Punjabi Poetry Surjit Patar

ਪੰਜਾਬੀ ਕਵਿਤਾਵਾਂ ਸੁਰਜੀਤ ਪਾਤਰ



128. ਸੁੱਖਸਾਂਦ

ਪਲਕਾਂ ਤੇ ਇਕ ਬੂੰਦ ਹੀ ਆਈ ਦਿਲ ਵਿਚ ਕੋਈ ਸਮੁੰਦਰ ਸੀ ਦੇਖਣ ਨੂੰ ਇਕ ਕਤਰਾ ਪਾਣੀ ਕੀ ਕੁਝ ਉਹਦੇ ਅੰਦਰ ਸੀ ਸੀਨੇ ਖੁੱਭ ਕੇ ਨੈਣੋਂ ਸਿੰਮਿਆ ਕਿਹੋ ਜਿਹਾ ਇਹ ਖੰਜਰ ਸੀ ਵਿਲਕ ਉੱਠੀਆਂ ਧਰਤੀ ਚੋਂ ਮਾਂਵਾਂ ਪੁੱਤ ਦੇ ਰੋਣ ਦਾ ਮੰਜ਼ਰ ਸੀ ਤਾਜ ਮੁਕਟ ਸਭ ਕਾਲੇ ਪੈ ਗਏ ਖੁਰਿਆ ਕੂੜ ਅਡੰਬਰ ਸੀ ਝੂਠੇ ਤਖ਼ਤ ਮੁਨਾਰੇ ਡੁੱਬ ਗਏ ਅੱਥਰੂ ਨਹੀਂ ਸਮੁੰਦਰ ਸੀ ਉਹ ਤੀਰਥ ਇਸ਼ਨਾਨ ਸੀ ਅੱਥਰੂ ਅੱਖ ਪ੍ਰਭੂ ਦਾ ਮੰਦਰ ਸੀ ਧੂੜ ਧੁਲ ਗਈ ਰੁੱਖਾਂ ਉੱਤੋਂ ਦੋ ਪਲਕਾਂ ਦੀ ਛਹਿਬਰ ਸੀ ਇਕ ਅੱਥਰੂ ਸਿਰਲੇਖ ਸੀ ਉਸਦਾ ਕਵਿਤਾ ਵਿਚ ਸਮੁੰਦਰ ਸੀ

129. ਐਵੇਂ ਡੁੱਬਦਾ ਨਾ ਜਾ ਸੂਰਜ ਦੇ ਨਾਲ਼

ਜਦੋਂ ਬਾਲ਼ੇ ਕੋਈ ਚਿਰਾਗ਼ ਕਿਤੇ ਕੁੱਲ ਕਾਇਨਾਤ ਨੂੰ ਖ਼ਬਰ ਮਿਲ਼ੇ ਜਿਉਂਦੀ ਹੈ ਆਦਮ ਜ਼ਾਤ ਅਜੇ ਜਿਉਂਦਾ ਹੈ ਬੰਦੇ ਦਾ ਜਮਾਲ ਐਵੇਂ ਡੁੱਬਦਾ ਨਾ ਜਾ ਸੂਰਜ ਦੇ ਨਾਲ਼ ਐ ਦਿਲ ਉੱਠ ਕੇ ਤੂੰ ਚਿਰਾਗ਼ ਬਾਲ਼ ਕੱਲ੍ਹ ਫੇਰ ਸਵੇਰਾ ਹੋ ਜਾਣਾ ਫ਼ਿਰ ਫੁੱਲ ਖਿੜ ਪੈਣੇ ਡਾਲ਼ ਡਾਲ਼ ਸੂਰਜ ਵੀ ਇਸ਼ਾਰਾ ਕਰ ਕੇ ਗਿਆ ਔਹੁ ਲੈ ਵੇਖ ਜਗ ਪਿਆ ਗਗਨ ਥਾਲ਼ ਮੈਂ ਓਧਰ ਗੇੜਾ ਮਾਰ ਆਵਾਂ ਹੁਣ ਏਧਰ ਦਾ ਕੰਮ ਤੂੰ ਸੰਭਾਲ਼

130. ਦਮ ਰੱਖ ਪਾਤਰ, ਦਮ ਰੱਖ

ਦਮ ਰੱਖ ਪਾਤਰ, ਦਮ ਰੱਖ ਆਸ ਨ ਛੱਡ ਦਿਲ ਥੰਮ ਰੱਖ ਸੁਪਨੇ ਖੁਰਨ ਨਾ ਦੇਵੀਂ ਅੱਖੀਆਂ ਭਾਂਵੇਂ ਨਮ ਰੱਖ ਆਸ ਨ ਛੱਡ ਦਿਲ ਥੰਮ ਰੱਖ ਦਮ ਰੱਖ ਪਾਤਰ, ਦਮ ਰੱਖ ਮੈਂ ਤੋਂ ਆਪਾਂ ਹੋ ਜਾ ਨਾ ਤੁਮ ਰੱਖ ਨਾ ਹਮ ਰੱਖ ਆਸ ਨ ਛੱਡ ਦਿਲ ਥੰਮ ਰੱਖ ਦਮ ਰੱਖ ਪਾਤਰ, ਦਮ ਰੱਖ ਅਪਣੇ ਗ਼ਮ ਦੇ ਨੇੜੇ ਦੂਜੇ ਦਾ ਵੀ ਗ਼ਮ ਰੱਖ ਆਸ ਨ ਛੱਡ ਦਿਲ ਥੰਮ ਰੱਖ ਦਮ ਰੱਖ ਪਾਤਰ, ਦਮ ਰੱਖ ਦਿਲ ਚੋ ਕੱਢ ਦੇ ਵਲ਼ ਛਲ਼ ਬਸ ਜ਼ੁਲਫ਼ਾਂ ਵਿਚ ਖ਼ਮ ਆਸ ਨ ਛੱਡ ਦਿਲ ਥੰਮ ਰੱਖ ਦਮ ਰੱਖ ਪਾਤਰ, ਦਮ ਰੱਖ

