Punjabi Kavita
  

Fanah Dar Makan : Sadhu Daya Singh Arifਫ਼ਨਾਹ ਦਰ ਮਕਾਨ : ਸਾਧੂ ਦਯਾ ਸਿੰਘ ਆਰਿਫ਼

ਫ਼ਨਾਹ ਦਰ ਮਕਾਨ ਕ੍ਰਿਤ ਕਵਿ ਭਾਈ ਦੇਵਾ ਸਿੰਘ ਜਲਾਲਾ ਵਾਦੀਆ ਲਿਖਯਤ। (ਮਗਰੋਂ ਨਾਮ ਦਯਾ ਸਿੰਘ ਆਰਿਫ਼ ਧਾਰਨ ਕੀਤਾ)

ਦੋਹਰਾ

ਤੂੰ ਦਾਤਾ ਪ੍ਰਭ ਸਰਬ ਕਾ, ਜਾਚਕ ਹੈ ਸੰਸਾਰ। ਨਮੋ-ਨਮੋ ਮਦ ਦਾਸ ਦੀ, ਤੁਧੋ ਅਨਕ ਲੱਖ ਵਾਰ। ਕਰਾਂ ਬੰਦਨਾਂ ਵਾਰ-ਵਾਰ, ਜਿਨ ਰਚਿਆ ਬ੍ਰਹਮੰਡ। ਰੂਪ ਰੇਖ ਨ ਜਾਤ ਪਾਤ, ਅਜੂਨੀ ਸੈਭੰਗ। ਮੈਂ ਗੁਣ-ਹੀਣਾ ਮੰਦ ਮਤਿ, ਪਾਪੀ ਕੁਚਲ ਕਠੋਰ। ਨਿਰਧਨ ਨੀਚ ਕਮੀਨ ਦੀ, ਤੁਧ ਬਿਨ ਓਟ ਨਾ ਹੋਰ। ਜਿਸ ਕਰਕੇ ਕਰਤਾਰ ਨੇ, ਤਨ ਧਨ ਦੀਏ ਪ੍ਰਾਣ। ਰੇ ਨਰ ਮੂਰਖ ਬਾਵਰੇ, ਕਿਉਂ ਸਿਮਰਤ ਨਹੀਂ ਰਾਮ। ਹੋਰ ਕਰਮ ਬਿਰਥੇ ਸਭ, ਕਰੇ ਮੂੜ ਨਰ ਜੋਇ । ਵੇਦ ਪੁਰਾਨ ਪੁਕਾਰਦੇ, ਨਾਮ ਸਿਮਰ ਗਤਿ ਹੋਇ। ਰੇ ਨਰ ਗਾਫ਼ਲ ਗਹਿਲਿਆ, ਜਾਗ ਚੇਤ ਕਰ ਹੋਸ਼ । ਅੰਤ ਕਾਲ ਪਛਤਾਵਸੇਂ, ਲਗੂ ਹਲ ਕੀ ਚੋਟ। ਦੂਰ ਰਹੀ ਜੋ ਬੀਤ ਗਈ, ਅੰਤ ਕਾਲ ਦਿਨ ਨੇੜ। ਕਿਉਂ ਗਾਫ਼ਲ ਹੋਇਕੇ ਸੌਂ ਰਿਹਾ, ਵੇਖੀ ਅੱਖ ਉਘੇੜ। ਜਗਤ ਸਰਾਇ ਮੁਸਾਫ਼ਰਾਂ, ਚਲੋ ਚਲੀ ਦਾ ਖੇਲ। ਵਿਛੜਨ ਨਾਲ ਵਿਯੋਗ ਦੇ, ਹੋਯਾ ਸੰਜੋਗੀ ਮੇਲ। ਜੱਗ ਮੇਂ ਕੋ ਥਿਰ ਨਾ ਰਹੇ, ਸ਼ਾਹ ਖ਼ਾਨ ਸੁਲਤਾਨ। ਚੰਦ ਸੂਰ ਚਲ ਜਾਣਗੇ, ਧਰਤ ਜ਼ਿਮੀਂ ਅਸਮਾਨ। ਹਰ ਦਮ ਅੱਖਰ ਜੋ ਪੜ੍ਹੇ, ਰਾਰਾ ਮੱਮਾ ਦੋਇ । ਬਚੇ ਚੁਰਾਸੀ-ਘੇਰ 'ਚੋਂ, ਮੁਕਤ ਪਰਾਪਤ ਹੋਇ। ਹਰ-ਹਰ ਹਰਦਮ ਉਚਰਕੇ, ਹਿਰਦੇ ਸਿਮਰ ਗੋਪਾਲ। ਉੱਚੀ ਪਦਵੀ ਪਾ ਗਏ, ਨੀਚ ਕਮੀਨ ਕੰਗਾਲ। ਮੁਕਤ ਗਤੀ ਨੂੰ ਪਾ ਗਏ, ਸਿਮਰ-ਸਿਮਰ ਕਰਤਾਰ। ਗਨਕਾ ਸਧਨਾ ਭੀਲਨੀ, ਤੇ ਰਵਦਾਸ ਚਮਾਰ। ਨਾਮ ਜਹਾਜ਼ ਬਨਾਇਕੇ, ਕੀਤਾ ਭਗਤ ਉਧਾਰ । ਕਲੂਕਾਲ ਮੇਂ ਆਇਆ, ਗੁਰੂ ਨਾਨਕ ਅਵਤਾਰ। ਜਾਤ ਸਰਾਤ ਨ ਪੁਛਣੀ, ਕਰਣੀ ਹੈ ਪਰਵਾਨ। ਚਹੁੰ ਵਰਨਾਂ ਮੈਂ ਜੋ ਕਰੇ, ਤਿਸਕੀ ਹੋ ਕਲਿਆਨ। ਨਹੀਂ ਊਚੰਤ ਨੀਵੰਤ ਕੇ, ਏਕ ਨੂਰ ਸਰਬੰਤ। ਬ੍ਰਹਮ ਬਿੰਦ ਤੇ ਉਤਪਤੀ, ਸਗਲੀ ਜੀਵ ਹੈ ਜੰਤ । ਰੂਹਾਂ ਜਾਤ ਨਾ ਪਾਤ ਹੈ, ਨਾ ਕੁਝ ਨਾਮ-ਨਿਸ਼ਾਨ। ਜੈਸੀ ਮਜਲਸ ਜਰਮਿਆ, ਐਸਾ ਧਰਿਆ ਨਾਮ। ਲਖ ਚੁਰਾਸੀ ਜੂਨ ਮੈਂ, ਆਵਤ ਬਾਰੰਬਾਰ । ਜਨਮ ਮਿਲੇ ਇਸ ਜੀਵ ਕੋ, ਕਰਮਾਂ ਦੇ ਅਨੁਸਾਰ। ਦੇਵਾ ਸਿੰਘ ਦਵੈਤ ਛੱਡ, ਤੋੜ ਭਰਮ ਦਾ ਜੂਰ। ਸ਼ੀਸ਼ਾ ਧਰਕੇ ਗਿਆਨ ਦਾ, ਵੇਖ ਆਪਣਾ ਨੂਰ।

ਦੋਹਰਾ

ਜੋ ਜਲ-ਥਲ ਮੇਂ ਰਵਿ ਰਹਿਆ, ਘਟ-ਘਟ ਰਿਹਾ ਸਮਾਇ। ਉਸਤੱਤ ਓਸ ਅਕਾਲ ਦੀ ਪੈਂਤੀ ਕਹਾਂ ਸੁਨਾਇ।

ਪੈਂਤੀ ਅੱਖਰੀ : ਬੈਂਤ (ਊੜਾ)

ਊੜਾ ਓਸ ਕਰਤਾਰ ਨੂੰ ਸਿਮਰ ਬੰਦੇ, ਜੇਹੜਾ ਆਦਿ ਮਧ ਅੰਤ ਸਦਾਂਵਦਾ ਸੀ। ਸੁੰਨ-ਮੁੰਨ ਦੇ ਵਿਚ ਬਿਰਾਜ ਰਿਹਾ, ਛਤੀ ਜੱਗ ਗ਼ੁਬਾਰ ਰਹਾਂਵਦਾ ਸੀ। ਜੀਵ-ਜੰਤ ਨਾ ਜ਼ਿਮੀ ਅਸਮਾਨ ਤਾਰੇ, ਸੂਰਜ ਚੰਦ ਨਾ ਨਜ਼ਰੀਂ ਆਂਵਦਾ ਸੀ। ਰੱਬ ਆਦਿ ਤੋਂ ਬੇਅੰਤ ਹੈ ਜੀ, ਭੇਦ ਵੇਦ ਕਤੇਬ ਨਾ ਪਾਂਵਦਾ ਸੀ। ਅੱਵਲ ਇਸ਼ਕ ਪਹਿਲਾਂ ਹੋਇ ਰੱਬ ਤਾਈਂ, ਬ੍ਰਹਮਾ ਬਿਸ਼ਨ ਮਹੇਸ਼ ਬਨਾਂਵਦਾ ਸੀ। ਪਾਰਬਤੀ ਤੇ ਮਹਾਂ ਦੇਉ ਸਾਜ ਕੇ ਜੀ, ਰੱਬ ਦੋਹਾਂ ਦਾ ਜੋੜ ਬਨਾਂਵਦਾ ਸੀ। ਬ੍ਰਹਮਾ ਉਤਪਤੀ ਕਰੇ ਤੇ ਵਿਸ਼ਨ ਪਾਲ਼ੇ , ਸ਼ਿਵਾਂ ਕੋਲੋਂ ਸੰਘਾਰ ਕਰਾਂਵਦਾ ਸੀ। ਰਜੋ ਤਮੋ, ਸਤੋ ਤਿੰਨਾਂ ਗੁਣਾਂ ਅੰਦਰ, ਜਗਤ ਕਰਮ ਕਮਾਂਵਦਾ ਸੀ। ਹੋਇ ਏਕ ਤੋਂ ਕਈ ਅਨੇਕ ਪੈਦਾ, ਏਸੇ ਤਰ੍ਹਾਂ ਸੰਸਾਰ ਵਧਾਂਵਦਾ ਸੀ। ਗਰਭ ਫੇਰ ਪਾਵੇ ਪਹਿਲਾਂ ਜੀਵ ਤਾਈਂ, ਨਾਮ ਜਪੀਂ ਏਨੀ ਬੰਦੇ ਨੂੰ ਆਪ ਸੁਨਾਂਵਦਾ ਸੀ। ਬੰਦਾ ਆਪਣੇ ਮੁੱਖ ਸੇ ਆਪ ਕਹਿੰਦਾ, ਤੇਰਾ ਨਾਮ ਨਾ ਕਦੀ ਭੁਲਾਂਵਦਾ ਸੀ। ਪੰਜ ਤੱਤ ਦਾ ਪੁਤਲਾ ਸਾਜਕੇ ਵੀ, ਵਾਸਾ ਗਰਭ ਦੇ ਵਿੱਚ ਕਰਾਂਵਦਾ ਸੀ। ਮਹਿਮਾਂ ਕਿਸ ਤਰ੍ਹਾਂ ਮੁੱਖ ਸੇ ਆਖ ਸਕਾਂ, ਪਾਣੀ ਬੂੰਦ ਤੋਂ ਹੱਡ ਬਨਾਂਵਦਾ ਸੀ। ਮਹੀਨੇ ਨਵਾਂ ਦਾ ਸਾਹਿਬ ਨੇ ਸਜ਼ਾ ਦਿੱਤੀ, ਤੋਰੀ ਵਾਂਗਰਾਂ ਵਿੱਚ ਲਟਕਾਂਵਦਾ ਸੀ। ਓਸ ਕੈਦ 'ਚੋਂ ਇਕ ਅਕਾਲ ਬਾਝੋ, ਤੈਨੂੰ ਕੌਣ ਵਕੀਲ ਛੁਡਾਂਵਦਾ ਸੀ। ਜਿਥੇ ਵਿਸ਼ਟਾ ਮੂਤ ਦੁਰਗੰਧ ਹੈ ਸੀ, ਓਸੇ ਜਗ੍ਹਾ ਤੇ ਮੁੱਖ ਟਿਕਾਂਵਦਾ ਸੀ। ਜਦੋਂ ਏਸ ਜਹਾਨ ਤੇ ਆਂਵਦਾ ਹੈ, ਮੁਸ਼ਕ ਦੇਖਕੇ ਮੁੱਖ ਛੁਪਾਂਵਦਾ ਸੀ। ਪੁੱਠਾ ਲਟਕਦਾ ਦੁੱਖ ਨਿਹਾਇਤ ਤੰਗੀ, ਓਥੇ ਰੱਬ ਦਾ ਨਾਮ ਧਿਆਂਵਦਾ ਸੀ। ਸਵਾਸ-ਸਵਾਸ ਹੈ ਨਾਮ ਚਿਤਾਰਦਾ ਸੀ, ਇੱਕ ਸਾਸ ਵੀ ਨਹੀਂ ਭੁਲਾਂਵਦਾ ਸੀ। ਵਿੱਚ ਗਰਭ ਦੇ ਅਗਨ ਸੀ ਤੇਜ਼ ਡਾਢੀ, ਨਾਮ ਵਿਸਰੇ ਤਾਂ ਸੜ ਜਾਂਵਦਾ ਸੀ। ਸੀਤਲ ਨਾਮ ਨਾ ਅਗਨ ਨੂੰ ਛੋਹਨ ਦੇਵੇ, ਜੈਸੇ ਅੱਗ ਨੂੰ ਨੀਰ ਬੁਝਾਂਵਦਾ ਸੀ। ਪੁਠੇ ਪਏ ਨੂੰ ਗਰਭ ਦੀ ਅਗਨ ਵਿੱਚੋਂ, ਸੱਚੇ ਸਾਹਿਬ ਦਾ ਨਾਮ ਚਾਂਵਦਾ ਸੀ। ਹੋਯਾ ਹੁਕਮ ਕਰਤਾਰ ਦਾ ਜਨਮ ਲੀਤਾ, ਮਾਤ-ਲੋਕ ਤੇ ਕਦਮ ਟਿਕਾਂਵਦਾ ਸੀ। ਜਿਸ ਵਕਤ ਮੇਂ ਪੇਟ 'ਚੋਂ ਬਾਹਰ ਆਯਾ, ਓਸੇ ਵਕਤ ਹੀ ਨਾਮ ਭੁਲਾਂਵਦਾ ਸੀ। ਦੇਨਦਾਰ ਭੁੱਲਾ ਪੇਟ ਵਿੱਚ ਜਿਹੜੀ, ਪੇਟ ਪੂਰਦਾ ਰਿਜ਼ਕ ਪਹੁੰਚਾਂਵਦਾ ਜੀ। ਜਿਹੜੇ ਆਪ ਜ਼ੁਬਾਨ ਦੇ ਨਾਲ ਕੀਤਾ, ਸੋਈ ਕੌਲ-ਕਰਾਰ ਭੁਲਾਂਵਦਾ ਸੀ। ਸੋਈ ਨਾਮ ਕਿਤਾਬ ਦਾ ਹਰਫ਼ ਉਚਾ, ਜਿਨੂੰ ਦਿਨ ਤੇ ਰਾਤ ਪਕਾਂਵਦਾ ਸੀ। ਦੇਖ ਉਸ ਨਸ਼ਾਨੇ ਦੀ ਸ਼ਿਸ਼ਤ ਉੱਕੀ, ਜਿਨੂੰ ਦਿਲ ਦੇ ਤੀਰ ਚਲਾਂਵਦਾ ਸੀ। ਓਸੇ ਯਾਰ ਦੇ ਭੁੱਲ ਗਏ ਗੀਤ ਬੰਦੇ, ਦਿਲ ਦੀ ਤਾਰ ਨੂੰ ਜਦੋਂ ਗਾਂਵਦਾ ਸੀ। ਓਸੇ ਹੀਰ ਨੂੰ ਦਿਲੋਂ ਭਲਾਇ ਦੇਨਾ, ਰਾਂਝਾ ਜਿਸ ਦੀਆਂ ਔਸੀਆਂ ਪਾਂਵਦਾ ਸੀ। ਹੱਥ ਨਾਮ ਦਾ ਲਾਲ ਸੀ ਦੇਵਾ ਸਿੰਘ, ਵਿੱਚ ਪੇਟ ਦੇ ਹੀ ਸਿਟ ਆਂਵਦਾ ਸੀ।

(ਐੜਾ)

ਐੜਾ ਅੰਤ ਦੇ ਸਮੇਂ ਪਛਤੌਣਗੇ ਜੀ, ਜਿਨ੍ਹਾਂ ਰੱਬ ਦਾ ਨਾਮ ਵਿਸਾਰਿਆ ਈ। ਰਹੇ ਪਾਪ ਬਦਫ਼ੈਲੀਆਂ ਵਿੱਚ ਜਾ ਕੇ, ਨਾਮ ਸੁੱਤਿਆਂ ਵਕਤ ਗੁਜ਼ਾਰਿਆ ਈ। ਤਿੰਨ ਕਾਲ ਹੈ ਕੂੜ ਜਹਾਨ ਮਿਥਿਆ, ਸੱਚ ਵੇਦ ਨੇ ਕੂਕ ਪੁਕਾਰਿਆ ਈ। ਨਾਮ-ਦਾਨ ਸੰਤ ਸਤਸੰਗ ਕੀਤਾ, ਜਾਣ ਬੁੱਝਕੇ ਕਾਜ ਵਿਗਾੜਿਆ ਈ। ਜਿਹੜਾ ਪੁਰਸ਼ ਸਤਸੰਗ ਨਾ ਵਿੱਚ ਆਵੇ, ਦੀਨ-ਦੁਨੀ ਜਹਾਨ ਤੋਂ ਮਾਰਿਆ ਈ। ਸਿਰ ਖੜੀ ਹੈ ਮੌਤ ਦੀ ਘੜੀ ਤੇਰੇ, ਗਾਫ਼ਲ-ਗਹਲਿਆ ਫਿਰੇਂ ਹੰਕਾਰਿਆ ਈ। ਦਯਾ ਮੇਹਰ ਨੇ ਰੱਬ ਦਾ ਖੌਫ਼ ਕੀਤਾ, ਜਿੰਦੇ ਜੀਹਨੂੰ ਪਕੜ ਕੇ ਮਾਰਿਆ ਈ। ਤਨ ਧਨ ਦੇਵਨ ਹਰਿ ਦਾਤਾਰ ਠਾਕਰ, ਕਿਸੇ ਵਖਤ ਨਾ ਚਿੱਤ ਚਿਤਾਰਿਆ ਈ। ਮਾਨਸ-ਜਨਮ ਦੁਰਲੱਭ ਹੈ ਜਿਨ੍ਹੇ ਦਿੱਤਾ, ਗੁਣ ਜਾਣਿਆ ਨਾ ਹੀ ਸਿਆਰਿਆ ਈ। ਕਰੀਂ ਓਸਦੀ ਸਿਫ਼ਤ ਵਿਚਾਰ ਬੰਦੇ, ਪਾਣੀ ਬੂੰਦ ਤੋਂ ਬੁਰਜ ਉਸਾਰਿਆ ਈ। ਹੱਥ-ਪੈਰ ਮੂੰਹ ਅੱਖੀਆਂ ਨੱਕ ਦਿੱਤਾ, ਖ਼ੂਬ ਘੜਕੇ ਰੂਪ ਸਵਾਰਿਆ ਈ। ਸੱਚੇ ਸਾਹਿਬ ਦਾ ਸੰਤ ਮਹਾਤਮਾ ਨੇ, ਹਾਲਾ ਭਰਿਆ ਮਾਮਲਾ ਤਾਰਿਆ ਈ। ਮਾਰਗ ਧਰਮ ਦਾ ਸੱਚ ਪਕੜ ਰਸਤਾ, ਸੰਤਾਂ ਲੋਕ-ਪਰਲੋਕ ਸਿਧਾਰਿਆ ਈ। ਸੀਤਲਵੰਤ ਸੁਭਾਵ ਦੇ ਹੋਇ ਰਹਿੰਦੇ, ਵਿਚੋਂ ਕਾਮ-ਕ੍ਰੋਧ ਨੂੰ ਮਾਰਿਆ ਈ। ਘੋੜੀ ਵਾਸ਼ਨਾ ਗਿਆਨ ਲਗਾਮ ਦੇਕੇ, ਉਤੇ ਚਿਤ ਅਸਵਾਰ ਨੂੰ ਚਾੜ੍ਹਿਆ ਈ। ਗਿਆਨ ਰਬਟੀਆਂ ਰੋਂਦ ਦੇ ਦੇਵਣੇ ਨੂੰ, ਵਿੱਚ ਪਿੰਡ ਸਰੀਰ ਦੇ ਵਾੜਿਆ ਈ। ਕੁੱਤਾ ਲੋਭ ਦਾ ਕੱਢਿਆ ਪਿੰਡ ਵਿਚੋਂ, ਜੀਨੇ ਸਗਲ ਜਗਤ ਨੂੰ ਦਾੜਿਆ ਈ। ਮਨ ਬਾਜ ਤੇ ਚਿੜੀਆਂ ਕੁਹਾਣ ਵਾਲਾ, ਪਕੜ ਗਿਆਨ ਦੇ ਪਿੰਜਰੇ ਤਾੜਿਆ ਈ। ਘੋੜਾ ਨਫ਼ਸ ਬਦਕਾਰ ਜਦ ਅੜੀ ਕਰਦਾ, ਚੱਕ ਕੋਟਲਾ ਗਿਆਨ ਦਾ ਮਾਰਿਆ ਈ। ਮੈਲ਼ੇ ਚੋਲੜੇ ਦਿਲ ਦੇ ਕੱਪੜੇ ਨੂੰ, ਲਾ ਕੇ ਨਾਮ ਦਾ ਸਾਬਨ ਨਿਖਾਰਿਆ ਈ। ਕਿਤੇ ਵੱਖਰੇ ਬੈਠ ਅਭਿਆਸ ਕਰਦੇ, ਦਸਵੇਂ-ਦਵਾਰ ਸੁਆਸ ਨੂੰ ਚਾੜ੍ਹਿਆ ਈ। ਦੋਹ ਉਪਰਲੇ ਹੇਠਲੇ ਸਵਾਸ ਨੂੰ ਜੀ, ਸੋਹੰ ਸ਼ਬਦ ਦਾ ਜਾਪ ਉਚਾਰਿਆ ਈ। ਵਿੱਚੋਂ ਕਢਕੇ ਭਰਮ-ਦੁਐਤ ਨੂੰ ਜੀ, ਨਜ਼ਰ ਏਕ ਹੀ ਬ੍ਰਹਮ ਵਿਚਾਰਿਆ ਈ। ਮਰਨ-ਜੀਊਣ ਨੂੰ ਜਾਣਿਆਂ ਇੱਕ ਜੇਹਾ, ਦਿਲੋਂ ਖ਼ਤਰਾ ਖੌਫ਼ ਉਤਾਰਿਆ ਈ। ਛੱਡ ਖ਼ੁਦੀ ਗੁਮਾਨ ਤਕੱਬਰੀ ਨੂੰ, ਅੱਗੇ ਮਰਨ ਤੋਂ ਆਪ ਨੂੰ ਮਾਰਿਆ ਈ। ਕਾਇਆ ਸਾਰ ਕੀ ਨਾਮ ਸੋਖਦੀ ਨਾ, ਜਰਮ-ਜਰਮ ਦਾ ਰੋਗ ਉਤਾਰਿਆ ਈ। ਦੇਵਾ ਸਿੰਘ ਬਹਾਰ ਬਲਿਹਾਰ ਸੰਤਾਂ, ਆਪ ਉਧਰੇ ਕੁੱਲ ਉਧਾਰਿਆ ਈ।

(ਈੜੀ)

ਈੜੀ ਇੱਕ ਹੀ ਬ੍ਰਹਮ ਸੱਭ ਨਜ਼ਰ ਦੇਖੇ, ਕਰੋ ਭਰਮ ਦੁਐਤ ਨੂੰ ਦੂਰ ਭਾਈ। ਮੁਸਲਮਾਨ ਹਿੰਦੁ ਚੂਹੜਾ ਭਰਮ ਏਕੋ, ਜਾਣੇਂ ਇੱਕ ਖ਼ੁਦਾਇ ਦਾ ਨੂਰ ਭਾਈ। ਨਹੀਂ ਰੂਹਾਂ ਦੀ ਜਾਤ-ਸਫ਼ਾਤ ਕੋਈ, ਇਕੋ ਰਾਮ ਰਹੀਮ ਰਸੂਲ ਭਾਈ। ਬਰਾਹਮਣ ਖ਼ਤਰੀ ਛੱਤਰੀ ਸੋਢਵੰਸੀ, ਰਹੇ ਜਾਤ ਨ ਵਿੱਚ ਮਗ਼ਰੂਰ ਭਾਈ। ਅੱਗੇ ਜਾਤ-ਸਫ਼ਾਤ ਨ ਪੁੱਛਨੀ ਜੇ, ਅੱਵਲ ਨੇਕੀਆਂ ਹੋਣ ਮਨਜ਼ੂਰ ਭਾਈ। ਰੱਬ ਹਿੰਦੂ ਦੇ ਸਾਥ ਨ ਕੋਲ਼ ਰਹਿੰਦਾ, ਮੁਸਲਮਾਨ ਤੋਂ ਰਹੇ ਨਾ ਦੂਰ ਭਾਈ। ਉੱਚੀ ਜਾਤ ਦਾ ਜੇ ਹੈ ਗ਼ਰੂਰ ਕਰਦਾ, ਓਹਨੂੰ ਸਮਝਨਾ ਪੁਰਸ਼ ਅੜੂਰ ਭਾਈ । ਉੱਚੇ ਟਿੱਬੇ ਤੇ ਘੁੱਟ ਨ ਰਹੇ ਪਾਣੀ, ਨੀਵਾਂ ਰੱਜਿਆ ਰਹੇ ਭਰਪੂਰ ਭਾਈ। ਏਹੋ ਗਰਬ ਇਨਸਾਨ ਨੂੰ ਡੋਬਦਾ ਈ, ਜਿਵੇਂ ਪਾਣੀ ਰੁਆਂਵਦਾ ਬੂਰ ਭਾਈ । ਦਿਨ ਕੱਟ ਲੈ ਚਾਰ ਜਹਾਨ ਉੱਤੇ, ਜ਼ਰਾ ਹੋਇਕੇ ਸੱਭ ਦੀ ਧੂੜ ਭਾਈ । ਸੰਗਤ ਕੀਤਿਆਂ ਬਾਝ ਨ ਨਰਮ ਹੋਵੇ, ਮਨ ਜਿਨ੍ਹਾਂ ਦਾ ਸਖ਼ਤ ਮਨੂਰ ਭਾਈ। ਨਾਮ-ਦਾਨ ਹੈ ਜਿਨ੍ਹਾਂ ਦੇ ਖ਼ਰਚ ਪੱਲੇ, ਸੋਈ ਲੰਘਦੇ ਪਹਿਲੜੇ ਪੂਰ ਭਾਈ। ਬਿਨਾਂ ਬੰਦਗੀ ਬੰਦਿਆਂ ਬਣੂੰ ਭਾਰੀ, ਜਾਵੇਂ ਅੰਤ ਨੂੰ ਜੱਗ ਤੋਂ ਝੂਰ ਭਾਈ । ਅੱਗੇ ਰੂਪ-ਕਰੂਪ ਦਾ ਮੁੱਲ ਨਾਹੀਂ, ਹੋਵੇ ਸੱਲ ਜੇ ਪਦਮਨੀ ਹੂਰ ਭਾਈ । ਰਾਮ ਖਾਇ ਲੀਤੇ ਬੇਰ ਭੀਲਣੀ ਦੇ, ਜਾਤਾਂ ਉੱਚੀਆਂ ਛੱਡਕੇ ਦੂਰ ਭਾਈ। ਦੇਵਾ ਸਿੰਘ ਦੁਰਜੋਧਨ ਦੇ ਤਿਆਗ ਮੇਵੇ, ਕੀਤਾ ਬਿਦਰ ਦਾ ਸਾਗ ਮਨਜ਼ੂਰ ਭਾਈ ।

(ਸੱਸਾ)

