Des Nikala : Prabhsharandeep Singh

ਦੇਸ ਨਿਕਾਲਾ (ਕਾਵਿ ਸੰਗ੍ਰਹਿ) : ਪ੍ਰਭਸ਼ਰਨਦੀਪ ਸਿੰਘ


ਕਰਤਾ

ਨਾਮੇ ਅੰਦਰ ਪੁਰਖੁ ਹੈ ਕਰਤਾ, ਨਾਮ ਹੈ ਵਿੱਚ ਸਵਾਸਾਂ। ਰੋਮ-ਰੋਮ ਵਿੱਚ ਨਾਮ ਰੁਮਕਦਾ, ਬਿਰਹੋਂ-ਭਿੰਨੀਆਂ ਆਸਾਂ। ਕੁਦਰਤ ਹੁਕਮ ਦੁਇ ਵਿਸਮਾਦੀ, ਖੇੜੇ ਵਿੱਚ ਵਰਤੇਂਦੇ, ਕਰਤਾ ਅਮ੍ਰਿਤ ਸਰੀਂ ਬਿਠਾਲੇ, ਦੇ ਕੇ ਸੁਖਦ ਪਿਆਸਾਂ।

ਗੁਰੂ ਨਾਨਕ

ਤੇਗ਼ ਸ਼ਬਦ ਦੀ ਜ਼ੋਰ ਨਾ‘ ਝੁੱਲੀ, ਗੁਰ ਨਾਨਕ ਦਾ ਆਉਣਾ। ਖ਼ਾਕੂ ਵਿੱਚ ਰੁਲ਼ੇਂਦੀ ਖ਼ਲਕਤ, ਖ਼ਾਲਕ ਸਨਮੁਖ ਗਾਉਣਾ। ਗੁਰ ਦੀਆਂ ਤਾਨਾਂ ਅਰਸ਼ ਜ਼ਿਮੀਂ ਵਿੱਚ, ਹਰਕਤ ਨਵੀਂ ਜਗਾਈ, ਕਿਰਤੀ ਤਖ਼ਤ ਲਿਤਾੜਨ, ਗੁਰ ਨੇ, ਸਿੱਕਾ ਨਵਾਂ ਜਮਾਉਣਾ।

ਗੁਰੂ ਨਾਨਕ ਦਾ ਦੇਸ

ਗੁਰੂ ਨਾਨਕ ਦਾ ਦੇਸ ਹੈ ਕਿਹੜਾ, ਕਿਹੜਾ ਆਖ ਵਖਾਣੇ। ਜਿੱਥੇ ਮਘਦੇ ਅੱਥਰੂ ਦੇ ਵਿੱਚ, ਸਿਦਕ ਸੰਭੋਲਣ ਭਾਣੇ। ਜਿੱਥੇ ਕਣੀਆਂ ਮਣੀਆਂ ਬਣਸਨ, ਮੁੜ੍ਹਕੇ ਨੂੰ ਛੁਹ-ਛੁਹ ਕੇ, ਜਿੱਥੇ ਬੋਲੀ ਸ਼ਬਦ-ਸੰਵਾਰੀ, ਲੈਂਦੀ ਸਾਹ ਰੱਬਾਣੇ।

ਦੇਸ

ਦੇਸ ਹੁਵੇਂਦਾ ਪੌਣ ਤੇ ਪਾਣੀ, ਜਿਸ ਉਹ ਰਮਜ਼ ਪਛਾਣੀ। ਦੇਸ ਦੇ ਅੰਦਰ ਬੋਲੀ ਵਿਗਸੇ, ਬਾਣੀ ਜਿਸ ਨੇ ਮਾਣੀ। ਮਿੱਟੀ ਦੇ ਵਿੱਚ ਰਹਿਤਲ ਰਮਦੀ, ਰਹਿਤਲ ਵਿੱਚ ਸਾਹ ਘੁਲ਼ਦੇ। ਦੇਸ ਬਿਨਾਂ ਨਾ ਫੁੱਲ-ਪੱਤੀਆਂ ’ਚੋਂ, ਸੁਣਦੀ ਨਿੱਤ ਕਹਾਣੀ।

ਮਿੱਟੀ

ਮਿੱਟੀ ਅੱਗਾਂ ਸੋਖ-ਸੋਖ ਕੇ, ਘੜ-ਘੜ ਡੌਲ਼ੇ ਦੇਹੀ। ਰੱਤੀਂ ਸਿੰਜੀ ਕੁੰਦਨ ਸਿਰਜੇ, ਜੰਮਦੇ ਰਹਿਣ ਸਨੇਹੀ। ਮਿੱਟੀ ਵਿੱਚ ਜੜ੍ਹਾਂ ਲੈ ਪੁਸ਼ਤਾਂ, ਬੋਹੜਾਂ ਜਿਉਂ ਲਹਿਰਾਵਣ, ਮਿੱਟੀ ਨੇ ਬਨਸਪਤਿ ਖੇੜੇ, ਮੇਰ ਹੈ ਬਖ਼ਸ਼ੀ ਕੇਹੀ!

ਮਾਂ ਤੇ ਮਿੱਟੀ

ਮਾਵਾਂ ਨਾ ਮਿੱਟੀ ਦੀਆਂ ਜਾਈਆਂ, ਇਹ ਮਿੱਟੀ ਦੀਆਂ ਭੈਣਾਂ। ਮਾਂ ਦੇ ਸੁਪਨੇ ਚੰਨ ਤੋਂ ਲਿਆਵਣ, ਧਰਤ ਵਿਛੇਂਦੀਆਂ ਰੈਣਾਂ। ਕਿਰਤੀ ਤੇ ਸੂਰੇ ਦੇ ਦਾਈਏ, ਮਿੱਟੀ ਦੀਆਂ ਅਪਣੱਤਾਂ, ਮੁੜ-ਮੁੜ ਉਸ ਤੋਂ ਜਿੰਦ ਵਾਰਨੀ, ਜਿਸ ਗੋਦੀ ਵਿੱਚ ਸੈਣਾਂ।

ਜਣਨੀ-ਧਰਤੀ

ਜਣਨੀ ਤੇ ਧਰਤੀ ਦਾ ਨਾਤਾ, ਕੌਣ ਕਹੇ ਕਿਨ ਜਾਤਾ। ਮਾਂ ਦੀਆਂ ਅੱਖਾਂ ਹਰ ਕਣ ਚੁਗਿਆ, ਜੋ ਸਾਚੇ ਰੰਗ ਰਾਤਾ। ਧਰਤੀ ’ਤੇ ਜਦ ਧੌਂਸ ਬਿਗਾਨੀ, ਪੀੜ ਰਗਾਂ ਤੋਂ ਡੂੰਘੀ। ਮਰ-ਮੁੱਕ ਜਾਣਾ, ਚੋਟ ਨਾ ਸਹਿਣੀ, ਆਤਮ ਭੇਤ ਪਛਾਤਾ।

ਬੋਲੀ

ਮਾਣਸ ਚਿੱਤ ਸੰਜੋਗ-ਵਿਜੋਗ ਜੋ, ਰੰਗ ਅਨੇਕ ਖਿੜਾਏ। ਦੇਹੀ ਅੰਦਰ, ਦੇਹੀ ਪਾਰੋਂ, ਨੇਤਿ ਨੇਤਿ ਮੁਸਕਾਏ। ਜੋ ਖਿਣ ਕਾਮਲ, ਸੋ ਖਿਣ ਹੱਸੇ, ਜੋ ਹੀਣਾ ਸੋ ਰੋਵੇ, ਰੂਹ ਦੀ ਵੱਥ, ਸਿਦਕ ਦੀ ਟੀਸੀ, ਬੋਲੀ ਵਿੱਚ ਸਮਾਏ।

ਬੋਲੀ-ਆਪਾ

ਬੋਲ ਅਬੋਲ ਸਰੋਦੀਂ ਘੁਲ਼ ਗਏ, ਰਾਗ ਸੁਪਨਿਆਂ ਜੇਹੇ। ਭੁੱਲੇ ਬੋਲ ਤੇ ਰਹਿ ਗਏ ਪਿੰਜਰ, ਦੁੱਖ ਸੁਣਾਈਏ ਕੇਹੇ। ਨਾਂਹ ਤਾਂ ਫੇਰ ਹਿਜਰ ਵਿੱਚ ਮੋਈਏ, ਨਾਂਹ ਮੂੰਹ-ਜ਼ੋਰ ਉਡਾਰੀ। ਬੋਲੀ ਬਾਝੋਂ ਰੁਣ-ਝੁਣ ਨਾਹੀਂ, ਰੁੱਖੇ ਹੁਕਮ ਸੁਨੇਹੇ।

ਬੇਵਤਨੀ ਤੇ ਬੋਲੀ

ਧਰਤ ਬਿਗਾਨੀ, ਬੋਲ ਬਿਗਾਨੇ, ਦੇਹੀ ਰਹਿ ਗਈ ਮੇਰੀ। ਦੇਹੀ ਉੱਤੇ ਭਉਂਦੀਆਂ ਗਿਰਝਾਂ, ਨੋਚ ਲੈਣ ਦੀ ਦੇਰੀ। ਕਦੋਂ ਗੀਤ ਪਰਦੇਸੀ ਹੋਏ, ਕਦ ਭੁੱਲਿਆ ਨਾਂ ਤੇਰਾ। ਜਦ ਵੀ ਸੁੱਚੀਆਂ ਆਹਾਂ ਉੱਠੀਆਂ, ਬਾਤ ਤੁਰੇਗੀ ਤੇਰੀ।

ਮਾਂ ਦੀ ਸਿੱਖ

ਜਪੁਜੀ ਦੀ ਕੋਈ ਲੈਅ ਅਨੂਠੀ, ਮਾਂ ਦੀ ਮਿੱਠੀ ਲੋਰੀ। ਨੀਹਾਂ, ਕੱਚੀਆਂ ਗੜ੍ਹੀਆਂ ਵਿੱਚੋਂ, ਉਂਗਲ਼ੀ ਫੜ ਜਿੰਦ ਤੋਰੀ। ਤਾਰੀਖ਼ਾਂ ਮਾਵਾਂ ਦੇ ਸਬਰੀਂ, ਜਿਉਣ ਸਿਦਕ ਲੜ ਲੱਗ ਕੇ, ਬਾਣੀ ਦੇ ਸਰ ਤ੍ਰਿਖਾ ਬੁਝਾਵੇ, ਗੁਰ ਯਾਦਾਂ ਦੀ ਡੋਰੀ।

ਜੀਵਨ

ਜੀਵਨ ਹੈ ਮਿੱਟੀ ਦਾ ਖੇੜਾ, ਵਿੱਚ ਖ਼ਾਕੂ ਦੇ ਜੀਊੜੇ। ਧੜਕਣ ਦੇ ਵਿੱਚ ਸੱਚੇ, ਬਾਹਰੋਂ ਰੰਗ ਮਾਇਆ ਦੇ ਕੂੜੇ। ਕਲਹ-ਕਲੇਸ਼, ਸਾਜ਼ਿਸ਼ਾਂ, ਜੁਗਤਾਂ, ਨਾਲ਼ੇ ਈ ਮਾਂ ਦੀ ਮਮਤਾ, ਬੀਆਬਾਨੀਂ ਫੁੱਲ ਨੇ ਖਿੜਦੇ, ਡਲ਼੍ਹਕਣ ਰੰਗਲ਼ੇ ਚੂੜੇ।

