Punjabi Poetry Surjit Patar
ਪੰਜਾਬੀ ਕਵਿਤਾ ਸੁਰਜੀਤ ਪਾਤਰ
1. ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।
ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।
ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।
ਯਾਰ ਮੇਰੇ ਜੁ ਇਸ ਆਸ 'ਤੇ ਮਰ ਗਏ
ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ
ਬਣਕੇ ਰੂਹਾਂ ਸਦਾ ਭਟਕਦੇ ਰਹਿਣਗੇ ।
ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ ।
ਕੀ ਇਹ ਇਨਸਾਫ਼ ਹਉਮੈਂ ਦੇ ਪੁੱਤ ਕਰਨਗੇ
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ ।
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ ।
ਇਹ ਜੁ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ
ਇਹ ਜੁ ਮਰਮਰ 'ਚ ਉੱਕਰੇ ਨੇ ਮਿਟ ਜਾਣਗੇ ।
ਬਲਦੇ ਹਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਉਹੀ ਹਮੇਸ਼ਾ ਲਿਖੇ ਜਾਣਗੇ ।
ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ।
2. ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ
ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ
ਚਾਨਣੀ ਵਿਚ ਹੋਰ ਰਸਤੇ ਚਮਕਦੇ
ਹੋਰ ਮੰਜ਼ਿਲ ਦੱਸਦਾ ਘਰ ਦਾ ਚਿਰਾਗ
ਸਿਵਿਆਂ ਲੋਏ ਹੋਰ ਪਗ-ਚਿੰਨ੍ਹ ਸੁਲਗਦੇ
ਇਹ ਸਿਵਾ, ਇਹ ਚੰਨ, ਸੂਰਜ, ਇਹ ਚਿਰਾਗ
ਵੱਖੋ ਵੱਖਰੇ ਰਸਤਿਆਂ ਵੱਲ ਖਿੱਚਦੇ
ਮੈਂ ਚੁਰਾਹੇ 'ਤੇ ਖੜਾ ਹਾਂ ਸੋਚਦਾ
ਕਿੰਨੇ ਟੋਟੇ ਕਰ ਦਿਆਂ ਇਕ ਹੋਂਦ ਦੇ
ਐ ਮਨਾ ਤੂੰ ਬੇਸੁਰਾ ਏਂ ਸਾਜ਼ ਕਿਉਂ
ਏਨੀ ਗੰਧਲੀ ਹੈ ਤੇਰੀ ਆਵਾਜ਼ ਕਿਉਂ
ਸੁਰ ਨਹੀਂ ਹੁੰਦਾ ਤੂੰ ਕਿਉਂ ਕੀ ਗੱਲ ਹੈ
ਇਲਮ ਦੇ ਮਸਲੇ ਨੇ ਜਾਂ ਇਖਲਾਕ ਦੇ
ਮਨ ਹੈ ਇਕ ਪੁਸਤਕ ਜਿਵੇਂ ਲਿਖ ਹੋ ਰਹੀ
ਜਿਸ ਦਾ ਕੋਈ ਆਦ ਹੈ ਨਾ ਅੰਤ ਹੈ
ਇਕ ਇਬਾਰਤ ਹੈ ਜੋ ਅੰਦਰ ਤੜਪਦੀ
ਵਾਕ ਨੇ ਇਕ ਦੂਸਰੇ ਨੂੰ ਕੱਟਦੇ
3. ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ
ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ
ਬਲਿਹਾਰ ਹੋ ਕੇ ਮਰਨਾ, ਕੁਰਬਾਨ ਹੋ ਕੇ ਜਿਉਣਾ
ਸੀਨੇ ਦੇ ਨਾਲ ਲਾ ਕੇ, ਧੜਕਣ ਦੇ ਵਿਚ ਰਲਾ ਕੇ
ਕਵਿਤਾ ਦੇ ਨਾਲ ਕਵੀਓ, ਇਕ ਜਾਨ ਹੋ ਕੇ ਜਿਉਣਾ
ਜਗਣਾ ਮਸ਼ਾਲ ਬਣ ਕੇ, ਜਿਊਣਾ ਮਿਸਾਲ ਬਣ ਕੇ
ਛੁੱਪਣਾ ਨਾ ਓਹਲਿਆਂ ਵਿਚ ਧੜਿਆਂ ਜਾਂ ਟੋਲਿਆਂ ਵਿਚ
ਜੀਵਨ ਦੇ ਪਲ ਨ ਡਰਨਾ, ਸਾਡੀ ਤਰਾਂ ਨ ਕਰਨਾ
ਘੁਟ ਘੁਟ ਨ ਐਵੇਂ ਮਰਨਾ, ਐਲਾਨ ਹੋ ਕੇ ਜਿਉਣਾ
ਹਾਂ ਮੈਂ ਵੀ ਜਾਣਦਾ ਹਾਂ ਇਖਲਾਕ ਦੇ ਤਕਾਜ਼ੇ
ਸਭ ਰਿਸ਼ਤਿਆਂ ਦੀ ਸੀਮਾ ਹਰ ਸਾਕ ਦੇ ਤਕਾਜ਼ੇ
ਰੁਕਦਾ ਨ ਖੂਨ ਇਹ ਨੇ ਦਿਲ ਚਾਕ ਦੇ ਤਕਾਜ਼ੇ
ਕੀ ਰੱਤ ਦੇ ਪੁਤਲਿਆਂ ਨੇ ਚੱਟਾਨ ਹੋ ਕੇ ਜਿਉਣਾ
ਬੇਦਾਗ ਨੇ ਉਹ ਸਾਰੇ ਬੱਸ ਦਾਗਦਾਰ ਮੈਂ ਹੀ
ਉਹ ਲਿਸ਼ਕਦੇ ਨੇ ਸ਼ੀਸ਼ੇ ਮੈਲੀ ਨੁਹਾਰ ਮੈਂ ਹੀ
ਤੁਸੀਂ ਖੁਦ ਹੀ ਧਿਆਨ ਮਾਰੋ, ਕਿੰਨਾ ਕਠਿਨ ਹੈ ਯਾਰੋਂ,
ਏਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ
ਇਕ ਦੂਸਰੇ ਦੇ ਦੁੱਖ ਦਾ ਹੀ ਸਾਨੂੰ ਆਸਰਾ ਹੈ
ਸਾਰੇ ਉੱਜੜ ਗਏ ਹਾਂ ਬੱਸ ਇਹੀ ਹੌਂਸਲਾ ਹੈ
ਕਿਆ ਬਾਤ ਹੈ ਇਹ ਵੱਸਣਾ ਇਸ ਉੱਜੜਿਆਂ ਦੀ ਬਸਤੀ
ਕਿਆ ਬਾਤ ਹੈ ਇਹ ਏਨੇ ਬੇਜਾਨ ਹੋ ਕੇ ਜਿਉਣਾ
ਇਸ ਕਹਿਰ ਪਹਿਰ ਅੰਦਰ ਅੱਵਲ ਲੁਕੇ ਹੀ ਰਹਿਣਾ
ਦਰਵਾਜ਼ਿਆਂ ਦੇ ਪਿੱਛੇ ਯਾਰੋ ਰੁਕੇ ਹੀ ਰਹਿਣਾ
ਆਉਣਾ ਪਿਆ ਜੇ ਬਾਹਰ ਤਾਂ ਤੀਰ ਹੋ ਕੇ ਆਉਣਾ
ਜਿਉਣਾ ਪਿਆ ਨਗਨ ਤਾਂ ਕਿਰਪਾਨ ਹੋ ਕੇ ਜਿਉਣਾ
ਇਹ ਸ਼ਹਿਰ ਸ਼ਹਿਰ ਉਹ ਹੈ ਇਹ ਪਹਿਰ ਪਹਿਰ ਉਹ ਹੈ
ਪੱਥਰ ਦੇ ਬੁੱਤ ਨੇ ਸਾਰੇ ਛਵੀਆਂ ਦੀ ਰੁੱਤ ਨੇ ਸਾਰੇ
ਪੈਸੇ ਦੇ ਪੁੱਤ ਨੇ ਸਾਰੇ ਏਥੇ ਬੋਲ ਕਹਿਣਾ ਸੱਚ ਦਾ
ਹੈ ਇਉਂ ਜਿਵੇਂ ਕਿ ਕੱਚ ਦਾ ਸਾਮਾਨ ਹੋ ਕੇ ਜਿਉਣਾ
ਕੀ ਮੋੜ ਮੁੜ ਗਏ ਹਾਂ ਗੈਰਾਂ ਨਾ' ਜੁੜ ਗਏ ਹਾਂ
ਜਿਹਦੇ ਗਲ ਸੀ ਹਾਰ ਹੋਣਾ ਉਹਦੀ ਹਿਕ 'ਚ ਪੁੜ ਗਏ ਹਾਂ
ਕੀ ਜਿਉਣ ਹੈ ਇਹ ਏਦਾਂ ਵੀਰਾਨ ਹੋ ਕੇ ਜਿਉਣਾ
ਆਪਣੀ ਨਜ਼ਰ 'ਚ ਆਪਣਾ ਅਪਮਾਨ ਹੋ ਕੇ ਜਿਉਣਾ
4. ਨਿੱਤ ਸੂਰਜਾਂ ਨੇ ਚੜ੍ਹਨਾ, ਨਿੱਤ ਸੂਰਜਾਂ ਨੇ ਲਹਿਣਾ
ਨਿੱਤ ਸੂਰਜਾਂ ਨੇ ਚੜ੍ਹਨਾ, ਨਿੱਤ ਸੂਰਜਾਂ ਨੇ ਲਹਿਣਾ
ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ
ਇਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ
ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ
ਰੁਕਣੀ ਨਹੀਂ ਕਹਾਣੀ, ਬੱਝੇ ਨ ਰਹਿਣੇ ਪਾਣੀ
ਰੂਹੋਂ ਬਗੈਰ ਸੱਖਣੇ, ਬੁਤ ਨਾ ਬਣਾ ਕੇ ਰੱਖਣੇ
ਪਾਣੀ ਨੇ ਰੋਜ਼ ਤੁਰਨਾ, ਕੰਢੀਆਂ ਨੇ ਰੋਜ਼ ਖੁਰਨਾ
ਖੁਰਦੇ ਨੂੰ ਦੇ ਦਿਲਾਸਾ, ਤੁਰਦੇ ਨੇ ਨਾਲ ਰਹਿਣਾ
ਚੰਨ ਤਾਰਿਆਂ ਦੀ ਲੋਏ, ਇਕਰਾਰ ਜਿਹੜੇ ਹੋਏ
ਤਾਰੇ ਉਨਾਂ ਤੇ ਹੱਸੇ ਦੀਵੇ ਉਨਾਂ 'ਤੇ ਰੋਏ
ਟੁੱਟਦੇ ਕਰਾਰ ਦੇਖੇ, ਅਸਾਂ ਬੇਸ਼ੁਮਾਰ ਦੇਖੇ
ਲਫਜਾਂ ਦਾ ਬਣਿਆ ਦੇਖੀਂ ਕੱਲ ਇਹ ਮਹਿਲ ਵੀ ਢਹਿਣਾ
ਇਨ੍ਹਾਂ ਦੀਵਿਆਂ ਨੂੰ ਦੱਸ ਦੇ, ਇਨਾਂ ਤਾਰਿਆਂ ਨੂੰ ਕਹਿ ਦੇ
ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ
ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ
ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ
ਸੁਣ ਹੇ ਝਨਾਂ ਦੇ ਪਾਣੀ, ਤੁੰ ਡੁੱਬ ਗਏ ਨ ਜਾਣੀਂ
ਤੇਰੇ ਪਾਣੀਆਂ ਤੇ ਤਰਨੀ ਇਸ ਪਿਆਰ ਦੀ ਕਹਾਣੀ
ਹੈ ਝੂਠ ਮਰ ਗਏ ਉਹ, ਡੁੱਬ ਕੇ ਤਾਂ ਤਰ ਗਏ ਉਹ
ਨਿੱਤ ਲਹਿਰਾਂ ਤੇਰੀਆਂ ਨੇ ਪਾ ਪਾ ਕੇ ਸ਼ੋਰ ਕਹਿਣਾ
5. ਹਨੇਰੀ ਵੀ ਜਗਾ ਸਕਦੀ ਹੈ ਦੀਵੇ
ਹਨੇਰੀ ਵੀ ਜਗਾ ਸਕਦੀ ਹੈ ਦੀਵੇ
ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ
ਜੇ ਸਾਰੇ ਹੋਰ ਦੀਵੇ ਬੁਝ ਨ ਜਾਂਦੇ
ਤਾਂ ਦੀਵਾ ਦਿਲ ਦਾ ਇਉਂ ਜਗਣਾ ਨਹੀਂ ਸੀ
ਜੇ ਮੇਰੇ ਸਿਰ 'ਤੇ ਇਉਂ ਸੂਰਜ ਨਾ ਤਪਦਾ
ਮੈਂ ਝੂਠੀ ਸ਼ਾਨ ਵਿਚ ਰਹਿੰਦਾ ਚਮਕਦਾ
ਕਿਸੇ ਚੋਟੀ ਤੇ ਠਹਿਰੀ ਬਰਫ ਹੁੰਦਾ
ਮੈਂ ਬਣ ਕੇ ਨੀਰ ਇਉਂ ਵਗਣਾ ਨਹੀਂ ਸੀ
ਹਵਾ ਮੇਰੇ ਮੁਖਾਲਿਫ ਜੇ ਨ ਵਗਦੀ
ਜੇ ਮੇਰੇ ਘਰ ਨੂੰ ਵੀ ਅਗਨੀ ਨ ਲਗਦੀ
ਕਿਹੀ ਫਿਤਰਤ ਤਮਾਸ਼ਾਈ ਹੈ ਜੱਗ ਦੀ
ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ
ਅਜਬ ਸੀਨੇ 'ਚ ਅੱਜ ਵੀਰਾਨਗੀ ਹੈ
ਜੋ ਸੀਨੇ ਨਾਲ ਲੱਗੀ ਸਾਨਗੀ ਹੈ
ਜੇ ਇਸ ਦੇ ਦਿਲ 'ਚ ਸੁੰਨਾਪਨ ਨ ਹੁੰਦਾ
ਤਾਂ ਇਸ ਤੋਂ ਮੇਰਾ ਸੁਰ ਲੱਗਣਾ ਨਹੀਂ ਸੀ
ਜੇ ਮੁੱਕਦੀ ਚਾਰ ਦਿਨ ਦੀ ਚਾਨਣੀ ਨਾ
ਕਲੇਜਾ ਇੰਜ ਹੁੰਦਾ ਛਾਨਣੀ ਨਾ
ਤਾਂ ਮੈਂਨੂੰ ਚਾਨਣਾ ਹੋਣਾ ਨਹੀਂ ਸੀ
ਕਦੇ ਸੱਚ ਦਾ ਪਤਾ ਲੱਗਣਾ ਨਹੀਂ ਸੀ
6. ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ
ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ
ਤੂੰ ਸੀਨੇ ਨੂੰ ਲੱਗ ਕੇ ਵੀ ਇਉਂ ਦੂਰ ਕਿਉਂ ਹੈਂ
ਕਿਵੇਂ ਬਲ ਰਿਹੈਂ ਤੂੰ ਉਹ ਕੀ ਜਾਣਦੇ ਨੇ
ਜੁ ਪੁੱਛਦੇ ਨੇ ਤੂੰ ਏਨਾ ਪੁਰਨੂਰ ਕਿਉਂ ਹੈਂ
ਉਹ ਸੂਲੀ ਚੜ੍ਹਾ ਕੇ ਉਹਨੂੰ ਪੁੱਛਦੇ ਨੇ
ਤੂੰ ਸਾਡੇ ਤੋਂ ਉੱਚਾ ਐਂ ਮਨਸੂਰ ਕਿਉਂ ਹੈਂ
ਉਹ ਆਪਣੇ ਹੀ ਦਿਲ ਦੀ ਅਗਨ ਸੀ ਰੌਸ਼ਨ
ਉਹ ਪੁੱਛਦੇ ਸੀ ਤੂੰ ਏਨਾ ਮਸ਼ਹੂਰ ਕਿਉਂ ਹੈਂ
ਜੁ ਧਰਤੀ ਵੀ ਭੁੱਲਿਆ ਤੇ ਨੀਹਾਂ ਵੀ ਭੁੱਲਿਐ
ਤੂੰ ਗੁੰਬਦ ਏਂ ਪਰ ਏਨਾ ਮਗਰੂਰ ਕਿਉਂ ਹੈਂ
ਬਣਾ ਖੁਦ ਮੁਹੱਬਤ ਦਾ ਪੁਲ ਤੂੰ ਖੁਦਾ ਤਕ
ਕਿ ਤੂੰ ਠੇਕੇਦਾਰਾਂ ਦਾ ਮਜ਼ਦੂਰ ਕਿਉਂ ਹੈਂ
ਹਵਾਵਾਂ 'ਚ ਕਿਉਂ ਨਈਂ ਤੂੰ ਲਿਖਦਾ ਮੁਹੱਬਤ
ਤੂੰ ਸ਼ਾਇਰ ਏਂ ਫਿਰ ਏਨਾ ਮਜ਼ਬੂਰ ਕਿਉਂ ਹੈਂ
7. ਹੈ ਮੇਰੇ ਸੀਨੇ 'ਚ ਕੰਪਨ ਮੈਂ ਇਮਤਿਹਾਨ 'ਚ ਹਾਂ
ਹੈ ਮੇਰੇ ਸੀਨੇ 'ਚ ਕੰਪਨ ਮੈਂ ਇਮਤਿਹਾਨ 'ਚ ਹਾਂ
ਮੈਂ ਖਿੱਚਿਆ ਤੀਰ ਹਾਂ ਐਪਰ ਅਜੇ ਕਮਾਨ 'ਚ ਹਾਂ
ਹਾਂ ਤੇਗ ਇਸ਼ਕ ਦੀ ਪਰ ਆਪਣੇ ਹੀ ਸੀਨੇ ਵਿਚ
ਕਦੇ ਮੈਂ ਖੌਫ ਕਦੇ ਰਹਿਮ ਦੀ ਮਿਆਨ 'ਚ ਹਾਂ
ਬਚਾਈਂ ਅੱਜ ਤੂੰ ਕਿਸੇ ਸੀਨੇ ਲੱਗਣੋਂ ਮੈਨੂੰ
ਕਿ ਅੱਜ ਮੈਂ ਪੰਛੀ ਨਹੀਂ, ਤੀਰ ਹਾਂ, ਉਡਾਨ 'ਚ ਹਾਂ
ਜ਼ਮੀਨ ਰਥ ਹੈ ਮੇਰਾ, ਬਿਰਖ ਨੇ ਮੇਰੇ ਪਰਚਮ
ਤੇ ਮੇਰਾ ਮੁਕਟ ਹੈ ਸੂਰਜ, ਮੈਂ ਬਹੁਤ ਸ਼ਾਨ 'ਚ ਹਾਂ
ਰਲੀ ਅਗਨ 'ਚ ਅਗਨ, ਜਲ 'ਚ ਜਲ, ਹਵਾ 'ਚ ਹਵਾ,
ਕਿ ਵਿਛੜੇ ਸਾਰੇ ਮਿਲੇ, ਮੈਂ ਅਜੇ ਉਡਾਨ 'ਚ ਹਾਂ
ਤੇਰਾ ਖਿਆਲ ਮੇਰੇ ਸੀਨੇ ਨਾਲ ਲੱਗਿਆ ਹੈ
ਹੈ ਰਾਤ ਹਿਜ਼ਰ ਦੀ ਪਰ ਮੈਂ ਅਮਨ ਅਮਾਨ 'ਚ ਹਾਂ
ਮੈਂ ਕਿਸ ਦੇ ਨਾਲ ਕਰਾਂ ਗੁਫਤਗੂ ਕਿ ਕੋਈ ਨਹੀਂ
ਮੇਰੇ ਬਗੈਰ, ਮੇਰੇ ਰੱਬ, ਮੈਂ ਜਿਸ ਜਹਾਨ 'ਚ ਹਾਂ
ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ
ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ
ਇਹ ਲਫਜ਼ ਮੇਰੇ ਨਹੀਂ ਪਰ ਇਹ ਵਾਕ ਮੇਰਾ ਹੈ
ਜਾਂ ਖਬਰੇ ਇਹ ਵੀ ਨਹੀ ਐਵੇਂ ਮੈਂ ਗੁਮਾਨ 'ਚ ਹਾਂ
8. ਦੁੱਖਾਂ ਭਰਿਆ ਦਿਲ ਪੈਮਾਨਾ ਛੱਡ ਪਰੇ
ਦੁੱਖਾਂ ਭਰਿਆ ਦਿਲ ਪੈਮਾਨਾ ਛੱਡ ਪਰੇ
ਕੀ ਇਹ ਹਸਤੀ ਦਾ ਮੈਖ਼ਾਨਾ ਛੱਡ ਪਰੇ
ਚਲ ਮੁੜ ਚਲੀਏ ਏਸ ਸਫ਼ਰ ਤੋਂ ਕੀ ਲੈਣਾ
ਵੀਰਾਨੇ ਅੱਗੇ ਵੀਰਾਨਾ ਛੱਡ ਪਰੇ
ਦੇ ਕੇ ਜਾਨ ਵੀ ਛੁਟ ਜਾਈਏ ਤਾਂ ਚੰਗਾ ਹੈ
ਭਰ ਦੇ ਜੀਵਨ ਦਾ ਜੁਰਮਾਨਾ ਛੱਡ ਪਰੇ
ਪੰਛੀ ਦਾ ਦਿਲ ਕੰਬੇ ਤੇਰੇ ਹਥ ਕੰਬਣ
ਤੈਥੋਂ ਲਗਣਾ ਨਹੀਂ ਨਿਸ਼ਾਨਾ ਛੱਡ ਪਰੇ
ਬੁੱਢਿਆਂ ਘਾਗਾਂ ਨਾਲ ਸਵਾਲ ਜਵਾਬ ਨਾ ਕਰ
ਖਾ ਪੀ ਲੈ ਕੁਝ ਰੋਜ਼ ਜੁਆਨਾ ਛੱਡ ਪਰੇ
ਢਕੀ ਰਹਿਣ ਦੇ ਸਾਡੇ ਨਾਲ ਹਿਸਾਬ ਨਾ ਕਰ
ਪਛਤਾਵੇਂਗਾ ਬੇਈਮਾਨਾ ਛੱਡ ਪਰੇ
ਸੋਚੇਗਾਂ ਤਾਂ ਸ਼ੱਕਰ ਵਿਹੁ ਹੋ ਜਾਏਗੀ
ਕੀ ਅਪਣਾ ਤੇ ਕੀ ਬੇਗ਼ਾਨਾ ਛੱਡ ਪਰੇ
ਤੈਥੋਂ ਨਈਂ ਉਠਣੇ ਇਹ ਅੱਖਰ ਹੰਝੂਆਂ ਦੇ
ਰਹਿਣ ਦੇ ਤੂੰ ਵੱਡਿਆ ਵਿਦਵਾਨਾ ਛੱਡ ਪਰੇ
9. ਧੁਖ਼ਦਾ ਜੰਗਲ-ਸ਼ੂਕ ਰਹੇ ਜੰਗਲ ਨੂੰ
ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ
'ਕੱਲੇ 'ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ
ਜੰਗਲ ਜਿਹੜਾ ਹਰ ਮੌਸਮ ਦੇ ਕਹਿਰ ਨਾਲ ਲੜਦਾ ਸੀ
ਜੰਗਲ ਜਿਹੜਾ ਹਰ ਆਫ਼ਤ ਦੇ ਰਾਹ ਵਿਚ ਅੜਦਾ ਸੀ
ਜੰਗਲ ਜਿਸ 'ਚੋਂ ਹਰ ਕੋਈ ਅਪਣੀ ਪੌੜੀ ਘੜਦਾ ਸੀ
ਜੰਗਲ ਜਿਹੜਾ ਬਾਲਣ ਬਣ ਕੇ ਘਰ ਘਰ ਸੜਦਾ ਸੀ
ਉਸ ਵਿਚ ਫ਼ੈਲੀ ਅੱਗ ਤਾਂ ਕਿਸ ਦੇ ਜ਼ਿੰਮੇ ਲਾਵਾਂ ਮੈਂ
ਉਹ ਜੰਗਲ ਜੋ ਖ਼ੁਸ਼ਬੋਆਂ ਦਾ ਢੋਆ ਵੰਡਦਾ ਸੀ
ਉਹ ਜੰਗਲ ਜੋ ਫੁੱਲਾਂ ਦੇ ਸੰਗ ਹਰ ਰੁੱਤ ਰੰਗਦਾ ਸੀ
ਉਹ ਜੰਗਲ ਜੋ ਸਿਰ 'ਤੇ ਕਲਗੀ ਕੋਂਪਲ ਟੰਗਦਾ ਸੀ
ਮੰਗਦਾ ਸੀ ਤਾਂ ਕੇਵਲ ਅਪਣਾ ਪਾਣੀ ਮੰਗਦਾ ਸੀ
ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ
ਜਦ ਜੰਗਲ ਨੇ ਸ਼ਹਿਰ ਤੇਰੇ ਦੀਆਂ ਜੇਲ੍ਹਾਂ ਭਰੀਆਂ ਸਨ
ਤਦ ਜੰਗਲ ਤੋਂ ਮਹਿਲ ਤੇਰੇ ਦੀਆਂ ਕੰਧਾਂ ਡਰੀਆਂ ਸਨ
ਤੂੰ ਜੰਗਲ ਨੂੰ ਕੋਲ ਬਿਠਾ ਫਿਰ ਗੱਲਾਂ ਕਰੀਆਂ ਸਨ
ਕੌਣ ਸੀ ਜਿਸਦੀਆਂ ਗੱਲਾਂ ਕਸਵੱਟੀ ਤੋਂ ਡਰੀਆਂ ਸਨ
ਜੋ ਕਸਵੱਟੀਓਂ ਡਰੀਆਂ ਖ਼ਰੀਆਂ ਕਿਉਂ ਮੰਨ ਜਾਵਾਂ ਮੈਂ
ਮੰਨਿਆਂ ਮੈਂ ਜੰਗਲ ਹਾਂ ਵਸਦਾ ਵਿਚ ਜਹਾਲਤ ਦੇ
ਤੈਨੂੰ ਮਾਣ ਬਹੁਤ ਨੇ ਤਰਕ ਦਲੀਲ ਵਕਾਲਤ ਦੇ
ਮੈਂ ਜਿਸ ਦੇ ਕਾਬਲ ਹਾਂ ਮੈਨੂੰ ਓਹੀ ਜ਼ਲਾਲਤ ਦੇ
ਜੰਗਲ ਕਹਿੰਦਾ ਮਸਲਾ ਲੈ ਚਲ ਵਿਚ ਅਦਾਲਤ ਦੇ
ਇਹ ਵੀ ਨਾ-ਮਨਜ਼ੂਰ ਤਾਂ ਕਿਹੜਾ ਦਰ ਖੜਕਾਵਾਂ ਮੈਂ
ਤੇਰੀ ਚੁੱਪ ਨੇ ਜੰਗਲਾਂ ਨੂੰ ਉਹ ਤਲਖ਼ ਫਿਜ਼ਾ ਦਿੱਤੀ
ਜੰਗਲ ਵਿਚੋਂ ਕੰਡਿਆਂ ਦੀ ਇਕ ਝਿੜੀ ਉਗਾ ਦਿੱਤੀ
ਕੰਡੇ ਕੰਡੇ ਕਹਿ ਕੇ ਤੂੰ ਫਿਰ ਰੌਲੀ ਪਾ ਦਿੱਤੀ
ਕੁਝ ਕੰਡਿਆਂ ਵਿਚ ਕੁਲ ਜੰਗਲ ਦੀ ਗੱਲ ਉਲਝਾ ਦਿੱਤੀ
ਜੇ ਤੂੰ ਖੁਦ ਉਲਝਾਉਣੀ ਚਾਹਵੇਂ ਕਿੰਜ ਸੁਲਝਾਵਾਂ ਮੈਂ
ਤੈਨੂੰ ਤਾਂ ਜੰਗਲ ਦੀ ਗੱਲ ਉਲਝਾਉਣ 'ਚ ਫਾਇਦਾ ਸੀ
ਜੰਗਲ ਦੇ ਵਿਚ ਕੰਡੇ ਹੋਰ ਉਗਾਉਣ 'ਚ ਫਾਇਦਾ ਸੀ
ਇਸ ਜੰਗਲ ਨੂੰ ਜੰਗਲ ਹੋਰ ਬਣਾਉਣ 'ਚ ਫਾਇਦਾ ਸੀ
ਤੇ ਫਿਰ ਉਚੇ ਚੜ੍ਹ ਕੇ ਰੌਲਾ ਪਾਉਣ 'ਚ ਫਾਇਦਾ ਸੀ
ਦੇਖੋ ! ਦੇਖੋ !! ਇਕ ਭਿਆਨਕ ਵਣ ਦਿਖਲਾਵਾਂ ਮੈਂ
ਹੋਰ ਕੋਈ ਜਦ ਰਾਹ ਜੰਗਲ ਨੂੰ ਰਾਸ ਨਾ ਆਇਆ ਸੀ
ਕੁਝ ਰੁੱਖਾਂ ਨੇ ਜਿਸ ਦਹਿਸ਼ਤ ਦਾ ਰਾਹ ਅਪਣਾਇਆ ਸੀ
ਤੇ ਜਿਸਦਾ ਜੰਗਲ ਨੂੰ ਮਿਹਣਾ ਮੁੜ ਮੁੜ ਆਇਆ ਸੀ
ਇਉਂ ਤੂੰ ਆਪੇ ਹੀ ਉਸ ਰਾਹ ਨੂੰ ਪੀਰ ਬਣਾਇਆ ਸੀ
ਤੂੰ ਕਿਉਂ ਗੁੱਸੇ ਹੁਣ ਜਦ ਓਹੀ ਪੀਰ ਧਿਆਵਾਂ ਮੈਂ
ਉਹ ਜੋ ਇਸ ਜੰਗਲ ਦੇ ਪਹਿਰੇਦਾਰ ਕਹਾਉਂਦੇ ਸਨ
ਉਹ ਸ਼ਾਇਦ ਇਸ ਰਸਤੇ ਨੂੰ ਬਦਲਾਉਣਾ ਚਾਹੁੰਦੇ ਸਨ
ਡਰਦੇ ਸਨ ਬੇਚਾਰੇ ਡਰਦੇ ਹੱਥ ਨਾ ਪਾਉਂਦੇ ਸਨ
ਉਹ ਗੱਲ ਵੱਖਰੀ ਨਿਰਭਇਤਾ ਦੇ ਸ਼ਬਦ ਸਿਖਾਉਂਦੇ ਸਨ
ਸਬਕ ਉਨ੍ਹਾਂ ਦੇ ਉਨ੍ਹਾਂ ਅੱਗੇ ਕੀ ਦੁਹਰਾਵਾਂ ਮੈਂ
ਇਸ ਮਨ ਚਾਹੀ ਸਿਖਰ ਤੇ ਜਦ ਤੂੰ ਖੇਲ੍ਹ ਪੁਚਾ ਦਿੱਤਾ
ਦਹਿਸ਼ਤ ਤਾਈਂ ਸਾਰੇ ਜੰਗਲ ਦੇ ਸਿਰ ਪਾ ਦਿੱਤਾ
ਅੱਧੇ ਜੰਗਲ ਨੂੰ ਅੱਧੇ ਦੇ ਨਾਲ ਲੜਾ ਦਿੱਤਾ
ਫਿਰ ਤੋਪਾਂ ਦਾ ਮੂੰਹ ਜੰਗਲ ਦੇ ਵੱਲ ਭੁਆ ਦਿੱਤਾ
ਤੋਪਾਂ ਅੱਗੇ ਕਿੰਜ ਅਮਨ ਦਾ ਗੀਤ ਸੁਣਾਵਾਂ ਮੈਂ
ਵੱਡਾ ਜੰਗਲ ਇਸ ਛੋਟੇ ਨੂੰ ਵੇਖਣ ਆਇਆ ਏ
ਇਸ ਧੁਖ਼ਦੇ ਨੂੰ ਧੂਣੀ ਵਾਂਗੂੰ ਸੇਕਣ ਆਇਆ ਏ
"ਖੌਫ਼ਨਾਕ" ਦਾ ਇਸ ਨੂੰ ਦੇਣ ਵਿਸ਼ੇਸ਼ਣ ਆਇਆ ਏ
ਤੇਰੀ ਵਡਿਆਈ ਨੂੰ ਮੱਥਾ ਟੇਕਣ ਆਇਆ ਏ
ਜੰਗਲ ਨੂੰ ਜੰਗ ਦਾ ਮਹਿਰਮ ਕਿੰਜ ਬਣਾਵਾਂ ਮੈਂ
ਬੂਟਾ ਬੂਟਾ ਇਸ ਜੰਗਲ ਵਿਚ ਰਲ ਵੀ ਸਕਦਾ ਹੈ
ਇਹ ਜੰਗਲ ਜੋ ਧੁਖ਼ਦਾ ਹੈ ਇਹ ਬਲ ਵੀ ਸਕਦਾ ਹੈ
ਬਲਦਾ ਬਲਦਾ ਮਹਿਲਾਂ ਵੱਲ ਨੂੰ ਚਲ ਵੀ ਸਕਦਾ ਹੈ
ਹਾਂ ਸ਼ਾਇਦ ਇਹ ਸਭ ਕੁਝ ਹੋਣੋਂ ਟਲ ਵੀ ਸਕਦਾ ਹੈ
ਐਪਰ ਕਿੱਥੋਂ ਲੈ ਆਵਾਂ ਘਨਘੋਰ ਘਟਾਵਾਂ ਮੈਂ
ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ
'ਕੱਲੇ 'ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ
10. ਮੈਂ ਜਦ ਏਸ ਦਿਸ਼ਾ ਵਲ ਤੁਰਦਾਂ
ਮੈਂ ਜਦ ਏਸ ਦਿਸ਼ਾ ਵਲ ਤੁਰਦਾਂ
ਮੇਰੇ ਅੰਦਰ ਬੁਝ ਬੁਝ ਜਾਂਦੇ
ਪਿਆਰ ਤੇ ਵਿਸ਼ਵਾਸ ਦੇ ਦੀਵੇ
ਏਸ ਦਿਸ਼ਾ ਵਿਚ ਐਸਾ ਕੀ ਏ
ਬਿਨ ਝੱਖੜ ਹੀ ਡੋਲਣ ਲੱਗਦੇ
ਆਸ ਅਤੇ ਧਰਵਾਸ ਦੇ ਦੀਵੇ
ਭੁੱਲ ਜਾਵਾਂ ਤਾਂ ਵੱਖਰੀ ਗੱਲ ਏ
ਯਾਦ ਕਰਾਂ ਤਾਂ ਅਜੇ ਵੀ ਸੱਲ ਏ
ਕੌਣ ਭਰਥਰੀ ਕਿਹੜੀ ਪਿੰਗਲਾ
ਕਿੱਥੇ ਹੋਏ
ਕਦ ਦੇ ਮੋਏ
ਮੇਰੇ ਮਨ ਦੀਆਂ ਮੜ੍ਹੀਆਂ ਉਤੇ
ਕਿਉਂ ਜਗ ਪੈਂਦੇ ਰਾਤ ਬਰਾਤੇ
ਦਰਦ ਭਰੇ ਇਤਿਹਾਸ ਦੇ ਦੀਵੇ
ਦੁੱਖ ਦਾ ਦੇਸ਼, ਹਿਜ਼ਰ ਦੀ ਦੁਨੀਆਂ
ਕਹਿਰ ਦਾ ਰਾਜ, ਸੁਖਨ ਦੀ ਦੇਹਲੀ
ਡੋਲ ਗਏ ਤਾਂ ਡੋਲ ਗਏ ਫਿਰ
ਮੈਂ ਕੀ ਕਰਾਂ, ਕਰੇਂ ਕੀ ਤੂੰ ਵੀ
ਰੱਤ ਦਾ ਤੇਲ, ਦਰਦ ਦੀਆਂ ਲਾਟਾਂ
ਰੂਹ ਦੀ ਪੌਣ, ਮਾਸ ਦੇ ਦੀਵੇ
ਕੀ ਦਿਸਿਆ ਇਹਨਾਂ ਦੀ ਲੋਏ
ਤੁਸੀਂ ਹਜ਼ੂਰ ਖਫਾ ਕਿਉਂ ਹੋਏ
ਮਾਰ ਕੇ ਫੂਕ ਬੁਝਾ ਕਿਉਂ ਦਿੱਤੇ
ਦੁੱਖ ਦੀ ਜੋਤ, ਦਾਸ ਦੇ ਦੀਵੇ
ਏਥੇ ਡੁਬਿਆਂ, ਓਥੇ ਉੱਗਿਆ
ਏਥੇ ਬੁਠਿਆ, ਓਥੇ ਜਗਿਆ
ਧਰਤ 'ਤੇ ਨ੍ਹੇਰ ਕਦੀ ਨਈਂ ਪੈਂਦਾ
ਦੂਰ ਕਿਤੇ ਜਗਦੇ ਰਹਿੰਦੇ ਨੇ
ਬੁੱਝ ਜਾਂਦੇ ਜਦ ਪਾਸ ਦੇ ਦੀਵੇ
ਬੰਦ ਨ ਕਰ ਤੂੰ ਸ਼ਬਦ ਕੋਸ਼ ਨੂੰ
ਕਾਇਮ ਰੱਖ ਵਿਵੇਕ ਹੋਸ਼ ਨੂੰ
ਦੱਦਾ ਦਰਦ ਦੇ ਨੇੜੇ ਤੇੜੇ
ਦੇਖੀਂ ਤੈਨੂੰ ਮਿਲ ਹੀ ਜਾਵਣਗੇ
ਧੱਧਾ ਧਰਵਾਸ ਦੇ ਦੀਵੇ
ਇਸ ਦੀਵੇ ਦੀ ਲੋਏ ਬਹਿ ਕੇ
ਨਿੱਬ ਦੀ ਨੋਕ ਤੇ ਕਾਗਜ਼ ਰਾਤੀਂ
ਘੁਸਰ ਮੁਸਰ ਕੀ ਗੱਲਾਂ ਕਰਦੇ
ਜੋ ਬੰਦੇ ਦੇ ਅੰਦਰ ਜਗਦੇ
ਝੱਖੜਾਂ ਵਿਚ ਵੀ ਬੁੱਝਦੇ ਨਾ ਜੋ
ਸਿਦਕ ਮਹੁੱਬਤ ਆਸ ਦੇ ਦੀਵੇ
ਜਾਣ ਖਿਲਾਫ ਘੁਮਾਰਾਂ ਦੇ ਜੋ
ਪੇਂਜਿਆਂ ਵਾਹੀਕਾਰਾਂ ਦੇ ਜੋ
ਤੇਲੀਆਂ ਤੇ ਤਰਖਾਣਾਂ ਦੇ ਜੋ
ਸਾਡੀ ਲੋਏ ਬਹਿ ਕੇ ਕੋਈ
ਐਸੇ ਅੱਖਰ ਪਾ ਨਹੀਂ ਸਕਦਾ
ਫੂਕ ਕੇ ਰੱਖ ਦਿਆਂਗੇ ਵਰਕੇ
ਅਸੀਂ ਹਾਂ ਕਾਠ-ਦਵਾਖੀ ਰੱਖੇ
ਮਿੱਟੀ ਤੇਲ ਕਪਾਸ ਦੇ ਦੀਵੇ
ਮਿੱਟੀ ਗੁੰਨ੍ਹੋ
ਚੱਕ ਚੜ੍ਹਾਵੋ
ਆਵੀ ਤਾਵੋ
ਅਤੇ ਪਕਾਵੋ
ਵੱਟੀਆਂ ਵੱਟੋ
ਤੇਲ ਚੁਆਵੋ
ਅੱਗ ਲਿਆਵੋ
ਲਾਟ ਛੁਆਵੋ
ਤਾਂ ਕਿਧਰੇ ਜਾ ਕੇ ਜਗਦੇ ਨੇ
ਖਾਬ ਖਿਆਲ ਕਿਆਸ ਦੇ ਦੀਵੇ
ਅਹੁ ਚੁੰਨੀ ਦਾ ਉਹਲਾ ਕਰ ਕੇ
ਥਾਲੀ ਦੇ ਵਿਚ ਦੀਵੇ ਧਰ ਕੇ
ਕਵਿਤਾ ਵਰਗੀ ਕਾਇਆ ਕੋਈ
ਬਾਲਣ ਚੱਲੀ ਸੱਚ ਦੀ ਦੇਹਲੀ
ਪਿਆਰ ਭਰੀ ਅਰਦਾਸ ਦੇ ਦੀਵੇ
11. ਇਕ ਪਲ ਸਿਰਫ ਮਿਲੇ ਸਾਂ ਆਪਾਂ
ਇਕ ਪਲ ਸਿਰਫ ਮਿਲੇ ਸਾਂ ਆਪਾਂ, ਤੂੰ ਉਗਮਣ ਮੈਂ ਅਸਤਣ ਲੱਗਿਆਂ
ਡੁੱਬਦਾ ਚੜ੍ਹਦਾ ਸੂਰਜ ਕੋਲੋ ਕੋਲ ਖੜੇ ਸੀ ਵਿਛੜਨ ਲੱਗਿਆਂ
ਸੂਰਜ ਕਿਰਨ ਮਿਲਣ ਲੱਗੀ ਸੀ, ਜਲ ਕਾ ਜਲ ਹੋ ਚੱਲਿਆ ਸਾਂ ਮੈਂ
ਲੈ ਕੇ ਨਾਮ ਬੁਲਾਇਆ ਕਿਸ ਨੇ ਮੈਨੂੰ ਮੁਕਤੀ ਪਾਵਣ ਲੱਗਿਆਂ
ਖੌਫਜ਼ਦਾ ਹੋ ਜਾਂਦੇ ਬੰਦੇ, ਫੇਰ ਵਫਾ ਦੀਆਂ ਕਸਮਾਂ ਦਿੰਦੇ
ਕੁਦਰਤ ਹੋਣਾ ਚਾਹੁੰਦੇ ਹੁੰਦੇ, ਡਰ ਜਾਂਦੇ ਪਰ ਹੋਵਣ ਲੱਗਿਆਂ
ਸਾਡੇ ਰੂਪ ਦਾ ਕੀ ਹੋਵੇਗਾ, ਕੀ ਹੋਵੇਗਾ ਸਾਡੇ ਨਾਂ ਦਾ
ਡਰ ਕੇ ਪੱਥਰ ਹੋ ਜਾਂਦੇ ਨੇ ਬੰਦੇ ਪਾਣੀ ਹੋਵਣ ਲੱਗਿਆਂ
ਤਨ ਮਨ ਰੂਹ ਦੇ ਵੇਸ ਉਤਾਰੇ, ਰੱਖ ਦਿੱਤੇ ਮੈਂ ਰਾਤ ਕਿਨਾਰੇ
ਕੰਠ ਸੀ ਤੇਰੇ ਨਾਮ ਦੀ ਗਾਨੀ, ਤੇਰੇ ਨੀਰ 'ਚ ਉਤਰਨ ਲੱਗਿਆਂ
ਕੰਡਿਆਂ ਵਿਚ ਨਹੀਂ ਉਲਝੀਦਾ, ਨਾ ਫੁੱਲਾਂ 'ਤੇ ਹੱਕ ਧਰੀ ਦਾ,
ਬੱਸ ਹਵਾ ਹੀ ਹੋ ਜਾਈਦਾ, ਇਸ ਦੁਨੀਆਂ 'ਚੋਂ ਗੁਜ਼ਰਨ ਲੱਗਿਆਂ
ਅੱਗ ਨੂੰ ਆਪਣੀ ਹਿੱਕ ਵਿਚ ਰੱਖੀਂ, ਧੂੰਆਂ ਪਵੇ ਨ ਲੋਕਾਂ ਅੱਖੀਂ
ਮੇਰੀ ਗੱਲ ਨੂੰ ਚੇਤੇ ਰੱਖੀਂ, ਕੋਈ ਨਜ਼ਮ ਕਸ਼ੀਦਣ ਲੱਗਿਆਂ
ਕਿੰਨੀ ਨੇ ਔਕਾਤ ਦੇ ਮਾਲਕ, ਕਿਸ ਸ਼ਿੱਦਤ ਜਜ਼ਬਾਤ ਦੇ ਮਾਲਕ
ਪਾਰਖੂਆਂ ਵੀ ਪਰਖੇ ਜਾਣਾ, ਤੇਰੀ ਗਜ਼ਲ ਨੂੰ ਪਰਖਣ ਲੱਗਿਆਂ
12. ਸਿਰ ਕਹਿਕਸ਼ਾਂ ਦਾ ਜੋ ਤਾਜ ਸੀ
ਸਿਰ ਕਹਿਕਸ਼ਾਂ ਦਾ ਜੋ ਤਾਜ ਸੀ
ਨ ਸੀ ਝੱਖੜਾਂ 'ਚ ਵੀ ਡੋਲਿਆ
ਅੱਜ ਇਹ ਕੈਸਾ ਹਉਕਾ ਹੈ ਤੂੰ ਲਿਆ
ਮੇਰਾ ਤਾਜ ਮਿੱਟੀ 'ਚ ਰੁਲ ਗਿਆ
ਇਹ ਹੈ ਇਸ਼ਕ ਦੀ ਦਰਗਾਹ ਮੀਆਂ
ਜੇ ਹੈ ਤਾਜ ਪਿਆਰਾ ਤਾਂ ਜਾਹ ਮੀਆਂ
ਜੀਹਨੂੰ ਸਿਰ ਦੀ ਨਾ ਪਰਵਾਹ ਮੀਆਂ
ਉਹਦਾ ਜਾਂਦਾ ਸਿਜਦਾ ਕਬੂਲਿਆ
ਇਹ ਬੋਲ ਜੋ ਤੇਰੇ ਦਿਲ 'ਚ ਸੀ
ਉਹ ਤੂੰ ਦਿਲ 'ਚ ਕਿਉਂ ਦਫਨਾ ਲਿਆ
ਕਿਉਂ ਤੂੰ ਸਾਹ ਨੂੰ ਸੂਲੀ 'ਤੇ ਚਾੜ੍ਹ ਕੇ
ਮੇਰੀ ਜਾਨ ਹਉਕਾ ਬਣਾ ਲਿਆ
ਤੇਰੇ ਨੈਣਾਂ ਵਿਚ ਜਿਹੜੇ ਅਕਸ ਸਨ
ਮੇਰੇ ਕੋਲ ਆ ਤੂੰ ਲੁਕਾ ਲਏ
ਮੇਰੇ ਦਿਲ ਦਾ ਸ਼ੀਸ਼ਾ ਤਾਂ ਦੋਸਤਾ
ਤੇਰੇ ਇਹਤਿਆਤ ਨੇ ਤੋੜਿਆ
ਹਾਏ ਜ਼ਿੰਦਗੀ, ਹਾਏ ਆਦਮੀ
ਹਾਏ ਇਸ਼ਕ, ਹਾਏ ਹਕੀਕਤੋ
ਮੈਂ ਸਮਝ ਗਿਆਂ ਕੁਲ ਬਾਤ ਬੱਸ
ਸਮਝਾਉਣਾ ਦਿਲ ਨੂੰ ਹੀ ਰਹਿ ਗਿਆ
ਹੈ ਅਜੀਬ ਗੱਲ ਕੁਝ ਪਲ ਹੀ ਸਨ
ਕੁਲ ਉਮਰ ਜ਼ਖਮੀ ਕਰ ਗਏ
ਇਉਂ ਖੁਭ ਗਏ ਓਦੇ ਕਾਲਜ਼ੇ
ਕਿ ਦਰਖਤ ਸੂਲੀ ਹੀ ਬਣ ਗਿਆ
ਐਵੇਂ ਜ਼ਿਦ ਨ ਕਰ ਕਿ ਤੂੰ ਵੇਖਣਾ
ਉਹਦੇ ਦਿਲ ਦੀ ਆਖਰੀ ਪਰਤ ਨੂੰ
ਛੱਡ ਰਹਿਣ ਦੇ ਤੈਨੂੰ ਆਖਦਾਂ
ਮੈਨੂੰ ਫਿਰ ਨ ਆਖੀਂ ਜੇ ਡਰ ਗਿਆ
ਕੋਈ ਹੋਰ ਮੇਰੀ ਪਨਾਹ ਨ ਸੀ
ਤੇ ਕਦਮ ਧਰਨ ਲਈ ਰਾਹ ਨ ਸੀ
ਤੇਰਾ ਤੀਰ ਹੀ ਲਾ ਕੇ ਕਾਲਜੇ
ਮੈਂ ਤਾਂ ਆਪਣੀ ਰੱਤ 'ਤੇ ਹੀ ਸੌਂ ਗਿਆ
ਮੇਰਾ ਮੁੜ ਸੁਅੰਬਰ ਜਿੱਤ ਤੂੰ
ਮੇਰੀ ਨਜ਼ਮ ਨੇ ਮੈਨੂੰ ਆਖਿਆ
ਕੱਲ ਦਰਦ ਵਿੰਨਿਆ ਉਹ ਸ਼ਖਸ ਇਕ
ਤੈਨੂੰ ਹਿਜਰੋ-ਗ਼ਮ 'ਚ ਹਰਾ ਗਿਆ
ਇਹ ਜੋ ਨਾਲ ਨਾਲ ਨੇ ਮਕਬਰੇ
ਇਕ ਪਿਆਸ ਦਾ ਇਕ ਨੀਰ ਦਾ
ਕੋਈ ਪਿਆਸ ਪਿਆਸੀ ਜੋ ਮਰ ਗਈ
ਮੇਰਾ ਨੀਰ ਤੜਪ ਕੇ ਮਰ ਗਿਆ
ਲੈ ਇਹ ਜਿਸਮ ਤੇਰਾ ਹੈ ਸਾਂਭ ਲੈ
ਉਹਦਾ ਇਸ 'ਤੇ ਕੋਈ ਨਿਸ਼ਾਨ ਨਾ
ਤੂੰ ਨ ਢੂੰਡ ਉਸ ਨੂੰ ਵਜੂਦ 'ਚੋਂ
ਮੈਂ ਤਾਂ ਰੂਹ 'ਚ ਉਸ ਨੁੰ ਰਲਾ ਲਿਆ
ਮੇਰਾ ਖਾਬ ਹੰਝੂ 'ਚ ਢਲ ਗਿਆ
ਫਿਰ ਡਿੱਗ ਕੇ ਖਾਕ 'ਚ ਰਲ ਗਿਆ
ਤੂੰ ਯਕੀਨ ਕਰ ਉਹ ਚਲਾ ਗਿਆ
ਉਹਨੂੰ ਸਾਗਰਾਂ ਨੇ ਬੁਲਾ ਲਿਆ
ਬਣ ਲਾਟ ਬੇਲਾ ਸੀ ਬਲ ਰਿਹਾ
ਅਤੇ ਰੇਤ ਰੇਤ ਚਨਾਬ ਸੀ
ਇਹ ਅਜੀਬ ਕਿਸਮ ਦਾ ਖਾਬ ਸੀ
ਕਰੀਂ ਮਿਹਰ ਮੇਰਿਆ ਮਾਲਕਾ
ਕਿਸੇ ਰਾਗ ਵਿਚ ਵੈਰਾਗ ਨੂੰ
ਹੁਣ ਬਦਲ ਲੈ, ਉਠ ਜਾਗ ਤੁੰ
ਏਹੀ ਵਾਕ ਕਹਿ ਮੇਰੇ ਦਰਦ ਨੇ
ਹਰ ਰਾਤ ਮੈਨੂੰ ਜਗਾ ਲਿਆ
ਉਠ ਉੱਚੇ ਸੁੱਚੇ ਖਿਆਲ ਬੁਣ
ਕੋਈ ਰਿਸ਼ਮਾਂ ਕਿਰਨਾਂ ਦਾ ਜਾਲ ਬੁਣ
ਕਿਸੇ ਹੋਰ ਨਾ ਤੈਨੂੰ ਬੋਚਣਾ
ਜੇ ਤੂੰ ਹੁਣ ਬੁਲੰਦੀ ਤੋਂ ਗਿਰ ਗਿਆ
13. ਕੀ ਹੈ ਤੇਰੇ ਸ਼ਹਿਰ ਵਿਚ ਮਸ਼ਹੂਰ ਹਾਂ
ਕੀ ਹੈ ਤੇਰੇ ਸ਼ਹਿਰ ਵਿਚ ਮਸ਼ਹੂਰ ਹਾਂ
ਜੇ ਨਜ਼ਰ ਤੇਰੀ 'ਚ ਨਾ-ਮਨਜ਼ੂਰ ਹਾਂ
ਸੀਨੇ ਉਤਲੇ ਤਗਮਿਆਂ ਨੂੰ ਕੀ ਕਰਾਂ
ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ
ਢੋ ਰਿਹਾ ਹਾਂ ਮੈਂ ਹਨੇਰਾ ਰਾਤ ਦਿਨ
ਆਪਣੀ ਹਉਮੈ ਦਾ ਮੈਂ ਮਜ਼ਦੂਰ ਹਾਂ
ਦਰਦ ਨੇ ਮੈਨੂੰ ਕਿਹਾ : ਐ ਅੰਧਕਾਰ
ਮੈਂ ਤੇਰੇ ਸੀਨੇ 'ਚ ਛੁਪਿਆ ਨੂਰ ਹਾਂ
ਮੇਰੇ ਸੀਨੇ ਵਿਚ ਹੀ ਹੈ ਸੂਲੀ ਮੇਰੀ
ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ
14. ਲੱਗੀ ਨਜ਼ਰ ਪੰਜਾਬ ਨੂੰ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ
ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਢਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾ ਖ਼ੂਨ ਤਾਂ ਪੱਗਾਂ ਸਿਰ ਲੱਗਾ
ਓਹੀ ਛਿੱਟੇ ਖ਼ੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ–ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ
ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ
ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ
ਏਦ੍ਹੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ
ਅੱਗ ਦੇ ਵਿਚ ਸਾੜੋ ।
ਅੱਗ ਪਿਤਰਾਂ ਦੀ ਜੀਭ ਹੈ
ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆ
ਬੀਤੇ ਸੰਗ ਸਾੜੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ ।
15. ਬਹੁਤ ਗੁਲ ਖਿਲੇ ਨੇ ਨਿਗਾਹਵਾਂ ਤੋਂ ਚੋਰੀ
ਬਹੁਤ ਗੁਲ ਖਿਲੇ ਨੇ ਨਿਗਾਹਵਾਂ ਤੋਂ ਚੋਰੀ
ਕਿੱਧਰ ਜਾਣ ਮਹਿਕਾਂ ਹਵਾਵਾਂ ਤੋਂ ਚੋਰੀ
ਸ਼ਰੀਕਾਂ ਦੀ ਸ਼ਹਿ 'ਤੇ ਭਰਾਵਾਂ ਤੋਂ ਚੋਰੀ
ਮੈਂ ਸੂਰਜ ਜੋ ਡੁੱਬਿਆ ਦਿਸ਼ਾਵਾਂ ਤੋਂ ਚੋਰੀ
ਕਿੱਧਰ ਗਏ ਓ ਪੁੱਤਰੋ ਦਲਾਲਾਂ ਦੇ ਆਖੇ
ਮਰਨ ਲਈ ਕਿਤੇ ਦੂਰ ਮਾਵਾਂ ਤੋਂ ਚੋਰੀ
ਕਿਸੇ ਹੋਰ ਧਰਤੀ ਤੇ ਵਰਦਾ ਰਿਹਾ ਮੈਂ
ਤੇਰੇ ਧੁਖਦੇ ਖਾਬਾਂ ਤੇ ਚਾਵਾਂ ਤੋਂ ਚੋਰੀ
ਉਨਾਂ ਦੀ ਵੀ ਹੈ ਪੈੜ ਮੇਰੀ ਗਜ਼ਲ ਵਿਚ
ਕਦਮ ਜਿਹੜੇ ਤੁਰਿਆ ਮੈਂ ਰਾਹਵਾਂ ਤੋਂ ਚੋਰੀ
ਕਲੇਜਾ ਤਾਂ ਫਟਣਾ ਹੀ ਸੀ ਉਸ ਦਾ ਇਕ ਦਿਨ
ਜੁ ਹਉਕਾ ਵੀ ਭਰਦਾ ਸੀ ਸਾਹਵਾਂ ਤੋਂ ਚੋਰੀ
ਉਹ ਛਾਵਾਂ ਨੂੰ ਮਿਲਦਾ ਸੀ ਧੁੱਪਾਂ ਤੋਂ ਛੁੱਪ ਕੇ
ਤੇ ਰਾਤਾਂ 'ਚ ਡੁਬਦਾ ਸੀ ਛਾਵਾਂ ਤੋਂ ਚੋਰੀ
ਘਰੀਂ ਮੁਫਲਿਸਾਂ ਦੇ, ਦਰੀਂ ਬਾਗੀਆਂ ਦੇ
ਜਗੋ ਦੀਵਿਓ ਬਾਦਸ਼ਾਹਵਾਂ ਤੋਂ ਚੋਰੀ
ਮੇਰੇ ਯੁੱਗ ਦੇ ਐ ਸੂਰਜੋ ਪੈਰ ਦਬ ਕੇ
ਕਿਧਰ ਜਾ ਰਹੇ ਹੋਂ ਸ਼ੁਆਵਾਂ ਤੋ ਚੋਰੀ
ਦਗਾ ਕਰ ਰਿਹਾ ਏਂ, ਗਜ਼ਲ ਨਾਲ 'ਪਾਤਰ'
ਇਹ ਕੀ ਲਿਖ ਰਿਹੈਂ ਭਾਵਨਾਵਾਂ ਤੋਂ ਚੋਰੀ
16. ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ
ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ?
