ਮਾਮਲੇ ਪਏ ਸਰਕਾਰ ਹੁੰਦੇ। ਕਿਸੇ ਰੋਜ਼ ਨੰਗੇ ਪੈਰੀਂ ਮੰਜ਼ਲ ਕਰਦੇ, ਜਿਹੜੇ ਹਾਥੀਆਂ ਬੈਠ ਸਵਾਰ ਹੁੰਦੇ। ਕਦੇ ਦੇਖੀਏ ਬਿਸਤਰੇ ਖ਼ਾਕ ਉੱਤੇ, ਹੇਠ ਜਿਨ੍ਹਾਂ ਦੇ ਪਲੰਘ ਨਵਾਰ ਹੁੰਦੇ। ਦੇਵਨੇਤ ਦੇਖੋ ਫਾਂਸੀ ਆਪ ਚੜ੍ਹਦੇ, ਫਾਂਸੀ ਦੇਣ ਦੇ ਜਿਨ੍ਹਾਂ ਅਖ਼ਤਿਆਰ ਹੁੰਦੇ। ਵਖਤ ਪਏ ਬਦਲ ਮੌਸਮ ਹਾੜ ਅੰਦਰ, ਸਰਦ-ਖ਼ਾਨਿਓ ਨਾ ਜਿਹੜੇ ਬਾਹਰ ਹੁੰਦੇ। ਜਿਨ੍ਹਾਂ ਬੀਵੀਆਂ ਨੂੰ ਲੱਗਣ ਸੱਤ ਪੜ੍ਹਦੇ, ਅੱਗੇ ਹਾਕਮਾਂ ਪਏ ਇਜ਼ਹਾਰ ਹੁੰਦੇ। ਜਿਹੜੇ ਅੱਜ ਜਹਾਨ ਤੇ ਸੈਰ ਕਰਦੇ, ਮੁਲਕ-ਅਦਮ ਨੂੰ ਕੱਲ੍ਹ ਤਿਆਰ ਹੁੰਦੇ। ਪਰ ਨੂੰ ਦੇਖੀਏ ਨਾਮ-ਨਿਸ਼ਾਨ ਨਾਹੀਂ, ਜਿਹੜੇ ਜੱਗ ਤੇ ਐਤਕੀਂ ਵਾਰ ਹੁੰਦੇ । ਜਿਨ੍ਹਾਂ ਡਿਠਿਆਂ ਬਾਝ ਨਾ ਜੀਵੰਦੇ ਹਾਂ, ਕਿਸੇ ਰੋਜ਼ ਨੂੰ ਨਹੀਂ ਦੀਦਾਰ ਹੁੰਦੇ। ਨਾਮ ਜਿਨ੍ਹਾਂ ਦਾ ਦਰਜ ਨਾ ਕਾਗ਼ਜ਼ਾਂ ਵਿਚ, ਕਦੇ ਦੇਖੀਏ ਛਪੇ ਅਖ਼ਬਾਰ ਹੁੰਦੇ। ਪਏ ਪਲਨ ਮਮੂਕ ਯਤੀਮ ਖ਼ਾਨੇ, ਮਾਤਾ-ਪਿਤਾ ਜਿਨਕੇ ਖ਼ਿਦਮਤਗਾਰ ਹੁੰਦੇ। ਵਾਹ-ਵਾਹ ਕੀ ਅਜਬ ਖ਼ਿਆਲ ਦੇਖੇ, ਇਸ ਤਰ੍ਹਾਂ ਦੇ ਧਰਮ-ਦੁਆਰ ਹੁੰਦੇ । ਦੇਖੇ ਤਿਨ੍ਹਾਂ ਦੇ ਮਾਲ ਨਿਲਾਮ ਹੁੰਦੇ, ਜਿਨਕੇ ਸਾਮੀਆਂ ਲੋਕ ਹਜ਼ਾਰ ਹੁੰਦੇ। ਕਿਸੇ ਰੋਜ਼ ਨਾ ਦੇਖੀਏ ਕੋਲ਼ ਕੌਡੀ, ਪਾਸ ਜਿਨ੍ਹਾਂ ਦੇ ਲਾਲ ਜਵਾਹਰ ਹੁੰਦੇ। ਜਿਹੜੇ ਸੈਂਕੜੇ ਮਣਾਂ ਦਾ ਦਾਨ ਕਰਦੇ, ਕਦੀ ਮੰਗਦੇ ਵਿੱਚ ਬਜ਼ਾਰ ਹੁੰਦੇ। ਪਾਣੀ ਭਰਦੇ ਰਹੇ ਘਰ ਚੂੜ੍ਹਿਆਂ ਦੇ, ਹਰੀ ਚੰਦ ਜੀ ਧਰਮ ਦਾਤਾਰ ਹੁੰਦੇ। ਜੂਆ ਪਾਂਡਵਾਂ ਖੇਡਿਆ ਦਯਾ ਸਿੰਘਾ, ਘਰ-ਘਰ ਮੇਂ ਫਿਰੇ ਖ਼ਵਾਰ ਹੁੰਦੇ।

ਸੱਸਾ

ਸੱਸਾ ਆਖਦਾ ਸਮਝ ਬਦਬਖ਼ਤ ਬੰਦੇ, ਪਾਪੀ ਮਨੋਂ ਵਿਸਾਰ ਦੇ ਠੱਗੀਆਂ ਨੂੰ। ਖ਼ੁਦੀ ਵਿਚ ਖ਼ੁਦਾਇ ਨਾ ਯਾਦ ਕੀਤਾ, ਫੂਕ ਸੁਟ੍ਹੀਏ ਟਮਟਮਾਂ-ਬੱਘੀਆਂ ਨੂੰ। ਦਾਰੂ ਖ਼ਾਸ ਖ਼ੁਰਾਕ ਹੈ ਰਾਖਸ਼ਾਂ ਦੀ, ਫਿੱਟ-ਲਾਨ੍ਹਤਾਂ ਮਿਸਰੀਆਂ ਚੱਬੀਆਂ ਨੂੰ। ਬਿਨ੍ਹਾਂ ਨਾਮ ਕਿਸ ਕਾਮ ਹੈ ਫੂਕ ਸੁੱਟੋ, ਬੂਟ, ਕੋਟ, ਪਤਲੂਨ ਤੇ ਝੱਗੀਆਂ ਨੂੰ। ਹੱਡ-ਚਾਂਮ ਕਿਸ ਕਾਮ ਹੈ ਭਜਨ ਬਾਝੋਂ, ਸਿਟ੍ਹੋ ਅਤਰ-ਫਲੇਲ ਤੇ ਡੱਬੀਆਂ ਨੂੰ। ਪੁੰਨ-ਦਾਨ ਨਾ ਧਰਮ ਨਮਿਤ ਕੀਤਾ, ਫਿੱਟ-ਲਾਨ੍ਹਤਾਂ ਦੌਲਤਾਂ ਦੱਬੀਆਂ ਨੂੰ। ਜਿਦ੍ਹੇ ਵਿੱਚ ਪਰਮਾਤਮਾ ਭੁੱਲ ਜਾਏ, ਸਾੜ ਸਿੱਟ੍ਹ ਗ੍ਰਹਿਸਤ ਦੇ ਕੱਜੀਆਂ ਨੂੰ । ਬਿਨ੍ਹਾਂ ਜਾਪ ਦੇ ਖ਼ਾਕ ਮਾਨਿੰਦ ਮਾਨੋ, ਤਾਜ ਤਖ਼ਤਾਂ ਬਾਦਸ਼ਾਹੀਆਂ ਗੱਦੀਆਂ ਨੂੰ। ਬਿਨ੍ਹਾਂ ਬੰਦਗੀ ਭੋਗਦੇ ਬ੍ਰਿਧ-ਵਸਥਾ, ਦੂਨ ਸੁਟ੍ਹੀਏ ਦਾੜ੍ਹੀਆਂ ਬੱਗੀਆਂ ਨੂੰ। ਮੰਦੇ ਅਮਲ ਵਿਚੇ ਆਯੂ ਬੀਤ ਗਈਏ, ਬੰਦੇ ਅਜੇ ਸਵਾਰ ਲੈ ਅੱਧੀਆਂ ਨੂੰ। ਪਿਛਾਂਹ ਪਰਤਦੇ ਦੇਖ ਤੂੰ ਬੀਤ ਗਈ ਨੂੰ, ਪਛਤਾਓਗੇ ਗ਼ੁਜ਼ਰੀਆਂ ਸੱਦੀਆਂ ਨੂੰ । ਇਛਾ-ਡੂਮਣੀ ਮੰਗਤੀ ਚਾਹ ਚੂਹੜੀ, ਘਰੋਂ ਕੱਢ ਬਲਾਂਮਤਾ ਲੱਗੀਆਂ ਨੂੰ। ਦੇਵਨਹਾਰ ਦਾਤਾਰ ਹੈ ਰੱਬ ਰਾਜ਼ਕ, ਨਹੀਂ ਤੋੜਦਾ ਪਿਨਸ਼ਨਾਂ ਲੱਗੀਆਂ ਨੂੰ। ਬਹਿੰਦੇ ਕੁੱਤਿਆਂ ਵਾਗਰਾਂ ਮੱਲ ਬੂਹੇ, ਕੌਡੀ ਦੇਖ ਵਖਾਇਕੇ ਲੱਬੀਆਂ ਨੂੰ। ਨੀਯਤ ਨੇਕ ਦਾ ਕਰ ਖ਼ਿਆਲ ਬੰਦੇ, ਛੱਡ ਚੋਰੀਆਂ, ਯਾਰੀਆਂ, ਠੱਗੀਆਂ ਨੂੰ। ਕਿਸੇ ਰੋਜ਼ ਨੂੰ ਆਵਣਾ ਧਰਤ ਹੇਠਾਂ, ਤੁਰੇ ਮਾਰ ਜ਼ਮੀਨ ਤੇ ਅੱਡੀਆਂ ਨੂੰ । ਜਦੋਂ ਵਕਤ ਅਖ਼ੀਰ ਹਿਸਾਬ ਹੋਇਆ, ਪਛੋਤਾਵਸੇਂ ਨੇਕੀਆਂ ਛੱਡੀਆਂ ਨੂੰ। ਓਸ ਵੇਲੜੇ ਕੌਣ ਇਮਦਾਦ ਦੇਸੀ, ਲੱਗੀ ਮੌਤ ਜਾਂ ਭੰਨਣੇ ਹੱਡੀਆਂ ਨੂੰ। ਪਾਣੀ ਧੋਤਿਆਂ ਕਪੜੇ ਹੋਣ ਚਿੱਟੇ, ਕਾਹਨੂੰ ਭਾਲੀਏ ਸਾਬਣਾਂ-ਸੱਜੀਆਂ ਨੂੰ। ਬਿਨਾਂ ਕਾਮਲਾਂ ਮੁਰਸ਼ਦਾਂ ਦਯਾ ਸਿੰਘਾ, ਕੌਣ ਦਿਲੋਂ ਬੁਝਾਂਵਦਾ ਲੱਗੀਆਂ ਨੂੰ।

ਹਾਹਾ

ਹਾਹਾ ਆਖਦਾ ਹਿਰਸ ਜਹਾਨ ਦੀ ਤੋਂ, ਹੱਥ ਆਸ਼ਕਾਂ ਸਾਦਕਾਂ ਧੋਇਆ ਈ । ਲੱਭ ਲਿਆ ਬਦਖ਼ਸ਼ਾਂ ਦਾ ਲਾਲ ਜਿਨ੍ਹਾਂ, ਤਿੰਨ੍ਹਾਂ ਜੇਬ ਦੇ ਵਿੱਚ ਲਕੋਇਆ ਈ। ਇਛਆ ਰਹੀ ਨਾ ਤੀਰਥੀਂ ਨ੍ਹਾਵਣੇ ਦੀ, ਜਿਨ੍ਹਾਂ ਅੰਦਰੋਂ ਕੱਪੜਾ ਧੋਇਆ ਈ। ਗਿਆਨਵਾਨ ਮਹਾਨ ਉਹ ਜਾਣੀਏਂ ਜੀ, ਜਿਨ੍ਹਾਂ ਵੇਦ ਦਾ ਤੱਤ ਲਭੋਇਆ ਈ। ਪਾਈ ਬ੍ਰਹਮ ਅਨੰਦ ਮੇਂ ਮੋਖ ਪਦਵੀ, ਜਿਹੜਾ ਜੀਵੰਦਾ ਜਾਗਦਾ ਮੋਇਆ ਈ। ਬ੍ਰਿਤੀ ਅਧਿਕ ਸੁਚੇਤ ਹੈ ਜਾਗ੍ਰਤ ਸੇ, ਜਿਹੜਾ ਸਹਿਜ ਗਿਆਨ ਮੇਂ ਸੋਇਆ ਈ। ਜਿਹੜਾ ਜੋਤ ਮੇਂ ਜੋਤ ਮਿਲਾਇ ਬੈਠਾ, ਬ੍ਰਹਮ ਨਾਲ਼ ਬ੍ਰਹਮ ਦੇ ਹੋਇਆ ਈ। ਮਾਲਾ ਮਣਕਿਆਂ ਨਾਲ ਨਾ ਜਾਪ ਕਰਦੇ, ਜਿਨ੍ਹਾਂ ਚਿੱਤ ਮੇਂ ਨਾਮ ਪਰੋਇਆ ਈ। ਦਯਾ ਕਰਕੇ ਦੂਸਰੇ ਜੀਵ ਉਤੇ, ਜਿਨ੍ਹਾਂ ਆਪਣੇ ਜਿਗਰ ਨੂੰ ਕੋਹਿਆ ਈ। ਏਕ-ਏਕ ਹੰਝੂ ਲਾਲ ਮੁੱਲ ਦਾ ਏ, ਜਿਹੜਾ ਵਿੱਚ ਵੈਰਾਗ ਦੇ ਚੋਇਆ ਈ। ਤਿੰਨ ਮੰਜ਼ਲ ਦਾ ਕਰ ਲਿਆ ਸੈਲ ਜਿਸਨੇ, ਚੌਥੀ ਮੰਜ਼ਲ ਮੇਂ ਜਾਇ ਖਲੋਇਆ ਈ। ਜਾਪ ਜਿਨ੍ਹਾਂ ਦੇ ਦਿਲਾਂ ਮੇਂ ਦਯਾ ਸਿੰਘ, ਤਿਨ੍ਹਾਂ ਮੁੱਖ ਦੇ ਜਾਪ ਨੂੰ ਖੋਇਆ ਈ।

ਕੱਕਾ

ਕੱਕਾ ਆਖਦਾ ਕੁਦਰਤੀ ਰੱਬ ਦਿਸੇ, ਅੱਖੀ ਕਿਵੇਂ ਦਿਖਾਲੀਏ ਅੰਨ੍ਹਿਆਂ ਨੂੰ। ਰੰਗ-ਰੰਗ ਨਾ ਆਖਿਆਂ ਰੰਗ ਹੋਵੇ, ਪਤਾ ਰੰਗ ਦਾ ਰੰਗ ਦੇ ਰੰਗਿਆਂ ਨੂੰ। ਕੋਸ ਕਦਮ ਦਾ ਫ਼ਾਸਲਾ ਗ਼ਾਫ਼ਲਾਂ ਤੋਂ, ਰੱਬ ਦੂਰ ਨਾ ਰੱਬ ਦੇ ਬੰਦਿਆਂ ਨੂੰ। ਮਾਯਾ ਆਂਵਦੀ ਮਗਰ ਤਿਆਗੀਆਂ ਦੇ, ਮਿਲੇ ਖ਼ਾਕ ਨਾ ਮੁੱਖ ਸੇ ਮੰਗਿਆਂ ਨੂੰ। ਵਿਚੋਂ ਗੁਣਾਂਦੀ ਸਿਫ਼ਤ ਵਿਚਾਰ ਕਰੀਏ, ਨਹੀਂ ਦੇਖੀਏ ਉੱਚਿਆਂ ਲੰਮਿਆਂ ਨੂੰ। ਨਹੀਂ ਜਾਪਦਾ ਹੋਰ ਮਾਸ਼ੂਕ ਬਾਝੋਂ, ਪੁੱਛੋਂ ਇਸ਼ਕ- ਭੁਯੰਗ ਦੇ ਡੰਗਿਆਂ ਨੂੰ। ਪਵੇ ਬਹੁਤੜੀ ਮਾਰ ਦਰਬਾਰ ਅੰਦਰ, ਏਸ ਅਮਲ ਮਨੁੱਖ ਦੇ ਮੰਦਿਆਂ ਨੂੰ। ਮੋਇਆਂ ਬਾਦ ਰਹਿ ਜਾਂਵਦੀ ਯਾਦ ਨੇਕੀ, ਪਿਛੋਂ ਲੋਕ ਸਲਾਂਵ੍ਹਦੇ ਚੰਗਿਆਂ ਨੂੰ। ਕਿਹੜੀ ਵਸਤ ਨੇ ਜਾਵਨਾ ਸੰਗ ਤੇਰੇ, ਰੋਵੇਂ ਗ੍ਰਿਹਸਤ ਕੁਟੰਬ ਦੇ ਧੰਦਿਆਂ ਨੂੰ। ਖ਼ਾਲੀ ਹੱਥ ਜਹਾਨ ਤੇ ਭੇਜਿਆ ਈ, ਅੰਤ ਫੇਰ ਬੁਲਾਵਨਾ ਨੰਗਿਆਂ ਨੂੰ। ਪਾਇਆ ਭੇਦ ਮਹਬੂਬ ਦਾ ਦਯਾ ਸਿੰਘਾ, ਜਿਨ੍ਹਾਂ ਖੋਲ੍ਹਿਆ ਦਿਲਾਂ ਦੇ ਜੰਦਿਆਂ ਨੂੰ।

ਖੱਖਾ

ਖੱਖਾ ਆਖਦਾ ਖੋਲ੍ਹਕੇ ਨੈਣ ਦੇਖੀਂ, ਜਗਤ ਮਿਥਿਆ ਹਈ ਕਿ ਸੱਤ ਯਾਰਾ । ਇਕ ਰੋਜ਼ ਮੁਸਾਫ਼ਰਾਂ ਲੱਦ ਜਾਣਾ, ਨਹੀਂ ਜੱਗ ਤੇ ਆਵਣਾ ਵੱਤ ਯਾਰਾ। ਜਿਹੜਾ ਅਜਿਹਾ ਢੇਰਦੇ ਵਿਚ ਜਾਣਾ, ਕਲ੍ਹ ਦੇਖ ਲਈਂ ਹੋਵਸੀ ਘੱਤ ਯਾਰਾ। ਅੰਤ ਪਵੇਂਗਾ ਵੱਸ ਹਲਾਲ-ਖ਼ੋਰਾਂ, ਸੀਨੇ ਟਿਕੂ ਜੱਲਾਦ ਦੀ ਲੱਤ ਯਾਰਾ। ਕਬਰ-ਕੋਠੜਾ ਜਾਣ ਅਖ਼ੀਰ ਤੇਰਾ, ਜੀਹਦੀ ਵਿਚ ਜਹਾਨ ਦੇ ਪੱਤ ਯਾਰਾ। ਸਾਡੇ ਵਾਕ ਤਲਵਾਰ ਦੇ ਵਾਂਗ ਤਿੱਖੇ, ਕਿਉਂ ਨਹੀ ਹੋਂਵਦਾ ਜਿਗਰ ਤੇ ਫੱਟ ਯਾਰਾ। ਕਾਹਦੇ ਵਾਸਤੇ ਬੇਦ-ਪੁਰਾਨ ਖੋਜੇ, ਜੇਕਰ ਸਮਝਿਆ ਨਾ ਵਿਚੋਂ ਤੱਤ ਯਾਰਾ। ਕੀਤੇ ਓਸ ਦੇ ਹੋਂਵਦੇ ਕੰਮ ਸਾਰੇ, ਬਿਨਾਂ ਹੁਕਮ ਨਾ ਝੂਲਦਾ ਪੱਤ ਯਾਰਾ। ਜਿੱਧਰ ਚਾਂਹਵਦਾ ਪਕੜ ਚਲਾਂਵਦਾ ਏ, ਫੜੀ ਖ਼ਸਮ ਦੇ ਹੱਥ ਵਿਚ ਨੱਥ ਯਾਰਾ। ਬਿਨਾਂ ਮੁਰਸ਼ਦਾਂ ਮਿਲੇ ਮਹਿਬੂਬ ਨਾਹੀਂ, ਗੁਰਾਂ ਬਾਝ ਨਾ ਹੋਂਵਦੀ ਗੱਤ ਯਾਰਾ। ਜਿਨ੍ਹਾਂ ਇਸ਼ਟ ਮਿਲ ਗਏ ਬ੍ਰਹਮ ਦ੍ਰਿਸ਼ਟ ਹੋਕੇ, ਤੋੜੀ ਤਿਨ੍ਹਾਂ ਨੇ ਭਰਮ ਦੀ ਵੱਟ ਯਾਰਾ। ਤੂਹੇਂ ਭਾਲਦਾ ਤੇ ਤੂਹੇਂ ਭਾਲਨਾ ਏਂ, ਦੇਖੀਂ ਖੋਲ੍ਹ ਕੇ ਭਰਮ ਦੀ ਗੱਠ ਯਾਰਾ। ਤਿੱਚਰ ਨਹੀਂ ਢਹਿੰਦਾ ਬੁਰਜ ਹੰਗਤਾ ਦਾ, ਜਿੱਚਰ ਰੂਹ ਤੇ ਬੁੱਤ ਦਾ ਕੱਠ ਯਾਰਾ। ਭਰਮ ਕੋਟ ਤੇ ਮਾਇਆ ਹੈ ਜਾਨ ਖਾਈ, ਕੋਈ ਸੂਰਮੇ ਜਾਣਗੇ ਟੱਪ ਯਾਰਾ। ਦਯਾ ਸਿੰਘ ਤੂੰ ਬਿਸਤਰਾ ਬੰਨ੍ਹ ਛੱਡੀਂ, ਧੁਰੋਂ ਆਵਣਾ ਸਾਹਿਬ ਦਾ ਖ਼ੱਤ ਯਾਰਾ।

ਗੱਗਾ

ਗੱਗਾ ਆਖਦਾ ਗੁਰੂ ਮਿਲ ਗਏ ਜਿਨ੍ਹਾਂ, ਨੈਨ ਖੁਲ੍ਹ ਗਏ ਗਿਆਨ-ਵਿਚਾਰ ਦੇ ਜੇ। ਸੋਈ ਪੀਤਿਆਂ ਅਮਲਾਂ ਬਾਝ ਖੀਵੇ, ਸ਼ੌਕ ਜਿਨ੍ਹਾਂ ਨੂੰ ਯਾਰ ਦੀਦਾਰ ਦੇ ਜੇ। ਜਿਨ੍ਹਾਂ ਜਾਣਿਆਂ ਅੰਤ ਫ਼ਨਾਹ ਹੋਣਾ, ਕਾਹਨੂੰ ਐਡ ਪਸਾਰ ਪਸਾਰਦੇ ਜੇ । ਕੀਤੀ ਚਾਕਰੀ ਜਿਨ੍ਹਾਂ ਪਰਮਾਤਮਾ ਦੀ, ਨੌਕਰ ਹੋਂਵਦੇ ਨਹੀਂ ਸਰਕਾਰ ਦੇ ਜੇ। ਜਿਨ੍ਹਾਂ ਜਾਣਿਆਂ ਬਿਸਤਰਾ ਖ਼ਾਕ ਹੋਣਾ, ਸੋਈ ਛੱਡ ਗਏ ਪਲੰਘ ਨਵਾਰ ਦੇ ਜੇ। ਭਾਣਾ ਰੱਬ ਦਾ ਜਿਨ੍ਹਾਂ ਕਬੂਲ ਕੀਤਾ, ਵਿੱਚ ਦੁੱਖ ਦੇ ਸ਼ੁਕਰ ਗੁਜ਼ਾਰਦੇ ਜੇ । ਜਿਨ੍ਹਾਂ ਬਾਣਪ੍ਰਸਤ ਕਬੂਲ ਕੀਤਾ, ਹੋ ਰਹੇ ਜਾਨਵਰ ਜੰਗਲੀ ਬਾਰ ਦੇ ਜੇ। ਜਿਨ੍ਹਾਂ ਸਮਝ ਲਏ ਜੱਗ ਦੇ ਕੂੜ ਧੰਦੇ, ਨਫ਼ੇ ਛੱਡ ਗਏ ਵਣਜ-ਵਪਾਰ ਦੇ ਜੇ। ਜਿਨ੍ਹਾਂ ਜਾਣਿਆਂ ਆਤਮਾ ਸੱਤ ਵਸਤੂ, ਜਨਮ-ਮਰਨ ਦਾ ਖੌਫ਼ ਉਤਾਰਦੇ ਜੇ । ਮੁਕਤ ਹੋਣਦੀ ਇਛਿਆ ਜਿਨ੍ਹਾਂ ਤਾਈਂ, ਦਮ-ਦਮ ਰਾਮਦਾ ਨਾਮ ਚਿਤਾਰ ਦੇ ਜੇ। ਜਿਹੜੇ ਆਪਣਾ ਰੂਪ ਪਛਾਣਦੇ ਨੇ, ਕਾਹਨੂੰ ਪਕੜਕੇ ਜੀਵ ਨੂੰ ਮਾਰ ਦੇ ਜੇ। ਮੰਗ ਭਿਛਿਆ ਜਿਨ੍ਹਾਂ ਗੁਜ਼ਰਾਨ ਕਰਨੀ, ਕਾਹਨੂੰ ਕਿਸੇ ਦੀ ਈਨ ਸਹਾਰਦੇ ਜੇ। ਜਿਹੜੇ ਛੱਡ ਦਵੈਤ ਅਦਵੈਤ ਹੋਏ, ਕਾਹਨੂੰ ਜ਼ਾਤ-ਸਫ਼ਾਤ ਵਿਚਾਰਦੇ ਜੇ । ਮਨ ਆਪਣਾ ਜਿਨ੍ਹਾਂ ਨੇ ਜਿੱਤ ਲਿਆ, ਜਿਤੇ ਮੋਰਚੇ ਕਾਬਲ-ਕੰਧਾਰ ਦੇ ਜੇ । ਨਹੀਂ ਕਿਸੇ ਨੂੰ ਹੋਰ ਸਵਾਲ ਕਰਦੇ, ਜਿਹੜੇ ਮੰਗਤੇ ਇਕ ਦਾਤਾਰ ਦੇ ਜੇ । ਜਿਨ੍ਹਾਂ ਸਮਝ ਲੀਤਾ ਬਾਜ਼ੀ ਹਾਰ ਜਾਣੀ, ਪਾਸਾ ਮਨ ਪ੍ਰਪੰਚ ਵਿਸਾਰਦੇ ਜੇ । ਸੌਦਾ ਸੱਚ ਦਾ ਤੋਲਦੇ ਠੀਕ ਪੂਰਾ, ਜਿਹੜੇ ਬਾਣੀਏਂ ਧਰਮ-ਬਜ਼ਾਰ ਦੇ ਜੇ। ਨੀਯਤ ਨੇਕ ਜੋ ਧਰਮ-ਈਮਾਨ ਵਾਲੇ, ਬੁਰੀ ਬਾਤ ਨਾ ਚਿੰਤ ਮੇਂ ਧਾਰਦੇ ਜੇ । ਸੱਚ ਬੋਲਦੇ ਜੀਵ ਜੋ ਹੈਣ ਚੰਗੇ, ਨਹੀਂ ਝੂੱਠ ਦਾ ਲਫ਼ਜ਼ ਉਚਾਰਦੇ ਜੇ । ਜਿਹੜੇ ਪੁਰਸ਼ ਸੱਤ-ਕਰਮੀ ਤੇ ਸੱਤ-ਵਾਦੀ, ਜੁੱਤੀ ਮਾਰਦੇ ਵਿਸ਼ੇ ਵਿਕਾਰ ਦੇ ਜੇ। ਨਕਲ ਜਾਣਦੇ ਰੰਗ-ਤਮਾਸ਼ਿਆਂ ਨੂੰ, ਜਿਨ੍ਹਾਂ ਦੇਖ ਲਏ ਖੇਲ ਕਰਤਾਰ ਦੇ ਕੇ । ਜਿਨ੍ਹਾਂ ਆਸ਼ਕਾਂ ਇਸ਼ਕ ਕਬੂਲ ਕੀਤਾ, ਜਾਨ ਜਿਗਰ ਮਸ਼ੂਕ ਤੋਂ ਵਾਰਦੇ ਜੇ। ਧੰਨ ਪੁਰਸ਼ ਨੇ ਤਿਆਗ ਵਿਚਾਰ ਵਾਲੇ, ਜਿਹੜੇ ਹੋਰ ਸੰਕਲਪ ਨਾ ਧਾਰਦੇ ਜੇ। ਉੱਤੇ ਪਲੰਗ ਦੇ ਬਿਸਤਰੇ ਰੇਸ਼ਮਾਂ ਦੇ, ਮਨਾਂ ਜਾਣ ਵਿਛਾਵਣੇ ਸਾਰ ਦੇ ਜੇ। ਰੋਂਦੇ ਰਹਿਣ ਵੈਰਾਗ ਦਾ ਦੁੱਖ ਜਿਨ੍ਹਾਂ, ਹੰਝੂ ਕੇਰਦੇ ਵਾਂਗ ਫੁਹਾਰ ਦੇ ਜੇ। ਕਿਤੇ ਆਨ ਕੇ ਮੁੱਖ ਦਿਖਲਾਇ ਯਾਰਾ, ਥੱਕੇ ਨੈਣ ਤੇਰੇ ਇੰਤਜ਼ਾਰ ਦੇ ਜੇ। ਦਯਾ ਸਿੰਘ ਰੋਂਦੇ ਪੀਆ ਵਿੱਛੜੇ ਨੂੰ, ਜਾਰੀ ਨੈਣ ਦੋ ਵਾਂਗ ਨਸਾਰ ਦੇ ਜੇ।

ਘੱਘਾ

ਘੱਘਾ ਆਖਦਾ ਘੱਲਿਆ ਕੰਮ ਜਿਹੜੇ, ਸੋਈ ਕੰਮ ਤੂੰ ਮਨੋਂ ਵਿਸਾਰ ਬੈਠੋਂ । ਰਹੇ ਸ਼ਾਹ ਦਾ ਅਜੇ ਹਿਸਾਬ ਬਾਕੀ, ਭਾਣੇ ਆਪਣੇ ਕਰਜ਼ ਉਤਾਰ ਬੈਠੋਂ। ਨਹੀਂ ਦੇਖਿਆ ਜਾਇਕੇ ਧੋਬੀਆਂ ਨੂੰ, ਮੈਲੇ ਕਪੜੇ ਕਿਵੇਂ ਨਿਖਾਰ ਬੈਠੋਂ। ਬਿਨਾਂ ਭਗਤੀਓਂ ਭਗਤ ਸਦਾਵਨਾ ਏਂ, ਬਿਨਾਂ ਸਾਧਨਾ ਜਨਮ ਸੁਧਾਰ ਬੈਠੋਂ। ਤੈਨੂੰ ਘੱਲਿਆ ਵਾਸਤੇ ਜਿੱਤਣੇ ਨੂੰ, ਜੂਆ ਜਨਮ-ਜਹਾਨ ਤੇ ਹਾਰ ਬੈਠੋਂ। ਦੇਵਨਹਾਰ ਦਾਤਾਰ ਨੂੰ ਛੱਡ ਦਿੱਤੋ, ਹੋਕੇ ਮੰਗਤਾ ਕਿਨ੍ਹਾਂ ਦਾ ਦਾਰ ਬੈਠੋਂ। ਨਹੀ ਦੇਖਿਆ ਜਾਇਕੇ ਭਵਜਲਾਂ ਨੂੰ, ਬਿਨਾਂ ਲੰਘਿਆਂ ਕਿਸ ਤਰ੍ਹਾਂ ਪਾਰ ਬੈਠੋਂ ? ਨਹੀਂ ਵੈਦ-ਹਕੀਮ ਦੀ ਲੋੜ ਰੱਖੀ, ਦੁੱਖ-ਦਰਦ ਦੇ ਨਾਲ ਬੀਮਾਰ ਬੈਠੋਂ। ਤੇਰੀ ਜ਼ਿੰਦਗੀ ਮਿਸਲ ਮੁਸਾਫ਼ਰਾਂ ਦੇ, ਕਾਹਦੇ ਵਾਸਤੇ ਪੈਰ ਪਸਾਰ ਬੈਠੋਂ ? ਤੈਨੂੰ ਚੰਦਰੀ ਗੋਰ ਉਡੀਕਦੀ ਏ, ਕਾਹਦੇ ਵਾਸਤੇ ਮਹਿਲ ਉਸਾਰ ਬੈਠੋਂ? ਦਯਾ ਸਿੰਘ ਜੋ ਆਖਦਾ ਰੱਬ ਹੈ ਨਹੀਂ, ਐਸਾ ਕੌਣ ਤੂੰ ਵੇਦ ਵਿਚਾਰ ਬੈਠੋਂ ?

ਙਙਾ

ਙਙਾ ਆਖਦਾ ਗਿਆਨੀਆਂ ਨਾਲ ਮਿਲਕੇ, ਕਿਹਾ ਫੇਰ ਅਗਿਆਨ ਤੇ ਗਿਆਨ ਕਿਆ ਹੈ ? ਜਿਹੜੇ ਰੱਬ ਦੀ ਖ਼ਿਦਮਤ ਤੋਂ ਰਹਿਣ ਖ਼ਾਲੀ, ਸੋਈ ਜਾਣੀਏਂ ਨੈਣ-ਪਰਾਣ ਕਿਆ ਹੈ ? ਜੀਉ-ਜਾਨ ਦੇ ਨਾਲ ਜਹਾਨ ਵਸੇ, ਜੇਤਾਂ ਚਿੱਤ ਗ਼ਮਨਾਕ ਜਹਾਨ ਕਿਆ ਹੈ ? ਜੇਕਰ ਜੀਂਵਦਾ ਜਾਗਦਾ ਨਾ ਸਮਝੇ, ਫੇਰ ਰੱਬ ਪਰ ਤੇਰਾ ਅਹਿਸਾਨ ਕਿਆ ਹੈ ? ਜਿਥੇ ਜਾਵਣਾ ਅੰਤ-ਅਖ਼ੀਰ ਬੰਦੇ, ਬਿਨਾ ਗੋਰ ਤੋਂ ਹੋਰ ਮਕਾਨ ਕਿਆ ਹੈ ? ਜੇਕਰ ਆਪਣਾ-ਆਪਣਾ ਜਾਣਿਆਂ ਈ, ਤੈਨੂੰ ਰੱਬ ਦੀ ਫੇਰ ਪਹਿਚਾਨ ਕਿਆ ਹੈ ? ਦਯਾ ਬਾਝ ਨ ਸਫਲ ਮਨੁੱਖ-ਦੇਹੀ, ਸੌਦੇ ਸੱਚ ਦੇ ਬਾਝ ਦੁਕਾਨ ਕਿਆ ਹੈ ? ਜੇਕਰ ਸਮਝ ਲੈ ਕਾਰਨ ਹਾਰਨੇ ਦਾ, ਪੰਡਿਤ ਖੋਜਿਆ ਵੇਦ-ਪਰਾਨ ਕਿਆ ਹੈ ? ਜਿਹੜੀ ਗੀਤ ਗੋਬਿੰਦ ਨੇ ਗਾਂਵਦੀਏ, ਜਲ ਜਾਂਵਣੀ ਭਲੀ ਜ਼ਬਾਨ ਕਿਆ ਹੈ ? ਕਰਨਹਾਰ ਕਲਬੂਤ ਦੇ ਸਾਜ਼ ਬਾਝੋਂ, ਹੋਰ ਸਿਫ਼ਤ ਦੇ ਲਾਇ ਤਰਖਾਨ ਕਿਆ ਹੈ ? ਦਯਾ ਸਿੰਘ ਬਖ਼ਸ਼ੀਂ ਰੱਬਾ ਔਗਣਾਂ ਨੂੰ, ਗੁਨਾਹਗਾਰ ਦਾ ਉਜ਼ਰ ਬਿਆਨ ਕਿਆ ਹੈ ?

ਙਙਾ

ਚੱਚਾ ਆਖਦਾ ਚਿੱਤ ਮੇਂ ਸੋਚ ਬੰਦੇ, ਵਾਰ-ਵਾਰ ਨਹੀਂ ਜੱਗ ਤੇ ਆਵਣਾ ਈ। ਲਾਲੀ ਉੱਡ ਕਾਫ਼ੂਰ ਦੇ ਵਾਂਗ ਜਾਣੀ, ਕੋਈ ਰੋਜ਼ ਦਾ ਹੁਸਨ ਪਰਾਹੁਣਾ ਈ। ਰੱਖੀਂ ਸਾਂਭ ਕੇ ਆਪਣਾ ਅਮਲਨਾਮਾ, ਜਿਹੜਾ ਜਾਇਕੇ ਅਗਾਂਹ ਦਿਖਲਾਵਣਾ ਈ। ਕਿਸੇ ਨਾਲ ਸਬੱਬ ਦੇ ਆਇਆ ਏਂ, ਨਹੀ ਜਨਮ ਅਮੋਲ ਥਿਆਵਣਾ ਈ। ਅੱਗੇ ਜਾਵਣੇ ਦਾ ਬੰਦੋਬਸਤ ਕਰ ਲੈ, ਆਖ਼ਰਕਾਰ ਨੂੰ ਤੈਂ ਪੱਛੋਤਾਵਣਾ ਈ। ਜਿਹੜਾ ਵਿਚ ਬਦਫ਼ੈਲੀਆਂ ਗੁਜ਼ਰ ਚੁੱਕਾ, ਗਿਆ ਵਕਤ ਫਿਰ ਹੱਥ ਨਾ ਆਵਣਾ ਈ। ਫ਼ਿਕਰ ਜਿਨ੍ਹਾਂ ਨੂੰ ਅਗਾਂਹ, ਦੇ ਜਾਵਣੇ ਦਾ, ਤਿਨ੍ਹਾਂ ਰਾਤ ਕੀ ਆਪਣਾ ਸਾਵਣਾ ਈ। ਹੱਥੀਂ ਆਪਣੀ ਜੀਂਵਦੇ ਦਾਨ ਕਰੀਦੇ, ਮੋਇਆਂ ਬਾਦ ਨ ਕਿਸੇ ਪਹੁੰਚਾਵਣਾ ਈ। ਨਹੀਂ ਕੱਲ੍ਹ ਦੀ ਆਸ-ਉਮੈਦ ਕੋਈ, ਅੱਜ ਕਰੀਂ ਜੋ ਕਰਮ ਕਮਾਵਣਾ ਈ। ਕਾਹਨੂੰ ਵਲ੍ਹਦਾ ਐਡ ਵਲਾਵਿਆਂ ਨੂੰ, ਤਿੰਨ ਹੱਥ ਮਕਾਨ ਥਿਆਵਣਾ ਈ। ਜਿਹਨੂੰ ਕੇਵੜੇ ਦਾ ਇਸਤੇਮਾਲ ਕਰਦਾ, ਬੁਤ ਖ਼ਾਕ ਦੇ ਵਿੱਚ ਸਮਾਵਣਾ ਈ। ਇਕ ਰੋਜ਼ ਨੂੰ ਆਵਣੀ ਨੀਂਦ ਗਾੜ੍ਹੀ, ਨਹੀਂ ਸੁੱਤਿਆਂ ਕਿਸੇ ਜਗਾਵਣਾ ਈ। ਸਦਾ ਸਵੇਂ ਤੂੰ ਲੇਫ਼-ਤੁਲਾਈਆਂ ਤੇ, ਅੰਤ ਹੋਵਣਾ ਖ਼ਾਕ ਵਿਛਾਵਣਾ ਈ। ਜਦੋਂ ਜ਼ਾਲਮਾਂ ਨੇ ਗ੍ਰਿਫ਼ਤਾਰ ਕੀਤਾ, ਭਾਈ-ਬੰਦ ਨਾ ਕਿਸੇ ਛੁਡਾਵਣਾ ਈ। ਸੁੰਦਰ ਮੁੱਖੜਾ ਰੰਗ ਅਜੈਬ ਤੇਰਾ, ਟੁੱਟੇ ਫੁੱਲ ਦੇ ਵਾਂਗ ਕੁਮਲਾਵਣਾ ਈ। ਪੰਜ-ਤੱਤ ਦਾ ਉੱਸਰਿਆ ਬੁਰਜ ਪਿਆਰੇ, ਅੰਤ ਮੌਤ ਦੀ ਕਹੀ ਨੇ ਢਾਵਣਾ ਈ। ਜਮਾਂ ਕੱਢ ਕੇ ਲਿਆਵਣੀ ਲਬਾਂ ਉੱਤੇ, ਏਸ ਜਿੰਦ ਨੇ ਪਿਛਾਂਹ ਨੂੰ ਜਾਵਣਾ ਈ। ਜਦੋਂ ਦੇਹ ਤੋਂ ਹੋਣਗੇ ਪ੍ਰਾਨ ਨਿਆਰੇ, ਤੈਨੂੰ ਭੂਤ-ਪਰੇਤ ਬਤਲਾਵਣਾ ਈ । ਡੰਡੀ, ਮੁਰਕੀਆਂ, ਹਾਰ-ਸ਼ਿੰਗਾਰ ਪਿਆਰੇ, ਛੱਲੇ ਛਾਪ ਨੂੰ ਹੱਥ ’ਚੋਂ ਲਾਹਵਣਾ ਈ । ਖੱਟਾ ਪਾਇ ਕੇ ਸੀਸ ਦੇ ਵਿੱਚ ਤੇਰੇ, ਜਾਂਦੀ ਵਾਰ ਇਸ਼ਨਾਨ ਕਰਾਵਣਾ ਈ। ਮਿਣਕੇ ਅੱਡੀਓਂ ਚੋਟੀਓਂ ਦੇਹ ਤੇਰੀ, ਕਫ਼ਨ ਬਦਨ ਦੇ ਮੇਚ ਦਾ ਪਾਵਣਾ ਈ। ਡੋਲੀ ਕਾਨ੍ਹ ਦੀ ਪਾਇਕੇ ਬੰਦਿਆ ਓਏ, ਚਵ੍ਹਾਂ ਜਣਿਆਂ ਨੇ ਕੰਧੇ ਉਠਾਵਣਾ ਈ। ਘਰੋਂ ਚੁੱਕਕੇ ਬਾਹਰ ਲੈ ਜਾਣਗੇ ਓਹ, ਝੂੱਟਾ ਆਖ਼ਰੀ ਵਾਰ ਦਾ ਆਵਣਾ ਈ । ਅੰਤ ਪਿਆਰੀਆਂ ਅੰਗ ਸਹੇਲੀਆਂ ਨੇ, ਖ਼ਾਤਰ ਵਿਦਿਆ ਕਰਨ ਦੀ ਜਾਵਣਾ ਈ। ਦੱਬ ਫੂਕ ਕੇ ਝਾਕ ਮੁਕਾਇ ਤੇਰੀ, ਡੱਕੇ ਸਿੱਟ੍ਹ ਕੇ ਘਰਾਂ ਨੂੰ ਆਵਣਾ ਈ। ਜਿਥੇ ਬਰਸ ਗੁਜ਼ਾਰ ਲਏ ਦਯਾ ਸਿੰਘਾ, ਔਖਾ ਬਣ ਗਿਆ ਰਾਤ ਕਟਾਵਣਾ ਈ।