131. ਇਹ ਮੇਲਾ ਹੈ

(ਕਿਸਾਨ ਮੋਰਚੇ ਦੇ ਨਾਂ...) ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ ਇਹਦੇ ਵਿਚ ਲੋਕ ਸ਼ਾਮਲ ਨੇ ਇਹਦੇ ਵਿਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ ਇਹ ਮੇਲਾ ਹੈ ਇਹਦੇ ਵਿਚ ਧਰਤ ਸ਼ਾਮਲ, ਬਿਰਖ, ਪਾਣੀ, ਪੌਣ ਸ਼ਾਮਲ ਨੇ ਇਹਦੇ ਵਿਚ ਸਾਡੇ ਹਾਸੇ, ਹੰਝੂ, ਸਾਡੇ ਗੌਣ ਸ਼ਾਮਲ ਨੇ ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਕੌਣ ਸ਼ਾਮਲ ਨੇ ਇਹਦੇ ਵਿਚ ਪੁਰਖਿਆਂ ਦਾ ਰਾਂਗਲਾ ਇਤਿਹਾਸ ਸ਼ਾਮਲ ਹੈ ਇਹਦੇ ਵਿਚ ਲੋਕ—ਮਨ ਦਾ ਸਿਰਜਿਆ ਮਿਥਹਾਸ ਸ਼ਾਮਲ ਹੈ ਇਹਦੇ ਵਿਚ ਸਿਦਕ ਸਾਡਾ, ਸਬਰ, ਸਾਡੀ ਆਸ ਸ਼ਾਮਲ ਹੈ ਇਹਦੇ ਵਿਚ ਸ਼ਬਦ, ਸੁਰਤੀ, ਧੁਨ ਅਤੇ ਅਰਦਾਸ ਸ਼ਾਮਲ ਹੈ ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਵਰਤਮਾਨ, ਅਤੀਤ ਨਾਲ ਭਵਿੱਖ ਸ਼ਾਮਲ ਹੈ ਇਹਦੇ ਵਿਚ ਹਿੰਦੂ ਮੁਸਲਮ, ਬੁੱਧ, ਜੈਨ ਤੇ ਸਿੱਖ ਸ਼ਾਮਲ ਹੈ ਬੜਾ ਕੁਝ ਦਿਸ ਰਿਹਾ ਤੇ ਕਿੰਨਾ ਹੋਰ ਅਦਿੱਖ ਸ਼ਾਮਿਲ ਹੈ ਇਹ ਮੇਲਾ ਹੈ ਇਹ ਹੈ ਇਕ ਲਹਿਰ ਵੀ, ਸੰਘਰਸ਼ ਵੀ ਪਰ ਜਸ਼ਨ ਵੀ ਤਾਂ ਹੈ ਇਹਦੇ ਵਿਚ ਰੋਹ ਹੈ ਸਾਡਾ, ਦਰਦ ਸਾਡਾ ਟਸ਼ਨ ਵੀ ਤਾਂ ਹੈ ਜੋ ਪੁੱਛੇਗਾ ਕਦੀ ਇਤਿਹਾਸ ਤੈਥੋਂ, ਪ੍ਰਸ਼ਨ ਵੀ ਤਾਂ ਹੈ ਤੇ ਤੈਨੂੰ ਕੁਝ ਪਤਾ ਹੀ ਨਈ ਇਹਦੇ ਵਿਚ ਕੌਣ ਸ਼ਾਮਿਲ ਨੇ ਨਹੀਂ ਇਹ ਭੀੜ ਨਈਂ ਕੋਈ, ਇਹ ਰੂਹਦਾਰਾਂ ਦੀ ਸੰਗਤ ਹੈ ਇਹ ਤੁਰਦੇ ਵਾਕ ਦੇ ਵਿਚ ਅਰਥ ਨੇ, ਸ਼ਬਦਾਂ ਦੀ ਪੰਗਤ ਹੈ ਇਹ ਸ਼ੋਭਾ—ਯਾਤਰਾ ਤੋ ਵੱਖਰੀ ਹੈ ਯਾਤਰਾ ਕੋਈ ਗੁਰਾਂ ਦੀ ਦੀਖਿਆ ਤੇ ਚੱਲ ਰਿਹਾ ਹੈ ਕਾਫ਼ਿਲਾ ਕੋਈ ਇਹ ਮੈਂ ਨੂੰ ਛੋੜ ਆਪਾਂ ਤੇ ਅਸੀ ਵੱਲ ਜਾ ਰਿਹਾ ਕੋਈ ਇਹਦੇ ਵਿਚ ਮੁੱਦਤਾਂ ਦੇ ਸਿੱਖੇ ਹੋਏ ਸਬਕ ਸ਼ਾਮਲ ਨੇ ਇਹਦੇ ਵਿਚ ਸੂਫ਼ੀਆਂ ਫੱਕਰਾਂ ਦੇ ਚੌਦਾਂ ਤਬਕ ਸ਼ਾਮਲ ਨੇ ਤੁਹਾਨੂੰ ਗੱਲ ਸੁਣਾਉਨਾਂ ਇਕ, ਬੜੀ ਭੋਲੀ ਤੇ ਮਨਮੋਹਣੀ ਅਸਾਨੂੰ ਕਹਿਣ ਲੱਗੀ ਕੱਲ੍ਹ ਇਕ ਦਿੱਲੀ ਦੀ ਧੀ ਸੁਹਣੀ ਤੁਸੀਂ ਜਦ ਮੁੜ ਗਏ ਏਥੋਂ, ਬੜੀ ਬੇਰੌਣਕੀ ਹੋਣੀ ਟ੍ਰੈਫਿਕ ਤਾਂ ਬਹੁਤ ਹੋਵੇਗੀ ਪਰ ਸੰਗਤ ਨਹੀਂ ਹੋਣੀ ਇਹ ਲੰਗਰ ਛਕ ਰਹੀ ਤੇ ਵੰਡ ਰਹੀ ਪੰਗਤ ਨਹੀਂ ਹੋਣੀ ਘਰਾਂ ਨੂੰ ਦੌੜਦੇ ਲੋਕਾਂ ਚ ਇਹ ਰੰਗਤ ਨਹੀਂ ਹੋਣੀ ਅਸੀਂ ਫਿਰ ਕੀ ਕਰਾਂਗੇ ਤਾਂ ਸਾਡੇ ਨੈਣ ਨਮ ਹੋ ਗਏ ਇਹ ਕੈਸਾ ਨਿਹੁੰ ਨਵੇਲਾ ਹੈ ਇਹ ਮੇਲਾ ਹੈ ਤੁਸੀਂ ਪਰਤੋ ਘਰੀਂ, ਰਾਜ਼ੀ ਖੁਸ਼ੀ , ਹੈ ਇਹ ਦੁਆ ਹਮੇਰੀ ਤੁਸੀਂ ਜਿੱਤੋ ਇਹ ਬਾਜ਼ੀ ਸੱਚ ਦੀ, ਹੈ ਇਹ ਦੁਆ ਮੇਰੀ ਤੁਸੀ ਪਰਤੋ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ ਨਵੇਂ ਅਹਿਸਾਸ, ਸੱਚਰੀ ਸੋਚ ਤੇ ਤਦਬੀਰ ਹੋ ਕੇ ਹੁਣ ਮੁਹੱਬਤ ਸਾਦਗੀ ਅਪਣੱਤ ਦੀ ਤਾਸੀਰ ਹੋ ਕੇ ਹੁਣ ਇਹ ਇੱਛਰਾਂ ਮਾਂ ਤੇ ਪੁੱਤ ਪੂਰਨ ਦੇ ਮੁੜ ਮਿਲਣੇ ਦਾ ਵੇਲਾ ਹੈ ਇਹ ਮੇਲਾ ਹੈ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ ਇਹਦੇ ਵਿਚ ਲੋਕ ਸ਼ਾਮਲ ਨੇ ਇਹਦੇ ਵਿਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਿਲ ਨੇ ਇਹ ਮੇਲਾ ਹੈ ਇਹਦੇ ਵਿਚ ਧਰਤ ਸ਼ਾਮਿਲ, ਬਿਰਖ, ਪਾਣੀ, ਪੌਣ ਸ਼ਾਮਲ ਨੇ ਇਹਦੇ ਵਿਚ ਸਾਡੇ ਹਾਸੇ, ਹੰਝੂ, ਸਾਡੇ ਗੌਣ ਸ਼ਾਮਲ ਨੇ ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਕੌਣ ਸ਼ਾਮਲ ਨੇ ਇਹ ਮੇਲਾ ਹੈ