ਬੰਦੇ ਨੂੰ ਬਿਹਬਲ ਕਰਦੀਆਂ ਪਾਗਲ ਬਣਾਉਂਦੀਆਂ।
ਫ਼ਨੂਸ ਨੇ, ਇਹ ਸ਼ਮਾ ਹੈ, ਅਹੁ ਜੋਤ ਹੈ, ਇਹ ਲਾਟ
ਤੇ ਦੂਰ ਕਿਧਰੇ ਮਾਵਾਂ ਨੇ ਦੀਵੇ ਜਗਾਉਂਦੀਆਂ।
ਲੂਣਾ ਅਗਨ, ਸੁੰਦਰਾਂ ਨਦੀ ਤੇ ਧਰਤ ਇੱਛਰਾਂ
ਜੋਗੀ ਨੂੰ ਵਾਰ ਵਾਰ ਨੇ ਪੂਰਨ ਬਣਾਉਂਦੀਆਂ।
ਦਰਬਾਰ ਏਧਰ ਯਾਰ ਓਧਰ ਜਾਨ ਅਹੁ ਈਮਾਨ
ਕਈ ਵਾਰ ਜਿੰਦਾਂ ਏਸ ਚੌਰਾਹੇ 'ਤੇ ਆਉਂਦੀਆਂ।
ਬੇਚੈਨੀਆਂ, ਗ਼ਮਗੀਨੀਆਂ, ਸੋਚਾਂ ਦੀ ਕੈਦ 'ਚੋਂ
ਸ਼ਾਇਰ ਨੂੰ ਅੰਤ ਉਸ ਦੀਆਂ ਨਜ਼ਮਾਂ ਛੁਡਾਉਂਦੀਆਂ।
ਪੱਤਿਆਂ ਦੇ ਪੈਰਾਂ ਵਿੱਚ ਨਾ ਜੇ ਪਾਜ਼ੇਬ ਪਾਉਂਦੀਆਂ
ਪਤਝੜ ਦਾ ਬੋਝ ਕਿਸ ਤਰ੍ਹਾਂ ਪੌਣਾਂ ਉਠਾਉਂਦੀਆਂ।
ਹੁੰਦੇ ਨੇ ਪੱਤੇ ਰੁੱਖਾਂ ਦੇ ਜੇ ਕਰ ਸੁਰਾਂ ਜਹੇ
ਪੌਣਾਂ ਉਦਾਸ ਸਾਜ਼ ਫ਼ਿਰ ਕਿਹੜਾ ਵਜਾਉਂਦੀਆਂ।
ਡੁੱਬਦਾ ਨਾ ਨੀਲੀ ਝੀਲ ਵਿਚ ਸੂਰਜ ਜੇ ਸੰਦਲੀ
ਤਾਂ ਸ਼ਹਿਰ ਮੇਰੇ ਸ਼ਰਬਤੀ ਸ਼ਾਮਾਂ ਨਾ ਆਉਂਦੀਆਂ।
17. ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਕਿਸੇ ਵੀ ਸ਼ੀਸ਼ੇ 'ਚ ਅਕਸ ਅਪਣਾ
ਗੰਧਲਦਾ ਤੱਕ ਨ ਉਦਾਸ ਹੋਵੀਂ
ਸਜਨ ਦੀ ਨਿਰਮਲ ਨਦਰ 'ਚ ਹਰਦਮ
ਤੂੰ ਧਿਆਨ ਅਪਣੇ ਨੂੰ ਲੀਨ ਰੱਖੀਂ
ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ
ਕਿ ਸ਼ੀਸ਼ਿਆਂ 'ਚ ਵਿਕਾਰ ਪਾਵੋ
ਤੇ ਸ਼ਖ਼ਸੋਂ ਪਹਿਲਾਂ ਹੀ ਅਕਸ ਮਾਰੋ
ਸੋ ਖ਼ੁਦ 'ਚ ਪੂਰਾ ਯਕੀਨ ਰੱਖੀਂ।
ਲਿਬਾਸ ਮੰਗਾਂ ਨਾ ਓਟ ਮੰਗਾਂ
ਨਾ ਪਰਦਾਦਾਰੀ ਦਾ ਖੋਟ ਮੰਗਾਂ
ਬੱਸ ਅਪਣੀ ਕੁਦਰਤ ਤੇ ਅਪਣੇ ਵਿਚਲਾ
ਇਹ ਪਰਦਾ ਇਉਂ ਹੀ ਮਹੀਨ ਰੱਖੀਂ।
ਮਿਲਾਪ ਵਿੱਚ ਵੀ ਕੋਈ ਵਿਛੋੜਾ
ਹਮੇਸ਼ ਰਹਿੰਦਾ ਏ ਥੋੜ੍ਹਾ ਥੋੜ੍ਹਾ
ਘੁਲੇ ਪਲਾਂ 'ਚ ਕਹੇ ਕੋਈ
ਨਾ ਘੁਲੇ ਰਹਿਣ ਦਾ ਯਕੀਨ ਰੱਖੀਂ।
ਨਹੀਂ ਮੁਹੱਬਤ ਕੋਈ ਮਸੀਹਾ
ਹੈ ਕਿਸਮ ਆਪਣੀ ਦਾ ਇਹ ਤਸੀਹਾ
ਇਹ ਤਪਦੇ ਸਹਿਰਾ 'ਚ ਮਿਰਗਜਲ ਹੈ
ਨਾ ਇਸ 'ਚ ਦਿਲ ਦੀ ਤੂੰ ਮੀਨ ਰੱਖੀਂ।
ਅਗਨ 'ਚ ਬਲ ਕੇ ਹਵਾ 'ਚ ਰਲ ਕੇ
ਨਾ ਆਉਣਾ ਦੇਖਣ ਅਸਾਂ ਨੇ ਭਲਕੇ
ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ
ਪਾਕ ਰੱਖੀਂ ਮਲੀਨ ਰੱਖੀਂ।
ਹਨ੍ਹੇਰਿਆਂ ਦਾ ਇਲਾਜ ਕੀ ਹੈ
ਇਹ ਬੁਝ ਕੇ ਜੀਣਾ ਰਿਵਾਜ ਕੀ ਹੈ
ਬਲਣ ਬਿਨਾਂ ਹੀ ਮਿਲੇਗਾ ਚਾਨਣ
ਇਹ ਆਸ ਦਿਲ ਵਿੱਚ ਕਦੀ ਨਾ ਰੱਖੀਂ।
ਵਫ਼ਾ ਦੇ ਵਾਅਦੇ, ਇਹ ਅਹਿਦ ਇਰਾਦੇ
ਰਹੀ ਨਾ ਸ਼ਿੱਦਤ ਤਾਂ ਫੇਰ ਕਾਹਦੇ
ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ
ਤੂੰ ਸ਼ਿੱਦਤਾਂ ਦੇ ਅਧੀਨ ਰੱਖੀਂ।
ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ
ਖ਼ਿਲਾਵਾਂ ਅੰਦਰ ਕੀ ਉੱਗਣਾ ਹੈ
ਮੈਂ ਅੰਤ ਕਿਰਨਾ ਹੈ ਬੀਜ ਬਣ ਕੇ
ਜ਼ਰਾ ਕੁ ਸਿੱਲੀ ਜ਼ਮੀਨ ਰੱਖੀਂ।
ਬੁਰੇ ਦਿਨਾਂ ਤੋਂ ਡਰੀਂ ਨਾ 'ਪਾਤਰ'
ਭਲੇ ਦਿਨਾਂ ਨੂੰ ਲਿਆਉਣ ਖ਼ਾਤਰ
ਤੂੰ ਸਿਦਕ ਦਿਲ ਵਿੱਚ ਤੇ ਆਸ ਰੂਹ ਵਿੱਚ
ਨਜ਼ਰ 'ਚ ਸੁਪਨੇ ਹਸੀਨ ਰੱਖੀਂ।
18. ਇੱਕ ਲਰਜ਼ਦਾ ਨੀਰ ਸੀ
ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ
ਦੂਸਰਾ ਇਸ ਹਾਦਸੇ ਤੋਂ,
ਡਰ ਕੇ ਪੱਥਰ ਹੋ ਗਿਆ
ਤੀਸਰਾ ਇਸ ਹਾਦਸੇ ਨੂੰ ਕਰਨ,
ਲੱਗਿਆ ਸੀ ਬਿਆਨ
ਉਹ ਕਿਸੇ ਪੱਥਰ ਦੇ ਘੂਰਨ ਕਰਕੇ
ਪੱਥਰ ਹੋ ਗਿਆ
ਇੱਕ ਸ਼ਾਇਰ ਬਚ ਗਿਆ ਸੀ,
ਸੰਵੇਦਨਾ ਸੰਗ ਲਰਜਦਾ
ਏਨੇ ਪੱਥਰ ਉਹ ਗਿਣਤੀ ਕਰਕੇ,
ਪੱਥਰ ਹੋ ਗਿਆ
19. ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ।
ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ,
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ।
ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ,
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ।
ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ,
ਐਵੇਂ ਲੰਘ ਜਾਨੈ ਪਾਣੀ ਕਦੇ 'ਵਾਅ ਬਣ ਕੇ।
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਲਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ।
20. ਇਕ ਤੂੰ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ 'ਤੇ
ਇਕ ਤੂੰ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ 'ਤੇ
ਖਿੜਨੇ ਸੀ ਗੁਲ ਹਜ਼ਾਰ ਚੰਨ ਚੜ੍ਹਨੇ ਸੀ ਹੋਰ 'ਤੇ
ਮੈਂ ਤਾਂ ਬਹੁਤ ਸੰਭਾਲਿਆ, ਪਰ ਸ਼ਾਮ ਪੈ ਗਈ
ਵਿਛੜਨ ਦਾ ਵਕਤ ਆ ਗਿਆ, ਗਰਦਿਸ਼ ਦੇ ਜ਼ੋਰ 'ਤੇ
ਇਕ ਬੰਸਰੀ ਦੀ ਹੇਕ ਕੀ ਨਦੀਆਂ ਨੂੰ ਰੋਕਦੀ
ਨਦੀਆਂ ਦਾ ਕਿਹੜਾ ਜ਼ੋਰ ਸੀ ਨਦੀਆਂ ਦੀ ਤੋਰ 'ਤੇ
ਨਚਣਾ ਤਾਂ ਕੀ ਸੀ ਓਸਨੇ, ਦੋ ਪਲ 'ਚ ਖੁਰ ਗਿਆ
ਕਣੀਆਂ ਕੀ ਚਾਰ ਡਿੱਗੀਆਂ ਮਿੱਟੀ ਦੇ ਮੋਰ 'ਤੇ
'ਜ਼ੰਜੀਰ ਹੈ ਜ਼ੰਜੀਰ ਨੂੰ ਝਾਂਜਰ ਨਾ ਸਮਝਣਾ'
ਹੰਝੂਆਂ ਦੇ ਨਾਲ ਉਕਰਿਆ ਸੀ ਬੋਰ ਬੋਰ 'ਤੇ
ਤੇਰੇ ਪਰਾਈ ਹੋਣ ਦੀ ਕਿਉਂ ਰਾਤ ਏਨੀ ਚੁਪ
ਉੱਠਾਂ ਤੜਪ ਤੜਪ ਕੇ ਇਕ ਕੰਙਣ ਦੇ ਸ਼ੋਰ 'ਤੇ
ਸੂਰਜ ਤਲੀ ਤੇ ਰਖ ਕੇ ਮੈਂ ਜਿਥੇ ਉਡੀਕਿਆ
ਤੇਰੀ ਖ਼ਬਰ ਵੀ ਆਈ ਨਾ ਕਦੇ ਓਸ ਮੋੜ 'ਤੇ
21. ਖੂਬ ਨੇ ਇਹ ਝਾਂਜਰਾਂ ਛਣਕਣ ਲਈ
ਖੂਬ ਨੇ ਇਹ ਝਾਂਜਰਾਂ ਛਣਕਣ ਲਈ,
ਪਰ ਕੋਈ 'ਚਾ ਵੀ ਤਾਂ ਦੇ ਨੱਚਨ ਲਈ!
ਆਏ ਸਭ ਲਿਸ਼ਕਨ ਅਤੇ ਗਰਜਨ ਲਈ,
ਕੋਈ ਇਥੇ ਆਇਆ ਨਾ ਬਰਸਣ ਲਈ!
ਕੀ ਹੈ ਤੇਰਾ ਸ਼ਹਿਰ ਇਥੇ ਫੁਲ ਵੀ,
ਮੰਗਦੇ ਨੇ ਆਗਿਆ ਮਹਿਕਣ ਲਈ!
ਚੰਦ ਨਾ ਸੂਰਜ ਨਾ ਤਾਰੇ ਨਾ ਚਿਰਾਗ,
ਸਿਰਫ ਖੰਜਰ ਰਹਿ ਗਿਆ ਲਿਸ਼ਕਨ ਲਈ!
ਕਿਓਂ ਜਗਾਵਾਂ ਸੁੱਤਿਆਂ ਲਫ਼ਜ਼ਾਂ ਨੂੰ ਮੈਂ,
ਦਿਲ 'ਚ ਜਦ ਕੁਝ ਨਹੀਂ ਆਖਣ ਲਈ!
ਰੁੱਸ ਕੇ ਜਾਂਦੇ ਸੱਜਨਾ ਦੀ ਸ਼ਾਨ ਵੱਲ,
ਅੱਖੀਓ, ਦਿਲ ਚਾਹੀਦਾ ਦੇਖਣ ਲਈ!
ਸਾਂਭ ਕੇ ਰੱਖ ਦਰਦ ਦੀ ਇਸ ਲਾਟ ਨੂੰ,
ਚੇਤਿਆਂ ਵਿਚ ਯਾਰ ਨੂੰ ਦੇਖਣ ਲਈ!
ਤਾਰਿਆਂ ਤੋਂ ਰੇਤ ਵੀ ਬਣਿਆਂ ਹਾਂ ਮੈਂ,
ਤੈਨੂ ਹਰ ਇਕ ਕੋਣ ਤੋਂ ਦੇਖਣ ਲਈ!
ਉਸਦੀ ਅੱਗ ਵਿਚ ਸੁਲਗਣਾ ਸੀ ਲਾਜ਼ਮੀ,
ਓਸ ਨੂ ਪੂਰੀ ਤਰਾਂ ਸਮਝਣ ਲਈ!
ਵਿਛੜਨਾ ਚਾਹੁੰਦਾ ਹਾਂ ਤੈਥੋਂ ਹੁਣ,
ਅਰਥ ਆਪਣੀ ਹੋਂਦ ਦੇ ਜਾਨਣ ਲਈ!
22. ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ
ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ
ਮੇਰੇ ਦਿਲ 'ਚ ਕੋਈ ਦੁਆ ਕਰੇ
ਇਹ ਜ਼ਮੀਨ ਹੋਵੇ ਸੁਰਾਂਗਲੀ
ਇਹ ਦਰਖਤ ਹੋਣ ਹਰੇ ਭਰੇ
ਏਥੋਂ ਕੁਲ ਪਰਿੰਦੇ ਹੀ ਉੜ ਗਏ
ਏਥੇ ਮੇਘ ਆਉਂਦੇ ਵੀ ਮੁੜ ਗਏ
ਏਥੇ ਕਰਨ ਅੱਜ ਕਲ ਬਿਰਖ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ
ਨ ਤਾਂ ਕੁਰਸੀਆਂ ਨੂੰ ਨ ਤਖਤ ਨੂੰ
ਨ ਸਲੀਬ ਸਖਤ ਕੁਰਖਤ ਨੂੰ
ਇਹ ਮਜ਼ਾਕ ਕਰਨ ਦਰਖਤ ਨੂੰ
ਬੜੇ ਸਮਝਦਾਰ ਨੇ ਮਸਖਰੇ
ਹੁਣ ਚੀਰ ਹੁੰਦਿਆਂ ਵੀ ਚੁਪ ਰਵੇ
ਹੁਣ ਆਰਿਆਂ ਨੂੰ ਵੀ ਛਾਂ ਦਵੇ
ਇਹ ਜੁ ਆਖਦਾ ਸੀ ਮੈਂ ਬਿਰਖ ਹਾਂ
ਹੁਣ ਵਕਤ ਆਇਆ ਹੈ ਸਿੱਧ ਕਰੇ
ਮੈਂ ਚਲਾ ਕੇ ਤੀਰ ਕਮਾਨ 'ਚੋਂ
ਰੱਤ ਸਿੰਮਦੀ ਸੋਚਾਂ ਨਿਸ਼ਾਨ 'ਚੋਂ
ਤਾਂ ਦੁਆ ਇਹ ਨਿਕਲੇ ਜ਼ਬਾਨ 'ਚੋਂ
ਮੇਰਾ ਤੀਰ ਡਿੱਗ ਪਏ ਉਰੇ ਪਰੇ
ਮੇਰੇ ਪਿੰਡ ਦੀ ਨੀਂਦ ਨੂੰ ਚੀਰਦੀ
ਗੱਡੀ ਲੰਘੀ ਰਾਤ ਅਖੀਰ ਦੀ
ਟੁੱਟੀ ਨੀਂਦ ਬਿਰਖ ਫ਼ਕੀਰ ਦੀ
ਪੀਲੇ ਪੱਤੇ ਮੁਸਾਫ਼ਰ ਉੱਤਰੇ
ਕੋਈ ਲਫਜ਼ ਲਫਾਜ਼ਾਂ ਦੇ ਸਾਕ ਵਿਚ
ਨ ਘੁਟਨ ਸਹੇ ਕਿਸੇ ਵਾਕ ਵਿਚ
ਤਦੇ ਝਿਜਕਦਾਂ ਕੁੱਝ ਆਖਦਾ
ਕੁੱਝ ਲਿੱਖਦਿਆਂ ਮੇਰਾ ਮਨ ਡਰੇ
ਉਹ ਬਣਾ ਰਹੇ ਨੇ ਇਮਾਰਤਾਂ
ਅਸੀਂ ਲਿੱਖ ਰਹੇ ਹਾਂ ਇਬਾਰਤਾਂ
ਤਾਂ ਜੁ ਪੱਥਰਾਂ ਦੇ ਵਜੂਦ ਵਿਚ
ਕੋਈ ਆਤਮਾ ਵੀ ਰਿਹਾ ਕਰੇ
ਕੋਈ ਸਾਕ ਕਦ ਹੈ ਹਮੇਸ਼ ਤਕ
ਇਕ ਤਾਪਮਾਨ ਵਿਸ਼ੇਸ਼ ਤਕ
ਜੁੜੇ ਰਹਿਣ ਤੱਤਾਂ ਦੇ ਨਾਲ ਤੱਤ
ਫਿਰ ਟੁੱਟ ਕੇ ਹੋ ਜਾਵਣ ਪਰੇ
ਉਹ ਸੀ ਯੋਧਾ ਕਾਹਦਾ ਫਕੀਰ ਸੀ
ਉਹਦੇ ਲਫਜ਼ ਹੀ ਉਹਦੇ ਤੀਰ ਸੀ
ਤੇ ਉਹ ਲਫਜ਼ ਕੱਢੇ ਜ਼ਬਾਨ 'ਚੋਂ
ਪਹਿਲਾਂ ਆਪਣੀ ਰੱਤ 'ਚ ਹੀ ਨਮ ਕਰੇ
ਕੁੱਝ ਲੋਕ ਆਏ ਸੀ ਬੇਸੁਰੇ
ਮੇਰੀ ਤੋੜ ਬਿਰਤੀ ਚਲੇ ਗਏ
ਹੁਣ ਮੁੜ ਕੇ ਰਾਗ ਪਿਰੋ ਰਿਹਾਂ
ਤੇ ਮੈਂ ਚੁਗ ਰਿਹਾਂ ਸੁਰ ਬਿੱਖਰੇ
ਇਕ ਵਾਕ ਸੁਣ ਕੇ ਸਿਹਰ ਗਏ
ਚੰਨ ਗੁੰਮਿਆਂ ਤਾਰੇ ਬਿਖਰ ਗਏ
ਮੇਰੇ ਮਨ ਦੇ ਨੀਰ ਗੰਧਲ ਗਏ
ਬੜੀ ਦੇਰ ਤੀਕ ਨ ਨਿੱਤਰੇ
ਚੱਲ ਸੂਰਜਾ, ਚੱਲ ਧਰਤੀਏ
ਮੁੜ ਸੁੰਨ ਸਮਾਧੀ 'ਚ ਪਰਤੀਏ
ਕੱਲ ਰਾਤ ਹੋਏ ਨੇ ਰਾਤ ਭਰ
ਏਹੀ ਤਾਰਿਆਂ ਵਿਚ ਤਜ਼ਕਰੇ
23. ਧੁੰਦਲਾ ਜਿਹਾ ਹੀ ਰਹਿਣ ਦੇ ਤੂੰ ਸੱਚ ਦਾ ਇੰਕਸ਼ਾਫ
ਧੁੰਦਲਾ ਜਿਹਾ ਹੀ ਰਹਿਣ ਦੇ ਤੂੰ ਸੱਚ ਦਾ ਇੰਕਸ਼ਾਫ
ਦੇਖੀ ਨ ਮੈਥੋਂ ਜਾਏਗੀ ਤਸਵੀਰ ਸਾਫ ਸਾਫ
ਪੱਥਰ ਜਿਹਾ ਇਕ ਬਹਿ ਗਿਆ ਪਾਣੀ ਦਾ ਕਾਲਜੇ
ਪਾਣੀ ਦਾ ਤਲ ਤਾਂ ਹੋ ਗਿਆ ਸ਼ੀਸ਼ੇ ਜਿਹਾ ਸ਼ਫਾਫ
ਰਾਤਾਂ ਨੂੰ ਹੁੰਦੀ ਹੈ ਜਿਰਹ ਨਿਤ ਉਸਦੇ ਕਾਲਜੇ
ਦਿਨ ਦੀ ਅਦਾਲਤ 'ਚੋਂ ਉਹ ਬੇਸ਼ਕ ਹੋ ਗਿਆ ਹੈ ਮਾਫ
ਛੁੰਹਦਾ ਹਾਂ ਤੇਰਾ ਜਿਸਮ ਮੈਂ ਪੜ੍ਹਦਾ ਜਿਵੇਂ ਬਰੇਲ
ਚੁੰਧਿਆ ਕੇ ਅੰਨ੍ਹਾਂ ਕਰ ਗਿਆ ਇਕ ਨਗਨ ਸੱਚ ਸ਼ਫਾਫ
ਵਾਅਦਾ ਮੁਆਫ ਬਣ ਗਿਆ ਹਉਕਾ ਹੀ ਇਕ ਗਵਾਹ
ਘੁੱਟਿਆ ਜੁ ਦਮ ਵਜੂਦ 'ਚੋਂ ਨਿਕਲੀ ਨ ਗੱਲ ਦੀ ਭਾਫ
ਜੜ ਤੀਕਰਾਂ ਹੈ ਹਿਲਾ ਗਿਆ ਤੂਫਾਨ ਬਿਰਖ ਨੂੰ
ਮਿੱਟੀ ਦੇ ਬਾਵਜੂਦ ਤੇ ਦਾਅਵੇ ਦੇ ਬਰਖਿਲਾਫ
ਤੂੰ ਵੀ ਕਿਤੇ ਹੈਂ ਜਾਗਦਾ ਮੇਰੇ ਹੀ ਵਾਂਗਰਾਂ
ਇਕ ਥਲ ਦੇ ਵਾਂਗ ਜਾਗਦਾ ਦੋਹਾਂ 'ਚ ਇਖਤਿਲਾਫ
ਦੇਖੇ ਤਪਾ ਕੇ ਰੂਹ 'ਚੋਂ ਮੈਂ ਕਤਰੇ ਕਸ਼ੀਦ ਕੇ
ਪੱਕਾ ਕੋਈ ਸਬੂਤ ਨਾ ਮਿਲਿਆ ਮੇਰੇ ਖਿਲਾਫ
ਲੈ ਜਾ ਇਹ ਜ਼ੇਵਰ ਇਸ਼ਕ ਦਾ ਆਂਦਰ ਦੀ ਡੋਰ ਤੋੜ,
ਕੱਢ ਲੈ ਕਿਸੇ ਕੁਠਾਲੀਓਂ ਲੱਭ ਲੈ ਕੋਈ ਸਰਾਫ਼
ਲਿਖ ਲਿਖ ਕੇ ਕਰਦਾਂ ਰੋਜ਼ ਮੈਂ ਨੀਲੇ ਬਹੁਤ ਸਫੇ
ਪਰ ਹਾਇ ਗਮ ਦੀ ਜ਼ਹਿਰ ਦਾ ਗਿਰਦਾ ਨਹੀਂ ਗਰਾਫ
ਮੁੱਕਿਆ ਨਾ ਮੇਰਾ ਦਰਦ ਸਭ ਮੁਕ ਗਏ ਨੇ ਕਾਫੀਏ
ਕਰਦਾਂ ਰਿਹਾਂ ਜ਼ਮੀਨ ਦੀ ਮੈਂ ਰਾਤ ਭਰ ਤਵਾਫ
ਮੈਂ ਕਾਫੀਏ ਦੀ ਭਾਲ ਵਿਚ ਜੰਗਲ 'ਚ ਆ ਗਿਆ
ਹਾਜ਼ਰ ਹਾਂ ਮੈਂ ਐ ਹਜ਼ੂਰ ਕਹਿ ਕੇ ਹੱਸ ਪਿਆ ਜਿਰਾਫ਼
24. ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ
ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ
ਕਾਮਨਾ ਵਿਚ ਵਰਜਣਾ ਉਲਝੀ ਪਈ ਏ
ਕਿਸ ਤਰਾਂ ਦਾ ਇਸ਼ਕ ਹੈ ਇਹ ਕੀ ਮੁਹੱਬਤ
ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ
ਦੁੱਖ ਹੁੰਦਾ ਹੈ ਜੇ ਮੈਨੂੰ ਗੈਰ ਛੋਹੇ
ਤਨ 'ਚ ਤੇਰੀ ਵੇਦਨਾ ਉਲਝੀ ਪਈ ਏ
ਰਾਤ ਦੇ ਸੀਨੇ 'ਚ ਤਿੱਖਾ ਦਿਨ ਦਾ ਖੰਜ਼ਰ
ਖਾਬ ਦੇ ਵਿਚ ਸੂਚਨਾ ਉਲਝੀ ਪਈ ਏ
ਸ਼ਬਦ, ਤਾਰਾਂ, ਖੌਫ, ਦੁੱਖ, ਵਿਸਮਾਦ, ਕੰਪਨ
ਕਿੰਜ ਮੇਰੀ ਸਿਰਜਣਾ ਉਲਝੀ ਪਈ ਏ ।
25. ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ
ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ
ਹੋਠਾਂ ਤੇ ਹਾਸਾ ਮਰ ਗਿਆ, ਦੰਦਾਸਾ ਰਹਿ ਗਿਆ
ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ
ਕੁਝ ਸੂਟ ਲਾਭੇਂ ਸਾਂਭ ਕੇ, ਰਖ ਗੂੜ੍ਹੇ ਰੰਗ ਦੇ
ਕਚੇ ਦੀ ਕਚੀ ਦੋਸਤੀ, ਟੁੱਟੀ ਤੇ ਪਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ
ਟੁਟਿਆ ਏ ਕਿਓਂ, ਗੂੜ੍ਹਾ ਜਿਹਾ ਚਸ਼ਮਾ ਖਰੀਦ ਲੈ
ਰੋ ਰੋ ਕੇ ਸੁੱਜੀਆਂ ਸੋਹਣੀਆਂ ਅਖੀਆਂ ਲੁਕਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ
ਵਿਛੜੇ ਸਜਣ ਨੇ ਖੁਆਬ ਵਿਚ, ਸੀਨੇ ਨੂੰ ਲਾ ਕਿਹਾ
ਕਿਸਨੇ ਕਿਹਾ ਸੀ ਇੰਝ ਤੈਨੂੰ ਦਿਲ ਨੂੰ ਲਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ
ਲੰਘਾਂਗੇ ਤੇਰੀ ਵੀ ਗਲੀ, ਇਕ ਦਿਨ ਛਣਨ ਛਣਨ
ਤੇਰੇ ਬਿਨਾਂ ਵੀ ਜੀ ਰਹੇ ਹਾਂ ਇਹ ਦਿਖਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ
26. ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ
ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ
ਐਸੀਆਂ ਨੀਂਦਾਂ ਤੋਂ ਮੌਤਾਂ ਚੰਗੀਆਂ
ਤੇਰੇ ਉਚੇ ਦਰ 'ਤੇ ਦੀਵੇ ਬਾਲ ਕੇ
ਤੇਰੀਆਂ ਖ਼ੈਰਾਂ ਹੀ ਰਾਤੀਂ ਮੰਗੀਆਂ
ਲੰਘੀਆਂ ਹੋਈਆਂ ਗ਼ਮਾਂ ਦੀਆਂ ਪਲਟਣਾਂ
ਰਾਤ ਫਿਰ ਸੀਨੇ ਮੇਰੇ ਤੋਂ ਲੰਘੀਆਂ
ਕੌਣ ਇਨ੍ਹਾਂ ਦੇ ਸਾਵੇ ਪਹਿਰਨ ਲੈ ਗਿਆ
ਕਰ ਗਿਆ ਸ਼ਾਖਾਂ ਨੂੰ ਨੰਗ ਮੁਨੰਗੀਆਂ
ਰਾਤ ਉਹਨਾਂ ਮੂਰਤਾਂ ਤੋਂ ਡਰ ਗਿਆ
ਜੋ ਕਦੇ ਆਪੇ ਸੀ ਕੰਧੀ ਟੰਗੀਆਂ
ਰਾਤ ਇਕ ਦਰਿਆ ਸੁਣਾਉਂਦਾ ਸੀ ਗ਼ਜ਼ਲ
ਉਸ ਦੀਆਂ ਲਹਿਰਾਂ ਸੀ ਸੂਰਜ-ਰੰਗੀਆਂ
ਵਸਦੀਆਂ ਨੇ ਹੋਰ ਮਨ ਵਿਚ ਸੂਰਤਾਂ
ਮੂਰਤਾਂ ਤੂੰ ਹੋਰ ਘਰ ਵਿਚ ਟੰਗੀਆਂ
27. ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ
ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ
ਜੁ ਲੋ ਮੱਥੇ 'ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖਤ 'ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ
ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ
ਅਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪਰੀਤ ਪਿਆਰੀ ਹੈ
ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ
ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ
ਉਦੋਂ ਤਕ ਤੂੰ ਹੈਂ ਸਾਡੀ ਹਿੱਕ ਦੇ ਵਿਚ ਮਹਿਫੂਜ਼ ਮਰ ਕੇ ਵੀ
ਜਦੋਂ ਤਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ
ਫ਼ਕੀਰਾਂ ਦੇ ਸੁਖਨ ਕੁਛ ਯਾਰ, ਕੁਛ ਤਾਰੀਖ ਦੇ ਮੰਜ਼ਰ
ਜਦੋਂ ਮੈਂ ਜ਼ਖਮ ਖਾ ਲੈਨਾਂ ਮੇਰੀ ਖ਼ਾਤਰ ਪਨਾਹ ਬਣਦੇ
ਮੈਂ ਇਕ ਗੱਲ ਜਾਣਦਾਂ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ
ਉਹ ਜਿਹੜੀ ਲਿਸ਼ਕ ਉਠਦੀ ਹੈ ਜਦੋਂ ਸਭ ਰੁਖ ਸਿਆਹ ਬਣਦੇ
ਕਦੀ ਦਰਿਆ ਇੱਕਲਾ ਤੈਹ ਨਹੀਂ ਕਰਦਾ ਦਿਸ਼ਾ ਆਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਗ ਹੀ ਰਲ ਮਿਲ ਕੇ ਰਾਹ ਬਣਦੇ
ਅਚਨਚੇਤੀ ਕਿਸੇ ਬਿੰਦੂ 'ਚੋਂ ਚਸ਼ਮਾ ਫੁੱਟ ਪੈਂਦਾ ਹੈ
ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਹਮਖਾਹ ਬਣਦੇ
ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ-ਬਿੰਦੂ ਹਾਂ ਮੈਂ ਕੀ ਹਾਂ
ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾਹ ਬਣਦੇ
ਇਹ ਤੁਰਦਾ ਕੌਣ ਹੈ ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ
ਇਹ ਸੋਚਾਂ ਦਾ ਸਫਰ ਹੈ ਜਿਸ ਲਈ ਸੀਨੇ ਹੀ ਰਾਹ ਬਣਦੇ
ਜਦੋਂ ਤਕ ਲਫਜ਼ ਜਿਊਂਦੇ ਨੇ ਸੁਖਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ
ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ 'ਪਾਤਰ'
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ
28. ਆਪੋਧਾਪੀ ਮੱਚ ਗਈ
ਆਪੋਧਾਪੀ ਮੱਚ ਗਈ ਝੂਠ ਬਦੀ ਖੁਦਗਰਜ਼ੀਆਂ
ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ 'ਤੇ ਹੱਲਾ ਹੋ ਗਿਆ
ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ
ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ
ਬਿਰਤੀ ਜਿਹੀ ਬਿਖੇਰਦਾ ਲੱਗੀ ਟੇਕ ਉਖੇੜਦਾ
ਸੁਰਤ ਭੁਲਾਈ ਜਾਂਵਦਾ ਅੱਖੀਂ ਘੱਟਾ ਪਾਂਵਦਾ
ਕੱਪੜ-ਲੀੜ ਉਡਾਂਵਦਾ ਝੱਖੜ ਆਇਆ ਲਾਂਭ ਦਾ
ਮੈਂ ਤਾਂ ਸਭ ਕੁਝ ਸਾਂਭਦਾ ਯਾਰੋ ਝੱਲਾ ਹੋ ਗਿਆ
ਬੀਤੇ ਦਾ ਨਾ ਜ਼ਿਕਰ ਕਰ ਬਸ ਤੂੰ ਅਗਲਾ ਫਿਕਰ ਕਰ
ਪੁੰਗਰੀ ਪੌਧ ਸੰਭਾਲ ਤੂੰ ਮਰ ਨਾ ਮਰਦੇ ਨਾਲ ਤੂੰ
ਹੁਣ ਕੀ ਬਹਿ ਕੇ ਰੋਵਣਾ ਗਮ ਦੀ ਚੱਕੀ ਝੋਵਣਾ
ਜਿਹੜਾ ਕੁੱਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ
ਸਿਮ ਸਿਮ ਬਰਫਾਂ ਢਲਦੀਆਂ ਨਿਮ ਨਿਮ ਪਾਣੀ ਵਹਿ ਰਹੇ
ਛਮ ਛਮ ਕਣੀਆਂ ਵਰ੍ਹਦੀਆਂ ਝਿਮ ਝਿਮ ਰਿਸ਼ਮਾਂ ਕਰਦੀਆਂ
ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ
ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ
29. ਜੀ ਸਲਾਮ ਆਖਣਾਂ
ਕਹੇ ਸਤਲੁਜ ਦਾ ਪਾਣੀ
ਆਖੇ ਬਿਆਸ ਦੀ ਰਵਾਨੀ
ਸਾਡਾ ਜੇਹਲਮ-ਝਨਾਬ ਨੂੰ
ਸਲਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ
ਰਾਵੀ ਇੱਧਰ ਵੀ ਵਗੇ
ਰਾਵੀ ਉੱਧਰ ਵੀ ਵਗੇ
ਲੈ ਕੇ ਜਾਂਦੀ ਕੋਈ
ਸੁੱਖ ਦਾ ਸੁਨੇਹਾ ਜਿਹਾ ਲੱਗੇ
ਏਦੀ ਤੋਰ ਨੂੰ ਹੀ
ਪਿਆਰ ਦਾ ਪੈਗ਼ਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ
ਜਿੱਥੇ ਸੱਜਣਾਂ ਦੀ ਪੈੜ
ਜਿੱਥੇ ਗੂੰਜਦੇ ਨੇ ਗੀਤ
ਜਿੱਥੇ ਪੁੱਗਦੀਆਂ ਪ੍ਰੀਤਾਂ
ਓਹੀ ਥਾਂਵਾਂ ਨੇ ਪੁਨੀਤ
ਉਨ੍ਹਾਂ ਥਾਂਵਾਂ ਤਾਈਂ
ਸਾਡਾ ਪ੍ਰਣਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ
ਸਦਾ ਮਿਲਣਾਂ ਹੈ ਸੀਨਿਆਂ 'ਚ
ਨਿੱਘਾ ਪਿਆਰ ਲੈ ਕੇ
ਅਤੇ ਵਿੱਛੜਣਾਂ ਏ
ਮਿਲਣੇ ਦਾ ਇਕਰਾਰ ਲੈ ਕੇ
ਕਿਸੇ ਸ਼ਾਮ ਨੂੰ
ਨਾ ਅਲਵਿਦਾ ਦੀ ਸ਼ਾਮ ਆਖਣਾਂ
ਅਸੀਂ ਮੰਗਦੇ ਹਾਂ ਖੈਰਾਂ
ਸੁਬਹ-ਸ਼ਾਮ ਆਖਣਾਂ
ਜੀ ਸਲਾਮ ਆਖਣਾਂ
30. ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ
ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ
ਕਿਉਂ ਵਾਰ ਵਾਰ ਕਰਦਾ ਏਂ ਪਾਰ ਇਸ ਨਦੀ ਨੂੰ
ਹਰ ਵਾਰ ਹੋਰ ਲਹਿਰਾਂ ਹਰ ਵਾਰ ਹੋਰ ਪਾਣੀ
ਕਰ ਕੇ ਵੀ ਕਰ ਨ ਸਕਿਆ ਮੈਂ ਪਾਰ ਇਸ ਨਦੀ ਨੂੰ
ਹਰ ਵਾਰ ਸੱਜਰਾ ਪਾਣੀ ਹਰ ਵਾਰ ਸੁੱਚੀਆਂ ਲਹਿਰਾਂ
ਮੈਂ ਪਹਿਲੀ ਵਾਰ ਮਿਲਦਾਂ ਹਰ ਵਾਰ ਇਸ ਨਦੀ ਨੂੰ
ਖੁਰਦੇ ਨੇ ਖੁਦ ਕਿਨਾਰੇ ਪਰ ਸੋਚਦੇ ਵਿਚਾਰੇ
ਅਸੀਂ ਬੰਨ੍ਹ ਕੇ ਰੱਖਣਾ ਹੈ ਵਿਚਕਾਰ ਇਸ ਨਦੀ ਨੂੰ
ਇਹ ਪਰਬਤਾਂ ਦੀ ਜਾਈ ਕੀ ਜਾਣਦੀ ਏ ਚੋਟਾਂ
ਐਵੇਂ ਨਾ ਚੁੱਕ ਕੇ ਪੱਥਰ ਤੂੰ ਮਾਰ ਇਸ ਨਦੀ ਨੂੰ
ਵੁਹ ਦੇਸ਼ ਹੈ ਬੇਗਾਨਾ ਉਸ ਮੇਂ ਕਭੀ ਨਾ ਜਾਨਾ
ਸਮਝਾ ਰਹੀ ਹੈ ਹੱਦਾਂ ਸਰਕਾਰ ਇਸ ਨਦੀ ਨੂੰ
ਕਿਸੇ ਹੋਰ ਨਾਮ ਹੇਠਾਂ ਕਿਸੇ ਹੋਰ ਰੂਪ ਅੰਦਰ
ਪਹਿਲਾਂ ਵੀ ਹਾਂ ਮੈਂ ਮਿਲਿਆ ਇਕ ਵਾਰ ਇਸ ਨਦੀ ਨੂੰ
31. ਅਸਾਡੀ ਤੁਹਾਡੀ ਮੁਲਾਕਾਤ ਹੋਈ
ਅਸਾਡੀ ਤੁਹਾਡੀ ਮੁਲਾਕਾਤ ਹੋਈ
ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋਈ
ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ
ਤੇਰਾ ਮੁਖੜਾ ਦਿਸਿਆ ਤਾਂ ਪਰਭਾਤ ਹੋਈ
ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸਨ
ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ
ਮੈਂ ਉਸਦਾ ਹੀ ਲਫਜ਼ਾਂ ਅਨੁਵਾਦ ਕੀਤਾ
ਜੁ ਰੁੱਖਾਂ ਤੇ ਪੌਣਾਂ 'ਚ ਗੱਲਬਾਤ ਹੋਈ
ਉਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ
ਅਜਬ ਗੱਲ ਖਵਾਤੀਨੋ-ਹਜ਼ਰਾਤ ਹੋਈ
ਪਲਕ ਤੇਰੀ ਮਿਜ਼ਰਾਬ, ਦਿਲ ਸਾਜ਼ ਮੇਰਾ
ਸੀ ਅਨੁਰਾਗ ਦੀ ਇਉਂ ਸ਼ੁਰੂਆਤ ਹੋਈ
ਉਹ ਓਨਾ ਕੁ ਖੁਰਿਆ ਪਿਘਲਿਆ ਤੇ ਰੁਲਿਆ
ਹੈ ਜਿੰਨੀ ਕੁ ਜਿਸ ਜਿਸ ਦੀ ਔਕਾਤ ਹੋਈ
ਉਨ੍ਹੇ ਜ਼ਹਿਰ ਪੀਤੀ ਜਿਵੇਂ ਹੋਵੇ ਅੰਮ੍ਰਿਤ
ਨਹੀਂ ਐਵੇਂ ਸੁਕਰਾਤ ਸੁਕਰਾਤ ਹੋਈ
ਰਗਾਂ ਰਾਗ ਹੋਈਆਂ ਲਹੂ ਲਫਜ਼ ਬਣਿਆਂ
ਕਵੀ ਦੀ ਤੇ ਕਵਿਤਾ ਦੀ ਇਕ ਜ਼ਾਤ ਹੋਈ
32. ਚਿੜੀਆਂ
ਚਿੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ 'ਤੇ
ਚੁੰਝ-ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ 'ਤੇ
ਇਕ ਉਡਾਰੀ ਬਾਅਦ ਜਦ ਚਿੜੀਆਂ ਮੁੜ ਕੇ ਪਰਤੀਆਂ
ਗਾਇਬ ਕਿਧਰੇ ਹੋ ਗਈ, ਬੈਠੀਆਂ ਸੀ ਜਿਸ ਤਾਰ 'ਤੇ
ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇ
ਕੱਲ ਉਹ ਆਏ ਸ਼ਹਿਰ ਤੋਂ, ਧੂੜ ਉਡਾਉਂਦੀ ਕਾਰ 'ਤੇ
ਰੁੱਖ ਖੜੋਤੇ ਦੇਖਦੇ, ਫੁੱਲ ਖਿੜ ਖਿੜ ਕੇ ਹੱਸਦੇ
ਕੋਲੋਂ ਲੰਘਦੇ ਹੌਂਕਦੇ ਬੰਦਿਆਂ ਦੀ ਰਫਤਾਰ 'ਤੇ