ਸੱਸਾ ਸੋਚਕੇ ਦੇਖ ਲੈ ਬੰਦਿਆ ਤੂੰ, ਸਥਿਰ ਕੌਣ ਹੈ ਏਸ ਜਹਾਨ ਉੱਤੇ। ਭੀਮਸੈਨ ਬਾਲੀ ਮੇਘ ਰੌਣ ਤੇ, ਹੋਣੀ ਵਰਤਗੀ ਸੀ ਹਨੂੰਮਾਨ ਉੱਤੇ। ਮਿਰਜ਼ਾ ਮਾਰ ਕੇ ਮੌਤੇ ਨੇ ਚੂਰ ਕੀਤਾ, ਹੋਣੀ ਵਾਰ ਕੀਤਾ ਦੁੱਲੇ ਖ਼ਾਨ ਉੱਤੇ । ਏਸ ਮੌਤ ਨੇ ਹਸਨ-ਹੁਸੈਨ ਮਾਰੇ, ਮੈਂਹਦੜ ਲੱਗਿਆ ਰਿਹਾ ਦਸਤਾਨ ਉੱਤੇ। ਮੂਸਾ ਭਜਕੇ ਜ਼ੋਰ ਲਗਾਇ ਰਿਹਾ, ਮੇਰੀ ਕਿਵੇਂ ਜੇ ਮੌਤ ਤੋਂ ਜਾਨ ਛੁੱਟੇ। ਜਿੱਧਰ ਦੇਖ ਮੇਘ ਮੌਤ ਦੀ ਧਾੜੇ ਖੜ੍ਹੀ, ਚਾਰੇ ਤਰਫ਼ ਦਿਸਨ ਮਕਾਨ ਰੁੱਕੇ। ਗ੍ਰਿਫ਼ਤਾਰ ਕਰ ਮਾਰਿਆ ਘੱਤ ਘੇਰੇ, ਕਿਥੇ ਜਾਇਕੇ ਧਰਤੀ ਅਸਮਾਨ ਲੁੱਕੇ। ਹੇੜੀ ਕਾਲ ਹੈ ਜਿਨ੍ਹਾਂ ਦੇ ਮਗਰ ਲੱਗਾ, ਕਿਹੜੇ ਪੁਰਸ਼ ਜੋ ਭੋਜਨ ਖਾਨ ਸੁੱਕੇ । ਐਸੀ ਕਾਲ ਗੋਲੀ ਮਾਰੇ ਜੀਵ ਤਾਈਂ, ਜੀਹਦਾ ਕਦੇ ਨਾ ਸ਼ਿਸ਼ਤ ਨਿਸ਼ਾਨ ਉੱਕੇ। ਅਚਨਚੇਤ ਅਚਾਨਕੀ ਸੰਨ੍ਹ ਲਾਵੇ, ਏਸ ਜ਼ਿੰਦਗੀ ਵਹੀ-ਦੁਕਾਨ ਲੁੱਟੇ । ਮੁਸਲਮਾਨ ਦਾ ਅੰਤ ਨੂੰ ਗੋਰ ਵਾਸਾ, ਹਿੰਦੂ ਜਲੇਗਾ ਸਿਵੇ-ਮਸਾਨ ਉੱਤੇ। ਥਿਰ ਏਕ ਗੋਬਿੰਦ ਦਾ ਨਾਮ ਰਹਿਣਾ, ਦੇਖ ਲਿਖਿਆ ਵੇਦ-ਪੁਰਾਨ ਉੱਤੇ। ਸੌਦਾ ਹੋਰਦਾ ਹੋਰ ਖ਼ਰੀਦਿਆ ਤੈਂ, ਆਇਆ ਕਿਹੜੇ ਕੰਮ ਜਹਾਨ ਉੱਤੇ। ਏਥੇ ਆਇਕੇ ਕੌਲ ਵਿਸਾਰ ਦਿੱਤੇ, ਪੱਕਾ ਰਿਹਾ ਨਾ ਮੂਲ ਜ਼ਬਾਨ ਉੱਤੇ । ਨਾਮਦਾਨ ਦੇ ਖੇਤ ਨੂੰ ਦਾਨ ਸਤਸੰਗ, ਕੀਤਾ ਆਏ ਜਾਣੀਏ ਸਫਲ ਜਹਾਨ ਉੱਤੇ। ਧੰਨਾਂ ਜਟ ਕਬੀਰ ਰਮਦਾਸ ਸਧਨਾ, ਅੰਤ ਚੜ੍ਹਕੇ ਗਏ ਬਬਾਨ ਉੱਤੇ। ਏਥੇ ਉਥੇ ਬੰਦੇ ਜੱਗ ਰਾਜ਼ੀ, ਸੇਵਾ ਬੰਦਗੀ ਨੇਕੀਆਂ ਨਾਮ ਉੱਤੇ । ਰੱਬ ਪਾਪ ਦੇ ਵਿਚ ਗਰਿੰਜ ਬੰਦੇ, ਹਾਕਮ ਕੌੜਦਾ ਜਿਵੇਂ ਬਦਨਾਮ ਉੱਤੇ। ਤੂੰ ਵੀ ਖੱਟ ਲੈ ਨੇਕੀਆਂ ਬੰਦਿਆ ਓਇ, ਕਾਹਨੂੰ ਬੰਨ੍ਹਿਆ ਲੱਕ ਹਰਾਮ ਉੱਤੇ। ਬੰਦੇ ਕਾਸਨੂੰ ਧਰਮ ਗੁਆਵਨਾ ਈਂ, ਐਵੇਂ ਵੇਖ ਬਗਾਨੜੇ ਧਾਨ ਉੱਤੇ। ਚੋਰੀ ਕਰੇਂ ਖ਼ਾਤਰ ਧੀਆਂ-ਪੁੱਤਰਾਂ ਦੇ, ਦੁੱਖ ਸਹੇਂਗਾ ਆਪਣੀ ਜਾਨ ਉੱਤੇ। ਅਸਰ ਨਾਮ ਦਾ ਨਹੀਂ ਕਦੰਤ ਲੈਂਦਾ, ਖਾਣ-ਪੀਣ ਦਾ ਸਵਾਦ ਜ਼ਬਾਨ ਉੱਤੇ। ਅੰਤ ਰੋਣਗੇ ਜ਼ਾਰ ਪੁਰ ਜ਼ਾਰ ਕਰਕੇ, ਗਾਫ਼ਲ ਹੋਇ ਜੋ ਰਹੇ ਇਨਸਾਨ ਸੁੱਤੇ। ਜਿਹੜੇ ਪਾਪ ਵਕਾਰ ਬਦਕਰਮ ਕਰਦੇ, ਔਖੇ ਹੋਇਕੇ ਅੰਤ ਨੂੰ ਜਾਨ ਟੁੱਟੇ। ਮਾਣਸ-ਜਨਮ ਨੂੰ ਪਾਇ ਦੁਰਲਭ ਦੇਹੀ, ਕੀਤੇ ਕਰਮ ਕੀ ਪੁਰਸ਼ ਸੁਆਨ ਕੁੱਤੇ। ਦੇਵਾ ਸਿੰਘ ਤੈਂ ਰੋਵਨਾ ਉਸ ਵੇਲੇ, ਧਰਮ-ਰਾਜ ਨੇ ਜਦੋਂ ਬਿਆਨ ਪੁੱਛੇ ।

(ਹਾਹਾ)

ਹਾਹਾ ਹੈ ਹਜ਼ੂਰ ਓ ਦੂਰ ਜਾਣੇ, ਤੇਰੇ ਵਿਚ ਹੀ ਠਾਕਰ ਵਸ ਰਿਹਾ। ਜੈਸੀ ਵਾਸ਼ਨਾ ਫੁੱਲ ਦੇ ਵਿੱਚ ਹੈ ਜੀ, ਨਸ਼ਾ ਵਿੱਚ ਅਫੀਮ ਦੇ ਰਚ ਰਿਹਾ। ਮਾਲਾ ਮਣਕਿਆਂ ਵਿੱਚ ਜਿਉਂ ਰਹੇ ਧਾਗਾ, ਜਲ-ਥਲ ਭਰਪੂਰ ਘੱਟ-ਘੱਟ ਰਿਹਾ। ਬੰਦਾ ਪੂਰਿਆਂ ਗੁਰਾਂ ਦੇ ਮਿਲਣ ਬਾਝੋ, ਐਵੇਂ ਹਨੇਰ-ਅਗਿਆਨ ਵਿੱਚ ਫਸ ਰਿਹਾ। ਮਿਰਗ-ਵਾਸ਼ਨਾ ਨਾਮ ਦੇ ਵਿੱਚ ਹੈ ਜੀ, ਡੱਰਦਾ ਜਾਣਕੇ ਝਾੜੀਏਂ ਨਸ ਰਿਹਾ। ਦੱਸ ਓਨ ਕੀ ਕਿਸੇ ਨੂੰ ਵੱਸ ਕਰਨਾ, ਜੀਹਦਾ ਆਪਣਾ ਆਪ ਨਾ ਵੱਸ ਰਿਹਾ। ਅੰਦਰ ਆਪਦੇ ਵਿਚੋਂ ਨ ਵਸਤ ਲੱਭੇ, ਅੰਦਰ ਕਿਸੇ ਦਾ ਖੋਜ ਨਾ ਦੱਸ ਰਿਹਾ। ਤੇਰੇ ਵਿੱਚ ਹੈ ਵਸਤ ਜਵਾਹਰ ਮੋਤੀ, ਤੈਨੂੰ ਵੇਦ ਪੁਰਾਨ ਵੀ ਦੱਸ ਰਿਹਾ। ਦਿਲ ਹੈ ਦਰਿਆਉ ਸਮੁੰਦ ਸਾਗਰ, ਫੁਰਨੇ ਨਾਲ ਏ ਮਾਰਦਾ ਲੱਫ ਰਿਹਾ। ਜੋ ਬ੍ਰਮੰਹਡ ਉਤੇ ਸੋਈ ਪਿੰਡ ਅੰਦਰ, ਅਤੇ ਵਿੱਚ ਹਜ਼ਾਰ ਤੇ ਲੱਖ ਪਿਆ। ਸੇਵਾ ਕਰ ਅਗਿਆਨ ਦਾ ਖੋਲ੍ਹ ਜੰਦਾ, ਕੁੰਜੀ ਗਿਆਨ ਹੈ ਗੁਰੂ ਦੇ ਹੱਥ ਰਿਹਾ। ਬਿੰਦ ਪਿਤਾ ਦੀ ਮਾਉਂ ਦੇ ਸ਼ਿਕਮ ਆਈ, ਜਿਥੋਂ ਪੁੱਤ ਏਹ ਪੰਜ ਤੱਤ ਪਿਆ। ਹੱਡ-ਮਾਸ ਤੇ ਪਿੰਜਰ ਨਾੜੀਆਂ ਦਾ, ਪੰਖੀ ਰੂਹ ਸਰੀਰ ਮੇਂ ਵੱਸ ਰਿਹਾ । ਕਿਸੇ ਰੋਜ ਸਰੀਰ 'ਚੋਂ ਉਡ ਜਾਸੀ, ਜਿਹੜਾ ਰੋਂਵਦਾ ਬੋਲਦਾ ਹੱਸ ਰਿਹਾ। ਜਿੱਚਰ ਵਿੱਚ ਹੈ ਏਸ ਦੇ ਤੇਲ ਬਤੀ, ਤਿੱਚਰ ਜਾਣੀਏਂ ਦੀਵੜਾ ਮੱਚ ਰਿਹਾ। ਪੰਜ ਤੱਤ ਹੈ ਬਲਦ ਸਰੀਰ ਗਡੀ, ਮਨ ਮਾਰ ਪਰਾਣੀਆਂ ਹੱਕ ਰਿਹਾ। ਉਪਜਦਾ ਬਿਨਸਦਾ ਜੂਨ ਅੰਦਰ, ਬੰਦਾ ਆਂਵਦਾ ਜਾਂਵਦਾ ਥੱਕ ਰਿਹਾ। ਭਜਨ-ਬੰਦਗੀ ਸੇਵਾ ਨਾ ਕੀਤੀ ਆਈ, ਥਾਂਈ ਹੋਰਨੀਂ ਮਾਰਦਾ ਝੱਖ ਰਿਹਾ। ਕਿਤੋਂ ਗੁਰੂ ਨਾ ਵੈਦ ਹਕੀਮ ਮਿਲਿਆ, ਫੋੜਾ ਜੂਨ ਦਾ ਜਿਸਮ ਤੇ ਧੱਖ ਰਿਹਾ। ਹੱਥ ਪਕੜਕੇ ਕਿਸੇ ਵਕਾਰ ਕੁਹਾੜਾ, ਮੂਰਖ ਧਰਮ ਦੇ ਬਿਰਧ ਕੱਟ ਰਿਹਾ। ਮਾਨਸ-ਜਨਮ ਉਤਮ ਪੁੰਨਾਂ ਨਾਲ ਪਾਇਆ, ਐਸਾ ਲਾਲ ਰਲਾਂਵਦਾ ਪੱਖ ਰਿਹਾ। ਪਾਈਏ ਚੂਰੀਆਂ ਹਟੇ ਨ ਕਰੰਗ ਖਾਣੋਂ, ਕੁੱਤੇ ਵਾਂਗ ਨ ਇਹਦਾ ਝੱਸ ਗਿਆ। ਮਾਨਸ ਹੰਸ ਸੀ ਮੋਤੀਆਂ ਖਾਣ ਵਾਲਾ, ਕਾਗੀ ਰੱਲ ਕੇ ਵਿਸ਼ਟਾ ਚੱਖ ਰਿਹਾ। ਮਿਲੇ ਜੋਤ ਮੇਂ ਜੋਤ ਬਾਹਰ ਹੋਆ, ਓਹਦਾ ਆਵਣਾ-ਜਾਵਣਾ ਬੱਸ ਰਿਹਾ। ਸੋਈ ਪੱਕ ਗਿਆ ਜਿਹੜੇ ਮੁਕਤ ਹੋਯਾ, ਜਰਮ ਮਰੇ ਸੇ ਚਕਨੇਂ ਕੱਚ ਰਿਹਾ। ਦੇਵਾ ਸਿੰਘ ਜੋ ਹੋਵਣਾ ਹੋਇ ਰਿਹਾ, ਨਹੀਂ ਏਸ ਇਨਸਾਨ ਦੇ ਵੱਸ ਰਿਹਾ।

(ਕੱਕਾ)

ਕੱਕਾ ਕਾਜ਼ੀ ਹੈ ਸੋਈ ਜੋ ਕਾਇਆਂ ਸੋਧੇ, ਦਿਲੋਂ ਗ਼ੈਰਦੀ ਮੈਲ਼ ਨੂੰ ਚੁੱਕਦਾ ਈ। ਅੱਠੇ ਪਹਿਰ ਹੀ ਰੱਬ ਦੇ ਨਾਲ ਸੱਜਦਾ, ਸੀਸ ਹੋਰ ਖ਼ੁਦਾਇ ਨੂੰ ਝੁੱਕਦਾ ਈ , ਹੱਕ ਕਿਸੇ ਦਾ ਸੂਰ ਸਮਾਨ ਜਾਨੇ, ਗੈਲ ਗੱਲ ਨਜ਼ਦੀਕ ਨ ਢੁੱਕਦਾ ਈ, ਪੜ੍ਹੇ ਹਰਫ਼ ਖ਼ੁਦਾਇਕੇ ਨਾਮ ਵਾਲ਼ਾ, ਸੋਈ ਕਾਜ਼ੀ ਜਾਨੋਂ ਭੱਲੀ ਕੁੱਖਦਾ ਈ। ਜਿਨ੍ਹਾਂ ਦੇਹਰ ਮਸਜਦ ਜਾਤੀ ਮਨ ਕਾਜੀ, ਨਹੀ ਵਿਚ ਮਸੀਤ ਦੇ ਢੁੱਕਦਾ ਈ । ਜਿਨ੍ਹਾਂ ਅਲਫ਼ ਦੇ ਹਰਫ ਨੂੰ ਸਹੀ ਕੀਤਾ, ਨਹੀ ਬਜ ਕਤਾਬਦਾ ਚੁੱਕਦਾ ਈ । ਜਿਨ੍ਹਾਂ ਚਿਰ ਪਰੋਲਿਆ ਨਾਮ-ਮਨਕਾ, ਮਾਲਾ ਤਸਬੀ ਕਦੇ ਨਾ ਚੁੱਕਦਾ ਈ । ਹੋਣਹਾਰ ਦੀ ਜਿਨ੍ਹਾਂ ਪ੍ਰਤੀਤ ਕੀਤੀ, ਬਾਮਣ ਕੋਲੋਂ ਨਾ ਪੱਤਰੀ ਪੁੱਛਦਾ ਈ। ਜਿਨ੍ਹਾਂ ਰੱਖਿਆ ਸਤ ਸੰਤੋਖ ਰੋਜ਼ਾ, ਨਹੀ ਤਿਆਰ ਕਰੇ ਦੜੇ ਕੂਕਦਾ ਈ। ਬਲ ਜਦੋਂ ਮੁਹਬਤ ਨੂੰ ਜਾਨ ਲੀਤਾ, ਮੌਜ ਕੰਜਰਾਂ ਦੀ ਘਰੀਂ ਲੁੱਟਦਾ ਈ। ਜਿਨ੍ਹਾਂ ਪੀ ਲਿਆ ਕਦ ਨਾ ਅਮਲ ਲਹਿੰਦਾ, ਇਕੋ ਆਬਹਯਾਤ ਦੇ ਘੁੱਟਦਾ ਈ। ਜਿਨ੍ਹਾਂ ਯਾਰ ਦੇ ਮਿਲਨ ਦੀ ਤਾਂਘ ਰੱਖੀ, ਮੌਤ ਦਿਨ ਉਡੀਕ ਦੇ ਮੁੱਖਦਾ ਈ । ਨਾਮ ਔਖਧੀ ਕੱਟਿਆ ਰੋਗ ਜੀਹਦਾ, ਨਹੀ ਵੈਦ ਹਕੀਮ ਨੂੰ ਪੁੱਛਦਾ ਈ। ਆਸ਼ਕ ਅੱਗੇ ਤੇ ਜਿਨ੍ਹਾਂ ਦਾ ਨਾਮ ਭਜਨਾ, ਮਾਨ ਛੱਡਦੇ ਇਸ ਬੁੱਤਦਾ ਈ। ਨਾਲੋਂ ਵਿਛੜਿਆਂ ਨੂੰ ਸੋਹਣਾ ਯਾਰ ਜਿਦ੍ਹਾ, ਰਹੇ ਚਿੱਤ ਗ਼ਮਨੀਕ ਮਨੁੱਖ ਦਾ ਈ। ਜੇੜ੍ਹਾ ਕਰੇ ਮੁਰਾਤਬਾ ਸੋ ਪਾਵੇ, ਰੱਬ ਜਾਤ ਸਫ਼ਾਤ ਨਾ ਪੁੱਛਦਾ ਈ। ਜਿਨ੍ਹਾਂ ਨਾਮ ਬਪਾਰ ਖ਼ਰੀਦਿਆ ਹੈ, ਧੰਨ ਜੀਵਨਾ ਓਸ ਮਨੁੱਖ ਦਾ ਈ। ਬੰਦੇ ਚੌਵੀ ਹਜ਼ਾਰ ਸਵਾਸ ਤੇਰਾ, ਇਨ੍ਹਾਂ ਰੋਜ਼-ਬਰੋਜ਼ ਹੀ ਮੁੱਕਦਾ ਈ। ਛੇਤੀ ਬੀਜ਼ ਲੈ ਜੇ ਕੁੱਛ ਕੱਢਣਾਈ, ਮਹੀਨਾ ਚੱਲਿਆ ਕੱਤੇ ਦੀ ਰੁੱਤ ਦਾ ਈ। ਜਿਸ ਰੋਜ਼ ਮੇਂ ਜੀਵ ਤੇ ਕਾਲ ਆਵੇ, ਨਹੀ ਥਿੱਤ ਮਹੂਰਤਾਂ ਪੁੱਛਦਾ ਈ। ਜਿਹੜਾ ਮੌਤ ਨੇ ਆਣਕੇ ਕਬਜ਼ ਕੀਤਾ, ਸੁੱਖ ਦਿਤਿਆਂ ਕਦੇ ਨਾ ਛੁੱਟਦਾ ਈ। ਦਸ ਵੈਦ ਕੀ ਓਸਨੂੰ ਰੱਖ ਸਕੇ, ਦਾਣਾ ਜਿਸ ਇਨਸਾਨ ਦਾ ਮੁੱਕਦਾ ਈ। ਮੌਤ ਵਿੱਚ ਮੁਕਦਮੇ ਕੈਦ ਹੋਇਆ, ਨਹੀ ਕਦੇ ਅਪੀਲ ਤੋਂ ਛੁੱਟਦਾ ਈ। ਮੁਲਕ ਅਦਮ ਨਮਾਨੜੇ ਨੂੰ ਜਾਂਦਾ, ਰੂਹ ਸਲਾਮ ਨਾ ਸਮਾਂ ਪੁੱਛਦਾ ਈ। ਦੇਕੇ ਵਢੀਆਂ ਚੋਰ ਛਡਾਇ ਲਈਏ, ਗਰਿਫ਼ਤਾਰ ਨ ਜਮਾਂ ਦਾ ਛੁੱਟਦਾ ਈ। ਜਦੋਂ ਉੱਡ ਗਿਆ ਵਿਚੋਂ ਰੂਹ ਪੰਛੀ, ਪਿਛੋਂ ਦੇਹ ਦੇ ਆਹਲਣਾ ਖੁੱਸਦਾ ਈ। ਮਾਨਸ ਪੁਰਸ਼ ਇਹ ਮੌਤ ਦੀ ਰੇਲ ਚੜ੍ਹਕੇ, ਨਾਮ ਟਿਕਟ ਤੋਂ ਬਿਨਾਂ ਨਾ ਛੁੱਟਦਾ ਈ। ਕਾਲ-ਬਲੀ ਦੇ ਨਾਲ ਨਾ ਉਜ਼ਰ ਕੋਈ, ਇਸ ਜੀਵ ਵਿਚਾਰ ਤੇ ਤੁੱਛਦਾ ਈ। ਅੱਜ-ਕਲ੍ਹ ਜਾਣੀ ਮੌਤ ਢਾਹ ਲੱਗੀ ਕਾਹਦਾ ਮਾਨ ਸਰੀਰ ਦੇ ਰੁੱਖਦਾ ਈ। ਕਾਲ ਧਾਰ ਕੇ ਰੂਪ ਕਸਾਈਆਂ ਦਾ, ਵਾਂਗ ਬਕਰੇ ਜੀਵ ਨੂੰ ਕੁੱਠਦਾ ਈ। ਕਿਹੜਾ ਵੈਦ ਹੈ ਘਟੀ ਵਧਾਉਣ ਵਾਲਾ, ਦਾਰੂ ਮਿਲੇ ਨਾ ਮੌਤ ਦੇ ਦੁੱਖਦਾ ਈ। ਦੇਵਾ ਸਿੰਘ ਪਰ ਇੱਕ ਦਿਨ ਵਿਛੜੇਗਾ, ਮੇਲਾ ਹੋ ਗਿਆ ਰੂਹ ਤੇ ਬੁੱਤਦਾ ਈ।

(ਖੱਖਾ)

ਖੱਖਾ ਖੜੀ ਹੈ ਮੌਤ ਦੀ ਘੜੀ ਸਿਰ ਤੇ, ਜਪ ਨਾਮ ਓਇ ਬੰਦਿਆ ਵੇਲੜਾ ਈ। ਅਜ਼ਰਾਇਲ ਤੈਨੂੰ ਗਰਿਫ਼ਤਾਰ ਕਰਕੇ, ਕੱਢੂ ਜਾਨ ਓਇ ਬੰਦਿਆ ਵੇਲੜਾ ਈ। ਜ਼ਾਰ-ਜ਼ਾਰ ਰੋਣਾ ਓਦੋਂ ਹੋਵਣਾ ਤੈਂ, ਪਰੇਸ਼ਾਨ ਓਇ ਬੰਦਿਆ ਵੇਲੜਾ ਈ। ਹੇੜੀ ਕਾਲ ਨੇ ਕੱਸ ਕੇ ਮਾਰਨਾਈਂ. ਤੇਰੇ ਬਾਨ ਓਇ ਬੰਦਿਆ ਵੇਲੜਾ ਈ। ਜਮ੍ਹਾਂ ਲੁਟਣੀ ਆਣ ਹਟਵਾਈਏਂ ਦੀ, ਦੇਹ-ਦੁਕਾਨ ਓਇ ਬੰਦਿਆ ਵੇਲੜਾ ਈ। ਕੱਲੇ ਪੰਧ ਪੈਣਾ ਛੱਡ ਜਾਵਨਾ ਤੈਂ, ਇਹ ਜਹਾਨ ਓਇ ਬੰਦਿਆ ਵੇਲੜਾ ਈ। ਵਿੱਛੜ ਚੱਲਨਾ ਝੂਠ ਮਿਲਾਵੜਾਈ, ਨਦੀ-ਨਾਮ ਓਇ ਬੰਦਿਆ ਵੇਲੜਾ ਈ। ਅੰਤ ਜਾ ਉਜਾੜ ਤੈਂ ਮੱਲਣੀ ਹੈ, ਬੀਆਬਾਨ ਓਇ ਬੰਦਿਆ ਵੇਲੜਾ ਈ। ਪਿੱਛੋਂ ਕਿਸੇ ਨਾ ਲਾਹਵਣਾ ਆਪ ਕਰਜ਼ਾ, ਹੱਥੀ ਦਾਨ ਓਇ ਬੰਦਿਆ ਵੇਲੜਾ ਈ। ਕੰਮ ਹੋਰ ਕਰਦਾ ਫਿਰਦਾ ਜੱਗ ਉਤੇ, ਜਿਹੜੇ ਕਾਸ ਓਇ ਬੰਦਿਆ ਵੇਲੜਾ ਈ। ਕੂੜੇ ਕੰਮ ਵਿੱਚ ਨ ਜਿੱਤ ਆਪ ਹੁੰਦੀ, ਸਦਾ ਹਾਣ ਓਇ ਬੰਦਿਆ ਵੇਲੜਾ ਈ। ਬੰਦਾ ਭਜਨ ਗਿਆਨ ਵੀਚਾਰ ਬਾਝੋਂ, ਸੂਕਰ-ਸੁਆਨ ਓਇ ਬੰਦਿਆ ਵੇਲੜਾ ਈ। ਨਾਮ ਜਪਦਿਆਂ ਕੁੱਝ ਨਾ ਹੋਂਵਦਾਈ, ਨੁਕਸਾਨ ਓਇ ਬੰਦਿਆ ਵੇਲੜਾ ਈ। ਏਸ ਚਿੱਤ ਨੂੰ ਰੱਖੀਏ ਯਾਰ ਵੱਲੀਂ, ਹੱਥੀਂ ਕਾਮ ਓਇ ਬੰਦਿਆ ਵੇਲੜਾ ਈ। ਚਿੱਤ ਵਿੱਚ ਪਰੋ ਲਈਏ ਨਾਮ ਮਣਕਾ, ਨਾਮੇ ਵਾਂਗ ਓਇ ਬੰਦਿਆ ਵੇਲੜਾ ਈ। ਓਥੇ ਨਹੀਂ ਹਿੰਦੂ ਚੂਹੜਾ ਪੁੱਛ ਨਾਹੀਂ , ਮੁਸਲਮਾਨ ਓਇ ਬੰਦਿਆ ਵੇਲੜਾ ਈ। ਓਥੇ ਜਾਤ ਨਾ ਪੁੱਛਣੀ ਹੈ ਕਰਨੀ, ਪਰਵਾਣ ਓਇ ਬੰਦਿਆ ਵੇਲੜਾ ਈ। ਜੱਗ ਮਿਥਿਆ ਝੂਠ ਫ਼ਨਾਹ ਦਾ ਈ, ਇਹ ਮਕਾਨ ਓਏ ਬੰਦਿਆ ਵੇਲੜਾ ਈ। ਦੇਵਾ ਸਿੰਘ ਹੋਣੇ ਧਰਮ ਰਾਜ ਅੱਗੇ, ਤੇਰੇ ਬਿਆਨ ਓਇ ਬੰਦਿਆ ਵੇਲੜਾ ਈ।

(ਗੱਗਾ)