ਮੌਤ

ਪੀਲ਼ੇ ਪੱਤਿਆਂ ਦੀ ਖੜ-ਖੜ ਵਿੱਚ, ਡੌਰੂ ਮੌਤ ਵਜਾਵੇ। ਰੁੰਡ-ਮਰੁੰਡ ਵਣਾਂ ਨੂੰ ਕਰਦੀ, ਗਿਣ-ਗਿਣ ਆਹੂ ਲਾਹਵੇ। ਮੌਤ ਸਮੇਂ ਦੀ ਸ਼ਾਹਦੀ ਭਰਦੀ, ਜੀਵਨ ਹੌਲਾਂ ਮਾਤਾ, ਹੌਲਾਂ ਦੇ ਵਿੱਚ ਬੀਤਾ ਜਿਉਂਦਾ, ਰੰਗ ਨਵਾਂ ਫੁੱਟ ਆਵੇ।

ਕਾਲ਼

ਗਰਦਿਸ਼ ਦੇ ਵਿੱਚ ਚੰਨ ਸਿਤਾਰੇ, ਘੁੰਮ-ਘੁੰਮ ਵਿਗਸੇ ਧਰਤੀ। ਦਿਵਸ-ਰਾਤ ਜਿਉਂ ਆਵਣ ਜਾਣਾ, ਕਾਲ਼ ਦੀ ਲੀਲ੍ਹਾ ਵਰਤੀ। ਜੋ ਨਹੀਂ ਮਰਦੇ, ਜੋ ਮਰ ਜਿਉਂਦੇ, ਵਾਟਾਂ ਸਾਂਭ ਸਿਧਾਏ, ਅੱਥਰੂ ਵਿੱਚੋਂ ਪੈੜਾਂ ਉਗਮਣ, ਸੁਰਤਿ ਕਾਲ਼ ਦੀ ਪਰਤੀ।

ਜੀਵਨ-ਕਣੀ

ਵਿੱਚ ਸਮੇਂ ਦੇ ਵਹਿੰਦੀ ਦੁਨੀਆ, ਕੀ ਏ ਸਾਡਾ ਵਹਿਣਾ। ਕਾਂਗ ਵਕਤ ਦੀ ਪਿੰਡ ਨੇ ਰੋੜ੍ਹੇ, ਪਰ ਦਿਲ ਓਥੇ ਈ ਬਹਿਣਾ। ਜੜ੍ਹਾਂ ਬਾਝ ਨਾ ਟਾਹਣੀ ਲੁੱਛਦੀ, ਜਦ ਪੰਛੀ ਉੱਡ ਵੈਂਦਾ, ਮਿਟੀਆਂ-ਮਿਟੀਆਂ ਲਹਿਰੀਂ ਵੀ, ਸਿਰਨਾਵਾਂ ਤੇਰਾ ਰਹਿਣਾ।

ਕੱਲ੍ਹ

ਬੀਤੇ ਦਿਹੁੰ ਨੇ ਸਾਂਭ ਜੀਵਾਲ਼ੀ, ਨਿਹੁੰ ਦੀ ਅਣਕੱਥ ਗਾਥਾ। ਚੇਤੇ ਦੀ ਥਰਥਰ ਮਨ ਮੌਲੇ, ਵਿਹੜੇ ਝੁਰਮਟ ਲਾਥਾ। ਇੱਕ-ਇੱਕ ਪੈੜ ’ਚੋਂ ਮੁੜ-ਮੁੜ ਜਾਗੇ, ਧਮਕ ਸ਼ਹੀਦਾਂ ਵਾਲ਼ੀ, ਕੱਲ੍ਹ ’ਚ ਵਾਟਾਂ, ਲੈ-ਲੈ ਆਹਟਾਂ, ਉੱਮ੍ਹਲੇ ਮਨੂਆ ਫਾਥਾ।

ਅੱਜ

ਅਮ੍ਰਿਤ ਵੇਲ਼ਾ ਹੂਕ ਸੰਭੋਲ਼ੇ, ਖ਼ਾਬ ਸੰਜੋਈਏ ਤੜਕੇ। ਨੇਰ੍ਹ ਦੇ ਦਾਨਵ, ਦਿਹੁੰ ਦੇ ਵੈਰੀ, ਲੈ ਕੰਨਸੋਆਂ ਭੜਕੇ। ਕੱਢ ਸਿਆੜ ਮੈਂ ਬੀਜ ਬੋ ਲਏ, ਸੰਞ ਦੀ ਲਾਲੀ ਪੀਵਾਂ, ਕਟਕ ਲਹਿ ਪਏ, ਧੂੜਾਂ ਉੱਡੀਆਂ, ਤੇਗ਼ ਮਿਆਨੋਂ ਕੜਕੇ।

ਭਲ਼ਕ

ਹਰਿਆ ਬੂਟਾ ਆਸ ਤੇਰੀ ਦਾ, ਦੇ-ਦੇ ਪਾਣੀ ਜੀਵਾਂ। ਭਲ਼ਕੇ ਵੀ ਤੇਰੀ ਨਦਰੀ ਸਾਂਭਾਂ, ਮੁੜ-ਮੁੜ ਅਮ੍ਰਿਤ ਪੀਵਾਂ। ਜਾਬਰ ਵਣ ਤੇ ਨਗਰ ਉਜਾੜਨ, ਪਰ ਮਿੱਟੀ ਨਾ ਮਰਦੀ। ਜਿੱਥੇ ਬਾਬੇ ਪੈੜਾਂ ਕਰੀਆਂ, ਉਸ ਮਿੱਟੀ ਵਿੱਚ ਥੀਵਾਂ।

ਹੁਣ

ਹੁਣੇ ਮੌਤ ਨੇ ਦਸਤਕ ਦਿੱਤੀ, ਹੁਣੇ ਮੈਂ ਘਰ ਨੂੰ ਜਾਣਾ। ਹੁਣੇ ਵਣਾਂ ਵਿੱਚ ਜੀਵਨ ਪੁੰਗਰੇ, ਹੁਣੇ ਬਸੰਤ ਅਲਾਣਾ। ਖੇਤ ਸਿਦਕ ਦਾ, ਭੇਟ ਸੀਸ ਦੀ, ਨਾ ਕੋਈ ਭਲ਼ਕ ਦੇ ਦਾਈਏ, ਏਸੇ ਪਲ ਹੀ ਬੋਲ ਪੁਗਾਉਣੇ, ਏਸੇ ਪਲ ਮਰ ਜਾਣਾ।

ਹੁਣ ਦੇ ਰਾਗ

ਦੇਸਾਂ ਦੇ ਜੋ ਗੀਤ ਵਿੱਸਰ ਗਏ, ਵਿੱਚ ਸੁਪਨਿਆਂ ਬੁਣਦੇ। ਯਾਦਾਂ ਵਿੱਚੋਂ ਟੋਲ਼ ਆਵਾਜ਼ਾਂ, ਨੀਂਦ ਭਲੀ ਵਿੱਚ ਸੁਣਦੇ। ਬੋਲਾਂ ਦੇ ਵਿੱਚ ਸੁੱਤਾ ਆਪਾ, ਜਾਗ ਖਲੋਂਦਾ ਸਾਹਵੇਂ, ਬੀਤੇ ਦੀ ਰਸ-ਭਿੰਨੀ ਲੋਅ ਵਿੱਚ, ਰਾਗ ਉਗਮਦੇ ਹੁਣ ਦੇ।

ਮੁੱਢ

ਕਿਰਤ, ਕਰਮ, ਕੁਲ, ਧਰਮ, ਭਰਮ ਦਾ ਨਾਸ਼ ਜਦੋਂ ਸੀ ਹੋਇਆ। ਹਰ ਜਨ ਹਰਿਜਨ, ਵਿਗਸੀ ਸੰਗਤ, ਪਾਂਡਾ ਖੁਣਸ ’ਚ ਮੋਇਆ। ਅਰਪਣ ਦਰਪਣ ਨਸ਼ਰ ਕਰੇਂਦਾ, ਮੌਤ ਨਿਸੱਤੀ ਹੀਣੀ। ਜਿਉਂ-ਜਿਉਂ ਵੱਢਣ ਦੂਣ ਸਵਾਏ, ਬੀਜ ਕਿਹਾ ਇਹ ਬੋਇਆ।

ਦੇਸ-ਕਾਲ਼

ਧਰਤੀ ਉੱਤੇ ਨਾਮ ਮੌਲਿਆ, ਸ਼ਬਦ ਰਮੇ ਵਿੱਚ ਭਾਖਾ। ਆਪਣੀ-ਆਪਣੀ ਫ਼ਿਜ਼ਾ ’ਚ ਝੂਮੇ, ਹਰ ਵਣ ਦੀ ਹਰ ਸ਼ਾਖਾ। ਤ੍ਰੈਕਾਲ਼ੀ ਸੁਰਤੀ ਵਿਸਮਾਦੀ, ਦੇਸ-ਕਾਲ਼ ਦੀ ਲੀਲ੍ਹਾ, ਕਾਲ਼ ਦੀ ਸੁੱਤੀ ਤਰਜ਼ ਜਗਾਵੇ, ਉੱਠ ਦੇਸਾਂ ਦਾ ਰਾਖਾ।

ਕਾਲ਼ ਤੇ ਬੋਲੀ

ਨਦੀ ਨਵੇਲੀ ਹੋ-ਹੋ ਧਾਵੇ, ਬੋਲ ਪੁਰਾਣੇ ਓਥੇ। ਜਿੱਥੇ ਟੁੱਟੇ ਹਿਜਰ ਸਿਰਾਂ ’ਤੇ, ਬਹਿਣ ਮੁਹਾਣੇ ਓਥੇ। ਤੇਰੇ-ਮੇਰੇ ਨਜ਼ਰੀਂ ਸੁਪਨੇ, ਪੌਣਾਂ ਸੂਤ ਉਡਾਏ, ਛਾਉਣੀ ਲੱਥੀ ਘਾਟ ਓਸ ਪਰ, ਗੀਤ ਸੁਹਾਣੇ ਓਥੇ।

ਦੁੱਖ

ਹਿਜਰ, ਇਕੱਲਾਂ, ਲਹੂ ਦੇ ਛੱਪੜ, ਜਮ ਦੀ ਤੇਗ਼ ਸਤਾਣੀ। ਭੁੱਖ, ਤ੍ਰੇਹ, ਵਿਲਕਦੇ ਬਾਲ ਨੇ, ਤਿੜਕੀ ਪਈ ਕਮਾਣੀ। ਪੀੜ ਦੇ ਝੱਖੜ ਝੰਬਣ ਏਨਾ, ਆਖ਼ਰ ਅੰਗ ਫਰਕੇਂਦੇ, ਦੁੱਖ ’ਚੋਂ ਆਪਾ ਲਵਾਂ ਕਸ਼ੀਦ ਜੇ, ਧੂੜ ਮਿਲ਼ੇ ਨਨਕਾਣੀ।

ਸੁੱਖ

ਓਡ ਰਜਾਈਆਂ, ਵਿੱਚ ਨੀਂਦਾਂ ਦੇ, ਸੁਪਨੇ ਰਾਗ ਸੁਵੱਲੇ। ਭੋਜ ਅਵੱਲੇ, ਝਿਲਮਿਲ ਪਹਿਰਨ, ’ਵਾਵਾਂ ਸੰਗ ਜਿੰਦ ਚੱਲੇ। ਤੁੱਠੀਆਂ ਮਾਵਾਂ, ਬਾਲ ਚਹਿਕਦੇ, ਸਖੀ ਦੇ ਨਾਜ਼ ਬਿਨੋਦੀ, ਸੁੱਖਾਂ ਵਿੱਚ ਸੁੱਖ ਹਾਸਲ ਨਾਹੀਂ, ਫਨੀਅਰ ਸ਼ੂਕਣ ’ਕੱਲੇ।