ਬੰਦੇ ਕਿੱਧਰ ਜਾ ਰਹੇ ? ਫੁੱਲ ਪੁੱਛਦੇ, ਰੁੱਖ ਆਖਦੇ
ਖੁਸ਼ ਹੋਵਣ ਜਾ ਰਹੇ, ਹਰ ਇਕ ਕਾਰ ਸਵਾਰ 'ਤੇ
ਸੁੱਕੇ ਪੱਤਿਆਂ ਵਾਂਗਰਾਂ ਕਿਧਰ ਉਡਦੇ ਜਾ ਰਹੇ
ਕੈਸਾ ਝੱਖੜ ਝੁੱਲਿਆ ਬੰਦਿਆਂ ਦੇ ਸੰਸਾਰ 'ਤੇ
33. ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ
ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ
ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ
ਕਿਸੇ ਦਿਸਣਾ, ਕਿਸੇ ਨੇ ਗੁੰਮ ਹੋਣਾ
ਕਿਸੇ ਗੁੰਬਦ, ਕਿਸੇ ਬੁਨਿਆਦ ਹੋਣਾ
ਮੇਰੇ ਨ੍ਹੇਰੇ ਤੇ ਤੇਰੀ ਰੌਸ਼ਨੀ ਦਾ
ਹੈ ਮਨ ਵਿਚ ਉਮਰ ਭਰ ਸੰਵਾਦ ਹੋਣਾ
ਸੁਲਗਦੇ ਲਫਜ਼ ਨੇ ਸੜ ਜਾਣਗੇ ਇਹ
ਨਹੀਂ ਇਹਨਾਂ ਕਦੇ ਫਰਿਆਦ ਹੋਣਾ
ਉਦੋਂ ਸਮਝਣਗੇ ਲੋਕੀਂ ਦਿਲ ਦੀ ਅੱਗ ਨੂੰ
ਸਿਵੇ ਵਿਚ ਜਦ ਇਹਦਾ ਅਨੁਵਾਦ ਹੋਣਾ
34. ਕੱਚ ਦਾ ਗਲਾਸ
ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
ਤੇ ਮੈਨੂੰ ਅੰਮੜੀ ਨੇ
ਮੈਨੂੰ ਅੰਮੜੀ ਨੇ ਦਿੱਤੀਆਂ ਨੇ ਲੱਖ ਝਿੜਕਾਂ
ਤੇ ਮੇਰੇ ਨੈਣਾ ਵਿਚੋਂ
ਮੇਰੇ ਨੈਣਾ ਵਿਚੋਂ ਛਮ ਛਮ ਨੀਰ ਫੁਟਿਆ
ਮੇਰੇ ਨੈਣਾ ਵਿਚੋਂ
ਮੇਰੀ ਅੰਮੀਏ ਨੀ ਮੈਨੂੰ ਇੱਕ ਗੱਲ ਦੱਸ ਦੇ
ਲੋਕੀਂ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ ਨੇ
ਲੋਕੀਂ ਦਿਲ ਤੋੜ ਦਿੰਦੇ
ਏਹੋ ਜਿਹੇ ਗਲਾਸ ਨੀ ਮਾਏ ਵਿਕਦੇ ਲੱਖ ਬਜ਼ਾਰੀਂ
ਦਿਲ ਨਾ ਮਿਲਦੇ ਬਲਖ ਬੁਖਾਰੇ ਲੱਖੀਂ ਅਤੇ ਹਜ਼ਾਰੀਂ
ਕਿਰ ਜਾਂਦੇ ਨੈਣਾਂ ਦੇ ਮੋਤੀ ਮਾਏ ਝਿੜਕ ਨਾ ਮਾਰੀਂ
ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿਚ ਕੱਚ ਦੇ ਟੁਕੜੇ ਚਮਕਣ
ਦਿਲ ਟੁੱਟੇ ਟਾਂ ਚੋਰੀ ਚੋਰੀ ਅਖੀਉਂ ਅੱਥਰੂ ਬਰਸਣ
ਰੜਕਣ ਨਾ ਲੋਕਾਂ ਦੇ ਪੈਰੀਂ ਆਪਣੇ ਹੀ ਸੀਨੇ ਕਸਕਣ
ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
ਸਸਤੀਆਂ ਏਥੇ ਬਹੁਤ ਜ਼ਮੀਰਾਂ ਮਹਿੰਗੀਆਂ ਬਹੁਤ ਜ਼ਮੀਨਾਂ
ਮਹਿੰਗਾ ਰਾਣੀ-ਹਾਰ ਤੇ ਸਸਤਾ ਸੱਧਰਾਂ ਭਰਿਆ ਸੀਨਾ
ਦਿਲ ਦਾ ਨਿੱਘ ਨਾ ਮੰਗੇ ਕੋਈ ਸਭ ਮੰਗਦੇ ਪਸ਼ਮੀਨਾ
ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
ਮਾਏ ਨੀ ਸੁਣ ਮੇਰੀਏ ਮਾਏ ਕਰਮ ਏਨਾ ਹੀ ਕਰਦੇ
ਨਾ ਦੇ ਨੀ ਸੋਨੇ ਦਾ ਟਿੱਕਾ ਸਿਰ ਉੱਤੇ ਹੱਥ ਧਰਦੇ
ਮਾਏ ਨੀ ਕੁਝ ਹੋਰ ਨਾ ਮੰਗਾਂ ਰਾਂਝਾ ਮੈਨੂੰ ਵਰਦੇ
ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
35. ਮੇਰੇ ਅੰਦਰ ਵੀ ਚੱਲਦੀ ਹੈ ਇਕ ਗੁਫ਼ਤਗੂ
ਮੇਰੇ ਅੰਦਰ ਵੀ ਚੱਲਦੀ ਹੈ ਇਕ ਗੁਫ਼ਤਗੂ
ਜਿੱਥੇ ਮੇਰੇ ਲਫਜ਼ਾਂ 'ਚ ਢਲਦਾ ਹੈ ਮੇਰਾ ਲਹੂ
ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ
ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ
ਮੇਰੇ ਅੰਦਰ ਅਵਾਜ਼ਾਂ ਤਾਂ ਹਨ ਬੇਪਨਾਹ
ਮੇਰੇ ਮੱਥੇ 'ਚ ਪਰ ਅਕਲ ਦਾ ਤਾਨਾਸ਼ਾਹ
ਸਭ ਅਵਾਜ਼ਾਂ ਸੁਣੂੰ ਕੁਝ ਚੁਣੂੰ ਫਿਰ ਬੁਣੂੰ
ਫਿਰ ਬਿਆਨ ਆਪਣਾ ਕੋਈ ਜਾਰੀ ਕਰੂ
ਪਰਤ ਉਤਰੀ ਤਾਂ ਮੈਂ ਕਾਮ ਮੋਹ ਲੋਭ ਸਾਂ
ਹੋਰ ਉਤਰੀ ਤਾਂ ਜਲ ਖਾਕ ਅੱਗ ਪੌਣ ਸਾਂ
ਇਸ ਤੋਂ ਪਹਿਲਾਂ ਕਿ ਲੱਗਦਾ ਪਤਾ ਕੌਣ ਹਾਂ
ਹੋ ਗਿਆ ਹੋਂਦ ਆਪਣੀ ਤੋਂ ਹੀ ਸੁਰਖਰੂ
ਖਾਕ ਸੀ ਪੁਸ਼ਪ ਸੀ ਨੀਰ ਸੀ ਅਗਨ ਸੀ
ਬਾਝ ਪਹਿਰਾਵਿਆਂ ਵੀ ਕਦੋਂ ਨਗਨ ਸੀ
ਬੱਸ ਇਹ ਬੰਦੇ ਨੇ ਪੱਤੇ ਜਦੋਂ ਪਹਿਨ ਲਏ
ਹੋ ਗਈ ਨਗਨਤਾ ਦੀ ਕਹਾਣੀ ਸ਼ੁਰੂ
ਕਿੰਨੇ ਚਸ਼ਮੇ ਤੇ ਕਿੰਨੇ ਹੀ ਜੁਆਲਾਮੁੱਖੀ
ਕਿੰਨੀ ਕੋਮਲ ਅਤੇ ਕਿੰਨੀ ਖੂੰਖਾਰ ਵੀ
ਤੇਰੀ ਕੁਦਰਤ ਹੈ ਫੁੱਲ ਤੇ ਪਈ ਤਰੇਲ ਵੀ
ਤੇਰੀ ਕੁਦਰਤ ਹੀ ਹੈ ਹਿਰਨੀਆਂ ਦਾ ਲਹੂ
ਏਨੀ ਬੰਦਿਸ਼ 'ਚੋਂ ਬੰਦੇ ਨੇ ਕੀ ਲੱਭਿਆ
ਕੋਈ ਜੁਆਲਾਮੁੱਖੀ ਦਿਲ ਚ ਹੈ ਦੱਬਿਆ
ਏਸ ਅਗਨੀ ਨੂੰ ਸੀਨੇ 'ਚ ਹੀ ਰਹਿਣ ਦੇ
ਤਾ ਹੀ ਚੁੱਲ੍ਹਾ ਬਲੂ ਤਾਂ ਹੀ ਦੀਵਾ ਜਗੂ
ਮੈਂ ਨਹੀਂ ਮੰਨਦਾ ਸਾਂ ਨਹੀਂ ਜਾਣਦਾ
ਕਿ ਜਦੋਂ ਮੈਨੂੰ ਚੀਰੋਗੇ ਆਰੇ ਦੇ ਸੰਗ
ਇਕ ਅਸਹਿ ਚੀਸ ਹੋ ਇਕ ਅਕਹਿ ਦਰਦ ਬਣ
ਮੇਰੇ ਅੰਦਰੋਂ ਵੀ ਨਿਕਲੇਗਾ ਵਾਹਿਗੁਰੂ
ਮੈਂ ਹੀ ਮੈਂ ਜਦ ਕਿਹਾ ਤਾਂ ਖਮੋਸ਼ੀ ਤਣੀ
ਰੁੱਖ ਲੱਗੇ ਧੁਖਣ, ਪੌਣ ਧੂੰਆਂ ਬਣੀ
ਜਦ ਮੈਂ ਆਪਾਂ ਕਿਹਾ, ਪੱਤੇ ਬਣ ਗਏ ਸੁਰਾਂ
ਹੋਈ ਜੰਗਲ ਦੇ ਵਿਚ ਕੂਹੂਕੂ-ਕੂਹੂਕੂ
36. ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ
ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ
ਦੇਖਿਆ ਤਾਂ ਦੂਰ ਤਕ ਬਾਂਸਾਂ ਦਾ ਜੰਗਲ ਜਲ ਰਿਹਾ ਸੀ
ਆਦਮੀ ਦੀ ਪਿਆਸ ਕੈਸੀ ਸੀ ਕਿ ਸਾਗਰ ਕੰਬਦੇ ਸੀ
ਆਦਮੀ ਦੀ ਭੁੱਖ ਕਿੰਨੀ ਸੀ ਕਿ ਜੰਗਲ ਡਰ ਗਿਆ ਸੀ
ਲੋਕ ਕਿੱਥੇ ਜਾ ਰਹੇ ਸਨ ਲੋਕਤਾ ਨੂੰ ਮਿੱਧ ਕੇ
ਮਸਲ ਕੇ ਇਨਸਾਨੀਅਤ ਇਨਸਾਨ ਕਿੱਧਰ ਜਾ ਰਿਹਾ ਸੀ
ਕਿਸ ਤਰਾਂ ਦੀ ਦੌੜ ਸੀ, ਪੈਰਾਂ 'ਚ ਅੱਖਰ ਰੁਲ ਰਹੇ ਸਨ
ਓਹੀ ਅੱਖਰ ਜਿਹਨਾਂ ਅੰਦਰ ਮੰਜ਼ਿਲਾਂ ਦਾ ਥਹੁ ਪਤਾ ਸੀ
ਅਗਨ ਜਦ ਉੱਠੀ ਮੇਰੇ ਤਨ ਮਨ ਤਾਂ ਮੈਂ ਵੀ ਦੌੜਿਆ
ਪਰ ਤੇਰਾ ਹੰਝੂ ਮੇਰੇ ਰਾਹਾਂ 'ਚ ਦਰਿਆ ਬਣ ਗਿਆ ਸੀ
ਸੁੱਕ ਗਿਆ ਹਰ ਬਿਰਖ ਉਸ ਨੂੰ ਤਰਸਦਾ ਜਿਹੜੀ ਘੜੀ
ਕੁਆਰੀਆਂ ਕਣੀਆਂ ਨੇ ਲੈਰੇ ਪੱਤਿਆਂ 'ਤੇ ਬਰਸਣਾ ਸੀ
ਮੁੜ ਤਾਂ ਆਈਆਂ ਮੱਛਲੀਆਂ ਆਖਰ ਨੂੰ ਪੱਥਰ ਚੱਟ ਕੇ
ਪਰ ਉਨ੍ਹਾਂ ਦੇ ਮੁੜਨ ਤਕ ਪਾਣੀ ਵੀ ਪੱਥਰ ਹੋ ਗਿਆ ਸੀ
37. ਕਿੱਧਰ ਗਿਆ
ਹੁੰਦਾ ਸੀ ਏਥੇ ਸ਼ਖਸ ਇਕ ਸੱਚਾ ਕਿੱਧਰ ਗਿਆ
ਇਸ ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ਾ ਕਿੱਧਰ ਗਿਆ
ਜਾਂਦਾ ਸੀ ਮੇਰੇ ਪਿੰਡ ਨੂੰ ਰਸਤਾ ਕਿੱਧਰ ਗਿਆ
ਪੈੜਾਂ ਦੀ ਸ਼ਾਇਰੀ ਦਾ ਉਹ ਵਰਕਾ ਕਿੱਧਰ ਗਿਆ
ਜਦ ਦੋ ਦਿਲਾਂ ਨੂੰ ਜੋੜਦੀ ਇਕ ਤਾਰ ਟੁੱਟ ਗਈ
ਸਾਜ਼ਿੰਦੇ ਪੁੱਛਦੇ ਸ਼ਾਜ ਨੂੰ, ਨਗਮਾ ਕਿੱਧਰ ਗਿਆ
ਪਲਕਾਂ ਵੀ ਖੂਬ ਲੰਮੀਆਂ, ਕਜਲਾ ਵੀ ਖੂਬ ਪਰ
ਉਹ ਤੇਰੇ ਸੁਹਣੇ ਨੈਣਾਂ ਦਾ ਸੁਪਨਾ ਕਿੱਧਰ ਗਿਆ
ਸਭ ਨੀਰ ਗੰਧਲ, ਸ਼ੀਸ਼ੇ ਧੁੰਧਲੇ ਹੋਏ ਇਸ ਤਰ੍ਹਾਂ
ਹਰ ਸ਼ਖਸ ਪੁੱਛਦਾ ਏ, ਮੇਰਾ ਚਿਹਰਾ ਕਿੱਧਰ ਗਿਆ
ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀ ਭੀੜ ਵਿਚ
ਰੱਬ ਢੂੰਡਦਾ ਫਿਰਦਾ ਮੇਰਾ ਬੰਦਾ ਕਿੱਧਰ ਗਿਆ
ਧੁਖਦੀ ਜ਼ਮੀਨੋਂ ਉੱਠ ਕੇ ਅਰਸ਼ਾਂ 'ਤੇ ਪਹੁੰਚ ਕੇ
ਧੂੰਆਂ ਖਿਲਾਅ ਨੂੰ ਪੁੱਛਦਾ; ਅੱਲਾ ਕਿੱਧਰ ਗਿਆ
ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਉਹ ਕਹਿ ਸਕਣ
ਹਾਏ ਉਹ ਜਿਗਰੀ ਯਾਰਾਂ ਦਾ ਜਿਗਰਾ ਕਿੱਧਰ ਗਿਆ
ਬਣਿਆ ਖਬਰ ਅਖਬਾਰ ਦੀ, ਰੱਦੀ 'ਚ ਵਿਕ ਗਿਆ
ਟੁੱਕੜਾ ਜਿਗਰ ਦਾ, ਨੈਣਾਂ ਦਾ ਤਾਰਾ ਕਿੱਧਰ ਗਿਆ
ਹਰ ਵਾਰ ਛੱਬੀ ਜਨਵਰੀ ਮਾਯੂਸ ਪਰਤਦੀ
ਲੱਭਦੀ ਹੈ ਰੁੱਖ ਜੋ ਰੱਤ ਦਾ ਸੀ ਸਿੰਜਿਆ ਕਿੱਧਰ ਗਿਆ
ਕਿੱਥੇ ਗਏ ਉਹ ਯਾਰ ਮੇਰੇ, ਮੇਰਾ ਆਸਰਾ
ਉਹ ਧਰਮਾ, ਕਰਮਾ, ਸੁੱਚਾ ਤੇਰਾ ਪਿਆਰਾ ਕਿੱਧਰ ਗਿਆ
ਚੁੱਪ ਹੋ ਗਏ ਇਕ ਛਣਕਦੀ ਝਾਂਜਰ ਦੇ ਬੋਰ ਜਦ
ਮੇਲੇ 'ਚ ਸ਼ੋਰ ਮਚ ਗਿਆ ਮੇਲਾ ਕਿੱਧਰ ਗਿਆ
ਹੱਸਦਾ ਹੈ ਉਸ ਤੇ ਪੋਚ ਨਵਾਂ, ਪੁੱਛਦਾ ਇਕ ਬਜ਼ੁਰਗ
ਜਾਂਦਾ ਸੀ ਦਿਲ ਤੋਂ ਦਿਲ ਨੂੰ ਜੋ ਰਸਤਾ ਕਿੱਧਰ ਗਿਆ
ਸ਼ਾਇਰ ਤੇਰੇ ਕਲਾਮ ਵਿਚ ਹੁਣ ਪੁਖਤਗੀ ਤਾਂ ਹੈ
ਸਤਰਾਂ 'ਚੋਂ ਪਰ ਉਹ ਥਿਰਕਦਾ ਪਾਰਾ ਕਿੱਧਰ ਗਿਆ
'ਪਾਤਰ' ਨੂੰ ਜਾਣ ਜਾਣ ਕੇ ਪੁੱਛਦੀ ਹੈ ਅੱਜ ਹਵਾ
ਰੇਤੇ ਤੇ ਤੇਰਾ ਨਾਮ ਸੀ ਲਿੱਖਿਆ ਕਿੱਧਰ ਗਿਆ
38. ਮਿਆਨੋਂ ਤੇਗ ਨਾ ਤਰਕਸ਼ 'ਚੋਂ ਕੋਈ ਤੀਰ ਖਿੱਚਾਂਗਾ
ਮਿਆਨੋਂ ਤੇਗ ਨਾ ਤਰਕਸ਼ 'ਚੋਂ ਕੋਈ ਤੀਰ ਖਿੱਚਾਂਗਾ
ਮੈਂ ਇਸ ਰਮਣੀਕ ਜੰਗਲ ਦੀ ਸਿਰਫ ਤਸਵੀਰ ਖਿੱਚਾਂਗਾ
ਜੁ ਪਾਣੀ ਵਾਂਗ ਘੁਲਿਆ ਏ ਜੁ ਬਾਣੀ ਵਾਂਗ ਰਮਿਆ ਏ
ਕਿਵੇਂ ਆਪਣੇ ਤੇ ਉਸਦੇ ਦਰਮਿਆਨ ਲਕੀਰ ਖਿੱਚਾਂਗਾ
ਮੈਂ ਪਹਿਲਾਂ ਤਾਂ ਜਹਾਂਗੀਰੀ ਅਦਲ ਜ਼ੰਜ਼ੀਰ ਖਿੱਚਾਂਗਾ
ਤੇ ਆਖਰ ਤੰਗ ਆ ਕੇ ਮਿਆਨ 'ਚੋਂ ਵੀ ਖੁੱਭਿਆ ਤੀਰ ਖਿੱਚਾਂਗਾ
ਨਹੀਂ ਮੈਂ ਜੰਗ ਦਾ ਨਾਇਕ ਨਹੀਂ, ਪਾਤਰ ਹਾਂ ਐ ਧਰਤੀ
ਹਾਂ ਜ਼ਖਮੀ ਪਰ ਤੇਰੀ ਹਿੱਕ 'ਚੋਂ ਵੀ ਖੁੱਭਿਆ ਤੀਰ ਖਿੱਚਾਂਗਾ
ਜ਼ਮੀਨੋਂ ਫੁੱਟ ਪਊ ਚਸ਼ਮਾ ਜੇ ਖੁੱਭਿਆ ਤੀਰ ਖਿੱਚਾਂਗਾ
ਗੁਰੂ ਦੇ ਨਾਂ 'ਤੇ ਮੈਂ ਵੀ ਇਕ ਵਲੀ ਦਾ ਨੀਰ ਖਿੱਚਾਂਗਾ
39. ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨ ਮਿਲੇ
ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨ ਮਿਲੇ
ਦਿਖਾਈ ਦੇਣ, ਜੇ ਹੰਝੂ ਦੀ ਖੁਰਦਬੀਨ ਮਿਲੇ
ਸਦਾ ਭਟਕਦਾ ਰਿਹਾਂ ਮੈਂ ਗਜ਼ਲ ਦਾ ਖਾਨਾਬਦੋਸ਼
ਨਵਾਂ ਖਿਆਲ ਕੋਈ ਜਾਂ ਨਵੀਂ ਜ਼ਮੀਨ ਮਿਲੇ
ਹਰੇਕ ਲਫਜ਼ ਨੁੰ ਕੱਟਦੇ ਨੇ ਇਉਂ ਕਿ ਰੱਤ ਨਿਕਲੇ
ਤੇਰੇ ਕਲਾਮ ਨੂੰ ਕਿਆ ਖੂਬ ਨੁਕਤਾਚੀਨ ਮਿਲੇ
ਉਹ ਲਾਹ ਕੇ ਲੈ ਗਿਆ ਤਸਵੀਰ ਪਰ ਮੇਰੀ ਹਿੱਕ ਵਿਚ
ਉਹ ਮੇਖ ਭੁੱਲ ਗਿਆ ਆਖੀਂ ਜੇ ਉਹ ਮਕੀਨ ਮਿਲੇ
ਦੁਫਾੜ ਕਰ ਕੇ ਜ਼ਮੀਨਾਂ ਤੇ ਚੀਰ ਰੂਹੋਂ ਬਦਨ
ਸਿਊਣ ਵਾਸਤੇ ਵਿਧਵਾ ਨੂੰ ਇਕ ਮਸ਼ੀਨ ਮਿਲੇ
ਹਰੇਕ ਕੋਲ ਸੀ ਅਪਣਾ ਅਲੱਗ-ਅਲੱਗ ਪਾਣੀ
ਝਨਾਂ ਦੇ ਕੰਡੇ ਤੇ ਲਾਹੌਰ ਦੇ ਸ਼ੁਕੀਨ ਮਿਲੇ
ਮਿਠਾਸ ਝੂਠ ਦੀ ਪੀ ਪੀ ਨਾ ਟੁੱਟਣਾ ਸ਼ਹਿਰ ਦਾ ਤਾਪ
ਲਿਆ ਜੇ ਸੱਚ ਦੀ ਕੌੜੀ ਕਿਤੋਂ ਕੁਨੀਨ ਮਿਲੇ
ਸਿਵੇ 'ਚੋਂ ਲੈ ਗਏ ਪਹਿਚਾਣ ਕੇ ਉਹ ਸੀਨੇ ਦੀ ਲਾਟ
ਖੁਦਾ ਦਾ ਸ਼ੁਕਰ ਕਿ ਮੈਨੂੰ ਉਹ ਜਾਂਨਸ਼ੀਨ ਮਿਲੇ
40. ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ
ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ
ਅੰਬਰ ਨੂੰ ਛੂਹਣੋਂ ਪਹਿਲਾਂ ਮਿੱਟੀ 'ਚ ਰਲ ਨ ਜਾਵਾਂ
ਤਨ ਦੇ ਲਿਬਾਸ ਅੰਦਰ ਇਕ ਲਹਿਰ ਹਾਂ ਤੜਪਦੀ
ਦਰਿਆ ਦਿਸੇ ਤਾਂ ਕੰਬਾਂ ਕਿਤੇ ਇਸ 'ਚ ਰਲ ਨਾ ਜਾਵਾਂ
ਤੇਰੀ ਲਹਿਰ ਲਹਿਰ ਰੰਗ ਕੇ, ਮੈਂ ਤੇਰੇ 'ਚ ਅਸਤ ਹੋਣਾ
ਰਾਹ ਵਿਚ ਨ ਸ਼ਾਮ ਪੈ ਜਏ, ਕਿਤੇ ਦੂਰ ਢਲ ਨ ਜਾਵਾਂ
ਚਾਨਣ ਜਦੋਂ ਕਰੀਦਾ, ਤਾਂ ਸੇਕ ਵੀ ਜਰੀਦਾ
ਏਦਾਂ ਨਹੀਂ ਕਰੀਦਾ ਹਾਇ ਮੈਂ ਬਲ ਨ ਜਾਵਾਂ
ਅੱਜ ਕਲ ਉਹ ਵਾਕ ਬੁਣਦਾ, ਲਫਜ਼ਾਂ ਦੇ ਜਾਲ ਉਣਦਾ
ਕਿਤੇ ਨਜ਼ਮ ਹੋਣੋਂ ਪਹਿਲਾਂ ਦਿਲ 'ਚੋਂ ਨਿਕਲ ਨ ਜਾਵਾਂ
41. ਐ ਇਸ਼ਕ ਆਤਿਸ਼ ਤੂੰ ਚੀਰ ਨ੍ਹੇਰੇ
ਐ ਇਸ਼ਕ ਆਤਿਸ਼ ਤੂੰ ਚੀਰ ਨ੍ਹੇਰੇ
ਤੂੰ ਕਰ ਨ ਕੋਈ ਲਿਹਾਜ਼ ਆ ਜਾ
ਜੋ ਜੁਰਮ ਕਹਿੰਦੇ ਨੇ ਜਗਣ ਨੂੰ ਵੀ
ਤੂੰ ਜਾਲ ਰੀਤਾਂ ਰਿਵਾਜ ਆ ਜਾ
ਵਜੂਦ ਮੇਰਾ ਹਜ਼ਾਰ ਤਾਰਾਂ ਦਾ
ਬੇਸੁਰਾ ਅੱਜ ਏ ਸ਼ਾਜ ਆ ਜਾ
ਖਿਆਲ ਹੋ ਜਾਂ ਨੁਹਾਰ ਬਣ ਕੇ
ਐ ਸੋਜ਼ ਸਰਗਮਨਵਾਜ਼ ਆ ਜਾ
ਬਗੈਰ ਤੇਰੇ ਇਹ ਦਿਲ ਹੈ ਪੱਥਰ
ਹਵਾ ਹੈ ਗੁਮਸੁਮ ਫਿਜ਼ਾ ਹੈ ਬੋਝਲ
ਤੂੰ ਪੌਣ ਬਣ ਕੇ ਤੂੰ ਹੋ ਕੇ ਰਿਮਝਿਮ
ਐ ਨਜ਼ਮ ਨਾਜ਼ਕ ਮਿਜ਼ਾਜ ਆ ਜਾ
ਮੈਂ ਬੇਹੇ ਪਾਣੀ ਨੂੰ ਭਾਫ ਕਰਨਾ
ਮੈਂ ਫੇਰ ਕਣੀਆਂ ਦੇ ਵਾਂਗ ਵਰ੍ਹਨਾ
ਮੈਂ ਤੇਰੇ ਤੀਰਾਂ ਦਾ ਵਾਰ ਜਰਨਾ
ਐ ਮੇਰੇ ਸੂਰਜ ਸਿਰਾਜ ਆ ਜਾ
ਉਮੀਦ ਵਾਲੀ ਨ ਢਾਹ ਅਟਾਰੀ
ਨ ਬੰਦ ਕਰ ਇਹ ਉਡੀਕ ਬਾਰੀ
ਤੂੰ ਢੋ ਨ ਬੂਹੇ, ਬੁਝਾ ਨ ਦੀਵੇ
ਵਿਛੋੜਿਆ ਵੇ ਤੂੰ ਬਾਜ਼ ਆ ਜਾ
42. ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਓ ਸਰਦਲਾਂ ਤੋਂ ਚੁੱਕ ਕੇ ਅਖ਼ਬਾਰ ਆਈ ਹੈ
ਘਰਾਂ ਦੀ ਅੱਗ ਸਿਆਣੀ ਏ ਤਦੇ ਇਸ ਦੀ ਲਪੇਟ ਅੰਦਰ
ਬਗਾਨੀ ਧੀ ਹੀ ਆਈ ਹੈ ਕਿ ਜਿੰਨੀ ਵਾਰ ਆਈ ਹੈ
ਲਗਾਈ ਸੀ ਜੋ ਤੀਲਾਂ ਨਾਲ, ਬੁਝਦੀ ਨਾ ਅਪੀਲਾਂ ਨਾਲ
ਨਹੀਂ ਮੁੜਦੀ ਦਲੀਲਾਂ ਨਾਲ ਅਗਨ ਜੁ ਦੁਆਰ ਆਈ ਹੈ
ਐ ਮੇਰੇ ਸ਼ਹਿਰ ਦੇ ਲੋਕੋ ਬਹੁਤ ਖੁਸ਼ ਹੈ ਤੁਹਾਡੇ 'ਤੇ
ਤੁਹਾਡੇ ਸ਼ਹਿਰ ਵੱਲ ਗਿਰਝਾਂ ਦੀ ਇਹ ਜੋ ਡਾਰ ਆਈ ਹੈ
ਅਸਾਂ ਬੀਜੇ, ਤੁਸਾਂ ਬੀਜੇ, ਕਿਸੇ ਬੀਜੇ, ਚਲੋ ਛੱਡੋ
ਕਰੋ ਝੋਲੀ, ਭਰੋ ਅੰਗਿਆਰ, ਲਉ ਕਿ ਬਹਾਰ ਆਈ ਹੈ
ਨਦੀ ਏਨੀ ਚੜ੍ਹੀ ਕਿ ਨੀਰ ਦਹਿਲੀਜ਼ਾਂ 'ਤੇ ਚੜ੍ਹ ਆਇਆ
ਬਦੀ ਏਨੀ ਵਧੀ ਕਿ ਆਪਣੇ ਵਿਚਕਾਰ ਆਈ ਹੈ
ਕੋਈ ਕੋਂਪਲ ਨਵੀਂ ਫੁੱਟੀ ਕਿ ਕੋਈ ਡਾਲ ਹੈ ਟੁਟੀ
ਕਿ ਆਈ ਜਾਨ ਵਿਚ ਮੁੱਠੀ, ਕਿਸੇ ਦੀ ਤਾਰ ਆਈ ਹੈ
43. ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ ਆਦੀ
ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ ਆਦੀ,
ਮੇਰਾ ਫਰਜ਼ ਹਰ ਥਾਂ 'ਤੇ ਵੰਡਣਾ ਆਜ਼ਾਦੀ,
ਜੀਵੋ ਅਤੇ ਜੀਣ ਦੇਵੋ ਦਾ ਨਾਅਰਾ,
ਮੈਂ ਲਿਖਕੇ ਮਿਜ਼ਾਈਲਾਂ 'ਤੇ ਥਾਂ-ਥਾਂ 'ਤੇ ਘਲਦਾ,
ਮੈਂ ਲੋਕਾਂ ਦੇ ਹੱਕਾ ਦੀ ਰਾਖੀ ਦਾ ਵਾਰਿਸ,
ਥਾਂ-ਥਾਂ 'ਤੇ ਬੰਬਾਂ ਦੇ ਪਹਿਰੇ ਬਿਠਾਉਂਦਾ,
ਮੇਰਾ ਸ਼ੌਕ ਲਾਸ਼ਾਂ ਦੀ ਮੰਡੀ ਸਜਾਉਣਾ,
ਤੇ ਸਿਰਤਾਜ ਮਹਾਂ ਤਾਜਰਾਂ ਦਾ ਕਹਾਉਣਾ,
ਇਹ ਅੱਲਾਹ ਦੀ ਮਰਜ਼ੀ, ਖੁਦਾ ਦਾ ਹੈ ਭਾਣਾ,
ਸਲੀਬਾਂ ਤੁਹਾਡੇ ਹੀ ਅੰਗ ਸੰਗ ਹੈ ਰਹਿਣਾ,
ਤਿਰਸ਼ੂਲਾਂ, ਖੰਜਰਾਂ ਤੇ ਤੇਗਾਂ ਦੀ ਤੇਹ ਨੂੰ,
ਆਖਰ ਤੁਹਾਡੇ ਲਹੂ ਨੇ ਬੁਝਾਉਣਾ,
ਮੈਂ ਮਿਜ਼ਾਈਲਾਂ, ਐਟਮ, ਤਬਾਹੀ ਦਿਆਂਗਾਂ,
ਚੁੱਕਣਾ ਤੁਸੀਂ ਹੀ ਹੈ ਮਲਬਾ ਘਰਾਂ ਦਾ,
ਪਿੱਠਾਂ ਤੇ ਸਾਡੇ ਜੋ ਇਤਿਹਾਸ ਲਿਖਿਆ,
ਜ਼ਰਾ ਪੜ੍ਹਕੇ ਦੇਖੋ ਕੇ ਹਰ ਸਤਰ ਦੱਸੇ,
ਤੁਸੀ ਸਮਝਦੇ ਹੋ ਜਦੋਂ ਸਿਰ ਸਿਰਾਂ ਨੂੰ,
ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,
ਤੁਸੀ ਖੁਦ ਜ਼ਾਹਿਰ ਕਰੋ ਕਿ ਤੁਸਾਂ ਲਈ,
ਲਾਸ਼ਾਂ ਨੇ ਗੀਟੇ, ਤੇ ਗੀਟੇ ਖੁਦਾ ਨੇ,
ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,
ਤੁਸੀ ਕਾਤਲਾਂ ਨੂੰ ਮਹਾਂ ਨਾਇਕ ਕਹਿ ਕੇ,
ਆਪਣੇ ਸਿਰਾਂ ਤੇ ਬਿਠਾਉਂਦੇ ਰਹੇ ਹੋ,
ਅਸੀ ਫੇਰ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ,
44. ਹਿਕ ਵਿਚ ਖ਼ੰਜਰ ਡੋਬ ਕੇ ਸੌਂ ਗਏ, ਅਜਕਲ੍ਹ ਇਉਂ ਨਈਂ ਕਰਦੇ ਲੋਕ
ਹਿਕ ਵਿਚ ਖ਼ੰਜਰ ਡੋਬ ਕੇ ਸੌਂ ਗਏ, ਅਜਕਲ੍ਹ ਇਉਂ ਨਈਂ ਕਰਦੇ ਲੋਕ
ਹੁਣ ਤਾਂ ਦਿਲ ਨੂੰ ਦੁਖ ਜਿਹਾ ਲਾ ਕੇ, ਹੌਲੀ ਹੌਲੀ ਮਰਦੇ ਲੋਕ
ਮੈਂ ਕਦ ਸੂਹੇ ਬੋਲ ਉਗਾਏ, ਮੈਂ ਕਦ ਰੌਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ, ਇਸ ਬੇਨੂਰ ਨਗਰ ਦੇ ਲੋਕ
ਜਿਹੜੀ ਰੁਤ ਨੂੰ ‘ਉਮਰਾ’ ਕਹਿੰਦੇ ਉਸ ਦੀ ਠੰਡ ਵੀ ਕੈਸੀ ਹੈ
ਜਿਸ ਦਿਨ ਤੀਕ ਸਿਵਾ ਨਾ ਸੇਕਣ ਰਹਿਣ ਵਿਚਾਰੇ ਠਰਦੇ ਲੋਕ
ਰੇਤੇ ਉਤੋਂ ਪੈੜ ਮਿਟਦਿਆਂ ਫਿਰ ਵੀ ਕੁਛ ਚਿਰ ਲਗਦਾ ਹੈ
ਕਿੰਨੀ ਛੇਤੀ ਭੁੱਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ
ਲਿਸ਼ਕਦੀਆਂ ਤਲਵਾਰਾਂ ਕੋਲੋਂ ਅਜਕਲ ਕਿਹੜਾ ਡਰਦਾ ਹੈ
ਡਰਦੇ ਨੇ ਤਾਂ ਕੇਵਲ ਅਪਣੇ ਸ਼ੀਸ਼ੇ ਕੋਲੋਂ ਡਰਦੇ ਲੋਕ
ਜੋ ਤਲੀਆਂ ਤੇ ਚੰਦ ਟਿਕਾ ਕੇ ਗਲੀਆਂ ਦੇ ਵਿਚ ਫਿਰਦਾ ਹੈ
ਓਸ ਖੁਦਾ ਦੇ ਪਿੱਛੇ ਲੱਗੇ ਪਾਗਲ ਪਾਗਲ ਕਰਦੇ ਲੋਕ
ਇਹ ਇਕ ਧੁਖਦਾ ਰੁੱਖ ਆਇਆ ਹੈ, ਇਹ ਆਈ ਧੁਨ ਮਾਤਮ ਦੀ
ਇਨ੍ਹਾਂ ਲਈ ਦਰਵਾਜ਼ਾ ਖੋਲੋ ਇਹ ਤਾਂ ਅਪਣੇ ਘਰ ਦੇ ਲੋਕ
ਐਸੀ ਰਾਤ ਵੀ ਕਦੀ ਕਦੀ ਤਾਂ ਮੇਰੇ ਪਿੰਡ ਤੇ ਪੈਂਦੀ ਹੈ
ਦੀਵੇ ਹੀ ਬੁਝ ਜਾਣ ਨਾ ਕਿਧਰੇ ਹੌਕਾ ਲੈਣ ਨਾ ਡਰਦੇ ਲੋਕ
ਪੈਸਾ ਧੇਲਾ, ਜੱਗ ਝਮੇਲਾ, ਰੌਣਕ ਮੇਲਾ, ਮੈਂ ਮੇਰੀ
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ
ਰਾਜੇ-ਪੁੱਤਰਾਂ ਬਾਗ ਉਜਾੜੇ, ਦੋਸ਼ ਹਵਾ ਸਿਰ ਧਰਦੇ ਲੋਕ
ਬਾਗ ਤਾਂ ਉਜੜੇ, ਜਾਨ ਨਾ ਜਾਵੇ, ਏਸੇ ਗੱਲੋਂ ਡਰਦੇ ਲੋਕ
45. ਇਹ ਜੋ ਚੰਨ ਦੀ ਚਾਨਣੀ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪੜ੍ਹੀਏ ਤਾਂ ਤੇਰਾ ਖਤ ਹੈ, ਸੁਣੀਏ ਤਾਂ ਤੇਰੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾਂ ਦੀਵਿਆਂ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ
ਤੇਰੇ ਲਫ਼ਜ ਨੇ ਲਹੂ ਵਿੱਚ, ਤੇਰਾ ਰਾਗ ਹੈ ਰਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ, ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ
ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ
ਇਹ ਬਹਾਰ ਦਾ ਸੁਨੇਹਾ, ਤੇ ਸਵੇਰਿਆਂ ਦੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ
ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ
ਤੇ ਇਹ ਧੁੱਪ ਵੀ ਓੜਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ
ਨਫ਼ਰਤ ਦੇ ਤੀਰ ਚਲਦੇ, ਐਪਰ ਨਾ ਮੈਨੂੰ ਖਲਦੇ
ਮੇਰੀ ਆਤਮਾ ਦੁਆਲੇ, ਤੇਰੇ ਪਿਆਰ ਦੀ ਸੰਜੋ ਹੈ
ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋਅ ਹੈ
46. ਤੇਰੇ ਬਿਨ ਜੀ ਸਕੇ ਨਾ, ਇਉਂ ਤਾਂ ਨਹੀਂ
ਤੇਰੇ ਬਿਨ ਜੀ ਸਕੇ ਨਾ, ਇਉਂ ਤਾਂ ਨਹੀਂ,
ਤੇਰੇ ਬਿਨ ਦਿਨ ਪਰ ਇਉਂ ਗੁਜ਼ਰਦੇ ਨੇ
ਚੰਦ ਸੂਰਜ ਜਿਵੇਂ ਕਿ ਸਫ਼ਰੇ ਨੇ,
ਜੇਹੇ ਡੁਬਦੇ ਨੇ ਤੇਹੇ ਚੜ੍ਹਦੇ ਨੇ
ਲਫ਼ਜ਼ ਡਰਦੇ ਨੇ ਕੋਰੇ ਸਫਿਆਂ ਤੋਂ,
ਤੇ ਸਫ਼ੇ ਨਜ਼ਮ ਕੋਲੋਂ ਡਰਦੇ ਨੇ
ਅੱਗ ਦੇ ਲਾਂਬੂ ਧੂੰਏ ਦੀ ਭਾਸ਼ਾ ਵਿਚ,
ਤਰਜਮਾ ਹਰ ਸਤਰ ਦਾ ਕਰਦੇ ਨੇ
ਇਸ ਦਾ ਮਤਲਬ ਨ ਇਹ ਸਮਝ ਕਿ ਜਿਵੇਂ,
ਮੈਨੂੰ ਮਿੱਟੀ ਦੇ ਨਾਲ ਪਿਆਰ ਨਹੀਂ
ਜੇ ਮੈਂ ਆਖਾਂ ਕਿ ਅਜ ਇਹ ਤਪਦੀ ਹੈ,
ਜੇ ਮੈਂ ਆਖਾਂ ਕਿ ਪੈਰ ਸੜਦੇ ਨੇ
ਇਹ ਮੇਰੇ ਪਾਣੀਆਂ ਨੂੰ ਮਿਹਣਾ ਹੈ,
ਇਹ ਮੇਰੇ ਪਿਆਰ ਨੂੰ ਨਿਹੋਰਾ ਹੈ
ਮੇਰੇ ਹੁੰਦਿਆਂ ਬਹਾਰ ਦੀ ਰੁੱਤੇ,
ਤੇਰੇ ਟਾਹਣਾਂ ਤੋਂ ਪੱਤ ਝੜਦੇ ਨੇ
ਉਹ ਵੀ ਲੇਖਕ ਨੇ ਤਪਦੀ ਰੇਤ 'ਤੇ ਜੋ,
ਰੋਜ਼ ਲਿਖਦੇ ਨੇ ਹਰਫ਼ ਪੈੜਾਂ ਦੇ
ਉਹ ਵੀ ਪਾਠਕ ਨੇ ਸਰਦ ਰਾਤ 'ਚ ਜੋ,
ਤਾਰਿਆਂ ਦੀ ਕਿਤਾਬ ਪੜ੍ਹਦੇ ਨੇ
ਸੁੱਖਾਂ ਦੇ ਹਕਦਾਰ ਨੇ ਸਾਰੇ,
ਕੋਈ ਦੁੱਖਾਂ ਦਾ ਜ਼ਿੰਮੇਵਾਰ ਨਹੀਂ
ਕੋਈ ਖੁਦ ਜਗ ਕੇ ਨਾ ਬਣੇ ਸੂਰਜ,
ਧੁੱਪਾਂ ਮਲਣ ਨੂੰ ਸਾਰੇ ਲੜਦੇ ਨੇ
ਯਾਰ ਰੁੱਸੇ ਤੇ ਦੇਵਤੇ ਰੁੱਸੇ,
ਸਾਡੇ ਸਾਰੇ ਫਰੇਸ਼ਤੇ ਗੁੱਸੇ
ਸਾਡੇ ਚਿਹਰੇ ਦਾ ਕੋਈ ਅਕਸ ਨਹੀਂ,
ਨੀਰ ਕੋਲੋਂ ਦੀ ਇਉਂ ਗੁਜ਼ਰਦੇ ਨੇ
47. ਇਕ ਮੇਰੀ ਅਧਖੜ ਜਿਹੀ ਆਵਾਜ਼ ਹੈ
ਇਕ ਮੇਰੀ ਅਧਖੜ ਜਿਹੀ ਆਵਾਜ਼ ਹੈ
ਦੂਸਰੇ ਹੈ ਨਜ਼ਮ ਸੋ ਨਾਰਾਜ਼ ਹੈ
ਇਹ ਹੈ ਮੇਰੀ ਨਜ਼ਮ ਦੀ ਨਰਾਜ਼ਗੀ
ਪਿੰਜਰਾ ਹਾਂ ਮੈਂ ਤੇ ਉਹ ਪਰਵਾਜ਼ ਹੈ
ਕੁਛ ਨਾ ਕਹਿ ਖਾਮੋਸ਼ ਰਹਿ ਓ ਸ਼ਾਇਰਾ
ਸਭ ਨੂੰ ਤੇਰੇ ਕਹਿਣ ਤੇ ਇਤਰਾਜ਼ ਹੈ
ਸੁਣ ਤੇਰੀ ਆਵਾਜ਼ ਉਹ ਆ ਜਾਣਗੇ
ਹੱਥ ਜਿਨਾਂ ਦੇ ਸੀਨੇ-ਵਿੰਨਵਾਂ ਸਾਜ਼ ਹੈ
ਗੀਤ ਤੇਰੇ ਮੁਖਬਰੀ ਕਰ ਦੇਣਗੇ
ਤੇਰੀ ਹਿਕ ਵਿਚ ਰੌਸ਼ਨੀ ਦਾ ਰਾਜ਼ ਹੈ
ਜੋ ਜਗੇ ਉਸ ਦਾ ਨਿਸ਼ਾਨਾ ਬੰਨ੍ਹਦਾ
ਰਾਤ ਦਾ ਹਾਕਮ ਨਿਸ਼ਾਨੇਬਾਜ਼ ਹੈ
ਉਹ ਕਿ ਜਿਸ ਦੀ ਜਾਨ ਹੀ ਨ੍ਹੇਰੇ 'ਚ ਹੈ
ਉਸ ਨੂੰ ਸਾਡੇ ਜਗਣ ਤੇ ਇਤਰਾਜ਼ ਹੈ
ਤਗਮਿਆਂ ਦੀ ਥਾਂ ਤੇ ਹਿਕ ਵਿਚ ਗੋਲੀਆਂ
ਇਹ ਵੀ ਇਕ ਸਨਮਾਨ ਦਾ ਅੰਦਾਜ਼ ਹੈ
ਇਹ ਨਹੀਂ ਆਕਾਸ਼ਵਾਣੀ ਦੋਸਤੋ
ਇਹ ਤਾਂ ਧੁਖਦੀ ਧਰਤ ਦੀ ਆਵਾਜ਼ ਹੈ
48. ਲਫਜ਼ਾਂ ਦੀ ਦਰਗਾਹ
ਸੰਤਾਪ ਨੂੰ ਗੀਤ ਬਣਾ ਲੈਣਾ
ਮੇਰੀ ਮੁਕਤੀ ਦਾ ਇਕ ਰਾਹ ਤਾਂ ਹੈ
ਜੇ ਹੋਰ ਨਹੀਂ ਹੈ ਦਰ ਕੋਈ
ਇਹ ਲਫਜ਼ਾਂ ਦੀ ਦਰਗਾਹ ਤਾਂ ਹੈ
49. ਹੇ ਕਵਿਤਾ, ਮੈਂ ਮੁੜ ਆਇਆ ਹਾਂ
ਹੇ ਕਵਿਤਾ, ਮੈਂ ਮੁੜ ਆਇਆ ਹਾਂ
ਤੇਰੇ ਉਚੇ ਦੁਆਰ
ਜਿੱਥੇ ਹਰਦਮ ਸਰਗਮ ਗੂੰਜੇ
ਹਰ ਗਮ ਦਏ ਨਿਵਾਰ
ਕਿਸ ਨੂੰ ਆਖਾਂ, ਕਿੱਧਰ ਜਾਵਾਂ
ਤੇਰੇ ਬਿਨ ਕਿਸ ਨੂੰ ਦਿਖਲਾਵਾਂ
ਇਹ ਜੋ ਮੇਰੇ ਸੀਨੇ ਖੁੱਭੀ
ਅਣਦਿਸਦੀ ਤਲਵਾਰ
ਰੱਤ ਦੇ ਟੇਪੇ ਸਰਦਲ ਕਿਰਦੇ
ਜ਼ਖਮੀ ਹੋ ਹੋ ਪੰਛੀ ਗਿਰਦੇ
ਤੂੰ ਛੋਹੇਂ ਤਾਂ ਫਿਰ ਉਡ ਜਾਂਦੇ
ਬਣ ਗੀਤਾਂ ਦੀ ਡਾਰ
ਅੱਥਰੂ ਏਥੇ ਚੜ੍ਹਨ ਚੜ੍ਹਾਵਾ
ਜਾਂ ਸਿਸਕੀ ਜਾਂ ਹਉਕਾ ਹਾਵਾ
ਦੁੱਖੜੇ ਦੇ ਕੇ ਮੁਖੜੇ ਲੈ ਜਾਉ
ਗੀਤਾਂ ਦੇ ਸ਼ਿੰਗਾਰ
ਤੇਰੀਆਂ ਪੌੜੀਆਂ ਸੱਚੀਆਂ ਸੁੱਚੀਆਂ
ਹਉਕੇ ਤੋਂ ਹਾਸੇ ਤੱਕ ਉਚੀਆਂ
ਅਪਣੇ ਹਉਕੇ ਤੇ ਹੱਸ ਸਕੀਏ
ਵਰ ਦੇ ਦੇਵਣਹਾਰ
ਰੱਤ ਨੁੰ ਖਾਕ 'ਤੇ ਡੁੱਲਣ ਨਾ ਦੇ
ਡਿਗਣ ਤੋਂ ਪਹਿਲਾਂ ਲਫਜ਼ ਬਣਾ ਦੇ
ਲੈ ਕਵਿਤਾ ਦੀ ਸਤਰ ਬਣਾ ਦੇ
ਲਾਲ ਲਹੂ ਦੀ ਧਾਰ
ਕਰੁਣਾ ਦੇ ਸੰਗ ਝੋਲੀ ਭਰ ਦੇ
ਹੱਸ ਸਕਾਂ ਦੀਵਾਨਾ ਕਰ ਦੇ
ਦੁੱਖ ਸੁਖ ਜੀਵਨ ਮਰਨ ਦੀ ਹੱਦ ਤੋਂ
ਕਰ ਦੇਹ ਰੂਹ ਨੂੰ ਪਾਰ