ਙਙਾ

ਛੱਛਾ ਆਖਦਾ ਛਲੇ ਸ਼ੈਤਾਨ ਤੈਨੂੰ, ਕਿੱਤ ਸੁੱਤੜਾ ਹੈਂ ਤੂੰ ਜਾਗ ਬੰਦੇ । ਕੁੱਲ ਜੂਨ ਦੇ ਵਿੱਚ ਸਰਦਾਰ ਹੈਂ ਤੂੰ, ਤੈਨੂੰ ਮਿਲ ਗਿਆ ਅਕਲ-ਖ਼ਿਤਾਬ ਬੰਦੇ । ਆਇਆ ਕਿੱਤ ਵੱਲੋਂ ਜਾਣਾ ਤਰਫ਼ ਕਿਹੜੀ, ਤੈਨੂੰ ਕੁੱਝ ਭੀ ਨਾ ਰਿਹਾ ਯਾਦ ਬੰਦੇ । ਨਹੀਂ ਵੇਸਵਾ ਮਿਲੇ ਕਲੌਂਤ ਕਾਮਲ, ਗਾਵੇਂ ਵਕਤ ਬੇਵਕਤ ਦੇ ਰਾਗ ਬੰਦੇ। ਫੇਰ ਕਿਸੇ ਦੀ ਓਟ ਕੀ ਤੱਕਣੀ ਏਂ, ਜੇਕਰ ਆਪਣੇ ਖਾਵਣੇ ਭਾਗ ਬੰਦੇ। ਸੱਚੇ ਸਾਹਿਬ ਦਾ ਹੁਕਮ ਅਦੂਲ ਕੀਤਾ, ਅੱਗੇ ਦੇਵਸੇਂ ਕੌਣ ਜਵਾਬ ਬੰਦੇ। ਯਾਦ ਕਰੇਂਗਾ ਫੇਰ ਗੁਨਾਹ ਕੀਤੇ, ਜਿੱਦਨ ਮਿਲੇਗਾ ਗੋਰ-ਅਜ਼ਾਬ ਬੰਦੇ। ਇੰਨ ਕੁਨ ਤੁਮ ਹੋ ਮੋਮਨੀਨ ਜੇਕਰ, ਪੰਜੇ ਵਕਤ ਹੀ ਪੜ੍ਹੇ-ਨਮਾਜ਼ ਬੰਦੇ । ਖ਼ਾਲਿਕ ਪਾਕ ਬੇਜ਼ਾਤ ਬੇਚੂਨ ਬੇਗੂਨ ਜਿਹੜਾ, ਲਾ-ਸ਼ਰੀਕ ਹੈ ਉਹ ਵਾਹਦ ਬੰਦੇ । ਸੋਚ ਗ਼ਾਫ਼ਲਾ ਤੂੰ ਜਿਹੜੇ ਕੰਮ ਆਇਓਂ, ਛੁੱਟ ਚੱਲਿਆ ਹੱਥ 'ਚੋਂ ਬਾਜ਼ ਬੰਦੇ। ਸਖ਼ਤ ਖੱਲ ਤੇ ਖੁਲ੍ਹ ਦੀ ਗ੍ਰਿਫ਼ਤਾਰੀ, ਹੋਈ ਇਸ ਤੋਂ ਜਰਾ ਅਜ਼ਾਦ ਬੰਦੇ । ਇਸ ਜਗਤ ਨੂੰ ਜਾਨ ਫ਼ਨਾਹਫ਼ਿੱਲਾ, ਕੀਹਦਾ ਸਦਾ ਜਹਾਨ ਤੇ ਰਾਜ ਬੰਦੇ ? ਕਲੋਨਫ਼ਸਿ ਨਸਾਇਕਾ ਤੁੱਲ ਮੌਤ ਚਖਸੀ, ਰੱਖੀਂ ਐਤ ਕੁਰਾਨ ਦੀ ਯਾਦ ਬੰਦੇ। ਛੱਡ ਸੱਚੇ ਖ਼ੁਦਾ ਪਰਮਾਤਮਾ ਨੂੰ, ਚਾਹੇਂ ਗ਼ੈਰ ਥੀਂ ਫੇਰ ਮੁਰਾਦ ਬੰਦੇ । ਰੱਖੀਂ ਯਕੀਨ ਸਦਾ ਪਰਮਾਤਮਾ ਤੇ, ਬੇਉਮੈਦ ਨਾ ਹੋਵਣਾ ਜਾਇ ਬੰਦੇ । ਕਰੀਂ ਮਾਨ ਨਾ ਇਸ ਸਰੀਰ ਉੱਤੇ, ਆਖ਼ਰ ਹੋਵਸੀ ਕੁੱਲ ਬਰਬਾਦ ਬੰਦੇ। ਘਣੀ ਜੀਵਣੇ ਦੀ ਆਸ ਰੱਖਿਓ ਈ, ਥੋੜ੍ਹੀ ਦਮ ਦੀ ਪਾਸ ਤਾਦਾਦ ਬੰਦੇ। ਖ਼ਾਕ ਹੋਣਗੇ ਉੱਜਲੇ ਦੰਦ ਮੋਤੀ, ਬੰਦ ਹੋਣਗੇ ਚਸ਼ਮ-ਚਰਾਗ਼ ਬੰਦੇ । ਦਯਾ ਸਿੰਘ ਅਖ਼ੀਰ ਨੂੰ ਕਬਰ-ਕੋਠਾ, ਕਫ਼ਨ ਮਿਲੂ ਸਰੀਰ ਨੂੰ ਦਾਜ ਬੰਦੇ।

ਙਙਾ

ਜੱਜਾ ਜ਼ਿੰਦਗੀ ਅੰਤ ਕੁਰਲਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਸਈਆਂ ਵਿੱਚ ਸਰਦਾਰ ਕਹਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਗਹਿਣੇ-ਕੱਪੜੇ ਖੂਬ ਹੰਢਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਅੰਗ ਅਤਰ-ਫੁਲੇਲ ਲਗਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਮਹਿਲਾਂ-ਮੰਦਰਾਂ ਵਿੱਚ ਸੁਹਾਂਵਦੀ ਨੂੰ, ਹਾਇ ਹਾਇ ਵੇ ਬਾਬਲਾ ਲੈ ਚੱਲੇ। ਵਿੱਚ ਪੇਕਿਆਂ ਪਹਿਨਦੀ-ਖਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਖ਼ਾਸ-ਖੁਸ਼ੀ ਦੇ ਵਕਤ ਲੰਘਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਸੂਹੇ ਸੋਸਨੀ ਰੰਗ ਰੰਗਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਮੁੱਖੋਂ ਹੁਕਮ-ਹੁਕਮ ਚਲਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਖੇੜੇ ਮਾਪਿਆਂ ਦੇ ਰਹਿਣਾ ਚਾਂਹਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਰੋਂਦੀ ਵੈਣ ਕਰਦੀ ਪੱਛੋਤਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਗੀਤ ਨਾਲ ਸਹੇਲੀਆਂ ਗਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਗੁਰੂ ਪੀਰ ਫ਼ਕੀਰ ਮਨਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਮੋਮੀ ਪੱਟੀਆਂ ਸੀਸ ਗੁੰਦਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਥੋੜ੍ਹੀ ਉਮਰ ਦਾ ਲੇਖ ਲਿਖਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ। ਸਿਰੀ ਰਾਮ ਦਾ ਨਾਮ ਧਿਆਂਵਦੀ ਨੂੰ, ਹਾਇ ਹਾਇ ਵੇ ਬਾਬਲਾ ਲੈ ਚੱਲੇ। ਦਯਾ ਸਿੰਘਾ ਦੇਖੋ ਡੋਲੀ ਜਾਂਵਦੀ ਨੂੰ, ਹਾਇ ਹਾਇ ਵੇ ਬਾਬਲਾ ਲੈ ਚੱਲੇ।

ਙਙਾ

ਝੱਝਾ ਆਖਦਾ ਝੂਠ ਦੇ ਗਾਹਕ ਸਾਰੇ, ਕੋਈ ਸੱਚ ਦਾ ਖ਼ਰੀਦਾਰ ਨਾਹੀਂ। ਬਿਨ੍ਹਾਂ ਸਾਧਨਾ ਫਿਰਨ ਅਨੇਕ ਸਾਧੂ, ਕੋਈ ਜਾਂਵਦਾ ਜਨਮ ਸੁਧਾਰ ਨਾਹੀਂ। ਰਾਗ ਤਾਨ ਮੇਂ ਬਹੁਤ ਕਮਾਲ ਦੇਖੇ, ਵੱਜੇ ਦਿਲਾਂ ਮੇਂ ਇਸ਼ਕ ਦੀ ਤਾਰ ਨਾਹੀਂ। ਸੰਤ, ਮਹੰਤ ਤੇ ਪੰਡਿਤ ਨੇ ਬਹੁਤ ਦੇਖੇ, ਵੇਦ ਵਾਚਦੇ ਅਸਲ ਵਿਚਾਰ ਨਾਹੀਂ। ਸੱਭੋ ਪੇਟ ਦੇ ਕਾਰਨੇ ਪਿੱਟਦੀ ਏ, ਹੁੰਦੀ ਅਸਲ ਮੇਂ ਧਰਮ ਦੀ ਕਾਰ ਨਾਹੀਂ। ਜੀਉਂਦੇ ਆਖਦੇ ਬਹੁਤ ਮਰ ਜਾਣ ਚੰਗਾ, ਕੋਈ ਮਰਨ ਦੇ ਵਾਸਤੇ ਤਿਆਰ ਨਹੀਂ। ਸਾਰੇ ਆਖਦੇ ਪੁੱਤ ਹਾਂ ਜੌਹਰੀਆਂ ਦੇ, ਕੋਈ ਪਰਖਦਾ ਲਾਲ ਜਵਾਹਰ ਨਾਹੀਂ। ਲੋਕ ਰੋਗਾਂ ਨੇ ਬਹੁਤ ਲਚਾਰ ਕੀਤੇ, ਕੋਈ ਇਸ਼ਕ ਦੇ ਨਾਲ ਬੀਮਾਰ ਨਾਹੀਂ। ਸਾਰੇ ਚਾਂਹਵਦੇ ਬਾਜ਼ੀਆਂ ਜਿੱਤਨੇ ਨੂੰ, ਕੋਈ ਖੇਡਦਾ ਮੰਨ ਕੇ ਹਾਰ ਨਾਹੀਂ। ਹਿਰਸ ਜਗਤ ਦੀ ਵਿੱਚ ਗ੍ਰਿਫ਼ਤਾਰ ਹੋਏ, ਸੱਚੇ ਰੱਬ ਦੇ ਨਾਲ ਪਿਆਰ ਨਾਹੀਂ । ਜੀਹਨੂੰ ਅੱਖੀਏਂ ਦੇਖਣਾ ਚਾਹੁੰਦੇ ਨੇ, ਹੋਇਆ ਸੁਪਨੇ ਦੇ ਵਿੱਚ ਦੀਦਾਰ ਨਾਹੀਂ। ਮਨ ਪਿਆ ਦੁੜਾਂਵਦਾ ਸਾਰਿਆਂ ਨੂੰ, ਕੋਈ ਏਸ ਤੇ ਠੀਕ ਅਸਵਾਰ ਨਾਹੀਂ। ਜਿਹੜੇ ਚਿੱਤ ਨੂੰ ਸਾਣ ਮੇਂ ਚਾੜ ਛੱਡੇ, ਮਾਤ-ਲੋਕ ਦੇ ਬੀਚ ਲੁਹਾਰ ਨਾਹੀਂ । ਪਾਲੇ ਪ੍ਰੀਤ ਚਕੋਰ ਤੇ ਚੰਦ ਵਾਲੀ, ਕੋਈ ਜਾਪਦਾ ਜਗਤ ਮਝਾਰ ਨਾਹੀਂ। ਲੋਕਾਂ ਵਾਸਤੇ ਬਹੁਤ ਹਦੈਤ ਕਰਦਾ, ਆਪ ਤਿਆਗਦਾ ਵਿਸ਼ੇ-ਵਿਕਾਰ ਨਾਹੀਂ। ਦਯਾ ਸਿੰਘ ਹੈ ਝੂਠ ਦੇ ਸ਼ਹਿਰ ਬੱਧੇ, ਕੋਈ ਧਰਮ ਦਾ ਦਿਸੇ ਬਜ਼ਾਰ ਨਾਹੀਂ।

ਙਙਾ

ਞਞਾ ਕਹੇ ਜਾਣੇ ਜਿਹੜਾ ਗੱਲ ਗੁੱਝੀ, ਕੋਈ ਹੋਵਸੀ ਪੁਰਸ਼ ਹਜ਼ਾਰ ਵਿੱਚੋਂ। ਭੁੱਲੀ ਫਿਰੇਂ ਸਾਰੀ ਮੇਰੀ ਜਾਨ ਪਿਆਰੀ, ਹੋਸੀ ਕਿਸੇ ਨੂੰ ਅਸਲ ਵਿਚਾਰ ਵਿੱਚੋਂ। ਅੱਗੋਂ ਹੋਂਵਦੇ ਮਗ਼ਜ਼ ਸਰੋਤਿਆਂ ਦੇ, ਲੇਕਨ ਸਮਝਦਾ ਕੋਈ ਤਿੰਨ ਤਾਰ ਵਿੱਚੋਂ । ਯਾਰੋ ਕੰਪਨੀ ਸੈਂਕੜੇ ਜਵਾਨਾਂ ਦੀ ਏ, ਇਕੋ ਹੋਂਵਦਾ ਠੀਕ ਸਰਦਾਰ ਵਿੱਚੋਂ । ਵੇਦ ਵਾਚਦੇ ਬਹੁਤ ਜਹਾਨ ਅੰਦਰ, ਕੋਈ ਕੱਢਦੇ ਅਰਕ ਨਿਤਾਰ ਵਿੱਚੋਂ। ਕੁੱਤੇ ਲੱਖ ਨੇ ਪਾਸ ਸ਼ਿਕਾਰੀਆਂ ਦੇ, ਕੋਈ ਪਕੜਦਾ ਦੌੜ ਸ਼ਿਕਾਰ ਵਿੱਚੋਂ। ਠੀਕ ਤਾਮ ਜਿਹੜਾ ਤ੍ਰਿਪਤਾਨ ਵਾਲਾ, ਸੋਈ ਮਿਲੂਗਾ ਸੰਤ ਭੰਡਾਰ ਵਿੱਚੋਂ। ਥੋੜੀ ਗੱਲ ਦੇ ਨਾਲ ਵਸੂਲ ਨਾਹੀਂ, ਸੋਇਨਾ ਲੱਭਦਾ ਧੋਤਿਆਂ ਨਿਆਰ ਵਿੱਚੋਂ। ਵਿਰਲੇ ਹਨ ਪੁੱਤਰ ਜੌਹਰੀ ਬੱਚਿਆਂ ਦੇ, ਦਮ੍ਹਕ ਦੇਖਦੇ ਲਾਲ ਜਵਾਹਰ ਵਿੱਚੋਂ । ਸੌਦਾ ਸੱਚ ਦਾ ਲੱਭੀਏ ਗ਼ੌਰ ਕਰਕੇ, ਮਿਲੇ ਮਾਲ ਨਾ ਸ਼ਹਿਰ-ਬਜ਼ਾਰ ਵਿੱਚੋਂ । ਜਿਹੜਾ ਆਸ਼ਕਾਂ-ਸਾਦਕਾਂ ਲੱਭਿਆ ਈ, ਜੂਆ ਵੱਖਰਾ ਜਿੱਤ ਤੇ ਹਾਰ ਵਿੱਚੋਂ । ਸੱਚ ਜਾਨ ਤੂੰ ਰੱਬ ਦੇ ਆਸ਼ਕਾਂ ਦੀ, ਚਾਲ ਵੱਖਰੀ ਯਾਰ ਸੰਸਾਰ ਵਿੱਚੋਂ । ਸੋਈ ਸਾਰਿਆਂ ਤੋਂ ਜੁਦਾ ਇਕ ਬੰਦੇ, ਦੇਂਦੀ ਅੰਗ ਜੋ ਤਾਰ ਸਿਤਾਰ ਵਿੱਚੋਂ। ਦਯਾ ਸਿੰਘ ਨਾ ਹੋਰ ਥਾਂ ਹੱਥ ਮਾਰੀ, ਵਸਤ ਲੱਭ ਲਈ ਪੇਟ-ਪਟਾਰ ਵਿੱਚੋਂ।

ਟੈਂਕਾ

ਟੈਂਕਾ ਆਖਦਾ ਟਲੇ ਤਕਦੀਰ ਨਾਹੀ, ਮਾਰੇ ਜਾਲ ਇਨਸਾਨ ਨੂੰ ਪਾਇਕੇ ਜੀ। ਲੱਦ ਗਏ ਲੁਕਮਾਨ ਹਕੀਮ ਜੇਹੇ, ਰੱਖਣ ਜਾਣਦੇ ਜਾਨ ਅਟਕਾਇਕੇ ਜੀ। ਮਾਰੇ ਲੇਖ ਤਕਦੀਰ ਦੇ ਗਏ ਰੋਂਦੇ, ਵੱਡੇ-ਵੱਡੇ ਬੁਲੰਦ ਕਹਾਇਕੇ ਜੀ। ਰੋਂਦੇ ਗਏ ਰਾਗੀ ਤਾਨਸੈਨ ਜੇਹੇ, ਵੇਲੇ ਵਖਤ ਦੇ ਰਾਗ ਨੂੰ ਗਾਇਕੇ ਜੀ। ਰੋਂਦਾ ਗਿਆ ਜਹਾਨ ਤੋਂ ਜਨਮੇਜਾ, ਬੇਦ-ਬਿਆਸ ਤੋਂ ਹਾਲ ਪੁਛਾਇਕੇ ਜੀ। ਰਾਮਚੰਦ ਰੋਂਦੇ ਜ਼ਾਰੋ-ਜ਼ਾਰ ਕਰਕੇ, ਲਛਮਣ ਡਿੱਗਿਆ ਮੂਰਛਾ ਖਾਇਕੇ ਜੀ। ਰੋਂਦੇ ਪਾਂਡਵਾਂ ਨੇ ਜੂਆ ਖੇਲਿਆ ਸੀ, ਚੀਰ ਦਰੋਪਤੀ ਸਭਾ ਲੁਹਾਇਕੇ ਜੀ। ਇੰਦ੍ਰ ਰੋਂਵਦਾ ਸਹਸ ਭਗ ਚਿਹਨ ਹੂਏ, ਗੋਤਮ ਰਿਖੀ ਦੇ ਗ੍ਰਿਹਸਤ ਮੇਂ ਜਾਇਕੇ ਜੀ। ਰੋਂਦੇ ਗਏ ਕਾਰੂੰ ਬਾਦਸ਼ਾਹ ਜਿਹੇ, ਗੰਜ ਦੌਲਤਾਂ ਜਮਾਂ ਕਰਾਇਕੇ ਜੀ। ਰੋਂਦੇ ਗਏ ਆਲਮ ਨੁਕਤਾਚੀਨ ਜਿਹੜੇ, ਇਕੋ ਅਲਫ਼ ਦਾ ਹਰਫ਼ ਭੁਲਾਇਕੇ ਜੀ। ਸੁਲੇਮਾਨ ਨੇ ਖ਼ੁਦੀ-ਗੁਮਾਨ ਕੀਤੀ, ਰੱਬ ਛੱਡਿਆ ਭੱਠ ਝੁਕਾਇਕੇ ਜੀ। ਏਥੇ ਰੋਂਵਦੇ ਗਏ ਅਬਲੀਸ ਜੇਹੇ, ਜਾਮਾ ਲਾਨ੍ਹਤੀ ਦਾ ਗਲੇ ਪਾਇਕੇ ਜੀ। ਰੋਂਦੇ ਗਏ ਬਾਬਾ ਆਦਮ ਹੱਵਾ ਅੰਮਾਂ, ਦਾਣਾ ਕਣਕ ਦਾ ਭੁੱਲ ਗਏ ਖਾਇਕੇ ਜੀ। ਦਯਾ ਸਿੰਘ ਜਿਸਨੇ ਪਾਵੇ ਕਾਲ ਬੱਧਾ, ਰਾਵਨ ਛੱਡਿਆ ਕਾਲ ਨੇ ਖਾਇਕੇ ਜੀ।

ਠੱਠਾ

ਠੱਠਾ ਆਖਦਾ ਠੋਕ ਬਜਾਇ ਡਿੱਠੇ, ਸੱਭ ਮਤਲਬੀ ਜਿੰਦੜੀਏ ਗਾਉਂਦੇ ਨੀ। ਕੌਣ ਕਿਸੇ ਦੇ ਫ਼ਾਇਦਿਆਂ ਵਿੱਚ ਰਾਜ਼ੀ, ਸਾਰੇ ਆਪਣੀ ਗ਼ਰਜ਼ ਨੂੰ ਭਾਉਂਦੇ ਨੀ। ਜੇ ਤਾਂ ਆਪਣੇ ਪੱਲਿਓਂ ਚੋਗ ਪਾਈਏ, ਚੁੰਗੀ ਵਾਂਗਰਾਂ ਪੰਛੀਆਂ ਪਾਉਂਦੇ ਨੀ। ਹਰਜ ਕੀਤਿਆਂ ਹੋਵਦੇ ਮਿੱਤ ਸਾਰੇ, ਪੈਸੇ ਦੁਸ਼ਮਨਾਂ ਨਿੱਤ ਬਨਾਉਂਦੇ ਨੀ। ਪੈਸਾ ਯਾਰ ਬਨਾਂਵਦਾ ਤਿਨ੍ਹਾਂ ਤਾਈਂ, ਜਿਹੜੇ ਜਾਦੂ ਦੇ ਵੱਸ ਆਉਂਦੇ ਨੇ। ਮੁਫ਼ਤ ਵੰਡ ਕੇ ਦੇਖ ਲੈ ਚੀਜ਼ ਕੋਈ, ਸਾਰੇ ਲੈਣ ਲਈ ਝੋਲੀਆਂ ਡਾਉਂਦੇ ਨੇ। ਕਿਸੇ ਜਗ੍ਹਾ ਮੇਂ ਬ੍ਰਿਛ ਲਗਾ ਦੱਈਏ, ਭੱਜੇ ਆਂਵਦੇ ਵਾਸਤੇ ਛਾਉਂਦੇ ਨੀ। ਨਦੀ ਨਾਮ ਸੰਜੋਗ ਦੇ ਮੇਲ ਜਿੰਦੇ, ਕੱਲੇ ਆਵਣਾ ਤੇ ਕੱਲੇ ਜਾਉਂਦੇ ਨੀ। ਭੀੜ ਪਈ ਤਾਂ ਤੋੜ ਪ੍ਰੀਤ ਜਾਂਦੇ, ਜਿਹੜੇ ਯਾਰ ਦਿਲਦਾਰ ਕਹਾਉਂਦੇ ਨੀ। ਜਿਥੇ ਖੜਕਦਾ ਤਵਾ ਪ੍ਰਾਤ ਹੋਵੇ, ਉਥੇ ਬੈਠ ਕੇ ਮਜਲਸਾਂ ਲਾਉਂਦੇ ਨੀ। ਖਾਣਾ ਖਾਵਣੇ ਵਾਸਤੇ ਤਿਆਰ ਹੋਵੇ, ਖਾਣੇ ਵਾਲੜੇ ਦੇਰ ਨਹੀਂ ਲਾਉਂਦੇ ਨੀ। ਦਯਾ ਸਿੰਘ ਨਾ ਧਰਮ ਦਾ ਕੰਮ ਕੋਈ, ਪੇਟ ਕਾਰਨੇ ਤਾਲ ਬਜਾਉਂਦੇ ਨੀ।

ਡੱਡਾ

ਡੱਡਾ ਆਖਦਾ ਡਰੀਂ ਖ਼ਦਾਇ ਕੋਲੋਂ, ਖ਼ੁਦੀ ਵਾਲੜੇ ਅੰਤ ਹੋ ਖੈ ਚੱਲੇ। ਭਾਰ ਲੱਦ ਗਏ ਵਾਂਗ ਮੁਸਾਫ਼ਰਾਂ ਦੇ, ਲੱਖ ਮੇਰੀਆਂ-ਮੇਰੀਆਂ ਕਹਿ ਚੱਲੇ। ਛੱਡ ਦੌਲਤਾਂ ਧਨੀ ਖ਼ਜ਼ਾਨਿਆਂ ਨੂੰ, ਸਾਡੇ ਅੱਖੀਏਂ ਦੇਖਦੇ ਸੈ ਚੱਲੇ। ਆਖ਼ਰ ਕਾਰ ਜਹਾਨ ਤੋਂ ਝਾੜ ਪੱਲੇ, ਲੱਖ ਰਾਜ ਦੇ ਤਖ਼ਤ ਮੇਂ ਬਹਿ ਚੱਲੇ। ਮੰਦਰ ਮੋਹਲਤਾਂ ਨਾਲ ਜੋ ਉੱਸਰੇ ਸੀ, ਇਕ ਪਲਕ ਵਿੱਚ ਦੇਖ ਲੈ ਢਹਿ ਚੱਲੇ। ਕਲ੍ਹ ਹੋਣਗੇ ਦੂਰ ਜ਼ਰੂਰ ਜਾਨੀ, ਅੱਜ ਵਹਿਣ ਜੋ ਨਦੀ ਦੇ ਵਹਿ ਚੱਲੇ। ਚੱਲੇ ਗਏ ਸੀ ਭਗਤ ਜੋ ਸ਼ਕਤਿ ਵਾਲੇ, ਜਿਹੜੇ ਜਗਤ ਬੁਲਾਂਵਦੇ ਜੈ ਚੱਲੇ। ਆਨ ਪਹੁੰਚਿਆ ਵਕਤ ਅਖ਼ੀਰ ਦਾ ਏ, ਰੂਹ-ਬੁੱਤ ਨੂੰ ਮਾਮਲੇ ਪੈ ਚੱਲੇ। ਦਯਾ ਸਿੰਘ ਅਖ਼ੀਰ ਨੂੰ ਜਿੰਦ ਕਹਿੰਦੀ, ਹਾਇ-ਹਾਇ ਵੇ ਬਾਬਲਾ ਲੈ ਚੱਲੇ ?

