ਪ੍ਰਭਸ਼ਰਨਦੀਪ ਸਿੰਘ ਸਿੱਖ ਕਵੀ ਹੈ ਜੋ ਧਰਮ, ਸਾਹਿਤ, ਫ਼ਲਸਫ਼ੇ, ਅਤੇ ਇਤਿਹਾਸ ਦਾ ਵਿਦਿਆਰਥੀ ਹੈ।
ਉਸ ਦਾ ਜਨਮ ਪੰਜਾਬ ਵਿੱਚ ਹੋਇਆ ਅਤੇ ਉਸ ਨੇ ਅੱਸੀਵਿਆਂ ਵਿੱਚ ਸਿੱਖਾਂ ਉੱਤੇ ਹੋਈ ਸਰੀਰਿਕ
ਅਤੇ ਬਿਰਤਾਂਤਿਕ ਹਿੰਸਾ ਨੂੰ ਨੇੜਿਓਂ ਵੇਖਿਆ। ੨੦੦੦ ਵਿੱਚ ਉਹ ਪੰਜਾਬ ਤੋਂ ਹਿਜਰਤ ਕਰ ਗਿਆ,
ਲੰਮਾ ਸਮਾਂ ਅਮਰੀਕਾ ਅਤੇ ਇੰਗਲੈਂਡ ਵਿੱਚ ਰਿਹਾ, ਅਤੇ ਹੁਣ ਤੱਕ ਜਲਾਵਤਨੀ ਭੋਗ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਤੋਂ ਐਮ.ਏ. ਅੰਗਰੇਜ਼ੀ ਅਤੇ ਸਕੂਲ ਆਫ਼ ਓਰੀਐਂਟਲ ਐਂਡ
ਅਫ਼ਰੀਕਨ ਸਟੱਡੀਜ਼ (ਲੰਡਨ ਯੂਨੀਵਰਸਿਟੀ) ਤੋਂ ਐਮ.ਏ. ਧਰਮ ਅਧਿਐਨ ਕਰਨ ਤੋਂ ਬਾਅਦ ਉਹ ਧਰਮ,
ਸਾਹਿਤ, ਅਤੇ ਚਿੰਤਨ ਦੇ ਵਿਸ਼ੇ ’ਤੇ ਡੀ.ਫ਼ਿਲ. ਲਈ ਆਕਸਫ਼ੋਰਡ ਯੂਨੀਵਰਸਿਟੀ ਚਲਾ ਗਿਆ।
ਭਾਵੇਂ ਕਿ ਉਸ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਅਕਾਦਮਿਕ ਖੋਜ ਨੂੰ ਸਮਰਪਿਤ ਕੀਤਾ ਹੈ ਤਾਂ ਵੀ
ਉਹ ਕਾਵਿਕ ਅਨੁਭਵ ਨੂੰ ਚਿੰਤਨ ਦੇ ਆਧਾਰ ਵਜੋਂ ਵੇਖਦਾ ਹੈ। ਉਹ ਕਵਿਤਾ ਅਤੇ ਚਿੰਤਨ ਦੋਹਾਂ
ਦੀ ਬੁਨਿਆਦ ਬੋਲੀ ਵਿੱਚ ਵੇਖਦਾ ਹੈ। ਕਵਿਤਾ ਉਸ ਲਈ ਬੋਲੀ ਨੂੰ ਸੁਰਜੀਤ ਕਰਨ ਦਾ ਸਾਧਨ ਹੈ। ਕਵਿਤਾ
ਰਾਹੀਂ ਸੁਰਜੀਤ ਹੋਏ ਬੋਲੀ ਦੇ ਰੂਪ ਅਤੇ ਰੰਗ ਸਮੇਂ ਦੀਆਂ ਸਥਾਪਿਤ ਕੀਤੀਆਂ ਬਿਰਤਾਂਤਿਕ ਵਲ਼ਗਣਾਂ
ਤੋਂ ਆਜ਼ਾਦ ਚਿੰਤਨ ਦੇ ਵਿਗਸਣ ਦਾ ਆਧਾਰ ਬਣਦੇ ਹਨ। ਇਸ ਦੇ ਨਾਲ਼ ਹੀ ਕਾਵਿਕ-ਅਨੁਭਵ ਚਿੰਤਨ ਦੇ
ਅਣਕਿਆਸੇ ਪਸਾਰ ਵੀ ਸਾਹਮਣੇ ਲਿਆਉਂਦਾ ਹੈ।
ਪ੍ਰਭਸ਼ਰਨਦੀਪ ਸਿੰਘ ਦੀਆਂ ਕਵਿਤਾਵਾਂ ਹਿੰਸਾ ਅਤੇ ਦੇਸ ਨਿਕਾਲ਼ੇ ਦੀਆਂ ਸਦਮਾਗ੍ਰਸਤ ਯਾਦਾਂ
