Punjabi Poetry : Prabhsharandeep Singh

ਪੰਜਾਬੀ ਰਚਨਾਵਾਂ : ਪ੍ਰਭਸ਼ਰਨਦੀਪ ਸਿੰਘ


ਕਰਤਾ

ਨਾਮੇ ਅੰਦਰ ਪੁਰਖੁ ਹੈ ਕਰਤਾ, ਨਾਮ ਹੈ ਵਿੱਚ ਸਵਾਸਾਂ। ਰੋਮ-ਰੋਮ ਵਿੱਚ ਨਾਮ ਰੁਮਕਦਾ, ਬਿਰਹੋਂ-ਭਿੰਨੀਆਂ ਆਸਾਂ। ਕੁਦਰਤ ਹੁਕਮ ਦੁਇ ਵਿਸਮਾਦੀ, ਖੇੜੇ ਵਿੱਚ ਵਰਤੇਂਦੇ, ਕਰਤਾ ਅਮ੍ਰਿਤ ਸਰੀਂ ਬਿਠਾਲੇ, ਦੇ ਕੇ ਸੁਖਦ ਪਿਆਸਾਂ ।

ਗੁਰੂ ਨਾਨਕ

ਤੇਗ਼ ਸ਼ਬਦ ਦੀ ਜ਼ੋਰ ਨਾ’ ਝੁੱਲੀ, ਗੁਰ ਨਾਨਕ ਦਾ ਆਉਣਾ। ਖ਼ਾਕੂ ਵਿੱਚ ਰੁਲੇਂਦੀ ਖ਼ਲਕਤ, ਖ਼ਾਲਕ ਸਨਮੁਖ ਗਾਉਣਾ । ਗੁਰ ਦੀਆਂ ਤਾਨਾਂ ਅਰਸ਼ ਜ਼ਿਮੀਂ ਵਿੱਚ, ਹਰਕਤ ਨਵੀਂ ਜਗਾਈ, ਕਿਰਤੀ ਤਖ਼ਤ ਲਿਤਾੜਨ, ਗੁਰ ਨੇ, ਸਿੱਕਾ ਨਵਾਂ ਜਮਾਉਣਾ।

ਗੁਰੂ ਨਾਨਕ ਦਾ ਦੇਸ

ਗੁਰੂ ਨਾਨਕ ਦਾ ਦੇਸ ਹੈ ਕਿਹੜਾ, ਕਿਹੜਾ ਆਖ ਵਖਾਣੇ। ਜਿੱਥੇ ਮਘਦੇ ਅੱਥਰੂ ਦੇ ਵਿੱਚ, ਸਿਦਕ ਸੰਭੋਲਣ ਭਾਣੇ । ਜਿੱਥੇ ਕਣੀਆਂ ਮਣੀਆਂ ਬਣਸਨ, ਮੁੜ੍ਹਕੇ ਨੂੰ ਛੁਹ-ਛੁਹ ਕੇ, ਜਿੱਥੇ ਬੋਲੀ ਸ਼ਬਦ-ਸੰਵਾਰੀ, ਲੈਂਦੀ ਸਾਹ ਰੱਬਾਣੇ।

ਦੇਸ

ਦੇਸ ਹੁਵੇਂਦਾ ਪੌਣ ਤੇ ਪਾਣੀ, ਜਿਸ ਉਹ ਰਮਜ਼ ਪਛਾਣੀ। ਦੇਸ ਦੇ ਅੰਦਰ ਬੋਲੀ ਵਿਗਸੇ, ਬਾਣੀ ਜਿਸ ਨੇ ਮਾਣੀ। ਮਿੱਟੀ ਦੇ ਵਿੱਚ ਰਹਿਤਲ ਰਮਦੀ, ਰਹਿਤਲ ਵਿੱਚ ਸਾਹ ਘੁਲ਼ਦੇ। ਦੇਸ ਬਿਨਾਂ ਨਾ ਫੁੱਲ-ਪੱਤੀਆਂ 'ਚੋਂ, ਸੁਣਦੀ ਨਿੱਤ ਕਹਾਣੀ ।

ਮਿੱਟੀ

ਮਿੱਟੀ ਅੱਗਾਂ ਸੋਖ-ਸੋਖ ਕੇ, ਘੜ-ਘੜ ਡੌਲ਼ੇ ਦੇਹੀ। ਰੱਤੀਂ ਸਿੰਜੀ ਕੁੰਦਨ ਸਿਰਜੇ, ਜੰਮਦੇ ਰਹਿਣ ਸਨੇਹੀ। ਮਿੱਟੀ ਵਿੱਚ ਜੜ੍ਹਾਂ ਲੈ ਪੁਸ਼ਤਾਂ, ਬੋਹੜਾਂ ਜਿਉਂ ਲਹਿਰਾਵਣ, ਮਿੱਟੀ ਨੇ ਬਨਸਪਤਿ ਖੇੜੇ, ਮੇਰ ਹੈ ਬਖ਼ਸ਼ੀ ਕੇਹੀ !