ਗੱਗਾ ਗੁਰੂ ਤੋਂ ਬਿਨਾਂ ਨਾ ਗਤ ਹੋਵੇ, ਗੁਰ ਬਿਨ ਹੋਂਵਦਾ ਬ੍ਰਹਮ ਦਾ ਗਿਆਨ ਨਾਹੀਂ । ਸੂਰਜ ਵਤ ਨਾ ਮਿਲੇ ਜੇ ਗੁਰੂ ਪੂਰਾ, ਤਿੱਚਰ ਹੋਂਵਦਾ ਦੂਰ ਅਗਿਆਨ ਨਾਹੀਂ । ਗੁਰੂ ਬਿਨਾਂ ਨ ਤੱਤ-ਵਿਚਾਰ ਹੋਵੇ, ਗੁਰ ਬਿਨਾਂ ਰੱਬ ਦੀ ਹੋਇ ਪਛਾਨ ਨਾਹੀਂ । ਪੱਲੇ ਜਾਨ ਓਸਦੇ ਕੱਖ ਰਿਹਾ ਨਾਹੀਂ, ਜਿਸ ਪੁਰਸ਼ ਦਾ ਧਰਮ ਈਮਾਨ ਨਾਹੀਂ । ਘਰ ਇਸਤ੍ਰੀ ਢਾਲ ਈਮਾਨ ਦੀ ਹੈ, ਪਿਆਰੇ ਪੁੱਤਰਾਂ ਬਾਝ ਨੀਸ਼ਾਨ ਨਹੀਂ । ਸਿੱਖ ਹੋਇਕੇ ਸਿੱਖ ਨ ਮੱਤ ਲਈ, ਸਾਧੂ ਨਹੀਂ ਜੋ ਸਿਮਰੇ ਰਾਮ ਨਾਹੀਂ । ਕਿਥੋਂ ਸਿੱਖ ਦਾ ਕਰੂ ਨਵਿਰਤ ਸੰਸਾ, ਜਿਸ ਗੁਰੂ ਨੂੰ ਆਪ ਗਿਆਨ ਨਾਹੀਂ । ਪਿੰਗਲਾ ਭੱਜਕੇ ਚੜ੍ਹੇ ਨਾ ਪਰਬਤਾਂ ਤੇ, ਗੂੰਗਾ ਗਾਂਵਦਾ ਸ਼ਾਮ ਕਲਿਆਨ ਨਾਹੀਂ। ਬੋਲਾ ਵਿਦਯਾ ਕਥ ਨ ਸੁਣੇ ਕੰਨੀਂ, ਅੰਨ੍ਹਾਂ ਮਾਰਦਾ ਕਦੇ ਨਿਸ਼ਾਨ ਨਾਹੀਂ। ਪਾਪੀ ਪੁਰਸ਼ ਨ ਪਾਪ ਦਾ ਹਲਕੇ ਛੱਡੇ, ਕਰੰਗ ਖਾਵਣੋਂ ਹਟੇ ਸਵਾਨ ਨਾਹੀਂ। ਬੰਦੇ ਬੰਦਗੀ ਛੱਡ ਮਗ਼ਰੂਰ ਹੋਯਾ, ਤੇਰਾ ਜੱਗ ਤੇ ਸਦਾ ਮਕਾਨ ਨਾਹੀਂ। ਤੇਰੀ ਬਦਲੀ ਹੋਵਨੀ ਏਸ ਪਿੰਡੋਂ, ਕਾਇਆ-ਕੋਠੜੀ ਸਦਾ ਹੰਡਾਣ ਨਾਹੀਂ । ਜੀਹਦਾ ਅੱਜ ਹੈ ਜੱਗ ਤੋਂ ਕੂਚ ਹੋਣਾ, ਰੈਹਨਾ ਭਲਕ ਨੂੰ ਏਸ ਜਹਾਨ ਨਾਹੀਂ । ਅੱਜ-ਕਲ੍ਹ ਜਾਣੀ ਤੇਰੇ ਸੀਸ ਵੱਜਾ, ਸਹਿਆ ਜਾਵਣਾ ਕਾਲ ਦਾ ਬਾਣ ਨਾਹੀਂ । ਡਿੱਗ ਪਵੇਗੀ ਰੇਤ ਦੀ ਕੰਧ ਵਾਂਗੂੰ, ਏਸ ਦੇਹ ਦਾ ਬੰਦਿਆ ਮਾਣ ਨਾਹੀਂ । ਮੁਲਖ-ਅਦਮ ਨੂੰ ਰੂਹ ਨੇ ਤੁਰਨ ਲੱਗੇ, ਬੋਲੀ ਬਾਤ ਨੂੰ ਫ਼ਤ੍ਹੇ-ਸਲਾਮ ਨਾਹੀਂ । ਅਗਲੇ ਮੁਲਖ ਦਾ ਹੈ ਜਿਨ੍ਹਾਂ ਸੈਲ ਕੀਤਾ, ਗੱਲਾਂ ਦੱਸੀਆਂ ਜੱਗ ਤੇ ਆਣ ਨਾਹੀਂ । ਨਾਮ-ਦਾਨ ਦਾ ਖ਼ਰਚ ਤੂੰ ਬੰਨ੍ਹ ਪੱਲੇ, ਤੈਨੂੰ ਸੁਝਦਾ ਅਗ੍ਹਾਂ ਦਾ ਜਾਣ ਨਾਹੀਂ । ਹਰ ਕਰੇ ਜੇ ਕਰਮ ਅਨੇਕ ਬੰਦੇ, ਹੋਣੀ ਨਾਮ ਤੋਂ ਬਿਨਾ ਕਲਿਆਣ ਨਾਹੀਂ । ਤਿਲ ਤਿਲ ਕਰ ਕੱਟਣੀ ਸੋ ਚਾਹੀਏ, ਜੇਹੜੀ ਜਪਦੀ ਰਾਮ ਜ਼ਬਾਨ ਨਾਹੀਂ । ਨਾਮਦਾਨ ਤੇ ਖੇਤ ਨੂੰ ਬੀਜ ਬੰਦੇ, ਜੇਹੜੇ ਕਦੇ ਅਣ-ਜੰਮਣੇ ਜਾਣ ਨਾਹੀਂ । ਨਾਹੀਂ ਮਿਲੇ ਬਹਾਦਰੀ ਬਿਨਾ ਔਹਦਾ, ਆਵੇ ਬੰਦਗੀ ਬਿਨਾਂ ਬਖਾਣ ਨਾਹੀਂ । ਨਿੱਤ ਸੋਹੰ ਸੋਹੰ ਜਾਪ ਕਰੀਏ, ਏਸ ਨਾਲ ਦਾ ਦੂਸਰਾ ਦਾਨ ਨਾਹੀਂ । ਬੰਦੇ ਨਹੀਂ ਜੋ ਸ਼ਹਿਰ ਜਹਾਨ ਆਕੇ, ਚੰਗੀ ਵਸਤ ਖ਼ਰੀਦ ਲੈ ਜਾਨ ਨਾਹੀਂ। ਪਾਪ ਕਰਦਿਆਂ ਅੰਤ ਨਾ ਜੋਤ ਆਵੇ, ਧਰਮ ਬੀਜਿਆ ਆਂਵਦੀ ਹਾਨ ਨਾਹੀਂ । ਕੰਨੀਂ ਸੁਣਦਿਆਂ ਕੱਥਾ ਨ ਹਰਜ਼ ਹੋਵੇ, ਨਾਮ ਜਪਦਿਆਂ ਦੁੱਖ ਜ਼ਬਾਨ ਨਾਹੀਂ । ਹੱਥ ਬੰਨ੍ਹੀਏਂ ਹੱਥ ਨਾ ਹੋਣ ਮੈਲੇ, ਸਿਰ ਨਿਵਾਉਂਦਿਆਂ ਹੋਇ ਸੱਚਾ ਸ਼ਾਮ ਨਾਹੀਂ । ਭਗਤੀ ਕੀਤਿਆਂ ਮਿਲੇ ਦਰਗਾਹ ਢੋਈ, ਉੱਚੀ ਜਾਤੀਸੇਂ ਰੀਝਦਾ ਰਾਮ ਨਾਹੀਂ । ਬੰਦਾ ਵਿਚ ਚੁਰਾਸੀ ਦੇ ਫਿਰੇ ਭੌਂਦਾ, ਹੋਣ ਮੁਕਤ ਤੋਂ ਬਿਨਾ ਆਰਾਮ ਨਾਹੀਂ । ਮਾਨਸ ਜਨਮ ਅਮੋਲ ਹੈ ਬੜਾ ਉਤਮ, ਚੰਗਾ ਏਸਨੂੰ ਬਿਰਥਿਆ ਗਿਆਨ ਨਾਹੀਂ । ਜਿਨੂੰ ਕਿਹਾ ਮੈਂ ਤੇਰੀਆਂ-ਤੇਰੀਆਂ ਵੇ, ਚੰਗਾ ਓਸ ਤੋਂ ਮੁੱਖ ਭਵਾਨ ਨਾਹੀਂ । ਯਾਰ ਸੋਈ ਜੋ ਨਾਲ ਹੀ ਖਾਣ ਰੋਟੀ, ਭੀੜ ਪਈ ਤੋਂ ਛੱਡਕੇ ਜਾਨ ਨਾਹੀਂ । ਦਿਲਦਾਰ ਸੋਈ ਜੋ ਦਿਲੋਂ ਇਕ ਹੋਵੇ, ਜੇਹੜੇ ਦਿਲ ਦਾ ਭੇਦ ਲੁਕਾਨ ਨਾਹੀਂ । ਯਾਰ ਸੋਈ ਜੋ ਯਾਰ ਨੂੰ ਯਾਦ ਰੱਖਣ, ਦਿਲੋਂ ਦਿਨ ਤੇ ਰਾਤ ਭੁਲਾਣ ਨਾਹੀਂ । ਥੋੜੇ ਪੁਰਸ਼ ਨੇ ਆਸ ਪੁਜਾਣ ਵਾਲੇ, ਚੰਨਣ ਬਿਰਛ ਵੀ ਜੱਗ ਤੇ ਆਮ ਨਾਹੀਂ । ਕਰਨਾ ਹੋਇ ਨ ਕਿਸੇ ਦਾ ਸੁਆਲ ਪੂਰਾ, ਲਾਰਾ ਦੇਵਨਾ ਭਲਾ ਜਵਾਨ ਨਾਹੀਂ । ਪਾਸ ਹੁੰਦਿਆਂ ਸਾਧ ਨੂੰ ਵੰਡ ਖਾਈਏ, ਚੰਗਾ ਘਰ ਹੁੰਦਾ ਮੁੱਕਰ ਜਾਣ ਨਾਹੀਂ । ਖਾਕੇ ਹੱਕ-ਹਲਾਲ ਦਾ ਸ਼ੁਕਰ ਕਰੀਏ, ਚੰਗਾ ਖਾਣ ਮੁਰਦਾਰ ਹਰਾਮ ਨਾਹੀਂ । ਢਲ ਜਾਸੀ ਵਾਂਗ ਪਰਛਾਵਿਆਂ ਦੇ, ਮਾਇਆ ਹੁਸਨ ਤੇ ਰੂਪ ਦਾ ਮਾਣ ਨਾਹੀਂ । ਮਾਇਆ ਜੱਗ ਦੀ ਮਿਥਿਆ ਕੂੜ ਜਾਣੋਂ, ਚੰਗਾ ਐਸ਼ ਮੇਂ ਚਿੱਤ ਭਟਕਾਨ ਨਾਹੀ । ਪਹਿਲਾਂ ਨਫ਼ੇ-ਨੁਕਸਾਨ ਨੂੰ ਸੋਚ ਲੋਈਏ, ਬੀਤ ਗਈ ਤੋਂ ਫੇਰ ਪਛਤਾਣ ਨਾਹੀਂ । ਹੋਵੇ ਯਾਦ ਨਾ ਮੰਤਰ ਅਠੂਹਿਆਂ ਦਾ, ਚੰਗਾ ਸੱਪ ਦੇ ਡੰਗ ਤੇ ਜਾਣ ਨਾਹੀਂ । ਜੇਕਰ ਪਾਸ ਨਾ ਢਾਲ-ਤਲਵਾਰ ਹੋਵੇ, ਚੰਗਾ ਸੁੱਤੜਾ ਸ਼ੇਰ ਜਗਾਨ ਨਾਹੀਂ । ਜੇਕਰ ਰੋਗ ਦੀ ਸਾਰ ਨਾ ਮੂਲ ਜਾਣੋਂ, ਭਲਾ ਹੱਥ ਬੀਮਾਰ ਨੂੰ ਪਾਣਾ ਨਾਹੀਂ । ਜੰਗ ਵਿੱਚ ਤਲਵਾਰ ਨੂੰ ਕੱਸ ਲਈਏ, ਚੰਗੀ ਰੱਖਣੀ ਵਿੱਚ ਮਿਆਨ ਨਹੀਂ । ਘੋਲ ਕਰਦਾ ਫੰਧ ਮੈਂ ਨਿਗਾਹ ਰੱਖੇ, ਚੰਗਾ ਝਾਕਨਾਂ ਖਾੜਿਓਂ ਲਾਮ੍ਹ ਨਾਹੀਂ । ਜਿੱਥੋਂ ਵਸਤ ਪਰਾਪਤੀ ਨਾ ਹੋਵੇ, ਪਾਣੀ ਛਿੜਕਣਾ ਭਲਾ ਮੈਦਾਨ ਨਾਹੀਂ । ਜਿਨੂ ਦੂਰ ਜਾਣੇ ਠਾਕਰ ਵਿੱਚ ਤੇਰੇ, ਚੰਗਾ ਢੂੰਡਣਾ ਵਿੱਚ ਉਦਿਆਨ ਨਾਹੀਂ । ਸੱਚੋ-ਸੱਚ ਬੋਲੇ ਸੱਚਾ ਰੱਬ ਰਾਜ, ਚੰਗਾ ਤੋਲਣਾ ਝੂਠ-ਤੂਫ਼ਾਨ ਨਾਹੀਂ । ਅੜੀਦਾਰ ਘੋੜੇ ਉਤੇ ਜਦੋਂ ਚੜ੍ਹੀਏ, ਹੱਥੋਂ ਛੱਡਣੀ ਭਲੀ ਲਗਾਮ ਨਾਹੀਂ । ਜਿੰਨ੍ਹ ਗਏ ਨਾ ਆਵਣਾ ਜੱਗ ਉਤੇ, ਚੰਗੀ ਮਰੇ ਦੀ ਔਸੜੀ ਪਾਣ ਨਾਹੀਂ । ਇੱਕ ਧਨ ਜਾਵੇ ਤਨ ਰੋਗ ਲਾਵੇ, ਚੰਗਾ ਵੇਸਵਾ ਸੇਜ ਤੇ ਜਾਣ ਨਾਹੀਂ । ਵਿੱਚ ਪਾਪੀਆਂ ਜਾਣੀਏ ਅਤੀ ਪਾਪੀ, ਨਿੰਦਾ ਕਰੇ ਸੋ ਭਲਾ ਇਨਸਾਨ ਨਾਹੀਂ । ਜਿਥੇ ਚੱਲਕੇ ਗਾਹਕ ਨਾ ਮੂਲ ਆਵੇ, ਉਧਰ ਕਰਨੀ ਭਲੀ ਦੁਕਾਨ ਨਾਹੀਂ । ਜੀਹਦੇ ਖਾਵਣੇ ਦੇਹ ਨੂੰ ਰੋਗ ਲੱਗੇ, ਓਸ ਚੀਜ਼ ਦਾ ਭਲਾ ਹੈ ਖਾਣ ਨਾਹੀਂ । ਖੇਤ ਬੀਜਿਆ ਜੰਮਿਆ ਬਹੁਤ ਹੋਵੇ, ਚੰਗਾ ਰਾਖਿਓਂ ਬਿਨਾਂ ਗੁਆਣ ਨਾਹੀਂ । ਜੇਕਰ ਵਿੱਚ ਕਲਬੂਤ ਨਾ ਜਿੰਦ ਹੋਵੇ, ਭਲੀ ਵੈਦ ਨੂੰ ਨਬਜ਼ ਵਖਾਣ ਨਾਹੀਂ । ਖਾਣ ਵਾਸਤੇ ਯਾਰ ਸ਼ੁਕੀਨ ਰੱਖਣ, ਚੰਗਾ ਔਰਤਾਂ ਸਵਾਦ ਜ਼ਬਾਨ ਨਾਹੀਂ । ਕਰੇ ਵੈਲ ਮਾਂ-ਬਾਪ ਦਾ ਨਾਮ ਗਾਲੇ , ਐਸੀ ਜੱਗ ਤੇ ਭਲੀ ਸੰਤਾਨ ਨਾਹੀਂ । ਰਾਤ ਜਾਗੀਏ ਰੱਬ ਦੀ ਬੰਦਗੀ ਨੂੰ, ਚੰਗਾ ਸੁੱਤਿਆਂ ਵਕਤ ਵਿਹਾਨ ਨਾਹੀਂ। ਨਾਮ ਸਿਮਰਕੇ ਮੁਕਤ ਹੈ ਦੇਵਾ ਸਿੰਘ, ਚੰਗਾ ਜੂਨ ਮੇਂ ਆਉਣ ਤੇ ਜਾਣ ਨਾਹੀਂ ।

(ਘੱਘਾ)

ਘੱਘਾ ਘਰ ਝੂਠੇ ਜਾਣੀਂ ਜੱਗ ਦੇ ਤੂੰ, ਕਰੀਂ ਦਿਲ ਦੇ ਵਿੱਚ ਵਿਚਾਰ ਪਿਆਰੇ। ਛੱਡ ਚੱਲਣਾ ਮਹਿਲ ਤੇ ਮਾੜੀਆਂ ਨੂੰ, ਵਾਸਾ ਹੋਵਣਾ ਵਿੱਚ ਉਜਾੜ ਪਿਆਰੇ । ਇੱਕ ਰੋਜ਼ ਤੈਂ ਬੰਦਿਆਂ ਪੰਧ ਪੈਣਾ, ਦਿਨ ਕੱਟ ਲੈ ਜੱਗ ਤੇ ਚਾਰ ਪਿਆਰੇ। ਮੇਲੇ ਭਰ 'ਚੋਂ ਬੰਦਿਆ ਪੰਧ ਪੈਣਾ, ਛੱਡ ਜਾਪਣੇ ਸ਼ਹਿਰ-ਬਜ਼ਾਰ ਪਿਆਰੇ। ਮਾਲਿਕ ਹਾਥੀਆਂ ਘੋੜਿਆਂ ਮੰਦਰਾਂ ਦੇ, ਹੱਥ ਗਏ ਜਹਾਨ ਤੋਂ ਝਾੜ ਪਿਆਰੇ। ਉਪਰ ਲਿਖੀ ਧਰਮਰਾਇ ਦੇ ਕੋਲ ਲੈਜੂ, ਘਰ-ਘਰ ਲਾ ਗਈ ਮੌਤ ਅਖ਼ਬਾਰ ਪਿਆਰੇ। ਜਿਥੇ ਰਾਇ-ਦਰਬਾਰ ਮੇਂ ਮਾਨ ਪਾਵੇ, ਅੱਗਾ ਆਪਣਾ ਲਈਂ ਸਵਾਰ ਪਿਆਰੇ। ਨਾਮ ਟਿਕਟ ਲੈ ਚੜ੍ਹ ਤੂੰ ਸਵਾਰ ਹੋ ਜਾ, ਮੁਲਕ-ਅਦਮ ਨੂੰ ਰੇਲ ਤਿਆਰ ਪਿਆਰੇ। ਫਿਰੇ ਜੱਗ ਦੇ ਵਿੱਚ ਮਗ਼ਰੂਰ ਹੋਯਾ, ਆਵੇ ਚਿੱਤ ਨਾਹੀਂ ਸਿਰਜਨਹਾਰ ਪਿਆਰੇ । ਬਿਨਾਂ ਨਾਮ ਤੋਂ ਧ੍ਰਿਗ ਨੇ ਸੁੱਖ ਭੋਗੇ, ਝੂਠੇ ਜਾਣੀਏਂ ਪਲੰਘ ਨਵਾਰ ਪਿਆਰੇ । ਬੀਤ ਗਈ ਤੋਂ ਫੇਰ ਪਛਤਾਏਂਗਾ ਤੂੰ, ਅਜੇ ਵਕਤ ਹੈ ਨਾਮ ਚਿਤਾਰ ਪਿਆਰੇ । ਜਿਹੜੇ ਆਪ ਜ਼ਬਾਨ ਦੇ ਨਾਲ ਕੀਤੇ, ਤੈਨੂੰ ਵਿਸਰੇ ਕੌਲ-ਕਰਾਰ ਪਿਆਰੇ । ਇੱਕ ਹਰੀ-ਪਰਮਾਤਮਾ ਨਾਮ ਬਾਝੋਂ, ਝੂਠੇ ਜੱਗ ਤੇ ਵਣਜ-ਬਪਾਰ ਪਿਆਰੇ । ਦੇਵਾ ਸਿੰਘ ਬਿਨ ਸਿਮਰਨੋਂ ਸੁੱਖ ਨਾਹੀਂ, ਰਹੇ ਵੇਦ ਪੁਰਾਣ ਪੁਕਾਰ ਪਿਆਰੇ ।

(ਙਙਾ)

ਙਙਾ ਙਰਸਨਾ ਕਾਲ ਨੇ ਬੰਦਿਆ ਓਏ. ਪਿਆ ਫਸਿਆ ਵਿੱਚ ਕੁਟੰਬ ਦੇ ਜੀ। ਨਹੀਂ ਵਿਸ਼ੇ-ਵਿਕਾਰ ਨੂੰ ਛੋਡਦਾ ਤੂੰ, ਕੁੱਤਾ ਲੱਗਿਆ ਨਾਲ ਕੁਰੰਗ ਦੇ ਜੀ। ਖੋਟੇ ਕੰਮ ਨੂੰ ਦੌੜਦਾ ਮੂਰਖਾ ਓਇ, ਮੱਖੀ ਜਾਂਵਦੀ ਵੱਲ ਦੁਰਗੰਧ ਦੇ ਜੀ। ਭਜਾ ਫਿਰੇਂ ਹੰਕਾਰ ਦੇ ਆਸਰੇ ਤੂੰ, ਪੰਛੀ ਉੱਡਦਾ ਆਸਰੇ ਖੰਭ ਦੇ ਜੀ। ਕਦੇ ਵਿੱਚ ਸਤਸੰਗ ਨਾ ਪੈਰ ਪਾਵੇਂ, ਸਦਾ ਬੈਠਨਾ ਨਾਲ ਕੁਰੰਗ ਦੇ ਜੀ। ਇੱਕ ਰੋਜ਼ ਬੰਦੇ ਤੈਂ ਵੀ ਚਲਣਾ ਈ, ਤੁਰ ਜਾਣ ਤੇਰੇ ਕੋਲੋਂ ਸੰਗ ਦੇ ਜੀ। ਸੋਈ ਸੜ ਗਿਆ ਫੂਸ ਦੇ ਵਾਂਗ ਪਿਆਰੇ, ਅੱਗੇ ਆ ਗਿਆ ਮੌਤ ਦੀ ਲੰਬਦੇ ਜੀ। ਤੇਰਾ ਏਸ ਜਹਾਨ ਤੋਂ ਕੂਚ ਹੋਣਾ, ਖ਼ਰਚ ਬੰਨੇ ਬੰਦੇ ਲੰਬੇ ਪੰਧ ਦੇ ਜੀ। ਵਿੱਛੜ ਚੱਲਨਾ ਬੰਦਿਆ ਇੱਕ-ਦੂਜੇ, ਮੇਲੇ ਹੋਣਗੇ ਨਾਲ ਸਰਬੰਧ ਦੇ ਜੀ। ਸ਼ਰਨ ਪਵੀਂ ਤੂੰ ਸੰਤ ਲਲਾਰੀਆਂ ਦੀ, ਜਿਹੜੇ ਦੇਹ ਦਾ ਚੋਲੜਾ ਰੰਗਦੇ ਜੀ। ਸਾਧੂ ਸਿਮਰਦੇ ਰਹਿਣ ਪਰਮਾਤਮਾ ਨੂੰ ਸ਼ਬਦ ਬੋਲਦੇ ਰਾਗ ਤਲੰਗ ਦੇ ਜੀ। ਛੱਡ ਜੱਗ ਦੀ ਹਿਰਸ ਬੇਫ਼ਿਕਰ ਰਹਿੰਦੇ, ਦਿਨ ਲੁੱਟਦੇ ਸਦਾ ਅਨੰਦ ਦੇ ਜੀ। ਉੱਤੇ ਬਿਸਤਰੇ ਖ਼ੁਸ਼ੀ ਨਾ ਲੇਟ ਰਹਿੰਦੇ, ਲੱਗੀ ਭੁੱਖ ਤਾਂ ਟੁੱਕੜਾ ਮੰਗਦੇ ਜੀ। ਸੱਚੇ ਰੱਬ ਨੇ ਵਿੱਚ ਅਸਮਾਨ ਕੋਠੇ, ਕੀਤੇ ਦੋਇ ਦੀਵੇ ਸੂਰਜ ਚੰਦ ਦੇ ਜੀ। ਅੱਖਾਂ ਵਾਲਿਆਂ ਲੱਭ ਲਏ ਲਾਲ ਡਿੱਗੇ, ਮੂਰਖ ਅੰਦਰਲੇ ਜਾਣ ਉਲੰਘਦੇ ਜੀ। ਰੁਤ ਸੱਪ ਦੇ ਵਾਂਗਰਾਂ ਉੱਠ ਜਾਸੀ, ਦੇਹੀ ਛੱਡ ਜੂ ਵਾਂਗਰਾਂ ਕੁੰਜ ਦੇ ਜੀ। ਸਾਧੂ ਹੋਇ ਨ ਸਿਮਰਨੀ ਸਾਜ ਕੀਤੇ, ਕਾਹਨੂੰ ਛੱਡੀਏ ਗ੍ਰਿਹਸਤ ਅਨੰਦ ਦੇ ਜੀ। ਸਾਧੂ ਜਾਣੀਏਂ ਭਲੇ ਅਤੀਤ ਸੋਈ, ਜਿਹੜੇ ਦਿਲ ਦਾ ਕੱਪੜਾ ਰੰਗਦੇ ਜੀ। ਲਾਇ ਬੈਠਦੇ ਵਿੱਚ ਉਦਿਆਨ ਤਾੜੀ, ਜਿਥੇ ਕਾਲੜੇ ਨਾਗ ਪਲੰਗ ਦੇ ਜੀ। ਅੱਖਾਂ ਨੀਵੀਆਂ ਰੱਖਕੇ ਐਬ ਵਲੋਂ, ਫ਼ੱਕਰ ਵਾਂਗ ਕੁਆਰੀਆਂ ਸੰਗਦੇ ਜੀ। ਸੱਦਾ ਗੁਰ ਮਸਤਾਨੜੇ ਹੋਇ ਰਹਿੰਦੇ, ਪੀਕੇ ਪਿਆਲੜੇ ਅੰਮ੍ਰਿਤਸਰ ਭੰਗਦੇ ਜੀ। ਦੂਜੀ ਦਿਲ 'ਚੋਂ ਕੱਢ ਦਵੈਤ ਦਿੱਤੀ, ਇਕੋ ਸੱਮਝਿਆ ਵਿੱਚ ਸਰਬੰਗ ਦੇ ਜੀ। ਨਾਮ ਰਤਨ ਪਦਾਰਥ ਵਿੱਚ ਬਧਾ, ਦਿੱਤੀ ਘੁੱਟਕੇ ਦੇਹ ਦੀ ਗੰਢ ਦੇ ਜੀ। ਇੱਕ ਠੌਰ ਕਰ ਚਿੱਤ ਨੂੰ ਲਾ ਤਾੜੀ, ਨਿੱਤ ਕਰਦੇ ਜਾਪ ਸੋਹੰਗ ਦੇ ਜੀ। ਆਪ ਵਾਂਗ ਚਕੋਰ ਦੇ ਰਹੇ ਪ੍ਰੇਮੀ, ਲਿਆ ਸਮਝ ਪਰਮਾਤਮਾਂ ਚੰਦ ਦੇ ਜੀ। ਇੱਕ ਹੋ ਇਕ ਜੋਤ ਮੇਂ ਜੋਤ ਮਿਲਕੇ, ਬ੍ਰਹਮ ਹੋਇਕੇ ਨਾਥ ਬਰਹੰਮ ਦੇ ਜੀ। ਵਿੱਚੇ ਗੰਜ ਦੇ ਉਪਜਕੇ ਦੇਵਾ ਸਿੰਘ, ਵਿੱਚ ਮਿਲਕੇ ਵਾਂਝ ਤੁਰੰਗ ਜੀ ।

(ਚੱਚਾ)

ਚੱਚਾ ਚਿੱਤ ਮੇਂ ਸੋਚ ਵਿਚਾਰ ਜਿੰਦੇ, ਏਸ ਜੱਗ ਤੇ ਬਿਸਤਰੇ ਕੂਚ ਦੇ ਨੀਂ। ਖ਼ਾਲੀ ਹੱਥ ਜਹਾਨ ਤੋਂ ਚਲਨਾ ਈਂ, ਦਾਵੇ ਬੰਨ੍ਹਦੀ ਦੁਨੀਆਂ ਝੂਠ ਦੇ ਨੀਂ। ਜਿੰਦੇ ਖ਼ਾਕ ਜ਼ਮੀਨ ਮੇਂ ਰਲ ਜਾਣਾ, ਕਰੇਂ ਗਰਬ-ਗੁਮਾਨ ਕੀ ਰੂਪ ਦੇ ਨੀਂ। ਮੌਤ ਬਿਜਲੀ ਹੈ ਤੇਰੇ ਨੜੇ ਜਿੰਦੇ, ਚੜ੍ਹੀ ਫਿਰੇਂ ਹੰਕਾਰ ਦੇ ਊਠ ਦੇ ਨੀਂ। ਸੋਈ ਕਰਣਗੇ ਅੰਤ ਉਜਾੜ ਵਾਸਾ, ਸਦਾ ਰਹਿਣ ਜੋ ਪਾਲਕੀ ਝੂਲ ਦੇ ਨੀਂ। ਕਿਹੜਾ ਪੁਰਸ਼ ਛਡਾਇਓ ਓਸ ਤਾਈਂ, ਜਿਹੜਾ ਫੜਿਆ ਹੱਥ ਜਮਦੂਤ ਦੇ ਨੀਂ। ਕਾਰੀਗਰ ਹੈ ਕੌਣ ਬਣਾਉਣ ਵਾਲਾ, ਟੁੱਟੇ ਜੋੜ ਸਰੀਰ ਸੰਦੂਕ ਦੇ ਨੀਂ। ਆਈ ਆਪਣੀ ਨਾਲ ਇਨਸਾਨ ਮਰਨਾ, ਜੱਗ ਭਰਮ ਕਰੇਂਦੜਾ ਭੂਤ ਦੇ ਨੀਂ। ਤਿੰਨ ਗੱਲਾਂ ਅੱਗੇ ਦਸੋ ਕੌਣ ਵਲੀ, ਮੌਤ ਭੁੱਖ ਨਿਮਾਨੜੇ ਦੂੱਖ ਦੇ ਨੀਂ। ਰਾਮ ਨਾਮ ਦੀ ਲੁੱਟ ਜਹਾਨ ਅੰਦਰ, ਕੋਈ ਵਿਰਲੇ ਪੁਰਸ਼ ਵੀ ਲੂੱਟ ਦੇ ਨੀਂ। ਲੱਖਾਂ ਜੱਗ ਦੇ ਫਿਰਨ ਵਪਾਰ ਕਰਦੇ, ਖੰਘਦਾ ਰਹੇ ਪਾਪ ਤੇ ਝੂੱਠ ਦੇ ਨੀਂ । ਥੋੜੇ ਚੱਟਦੇ ਸਿਲਾਂ ਅਲੂਣੀਆਂ ਨੂੰ, ਬਾਜ ਵਿਸ਼ੇ ਦੇ ਰਸਾਂ ਨੂੰ ਚੂਸਦੇ ਨੀਂ। ਜੇਕਰ ਸੰਤ ਨ ਵੇਦ ਪੁਰਾਨ ਹੁੰਦੇ, ਕੌਣ ਰੱਬ ਨੂੰ ਜਾਨਦੇ ਪੂੱਛਦੇ ਨੀਂ । ਸੋਈ ਆਣ ਪਰ ਮੁਲਕ ਦੀ ਖ਼ਬਰ ਦਿੰਦੇ, ਜਿਨ੍ਹਾਂ ਸੈਲ ਕੀਤੇ ਚਾਰ ਕੂੰਟ ਦੇ ਨੀਂ । ਵਿੱਚੋਂ ਚਿੱਤ ਨੂੰ ਨਾਮ ਦੀ ਮੈਲ ਲੱਗੀ, ਉਤੋਂ ਮਾਸ ਸਰੀਰ ਨੂੰ ਕੂਚਦੇ ਨੀਂ। ਦਸੀਂ ਜੱਗ ਤੇ ਪਾਕ ਇਨਸਾਨ ਕਿਹੜੇ, ਸਾਰੇ ਭਰੇ ਹੈਂ ਮੈਲ ਤੇ ਮੂਤ ਦੇ ਨੀਂ। ਸੋਈ ਪਾਕ ਜੋ ਪੱਟੜੇ ਭਜਨ ਉੱਤੇ, ਇਸ ਦਿਲ ਦਾ ਕੱਪੜਾ ਕੂਟਦੇ ਨੀਂ । ਤਾਰ ਬੋਲਦੇ ਪੁਰਖ ਦੀ ਵੱਜ ਰਹੀ, ਇਸ ਵਿੱਚ ਸਰੀਰ ਤੇ ਊਸਦੇ ਨੀਂ। ਜ਼ਾਲਮ ਜਮ ਬੇਦਰਦ ਸਰੀਰ ਵਿੱਚੋਂ, ਗੰਨੇ ਵਾਂਗਰਾਂ ਰੱਤ ਨੂੰ ਚੂਪਦੇ ਨੀਂ। ਦੇਵਾ ਸਿੰਘ ਮੇਲੇ ਰਹਿਣੇ ਦਿਨ ਥੋੜੇ, ਇਸ ਰੂਹ ਤੇ ਬੁਤ ਕਲਬੂਤ ਦੇ ਨੀਂ।