132. ਮੇਰਾ ਦਿਲ ਹੈ ਟੁਕੜੇ ਟੁਕੜੇ

ਮੇਰਾ ਦਿਲ ਹੈ ਟੁਕੜੇ ਟੁਕੜੇ ਪਰ ਮੈਂ ਟੁਕੜੇ ਟੁਕੜੇ ਗੈਂਗ ਨਹੀਂ ਕਿਰਤੀ ਅਤੇ ਕਿਸਾਨ ਦੇ ਦੁਖੜੇ ਆਮ ਜਿਹੇ ਇਨਸਾਨ ਦੇ ਦੁਖੜੇ ਇਕ ਜ਼ਖ਼ਮੀ ਸੰਵਿਧਾਨ ਦੇ ਦੁਖੜੇ ਪਿਆਰੇ ਹਿੰਦੁਸਤਾਨ ਦੇ ਦੁਖੜੇ ਮੇਰੇ ਦਿਲ ਵੀਰਾਨ ਦੇ ਦੁਖੜੇ ਮੇਰਾ ਦਿਲ ਹੈ ਟੁਕੜੇ ਟੁਕੜੇ ਪਰ ਮੈਂ ਟੁਕੜੇ ਟੁਕੜੇ ਗੈਂਗ ਨਹੀਂ ਮੇਰੀ ਵਾਜ ਦੇ ਪਿੱਛੇ ਵੱਜਦਾ ਕੋਈ ਵਿਕਿਆ ਹੋਇਆ ਬੈਂਡ ਨਹੀਂ ਸੱਤਵਾਦੀ ਨੂੰ ਕਹਿ ਦਿੰਦਾ ਏਂ ਝਟਪਟ ਤੂੰ ਅੱਤਵਾਦੀ ਲੋਕ ਜਾਣਦੇ ਨੇ ਇਹ ਤੇਰੀ ਬੜੀ ਪੁਰਾਣੀ ਵਾਦੀ ਹੋਰ ਦਲੀਲ ਨਾ ਸੁੱਝੇ ਤਾਂ ਫਿਰ ਇਹ ਪੱਕੀ ਮੁਨਿਆਦੀ ਹੁਣ ਪਰ ਨਹੀਂ ਚੱਲਣੀ ਇਹ ਤੇਰੀ ਮੁੜ ਮੁੜ ਆਤਿਸ਼ਬਾਜ਼ੀ ਝੂਠ ਦੇ ਕਿਹੜੇ ਪੈਰ ਨੇ ਸਮਝੋ ਹੁਣ ਉੱਖੜੇ ਕਿ ਉੱਖੜੇ ਮੇਰਾ ਦਿਲ ਹੈ ਟੁਕੜੇ ਟੁਕੜੇ ਲੈਫ਼ਟ ਕੌਣ ਨੇ ਰਾਈਟ ਕੌਣ ਨੇ, ਮੈਨੂੰ ਭੇਤ ਜ਼ਰਾ ਨਾ ਉਂਜ ਮੇਰਾ ਦਿਲ ਖੱਬੇ ਪਾਸੇ, ਇਸ ਵਿਚ ਸ਼ੱਕ ਰਤਾ ਨਾ ਓਹੀ ਸੱਚਾ ਵਾਦ ਹੈ ਜਿਹੜਾ ਦੀਨ ਦੁਖੀ ਤੱਕ ਉੱਪੜੇ ਮੇਰਾ ਦਿਲ ਹੈ ਟੁਕੜੇ ਟੁਕੜੇ ਕੇਸਰੀ ਝੰਡੇ ਚੋਂ ਜੇ ਤੈਨੂੰ ਆਨ ਬਾਨ ਹੈ ਦਿਸਦਾ ਹਰ ਨਿਸ਼ਾਨ ਸਾਹਿਬ ਚੋਂ ਤੈਨੂੰ ਖ਼ਾਲਿਸਤਾਨ ਹੈ ਦਿਸਦਾ ਫਿਰ ਤਾਂ ਤੈਨੂੰ ਦਿਸਦਾ ਹੋਣਾ ਸਾਰੇ ਗੁਰੂ ਘਰਾਂ ਚੋਂ ਹਰ ਇਕ ਗਲ਼ੀ ਮਹੱਲੇ ਚੋ ਤੇ ਹਰ ਇਕ ਸ਼ਹਿਰ ਗਰਾਂ ਚੋਂ ਸ਼ੋਭਾ ਯਾਤਰਾ ਵੇਲੇ ਦਿਸਦਾ ਹਰ ਇਕ ਸੜਕ ਤੇ ਹੋਣਾ ਦੇਖ ਜ਼ਰਾ ਤੂੰ ਤੇਰੀ ਅਪਣੀ ਅੱਖ ਦੀ ਰੜਕ ਚ ਹੋਣਾ ਕਰਾਂ ਦੁਆਵਾਂ ਦੂਰ ਕਰੇ ਰੱਬ ਤੇਰੀ ਨਜ਼ਰ ਦੇ ਕੁੱਕਰੇ ਮੇਰਾ ਦਿਲ ਹੈ ਟੁਕੜੇ ਟੁਕੜੇ ਲਾ ਝੂਠੇ ਇਲਜ਼ਾਮ ਨ ਐਵੇਂ ਇਹਨਾਂ ਸੱਚਿਆਂ ਉੱਤੇ ਅਪਣੇ ਮੂੰਹ ਤੇ ਪੈਂਦਾ ਹੈ, ਜੇ ਥੁੱਕੀਏ ਚੰਨ ਦੇ ਉੱਤੇ ਮੇਰੇ ਧੀਆਂ ਪੁੱਤਰਾਂ ਦੇ ਵੀ ਚੰਨ ਜਿਹੇ ਨੇ ਮੁਖੜੇ ਮੇਰਾ ਦਿਲ ਹੈ ਟੁਕੜੇ ਟੁਕੜੇ ਪਰ ਮੈਂ ਟੁਕੜੇ ਟੁਕੜੇ ਗੈਂਗ ਨਹੀਂ ਮੇਰੀ ਵਾਜ ਦੇ ਪਿੱਛੇ ਵੱਜਦਾ ਕੋਈ ਵਿਕਿਆ ਹੋਇਆ ਬੈਂਡ ਨਹੀਂ ਰੁੱਖ ਨੂੰ ਜਦ ਅੱਗ ਲੱਗੀ-ਸੁਰਜੀਤ ਪਾਤਰ ਰੁੱਖ ਨੂੰ ਜਦ ਅੱਗ ਲੱਗੀ ਕੁੱਲ ਪਰਿੰਦੇ ਉੜ ਗਏ,ਉੜਨਾ ਹੀ ਸੀ ਇਕ ਚਿੜੀ ਪਰ ਜਾਂਦੀ ਜਾਂਦੀ ਮੁੜ ਪਈ ਉਸ ਦੇ ਮਨ ਵਿਚ ਸੋਚ ਆਈ ਰੁੱਖ ਕੀ ਸੋਚੂ ਵਿਚਾਰਾ ਉਸ ਨੂੰ ਲੱਗਾ ਰੁੱਖ ਦੇ ਪੱਤੇ ਜਿਵੇਂ ਹੋਵਣ ਹਜ਼ਾਰਾਂ ਅੱਖੀਆਂ ਉਡਦਿਆਂ ਪੰਖੇਰੂਆਂ ਨੂੰ ਤੱਕਦੀਆਂ ਕੋਲ਼ ਇਕ ਤਾਲਾਬ ਸੀ ਉਸ ਦੇ ਜਲ ਚੋਂ ਭਰ ਕੇ ਚੁੰਜਾਂ ਉਹ ਚਿੜੀ ਬਲ਼ ਰਹੇ ਰੁੱਖ ਉੱਤੇ ਤਰੌਂਕਣ ਲੱਗ ਪਈ ਕੋਲ਼ੋਂ ਦੀ ਕੋਈ ਮੁਸਾਫ਼ਿਰ ਲੰਘਿਆ ਦੇਖ ਕੇ ਦ੍ਰਿਸ਼ ਡਰ ਗਿਆ ਸੜ ਹੀ ਨਾ ਜਾਏ ਕਿਤੇ ਝੱਲੀ ਚਿੜੀ ਕਹਿਣ ਲੱਗਾ ਭੋਲ਼ੀਏ ਚਿੜੀਏ ਤੂੰ ਸੋਚ ਤੇਰੀਆਂ ਚੁੰਝ-ਚੂਲ਼ੀਆਂ ਨਾਲ਼ ਕੀ ਅੱਗ ਬਲ਼ਦੇ ਬਿਰਖ ਦੀ ਬੁਝ ਜਾਏਗੀ? ਜਾਣਦੀ ਹਾਂ ਐ ਮੁਸਾਫਿਰ ਕਹਿਣ ਲੱਗੀ ਉਹ ਚਿੜੀ ਮੇਰੀਆਂ ਚੁੰਝ-ਚੂਲ਼ੀਆਂ ਦੇ ਨਾਲ਼ ਤਾਂ ਅੱਗ ਬਲ਼ਦੇ ਬਿਰਖ ਦੀ ਬੁਝਣੀ ਨਹੀਂ ਫੇਰ ਵੀ ਪਰ ਸੋਚਦੀ ਹਾਂ ਜਦੋਂ ਜੰਗਲ ਦਾ ਕਦੀ ਇਤਿਹਾਸ ਲਿਖਿਆ ਜਾਏਗਾ ਨਾਮ ਮੇਰਾ ਅੱਗ ਬੁਝਾਵਣ ਵਾਲ਼ਿਆਂ ਵਿਚ ਆਏਗਾ ਤੇ ਇਨ੍ਹਾਂ ਰੁੱਖਾਂ ਦੇ ਵਾਰਿਸ ਕਹਿਣਗੇ: ਸਾਨੂੰ ਜਦ ਲੱਗਦੀ ਹੈ ਅੱਗ ਸਭ ਪਰਿੰਦੇ ਤ੍ਰਬਕ ਕੇ ਉੜਦੇ ਹੀ ਨੇ ਪਰ ਕਈ ਮੁੜਦੇ ਵੀ ਨੇ ਗੱਲ ਸੁਣ ਕੇ ਚਿੜੀ ਦੀ ਰਾਹਗੀਰ ਵੀ ਲੱਗ ਪਿਆ ਉਸ ਰੁੱਖ ਉੱਤੇ ਪਾਣੀ ਸੁੱਟਣ ਹੋਰ ਤੇ ਇਕ ਹੋਰ ਤੇ ਇਕ ਹੋਰ ਰਾਹੀ ਆ ਗਿਆ ਤੇ ਪਰਿੰਦੇ ਵੀ ਹਜ਼ਾਰਾਂ ਪਰਤ ਆਏ ਚੁੰਝਾਂ ਦੇ ਵਿਚ ਨੀਰ ਭਰ ਕੇ ਆਖਦੇ ਨੇ ਬੁਝ ਗਈ ਸੀ ਅੱਗ ਬਲ਼ਦੇ ਬਿਰਖ ਦੀ ਤੇ ਕਿਸੇ ਅਗਲੀ ਬਹਾਰ ਰੁੱਖ ਦੇ ਝੁਲ਼ਸੇ ਤਨੇ ਚੋਂ ਫੁੱਟ ਆਏ ਸੀ ਹਰੇ ਪੱਤੇ ਮਹੀਨ ਜਿਸਤਰਾਂ ਕਿ ਹਰੇ ਅੱਖਰ ਹੋਣ ਕਾਲ਼ੇ ਸਫ਼ੇ ਤੇ ਰੁੱਖ ਉਹ ਇਕ ਆਸ ਤੇ ਧਰਵਾਸ ਦੀ ਕੋਸ਼ਿਸ਼ ਅਤੇ ਵਿਸ਼ਵਾਸ ਦੀ ਨਜ਼ਮ ਵਰਗਾ ਹੋ ਗਿਆ ਸੀ। ਮੇਰੀ ਮਾਂ ਨੇ ਇਹ ਸੁਣਾਈ ਸੀ ਕਹਾਣੀ ਤੇ ਕਿਹਾ ਸੀ: ਇਹ ਕਦੀ ਨਾ ਸਮਝੀਂ ਕਿ ਲਿੱਸਾ ਏਂ ਤੂੰ ਇਹ ਕਦੀ ਨਾ ਸੋਚੀਂ ਕਿ ਕੱਲਾ ਏਂ ਤੂੰ ਰੁੱਖ ਨੂੰ ਜਦ ਅੱਗ ਲੱਗੇ ਉੜ ਪਵੀਂ ਪਰ ਮੁੜ ਪਵੀਂ ਚੁੰਝ ਦੇ ਵਿਚ ਨੀਰ ਭਰ ਕੇ ਉਸ ਚਿੜੀ ਨੂੰ ਯਾਦ ਕਰ ਕੇ

