Niranjan Avtar Kaur ਨਿਰਅੰਜਨ "ਅਵਤਾਰ" ਕੌਰ
ਪੰਜਾਬੀ ਸਾਹਿਤ ਦੀ ਪਹਿਲੀ ਮਹਿਲਾ ਮਹਾਂ ਕਾਵਿ ਰਚੇਤਾ ਸਵਰਗੀ ਸ਼੍ਰੀਮਤੀ ਨਿਰਅੰਜਨ "ਅਵਤਾਰ" ਕੌਰ ਨੇ ਉਸ ਉਮਰ ਵਿਚ ਸਟੇਜਾਂ ਤੇ ਕਵਿਤਾ ਬੋਲਣੀ ਸ਼ੁਰੂ ਕਰ ਦਿੱਤੀ ਸੀ ਜਦ ਅਕਸਰ ਲੜਕੀਆਂ ਘਰੋਂ ਬਾਹਰ ਘੱਟ ਹੀ ਨਿਕਲਦੀਆਂ ਸਨ ਜਦਕਿ ਵਿਆਹੁਤਾ ਔਰਤਾਂ ਹਮੇਸ਼ਾਂ ਘੁੰਡ ਕੱਢਕੇ ਰਖਦੀਆਂ ਸਨ । ਮਿਤੀ 5 ਅਕਤੂਬਰ 1934 ਨੂੰ ਮੀਰਪੁਰ ਪਾਕਿਸਤਾਨ ਵਿਖੇ ਪਿਤਾ ਡਾਕਟਰ ਨਾਨਕ ਸਿੰਘ ਅਤੇ ਮਾਤਾ ਪ੍ਰਮੇਸ਼ਰ ਕੌਰ ਦੇ ਘਰ ਜਨਮੀ ਇਸ ਮਹਾਨ ਕਵਿੱਤਰੀ ਦੀ ਉਮਰ ਮਸਾਂ 9\10 ਸਾਲਾਂ ਦੀ ਹੀ ਹੋਵੇਗੀ ਜਦ ਉਨ੍ਹਾਂ ਪਹਿਲੀ ਵਾਰ ਮੁਹੱਲੇ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਧਾਰਮਿਕ ਕਵਿਤਾ ਪੜ੍ਹੀ ਜਿਥੋਂ ਉਨ੍ਹਾਂ ਨੂੰ ਸਟੇਜ ਤੇ ਖੜ੍ਹ ਕੇ ਬੇਝਿਜਕ ਹੋ ਕੇ ਬੋਲਣ ਦਾ ਸੁਭਾਗ ਪ੍ਰਾਪਤ ਹੋਇਆ । ਗੁਰੂ ਘਰ ਤੋਂ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਅਤੇ ਬੋਲਣ ਦੀ ਅਜਿਹੀ ਗੁੜ੍ਹਤੀ ਮਿਲੀ ਜੋ ਉਨ੍ਹਾਂ ਲਈ ਵਰਦਾਨ ਸਾਬਿਤ ਹੋਈ । ਜਦੋਂ ਕਦੇ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਉਹ ਕੋਈ ਨਾ ਕੋਈ ਸ਼ਬਦ ਜਾਂ ਕਵਿਤਾ ਸੁਣਾ ਕੇ ਉਸ ਵਿਚ ਹਾਜ਼ਰੀ ਜ਼ਰੂਰ ਲਗਵਾਉਂਦੇ । ਕੁਦਰਤ ਦੇ ਰੰਗ ਕਹੀਏ ਜਾਂ ਇਤਫ਼ਾਕ ਦੀ ਗੱਲ ਕਿ 1951 ਵਿਚ ਉਨ੍ਹਾਂ ਦੀ ਸ਼ਾਦੀ ਇਕ ਸਾਹਿਤਕ ਪ੍ਰਵਾਰ ਵਿਚ ਹੋ ਗਈ ਕਿਉਂ ਜੋ ਇਹਨਾਂ ਦੇ ਸਹੁਰਾ ਸਾਹਿਬ ਸ੍ਰ. ਸੰਤੋਖ ਸਿੰਘ `ਕਾਮਿਲ` ਉਰਦੂ ਦੇ ਇਕ ਮੰਨੇ ਹੋਏ ਸ਼ਾਇਰ ਸਨ ਅਤੇ ਪਤੀ ਸ੍ਰ. ਅਵਤਾਰ ਸਿੰਘ ਤੂਫ਼ਾਨ ਵੀ ਕਵੀ ਹੋਣ ਦੇ ਨਾਲ ਨਾਲ ਕਹਾਣੀਕਾਰ ਅਤੇ ਨਾਵਲਕਾਰ ਸਨ । ਦਿਲਚਸਪ ਗੱਲ ਇਹ ਹੈ ਕਿ ਇਹਨਾਂ ਦੀ ਸ਼ਾਦੀ ਉਸ ਵਕਤ ਹੋ ਗਈ ਜਦ ਅਜੇ ਤੂਫਾਨ ਸਾਹਿਬ ਆਰੀਆ ਕਾਲਜ ਲੁਧਿਆਣਾ ਵਿਖੇ ਐੱਫ. ਏ. ਦੇ ਵਿਦਿਆਰਥੀ ਸਨ ਤੇ ‘ਦ ਆਰੀਅਨ’ ਕਾਲਜ ਮੈਗਜ਼ੀਨ ਦੇ ਸੰਪਾਦਕ ਹੋਣ ਕਾਰਨ ਮਸ਼ਹੂਰ ਸਨ । ਇਸ ਲਈ ਕਈ ਲਿਖਾਰੀਆਂ ਦਾ ਘਰ ਵਿਚ ਆਉਣਾ ਜਾਣਾ ਲਗਿਆ ਰਹਿੰਦਾ ਸੀ ।
ਸੰਨ 1961 ਵਿਚ ਬੀਬੀ ਨਿਰਅੰਜਨ ਅਵਤਾਰ ਕੌਰ ਵਲੋਂ "ਤ੍ਰਿੰਞਣ" ਨਾਂ ਦਾ ਪੰਜਾਬੀ ਮਾਸਿਕ ਪੱਤਰ ਸ਼ੁਰੂ ਕੀਤਾ ਗਿਆ ਜਿਸ ਨੇ ਲਗਾਤਾਰ ਤਿੰਨ ਦਹਾਕੇ ਤੋਂ ਵੱਧ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਅਤੇ ਕਈ ਨਵੇਂ ਉਭਰਦੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰ ਕੇ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕੀਤਾ । ਇਸ ਮਾਸਿਕ ਪੱਤਰ ਵਿੱਚ ਹਰ ਮਹੀਨੇ ਇੱਕ “ਤਰਹ ਮਿਸ਼ਰਾ” ਦਿੱਤਾ ਜਾਂਦਾ ਸੀ ਜਿਸ ਨੂੰ ਮੁਖ ਰਖ ਕੇ ਨਾਮਵਰ ਸ਼ਾਇਰ ਵੀ ਆਪਣੀਆਂ ਗ਼ਜ਼ਲਾਂ ਲਿਖ ਕੇ ਅਨੰਦਿਤ ਮਹਿਸੂਸ ਕਰਦੇ ਅਤੇ ਨਵੇਂ ਲਿਖਾਰੀ ਸੇਧ ਪ੍ਰਦਾਨ ਕਰਦੇ ਰਹੇ । ਇਹਨਾਂ ਦੋਵਾਂ ਵਲੋਂ “ਸ਼੍ਰੋਮਣੀ ਪੰਜਾਬੀ ਕਵੀ ਸਭਾ” ਦੀ ਸਥਾਪਨਾ ਕੀਤੀ ਗਈ।