ਢੱਢਾ

ਢੱਢਾ ਆਖਦਾ ਢੂੰਡ ਕੇ ਦੇਖਿਆ ਏ, ਲੋਕ ਮਤਲਬੀ ਬਹੁਤ ਮੀਤ ਹੈ ਨਹੀਂ। ਪਾਗਲ ਫਿਰਨ ਭੌਂਦੇ ਮਾਰੇ ਔਰਤਾਂ ਦੇ, ਘਣਾਂ ਇਸ਼ਕ ਮਜ਼ਾਜ਼ ਹਕੀਕ ਹੈ ਨਹੀਂ। ਦੇਖੋ ਭੇਖ ਤਾਂ ਨੇਕ ਮਲੂਮ ਹੋਂਦੇ, ਸਾਧ ਆਖਦੇ ਬਹੁਤ ਅਤੀਤ ਹੈ ਨਹੀਂ। ਭੈੜੇ ਭੁੱਖਿਆਂ ਵਾਸਤੇ ਸਬਰ ਕਿੱਥੇ, ਪਾਸ ਦੌਲਤਾਂ ਬਹੁਤ ਹੈ ਨੀਤ ਹੈ ਨਹੀਂ। ਦਿਲੋਂ ਭੇਤ ਹਰ ਇਕ ਦਾ ਪੁੱਛ ਦੇਖੋ, ਸੀਨੇ ਧੜਕਦੇ ਤੜਫਦੇ ਸੀਪ ਹੈ ਨਹੀਂ । ਪਾਸੇ ਪਏ ਖਲਾਰੀਆਂ ਕੱਚ ਕੀਤਾ, ਏਸ ਜੱਗ ਤੇ ਹਾਰ ਤੇ ਜੀਤ ਹੈ ਨਹੀਂ। ਵੱਡੇ-ਵੱਡੇ ਅਵਤਾਰ ਹੋ ਗੁਜ਼ਰ ਗਏ ਨੇ, ਕੋਈ ਰੱਬ ਦਾ ਹੋਰ ਸ਼ਰੀਕ ਹੈ ਨਹੀਂ। ਬਿਨ੍ਹਾਂ ਰਾਗੀਆਂ ਰਾਗ ਦੀ ਤਾਰ ਕਿਥੋਂ, ਐਵੇਂ ਗਾਂਵਦੇ ਬਹੁਤ ਹੈ ਗੀਤ ਹੈ ਨਹੀਂ । ਬੜੇ ਮਰਤਬੇ ਏਸ ਜਹਾਨ ਅੰਦਰ, ਅੱਗੇ ਰੱਬ ਦਰਬਾਰ ਨਾ ਠੀਕ ਹੈ ਨਹੀਂ। ਪਾਪੀ ਦਯਾ ਭੀ ਕਾਸਨੂੰ ਤਿਆਗ ਓਈ, ਜੇਕਰ ਦਾਨ ਦੀ ਘਰੋਂ ਤੌਫ਼ੀਕ ਹੈ ਨਹੀਂ। ਚੌਦਾ ਭਵਨ ਦੇ ਗਵਨ ਨੂੰ ਛੋੜ ਬੰਦੇ, ਰੱਬ ਦੂਰ ਨਾ ਜਾਣ ਨਜ਼ੀਕ ਹੈ ਨਹੀਂ। ਅੰਤ ਮੁੱਕ ਜਾਣਾ ਝਗੜਾ ਜ਼ਿੰਦਗੀ ਦਾ, ਮੁੱਕੀ ਚੋਗ ਤਾਂ ਅਗਾਂਹ ਤਰੀਕ ਹੈ ਨਹੀਂ। ਮੋਮਨ ਕਿਸੇ ਦੇ ਨਾਲ ਕਹਾਵਨਾਂ ਏਂ, ਅਮਲ ਬਿਨ ਤੇ ਆਲਮ ਠੀਕ ਹੈ ਨਹੀਂ । ਕੀਤਾ ਨੂਰ ਥੀ ਨੂਰ ਪ੍ਰਕਾਸ਼ ਪੈਦਾ, ਬੰਦਾ ਪਾਕੇ ਨਾ ਜਾਣ ਪਲੀਤ ਹੈ ਨਹੀਂ। ਸੱਚੀ ਜੋਤਨਾ ਹਰ ਇਕ ਦੇ ਮੱਥਿਆਂ ਤੇ, ਸੰਗ ਸਰਬ ਦੇ ਵਿੱਚ ਅਕੀਕ ਹੈ ਨਹੀਂ । ਬਿਨ੍ਹਾਂ ਆਸ਼ਕਾਂ-ਸਾਦਕਾਂ ਕੌਣ ਤਰਦਾ, ਦਿਲ ਜੇਨਕੋ ਬਹਿਰੇ-ਅਮੀਕ ਹੈ ਨਹੀਂ। ਪਹਿਲਾ ਘਰ ਜੋ ਘਰਾਂ ਪੁਰਾਣਿਆਂ 'ਚੋਂ, ਰਹਿਣਾ ਆਖ਼ਰੇ ਬੈਤੁਲ ਅਤੀਤ ਹੈ ਨਹੀਂ। ਸੱਤ ਸੁੱਤਿਆਂ ਭਾਸਦਾ ਦਯਾ ਸਿੰਘਾ, ਜਗਤਜਾਨ ਫ਼ਨਾਹ-ਤਹਿਕੀਕ ਹੈ ਨਹੀਂ।

ਣਾਣਾ

ਣਾਣਾ ਆਖਦਾ ਨਾਮ ਦੇ ਜਪਨ ਵਾਲੇ, ਸੁੱਖ ਲੋਕ ਪਰਲੋਕ ਮੇਂ ਪਾਇ ਲੈਂਦੇ। ਪੈਸਾ ਧਰਮ ਦਾ ਬੈਂਕ ਜਮ੍ਹਾਂ ਕੀਤਾ, ਨੋਟ ਪਾਸ ਦਰਗਾਹ 'ਚੋਂ ਜਾਇ ਲੈਂਦੇ। ਪਰਵਦਗਾਰ ਦੇ ਹੈ ਕਾਸ਼ਤਕਾਰ ਸੋਈ, ਜਿਹੜੇ ਧਰਮ ਦਾ ਖੇਤ ਬਜਾਏ ਲੈਂਦੇ। ਕਰਮ ਜਿਨ੍ਹਾਂ ਦੇ ਧੁਰੋਂ ਸਵੇਲੜੇ ਨੇ, ਬਿਨਾਂ ਇਲਮ ਤਰੱਕੀਆਂ ਪਾਇ ਲੈਂਦੇ। ਹਾਰ ਦੇਂਵਦੇ ਲੇਖ ਨਸੀਬ ਜਿਹਨੂੰ, ਘਰ-ਘਰ ਵਿਚ ਫਿਰਨ ਗਵਾਏ ਲੈਂਦੇ। ਦਾਤੇ ਦਾਨ ਕਰਦੇ ਦਯਾਵਾਨ ਹੋਕੇ, ਖਾਂਦੇ ਫੇਰ ਜਾਂ ਕਿਸੇ ਖੁਲਾਇ ਲੈਂਦੇ। ਰੱਬ ਕਰੇ ਮੁਰਾਦ ਜੇ ਇਕ ਪੂਰੀ, ਫੇਰ ਵਾਸ਼ਨਾ ਹੋਰ ਵਧਾਇ ਲੈਂਦੇ। ਹੁੰਦੇ ਨਹੀਂ ਮਨਜੂਰ ਦਰਗਾਹ ਅੰਦਰ, ਬਿਨਾਂ ਨਾਮ ਤੋਂ ਜਿਹੜੇ ਸਾਹਿ ਲੈਂਦੇ। ਜਿਹੜੇ ਅੱਜ ਬੰਦੇ ਜਿੰਦ ਜੀਂਵਦੇ ਨੇ, ਕੋਈ ਰੋਜ਼ ਜਹਾਨ ਤੋਂ ਵਾਇ ਲੈਂਦੇ। ਵਿੱਛੜ ਗਏ ਮਸ਼ੂਕ ਮਲੂਕ ਜਿਨ੍ਹਾਂ ਦੇ, ਰੋਇ-ਰੋਇ ਕੇ ਨੈਣ ਗਵਾਇ ਲੈਂਦੇ। ਸੱਚੀ ਉਹਨਾਂ ਦੀ ਹੁੰਦੀ ਪ੍ਰੀਤ ਲੋਕੋ, ਜਿਹੜੇ ਸਿਰ ਦੇ ਨਾਲ ਪੁਜਾਇ ਲੈਂਦੇ। ਛੱਡ ਦੇਣ ਤਦਬੀਰ ਫ਼ਕੀਰ ਸਾਈਂ, ਮੰਨ ਰੱਬ ਦੀ ਇਕ ਰਜ਼ਾਇ ਲੈਂਦੇ। ਗੁਨਾਹਗਾਰ ਬਖ਼ਸ਼ਾਂਵਦੇ ਔਗਣਾਂ ਨੂੰ, ਗੱਲ ਪੱਲੜਾ ਮੁੱਖ ਮੇਂ ਘਾਇ ਲੈਂਦੇ ਚੰਦ ਜਿਨ੍ਹਾਂ ਦਾ ਪਰਮਾਤਮਾ ਦਿਆ ਸਿੰਘਾ, ਅੱਖਾਂ ਵਾਂਗ ਚਕੋਰ ਦੇ ਲਾਇ ਲੈਂਦੇ।

ਤੱਤਾ

ਤੱਤਾ ਆਖਦਾ ਤਮ੍ਹਾਂ ਨੇ ਗਾਲਿਆ ਤੂੰ, ਤਮ੍ਹਾਂ ਬੁਰੀ ਬਦਕਾਰ ਕਹਾਉਂਦੀ ਏ। ਤਮ੍ਹਾਂ ਧਾਰ ਕੇ ਰੂਪ ਜਲਾਦ ਵਾਲਾ, ਬੰਦੇ-ਬਸ਼ਰ ਦਾ ਖ਼ੂਨ ਕਰਾਉਂਦੀ ਏ। ਬੜੇ ਚੈਨ-ਅਰਾਮ ਨਾਲ ਬੈਠਿਆਂ ਨੂੰ, ਤਮ੍ਹਾਂ ਚੰਦਰੀ ਮਾਮਲੇ ਪਾਉਂਦੀ ਏ। ਤਮ੍ਹਾਂ ਜ਼ੁਲਮ ਕਰਾਂਵਦੀ ਜ਼ਾਲਮਾਂ ਤੋਂ, ਫਾਂਸੀ ਅਦਲਦੇ ਨਾਲ ਚੜ੍ਹਾਉਂਦੀ ਏ। ਚੋਰੀ-ਦਗ਼ਾ ਕਰਾਂਵਦੀ ਆਦਮੀ ਤੋਂ, ਪੈਰੀਂ ਪਕੜਕੇ ਬੇੜੀਆਂ ਪਾਉਂਦੀ ਏ । ਤਮ੍ਹਾਂ ਪਾਂਵਦੀ ਸਫ਼ਰ ਮੁਸਾਫ਼ਰਾਂ ਨੂੰ, ਦੇਸੋਂ ਕੱਢ ਪ੍ਰਦੇਸ਼ ਲੈ ਜਾਉਂਦੀ ਏ। ਤਮ੍ਹਾਂ ਹਿਰਸ ਜਹਾਨ ਦੀ ਵਿਚ ਪਾਕੇ, ਸੱਚੇ ਰੱਬ ਦਾ ਨਾਮ ਭੁਲਾਉਂਦੀ ਏ। ਤਮ੍ਹਾਂ ਹੋਰ ਮਕਾਨ ਅਬਾਦ ਕਰਦੀ, ਜੰਦਰਾ ਆਪਣੇ ਬਾਰ ਨੂੰ ਲਾਉਂਦੀ ਏ। ਤਮ੍ਹਾਂ ਪਾਪ ਕਰਾਉਂਦੀ ਪਾਪੀਆਂ ਤੋਂ, ਹੱਥੀਂ ਆਪਣੀਂ ਜ਼ਹਿਰ ਪਿਲਾਉਂਦੀ ਏ। ਤਮ੍ਹਾਂ ਕੱਢ ਸਵਰਗ-ਬਹਿਸ਼ਤ ਵਿਚੋਂ, ਵਿੱਚ ਹਾਵੀਆਂ ਦੋਜ਼ਖਾਂ ਪਾਉਂਦੀ ਏ। ਤਮ੍ਹਾਂ ਰਾਮ ਦਾ ਨਾਮ ਭੁਲਾਇਕੇ ਤੇ, ਮਾਲਾ ਫੇਰਦੀ ਆਪਣੇ ਨਾਉਂ ਦੀ ਏ। ਤਮ੍ਹਾਂ ਕੁੱਲ ਮਖ਼ਲੂਕ ਦੇ ਬੰਦਿਆਂ ਨੂੰ, ਮਕਤਬ-ਹਿਰਸ ਦੇ ਵਿਚ ਪੜ੍ਹਾਉਂਦੀ ਏ। ਤਮ੍ਹਾਂ ਨੇਮ ਕਰਾਉਂਦੀ ਮੁਸਲਮਾਨਾਂ, ਸਿਰ ਤੇ ਪਾਕ ਕਰਾਣ ਚੁਕਾਉਂਦੀ ਏ। ਵੱਸ ਤਮ੍ਹਾਂ ਨੇ ਮੁਲਕ ਤਮਾਮ ਕੀਤਾ, ਜਿੱਧਰ ਚਾਹੁੰਦੀ ਪਕੜ ਚਲਾਉਂਦੀ ਏ। ਤਮ੍ਹਾਂ ਜਾਇਕੇ ਵਿਚ ਕਚਹਿਰੀਆਂ ਦੇ, ਅੱਗੇ ਹਾਕਮਾਂ ਕੁਫ਼ਰ ਬਕਾਉਂਦੀ ਏ। ਤਮ੍ਹਾਂ ਤਲਬ ਕਰਾਉਂਦੀ ਤਿਆਗੀਆਂ ਤੋਂ, ਸੁੱਤੇ ਪਏ ਨੂੰ ਫੇਰ ਜਗਾਉਂਦੀ ਏ। ਸੁਬਾ-ਸ਼ਾਮ ਤਮਾਮ ਅਰਾਮ ਨਾਹੀਂ, ਤਮ੍ਹਾਂ ਭੂਤਨੇ ਵਾਂਗ ਨਚਾਉਂਦੀ ਏ। ਤਮ੍ਹਾਂ ਚੰਦਰੀ ਸਤ ਸੰਤੋਖੀਆਂ ਦਾ, ਇੱਕ ਪਲਕ ਵਿੱਚ ਧਰਮ ਡੁਲਾਉਂਦੀ ਏ। ਕਾਰੂੰ ਬਾਦਸ਼ਾਹ ਜਿਹਾ ਨੂੰ ਦਯਾ ਸਿੰਘਾ, ਵਿਚ ਜੱਗ ਦੇ ਨਸ਼ਰ ਕਰਾਉਂਦੀ ਏ।

ਥੱਥਾ

ਥੱਥਾ ਆਖਦਾ ਥਿਰ ਨਹੀ ਜੱਗ ਰਹਿਣਾ, ਬੰਦਾ ਮਹਿਲ ਤੇ ਮਾੜੀਆਂ ਮੱਲਦਾ ਈ। ਔਣ ਕਾਲ-ਕਸਾਈ ਦੀ ਛੁਰੀ ਹੇਠਾਂ, ਜਾਣੋਂ ਜੰਮਦਾ ਬੱਕਰਾ ਪਲਦਾ ਈ। ਗ਼ੌਸ ਕੁਤਬ ਤੇ ਔਲੀਆਂ ਅੰਬੀਆਂ ਦੇ, ਕਦੀ ਕਾਲ ਨਹੀਂ ਸੀਸ ਤੇ ਟਲਦਾ ਈ। ਐਵੇਂ ਮੇਰੀਆਂ-ਮੇਰੀਆਂ ਕਰੇਂ ਬੰਦੇ, ਦਾਅਵਾ ਦਮ ਦੀ ਘੜੀ ਨ ਪਲਦਾ ਈ। ਚੱਲੀ ਜਾਂਵਦੀ ਉਮਰ ਹਯਾਤ ਤੇਰੀ, ਜਿਵੇਂ ਨੀਰ ਨਸਾਰ ਦਾ ਚੱਲਦਾ ਈ। ਜਿਸਨੇ ਜਨਮ ਜਹਾਨ ਤੇ ਧਾਰਿਆ ਏ, ਸਭੇ ਕਾਲ-ਕਠਾਲੜੀ ਗਲਦਾ ਈ। ਬੰਦਾ ਤਮ੍ਹਾਂ-ਤੰਦੂਰ ਦੇ ਵਿਚ ਡਿੱਗਾ, ਸਿਰ ਤੇ ਪਿਆ ਮੁਸੀਬਤਾਂ ਝੱਲਦਾ ਈ । ਜਗ੍ਹਾ ਵਿਚ ਨਸੀਬ ਦੇ ਕਬਰ ਜੋਗੀ, ਕਰਕੇ ਮੇਰੀਆਂ ਮੇਰੀਆਂ ਵਲਦਾ ਈ। ਮਤਲਬ ਸਮਝਦਾ ਨਹੀਂ ਕਤਾਬ ਦਾ ਇਹ, ਵਰਕਾ ਨਾਲ ਸ਼ਤਾਬ ਉਥੱਲਦਾ ਈ। ਇਕ ਪਲਕ ਦਾ ਯਾਰ ਵਿਸਾਹ ਨਾਹੀ, ਮੇਲਾ ਹੋ ਗਿਆ ਸਾਸ ਤੇ ਖਲਦਾ ਈ। ਸੁੰਦਰ ਮੁੱਖੜਾ ਛੈਲ-ਛਬੀਲ ਬਾਂਕਾ, ਕਦੀ ਦੇਖ ਲਈ ਖ਼ਾਕ ਵਿਚ ਰਲਦਾ ਈ। ਦਯਾ ਸਿੰਘ ਤੂੰ ਛੱਡ ਹੰਕਾਰ ਤਾਈਂ, ਤੇਰੀ ਜ਼ਿੰਦਗੀ ਬੁਲਬੁਲਾ ਜਲ ਦਾ ਈ।

ਦੱਦਾ

ਦੱਦਾ ਆਖਦਾ ਦੇਖ ਅਸਚਰਜ ਹਾਂ ਮੈਂ, ਰੱਖਾਂ ਤੇਰੀਆਂ ਬੇਪਰਵਾਹੀਆਂ ਨੂੰ। ਇਕ ਤਰਸਦੇ ਸਿੱਕਿਆਂ ਟੁਕੜਿਆਂ ਨੂੰ, ਇਕ ਖਾਂਵਦੇ ਦੁੱਧ-ਮਲਾਈਆਂ ਨੂੰ। ਇਕ ਔਤਰੇ ਜਾਣ ਜਹਾਨ ਵਿਚੋਂ, ਸੱਤ ਪੁੱਤ ਬਖ਼ਸ਼ੇ ਕਈਆਂ ਮਾਈਆਂ ਨੂੰ। ਨਹੀਂ ਕੰਨਿਆਂ ਜਿਨ੍ਹਾਂ ਦੇ ਜੰਮਦੀਆਂ ਨੇ, ਸਗੋਂ ਤਰਸਦੇ ਜਾਣ ਜਵਾਈਆਂ ਨੂੰ। ਇਕ ਸਾਗਰਾਂ ਕੋਲ ਵਸੰਦੀਆਂ ਨੇ, ਕਈ ਗੁਜ਼ਰ ਗਏ ਸਾਲ ਤਿਹਾਈਆਂ ਨੂੰ। ਇਕ ਸੋਂਵਦੇ ਪਲੰਘ ਨਵਾਰੀਆਂ ਤੇ, ਉੱਤੇ ਸੁੱਟਕੇ ਲੇਫ਼-ਤਲਾਈਆਂ ਨੂੰ। ਇਕ ਜੀਵ ਜ਼ਮੀਨ ਤੇ ਸੋਂਵਦੇ ਨੇ, ਪਏ ਤਰਸਦੇ ਹੈਣ ਚਟਾਈਆਂ ਨੂੰ। ਇਕ ਦੁੱਖ ਨੇ ਮਾਰ ਬੀਮਾਰ ਕੀਤੇ, ਸਦਾ ਖਾਂਵਦੇ ਰਹਿਣ ਦੁਆਈਆਂ ਨੂੰ। ਇਕ ਪੇਟ ਨਾ ਕਈਆਂ ਦਾ ਪੂਰਦਾ ਏ, ਪਏ ਕਰਦੇ ਸਖ਼ਤ ਕਮਾਈਆਂ ਨੂੰ। ਇਕ ਛੁਰੀ ਦੇ ਨਾਲ ਕਤਲਾਮ ਕਰਦੇ, ਇਕ ਮਾਤ ਕਰ ਪੂਜਦੇ ਗਾਈਆਂ ਨੂੰ। ਨੈਨ ਜਿਨ੍ਹਾਂ ਦੇ ਮਿਰਗ ਸਮਾਨ ਸੋਹਣੇ, ਵਿਚ ਪਾਂਵਦੇ ਸੁਰਮ-ਸਲਾਈਆਂ ਨੂੰ। ਇਕ ਅੰਧਲੇ ਪੁਰਸ਼ ਬਸ਼ੀਰ ਡਿਗਦੇ, ਰਾਹ ਪੁੱਛਦੇ ਜਾਂਦਿਆਂ ਰਾਹੀਆਂ ਨੂੰ। ਇਕ ਕੈਦ ਕੀਤੇ ਬੰਦੀ-ਖ਼ਾਨਿਆਂ ਵਿੱਚ, ਪਏ ਭੋਗਦੇ ਲੇਖ ਲਖਾਈਆਂ ਨੂੰ। ਰੱਬ ਜਿਨ੍ਹਾਂ ਦੇ ਯਾਰ ਵਿਛੋੜ ਛੱਡੇ, ਧਾਹੀਂ ਰੋਂਵਦੇ ਜਾਣ ਜੁਦਾਈਆਂ ਨੂੰ। ਇਕ ਪੂਜਦੇ ਰਾਮ-ਰਹੀਮ ਤਾਈਂ, ਇੱਕ ਪੂਜਦੇ ਬੁੱਤ ਬਲਾਈਆਂ ਨੂੰ। ਪੁੰਨ-ਦਾਨ ਨੂੰ ਮਨ ਨਹੀਂ ਚਾਂਹਵਦਾ ਏ, ਰੱਬ ਜਾਣਦਾ ਦਿਲੀ ਸਫ਼ਾਈਆਂ ਨੂੰ। ਦਯਾ ਸਿੰਘ ਤੂੰ ਤਾਰੇਂ ਅਣਤਾਰੂਆਂ ਨੂੰ, ਡੋਬ ਦੇਵਨਾ ਤਾਰੂ ਮਲਾਹੀਆਂ ਨੂੰ।