ਸੀਨੇ ਦੇ ਵਿਚ ਛੇਕ ਨੇ ਜਿਹੜੇ
ਇਸ ਵੰਝਲੀ ਦੀ ਹੇਕ ਨੇ ਜਿਹੜੇ
ਲੈ ਵੈਰਾਗ ਨੂੰ ਰਾਗ ਬਣਾ ਦੇ
ਪੋਟਿਆਂ ਨਾਲ ਦੁਲਾਰ
ਹੇ ਕਵਿਤਾ, ਮੈਂ ਮੁੜ ਆਇਆ ਹਾਂ
ਤੇਰੇ ਉਚੇ ਦੁਆਰ
ਜਿੱਥੇ ਹਰ ਦਮ ਸਰਗਮ ਗੂੰਜੇ
ਹਰ ਗਮ ਦਏ ਨਿਵਾਰ
50. ਏਹੀ ਧੁੰਦਲੀ ਹੈ, ਮਾਫ ਕਰ ਸ਼ਾਇਰ
ਏਹੀ ਧੁੰਦਲੀ ਹੈ, ਮਾਫ ਕਰ ਸ਼ਾਇਰ
ਅਪਣੀ ਐਨਕ ਨੂੰ ਸਾਫ ਕਰ ਸ਼ਾਇਰ
ਵਾਂਗ ਸੂਰਜ ਦੇ ਤਪ ਕਿ ਮੀਂਹ ਬਰਸੇ
ਬੇਹੇ ਪਾਣੀ ਨੂੰ ਭਾਫ ਕਰ ਸ਼ਾਇਰ
ਤੇਰੀ ਕਵਿਤਾ 'ਚ ਹੈ ਤਰਫਦਾਰੀ
ਇਸ ਨੁੰ ਅਪਣੇ ਖਿਲਾਫ ਕਰ ਸ਼ਾਇਰ
ਜਿਸ ਤਰਾਂ ਨੇਰ੍ਹਿਆਂ 'ਚ ਦੀਪ ਜਗੇ
ਉਸ ਤਰਾਂ ਇਖਤਿਲਾਫ ਕਰ ਸ਼ਾਇਰ
ਜਾਤ ਹਉਮੈਂ ਹੈ, ਜ਼ਾਤ ਪਰਦਾ ਹੈ
ਜੋ ਬਣ ਇਨਕਿਸ਼ਾਫ ਕਰ ਸ਼ਾਇਰ
51. ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ
ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ
ਮੇਰੀ ਤਮੰਨਾ ਹੈ ਇਹ ਰਾਤੋ ਰਾਤ ਮਰ ਜਾਵੇ
ਸਫ਼ਾ ਹੀ ਜਿਸਦੇ ਸੁਖ਼ਨ ਦੀ ਤਪਿਸ਼ ਤੋਂ ਡਰ ਜਾਵੇ
ਤਾਂ ਓਸ ਸੁਲਗਦੇ ਸ਼ਾਇਰ ਦੀ ਅੱਗ ਕਿਧਰ ਜਾਵੇ
ਨਾ ਸਾਂਭੇ ਯਾਰ ਦਾ ਦਾਮਨ ਨਾ ਸ਼ਾਇਰੀ ਦੀ ਸਤਰ
ਰਲੇ ਨਾ ਖ਼ਾਕ ਵਿਚ ਉਹ ਹੰਝੂ ਤਾਂ ਕਿਧਰ ਜਾਵੇ
ਜੇ ਤੇਰੇ ਕੋਲ ਇਦ੍ਹੀ ਰਾਤ ਦੀ ਸਵੇਰ ਨਹੀਂ
ਤਾਂ ਇਸ ਨੂੰ ਆਖ ਦੇ ਇਹ ਲੋਏ ਲੋਏ ਘਰ ਜਾਵੇ
52. ਕੱਲ ਰਾਤੀਂ ਕੁਝ ਲੱਕੜਹਾਰੇ
ਕੱਲ ਰਾਤੀਂ ਕੁਝ ਲੱਕੜਹਾਰੇ
ਕਾਲੇ ਵਣ ਚੋਂ ਲੰਘ ਰਹੇ ਸਨ
ਸਾਵੇ ਸਾਵੇ ਬਿਰਖਾਂ ਕੋਲੋਂ
ਬਲਦਾ ਚੁੱਲ੍ਹਾ ਮੰਗ ਰਹੇ ਸਨ
ਕਿਹੜੇ ਸੇਕ ਨੇ ਇਉਂ ਪਿਘਲਾਏ
ਪਾਣੀ ਨੀਵੇਂ ਉੱਤਰ ਆਏ
ਧਰਤ ਸੁਹਾਗਣ ਦੇ ਪੋਰਾਂ ਨੂੰ
ਕਤਰਾ ਕਤਰਾ ਅੰਗ ਰਹੇ ਸਨ
ਲੰਘਦੇ ਨੰਗੇ ਬਾਜ਼ਾਰਾਂ 'ਚੋਂ
ਆਉਂਦੇ ਵਾਰਿਸ ਜਾਂਦੇ ਪੁਰਖੇ
ਉਹਲੇ ਉਹਲੇ ਬਚਦੇ ਫਿਰਦੇ
ਇਕ ਦੂਜੇ ਤੋਂ ਸੰਗ ਰਹੇ ਸਨ
ਲੋਹੇ ਨੂੰ ਹਥਿਆਰ ਬਣਾ ਕੇ
ਬੰਦੇ ਭੁੱਖ ਪਿਆਸ ਮਿਟਾ ਕੇ
ਆਪੇ ਘੜੀਆਂ ਮੂਰਤੀਆਂ ਤੋਂ
ਰੋ ਰੋ ਮਾਫੀ ਮੰਗ ਰਹੇ ਸਨ
ਇਕ ਬੰਦੇ ਦੇ ਹੁਕਮ ਦੇ ਬੱਧੇ
ਇਕ ਨੂੰ ਸੂਲੀ ਟੰਗ ਰਹੇ ਸਨ
ਕਿੰਨੇ ਕੋਲੋਂ ਦੁੱਖ 'ਚ ਡੁੱਬੇ
ਚੁਪ ਚੁਪੀਤੇ ਲੰਘ ਰਹੇ ਸਨ
ਅਰਸ਼ 'ਤੇ ਤਾਰੇ ਧਰਤ 'ਤੇ ਅੱਖਰ
ਚਮਕ ਰਹੇ ਸਨ ਰਾਤ ਬਰਾਤੇ
ਸਨ ਕੁਝ ਲੋਕ ਜੋ ਕਾਇਨਾਤ ਨੂੰ
ਪਿਆਰ ਦੇ ਰੰਗ 'ਚ ਰੰਗ ਰਹੇ ਸਨ
53. ਮੈਂ ਨਿਸਦਿਨ ਸੋਚਦਾ ਰਹਿੰਨਾਂ
ਮੈਂ ਨਿਸਦਿਨ ਸੋਚਦਾ ਰਹਿੰਨਾਂ ਮੈਂ ਹਰ ਪਲ ਸੁਲਗਦਾ ਰਹਿੰਨਾਂ
ਮੈਂ ਗੌਤਮ ਹਾਂ ਅਤੇ ਬੁੱਧ ਹੋਣ ਖਾਤਰ ਤੜਪਦਾ ਰਹਿੰਨਾਂ
ਸੁਜਾਤਾ ਦਾ ਕਟੋਰਾ ਵਣ ਦੇ ਵਿਚ ਮਨਜ਼ੂਰ ਸੀ ਮੈਨੂੰ
ਮੈਂ ਪਰ ਬੋਧੀ ਮਠਾਂ ਵਿਚ ਉਸ ਨੁੰ ਆਉਣੋਂ ਵਰਜਦਾ ਰਹਿੰਨਾਂ
ਇਬਾਰਤ ਮੈਂ ਨਹੀਂ ਕੋਈ, ਸ਼ਿਲਾਲੇਖੀਂ ਲਿਖੀ ਹੋਈ
ਮੈਂ ਹਾ ਇਕ ਬਣ ਰਿਹਾ ਫਿਕਰਾ ਜੁ ਅਕਸਰ ਬਦਲਦਾ ਰਹਿੰਨਾਂ
ਮਿਲੇ ਇਸ ਮੋੜ 'ਤੇ ਪੂਰਬ ਤੇ ਅਗਲੇ ਮੋੜ 'ਤੇ ਪੱਛਮ
ਮੈਂ ਦਿਨ ਵਿਚ ਕਿੰਨੀ ਵਾਰੀ ਉਗਮਦਾ ਤੇ ਅਸਤਦਾ ਰਹਿੰਨਾਂ
ਬਦਨ ਦੇ ਵਾਂਗ ਮਿਲ ਕੇ ਜਿਸ ਘੜੀ ਮੈਂ ਸ਼ਾਂਤ ਹੋ ਜਾਨਾਂ
ਉਦੋਂ ਵੀ ਆਤਮਾ ਦੇ ਵਾਂਗ ਅੰਦਰੋਂ ਤੜਪਦਾ ਰਹਿੰਨਾਂ
ਜਿਵੇਂ ਬਲਦੀ ਹੈ ਕੋਈ ਹੋਮ ਯੱਗ ਦੀ ਅੱਗ ਮੇਰੇ ਅੰਦਰ
ਪਵਿੱਤਰ ਹੋਣ ਖਾਤਰ ਇਉਂ ਮੈਂ ਅਕਸਰ ਸੁਲਗਦਾ ਰਹਿੰਨਾਂ
54. ਉਨ੍ਹਾਂ 'ਤੇ ਰਹਿਮ ਕਰੋਗੇ ਤਾਂ ਕਰਨਗੇ ਉਹ ਵੀ
ਉਨ੍ਹਾਂ 'ਤੇ ਰਹਿਮ ਕਰੋਗੇ ਤਾਂ ਕਰਨਗੇ ਉਹ ਵੀ
ਨਹੀਂ ਤਾਂ ਤੜਪ ਕੇ ਵਿਹੁ ਨਾਲ ਭਰਨਗੇ ਉਹ ਵੀ
ਨਿਆਂ ਕਰੋਗੇ ਉਨ੍ਹਾਂ ਨਾਲ ਤਾਂ ਭਲਾ ਹੋਊ
ਨਹੀਂ ਤਾਂ ਕਹਿਰ ਦੇ ਕਾਨੂੰਨ ਘੜਨਗੇ ਉਹ ਵੀ
ਜਿਨ੍ਹਾਂ ਦਾ ਜਿਉਣ ਹੈ ਮੌਤੋਂ ਬੁਰਾ, ਉਨ੍ਹਾਂ ਹੱਥੋਂ
ਜਿਨ੍ਹਾਂ ਨੂੰ ਜ਼ਿੰਦਗੀ ਪਿਆਰੀ ਹੈ ਮਰਨਗੇ ਉਹ ਵੀ
ਮੈਂ ਪੱਤੇ ਤੇ ਲਿੱਖਿਆ ਇਕ ਵਾਕ ਖੁਦ ਪੜ੍ਹਿਆ,
ਦਿਓ ਤਿਹਾਇਆਂ ਨੂੰ ਜਲ ਝੋਲ ਭਰਨਗੇ ਉਹ ਵੀ
55. ਤੇਰੀ ਕਿੱਥੇ ਮੈਂ ਕੱਲ ਤਸਵੀਰ ਦੇਖੀ
ਤੇਰੀ ਕਿੱਥੇ ਮੈਂ ਕੱਲ ਤਸਵੀਰ ਦੇਖੀ
ਕਲੇਜੇ ਅਪਣੇ ਜਿਉਂ ਸ਼ਮਸ਼ੀਰ ਦੇਖੀ
ਮੈਂ ਅੱਖਾਂ ਮੀਟ ਕੇ ਆਪੇ ਨੂੰ ਤੱਕਿਆ
ਤਾਂ ਅਪਣੇ ਗਿਰਦ ਸੌ ਜ਼ੰਜੀਰ ਦੇਖੀ
ਲਿਖੀ ਇਕ ਰਾਤ ਉੱਤੇ ਸਾਨਗੀ ਨੇ
ਮੈਂ ਜਗਦੀ ਜਾਮਨੀ ਤਹਿਰੀਰ ਦੇਖੀ
ਮੈਂ ਏਨਾ ਨੇੜਿਓਂ ਪਾਣੀ ਨੂੰ ਤੱਕਿਆ
ਕਿ ਹਰ ਕਤਰੇ ਦੇ ਦਿਲ 'ਚ ਲਕੀਰ ਦੇਖੀ
ਨ ਮਿਲਿਆ ਗੀਤ ਸ਼ਬਦ ਖਿਆਲ ਕੋਈ
ਕਿਸੇ ਖੰਜ਼ਰ ਨੇ ਛਾਤੀ ਚੀਰ ਦੇਖੀ
ਜਦੋਂ ਦਾ ਨੇੜਿਓਂ ਤੱਕਿਆ ਮੈਂ ਖੁਦ ਨੂੰ
ਮੈਂ ਕੁਲ ਖਲਕਤ ਹੀ ਬੇ-ਤਕਸੀਰ ਦੇਖੀ
ਨਵੇਂ ਦੁੱਖ ਵਿਚ ਪੁਰਾਣੇ ਲਫਜ਼ ਤੜਪੇ
ਨਵੇਂ ਵਾਕਾਂ ਦੀ ਇਉਂ ਤਾਮੀਰ ਦੇਖੀ
56. ਕੀ ਮਜ਼ਾਲ ਜੋ ਸੱਚ ਦਾ ਪਿੰਡਾ
ਕੀ ਮਜ਼ਾਲ ਜੋ ਸੱਚ ਦਾ ਪਿੰਡਾ
ਕੱਜ ਸਕਣ ਬੇਗਾਨੀਆਂ ਲੀਰਾਂ
ਸਰਮਦ ਨੂੰ ਉਸ ਦੀ ਹੀ ਰੱਤ ਵਿਚ
ਢਕਿਆ ਸੀ ਨੰਗੀਆਂ ਸ਼ਮਸ਼ੀਰਾਂ
ਤ੍ਰੇੜੇ ਜਿਹੇ ਗਰੀਬ ਘਰਾਂ ਦਾ
ਕੀਤਾ ਇਹੋ ਇਲਾਜ ਅਮੀਰਾਂ
ਸ਼ਹਿਰ ਦੀਆਂ ਨੰਗੀਆਂ ਕੰਧਾਂ 'ਤੇ
ਲਾ ਦਿੱਤੀਆਂ ਨੰਗੀਆਂ ਤਸਵੀਰਾਂ
ਇਹ ਤਾਂ ਐਵੇਂ ਟੁੱਟਦੇ ਕਾਸੇ
ਉਹ ਹੋਵਣਗੇ ਅਸਲੀ ਹਾਸੇ
ਸੁਣਗੀਆਂ ਜਿਹਨਾਂ ਦੇ ਵਿਚੋਂ
ਟੁੱਟ ਰਹੀਆਂ ਜ਼ਾਲਮ ਜ਼ੰਜ਼ੀਰਾਂ
57. ਜਦ ਉਹ ਸੀਨੇ ਨੂੰ ਲੱਗ ਕੇ ਮਿਲੇ ਹੋਣਗੇ
ਜਦ ਉਹ ਸੀਨੇ ਨੂੰ ਲੱਗ ਕੇ ਮਿਲੇ ਹੋਣਗੇ
ਦਰਮਿਆਨ ਓਦੋਂ ਵੀ ਫਾਸਿਲੇ ਹੋਣਗੇ
ਕੋਈ ਦੱਬੇ ਦਿਲਾਂ ਵਿਚ ਗਿਲੇ ਹੋਣਗੇ
ਇਹ ਪੁਰਾਣੇ ਕੋਈ ਸਿਲਸਿਲੇ ਹੋਣਗੇ
ਮੈਨੂੰ ਦਿੱਤੇ ਜੇ ਉਸ ਨੇ ਤਾਂ ਐਵੇਂ ਨਹੀਂ
ਜ਼ਖਮ ਉਸ ਨੂੰ ਵੀ ਕਿਤਿਓਂ ਮਿਲੇ ਹੋਣਗੇ
ਢਕ ਲਏ ਹੋਣਗੇ ਵਕਤ ਦੀ ਧੂੜ ਨੇ
ਜ਼ਖਮ ਕੌਮਾਂ ਦੇ ਕਿੱਥੇ ਸਿਲੇ ਹੋਣਗੇ
ਜਿੱਦਾਂ ਪਾਣੀ ਨੂੰ ਮਿਲਦਾ ਏ ਪਾਣੀ ਅਜੇ
ਆਦਮੀ ਬਹੁਤ ਪਹਿਲਾਂ ਮਿਲੇ ਹੋਣਗੇ
ਇਕ ਮੁੱਦਤ ਲਹੂ ਧਰਤ ਨੇ ਜੀਰਿਆ
ਫੇਰ ਜਾ ਕੇ ਕਿਤੇ ਫੁੱਲ ਖਿਲੇ ਹੋਣਗੇ
ਸੱਚ ਦੇ ਇਕ ਸੁਖਨ ਸੰਗ ਜੋ ਢਹਿ ਗਏ
ਉਹ ਕਿਸੇ ਕੁਫਰ ਦੇ ਹੀ ਕਿਲੇ ਹੋਣਗੇ
ਜਾਲ 'ਚੋਂ ਮਛਲੀਆਂ ਜਲ 'ਚ ਫਿਰ ਸੁੱਟ ਗਏ
ਮੇਰੇ ਵਰਗੇ ਕੋਈ ਕਮ-ਦਿਲੇ ਹੋਣਗੇ
ਚੱਲ ਅਸੀਂ ਨ ਸਹੀ, ਸਾਡੀ ਉੱਮਤ ਸਹੀ
ਸੱਚੇ ਰਾਹੀਂ ਸਦਾ ਕਾਫਿਲੇ ਹੋਣਗੇ
58. ਗਜ਼ਲ ਇਕ ਲਹਿਰ ਦੇ ਉਛਲਣ ਦਾ ਨਾਂ ਹੈ
ਗਜ਼ਲ ਇਕ ਲਹਿਰ ਦੇ ਉਛਲਣ ਦਾ ਨਾਂ ਹੈ
ਕਿਨਾਰੇ ਖੋਰ ਕੇ ਪਰਤਣ ਦਾ ਨਾਂ ਹੈ
ਸ਼ਰਾ ਦੀ ਚਾਰਦੀਵਾਰੀ ਦੇ ਅੰਦਰ
ਗਜ਼ਲ ਤਾਂ ਇਸ਼ਕ ਦੇ ਤੜਪਣ ਦਾ ਨਾਂ ਹੈ
ਇਹ ਪਹਿਲਾਂ ਆਪਣੇ ਫਿਰ ਦੂਜਿਆਂ ਦੇ
ਗਜ਼ਲ ਤਾਂ ਦਿਲ ਦੇ ਵਿਚ ਉਤਰਨ ਦਾ ਨਾਂ ਹੈ
ਗਜ਼ਲ ਬੰਦਿਸ਼ ਤਾਂ ਹੈ ਪਰ ਰਾਗ ਵਰਗੀ
ਇਹ ਕੱਸੀਆਂ ਤਾਰਾਂ 'ਚੋਂ ਨਿਕਲਣ ਦਾ ਨਾਂ ਹੈ
ਦਰਖਤਾਂ, ਭਾਂਬੜਾਂ ਤੇ ਪੱਥਰਾਂ 'ਤੇ
ਗਜ਼ਲ ਤਾਂ ਨੀਰ ਬਣ ਬਰਸਣ ਦਾ ਨਾਂ ਹੈ
ਚਿਰਾਗਾਂ ਨੂੰ ਤੇ ਡੁੱਬਦੇ ਸੂਰਜਾਂ ਨੂੰ
ਗਜ਼ਲ ਲਫਜ਼ਾਂ ਦੇ ਵਿਚ ਸਾਂਭਣ ਦਾ ਨਾਂ ਹੈ
ਗਜ਼ਲ ਸੀਮਿਤ ਸੁਰਾਂ ਦੇ ਸਾਜ਼ ਵਿਚੋਂ
ਅਸੰਖਾਂ ਹੀ ਧੁਨਾਂ ਸਿਰਜਣ ਦਾ ਨਾਂ ਹੈ
59. ਛੁਹਣ ਲੱਗਿਆਂ ਸਚੇਤ ਹੋ ਜਾਣਾ
ਛੁਹਣ ਲੱਗਿਆਂ ਸਚੇਤ ਹੋ ਜਾਣਾ
ਮੇਰੇ ਹੱਥਾਂ ਦਾ ਰੇਤ ਹੋ ਜਾਣਾ
ਪਿਆਸ ਬਚ ਰਹਿਣੀ ਹੋਂਠ ਸੜ ਜਾਣੇ
ਮੈਂ ਤੜਪਣਾ ਤੇ ਪ੍ਰੇਤ ਹੋ ਜਾਣਾ
ਖਾਕ ਸਾਂ ਫੇਰ ਖਾਕ ਹੀ ਮੁੜ ਕੇ
ਮੈਂ ਵੀ ਗੀਤਾਂ ਸਮੇਤ ਹੋ ਜਾਣਾ
ਚਮਕਣਾ ਨੀਰ ਝਿੰਮਣਾਂ ਹੇਠੋਂ
ਨਸ਼ਰ ਤੇਰਾ ਵੀ ਭੇਤ ਹੋ ਜਾਣਾ
ਫਿਰ ਤੇਰੇ ਆਉਣ ਦੀ ਖਬਰ ਸੁਣ ਕੇ
ਹਾੜ ਮੇਰੇ ਨੇ ਚੇਤ ਹੋ ਜਾਣਾ
60. ਚੱਲ ਪਾਤਰ ਹੁਣ ਢੂੰਡਣ ਚੱਲੀਏ
ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਂਵਾਂ
ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ
ਗੱਡੀ ਚੜ੍ਹਨ ਦੀ ਕਾਹਲ ਬੜੀ ਸੀ ਕੀ ਕੁਝ ਰਹਿ ਗਿਆ ਓਥੇ
ਪਲਾਂ ਛਿਣਾਂ ਵਿਚ ਛੱਡ ਆਏ ਸਾਂ ਜੁਗਾਂ ਜੁਗਾਂ ਦੀਆਂ ਥਾਂਵਾਂ
ਅੱਧੀ ਰਾਤ ਹੋਏਗੀ ਮੇਰੇ ਪਿੰਡ ਉਤੇ ਇਸ ਵੇਲੇ
ਜਾਗਦੀਆਂ ਹੋਵਣਗੀਆਂ ਸੁੱਤਿਆਂ ਪੁਤਰਾਂ ਲਾਗੇ ਮਾਂਵਾਂ
ਮਾਰੂਥਲ ' ਚੋਂ ਭੱਜ ਆਇਆ ਮੈਂ ਆਪਣੇ ਪੈਰ ਬਚਾ ਕੇ
ਪਰ ਓਥੇ ਰਹਿ ਗਈਆਂ ਜੋ ਸਨ ਮੇਰੀ ਖਾਤਰ ਰਾਹਵਾਂ
ਮੇਰੇ ਲਈ ਜੋ ਤੀਰ ਬਣੇ ਸਨ ਹੋਰ ਕਲੇਜੇ ਲੱਗੇ
ਕਿੰਝ ਸਾਹਿਬਾਂ ਨੂੰ ਆਪਣੀ ਆਖਾਂ ਕਿਉਂ ਮਿਰਜ਼ਾ ਸਦਵਾਵਾਂ
ਮੈਂ ਸਾਗਰ ਦੇ ਕੰਢੇ ਬੈਠਾਂ ਕੋਰੇ ਕਾਗਜ਼ ਲੈ ਕੇ
ਓਧਰ ਮਾਰੂਥਲ ਵਿਚ ਮੈਨੂੰ ਟੋਲਦੀਆਂ ਕਵਿਤਾਵਾਂ
ਖ਼ਾਬਾਂ ਵਿਚ ਇਕ ਬੂਹਾ ਦੇਖਾਂ ਬੰਦ ਤੇ ਉਸ ਦੇ ਅੱਗੇ
ਕਈ ਹਜ਼ਾਰ ਰੁਲਦੀਆਂ ਚਿੱਠੀਆਂ 'ਤੇ ਮੇਰਾ ਸਰਨਾਵਾਂ
ਖੰਭਾਂ ਵਰਗੀਆਂ ਚਿੱਠੀਆਂ ਉਹਨਾਂ ਵਾਂਗ ਭਟਕ ਕੇ ਮੋਈਆਂ
ਮਰ ਜਾਂਦੇ ਨੇ ਪੰਛੀ ਜਿਹੜੇ ਚੀਰਦੇ ਸਰਦ ਹਵਾਵਾਂ
ਜਾਂ ਤਾਂ ਤੂੰ ਵੀ ਧੁੱਪੇ ਆ ਜਾ ਛੱਡ ਕੇ ਸ਼ਾਹੀ ਛਤਰੀ
ਜਾਂ ਫਿਰ ਰਹਿਣ ਦੇ ਮੇਰੇ ਸਿਰ ਤੇ ਇਹ ਸ਼ਬਦਾਂ ਦੀਆਂ ਛਾਵਾਂ
ਚੱਲ ਛੱਡ ਹੁਣ ਕੀ ਵਾਪਸ ਜਾਣਾ, ਜਾਣ ਨੂੰ ਬਚਿਆ ਕੀ ਏ
ਤੇਰੇ ਪੈਰਾਂ ਨੂੰ ਤਰਸਦੀਆਂ ਮਰ ਮੁਕ ਗਈਆਂ ਰਾਹਵਾਂ
ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਟੁਰਨਾ
ਠੁਮਕ ਠੁਮਕ ਜੇ ਨਾਲ ਨਾ ਚੱਲਣ ਸੱਜ-ਲਿਖੀਆਂ ਕਵਿਤਾਵਾਂ
61. ਜਿੰਦੇ ਨੀ ਅਸੀਂ ਅੱਜ ਤੇਰੇ ਮਹਿਮਾਨ
ਜਿੰਦੇ ਨੀ ਅਸੀਂ ਅੱਜ ਤੇਰੇ ਮਹਿਮਾਨ,
ਖਿੜਿਆ ਰਹੇ ਤੇਰਾ ਬਾਗ ਬਗੀਚਾ,
ਜਾਗਦੇ ਨੈਣ ਪਰਾਣ
ਤੈਨੂੰ ਕੀ ਦੱਸੀਏ ਨੀ ਕੱਲ੍ਹ ਦੀਏ ਖਿੜੀਏ,
ਉਮਰਾਂ ਦਾ ਇਤਿਹਾਸ,
ਕਿਹੜੇ ਜਨਮ ਦੇ ਅਸੀਂ ਗੁਨਾਹੀ
ਸਾਨੂੰ ਕੌਣ ਵੇਲੇ ਦੀ ਪਿਆਸ
ਘਰੋਂ ਤੁਰੇ ਸੀ ਅਸੀਂ ਸੂਹੇ 'ਤੇ ਸਾਵੇ
ਰਾਹਾਂ ਨੇ ਕੀਤੇ ਵਰਾਨ
ਮਾਵਾਂ ਨੇ ਤੋਰੇ ਸੀ ਚੁੰਮ ਕੇ ਮੱਥੇ
ਦੁੱਧ ਧੋਤੇ ਸੁਰਖ਼ਾਬ
ਦੇਸ ਬੇਗਾਨੇ ਜੋਬਨ ਫੁੱਟਿਆ
ਮੱਥੇ ਤੇ ਫੁੱਟ ਪਏ ਦਾਗ਼
ਹੁਣ ਤਾਂ ਤਨ ਮਨ ਵੇਸ ਵਟਾਏ
ਸਾਨੂੰ ਮਾਂ ਵੀ ਨਾ ਸਕੇ ਪਛਾਣ
ਘਰੋਂ ਤੁਰੇ ਸੀ ਅਸੀਂ ਤੇਰੇ ਵਰਗੇ
ਕਲੀਆਂ ਦੀ ਮੁਸਕਾਣ
ਨਿੱਕੇ ਨਿੱਕੇ ਹਾਸੇ ਤੇ ਨਿੱਕੇ ਨਿੱਕੇ ਰੋਸੇ
ਸਾਡੇ ਬੁੱਲ੍ਹੀਆਂ 'ਚੋਂ ਡੁੱਲ ਡੁੱਲ੍ਹ ਜਾਣ
ਤੇਰੇ ਤੀਕ ਅਪੜਦੇ ਬੁਝ ਗਏ
ਅਸੀਂ ਰਹੇ ਨਾ ਤੇਰੇ ਹਾਣ
ਜਿੰਦੇ ਨੀ ਅਸੀਂ ਅੱਜ ਤੇਰੇ ਮਹਿਮਾਨ,
ਖਿੜਿਆ ਰਹੇ ਤੇਰਾ ਬਾਗ ਬਗੀਚਾ,
ਜਾਗਦੇ ਨੈਣ ਪਰਾਣ।
62. ਕਿਹੜਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਸੀ
ਕਿਹੜਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਸੀ
ਉੱਤਰ ਹਰੇਕ ਪ੍ਰਸ਼ਨ ਦਾ ਓਥੇ ਕਟਾਰ ਸੀ
ਹਥਿਆਰ ਬੋਲਦੇ ਸੀ ਤੇ ਸ਼ਾਇਰ ਖ਼ਾਮੋਸ਼ ਸਨ
ਰਹਿਬਰ ਭਟਕ ਗਏ ਤੇ ਮਸੀਹਾ ਬਿਮਾਰ ਸੀ
ਕਬਰਾਂ 'ਚ ਚਹਿਲ ਪਹਿਲ ਸੀ, ਗਲੀਆਂ ਸੀ ਸੁੰਨੀਆਂ
ਸਿਵਿਆਂ 'ਚ ਲੋ ਸੀ ਹੋਰ ਹਰ ਥਾਂ ਅੰਧਕਾਰ ਸੀ
ਤੇਰਾ ਤੇ ਮੇਰਾ ਸੁਹਣਿਆਂ ਏਨਾ ਹੀ ਪਿਆਰ ਸੀ
ਬਦਲੀ ਹਵਾ ਦੇ ਸਿਰਫ਼ ਇਕ ਝੋਂਕੇ ਦੀ ਮਾਰ ਸੀ
ਯਾਦਾਂ 'ਚ ਧੁੰਦਲੇ ਹੋਣਗੇ, ਫਿਰ ਮਿਟ ਵੀ ਜਾਣਗੇ
ਉਹ ਨਕਸ਼ ਮੇਰੇ ਜਿਹਨਾਂ ਤੇ ਇਕ ਦਿਨ ਨਿਖ਼ਾਰ ਸੀ
ਸਮਿਆਂ ਦੀ ਗਰਦ ਹੇਠ ਹੁਣ ਉਹ ਗਰਦ ਹੋ ਗਈ
ਉਹ ਯਾਦ ਜੋ ਕਿ ਕਾਲਜੇ ਇਕ ਦਿਨ ਕਟਾਰ ਸੀ
ਆਪਾਂ ਮਿਲੇ ਤਾਂ ਮੈਂ ਕਿਹਾ ਮੈਂ ਹੁਣ ਨਾ ਵਿਛੜਨਾ
ਉਂਜ ਵਿਛੜਿਆ ਤਾਂ ਜ਼ਿੰਦਗੀ ਵਿਚ ਵਾਰ ਵਾਰ ਸੀ
ਮਾਸੂਮ ਤੇਰੇ ਨੈਣ ਯਾਦ ਆਏ ਤਾਂ ਰੋ ਪਿਆ
ਜੀਵਨ ਦਾ ਸੱਚ ਸੁਹਣਿਆਂ ਕਿੰਨਾ ਅੱਯਾਰ ਸੀ
ਇਕ ਵੇਲ ਵਿਛੜੀ ਬਿਰਖ ਤੋਂ ਤਾਂ ਬਿਰਖ ਰੋ ਪਿਆ
ਅੰਦਰੋਂ ਜਿਵੇਂ ਕਿ ਬਿਰਖ ਵੀ ਇਕ ਵੇਲਹਾਰ ਸੀ
63. ਕੀ ਖਬਰ ਸੀ ਜੱਗ ਤੈਨੂੰ ਇਸ ਤਰਾਂ ਭੁੱਲ ਜਾਇਗਾ
ਕੀ ਖਬਰ ਸੀ ਜੱਗ ਤੈਨੂੰ ਇਸ ਤਰਾਂ ਭੁੱਲ ਜਾਇਗਾ
ਡਾਕ ਨਿਤ ਆਏਗੀ ਤੇਰੇ ਨਾਂ ਦਾ ਖਤ ਨਾ ਆਇਗਾ
ਤੂੰ ਉਸੇ ਨੂੰ ਚੁੱਕ ਲਵੇਂਗਾ ਤੇ ਪੜ੍ਹੇਂਗਾ ਖਤ ਦੇ ਵਾਂਗ
ਕੋਈ ਸੁੱਕਾ ਪੱਤਾ ਟੁੱਟ ਕੇ ਸਰਦਲਾਂ ਤਕ ਆਇਗਾ
ਰੰਗ ਕੱਚੇ ਸੁਰਖੀਆਂ ਹੋਵਣਗੀਆਂ ਅਖਬਾਰ ਦੀਆਂ
ਤੇਰੇ ਡੁੱਲ੍ਹੇ ਖੂਨ ਦੀ ਕੋਈ ਖਬਰ ਤਕ ਨਾ ਲਾਇਗਾ
ਰੇਡੀਓ ਤੋਂ ਨਸ਼ਰ ਨਿਤ ਹੋਵੇਗਾ ਦਰਿਆਵਾਂ ਦਾ ਸ਼ੋਰ
ਪਰ ਤੇਰੇ ਥਲ ਤੀਕ ਕਤਰਾ ਨੀਰ ਦਾ ਨਾ ਆਇਗਾ
ਰਹਿਣਗੇ ਵੱਜਦੇ ਸਦਾ ਟੇਪਾਂ ਦੇ ਵਿੱਚ ਪੱਛਮ ਦੇ ਗੀਤ
ਸ਼ਹਿਰ ਦੀ ਰੋਂਦੀ ਹਵਾ ਦਾ ਜਿਕਰ ਤਕ ਨਾ ਆਇਗਾ
ਇਸ ਤਰਾਂ ਸਭ ਝੁਲਸ ਜਾਵਣਗੇ ਤੇਰੇ ਰੀਝਾਂ ਦੇ ਬਾਗ
ਮੋਹ ਦੀ ਸੰਘਣੀ ਛਾਂ ਦਾ ਤੈਨੂੰ, ਖਾਬ ਤਕ ਨਾ ਆਇਗਾ
ਤੂੰ ਭਲਾ ਕੀ ਕਰ ਸਕੇਂਗਾ ਔੜ ਦਾ ਕੋਈ ਇਲਾਜ
ਹੰਝੂ ਇੱਕ ਆਏਗਾ, ਉਹ ਵੀ ਪਲਕ ਤੇ ਸੁਕ ਜਾਇਗਾ
ਸੜਕ ਤੇ ਵੇਖੇਂਗਾ ਨੰਗੇ ਪੈਰ ਭੱਜਦੀ ਛਾਂ ਜਿਹੀ
ਇਹ ਮੁਹੱਬਤ ਹੈ ਜਾਂ, ਯਾਦ ਕੁਛ ਕੁਛ ਆਇਗਾ
64. ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ
ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ
ਸਾਡੀ ਅੱਖ ਚੋਂ ਡਿਗਦਾ ਹੰਝੂ ਸਾਡਾ ਚੋਣ-ਨਿਸ਼ਾਨ
ਤਾਨਸੇਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ
ਤਾਨ ਸੁਣੀ ਤਾਂ ਕਿਰ ਗਈ ਹੱਥੋਂ ਹੰਝੂ ਕਿਰਪਾਨ
ਕਾਲੀ ਰਾਤ ਵਰਾਨੇ ਟਿੱਲੇ ਏਦਾਂ ਬਰਸੇ ਮੀਂਹ
ਜਿਉਂ ਕੋਈ ਅਧਖੜ ਔਤ ਜਨਾਨੀ ਨਾਹਵੇ ਵਿੱਚ ਸ਼ਮਸ਼ਾਨ
ਰਾਤ ਟਿਕੀ ਵਿੱਚ ਰੋਵੇ ਸ਼ਾਇਰ ਜਾਂ ਲੱਕੜ ਦਾ ਖੂਹ
ਦੋਹਾਂ ਉੱਤੇ ਹੱਸੀ ਜਾਵੇ ਅੱਜ ਦਾ ਜੱਗ ਜਹਾਨ
ਟਿੰਡਾਂ ਦੇ ਵਿੱਚ ਗੁਟਕੂੰ ਬੋਲੇ ਕਦੀ ਨਾ ਚੱਲੇ ਖੂਹ
ਟਿੰਡਾਂ ਵਿੱਚ ਮੇਰੇ ਬਚੜੇ ਸੁੱਤੇ ਬੱਚੜਿਆਂ ਵਿੱਚ ਜਾਨ
ਧੁਖਦੀ ਧਰਤੀ, ਤਪਦੇ ਪੈਂਡੇ, ਸੜਦੇ ਰੱਬ ਦੇ ਜੀਅ
ਸ਼ਾਇਦ ਓਹੀ ਰੱਬ ਹੈ ਜਿਹੜਾ ਚੁੱਪ ਲਿਸ਼ਕੇ ਅਸਮਾਨ
65. ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ
ਕੱਚੀਆਂ ਸੀ ਕੰਧਾਂ ਉਹਦਾ ਥੋੜਾ ਜਿਹਾ ਦਰ ਸੀ
ਅੰਮੀ ਮੇਰੀ ਚਿੰਤਾ ਸੀ ਬਾਪੂ ਮੇਰਾ ਡਰ ਸੀ
ਓਦੋਂ ਮੇਰੀ ਅਉਧ ਯਾਰੋ ਐਵੇਂ ਫੁੱਲ ਭਰ ਸੀ
ਜਦੋਂ ਦਾ ਅਸਾਡੇ ਨਾਲ ਖ਼ੁਸ਼ੀਆਂ ਨੂੰ ਵੈਰ ਏ
ਦੋਦਲੀ ਦਸੂਤੀ ਫੁੱਲ ਪਾਉਣ ਭੈਣਾਂ ਮੇਰੀਆਂ
ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ
ਕੰਧਾਂ ਨਾਲੋਂ ਉੱਚੀਆਂ ਧਰੇਕਾਂ ਹੋਈਆਂ ਤੇਰੀਆਂ
ਤੋਰ ਡੋਲੀ ਤੋਰ ਹੁਣ ਕਾਹਦੀਆਂ ਨੇ ਦੇਰੀਆਂ
ਸਾਹ ਲੈ ਲੋਕਾ ਹਾਲੇ ਮੇਰੀ ਲੇਖਾਂ ਨਾਲ ਕੈੜ ਏ
ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ
ਸੂਰਜ ਦੇ ਚੜ੍ਹਨ 'ਚ ਹਾਲੇ ਬੜੀ ਦੇਰ ਸੀ
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ
ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ
ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ
ਕਿੱਥੋਂ ਦਿਆਂ ਪੰਛੀਆਂ ਨੂੰ ਕਿਥੋਂ ਚੋਗਾ ਲੱਭਿਆ
ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ
ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ
ਡੂੰਘਾ ਮੇਰੀ ਹਿੱਕ 'ਚ ਤਰੰਗਾ ਗਿਆ ਗੱਡਿਆ
ਝੁਲ ਓ ਤਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
66. ਇੱਕ ਦਿਨ-ਮੈਂ ਇੱਕ ਦਿਨ ਫੇਰ ਆਉਣਾ ਹੈ
ਓ ਖੁਸ਼ਦਿਲ ਸੋਹਣੀਓਂ ਰੂਹੋ,
ਰੁਮਝੁਮ ਰੁਮਕਦੇ ਖੂਹੋ,
ਮੇਰੇ ਪਿੰਡ ਦੀਓ ਜੂਹੋ,
ਤੁਸੀਂ ਹਰਗਿਜ਼ ਨਾ ਕੁਮਲਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਨੀ ਕਿੱਕਰੋ ਟਾਹਲੀਉ ਡੇਕੋ,
ਨੀ ਨਿੰਮੋ, ਸਾਫ਼ ਦਿਲ ਨੇਕੋ,
'ਤੇ ਪਿੱਪਲ਼ੋ, ਬਾਬਿਉ ਵੇਖੋ,
ਤੁਸੀਂ ਧੋਖਾ ਨਾ ਦੇ ਜਾਇਉ,
ਮੈਂ ਛਾਵੇਂ ਬਹਿਣ ਆਉਣਾ ਹੈ
ਮੈਂ ਇੱਕ ਦਿਨ ਫੇਰ ਆਉਣਾ ਹੈ
ਇਹਨਾਂ ਹਾੜ੍ਹਾਂ 'ਤੇ ਚੇਤਾਂ ਨੂੰ,
ਲੁਕੇ ਕੁਦਰਤ ਦੇ ਭੇਤਾਂ ਨੂੰ
ਇਹਨਾਂ ਰਮਣੀਕ ਖੇਤਾਂ ਨੂੰ
ਮੇਰਾ ਪ੍ਰਣਾਮ ਪਹੁੰਚਾਇਉ
ਮੈਂ ਇੱਕ ਦਿਨ ਫੇਰ ਆਉਣਾ ਹੈ
ਜੋ ਚੱਕ ਘੁੰਮੇ ਘੁਮਾਰਾਂ ਦਾ,
ਤਪੇ ਲੋਹਾ ਲੁਹਾਰਾਂ ਦਾ,
ਮੇਰਾ ਸੰਦੇਸ਼ ਪਿਆਰਾਂ ਦਾ,
ਉਹਨਾਂ ਤੀਕਰ ਵੀ ਪਹੁੰਚਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਕਿਸੇ ਵੰਝਲੀ ਦਿਉ ਛੇਕੋ,
ਮੇਰੇ ਮਿਰਜ਼ੇ ਦੀਉ ਹੇਕੋ,
ਮੇਰੇ ਸੀਨੇ ਦਿਉ ਸੇਕੋ,
ਕਿਤੇ ਮੱਠੇ ਨਾ ਪੈ ਜਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਇਹਨਾਂ ਦੋ-ਚਾਰ ਸਾਲਾਂ ਵਿੱਚ,
ਕਿ ਬੱਸ ਆਉਂਦੇ ਸਿਆਲ਼ਾਂ ਵਿੱਚ,
ਕਿ ਜਾਂ ਸ਼ਾਇਦ ਖਿਆਲਾਂ ਵਿੱਚ,
ਤੁਸੀਂ ਦਿਲ ਤੋਂ ਨਾ ਵਿਸਰਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਸਮੁੰਦਰ ਭਾਫ ਬਣ ਉੱਡਦਾ,
ਬਰਫ਼ ਬਣ ਪਰਬਤੀਂ ਚੜ੍ਹਦਾ,
ਇਹ ਨਦੀਆਂ ਬਣ ਕੇ ਫਿਰ ਮੁੜਦਾ,
ਮੇਰਾ ਇਕਰਾਰ ਪਰਤਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
67. ਚੰਨ-ਮੁੱਖ ਹਾਂ
ਚੰਨ-ਮੁੱਖ ਹਾਂ, ਸੀਨੇ ਲਾ, ਸਿਮਟਣ ਵੀ ਦੇ,
ਚਾਨਣੀਂ ਹਾਂ ਦੂਰ ਤੱਕ ਬਿਖਰਨ ਵੀ ਦੇ
ਪਕੜ ਰੱਖ ਜੋ ਉੱਗ ਸਕਾਂ ਤੇ ਖਿੜ ਸਕਾਂ,
ਮੁਕਤ ਵੀ ਕਰ, ਮਹਿਕ ਨੂੰ ਫੈਲਣ ਵੀ ਦੇ
ਤਪਿਸ਼ ਬਿਨ, ਸ਼ਿੱਦਤ ਬਿਨ ਕੀ ਬਰਸਣਾਂ,
ਮੈਨੂੰ ਕੁਝ ਗਰਜਣ ਵੀ ਦੇ, ਲਿਸ਼ਕਣ ਵੀ ਦੇ
ਨੀਰ, ਅੰਬਰ, ਪੌਣ ਤੋਂ ਨਿਖੜਣ ਵੀ ਦੇ,
ਛੱਡ ਜ਼ਰਾ ਮੈਨੂੰ ਤੂੰ ਕੁਝ ਸੋਚਣ ਵੀ ਦੇ
68. ਕਿਸੇ ਦੇ ਜਿਸਮ ਵਿੱਚ ਕਿੰਨੇ ਕੁ ਡੂੰਘੇ ਲੱਥ ਜਾਓਗੇ
ਕਿਸੇ ਦੇ ਜਿਸਮ ਵਿੱਚ ਕਿੰਨੇ ਕੁ ਡੂੰਘੇ ਲੱਥ ਜਾਓਗੇ,
ਕਿ ਆਖ਼ਰ ਲਾਸ਼ ਵਾਂਗੂੰ ਸਤਹ ਉੱਤੇ ਤੈਰ ਆਓਗੇ
ਜੇ ਨੀਲੀ ਰਾਤ ਨੂੰ ਪਾਣੀ ਸਮਝ ਕੇ ਬਣ ਗਏ ਕਿਸ਼ਤੀ,
ਨਮੋਸ਼ੀ ਬਾਦਬਾਨਾਂ ਦੀ ਦਿਨੇ ਕਿੱਥੇ ਛੁਪਾਓਗੇ
ਕਦੀ ਝਾਂਜਰ, ਕਦੀ ਖ਼ੰਜਰ, ਕਦੀ ਹਾਸਾ, ਕਦੀ ਹਉਕਾ,
ਛਲਾਵੀ ਪੌਣ ਤੋਂ ਰਾਤੀਂ ਭੁਲੇਖੇ ਬਹੁਤ ਖਾਓਗੇ
ਜਦੋਂ ਥਮ ਜਾਇਗਾ ਠੱਕਾ, ਜਦੋਂ ਹਟ ਜਾਇਗੀ ਬਾਰਿਸ਼,
ਜਦੋਂ ਚੜ੍ਹ ਆਇਗਾ ਸੂਰਜ ਤੁਸੀਂ ਵੀਂ ਪਹੁੰਚ ਜਾਓਗੇ
ਮੈਂ ਰੇਤਾ ਹਾਂ ਮੈਂ ਆਪਣੀ ਆਖ਼ਰੀ ਤਹਿ ਤੀਕ ਰੇਤਾ ਹਾਂ,
ਮੇਰੇ 'ਚੋਂ ਨੀਰ ਲਭਦੇ ਖ਼ੁਦ ਤੁਸੀਂ ਰੇਤ ਹੋ ਜਾਓਗੇ
69. ਇਹ ਉਦਾਸੀ, ਧੁੰਦ, ਇਹ ਸਭ ਕੁਝ ਕਿ ਜੋ ਚੰਗਾ ਨਹੀਂ
ਇਹ ਉਦਾਸੀ, ਧੁੰਦ, ਇਹ ਸਭ ਕੁਝ ਕਿ ਜੋ ਚੰਗਾ ਨਹੀਂ
ਮੈਂ ਉਦੈ ਹੋਣਾ, ਸਦਾ ਇਸ ਵਿਚ ਘਿਰੇ ਰਹਿਣਾ ਨਹੀਂ
ਕੁਫ਼ਰ, ਬਦੀਆਂ, ਖ਼ੌਫ਼ ਕੀ ਕੀ ਏਸ ਵਿਚ ਘੁਲਿਆ ਪਿਆ
ਮੇਰੇ ਦਿਲ ਦਰਿਆ ਤੋਂ ਵਧ ਦਰਿਆ ਕੋਈ ਗੰਧਲਾ ਨਹੀਂ
ਮੈਂ ਦਲੀਲਾਂ ਦੇ ਰਿਹਾਂ, ਖਪ ਰਿਹਾਂ, ਕੁਰਲਾ ਰਿਹਾਂ
ਪਰ ਅਜੇ ਰੂਹ ਦੀ ਅਦਾਲਤ ਚੋਂ ਬਰੀ ਹੋਇਆ ਨਹੀਂ
ਅਚਨਚੇਤੀ ਮੇਰੇ ਦਿਲ ਵਿਚ ਸੁਲਗ ਉਠਦਾ ਹੈ ਕਦੇ
ਹਾਲੇ ਤਕ ਮਕਤੂਲ ਮੇਰੇ ਦਾ ਸਿਵਾ ਠਰਿਆ ਨਹੀਂ
ਸ਼ੁਹਰਤਾਂ ਦੇ ਮੋਹ ਅਤੇ ਬਦਨਾਮੀਆਂ ਦੇ ਖ਼ੌਫ਼ ਤੋਂ
ਮੁਕਤ ਹੋ ਕੇ ਮੈਂ ਅਜੇ ਸਫਿਆਂ 'ਤੇ ਵਿਛ ਸਕਿਆ ਨਹੀਂ
ਮੇਰੀ ਰਚਨਾ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਦੀਵਾਰ 'ਤੇ
ਬੂਹਿਆਂ ਦੀਆਂ ਮੂਰਤਾਂ ਨੇ, ਪਰ ਕੋਈ ਬੂਹਾ ਨਹੀਂ
ਰੁੱਖ ਦੀਆਂ ਲਗਰਾਂ ਨੇ ਐਵੇਂ ਵਿਚ ਹਵਾ ਦੇ ਕੰਬਦੀਆਂ
ਇਹ ਕਿਸੇ ਥਾਂ ਜਾਣ ਦਾ ਕੋਈ ਦਸਦੀਆਂ ਰਸਤਾ ਨਹੀਂ
ਅਗਲਿਆਂ ਰਾਹਾਂ ਦਾ ਡਰ, ਇਸ ਥਾਂ ਦਾ ਮੋਹ, ਇਕ ਇੰਤਜ਼ਾਰ
ਬਿਰਖ ਤੋਂ ਬੰਦਾ ਅਜੇ ਤਕ ਹਾਇ ਮੈਂ ਬਣਿਆ ਨਹੀਂ
ਸ਼ੋਰ ਦੇ ਦਰਿਆ 'ਤੇ ਪੁਲ ਹੈ ਬੰਸਰੀ ਦੀ ਹੂਕ, ਪਰ
ਬੋਝ ਦਿਲ 'ਤੇ ਹੈ ਜੋ ਇਸ ਤੋਂ ਝੱਲਿਆ ਜਾਣਾ ਨਹੀਂ
ਲਾਟ ਬਣ ਜਗਿਆ ਨਹੀਂ, ਧੁਖਣੋਂ ਵੀ ਪਰ ਹਟਿਆ ਨਹੀਂ
ਦਿਲ ਤੋਂ ਮੈਂ ਏਸੇ ਲਈ ਮਾਯੂਸ ਵੀ ਹੋਇਆ ਨਹੀਂ
ਤੇਰਿਆਂ ਰਾਹਾਂ ਤੇ ਗੂੜ੍ਹੀ ਛਾਂ ਤਾਂ ਬਣ ਸਕਦਾ ਹਾਂ ਮੈਂ
ਮੰਨਿਆ ਸੂਰਜ ਦੇ ਰਸਤੇ ਨੂੰ ਬਦਲ ਸਕਦਾ ਨਹੀਂ
ਉਹ ਨੇ ਭੁੱਖੇ ਤੇ ਉਨ੍ਹਾਂ ਨੂੰ ਭੁੱਖਿਆਂ ਦਾ ਖ਼ੌਫ਼ ਹੈ
ਨੀਂਦ ਇਸ ਨਗਰੀ 'ਚ ਕੋਈ ਚੈਨ ਦੀ ਸੌਂਦਾ ਨਹੀਂ
70. ਪੈੜ ਦਾ ਹਰਫ਼
ਪੈੜ ਦਾ ਹਰਫ਼ ਕਦੋਂ ਥਲ 'ਤੇ ਲਿਖਣ ਦੇਂਦਾ ਏ
ਰੇਤ ਦਾ ਸੇਕ ਕਦੋਂ ਪੈਰ ਟਿਕਣ ਦੇਂਦਾ ਏ
ਤੋੜ ਲੈ ਜਾਣਗੇ ਲੋਕੀਂ ਜੇ ਨਾ ਤੋੜੇਗੀ ਹਵਾ
ਕੌਣ ਫੁੱਲਾਂ ਨੂੰ ਘੜੀ ਪਹਿਰ ਟਿਕਣ ਦੇਂਦਾ ਏ
ਡੋਬ ਲੈਂਦਾ ਏ ਕਲੇਜੇ ਵਿਚ ਖ਼ੰਜਰ ਵਾਂਗੂੰ
ਦਰਦ ਸੂਰਜ ਨੂੰ ਕਦੋਂ ਐਵੇਂ ਮਿਟਣ ਦੇਂਦਾ ਏ
ਖ਼ਾਕ ਕਰ ਦੇਂਦੀ ਏ ਬੰਦੇ ਨੂੰ ਸਹੀ ਮੁਲ ਦੀ ਤਲਾਸ਼
ਕੌਣ ਆਪੇ ਨੂੰ ਉਰ੍ਹਾਂ ਉਸ ਤੋਂ ਵਿਕਣ ਦੇਂਦਾ ਏ
ਇਹ ਜੁ ਦੀਵਾਰਾਂ ਨੇ ਇਹ ਤ੍ਰੇੜਾਂ ਲਈ ਵਰਕੇ ਨੇ
ਸਾਨੂੰ ਏਨ੍ਹਾਂ ਤੇ ਗ਼ਜ਼ਲ ਕੌਣ ਲਿਖਣ ਦੇਂਦਾ ਏ
71. ਜਿਸਮ ਦੀ ਰੇਤ ਤੇ ਇਕ ਲਫਜ਼ ਹੈ ਲਿਖਿਆ ਹੋਇਆ
ਜਿਸਮ ਦੀ ਰੇਤ ਤੇ ਇਕ ਲਫਜ਼ ਹੈ ਲਿਖਿਆ ਹੋਇਆ