133. ਇਹ ਬਾਤ ਨਿਰੀ ਏਨੀ ਹੀ ਨਹੀਂ

ਇਹ ਬਾਤ ਨਿਰੀ ਏਨੀ ਹੀ ਨਹੀਂ ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ। ਇਹ ਪਿੰਡ ਦੇ ਵੱਸਦੇ ਰਹਿਣ ਦਾ ਏ ਜਿਰਨੂੰ ਤੌਖ਼ਲਾ ਉੱਜੜ ਜਾਣ ਦਾ ਏ। ਉਂਝ ਤਾਂ ਇਹ ਚਿਰਾਂ ਦਾ ਉੱਜੜ ਰਿਹਾ ਕੋਈ ਅੱਜ ਨਹੀਂ ਉੱਜੜਨ ਲੱਗਿਆ ਏ। ਇਹਨੂੰ ਗ਼ੈਰਾਂ ਨੇ ਵੀ ਲੁੱਟਿਆ ਏ ਤੇ ਆਪਣਿਆਂ ਵੀ ਠੱਗਿਆ ਏ। ਇਹਦਾ ਮਨ ਪਿੰਡੇ ਤੋਂ ਵੱਧ ਜ਼ਖ਼ਮੀ ਦੁੱਖ ਰੂਹ ਤੋਂ ਵਿੱਛੜ ਜਾਣ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਜਿਸ ਗੁਰੂ ਦੇ ਨਾਮ ਤੇ ਜਿਉਂਦਾ ਏ ਉਸ ਦੇ ਪੈਗ਼ਾਮ ਨੂੰ ਵਿੱਸਰ ਗਿਆ। ਇੱਕ ਘੁਰਾ ਸ਼ਬਦ ਦਾ ਨਿਕਲ ਗਿਆ ਇਹਦੀ ਸੁਰਤ ਦਾ ਬੁਣਿਆ ਉਧੜ ਗਿਆ। ਇਹ ਵੇਲਾ ਸੱਜਰੀ ਬੁਣਤੀ ਵਿੱਚ ਸ਼ਬਦਾਂ ਦੇ ਬੂਟੇ ਪਾਣ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਇਹ ਬਾਤ ਨਿਰੀ ਖੇਤਾਂ ਦੀ ਨਹੀਂ ਇਹ ਗੱਲ ਤਾਂ ਸਫ਼ਿਆਂ ਦੀ ਵੀ ਹੈ। ਅੱਖਰ ਨੇ ਜਿੰਨ੍ਹਾਂ ਦੇ ਬੀਜਾਂ ਜਹੇ ਉਨ੍ਹਾਂ ਸੱਚ ਦੇ ਫਲਸਫ਼ਿਆਂ ਦੀ ਵੀ ਹੈ। ਮੈਨੂੰ ਫ਼ਿਕਰ ਲਾਲੋ ਦੇ ਕੋਧਰੇ ਦਾ, ਤੈਨੂੰ ਭਾਗੋ ਦੇ ਪਕਵਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਆਖੀ ਸੀ ਕਦੀ ਇੱਕ ਪੁਰਖੇ ਨੇ ਉਹ ਬਾਤ ਅਜੇ ਤੱਕ ਹੈ ਸੱਜਰੀ। ਨਹੀਂ ਕੰਮ ਥਕਾਉਂਦਾ ਬੰਦੇ ਨੂੰ ਬੰਦੇ ਨੂੰ ਥਕਾਉਂਦੀ ਬੇਕਦਰੀ। ਇਹ ਦੁੱਖ ਓਸੇ ਬੇਕਦਰੀ ਦਾ ਇਹ ਸੱਲ੍ਹ ਉਸੇ ਅਪਮਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਤੇਰੇ ਵੱਡੇ ਵੱਸਣ ਘਰਾਣੇ ਵੀ ਸਾਡੇ ਰਹਿਣ ਦੇ ਨਿੱਕੇ ਘਰ ਵੱਸਦੇ। ਸਭ ਚੁੱਲ੍ਹਿਆਂ ਵਿੱਚ ਅੱਗ ਬਲ਼ਦੀ ਰਵ੍ਹੇ, ਸਭ ਧੀਆਂ ਪੁੱਤ ਵੱਸਦੇ ਰਸਦੇ। ਇਹ ਗੱਲ ਸਭਨਾਂ ਦੇ ਵੱਸਣ ਦੀ ਏ ਇਹ ਜਸ਼ਨ ਤਾਂ ਵੰਡ ਕੇ ਖਾਣ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਕਿਉਂ ਧੀ ਕਿਸੇ ਕਿਰਤੀ ਕਾਮੇ ਦੀ ਉਨ੍ਹਾਂ ਦੀ ਖ਼ਾਤਰ ਧੀ ਹੀ ਨਹੀਂ। ਜੋ ਪੁੱਤ ਨੇ ਡਾਢਿਆਂ ਦੇ ਜਾਏ ਉਨ੍ਹਾਂ ਦੀ ਕਿਤੇ ਪੇਸ਼ੀ ਹੀ ਨਹੀਂ। ਤੂੰ ਡਰ ਹੁਣ ਓਸ ਅਦਾਲਤ ਤੋਂ ਜਿੱਥੇ ਹੋਣਾ ਅਦਲ ਈਮਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਤੇਰੇ ਨਾਲ ਅਮੀਰ ਵਜ਼ੀਰ ਖੜ੍ਹੇ ਮੇਰੇ ਨਾਲ ਪੈਗੰਬਰ ਪੀਰ ਖੜ੍ਹੇ। ਰਵੀਦਾਸ ਫ਼ਰੀਦ ਕਬੀਰ ਖੜੇ ਮੇਰੇ ਨਾਨਕ ਸ਼ਾਹ ਫ਼ਕੀਰ ਖੜ੍ਹੇ। ਮੇਰਾ ਨਾਮਦੇਵ ਮੇਰਾ ਧੰਨਾ ਵੀ ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਖ਼ੂਹ ਵਗਦੇ ਵਗਦੇ ਛਪਨ ਹੋਏ, ਹੁਣ ਬਾਤ ਹੈ ਸਦੀਆਂ ਗਈਆਂ ਦੀ। ਮੈਂ ਜਾਣਦਾਂ ਯੁਗ ਬਦਲਦੇ ਨੇ ਤਿੱਖੀ ਰਫ਼ਤਾਰ ਹੈ ਪਹੀਆਂ ਦੀ। ਬੰਦੇ ਨੂੰ ਮਿੱਧ ਨਾ ਲੰਘ ਜਾਵਣ ਇਹ ਫ਼ਰਜ਼ ਵੀ ਨੀਤੀਵਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਇਹ ਕਣਕ ਤੇ ਧਾਨ ਦੀ ਗੱਲ ਹੀ ਨਹੀਂ ਇਹ ਅਣਖ਼ ਤੇ ਆਨ ਦੀ ਗੱਲ ਵੀ ਹੈ। ਕੀ ਹਾਲ ਹੈ ਕਿੰਝ ਗੁਜ਼ਰਦੀ ਹੈ ਇਹ ਮੋਹ ਤੇ ਮਾਣ ਦੀ ਗੱਲ ਵੀ ਹੈ। ਜੋ ਆਪਣਾ ਹੁੰਦਾ ਪੁੱਛਦਾ ਹੈ ਕੀ ਦੁਖਦਾ ਮੇਰੀ ਜਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਮੈਂ ਜਾਗਿਆ ਹਾਂ ਬੜੀ ਦੇਰੀ ਨਾਲ ਮੇਰੀ ਟੁੱਟੀ ਹੈ ਨੀਂਦ ਹਨ੍ਹੇਰੀ ਨਾਲ ਮੇਰੇ ਸੁੱਤਿਆਂ ਸੁੱਤਿਆਂ ਤੁਰ ਗਿਆ ਏ, ਮੇਰਾ ਕੀ ਕੁਝ ਗਫ਼ਲਤ ਮੇਰੀ ਨਾਲ। ਉਹ ਜੋ ਇਸ ਦੇ ਮਗਰੇ ਆਉਂਦਾ ਏ ਮੈਨੂੰ ਫ਼ਿਕਰ ਤਾਂ ਓਸ ਤੂਫ਼ਾਨ ਦਾ ਏ ਇਹ ਬਾਤ ਨਿਰੀ ਏਨੀ ਹੀ ਨਹੀਂ। ਇਹ ਮਸਲਾ ਧਰਤੀ ਮਾਂ ਦਾ ਹੈ। ਇਹ ਮਸਲਾ ਕੁੱਲ ਜਹਾਨ ਦਾ ਹੈ। ਇਹ ਮਸਲਾ ਵੱਸਦੀ ਦੁਨੀਆਂ ਦਾ ਜਿਹਨੂੰ ਤੌਖਲਾ ਉੱਜੜ ਜਾਣ ਦਾ ਏ ਇਹ ਬਾਤ ਨਿਰੀ ਏਨੀ ਹੀ ਨਹੀਂ।