ਲੇਖ

ਕੱਚੇ ਘਰਾਂ ’ਤੇ ਆਕੀ ਰੁੱਤਾਂ, ਘਾਣੀ ਦੇ ਵਿੱਚ ਲੱਤਾਂ। ਤਨ ਰੋਗੀ, ਮਨ ਜ਼ਹਿਰੀ ਮਹਿਲੀਂ, ਲਿਖ-ਲਿਖ ਦੇਵਣ ਮੱਤਾਂ। ਲਿਖਿਆ ਕੂੜ ਯਾਦ ਦੇ ਮਸਤਕ, ਲੇਖ ਝਰੀਟੇ ਕਾਲ਼ੇ, ਸਬਰ ਦੇ ਲਸ਼ਕਰ ਸਾਂਭ ਬੈਠੀਆਂ, ਸਰਕੜਿਆਂ ਦੀਆਂ ਛੱਤਾਂ।

ਮਾਇਆ

ਮਨੂਆ ਤੁਣਕੇ ਮਾਰ ਉਡਾਵਣ, ਮਘ ਅੱਖੀਆਂ ਦੇ ਡੋਰੇ। ਥਲਾਂ ’ਚ ਮਹਿਕਣ ਗੁੰਮੀਆਂ ਪੈੜਾਂ, ਟੋਲਣ ਹਿਰਦੇ ਕੋਰੇ। ਮਨ ਦੀਆਂ ਰੀਝਾਂ ਨਾਲ਼ ਨੂੜ ਕੇ, ਢਾਲ਼ੇ ਵਿੱਚ ਕੁਠਾਲ਼ੀ, ਮਾਇਆ ਮਿਟਣ ਦੇ ਹੌਲ ’ਚੋਂ ਪਨਪੇ, ਸ਼ਹਿ ਬਹਿੰਦੀ ਵਿੱਚ ਝੋਰੇ।

ਨਿਹੁੰ

ਤੇਰੇ-ਮੇਰੇ ਨਿਹੁੰ ਦੀ ਗਾਥਾ ਨਹੀਓਂ ਬਾਤ ਪੁਰਾਣੀ। ਨਵੀਂਆਂ ਨਜ਼ਰਾਂ, ਨਵੀਂਆਂ ਆਹਟਾਂ, ਨਵੀਂਓਂ ਨਵੀਂ ਕਹਾਣੀ। ਪਹਿਲੋਂ ਗੁਜ਼ਰੇ ਹਰ ਕਿੱਸੇ ਵਿੱਚ, ਤੇਰਾ ਮੇਰਾ ਵਾਸਾ, ਮੇਲ਼-ਵਿਛੋੜਾ ਕੀ ਕੁਝ ਹੋਸਣ, ਕੀਹਨੇ ਰਮਜ਼ ਪਛਾਣੀ।

ਨਿਹੁੰ ਦੀ ਜੜ੍ਹ

ਧਰਤੀ ਦੀ ਧੜਕਣ ਸੰਗ ਲਹਿਰੇ, ਕੂੰਜਾਂ ਦੇ ਪਰਛਾਵੇਂ। ਛੋਹਲ਼ੇ ਪੰਖ ਤੇ ਭੋਲ਼ੇ ਦੀਦੇ, ਟੋਲਣ ਖ਼ਾਬ ਨਿਥਾਵੇਂ। ਤਿੜਾਂ ’ਚ ਸੁੱਤੇ ਨਾਤੇ ਵਿਗਸਣ, ਜੱਗ ਦਾ ਜ਼ੋਰ ਨਾ ਕੋਈ, ਅੱਖੀਆਂ ਨਿਹੁੰ ਦੀ ਨੈਂ ਵਿੱਚ ਵਗੀਆਂ, ਉੱਕ-ਉੱਕ ਮੋਈਆਂ ਭਾਵੇਂ।

ਮੁਰਦਾਰ

ਦੇਹ ਦੀਆਂ ਹੱਦਾਂ ਮਿਥ-ਮਿਥ ਜਾਬਰ, ਮਨ ਦੀਆਂ ਜੂਹਾਂ ਟੋਂਹਦੇ। ਪਿੰਜ-ਪਿੰਜ, ਕੋਹ-ਕੋਹ, ਭੰਨ- ਭੰਨ ਦੇਹੀ, ਸਿਖਰ ਸਿਦਕ ਦੀ ਜੋਂਹਦੇ। ਦੇਹ ਨਾ ਟੁੱਟੇ, ਪੱਤ ਰੋਲ਼ਦੇ, ਕੁੜ੍ਹ-ਕੁੜ੍ਹ ਅੱਗ ਵਰ੍ਹਾਵਣ। ਜ਼ਾਲਮ ਹੋ ਮੁਰਦਾਰ ਕੂਕਦੇ, ਜਿੱਤੇ ਮਨਾਂ ਨਾ ਪੋਂਹਦੇ।

ਛਲ਼

ਸਾਡੀ ਅੱਖੀਏਂ, ਸਾਡੇ ਵਣਾਂ ਦੇ, ਅਕਸ ਆਣ ਤਿੜਕਾਉਂਦੇ। ਬੋਲਾਂ ਅੱਗੇ ਸਿਹਰ ਵਿਛਾ ਕੇ, ਗੀਤੀਂ ਜ਼ਹਿਰ ਰਲ਼ਾਉਂਦੇ। ਸਜਦੇ ਅੱਗੇ ਬੁੱਤ ਬਹਾਲਣ, ਅੱਖੀਓਂ ਅਕਸ ਚੁਰਾ ਕੇ, ਅੱਥਰੂ ਵਿਚਲੀ ਲੋਅ ਬੁਝਾ ਕੇ, ਨੇਰ੍ਹ ਦਿਲਾਂ ’ਤੇ ਢਾਹੁੰਦੇ।

ਹੂਕ

’ਕੱਲੇ-’ਕੱਲੇ ਰੁੱਖ ਦੇ ਪਿੰਡੇ, ਗਿਣੀਏ ਜ਼ਖ਼ਮ ਪੁਰਾਣੇ। ਵਹਿ ਗਏ ਪਾਣੀ, ਗੁੰਮ ਗਏ ਪੱਤਣ, ਮੁੜ ਨਾ ਮੁੜੇ ਮੁਹਾਣੇ। ਰੁੱਖਾਂ ਤੇ ਦਰਿਆਵਾਂ ਦੋਹਾਂ, ਹੂਕ ਸਾਂਭ ਕੇ ਰੱਖੀ। ਰੋੜਾਂ ਵਿੱਚੋਂ ਜਿੰਦ ਅੰਞਾਣੀ, ਪਰਸੇ ਬੋਲ ਬਾਬਾਣੇ।

ਸੱਦ

ਦਰਦ-ਵਿਹੂਣੀ ਖ਼ਲਕਤ ਸੁੱਤੀ, ਰੋਹੀਏਂ ਕੱਲਮ-’ਕੱਲੀ। ਸਿਰਾਂ ’ਚ ਜੱਗ ਦੇ ਰੌਲ਼ੇ-ਰੱਪੇ, ਸੁਪਨਿਆਂ ਵਿੱਚ ਤਰਥੱਲੀ। ਝੁੰਜਲਾਉਂਦੇ ਮਨ ਖਿੰਡੀਆਂ ਦੇਹਾਂ, ਇੱਕ ਦੂਜੇ ’ਚੋਂ ਵੇਂਹਦੇ। ਪਹੁ ਫੁੱਟਦੀ ਦੇ ਨੂਰ ਨੁਹਾ ਜਦ, ਸੱਦ ਨਦੀਆਂ ਨੇ ਘੱਲੀ।

ਸੁਨੇਹਾ

ਉੱਜੜੇ ਖੇਤੀਂ ਬਰਬਰ ਉੱਡੇ, ਟਿੱਡੀ ਦਲ ਦੇ ਪਹਿਰੇ। ਇੱਕ ਚਿੜੀ ਅੱਜ ਫੇਰਾ ਪਾਇਆ, ਬਲ਼ਦੀ ਏਸ ਦੁਪਹਿਰੇ। ਨਾ ਉਹ ਬੋਲੇ, ਨਾ ਉਹ ਉੱਡੇ, ਅੱਖੀਆਂ ਵਿੱਚ ਸੁਨੇਹਾ। ਹਰਫ਼ ਡਲ਼੍ਹਕਦੇ ਪੜ੍ਹਨ ਨੂੰ ਇੱਕ ਪਲ਼, ਪੌਣ ਦੇ ਬੁੱਲੇ ਠਹਿਰੇ।

ਵੰਗਾਰ

ਸੁੱਕੇ ਨਲ਼ਕੇ, ਖੂਹ ਵੀਰਾਨੇ, ਗ਼ਰਕੇ ਭੋਇੰ ਨਿਮਾਣੀ। ਦੂਤੀ ਐਸੇ ਬੰਨ੍ਹ ਮਾਰ ਗਏ, ਵਹਿੰਦੇ ਵਹਿ ਗਏ ਪਾਣੀ। ਜੋਗੀਆਂ ਵਾਲ਼ਾ ਕਾਸਾ ਪਾਂਡੇ, ਬੰਨ੍ਹਣ ਆ ਗਲ਼ ਮੇਰੇ, ਅੱਖੀਓ ਭੁੱਲਦੀਆਂ ਭੁੱਲ ਨਾ ਜਾਇਓ, ਲਿਸ਼ਕੇ ਤੇਗ਼ ਪੁਰਾਣੀ।

ਬਾਜ-ਸੁਨੇਹੜੇ

ਖੁਣਸੀ ਤੋਪਾਂ ਰਹਿ-ਰਹਿ ਭੰਨਣ, ਤੜਪ ਜੋ ਦੀਦਾਂ ਵਾਲ਼ੀ। ਬਾਜਾਂ ਆਣ ਕੰਠ ’ਚੋਂ ਬੋਚੀ, ਹੂਕ ਮੁਰੀਦਾਂ ਵਾਲ਼ੀ। ਮੌਤ ਦੇ ਕਹਿਰ ਨੂੰ ਨਿਰਬਲ ਕਰਦੀ ਸੁਰਤਿ ਕੇਹਰ ਸਤਵੰਤੀ, ਮਸਤਕ-ਮਸਤਕ ਲੋਅ ਮਘਾਵੇ, ਲਾਟ ਸ਼ਹੀਦਾਂ ਵਾਲ਼ੀ।

ਹੋਣੀ

ਸੱਪ ਕਿਰਲੀਆਂ ਭਉਂਦੇ ਫਿਰਦੇ, ਨਾ ਕੋਈ ਬੂੰਦ ਨਾ ਕੀੜਾ। ਕੜ-ਕੜ ਕਰਕੇ ਰੇਤ ਫ਼#੩੯;ਚ ਖਿੰਡ ਗਿਆ, ਰੁੱਖ ਤੂਤ ਦਾ ਚੀੜ੍ਹਾ। ਇਸ ਦਰਵਾਜ਼ੇ ਕੁੰਡਾ ਨਾ ਸੀ, ਕਦੇ ਨਾ ਮੁੜੇ ਸੁਆਲੀ, ਉੱਗ ਪਏ ਥੋਹਰ, ਕਦੇ ਸੀ ਜਿੱਥੇ, ਸੋਂਹਦਾ ਤੇਰਾ ਪੀੜ੍ਹਾ।