(ਛੱਛਾ)

ਛੱਛਾ ਛਿਨ ਮੇਂ ਬਿਨਸਨੀ ਦੇਹ ਤੇਰੀ, ਜਿਸ ਰੂਪ ਦਾ ਕਰੇਂ ਤੂੰ ਮਾਣ ਭਾਈ। ਵਾਰੀ ਆਪੋ ਹੀ ਆਪਣੀ ਚੱਲਨਾ ਈ, ਕੌਣ ਬਾਲ ਤੇ ਕੌਣ ਜੁਆਨ ਭਾਈ । ਜਿਨ੍ਹਾਂ ਨਾਮ ਤੇ ਦਾਨ ਸਤਸੰਗ ਕੀਤਾ, ਮਾਣਸ ਜਨਮ ਨੂੰ ਸਮਝ ਸੁਆਨ ਭਾਈ। ਸਿਰ ਤਲੀ ਤੇ ਧਰਕੇ ਗਲੀ ਜਾਣਾ ਨਹੀਂ, ਯਾਰ ਦਾ ਮਿਲਣ ਅਸਾਨ ਭਾਈ । ਨਿੱਕੇ ਵੱਡੇ ਜਹਾਨ ਤੇ ਬੰਨ੍ਹ ਦੇਵੇ, ਅੰਤ ਛੱਡਕੇ ਗਏ ਮਕਾਨ ਭਾਈ । ਲੱਖਾਂ ਛੱਡਕੇ ਗਏ ਕਚਹਿਰੀਆਂ ਨੂੰ, ਲੱਖ ਬਹਿ-ਬਹਿ ਗਏ ਦੀਵਾਨ ਭਾਈ। ਕਾਲ ਉਠ ਕਰਤਾਰ ਦੇ ਵਾਂਗ ਤੇਰੇ, ਰਾਜੇ ਰਾਣੀਆਂ ਸਣੇ ਗੁਲਾਮ ਭਾਈ। ਜਿਹੜੇ ਇਸ ਜਹਾਨ ਅਵਤਾਰ ਆਏ, ਹੋਏ ਹੁਕਮ ਦੇ ਵਿੱਚ ਰਵਾਨ ਭਾਈ । ਭੀਮ ਸੈਨ ਦੁਰਜੋਧਨ ਬਲੀ ਜੇਹਾ, ਏਥੋਂ ਚੱਲ ਗਏ ਸੀ ਹਨੂੰਮਾਨ ਭਾਈ । ਕਾਲ ਬਲੀ ਨਾਲ ਘੁਲਕੇ ਦੇਵਾ ਸਿੰਘ, ਕਿਨੇ ਜਿਤਿਆ ਨਹੀਂ ਮੈਦਾਨ ਭਾਈ ।

(ਜੱਜਾ)

ਜੱਜਾ ਜ਼ੁਲਮ ਹੈ ਜੀਵ ਦਾ ਘਾਤ ਕਰਨਾ, ਭਾਰੀ ਪਾਪ ਹੈ ਜੀਵ ਦਾ ਵੱਢਣਾ ਈ । ਨਹੀਂ ਰੱਬ ਦਾ ਤੁੱਧ ਨੂੰ ਖੌਫ਼ ਆਵੇ, ਮਾਰੇ ਕੋਈ ਲਵੇਰੀਆਂ ਗੱਭਣਾ ਈ। ਨਹੀਂ ਬੋਲਣਾ ਬੱਕਰੀ ਕੁੱਕੜੀ ਨੇ, ਅੱਗੇ ਜ਼ੋਰ ਨਾਹੀਂ ਤੇਰੇ ਲੱਗਣਾ ਈ। ਸ਼ਰ੍ਹਾ ਕਰੇ ਛੁਰਾ ਪਕੜ ਜੀਵ ਮਾਰੇ, ਲੇਖਾ ਦੇਵਨੇ ਸੇ ਪਤਾ ਲੱਗਨਾ ਈ। ਆਇਆ ਨਾਮ ਦਾ ਬੰਦਿਆ ਕੌਲ ਕਰਕੇ, ਰਲ ਗਿਆ ਸੰਤਾਨ ਦੇ ਵੱਗ ਨਾ ਈ। ਜੋੜਾ ਤਨ ਧਨ ਦੇਂਵਦਾ ਸੁੱਖ ਤੈਨੂੰ, ਇੱਕ ਪਲਕ ਤੈਂ ਸਿਮਰਿਆ ਰੱਬ ਨਾਹੀਂ । ਨਾਮ-ਦਾਨ ਨੂੰ ਲਾਂਵਦੀ ਢਿੱਲ ਕੇਹੀ, ਵੇਲਾ ਬੀਤਿਆ ਫੇਰ ਨਾ ਲੱਭਨਾ ਈ। ਆਇਆ ਜੱਗ ਤੇ ਵਾਂਗ ਵਪਾਰੀਆਂ ਦੇ, ਕੂੱਚ ਚੜ੍ਹੇ ਸਵੇਰ ਨੂੰ ਵਜਣਾ ਈ। ਜਿਹੜਾ ਸੱਚ ਤੈਂ ਮੰਨਿਆਂ ਦਿਲ ਅੰਦਰ, ਰਹਿਣਾ ਫਿਰ ਜਹਾਨ ਤੇ ਜੱਗ ਨਾਹੀਂ । ਏਨਾਂ ਅੱਖੀਆਂ ਨਾਲ ਜੋ ਵੇਖਦਾ ਹੈ, ਮੇਲਾ ਭਰਿਆ ਜੱਗ ਤੋਂ ਛੱਡਣਾ ਈ। ਹੱਡ-ਚੰਮ ਦਾ ਇਹ ਸਰੀਰ ਭਾਂਡਾ, ਠੋਕਰ ਮੌਤ ਦੀ ਨਾਲ ਇਹ ਭੱਜਣਾ ਈ। ਜੱਗ ਪਾਪ ਬਦਨਾਮੀਆਂ ਕਰਦਿਆਂ ਨੂੰ, ਡੰਡਾ ਮੌਤ ਦਾ ਸੀਸ ਤੇ ਵੱਜਣਾ ਈ। ਦੇ ਕੇ ਤੰਗਸੀ ਕੱਢਣੀ ਜਾਨ ਤੇਰੀ, ਨੀਰ ਨੇਤਰਾਂ 'ਚੋਂ ਪਿਆ ਵੱਗਣਾ ਈ। ਡਾਢੇ ਨਾਲ ਨਾ ਚਲਣਾ ਉਜਰ ਤੇਰਾ, ਅੱਗੇ ਮੌਤ ਦੇ ਸਣੇ ਨਾ ਭੱਜਣਾ ਈ। ਕੀਤਾ ਪਾਪ ਦਾ ਮਿਲੇ ਅਜ਼ਾਬ ਤੈਨੂੰ, ਅੱਖੀ ਕਰਕੇ ਜਿੰਦ ਨੂੰ ਕੱਢਣਾ ਈ। ਭਾਵੇਂ ਮਿੰਨਤਾ ਤਰਲੇ ਲੱਖ ਕਰੀਏ, ਨਹੀਂ ਜਮਾਂ ਬੇਦਰਦੀਆਂ ਛੱਡਣਾਂ ਈ। ਭੈਣ ਭਾਬੀਆਂ ਚਾਚੀਆਂ ਰੋਂਦੀਆਂ ਨੂੰ, ਛੱਡ ਜਾਵਣਾ ਪਿਆਰਿਆਂ ਸੱਜਣਾ ਈ। ਹਿੰਦੂ ਜਲੇਗਾ ਜਿਵੇ-ਮਸਾਨ ਉੱਤੇ, ਮੁਸਲਮਾਨ ਨੂੰ ਗੋਰ ਮੇਂ ਦੱਬਣਾ ਈ। ਗੋਰ ਪਿਆਂ ਨੂੰ ਹੋਣਗੇ ਸਾਲ ਕੇਈ, ਪਾਸ ਕਿਨੇ ਨਾ ਯਾਰ ਉਲੱਦਣਾ ਈ। ਚਿੱਟੇ ਦੰਦ ਸਰੀਰ ਦੇ ਹੱਡ ਸਾਰੇ, ਮਿੱਟੀ ਹੋਣਗੇ ਮਿੱਟੀ ਦੇ ਸੱਗਣਾ ਈ। ਵਿੱਚ ਕਬਰ ਦੇ ਹਨੇਰ ਗ਼ੁਬਾਰ ਹੋਣਾ, ਦੀਵਾ ਵੱਟੜੀ ਮੁਲ ਨਾ ਜੱਗਣਾ ਈ। ਦੱਬ ਦੇਣਗੇ ਧਰਤ ਦੇ ਹੇਠ ਥੱਲੇ, ਹਵਾ ਪੌਣ ਨਾਹੀਂ ਜਿਥੋਂ ਲੱਗਣਾ ਈ । ਕਿੱਤੋਂ ਭਾਲਿਆ ਜੱਗ ਜਹਾਨ ਉਤੋਂ, ਖ਼ੁਰਾ-ਖੋਜ ਨਾਹੀਂ ਤੇਰਾ ਲੱਭਣਾ ਈ। ਬੰਦੇ ਰੋਂਦਿਆਂ ਜਾਵਣਾ ਦੇਵਾ ਸਿੰਘ, ਜੰਗ ਖ਼ੁਸ਼ੀ ਸੇ ਕਿਨੇ ਨ ਛੱਡਣਾ ਈ।

(ਝੱਝਾ)

ਝੱਝਾ ਝੂਰਨਾ ਬੰਦਿਆ ਅੰਤ ਵੇਲੇ, ਕਿਉਂ ਨਾ ਰਾਮ ਦੇ ਨਾਮ ਨੂੰ ਚੇਤਦਾ ਈ। ਜਿਹੜਾ ਪਸ਼ੂ ਤੋਂ ਕਰੇ ਦੁਰਲੱਭ ਮਾਣਸ, ਅਤੇ ਮਾਣਸੋਂ ਕਰੇ ਜੋ ਦੇਵਤਾ ਈ। ਬੰਦੇ ਸਿਮਰ ਸੁਆਮੀ ਘੱਟ-ਘੱਟ ਜੋਤ ਜਿਸਦੀ, ਜੀਦ੍ਹਾ ਰੰਗ ਤੇ ਰੂਪ ਨਾ ਰੇਖਤਾ ਈ । ਛੱਡ ਚਿੰਤਾ ਨੂੰ ਰਹੀਂ ਅਚਿੰਤ ਪਿਆਰੇ, ਕਿਧਰ ਚਲਿਆ ਲਿਖਿਆ ਲੇਖ ਦਾ ਈ । ਚੌੜੇ ਲੰਮੜੇ ਥਾਉਂ ਮਕਾਨ ਹਲਦਾ, ਛੱਡ ਵਾਂਦੜੇ ਅੱਖੀਏਂ ਵੇਖਦਾ ਈ। ਓੜਕ ਮਿਲ ਜਾਣਾ ਮੁਸਲਮਾਨ ਤਾਈਂ, ਕਬਰ-ਕੋਠੜਾ ਬਦਨ ਦੇ ਮੇਚ ਦਾ ਈ। ਹਿੰਦੂ ਮਰੇ ਨੂੰ ਸਾੜਦੇ ਪਿੰਨ ਦਿੰਦੇ, ਕੁਤਾ ਜਿਨ੍ਹਾਂ ਦੇ ਵੱਲ ਨਾ ਵੇਖਦਾ ਈ। ਆਪ ਸਾਜਦਾ ਆਪ ਹੀ ਨਾਸ ਕਰਦਾ, ਵਿਛੀ ਸਫ਼ ਨੂੰ ਆਪ ਲਪੇਟਦਾ ਈ । ਅੱਠੇ ਪਹਿਰ ਗ਼ਲਤਾਨ ਹੈ ਧੰਦਿਆਂ ਮੇਂ, ਜੱਗ ਮਾਰਿਆ ਚੰਦਰੇ ਪੇਟ ਦਾ ਈ। ਪੇਟ ਵਾਸਤੇ ਆਪਣਾ ਦੇਸ਼ ਛੱਡਣ, ਕਰਨ ਜਾਇਕੇ ਸੈਰ ਪਰਦੇਸ ਦਾ ਈ। ਪੇਟ ਲਈ ਮੁਕਾਬਲਾ ਜੰਗ ਕਰਦਾ, ਨੌਕਰ ਆਪਣੇ ਸੀਸ ਨੂੰ ਵੇਚਦਾ ਈ। ਪੇਟ ਵਾਸਤੇ ਟੋਕਰੀ ਹੱਥ ਖਰਕਾ, ਮੇਤ੍ਹਰ ਚੁੱਕਦੇ ਮੂਤ ਤੇ ਵੇਸ਼ਟਾ ਈ। ਝੂਠੀ ਦੇਣ ਉਗਾਹੀ ਜਾ ਪੇਟ ਖ਼ਾਤਰ, ਕਰਨ ਆਪਣਾ ਧਰਮ ਭਰੇਸ਼ਟਾ ਈ। ਗਰਿਫ਼ਤਾਰ ਕਰ ਮਾਰਸੀ ਪਾਪੀਆਂ ਨੂੰ, ਵਹੀ ਅਜ਼ਰਾਈਲ ਫ਼ਰੇਸ਼ਤਾ ਈ । ਪੇਟ ਲਈ ਪਹਿਲਾਂ ਬਾਪ ਲੈਣ ਪੈਸਾ, ਦੇ ਕੇ ਫੇਰੜੇ ਪੁੱਤਰੀ ਵੇਚਦਾ ਈ। ਪੇਟ ਲਈ ਪਰ ਮਰਦ ਨੂੰ ਤਨ ਦੇਵੇ, ਕਰੇ ਕੰਜਰੀ ਬੈਠਕੇ ਪੇਸ਼ਤਾ ਈ । ਪੇਟ ਲਈ ਪਾਲਾ ਕੱਕਰ ਧੁੱਪ ਝੱਲੇ, ਜ਼ਿਮੀਂਦਾਰ ਨੂੰ ਧੰਧੜਾ ਖੇਤ ਦਾ ਈ। ਦਾਣਾਂ ਲਵੇ ਕੁੜਿਕਿ ਤੋਂ ਦੇਵਾ ਸਿੰਘ, ਪੰਛੀ ਫਸਦਾ ਮਾਰਿਆ ਪੇਟ ਦਾ ਈ।

(ਞਞਾ)

ਞਞਾ ਜਾਨ ਧੀਆਂ ਪੁੱਤਰ ਝੂਠ ਦੇ ਹੈਂ, ਜਿਹੜੇ ਅੱਖੀਆਂ ਨਾਲ ਦਿਸ ਔਣ ਤੈਨੂੰ। ਬਾਪ ਆਖ ਬੁਲਾਂਵਦੇ ਮੁੱਖ ਸੇਤੀ, ਮੋਹ-ਜਾਲ ਵਿੱਚ ਦੇਹ ਫਸੌਣ ਤੈਨੂੰ। ਧੰਦੇ ਰਹੇ ਗ਼ਲਤਾਨ ਕੁੰਟਬ ਖ਼ਾਤਰ, ਕੋਹਲੂ ਬਲਦ ਵਾਂਗ ਭਵੌਣ ਤੈਨੂੰ। ਅੱਠੇ ਪਹਿਰ ਹੈ ਮੰਗਦੇ ਖਾਵਣੇ ਨੂੰ, ਕੀੜੇ ਪਏ ਸਰੀਰ ਦੁਖੌਣ ਤੈਨੂੰ। ਠੱਗੀ ਦਗ਼ੇਬਾਜ਼ੀ ਕਰੇਂ ਜਿਨ੍ਹਾਂ ਖ਼ਾਤਰ, ਖਾਣ ਉਹ ਤੇ ਨਰਕ ਪੁਚੌਣ ਤੈਨੂੰ। ਜਿੱਚਰ ਰਹੇਂ ਤੂੰ ਖੱਟ ਖੁਆਉਣ ਜੋਗਾ, ਤਿੱਚਰ ਆਦਰਾਂ ਨਾਲ ਬੁਲੌਣ ਤੈਨੂੰ। ਸੁੱਤਾ ਪਿਆ ਹੈਂ ਮੋਹ ਦੀ ਰੈਣ ਅੰਦਰ, ਝੂਣ-ਝੂਣ ਕੇ ਵੇਦ ਜਗੌਣ ਤੈਨੂੰ। ਧੀਆਂ ਪੁੱਤ ਨਾਰੀ ਸਭ ਮਤਲਬਾਂ ਦੇ, ਆਸ਼ਕ ਸੱਚ ਦਾ ਰਾਹ ਬਤਾਉਣ ਤੈਨੂੰ। ਸੰਗਤ ਕਰੀਂ ਤੂੰ ਸੰਤ ਮਹਾਤਮਾ ਦੀ, ਜਿਹੜੇ ਮੁਕਤ ਦੀ ਜੁਗਤ ਬਤੌਣ ਤੈਨੂੰ। ਲੋਹਿਓਂ ਕਰਨ ਸੋਨਾ ਲਾਕੇ ਗਿਆਨ ਪਾਰਸ, ਬੰਦੇ ਮਾਣਸੋਂ ਦੇਣ ਬਨੌਣ ਤੈਨੂੰ । ਚੱਕ ਭੈ ਤੇਰਾ ਮਰਨ-ਜੰਮਣੇ ਦਾ, ਬੰਦੇ ਜੀਵ ਤੋਂ ਬ੍ਰਹਮ ਬਨੌਣ ਤੈਨੂੰ । ਤਿੰਨਾਂ ਗੁਣਾਂ ਦੀ ਹੱਦ ਤੋਂ ਬਾਹਰ ਕਰਕੇ, ਤਿਰੀਆਂ-ਮੁਲਕ ਦਾ ਸੈਰ ਕਰੌਣ ਤੈਨੂੰ। ਜਿੱਥੇ ਦੁਸ਼ਮਣ ਦੂਰ ਨਾ ਪਹੁੰਚ ਸਕੇ, ਦਸਵੇਂ ਦੁਆਰ ਦੇ ਕਿਲੇ ਝੜੌਣ ਤੈਨੂੰ। ਤੇਰਾ ਮੁੱਕ ਜੇ ਔਣ ਤੇ ਜਾਣ ਬੰਦੇ, ਐਸਾ ਮੋਖਸੂ ਗਿਆਨ ਬਤੌਣ ਤੈਨੂੰ। ਪੂਰਨ ਪੁਰਸ਼ ਤੂੰ ਢੂੰਡ ਲੈ ਦੇਵਾ ਸਿੰਘ, ਸਤਵੀਂ ਭੂਮਕਾ ਸੰਤ ਪਹੁੰਚਾਣ ਤੈਨੂੰ।

(ਟੈਂਕਾ)

ਟੈਂਕਾ ਟਣਕਦੀ ਹਰ ਦੀ ਤਾਰ ਅੰਦਰ, ਵਾਜਾ ਇਸ ਸਰੀਰ ਦੇ ਸਾਜਦਾ ਈ। ਅਨਹਦ ਧੁਨੀ ਹਮੇਸ਼ ਹੀ ਵਜਦਾ ਹੈ, ਕਠਨ ਸਮਝਨਾ ਗ਼ੈਰ ਦੇ ਰਾਜ਼ ਦਾ ਈ। ਜੋ ਬ੍ਰਹਮੰਡ ਉੱਤੇ ਸੋਈ ਪਿੰਡ ਅੰਦਰ, ਲੇਖਾ ਕੁੱਝ ਨਾ ਅੰਤ ਹਿਸਾਬ ਦਾ ਈ। ਦਿਲ ਹੈ ਦਰਿਆਉ ਸਮੁੰਦਰ ਸਾਗਰ, ਲਹਿਰਾਂ ਫੁਰਨਿਆਂ ਨਾਲ ਸੇ ਵਗਦਾ ਈ। ਜੇਕਰ ਘਰ ਮੇਂ ਪਈ ਨਾ ਵਸਤ ਲੱਭੀ, ਬਾਹਰ ਕੁੱਝ ਨ ਢੂੰਡਿਆ ਲੱਭਦਾ ਈ। ਇਸ ਦਿਲੋਂ ਸਮੁੰਦਰ ਮੇਂ ਮਾਰ ਟੁੱਬੀ, ਲਾਲ ਲੱਭ ਜੇ ਤੈਂਡੜੇ ਭਾਗ ਦਾ ਈ। ਤਿੱਚਰ ਦੇਹ ਦੀ ਕੋਠੜੀ ਵਿੱਚ ਨ੍ਹੇਰਾ ਜਿੱਚਰ ਗਿਆਨ ਚਿਰਾਗ ਨਾ ਜੱਗ ਦਾ ਈ। ਮਰ ਗਿਆਂ ਨੂੰ ਮਿਲੇ ਸਵਰਗ ਨਾਹੀਂ, ਜਿਹੜਾ ਜੀਂਵਦਾ ਦੁੱਖ ਨਾ ਝਾਗ ਦਾਈ । ਜੀਊਂਦਾ ਮਰੇ ਜੋ ਮਰੇ ਫੇਰ ਜੀਵੇ, ਸਹੇ ਡੰਗ ਨਾ ਕਾਲ ਦੇ ਨਾਗਦਾ ਈ। ਦੁੱਖ ਪਾਇਕੇ ਪੇਟ ਨੂੰ ਸੁੱਖ ਹੁੰਦਾ, ਫੰਦ ਏਸ ਨੇ ਲਿਆ ਜਲਾਬ ਦਾ ਈ। ਪੰਜ ਚੋਰਾਂ ਨੇ ਲੁਟਣਾ ਮਾਲ ਓਦਾ, ਜਿਹੜਾ ਸੁੱਤੜਾ ਪੁਰਸ਼ ਨਾ ਜਾਗਦਾ ਈ। ਬੰਦੇ ਬੰਦਗੀ ਛੋਡ ਮਗ਼ਰੂਰ ਹੋਇਆ ਏ, ਪਰਵਾਨਾ ਕਲ੍ਹ ਤੇ ਅੱਜ ਦਾ ਈ। ਛੱਡ ਜਾਣੀਆਂ ਮਜਲਸਾਂ ਸੈਰ-ਗ਼ਲੀਆਂ, ਮੇਲਾ ਵੇਖ ਲੈ ਚਾਰ ਦਿਨ ਜੱਗ ਦਾ ਈ। ਬੰਦੇ ਲੰਮੀਆਂ ਵੱਡੀਆਂ ਕਰੇ ਆਸਾਂ, ਕਾਗ਼ਦ ਪਾਸ ਨ ਔਹਦ-ਮੁਨਿਆਦ ਦਾ ਈ । ਗ਼ਾਫ਼ਲ ਹੋਇਕੇ ਮੂਰਖਾ ਸੋਏ ਰਹਿਓ. ਪਤਾ ਕੁੱਝ ਨਾ ਵਿਗੜੇ ਕਾਜ ਦਾ ਈ। ਫੇਰ ਕਲ੍ਹ ਨੂੰ ਮੂਲ ਨਾ ਹੱਥ ਆਵੇ, ਜਿਹੜਾ ਵੇਲੜਾ ਪੁੰਜਿਆ ਆਜ ਦਾ ਈ। ਪਾਣੀ ਅੱਗ ਦੇ ਆਸਰੇ ਤੁਰੇ ਇੰਜਨ, ਬੰਦਾ ਪੁਤਲਾ ਆਜ ਅਨਾਜ ਦਾ ਈ। ਅੱਗੇ ਮੌਤ ਦੇ ਜੀਵ ਦਾ ਉਜਰ ਨਾਹੀਂ, ਜਿਵੇਂ ਜੁੱਧ ਨ ਚਿੜੀ ਤੇ ਬਾਜ਼ ਦਾ ਈ। ਉੱਚਾ ਮਰਤਬਾ ਨਾਮ ਦੇ ਸਿਮਰਨੇ ਦਾ, ਕਰਮਾਂ ਵਾਲੜੇ ਕਿਸੇ ਨੂੰ ਲਾਭ ਦਾ ਈ। ਨਾਮ ਸਾਬਣ ਲਾ ਚਿੱਤ ਮੇਂ ਦੇਵਾ ਸਿੰਘ, ਹੋਵੇ ਨਿੱਤ ਅਸ਼ਨਾਨ ਪਰਾਗ ਦਾ ਈ।

(ਠੱਠਾ)

ਠੱਠਾ ਠੀਕਰੇ ਵਾਂਗਰਾਂ ਟੁੱਟ ਜਾਣਾ, ਝੂੱਠਾ ਮਾਨ ਸਰੀਰ ਦਾ ਕਰੀਦਾ ਜੀ। ਖੇਡ ਦਮਾਂ ਦੀ ਆਵੇ ਜਾਂ ਨਹੀਂ ਆਵੇ, ਪਤਾ ਇਸਦਾ ਬਿੰਦ ਨਾ ਘੜੀ ਦਾ ਜੀ। ਅੱਗੇ ਵਾਸਤੇ ਖ਼ਰਚ ਵੀ ਬੰਨ੍ਹ ਪੱਲੇ, ਐਥੇ ਖਾ ਲਿਆ ਪਿਛਲੀ ਕਰੀਦਾ ਜੀ। ਪੈਸਾ ਧਰਮ ਨਮਿਤ ਨਾ ਲਾਇ ਹੁੰਦਾ, ਡੰਨ ਲੱਖ ਹਜ਼ਾਰ ਦਾ ਭਰੀ ਦਾ ਜੀ। ਬਿਨਾ ਨਾਮ ਤੋਂ ਬੰਦਿਆ ਅੰਤ ਵੇਲੇ , ਰੋਇ-ਰੋਇ ਪਛਤਾਵੜਾ ਕਰੀਦਾ ਜੀ। ਪੂਜੋ ਰਾਮ ਜੋ ਅੰਤ ਨੂੰ ਮੁਕਤ ਹੋਵੇ, ਝੂਠਾ ਪੂਜਣਾ ਕਬਰ ਤੇ ਮੜ੍ਹੀ ਦਾ ਜੀ। ਜੀਊਂਦੇ ਮਾਂ ਤੇ ਬਾਪ ਨੂੰ ਦੇਣ ਧੱਕੇ, ਮਰੇ ਬਾਦ ਸਰਾਧ ਹੈ ਕਰੀਦਾ ਜੀ। ਭੇਡ-ਚਾਲ ਦੇ ਮਗਰ ਸੰਸਾਰ ਜਾਂਦਾ, ਇੱਕ ਦੂਏ ਦਾ ਮਗਰ ਫੜੀਦਾ ਜੀ। ਅੱਗੇ ਜਾਤ-ਸਫ਼ਾਤ ਨਾ ਪੁੱਛਣੀ ਜੇ, ਨੇਕ ਅਮਲਾਂ ਨਾਲ ਹੈ ਤਰੀਦਾ ਜੀ। ਝੂੱਠੀ ਚੀਜ਼ ਨੂੰ ਮਿਲੂ ਸਜ਼ਾਇ ਬੰਦੇ, ਉੱਥੇ ਮੁੱਲ ਪੈਣਾ ਵਸਤ ਖਰੀ ਦਾ ਜੀ। ਉਲਫ਼ਤ ਦਿਲ ਦੀ ਨਾਲ ਜੋ ਪੜ੍ਹੇ ਹਰਦਮ, ਇਕੋ ਅਲਫ਼ ਦੇ ਹਰਫ਼ ਥੀਂ ਤਰੀ ਦਾ ਜੀ। ਲੱਖ ਏਸ ਨੂੰ ਪੜ੍ਹਕੇ ਫ਼ੇਹਲ ਹੋਏ, ਜਿਹੜਾ ਇਲਮ ਸ਼ਤਾਨ ਦਾ ਪੜ੍ਹੀ ਦਾ ਜੀ। ਕੀਤੇ ਬਿਨਾਂ ਨ ਵੇਲੇ ਵੱਧ ਕਰਮ ਹੋਵੇ, ਜੂਆ ਖੇਡਿਆਂ ਬਾਝ ਨ ਹਰੀ ਦਾ ਜੀ। ਬਦੀਆਂ ਵਿੱਚ ਬਖ਼ੀਲਿਆਂ ਦਿਨ ਜਾਵੇ, ਗਧੇ ਵਾਂਗਰਾਂ ਰਾਤ ਨੂੰ ਖੜ੍ਹੀਦਾ ਜੀ। ਬੰਦੇ ਧ੍ਰਿਗ ਹੈ ਓਸ ਪਰਮਾਤਮਾ ਦਾ, ਕਿਸੇ ਵਖਤ ਵੀ ਜਾਪ ਨਾ ਕਰੀਦਾ ਜੀ। ਦੇਵਾ ਸਿੰਘ ਤੂੰ ਸੋਚ ਕਲਬੂਤ ਜਿਹੜਾ, ਕਿਹੜੀ ਵਜ੍ਹਾ ਥੀਂ ਪੇਟ ਵਿੱਚ ਘੜੀ ਦਾ ਜੀ।

(ਡੱਡਾ)