134. ਕਵੀ ਦਾ ਬੁੱਤ

ਸ਼ਹਿਰ ਵਿਚ ਜੇ ਕਵੀ ਦਾ ਬੁੱਤ ਹੋਵੇ ਲੰਘਦੀ ਭੀੜ ਨੂੰ ਕੁਝ ਕੁਝ ਅਹਿਸਾਸ ਰਹਿੰਦਾ ਸਾਡੇ ਕੋਲ਼ ਕੋਈ ਸੁਹਣੀ ਮੌਜੂਦਗੀ ਹੈ ਸਾਡੇ ਕੋਲ਼ ਹੈ ਕੋਈ ਇਤਿਹਾਸ ਰਹਿੰਦਾ ਸਭ ਕੁਝ ਦੇਖਦਾ ਹੈ ਸਭ ਕੁਝ ਜਾਣਦਾ ਹੈ ਪਤਾ ਨਹੀਂ ਕਿਉਂ ਐਵੇਂ ਵਿਸ਼ਵਾਸ ਰਹਿੰਦਾ ਹੈ ਤਾਂ ਬੁੱਤ ਪਰ ਕਵੀ ਦਾ ਬੁੱਤ ਹੈ ਇਹ ਸਤਰ ਸਤਰ ਅੰਦਰ ਜਿਸਦਾ ਸੁਆਸ ਰਹਿੰਦਾ ਮੇਰੇ ਸ਼ਹਿਰ ਦੇ ਲੋਕੋ ਖ਼ਿਆਲ ਰੱਖਣਾ ਬੁੱਤ ਤੀਕ ਨਾ ਦੁੱਖਾਂ ਦੀ ਬਿੜਕ ਜਾਵੇ ਹਿਰਦੇ ਸ਼ਾਇਰਾਂ ਦੇ ਬੜੇ ਮਲੂਕ ਹੁੰਦੇ ਕਿਧਰੇ ਸ਼ਾਇਰ ਦਾ ਬੁੱਤ ਨਾ ਤਿੜਕ ਜਾਵੇ