ਅੰਦਰ ਲਹਿੰਦੀਆਂ ਹਨ। ਉਸ ਦੀਆਂ ਕਵਿਤਾਵਾਂ ਜ਼ਾਹਰ ਕਰਦੀਆਂ ਹਨ ਕਿ ਜਬਰ ਦੀ ਭੰਨੀ ਤੇ ਅਣਮਨੁੱਖੀ
ਗਰਦਾਨੀ ਕਿਸੇ ਕੌਮ ਦੇ ਚੇਤੇ ਤੇ ਉਕਰੀਆਂ ਹਿੰਸਕ ਇਬਾਰਤਾਂ ਹੇਠ ਕੀ ਕੁਝ ਚੱਲ ਰਿਹਾ ਹੈ। ਉਸ ਲਈ
ਕਵਿਤਾ ਅਣਮਨੁੱਖੀ ਹਿੰਸਾ ਦੇ ਹੇਠ ਵਿਗਸਦਾ ਅਮਰ ਮਨੁੱਖੀ ਖ਼ਾਸਾ ਹੈ ਜੋ ਜੀਵਨ ਦੀ ਨਾਸ਼ਮਾਨਤਾ
ਨੂੰ ਭਰਪੂਰਤਾ ਨਾਲ਼ ਸਰਸ਼ਾਰ ਕਰਦਾ ਹੈ।
ਦੇਸ ਨਿਕਾਲ਼ਾ ਹਿੰਸਾ, ਜਲਾਵਤਨੀ, ਕਾਲ਼, ਅਤੇ ਬੋਲੀ ਬਾਰੇ ਕਵਿਤਾਵਾਂ ਦਾ ਸੰਗ੍ਰਹਿ ਹੈ। ਇਹ
ਕਵਿਤਾਵਾਂ ਉਹਨਾਂ ਸਦਮਿਆਂ ਨੂੰ ਮੁੜ ਜਿਉਂਦੀਆਂ ਹਨ ਜੋ ਕਵੀ ਅਤੇ ਉਸ ਦੀ ਕੌਮ ਸਦੀਆਂ
ਤੋਂ ਝੱਲਦੇ ਆ ਰਹੇ ਹਨ। ਇਹ ਕਵਿਤਾਵਾਂ ਬੋਲੀ ਦੇ ਉਸ ਜਹਾਨ ਨੂੰ ਮੁੜ ਆਬਾਦ ਕਰਨ ਦੀ ਕੋਸ਼ਿਸ਼
ਹਨ ਜਿਸ ਨੂੰ ਸਮੇਂ ਨੇ ਬੀਤੇ ਵਿੱਚ ਧਕੇਲ਼ ਦਿੱਤਾ।
ਕਵੀ ਲਈ ਦੇਸ ਨਿਕਾਲ਼ੇ ਦਾ ਅਨੁਭਵ ਮੁਲਕ ਛੱਡਣ ਦੇ ਵੇਲ਼ੇ ਤੋਂ ਪਹਿਲਾਂ ਦਾ ਅਹਿਸਾਸ ਹੈ। ਦੇਸ
ਨਿਕਾਲ਼ਾ ਕਿਸੇ ਕੌਮ ਨੂੰ ਹਾਸ਼ੀਏ ’ਤੇ ਧੱਕੇ ਜਾਣ ਅਤੇ ਅਲੱਗ-ਥਲੱਗ ਕੀਤੇ ਜਾਣ ਨਾਲ਼ ਸ਼ੁਰੂ ਹੁੰਦਾ
ਹੈ। ਇਹ ਬਿਰਤਾਂਤਕ ਹਿੰਸਾ ਨਾਲ਼ ਸ਼ੁਰੂ ਹੁੰਦਾ ਹੈ ਜੋ ਸਰੀਰਕ ਹਿੰਸਾ ਵਿੱਚ ਪਲ਼ਟ ਜਾਂਦੀ ਹੈ ਅਤੇ ਉਹ
ਤਕਨਾਲੋਜੀਆਂ ਵਿਕਸਿਤ ਕਰਦੀ ਹੈ ਜੋ ਕਿਸੇ ਕੌਮ ਨੂੰ ਹਾਸ਼ੀਏ ’ਤੇ ਧੱਕਣ ਦੇ ਮਨਸੂਬੇ ਪੂਰੇ
ਕਰਦੀਆਂ ਹਨ। ਇਹ ਕਵਿਤਾਵਾਂ ਉਹਨਾਂ ਸੰਰਚਨਾਵਾਂ ਨੂੰ ਵੰਗਾਰਦੀਆਂ ਹਨ ਜਿਹੜੀਆਂ ਹਿੰਸਾ
ਨੂੰ ਆਮ ਵਰਤਾਰਾ ਬਣਾਉਂਦੀਆਂ ਹਨ, ਨਸਲਕੁਸ਼ੀ ਦੇ ਕਹਿਰ, ਤਬਾਹੀ, ਅਤੇ ਸਦਮੇ ਨੂੰ
ਛੁਟਿਆਉਂਦੀਆਂ ਹਨ, ਅਤੇ ਸੱਤਾ ਨੂੰ ਚੁਣੌਤੀ ਦੇਣ ਵਾਲ਼ੀਆਂ ਆਵਾਜ਼ਾਂ ਨੂੰ ਬਦਨਾਮ ਕਰ
ਪ੍ਰਭਾਵਹੀਣ ਬਣਾਉਣ ਦੇ ਮਨਸੂਬੇ ਘੜਦੀਆਂ ਹਨ।