ਮਾਂ ਤੇ ਮਿੱਟੀ

ਮਾਵਾਂ ਨਾ ਮਿੱਟੀ ਦੀਆਂ ਜਾਈਆਂ, ਇਹ ਮਿੱਟੀ ਦੀਆਂ ਭੈਣਾਂ। ਮਾਂ ਦੇ ਸੁਪਨੇ ਚੰਨ ਤੋਂ ਲਿਆਵਣ, ਧਰਤ ਵਿਛੇਦੀਆਂ ਰੈਣਾਂ। ਕਿਰਤੀ ਤੇ ਸੂਰੇ ਦੇ ਦਾਈਏ, ਮਿੱਟੀ ਦੀਆਂ ਅਪਣੱਤਾਂ, ਮੁੜ-ਮੁੜ ਉਸ ਤੋਂ ਜਿੰਦ ਵਾਰਨੀ, ਜਿਸ ਗੋਦੀ ਵਿੱਚ ਸੈਣਾਂ।

ਜਣਨੀ-ਧਰਤੀ

ਜਣਨੀ ਤੇ ਧਰਤੀ ਦਾ ਨਾਤਾ, ਕੌਣ ਕਹੇ ਕਿਨ ਜਾਤਾ। ਮਾਂ ਦੀਆਂ ਅੱਖਾਂ ਹਰ ਕਣ ਚੁਗਿਆ, ਜੋ ਸਾਚੇ ਰੰਗ ਰਾਤਾ। ਧਰਤੀ 'ਤੇ ਜਦ ਧੌਂਸ ਬਿਗਾਨੀ, ਪੀੜ ਰੋਗਾਂ ਤੋਂ ਡੂੰਘੀ। ਮਰ-ਮੁੱਕ ਜਾਣਾ, ਚੋਟ ਨਾ ਸਹਿਣੀ, ਆਤਮ ਭੇਤ ਪਛਾਤਾ।

ਬੋਲੀ

ਮਾਣਸ ਚਿੱਤ ਸੰਜੋਗ-ਵਿਜੋਗ ਜੋ, ਰੰਗ ਅਨੇਕ ਖਿੜਾਏ । ਦੇਹੀ ਅੰਦਰ, ਦੇਹੀ ਪਾਰੋਂ, ਨੇਤਿ ਨੇਤਿ ਮੁਸਕਾਏ। ਜੋ ਖਿਣ ਕਾਮਲ, ਸੋ ਖਿਣ ਹੱਸੇ, ਜੋ ਹੀਣਾ ਸੋ ਰੋਵੇ, ਰੂਹ ਦੀ ਵੱਥ, ਸਿਦਕ ਦੀ ਟੀਸੀ, ਬੋਲੀ ਵਿੱਚ ਸਮਾਏ।

ਬੋਲੀ-ਆਪਾ

ਬੋਲ ਅਬੋਲ ਸਰੋਦੀਂ ਘੁਲ਼ ਗਏ, ਰਾਗ ਸੁਪਨਿਆਂ ਜੇਹੇ। ਭੁੱਲੇ ਬੋਲ ਤੇ ਰਹਿ ਗਏ ਪਿੰਜਰ, ਦੁੱਖ ਸੁਣਾਈਏ ਕੇਹੇ। ਨਾਂਹ ਤਾਂ ਫੇਰ ਹਿਜਰ ਵਿੱਚ ਮੋਈਏ, ਨਾਂਹ ਮੂੰਹ-ਜ਼ੋਰ ਉਡਾਰੀ। ਬੋਲੀ ਬਾਝੋਂ ਰੁਣ-ਝੁਣ ਨਾਹੀਂ, ਰੁੱਖੇ ਹੁਕਮ ਸੁਨੇਹੇ।