ਅਨਾਹਤ

ਲੁਕ-ਲੁਕ ਖੋਂਹਦੇ ਨਿੱਤ ਸਿਰਾਂ ਨੂੰ, ਜਿਹਨਾਂ ਲੋਥਾਂ ਢੋਈਆਂ। ਸਿਵਿਆਂ ਦੇ ਵਿੱਚ ਢੋਲ ਧਮਕਦੇ, ਮੜ੍ਹੀਆਂ ਵੀ ਅੱਜ ਰੋਈਆਂ। ਦੁੱਖ ਨਾ ਦੱਬਦੇ, ਰੂਹ ਨਾ ਮਰਦੀ, ਆਖ਼ਰ ਨੂੰ ਦਿਹੁੰ ਚੜ੍ਹਨਾ। ਪੁੱਤ ਛਬੀਲੇ ਝੜ-ਝੜ ਤੁਰ ਗਏ, ਮਾਵਾਂ ਅਜੇ ਨਾ ਮੋਈਆਂ।

ਪਰਖ

ਚੋਰ ਉਂਗਲ਼ੀਆਂ ਕਰਦੇ ਵੇਖਾਂ, ਹਰ ਇੱਕ ਮੋੜ ਮੁਹੱਲੇ: “ਵਾਂਗ ਫ਼ਕੀਰਾਂ ਭਉਂਦਾ ਫਿਰਦੈ, ਕੀ ਹੈ ਇਹਦੇ ਪੱਲੇ?” ਹਿੱਕ ’ਚ ਡੂੰਘੇ ਸਿਆੜ ਉਹ ਕੱਢਦੇ, ਬੀਜ ਅਸਾਂ ਪਰ ਪਾਉਣਾ। ਜੀਹਨੇ ਦੇਹ ਖ਼ਾਕੂ ਵਿੱਚ ਰੋਲ਼ੀ, ਨਾਲ਼ ਮੇਰੇ ਉਹ ਚੱਲੇ।

ਸੁੰਞੇ ਘਰ

ਚੁੱਲ੍ਹੇ ਮੂਹਰੇ ਬੈਠੀ ਮਾਤਾ, ਤਵੇ ’ਤੇ ਰੋਟੀ ਪਾਵੇ। ਸੁੰਞਾ ਵਿਹੜਾ, ਜੱਗ ਓਪਰਾ, ਦਿਲ ਪੁੱਤਰਾਂ ਦੇ ਹਾਵੇ। ਅੱਖੀਆਂ ਬੂਹੇ ਹੇਠਾਂ ਵਿਛੀਆਂ, ਪਰਛਾਵੇਂ ਦੀਆਂ ਬਿੜਕਾਂ। ਆਸ ਉਡੀਕ ਦੇ ਥਲ ਵਿੱਚ ਸੁੱਕੀ, ਪੱਤ ਵਿੱਸਰ ਗਏ ਸਾਵੇ।

ਸਫ਼ਰ

ਮੰਡ ਦਾ ਹੁੱਸੜ, ਧੁੱਪ, ਹੜ੍ਹ, ਪਾਲ਼ਾ, ਜੋਧੇ ਭੁੱਖਣ-ਭਾਣੇ। ਹੱਥੀਂ ਬੰਨ੍ਹੀ, ਲਿਫ-ਲਿਫ ਜਾਂਦੀ, ਬੇੜੀ ਵਿੱਚ ਟਿਕਾਣੇ। ਇਕਲਾਪਾ ਤੇ ਮੌਤ ਵੀ ਆਖਰ, ਵਹਿਣ ’ਚ ਵਹਿ ਪਏ ਨਾਲ਼ੇ। ਮੇਲਿਆਂ ਵਿੱਚ ਗੁਆਚੀ ਖ਼ਲਕਤ, ਭੇਤ ਕੀ ਯਾਰੋ ਜਾਣੇ।

ਤੂਫ਼ਾਨ

ਮਿੱਟੀ ਦੇ ਨਿੱਘ ਦਾ ਰਿਣ ਲਾਹੁੰਦੇ, ਸੂਰੇ ਵਿੱਚ ਮੈਦਾਨਾਂ। ਕੱਕਰ ਛੰਡ ਮੌਲ ਪਈਆਂ ਕਣਕਾਂ, ਜਦ ਭੰਵੀਆਂ ਕਿਰਪਾਨਾਂ। ਦਇਆ ਤੇਗ਼ ਦੀ ਨਿਰਮਲ ਧਾਰਾ, ਬਿਪਰੀ ਕਿਲਵਿਖ ਧੋਵੇ, ਜੁਗਾਂ ਜੁਗਾਂ ਤੱਕ ਰਾਜ ਭੋਗਣੇ, ਦਿਲਾਂ ’ਚ ਵੱਸੇ ਤੂਫ਼ਾਨਾਂ।

ਵਰਿਆਮ

ਜਿਹਨਾਂ ਦੀ ਅੱਜ ਬਾਤ ਹਾਂ ਪਾਉਂਦੇ, ਉਹਨਾਂ ਈ ਰਾਹ ਵਿਖਾਇਆ। ਅਣਖ ਦੀ ਸਾਣ ’ਤੇ ਉਮਰਾ ਲਾਈ, ਪਲ-ਪਲ ਪਰਖ ਹੰਢਾਇਆ। ਮਕਸਦ-ਮੰਜ਼ਲ ਪਾਸੇ ਧਰ, ਕਰ ਜਿਉਂਦੇ ਹੋਣ ਦੇ ਦਾਈਏ। ਇੱਕੋ ਚਿਣਗ ’ਚ ਕਿੰਨੇ ਲਾਵੇ, ਜ਼ਾਹਰ ਕਰ ਵਿਖਲਾਇਆ।

ਸ਼ਹੀਦਾਂ ਦੀ ਜਾਗ

ਪਹੁ ਫੁੱਟਦੀ ਸੰਗ ਮੋਰਾਂ ਕੀਤਾ, ਵਿਹੜੇ ਆਣ ਉਤਾਰਾ। ਨਿੰਮ ਵਿੱਚ ਝੁਰਮਟ ਪਾਉਣ ਪੰਖੇਰੂ, ਚਹਿਕੇ ਆਲਮ ਸਾਰਾ। ਵਿੱਚ ਸੁਪਨਿਆਂ ਕੋਹੀਆਂ ਜਿੰਦਾਂ, ਲਹੂ ਨੂੰ ਜਾਗ ਲਗਾਈ। ਘੋੜ ਦੇ ਪੌੜ ਹਲੂਣਾ ਦਿੰਦੇ, ਉੱਠ ਸੁੱਤਿਆ ਅਸਵਾਰਾ।

ਨਿੱਜ-ਘਰ

ਇਲਮ ਦੇ ਪੜਦੇ ਪਾਇ ਫ਼ਰੰਗੀ, ਚੋਰ ਜਿਉਂ ਪਾਉਂਦੇ ਫੇਰੇ। ਜਾਨ-ਈਮਾਨ ਅਸਾਡੇ ਵਾਲ਼ੇ, ਮਾਪਣ ਸੱਭੋ ਘੇਰੇ। ਮੋਇਆ ਰੱਬ ਕਿਤਾਬੀਂ ਦੱਬਿਆ, ਪੁੱਟ-ਪੁੱਟ ਧਰਮ ਪੜ੍ਹਾਉਂਦੇ। ਦੇਹ ’ਤੇ ਆਣ ਸਲੀਬਾਂ ਗੱਡਣ, ਜਿੰਦ ਵੱਸੀ ਘਰ ਤੇਰੇ।

ਚੜ੍ਹਾਈਆਂ

ਰਗਾਂ ਨੂੰ ਲਿਪਟੇ ਨਾਗ ਭੋਲ਼ਿਓ, ਸਿਰ ਦੇ-ਦੇ ਅਸੀਂ ਪਾਲ਼ੇ। ਮਿੱਟੀ ਵਿੱਚ ਨੇ ਜ਼ਹਿਰਾਂ ਭਰ ਗਏ, ਬਿੱਫਰੇ ਫਨੀਅਰ ਕਾਲ਼ੇ। ਘੱਲੂਘਾਰੇ, ਦੇਸ-ਨਿਕਾਲ਼ੇ, ਹੁਣ ਖੇਤਾਂ ’ਤੇ ਧਾਵੇ, ਜਾ ਦਿੱਲੀ ਦੀ ਹਿੱਕ ’ਚ ਗੱਡੀਏ, ਅੱਜ ਹਲ਼ਾਂ ਦੇ ਫਾਲ਼ੇ।

ਛਾਂ

ਛਾਂ ਦਾ ਸੁੱਖ ਧਰੇਕਾਂ ਥੱਲੇ, ਜਦ ਭੋਇੰ-ਅੰਬਰ ਬਲ਼ਦੇ। ਛਾਂ ਉਮਰਾਂ ਤੋਂ ਜੂਝ ਕਮਾਈ, ਫੜ੍ਹ-ਫੜ੍ਹ ਮੁੰਨੇ ਹਲ਼ ਦੇ। ਜੂਝਣ ਬਾਣ ਕਿਰਤੀਆਂ ਸੰਦੀ, ਜੋ ਮਿੱਟੀ ਨੇ ਸਾਜੇ। ਹੇਠ ਬੋਹੜ ਦੇ ਫੁੱਲ ਖਿੜਨ, ਜਦ ਅੱਗ ’ਚ ਖੰਡੇ ਢਲ਼ਦੇ।

ਹਿਜਰਤ

ਖੁਰਲੀਆਂ ਦੇ ਵਿੱਚ ਬਿੱਛੂ ਫਿਰਦੇ, ਛੱਪੜੀਆਂ ਵਿੱਚ ਜੋਕਾਂ। ਪਾਂਡੇ ਢਿੱਡ ਪਸਾਰ ਕੇ ਹੱਸਣ, ਲਾ ਰਿਜ਼ਕਾਂ ਨੂੰ ਰੋਕਾਂ। ਅੰਨ੍ਹੀ ਗਹਿਰ, ਸਿਉਂਕ ਦੇ ਲਸ਼ਕਰ, ਦਿਸੇ ਨਾ ਅੰਨ ਦਾ ਦਾਣਾ। ਰਿਜ਼ਕ ਢੂੰਡੇਂਦੇ ਬਾਲ ਉੱਡ ਗਏ, ਖੇਤ ਸਾਂਭ ਲਏ ਲੋਕਾਂ।

੧੮੪੯

ਖੋਹ-ਖੋਹ ਕਾਇਦੇ ’ਕੱਠੇ ਕੀਤੇ, ਆਣ ਫ਼ਰੰਗੀ ਧਾੜਾਂ। ਵੀਹਾਂ ਵਿੱਚ ਢੇਰ ਲਾ ਫੂਕੇ, ਦੂਤੀ ਰਲ਼ੇ ਕਰਾੜਾਂ। ਇਲਮ ਦੇ ਸੋਮੇ ਖ਼ਾਕ ਰਲ਼ਾ ਕੇ, ਰੂਹ ਨੂੰ ਦੇਵਣ ਗੰਢਾਂ। ਅਮ੍ਰਿਤ ਦੀ ਹਰ ਕਣੀ ਦੇ ਵੈਰੀ, ਸੱਪ ਫਿਰਨ ਵਿੱਚ ਨਾੜਾਂ।

ਤੈਂ ਕੀ ਦਰਦ ਨਾ ਆਇਆ

ਆੜਾਂ ਵਿੱਚ ਤ੍ਰੇੜਾਂ ਪਈਆਂ, ਵੱਟਾਂ ਖੰਘਰ ਹੋਈਆਂ। ਪਾਣੀ ਲਹਿ ਗਿਆ ਵਿੱਚ ਪਾਤਾਲੀਂ, ਨਦੀਆਂ ਰੋ-ਰੋ ਮੋਈਆਂ। ਇਸ ਥਲ ਵਿੱਚ ਕੋਈ ਮਾਰ ਜੈਕਾਰਾ, ਬਾਬਰਵਾਣੀ ਗਾਵੋ। ਬਾਬਾ ਹੁਣ ਇਸ ਧਰਤ ’ਤੇ ਕੂੰਜਾਂ  ਆਣ ਕਦੇ ਨਾ ਰੋਈਆਂ।