ਧੱਧਾ

ਧੱਧਾ ਆਖਦਾ ਧੰਨ ਨੇ ਪੁਰਸ਼ ਸੋਈ, ਸੀਸ ਜਿਨ੍ਹਾਂ ਨੇ ਧਰਮ ਤੋਂ ਵਾਰ ਛੱਡੇ । ਵਾਹਿ-ਵਾਹਿ ਸੋ ਰੱਬ ਦੇ ਬੰਦੜੇ ਨੇ, ਜਾਪ ਕਰਦਿਆਂ ਜਨਮ ਸੁਧਾਰ ਛੱਡੇ । ਕਿਉਂ ਨਾ ਲੋਕ-ਪ੍ਰਲੋਕ ਵਿੱਚ ਭਲਾ ਹੋਸੀ, ਕਰ ਭਗਤੀਆਂ ਬਰਸ ਗੁਜ਼ਾਰ ਛੱਡੇ । ਜਿਹੜੇ ਨਾਲ ਸ਼ੈਤਾਨ ਦੇ ਖੇਲ ਬੈਠੇ, ਜੂਏ ਤਿਨ੍ਹਾਂ ਨੇ ਧਰਮ ਦੇ ਹਾਰ ਛੱਡੇ । ਨਹੀਂ ਰੋਂਵਦੇ ਪੈਸਿਆਂ ਡਿੱਗਿਆਂ ਨੂੰ, ਜਿਨ੍ਹਾਂ ਪੱਲਿਓ ਖ਼ਰਚ ਹਜ਼ਾਰ ਛੱਡੇ । ਹੋਸੀ ਤਿਨ੍ਹਾਂ ਦੀ ਸਦਾ ਮੁਰਾਦ ਪੂਰੀ, ਲੰਮੇ ਦਾਈਏ ਜਿਨ੍ਹਾਂ ਨੇ ਧਾਰ ਛੱਡੇ । ਜਿਨ੍ਹਾਂ ਜਾਣਿਆਂ ਜਗਤ ਨੂੰ ਮਿੱਥਿਆ ਹੈ, ਝੂਠੇ ਜੱਗ ਦੇ ਵਣਜ-ਵਪਾਰ ਛੱਡੇ। ਵਿੱਚ ਸ਼ਹਿਰ ਦੇ ਕਹਿਰ ਮਲੂਮ ਹੋਵੇ, ਵੇਖ ਜਿਨ੍ਹਾਂ ਨੇ ਇਸ਼ਕ-ਬਜ਼ਾਰ ਛੱਡੇ । ਰਹੇ ਸਾਬਤੀ ਸਾਹਿਬ ਦੇ ਨਾਲ ਯਾਰੋ, ਜਿਨ੍ਹਾਂ ਫਰਜ਼ ਦੇ ਕਰਜ਼ ਉਤਾਰ ਛੱਡੇ । ਜਿਹੜੇ ਹੇੜੀਆਂ ਵਾਂਗਰਾਂ ਮਗਰ ਲੱਗੇ, ਨਹੀਂ ਪਕੜਨੋ ਕਦੀ ਸ਼ਿਕਾਰ ਛੱਡੇ । ਦਯਾ ਸਿੰਘ ਬਿਨ ਭਜਨ ਤੋਂ ਰਹੇ ਖ਼ਾਲੀ, ਜਿਨ੍ਹਾਂ ਸੱਖਣੇ ਬੇਦ ਵਿਚਾਰ ਛੱਡੇ ।

ਨੰਨਾ

ਨੰਨਾ ਕਹੇ ਨਾ ਇਲਮ ਤੇ ਅਮਲ ਕਰਦੇ, ਪੜ੍ਹ-ਪੜ੍ਹਕੇ ਮਗਜ਼ ਖਪਾਨ ਵਾਲੇ । ਗਿਆਨ-ਗੋਸ਼ਟੀ ਤੇ ਧਨੀ ਵਿਦਿਆ ਦੇ, ਵੇਦ ਵਿਆਸ ਨੂੰ ਪਰ੍ਹੇ ਹਟਾਨ ਵਾਲੇ । ਉਤੋਂ ਨੇਕ ਨਾ ਦਿਲਾਂ ਦੇ ਭੇਦ ਦੇਂਦੇ, ਦਾਹੜੀ ਸ਼ੇਖ਼ ਦੀ ਕਰਮ ਸ਼ੈਤਾਨ ਵਾਲੇ । ਐਬ ਕਈਆਂ ਦਾ ਬੋਲ ਕੇ ਜ਼ਾਹਰ ਕਰਦੇ, ਵਿੱਚੋਂ ਆਪਣੇ ਐਬ ਛਪਾਨ ਵਾਲੇ । ਮੰਦੇ ਕਰਮ ਕਰਦੇ ਗੁਨਾਹਗਾਰ ਪਾਪੀ, ਉੱਤੋਂ ਜਾਪਦੇ ਧਰਮ ਈਮਾਨ ਵਾਲੇ । ਏਥੇ ਜਾਪਦੇ ਇਹ ਭਿਸ਼ਤੀ ਲੋਕ ਯਾਰੋ, ਅੱਗੇ ਹਾਵੀਆਂ ਦੋਜ਼ਕੀ ਜਾਨ ਵਾਲੇ । ਸੁਣਕੇ ਰੱਬ ਦੇ ਹੁਕਮ ਨੂੰ ਗ਼ੈਰ-ਮੁਸਲਮ, ਮੋਮਨ ਮੱਕਰ ਦੇ ਨਾਲ ਕਹਾਨ ਵਾਲੇ । ਨਹੀਂ ਇਲਮ-ਕਲਾਮ ਤੇ ਅਮਲ ਕਰਦੇ, ਐਵੇਂ ਪੜ੍ਹਦੇ ਹਰਫ਼ ਕੁਰਾਨ ਵਾਲੇ । ਬੱਗੇ ਬਗਲਿਆਂ ਵਾਂਗਰਾਂ ਜਾਪਦੇ ਨੇ, ਵਿੱਚੋਂ ਮੱਛੀਆਂ-ਡੱਡੀਆਂ ਖ਼ਾਨ ਵਾਲੇ । ਬੋਲ ਕੋਇਲ ਸਮਾਨ ਸੁਣਾਂਵਦੇ ਨੇ, ਵਿੱਚੋਂ ਕਾਗ ਨੇ ਗੰਦਗੀ ਖ਼ਾਨ ਵਾਲੇ । ਆਪ ਨਾਲ ਪਿਆਸ ਦੇ ਜਲ ਮੋਏ, ਦੂਜੇ ਤਾਈਂ ਜੋ ਆਬ ਪਿਲਾਨ ਵਾਲੇ । ਉਤੋਂ ਧਾਰ ਦੇ ਰੂਪ ਨਿਤਾਣਿਆਂ ਦਾ, ਲਾਂਦੇ ਤਾਣ ਨੇ ਖ਼ੁਦੀ ਗੁਮਾਨ ਵਾਲੇ । ਸਿਰ ਤੇ ਝੰਡ ਪਾਖੰਡ ਦਾ ਧਾਰ ਲੈਂਦੇ, ਰੱਬ ਯਾਦ ਨਾ ਸਾਧ ਸਦਾਨ ਵਾਲੇ । ਆਪ ਧਾਰਨਾ ਰਹਿਤ ਦੁਐਤ ਬਾਦੀ, ਮੁਖੋਂ ਗੋਲੜੇ ਗਿਆਨ ਚਲਾਨ ਵਾਲੇ । ਤਿਆਗੀ ਆਖਦੇ ਐਬ ਸ਼ਰੱਈ ਪੰਜੇ, ਰੋਜ਼ਾ ਰੱਖਕੇ ਦੁਗਨਾ ਖਾਨ ਵਾਲੇ । ਵਿਚੋਂ ਵੇਖੀਏ ਜੀਵ ਦੇ ਜੀਵ ਬੈਠੇ, ਬ੍ਰਹਮ ਅੱਸਮੀ ਕਹਿਨ ਕਹਾਨ ਵਾਲੇ । ਮੁਖੋਂ ਕੈਹਨ ਅਲੱਖ ਨੂੰ ਲੱਖ ਬੈਠੇ, ਵਿਚੋਂ ਭੇਤ ਨਾ ਰੱਬ ਦਾ ਪਾਨ ਵਾਲੇ । ਕਹਿਨ ਜਿੱਤ ਗਏ ਬਾਜੀਆਂ ਹਾਰ ਬੈਠੇ, ਬਣੇ ਸੂਰਮੇ ਕੈਰ ਜਹਾਨ ਵਾਲੇ । ਉਦਾਸੀਨ ਜਹਾਨ ਤੋਂ ਜਾਪਦੇ ਨੇ, ਘਰ ਬਾਰ ਤੇ ਵਤਨ ਮਕਾਨ ਵਾਲੇ। ਕਾਰੂੰ ਦੇਸ ਦੇ ਮੁਲਕ ਦੇ ਆਦਮੀ ਹੈਂ, ਝੂਠ ਮਾਰਦੇ ਕਹਿਨ ਜਪਾਨ ਵਾਲੇ । ਵਿਚੋਂ ਹੀਨੜੀ ਜਾਤ ਜੁਲਾਹਿਆਂ ਦੀ, ਪੇਸ਼ ਪਹਿਨਦੇ ਮੁਗਲ ਪਠਾਨ ਵਾਲੇ । ਚਿੱਤ ਚਾਹੁੰਦਾ ਇਨ੍ਹਾਂ ਦੇ ਹੋ ਰਹੀਏ, ਜੇਕਰ ਸੁਨੀਏਂ ਸੁਖਨ ਜ਼ਬਾਨ ਵਾਲੇ। ਨਹੀਂ ਪਾਸ ਹਥਿਆਰ ਸਮਾਨ ਕੋਈ, ਰੱਖ ਹੌਂਸਲੇ ਜੁੱਧ ਮੈਦਾਨ ਵਾਲੇ । ਵਿਚੋਂ ਗੰਦਗੀ ਜਹੀ ਬਦਬੂ ਆਵੇ, ਬਨ ਬੈਠਦੇ ਅਤਰ ਦੁਕਾਨ ਵਾਲੇ । ਤੱਤਕਾਲ ਹੀ ਚਾਲ ਪਹਿਚਾਨ ਜਾਂਦੇ, ਜੇਹੜੇ ਪਾਰਖੂ ਪਰਖ ਪਛਾਨ ਵਾਲੇ । ਲੱਖਾਂ ਗੁਰੂ ਬਨ ਬੈਠਦੇ ਚੇਲਿਆਂ ਦੇ, ਨਹੀਂ ਰੱਬ ਦੀ ਸ਼ਕਲ ਦਿਖਾਨ ਵਾਲੇ । ਨਹੀਓਂ ਗੋਝ ਗਿਆਨ ਦਾ ਬੋਧ ਹੋਇਆ, ਮਿਲੇ ਵਿੱਦਯਾ ਬਹੁਤ ਪੜ੍ਹਾਨ ਵਾਲੇ । ਲੱਖਾਂ ਮਿਲੇ ਮਾਸ਼ੂਕ ਨੇ ਖੁਲਕ ਵਾਲੇ, ਨਹੀਂ ਲੱਗੀਆਂ ਦਿਲੋਂ ਬੁਝਾਨ ਵਾਲੇ। ਯਾਰ ਸੱਚ ਦੇ ਸੁਖਨ ਸੁਨਾਨ ਵਾਲੇ, ਹਮ ਨਹੀਂ ਨਿੰਦਿਆ ਕਰਨ ਕਰਾਨ ਵਾਲੇ । ਪੂਰਨ ਪੁਰਖ ਹਮ ਸੱਚਿਆਂ ਸਾਧੂਆਂ ਤੋਂ, ਲਖ ਲਖ ਵਾਰ ਸਦੱਕੜੇ ਜਾਨ ਵਾਲੇ । ਧੰਨ ਧੰਨ ਸਾਧੂ ਧੰਨ ਧੰਨ ਸਾਧੂ, ਸਾਡੇ ਵਿੱਛੜੇ ਯਾਰ ਮਿਲਾਨ ਵਾਲੇ । ਦੂਰੋਂ ਦੇਖ ਹਮ ਭੇਖ ਭਗਵਾਨ ਜੀ ਦਾ, ਹੱਬ ਬੰਨ੍ਹਕੇ ਸੀਸ ਨਿਵਾਨ ਵਾਲੇ । ਦਯਾ ਸਿੰਘ ਤੂੰ ਸਬਕ ਪਕਾਇ ਛੱਡੀਂ, ਵੇਲੇ ਆਵਸਨਗੇ ਇਮਤਿਹਾਨ ਵਾਲੇ ।

ਪੱਪਾ

ਪੱਪਾ ਆਖਦਾ ਪ੍ਰੇਮ ਦੇ ਫਲ ਬਾਝੋਂ, ਰੱਬ ਰੁੱਖ ਸਰੀਂਹ ਦਾ ਸੁੱਕ ਜਾਏ । ਬੂਟਾ ਫਲਨ ਦੀ ਆਸ ਉਮੈਦ ਕਿਆ ਹੈ, ਬੀਤ ਚੇਤ ਬਸੰਤ ਦੀ ਰੁੱਤ ਜਾਏ । ਲੱਖ ਬਰਸ ਦੀ ਜਮ੍ਹਾਂ ਗੁੰਜਾਇਸ਼ ਕੀਤੀ, ਭਾਵੇਂ ਅੱਜ ਹੀ ਚੋਗ ਨਖੁੱਟ ਜਾਏ। ਰਾਹੀ ਰੂਹ ਸਰੀਰ ਮੇਂ ਵੱਸ ਰਿਹਾ, ਭਾਵੇਂ ਅੱਜ ਹੀ ਛੋਡਕੇ ਬੁਤ ਜਾਏ। ਜੇਕਰ ਮਰਨ ਦੇ ਵਕਤ ਨੂੰ ਯਾਦ ਰੱਖੇ, ਬੰਦਾ ਰੱਬ ਦੀ ਤਰਫ ਨੂੰ ਝੁੱਕ ਜਾਏ । ਪੂਰਾ ਮਿਲੇ ਗੁਰਦੇਵ ਤਬੀਬ ਕੋਈ, ਤਾਹੀਂ ਦੂਈ ਦੁਰਮੱਤ ਦਾ ਦੁਖ ਜਾਏ । ਮਨ ਜਾਣ ਤੂੰ ਪ੍ਰਿਥਮੇਂ ਮਰਨ ਚੰਗਾ, ਜੇਕਰ ਮਰਨ ਦਾ ਫੈਸਲਾ ਮੁੱਕ ਜਾਏ । ਖਾਲੀ ਪੱਲਿਓਂ ਮਕਰ ਪਾਖੰਡ ਕਰਦੇ, ਭਲਾ ਸੋ ਜੋ ਪਾਇਕ ਲੁਕ ਜਾਏ । ਭਲੇ ਭਜਨ ਬਿਨ ਇਸਤ੍ਰੀ ਮਰਦ ਨਾਹੀਂ, ਸਾੜੀ ਦੁਹਾਂ ਦੀ ਪੱਗ ਤੇ ਗੁੱਤ ਜਾਏ। ਸੱਚ ਆਖਦੇ ਤਿਆਗ ਵਿਰਾਗ ਬਾਝੋਂ, ਕੈਸੇ ਜੀਵ ਅਜ਼ਾਬ ਤੋਂ ਛੁਟ ਜਾਏ । ਭਾਵੇਂ ਰਾਜ ਕਰੀਏ ਨੌਖੰਡ ਪ੍ਰਿਥਵੀ ਦਾ ਭੋਗ ਭੋਗਿਆਂ ਦਿਲੋਂ ਨ ਭੁੱਖ ਜਾਏ। ਦਯਾ ਸਿੰਘ ਤੂੰ ਇਸ਼ਕ-ਸ਼ਰਾਬ ਪੀ ਲੈ, ਮੱਤ ਕੌਲ ਕਲਬੂਤ ਦਾ ਫੁੱਟ ਜਾਏ ।

ਫੱਫਾ

ਫੱਫਾ ਆਖਦਾ ਫੇਰ ਫ਼ਕੀਰ ਹੋਈਏ, ਪਹਿਲੇ ਹੰਗਤਾ-ਬੁਰਜ ਨੂੰ ਢਾਹ ਲਈਏ । ਯਾਦ ਰੱਖੀਏ ਯਾਰ ਅਖ਼ੀਰ ਤਾਈਂ, ਯਾਦ ਰੱਬ ਦੀ ਬਾਝ ਨਾ ਸਾਹ ਲਈਏ । ਸੰਗ ਛੱਡੀਏ ਬੁਤਪ੍ਰਸਤੀਆਂ ਦਾ, ਇਕੋ ਪਕੜ ਖ਼ੁਦਾਇ ਦਾ ਰਾਹ ਲਈਏ। ਫੇਰ ਨਾਲ ਮਸ਼ੂਕ ਪ੍ਰੀਤ ਕਰੀਏ, ਪਹਿਲੇ ਜ਼ਿੰਦਗੀ ਘੋਲ-ਘੁਮਾ ਲਈਏ । ਯਾਦ ਰੱਖੀਏ ਇਕ ਪਰਮਾਤਮਾ ਨੂੰ, ਜਾਣ ਮਿੱਥਿਆ ਜਗਤ ਭੁਲਾ ਲਈਏ । ਜਾਨ ਹੁੰਦਿਆਂ ਜੀਓਂਦੇ ਮਰ ਰਹੀਏ, ਜ਼ਰਾ ਜੀਂਵਦੇ ਖ਼ਫਨ ਹੰਢਾ ਲਈਏ । ਜਿਗਰ ਜੀਵਨਾ ਨਾਲ ਪਿਆਸ ਮੋਇਆ, ਇਸ ਨੂੰ ਆਬਹਯਾਤ ਪਿਲਾ ਲਈਏ। ਬੰਦੇ ਇਲਮ ਦੇ ਪੜ੍ਹਨ ਦਾ ਫ਼ੈਜ਼ ਏਹੋ, ਜੇਕਰ ਏਸ ਦਾ ਅਮਲ ਕਮਾ ਲਈਏ। ਦਿੱਤੀ ਜੀਭ ਕਰਤਾਰ ਨੇ ਬੋਲਣੇ ਨੂੰ, ਜ਼ਰਾ ਗੀਤ ਗੋਬਿੰਦ ਦੇ ਗਾ ਲਈਏ । ਨੌਬਤ ਜਾਨ ਤੂੰ ਆਪਣੀ ਜ਼ਿੰਦਗੀ ਦੀ, ਭਾਵੇਂ ਕੇਤੜੇ ਰੋਜ਼ ਵਜਾ ਲਈਏ । ਖੇਤ ਜਾਨ ਸਰੀਰ ਤੇ ਨੀਰ ਸ਼ਾਂਤੀ, ਵਿੱਚ ਬ੍ਰਹਮ ਦਾ ਬੀਜ ਬਿਜਾ ਲਈਏ। ਤੇਰਾ ਜੀਓ ਜਾਨੀ ਗ੍ਰਿਫ਼ਤਾਰ ਹੋਇਆ, ਕਰਕੇ ਸੰਤ ਵਕੀਲ ਛੁਡਾ ਲਈਏ। ਵਗੇ ਇਸ਼ਕ-ਪ੍ਰੇਮ ਦੀ ਗੰਗ ਨੇੜੇ, ਜ਼ਰਾ ਚੁੱਭੀਆਂ ਮਾਰ ਕੇ ਨ੍ਹਾ ਲਈਏ। ਦਯਾ ਸਿੰਘ ਨਾ ਸਾਧਨਾ ਬਾਝ ਸਾਧੂ, ਭਾਵੇਂ ਕੇਤੜੇ ਭੇਖ ਬਨਾ ਲਈਏ ।