ਡੱਡਾ ਡੁੱਬਕੇ ਮਰੇ ਸੰਸਾਰ ਸਾਗਰ, ਹੋਈ ਜਿਨ੍ਹਾਂ ਦਾ ਕੁੱਝ ਵਿਚਾਰ ਨਾਹੀਂ । ਉਮਰ ਸੁੱਤਿਆਂ ਗਈ ਵਹਾਇ ਸਾਰੀ, ਸੁਣੀ ਵੇਦ ਦੀ ਕੂਕ ਪੁਕਾਰ ਨਾਹੀਂ । ਤਿੱਚਰ ਰਹਿਣ ਬੱਚੇ ਵਿੱਚ ਆਲ੍ਹਣੇ ਦੇ, ਜਿੱਚਰ ਹੋਂਵਦੇ ਖ਼ੂਬ ਉਡਾਰ ਨਾਹੀਂ । ਕਰੇ ਪਾਪ ਬਦਫ਼ੈਲੀਆਂ ਜੱਗ ਉੱਤੇ, ਸੂਝੇ ਜਮਾਂ ਦੀ ਗੁਰਜ-ਕਟਾਰ ਨਾਹੀਂ । ਨਹੀਂ ਓਸਦੇ ਨਾਮ ਦਾ ਜਾਪ ਕੀਤਾ, ਜੀਹਦਾ ਆਦਮੀ ਥੀਂ ਅੰਤ ਸ਼ੁਮਾਰ ਨਾਹੀਂ । ਬੰਦੇ ਪਾਪ ਤੇ ਪੁੰਨ ਦਾ ਗਿਆਨ ਤੈਨੂੰ, ਜਾਣ ਬੁੱਝ ਕੇ ਕਾਜ ਵਿਗਾੜ ਨਾਹੀਂ । ਜਦੋਂ ਮੂਰਖਾ ਜਮਾਂ ਨੇ ਆਨ ਫੜਿਆ, ਭਾਈਬੰਦ ਛੁਡਾਂਵਦਾ ਯਾਰ ਨਾਹੀਂ । ਜਿਹੜਾ ਨਾਮ ਦੇ ਮਾਲ ਦੀ ਕਰੇ ਗਾਹਕੀ, ਇਸ ਨਾਲ ਦਾ ਹੋਰ ਬਪਾਰ ਨਾਹੀਂ । ਜਿਹੜਾ ਸੱਚੇਨਾਮ ਦੇ ਧੱਨ ਸੱਚ ਬੋਲੇ, ਉਸ ਪੁਰਸ਼ ਦੇ ਜਿਹਾ ਸੱਚਿਆਰ ਨਾਹੀਂ । ਹੋਰ ਅਮਲ ਉਪਾਧੀਆਂ ਜੱਗ ਉੱਤੇ, ਅੰਨ ਨਾਲ ਦਾ ਹੋਰ ਅਧਾਰ ਨਾਹੀਂ। ਬਾਣੀ ਸੋ ਜੋ ਹਿਫ਼ਜ਼ ਤੇ ਕੰਠ ਹੈ ਜੀ, ਪੈਸੇ ਗੰਠ ਦੇ ਨਾਲ ਦਾ ਯਾਰ ਨਾਹੀਂ । ਘੜੀ ਬਿੰਦ ਵੀ ਕੰਮ ਨ ਜਬਰ ਹੋਵੇ, ਮੌਤ ਨਾਲ ਦਾ ਹੋਰ ਤਕਰਾਰ ਨਾਹੀਂ । ਜਿਹੜਾ ਲੰਮੀਆਂ ਤਾਣਕੇ ਮਰਨ ਲੱਗਾ, ਓਸ ਨਾਲ ਦਾ ਹੋਰ ਤਿਆਰ ਨਾਹੀਂ । ਜੀਦੀ ਜਿੰਦ ਲੁਟੀ ਜਮਾਂ ਖੇੜੂਆਂ ਨੇ, ਏਦੂੰ ਹੋਰ ਨੁਕਸਾਨ ਸੰਸਾਰ ਨਾਹੀਂ । ਜੇਕਰ ਏਸਦੇ ਵਿੱਚ ਨਾ ਹਾਰ ਹੋਵੇ, ਜੂਏ ਨਾਲ ਦਾ ਕੋਈ ਵਪਾਰ ਨਾਹੀਂ । ਔਰਤ ਜਿਹਾ ਵਜ਼ੀਰ ਨਾ ਹੋਰ ਕੋਈ ਹੋਵੇ ਆਗਿਆਕਾਰ ਬਦਕਾਰ ਨਾਹੀਂ । ਦਿਸੇ ਧਰਤ ਹਰਿਆਵਲੀ ਬਿਰਛ ਫੁੱਟਣ, ਚੇਤ ਨਾਲ਼ ਦੀ ਰੁੱਤ ਬਹਾਰ ਨਾਹੀਂ । ਸਰਬ ਲੱਖ ਚੁਰਾਸੀ ਹੈ ਜੂਨ ਵਿਚੋਂ, ਮਾਨਸ ਜਨਮ ਦੇ ਜਿਹਾ ਸਰਦਾਰ ਨਾਹੀਂ । ਏਸ ਜੱਗ ਦੇ ਪਸ਼ੂ ਲਵੇਰਿਆਂ 'ਚੋਂ, ਮੱਝ ਨਾਲ ਦੀ ਐਸ਼-ਬਹਾਰ ਨਾਹੀ । ਜਿਹੜਾ ਸਰਬ ਜੀ-ਜੰਤ ਨੂੰ ਰਿਜ਼ਕ ਦੇਵੇ, ਓਸ ਨਾਲ ਦਾ ਹੋਰ ਦਾਤਾਰ ਨਾਹੀਂ । ਸੂਰਜ ਚੜ੍ਹੇ ਦਾ ਅੰਨ੍ਹੇ ਨੂੰ ਆਸਰਾ ਕੀ, ਸੂਰਜ ਨੇਤਰਾਂ ਜਿਹਾ ਸੰਸਾਰ ਨਾਹੀਂ । ਮੂਰਤ ਨਾਹੀਂ ਅਜੈਬ-ਘਰ ਨਾਲ ਦੀ ਹੈ, ਚਿੜੀਏ-ਘਰ ਜੇਹਾ ਦੀ ਪੁਕਾਰ ਨਾਹੀਂ । ਕੋਠਾ ਨਹੀਂ ਜੋ ਬਨੇ ਅਸਮਾਨ ਜੇਹਾ, ਚੰਦ ਸੂਰ ਜਿਹਾਂ ਦੀ ਪੁਕਾਰ ਨਾਹੀਂ । ਛੱਤਿਆ ਕੁਦਰਤੀ ਰੱਬ ਉਸਮਾਨ ਕੋਠਾ, ਥੰਮ੍ਹੀ ਕੜ ਸਰੀ ਤੋਂ ਬਾਹਰ ਨਹੀਂ । ਸਤਜੁਗ ਦੇ ਜੇਹੀ ਨ ਸਤਿਆ ਜੀ, ਕੱਲੂ ਨਾਲ ਦਾ ਪਾਪ ਵਿਕਾਰ ਨਾਹੀਂ । ਜੀਹਨੂੰ ਰੱਬ ਦੇਵੇ ਪਿਆਰੇ ਤੰਦਰੁਸਤੀ, ਨਿਆਮਤ ਏਸਦੇ ਸਹੀ ਸੰਸਾਰ ਨਾਹੀਂ। ਜਿਹੜੇ ਪੁਰਸ਼ ਨੂੰ ਆਪ ਕਰਤਾਰ ਦੇਵੇ, ਰੂਪ ਨਾਲ ਦਾ ਹਾਰ-ਸ਼ਿੰਗਾਰ ਨਾਹੀਂ । ਸੱਤਰ ਹੋਣ ਭਾਵੇਂ ਗਿਆਰੇ ਪਿੰਡ ਵੱਡੇ, ਸ਼ਹਿਰਾਂ ਨਾਲ ਦੀ ਕਦੇ ਗੁਲਜ਼ਾਰ ਨਾਹੀਂ । ਉੱਤੇ ਘੋੜਿਆਂ ਰੋਕ ਕੰਗਾਲ ਚੱੜ੍ਹਦੇ, ਉੱਚਾ ਹਾਥੀਆਂ ਪਰ੍ਹੇ ਅਸਵਾਰ ਨਾਹੀਂ। ਜਿਹੜਾ ਠੱਗ ਕੇ ਖਾਵਣਾ ਕਿਸੇ ਪਾਸੋਂ, ਇਸ ਨਾਲ ਦਾ ਹੋਰ ਮੁਰਦਾਰ ਨਾਹੀਂ । ਹੀਣੇ ਅੰਗ ਹੈਂ ਜਿਨ੍ਹਾਂ ਦੇ ਖਾਣ ਧੱਕੇ, ਨੈਣ ਨਾਲ ਦਾ ਜੱਗ ਤੇ ਯਾਰ ਨਾਹੀਂ। ਤਾਰੇ ਜਿਵੇਂ ਨਾ ਹੋਂਵਦੇ ਰਾਤ-ਬਾਝੋਂ, ਚੰਦ-ਸੂਰਜੋਂ ਬਿਨਾਂ ਪਰਵਾਰ ਨਾਹੀਂ । ਚੰਦਾ ਜੇਹਾ ਨ ਸੀਤਲ ਹੈ ਹੋਰ ਕੋਈ, ਸੂਰਜ ਨਾਲ ਦਾ ਤੇਜ਼ ਬਲਕਾਰ ਨਾਹੀਂ । ਦੇਵਾ ਸਿੰਘ ਮੇਰੇ ਜੈਸਾ ਜੱਗ ਉੱਤੇ, ਮੰਦ ਮਤੀ ਪਾਪੀ ਗੁਨਾਹਕਾਰ ਨਾਹੀਂ ।

(ਢੱਢਾ)

ਢੱਢਾ ਢੂੰਢਦਾ ਰੱਬ ਨੂੰ ਜੰਗਲਾਂ ਮੈਂ, ਤੇਰੇ ਵਿੱਚ ਹੀ ਰਿਹਾ ਬਰਾਜ ਭਾਈ। ਤੇਰੇ ਵਿੱਚ ਹੀ ਬੰਦਿਆ ਵੇਦ ਚਾਰੇ, ਤੇਰੇ ਵਿੱਚ ਕੁਰਾਨ ਕਿਤਾਬ ਭਾਈ। ਤੇਰੇ ਵਿੱਚ ਹੀ ਤੀਰਥ-ਧਾਮ ਸਾਰੇ, ਗੰਗਾ-ਜਮਨਾ ਵਿੱਚ ਪਰਾਗ ਭਾਈ । ਤੇਰੇ ਵਿੱਚ ਹੀ ਪੁੰਨ ਤੇ ਪਾਪ ਹੁੰਦੇ, ਕਰਦੇ ਚਿੱਤ੍ਰ-ਗੁਪਤ ਹਿਸਾਬ ਭਾਈ। ਦਿਲ ਹੈ ਦਰਿਆਓ ਸਮੁੰਦ ਸਾਗਰ, ਵੰਝਰ ਪਾਨ ਪਹੁੰਚਦੀ ਲਾਜ ਭਾਈ । ਵਿੱਚ ਅੰਮਰਤ ਪੀਵਨ ਵਾਲੜਾ ਹੈ, ਤੈਨੂੰ ਭੁੱਲਕੇ ਲੱਗ ਰਹੀ ਦਾਜ੍ਹ ਭਾਈ । ਚੀਜ਼ ਲੱਭ ਲੈ ਦੇਹ ਦੀ ਕੋਠੜੀ ’ਚੋਂ, ਵਿੱਚ ਬਾਲਕੇ ਗਿਆਨ ਚਿਰਾਗ ਭਾਈ। ਗੁਰੂ ਮਿਲਦੇ ਬਜਰ ਕਪਾਟ ਖੁਲ੍ਹੇ ਦੁੱਧ ਜੰਮਦਾ ਮਿਲੇ ਤਾਂ ਜਾਗ ਭਾਈ । ਬਿਨਾਂ ਮੰਤਰ ਸਿਖਿਆਂ ਜੋਗੀਆਂ ਤੋਂ, ਕਦੇ ਵੱਸ ਨਾ ਆਂਵਦੇ ਨਾਗ ਭਾਈ । ਸੰਗਤ ਕੀਤਿਆਂ ਬਾਝ ਨਾ ਸੁੱਧ ਆਵੇ, ਬਿਨਾਂ ਧੋਤਿਆਂ ਲਹੇ ਨਾ ਦਾਗ਼ ਭਾਈ। ਸੇਵਾ ਬੰਦਗੀ ਸੰਤ ਸਤਸੰਗ ਕਰੀਏ, ਜੱਗ ਆਵਨੇ ਦਾ ਏਹੋ ਲਾਭ ਭਾਈ। ਪਾਪੀ ਪੁਰਸ਼ ਤਾਈਂ ਐਸਾ ਪੀੜਨਾ ਈਂ, ਜੈਸਾ ਵੇਲਣੇ ਵਿੱਚ ਕਮਾਦ ਭਾਈ। ਜੰਗ ਦੇਖ ਫ਼ਨਾਹ ਮਕਾਨ ਸਾਰਾ, ਆਵੇ ਦਿਲ ਦੇ ਵਿੱਚ ਵੈਰਾਗ ਭਾਈ। ਦੇਵਾ ਸਿੰਘ ਕਰਤਾਰ ਦੇ ਨਾਮ ਬਾਝੋਂ, ਹੋਣਾ ਅੰਤ ਦੇ ਸਮੇਂ ਖ਼ਰਾਬ ਭਾਈ।

(ਣਾਣਾ)

ਣਾਣਾ ਣਿਕੜੀ ਉਮਰ ਸਤਸੰਗ ਕਰੀਏ, ਤਾਂ ਫਿਰ ਰੰਗ ਸਰੀਰ ਨੂੰ ਆਂਵਦਾ ਈ। ਨਿੱਕੀ ਲਗਰ ਨੂੰ ਚੜ੍ਹੇਗਾ ਪਿਉਂਦੇ ਪਿਆਰੇ, ਵੱਡੀ ਹੋਈ ਨੂੰ ਪਿਉਂਦ ਨਾ ਆਂਵਦਾ ਈ। ਬਾਲ ਉਮਰ ਧਰੂ ਨੇ ਭਗਤੀ ਕੀਤੀ, ਉੱਚੀ ਪਦਵੀ ਮੁਕਤ ਕੋ ਪਾਂਵਦਾ ਈ। ਜਿਹੜੇ ਧਰਮ ਤੋਂ ਜਾਨ ਕੁਰਬਾਨ ਕਰਦੇ, ਰੱਬ ਤਿਨ੍ਹਾਂ ਨੂੰ ਪੂਰੀਆਂ ਪਾਂਵਦਾ ਈ । ਕੀਤੀ ਬੰਦੇ ਦੀ ਬੰਦਾ ਨਾ ਰੱਖ ਸਕੇ, ਸਚਾ ਸਾਹਿਬ ਕਦੋਂ ਅਟਕਾਂਵਦਾ ਈ। ਧਰਮ ਬੀਜਣੇ ਦੀ ਜਿਹੜੀ ਉਮਰ ਹੈਸੀ, ਕੰਮਾਂ ਖੋਟਿਆਂ ਵਿੱਚ ਲੰਘਾਂਵਦਾ ਈ। ਬਾਲਕ ਉਮਰ ਗੁਆਂਵਦਾ ਖੇਲਨੇ ਮੇਂ, ਚੋਬਰ ਹੋਇ ਤਾ ਕਾਮ ਸਤਾਂਵਦਾ ਈ। ਅੱਠ ਪਹਿਰ ਗ਼ਾਫ਼ਲ ਬਦ ਨਜ਼ਰ ਝਾਕੇ, ਧੀਆਂ ਬੇਟੀਆਂ ਰੋਜ਼ ਤਕਾਂਵਦਾ ਈ । ਹੋਇਆ ਬ੍ਰਿਧ ਪਰ ਬੁੱਧ ਨਾ ਅਜੇ ਆਈ, ਨਿੰਦਾ ਚੁਗ਼ਲੀਆਂ ਨਿੱਤ ਕਮਾਂਵਦਾ ਈ । ਰੋਮਾਂ ਕਾਲਿਆਂ ਤੋਂ ਹੋਏ ਵਾਲ ਚਿੱਟੇ, ਤਦੋਂ ਰੰਗ ਸਰੀਰ ਵਟਾਂਵਦਾ ਈ। ਬਿਨਾਂ ਸੋਟਿਓ ਤੁਰਨ ਮਹਾਲ ਹੋਇਆ, ਨਹੀਂ ਬੈਠਕੇ ਉਠਿਆ ਜਾਂਵਦਾ ਈ। ਬੁੱਢਾ ਹੋਇਕੇ ਉਖੜੇ ਦੰਦ ਦਾੜਾਂ, ਖਾਣ ਪੀਣ ਦਾ ਸੁਆਦ ਨਾ ਆਂਵਦਾ ਈ। ਰਸ ਜੀਭ 'ਚੋਂ ਨੈਣ ’ਚੋਂ ਜੋਤ ਘਟਗੀ, ਸਿਰ ਕੇਲਿਆਂ ਵਾਂਗ ਹਿਲਾਂਵਦਾ ਈ। ਬਾਹਲੇ ਧਨ ਵਾਲਾ ਤਾੜੇ ਪੁੱਤਰਾਂ ਦੇ, ਪਾਟੇ ਕਪੜੇ ਪਿਆ ਹੰਡਾਂਵਦਾ ਈ। ਨੂੰਹਾਂ ਪੋਤਰੇ ਘੂਰੀਆਂ ਵਟਦੇ ਹੈਂ, ਮੁੱਖੋ ਆਖਦੇ ਕਿਆ ਸਤਾਂਵਦਾ ਈ। ਸਿਰ ਝੂਲਦਾ ਰੂਪ ਬੇਸ਼ਕਲ ਹੋਇਆ, ਤੁਰੇ ਨਾਟ ਦਾ ਸਾਜ ਜਿਉਂ ਆਂਵਦਾ ਈ। ਬਾਬੇ ਡੈਣ ਦਾ ਨੂਹਾਂ ਸ਼ਕੀਨਣਾਂ ਦਾ, ਦਰਸ਼ਨ ਕਰਨ ਨੂੰ ਚਿੱਤ ਨਾ ਚਾਂਹਵਦਾ ਈ। ਬ੍ਰਿਧ ਹੋਏ ਨੂੰ ਲਗਦੇ ਰੋਗ ਸਾਰੇ, ਥੁੱਕ-ਥੁੱਕ ਕੇ ਡਗਾ ਗੁਆਂਵਦਾ ਈ। ਦੇਵਾ ਸਿੰਘ ਜਦੋਂ ਮਰ ਗਿਆ ਬਾਬਾ, ਸਾਰਾ ਕੋੜਮਾਂ ਸ਼ੁਕਰ ਮਨਾਂਵਦਾ ਈ।

(ਤੱਤਾ)

ਤੱਤਾ ਤਿੰਨ ਹੈ ਕਾਲ ਜਹਾਨ ਮਿਥਿਆ, ਐਵੇਂ ਕੂੜ ਹੀ ਸਭ ਹੈ ਭਾਸਦਾ ਈ। ਜੈਸਾ ਖ਼ਾਬ ਸੁਫਨੇ ਅੰਦਰ ਰਾਜ ਕੀਤਾ, ਅੱਖ ਉੱਘੜੀ ਝੂਠ ਬਿਲਾਸਦਾ ਈ। ਕੁਝ ਨਾਮ ਦਾ ਕਰੀਂ ਉਪਾਓ ਬੰਦੇ, ਅੱਜ-ਕਲ੍ਹ ਤੁਹਿ ਕਾਲ ਗਰਾਸਦਾ ਈ। ਬੰਦੇ ਚੌਵੀ ਹਜ਼ਾਰ ਸਵਾਸ ਤੇਰਾ, ਘਤ ਜਾਂਵਦਾ ਦਿਨ ਤੇ ਰਾਤ ਦਾ ਈ। ਛੇਤੀ ਮਾਲ ਖ਼ਰੀਦ ਬਪਾਰੀਆ ਓਏ, ਤੈਨੂੰ ਪਤਾ ਨਾ ਘਟਦੀ ਰਾਸ ਦਾ ਈ। ਸਵਾਸ-ਸਵਾਸ ਨਾਲ ਸਾਹਿਬ ਦਾ ਜਾਪ ਕਰੀਏ, ਖ਼ਾਲੀ ਜਾਵਣਾ ਬੁਰਾ ਸਵਾਸ ਦਾ ਈ। ਪਲ-ਪਲ ਘੜੀ ਛਿਨ-ਛਨ ਬੰਦੇ, ਦਿਨ-ਦਿਨ ਘਟੇ ਨਹੀਂ ਰਾਤ ਦਾ ਈ। ਸਿਮਰ ਬੰਦਿਆਂ ਨਾਮ ਪਰਮਾਤਮਾ ਦਾ, ਬੁੱਕ ਖ਼ਾਕ ਦਾ ਅੰਤ ਨੂੰ ਖ਼ਾਕ ਦਾ ਈ। ਨੀਵੇਂ ਹੋਇਕੇ ਯਾਰ ਨੂੰ ਜਾ ਮਿਲੀਏ, ਓਥੇ ਕੰਮ ਨਾ ਖ਼ੁਦੀ ਦਾ ਦਿਮਾਗ਼ ਦਾ ਈ । ਨਾਮ ਬਿਨਾਂ ਮਨੁੱਖ ਦਾ ਧ੍ਰਿਗ ਜੀਊਣਾ, ਨਿਸਫਲ ਪਹਿਣਨਾਂ ਸੂਫ ਬਨਾਤ ਦਾ ਈ। ਬੰਦਾ ਛੁਪਕੇ ਆਪ ਅਪਰਾਧ ਕਰਦਾ, ਰੱਬ ਚਿੱਤ ਦੀ ਚਿੱਠੀ ਨੂੰ ਵਾਚਦਾ ਈ। ਪੁਰਸ਼ ਵਿਸ਼ੇ ਵਿਕਾਰ ਸੁਆਦ ਅੰਦਰ, ਮੱਖੀ ਵਾਂਗ ਮਿਠਾਸ ਨੂੰ ਫਾਸਦਾ ਈ। ਲਵੋ ਬਾਸ ਸੁਗੰਧਤ ਨਾਮ ਕਾਰਨ, ਸੁਆਦ ਸਾਰੀਆਂ ਜੀਭ ਨਾ ਚਾਖਦਾ ਈ । ਮਨ ਇਛੜੇ ਭੋਗ ਬਿਲਾਸ ਕਰਦਾ, ਦੇਣਹਾਰ ਨੂੰ ਚਿੱਤ ਨਾ ਰਾਖ ਦਾ ਈ। ਜੈਸੀ ਕਰੇ ਕੋਈ ਤੈਸੀ ਭਰੇ ਗਾ ਈ, ਜੈਸਾ ਖੇਤ ਬੀਜੇ ਤੈਸਾ ਵਾਢਦਾ ਈ। ਦੇਹ ਦੁਨੀਆਂ ਸਤਰ ਕਹਿਣ ਆਖ਼ਰ, ਦਿੱਤਾ ਮਿਲੂਗਾ ਆਪਣੇ ਹਾਥ ਦਾ ਈ। ਰੱਖੀ ਕਾਲ ਦੀ ਕਲ੍ਹ ਉਡੀਕ ਬੰਦੇ, ਖ਼ਰਚ ਬੰਨ੍ਹਿਆਂ ਜੋ ਲੰਮੀ ਵਾਟ ਦਾ ਈ। ਜੀਆਂ ਮਿਰਗ ਦੇ ਵਾਂਗਰਾਂ ਚਰ ਦਿਆਂ ਨੂੰ, ਕਾਲ ਹੇੜੀਆਂ ਵਾਂਗਰਾ ਝਾਕਦਾ ਈ। ਜੀਹਦੀ ਜੱਗ ਤੋਂ ਚੋਗ ਨਖੁੱਟ ਗਈ, ਵੈਦ ਓਸ ਨੂੰ ਰੱਖ ਨ ਸਕਦਾ ਈ। ਪੁੱਜ ਹਾੜੀ ਦੀ ਮੁਨਿਆਦ ਜਾਸੀ, ਮਹੀਨਾ ਆ ਗਿਆ ਜਦੋਂ ਵਸਾਖ ਦਾ ਈ। ਰਾਣਾ ਰਾਓ ਕੰਗਾਲ ਤੇ ਪਾਤਸ਼ਾਹ ਜੋ, ਕਾਲ ਸਰਬ ਦੇ ਸੀਸ ਤੇ ਬਿਆਪਦਾ ਈ। ਜੀਵ-ਜੰਤ ਜੋ ਦਿਸੇ ਬ੍ਰਹਮੰਡ ਸਾਰਾ, ਸਭ ਚੱਲਣੇਹਾਰ ਹੀ ਭਾਸਦਾ ਈ। ਏਥੇ ਥਿਰ ਨਹੀਂ ਸੂਰਜ ਚੰਦ ਰਹਿਨਾ, ਬਣੂੰ ਚੱਲਅਣਾ ਧਰਤ ਅਕਾਸ਼ ਦਾ ਈ। ਦੇਵਾ ਸਿੰਘ ਪੁਕਾਰਦੇ ਵੇਦ ਚਾਰੇ, ਇਕੋ ਸੱਤ ਹੋਰ ਸਰਬ ਹੀ ਨਾਸ ਦਾ ਈ।

(ਥੱਥਾ)