ਸਰਸਾ ਕਿਨਾਰੇ

(ਪਰਿਵਾਰ ਵਿਛੋੜੇ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਕਿਨਾਰੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਸੀ।) ਟਿਕੀ ਰਾਤ ਵਿੱਚ ਕੰਬਦੀ-ਕੰਬਦੀ, ਸੌਂ ਗਈ ਮੌਤ ਨਿਮਾਣੀ। ਅਮ੍ਰਿਤ ਵੇਲ਼ੇ ਜੀਵਨ ਕਣੀਆਂ, ਰਮਜ਼ ਨਵੀਂ ਲਿਸ਼ਕਾਣੀ। ਧਰਮ-ਭਰਮ ਵਿੱਚ ਪਾਪ ਦੀ ਮਾਇਆ, ਸ਼ਬਦ ਗੁਰਜ ਨੇ ਭੰਨੀ। ਜਿਸ ਦਮ ਰਾਗ ਸ਼ਬਦ ਸਿਉਂ ਖਿੜਿਆ, ਦਮਕੇ ਰੂਹ ਕਿਰਪਾਣੀ।

ਪਰਿਵਾਰ ਵਿਛੋੜਾ

ਰੁੰਨੇ ਪਰਬਤ ਨੀਰ ਵਹਾਉਂਦੇ, ਸਰਸਾ ਜਾਏ ਨਾ ਥੰਮ੍ਹੀ। ਕਹਿਰੀ ਵੇਗ ਤੇ ਕਟਕ ਵਿਹੁਲ਼ੇ, ਸਿੱਖ ਸੰਭਾਲਣ ਧੰਮੀ। ਜਬਰ, ਕਪਟ, ਮੋਹ, ਭੈਅ ਦੇ ਪਾਰੋਂ, ਨਵੇਂ ਸੂਰਜਾਂ ਚੜ੍ਹਨਾ। ਖਿੜਦੇ ਦਿਹੁੰ ਤੇ ਗਗਨ ਲਹਿਰਦੇ, ਰਾਤ ਜਦੋਂ ਵੀ ਲੰਮੀ।

ਕੱਚੀ ਗੜ੍ਹੀ

ਕੱਚੀ ਗੜ੍ਹੀ ਜਗਤ ਦੀ ਕਾਇਆ, ਬਿਨਸਨਹਾਰੀ ਮਾਇਆ।  ਮਹਿਲਾਂ, ਵੱਡੇ ਕਿਲ੍ਹਿਆਂ, ਵਿੱਚੋਂ,   ਕਟਕ ਭਟਕਦਾ ਆਇਆ।  ਖੁਰ-ਖੁਰ ਜਾਂਦੀ ਦੇਹੀ ਨੇ ਅੱਜ,   ਮਾਣ ਫ਼ਸੀਲਾਂ ਤੋੜੇ।   ਅੱਜ ਤੋਂ ਉਦ੍ਹੇ ਨਿਸ਼ਾਨ ਝੂਲਣੇ,   ਜੀਹਦੀ ਸੱਭੋ ਰਿਆਇਆ।

ਸਾਕਾ ਸਰਹਿੰਦ

ਜਾਬਰ ਫੱਟੜ ਕੂਕੇ, ਹਿੱਕ ’ਚ ਲੈ ਕੇ ਮੌਤ ਦੀ ਆਰੀ। ਦੀਨ ਦੇ ਮਰਕਜ਼ ਖ਼ਾਕ ’ਚ ਗੁੰਮੇ, ਜਿੱਥੇ ਮੌਤ ਆ ਹਾਰੀ। ਮੌਤੋਂ ਭਾਰੇ ਕਹਿਰ ਵਰ੍ਹਾ ਉਹ ਤਾਜ ਦੀ ਪੱਤ ਬਚਾਵੇ। ਰੁਲ਼ ਗਏ ਤਖ਼ਤ, ਤੇ ਖ਼ਲਕਤ ਉੱਠੀ, ਨੀਂਹਾਂ ਵਿੱਚ ਸਰਦਾਰੀ।

ਕੱਲ੍ਹ ਤੇ ਅੱਜ

ਕੱਚੇ ਵਿਹੜੇ, ਨੰਗੇ ਪਿੰਡੇ,  ਮਿੱਠੀਆਂ-ਮਿੱਠੀਆਂ ਕਣੀਆਂ। ਮਿੱਟੀ ਵਿੱਚ ਬਨਸਪਤਿ ਮਉਲੇ,  ਵੇਖ ਘਟਾਵਾਂ ਘਣੀਆਂ।  ਅੱਜ ਸੁੰਞੇ ਥਲ ’ਕੱਲਾ ਪੰਛੀ,  ਚੁੰਝ ਵੱਲ ਅਸਮਾਨਾਂ।  ਨਾ ਕੋਈ ਤੁਪਕਾ, ਨਾ ਕੋਈ ਦਾਣਾ,  ਵੇਖ ਹੋਣੀਆਂ ਬਣੀਆਂ।

ਹੋਕਾ

ਮਾਰ ਛੜੱਪੇ ਟਿੱਡੀ ਮਾਪੇ, ਰੇਤ ’ਚ ਰੰਗਲਾ ਪਾਵਾ। ਸੇਜ, ਪਲੰਘ, ਸੰਜੋਗ ਦੀ ਵਿਥਿਆ, ਵਿੱਚੇ ਮਰਿਆ ਹਾਵਾ। ਤੇਰੇ ਪਿੰਡ ਦੇ ਥੇਹ ਦੇ ਉੱਤੇ, ਰੇਤ ਹੁਲਾਰੇ ਲੈਂਦੀ। ਸੁਪਨਾ ਜਾਗ ਦਾ ਹੋਕਾ, ਸੁਣ, ਨਾ ਬਣ ਮਿੱਟੀ ਦਾ ਬਾਵਾ।

ਹੋਲਾ-ਮਹੱਲਾ

ਪ੍ਰੇਮ ਦੀ ਨੈਂ ਵਿੱਚ ’ਕੱਠੇ ਵਗਦੇ, ਰੁਦਨ ਜੁ ’ਕੱਲੇ-’ਕੱਲੇ। ਸਿਦਕ ਦੀ ਤੇਗ਼ ਦੀ ਸਾਣ ਹੋ ਗਏ, ਆਉਂਦੇ-ਜਾਂਦੇ ਹੱਲੇ। ਅੰਬਰ ਦੀ ਨੀਲੱਤਣ ਦੇ ਵਿੱਚ, ਗੂੜ੍ਹੇ ਫਬਣ ਦੁਮਾਲੇ। ਬੰਦ-ਬੰਦ ਜਿੰਦ ਠਾਠਾਂ ਮਾਰੇ, ਨਿਕਲ਼ਣ ਜਦੋਂ ਮਹੱਲੇ।

ਖ਼ਾਲਸਾ ਸਾਜਨਾ

ਤੇਗ਼ ਜਲਾਲੀ, ਦਰਸ ਗੁਰਾਂ ਦੇ, ਸਿਦਕ ਗਗਨ ਨੂੰ ਛੂਹੇ। ਹਰਖ, ਸੋਗ, ਭੈਅ, ਹਿਰਸ ਦੇ ਸੱਭੋ, ਆਪੇ ਭਿੜ ਗਏ ਬੂਹੇ। ਪੰਜ ਬੁਲਾਏ, ਪੰਜ ਨਿੱਤਰ ਪਏ, ਸਜੀਆਂ ਬਾਕੀ ਰੂਹਾਂ। ਚਿੱਤ ਚਰਨੀਂ, ਦੇਹ ਅਰਸ਼ੀਂ ਵੱਸ ਜਾਏ, ਲੂਅ ਤੱਤੀ ਕਿਵ ਲੂਹੇ।

ਉਜਾੜਾ

ਸੱਭੇ ਦੇਸੋਂ ਦੂਰ ਸਿਧਾ ਗਏ, ਚਿੜੀ, ਬਾਜ਼, ਹਰ ਕੀੜੀ। ਮੂਕ ਬਾਲੜੇ, ਅੱਖੀਆਂ ਪੁੱਛਣ, ਕਿੱਥੇ ਬਾਬਾ ਰੀੜੀ? ਵਿੱਚ ਸਵਾਲੇ ਡੁੱਬ-ਡੁੱਬ ਮੋਵੇ, ਬਿਰਧ ਉਹ ਨਿੰਮੋਝੂਣਾ। ਸੁੱਤਿਆਂ ਹੀ ਸਭ ਨਗਰ ਨਿਗਲ਼ ਗਈ ਗਲ਼ੀ ਮੌਤ ਦੀ ਭੀੜੀ।

ਬੀਆਬਾਨ

ਸਿਖਰ ਦੁਪਹਿਰੇ ਰਾਹ ਸਿਵਿਆਂ ਦੇ, ਗਿੱਧਾ ਪਾਉਣ ਚੁੜੇਲਾਂ। ਕਾਲ਼-ਕਰੋਪ ਦੀ ਵਲਗਣ ਸਾਹਵੇਂ, ਸੁੰਞੀਆਂ ਸੁਰਖ਼ ਦੁਮੇਲਾਂ। ਝੁਲ਼ਸੇ ਵਣਾਂ ਦੀ ਪੱਟੀ ’ਤੇ ਜਿੰਦ, ਪੱਤੇ ਦੀ ਛਾਂ ਲੋਚੇ। ਮੌਤੋਂ ਪਹਿਲਾਂ ਖਾਣ ਆਉਂਦੀਆਂ, ਬੀਆਬਾਨੀਂ ਵਿਹਲਾਂ।

ਮਾਂ ਤੇ ਮਿੱਟੀ

ਬੰਦ-ਬੰਦ ਕਟਵਾ ਲਹੂ ਡੋਲ੍ਹੇ, ਮਹਿਕਾਂ ਧਰਤ ’ਚ ਰਹੀਆਂ। ਮਾਂ ਮਿੱਟੀ ’ਤੇ ਮੇਰ ਸੀ ਐਸੀ, ਜੋ ਬਣੀਆਂ ਸੋ ਸਹੀਆਂ। ਭਟਕਣ, ਜਬਰ, ਰਿਜ਼ਕ ਦੀਆਂ ਲੋੜਾਂ, ਦੇਸ ਨਿਕਾਲ਼ੇ ਵੱਡੇ। ਮੁਲਕ ਬਿਗਾਨਾ ਹੋ ਗਿਆ ਅਸਲੋਂ, ਮਾਵਾਂ ਵੀ ਤੁਰ ਗਈਆਂ।

ਪਰਦੇਸੀ ਹੂਕਾਂ

ਇਸ ਮਿੱਟੀ ਵਿੱਚ ਉਸ ਮਿੱਟੀ ਦੀ, ਵੇਦਨ ਕਿਉਂ ਕਰ ਛੋਹੀਏ। ਮਿੱਟੀ-ਮਿੱਟੀ ਰੁਲ਼ ਮਰ ਜਾਣਾ, ’ਕੱਲੇ ਬਹਿ ਜਿੰਦ ਕੋਹੀਏ। ਦੇਹੀ ਦੇ ਵਿੱਚ ਮਨ ਦਾ ਆਸਣ, ਮਨ ਵਿੱਚ ਸੁਪਨੇ ਤੇਰੇ, ਡੁੱਲ੍ਹਦੇ-ਡੁੱਲ੍ਹਦੇ ਨੈਣ ਲਿਸ਼ਕਦੇ, ਪੈੜ ਤੁਹਾਰੀ ਜੋਹੀਏ।

ਸੰਨਾਟਾ

ਸਿਖਰ ਦੁਪਹਿਰਾਂ ਖੜ੍ਹਗੀਆਂ ਲੈ ਕੇ, ਰਾਤ ਦਾ ਘੋਰ ਸੰਨਾਟਾ। ਸਿਵਿਆਂ ਦੇ ਵਿੱਚ ਡੇਰਾ ਕੀਤਾ, ਲਾਹ ਪੌਣਾਂ ਦਾ ਗਾਟਾ। ਨਾ ਕੋਈ ਬੋਲ, ਨਾ ਧੜਕਣ ਸੁਣਦੀ, ਚੁੱਪ ਸਹਿਮ ਨੂੰ ਰਿੜਕੇ। ਭਰ-ਭਰ ਖੱਪਰ ਨੱਚਣ ਡੈਣਾਂ, ਲੂਹ-ਲੂਹ ਉੱਡਦਾ ਝਾਟਾ।

ਮਾਂ ਦਾ ਸਿਦਕ

ਭਰਿਆ ਵਿਹੜਾ, ਰੰਗਲਾ ਖੇੜਾ, ਬਿਨਸੇ, ਘੋਰ ਇਕੱਲਾਂ। ਅੱਖੀਆਂ ਦੇ ਵਿੱਚ ਦੁੱਖ ਪਥਰਾ ਗਏ, ਦਿਲ ਵਿਚ ਮੋਈਆਂ ਛੱਲਾਂ। ਪੁੱਤ ਨਿੱਤਰ ਪਏ, ਫੱਟ ਡੁੰਘੇਰੇ, ਦੁੱਖ ਕਲ਼ਜੁਗ ਦੀ ਕਾਤੀ। ਮਾਛੀਵਾੜੇ ਪੈੜਾਂ ਦਿਸੀਆਂ, ਓਹਨੀਂ ਰਾਹੀਂ ਚੱਲਾਂ।

ਦਰਿਆਵਾਂ ਦਾ ਦੁੱਖ

ਪਹਿਲਾਂ ਬੰਨ੍ਹ ਥਲਾਂ ਨੂੰ ਤੋਰੇ,  ਰੂਹ ਸਾਡੀ ਦੇ ਪਾਣੀ।  ਬੂੰਦ-ਬੂੰਦ ਧਰਤੀ ’ਚੋਂ ਸੋਖੀ,  ਜਿਣਸ ਲੈਣ ਮਨ ਭਾਣੀ।  ਕੱਚਾ ਜੰਞੂ, ਬੰਨ੍ਹ ਪੰਜਾਲ਼ੀ,  ਕਦੋਂ ਕਿਵੇਂ ਗਲ਼ ਪਾ ਗਿਆ। ਫੱਟੇ ਚੁੱਕ, ਉਹ ਖੇੜੇ ਰੋੜ੍ਹਨ,  ਸੁੱਤੀ ਰਾਖਸ਼-ਖਾਣੀ।

ਸੰਗੀ

ਸੁੱਕੇ ਖੂਹਾਂ ਦੇ ਵਿੱਚ ਭਉਂਦੇ, ਅਣਗਹਿਲੀ ਦੇ ਕਿੱਸੇ। ਝਉਂ-ਝਉਂ ਲੁਕਣ ਕੁਤਾਹੀਆਂ ਕੋਲ਼ੋਂ ਦਰਦ ਜੋ ਮੇਰੇ ਹਿੱਸੇ। ਹਿੱਕ ਮੇਰੀ ਵਿੱਚ ਸਿਆੜ ਨੇ ਡੂੰਘੇ, ਵਾਹਣਾਂ ਵਿੱਚ ਤ੍ਰੇੜਾਂ, ਅੱਖੀਏਂ ਝਾਕ ਨੇ ਉੱਠ ਖਲੋਂਦੇ, ਬੈਲ ਨਿਮਾਣੇ ਲਿੱਸੇ।

ਕਾਲ਼ ਨਿਸੱਤਾ

ਨਦੀਆਂ ਵਹਿਣ ਬਦਲ ਰੁੱਠ ਤੁਰੀਆਂ, ਭੋਇੰ ’ਚ ਸੁੱਤੇ ਹਾਵੇ। ਰਿਜ਼ਕ ਪੁੰਗਰਦੇ, ਚੁੱਲ੍ਹੇ ਮਘਦੇ, ਸਮਾਂ ਸਿਆੜ ਜੇ ਪਾਵੇ। ਸੁੱਤੀਆਂ ਆਹਾਂ ਵਿੱਚੋਂ ਜਾਗਣ, ਸੁੱਤੇ ਬੋਲ ਅਗੰਮੀ, ਕਾਲ਼ ਨਿਸੱਤਾ ਘੇਰੇ ਘੱਤੇ, ਆਵੇ ਤੇ ਮੁੜ ਜਾਵੇ।

ਬੋਲ ਤੇ ਪੈਂਡੇ

ਸੁੱਕੀਆਂ ਨਦੀਆਂ, ਰੇਤ ਵਿਛੁੰਨੀ, ਔੜੀਂ ਖਪ-ਖਪ ਮੋਵੇ। ਲੂਆਂ ਲੂਹੇ ਵਣਾਂ ’ਚ ਭਉਂਦਾ, ਮਨੂਆ ’ਕੱਲਾ ਰੋਵੇ। ਕਾਲ਼ ਬਲੀ ਨੇ ਸੁਪਨੇ ਚੁਗ ਲਏ, ਭੋਲ਼ੇ ਨੈਣਾਂ ਵਿੱਚੋਂ, ਮਾਂ ਦੀ ਅੱਖੀਓਂ ਬੋਲ ਬੋਚੀਏ, ਜੋ ਆਹਾਂ ਦਾ ਹੋਵੇ।

ਨਿਥਾਵੇਂ

ਅੱਗ ਇਕੱਲੀ ਲੂਹ ਨਾ ਸਕਦੀ,  ਰੱਤ ਵਿਚ ਭਿੱਜੀਆਂ ਆਹਾਂ। ਤਖ਼ਤਾਂ ਦੇ ਬਲ ਤੋੜ ਨਾ ਸਕਦੇ, ਭਾਈਆਂ ਵਾਲ਼ੀਆਂ ਬਾਹਾਂ। ਅੱਖ ਨਾਗ ਦੀ ਬੇਲਣ ਹੋ ਜਦ, ਕਰੇ ਮਨਾਂ ਵਿਚ ਵਾਸਾ। ਭੋਂ ਦੇ ਜਾਏ ਭੌਣ ਜਹਾਨੀਂ, ਬੇਲੇ ਮਾਰਨ ਧਾਹਾਂ।

ਆਸਤੀਨ ਦੇ ਸੱਪ

ਨੇਕੀ ਕਰੀਏ ਕਰਮ ਕਮਾਈਏ, ਸੁੱਚੀ ਮੱਤ ਬਾਬਾਣੀ। ਬਿੱਛੂ, ਸੱਪ, ਸਰਾਲ਼ਾਂ ਪਾਲ਼ੇ, ਨਿਰਛਲ ਜਿੰਦ ਅੰਞਾਣੀ। ਜਲ ਵਿੱਚ ਜ਼ਹਿਰਾਂ, ਖ਼ੂਨੀ ਨਹਿਰਾਂ, ਫਨੀਅਰ ਨਾ ਫਿਟਕਾਰੇ। ਓਹੀਓ ਲੋਥ ਕਬਰ ਵੱਲ ਧੂਹਵੇ, ਜਿਸ ’ਤੇ ਚਾਦਰ ਤਾਣੀ।

ਗ਼ਮ-ਚਾਨਣ

ਗ਼ਮਾਂ ਦੇ ਨਾਲ਼ ਵਾਰਤਾ ਚੱਲੇ,  ਕੁਫ਼ਰਾਂ ਦੇ ਨਾਲ਼ ਆਢੇ। ਸਾਡੇ ਦੁੱਖ ਗੁਨਾਹੀਂ ਡੋਬਣ, ਹੱਥ ਕੂੜ ਦੇ ਡਾਢੇ। ਗ਼ਮਾਂ ਦੀ ਸਰਦਲ ਦੀਵਾ ਬਲ਼ਦਾ, ਗਿਆਨ-ਖੜਗ ਦੀ ਛਾਵੇਂ। ਆਤਮ ਤੇਗ਼ ਬੁਲੰਦ ਦੇ ਸਾਹਵੇਂ, ਕੁਫ਼ਰ ਨੂੰ ਪੈਂਦੇ ਵਾਢੇ।

ਭਟਕ ਗਿਆਂ ਨੂੰ

ਲੁਕਦੇ-ਲੁਕਦੇ ਛਿਤਮ ਹੋ ਗਏ, ਸੱਭੋ ਭਾਈ ਸਿਆਣੇ। ਨਿਉਣ ਦਾ ਕੋਈ ’ਸਾਨ ਕਿਉਂ ਜਾਣਨ, ਸਿਰ ’ਤੇ ਚੜ੍ਹੇ ਧਿਙਾਣੇ? ਸਿੱਖੀ ਖੰਡਿਓਂ ਤਿੱਖੀ ਸੱਜਣਾ, ਛੱਡਦੇ ਹੋਰ ਦਲੀਲਾਂ। ਖੰਡੇ ਦਾ ਜਿਨ ਤੇਜ ਚੱਖ ਲਿਆ, ਓਹਨਾਂ ਰੰਗ ਪਛਾਣੇ।

ਬਾਜ਼-ਅੱਖ

ਕੱਚੇ ਧਾਗੇ ਨੂੜ ਨਪੀੜੇ, ਸਦੀਆਂ ਤੋਂ ਪਰਵਾਨੇ। ਗੁਰ ਦੀ ਨਦਰੀ ਮੁਕਤ ਕਰਾਏ, ਬਖ਼ਸ਼ ਸ਼ਹੀਦੀ ਗਾਨੇ। ਤੱਗ-ਤਿਲਕ ਦੇ ਤੌਰ ਫ਼ਰੇਬੀ, ਅਣਦਿੱਸ ’ਵੈੜੀ ਫਾਹੀ। ਧਾਰੀਂ ਦਇਆ, ਦਿਆਲੂ ਰਹਿ, ਪਰ, ਫਸ ਨਾ ਜਿੰਦ ਨਾਦਾਨੇ।

ਨਾਤਾ

ਦੇਸਾਂ ਦੀ ਉਸ ਧੂੜ ਤੋਂ ਵਿੱਛੜੇ, ਵਿੱਚ ਬਰਫ਼ਾਂ ਤੇ ਬਾਗਾਂ। ਵਿੱਸਰੇ ਨਾ ਉਹ ਨੀਂਦ ਭਲੀ, ਤੇ ਭੁੱਲਣ ਨਾ ਉਹ ਜਾਗਾਂ। ਚੇਤੇ ਦੇ ਸਾਗਰ ਦੇ ਤਲ਼ ’ਤੇ, ਘੋੜ ਲੈਣ ਅੰਗੜਾਈਆਂ। ਦੇਸ ਬਿਨਾਂ ਪਰਦੇਸ ਨਾ ਸੋਂਹਦੇ, ਛੱਡ ਸੋਹਣੀਏ ਵਾਗਾਂ।

ਟਿਕਾਣਾ

ਮਾਵਾਂ ਬਾਝ ਟਿਕਾਣਾ ਨਾਹੀਂ, ਛਾਵਾਂ ਬਾਝ ਨਾ ਵਾਟਾਂ। ਮਾਵਾਂ ਛਾਵਾਂ ਦੋਵੇਂ ਗਈਆਂ, ਰਹਿ ਗਈਆਂ ਕੁਰਲਾਹਟਾਂ। ਨਿੱਕੇ-ਨਿੱਕੇ ਖਿਣਾਂ ’ਚ ਮਿਹਰਾਂ, ਸਾਂਭ ਲਵੇ ਜੇ ਚੇਤਾ। ਮਾਵਾਂ ਜਿਹੜੀ ਚੜ੍ਹਤ ਵਿਖਾਲ਼ੀ, ਫੇਰ ਸੁਣਾਂਗੇ ਆਹਟਾਂ।

ਜੀਵਨ-ਸਾਰ

ਮਰਨਾ ਅੰਤ ਆਸ ਦਾ ਨਾਹੀਂ ਜੀਵਨ ਤੋਂ ਭੱਜ ਜਾਣਾ।  ਮਰ-ਮੁੱਕ ਜਾਣਾ ਮੂਲ ਪ੍ਰੇਮ ਦਾ, ਆਪਾ ਮੇਟ ਵਿਖਾਣਾ। ਜਿਹਨਾਂ ਸੀਸ ਗੁਰੂ ਨੂੰ ਭੇਟੇ, ਢਲ਼ ਗਏ ਵਿੱਚ ਅਰਦਾਸੇ। ਇੱਕੋ ਖਿਣ ਵਿਚ ਸਾਰ ਉਮਰ ਦਾ, ਮਰਨਾ ਹੀ ਜਿਉਂ ਜਾਣਾ।

ਨਿਹੁੰ ਦੀ ਜਾਗ

ਸੁੱਚੇ ਬਾਣ ਸ਼ਹੀਦਾਂ ਸੰਦੇ, ਕਿਲਵਿਖ ਚੀਰ ਜਗਾਉਂਦੇ। ਰੁਲ਼ੇ ਕਸੁੰਭੀ-ਭੀੜ, ਮਜੀਠੀ ਰੰਗ ਫੇਰ ਮਨ ਭਾਉਂਦੇ। ਨਿਹੁੰ ਦੀ ਪਹੁ ਫੁੱਟੀ ਮੁੜ ਐਸੀ, ਨੂਰ ਪਛਾਤਾ ਆਪਾ। ਮੁੜ-ਮੁੜ ਸੂਰੇ ਤਖ਼ਤ ਦਿੱਲੀ ਦੇ, ਘੋੜ ਦੇ ਪੌੜ ਛੁਹਾਉਂਦੇ।

ਗ਼ਾਫ਼ਲ ਨੂੰ

ਹਰ ਮੰਜ਼ਲ ਦਾ ਰੂਪ ਨਹੀਂ ਹੈ, ਠਾਹਰ ਨਾ ਸਦਾ ਮੁਕਾਮੇ। ਖ਼ਲਕਤ ਦਾ ਸੁਖ ਨਿਸ਼ਚਿਤ ਨਾਹੀਂ, ਹਰ ਇੱਕ ਨਵੇਂ ਨਿਜ਼ਾਮੇ। ਆਪਣੀ ਧੁੱਪ-ਛਾਂ ਥੀਣਾ ਲੋਚਾਂ, ਕੌਲ ਵੱਡੇ ਕਿਉਂ ਮੰਗੇਂ? ਗਿਰਝਾਂ ਸੱਭੋ ਬੋਟ ਨੋਚ ਲਏ, ਫਿਰ ਵੀ ਦਏਂ ਉਲ੍ਹਾਮੇ!

ਚਿਣਗ

ਹਰ ਮੁਸ਼ਕਲ ਹੈ ਵਾਹਨ ਹੌਲ ਦਾ, ਹੌਲ ਤਾਜ ਦੀ ਮਾਇਆ।  ਲੋਕਾਈ ਦੀ ਲੋਚਾ ਨੋਚੇ, ਮੌਤੋਂ ਭਾਰਾ ਸਾਇਆ। ਇੱਕੋ ਚਿਣਗ ਜੋ ਨਿਹੁੰ ਸੱਚੇ ਦੀ, ਤਾਂਘ ਦਾ ਰੂਪ ਨਿਖਾਰੇ। ਜਾਗਣ ਸੂਰੇ, ਮੌਲਣ ਕੌਮਾਂ, ਹੋ ਸੱਚੇ ਦੀ ਰਿਆਇਆ।

ਗੁਰਮੁਖਿ ਖੋਟੇ ਖਰੇ ਪਛਾਣੁ॥

ਨੇਕੀ ਭਾਰਾ ਬਿਰਖ ਸੁਹਾਵਾ, ਪਿਓ ਦਾਦੇ ਦਾ ਲਾਇਆ। ਇਸ ਛਾਂ ਦੀ ਲੈ ਓਟ ਸਰਾਲ਼ਾਂ, ਧੌਣ ਵਲ੍ਹੇਟਾ ਪਾਇਆ। ਖੁਣਸੀ ਦਾ ਛਲ਼ ਰਹਿਮ ਜੇ ਲੋੜੇ, ਰਹਿਮ ਤੇਗ਼ ਦਾ ਪਾਣੀ, ਗੁਰਮੁਖ ਖੋਟਾ ਖ਼ਰਾ ਪਛਾਣੇ, ਬਾਬੇ ਆਪ ਅਲਾਇਆ।

ਸੇਵਾ

ਸੇਵਾ ਦੇ ਸਰਤਾਜ ਹੋ ਗਏ ਸਿੱਖ ਦੇਸੀਂ-ਪਰਦੇਸੀਂ। ਸੇਵਾ ਦੇ ਰੰਗ ਵਹਿੰਦੇ-ਵਹਿੰਦੇ, ਵਹਿ ਗਏ ਜੱਗ ਦੇ ਵੇਸੀਂ। ਸੇਵਾ ਰਮਜ਼ ਸਮਰਪਣ ਜਿਸ ਵਿੱਚ, ਸੀਸ ਅਗਾਂਹ ਹੋ ਝੜਦੇ। ਜੱਗ ਦੀ ਮਾਇਆ ਆਉਣੀ ਜਾਣੀ, ਰਣ ਨੂੰ ਪਿੱਠ ਨਾ ਡੇਸੀਂ।

ਤ੍ਰਿੱਖਾ

ਬੋਲ ਮੇਰੇ ਦਰਿਆ ਪਰ ਸਾਹਵੇਂ, ਛਾ ਗਏ ਥਲ ਵੀਰਾਨੇ। ਬੋਲਾਂ ਵਿੱਚ ਭਾਦੋਂ ਦੀਆਂ ਝੜੀਆਂ, ਮੇਘਾਂ ਮਨ ਮਸਤਾਨੇ। ਮੇਘਾਂ ਦੇ ਤਨ ਬਲ਼ਦੇ ਵਣਾਂ ’ਚੋਂ, ਲਾਟਾਂ ਲਾਂਬੂ ਲਾਏ। ਬੋਲ ਸਰਾਂ ਵਿੱਚ ਡੂੰਘੇ ਉੱਤਰੇ, ਮੁੜਨੇ ਕਦੋਂ ਦੀਵਾਨੇ!

ਬੱਗੇ ਸ਼ੇਰੇ

ਜਿਹੜੇ ਦਿਹੁੰ ਪਿੱਛੇ ਛੱਡ ਆਏ, ਮੁੜ-ਮੁੜ ਵਿੰਨ੍ਹੇ ਤੀਰਾਂ। ਮੂਕ ਨਿਛਾਵਰ ਪੈੜੀਂ ਦੋਖੀ, ਲੱਦ ਗਏ ਤਕਸੀਰਾਂ। ਝੁਲ਼ਸੇ ਵਣਾਂ ਦੀ ਸੁੱਤੀ ਹੂਕ ਨੇ, ਫੇਰ ਲਈ ਅੰਗੜਾਈ। ਫੁੰਡ ਮੁਨਾਰੇ ਤਖ਼ਤ ਕੰਬਾਏ, ਬੱਗੇ ਸ਼ੇਰੇ ਵੀਰਾਂ।

ਸਿਦਕ

ਭੋਇੰ ਸਿਉਂ ਜਿਹੜਾ ਲਹੂ ਦਾ ਨਾਤਾ, ਉਸ ਤੰਦ ਦਾ ਕੀ ਕਹੀਏ। ਮੂਲ ਤ੍ਰੇਲ਼ ਜਿਉਂ ਨਿੱਤ ਨੁਹਾਲੇ, ਕਿਧਰੇ ਵੀ ਜਾ ਬਹੀਏ। ਮਾਂ ਦਿਆਂ ਅਣਥੱਕ ਹੱਥਾਂ ਵਾਂਗੂੰ, ਓਟ ਮਿਲ਼ੀ ਅਬਿਨਾਸ਼ੀ। ਰਾਤ ਵੀ ਜਾਣੀ, ਪਹੁ ਵੀ ਫੁੱਟਣੀ, ਰਹੀਏ ਜਾਂ ਨਾ ਰਹੀਏ।

ਜਾਗ

ਸੱਭੋ ਰੰਗ ਬਿਗਾਨੇ ਹੋਏ, ਕੀ ਧੁੱਪਾਂ ਕੀ ਪਾਲ਼ੇ। ਦਰਦਮੰਦਾਂ ਨੇ ਖੂਹੀ ਗੇੜੀ, ਡੂੰਘੇ ਦੁੱਖ ਹੰਘਾਲ਼ੇ। ਟਿੰਡਾਂ ਜਦ ਕਦ ਅੱਖੀਆਂ ਭਰੀਆਂ, ਫ਼ਸਲਾਂ ਹੋਵਣ ਹਰੀਆਂ। ਸੰਞ ਪਈ ਤੋਂ ਤੀਰ ਸ਼ੂਕਿਆ, ਦੀਵਾ ਬਲ਼ਿਆ ਆਲ਼ੇ।

ਸੁਪਨਾ

ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ, ਲੈ ਵੱਡੇ ਧਰਵਾਸੇ। ਅੰਗ ਮੋੜ ਅੰਗੜਾਈ ਲੈਂਦੇ, ਲੂਹੇ ਬੂਟ ਉਦਾਸੇ। ਸੁੱਤੀਆਂ ਰਮਜ਼ਾਂ, ਵਿੱਸਰੇ ਦਾਈਏ, ਇੱਕੋ ਕਣੀ ਲੋੜੀਂਦੀ। ਜਿਉਂਦਾ ਖ਼ਾਬ ਸ਼ਹੀਦਾਂ ਵਾਲ਼ਾ, ਮਘਦਾ ਵਿੱਚ ਅਰਦਾਸੇ।

ਭਵਿੱਖ

ਝੁਲਸੇ ਵਣਾਂ ਦੀ ਰਾਖ ’ਚ ਬੀਜ ਪਏ, ਵਾਂਗ ਵਿਛੁੰਨੇ ਯਾਰਾਂ। ਬਿਨਾਂ ਬੇੜੀਓਂ ਪੂਰ ਖੜ੍ਹੇ ਨੇ, ਕੋਈ ਨਾ ਲੈਂਦਾ ਸਾਰਾਂ। ਤਾਂ ਵੀ ਏਸ ਨਿਵਾਜੀ ਧਰਤ ’ਤੇ, ਰਹਿਣ ਆਬਾਦ ਤਬੇਲੇ, ਰੁੱਠੇ ਘੋੜ ਦਾ ਮਾਣ ਵਧਾਉਣਾ, ਉੱਠ ਨਵੇਂ ਅਸਵਾਰਾਂ।

ਮਾਰਾਂ

ਅੰਧ ਗ਼ੁਬਾਰ ਫ਼ਿਜ਼ਾ ਨੂੰ ਸੂਤੇ, ਰਗਾਂ ਧੁਆਂਖੇ ਧੂਆਂ। ਠੰਢੇ ਬੁੱਲੇ ਵਿੱਸਰ ਤਰਸ ਰਹੇ, ਮਿਲ਼ ਜਾਵਣ ਉਹ ਲੂਆਂ। ਭੁੱਲ ਵਤਨ ਦੀਆਂ ਮੇਰਾਂ ਹੋ ਗਏ, ਸਾਹ ਲੈਵਣ ਤੋਂ ਆਰੀ, ਹੂੜ੍ਹ-ਧਮੱਚੜ ਸ਼ਬਦ ਖੋਹ ਲਏ, ਕਿਸ ਬੋਲੀ ਵਿੱਚ ਕੂੰਆਂ।