ਨਿਰਅੰਜਨ ਜੀ ਹਮੇਸ਼ਾ ਤਰਨੁੰਮ ਵਿਚ ਹੀ ਕਵਿਤਾ ਪੜ੍ਹਦੇ ਸਨ । ਦੇਸ਼ ਦੇ ਕਈ ਪ੍ਰਸਿੱਧ ਸ਼ਹਿਰਾਂ ਵਿਖੇ ਹੋਏ ਤ੍ਰੈਭਾਸ਼ੀ ਮੁਸ਼ਾਇਰਿਆਂ ਵਿਚ ਇਹਨਾਂ ਨੂੰ ਦੇਸ਼ ਦੇ ਨਾਮਵਰ ਸ਼ਾਇਰਾਂ ਨਾਲ ਸਟੇਜਾਂ ਸਾਂਝੀਆਂ ਕਰਨ ਦਾ ਕਈ ਵਾਰ ਸੁਭਾਗ ਪ੍ਰਾਪਤ ਹੋਇਆ । ਪ੍ਰਸਿੱਧ ਗਾਇਕਾ ਸ਼੍ਰੀਮਤੀ ਜਗਮੋਹਨ ਕੌਰ, ਨਰਿੰਦਰ ਬੀਬਾ, ਗੁਰਦੇਵ ਸਿੰਘ ਕੋਇਲ ਅਤੇ ਪੰਜਾਬ ਦਾ ਰਫ਼ੀ ਵਜੋਂ ਜਾਣੇ ਜਾਂਦੇ ਗਾਇਕ ਸ੍ਰ. ਰਛਪਾਲ ਸਿੰਘ ਪਾਲ ਦੀ ਆਵਾਜ਼ ਵਿਚ ਇਸ ਸ਼ਾਇਰਾ ਦੇ ਲਿਖੇ ਕਈ ਗੀਤਾਂ ਨੂੰ ਸੰਗੀਤ ਕੰਪਨੀਆਂ ਵਲੋਂ ਰਿਕਾਰਡ ਬੱਧ ਕਰਕੇ ਮਾਰਕੀਟ ਵਿੱਚ ਉਤਾਰਿਆ ਗਿਆ ਸੀ ਜਦਕਿ ਕਈ ਨਾਮਵਰ ਗਾਇਕਾਂ\ਗਾਇਕਾਵਾਂ ਨੇ ਇਨ੍ਹਾਂ ਦੇ ਲਿਖੇ ਗੀਤਾਂ ਨੂੰ ਵੱਖ-ਵੱਖ ਧਾਰਮਿਕ ਅਤੇ ਸਾਹਿਤਕ ਸਟੇਜਾਂ ਤੇ ਆਪਣੀ ਆਵਾਜ਼ ਦੇ ਕੇ ਮਾਣ ਬਖਸ਼ਿਆ ਜਿਨ੍ਹਾਂ ਵਿਚ ਸ੍ਵਰਗੀ ਮਹਾਨ ਗਾਇਕਾ ਸ੍ਰੀਮਤੀ ਸੁਰਿੰਦਰ ਕੌਰ, ਸ੍ਰ. ਆਸਾ ਸਿੰਘ ਮਸਤਾਨਾ, ਸ੍ਰ. ਹਰਚਰਨ ਗਰੇਵਾਲ ਪ੍ਰਮੁੱਖ ਤੌਰ ਤੇ ਸ਼ਾਮਲ ਸਨ । ਮੌਜੂਦਾ ਸਮੇਂ ਦੇ ਮਸ਼ਹੂਰ ਪੰਜਾਬੀ ਗਾਇਕ ਸ਼੍ਰੀ ਸੁਰਿੰਦਰ ਛਿੰਦਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਜਾ ਸਕਦਾ ਹੈ ਜਿਸ ਵਲੋਂ ਗਾਏ ਇਨ੍ਹਾਂ ਦੇ ਲਿਖੇ ਕੁਝ ਗੀਤ ਸਟੇਜ ਦਾ ਸ਼ਿੰਗਾਰ ਬਣੇ ਜਦਕਿ ਪ੍ਹ੍ਸਿੱਧ ਗਾਇਕਾ ਜਸਪਿੰਦਰ ਨਰੂਲਾ ਦੇ ਸ੍ਵਰਗੀ ਪਿਤਾ ਸ੍ਰ ਕੇਸਰ ਸਿੰਘ ਨਰੂਲਾ ਜੋ ਆਪਣੇ ਸਮੇਂ ਦੇ ਪ੍ਰਸਿੱੱਧ ਸੰਗੀਤਕਾਰ ਸਨ ਵਲੋਂ ਇਹਨਾਂ ਦੇ ਲਿਖੇ ਕਈ ਗੀਤ ਰਿਕਾਰਡ ਕੀਤੇ ਗਏ ਸਨ । ਰੇਡੀਓ ਸਟੇਸ਼ਨ ਜਲੰਧਰ ਅਤੇ ਦੂਰਦਰਸ਼ਨ ਵਿਚ ਹੁੰਦੇ ਮੁਸ਼ਾਇਰਿਆਂ ਵਿਚ ਭਾਗ ਲੈਣ ਲਈ ਇਨ੍ਹਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਂਦਾ ਸੀ।
ਸੰਨ 1971 ਵਿਚ ਜਦ ਪਹਿਲੀ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਤਾਂ ਬੀਬੀ ਨਿਰਅੰਜਨ ਅਵਤਾਰ ਕੌਰ ਲੁਧਿਆਣਾ ਮਿਉਂਸੀਪਲ ਕਮੇਟੀ ਦੇ ਮਿਉਂਸੀਪਲ ਕਮਿਸ਼ਨਰ ਚੁਣੇ ਗਏ ।ਇਸ ਤਰ੍ਹਾਂ ਉਨ੍ਹਾਂ ਨੂੰ ਲੁਧਿਆਣਾ ਮਿਉਂਸੀਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੋਇਆ । ਸੰਨ 1974 ਵਿੱਚ ਬੀਬੀ ਨਿਰਅੰਜਨ ਅਵਤਾਰ ਕੌਰ ਦੀ ਇੱਕ ਸਾਹਿਤਕ ਪੁਸਤਕ “ਅੰਬਰ ਦੀ ਫੁਲਕਾਰੀ” ਪ੍ਰਕਾਸ਼ਿਤ ਹੋਈ ਤਾਂ ਉਸ ਵਿਚਲੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇੱਕ ਗੀਤ ਸੀ ਪੰਜਾਬ ਦੀਏ ਬੋਲੀਏ ਪੰਜਾਬੀਏ ਨੀ……… ਬਹੁਤ ਸਲਾਹਿਆ ਗਿਆ ।
ਸੰਨ 1977 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਜਦ ਦਿੱਲੀ ਵਿਖੇ ਨਿਰੰਕਾਰੀ ਵਿਰੋਧੀ ਮੋਰਚਾ ਲਾਇਆ ਗਿਆ ਤਾਂ ਬੀਬੀ ਨਿਰਅੰਜਨ ਅਵਤਾਰ ਜੋ ਉਸ ਵਕਤ ਆਲ ਇੰਡੀਆ ਇਸਤ੍ਰੀ ਅਕਾਲੀ ਦਲ ਦੇ ਜਨਰਲ ਸਕੱਤਰ ਸਨ ਜੋ ਬੀਬੀਆਂ ਦੇ ਜੱਥੇ ਦੀ ਅਗਵਾਈ ਕਰ ਰਹੇ ਸਨ ਤਾਂ ਦਿੱਲੀ ਪੁਲਿਸ ਵਲੋਂ ਕੀਤੇ ਲਾਠੀਚਾਰਜ ਤੇ ਛੱਡੀ ਗਈ ਅੱਥਰੂ ਗੈਸ ਦੀ ਜੱਦ ਵਿਚ ਆ ਗਏ । ਇਨ੍ਹਾਂ ਦੇ ਸਿਰ ਤੇ ਅੰਦਰੂਨੀ ਚੋਟ ਲੱਗ ਜਾਣ ਕਾਰਨ ਡਿੱਗ ਪਏ ਅਤੇ ਪੁਲੀਸ ਨੇ ਗ੍ਰਿਫਤਾਰ ਕਰ ਕੇ ਇਨ੍ਹਾਂ ਨੂੰ ਤਿਹਾੜ ਜੇਲ੍ਹ ਵਿਚ ਬੰਦ ਕਰ ਦਿੱਤਾ। ਸਮੇਂ ਸਿਰ ਮੁਢਲਾ ਇਲਾਜ ਨਾ ਮਿਲਣ ਕਾਰਨ ਇਸ ਦਾ ਬੀਬੀ ਜੀ ਨੂੰ ਬਹੁਤ ਭਾਰੀ ਖਮਿਆਜ਼ਾ ਭੁਗਤਣਾ ਪਿਆ ਭਾਵੇਂ ਕੁਝ ਦਿਨਾਂ ਬਾਅਦ ਹੀ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਨਾ ਦਿਖਾਈ ਦੇਣ ਵਾਲੀ ਚੋਟ ਨੇ ਆਪਣਾ ਅਜਿਹਾ ਅਸਰ ਦਿਖਾਇਆ ਕਿ ਇਹਨਾਂ ਦਾ ਸੱਜਾ ਹੱਥ ਪੂਰੀ ਤਰ੍ਹਾਂ ਕੰਮ ਕਰਨੋਂ ਜੁਆਬ ਦੇ ਗਿਆ ਭਾਵ ਡੈੱਡ ਹੋ ਗਿਆ ਪਰ ਇਸ ਕਵਿੱਤਰੀ ਨੇ ਹਾਰ ਨਹੀਂ ਮੰਨੀ ਤੇ ਲਗਭਗ 45\46 ਸਾਲ ਦੀ ਉਮਰ ਵਿਚ ਖੱਬੇ ਹੱਥ ਨਾਲ ਮੁੜ ਲਿਖਣਾ ਸ਼ੁਰੂ ਕਰ ਦਿੱਤਾ ਕੁਝ ਮਹੀਨਿਆਂ ਵਿਚ ਹੀ ਉਨ੍ਹਾਂ ਨੇ `ਮਾਤ ਗੰਗਾ ਤੋਂ ਮਾਤ ਗੁਜਰੀ` ਨਾਂ ਦੇ ਮਹਾਂ ਕਾਵਿ ਦੀ ਰਚਨਾ ਕਰ ਦਿੱਤੀ । ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੀ ਗਈ ਮਾਇਕ ਸਹਾਇਤਾ ਨਾਲ ਮਾਰਚ 1978 ਵਿਚ ਜਦੋਂ ਇਹ ਪੁਸਤਕ ਪ੍ਰਕਾਸ਼ਿਤ ਹੋਈ।