ਥੱਥਾ ਥਿਰ ਨਹੀਂ ਰਹਿਣ ਬੰਦਿਆ ਓਏ, ਅੱਕ-ਕਲ੍ਹ ਜਹਾਨ ਤੋਂ ਜਾਵਣਾ ਈ। ਬਿਨਾ ਨਾਮ ਤੋਂ ਕਰਮ ਜੋ ਹੋਰ ਕਰਨੇ, ਐਵੇਂ ਬਿਰਥਾ ਜਨਮ ਗੁਆਵਨਾ ਈ। ਮਹਿਲ-ਮਾੜੀਆਂ ਪਿਆ ਉਸਾਰਦਾ ਈ, ਦਿਨ-ਚਾਰ ਦਾ ਪੁਰਸ਼ ਪਰੌ੍ਹਣਾ ਈ। ਨਾਮ ਭੁੱਲ ਗਿਆ ਰਿਹਾ ਯਾਦ ਏਹੋ, ਸੌਣਾ ਹੱਸਦਾ ਪਹਿਣਨਾ-ਖਾਵਣਾ ਈ। ਸੋਈ ਦਿਨ ਘੜੀ-ਪਲ ਸਫਲ ਜਾਣੋਂ, ਜਿਹੜਾ ਵਿੱਚ ਸਤਸੰਗ ਵਿਹਾਵਣਾ ਈ। ਮੂਰਖ ਝਾਗਦੇ ਜਲਸਿਆ ਵਿੱਚ ਰਾਤਾਂ, ਨਾਮ ਸੁਣਦਿਆਂ ਸਾਰ ਹੁੰਗਲਾਵਣਾ ਈ। ਲੱਖ ਠੱਗੀਆਂ ਪਾਪ ਅਪਰਾਧ ਕਰਦਾ, ਤੈਨੂੰ ਅੰਤ ਬਣੂੰ ਪਛੋਤਾਵਣਾ ਈ। ਬੀਤ ਗਏ ਤੋਂ ਕਛੂ ਨਾ ਬਣੇ ਬੰਦੇ, ਅਤਰ ਡੁੁਲ੍ਹਿਆ ਹੱਥ ਨਾ ਆਵਣਾ ਈ। ਭਾਈ ਬੰਦ ਕੁਟੰਬ ਦੇ ਵਿੱਚ ਪਿਆਰੇ, ਐਵੇਂ ਆਪਣਾ ਆਪ ਗੁਆਵਣਾ ਈ । ਇਕ ਦਿਨ ਆ ਕੇ ਕਾਲ ਬੰਦਿਆ ਓਇ, ਜਮਾਂ ਆਇਕੇ ਸ਼ੋਰ ਮਚਾਵਣਾ ਈ । ਆਊ ਤੰਗ ਸੀ ਦੁੱਖ ਅਜਾਬ ਭਾਰੀ, ਨੀਰ ਤੇਰਿਆਂ ਨੈਣਾਂ ’ਚੋਂ ਜਾਵਣਾ ਈ। ਧੌਣੋਂ ਪਕੜ ਮਰੋੜਸੀ ਵਾਂਗ ਕੁਕੜੀ, ਕਾਲ ਬਿੱਲੇ ਨੇ ਮਾਰ ਮੁਕਾਵਣਾ ਈ। ਚਕਵੀ-ਚਕਵੇ ਜਿਉਂ ਮੌਤ ਦੀ ਰਾਤ ਆਵੇ, ਰੂਹ ਬੁੱਤ ਦੋਹਾਂ ਵਿਛੜ ਜਾਵਣਾ ਈ। ਉੱਡੀ ਫਿਰਦੀ ਜਿੰਦ ਕਬੂਤਰੀ ਨੂੰ, ਕਾਲ-ਲਗੜ ਨੇ ਝਪਟ ਚਲਾਵਣਾ ਈ। ਖੂਹ ਦੇ ਚੱਕ ਜਿਉਂ ਸਰੂਪ ਸਰੀਰ ਤੇਰਾ, ਨਾਹੀਂ ਏਸ ਜਹਾਨ ਤੇ ਆਵਣਾ ਈ। ਆਣ ਬਣੂੰਗੀ ਬਹੁਤ ਨਿਹੈਤ ਚੋਗਾ................. । ਓਸ ਰੋਜ਼ ਮੇਂ ਜਿੰਦ ਗ਼ਰੀਬਣੀ ਨੂੰ, ਲੁਕਣ ਵਾਸਤੇ ਥਾਉਂ ਨਾ ਥਿਆਵਣਾ ਈ। ਉੱਡ ਜਾਵਸੀ ਲਾਲੜੀ ਮੁੱਖੜੇ ਤੋਂ, ਪੀਲਾ ਜ਼ਰਦ ਵਸਾਰ ਹੋ ਜਾਵਣਾ ਈ। ਜਦੋਂ ਆਣ ਜਮਾਂ ਗਰਿਫ਼ਤਾਰ ਕੀਤਾ, ਭਾਈ-ਬੰਦ ਨਾ ਕਿਸੇ ਛੁਡਾਵਣਾ ਈ। ਸੋਹਣਾ ਮੁੱਖੜਾ ਰੰਗ ਅਜੀਬ ਤੇਰਾ, ਟੁੱਟੇ ਫਲ ਦੇ ਵਾਂਗ ਕੁਮਲਾਵਣਾ ਈ। ਜਦੋਂ ਦੇਖਿਆ ਤੁਰਦੀ ਜਿੰਦ ਤੇਰੀ, ਭੁੰਜੇ ਚੱਕਕੇ ਮੰਜਿਓ ਪਾਵਣਾ ਈ। ਤੇਰੇ ਪਿਛਲਿਆਂ ਨੇ ਪਾਣੀ ਨਾਲ ਚੁਲ੍ਹੀਆਂ, ਜਾਂਦੀ ਵਾਰ ਦਾ ਮੁੱਖ ਮੇਂ ਪਾਵਣਾ ਈ। ਜਮਾਂ ਕੱਢਕੇ ਲਿਆਵਣੀ ਲਬਾਂ ਉੱਤੇ, ਏਸ ਜਿੰਦ ਨੇ ਪਿਛਾਂਹ ਨੂੰ ਜਾਵਣਾ ਈ । ਜਮ ਬਲੀ ਦੇ ਨਾਲ ਨਾ ਉਜਰ ਕੋਈ, ਓੜਕ ਜਿੰਦ ਨੂੰ ਪਕੜ ਬੁਲਾਵਣਾ ਈ। ਪੰਜ ਤੱਤ ਦਾ ਉਸਰਿਆ ਬੁਰਜ ਪਿਆਰੇ, ਅੰਤ ਮੌਤ ਦੀ ਕਹੀ ਨੇ ਢਾਵਣਾ ਈ। ਜਦੋਂ ਦੇਹ ਤੋਂ ਹੋਣਗੇ ਪਰਾਨ ਨਿਆਰੇ, ਤੈਨੂੰ ਭੂਤ ਪਰੇਤ ਸਤਾਵਣਾ ਈ। ਇੱਕ ਰੂਹ ਤੇ ਪੰਛੀ ਭੌਰ ਬਾਝੋਂ, ਸੁੰਞਾ ਪਿੰਜਰਾ ਪਿਆ ਡਰਾਵਣਾ ਈ। ਤੇਰੇ ਪਿਛਲਿਆਂ ਨੇ ਛੇਤੀ ਚੁੱਕਣੇ ਨੂੰ, ਝਟਪਟ ਸਰਬੰਸ ਬੁਲਾਵਣਾ ਈ । ਭਾਵੇਂ ਮੀਹ ਹਨੇਰੀ ਗੜੇ ਹੋਣ ਪੈਂਦੇ, ਨਹੀਂ ਘਰ ਮੇਂ ਝਟ ਲੰਘਾਵਣਾ ਈ । ਝੰਡੀ ਮੁਰਕੀਆਂ ਹਾਰ-ਸ਼ਿੰਗਾਰ ਪਿਆਰੇ, ਛੱਲੇ-ਛਾਪ ਨੂੰ ਹਥੋਂ ਲੁਹਾਵਣਾ ਈ । ਪਟਾ ਪਾਇਕੇ ਸੀਸ ਦੇ ਵਿੱਚ ਤੇਰੇ, ਜਾਂਦੀ ਵਾਰ ਅਸ਼ਨਾਨ ਕਰਾਵਣਾ ਈ । ਮਿਣਕੇ ਅੱਡੀਓ-ਚੋਟੀਓ ਦੇਹ ਤੇਰੀ, ਕਫ਼ਨ ਬਦਨ ਦੇ ਮੇਚ ਦਾ ਪਾਵਣਾ ਈ। ਉੱਤੇ ਪਾਇਕੇ ਸਿੜੀ ਦੇ ਬੰਦਿਆ ਓਇ, ਚਵ੍ਹਾਂ ਜਣਿਆ ਕੰਧੇ ਉਠਾਵਣਾ ਈ । ਘਰੋਂ ਚੁੱਕ ਕੇ ਬਾਹਰ ਲੈ ਜਾਣ ਤੈਨੂੰ, ਝੂਟਾ ਆਖ਼ਰੀ ਵਾਰ ਦਾ ਆਵਣਾ ਈ। ਅੰਤ ਪਿਆਰੀਆਂ ਅੰਗ ਸਹੇਲੀਆਂ ਨੇ, ਖ਼ਾਤਰ ਵਿਦਿਆ ਕਰਨ ਨੂੰ ਆਵਣਾ ਈ। ਸਭਨਾਂ ਰੋਵਣਾ ਨੈਣਾਂ 'ਚੋਂ ਨੀਰ ਚੋਣਾਂ, ਮੁੱਖ ਪਿੱਟਦਾ ਹੱਥ ਉਠਾਵਣਾ ਈ। ਉੱਚੀ ਕੂਕ ਸਹੇਲੀਆਂ ਤੇਰੀਆਂ ਨੇ, ਵੈਣ ਪਾਇਕੇ ਗੀਤ ਨੂੰ ਗਾਵਣਾ ਈ। ਜਬ ਫੂਕਕੇ ਝਾਕ ਮੁਕਾਇ ਤੇਰੀ, ਡੱਕੇ ਸਿਟ੍ਹਕੇ ਘਰਾਂ ਨੂੰ ਆਵਣਾ ਈ । ਜਿਥੇ ਬਰਸ ਗੁਜ਼ਾਰ ਲੈ ਦੇਵਾ ਸਿੰਘ, ਔਖਾ ਬਣ ਗਿਆ ਰਾਤ ਕਟਾਵਣਾ ਈ।

(ਦੱਦਾ)

ਦੱਦਾ ਦਿਨ ਤੇ ਰਾਤ ਬਤੀਤ ਜਾਂਦੇ, ਬੰਦੇ ਪਿਆ ਤੂੰ ਬੜਾ ਗ਼ਲਤਾਨ ਹੋਇਆ। ਰਾਤ ਸੁੱਤਿਆਂ ਗਈ ਵਿਹਾਇ ਸਾਰੀ, ਜਾਨ ਹੋਂਦਿਆ ਪਿਆ ਮਰਤਾਨ ਹੋਇਆ। ਭਜਨ-ਬੰਦਗੀ ਸੇਵਾ ਨਾ ਕੀਤੀਆਂ ਤੈਂ, ਘਰੋਂ ਹੋਰ ਦਾ ਪੁੰਨ ਨ ਦਾਨ ਹੋਇਆ। ਮਾਇਆ ਦੇਖ ਜਹਾਨ ਦੀ ਭੜਕਦਾ ਤੂੰ, ਘਰ-ਘਰ ਮੰਗਦਾ ਫਿਰੇ ਸੁਆਨ ਹੋਇਆ। ਬੁੱਤ ਰੂਹ ਤੋਂ ਬਿਨਾ ਨਾ ਕੰਮ ਆਵੇ, ਬੰਦਾ ਬੰਦਗੀ ਬਿਨਾਂ ਵੈਰਾਨ ਹੋਇਆ। ਏਸ ਜੱਗ ਤੇ ਆਣਕੇ ਡੁੱਲ੍ਹ ਗਿਆ, ਜਿਹੜਾ ਕੌਲ ਸੀ ਨਾਲ ਜ਼ਬਾਨ ਹੋਇਆ। ਨਾਨਕ ਸਾਹਿਬ ਗੁਰੂ ਏਸ ਵਿੱਚ ਕਲਜੁਗ, ਸੋਲਾਂ ਵਿਦਿਆ ਗੁਣੀ ਨਧਾਨ ਹੋਇਆ। ਮਾਰਗ ਧਰਮ ਦਾ ਜੱਗ ਤੇ ਦੱਸਨੇ ਨੂੰ, ਏਸ ਵਾਸਤੇ ਬੰਦ ਪੁਰਾਨ ਹੋਇਆ। ਸਿੱਖ ਪੰਥ ਨੇ ਗੁਰੂ ਗ੍ਰੰਥ ਸਾਹਿਬ ਜਾਤਾ, ਮੁਸਲਮਾਨ ਦਾ ਪੀਰ ਕੁਰਾਨ ਹੋਇਆ। ਸੋਈ ਖੱਟਕੇ ਜਾਸਨਗੇ ਜੱਗ ਉਤੋਂ, ਕਾਇਮ ਜਿਨ੍ਹਾਂ ਦਾ ਧਰਮ ਅਮਾਨ ਹੋਇਆ। ਅੱਗੇ ਜਾਏ ਕੀ ਮਰਤਬਾ ਪਾਵਣਾ ਈ, ਜੀਹਦਾ ਜੱਗ ਤੇ ਨਾਮ ਬਦਨਾਮ ਹੋਇਆ। ਵੱਸ ਜਿਨ੍ਹਾਂ ਨੇ ਕਾਮ ਕ੍ਰੋਧ ਕੀਤਾ, ਸੋਈ ਸੂਰਮਾ ਜੱਗ ਬਲਵਾਨ ਹੋਇਆ। ਜੀਹਨੂੰ ਮੌਤ ਮੁਕੱਦਮਾ ਆਣ ਪਿਆ, ਓਹਦਾ ਅਗਲੇ ਮੁਲਕ ਚਲਾਣ ਹੋਇਆ। ਦੇਵਾ ਸਿੰਘ ਬੰਦਾ ਰੱਬ ਭੇਜਿਆ ਸੀ, ਜਦੋਂ ਸੱਦਿਆ ਤੁਰਤ ਰਵਾਨ ਹੋਇਆ।

(ਧੱਧਾ)

ਧੱਧਾ ਧ੍ਰਿਗ ਹੈ ਤਿਨ੍ਹਾਂ ਦੇ ਜੀਵਨੇ ਨੂੰ, ਜਿਨ੍ਹਾਂ ਨਹੀਂ ਕਰਤਾਰ ਦਾ ਜਾਪ ਕੀਤਾ। ਆਏ ਜੱਗ ਤੇ ਵਾਸਤੇ ਬੰਦਗੀ ਦੇ, ਕੰਮ ਹੋਰ ਦਾ ਹੋਰ ਈ ਰਾਸ ਕੀਤਾ। ਝੂੱਠੀ ਗੱਲ ਨੂੰ ਮੰਨਿਆ ਸੱਚ ਕਰਕੇ, ਵਾਂਗ ਉਲੂਆਂ ਦਿਨ ਤੋਂ ਰਾਤ ਕੀਤਾ। ਕੌਣ ਸੱਤ ਤੇ ਕੌਣ ਅਸਤ ਹੈ ਜੀ, ਏਸ ਗੱਲ ਦਾ ਨਹੀਂ ਕਿਆਸ ਕੀਤਾ। ਮਾਇਆ ਸਰਪ ਦੀ ਅੰਤ ਨੂੰ ਖਾਇ ਲੈਸੀ, ਚੰਗਾ ਜਾ ਕੇ ਲੋਭ ਨੂੰ ਪਾਪ ਕੀਤਾ। ਲੱਗ ਰਿਹਾ ਸੁਆਦ ਮੇਂ ਦਿਨੇ-ਰਾਤੀਂ, ਮੱਖੀ ਪੁਰਸ਼ ਤੇ ਲੋਭ ਮਿਠਾਸ ਕੀਤਾ। ਕੋਈ ਵਿਰਲੇ ਜੱਗ ਤੇ ਤੱਤ-ਸਾਧੂ, ਜਿਨ੍ਹਾਂ ਭਜਨ ਸਵਾਸ-ਸਵਾਸ ਕੀਤਾ । ਯਾਰ ਜਾਣਿਆਂ ਇੱਕ ਪਰਮਾਤਮਾ ਨੂੰ, ਨਹੀਂ ਨਾਲ ਜਹਾਨ ਦੇ ਸਾਕ ਕੀਤਾ। ਪੰਚ ਚੋਰ ਸਰੀਰ ਦੇ ਕੈਦ ਕੀਤੇ, ਹੈ ਮੇਂ ਹੰਗਦਾ ਪਾਰ ਨਾਸ ਕੀਤਾ। ਅੱਖਰ ਦਿਲ ਮੇਂ ਨਾਮ ਦੇ ਲਿਖਦੇ ਹੈ, ਸੁਰਤ ਸ਼ਬਦ ਦਾ ਕਲਮ ਦੁਆਤ ਕੀਤਾ। ਛੱਡ ਗਏ ਕਚਹਿਰੀਆਂ ਮਜਲਸਾਂ ਨੂੰ, ਬੈਠ ਵੱਖਰੇ ਜੋਗ-ਅਭਿਆਸ ਕੀਤਾ। ਸੋਈ ਕਦੇ ਮਦਰਸਿਆਂ ਵਿੱਚ ਪੜ੍ਹਦੇ, ਜਿਨ੍ਹਾਂ ਸੋਹੰ ਜਾਪ ਦਾ ਪਾਠ ਕੀਤਾ । ਓਹ ਨ ਚੱਖਦੇ ਜੱਗ ਦੇ ਮਦਰ ਝੂਠੇ, ਜਿਨਾਂ ਆਬਹਯਾਤ ਗਲਾਸ ਪੀਤਾ। ਦੇਵਾ ਸਿੰਘ ਫੇਰ ਸਰਬ ਹੀ ਛੋਡ ਜਾਂਦੇ, ਇਕ ਨਾਮ ਨੇ ਧੁਰ ਦਾ ਸਾਥ ਕੀਤਾ ।

(ਨੱਨਾ)

ਨੱਨਾ ਨਿੱਤ ਮਨਾ ਤੈਨੂੰ ਦਿਆਂ ਮੱਤਾਂ, ਭਾਈ ਰਾਮ ਦਾ ਨਾਮ ਭੁਲਾਈਏ ਨਾ। ਨਾਮ-ਦਾਨ ਕਰੇਂਦਿਆਂ ਢਿੱਲ ਕਹੀ, ਅੱਜ ਕਰੀਏ ਭਲਕੇ ਤਕਾਈਏ ਨਾ। ਨਿੱਤ ਸਿਮਰਈਏ ਰਾਮ ਦਾ ਨਾਮ ਬੰਦੇ, ਕਾਜ਼ੀ ਵਾਂਗ ਨਮਾਜ਼ ਘੁਸਾਈਏ ਨਾ। ਜੀਹਦੇ ਬੈਠਣੇ ਚੰਚਲ ਮੱਤ ਹੋਵੇ, ਸਖ਼ਤ ਪੁਰਸ਼ ਨੂੰ ਕੋਲ ਬਿਠਾਈਏ ਨਾ। ਜਿਸਦੇ ਭੋਗਦੇ ਕੀਤਿਆਂ ਰੋਗ ਹੋਵੇ, ਐਸਾ ਕਦੇ ਪਦਾਰਥ ਖਾਈਏ ਨਾ। ਜਿਹੜੇ ਵਣਜ ਚੋਂ ਨਫ਼ਾ ਨਾ ਕੁੱਝ ਹੋਵੇ, ਐਸਾ ਮਾਲ ਖ਼ਰੀਦਣੇ ਜਾਈਏ ਨਾ। ਸਾਧੂ ਹੋਇ ਬਚੀਏ ਨਾਰੀਆਂ ਤੋਂ, ਏਸ ਭੇਖ ਨੂੰ ਲੀਕ ਲਗਾਈਏ ਨਾ। ਜਿਹੜਾ ਮਿਲੇ ਸੋ ਖਾਇ ਅਨੰਦ ਰਹੀਏ, ਏਸ ਚਿੱਤ ਨੂੰ ਰੋਜ਼ ਭਟਕਾਈਏ ਨਾ। ਖਾਈਏ ਹੱਕ ਦਾ ਪਾਪ ਨਾ ਦੋਸ਼ ਲੱਗੇ, ਠੱਗੀ ਮਾਰ ਮੁਰਦਾਰ ਨੂੰ ਖਾਈਏ ਨਾ। ਛੱਡ ਵੈਰ ਵਿਰੋਧ ਸ਼ਿਰਕਤਾਂ ਨੂੰ, ਦੁੱਖੀਏ ਆਪ ਨਾ ਕਿਸੇ ਦੁੱਖਾਈਏ ਨਾ। ਸੇਵਾ ਬੰਦਗੀ ਨਾਮ ਖ਼ਰੀਦ ਲਈਏ, ਖ਼ਾਲੀ ਏਸ ਜਹਾਨ ਤੋਂ ਜਾਈਏ ਨਾ। ਲੇਖ ਆਪਣੇ ਖਾਵਣੇ ਮਨ ਮੇਰੇ, ਕਿਸੇ ਪੁਰਸ਼ ਦੀ ਓਟ ਤਕਾਈਏ ਨਾ। ਕੀਤੀ ਰੱਬ ਦੀ ਮੰਨ ਤਕਦੀਰ ਲਈਏ. ਵਿੱਚ ਆਪ ਤਦਬੀਰ ਰਲਾਈਏ ਨਾ। ਮੁਕਤੀ ਦਾ ਕੁੱਝ ਓਪਾਓ ਕਰੀਏ, ਆਵਾਗੌਣ ਮੇਂ ਦੁੱਖੜੇ ਪਾਈਏ ਨਾ। ਮਾਨਸ-ਜਨਮ ਦੁਰਲੱਭ ਹੈ ਦੇਵਾ ਸਿੰਘਾ, ਐਵੇਂ ਲਾਲ ਬਦਖ਼ਸ਼ਾਂ ਦਾ ਗੁਆਈਏ ਨਾ।

(ਪੱਪਾ)

ਪੱਪਾ ਪਰਸੇ ਬਿਨਾਂ ਨਹੀਂ ਗੁਰੂ ਮਿਲਦੇ, ਗਿਆਨ ਆਂਵਦਾ ਗੁਰੂ ਤੋਂ ਬਾਝ ਨਾਹੀਂ । ਗੁਰਾਂ ਬਾਝ ਨਾ ਭਜਨ ਦੀ ਰੀਤ ਆਵੇ, ਜੈਸਾ ਮੂਲ ਤੋਂ ਬਿਨਾਂ ਵਿਆਜ ਨਾਹੀਂ । ਮੱਖਣ ਮਿਲੇ ਨਾ ਲੱਖ ਜੇ ਜਤਨ ਕਰੀਏ, ਜਿੱਚਰ ਲਗਦੀ ਦੁੱਧ ਨੂੰ ਜਾਗ ਨਾਹੀਂ । ਗੁਰੂ ਬਿਨਾਂ ਨਾ ਬ੍ਰਹਮ-ਗਿਆਨ ਹੋਵੇ, ਬਿਨਾਂ ਫੂਕ ਤੋਂ ਪੂਰੀ ਦਾ ਨਾਦ ਨਾਹੀਂ । ਗੁਰ ਬਿਨ ਦਿਲੋਂ ਨ ਭਰਮ-ਸੰਕਲਪ ਜਾਵੇ, ਫੋੜਾ ਹਟੂਗਾ ਜਾਣਾਂ ਦਾਗ਼ ਨਾਹੀਂ । ਬਿਨਾ ਗਿਆਨ ਤੋਂ ਜਾਨ ਨਾ ਵਸ ਆਵੇ, ਬਿਨਾਂ ਮੰਤਰਾਂ ਕੀਲੀਦਾ ਨਾਗ ਨਾਹੀਂ । ਸੰਗਤ ਕੀਤਿਆਂ ਬਾਝ ਨਾ ਸੁੱਧ ਆਵੇ, ਬਿਨਾਂ ਠੋਕਰੋਂ ਵੱਜਦਾ ਸਾਜ ਨਾਹੀਂ । ਕਦੇ ਨ੍ਹੇਰ ਅਗਿਆਨ ਨ ਦੂਰ ਹੋਵੇ, ਜਿੱਚਰ ਬਾਲੀਏ ਗਿਆਨ ਚਿਰਾਗ਼ ਨਾਹੀ। ਪੂਰਾ ਗੁਰੂ ਤੋਂ ਢੂੰਡ ਲੈ ਬੰਦਿਆ ਓਏ, ਜਾਵੇ ਜਨਮ ਅਮੋਲ ਬਰਬਾਦ ਨਾਹੀ । ਛੇਤੀ ਸਿਮਰ ਰਘੁਨਾਥ-ਪ੍ਰਮਾਤਮਾਂ ਨੂੰ, ਤੇਰੀ ਦੇਹੀ ਦੀ ਕੁੱਛ ਮੁਨਿਆਦ ਨਾਹੀਂ । ਪਲ-ਪਲ ਘੜੀ-ਘੜੀ ਛਿਨ-ਛਨ ਜਾਂਦੀ, ਉਮਰ ਦਾ ਕਰੇ ਹਸਾਬ ਨਾਹੀ । ਬੰਦੇ ਬੰਦਗੀ ਬਿਨਾਂ ਬਬਾਨ ਕਿੱਥੋਂ, ਜੈਸਾ ਖੇਤੀਓਂ ਬਿਨਾਂ ਅਨਾਜ ਨਾਹੀਂ । ਜਿਨ੍ਹਾਂ ਨਾਮ ਲਿਆ ਨਾ ਦਾਨ ਕੀਤੇ, ਚੰਗੇ ਜਾਣੀਏਂ ਤਿਨ੍ਹਾਂ ਦੇ ਭਾਗ ਨਾਹੀਂ । ਬਿਨਾਂ ਰੂਹ ਤੋਂ ਬੁੱਤ ਨਾ ਕੰਮ ਆਵੇ, ਜੇਹਾ ਤਾਰ ਤੋਂ ਬਿਨਾਂ ਰਬਾਬ ਨਾਹੀਂ । ਬਿਨਾਂ ਕੰਠ ਤੋਂ ਸਭਾ ਮੇ ਗਾਵਣਾ ਕੀ, ਵੇਲ੍ਹੇ ਬਿਨਾਂ ਵੀ ਸੋਹਵੰਦਾ ਰਾਗ ਨਾਹੀਂ । ਤੁਰੇ ਅੰਨ ਤੋਂ ਬਿਨਾਂ ਨਾ ਦੇਹ-ਗੱਡੀ, ਚੱਲੇ ਪਾਣੀਓਂ ਬਿਨਾਂ ਜਹਾਜ ਨਾਹੀਂ । ਪਾਪੀ ਤਜੇ ਨਾ ਪਾਪ ਮੁਰਦਾਰ ਤਾਂਈਂ, ਪਿਆਰ ਵਿਸ਼ਟਾ ਤੱਜਦਾ ਕਾਗ ਨਾਹੀਂ। ਮੁੱਕੀ ਚੋਗ ਤੋਂ ਬਿਨਾਂ ਨਾ ਮੌਤ ਆਵੇ, ਮਰ ਜਾਨ ਦਾ ਕੁੱਛ ਇਲਾਜ ਨਾਹੀਂ। ਜੇਕਰ ਅੰਦਰੋਂ ਰਿਦਾ ਨਾ ਸਾਫ਼ ਹੋਵੇ, ਮੁਕਤ ਹੋਂਵਦੀ ਨ੍ਹਾਤਿਆਂ ਪਰਾਗ ਨਾਹੀਂ। ਲੱਗਾ ਚਿੱਤ ਨੂੰ ਨਾਮ ਸਬੂਣ ਬਾਝੋਂ, ਲਹਿਣਾ ਪਾਣੀ ਨਾ ਧੋਤਿਆਂ ਦਾਗ਼ ਨਾਹੀਂ। ਜਿਨ੍ਹਾਂ ਚੱਖਿਆ ਹੈ ਸੋਈ ਜਾਣਦੇ ਹੈ, ਨਾਮ ਨਾਲ ਦਾ ਹੋਰ ਸੁਆਦ ਨਾਹੀਂ। ਦੇਵਾ ਸਿੰਘ ਜਗਤ ਦੇ ਨਾਮ ਰਤੇ, ਧਰਮ-ਰਾਜ ਨੇ ਲਿਆ ਹਿਸਾਬ ਨਾਹੀਂ।

(ਫੱਫਾ)

ਫੱਫਾ ਫੇਰ ਜਿੰਦੇ ਪਛੋਤਾਵਣਾ ਹੈ, ਜਦੋਂ ਦਿਨ ਅਖ਼ੀਰ ਦੇ ਔਣਗੇ ਨੀ । ਹੀਰੇ ਜਿੰਦੜੀਏ ਨੀ ਤੈਨੂੰ ਜਮ-ਖੇੜੇ, ਵਿਆਹੁਣ ਵਾਸਤੇ ਇਕ ਦਿਨ ਔਣਗੇ ਨੀ । ਗ੍ਰਿਫ਼ਤਾਰ ਕਰ ਬੰਨ੍ਹਕੇ ਲੈ ਜਾਸਨ, ਕੇਹੜੇ ਦਰਦੀ ਯਾਰ ਛਡਾਉਣਗੇ ਨੀ ? ਅਉਧ ਪੁੱਜਗੀ ਤੇ ਕਾਲ ਸ਼ੇਰ ਬਲੀ, ਪੰਜਾ ਸੀਸ ਤੇ ਆਣ ਟਕੌਣਗੇ ਨੀ। ਤੇਰੇ ਮੱਥਿਓ ਲਾਲੜੀ ਉੱਡ ਜਾਸੀ, ਨੇਤਰ ਪੀਲੜੇ ਹੋਠ ਕਮਲੌਣਗੇ ਨੀ। ਵਾਹੀ ਧਾਰ ਭਿਆਨਕ ਰੂਪ ਜਿੰਦੇ, ਤੈਨੂੰ ਡੈਣ ਦੇ ਵਾਂਗ ਡਰੌਣਗੇ ਨੀ। ਦੋਖੀ ਜਦ ਲਚਾਰ ਉਤਾਰ ਭੁੰਝੇ, ਲਾੜੇ ਜਮ ਦੇ ਨਾਲ ਪਰਣੌਨਗੇ ਨੀ । ਤੇਰੇ ਪਿਛਲੇ ਮਾਤਮੀ ਸਗਨ ਕਰਸਨ, ਗੰਗਾਜਲੀ ਨਾਲ ਮੁੱਖ ਜੁਠੌਣਗੇ ਨੀ। ਜਿਵੇਂ ਫੇਰਿਆਂ ਤੇ ਪਿਤਰੇ ਪੜ੍ਹਣ ਬਾਮਣ, ਗੀਤਾ ਖੋਲ੍ਹ ਨਿਆਇ ਸੁਣੌਣਗੇ ਨੀ। ਜਿਵੇਂ ਕੁੜੀ ਦਾ ਪਕੜਕੇ ਹੱਥ ਬਾਮ੍ਹਣ, ਵੈਦ ਸੱਦਕੇ ਨਬਜ਼ ਵਖੌਣਗੇ ਨੀ । ਤੇਰੀ ਰੱਤ ਦੀ ਜਮਾਂ ਨੇ ਮਦ ਪੀਣੀ, ਦੇਕੇ ਤੰਗਸੀ ਹੱਡ ਕੜਕੌਣਗੇ ਨੀ। ਤਨ ਪੀੜ ਤੇਰਾ ਮੱਛੀ ਵਾਂਗ ਕਰਸਨ, ਮੌਤ ਵੇਲਣੇ ਵਿੱਚ ਲਗੌਣਗੇ ਨੀ । ਖਿੜੇ ਰਹਿਣ ਗੁਲਾਬ ਦੇ ਫੁੱਲ ਵਾਂਗੂੰ, ਮੱਤ ਧੁੱਪ ਦੇ ਵਿੱਚ ਕੁਮਲੌਣਗੇ ਨੀ। ਤੇਰੇ ਦਰਦੀ ਨੇਤਰਾਂ ਬਦਲਾਂ 'ਚੋਂ, ਹੰਝੂ ਡੋਲ੍ਹਕੇ ਮੀਹ ਬਰਸੌਣਗੇ ਨੀ। ਓੜਕ ਜ਼ਬਰਦਸਤੀ ਕਰਕੇ ਜਨ ਜ਼ਾਲਮ, ਅਗੋਂ ਪਕੜ ਕੇ ਜਿੰਦ ਨੂੰ ਲੌਣ੍ਹਗੇ ਨੀ । ਜਦੋਂ ਵਿਚ ਕਲਬੂਤ ਨ ਜਿੰਦ ਹੋਈ, ਸਭ ਡਰਨਗੇ ਨੇੜੇ ਨ ਔਣਗੇ ਨੀ। ਭੈੜੇ ਵਿੱਚ ਬਣਾਇਕੇ ਉਲਾਦ ਤੇਰੀ, ਮਲ ਵੱਟਨਾ ਖੂਬ ਨਵੌ੍ਹਣਗੇ ਨੀ। ਚਿੱਟਾ ਕੱਪੜਾ ਠਿਕਰਾ ਸੂੜ ਪਿੰਨੀ, ਏਹੋ ਦਾਜ ਝੋਲੜੀ ਪੌਣਗੇ ਨੀ। ਚੱਕ ਲੈਣਗੇ ਚਾਰ ਕਹਾਰ ਤੈਨੂੰ, ਡੋਲੀ ਕਾਠ ਦੀ ਵਿੱਚ ਬਹਾਉਣਗੇ ਨੀ। ਕਾਇਆਂ ਤੈਂਡੜੀ ਨਰਮ ਮਲੂਕ ਜੇਹੀ, ਰੱਖ ਚਿਖਾ ਤੇ ਅੱਗ ਲਗੌਣਗੇ ਨੀ। ਦੇਵਾ ਸਿੰਘ ਜਿੰਦੇ ਤੇਰੇ ਸੌਰ੍ਹਿਆਂ ਨੂੰ, ਤੈਨੂੰ ਤੋਰਕੇ ਬੜਾ ਪਛਤੌਣਗੇ ਨੀ।

(ਬੱਬਾ)