ਬੱਬਾ

ਬੱਬਾ ਕਹੇ ਤੂੰ ਬੰਦਿਆ ਚਾਹਵਨਾ ਹੈਂ, ਮੇਰਾ ਏਸ ਜਹਾਨ ਤੇ ਰਾਜ ਹੋਵੇ । ਹੋਵੇ ਹੁਕਮ ਜਾਰੀ ਨੌ-ਖੰਡ ਪ੍ਰਿਥਵੀ ਤੇ, ਉੱਤੇ ਸੀਸ ਦੇ ਰਾਜ ਦਾ ਤਾਜ ਹੋਵੇ । ਹੋਵਨ ਅਪੱਛਰਾਂ ਭੋਗ ਦੇ ਭੋਗਣੇ ਨੂੰ, ਛੱਤੀ ਰਕਮ ਦਾ ਭੋਜਨ ਸਵਾਦ ਹੋਵੇ । ਵੱਡਾ ਜਾਣ ਕੇ ਮੁਝੇ ਸਲਾਮ ਹੋਵੇ, ਸਾਰੇ ਜੱਗ ਵਿੱਚ ਅਦਬ-ਅਦਾਬ ਹੋਵੇ । ਪੰਡਤ ਸੰਗਿਆ ਨਾਮ ਪਰਤਿਸ਼ਟ ਹੋਵੇ, ਚਾਰ ਵੇਦ ਕੰਠਾਗਰੋਂ ਯਾਦ ਹੋਵੇ। ਸਿਫ਼ਤ ਕਰੇ ਹਰੇਕ ਹੀ ਦੇਖਕੇ ਤੇ, ਮੇਰਾ ਰੂਪ ਵੀ ਚੰਦ-ਮਹਿਤਾਬ ਹੋਵੇ। ਐਸ਼-ਇਸ਼ਰਤਾਂ ਵਿੱਚ ਲੰਘੇ ਉਮਰ ਸਾਰੀ, ਕਿਸੇ ਵਕਤ ਨਾ ਚਿੱਤ ਨਰਾਜ਼ ਹੋਵੇ। ਸੋਹਣਾ ਰੂਪ ਅਨੂਪ ਕਲਬੂਤ ਹੋਵੇ, ਉੱਤੇ ਬਦਨ ਦੇ ਜ਼ਖ਼ਮ ਨਾ ਦਾਗ਼ ਹੋਵੇ। ਕਿਹੜੀ ਕਲਪਨਾ ਕਰੇਂ ਤੂੰ ਦਯਾ ਸਿੰਘਾ, ਕਿਹੜੀ ਵਸਤ ਹਾਸਲ ਬਿਨਾਂ ਭਾਗ ਹੋਵੇ ।

ਭੱਭਾ

ਭੱਭਾ ਆਖਦਾ ਭਲਾ ਵੀਚਾਰ ਦੇਖੋ, ਕਿਹੜਾ ਭਗਤ ਹੈ ਭਜਨ ਭਗਵਾਨ ਬਾਝੋਂ ? ਬਿਨਾਂ ਗਊ ਦੀ ਰੱਖਿਆ ਕੌਣ ਹਿੰਦੂ, ਮੁਸਲਮਾਨ ਨਾ ਸੂਰ ਦੀ ਆਨ ਬਾਝੋਂ ? ਬਿਨਾਂ ਜਿਸਮ ਦੇ ਜਿੰਦ ਦਾ ਪਿੰਡ ਕਿਹੜਾ, ਮੁਰਦਾ ਕੌਣ ਹੈ ਗੋਰ ਕਮਾਨ ਬਾਝੋਂ ? ਮੰਗਤਾ ਕੌਣ ਜੋ ਨਹੀਂ ਸਵਾਲ ਕਰਦਾ, ਦਾਤਾ ਕੌਨ ਹੈ ਦਿਤਿਆਂ ਦਾਨ ਬਾਝੋਂ ? ਲੱਖਾਂ ਆਦਮੀ ਹਾਕਮਾਂ ਕੋਲ ਜਾਂਦੇ, ਕਿਹੜਾ ਲੰਘਿਆ ਮਿਲੇ ਦਰਬਾਨ ਬਾਝੋਂ ? ਸੋਨਾ ਪਰਖਿਆ ਬਾਝ ਸੁਨਿਆਰ ਕਿਹੜਾ, ਜੌਹਰੀ ਲਾਲ ਦੀ ਕੌਣ ਪਛਾਣ ਬਾਝੋਂ ? ਨੌਕਰ ਕੌਣ ਜੋ ਫ਼ਰਮਾ-ਬਰਦਾਰ ਨਾਹੀ, ਹਾਕਮ ਕੌਣ ਜੇ ਹੁਕਮ ਚਲਾਣ ਬਾਝੋਂ ? ਬਿਨਾਂ ਦੌਲਤਾਂ ਕੌਣ ਬਪਾਰ ਕਰਦਾ, ਕਰੇ ਗੁਫ਼ਤਗੂ ਕੌਣ ਜ਼ਬਾਨ ਬਾਝੋਂ ? ਮੱਛੀ ਕੌਣ ਜੋ ਨੀਰ ਬਿਨ ਜੀਵਦੀ ਏ, ਕਿਹੜਾ ਪੇਟ ਅਨਾਜ ਦੇ ਖਾਣ ਬਾਝੋਂ ? ਜਾਨਵਰਾਂ ਬਿਨ ਪਰਾਂ ਕੀ ਉੱਡ ਜਾਣਾ, ਚੱਲੇ ਕੌਣ ਜੋ ਤੀਰ ਕਮਾਨ ਬਾਝੋਂ ? ਬ੍ਰਾਹਮਣ ਕੌਣ ਜੋ ਵੇਦ ਨਾ ਮੰਨਦਾ ਏ, ਮੋਮਨ ਕੌਣ ਜੋ ਅਸਲ ਕੁਰਾਨ ਬਾਝੋਂ ? ਕੋਈ ਨਹੀਂ ਬੇਗਰਜ਼ ਮਾਸ਼ੂਕ ਜੇਹਾ, ਆਸ਼ਕ ਨਹੀ ਜੇ ਜਾਨ ਕੁਰਬਾਨ ਬਾਝੋਂ । ਦੌਲਤਮੰਦ ਅਮੀਰ ਫ਼ਕੀਰ ਜਾਪੇ, ਕੱਪੜ, ਵਸਤ, ਲਿਬਾਸ ਦੀ ਸ਼ਾਨ ਬਾਝੋਂ । ਕੁਰਾਨ ਖ਼ਤਮ ਹੋਕੇ ਕਿਆਮਤ ਆਵਣੀਏ, ਦੱਸ ਕੌਣ ਬੁਨਿਆਦ ਘੱਟ ਜਾਨ ਬਾਝੋਂ ? ਦਯਾ ਸਿੰਘ ਸੱਭੇ ਗੱਲਾਂ ਝੂਠੀਆਂ ਨੇ, ਹੋਇਆ ਪਾਸ ਕਿਹੜਾ ਇਮਤਿਹਾਨ ਬਾਝੋਂ ?

ਮੱਮਾ

ਮੱਮਾ ਕਹੇ ਮਿਲ ਗਏ ਜਿਨ੍ਹਾਂ ਗੁਰੂ ਪੂਰੇ, ਛੱਡ ਗਏ ਸ਼ਰੀਕਤਾਂ-ਵਾਦੀਆਂ ਨੂੰ। ਜਿਹੜੀ ਮੰਜ਼ਲ ਅੰਦਰ ਫ਼ੱਕਰ ਖੇਡਦੇ ਨੇ, ਓਥੇ ਖ਼ਬਰ ਨ ਪੰਡਤਾਂ-ਕਾਜ਼ੀਆਂ ਨੂੰ। ਜਿਨ੍ਹਾਂ ਆਸ਼ਕਾਂ ਦੇ ਸਿਰਾਂ ਨਾਲ ਦਾਵੇ, ਓਹ ਕੀ ਜਾਣਦੇ ਪਾਸਿਆਂ-ਬਾਜ਼ੀਆਂ ਨੂੰ । ਜਿਨ੍ਹਾਂ ਤਿਆਗਿਆ ਭੋਗ ਪਦਾਰਥਾਂ ਨੂੰ, ਓਹ ਕੀ ਜਾਣਦੇ ਜੀਭ ਸਵਾਦੀਆਂ ਨੂੰ। ਓਹ ਕੀ ਜਾਣਦੇ ਕੋਟ ਪਤਲੂਨ ਬਰਦੀ, ਜਿਨ੍ਹਾਂ ਪਾਵਣਾ ਤੇੜ ਤੜਾਗੀਆਂ ਨੂੰ। ਗਿਟ-ਮਿਟ ਅੰਗਰੇਜ਼ੀ ਦੀ ਜਾਣਦੇ ਕੀ, ਜਿਨ੍ਹਾਂ ਬੋਲਣਾ ਖ਼ਾਸ ਪੰਜਾਬੀਆਂ ਨੂੰ। ਚਿੱਠੀ ਮੌਤ ਦੀ ਦੇ ਇੰਤਜ਼ਾਰ ਜਿਹੜੇ, ਓਹ ਕੀ ਜਾਣਦੇ ਕਾਟ-ਜਵਾਬੀਆਂ ਨੂੰ। ਰੱਖੇ ਜਿਨ੍ਹਾਂ ਨੇ ਨਫ਼ਰ ਗੁਲਾਮ ਧੋਬੀ, ਉਹ ਨਾ ਪਹਿਨਦੇ ਕੱਪੜੇ ਦਾਗ਼ੀਆਂ ਨੂੰ। ਜਿਹੜੇ ਮਸਤ-ਅਲਮਸਤ ਆਜ਼ਾਦ ਹੋਏ, ਓਹ ਕੀ ਜਾਣਦੇ ਗ਼ਮੀਆ-ਸ਼ਾਦੀਆਂ ਨੂੰ। ਖ਼ਾਨੇ ਆਪਦੇ ਜਿਨ੍ਹਾਂ ਬਰਬਾਦ ਕੀਤੇ, ਓਹ ਕੀ ਜਾਣਦੇ ਔਰ ਅਬਾਦੀਆਂ ਨੂੰ। ਜਿਨ੍ਹਾਂ ਦਿਲਾਂ ਤੇ ਧਨੁਖ ਟਕੋਰ ਲੱਗੇ, ਓਹ ਕੀ ਜਾਣਦੇ ਸੇਠ-ਨਵਾਬੀਆਂ ਨੂੰ। ਜਿਨ੍ਹਾਂ ਇਸ਼ਕ, ਹਕੀਕਤ ਹਕੀਕਤ ਜਾਤਾ, ਓਹ ਕੀ ਜਾਣਦੇ ਇਸ਼ਕ-ਮਜਾਜ਼ੀਆਂ ਨੂੰ। ਜਿਨ੍ਹਾਂ ਅਲਫ਼ ਦੇ ਹਰਫ਼ ਨੂੰ ਹਿਫ਼ਜ਼ ਕੀਤਾ, ਓਹ ਕੀ ਜਾਣਦੇ ਇਲਮ ਕਿਤਾਬੀਆਂ ਨੂੰ। ਜਿਨ੍ਹਾਂ ਅੰਦਰੋਂ ਫੇਰ ਦੀਦਾਰ ਕੀਤਾ, ਓਹ ਕੀ ਜਾਣਦੇ ਨੇ ਕਾਬੇ-ਹਾਜੀਆਂ ਨੂੰ। ਜਿਨ੍ਹਾਂ ਰੱਖਿਆ ਇਕ ਮਹਿਬੂਬ ਰਾਜੀ, ਓਹ ਕੀ ਜਾਣਦੇ ਹੋਰ ਨਰਾਜ਼ੀਆਂ ਨੂੰ। ਜਿਹੜੇ ਰਹਿਨ ਨਿਹਾਲ ਹਰ ਹਾਲ ਅੰਦਰ, ਓਹ ਕੀ ਜਾਣਦੇ ਮਰਬ ਸ਼ਰਾਬੀਆਂ ਨੂੰ। ਹੋਈ ਜਿਨ੍ਹਾਂ ਦੀ ਠੀਕ ਨਿਸਚਲ ਬ੍ਰਿਤੀ, ਓਹ ਕੀ ਜਾਣਦੇ ਝੂਠ ਸਮਾਧੀਆਂ ਨੂੰ। ਜਿੰਦਾ ਜਿਗਰ ਦਾ ਖੁਲ੍ਹਿਆ ਦਯਾ ਸਿੰਘਾ, ਰੱਬ ਲੱਗਿਆ ਜਿਨ੍ਹਾਂ ਦਾ ਚਾਬੀਆਂ ਨੂੰ।

ਯੱਯਾ

ਯੱਯਾ ਕਹੇ ਸਾਰਾ ਹੁੱਸਨ ਰੂਪ ਤੇਰਾ, ਤੈਨੂੰ ਨਾਲ ਫ਼ਰੇਬ ਦੇ ਠੱਗ ਰਿਹਾ। ਦਿੱਤਾ ਰੱਬ ਉਸਾਰ ਸਰੀਰ ਮੰਦਰ, ਵਿੱਚ ਰੂਹ ਦਾ ਦੀਵੜਾ ਜੱਗ ਰਿਹਾ। ਤੈਨੂੰ ਕਾਸ ਦੇ ਵਾਸਤੇ ਘੱਲਿਆ ਸੀ, ਕਿਹੜੇ ਕੰਮ ਤੂੰ ਮੂਰਖਾ ਲੱਗ ਰਿਹਾ ? ਨਹੀ ਬੋਲਿਆਂ ਸੁਣੇ ਆਵਾਜ਼ ਕੰਨੀਂ, ਸਾਰੇ ਢੋਲ ਹੈ ਮੌਤ ਦਾ ਵੱਜ ਰਿਹਾ। ਕੋਈ ਆਂਵਦਾ ਤੇ ਕੋਈ ਜਾਂਵਦਾ ਏ, ਰਸਤਾ ਵਾਂਗ ਬਜ਼ਾਰ ਦੇ ਵੱਗ ਰਿਹਾ। ਵਾਹ-ਵਾਹ ਕੀ ਅਜਬ ਖ਼ਿਆਲ ਬਣਿਆ, ਕੋਈ ਖੜ੍ਹਦਾ ਤੇ ਕੋਈ ਭੱਜ ਰਿਹਾ। ਕਰੇ ਕਈਆਂ ਨੂੰ ਨਸ਼ਰ ਜਹਾਨ ਉੱਤੇ, ਪੜਦੇ ਕਈਆਂ ਦੇ ਮਾਲਕਾ ਕੱਜ ਰਿਹਾ। ਸੱਭੋ ਮੰਗਤਾ ਇਕ ਦਰਬਾਰ ਦਾ ਏ, ਕੋਈ ਭੁੱਖੜਾ ਤੇ ਕੋਈ ਰੱਜ ਰਿਹਾ। ਕੋਈ ਆਣ ਜਹਾਨ ਮੁਕਾਮ ਕਰਦਾ, ਕੋਈ ਭਾਰ ਜਹਾਨ ਤੋਂ ਲੱਦ ਰਿਹਾ। ਦਯਾ ਸਿੰਘ ਬਲਿਹਾਰ ਮੈਂ ਕੁਦਰਤਾਂ ਤੋਂ, ਕਿਤੇ ਵਰਸਦਾ ਤੇ ਕਿਤੇ ਗੱਜ ਰਿਹਾ।

ਰਾਰਾ

ਰਾਰਾ ਕਹੇ ਨ ਰਿਦੇ ਆਰਾਮ ਹੋਇਆ, ਰਾਮ-ਰਾਮ ਨੂੰ ਮੁੱਖ ਸੇ ਗੌਂਦਿਆਂ ਨੂੰ। ਜਾਣੀਂ ਜੋਗ ਦੀ ਜੁਗਤ ਨਾ ਜ਼ਰਾ ਜੋਗੀ, ਉਮਰ ਗਈ ਹੈ ਧੂਣੀਆਂ ਤੌਂਦਿਆਂ ਨੂੰ। ਕਿੱਤੇ ਰੱਬ ਨਾ ਅੱਖੀਏਂ ਨਜ਼ਰ ਆਇਆ, ਅੱਠ ਪਹਿਰ ਹੀ ਧਿਆਨ ਲਗੌਂਦਿਆਂ ਨੂੰ। ਵਿੱਚੋਂ ਦਿਲ ਦੀ ਮੈਲ ਨਾ ਦੂਰ ਹੋਈ, ਸਾਲ ਗੁਜ਼ਰ ਗਏ ਤੀਰਥੀਂ ਨ੍ਹੌਂਦਿਆਂ ਨੂੰ। ਨਹੀਂ ਸਿਜਦਾ ਸਾਹਿਬ ਕਬੂਲ ਕੀਤਾ, ਉਮਰ ਗਈ ਹੈ ਸੀਸ ਨਿਵੌਂਦਿਆਂ ਨੂੰ। ਤਾਰ ਵੱਖਰੀ ਗ਼ੈਬ ਦੇ ਰਾਗ ਵਾਲੀ, ਆਇਆ ਭੇਦ ਨ ਸਾਜ਼ ਵਜੌਂਦਿਆਂ ਨੂੰ। ਵੱਸੀ ਇੱਕ ਨਾ ਆਪਣੇ ਦਿਲ ਅੰਦਰ, ਪਾਠ ਪੜ੍ਹਦਿਆਂ ਅਤੇ ਪੜੌਦਿਆਂ ਨੂੰ। ਚਲੈ ਸੋਇ ਸਰੂਪ ਨਾ ਜਾਣਿਆਂ ਏ, ਵਰ੍ਹੇ ਗੁਜ਼ਰ ਗਏ ਗੁਰਾਂ ਬਤਲੌਂਦਿਆਂ ਨੂੰ। ਫ਼ਰਕ ਰਿਹਾ ਨਿਸ਼ਾਨ ਦੀ ਸ਼ਿਸਤ ਅੰਦਰ, ਗੋਲ-ਅੰਦਾਜ਼ ਨਸ਼ਾਨ ਚਲੌਂਦਿਆਂ ਨੂੰ। ਕੁਰਲੀ ਡੋਲਿਆਂ ਭੰਗ ਅਨੰਦ ਨਾਹੀ, ਅਮਲ ਚੜੇਗਾ ਅਗ੍ਹਾਂ ਲੰਘੌਂਦਿਆਂ ਨੂੰ। ਬਿਨ੍ਹਾਂ ਸਾਧਨਾ ਕੀਤਿਆਂ ਕੌਣ ਸਾਧੂ, ਜ਼ਰਾ ਪੁੱਛੀਏ ਭੇਖ ਬਣੌਂਦਿਆਂ ਨੂੰ। ਇੱਕ ਹਾਰ ਗਏ ਬਾਨਪ੍ਰਸਤ ਕਰਕੇ, ਇੱਕਨਾ ਮਿਲ ਗਿਆ ਗ੍ਰਿਸਤ ਕਮੌਂਦਿਆਂ ਨੂੰ। ਗੋਰਖ ਜੋਗ ਨਾ ਬਖ਼ਸ਼ਿਆ ਚੇਲਿਆਂ ਨੂੰ, ਪੂਰਨ ਵਰਗਿਆਂ ਮਿਲ ਗਿਆ ਔਂਦਿਆਂ ਨੂੰ। ਮਨਾ ਮੇਰਿਆ ਉਮਰ ਤਾਂ ਬੀਤ ਚੱਲੀ, ਐਵੇਂ ਅੱਜ ਤੇ ਕੱਲ੍ਹ ਤਕੌਂਦਿਆਂ ਨੂੰ। ਪਿੱਛੇ ਧੰਨ ਦੇ ਧਰਮ ਤੂੰ ਛੀਨ ਲਿਆ, ਮੂਲ ਜਾਵਸੀ ਵਿਆਜ਼ ਦੇ ਚੌਂਹਦਿਆਂ ਨੂੰ। ਦਯਾ ਸਿੰਘ ਤੇਰਾ ਇੰਤਜ਼ਾਰ ਹਾਂ ਮੈਂ, ਯਾਰਾ ਮਿਲੀਂ ਤੂੰ ਔਸੀਆਂ ਪੌਂਦਿਆਂ ਨੂੰ।

ਲੱਲਾ

ਲੱਲਾ ਆਖਦਾ ਲਿਖਿਆ ਬੇਦ ਅੰਦਰ, ਜੀਵ ਬੋਧ-ਬਿਬੇਕ ਬਿਨ ਭਰਮ ਦਾ ਈ। ਸ਼ੂਦਰ ਵੈਸ਼ ਦੁਐਤ ਮੇਂ ਸਮਝਦਾ ਏ, ਪਤਾ ਰੱਖਦਾ ਹੱਡ ਤੇ ਚਰਮ ਦਾ ਈ। ਤਿੱਚਰ ਆਪ ਨੂੰ ਜੀਵ ਕਹਾਂਵਦਾ ਏਂ, ਜਿੱਚਰ ਭੇਦ ਨਹੀਂ ਪਾਂਵਦਾ ਬ੍ਰਹਮ ਦਾ ਈ। ਜੁੰਮੇ ਰੱਬ ਦੇ ਦੋਸ਼ ਲਗਾਂਵਦਾ ਏਂ, ਕੀਤਾ ਭੋਗਦਾ ਪੂਰਬਲੇ ਕਰਮ ਦਾ ਈ। ਜਿੱਚਰ ਕੰਤ ਮਿਲਾਪ ਨ ਹੋਂਵਦਾ ਏਂ, ਪੜਦਾ ਰੱਬ ਦਾ ਮੁੱਖ ਤੇ ਸ਼ਰਮ ਦਾ ਈ। ਜਿੱਚਰ ਨਹੀਂ ਨਿਸ਼ਕਾਮੀਆਂ ਨਾਲ ਮਿਲਦਾ, ਸੰਸਾਰ ਰੱਖਦਾ ਧਰਮ-ਅਧਰਮ ਦਾ ਈ। ਦਯਾ ਸਿੰਘ ਨਾ ਜੁਗਤ ਬਿਨ ਮੁਕਤ ਹੁੰਦੀ, ਏਸੇ ਖ਼ਿਆਲ ਅੰਦਰ ਮਰਦਾ ਜਰਮ ਦਾ ਈ।

ਵਾਵਾ

ਵਾਵਾ ਆਖਦਾ ਵਰਣ ਤੇ ਮਜ਼੍ਹਬ ਜਿੰਨੇ, ਕਹਿੰਦੇ ਅਸਾਂ ਜਿਹਾ ਕੋਈ ਪਾਕ ਨਾਹੀਂ। ਹਿੰਦੂ ਆਖਦੇ ਹਰੀ ਨਾਰਾਇਣ ਜਾਣੇ, ਸੱਚਾ ਅਸਾਂ ਦੇ ਨਾਲ ਦਾ ਵਾਕ ਨਾਹੀਂ। ਦੇਖੋ ਪਾਦਰੀ ਆਰੀਆ ਦਯਾ ਨੰਦੀ, ਕਹਿੰਦੇ ਅਸਾਂ ਦੇ ਬਿਨ੍ਹਾਂ ਨਜਾਤ ਨਾਹੀਂ। ਮੁਸਲਮਾਨ ਜੇਕਰ ਬਹਿਸ਼ਤੀ ਹੋਣ ਦਾਖ਼ਲ, ਤਾਂ ਤੇ ਹਿੰਦੂਆਂ ਨੂੰ ਕੋਈ ਝਾਕ ਨਾਹੀਂ। ਵੈਰ ਰੱਬ ਦਾ ਨਾਲ ਨਾ ਹਿੰਦੂਆਂ ਦੇ, ਨਾਲ ਮੁਸਲਮਾਨਾਂ ਮੁਲਾਕਾਤ ਨਾਹੀਂ। ਦੀਨ-ਮਜ਼ਹਬ ਮਸੈਲ ਹੋ ਝਗੜਦੇ ਨੇ, ਬੁੱਝੀ ਕਿਸੇ ਨੇ ਗ਼ੈਬ ਦੀ ਬਾਤ ਨਾਹੀਂ। ਨੇਕ ਅਮਲ ਬਾਝੋਂ ਗੰਦੇ ਗ਼ੈਰ ਖ਼ਾਲੀ, ਪੱਲੇ ਦੇਖੀਏ ਕਿਸੇ ਦੇ ਖ਼ਾਕ ਨਾਹੀਂ। ਦਯਾ ਸਿੰਘ ਜਹਾਨ ਦੇ ਕੂੜ ਦਾਵ੍ਹੇ, ਬਿਨਾਂ ਅਮਲਾਂ ਤੋਂ ਪੁੱਛਣੀ ਜਾਤ ਨਾਹੀਂ ।

ੜਾੜਾ

ੜਾੜਾ ਆਖਦਾ ੜਾੜ ਕਿਉਂ ਰੰਗਿਓ ਈ, ਵਿੱਚੋਂ ਏਸ ਬਦਕਾਰ ਨੂੰ ਕੱਢਣਾ ਸੀ। ਰੋਜ਼ ਵਰਤ ਮਨਜ਼ੂਰ ਦਰਗਾਹ ਅੰਦਰ, ਝੂਠੇ ਲਫ਼ਜ਼ ਤੋਂ ਮੁੱਖੜਾ ਕੱਜਣਾ ਸੀ। ਮੰਦੀ ਨੀਤ ਕੰਗਾਲ ਤਾ ਦੂਰ ਕਰਦਾ, ਤੂੰ ਤਾਂ ਸੱਤ-ਸੰਤੋਖ ਨ ਰੱਜਣਾ ਸੀ। ਨੇਕ ਮਜਲਸਾਂ ਵਿਚ ਗੁਜ਼ਰਾਨ ਕਰਦਾ, ਬੁਰੀ ਸੋਹਬਤੋਂ ਉੱਠਕੇ ਭੱਜਣਾ ਸੀ। ਉੱਤਮ ਜਨਮ ਬਦਖ਼ਸ਼ਾਂ ਦਾ ਲਾਲ ਹੈਂ ਤੂੰ, ਝੂਠਾ ਮੋਤੀਆਂ ਵਿੱਚ ਨਹੀਂ ਸੱਜਣਾ ਸੀ। ਸੱਚ ਵਰਤ ਰੋਜ਼ਾ ਸਬਰ ਇੰਦਰੇ ਦਾ, ਕੁੱਲ ਵਿਸ਼ੇ-ਵਿਕਾਰ ਨੂੰ ਤੱਜਣਾ ਸੀ। ਪਿੱਛਾ ਛੋੜਦਾ ਅਕਲ ਦੇ ਅੰਨ੍ਹਿਆਂ ਦਾ, ਬੰਦੇ ਮਗਰ ਸੁਜਾਖਿਆਂ ਲੱਗਣਾ ਸੀ। ਜਿਨ੍ਹੇ ਪਕੜਕੇ ਤੈਨੂੰ ਗ੍ਰਿਫ਼ਤਾਰ ਕੀਤਾ, ਸੰਗਲ ਦੂਈ ਦੁਰਮਤ ਦਾ ਵੱਢਣਾ ਸੀ। ਪ੍ਰੀਤ ਨਾਲ ਤੂੰ ਪੀਆ ਦੇ ਪਾਲਣੀ ਸੀ, ਪਾਸਾ ਏਸ ਪਰਪੰਚ ਦਾ ਛੱਡਣਾ ਸੀ। ਝਾਤੀ ਮਾਰਦਾ ਤੂੰ ਅੰਤਰ-ਧਿਆਨ ਹੋ ਕੇ, ਜੇਕਰ ਯਾਰ ਨੂੰ ਅੰਦਰੋਂ ਲੱਭਣਾ ਸੀ। ਮਹਿਲ-ਮਾੜੀਆਂ ਕਾਸ ਨੂੰ ਮੱਲੀਆਂ ਨੇ, ਜੇਕਰ ਭਾਰ ਜਹਾਨ ਤੋਂ ਲੱਦਣਾ ਸੀ। ਦਯਾ ਸਿੰਘ ਨਾ ਮੌਤ ਮਲੂਮ ਤੈਨੂੰ, ਗੋਲਾ ਗ਼ਜ਼ਬ ਦਾ ਸੀਸ ਤੇ ਵੱਜਣਾ ਸੀ।