ਪੌਣ ਦੇ ਰਹਿਮ ਤੇ ਇਖਾਲਕ ਹੈ ਟਿਕਿਆ ਹੋਇਆ
ਅੱਗ ਦਾ ਨਾਮ ਹੀ ਸੁਣਦਾ ਹਾਂ ਤਾਂ ਡਰ ਜਾਂਦਾ ਹਾਂ
ਮੈਂ ਜੁ ਪਿੱਤਲ ਹਾਂ ਖਰੇ ਸੋਨਿਓਂ ਵਿਕਿਆ ਹੋਇਆ
ਗੱਡੋ ਸੂਲੀ ਕਿ ਜ਼ਰਾ ਦੇਖੀਏ ਇਹ ਈਸਾ ਹੈ
ਜਾਂ ਕੋਈ ਹੋਰ ਉਦੇ ਭੇਸ 'ਚ ਲੁਕਿਆ ਹੋਇਆ
ਦੁੱਖ ਦੇ ਪਹਿਰ ਦੇ ਅੰਧੇਰ 'ਚ ਮੈਂ ਤੱਕਿਆ ਹੈ
ਮੇਰੇ ਦਿਲ ਵਿਚ ਖੁਦਾ ਹੈ ਕਿਤੇ ਛੁਪਿਆ ਹੋਇਆ
ਉਸ ਨੇ ਤਾਂ ਲਗਣਾ ਹੀ ਸੀ ਅਪਣੀ ਨਜ਼ਰ ਨੂੰ ਮੈਲਾ
ਜਿਸ ਨੇ ਸੂਰਜ ਨੂੰ ਰਕੀਬ ਅਪਣਾ ਸੀ ਮਿਥਿਆ ਹੋਇਆ
ਖੁਦ ਹੀ ਮੈਲੇ ਨੇ ਸਦਾਚਾਰ ਦੇ ਜ਼ਾਮਨ ਸ਼ੀਸ਼ੇ
ਕੋਈ ਚਿਹਰਾ ਨਾ ਜਿਨ੍ਹਾਂ ਵਾਸਤੇ ਉਜਲਾ ਹੋਇਆ
ਬਸ ਬਹਾਰ ਆਉਣ ਦੀ ਦੇਰੀ ਹੈ ਕਿ ਫੁੱਲ ਖਿੜਨੇ ਨੇ
ਮੇਰੀਆਂ ਬਦੀਆਂ ਨੂੰ ਪਤਝੜ ਨੇ ਹੈ ਢਕਿਆ ਹੋਇਆ
72. ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ
ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ
ਮੈਲੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ
ਚੰਨ ਏਕਮ ਦਾ, ਫੁੱਲ ਗੁਲਾਬ ਦਾ, ਸਾਜ਼ ਦੇ ਕੰਬਦੇ ਤਾਰ
ਕਿੰਨੇ ਖ਼ੰਜਰ ਅੱਖਾਂ ਸਾਂਹਵੇਂ ਲਿਸ਼ਕਣ ਵਾਰੋ ਵਾਰ
ਦਿਲ ਨੂੰ ਬੋਝਲ ਜਿਹੀਆਂ ਲੱਗਣ ਤੇਰੀਆਂ ਕੋਮਲ ਯਾਦਾਂ
ਪੱਥਰਾਂ ਕੋਲੋਂ ਚੁੱਕ ਨਾ ਹੁੰਦਾ ਹੁਣ ਫੁੱਲਾਂ ਦਾ ਭਾਰ
ਲੱਖਾਂ ਗੀਤਾਂ ਦੇ ਲਈ ਖੁੱਲ੍ਹੇ ਮੁਕਤੀ ਦਾ ਦਰਵਾਜ਼ਾ
ਦਿਲ ਵਿਚ ਕੋਈ ਐਸੀ ਖੁੱਭੇ ਚਾਨਣ ਦੀ ਤਲਵਾਰ
ਪੱਥਰ ਹੇਠਾਂ ਅੰਕੁਰ ਤੜਪੇ, ਹਰ ਅੰਕੁਰ ਵਿਚ ਫੁੱਲ
ਪੱਥਰ ਵਿਚ ਤਰੇੜਾਂ ਪਾ ਗਈ ਹਿੰਸਕ ਰੁੱਤ ਬਹਾਰ
ਮਿੱਟੀ ਉੱਤੇ, ਫੁੱਲ ਦੇ ਉੱਤੇ, ਤੇ ਸ਼ਾਇਰ ਦੇ ਦਿਲ ਤੇ
ਇਕ ਮੋਈ ਤਿਤਲੀ ਦਾ ਹੁੰਦਾ ਵੱਖੋ ਵੱਖਰਾ ਭਾਰ
ਚੜ੍ਹਦਾ ਚੰਦ, ਸਮੁੰਦਰ, ਵਜਦਾ ਸਾਜ਼ ਤੇ ਤੇਰੀ ਯਾਦ
ਮੈਂ ਵੀ ਸ਼ਾਮਲ ਹੋ ਜਾਵਾਂ ਤਾਂ ਚੀਜ਼ਾਂ ਹੋਵਣ ਚਾਰ
ਲੇਟੇ ਲੇਟੇ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਨੇ ਲੋਕ
ਰੋਜ਼ ਤਕਾਲੀਂ ਛਪ ਜਾਂਦਾ ਹੈ ਇਕ ਨੀਲਾ ਅਖ਼ਬਾਰ
73. ਉਦਾਸ ਵਕਤ 'ਚ ਮੈਂ ਅਪਣੀ ਡਾਇਰੀ ਨ ਲਿਖੀ
ਉਦਾਸ ਵਕਤ 'ਚ ਮੈਂ ਅਪਣੀ ਡਾਇਰੀ ਨ ਲਿਖੀ
ਸਫੇਦ ਸਫਿਆਂ ਤੇ ਮੈਂ ਮੈਲੀ ਜ਼ਿੰਦਗੀ ਨ ਲਿਖੀ
ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ
ਪਰ ਉਸ ਕਿਤਾਬ 'ਚ ਵੀ ਅਪਣੀ ਜੀਵਨੀ ਨ ਲਿਖੀ
ਮਲੂਕ ਫੁੱਲਾਂ ਨੂੰ ਜਦ ਵੀ ਕਦੇ ਮੈਂ ਖਤ ਲਿਖਿਆ
ਤਾਂ ਅਪਣੇ ਤਪਦਿਆਂ ਰਾਹਾਂ ਦੀ ਗਲ ਕਦੀ ਨ ਲਿਖੀ
ਚਿਰਾਗ ਲਿਖਿਆ ਬਣਾ ਕੇ ਚਿਰਾਗ ਦੀ ਮੂਰਤ
ਪਰ ਉਸ ਚਿਰਾਗ ਦੀ ਕਿਸਮਤ 'ਚ ਰੌਸ਼ਨੀ ਨ ਲਿਖੀ
ਜੁ ਉਡਦੀ ਜਾਏ ਹਵਾਵਾਂ 'ਚ ਪੰਛੀਆਂ ਵਾਗੂੰ
ਬਹੁਤ ਮੈਂ ਲਿਖਿਆ ਏ ਪਰ ਐਸੀ ਡਾਰ ਹੀ ਨ ਲਿਖੀ
ਬਹੁਤ ਜੁ ਲਿਖਿਆ ਗਿਆ ਮੈਂ ਵੀ ਓਹੀ ਲਿਖਦਾ ਰਿਹਾ
ਉਹ ਬਾਤ ਜੋ ਸੀ ਅਜੇ ਤੀਕ ਅਣਲਿਖੀ ਨ ਲਿਖੀ
74. ਸਹੀ ਹੈ ਮਾਲਕੋ, ਰਾਹਾਂ ਦੀ ਤਿਲਕਣ
ਸਹੀ ਹੈ ਮਾਲਕੋ, ਰਾਹਾਂ ਦੀ ਤਿਲਕਣ
ਗਲਤ ਸੀ ਮੇਰਿਆਂ ਪੈਰਾਂ ਦੀ ਥਿੜਕਣ
ਖਿਮਾ ਕਰਨਾ ਕਿ ਮੈਥੋਂ ਭੁੱਲ ਹੋ ਗਈ
ਬਿਨਾ ਪੁੱਛਿਆਂ ਹੀ ਕਰ ਦਿੱਤਾ ਮੈਂ ਚਾਨਣ
ਸਿਰਫ ਇਕ ਮੈਂ ਹੀ ਤਾਂ ਚਿਹਰਾ ਹਾਂ ਮੈਲਾ
ਉਹ ਸਾਰੇ ਸ਼ੀਸ਼ਿਆਂ ਦੇ ਵਾਂਗ ਲਿਸ਼ਕਣ
ਜੋ ਸਾਡਾ ਹਾਲ ਪੁੱਛਣ ਦੁੱਖ ਪਛਾਨਣ
ਉਨ੍ਹਾਂ ਨੂੰ ਕਹਿ ਨਾ ਐਵੇਂ ਖਾਕ ਛਾਨਣ
ਨਹੀਂ ਪੁਗਦੀ ਕਦੇ ਵੀ ਜੀਂਦਿਆਂ ਨੂੰ
ਇਹ ਸਾਹਾਂ ਦੀ ਹਵਾਵਾਂ ਨਾਲ ਅਣਬਣ
ਜਿਨ੍ਹਾਂ ਖਾਤਰ ਸਾਂ ਹੁਣ ਤਕ ਉਮਰ ਕੈਦੀ
ਪਤਾ ਨਈਂ ਉਹ ਪਛਾਨਣ ਨਾ ਪਛਾਨਣ
ਬਹੁਤ ਦਿਨ ਹੋ ਗਏ ਹੋਈ ਨਾ ਛਣਛਣ
ਹੈ ਝਾਂਜਰ ਨਾਲ ਕੀ ਪੈਰਾਂ ਦੀ ਅਣਬਣ
75. ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ
ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ
ਅਪਣੇ ਹੀ ਕੰਢੇ ਖੋਰ ਕੇ ਇਉਂ ਗੰਧਲਿਆ ਨ ਕਰ
ਅੱਗੇ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਵਿਚ
ਗੁੱਸੇ 'ਚ ਆ ਕੇ ਬੋਲ ਕੌੜੇ ਬੋਲਿਆ ਨ ਕਰ
ਹੁਣ ਧੀਆਂ ਪੁੱਤ ਜਵਾਨ ਨੇ ਤੇ ਅੱਗ ਦੀ ਉਮਰ ਹੈ
ਸਮਝਾ ਦਿਆ ਕਰ ਪਿਆਰ ਨਾਲ ਤੂੰ ਝਿੜਕਿਆ ਨ ਕਰ
ਕੁਦਰਤ ਵੀ ਕਾਇਮ ਰੱਖਦੀ ਏ ਸਮਤੋਲ ਸੁਹਣਿਆਂ
ਰਾਤਾਂ ਦਿਨਾਂ ਦੇ ਗੇੜ ਨੂੰ ਤੂੰ ਰੋਕਿਆ ਨ ਕਰ
ਦੁਨੀਆਂ ਨੇ ਵਸਦੀ ਰਹਿਣਾ ਏਂ ਸਾਡੇ ਬਗੈਰ ਵੀ
ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨ ਕਰ
ਬੱਸ ਅਪਣੀ ਤਹਿ ਹੇਠਾਂ ਪਏ ਪੱਥਰ ਹੀ ਤਕ ਸਕੇਂ
ਸੂਰਜ ਨ ਚੰਨ ਤਾਰੇ ਦਿਸਣ ਇਉਂ ਗੰਧਲਿਆ ਨ ਕਰ
ਜੇ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ
ਅਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨ ਕਰ
76. ਉਦਾਸ ਹੋਵੀਂ ਨਿਰਾਸ਼ ਹੋਵੀਂ
ਉਦਾਸ ਹੋਵੀਂ ਨਿਰਾਸ਼ ਹੋਵੀਂ
ਜਾਂ ਦਿਲ 'ਚ ਕੋਈ ਮਲਾਲ ਰੱਖੀਂ
ਪਰ ਇਹ ਵੀ ਹੈ ਇਕ ਪੜਾਅ ਸਫਰ ਦਾ
ਤੂੰ ਏਸ ਗੱਲ ਦਾ ਖਿਆਲ ਰੱਖੀਂ
ਮੈਂ ਹਿਜ਼ਰ ਤੇਰੇ ਦੇ ਪੱਤਣਾਂ ਤੋਂ
ਇਕ ਉਮਰ ਹੋਈ ਕਿ ਲੰਘ ਆਇਆਂ
ਮੈਂ ਏਨਾ ਰੋਇਆਂ ਕਿ ਲਹਿਰ ਹੋਇਆਂ
ਤੂੰ ਅਪਣੇ ਪੱਥਰ ਸੰਭਾਲ ਰੱਖੀਂ
ਵਜੂਦ ਤੋਂ ਤੂੰ ਵੀ ਸਾਜ਼ ਹੀ ਹੈਂ
ਤੇ ਆਪੇ ਸਾਜ਼ਨਵਾਜ਼ ਵੀ ਹੈਂ
ਤੂੰ ਸੁਣ ਖਮੋਸ਼ੀ ਦੀ ਧੁਨ ਤੇ ਖੁਦ ਨੂੰ
ਤੂੰ ਸੁਰ ਉਸੇ ਸਾਜ਼ ਨਾਲ ਰੱਖੀਂ
ਇਹ ਚੰਨ ਤਾਰੇ, ਇਹ ਸਭ ਸੱਯਾਰੇ
ਕਸ਼ਿਸ਼ ਦੇ ਮਾਰੇ ਹੀ ਘੁੰਮਦੇ ਨੇ
ਖਿਆਲ, ਚਿਹਰਾ ਜਾਂ ਖਾਬ ਕੋਈ
ਤੂੰ ਅਪਣੀ ਖਾਤਰ ਵੀ ਭਾਲ ਰੱਖੀਂ
77. ਇਸ ਨਗਰੀ ਤੇਰਾ ਜੀ ਨਹੀਂ ਲੱਗਦਾ
ਇਸ ਨਗਰੀ ਤੇਰਾ ਜੀ ਨਹੀਂ ਲੱਗਦਾ
ਇਕ ਚੜ੍ਹਦੀ ਇਕ ਲਹਿੰਦੀ ਹੈ
ਤੈਨੂੰ ਰੋਜ਼ ਉਡੀਕ ਖਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਹੈ
ਇਕ ਖਤ ਆਵੇ ਧੁੱਪ ਦਾ ਲਿਖਿਆ
ਮਹਿੰਦੀ ਰੰਗੇ ਪੰਨੇ 'ਤੇ
ਤੇਰੇ ਵਿਹੜੇ ਬੂਟਾ ਬਣ ਕੇ
ਉਗ ਆਵਾਂ ਜੇ ਮੰਨੇ ਤੇ
ਇਕ ਖਤ ਆਵੇ, ਜਿਸ ਤੇ ਹੋਵੇ
ਤੇਰਾ ਨਾਂ ਇਤਿਹਾਸ ਦਾ ਬੋਲ
ਤੇਰੀ ਰਚਨਾ ਦੀ ਵਡਿਆਈ
ਤੇਰੇ ਮਹਾ ਵਿਕਾਸ ਦਾ ਬੋਲ
ਇਕ ਖਤ ਆਵੇ ਮਾਂ ਜਾਈ ਦਾ
ਬਾਂਝ ਵਿਯੋਗਣ ਰੁੱਤੇ ਵੀ
ਵੀਰਾ ਪੱਤ ਸ਼ਰੀਂਹ ਦੇ ਬੱਝ ਗਏ
ਮੇਰੇ ਬੂਹੇ ਉੱਤੇ ਵੀ
ਇਹ ਖਤ ਆਵਣਗੇ ਤਾਂ ਆਖਰ
ਲਿਖ ਲਿਖ ਲੋਕੀਂ ਪਾਵਣਗੇ
ਤੇਰੇ ਚਾਹੇ ਖਤ ਨੇ ਐਪਰ
ਹੋਰ ਕਿਸੇ ਘਰ ਜਾਵਣਗੇ
ਪਰ ਤੂੰ ਆਸ ਨਾ ਛੱਡੀ ਆਖਰ
ਤੈਨੂੰ ਵੀ ਖਤ ਆਵੇਗਾ
ਤੇਰਾ ਲਗਦਾ ਕੋਈ ਤਾਂ ਆਖਰ
ਲਿਖ ਲਿਖ ਚਿਠੀਆਂ ਪਾਵੇਗਾ
ਖਤ ਆਵੇਗਾ ਰਾਤ ਬਰਾਤੇ
ਖਤ ਆਵੇਗਾ ਅੰਮੀ ਦਾ
ਪੁੱਤਰ ਇਉਂ ਨਹੀਂ ਭੁੱਲ ਜਾਈਦਾ
ਜਿਹੜੀ ਕੁੱਖੋਂ ਜੰਮੀ ਦਾ
ਖੜਾ ਖੜੋਤਾ ਹਾਲ ਤਾਂ ਪੁੱਛ ਜਾ
ਬੁੱਢੀ ਜਾਨ ਨਿਕੰਮੀ ਦਾ
ਉਮਰਾਂ ਵਾਗੂੰ ਅੰਤ ਨੀ ਹੁੰਦਾ
ਕਿਤੇ ਉਦਾਸੀ ਲੰਮੀ ਦਾ
ਖਤ ਆਵੇਗਾ ਬਹੁਤ ਕੁਵੇਲੇ
ਧਰਤੀਓਂ ਲੰਮੀ ਛਾਂ ਦਾ ਖਤ
ਚੁੱਪ ਦੇ ਸਫਿਆਂ ਉੱਤੇ ਲਿਖਿਆ
ਉਜੜੀ ਸੁੰਨ ਸਰਾਂ ਦਾ ਖਤ
ਇਕ ਬੇਨਕਸ਼ ਖਿਲਾਅ ਦਾ ਲਿਖਿਆ
ਤੇਰੇ ਅਸਲੀ ਨਾਂ ਦਾ ਖਤ
ਲੋਕ ਕਹਿਣਗੇ ਕਬਰ ਦਾ ਖਤ ਹੈ
ਤੂੰ ਆਖੇਗਾ ਮਾਂ ਦਾ ਖਤ
ਖਤ ਖੁੱਲੇਗਾ ਖਤ ਦੇ ਵਿੱਚੋਂ
ਹੱਥ ਉੱਠੇਗਾ ਸ਼ਾਮ ਜਿਹਾ
ਤੇਰੇ ਪਿੰਜਰ ਨੂੰ ਫੋਲੇਗਾ
ਬੇਕਿਰਕਾ ਬੇਰਾਮ ਜਿਹਾ
ਤੇਰੇ ਅੰਦਰੋਂ ਪੰਛੀ ਉੱਡ ਉੱਡ
ਭਰ ਜਾਊ ਅਸਮਾਨ ਜਿਹਾ
ਜਿਹੜਾ ਕਦੀ ਨਹੀਂ ਸੀ ਉੱਠਿਆ
ਉਠੂ ਦਰਦ ਬੇਨਾਮ ਜਿਹਾ
ਪਰ ਉਸ ਪਿੱਛੋਂ ਤੱਪਦੀ ਰੂਹ ਨੂੰ
ਆ ਜਾਊ ਆਰਾਮ ਜਿਹਾ
ਉਸ ਤੋਂ ਮਗਰੋਂ ਨਾ ਕੋਈ ਨਗਰੀ
ਨਾ ਕੋਈ ਸੰਝ ਸਵੇਰਾ ਹੈ
ਨਾ ਕੋਈ ਫੇਰ ਉਡੀਕ ਖਤਾਂ ਦੀ
ਨਾ ਕੋਈ ਤੂੰ ਨਾ ਤੇਰਾ ਹੈ
ਇਸ ਨਗਰੀ ਤੇਰਾ ਜੀ ਨਹੀਂ ਲਗਦਾ
ਇਕ ਚੜਦੀ ਇਕ ਲਹਿੰਦੀ ਹੈ
ਤੈਨੂੰ ਰੋਜ਼ ਉਡੀਕ ਖਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਹੈ
78. ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ
ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ,
ਮੇਰੀ ਆਵਾਜ਼ ਦਾ ਉਹ ਰੰਗ ਵੀ ਪਹਿਚਾਣਦਾ ਹੈ
ਜ਼ਰਾ ਹਉਕਾ ਭਰਾਂ ਤਾਂ ਕੰਬ ਜਾਂਦਾ, ਡੋਲ ਜਾਂਦਾ,
ਅਜੇ ਉਹ ਸਿਰਫ ਮੇਰੇ ਹਾਸਿਆਂ ਦੇ ਹਾਣ ਦਾ ਹੈ
ਮੇਰਾ ਮਹਿਰਮ ਮੇਰੇ ਇਤਿਹਾਸ ਦੀ ਹਰ ਪੈੜ ਜਾਣੇ,
ਮੇਰਾ ਮਾਲਕ ਸਿਰਫ ਜੁਗਜਾਫੀਆਂ ਹੀ ਜਾਣਦਾ ਹੈ
ਉਹਨੂੰ ਆਖੋ ਕਿਸੇ ਮਿੱਟੀ 'ਚ ਉਗ ਕੇ ਖਿੜ ਪਵੇ ਉਹ,
ਉਹ ਐਵੇਂ ਰਸਤਿਆਂ ਦੀ ਖਾਕ ਕਾਹਨੂੰ ਛਾਣਦਾ ਹੈ
ਜਦੋਂ ਬੇਮਾਨੀਅਤ ਬਰਸੇ ਖਿਲਾਅ 'ਚੋਂ. ਕੌਣ ਓਦੋਂ,
ਮੇਰੇ ਸਿਰ ਤੇ ਇਹ ਛਤਰੀ ਤਾਰਿਆਂ ਦੀ ਤਾਣਦਾ ਹੈ
79. ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ
ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ
ਕਰ ਲਉ ਰੌਸ਼ਨੀ ਦਾ ਬੰਦੋਬਸਤ ਲੋਕੋ
ਸਾਡੀ ਜੂਨ ਓਹੀ, ਲੰਘ ਗਏ ਏਥੋਂ
ਕਿੰਨੇ ਜਨਵਰੀ ਅਤੇ ਅਗਸਤ ਲੋਕੋ
ਜੀਉਂਦੇ ਲੋਕ ਵੀ ਹੁਣ ਤਾਂ ਪਥਰਾਉਣ ਲੱਗੇ
ਲਉ ਮੁਬਾਰਕਾਂ ਬੁੱਤ-ਪਰਸਤ ਲੋਕੋ
ਓਧਰ ਚੰਦ ਸੂਰਜ ਨਰਦਾਂ ਬਣਨ ਲੱਗੇ
ਨਿੱਕੀ ਜਿਹੀ ਸ਼ਤਰੰਜ ਵਿਚ ਮਸਤ ਲੋਕੋ
ਕੋਈ ਸਤਰ ਲਿਖਿਓ ਸਾਡੇ ਵਾਸਤੇ ਵੀ
ਐ ਪਰਚੰਡ ਕਵੀਓ ਸਿੱਧ-ਹਸਤ ਲੋਕੋ
ਕੋਈ ਪੰਧ ਲੱਭੋ. ਕੋਈ ਪੈਰ ਪੁੱਟੋ
ਉੱਠੋ ਡਿੱਗਿਓ ਢੱਠਿਓ ਪਸਤ ਲੋਕੋ
ਬਣੋ ਵਾਕ ਸੱਚੇ, ਬਣੋ ਸਾਕ ਸੱਚੇ
ਲਫਜ਼ੋਂ ਬਿਖਰਿਓ ਤੇ ਅਸਤ ਵਿਅਸਤ ਲੋਕੋ
80. ਇਕ ਖਾਬ ਦੇ ਤੇ ਕਿਤਾਬ ਦੇ ਇਕ ਇੰਤਜ਼ਾਰ ਦੇ
ਇਕ ਖਾਬ ਦੇ ਤੇ ਕਿਤਾਬ ਦੇ ਇਕ ਇੰਤਜ਼ਾਰ ਦੇ
ਤੇ ਫੇਰ ਭਾਵੇਂ ਉਮਰ ਭਰ ਕਿਧਰੇ ਖਲਾਰ ਦੇ
ਸ਼ੀਸ਼ਾ ਨ ਬਣ ਦਿਖਾ ਨ ਬੱਸ ਚਿਹਰੇ ਦੀ ਧੂੜ ਹੀ
ਤੂੰ ਨੀਰ ਬਣ ਤੇ ਧੂੜ ਵੀ ਮੁਖ ਤੋਂ ਉਤਾਰ ਦੇ
ਸ਼ੀਸ਼ੇ ਤੋਂ ਦੌੜ ਕੇ ਹੀ ਤਾਂ ਆਏ ਹਾਂ ਤੇਰੇ ਕੋਲ
ਕੋਈ ਖਾਬ ਦੇ, ਦੁਆ ਦੇ, ਦਿਲਾਸਾ ਦੇ, ਪਿਆਰ ਦੇ
ਇਹ ਤੇਗ ਪਾਸੇ ਰੱਖ ਦੇ ਜੇ ਮੈਨੂੰ ਮਾਰਨਾ
ਸੀਨੇ ਚ ਕੋਈ ਸ਼ਬਦ ਕੋਈ ਸੁਰ ਉਤਾਰ ਦੇ
ਇਕ ਹੋਰ ਰਾਤ ਟਾਲ ਦੇ ਦੁਖਦਾਈ ਫੈਸਲੇ
ਇਹ ਮਨ ਦੇ ਕੱਜਣ ਰਹਿਣ ਦੇ, ਤਨ ਦੇ ਉਤਾਰ ਦੇ
81. ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ
ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ
ਕਾਲੀ ਰਾਤ ਹੈ ਪਰ ਇਕ ਨਿੰਮ੍ਹੇ ਦੀਵੇ ਦੀ ਧਰਵਾਸ ਵੀ ਹੈ
ਮੇਰੀ ਕਵਿਤਾ ਮੇਰੇ ਮਨ ਦੇ ਹਰ ਮੌਸਮ ਦੀ ਵਿਥਿਆ ਹੈ
ਬਹੁਤਾ ਮੇਰਾ, ਥੋੜ੍ਹਾ ਥੋੜ੍ਹਾ ਸਮਿਆਂ ਦਾ ਇਤਿਹਾਸ ਵੀ ਹੈ
ਪਾਜ਼ੇਬਾਂ ਤੋਂ ਬੇੜੀਆਂ ਤਕ ਹਰ ਸਾਜ਼ ਤੋਂ ਕਵਿਤਾ ਵਾਕਿਫ਼ ਹੈ
ਬੂਹੇ ਬੂਹੇ ਤੇ ਛਣਕਾ ਕੇ ਲੰਘਣ ਦਾ ਅਭਿਆਸ ਵੀ ਹੈ
ਮੇਰੇ ਮਨ ਵਿਚ ਸਾਜ਼ ਹਜ਼ਾਰਾਂ ਅਪਣਾ ਅਪਣਾ ਰਾਗ ਵਜਾਉਣ,
ਸ਼ੋਰ ਜਿਹਾ ਇਕ ਦਿਨ ਸਾਜ਼ੀਨਾ ਬਣ ਜਾਊ ਇਹ ਆਸ ਵੀ ਹੈ
ਹਉਮੈ, ਮਮਤਾ, ਖੌਫ਼, ਦੁਚਿੱਤੀ ਚਾਰੇ ਪਾਸੇ ਕੰਧਾਂ ਨੇ,
ਐ ਮਨ ਟੋਲ ਕੋਈ ਦਰਵਾਜ਼ਾ ਹੋਣਾ ਬੰਦ-ਖਲਾਸ ਵੀ ਹੈ
82. ਲਹੂ ਲੁਹਾਣ ਹਾਂ ਮੈਨੂੰ ਸੰਭਾਲਣਾ ਸ਼ਬਦੋ
ਲਹੂ ਲੁਹਾਣ ਹਾਂ ਮੈਨੂੰ ਸੰਭਾਲਣਾ ਸ਼ਬਦੋ
ਨਹੀਂ ਹੈ ਕੋਲ ਕੋਈ ਅੱਜ ਉਠਾਲਣਾ ਸ਼ਬਦੋ
ਮੇਰੇ 'ਤੇ ਡਿਗਿਆ ਏ ਮੇਰੇ ਹੀ ਖ਼ਾਬ ਦਾ ਮਲਬਾ,
ਸਿਸਕ ਰਿਹਾ ਹਾਂ ਮੈਂ ਹੇਠੋਂ ਨਿਕਾਲਣਾ ਸ਼ਬਦੋ
ਸਬਰ, ਖਿਮਾ ਤੇ ਭਲਕ, ਹੌਂਸਲਾ ਸਚਾਈ ਤੇ ਆਸ,
ਹਰੇਕ ਦੀਪ ਮੇਰੇ ਮਨ 'ਚ ਬਾਲਣਾ ਸ਼ਬਦੋ
ਵਿਦਾ ਦਾ ਵਕਤ, ਬੜੀ ਦੂਰ ਘਰ, ਉਤਰਦੀ ਰਾਤ,
ਵਿਰਾਨ ਰਾਹਾਂ 'ਤੇ ਮੈਨੂੰ ਸੰਭਾਲਣਾ ਸ਼ਬਦੋ
ਜਦੋਂ ਉਹ ਦੂਰ ਮੇਰਾ ਚੰਨ ਗਿਆ ਤਾਂ ਜਗਣਾ ਤੁਸੀਂ,
ਅਖ਼ੀਰੀ ਰਾਤ 'ਚ ਰਸਤਾ ਦਿਖਾਲਣਾ ਸ਼ਬਦੋ
ਉਦਾਸ ਹੋਂਦ 'ਚ ਟਿੰਡਾਂ ਦੇ ਵਾਂਗ ਗਿੜਦੇ ਰਿਹੇ,
ਮੈਂ ਆਪਣੇ ਸੀਨੇ 'ਚੋਂ ਅੱਜ ਦੁਖ ਨਿਕਾਲਣਾ ਸ਼ਬਦੋ
83. ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ
ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ
ਦੇਖ ਤੂੰ ਇਸ ਵਕਤ ਦੀ ਦਹਿਸ਼ਤ ਨੂੰ ਦੇਖ
ਰੁਕ ਜ਼ਰਾ ਇਕ ਰੁੱਖ ਨੇ ਮੈਨੂੰ ਆਖਿਆ
ਅਪਣੇ ਵਿਛੜੇ ਯਾਰ ਦੀ ਹਾਲਤ ਨੂੰ ਦੇਖ
ਬੀਜੀਆ ਇਕ ਬੀਜ ਸੈਆਂ ਹੋ ਗਏ
ਦੇਖ ਤੂੰ ਧਰਤੀ ਦੀ ਇਸ ਬਰਕਤ ਨੂੰ ਦੇਖ
ਇਕ ਸਤਰ ਬੋਲੀ ਤੇ ਸਭ ਵਿੰਨ੍ਹੇ ਗਏ
ਦੇਖ ਤੂੰ ਇਸ ਸਾਂਝ, ਇਸ ਸੰਗਤ ਨੂੰ ਦੇਖ
ਭਾਫ ਬਣ ਉਡਿਆ ਸਮੁੰਦਰ ਥਲ ਲਈ
ਦੇਖ ਇਸ ਮਿਲਣੀ ਨੂੰ ਇਸ ਹਿਜ਼ਰਤ ਨੂੰ ਦੇਖ
ਮੋੜ ਦੇਵੇ ਜਿੰਦਗੀ ਦੇ ਵਹਿਣ ਨੂੰ
ਦੇਖ ਤੂੰ ਇਕ ਵਾਕ ਦੀ ਤਾਕਤ ਨੂੰ ਦੇਖ
ਬੀਜ ਕਾਲਾ ਸੀ ਤੇ ਸੂਹੇ ਫੁੱਲ ਹਨ
ਦੇਖ ਤੂੰ ਮਿੱਟੀ ਦੀ ਇਸ ਰੰਗਤ ਨੂੰ ਦੇਖ
ਦੁਖੀਆਂ ਲਈ ਇਕ ਹੰਝੂ ਵੀ ਇਹਨਾਂ ਕੋਲ ਨਾ
ਤੂੰ ਵਿਚਾਰੇ ਸ਼ਾਹਾਂ ਦੀ ਗੁਰਬਤ ਨੂੰ ਦੇਖ
ਰਹਿਣ ਦੇ ਕਾਦਰ ਨੂੰ ਜੋ ਦਿਸਦਾ ਨਹੀਂ
ਹੈ ਬਹੁਤ ਏਨਾ ਕਿ ਤੂੰ ਕੁਦਰਤ ਨੂੰ ਦੇਖ
84. ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ
ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ
ਮੇਰੀ ਨਜ਼ਮ ਤੋਂ ਗ਼ਜ਼ਲ ਤੋਂ ਅੱਗੇ ਨਿਕਲ ਗਿਆ ਹੈ
ਸਭ ਲੋਕ ਚੁੱਕੀ ਫਿਰਦੇ ਹੁਣ ਆਪਣੇ ਆਪਣੇ ਲਾਂਬੂ,
ਉਹ ਤੇਰੀ ਰੌਸ਼ਨੀ ਦਾ ਸੂਰਜ ਹੀ ਢਲ ਗਿਆ ਹੈ
ਮੇਰੀ ਗੱਲ ਹੁਣ ਸੁਣੇਗਾ, ਕੋਈ ਉਗਦਾ ਬੀਜ ਸ਼ਾਇਦ,
ਜੰਗਲ ਤਾਂ ਹੁਣ ਹਵਾ ਦੀ ਸਾਜ਼ਿਸ਼ 'ਚ ਰਲ ਗਿਆ ਹੈ
ਉਂਜ ਤੇਰੇ ਕੋਲ 'ਪਾਤਰ' ਹੁਣ ਕਹਿਣ ਨੂੰ ਵੀ ਕੀ ਹੈ,
ਇਕ ਖ਼ਾਬ ਸੀ ਨਾ, ਉਹ ਵੀ ਹੰਝੂ 'ਚ ਢਲ ਗਿਆ ਹੈ
ਕਿੱਥੇ ਨੇ ਤੇਰੇ ਨੈਣੀਂ ਉਹ ਸੰਦਲੀ ਸਵੇਰੇ,
ਕਿੱਥੇ ਉਹ ਤੇਰੇ ਦਿਲ ਦਾ ਖਿੜਿਆ ਕੰਵਲ ਗਿਆ ਹੈ
ਬੀਤੇ ਸਮੇਂ ਦੀ ਮੂਰਤ ਬਣ ਲਟਕ ਜਾ ਖ਼ਿਲਾਅ ਵਿਚ,
ਪੈਰੋਂ ਜ਼ਮੀਨ ਹੱਥੋਂ ਵੇਲਾ ਨਿਕਲ ਗਿਆ ਹੈ
ਮੁਜਰਿਮ ਹੀ ਬਹਿ ਗਿਆ ਹੈ, ਮੁਨਸਿਫ ਦੀ ਥਾਂ ਤੇ ਆ ਕੇ,
ਇਨਸਾਫ ਦਾ ਤਰੀਕਾ ਕਿੰਨਾ ਬਦਲ ਗਿਆ ਹੈ
85. ਕਿਵੇਂ ਲਿੱਖਾਂ ਮੈਂ ਸਫੈਦ ਸਫਿਆਂ 'ਤੇ ਨਜ਼ਮ ਅਪਣੀ ਦੇ ਹਰਫ ਕਾਲੇ
ਕਿਵੇਂ ਲਿੱਖਾਂ ਮੈਂ ਸਫੈਦ ਸਫਿਆਂ 'ਤੇ ਨਜ਼ਮ ਅਪਣੀ ਦੇ ਹਰਫ ਕਾਲੇ
ਸਫੈਦਪੋਸ਼ੋ ਇਹ ਮੇਰੇ ਕਿੱਸੇ ਨਹੀਂ ਤੁਹਾਨੂੰ ਸੁਣਾਉਣ ਵਾਲੇ
ਚਿਰਾਗ ਮੇਰੇ, ਜਿਨ੍ਹਾਂ 'ਚ ਮੇਰੀ ਹੀ ਰੱਤ ਸੜਦੀ ਤੇ ਸੁਆਸ ਬਲਦੇ
ਅਜੇ ਨੇ ਮੇਰੇ ਵਜੂਦ ਅੰਦਰ, ਜਗਣਗੇ ਬਾਹਰ, ਤੂੰ ਠਹਿਰ ਹਾਲੇ
ਇਹ ਪਹਿਲਾਂ ਤੜਪੇ ਸੀ ਸਾਗਰਾਂ ਵਿਚ ਤੇ ਫਿਰ ਹਵਾਵਾਂ 'ਚ ਭਾਫ ਬਣ ਕੇ
ਪਿਘਲ ਤੁਰੇ ਫੇਰ ਪਰਬਤਾਂ ਤੋਂ, ਇਹ ਨੀਰ ਕਿੱਧਰੇ ਨ ਟਿਕਣ ਵਾਲੇ
ਉਹ ਜਿਸ ਨੇ ਮੈਨੂੰ ਇਹ ਹੋਂਠ ਦਿੱਤੇ, ਉਸੇ ਨੇ ਬਖਸ਼ੇ ਇਹ ਨੀਰ ਨਿਰਮਲ
ਤੁਸੀਂ ਭਲਾ ਕੌਣ ਪਿਆਸ ਮੇਰੀ ਨੂੰ ਕੁਫਰ ਦਾ ਨਾਮ ਦੇਣ ਵਾਲੇ
ਲਹੂ ਚੋਂ ਬਾਲੇ ਤਾਂ ਆਪੇ ਲੋਕਾਂ ਨੇ ਸਾਂਭ ਲੈਣੇ ਨੇ ਸੀਨਿਆਂ ਵਿਚ
ਇਹ ਲਫਜ਼ ਤੇਰੇ ਚਿਰਾਗ ਜਗਦੇ, ਤੂੰ ਡਰ ਨ ਕਰ ਦੇ ਹਵਾ ਹਵਾਲੇ
86. ਬੂਹੇ ਦੀ ਦਸਤਕ ਤੋਂ ਡਰਦਾ
ਬੂਹੇ ਦੀ ਦਸਤਕ ਤੋਂ ਡਰਦਾ
ਕਿਸ ਕਿਸ ਦਾ ਕਰਜ਼ਾਈ ਹਾਂ ਮੈਂ
ਰੰਗੇ ਹੱਥ ਲੁਕਾਉਂਦਾ ਫਿਰਦਾ
ਕਾਤਲ ਕਿਦ੍ਹਾ ਕਸਾਈ ਹਾਂ ਮੈਂ
ਆਪਣੇ ਆਪ ਨੂੰ ਬੰਨ੍ਹ ਕੇ ਬੈਠਾ
ਸੰਗਲ ਮਾਰ ਸ਼ੁਦਾਈ ਹਾਂ ਮੈਂ
ਬਾਹਰੋਂ ਚੁਪ ਹਾਂ ਕਬਰਾਂ ਵਾਂਗੂੰ
ਅੰਦਰ ਹਾਲ ਦੁਹਾਈ ਹਾਂ ਮੈਂ
ਤਰਜ਼ਾਂ ਦੀ ਥਾਂ ਧੂੰਆਂ ਨਿਕਲੇ
ਇਕ ਧੁਖਦੀ ਸ਼ਹਿਨਾਈ ਹਾਂ ਮੈਂ
ਮੈਂ ਪਿਤਰਾਂ ਦਾ ਸੱਖਣਾ ਵਿਹੜਾ
ਉਜੜੀ ਹੋਈ ਕਮਾਈ ਹਾਂ ਮੈਂ
ਮਿੱਟੀ ਮਾਂ ਮਹਿਬੂਬਾ ਮੁਰਸ਼ਦ
ਕਿਸ ਕਿਸ ਦਾ ਕਰਜ਼ਾਈ ਹਾਂ ਮੈਂ
87. ਤੂੰ ਮੇਰੇ ਦਰਖਤਾਂ 'ਤੇ ਵਸਦੀ ਘਟਾ ਹੈਂ
ਤੂੰ ਮੇਰੇ ਦਰਖਤਾਂ 'ਤੇ ਵਸਦੀ ਘਟਾ ਹੈਂ
ਤੂੰ ਸਦੀਆਂ ਦੀ ਮੇਰੀ ਤਪਿਸ਼ ਦਾ ਸਿਲਾ ਹੈਂ
ਜਿਦੇ ਸਦਕਾ ਮੰਨਦਾਂ ਖੁਦਾਈ ਦਾ ਦਾਅਵਾ
ਮੇਰੀ ਜ਼ਿੰਦਗੀ 'ਚ ਤੂੰ ਉਹ ਮੁਅਜਜ਼ਾ ਹੈਂ
ਮੇਰੇ ਬਿਆਬਾਨਾਂ ਦੇ ਵਿਚ ਆਣ ਲੱਥਾ
ਤੂੰ ਫੁੱਲਾਂ ਦਾ ਕੋਈ ਜਿਵੇਂ ਕਾਫਿਲਾ ਹੈਂ
ਤੇਰੇ ਸੀਨੇ ਲੱਗ ਕੇ ਮੈਂ ਖੁਦ ਨਜ਼ਮ ਹੋਜਾਂ
ਮੈਂ ਕੈਸੀ ਇਬਾਰਤ ਤੂੰ ਕੈਸਾ ਸਫਾ ਹੈਂ
ਮੇਰੀ ਨੀਂਦ ਟੁੱਟੇ ਤਾਂ ਦੱਸਦੇ ਨੇ ਤਾਰੇ
ਕਿਤੇ ਦੂਰ ਤੂੰ ਵੀ ਅਜੇ ਜਾਗਦਾ ਹੈਂ
ਕਦੀ ਇਸ ਤਰਾਂ ਮੇਰੇ ਲੱਗ ਜਾ ਕਲੇਜੇ
ਮੈਂ ਸਭ ਸਮਝ ਜਾਵਾਂ ਤੂੰ ਕੀ ਸੋਚਦਾ ਹੈਂ
88. ਨ ਮੈਨੂੰ ਛੱਡ ਕੇ ਜਾਵੀਂ ਕਦੀ ਤੂੰ
ਨ ਮੈਨੂੰ ਛੱਡ ਕੇ ਜਾਵੀਂ ਕਦੀ ਤੂੰ
ਮੈਂ ਤੈਨੂੰ ਜਾਨ ਵਾਂਗੂ ਰੱਖਣਾ ਹੈ
ਪਤਾ ਹੁੰਦਾ ਜਦੋਂ ਇਹ ਆਖਦੇ ਹਾਂ
ਕਿ ਲਫਜ਼ਾਂ ਵਿਚ ਕਿਸੇ ਕਦ ਬੱਝਣਾ ਹੈ
ਉਦਾਸੀ ਤੇਰੇ ਵਾਅਦੇ ਸੁਣ ਰਹੀ ਹੈ
ਤੇ ਫਿਰ ਵੀ ਮੇਰੀ ਖਾਤਰ ਬੁਣ ਰਹੀ ਹੈ
ਕੁਝ ਐਸਾ ਜੋ ਮੈਂ ਉਸ ਦਿਨ ਪਹਿਨਣਾ ਹੈ
ਜਦੋਂ ਓੜਕ ਦਾ ਠੱਕਾ ਝੁੱਲਣਾ ਹੈ
ਤ੍ਰਭਕ ਉੱਠਦਾ ਹਾਂ ਮੈਂ ਉਹ ਵਾਕ ਸੁਣ ਕੇ
ਜੁ ਹਾਲੇ ਤੇਰੇ ਦਿਲ ਵਿਚ ਬਣ ਰਿਹਾ ਹੈ
ਤੇ ਤੈਨੁੰ ਖੁਦ ਨਹੀਂ ਮਾਲੂਮ ਕਿ ਤੂੰ
ਕਿਸੇ ਦਿਨ ਅਪਣੇ ਮੂੰਹੋਂ ਕੱਢਣਾ ਹੈ
ਮੈਂ ਉਸਦੇ ਜ਼ਖਮ ਖਾਤਰ ਮਨ ਹੀ ਮਨ ਵਿਚ
ਸਦਾ ਮਹਿਫੂਜ ਰੱਖੀ ਥਾਂ ਬਦਨ ਵਿਚ
ਉਹ ਜਿਹੜਾ ਤੀਰ ਗੈਬੋਂ ਚੱਲਣਾ ਹੈ
ਤੇ ਮੇਰੇ ਦਿਲ 'ਚ ਆ ਕੇ ਲੱਗਣਾ ਹੈ
ਹਮੇਸ਼ਾ ਪਾਸ ਤੈਨੂੰ ਲੋਚਦਾ ਹਾਂ
ਤਿੜਕ ਜਾਨਾਂ ਜਦੋਂ ਪਰ ਸੋਚਦਾ ਹਾਂ
ਰਗਾਂ ਦੇ ਪਿੰਜਰੇ ਵਿਚ ਕਿਉਂ ਕਿਸੇ ਨੂੰ
ਭਲਾ ਮੈਂ ਕੈਦ ਕਰ ਕੇ ਰੱਖਣਾ ਹੈ
ਰਹੇ ਹਾਂ ਉਮਰ ਭਰ ਇਕ ਜਾਨ ਦੋਵੇਂ
ਅਖੀਰੀ ਵਕਤ ਇਹ ਮੰਜ਼ਰ ਹੈ ਕੈਸਾ
ਕਿ ਤੂੰ ਪਰਵਾਜ਼ ਭਰਨੀ ਅੰਬਰਾਂ ਦੀ
ਤੇ ਮੈਂ ਏਥੇ ਹੀ ਟੁੱਟ ਕੇ ਡਿੱਗਣਾ ਹੈ
89. ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ
ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ
ਤੋੜੋ ਬਹੁਤ ਆਸਾਨ ਹੈ 'ਪਾਤਰ' ਨੂੰ ਤੋੜਨਾ
ਤੋੜਨ ਤੁਰੇ ਤਾਂ ਕੁਝ ਤਾਂ ਸੀ ਆਖਰ ਨੂੰ ਤੋੜਨਾ
ਸੰਗਲ ਨਾ ਟੁੱਟੇ ਪੈ ਗਿਆ ਝਾਂਜਰ ਨੂੰ ਤੋੜਨਾ
ਏਸੇ ਲਈ ਖੁਦ ਟੁਕੜਿਆਂ ਵਿਚ ਟੁੱਟ ਗਿਆ ਹਾਂ ਮੈਂ
ਬੇਰਹਿਮ ਲਗਦਾ ਸੀ ਬਹੁਤ ਇਕ ਘਰ ਨੂੰ ਤੋੜਨਾ
90. ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ
ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ
ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ
ਕੋਈ ਤਰਕੀਬ ਬਣਾ, ਤੋੜ ਦੇ ਕੋਈ ਦਸਤੂਰ
ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਏਂ ਜ਼ਰੂਰ
ਉਹਦੇ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ
ਉਹ ਤਾਂ ਫੜਿਆ ਨਾ ਗਿਆ ਚਾੜ੍ਹਤਾ ਸੂਲੀ ਮਨਸੂਰ
ਮੇਰੇ ਰਾਹਾਂ 'ਚ ਵਿਛਾਏ ਸੀ ਤੁਸਾਂ ਥਲ ਤਾਂ ਬਹੁਤ
ਦੇਖ ਲਉ ਆਪ ਦੇ ਦਰ ਫੇਰ ਵੀ ਹਾਜ਼ਰ ਹਾਂ ਹਜ਼ੂਰ
ਮੇਘ ਕਣੀਆਂ ਦੇ ਭਰੇ, ਅੰਬਾਂ ਦੇ ਝੁੰਡਾਂ ਦੇ ਝੁਕੇ
ਕੋਲ ਇਕ ਦੂਜੇ ਦੇ ਕਿੰਨੇ ਤੇ ਅਸੀਂ ਕਿੰਨੇ ਦੂਰ
ਮੈਂ ਜਿਵੇਂ ਡੁੱਬ ਕੇ ਲਿਖੀ, ਤੂੰ ਵੀ ਉਵੇਂ ਗਾਈਂ ਗਜ਼ਲ
ਹੋਣ ਆਲਮ 'ਚ ਮੇਰੇ ਲਫਜ਼ ਤੇਰੇ ਸੁਰ ਮਸ਼ਹੂਰ
91. ਹੋ ਗਿਆ ਸਾਫ ਤਲ, ਸੰਭਲ ਗਏ ਮੇਰੇ ਜਲ
ਹੋ ਗਿਆ ਸਾਫ ਤਲ, ਸੰਭਲ ਗਏ ਮੇਰੇ ਜਲ
ਮੈਂ ਤਾਂ ਪੱਥਰ ਨੂੰ ਤਹਿ 'ਚ ਲੁਕੋ ਵੀ ਲਿਆ
ਨੀਰ ਵਿਚ ਨੂੰ ਸੀ ਕਿਨ੍ਹੇ ਦੇਖਣਾ
ਮੇਰੇ ਪਾਣੀ ਨੇ ਚੁਪ ਚਾਪ ਰੋ ਵੀ ਲਿਆ
ਹੁੰਦੀ ਆਮ ਉਂਜ ਤਾਂ ਸਭ ਸਥਾਪਿਤ ਸੁਰਾਂ
ਹੋਣ ਹਰ ਰਾਗ ਵਿਚ ਫਿਰ ਵੀ ਵਰਜਿਤ ਸੁਰਾਂ
ਸਭ ਮੇਰੇ ਜ਼ਾਬਤੇ, ਰਾਗ ਦੇ ਵਾਸਤੇ
ਮੈਂ ਤਾਂ ਬੰਦਿਸ਼ 'ਚ ਸਭ ਕੁਝ ਸਮੋ ਵੀ ਲਿਆ
ਜ਼ਹਿਰ ਤੇਰੀ ਤਾਂ ਮੈਂ ਹਜ਼ਮ ਵੀ ਕਰ ਲਈ
ਤੇਰੀ ਨਫਰਤ ਤਾਂ ਮੈਂ ਨਜ਼ਮ ਵੀ ਕਰ ਲਈ
ਤੂੰ ਜੋ ਬਖਸ਼ੇ ਸੀ ਉਹ ਜ਼ਖਮ ਫੁੱਲ ਬਣ ਗਏ
ਮੈਂ ਤੁਕਾਂ ਵਿਚ ਉਨ੍ਹਾਂ ਨੂੰ ਪਰੋ ਵੀ ਲਿਆ
92. ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਇਆ
ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਇਆ
ਇਹ ਮੁਅਜਜ਼ਾ ਮੈਂ ਤੱਕਿਆ ਹੈ ਪਹਿਲੀ ਵਾਰ ਹੋਇਆ
ਪੱਤੇ ਹਵਾ 'ਚ ਕੰਬੇ ਸ਼ਾਖਾਂ ਦੁਆ 'ਚ ਉੱਠੀਆਂ
ਇਕ ਪੰਛੀਆਂ ਦਾ ਜੋੜਾ ਸੱਜਰਾ ਉਡਾਰ ਹੋਇਆ
ਇਕ ਸ਼ਮਅ ਹੋਈ ਰੌਸ਼ਨ ਇਕ ਜੋਤ ਇਉਂ ਜਗੀ ਹੈ
ਸਭ ਦੂਰ ਇਸ ਨਜ਼ਰ ਦਾ ਗਰਦੋ ਗ਼ੁਬਾਰ ਹੋਇਆ
ਮਿਲਿਆ ਸਬੂਤ ਮੈਨੂੰ ਯਕੀਨ ਕਾਮਿਲ
ਤਾਰੀਕੀਆਂ ਦਾ ਪਰਦਾ ਹੈ ਤਾਰ ਤਾਰ ਹੋਇਆ
ਤੱਕਿਆ ਮੈਂ ਦੋ ਜਹਾਨਾਂ ਦਾ ਹੁਸਨ ਤੇਰੇ ਨੈਣੀਂ
ਤੇਰੀ ਇਕ ਨਜ਼ਰ ਤੋਂ ਰੌਸ਼ਨ ਹਾਂ ਵਾਰ ਵਾਰ ਹੋਇਆ
93. ਅਸੀਂ ਕੋਈ ਖੋਤੇ ਆਂ ?