ਇਸ ਉਪਰੰਤ ਕਈ ਧਾਰਮਿਕ ਅਤੇ ਸਾਹਿਤਕ ਜੱਥੇਬੰਦੀਆਂ ਵਿਸ਼ੇਸ਼ ਤੌਰ ਤੇ ਗੁਰਦੁਆਰਿਆਂ ਵੱਲੋਂ ਇਹਨਾਂ ਨੂੰ `ਪੰਥਕ ਕਵਿੱਤਰੀ` ਦੇ ਖਿਤਾਬ ਨਾਲ ਸਨਮਾਨਿਆ ਗਿਆ । ਇਸ ਤਰ੍ਹਾਂ ਪੰਜਾਬੀ ਭਾਸ਼ਾ ਵਿਚ ਕਿਸੇ ਮਹਿਲਾ ਲਿਖਾਰੀ ਵਲੋਂ ਪਹਿਲਾ ਮਹਾਂ ਕਾਵਿ ਲਿਖੇ ਜਾਣ ਦਾ ਰੁਤਬਾ ਇਸ ਸ਼ਾਇਰਾ ਨੂੰ ਹੀ ਹਾਸਲ ਹੋਇਆ ਜਿਸ ਦੀ ਪ੍ਰੋੜਤਾ ਪੰਜਾਬੀ ਦੇ ਨਾਮਵਰ ਸਾਹਿਤਕਾਰ ਸ੍ਵਰਗੀ ਪ੍ਰੋਫੈਸਰ ਮੋਹਨ ਸਿੰਘ ਨੇ `ਮਾਤ ਗੰਗਾ ਤੋਂ ਮਾਤ ਗੁਜਰੀ` ਮਹਾਂ ਕਾਵਿ ਦੇ ਮੁਖ ਬੰਦ ਵਿਚ ਖੁਦ ਲਿਖ ਕੇ ਕੀਤੀ ਹੈ । ਮਹਾਂ ਕਾਵਿ ਦੀ ਚਰਚਾ ਦੇਸ਼ਾਂ ਬਦੇਸ਼ਾਂ ਵਿਚ ਖੂਬ ਹੋਈ ਤੇ ਉਨ੍ਹਾਂ ਦੇ ਵਿਸ਼ੇਸ਼ ਸੱਦੇ ਤੇ ਮਈ 1981 ਵਿਚ ਇਸ ਲਿਖਾਰੀ ਜੋੜੀ ਵਲੋਂ ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਆਦਿ ਦੇਸ਼ਾਂ ਦਾ ਦੌਰਾ ਅਰੰਭਿਆ ਗਿਆ ਜਿਥੇ ਲਗਭਗ ਪੰਜ ਛੇ ਮਹੀਨੇ ਵੱਖ ਵੱਖ ਗੁਰਦੁਆਰਿਆਂ ਵਿੱਚ ਉਚੇਚੇ ਸਮਾਗਮ ਕਰਵਾਏ ਗਏ । ਭਾਵੇਂ ਵਿਦੇਸ਼ੀ ਪੰਜਾਬੀ ਪ੍ਰੇਮੀਆਂ ਨੇ ਨਿੱਘਾ ਪਿਆਰ ਤੇ ਮਾਣ ਸਤਿਕਾਰ ਦਿੱਤਾ ਪਰ ਕੁਦਰਤ ਦੀ ਹੋਣੀ ਨੂੰ ਕੁਝ ਹੋਰ ਹੀ ਮੰਜ਼ੂਰ ਸੀ । ਮਲੇਸ਼ੀਆ ਵਿਖੇ ਬੀਬੀ ਨਿਰਅੰਜਨ ਜੀ ਦਾ ਪੈਰ ਫਿਸਲਣ ਕਾਰਨ ਖੱਬੀ ਬਾਂਹ ਫ੍ਰੈਕਚਰ ਹੋ ਗਈ ਜਦਕਿ ਸੱਜਾ ਹੱਥ ਪਹਿਲਾਂ ਹੀ ਨਕਾਰਾ ਹੋ ਚੁਕਿਆ ਸੀ ।ਉਨ੍ਹਾਂ ਦੇ ਮਨ ਵਿਚ ਕਈ ਤਰ੍ਹਾਂ ਦੇ ਖਿਆਲ ਔਹੜਦੇ ਤੇ ਜਜ਼ਬਾਤ ਉਮਡਦੇ ਹੋਣਗੇ ਕਿ ਕੁਝ ਗੀਤ ਲਿਖਾਂ ਜਾਂ ਗ਼ਜ਼ਲ ਜਾਂ ਕਵਿਤਾ ਪਰ ਬੇਬਸ । ਪੜ੍ਹਨ ਵਾਲੇ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਉਸ ਵਕਤ ਇਕ ਸ਼ਾਇਰਾ ਦੀ ਦਿਮਾਗੀ ਹਾਲਤ ਕੀ ਹੋਵੇਗੀ ? ਸੱਚਮੁਚ ਕੁਦਰਤ ਨੇ ਉਨ੍ਹਾਂ ਨਾਲ ਬੜੀ ਬੇਇਨਸਾਫ਼ੀ ਕੀਤੀ । ਖੈਰ ਸੀ. ਐੱਮ. ਸੀ. ਲੁਧਿਆਣਾ ਵਿਖੇ ਉਨ੍ਹਾਂ ਦੇ ਦਿਮਾਗ ਦਾ ਅਪੇ੍ਰਸ਼ਨ ਹੋਇਆ । ਹਸਪਤਾਲ ਤੋਂ ਆਉਂਦਿਆਂ ਹੀ ਪਹਿਲਾਂ ਵਾਂਗ ਮੁੜ ਸਾਹਿਤਕ ਕਾਰਜ ਅਰੰਭ ਦਿੱਤੇ । ਤੂਫਾਨ ਸਾਹਿਬ ਅਤੇ ਨਿਰਅੰਜਨ ਜੀ ਦੀ ਲਿਖਾਰੀ ਜੋੜੀ ਵਲੋਂ ਆਪਣੀ ਇਸ ਵਿਦੇਸ਼ ਯਾਤਰਾ ਨੂੰ ਇੱਕ ਪੁਸਤਕ “ਸਾਡਾ ਥਾਈ ਸਫਰਨਾਮਾ” ਵਿੱਚ ਨਿਵੇਕਲੇ ਤਰੀਕੇ ਨਾਲ ਕਲਮਬੱਧ ਕੀਤਾ ਗਿਆ ਜੋ ਸੰਨ 1994 ਵਿੱਚ ਪ੍ਰਕਾਸ਼ਿਤ ਹੋਈ ।
ਜਿਥੇ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਦੀ ਅਸੀਮ ਜਾਣਕਾਰੀ ਸੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਉਨ੍ਹਾਂ ਨੂੰ ਜ਼ੁਬਾਨੀ ਕੰਠ ਸੀ । ਪੰਜਾਬੀ ਸਾਹਿਤ ਦੇ ਪਿੰਗਲ ਦਾ ਉਨ੍ਹਾਂ ਨੂੰ ਪੂਰਾ ਗਿਆਨ ਸੀ । ਮਿਤੀ 23 ਅਗਸਤ 1997 ਨੂੰ ਤੂਫਾਨ ਸਾਹਿਬ ਜੀ ਦੇ ਦਿਹਾਂਤ ਮਗਰੋਂ ਭਾਵੇਂ ਉਨ੍ਹਾਂ ਦੀ ਸਿਹਤ ਦਿਨ ਬਦਿਨ ਕਮਜ਼ੋਰ ਹੁੰਦੀ ਗਈ ਅਤੇ ਹੱਥ ਵੀ ਪੂਰੀ ਤਰ੍ਹਾਂ ਨਹੀਂ ਲਿਖ ਸਕਦੇ ਸਨ ਪਰ ਫੇਰ ਵੀ ਇਸ ਕਵਿੱਤਰੀ ਨੇ ਕਲਮ ਨੂੰ ਹੀ ਆਪਣਾ ਜੀਵਨ ਸਾਥੀ ਬਣਾਈ ਰਖਿਆ ਅਤੇ ਆਪਣੀਆਂ ਲਿਖਤਾਂ ਦਾ ਅਣਮੋਲ ਖਜ਼ਾਨਾ ਛਡਦੇ ਹੋਏ 13 ਮਾਰਚ 2004 ਨੂੰ ਇਸ ਫਾਨੀ ਸੰਸਾਰ ਨੂੰ ਉਹ ਅਲਵਿਦਾ ਕਹਿ ਗਏ । -ਪ੍ਰਭਕਿਰਨ ਸਿੰਘ ਤੂਫ਼ਾਨ।