ਬੱਬਾ ਬੰਦਿਓ ਠੱਗੀਆਂ ਛੋਡ ਕਰਕੇ, ਵਿੱਚ ਬੰਦਗੀ ਚਿੱਤ ਲਗਾਇਆ ਜੇ । ਭਗਵਾ ਵੇਖਕੇ ਭੇਖ ਭਗਵਾਨ ਜੀ ਕਾ, ਹੱਥ ਬੰਨ੍ਹਕੇ ਸੀਸ ਨਿਵਾਇਆ ਜੇ। ਨੰਗਾ ਵੇਖਕੇ ਕੱਪੜਾ ਦਾਨ ਕਰਨਾ, ਭੁੱਖੇ ਪੁਰਸ਼ ਨੂੰ ਖੁਲਾਇਆ ਜੇ । ਦਇਆ ਵੇਖਣੀ ਰੱਬ ਦਾ ਖ਼ੌਫ਼ ਕਰਨਾ, ਜੀਵ ਗਲੇ ਨ ਕਤਲ ਕਰਾਇਆ ਜੇ । ਕਾਲਾ ਮੁੱਖ ਅਗੇ ਧਰਮ-ਹੀਣਿਆਂ ਦਾ, ਧਰਮ ਵਾਲਿਆਂ ਤੇਜ ਸਵਾਇਆ ਜੇ । ਨਿਰਮਲ ਰਖਨਾ ਚਿਤ ਨੂੰ ਨੀਰ ਵਾਂਗੂੰ, ਪਾਪ ਝੂਠ ਦਾ ਦਾਗ਼ ਨਾ ਲਾਇਆ ਜੇ। ਕੁੱਛ ਲਿਖਿਆ ਮਿਲੂਗਾ ਹਰ ਹੀਲੇ, ਨਹੀਂ ਕਿਸੇ ਦੀ ਓਟ ਤਕਾਇਆ ਜੇ । ਨਿੰਦਾ ਕਿਸੇ ਦੀ ਆਪ ਨਾ ਮੂਲ ਕਰਨੀ, ਜਿਹੜਾ ਕਰੈ ਸੋ ਵਰਜ ਹਟਾਇਆ ਜੇ । ਦਸਾਂ ਨਵਾਂ ਦੀ ਕਿਰਤ ਕਮਾਇਆ ਜੇ, ਖਾਣਾ ਹੱਕ ਹਲਾਲ ਦਾ ਖਾਇਆ ਜੇ । ਇੱਕ ਨਾਮ ਲੈਣਾ ਦੂਜਾ ਦਾਨ ਕਰਨਾ, ਤੀਜਾ ਤੀਰਥੀ ਜਾਇਕੇ ਨ੍ਹਾਇਆ ਜੇ । ਸੁਣੋ ਬੰਦਿਓ ਤੁਸੀਂ ਉਡੀਕ ਰਖੋ, ਅੱਜ-ਕਲ੍ਹ ਮੇਂ ਕਾਲ ਵੀ ਆਇਆ ਜੇ। ਅਮਲ ਨੇਮ ਜਹਾਨ ਤੇ ਨੇਕ ਕਰਨੇ, ਅੱਗੇ ਦੁੱਖ-ਅਜ਼ਾਬ ਨਾ ਪਾਇਆ ਜੇ। ਸੋਈ ਮੁੱਖੜੇ ਜੀਭ ਪਵਿਤ ਹੈ ਜੋ, ਜਿਨ੍ਹਾਂ ਰੱਬ ਦਾ ਨਾਮ ਸਲਾਹਿਆ ਜੇ। ਰਾਮ-ਨਾਮ ਇਹ ਕਲਪ ਹੈ ਬ੍ਰਿਛ ਪਿਯਾਰੇ, ਮੁਖੋਂ ਮੰਗੀਆਂ ਭੌਣੀਆਂ ਪਾਇਆ ਜੇ । ਦੇਵਾ ਸਿੰਘ ਇੱਕ ਨਾਮ ਨੇ ਸੰਗ ਜਾਣਾ, ਜਾਂਦੀ ਵਾਰ ਦਾ ਸਾਥ ਬਣਾਇਆ ਜੇ ।

(ਭੱਭਾ)

ਭੱਭਾ ਭਗਤ ਭਗਵੰਤ ਦੀ ਕਰੇ ਜਿਹੜਾ, ਸੋਈ ਲੱਖ ਚੁਰਾਸੀਓਂ ਪਾਰ ਹੋਇਆ । ਨਾਮ ਦੇਵ ਕਬੀਰ ਨੇ ਭਗਤੀ ਕੀਤੀ, ਰੋਸ਼ਨ ਜਿਨ੍ਹਾਂ ਦਾ ਨਾਮ ਸੰਸਾਰ ਹੋਇਆ। ਧੰਨੇ ਜੱਟ ਨੇਹਚਾ ਕੀਤੀ ਪਥਰਾਂ ਦੀ, ਓਹਨੂੰ ਰੱਬ ਦਾ ਖ਼ੂਬ ਦੀਦਾਰ ਹੋਇਆ। ਕਿਹੜੇ ਮੁੱਖ ਨਾਲ ਰਾਮ ਸਾਲਾਹੀਏ ਜੀ, ਨਹੀਂ ਆਦਿ-ਮੱਧ ਅੰਤ ਸ਼ੁਮਾਰ ਹੋਇਆ। ਜੀਵ-ਜੰਤ ਸਾਰਾ ਮੰਗਣ-ਹਾਰ ਕੀਤਾ, ਆਪ ਦੇਵਣੇਹਾਰ ਦਾਤਾਰ ਹੋਇਆ। ਬੁਝੇ ਦਿਲ ਹੀ ਸਾਹਬ ਸਰਾਫ਼ ਸੱਚਾ, ਖੋਟੇ ਖਰੇ ਨੂੰ ਪਰਖਨੇਹਾਰ ਹੋਇਆ। ਦਿੱਤਾ ਦਿਲੋਂ ਭੁਲਾਇ ਪਰਮਾਤਮਾ ਨੂੰ, ਵੱਸ ਲੋਭ ਦੇ ਸਰਬ ਸੰਸਾਰ ਹੋਇਆ। ਰਹੇ ਸੰਸਿਆਂ ਵਿਚ ਗ਼ਲਤਾਨ ਮਾਪੇ, ਜਿਹੜਾ ਆਖਦੇ ਪੁਤ ਕੁਲਤਾਰ ਹੋਇਆ । ਖਟੇ ਰਾਮ ਦਾ ਲਾਲ ਦੁਰਲੱਭ ਜਿਹੜਾ, ਕਹਿੰਦੇ ਸਾਧੂਆਂ ਨਾਲ ਖ਼ੁਆਰ ਹੋਇਆ। ਭਾਈ ਭੈਣ ਸਭੋ ਦੋਸਤ ਖਾਣਦੇ ਹੈ, ਬਿਨਾਂ ਤਲਬੋਂ ਕੋਈ ਨਾ ਯਾਰ ਹੋਇਆ। ਜਮਾ ਜਰਵਾਣਿਆਂ ਆਨ ਫੜਿਆ, ਨਹੀਂ ਕੋਈ ਛਡਾਵਣੇਹਾਰ ਹੋਇਆ। ਕੋਲੋਂ ਤੇਰਿਓਂ ਦੁਨੀਆਂ ਜਾਂਵਦੀ ਹੈ, ਤੂੰ ਵੀ ਅੱਜ-ਕਲ੍ਹ ਜਾਣ ਤਿਆਰ ਹੋਇਆ। ਅੰਤ ਗਿਆ ਸੀ ਏਸ ਜਹਾਨ ਉਤੋਂ, ਰੌਣ ਸੂਰਮਾ ਵੱਡਾ ਬਲਕਾਰ ਹੋਇਆ । ਜੀਹਦੀ ਲੈਂਕਾ ਸੀ ਕੋਟ ਸਮੁੰਦ ਖਾਈ, ਨਹੀਂ ਲਸ਼ਕਰਾਂ ਅੰਤ ਸ਼ੁਮਾਰ ਹੋਇਆ। ਰਾਵਣ-ਕਾਲ ਨੂੰ ਬੰਨ੍ਹਿਆ ਨਾਲ ਪਾਵੇ, ਪੱਖਾ ਪੌਣ ਸੀ ਕਰਨੇਹਾਰ ਹੋਇਆ। ਚੰਦ ਸੂਰਜ ਰਸੋਈ ਦੇ ਕਰਨ ਵਾਲੇ, ਇੰਦਰ ਬਾਗ਼ ਲਗਾਵਣੇ ਹਾਰ ਹੋਇਆ। ਦੇਵਾ ਸਿੰਘ ਰੂਹ ਬੁੱਤ ਮੇਂ ਜਦੋਂ ਪਾਇਆ, ਕੱਢ ਲੈਣ ਦਾ ਨਾਲ ਕਰਾਰ ਹੋਇਆ।

(ਮੱਮਾ)

ਮੱਮਾ ਮੁੱਖ ਵੀ ਖ਼ੁਸ਼ੀ ਹਲਾਇ ਪਿਆਰੇ, ਜੀਵ ਦਿਲ ਮੇਂ ਰਾਮ ਦੇ ਜਾਪ ਨੂੰ ਤੂੰ। ਜੇਕਰ ਦਿਲ ਨਾ ਵਸਿਆ ਰਾਮ ਤੇਰੇ, ਮਾਲਾ ਤਸਬੀਆਂ ਫੜੀਆਂ ਕਾਸਨੂੰ ਤੂੰ। ਸਾਧੂ ਹੋਇਕੇ ਸਿਮਰੇ ਰਾਮ ਨਾਹੀਂ, ਕਾਹਨੂੰ ਪਹਿਨਿਆਂ ਭੇਖ ਲਿਬਾਸ ਨੂੰ ਤੂੰ। ਸਾਧੂ ਜਾਣਕੇ ਜਦ ਹੈ ਸੀਸ ਨਿਊਂਦਾ, ਏਹੀ ਚੁੱਕਿਆ ਸੀਸ ਤੇ ਪਾਪ ਨੂੰ ਤੂੰ। ਪਹਿਣ ਭਗਵਾ ਸੋਨ ਦੀ ਜਾਲ ਫੇਰੀ, ਵਿੱਚ ਪਾਇਕੇ ਪਾਪ ਦੀ ਲਾਲ ਨੂੰ ਤੂੰ । ਝੂਠ-ਸੱਚ ਨੂੰ ਛਿਨ ਮੇਂ ਪਰਖ ਲੈਣਾ, ਨਾਹੀ ਜਾਣਦਾ ਸਾਹਬ-ਸਰਾਫ਼ ਨੂੰ ਤੂੰ । ਏਹੋ ਧਰਮ ਫ਼ਕੀਰ ਦੇ ਹੋਵਣੇ ਦਾ, ਗਾਵੀਂ ਹਰੀ ਗੁਣ ਦਿਨ ਤੇ ਰਾਤ ਨੂੰ ਤੂੰ। ਖ਼ਰਚ ਏਸ ਨੂੰ ਨਾਮ ਦੇ ਲਾਲ ਉੱਤੇ, ਬਿਰਥੀ ਗੁਆਵੀਂ ਨ ਦਮਾਂ ਦੀ ਰਾਸ ਨੂੰ ਤੂੰ। ਅੱਠੇ ਪਹਿਰ ਹੀ ਦਿਲ ਮੇਂ ਯਾਦ ਰੱਖੀਂ, ਕਰਨਹਾਰ ਕਰਤਾਰ ਰਘੁਨਾਥ ਨੂੰ ਤੂੰ । ਭਾਵੇਂ ਕਰ ਭਗਵੇ ਭਾਵੇਂ ਪਹਿਣ ਚਿੱਟੇ, ਭਾਵੇਂ ਮਲੀਂ ਭਬੂਤ ਤੇ ਰਾਖ ਨੂੰ ਤੂੰ । ਭਾਵੇਂ ਇੰਦਰੀ ਜਿੰਦਰਾ ਲਾਇ ਛੱਡੀਂ, ਭਾਵੇਂ ਕਰਕੇ ਬੈਠ ਘਰਵਾਸ ਨੂੰ ਤੂੰ। ਲਾ ਕੇ ਜਿੰਦਰਾ ਕੁੱਝ ਨਾ ਹੱਥ ਆਵੇ, ਵਿਚੋਂ ਰੱਖਿਆ ਨੀਤ ਨਾ ਸਾਫ਼ ਨੂੰ ਤੂੰ । ਵਰਮੀ ਪੁੱਟਿਆਂ ਨਫ਼ਾ ਨਾ ਕੁੱਝ ਹੋਵੇ, ਜੇਕਰ ਮਾਰਿਆ ਨਾ ਵਿੱਚੋਂ ਸਾਪ ਨੂੰ ਤੂੰ । ਬਿਨਾ ਨਾਮ ਤੋਂ ਮੁਕਤ ਨਾ ਹੋਵਣੀ ਜੇ, ਕਰੀਂ ਭੇਖ ਹਜ਼ਾਰ ਤੇ ਲਾਖ ਨੂੰ ਤੂੰ। ਮੰਦੇ ਵੇਲੇ ਕੁਕਰਮ ਨੂੰ ਛੋਡ ਬੰਦੇ, ਜੂਆ ਕੰਜਰੀ ਤੇ ਲਾਖ ਨੂੰ ਤੂੰ । ਜੀਹਦਾ ਉੱਤਰੇ ਅਮਲ ਕਦੰਤ ਨਾਹੀਂ, ਪੀਲੀਂ ਸੱਚ ਦੀ ਆਬ-ਹਯਾਤ ਨੂੰ ਤੂੰ। ਅੰਤ ਵੇਲੜੇ ਕਿਸੇ ਨਾ ਸੰਗ ਜਾਣਾ, ਜਾਨ ਝੂੱਠ ਕੁੰਟਬ ਦੇ ਸਾਕ ਨੂੰ ਤੂੰ। ਜਾਂਦੀ ਵਾਰ ਨੂੰ ਨਾਮ ਨੇ ਸੰਗ ਜਾਣਾ, ਕਾਹਨੂੰ ਛੋਡਦਾ ਧੁਰ ਦੇ ਸਾਥ ਨੂੰ ਬੰਦੇ ਗੰਦ ਪਲੀਤੀਆਂ ਨਾਲ ਭਰਿਆ, ਪਾਕ ਹੋਵਸੋਂ ਸਿਮਰ ਕਰਤਾਰ ਨੂੰ ਤੂੰ। ਤੇਰਾ ਸਦਾ ਨਾ ਜੱਗ ਮੁਕਾਮ ਰਹਿਣਾ, ਕਚ ਹੋਵਣਾ ਅੱਜ ਭਲਾਕ ਨੂੰ ਤੂੰ। ਜਿਹੜਾ ਕਰਮ ਕਰਨਾ ਸੋਈ ਅੱਜ ਕਰਲੈ, ਦਿਲੋਂ ਛੋਡਦੇ ਭਲਕ ਦੀ ਆਸ ਨੂੰ ਤੂੰ। ਸਰਬ-ਜੀਵ ਨੂੰ ਬ੍ਰਹਮ ਦਾ ਰੂਪ ਜਾਣੀਂ, ਵਿਚੋਂ ਮੇਟ ਕੇ ਭਰਮ ਦੁਐਤ ਨੂੰ ਤੂੰ। ਦੇਵਾ ਸਿੰਘ ਹੈ ਰਾਮ-ਰਹੀਮ ਇੱਕੋ, ਕਾਹਨੂੰ ਮੰਨਿਆਂ ਜਾਤ ਸਫ਼ਾਤ ਨੂੰ ਤੂੰ।

(ਯੱਯਾ)

ਯੱਯਾ ਯਾਰ ਜਾਣੀਂ ਇੱਕ ਰੱਬ ਸੱਚਾ, ਝੂਠੀ ਜੱਗ ਦੀ ਛੋਡ ਪਰੀਤ ਬੰਦੇ । ਜਨ ਪਿਸਰ ਬਰਾਦਰ ਕਸ ਨੇਸਤ, ਕਰੀਂ ਦਿਲ ਦੇ ਵਿੱਚ ਤਹਕੀਕ ਬੰਦੇ । ਸੋਚ ਮੂਰਖਾ ਰਹਿ ਗਿਆ ਦੂਰ ਪਿੱਛਾ, ਆਇਆ ਮੌਤ ਦਾ ਦਿਨ ਨਜੀਕ ਬੰਦੇ। ਨਾਮ ਦਾਨ ਸਤਸੰਗ ਮਹਾਤਮਾ ਦਾ, ਕਰੀਂ ਅੱਜ ਨ ਭਲਕ ਉਡੀਕ ਬੰਦੇ। ਰਾਮ-ਨਾਮ ਜਮਾਤ ਪੜ੍ਹਾਂਵਦੇ ਹੈਂ, ਮੰਗਣ ਸੰਤ ਪਰੇਮ ਦੀ ਫ਼ੀਸ ਬੰਦੇ। ਸਰਬ ਜੂਨ ਚੋਂ ਮਾਨਸ ਜਨਮ ਉੱਤਮ, ਬਿਨਾਂ ਬੰਦਗੀ ਜਾਣ ਪਲੀਤ ਬੰਦੇ । ਬਿਨਾਂ ਨਾਮ ਤੋਂ ਅੰਤ ਨੂੰ ਝੂਰਨਾ ਈ, ਮੇਰੀ ਗੱਲ ਦੀ ਕਰੀਂ ਪ੍ਰਤੀਤ ਬੰਦੇ। ਨਾਮ ਰੱਬ ਦੇ ਦੀ ਮੰਦ ਮਤੀ ਪਾਸੋਂ, ਮੈਥੋਂ ਹੋਂਵਦੀ ਨਾਹੀਂ ਤਾਰੀਫ਼ ਬੰਦੇ। ਹੋਵੇ ਕਲਮ ਬਣਾਇ ਬਸਦ ਕਾਗਤ, ਅਤੇ ਸੱਤ ਸਮੁੰਦ ਸ਼ਾਹੀਸ ਬੰਦੇ । ਹੋਵੇ ਪੌਣ ਲਿਖਾਰੀਨਾ ਲਿਖ ਸਕੇ, ਭਾਵੇਂ ਹਰਫ਼ ਵੀ ਹੋਣ ਬਰੀਕ ਬੰਦੇ। ਵਿੱਚ ਚਿੱਤ ਦੇ ਨਾਮ ਨੂੰ ਜਪਦਿਆਂ ਤੋਂ, ਹੋਵੇ ਦੁੱਖ ਨ ਪੀੜ ਤਕਲੀਫ਼ ਬੰਦੇ। ਮੁਸਲਮਾਨ ਸੋਈ ਮੌਲਾ ਯਾਦ ਰੱਖੇ, ਹਰ-ਹਰ ਕਰੇ ਹਰਦਮ ਹਿੰਦੂ ਠੀਕ ਬੰਦੇ। ਧਨ ਮੁੱਖ ਜੋ ਰਾਮ-ਰਹੀਮ ਉਚਾਰੇ, ਸਜਦਾ ਕਰੇ ਸੋ ਧੰਨ ਹੈ ਸੀਸ ਬੰਦੇ। ਦਿਲ ਦਾ ਸਿਜਦਾ ਰੱਬ ਨੂੰ ਸੁਣੇਂ ਕੰਨੀਂ, ਖ਼ੁਸ਼ੀ ਮਾਰ ਤੂੰ ਬਾਂਗ ਦੀ ਚੀਕ ਬੰਦੇ। ਉਜੂ ਕੀਤਿਆਂ ਪਾਕ ਨਾ ਹੋਵਣਾ ਜੇ, ਮੈਲਾ ਜਿਨ੍ਹਾਂ ਦਾ ਰਿਦਾ ਪਲੀਤ ਬੰਦੇ। ਮੱਕੇ ਗਿਆ ਨ ਹੱਜ ਕਬੂਲ ਹੋਵੇ, ਖੋਟੀ ਜਿਨ੍ਹਾਂ ਦੀ ਅੰਦਰੋਂ ਨੀਤ ਬੰਦੇ। ਏਹੀ ਜਾਨ ਮਸਜਦ ਦਿਲ ਵਿੱਚ ਕਾਤ, ਖ਼ੁਸ਼ੀ-ਖੁਸ਼ੀ ਵੜੀਂ ਤੂੰ ਵਿੱਚ ਮਸੀਤ ਬੰਦੇ। ਉਲਫ਼ਤ ਦਿਲ ਦੀ ਨਾਲ ਜੇ ਪੜ੍ਹੇ ਹਰਦਮ, ਇਕੋ ਅਲਫ਼ਦੇ ਹਰਫ਼ ਹੀ ਠੀਕ ਬੰਦੇ। ਜੇਕਰ ਦਿਲੋਂ ਨੇ ਇਲਮ ਤੇ ਅਮਲ ਕੀਤਾ, ਹਿਫ਼ਜ਼ ਕੀ ਕੁਰਾਨ ਸ਼ਰੀਫ ਬੰਦੇ । ਜਿਹੜੇ ਜਿੱਤ ਗਏ ਸੋਈ ਹਾਰ ਗਏ, ਹਾਰ ਗਏ ਸੋ ਹੈ ਜੀਤ ਬੰਦੇ । ਇਕੋ ਨੂਰ ਸਰਬਤ ਮੇਂ ਨਜ਼ਰ ਆਵੇ, ਨਹੀਂ ਦਿਸਦਾ ਊੱਚ ਤੇ ਨੀਚ ਬੰਦੇ। ਨਹੀਂ ਰੂਹਾਂ ਦੀ ਜਾਤ ਸਫ਼ਾਤ ਕੋਈ, ਅਤੇ ਰਾਮ-ਰਹੀਮ ਹੈ ਈਕ ਬੰਦੇ। ਦੁੱਖ ਦੇਖ ਸ਼ਿਰਕਤਾਂ ਮੰਨ ਬੈਠਾ, ਜੈਸੀ ਆਗਿਆ ਮਜਲਸ ਬੀਚ ਬੰਦੇ । ਓਸਨੂੰ ਛੱਤਰੀ-ਬੰਸ ਨਾ ਸਮਝਣਾ ਜੇ, ਕਰੇ ਕਰਮ ਜੇ ਨੀਚ ਭਰੀਸ਼ ਬੰਦੇ। ਕਿਸੇ ਵਕਤ ਵੀ ਨੇਕ ਨਾ ਅਮਲ ਕੀਤੇ, ਗਈ ਉਮਰ ਉਪਾਧੀਆਂ ਬੀਚ ਬੰਦੇ। ਨਹੀਂ ਕਲ੍ਹ ਨੂੰ ਮੂਰਖਾ ਹੱਥ ਆਵੇ, ਗਿਆ ਅੱਜ ਦਾ ਰੋਜ਼ ਜੋ ਬੀਤ ਬੰਦੇ। ਨੇਕ ਅਮਲ ਕਰਨਾ ਸੋਈ ਅੱਜ ਕਰਲੈ, ਰੱਖੀਂ ਕਾਲ ਦੀ ਕਲ੍ਹ ਉਡੀਕ ਬੰਦੇ। ਫੇਰ ਰੋਵੇਂਗਾ ਜ਼ਾਰ-ਪੁਰ-ਜ਼ਾਰ ਕਰਕੇ, ਵੱਜੀ ਕਾਲ ਦੀ ਧੌਲ ਜਦ ਸੀਸ ਬੰਦੇ। ਚੋਰ ਵਾਂਗਰਾਂ ਪਕੜ ਲੈ ਜਾਨ ਤੈਨੂੰ, ਜਮ ਔਣਗੇ ਵਾਂਗ ਪੁਲੀਸ ਬੰਦੇ । ਏਸ ਕਹਿਰ ਤੇ ਮੌਤ-ਮੁਕਦਮੇਂ ਦੀ, ਹੋਜੂ ਕੈਦ ਨ ਪਊ ਤਰੀਕ ਬੰਦੇ। ਡੂੰਘੇ ਏਸ ਸਾਗਰ-ਸੰਸਾਰ ਵਿਚੋਂ, ਕੋਈ ਤਰਨਗੇ ਪੁਰਸ਼ ਪੂਜਨੀਕ ਬੰਦੇ। ਟਿੱਬੇ ਵਾਂਗ ਸਰਬਤ ਨੇ ਰਹਿਣ ਖ਼ਾਲੀ, ਜਿਹੜੇ ਵੱਡੇ ਕਹੌਣ ਰਈਸ ਬੰਦੇ। ਫ਼ਰਕ ਮਨ ਹੈ ਜਿਨ੍ਹਾਂ ਦਾ ਨਾਮ ਰੱਤਾ, ਸੋਈ ਵਿੱਚ ਗਰਿਸਤ ਅਤੀਤ ਬੰਦੇ। ਰਾਮ-ਨਾਮ ਦੇ ਜਪਦਿਆਂ ਦਿਨ ਜਾਵੇ, ਚੰਗੀ ਦਾਤਾਰ ਤੋਂ ਮੰਗ ਲਈ ਭੀਖ ਬੰਦੇ। ਦੇਵਾ ਸਿੰਘਾ ਕਿਤਾਬ ਨੂੰ ਠੱਪ ਬੈਠੇ, ਜਿਨ੍ਹਾਂ ਸਮਝੀ ਗੱਲ ਹਰੀਕ ਬੰਦੇ ।

(ਰਾਰਾ)

ਰਾਰਾ ਰਿੜਕ ਲੈ ਏਸ ਸਰੀਰ ਤਾਈਂ, ਜ਼ਰਾ ਗਿਆਨ ਵੀਚਾਰ ਮਦਾਨ ਕਰਕੇ । ਲਵੀਂ ਦੁੱਧ ਜਮਾਇ ਸਰੀਰ-ਭਾਂਡੇ, ਜਾਗ ਗੁਰੂ ਉਪਦੇਸ਼ ਸਮਾਨ ਕਰਕੇ । ਕਾਮ ਕ੍ਰੋਧ ਮੋਹ ਲੋਭ ਹੰਕਾਰ ਢਾਵੀਂ, ਚਾਰ ਚੁਸਤ ਜੁਆਕ ਬਲਵਾਨ ਬਣਕੇ । ਪੱਖੀ ਮਨ ਮਾਰੀ ਉਡੇ ਜਾਂਵਦੇ ਨੂੰ, ਸੁਰਤ ਸ਼ਬਦ ਦਾ ਤੀਰ-ਕਮਾਨ ਕਰਕੇ । ਘੋੜੇ ਨਫ਼ਸ ਤੇ ਬੈਠ ਅਸਵਾਰ ਹੋਵੀਂ, ਵਿੱਚ ਮੁੱਖ ਦੇ ਗਿਆਨ-ਲਗਾਮ ਕਰਕੇ । ਆਸਾ ਤ੍ਰਿਸ਼ਨਾ ਤੇਜ਼ ਤਲਵਾਰ ਡਾਢੀ, ਰੱਖ ਸਾਂਭ ਵੀਚਾਰ ਮਿਆਨ ਕਰਕੇ । ਉੱਡੇ ਫੁਰਨਾਂ ਚਿੱਤ ਦਾ ਵਾਂਗ ਪੰਛੀ, ਪਾਵੀਂ ਤੂੰ ਵੀਚਾਰ ਦਾ ਤਾਣ ਕਰਕੇ । ਵਿੱਚ ਰੱਖ ਸੌਦਾ ਰਾਮ-ਨਾਮ ਦਾ ਤੂੰ, ਇਹ ਦੇਹ ਨੂੰ ਜਾਣ ਦੁਕਾਨ ਕਰਕੇ । ਤੇਰਾ ਦਿਨ ਅਖ਼ੀਰ ਦਾ ਆਣ ਪਹੁੰਚਾ, ਗਾਫ਼ਲ ਬੰਦਿਆ ਵੇਖ ਧਿਆਨ ਕਰਕੇ । ਅੱਜ-ਕਲ੍ਹ ਆ ਜਾਣ ਜਮਦੂਤ ਜ਼ਾਲਮ, ਧਰਮ-ਰਾਜ ਦੇ ਕੋਲ ਲੈ ਜਾਣ ਫੜਕੇ । ਨੇਕ ਅਮਲ ਨਾ ਬੰਦਗੀ ਸੰਤ ਸੇਵਾ, ਕੀ ਖੱਟਿਆ ਜੱਗ ਤੇ ਆਣ ਕਰਕੇ ? ਸਿਮਰ ਬੰਦਿਆ ਤੂੰ ਸਿਰਜਣ ਹਾਰ ਸੁਆਮੀ, ਜਾਵੀਂ ਜਨਮ ਨ ਮੂਲ ਵਰਾਨ ਕਰਕੇ । ਨਾਮ ਸਿਮਰਨੋ ਮੁੱਖ ਪੁਕਾਰਦੇ ਹੈ, ਭਾਵੇਂ ਵੇਖ ਲੈ ਵੇਦ ਪੁਰਾਨ ਪੜ੍ਹਕੇ । ਦੇਵਾ ਸਿੰਘ ਬਿਨ ਨਾਮ ਤੋਂ ਕੰਮ ਝੂਠੇ, ਲੱਗ ਜਾਨ ਯਕੀਨ ਉਮਾਨ ਕਰਕੇ ।

(ਲੱਲਾ)