ਭਾਰੇ ਭਾਰੇ ਬਸਤੇ
ਲੰਮੇ ਲੰਮੇ ਰਸਤੇ
ਥੱਕ ਗਏ ਨੇ ਗੋਡੇ
ਦੁਖਣ ਲੱਗ ਪਏ ਮੋਢੇ
ਐਨਾ ਭਾਰ ਚੁਕਾਇਆ ਏ
ਅਸੀਂ ਕੋਈ ਖੋਤੇ ਆਂ ?
ਟੀਚਰ ਜੀ ਆਉਣਗੇ
ਆ ਕੇ ਹੁਕਮ ਸੁਣਾਉਣਗੇ:
ਚਲੋ ਕਿਤਾਬਾਂ ਖੋਲ੍ਹੋ
ਪਿੱਛੇ ਪਿੱਛੇ ਬੋਲੋ ।
ਪਿੱਛੇ ਪਿੱਛੇ ਬੋਲੀਏ
ਅਸੀਂ ਕੋਈ ਤੋਤੇ ਆਂ ?
ਚਲੋ ਚਲੋ ਜੀ ਚੱਲੀਏ
ਜਾ ਕੇ ਸੀਟਾਂ ਮੱਲੀਏ
ਜੇਕਰ ਹੋ ਗਈ ਦੇਰ
ਕੀ ਹੋਵੇਗਾ ਫੇਰ?
ਟੀਚਰ ਜੀ ਆਉਣਗੇ
ਝਿੜਕਾਂ ਖ਼ੂਬ ਸੁਣਾਉਣਗੇ
ਤੁਰੇ ਹੀ ਤਾਂ ਜਾਨੇ ਆਂ
ਅਸੀਂ ਕੋਈ ਖੜੋਤੇ ਆਂ ?
94. ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ
ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ
ਉਹ ਮੇਰੇ ਉਦਾਸੇ ਖਿਲਾਵਾਂ ਦੇ ਪੰਛੀ
ਕਿਵੇਂ ਸੌਂਂ ਗਏ ਸ਼ਾਂਤ ਤੇਰੇ ਵਣਾਂ ਵਿਚ
ਉਨੀਂਦੇ ਜਿਹੇ ਭਾਵਨਾਵਾਂ ਦੇ ਪੰਛੀ
ਕਿਸੇ ਨੇ ਸੀ ਧਰਤੀ 'ਤੇ ਦਾਣੇ ਖਿਲਾਰੇ
ਉਤਰ ਆਏ ਉਹ ਮੋਹ ਤੇ ਮਮਤਾ ਦੇ ਮਾਰੇ
ਫਸੇ ਜਾਲ ਅੰਦਰ ਉਹ ਆ ਕੇ ਵਿਚਾਰੇ
ਜੋ ਸਨ ਬਹੁਤ ਉੱਚੀਆਂ ਹਵਾਵਾਂ ਦੇ ਪੰਛੀ
ਕੁੱਝ ਏਦਾਂ ਦੇ ਝੱਖੜ ਸੀ ਉਸ ਰਾਤ ਚੱਲੇ
ਮਰੇ ਹੋਏ ਦੇਖੇ ਦਰਖਤਾਂ ਦੇ ਥੱਲੇ
ਮੁਹੱਬਤ, ਵਫਾ, ਹੁਸਨ, ਨੇਕੀ, ਸ਼ਰਾਫਤ
ਇਹੋ ਜੇਹੇ ਮਨਮੋਹਣੇ ਨਾਵਾਂ ਦੇ ਪੰਛੀ
ਹਵਾਵਾਂ 'ਚ ਤਰਦੀ ਇਹ ਸੌਗਾਤ ਆਈ
ਢਲੀ ਸ਼ਾਮ ਜਿਸ ਦਮ, ਜਦੋਂ ਰਾਤ ਆਈ
ਸਿਰਫ ਸੜਦੇ ਜੰਗਲ 'ਚੋਂ ਕੁਰਲਾਟ ਆਈ
ਗਏ ਨਾ ਮੁੜੇ ਮੇਰੇ ਚਾਵਾਂ ਦੇ ਪੰਛੀ
95. ਮੈਂ ਕੱਲ੍ਹ ਅਸਮਾਨ ਡਿਗਦਾ ਤਾਰੇ ਟੁੱਟਦੇ, ਚੰਨ ਬੁੱਝਦਾ ਦੇਖਿਆ ਹੈ
ਮੈਂ ਕੱਲ੍ਹ ਅਸਮਾਨ ਡਿਗਦਾ ਤਾਰੇ ਟੁੱਟਦੇ, ਚੰਨ ਬੁੱਝਦਾ ਦੇਖਿਆ ਹੈ
ਮੈਂ ਤੈਨੂੰ ਹੋਰ ਹੁੰਦਾ ਦੂਰ ਜਾਂਦਾ ਗੈਰ ਬਣਦਾ ਦੇਖਿਆ ਹੈ
ਕਈ ਗਰਜ਼ਾਂ ਦੀਆਂ ਗੰਢਾਂ ਕਈ ਲੁਕਵੇਂ ਜਿਹੇ ਹਉਮੈ ਦੇ ਟਾਂਕੇ
ਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ ਦੇਖਿਆ ਹੈ
ਤੂੰ ਜਿਸ ਨੂੰ ਖਾਕ ਅੰਦਰ ਸੁੱਟਿਆ ਸੀ, ਰੁਲ ਗਿਆ ਹੈ, ਸਮਝਿਆ ਸੀ
ਕਿ ਉਹ ਤਾਂ ਬੀਜ ਸੀ ਅੱਜ ਆਪ ਉਸ ਨੂੰ ਮੈਂ ਬਣ ਕੇ ਫੁੱਲ ਖਿੜਿਆ ਦੇਖਿਆ ਹੈ
ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ
ਮੈਂ ਆਪਣੇ ਦਿਲ ਨੂੰ ਤਾਂ ਇਸ ਘਰ 'ਚੋਂ ਲੱਖਾਂ ਵਾਰ ਭੱਜਦਾ ਦੇਖਿਆ ਹੈ
ਤੁਹਾਡੇ ਵਾਸਤੇ ਜੋ ਕੁਝ ਨਹੀਂ, ਦੀਵਾ ਨ ਜੁਗਨੂੰ, ਮੈਂ ਤਾਂ ਉਸ ਨੂੰ
ਉਦ੍ਹੀ ਨਿੱਕੀ ਜਿਹੀ ਦੁਨੀਆਂ 'ਚ ਸੂਰਜ ਵਾਂਗ ਜਗਦਾ ਦੇਖਿਆ ਹੈ
96. ਉਮਰ ਦੇ ਸੁੰਨੇ ਹੋਣਗੇ ਰਸਤੇ
ਉਮਰ ਦੇ ਸੁੰਨੇ ਹੋਣਗੇ ਰਸਤੇ,
ਰਿਸ਼ਤਿਆਂ ਦਾ ਸਿਆਲ ਹੋਵੇਗਾ
ਕੋਈ ਕਵਿਤਾ ਦੀ ਸਤਰ ਹੋਵੇਗੀ,
ਜੇ ਨ ਕੋਈ ਹੋਰ ਨਾਲ ਹੋਵੇਗਾ
ਉਮਰ ਦੀ ਰਾਤ ਅੱਧੀਓਂ ਬੀਤ ਗਈ,
ਦਿਲ ਦਾ ਦਰਵਾਜ਼ਾ ਕਿਸ ਨੇ ਖੜਕਾਇਆ
ਕੌਣ ਹੋਣਾ ਹੈ ਯਾਰ ਇਸ ਵੇਲੇ,
ਐਵੇਂ ਤੇਰਾ ਖ਼ਿਆਲ ਹੋਵੇਗਾ
ਖੌਫ ਦਿਲ ਵਿਚ ਹੈ ਛਾ ਰਿਹਾ ਏਦਾਂ,
ਜਾਪਦਾ ਉਹ ਵੀ ਸ਼ਾਮ ਆਵੇਗੀ
ਜਦ ਅਸਾਂ ਮੁਨਕਰਾਂ ਦੀਆਂ ਤਲੀਆਂ,
ਤੇ ਚਿਰਾਗਾਂ ਦਾ ਥਾਲ ਹੋਵੇਗਾ
ਜ਼ੱਰਾ ਜ਼ੱਰਾ ਜੋ ਆਤਮਾ 'ਤੇ ਕਿਰੇ,
ਨਾਲ ਦੀ ਨਾਲ ਇਸ ਨੂੰ ਸਾਂਭੀ ਚਲ
ਵਰਨਾ ਮਿੱਟੀ ਅਤੁੱਲਵੀਂ ਹੇਠੋਂ,
ਤੈਥੋਂ ਸਿਰ ਨਾ ਉਠਾਲ ਹੋਵੇਗਾ
ਸਭ ਦੀ ਹੀ ਛਾਂ ਹੈ ਆਪਣੇ ਜੋਗੀ,
ਰੁੱਖ ਵੀ ਹੋਏ ਬੰਦਿਆਂ ਵਰਗੇ
ਕੀ ਪਤਾ ਸੀ ਕਿ ਲੰਮੇ ਸਾਇਆਂ ਦਾ,
ਇਹ ਦੁਪਿਹਰਾਂ ਨੂੰ ਹਾਲ ਹੋਵੇਗਾ
ਸ਼ਾਮ ਹੋ ਸਕਦੀ ਹੈ ਕਿਸੇ ਪਲ ਵੀ,
ਮੈਨੂੰ ਹਰ ਪਲ ਇਹ ਯਾਦ ਰਹਿੰਦਾ ਹੈ
ਮੈਨੂੰ ਤੂੰ ਅਚਨਚੇਤ ਮਾਰੇਂਗਾ,
ਐਵੇਂ ਤੇਰਾ ਖ਼ਿਆਲ ਹੋਵੇਗਾ
ਨਾ ਸਹੀ ਇਨਕਲਾਬ ਨਾ ਹੀ ਸਹੀ,
ਸਭ ਗ਼ਮਾਂ ਦਾ ਇਲਾਜ ਨਾ ਹੀ ਸਹੀ
ਪਰ ਕੋਈ ਹਲ ਜਨਾਬ ਕੋਈ ਜਵਾਬ,
ਕਿ ਸਦਾ ਹੀ ਸਵਾਲ ਹੋਵੇਗਾ
97. ਕਦੀ ਜੰਗਲਾਂ ਦੇ ਅੰਦਰ
ਕਦੀ ਜੰਗਲਾਂ ਦੇ ਅੰਦਰ,
ਕਦੀ ਪਰਬਤਾਂ ਦੇ ਦੁਆਰੇ
ਸਦੀਆਂ ਤੋਂ ਵਾ ਦੇ ਬੁੱਲੇ,
ਫਿਰਦੇ ਨੇ ਮਾਰੇ ਮਾਰੇ
ਤਪਦਾ ਏ ਤਪਿਆ ਸੂਰਜ,
ਸਾਗਰ ਚ ਡੁੱਬ ਨਾ ਸਕਿਆ
ਪਾਣੀ ਸਮੁੰਦਰਾਂ ਦਾ,
ਤਪ ਕੇ ਮਿਲਣ ਨੂੰ ਉਡਿਆ
ਡਿਗਿਆ ਪਹਾੜਾਂ ਉਤੇ,
ਬਣ ਕੇ ਬਰਫ਼ ਦੇ ਤੂੰਬੇ
ਕਿੰਜ ਸ਼ਾਂਤ ਹੋ ਰਹੇ ਨੇ,
ਉਹਦੇ ਕਾਲਜੇ ਦੇ ਲੂੰਬੇ
ਧਰਤੀ ਹਜ਼ਾਰ ਦੁਖੜੇ,
ਸੀਨੇ ਦੇ ਵਿਚ ਲੁਕੋਂਦੀ
ਅੰਦਰ ਲੁਕੇ ਜਲਾਂ ਵਿਚ,
ਅੱਖੀਆਂ ਡੁਬੋ ਕੇ ਰੋਂਦੀ
ਕਦੀ ਪਾੜ ਕੇ ਕਲੇਜਾ,
ਫੁਟਦੀ ਏ ਤੇਜ਼ ਜੁਆਲਾ
ਟੁਟਦੇ ਨੇ ਕੜ ਸਬਰ ਦੇ,
ਖਾਂਦਾ ਏ ਦਿਲ ਉਛਾਲਾ
ਜੋ ਸਹਿ ਲਿਆ ਏ ਸਦੀਆਂ,
ਇਕ ਦਿਵਸ ਨਾ ਸਹੇਗਾ
ਸਦੀਆਂ ਦੀ ਅਣਕਹੀ ਨੂੰ,
ਇਕ ਹਾਦਸਾ ਕਹੇਗਾ
ਇਹ ਨੇੜਤਾ ਦੀ ਸੱਧਰ,
ਤੇ ਦੂਰੀਆਂ ਦਾ ਮਸਲਾ
ਸੰਯੋਗ ਦਾ ਇਹ ਸੁਪਨਾ,
ਤੇ ਵਿਯੋਗ ਦਾ ਇਹ ਅਸਲਾ
ਅਟਕੇ ਨੇ ਰੂਪ ਸਾਰੇ,
ਇਕ ਦੂਸਰੇ ਸਹਾਰੇ
ਜੇ ਕੋਸ਼ਿਸ਼ ਨਹੀਂ ਤਾਂ ਕੀ ਨੇ,
ਇਹ ਜਹਾਨ ਦੇ ਖਲਾਰੇ
98. ਇਕ ਦੀ ਰਾਸ਼ੀ ਧਰਤ ਸੀ, ਇਕ ਦੀ ਰਾਸ਼ੀ ਅਗਨ ਸੀ
ਇਕ ਦੀ ਰਾਸ਼ੀ ਧਰਤ ਸੀ, ਇਕ ਦੀ ਰਾਸ਼ੀ ਅਗਨ ਸੀ
ਇਕ ਉੱਗਣ ਵਿਚ ਲੀਨ ਸੀ, ਇਕ ਜਾਲਣ ਵਿਚ ਮਗਨ ਸੀ
ਇਕ ਬੰਦੇ ਦੀ ਸੋਚ ਨੇ, ਐਸਾ ਮੰਤਰ ਮਾਰਿਆ
ਅੱਗ ਤੇ ਮਿੱਟੀ ਮਿਲ ਗਏ, ਦੀਵੇ ਲਗ ਪਏ ਜਗਣ ਸੀ
ਧਾਤ ਨੂੰ ਤਾਰ 'ਚ ਢਾਲਿਆ, ਰੁੱਖ ਰਬਾਬ ਬਣਾ ਲਿਆ
ਇਹ ਤਾਂ ਸਭ ਤਕਨੀਕ ਸੀ, ਅਸਲੀ ਗੱਲ ਤਾਂ ਲਗਨ ਸੀ
ਅਸਲੀ ਗੱਲ ਤਾਂ ਰਾਗ ਸੀ ਜਾਂ ਸ਼ਾਇਦ ਵੈਰਾਗ ਸੀ
ਨਹੀਂ ਨਹੀਂ ਅਨੁਰਾਗ ਸੀ, ਜਿਸ ਵਿਚ ਹਰ ਸ਼ੈ ਮਗਨ ਸੀ
ਖਿੱਚਾਂ ਕੁਝ ਮਜਬੂਰੀਆਂ, ਕੁਝ ਨੇੜਾਂ, ਕੁਝ ਦੂਰੀਆਂ
ਧਰਤੀ ਘੁੰਮਣ ਲੱਗ ਪਈ, ਅੰਬਰ ਲੱਗ ਪਿਆ ਜਗਣ ਸੀ
ਪਹਿਲਾਂ ਦਿਲ ਵਿਚ ਖੜਕੀਆਂ, ਫਿਰ ਸਾਜ਼ਾਂ ਵਿਚ ਥਰਕੀਆਂ
ਤਾਰਾਂ ਦੇ ਸਨ ਦੋ ਸਿਰੇ, ਇਕ ਛੁਪਿਆ ਇਕ ਨਗਨ ਸੀ
ਮਨ ਤੇ ਪਰਦੇ ਪਹਿਨ ਕੇ, ਉਸ ਦੇ ਦਰ ਤੂੰ ਕਿਉਂ ਗਿਆ
ਸ਼ੀਸ਼ੇ ਵਾਂਗ ਸ਼ਫਾਫ ਜੋ ਧੁੱਪਾਂ ਵਾਂਗੂੰ ਨਗਨ ਸੀ
ਤਾਰਾਂ ਵਾਂਗ ਮਹੀਨ ਸੀ, ਇਹ ਉਸਦੀ ਤੌਹੀਨ ਸੀ
ਉਸ ਸੰਗ ਉੱਚੀ ਬੋਲਣਾ ਚੁੱਪ ਅੰਦਰ ਜੋ ਮਗਨ ਸੀ
99. ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ
ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ
ਪਿਆਰ ਵਿਚ ਪਿਘਲੀ ਤਾਂ ਇਕ ਦਮ ਨੀਰ ਸੀ
ਮੇਰੇ ਸੀਨੇ ਲਗ ਕੇ ਚਸ਼ਮਾ ਬਣ ਗਿਆ
ਚੱਲਿਆ ਤਾਂ ਉਹ ਕਮਾਨੋਂ ਤੀਰ ਸੀ
ਤ੍ਰਭਕ ਕੇ ਉਠਿਆ ਮੇਰੇ ਪਹਿਲੂ 'ਚੋਂ ਉਹ
ਹੋਰ ਮੰਜ਼ਿਲ ਦਾ ਜਿਵੇਂ ਰਾਹਗੀਰ ਸੀ
ਲਫਜ਼ ਤੇ ਸੰਗੀਤ ਕੁਝ ਇਉਂ ਘੁਲ ਗਏ
ਗੀਤ ਜਿਉਂ ਰਾਂਝਾ ਅਤੇ ਧੁਨ ਹੀਰ ਸੀ
ਉਹ ਜਦੋਂ ਲਿਸ਼ਕੀ ਹਨੇਰਾ ਤੜਪਿਆ
ਉਹ ਜਿਵੇਂ ਰਿਸ਼ਮ ਨਈਂ ਸੀ ਤੀਰ ਸੀ
100. ਹਜ਼ਾਰਾਂ ਪਰਿੰਦੇ
ਹਜ਼ਾਰਾਂ ਪਰਿੰਦੇ
ਮੇਰੇ ਮਨ 'ਚ ਕੈਦੀ
ਸੁਣਾਂ ਰਾਤ ਦਿਨ ਮੈਂ
ਇਹ ਦਿੰਦੇ ਦੁਹਾਈ:
ਰਿਹਾਈ
ਰਿਹਾਈ
ਅਸੀਂ ਭਾਵੇਂ ਜਾ ਕੇ
ਕਿਤੇ ਵਿੰਨ੍ਹ ਹੋਈਏ
ਵਗਣ ਸਾਡੀ ਕਾਇਆ 'ਚੋਂ
ਰੱਤ ਦੇ ਫੁਹਾਰੇ
ਅਸੀਂ ਭਾਵੇਂ ਜਾ ਕੇ
ਕਿਤੇ ਝੁਲਸ ਜਾਈਏ
ਜਲਣ ਸਾਡੇ ਖੰਭਾਂ ਦੇ
ਸਿਲਕੀ ਕਿਨਾਰੇ
ਤੂੰ ਬੱਸ ਜਾਣ ਦੇ ਹੁਣ
ਕਿਤੇ ਵੀ ਅਸਾਨੂੰ
ਤੇਰੀ ਕੈਦ ਨਾਲੋਂ
ਤਾਂ ਚੰਗੇ ਨੇ ਸਾਨੂੰ
ਸ਼ਿਕਾਰੀ ਅਤੇ ਮਾਸਖ਼ੋਰੇ ਕਸਾਈ
ਉਦੋਂ ਬਿਰਖ ਸੀ ਤੂੰ
ਜਦੋਂ ਉਤਰੇ ਸਾਂ
ਅਸੀਂ ਡਾਲੀਆਂ 'ਤੇ
ਉਦੋਂ ਤੂੰ ਕਿਹਾ ਸੀ:
ਉਡੋ ਅਰਸ਼ ਅੰਦਰ
ਜਦੋਂ ਥੱਕ ਜਾਓ
ਮੇਰੇ ਕੋਲ ਆਓ
ਜਦੋਂ ਅੱਕ ਜਾਓ
ਤਾਂ ਫਿਰ ਪੰਖ ਤੋਲੋ
ਹਵਾਵਾਂ 'ਚ ਖੰਭਾਂ ਨਾ ਖ਼ਤ ਲਿਖਦੇ ਜਾਓ
ਤੂੰ ਸਾਡੇ ਸਦਾ ਲਈ
ਉਡਣ ਕੋਲੋਂ ਡਰਦਾ
ਤੇ ਪੱਤਿਆਂ ਦੇ ਸੁੱਕਣ
ਝੜਨ ਕੋਲੋਂ ਡਰਦਾ
ਤੂੰ ਹੁਣ ਬਿਰਖ ਤੋਂ
ਪਿੰਜਰਾ ਹੋ ਗਿਆ ਏਂ
ਤੇ ਰੁੱਤਾਂ ਦੇ ਆਵਣ ਤੇ ਜਾਵਣ ਤੋਂ ਡਰਦਾ
ਤੂੰ ਆਪਣੇ ਹੀ ਮਨ ਦੇ ਦੁਆਰੇ 'ਤੇ ਜੜਿਆ
ਕਿਸੇ ਖ਼ੌਫ਼ ਦਾ ਜਿੰਦਰਾ ਹੋ ਗਿਆ ਏਂ
ਅਸੀਂ ਸ਼ਬਦ ਤੇਰੇ
ਅਸੀਂ ਬੋਲ ਤੇਰੇ
ਅਸੀਂ ਤੇਰੇ ਅੰਦਰ
ਪਏ ਮਰ ਰਹੇ ਹਾਂ
ਵਿਦਾ ਕਰ ਅਸਾਨੂੰ
ਅਤੇ ਪਿੰਜਰੇ ਤੋਂ
ਤੂੰ ਫਿਰ ਬਿਰਖ ਹੋ ਜਾ
ਫ਼ਿਜ਼ਾਵਾਂ 'ਚ ਗੂੰਜਣ ਦੇ
ਮੁਕਤੀ ਦੇ ਨਗ਼ਮੇ
ਅਸੀਂ ਸੁੰਨੇ ਆਕਾਸ਼ ਨੂੰ ਭਰ ਦਿਆਂਗੇ
ਅਸੀਂ ਏਸ ਮਾਤਮ ਜਿਹੀ ਚੁੱਪ ਤਾਂਈਂ
ਤਰਨੁੱਮ-ਤਰਨੁੱਮ ਜਿਹੀ ਕਰ ਦਿਆਂਗੇ
ਤੂੰ ਕਿਉਂ ਅਪਣੇ ਰਸਤੇ 'ਚ
ਆਪੇ ਖੜਾ ਹੈਂ
ਤੂੰ ਕਿਉਂ ਚਿੱਤ ਖੋਲਣ ਤੋਂ
ਇਉਂ ਡਰ ਰਿਹਾ ਹੈਂ
ਤੂੰ ਅਲਾਪ ਲੈ
ਕਿ ਵਗਣ ਫੇਰ ਨਦੀਆਂ
ਤੂੰ ਅਲਾਪ ਲੈ
ਕਿ ਵਗਣ ਫੇਰ ਹਵਾਵਾਂ
ਤੂੰ ਫਿਰ ਘੋਲ ਲੈ
ਜਾਮ ਵਿਚ ਮੌਤ ਜੀਵਨ
ਤੂੰ ਫਿਰ ਠੱਗ ਲੈ
ਓਸ ਠੱਗਾਂ ਦੇ ਠੱਗ ਨੂੰ
ਤੇ ਇਉਂ ਪਿੰਜਰੇ ਤੋਂ
ਤੂੰ ਫਿਰ ਬਿਰਖ ਹੋ ਜਾ
ਤੇ ਸ਼ਾਖਾਂ ਦੇ ਵਾਂਗੂ--ਹਵਾਵਾਂ 'ਚ ਝੁਲਦਾ
ਖ਼ੁਸ਼ੀ ਤੇ ਉਦਾਸੀ 'ਚ
ਹੋ ਜਾ ਸ਼ੁਦਾਈ
ਰਿਹਾਈ
ਰਿਹਾਈ
ਹਜ਼ਾਰਾਂ ਪਰਿੰਦੇ
ਮੇਰੇ ਮਨ 'ਚ ਕੈਦੀ
ਸੁਣਾਂ ਰਾਤ ਦਿਨ ਮੈਂ
ਇਹ ਦਿੰਦੇ ਦੁਹਾਈ:
ਰਿਹਾਈ
ਰਿਹਾਈ
101. ਮੇਰੀ ਖੁਦਕੁਸ਼ੀ ਦੇ ਰਾਹ ਵਿੱਚ
ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ
ਕਿਨੇ ਹਸੀਨ ਚੇਹਰੇ, ਨੈਣਾਂ ਦੇ ਗੋਲ ਘੇਰੇ
ਸ਼ਾਮਾਂ ਅਤੇ ਸਵੇਰੇ
ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ
ਮੇਰਾ ਰਾਜ਼ਦਾਨ ਸ਼ੀਸ਼ਾ,ਮੇਰਾ ਕਦਰਦਾਨ ਸ਼ੀਸ਼ਾ
ਮੈਨੂੰ ਆਖਦਾ ਏ ਸੋਹਣੀ, ਇੱਕ ਨੌਜਵਾਨ ਸ਼ੀਸ਼ਾ
ਏਹੋ ਤਾਂ ਮੁਸ਼ਿਕਲਾਂ ਨੇ
ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ
ਇੱਕ ਆਸ ਏ ਮਿਲਣ ਦੀ, ਮੇਰੇ ਸਾਂਵਰੇ ਸੱਜਣ ਦੀ
ਕੁਝ ਕਹਣ ਦੀ ਸੁਨਣ ਦੀ
ਇਹ ਕਹਿਕੇ ਉਸਨੇ ਸੀਨੇ ਲੱਗਣਾ, ਤੇ ਸਿਸਕਣਾ ਏ
ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ
ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ
ਮੈ ਮਰਨ ਤੁਰੀ ਤਾਂ ਲੱਗ ਪਈ, ਪੰਜੇਬ ਮੇਰੀ ਛਣਕਣ
ਬਾਹੋਂ ਪਕੜ ਬਿਠਾਇਆ, ਟੁੱਟ ਪੈਣੇ ਕੰਗਣਾ ਨੇ
ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ
ਸੂਰਜ ਅਤੇ ਸਿਤਾਰੇ, ਮੇਰੇ ਰਾਹ 'ਚ ਚੰਨ ਤਾਰੇ
ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ?
ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ
102. ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ
ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ
ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ, ਮੈਂ ਪਾਣੀ ਤੇ ਲੀਕ ਹਾਂ
ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ
ਵੰਝਲੀ ਦੇ ਰੂਪ ਵਿੱਚ ਮੈ ਉਸ ਜੰਗਲ ਦੀ ਚੀਕ ਹਾਂ
ਅੱਗ ਦਾ ਸਫ਼ਾ ਹੈ ਉਸ 'ਤੇ ਮੈਂ ਫੁੱਲਾਂ ਦੀ ਸਤਰ ਹਾਂ
ਉਹ ਬਹਿਸ ਕਰ ਰਹੇ ਨੇ ਗਲਤ ਹਾਂ ਕਿ ਠੀਕ ਹਾਂ
103. ਦੂਰ ਜੇਕਰ ਅਜੇ ਸਵੇਰਾ ਹੈ
ਦੂਰ ਜੇਕਰ ਅਜੇ ਸਵੇਰਾ ਹੈ
ਇਸ 'ਚ ਕਾਫੀ ਕਸੂਰ ਮੇਰਾ ਹੈ
ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ
ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ
ਮੈਂ ਚੁਰਾਹੇ 'ਚ ਜੇ ਜਗਾਂ ਤਾਂ ਕਿਵੇਂ
ਮੇਰੇ ਘਰ ਦਾ ਵੀ ਇੱਕ ਬਨੇਰਾ ਹੈ
ਘਰ 'ਚ ਨੇਰਾ ਬਹੁਤ ਨਹੀਂ ਤਾਂ ਵੀ
ਮੇਰੀ ਲੋਅ ਵਾਸਤੇ ਬਥੇਰਾ ਹੈ
ਤੂੰ ਘਰਾਂ ਦਾ ਹੀ ਸਿਲਸਿਲਾ ਹੈਂ ਪਰ
ਐ ਨਗਰ ਕਿਸਨੂੰ ਫਿਕਰ ਤੇਰਾ ਹੈ
104. ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖ਼ੰਜਰ ਹੋ ਗਿਆ
ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖ਼ੰਜਰ ਹੋ ਗਿਆ
ਸੋਚਿਆ ਸੀ ਨਾ ਕਦੇ ਇਉਂ ਹੋਏਗਾ ਪਰ ਹੋ ਗਿਆ
ਫੁੱਲ ਤੋਂ ਮੈਂ ਅੱਗ ਬਣਿਆ ਅੱਗ ਤੋਂ ਹੋਇਆ ਮੈਂ ਨੀਰ,
ਤੜਪਿਆ ਲੁਛਿਆ ਬਹੁਤ ਫਿਰ ਸਿੱਲ ਪੱਥਰ ਹੋ ਗਿਆ
ਜਿਸ ਨੂੰ ਰੋਕਣ ਵਾਸਤੇ ਮੈਂ ਰੋਕ ਰੱਖੇ ਹਿੱਕ ਤੇ,
ਸੌ ਦਿਨਾ ਰਾਤਾਂ ਦੇ ਪਹੀਏ ਉਹ ਵੀ ਆਖਰ ਹੋ ਗਿਆ
ਦੋਸਤੀ ਕੀ ਦੁਸ਼ਮਣੀ ਕੀ, ਜਿੰਦਗੀ ਕੀ, ਮੌਤ ਕੀ,
ਜਦ ਨਜ਼ਰ ਬਦਲੀ ਤੇਰੀ ਸਭ ਕੁਝ ਬਰਾਬਰ ਹੋ ਗਿਆ
ਹੋਇਆ ਕੀ ਜੇ ਸੰਨ੍ਹ ਲੱਗੀ ਦਿਲ 'ਚ ਹੋਇਆ ਚਾਨਣਾ,
ਛਾਨਣੀ ਹੋਇਆ ਜੋ ਦਿਲ ਰਾਤਾਂ ਦਾ ਅੰਬਰ ਹੋ ਗਿਆ
ਨਾ ਕੋਈ ਮੱਥੇ 'ਚ ਚਾਨਣ ਨਾ ਕੋਈ ਸੀਨੇ 'ਚ ਸੇਕ
ਇਸ ਤਰਾਂ ਦਾ ਕਿਸ ਤਰਾਂ 'ਸੁਰਜੀਤ ਪਾਤਰ' ਹੋ ਗਿਆ
105. ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ
ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ
ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ
ਲਫ਼ਜ਼ ਤਾਂ ਸਾਊ ਬਹੁਤ ਨੇ, ਯਾ ਖ਼ੁਦਾ ਬਣਿਆ ਰਹੇ
ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫ਼ਾਸਿਲਾ
ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ
ਹਾਇ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫ਼ਾਸਿਲਾ
ਜੇ ਬਹੁਤ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ
ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫ਼ਾਸਿਲਾ
ਧਰਮ ਹੈ, ਇਖ਼ਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ
ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫ਼ਾਸਿਲਾ
ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੌਸ਼ਨੀ
ਹਾਇ ਪਰ ਕਿਰਦਾਰ ਤੇ ਗਲਬਾਤ ਵਿਚਲਾ ਫ਼ਾਸਿਲਾ
ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ ਤੇ ਆ ਕੇ ਰੁਕ ਗਿਆ
ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫ਼ਾਸਿਲਾ
106. ਲਿਆਏ ਰਾਤ ਨੂੰ ਕਿਸ ਥਾਂ ਮੇਰੇ ਗੁਨਾਹ ਮੈਨੂੰ
ਲਿਆਏ ਰਾਤ ਨੂੰ ਕਿਸ ਥਾਂ ਮੇਰੇ ਗੁਨਾਹ ਮੈਨੂੰ
ਸਵੇਰ ਹੋਈ ਤਾਂ ਘਰ ਦਾ ਮਿਲੇ ਨਾ ਰਾਹ ਮੈਨੂੰ
ਜਿਮੀਂ ਤੇ ਡਿੱਗਿਆ ਜਦੋਂ ਮੇਰਾ ਤਪਦਾ ਸੂਰਜ ਹੀ
ਕਿਸੇ ਦੀ ਛਾਂ ਨਾ ਰਹੀ ਜੋ ਦੇਵੇ ਪਨਾਹ ਮੈਨੂੰ
ਮੈਂ ਉੁਸ ਝੀਲ ਦੇ ਸਉਲੇ ਬਦਨ ਦਾ ਵਾਕਿਫ਼ ਸਾਂ
ਨਹੀਂ ਸੀ ਤਹਿ 'ਚ ਪਏ ਪੱਥਰਾਂ ਦੀ ਥਾਹ ਮੈਨੂੰ
ਮੈਂ ਜਿਸ ਸਲੀਬ ਤੇ ਚੜ੍ਹਿਆ, ਉਹ ਫੇਰ ਬਿਰਖ ਬਣੀ
ਹੁਣ ਉਸ ਸਲੀਬ ਤੋਂ ਫੁੱਲਾਂ ਦੇ ਵਾਂਗੂੰ ਲਾਹ ਮੈਨੂੰ
ਮੈਂ ਅੱਧੀ ਰਾਤ ਨੂੰ ਇਕ ਆਦਮੀ ਦੀ ਚੀਕ ਸੁਣੀ
ਤੇ ਉਸ ਤੋਂ ਬਾਦ ਸੁਣੇ ਆਪਣੇ ਨਾ ਸਾਹ ਮੈਨੂੰ
107. ਮੇਰਾ ਸੂਰਜ ਡੁਬਿਆ ਹੈ, ਤੇਰੀ ਸ਼ਾਮ ਨਹੀਂ ਹੈ
ਮੇਰਾ ਸੂਰਜ ਡੁਬਿਆ ਹੈ, ਤੇਰੀ ਸ਼ਾਮ ਨਹੀਂ ਹੈ
ਤੇਰੇ ਸਿਰ ਤੇ ਤਾਂ ਸਿਹਰਾ ਹੈ ਇਲਜਾਮ ਨਹੀਂ ਹੈ
ਏਨਾਂ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁਖ ਸਿੰਜਿਆ
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ
ਮੇਰਾ ਨਾ ਫਿਕਰ ਕਰੀਂ ਜੀ ਕੀਤਾ ਤਾਂ ਮੁੜ ਆਵੀਂ
ਸਾਨੂੰ ਤਾਂ ਰੂਹਾਂ ਨੂੰ ਅਰਾਮ ਨਹੀ ਹੈ
ਮਸਜਿਦ ਦੇ ਆਖਣ ਤੇ ਕਾਜੀ ਦੇ ਫਤਵੇ ਤੇ
ਅੱਲਾ ਨੂੰ ਕਤਲ ਕਰਨਾ ਇਸਲਾਮ ਨਹੀਂ ਹੈ
ਇਹ ਸਿਜਦੇ ਨਹੀਂ ਮੰਗਦਾ, ਇਹ ਤਾਂ ਸਿਰ ਮੰਗਦਾ ਹੈ
ਯਾਰਾਂ ਦਾ ਸੁਨੇਹਾਂ ਹੈ ਅਲਹਾਮ ਨਹੀਂ ਹੈ
108. ਪੰਛੀ ਤਾਂ ਉਡ ਗਏ ਨੇ
ਪੰਛੀ ਤਾਂ ਉਡ ਗਏ ਨੇ
ਰੁੱਖ ਵੀ ਸਲਾਹਾਂ ਕਰਨ:
ਚਲੋ ਏਥੋਂ ਚੱਲੀਏ
ਘਰ ਘਰ ਪੁੱਤ ਕਹਿਣ:
ਛੱਡ ਬਾਪੂ ਹੁਣ ਕੀ ਏ ਰੱਖਿਆ ਜ਼ਮੀਨ ਵਿਚ
ਵੇਚ ਕੇ ਸਿਆੜ ਚਾਰ
ਕਰ ਕੇ ਜੁਗਾੜ ਕੋਈ
ਚੱਲ ਏਥੋਂ ਚੱਲੀਏ
ਤੂੰ ਨੀ ਸੁਣੇ, ਟਿਕੀ ਰਾਤੇ
ਪਿੰਡ ਦੇ ਉਜਾੜਾਂ ਵਿਚ
ਮੋਏ ਕਿਰਸਾਨ ਸਾਰੇ
ਏਹੀ ਵਿ੍ਰਦਗਾਨ ਗਾਉਂਦੇ
ਚਲੋ ਏਥੋਂ ਚੱਲੀਏ
ਏਹੀ ਹੈ ਵ੍ਰਿੰਦਗਾਨ
ਏਹੀ ਹੈ ਸਮੂਹ-ਗਾਨ
ਚਲੋ ਏਥੋਂ ਚੱਲੀਏ
ਇਹ ਜਿਹੜੇ
ਨਸ਼ਿਆਂ ਦੇ ਉਡਣ-ਖਟੋਲੇ ਵਿਚ ਬੈਠ ਜਾਂਦੇ
ਓਨ੍ਹਾਂ ਨੇ ਵੀ
ਬੱਸ ਏਥੋਂ ਜਾਣ ਦਾ ਹੀ ਰਾਹ ਜਾਣੀਂ ਲੱਭਿਆ
ਤੇ ਇਹ ਜਿਹੜੇ ਕੁੱਖਾਂ ਵਿਚ
ਨਸ਼ਤਰਾਂ ਦੀ ਭਾਸ਼ਾ ਵਿਚ
ਧੀਆਂ ਨੂੰ ਸੁਨੇਹਾ ਦਿੰਦੇ
ਉਹ ਵੀ ਏਹੋ ਆਖਦੇ ਨੇ:
ਏਥੇ ਕਿੱਥੇ ਆ ਗਈਆਂ
ਏਥੇ ਆ ਕੇ ਕੀ ਲੈਣਾਂ
ਤੁਹਮਤਾਂ ਤੇ ਲਾਹਨਤਾਂ
ਵਹਿਸ਼ਤਾਂ ਤੇ ਸ਼ਹਿਵਤਾਂ
ਦਾਗ ਲੈਣ ਦੁੱਖ ਦੇ
ਜਨਾਹ ਦੇ ਤੇਜ਼ਾਬ ਦੇ?
ਜਾਓ ਜਾਓ
ਚਲੇ ਜਾਓ
ਏਥੇ ਆ ਕੇ ਕੀ ਲੈਣਾਂ
ਜਿਹੜੇ ਏਥੇ ਆਏ ਹੋਏ
ਉਹ ਤਾਂ ਅੱਗੇ ਆਖਦੇ ਨੇ:
ਚਲੋ ਏਥੋਂ ਚੱਲੀਏ
ਏਹੀ ਏਥੇ ਤਾਲ ਹੈ
ਤੇ ਏਹੀ ਏਥੇ ਰਾਗ ਹੈ
ਏਹੀ ਹੈ ਵ੍ਰਿੰਦਗਾਨ
ਏਹੀ ਹੈ ਸਮੂਹ-ਗਾਨ
ਹੈ ਕੋਈ ਕਵੀ ਏਥੇ
ਹੈ ਕੋਈ ਗਮੰਤਰੀ
ਸਾਜ਼ੀਆਂ ਦੀ ਟੋਲੀ ਕੋਈ
ਹੈ ਕੋਈ ਸੰਗੀਤਕਾਰ
ਜਿਹੜਾ ਹੋਰ ਰਾਗ ਛੇੜੇ
ਮੇਰੀ ਏਸ ਧਰਤ ਤੇ ਹਲੇਮੀ ਰਾਜ ਕਾਇਮ ਹੋਵੇ
ਬੇਗਮਪੁਰੇ ਦਾ ਰੂਪ
ਧਰਤ ਮੇਰੀ ਹੋ ਜਾਏ
ਕੋਈ ਨਾ ਰਞਾਣੇ ਕਿਸੇ
ਕਹੇ ਨਾ ਕੋਈ ਵੀ ਏਥੇ
ਚਲੋ ਏਥੋਂ ਚੱਲੀਏ।
ਹਰ ਕੋਈ ਏਹੀ ਆਖੇ:
ਅਸੀਂ ਏਥੇ ਵੱਸਣਾ
ਅਸੀਂ ਏਥੇ ਵੱਸਣਾ
ਅਸੀਂ ਏਸ ਧਰਤ ਨੂੰ ਬਣਾਉਣਾ ਏ ਵਸਣਯੋਗ
ਰਸਣਯੋਗ
ਹੈ ਕੋਈ ਕਵੀ ਏਥੇ
ਹੈ ਕੋਈ ਗਮੰਤਰੀ
ਸਾਜ਼ੀਆਂ ਦੀ ਟੋਲੀ ਕੋਈ
ਹੈ ਕੋਈ ਸੰਗੀਤਕਾਰ?