ਲਾਸਾਂ

ਵਿੱਚ ਦੁਮੇਲਾਂ ਸੁਪਨੇ ਸੁੱਤੇ, ਵਿੱਚ ਮਿੱਟੀ ਦੇ ਆਸਾਂ। ਵਿੱਚ ਸੁਪਨਿਆਂ ਵਿਗਸਣ ਦੇਹਾਂ, ਰੋਮ-ਰੋਮ ਵਿੱਚ ਪਿਆਸਾਂ। ਮਿੱਟੀ ਵਿੱਚੋਂ ਰਾਹ ਉਮੜ੍ਹਦੇ, ਜਦ ਮਿੱਟੀ ਦੇ ਹੋਈਏ, ਸੰਞ ਪਈ ਤੋਂ ਬੋਲਦੀਆਂ ਨੇ, ਪਿੰਡੇ ਪਈਆਂ ਲਾਸਾਂ।

ਆਪੇ-ਫਾਥੇ

ਗਹਿਰਾਂ ਚੜ੍ਹੀਆਂ, ਪੌਣਾਂ ਖੜ੍ਹੀਆਂ, ਸੂਰਜ ਬਦਰੰਗ ਹੀਣਾ। ਘੱਤ-ਘੱਤ ਘੇਰੇ ਸਿਰ ’ਤੇ ਚੜ੍ਹਿਆ, ਬਿਪਰ ਖੋਰੀ ਮੀਣਾ। ਆਬ ਖੁਹਾ ਕੇ ਪੌਣੋਂ ਵਾਂਝੇ, ਵਿੱਚ ਭਲਿਆਈਆਂ ਡੁੱਬੇ, ਮਕਰ ਕਪਟ ਨੇ ਡੰਡੀਆਂ ਪਾਉਂਦੇ ਕੀ ਕਲਜੁਗ ਦਾ ਜੀਣਾ।

ਉੱਠਣ ਵੇਲ਼ਾ

ਗਹਿਰਾਂ ਅੰਬਰ ਮੱਲ ਲਏ ਨੇ, ਸੂਰਜ ਰੱਤ ਰੋਵੰਨਾ। ਰਣ-ਤੱਤੇ ਦਾ ਮੁੱਢ ਅੱਜ ਬਣਿਆ, ਖੇਤ ਮੇਰੇ ਦਾ ਬੰਨਾ। ਮੇਰੇ ਬਲ਼ਦੇ ਵਣਾਂ ਦੀ ਰਾਖ ਹੀ, ਗਲ਼ਾ ਜਕੜ ਸਾਹ ਸੂਤੇ, ਲਿਫ-ਲਿਫ ਵੈਰੀ ਲਾਂਬੂ ਲਾ ਗਏ, ਧੁਖਦਾ ਹੰਨਾ-ਹੰਨਾ।

ਸੰਤ-ਆਮਦ

ਜਦੋਂ ਕਾਫ਼ਲੇ ਭੌਂ-ਭੌਂ ਮਰਦੇ, ਵਾਟ ਕਿਸੇ ਅਣਚਾਹੀ। ਭੋਲ਼ੀਆਂ ਅੱਖੀਆਂ ਨਿਉਂਦੀਆਂ-ਨਿਉਂਦੀਆਂ, ਜਿੰਦ ਪਾਉਣ ਵਿੱਚ ਫਾਹੀ। ਤੌਖਲ਼ਿਆਂ ਦੀ ਗਹਿਰ ਗੁਆਚਣ, ਜਦ ਖੰਡੇ ਦੇ ਦਾਈਏ, ਤਦੋਂ ਸੰਤ ਦੀ ਵਾਜ ਸੁਣੀਂਦੀ, ਵਾਂਗ ਜੁਝਾਰ ਸਿਪਾਹੀ।

ਅਮਰ-ਆਸ

ਗਹਿਰਾਂ ਤਾਰੇ ਚੰਨ ਹੜੱਪੇ, ਧਰਤੀ ਦੇ ਸਾਹ ਸੂਤੇ। ਮੁੜ ਨਾ ਚਿੜੀਆਂ ਘੁੱਗੀਆਂ ਦਿਸੀਆਂ, ਖੂਹ ਵਾਲ਼ੇ ਉਸ ਤੂਤੇ। ਕਾਂਗ ਕਾਲ਼ ਦੀ ਚੜ੍ਹੀ ਚਿਰਾਂ ਦੀ, ਹੜ੍ਹ ਆਤਸ਼ ਦੇ ਕਹਿਰੀਂ, ਬਲ਼ੇ ਤਣਾਂ ’ਚੋਂ ਫੁੱਟਣ ਆਸਾਂ, ਰਹਿਣ ਜੇ ਕੌਲ ਸਬੂਤੇ।

ਪੜ੍ਹਨਹਾਰ

ਕਾਲ਼ ਗੁਫਾਈਂ ਦੱਬੇ ਦੁੱਖੜੇ, ਰਾਤੀਂ ਦੇਣ ਆਵਾਜ਼ਾਂ। ਦੁੱਖ ਦਾ ਟੁੰਬਿਆ ਚਿੱਤ ਪਰਦੇਸੀ, ਮੁੜ ਲੈਂਦਾ ਪਰਵਾਜ਼ਾਂ। ਲਹੂਆਂ ਸੰਗ ਸੀ ਲਿਖੀ ਇਬਾਰਤ, ਅੱਖੀਆਂ ਸਾਹਵੇਂ ਗੁੰਮੀ, ਮੌਤ ਦੀ ਪੈੜ ’ਚ ਪੈੜ ਧਰੇਂਦਿਆਂ, ਪੜ੍ਹ ਲੈਣੀ ਜਾਂਬਾਜ਼ਾਂ।

ਮੋੜਾ

ਸਮਾਂ ਵਣਾਂ ਨੂੰ ਲੂਹ ਰੁੜ੍ਹੇਂਦਾ, ਝੁੱਗੀ ਕਿੱਥੇ ਪਾਈਏ? ਦੇਸਾਂ ਦੀ ਕੋਈ ਟਾਹਣੀ ਮਿਲ਼ ਜੇ, ਓਸੇ ਓਟ ਰਹਾਈਏ। ਥਲਾਂ ’ਚੋਂ ਕਿਣਕੇ ਉੱਡ-ਉੱਡ ਬਹਿੰਦੇ, ਵਿੱਚ ਪਰਦੇਸੀ ਪੌਣਾਂ, ਸਮੇਂ ਦੀ ਗੁਫਾ ਦੇ ਚੀਰ ਹਨੇਰੇ, ਵਿਹੜੇ ਬੂਟਾ ਲਾਈਏ।

ਵੱਥ

ਉੱਕਦੇ-ਉੱਕਦੇ ਮੂਲ਼ੋਂ ਈ ਉੱਕੇ, ਸੁੱਤਿਆਂ ਹੀ ਸਰ ਸੁੱਕੇ। ਜ਼ੁਲਮ ਕਹਿਰ ਜੋ ਹੋ ਸਕਦੇ ਸੀ, ਸਾਰੇ ਹੀ ਹੋ ਚੁੱਕੇ। ਕਾਲ਼ ਸਤਾਣਾ ਅੰਤ ਚਿਤਾਰੇ, ਬੀਜ ਦੀ ਵੱਥ ਨਾ ਜਾਣੇ, ਅਮ੍ਰਿਤ ਵੇਲ਼ੇ ਜੰਗਲ਼ ਵਿਗਸੇ, ਸ਼ੀਂਹ ਜਾਗੇ ਤੇ ਬੁੱਕੇ।

ਪੰਧ

ਨਦੀਆਂ ਨਾਲ਼ ਹੀ ਅੱਖੀਆਂ ਸੁੱਕੀਆਂ, ਨਾਲ਼ੇ ਈ ਆਸਾਂ ਮੋਈਆਂ। ਕਾਲ਼ ਹਫਾ ਜਿਨ ਜਾਬਰ ਸੋਧੇ, ਜਿੰਦਾਂ ਬੇਦਿਲ ਹੋਈਆਂ। ਵਿੱਚ ਤਦਬੀਰਾਂ ਉਲ਼ਝ ਨਾ ਖਪੀਏ, ਰਮਜ਼ ਸ਼ਹੀਦਾਂ ਫੜੀਏ। ਤਖ਼ਤ ਸਾਂਭਣੇ, ਕਾਲ਼ ਅਗਨ ਵਿੱਚ ਜਿਹਨਾਂ ਦੇਹਾਂ ਧੋਈਆਂ।

ਫ਼ਤਹਿ

ਗੁਰਗਾਂ ਚਰਗ਼ਾਂ ਕਹਿਰ ਮਚਾਏ, ਘੁਰੇ ਆਲ੍ਹਣੇ ਨੋਚੇ। ਮਾਵਾਂ ਗਲ਼ ਅੱਜ ਫੇਰ ਪਰੋਏ, ਬਾਲ ਜੁ ਨੇਜ਼ਿਆਂ ਬੋਚੇ। ਭਾਵੇਂ ਮੌਤ ਆਹਣ ਜਿਉਂ ਵਿਆਪੇ, ਅੱਖ ਨਾ ਦਰਾਂ ਤੋਂ ਥਿੜਕੇ, ਕਾਲ਼ ਨਿਸੱਤਾ ਹੋਵੇ ਜਦ ਹਰ, ਜਿਉੜਾ ਮਰਨਾ ਲੋਚੇ।

ਦੁੱਖ ਤੇ ਸਿਦਕ

ਦੁੱਖ ਸਿਰਾਂ ਤੋਂ ਉੱਚਾ ਪਾਣੀ, ਜਿੰਦੜੀ ਰੋੜ੍ਹ ਲਿਜਾਵੇ। ਡੁੱਬਦੇ ਮਨ ਦੀ ਵਿਥਿਆ ਦੱਸਦੇ, ਆਹਾਂ, ਹੌਲ, ਤੇ ਹਾਵੇ। ਨੀਂਹਾਂ, ਗੜ੍ਹੀਆਂ, ਲੱਖੀ ਜੰਗਲ਼, ਤੇ ਸਤਿਗੁਰ ਦੀਆਂ ਨਜ਼ਰਾਂ, ਰਣ ਵੀ ਓਹੀ, ਸੱਦ ਵੀ ਓਹੋ, ਸਿਦਕ ਗੁਰੂ ਅਜ਼ਮਾਵੇ।

ਰਾਹ

ਸਿਦਕਾਂ ਮੂਹਰੇ ਖੌਰੂ ਪਾ-ਪਾ, ਚੜ੍ਹਦੇ ਕਾਲ਼ ਦੇ ਪਾਣੀ। ਤੂਫ਼ਾਨੀਂ ਝੜੀਆਂ ਤਦਬੀਰਾਂ, ਜਾਗ ਉੱਠੀ ਕਿਰਪਾਣੀ । ਸਦਾ ਸਵਾਰਾਂ ਚੜ੍ਹੇ ਅਟਕ ਨੂੰ, ਚੀਰ ਕੇ ਰਾਹ ਬਣਾਉਣਾ, ਰੋਮ-ਰੋਮ ਵਿੱਚ ਰਮ-ਰਮ ਗੂੰਜੇ, ਜਦੋਂ ਗੁਰਾਂ ਦੀ ਬਾਣੀ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਪ੍ਰਭਸ਼ਰਨਦੀਪ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