ਦੂਜੀ ਪੈਂਤੀ ਅੱਖਰੀ : ਕਬਿੱਤ

ਊੜਾ ਆਖੇ ਓਅੰਕਾਰ ਨਿਰ ਵਿਕਾਰ, ਨਿਰਾਕਾਰ, ਨਿਰਾਧਾਰ ਬੇਸ਼ੁਮਾਰ, ਬੜਾ ਹੀ ਬੇਅੰਤ ਹੈ। ਸਰਬ ਘਟਾ ਵਾਸੀ ਅਬਿਨਾਸੀ ਹੈ ਰੰਮਤੀ ਰਾਮ, ਲਾਖ ਤੇ ਚੁਰਾਸੀ ਨਾਸੀ ਕੁੱਲ ਜੀਵ ਜੰਤ ਹੈ। ਜਾਤ-ਪਾਤ ਰਹਿਤ ਸ਼ੁਧ ਵੈਸ਼ ਨਾ ਦੁਐਤ ਮਤ, ਬ੍ਰਹਮਾ ਸਰੂਪ ਜਾ ਕੇ ਰੂਪ ਤੋਂ ਅਨੰਤ ਹੈ। ਨਮੋ ਨਮਸਕਾਰ ਬਾਰੰਬਾਰ ਦਯਾ ਸਿੰਘ ਹੂੰ ਕੀ, ਚਾਰ ਖਟ ਦਸ ਅਨ ਜਾਸ ਕੋ ਗਵੰਤ ਹੈ। ਐੜਾ ਆਖੇ ਅੰਤਰ ਧਿਆਨ ਹੋਕੇ ਦੇਖ, ਗਿਆਨੀ ਅੰਦਰ ਬਿਰਾਜੀ ਮਦਨ ਮੂਰਤੀ ਗੋਪਾਲ ਕੀ। ਕੁਦਰਤ ਸਰੀਰ ਮੇਂ ਸਿੰਘਾਸਨ ਗੁਪਤ ਜਿਹਾ, ਲਗੀ ਰੇ ਸਮਾਧੀ ਊਪਰ ਦੀਨਾਂ ਕੇ ਦਿਆਲ ਕੀ। ਸਾਗਰ ਸਪਤ ਘਟ ਭੀਤਰ ਸਪਤ ਦੀਪ ਜਗ ਮਗ ਜੋਤ ਜਗੇ ਪੁਰਖ ਅਕਾਲ ਕੀ। ਦੇਖਨੇ ਕੀ ਲੋੜ ਮੋੜ ਮੁੱਖੜਾ ਜਗਤ ਵਲੋਂ ਚਾਂਦਨੀ ਜਗਾਊ ਗਿਆਨ ਦੀਪਕ ਮਸਾਲ ਕੀ। ਈੜੀ ਆਖੇ ਏਕ ਬ੍ਰਹਮ ਦੁਤੀਆ ਦੁਐਤ ਨਾਸ, ਏਕਤਾ ਹੀ ਜਾਨਣਾ ਗਿਆਨੀਆਂ ਕਾ ਧਰਮ ਹੈ। ਗਿਆਨਵਾਨ ਮਾਨੀਏਂ ਮਹਾਨ ਸ਼ੁਧ ਪੂਜਨੀਕ, ਸਰਬ ਸੇ ਵਿਸ਼ੇਸ਼ ਭਾਵੇਂ ਨੀਚ ਘਰ ਜਨਮ ਹੈ। ਮਾਤ-ਲੋਕ ਨਾਮ ਮਸ਼ਾਹੂਰ ਪ੍ਰਸਿੱਧ ਹੋਈ, ਜੈਸੀ ਪੇਟ ਕਾਰਨੇ ਕਮਾਏ ਕਿਰਤ ਕਰਮ ਹੈ। ਕੰਮ ਕੀ ਪ੍ਰੀਛਿਆ ਨਾ ਚੰਮ ਸੇਂ ਗ਼ਰਜ਼ ਕੋਈ, ਜਾਤ-ਪਾਤ ਊਚ-ਨੀਚ ਮੂਰਖਾਂ ਕੇ ਭਰਮ ਹੈ। ਸੱਸਾ ਆਖੇ ਸੰਤਨ ਕੇ ਸਾਥ ਰੇ ਮਿਲਾਪ ਕਰ, ਹੋਵੇ ਪ੍ਰਕਾਸ਼ ਜੋਤ ਗਿਆਨ ਹੂੰ ਕੇ ਨੈਣ ਕੀ। ਜੂਨ ਹੂੰ ਕਾ ਭੌਣ ਆਵਾਗੌਣ ਤੋਂ ਮਿਟਤ ਜਾਤ, ਮੁਕਤੀ ਨੂੰ ਪਾਇਕੇ ਗੁਜ਼ਾਰੇਂ ਘੜੀ ਚੈਣ ਕੀ। ਝੂਠਾ ਪ੍ਰਪੰਚ ਹੈ ਅਸਤ ਸਤ ਮੂਲ ਨਾਹੀਂ ਬੰਦਗੀ ਬਗੈਰ, ਆਇਆ ਜੱਗ ਉਤੇ ਲੈਣ ਕੀ ? ਸੱਚਾ ਹੈ ਸੁਨੇਹਾ ਇਕ ਨਾਲ ਪਰਮਾਤਮਾ ਦੇ ਜਾਣ ਤੂੰ ਪਲੀਤ ਹੈ ਪ੍ਰੀਤ ਭਾਈ ਭੈਣ ਕੀ। ਹਾਹਾ ਆਖੇ ਹੈਨੀ ਜਗਤ ਮਿਥਿਆ ਹੈ ਤੀਨੋਂ ਕਾਲ, ਸੁਰਤ ਕੋ ਸੰਭਾਲ ਸੁੱਤਾ ਪਿਆ ਤੂੰ ਅਗਿਆਨ ਮੈਂ। ਨਹੀਂ ਸੱਸੇ ਸੀਗ ਨੇ ਥਲਾਂ ਮੇਂ ਕਭੀ ਜਲ ਹੋਇਆ, ਦੇਖੇ ਨ ਕਦੰਤ ਕਿਨੇ ਫੂਲ ਅਸਮਨ ਮੈਂ। ਸਿੱਪੀ ਰੁਪਾ ਜਾਂਵਦਾ ਨਹੀਂ ਪਾਂਵਦਾ ਹੈ ਭੇਦ ਕੋਈ, ਦੇਖਿਆਂ ਬਗੈਰ ਨਹੀਂ ਆਂਵਦਾ ਪਛਾਣ ਮੈਂ। ਝੂਠਾ ਪਸਾਰਾ ਤੁਝੇ ਕਹਿੰਦਾ ਹਾਂ ਮੈਂ ਬਾਰ-ਬਾਰ, ਦੇਖ ਅੱਖ ਨਾਲ ਨਹੀਂ ਆਂਵਦਾ ਧਿਆਨ ਮੈਂ। ਕੱਕਾ ਆਖੇ ਕਬਰਾਂ ਦੇ ਹੇਠ ਹੈ ਗ਼ਰਕ ਗਏ, ਸ਼ਾਹ-ਪਾਤਸ਼ਾਹ ਜਿਹੜੇ ਧੌਲਰੀਂ ਬਰਾਜਦੇ। ਲੱਦ ਗਏ ਹੰਕਾਰੀ ਬਲਕਾਰੀ ਜੋਧੇ ਜ਼ੋਰ ਵਾਲੇ, ਰਾਖਸ਼ਾਂ ਰੂਪ ਜਿਹੜੇ ਕੋਟ ਸੀ ਮਜ਼ਾਜ ਦੇ। ਛੱਪ ਗਈਆਂ ਸੂਰਤਾਂ ਜੋ ਮੂਰਤਾਂ ਅਜਾਇਬ ਸਨ, ਸੁੰਦਰ ਅਨੂਪ ਰੂਪਚੰਦ ਸੀ ਮਹਿਤਾਬ ਦੇ। ਗਿਣਤੀ ਤੋਂ ਬਹਾਰ ਅਜੀਬ ਹਿਸਾਬ ਕੁੱਝ ਦਯਾ ਸਿੰਘਾ, ਦੇਖਦੇ ਹੀ ਸਾਡੇ ਹੋਸ਼ ਉਡ ਗਏ ਪੰਜਾਬ ਦੇ। ਖੱਖਾ ਆਖੇ ਖ਼ਾਕ-ਦਰ-ਖ਼ਾਕ ਹੋ ਸ਼ਤਾਬੀ ਨਾਲ, ਜਾਨ ਲੈ ਅਖ਼ੀਰ ਦੇਹੀ ਖ਼ਾਕ ਵਿੱਚ ਸਮਾਵਣੀ। ਅੰਤ ਨੂੰ ਕਫ਼ਨ ਤੇਰੇ ਮਿਲਣਾ ਸਰੀਰ ਤਾਈਂ, ਜੀਂਵਦਾ ਕਬੂਲ ਕਰ ਕਫ਼ਨੀ ਹੰਡਾਵਣੀ। ਛੱਡ ਦੇ ਖ਼ੁਰਾਕ ਤੇ ਪੁਸ਼ਾਕ ਜ਼ਰੀ ਬਾਫ਼ਤੇ ਦੀ, ਆਸ਼ਕ ਮਾਸ਼ੂਕ ਲੋਥ ਕੀੜਿਆਂ ਨੇ ਖਾਵਣੀ। ਜਨਮ ਸੁਧਾਰ ਇੱਕ ਨਾਮ ਦਾ ਬਪਾਰ ਕਰ, ਵਾਰ-ਵਾਰ ਯਾਰ ਨਾ ਮਨੁੱਖ ਜੂਨ ਪਾਵਣੀ। ਗੱਗਾ ਆਖੇ ਗੁਰੂ ਪੂਰੇ ਪੂਜ ਲੈ ਅਮੂੜ੍ਹ ਸਿੱਖ, ਗਿਆਨ ਹੂੰ ਕੀ ਔਖਧੀ ਸੇ ਦਵੈਤ ਦੁੱਖ ਜਾਏਗਾ। ਅੱਠਸਠ ਨਾਇ ਚੌਦਾਂ ਭੌਣ ਕੇ ਪਰਸ ਦੇਖ, ਕੌਣ ਗੁਰਾਂ ਬਾਝ ਦਿਲੋਂ ਲੱਗੀਆਂ ਬਝਾਏਗਾ। ਧਾਰ ਲੈ ਵਿਰਾਗ ਭਾਵੇਂ ਜੱਗ ਨੂੰ ਖ਼ੁਆਬ ਜਾਣ, ਕੌਣ ਤੇਰੇ ਦਿਲਦਾਰ ਮੀਤ ਕੋ ਮਲਾਏਗਾ। ਕਰ ਲੈ ਵਿਚਾਰ ਜੀਆ ਜੂਨ ਹੈ ਤਿਆਰ ਖੜ੍ਹੀ, ਮਾਨਸ ਜਨਮ ਨਹੀ ਵਾਰ-ਵਾਰ ਜਾਏਗਾ। ਘੱਘਾ ਆਖੇ ਘੜਨ-ਹਾਰ ਸਾਹਿਬ ਕੀ ਤਾਰੀਫ਼ ਕਰੇ, ਵੇਖੋ ਇਹ ਸਜੌਟ ਕੈਸੀ ਕੋਟ ਕਲਬੂਤ ਕੀ ? ਖ਼ਾਨੇ-ਦਰ-ਖ਼ਾਨੇ ਬਣੇ ਕਮਰੇ ਸਰਦ-ਖ਼ਾਨੇ, ਬੀਚ ਹੀ ਬਨਾਈ ਸਾਹਿਬ ਟੱਟੀ ਮਲ-ਮੂਤ ਕੀ। ਨਵੇਂ ਦਰਵਾਜ਼ੇ ਮਨ ਰਾਜਨ ਬਰਾਜੇ ਵਿੱਚ, ਲਗੀ ਹੈ ਚਕੌਂਸਲੀ ਅੰਦਰ ਪੰਜ ਭੂਤ ਕੀ। ਅੱਜ ਹੈ ਕਿ ਕਲ੍ਹ ਦੇਖ ਚਲੀ ਜਾਂਦੀ ਦਯਾ ਸਿੰਘ, ਢਾਵਣੇ ਦੇ ਲਈ ਤੋਪ ਬੀੜੀ ਮਜ਼ਬੂਤ ਕੀ। ਙਙਾ ਆਖੇ ਙਿਆਨਵਾਨ ਨਿਰਭੈ ਬੇਗਮ ਹੋਏ, ਸਦਾ ਹੀ ਖ਼ਾਮੋਸ਼ ਗਿਆਨ ਜਾਗਨੀ ਮੇਂ ਜਾਗਤੇ। ਚਾਹੇ ਕਰੇ ਭੇਖ ਚਾਹੇ ਮਖ਼ਮਲ ਦਰੇਸ਼ ਪਹਿਰੇ, ਚਾਹੇ ਬੀਆਬਾਨ ਚਾਹੇ ਧੌਲਰੀਂ ਬਰਾਜਤੇ। ਚਾਹੇ ਤੇ ਗਦਾਈ ਕਰ ਸਕਦੇ ਉਦਰ ਪੂਰ, ਚਾਹੇ ਤੋਂ ਅਦਾਲਤ ਕਰਨ ਬੈਠ ਰਾਜਤੇ । ਸਦਾ ਨਿਰਲੇਪ ਲੇਪ ਲਾਗਣੇ ਥੀਂ ਰਹਿਤ ਹੂਏ, ਨਾਹੀਂ ਮੋਖ-ਬੰਦ ਦਾ ਏ ਭੋਗ ਤੇ ਤਿਆਗਤੇ। ਚੱਚਾ ਆਖੇ ਚਾਰ ਬੇਦ ਆਖਦੇ ਹੈਂ ਵਿੱਚ ਰੱਬ, ਦੇਖ ਹੇ ਪ੍ਰਾਨੀ ਘਟ ਭੀਤਰ ਵਿਚਾਰ ਕੇ । ਬਿਨਾਂ ਵੈਦ ਬੋਧਕੇ ਤੇ ਰੋਗ ਨੇ ਲਾਚਾਰ ਕੀਆ, ਲੱਖ ਤੇ ਦਵਾਈ ਘਰ ਪੜੀ ਹੈ ਅਤਾਰ ਕੇ। ਦੇਹ ਕੇ ਰਬਾਬ ਆਵਾਜ਼ ਤੇ ਸੁਨਤ ਨਾਹੀਂ, ਅਨਹਦ ਧੁਨੀ ਅੰਗ ਲਗਦੇ ਸਤਾਰ ਕੇ । ਭਜ ਰੇ ਸ਼ਤਾਬ ਚਾਬੀ ਗੁਰਾਂ ਤੋਂ ਵਸੂਲ ਕਰ, ਲਾਲ ਤੋਂ ਅਮੋਲ ਪੜਾ ਭੀਤਰ ਪਟਾਰ ਕੇ। ਛੱਛਾ ਆਖੇ ਛੱਡ ਦਿੱਤਾ ਸਚ ਕਾ ਵਿਹਾਰ, ਕਾਰ ਗਾਫ਼ਲ ਹੈਵਾਨ ਕਰੇ ਸੰਗਤ ਸ਼ੈਤਾਨ ਕੀ । ਸੀਸ ਨਾਲ ਸਿਜਦਾ ਨਾ ਕੀਆ ਤੂੰ ਖ਼ੁਦਾਇ ਤਾਈਂ, ਸੁਣੀ ਨਾ ਕਢੰਤ ਆਇਤ ਕਾਨ ਮੇਂ ਕੁਰਾਨ ਕੀ। ਹੋਇਕੇ ਅਮੀਰ ਨਾ ਫ਼ਕੀਰ ਕੋ ਸਲਾਮ ਕੀਆ, ਖ਼ੁਦੀ ਨੇ ਖ਼ਰਾਬ ਕੀਤੀ ਲਿਆਕਤ ਜ਼ਬਾਨ ਕੀ। ਅਰੇ ਬਦਫ਼ੈਲ ਬਦਬਖ਼ਤ ਹਰਾਮਜ਼ਾਦੇ, ਯਕਦਮ ਢਾਲ ਹੱਥੋਂ ਸਿਟ੍ਹ ਦਈ ਈਮਾਨ ਕੀ। ਜੱਜਾ ਆਖੇ ਜੁਗਤ ਬਿਨਾਂ ਹੋਂਵਦੀ ਨਹੀ ਮੁਕਤ, ਜੋਗੀ ਜਨਮ ਜੂਏ ਜਾਵਤਾ ਬਿਨ੍ਹਾਂ ਬਿਬੇਕ ਬੋਧ ਕੇ। ਕਰੇ ਬ੍ਰਹਮਚਰਯ ਜਾਣੇ ਮਰਮ ਨ ਦੁਐਤ ਹੂੰ ਕੀ, ਮੁੱਖ ਸੇ ਕਬੋਲ-ਬੋਲ ਬੋਲਤਾ ਵਿਰੋਧ ਕੇ। ਕਰੇ ਨਿਉਲੀ ਕਰਮ ਮਰਮ ਜਾਨਿਆਂ ਤੋਂ ਬਿਨਾਂ ਭਰਮ ਕਰੇ ਲੱਖ ਸਾਧਨਾ ਜ਼ਮੀਨ ਖੋਦ ਖੋਦ ਕੇ। ਬਿਨਾਂ ਤੇ ਵਿਚਾਰ ਘਰ-ਬਾਰ ਤਾਂ ਉਧਾਰ ਹੋਵੇ, ਅੱਛੀ ਤਰ੍ਹਾਂ ਦੇਖਿਆ ਪੁਰਾਨ ਸੋਧ-ਸੋਧ ਕੇ। ਝੱਝਾ ਆਖੇ ਝੂਠਾ ਪਰਪੰਚ ਹੈ ਰੇ ਸੰਤ ਜਾਨ ਕਰ ਮਿਥਯਾ ਵੈਰਾਗ ਧਾਰ ਤਿਆਗੀਏ। ਸਦ ਹਰ ਹਾਲ ਮੈਂ ਨਿਹਾਲ ਵਾਲ-ਵਾਲ ਰਹੀਏ, ਜਗਤ ਵਲੋਂ ਸੋਈਏ ਤੇ ਸਾਈਂ ਵਲੋਂ ਜਾਗੀਏ। ਹਿਰਸ ਕੇ ਜ਼ੰਜੀਰ ਸਾਰੇ ਤੋੜ ਕੇ ਫ਼ਕੀਰ ਹੋਈਏ, ਮਾਯਾ-ਮੁਰਦਾਰ ਦੇਖ ਦੂਰ ਦੁੱਖ ਭਾਗੀਏ । ਭਾਣੇ ਉੱਤੇ ਰਾਜ਼ੀ ਨ ਨਰਾਜ਼ੀ ਹੋਵੇ ਚਿੱਤ ਮਾਹੀ, ਕੇਤੜੇ ਵੀ ਦੁੱਖੜੇ ਸਰੀਰ ਉੱਤੇ ਝਾਗੀਏ। ਞੰਞਾ ਆਖੇ ਜਾਨ-ਬੁੱਝ ਬਾਵਰੇ ਬੇਗ਼ਮ ਹੋਇਆ, ਨਦੀ ਦੇ ਕਿਨਾਰੇ ਉੱਤੇ ਰੁੱਖੜਾ ਸਰੀਰ ਹੈ। ਸਦਾ ਨਾ ਜਵਾਨੀ ਜ਼ਿੰਦਗਾਨੀ ਜੱਗ ਉੱਤੇ, ਸਿਰ ਤੇ ਦੀਵਾਨੀ ਕੂਕ ਰਹੀ ਤਕਦੀਰ ਹੈ। ਕਰੇਂ ਕੂੜਾ ਦਾਰਾ ਰੇ ਬੇਦਾਵਾ ਮਿਲੂ ਦੇਸ਼ ਵਿਚੋਂ, ਦੇਖਦੇ ਹੀ ਚਲੇ ਜਾਂਦੇ ਪਾਤਸ਼ਾਹ ਵਜ਼ੀਰ ਹੈ। ਖ਼ੁਦੀ ਕੋ ਵਿਸਰ ਕੇ ਖ਼ੁਦਾਇ ਕਾ ਜ਼ਿਕਰ ਕਰ, ਕਾਹੇ ਕਾ ਗੁਮਾਨ ਮਰ ਜਾਵਣਾ ਅਖ਼ੀਰ ਹੈ। ਟੈਂਕਾ ਆਖੇ ਟਕੇ-ਟਕੇ ਵਾਸਤੇ ਮਜੂਰ ਹੋਇਆ, ਨੌਕਰੀ ਕਮਾਂਵਦਾ ਨਾ ਸੱਚੀ ਸਰਕਾਰ ਕੀ। ਜਨਮ ਨਾ ਸੁਧਰਿਆ ਨਾ ਧਾਰਿਆ ਵਿਰਾਗ ਯੋਗ ਤਮ੍ਹਾਂ ਲਗ ਰਹੀ ਤੈਨੂੰ ਜਗਤ ਕੇ ਵਿਹਾਰ ਕੀ । ਦਾਤਾ ਕੇ ਦੁਆਰ ਨਾ ਪੁਕਾਰ ਕੀਤੀ ਇਕ ਵਾਰ, ਖ਼ੈਰ ਜਿਥੇ ਪਵੇ ਤੈਨੂੰ ਲਾਲ ਤੇ ਜਵਾਹਰ ਕੀ। ਮੋਹਣੀਆਂ ਦੇ ਮੁੱਖੜੇ ਤੂੰ ਦੇਖ ਮੁਸ਼ਤਾਕ ਹੋਵੇਂ, ਇਛਿਆ ਨਾ ਫ਼ਰੀਦ ਕੀ ਸਾਹਿਬ ਦੇ ਦੀਦਾਰ ਕੀ । ਠੱਠਾ ਆਖੇ ਠੀਕ ਰੱਬ ਵਿਚ ਸਾਰੇ ਆਖਦੇ ਹੈ, ਸ਼ਾਹ-ਰਗੋਂ ਨਜ਼ੀਕ ਤੇਰੇ ਦੇਖਨੇ ਮੇਂ ਫ਼ਰਕ ਹੈ। ਦੂਈ ਦੂਰ ਕੀਤੇ ਬਿਨਾਂ ਮਿਲੇ ਦੀਦਾਰ ਨਹੀਂ, ਸਚ ਕਾ ਬਿਲਾਸ ਸਾਰੇ ਵੇਦ ਦਾ ਇਹ ਅਰਕ ਹੈ। ਸੁਣ ਅਗਿਆਨੀ ਤੂੰਹੀ ਰਾਮ ਕੀ ਤੇ ਗਤ ਜਾਨੀ, ਬਿਨਾਂ ਬ੍ਰਹਮ-ਗਿਆਨ ਹੋਇਆਂ ਭਰਮ ਕੂਪ ਫ਼ਰਕ ਹੈ। ਪਾਗਲ ਹਕੀਮ ਤੈਨੇ ਕਿਸ ਤੋਂ ਤਾਲੀਮ ਪਾਈ, ਸਿਰ ਨੂੰ ਪਲੋਸਦਾ ਕਲੇਜੜੇ ਮੇਂ ਕਰਕ ਹੈ। ਡੱਡਾ ਅਖੇ ਡੋਲੀ ਪਾਕੇ ਖੇੜਿਆਂ ਲੈ ਜਵਣਾ ਈ, ਸੁਣ ਜਿੰਦ ਹੀਰੇ ਰਹਿਣਾ ਜਗਤ ਨ ਹਮੇਸ਼ ਨੀ। ਹੋਵਸੇਂ ਪਰਾਈ ਭੈਣ-ਭਾਈ ਕੋ ਤਿਆਗ ਜਾਸੇਂ, ਵੱਤ ਨਹੀਂ ਆਉਣਾ ਫੇਰ ਬਾਬਲੇ ਦੇ ਦੇਸ਼ ਨੀ। ਕਫ਼ਨ ਅਖ਼ੀਰ ਸਰੀਰ ਦੇ ਨਸੀਬ ਵਿੱਚ, ਕੇਤੜੇ ਕੁ ਪਹਿਨੇ ਰੋਜ਼ ਮਲ-ਮਲ ਦਰੇਸ਼ ਨੀ। ਛੱਡ ਦੇ ਤਕਬਰੀ ਨੂੰ ਖ਼ਬਰੇ ਕੀ ਹੋਵਣਾ ਈ, ਕਰ ਲੈ ਮੁਸਾਫ਼ਰੇ ਜੋਗੀਆਂ ਦਾ ਭੇਸ ਨੀ। ਢੱਢਾ ਆਖੇ ਢਾਹ ਲੱਗੀ ਮੌਤ ਦਰਿਆਇ ਵਾਲੀ, ਮੇਰਿਆ ਸਰੀਰਾ ਤੂੰ ਕਿਨਾਰੇ ਉੱਤੇ ਰੁੱਖੜਾ। ਜੜ੍ਹਾਂ ਹੇਠ ਲਹਿਰ ਵਗ ਰਹੀ ਤਕਦੀਰ-ਨਹਿਰ, ਅੱਜ ਕੱਲ ਜਾਣ ਛੱਡੀ ਉੱਖੜਾ ਕਿ ਉੱਖੜਾ । ਜਾਗ-ਜਾਗ ਜਾਗ ਕੇ ਸ਼ਤਾਬ ਤੂੰ ਇਲਾਜ ਕਰ, ਗ਼ਾਫ਼ਲ ਗੁਮਾਨੀ ਮਤ ਰਹਿ ਜਾਵੇ ਸੁੱਤੜਾ। ਟਲਦੀ ਨ ਟਾਲੀ ਮੌਤ ਮੂਰਤੀ ਹੈ ਘੱਟ ਕਾਲੀ, ਤਿਸ 'ਚ ਛਿਪਨ ਹੋਣ ਚੰਦ ਜਿਹਾ ਮੁੱਖੜਾ। ਣਾਣਾ ਆਖੇ ਨਾਮ ਤੋਂ ਵਿਹੂਣੇ ਜੋ ਮਨੁੱਖ-ਜੂਨ, ਮਾਨਸ ਕੀ ਜ਼ਾਤ ਮੰਦੇ ਮਾਨੀਏ ਹਵਾਨ ਤੋਂ। ਕੱਥਾ ਬਿਨਾਂ ਕਾਨ ਬਹਿਰੇ ਹੱਥ ਬਿਨਾਂ ਦਾਨ ਬੁਰੇ, ਗੁੰਗਲੇ ਸਮਾਨ ਕੀਆ ਜਾਤ ਨ ਜੁਬਾਨ ਤੋਂ। ਕੁੱਲ ਕਲਬੂਤ ਮਲ-ਮੂਤ ਕਾ ਨਾਪਾਕ ਜਾਨ ਹਿਰਦਾ, ਮਲੀਨ ਖ਼ਾਲੀ ਖ਼ਾਰਜ ਈਮਾਨ ਤੋਂ। ਐਸੇ ਬਦਕਾਰੋਂ ਕੋ ਹਜ਼ਾਰ ਤੋਂ ਪਜ਼ਾਰ ਪਵੇ, ਜਾਵਣੇ ਨਾ ਪਾਵਤੇ ਹੈ ਸਾਹਿਬ ਕੇ ਦੀਵਾਨ ਤੋਂ। ਤੱਤਾ ਅਖੇ ਤਦ ਤਕ ਜਾਣੀਏਂ ਫ਼ਕੀਰ ਨਾਹੀਂ, ਜਦ ਤਕ ਬੀਚ ਮੇਂ ਕ੍ਰੋਧ ਕਾ ਚੰਡਾਲ ਹੈ। ਕਾਹੇ ਕਾ ਤਿਆਗੀ ਤੇ ਵਿਰਾਗੀ ਦਿਸੇ ਮਤ ਜਾਨੋਂ, ਜਿਸ ਇਨਸਾਨ ਦਾ ਜਗਤ ਮੇਂ ਖ਼ਿਆਲ ਹੈ। ਕਰਮ-ਧਰਮ ਹੀਣਾ ਤੇ ਨਬੀਨਾ ਬੁੱਧ ਹੀਣਾ ਜੋਈ ਹੋਵੇ, ਸ਼ਾਹੂਕਾਰ ਤਾਂ ਭੀ ਜਾਣੀਏਂ ਕੰਗਾਲ ਹੈ। ਕੇਸੂਏ ਦਾ ਫੁੱਲ ਪਾਂਵਦਾ ਕਦੰਤ ਨਾਹੀ, ਸੁਗੰਧ ਤੋਂ ਬਿਨਾਂ ਭਾਵੇਂ ਲਾਲ ਤੋਂ ਗੁਲਾਲ ਹੈ। ਥੱਥਾ ਆਖੇ ਥਿਰ ਇੱਕ ਸੱਚਾ ਮਹਾਰਜ ਹੀ ਹੈ, ਹੋਰ ਤੋ ਮੁਸਾਫ਼ਰ ਫ਼ਨਾਹ ਦਾ ਮਕਾਨ ਹੈ। ਜਿੰਦੇ ਵਿਸਥਾਰ ਬੇਸ਼ੁਮਾਰ ਤੂੰ ਵਿਚਾਰ ਕਰ, ਇਕ ਰੋਜ਼ ਖੈ ਹੋਣਾ ਜ਼ਿਮੀ ਅਸਮਾਨ ਹੈ। ਪਵਨ ਅਤੇ ਪਾਣੀ ਚਾਰੇ ਬਾਣੀਆਂ ਤੇ ਚਾਰੇ ਖ਼ਾਨੀ, ਚੱਲਸੀ ਅਖ਼ੀਰੀ ਦਿਨ ਰੈਨ, ਸਸ ਭਾਨ ਹੈ। ਬ੍ਰਹਮ ਉਤਪਤੀ ਅੰਤ ਬ੍ਰਹਮ ਮੇਂ ਸਮਾਏ ਜਾਤੀ, ਬੱਸ ਰੇ ਪ੍ਰਾਣੀ ਅੱਗੇ ਕੁਝ ਨਾ ਬਿਆਨ ਹੈ। ਦੱਦਾ ਆਖੇ ਦੂਰ ਬੜੀ ਮੰਜ਼ਲ ਫ਼ਕੀਰ ਦੀ ਹੈ, ਦੁਨੀਆਂ ਕੀ ਜਾਣੇ ਜਿਥੇ ਫ਼ੱਕਰ ਬਿਰਾਜਦੇ। ਸੁੰਨ ਤੇ ਸਮਾਧੀ ਲੱਗੀ ਨਾਲ ਪਰਮਾਤਮਾਂ ਦੇ, ਕੁੱਛ ਨਾ ਮਲੂਮ ਹੋਵੇ ਸੁੱਤੇ ਹੈ ਕਿ ਜਾਗਦੇ। ਤਸਬੀ ਨਾ ਮਾਲਾ ਭੇਖ ਭਗਵਾ ਨਾ ਕਾਲਾ, ਯਾਰੋ ਸਯਦਾ-ਸਲਾਮ ਕੋਈ ਨਾ ਨਿਮਾਜ਼ਦੇ। ਲੋਕ ਬੇਗਿਆਤ ਮੁੱਲ ਪਾਂਵਦੇ ਪਖੰਡੀਆਂ ਦਾ, ਵਿਰਲੇ ਸਰੋਤੇ ਕੋਈ ਆਸ਼ਕਾਂ ਦੇ ਰਾਗ ਦੇ। ਧੱਧਾ ਆਖੇ ਧ੍ਰਿਗ ਹੈ ਪ੍ਰਾਣੀ ਤੇਰੀ ਜ਼ਿੰਦਗਾਨੀ, ਸੁਣੀ ਵੇਦ-ਬਾਣੀ ਨਾ ਕਦੰਤ ਮਨ ਲਾਇਕੇ । ਸੰਤ ਜੋ ਮਹਾਤਮਾ ਹੈ ਆਤਮਾਂ ਕੇ ਭੇਸ ਵਾਲੇ, ਤੁਆਮ ਨਾ ਖੁਲਾਯਾ ਕਦੀ ਹੱਥ ਸੇ ਪਕਾਇਕੇ । ਦੱਬ ਛੱਡੀ ਮਾਇਆ ਕਿਤੇ ਬਾਉਲੀ ਨਾ ਤਾਲਾਬ ਲਾਇਆ, ਬੀਜਿਆ ਨ ਧਰਮ ਕਦੀ ਤੀਰਥੋਂ ਮੇਂ ਜਾਇਕੇ। ਕਿਤੇ ਕੌਡੀ ਪਲ ਝਾੜ ਕੇ ਰਵਾਨ ਹੋਂਦਾ, ਭੇਟ ਕੀ ਚੜ੍ਹਾਵੇਂ ਸੱਚੇ ਸਾਹਿਬ ਨੂੰ ਲਿਜਾਇਕੇ। ਨੰਨਾ ਆਖੇ ਨੈਣ ਖੋਲ੍ਹ ਦੇਖ ਰੇ ਅਮੂੜ੍ਹ ਮਨ, ਝੱੂਠਾ ਪਰਪੰਚ ਸਾਰੀ ਸੁਪਨੇ ਕੀ ਖੇਲ ਹੈ। ਮੰਦਰ ਮੇਂ ਦੀਪਕ ਸਰੀਰ ਜਗੇ ਜਦ ਤੱਕ, ਜਦ ਤੱਕ ਵਿੱਚ ਪਿਆ ਜ਼ਿੰਦਗੀ ਦਾ ਤੇਲ ਹੈ। ਆਖ਼ਰ ਜੁਦਾਈ ਆਦਿ-ਅੰਤ ਹੁੰਦੀ ਆਈ, ਭਾਈ ਕੋਈ ਚਿਰ ਜਾਣੋਂ ਰੂਹ ਬੁਤ ਵਾਲਾ ਮੇਲ ਹੈ। ਟਿਕਟਾਂ ਦੀ ਦੇਰ ਫੇਰ ਰਹਿਣ ਦਾ ਹੁਕਮ ਨਹੀਂ, ਮੁਲਕੁਲ-ਮੌਤ ਦੀ ਤਿਆਰ ਖੜ੍ਹੀ ਰੇਲ ਹੈ। ਪੱਪਾ ਆਖੇ ਪੜ੍ਹ ਕੇ ਤੂੰ ਕੁਛ ਨਾ ਵਸੂਲ ਕੀਤਾ, ਅਮਲਾਂ ਤੋਂ ਬਿਨਾਂ ਜਾਣ ਇਲਮ ਕਿਸੇ ਕੰਮ ਨਾ। ਕਹੇ ਮੈਂ ਗਿਆਨੀ ਨਹੀ ਰਿਦੇ ਮੈਂ ਰਸਾਈ ਬਾਣੀ, ਚਾਤਰ ਜ਼ਬਾਨ ਵਿਚੋਂ ਖੋਂਵਦਾ ਭਰਮ ਨਾ। ਛੱਡਦੇ ਦਵੈਤ ਮਤ ਜਾਣ ਸ਼ੂਦਰ ਵੈਸ਼ ਕਾਹੂੰ, ਕਰਮਾਂ ਨੂੰ ਦੇਖ ਲੈ ਪਛਾਣ ਜਾਤ ਚੰਮ ਨਾ। ਜੋਤ ਮਿਲੇ ਜੋਤਰੇ ਅਲੋਪ ਹੋਵੇ ਰੂਪ ਤੇਰਾ, ਖ਼ਾਸ ਤੇ ਮਰਮ ਕੋਈ ਰਹੀ ਤੁਮ-ਹਮ ਨਾ। ਫੱਫਾ ਆਖੇ ਫਿਰਤ-ਫਿਰਤ ਹਾਰਿਓ ਅਨੇਕ ਜੂਨ, ਮਾਨਸ ਜਨਮ ਕਿਤੇ ਆ ਗਿਆ ਸਬਬ ਨਾ। ਗਲੀ ਨੇੜਾ ਜਾਤ-ਪਾਤ ਹੂੰ ਕਾ ਛੋੜ ਝੇੜਾ ਨਿਆਂ ਵਿੱਚ, ਰੱਬ ਦੇ ਅਤੀਰ ਹੈ ਪੀਤ ਰੱਖ ਰੱਬ ਨਾ। ਕਰੇ ਕੁੱਝ ਬਾਕੀ ਸੋਈ ਸਾਧ ਨਹੀਓਂ ਭੇਖ ਸਾਜ਼ੀ, ਕਹੇ ਦਕਰ ਟਪੇ ਵਾਹਦ ਵੱਲ ਹੱਦ ਨਾ। ਬੱਬਾ ਆਖੇ ਬੜੇ-ਬੜੇ ਮਾਲਕ ਮੁਲਕ ਵਾਲੇ, ਸੋਈ ਮਨ ਮੇਰੇ ਦਸਾਂ ਰਹੇ ਨਾ ਜਹਾਨ ਤੇ। ਦੌਲਤਾਂ-ਖ਼ਜ਼ਾਨੇ ਨਾ ਅਖ਼ੀਰ ਤੇਰੇ ਸੰਗ ਜਾਣੇ, ਸਮਝ ਰੇ ਦੀਵਾਨੇ ਤਮ੍ਹਾਂ ਰਹੀ ਨਾ ਗੁਮਾਨ ਤੇ। ਕੇਤੜੇ ਕੁ ਰੋਜ਼ ਰਹੇ ਮਹਿਲ ਅਤੇ ਮੰਦਰਾਂ ਮੇਂ ਹੋਵਨਾ ਅਖ਼ੀਰ ਵਾਸਾ ਗੋਰ ਅਸਥਾਨ ਤੇ। ਉੱਤੇ ਤਕਦੀਰ ਵਗ ਜਾਏਗਾ ਸਰੀਰ ਉੱਤੇ, ਸਦਾ ਨਾ ਮੁਕਾਨ ਜੋ ਨਾਮਕਰਣ ਦੇ ਮਕਾਨ ਤੇ। ਭੱਭਾ ਆਖੇ ਭਰਮ ਰਿਹਾ ਕਾਹਦਾ ਹੈ ਬ੍ਰਹਮ ਗਿਆਨੀ, ਹਿਰਸ ਮੇਂ ਜੋ ਗ੍ਰਿਫ਼ਤਾਰ ਕਾਹੇ ਕਾ ਫ਼ਕੀਰ ਹੈ ? ਸੋਚੇ ਬਿਨਾਂ ਬਾਤ ਰਾਜਨੀਤ ਕੇ ਵਿਰੁੱਧ ਕਰੇ, ਗ਼ਫ਼ਲਤੋਂ ਵਿਸ਼ੇਸ਼ ਬਿਨਾਂ ਕਾਹੇ ਕਾ ਵਜ਼ੀਰ ਹੈ ? ਨਾਹੀ ਓਹ ਮਾਸ਼ੂਕ ਜਿਦ੍ਹੇ ਵਿੱਛੜੇ ਸਬਰ ਆਵੇ, ਕਾਹਦਾ ਵਿਰਲਾਪ ਨਾਹੀ ਨੇਤਰਾਂ 'ਚ ਨੀਰ ਹੈ ? ਮੌਤ ਮਨ ਮਾਨੇ ਕੀ ਜੋਗ ਤੋਂ ਤਾਰੀਖ ਪਾਵੇ, ਮਿਟੇ ਤਦਬੀਰ ਕੀਤੇ ਕਾਹਦੀ ਤਕਦੀਰ ਹੈ ? ਮੱਮਾ ਆਖੇ ਮੌਤ ਗੱਡੀ ਚਲਣੇ ਤਿਆਰ ਖੜ੍ਹੀ, ਬਾਬੂ ਜਮਦੂਤ ਹੱਥੋਂ ਟਿਕਟ ਫੜਾਂਵਦਾ। ਕੁਕਦਾ ਜੋ ਕਾਲ ਸੋਈ ਇੰਜਨ ਸਮਾਨ ਜਾਨ, ਮੁਲਕ-ਅਦਮ ਦੇ ਸਟੇਸ਼ਨ ਪਹੁੰਚਾਂਵਦਾ। ਦਰਜੇ-ਬਦਰਜ਼ੇ ਦਾ ਦੇਖਦਾ ਟਿਕਟ ਬੜਾ, ਚਿੱਤਰ ਅਤੇ ਗੁਪਤ ਫਾਟਕੋਂ ਲੰਘਾਂਵਦਾ । ਅਮਲ ਦਾ ਕਿਰਾਇਆ ਜਿਦ੍ਹੇ ਪਾਸ ਹੈ ਨਹੀਂ ਦਯਾ ਸਿੰਘਾ, ਸੱਚੇ ਦਰਬਾਰ ਮੇਂ ਸਖ਼ਤ ਸਜ਼ਾ ਪਾਂਵਦਾ।