109. ਰੁੱਖ ਨੂੰ ਜਦ ਅੱਗ ਲੱਗੀ
ਰੁੱਖ ਨੂੰ ਜਦ ਅੱਗ ਲੱਗੀ
ਕੁਲ ਪਰਿੰਦੇ ਉੜ ਗਏ, ਉੜਨਾ ਹੀ ਸੀ
ਇਕ ਚਿੜੀ ਪਰ ਜਾਂਦੀ ਜਾਂਦੀ ਮੁੜ ਪਈ
ਉਸ ਦੇ ਮਨ ਵਿਚ ਸੋਚ ਆਈ
ਰੁੱਖ ਕੀ ਸੋਚੂ ਵਿਚਾਰਾ
ਉਸ ਨੂੰ ਲੱਗਾ ਰੁੱਖ ਦੇ ਪੱਤੇ ਜਿਵੇਂ
ਹੋਵਣ ਹਜ਼ਾਰਾਂ ਅੱਖੀਆਂ
ਉਡਦਿਆਂ ਪੰਖੇਰੂਆਂ ਨੂੰ ਤੱਕਦੀਆਂ
ਕੋਲ਼ ਇਕ ਤਾਲਾਬ ਸੀ
ਉਸ ਦੇ ਜਲ ’ਚੋਂ ਭਰ ਕੇ ਚੁੰਝਾਂ ਉਹ ਚਿੜੀ
ਬਲ਼ ਰਹੇ ਰੁੱਖ ਉੱਤੇ ਤ੍ਰੌਂਕਣ ਲੱਗ ਪਈ
ਕੋਲ਼ੋਂ ਦੀ ਕੋਈ ਮੁਸਾਫ਼ਿਰ ਲੰਘਿਆ
ਦੇਖ ਕੇ ਦ੍ਰਿਸ਼ ਡਰ ਗਿਆ
ਸੜ ਹੀ ਨਾ ਜਾਏ ਕਿਤੇ ਝੱਲੀ ਚਿੜੀ
ਕਹਿਣ ਲੱਗਾ
ਭੋਲ਼ੀਏ ਚਿੜੀਏ ਤੂੰ ਸੋਚ
ਤੇਰੀਆਂ ਚੁੰਝ-ਚੂਲ਼ੀਆਂ ਦੇ ਨਾਲ਼ ਕੀ
ਅੱਗ ਬਲ਼ਦੇ ਬਿਰਖ ਦੀ ਬੁਝ ਜਾਏਗੀ?
ਜਾਣਦੀ ਹਾਂ ਐ ਮੁਸਾਫ਼ਿਰ
ਕਹਿਣ ਲੱਗੀ ਉਹ ਚਿੜੀ
ਮੇਰੀਆਂ ਚੁੰਝ-ਚੂਲ਼ੀਆਂ ਦੇ ਨਾਲ਼ ਤਾਂ
ਅੱਗ ਬਲ਼ਦੇ ਬਿਰਖ ਦੀ ਬੁਝਣੀ ਨਹੀਂ
ਫੇਰ ਵੀ ਪਰ ਸੋਚਦੀ ਹਾਂ
ਜਦੋਂ ਜੰਗਲ਼ ਦਾ ਕਦੀ ਇਤਿਹਾਸ ਲਿਖਿਆ ਜਾਏਗਾ
ਨਾਮ ਮੇਰਾ ਅੱਗ ਬੁਝਾਵਣ ਵਾਲ਼ਿਆਂ ਵਿਚ ਆਏਗਾ
ਤੇ ਇਨ੍ਹਾਂ ਰੁੱਖਾਂ ਦੇ ਵਾਰਿਸ ਕਹਿਣਗੇ:
ਸਾਨੂੰ ਜਦ ਲੱਗਦੀ ਹੈ ਅੱਗ
ਸਭ ਪਰਿੰਦੇ ਤ੍ਰਭਕ ਕੇ ਉੜਦੇ ਹੀ ਨੇ
ਪਰ ਕਈ ਮੁੜਦੇ ਵੀ ਨੇ
ਗੱਲ ਸੁਣ ਕੇ ਚਿੜੀ ਦੀ
ਰਾਹਗੀਰ ਵੀ
ਲੱਗ ਪਿਆ ਉਸ ਰੁੱਖ ਉੱਤੇ ਪਾਣੀ ਝੱਟਣ
ਹੋਰ ਤੇ ਇਕ ਹੋਰ ਤੇ ਇਕ ਹੋਰ ਰਾਹੀ ਆ ਗਿਆ
ਤੇ ਪਰਿੰਦੇ ਵੀ ਹਜ਼ਾਰਾਂ ਪਰਤ ਆਏ
ਚੁੰਝਾਂ ਦੇ ਵਿਚ ਨੀਰ ਭਰ ਕੇ
ਆਖਦੇ ਨੇ
ਬੁਝ ਗਈ ਸੀ ਅੱਗ ਬਲ਼ਦੇ ਬਿਰਖ ਦੀ
ਤੇ ਕਿਸੇ ਅਗਲੀ ਬਹਾਰ
ਰੁੱਖ ਦੇ ਝੁਲ਼ਸੇ ਤਨੇ ’ਚੋਂ
ਫੁੱਟ ਆਏ ਸੀ ਹਰੇ ਪੱਤੇ ਮਹੀਨ
ਜਿਸ ਤਰਾਂ ਕਿ ਹਰੇ ਅੱਖਰ ਹੋਣ ਕਾਲ਼ੇ ਸਫ਼ੇ ’ਤੇ
ਰੁੱਖ ਉਹ ਇਕ ਆਸ ਤੇ ਧਰਵਾਸ ਦੀ
ਸ਼ੁਕਰਾਨੇ ਤੇ ਵਿਸ਼ਵਾਸ ਦੀ
ਨਜ਼ਮ ਵਰਗਾ ਹੋ ਗਿਆ ਸੀ।
ਮੇਰੀ ਮਾਂ ਨੇ ਇਹ ਸੁਣਾਈ ਸੀ ਕਹਾਣੀ
ਤੇ ਕਿਹਾ ਸੀ:
ਇਹ ਕਦੀ ਨਾ ਸਮਝੀਂ ਕਿ ਲਿੱਸਾ ਹੈਂ ਤੂੰ
ਇਹ ਕਦੀ ਨਾ ਸੋਚੀਂ ਕਿ ਕੱਲਾ ਹੈਂ ਤੂੰ
ਰੁੱਖ ਨੂੰ ਜਦ ਅੱਗ ਲੱਗੇ ਉੜ ਪਵੀਂ
ਪਰ ਮੁੜ ਪਵੀਂ
ਚੁੰਝ ਦੇ ਵਿਚ ਨੀਰ ਭਰ ਕੇ
ਉਸ ਚਿੜੀ ਨੂੰ ਯਾਦ ਕਰ ਕੇ।
110. ਮੇਰੀ ਕਵਿਤਾ
ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ
ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ
ਉਹ ਤਾਂ ਕੇਵਲ ਏਨਾ ਸਮਝੀ
ਪੁੱਤ ਦੀ ਰੂਹ ਨੂੰ ਦੁਖ ਹੈ ਕੋਈ
ਪਰ ਇਸਦਾ ਦੁਖ ਮੇਰੇ ਹੁੰਦਿਆਂ
ਆਇਆ ਕਿੱਥੋਂ
ਨੀਝ ਲਗਾਕੇ ਦੇਖੀ
ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ
ਕੁੱਖੋਂ ਜਾਏ
ਮਾਂ ਨੂੰ ਛੱਡ ਕੇ
ਦੁਖ ਕਾਗਤਾਂ ਨੂੰ ਦੱਸਦੇ ਨੇ
ਮੇਰੀ ਮਾਂ ਨੇ ਕਾਗ਼ਜ਼ ਚੁੱਕ ਸੀਨੇ ਨੂੰ ਲਾਇਆ
ਖ਼ਬਰੇ ਏਦਾਂ ਹੀ
ਕੁਝ ਮੇਰੇ ਨੇੜੇ ਹੋਵੇ
ਮੇਰਾ ਜਾਇਆ
111. ਮਰ ਰਹੀ ਹੈ ਮੇਰੀ ਭਾਸ਼ਾ
੧
ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ
ਅੰਮ੍ਰਿਤ ਵੇਲਾ
ਨੂਰ ਪਹਿਰ ਦਾ ਤੜਕਾ
ਧੰਮੀ ਵੇਲਾ
ਪਹੁ-ਫੁਟਾਲਾ
ਛਾਹ ਵੇਲਾ
ਸੂਰਜ ਸਵਾ ਨੇਜ਼ੇ
ਟਿਕੀ ਦੁਪਹਿਰ
ਲਉਢਾ ਵੇਲਾ
ਡੀਗਰ ਵੇਲਾ
ਲੋਏ ਲੋਏ
ਸੂਰਜ ਖੜੇ ਖੜੇ
ਤਰਕਾਲਾਂ
ਡੂੰਘੀਆਂ ਸ਼ਾਮਾਂ
ਦੀਵਾ ਵੱਟੀ
ਖਉਪੀਆ
ਕੌੜਾ ਸੋਤਾ
ਢੱਲਦੀਆਂ ਖਿੱਤੀਆਂ
ਤਾਰੇ ਦਾ ਚੜ੍ਹਾਅ
ਚਿੜੀ ਚੂਕਦੀ ਨਾਲ ਸਾਝਰਾ,
ਸੁਵਖ਼ਤਾ,
ਸਰਘੀ ਵੇਲਾ
ਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖ
ਵਿਚਾਰੇ ਮਾਰੇ ਗਏ
ਇਕੱਲੇ ਟਾਈਮ ਹੱਥੋਂ
ਇਹ ਸ਼ਬਦ ਸਾਰੇ
ਸ਼ਾਇਦ ਇਸ ਲਈ
ਕਿ ਟਾਈਮ ਕੋਲ ਟਾਈਮ-ਪੀਸ ਸੀ
ਹਰਹਟ ਕੀ ਮਾਲਾ,
ਚੰਨੇ ਦਾ ਉਹਲਾ,
ਗਾਧੀ ਦੇ ਹੂਟੇ
ਕਾਂਜਣ, ਨਿਸਾਰ, ਔਲੂ
ਚੱਕਲੀਆਂ, ਬੂੜੇ, ਭਰ ਭਰ ਡੁੱਲ੍ਹ ਦੀਆਂ ਟਿੰਡਾਂ
ਇਹਨਾਂ ਸਭਨਾਂ ਨੇ ਤਾਂ ਰੁੜ੍ਹ ਹੀ ਜਾਣਾ ਸੀ
ਟਿਊਬ-ਵੈੱਲ ਦੀ ਧਾਰ ਵਿਚ
ਮੈਨੂੰ ਕੋਈ ਹੈਰਾਨੀ ਨਹੀਂ
ਹੈਰਾਨੀ ਤਾਂ ਇਹ ਹੈ ਕਿ
ਅੰਮੀ ਤੇ ਅੱਬਾ ਵੀ ਨਹੀਂ ਰਹੇ
ਬੀਜੀ ਤੇ ਭਾਪਾ ਜੀ ਵੀ ਤੁਰ ਗਏ
ਦਦੇਸਾਂ ਫਫੇਸਾਂ ਮਮੇਸਾਂ ਦੀ ਗੱਲ ਹੀ ਛੱਡੋ
ਕਿੰਨੇ ਰਿਸ਼ਤੇ
ਸਿਰਫ਼ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ
ਤੇ ਕੱਲ੍ਹ ਕਹਿ ਰਿਹਾ ਸੀ
ਪੰਜਾਬ ਦੇ ਵਿਹੜੇ ਵਿਚ ਇਕ ਛੋਟਾ ਜਿਹਾ ਬਾਲ
ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ
ਹਾਂ ਬੇਟਾ, ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ
ਮਰ ਰਹੀ ਹੈ ਅਪਣੀ ਭਾਸ਼ਾ
ਪੱਤਾ ਪੱਤਾ ਸ਼ਬਦ ਸ਼ਬਦ
ਹੁਣ ਤਾਂ ਰੱਬ ਹੀ ਰਾਖਾ ਹੈ
ਮੇਰੀ ਭਾਸ਼ਾ ਦਾ
ਰੱਬ ?
ਰੱਬ ਤਾਂ ਆਪ ਪਿਆ ਹੈ ਮਰਨਹਾਰ
ਦੌੜੀ ਜਾ ਰਹੀ ਹੈ ਉਸ ਨੂੰ ਛੱਡ ਕੇ
ਉਸ ਦੀ ਭੁੱਖੀ ਸੰਤਾਨ
ਗੌਡ ਦੀ ਪਨਾਹ ਵਿਚ
ਮਰ ਰਹੀ ਹੈ ਮੇਰੀ ਭਾਸ਼ਾ
ਮਰ ਰਹੀ ਹੈ ਬਾਈ ਗੌਡ
੨
ਮਰ ਰਹੀ ਹੈ ਮੇਰੀ ਭਾਸ਼ਾ
ਕਿਉਂਕਿ ਜੀਉਂਦੇ ਰਹਿਣੇ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ
ਜੀਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ
ਇਸ ਸ਼ਰਤ ਤੇ ਵੀ
ਕਿ ਮਰਦੀ ਏ ਤਾਂ ਮਰ ਜਾਏ ਭਾਸ਼ਾ
ਕੀ ਬੰਦੇ ਦਾ ਜਿਉਂਦੇ ਰਹਿਣਾ
ਜ਼ਿਆਦਾ ਜ਼ਰੂਰੀ ਹੈ
ਕਿ ਭਾਸ਼ਾ ਦਾ ?
ਹਾਂ ਜਾਣਦਾ ਹਾਂ
ਤੁਸੀਂ ਕਹੋਗੇ
ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ
ਉਹ ਜਿਉਂਦਾ ਤਾਂ ਰਹੇਗਾ
ਪਰ ਕੀ ਉਹ ਬੰਦਾ ਰਹੇਗਾ ?
ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ
ਤੁਸੀਂ ਆਪ ਹੀ ਦੱਸੋ
ਹੁਣ ਜਦੋਂ
ਦਾਣੇ ਦਾਣੇ ਉੱਪਰ
ਖਾਣ ਵਾਲੇ ਦਾ ਨਾਮ ਵੀ
ਤੁਹਾਡਾ ਰੱਬ ਅੰਗਰੇਜ਼ੀ ਵਿਚ ਹੀ ਲਿਖਦਾ ਹੈ
ਤਾਂ ਕੌਣ ਬੇਰਹਿਮ ਮਾਂ ਬਾਪ ਚਾਹੇਗਾ
ਕਿ ਉਸ ਦੇ ਬੱਚੇ
ਡੁੱਬ ਰਹੀ ਭਾਸ਼ਾ ਦੇ ਜਹਾਜ਼ ਵਿਚ ਬੈਠੇ ਰਹਿਣ ?
ਜੀਉਂਦਾ ਰਹੇ ਮੇਰਾ ਬੱਚਾ
ਮਰਦੀ ਏ ਤਾਂ ਮਰ ਜਾਏ
ਤੁਹਾਡੀ ਬੁੱਢੜੀ ਭਾਸ਼ਾ
੩
ਨਹੀਂ ਇਸਤਰਾਂ ਨਹੀਂ ਮਰੇਗੀ ਮੇਰੀ ਭਾਸ਼ਾ
ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਭਾਸ਼ਾ
ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ
ਤੇ ਸ਼ਬਦ ਕਦੀ ਮਰਦੇ ਵੀ ਨਹੀਂ
ਮਰ ਵੀ ਜਾਣ ਤਾਂ
ਆਉਦੇ ਜਾਂਦੇ ਰਹਿੰਦੇ ਨੇ ਲੋਕ ਪਰਲੋਕ ਵਿਚ
ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ
ਸ਼ਬਦਾਂ ਦਾ ਪਰਲੋਕ
ਅਸੀਂ ਵੀ ਜਾ ਸਕਦੇ ਹਾਂ
ਜਿਉਂਦੇ ਜਾਗਦੇ
ਸ਼ਬਦਾਂ ਦੇ ਪਰਲੋਕ ਵਿਚ
ਓਥੇ ਉਨ੍ਹਾਂ ਦੇ ਪਰਵਾਰ ਵਸੇ ਹੁੰਦੇ ਹਨ
ਮੇਲੇ ਲੱਗੇ ਹੁੰਦੇ ਹਨ ਓਥੇ ਸ਼ਬਦਾਂ ਦੇ
ਮਰ ਚੁੱਕੇ ਲੇਖਕਾਂ ਦੀਆਂ ਜਿਊਂਦੀਆਂ ਕਿਤਾਬਾਂ ਵਿਚ
ਰੱਬ ਨਹੀਂ ਤਾਂ ਨਾ ਸਹੀ
ਸਤਿਗੁਰ ਇਸ ਦੇ ਸਹਾਈ ਹੋਣਗੇ
ਇਸ ਨੂੰ ਬਚਾਉਣਗੇ
ਸੂਫ਼ੀ, ਸੰਤ, ਫ਼ਕੀਰ
ਸ਼ਾਇਰ
ਨਾਬਰ
ਆਸ਼ਕ
ਯੋਧੇ
ਮੇਰੇ ਲੋਕ
ਅਸੀਂ
ਆਪਾਂ
ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ
ਸਾਡੀ ਭਾਸ਼ਾ
ਇਹ ਵੀ ਹੋ ਸਕਦਾ
ਕਿ ਇਸ ਮਾਰਨਹਾਰ ਮਾਹੌਲ ਵਿਚ ਘਿਰ ਕੇ
ਮਾਰਨਹਾਰਾਂ ਦਾ ਟਾਕਰਾ ਕਰਨ ਲਈ
ਹੋਰ ਵੀ ਜਿਉਣਜੋਗੀ
ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ ।
112. ਸ਼ਹੀਦ
ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ
ਉਸ ਨੇ ਸਿਰਫ਼ ਇਹ ਕਿਹਾ ਸੀ
ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ
ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ
ਮੈਨੂੰ ਅੱਜ–ਕੱਲ੍ਹ ਨਾਜ਼ ਹੈ ਆਪਣੇ ਆਪ 'ਤੇ
ਹੁਣ ਤਾਂ ਬੜੀ ਬੇਤਾਬੀ ਨਾਲ
ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ
ਤੇ ਆਖਰੀ ਇਮਤਿਹਾਨ ਵਿਚੋਂ
ਉਹ ਇਸ ਸ਼ਾਨ ਨਾਲ ਪਾਸ ਹੋਇਆ
ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ 'ਤੇ
ਉਸ ਨੇ ਕਦ ਕਿਹਾ ਸੀ : ਮੈਂ ਸ਼ਹੀਦ ਹਾਂ
ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ
ਸ਼ਹੀਦ ਤਾਂ ਉਸ ਨੂੰ ਸਤਲੁਜ ਦੀ ਗਵਾਹੀ ਤੇ
ਪੰਜਾਂ ਪਾਣੀਆਂ ਨੇ ਕਿਹਾ ਸੀ
ਗੰਗਾ ਨੇ ਕਿਹਾ ਸੀ
ਬ੍ਰਹਮਪੁੱਤਰ ਨੇ ਕਿਹਾ ਸੀ ਉਸ ਨੂੰ ਸ਼ਾਇਦ
ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ
ਤੁਸੀਂ ਹੁਣ ਧਰਤੀ ਨਾਲ ਲੜ ਪਏ ਹੋ
ਤੁਸੀਂ ਹੁਣ ਦਰਿਆਵਾਂ ਨਾਲ ਲੜ ਪਏ ਹੋ
ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ ਲੜ ਪਏ ਹੋ
ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ
ਕਿ ਰੱਬ ਤੁਹਾਨੂੰ ਬਚਾਵੇ
ਧਰਤੀ ਦੀ ਬਦਸੀਸ ਤੋਂ
ਦਰਿਆਵਾਂ ਦੀ ਬਦਦੁਆ ਤੋਂ
ਰੁੱਖਾਂ ਦੀ ਹਾਅ ਤੋਂ ।
113. ਘੱਟ ਗਿਣਤੀ ਨਹੀਂ
ਘੱਟ ਗਿਣਤੀ ਨਹੀਂ
ਮੈਂ ਦੁਨੀਆਂ ਦੀ
ਸਭ ਤੋਂ ਵੱਡੀ ਬਹੁ-ਗਿਣਤੀ ਨਾਲ
ਸਬੰਧ ਰੱਖਦਾ ਹਾਂ
ਬਹੁ ਗਿਣਤੀ
ਜੋ ਉਦਾਸ ਹੈ
ਖਾਮੋਸ਼ ਹੈ
ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ ਹੈ
ਏਨੇ ਚਾਨਣਾਂ ਦੇ ਬਾਵਜੂਦ ਹਨੇਰੇ ਵਿਚ ਹੈ
114. ਪੁਲ
ਮੈਂ ਜਿਨਾਂ ਲੋਕਾਂ ਲਈ ਪੁਲ ਬਣ ਗਿਆ ਸਾਂ
ਉਹ ਜਦੋਂ ਮੇਰੇ ਤੋਂ ਲੰਘ ਕੇ ਜਾ ਰਹੇ ਸਨ
ਮੈਂ ਸੁਣਿਆ ਮੇਰੇ ਬਾਰੇ ਕਹਿ ਰਹੇ ਸਨ:
ਉਹ ਕਿੱਥੇ ਰਹਿ ਗਿਆ ਹੈ ਚੁੱਪ ਜਿਹਾ ਬੰਦਾ
ਸ਼ਾਇਦ ਪਿੱਛੇ ਮੁੜ ਗਿਆ ਹੈ
ਸਾਨੂੰ ਪਹਿਲਾਂ ਪਤਾ ਸੀ ਕਿ ਉਸ ਵਿੱਚ ਦਮ ਨਹੀਂ ਹੈ
115. ਬਣ ਰਹੇ ਹਾਂ ਬੰਦਿਆਂ ਤੋਂ ਫੇਰ ਪੱਥਰ
ਬਣ ਰਹੇ ਹਾਂ ਬੰਦਿਆਂ ਤੋਂ ਫੇਰ ਪੱਥਰ
ਫੇਰ ਮਿੱਟੀ
ਫੇਰ ਪਾਣੀ
ਬਣ ਰਹੇ ਹਾਂ ਪੰਕਤੀਆਂ ਤੋਂ ਫੇਰ ਲਫ਼ਜ਼
ਅਤੇ ਲਫ਼ਜ਼ੋਂ
ਚਾਂਗਰਾਂ
ਚੀਕਾਂ
ਚਿੰਘਾੜਾਂ
ਧਰਤ ਪੁੱਠੀ ਗਿੜ ਰਹੀ ਹੈ
ਖ਼ੌਫ਼ ਨਾਲ
ਖਾ ਰਹੀ ਹੈ ਰੁੱਖ ਮਿੱਟੀ
ਮੁੜ ਰਹੇ ਨੇ ਨੀਰ ਅਪਣੇ ਸੋਮਿਆਂ ਨੂੰ
ਪਰਤਦੇ ਨੇ ਫੁੱਲ ਪਿਛਾਹਾਂ
ਸੁੱਟ ਕੇ ਇਹ ਸਾਜ਼
ਇਹ ਪਾਵਨ ਕਿਤਾਬਾਂ
ਇਹ ਪਿਆਰੇ ਮੁੱਖੜੇ
ਦੌੜ ਉਠਾਂਗੇ ਸਿਰਫ਼ ਇਕ ਜਾਨ ਲੈ ਕੇ
ਬਣ ਰਹੇ ਹਾਂ ਬੰਦਿਆਂ ਤੋਂ ਸਿਰਫ਼ ਜਾਨਾਂ
116. ਮੌਤ ਦੇ ਅਰਥ
ਕੋਈ ਮਾਂ ਨਹੀਂ ਚਾਹੁੰਦੀ
ਲਹੂ ਜ਼ਮੀਨ ਤੇ ਡੁੱਲ੍ਹੇ ।
ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ
ਤੇ ਵਧਦੀਆਂ ਫੁੱਲਦੀਆਂ ਫਸਲਾਂ ।
ਹਰ ਮਾਂ ਚਾਹੁੰਦੀ ਏ
ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ
ਜਾਂ ਸਾਜ਼ ਦੀ ਤਾਰ ਬਣੇ ।
ਮਾਂ ਨਹੀਂ ਚਾਹੁੰਦੀ
ਲੋਹਾ ਹਥਿਆਰ ਬਣੇ ।
ਪਰ ਜਦੋਂ ਲਹੂ ਖੌਲਦਾ ਏ
ਤਾਂ ਲੋਹੇ ਨੂੰ ਹਥਿਆਰ ਬਣਾ ਲੈਂਦਾ ਏ
ਤੇ ਹਾਂ
ਕਦੀ ਮਾਵਾਂ
ਆਪਣੀ ਹੱਥੀਂ ਵੀ
ਪੁੱਤਾਂ ਨੂੰ ਅਣਖ ਦੀ ਜੰਗ ਲੜਨ ਤੋਰਦੀਆਂ ਨੇ ।
ਲਹੂ ਜ਼ਮੀਨ ਤੇ ਡੁਲ੍ਹਦਾ ਏ
ਜ਼ਮੀਨ ਲਹੂ ਨੂੰ ਜੀਰ ਲੈਂਦੀ ਏ
ਉਸ ਨੂੰ ਤੱਤਾਂ ਵਿੱਚ ਬਦਲ ਲੈਂਦੀ ਏ ।
ਕੁਦਰਤ ਲਈ ਮੌਤ ਦਾ ਅਰਥ ਮੌਤ ਨਹੀਂ
ਕੁਦਰਤ ਲਈ ਮੌਤ ਦਾ ਅਰਥ ਤੱਤਾਂ ਦਾ ਰੂਪ ਬਦਲਣਾ
ਕੁਦਰਤ ਲਈ ਮੌਤ ਦਾ ਅਰਥ ਇੱਕ ਹੋਰ ਜਨਮ ।
ਪਰ ਮਾਂਵਾਂ ਲਈ ਕੁਦਰਤ ਲਈ ਮੌਤ ਦਾ ਅਰਥ ਹੈ
ਕੁੱਖਾਂ ਚੋਂ ਜਾਏ ਦਾ ਅੰਤਹੀਣ ਅੰਧਕਾਰ ਵਿੱਚ ਡੁਬ ਜਾਣਾ ।
117. ਨਹੀਂ ਲਿਖਣ ਦਿੰਦੀ ਕਵਿਤਾ ਅੱਜ
ਨਹੀਂ ਲਿਖਣ ਦਿੰਦੀ ਕਵਿਤਾ ਅੱਜ
ਅੰਦਰਲੀ ਅੱਗ
ਸਾੜਦੀ ਹੈ ਵਰਕੇ
ਇਕ ਇਕ ਕਰਕੇ
ਨਹੀਂ ਚਾਹਿਦੀ ਮੈਨੂੰ ਕਵਿਤਾ
ਆਖਦੀ ਹੈ ਅੱਗ
ਮੈਨੂੰ ਚਾਹਿਦੀ ਹੈ ਤੇਰੀ ਛਾਤੀ ਦਹਿਕਣ ਲਈ
ਕਿਸ ਦੀ ਕਵਿਤਾ ਹੈ
ਕਿਸ ਦੀ ਕਵਿਤਾ ਹੈ ਜੋ ਮੈਨੂੰ
ਕਵਿਤਾ ਲਿਖਣ ਨਾ ਦੇਵੇ
ਧਿਆਨ ਮੇਰੇ ਨੂੰ
ਮੇਰੇ ਦੁੱਖ ਦੀ
ਨੋਕ ਤੇ ਟਿਕਣ ਨਾ ਦੇਵੇ
ਕਿਸ ਦਾ ਹਾਸਾ
ਕਿਸ ਦਾ ਰੋਣਾ
ਕਿਸ ਦੇ ਫੁੱਲ
ਕਿਸ ਦੀ ਤਲਵਾਰ
ਕੌਣ ਖੜਾ
ਮੇਰੇ ਤੇ ਮੇਰੀ ਕਵਿਤਾ ਦੇ ਵਿਚਕਾਰ
118. ਨਮਸਕਾਰ
ਉਸਨੂੰ ਤੱਕ ਕੇ
ਉਹ ਜੋ ਤੇਰੇ ਸੀਨੇ ਵਿਚੋਂ
ਫੁੱਲ ਖਿੜਿਆ ਸੀ
ਉਹ ਮੇਰੇ ਤੋਂ ਜਰ ਨਾ ਹੋਇਆ
ਮੈਂ ਉਸ ਫੁੱਲ ਨੂੰ ਵਰਜਣ ਲੱਗਾ
ਮੇਰੇ ਸੀਨੇ ਵਿਚੋਂ ਹੀ ਆਵਾਜ਼ ਇਹ ਆਈ :
ਐ ਮੇਰੇ ਮਨ
ਇਹ ਤਾਂ ਐਵੇਂ ਵਹਿਮ ਹੈ ਤੇਰਾ
ਕਿ ਵਰਜੇ ਹੋਏ ਫੁੱਲ ਮੁਰਝਾ ਕੇ ਮਰ ਜਾਂਦੇ ਨੇ
ਵਰਜੇ ਹੋਏ ਫੁੱਲ ਕਦੀ ਨਾ ਮਰਦੇ
ਵਰਜੇ ਹੋਏ ਫੁੱਲ ਹਮੇਸ਼ਾ ਜੂਨ ਪਲਟਦੇ
ਜੂਨ ਪਲਟ ਕੇ ਸੱਪ ਬਣ ਜਾਂਦੇ
ਅਪਣੇ ਘਰ ਦੀਆਂ ਖੂੰਜਾਂ ਖਰਲਾਂ ਅੰਦਰ
ਕਿਧਰੇ ਲੁਕ ਜਾਂਦੇ ਨੇ
ਵਰਜ ਨਾ ਉਸਨੂੰ
ਨਮਸਕਾਰ ਕਰ ਖਿੜਦੇ ਫੁੱਲ ਨੂੰ
ਨਮਸਕਾਰ ਕਰ
ਛਾਤੀ ਵਿਚਲੀਆਂ ਨੇਕੀਆਂ ਬਦੀਆਂ ਇੱਛਾਵਾਂ ਨੂੰ
ਨਮਸਕਾਰ ਕਰ ਛਾਤੀ ਵਿਚਲੇ ਅੰਧਕਾਰ ਨੂੰ
ਨਮਸਕਾਰ ਕਰ ਇਸ ਅੰਦਰਲੀ ਕਾਇਨਾਤ ਨੂੰ
ਇਸ ਦੇ ਨਾਲ ਝਗੜ ਨਾ
ਪਾਗ਼ਲ ਹੋ ਜਾਵੇਂਗਾ
119. ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ
ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ
ਕੌਣ ਪਹਿਚਾਣੇਗਾ ਸਾਨੂੰ
ਮੱਥੇ ਉੱਤੇ ਮੌਤ ਦਸਖਤ ਕਰ ਗਈ ਹੈ
ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ
ਸ਼ੀਸ਼ੇ ਵਿਚੋਂ ਹੋਰ ਕੋਈ ਝਾਕਦਾ ਹੈ
ਅੱਖਾਂ ਵਿੱਚ ਕੋਰੀ ਲਿਸ਼ਕ ਹੈ
ਕਿਸੇ ਢੱਠੇ ਘਰ ਦੀ ਛੱਤ ਹੈ
ਆਉਂਦੀ ਹੋਈ ਲੋਅ ਜਿਹੀ
ਡਰ ਜਾਏਗੀ ਮੇਰੀ ਮਾਂ
ਮੇਰਾ ਪੁੱਤਰ ਮੇਰੇ ਤੋਂ ਵੱਡੀ ਉਮਰ ਦਾ
ਕਿਹੜੇ ਸਾਧੂ ਦਾ ਸਰਾਪ
ਕਿਸ ਸ਼ਰੀਕਣ ਚੰਦਰੀ ਦੇ ਟੂਣੇ ਟਾਮਣ ਨਾਲ ਹੋਇਆ
ਹੁਣ ਘਰਾਂ ਨੂੰ ਪਰਤਣਾ ਚੰਗਾ ਨਹੀ ਹੈ
ਏਨੇ ਡੁੱਬ ਚੁੱਕੇ ਨੇ ਸੂਰਜ
ਏਨੇ ਮਰ ਚੁੱਕੇ ਖੁਦਾ
ਜਿਉਂਦੀ ਮਾਂ ਨੂੰ ਵੇਖ ਕੇ
ਆਪਣੇ ਜਾਂ ਉਸ ਦੇ
ਪਰੇਤ ਹੋਵਣ ਦਾ ਹੋਏਗਾ ਤੌਖਲਾ
ਜਦ ਕੋਈ ਬੇਲੀ ਪੁਰਾਣਾ ਮਿਲੇਗਾ
ਬਹੁਤ ਯਾਦ ਆਵੇਗਾ ਆਪਣੇ ਅੰਦਰੋਂ
ਚਿਰਾਂ ਦਾ ਮਰ ਚੁੱਕਾ ਮੋਹ
ਰੋਣ ਆਵੇਗਾ ਤਾਂ ਫਿਰ ਆਵੇਗਾ ਯਾਰ
ਅੱਥਰੂ ਤਾਂ ਮੇਰੇ ਦੂਜੇ ਕੋਟ ਦੀ ਜੇਬੀ 'ਚ ਰੱਖੇ ਰਹਿ ਗਏ
ਜਦੋਂ ਚਾਚੀ ਇਸਰੀ
ਸਿਰ ਪਲੋਸੇਗੀ ਅਸੀਸਾਂ ਨਾਲ
ਕਿਸ ਤਰਾਂ ਦੱਸਾਂਗਾ ਮੈਂ
ਏਸ ਸਿਰ ਵਿੱਚ ਕਿਸ ਤਰਾਂ ਦੇ ਛੁੱਪੇ ਹੋਏ ਨੇ ਖਿਆਲ
ਆਪਣੀ ਹੀ ਲਾਸ਼ ਢੋਂਦਾ ਆਦਮੀ
ਪਤੀ ਦੇ ਸਜਰੇ ਸਿਵੇ ਤੇ ਮਾਸ ਰਿੰਨ੍ਹਦੀ ਰੰਨ
ਕਿਸੇ ਹੈਮਲਤ ਦੀ ਮਾਂ
ਸਰਦੀਆਂ ਵਿੱਚ ਬੰਦਿਆ ਦੇ ਸਿਵੇ ਸੇਕਣ ਵਾਲਾ ਰੱਬ
ਜਿਨ੍ਹਾਂ ਅੱਖਾਂ ਨਾਲ ਦੇਖੇ ਨੇ ਦੁਖਾਂਤ
ਕਿਸ ਤਰਾਂ ਮੇਲਾਂਗਾ ਅੱਖਾਂ
ਆਪਣੇ ਬਚਪਨ ਦੀ ਮੈਂ ਤਸਵੀਰ ਨਾਲ
ਆਪਣੇ ਨਿੱਕੇ ਘਰ ਨਾਲ
ਸ਼ਾਮ ਨੂੰ ਜਦ ਮੜ੍ਹੀ ਤੇ ਦੀਵਾ ਬਲੇਗਾ
ਗੁਰਦੁਆਰੇ ਸੰਖ ਵੱਜੇਗਾ
ਉਹ ਬਹੁਤ ਆਵੇਗਾ ਯਾਦ
ਉਹ ਕਿ ਜਿਹੜਾ ਮਰ ਗਿਆ ਹੈ
ਉਹ ਕਿ ਜਿਸ ਦੀ ਮੌਤ ਦਾ
ਇਸ ਭਰੀ ਨਗਰੀ 'ਚ ਬਸ ਮੈਨੂੰ ਪਤਾ ਹੈ
ਜੇ ਕਿਸੇ ਨੇ ਹੁਣ ਮੇਰੇ ਮਨ ਦੀ ਤਲਾਸ਼ੀ ਲੈ ਲਈ
ਬਹੁਤ ਰਹਿ ਜਾਵਾਂਗਾ ਕੱਲਾ
ਕਿਸੇ ਦੁਸ਼ਮਣ ਦੇਸ਼ ਦੇ ਜਾਸੂਸ ਵਾਂਗ
ਹੁਣ ਘਰਾਂ 'ਚ ਵੱਸਣਾ ਸੌਖਾ ਨਹੀਂ ਹੈ
ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ
ਸ਼ੀਸ਼ੇ ਵਿਚੋਂ ਹੋਰ ਕੋਈ ਝਾਂਕਦਾ ਹੈ
ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ
ਕੌਣ ਪਹਿਚਾਣੇਗਾ ਸਾਨੂੰ
120. ਸਾਈਂ ਜੀ
ਧੂਣੀ
ਸਾਈਂ ਜੀ ਦੇ ਅੱਗੇ ਨਹੀਂ, ਅੰਦਰ ਧੁਖਦੀ ਹੈ
ਸਾਈਂ ਜੀ ਕਦੀ ਕਦੀ
ਬੜੀ ਹੀ ਉਦਾਸ ਆਵਾਜ਼ ਵਿੱਚ ਗਾਉਂਦੇ ਹਨ
ਜਦ ਸਾਈਂ ਜੀ ਗਾਉਂਦੇ ਹਨ
ਤਾਂ ਆਪਣੀਆਂ ਹੀ ਆਂਦਰਾਂ ਦਾ ਸਾਜ਼ ਵਜਾਉਂਦੇ ਹਨ
ਗਾਉਂਦੇ ਗਾਉਂਦੇ ਸਾਈਂ ਜੀ
ਚੁਪ ਹੋ ਜਾਂਦੇ ਹਨ
ਉਸ ਚੁੱਪ ਵਿੱਚ ਇੱਕ ਸਾਜ਼ ਵੱਜਦਾ ਸੁਣਦਾ ਹੈ
ਉਹ ਸਾਜ਼ ਦਿਸਦਾ ਤਾਂ ਨਹੀਂ
ਪਰ ਸੁਣਦਿਆਂ ਜਾਪਦਾ ਹੈ
ਉਸ ਸਾਜ਼ ਦੀਆਂ
ਕਬਰ ਤੋਂ ਲੈ ਕੇ ਹਨ੍ਹੇਰੇ ਆਸਮਾਨ ਤੱਕ
ਲੰਮੀਆਂ ਕਾਲੀਆਂ ਸਿਆਹ ਤਾਰਾਂ ਹਨ
ਤਾਰਾਂ ਵਿੱਚ ਘੁੰਮਦੇ ਤਾਰੇ ਟਕਰਾਉਂਦੇ ਹਨ
ਚੰਦ ਗੂੰਜਦਾ ਹੈ
ਹਜ਼ਾਰਾਂ ਮਰੇ ਜਿਊਂਦੇ ਮੂੰਹਾਂ ਦਾ ਅਲਾਪ ਜਾਗਦਾ ਹੈ
ਕਦੀ ਕਦੀ ਇਉਂ ਜਾਪਦਾ ਹੈ
ਜਾਮਨੀ ਫੁੱਲਾਂ ਨਾਲ ਦਰਖ਼ਤ ਭਰ ਰਹੇ ਹਨ
ਮਾਵਾਂ ਆਪਣੇ ਬਾਲਾਂ ਨੂੰ ਛਾਤੀ ਨਾਲ ਲਾਈ
ਤੇ ਮਰਦ ਆਪਣੇ ਕੁਹਾੜਿਆਂ ਨਾਲ
ਰਾਤ ਨੂੰ ਕੱਟ ਰਹੇ ਹਨ
ਫਿਰ ਲਗਦਾ ਹੈ
ਕਿਸੇ ਦਾ ਚੰਨ ਧਰਤੀ 'ਤੇ ਪਿਆ ਹੈ
ਉਂਝ ਉੱਪਰ ਕਿਸੇ ਦਾ ਸੋਗੀ ਬਦਨ ਝੁੱਕਿਆ ਹੈ
ਉਦਾਸ ਛਾਤੀਆਂ ਉੱਲਰੀਆਂ
ਉਦਾਸ ਦੁੱਧ ਦੀਆਂ ਬੂੰਦਾਂ ਨਾਲ
ਕੁਰਲਾਂਦੇ ਹੰਝੂਆਂ ਨਾਲ ਭਰੇ
ਜਿਵੇਂ ਲੋਰੀਆਂ ਤੇ ਵੈਣਾਂ ਨਾਲ ਭਰੇ
ਨੇ ਮੁਰਝਾਏ ਫਲ
ਸਾਈਂ ਜੀ ਸਵੇਰ ਹੋ ਗਈ
ਚਲੋ ਮਦਰਸੇ ਚੱਲ ਕੇ ਇਲਮ ਦੇ ਤਾਲਿਬਾਂ ਨੂੰ
ਪੜ੍ਹਾਉਣਾ ਹੈ
ਲਗਦਾ ਹੈ ਅੱਜ ਨਹੀਂ ਜਾਓਗੇ
ਏਹੀ ਸੋਚਦੇ ਹੋ ਨਾ ਜਾ ਕੇ ਕੀ ਪੜ੍ਹਾਓਗੇ
ਉੱਗਦੇ ਬੂਟਿਆਂ ਨੂੰ ਉਦਾਸ ਪਾਣੀ ਪਾਓਗੇ
ਫੁੱਲਾਂ ਨੂੰ ਮੁਰਝਾਉਣ ਦੇ ਕਰਤਾ-ਵਾਚਕ
ਤੇ ਕਰਮ-ਵਾਚਕ ਤਰੀਕੇ ਸਿਖਾਓਗੇ
ਹਨ੍ਹੇਰੇ ਦੀ ਕਿਤਾਬ ਨੂੰ
ਜਿਹੜੇ ਵੀ ਸਫ਼ੇ ਤੋਂ ਖੋਲ੍ਹੋਗੇ
ਉਸ ਵਿੱਚ ਦਿਲ ਦੀ ਕਾਲਖ਼ ਰਲਾਓਗੇ
ਸੱਚ ਦੱਸੋ, ਸਾਈਂ ਜੀ, ਇਹੋ ਸੋਚਦੇ ਹੋ ਨਾ
ਲੱਗਦਾ ਹੈ ਅੱਜ ਮੇਰੇ ਨਾਲ ਵੀ ਨਹੀਂ ਬੋਲੋਗੇ
ਉਂਝ ਬੋਲਣ ਨੂੰ ਰਿਹਾ ਵੀ ਕੀ ਹੈ
ਸਾਨੂੰ ਤਾਂ ਉਡੀਕ ਹੀ ਰਹੀ
ਕਿ ਤੁਸੀਂ ਧੁਖਦੇ ਹੋ ਤਾਂ ਇੱਕ ਦਿਨ ਲਟ ਲਟ ਬਲੋਗੇ
ਮਸ਼ਾਲ ਉਠਾ ਕੇ ਚਲੋਗੇ
ਰਸਤਾ ਦਿਖਾਓਗੇ
ਉਦਾਸੀ ਦੀ ਕੈਦ 'ਚੋਂ ਰਿਹਾਈ ਪਾਓਗੇ
ਹੋਰ ਲੱਖਾਂ ਨੂੰ ਰਿਹਾ ਕਰਾਓਗੇ
ਪਰ ਲੱਗਦਾ ਹੈ
ਤੁਸੀਂ ਸਣੇ ਬੇੜੀਆਂ ਸਣੇ ਹੱਥਕੜੀਆਂ ਹੀ
ਤੁਰ ਜਾਓਗੇ
ਪਿੱਛੇ ਰਹਿ ਜਾਣਗੀਆਂ
ਤਹਾਡੇ ਖ਼ੂਨ ਨਾਲ ਲਿਖੀਆਂ ਤੁਕਾਂ
ਮਾਫ਼ ਕਰਨਾ, ਖ਼ੂਨ ਨਾਲ ਲਿਖਣ ਤੋਂ ਚੰਗਾ ਸੀ
ਤੁਸੀਂ ਸਿਆਹੀ ਨਾਲ ਲਿਖਦੇ
ਪਰ ਮੱਥੇ ਦੀ ਲੋਏ ਲਿਖਦੇ
ਉਲਝੇ ਖ਼ਿਆਲਾਂ ਨੂੰ ਕੁੱਝ ਸੁਲਝਾਉਂਦੇ
ਦੁੱਖ ਦੀ ਕੁੱਖ 'ਚੋਂ ਬਾਹਰ ਆਉਂਦੇ
ਇਸ ਤਰ੍ਹਾਂ ਸਾਈਂ ਜੀ ਬੜੀ ਦੇਰ
ਆਪਣੇ ਆਪ ਨੂੰ ਕੋਸਦੇ ਰਹੇ
ਫਿਰ ਮਦਰਸੇ ਵੱਲ ਤੁਰ ਪਏ
ਓਥੇ ਤਾਲਿਬ ਇਲਮਾਂ ਦੇ ਕੋਰੇ ਕਾਗਜ਼ ਸਨ
ਭੋਲੀਆਂ ਜਗਿਆਸੂ ਅੱਖਾਂ ਸਨ
ਤੇ ਸਾਈਂ ਜੀ ਨੇ ਕਿਹਾ
ਪਿਆਰੇ ਬੱਚਿਓ, ਲਿਖੋ
ਆਪਣੀ ਜਾਨ ਦਾ ਖ਼ੌਫ਼
ਆਪਣੇ ਬਾਲਾਂ ਦੇ ਚਿਹਰੇ
ਆਪਣੇ ਨਾਮ ਦਾ ਮੋਹ
ਤੇ ਨਫ਼ਸਾਨੀ ਖ਼ਾਹਿਸ਼ਾਂ
ਇਹ ਚਾਰ-ਦੀਵਾਰੀ ਬੰਦੇ ਨੂੰ ਉਮਰ ਭਰ
ਕੈਦ ਕਰੀ ਰੱਖਦੀ ਹੈ
ਨਹੀਂ! ਇਹ ਕੱਟ ਦਿਓ
ਲਿਖੋ! ਸਾਡਾ ਨਿਜ਼ਾਮ ਐਸਾ ਹੈ
ਕਿ ਇਸ ਵਿੱਚ ਬੰਦੇ ਨੂੰ
ਆਪਣੀਆਂ ਹਜ਼ਾਰਾਂ ਖ਼ਾਹਿਸ਼ਾਂ ਦਾ
ਦਮਨ ਕਰਨਾ ਪੈਂਦਾ ਹੈ
ਇਹ ਦਮਨ ਹੀ ਉਦਾਸੀ ਹੈ
ਇਹੀ ਦਹਿਸ਼ਤ ਹੈ ਲਿਖੋ
ਨਹੀਂ ਇਹ ਵੀ ਨਹੀਂ, ਤੁਸੀਂ ਲਿਖੋ
ਫਿਰ ਸਾਈਂ ਜੀ ਬੜੀ ਦੇਰ ਕੁੱਝ ਨਾ ਬੋਲੇ
ਸ਼ਾਇਦ ਉਹ ਆਪਣੇ ਮਨ ਦੀ ਬਉਲੀ ਦੀਆਂ
ਪੌੜੀਆਂ ਉਤਰਨ ਲੱਗ ਪਏ ਸਨ
ਜਿਥੇ ਉਦਾਸ ਮਾਵਾਂ ਦੇ ਹੰਝੂਆਂ ਦਾ ਪਾਣੀ ਸੀ
ਉਹ ਸਾਈਂ ਜੀ ਦਾ ਤੀਰਥ ਸੀ
ਉਨ੍ਹਾਂ ਦੀ ਦਰਗ਼ਾਹ!
ਜਦੋਂ ਸਾਈਂ ਜੀ ਉਸ ਦਰਗ਼ਾਹ ਤੋਂ ਆਉਣਗੇ
ਤਾਂ ਉਦਾਸ ਗੀਤ ਗਾਉਣਗੇ
ਫਿਰ ਗਾਉਂਦੇ ਗਾਉਂਦੇ ਚੁੱਪ ਕਰ ਜਾਣਗੇ
ਉਨ੍ਹਾਂ ਦੀ ਚੁੱਪ ਵਿੱਚ
ਉਹ ਸਾਜ਼ ਵੱਜਦਾ ਸੁਣੇਗਾ
ਜੋ ਦਿਸਦਾ ਤਾਂ ਨਹੀਂ
ਪਰ ਸੁਣਦਿਆਂ ਜਾਪਦਾ ਹੈ
ਉਸ ਸਾਜ਼ ਦੀਆਂ
ਕਬਰ ਤੋਂ ਲੈ ਕੇ ਹਨ੍ਹੇਰੇ ਆਸਮਾਨ ਤਕ
ਲੰਮੀਆਂ ਕਾਲੀਆਂ ਸਿਆਹ ਤਾਰਾਂ ਹਨ
ਤਾਰਾਂ ਵਿੱਚ ਘੁੰਮਦੇ ਤਾਰੇ ਟਕਰਾਉਂਦੇ ਹਨ
ਚੰਦ ਗੂੰਜਦਾ ਹੈ
ਹਜ਼ਾਰਾਂ ਮਰੇ ਜਿਊਂਦੇ ਮੂੰਹਾਂ ਦਾ ਅਲਾਪ ਜਾਗਦਾ ਹੈ।
121. ਸ਼ਬਦ ਕੋਸ਼ ਦੇ ਬੂਹੇ ਤੇ
ਮਾੜਕੂ ਜਿਹਾ ਕਵੀ
ਟੰਗ ਅੜਾ ਕੇ ਬਹਿ ਗਿਆ
ਸ਼ਬਦਕੋਸ਼ ਦੇ ਬੂਹੇ ਤੇ
ਅਖੇ ਮੈਂ ਨਹੀਂ ਆਉਣ ਦੇਣੇ
ਏਨੇ ਅੰਗਰੇਜ਼ੀ ਸ਼ਬਦ
ਪੰਜਾਬੀ ਸ਼ਬਦਕੋਸ਼ ਵਿਚ ।
ਓਏ ਆਉਣ ਦੇ ਕਵੀਆ, ਆਉਣ ਦੇ
ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ
ਨਾ ਆਉਣ ਦੇਈਂ ਆਪਣੀ ਕਵਿਤਾ ਵਿਚ
ਡਿਕਸ਼ਨਰੀ ਵਿੱਚ ਤਾਂ ਆਉਣ ਦੇ
ਅੱਗੇ ਨਹੀਂ ਆਈ ਲਾਲਟੈਣ
ਰੇਲ, ਟਾਈਮਪੀਸ, ਰੇਡੀਓ, ਕਲਾਕ
ਐਕਸੇ ਰੇ, ਟੀ ਵੀ, ਵੀਡੀਓ, ਟੈਸਟ ਟਿਊਬ
ਇਹ ਤਾਂ ਤੇਰੀ ਕਵਿਤਾ ਵਿੱਚ ਵੀ ਆ ਗਏ ।
ਹਜ਼ੂਰ ਇਹ ਕੋਈ ਲਫ਼ਜ਼ ਥੋੜ੍ਹੀ ਨੇ
ਇਹ ਤਾਂ ਚੀਜ਼ਾਂ ਨੇ
ਚੀਜ਼ਾਂ ਨੂੰ ਮੈਂ ਹੁਣ ਕਿਹੜਾ ਰੋਕਦਾਂ
ਜੰਮ ਜੰਮ ਆਉਣ ਇਨਕੂਵੇਟਰ, ਇਨਹੇਲਰ, ਅਕੁਏਰੀਅਮ
ਇਨਵਰਟਰ, ਡਿਸ਼, ਸੀ ਡੀ
ਵੀ ਸੀ ਡੀ
ਡੀ ਵੀ ਡੀ
ਜੰਮ ਜੰਮ ਆਉਣ
ਆਪਣੇ ਪਿਤਾਵਾਂ
ਮਾਤਾਵਾਂ
ਨਿਰਮਾਤਾਵਾਂ ਦੇ ਰੱਖੇ ਹੋਏ ਨਾਂਵਾਂ ਸਮੇਤ
ਮੈਂ ਕਦੋਂ ਰੋਕਦਾਂ?