135. ਇਕ ਸੁਹਣੇ ਨਾਂ ਦਾ ਗੀਤ

ਰਾਮ ਮੁਹੰਮਦ ਸਿੰਘ ਮੇਰਾ ਨਾਂ ਹਾਂ ਆਜ਼ਾਦ ਹਵਾ ਜਿਉਂ ਹੋਵੇ ਭਰਿਆ ਫਿਰਾਂ ਘਟਾ ਜਿਉਂ ਹੋਵੇ ਕੋਈ ਕਰਜ਼ ਅਦਾ ਜਿਉਂ ਹੋਵੇ ਇਉਂ ਵਰ੍ਹ ਜਾਂ ਕਿਸੇ ਤਪਦੀ ਥਾਂ ਧਰਤ ਦਾ ਸੀਨਾ ਸ਼ਾਂਤ ਕਰਾਂ ਰਾਮ ਮੁਹੰਮਦ ਸਿੰਘ ਮੇਰਾ ਨਾਂ ਮਾਪਿਆਂ ਮੋਹ ਸੰਗ ਨਾਮ ਧਰਾਇਆ ਸ਼ੇਰਾ ਸ਼ੇਰਾ ਆਖ ਬੁਲਾਇਆ ਫਿਰ ਇਕ ਦਿਨ ਪਰ ਐਸਾ ਆਇਆ ਰੁਲਦਾ ਰਹਿ ਗਿਆ ਛਿੰਦਾ ਨਾਂ ਸਿਰ ਤੋਂ ਉਡ ਗਈ ਮੋਹ ਦੀ ਛਾਂ ਰਾਮ ਮੁਹੰਮਦ ਸਿੰਘ ਮੇਰਾ ਨਾਂ ਫਿਰ ਮੈਂ ਖ਼ੁਦ ਇਕ ਨਾਮ ਧਰਾਇਆ ਨਾਮ ਹੀ ਇਕ ਪੈਗ਼ਾਮ ਬਣਾਇਆ ਨਾਮ ਹੀ ਝੰਡੇ ਵਾਂਗ ਝੁਲਾਇਆ ਜਿਸ ਦੀ ਸਦੀਆਂ ਦੇ ਸਿਰ ਛਾਂ ਜੋ ਨਿਰਥਾਵਿਆਂ ਦੀ ਹੈ ਥਾਂ ਰਾਮ ਮੁਹੰਮਦ ਸਿੰਘ ਮੇਰਾ ਨਾਂ ਫਿਰ ਮੇਂ ਇਹ ਅਸਲੀਅਲ ਜਾਣੀ ਕਾਦਰ ਕੁਦਰਤ ਰਾਜਾ ਰਾਣੀ ਵੀਰ ਸ਼ਹੀਦ ਸਕੇ ਮੇਰੇ ਹਾਣੀ ਉਹ ਮੇਰੇ ਮੈਂ ਉਨ੍ਹਾਂ ਦਾ ਹਾਂ ਇਕ ਦਿਨ ਉਨ੍ਹਾਂ ਨੂੰ ਜਾਇ ਮਿਲਾਂ ਰਾਮ ਮੁਹੰਮਦ ਸਿੰਘ ਮੇਰਾ ਨਾਂ ਮੈਨੂੰ ਕਿਤੇ ਅਨਾਥ ਨ ਜਾਣੀਂ ਮੇਰੇ ਅਸਲੀ ਸਾਕ ਪਛਾਣੀਂ ਪਵਣੁ ਗੁਰੂ ਤੇ ਪਿਤਾ ਹੈ ਪਾਣੀ ਧਰਤ ਸੁਹਾਵੀ ਮੇਰੀ ਮਾਂ ਮੇਰੇ ਸਿਰ ਸ਼ਬਦਾਂ ਦੀ ਥਾਂ ਰਾਮ ਮੁਹੰਮਦ ਸਿੰਘ ਮੇਰਾ ਨਾਂ ਮੈਂ ਤਾਂ ਥੋਡੇ ਦਿਲ ਵਿਚ ਰਹਿਣਾ ਤੇ ਬੱਸ ਇਹੋ ਤੁਹਾਨੂੰ ਕਹਿਣਾ ਦਿਲ ਦਾ ਬੂਹਾ ਢੋ ਨਾ ਲੈਣਾ ਮੁੜ ਨਾ ਕਿਤੇ ਅਨਾਥ ਬਣਾਂ ਰੁਲਦਾ ਫਿਰੇ ਨਾ ਥਾਂ—ਪਰ—ਥਾਂ ਰਾਮ ਮੁਹੰਮਦ ਸਿੰਘ ਮੇਰਾ ਨਾਂ

136. ਹੋ ਨਾ ਇਉਂ ਦਿਲਗੀਰ ਮੀਆਂ ਮੀਰ ਤੂੰ

ਹੋ ਨਾ ਇਉਂ ਦਿਲਗੀਰ ਮੀਆਂ ਮੀਰ ਤੂੰ ਮੰਜ਼ਰਾਂ ਪਿੱਛੇ ਛੁਪੇ ਮੰਜ਼ਰ ਵੀ ਦੇਖ ਦੇਖ ਨਾ ਤੂੰ ਸਿਰਫ਼ ਇਹ ਤਪਦੀ ਤਵੀ ਛਲਕਦਾ ਅੰਮ੍ਰਿਤ ਦਾ ਅਹੁ ਸਰਵਰ ਵੀ ਦੇਖ ਸੀਸ ਪੈਂਦੀ ਰੇਤ ਤਾਂ ਦੇਖੀ ਹੈ ਤੂੰ ਅਹੁ ਤੂੰ ਰਿਮਝਿਮ ਸ਼ਬਦ ਦੀ ਛਹਿਬਰ ਵੀ ਦੇਖ ਬਲਦੀ ਏਧਰ ਅੱਗ ਹੀ ਨਾ ਦੇਖ ਤੂੰ ਲੱਖ ਜੋਤਾਂ ਜਗਦੀਆਂ ਓਧਰ ਵੀ ਦੇਖ ਕੁਝ ਪਲਾਂ ਦੀ ਤਪਿਸ਼ ਤੋਂ ਸਦੀਆਂ ਲਈ ਮੈਂ ਵਿਹਾਜੀ ਹੈ ਜੁ ਉਹ ਛਹਿਬਰ ਵੀ ਦੇਖ ਵਣਜ ਇਹ ਮਹਿੰਗਾ ਨਹੀਂ ਹੈ ਦੋਸਤਾ ਅੱਥਰੂ ਨਾ ਕਰ ਤੂੰ ਅੱਖਰ ਵੀ ਦੇਖ ਤੂੰ ਤਾਂ ਸਭ ਕੁਝ ਜਾਣਦਾ ਹੈਂ ਐ ਫ਼ਕੀਰ ਦੇਖ ਨਾ ਬਾਹਰ ਜ਼ਰਾ ਅੰਦਰ ਵੀ ਦੇਖ ਅੱਜ ਹੀ ਨਾ ਦੇਖ, ਦੇਖ ਇਤਿਹਾਸ ਵੀ ਦੇਖਦੇ ਨੇ ਅਹੁ ਜ਼ਮੀਂ ਅੰਬਰ ਵੀ ਦੇਖ ਹੋ ਨਾ ਇਉਂ ਦਿਲਗੀਰ ਮੀਆਂ ਮੀਰ ਤੂੰ ਮੰਜ਼ਰਾਂ ਪਿੱਛੇ ਲੁਕੇ ਮੰਜ਼ਰ ਵੀ ਦੇਖ

  • ਕਾਵਿ ਰਚਨਾਵਾਂ : ਸੁਰਜੀਤ ਪਾਤਰ (1-127)
  • ਮੁੱਖ ਪੰਨਾ : ਕਾਵਿ ਰਚਨਾਵਾਂ, ਸੁਰਜੀਤ ਪਾਤਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