ਬੇਵਤਨੀ ਤੇ ਬੋਲੀ

ਧਰਤ ਬਿਗਾਨੀ, ਬੋਲ ਬਿਗਾਨੇ, ਦੇਹੀ ਰਹਿ ਗਈ ਮੇਰੀ । ਦੇਹੀ ਉੱਤੇ ਭਉਂਦੀਆਂ ਗਿਰਝਾਂ, ਨੋਚ ਲੈਣ ਦੀ ਦੇਰੀ। ਕਦੋਂ ਗੀਤ ਪਰਦੇਸੀ ਹੋਏ, ਕਦ ਭੁੱਲਿਆ ਨਾਂ ਤੇਰਾ। ਜਦ ਵੀ ਸੁੱਚੀਆਂ ਆਹਾਂ ਉੱਠੀਆਂ, ਬਾਤ ਤੁਰੇਗੀ ਤੇਰੀ।

ਮਾਂ ਦੀ ਸਿੱਖ

ਜਪੁਜੀ ਦੀ ਕੋਈ ਲੈਅ ਅਨੂਠੀ, ਮਾਂ ਦੀ ਮਿੱਠੀ ਲੋਰੀ । ਨੀਹਾਂ, ਕੱਚੀਆਂ ਗੜ੍ਹੀਆਂ ਵਿੱਚੋਂ, ਉਂਗਲੀ ਫੜ ਜਿੰਦ ਤੋਰੀ। ਤਾਰੀਖ਼ਾਂ ਮਾਵਾਂ ਦੇ ਸਬਰੀਂ, ਜਿਉਣ ਸਿਦਕ ਲੜ ਲੱਗ ਕੇ, ਬਾਣੀ ਦੇ ਸਰ ਤ੍ਰਿਖਾ ਬੁਝਾਵੇ, ਗੁਰ ਯਾਦਾਂ ਦੀ ਡੋਰੀ।

ਜੀਵਨ

ਜੀਵਨ ਹੈ ਮਿੱਟੀ ਦਾ ਖੇੜਾ, ਵਿੱਚ ਖ਼ਾਕੂ ਦੇ ਜੀਉੜੇ। ਧੜਕਣ ਦੇ ਵਿੱਚ ਸੱਚੇ, ਬਾਹਰੋਂ ਰੰਗ ਮਾਇਆ ਦੇ ਕੂੜੇ। ਕਲਹ-ਕਲੇਸ਼, ਸਾਜ਼ਿਸ਼ਾਂ, ਜੁਗਤਾਂ, ਨਾਲ਼ੇ ਈ ਮਾਂ ਦੀ ਮਮਤਾ, ਬੀਆਬਾਨੀਂ ਫੁੱਲ ਨੇ ਖਿੜਦੇ, ਡਲ੍ਹਕਣ ਰੰਗਲੇ ਚੂੜੇ।

ਮੌਤ

ਪੀਲ਼ੇ ਪੱਤਿਆਂ ਦੀ ਖੜ-ਖੜ ਵਿੱਚ, ਡੌਰੂ ਮੌਤ ਵਜਾਵੇ। ਰੁੰਡ-ਮਰੁੰਡ ਵਣਾਂ ਨੂੰ ਕਰਦੀ, ਗਿਣ-ਗਿਣ ਆਹੂ ਲਾਹਵੇ। ਮੌਤ ਸਮੇਂ ਦੀ ਸ਼ਾਹਦੀ ਭਰਦੀ, ਜੀਵਨ ਹੌਲਾਂ ਮਾਤਾ, ਹੌਲਾਂ ਦੇ ਵਿੱਚ ਬੀਤਾ ਜਿਉਂਦਾ, ਰੰਗ ਨਵਾਂ ਫੁੱਟ ਆਵੇ।

ਕਾਲ਼

ਗਰਦਿਸ਼ ਦੇ ਵਿੱਚ ਚੰਨ ਸਿਤਾਰੇ, ਘੁੰਮ-ਘੁੰਮ ਵਿਗਸੇ ਧਰਤੀ। ਦਿਵਸ-ਰਾਤ ਜਿਉਂ ਆਵਣ ਜਾਣਾ, ਕਾਲ਼ ਦੀ ਲੀਲ੍ਹਾ ਵਰਤੀ। ਜੋ ਨਹੀਂ ਮਰਦੇ, ਜੋ ਮਰ ਜਿਉਂਦੇ, ਵਾਟਾਂ ਸਾਂਭ ਸਿਧਾਏ, ਅੱਥਰੂ ਵਿੱਚੋਂ ਪੈੜਾਂ ਉਗਮਣ, ਸੁਰਤਿ ਕਾਲ਼ ਦੀ ਪਰਤੀ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਪ੍ਰਭਸ਼ਰਨਦੀਪ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