ਤੇ ਮੈ ਉਨ੍ਹਾਂ ਵਿਚੋ ਨਹੀ
ਜਿਹੜੇ
ਬੀਅਰ ਨੂੰ ਯਵਿਰਾ
ਰੰਮ ਨੂੰ ਫਣਿਰਾ
ਤੇ ਵਾਈਨ ਨੂੰ ਦਕਸ਼ਿਰਾ ਕਹਿਣ ਦੀ ਸਲਾਹ ਦਿੰਦੇ ਨੇਂ ।
ਪਰ ਜਦੋਂ ਤੁਸੀਂ
ਸੂਚਨਾ ਦੇ ਹੁੰਦਿਆਂ ਇਨਫਰਮੇਸ਼ਨ ਨਾਲ
ਇਕਰਾਰਨਾਮੇ ਦੇ ਹੁੰਦਿਆਂ ਐਗਰੀਮੈਟ ਨਾਲ
ਅਸਰ ਤੇ ਪ੍ਰਭਾਵ ਦੇ ਹੁੰਦਿਆਂ ਇਫੈਕਟ ਨਾਲ
ਸਤਹ ਦੇ ਹੁੰਦਿਆਂ ਸਰਫ਼ੇਸ ਨਾਲ
ਅੱਖ ਮਟੱਕਾ ਕਰਦੇ ਓਂ
ਤਾਂ ਮੈਨੂੰ ਅਜੀਬ ਲਗਦਾ
ਛੜਿਆਂ ਲਈ ਲੈ ਆਵੋ ਮੇਮਾਂ
ਭਾਂਵੇਂ ਕੁਦੇਸਣਾਂ
ਪਰ ਵਿਆਹਿਆਂ ਵਰਿਆਂ ਦੇ ਘਰੀਂ
ਸੌਕਣਾਂ ਕਿਉਂ ਵਾੜਦੇ ਓਂ ?
ਵਸਦੇ ਰਸਦੇ ਘਰ ਕਿਉਂ ਉਜਾੜਦੇ ਓਂ ?
ਓਏ ਕਵੀਆ ਕਮਲਿਆ
ਅਸੀਂ ਕੋਈ ਵਿਚੋਲੇ ਨਹੀਂ
ਅਸੀਂ ਸਿਰਫ਼ ਗਿਣਤੀ ਕਰਦੇ ਆਂ
ਕਿ ਲੋਕ ਕਿਸੇ ਲਫ਼ਜ਼ ਨੂੰ
ਕਿੰਨੀ ਵਾਰੀ ਲਿਖਦੇ ਪੜ੍ਹਦੇ ਬੋਲਦੇ ਨੇ
ਏਸੇ ਆਧਾਰ ਤੇ
ਅਸੀਂ ਕਿਸੇ ਲਫ਼ਜ਼ ਨੂੰ ਡਿਕਸ਼ਨਰੀ ਵਿੱਚ ਥਾਂ ਦੇਣ ਦਾ ਫੈਸਲਾ ਕਰਦੇ ਹਾਂ
ਇਹਨੂੰ ਫ੍ਰੀਕਿਊਂਸੀ ਕਹਿੰਦੇ ਨੇ
ਤੂੰ ਵਾਰਵਾਰਤਾ ਕਹਿ ਲੈ
ਜਾਂ ਕੋਈ ਹੋਰ ਲਫ਼ਜ਼ ਘੜ ਲੈ ।
ਤੇ ਜਾਹ
ਜਾ ਕੇ ਅਖ਼ਬਾਰਾਂ ਪੜ੍ਹ
ਲੋਕਾਂ ਦੇ ਮੂੰਹ ਫੜ
ਸਾਡੇ ਨਾਲ ਲੜਨ ਦੀ ਥਾਂ
ਉਹਨਾਂ ਨਾਲ ਲੜ
ਜਿਹੜੇ ਆਭੂ, ਰੋੜ ਤੇ ਖਿੱਲਾਂ ਖਾਣ ਦੀ ਥਾਂ
ਪੌਪਕੌਰਨ ਖਾਣੇ ਪਸੰਦ ਕਰਦੇ ਨੇ ।
ਤੇ ਅਹੁ ਦੇਖ ਆਲੂ
ਸੜਕਾਂ ਤੇ ਰੁਲੇ ਫਿਰਦੇ ਨੇ
ਤੇ ਪਟੈਟੋ ਚਿਪਸ
ਕਾਰਾਂ ਚ ਚੜ੍ਹੇ ਫਿਰਦੇ ਨੇ ।
ਤਾਂ ਜਾ ਕੇ ਕਵੀ ਨੂੰ ਗੱਲ ਸਮਝ ਆਈ
ਕਿ ਕਿੱਥੇ ਅਸਲ ਵਿੱਚ ਲੜ ਰਹੀ ਹੈ ਭਾਸ਼ਾ
ਜ਼ਿੰਦਗੀ ਤੇ ਮੌਤ ਦੀ ਲੜਾਈ
ਉਹਨੇ ਸ਼ਬਦਕੋਸ਼ ਦੇ ਬੂਹੇ ਤੋਂ
ਆਪਣੀ ਟੰਗ ਪਾਸੇ ਹਟਾਈ
ਤੇ ਲਫ਼ਜ਼ਾਂ ਨੂੰ ਕਹਿਣ ਲੱਗਾ:
ਲੰਘ ਆਓ ਭਾਈ
ਜਿਹੜੇ ਜਿਹੜੇ ਕਰਦੇ ਆ ਕੁਆਲੀਫਾਈ ।
ਕਵੀ ਨੂੰ ਸਮਝ ਆਈ
ਕਿ ਭਾਸ਼ਾ ਨੂੰ ਭਾਸ਼ਾ ਵਿਗਿਆਨੀ ਨਹੀ
ਉਹ ਲੋਕ ਬਣਾਉਦੇ ਨੇ
ਜਿਹੜੇ ਜੂਝਦੇ ਨੇ
ਖੇਤਾਂ ਵਿਚ
ਕਾਰਖਾਨਿਆਂ ਵਿਚ
ਵਰਕਸ਼ਾਪਾਂ ਵਿਚ
ਆਪਣੇ ਮਨਾਂ ਵਿਚ
ਆਤਮਾਵਾਂ ਵਿਚ
ਤੇ ਸਿਰਫ਼ ਭਾਸ਼ਾ ਨੂੰ ਬਚਾਇਆਂ
ਨਹੀਂ ਬਚਦੀ ਹੁੰਦੀ ਕੋਈ ਭਾਸ਼ਾ
ਭਾਸ਼ਾ ਬਚਦੀ ਹੈ ਸਦਾ
ਕਿਸੇ ਮਹਾਨ ਖ਼ਿਆਲ
ਮਹਾ ਕਰੁਣਾ
ਕਿਸੇ ਮਹਾ ਲਹਿਰ ਦਾ
ਸਰਗੁਣ ਸਰੂਪ ਬਣਕੇ ।
ਕਵੀ ਨੂੰ ਯਾਦ ਆਏ ਉਹ ਲੋਕ
ਜਿਨ੍ਹਾਂ ਨੇ ਬੁਰੇ ਵਕਤਾਂ ਵਿਚ
ਮੱਕੀ ਨੂੰ ਬਸੰਤ ਕੌਰ
ਗਾਜਰਾਂ ਨੂੰ ਗੁਬਿੰਦੀਆਂ
ਖੀਰ ਨੂੰ ਬਾਮ੍ਹਣੀ
ਮੂਲੀ ਨੂੰ ਕਰਾੜੀ
ਬਹਾਰੀ ਨੂੰ ਸੁੰਦਰੀ
ਤਲਾਈ ਨੂੰ ਸੁਖਦੇਈ
ਹਾਂਡੀ ਨੂੰ ਜਗਨਨਾਥੀ
ਬਿੱਲੀ ਨੂੰ ਮਲਿਕਾ
ਸ਼ਾਮ ਨੂੰ ਅੰਜਨੀ
ਰਾਤ ਨੂੰ ਕਾਲੀ ਦੇਵੀ
ਨੀਦ ਨੂੰ ਧਰਮ ਰਾਜ ਦੀ ਧੀ
ਤੇ ਠੰਢੀ ਹਵਾ ਦੇ ਬੁੱਲਿਆਂ ਨੂੰ ਇੰਦ੍ਰਾਣੀ ਦੇਵੀ ਦੀਆਂ ਜੱਫੀਆਂ
ਕਹਿ ਕੇ ਹੱਸ ਹਸਾ ਲਿਆ
ਆਪਣਾ ਜਹਾਨ ਰੰਗਲਾ ਬਣਾ ਲਿਆ
ਤੇ ਬੁਰੇ ਵਕਤਾਂ ਨੂੰ ਭਲੇ ਬਣਾ ਲਿਆ ।
ਜਿਹੜੇ ਜੁੱਤੀ ਨੂੰ ਅਥੱਕ ਸਵਾਰੀ
ਤਾਪ ਨੂੰ ਧਰਮ ਰਾਜ ਦਾ ਪੁੱਤ
ਚਿਣੀ ਹੋਈ ਚਿਖਾ ਨੂੰ ਕਾਠਗੜ੍ਹ
ਰੋਣ ਪਿੱਟਣ ਨੂੰ ਮਾਰੂ ਰਾਗ
ਟੁੱਟੀ ਛੰਨ ਨੂੰ ਸ਼ੀਸ਼ ਮਹਿਲ
ਝਾੜੂ ਬਰਦਾਰ ਨੂੰ ਸੂਬੇਦਾਰ
ਟਾਕੀਆਂ ਵਾਲੀ ਗੋਦੜੀ ਨੂੰ ਹਜ਼ਾਰਮੇਖੀ
ਨੋਟਾਂ ਨੂੰ ਛਿੱਲੜ
ਸਿੱਕਿਆਂ ਨੂੰ ਠੀਕਰੇ
ਤੇ ਗਜਾ ਕਰਨ ਨੂੰ ਮੁਆਮਲਾ ਉਗਰਾਹੁਣਾ ਕਹਿ ਕੇ
ਸ਼ਹਿਨਸ਼ਾਹ ਬਣ ਬਹਿੰਦੇ
ਤੇ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ।
ਉਹ ਜਿਹੜੇ ਖੂੰਡੇ ਨੂੰ ਕਾਨੂੰਗੋ
ਬੋਲੇ ਨੂੰ ਚੁਬਾਰੇ ਚੜ੍ਹਿਆ
ਰੇਲ ਨੂੰ ਭੂਤਨੀ
ਮੱਛੀ ਨੂੰ ਜਲਤੋਰੀ
ਬੈਗਣ ਨੂੰ ਇੱਕ ਟੰਗਾ ਬਟੇਰਾ
ਵੜੇਵੇਂ ਨੂੰ ਕੱਪੜਬੀਜ
ਕਹੀ ਨੂੰ ਪਤਾਲ ਮੋਚਨੀ
ਸੂਈ ਨੂੰ ਜੋੜਮੇਲਣੀ
ਛਾਨਣੀ ਨੂੰ ਸੁਜਾਖੀ
ਛੱਜ ਨੂੰ ਗੁਣਗ੍ਰਾਹੀ
ਮਿਰਚ ਨੂੰ ਲੜਾਕੀ
ਹੁੱਕਾ-ਪੀਣੇ ਨੂੰ ਗਧੀ ਚੁੰਘ
ਭੰਗ ਛਾਨਣ ਵਾਲੇ ਰੁਮਾਲ ਦੀਆਂ ਕੰਨੀਆਂ ਨੂੰ
ਸ਼ੇਰ ਦੇ ਕੰਨ
ਚੁੱਲ੍ਹੇ ਦੀਆਂ ਲੱਕੜਾਂ ਨੂੰ ਮਸ਼ਾਲਾਂ ਕਹਿ ਕੇ
ਆਪਣੀ ਕਵਿਤਾ ਦਾ ਜਹਾਨ ਰੁਸ਼ਨਾ ਲੈਦੇ ।
ਜਿਨ੍ਹਾਂ ਨੇ
ਗੰਨੇ ਨੂੰ ਬ੍ਰਹਮਰਸ
ਹਲਦੀ ਨੂੰ ਕੇਸਰ
ਗੰਢੇ ਨੂੰ ਰੁੱਪਾ ਆਖ ਕੇ
ਰੁੱਖਾ ਸੁੱਖੇ ਨੂੰ ਅੰਤਾਂ ਦਾ ਸੁਆਦ ਬਣਾ ਕੇ ਖਾ ਲਿਆ ।
ਕੜਕਦੀਆਂ ਧੁੱਪਾਂ ਵਿਚ
ਰੁੱਖ ਨੂੰ ਸਬਜ਼ ਮੰਦਰ ਬਣਾ ਲਿਆ ।
ਤੇ ਜਿਹੜੇ ਸ਼ਬਦਾਂ ਦੀ ਛਾਂਵੇਂ
ਦੁੱਖ ਦੇ ਥਲਾਂ ਨੂੰ
ਹੱਸ ਕੇ ਪਾਰ ਕਰ ਗਏ ।
ਉਹ ਹਸਮੁਖ ਹਾਜ਼ਰਜਵਾਬ
ਹੌਸਲੇ ਵਾਲੇ ਕਲਾਧਾਰੀ
ਬੜੇ ਕਰਾਮਾਤੀ ਲੋਕ ਸਨ ।
ਉਨ੍ਹਾਂ ਦੀ ਟਕਸਾਲ ਸ਼ਬਦ ਕੀ ਘੜਦੀ
ਨਵੇਂ ਬੰਦੇ ਘੜਦੀ
ਨਵੇਂ ਲੋਕ ਪਰਲੋਕ ਸਿਰਜਦੀ
ਉਨ੍ਹਾਂ ਦੇ ਮੂਹੋਂ
ਆਪਣਾ ਨਵਾਂ ਨਾਮ ਸੁਣ ਕੇ
ਚੀਜ਼ਾਂ ਹੱਸ ਪੈਦੀਆਂ ।
ਪੈਰਾਂ ਦੀ ਧੂੜ ਬਣਾ ਲਈਆਂ ਜਿਨ੍ਹਾਂ ਨੇ ਸਲਤਨਤਾਂ
ਕਉਡੀਆਂ ਕਰ ਦਿੱਤੇ ਮੋਤੀਆਂ ਜੜੇ ਤਾਜ
ਤਖ਼ਤੇ ਤਾਊਸ ਸੁਆਹ
ਤੇ ਕੱਖੋਂ ਹੌਲੇ ਕਰ ਦਿੱਤੇ
ਜਿਨ੍ਹਾਂ ਨੇ ਆਲਮਗੀਰ ਸ਼ਹਿਨਸ਼ਾਹ
ਕਹਿ ਕੇ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ ।
ਕਵੀ ਨੂੰ ਯਾਦ ਆਇਆ ਮਹਾਂ ਕਵੀ
ਜਿਸ ਨੇ ਇੱਕ ਨਦਰ ਪਾ ਕੇ
ਆਰਤੀ ਦੇ ਥਾਲ ਨੂੰ
ਬ੍ਰਹਿਮੰਡ ਤੱਕ ਫੈਲਾ ਦਿੱਤਾ ।
ਕਵੀ ਨੂੰ ਯਾਦ ਆਏ
ਅਭਿਧਾ ਲਕਸ਼ਣਾ ਵਿਅੰਜਨਾ
ਸਫ਼ੋਟ ਤੇ ਨੌਂ ਰਸ
ਜਿਹੜੇ ਸ਼ਾਨ ਨਾਲ ਜਾਂਦੇ ਨੇ
ਦੇਸ ਬਿਦੇਸ ਦੇ ਸੈਮੀਨਾਰਾਂ ਵਿਚ
ਆਪਣੀ ਭਾਸ਼ਾ ਬੋਲਦੇ ।
ਕਵੀ ਨੂੰ ਯਾਦ ਆਇਆ ਉਹ ਨਾਅਰਾ
ਮਾਂ ਬੋਲੀ ਜੇ ਭੁੱਲ ਜਾਓਗੇ
ਕੱਖਾਂ ਵਾਂਗੂੰ ਰੁਲ ਜਾਓਗੇ
ਨਾਲ ਹੀ ਯਾਦ ਆਏ ਉਹ ਲੋਕ
ਜੋ ਮਾਂ ਬੋਲੀ ਨੂੰ ਨਹੀਂ ਭੁੱਲੇ
ਫਿਰ ਵੀ ਕੱਖਾਂ ਵਾਂਗੂੰ ਰੁਲ ਰਹੇ ਹਨ ।
ਕਵੀ ਉਠ ਕੇ ਚਲਾ ਗਿਆ
ਸ਼ਬਦਕੋਸ਼ ਦੇ ਬੂਹੇ ਤੋਂ ਸੋਚਦਾ
ਕਿ ਜੇ ਕੱਖਾਂ ਵਾਂਗ ਰੁਲਦਿਆਂ ਨੂੰ
ਦੇ ਸਕੀਏ ਕੋਈ ਮਹਾਨ ਖ਼ਾਬ
ਖ਼ਿਆਲ
ਲਹਿਰ
ਜੇ ਦੇ ਸਕੀਏ
ਨਿਮਾਣਿਆਂ ਨੂੰ ਮਾਣ
ਨਿਤਾਣਿਆਂ ਨੂੰ ਤਾਣ
ਨਿਓਟਿਆਂ ਨੂੰ ਓਟ
ਨਿਆਸਰਿਆਂ ਨੂੰ ਆਸਰਾ
ਤਾਂ ਸ਼ਾਇਦ ਮਾਂ ਬੋਲੀ ਬਚ ਜਾਵੇ
ਕੱਖਾਂ ਵਾਂਗ ਰੁਲਦੇ ਆਪਣੇ ਜਾਇਆਂ ਦੇ ਸਹਾਰੇ ।
ਜੇ ਨੀਚਾਂ ਨੂੰ ਸੰਭਾਲ ਲਈਏ
ਤਾਂ ਖ਼ਬਰੇ ਹੋ ਜਾਵੇ
ਨਦਰ ਦੀ ਬਖਸੀਸ ।
ਥੀ ਜਾਣ ਤਨ ਮਨ ਤੇ ਸਬਦ ਹਰੇ ।
122. ਘਰਰ ਘਰਰ
ਮੈਂ ਛਤਰੀ ਕੁ ਜਿੱਡਾ ਆਕਾਸ਼ ਹਾਂ ਗੂੰਜਦਾ ਹੋਇਆ
ਹਵਾ ਦੀ ਸਾਂ ਸਾਂ ਦਾ ਪੰਜਾਬੀ ਵਿਚ ਅਨੁਵਾਦ ਕਰਦਾ
ਅਜੀਬੋ ਗਰੀਬ ਦਰਖ਼ਤ ਹਾਂ
ਹਜ਼ਾਰਾਂ ਰੰਗ ਬਰੰਗੇ ਫਿਕਰਿਆਂ ਨਾਲ ਵਿੰਨ੍ਹਿਆਂ
ਨਿੱਕਾ ਜਿਹਾ ਭੀਸ਼ਮ ਪਿਤਾਮਾ ਹਾਂ
ਮੈਂ ਤੁਹਾਡੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ ?
ਮਹਾਤਮਾ ਬੁੱਧ ਤੇ ਗੁਰੂ ਗੋਬਿੰਦ ਸਿੰਘ
ਪਰਮੋ ਧਰਮ ਅਹਿੰਸਾ ਅਤੇ ਬੇਦਾਗ਼ ਲਿਸ਼ਕਦੀ ਸ਼ਮਸ਼ੀਰ ਦੀ
ਮੁਲਾਕਾਤ ਦੇ ਵੈਨਿਊ ਲਈ ਮੈਂ ਬਹੁਤ ਗ਼ਲਤ ਸ਼ਹਿਰ ਹਾਂ
ਮੇਰੇ ਲਈ ਤਾਂ ਬੀਵੀ ਦੀ ਗਲਵੱਕੜੀ ਵੀ ਕਟਹਿਰਾ ਹੈ
ਕਲਾਸ ਰੂਮ ਦਾ ਲੈਕਚਰ-ਸਟੈਂਡ ਵੀ
ਤੇ ਚੌਰਾਹੇ ਦੀ ਰੇਲਿੰਗ ਵੀ
ਮੈਂ ਤੁਹਾਡੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ ?
ਮੇਰੇ 'ਚੋਂ ਨਹਿਰੂ ਵੀ ਬੋਲਦਾ ਹੈ, ਮਾਓ ਵੀ
ਕ੍ਰਿਸ਼ਨ ਵੀ ਬੋਲਦਾ ਹੈ ਕਾਮੂ ਵੀ
ਵਾਇਸ ਆਫ਼ ਅਮੈਰਿਕਾ ਵੀ, ਬੀ.ਬੀ.ਸੀ. ਵੀ
ਮੇਰੇ 'ਚੋਂ ਬਹੁਤ ਕੁਝ ਬੋਲਦਾ ਹੈ
ਨਹੀਂ ਬੋਲਦਾ ਤਾਂ ਬੱਸ ਮੈਂ ਹੀ ਨਹੀਂ ਬੋਲਦਾ
ਮੈਂ ੮ ਬੈਂਡ ਦਾ ਸ਼ਕਤੀਸ਼ਾਲੀ ਬੁੱਧੀਜੀਵੀ
ਮੇਰੀਆਂ ਨਾੜਾਂ ਦੀ ਘਰਰ ਘਰਰ ਸ਼ਾਇਦ ਮੇਰੀ ਹੈ
ਮੇਰੀਆਂ ਹੱਡੀਆਂ ਦਾ ਤਾਪ ਸੰਤਾਪ ਸ਼ਾਇਦ ਮੌਲਿਕ ਹੈ
ਮੇਰਾ ਇਤਿਹਾਸ ਵਰ੍ਹਿਆਂ 'ਚ ਬਹੁਤ ਲੰਮਾ ਹੈ
ਕਾਰਜਾਂ 'ਚ ਬਹੁਤ ਨਿੱਕਾ:
ਜਦੋਂ ਮਾਂ ਨੂੰ ਖ਼ੂਨ ਦੀ ਲੋੜ ਸੀ
ਮੈਂ ਕਿਤਾਬ ਬਣ ਗਿਆ
ਜਦੋਂ ਪਿਉ ਨੂੰ ਡੰਗੋਰੀ ਚਾਹੀਦੀ ਸੀ
ਮੈਂ ਬਿਜਲੀ ਦੀ ਲੀਕ ਵਾਂਗ ਲਿਸ਼ਕਿਆ ਤੇ ਬੋਲਿਆ:
ਕਪਲ ਵਸਤੂ ਦੇ ਸ਼ੁਧੋਧਨ ਦਾ ਧਿਆਨ ਧਰੋ
ਮਾਛੀਵਾੜੇ ਵੱਲ ਨਜ਼ਰ ਕਰੋ
ਗੀਤਾ ਪੜ੍ਹੀ ਹੈ ਤਾਂ ਵਿਚਾਰੋ ਵੀ :
ਕੁਰੂ ਕਰਮਾਣੀ ਸੰਗਮ ਤਿਕਤਵਾ
ਇਹੋ ਜਿਹਾ ਬਹੁਤ ਕੁਝ ਜੋ ਮੇਰੀ ਵੀ ਸਮਝੋਂ ਬਾਹਰ ਸੀ
ਰਾਹ ਵਿਚ ਰੂਪੋਸ਼ ਯਾਰ ਮਿਲੇ
ਉਨ੍ਹਾਂ ਪੁੱਛਿਆ:
ਸਾਡੇ ਨਾਲ ਸਲੀਬ ਤੱਕ ਚੱਲੇਂਗਾ–
ਕਾਤਲਾਂ ਦੇ ਕਤਲ ਨੂੰ ਅਹਿੰਸਾ ਸਮਝੇਂਗਾ ?
ਗੁਮਨਾਮ ਬਿਰਖ ਨਾਲ ਪੁੱਠਾ ਲਟਕ ਕੇ
ਮਸੀਹੀ ਅੰਦਾਜ਼ ਵਿਚ
ਸਰਕੜੇ ਨੂੰ ਭਾਸ਼ਨ ਦਵੇਂਗਾ ?
ਉੱਤਰ ਵਜੋਂ ਮੇਰੇ ਅੰਦਰ
ਅਨੇਕਾਂ ਤਸਵੀਰਾਂ ਉਲਝ ਗਈਆਂ
ਮੈਂ ਕਈ ਫ਼ਲਸਫ਼ਿਆਂ ਦਾ ਕੋਲਾਜ ਜਿਹਾ ਬਣ ਗਿਆ
ਤੇ ਅਜਕਲ੍ਹ ਕਹਿੰਦਾ ਫਿਰਦਾ ਹਾਂ:
ਸਹੀ ਦੁਸ਼ਮਣ ਦੀ ਤਲਾਸ਼ ਕਰੋ
ਹਰੇਕ ਆਲਮਗੀਰ ਔਰੰਗਜ਼ੇਬ ਨਹੀਂ ਹੁੰਦਾ
ਜੰਗਲ ਸੁੱਕੇ ਰਹੇ ਨੇ
ਬੰਸਰੀ 'ਤੇ ਮਲਹਾਰ ਵਜਾਓ
ਪ੍ਰੇਤ ਬੰਦੂਕਾਂ ਨਾਲ ਨਹੀਂ ਮਰਦੇ
ਮੇਰੀ ਹਰ ਕਵਿਤਾ ਪ੍ਰੇਤਾਂ ਨੂੰ ਮਾਰਨ ਦਾ ਮੰਤਰ ਹੈ
ਮਸਲਨ ਉਹ ਵੀ
ਜਿਸ ਵਿਚ ਮੁਹੱਬਤ ਆਖਦੀ ਹੈ:
ਮੈਂ ਘਟਨਾ-ਘਿਰੀ ਗੱਡੀ ਦਾ ਅਗਲਾ ਸਟੇਸ਼ਨ ਹਾਂ
ਮੈਂ ਰੇਗਿਸਤਾਨ 'ਤੇ ਬਣਿਆ ਪੁਲ ਹਾਂ
ਮੈਂ ਮਰ ਚੁੱਕੇ ਬੱਚੇ ਦੀ ਤੋਤਲੀ ਤਲੀ 'ਤੇ
ਲੰਮੀ ਉਮਰ ਦੀ ਰੇਖਾ ਹਾਂ
ਮੈਂ ਮੋਈ ਔਰਤ ਦੀ ਰਿਕਾਰਡ ਕੀਤੀ ਹੱਸਦੀ
ਆਵਾਜ਼ ਹਾਂ:
ਆਪਾਂ ਹੁਣ ਕੱਲ੍ਹ ਮਿਲਾਂਗੇ।
123. ਮੈਂ ਛੁਹਣ ਲੱਗਾ ਤੈਨੂੰ
ਮੈਂ ਛੁਹਣ ਲੱਗਾ ਤੈਨੂੰ
ਬਹੁ-ਚੀਤਕਾਰ ਹੋਇਆ
ਅੰਧੇਰ ਤੜਪ ਉੱਠੇ
ਸੌ ਸੰਖ ਨਾਦ ਵਿਲਕੇ
ਘੜਿਆਲ ਖੜਕ ਉਠੇ
ਚੁੱਲ੍ਹਿਓਂ ਨਿਕਲ ਮੁਆਤੇ
ਮਾਵਾਂ
ਪਤਨੀਆਂ
ਭੈਣਾਂ
ਦੇ ਸੀਨਿਆਂ 'ਚ ਸੁਲਗੇ
ਇਕ ਨਾਰ ਖੁੱਲ੍ਹੇ ਕੇਸੀਂ
ਕੂਕੀ ਤੇ ਦੌੜ ਉੱਠੀ
ਉਸ ਦੇ ਕਹਿਰ ਤੋਂ ਕੰਬੇ
ਕੁਲ ਦਿਉਤਿਆਂ ਦੇ ਪੱਥਰ
ਤੇ ਮੁਕਟ ਰਾਜਿਆਂ ਦੇ
ਸਤਿਗੁਰ ਹੋਏ ਕਰੋਪੀ
ਤੇ ਹੱਸੇ ਮੇਰੇ ਚੇਲੇ
ਮੈਂ ਹੱਥ ਅਪਣਾ ਤੇਰੀਆਂ ਤਾਰਾਂ ਤੋਂ ਦੂਰ ਕੀਤਾ
ਤਰਬਾਂ ਤੋਂ ਦੂਰ ਕੀਤਾ
ਮੈਂ ਹੋਂਠ ਦੂਰ ਕੀਤੇ
ਰਾਧਾ ਨੂੰ ਮੋਹਣ ਵਾਲੀ ਇਸ ਮਧੁਰ ਬੰਸਰੀ ਤੋਂ
ਡਰਿਆ ਮੈਂ ਰੁਕਮਦੀ ਦੀ
ਖ਼ਾਮੋਸ਼ ਵਿਲਕਣੀ ਤੋਂ
ਇਕ ਸਾਫ਼ ਉਜਲਾ ਵਰਕਾ
ਮੇਰੇ ਕਰੀਬ ਆਇਆ:
ਮੇਰੇ 'ਤੇ ਕੁਝ ਵੀ ਲਿਖ ਦੇਹ
ਨੇਕੀ ਬਦੀ ਦੀ ਕਰ ਦੇਹ ਸੱਜਰੀ ਨਿਸ਼ਾਨਦੇਹੀ
ਕੁਦਰਤ ਤੇ ਸਭਿਅਤਾ ਵਿਚ ਇਕ ਹੋਰ ਅਹਿਦਨਾਮਾ
ਤੂੰ ਅਪਣੀ ਇੱਛਾ ਵਰਗਾ ਉਪਨਿਸ਼ਦ ਨਵਾਂ ਰਚ ਦੇ
ਮੇਰੇ 'ਤੇ ਕੁਝ ਵੀ ਲਿਖ ਦੇਹ
ਤੂੰ ਆਪ ਮੁਕਤ ਹੋ ਜਾ
ਤੇ ਉਸਨੂੰ ਮੁਕਤ ਕਰ ਦੇਹ
ਤੂੰ ਆਪ ਨੀਰ ਹੋਵੇਂ
ਤੇ ਉਸ ਦੇ ਸੀਨੇ ਅੰਦਰ ਸੁਲਗਣ ਸਦਾ ਮੁਆਤੇ
ਇਹ ਤਾਂ ਸਹੀ ਨਹੀਂ ਨਾ
ਇਕ ਸਾਫ਼ ਉਜਲਾ ਵਰਕਾ
ਮੇਰੇ ਕਰੀਬ ਆਇਆ
ਤੇ ਲਿਖਣੋਂ ਡਰ ਗਿਆ ਮੈਂ
124. ਪਿਤਾ ਦੀ ਅਰਦਾਸ
ਪ੍ਰਭੂ ਜੀ, ਉਹ ਕਦ ਖੁਲ੍ਹਣਾ ਏ ਦੁਆਰਾ
ਆਪੇ ਸਾਜ਼ ਜਿੱਥੇ ਹਰ ਬੂਟਾ
ਆਪੇ ਵਾਵਨਹਾਰਾ
ਰਾਤ ਪਿਤਾ ਉਸ ਦੁਆਰੇ ਲਾਗੇ
ਥੱਕ ਹਾਰ ਕੇ ਬਹਿ ਗਏ
ਬੋਲ ਬੁਲ੍ਹਾਂ 'ਚੋਂ ਮੁਕ ਗਏ ਸਾਰੇ
ਬੁੱਲ੍ਹ ਫਰਕਦੇ ਰਹਿ ਗਏ
ਸਾਗਰ ਦੇ ਵਿਚ ਕਦ ਰਲਣਾ ਏਂ
ਹੋਂਦ ਦਾ ਹੰਝੂ ਖਾਰਾ
ਖੋਲ੍ਹ ਸਮੁੰਦਰ ਪੌਣ ਦੇ
ਮੇਰੇ ਸਾਹਾਂ ਦੇ ਲਈ ਬੂਹੇ
ਬੇਹੀ ਦੇਹੀ ਖ਼ਾਕ 'ਚ ਰਲ ਕੇ
ਫੁੱਲ ਖਿੜੇ ਬਣ ਸੂਹੇ
ਮੈਲਾ ਪਾਣੀ ਬਲ ਕੇ ਹੋਵੇ
ਕਣੀਆਂ ਵਾਂਗ ਕੁਆਰਾ
ਹੁਣ ਨਾ ਹੱਥਾਂ ਪਲੰਘ ਬਣਾਉਣੇ
ਨਾ ਰੰਗਲੇ ਪੰਘੂੜੇ
ਨਾ ਉਹ ਫੱਟੀਆਂ ਜਿਨ੍ਹਾਂ 'ਤੇ ਲਿਖਣੇ
ਬਾਲਾਂ ਪਹਿਲੇ ਊੜੇ
ਹੁਣ ਤਾਂ ਅਪਣੀ ਦੇਹੀ ਰੁੱਖ ਹੈ
ਤੇ ਸਾਹਾਂ ਦਾ ਆਰਾ
ਇਕ ਜੰਗਲ ਹੈ ਜਿਸ ਦੇ ਹਰ ਇਕ
ਰੁੱਖ ਦਾ ਅਰਥ ਹੈ ਅਰਥੀ
ਹਰ ਬੂਟੇ 'ਤੇ ਨਾਮ ਕਿਸੇ ਦਾ
ਇਕ ਬੂਟਾ ਜੀ ਪਰਤੀ
ਉਸ ਜੰਗਲ ਵਿਚ ਚਲਦਾ ਰਹਿੰਦਾ
ਸਾਰੀ ਰਾਤ ਕੁਹਾੜਾ
ਪ੍ਰਭੂ ਜੀ, ਉਹ ਕਦ ਖੁੱਲ੍ਹਣਾ ਏ ਦੁਆਰਾ
ਜਿੱਥੇ ਸਾਜ਼ ਆਪੇ ਹਰ ਬੂਟਾ
ਆਪੇ ਵਾਵਨਹਾਰਾ
125. ਆਇਆ ਨੰਦ ਕਿਸ਼ੋਰ
ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
ਨਾਲ ਬਥੇਰੇ ਹੋਰ
ਰਾਮਕਲੀ ਵੀ ਨਾਲ ਸੀ
ਸੁਘੜ ਲੁਗਾਈ ਓਸ ਦੀ
ਲੁਧਿਆਣੇ ਦੇ ਕੋਲ ਹੀ
ਇਕ ਪਿੰਡ ਬਾੜੇਵਾਲ ਵਿਚ
ਜੜ੍ਹ ਲੱਗੀ ਤੇ ਪੁੰਗਰੀ
ਰਾਮਕਲੀ ਦੀ ਕੁੱਖ 'ਚੋਂ
ਜਨਮੀ ਬੇਟੀ ਓਸ ਦੀ
ਨਾਂ ਧਰਿਆ ਸੀ ਮਾਧੁਰੀ
ਕੱਲ੍ਹ ਮੈਂ ਦੇਖੀ ਮਾਧੁਰੀ
ਓਸੇ ਪਿੰਡ ਸਕੂਲ ਵਿਚ
ਗੁੱਤਾਂ ਬੰਨ੍ਹ ਕੇ ਰਿਬਨ ਵਿਚ
ਸੁਹਣੀ ਪੱਟੀ ਪੋਚ ਕੇ
ਊੜਾ ਐੜਾ ਲਿਖ ਰਹੀ
ਊੜਾ ਐੜਾ ਲਿਖ ਰਹੀ
ਬੇਟੀ ਨੰਦ ਕਿਸ਼ੋਰ ਦੀ
ਕਿੰਨਾ ਗੂੜ੍ਹਾ ਸਾਕ ਹੈ
ਅੱਖਰਾਂ ਤੇ ਰਿਜ਼ਕ ਦਾ
ਏਸੇ ਪਿੰਡ ਦੇ ਲਾਡਲੇ
ਪੋਤੇ ਅੱਛਰ ਸਿੰਘ ਦੇ
ਆਪਣੇ ਪਿਓ ਦੀ ਕਾਰ ਵਿਚ
ਬਹਿ ਲੁਧਿਆਣੇ ਆਂਵਦੇ
ਕੌਨਵੈਂਟ ਵਿਚ ਪੜ੍ਹ ਰਹੇ
ਏ.ਬੀ.ਸੀ.ਡੀ. ਸਿੱਖਦੇ
ਏ.ਬੀ.ਸੀ.ਡੀ. ਸਿੱਖਦੇ
ਪੋਤੇ ਅੱਛਰ ਸਿੰਘ ਦੇ
ਕਿੰਨਾ ਗੂੜ੍ਹਾ ਸਾਕ ਹੈ
ਅੱਖਰ ਅਤੇ ਅਕਾਂਖਿਆ
ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
126. ਸ਼ਬਦਾਂ ਦਾ ਜਾਦੂਗਰ
ਮੈਡਲਿਨ ਸਹਿਰ ਵਿਚ
ਕਵਿਤਾ ਉਤਸਵ ਦੇ ਦਿਨੀਂ
ਉਬਰੇਰੁ ਪਾਰਕ ਵਿਚ
ਸਾਈਕਲ ਤੇ ਇਕ ਬੱਚਾ ਮੇਰੇ ਕੋਲ ਆਇਆ
ਮੇਰੀ ਪਗੜੀ ਤੇ ਦਾੜੀ ਦੇਖ ਕੇ ਪੁੱਛਣ ਲੱਗਾ:
'ਤੂੰ ਜਾਦੂਗਰ ਏਂ' ?
ਮੈਂ ਹੱਸ ਪਿਆ
ਕਹਿਣ ਲੱਗਾ ਸੀ ਨਹੀਂ ਪਰ ਅਚਾਨਕ ਕਿਹਾ, 'ਹਾਂ, ਮੈਂ ਜਾਦੂਗਰ ਹਾਂ
ਮੈਂ ਅੰਬਰਾਂ ਤੋਂ ਤਾਰੇ ਤੋੜ ਕੇ ਕੁੜੀਆਂ ਲਈ ਹਾਰ ਬਣਾ ਸਕਦਾ ਹਾਂ
ਮੈਂ ਜ਼ਖਮਾਂ ਨੂੰ ਫੁੱਲਾਂ ਵਿਚ ਬਦਲ ਸਕਦਾ ਹਾਂ
ਰੁੱਖਾਂ ਨੂੰ ਸਾਜ਼ ਬਣਾ ਸਕਦਾ ਹਾਂ
ਤੇ ਹਵਾ ਨੂੰ ਸਾਜ਼ਨਵਾਜ਼'
'ਸਚਮੁਚ !' ਬੱਚੇ ਨੇ ਕਿਹਾ
'ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਬਣਾ ਦੇ'
'ਨਹੀਂ ! ਮੈਂ ਬੱਚਿਆਂ ਦਾ ਜਾਦੂਗਰ ਨਹੀਂ
ਮੈਂ ਵੱਡਿਆਂ ਦਾ ਜਾਦੂਗਰ ਹਾਂ'
'ਤਾਂ ਫਿਰ ਸਾਡੇ ਘਰ ਨੂੰ ਮਹਿਲ ਬਣਾ ਦੇ'
'ਨਹੀਂ ! ਸੱਚੀ ਗੱਲ ਤਾਂ ਇਹ ਹੈ
ਕਿ ਮੈਂ ਚੀਜ਼ਾਂ ਦਾ ਜਾਦੂਗਰ ਨਹੀਂ
ਮੈਂ ਸ਼ਬਦਾਂ ਦਾ ਜਾਦੂਗਰ ਹਾਂ'
'ਉਹ! ਹੁਣ ਸਮਝਿਆ'
ਬੱਚਾ ਸਾਈਕਲ ਚਲਾਉਂਦਾ ਮੁਸਕੁਰਾਉਂਦਾ ਹੱਥ ਹਿਲਾਉਂਦਾ
ਪਾਰਕ ਤੋਂ ਬਾਹਰ ਚਲਾ ਗਿਆ
ਤੇ ਦਾਖ਼ਲ ਹੋ ਗਿਆ ਮੇਰੀ ਕਵਿਤਾ ਵਿਚ !
127. ਅਰਦਾਸ
ਰਾਜਕੁਮਾਰੀ ਸਾਡੇ ਘਰ ਵਿੱਚ ਝਾੜੂ ਪੋਚਾ ਲਾਵੇ
ਊਸ਼ਾ ਰਾਣੀ ਸਾਡੇ ਮੈਲ਼ੇ ਕੱਪੜੇ ਧੋਵਣ ਆਵੇ
ਰਾਜਕੁਮਾਰੀ ਸਦਾਨੰਦ ਦੀ ਬੇਟੀ
ਊਸ਼ਾ ਰਾਣੀ ਰਾਮ ਲਖਨ ਦੀ ਬੀਵੀ
ਸਦਾਨੰਦ ਨੇ ਸਾਡੇ ਘਰ ਦੀਆਂ ਕੰਧਾਂ ਚਿਣੀਆਂ
ਲੈਂਟਰ ਪਾਇਆ
ਰਾਮ ਲਖਨ ਨੇ ਫ਼ਰਸ਼ਾਂ ਪਾਈਆਂ
ਬਿਰਜੂ, ਰਾਮ ਖਿਲਾਵਨ, ਅੰਗਨੂੰ, ਦੇਵਕੀਨੰਦਨ
ਇੱਟਾਂ ਢੋਈਆਂ
ਰੇਤਾ ਤੇ ਸੀਮਿੰਟ ਰਲਾਇਆ
ਰਾਜ ਮਿਸਤਰੀ ਤੇਜਾ ਸਿੰਘ ਤਾਂ
ਬੱਸ ਡੀ.ਪੀ.ਸੀ. ਪਾ ਕੇ ਮਸਕਟ ਚਲਾ ਗਿਆ ਸੀ
ਰੁਲੀਆ ਸਿੰਘ ਮਜ਼ਦੂਰ ਵੀ ਇਕ ਦਿਨ ਆਇਆ
ਫਿਰ ਨਾ ਆਇਆ
ਕਹਿੰਦੇ ਉਸ ਨੇ ਆਟੋ ਪਾਇਆ
ਸੋਨੂੰ ਤੇ ਮੋਨੂੰ ਨੂੰ ਰਿਕਸ਼ੇ ਵਿਚ ਬਿਠਾ ਕੇ
ਰਾਮ ਭਰੋਸੇ ਰੋਜ਼ ਸਕੂਲ ਲਿਜਾਂਦਾ
ਅਤੇ ਬਥੇਰੇ ਹੋਰ
ਜਿਨ੍ਹਾਂ ਦੇ ਨਾਮ ਨ ਜਾਣਾਂ
ਫ਼ੈਕਟਰੀਆਂ ਵਿਚ ਕੰਮ ਕਰਦੇ ਨੇ
ਪੈਲੀਆਂ ਵਿਚ ਪਨੀਰੀ ਲਾਉਂਦੇ
ਜੀਰੀ ਲਾਉਂਦੇ
ਫ਼ਸਲਾਂ ਵੱਢਦੇ
ਇਹ ਡਾਰਾਂ ਦੀਆਂ ਡਾਰਾਂ
ਕਦੀ ਕਦੀ ਤਾਂ ਡਰ ਲਗਦਾ ਹੈ
ਕਿੱਧਰ ਉਡਦੀਆਂ ਜਾਂਦੀਆਂ ਨੇ ਦਸਤਾਰਾਂ
ਕਦੀ ਕਦੀ ਚੰਗਾ ਵੀ ਲੱਗਦਾ
ਦੇਸ਼ ਦੇਸ਼ਾਂਤਰ ਜਿੱਥੇ ਜਾਵੋ
ਦਿਸ ਹੀ ਪੈਂਦੀਆਂ ਨੇ ਦਸਤਾਰਾਂ
ਸੱਤ ਸਮੁੰਦਰ ਪਾਰ ਵੀ ਝੂਲਣ ਝੰਡੇ
ਲਿਸ਼ਕਣ ਖੰਡੇ
ਰਿੱਝਣ ਦੇਗਾਂ
ਪੱਕਣ ਮੰਡੇ
ਸੱਤ ਸਮੁੰਦਰੋਂ ਏਧਰ
ਸਾਡੀ ਨਵੀਂ ਵਸੀ ਆਬਾਦੀ
ਸ਼ਾਮ ਪਈ ਭਈਆਂ ਦੇ ਬੱਚੇ
ਸਿਰ ‘ਤੇ ਫਟੇ ਪਰੋਲੇ ਧਰ ਕੇ
ਗੁਰੂਦੁਆਰੇ ਆ ਬਹਿੰਦੇ ਨੇ
ਨਾਲ ਨਾਲ ਪੜ੍ਹਦੇ ਨੇ ਬਾਣੀ
ਬੱਸ ਹੁਣ ਹੋਣੀ ਏਂ ਅਰਦਾਸ
ਨਵੇਂ ਆਏ ਨੂੰ ਕਹਿੰਦਾ
ਇਕ ਪਹਿਲਾਂ ਦਾ ਆਇਆ ਬੱਚਾ
ਪਿੱਛੇ ਪਿੱਛੇ ਆਖੀਂ
ਬੋਲੇ ਸੋ ਨਿਹਾਲ
ਸਤਿ ਸ਼੍ਰੀ ਅਕਾਲ
ਫਿਰ ਮਿਲਣਾ ਪਰਸ਼ਾਦ
ਆਉਂਦੀ ਏ ਖ਼ੁਸ਼ਬੋ
ਹੁੰਦੀ ਏ ਅਰਦਾਸ –
ਖੁਆਰ ਹੋਏ ਸਭ ਮਿਲਹਿੰਗੇ
ਬਚੇ ਸ਼ਰਨ ਜੋ ਹੋਇ
ਖੁਆਰ ਹੋਇਆਂ ਤੇ ਸ਼ਰਨ ਪਿਆਂ ਦੇ ਬੱਚੇ
ਕਰਦੇ ਨੇ ਅਰਦਾਸ
ਫਿਰ ਵੀ ਮੈਨੂੰ ਡਰ ਲੱਗਦਾ ਹੈ
ਪਤਾ ਨਹੀਂ ਇਹ ਕਿਹੋ ਜਿਹੇ ਨਿਕਲਣਗੇ
ਵੱਡੇ ਹੋ ਕੇ
ਬਹੁਤੇ ਹੋ ਕੇ
ਆਪਣੇ ਡਰ ਤੋਂ ਡਰ ਕੇ
ਸ਼ਰਮਸਾਰ ਹੋ ਕਰਦਾ ਹਾਂ ਅਰਦਾਸ :
ਜੋ ਜਿਸ ਧਰਤੀ ਜੰਮੇ ਜਾਏ
ਉਸ ਨੂੰ ਓਥੇ ਹੀ ਰਿਜ਼ਕ ਥਿਆਏ
ਇਹ ਕਿਉਂ ਕਿਸੇ ਦੇ ਹਿੱਸੇ ਆਏ
ਬੈਸਣ ਬਾਰ ਪਰਾਏ
ਜਿੱਥੇ ਲੋਕੀਂ ਆਖਣ ਸਾਨੂੰ
ਇਹ ਕਿੱਥੋਂ ਦੇ ਜੰਮੇ ਜਾਏ
ਮੈਲ਼ ਕੁਚੈਲ਼ੇ ਕਾਲੇ ਪੀਲੇ ਭੂਰੇ ਪਾਕੀ
ਏਥੇ ਆਏ
ਜਾਂ ਫਿਰ ਸਾਰੀ ਧਰਤੀ ਇਕ ਹੋ ਜਾਏ
ਕੋਈ ਨ ਕਹੇ ਪਰਾਏ
ਇਹ ਮੇਰੀ ਅਰਦਾਸ !