ਲੱਲਾ ਲਿਖਿਆ ਮਿਲੇਗਾ ਹਰ ਹੀਲੇ, ਫ਼ਿ਼ਕਰ ਕਾਸਦਾ ਬੰਦਿਆ ਰੱਖਨਾ ਈ। ਕਰੇ ਗੈਣ ਚਹੁੰ-ਕੂੰਟ ਨਾ ਲੋਭੀਆ ਓਇ, ਆਬ ਹੁੰਦਿਆਂ ਦਰਬ ਤਰਿਪਨ ਨਾਹੀਂ । ਜੋਬਨ ਜੁਆਨੀ ਮਲੰ੍ਹਮੇ ਦਾ ਪਾਜ ਹੈ ਜੀ, ਚਾਰ ਰੋਜ਼ ਦਾ ਜਾਨ ਸਰਪਨਾ ਈ। ਅੱਗੇ ਫਿਰ ਕਰ ਨਾਮ ਦੀ ਢਾਲ ਫੜ ਲੈ. ਤੈਨੂੰ ਮੌਤ-ਤਲਵਾਰ ਨੇ ਫੱਟਨਾ ਈ। ਸੋਈ ਫੜੇ ਜਾਣ ਮੌਤ ਦੀ ਰੇਲ ਚੜ੍ਹਕੇ, ਟਿਕਟ ਨਾਮ ਦਾ ਜਿਨ੍ਹਾਂ ਦੇ ਹੱਥ ਨਾਹੀਂ । ਸੱਚੇ ਨਾਮ ਦਾ ਬਖ਼ਸ਼ ਦੇ ਲਾਲ ਤਾਈਂ, ਜੌਹਰ-ਬੱਚਿਆ ਇਨ੍ਹਾਂ ਪਰਖਣਾ ਈਂ। ਪੱਛੋਤਾਵਣਾ ਬਣੂੰਗਾ ਅੰਤ ਵੇਲੇ, ਵੇਲਾ ਬੀਤਿਆ ਹੱਥ ਨਾ ਲੱਗਣਾ ਈਂ । ਰੁੱਤ ਵੇਖਕੇ ਬੀਜਣਾ ਖੇਤ ਚਾਹੀਏ, ਵੇਲਾ ਵੇਖਕੇ ਰਾਗ ਅਲਾਪਣਾ ਈਂ । ਮੁਕਤ ਹੋਣ ਦਾ ਕਰੀਂ ਉਪਾਇ ਬੰਦੇ, ਨਹੀਂ, ਤਾਂ ਗਰਬ ਨਰਕ ਨੂੰ ਕੱਟਣਾ ਈਂ । ਰੱਬ ਕਰੂ ਔਗਣ ਪਿਛਲੇ ਮਾਫ਼ ਤੇਰੇ, ਅੱਗੇ ਕੱਢੂ ਅਖ਼ੀਰ ਨੂੰ ਕੱਟਣਾ ਈਂ । ਇਹ ਮਰਦ ਇਨਸਾਨ ਦਾ ਕਰਮ ਨਾਹੀਂ, ਮੁੱਖੋਂ ਆਖਕੇ ਸੁਖ਼ਨ ਨੂੰ ਪਰਤਣਾ ਈਂ । ਜੀਹਦੇ ਵਿੱਚ ਮੁੰਕਾਲਗੀ ਦਾਗ਼ ਲੱਗੇ, ਚਾਹੀਏ ਵਿਸ਼ੇ ਵਿਕਾਰ ਤੋਂ ਹੱਟਣਾ ਈਂ । ਜਿੱਚਰ ਰਹੇ ਸਰੀਰ ਸਬੂਤ ਚਰਖ਼ਾ, ਚਾਹੀਏ ਨਾਮ ਦੇ ਸੂਤ ਨੂੰ ਕੱਤਣਾ ਈਂ । ਗਈਆਂ ਛੱਡਕੇ ਪੇਕਿਆਂ ਸੌਹਰਿਆਂ ਨੂੰ, ਜਿਨ੍ਹਾਂ ਨੇਹੁਣਾ ਯਾਰ ਨ ਰੱਖਣਾ ਈਂ । ਜੇਕਰ ਸੱਤ ਸੰਤੋਖ ਰੱਖਿਆ ਈ, ਰੋਜ਼ਾ-ਵਰਤ ਫਿਰ ਕਾਸਨੂੰ ਰੱਖਣਾ ਈਂ । ਮੰਦੀ ਨੀਤ ਦੀ ਛੁਰੀ ਜੇ ਬਗ਼ਲ ਦਿੱਤੀ, ਮੱਥੇ ਤਿਲਕ ਲਾਇਕੇ ਰੱਖਣਾ ਈਂ । ਫ਼ਕੀਰ ਹੋਇਕੇ ਧਾਰ ਬਿਰਕਤ ਵਿਰਤੀ, ਮਾਇਆ ਵਿੱਚ ਕੀ ਫੇਰ ਭੱਟਕਣਾ ਈਂ । ਸਿੱਖ ਸੋਈ ਜੋ ਸਿਦਕ ਨਾ ਹਾਰਦਾ ਈ, ਸਿੱਖੀ ਨਹੀਂ ਹੁੰਦੀ ਛੱਡੀ ਕੱਛਣਾ ਈਂ । ਬੰਦਾ ਫਸਿਆ ਹੈ ਮਾਇਆ ਮੋਹ ਅੰਦਰ, ਅੱਠੇ ਪਹਿਰ ਕੀ ਕਰੇਂ ਕੱਬਪਣਾ ਈਂ। ਦੇਵਾ ਸਿੰਘ ਆਸਾ ਤ੍ਰਿਸ਼ਨਾ ਚਿੰਤਾ ਡੈਣਾਂ, ਤਿੰਨੇ ਪੁਰਸ਼ ਦੇ ਚਿੱਤ ਗੁਸੱਟਣਾ ਈਂ ।

(ਵਾਵਾ)

ਵਾਵਾ ਵੱਖਰੇ ਅੰਧਲੇ ਖੋਲ੍ਹ ਅੱਖੀਂ, ਸਮਝ ਦਿਲ ਦੇ ਵਿੱਚ ਕਿਆਸ ਕਰਕੇ। ਝੂਠਾ ਜੱਗ ਫ਼ਨਾਹ ਮਕਾਨ ਦਾ ਈ, ਤੂੰ ਕੀ ਜਾਣਿਆ ਸੱਚ ਬਿਲਾਸ ਕਰਕੇ । ਸ਼ਾਹੂਕਾਰ ਧਨ ਪਾਤਰੀ ਲੱਖ ਰਾਜੇ, ਧਯਾ ਛੱਡਕੇ ਜੱਗ ਤੇ ਖਾਟ ਕਰਕੇ । ਕੀਤੇ ਬਿਨਾਂ ਸਤਸੰਗ ਨ ਬੋਧ ਹੋਵੇ, ਮੇਰੀ ਬਾਤ ਨੂੰ ਜਾਣ ਤੂੰ ਸਾਚ ਕਰਕੇ। ਰਾਮ ਸੱਤ ਹੈ ਕੁੰਜੀ ਪਰ ਹੱਥ ਸੰਤਾਂ, ਕੁੰਜੀ ਪੁੱਛਲੈ ਸੰਤ ਕਾ ਦਾਸ ਬਣਕੇ । ਸੰਗਤ ਸੰਤ ਦੀ ਮਿਲੇਗਾ ਰੱਬ ਛੇਤੀ, ਜਲਦੀ ਪੁਰਸ਼ ਪਹੁੰਚੇ ਗੱਡੀ ਡਾਕ ਚੜ੍ਹਕੇ। ਏਸੇ ਜਗਤ ਤੇ ਆਵਣਾ ਸਫਲ ਹੋਵੇ, ਕਰੀਂ ਰਾਮ ਦੇ ਨਾਮ ਦਾ ਪਾਠ ਪੜ੍ਹਕੇ । ਭਵਜਲ ਏਸ ਸੰਸਾਰ ਤੋਂ ਪਾਰ ਹੋਵੀਂ, ਤੁਲਾ ਰਾਮ ਦੇ ਨਾਮ ਦਾ ਹੱਥ ਫੜਕੇ । ਬੰਦੇ ਲਾਖ ਚੁਰਾਸੀਏ ਰਿਹਾ ਭੌਂਦਾ, ਥੱਕ ਗਿਆ ਹੈਂ ਏਤਨੀ ਵਾਟ ਕਰਕੇ । ਸਿਮਰ ਨਾਮ ਗੋਬਿੰਦ ਦਾ ਮੁਕਤ ਹੋਵੇ, ਮਰ ਜਾਏਂਗਾ ਜੂਨ ਦਾ ਤਾਪ ਚੜ੍ਹਕੇ। ਮਾਣਸ-ਜਨਮ ਦੁਰਲੱਭ ਨ ਫੇਰ ਆਵੇ, ਹੁਣ ਮੂਰਖਾ ਗਿਰੇਂ ਅਕਾਸ਼ ਚੜ੍ਹਕੇ । ਵੇਲੜਾ ਬੀਤਿਆ ਹੱਥ ਨ ਆਵਣਾ ਏਂ, ਲੱਗੇ ਫੇਰ ਨ ਬ੍ਰਿਛ ਤੋਂ ਪਾਤ ਝੜਕੇ । ਲੇਖਾ ਦਿੰਦੜੇ ਰੋਣਗੇ ਡੋਲ੍ਹ ਹੰਝੂ, ਖਾਣ ਪੁਰਸ਼ ਜੋ ਜੀਵ ਜਾ ਘਾਤ ਕਰਕੇ। ਗੁਨਾਹਗਾਰੀਆਂ ਪਾਪੀਆਂ ਬੰਦਿਆਂ ਦੀ, ਜਮ ਕੱਢਣੀ ਜਿੰਦ ਹਲਾਕ ਕਰਕੇ । ਸੋਈ ਪੈਣਗੇ ਹਾਥੀਆਂ ਦੋਜਕਾਂ ਮੇਂ, ਜਿਨ੍ਹਾਂ ਉਮਰ ਗੁਆਲੀ ਪਾਪ ਕਰਕੇ । ਪਾਪੀ ਪੁਰਸ਼ ਗੁਨਾਹਗਾਰ ਕਾਫ਼ਰਾਂ ਨੂੰ, ਕਿਹੜਾ ਲਊ ਛੁਡਾਇ ਸੁਫ਼ਾਤ ਭਰਕੇ। ਅਮਲ ਨੇਕ ਬਦਨੇਕ ਤੇ ਖਰਾ ਖੋਟਾ, ਰੱਬ ਪਰਖਦਾ ਆਪ ਸਰਾਫ਼ ਬਣਕੇ । ਇਮਤਿਹਾਨ ਲੈਂਦਾ ਇਕ ਨਾ ਫ਼ੇਹਲ ਕਰਦਾ, ਇਕ ਨਾ ਭਿਸ਼ਤ ਪੁਚਾਂਵਦਾ ਪਾਸ ਕਰਕੇ । ਵਿੱਚ ਦੀਵੜੇ ਸੂਰਜ ਚੰਦ ਕੀਤੇ, ਪਾਇਆ ਕੋਠੜਾ ਧਰਤ-ਅਕਾਸ਼ ਕਰਕੇ । ਸਾਰੇ ਜੱਗ ਨੂੰ ਆਪ ਖਿਲਾਇ ਰਿਹਾ, ਦਾਈ-ਦਾਇਆ ਦੋ ਦਿਨ ਤੇ ਰਾਤ ਕਰਕੇ । ਬੰਦੇ ਸੁੱਖ ਜੇ ਭੋਗਣਾ ਲੋੜਦਾ ਹੈਂ, ਗਾਵੀਂ ਗੀਤ ਨੂੰ ਦਿਨ ਤੇ ਰਾਤ ਕਰਕੇ। ਰਾਮ-ਨਾਮ ਖ਼ਰੀਦ ਲੈ ਬੰਦਿਆ ਓਏ, ਇਨ੍ਹਾਂ ਦਮਾਂ ਨੂੰ ਜਾਣ ਲੈ ਲਾਖ ਕਰਕੇ। ਭਾਵੇਂ ਜੋੜ ਲੈ ਲਾਖ ਕਰੋੜ ਮਾਇਆ, ਖ਼ਾਲੀ ਜਾਵਣਾ ਹਿੱਕ ਤੇ ਹੱਥ ਕਰਕੇ । ਮਾਇਆ ਇਸਤ੍ਰੀ ਲੋਭ ਸੁਆਦ ਅੰਦਰ, ਜੱਗ ਮਰ ਗਿਆ ਦਿਨ ਤੇ ਰਾਤ ਖਪਕੇ। ਮਾਇਆ ਛਲ ਮਦਾਰੀ ਦੀ ਖੇਡ ਵਾਂਗੂੰ, ਜੱਗ ਮੋਹ ਲਿਆ ਸੱਚ ਹੀ ਭਾਸ ਕਰਕੇ । ਮਿਸਲ ਰੁੱਖ ਦੂਰੋਂ ਅੰਦਰ ਧਾਨ ਦਿਸੇ, ਪੁਰਸ਼ ਆਂਵਦਾ ਫੁੱਲਾਂ ਦੀ ਆਸ ਕਰਕੇ। ਫਲ ਫਿਕੇ ਨ ਆਂਵਦੇ ਕੰਮ ਪੁੱਤਰ, ਬੈਠ ਝੂਰਦਾ ਚਿੱਤ ਨਿਰਾਸ ਕਰਕੇ । ਲਾਲ ਟਾਕੀਆ ਰੰਗਣ ਰੰਗੀਆਂ ਨੂੰ, ਇਲ ਝਪਟ ਕੇ ਚੱਕਦੀ ਮਾਸ ਕਰਕੇ । ਹੋਈ ਮੂਲ ਨ ਦਿਲ ਦੀ ਚਾਹ ਪੂਰੀ, ਫੇਰ ਝੂਰ ਬੈਠੇ ਪਛਤਾਵ ਕਰਕੇ । ਬਣੂ ਅੰਤ ਨੂੰ ਰੋਵਣਾ ਦੇਵਾ ਸਿੰਘਾ, ਬਿਨ ਨਾਮ ਤੋਂ ਕਦੇ ਨ ਕਾਜ ਸਰਦੇ।

(ੜਾੜਾ)

ੜਾੜਾ ੜਾੜ ਮਿਟਾਇ ਤੂੰ ਦਿਲ ਵਿਚੋਂ, ਜੇਕਰ ਸੰਤ ਪਿਆਰਿਆਂ ਹੋਵਣਾ ਈਂ । ਰੰਗਨਿ ਮਨ ਨੂੰ ਨਾਮ ਦੀ ਰੰਗਣਾ ਮੇਂ, ਲੀੜੇ ਰੰਗਕੇ ਜੋਗ ਨ ਹੋਵਣਾ ਈਂ । ਜੇਕਰ ਦਿਲ ਨ ਵਸਿਆ ਨਾਮ ਤੇਰੇ, ਮਾਲਾ ਤਸਬੀਆਂ ਦੱਸ ਕੀ ਖੋਵਣਾ ਈਂ ? ਮਨਕਾ ਜਾਣ ਲੈ ਨਾਮ ਪਰਮਾਤਮਾ ਦਾ, ਧਾਗੇ ਚਿੱਤ ਦੇ ਵਿੱਚ ਪਰੋਵਣਾ ਈਂ। ਰਿਦਾ ਜਿਨ੍ਹਾਂ ਦੇ ਅੰਦਰੋਂ ਸਾਫ਼ ਨਾਹੀਂ, ਦੇਹੀ ਧੋਤਿਆਂ ਪਾਕ ਨ ਹੋਵਣਾ ਈਂ । ਵਿਚੋਂ ਮੈਲੜੇ ਦਿਲ ਦੇ ਕੱਪੜੇ ਨੂੰ, ਏਸ ਨਾਮ ਸਭੁਣ ਨੇ ਧੋਵਣਾ ਈਂ। ਦਸੇ ਇੰਦਰੇ ਰੋਕਣਾ ਮਨ ਤਾਈਨ, ਔਖਾ ਕਠਿਨ ਫ਼ਕੀਰ ਦਾ ਹੋਵਣਾ ਈਂ। ਜਿਉਂਦਾ ਮਰੇ ਤਾਂ ਫੇਰ ਸੁਰਜੀਤ ਹੋਵੇ, ਬੀਜ ਗਲੇ ਤਾਂ ਬਿਰਖ ਦਾ ਹੋਵਣਾ ਈਂ । ਪੂਰੇ ਗੁਰੂ ਦੇ ਮਿਲਣੇ ਬਾਝ ਬੰਦੇ, ਇਸ ਜੱਗ ਤੇ ਨ੍ਹੇਰੜਾ ਢੋਵਣਾ ਈਂ । ਸੰਗਤ ਕਰੀਂ ਤੂੰ ਸੰਤ ਮਹਾਤਮਾ ਦੀ, ਜਿਥੋਂ ਗਿਆਨ ਪਰਾਪਤੀ ਹੋਵਣਾ ਈਂ । ਦੀਵੇ ਮਚਦੇ ਤੋਂ ਦੂਸਰਾ ਜਗੇ ਦੀਵਾ, ਮਿਲਕੇ ਸੰਤ ਨੂੰ ਸੰਤ ਹੀ ਹੋਵਣਾ ਈਂ । ਓਸੇ ਵਕਤ ਹੀ ਓਸਨੂੰ ਕਰ ਸੋਨਾ, ਪਾਰਸ ਲੋਹੇ ਨਾਲ ਜਦ ਛੋਹਵਣਾ ਈਂ । ਬੰਦੇ ਦਿਨ ਜਾਵੇ ਰਾਤ ਧੰਧਿਆਂ ਮੇਂ, ਗ਼ਾਫ਼ਲ ਹੋਇਕੇ ਰਾਤ ਨੂੰ ਸੋਵਣਾ ਈਂ । ਨਾਮ-ਦਾਨ, ਸੇਵਾ ਨੇਕ ਅਮਲ ਕਰ ਲੈ, ਬੀਤ ਗਈ ਤੋਂ ਕੁੱਝ ਨਾ ਹੋਵਣਾ ਈ। ਸਦਾ ਰਹੇ ਨਾਹੀਂ ਜੁਆਨੀ ਬਾਲ ਵਸਤਾ, ਸਦਾ ਰਹਿਣਗੇ ਕਾਲੜੇ ਰੋਮ ਨਾਹੀਂ । ਕੌਲ ਆਪ ਤੂੰ ਨਾਲ ਜ਼ਬਾਨ ਕਰਕੇ, ਫਿਰਾਹੂ ਕਿਉਂ ਰੱਬ ਤੋਂ ਹੋਵਣਾ ਈ। ਛੁੱਟੀ ਕੱਟ ਲੈ ਬੰਦਿਆ ਜੱਗ ਉੱਤੇ, ਹਾਜ਼ਰ ਜਾਹਿ ਤਰੀਕ ਤੇ ਹੋਵਣਾ ਈ। ਜਦੋਂ ਜਮ ਨੇ ਆਣ ਕੇ ਧੌਲ਼਼ ਮਾਰੀ, ਪਛੋਤਾਵਸੇਂ ਬਣੂੰਗਾ ਰੋਵਣਾ ਈ। ਭਾਈ-ਬੰਦ ਨੇ ਜਮਾਂ ਦੀ ਧਾੜ ਅੱਗੇ, ਮਦਤਗਾਰ ਨਾ ਕਿਸੇ ਨੇ ਹੋਵਣਾ ਈ। ਜਮ ਧਾਰਕੇ ਰੂਪ ਕਸਾਈਆਂ ਦਾ, ਤੈਨੂੰ ਬੱਕਰੇ ਵਾਂਗਰਾਂ ਕੋਹਵਣਾ ਈ। ਓਦੋਂ ਡਰਨਗੇ ਦਰਦੀ ਯਾਰ ਤੇਰੇ, ਜਦੋਂ ਭੌਰ ਨੇ ਪਿੰਜਰੇ ਹੋਵਣਾ ਈ। ਜਿਸ ਘਰ ਵਿੱਚ ਗੁਜ਼ਾਰਲੀ ਉਮਰ ਸਾਰੀ, ਇੱਕ ਰਾਤ ਵੀ ਵੱਖ ਨਾ ਹੋਵਣਾ ਈ। ਗਹਿਣੇ ਕੱਪੜੇ ਲਹਿਣਗੇ ਲਾਹ ਸਾਰੇ, ਤੈਨੂੰ ਖੜੂਆਂ ਆ ਕੇ ਖੋਹਵਣਾ ਈ। ਚਿੱਖਾ ਫੂਕਕੇ ਨਾ ਲਿਔਣ ਤੇਰਾ, ਪਿੰਡੇ ਨੌਣ ਜੇ ਕਪੜੇ ਧੋਵਣਾ ਈ । ਓੜਕ ਸਬਰ ਕਰ ਬਹਿਣਗੇ ਦੇਵਾ ਸਿੰਘਾ, ਦੋ ਦਿਨ ਕੂੜ ਦਾ ਪਿੱਟਨਾ ਰੋਵਣਾ ਈ । ***ਪੈਂਤੀ ਅੱਖਰੀ ਸੰਪੂਰਣ*** ਬੰਦੇ ਬਿੰਦ ਤੋਂ ਜਿਸਨੇ ਬੁਰਜ ਕੀਤਾ, ਤੈਨੂੰ ਤਿਸਦਾ ਨਾਮ ਧਿਔਨ ਚੰਗਾ। ਦੇਵਣਵਾਰ ਨੂੰ ਦਿਲੋਂ ਯਾਦ ਕਰੀਏ, ਖਾਇ ਖਾਇਕੇ ਸ਼ੁਕਰ ਮਨੌਣ ਚੰਗਾ। ਨਿੰਦਾ ਕਿਸੇ ਦੀ ਆਪ ਨਾ ਮੂਲ ਕਰੀਏ, ਜਿਹੜਾ ਕਰੇ ਸੋ ਵਰਜ-ਹਟੌਣ ਚੰਗਾ। ਨਹੀਂ ਫੂਕੀਏ ਵਿਸ਼ੇ-ਵਿਕਾਰ ਅੰਦਰ, ਪੈਸਾ ਧਰਮ ਦੇ ਅਰਥ ਲਗੌਣ ਚੰਗਾ। ਨੇਕ ਅਮਲ ਕਰੀਏ ਅੱਗੇ ਮਿਲੇ ਢੋਈ, ਨਹੀਂ ਅੰਤ ਦੇ ਸਮੇਂ ਪਛਤੌਣ ਚੰਗਾ। ਆਪ ਜੇਹੀ ਸਰਬਤ ਦੀ ਜਿੰਦ ਜਾਣੇਂ, ਨਹੀਂ ਜੀਵ ਤੇ ਕਤਲ ਵਗੌਣ ਚੰਗਾ। ਢੋਈ ਮਿਲੇ ਨ ਸੰਤ ਸਰਾਪਿਆਂ ਨੂੰ, ਨਹੀਂ ਸਾਧ ਤੇ ਸੰਤ ਦੁਖੌਣ ਚੰਗਾ। ਜਿਹੜਾ ਲਿਖਿਆ ਮਿਲੂਗਾ ਹਰ ਹੀਲੇ, ਨਹੀਂ ਚਿੱਤ ਨੂੰ ਰੋਜ਼ ਭੜਕਾਉਣ ਚੰਗਾ। ਲੈ ਕੇ ਵੱਢੀ ਨਾ ਝੂਠ ਦਾ ਸੱਚ ਕਹੇ, ਹਾਕਮ ਹੋਇਕੇ ਅਦਲ ਕਮੌਣ ਚੰਗਾ। ਸਾਧੂ ਹੋਏ ਨਾ ਸਿਮਰਿਆ ਰਾਮ ਜੇਕਰ, ਨਹੀਂ ਗ੍ਰਿਸਤ ਵੀ ਛੱਡ ਗਵੌਣ ਚੰਗਾ। ਦਿਲ ਨਹੀਂ ਜੋ ਇਸ਼ਕ ਦੀ ਚਿਣਗ ਲੱਗੀ, ਨਹੀਂ ਧੂਣੀਏਂ ਮਾਸ ਸੜੌਣ ਚੰਗਾ। ਜੇਕਰ ਮਨ ਨ ਮੋੜਿਆ ਵਿਸ਼ੇ ਵਲੋਂ, ਨਹੀਂ ਇੰਦਰੀ ਜੰਦਰਾ ਲੌਣ ਚੰਗਾ। ਮੁਕਤ ਹੋਣ ਦਾ ਕਰੀਂ ਉਪਾਓ ਬੰਦੇ, ਨਾਹੀਂ ਜੀਵ ਤਾਈਂ ਆਵਾਗੌਣ ਚੰਗਾ। ਜੱਗ ਮਿਥਿਆ-ਮਿਥਿਆ ਮਿਥਿਆ ਜੀ, ਨਹੀਂ ਏਸਨੂੰ ਸੱਚ ਬਣੌਣ ਚੰਗਾ। ਦਿਲ ਰੱਖੀਏ ਨਹੀਂ ਦੁਐਤ ਦੂਈ, ਵਿਚੋਂ ਭੂਤਨਾ-ਭਰਮ ਉਠੌਣ ਚੰਗਾ । ਦੇਵਾ ਸਿੰਘ ਫਿਰ ਆਪ ਨੂੰ ਲੱਭ ਲਈਏ, ਪਹਿਲਾਂ ਆਪਣਾ ਆਪ ਗਵੌਣ ਚੰਗਾ । ਬੰਦੇ ਬਹੁਤਿਆਂ ਬੋਲਿਆ ਨਹੀਂ ਭਾਇਆ, ਭਜਨ ਸੋਈ ਜੋ ਚਿੱਤ ਦੇ ਵੀਚ ਹੋਵੇ । ਰੋਜ਼ਾ ਸੋਈ ਜੋ ਸਤ ਸੰਤੋਖ ਰੱਖੇ, ਪਾਕ ਸੋਈ ਜੋ ਰਿਦਾ ਪਲੀਤ ਹੋਵੇ । ਮਾਇਆ ਸੋਈ ਜੋ ਲੱਗਦੀ ਰੱਬ ਲੇਖੇ, ਘੜੀ ਸੋਈ ਸਤਸੰਗ ਬਤੀਤ ਹੋਵੇ। ਉੱਤਮ ਸੋਈ ਜੇ ਉੱਚਰੇ ਰਾਮ ਨਾਮ, ਭਾਵੇਂ ਜਾਤ ਕਮੀਨੜੀ ਨੀਚ ਹੋਵੇ । ਤਿਆਗੀ ਸੋਈ ਤਿਆਗੇ ਮਾਇਆ ਮਾਨ ਤਾਈ, ਸੱਭੋ ਵਿਸ਼ੇ ਤਿਆਗ ਅਤੀਤ ਹੋਵੇ । ਸਿੱਖ ਸੋਈ ਜੋ ਸਿਦਕ ਨ ਹਾਰਦਾ ਈ, ਚਰਨ ਗੁਰੂ ਦੇ ਵਿੱਚ ਪਰੀਤ ਹੋਵੇ। ਬ੍ਰਾਹਮਣ ਸੋਈ ਜੋ ਬ੍ਰਹਮ ਪਛਾਣਦਾ ਈ, ਅਤੇ ਭਰਮ ਦੁਐਤ ਨਾ ਚੀਤ ਹੋਵੇ। ਸਯਦ ਸੋਈ ਜੋ ਸਜਦਾ ਕਰੇ ਦਿਲ ਦਾ, ਝੁਕਦਾ ਰੋਜ਼ ਖ਼ੁਦਾਇ ਨੂੰ ਸੀਸ ਹੋਵੇ । ਮੁਸਲਮਾਨ ਸੋਈ ਮੌਲਾ ਯਾਦ ਰੱਖੇ, ਮਰਨ ਚਿੱਤ ਤੇ ਦਿਲੋਂ ਗ਼ਮਨੀਕ ਹੋਵੇ। ਬੰਦਾ ਸੋਈ ਨਾ ਹੋਰ ਪਨਾਹ ਰੱਖੇ, ਸੱਚੇ ਰੱਬ ਤੇ ਦਿਲੋਂ ਤਹਕੀਕ ਹੋਵੇ। ਸਾਧੂ ਸੋਈ ਜੋ ਸੀਤ ਸੁਭਾ ਹੋਵੇ, ਨਿੱਤਨੇਮ ਦਾ ਸਦਾ ਭਜਨੀਕ ਹੋਵੇ । ਫੱਕਰ ਸੋਈ ਜੋ ਫ਼ਿਕਰ ਥੀਂ ਰਹਿਤ ਹੋਵੇ, ਕੋਈ ਜੱਗ ਨਾ ਸ਼ਤਰੂ-ਮੀਤ ਹੋਵੇ। ਖਾਣਾ ਸੋਈ ਜੋ ਹੱਕ-ਹਲਾਲ ਖਾਵੇ, ਜੀਹਦੇ ਖਾਂਦਿਆਂ ਨਹੀਂ ਤਕਲੀਫ਼ ਹੋਵੇ । ਲੈਣਾ ਸੋਈ ਜੋ ਲਿਖਿਆ ਪਾਸ ਹੋਵੇ, ਦਿੱਤਾ ਸੋਈ ਜੋ ਲਈ ਰਸੀਦ ਹੋਵੇ। ਦੂਰੋਂ ਜਿਵੇਂ ਸਿਪੀ ਰੂਪਾ ਹੋਇ ਦਿਸੇ, ਝੂਠਾ ਜੱਗ ਹੀ ਸਦਾ ਪ੍ਰਤੀਤ ਹੋਵੇ। ਗੁਰੂ ਬਿਨਾਂ ਨਾ ਆਖਦੇ ਗਤ ਹੋਵੇ, ਸ਼ਾਹ ਬਿਨਾਂ ਪੱਤ ਨ ਪ੍ਰਤੀਤ ਹੋਵੇ । ਬੰਦਾ ਮਹਿਲ ਨਾ ਮਾੜੀਆਂ ਕਦੇ ਭੱਟਕੇ, ਜੇਕਰ ਕਾਲ ਦੀ ਚਿੱਤ ਉਡੀਕ ਹੋਵੇ । ਅੱਗੇ ਜਾਣਦਾ ਐਤਨਾ ਫ਼ਿਕਰ ਕਰੀਏ, ਜੀਣਾ ਭਲਕ ਨੂੰ ਜਿਵੇਂ ਤਰੀਕ ਹੋਵੇ । ਕਰੇ ਖ਼ੁਦੀ ਨ ਨੀਵੜਾ ਹੋਇ ਰਹੇ, ਭਾਵੇਂ ਆਦਿ ਵੱਡਾ ਰਈਸ ਹੋਵੇ । ਚਾਹੀਏ ਪੁਰਸ਼ ਨੂੰ ਆਪ ਨੂੰ ਤੁੱਛ ਜਾਣੇ, ਕਰੇ ਗ਼ਰਜ਼ ਸੋ ਰੱਬ ਸ਼ਰੀਕ ਹੋਵੇ । ਸੂਈ ਨੱਕੇ ਜਿਉਂ ਰੱਬ ਦਾ ਰਾਹ ਭੀੜਾ, ਲੰਘੇ ਉਹ ਜੋ ਬਹੁਤ ਬਰੀਕ ਹੋਵੇ । ਦੇਵਾ ਸਿੰਘ ਸੋ ਮਰਨਾ ਜੇ ਮਰੇ ਜੀਊਂਦਾ, ਜਿਹੜਾ ਮਰਕੇ ਫੇਰ ਸੁਰਜੀਤ ਹੋਵੇ । ॥ ਸੰਪੂਰਣ ॥